Mohan Singh Diwana
ਮੋਹਨ ਸਿੰਘ ਦੀਵਾਨਾ

ਮੋਹਨ ਸਿੰਘ ਦੀਵਾਨਾ (17 ਮਾਰਚ 1899-1984) ਪੰਜਾਬੀ ਸਾਹਿਤ ਦੇ ਆਲੋਚਕ, ਪਹਿਲੇ ਇਤਿਹਾਸਕਾਰ ਅਤੇ ਕਵੀ-ਕਹਾਣੀਕਾਰ ਸਨ। ਉਹ ਪੰਜਾਬੀ ਦੇ ਸਾਹਿਤ ਦੇ ਇਤਿਹਾਸ ਦੀ ਪਹਿਲੀ ਠੇਠ ਖੋਜ ਲਈ ਜਾਣੇ ਜਾਂਦੇ ਹਨ। ਉਹਦੀ ਪੁਸਤਕ ਪੰਜਾਬੀ ਸਾਹਿਤ ਦਾ ਇਤਿਹਾਸ (1933) ਉਸਦੇ ਡਾਕਟਰੇਟ ਦੇ ਖੋਜ-ਪੱਤਰ ਤੇ ਅਧਾਰਤ ਸੀ। ਉਸਨੇ ਅੰਗਰੇਜ਼ੀ ਐਮ. ਏ., ਉਰਦੂ ਡਾਕਟਰੇਟ ਤੇ ਪੰਜਾਬੀ ਦੀ ਡੀ.ਲਿਟ ਕੀਤੀ ਹੋਈ ਸੀ। ਇਨ੍ਹਾਂ ਭਾਸ਼ਾਵਾਂ ਤੋਂ ਬਿਨਾਂ ਉਹ ਸੰਸਕ੍ਰਿਤ, ਪ੍ਰਾਕ੍ਰਿਤ, ਪਾਲੀ, ਹਿੰਦੀ, ਬੰਗਾਲੀ, ਮਰਾਠੀ, ਗੁਜਰਾਤੀ, ਫਾਰਸੀ, ਹਿਬਰੂ, ਜਰਮਨ ਤੇ ਫਰੈਂਚ ਵੀ ਜਾਣਦੇ ਸਨ। ਉਹ ਅੰਗਰੇਜ਼ੀ, ਉਰਦੂ ਅਤੇ ਹਿੰਦੀ ਵਿੱਚ 225 ਪੁਸਤਕਾਂ ਤੇ ਪੈਂਫਲਟਾਂ ਦੇ ਲੇਖਕ ਸਨ। 2013 ਵਿੱਚ ਭਾਰਤੀ ਸਾਹਿਤ ਅਕਾਦਮੀ ਨਵੀਂ ਦਿੱਲੀ ਨੇ ਉਸ ਨੂੰ ਭਾਰਤੀ ਸਾਹਿਤ ਦੇ ਉਸਰਈਆਂ ਵਿੱਚ ਸ਼ਾਮਿਲ ਕੀਤਾ ਹੈ। ਮੋਹਨ ਸਿੰਘ ਦੀਵਾਨਾ ਦਾ ਜਨਮ ਰਾਵਲਪਿੰਡੀ ਜਿਲ੍ਹੇ ਦੇ ਦੇਵੀ ਪਿੰਡ ਵਿੱਚ ਹੋਇਆ। ਉਨ੍ਹਾਂ ਸੱਯਾਦ ਦੇ ਸਕੂਲ ਤੋਂ ਪੰਜਵੀਂ ਅਤੇ ਸਰਕਾਰੀ ਹਾਈ ਸਕੂਲ ਸਿਆਲਕੋਟ ਤੋਂ ਦਸਵੀਂ ਪਾਸ ਕੀਤੀ। 1916 ਵਿੱਚ ਦਿਆਲ ਸਿੰਘ ਕਾਲਜ ਲਹੌਰ ਤੋਂ ਇੰਟਰ ਕਰਕੇ ਸਰਕਾਰੀ ਕਾਲਜ ਲਾਹੌਰ ਤੋਂ ਅੰਗਰੇਜ਼ੀ ਆਨਰਜ਼ ਨਾਲ ਬੀਏ ਕਰ ਲਈ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ-ਸੰਗ੍ਰਹਿ : ਧੁੱਪ ਛਾਂ (1935), ਨੀਲ ਧਾਰਾ (1932), ਜਗਤ ਤਮਾਸ਼ਾ (1942), ਨਿਰੰਕਾਰੀ ਸਾਖੀਆਂ (1943), ਪਤਝੜ (1944), ਮਸਤੀ (ਪਹਿਲਾ ਭਾਗ 1946), ਮਸਤੀ (1949), ਸੋਮਰਸ (1954); ਕਹਾਣੀ ਸੰਗ੍ਰਹਿ: ਦਵਿੰਦਰ ਬਤੀਸੀ, ਪਰਾਂਦੀ, ਰੰਗ ਤਮਾਸੇ; ਇਤਿਹਾਸ ਅਤੇ ਹੋਰ: ਏ ਹਿਸਟਰੀ ਆਫ਼ ਪੰਜਾਬੀ ਲਿਟਰੇਚਰ, ਐਨ ਇੰਟਰੋਡਕਸ਼ਨ ਟੂ ਪੰਜਾਬੀ ਲਿਟਰੇਚਰ, ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ਼, ਜਪੁ ਨਿਰੀਖਣ ਅਤੇ ਪੰਜਾਬੀ ਭਾਖਾ ਵਿਗਿਆਨ ਅਤੇ ਜਤਿੰਦਰ ਸਾਹਿਤ ਸਰੋਵਰ ।