Punjabi Poetry : Niranjan Avtar Kaur
ਪੰਜਾਬੀ ਕਵਿਤਾਵਾਂ : ਨਿਰਅੰਜਨ "ਅਵਤਾਰ" ਕੌਰ
ਪੰਜਾਬੀ ਬੋਲੀ
ਨੀ ਪੰਜਾਬ ਦੀਏ ਬੋਲੀਏ ਪੰਜਾਬੀਏ ਮੇਢੀਆਂ ਸਜਾਵਾਂ ਤੇਰੀਆਂ। ਨੀ ਮੈਂ ਤੋੜ ਕੇ ਅੰਬਰ ਦੇ ਤਾਰੇ,ਝਾਂਜਰਾਂ ਬਣਾਵਾਂ ਤੇਰੀਆਂ। ਮੱਥੇ ਉੱਤੇ ਬਿੰਦੀ ਲਾਵਾਂ,ਤੈਨੂੰ ਮੈਂ ਗੁਲਾਲ ਦੀ। ਦੌਣੀ ਮੈਂ ਸਜਾਵਾਂ ਤੈਨੂੰ,ਸੂਰਜਾਂ ਦੇ ਨਾਲ ਦੀ। ਚਿੱਟੀ ਚਾਨਣੀ ਦੇ ਮਾਰ ਕੇ ਤਰੋਂਕੇ,ਧੋ ਦਿਆਂ ਮੈਂ ਰਾਹਵਾਂ ਤੇਰੀਆਂ। ਨੀ ਪੰਜਾਬ ਦੀਏ ਬੋਲੀਏ ਪੰਜਾਬੀਏ, ਮੇਢੀਆਂ ਸਜਾਵਾਂ ਤੇਰੀਆਂ। ਮਿੱਠੇ ਮਿੱਠੇ ਬੋਲ ਤੇਰੇ,ਗੱਲਾਂ ਨੇ ਪਿਆਰੀਆਂ। ਪੰਜਾਂ ਦਰਿਆਵਾਂ ਵਿੱਚ,ਮਾਰਦੀ ਏਂ ਤਾਰੀਆਂ। ਤੇਰੇ ਨੈਣਾਂ ਵਿੱਚ ਭੋਲੀਆਂ ਅਦਾਵਾਂ, ਉੱਚੀਆਂ ਨਿਗਾਹਾਂ ਤੇਰੀਆਂ। ਨੀ ਪੰਜਾਬ ਦੀਏ ਬੋਲੀਏ ਪੰਜਾਬੀਏ, ਮੇਢੀਆਂ ਸਜਾਵਾਂ ਤੇਰੀਆਂ। ਹੀਰ ਦੀਆਂ ਚੂਰੀਆਂ ਨੂੰ,ਤੂੰ ਈ ਏ ਸੰਭਾਲਿਆ। ਲੱਖਾਂ ਪ੍ਰਦੇਸੀਆਂ ਨੂੰ,ਆਪਣੇ ਬਣਾ ਲਿਆ। ਤੇਰਾ ਪਿਆਰ ਹੈ ਮਨੁੱਖਤਾ ਦੀ ਲੋਰੀ, ਲੋਰੀਆਂ ਮੈਂ ਗਾਵਾਂ ਤੇਰੀਆਂ। ਨੀ ਪੰਜਾਬ ਦੀਏ ਬੋਲੀਏ ਪੰਜਾਬੀਏ, ਮੇਢੀਆਂ ਸਜਾਵਾਂ ਤੇਰੀਆਂ। “ਅਵਤਾਰ” ਗੀਤਾਂ ਵਿੱਚੋਂ, ਪਿਆਰ ਤੇਰਾ ਡੁੱਲ੍ਹਦਾ। ਮੇਲਿਆਂ ਤੇ ਛਿੰਜਾਂ ‘ਚੋਂ,ਖ਼ੁਮਾਰ ਤੇਰਾ ਡੁਲ੍ਹਦਾ। ਬਾਤਾਂ ਬੈਠ ਕੇ ਬਨੇਰੇ ਤੇ ਜੋ,ਪਾਈਆਂ ਕਦੇ ਨਾ ਭੁਲਾਵਾ ਤੇਰੀਆਂ। ਨੀ ਪੰਜਾਬ ਦੀਏ ਬੋਲੀਏ ਪੰਜਾਬੀਏ, ਮੇਢੀਆਂ ਸਜਾਵਾਂ ਤੇਰੀਆਂ। ਬੋਲ ਕਿਤੋਂ ਵਾਰਸਾ, ਵੇ ਬੁਲ੍ਹਿਆ ! ਤੂੰ ਬੋਲ ਵੇ। ਭਾਈ ਗੁਰਦਾਸ ਗੱਲਾਂ,ਦਿਲਾਂ ਦੀਆਂ ਫੋਲ ਵੇ। ਸੁੰਝੇ ਮੰਦਰਾਂ ‘ਚ ਹੋ ਗਿਆ,ਸਵੇਰਾ ਮਹਿਕੀਆਂ ਫਿਜ਼ਾਵਾਂ ਤੇਰੀਆਂ। ਨੀ ਪੰਜਾਬ ਦੀਏ ਬੋਲੀਏ ਪੰਜਾਬੀਏ, ਮੇਢੀਆਂ ਸਜਾਵਾਂ ਤੇਰੀਆਂ। ਨੀ ਮੈਂ ਤੋੜ ਕੇ ਅੰਬਰ ਦੇ ਤਾਰੇ, ਝਾਂਜਰਾਂ ਬਣਾਵਾਂ ਤੇਰੀਆਂ।