Mirza Ghalib ਮਿਰਜ਼ਾ ਗ਼ਾਲਿਬ
ਮਿਰਜ਼ਾ ਅਸਦੁੱਲਾ ਬੇਗ ਖਾਂ (੨੭ ਦਿਸੰਬਰ ੧੭੯੭-੧੫ ਫਰਵਰੀ ੧੮੬੯) ਨੇ ਦੋ ਉਪਨਾਵਾਂ ਅਸਦ (ਸ਼ੇਰ) ਅਤੇ ਗ਼ਾਲਿਬ (ਬਲਵਾਨ ਜਾਂ ਭਾਰੂ) ਹੇਠ ਕਵਿਤਾ ਲਿਖੀ ।ਉਹ ਉਰਦੂ ਅਤੇ ਫਾਰਸੀ ਦੇ ਮਹਾਨ ਕਵੀ ਸਨ । ਉਨ੍ਹਾਂ ਨੂੰ ਸਭ ਤੋਂ ਵੱਧ ਹਰਮਨ ਪਿਆਰਾ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਨੇ ਬਣਾਇਆ ।ਉਨ੍ਹਾਂ ਦੇ ਪਿਤਾ ਮਿਰਜ਼ਾ ਅਬਦੁੱਲਾ ਬੇਗ ਖਾਂ ੧੮੦੩ ਈ: ਵਿਚ ਅਲਵਰ ਦੀ ਲੜਾਈ ਵਿੱਚ ਮਾਰੇ ਗਏ । ਉਨ੍ਹਾਂ ਦੇ ਚਾਚਾ ਮਿਰਜ਼ਾ ਨਸਰੁੱਲਾ ਬੇਗ ਖਾਂ ਨੇ ਉਨ੍ਹਾਂ ਦਾ ਪਾਲਣ-ਪੋਸਣ ਕੀਤਾ । ੧੩ ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਸ਼ਾਦੀ ਨਵਾਬ ਇਲਾਹੀ ਬਖ਼ਸ਼ ਦੀ ਪੁੱਤਰੀ ਉਮਰਾਓ ਬੇਗ਼ਮ ਨਾਲ ਹੋਈ । ਉਨ੍ਹਾਂ ਦੇ ਸੱਤ ਦੇ ਸੱਤ ਬੱਚੇ ਬਚਪਨ ਵਿੱਚ ਹੀ ਮਰ ਗਏ । ਉਨ੍ਹਾਂ ਦੀ ਕਵਿਤਾ ਦਾ ਮੁੱਖ ਵਿਚਾਰ ਹੈ ਕਿ ਜੀਵਨ ਦਰਦ ਭਰਿਆ ਸੰਘਰਸ਼ ਹੈ, ਜੋ ਇਸ ਦੇ ਅੰਤ ਨਾਲ ਹੀ ਖ਼ਤਮ ਹੁੰਦਾ ਹੈ ।ਉਨ੍ਹਾਂ ਨੂੰ ੧੮੫੪ ਵਿੱਚ ਬਹਾਦੁਰ ਸ਼ਾਹ ਜ਼ਫ਼ਰ ਦੇ ਕਾਵਿ ਗੁਰੂ ਬਣਾਇਆ ਗਿਆ । ਉਹ ਨਰਮ ਖ਼ਿਆਲੀ ਰਹੱਸਵਾਦੀ ਸਨ । ਉਨ੍ਹਾਂ ਦਾ ਯਕੀਨ ਸੀ ਕਿ ਰੱਬ ਦੀ ਆਪਣੇ ਅੰਦਰੋਂ ਭਾਲ ਸਾਧਕ ਨੂੰ ਇਸਲਾਮ ਦੀ ਕੱਟੜਤਾ ਤੋਂ ਮੁਕਤ ਕਰ ਦਿੰਦੀ ਹੈ । ਉਨ੍ਹਾਂ ਦੀ ਸੂਫੀ ਵਿਚਾਰਧਾਰਾ ਦੇ ਦਰਸ਼ਨ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਵਿੱਚੋਂ ਹੁੰਦੇ ਹਨ । ਗ਼ਾਲਿਬ ਦੇ ਨੇੜੇ ਦੇ ਵਿਰੋਧੀ ਜ਼ੌਕ ਸਨ । ਪਰ ਦੋਵੇਂ ਇੱਕ ਦੂਜੇ ਦੀ ਪ੍ਰਤਿਭਾ ਦੀ ਇੱਜਤ ਕਰਦੇ ਸਨ । ਉਹ ਦੋਵੇਂ ਮੀਰ ਤਕੀ ਮੀਰ ਦੇ ਵੀ ਪ੍ਰਸ਼ੰਸਕ ਸਨ । ਮੋਮਿਨ ਅਤੇ ਦਾਗ਼ ਵੀ ਉਨ੍ਹਾਂ ਦੇ ਸਮਕਾਲੀ ਸਨ ।
