Biography : Mirza Ghalib

ਜੀਵਨੀ ਤੇ ਰਚਨਾ : ਮਿਰਜ਼ਾ ਗ਼ਾਲਿਬ

ਮਿਰਜਾ ਅਸਦਉੱਲਾਹ ਖਾਂ ਉਰਫ ਮਿਰਜਾ ਗ਼ਾਲਿਬ ਉਰਫ ਗ਼ਾਲਿਬ (27 ਦਸੰਬਰ 1796 – 15 ਫਰਵਰੀ 1869), ਉਰਦੂ ਅਤੇ ਫਾਰਸੀ ਦੇ ਉੱਘੇ ਕਵੀ ਸਨ। ਭਾਰਤ ਅਤੇ ਪਾਕਿਸਤਾਨ ਵਿੱਚ ਇਹਨਾਂ ਨੂੰ ਇੱਕ ਅਹਿਮ ਸ਼ਾਇਰ ਵਜੋਂ ਜਾਣਿਆ ਜਾਂਦਾ ਹੈ ਅਤੇ ਮੁੱਖ ਤੌਰ ’ਤੇ ਉਨ੍ਹਾਂ ਦੀਆਂ ਉਰਦੂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਉਰਦੂ ਦੇ ਨਾਲ-ਨਾਲ ਫਾਰਸੀ ਕਵਿਤਾ ਦੇ ਪਰਵਾਹ ਨੂੰ ਹਿੰਦੁਸਤਾਨੀ ਭਾਸ਼ਾ ਵਿੱਚ ਹਰਮਨ ਪਿਆਰਾ ਬਣਾਉਣ ਦਾ ਵੀ ਪੁੰਨ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਦੇ ਸਾਲਾਂ ਵਿੱਚ ਮੀਰ ਤਕੀ ਮੀਰ ਵੀ ਇਸ ਵਜ੍ਹਾ ਕਰਕੇ ਜਾਣਿਆ ਜਾਂਦਾ ਹੈ। ਗ਼ਾਲਿਬ ਦੇ ਲਿਖੇ ਪੱਤਰ, ਜੋ ਉਸ ਸਮੇਂ ਪ੍ਰਕਾਸ਼ਿਤ ਨਹੀਂ ਹੋਏ ਸਨ, ਵੀ ਉਰਦੂ ਨਸਰ ਦੇ ਅਹਿਮ ਦਸਤਾਵੇਜ ਮੰਨੇ ਜਾਂਦੇ ਹਨ।

ਗ਼ਾਲਿਬ ਅਤੇ ਅਸਦ ਨਾਮ ਨਾਲ ਲਿਖਣ ਵਾਲੇ ਮਿਰਜਾ ਮੁਗਲ ਕਾਲ ਦੇ ਆਖ਼ਰੀ ਹਾਕਮ ਬਹਾਦਰ ਸ਼ਾਹ ਜ਼ਫਰ ਦੇ ਦਰਬਾਰੀ ਕਵੀ ਵੀ ਰਹੇ। ਉਨ੍ਹਾਂ ਨੇ ਆਪਣੇ ਬਾਰੇ ਵਿੱਚ ਆਪ ਲਿਖਿਆ ਸੀ ਕਿ ਦੁਨੀਆ ਵਿੱਚ ਬਹੁਤ ਸਾਰੇ ਕਵੀ/ਸ਼ਾਇਰ ਹਨ ਪਰ ਉਨ੍ਹਾਂ ਦਾ ਅੰਦਾਜ਼ ਸਭ ਤੋਂ ਵੱਖਰਾ ਹੈ:

“ਹੈਂ ਔਰ ਭੀ ਦੁਨੀਆ ਮੇਂ ਸੁਖਨਵਰ ਬਹੁਤ ਅੱਛੇ,
ਕਹਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ-ਏ-ਬਯਾਂ ਔਰ”

ਜੀਵਨ

ਗ਼ਾਲਿਬ ਦਾ ਜਨਮ ਆਗਰਾ ਵਿੱਚ ਇੱਕ ਫੌਜੀ ਪਿੱਠਭੂਮੀ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਸਦਾ ਪਿਤਾ ਮਿਰਜ਼ਾ ਅਬਦੁੱਲਾਹ ਬੇਗ ਖ਼ਾਨ ਇਕ ਯੋਧਾ ਸੀ ਜੋ ਲੰਮਾ ਸਮਾਂ ਲਖਨਊ ਤੇ ਹੈਦਰਾਬਾਦ ’ਚ ਕੰਮ ਕਰਨ ਤੋਂ ਬਾਅਦ ਅਲਵਰ ਦੇ ਰਾਜਾ ਬਖ਼ਤਾਵਰ ਸਿੰਘ ਕੋਲ ਮੁਲਾਜ਼ਮ ਹੋ ਗਿਆ ਤੇ ਉਨ੍ਹਾਂ ਵੱਲੋਂ ਜ਼ਿਮੀਂਦਾਰਾਂ ਦੀ ਇਕ ਬਗ਼ਾਵਤ ਨੂੰ ਦਬਾਉਣ ਦੇ ਸਿਲਸਿਲੇ ’ਚ ਲੜਦੇ ਹੋਏ ਚੱਲ ਵਸਿਆ ਸੀ। ਗ਼ਾਲਿਬ ਦੀ ਉਮਰ ਉਦੋਂ ਪੰਜ ਕੁ ਸਾਲ ਦੀ ਸੀ। ਬਚਪਨ ਵਿੱਚ ਹੀ ਉਸ ਚਾਚੇ ਦੀ ਮੌਤ ਹੋ ਗਈ ਅਤੇ ਗ਼ਾਲਿਬ ਦਾ ਪਾਲਣ ਵੀ ਮੁੱਖ ਤੌਰ ’ਤੇ ਆਪਣੇ ਚਾਚੇ ਦੇ ਮਰਨ ਤੋਂ ਬਾਅਦ ਮਿਲਣ ਵਾਲ਼ੀ ਪੈਨਸ਼ਨ ਨਾਲ਼ ਹੁੰਦਾ ਸੀ (ਉਹ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਵਿੱਚ ਫੌਜੀ ਅਧਿਕਾਰੀ ਸਨ)। ਇਹਨਾਂ ਦੀ ਪਿੱਠਭੂਮੀ ਇੱਕ ਤੁਰਕ ਪਰਵਾਰ ਦੀ ਸੀ ਅਤੇ ਉਨ੍ਹਾਂ ਦੇ ਦਾਦੇ ਮੱਧ ਏਸ਼ੀਆ ਦੇ ਸਮਰਕੰਦ ਤੋਂ ਸੰਨ 1750 ਦੇ ਕਰੀਬ ਭਾਰਤ ਆਏ ਸਨ। ਜਦੋਂ ਗ਼ਾਲਿਬ ਛੋਟੇ ਸਨ ਤਾਂ ਇੱਕ ਨਵ-ਮੁਸਲਮਾਨ ਈਰਾਨ ਤੋਂ ਦਿੱਲੀ ਆਏ ਸਨ ਅਤੇ ਉਨ੍ਹਾਂ ਦੀ ਸੰਗਤ ਵਿੱਚ ਰਹਿਕੇ ਗ਼ਾਲਿਬ ਨੇ ਫ਼ਾਰਸੀ ਸਿੱਖੀ।

ਸਿੱਖਿਆ

ਗ਼ਾਲਿਬ ਦੀ ਸ਼ੁਰੂਆਤੀ ਸਿੱਖਿਆ ਦੇ ਬਾਰੇ ਵਿੱਚ ਸਪਸ਼ਟ ਤੌਰ ਤੇ ਕੁੱਝ ਕਿਹਾ ਨਹੀਂ ਜਾ ਸਕਦਾ ਪਰ ਉਹਨਾਂ ਦੇ ਮੁਤਾਬਕ ਉਨ੍ਹਾਂ ਨੇ 11 ਸਾਲ ਦੀ ਉਮਰ ਤੋਂ ਹੀ ਉਰਦੂ ਅਤੇ ਫਾਰਸੀ ਵਿੱਚ ਗਦ ਅਤੇ ਪਦ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਜਿਆਦਾਤਰ ਫ਼ਾਰਸੀ ਅਤੇ ਉਰਦੂ ਵਿੱਚ ਹਿਕਾਇਤੀ ਭਗਤੀ ਅਤੇ ਸਿੰਗਾਰ ਰਸ ਵਿਸ਼ਿਆਂ ’ਤੇ ਗਜਲਾਂ ਲਿਖੀਆਂ। ਉਨ੍ਹਾਂ ਨੇ ਫ਼ਾਰਸੀ ਅਤੇ ਉਰਦੂ ਦੋਨਾਂ ਵਿੱਚ ਰਵਾਇਤੀ ਗੀਤ-ਕਵਿਤਾ ਦੀ ਰਹੱਸਮਈ-ਰੋਮਾਂਟਿਕ ਸ਼ੈਲੀ ਵਿੱਚ ਸਭ ਤੋਂ ਵਿਆਪਕ ਤੌਰ ਤੇ ਲਿਖਿਆ ਅਤੇ ਇਹ ਗ਼ਜ਼ਲ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।

ਨਿਜੀ ਜੀਵਨ

1810 ਵਿੱਚ ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਨਵਾਬ ਅਹਿਮਦ ਬਖ਼ਸ਼ ਦੇ ਛੋਟੇ ਭਰਾ ਮਿਰਜ਼ਾ ਅੱਲਹ ਬਖ਼ਸ਼ ਖਾਂ ਮਾਰੂਫ਼ ਦੀ ਧੀ ਅਮਰਾਉ ਬੇਗਮ ਨਾਲ਼ ਹੋਇਆ। ਵਿਆਹ ਦੇ ਬਾਅਦ ਉਹ ਦਿੱਲੀ ਆ ਗਏ ਸਨ ਜਿੱਥੇ ਉਨ੍ਹਾਂ ਦੀ ਤਮਾਮ ਉਮਰ ਗੁਜ਼ਰੀ। ਆਪਣੀ ਪੈਨਸ਼ਨ ਦੇ ਸਿਲਸਿਲੇ ਵਿੱਚ ਉਨ੍ਹਾਂ ਨੂੰ ਕਲਕੱਤਾ ਦੀ ਲੰਬਾ ਸਫ਼ਰ ਵੀ ਕਰਨਾ ਪਿਆ, ਜਿਸਦਾ ਜਿਕਰ ਉਨ੍ਹਾਂ ਦੀਆਂ ਗਜਲਾਂ ਵਿੱਚ ਜਗ੍ਹਾ–ਜਗ੍ਹਾ ਮਿਲਦਾ ਹੈ।

ਰਚਨਾਵਾਂ

ਦੀਵਾਨ-ਏ-ਗ਼ਾਲਿਬ (1841) ਉਰਦੂ, ਕੁੱਲੀਆਤ-ਏ-ਗ਼ਾਲਿਬ (1845) ਫਾਰਸੀ, ਕਾਤੇਹ ਬਰਹਾਨ (1861) ਫਾਰਸੀ ਗਰੰਥ, ਮਿਹਰਹਾ ਨੀਮਰੋਜ (1854) ਫਾਰਸੀ ਗਰੰਥ, ਕੁੱਲੀਆਤ ਨਸਰ (1868) ਫਾਰਸੀ ਗਰੰਥ, ਉਦ-ਦ-ਹਿੰਦੀ (1868) ਉਰਦੂ ਗਰੰਥ, ਉਰਦੂ-ਦ-ਮੁੰਆੱਲਾ (1869) ਉਰਦੂ ਗਰੰਥ, ਇੰਤਿਖ਼ਾਬ ਗ਼ਾਲਿਬ, -ਉਰਦੂ, ਨਾਦਿਰ ਖ਼ੁਤੂਤ ਗ਼ਾਲਿਬ, -ਉਰਦੂ ।

ਮਿਰਜ਼ਾ ਗ਼ਾਲਿਬ : ਵਾਸਦੇਵ ਸਿੰਘ ਪਰਹਾਰ

ਮਿਰਜ਼ਾ ਅਸਦ ਉਲਾ ਖਾਂ ਗ਼ਾਲਿਬ ਦਾ ਜਨਮ 27 ਦਸੰਬਰ 1797 ਨੂੰ ਆਗਰਾ ਵਿਖੇ ਮਿਰਜ਼ਾ ਅਬਦੁੱਲਾ ਬੇਗ ਖਾਨ ਦੇ ਘਰ ਹੋਇਆ। ਅਬਦੁੱਲਾ ਖਾਨ ਨੇ ਅਲਵਰ ਦੇ ਰਾਜਾ ਬਖਤਾਵਰ ਸਿੰਘ ਕੋਲ ਨੌਕਰੀ ਕਰ ਲਈ। ਰਾਜਾ ਬਖਤਾਵਰ ਵਲੋਂ ਜਿਮੀਂਦਾਰਾਂ ਦੀ ਬਗਾਵਤ ਦਬਾਉਣ ਦੇ ਸਿਲਸਿਲੇ ਵਿਚ ਅਬਦੁਲ ਖਾਨ ਲੜਦਿਆਂ ਮਾਰੇ ਗਏ। ਇਹ ਘਟਨਾ ਸੰਨ 1802 ਦੀ ਹੈ, ਜਦੋਂ ਅਸਲ ਉਲਾ ਖਾਂ ਕੇਵਲ 5 ਕੁ ਸਾਲ ਦਾ ਸੀ। ਬਾਅਦ ‘ਚ ਅਸਦ ਉਲਾ ਖਾਂ ਦਾ ਪਾਲਣ-ਪੋਸ਼ਣ ਉਸ ਦੇ ਚਾਚੇ ਨਸਰ ਉਲਾ ਖਾਂ ਬੇਗ ਨੇ ਕੀਤਾ, ਪਰ ਚਾਰ ਕੁ ਸਾਲ ਪਿਛੋਂ ਉਹ ਵੀ ਚਲ ਵਸੇ। ਫੇਰ ਅਸਦ ਉਲਾ ਖਾਂ ਆਪਣੇ ਨਾਨੇ ਕੋਲ ਚਲਾ ਗਿਆ। 13 ਸਾਲ ਦੀ ਉਮਰ ਵਿਚ ਉਸ ਦਾ ਵਿਆਹ ਦਿੱਲੀ ਦੇ ਇਕ ਖਾਨਦਾਨੀ ਨਵਾਬ ਇਲਾਹੀ ਬਖਸ਼ ਮਾਰੂਫ ਦੀ ਬੇਟੀ ਉਮਰਾਓ ਬੇਗਮ ਨਾਲ ਹੋਇਆ। ਪਹਿਲਾਂ ਉਹ ਅਸਦ ਦੇ ਤਖੱਲਸ ਨਾਲ ਮਸ਼ਹੂਰ ਹੋਏ, ਪਰ ਚਾਰ ਕੁ ਸਾਲ ਪਿਛੋਂ ਉਨ੍ਹਾਂ ਆਪਣੇ ਨਾਂ ਨਾਲ ਗ਼ਾਲਿਬ ਲਿਖਣਾ ਸ਼ੁਰੂ ਕਰ ਦਿੱਤਾ।

ਉਰਦੂ ਸ਼ਾਇਰੀ ਵਿਚ ਮਨੁੱਖੀ ਮਨ ਦੇ ਸਾਰੇ ਸੂਖਮ ਭਾਵਾਂ ਤੇ ਜੀਵਨ ਦੇ ਸਾਰੇ ਪਲਾਂ ਨੂੰ ਆਪਣੇ ਅੰਦਰ ਸਮੇਟਣ, ਸੰਜੋਣ ਤੇ ਵਿਅਕਤ ਕਰਨ ਦੀ ਅਪਾਰ ਸ਼ਕਤੀ ਹੈ। ਸ਼ਾਇਰੀ ਨਾਲ ਦਿਲਚਸਪੀ ਰੱਖਣ ਵਾਲੇ ਚਾਹੇ ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ ਵਸੇ ਹੋਣ ਗ਼ਾਲਿਬ ਦੇ ਸ਼ੇਅਰ ਕਹਿਣ ਵਿਚ ਫਖਰ ਮਹਿਸੂਸ ਕਰਦੇ ਹਨ। ਗ਼ਾਲਿਬ ਆਪਣੇ ਸ਼ੇਅਰਾਂ ਬਾਰੇ ਲਿਖਦੇ ਹਨ,
ਹੈਂ ਔਰ ਭੀ ਦੁਨੀਆਂ ਮੇਂ ਸੁਖਨਵਰ ਬਹੁਤ ਅੱਛੇ
ਕਹਿਤੇ ਹੈਂ ਕਿ ਗ਼ਾਲਿਬ ਕਾ ਹੈ ਅੰਦਾਜ਼-ਏ-ਬਿਆਂ ਔਰ।
ਕਿੰਨਾ ਸੱਚ ਹੈ। ਸਚਮੁੱਚ ਹੀ ਉਸ ਦਾ ਅੰਦਾਜ਼-ਏ-ਬਿਆਂ ਦੁਨੀਆਂ ਨਾਲੋਂ ਵਖਰਾ ਹੈ।
ਗ਼ਾਲਿਬ ਸਾਰੀ ਉਮਰ ਕਿਰਾਏ ਦੇ ਮਕਾਨ ਵਿਚ ਰਿਹਾ। ਜਿੰਨੀ ਰਕਮ ਉਸ ਨੂੰ ਪੈਨਸ਼ਨ ਦੀ ਮਿਲਦੀ ਸੀ, ਉਸ ਨਾਲ ਉਹ ਵਧੀਆ ਅੰਗਰੇਜ਼ੀ ਸ਼ਰਾਬ ਖਰੀਦ ਲਿਆਉਂਦਾ। ਇਕ ਵਾਰ ਉਸ ਦੀ ਬੇਗਮ ਨੇ ਇਤਰਾਜ ਕੀਤਾ ਕਿ ਬਾਕੀ ਖਾਣ-ਪੀਣ ਦਾ ਸਮਾਨ ਕਿਥੋਂ ਆਵੇਗਾ? ਗ਼ਾਲਿਬ ਹੱਸ ਕੇ ਬੋਲੇ, “ਤੈਨੂੰ ਖੁਦਾ ‘ਤੇ ਭਰੋਸਾ ਨਹੀਂ? ਉਸ ਨੇ ਸਭ ਨੂੰ ਰਿਜ਼ਕ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਸ਼ਰਾਬ ਦੇਣ ਦਾ ਉਸ ਨੇ ਵਾਅਦਾ ਨਹੀਂ ਕੀਤਾ, ਸੋ ਉਹ ਮੈਂ ਆਪ ਖਰੀਦ ਲਿਆਇਆ ਹਾਂ।”
ਗ਼ਾਲਿਬ ਨੂੰ ਇਸ ਗੱਲ ‘ਤੇ ਯਕੀਨ ਨਹੀਂ ਕਿ ਪੱਕੇ ਮੁਸਲਮਾਨਾਂ ਨੂੰ ਜੰਨਤ ਨਸੀਬ ਹੋਣ ਦਾ ਵਾਅਦਾ ਹੈ। ਇਸ ਬਾਰੇ ਉਸ ਨੇ ਲਿਖਿਆ,
ਹਮ ਕੋ ਮਾਲੂਮ ਹੈ ਜੰਨਤ ਕੀ ਹਕੀਕਤ ਲੇਕਿਨ
ਦਿਲ ਕੇ ਖੁਸ਼ ਰਖਨੇ ਕੋ ਗ਼ਾਲਿਬ ਯਿਹ ਖਯਾਲ ਅੱਛਾ ਹੈ।
ਆਖਰੀ ਮੁਗਲ ਸ਼ਹਿਨਸ਼ਾਹ ਬਹਾਦਰ ਸ਼ਾਹ ਜ਼ਫਰ ਖੁਦ ਵੀ ਇਕ ਅੱਛਾ ਸ਼ਾਇਰ ਸੀ, ਪਰ ਉਹ ਹੋਰ ਸ਼ਾਇਰਾਂ ਦੀ ਵੀ ਕਦਰ ਕਰਦਾ ਸੀ। ਜ਼ਫਰ ਨੇ ਉਸ ਸਮੇਂ ਦੇ ਨਾਮਵਰ ਸ਼ਾਇਰ ਸ਼ੇਖ ਇਬਰਾਹੀਮ ਜ਼ੈਦ ਨੂੰ ਆਪਣਾ ਉਸਤਾਦ ਧਾਰਿਆ ਹੋਇਆ ਸੀ। ਸੰਨ 1854 ਵਿਚ ਜ਼ੈਦ ਦੀ ਮੌਤ ਤੋਂ ਬਾਅਦ ਸ਼ਹਿਨਸ਼ਾਹ ਨੇ ਗ਼ਾਲਿਬ ਨੂੰ ਉਸਤਾਦ ਮੰਨਿਆ। ਸੰਨ 1847 ਵਿਚ ਗ਼ਾਲਿਬ ਨੂੰ ਆਪਣੇ ਘਰ ਅੰਦਰ ਜੂਆਖਾਨਾ ਚਲਾਉਣ ਕਰਕੇ ਅਦਾਲਤ ਵਲੋਂ ਇਕ ਸੌ ਰੁਪਏ ਜੁਰਮਾਨੇ ਦੀ ਸਜ਼ਾ ਹੋਈ। ਜੁਰਮਾਨਾ ਨਾ ਅਦਾ ਕਰਨ ਦੀ ਸੂਰਤ ਵਿਚ ਚਾਰ ਮਹੀਨੇ ਦੀ ਸਜ਼ਾ ਕੱਟਣੀ ਪੈਣੀ ਸੀ, ਪਰ ਰਹਿਮ ਦਿਲ ਮੈਜਿਸਟਰੇਟ ਨੇ ਆਪਣੇ ਕੋਲੋਂ ਇਕ ਸੌ ਰੁਪਏ ਜੁਰਮਾਨਾ ਭਰ ਦਿੱਤਾ।
ਸੰਨ 1841 ਵਿਚ ਗ਼ਾਲਿਬ ਦੀ ਸ਼ਾਇਰੀ ਦਾ ਦੀਵਾਨ ਛਪਿਆ, ਜੋ ਹੱਥੋ-ਹਥੀ ਕੁਝ ਦਿਨਾਂ ਵਿਚ ਹੀ ਵਿਕ ਗਿਆ। ਸੰਨ 1861 ਵਿਚ ਇਸ ਦਾ ਤੀਜਾ ਅਤੇ ਸੰਨ 1862 ਵਿਚ ਚੌਥਾ ਐਡੀਸ਼ਨ ਛਪਿਆ। ਇਸ ਗੱਲ ਤੋਂ ਉਸ ਦੀ ਸ਼ੋਹਰਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ।
ਸੰਨ 1857 ਵਿਚ ਅੰਗਰੇਜ਼ਾਂ ਨੇ ਗਦਰ ਦਬਾ ਕੇ ਦਿੱਲੀ ‘ਤੇ ਆਪਣਾ ਕਬਜ਼ਾ ਕਰ ਲਿਆ। ਬਹਾਦਰ ਸ਼ਾਹ ਜ਼ਫਰ ਨੂੰ ਕੈਦ ਕਰਕੇ ਰੰਗੂਨ ਜਲਾਵਤਨ ਕਰ ਦਿੱਤਾ ਗਿਆ। ਅੰਗਰੇਜ਼ ਸਿਪਾਹੀ ਮੁਸਲਮਾਨਾਂ ਨੂੰ ਚੁਣ ਚੁਣ ਕੇ ਮਾਰ ਰਹੇ ਸਨ। ਗ਼ਾਲਿਬ ਦੇ ਵੀ ਬਹੁਤ ਹੀ ਕਰੀਬੀ ਰਿਸ਼ਤੇਦਾਰ ਅੰਗਰੇਜ਼ਾਂ ਦੀ ਗੋਲੀ ਦਾ ਸ਼ਿਕਾਰ ਹੋਏ। ਗ਼ਾਲਿਬ ਨੂੰ ਗ੍ਰਿਫਤਾਰ ਕਰਕੇ ਇਕ ਅੰਗਰੇਜ਼ ਅਫਸਰ ਅੱਗੇ ਪੇਸ਼ ਕੀਤਾ ਗਿਆ। ਗਾਲਿਬ ਨੂੰ ਉਸ ਨੇ ਪੁੱਛਿਆ, “ਕਿਆ ਤੁਮ ਮੁਸਲਮਾਨ ਹੋ?”
ਗਾਲਿਬ ਨੇ ਕਿਹਾ, “ਜੀ ਆਧਾ ਮੁਸਲਮਾਨ ਹੂੰ।”
ਅੰਗਰੇਜ਼ ਅਫਸਰ ਬੋਲਿਆ, “ਆਧੇ ਕਾ ਕਯਾ ਮਤਲਬ?”
ਗ਼ਾਲਿਬ ਨੇ ਕਿਹਾ, “ਜੀ ਸ਼ਰਾਬ ਪੀਤਾ ਹੂੰ, ਸੂਅਰ ਨਹੀਂ ਖਾਤਾ।”
ਗ਼ਾਲਿਬ ਦੀ ਸਾਫ ਬਿਆਨੀ ‘ਤੇ ਅਫਸਰ ਨੇ ਉਸ ਨੂੰ ਛੱਡ ਦਿੱਤਾ।
1857 ਦੇ ਹਾਲਾਤ ਬਾਰੇ ਗ਼ਾਲਿਬ ਨੇ ਆਪਣੇ ਦੋਸਤ ਮਿਰਜ਼ਾ ਯੂਸਫ ਨੂੰ ਲਿਖਿਆ ਕਿ ਮੇਰੇ ਐਨੇ ਯਾਰ ਹੋ ਗਏ ਕਿ ਜਦੋਂ ਮਰਾਂਗਾ ਤਾਂ ਮੈਨੂੰ ਰੋਣ ਵਾਲਾ ਵੀ ਕੋਈ ਨਹੀਂ ਹੋਵੇਗਾ।
ਗ਼ਲਿਬ ਦਾ ਮੁਗਲ ਸ਼ਹਿਨਸ਼ਾਹ ਵਲੋਂ ਮੁਕੱਰਰ ਵਜ਼ੀਫਾ ਅਤੇ ਪੈਨਸ਼ਨ ਬੰਦ ਹੋ ਗਈ। ਉਸ ਨੇ ਆਪਣਾ ਸ਼ਾਹੀ ਠਾਠ-ਬਾਠ ਉਸੇ ਤਰ੍ਹਾਂ ਰੱਖਿਆ। ਘਰੋਂ ਨਿਕਲਦੇ ਤਾਂ ਰਈਸਾਂ ਵਾਂਗ ਪਾਲਕੀ ਵਿਚ ਬੈਠ ਕੇ ਨਿਕਲਦੇ। ਆਪਣੀ ਪੈਨਸ਼ਨ ਦੀ ਬਹਾਲੀ ਲਈ ਅੰਗਰੇਜ਼ ਹਾਕਮਾਂ ਕੋਲ ਅਪੀਲ ਕਰਨ ਲਈ ਕਈ ਮਹੀਨੇ ਸਫਰ ਕਰਕੇ ਕਲੱਕਤਾ ਪਹੁੰਚੇ, ਜੋ ਉਸ ਸਮੇਂ ਹਿੰਦੁਸਤਾਨ ਦੀ ਅੰਗਰੇਜ਼ ਹਕੂਮਤ ਦੀ ਰਾਜਧਾਨੀ ਸੀ, ਪਰ ਉਥੋਂ ਵੀ ਹੱਥ-ਪੱਲੇ ਕੁਝ ਨਾ ਪਿਆ। ਪੈਸੇ ਵਲੋਂ ਬਹੁਤ ਤੰਗ ਉਸ ਨੇ ਖੁਦਾ ਨੂੰ ਮਿਹਣਾ ਦਿੱਤਾ,
ਜ਼ਿੰਦਗੀ ਅਪਨੀ ਕੁਝ ਇਸ ਢੰਗ ਸੇ ਗੁਜ਼ਰੀ ਗ਼ਾਲਿਬ,
ਹਮ ਭੀ ਕਿਆ ਯਾਦ ਕਰੇਂਗੇ ਕਿ ਖੁਦਾ ਰਖਤੇ ਥੇ।
ਗ਼ਾਲਿਬ ਦੀ ਸਾਰੀ ਉਮਰ ਗਰੀਬੀ ਨਾਲ ਜੂਝਦਿਆਂ ਗੁਜ਼ਰੀ। ਉਸ ਨੂੰ ਆਪਣੀ ਸ਼ਾਇਰੀ ‘ਤੇ ਐਨਾ ਭਰੋਸਾ ਸੀ ਕਿ ਉਹ ਕਿਹਾ ਕਰਦਾ ਸੀ, ਮੇਰੇ ਮਰਨ ਪਿਛੋਂ ਲੋਕ ਮੇਰੀ ਕਦਰ ਕਰਨਗੇ। ਇਸ ਦੇ ਪਰਥਾਏ ਖੁਮਾਰ ਜਲੰਧਰੀ ਦਾ ਇਹ ਸ਼ੇਅਰ ਢੁਕਵਾਂ ਹੈ,
ਅਹਿਲੇ ਫਨ ਖਾਕ ਨਸ਼ੀਂ ਰਹਿਤੇ ਹੈਂ ਉਮਰ ਭਰ,
ਬਾਅਦ ਮੇਂ ਲੋਗ ਉਨਹੇ ਦਿਲ ਮੇਂ ਜਗ੍ਹਾ ਦੇਤੇ ਹੈ।

ਗ਼ਾਲਿਬ ਦੇ ਕੁਝ ਹਾਸ-ਰਸ ਕਾਰਨਾਮੇ:
ਇਕ ਵਾਰ ਗ਼ਾਲਿਬ ਨਿਜ਼ਾਮ ਹੈਦਰਾਬਾਦ ਦੀ ਦਾਵਤ ‘ਤੇ ਹੈਦਰਾਬਾਦ ਪਹੁੰਚੇ, ਜਿਥੇ ਹੋਰ ਵੀ ਨਾਮੀ ਸ਼ਾਇਰ ਆਏ ਹੋਏ ਸਨ। ਗ਼ਾਲਿਬ ਦੀ ਫਟੀ ਹੋਈ ਸ਼ੇਰਵਾਨੀ ਅਤੇ ਮੈਲਾ ਜਿਹਾ ਪਜ਼ਾਮਾ ਦੇਖ ਕੇ ਦਰਬਾਨ ਨੇ ਉਸ ਨੂੰ ਅੰਦਰ ਹੀ ਨਾ ਜਾਣ ਦਿੱਤਾ। ਜਿਥੇ ਉਹ ਠਹਿਰੇ ਹੋਏ ਸਨ, ਉਨ੍ਹਾਂ ਦੇ ਨਾਲ ਹੀ ਦਿੱਲੀ ਦਾ ਇਕ ਹੋਰ ਸ਼ਾਇਰ ਵੀ ਠਹਿਰਿਆ ਹੋਇਆ ਸੀ। ਗ਼ਾਲਿਬ ਨੇ ਉਸ ਨੂੰ ਦੱਸਿਆ ਕਿ ਮੇਰੇ ਪਾਸ ਹੋਰ ਨਵੇਂ ਕਪੜੇ ਨਹੀਂ। ਉਸ ਸ਼ਾਇਰ ਨੇ ਗ਼ਾਲਿਬ ਨੂੰ ਕਿਹਾ, ਤੂੰ ਫਿਕਰ ਨਾ ਕਰ, ਮੇਰੇ ਪਾਸ ਫਾਲਤੂ ਸ਼ੇਰਵਾਨੀ ਅਤੇ ਪਜਾਮਾ ਹੈ, ਉਹ ਤੂੰ ਪਾ ਕੇ ਕਲ ਮੁਸ਼ਾਇਰੇ ਵਿਚ ਚਲੀਂ। ਇਸ ਤਰ੍ਹਾਂ ਗ਼ਾਲਿਬ ਮੁਸ਼ਾਇਰੇ ਵਿਚ ਹਾਜ਼ਰ ਹੋਇਆ ਤੇ ਆਪਣੀ ਸ਼ਾਇਰੀ ਦੇ ਬਲ ‘ਤੇ ਸਭ ਤੋਂ ਅੱਗੇ ਰਿਹਾ।
ਇਸ ਪਿਛੋਂ ਦਾਅਵਤ ਦੀ ਮੇਜ਼ ‘ਤੇ ਨਿਜ਼ਾਮ ਨੇ ਗ਼ਾਲਿਬ ਨੂੰ ਆਪਣੇ ਨਾਲ ਦੀ ਕੁਰਸੀ ‘ਤੇ ਬਿਠਾ ਲਿਆ। ਜਦੋਂ ਖਾਣਾ ਖਾਣ ਲੱਗੇ ਤਾਂ ਗ਼ਾਲਿਬ ਰੋਟੀ ਦੀ ਬੁਰਕੀ ਸਬਜ਼ੀ ਨਾਲ ਲਬੇੜ ਕੇ ਆਪਣੀ ਅਚਕਨ ਨਾਲ ਪੂੰਝੀ ਜਾਵੇ। ਇਹ ਦੇਖ ਕੇ ਨਿਜ਼ਾਮ ਨੇ ਪੁੱਛਿਆ, “ਯਿਹ ਕਿਆ ਕਰ ਰਹੇ ਹੋ ਮੀਆਂ?”
ਗ਼ਾਲਿਬ ਨੇ ਕਿਹਾ, “ਹਜ਼ੂਰ ਇਸੀ ਲਿਬਾਸ ਕੀ ਬਦੌਲਤ ਤੋ ਆਪ ਕੇ ਮੁਸ਼ਾਇਰੇ ਮੇਂ ਦਾਖਲ ਹੂਆ ਹੂੰ।” ਅਜਿਹੀ ਸਥਿਤੀ ਬਾਰੇ ਉਰਦੂ ਦੇ ਮਸ਼ਹੂਰ ਸ਼ਾਇਰ ਬਸ਼ੀਰ ਬਦਰ ਨੇ ਲਿਖਿਆ ਹੈ,
ਯਹਾਂ ਲਿਬਾਸ ਕੀ ਕੀਮਤ ਹੈ, ਆਦਮੀ ਕੀ ਨਹੀਂ,
ਮੁਝੇ ਗਲਾਸ ਬੜੇ ਦੇ, ਸ਼ਰਾਬ ਕਮ ਡਾਲ।
ਇਕ ਵਾਰੀ ਗ਼ਾਲਿਬ ਸ਼ਹਿਨਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਨਾਲ ਸ਼ਾਹੀ ਬਾਗ ਵਿਚ ਵੱਖ ਵੱਖ ਕਿਸਮਾਂ ਦੇ ਅੰਬ ਦੇਖ ਰਹੇ ਸਨ। ਗ਼ਾਲਿਬ ਅੰਬਾਂ ਦੇ ਫਲ ਦੇ ਉਪਰ ਹੇਠਾਂ ਨਿਗ੍ਹਾ ਲਾ ਕੇ ਦੇਖ ਰਿਹਾ ਸੀ। ਜ਼ਫਰ ਨੇ ਪੁਛਿਆ, “ਗ਼ਾਲਿਬ ਸਾਹਿਬ, ਆਪ ਕਿਆ ਦੇਖ ਰਹੇ ਹੈਂ?”
“ਜਹਾਂ ਪਨਾਹ! ਸੁਨਾ ਹੈ ਕਿ ਖੁਦਾ ਨੇ ਦਾਨੇ ਦਾਨੇ ਪੇ ਲਿਖਾ ਹੈ ਖਾਨੇ ਵਾਲੇ ਕਾ ਨਾਮ। ਮੈਂ ਦੇਖ ਰਹਾ ਥਾ ਕਿ ਕਿਸੀ ਆਮ ਪਰ ਮੇਰਾ ਭੀ ਨਾਮ ਹੈ?” ਸੁਣ ਕੇ ਸ਼ਹਿਨਸ਼ਾਹ ਖੁਸ਼ ਹੋਇਆ ਅਤੇ ਸ਼ਾਮ ਨੂੰ ਅੰਬਾਂ ਦੀ ਇਕ ਟੋਕਰੀ ਗ਼ਾਲਿਬ ਦੇ ਘਰ ਭੇਜ ਦਿੱਤੀ।
ਇਕ ਵਾਰ ਗ਼ਾਲਿਬ ਆਪਣੇ ਦੋਸਤ ਰਜ਼ੀ ਸਾਹਿਬ ਕੋਲ ਬੈਠੇ ਸਨ। ਰਜ਼ੀ ਸਾਹਿਬ ਨੂੰ ਅੰਬ ਪਸੰਦ ਨਹੀਂ ਸਨ। ਸਬੱਬ ਨਾਲ ਇਕ ਗਧਿਆਂ ਵਾਲਾ ਆਪਣੇ ਗਧੇ ਲੈ ਕੇ ਗਲੀ ਵਿਚੋਂ ਲੰਘ ਰਿਹਾ ਸੀ। ਗਲੀ ਵਿਚ ਚੂਪੇ ਹੋਏ ਅੰਬਾਂ ਦੇ ਛਿਲਕੇ ਅਤੇ ਗਿਟਕਾਂ ਖਿਲਰੀਆਂ ਪਈਆਂ ਸਨ। ਗਧੇ ਉਨ੍ਹਾਂ ਨੂੰ ਸੁੰਘ ਕੇ ਅੱਗੇ ਲੰਘੀ ਜਾਣ। ਰਜ਼ੀ ਸਾਹਿਬ ਅਤੇ ਗ਼ਾਲਿਬ-ਦੋਵੇਂ ਦੇਖ ਰਹੇ ਸਨ। ਰਜ਼ੀ ਸਾਹਿਬ ਗ਼ਾਲਿਬ ਨੂੰ ਕਹਿਣ ਲੱਗੇ, “ਗ਼ਾਲਿਬ! ਦੇਖ ਲੋ ਆਮ ਤੋ ਗਧੇ ਭੀ ਨਹੀਂ ਖਾਤੇ।”
ਗ਼ਾਲਿਬ ਨੇ ਤੁਰਤ ਜਵਾਬ ਦਿੱਤਾ, “ਜੀ ਹਾਂ, ਗਧੇ ਹੀ ਤੋ ਆਮ ਨਹੀਂ ਖਾਤੇ।”
ਸੱਚੇ ਮੁਸਲਮਾਨਾਂ ਨੂੰ ਸ਼ਰਾਬ ਹਰਾਮ ਹੈ ਤੇ ਉਨ੍ਹਾਂ ਦਾ ਮੈਖਾਨੇ ਜਾਣਾ ਠੀਕ ਨਹੀਂ ਸਮਝਿਆ ਜਾਂਦਾ। ਗ਼ਾਲਿਬ ਨੇ ਇਕ ਵਾਰ ਜੋ ਦੇਖਿਆ, ਉਹ ਲਿਖਿਆ ਹੈ,
ਕਹਾਂ ਮੈਖਾਨੇ ਕਾ ਦਰਵਾਜ਼ਾ ਗ਼ਾਲਿਬ, ਔਰ ਕਹਾਂ ਵਾਈਜ਼
ਪਰ ਇਤਨਾ ਜਾਨਤੇ ਹੈਂ ਕਲ ਵੁਹ ਆਤਾ ਥਾ ਕਿ ਹਮ ਨਿਕਲੇ।
(ਵਾਈਜ਼: ਮਸਜਿਦ ਵਿਚ ਬਾਂਗ ਦੇਣ ਵਾਲਾ)
ਆਪਣੀ ਸ਼ਰਾਬਨੋਸ਼ੀ ਬਾਰੇ ਉਸ ਨੇ ਲਿਖਿਆ,
ਕਰਜ਼ ਕੀ ਪੀਤੇ ਥੇ ਮੈ ਔਰ ਸਮਝਤੇ ਥੇ
ਰੰਗ ਲਾਏਗੀ ਹਮਾਰੀ ਫਾਕਾ-ਏ-ਮਸਤੀ ਏਕ ਦਿਨ।
ਯਿਹ ਮਸਾਇਲ-ਏ-ਤਸੱਵੁਫ
ਯਿਹ ਤੇਰਾ ਬਯਾਨ ਗ਼ਾਲਿਬ
ਤੁਝੇ ਹਮ ਵਲੀ ਸਮਝਤੇ
ਜੋ ਨਾ ਬਾਦਾਖਾਰ ਹੋਤਾ।
(ਤਸੱਵੁਫ: ਅਧਿਆਤਮਵਾਦ; ਮਸਾਇਲ: ਮਸਲੇ)
ਗ਼ਾਲਿਬ ਦਾ ਦਿਹਾਂਤ 15 ਫਰਵਰੀ 1869 ਨੂੰ ਹੋਇਆ। ਉਸ ਦੀ ਖਾਹਿਸ਼ ਅਨੁਸਾਰ ਉਸ ਨੂੰ ਬਸਤੀ ਨਿਜ਼ਾਮਉਦੀਨ ਵਿਚ ਦਫਨਾਇਆ ਗਿਆ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਮਿਰਜ਼ਾ ਗ਼ਾਲਿਬ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ