Panthak Kav Phulkari : Niranjan Avtar Kaur

ਪੰਥਕ ਕਾਵਿ ਫੁਲਕਾਰੀ : ਨਿਰਅੰਜਨ "ਅਵਤਾਰ" ਕੌਰ


ਮੇਰੇ ਪੰਥ ਪਿਆਰੇ -ਗ਼ਜ਼ਲ

ਗੁਰੂ ਦੇ ਸਵਾਰੇ ਮੇਰੇ ਪੰਥ ਪਿਆਰੇ, ਤੇਰੀ ਜ਼ਿੰਦਗੀ ਦੀ ਕਹਾਣੀ ਸੁਣਾਵਾਂ। ਮੈਂ ਸ਼ਾਇਰ ਕੁੜੀ ਕੌਮ ਦੀ ਜਨਮਦਾਤੀ, ਮੈਂ ਹਰ ਕੌਮ, ਹਰ ਦੇਸ਼ ਨੂੰ ਰਾਹ ਵਿਖਾਵਾਂ। ਤੂੰ ਬੰਦ ਬੰਦ ਕਟਾਇਆ ਸੀ ਇਸ ਦੇਸ਼ ਬਦਲੇ, ਤੂੰ ਚਾਹੁੰਦਾ ਸੈਂ ਜਨਤਾ ਦੀ ਤਕਦੀਰ ਬਦਲੇ, ਬਲੀਦਾਨ ਤੇਰੇ ਬਦਲਿਆ ਜ਼ਮਾਨਾ, ਸਮੇਂ ਨੇ ਬਦਲੀਆਂ ਤੇਰੇ ਤੋਂ ਨਿਗਾਹਾਂ। ਮਤੀ ਦਾਸ ਤੇਰੇ ਨੇ ਪਿੰਡਾ ਚਿਰਾਇਆ, ਦਿਆਲੇ ਨੇ ਦੇਗਾਂ 'ਚ ਖਾਧੇ ਉਬਾਲੇ, ਗੁਰਾਂ ਚਾਂਦਨੀ ਚੌਂਕ ਵਿਚ ਸੀਸ ਦੇ ਕੇ, ਧਰਮ ਤੋਂ ਉਡਾਈਆਂ ਸੀ ਜ਼ੁਲਮੀ ਘਟਾਵਾਂ। ਕਲੇਜੇ ਦੇ ਟੁਕੜੇ ਉਮੀਦਾਂ ਸਹਾਰੇ, ਦਸਮ ਪਾਤਸ਼ਾਹ ਵਾਰ ਕੇ ਲਾਲ ਚਾਰੇ, ਕਿਹਾ ਚਾਰ ਜਿੰਦੜੀਆਂ ਦਾ ਕੀ ਏ, ਕਰੋੜਾਂ ਪੁੱਤਰਾਂ ਨੂੰ ਗਲ ਨਾਲ ਲਾਵਾਂ। ਵਤਨ ਦੇ ਸਿਪਾਹੀ ਤੇਰੇ ਆਸਰੇ ਹੀ, ਸਿਆਹ ਦਾਗ ਸਦੀਆਂ ਦੇ ਧੋਤੇ ਗਏ ਨੇ, ਤੇਰੇ ਖੂਨ ਦੀ ਮਹਿਕ ਆਵੇ ਜ਼ਮੀਂ 'ਚੋਂ, ਤੂੰ ਏਸੇ ਜ਼ਮੀਂ ਤੇ ਹੀ ਬਣਿਆ ਨਿਥਾਵਾਂ। ਕਿਸੇ ਨੇ ਵਜ਼ੀਰੀ ਕਿਸੇ ਨੇ ਸਫੀਰੀ, ਕਿਸੇ ਨੇ ਵਤਨ ਦੀ ਹੈ ਚੌਧਰ ਸੰਭਾਲੀ, ਵਤਨ ਤੇ ਬਹਾਰਾਂ ਜਿਹਦੇ ਆਂਦੀਆਂ ਨੇ, ਉਹਦੇ ਕੋਲ ਰਹੀਆਂ ਸਦਾ ਹੀ ਖਿਜ਼ਾਵਾਂ। ਨੇਫਾ ਤੇ ਲਦਾਖ਼ ਦੀਆਂ ਚੋਟੀਆਂ ਤੋਂ, ਅਜੇ ਤੀਕ ਤੇਰਾ ਲਹੂ ਬੋਲਦਾ ਹੈ, ਜਿਹੜਾ ਦੇਸ਼ ਦੇ ਦੁਸ਼ਮਣਾਂ ਨੂੰ ਵੰਗਾਰੇ, ਮੈਂ ਸਿੰਘ ਹਾਂ ਗੁਰੂ ਦਾ, ਇਹ ਸਿਰ ਨਾ ਝੁਕਾਵਾਂ। ਰਣਜੀਤ ਸਿੰਘ ਦੇ ਵਸੀਹ ਰਾਜ ਤਾਈਂ, ਕਿਸੇ ਡੋਗਰੇ ਦੀ ਨਜ਼ਰ ਖਾ ਗਈ ਏ, ਫਿਰ ਆਸਰਾ ਟੋਲਦੀ ਰਾਜ ਮਾਤਾ, ਮੇਰੇ ਲਾਲ ਤੈਨੂੰ ਮੈਂ ਕਿੱਥੇ ਲੁਕਾਵਾਂ। ਕੀ ਹੋ ਰਿਹਾ ਏ, ਇਹ ਕਿਉਂ ਹੋ ਰਿਹਾ ਏ, ਮੇਰੇ ਪੰਥ ਤੇਰਾ ਲਹੂ ਚੋਅ ਰਿਹਾ ਏ, ਅਜੇ ਵੀ ਜੇ ਤੂੰ ਸੋਚਿਆ, ਸਮਝਿਆ ਨਾ, ਸਮਾਂ ਮਾਫ਼ ਕਰਦਾ ਕਦੇ ਨਹੀਂ ਖ਼ਤਾਵਾਂ। ਸ਼ਹੀਦਾਂ ਦੇ ਮਾਲਕ ਮੈਨੂੰ ਮਾਣ ਬਖਸ਼ੋ, ਇਹ ਸਿਰ ਹੋਵੇ ਕਲਮ ਜਾਂ ਦਿਲ ਕਲਮ ਹੋਵੇ, ਮੇਰੇ ਲਹੂ 'ਚ ਤੇਰੇ ਲਹੂ ਦੀ ਸੁਗੰਧੀ, ਸ਼ਹੀਦਾਂ ਦੀ ਗਾਥਾ ਲਿਖਾਂ ਤੇ ਸੁਣਾਵਾਂ। ਗੁਰੂ ਦੇ ਸਵਾਰੇ ਮੇਰੇ ਪੰਥ ਪਿਆਰੇ, ਤੇਰੀ ਜ਼ਿੰਦਗੀ ਦੀ ਕਹਾਣੀ ਸੁਣਾਵਾਂ।

ਗੁਰੂ ਜੀ ਤੇਰੀ ਬਾਣੀ ਨੇ -ਗੀਤ

ਮੇਰੇ ਮਨ ਤਨ ਅੰਮ੍ਰਿਤ ਘੋਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਭਓ ਭਰਮ ਦਾ ਪਰਦਾ ਖੋਲ੍ਹਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਹਰ ਅੱਖਰ ਅਜਬ ਕ੍ਰਿਸ਼ਮਾ ਹੈ, ਕੁਦਰਤ ਕਾਦਰ ਚਸ਼ਮਾ ਹੈ। ਹਰ ਸ਼ਬਦ ਹੈ ਨੂਰ ਹਯਾਤੀ ਦਾ, ਨਿਰਵਾਣ ਮਨੁੱਖ ਦੀ ਜਾਤੀ ਦਾ। ਗੁਰਮੰਤਰ ਜਿਹੜਾ ਪੜ੍ਹ ਜਾਵੇ, ਸੱਚ ਖੰਡ ਦੀ ਪੌੜ੍ਹੀ ਚੜ੍ਹ ਜਾਵੇ। ਜਪੁ ਸਾਹਿਬ ਜਜ਼ਬੇ ਭਰ ਦੇਵੇ, ਅਨੰਦ ਅਨੰਦ ਹੀ ਕਰ ਦੇਵੇ। ਹਰ ਹਿਰਦੇ 'ਚੋਂ ਹਰਿ ਟੋਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਸੁਖਮਨੀ ਪੜ੍ਹੋ ਸੁਖ ਮਿਲਦਾ ਹੈ, ਮਨ ਕੰਵਲ ਨਿਰਾਲਮ ਖਿਲਦਾ ਹੈ। ਵਰਦਾਨੀ ਵਾਰ ਹੈ ਆਸਾ ਦੀ, ਪੂੰਜੀ ਅਣਮੋਲ ਸੁਆਸਾਂ ਦੀ। ਰਸ ਭਿੰਨੇ ਸ਼ਬਦ ਹਜ਼ਾਰੇ ਨੇ, ਬ੍ਰਿਹਣ ਲਈ ਪੇ੍ਰਮ ਹੁਲਾਰੇ ਨੇ। ਇਹ ਸੁਧਾ ਸਵੱਈਏ ਪੇ੍ਰਮ ਲਗਨ, ਅਸਗਾਹ ਹੈ ਜੀਕਣ ਨੀਲ ਗਗਨ। ਕਣ ਕਣ ਦਾ ਮਨੂਆ ਫੋਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਜੋ ਜਾਪੁ ਸਾਹਿਬ ਦਾ ਜਾਪ ਕਰੇ, ਦੁਖ ਰੋਗ, ਹਰ ਸੰਤਾਪ ਹਰੇ। ਕਰ ਕੀਰਤਨ ਸੋਹਿਲਾ ਮਾਹੀ ਦਾ, ਅਨਹਦ ਹੈ ਨਾਦ ਅਲ੍ਹਾਹੀ ਦਾ। ਇਕ ਰਹਾਓ ਹਲੂਣਾ ਸੰਜਮ ਦਾ, ਇਤਬਾਰ ਸਿਦਕ ਮਨ ਚੰਚਲ ਦਾ। ਗੁਰਮਤੀ ਮੁਸ਼ਕ 'ਚ ਘੋਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਇਹ ਬਾਣੀ ਧੁਰ ਕੀ ਬਾਣੀ ਹੈ, ਇਸ ਜਾਤ ਪਾਤ ਨਾ ਜਾਣੀ ਹੈ। ਜਿਸ ਸੁਣਿਆ ਹੈ ਜਿਸ ਗਾਇਆ ਹੈ, ਜੋ ਮੰਗਿਆ ਹੈ ਸੋ ਪਾਇਆ ਹੈ। ਗੁਰਬਾਣੀ ਪੜੋ੍ਹ, ਵੀਚਾਰ ਕਰੋ, ਗੁਰਬਾਣੀ ਦੇ ਦੀਦਾਰ ਕਰੋ। ਰਾਗਾਂ ਵਿਚ ਰੰਗ ਹਜ਼ਾਰਾਂ ਨੇ, ਰਾਗਣੀਆਂ ਮਧੁਰ ਸਿਤਾਰਾਂ ਨੇ। ਪੱਥਰਾਂ ਦਾ ਹਿਰਦਾ ਮੋਹ ਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਇਹ ਬਾਣੀ ਭਗਤਾਂ ਗਾਈ ਹੈ, ਗੁਰੂਆਂ ਪ੍ਰਵਾਨ ਚੜ੍ਹਾਈ ਹੈ। ਗੁਰੂ ਅਰਜੁਨ ਗ੍ਰੰਥ ਸਜਾ ਦਿੱਤਾ, ਗੁਰੂ ਗੋਬਿੰਦ ਪੂਜ ਬਣਾ ਦਿੱਤਾ। ਬਾਣੀ ਦੇ ਬੋਹਿਥ ਗ੍ਰੰਥ ਸਾਹਿਬ, ਗੁਰੂ ਗ੍ਰੰਥ ਸਾਹਿਬ, ਗੁਰੂ ਪੰਥ ਸਾਹਿਬ। ਰਹੇ ਜੁਗ-ਜੁਗ ਇਸਦੀ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਹਰ ਯੁਗ ਵਿਚ ਪੂਰਾ ਤੋਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ। ਮੇਰੇ ਮਨ ਤਨ ਅਮਿ੍ਰੰਤ ਘੋਲਿਆ, ਗੁਰਬਾਣੀ ਨੇ। ਗੁਰੂ ਜੀ ਤੇਰੀ ਬਾਣੀ ਨੇ।

ਬਾਬਾ ਸ੍ਰੀ ਚੰਦ ਜੀ ਦੇ ਦੁਆਰੇ ਚੌਥੇ ਪਾਤਸ਼ਾਹ

ਸੰਮਤ ਬਿਕ੍ਰਮੀ ਸੋਲਾਂ ਸੌ ਚੌਂਤੀ ਸੀ, ਚੌਥਾ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ। ਯੋਗੀ ਰਾਜ ਦੇ ਚਲੇ ਦੀਦਾਰਿਆਂ ਨੂੰ, ਸਿੱਖ ਸੰਗਤਾਂ ਸਣੇ ਮਹਾਨ ਸਤਿਗੁਰੂ। ਬਾਰਠ ਸਾਹਿਬ ਜਾ ਦਰਸ਼ਨ ਦੀਦਾਰ ਕੀਤੇ, ਯੋਗੀ ਰਾਜ ਨੇ ਚੌਂਕੜੇ ਲਾਏ ਹੋਏ ਸਨ। ਲਿਵਲੀਨ ਸਨ ਨਾਲ ਨਿੰਰਕਾਰ ਜੀ ਦੇ, ਪ੍ਰਾਣ ਦਸਮੇ ਦੁਆਰੇ ਚੜ੍ਹਾਏ ਹੋਏ ਸਨ। ਪੁੰਜ ਨਿਮਰਤਾ ਦੇ ਧੀਰਜਵਾਨ ਸਤਿਗੁਰੂ, ਯੋਗੀ ਰਾਜ ਦੇ ਚਰਨ ਨਿਹਾਰਦੇ ਰਹੇ। ਢਾਈ ਦਿਨ ਦਾ ਸਮਾਂ ਬਤੀਤ ਹੋਇਆ, ਸਤਿਗੁਰੂ ਧੰਨ ਗੁਰੂ ਨਾਨਕ ਉਚਾਰਦੇ ਰਹੇ। ਲੱਗੀ ਦਿਲਾਂ ਨੂੰ ਦਿਲਾਂ ਦੀ ਖਿੱਚ ਐਸੀ, ਸੱਚੇ ਪਿਆਰ ਨੇ ਆਂਦਰਾ ਫੋਲੀਆਂ ਜਾਂ। ਗੁਰੂ ਪਿਤਾ ਦਾ ਚੌਥਾ ਸਰੂਪ ਡਿੱਠਾ, ਯੋਗੀ ਰਾਜ ਨੇ ਅੱਖੀਆਂ ਖੋਲ੍ਹੀਆਂ ਜਾਂ। ਪੰਜ ਸੌ ਨਗਦ ਰੁਪਏ ਤੇ ਅੰਨ ਬਸਤਰ, ਚਰਨ ਬੰਦਨਾ ਭੇਟ ਚੜ੍ਹਾਏ ਸਤਿਗੁਰੂ। ਸ੍ਰੀ ਚੰਦ ਯੋਗੀ ਅਸੀਸਾਂ ਲੱਖ ਦਿੱਤੀਆਂ, ਪਿਆਰ ਨਾਲ ਫਿਰ ਕੋਲ ਬਿਠਾਏ ਸਤਿਗੁਰੂ। ਰੱਤੇ ਹੋਏ ਹਰੀ ਨਾਮ ਦੇ ਰੰਗ ਅੰਦਰ, ਪਿਤਾ ਪੁੱਤਰ ਬੁਝਾਰਤਾਂ ਪਾਣ ਲੱਗੇ। ਇੱਕ ਓਂਕਾਰ ਦੀ ਧੁਨੀ "ਅਵਤਾਰ" ਗੂੰਜੀ, ਬੇੜੇ ਡੁਬਦਿਆਂ ਦੇ ਬੰਨੇ ਲਾਣ ਲੱਗੇ। ਜੋ ਵੀ ਆਏ ਸਵਾਲੀ ਨਾ ਜਾਏ ਖਾਲੀ, ਮੂੰਹੋਂ ਮੰਗੀਆਂ ਮੁਰਾਦਾਂ ਪਾਂਵਦੇ ਨੇ। ਚਰਨ ਧੂੜ ਦਾ ਕਿਣਕਾਂ ਜੋ ਲਾਏ ਮੱਥੇ, ਤਾਪ, ਪਾਪ ਤੇ ਸੰਤਾਪ ਮਿਟ ਜਾਂਵਦੇ ਨੇ। ਰਾਮ ਨਾਮ ਦਾ ਹੋ ਰਿਹਾ ਹੈ ਯਗ ਸਮਾਗਮ, ਸਾਧ ਸੰਗਤ ਜੀ ਰਜ ਰਜ ਦੀਦਾਰ ਕਰੀਏ। ਹਰੀ ਜਸ ਗਾਈਏ ਹਰੀ ਜਸ ਸੁਣੀਏ, ਹਰੀ ਜਸ ਦੇ ਪਿਆਰ ਭੰਡਾਰ ਭਰੀਏ।

ਸਾਹਿਤਕਾਰ ਗੁਰੂ ਅਰਜੁਨ

ਜੇਠ ਮਹੀਨਾ ਸਾੜੇ ਸੀਨਾ। ਕੁਦਰਤ ਨੂੰ ਆ ਗਿਆ ਪਸੀਨਾ। ਕਿਰਨਾਂ ਕਹਿਰ ਵਰ੍ਹਾਈ ਜਾਵਣ। ਧਰਤ ਦੀ ਹਿੱਕ ਜਲਾਈ ਜਾਵਣ। ਲੂਅ ਵਗਦੀ ਅੰਗਿਆਰਾਂ ਵਾਂਗੂੰ। ਚੁਭਦੀ ਤਿੱਖਿਆਂ ਖ਼ਾਰਾਂ ਵਾਂਗੂੰ। ਪੱਖਾ ਗਰਮੀ ਨਾਲ ਕਰ੍ਹਾਵੇ। ਲੋਹੇ ਦਾ ਪਿੰਡਾ ਤਪਦਾ ਜਾਵੇ। ਇਸ ਗਰਮੀ ਦੇ ਕਹਿਰ ਦਿਹਾੜੇ। ਮੱਚ ਪਏ ਵੈਰ ਦੇ ਕੁਝ ਚੰਗਿਆੜੇ। ਮਨੁੱਖਤਾ ਨੂੰ ਸਾੜਨ ਲੱਗੇ। ਦੇਸ਼ ਦਾ ਬਾਗ ਉਜਾੜਨ ਲੱਗੇ। ਇਕ ਚੰਦੂ ਦੀਵਾਨ ਦੀਵਾਨੇ। ਗ਼ੈਰ ਹਕੂਮਤ ਦੇ ਮਸਤਾਨੇ। ਕੁਝ ਨਿੱਜੀ ਵਕਾਰਾਂ ਪਿੱਛੇ। ਕੁਝ ਘਰੇਲੂ ਖ਼ਾਰਾਂ ਪਿੱਛੇ। ਦੇਸ਼ ਦਾ ਅਜ ਸਤਿਕਾਰ ਜਲਾਇਆ। ਜਿਉਂਦਾ ਸਾਹਿਤਕਾਰ ਜਲਾਇਆ। ਜਿਸਨੇ ਗਾਲ਼ ਕੇ ਆਪਣੀ ਕਾਇਆ। ਭਾਰਤ ਦਾ ਇਤਿਹਾਸ ਬਣਾਇਆ। ਉਹ ਇਤਿਹਾਸ ਜੋ ਟੁਰਦਾ ਟੁਰਦਾ। ਜ਼ੁਲਮ ਸਿਤਮ ਵਿਚ ਖੁਰਦਾ ਖੁਰਦਾ। ਪੰਜਵੇਂ ਗੁਰ ਦੇ ਆਣ ਦੁਆਰੇ। ਮੰਗਣ ਲੱਗਾ ਆਣ ਸਹਾਰੇ। ਹੇ ਸਤਿਗੁਰ! ਹੇ ਅੰਤਰਜਾਮੀ! ਜਗ ਦੇ ਤਾਰਨਹਾਰ ਸੁਆਮੀ। ਮੈਨੂੰ ਬਦੇਸ਼ੀ ਵਾਹਰਾਂ ਢੂੰਡਣ। ਜ਼ੁਲਮ ਦੀਆਂ ਤਲਵਾਰਾਂ ਢੂੰਡਣ। ਮੇਰਿਆਂ ਬੱਚਿਆਂ ਦਾ ਸਰਮਾਇਆ। ਲੁੱਟ ਲਵੇ ਨਾ ਕੋਈ ਪਰਾਇਆ। ਉਸ ਕਾਨੀ ਨੂੰ ਚਾਇਆ ਸਤਿਗੁਰੂ। ਪਲਕਾਂ ਨਾਲ ਛੁਹਾਇਆ ਸਤਿਗੁਰੂ। ਭਗਤ ਕਬੀਰ ਦੀਆਂ ਸੁਣੀਆਂ ਗੱਲਾਂ। ਸ਼ੇਖ ਫਰੀਦ ਦੀਆਂ ਕਾਵਕ ਛੱਲਾਂ। ਨਾਮਦੇਵ, ਰਵਿਦਾਸ ਦੀ ਬਾਣੀ। ਧੰਨੇ, ਸੈਣ ਦਾ ਕਾਵਿ ਰੂਹਾਨੀ। ਤ੍ਰਲੋਚਨ, ਜੈਦੇਵ, ਨਿਆਰਾ। ਸਦਨਾ, ਪੀਪਾ, ਭੀਖਨ ਪਿਆਰਾ। ਬੇਣੀ, ਰਾਮਾਨੰਦ ਦਾ ਕਿੱਸਾ। ਸੂਰਦਾਸ ਜੋ ਪਾਇਆ ਹਿੱਸਾ। ਪਰਮਾਨੰਦ ਨੂੰ ਪਾਵਣ ਵਾਲੇ। ਮਰਦਾਨੇ ਤੇ ਭੱਟ ਸੰਭਾਲੇ। ਨਾਨਕ ਦਾ ਅਣਮੋਲ ਖਜ਼ਾਨਾ। ਕੁਝ ਕੋਲੋਂ ਪਾਇਆ ਨਜ਼ਰਾਨਾ। ਸਭ ਨੂੰ ਜਾਮਾ ਇੱਕ ਪੁਆਇਆ। ਪੂਜਣ ਦਾ ਅਸਥਾਨ ਬਣਾਇਆ। ਪਰ ਕੁਝ ਦੇਸ਼ ਦੇ ਦੋਖੀ ਬੰਦੇ। ਲਗੇ ਖਿਲਾਰਨ ਥਾਂ ਥਾਂ ਫੰਦੇ। ਊਝਾਂ ਲਾਣ ਫਕੀਰਾਂ ਉੱਤੇ। ਜਿਨ੍ਹਾਂ ਦੀ ਅੱਖ ਜਗੀਰਾਂ ਉੱਤੇ। ਆਖਣ ਸੱਚ ਨੂੰ ਸਾੜ ਦਿਆਂਗੇ। ਸੁੰਮਾਂ ਹੇਠ ਲਿਤਾੜ ਦਿਆਂਗੇ। ਗਰਮ ਗਰਮ ਤਵੀਆਂ ਤੇ ਧਰਿਆ। ਫਿਰ ਵੀ ਲੋਕੋ ਸੱਚ ਨਾ ਮਰਿਆ। ਗਰਮ ਰੇਤ ਦੇ ਨਾਲ ਨੁਹਾਇਆ। ਉਬਲਦੀਆਂ ਦੇਗਾਂ ਵਿਚ ਪਾਇਆ। ਤਨ ਕਰ ਦਿੱਤਾ ਛਾਲੇ ਛਾਲੇ। ਪਰ ਨਾ ਸਬਰ ਨੂੰ ਆਏ ਉਬਾਲੇ। ਗਰਮ ਤਵੀ ਤੇ ਆਸਣ ਲਾ ਕੇ। ਗੁਰ ਅਰਜੁਨ ਕਹਿੰਦੇ ਮੁਸਕਾ ਕੇ। ਦੇਸ਼ ਨੂੰ ਏਕੇ ਵਿਚ ਪਰੋਣੈ। ਦੇਸ਼ ਤੋਂ ਦਾਗ਼ ਗੁਲਾਮੀ ਧੋਣੈ। ਆਪਣੇ ਤਨ ਦੀ ਚਰਬੀ ਲਾਵਾਂ। ਭਾਰਤੀਆਂ ਦੀ ਅਣਖ ਜਗਾਵਾਂ। ਮੇਰੇ ਤਨ ਦੇ ਰਿਸਦੇ ਛਾਲੇ। ਬਣਨਗੇ ਸਭ ਤਲਵਾਰਾਂ ਭਾਲੇ। ਜਬਰ ਸਬਰ ਤੋਂ ਹਾਰ ਗਿਆ ਏ। ਸਾਹਿਤਕਾਰ ਪੁਕਾਰ ਗਿਆ ਏ। "ਤੇਰਾ ਭਾਣਾ ਮੀਠਾ ਲਾਗੇ। ਹਰਿ ਨਾਮ ਪਦਾਰਥ ਨਾਨਕ ਮਾਂਗੇ।"

ਮੀਰੀ ਪੀਰੀ ਵਾਲੇ (ਮਰਾਝ ਦਾ ਯੁੱਧ)

(ਪਿਛੋਕੜ :- ਭਾਈ ਬਿਧੀ ਚੰਦ ਜੀ ਆਪਣੇ ਗੁਰੂ ਮਹਾਰਾਜ ਦੇ ਘੋੜੇ ਵਾਪਸ ਲੈ ਆਏ ਤਾਂ ਸ਼ਾਹ ਜਹਾਨ ਬਾਦਸ਼ਾਹ ਨੂੰ ਬਹੁਤ ਗੁੱਸਾ ਚੜ੍ਹਿਆ। ਉਸਨੇ ਅਮੀਰ ਵਜ਼ੀਰ ਬੁਲਾ ਕੇ ਗੁਰੂ ਜੀ ਨੂੰ ਪਕੜ ਲਿਆਉਣ ਦਾ ਹੁਕਮ ਦਿੱਤਾ।ਬਾਦਸ਼ਾਹ ਨੇ ਪੈਂਤੀ ਹਜ਼ਾਰ ਸਿਪਾਹੀ ਤੇ ਬਹੁਤ ਸਾਰੇ ਜਰਨੈਲ, ਅਸਲਾ ਅਤੇ ਸਮਾਨ ਦੇ ਕੇ ਲੱਲਾ ਬੇਗ ਨੂੰ ਭੇਜਿਆ। ਉਧਰ ਛੇਵੇਂ ਪਾਤਸ਼ਾਹ ਕਾਂਗੜਪੁਰ ਇਲਾਕੇ ਵਿੱਚ ਜਿਥੋਂ ਦਾ ਸਰਦਾਰ ਜੋਧ ਰਾਏ ਸੀ, ਚਾਰ ਹਜ਼ਾਰ ਸੂਰਮੇ ਨਾਲ ਨਥਾਣੇ ਦੀ ਢਾਬ ਦੁਆਲੇ ਬੈਠੇ ਸ਼ਾਹੀ ਫੌਜ ਦੇ ਹਮਲੇ ਦੀ ਉਡੀਕ ਕਰ ਰਹੇ ਸਨ।) ਵਾਰ ਲੱਲਾ ਬੇਗ ਤੇ ਕਮਰ ਬੇਗ, ਲੈ ਸ਼ਾਹੀ ਫੌਜਾਂ ਭਾਰੀਆਂ। ਅਸਾਂ ਪਕੜ ਲਿਆਣਾ ਗੁਰਾਂ ਨੂੰ, ਜਿਨ੍ਹਾਂ ਬੜਕਾਂ ਬੜੀਆਂ ਮਾਰੀਆਂ। ਇਹ ਸਿੱਖ ਨੇ ਗਾਜਰ ਮੂਲੀਆਂ, ਅਸੀਂ ਤਲਵਾਰਾਂ ਦੋ ਧਾਰੀਆਂ। ਸਾਡੇ ਕੋਲ ਬੰਦੂਕਾਂ ਬਰਛੀਆਂ, ਸ਼ੇਰਨੀਆਂ ਤੇਜ਼ ਕਟਾਰੀਆਂ। ਸਾਡੀ ਫੌਜ ਲੜਾਕੂ ਜੰਗ ਦੀ, ਜਿਸ ਮੱਲਾਂ ਬੜੀਆਂ ਮਾਰੀਆਂ। ਅਸਾਂ ਹੱਥ ਵਿਖਾਣੇ ਗਜ਼ਬ ਦੇ, ਲਾ ਚੋਟਾਂ ਖੂਬ ਕਰਾਰੀਆਂ। ਸਾਡੇ ਭਾਲੇ ਭੰਨਣ ਪਸਲੀਆਂ, ਸਾਡੇ ਬਰਛੇ ਕਰਨ ਖੁਆਰੀਆਂ। ਸਿੱਖ ਨੱਠਣਗੇ ਮੈਦਾਨ 'ਚੋਂ, ਜਿਉਂ ਪੰਛੀ ਲਾਣ ਉਡਾਰੀਆਂ। ਪਰ ਓਧਰ ਛੇਵੇਂ ਪਾਤਸ਼ਾਹ, ਬੈਠੇ ਸਨ ਵਿਚ ਉਜਾੜ ਦੇ। ਲੈ ਚਾਰ ਹਜ਼ਾਰ ਸੂਰਮਾ, ਚਹੁੰ ਪਾਸੀ ਮੌਕਾ ਤਾੜਦੇ। ਸਿੱਖ ਇਉਂ ਜੈਕਾਰੇ ਛੱਡਦੇ, ਜਿਉਂ ਭੁੱਖੇ ਸ਼ੇਰ ਦਹਾੜਦੇ। ਕਦੀ ਬੰਦੂਕਾਂ ਨੂੰ ਪਰਖਦੇ, ਕਦੀ ਤਲਵਾਰਾਂ ਨੂੰ ਤਾੜਦੇ। ਤਕ ਉਹਦੇ ਗਰਦ ਗ਼ੁਬਾਰ ਨੂੰ, ਪਏ ਤੀਰ ਕਮਾਨ ਸੀ ਚਾੜ੍ਹਦੇ। ਉਥੇ ਖੰਡੇ ਖੜਕਣ ਇਸ ਤਰ੍ਹਾਂ, ਜਿਉਂ ਖੜਕਣ ਰੁੱਖ ਪਹਾੜ ਦੇ। ਜਦ ਖੜਕਣ ਰੁੱਖ ਪਹਾੜ ਦੇ, ਕਈ ਜੰਗਲ ਜਾਵਣ ਸਾੜਦੇ। ਜਿਉਂ ਪਰਬਤ ਲਾਵਾ ਉਗਲਦੇ, ਧਰਤੀ ਨੂੰ ਜਾਵਣ ਪਾੜਦੇ। ਦਿਨ ਢਲਿਆ ਹਨੇਰੇ ਪਸਰੇ, ਆ ਦੁਸ਼ਮਣ ਹੱਲਾ ਬੋਲਿਆ। ਸਤਿਗੁਰ ਦੇ ਬੀਰ ਬਹਾਦਰਾਂ, ਬੰਦੂਕਾਂ ਦਾ ਮੂੰਹ ਖੋਲ੍ਹਿਆ। ਉਨ੍ਹਾਂ ਤੜ ਤੜ ਛੱਡੀਆਂ ਗੋਲੀਆਂ, ਜਿਨ੍ਹਾਂ ਖੂਨ ਗ਼ਜਬ ਦਾ ਡੋਲ੍ਹਿਆ। ਉਹਨਾਂ ਤੀਰ ਵਰ੍ਹਾਏ ਸ਼ੂਕਦੇ, ਵੈਰੀ ਦਾ ਸੀਨਾ ਫੋਲਿਆ। ਉਥੇ ਮਲਕ ਜਾਤ ਦਿਆਂ ਯੋਧਿਆਂ, ਵੈਰੀ ਨੂੰ ਜਿਹਾ ਮਧੋਲਿਆ। ਉਹਨਾਂ ਭੀਖਨ ਖਾਂ ਨੂੰ ਮਾਰਿਆ, ਗੁਲ ਖਾਂ ਮਿੱਟੀ ਵਿਚ ਰੋਲਿਆ। ਉਹਨਾਂ ਕਮਰ ਬੇਗ ਜਿਹਾ ਸੂਰਮਾ, ਬਰਛੇ ਦੇ ਨਾਲ ਪਰੋ ਲਿਆ। ਮੈਦਾਨ 'ਚ ਲਹੂ ਮਿਝ ਦਾ, ਤਲਵਾਰਾਂ ਗਾਰਾਂ ਘੋਲਿਆ। ਉਥੇ ਕਾਲ ਹਨੇਰੀ ਸ਼ੂਕਦੀ, ਜਿਉਂ ਦੋਜ਼ਖ ਨੇ ਮੂੰਹ ਖੋਲ੍ਹਿਆ। ਗੁੱਸੇ ਵਿੱਚ ਕਾਬਲ ਬੇਗ ਨੇ, ਯਾ ਅਲ੍ਹੀ ਨਾਅਰਾ ਬੋਲਿਆ। ਉਹਦੀ ਤੇਗ ਗੁਰੂ ਮਹਾਰਾਜ ਦਾ, ਆ ਸੱਜਾ ਕੰਧਾ ਛੋਹ ਲਿਆ। ਫਿਰ ਸਤਿਗੁਰੂ ਨੇ ਵੰਗਾਰ ਕੇ, ਤਲਵਾਰ ਤੇ ਏਦਾਂ ਤੋਲਿਆ। ਦੋ ਫਾੜ ਹੋ ਡਿੱਗਾ ਕਾਬਲੀ, ਡਿਗਿਆ ਨਾ ਮੁੜ ਕੇ ਬੋਲਿਆ। ਦੋ ਪੁੱਤਰ ਲਸ਼ਕਰ ਨਾਲ ਲੈ, ਫਿਰ ਲੱਲਾ ਬੇਗ ਦਹਾੜਦਾ। ਅੱਖੀਆਂ 'ਚੋਂ ਸ਼ੋਹਲੇ ਨਿਕਲਦੇ, ਜਿਉਂ ਫੱਟੜ ਰਿੱਛ ਪਹਾੜ ਦਾ। ਜਿਉਂ ਅੱਥਰਾ ਪਾਣੀ ਬਾੜ ਦਾ, ਧਰਤੀ ਨੂੰ ਪਿਆ ਉਜਾੜਦਾ। ਜਿਉਂ ਹਾਥੀ ਪਾਗਲ ਦੌੜਦਾ, ਫੌਜਾਂ ਨੂੰ ਪਿਆ ਲਤਾੜਦਾ। ਜਿਉਂ ਵਾ ਵਰੋਲਾ ਕਹਿਰ ਦਾ, ਰੁੱਖਾਂ ਨੂੰ ਪਿਆ ਉਖਾੜਦਾ। ਉਹ ਤੀਰ ਵਰ੍ਹਾਂਦਾ ਇਸ ਤਰ੍ਹਾਂ, ਮੀਂਹ ਪੈਂਦਾ ਜੀਕਰ ਹਾੜ ਦਾ। ਘਮਸਾਨ ਦੁਵੱਲੀ ਮੱਚਿਆ, ਰੌਲਾ ਸੀ ਖੜ ਖੜ ਖਾੜ ਦਾ। ਰੌਲਾ ਸੀ ਖੜ ਖੜ ਖਾੜ ਦਾ, ਧਰਤੀ ਨੂੰ ਜਾਂਦਾ ਪਾੜਦਾ। ਧਰਤੀ ਨੂੰ ਜਾਂਦਾ ਪਾੜਦਾ, ਜੀਵਨ ਦੇ ਵਰਕੇ ਸਾੜਦਾ। ਪਰ ਉਧਰ ਵਿਚ ਮੈਦਾਨ ਦੇ, ਭਾਈ ਜੇਠਾ ਹੱਲੇ ਮੋੜਦਾ। ਉਹ ਬਾਦਲ ਵਾਂਗੂੰ ਗਰਜਦਾ, ਉਹ ਬਿਜਲੀ ਵਾਂਗੂੰ ਦੌੜਦਾ। ਉਹ ਸ਼ਕਤੀ ਭਰੀ ਕਮਾਨ 'ਚੋਂ, ' ਜਿਹੇ ਤੀਰ ਗ਼ਜ਼ਬ ਦੇ ਛੋੜਦਾ। ' ਜਿਹੇ ਤੀਰ ਗ਼ਜ਼ਬ ਦੇ ਛੋੜਦਾ, ਅੰਬਰ ਦੇ ਤਾਰੇ ਤੋੜਦਾ। ਉਹਦੇ ਨਾਲ ਜੋ ਲਾਂਦਾ ਟਾਕਰਾ, ਉਹਨੂੰ ਜ਼ਿੰਦਾ ਮੂਲ ਨਾ ਛੋੜਦਾ। ਮੈਦਾਨ ਦਾ ਕੋਈ ਸੂਰਮਾ, ਨਾ ਆਇਆ ਉਹਦੇ ਜ਼ੋਰ ਦਾ। ਫਿਰ ਲੱਲਾ ਘੋੜਾ ਛੇੜਕੇ, ਆ ਸਤਿਗੁਰੂ ਨੂੰ ਲਲਕਾਰਿਆ। ਹੁਣ ਹੱਥ ਵਿਖਾ ਮੈਦਾਨ ਵਿੱਚ, ਬਲਵਾਨਾ ਵੱਢਿਆ ਭਾਰਿਆ। ਤੈਨੂੰ ਜ਼ਿੰਦਾ ਮੂਲ ਨਹੀਂ ਛੱਡਣਾ, ਮੇਰੇ ਪੁੱਤਰਾਂ ਨੂੰ ਤੂੰ ਮਾਰਿਆ। ਮੇਰੀ ਫੌਜ ਦੇ ਕਰਕੇ ਡੱਕਰੇ, ਤੂੰ ਲਾਸ਼ੀਂ ਢੇਰ ਉਸਾਰਿਆ। ਹੁਣ ਜਾਣਾ ਵਿੱਚ ਮੈਦਾਨ ਦੇ, ਤੇਰਾ ਕਰਜ਼ਾ ਕੁਲ ਉਤਾਰਿਆ। ਫਿਰ ਦੋ ਤਲਵਾਰਾਂ ਲਿਸ਼ਕੀਆਂ, ਟਕਰਾਈਆਂ ਆਹਮੋ ਸਾਹਮਣੇ। ਉਹਨਾਂ ਲਾਲ ਝਨਾਂ ਵਿਚ ਤਾਰੀਆਂ, ਫਿਰ ਲਾਈਆਂ ਆਹਮੋ ਸਾਹਮਣੇ। ਦੋ ਕੁੜੀਆਂ ਸੂਹੀਆਂ ਸਾੜ੍ਹੀਆਂ, ਜਿਉਂ ਪਾਈਆਂ ਆਹਮੋ ਸਾਹਮਣੇ। ਦੋ ਢਾਲਾਂ ਖਾ ਖਾ ਬਰਛੀਆਂ, ਮੁਸਕਾਈਆਂ ਆਹਮੋ ਸਾਹਮਣੇ। ਦੋ ਬਦਲੀਆਂ ਦੋ ਕਾਲੀਆਂ, ਲਹਿਰਾਈਆਂ ਆਹਮੋ ਸਾਹਮਣੇ। ਫਿਰ ਗੰਗਾ ਮਾਂ ਦੇ ਲਾਡਲੇ, ਵਾਹ ਖੂਬ ਚਲਾਈ ਕਾਲਕਾ। ਮੈਦਾਨ 'ਚੋਂ ਬੰਨ੍ਹ ਬੰਨ੍ਹ ਪੈਂਤੜੇ, ਐਸੀ ਖੜਕਾਈ ਕਾਲਕਾ। ਚਹੁੰ ਪਾਸੀਂ ਲਸ਼ਕਰ ਵੇਖਦੇ, ਨਾ ਹਟੇ ਹਟਾਈ ਕਾਲਕਾ। ਉਥੇ ਅੰਬਰ ਕਾਲਾ ਹੋ ਗਿਆ, ਬਸ ਦਏ ਦਿਖਾਈ ਕਾਲਕਾ। ਉਥੇ ਬਦੱਲ ਗੜ ਗੜ ਗੜਕਦੇ, ਬਿਜਲੀ ਚਮਕਾਈ ਕਾਲਕਾ। ਸਣ ਕਾਠੀ ਘੋੜਾ ਵਿੰਨ੍ਹ ਕੇ, ਸ਼ੂਕੇ ਤਰਿਹਾਈ ਕਾਲਕਾ। ਜਿਉਂ ਫੱਟੜ ਸ਼ਹਿਣੀ ਬੁੱਕਦੀ, ਇਉਂ ਕਰੇ ਚੜ੍ਹਾਈ ਕਾਲਕਾ। ਫਿਰ ਦੋ ਤਲਵਾਰਾਂ ਵਾਲੜੇ, ਇੱਕ ਐਸੀ ਲਾਈ ਕਾਲਕਾ। ਵੈਰੀ ਦਾ ਸੀਨਾ ਪਾੜ ਕੇ, ਉਹਦੀ ਅਲਖ ਮੁਕਾਈ ਕਾਲਕਾ।

ਗੁਰੂ ਹਰਿ ਰਾਇ ਜੀ ਦਾ ਜਨਮ -ਦਵੈਯਾ

ਵਜੇ ਨਗਾਰੇ ਫਤਹਿ ਦੇ, ਸਤਿਗੁਰ ਘਰ ਆਏ। ਖੁਸ਼ੀਆਂ ਹੋਈਆਂ ਦੂਣੀਆਂ, ਜਨਮੇ ਹਰਿ ਰਾਏ। ਚੰਦ ਮੁਬਾਰਕ ਜਾਪਦਾ, ਇਹ ਨਿੱਕੜਾ ਪੋਤਾ। ਸੁੱਚਾ ਫੁੱਲ ਗੁਲਾਬ ਦਾ, ਸਰਘੀ ਨੇ ਧੋਤਾ। ਮਾਤ ਅਨੰਤੀ ਜਨਮਿਆ, ਇਹ ਲਾਲ ਪਿਆਰਾ। ਗੁਰਦਿਤਾ ਗੁਰ ਲਾਲ ਦੀ, ਅੱਖੀਆਂ ਦਾ ਤਾਰਾ। ਮਹਾਂ ਦੇਵੀ ਮਾਂ ਨਾਨਕੀ, ਲਖ ਸ਼ਗਨ ਮਨਾਵਣ। ਜਾਣ ਗੁਰਾਂ ਤੋਂ ਵਾਰਨੇ, ਕਦੀ ਪੋਤਾ ਚਾਵਣ। ਕਰਤਾਰਪੁਰ ਕਰਤਾਰ ਨੇ, ਲੀਲਾ ਵਰਤਾਈ। ਗੁਰ ਬਾਲਕ ਅਣੀ ਰਾਇ ਜੀ, ਕਰ ਗਏ ਚੜ੍ਹਾਈ। ਇਕ ਜੰਮਿਆ ਇਕ ਟੁਰ ਗਿਆ, ਇੰਜ ਵਰਤੇ ਭਾਣੇ। ਖੇਡ ਵਿਧਾਤਾ ਦੀ ਭਲਾ, ਬੰਦਾ ਕੀ ਜਾਣੇ ? ਹਰਖ ਸੋਗ ਤੋਂ ਬਾਹਰਾ, ਸਤਿਗੁਰ ਵਡ ਜੇਰਾ। ਕਿਹਾ ਓਸ ਕਰਤਾਰ ਨੂੰ, ਲਖ ਸ਼ੁੱਕਰ ਹੈ ਤੇਰਾ। ਫੁੱਲ ਖਿੜਦੇ ਫੁੱਲ ਟਹਿਕਦੇ, ਫੁੱਲ ਮਹਿਕ ਖਿੰਡਾਵਣ। ਪਰਉਪਕਾਰੀ ਫੁੱਲ ਤਾਂ, ਸੰਸਾਰ ਸਜਾਵਣ। ਨਿੱਕਾ ਜਿਹਾ ਤਿਆਗ ਮੱਲ, ਪਰ ਗੁੰਮ ਸੁੰਮ ਰਹਿੰਦਾ। ਨਾ ਹੱਸਦਾ, ਨਾ ਬੋਲਦਾ, ਨਾ ਦਿਲ ਦੀਆਂ ਕਹਿੰਦਾ। ਹਰ ਦਮ ਰਹਿੰਦਾ ਸੋਚਦਾ, ਤੇ ਹਉਕੇ ਭਰਦਾ। ਬਹਿੰਦਾ ਅੱਖੀਆਂ ਮੀਟ ਕੇ, ਅਰਦਾਸਾਂ ਕਰਦਾ। ਹੇ ਸਤਿਗੁਰ ਕਰਤਾਰ ਗੁਰ, ਤੇਰੇ ਚੋਜ ਨਿਆਰੇ। ਮੇਹਰ ਸੱਵਲੀ ਦਾਤਿਆ, ਪੱਥਰਾਂ ਨੂੰ ਤਾਰੇ। ਮੂਰਖ ਮੁਗਧ ਅੰਞਾਣ ਹਾਂ, ਲਾ ਲਓ ਸਰਨਾਈ। ਤੂੰ ਘੱਟ ਘੱਟ ਦੀ ਜਾਣਦਾ, ਮੇਰੇ ਮੀਤ ਸਖਾਈ।

ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ

ਬਾਲਾ ਜੀ ਗੁਰ ਬਾਲਾ ਜੀ। ਬਾਲਾ ਦੀਨ ਦਿਆਲਾ ਜੀ॥ ਗੁਰੂ ਨਾਨਕ ਦੇ ਅਠਵੇਂ ਨੂਰ। ਹਰਦਮ ਰਹਿੰਦੇ ਜ਼ਾਹਰ ਜ਼ਹੂਰ॥ ਸੱਤਵੇਂ ਗੁਰੂ ਦੇ ਛੋਟੇ ਲਾਲ। ਨਦਰੀਂ ਕਰਦੇ ਨਦਰਿ ਨਿਹਾਲ॥ ਸੰਗਤਾਂ ਨੇ ਪ੍ਰਵਾਨੇ ਘੱਲੇ। ਕੀਰਤਪੁਰ ਤੋਂ ਦਿੱਲੀ ਚੱਲੇ॥ ਪੰਜ ਗੁਰਸਿੱਖ ਸਤਿਗੁਰ ਗੁਰ ਮਾਤ। ਦੂਰ ਕਰਨ ਦੁਖ ਤੇ ਸੰਤਾਪ॥ ਦੂਰ ਦੂਰ ਤੋਂ ਸੰਗਤਾਂ ਆਵਣ। ਜੋ ਚਾਹੁਣ ਸਤਿਗੁਰ ਤੋਂ ਪਾਵਣ॥ ਪਹੁੰਚੇ ਜਦ ਕਰਨਾਲ ਦੇ ਨੇੜੇ। ਭਾਗ ਲੱਗੇ ਉਸ ਥਾਂ ਉਸ ਵਿਹੜੇ॥ ਸੰਗਤ ਨੇ ਜਦ ਪਾ ਲਿਆ ਘੇਰਾ। ਬਾਲ ਗੁਰਾਂ ਨੇ ਲਾਇਆ ਡੇਰਾ॥ ਇੱਕ ਪੰਡਤ ਹੰਕਾਰੀ ਆਇਆ। ਆ ਕੇ ਜਿਸਨੇ ਸ਼ੋਰ ਮਚਾਇਆ॥ ਹਰਿਕ੍ਰਿਸ਼ਨ ਤੁਸੀਂ ਨਾਮ ਰਖਾਇਆ। ਗੀਤਾ ਦਾ ਨਾ ਦਰਸ਼ਨ ਪਾਇਆ॥ ਬਾਲ ਗੁਰੂ ਜੀ ਇਉਂ ਮੁਸਕਾਏ। ਫੁੱਲ ਟਾਹਣੀ ਤੇ ਜਿਉਂ ਖਿਲ ਜਾਏ॥ ਜੇ ਗੀਤਾ ਦੇ ਅਰਥ ਬਤਾਓ। ਤਾਂ ਹਰਿਕ੍ਰਿਸ਼ਨ ਜੀ ਨਾਮ ਰਖਾਓ॥ ਪੰਡਤ ਜੀ ਤੁਸੀਂ ਬੜੇ ਸਿਆਣੇ। ਮੈਥੋਂ ਵੱਡੇ ਵੱਧ ਸਿਆਣੇ॥ ਤੁਸਾਂ ਜੋ ਪਾਇਆ ਇੱਕ ਸਵਾਲ। ਇੱਕ ਬੰਦਾ ਲੈ ਆਓ ਨਾਲ॥ ਨਾਲ ਲਿਆਓ ਜੋ ਵੀ ਬੰਦਾ। ਅਰਥ ਕਰੇਗਾ ਉਹੀਓ ਬੰਦਾ॥ ਗੁਰੂ ਨਾਨਕ ਦੇ ਘਰ ਜੋ ਆਵੇ। ਖਾਲੀ ਝੋਲੀ ਭਰਕੇ ਜਾਵੇ॥ ਇਹ ਸੁਣ ਪੰਡਤ ਜੀ ਮੁਸਕਾਏ। ਝੱਟ ਇੱਕ ਬੰਦਾ ਪਕੜ ਲਿਆਏ॥ ਜਿਹੜਾ ਕੁਝ ਵੀ ਸੁਣ ਨਾ ਸਕਦਾ। ਸਿਟ ਬਿਟ ਹੋ ਕੇ ਬੋਲ ਨਾ ਸਕਦਾ॥ ਸ਼ਾਂਤ ਸਰੂਪ ਅਵਸਥਾ ਛੋਟੀ। ਹੱਥ ਵਿੱਚ ਫੜੀ ਸਿਦਕ ਦੀ ਸੋਟੀ॥ ਗੁਰਾਂ ਇਸ਼ਾਰੇ ਨਾਲ ਬੁਲਾਇਆ। ਉਸਨੂੰ ਆਪਣੇ ਕੋਲ ਬਿਠਾਇਆ॥ ਸੋਟੀ ਮਸਤਕ ਨਾਲ ਛੁਹਾਈ। ਸਤਿਨਾਮ ਕਹਿ ਮੇਰੇ ਭਾਈ॥ ਖੁੱਲ੍ਹ ਗਏ ਕੰਨ ਖੁੱਲ੍ਹ ਗਈ ਜ਼ੁਬਾਨ। ਬੰਦਾ ਬਣਿਆ ਚਤੁਰ ਸੁਜਾਨ॥ ਪੰਡਤ ਜੋ ਵੀ ਪੁਛਦਾ ਜਾਵੇ। ਬੰਦਾ ਫਰ ਫਰ ਦਸਦਾ ਜਾਵੇ॥ ਚਰਨਾਂ ਤੇ ਡਿੱਗਾ ਹੰਕਾਰੀ। ਬਖ਼ਸ਼ ਲਵੋ ਹਰਿਕ੍ਰਿਸ਼ਨ ਮੁਰਾਰੀ॥ ਹੋ ਗਈ ਖਲਕਤ ਕੁਲ ਹੈਰਾਨ। ਬਾਲ ਗੁਰਾਂ ਤੋਂ ਸਦਕੇ ਜਾਣ॥ ਬਾਲਾ ਜੀ ਗੁਰ ਬਾਲਾ ਜੀ। ਸਤਿਗੁਰੂ ਪ੍ਰੇਮ ਪਿਆਲਾ ਜੀ॥ ਬਾਲਾ ਜੀ ਗੁਰ ਬਾਲਾ ਜੀ। ਦੀਨ ਬੰਧੂ ਰਖਵਾਲਾ ਜੀ॥

ਸਵੈਯਾ

ਸੁੰਦਰ ਸੂਰਤ, ਤਿਆਗ ਕੀ ਮੂਰਤ, ਤੇਗ ਬਹਾਦਰ, ਧੀਰ ਧਰੱਈਆ॥ ਗਿਆਨ ਮਹਾਨ, ਲਗਾਵੈ ਧਿਆਨ, ਬਸੇ ਹਰ ਪ੍ਰਾਣ, ਮੇਂ ਰਾਮ ਰਮੀਆ॥ ਦੀਆ ਸਿਰ ਵਾਰ, ਬਲੀ ਅਵਤਾਰ, ਜੀਏ ਜਗ ਚਾਰ, ਇਹ ਭਾਰਤ ਮੱਈਆ॥ ਆਣ ਪੜ੍ਹੀ ਜਬ, ਆਨ ਕੀ ਆਨ ਪੇ, ਡੋਲਤ ਪਾਰ, ਲਗਾਵਤ ਨੱਈਆ॥

ਨੌਵਾਂ ਪਾਤਸ਼ਾਹ -ਗੀਤ

ਨੌਵਾਂ ਪਾਤਸ਼ਾਹ ਹੈ ਹਿੰਦ ਨੂੰ ਬਚਾ ਗਿਆ। ਸਭਿਅਤਾ ਦੀ ਮਾਂਗ 'ਚ ਸੰਧੂਰ ਪਾ ਗਿਆ ॥ ਗੁਜਰੀ ਦੀ ਮਾਂਗ ਦਾ ਸੰਧੂਰ ਪੂੰਝ ਕੇ। ਨਿੱਕੇ ਜਿਹੇ ਮਾਸੂਮ ਦੀ ਬਹਾਰ ਹੂੰਝ ਕੇ ॥ ਪੱਤਝੜਾਂ ਦੇ ਫੁੱਲਾਂ ਨੂੰ ਖਿੜਾਣ ਵਾਸਤੇ। ਬੁਲਬੁਲਾਂ ਦੇ ਗੀਤ ਗੁਨ ਗੁਨਾਣ ਵਾਸਤੇ ॥ ਆਪਣੀ ਜਵਾਨੀ ਦਾ ਕਫੂਰ ਦੇ ਗਿਆ। ਜ਼ਿੰਦਗੀ ਦੇ ਨੈਣਾਂ ਤਾਈਂ ਨੂਰ ਦੇ ਗਿਆ ॥ ਤੇਗ ਦਾ ਅਜੀਬ ਮੁਅਜ਼ਜ਼ਾ ਵਿਖਾ ਗਿਆ। ਨੌਵਾਂ ਪਾਤਸ਼ਾਹ ਹੈ ਹਿੰਦ ਨੂੰ ਬਚਾ ਗਿਆ। ਸਭਿਅਤਾ ਦੀ ਮਾਂਗ 'ਚ ਸੰਧੂਰ ਪਾ ਗਿਆ ॥ ਜਦੋਂ ਕਿਸੇ ਲੋਰੀਆਂ 'ਚ ਜ਼ਹਿਰ ਘੋਲਿਆ। ਮਮਤਾ ਦਾ ਪਿਆਰ ਨੇਜ਼ਿਆਂ ਤੇ ਤੋਲਿਆ ॥ ਮੰਦਰਾਂ 'ਚ ਹੋ ਗਈ ਬੇਜ਼ੁਬਾਨ ਆਰਤੀ। ਗੂੰਜਿਆ ਤਾਰੀਖ਼ 'ਚੋਂ ਨਿਸ਼ਾਨ ਭਾਰਤੀ ॥ ਆਲ੍ਹਣੇ ਦੇ ਕੱਖਾਂ 'ਚ ਨਾਗ ਸ਼ੂਕਦੇ। ਝੁੱਗੀਆਂ ਅਟਾਰੀਆਂ ਚਰਾਗ ਫੂਕਦੇ ॥ ਚਾਰੇ ਪਾਸੇ ਖੂਨ ਡੁਲ੍ਹਿਆ ਮਨੁੱਖ ਦਾ। ਹੋਇਆ ਨਾ ਇਲਾਜ ਕਿਧਰੋਂ ਵੀ ਦੁੱਖ ਦਾ ॥ ਜ਼ਿੰਦਗੀ ਤਾਂ ਹੋ ਗਈ ਲਾਚਾਰ ਜ਼ਿੰਦਗੀ। ਜਿਵੇਂ ਕੋਈ ਟੁੱਟੀ ਹੋਈ ਸਿਤਾਰ ਜ਼ਿੰਦਗੀ ॥ ਟੁੱਟੀ ਹੋਈ ਸਿਤਾਰ ਉੱਤੇ ਗੀਤ ਗਾ ਗਿਆ। ਨੌਵਾਂ ਪਾਤਸ਼ਾਹ ਹੈ ਹਿੰਦ ਨੂੰ ਬਚਾ ਗਿਆ। ਸਭਿਅਤਾ ਦੀ ਮਾਂਗ 'ਚ ਸੰਧੂਰ ਪਾ ਗਿਆ॥ ਤੇਗ ਦਾ ਧਨੀ ਉਹ ਜੂਝਿਆ ਕਮਾਲ ਸੀ। ਨਾਮ ਉਹਦਾ ਤੇਗ ਸੀ ਵਜੂਦ ਢਾਲ ਸੀ ॥ ਵਾਰ ਸਹਿ ਗਿਆ ਜੋ ਜ਼ੁਲਮ ਦੀ ਕਟਾਰ ਦਾ। ਓਸ ਦਾ ਲਹੂ ਹੈ ਜ਼ੁਲਮ ਨੂੰ ਵੰਗਾਰਦਾ ॥ ਓਸ ਦੇ ਲਹੂ 'ਚੋਂ ਬਲ ਰਹੀ ਮਸ਼ਾਲ ਹੈ। ਲਾਲ ਕਿਲ੍ਹਾ ਓਸ ਦੇ ਲਹੂ 'ਚ ਲਾਲ ਹੈ ॥ ਓਸ ਦੇ ਲਹੂ 'ਚੋਂ ਹੈ ਤਿਰੰਗਾ ਲਹਿਰਿਆ। ਓਸ ਦਾ ਲਹੂ ਜ਼ਮਾਨਿਆਂ ਨੂੰ ਕਹਿ ਰਿਹਾ ॥ ਬੰਦਿਓ ਮਨੁੱਖ ਦਾ ਲਹੂ ਪੀਣ ਵਾਲਿਓ। ਦੂਜਿਆਂ ਦਾ ਹੱਕ ਖੋਹ ਕੇ ਜੀਣ ਵਾਲਿਓ ॥ ਅੱਤ ਨਾਲ ਰੱਬ ਦਾ ਹੈ ਵੈਰ ਜਾਣ ਲਓ। ਅੱਤ ਦੀ ਨਾ ਹੁੰਦੀ ਕਦੀ ਖੈਰ ਜਾਣ ਲਓ ॥ ਅੱਤ ਨੂੰ ਇਕ ਨਵਾਂ ਸਬਕ ਸਿਖਾ ਗਿਆ। ਨੌਵਾਂ ਪਾਤਸ਼ਾਹ ਹੈ ਹਿੰਦ ਨੂੰ ਬਚਾ ਗਿਆ। ਸਭਿਅਤਾ ਦੀ ਮਾਂਗ 'ਚ ਸੰਧੂਰ ਪਾ ਗਿਆ॥ ਖੂਨ ਮਜ਼ਲੂਮ ਦਾ ਜੋ ਡੁਲ੍ਹਦਾ ਰਿਹੈ। ਖੂਨ ਜਿਹੜਾ ਕਤਲਗਾਹ 'ਚ ਰੁਲਦਾ ਰਿਹੈ ॥ ਏਸ ਖੂਨ ਧੋਣੀਆਂ ਸਦੀਵ ਕਾਲਖਾਂ। ਏਸ ਖੂਨ ਵਿਚੋਂ ਹੋਣੀਆਂ ਬਗਾਵਤਾਂ ॥ ਜ਼ਰਿਆਂ ਨੇ ਐਟਮਾਂ ਦਾ ਰੂਪ ਧਾਰਨੈ। ਜ਼ਜਬਿਆਂ ਨੂੰ ਟੁੰਬਣੈ ਸੀਨਾ ਉਭਾਰਨੈ ॥ ਹਰ ਕਲੀ ਦੀ ਪੰਖੜੀ ਫੌਲਾਦ ਬਣੇਗੀ। ਏਸ ਲਹੂ 'ਚੋਂ ਕੌਮ ਇਕ ਆਜ਼ਾਦ ਬਣੇਗੀ ॥ ਬੁਜ਼ਦਿਲਾਂ ਤੇ ਕਾਤਲਾਂ ਦੀ ਕੀ ਹੈ ਜ਼ਿੰਦਗੀ। ਅਸਲ ਜ਼ਿੰਦਗੀ ਹੈ ਬੰਦਿਆਂ ਦੀ ਬੰਦਗੀ ॥ ਬੰਦਿਆਂ ਦੀ ਬੰਦਗੀ ਲਈ ਸਰ ਕਟਾ ਗਿਆ। ਨੌਵਾਂ ਪਾਤਸ਼ਾਹ ਹੈ ਹਿੰਦ ਨੂੰ ਬਚਾ ਗਿਆ। ਸਭਿਅਤਾ ਦੀ ਮਾਂਗ 'ਚ ਸੰਧੂਰ ਪਾ ਗਿਆ ॥

ਸ਼ਹਿਨਸ਼ਾਹ ਫ਼ਕੀਰ

ਪਟਨੇ 'ਚ ਸ਼ਹਿਨਸ਼ਾਹ ਫ਼ਕੀਰ ਆ ਗਿਆ। ਗੁਜਰੀ ਦਾ ਲਾਲ, ਤੇਗ ਜੀ ਦਾ ਲਾਡਲਾ॥ ਸਾਮਰਾਜੀਆਂ ਨੂੰ ਜਿਸਨੇ ਵੰਗਾਰਿਆ। ਦੇਸ਼ ਵਾਸੀਆਂ ਦਾ ਹੌਂਸਲਾ ਉਭਾਰਿਆ॥ ਕਿਰਪਾਨ ਨਾਲ ਕੌਮ ਨੂੰ ਜਗਾ ਗਿਆ। ਜ਼ੁਲਮ ਨਾਲ ਜੂਝਣੇ ਦੀ ਬਾਤ ਪਾ ਗਿਆ॥ ਨੀਲੇ ਦਾ ਸਵਾਰ ਦੇਸ਼ ਦਾ ਉਹ ਰਹਿਨੁਮਾ। ਗੁਜਰੀ ਦਾ ਲਾਲ ਤੇਗ ਜੀ ਦਾ ਲਾਡਲਾ॥ ਜਿਹੜਾ ਖੇਡ ਸ਼ਸ਼ਤਰਾਂ ਦੀ ਜੋ ਖੇਡਦਾ ਰਿਹਾ। ਜਿਹੜਾ ਸੁੱਤਾ ਕੰਢਿਆਂ ਦਾ ਲਾ ਕੇ ਬਿਸਤਰਾ॥ ਜਿਹਨੇ ਵਾਰਿਆ ਅਜੀਤ ਤੇ ਜੁਝਾਰ ਨੂੰ। ਹਿੱਕੜੀ 'ਚ ਲੈ ਕੇ ਦੇਸ਼ ਦੇ ਪਿਆਰ ਨੂੰ॥ ਕਾਲਜੇ ਦੇ ਟੋਟਿਆਂ ਦੀ ਕੰਧ ਜੋੜ ਕੇ। ਠਲ੍ਹ ਪਾ ਗਿਆ ਸੀ ਜ਼ੁਲਮ ਨੂੰ ਝੰਜੋੜ ਕੇ॥ ਜਿਹਨੇ ਚਿੱਠੀਆਂ ਫਤਹਿ ਦੀਆਂ ਉਚਾਰੀਆਂ। ਬਾਜ ਵਾਂਗੂੰ ਲਾ ਕੇ ਅੰਬਰਾਂ 'ਚ ਤਾਰੀਆਂ॥ ਸਾਂਭ ਕੇ ਬੇਦਾਵਾ ਦੂਰ ਦੂਰ ਪਹੁੰਚਿਆ। ਖਾਲਸੇ ਪੁਕਾਰਿਆ ਹਜ਼ੂਰ ਪਹੁੰਚਿਆ॥ ਕਲਮ ਤੇ ਕਟਾਰ ਥੀਂ ਕਮਾਲ ਜੂਝਿਆ। ਗੁਜਰੀ ਦਾ ਲਾਲ ਤੇਗ ਜੀ ਦਾ ਲਾਡਲਾ॥ ਬੀਰਤਾ ਤੇ ਸਾਧਨਾ ਦਾ ਗਿਆਨ ਦੇ ਗਿਆ। ਕੌਮ ਨੂੰ ਉਹ ਫ਼ਲਸਫ਼ਾ ਮਹਾਨ ਦੇ ਗਿਆ॥ ਪਾਤਸ਼ਾਹੀਆਂ ਦੇ ਗਿਆ ਗੁਰੂ ਗ੍ਰੰਥ ਨੂੰ। ਕਹਿ ਗਿਆ ਸੀ ਲਾਡਲੇ ਦਲੇਰ ਪੰਥ ਨੂੰ॥ ਆਗਿਆ ਅਕਾਲ ਕੀ ਮਨਾ ਕੇ ਚੱਲਿਆਂ। ਜ਼ੁਲਮ ਨਾਲ ਟਾਕਰਾ ਲਗਾ ਕੇ ਚੱਲਿਆਂ॥ ਹੋਣੀਆਂ ਦੇ ਵਾਰ ਜਦ ਬੁਝਾਤ ਪਾਣਗੇ। ਖਾਲਸੇ ਮੇਰੇ ਜਦੋਂ ਫਤਹਿ ਗਜਾਣਗੇ॥ ਜੂਝਾਂਗਾ ਮੈਂ ਖਾਲਸੇ ਦੀ ਤੇਗ ਚੁੰਮ ਕੇ। ਖਾਲਸੇ ਦੇ ਨਾਲ ਨਾਲ ਘੁੰਮ ਘੁੰਮ ਕੇ॥ ਖਾਲਸਾ ਹੀ ਆਨ ਖਾਲਸਾ ਹੀ ਸ਼ਾਨ ਹੈ। ਖਾਲਸਾ ਹੀ ਜਿੰਦ ਖਾਲਸਾ ਹੀ ਜਾਨ ਹੈ॥ ਖਾਲਸਾ ਹੀ ਜੌਹਰ ਖਾਲਸਾ ਜਲਾਲ ਹੈ। ਖਾਲਸਾ ਹੀ ਕਲਮ ਖਾਲਸਾ ਖ਼ਿਆਲ ਹੈ॥ ਖਾਲਸੇ ਦੇ ਨਾਲ ਯਾਰੀਆਂ ਨਿਭਾਣੀਆਂ। ਖਾਲਸੇ ਦੇ ਖੂਨ ਪਾਣੀਆਂ ਕਹਾਣੀਆਂ॥ ਹਰ ਕਦਮ ਤੇ ਰਾਹਨੁਮਾ ਉਹ ਆਖਦਾ ਗਿਆ। ਕਾਇਮ ਰਹੇ ਸਦੀਵ ਕਾਲ ਖਾਲਸਾ ਮੇਰਾ॥ ਬੇੜੀ ਨੂੰ ਤੂਫ਼ਾਨ 'ਚੋਂ ਬਚਾਣ ਵਾਸਤੇ। ਅਮਨ ਦੇ ਕਿਨਾਰੇ ਤੇ ਲਗਾਣ ਵਾਸਤੇ॥ ਚੱਪੂ ਕਿਰਪਾਨ ਦੇ ਸੰਭਾਲ ਰੱਖਣਾ। ਐਟਮਾਂ ਦੇ ਯੁਗ 'ਚ ਵੀ ਨਾਲ ਰੱਖਣਾ॥ ਚੱਪੂ ਤਲਵਾਰ ਦੇ ਸੰਭਾਲ ਰੱਖਣਾ। ਰਾਕਟਾਂ ਦੀ ਦੋੜ 'ਚ ਵੀ ਨਾਲ ਰੱਖਣਾ॥ ਉਸਦਾ ਪੈਗਾਮ ਗੁਣਗੁਣਾ ਰਹੀ ਹਵਾ। ਖਾਲਸੇ ਮੇਰੇ ਤੇ ਸ਼ਕਤੀਆਂ ਦੀ ਮਿਹਰ ਪਾ॥ ਪਟਨੇ 'ਚ ਸ਼ਹਿਨਸ਼ਾਹ ਫਕੀਰ ਆ ਗਿਆ। ਗੁਜਰੀ ਦਾ ਲਾਲ ਤੇਗ ਜੀ ਦਾ ਲਾਡਲਾ॥

ਚਾਂਦੀ ਦੇ ਰੁਪਈਆਂ ਬਦਲੇ -ਗੀਤ

ਚਾਂਦੀ ਦੇ ਰੁਪਈਆਂ ਬਦਲੇ, ਕਾਹਨੂੰ ਮਾਰੀਆਂ ਚਪੇੜਾਂ ਕਰਤਾਰ ਨੂੰ। ਨੀਝ ਲਾ ਕੇ ਤੱਕ ਬਾਬਲਾ, ਇਹਦੇ ਨੈਣਾਂ ਵਿਚੋਂ ਰੱਬ ਦੀ ਨੁਹਾਰ ਨੂੰ। ਸੱਪਾਂ ਜਿਹਦੇ ਮੁਖੜੇ ਤੇ, ਛਾਂਵਾਂ ਸੀ ਖਲਾਰੀਆਂ। ਬਾਬਲਾ ਤੂੰ ਚੰਡਾਂ ਉਸੇ, ਮੁਖੜੇ ਤੇ ਮਾਰੀਆਂ। ਪੁੱਤ ਜਿਹਨੂੰ ਆਖਦਾ ਫਿਰੇਂ, ਇਹਨੇ ਤਾਰਨਾ ਏ ਕੁਲ ਸੰਸਾਰ ਨੂੰ। ਨੀਝ ਲਾ ਕੇ ਤੱਕ ਬਾਬਲਾ, ਇਹਦੇ ਨੈਣਾਂ ਵਿਚੋਂ ਰੱਬ ਦੀ ਨੁਹਾਰ ਨੂੰ। ਚਾਂਦੀ ਦੇ ਰੁਪਈਆਂ ਬਦਲੇ…………। ਹੋਇਆ ਕੀ ਖੁਆਈਆਂ ਸੁ ਜੇ, ਸਾਧੂਆਂ ਨੂੰ ਪੂਰੀਆਂ। ਇਹਨੇ ਹੀ ਖੁਆਣੀਆਂ ਨੇ, ਮਿਹਨਤਾਂ ਨੂੰ ਚੂਰੀਆਂ। ਸੱਚ ਦੀ ਪਛਾਣ ਏਸ ਨੂੰ, ਇਹ ਕੀ ਜਾਣਦਾ ਏ ਕੂੜ ਦੇ ਵਪਾਰ ਨੂੰ। ਨੀਝ ਲਾ ਕੇ ਤੱਕ ਬਾਬਲਾ, ਇਹਦੇ ਨੈਣਾਂ ਵਿਚੋਂ ਰੱਬ ਦੀ ਨੁਹਾਰ ਨੂੰ। ਚਾਂਦੀ ਦੇ ਰੁਪਈਆਂ ਬਦਲੇ…………। ਦਸ ਭਾਈ ਬਾਲਿਆ ਸ਼ਿਕਾਇਤ, ਕਾਹਨੂੰ ਲਾਈ ਆ। ਰੱਬ ਦੀ ਇਹ ਜੋਤ ਮੇਰਾ, ਵੀਰਾ ਬਣ ਆਈ ਆ। "ਅਵਤਾਰ" ਭੇਤ ਪੁਛ ਲੈ, ਇਹਦੇ ਹੰਝੂਆਂ 'ਚੋਂ ਵਗਦੀ ਫੁਹਾਰ ਨੂੰ। ਚਾਂਦੀ ਦੇ ਰੁਪਈਆਂ ਬਦਲੇ, ਕਾਹਨੂੰ ਮਾਰੀਆਂ ਚਪੇੜਾਂ ਕਰਤਾਰ ਨੂੰ। ਨੀਝ ਲਾ ਕੇ ਤੱਕ ਬਾਬਲਾ, ਇਹਦੇ ਨੈਣਾਂ ਵਿਚੋਂ ਰੱਬ ਦੀ ਨੁਹਾਰ ਨੂੰ।

ਅੰਮ੍ਰਿਤਸਰ ਦੀ ਮਾਇਆ… -ਸਿਰਖੰਡੀ ਛੰਦ

ਆਈ ਰੁੱਤ ਬਹਾਰ, ਮਹਿਕਾਂ ਵੰਡਦੀ। ਖਿੜ ਪਏ ਫੁੱਲ ਹਜ਼ਾਰ, ਰੰਗਾ ਰੰਗ ਦੇ। ਗਾਏ ਗੀਤ ਮਲ੍ਹਾਰ, ਪੱਤਿਆਂ ਟਾਹਣੀਆਂ। ਫੁੱਲਾਂ ਦੀ ਮਹਿਕਾਰ, ਮਨ ਨੂੰ ਮੋਹ ਲਿਆ। ਫੁੱਲ ਤੇ ਛਵੀ ਅਪਾਰ, ਕਾਲੇ ਭੌਰ ਦੀ। ਜਿਉਂ ਹਿਰਨਾਂ ਦੀ ਡਾਰ, ਭਰਦੀ ਚੁੰਘੀਆਂ। ਤਿੱਤਲੀਆਂ ਰੰਗਦਾਰ, ਰੂਪ ਕੁਮਾਰੀਆਂ। ਜਿਉਂ ਉਸ ਸਿਰਜਨਹਾਰ, ਕਿਣਕੇ ਰੂਪ ਦੇ। ਦਿੱਤੇ ਹੋਣ ਖਿਲਾਰ, ਹੱਥੀਂ ਆਪਣੀ। ਅਜਬ ਬਣਾਈ ਬਹਾਰ, ਸੋਹਣੀ ਰੁੱਤ ਨੇ। ਕਲੀ ਕਲੀ ਮੁਸਕਾਈ, ਭਰੀ ਸ਼ਬਾਬ ਦੀ। ਰੂਪ ਜਵਾਨੀ ਲਾਈ, ਚਿਣਗ ਪਿਆਰ ਦੀ। ਪੌਣ ਲਵੇ ਅੰਗੜਾਈ, ਪੀ ਪੀ ਮਸਤੀਆਂ। ਜਿਉਂ ਕੋਈ ਸਜ ਵਿਆਹੀ, ਸੁੱਤੀ ਉੱਠ ਕੇ। ਜਾਪ ਰਹੀ ਨਸ਼ਿਆਈ, ਇਹ ਕੀ ਹੋ ਗਿਆ ? ਚਿੜੀਆਂ ਚੂੰ ਚੂੰ ਲਾਈ, ਰਾਗ ਅਲਾਪਿਆ। ਖ਼ਲਕਤ ਆਣ ਜਗਾਈ, ਪੰਛੀ ਸੋਹਣਿਆਂ। ਕੁਦਰਤ ਰਾਸ ਰਚਾਈ, ਵੇਖਣ ਸੰਤ ਜਨ। ਨਾਮ ਰਤੇ ਸ਼ੈਦਾਈ, ਸਿਰਜਣਹਾਰ ਦੇ। ਸੋਹਣੀ ਰੁੱਤ ਸਜਾਇਆ, ਸੋਹਣੇ ਸ਼ਹਿਰ ਨੂੰ। ਜਿਸ ਨੂੰ ਆਪ ਬਣਾਇਆ, ਚੌਥੇ ਪਾਤਸ਼ਾਹ। ਜਿਸ ਦਾ ਮੰਗਲ ਗਾਇਆ, ਕਈ ਕਵੀਸ਼ਰਾਂ। ਅੰਮ੍ਰਿਤਸਰ ਦੀ ਮਾਇਆ, ਲਖੀ ਨਾ ਜਾਂਵਦੀ। ਜੋ ਵੀ ਆਣ ਨਹਾਇਆ, ਸ਼ਰਧਾ ਰੱਖ ਕੇ। ਸਭੋ ਦੁੱਖ ਗਵਾਇਆ, ਨਿਰਮਲ ਨੀਰ ਨੇ। ਮਨ ਇੱਛੇ ਫਲ ਪਾਇਆ, ਜੀਵਨ ਜੁਗਤੀਆਂ।

ਵੀਰ ਦੀ ਉਡੀਕ

ਆਟਾ ਗੁੰਨ੍ਹਿਆ ਨਾਨਕੀ ਭੈਣ ਜਦੋਂ, ਮਨ ਵਿਚ ਆਖਦੀ ਵੀਰ ਜੇ ਆ ਜਾਵੇਂ। ਕਾਲੀ ਸ਼ਾਹ ਬਿਰਹੋਂ ਵਾਲੀ ਬਦਲੀ 'ਚ, ਚੰਨਾ ਸੁਹਣਿਆਂ ਮੁਖ ਵਿਖਾ ਜਾਵੇਂ। ਦਿਲ ਦੀ ਬੁੱਝ ਕੇ ਦਿਲਾਂ ਦਿਆ ਮਾਲਕਾ ਵੇ, ਮੇਰੇ ਸੀਨੇ ਵਿਚ ਠੰਡਕਾਂ ਪਾ ਜਾਵੇਂ। ਮੈਂ ਬਲਿਹਾਰ ਜਾਵਾਂ ਸੌ ਸੌ ਵਾਰ ਵਾਰੀ, ਮੇਰੀ ਇੱਕ ਰੋਟੀ ਜੇਕਰ ਖਾ ਜਾਵੇਂ। ਬਾਹਰੋਂ ਕੰਮ ਕਰਦੀ ਸਭ ਨੂੰ ਦਿੱਸਦੀ ਸੀ, ਅੰਦਰੋਂ ਵੀਰ ਦੀ ਉਸਨੂੰ ਚਾਹ ਹੈਸੀ। ਮੁੜ ਮੁੜ ਝਾਤੀਆਂ ਮਾਰਦੀ ਬਾਹਰ ਵਲ, ਪਈ ਉਸੇ ਦਾ ਤੱਕਦੀ ਰਾਹ ਹੈਸੀ। ਵੇਲ ਵੇਲ ਰੋਟੀਆਂ ਤਵੇ ਤੇ ਪਾਂਵਦੀ ਰਹੀ, ਮਨ ਵਿਚ ਵੀਰ ਨੂੰ ਇਉਂ ਬੁਲਾਂਵਦੀ ਰਹੀ। ਆ ਜਾ ਵੀਰਾ ਫੇਰਾ ਪਾ ਵੀਰਾ, ਬਿਰਹੋਂ ਨਾਲ ਵਿੰਨ੍ਹੀ ਉਹ ਕੁਰਲਾਂਵਦੀ ਰਹੀ। ਕਦੀ ਡੁਸਕਦੀ ਵਾਂਗ ਇੰਞਾਣਿਆਂ ਦੇ, ਕਦੀ ਨੈਣਾਂ 'ਚੋਂ ਹੰਝੂ ਵਗਾਂਵਦੀ ਰਹੀ। ਹੱਥ ਜੋੜ ਕੇ ਕਦੀ ਅਰਦਾਸ ਕਰਦੀ, ਬੈਠੀ ਉਸੇ ਦਾ ਨਾਮ ਧਿਆਂਵਦੀ ਰਹੀ। ਬੂਹੇ ਖੋਹਲ ਲੈਂਦੀ ਕਦੀ ਆਸ ਵਾਲੇ, ਆਂਹਦੀ ਆ ਜਾਸੀ ਮੇਰਾ ਚੰਨ ਵੀਰਾ। ਬਾਹਰੋਂ ਆਣ ਕੇ ਜਦੋਂ ਆਵਾਜ਼ ਦੇਸੀ, ਮੂੰਹੋਂ ਆਖਾਂਗੀ ਤੂੰ ਏ ਧੰਨ ਵੀਰਾ। ਕੌਲ ਕਰ ਗਿਆ ਸੀ ਮੇਰੇ ਨਾਲ ਓਦੋਂ, ਮੈਨੂੰ ਜਦੋਂ ਵੀ ਕਰੇਂਗੀ ਯਾਦ ਭੈਣੇ। ਘਿਰੀ ਹੋਵੇਂਗੀ ਗਮਾਂ ਵਿਚ ਜਿਸ ਵੇਲੇ, ਤੈਨੂੰ ਆਣ ਕੇ ਕਰਾਂ ਆਜ਼ਾਦ ਭੈਣੇ। ਸੁੰਝੀ ਹੋਈ ਤੇਰੇ ਦਿਲ ਦੀ ਨਗਰੀ ਨੂੰ, ਮੈਂ ਹੀ ਕਰਾਂਗਾ ਫੇਰ ਆਬਾਦ ਭੈਣੇ। ਖਿੜ ਖਿੜ ਕਰੇਂਗੀ ਖਿੜੀ ਕਪਾਹ ਵਾਂਗੂੰ, ਤੇਰਾ ਜੀਅ ਹੋ ਜਾਏਗਾ ਸ਼ਾਦ ਭੈਣੇ। ਜਦੋਂ ਹਿਲੇਗੀ ਪਿਆਰ ਦੀ ਤਾਰ ਤੇਰੀ, ਟੱਲੀ ਵੱਜ ਪੈਸੀ ਮੇਰੇ ਦਿਲ ਵਾਲੀ। ਪਰਬਤ ਚੀਰ ਕੇ ਆਵਸਾਂ ਕੋਲ ਤੇਰੇ, ਗੱਲ ਮੂਲ ਨਾਂਹ ਰਹੇਗੀ ਢਿਲ ਵਾਲੀ। ਘਿਰੀ ਹੋਈ ਸੀ ਸੋਚਾਂ ਦੇ ਵਹਿਣ ਅੰਦਰ, ਰੋਂਦੀ ਹਸਦੀ ਤੌੜ ਪਕਾ ਬੈਠੀ। ਰਹਿ ਗਈ ਇੱਕ ਰੋਟੀ ਉਹਦੀ ਆਸ ਵਾਲੀ, ਬਾਕੀ ਸਾਰਾ ਹੀ ਕੰਮ ਮੁਕਾ ਬੈਠੀ। ਅੱਗ ਬਾਲਕੇ ਹੌਕਿਆਂ ਹਾੜਿਆਂ ਦੀ, ਡੁਲ੍ਹਦੇ ਹੰਝੂਆਂ ਨੂੰ ਸੁਕਾ ਬੈਠੀ। ਅੜੀਆਂ ਪਾਂਦਿਆਂ ਨੈਣਾਂ ਨੂੰ ਬੂਹੇ ਵਿਚੋਂ, ਜਾਂਦੇ ਆਉਂਦੇ ਕਈ ਤਕਾ ਬੈਠੀ। ਭੈਣ ਨਾਨਕੀ ਦਾ ਜੀਅ ਪ੍ਰਚਿਆ ਨਾ, ਭਾਵੇਂ ਕਈ ਵਾਰੀ ਉਹਨੂੰ ਹੋੜ ਥੱਕੀ। ਅਜੇ ਤੀਕ ਨਾ ਬਹੁੜਿਆ ਵੀਰ ਉਹਦਾ, ਭਾਵੇਂ ਘੜੀ ਮੁੜੀ ਹੱਥ ਵੀ ਜੋੜ ਥੱਕੀ। ਮਨ ਵਿਚ ਸੋਚਦੀ ਤੇ ਆਂਹਦੀ ਅੱਜ ਵੀਰਾ, ਕੀਤਾ ਹੋਇਆ ਇਕਰਾਰ ਤਰੋੜ ਬੈਠੈਂ। ਮੇਰੀਆਂ ਆਸਾਂ ਤੇ ਰੀਝਾਂ ਦੀ ਵੇਲ ਨੂੰ ਵੀ, ਹੱਥੀਂ ਆਪਣੀ ਅੱਜ ਮਰੋੜ ਬੈਠੈਂ। ਦਿਲ ਦੇ ਸ਼ੀਸ਼ੇ ਨੂੰ ਬਿਰਹੋਂ ਦੀ ਪੌੜ੍ਹੀ ਉੱਤੇ, ਪਟਕਾ ਮਾਰਕੇ ਕਾਹਦੇ ਲਈ ਫੋੜ ਬੈਠੈਂ। ਤਾਰ ਤੋੜ ਕੇ ਮੋਹ ਪਿਆਰ ਵਾਲੀ, ਕਿਧਰੇ ਹੋਰ ਸਮਾਧੀਆਂ ਜੋੜ ਬੈਠੈਂ। ਜਦੋਂ ਗਿਲਾ ਕੀਤਾ ਭੈਣ ਨਾਨਕੀ ਨੇ, ਓਦੋਂ ਵੀਰ ਨੇ ਸਤਿ ਕਰਤਾਰ ਕੀਤੀ। ਡਾਢੀ ਭੁੱਖ ਲੱਗੀ ਛੇਤੀ ਦੇਹ ਰੋਟੀ, ਜਿਹੜੀ ਹੁਣੇ "ਅਵਤਾਰ" ਤਿਆਰ ਕੀਤੀ।

ਗੁਰੂ ਅਰਜਨ ਦੇਵ ਜੀ

ਸੂਰਜ ਚੜ੍ਹਿਆ ਸੜਦਾ ਸੜਦਾ, ਧਰਤੀ ਥਰ ਥਰ ਕੰਬੇ। ਕਿਰਨਾਂ ਕਹਿਰ ਹਨੇਰੀ ਬਣ ਕੇ, ਫੜ ਫੜ ਕੇ ਰੁੱਖ ਝੰਬੇ। ਸਿਖਰ ਦੁਪਹਿਰਾਂ ਨੂੰ ਅੱਗ ਲੱਗੀ, ਸੜ ਗਏ ਵਾ ਵਰੋਲੇ। ਅੱਜ ਧਰਤੀ ਦਾ ਜੱਰਾ ਜੱਰਾ, ਬਣ ਗਿਆ ਕੋਲੇ ਕੋਲੇ। ਦੂਰ ਖੜੋਤੇ ਅੰਬਰਾਂ ਨੂੰ ਵੀ, ਅੱਜ ਤਰੇੜਾਂ ਪਈਆਂ। ਜਦ ਰਾਵੀ ਦੇ ਕੰਢੇ ਉੱਤੇ, ਹੋਣੀਆਂ ਹੋ ਕੇ ਰਹੀਆਂ। ਮੁਗਲ ਰਾਜ ਦੇ ਚੰਦੂ ਹਾਕਮ, ਕੀਤੀ ਸੀਨਾ ਜੋਰੀ। ਆਪਣਾ ਮਹਿਲ ਚੁਬਾਰਾ ਆਖੇ, ਸਤਿਗੁਰ ਦਾ ਘਰ ਮੋਰੀ। ਜਿਸ ਬੂਟੇ ਦੀਆਂ ਛਾਵਾਂ ਥੱਲੇ, ਮਾਣੀਆਂ ਅਸੀਂ ਬਹਾਰਾਂ। ਉਸ ਬੂਟੇ ਨੂੰ ਘੇਰ ਲਿਆ ਸੀ, ਅੱਜ ਕੁਝ ਤਿੱਖਿਆਂ ਖਾਰਾਂ। ਅਰਜਨ ਨਾਂ ਇੱਕ ਵਪਾਰੀ, ਮਨ ਆਈਆਂ ਪਿਆ ਕਰਦਾ। ਬਾਗ ਤੇਰੇ ਦੀਆਂ ਲੱਗੀਆਂ ਕਲਮਾਂ, ਪੁੱਟ ਪੁੱਟ ਕੇ ਪਿਆ ਧਰਦਾ। ਲੋਕੀਂ ਉਹਦੇ ਪਿੱਛੇ ਲੱਗੇ, ਸਭ ਤੋਂ ਗੁਰੂ ਕਹਾਵੇ। ਡਰ ਹੈ ਕਿਤੇ ਹਕੂਮਤ ਲਈ ਨਾ, ਉਹ ਖਤਰਾ ਬਣ ਜਾਵੇ। ਜਹਾਂਗੀਰ ਦੇ ਦਿਲ ਵਿਚ ਉੱਠਿਆ, ਸੁਣ ਕੇ ਦਰਦ ਅਵੱਲਾ। ਫਿਰ ਤੁਅਸਬ ਦੇ ਗ਼ਮ ਵਿਚ ਡੁੱਬਾ, ਅਦਲ ਵੀ ਹੋ ਗਿਆ ਝੱਲਾ। ਜਿਸ ਦੇ ਜ਼ੁਲਮ ਨੇ ਨੂਰਜਹਾਂ ਦਾ, ਖੋਹ ਲਿਆ ਪ੍ਰੇਮ ਪਿਆਰਾ। ਫੱਟੜ ਰੁੱਖ ਤੇ ਪੀਘਾਂ ਪਾ ਕੇ, ਜਿਹਨੇ ਚੜ੍ਹਾਇਆ ਕਾਰਾ। ਜਿਹਨੇ ਪਿਆਲੇ ਅੰਦਰ ਪੀਤੇ, ਕਲੀਆਂ ਦੇ ਹਟਕੋਰੇ। ਸ਼ੌਕ ਜਿਹਦੇ ਨੇ ਕਾਲੇ ਕੀਤੇ, ਕਿਤਨੇ ਹੀ ਚੰਨ ਗੋਰੇ। ਰਾਜ ਮੇਰੇ ਦੇ ਸੱਚੇ ਹਾਕਮ, ਚੰਦੂ ਯਾਰ ਪਿਆਰੇ। ਤੇਰੇ ਉੱਤੇ ਰੱਬ ਵਰਗਾ ਏ, ਮੈਨੂੰ ਇਤਬਾਰ ਪਿਆਰੇ। ਹੁਣ ਮੈਂ ਕਦੀ ਵੀ ਰਹਿਣ ਨਹੀਂ ਦੇਣਾ, ਕੁਫਰ ਦਾ ਇਹ ਵਣਜਾਰਾ। ਕੁਲ ਫੌਜਾਂ ਹਰਕਤ ਵਿਚ ਆਉਣ, ਪਾ ਕੇ ਤੇਰਾ ਇਸ਼ਾਰਾ। ਏਨਾ ਕਹਿ ਕੇ ਜਹਾਂਗੀਰ, ਕਸ਼ਮੀਰ ਨੂੰ ਚਾਲੇ ਪਾਏ। ਓਧਰ ਚੰਦੂ ਭੇਜ ਕੇ ਫੌਜਾਂ, ਸਤਿਗੁਰ ਜੀ ਮੰਗਵਾਏ। ਕਿੱਧਰ ਟੁਰ ਗਏ ਤੇਰੇ ਪਿਆਰੇ, ਜਿਨ੍ਹਾਂ ਦੇ ਭਰਵਾਸੇ। ਮੇਰੀ ਕੁਲ ਨੂੰ ਦਾਗ ਲਗਾ ਕੇ, ਲੂਹ ਸੁੱਟੇ ਨੀ ਹਾਸੇ। ਸਾਕ ਮੇਰੀ ਲੜਕੀ ਦਾ ਲੈ ਲੈ, ਜੇ ਤੂੰ ਜੀਣਾ ਚਾਹਵੇਂ। ਇਜ਼ੱਤ ਨਾਲ ਕਰਾਂਗਾ ਵਾਪਸ, ਜੇ ਮਿੱਤਰ ਬਣ ਜਾਵੇਂ। ਸ਼ਹਿਨਸ਼ਾਹ ਨੂੰ ਕਰਾਂ ਸਿਫਾਰਸ਼, ਮੈਂ ਤੇਰੀ ਜੀਅ ਭਰ ਕੇ। ਭੁੱਖਿਆਂ ਨੰਗਿਆਂ ਲੋਕਾਂ ਪਿੱਛੇ, ਕੀ ਲੈਣਾ ਈ ਮਰ ਕੇ। ਨਾਂ ਮੇਰਾ ਚੰਦੂ ਨਾ ਆਖੀਂ, ਜੇ ਨਾ ਈਨ ਮਨਾਵਾਂ। ਹੁਣੇ ਬੁਲਾ ਕੇ ਸ਼ਾਹੀ ਫੌਜਾਂ, ਮਿੱਟੀ ਵਿੱਚ ਮਿਲਾਵਾਂ। ਤਪਦੀ ਹੋਈ ਤਵੀ ਤੇ ਬਹਿ ਜਾਹ, ਇਸ ਗਰਮੀ ਦੀ ਰੁੱਤੇ। ਭਾਂਬੜ ਬਾਲ ਕੇ ਹੁਣੇ ਜਗਾਵਾਂ, ਹੋਸ਼ ਤੇਰੇ ਮੈਂ ਸੁੱਤੇ। ਗਰਮ ਗਰਮ ਰੇਤਾ ਦੇ ਕੜਛੇ, ਸਿਰ ਤੇ ਪਿਆ ਪੁਆਵੇ। ਨਜ਼ਰ ਉਠਾ ਕੇ ਉਸ ਵੱਲ ਤਕੀਏ, ਨਜ਼ਰ ਹੀ ਝੁਲਸੀ ਜਾਵੇ। ਪਾਣੀ ਨੂੰ ਅੱਗ ਲਾ ਕੇ ਆਖੇ, ਜੋਤ ਜਲਾਵਾਂ ਜਗ ਦੀ। ਪਰ ਦੇਗੇ ਵਿੱਚ ਸ਼ਾਂਤ ਸੀ ਬੈਠੀ, ਅੱਜ ਕੋਈ ਮੂਰਤ ਰਬ ਦੀ। ਭਾਂਬੜ ਹੋਰ ਮਚਾ ਦੇ ਮਿੱਤਰਾ, ਹੋਰ ਜਲਾ ਤਨ ਮੇਰਾ। ਰਹਿ ਨਾ ਜਾਵੇ ਕਿਧਰੇ ਦਿਲ ਵਿੱਚ, ਸ਼ੌਕ ਅਧੂਰਾ ਤੇਰਾ। ਜਿੰਨੀਆਂ ਤੇਜ ਕਰੇਂਗਾ ਮਿੱਤਰਾ, ਇਸ ਭੱਠੀ ਦੀਆਂ ਲਾਟਾਂ। ਉਨੀਆਂ ਪੱਕੀਆਂ ਹੋ ਜਾਣਗੀਆਂ, ਸਿਦਕ ਮੇਰੇ ਦੀਆਂ ਵਾਟਾਂ। ਮਹਿਲ ਸਿੱਖੀ ਦੀਆਂ ਇੱਟਾਂ ਨੂੰ ਤੂੰ, ਚੰਦੂ ਹੋਰ ਪਕਾ ਦੇ। ਕੁਲ ਦੁਨੀਆ ਦਾ ਬਾਲਣ ਲੈ ਕੇ, ਇਸ ਭੱਠੀ ਵਿੱਚ ਪਾ ਦੇ। ਵੇਖੀਂ ਸਿੱਖੀ ਮਹਿਲ ਦੀਆਂ, ਕੰਧਾਂ ਨਾ ਰਹਿ ਜਾਣ ਕੱਚੀਆਂ। ਉਤਨਾ ਪੱਕਾ ਮਹਿਲ ਬਣੇਗਾ, ਜਿੰਨੀਆਂ ਲਾਟਾਂ ਮੱਚੀਆਂ। ਚਮੜੀ ਨਾਲ ਪਲੱਸਤਰ ਕਰ ਦੇ, ਹੱਡੀਆਂ ਤੇ ਲੈਂਟਰ ਪਾ ਦੇ। ਮਾਸ ਮੇਰੇ ਦੇ ਟੋਟੇ ਚੁਣ ਕੇ, ਇਹਨੂੰ ਚੁਗਾਠਾਂ ਲਾ ਦੇ। ਖਰਾ ਮਸਾਲਾ ਲਾ ਚਰਬੀ ਦਾ, ਖੂਨ ਦਾ ਰੋਗਨ ਕਰ ਦੇ। ਛਾਲਿਆਂ ਦੇ ਫੁੱਲ ਬੂਟੇ ਪਾ ਕੇ, ਮਹਿਲ ਸਿੱਖੀ ਦਾ ਭਰ ਦੇ। ਗਰਮ ਗਰਮ ਪਾਣੀ ਥੀਂ ਧੋਅ ਦੇ, ਇਹਦਾ ਰੰਗ ਪੁਰਾਣਾ। ਏਸ ਮਹੱਲ ਤੇ ਕੁਰਬਾਨੀ ਦਾ, ਅੱਜ ਮੈਂ ਰੰਗ ਚੜ੍ਹਾਣਾ। ਮੈਨੂੰ ਡਰ ਹੈ ਬਦਲ ਨਾ ਜਾਏ, ਕਿਤੇ ਇਰਾਦਾ ਤੇਰਾ। ਚਿੱਟੇ ਦਿਨ ਵਿੱਚ ਪੈ ਨਾ ਜਾਏ, ਕਿਧਰੇ ਘੁੱਪ ਹਨ੍ਹੇਰਾ।

ਨਾਮਦੇਵ ਸ਼ਾਇਰਾ ਪੈਗੰਬਰਾ

ਓ! ਨਾਮਦੇਵ ਸ਼ਾਇਰਾ ਪੈਗੰਬਰਾ, ਓ! ਇਨਕਲਾਬ ਦੇ ਪੁਜਾਰੀਆ। ਮਾਂ ਬੋਲੀ ਦੇ ਸਾਹਿਤ ਦਿਆ ਅੰਬਰਾ, ਕਿਰਤ ਨਾਮ ਦੇ ਖਿਡਾਰੀਆ। ਵਿਤਕਰਿਆਂ ਜਦ ਮਨੁੱਖਤਾ ਤੇ, ਦਾਗ਼ ਲਗਾਇਆ ਕਾਲਾ ਕਾਲਾ। ਮਨੁੱਖਤਾ ਦਾ ਪ੍ਰੇਮ ਪੁਜਾਰੀ, ਟੁਰ ਗਿਆ ਨਾਮ ਦੀ ਫੜ ਕੇ ਮਾਲਾ। ਬੋਲ ਸੀ ਜਿਸਦੇ ਪਿਆਰੇ ਪਿਆਰੇ, ਦਿਲ ਸੀ ਜਿਸਦਾ ਦਰਦਾਂ ਵਾਲਾ। ਜਿਸਦੀ ਰਸਨਾ ਮਿੱਠੀ ਕਵਿਤਾ, ਦਰਸ਼ਨ ਜਿਸਦਾ ਨੂਰ ਉਜਾਲਾ। ਰੱਟ ਲਗਾ ਕੇ ਬੀਠਲਾ ਬੀਠਲਾ, ਸੁੰਗਧੀ ਨਾਮ ਦੀ ਖਿਲਾਰੀ ਆ। ਓ! ਨਾਮਦੇਵ ਸ਼ਾਇਰਾ ਪੈਗੰਬਰਾ, ਓ! ਇਨਕਲਾਬ ਦੇ ਪੁਜਾਰੀਆ। ਜ਼ਾਤ ਬਣਾਈ ਹੈ ਬੰਦਿਆਂ ਨੇ, ਰਬ ਨੇ ਤਾਂ ਘੜੀਆਂ ਤਸਵੀਰਾਂ। ਕਿਰਤ ਮੁਹੱਬਤ ਦੇ ਪੈਰਾਂ 'ਚੋਂ, ਤੋੜ ਦਿਆਂਗਾ ਹੁਣ ਜ਼ੰਜੀਰਾਂ। ਕਿਰਤ ਕਰਨਗੇ ਜਦ ਵੀ ਕਾਮੇ, ਬਦਲ ਜਾਣਗੀਆਂ ਕਰਮ ਲਕੀਰਾਂ। ਜਦ ਹੱਕਾਂ ਤੇ ਡਾਕਾ ਵਜਿਆ, ਕਲਮਾਂ ਬਣਗੀਆਂ ਸ਼ਮਸ਼ੀਰਾਂ। ਲੈ ਕੇ ਹੱਥ 'ਚ ਕਿਰਤ ਦੀ ਕਾਨੀ, ਕੁਰੀਤੀਆਂ ਤੇ ਲੀਕ ਮਾਰੀ ਆ। ਓ! ਨਾਮਦੇਵ ਸ਼ਾਇਰਾ ਪੈਗੰਬਰਾ, ਓ! ਇਨਕਲਾਬ ਦੇ ਪੁਜਾਰੀਆ। ਭੁਖਿਆਂ ਹੁਣ ਭਗਤੀ ਨਹੀਂ ਹੋਂਦੀ, ਪੱਥਰ ਦੇ ਭਗਵਾਨ ਸੰਭਲ ਜਾਹ। ਇਹ ਜਹਾਨ ਤੇਰਾ ਤੂੰ ਗੋਸਾਈਂ, ਐ ਮੂਰਖ ਇਨਸਾਨ ਸੰਭਲ ਜਾਹ। ਹਰ ਯੁੱਗ ਨੇ ਭਰਮਾਂ ਵਿਚ ਪਾਇਆ, ਐ ਯੁੱਗ ਕਰਵਟ ਹੋਰ ਬਦਲ ਜਾਹ। ਦਿਲ ਹੈ ਦੋਹਰਾ ਉਸ ਠਾਕੁਰ ਦਾ, ਬੰਦਿਆ ਸੱਚ ਦੀ ਰਾਹ ਤੇ ਚਲ ਜਾਹ। ਵਾਂਗ ਬੀਠਲਾ ਖੜਾਵਾਂ ਤੇ ਨਚਾਇਆ, ਤੂੰ ਆਰਤੀ ਜਦੋਂ ਉਚਾਰੀ ਆ। ਓ! ਨਾਮਦੇਵ ਸ਼ਾਇਰਾ ਪੈਗੰਬਰਾ, ਓ! ਇਨਕਲਾਬ ਦੇ ਪੁਜਾਰੀਆ।

ਕੋਧਰੇ ਦੀ ਰੋਟੀ -ਗੀਤ

ਇਕ ਕੋਧਰੇ ਦੇ ਅੰਨ ਨੂੰ, ਸੰਗ ਮਿਹਨਤਾਂ ਦੇ ਘੋਲ ਕੇ। ਦਿੱਤੀ ਸੁ ਮੁੱਕੀ ਸਿਦਕ ਦੀ, ਪਿਆਰਾਂ ਦੇ ਅੱਥਰੂ ਡੋਲ੍ਹ ਕੇ। ਹਉਕੇ ਦਾ ਬਾਲਣ ਬਾਲ ਕੇ, ਲਾਲੋ ਪਕਾਈਆਂ ਰੋਟੀਆਂ। ਸੱਧਰਾਂ ਦੀ ਥਾਲੀ ਪੂੰਝਕੇ, ਲਾਲੋ ਸਜਾਈਆਂ ਰੋਟੀਆਂ। ਖਾ ਲੈ ਵੇ ਮੇਰਿਆ ਪ੍ਰੀਤਮਾ, ਖਾ ਲੈ ਵੇ ਮੇਰਿਆ ਹਾਣੀਆਂ। ਆਪਣੇ ਕਲੇਜੇ ਦਾ ਲਹੂ ਦਾ, ਥੰਦਾ ਲਗਾਇਆ ਹਾਣੀਆ। ਨਹੀਂ ਕੋਲ ਮੇਰੇ ਦੌਲਤਾਂ, ਕੀਕਣ ਪਕਾਵਾਂ ਪੂਰੀਆਂ। ਹੱਥਾਂ 'ਚ ਛਾਲੇ ਪੈ ਗਏ, ਕੀਕਣ ਖੁਆਵਾਂ ਚੂਰੀਆਂ। ਠੰਡਾ ਘੜਾ ਇਕਰਾਰ ਦਾ, ਭਰਕੇ ਕਦੋਂ ਦਾ ਰੱਖਿਐ। ਮੇਰੀ ਆਲੂਣੀ ਆਸ ਦਾ, ਫੁਲਕਾ ਕਿਸੇ ਨਾ ਚੱਖਿਐ। ਇਕ ਵਾਰ ਆਇਆ ਕਾਹਨ ਸੀ, ਮੈਂ ਸਾਗ ਧਰਿਆ ਸਬਰ ਦਾ। ਪੱਥਰਾਂ ਦੇ ਦਿਲ ਵੀ ਰੋ ਪਏ, ਵੈਰਾਗ ਕਰਿਆ ਸਬਰ ਦਾ। ਹੁੰਦਾ ਕਦੇ ਜੇ ਭੀਲਣੀ, ਚੁਣ ਚੁਣ ਲਿਆਂਦਾ ਬੇਰੀਆਂ। ਆਪਣੇ ਛਕਾਂਦਾ ਰਾਮ ਨੂੰ, ਪਲ ਨਾ ਲਗਾਂਦਾ ਦੇਰੀਆਂ। ਪਰ ਕੋਲ ਮੇਰੇ ਦਾਤਿਆ, ਅੱਜ ਕੌਧਰੇ ਦਾ ਅੰਨ ਹੈ। ਹੱਥਾਂ 'ਚ ਭਾਵੇਂ ਝੁਰੜੀਆਂ, ਪਰ ਸਾਫ ਮੇਰਾ ਮੰਨ ਹੈ। ਕੀਤਾ ਕਿਸੇ ਦਾ ਖੂਨ ਨਹੀਂ, ਸੁੱਚੀ ਕਮਾਈ ਹੈ ਮੇਰੀ। ਦਿਨ ਭਰ ਦਾ ਮੁੜ੍ਹਕਾ ਵੇਚ ਕੇ, ਰੋਟੀ ਬਣਾਈ ਹੈ ਤੇਰੀ। ਨਹੀਂ ਲੂਣ ਪਾਇਆ ਦਾਤਿਆ, ਮਿੱਠੀਆਂ ਪ੍ਰੀਤਾਂ ਕੋਲ ਨੇ। ਰੁੱਸ ਕੇ ਨਾ ਕਿਧਰੇ ਤੁਰ ਜਾਈਂ, ਅੱਜ ਥਿੜਕਦੇ ਪਏ ਬੋਲ ਨੇ। ਦਿਨ ਭਰ ਬਣਾ ਕੇ ਮੰਜੀਆਂ, ਹੁਣ ਯਾਦ ਆਈ ਹੈ ਤੇਰੀ। ਧਰਤੀ ਹੈ ਮੇਰਾ ਪੰਲਘੜਾ, ਨੀਂਦਰ ਵਛਾਈ ਹੈ ਮੇਰੀ। ਖਾ ਲੈ ਖਾਂ ਪਹਿਲਾਂ ਰੋਟੀਆਂ, ਹਾਲੀ ਨੇ ਬਾਤਾਂ ਲੰਮੀਆਂ। ਆਇਆ ਏਂ ਟੁਰ ਕੇ ਦੂਰ ਤੋਂ, ਚਰਨਾਂ ਤੇ ਧੂੜਾਂ ਜੰਮੀਆਂ। ਪਲਕਾਂ ਦਾ ਗਿੱਲਾ ਤੌਲੀਆ, ਚਰਨਾਂ ਤੇ ਪਹਿਲਾਂ ਫੇਰ ਲਾਂ। ਦਿਲ ਦੀ ਪਲਟ ਕੇ ਟੋਕਰੀ, ਸਿੱਪੀਆਂ ਦੇ ਮੋਤੀ ਕੇਰ ਲਾਂ। ਤੇਰਾ ਤੇ ਮੇਰਾ ਪਿਆਰ ਹੈ, ਜੇ ਬੇਵਫਾਈ ਕਰ ਗਿਓਂ। ਭਗਵਾਨ ਭੁੱਖਾ ਪ੍ਰੀਤ ਦਾ, ਜੇ ਕੋਧਰੇ ਤੋਂ ਡਰ ਗਿਓਂ। ਜੇ ਟੁਰ ਗਿਓਂ ਮੂੰਹ ਮੋੜ ਕੇ, ਸੌਂ ਜਾਂਗਾ ਅੱਥਰੂ ਡੋਲ੍ਹ ਕੇ। ਦਿਲ ਨੂੰ ਦਿਲਾਸੇ ਦੇ ਲਵਾਂ, ਕਿੱਸੇ ਪੁਰਾਣੇ ਫੋਲ ਕੇ। ਮੱਝੀਆਂ ਦਾ ਬਣ ਕੇ ਛੇੜੂਆ, ਖੇਤੀ ਚੁਗਾਵਣ ਵਾਲਿਆ। ਸੱਪਾਂ ਦੀ ਛਾਵੇਂ ਲੇਟ ਕੇ, ਉਜੜੇ ਵਸਾਵਣ ਵਾਲਿਆ। ਇੱਕ ਵਾਰ ਅੱਖੀਆਂ ਖੋਲ੍ਹ ਕੇ, ਪਰਵਾਨ ਕਰ ਲੈ ਰੋਟੀਆਂ। ਭਾਵੇਂ ਨੇ ਕੱਚੀਆਂ ਪਿੱਲੀਆਂ, ਭਾਵੇਂ ਨੇ ਨਿੱਕੀਆਂ ਮੋਟੀਆਂ। ਚਵਰ ਝੁਲਾ ਕੇ ਕਿਰਤ ਦਾ, ਕਈ ਵਾਰ ਲਈਆਂ ਫੇਰੀਆਂ। ਖਾ ਲੈ ਵੇ ਬੁਰਕੀ ਹੱਸ ਕੇ, ਠਰ ਜਾਣ ਸੱਧਰਾਂ ਮੇਰੀਆਂ। ਅੱਖੀਆਂ 'ਚ ਭਰਕੇ ਮਸਤੀਆਂ, ਦਾਤਾਰ ਮੇਰਾ ਬੋਲਿਆ। ਵਹਿਮੀ ਕਦੋਂ ਦਾ ਹੋ ਗਿਆ, ਇਤਬਾਰ ਤੇਰਾ ਭੋਲਿਆ। ਚੁੱਪ ਕਰ ਵੇ ਲਾਲੋ ਕਿਰਤੀਆ, ਚੁੱਪ ਕਰ ਵੇ ਲਾਲੋ ਮਹਿਰਮਾਂ। ਤੇਰੇ ਤੇ ਮੇਰੇ ਪਿਆਰ ਦੀ, ਧਰਤੀ ਤੋਂ ਲੰਮੀ ਦਾਸਤਾਂ। ਰਿਸਦੇ ਨੇ ਫੱਟ ਪਹਿਲਾਂ ਬੜੇ, ਦਿਲ ਦੇ ਲੰਗਾਰੇ ਫੋਲ ਨਾ। ਮਿੱਠੀਆਂ ਪਕਾ ਕੇ ਰੋਟੀਆਂ, ਅੱਥਰੂ ਕਰਾਰੇ ਡੋਲ੍ਹ ਨਾ। ਰਾਤੀਂ ਸੁਣਾਵਾਂਗਾ ਤੈਨੂੰ, ਇਕ ਹੋਰ ਕਵਿਤਾ ਖੂਨ ਦੀ। ਸੁਰਖੀ ਬਣਾਵਾਂਗਾ ਤੈਨੂੰ, ਮੈਂ ਆਪਣੇ ਮਜ਼ਬੂਨ ਦੀ। ਭੁੱਖ ਨੇ ਸਤਾਇਆ ਹੈ ਬੜਾ, ਪਹਿਲਾਂ ਖਵਾ ਲੈ ਰੋਟੀਆਂ। ਖਾਵਾਂਗੇ ਦੋਵੇਂ ਬੈਠ ਕੇ, ਕੱਠਿਆਂ ਹੀ ਪਾ ਲੈ ਰੋਟੀਆਂ। ਨਹੀਂ ਕੋਧਰੇ ਦੀਆਂ ਰੋਟੀਆਂ, ਇਹ ਮਿਹਨਤਾਂ ਦਾ ਦੁੱਧ ਹੈ। ਪ੍ਰਸੰਨ ਮੇਰੀ ਆਤਮਾ, ਵੀਚਾਰ ਤੇਰਾ ਸ਼ੁੱਧ ਹੈ। ਕੱਢ ਕੇ ਗਰੀਬਾਂ ਦਾ ਲਹੂ, ਹੌਕੇ ਤੇ ਕੁਝ ਮਜਬੂਰੀਆਂ। ਧਰਕੇ ਕੜਾਹੀ ਜਬਰ ਦੀ, ਭਾਗੋ ਪਕਾਈਆਂ ਪੂਰੀਆਂ। ਬਚ ਜੋ ਜ਼ਮਾਨੇ ਵਾਲਿਓ, ਖਾਇਓ ਨਾ ਇਸ ਮੁਰਦਾਰ ਨੂੰ। ਪੂਜੋ ਜ਼ਮਾਨੇ ਵਾਲਿਓ, ਮਨੁੱਖਤਾ ਦੇ ਪਿਆਰ ਨੂੰ। ਇਕ ਦਿਨ ਜ਼ਮਾਨਾ ਆਏਗਾ, ਪੂਜਾ ਕਰਨਗੇ ਕਿਰਤ ਦੀ। ਹੱਥਾਂ ਦੇ ਛਾਲੇ ਪੂੰਝਕੇ, ਝੋਲੀ ਭਰਨਗੇ ਕਿਰਤ ਦੀ। ਲੱਖ ਵਾਰ ਭਾਵੇਂ ਪਰਖ ਲੈ, ਤੇਰਾ ਤੇ ਮੇਰਾ ਪਿਆਰ ਹੈ। ਨਾਨਕ ਸਦਾ ਹੀ ਕਿਰਤੀਆਂ, ਤੇ ਸਿਦਕੀਆਂ ਯਾਰ ਹੈ।

ਛੇਵੇਂ ਪਾਤਸ਼ਾਹ ਦਾ ਜਨਮ -ਗੀਤ

ਮਾਤਾ ਗੰਗਾ ਜੀ ਨੂੰ ਮਿਲਣ ਵਧਾਈਆਂ, ਵਡਾਲੀ ਵਿੱਚ ਚੰਨ ਚੜ੍ਹਿਆ। ਸਭ ਸੰਗਤਾਂ ਦਰਸ ਨੂੰ ਆਈਆਂ, ਵਡਾਲੀ ਵਿੱਚ ਚੰਨ ਚੜ੍ਹਿਆ। ਗੁਰੂ ਅਰਜਨ ਦਾ ਤਾਰਾ ਆਇਆ, ਚਾਨਣ ਦਾ ਲਿਸ਼ਕਾਰਾ ਆਇਆ। ਹੋਈਆਂ ਖੁਸ਼ੀਆਂ ਦੂਣ ਸਵਾਈਆਂ, ਵਡਾਲੀ ਵਿੱਚ ਚੰਨ ਚੜ੍ਹਿਆ। ਸੀਤਲ ਹੋ ਗਈ ਸੜਦੀ ਧਰਤੀ, ਸੜਦੀ ਧਰਤੀ ਤੇ ਠੰਡ ਵਰਤੀ। ਜੱਰੇ ਜੱਰੇ 'ਚੋਂ ਸੁੰਧੀਆਂ ਆਈਆਂ, ਵਡਾਲੀ ਵਿੱਚ ਚੰਨ ਚੜ੍ਹਿਆ। ਟੁਰ ਪਿਆ ਦੋ ਤਲਵਾਰਾਂ ਫੜ ਕੇ, ਭਗਤੀ ਸ਼ਕਤੀ ਕੱਠੀਆਂ ਕਰ ਕੇ। ਜਿਹਨੇ ਭਾਜੜਾਂ ਜ਼ੁਲਮ ਨੂੰ ਪਾਈਆਂ, ਵਡਾਲੀ ਵਿੱਚ ਚੰਨ ਚੜ੍ਹਿਆ। ਜਿਸ ਦਰ ਤੇ "ਅਵਤਾਰ" ਸਵਾਲੀ, ਭਰ ਭਰ ਜਾਵਣ ਝੋਲੀਆਂ ਖਾਲੀ। ਮੂੰਹੋਂ ਮੰਗੀਆਂ ਮੁਰਾਦਾਂ ਪਾਈਆਂ, ਵਡਾਲੀ ਵਿੱਚ ਚੰਨ ਚੜ੍ਹਿਆ। ਮਾਤਾ ਗੰਗਾ ਜੀ ਨੂੰ ਮਿਲਣ ਵਧਾਈਆਂ, ਵਡਾਲੀ ਵਿੱਚ ਚੰਨ ਚੜ੍ਹਿਆ।

ਬੀਬੀ ਭਾਨੀ ਜੀ

ਭੋਲੇ ਭਾਅ ਅੰਦਰ ਧੰਨੇ ਜੱਟ ਜੀਕਰ, ਪੱਥਰ ਵਿੱਚੋਂ ਕਰਤਾਰ ਨੂੰ ਜਾਣਿਆ ਸੀ। ਮੀਰਾ ਬਾਈ ਨੇ ਜ਼ਹਿਰ ਪਿਆਲੜੇ 'ਚੋਂ, ਜਿਵੇਂ ਵਸਲ ਮੁਰਾਰ ਦਾ ਜਾਣਿਆ ਸੀ। ਬਿਹਬਲ ਸੱਸੀ ਨੇ ਤਪਦਿਆਂ ਥੱਲਾਂ ਤਾਈਂ, ਜਿਵੇਂ ਫੁੱਲ ਗੁਲਜ਼ਾਰ ਦਾ ਜਾਣਿਆ ਸੀ। ਮਹਾਂਵੀਰ ਜੀਕਣ ਸੱਪਾਂ ਕਾਲਿਆਂ ਨੂੰ, ਸੋਮਾ ਮਿਹਰ ਪਿਆਰ ਦਾ ਜਾਣਿਆ ਸੀ। ਭੈਣ ਨਾਨਕੀ ਨੇ ਨਾਨਕ ਵੀਰ ਤਾਈਂ, ਜਿਵੇਂ ਰੂਪ ਨਿਰੰਕਾਰ ਦਾ ਜਾਣਿਆ ਸੀ। ਇਵੇਂ ਬੀਬੀ ਭਾਨੀ ਤੀਜੇ ਜਾਮੇ ਤਾਈਂ, ਤਾਰਨਹਾਰ ਸੰਸਾਰ ਦਾ ਜਾਣਿਆ ਸੀ। ਭਾਵੇਂ ਉਮਰ ਦੀ ਅਜੇ ਉਹ ਬਾਲੜੀ ਸੀ, ਐਪਰ ਸਿਆਣਿਆਂ ਵਾਂਗ ਸੋਚ ਵਿਚਾਰਦੀ ਸੀ। ਕੱਚੇ ਪੱਕੇ ਦੀ ਉਸਨੂੰ ਪਰਖ ਹੈਸੀ, ਸੱਚ ਝੂਠ ਨੂੰ ਖੂਬ ਨਿਤਾਰਦੀ ਸੀ। ਸੇਵਾ ਕਰਨਾ ਸੀ ਉਹਦਾ ਨਿੱਤਨੇਮ ਬਣਿਆ, ਸੇਵਾ ਕਰਨ ਤੋਂ ਕਦੇ ਨਾ ਹਾਰਦੀ ਸੀ। ਪਿਤਾ ਪੂਜਦੀ ਸੀ ਉਹ ਗੁਰਦੇਵ ਵਾਂਗੂੰ , ਸਭ ਕੁਝ ਆਪਣੇ ਗੁਰਾਂ ਤੋਂ ਵਾਰਦੀ ਸੀ। ਆਈਆਂ ਸੰਗਤਾਂ ਨੂੰ ਪੱਖਾ ਝਲਦੀ ਸੀ, ਜੋਦੜੀ ਟਹਿਲ ਕਰ ਪੁੰਨ ਕਮਾਂਵਦੀ ਸੀ। ਉਹਦੀ ਜੀਭ ਸੀ ਇੱਕ ਸਿਤਾਰ ਵਾਂਗੂੰ , ਜਿਹੜੀ ਗੁਰਾਂ ਦਾ ਨਾਮ ਹੀ ਗਾਂਵਦੀ ਸੀ। ਪਹਿਲਾਂ ਵਾਂਗ ਇੱਕ ਦਿਨ ਉਹ ਗੁਰਦੇਵ ਤਾਈਂ, ਪਿਆਰ ਨਾਲ ਇਸ਼ਨਾਨ ਕਰਾਣ ਲੱਗੀ। ਚਾਵਾਂ ਭਰੇ ਹੋਏ ਦਿਲ ਦਰਿਆ ਵਿੱਚੋਂ, ਭਰ ਭਰ ਮਟਕੀਆਂ ਪਿੰਡੇ ਤੇ ਪਾਣ ਲੱਗੀ। ਬਿਰਧ ਪਿਤਾ ਦੇ ਪਿੰਡੇ ਨੂੰ ਮਲ ਮਲ ਕੇ, ਮੈਲ ਆਪਣੇ ਮਨ ਦੀ ਲਾਹਣ ਲੱਗੀ। ਜੋ ਗੁਰਦੇਵ ਦੇ ਮੁੱਖੜੇ 'ਚੋਂ ਬੋਲ ਨਿਕਲਣ, ਸੁਣ ਕੇ ਹਿਰਦੇ ਨੂੰ ਸ਼ਾਂਤ ਬਨਾਣ ਲੱਗੀ। ਮੇਰੇ ਸਤਿਗੁਰਾਂ ਜਦੋਂ ਇਸ਼ਨਾਨ ਕੀਤਾ, ਨਾਮ ਵਿੱਚ ਸਮਾਧੀਆਂ ਲਾ ਬੈਠੇ। ਬੈਠੇ ਜਾਪਦੇ ਸਨ ਭਾਵੇਂ ਜਗ ਅੰਦਰ, ਪਰ ਕੋਲ ਨਿਰੰਕਾਰ ਦੇ ਜਾ ਬੈਠੇ। ਐਧਰ ਚੌਂਕੀ ਜਿਸਤੇ ਸੀ ਦਾਤਾਰ ਬੈਠੇ, ਫਰਜ਼ ਆਪਣੇ ਤੋਂ ਮੁੱਕਰ ਜਾਣ ਲੱਗੀ। ਤੱਕ ਕੇ ਭਾਨੀ ਦੀ ਇੰਜ ਨਿਸ਼ਕਾਮ ਸੇਵਾ, ਵੱਟ ਆਪਣੇ ਦਿਲ ਵਿਚ ਖਾਣ ਲੱਗੀ। ਭਾਵੇਂ ਕੀੜੀ ਵਾਂਗ ਕੰਮਜ਼ੋਰ ਸੀ ਪਰ, ਮੱਥਾ ਨਾਲ ਚਟਾਨ ਦੇ ਲਾਣ ਲੱਗੀ। ਛਾਲ ਮਾਰ ਕੇ ਗੁੱਸੇ ਦੀ ਮੈਂ ਅੰਦਰ, ਪਾਵਾ ਆਪਣਾ ਇੰਜ ਕੜਕਾਣ ਲੱਗੀ। ਖੇਡਾਂ ਤੇਰੀਆਂ ਸਾਰੀਆਂ ਵੇਖੀਆਂ ਮੈਂ, ਵਾਰੀ ਮੇਰੀ ਵੀ ਆਈ ਹੁਣ ਭਾਨੀਏ ਨੀ। ਪਾਲਣ ਲੱਗੀ ਹਾਂ ਆਪਣਾ ਫਰਜ਼ ਮੈਂ ਵੀ, ਵੇਲਾ ਲਵੇਂ ਸੰਭਾਲ ਤਾਂ ਜਾਣੀਏ ਨੀ। ਭਾਨੀ ਸੁਣੀਂ ਆਵਾਜ਼ ਤਾਂ ਸੋਚਿਆ ਸੁ, ਪੂਜਣਯੋਗ ਗੁਰਦੇਵ ਨਾ ਢਹਿ ਜਾਵੇ। ਮੁੱਠੀ ਰੱਖ ਦਿੱਤੀ ਮੇਖਾਂ ਹੇਠ ਭਾਨੀ, ਕਿਧਰੇ ਫਰਜ਼ ਅਧੂਰਾ ਨਾ ਰਹਿ ਜਾਵੇ। ਭਾਨੀ ਨਾਂ ਮੇਰਾ ਭਲੇ ਕੰਮ ਅੰਦਰ, ਮੇਰੇ ਹੁੰਦਿਆਂ ਭਾਨੀ ਨਾ ਪੈ ਜਾਵੇ। ਰਹਿ ਜਾਂ ਖਾਲੀ ਕਿਨਾਰਿਆਂ ਵਾਂਗ ਮੈਂ ਵੀ, ਛਲ ਪਿਆਰ ਦੀ ਕਿਤੇ ਨਾ ਲਹਿ ਜਾਵੇ। ਜਦੋਂ ਮੁੱਠ ਰਖੀ ਮੇਖਾਂ ਹੇਠ ਭਾਨੀ, ਲਹੂ ਵਾਂਗ ਤਤੀਰੀਆਂ ਵਹਿਣ ਲੱਗਾ। ਤੱਕ ਕੇ ਭਾਨੀ ਨੂੰ ਅਹਿਲ ਅਡੋਲ ਬੈਠੇ, ਹੋਲ ਰੱਬ ਦੇ ਕਾਲਜੇ ਪੈਣ ਲੱਗਾ। ਐਧਰ ਸਤਿਗੁਰਾਂ ਨੇ ਅੱਖਾਂ ਖੋਹਲੀਆਂ ਤਾਂ, ਅੱਖਾਂ ਸਾਹਮਣੇ ਖੂਨ ਹੀ ਖੂਨ ਤੱਕਿਆ। ਕੋਰਾ ਸਮਝਦੇ ਸੀ ਜਿਹੜੇ ਸਫ਼ੇ ਤਾਈਂ, ਲਿਖਿਆ ਉਸ ਤੇ ਕਠਿਨ ਮਜ਼ਮੂਨ ਤੱਕਿਆ। ਕਪਟੀ ਮਨਾਂ ਦੀ ਮੈਲ ਉਤਾਰਨੇ ਨੂੰ, ਹਿਰਦਾ ਭਾਨੀ ਦਾ ਵਾਂਗ ਸਾਬੂਨ ਤੱਕਿਆ। ਸੌਦਾ ਦੇਣ ਲਈ ਸਦਾ ਕੁਰਬਾਨੀਆਂ ਦਾ, ਸੁਥਰਾ ਭਾਨੀ ਦਾ ਹੱਟ ਪਰਚੂਨ ਤੱਕਿਆ। ਨੀਰ ਨੈਣਾਂ 'ਚੋਂ ਕਿਰੇ ਗੁਰਦੇਵ ਬੋਲੇ, ਇਹ ਕੀ ਕੀਤਾ ਈ ਬਚੀਏ ਭਾਨੀਏ ਨੀ। ਕਾਹਨੂੰ ਸਾਧਾਂ ਫਕੀਰਾਂ ਦੀ ਗਦਾ ਉੱਤੇ, ਛਾਪ ਲਾਈ ਆ ਅੱਜ ਕੁਰਬਾਨੀਏ ਨੀ। ਸਿੱਖੀ ਸੇਵਾ ਦੇ ਸਾਗਰੋਂ ਸਿੱਖੀ ਦੀ ਏ, ਪਰ ਹੁਣ ਕਠਿਨ ਪ੍ਰੀਖਿਆ ਪਾਈ ਜਾਣੀ। ਪਹਿਲਾਂ ਰੱਖਕੇ ਤੱਪਦੀਆਂ ਲੋਹਾਂ ਉੱਤੇ, ਗਰਮ ਰੇਤ ਫੇਰ ਸੀਸ ਤੇ ਪਾਈ ਜਾਣੀ। ਆਰੇ ਨਾਲ ਦੋ ਫਾੜ ਕਰਵਾਈ ਜਾਣੀ, ਗਰਮ ਦੇਗਾਂ ਦੇ ਵਿੱਚ ਉਬਲਾਈ ਜਾਣੀ। ਜਾਂ ਫਿਰ ਚਾਂਦਨੀ ਚੌਂਕ ਦੇ ਵਿੱਚ ਸਿੱਖੀ, ਦੇਸ਼ ਧਰਮ ਦੀ ਭੇਟ ਚੜ੍ਹਾਈ ਜਾਣੀ।

ਪੰਜਾ ਸਾਹਿਬ

ਸੁੰਝਾ ਸੁੰਝਾ ਤਲ ਧਰਤੀ ਦਾ, ਬਿਨ ਪਾਣੀ ਦੁਖਿਆਰਾ। ਰੋ ਰੋ ਕੱਟੇ ਰਾਤ ਉਮਰ ਦੀ, ਜਿਓਂ ਕੋਈ ਕਰਮਾਂ ਮਾਰਾ। ਚਾਰ ਚੁਫੇਰੇ ਬੰਜਰ ਹੋਈਆਂ, ਰੋਵਣ ਕੁਲ ਜ਼ਮੀਨਾਂ। ਝਲ ਨਾ ਸਕਦਾ ਰੂਪ ਜਿਨ੍ਹਾਂ ਦਾ, ਸੂਰਜ ਦਾ ਪਰਸੀਨਾ। ਸੀਨੇ ਭਰੀਆਂ ਵਗਣ ਹਵਾਵਾਂ, ਕਣ ਕਣ ਦੀ ਅੱਖ ਰੋਵੇ। ਧਰਤ ਕੁੜੀ ਬਿਨ ਪਾਣੀ ਤੜਫੇ, ਜਿਉਂ ਕੋਈ ਮਛਲੀ ਹੋਵੇ। ਸੜਦੀ ਧਰਤੀ ਤੇ ਜਾ ਬੈਠੇ, ਗੁਰੂ ਨਾਨਕ ਨਿਰੰਕਾਰੀ। ਜਿਸ ਨੇ ਨਾਮ ਦਾ ਚੱਪੂ ਲਾ ਕੇ, ਡੁੱਬਦੀ ਦੁਨੀਆ ਤਾਰੀ। ਇਕ ਪਾਸੇ ਮਰਦਾਨਾ ਬੈਠਾ, ਮਸਤ ਰਬਾਬ ਵਜਾਵੇ। ਬਾਲਾ ਸਿਦਕ ਪਿਆਲਾ ਇਕ ਦਰ, ਬੈਠਾ ਚਵਰ ਝੁਲਾਵੇ। ਛੇੜ ਰਬਾਬ ਦੀਆਂ ਹੁਣ ਤਾਰਾਂ, ਮਰਦਾਨੇ ਇੱਕ ਵਾਰੀ। ਵੇਖ ਨਹੀਂ ਹੁੰਦਾ ਅੱਜ ਮੇਰੇ ਤੋਂ ਇਹ ਧਰਤੀ ਦੁਖਿਆਰੀ। ਧਰਤ ਸੁਆਣੀ ਦੀ ਕੁੱਖ ਨੂੰ ਹੈ, ਕਿਸ ਨੇ ਜਿੰਦਰਾ ਲਾਇਆ ? ਖਬਰੇ ਕਿਸ ਪੱਥਰ ਦਾ ਪੈ ਗਿਆ, ਇਸ ਦੇ ਦਿਲ ਤੇ ਸਾਇਆ। ਉਡ ਉਡ ਜਾਵਣ ਬੱਦਲ ਕਾਲੇ, ਇਕ ਛਿਟ ਵੀ ਨਾ ਵੱਸੇ। ਚੁੱਪ ਚਪੀਤੀ ਕੁਦਰਤ ਵੇਖੇ, ਕਿਹਨੂੰ ਦੁਖੜੇ ਦੱਸੇ ? ਮਰਦਾਨੇ ਚੜ੍ਹ ਪਰਬਤ ਉੱਤੇ, ਵੇਖ ਕੁਫਰ ਦੇ ਕਾਰੇ। ਰੱਬ ਦੀ ਰਹਿਮਤ ਕਬਜ਼ੇ ਕੀਤੀ, ਖਬਰੇ ਕਿਸ ਹਤਿਆਰੇ ? ਵਿਤਕਰਿਆਂ ਦਾ ਪੱਥਰ ਚਾ ਕੇ, ਵੇਖ ਧਰਤ ਦਾ ਸੀਨਾ। ਵਗਦਾ ਜਾਵੇ ਇਸ ਦੇ ਵਿਚੋਂ, ਕਿਤਨਾ ਖੂਨ ਪਸੀਨਾ। ਚਿੱਟਾ ਲਹੂ ਕਲੀਆਂ ਦਾ ਜੰਮਿਆ, ਪਰਬਤ ਦੇ ਮੂੰਹ ਉੱਤੇ। ਰੋ ਰੋ ਕੇ ਦੁਨੀਆ ਨੂੰ ਦੱਸੇ, ਹਰ ਗਰਮੀ ਦੀ ਰੁੱਤੇ। ਰੂਪ ਜਵਾਨੀ ਇੱਜ਼ਤ ਸ਼ੁਹਰਤ, ਲੁਟ ਲੈਂਦੇ ਜ਼ਰ ਵਾਲੇ। ਖੂਨ ਪਸੀਨਾ ਹਰ ਕਿਰਤੀ ਦਾ, ਭਰ ਭਰ ਪੀਣ ਪਿਆਲੇ। ਜਾਗੋ ਨੀ ਮੁਰਝਾਈਓ ਕਲੀਓ, ਅੱਜ ਮੈਂ ਗੀਤ ਸੁਨਾਣਾ। ਅੱਜ ਤੁਹਾਡੇ ਅਥੱਰੂਆਂ ਦਾ, ਇੱਕ ਚਸ਼ਮਾ ਬਣ ਜਾਣਾ। ਹੱਕ ਪਰਾਇਆ ਖੂਨ ਕਿਸੇ ਦਾ, ਮਰ ਜਾਓਗੀਆਂ ਪੀ ਕੇ। ਜੇ ਜੰਮਣਾ ਜੇ ਵਲੀ ਕੰਧਾਰੀ, ਕੀ ਲੈਣਾ ਜੇ ਜੀ ਕੇ। ਇਸ ਚਸ਼ਮੇ 'ਚੋਂ ਪਿਆਰ ਵਹੇਗਾ, ਪੀ ਲਓ ਘੁੱਟ ਘੁੱਟ ਭਰ ਕੇ। ਇਹ ਕਤਰੇ ਸਾਂਝਾਂ ਦੇ ਮੋਤੀ, ਲੈ ਜਾਓ ਝੋਲੀਆਂ ਭਰ ਕੇ। ਮਨੁੱਖਤਾ ਦੇ ਗਲ ਵਿਚ ਪਾਇਓ, ਹੱਕ ਦਾ ਹਾਰ ਬਣਾ ਕੇ। ਫੁੱਲਾਂ ਦੀ ਖੁਸ਼ਬੂ ਆਵੇਗੀ, ਕੰਡਿਆਂ ਨੂੰ ਗਲ ਲਾ ਕੇ।

ਨੂਰੀ ਦਰਸ਼ਨ

ਚੜ੍ਹਦੇ ਵਲ ਕੋਈ, ਚਮਕਿਆ ਨੂਰ ਰੱਬੀ, ਜਿਨ੍ਹੇ ਚਮਕ ਕੇ, ਰੌਸ਼ਨ ਜਹਾਨ ਕੀਤਾ। ਜਿਹਦੀ ਸੋ ਸੁਣ ਕੇ, ਪਸ਼ੂ ਪੰਛੀਆਂ ਨੇ, ਪਾ ਪਾ ਕੇ ਰੌਲਾ, ਇਹ ਐਲਾਨ ਕੀਤਾ। ਕਲੀਆਂ ਘੁੰਡ ਚਾ ਕੇ, ਖਿੜ ਖਿੜ ਹੱਸ ਪਈਆਂ, ਫੁੱਲ ਪੱਤਿਆਂ, ਉਹਦਾ ਸਨਮਾਨ ਕੀਤਾ। ਵਿਲਕਾਂ ਪਾਉਂਦੀ, ਹਿੰਦ ਬਚਾਣ ਖਾਤਰ, ਪਿਤਾ ਵਾਰਨਾ ਜਿਹਨੇ, ਪ੍ਰਵਾਨ ਕੀਤਾ। ਭੀਖਣ ਸ਼ਾਹ ਸਜਦਾ, ਕਰਦਾ ਰੋਜ਼ ਲਹਿੰਦੇ, ਚੜ੍ਹਦੇ ਵਲ ਉਹਨੇ, ਨਮਸਕਾਰ ਕੀਤਾ। ਮਨਾ ਕਿਸ ਤਰ੍ਹਾਂ, ਕਰਾਂ ਦੀਦਾਰ ਉਹਦਾ, ਆਪਣੇ ਮਨ 'ਚ, ਉਹਨੇ ਵਿਚਾਰ ਕੀਤਾ। ਭੀਖਣ ਟੁਰ ਪਿਆ, ਨੂਰ ਦੇ ਦਰਸ਼ਨਾਂ ਨੂੰ, ਖੁਰਾ ਲਭਦਾ, ਹੌਂਸਲਾ ਬੰਨ੍ਹ ਲੋਕੋ। ਵੇਖਾਂ ਪੀਰ ਆਇਆ, ਸਾਡੇ ਮੋਮਨਾਂ ਦਾ, ਜਾਂ ਫਿਰ ਹਿੰਦੂਆਂ, ਵਾਲਾ ਸੂ ਮਨ ਲੋਕੋ। ਮਨ ਵਿਚੋਂ ਆਖਦਾ, ਪਿਛਾਂ ਨੂੰ ਮੁੜਾਂਗਾ ਤਾਂ, ਆਪਣੇ ਵਹਿਮ ਵਾਲਾ, ਠੂਠਾ ਭੰਨ ਲੋਕੋ। ਜੇ ਫਿਰ ਪੀਰ ਹੋਇਆ, ਸਾਂਝਾ ਸਭ ਦਾ ਉਹ, ਦੂਰ ਕਰਾਂਗਾ, ਜੀ ਦਾ ਜਨ ਲੋਕੋ। ਪੈਂਡਾ ਚੀਰਦਾ, ਮੁਸ਼ਕਲਾਂ ਝਾਗਦਾ ਉਹ, ਕਿਸੇ ਚਾਹ ਅੰਦਰ, ਪਟਨੇ ਜਾ ਪੁੱਜਾ। ਜਿੱਥੇ ਚਮਕਦਾ, ਪਿਆ ਸੀ ਨੂਰ ਰੱਬੀ, ਭੇਤ ਉਸ ਤੋਂ ਰਿਹਾ, ਨਾ ਕੋਈ ਗੁੱਝਾ। ਜਾ ਕੇ ਖ਼ਬਰ ਕੀਤੀ, ਮਾਤ ਗੁਜਰੀ ਨੂੰ, ਆਖਣ ਬਾਹਰ ਅੱਜ, ਇਕ ਫ਼ਕੀਰ ਆਇਐ। ਭੇਸ ਵਲੋਂ ਤੇ, ਤੁਰਕ ਉਹ ਜਾਪਦਾ ਏ, ਐਪਰ ਏਸ ਥਾਂ, ਹੋ ਬੇਨਜ਼ੀਰ ਆਇਐ। ਨਿੱਕੇ ਬਾਲਕੇ ਦਾ, ਦੀਦ ਪਾਵਣੇ ਲਈ, ਸੈਆਂ ਕੋਹਾਂ ਦੇ, ਪੰਧ ਨੂੰ ਚੀਰ ਆਇਆ। ਉਹ ਤਾਂ ਆਖਦਾ ਏ, ਏਸ ਮਕਾਨ ਅੰਦਰ, ਅੱਲ੍ਹਾ ਪਾਕ ਦਾ, ਕੋਈ ਸਫ਼ੀਰ ਆਇਆ। ਜਦੋਂ ਖ਼ਬਰ ਪੁੱਜੀ, ਮਾਤ ਗੁਜਰੀ ਨੂੰ, ਆਂਹਦੀ ਵੈਰੀਆਂ, ਭੇਜਿਆ ਕੋਈ ਸਾਨੀ। ਅੱਖੋਂ ਉਹਲੇ ਨਾ ਕਰਾਂ, ਮੈ ਚੰਨ ਸੁਹਣਾ, ਮਤਾਂ ਏਸ ਨੂੰ ਕੋਈ, ਪਹੁੰਚਾਏ ਹਾਨੀ। ਉਸੇ ਵਕਤ ਬਾਹਰੋਂ, ਉਹਦਾ ਵੀਰ ਆਇਆ, ਆਖੇ ਰੱਬ ਦਾ, ਵਾਸਤਾ ਪਾਉਂਦਾ ਏ। ਓਸ ਨਿੱਕੇ ਜਿਹੇ, ਬਾਲ ਦੇ ਦੀਦ ਬਾਝੋਂ, ਉਹ ਫਕੀਰ ਡਾਹਢੇ, ਤਰਲੇ ਪਾਉਂਦਾ ਏ। ਸਮਝ ਸੋਚ ਕੇ, ਆਖਦੀ ਜਾ ਵੀਰਾ, ਵੀਰਾ ਬਾਲ ਨੂੰ, ਬਾਹਰ ਲਿਆਉਂਦਾ ਏ। ਪਰਦਾ ਲਾ ਕੇ, ਨੂਰ ਦੇ ਮੂੰਹ ਉਤੋਂ, ਭੀਖਣ ਸ਼ਾਹ ਨੂੰ, ਦੀਦ ਕਰਾਉਂਦਾ ਏ। ਸ਼ਾਹ ਦੀਦ ਕੀਤਾ, ਨਾਲੇ ਕੁੱਜਿਆਂ ਨੂੰ, ਦੋਹਾਂ ਚਰਨਾਂ ਦੇ, ਨਾਲ ਛੁਹਾ ਦਿੱਤਾ। ਚੋਜਾਂ ਵਾਲੇ "ਅਵਤਾਰ" ਜਿਹੇ ਬਾਲਕੇ ਨੇ, ਝੱਟ ਦੋਹਾਂ ਨੂੰ, ਪਰ੍ਹੇ ਹਟਾ ਦਿੱਤਾ।

ਆਰਾ ਪਿਆ ਚਲਦਾ -ਗੀਤ

ਆਰਾ ਪਿਆ ਚਲਦਾ ਨੀ, ਆਰਾ ਪਿਆ ਚਲਦਾ। ਖੋਪਰੀ 'ਚੋਂ ਖੂਨ ਦਾ, ਫੁਹਾਰਾ ਪਿਆ ਚਲਦਾ॥ ਵੇਖੋ ਨੀ ਫੁਹਾਰੇ ਵਾਲੇ, ਚੌਂਕ 'ਚ ਕੀ ਹੋ ਰਿਹਾ। ਵੇਖੋ ਨੀ ਫੁਹਾਰੇ ਵਿੱਚੋਂ, ਖੂਨ ਕਿਹਦਾ ਚੋ ਰਿਹਾ॥ ਗੇਲੀਆਂ 'ਚ ਨੂੜਿਆ, ਪੁਜਾਰੀ ਕੋਈ ਸੱਚ ਦਾ। ਵੇਖੋ ਨੀ ਪਿਆਰ ਪਿਆ, ਆਰੇ ਹੇਠਾਂ ਨੱਚਦਾ॥ ਸੀਸ ਉੱਤੇ ਆਰਾਕਸ਼, ਆਰਾ ਹੈ ਚਲ ਰਿਹਾ। ਵੇਖੋ ਨੀ ਛਤੀਰ ਵਾਂਗੂੰ , ਚੀਰਿਆ ਕੋਈ ਜਾ ਰਿਹਾ॥ ਕਿਥੋਂ ਆਇਆ ਕੌਣ ਹੈ, ਇਹ ਕਿਸਦਾ ਮੁਰੀਦ ਹੈ ? ਕਿਸਦੇ ਇਸ਼ਾਰਿਆਂ ਤੇ, ਹੋ ਰਿਹਾ ਸ਼ਹੀਦ ਹੈ ?? ਖੂਨ ਖੂਨ ਹੋਇਆ, ਮੁਸਕਾਣ ਤੋਂ ਨਹੀਂ ਟਲਦਾ। ਆਰਾ ਪਿਆ ਚਲਦਾ ਨੀ, ਆਰਾ ਪਿਆ ਚਲਦਾ॥ ਬਾਣੀ ਦੇ ਸਮੁੰਦਰਾਂ 'ਚ, ਲਾ ਰਿਹਾ ਹੈ ਤਾਰੀਆਂ। ਸ਼ਾਂਤਮਈ ਜਪੁਜੀ, ਸੁਗੰਧੀਆਂ ਖਿਲਾਰੀਆਂ॥ ਜਿਓਂ ਜਿਓਂ ਆਰਾ ਪਿੰਡੇ ਨੂੰ, ਦੋ ਫਾੜ ਕਰੀ ਜਾ ਰਿਹੈ। ਤਿਓਂ ਤਿਓਂ ਲਟਬਾਵਰਾ, ਇਹ ਝੂਮ ਝੂਮ ਗਾ ਰਿਹੈ॥ ਛੇਤੀ ਛੇਤੀ ਆਰਾ ਤੂੰ , ਚਲਾ ਦੇ ਆਰੇ ਵਾਲਿਆ। ਸੂਹਾ ਰੰਗ ਪਿਆਰ ਦਾ, ਚੜ੍ਹਾ ਦੇ ਆਰੇ ਵਾਲਿਆ॥ ਨਿਭ ਜਾਏ ਗੁਰਾਂ ਨਾਲ, ਪ੍ਰੀਤ ਮੇਰੀ ਸਜਣਾ। ਮਿੱਟੀ ਦੇ ਇਹ ਠੀਕਰੇ ਨੇ, ਭਜਣਾ ਹੀ ਭਜਣਾ॥ ਗੁਰਾਂ ਦਾ ਪਿਆਰ ਹੈ, ਸਹਾਰਾ ਪਲ ਪਲ ਦਾ। ਆਰਾ ਪਿਆ ਚਲਦਾ…………………॥ ਹੋ ਰਿਹੈ ਦੋ ਫਾੜ ਭਾਵੇਂ, ਅਜੇ ਪਿਆ ਹੈ ਬੋਲਦਾ। ਕੌਣ ਇਹਦੇ ਲੋਥੜੇ ਤੇ, ਨੂਰ ਪਿਆ ਡੋਲ੍ਹਦਾ॥ ਫੁੱਲਾਂ ਦੇ ਕਲੇਜੇ ਤੇ, ਅੰਗਾਰ ਪਾਣ ਵਾਲਿਓ। ਚੀਲਾਂ ਤੇ ਦਿਆਰਾਂ ਦੇ, ਨਕਾਬ ਲਾਹਣ ਵਾਲਿਓ॥ ਜ਼ਿੰਦਗੀ ਦੀ ਜੋਤ ਇਹ, ਬੁਝਾਈ ਜਾ ਨਹੀਂ ਸਕਦੀ। ਮਹਿਕ ਇਹ ਤਹਿਜ਼ੀਬ ਦੀ, ਦਬਾਈ ਜਾ ਨਹੀਂ ਸਕਦੀ॥ ਚੀਰ ਦੇ ਸਰੀਰ ਮੇਰਾ, ਯਾਰ ਆਰੇ ਵਾਲਿਆ। ਚੀਰਿਆ ਨਹੀਂ ਜਾਣਾ ਇਹ, ਪਿਆਰ ਆਰੇ ਵਾਲਿਆ॥ ਨਾਮ ਦੀਆਂ ਜਿਨ੍ਹਾਂ ਵੀ, ਮੁਸ਼ਕਤਾਂ ਨੇ ਘਾਲੀਆਂ। ਉਜਲੇ ਨੇ ਮੁਖੜੇ, ਪ੍ਰੀਤਾਂ ਜਿਹਨਾਂ ਪਾਲੀਆਂ॥ ਖੂਨ ਉਹਦਾ ਦੇ ਰਿਹਾ, ਜਵਾਬ ਹਰ ਗਲ ਦਾ। ਆਰਾ ਪਿਆ ਚਲਦਾ……………………॥

ਸੁਖਮਨੀ ਸੁਖ ਅਮ੍ਰਿੰਤ ਪ੍ਰਭ ਨਾਮੁ

ਸੁਖਮਨੀ ਸੁਖਾਂ ਦੀ ਖਾਣ। ਜੀਵਾਂ ਦਾ ਕਰਦੀ ਕਲਿਆਣ। ਇਹ ਹੈ ਸਰਬ ਸੁਖਾਂ ਦੀ ਦਾਤੀ। ਜਸ ਇਹਦਾ ਕਰਦੇ ਪ੍ਰਭਾਤੀ। ਇਹਨੂੰ ਸਿਮਰਨ ਪੰਡਤ ਗਿਆਨੀ। ਇਹ ਹੈ ਜਗਮਗ ਕਿਰਨ ਰੂਹਾਨੀ। ਦੂਰ ਕਰੇ ਅਗਿਆਨ ਹਨੇਰਾ। ਸਹਿਮ ਫ਼ਿਕਰ ਹੋ ਜਾਇ ਪ੍ਰੇਰਾ। ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ। ਕਲਿ ਕਲੇਸ ਤਨ ਮਹਿ ਮਿਟਾਵਉ। ਸਿਮਰੋ ਜਾਸੁ ਬਿਸੁੰਭਰ ਏਕੈ। ਨਾਮੁ ਜਪਤ ਅਗਨਤ ਅਨੇਕੈ। ਜੀਕੁਰ ਸੂਰਜ ਦੇਇ ਰੁਸ਼ਨਾਈ। ਈਕਰ ਦੇ ਦਾਤੀ ਸੁਖਦਾਈ। ਚੰਦ ਚਾਂਦਨੀ ਜੀਕਰ ਛੰਡੀ। ਖੁਸ਼ੀਆਂ ਖੇੜੇ ਜਾਂਦੀ ਵੰਡੀ। ਈਕਰ ਇਹ ਤਪਿਆਂ ਨੂੰ ਠਾਰੇ। ਧੀਰਜ ਦੇ ਕੇ ਜਨਮ ਸਵਾਰੇ। ਉਸ਼ਾ ਵਾਂਗਰ ਮਸਤੀ ਦੇਂਦੀ। ਮੈਲ ਦਲਿੱਦਰ ਦੂਰ ਕਰੇਂਦੀ। ਵੈਰ ਭਾਵ ਨੂੰ ਪਰੇ੍ਹ ਹਟਾਵੇ। ਸੁੱਖਾਂ ਦੀ ਇਹ ਛਹਿਬਰ ਲਾਵੇ। ਦੂਰ ਕਰੇ ਸਭ ਝਗੜੇ ਝੇੜੇ। ਜੰਮ ਕੰਕਰ ਨਾ ਆਵੇ ਨੇੜੇ। ਪ੍ਰਭ ਕੈ ਸਿਮਰਨਿ ਨਾਹੀ ਜਮ ਤ੍ਰਾਸਾ। ਪ੍ਰਭ ਕੈ ਸਿਮਰਨਿ ਪੂਰਨ ਆਸਾ। ਪ੍ਰਭ ਕੈ ਸਿਮਰਨਿ ਮਨ ਕੀ ਮਲ ਜਾਇ। ਅੰਮ੍ਰਿਤ ਨਾਮ ਰਿਦ ਮਹਿ ਸਮਾਇ। ਕਰ ਇਸ਼ਨਾਨ ਜੋ ਇਹਨੂੰ ਪੜ੍ਹਦਾ। ਤ੍ਰਿਸ਼ਨਾ ਅੱਗ ਵਿਚ ਮੂਲ ਨਾ ਸੜਦਾ। ਔਕੜ ਵਿਚ ਉਹ ਨਾ ਘਬਰਾਂਦਾ। ਚਿੰਤਾ ਵਿਚ ਨਾ ਜੀਅ ਡੁਲਾਂਦਾ। ਸੁਖ ਆਵਣ ਤਾਂ ਭੁਲਦਾ ਨਾਹੀਂ। ਦੁਖਾਂ ਅੰਦਰ ਵੀ ਰੁਲਦਾ ਨਾਹੀਂ। ਪਰ ਧੰਨ ਉੱਤੇ ਨਹੀਂ ਲਲਚਾਂਦਾ। ਮਨ ਆਪਣੇ ਤੋਂ ਖੋਟ ਗਵਾਂਦਾ। ਕੰਵਲ ਵਾਂਗ ਨਿਰਲੇਪ ਉਹ ਰਹਿੰਦਾ। ਮੋਹ ਮਮਤਾ ਤੇ ਕਦੀ ਨਾ ਢਹਿੰਦਾ। ਆਪਣੇ ਆਪ ਨੂੰ ਨੀਵਾਂ ਜਾਣੈ। ਘਟ ਘਟ ਅੰਦਰ ਬ੍ਰਹਮ ਪਛਾਣੈ। ਆਪਸ ਕੋ ਜੋ ਜਾਨੈ ਨੀਚਾ। ਸੋਊ ਗਨੀਐ ਸਭ ਤੇ ਊਚਾ। ਜਾ ਕਾ ਮਨ ਹੋਇ ਸਗਲ ਕੀ ਰੀਨਾ। ਹਰਿ ਹਰਿ ਨਾਮ ਤਿਨ ਘਟ ਘਟ ਚੀਨਾ। ਦਰਸ ਉਹਦਾ ਵਢਭਾਗੀ ਪਾਂਦੇ। ਉਹਦੀ ਮਹਿਮਾ ਸੁਰ ਨਰ ਗਾਂਦੇ। ਕਈ ਕੋਟ ਪਾਪੀ ਤਰ ਜਾਂਦੇ। ਮਨ ਆਪਣੇ ਦੀ ਤ੍ਰਿਪ ਬੁਝਾਂਦੇ। ਆਸ ਅੰਦੇਸ਼ਾ ਮੁਢੋਂ ਚੁੱਕੇ। ਉਹਦਾ ਆਵਣ ਜਾਵਣ ਮੁੱਕੇ। ਸੱਚ ਵਖਰ ਜੋ ਨਾਲ ਧਿਆਂਦੇ। ਦਰਗਹਿ ਅੰਦਰ ਮਾਣ ਉਹ ਪਾਂਦੇ। ਇਹ ਮਹਿਮਾਂ ਸੁਖਮਨੀ ਦੀਆਂ ਨੇ। ਇਹ ਹੀਰੇ ਦੀ ਕਣੀ ਦੀਆਂ ਨੇ। "ਅਵਤਾਰ" ਬੋਹਿਥ ਬਣ ਜਾਂਦੀ। ਭਵਿ ਸਾਗਰ ਤੋਂ ਪਾਰ ਲੰਘਾਂਦੀ।

ਰਾਵੀਏ ! ਦਸ ਸਤਿਗੁਰ ਕਿੱਥੇ ਨੀ

ਕਿੱਥੇ ਛੱਡਿਆ ਈ ਪੁੰਜ ਕੁਰਬਾਨੀਆਂ ਦਾ, ਦਸ ਰਾਵੀਏ ਵਡ ਵਡੇਰੀਏ ਨੀ। ਜ਼ਹਿਰ ਮੋਹਰਿਆ ਤੇਰਿਆਂ ਕੰਢਿਆਂ ਤੇ, ਬਹਿ ਕੇ ਛਮਾ ਛਮ ਅੱਥਰੂ ਕੇਰੀਏ ਨੀ। ਲੱਖਾਂ ਤਪਦਿਆਂ ਨੂੰ ਤੂੰ ਹੀਓਂ ਠਾਰਦੀ ਏਂ, ਜੀਆ ਜੰਤ ਤੇ ਛਲਾਂ ਦੀਏ ਘੇਰੀਏ ਨੀ। ਜੇਕਰ ਇੱਕ ਵਾਰੀ ਮੂੰਹੋਂ ਬੋਲ ਪਏਂ ਤੂੰ , ਆਸਾਂ ਰਾਹ ਤੇ ਪਏ ਖਲੇਰੀਏ ਨੀ। ਵੇਖ ਹਾਲ ਸਾਡਾ ਉਹਦੀ ਯਾਦ ਅੰਦਰ, ਨੈਣ ਹੰਝੂਆਂ ਦੀ ਛਹਿਬਰ ਲਾਂਵਦੇ ਨੀ। ਚਾਤ੍ਰਿਕ ਤੜਫਦਾ ਏ ਜਿਵੇਂ ਮੇਘ ਬਾਝੋਂ, ਈਕਰ ਘੜੀ ਵੀ ਚੈਨ ਨਾ ਪਾਂਵਦੇ ਨੀ। ਤੈਨੂੰ ਆਖਦੇ ਨੇ ਦਯਾਵਾਨ ਦਾਤੀ, ਸਦਾ ਵਲ ਨਿਵਾਣ ਦੇ ਵਹਿਣ ਵਾਲੀ। ਜ਼ਾਤ ਪਾਤ ਦੇ ਭੇਦ ਨੂੰ ਦੂਰ ਕਰਕੇ, ਦੁਖੀਆਂ ਲਈ ਮੁਸੀਬਤਾਂ ਸਹਿਣ ਵਾਲੀ। ਮਾਣ ਮਤਿਆਂ ਨੂੰ ਕੱਖਾਂ ਵਾਂਗ ਰੋੜ੍ਹੇਂ, ਸਦਾ ਨਾਲ ਚਟਾਨਾਂ ਦੇ ਖਹਿਣ ਵਾਲੀ। ਸਮਾਂ ਪਰਤਦਾ ਰਹੇ ਭਾਵੇਂ ਲੱਖ ਪਾਸੇ, ਮਸਤ ਆਪਣੇ ਆਪ ਵਿਚ ਰਹਿਣ ਵਾਲੀ। ਕਿਵੇਂ ਮੰਨਾਂ ਮੈਂ ਗੁਣਾਂ ਦੀ ਖਾਣ ਏਂ ਤੂੰ , ਮੇਰਾ ਇੱਕ ਸਵਾਲ ਨਾ ਮੰਨਿਆਂ ਤੂੰ । ਡਾਂਵਾਂ ਡੋਲ ਹੋਏ ਮੇਰੇ ਹੌਸਲੇ ਨੂੰ, ਦੇ ਕੇ ਆਸਰਾ ਜੇ ਨਾਹੀਂ ਬੰਨ੍ਹਿਆ ਤੂੰ । ਗੁੱਸਾ ਕਰੇਂ ਜੇ ਨਾ ਇਹ ਵੀ ਪੁੱਛ ਲਾਂ ਮੈਂ, ਮੇਰਾ ਸਤਿਗੁਰੂ ਕਿੱਥੇ ਲੁਕਾਇਆ ਈ। ਛੱਡਣ ਲਈ ਨਾ ਚਾਹੁੰਦਾ ਜੀਅ ਤੇਰਾ, ਏਸੇ ਲਈ ਜਾਦੂ ਕੋਈ ਪਾਇਆ ਈ। ਮਿੱਟੀ ਚੀਕਣੀ ਦੀ ਸੇਜ ਡਾਹਕੇ ਤੇ, ਚਿੱਟਾ ਚਾਦਰਾ ਕਿਉਂ ਵਿਛਾਇਆ ਈ। ਗਾ ਕੇ ਲੋਰੀਆਂ ਬੜੇ ਵਿਯੋਗ ਦੀਆਂ, ਗੋਦ ਆਪਣੀ ਵਿਚ ਸਵਾਇਆ ਈ। ਅੱਛਾ ਰਹੁ ਰਾਜ਼ੀ, ਖੁਸ਼ੀਆਂ ਮਾਣ ਤੂੰ ਏਂ, ਕੋਈ ਉਸਦੀ ਗਲ ਸੁਣਾ ਸਾਨੂੰ। ਓਹਦੇ ਹਿਜਰ ਨੇ ਸਾੜਿਐ ਜੀਆ ਸਾਡਾ, ਗੱਲਾਂ ਨਾਲ ਹੀ ਠੰਡੀਆਂ ਪਾ ਸਾਨੂੰ। ਤੇਰੇ ਕੰਢੇ ਤੇ ਸ਼ਹਿਰ ਲਾਹੋਰ ਅੰਦਰ, ਕੀਕਰ ਜ਼ਾਲਮਾਂ ਨੇ ਅੱਗਾਂ ਬਾਲੀਆਂ ਸੀ ? ਤੱਤੀ ਲੋਹ ਜਿਹਦੇ ਤੇ ਦਾਤਾਰ ਬੈਠੇ, ਕੀਕਰ ਉਸ ਤੇ ਭਖਦੀਆਂ ਲਾਲੀਆਂ ਸੀ ? ਦਾਣੇ ਭੁੰਨਦਿਆਂ ਵਾਂਗ ਭਠਿਆਰੀਆਂ ਦੇ, ਰੇਤਾਂ ਸੀਸ ਤੇ ਕਿਵੇਂ ਉਛਾਲੀਆਂ ਸੀ ? ਅਤਿਆਚਾਰ ਤੱਕ ਕੇ ਕਿਵੇਂ ਆਸਮਾਂ ਤੇ, ਘਟਾਵਾਂ ਕਹਿਰ ਦੀਆਂ ਛਾਈਆਂ ਕਾਲੀਆਂ ਸੀ ? ਉਬਾਲੇ ਖਾਂਦੀਆਂ ਦੇਗਾਂ ਦੇ ਵਿਚ ਬਹਿ ਕੇ, ਮੁੱਖ ਵਿਚੋਂ "ਅਵਤਾਰ" ਉਚਾਰਦੇ ਸਨ। ਕਿਵੇਂ ਆਪਣੇ ਬਦਨ ਤੇ ਕਸ਼ਟ ਸਹਿ ਕੇ, ਪਏ ਕੁਲ ਸੰਸਾਰ ਨੂੰ ਤਾਰਦੇ ਸਨ।

ਪੰਜ ਪਿਆਰੇ

(ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦ ਖਾਲਸਾ ਪੰਥ ਦੀ ਸਥਾਪਨਾ ਕੀਤੀ) ਇੱਕ ਦਿਨ ਕਲਗੀਆਂ ਵਾਲੇ ਪ੍ਰੀਤਮ, ਬੈਠੇ ਸਨ ਦੀਵਾਨ ਸਜਾ ਕੇ। ਦੂਰ ਦੂਰ ਸੰਦੇਸ਼ ਪੁਚਾ ਕੇ, ਸੂਰਬੀਰ ਰਾਜੇ ਸਦਵਾ ਕੇ। ਖੱਤਰੀ, ਬ੍ਰਾਹਮਣ, ਕਈ ਨਿਥਾਵੇਂ, ਵਿੱਚ ਦੀਵਾਨ ਸ਼ਾਮਲ ਸਾਰੇ। ਸੂਰਬੀਰ ਤੇ ਗੁਣੀ ਗਿਆਨੀ, ਬੈਠੇ ਆਲਮ ਕਾਮਲ ਸਾਰੇ। ਏਨੇ ਚਿਰ ਵਿੱਚ ਚੋਜੀ ਪ੍ਰੀਤਮ, ਹੱਥ ਵਿੱਚ ਨੰਗੀ ਚੰਡੀ ਫੜ ਕੇ। ਸਿਰ ਦੇਵੇ ਕੋਈ ਸਿੱਖ ਪਿਆਰਾ, ਕੜਕ ਰਹੀ ਬਿਜਲੀ ਜਿਉਂ ਕੜਕੇ। ਅੱਖਾਂ ਭੱਖਣ ਵਾਂਗ ਅੰਗਾਰਾਂ, ਚਿਹਰਾ ਲਾਲੋ ਲਾਲ ਜਿਹਾ ਸੀ। ਕਲਗੀਧਰ ਦਾ ਸੁੰਦਰ ਮੁੱਖੜਾ, ਅੱਜ ਭੈਅ ਦਾਇਕ ਕਾਲ ਜਿਹਾ ਸੀ। ਸਿਰ ਤੇ ਕਲਗੀ ਨਾਗਣ ਵਾਂਗੂੰ , ਦਬਾ ਦਬ ਸ਼ੂਕਾਂ ਮਾਰ ਰਹੀ ਸੀ। ਉਛਲ ਉਛਲ ਕੇ ਚਾਰ ਚੁਫੇਰੇ, ਆਪਣਾ ਫ਼ਨ ਖਿਲਾਰ ਰਹੀ ਸੀ। ਮੋਢੇ ਤੇ ਤੀਰਾਂ ਦਾ ਭੱਥਾ, ਗਿੱਟ ਗਿੱਟ ਜੀਭਾਂ ਕੱਢ ਰਿਹਾ ਸੀ। ਅੱਜ ਖੂਨ ਦੇ ਪਿਆਸੇ ਸ਼ੇਰਾਂ ਵਾਂਗੂੰ , ਆਪਣੀ ਬੂਥੀ ਅੱਡ ਰਿਹਾ ਸੀ। ਗੁੱਸੇ ਨਾਲ ਕਮਾਨ ਉਨ੍ਹਾਂ ਦੀ, ਮੁੜ ਮੁੜ ਪਾਸੇ ਮਾਰੀ ਜਾਵੇ। ਸਿੱਖਾਂ ਦੀ ਰਖਵਾਲੀ ਚੰਡੀ, ਸਿੱਖਾਂ ਨੂੰ ਲਲਕਾਰੀ ਜਾਵੇ। ਖੜ ਖੜ ਖੰਡਾ ਖੜਕੇ, ਨੇਜ਼ਾ ਵੀ ਵਲ ਖਾਂਦਾ ਜਾਵੇ। ਜਿਉਂ ਮਾਰੂ ਬੱਦਲ ਗੜਕੇ, ਕਲਗੀਆਂ ਵਾਲਾ ਇੰਝ ਅਲਾਵੇ। ਸਿਰ ਦੇਵੇ ਕੋਈ ਸਿੱਖ ਪਿਆਰਾ, ਮੁੜ ਮੁੜ ਇਹੋ ਸੁਣਾਈ ਜਾਂਦਾ। ਦੇਸ਼ ਦਾ ਸੰਤ ਸਿਪਾਹੀ, ਯੋਧਾ, ਇਹੋ ਰੱਟ ਲਾਈ ਜਾਂਦਾ। ਪੁੰਜ ਦਯਾ ਦਾ ਬੀਰ ਅਨੋਖਾ, ਆ ਕੇ ਅਰਜ਼ ਗੁਜ਼ਾਰਨ ਲੱਗਾ। ਉਛਲ ਰਿਹਾ ਸੀ ਸਾਗਰ ਭਾਵੇਂ, ਫਿਰ ਵੀ ਤਾਰੀ ਮਾਰਨ ਲੱਗਾ। ਹੇ ਘਟ ਘਟ ਦੇ ਜਾਨਣਹਾਰੇ, ਤੁਛ ਜਿਹਾ ਸਿਰ ਭੇਟ ਚੜ੍ਹਾਵਾਂ। ਭਾਵੇਂ ਧਰੇਂ ਅੰਗਾਰਾਂ ਉੱਤੇ, ਫਿਰ ਵੀ ਪਿਆਰ ਤੇਰਾ ਮੈਂ ਚਾਹਵਾਂ। ਇੱਧਰ ਧੀਰਜ ਸ਼ਾਂਤ ਖੜਾ ਸੀ, ਉੱਧਰ ਗੁੱਸਾ ਡੁਲ੍ਹ ਰਿਹਾ ਸੀ। ਇੱਧਰ ਮੌਤ ਤੇ ਉੱਧਰ ਜੀਵਨ, ਪਿਆਰ ਅਨੌਖਾ ਤੁਲ ਰਿਹਾ ਸੀ। ਬਾਹੋਂ ਪਕੜ ਕੇ ਉਸ ਸਿਦਕੀ ਨੂੰ, ਸਤਿਗੁਰ ਲੈ ਗਏ ਤੰਬੂ ਅੰਦਰ। ਬੁੱਝ ਗਏ ਆਸਾਂ ਦੇ ਦੀਵੇ, ਟੁੱਟ ਗਏ ਪਿਆਰਾਂ ਦੇ ਮੰਦਰ। ਪਲ ਭਰ ਮਗਰੋਂ ਚੋਜੀ ਪ੍ਰੀਤਮ, ਫਿਰ ਸਿਰ ਮੰਗਦੇ ਬਾਹਰ ਆਏ। ਲਹੂ ਲਿਬੜੀ ਤਲਵਾਰ ਵੇਖ ਕੇ, ਖਲਕਤ ਥਰ ਥਰ ਕੰਬਦੀ ਜਾਏ। ਪਰ ਇੱਕ ਧਰਮ ਬਚਾਵਣ ਵਾਲਾ, ਸਿਦਕੀ ਆਣ ਖਲੋਤਾ ਸਾਹਵੇਂ। ਸਿਰ ਵਾਲਾ ਨਜ਼ਰਾਨਾ ਦੇ ਕੇ, ਬਹਿਣ ਲੱਗਾ ਚੰਡੀ ਦੀ ਛਾਂਵੇਂ। ਜਿਉਂ ਜਿਉਂ ਸਿਦਕ ਲੰਮੇਰਾ ਹੁੰਦਾ, ਤਿਉਂ ਤਿਉਂ ਗੁੱਸਾ ਵੱਧਦਾ ਜਾਵੇ। ਜਿਉਂ ਜਿਉਂ ਸਿਦਕੀ ਸੀਸ ਚੜ੍ਹਾਵਣ, ਤਿਉਂ ਤਿਉਂ ਸਿਦਕ ਪਿਆ ਅਜ਼ਮਾਵੇ। ਸੀਸ ਦਿਓ ਭਾਰਤ ਦਿਓ ਵੀਰੋ, ਇਸ ਚੰਡੀ ਦੀ ਭੇਟ ਚੜ੍ਹਾਵਾਂ। ਹੈ ਕੋਈ ਲਾੜਾ ਬਣਨਾ ਚਾਹੁੰਦਾ, ਇਹਦੇ ਨਾਲ ਜਿਹਨੂੰ ਪ੍ਰਨਾਵਾਂ। ਬੋਲ ਸੁਣੇ ਜਦ ਟੁੰਬਣ ਵਾਲੇ, ਹਿੰਮਤ ਨੂੰ ਫਿਰ ਗ਼ੈਰਤ ਆਈ। ਸੀਸ ਦੇਣ ਲਈ ਅੱਗੇ ਵਧਿਆ, ਥਰ ਥਰ ਕੰਬਣ ਲਗੀ ਲੁਕਾਈ। ਦਯਾ, ਧਰਮ, ਹਿੰਮਤ ਤੇ ਮੌਹਕਮ, ਸਾਹਿਬ ਜਿਹੇ ਅਣਖੀ ਮਤਵਾਲੇ। ਇੱਕ ਇੱਕ ਕਰਕੇ ਵਾਰੋ ਵਾਰੀ, ਨਿਕਲੇ ਸੀਸ ਕੁਹਾਵਣ ਵਾਲੇ। ਫਿਰ ਕਲਗੀਧਰ ਸੋਢੀ ਸੂਰਾ, ਪੰਜਾਂ ਤਾਈਂ ਬਾਹਰ ਲਿਆਇਆ। ਰਹਿਤ ਬਹਿਤ ਮਰਿਯਾਦਾ ਦੱਸੀ, ਨਾਲੇ ਅੰਮ੍ਰਿਤ ਪਾਨ ਕਰਾਇਆ। ਕਹਿਣ ਲੱਗੇ ਫਿਰ ਸੰਗਤ ਤਾਈਂ, ਇਹ ਹਨ ਮੇਰੇ ਪੰਜ ਪਿਆਰੇ। ਸਿਰ ਦੀ ਭੇਟ ਚੜ੍ਹਾਵਣ ਵਾਲੇ, ਇਹ ਮੇਰੀਆਂ ਅੱਖੀਆਂ ਦੇ ਤਾਰੇ। ਇਹ ਹਨ ਪੰਜੇ ਹੀ ਪ੍ਰਮੇਸ਼ਰ, ਮੈਂ ਇਹਨਾਂ ਪੰਜਾਂ ਦਾ ਚੇਲਾ। ਇਹਨਾਂ ਵਿੱਚ ਹੈ ਜੋਤ ਨਿਰਾਲੀ, ਹੈ ਇਹਨਾਂ ਦਾ ਰੂਪ ਨਵੇਲਾ। ਕਹਿਣ ਲੱਗੇ ਫਿਰ ਪੰਜਾਂ ਤਾਈਂ, ਮੈਨੂੰ ਆਪਣੀ ਚਰਨੀਂ ਲਾਓ। ਭਟਕ ਰਿਹਾ ਹੈ ਮਨ ਮਤਵਾਲਾ, ਪਾਹੁਲ ਪਿਆ ਕੇ ਸ਼ਾਂਤ ਬਣਾਓ। ਗੁਰ ਚੇਲੇ ਦਾ ਭਰਮ ਮਿਟਾ ਕੇ, ਨਵੀਂ ਉਦਾਹਰਣ ਕਾਇਮ ਕੀਤੀ। ਪਾਟੀ ਹੋਈ ਦੇਸ਼ ਦੀ ਕਿਸਮਤ, ਕਲਗੀਧਰ ਨੇ ਮੁੜ ਕੇ ਸੀਤੀ। ਸਭ ਦੇ ਡੌਹਲੇ ਫਰਕਣ ਲੱਗ ਪਏ, ਜਦ ਤੋਂ ਪੰਜ ਪਿਆਰੇ ਬਣ ਗਏ। ਐਸਾ ਇਨਕਲਾਬ ਲਿਆਂਦਾ, ਜੱਰੇ ਵੀ ਅੰਗਿਆਰੇ ਬਣ ਗਏ। ਧਨ ਧਨ ਹੈ "ਅਵਤਾਰ" ਪਿਆਰਾ, ਜਿਸਨੇ ਕੀਤੇ ਖੇਲ ਨਿਆਰੇ। ਜਿਸਦੇ ਸਦਕੇ ਮਾਣ ਰਹੇ ਹਾਂ, ਤਾਹੀਓਂ ਅਸੀਂ ਆਜ਼ਾਦੀ ਸਾਰੇ।

ਜ਼ਿੰਦਾ ਕੌਮਾਂ ਬਸੰਤ ਮਨਾਂਦੀਆਂ ਨੇ -ਗੀਤ

ਜ਼ਿੰਦਾ ਕੌਮਾਂ ਬਸੰਤ ਮਨਾਂਦੀਆਂ ਨੇ ਜ਼ਿੰਦਾ ਕੌਮਾਂ ਨੇ ਹਾਨਣਾਂ ਮੌਤ ਦੀਆਂ, ਮੌਤ ਵਿਚੋਂ ਹੀ ਜ਼ਿੰਦਗੀ ਪਾਂਦੀਆਂ ਨੇ। ਇਹੋ ਕਲੀਆਂ ਜੋ ਖ਼ਿਜ਼ਾਂ ਵਿਚ ਖਿੜਦੀਆਂ ਨੇ, ਜਿਉਂ ਜਿਉਂ ਸੜਨ ਤਾਂ ਮਹਿਕ ਖਿੰਡਾਂਦੀਆਂ ਨੇ। ਝੂਟਣ ਪੀਘਾਂ ਇਹ ਦਾਰ ਦੇ ਰੱਸਿਆਂ ਤੇ, ਚਰਖੜੀ ਚੜ੍ਹਦਿਆਂ ਬੰਦ ਬੰਦ ਕਟਾਂਦੀਆਂ ਨੇ। ਆਰੇ ਨਾਲ ਦੋ ਫਾੜ ਕਰਵਾਣ ਪਿੰਡਾ, ਦੇਗਾਂ ਵਿਚ ਉਬਾਲੀਆਂ ਜਾਂਦੀਆਂ ਨੇ। ਰਖਿਆ ਕਰਨ ਲਈ ਧਰਮ ਦੇ ਮੰਦਰਾਂ ਦੀ, ਸਦਾ ਜ਼ੁਲਮ ਦੇ ਨਾਲ ਟਕਰਾਂਦੀਆਂ ਨੇ। ਮਾਂਗ ਭਰਨ ਇਤਿਹਾਸ ਦੇ ਪੰਨਿਆਂ ਦੀ, ਜ਼ਿੰਦਾ ਕੌਮਾਂ ਬਸੰਤ ਮਨਾਂਦੀਆਂ ਨੇ। ਜਦੋਂ ਘੋਰ ਖ਼ਿਜ਼ਾਵਾਂ 'ਚੋਂ ਰਾਤ ਕਾਲੀ, ਖਾ ਗਈ ਕਾਲਜਾ ਸੋਨ ਸਵੇਰਿਆਂ ਦਾ। ਪੂਰਨਮਾਸ਼ੀ ਦੇ ਚੰਨ ਨੂੰ ਦਾਗ਼ ਲੱਗਾ, ਜਦੋਂ ਮੱਸਿਆ ਦੇ ਕਾਲੇ ਹਨੇਰਿਆਂ ਦਾ। ਕਲਸ਼ ਮੰਦਰ ਦਾ ਗ਼ੈਰਾਂ ਨੇ ਜਦੋਂ ਢਾਹਿਆ, ਢੱਠਾ ਹੌਸਲਾ ਅਣਖ ਦੇ ਜੇਰਿਆਂ ਦਾ। ਭਾਰਤਵਰਸ਼ ਦੇ ਰੂਪ ਦਾ ਖਰਾ ਸੋਨਾ, ਲੁੱਟ ਕੇ ਲੈ ਗਿਆ ਪੂਰ ਲੁਟੇਰਿਆਂ ਦਾ। ਕੌਮਾਂ ਜਿਹੜੀਆਂ ਤੇਗਾਂ ਦੀ ਛਾਂਅ ਕਰਕੇ, ਗਊਆਂ ਕੰਜਕਾਂ ਮੋੜ ਲਿਆਂਦੀਆਂ ਨੇ। ਯਾਦ ਉਨ੍ਹਾਂ ਦੀ ਆਏ ਬਸੰਤ ਬਣਕੇ, ਜ਼ਿੰਦਾ ਕੌਮਾਂ ਬਸੰਤ……………। ਇਹਦੇ ਮੱਥੇ ਦੀ ਬਿੰਦੀ ਤੇ ਬਣੇ ਸੂਰਜ, ਬਣਿਆ ਚੰਦਰਮਾ ਇਹਦੇ ਨਜ਼ਾਰਿਆਂ ਥੀਂ। ਮੁੜ੍ਹਕਾ ਪੂੰਝ ਦੇ ਸੁੱਟਿਆ ਜਦੋਂ ਇਹਨੇ, ਚਮਕ ਪਿਆ ਆਕਾਸ਼ ਸਿਤਾਰਿਆਂ ਥੀਂ। ਇਹਦੀ ਹਿੱਕੜੀ ਵੇਖ ਪਹਾੜ ਬਣ ਗਏ, ਸਾਗਰ ਉਛਲ ਪਏ ਇਹਦੇ ਹੁਲਾਰਿਆਂ ਤੇ। ਆਸ਼ਕ ਇਸ਼ਕ ਜਹਾਨ ਵਿਚ ਦੋਵੇਂ ਬਣ ਗਏ, ਇਹਦੀ ਨਜ਼ਰ ਤੇ ਨਜ਼ਰ ਦੇ ਮਾਰਿਆਂ ਤੇ। ਇਹ ਬਸੰਤ ਹੈ ਨਾਂ ਨਵੀਂ ਜ਼ਿੰਦਗੀ ਦਾ, ਜਿਹਦੇ ਗੀਤ ਜਵਾਨੀਆਂ ਗਾਂਦੀਆਂ ਨੇ। ਚੋਲੇ ਕੇਸਰੀ ਪਹਿਨ ਕੇ ਗਾਣ ਢੋਲੇ, ਜ਼ਿੰਦਾ ਕੌਮਾਂ ਬਸੰਤ………………। ਅਣਖ਼ੀ ਯੋਧਿਆਂ ਵਤਨ ਦੇ ਆਸ਼ਕਾਂ ਦੀ, ਇਹ ਬਸੰਤ ਹੈ ਰੁੱਤ ਮਤਵਾਲਿਆਂ ਦੀ। ਇਹਦੇ ਖਿੜੇ ਹੋਏ ਫੁੱਲਾਂ 'ਚੋਂ ਮਹਿਕ ਆਵੇ, ਪੰਚਮ ਪਾਤਸ਼ਾਹ ਦੇ ਰਿਸਦੇ ਛਾਲਿਆਂ ਦੀ। ਦਾਗ਼ੀ ਸਭਿਅਤਾ ਦਾ ਮੁਖੜਾ ਜਿਨ੍ਹਾਂ ਧੋਤਾ, ਦਾਸਤਾਨ ਹੈ ਉਨ੍ਹਾਂ ਦਿਆਲਿਆਂ ਦੀ। ਸਾਮਰਾਜ ਦੇ ਜ਼ੁਲਮ ਨੂੰ ਚੋਟ ਲਾਈ, ਇਹ ਤਲਵਾਰ ਮਹਾਨ ਰਖਵਾਲਿਆਂ ਦੀ। ਸੀਸ ਵਾਰ ਕੇ ਧਰਮ ਦੀ ਜੋਤ ਬਾਲਣ, ਉਹੀ ਸ਼ਕਤੀਆਂ ਪਰਖੀਆਂ ਜਾਂਦੀਆਂ ਨੇ। ਧਰਤੀ ਉਨ੍ਹਾਂ ਦੀ ਆਰਤੀ ਕਰੇ ਨਿਸ-ਦਿਨ, ਜ਼ਿੰਦਾ ਕੌਮਾਂ ਬਸੰਤ ………………। ਕਿਸੇ ਸੀਸ ਦੀ ਘੁੰਡ ਚੁਕਾਈ ਦੇ ਕੇ, ਕਿਹਾ ਵਸਲ ਦੀ ਰਾਤ ਮਨਾਉਣੀ ਏ। ਕਿਸੇ ਕਿਹਾ ਸਰੀਰ ਦਾ ਪਾੜ ਚੋਲਾ, ਨੰਗੇ ਦੇਸ਼ ਉੱਤੇ ਚਾਦਰ ਪਾਉਣੀ ਏ। ਕਿਸੇ ਦੀਵੇ ਚਮੁਖੀਏ ਨੂੰ ਅੱਗ ਲਾ ਕੇ, ਕਿਹਾ ਅਣਖ ਦੀ ਜੋਤ ਜਗਾਉਣੀ ਏ। ਕਿਸੇ ਕਿਹਾ ਪਰਿਵਾਰ ਦਾ ਖੂਨ ਲੈ ਕੇ, ਮਹਿੰਦੀ ਹੀਰ ਆਜ਼ਾਦੀ ਨੂੰ ਲਾਉਣੀ ਏ। ਜ਼ਿੰਦਾ ਕੌਮ ਸ਼ਹੀਦਾਂ ਦੀ ਕੰਮ ਆਈ, ਜਦ ਵੀ ਜ਼ੁਲਮ ਹਨੇਰੀਆਂ ਛਾਂਦੀਆਂ ਨੇ। ਢਾਕੇ, ਛੰਭ, ਰਣਕੱਛ ਨੂੰ ਯਾਦ ਰਹਿਣਾ, ਜ਼ਿੰਦਾ ਕੌਮਾਂ ਬਸੰਤ ……………… । ਜ਼ਿੰਦਾ ਕੌਮ ਸ਼ਹੀਦਾਂ ਦੀ ਖਾਲਸਾ ਜੀ, ਅਣਖਾਂ ਭਰੀ ਬਸੰਤ ਮਨਾਓ ਰਲ ਕੇ। ਸਿੱਖੀ ਬਾਗ ਦੇ ਮਹਿਕਦੇ ਬੂਟਿਆਂ ਨੂੰ, ਰਹਿਤ ਬਹਿਤ ਦੇ ਨਾਲ ਸਜਾਓ ਰਲ ਕੇ। ਸਮਝੋ ਫਲਸਫਾ ਗੁਰੂ ਗ੍ਰੰਥ ਜੀ ਦਾ, ਨਵੀਂ ਰੌਸ਼ਨੀ ਇਹਦੇ 'ਚੋਂ ਪਾਓ ਰਲ ਕੇ। ਹਮਲੇ ਪੰਥ ਤੇ ਹੋਣ ਪਖੰਡੀਆਂ ਦੇ, ਬਿਰਧ ਬਾਣੇ ਦੀ ਲਾਜ ਬਚਾਓ ਰਲ ਕੇ। ਇਹਦੀ ਸ਼ਾਨ ਬਦਲੇ ਮਾਵਾਂ ਬੱਚਿਆਂ ਦੇ, ਟੋਟੇ ਝੋਲੀ ਵਿੱਚ ਰਹੀਆਂ ਪਵਾਂਦੀਆਂ ਨੇ। ਟੋਟੇ ਪੰਥ ਦੇ ਜੋੜ ਇਤਫਾਕ ਅੰਦਰ, ਜ਼ਿੰਦਾ ਕੌਮਾਂ ਬਸੰਤ ਮਨਾਂਦੀਆਂ ਨੇ।

ਅਤਿਆਚਾਰ

ਜਦ ਥਾਂ ਥਾਂ ਉੱਤੇ ਪਾਪੀਆਂ ਨੇ, ਜੋਰ ਆਪਣਾ ਦੱਸਿਆ। ਦੇਵੀ ਦੇ ਮੋਢੇ ਦੈਂਤ ਚੜ੍ਹਕੇ, ਖਿੜ ਖਿੜ ਉੱਚਾ ਹੱਸਿਆ। ਚੋਹਾਂ ਪਾਸਿਆਂ ਤੋਂ ਛਾਅ ਗਈ, ਕਾਲੀ ਸਿਆ ਤਦ ਮੱਸਿਆ। ਨੇਕੀ ਤੇ ਸੱਚ ਦਾ ਦੇਵਤਾ, ਖੰਭ ਲਾ ਉਤਾਂਹ ਨੂੰ ਨੱਸਿਆ। ਜਾ ਕੇ ਪ੍ਰਭੂ ਦਾਤਾਰ ਨੂੰ, ਵਿਖਿਆ ਸੁਣਾਈ ਓਸ ਨੇ। ਦੁਨੀਆ ਦੇ ਅਤਿਆਚਾਰ ਦੀ, ਫੋਟੋ ਵਖਾਈ ਓਸ ਨੇ। ਉਹ ਆਖੇ ਪ੍ਰਭ ਜੀ ਪਾਪੀਆਂ ਨੇ, ਅਤਿ ਡਾਢੀ ਚਾਈ ਜੇ। ਲੱਜਿਆ ਤੇ ਸ਼ਾਂਤੀ ਦੀ ਗਊ, ਉਨ੍ਹਾਂ ਭੋਂ ਤੇ ਪਟਕਾਈ ਜੇ। ਉਹਦੀ ਬੋਟੀ ਬੋਟੀ ਚੀਰਦੇ, ਇਸਦੀ ਉਨ੍ਹਾਂ ਭੋਜੜੀ ਖਾਈ ਜੇ। ਰਈਅਤ ਤਾਂ ਅੰਨ੍ਹੀ ਹੋ ਗਈ, ਰਾਜੇ ਬਣੇ ਕਸਾਈ ਜੇ। ਮੇਰੇ ਪ੍ਰਭੂ ਦਾਤਾਰ ਜਦ, ਹਾਲਾਤ ਸੁਣੀ ਸੰਸਾਰ ਦੀ। ਉਸ ਘੋਰ ਅਤਿਆਚਾਰ ਦੀ, ਦੁਖੀਆਂ ਦੇ ਹਾਹਾਕਾਰ ਦੀ। ਕਿਰਪਾ ਕਰੀ ਕਿਰਪਾਲ ਪ੍ਰਭ, ਨਾਨਕ ਨੂੰ ਜਗ ਵਿਚ ਘੱਲਿਆ। ਜਿਸ ਪਾਪੀਆਂ ਨੂੰ ਹੋੜ ਕੇ, ਜ਼ੁਲਮਾਂ ਦਾ ਝੱਖੜ ਠੱਲ੍ਹਿਆ। ਸੱਜਣ ਦਾ ਮਾਣ ਤੋੜਿਆ, ਵਲੀਆਂ ਜਿਹਾਂ ਨੂੰ ਵੱਲਿਆ। ਕਰਕੇ ਦਰਸ ਉਸ ਨੂਰ ਦੇ, ਕਾਬੇ ਦਾ ਨੂਰ ਸੀ ਹੱਲਿਆ। ਦੁਖੀਆਂ ਦਾ ਮਦਦਗਾਰ ਅੱਜ, ਕਾਲੂ ਦੇ ਘਰ ਵਿੱਚ ਆਇਆ। "ਅਵਤਾਰ" ਚੜ੍ਹੇ ਤੂਫ਼ਾਨ ਚੋਂ, ਬੇੜੇ ਨੂੰ ਬੰਨੇ ਲਾਇਆ।

ਨਾਮ ਦਾ ਚੱਪੂ -ਗੀਤ

ਨਾਮ ਦਾ ਚੱਪੂ ਲਾ ਕੇ ਦੁਨੀਆ ਤਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਚੰਦ ਮੁਬਾਰਕ ਚੜ੍ਹਿਆ ਵਿੱਚ ਤਲਵੰਡੀ ਦੇ। ਜਿਥੋਂ ਰਸਤੇ ਤੁਰ ਪਏ ਹਰ ਪਗਡੰਡੀ ਦੇ ॥ ਧੰਨ ਉਹ ਮਾਤਾ ਜਿਸ ਦੇ ਘਰ ਅਵਤਾਰ ਲਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਭੋਲਾ ਬਾਬਲ ਰੱਬ ਨੂੰ ਪੜ੍ਹਨ ਬਿਠਾ ਆਇਆ। ਨਿੱਕੜਾ ਨਾਨਕ ਅਲਫ਼ ਦੀ ਗੱਲ ਸਮਝਾ ਆਇਆ ॥ ਇਕ ਅੱਲ੍ਹਾ ਦਾ ਨੂਰ ਸੀ ਨੂਰ ਖਿਲਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਦਰਦ ਭਰੇ ਦਿਲ ਦਾ ਹਰ ਕੋਨਾ ਮੰਦਰ ਹੈ। ਸੂਰਜ ਦਾ ਜਲਵਾ ਹਰ ਜ਼ੱਰੇ ਅੰਦਰ ਹੈ॥ ਨਾਲ ਨਜ਼ਰ ਦੇ ਤਪਦੀ ਦੁਨੀਆਂ ਠਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਕੀ ਕਰਨੈ ਦੋਲਤ ਦੇ ਭਰੇ ਭੰਡਾਰਾਂ ਨੂੰ। ਜੋ ਨਾ ਢਾਰਸ ਦੇ ਸਕਣ ਲਾਚਾਰਾਂ ਨੂੰ॥ ਦਿਲ ਜਿਸਦਾ ਦਰਦਾਂ ਵਿੱਚ ਟੁਭੀਆਂ ਮਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਮਰਦਾਨਾ ਜਦ ਮਸਤ ਰਬਾਬ ਵਜਾਉਂਦਾ ਸੀ। ਨਾਮ ਖੁਮਾਰੀ ਦਾ ਮਸਤਾਨਾ ਗਾਉਂਦਾ ਸੀ ॥ ਬਲਿਹਾਰੀ ਦੀ ਕੁਦਰਤ ਤੋਂ ਬਲਿਹਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਰੱਬ ਦੀ ਰਹਿਮਤ ਕਬਜ਼ੇ ਵਿਚ ਨਹੀਂ ਚਾਹੀਦੀ। ਗੂੰਜ ਰਹੀ ਆਵਾਜ਼ ਸਿਦਕ ਦੇ ਰਾਹੀ ਦੀ ॥ ਤੇਰਾ ਤੇਰਾ ਤੋਲ ਕੇ ਭਰ ਭੰਡਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥ ਨਾਮ ਦਾ ਚੱਪੂ ਲਾ ਕੇ ਦੁਨੀਆ ਤਾਰ ਗਿਆ। ਜਿਸ ਦੀ ਮਸਤ ਨਜ਼ਰ ਨੇ ਸਤਿ ਕਰਤਾਰ ਕਿਹਾ ॥ ਸਤਿ ਕਰਤਾਰ ਕਿਹਾ ॥

ਦਸ਼ਮੇਸ਼ ਦੀ ਵੰਗਾਰ -ਗੀਤ

ਅੱਖਾਂ ਲਾਲ ਵਿਖਾ ਕੇ ਸਤਿਗੁਰ, ਮੁਖੋਂ ਇਹ ਫਰਮਾਉਂਦੇ। ਮੈਨੂੰ ਸਮਝ ਨਾ ਆਵੇ ਸਿੰਘੋ, ਕੀ ਪਏ ਰੌਲਾ ਪਾਉਂਦੇ। ਪੁੱਤਰ ਹਾਂ ਮੈਂ ਤੇਗ ਪਿਤਾ ਦਾ, ਤੇਗਾਂ ਉੱਤੇ ਪਲਿਆ ਹਾਂ। ਸਤਿਗੁਰ ਅਰਜੁਨ ਵਾਂਗ ਸ਼ਹੀਦੀ, ਸਾਂਚੇ ਅੰਦਰ ਢਲਿਆ ਹਾਂ। ਸੁਣ ਕੇ ਬਚਨ ਤੁਹਾਡੇ ਸਿੰਘੋ, ਅੱਜ ਤਨ ਮਨ ਤੋਂ ਜਲਿਆ ਹਾਂ। ਹੱਥ ਵਿਚ ਨੰਗੀ ਚੰਡੀ ਫੜਕੇ, ਰਣ ਭੂਮੀ ਵਿਚ ਚਲਿਆ ਹਾਂ। ਕੁਰਬਾਨੀ ਦੇ ਚਿੱਟੇ ਝੰਡੇ, ਤੇ ਕਿਉਂ ਕਾਲਖ਼ ਲਾਉਂਦੇ। ਮੈਨੂੰ ਸਮਝ ਨਾ ਆਵੇ ਸਿੰਘੋ, ਕੀ ਪਏ ਰੌਲਾ ਪਾਉਂਦੇ। ਮੇਰੇ ਹੁੰਦਿਆਂ ਏਸ ਗੜ੍ਹੀ ਦਾ, ਵਾਲ ਨਾ ਵਿੰਗਾ ਹੋਵੇਗਾ। ਤਲਵਾਰਾਂ ਸੰਗ ਝਾੜ ਦਿਆਂਗੇ, ਜਿਹੜਾ ਜ਼ਰਾ ਖਲੋਵੇਗਾ। ਸਭ ਤੋਂ ਪਹਿਲਾਂ ਸੀਨਾ ਮੇਰਾ, ਤੀਰਾਂ ਨਾਲ ਪਰੋਵੇਗਾ। ਉਸ ਤੋਂ ਮਗਰੋਂ ਖੂਨ ਤੁਹਾਡੇ, ਦਾ ਇਕ ਕੱਤਰਾ ਚੋਵੇਗਾ। ਗਿੱਦੜਾਂ ਦੀ ਢਾਣੀ ਨੂੰ ਤੱਕ ਕੇ, ਕਾਹਨੂੰ ਪਏ ਘਬਰਾਉਂਦੇ। ਮੈਨੂੰ ਸਮਝ ਨਾ ਆਵੇ ਸਿੰਘੋ, ਕੀ ਪਏ ਰੌਲਾ ਪਾਉਂਦੇ। ਇਹ ਜੋ ਦਿਸਦੀ ਫੌਜ ਜ਼ੁਲਮ ਦੀ, ਟੋਟੇ ਕਰਕੇ ਦਸਾਂਗਾ। ਭਾਵੇਂ ਹੋ ਜਾਂ ਟੋਟੇ-ਟੋਟੇ, ਫਿਰ ਵੀ ਖਿੜ ਖਿੜ ਹੱਸਾਂਗਾ। ਸਭ ਦੇ ਦਿਲ ਦੀ ਪੀੜ ਹਟਾ ਕੇ, ਸਭ ਦੇ ਦਿਲ ਵਿਚ ਵਸਾਂਗਾ। ਐਪਰ ਪਿੱਠ ਵਿਖਾ ਕੇ ਜੀਣਾ, ਇਸ ਜੀਵਨ ਤੋਂ ਨਸਾਂਗਾ। ਸੂਰਜ ਦੇ ਸਾਂਹਵੇ ਦੀਵਾ, "ਅਵਤਾਰ" ਕਿਉਂ ਦਿਖਲਾਉਂਦੇ। ਮੈਨੂੰ ਸਮਝ ਨਾ ਆਵੇ ਸਿੰਘੋ, ਕੀ ਪਏ ਰੌਲਾ ਪਾਉਂਦੇ।

ਭਾਈ ਘਨੱਈਆ ਜੀ

ਸਤਿਗੁਰੂ ਦਾ ਇੱਕ ਸਿੱਖ ਪਿਆਰਾ। ਨਾਮ ਘਨੱਈਆ ਜਿਸਦਾ ਨਿਆਰਾ॥ ਦਿਲ ਜਿਸਦਾ ਦਰਿਆ ਸੀ ਭਾਰਾ। ਲਭਦਾ ਨਹੀਂ ਸੀ ਜਿਹਦਾ ਕਿਨਾਰਾ॥ ਸੇਵਾ ਭਾਵ ਉਛਾਲੇ ਖਾਂਦਾ। ਦੁਖੀਆਂ ਦਾ ਸੀ ਦਰਦ ਵੰਡਾਂਦਾ॥ ਐਪਰ ਸੀ ਉਹ ਸਮਾਂ ਨਿਰਾਲਾ। ਹੈ ਨਹੀਂ ਸੀ ਕੋਈ ਦਰਦਾਂ ਵਾਲਾ॥ ਛਿੜੀ ਹੋਈ ਸੀ ਜੰਗ ਭੰਗਾਣੀ। ਲਭਦਾ ਨਹੀਂ ਸੀ ਕੋਈ ਵੀ ਜਾਣੀ॥ ਪਰ ਓਹ ਸੇਵਾਦਾਰ ਸਿਪਾਹੀ। ਰਣਭੂਮੀ ਦਾ ਅਸਲੀ ਮਾਹੀ॥ ਕਿਸੇ ਖੁਮਾਰੀ ਦਾ ਮਸਤਾਨਾ। ਦੇਸ਼ ਪਿਆਰ 'ਚ ਹੋਇਆ ਦਿਵਾਨਾ॥ ਅਣੀਆਂ ਉੱਤੇ ਕਦਮ ਟਿਕਾ ਕੇ। ਬਾਣੀ ਨੂੰ ਮਨ ਵਿਚ ਵਸਾ ਕੇ॥ "ਹਮਰੀ ਕਰੋ ਹਾਥ ਦੇ ਰੱਛਾ। ਪੂਰਨ ਹੋਏ ਚਿਤੁ ਕੀ ਇੱਛਾ॥ ਤਵ ਚਰਨਨ ਮਨ ਰਹੈ ਹਮਾਰਾ। ਆਪਨਾ ਜਾਨ ਕਰੋ ਪ੍ਰਤਿਪਾਰਾ॥ ਹਮਰੇ ਦੁਸਟ ਸਭੈ ਤੁਮ ਘਾਵਹੁ। ਆਪੁ ਹਾਥ ਦੇ ਮੋਹਿ ਬਚਾਵਹੁ॥" ਆਪਣੀ ਜਾਨ ਤਲੀ ਤੇ ਧਰ ਕੇ। ਨਾਲੇ ਕਸ਼ਟ ਅਨੇਕਾਂ ਜ਼ਰ ਕੇ॥ ਰਣਭੂਮੀ ਵਲ ਤੁਰਿਆ ਜਾਂਦਾ। ਜੋ ਵੀ ਫੱਟੜ ਨਜ਼ਰੀ ਆਂਦਾ॥ ਉਸਦੇ ਮੂੰਹ ਵਿਚ ਪਾਂਦਾ ਪਾਣੀ। ਕਰ ਦੇਂਦਾ ਸੁਰਜੀਤ ਪਰਾਣੀ॥ ਉਸਦੇ ਹੱਥਾਂ ਵਿਚ ਸੀ ਸ਼ਕਤੀ। ਦਿਲ ਵਿਚ ਸੀ ਦੁਖੀਆਂ ਦੀ ਭਗਤੀ॥ ਜਿਉਂ ਪਾਰਸ ਲੋਹੇ ਨੂੰ ਛੋਹੇ। ਲੋਹਾ ਵੀ ਫਿਰ ਸੋਨਾ ਹੋਵੇ॥ ਜਿਵੇਂ ਮੁਹਾਣਾ ਬੇੜੇ ਤਾਰੇ। ਜਿਉਂ ਮਾਂ ਬਚਿਆਂ ਤਾਈਂ ਸਵਾਰੇ॥ ਜਿਓਂ ਸ਼ਬਨਮ ਧੋ ਦਏ ਚੰਬੇਲੀ। ਠੰਡਾ ਪਾਣੀ ਜਿਓਂ ਕਿਰਨ ਨਵੇਲੀ॥ ਈਕਰ ਉਹ ਫੱਟੜਾਂ ਦਾ ਪਿਆਰਾ। ਸਭ ਨੂੰ ਦੇਂਦਾ ਜਾਏ ਸਹਾਰਾ॥ ਜਿੱਧਰ ਨਜ਼ਰ ਘੁਮਾਈ ਜਾਂਦਾ। ਠੰਡ ਦਿਲਾਂ ਵਿਚ ਪਾਈ ਜਾਂਦਾ॥ ਛੂਹੰਦਾ ਸੀ ਜਦ ਫੱਟੜਾਂ ਤਾਂਈਂ। ਉਠ ਪੈਂਦੇ ਸਨ ਚਾਂਈਂ ਚਾਂਈਂ॥ ਦਬ ਜਾਂਦੇ ਸਨ ਦਰਦ ਅੱਵਲੇ। ਉਸ ਸਿਦਕੀ ਸੀ ਮਿਹਨਤ ਥੱਲੇ॥ ਪਾਣੀ ਪੀ ਕੇ ਫਿਰ ਅਧਮੋਏ। ਹੋ ਜਾਂਦੇ ਸਨ ਨਵੇਂ ਨਰੋਏ॥ ਸਿੰਘਾਂ ਆਣ ਸ਼ਿਕਾਇਤ ਕੀਤੀ। ਰਣਭੂਮੀ ਵਿਚ ਜੋ ਕੁਝ ਬੀਤੀ॥ ਦਾਤਾ ਸਿੱਖ ਘਨੱਈਆ ਤੇਰਾ। ਸਾਨੂੰ ਦਂੇਦੈ ਦੁਖ ਵਧੇਰਾ॥ ਵੈਰੀ ਨਾਲੋਂ ਵਧ ਸਤਾਏ। ਸਾਡੀ ਪੇਸ਼ ਕੋਈ ਨਾ ਜਾਏ॥ ਇਹਦੇ ਹੁੰਦਿਆਂ ਅਸੀਂ ਨਹੀਂ ਲਣਨਾ। ਰਣਭੂਮੀ ਵਿਚ ਅਸੀਂ ਨਹੀਂ ਖੜ੍ਹਨਾ॥ ਤੁਰਦੇ ਹਾਂ ਤਲਵਾਰਾਂ ਉੱਤੇ। ਸੌਂਦੇ ਹਾਂ ਅੰਗਿਆਰਾਂ ਉੱਤੇ॥ ਰਣਭੂਮੀ ਵਿਚ ਤੇਗਾਂ ਵਾਹੀਏ। ਦੁਸ਼ਮਣ ਦੇ ਕਈ ਵਾਰ ਬਚਾਈਏ॥ ਧਰਤੀ ਤੇ ਜਦ ਢਹਿ ਪੈਂਦੇ ਨੇ। ਜਦੋਂ ਆਖਰੀ ਸਾਹ ਲੈਂਦੇ ਨੇ॥ ਇਹ ਤੇਰਾ ਘਨੱਈਆ ਪਿਆਰਾ। ਉਹਨਾਂ ਨੂੰ ਜਾ ਦਏ ਸਹਾਰਾ॥ ਪਾਣੀ ਦੇ ਕੇ ਫੇਰ ਉਠਾਵੇ। ਇਹ ਨਾ ਸਾਥੋਂ ਜ਼ਰਿਆ ਜਾਵੇ॥ ਕੀ ਦਸੀਏ ਇਸਦਾ ਅਫਸਾਨਾ। ਵੈਰੀ ਨਾਲ ਹੈ ਇਹਦਾ ਯਰਾਨਾ॥ ਸ਼ਕਲ ਹੈ ਇਸਦੀ ਭੋਲੀ ਭਾਲੀ। ਪਰ ਇਸਦੀ ਕਰਤੂਤ ਹੈ ਕਾਲੀ॥ ਮੂੰਹੋਂ ਭਾਵੇਂ ਮਿੱਠਾ ਬੋਲੇ। ਪਰ ਅੰਦਰੋਂ ਇਹ ਜ਼ਹਿਰ ਹੀ ਘੋਲੇ॥ ਬੁੱਕਲ ਵਿਚ ਇਹ ਨਾਗ ਹੈ ਕਾਲਾ। ਹੁਣੇ ਕਰੋ ਇਹਦਾ ਉਪਰਾਲਾ॥ ਸੱਪਾਂ ਨੂੰ ਜੇ ਦੁੱਧ ਪਿਆਈਏ। ਆਪਣੀ ਮੌਤ ਨੂੰ ਆਪ ਬੁਲਾਈਏ॥ ਰਾਹ ਸਾਡੀ ਵਿਚ ਰੜਕੇ ਰੋੜਾ। ਦਿਲ ਸਾਡੇ ਤੇ ਰਿਸਦਾ ਫੋੜਾ॥ ਰੋਕ ਲਵੋ ਜੇ ਇਹਦੀਆਂ ਚਾਲਾਂ। ਭੰਨ ਦਈਏ ਵੈਰੀ ਦੀਆਂ ਢਾਲਾਂ॥ ਕਲਗੀਧਰ ਘਟ ਘਟ ਦੇ ਜਾਣੀ। ਜਦ ਸਿੰਘਾਂ ਦੀ ਸੁਣੀ ਕਹਾਣੀ॥ ਭਾਈ ਘਨੱਈਏ ਨੂੰ ਸਦਵਾਇਆ। ਸਿੰਘਾਂ ਦਾ ਇਹ ਗਿਲਾ ਸੁਣਾਇਆ॥ ਨਾਲੇ ਪੁੱਛੀ ਉਹਦੀ ਕਹਾਣੀ। ਤੂੰ ਦੇਨਾਂ ਏ ਕਿਸਨੂੰ ਪਾਣੀ॥ ਹੱਥ ਜੋੜ ਗਲ ਪੱਲਾ ਪਾ ਕੇ। ਕਿਹਾ ਘਨੱਈਏ ਸੀਸ ਝੁਕਾ ਕੇ॥ ਸੁਣ ਲਵੋ ਸਿਰਜਨਹਾਰ ਸੁਆਮੀ। ਸਗਲ ਘਟਾ ਕੇ ਅੰਤਰਜਾਮੀ॥ "ਤੁਮਹਿ ਛਾਡਿ ਕੋਈ ਅਵਰ ਨ ਧਿਯਾਊਂ। ਜੋ ਬਰ ਚਹੋਂ ਸੁ ਤੁਮ ਤੇ ਪਾਊ॥" ਮੈਂ ਹਾਂ ਸੇਵਾਦਾਰ ਨਿਮਾਣਾ। ਜਿਸਦਾ ਕੰਮ ਹੈ ਸੇਵ ਕਮਾਣਾ॥ ਰਣਭੂਮੀ ਵਿਚ ਮੇਰਾ ਡੇਰਾ। ਅੰਗ ਸਾਕ ਨਾ ਕੋਈ ਵੀ ਮੇਰਾ॥ ਨਾ ਕੋਈ ਵੈਰੀ ਨਾਹੀ ਬਿਗਾਨਾ। ਦਰਦਾਂ ਭਿੱਜਾ ਮੇਰਾ ਤਰਾਨਾ॥ ਰਣਭੂਮੀ ਵਿਚ ਜਦ ਮੈਂ ਜਾਵਾਂ। ਸਭ 'ਚੋਂ ਤੇਰਾ ਰੂਪ ਹੀ ਪਾਵਾਂ॥ ਜਿਹੜਾ ਵੀ ਫੱਟੜ ਮੂੰਹ ਖੋਲ੍ਹੇ। ਮੂੰਹੋਂ ਬੋਲ ਨਾ ਜਾਂਦੇ ਬੋਲੇ॥ ਉਸਦੇ ਮੂੰਹ ਵਿਚ ਪਾਵਾਂ ਪਾਣੀ। ਦਾਤਾ ਇਹ ਹੈ ਮੇਰੀ ਕਹਾਣੀ॥ ਜਿਧਰ ਵੇਖਾਂ ਤੇਰਾ ਨਜ਼ਾਰਾ। ਤੂੰ ਮੇਰਾ ਪ੍ਰਮੇਸ਼ਰ ਪਿਆਰਾ॥ ਤੈਨੂੰ ਛੋੜ ਕੇ ਕਿੱਧਰ ਜਾਵਾਂ। ਕਿਸ ਕੋਲੋਂ ਭੁੱਲਾਂ ਬਖਸ਼ਾਵਾਂ॥ ਕਲਗੀਧਰ ਇਉਂ ਅੱਖੀਆਂ ਭਰੀਆਂ। ਜਿਉਂ ਬਦੱਲਾਂ 'ਚੋਂ ਕਣੀਆਂ ਵਰ੍ਹੀਆਂ॥ ਗਲ ਦੇ ਨਾਲ ਘਨੱਈਆ ਲਾਇਆ। ਜਿਉਂ ਮਾਂ ਚੁੰਮਦੀ ਆਪਣਾ ਜਾਇਆ॥ ਲਹਿਰਾਂ ਚੁੰਮਣ ਜਿਵੇਂ ਕਿਨਾਰੇ। ਜਿਉਂ ਮਿਲਦੇ ਨੇ ਮੀਤ ਪਿਆਰੇ॥ ਪਿਆਰ ਨਾਲ ਫਿਰ ਕੋਲ ਬਿਠਾ ਕੇ। ਮਲ੍ਹਮ ਦੀ ਡੱਬੀ ਹੱਥ ਫੜਾਕੇ॥ ਕਹਿਣ ਲਗੇ ਘਟ ਘਟ ਦੇ ਜਾਣੀ। ਸਭ ਦੇ ਦਿਲ ਦੀ ਪੀੜ ਪਛਾਣੀ॥ ਸਭ ਨੂੰ ਨੀਰ ਪਿਆਂਦਾ ਜਾਵੀਂ। ਮਲ੍ਹਮ ਫੱਟਾਂ ਤੇ ਲਾਂਦਾ ਜਾਵੀਂ॥ ਤੂੰ ਏਂ ਪਾਰਬ੍ਰਹਮ ਗਿਆਨੀ। ਮੈਂ ਸੇਵਕ ਤੂੰ ਮੇਰਾ ਸੁਆਮੀ॥ ਤੂੰ ਮਾਲਕ ਮੈਂ ਤੇਰਾ ਬਰਦਾ। ਮਿਹਰ ਤੇਰੀ ਵਿਚ ਡੁਬਦਾ ਤਰਦਾ। ਭਾਈ ਘਨੱਈਏ ਸੰਤ ਸਿਪਾਹੀ। ਖੰਡੇਧਾਰ ਗੁਰਸਿੱਖੀ ਦੇ ਰਾਹੀ॥ ਕੁਲ ਦੁਨੀਆਂ ਹੀ ਤੇਰਾ ਘਰ ਹੈ। ਤੇਰੇ ਘਰ ਨੂੰ ਮੇਰਾ ਵਰ ਹੈ॥ ਮੁੜ ਮੁੜ ਏਸੇ ਰੂਪ ਵਿਚ ਆਵੀਂ। ਕੁਲ ਦੁਨੀਆਂ ਵਿਚ ਠੰਡ ਵਰਤਾਵੀਂ॥ ਫੜ ਚੱਪੂ ਤੂਫਾਨ ਮੁਹਾਣੇ। ਬੇੜੀ ਲਾ "ਅਵਤਾਰ" ਟਿਕਾਣੇ॥ ਸਤਿਗੁਰੂ ਦਾ ਇੱਕ ਸਿੱਖ ਪਿਆਰਾ। ਨਾਮ ਘਨੱਈਆ ਜਿਸਦਾ ਨਿਆਰਾ॥ ਦਿਲ ਜਿਸਦਾ ਦਰਿਆ ਸੀ ਭਾਰਾ। ਲਭਦਾ ਨਹੀਂ ਸੀ ਜਿਹਦਾ ਕਿਨਾਰਾ॥

ਨਿਸ਼ਾਨ ਸਾਹਿਬ ਤੇ ਖਾਲਸਾ -ਗੀਤ

ਇਹ ਨਿਸ਼ਾਨ ਖਾਲਸੇ ਦਾ ਅਮਰ ਗਾਨ ਹੈ ॥ ਇਹ ਨਿਸ਼ਾਨ ਖਾਲਸੇ ਦੀ ਜਿੰਦ ਜਾਨ ਹੈ ॥ ਜ਼ੁਲਮ ਦੀਆਂ ਛਾ ਗਈਆਂ ਜਦੋਂ ਹਨੇਰੀਆਂ। ਸੂਰਜਾਂ ਵੀ ਕਾਲਖਾਂ ਜਿਹੀਆਂ ਖਲੇਰੀਆਂ॥ ਜ਼ਿੰਦਗੀ ਦੇ ਪੈਰਾਂ 'ਚ ਜ਼ੰਜੀਰ ਪੈ ਗਈ। ਨੱਚਦੀ ਬਹਾਰ ਗਸ਼ ਖਾ ਕੇ ਢਹਿ ਪਈ॥ ਜਾਗਿਆ ਸੀ ਦੇਸ਼ ਦਾ ਮਹਾਨ ਬਾਲਕਾ। ਹੱਥਾਂ ਵਿਚ ਲੈ ਕੇ ਬੀਰਤਾ ਦੀ ਕਾਲਕਾ॥ ਹੋਣੀਆਂ 'ਚ ਖੇਡਕੇ ਹੋਇਆ ਜਵਾਨ ਹੈ। ਇਹ ਨਿਸ਼ਾਨ ਉਹ ਬਾਲ ਦਾ ਇਮਾਨ ਹੈ॥ ਇਹ ਨਿਸ਼ਾਨ ………………… ॥ ਜਦੋਂ ਉਸ ਉਜੜੇ ਗਲੇ ਲਗਾ ਲਏ। ਤਾਕਤਾਂ ਹਕੂਮਤਾਂ ਨੇ ਵੈਰ ਪਾ ਲਏ॥ ਜਰਿਆਂ ਦੀ ਹਿੱਕ 'ਚ ਭੂਚਾਲ ਆ ਗਿਆ। ਜ਼ਿੰਦਗੀ ਨੂੰ ਜੀਣ ਦਾ ਖ਼ਿਆਲ ਆ ਗਿਆ॥ ਪਾਣੀਆਂ 'ਚ ਜੋਸ਼ ਤੇ ਫੌਲਾਦ ਘੋਲ ਕੇ। ਬੀਰਤਾ ਦੇ ਬੋਲ ਮੁਖੜੇ 'ਚੋਂ ਬੋਲ ਕੇ॥ ਚਿੜੀਓ ਨੀ ਧੌਣ ਬਾਜ ਦੀ ਮਰੋੜ ਕੇ। ਪਾਪੀਆਂ ਤੇ ਜਾਬਰਾਂ ਦਾ ਮਾਣ ਤੋੜ ਕੇ॥ ਸੀਸ ਦਿਓ ਲੈ ਲਓ ਆਜ਼ਾਦੀ ਦੇਸ਼ ਦੀ। ਗੂੰਜੀ ਸੀ ਆਵਾਜ਼ ਮੇਰੇ ਦਸ਼ਮੇਸ਼ ਦੀ॥ ਵੱਟ ਖਾ ਕੇ ਜਾਗਿਆ ਹਿੰਦੋਸਤਾਨ ਹੈ। ਤੇਗ ਨੇ ਸੁਨਾਣੀ ਇਹਦੀ ਦਾਸਤਾਨ ਹੈ॥ ਇਹ ਨਿਸ਼ਾਨ ………………… ॥ ਖੂਨ ਦੇ ਕੇ ਆਜ਼ਾਦੀ ਜੋ ਲੈਣ ਆ ਗਏ। ਇਨਕਲਾਬ ਜ਼ਿੰਦਾਬਾਦ ਕਹਿਣ ਆ ਗਏ॥ ਭਾਗੋ ਮਾਂ ਦੇ ਲਾਡਲੇ ਜੁਆਨ ਸੂਰਮੇ। ਪਾ ਗਏ ਨੇ ਜੋ ਸ਼ਹਾਦਤਾਂ ਦੇ ਪੂਰਨੇ॥ ਖਿੱਚ ਖਾ ਕੇ ਆਇਆ ਵਾਲੀ ਦੋ ਜਹਾਨ ਦਾ। ਸੱਚਾ ਸੀ ਪੁਜਾਰੀ ਜੋ ਹਿੰਦੋਸਤਾਨ ਦਾ॥ ਜੰਗ ਦੇ ਮੈਦਾਨ 'ਚ ਸ਼ਹੀਦ ਟੋਲ ਕੇ। ਫੱਟ ਧੋ ਰਿਹਾ ਸੀ ਜੋ ਪਿਆਰ ਡੋਲ੍ਹ ਕੇ॥ ਪਾੜਿਓ ਗੁਲਾਮੀ ਦਾ ਗਰੂਰ ਬੱਚਿਓ। ਮੇਲਾ ਨਹੀਂ ਆਜ਼ਾਦੀ ਵਾਲਾ ਦੂਰ ਬੱਚਿਓ॥ ਜੂਝ ਜਾਣਾ ਆਨ ਲਈ ਸਿੰਘੋ ਈਮਾਨ ਹੈ। ਖਾਲਸੇ ਮੇਰੇ ਦੀ ਹਰ ਅਦਾ ਮਹਾਨ ਹੈ॥ ਇਹ ਨਿਸ਼ਾਨ ……………… ॥ ਚਾਰ ਪੁੱਤਰਾਂ ਦਾ ਲੈ ਕੇ ਖੂਨ ਰੰਗਲਾ। ਖਾਲਸੇ ਲਈ ਜੋ ਸਜਾ ਗਿਆ ਏ ਬੰਗਲਾ॥ ਵਾੜ ਤਲਵਾਰ ਦੀ ਇਹਨੂੰ ਲਗਾ ਗਿਆ। ਹਿੱਕੜੀ 'ਚ ਸ਼ੇਰ ਦਾ ਕਲੇਜਾ ਪਾ ਗਿਆ॥ ਜਦੋਂ ਕਦੀ ਹੋਣੀਆਂ ਆਵਾਜ਼ਾਂ ਮਾਰੀਆਂ। ਖਾਲਸੇ ਨੇ ਖੇਡਾਂ ਕੀਤੀਆਂ ਨਿਆਰੀਆਂ॥ ਬੰਬਾਂ ਦੇ ਧਮਾਕਿਆਂ 'ਚ ਪਏ ਭੰਗੜੇ। ਵੈਰੀ ਦੇ ਇਲਾਕਿਆਂ 'ਚ ਪਾਏ ਭੰਗੜੇ॥ ਹੱਸ ਹੱਸ ਖੋਪਰਾਂ ਲੁਹਾਈਆਂ ਖਾਲਸੇ। ਹਿੱਕ ਨਾਲ ਗੱਡੀਆਂ ਖੜਾਈਆਂ ਖਾਲਸੇ॥ ਕਲ੍ਹ ਜਦੋਂ ਬੰਗਲਾ 'ਚ ਧਾੜ ਪੈ ਗਈ। ਖੇਤ ਦੇ ਉਜਾੜਨੇ ਨੂੰ ਵਾੜ ਪੈ ਗਈ॥ ਸ਼ੇਰ ਵਾਂਗੂੰ ਫੇਰ ਖਾਲਸਾ ਸੀ ਗੱਜਿਆ। ਇਹਦੀ ਦਸਤਾਰ ਬੰਗਲਾ ਨੂੰ ਕੱਜਿਆ॥ ਤੇਗ ਦੀ ਕਹਾਣੀ ਫੇਰ ਪਾਈ ਖਾਲਸੇ। ਸੱਤੀਆਂ ਦੀ ਪੱਤ ਜਾ ਬਚਾਈ ਖਾਲਸੇ॥ ਦੇ ਰਹੀ ਆਵਾਜ਼ ਵਕਤ ਦੀ ਜ਼ੁਬਾਨ ਹੈ। ਇਹ ਆਜ਼ਾਦੀ ਖਾਲਸੇ ਦਾ ਖੂਨਦਾਨ ਹੈ॥ ਇਹ ਨਿਸ਼ਾਨ ਖਾਲਸੇ ਦਾ ਅਮਰ ਗਾਨ ਹੈ ॥ ਇਹ ਨਿਸ਼ਾਨ ਖਾਲਸੇ ਦੀ ਜ਼ਿੰਦ ਜਾਨ ਹੈ ॥

ਬੇੜੀ ਸਿਦਕ ਦੀ ਸਦਾ ਹੀ ਪਾਰ ਹੁੰਦੀ

ਮਹਿਮਾ ਕਰਾਂ ਸਿਦਕ ਦੀ ਇਸ ਮਨੋਂ, ਸਿਦਕਵਾਨ ਨੂੰ ਸਿਦਕ ਦੀ ਸਾਰ ਹੁੰਦੀ। ਵਾਰ ਕਰੇ ਤਕਦੀਰ ਵੀ ਆਣ ਜੇਕਰ, ਸਿਦਕਵਾਨ ਦੇ ਸਹਾਵੇਂ ਖ਼ਵਾਰ ਹੁੰਦੀ। ਸਿਦਕ ਰਖੇ ਜੇ ਲਹਿਣੇ ਦੇ ਵਾਂਗ ਬੰਦਾ, ਦੇਗ ਮੁਕਦਿਓਂ ਝੱਟ ਤਿਆਰ ਹੁੰਦੀ। ਰੱਬੀ ਰਹਿਮਤਾਂ ਤੁਠਦੀਆਂ ਉਸ ਉੱਤੇ, ਕੁਦਰਤ ਸਦਕੜੇ ਸੌ ਸੌ ਵਾਰ ਹੁੰਦੀ। ਧੰਨੇ ਵਾਂਗ ਜੇ ਪੱਥਰ ਨੂੰ ਰੱਬ ਮੰਨੇ, ਪ੍ਰਗਟ ਉਸ ਤੋਂ ਰੱਬੀ ਨੁਹਾਰ ਹੁੰਦੀ। ਏਸੇ ਲਈ ਸਿਆਣੇ ਅਖਾਣ ਪਾਂਦੇ, ਬੇੜੀ ਸਿਦਕ ਦੀ ਸਦਾ ਹੀ ਪਾਰ ਹੁੰਦੀ। ਜਿਹੜਾ ਸ਼ੇਰੇ ਪੰਜਾਬ ਦੇ ਵਾਂਗ ਕੁੱਦੇ, ਠਾਠਾਂ ਮਾਰਦੇ ਅਟਕ ਤੋਂ ਅਟਕਦਾ ਨਾ। ਅਟਕ ਅਟਕ ਜਾਵੇ, ਖੰਭ ਝਾੜ ਸੁੱਟੇ, ਤਿਲੀਅਰ ਬਾਜ ਦੇ ਸਾਹਮਣੇ ਫ਼ਟਕਦਾ ਨਾ। ਘੁੰਮਣ ਘੇਰੀ ਦੇ ਘੇਰ ਨੂੰ ਘੇਰ ਸੁੱਟੇ, ਸੋਚ ਸਾਗਰਾਂ ਅੰਦਰ ਉਹ ਭਟਕਦਾ ਨਾ। ਨੇਜ਼ਾ ਮਾਰਕੇ ਰੇਜ਼ਿਆਂ ਵਾਂਗ ਪਾੜੇ, ਲਹਿਰਾਂ ਕਹਿਰਾਂ ਦੇ ਜ਼ੋਰ ਵਿੱਚ ਪਟਕਦਾ ਨਾ। ਹੋਣੀ ਹਾਰ ਜਾਂਦੀ ਉਸ ਸੂਰਮੇ ਤੋਂ, ਸਵੱਲੀ ਉਸ ਦੀ ਨਿਗਹ ਵਿਚਾਰ ਹੁੰਦੀ। ਪਰਲੇ ਪਾਰ ਪੁੱਜੇ ਸਣੇ ਲਸ਼ਕਰਾਂ ਦੇ, ਬੇੜੀ ਸਿਦਕ ਦੀ ਸਦਾ ਹੀ ਪਾਰ ਹੁੰਦੀ। ਬਿਨਾਂ ਬੋਹਿਥੋਂ ਸਾਗਰੋਂ ਪਾਰ ਚਾਹੇ, ਵੱਡੀ ਗਲ ਨਹੀਂ ਪਾਰ ਵੀ ਪੁੱਜ ਜਾਂਦੇ। ਕਰਾਮਾਤ ਨਹੀਂ ਗ਼ਮਾਂ ਦੇ ਬਦੱਲਾਂ ਨੂੰ, ਰੋਕਣ ਲਈ ਉਪਾਓ ਵੀ ਸੁੱਝ ਜਾਂਦੇ। ਥੰਮ ਕੋਲਿਆਂ ਵਾਂਗਰਾਂ ਮਘਦੇ ਵੀ, ਸਿਦਕਵਾਨ ਨੂੰ ਵੇਖ ਕੇ ਬੁੱਝ ਜਾਂਦੇ। ਏਸੇ ਲਈ ਪ੍ਰਵਾਨੇ ਵੀ ਪ੍ਰੀਤ ਅੰਦਰ, ਬਲਦੀ ਸ਼ਮਾ ਤੋਂ ਜਾਣ ਕੇ ਭੁੱਝ ਜਾਂਦੇ। ਪਲੋ ਪਲੀ ਵਿਚ ਫੂਕਦੀ ਕਾਮੀਆਂ ਨੂੰ, ਬਿਜਲੀ ਵਾਂਗਰਾਂ ਸਿਦਕ ਦੀ ਕਾਰ ਹੁੰਦੀ। ਚੱਪੂ ਸਿਦਕ ਦਾ ਲਾਣ ਜੋ ਸ਼ਹੁ ਅੰਦਰ, ਬੇੜੀ ਸਿਦਕ ਦੀ ਸਦਾ ਹੀ ਪਾਰ ਹੁੰਦੀ। ਡੋਰੀ ਸੁੱਟ ਕੇ ਓਸ ਪ੍ਰਮਾਤਮਾ ਤੇ, ਜੱਟ ਆਪਣਾ ਹਲ ਚਲਾ ਦਿੰਦੈ। ਰੱਬ ਹੱਸ ਪੈਂਦੈ, ਮੀਂਹ ਵੱਸ ਪੈਂਦੈ, ਮੀਂਹ ਪਏ ਤਾਂ ਬੀ ਵੀ ਪਾ ਦਿੰਦੈ। ਧੁੱਪਾਂ ਜਰਦੈ ਤੇ ਠੰਡਕਾਂ ਨਾਲ ਠਰਦੈ, ਖੂਹਾਂ ਨਹਿਰਾਂ ਦਾ ਪਾਣੀ ਵੀ ਲਾ ਦਿੰਦੈ। ਸਿਦਕ ਨਾਲ ਫਿਰ ਮਿੱਟੀ ਦੇ ਬਣਨ ਮੋਤੀ, "ਅਵਤਾਰ" ਸਿਦਕ ਦੇ ਜੌਹਰ ਵਿਖਾ ਦਿੰਦੈ। ਟੋਏ ਟਿੱਬੇ ਕੰਗਾਲੀ ਦੇ ਦੂਰ ਹੁੰਦੇ, ਜਦੋਂ ਸਿਦਕ ਦੇ ਹਲਾਂ ਦੀ ਮਾਰ ਹੁੰਦੀ। ਬਨੀ ਨਾਓ ਦੇ ਵਾਂਗ ਤੂਫ਼ਾਨ ਵਿੱਚੋਂ, ਬੇੜੀ ਸਿਦਕ ਦੀ ਸਦਾ ਹੀ ਪਾਰ ਹੁੰਦੀ।

ਸੋਢੀ ਸੁਲਤਾਨ

ਦੁਖੀਆਂ ਅਤੇ ਮਜ਼ਲੂਮਾਂ ਦੀ ਹੂਕ ਸੁਣਕੇ, ਰਖਿਆ ਕਰਨ ਲਈ ਆਪ ਭਗਵਾਨ ਨਿਕਲੇ। ਕਪਟੀ ਕਾਮੀਆਂ ਦੇ ਆਹੂ ਲਾਹੁਣ ਖਾਤਰ, ਭਬਕਾਂ ਮਾਰਦੇ ਜਦੋਂ ਬਲਵਾਨ ਨਿਕਲੇ। ਗਿਠ ਗਿਠ ਜੀਬ੍ਹ ਕਢਣ ਉਹਦੇ ਤੀਰ ਤਿੱਖੇ, ਨਾਲੇ ਭੱਥੇ ਚੋਂ ਕਈ ਤੂਫ਼ਾਨ ਨਿਕਲੇ। ਉਦੋਂ ਨੀਲੇ ਦੀ ਝਾਲ ਨਾ ਝੱਲੀ ਜਾਂਦੀ, ਜਦੋਂ ਨੀਲੇ ਦੇ ਸੋਢੀ ਸੁਲਤਾਨ ਨਿਕਲੇ। ਬੱਚੇ, ਬੁਢੇ, ਜਵਾਨ ਹੈਰਾਨ ਰਹਿੰਦੇ, ਤੀਰ ਮਾਰਦਾ ਤੇਗ ਦਾ ਬਾਲ ਤੱਕ ਕੇ। ਨੂਰੀ ਸੂਰਜ ਦੇ ਚੰਨ ਵੀ ਮਾਤ ਹੁੰਦੇ, ਉਹਦੇ ਚਿਹਰੇ ਦਾ ਜਾਹੋ ਜਲਾਲ ਤੱਕ ਕੇ। ਬਿਜਲੀ ਕੰਬਦੀ, ਥਿਰਕਦੀ ਸਹਿਮਦੀ ਸੀ, ਹੁੰਦੀ ਤੇਗ ਉਹਦੀ ਲਾਲੋ ਲਾਲ ਤੱਕ ਕੇ। ਪਰ ਹੱਦ ਨਾ ਰਹੀ ਹੈਰਾਨਗੀ ਦੀ, ਮਾਛੀਵਾੜੇ ਦੇ ਜੰਗਲਾਂ ਦਾ ਹਾਲ ਤੱਕ ਕੇ। "ਜਾਂਦਾ ਪਿਆ ਏ ਸਿੰਘਾਂ ਦਾ ਪੀਰ ਇਥੋਂ," ਇਹ ਕਹਿ ਕੇ ਸੋਢੀ ਸੁਲਤਾਨ ਤੁਰ ਪਏ। ਛੱਡ ਕੇ ਸਾਜ, ਸਮਾਨ ਤੇ ਲਸ਼ਕਰਾਂ ਨੂੰ, ਪੁਤਲੇ ਸਬਰ ਦੇ, ਸਿਦਕ ਦੀ ਸ਼ਾਨ ਟੁਰ ਪਏ। ਗੁਰੂ ਗੁਰੂਆਂ ਦਾ, ਸਿੰਘਾਂ ਦਾ ਬਣ ਚੇਲਾ, ਜਾਣੀ ਜਾਣ ਅੱਜ ਆਪ ਭਗਵਾਨ ਟੁਰ ਪਏ। ਧਰਤੀ ਦਹਿਲ ਕੇ, ਅੰਬਰਾਂ ਨੂੰ ਕਹਿਣ ਲੱਗੀ, ਮੇਰੀ ਹਿੱਕ ਤੇ ਕਈ ਭਲਵਾਨ ਟੁਰ ਪਏ। ਵੈਰੀ ਦਲਾਂ ਨੇ ਪਿਤਾ ਦਸ਼ਮੇਸ਼ ਜੀ ਨੂੰ, ਮਾਰਨ ਲਈ ਹਜ਼ਾਰਾਂ ਹੀ ਵਾਰ ਕੀਤੇ। ਐਪਰ ਧੁਹ ਕੇ ਤੇਗ ਮਿਆਨ ਵਿਚੋਂ, ਉਹਨਾਂ ਵੈਰੀਆਂ ਦੇ ਟੋਟੇ ਹਜ਼ਾਰ ਕੀਤੇ। ਵਾਢੀ ਪਾਂਵਦਾ ਜੱਟ ਦੇ ਵਾਂਗ ਤਿੱਖੀ, ਮਾਰ ਮਾਰ ਕੇ ਰਿਪੂ ਲਾਚਾਰ ਕੀਤੇ। ਮਗਰੋਂ ਮੋਏ ਹੋਏ ਸਿੰਘਾਂ ਨੂੰ ਪਾ ਝੋਲੀ, "ਅਵਤਾਰ" ਪੂੰਝ ਕੇ ਲਾਡ ਪਿਆਰ ਕੀਤੇ। ਜੰਗਲ ਚੀਰਦੇ, ਮੁਸ਼ਕਲਾਂ ਝਾਗਦੇ ਉਹ, ਇਕ ਰੁੱਖ ਹੇਠਾਂ ਡੇਰਾ ਲਾ ਬੈਠੇ। ਪੈਰੋਂ ਨੰਗੇ ਤੇ ਕੰਢਿਆਂ ਵਾਰ ਕੀਤਾ, ਨਾਲ ਰੋੜਾਂ ਦੀ ਸੇਜ ਵਿਛਾ ਬੈਠੇ। ਨੀਲਾ ਸਾਜ ਤੇ ਬਾਜ ਨਾ ਦਿਸਦਾ ਸੀ, ਹੱਥੀਂ ਆਪਣੇ ਸਭ ਲੁਟਾ ਬੈਠੇ। ਦੇਸ਼ ਬਚਾਣ ਲਈ ਜਿਗਰ ਦੇ ਟੋਟਿਆਂ ਨੂੰ, ਲਾੜੀ ਮੌਤ ਦੇ ਨਾਲ ਪ੍ਰਨਾ ਬੈਠੇ।

ਚੱਲ ਵੇਖੀਏ ਦੁੱਖ ਉਠਾਵਂਦੇ ਨੂੰ

ਇਕ ਦਿਨ ਭਾਈ ਮਰਦਾਨਾ ਕੁਝ ਤੰਗ ਹੋ ਕੇ, ਆਖੇ ਬਾਬਾ ਜੀ ਸਾਥੋਂ ਨਹੀਂ ਰਿਹਾ ਜਾਂਦਾ। ਦੂਰ ਬਸਤੀਓਂ ਵਸੇਂ ਤੂੰ ਜੰਗਲਾਂ ਵਿੱਚ, ਤੇਰੇ ਨਾਲ ਨਹੀਂ ਅਸਾਂ ਤੋਂ ਬਹਿਆ ਜਾਂਦਾ। ਨਾ ਤੂੰ ਖਾਏਂ ਨਾ ਕਿਸੇ ਨੂੰ ਖਾਣ ਦੇਵੇਂ, ਸਾਥੋਂ ਭੁੱਖ ਦਾ ਦੁੱਖ ਨਹੀਂ ਸਹਿਆ ਜਾਂਦਾ। ਭਲਾ ਸ਼ੂਮ ਹੁੰਦੈ ਭਲੇ ਸਖੀ ਨਾਲੋਂ, ਛੁੱਟੀ ਦੇਹ ਕੁਝ ਹੋਰ ਨਹੀਂ ਕਿਹਾ ਜਾਂਦਾ। ਮੰਗਾਂ ਖਾਣ ਨੂੰ ਤਾਂ ਮੈਨੂੰ ਝਾੜ ਛੱਡੇਂ, ਜਿਵੇਂ ਸਾਡੀ ਕੋਈ ਤੈਨੂੰ ਪ੍ਰਵਾਹ ਹੀ ਨਹੀਂ। ਅਜਿਹੀ ਦੋਸਤੀ ਤੋਂ ਅਸੀਂ ਬਾਜ ਆਏ, ਜਿਹਦੇ ਦਿਲ ਨੂੰ ਦਿਲ ਦੀ ਰਾਹ ਹੀ ਨਹੀਂ। ਬੜਾ ਸਬਰ ਕੀਤੈ ਤੇਰੇ ਨਾਲ ਰਹਿ ਕੇ, ਹੁਣ ਨਹੀਂ ਲਾਰਿਆਂ ਨਾਲ ਲੰਘਾਈ ਜਾਂਦੀ। ਤਾੜੀ ਵਜਦੀ ਦੋਹਾਂ ਦੀ ਸੁਣੀ ਦੀਏ, ਇਕੱਲੇ ਹੱਥ ਨਾਲ ਨਹੀਂ ਵਜਾਈ ਜਾਂਦੀ। ਦਾਣਾ ਦਾਲ ਦਾ ਟੋਹੀ ਦਾ ਇਕ ਵਾਰੀ, ਸਾਰੀ ਦਾਲ ਨਹੀਂ ਕਦੇ ਗਵਾਈ ਜਾਂਦੀ। ਫਾਕੇ ਫਕ ਕੇ ਹੌਕਿਆਂ ਨਾਲ ਭਰ ਕੇ, ਸੁੱਕੀ ਜਿੰਦ ਨਹੀਂ ਹੋਰ ਸੁਕਾਈ ਜਾਂਦੀ। ਰਹਿੰਦੀ ਉਮਰ ਗੁਜ਼ਾਰਾਂਗੇ ਵਤਨ ਜਾ ਕੇ, ਬਾਬਾ ਅਸੀਂ ਗੋਲੇ ਤੇਰੇ ਮੁੱਲ ਦੇ ਨਹੀਂ। ਅੱਖਾਂ ਸਾਹਵੇਂ ਲਾਵਾਰਸਾਂ ਵਾਂਗ ਟੱਬਰ, ਸਾਥੋਂ ਤੇਰੇ ਪਿੱਛੇ ਹੁਣ ਤਾਂ ਰੁੱਲਦੇ ਨਹੀਂ। ਸੁਣ ਕੇ ਗੱਲ ਉਹਦੀ ਸਤਿਗੁਰੂ ਹੱਸ ਦਿੱਤਾ, ਹਾਸੇ ਨਾਲ ਉਹ ਬੜਾ ਦਿਲਗੀਰ ਹੋਇਆ। ਘੂਰੀ ਵਟ ਕੇ ਪਾ ਲਏ ਕਦਮ ਤਿੱਖੇ, ਪਲੋਪਲੀ ਅੰਦਰ ਉਥੋਂ ਤੀਰ ਹੋਇਆ। ਜਿਉਂਦੇ ਜੀਅ ਇਹਦੇ ਮੱਥੇ ਲੱਗਣਾ ਨਹੀਂ, ਇਹ ਸੋਚ ਕੇ ਫ਼ੇਰ ਗੰਭੀਰ ਹੋਇਆ। ਮੰਗ ਖਾ ਲਾਂਗੇ ਭੁੱਖੇ ਰਹਿ ਲਾਂਗੇ, ਪਿਆਰ ਉਸਦਾ ਸੀ ਲੀਰੋ ਲੀਰ ਹੋਇਆ। ਵਿਹਲੜ ਰੰਨ ਵਾਂਗੂੰ ਆਖੇ ਭਲਾ ਹੋਇਆ, ਚਰਖਾ ਟੁੱਟਿਆ ਤੇ ਜਿੰਦ ਛੁੱਟ ਗਈ ਏ। ਇਹ ਵੀ ਸ਼ੁਕਰ ਜੇ ਸੇਕ ਲਗਦਿਆਂ ਹੀ, ਕੱਚੀ ਦੋਸਤੀ ਦੀ ਗੰਢ ਟੁੱਟ ਗਈ ਏ। ਚੱਕਰ ਮਾਰਦਾ ਸੋਚ ਦੇ ਖੰਭ ਲਾ ਕੇ, ਪੁਲਾਂਘਾ ਪੁਟਦਾ ਲਾਲੋ ਲਾਲ ਹੋਇਆ। ਖੁਸ਼ੀ ਉਸਦੀ ਸੀ ਓਸ ਮੰਗਤੇ ਜਿਹੀ, ਜਿਹੜਾ ਖ਼ਾਬ ਅੰਦਰ ਮਾਲੋਮਾਲ ਹੋਇਆ। ਆਖੇ ਵਸ ਲੱਗੇ ਪੱਥਰ ਪਾੜ ਸੁੱਟਾਂ, ਡਾਢਾ ਭੁੱਖ ਦੇ ਨਾਲ ਬਿਹਾਲ ਹੋਇਆ। ਬੱਤੀ ਆਸ ਦੀ ਚਮਕ ਪਈ ਵੇਖ ਵਸੋਂ, ਖੁਸ਼ ਉਸਦਾ ਸੀ ਵਾਲੋ ਵਾਲ ਹੋਇਆ। ਚਾਅ ਉਸਦਾ ਬਹਿ ਗਿਆ ਝੱਗ ਵਾਂਗੂੰ , ਰਾਕਸ਼ ਵੇਖ ਕੇ ਨੀਰ ਵਹਾਣ ਲੱਗਾ। ਖੰਭ ਲਾ ਗਈ ਹੋਸ਼ ਹਵਾਸ ਉਹਦੀ, ਹੁਣ ਨਹੀਂ ਏਸ ਤੋਂ ਕੋਈ ਬਚਾਣ ਲੱਗਾ। ਅਗੋਂ ਦੈਂਤ ਵੀ ਆਪਣੀ ਵੇਖ ਰੋਜ਼ੀ, ਰਾਹੀ ਆਂਵਦੇ ਤੇ ਝੱਟ ਵਾਰ ਕੀਤਾ। ਹਮਲਾ ਮਾਰ ਕੇ ਉਸ ਨੂੰ ਪਕੜ ਲੀਤਾ, ਮੁਸ਼ਕਾਂ ਬੰਨ੍ਹ ਕੇ ਖੂਬ ਲਾਚਾਰ ਕੀਤਾ। ਮਗਰੋਂ ਤੇਲ ਦਾ ਇਕ ਕੜਾਹਾ ਭਰਕੇ, ਤਾਅ ਦੇ ਕੇ ਉਨੇ੍ਹ ਤਿਆਰ ਕੀਤਾ। ਖ਼ੂਬ ਖਾਵਾਂਗੇ ਮਜ਼ੇ ਦੇ ਨਾਲ ਇਹਨੂੰ, ਉਹਨੇ ਜੀਅ ਦੇ ਵਿਚ ਵਿਚਾਰ ਕੀਤਾ। ਏਧਰ ਡੂਮ ਸ਼ੋਹਦਾ ਸੁਕਦਾ ਜਾਵੰਦਾ ਸੀ, ਖੁਸ਼ ਹੋਇਆ ਵੇਖ "ਅਵਤਾਰ" ਆਂਵਦੇ ਨੂੰ। ਉਧਰ ਸਤਿਗੁਰੂ ਬਾਲੇ ਨੂੰ ਕਹਿਣ ਲੱਗੇ, ਚਲ ਵੇਖੀਏ ਦੁੱਖ ਵੰਡਾਂਵਦੇ ਨੂੰ।

ਭਗਤ ਨਾਮਦੇਵ ਜੀ

ਇੱਕ ਭਗਤ ਪਿਆਰਾ ਨਾਮ ਦਾ, ਦਾਮਾ ਸੇਠ ਦਾ ਪੁੱਤ ਬਣ ਆਇਆ। ਗੌਣਾਂ ਬਾਈ ਕਰਮਾਂ ਵਾਲੀ, ਮਾਤਾ ਜਿਸਨੂੰ ਗੋਦ ਖਿਡਾਇਆ। ਪੰਡਰਪੁਰ ਦੀ ਧਰਤ ਸੁਹਾਣੀ, ਸੁੰਦਰ ਸਰਘੀ ਕਰਮਾਂ ਵਾਲੀ। ਜਿਸ ਧਰਤੀ ਤੇ ਸਰਘੀ ਵੇਲੇ, ਪ੍ਰਗਟ ਹੋਇਆ ਜਗ ਦਾ ਵਾਲੀ। ਜ਼ਾਤ ਪਾਤ ਦੇ ਵਿਤਕਰਿਆਂ ਦੇ, ਹੋ ਗਏ ਦੂਰ ਹਨੇਰੇ ਕਾਲੇ। ਚਾਰ ਦਿਸ਼ਾਵਾਂ ਸੀਸ ਝੁਕਾਇਆ, ਵੇਖ ਕੇ ਜਿਸਦੇ ਚੋਜ ਨਿਰਾਲੇ। ਜਿਸਦੇ ਭੋਲੇ ਭਾਲੇ ਬਚਪਨ, ਅੱਗ 'ਚੋਂ ਰੱਬ ਦਾ ਦਰਸ਼ਨ ਪਾਇਆ। ਅੱਗ ਨੇ ਜੱਗ ਤੇ ਠੰਡ ਖਿਲਾਰੀ, ਵੇਖ ਕੇ ਜਿਸਦੀ ਅਚਰਜ ਮਾਇਆ।

ਦਸ ਬਾਜਾਂ ਵਾਲਿਆਂ -ਗੀਤ

(ਚਮਕੌਰ ਦੀ ਗੜ੍ਹੀ ਦੀ ਇਤਿਹਾਸਕ ਤੇ ਨਿਵੇਕਲੀ ਜੰਗ ਵਿੱਚ ਦੋਵੇਂ ਵੱਡੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਉਪਰੰਤ ਮਾਤਾ ਸਾਹਿਬ ਕੌਰ ਜੀ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੁਆਲ ਕਰਦੇ ਹਨ ਤਾਂ ਕਲਗੀਧਰ ਪਾਤਸ਼ਾਹ ਕੀ ਜੁਆਬ ਦਿੰਦੇ ਹਨ । ਕੁਝ ਅਜਿਹੇ ਖਿਆਲਾਤਾਂ ਦਾ ਵਰਨਣ ਬਿਆਨ ਕੀਤਾ ਗਿਆ ਹੈ ।) ਦਸ ਬਾਜਾਂ ਵਾਲਿਆ ਵੇ ਲਾਲ ਕਿੱਥੇ ਨੇ ? ਨਿੱਕੇ ਨਿੱਕੇ ਸੋਹਣੇ ਸੋਹਣੇ ਬਾਲ ਕਿੱਥੇ ਨੇ ?? ਅਜੀਤ ਤੇ ਜੁਝਾਰ ਦੀਆਂ ਕਿੱਥੇ ਜੋੜੀਆਂ ? ਜ਼ੋਰਾਵਰ, ਫਤਹਿ ਵਾਗਾਂ ਕਿੱਥੇ ਮੋੜੀਆਂ ?? ਮੰਗਣੇ ਮੰਗਾਵਾਂ ਤੇ ਚੜ੍ਹਾਵਾਂ ਘੋੜੀਆਂ। ਪਿੱਛੇ ਨਿੱਕੇ ਵੀਰਾਂ ਦੀਆਂ ਬਹਿਣ ਜੋੜੀਆਂ ॥ ਪਤਾ ਨਹੀਂ ਕਲੇਜੇ ਨੂੰ ਕਿਉਂ ਹੌਲ ਪੈ ਰਿਹਾ। ਚਿੱਟਾ ਚਿੱਟਾ ਦਿਨ ਜਾਪੇ ਧੁੰਦਲਾ ਜਿਹਾ ॥ ਦਾਤਿਆ ਵੇ ਮੇਰੀਆਂ ਮਿਲਾ ਦੇ ਜੋੜੀਆਂ। ਸਰਸਾ ਦੇ ਕੰਢਿਆਂ ਤੇ ਜੋ ਵਿਛੋੜੀਆਂ ॥ ਦਸ ਬਾਜਾਂ ਵਾਲਿਆ …………… ? ਲਾਲ ਤੇਰੇ ਕੌਮ ਦਾ ਨਿਸ਼ਾਨ ਹੋ ਗਏ। ਤੇਗਾਂ ਦੀਆਂ ਛਾਂਵਾਂ 'ਚ ਜਵਾਨ ਹੋ ਗਏ ॥ ਨਿੱਕੇ ਦੋਵੇਂ ਲਾਲ ਦਾਦੀ ਨੇ ਵਿਆਹ ਲਏ। ਅਜੀਤ ਤੇ ਜੁਝਾਰ ਘੋੜੀ ਮੈਂ ਚੜ੍ਹਾ ਲਏ ॥ ਗੜ੍ਹੀ ਚਮਕੌਰ ਵਿਚ ਲਾਵਾਂ ਦਿੱਤੀਆਂ। ਲੱਖਾਂ ਹੀ ਸ਼ਹੀਦਾਂ ਨੇ ਦੁਆਵਾਂ ਦਿੱਤੀਆਂ ॥ ਮੋਢੇ ਤੇ ਕਮਾਨ ਮੱਥੇ ਨੂੰ ਸ਼ਿੰਗਾਰ ਕੇ। ਤੇਗ, ਢਾਲ, ਨੇਜ਼ੇ, ਬਰਛੇ ਨੂੰ ਪਿਆਰ ਕੇ ॥ ਦਸ ਬਾਜਾਂ ਵਾਲਿਆ …………… ? ਗੁੱਟ ਉੱਤੇ ਬੀਰਤਾ ਦਾ ਗਾਨਾ ਬੰਨ੍ਹਿਆ। ਮੌਤ ਵਾਲੀ ਹੂਰ ਨੂੰ ਵਿਆਹ ਲੈ ਚੰਨਿਆ ॥ ਐਦਾਂ ਤੇਰਾ ਲਾਲ ਜੰਗ ਨੂੰ ਮੈਂ ਘੱਲਿਆ। ਜਾਂਦਾ ਨਹੀਂ ਸੀ ਜੌਹਰ ਤੇ ਜਲਾਲ ਝੱਲਿਆ ॥ ਜੰਗ ਦੇ ਮੈਦਾਨ 'ਚ ਭੂਚਾਲ ਆ ਗਿਆ। ਲਾਲ ਤੇਰਾ ਕਾਲ ਬਣ ਕੇ ਸੀ ਛਾ ਗਿਆ ॥ ਉਹਦੇ ਹਰ ਤੀਰ ਨੇ ਪਰੋਏ ਕਿਤਨੇ । ਉਹਦੀ ਤਲਵਾਰ ਨਾਲ ਮੋਏ ਕਿਤਨੇ ॥ ਦਸ ਬਾਜਾਂ ਵਾਲਿਆ …………… ? ਮੱਥੇ ਉੱਤੇ ਜਦੋਂ ਤਲਵਾਰ ਵੱਜ ਗਈ। ਖੂਨ ਦੀ ਫੁਹਾਰ ਮੁਖੜੇ ਤੇ ਸੱਜ ਗਈ ॥ ਅਜੀਤ ਉਦੋਂ ਕਿੰਨਾ ਸੀ ਪਿਆਰਾ ਲਗਦਾ। ਸਿਹਰੇ ਵਾਂਗੂੰ ਖੂਨ ਦਾ ਫੁਹਾਰਾ ਵਗਦਾ ॥ ਜੂਝਦੇ ਨੂੰ ਕਾਲਜੇ 'ਚ ਤੀਰ ਵੱਜਿਆ। ਸ਼ੇਰ ਵਾਂਗੂੰ ਆਣ ਕੇ ਜੁਝਾਰ ਗੱਜਿਆ ॥ ਹੱਥਾਂ ਉੱਤੇ ਮਹਿੰਦੀ ਲਾਣੀ ਮੈਂ ਵੀ ਜੰਗ ਦੀ। ਮੌਤ ਲਾੜੀ ਖੂਨ ਦਾ ਸੰਧੂਰ ਮੰਗਦੀ ॥ ਦਸ ਬਾਜਾਂ ਵਾਲਿਆ …………… ? ਵੀਰ ਵਾਂਗੂੰ ਮੈਨੂੰ ਘੋੜੀ ਤੇ ਚੜ੍ਹਾ ਦਿਓ। ਤੀਰਾਂ, ਤਲਵਾਰਾਂ ਦੀ ਪੌਸ਼ਾਕ ਪਾ ਦਿਓ ॥ ਕਲਗੀ 'ਚੋਂ ਥੋੜ੍ਹਾ ਜਿਹਾ ਬੂਰ ਝਾੜਿਆ । ਦੇ ਕੇ ਤਲਵਾਰ ਲਾਲ ਨੂੰ ਪਿਆਰਿਆ ॥ ਅਜੀਤ ਵਾਂਗੂੰ ਜੰਗ ਨੂੰ ਜੁਝਾਰ ਘੱਲਿਆ। ਮੌਤ ਲਾੜੀ ਜੰਗ 'ਚੋਂ ਵਿਆਹ ਲੈ ਬੱਲਿਆ ॥ ਕਦੀ ਤੀਰ, ਕਦੀ ਤਲਵਾਰ ਮਾਰਦਾ। ਵਾਰ ਨੂੰ ਬਚਾ ਕੇ ਪਿਆ ਵਾਰ ਮਾਰਦਾ ॥ ਦਸ ਬਾਜਾਂ ਵਾਲਿਆ …………… ? ਤੀਰਾਂ ਤਲਵਾਰਾਂ ਨੇਜ਼ਿਆਂ ਨੇ ਫੱਟਿਆ। ਨਿੱਕਾ ਜਿਹਾ ਜੁਝਾਰ ਜੂਝਣੋਂ ਨਾ ਹੱਟਿਆ ॥ ਸੀਨਾ ਉਹਦਾ ਤੀਰਾਂ 'ਚ ਪਰੁੱਚ ਹੋ ਗਿਆ। ਜਾਮਾ ਉਹਦੇ ਖੂਨ 'ਚ ਗੜੁੱਚ ਹੋ ਗਿਆ ॥ ਖੋਪਰੀ 'ਚੋਂ ਪਿੰਡੇ ਉੱਤੇ ਮਿੱਝ ਵਗਦੀ। ਜਾਪਦੀ ਸੀ ਜਰੀ ਦੀ ਪੌਸ਼ਾਕ ਲਗਦੀ ॥ ਉਹਦੇ ਉੱਤੇ ਵੇਖ ਲਾਲ ਲਾਲ ਧਾਰੀਆਂ। ਮੋਤੀਆਂ ਦੇ ਨਾਲ ਝਾਲਰਾਂ ਸ਼ਿੰਗਾਰੀਆਂ ॥ ਦਸ ਬਾਜਾਂ ਵਾਲਿਆ …………… ? ਉਨ੍ਹਾਂ ਵਿਚੋਂ ਕੌਮ ਦਾ ਸ਼ਬਾਬ ਤੱਕਿਆ। ਜੰਗਾਂ ਵਿਚ ਨੱਚਦਾ ਪੰਜਾਬ ਤੱਕਿਆ ॥ ਜਦੋਂ ਕਦੇ ਜੰਗ ਦੇ ਤੂਫਾਨ ਚਲਣੇ। ਮੇਰੇ ਸ਼ੇਰ ਖਾਲਸੇ ਮੈਦਾਨ ਮਲਣੇ ॥ ਹੋਇਆ ਕੀ ਜੇ ਵਾਰੇ ਗਏ ਨੇ ਚਾਰ ਬੱਚੜੇ। ਜੀਣ ਮੇਰੇ ਖਾਲਸੇ ਹਜ਼ਾਰ ਬੱਚੜੇ ॥ ਜੀਣ ਮੇਰੇ ਸਿੰਘ ਸਰਦਾਰ ਬੱਚੜੇ। ਜੀਣ ਮੇਰੇ ਖਾਲਸੇ ਹਜ਼ਾਰ ਬੱਚੜੇ ॥ ਦਸ ਬਾਜਾਂ ਵਾਲਿਆਂ …………… ?

ਪੰਚਮ ਪਾਤਸ਼ਾਹ -ਗੀਤ

ਲੋਹਾਂ ਤੱਤੀਆਂ ਤੇ ਵੇਖਿਆ ਪਿਆਰ ਵੰਡਦਾ। ਜਿਵੇਂ ਕੰਢਿਆਂ ਤੇ ਫੁੱਲ ਹੈ ਬਹਾਰ ਵੰਡਦਾ॥ ਭਾਵੇਂ ਵੈਰੀਆਂ ਨੇ ਭਾਂਬੜਾਂ ਸੀ ਲੱਖ ਬਾਲੀਆਂ। ਉਹਦੇ ਮੁੱਖੜੇ ਤੋਂ ਫਿੱਕੀਆਂ ਨਾ ਪਈਆਂ ਲਾਲੀਆਂ॥ ਰੇਤਾ ਪਿੰਡੇ ਤੇ ਪੁਆ ਕੇ ਜੋ ਫੁਹਾਰ ਵੰਡਦਾ। ਲੋਹਾਂ ਤੱਤੀਆਂ ਤੇ ਵੇਖਿਆ ਪਿਆਰ ਵੰਡਦਾ॥ ਜਦੋਂ ਪਿੰਡੇ ਉੱਤੇ ਛਾਲਿਆਂ ਦਾ ਨੂਰ ਚੜ੍ਹਿਆ। ਉਦੋਂ ਭੱਠੀ ਵਿਚੋਂ ਚੰਦੂ ਦਾ ਗ਼ਰੂਰ ਸੜਿਆ॥ ਡਿੱਠਾ ਰੱਬ ਨਾਲ ਰੰਗਿਆ ਦੀਦਾਰ ਵੰਡਦਾ। ਲੋਹਾਂ ਤੱਤੀਆਂ ਤੇ ਵੇਖਿਆ ਪਿਆਰ ਵੰਡਦਾ॥ ਜਦੋਂ ਸੂਰਜ ਨੇ ਵੇਖਿਆ ਤਰੇਲ ਆ ਗਈ। ਜਦੋਂ ਧਰਤੀ ਨੇ ਵੇਖਿਆ ਤਾਂ ਗਸ਼ ਖਾ ਗਈ॥ ਉਹ ਤਾਂ ਰਹਿਮਤਾਂ ਦੇ ਫੁੱਲ ਸੀ ਹਜ਼ਾਰ ਵੰਡਦਾ। ਲੋਹਾਂ ਤੱਤੀਆਂ ਤੇ ਵੇਖਿਆ ਪਿਆਰ ਵੰਡਦਾ॥ ਉਹਦੇ ਆਸੇ ਪਾਸੇ ਲਾਟਾਂ ਨੇ ਲਗਾਈਆਂ ਫੇਰੀਆਂ। ਦਾਤਾ ਚੁੰਮ ਲਈਏ ਅੱਖਾਂ ਇਕ ਵਾਰ ਤੇਰੀਆਂ॥ ਜਿਹਨਾਂ ਅੱਖੀਆਂ 'ਚੋਂ ਵੇਖਿਆ ਖ਼ੁਮਾਰ ਵੰਡਦਾ। ਲੋਹਾਂ ਤੱਤੀਆਂ ਤੇ ਵੇਖਿਆ ਪਿਆਰ ਵੰਡਦਾ॥ ਜਿੱਥੇ ਅੱਗ ਨਾਲ ਚੰਦੂ ਨੇ ਮਨਾਈਆਂ ਹੋਲੀਆਂ। ਉੱਥੇ ਕੰਧਾਂ ਬੇਜਾਨ ਕੰਬੀਆਂ ਤੇ ਬੋਲਦੀਆਂ॥ ਸੁਖ ਸਤਨਾਮ ਰਿਹਾ "ਅਵਤਾਰ" ਵੰਡਦਾ। ਲੋਹਾਂ ਤੱਤੀਆਂ ਤੇ ਵੇਖਿਆ ਪਿਆਰ ਵੰਡਦਾ॥

ਦਸ਼ਮੇਸ਼ ਜੀ ਤੇ -ਗਜ਼ਲ

ਬਾਝ ਤੇਰੇ ਪੰਥ ਦਾ, ਰਖਵਾਰ ਹੁਣ ਕੋਈ ਨਹੀਂ। ਦੁੱਖ ਸੁਣੇ ਜੋ ਦੇਸ਼ ਦੇ, ਦਾਤਾਰ ਹੁਣ ਕੋਈ ਨਹੀਂ॥ ਵਾਰ ਕੇ ਆਪਣਾ ਪਿਤਾ, ਗ਼ਮ ਪੀ ਲਵੇ ਜੋ ਦੇਸ਼ ਦਾ, ਰਖਿਆ ਕਰੇ ਮਜ਼ਲੂਮ ਦੀ, ਬਲਕਾਰ ਹੁਣ ਕੋਈ ਨਹੀਂ। ਬੇ ਆਰਾਮੀ ਦੀ ਜਗ੍ਹਾ, ਸ਼ਾਂਤੀ ਵਸਾਵੇ ਆਣ ਕੇ, ਜ਼ੁਲਮ ਨੂੰ ਜੋ ਮੇਟ ਦਏ, ਤਲਵਾਰ ਹੁਣ ਕੋਈ ਨਹੀਂ। ਖੂਨ ਲੈ ਕੇ ਬੇਟਿਆਂ ਦਾ, ਧੋਅ ਦਏ ਮੂੰਹ ਦੇਸ਼ ਦਾ, ਉਜੜ ਕੇ ਹੱਸਦਾ ਫਿਰੇ, ਸਰਦਾਰ ਹੁਣ ਕੋਈ ਨਹੀਂ। ਹਾਸਿਆਂ ਵਿੱਚ ਟਾਲ ਦਏ, ਨਾਕਾਮੀਆਂ ਬਰਬਾਦੀਆਂ, ਔਕੜਾਂ ਤੇ ਠੋ੍ਹਕਰਾਂ ਦਾ, ਯਾਰ ਹੁਣ ਕੋਈ ਨਹੀਂ। ਪਾੜ ਕੇ ਬੇਦਾਵਿਆਂ ਨੂੰ, ਮਾਫ਼ ਕਰ ਦੇਵੇ ਖ਼ਤਾ, ਤੇਰੇ ਜਿਹੀ ਮਿਹਰਾਂ ਭਰੀ, ਸਰਕਾਰ ਹੁਣ ਕੋਈ ਨਹੀਂ। ਜ਼ਹਿਰ ਦੇ ਸਾਗਰ ਨੂੰ ਜੋ, ਅੰਮ੍ਰਿਤ ਬਣਾਏ ਆਣ ਕੇ, ਪਿਆਰ ਦਾ ਤੇਰੇ ਬਿਨਾਂ, "ਅਵਤਾਰ" ਹੁਣ ਕੋਈ ਨਹੀਂ। ਬਾਝ ਤੇਰੇ ਪੰਥ ਦਾ, ਰਖਵਾਰ ਹੁਣ ਕੋਈ ਨਹੀਂ, ਦੁੱਖ ਸੁਣੇ ਜੋ ਦੇਸ਼ ਦੇ, ਦਾਤਾਰ ਹੁਣ ਕੋਈ ਨਹੀਂ।

ਸ਼ਹੀਦ ਹਕੀਕਤ ਰਾਏ

(ਹਕੀਕਤ ਰਾਏ ਜੀ ਦਸਮ ਪਾਤਸ਼ਾਹ ਦੇ ਪਾਵਨ ਗੁਰਸਿੱਖ ਭਾਈ ਘਨੱਈਆ ਜੀ ਦੀ ਪੋਤਰੀ ਦੇ ਪੁੱਤਰ ਸਨ।) ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ। ਪਤੰਗਾਂ ਸੁਰਖ ਵੀ ਨੇ, ਪਤੰਗਾਂ ਨੀਲੀਆਂ ਨੇ। ਪਤੰਗਾਂ ਉੱਡਦੀਆਂ ਨੇ, ਪਤੰਗਾਂ ਲੁੱਟੀਦੀਆਂ ਨੇ। ਜੋ ਡੋਰਾਂ ਪੀਢੀਆਂ ਨੇ, ਕਦੇ ਨਾ ਟੁੱਟਦੀਆਂ ਨੇ। ਜਦੋਂ ਕੋਈ ਹਕੀਕਤ ਦਾ ਭਰਾ, ਗੁੱਡੀਆਂ ਉਡਾਂਦਾ ਏ। ਓਹ ਡੋਰਾਂ ਸੂਤਕੇ ਪੱਕੀਆਂ ਤੇ, ਮਾਵਾ ਖੂਬ ਲਾਂਦਾ ਏ। ਬਣਾਕੇ ਕੱਚ ਦਾ ਸੁਰਮਾ, ਓਹ ਮਾਵੇ ਵਿੱਚ ਰਲਾਂਦਾ ਏ। ਭਲਾ ਸੂਤਰ ਦੇ ਧਾਗੇ ਨਾਲ, ਪੇਚੇ ਕੌਣ ਲਾਂਦਾ ਏ ? ਇਹ ਟੁਕੜੇ ਕਾਗਜ਼ਾਂ ਦੇ, ਇਹ ਦੋ ਤਿੰਨ ਤੀਲੀਆਂ ਨੇ। ਫ਼ਿਜ਼ਾ ਰੰਗੀਨ ਕੀਤੀ, ਇਨ੍ਹਾਂ ਰੰਗੀਲੀਆਂ ਨੇ। ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ। ਕਿਤੇ ਹੋਵੇ ਨਾ ਬੋ-ਕਾਟਾ, ਜ਼ਰਾ ਬਚ ਜਾ ਬਨੇਰੇ ਤੋਂ। ਆਵਾਜ਼ਾਂ ਦੇ ਰਹੀ ਹੈ ਮਾਂ, ਤੂੰ ਭੁੱਖਾ ਏਂ ਸਵੇਰੇ ਤੋਂ। ਮੇਰੇ ਨੈਣਾਂ ਦੇ ਚੰਨਾ ਵੇ, ਬੱਚ ਕੇ ਰਹੀਂ ਹਨੇਰੇ ਤੋਂ। ਮੈਂ ਜਾਂ ਕੁਰਬਾਨ ਤੇਰੇ ਤੋਂ, ਤੇਰੇ ਬਲਵਾਨ ਜੇਰੇ ਤੋਂ। ਪਤੰਗਾਂ ਧਰਮ ਦੀਆਂ, ਬਹੁਤ ਫੁਰਤੀਲੀਆਂ ਨੇ। ਜ਼ੁਲਮ ਦੇ ਢਾਂਗਰੇ ਤੋਂ, ਨਾ ਸਕੀਆਂ ਕੀਲੀਆਂ ਨੇ। ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ। ਕੋਈ ਚੋਲਾ ਬਸੰਤੀ ਪਹਿਨ ਕੇ, ਗੁੱਡੀਆਂ ਉਡਾਂਦਾ ਸੀ। ਓਹ ਗੋਰਾਂ ਮਾਂ ਦਾ ਗੋਰਾ ਲਾਲ, ਪੇਚੇ ਖੂਬ ਲਾਂਦਾ ਸੀ। ਹਕੀਕਤ ਨਾਮ ਸੀ ਉਸਦਾ, ਅਣਖ ਦੇ ਗੀਤ ਗਾਂਦਾ ਸੀ। ਮਦਰੱਸੇ ਵਾਲੀਆਂ ਗੱਲਾਂ, ਜ਼ਮਾਨੇ ਨੂੰ ਸੁਣਾਂਦਾ ਸੀ। ਪਤੰਗਾਂ ਸਾਵੀਆਂ ਤਾਂ, ਬਹੁਤ ਭੜਕੀਲੀਆਂ ਨੇ। ਬਸੰਤੀ ਡੋਰ ਉਡਾਈਆਂ, ਕਾਗਜ਼ ਤੇ ਤੀਲੀਆਂ ਨੇ। ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ। ਕੁਫਰ ਦੀ ਬਾਤ ਬਾਜ਼ੀ, ਮਾਤ ਜਦ ਮਕਤੱਬ 'ਚ ਖਾ ਬੈਠੀ। ਨਗੂਣੀ ਖੇਡ ਬੱਚਿਆਂ ਦੀ, ਪੁਆੜੇ ਹੋਰ ਪਾ ਬੈਠੀ। ਚਿੜੀ ਦਾ ਕਾਂ ਤੇ ਕਾਂਵਾਂ ਤੋਂ, ਕਈ ਡਾਰਾਂ ਬਣਾ ਬੈਠੀ। ਹਕੂਮਤ ਜ਼ੁਲਮ ਦੀ ਟੱਕਰ, ਹਕੀਕਤ ਨਾਲ ਲਾ ਬੈਠੀ। ਕਿਸੇ ਨੇ ਤੇਲ ਪਾਇਆ, ਤੇ ਲਾਈਆਂ ਤੀਲੀਆਂ ਨੇ। ਜੋ ਫੂਕਾਂ ਮਾਰੀਆਂ ਨੇ, ਬਹੁਤ ਜ਼ਹਿਰੀਲੀਆਂ ਨੇ। ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ। ਜਕਰੀਆ ਖਾਨ ਸੀ ਵਹਿਸ਼ੀ, ਗਵਰਨਰ ਉਸ ਜ਼ਮਾਨੇ ਦਾ। ਜੋ ਹਿੰਦੀ ਚਮਨ ਦਾ ਸਯਾਦ ਸੀ, ਆਸ਼ਕ ਵੀਰਾਨੇ ਦਾ। ਜਿਹਨੇ ਕਿੱਸਾ ਜਦੋਂ ਸੁਣਿਆ, ਹਕੀਕਤ ਦੇ ਫ਼ਸਾਨੇ ਦਾ। ਕਿਵੇਂ ਪਰ ਮਾਰਦੇ ਪੰਛੀ, ਬੇਗਾਨੇ ਆਸ਼ਿਆਨੇ ਦਾ। ਤਣਾਵਾਂ ਕਸ ਦੇਵੋ, ਜੇ ਡੋਰਾਂ ਢਿਲੀਆਂ ਨੇ। ਆਕਾਸ਼ੀ ਉੱਡਦੀਆਂ ਕਿਉਂ, ਜੋ ਚਮਕੀਲੀਆਂ ਨੇ। ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ। ਸੁਣਾਇਆ ਅਦਲ ਨੇ ਫਤਵਾ, ਇਹ ਹੈ ਪੈਗਾਮ ਦਾ ਕਾਤਲ। ਇਹ ਕਾਫਰ ਹੈ, ਇਹ ਬਾਗੀ ਹੈ, ਇਹ ਹੈ ਇਸਲਾਮ ਦਾ ਕਾਤਲ। ਕਰੇ ਤੋਬਾ, ਪੜ੍ਹੇ ਕਲਮਾ, ਖ਼ੁਦਾ ਦੇ ਨਾਮ ਦਾ ਕਾਤਲ। ਕਰੋ ਫੋਰਨ ਕਤਲ ਇਸ ਨੂੰ, ਇਹ ਸ਼ਰੇਆਮ ਦਾ ਕਾਤਲ। ਇਹ ਬਾਤਾਂ ਅਣਖ ਦੀਆਂ, ਬਹੁਤ ਅਣਖੀਲੀਆਂ ਨੇ। ਝੁਕਾਇਆ ਸੂਰਜਾਂ ਨੂੰ, ਸਿੱਲਾਂ ਬਰਫੀਲੀਆਂ ਨੇ। ਪਤੰਗਾਂ ਸਾਵੀਆਂ ਨੇ, ਪਤੰਗਾਂ ਪੀਲੀਆਂ ਨੇ।

ਰਾਣੀ ਜਿੰਦਾਂ

ਸੁੰਨਸਾਨ ਰਾਤ੍ਰੀ ਹੈ, ਮੌਸਮ ਵੀਰਾਨ ਜਾਪੇ। ਤਾਰੇ ਵੀ ਛੁੱਪ ਰਹੇ ਨੇ, ਚੰਦਾ ਹੈਰਾਨ ਜਾਪੇ। ਬਿਰਖਾਂ ਦੇ ਪੱਤਿਆਂ ਨੇ, ਸ਼ੂਕਾਂ ਅਜੀਬ ਲਾਈਆਂ। ਅਜਗਰ ਸਮੇਂ ਦਾ ਅਟਕਾਉਣਾ ਚਾਹੁੰਦਾ, ਹੈ ਅੱਜ ਰਹਾਈਆਂ। ਯਮਨਾ ਦੇ ਕੰਢਿਆਂ ਤੇ, ਇਕ ਨਾਰ ਜਾ ਰਹੀ ਹੈ। ਲੀਰਾਂ ਦੇ ਵਿਚ ਲਪੇਟੀ, ਤਲਵਾਰ ਜਾ ਰਹੀ ਹੈ। ਕਿਸ ਨੇ ਹੈ ਧੁਖਾਇਆ, ਮੁਖ ਦਾ ਜਲਾਲ ਨੂਰੀ। ਹਿਰਦੇ 'ਚ ਜ਼ਲਜ਼ਲੇ ਨੇ, ਅੱਖੀਆਂ ਦੇ ਵਿਚ ਸਰੂਰੀ, ਇਹ ਸੂਰਜਾਂ ਸਤਾਈ, ਕੋਈ ਸ਼ਾਮ ਜਾ ਰਹੀ ਹੈ। ਬੇਨੂਰ ਜਾ ਰਹੀ ਹੈ, ਬੇਨਾਮ ਜਾ ਰਹੀ ਹੈ। ਗਿੱਲੇ ਕਿਨਾਰਿਆਂ ਤੇ, ਪੈਰਾਂ ਦੀ ਛਾਪ ਲਾ ਕੇ। ਤਾਰੀਖ਼ ਜਾ ਰਹੀ ਹੈ, ਬੁਝਾਰਤਾਂ ਕੋਈ ਪਾ ਕੇ। ਯਮਨਾ ਦੇ ਵੇਖ ਪਾਣੀ, ਬੇਜਾਰ ਹੋ ਰਹੀ ਹੈ। ਫੌਲਾਦ ਹੌਸਲੇ ਦੀ, ਥੰਮੀ ਖਲੋ ਗਈ ਹੈ। ਤੂੰ ਵੀ ਇਕ ਵਿਯੋਗਣ, ਮੈਂ ਵੀ ਤਾਂ ਇਕ ਵਿਯੋਗਣ। ਤੂੰ ਸ਼ਾਮ ਦੀ ਵਿਯੋਗਣ, ਮੈਂ ਵਤਨ ਦੀ ਵਿਯੋਗਣ। ਸਤਲੁਜ ਬਿਆਸ ਰਾਵੀ, ਜਿਹਲਮ ਚਨਾਬ ਕਿੱਥੇ ? ਮੇਰਾ ਪੰਜਾਬ ਕਿੱਥੇ, ਸ਼ੇਰ-ਇ-ਪੰਜਾਬ ਕਿੱਥੇ ? ਕਿਥੇ ਦਲੀਪ ਮੇਰਾ, ਖੇਡਣ ਗਿਆ ਨਾ ਆਇਆ। ਅੰਮੀ ਦੇ ਕਾਲਜੇ ਨੂੰ, ਕਿਨ੍ਹੇ ਹੈ ਹੱਥ ਪਾਇਆ। ਸਿੱਖ ਰਾਜ ਦਾ ਹੈ ਵਾਰਸ, ਜੋ ਅੱਖੀਆਂ ਦਾ ਤਾਰਾ। ਧੋਖੇ ਦੇ ਜਾਲ ਅੰਦਰ, ਜੋ ਫਸ ਗਿਆ ਵਿਚਾਰਾ। ਗੋਰਾ ਦਿਲ ਦਾ ਕਾਲਾ, ਚਲਾਕੀਆਂ ਹੀ ਜਾਣੇ। ਮੁੜ ਮੁੜ ਵੀਰਾਨ ਟਾਹਣੀ, ਦੇ ਪੱਤਿਆਂ ਨੂੰ ਛਾਣੇ। ਪੱਥਰ ਦੀਆਂ ਉਹ ਕੰਧਾਂ, ਹਾਲੀਂ ਵੀ ਰੋਣ ਪਈਆਂ। ਜਦ ਗੋਲੀਆਂ ਨੇ ਮੇਰੀਆਂ, ਤਲਾਸ਼ੀਆਂ ਸੀ ਲਈਆਂ। ਪੰਜਾਬ ਦੇ ਉਹ ਸ਼ੇਰਾ, ਇਹ ਨਾ ਸਹਾਰ ਹੋਇਆ। ਤੇਰਾ ਉਹ ਮਾਣ ਗੌਰਵ, ਮੈਥੋਂ ਨਾ ਮਾਰ ਹੋਇਆ। ਮੈਂ ਸ਼ੇਰਨੀ ਹਾਂ ਤੇਰੀ, ਪਿੰਜਰੇ 'ਚ ਕਿੰਝ ਰਹਿੰਦੀ। ਤੇਰੀ ਇਹ ਜਿੰਦ ਜਿੰਦਾਂ, ਜੇਲ੍ਹਾਂ 'ਚ ਕਿੰਝ ਬਹਿੰਦੀ। ਕੰਧਾਂ ਤ੍ਰੋੜ ਆਈ, ਸੀਖਾਂ ਮ੍ਰੋੜ ਆਈ। ਹੋਣੀ ਦੇ ਵਾਰ ਤਿੱਖੇ, ਸੀਨੇ ਤੇ ਹੋੜ ਆਈ। ਰਾਣੀ ਫ਼ਕੀਰ ਬਣ ਕੇ, ਚਲੀ ਦਲੀਪ ਟੋਲਣ। ਯਮਨਾ ਦੇ ਪਾਣੀਆਂ 'ਚੋਂ, ਲੱਗੀ ਅੰਗਾਰ ਫੋਲਣ। ਇਹ ਰਾਤ ਜਾ ਰਹੀ ਹੈ ਜਾਂ ਪੌਣ ਜਾ ਰਹੀ ਹੈ ? ਦਸੋ ਤਾਰੀਖ਼ਦਾਨੋ ਇਹ ਕੌਣ ਜਾ ਰਹੀ ਹੈ ?

ਮਾ: ਤਾਰਾ ਸਿੰਘ ਜੀ ਦੀ ਯਾਦ ਵਿਚ -ਗੀਤ

ਵੇਖ ਜ਼ਰਾ ਸਿੱਖ ਕੌਮ ਦੇ ਲੀਡਰ, ਕੌਮ ਨੇ ਕੀ ਕੀ ਰੰਗ ਵਟਾਏ। ਜਦ ਤੋਂ ਉਡ ਗਏ ਇਸਦੇ ਸਿਰ ਤੋਂ, ਪਿਆਰ ਤੇਰੇ ਦੇ ਨਿਰਛਲ ਸਾਏ। ਹੁੰਦਾ ਸੀ ਜਦ ਪੰਥ ਨੂੰ ਖਤਰਾ, ਜਾਨ ਤਲੀ ਤੇ ਰਖ ਲੈਂਦਾ ਸੈਂ। ਪਰ ਅੱਜ ਕਦਮ ਕਦਮ ਤੇ ਖਤਰੇ, ਤੇਰੇ ਬਾਝੋਂ ਕੌਣ ਬਚਾਏ। ਵੇਖ ਜ਼ਰਾ……………… । ਤੂੰ ਇੱਕ ਸਂੈ ਤਾਂ ਪੰਥ ਵੀ ਇੱਕ ਸੀ, ਤੂੰ ਟੁਰਿਓਂ ਦਲ ਕਿਤਨੇ ਬਣ ਗਏ। ਦਲ ਦਲ ਦੀ ਦਲਦਲ ਵਿੱਚ ਫਸ ਗਏ, ਫੁੱਲ ਕੰਵਲ ਦੇ ਜੋ ਤੂੰ ਲਾਏ। ਵੇਖ ਜ਼ਰਾ……………… । ਕਲਗੀਧਰ ਦੇ ਸੰਤ ਸਿਪਾਹੀ, ਅੱਜ ਗੱਦੀਆਂ ਦੇ ਆਸ਼ਕ ਬਣ ਗਏ। ਕੁਰਸੀ ਬਦਲੇ ਗ਼ੈਰਤ ਵੇਚਣ, ਵੇਖ ਜ਼ਮਾਨੇ ਕੈਸੇ ਆਏ। ਵੇਖ ਜ਼ਰਾ……………… । ਕੋਰੇ ਚੈੱਕ ਹੁਣ ਕੋਈ ਨਾ ਮੋੜੇ, ਦੌਲਤ ਦੀ ਛਣਕਾਰ ਦਾ ਯੁਗ ਹੈ। ਜੁਗ ਜੁਗ ਜੀਵੇ ਪੰਥ ਪਿਆਰਾ, ਮੈਂ ਮਰ ਜਾਵਾਂ ਕੌਣ ਸੁਣਾਏ। ਵੇਖ ਜ਼ਰਾ……………… । ਜਿਸਦੀ ਖਾਤਰ ਪਾੜ ਕੇ ਸੁੱਟਿਆ, ਲੀਗੀ ਝੰਡਾ ਤੇਗ ਤੇਰੀ ਨੇ। ਅੱਜ ਵਤਨਾਂ ਦੇ ਆਗੂ ਸਮਝਣ, ਕੌਮ ਤੇਰੀ ਨੂੰ ਲੋਕ ਪਰਾਏ। ਵੇਖ ਜ਼ਰਾ………………। ਬੋਲੋ ਨੀ ਸਤਰੰਗੀਓ ਕਿਰਨੋਂ, ਕਿਧਰ ਗਿਆ ਸਰਘੀ ਦਾ ਤਾਰਾ। ਜਿਸਦੀ ਕੁਰਬਾਨੀ ਦੀਆਂ ਰਿਸ਼ਮਾਂ, ਸੂਰਜ ਦਾ ਸੀਨਾ ਗਰਮਾਏ। ਵੇਖ ਜ਼ਰਾ………………।

ਤਨ ਮਨ ਗੁਰੂ ਦਾ -ਗੀਤ

ਇਹ ਤਨ ਮਨ ਗੁਰੂ ਦਾ, ਇਹ ਜੀਵਨ ਗੁਰੂ ਦਾ, ਸਿਦਕ ਤੇ ਭਰੋਸਾ ਹੈ, ਸਿਮਰਨ ਗੁਰੂ ਦਾ। ਹਵਾਵਾਂ 'ਚ ਜੋ ਮਹਿਕਦੀ, ਹੈ ਸੁਗੰਧੀ, ਸੁਨਿਹੜਾ ਹੈ ਦੇਂਦੀ, ਇਹ ਗੁਲਸ਼ਨ ਗੁਰੂ ਦਾ। ਓਹ ਪੂਰਬ ਨੂੰ ਪੱਛਮ ਨੇ, ਸੱਜਦਾ ਹੈ ਕੀਤਾ, ਇਹ ਉੱਤਰ ਗੁਰਾਂ ਦਾ, ਇਹ ਦੱਖਣ ਗੁਰੂ ਦਾ। ਇਹ ਤਨ ਮਨ ਗੁਰੂ ਦਾ, ਇਹ ਜੀਵਨ ਗੁਰੂ ਦਾ, ਸਿਦਕ ਤੇ ਭਰੋਸਾ ਹੈ, ਸਿਮਰਨ ਗੁਰੂ ਦਾ। ਜੋ ਤਲਵਾਰ ਦੀ ਧਾਰ ਤੇ, ਨਿਤਰਿਆ ਹੈ, ਉਹੀ ਮਾਣ ਸਕਦਾ ਹੈ, ਦਰਸ਼ਨ ਗੁਰੂ ਦਾ। ਫਤਹਿਗੜ੍ਹ 'ਚ ਗੂੰਜਣ, ਫਤਹਿ ਦੇ ਨਗਾਰੇ, ਚਮਕਦਾ ਹੈ ਚਮਕੌਰ, ਦਰਪਨ ਗੁਰੂ ਦਾ। ਇਹ ਤਨ ਮਨ ਗੁਰੂ ਦਾ, ਇਹ ਜੀਵਨ ਗੁਰੂ ਦਾ, ਸਿਦਕ ਤੇ ਭਰੋਸਾ ਹੈ, ਸਿਮਰਨ ਗੁਰੂ ਦਾ। ਹੈ ਦਿੱਲੀ ਦੇ ਦਿਲ ਤੇ, ਗੁਰਾਂ ਦਾ ਸਿੰਘਾਸਨ, ਇਹ ਕਸ਼ਮੀਰੀ ਕੇਸਰ, ਤੇ ਚੰਦਨ ਗੁਰੂ ਦਾ। ਜੋ ਪਾੜੇ ਬੇਦਾਵਾ, ਦਏ ਦਾਨ ਮੁਕਤੀ, ਇਹ ਅਸਥਾਨ ਪਾਵਨ ਹੈ, ਧੰਨ ਧੰਨ ਗੁਰੂ ਦਾ। ਇਹ ਤਨ ਮਨ ਗੁਰੂ ਦਾ, ਇਹ ਜੀਵਨ ਗੁਰੂ ਦਾ, ਸਿਦਕ ਤੇ ਭਰੋਸਾ ਹੈ, ਸਿਮਰਨ ਗੁਰੂ ਦਾ।

ਗੋਬਿੰਦ ਮਾਰਗ

ਜਾ ਰਿਹੈ ਗੋਬਿੰਦ ਰਾਸਤੇ ਨੂੰ ਕਾਫਲਾ। ਰੱਖ ਕੇ ਗੁਰੂ ਗੋਬਿੰਦ ਜੀ ਦਾ ਆਸਰਾ॥ ਏਸ ਰਾਹ ਤੋਂ ਦੇਸ਼ ਦਾ ਵਕਾਰ ਲੰਘਿਆ। ਏਸ ਰਾਹ ਤੋਂ ਜੋਸ਼ ਤੇ ਪਿਆਰ ਲੰਘਿਆ॥ ਸਾਮਰਾਜੀਆਂ ਨੂੰ ਜਿਸਨੇ ਵੰਗਾਰਿਆ। ਦੇਸ਼ ਵਾਸੀਆਂ ਦਾ ਹੌਂਸਲਾ ਉਭਾਰਿਆ॥ ਤਲਵਾਰ ਨਾਲ ਕੌਮ ਨੂੰ ਜਗਾ ਗਿਆ। ਜ਼ੁਲਮ ਨਾਲ ਜੂਝਣੇ ਦੀ ਬਾਤ ਪਾ ਗਿਆ॥ ਜ਼ੱਰਿਆਂ 'ਚੋਂ ਕਦਮਾਂ ਦੀ ਮਹਿਕ ਟੋਲ ਕੇ। ਜੈ ਗੋਬਿੰਦ, ਜੈ ਗੋਬਿੰਦ ਬੋਲ ਬੋਲ ਕੇ॥ ਇਹ ਗੋਬਿੰਦ ਰਾਸਤਾ ਤਿਆਰ ਹੋ ਗਿਆ। ਏਸ 'ਚੋਂ ਗੋਬਿੰਦ ਦਾ ਦੀਦਾਰ ਹੋ ਗਿਆ॥ ਆਪ ਕੀਤੀਆਂ ਨੇ ਓਸ ਮਿਹਰਬਾਨੀਆਂ। ਨਾਲ ਓਸਦੇ ਸੰਭਾਲੀਆਂ ਨਿਸ਼ਾਨੀਆਂ॥ ਖਾਲਸੇ ਦਾ ਕਾਜ ਆਪ ਹੀ ਕਰਾ ਗਿਆ। ਏਸ ਕਾਫਲੇ ਦੇ ਨਾਲ ਨਾਲ ਜਾ ਰਿਹਾ॥ ਨੀਲੇ ਦਾ ਸਵਾਰ ਦੇਸ਼ ਦਾ ਉਹ ਰਹਿਨੁਮਾ। ਏਸ ਕਾਫਲੇ ਨੂੰ ਉਸਦਾ ਹੈ ਆਸਰਾ॥ ਪਾਣੀਆਂ 'ਚ ਜੋਸ਼ ਤੇ ਫੌਲਾਦ ਘੋਲ ਕੇ। ਮੁੱਖੜੇ 'ਚੋਂ ਬੀਰਤਾ ਦੇ ਬੋਲ ਬੋਲ ਕੇ॥ ਸੀਸ ਦਿਓ ਲੈ ਲਓ ਆਜ਼ਾਦੀ ਦੇਸ਼ ਦੀ। ਗੂੰਜੀ ਸੀ ਆਵਾਜ਼ ਮੇਰੇ ਦਸ਼ਮੇਸ਼ ਦੀ॥ ਜਿੱਥੇ ਖੇਡ ਸ਼ਸਤਰਾਂ ਦੀ ਖੇਡਦਾ ਰਿਹਾ। ਜਿੱਥੇ ਸੁੱਤਾ ਕੰਡਿਆਂ ਦਾ ਲਾ ਕੇ ਬਿਸਤਰਾ॥ ਜਿਥੋਂ ਗੀਤ ਯਾਰੜੇ ਦਾ ਗਾ ਕੇ ਲੰਘਿਆ। ਜਿਥੋਂ ਪੀਰ ਉੱਚ ਦਾ ਕਹਾ ਕੇ ਲੰਘਿਆ॥ ਜਿੱਥੇ ਵਾਰਿਆ ਅਜੀਤ ਤੇ ਜੁਝਾਰ ਨੂੰ। ਹਿੱਕੜੀ 'ਚ ਲੈ ਕੇ ਦੇਸ਼ ਦੇ ਪਿਆਰ ਨੂੰ॥ ਕਾਲਜੇ ਦੇ ਟੋਟਿਆਂ ਦੀ ਕੰਧ ਜੋੜ ਕੇ। ਠਲ੍ਹ ਪਾ ਗਿਆ ਸੀ ਜ਼ੁਲਮ ਨੂੰ ਝੰਜੋੜ ਕੇ॥ ਜਿੱਥੇ ਚਿੱਠੀਆਂ ਫਤਿਹ ਦੀਆਂ ਉਚਾਰੀਆਂ। ਬਾਜ ਵਾਂਗ ਲਾ ਕੇ ਅੰਬਰਾਂ ਤੇ ਤਾਰੀਆਂ॥ ਸਾਂਭ ਕੇ ਬੇਦਾਵਾ ਦੂਰ ਦੂਰ ਪਹੁੰਚਿਆ। ਖਾਲਸੇ ਪੁਕਾਰਿਆ ਹਜ਼ੂਰ ਪਹੁੰਚਿਆ॥ ਕਲਮ ਤੇ ਕਟਾਰ ਥੀਂ ਕਮਾਲ ਜੂਝਿਆ। ਗੁਜਰੀ ਦਾ ਲਾਲ ਤੇਗ ਜੀ ਦਾ ਲਾਡਲਾ॥ ਬੀਰਤਾ ਤੇ ਸਾਧਨਾ ਦਾ ਗਿਆਨ ਦੇ ਗਿਆ। ਕੌਮ ਨੂੰ ਜੋ ਫਲਸਫ਼ਾ ਮਹਾਨ ਦੇ ਗਿਆ॥ ਪਾਤਸ਼ਾਹੀਆਂ ਦੇ ਗਿਆ ਗੁਰੂ ਗ੍ਰੰਥ ਨੂੰ। ਕਹਿ ਗਿਆ ਸੀ ਲਾਡਲੇ ਦਲੇਰ ਪੰਥ ਨੂੰ॥ ਆਗਿਆ ਅਕਾਲ ਕੀ ਬਜਾ ਕੇ ਚੱਲਿਆਂ। ਤਖ਼ਤ ਸਾਮਰਾਜ ਦਾ ਹਲਾ ਕੇ ਚੱਲਿਆਂ॥ ਹੋਣੀਆਂ ਦੇ ਵਾਰ ਜਦ ਬੁਝਾਤ ਪਾਣਗੇ। ਖਾਲਸੇ ਮੇਰੇ ਜਦੋਂ ਫਤਹਿ ਗਜਾਣਗੇ॥ ਜੂਝਾਗਾਂ ਮੈਂ ਖਾਲਸੇ ਦੀ ਤੇਗ ਚੁੰਮ ਕੇ। ਖਾਲਸੇ ਦੇ ਨਾਲ ਨਾਲ ਘੁੰਮ ਘੁੰਮ ਕੇ॥ ਖਾਲਸਾ ਹੀ ਆਨ ਖਾਲਸਾ ਹੀ ਸ਼ਾਨ ਹੈ। ਖਾਲਸਾ ਹੀ ਜਿੰਦ ਖਾਲਸਾ ਹੀ ਜਾਨ ਹੈ॥ ਖਾਲਸਾ ਹੀ ਜੌਹਰ ਖਾਲਸਾ ਜਲਾਲ ਹੈ। ਖਾਲਸਾ ਹੀ ਕਲਮ ਖਾਲਸਾ ਖਿਆਲ ਹੈ॥ ਖਾਲਸੇ ਦੇ ਨਾਲ ਯਾਰੀਆਂ ਨਿਭਾਣੀਆਂ। ਖਾਲਸੇ ਦੇ ਖੂਨ ਪਾਣੀਆਂ ਕਹਾਣੀਆਂ॥ ਏਸ ਰਾਹ ਤੇ ਰਾਹਨੁਮਾ ਉਹ ਆਖਦਾ ਗਿਆ। ਕਾਇਮ ਰਹੇ ਸਦੀਵ ਕਾਲ ਖਾਲਸਾ ਮੇਰਾ॥ ਬੀਰਤਾ ਤੇ ਸਾਧਨਾ ਦੀਆਂ ਸਵਾਰੀਆਂ। ਹਜ਼ੂਰ ਸਾਹਿਬ ਤੋਂ ਲਿਆ ਕੇ ਜੋ ਸ਼ਿੰਗਾਰੀਆਂ॥ ਜਿਹੜੇ ਸ਼ਸਤਰਾਂ ਦੇ ਨਾਲ ਹੈ ਜੂਝਦਾ ਰਿਹਾ। ਉਨ੍ਹਾਂ ਸ਼ਸਤਰਾਂ ਦਾ ਵੇਖ ਲੋ ਇਹ ਮੁਅਜਜ਼ਾ॥ ਇਨ੍ਹਾਂ ਸ਼ਸਤਰਾਂ 'ਚੋਂ ਹੈ ਆਵਾਜ਼ ਆ ਰਹੀ। ਸਤਿ ਸ੍ਰੀ ਅਕਾਲ ਤੇ ਫਤਹਿ ਗਜਾ ਰਹੀ॥ ਬੇੜੀ ਨੂੰ ਤੂਫ਼ਾਨਾਂ 'ਚੋਂ ਬਚਾਣ ਵਾਸਤੇ। ਅਮਨ ਦੇ ਕਿਨਾਰੇ ਤੇ ਲਗਾਣ ਵਾਸਤੇ॥ ਚੱਪੂ ਤਲਵਾਰ ਦੇ ਸੰਭਾਲ ਰੱਖਿਓ। ਰਾਕਟਾਂ ਦੀ ਦੌੜ 'ਚ ਵੀ ਨਾਲ ਰੱਖਿਓ॥ ਉਸ ਦਾ ਪੈਗਾਮ ਗੁਣ ਗੁਣਾ ਰਹੀ ਹਵਾ। ਦੇਸ਼ ਤੇ ਮਹਾਨ ਸ਼ਕਤੀਆਂ ਦੀ ਮਿਹਰ ਪਾ॥ ਜਾ ਰਿਹੈ ਗੋਬਿੰਦ ਰਾਸਤੇ ਨੂੰ ਕਾਫਲਾ। ਰੱਖ ਕੇ ਗੁਰੂ ਗੋਬਿੰਦ ਜੀ ਦਾ ਆਸਰਾ॥

ਸਾਕਾ ਨੀਲਾ ਤਾਰਾ

ਬਾਬਾ ਤੇਰੀ ਧਰਤੀ ਤੇ ਕਹਿਰ ਹੋ ਗਿਆ। ਖੂਨ ਤੇਰੇ ਬੱਚਿਆਂ ਦਾ ਫੇਰ ਚੋਅ ਪਿਆ॥ ਜਿਹਦੇ ਕੋਲ ਨਾਮ ਬਾਣੀ ਦਾ ਜਹਾਜ਼ ਹੈ। ਭਲਾ ਸਰਬਤ ਦਾ ਜਿਸਦੀ ਆਵਾਜ਼ ਹੈ॥ ਦੇ ਗਿਓਂ ਜਹਾਨ ਨੂੰ ਸੁਗਾਤਾਂ ਪਿਆਰੀਆਂ। ਸੱਚ ਦਾ ਸੰਦੇਸ਼ ਸੁੱਚੀਆਂ ਖੁਮਾਰੀਆਂ॥ ਸੱਪਾਂ ਤੇਰੇ ਮੁੱਖੜੇ ਤੇ ਛਾਵਾਂ ਕੀਤੀਆਂ। ਤੇਰਾ ਤੇਰਾ ਤੋਲ ਵੰਡੀਆਂ ਪ੍ਰੀਤੀਆਂ॥ ਪੰਜੇ ਨਾਲ ਠੱਲ੍ਹਿਆ ਪਹਾੜ ਵਲੀ ਦਾ। ਚਸ਼ਮਾ ਵਗਾ ਕੇ ਸਰ ਝੁਕਾਇਆ ਬਲੀ ਦਾ॥ ਜਾਬਰਾਂ ਦੇ ਨਾਲ ਟਕਰਾਉੇਣ ਵਾਲਿਆ। ਜੱਗ 'ਚੋਂ ਕੁਰੀਤੀਆਂ ਹਟਾਉਣ ਵਾਲਿਆ॥ ਚਾਰੇ ਪਾਸੇ ਦਸਿਆ ਨਜ਼ਾਰਾ ਰੱਬ ਦਾ। ਹਿੰਦੂ, ਸਿੱਖ, ਮੌਮਨ ਪਿਆਰਾ ਸੱਭ ਦਾ॥ ਚੋਰਾਂ, ਠੱਗਾਂ, ਡਾਕੂਆਂ ਨੂੰ ਜਾ ਕੇ ਤਾਰਿਆ। ਤਪਦਾ ਕੜਾਹਿਆ ਕੌਡੇ ਦਾ ਵੀ ਠਾਰਿਆ॥ ਨੂਰ ਸ਼ਾਹ ਦਾ ਤੂੰਹੀਓਂ ਗਰੂਰ ਭੰਨ੍ਹਿਆ। ਜਾਦੂ ਨਾਲ ਜਿਨ੍ਹੇ ਮਰਦਾਨਾ ਬੰਨ੍ਹਿਆ॥ ਕੌੜੇ ਕੌੜੇ ਰੀਠਿਆਂ ਮਿਠਾਸਾਂ ਵੰਡੀਆਂ। ਸ਼ਹਿਦ ਦੀਆਂ ਲੱਗੀਆਂ ਚੁਫੇਰੇ ਮੰਡੀਆਂ॥ ਜ਼ਹਿਰ ਕਿਹਨੇ ਘੋਲਿਆ ਤੇਰੇ ਜਹਾਨ ਤੇ। ਕਿਹਨੇ ਅੱਗ ਲਾਈ ਏ ਤੇਰੇ 'ਸਥਾਨ ਤੇ॥ ਖੂਨ ਨਾਲ ਰੰਗੀਆਂ ਦੀਵਾਰਾਂ ਬੋਲੀਆਂ। ਸੁੱਤਿਆਂ ਸ਼ਹੀਦਾਂ ਦੀਆਂ ਵਹਾਰਾਂ ਬੋਲੀਆਂ॥ ਸਾਡੇ ਵਿਹੜੇ ਕਿਧਰੋਂ ਸ਼ੈਤਾਨ ਆ ਗਏ। ਸਿੱਖੀ ਆਨ-ਬਾਨ ਨੂੰ ਮਿਟਾਣ ਆ ਗਏ॥ ਹੋ ਜਾ ਹੁਣ ਤਿਆਰ ਬਰ ਤਿਆਰ ਖ਼ਾਲਸਾ। ਰੋਕ ਲੈ ਤੂੰ ਹੋਣੀਆਂ ਦੇ ਵਾਰ ਖਾਲਸਾ॥ ਬਾਬਾ ਤੇਰੀ ਧਰਤੀ ਤੇ ਕਹਿਰ ਹੋ ਗਿਆ। ਖੂਨ ਤੇਰੇ ਬੱਚਿਆਂ ਦਾ ਫਿਰ ਚੋਅ ਪਿਆ॥ ਲਾਲੋ ਵੇਲੇ ਕਹਿਰ ਦਾ ਜੋ ਹਾਲ ਦੱਸਿਆ। ਉਸ ਤੋਂ ਵਧੇਰੇ ਏਥੇ ਕਹਿਰ ਮੱਚਿਆ॥ ਰੂਪ ਤੇਰਾ ਪੰਜਵਾਂ ਜਦੋਂ ਉਬਾਲਿਆ। ਗਰਮ ਗਰਮ ਰੇਤ ਪਾ ਕੇ ਜਦੋਂ ਜਾਲਿਆ॥ ਸ਼ਾਂਤਮਈ ਉਹਦੀ ਯਾਦ ਸਾਂ ਮਨਾ ਰਹੇ। ਠੰਡ ਵਰਤਾਣ ਲਈ ਛਬੀਲਾਂ ਲਾ ਰਹੇ॥ ਫੌਜਾਂ ਘੇਰੇ ਪਾ ਲਏ ਤੇਰੇ ਪੰਜਾਬ ਤੇ। ਗੋਲੀਆਂ ਵਰ੍ਹਾਈਆਂ ਦਰਬਾਰ ਸਾਹਬ ਤੇ॥ ਤੇਰੇ ਛੇਵੇਂ ਰੂਪ ਜਿਹੜਾ ਤਖ਼ਤ ਰੱਚਿਆ। ਉਸਦੇ ਚੁਫੇਰੇ ਐਸਾ ਤੋੜ ਮੱਚਿਆ॥ ਧੱਕਾ ਹੱਲੇ ਨਾਲ ਕੀਤਾ ਰੱਜ ਰੱਜ ਕੇ। ਜੂਝਦੇ ਰਹੇ ਸਿੰਘ ਤੇਰੇ ਗੱਜ ਗੱਜ ਕੇ॥ ਤੂੰਬੇ ਤੂੰਬੇ ਹੋ ਗਿਆ ਸਰੀਰ ਸਿੰਘ ਦਾ। ਫੇਰ ਵੀ ਨਾ ਹੋਇਆ ਏ ਅਖ਼ੀਰ ਸਿੰਘ ਦਾ॥ ਬਾਬਾ ਤੇਰੀ ਧਰਤੀ ਤੇ ਕਹਿਰ ਹੋ ਗਿਆ। ਖੂਨ ਤੇਰੇ ਬੱਚਿਆਂ ਦਾ ਫਿਰ ਚੋਅ ਪਿਆ॥ ਤੇਰੇ ਦਰਬਾਰ ਜੋ ਵੀ ਆਈਆਂ ਸੰਗਤਾਂ। ਮਾਰ ਮਾਰ ਗੋਲੀਆਂ ਉਡਾਈਆਂ ਸੰਗਤਾਂ॥ ਨਿੱਕੇ ਨਿੱਕੇ ਅਜੀਤ ਤੇ ਜੁਝਾਰ ਵਿੱਝ ਗਏ। ਖੂਨ 'ਚੋਂ ਸੁਹਾਗਣਾਂ ਦੇ ਸਾਲੂ ਭਿੱਜ ਗਏ॥ ਪਿੱਛੇ ਹੱਥ ਬੰਨ੍ਹ ਬੰਨ੍ਹ ਮਾਰ ਗੋਲੀਆਂ। ਖੂਨ ਨਾਲ ਖੇਡੀਆਂ ਸ਼ੈਤਾਨ ਹੋਲੀਆਂ॥ ਚਾਰੇ ਪਾਸੇ ਪਏ ਲੋਥੜੇ ਹੀ ਲੋਥੜੇ। ਕਿੰਨੀਆਂ ਮਾਵਾਂ ਦੇ ਕਾਲਜੇ ਦੇ ਟੋਟੜੇ॥ ਜਿਥੋਂ ਵਗਦਾ ਹਯਾਤੀਆਂ ਦਾ ਨੀਰ ਸੀ। ਉਹਦੇ ਵਿਚ ਤਰਦੇ ਮੋਏ ਸ਼ਰੀਰ ਸੀ॥ ਪਾਣੀ ਬੰਦ, ਬੱਤੀ ਬੰਦ, ਬੰਦ ਬੰਦਗੀ। ਮੌਤ ਨੇ ਸੀ ਘੇਰ ਲਈ ਚੁਫੇਰ ਜ਼ਿੰਦਗੀ॥ ਰੰਗਲੇ ਜੁਆਨਾਂ ਤਾਈਂ ਟੋਲ ਟੋਲ ਕੇ। ਮਾਰਿਆ ਤਸੀਹੇ ਦੇ ਕੇ ਰੋਲ ਰੋਲ ਕੇ॥ ਕੰਜਕਾਂ ਕੁਆਰੀਆਂ ਦੀ ਪੱਤ ਨਾ ਰਹੀ। ਐਨਾ ਕਹਿਰ ਹੋਇਆ ਕੋਈ ਅੱਤ ਨਾ ਰਹੀ॥ ਕਹਿਰ ਦਾ ਨਜ਼ਾਰਾ ਵੇਖ ਕਿਉਂ ਨਾ ਬੋਲਿਆ। ਤੇਰਿਆਂ ਮੁਰੀਦਾਂ ਤਾਈਂ ਜਦੋਂ ਰੋਲਿਆ॥ ਤੇਰੇ ਸਿੱਖ ਜ਼ਾਲਮਾਂ ਦੇ ਹੱਲੇ ਮੋੜਦੇ। ਜੋਸ਼ ਨਾਲ ਵੈਰੀਆਂ ਦੇ ਮੂੰਹ ਤੋੜਦੇ॥ ਪੰਥ ਦੀ ਕਵ੍ਰਿਤੀ ਹਾਂ ਗੱਲ ਕਰ ਲਾਂ। ਛਿੱਲੇ ਜ਼ਖ਼ਮਾਂ ਨੂੰ ਵੱਲ ਕਰ ਲਾਂ॥ ਬਾਬਾ ਤੇਰੀ ਧਰਤੀ ਤੇ ਕਹਿਰ ਹੋ ਗਿਆ। ਖੂਨ ਤੇਰੇ ਬੱਚਿਆਂ ਦਾ ਫਿਰ ਚੋਅ ਪਿਆ॥

ਇਕ ਸਵਲੜੀ ਦਾਤ ਮੰਗੀ

ਕਲਗੀ ਵਾਲਿਆ ਤੇਰੇ ਦਰਬਾਰ ਵਿਚੋਂ, ਇਕੋ ਇਕ ਸਵਲੜੀ ਦਾਤ ਮੰਗੀ। ਬਿਰਧ ਬਾਣੇ ਦੀ ਸਦਾ ਤੂੰ ਲਾਜ ਰਖੀਂ, ਸਿੱਖੀ ਸਿਦਕ ਦੀ ਅਮਰ ਸੌਗਾਤ ਮੰਗੀ। ਚੜ੍ਹਦੀ ਕਲਾ ਵਾਲੇ ਅਣਖੀ ਦਾਤਿਆ ਵੇ, ਨਾੜਾਂ ਸੁੱਤੀਆਂ ਹੋਈਆਂ ਸੁਰਜੀਤ ਕਰ ਦੇ, ਮੇਟ ਜ਼ੁਲਮ ਤੇ ਵਿਤਕਰਾ, ਖੈਰਾਤ ਮੰਗੀ। ਇਕੋ ਇਕ ਸਵਲੜੀ ਦਾਤ ਮੰਗੀ। ਤੇਰਾ ਹੁਕਮਨਾਮਾ ਸਿੱਖਾਂ ਸੇਵਕਾਂ ਲਈ, ਸਦਾ ਭਲਾ ਸਰਬੱਤ ਦਾ ਮੰਗਣਾ ਹੈ। ਜੋ ਵੀ ਆਵੇਗਾ ਝੜੇਗਾ ਤੇਗ ਅੱਗੇ, ਜਿਹੜੇ ਰਾਹਾਂ ਤੋਂ ਖ਼ਾਲਸੇ ਲੰਘਣਾ ਹੈ। ਪਿਤਾ ਵਾਰ ਕੇ ਚਾਂਦਨੀ ਚੌਂਕ ਅੰਦਰ, ਚੌਂਕ ਧਰਮ ਦੇ ਸੀਸ ਤੇ ਰਖਿਆ ਜੇ। ਨੀਹਾਂ ਹੇਠ ਖਲਾਰਕੇ ਪੁੱਤਰਾਂ ਨੂੰ, ਜਿਗਰਾ ਤੁਸੀਂ ਮਾਸੂਮਾਂ ਦਾ ਪਰਖਿਆ ਜੇ। ਪੋਹ ਵਿਚ ਜਨਮ ਲੀਤਾ, ਚਾਰੇ ਪੁੱਤ ਵਾਰੇ, ਪੋਹ ਵਿਚ ਅੰਬੜੀ ਤਾਈਂ ਕੁਰਬਾਨ ਕੀਤਾ। ਕਢਣ ਲਈ ਹਨੇਰੇ ਗੁਲਾਮੀਆਂ ਦੇ, ਪਹੁ ਫੁਟਾਲੇ ਨੂੰ ਤੁਸੀਂ ਪ੍ਰਣਾਮ ਕੀਤਾ। ਪੋਹ ਦੀ ਰਾਤ ਕਾਲੀ, ਸਰਦੀ ਕਹਿਰ ਢਾਏ, ਦਾਨੀ ਪੁੱਤਰਾਂ ਦਾ ਤੁਰਿਆ ਜਾ ਰਿਹਾ ਏ। ਮਾਛੀਵਾੜੇ ਦੇ ਤਿੱਖਿਆਂ ਕੰਢਿਆਂ ਤੇ, ਕੰਵਲ ਫੁੱਲਾਂ ਜਿਹੇ ਚਰਨ ਟਿਕਾ ਰਿਹਾ ਏ। ਹੱਥ ਵਿਚ ਤੇਗ ਤਿੱਖੀ, ਸੀਨਾ ਜੋਸ਼ ਭਰਿਆ, ਨਗਮਾ ਮਿੱਤਰ ਪਿਆਰੇ ਦਾ ਗਾ ਰਿਹਾ ਏ। ਸੱਥਰ ਯਾਰੜੇ ਦਾ ਚੰਗਾ ਲੱਖ ਵਾਰੀ, ਕਹਿਕੇ ਜ਼ੁਲਮ ਨੂੰ ਭਾਜੜਾਂ ਪਾ ਰਿਹਾ ਏ। ਠੰਡੀ ਰੇਤ ਤੇ ਗਰਮ ਜਾਂ ਰੱਤ ਡੁੱਲ੍ਹੀ, ਕਣ ਕਣ ਬਣ ਗਿਆ ਰੂਪ ਅੰਗਿਆਰਿਆਂ ਦਾ। ਜ਼ੁਲਮ ਜਾਬਰ ਦਾ ਤਖਤਾ ਪਲਟਣੇ ਲਈ, ਸਾਗਰ ਉਮਡਿਆ ਗੁਰੂ ਕੇ ਪਿਆਰਿਆਂ ਦਾ । ਦੀਨੇ ਕਾਂਗੜ ਵਿਚ ਬੈਠ ਕੇ ਖ਼ਤ ਲਿਖੇ, ਧਨੀ ਕਲਮ ਦੇ ਧਨੀ ਤਲਵਾਰ ਦੇ ਨੇ। ਹਰਫ਼ ਹਰਫ਼ ਸੀ ਅਣਖ ਦੇ ਤੀਰ ਤਿੱਖੇ, ਜ਼ਹਿਰੀ ਨਾਗ ਜੀਕਣ, ਸ਼ੂਕਾਂ ਮਾਰਦੇ ਨੇ। ਭਿੱਜੇ ਹੋਏ ਸ਼ਹੀਦਾਂ ਦੇ ਖੂਨ ਅੰਦਰ, ਖ਼ਤ ਪਹੁੰਚੇ ਜਾ ਸੱਚੀ ਸਰਕਾਰ ਦੇ ਨੇ। ਔਰੰਗਜ਼ੇਬ ਦੇ ਹੋਸ਼ ਹਵਾਸ ਉੱਡੇ, ਜਾਪਣ ਦੋਵੇਂ ਜਹਾਨ ਫਿਟਕਾਰਦੇ ਨੇ। ਕੀ ਹੋਇਆ ਜੇ ਮਾਰੇ ਤੂੰ ਚਾਰ ਪੁੱਤਰ, ਮੇਰੇ ਖ਼ਾਲਸੇ ਤੈਨੂੰ ਨਹੀਂ ਜੀਣ ਦੇਣਾ। ਆ ਕੇ ਵੇਖ ਪੰਜਾਬ ਦੀ ਜੂਹ ਅੰਦਰ, ਤੈਨੂੰ ਪਾਣੀ ਦਾ ਘੁੱਟ ਨਹੀਂ ਪੀਣ ਦੇਣਾ। ਜਮਨਾ ਕੰਢੇ ਦਿਆਲਾ ਹੈ ਗੁਰੂ ਵਾਲਾ, ਜਿਹਨੂੰ ਦੇਗਾਂ ਵਿਚ ਉਬਾਲਿਆ ਤੂੰ। ਮਤੀਦਾਸ ਨੇ ਮੋੜਨੀ ਅੱਜ ਭਾਜੀ, ਜਿਹਨੂੰ ਆਰੇ ਦੇ ਹੇਠ ਚਿਰਵਾ ਲਿਆ ਤੂੰ। ਸਤੀਦਾਸ ਨੇ ਸਾੜਨੇ ਪੈਰ ਤੇਰੇ, ਜਿਹਨੂੰ ਰੂੰਈਂ ਲਪੇਟ ਕੇ ਜਾਲਿਆ ਤੂੰ । ਨੌਵੇਂ ਗੁਰਾਂ ਦਾ ਸੀਸ ਨਾ ਹੱਥ ਆਇਆ, ਬੜਾ ਤੜਫਿਆ ਢੂੰਡਿਆ ਭਾਲਿਆ ਤੂੰ । ਔਰੰਗਜ਼ੇਬ ਤੂੰ ਮਰਨੈ ਨਾਪਾਕ ਹੋ ਕੇ, ਹੁਣ ਦਿੱਲੀ ਵਿਚ ਪੈਰ ਨਹੀਂ ਧਰ ਸਕਣਾ। ਤੈਨੂੰ ਦੱਖਣ ਦਾ ਦੋਜ਼ਖ ਨਸੀਬ ਹੋਣੈ, ਪੱਛਮ ਵਲ ਤੂੰ ਸਜਦਾ ਨਹੀਂ ਕਰ ਸਕਣਾ। ਤੈਨੂੰ ਸਤਿਗੁਰਾਂ ਬਖਸ਼ੀਆਂ ਪਾਤਸ਼ਾਹੀਆਂ, ਪਰ ਤੂੰ ਗੁਰੂੁ ਘਰ ਤੇ ਕਹਿਰ ਢਾਹੇ ਜ਼ਾਲਮ। ਪੰਚਮ ਪਿਤਾ ਬਿਠਾਲ ਕੇ ਲੋਹਾਂ ਉੱਤੇ, ਗਰਮ ਰੇਤਾ ਦੇ ਕੜਛੇ ਪਵਾਏ ਜ਼ਾਲਮ। ਪਿੰਜਰਾ ਤਿੱਖੀਆਂ ਸੀਖਾਂ ਦਾ ਅਜੇ ਕਾਇਮ, ਚਾਦਰ ਧਰਮ ਦੀ ਜਿੱਥੇ ਬਿਠਾਏ ਜ਼ਾਲਮ। ਖਾ ਕੇ ਝੂਠੀਆਂ ਕਸਮਾਂ ਕੁਰਾਨ ਦੀਆਂ, ਹਮਲੇ ਅਸਾਂ ਤੇ ਕਿਤਨੇ ਕਰਵਾਏ ਜ਼ਾਲਮ। ਗੰਗਾ, ਜਮਨਾ, ਗੋਦਾਵਰੀ ਪੱਤਣਾਂ ਤੇ, ਕਿਤਨੇ ਸਾਧੂਆਂ ਧੂਣੀ ਰਮਾਈ ਹੋਈ ਏ। ਦੱਖਣ ਕਿਸ ਤਰ੍ਹਾਂ, ਫ਼ਤਹਿ ਤੂੰ ਕਰ ਸਕਦੈਂ, ਅਸੀਂ ਸਿੰਘਾਂ ਦੀ ਫੌਜ ਬਠਾਈ ਹੋਈ ਏ। ਜੌਹਰੀ ਹੁੰਦਾ ਤਾਂ ਲਾਲ ਪਛਾਣ ਲੈਂਦਾ, ਢੌਂਗੀ ਹੀਰਿਆਂ ਦੀ ਸਾਰ ਕਿਵੇਂ ਜਾਣੇਂ। ਜਿਹਦਾ ਕੰਮ, ਜੰਝੂ ਬੋਦੀ ਸਾੜਨਾ ਸੀ, ਸ਼ਹਿਨਸ਼ਾਹੀ ਕਿਰਦਾਰ ਨੂੰ ਕਿਵੇਂ ਜਾਣੇਂ। ਜਿਹਦਾ ਬਾਪ ਮੋਇਆ ਜੇਲ੍ਹਾਂ ਵਿਚ ਰੁਲ ਕੇ, ਉਹ ਇਤਬਾਰ ਸਤਿਕਾਰ ਨੂੰ ਕਿਵੇਂ ਜਾਣੇ। ਜਿਹਨੇ ਆਪਣੇ ਭਰਾਵਾਂ ਦਾ ਖ਼ੂਨ ਕੀਤਾ, ਉਹ ਲੁਕਾਈ ਦੇ ਪਿਆਰ ਨੂੰ ਕਿਵੇਂ ਜਾਣੇ। ਆਉਣ ਵਾਲੇ ਇਤਿਹਾਸ ਦੇ ਪੰਨਿਆਂ ਨੇ, ਤੇਰੇ ਜ਼ੁਲਮ ਦਾ ਜੂਲਾ ਵਗਾਹ ਸੁਟਣੈ। "ਅਵਤਾਰ" ਉਠਣੇ ਭੁਚਾਲ ਤੂਫ਼ਾਨ ਕਿਤਨੇ, ਤੇਰਾ ਆਲ੍ਹਣਾ ਕਰਕੇ ਫਨਾਹ ਸੁਟਣੈ।

ਗ਼ਜ਼ਲ

(ਬੰਗਲਾ ਦੇਸ਼ ਜਿੱਤ ਕੇ ਆਏ ਜਗਜੀਤ ਸਿੰਘ ਅਰੋੜਾ ਦੇ ਸੁਆਗਤ ਸਮੇਂ) ਐ ਨਲੂਏ ! ਰਣਬੀਰ ਬਹਾਦੁਰ, ਤੇਰੀ ਯਾਦ ਭੁਲਾ ਨਹੀਂ ਸਕਦੇ। ਨਾ ਜਮਰੋਦ ਨਾ ਗੁਜਰਾਂਵਾਲੇ, ਹੈ ਅਫ਼ਸੋਸ ਕਿ ਜਾ ਨਹੀਂ ਸਕਦੇ॥ ਸ਼ਹਿਰ ਦਿੱਲੀ ਵਿੱਚ ਪਾਕ ਤੇ ਬੰਗਲਾ, ਦੇਸ਼ਾਂ ਦੇ ਨਾਲ ਮੁਆਇਦਾ ਹੋਇਆ, ਪਰ ਸਿੰਘ ਵਿਛੜੇ ਗੁਰਧਾਮਾਂ ਦੇ, ਖੁਲ੍ਹ ਕੇ ਦਰਸ਼ਨ ਪਾ ਨਹੀਂ ਸਕਦੇ॥ ਕੀ ਹੋਇਆ ਸਮਿਆਂ ਨੇ ਕੀਤੀ, ਨਾਲ ਸਿੰਘਾਂ ਦੇ ਹੇਰਾ ਫੇਰੀ, ਪਰ ਜਮਰੋਦ ਵਿਚ ਨਾਂ ਨਲੂਏ ਦਾ, ਲੱਖ ਤੂਫ਼ਾਨ ਮਿਟਾ ਨਹੀਂ ਸਕਦੇ॥ ਉਸ ਗੜ੍ਹੀ ਵਿਚ ਸੁੱਤਾ ਹੋਇਆ, ਸ਼ੇਰ ਹਰੀ ਸਿੰਘ ਜਾਗ ਪਵੇ ਨਾ, ਕਾਬੁਲ ਦੇ ਦਿਲ ਦੀ ਥਰ ਕੰਬਣੀ, ਹਾਲਾਂ ਤੀਕ ਹਟਾ ਨਹੀਂ ਸਕਦੇ॥ ਅੱਜ ਕਸ਼ਮੀਰ ਦਾ ਕੇਸਰ ਦੇਖੋ, ਬੰਬਾਂ ਦੀ ਬਦਬੂ ਨੂੰ ਆਖੇ, ਇਹ ਹਰਿਆਵਾਲ ਉਸ ਹਰੀ ਦੀ, ਜੰਗਾਂ ਨਾਲ ਜਲਾ ਨਹੀਂ ਸਕਦੇ॥ ਨਾਮ ਅਰੋੜਾ ਰੱਖਕੇ ਨਲੂਆ, ਬੰਗਲਾ ਦੇਸ਼ ਬਚਾਵਣ ਆਇਆ, ਨਾਦਰ ਦੇ ਨਾਪਾਕ ਜਨੂੰਨੋਂ, ਬੱਚ ਕੇ ਵਾਪਸ ਜਾ ਨਹੀਂ ਸਕਦੇ॥ ਭਗਤੀ ਸ਼ਕਤੀ ਦੇ ਲੱਖ ਤਾਰੇ, ਸਿੱਖੀ ਦੇ ਅੰਬਰਾਂ ਤੇ ਚਮਕਣ, ਯੁਗ ਯੁਗ ਦੇ ਢਲਦੇ ਪਰਛਾਵੇਂ, ਨੂਰ ਤੇ ਪਰਦਾ ਪਾ ਨਹੀਂ ਸਕਦੇ॥

ਸ਼ਹੀਦ ਦੀ ਮੜ੍ਹੀ

(ਕੌਮ ਦੇ ਨਾਂ ਗੀਤ ਰਾਹੀਂ ਕਵਿੱਤਰੀ ਦਾ ਸੰਦੇਸ਼) ਇਹ ਕਿਸਦਾ ਅੰਗੀਠਾ ਇਹ ਕਿਸਦੀ ਮੜ੍ਹੀ ਹੈ। ਕਿ ਅੱਖੀਆਂ 'ਚ ਅੱਥਰੂ ਲੁਕਾਈ ਖੜੀ ਹੈ॥ ਇਹ ਦਾਨੀ ਸਿਰਾਂ ਦੇ ਅਣਖ ਦੇ ਵਪਾਰੀ। ਜੋ ਅੱਗ ਦੇ ਸਮੁੰਦਰਾਂ 'ਚ ਲਾ ਗਏ ਨੇ ਤਾਰੀ। ਜੋ ਪੀ ਗਏ ਸ਼ਹਾਦਤ ਦੇ ਅੰਮ੍ਰਿਤ ਪਿਆਲੇ। ਜਿਨ੍ਹਾਂ ਨੂੰ ਸਦੀਵੀ ਖੁਮਾਰੀ ਚੜ੍ਹੀ ਹੈ। ਇਹ ਕਿਸਦਾ ਅੰਗੀਠਾ………………॥ ਇਹ ਸੰਧੂਰ ਕਿਸਦਾ ਅਜੇ ਬਲ ਰਿਹਾ ਹੈ। ਇਹ ਕਿਸਦਾ ਕਲੇਜਾ ਅਜੇ ਜਲ ਰਿਹਾ ਹੈ। ਇਹ ਕਤਰੇ ਲਹੂ ਦੇ ਕਿਸ ਦੇ ਕਲੀਰੇ। ਚੰਦੋਏ ਤੇ ਚਮਕ ਇਨ੍ਹਾਂ ਦੀ ਲੜੀ ਹੈ। ਇਹ ਕਿਸਦਾ ਅੰਗੀਠਾ………………॥ ਇਹ ਦਸ਼ਮੇਸ਼ ਦੇ ਸ਼ੇਰ ਬੱਚਿਆਂ ਦੇ ਬੇਟੇ। ਜੋ ਹਿੱਕ ਨਾਲ ਗੱਡੀਆਂ ਖਲਾਰਨ ਸੀ ਲੇਟੇ। ਜੋ ਖੋਪਰ ਲੁਹਾ ਗਏ ਚਰਖੜੀ ਤੇ ਚੜ੍ਹ ਗਏ। ਜਿਨ੍ਹਾਂ ਦੀ ਕਹਾਣੀ ਲੰਮੇਰੀ ਬੜੀ ਹੈ। ਇਹ ਕਿਸਦਾ ਅੰਗੀਠਾ………………॥ ਹੱਥੇਲੀ ਤੇ ਸਿਰ ਧਰਕੇ ਕੋਈ ਜਾ ਰਿਹਾ ਹੈ। ਕੋਈ ਬੰਦ ਬੰਦ ਕਟਾ ਕੇ ਵੀ ਮੁਸਕਾ ਰਿਹਾ ਹੈ। ਸਿਦਕੀਆਂ ਦਾ ਰੁਤਬਾ ਬੁਲੰਦ ਹੋ ਗਿਆ ਹੈ। ਜ਼ੁਲਮ ਦੀ ਹਨੇਰੀ ਜਦੋਂ ਵੀ ਚੜ੍ਹੀ ਹੈ। ਇਹ ਕਿਸਦਾ ਅੰਗੀਠਾ………………॥ ਜਦੋਂ ਖੂਨ ਡਲ੍ਹਿਆ ਤਾਂ ਇਤਿਹਾਸ ਬਣਿਆ। ਜਦੋਂ ਖੂਨ ਡੁਲ੍ਹਿਆ ਤਾਂ ਵਿਸ਼ਵਾਸ ਬਣਿਆ। ਜਦੋਂ ਖੂਨ ਡੁਲ੍ਹਿਆ ਸਿਆਹ ਦਾਗ਼ ਧੁੱਪ ਗਏ। ਲਹੂ ਨਾਲ ਤਕਦੀਰ ਇਹਨਾਂ ਘੜੀ ਹੈ। ਇਹ ਕਿਸਦਾ ਅੰਗੀਠਾ………………॥ ਮੇਰੇ ਪੰਥ ਦੇ ਰਹਿਬਰੇ ਸੰਭਲ ਜਾਓ। ਸ਼ਹੀਦਾਂ ਦੇ ਲਹੂ ਦੀ ਨੁਮਾਇਸ਼ ਨਾ ਲਾਓ। ਇਸੇ ਖੂਨ ਵਿਚ ਖੂਨ ਆਪਣਾ ਵੀ ਪਾਓ, ਪ੍ਰੀਖਿਆ ਦੀ ਆ ਗਈ ਅਖ਼ੀਰੀ ਘੜੀ ਹੈ। ਇਹ ਕਿਸਦਾ ਅੰਗੀਠਾ………………॥ ਹਵਾਵਾਂ 'ਚ ਨਮ ਹੈ, ਕਲੇਜੇ 'ਚ ਗ਼ਮ ਹੈ। ਮੇਰੇ ਪੰਥ ਤੈਨੂੰ ਲਹੂ ਦੀ ਕਸਮ ਹੈ। ਇਹ ਬੁਝ ਗਏ ਨੇ ਦੀਵੇ ਜਿਨ੍ਹਾਂ ਵਿਹੜਿਆਂ ਦੇ, ਉਨ੍ਹਾਂ ਦੀ ਹਿਫ਼ਾਜ਼ਤ ਜ਼ਰੂਰੀ ਬੜੀ ਹੈ। ਇਹ ਕਿਸਦਾ ਅੰਗੀਠਾ………………॥

ਸ਼ਹੀਦ ਉਧਮ ਸਿੰਘ

ਜ਼ਿੰਦਾਬਾਦ ਕੌਮ ਦੇ, ਸ਼ਹੀਦ ਜ਼ਿੰਦਾਬਾਦ। ਜ਼ਿੰਦਾਬਾਦ ਅਣਖ ਦੇ, ਮੁਰੀਦ ਜ਼ਿੰਦਾਬਾਦ॥ ਤੇਰੀ ਅਣਖ ਕੌਮ ਦਾ, ਵਕਾਰ ਬਣ ਗਈ। ਮੇਰੀ ਅਣਖ ਬੇਮਿਸਾਲ, ਵਾਰ ਕਰ ਗਈ॥ ਲਾ ਲਿਆ ਕਲੇਜੇ ਨਾਲ, ਖੂਨ ਕੌਮ ਦਾ। ਹਿੱਕੜੀ 'ਚ ਪਾ ਲਿਆ, ਜਨੂਨ ਕੌਮ ਦਾ॥ ਸਾਗਰਾਂ ਨੂੰ ਚੀਰ ਕੇ, ਸਯਾਦ ਟੋਲਿਆ। ਦੈਂਤ ਦੀ ਗੁਫਾ ਤੇ ਜਾ ਕੇ, ਸ਼ੇਰ ਬੋਲਿਆ॥ ਰਾਮ ਮੇਰਾ ਨਾਮ ਹੈ, ਰਹੀਮ ਜ਼ਿੰਦਗੀ। ਮੈਂ ਸਿੰਘ ਹਾਂ ਗੁਰੂ ਦਾ, ਇਹੋ ਦੇਸ਼ ਬੰਦਗੀ॥ ਮੇਰੀ ਮਾਂ ਦੀ ਮਾਂਗ 'ਚ ਓ, ਖੂਨ ਪਾਣ ਵਾਲਿਆ। ਚਹਿਚਹਾਟ ਪੰਛੀਆਂ ਦੀ, ਓ ਜਲਾਣ ਵਾਲਿਆ॥ ਇਹ ਉਡਾਰੀਆਂ ਨੇ, ਸ਼ਿਕਾਰੀਆਂ ਤੋਂ ਬੰਦ ਨਹੀਂ। ਜਾਂ ਨਿਸਾਰ ਜੋਤੀਆਂ ਨੇ, ਵਕਤ ਦੇ ਪਾਬੰਦ ਨਹੀਂ॥ ਜਦ ਕਦੀ ਸ਼ਮਾ ਜਲੀ ਤਾਂ, ਸ਼ੌਕ ਹੋਰ ਜਾਗਿਆ। ਦਾਰ ਤੇ ਮੁਸਕਰਾ ਕੇ ਕੋਈ, ਗੀਤ ਗੁਣਗੁਣਾ ਗਿਆ॥ ਪੰਛੀਆਂ ਨੇ ਫੜਫੜਾ ਕੇ, ਤੋੜਨੈ ਫੌਲਾਦ ਨੂੰ। ਕੈਦ ਕਿਸ ਤਰ੍ਹਾਂ ਕਰੇਗਾ, ਆਤਮਾ ਆਜ਼ਾਦ ਨੂੰ॥ ਆਪਣੇ ਲਹੂ ਦਾ ਰੰਗ, ਛਿੜਕਣੈ ਅਕਾਸ਼ ਤੇ। ਸੂਰਜਾਂ ਨੇ ਥਰਥਰਾਣੈ, ਸਾਮਰਾਜੀ ਲਾਸ਼ ਤੇ॥ ਕੌਮ ਦੇ ਅਪਮਾਨ ਦਾ, ਬਦਲਾ ਚੁਕਾਣ ਵਾਲੜਾ। ਰੂਹ-ਬ-ਰੂ ਤੂਫਾਨ ਦੇ, ਦੀਪਕ ਜਗਾਣ ਵਾਲੜਾ॥ ਉਸਦੇ ਲਹੂ ਦੀ ਜੋਤ, ਮਿਲ ਗਈਆਂ ਆਜ਼ਾਦੀਆਂ। ਉਸਦੇ ਲਹੂ ਦੀ ਮਹਿਕ, ਮੁਸਕਰਾਣ ਸ਼ੋਖੀਆਂ॥ ਉਸਦੇ ਲਹੂ ਥੀਂ, ਅਣਖ ਜ਼ਜਬਿਆਂ ਦੀ ਜਾਗਦੀ। ਉਸਦੇ ਲਹੂ ਥੀਂ, ਹੈ ਸਰ-ਜ਼ਮੀਨ ਪੰਜਾਬ ਦੀ॥ ਉਸਦਾ ਲਹੂ ਵਤਨ ਦਾ, ਪਿਆਰ ਲੈਣ ਆ ਗਿਆ। ਵਿਛੜਿਆ ਫੁੱਲ, ਚਮਨ ਦੀ ਸਾਰ ਲੈਣ ਆ ਗਿਆ॥ ਖੋਪਰਾਂ 'ਚ ਅਣਖ ਦੀ, ਹਯਾਤ ਪੀਣ ਵਾਲਿਓ। ਇਹ ਲਹੂ ਸ਼ਹੀਦ ਦਾ, ਸੰਭਾਲਿਓ ਸੰਭਾਲਿਓ॥ ਕੌਮ ਦੇ ਸ਼ਹੀਦ ਤੇਰੀ, ਇਹ ਮਹਾਨ ਯਾਤਰਾ। ਕਰਨ ਆ ਗਿਐ ਹੈ, ਦੇਸ਼ ਵਾਸੀਆਂ ਦਾ ਕਾਫਲਾ॥ ਇਹ "ਸੁਨਾਮ" ਹੈ ਮਹਾਨ, ਜਿਸਦੀ ਹੈ ਤੂੰ ਆਤਮਾ। ਉਹ ਯਤੀਮ-ਘਰ ਮਹਾਨ, ਜਿਸ 'ਚ ਪਾਈ ਪਰਵਸ਼ਾ॥ ਇਹ ਪੰਜਾਬ ਹੈ ਮਹਾਨ, ਦੇਸ਼ ਦੀ ਖੜਗ ਭੁਜਾ। ਇਹ ਪੰਜਾਬ ਸਰ ਕਟਾ ਕੇ, ਮੁਸਕਰਵਾਂਦਾ ਰਿਹਾ॥ ਜਾਗਦਾ ਰਹੇ ਪੰਜਾਬ, ਦੇਸ਼ ਨੀਂਦਰਾਂ ਲਵੇ। ਇਹ ਪੰਜਾਬ ਹਰ ਘੜੀ, ਤੂਫਾਨ ਮੋੜਦਾ ਰਹੇ॥ ਐ ! ਮਹਾਨ ਦੇਸ਼ ਦੇ, ਪੰਜਾਬ ਜ਼ਿੰਦਾਬਾਦ। ਮੁਸਕਰਾ ਐ! ਚਮਨ ਦੇ, ਗੁਲਾਬ ਜ਼ਿੰਦਾਬਾਦ॥ ਜ਼ਿੰਦਾਬਾਦ ਕੌਮ ਦੇ, ਸ਼ਹੀਦ ਜ਼ਿੰਦਾਬਾਦ। ਜ਼ਿੰਦਾਬਾਦ ਅਣਖ ਦੇ, ਮੁਰੀਦ ਜ਼ਿੰਦਾਬਾਦ॥

1984 ਦੇ ਦੰਗਿਆਂ ਤੇ

ਮੰਦਰਾਂ ਦੀ ਜੋਤ ਖ਼ਾਲਸੇ ਦਾ ਖ਼ੂਨ ਹੈ। ਰੱਖਿਆ ਗਰੀਬ ਦੀ ਇਹਦਾ ਜਨੂੰਨ ਹੈ॥ ਖੂਨ ਦੇ ਕੇ ਮਿਲੀਆਂ ਸੀ ਜੋ ਆਜ਼ਾਦੀਆਂ। ਬਾਬਾ ਸਾਡੇ ਹਿੱਸੇ ਆਈਆਂ ਬਰਬਾਦੀਆਂ॥ ਕਿੰਨੀ ਦੇਰ ਚੱਟਾਂਗੇ ਅਲੂਣੀ ਸਿਲ ਨੂੰ। ਕਿੰਨਾ ਕੁ ਸਹਾਰਾ ਦੇਈਏ ਏਸ ਦਿਲ ਨੂੰ॥ ਦੇਖੋ ਏਨਾ ਕਹਿਰ ਕਿਉਂ ਢਾਹਿਆ ਜਾ ਰਿਹੈ। ਸਿੱਖੀ ਦੇ ਸਰੂਪ ਨੂੰ ਮਿਟਾਇਆ ਜਾ ਰਿਹੈ॥ ਤਿੰਨਾਂ ਦਰਿਆਵਾਂ ਦਾ ਪੰਜਾਬ ਰਹਿ ਗਿਆ। ਅੰਨ ਪਾਣੀ ਬਿਜਲੀ ਨੂੰ ਡਾਕਾ ਪੈ ਗਿਆ॥ ਸੁੱਕੀਆਂ ਜ਼ਮੀਨਾਂ ਕਾਰਖਾਨੇ ਰੋ ਰਹੇ। ਜਰਨੇਟਰਾਂ ਦੇ ਨਾਲ ਕੰਮ ਹੋ ਰਹੇ॥ ਬਾਲੇ ਮਰਦਾਨੇ ਨਾਲ ਫੇਰ ਆਵੇਂ ਜੇ। ਮਿੱਠੜੀ ਅਲਾਹੀ ਬਾਣੀ ਫੇਰ ਗਾਵੇਂ ਜੇ॥ ਤਪਦੇ ਕਲੇਜਿਆਂ 'ਚ ਠੰਡ ਪੈ ਜਾਏ। ਟੁੱਟਿਆਂ ਦਿਲਾਂ 'ਚ ਫੇਰ ਗੰਢ ਪੈ ਜਾਏ॥ ਮੁੱਕ ਜਾਏ ਵੈਰ ਤੇ ਵਿਰੋਧ ਜੱਗ 'ਚੋਂ। ਪਿਆਰ ਦੀ ਸੁਗੰਧੀ ਆਏ ਰੱਗ ਰੱਗ 'ਚੋਂ॥ ਬਾਬਾ ਤੇਰੀ ਬੱਚੜੀ ਅਵਾਜ਼ਾਂ ਮਾਰਦੀ। ਸੰਗਤਾਂ ਦੇ ਨਾਲ ਅਰਜ਼ਾਂ ਗੁਜ਼ਾਰਦੀ॥ ਬਾਬਾ ਤੇਰੀ ਧਰਤੀ ਤੇ, ਕਹਿਰ ਹੋ ਗਿਆ। ਖੂਨ ਤੇਰੇ ਬੱਚਿਆਂ ਦਾ ਫਿਰ ਚੋਅ ਪਿਆ॥ ਹਿੰਦੂ ਸਿੱਖਾਂ ਵਿੱਚ ਪਾੜ ਪਾਉਣ ਵਾਲਿਓ। ਦੇਸ਼ ਕੌਮ ਨੂੰ ਕਲੰਕ ਲਗਾਉਣ ਵਾਲਿਓ॥ ਇੱਕ ਪਿਤਾ, ਇੱਕ ਦੇ ਹਾਂ ਸਾਰੇ ਬੱਚੜੇ। ਹਿੰਦੂ ਸਿੱਖ, ਮੋਮਨ ਪਿਆਰੇ ਬੱਚੜੇ॥ ਫੇਰ ਕਿਉਂ ਬਦੋਸ਼ਾਂ ਦਾ ਖੂਨ ਡੋਲ੍ਹਿਆ। ਗਲੀਆਂ ਬਜ਼ਾਰਾਂ 'ਚ ਯਕੀਨ ਰੋਲਿਆ॥ ਨੱਥੂ ਰਾਮ ਗੋੜਸੇ ਜਦੋਂ ਗਾਂਧੀ ਮਾਰਿਆ। ਉਦੋਂ ਕਿਉਂ ਨਾ ਪਾਇਆ ਤੁਸੀਂ ਹਾਲ ਪਾਰਿਆ॥ ਉਦੋਂ ਕਿਹੜਾ ਕਿਹੜਾ ਸ਼ਹਿਰ ਜਾ ਉਜਾੜਿਆ। ਪਾ ਕੇ ਪੈਟਰੋਲ ਕਿਹਨੂੰ ਕਿਹਨੂੰ ਸਾੜਿਆ॥ ਕਿਹਦੇ ਗਲ ਟਾਇਰ ਪਾ ਕੇ ਤੁਸੀਂ ਬੰਨ੍ਹਿਐ। ਸੀਖਾਂ ਮਾਰ ਕਿਹਦੀ ਖੋਪੜੀ ਨੂੰ ਭੰਨਿਐ॥ ਨੌਵੇਂ ਗੁਰਾਂ ਸੀਸ ਦੇ ਬਚਾਇਆ ਹਿੰਦ ਨੂੰ। ਜੰਝੂ, ਬੋਦੀ ਦਿੱਤਾ ਸਰਮਾਇਆ ਹਿੰਦ ਨੂੰ॥ ਦੇਸ਼ ਸਾਡੈ ਅਸੀਂ ਰਖਵਾਲੇ ਦੇਸ਼ ਦੇ। ਪੁਛੀਏ ਤੁਹਾਥੋਂ ਬੇਟੇ ਦਸ਼ਮੇਸ਼ ਦੇ॥ ਰੋਟੀਆਂ ਪਕਾਉਣ ਨੂੰ ਨਹੀਂ ਤੇਲ ਮਿਲਦਾ। ਦੱਸੋ ਏਡਾ ਕੌਣ ਹੈ ਫ਼ਰਾਖ ਦਿਲ ਦਾ॥ ਜਿਹੜਾ ਅੱਗਾਂ ਲਾਉਣ ਨੂੰ ਹੈ ਤੇਲ ਵੰਡਦਾ। ਪਿਆਰ ਸਾਡਾ ਛੱਜ ਵਿਚ ਪਾ ਕੇ ਛੰਡਦਾ॥ ਵੇਖੋ ਸੀਸ ਗੰਜ 'ਚੋਂ ਆਵਾਜ਼ ਆ ਰਹੀ। ਅੱਧ ਜਲੇ ਦਿਆਲਿਆਂ ਦੀ ਢਾਣੀ ਜਾ ਰਹੀ॥ ਮਤੀਦਾਸ ਚੌਂਕ 'ਚੋਂ ਆਵਾਜ਼ ਮਾਰਦਾ। ਆਓ ਹੈ ਸ਼ੌਕ ਜਿਹਨੂੰ ਗੁਰਾਂ ਦੇ ਦੀਦਾਰ ਦਾ॥ ਚੱਲੀਏ ਰਕਾਬ ਗੰਜ ਚਰਨ ਚੁੰਮੀਏ। ਬੰਗਲਾ ਸਾਹਿਬ ਦੇ ਚੁਫੇਰੇ ਘੁੰਮੀਏ॥ ਮਜਨੂੰ ਦੇ ਟਿੱਲੇ ਤੇ ਵੀ ਜਾ ਕੇ ਤੱਕਣੈ। ਜਮਨਾ ਪਾਰ ਦਾ ਇਲਾਕਾ ਸੱਖਣੈ॥ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਭਾਲਣੀ। ਸਿੱਖਾਂ ਦੇ ਲਹੂ ਦੀ ਹੈ ਸੁਗੰਧ ਪਾਲਣੀ॥ ਰੂਪ ਤੇਰਾ ਹਰ ਥਾਂ ਕਹਾਣੀ ਪਾ ਗਿਆ। ਹੱਕ ਸੱਚ ਲਈ ਹੈ ਜੂਝਣਾ ਸਿਖਾ ਗਿਆ॥

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ