Jagat Tamasha : Mohan Singh Diwana

ਜਗਤ ਤਮਾਸ਼ਾ : ਮੋਹਨ ਸਿੰਘ ਦੀਵਾਨਾ



1. ਕੋਇਲ

ਸੜਿਆ ਭੁਜਿਆ, ਕੋਲਾ ਹੋਇਆ, ਰਿਦਾ ਕਿਸੇ ਦਾ, ਕੋਇਲ ਹੈ ਲੰਬੇ ਵਾਂਗਰ ਅੱਜੇ ਨਿਕਲਦੀ ਕੂਕ, ਕਲੇਜਾ ਛੇਦ-ਕਰੂ ਸੱਭ ਅਵਾਜ਼ਾਂ ਉਤੇ ਗ਼ਾਲਿਬ ਕਸਕੋਂ ਦਏ ਸਨੇਹਾ ਇਹ : ਗ਼ਮ ਦੀ ਕਦਰ ਕਰੋ, ਗ਼ਮ ਅਜ਼ਲੋਂ ਰਾਗ ਰੂਪ ਦੀ ਰੂਹ ਰਵਾਂ- ਗ਼ਮ ਤੋਂ ਸੱਚੀ ਖੁਸ਼ੀ ਦੁਰਾਡੇ ਨਾਹੀਂ, ਨੇਹਮਤ ਏਹ ਅਜੀਬ ਝੱਲ ਸਕਣ ਦੀ ਕਿਸੇ ਕਿਸੇ ਨੂੰ ਬਖ਼ਸ਼ੀ ਹਿੱਮਤ ਰੱਬ ਰਹੀਮ -- ਕੋਇਲ ਨਹੀਂ ਕਿਸੇ ਰਾਜੇ ਦੀ ਨਾਜ਼ਾਂ-ਪਾਲੀ ਬੇਟੀ ਹੈ ਹੱਦੋਂ ਬਾਹਰ ਹੋਇਆ ਜਿਸ ਤੇ, ਜ਼ੁਲਮ ਸਿਤਮ; ਅਕੁਲਾਈ ਏਹ ਛੱਡੇ ਪ੍ਰਾਨ ਜੁਗਾਂ ਦੇ, ਹੁਣ ਤਕ ਪਰ ਵਿਰਲਾਪ ਹੈ ਹੋਠਾਂ ਤੇ- ਮਰਦ ਜ਼ਾਤ ਦੀ ਅਧੋਗਤੀ ਨੂੰ ਯਾਦ ਕਰਾਂਦੀ ਜਾਵੇਗੀ । ---- ਨਾ-ਮੁਰਾਦ ਹੈ ਸ਼ਾਇਰ ਕੋਈ ਗੁੰਗੀ, ਕੋਈ ਪ੍ਰੇਮਣ ਹੈ- ਦਿਲ ਦੇ ਕੁਝ ਅਰਮਾਨ ਨ ਨਿਕਲੇ, ਦਿਲ ਦੀ ਦਿਲ ਹੀ ਵਿੱਚ ਰਹੀ; ਵੇਹਲ ਮਿਲੀ ਹੁਣ, ਸਾੜੇ ਦੇ ਓਹ ਗੀਤ ਸੁਣਾਈ ਜਾਂਦੀ ਹੈ- ਗੀਤਾਂ ਦਵਾਰੇ, ਦਿਲ ਦੀ ਚੀਸੋਂ, ਸਾਡੇ ਦਿਲ ਪਿਘਲਾਂਦੀ ਹੈ ---- ਗਏ ਜਨਮ ਦੀ ਸਾਧਵੀ ਕੋਈ ਪੁਛਦੀ ਸਭ ਤੋਂ ਕੂ ? ਕੂ ਕੂ ? ਪ੍ਰੀਤਮ ਸ਼ਹਿਰੀਂ ਲੱਭ ਨਾ ਸਕਿਆ, ਬੂਟੇ ਬੂਟੇ, ਫਿਰਦੀ ਹੈ ਏਹਦੀ ਸ਼ਰਮ ਹਯਾ ਦੇ ਸਦਕੇ, ਪਤਰਾਂ ਪਿੱਛੇ ਲੁਕ ਲੁਕ ਕੇ ਪੁੱਛੇ : ਲਾ ਕੇ ਰੋਗ ਨਿਮਾਣੀ ਦਿਲੜੀ ਤਾਈ ਛੱਪ ਰਹਿਓਂ ! ਪਗਲੀ ਕਰਕੇ ਸੜਦੀ ਸੁਟ ਕੇ, ਅਪਣਾ ਆਪ ਲੁਕਾਇਆ ਈ ! ---- ਸੋਹਣੀ ਸੂਰਤ ਵੇਖਦਿਆਂ ਹੀ, ਕੂ ਕੂ ਕੂ ਸੁਣਦੇ ਸਾਰ ਸਚ ਮੁਚ ਇੱਕ ਅਜਾਇਬ ਮਸਤੀ ਮਨ ਅੰਦਰ ਵਰਤੀਂਦੀ ਹੈ ਕੰਮ ਕਾਜ ਸਭ ਫ਼ਿਕਰ ਅੰਦੇਸ਼ੇ ਭੁੱਲ ਕੇ ਚੁਪ ਚੁਪੀਤਾ ਮੈਂ ਬਿਸਮ ਅਤੇ ਆਨੰਦ ਕਟੋਰੇ ਡਕ ਡਕ ਗਟ ਗਟ ਪੀਂਦਾ ਹਾਂ ।

2. ਕਸ਼ਮੀਰ

ਕੱਠੇ ਨੇ ਜਲਾਲੀ ਤੇ ਜਮਾਲੀ ਇਥੇ ਜਲਵੇ ਦਿਲ ਵਿਚ ਨੇ ਮੇਰੇ ਪਿਆਰ ਤੇ ਡਰ ਦੋਵੇਂ ਹੀ ਜਜ਼ਬੇ ਕੀ ਹਸਤੀ ਅਸਾਡੀ ਹੈ ਇਹਨਾਂ ਹਸਤੀਆਂ ਅੱਗੇ ਅਸਥਿਰ ਅਸੀਂ, ਥਿਰ ਜਾਪਦੇ ਕੁਦਰਤ ਦੇ ਤਮਾਸ਼ੇ ---- ਛਡ ਤੰਗਦਿਲੀ ਬੰਦਿਆ, ਇਸ ਖੁਲ੍ਹ ਦੇ ਲੈ ਸਵਾਦ ਸੁਣ ਝਰਨਿਆਂ ਦੇ ਰਾਗ ਤੇ ਛਡ ਆਪਣੀ ਫ਼ਰਿਆਦ ਕੀ ਹੌਸਲੇ ਨੇ ਤੇਰੇ ਇਹਨਾਂ ਚੋਟੀਆਂ ਅੱਗੇ ਕੀ ਤੇਰੀ ਸਖ਼ਾਵਤ ਏ ਇਹਨਾਂ ਝਰਨਿਆਂ ਅੱਗੇ ਸ਼ਿੰਗਾਰ ਤੇਰੇ ਤੁੱਛ ਨੇ ਫੁਲਵਾੜੀਆਂ ਸਾਂਹਵੇਂ ਜ਼ਾਲਮ ਨੇ ਪਹਾੜ ਏਥੋਂ ਦੇ ਤੈਥੋਂ ਵੀ ਵਧੇਰੇ । ---- ਆਈਆਂ ਕਈ ਫ਼ੌਜਾਂ ਤੇ ਗਈਆਂ ਖ਼ਾਕ ਦੇ ਵਿਚ ਰੱਲ ਪਰ ਫ਼ੌਜ ਚਨਾਰਾਂ ਦੀ ਏ ਅਜ ਓਵੇਂ, ਜਿਵੇਂ ਕਲ ਤਬਦੀਲੀਆਂ ਜੇਹਲਮ ਨੇ ਹਜ਼ਾਰਾਂ ਹੀ ਨੇ ਤਕੀਆਂ ਚਾਲਾਂ ਨਹੀਂ ਪਰ ਇਸਦੀਆਂ ਤਬਦੀਲੀਓ ਅਕੀਆਂ ---- ਡਲ ਦੇਖ ਕੇ ਮੈਂ ਕੰਬਿਆ, ਰੱਬਾ ਤੇਰੀ ਕੁਦਰਤ ਬੇਅੰਤ ਹੈਂ ਏ ਅੰਤ, ਤੂੰ ਜਾਣ ਆਪਣੀ ਮਿਤ ਗਤ ਜਦ ਸ਼ੰਕਰਾਚਾਰਜ ਨੇ ਸਿਖਰ ਪੁੱਜ ਕੇ ਡਿੱਠਾ ਉਫ਼ ਏਹ ਤਮਾਸ਼ਾਂ ਨਹੀਂ ਸਚ, ਹੈ ਕੋਈ ਸੁਫ਼ਨਾ ! --- ਇਹ ਰੰਗ ਤੇ ਇਹ ਰੂਪ ਤੇ ਇਹ ਰਾਗ ਤੇ ਖੁਲਹਾਂ ਜੀ ਕਰਦਾ ਏ ਹਰ ਦ੍ਰਿਸ਼ ਨੂੰ ਜੱਫੀ 'ਚ ਮਧੋਲਾਂ ਰਲ ਜਾਵਾਂ ਇਹਨਾਂ ਵਿਚ ਮੈਂ ਬਹਾਰ ਏਹਨਾਂ ਦੀ ਲੁੱਟਾਂ ਹੋ ਜਾਵਾਂ ਅਨੇਕ ਇੱਕ ਤੋਂ, ਹਰ ਕੈਦ ਤੋਂ ਛੁੱਟਾਂ ਦਮ ਨਿਕਲੇ ਮੇਰਾ ਤਕਦਿਆਂ ਨਜ਼ਾਰਾ ਅਜੇਹਾ ਮਿੱਟੀ ਬਣੇ ਤਾਂ ਜੋ ਮੇਰੀ ਇਸ ਹੁਸ਼ਨ ਦਾ ਹਿੱਸਾ

3. ਮਿੱਠੀਆਂ ਲੂਣੀਆਂ

ਅਸਮਾਨ ਕਿੱਡਾ ਵਡਾ ਏ ਮੇਰੇ ਦਿਲ ਵਿਚ ਸੱਤ ਅਸਮਾਨ ਨੇਂ ਚੰਨ ਕਿੰਨਾ ਸੋਹਣਾ ਏਂ ਤੁਸੀਂ ਪੂਰਣਮਾਸੀ ਨੂੰ ਚੰਦ ਵੇਖਦੇ ਹੋ ਤਾਂ ਚੰਦ ਫਿੱਕਾ ਕਿਉਂ ਪੈ ਜਾਂਦਾ ਏ ਸਮੁੰਦਰ ਦੀਆਂ ਲਹਿਰਾਂ, ਤੋਬਾ ਪਰ ਇਹ ਕੁੜੀਆਂ ਚਿੜੀਆਂ, ਸੁੰਦਰਤਾ-ਸਾਗਰ ਤਰੰਗਾਂ ਬਲ੍ਹੇ ਬਲ੍ਹੇ ਰਬ ਡਾਢਾ ਏ ਪਿਆਰੀ ਦਾ ਡਾਢ, ਤੋਬਾ ਤੋਬਾ *** ਜੇ ਤੁਹਾਡੇ ਵਿਚ ਆਕੜ ਨਾ ਹੁੰਦੀ ਕੀ ਪੂਰਣਤਾ ਪੂਰਣਤਾ ਰਹਿੰਦੀ ਜੇ ਤੁਹਾਡੇ ਵਿਚ ਚੰਚਲਤਾ ਨਾ ਹੁੰਦੀ ਕੀ ਪੂਰਣਤਾ ਪੂਰਣਤਾ ਰਹਿੰਦੀ ਜੇ ਤੁਸੀਂ ਅਬਲਾ ਨਾ ਹੁੰਦੇ ਕੀ ਪੂਰਣਤਾ ਪੂਰਣਤਾ ਰਹਿੰਦੀ ਜੇ ਤੁਸੀਂ ਆਪੇ ਆਪ ਮੰਨ ਵੀ ਨਾਂ ਪੈਂਦੇ ਕੀ ਪੂਰਣਤਾ ਪੂਰਣਤਾ ਰਹਿੰਦੀ **** ਕੋਈ ਕੋਈ ਚੀਜ਼ ਬਹੁਤ ਕੌੜੀ ਹੁੰਦੀ ਹੈ ਪਰ ਉਹ ਵੀ ਮਿਠੀ ਕਰਕੇ ਖਾਈਦੀ ਹੈ ਕੋਈ ਕੋਈ ਕੰਮ ਪਾਪ ਹੁੰਦਾ ਹੈ ਪਰ ਜਾਣ ਬੁਝ ਕੇ ਕਰੀਦਾ ਹੈ ਕੋਈ ਕੋਈ ਭਾਰ ਅਸਹਿ ਹੁੰਦਾ ਹੈ ਪਰ ਚਾਅ ਨਾਲ ਚੁਕੀਦਾ ਹੈ ਕੋਈ ਕੋਈ ਪੰਧ ਵਡਾ ਬਿਖੜਾ ਹੁੰਦਾ ਹੈ ਪਰ ਲੰਮੀਆਂ ਲੰਮੀਆਂ ਦੁਲਾਂਘਾ ਮਾਰ ਕੇ ਕਹੀਦਾ ਹੈ *** ਰਾਣੀ ਬੇਟੀ ਕਹਿੰਦੀ ਹੈ ਅੰਮਾਂ ਤੇ ਖਰਬੂਜ਼ਿਆਂ ਤੋਂ ਜੀ ਅੱਕ ਗਇਆ ਚੰਗੀ ਚੀਜ਼ ਤੋਂ ਵੀ ਜੀ ਅੱਕ ਜਾਂਦਾ ਹੈ ਅੱਜ ਤਰਬੂਜ਼ ਨਾਂ ਮਿਲੇ ਤਾਂ ਵੀ ਲੈਣਾ ਹੈ । ਸਾਰਿਆਂ ਵਡਿਆਂ ਨਿਕਿਆਂ ਦਾ ਏਹੀ ਹਾਲ ਹੈ, ਨਾ ਮਿਲਦੀ ਸ਼ੈ ਵੀ ਲੈਣ ਤੁਰ ਪੈਂਦੇ ਨੇ ਵਧੀਕ ਚਾ ਨਾਲ ਭਾਵੇਂ ਸਾਰਾ ਦਿਨ ਲਗ ਜਾਏ, ਤਰਬੂਜ਼ ਲੈਕੇ ਛਡਣਾ ਹੈ । ਆਹੋ, ਭਾਵੇਂ ਸਾਰੀ ਉਮਰ ਗਲ ਜਾਏ, ਭਾਵੇਂ ਕਈ ਉਮਰਾਂ ਨਾ ਲਾਣੀਆਂ ਪੈਣ । ਰਾਣੀ ਬੇਟੀ ਦਾ ਦਿਲ ਨਹੀਂ ਢਾਹਣਾ ਦਿਲ ਢਾਹਿਆ ਮੰਦਰ ਢਾਹੇ ਨਾਲੋਂ ਵਧੇਰਾ ਪਾਪ ਹੈ । ਬੜੀ ਜ਼ਿੱਦਲ, ਬਿਟੀਆ ਹੈ ਵਡੀ ਹੋਏਗੀ ਤਾਂ ਇਹੋ ਜ਼ਿੱਦ ਚਰਿਤੱਰ ਦੀ ਪੱਕਿਆਈ ਬਣ ਜਾਏਗੀ । ਪੱਕੀ ਪੱਥਰ ਸ਼ੈ ਦੁਖ ਵੀ ਦੇਂਦੀ ਹੈ, ਸੁਖ ਵੀ ।ਸੁਖ ਦੁਖ ਸਰੀਰਾਂ ਦੇ ਭੋਗ ਨੇ । *** ਨਾਮ ਲੈਂਦਿਆਂ ਹੀ ਹਾਂ ਤੇਰਾ ਤੇ ਮੂੰਹ ਖਿੜ ਜਾਂਦਾ ਹੈ ਆਹੋ ਜਿਵੇਂ ਅਣਮੁਲੀ ਤੇ ਅਣਗਿਣਤ ਦੌਲਤ ਲੱਭ ਪਈ ਹੋਵੇ ਆਹੋ ਜਿਵੇਂ ਕਿਸੇ ਸੋਹਣੀ ਨੇ ਤੈਨੂੰ ਗਲ-ਵੰਗੜੀ ਪਾ ਲਈ ਹੋਵੇ ਆਹੋ ਜਿਵੇਂ ਚੰਨ ਚੜ੍ਹ ਗਇਆ ਹੈ ਆਹੋ ਤੈਨੂੰ ਤੇ ਨਾਂ ਲੈਂਦਿਆਂ ਹਾਂ ਜਿਵੇਂ ਦੂੰ ਬੋਤਲਾਂ ਦਾ ਨਸ਼ਾ ਆ ਗਇਆ ਹੈ ਆਹੋ ਜਿਵੇਂ ਹਲਕਾ ਫੁਲ ਹੋ ਕੇ ਤੂੰ ਉਤੇ ਉਡਣ ਲੱਗਾਂ ਏਂ ਆਹੋ ਜਿਵੇਂ ਤੂੰ ਕੁਝ ਹੋਰ ਹੀ ਹੋ ਗਇਆ ਏਂ, ਬੜਾ ਗੁਣਵੰਤ ਤੇ ਭਾਗਵਾਨ ਤੇ ਗਿਆਨਵਾਨ ਆਹੋ ਜਿਵੇਂ ਤੂੰ ਕਿਸੇ ਝੋਲੀ ਪਾ ਲਇਆ ਏਂ ਜਾ ਕਿਸੇ ਨੇ ਤੈਨੂੰ ਛਾਤੀ ਨਾਲ ਲਾ ਲਇਆ ਏ ਆਹੋ ਜਿਵੇਂ ਵਹੁਟੀ ਨੇ ਪਹਿਲਾਂ ਪਹਿਲ ਹੁਣੇ ਹੀ ਖਸਮ ਦਾ ਲਸ਼ਕਦਾ ਮੁੰਹ ਮੱਥਾ ਵੇਖਿਆ ਹੋਵੇ ਆਹੋ ਆਹੋ, ਆਹੋ, ਆਹੋ, ਗੱਲ ਕੀ ਏ ? ਮੈਨੂੰ ਆਪਣੇ, ਆਪਣੇ, ਆਪਣੇ ਕਿਸੇ ਦਾ... ਨਹੀਂ ਦਸਣਾ ਪਰ ਜਦ ਨਾਂ ਲੈਂਦੇ ਹੋ ਤਾਂ ਸਾਰਾ ਜਹਾਨ ਨਹੀਂ ਸੁਨਦਾ, ਐਹੋ ਹੀ ਤੇ ਭੇਦ ਏ । ਓਦੋਂ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਇਹ ਨਾਂ ਲੈ ਰਹਿਆ ਹੈ । ਸਮਝਦੇ ਨੇ ਕੁਝ ਪੜ੍ਹ ਰਹਿਆ ਹੈ, ਪਰ ਕਿਸੇ ਨੂੰ ਦੱਸ ਕੇ ਨਾਂ ਲੈਣਾਂ ਕੀ ਇਵੇਂ ਹੈ ਜਿਵੇਂ ਗਨੇਰੀਆਂ ਜਾਂ ਅੰਬਾਂ ਦੇ ਰਸ ਨਾਲ ਭਰੇ ਮੂੰਹ ਵਿਚੋਂ ਸਤੂੰ, ਸਤੂੰ ਆਖਣ ਦੀ ਕੋਸ਼ਸ਼ ਕਰੀਏ । *** ਸੁਣੋ ਤਾਂ ਰੱਬ ਜੀ ਲੋਕਾਂ, ਅੰਦਰੋਂ ਚਲਾਕ ਲੋਕਾਂ ਤੁਹਾਨੂੰ ਤੂੰ ਮੇਰਾ, ਅਸੀਂ ਤੇਰੇ ਕਹਿ ਕਹਿ ਕੇ ਤੁਹਾਡੇ ਕੋਲੋਂ ਕੇਡੇ ਨੀਵੇਂ ਤੇ ਲਹੁਕੇ ਕੰਮ ਕਰਾ ਲਏ ਕੇਡੇ ਭਾਰੀ ਭਾਰੀ ਮਤਲਬ ਸਾਰ ਲe ਕਿਸੇ ਛਤ ਪੁਆ ਲਈ ਕਿਸੇ ਮਝੀਆਂ ਚਰਵਾ ਲਈਆਂ ਕਿਸੇ ਝੰਡ ਲੁਹਾ ਲਇਆ ਕਿਸੇ ਨਾਚ ਨਚਾ ਲਏ ਕਿਸੇ ਜ਼ਾਲਮ ਪਿਓ ਕੋਲੋਂ ਜਿੰਦ ਖਲਾਸ ਕਰਵਾ ਲਈ ਪਰ ਨਾਲ ਹੀ, ਹੇ ਰਬ ਜੀ, ਸੁਣੋ ਖਾਂ, ਕਈ ਅਜੇਹੇ ਵੀ ਹੁੰਦੇ ਹਨ ਜਿਹਨਾਂ ਤੂੰ ਹੀ ਤੂੰ ਹੀ ਆਖ ਕੇ ਚੁਪ ਕਰ ਕੇ ਖੱਲ ਲੁਹਾ ਲਈ ਚਾਰੇ ਪੁਤਰ ਕੁਹਾ ਲਏ ਫ਼ਾਂਸੀ ਦੀ ਰੱਸੀ ਚੁੰਮ ਲਈ, ਮਹੁਰਾ ਪੀ ਖਾ ਲਇਆ ਬੰਦ ਬੰਦ ਕਟਵਾ ਲਏ ! ਰਬ ਜੀ, ਤੁਹਾਨੂੰ ਕੇਹੜੇ ਚੰਗੇ ਲਗਦੇ ਨੇ ਓਹ ਜੇਹੜੇ ਤੇਰੇ ਤੇ ਤਰਸ ਨਹੀਂ ਕਰਦੇ। ਕਿ ਓਹ ਜੇਹੜੇ ਆਪਣੇ ਆਪ ਤੇ ਤਰਸ ਨਹੀਂ ਕਰਦੇ ਕਿ ? *** ਮਿੰਨਤਾਂ ਅਰਜੋਈਂ ਕਰ ਕੇ, ਤੱਪ ਸਾਧ ਕੇ, ਕਰੜੀ ਕਮਾਈ ਕਰਕੇ ਕਿਸੇ ਸੋਹਣੀ ਦਾ ਪਿਆਰ ਲਵਾਂ ਮਾਲ ਧਨ ਖਟਾਂ ਵੈਰੀ ਉਤੇ ਵਿਜੈ ਪਾਵਾਂ ਵਾਹ ਵਾਹ ਪ੍ਰਾਪਤ ਕਰਾਂ ਚੰਗੀ ਸੇਹਤ ਦਾ ਮਾਲਕ ਬਣਾਂ ਮਿਤਰਾਂ ਦਾ ਮੰਡਲ ਬਣਾਵਾਂ, ਆਏ ਗਏ ਦੀ ਸੇਵਾ ਕਰਕੇ ਅਸੀਸਾਂ ਲਾਂ ਇਹਨਾਂ ਸਾਰਿਆਂ ਦੀ ਥਾਂ ਤੇ ਇਕੋ ਹੀ ਕੰਮ ਕਿਉਂ ਨ ਕਰਾਂ ਚੁਪ ਕਰਕੇ ਓਹਦਾ ਪੱਲਾ ਫੜ ਲਾਂ ਆਖਾਂ ਤੇਰੀ ਹਾਂ ਤੇਰੀ ਅਖਵਾਂਦੀ ਹਾਂ ਤੈਨੂੰ ਮੇਰੀ ਲਾਜ ਹੈ, ਤੈਨੂੰ ਮੇਰਾ ਖਸਮਾਨਾ ਹੈ ਤੂੰ ਸੋਹਣਿਆਂ ਦਾ ਸੋਹਣਾ ਅਤੋਲਵਾਂ ਪਿਆਰ ਵੰਡਣ ਵਾਲਾ, ਮੁਫ਼ਤ, ਸਚਾ ਪਿਆਰ ਤੂੰ ਧਨੀ ਤੂੰ ਦੁਸ਼ਮਨਾਂ ਦਾ ਨਾਸ਼ ਕਰਨ ਵਾਲਾ ਤੂੰ ਦਾਦ ਦੇਣ ਵਾਲਾ ਤੂੰ ਜੀਵਨ ਦਾਤਾ ਤੂੰ ਮਿਤਰ, ਭਾਈ, ਬੰਧਪ ਤੂੰ ਮਾਤ, ਪਿਤਾ, ਭਰਤਾ ਫੇਰ, ਸਭ ਕੁਝ ਨਾ ਹੁੰਦਾ ਰਹੇਗਾ, ਮਿਲਦਾ ਰਹੇਗਾ ਆਪਣੇ ਆਪੇ ? *** ਅੰਦਰ ਵੜ ਆਇਆ ਹੈ ਕੀ ਦੱਸਾਂ ਮੈਂ, ਭੈਣਾਂ, ਕਿਸ ਤਰ੍ਹਾਂ ਨਾਂ ਮੈਂ ਆਉਂਦਾ ਡਿਠਾ ਸਾਰੇ ਬੂਹੇ ਦਿਲ ਦੇ ਬੰਦ ਸਨ ਨਾਂ ਮੈਂ ਆਉਂਦਾ ਸੁਣਿਆਂ ਕੰਨ ਮੇਰੇ ਖੁਲ੍ਹੇ ਸਨ ਪੱਤਰ ਹਿੱਲਣ ਜਿੱਡਾ ਵੀ ਖੜਕਾਰ ਨਾ ਹੋਇਆ ਵਾਲ ਜਿੰਨੀ ਵੀ ਵਿਥ ਨਾਂਹ ਸੀ ਕਿੱਥੋਂ ਵੜ ਆਇਆ ਤੇ ਹੁਣ ਪਸਰਿਆ ਵੇਖੀਂ ਮੇਰੇ ਸਿਰ ਤੋਂ ਲੈਕੇ ਪੈਰ ਤੀਕ ਜਗ੍ਹਾ ਮੱਲੀ ਬੈਠਾ ਈ ਕਰ ਲਇਆ ਹੋਇਆ ਸੁ ਕਬਜ਼ਾ ਸਰੀਰ ਤੇ, ਦਿਲ ਤੇ, ਮੰਨ ਤੇ, ਬੁੱਧੀ ਤੇ, ਆਤਮੇ ਤੇ ਤੇ ਕਬਜ਼ਾ ਵੀ ਅਜਿਹਾ ਕਿ ਮੈਨੂੰ ਕਬਜ਼ਾ ਮਹਿਸੂਸ ਹੀ ਨਹੀਂ ਹੁੰਦਾ ਸਗੋਂ ਏਡਾ ਮਿਠਾ ਕਬਜ਼ਾ ਕੀਤਾ ਸੂ ਮੇਰੇ ਉਤੇ ਕਿ ਜੀ ਕਰਦਾ ਹੈ ਮੇਰੇ ਅੰਦਰ ਰਚੀ ਜਾਵੇ ਤੇ ਹੋਰ ਵਿਸ਼ਾਲ ਹੁੰਦਾ, ਪਸਰਦਾ ਜਾਵੇ ਮੈਂ ਵਧਦੀ ਜਾਵਾਂ ਤੇ ਉਹਨੂੰ ਆਪਣੇ ਉਤੇ ਕਬਜ਼ਾ ਵਧਾਂਦਾ ਵੇਖੀ ਜਾਵਾਂ ਮਰਦਿਆਂ ਤੀਕਰ *** ਨੀਂ ਤੂੰ ਮੋਈ ਕਿਹੜੀ ਗੱਲ ਪਿੱਛੇ ਤੇ ਮੋਹੀ ਗਈ ਛਲੀ ਗਈ ਮਾਰੀ ਗਈ ਕਿੱਦਾਂ । ਨੀਂ ਕੀ ਦੱਸਾਂ, ਭੈਣਾਂ ਨਾਂ ਕੋਈ ਗਹਿਣੇ ਕਪੜੇ ਦੀ ਸੁਗਾਤ ਉਹਨਾਂ ਲਿਆਂਦੀ ਨਾਂ ਉਹਨਾਂ ਆਪਣਾ ਕੋਈ ਭੇਤ ਮੈਨੂੰ ਦੱਸਿਆ ਨਾਂ ਉਹਨਾਂ ਕੋਈ ਮੇਰਾ ਦਰਦ ਵੰਡਾਇਆ ਨਾਂ ਮੈਂ ਉਹਨਾਂ ਦੀ ਵਿਸ਼ੇਸ਼ ਸੁੰਦਰਤਾ ਤੇ ਜੁਆਨੀ ਵੇਖੀ ਨਾਂ ਉਹਨਾਂ ਮੈਨੂੰ ਕੋਈ ਗੀਤ ਸੁਣਾਏ ਨਾਂ ਉਹਨਾਂ ਮੇਰੇ ਉਤੇ ਕੋਈ ਜਾਦੂ ਟੂਣਾ ਕੀਤਾ ਫੇਰ ਬਸ ਆਏ, ਮੇਰੇ ਖੱਬੇ ਕੰਨ ਵਿਚ ਇਕ ਸ਼ਬਦ ਫੂਕਿਆ ਤੇ ਬਸ, ਮੈਂ ਤੇ ਮੋਹੀ ਗਈ, ਮਾਰੀ ਗਈ ਕੀ ਸੀ ? ਦਸਣਾ ਨਹੀਂ ਉਹਦੇ ਅਰਥ ਮੈਨੂੰ ਆਪ ਪਤਾ ਨਹੀਂ, ਤੈਨੂੰ ਕੀ ਦੱਸਾਂ ਤੇ ਹੁਣ ਹੁਣ ਮੈਂ ਉਹਦੀ ਭਾਵੇਂ ਭਾਵੇਂ ਰੱਖੇ ਭਾਵੇਂ ਮਾਰੇ ਭਾਵੇਂ ਵਸਾਵੇ ਭਾਵੇਂ ਉਜਾੜੇ ਨੀਂ ਤੂੰ ਤਾਂ ਬੁਰੀ ਮੋਹੀ, ਮਾਰੀ ਗਈ ਆਹੋ, ਵਾਹੁ ਵਾਹੁ *** ਪੰਜਾਂ ਸੁਹਾਗਣਾਂ ਦਾ ਇਕੋ ਸੁਹਾਗ ਨੀਂ ਤੁਹਾਡਾ ਸੁਹਾਗ ਕੇਹੋ ਜਹਿਆ ਏ ਡਿਠਾ ਨਹੀਂ ਨੀ ਕੇਹੋ ਜਹਿਆ ਏ ਸੁਣਿਆ ਨਹੀਂ ਨੀ ਕੇਹੋ ਜਹਿਆ ਏ ਚੱਖਿਆ ਨਹੀਂ ਨੀ ਕੇਹੋ ਜਹਿਆ ਏ ਛੋਹਿਆ ਨਹੀਂ ਨੀ ਕੇਹੋ ਜਹਿਆ ਏ ਸੰਘਿਆ ਨਹੀਂ ਰਹਿੰਦਾ ਕਿਥੇ ਏ ਆਪਣੇ ਘਰ ਤੁਸੀਂ ਕਿਥੇ ਰਹਿੰਦੀਆਂ ਹੋ ਉਹਦੇ ਘਰ ਕਦੋਂ ਮਿਲਦੀਆਂ ਹੋ ਚੌਵੀ ਘੰਟੇ ਨਾਲ ਹਾਂ ਕਿਹਨੂੰ ਪਿਆਰ ਕਰਦਾ ਏ ਮੈਨੂੰ ਮੈਨੂੰ ਮੈਨੂੰ ਮੈਨੂੰ ਮੈਨੂੰ ਤੁਸੀਂ ਲੜਦੀਆਂ ਨਹੀਂ ਆਪੋ ਵਿਚ ਉਹ ਪੂਰਣ ਮੇਰਾ ਏ ਉਹ ਸਰਬ ਮੇਰਾ ਏ ਉਹ ਨਿਪਟ ਮੇਰਾ ਏ ਉਹ ਹਰਦਮ ਮੇਰਾ ਏ ਉਹ ਹਰ ਥਾਈਂ ਮੇਰਾ ਏ ਪਗਲੀਆਂ ਪਗਲੀਆਂ *** ਕਦੀ ਕਦੀ ਰਾਤਾਂ ਨੂੰ ਆਉਂਦਾ ਏ ਹਾਂ ਪੈਰਾਂ ਵਿਚ ਸੁਫ਼ਨਿਆਂ ਦੇ ਘੁੰਘਰੂ ਹੁੰਦੇ ਸੂ ਹਾਂ ਹਥਾਂ ਵਿਚ ਮਹਿੰਦੀ ਦੀ ਥਾਂ ਉਸ਼ਾ ਦੀ ਲਾਲੀ ਹਾਂ ਹੋਠਾਂ ਨਾਲ ਮਾਈ ਬੁੱਢੀ ਦੀ ਪੀਂਘ ਦੀ ਬੰਸਰੀ ਹਾਂ ਮੱਥੇ ਦੇ ਮੁਕਟ ਵਿਚ ਸਾਰੇ ਲਸ਼ਕਦੇ ਆਦਰਸ਼ ਹਾਂ ਸਰੀਰ ਵਿਚੋਂ ਦੁਨੀਆਂ ਦੇ ਹਰੇਕ ਫੁਲ ਦੀ ਸੁਗੰਧ ਖਿਲਰਦੀ, ਉਮ੍ਹਦੀ, ਕਿਰਦੀ ਹਾਂ ਆਉਂਦਾ ਵੇਖ ਕੇ ਮੈਂ ਅੱਖਾਂ ਨੂਟ ਲੈਂਦੀ ਹਾਂ ਖੋਹਲਦੀ ਕਦੋਂ ਏਂ ਜਦੋਂ ਫੇਰ ਕਦੇ ਰਾਤਾਂ ਨੂੰ ਆਉਂਦਾ ਹੈ । *** ਪ੍ਰੇਮ ਕੀ ਹੈ ਪਾਣੀ, ਪ੍ਰੇਮ ਦਾ ਦਰੀਆ ਸਾਰੀ ਅਪਵਿਤਰਤਾਂ ਰੋਹੜ ਕੇ ਲੈ ਜਾਂਦਾ ਹੈ ਪ੍ਰੇਮ ਕੀ ਹੈ ਅਗ, ਪ੍ਰੇਮ ਦਾ ਹੋਮ ਕੀਤਿਆਂ ਸੋਮ ਪਦਵੀ ਪ੍ਰਾਪਤ ਹੁੰਦੀ ਹੈ ਪ੍ਰੇਮ ਕੀ ਹੈ ਹਵਾ, ਪ੍ਰੇਮ-ਹਨੇਰੀ ਦਾ ਪਤਾ ਨਹੀਂ ਕਦੋਂ ਝੁੱਲੇ ਤੇ ਕਿਥੇ । ਕਿਹਨੂੰ ਪੁਟੇ ਤੇ ਕਿਹਨੂੰ ਸੁਆਵੇ ਪ੍ਰੇਮ ਕੀ ਹੈ ਮਿੱਟੀ, ਪ੍ਰੇਮ ਵਿਚ ਆਪਾ ਮਾਰ ਕੇ ਮਿੱਟੀ ਨਾਲ ਮਿੱਟੀ ਹੋ ਜਾਈਦਾ ਹੈ, ਮਿੱਟੀ ਜਿਸਨੂੰ ਕੀੜੀ ਤੋਂ ਲੈਕੇ ਹਾਥੀ ਤੀਕ ਦਾ ਭਾਰ ਚੁਪੀਤਿਆਂ ਸਹਿਣਾ ਪੈਂਦਾ ਹੈ ਪ੍ਰੇਮ ਕੀ ਹੈ ਅਕਾਸ਼, ਬਿਨਾਂ ਖੰਭਾਂ ਦੇ ਪ੍ਰੇਮੀ ਕਿਸੇ ਉੱਚੇ ਤੋਂ ਉੱਚੇ ਜੋਤਿਰਮੈ ਮੰਡਲ ਵਿਚ ਨਿੱਤ ਉਡਾਰੀਆਂ ਲਾਂਦਾ ਰਹਿੰਦਾ ਹੈ ਪ੍ਰੇਮ ਕੀ ਹੈ ਉਹ ਸ਼ੈ ਜਿਸ ਤੋਂ ਪਾਣੀ ਨੂੰ ਵਗਣਾ, ਅਗ ਨੇ ਬਲਣਾ, ਹਵਾ ਨੇ ਝੁਲਣਾ, ਮਿਟੀ ਨੇ ਬਹਿਣਾ, ਅਕਾਸ਼ ਨੇ ਪਸਰਨਾ ਸਿਖਿਆ । ਪ੍ਰੇਮ ਕੀ ਹੈ ਜਗਤ ਦੀ ਸੱਭ ਤੋਂ ਪਹਿਲੀ ਹਿਲ ਜੁਲ ਤੇ ਸੱਭ ਤੋਂ ਅਖੀਰਲੀ ਸ਼ਾਨਤੀ । *** ਕੀ ਗਲ ਏ ਕਿਉਂ ਐਉਂ ਲਗਦਾ ਹੈ ਕਿ ਜਿਸ ਰਾਤ ਤੁਸੀਂ ਮੇਰੇ ਕੋਲ ਹੁੰਦੇ ਹੋ ਅੱਧੀ ਰਾਤ ਨਹੀਂ ਹੁੰਦੀ ਚੌਕੀਦਾਰ ਪਹਿਰਾ ਨਹੀਂ ਦੇਂਦੇ ਕੁੱਤੇ ੜੂੰਗਾਂ ਨਹੀਂ ਭਰਦੇ ਚੋਰ ਚੋਰੀ ਨਹੀਂ ਕਰਦੇ ਅਕਾਸ਼ ਵਿਚ ਅਕਾਸ਼-ਗੰਗਾ ਨਹੀਂ ਆਉਂਦੀ ਥੋਰੀ ਖਚਰਾਂ ਲੱਦ ਨਹੀਂ ਤੁਰਦੇ ਕੋਈ ਅਲਗੋਜ਼ਾ ਨਹੀਂ ਵਜਾਂਦਾ ਨਹੀਂ ਬੋਲਦੇ ਕੁਕੜ ਨਹੀਂ ਚੜ੍ਹਦੀਆਂ ਕਿਰਕਟੀਆਂ ਮੁਲਾਂ ਬਾਂਗ ਨਹੀਂ ਦੇਂਦਾ ਅੰਜਾਣੇ ਰੋਂਦੇ ਨਹੀਂ ਪੁਰੇ ਦੀ ਵਾ ਨਹੀਂ ਵਗਦੀ ਮਲਿਆਰ ਖੂਹ ਨਹੀਂ ਜੋਂਦੇ ਹਾਲੀ ਹਲ ਵਾਹੁਣ ਨਹੀਂ ਜਾਂਦੇ ਮੁਸਾਫ਼ਰ ਕਰਦੇ ਨਹੀਂ ਸਫ਼ਰ ਪ੍ਰਭਾਤ ਦੀ ਲੋ ਪ੍ਰਗਟਦੀ ਨਹੀਂ ਚਿੜੀਆਂ ਤੇ ਕਲਚੀਟਾਂ ਤੇ ਕਾਂ ਨਹੀਂ ਚਹਿਕਦੇ ਬਾਹਮਣ ਸ਼ਨਾਨ ਨੂੰ ਨਹੀਂ ਭਜਦੇ ਮੰਦਰਾਂ ਦੀਆਂ ਘੰਟੀਆਂ ਨਹੀਂ ਖੜਕਦੀਆਂ ਨਾਂ ਅਧੀ ਰਾਤ, ਨਾਂ ਸਰਘੀ, ਨਾ ਪ੍ਰਭਾਤ ਦਿਹੁੰ ਚੁਪ ਚੁਪੀਤਾ ਨਿਕਲ ਆਉਂਦਾ ਹੈ ਗੁਰਦੁਆਰੇ ਆਸਾ ਦੀ ਵਾਰ ਵੀ ਨਹੀਂ ਲਗਦੀ ਝਲੀਏ, ਭੋਲੀਏ, ਸੱਭ ਕੁਝ ਹੁੰਦਾ ਹੈ ਪਰ ਮੈਂ ਕਿਉਂ ਨਹੀਂ ਸੁਣਦੀ, ਬੁਝਦੀ ? *** ਜਦੋਂ ਮੈਂ ਲੜਨੀ ਹਾਂ ਉਹ ਲੜਦੇ ਨੇਂ ਜਦੋਂ ਮੈਂ ਤਾਹਨੇ ਮੇਹਣੇ ਮਾਰਨੀ ਹਾਂ ਉਹ ਸਮਝਾਂਦੇ ਨੇਂ ਜਦੋਂ ਮੈਂ ਚੁਪ ਕਰ ਰਹਿਨੀ ਹਾਂ ਉਹ ਮਨਾਂਦੇ ਨੇ ਲੜਨੀ ਹਾਂ ਏਸ ਵਾਸਤੇ, ਪਈ ਵੇਖਾਂ ਇਹਨਾਂ ਵਿਚ ਕਿੰਨਾ ਕੁ ਜ਼ੋਰ ਹੈ ਮੇਹਣੇ ਦੇਨੀ ਹਾਂ, ਪਈ ਇਹਨਾਂ ਵਿਚ ਕਿੰਨੀ ਕੂ ਅਕਲ ਹੈ ਚੁਪ ਕਰ ਰਹਿਨੀ ਹਾਂ ਪਈ ਵੇਖਾਂ ਇਹਨਾਂ ਵਿਚ ਕਿੰਨਾ ਕੂ ਪਿਆਰ ਹੈ ਮੈਂ ਉਹਨਾਂ ਨੂੰ ਆਪਣੇ ਵਰਗਾ ਚਲਾਕ ਬਣਾਣਾ ਚਾਹੁਨੀ ਹਾਂ ਤੇ ਉਹ ਹੈਨ ਕੀ ਬੜੇ ਸਿੱਧੇ ਫੇਰ ਫੇਰ ਮੈਂ ਅੰਦਰੋਂ ਖ਼ੁਸ਼ ਹਾਂ ਬਾਹਰੋ ਗੁੱਸੇ ਤੂੰ ਕੀ ਹੈਂ ਮੂਰਖ ਮਾਇਆ ਚੁੱਪ ਕਿਉਂ ਨਹੀਂ ਕਰੀ ਰਹਿੰਦੀ ਤਮਾਸ਼ਾ ਜੂ ਕਰਨਾ ਹੋਇਆ ਕਿਹਦਾ ਪਾਰਬਤੀ ਤੇ ਭੋਲੇ ਨਾਥ ਦਾ *** ਕੋਈ ਖੇਤੀ ਪਾਣੀ ਨਾਲ ਉਗਦੀ ਹੈ ਕੋਈ ਜੰਮਦੀ ਹੈ ਲਹੂ ਨਾਲ ਸ਼ਾਂਤੀ ਦੀ ਹਰੀ ਖੇਤੀ ਚੋਂ ਜੰਮਦੇ ਨੇ ਸੰਤ-ਕਵੀ ਜੁੱਧ ਦੀ ਲਾਲ ਖੇਤੀ ਚੋਂ ਜੰਮਦੇ ਨੇ ਬੀਰ ਓਸੇ ਮੀਂਹ ਨਾਲ ਧੋਬੀ ਨਿਕਲਦਾ ਹੈ ਜ਼ਿੱਮੀਂ ਚੋਂ ਓਸੇ ਮੀਂਹ ਨਾਲ ਉਗਮਦੀਆਂ ਨੇ ਬੀਰ ਬਹੋਟੀਆਂ ਕਦੀ ਕਦੀ, ਜਿਵੇਂ ਅਨਾਰ ਦੇ ਬੂਟੇ ਨੂੰ, ਫੁਲ ਲਾਲ ਲਗਦੇ ਹਨ, ਟਾਹਣੀਆਂ ਹਰੀਆਂ । ਮੈਂ ਕਿਵੇਂ ਦੋਸ ਦਿਆਂ ਆਪਣੇ ਕਿਰਸਾਣ-ਪ੍ਰੀਤਮ ਨੂੰ ਜੁਧ ਲਈ । ਕਿਰਸਾਨ ਜਾਣਦਾ ਹੈ ਕਿਸ ਰੁੱਤ ਵਿਚ ਕੀ ਬੀਜੀਦਾ ਹੈ ਹੱਲ ਕਿੰਨਾ ਡੂੰਘਾ ਵਾਹੀਦਾ ਹੈ ਮੈੜਾ ਕਦੋਂ ਫੇਰਨਾ ਹੈ ਸੁਹਾਂਗਾ ਕੇਹੜਾ ਪਾਣਾ ਹੈ ਕਿਆਰੀਆਂ ਕਢਣੀਆਂ ਨੇਂ ਕਿ ਨਹੀਂ ਵਾੜ ਲਾਣੀ ਹੈ ਕਿ ਨਹੀਂ ਕੇਹੜੀਆਂ ਦੋ ਚੀਜ਼ਾਂ ਕਠੀਆਂ ਬੀਜੀਦੀਆਂ ਨੇਂ ਪਾਣੀ ਖੂਹ ਦਾ ਦੇਣਾ ਹੈ ਕਿ ਬੱਦਲ ਉਤੇ ਛੱਡ ਦੇਣਾ ਹੈ ਮਾਮਲਾ ਕਦੋਂ ਕੁਝ ਉੱਗੇਗਾ ਕਦੋਂ ਕੱਟੇਗਾ ਤੇ ਕੌਣ ਕਿਰਸਾਨ ਦਾ ਭਵਿਖ ਨਾਲ ਸਮਝੌਤਾ ਹੁੰਦਾ ਹੈ ਉਹ ਰੱਗ ਜਾਣਦਾ ਹੈ ਜ਼ਿੱਮੀਂ ਦੀ, ਡੰਗਰਾਂ ਦੀ, ਬੀਜ ਦੀ, ਉਹ ਰੱਗ ਜਾਣਦਾ ਹੈ ਰੁਤਾਂ ਦੀ, ਮੀਂਹ, ਧੁੱਪ, ਪਾਲੇ ਦੀ, ਸੂਰਜ ਚੰਨ ਦੇ ਮਲੂਮ ਨੇ ਸਾਰੇ ਭੇਤ ਉਹਨੂੰ ਓਹ ਭੋਂ ਦੀ ਪਿੱਛਲ ਨੂੰ ਵੀ ਹੈ ਡਾਢਾ ਜਾਣਦਾ ਮੈਂ ਕੀ ਦੋਸ਼ ਦਿਆਂ ਆਪਣੇ ਰਬ ਜੀ ਨੂੰ ਜੁਧ ਲਈ ਕਿਰਸਾਨ-ਰਬ ਵੇਖ ਸਕਦਾ ਹੈ ਦੂਰ, ਬਹੁਤ ਦੂਰ, ਹੇਠਾਂ ਬਹੁਤ ਹੇਠਾਂ ਉਹ ਇੰਨਤਜ਼ਾਰ ਕਰਨ ਦਾ ਆਦੀ ਹੈ। ਉਹ ਸਹਿਣ, ਜਰ ਲੈਣ ਦਾ ਆਦੀ ਹੈ ।

4. ਕਵੀ

ਕਦੀ ਗੁਰੂ ਹੋਕੇ ਰਾਹੇ ਪਾਉਂਦਾ ਹੈਂ ਕਦੀ ਭੱਟ ਹੋਕੇ ਉਸਤਤ ਗਾਉਂਦਾ ਹੈਂ ਕਦੀ ਸਾਜਦਾ ਹੈਂ ਨਵੇਂ ਅਰਸ਼ ਕੁਰਸੀ ਕਦੀ ਹੁਸਨ ਨੂੰ ਸ਼ੀਸ਼ਾ ਵਿਖਾਉਂਦਾ ਹੈਂ ਕਹੇ ਨਾਚ ਤੂੰ ਸਾਨੂੰ ਨਚਾਉਂਦਾ ਹੈਂ ---- ਨਬਜ਼ ਸਮੇਂ ਦੀ ਵਾਂਗ ਤਬੀਬ ਜਾਣੇ ਥੋਹੜਾ ਨਾਲ ਚਲਦਾ ਥੋਹੜਾ ਅਗ੍ਹਾਂ ਤੁਰਦਾ ਸਾਡੀ ਜੀਭ ਬਣਕੇ ਸਾਡੇ ਦਿਲ ਦੀ ਕਹੇਂ ਆਖੇਂ ਕਦੀ ਜੋ ਸੱਦੀਆਂ ਬਾਹਦ ਫੁਰਦਾ ਕਲਾਂ ਢਹਿੰਦੀਆਂ ਵੇਖਕੇ ਬਹੁਤ ਝੁਰਦਾ ---- ਸਾਡੇ ਵਿਚੋਂ ਪਰ ਸਾਡੇ ਤੋਂ ਅਡ ਰਹਿਨੈਂ ਮੁਹਰ ਲਾਇ ਕੇ ਭੇਜੇਂ ਫ਼ਰਮਾਨ ਸਾਨੂੰ ਸੱਚ ਮੁਚ ਹੈਂ ਦੇਵਤਾ, ਜਤਨ ਕਰਕੇ ਚਾਹੇਂ ਪੂਰਾ ਬਣਾਣਾ ਇਨਸਾਨ ਸਾਨੂੰ ਦਸੇਂ ਜ਼ਾਹਿਰਾ ਕਲਾ ਭਗਵਾਨ ਸਾਨੂੰ ---- ਪਿੰਗਲ, ਕੋਸ਼ ਹਥ ਬੱਧੇ ਗ਼ੁਲਾਮ ਤੇਰੇ ਮਰਜ਼ੀ ਮੂਜਬ ਤੂੰ ਮਿੱਟੀ ਨੂੰ ਮੋੜਦਾ ਹੈਂ ਕਿਤੇ ਸਾਕ ਪੁਰਾਣੇ ਤੂੰ ਤੋੜਦਾ ਹੈਂ ਕਿਤੇ ਨਵੇੱ ਸਰਬੰਧ ਤੂੰ ਜੋੜਦਾ ਹੈਂ ਅਪਣੀ ਸ਼ਾਨ ਤੂੰ ਦਸਣੀ ਲੋੜਦਾ ਹੈਂ ---- ਏਹੋ ਸ਼ਾਨ ਹੈ, ਅਪਣਾ ਆਪ ਲੱਭ ਕੇ ਤਤ, ਰੰਗ-ਅਪਣਤ ਵਿਚ ਰੱਤ ਦੇਣਾ ਚੌਦਾਂ ਇੰਦਰੀਆਂ ਫੱਲ ਜੋ ਨਜ਼ਰ ਕੀਤੇ ਸੱਤਾ ਨਾਲ, ਕਢ ਉਹਨਾਂ ਦਾ ਸੱਤ ਦੇਣਾ ਸਭੋ ਝੂਠ-ਨਕਾਬ ਪਰੱਤ ਦੇਣਾ ---- ਨਵੀਂ ਬੋਤਲ ਕਦੀ, ਕਦੀ ਨਵਾਂ ਦਾਰੂ ਕਦੀ ਤਾਨ ਨਵੀਂ ਕਦੀ ਸਾਜ਼ ਨਯਾ ਕਦੀ ਰੰਗ ਤਾਜ਼ਾ ਕਦੀ ਰੂਪ ਤਾਜ਼ਾ ਕਦੀ ਲਫ਼ਜ਼ ਨਵੇਂ ਕਦੀ ਰਾਜ਼ ਨਯਾ ਸਾਨੂੰ ਦੱਸਦਾ ਨਾਜ਼ ਨਿਆਜ਼ ਨਯਾ ---- ਸਾਰੇ ਕਸਬ ਤੇ ਹੁਨਰ ਤੂੰ ਜਾਣਦਾ ਹੈਂ ਤੈਥੋਂ ਕੋਈ ਚਲਾਕੀ ਨਹੀਂ ਭੁਲੀ ਹੋਈ ਰਾਗ ਤਾਲ ਜਾਂ ਲੈ ਦੇ ਨਾਲ ਜਿਹੜੀ ਕਰਦਾ ਗੱਲ ਹੈਂ ਤੂੰ, ਜਚੀ ਤੁਲੀ ਹੋਈ ਅਰਕ ਕਢਿਆ ਹੋਇਆ, ਮਿਸ਼ਰੀ ਘੁਲੀ ਹੋਈ ---- ਤੇਰੇ ਥੋਹੜੇ ਵਿਚ ਲੁਕਿਆ ਪਇਆ ਬਹੁਤਾ ਰੰਜ ਖ਼ੁਸ਼ੀ ਅੰਦਰ ਖ਼ੁਸ਼ੀ ਰੰਜ ਅੰਦਰ ਜੋਤ ਤੰਮ ਵਿਚ ਤੰਮ ਵਿੱਚ ਜੋਤ ਵੱਸਦੀ ਦਿਸਦੇ ਹੋਰ ਕੁਝ ਗਿਰਜਾ ਮਸੀਤ ਅੰਦਰ ਤੂੰ ਕਲੰਦਰ, ਪਤੰਦਰ, ਪ੍ਰਿਥੀ ਚੰਦਰ

5. ਬੇ ਅੰਦਾਜ਼ੀ

ਮਾਪ ਮਾਪ ਕੇ ਪੀਣੋਂ ਅਕਿਆ, ਬੇ-ਅੰਦਾਜ਼ੀ ਪਾ ਕੇ ਦੇਹ । ਅੱਗੇ ਜਿੰਨੀ ਰਹੀ ਨ ਕੌੜੀ, ਥੋਹੜਾ ਜ਼ਹਿਰ ਮਿਲਾ ਕੇ ਦੇਹ । ਸਾਥੋਂ ਤੇਰੇ ਮਦਰਾਲੇ ਹੁਣ ਟੁਰ ਕੇ ਜਾਇਆ ਜਾਂਦਾ ਨਹੀਂ । ਵਾਹਣੀ ਮੰਜੀ ਸੁੱਤੇ ਹਾਂ, ਘਰ ਆ ਕੇ, ਜਗਾ ਕੇ, ਮਨਾ ਕੇ ਦੇਹ।

6. ਘੁਟ ਘੁਟ

ਘਟ ਘੁਟ ਕਰਕੇ ਨਵੇ ਸਿਰੇ ਤੋਂ, ਸਿੱਖਾਂ, ਸਾਕੀ ! ਪੀਣੀ ਮੈਂ । ਝਕਦਾ ਝਕਦਾ ਪਹਿਲਾਂ ਵਾਂਗਰ, ਫੜ ਲਾਂ ਤੇਰੀ ਵੀਣੀ ਮੈ । ਪਿਆਰ ਪ੍ਰੇਮ ਦੀਆਂ ਪਹਿਲੀਆਂ ਮੰਜ਼ਿਲਾਂ ਅੰਦਰ ਮਜ਼ਾ ਅਜਾਇਬ ਸੀ । ਮੱਸਾਂ ਫੁਟੀਆਂ ਵਾਲੀ ਪਹਿਲੀ ਜ਼ਿੰਦਗੀ ਮੁੜ ਕੇ ਜੀਣੀ ਮੈਂ ।

7. ਬਾਲ ਗੁਪਾਲ

ਫੜਾਂ ਪਿਆਲਾ ਅੱਧਾ ਭਰਿਆ ਵੀ ਹੁਣ ਕੰਬਦਿਆਂ ਹਥਾਂ ਨਾਲ । ਫੇਰ ਲੈਣ ਮੂੰਹ ਤਕਦੇ ਸਾਰ ਹੀ, ਚੰਦਰ ਬਦਨਾਂ, ਚਿੱਟੇ ਵਾਲ । ਕਾਮਨਾ ਆਖੇ ਮੈਂ ਜਵਾਨ ਹਾਂ, ਸੁਣਦਾ ਕੌਣ ਹੈ ਕਾਮਨਾ ਦੀ । ਬਸ ਇਕ ਦਾਰੂ-ਘਰ ਦੇ ਬਾਬੇ ਲਈ ਅਜੇ ਮੈਂ ਬਾਲ ਗੁਪਾਲ ।

8. ਦਿਲ ਦੀਆਂ

ਆ ਇਕ ਖੂੰਜੇ ਬਹਿ ਕੇ ਦੋ ਦਿਨ, ਦਿਲ ਦੀਆਂ ਗੱਲਾਂ ਕਰ ਲਈਏ । ਇਕ ਦੂਜੇ ਦਾ ਦੁੱਖ ਵੰਡਾ ਕੇ, ਜੀਵਨ-ਪੀੜਾ ਜਰ ਲਈਏ । ਓਹ ਦਿਨ ਆਉਣ ਵਾਲਾ ਹੈ ਜਦ ਦੋ ਗੱਲਾਂ ਨੂੰ ਤਰਸਾਂਗੇ । ਵਹਿਣੋਂ ਲਾਂਭੇ ਦੇ ਤਿਨ ਤਾਰੀਆਂ ਬੁਡਣੋਂ ਪਹਿਲਾਂ ਤਰ ਲਈਏ ।

9. ਆਸ-ਮੁਨਾਰਾ

ਚੰਗਾਂ ਹੈ ਜੇ ਦੁਨੀਆਂ ਅੰਦਰ ਮਿਤਰ ਨ ਟੋਲੇਂ ਯਾਰਾ । "ਸਾਹਬ ਸਲਾਮਤ" ਰੱਖ ਦੂਰ ਦੀ, ਹੋਸੀ ਖੂਬ ਗੁਜ਼ਾਰਾ । ਓਹ ਬੰਦਾ ਜੋ ਹੋਰ ਕਿਸੇ ਦੀ ਟੇਕ ਸਹਾਰੇ ਰਹਿੰਦਾ । ਵੇਖ ਲਏਗਾ ਟੇਕ ਖਿਸਕਦੀ, ਢਹਿੰਦਾ ਆਸ-ਮੁਨਾਰਾ ।

10. ਜੰਗ

ਜੇ ਕਰ ਹੁਕਮ ਬਾਝੋਂ ਚਿੜੀ ਫੜਕਦੀ ਨਹੀਂ, ਜੇ ਕਰ ਹੁਕਮ ਬਾਝੋਂ ਪੱਤ ਹਿਲਦਾ ਨਹੀਂ । ਜੇ ਕਰ ਹੁਕਮ ਬਾਝੋਂ ਪਾਣੀ ਵਸਦੇ ਨਹੀਂ, ਹਿਰਦਾ ਕੰਵਲ ਜੇ ਹੁਕਮ ਬਿਨ ਖਿੱਲਦਾ ਨਹੀੱ । ਕਿਵੇਂ ਮੰਨੀਏ ਕੌਮਾਂ ਦੇ ਜੁਧ ਹੁੰਦੇ, ਬਿਨਾਂ ਹੁਕਮ ਦੇ ਚੱਲਦੀ ਰਕਤ-ਧਾਰਾ । ਬਿਨਾ ਹੁਕਮ ਦੇ ਭੁਖ ਤਰੇਹ ਕਰਕੇ, ਪਾਰ ਬੋਲਦਾ ਟਬਰ ਦਾ ਟਬਰ ਸਾਰਾ । ---- ਲੋਭ ਮੋਹ ਹੰਕਾਰ ਤੇ ਕਾਮ, ਗੁਸਾ, ਪੰਜਾਂ ਤਤਾਂ ਦੇ ਹਥ ਹਥਿਆਰ ਪੰਜੇ। ਕਦੀ ਹੋਣ ਸਾਡੇ ਮਦਦਗਾਰ ਪੰਜੇ, ਕਦੇ ਕਰਨ ਸਾਨੂੰ ਆਜਜ਼ ਖ਼ਵਾਰ ਪੰਜੇ । ਦੋਸਤ ਇਹਨਾਂ ਨੂੰ ਆਖੀਏ ਚਾਹੇ ਦੁਸ਼ਮਨ, ਪਾਈ ਬੈਠੇ ਨੇ ਖ਼ੂਬ ਖਲਿਆਰ ਪੰਜੇ । ਤਿੰਨਾ ਗੁਣਾਂ ਵਿਚ ਪੱਸਰੀ ਇੱਕ ਮਾਇਆ, ਤਿੰਨ ਹਥ ਵਜਾਉਂਦੇ ਤਾਰ ਪੰਜੇ । ਕਦੀ ਕਰਨ ਹਮਲੇ ਕਦੀ ਪੈਰ ਚੱਟਣ, ਰਖਣ ਮਸਤ ਸੰਸਾਰ ਨੂੰ ਨਾਚ ਕਰਕੇ । ਧਾਰਨ ਦੇਉਤਿਆਂ ਦਾ ਕਦੀ ਰੂਪ ਰਬੀ, ਕਦੀ ਵਿਚਰਦੇ ਵੇਸ-ਪਿਸ਼ਾਚ ਕਰ ਕੇ । ---- ਅਸੀਂ ਰੂਪਾਂ ਨੂੰ ਵੇਖ ਕੇ ਭੁਲਣਾ ਨਹੀਂ, ਉਹੀ ਦੇਵੀ ਸਰਸਵਤੀ ਉਹੀ ਕਾਲੀ । ਸ਼ਿਵ ਉਹੀ ਕਲਿਆਣ ਦਾ ਦੇਣ ਵਾਲਾ, ਭੋਲੇ ਨਾਥ ਓਸੇ ਪਾਈ ਮੁੰਡ-ਮਾਲੀ । ਜੇਹੜਾ ਵਿਸ਼ਨੂੰ ਜਹਾਨ ਦੀ ਕਰੇ ਰਖਿਆ, ਓਹੀ ਧਾਰਦਾ ਸ਼ਕਲ ਨਰਸਿੰਘ ਵਾਲੀ । ਕਦੇ ਬਣੇ ਬੌਣਾ ਅਤੇ ਦਾਨ ਮੰਗੇ, ਕਦੀ ਧਨਖ ਲੈਕੇ ਕਤਲ ਕਰੇ ਬਾਲੀ । ਅਸੀੱ ਏਹਦੇ ਚਲਿਤਰ ਪਛਾਣਦੇ ਹਾਂ, ਇਹਦੀ ਏਹ ਮਿਰਜਾਦਾ ਕਦੀਮ ਦੀ ਹੈ । ਮਿਠਾ ਸ਼ਰਬਤ ਹੈ ਸੁਖ-ਬੀਮਾਰ ਖ਼ਾਤਰ, ਦੁਖ ਕੌੜੀ ਦਵਾਈ ਹਕੀਮ ਦੀ ਹੈ । ---- ਕਦੋਂ ਕਰੇ ਕੰਗਾਲ ਤੇ ਜਾਨ ਕਢੇ, ਕਦੋਂ ਫ਼ਤਹਿ ਦਿਵਾਏ ਤੇ ਤਖ਼ਤ ਚਾਹੜੇ । ਅਸਾਂ ਓਹਦੀ ਰਿਜ਼ਾਇ ਤੇ ਛੱਡ ਛਡਿਆ, ਕਰਾਂ ਮਿੰਨਤਾਂ ਨਹੀੱ ਕਢਾਂ ਨਹੀਂ ਹਾੜੇ । ਇਕ ਵਾਰ ਜਦ ਇਕ ਨੂੰ ਮੰਨ ਲੀਤਾ ਭਾਵੇਂ ਪਾਏ ਬਰਫ਼ੀਂ ਭਾਵੇਂ ਅਗਿ ਸਾੜੇ ਸਾਡੇ ਗਿਲੇ ਨਿਹੋਰੇ ਦੀ ਥਾਉਂ ਨਾਹੀਂ, ਭਾਣਾ ਮੰਨੀਏ ਛਡੀਏ ਫ਼ਿਕਰ ਕਾਹੜੇ ਜੇਹੜੀ ਪਾਏ ਅੰਦਰ ਕਰ ਗੁਜ਼ਰੀਏ ਉਹ, ਉਹਦੇ ਫੱਲ ਵਲ ਮੂਲ ਨਾ ਨਜਰ ਕਰੀਏ ਸਾਨੂੰ ਆਪਣਾ ਜੇਕਰ ਬਣਾਏ ਮੁਨਕਰ, ਤਾਂ ਵੀ ਸਾਹ ਭਰਕੇ ਠੰਡਾ ਸਬਰ ਕਰੀਏ ---- ਓਹੀ ਮੋਮਨ ਬਣਾਉਂਦਾ ਓਹੀ ਮੁਨਕਰ, ਅਮਨ ਜੰਗ ਦੀ ਖੇਡ ਕਰਾਏ ਆਪੇ ਆਪੇ ਕਾਇਰਤਾ ਕਾਇਰ ਦੇ ਕੰਨ ਫੂਕੇ, ਤੇਗ਼ ਸੌਂਪ ਕੇ ਬੀਰ ਭਛਾਏ ਆਪੇ ਆਪੇ ਮਤ ਮਾਰੇ ਆਪੇ ਅਕਲ ਦੇਵੇ, ਆਪੇ ਖੋਜ ਕਢੇ ਤੇ ਲੁਕਾਏ ਆਪੇ ਆਪ ਕਾਮ ਦੁਆਰਾ ਵਧਾਏ ਗਿਣਤੀ, ਰੋਗ ਰੋਹ ਦੁਆਰਾ ਘਟਾਏ ਆਪੇ ਮੈਂ ਤਾਂ ਉਹਨੂੰ ਹੀ ਜੰਗ ਦੇ ਵਿਚ ਵੇਖਾਂ, ਓਹੋ ਸੱਜਿਆ ਅਮਨ-ਦਰਬਾਰਿ ਵੀ ਹੈ ਸਾਧੂ, ਸੰਤ, ਅਤੀਤ ਨੇ ਜੋਧਿਆਂ ਵਿਚ, ਲਹੂ ਡੁਲ੍ਹਦਾ ਮੰਦਰ, ਬਜ਼ਾਰਿ ਵੀ ਹੈ

11. ਕਲ

ਕਲ ਨਾ ਹੋਸਾਂ ਮੈਂ ਪਰ, ਤੁਸੀਂ ਤਾਰਿਓ ਸ਼ਾਹਦੀ ਮੇਰੀ ਭਰਨਾ, ਕਿਵੇਂ ਸਾਂ ਵਿਚ ਤਸੱਵੁਰ ਵੇਖਦਾ-- ਲੋਈ ਵਾਲੇ ਤਾਰੇ ਵਾਂਗਰ-- ਦੇਸ ਪਿਆਰਾ ਸੁਤੰਤਰਤਾ ਦੇ ਗਗਨ ਵਿਚ ਥਿਰਕਦਾ । ਕਲ ਨਾ ਹੋਸਾਂ ਮੈਂ ਪਰ ਤੁਸੀਂ ਕੋਇਲੋ ਸ਼ਾਹਦੀ ਮੇਰੀ ਭਰਨਾ, ਕਿਵੇਂ ਸਾਂ ਮੈਂ ਦਿਨ ਰਾਤ ਕੂਕਦਾ-- ਅੰਦਰੋਂ ਬਾਹਰੋਂ ਸੜੀ ਭੁਜੀ ਕੋਇਲ ਵਾਂਗ-- ਟੀਸ-ਟਾਹਣੀ ਤੇ ਬਹਿ ਕੇ ਕਵਿਤਵ ਭਰਿਆ ਸਨੇਹਾ ਹਰੇਕ ਨਿਰਾਸੇ ਪ੍ਰੇਮ ਦਾ । ਮੈਂ ਹਨੇਰੇ ਵਿਚ ਹੋਸਾਂ ਕਲ ਪਰ ਤੁਸੀਂ ਦੀਵਿਓ ਸ਼ਾਹਦੀ ਭਰਨਾ ਕਿਵੇਂ ਮੈ ਜਗਦਾ ਰਹਿਆ ਇਸ ਨਿਤ ਨਵੇਂ-ਪੁਰਾਣੇ, ਬਦਲਦੇ ਜਗਤ ਅੰਦਰ ਸਿਦਕ ਦਾ, ਵਫ਼ਾ ਦਾ ਪੁਰਾਣਾ ਅਲ੍ਹਾਦੀਨੀ ਦੀਵਾ । ਕਲ ਰੁਲਸਾਂ, ਰਲਸਾਂ ਮੈਂ ਮਿੱਟੀ ਵਿਚ ਪਰ ਤੁਸੀਂ ਖਿਡੌਣਿਓਂ ਸ਼ਾਹਦੀ ਦੇਣਾ ਕਿਵੇ ਮੈਂ ਨਿਰਾਲੇ ਨਿਰਾਲੇ ਬੁਤ ਸੁਫ਼ਨਿਆਂ ਤੇ ਅਰਮਾਨਾਂ ਦੀ ਮਿਟੀਓਂ ਸਾਂ ਘੜਦਾ ਆਪ ਪੂਜਦਾ, ਲੋਕਾਂ ਤੋ ਮੂਰਤੀਆਂ ਪੁਜਵਾਉਂਦਾ ਮੋਮ ਬਤੀਆਂ ਬਾਲਦਾ ਹੈਰਤ ਦੀਆਂ ਫੁਲ ਦੁੱਧ ਰੰਗੇ ਚਾਹੜਦਾ ਸਬਰ ਤੇ ਜ਼ਬਤ ਦੇ

12. ਸਿਆਲਕੋਟ

(੧) ਓਂ ਤੇ ਹੈ ਚੱਪਾ ਚੱਪਾ ਇਸ ਭੂਮੀ ਦਾ ਪਵਿੱਤਰ ਪਰ ਇਹ ਨਗਰ ਹੈ ਮੈਨੂੰ ਕੁਝ ਖ਼ਾਸ ਹੀ ਪਿਆਰਾ ਬਾਲੀ ਉਮਰ ਦੇ ਏਥੇ ਦੋ ਸਾਲ ਮੈਂ ਗੁਜ਼ਾਰੇ ਵਿਦਿਆਰਥੀ ਪਨੇ ਦਾ ਚੇਤੇ ਹੈ ਕੁਲ ਨਜ਼ਾਰਾ ਮੇਰੀ ਜਵਾਨੀ ਦੀ ਸੀ ਏਥੇ ਹੀ ਪਹੁ ਫੁੱਟੀ ਆਸਾਂ ਉਮੇਦਾਂ ਸੰਦੀਆਂ ਏਥੇ ਹੀ ਲਗੀਆਂ ਕਲੀਆਂ ਬਚਪਨ ਦੀ ਨੀਂਦ ਖੁਲ੍ਹੀ ਜੀਵਨ ਨੇ ਭੰਨੀ ਆਕੜ ਰੀਝਾਂ ਦੇ ਕਾਫ਼ਲੇ ਦਾ ਹੋਇਆ ਇਥੇ ਉਤਾਰਾ ਕਿਲਹੇ ਤੇ ਪਹਿਲਾਂ ਸੁਣਿਆਂ ਮੈਂ ਨਾਮ ਰਾਮ ਜੀ ਦਾ ਹੋਈ ਦੁਆ ਦੀ ਸ਼ਕਤੀ ਦੀ ਸੂਝ ਏਥੇ ਅਵੱਲ ਬਾਬੇ ਦੇ ਚਿਨ੍ਹ ਸਮਾਰਕ ਏਥੇ ਹੀ ਪਹਿਲਾਂ ਵੇਖੇ ਉਹ ਖੂਹ ਜਿਥੋਂ ਚੜ੍ਹਿਆ ਸੀ ਪੂਰਣ ਭਗਤ ਤਾਰਾ (੨) ਇੱਕੀ ਵਰਹੇ ਦੇ ਮਗਰੋਂ ਫਿਰ ਪੈਰ ਏਥੇ ਪਾਏ ਸੁਰਜੀਤ ਹੋਈਆਂ ਯਾਦਾਂ ਅਰਮਾਨ ਉਗਮ ਆਏ ਥੇਹਾਂ ਪੁਰਾਣਿਆਂ ਨੂੰ ਮੁੜ ਪਾਈ ਜਾ ਕੇ ਜੱਫੀ ਤਾਜ਼ੇ ਵਿਚਾਰ ਓਹਨਾਂ, ਅਣਗਿਣਤ ਝੋਲੀ ਪਾਏ ਹੈ ਮੋਈ ਮਿੱਟੀ ਵਿਚ ਵੀ ਤਾਸੀਰ ਸਿਹਰ ਵਾਲੀ ਇਕ ਬੀਜ ਨੂੰ ਇਹ ਲਖ ਸੈ ਗੁਣਾ ਜ਼ਿਆਦਾ ਕਰਦੀ ਆਦਮ ਜਹਿਆ ਵੀ ਏਸੇ ਪ੍ਰਿਥਵੀ ਤਰੂ ਦਾ ਫਲ ਹੈ ਫਿਰ ਆਦਮੀ ਵੀ ਪੂਰਨ, ਇਕਬਾਲ ਜਹੇ ਉਗਾਏ ਦੌਲਤ ਵਡੀ ਹੈ ਕਵਿਤਾ, ਬਰਕਤ ਮਹਾਨ ਕਵਿਤਾ ਕਵਿਤਾ ਵੀ ਓਹ ਜੇਹੜੀ ਆਦਰਸ਼-ਰਸਮਸੀ ਹੈ ਦਿਲ ਤੋਂ ਨਿਕਲ ਕੇ ਦਿਲ ਵਿਚ ਜੋ ਸਿਧੀ ਤੀਰ ਪੁੜਦੀ ਜੋ ਮੋਢਿਆਂ ਤੋ ਫੜ ਕੇ ਸੁਤਿਆਂ ਨੂੰ ਭਾਗ ਲਾਏ (੩) ਏਥੇ ਹੀ ਭਿਖੂ-ਪੂਰਨ ਮੁੜ ਪਾਈ ਸਿੱਖੀ-ਭਿੱਖਿਆ ਬਾਬੇ ਦੀ ਜੋਤ ਦਾ ਇਹ ਸਮਕਾਲੀ ਚਮਤਕਾਰਾ ਪੂਰਨ ਦਾ ਨਾਮ ਅਜਕਲ ਛਾਇਆ ਹੈ ਮੇਰੇ ਦਿਲ ਤੇ ਭਗਤੀ ਦੇ ਚਰਖ਼ ਦਾ ਜੋ ਹੈ ਦੂਜਾ ਧ੍ਰੂਹ ਤਾਰਾ ਅਖਾਂ ਦੇ ਅਗੇ ਲਿਆਵੇ ਸਲਵਾਨ ਇੱਛਰਾਂ ਨੂੰ ਗੋਰਖ ਤੇ ਲੂਣਾਂ ਦੀ ਮੂੜ ਕੰਨਾਂ 'ਚ ਗੋਸ਼ਟ ਗੂੰਜੇ ਮਾਤਾ ਅਜੇਹੀ ਹੋਵੇ ਹੋਵੇ ਗੁਰੂ ਅਜੇਹਾ ਤਰ ਜਾਨ ਆਪ ਵੀ ਤੇ ਤਾਰਨ ਜਹਾਨ ਸਾਰਾ ਰਬ ਅਗੇ ਸੱਚੇ ਦਿਲ ਤੋਂ ਮੇਰੀ ਪ੍ਰਾਰਥਨਾ ਹੈ ਮੁੜ ਇਸ ਨਗਰ ਨੂੰ ਘਲੀਂ ਜੋਗੀ ਕੋਈ ਅਜੇਹੇ ਸਭ ਜਾਤਾਂ ਕੌਮਾਂ ਤਾਈਂ ਸਿਖਲਾਣ ਜੋਗ ਸਚਾ ਲਾਵਣ ਖ਼ੁਦਾ ਮਿਲਾਉਣ ਵਾਲਾ ਖ਼ੁਦੀ ਦਾ ਨਾਹਰਾ (ਰਾਮ=ਸੁਆਮੀ ਰਾਮ ਤੀਰਥ, ਭਿਖੂ-ਪੂਰਨ= ਪ੍ਰੋਫੈਸਰ ਪੂਰਨ ਸਿੰਘ, ਪੂਰਨ=ਪੂਰਣ ਭਗਤ)

  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ