1857 Ate Mirza Ghalib : Dr. Naresh

1857 ਅਤੇ ਮਿਰਜ਼ਾ ਗ਼ਾਲਿਬ : ਡਾ. ਨਰੇਸ਼

ਕਿਸੇ ਸ਼ਾਇਰ ਤੋਂ ਇਹ ਆਸ ਕਰਨੀ ਗ਼ਲਤ ਨਹੀਂ ਹੈ ਕਿ ਉਸ ਦੀ ਸ਼ਾਇਰੀ ਉਸ ਦੇ ਯੁੱਗ ਦਾ ਦਰਪਣ ਹੋਵੇਗੀ ਪਰ ਕਿਸੇ ਸ਼ਾਇਰ ਤੋਂ ਇਹ ਆਸ ਕਰਨੀ ਗ਼ਲਤ ਹੈ ਕਿ ਉਸ ਦੀ ਸ਼ਾਇਰੀ ਉਸ ਦੇ ਯੁੱਗ ਦਾ ਕਰਮਬੱਧ ਇਤਿਹਾਸ ਪੇਸ਼ ਕਰੇਗੀ। ਪਰ ਮਿਰਜ਼ਾ ਅਸਦ ਉੱਲਾ ਖਾਂ ਗ਼ਾਲਿਬ ਦੀ ਸਥਿਤੀ ਰਤਾ ਭਿੰਨ ਹੈ। ਉਹ ਇਕ ਮਹਾਨ ਕਵੀ ਹੋਣ ਦੇ ਨਾਲ-ਨਾਲ ਰਾਜ ਵੱਲੋਂ ਨਿਯੁਕਤ ਸਰਕਾਰੀ ਇਤਿਹਾਸਕਾਰ ਵੀ ਸੀ। ਇਹ ਜ਼ਿੰਮੇਵਾਰੀ ਉਸ ਨੂੰ ਬਾਦਸ਼ਾਹ ਬਹਾਦਰ ਸ਼ਾਹ ਨੇ ਸੌਂਪੀ ਸੀ, ਜਿਸ ਨੂੰ ਗ਼ਾਲਿਬ ਨੇ ਬਖ਼ਸ਼ੀ ਪ੍ਰਵਾਨ ਕੀਤੀ ਸੀ। ਇਸ ਲਈ ਗਾਲਿਬ ਦੀਆਂ ਲਿਖਤਾਂ ਤੋਂ ਉਸ ਸਮੇਂ ਦੇ ਘਟਨਾਕ੍ਰਮ ਦੀ ਮੰਗ ਗ਼ਾਲਿਬ ਨਾਲ ਜ਼ਿਆਦਤੀ ਕਰਨਾ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਇਤਿਹਾਸ ਲਿਖਣ ਲਈ ਗਾਲਿਬ ਨੇ ਜੋ ਨੋਟਸ ਬਣਾਏ ਸਨ, ਉਹ ਉਸ ਨੂੰ ਨਸ਼ਟ ਕਰ ਦੇਣੇ ਪਏ ਕਿਉਂਕਿ ਹਾਲਾਤ ਬੜੀ ਤੇਜ਼ੀ ਨਾਲ ਪਲਟੀ ਖਾ ਗਏ ਸਨ।

ਗਾਲਿਬ ਆਪਣੀ ਜ਼ਿੰਮੇਵਾਰੀ ਤੋਂ ਖੁੰਝਿਆ ਵੀ ਨਹੀਂ। ਉਸ ਨੇ ਉਸ ਦਿਨ (11 ਮਈ, 1857) ਤੋਂ ਡਾਇਰੀ ਲਿਖਣੀ ਸ਼ੁਰੂ ਕੀਤੀ, ਜਿਸ ਦਿਨ ਮੇਰਠ ਤੋਂ ਬਾਗ਼ੀ ਸਿਪਾਹੀ ਦਿੱਲੀ ਪੁੱਜੇ ਅਤੇ ਉਸ ਦਿਨ (20 ਸਤੰਬਰ, 1857) ਤੱਕ ਲਿਖਦਾ ਰਿਹਾ। ਜਦੋਂ ਤੱਕ ਅੰਗਰੇਜ਼ਾਂ ਨੇ ਵਿਦਰੋਹ ਨੂੰ ਕੁਚਲ ਕੇ ਦਿੱਲੀ ‘ਤੇ ਕਬਜ਼ਾ ਨਹੀਂ ਕਰ ਲਿਆ। ਇਹ ਡਾਇਰੀ ਮਗਰੋਂ ‘ਦਸਤੰਬੂ’ ਦੇ ਨਾਂਅ ਨਾਲ ਪ੍ਰਕਾਸ਼ਿਤ ਹੋਈ ਪਰ ਉਦੋਂ ਤੱਕ ਹਾਲਾਤ ਏਨੇ ਬਦਲ ਚੁੱਕੇ ਸਨ ਕਿ ਗਾਲਿਬ ਨੇ ਸ਼ਾਇਦ ਆਪਣੀ ਅਸਲੀ ਡਾਇਰੀ ਸਾੜ ਸੁੱਟੀ ਹੋਵੇਗੀ ਅਤੇ ਉਸ ਦੀ ਥਾਂ ‘ਤੇ ਇਕ ਨਵੀਂ ਡਾਇਰੀ ਤਿਆਰ ਕਰ ਲਈ ਹੋਵੇਗੀ। ਇਸ ਅਨੁਮਾਨ ਦਾ ਆਧਾਰ ਗਾਲਿਬ ਵੱਲੋਂ ਲਿਖੀ ਗਈ ਇਕ ਚਿੱਠੀ ਹੈ ਜੋ ਉਸ ਨੇ ਚੌਧਰੀ ਅਬਦੁਲ ਗ਼ਫੂਰ ਸਰਵਰ ਨੂੰ ਲਿਖੀ ਸੀ। ਗਾਲਿਬ ਲਿਖਦਾ ਹੈ, ’11 ਮਈ, 1857 ਨੂੰ ਇਥੇ ਫਸਾਦ ਹੋਇਆ। ਮੈਂ ਉਸੇ ਦਿਨ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਤੇ ਆਉਣਾ-ਜਾਣਾ ਮੌਕੂਫ਼ ਕਰ ਦਿੱਤਾ। ਬੇਸ਼ਗਲ ਜ਼ਿੰਦਗੀ ਬਸਰ ਨਹੀਂ ਹੁੰਦੀ, ਆਪਣੀ ਸਰਗੁਜ਼ਸ਼ਤ (ਬਿਰਤਾਂਤ) ਲਿਖਣੀ ਸ਼ੁਰੂ ਕੀਤੀ। ਜੋ ਸੁਣਿਆ ਉਸ ਨੂੰ ਵੀ ਜ਼ਮੀਮਾ ਕਰਦਾ ਗਿਆ।’

‘ਦਸਤੰਬੂ’ ਨਾਂਅ ਹੇਠ ਪ੍ਰਕਾਸ਼ਿਤ ਗਾਲਿਬ ਦੀ ਡਾਇਰੀ ਉਨ੍ਹਾਂ ਦਿਨਾਂ ਦਾ ਬਿਰਤਾਂਤ ਨਹੀਂ ਹੈ, ਜਿਨ੍ਹਾਂ ਦਿਨਾਂ ਦੀ ਸਰਗੁਜ਼ਸ਼ਤ ਗਾਲਿਬ ਨੇ ਲਿਖੀ ਸੀ। ਕਾਰਨ ਸਮਝ ਆਉਂਦਾ ਹੈ। ਵਿਦਰੋਹ ਦੀ ਅਸਫ਼ਲਤਾ ਮਗਰੋਂ ਅੰਗਰੇਜ਼ਾਂ ਨੇ ਮੁਸਲਮਾਨਾਂ ਉਪਰ ਕਿਆਮਤ ਢਾਹੀ ਸੀ। ਉਹ ਕੁਲੀਨ ਲੋਕ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਦੇ ਬਦਲੇ ਦੀ ਕਾਰਵਾਈ ਦਾ ਨਿਸ਼ਾਨਾ ਸਨ, ਜੋ ਬਾਦਸ਼ਾਹ ਦੇ ਨੇੜੇ ਰਹੇ ਸਨ ਜਾਂ ਜਿਨ੍ਹਾਂ ਬਾਗੀ ਸਿਪਾਹੀਆਂ ਦੀ ਮਦਦ ਕੀਤੀ ਸੀ।’

ਗਾਲਿਬ ਬਾਦਸ਼ਾਹ ਦਾ ਦੋਸਤ, ਕਾਵਿ-ਗੁਰੂ, ਦਰਬਾਰੀ ਅਤੇ ਸਰਕਾਰੀ ਇਤਿਹਾਸਕਾਰ ਰਿਹਾ ਸੀ। ਸੁਭਾਵਿਕ ਤੌਰ ‘ਤੇ ਹੀ ਉਹ ਬਾਦਸ਼ਾਹੀ ਦੇ ਪਤਨ ਅਤੇ ਬਹਾਦਰ ਸ਼ਾਹ ਉਤੇ ਹੋਏ ਜ਼ੁਲਮਾਂ ਤੋਂ ਧੁਰ ਅੰਦਰ ਤੱਕ ਦੁਖੀ ਰਿਹਾ ਹੋਵੇਗਾ ਅਤੇ ਆਪਣੀ ਡਾਇਰੀ ਵਿਚ ਖੂਨ ਦੇ ਹੰਝੂ ਰੋਇਆ ਹੋਵੇਗਾ। ਪਰ ਇਸ ਡਾਇਰੀ ਨੂੰ ਸੁਰੱਖਿਅਤ ਰੱਖਣ ਦਾ ਅਰਥ ਸੀ ਕਿ ਗਾਲਿਬ ਆਪਣੀ ਮੌਤ ਨੂੰ ਮਾਸੀ ਆਖਦਾ ਤੇ ਉਸ ਦੀ ਲਾਸ਼ ਕਿਸੇ ਬ੍ਰਿਛ ਨਾਲ ਲਮਕਦੀ ਦਿਖਾਈ ਦਿੰਦੀ।

ਜਾਨ ਬਚਾਉਣ ਦੇ ਨਾਲ-ਨਾਲ ਗਾਲਿਬ ਨੂੰ ਰੋਜ਼ੀ-ਰੋਟੀ ਦੀ ਸਮੱਸਿਆ ਵੀ ਦਰਪੇਸ਼ ਸੀ। ਰਾਜ ਦਰਬਾਰਾਂ ਤੋਂ ਮਿਲਣ ਵਾਲੀ ਪੈਨਸ਼ਨ ਨਾਲ ਜ਼ਿੰਦਗੀ ਗੁਜ਼ਾਰਨ ਦੇ ਆਦੀ ਗਾਲਿਬ ਨੂੰ ਆਪਣੀ ਪੈਨਸ਼ਨ ਦੀ ਬਹਾਲੀ ਦਰਕਾਰ ਸੀ, ਜੋ ਅੰਗਰੇਜ਼ ਉਦੋਂ ਤੱਕ ਬਹਾਲ ਕਰਨ ਵਾਲੇ ਨਹੀਂ ਸਨ ਜਦੋਂ ਤੱਕ ਉਨ੍ਹਾਂ ਨੂੰ ਨਿਸ਼ਚਾ ਨਾ ਹੋ ਜਾਵੇ ਕਿ ਗਾਲਿਬ ਜੇਕਰ ਉਨ੍ਹਾਂ ਦਾ ਹਮਾਇਤੀ ਨਹੀਂ ਤਾਂ ਘੱਟੋ-ਘੱਟ ਵਿਦਰੋਹ-ਸਮਰਥਕ ਵੀ ਨਹੀਂ ਸੀ। ਪੈਨਸ਼ਨ ਦੀ ਬਹਾਲੀ ਲਈ ਗਾਲਿਬ ਨੇ ਹਰ ਸੰਭਵ ਯਤਨ ਕੀਤਾ। ਇਥੋਂ ਤੱਕ ਕਿ ਖੁਦ ਨੂੰ ਅੰਗਰੇਜ਼ਾਂ ਦਾ ਵਫਾਦਾਰ ਸਿੱਧ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਨ੍ਹਾਂ ਕੋਸ਼ਿਸਾਂ ਵਿਚੋਂ ਹੀ ਇਕ ਕੋਸ਼ਿਸ਼ ਸੀ ਆਪਣੀ ਡਾਇਰੀ ਨੂੰ ਸਬੂਤ ਬਣਾ ਕੇ ਇਹ ਸਿੱਧ ਕਰਨਾ ਕਿ ਉਹ ਤਾਂ ਹਮੇਸ਼ਾ ਤੋਂ ਹੀ ਅੰਗਰੇਜ਼ਾਂ ਦਾ ਸ਼ੁੱਭਚਿੰਤਕ ਸੀ। ਗਾਲਿਬ ਨੇ ਇਸ ਡਾਇਰੀ ਦੀ ਇਕ ਕਾਪੀ ਲੈਫਟੀਨੈਂਟ ਗਵਰਨਰ ਨੂੰ ਭੇਜ ਕੇ ਅਤੇ ਰਾਬਰਟ ਮਿੰਟਗੁੰਮਰੀ ਦੀ ਸ਼ਾਨ ਵਿਚ ਇਕ ਕਸੀਦਾ ਲਿਖਕੇ ਅੰਗਰੇਜ਼ਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਿਆ ਕਿ ਉਹ ਉਨ੍ਹਾਂ ਦਾ ਦੁਸ਼ਮਣ ਨਹੀਂ ਸੀ, ਦੋਸਤ ਸੀ।

ਅਜਿਹਾ ਕਰਨਾ ਗਾਲਿਬ ਦੀ ਮਜਬੂਰੀ ਸੀ ਨਹੀਂ ਤਾਂ ਸਾਮੰਤੀ ਜੀਵਨਸ਼ੈਲੀ ਵਾਲੇ ਇਕ ਭਾਵੁਕ ਕਵੀ ਲਈ ਕਿਵੇਂ ਸੰਭਵ ਸੀ ਕਿ ਉਹ ਆਪਣੇ ਸਰਪ੍ਰਸਤ ਦੀ ਦੁਰਦਸ਼ਾ, ਦੇਸੀ ਰਾਜ ਦੇ ਪਤਨ ਅਤੇ ਦਮਨਕਾਰੀਆਂ ਹੱਥੋਂ ਹੋਈਆਂ ਉਸ ਦੇ ਸਾਕ-ਸੰਬੰਧੀਆਂ, ਦੋਸਤਾਂ-ਮਿੱਤਰਾਂ ਦੀਆਂ ਹੱਤਿਆਵਾਂ ਨੂੰ ਜ਼ਰ ਲੈਂਦਾ। ਗਾਲਿਬ ਨੇ ਦਿਲੋਂ ਚਾਹਿਆ ਹੋਵੇਗਾ ਕਿ ਬਾਗੀਆਂ ਦੀ ਜਿੱਤ ਹੋਵੇ, ਉਹੋ ਪੁਰਾਣੀ ਵਿਵਸਥਾ ਮੁੜੇ ਤੇ ਵਿਦੇਸ਼ੀ ਪੱਥਰ ਚੱਟ ਕੇ ਮੁੜ ਜਾਣ।

ਇਸ ਤੋਂ ਵੱਧ ਦੀ ਆਸ ਅਸੀਂ ਮਿਰਜ਼ਾ ਨੌਸ਼ਾ ਪਾਸੋਂ ਕਰ ਵੀ ਨਹੀਂ ਸਕਦੇ ਕਿਉਂਕਿ ਭਾਵੇਂ ਉਸ ਦੇ ਖਾਨਦਾਨ ਦਾ ਪੇਸ਼ਾ ਸੌ ਵਰ੍ਹਿਆਂ ਤੋਂ ਸਿਪਾਹਗਿਰੀ ਰਿਹਾ ਸੀ ਪਰ ਉਹ ਆਪ ਨਾ ਸਿਪਾਹੀ ਸੀ ਅਤੇ ਨਾ ਅਮਲੀ ਤੌਰ ‘ਤੇ ਬਗ਼ਾਵਤ ਵਿਚ ਹਿੱਸਾ ਲੈਣ ਦੇ ਸਮਰੱਥ ਸੀ। ਜਦੋਂ ਗਾਲਿਬ ਦੀ ਦਿੱਲੀ ਉਸ ਦੀਆਂ ਅੱਖਾਂ ਸਾਹਮਣੇ ਉਜੜ ਰਹੀ ਸੀ, ਜਦੋਂ ਹਰ ਗੋਰਾ ਫੌਜੀ ਆਪਣੇ-ਆਪ ਨੂੰ ਰੱਬ ਸਮਝ ਰਿਹਾ ਸੀ, ਜਦੋਂ ਚੌਕ ਕਤਲਗਾਹ ਬਣਿਆ ਹੋਇਆ ਸੀ ਤੇ ਦਿੱਲੀ ਦਾ ਜ਼ਰਾ-ਜ਼ਰਾ ਮੁਸਲਮਾਨਾਂ ਦੀ ਰੱਤ ਦਾ ਪਿਆਸਾ ਸੀ, ਉਦੋਂ ਘਰ ਬੈਠ ਕੇ ਗਾਲਿਬ ਨੇ ਆਪਣੀ ਡਾਇਰੀ ਵਿਚ ਅੰਗਰੇਜ਼ਾਂ ਦੀ ਤਾਰੀਫ਼ ਕੀਤੀ ਹੋਵੇਗੀ, ਇਹ ਸੋਚਣਾ ਵੀ ਵਾਜਿਬ ਨਹੀਂ ਹੈ।

ਤਾਂ ਵੀ ਬਚਦੇ-ਬਚਾਉਂਦਿਆਂ ਗਾਲਿਬ ਨੇ ਜੋ ਕੁਝ ਵੀ 1857 ਬਾਰੇ ਆਪਣੀ ਸੋਧੀ ਹੋਈ ਡਾਇਰੀ ਵਿਚ ਦਰਜ ਕੀਤਾ ਹੈ, ਉਸ ਤੋਂ ਇਹ ਸਮਝਣਾ ਔਖਾ ਨਹੀਂ ਹੈ ਕਿ ਗਾਲਿਬ ਦਿਲੋਂ ਕ੍ਰਾਂਤੀ ਦੀ ਸਫ਼ਲਤਾ ਦੀ ਕਾਮਨਾ ਕਰ ਰਿਹਾ ਸੀ ਤੇ ਉਸ ਦੀਆਂ ਸਮੂਹ ਹਮਦਰਦੀਆਂ ਕ੍ਰਾਂਤੀਕਾਰੀਆਂ ਨਾਲ ਸਨ। ਇਕ ਥਾਂ ‘ਤੇ ਉਹ ਲਿਖਦਾ ਹੈ, ‘ਲੋਕ ਸ਼ਾਸਕਾਂ ਵਿਰੁੱਧ ਲੜ ਰਹੇ ਹਨ ਅਤੇ ਅੰਜਾਮ ਤੋਂ ਬੇਪ੍ਰਵਾਹ ਫੌਜੀ ਦਸਤੇ ਅੰਗਰੇਜ਼ ਕਮਾਂਡਰਾਂ ਨੂੰ ਕਤਲ ਕਰਕੇ ਜਸ਼ਨ ਮਨਾ ਰਹੇ ਹਨ।’ ਇਕ ਹੋਰ ਥਾਂ ‘ਤੇ ਉਹ ਲਿਖਦਾ ਹੈ, ‘ਦੂਰੋਂ ਨੇੜਿਉਂ ਆਪੋ ਵਿਚੀ ਇਕ ਸ਼ਬਦ ਵੀ ਬੋਲੇ ਬਿਨਾਂ ਇਹ ਸੈਨਿਕ ਆਪੋ-ਆਪਣੇ ਆਹਰੇ ਲੱਗੇ ਹੋਏ ਹਨ… ਨਿਪੁੰਨ ਯੋਧਿਆਂ ਦੇ ਇਹ ਉਜੱਡ ਫੌਜੀ ਝਾੜੂ ਦੇ ਤੀਲਿਆਂ ਵਾਂਗ ਏਕਤਾ ਦੇ ਬੰਧਨ ਵਿਚ ਬੱਝੇ ਹੋਏ ਹਨ… ਬਿਨਾਂ ਰੋਜ਼ ਦੇ ਅਭਿਆਸ ਤੋਂ ਵੀ ਇਹ ਸ਼ਾਨਦਾਰ ਮਾਰਚ ਕਰਦੇ ਹਨ ਅਤੇ ਬਿਨਾਂ ਕਮਾਂਡਰ ਤੋਂ ਯੁੱਧ ਕਰਦੇ ਹਨ।’

ਜਿਸ ਡਾਇਰੀ ਦੁਆਰਾ ਪੈਨਸ਼ਨ ਦੀ ਪ੍ਰਾਰਥਨਾ ਵਿਚ ਖੁਦ ਨੂੰ ਪਾਤਰ ਸਿੱਧ ਕਰਨ ਲਈ ਗਾਲਿਬ ਅੰਗਰੇਜ਼ਾਂ ਨੂੰ ਖੁਸ਼ ਕਰਨ ਦੇ ਉਦੇਸ਼ ਨਾਲ ਕ੍ਰਾਂਤੀਕਾਰੀਆਂ ਨੂੰ ਉਜੱਡ, ਸਿਰਫਰੇ, ਨਾਸ਼ੁਕਰੇ ਆਦਿ ਆਖਣ ‘ਤੇ ਮਜਬੂਰ ਹੈ, ਉਸੇ ਡਾਇਰੀ ਵਿਚ ਉਹ ਆਪਣੀ ਕਲਮ ਨੂੰ ਅੰਗੇਰਜ਼ਾਂ ਦੀ ਭੰਡੀ ਕਰਨੋਂ ਨਹੀਂ ਰੋਕ ਸਕਿਆ। ਜਦੋਂ ਫਰੁੱਖਾਬਾਦ ਦਾ ਨਵਾਬ ਤਫੱਜਲ ਹੁਸੈਨ ਖਾਂ, ਬਰੇਲੀ ਦਾ ਖਾਨ ਬਹਾਦਰ ਖਾਂ, ਰਾਮਪੁਰ ਦਾ ਨਵਾਬ ਯੂਸੁਫ ਅਲੀ ਖਾਂ ਅਤੇ ਲਖਨਊ ਦਾ ਵਜ਼ੀਰ ਸਰਫੁੱਦੌਲਾ ਬਹਾਦਰ ਸ਼ਾਹ ਦੀ ਸੇਵਾ ਵਿਚ ਅਧੀਨਤਾ ਪ੍ਰਵਾਨ ਕਰਨ ਦਾ ਸੰਦੇਸ਼ ਅਤੇ ਨਜ਼ਰਾਨੇ ਪੇਸ਼ ਕਰਦੇ ਹਨ ਤਾਂ ਗਾਲਿਬ ਲਿਖਦਾ ਹੈ, ‘ਬਾਦਸ਼ਾਹ ਦੀ ਖੁਸ਼ ਕਿਸਮਤੀ ਦਾ ਸਿਤਾਰਾ ਅਜਿਹਾ ਬੁਲੰਦ ਹੈ ਕਿ ਇਸ ਦੇ ਪਿੱਛੇ ਅੰਗਰੇਜ਼ਾਂ ਦੇ ਚਿਹਰੇ ਛੁਪ ਗਏ ਹਨ।’

ਹਰ ਸਾਵਧਾਨੀ ਦੇ ਬਾਵਜੂਦ ਗਾਲਿਬ ਨੂੰ ਆਪਣੀ ਡਾਇਰੀ ਵਿਚ 1857 ਦੀਆਂ ਭਿਆਨਕ ਘਟਨਾਵਾਂ ਵੱਲ ਸੰਕੇਤ ਕਰਨ ਤੋਂ ਨਹੀਂ ਉਕਦਾ। ਦਿੱਲੀ ਬਾਰੇ ਉਹ ਲਿਖਦਾ ਹੈ, ‘ਮੇਰਠ ਤੋਂ ਆਏ ਕੁਝ ਪ੍ਰਾਕਰਮੀ ਸਵਾਰ ਦਿੱਲੀ ਵਿਚ ਦਾਖਲ ਹੋਏ। ਸਭ ਦੇ ਸਭ ਸ਼ਾਂਤ ਪਰ ਅੰਗਰੇਜ਼ਾਂ ਦੀ ਰਤ ਦੇ ਪਿਆਸੇ, ਆਪਣੇ ਮਾਲਕਾਂ ਨੂੰ ਕਤਲ ਕਰਨ ਲਈ ਕਾਹਲੇ, ਉਬਲਦੇ ਹੋਏ… ਸ਼ਹਿਰ ਦੇ ਦਰਵਾਜ਼ਿਆਂ ਦੇ ਸੰਤਰੀਆਂ… ਜਿਨ੍ਹਾਂ ਨੂੰ ਗੁਪਤ ਯੋਜਨਾ ਬਾਰੇ ਪਹਿਲਾਂ ਤੋਂ ਹੀ ਗਿਆਤ ਸੀ… ਨੇ ਸੱਦੇ-ਅਣਸੱਦੇ ਮਹਿਮਾਨਾਂ ਦਾ ਸਵਾਗਤ ਕੀਤਾ… ਘੋੜ ਸਵਾਰਾਂ ਲਈ ਸੰਤਰੀ… ਮਹਿਮਾਨ-ਨਵਾਜ਼ ਸਨ।’ ਅੱਗੇ ਚੱਲ ਕੇ ਗਾਲਿਬ ਲਿਖਦਾ ਹੈ ਕਿ, ‘ਇਨ੍ਹਾਂ ਵਿਦਵਤਾ ਕਾਰਨ ਪ੍ਰਸਿੱਧ ਨਾਮਵਰ ਲੋਕਾਂ ਦੀ ਇੱਜ਼ਤ ਅਤੇ ਇਨ੍ਹਾਂ ਦੀਆਂ ਹਵੇਲੀਆਂ ਮਿੱਟੀ ‘ਚ ਮਿਲਾ ਦਿੱਤੀਆਂ ਹਨ। ਜਿਨ੍ਹਾਂ ਕੋਲ ਨਾ ਦੌਲਤ ਸੀ, ਨਾ ਇੱਜ਼ਤ, ਉਹ ਅੱਜ ਮਹੱਤਵਪੂਰਨ ਬਣੇ ਹੋਏ ਸਨ।… ਹੰਕਾਰ ਵੇਖੋ, ਇਹ ਨਿਗੂਣੇ ਲੋਕ ਆਸ ਕਰ ਰਹੇ ਹਨ ਕਿ ਇੱਜ਼ਤਦਾਰ ਲੋਕ ਇਨ੍ਹਾਂ ਦਾ ਹੁਕਮ ਮੰਨਣ… ਸ਼ਕਤੀਸ਼ਾਲੀ ਲੋਕ ਆਪਣੇ ਪਰਛਾਵੇਂ ਤੋਂ ਵੀ ਡਰ ਰਹੇ ਹਨ ਅਤੇ ਇਕ ਫੌਜੀ ਸਿਪਾਹੀ ਸਭਨਾਂ ਉਪਰ ਰਾਜ ਕਰ ਰਿਹਾ ਹੈ।’

ਦਿੱਲੀ ਦੀ ਹਾਲਤ ਦਾ ਵਾਸਤਵਿਕ ਚਿਤਰਣ ਕਰਦਿਆਂ ਗਾਲਿਬ ਲਿਖਦਾ ਹੈ, ‘ਓਹ ਲਓ! ਹਰ ਖੱਲ-ਖੂੰਜੇ ਵਿਚੋਂ ਇਕ ਸਿਪਾਹੀ ਨਿਕਲਦਾ ਹੈ, ਹਰ ਸੜਕ ‘ਤੇ ਇਕ ਪਲਟਣ ਚੜ੍ਹ ਆਉਂਦੀ ਹੈ, ਹਰ ਪਾਸਿਉਂ ਫੌਜ ਆ ਢੁਕਦੀ ਹੈ ਅਤੇ ਇਹ ਸਾਰੇ ਇਲਾਕੇ ਵਿਚ ਗਸ਼ਤ ਲਗਾ ਰਹੇ ਹਨ।… ਹੁਣੇ-ਹੁਣੇ 50 ਹਜ਼ਾਰ ਪੈਦਲ ਅਤੇ ਘੋੜ ਸਵਾਰ ਦਿੱਲੀ ਦੇ ਅੰਦਰ-ਬਾਹਰ ਇਕੱਤਰ ਹੋਏ ਹਨ।’ ਇਕ ਹੋਰ ਥਾਂ ‘ਤੇ ਉਹ ਲਿਖਦਾ ਹੈ, ‘ਸ਼ਹਿਰ ਦੇ ਕੁਝ ਗੁੰਡੇ ਅਤੇ ਆਮ ਜਨਤਾ ਦੀ ਭੀੜ ਹੁਣ ਕਬਜ਼ਾ ਕਰਨ ਵਾਲੇ ਫੌਜੀਆਂ (ਅੰਗਰੇਜ਼ਾਂ) ਨਾਲ ਭਿੜ ਪਈ ਹੈ… ਦੋ-ਤਿੰਨ ਦਿਨ ਕਸ਼ਮੀਰੀ ਗੇਟ ਤੋਂ ਲੈ ਕੇ ਸ਼ਹਿਰ ਤੱਕ ਦਾ ਰਸਤਾ ਰਣਭੂਮੀ ਬਣਿਆ ਰਿਹਾ ਹੈ ਅਤੇ ਬਾਹਰ ਜਾਣ ਦੇ ਬਾਕੀ ਤਿੰਨ ਰਸਤੇ… ਅਜਮੇਰੀ ਗੇਟ, ਤੁਰਕਮਾਨ ਗੇਟ ਅਤੇ ਦਿੱਲੀ ਗੇਟ… ਸੈਨਿਕਾਂ ਦੇ ਕਬਜ਼ੇ ਵਿਚ ਹਨ।’

ਆਪਣੇ ਮੁਹੱਲੇ (ਬੱਲੀਮਾਰਾਨ) ਦੀ ਸਥਿਤੀ ਦਾ ਵਰਨਣ ਕਰਦਿਆਂ ਗਾਲਿਬ ਲਿਖਦਾ ਹੈ, ‘ਹਾਲਾਂਕਿ ਮੁਹੱਲੇ ਵਿਚ ਦਾਖਲੇ ‘ਤੇ ਪਾਬੰਦੀ ਹੈ ਪਰ ਅਜਿਹੀ ਬੇਖੌਫ਼ੀ ਹੈ ਕਿ ਲੋਕ ਜ਼ਿੱਦ ਕਰਕੇ ਮੁਹੱਲੇ ਦਾ ਦਰਵਾਜ਼ਾ ਖੋਲ੍ਹ ਲੈਂਦੇ ਹਨ ਅਤੇ ਬਾਹਰ ਜਾ ਕੇ ਰਸਦ ਲੈ ਆਉਂਦੇ ਹਨ।’

ਅੰਗਰੇਜ਼ਾਂ ਵੱਲੋਂ ਕੀਤੇ ਜ਼ੁਲਮਾਂ ਦਾ ਵੇਖਿਆ-ਸੁਣਿਆ ਹਾਲ ਮਿਰਜ਼ਾ ਗਾਲਿਬ ਕੁਝ ਇਸ ਤਰ੍ਹਾਂ ਨਾਲ ਆਪਣੀ ਡਾਇਰੀ ਵਿਚ ਦਰਜ ਕਰਦਾ ਹੈ, ‘ਜੇਤੂ ਕਸ਼ਮੀਰੀ ਗੇਟ ਵੱਲੋਂ ਦੀ ਆਏ। ਉਨ੍ਹਾਂ ਨੂੰ ਜੋ ਕੋਈ ਵੀ ਸੜਕ ‘ਤੇ ਜਾਂਦਾ ਨਜ਼ਰ ਆਇਆ, ਉਨ੍ਹਾਂ ਉਸ ਨੂੰ ਕਤਲ ਕਰ ਦਿੱਤਾ।… ਹਰ ਪਾਸੇ ਸੂਲੀਆਂ ਗੱਡੀਆਂ ਹੋਈਆਂ ਹਨ ਤੇ ਸੜਕ ਨੂੰ ਵੇਖ ਕੇ ਦਿਲ ਦਹਿਲਦਾ ਹੈ… ਫੌਜ ਲਈ ਆਮ ਹੁਕਮ ਹੈ ਕਿ ਜੋ ਵਿਅਕਤੀ ਤੁਰੰਤ ਸਮਰਪਣ ਕਰ ਦੇਵੇ, ਉਸ ਦੀ ਜਾਨ ਬਖਸ਼ ਦਿਓ ਪਰ ਮਾਲ-ਅਸਬਾਬ ਖੋਹ ਲਵੋ। ਜੋ ਕੋਈ ਅੜਦਾ ਹੋਵੇ ਉਸ ਦੀ ਜਾਨ ਵੀ ਲੈ ਲਓ ਤੇ ਮਾਲ-ਅਸਬਾਬ ਵੀ। ਬਾਹਰਹਾਲ ਏਨੀਆਂ ਲਾਸ਼ਾਂ ਵੇਖਕੇ ਗੁਮਾਨ ਹੁੰਦਾ ਹੈ ਕਿ ਕਤਲੇਆਮ ਹੋਇਆ ਹੈ ਕਿਉਂਕਿ ਇਨ੍ਹਾਂ ਲਾਸ਼ਾਂ ਦੇ ਸਿਰ ਇਨ੍ਹਾਂ ਦੇ ਧੜਾਂ ‘ਤੇ ਨਹੀਂ ਹਨ।’

1857 ਦੀ ਕ੍ਰਾਂਤੀ ਦੌਰਾਨ ਖੁਦ ਨੂੰ ਘਰ ਵਿਚ ਕੈਦ ਕਰ ਲੈਣ ਵਾਲਾ ਗਾਲਿਬ ਅੰਗਰੇਜ਼ਾਂ ਪ੍ਰਤੀ ਆਪਣੀ ਵਫਾਦਾਰੀ ਸਿੱਧ ਕਰਨ ਦੀ ਹਰ ਕੋਸ਼ਿਸ਼ ਦੇ ਬਾਵਜੂਦ ਜਦੋਂ ਲਿਖਣ ਬੈਠਦਾ ਹੈ ਤਾਂ ਉਸ ਦਾ ਸਾਵਧਾਨੀ ਵਰਤਣ ਦਾ ਨਿਸ਼ਚਾ ਹੋ ਜਾਂਦਾ ਹੈ ਅਤੇ ਉਸ ਦੀ ਕਲਮ ਉਸ ਦੇ ਧੁਰ ਅੰਦਰੋਂ ਕ੍ਰਾਂਤੀਕਾਰੀਆਂ ਲਈ ਵਾਹਵਾਹੀ ਕੱਢ ਲਿਆਉਂਦੀ ਹੈ, ‘ਸੂਰਜ ਚੜ੍ਹਨ ‘ਤੇ ਸ਼ਾਹੀ ਫੌਜਾਂ ਦੇ ਯੋਧੇ ਹਰ ਰੋਜ਼ ਸ਼ਹਿਰ ਆ ਕੇ ਇਕੱਤਰ ਹੁੰਦੇ ਹਨ, ਸ਼ੇਰਾਂ ਵਾਂਗ ਰਣਭੂਮੀ ਵੱਲ ਜਾਂਦੇ ਹਨ ਅਤੇ ਸੂਰਜ ਦੀ ਟਿੱਕੀ ਡੁੱਬਣ ਤੋਂ ਪਹਿਲਾਂ ਪਰਤ ਆਉਂਦੇ ਹਨ।’

ਕਾਸ਼! ਰੋਜ਼ੀ-ਰੋਟੀ ਦੀ ਭਿਆਨਕ ਸਮੱਸਿਆ ਹੱਥੋਂ ਮਜਬੂਰ ਮਿਰਜ਼ਾ ਗਾਲਿਬ ਨੇ ਆਪਣੀ ਅਸਲ ਡਾਇਰੀ ਨਸ਼ਟ ਨਾ ਕੀਤੀ ਹੁੰਦੀ ਤਾਂ ਅੱਜ ਸਾਡੇ ਕੋਲ ਇਸ ਮਹਾਨ ਸ਼ਾਇਰ ਵੱਲੋਂ ਲਿਖਿਆ 1857 ਬਾਰੇ ਇਕ-ਇਕ ਤੱਥਪੂਰਨ ਵੇਰਵਾ ਮੌਜੂਦ ਹੁੰਦਾ ਅਤੇ ਸਚਾਈ ਤੱਕ ਪੁੱਜਣ ਲਈ ਸਾਡੇ ਇਤਿਹਾਸਕਾਰਾਂ ਨੂੰ ਟਪੱਲਾਂ ਨਾ ਮਾਰਨੀਆਂ ਪੈਂਦੀਆਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮਿਰਜ਼ਾ ਗ਼ਾਲਿਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ