Punjabi Poetry : Mohan Singh Diwana

ਪੰਜਾਬੀ ਕਵਿਤਾਵਾਂ : ਮੋਹਨ ਸਿੰਘ ਦੀਵਾਨਾ



ਸੁਨੇਹਾ

ਸੁਨੇਹਾ ਕੋਈ ਵੰਝ ਦੇਵੇ, ਮੇਰੇ ਪਰਦੇਸੀ ਢੋਲੇ ਨੂੰ, ਸੁਣਾਵੇ ਕੂਕ ਤੇ ਫ਼ਰਿਆਦ, ਕੰਨ ਵਿਚ ਜਾ ਕੇ ਬੋਲੇ ਨੂੰ । ‘ਜਵਾਨੀ ਲੁਟ ਗਈ ਮੁੜਿਓਂ, ਤਾਂ ਤਕਸੇਂ ਆ ਕੇ ਖੋਲੇ ਨੂੰ। ਜਗਤ ਤੱਕਦਾ ਹੈ ਭੈੜੀ ਅੱਖੀਓਂ, ਤੇਰੇ ਪਟੋਲੇ ਨੂੰ'। (‘ਮੌਜੀ' ਵਿੱਚੋਂ)

ਦੇਸ਼-ਦੀਵਾਨੇ

ਜਿਹਨਾਂ ਕੌਮ ਦੇ ਵਾਸਤੇ ਰੋਗ ਲਾਏ, ਜੇਲ੍ਹਾਂ ਕਟੀਆਂ ਤੇ ਝੁੱਗੇ ਗਾਲ ਛੱਡੇ । ਛੱਡੀ ਵਹੁਟੀ ਪਰਾਇਆਂ ਦੇ ਰਹਿਮ ਉੱਤੇ, ਰੱਬ ਆਸਰੇ ਫੁੱਲਾਂ ਜਹੇ ਬਾਲ ਛੱਡੇ । ਬੁੱਢੇ ਪਿਉ ਉਡੀਕਦੇ ਟੋਰ ਛੱਡੇ, ਮਾਂਵਾਂ ਵਾਲੇ ਤਕਾਜ਼ੇ ਵੀ ਟਾਲ ਛੱਡੇ। ਆਪ ਫ਼ੱਕਰ ਹੋਏ ਘਰ ਵਿਚ ਭੰਗ ਭੁੱਜੀ, ਦੇਸ਼ ਸੇਵਾ ਦੇ ਪਰ ਨਾ ਖ਼ਿਆਲ ਛੱਡੇ । ਸਦਕੇ ਜਾਈਏ ਦੇਸ਼-ਦੀਵਾਨਿਆਂ ਤੋਂ, ਗ਼ਮ ਚਾਲ੍ਹੀ ਕਰੋੜ ਦਾ ਖਾਉਂਦੇ ਰਹੇ । ਸੱਚੇ ਰੱਬ ਦੇ ਨਾਉਂ ਨੂੰ ਭੁਲ ਕੇ ਜੋ, ‘ਵਤਨ ਵਤਨ’ ਦਿਨ ਰਾਤ ਧਿਆਉਂਦੇ ਰਹੇ । ਸੁਕੀ ਸ਼ਾਬਸ਼ ਦੀ ਵੀ ਨਹੀਂ ਭੁੱਖ ਰਖੀ, ਖ਼ਾਬ ਵੇਖਦੇ ਅਤੇ ਵਿਖਾਉਂਦੇ ਰਹੇ । ਆਪਣੀ ਲਾਸ਼ ਭਾਵੇਂ ਘੱਟੇ ਵਿਚ ਰੋਲੀ, ਝੰਡਾ ਕੌਮ ਦਾ ਉੱਚਾ ਝੁਲਾਉਂਦੇ ਰਹੇ । ਜਦੋਂ ਕਦੇ ਵੀ ਮੁਲਕ ਖ਼ੁਸ਼ਹਾਲ ਹੋਵੇ, ਯਾਦ ਰਖਣੀ ਇਹਨਾਂ ਪਰਵਾਨਿਆਂ ਦੀ । ਕਰਨੀ ਯਾਤਰਾ ਇਹਨਾਂ ਦੀਆਂ ਕੁੱਲੀਆਂ ਦੀ, ਮੜ੍ਹੀ ਪੂਜਣੀ ਇਹਨਾਂ ਮਸਤਾਨਿਆਂ ਦੀ । ਤੁਹਾਨੂੰ ਅਗਲੇ ਜਹਾਨੋਂ ਵੀ ਤੱਕਦੀ ਪਈ, ਪ੍ਰੇਮੀ ਆਤਮਾ ਇਹਨਾਂ ਮਰਦਾਨਿਆਂ ਦੀ । ਦਿਸਦੀ ਅਜ ਆਜ਼ਾਦੀ ਦੀ ਸ਼ਕਲ ਜੇਕਰ, ਖਿੱਚ ਲਿਆਈ ਕੁਰਬਾਨੀ ਦੀਵਾਨਿਆਂ ਦੀ। (‘ਪੱਤ-ਝੜ ਵਿੱਚੋਂ’)

ਇਹ ਕੀ ਜ਼ਿੰਦਗੀ ਹੋਈ !

ਇਹ ਕੀ ਜ਼ਿੰਦਗ਼ੀ ਹੋਈ ਨੱਸਦਾ, ਭੱਜਦਾ, ਕਾਹਲਾ, ਟਾਈਮ ਟੇਬਲਾਂ ਪਰੋਗਰਾਮਾਂ ਦਾ ਬੱਧਾ ਬੰਦਾ ਦੋਪੈਹਰ ਨੂੰ ਖਲੋ ਕੇ, ਐਨ ਬਜ਼ਾਰ ਵਿੱਚ ਨਾ ਵੇਖਿਆ ਬਾਂਦਰ, ਬੱਕਰੀ ਤੇ ਰਿੱਛ ਦਾ ਤਮਾਸ਼ਾ, ਨਾ ਵੇਖੀ ਕੁੱਕੜਾਂ, ਬਿੱਲੀਆਂ, ਦਾਂਦਾ, ਕੁੱਤਿਆਂ ਦੀ ਲੜਾਈ, ਨਾ ਖੇਡੀ ਬੈਠ ਕੇ ਪਿੱਪਲ ਟਾਹਣੀ ਹੇਠ ਤਾਸ਼ ਜੇ ਸਵੇਰੇ ਜੰਗਲ ਪਾਣੀ ਲਈ ਨਾ ਨਿਕਲ ਗਏ ਦਸ ਮੀਲ ਪਰੇਰੇ ਘਰੋਂ ਲੋਟਾ ਤੇ ਕੁਹਾੜੀ ਲਈ। ਨਾ ਸ਼ਾਮ ਨੂੰ ਬਾਜਰੇ ਦੇ ਸਿਟੇ ਜਾਂ ਛਲੀਆਂ ਭੁੰਨੀਆਂ ਮਲਿਆਰਾਂ ਦਿਆਂ ਖੂਹਾਂ ਤੇ, ਜਾਂ ਲਹੌਰ ਲਾਗੇ ਦੀ ਨਹਿਰ ਵਿਚ ਨਾ ਘੰਟਾ ਭਰ, ਪਾਣੀ ਵਿਚ ਮਾਰੀਆਂ ਛਾਲਾਂ ਤੇ ਚੁਭੀਆਂ । ਜਿਥੇ ਬੈਠੇ ਉਥੇ ਬਹਿ ਗਏ । ਜੋ ਕਰਨ ਲਗੇ ਕਰਦੇ ਰਹੇ ਹਫੀਮੋਂ ਬਿਨਾਂ ਅਫ਼ੀਮਚੀਆਂ, ਵੇਹਲੜਾਂ, ਸਨਕੀਆਂ, ਮਸਤਾਂ ਮਲੰਗਾਂ ਦੀ ਜ਼ਿੰਦਗੀ ਜ਼ਿੰਦਗੀ ਹੈ ਸਚ-ਮੁੱਚ, ਕੁਝ ਦਿਨ ਹੀ ਸਹੀ, ਏਦਾਂ ਜੀ ਤਾਂ ਲਈਏ। (‘‘ਧੁੱਪ-ਛਾਂ’’ ਵਿੱਚੋਂ)

ਚੌਬਰਗੇ

੧. ਮੈਂ ਨਹੀਂ ਕਹਿੰਦਾ ਦੁਨੀਆਂ ਛੱਡ ਦੇ, ਮੈਂ ਕਹਿਨਾਂ ਦਿਲ ਤੇ ਨਾ ਲਾ । ਮੈਂ ਨਹੀਂ ਕਹਿੰਦਾ ਜੰਗਲੀਂ ਜਾ ਬਹੁ,ਮੈਂ ਕਹਿਨਾਂ ਬੰਨ ਦਿਲ ਵਿਚ ਲਿਆ। ਮੈਂ ਨਹੀਂ ਕਹਿੰਦਾ ਖੁਲ੍ਹ ਬੁਰੀ ਹੈ, ਮੈਂ ਕਹਿਨਾਂ ਰੂਹ ਤਾਂਈਂ ਉਡਾ । ਮੈਂ ਨਹੀਂ ਕਹਿੰਦਾ ਪ੍ਰੇਮ ਹੈ ਮਾੜਾ, ਮੈਂ ਕਹਿਨਾਂ ਥਾਹ ਇਸਦੀ ਪਾ। ੨. ਹਸਦਿਆਂ ਤੈਨੂੰ ਸ਼ਰਮ ਨਾ ਆਵੇ, ਓਧਰ ਲੱਖਾਂ ਰੋਂਦੇ । ਖਾਂਦਿਆਂ ਤੈਨੂੰ ਲਾਜ ਨਾ ਆਵੇ, ਓਧਰ ਫ਼ਾਕੇ ਹੋਂਦੇ । ਚਾਂਵਾਂ ਨਾਲ ਸਵਾਰ ਥੀਏਂ ਤੂੰ, ਓਧਰ ਭਾਰੇ ਢੋਂਦੇ । ਬੰਦੇ ਸੋਈ ਬੰਦੇ ਜੋ, ਦਰਦ ਦੂਜੇ ਦਾ ਵੰਡੌਂਦੇ । ੩. ਜੋ ਕੁਝ ਵਰਤੀ ਲੱਖਾਂ ਦੇ ਸਿਰ, ਝੁੱਲੀ ਮੈਂ ਵੀ ਝਲੀ । ਅਗੇ ਸੁਣੀ ਨ ਡਿੱਠੀ ਦੁਨੀਆਂ, ਅੰਦਰ ਇਹ ਤਰਥੱਲੀ । ਮੇਰੀ ਜਿੰਦੜੀ ਤਾਂ ਬਸ, ਇੱਕੋ ਹਉਕੇ ਨੇ ਹੈ ਸਲੀ । ਟੁਰਦੀ ਵਾਰੀ ਰੱਜ ਨਾ ਚੁੰਮਿਆ, ਕਮਰਾ, ਕੋਠਾ, ਗਲੀ । ੪. ਮਾਂਉਂ ਸ਼ਬਦ ਕਰ ਲੈਂਦਾ ਸਾਰੇ, ਕੱਜ ਤਰੀਮਤ ਵਾਲੇ । ਕੀ ਕੀ ਝਾਲ ਸਿਰੇ ਤੇ ਝਲੇ, ਜੰਮੇ, ਜਾਏ, ਪਾਲੇ । ਸਬਰ, ਹੌਸਲਾ, ਸਹਿਣ ਤੇ ਸੰਜਮ, ਘੁੰਮਦੀ ਫਿਰੇ ਦੁਆਲੇ । ਜਦ ਤਕ ਉੱਡਣ ਜੋਗ ਨਾ ਹੁੰਦੇ, ਮਾਰੀ ਰਖਦੀ ਤਾਲੇ । ੫. ਕੁਝ ਨਾ ਸਹੀ ਫ਼ਕੀਰੀ ਅੰਦਰ, ਦਿਲ ਦਾ ਇਤਮੀਨਾਨ ਤੇ ਹੈ । ਤਕੀਏ ਉਤੇ ਬੈਠਾ ਸਾਂਈਂ, ਸ਼ਾਹਾਂ ਵਰਗੀ ਸ਼ਾਨ ਤੇ ਹੈ । ਪੈਸੇ ਬਦਲੇ ਨਹੀਂ ਅਸੀਸਾਂ, ਪੈਸੇ ਖ਼ਾਤਰ ਨਹੀਂ ਸਰਾਪ, ਬਾਂਹ ਵਿਚ ਕੁੱਵਤ ਈਮਾਂ ਦਿਲ ਵਿਚ, ਦੌਲਤ ਵਿਚ ਇਰਫ਼ਾਨ ਤੇ ਹੈ । ੬. ਜਵਾਨ ਹੈਂ ਜਵਾਨ ਵਾਂਗ, ਹੋ ਨਿੱਡਰ ਤੇ ਜ਼ਖ਼ਮ ਖਾ । ਸਿਆਣਾ ਹੈਂ, ਸਿਆਣੇ ਵਾਂਗ, ਖੂੰਜੇ ਬਹਿ ਕੇ ਦਿਨ ਟਪਾ । ਜੇ ਬੱਚਾ ਹੈਂ ਤਾਂ ਬੱਚੇ ਵਾਂਗ, ਤਕ ਪਿਤਾ ਦਾ ਆਸਰਾ; ਤੂੰ ਰੁੱਤ ਨੂੰ ਵੇਖ ਚਾਖ ਕੇ, ਜ਼ਮੀਨ ਵਿਚ ਬੀ ਖਿੰਡਾ । (‘ਮਸਤੀ’ ਵਿੱਚੋਂ)

ਨੀ ਸਜਣਾਂ ਨਾਲ ਨਾ ਕੌੜਾ ਬੋਲ

ਨੀਂ ਸਜਣਾਂ ਨਾਲ ਨਾ ਕੌੜਾ ਬੋਲ ! ਵੇਲਾ ਵਖਤ ਵਿਹਾਂਦਾ ਹੀ ਨੀਂ, ਪੱਲੇ ਕੁਝ ਘਿਨ ਜੋਲ ਸ਼ੌਕ ਮਾਹੀ ਦਾ ਮੋਤੀ ਮਾਣਕ, ਮਿੱਟੀ ਵਿਚ ਨ ਰੋਲ ਡਾਢਾ ਬੇਪਰਵਾਹ ਨਿਆਰਾ, ਮੰਗਨੀਏਂ ਲਾਡ ਕਲੋਲ ਨਿੰਵਿਆਂ ਬਾਝ ਨਾ ਢੋਈ ਮਿਲਦੀ, ਨਾ ਕਰ ਮੋਲ ਤੇ ਤੋਲ ਸਾਈ ਬਾਜੀ ਜਿਣ ਗਈ, ਜੋ ਦਮ ਦਮ ਘੱਤੀ ਘੋਲ ਕੁੜੀਏ ਨੀਂ ! ਵੱਤ ਨਹੀਂਓ ਬਹਿਣਾ ਮਿਲਣਾ, ਮਿੱਠਿਆਂ ਸਜਣਾਂ ਕੋਲ ਨੀਂ ਸੱਜਣਾਂ ਤਾਈਂ ਨਾ ਕੌੜਾ ਬੋਲ। (‘ਸੋਮ ਰਸ’ ਵਿੱਚੋਂ)

ਰੁੜ੍ਹਦੀ ਵੋ ! ਦੁਨੀਆਂ ਜਾਂਦੀ ਰੁੜ੍ਹਦੀ

ਰੁੜ੍ਹਦੀ ਵੋ, ਦੁਨੀਆਂ ਜਾਂਦੀ ਰੁੜ੍ਹਦੀ, ਆਪੇ ਕਰਦੀ ਧਿੰਗੋਜ਼ੋਰੀ ਆਪੇ ਕ੍ਰਿਝੀ ਕੁੜ੍ਹਦੀ । ਪੀਰ ਪਕੰਬਰ ਪਾਣ ਲਕੀਰਾਂ, ਲੋਈ ਕੁਰਾਹੇ ਟੁਰਦੀ, ਅੱਖੀਂ ਵੇਖਦਿਆਂ ਵੋ, ਭੈ ਸਾਗਰ ਵਿਚ ਬੁੜ੍ਹਦੀ। ਹਉਮੈਂ ਵਾਲੀ ਪੀਂਘ ਵਧਾਈ, ਹੋੜਿਆਂ ਨਾਹੀਂ ਹੁੜਦੀ ਵੋ । (‘ਸੋਮ ਰਸ’ ਵਿੱਚੋਂ)

  • ਮੁੱਖ ਪੰਨਾ : ਕਾਵਿ ਰਚਨਾਵਾਂ, ਮੋਹਨ ਸਿੰਘ ਦੀਵਾਨਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ