Meri Kitab (Autobiography-Part 2) : Bhushan Dhianpuri

ਮੇਰੀ ਕਿਤਾਬ (ਸਵੈ-ਜੀਵਨੀ-ਭਾਗ 2) : ਭੂਸ਼ਨ ਧਿਆਨਪੁਰੀ (ਸੰਪਾਦਕ ਸੁਰਿੰਦਰ ਭੂਸ਼ਨ ਅਤੇ ਬਲੀਜੀਤ)

ਦਰਵੇਸ਼ਾਂ ਦੀ ਲੀਲਾ
(ਜੀਵਨੀ 'ਚ ਰਚੇ ਮਿਚੇ ਕਿਰਦਾਰ)
(ਸਵੈ- ਜੀਵਨੀ ਮੇਰੀ ਕਿਤਾਬ ਦਾ ਦੂਜਾ ਭਾਗ)

ਭੂਸ਼ਨ

'ਪ੍ਰੀਤਮ ਵੀਰ ਜੀ'
ਦੀ ਯਾਦ ਨੂੰ ਸਮਰਪਿਤ
ਜੋ 5 ਜਨਵਰੀ, 2005 ਨੂੰ
ਸਾਥੋਂ ਸਦਾ ਲਈ ਵਿਛੜ ਗਏ!

ਮੇਰੀ ਇਹ ਕਿਤਾਬ

ਮੇਰੀ ਇਹ ਕਿਤਾਬ ਵੀ ਮੇਰੀ ਜੀਵਨੀ ਦੇ ਤਾਣੇਪੇਟੇ 'ਚੋਂ ਨਿਕਲੀ ਹੈ । ਧਿਆਨਪੁਰ, ਚੰਡੀਗੜ੍ਹ ਤੇ ਰੋਪੜ ਰਹਿੰਦਿਆਂ ਜਿਹੋ ਜਿਹੇ ਮਾਹੌਲ ਅਤੇ ਕਿਰਦਾਰਾਂ ਨਾਲ ਵਾਹ ਪਿਆ, ਵਕਤ ਪਾ ਕੇ ਉਹ ਸ਼ਖ਼ਸੀਅਤ ਦਾ ਹਿੱਸਾ ਬਣ ਗਿਆ । ਜੀਵਨੀ ਨੂੰ ਚੈਪਟਰਾਂ 'ਚ ਵੰਡਦਿਆਂ ਕਈ ਕੁਝ ਬਚ ਗਿਆ । ਉਸ ਬਚੀ ਹੋਈ ਸਮੱਗਰੀ ਵਿਚ ਇਹ ਕਿਰਦਾਰ ਵੀ ਸ਼ਾਮਿਲ ਹਨ ।

ਭਾਵੇਂ ਇਹ ਕਿਰਦਾਰ ਮੁੱਖ ਜੀਵਨੀ ਵਿੱਚ ਨਹੀਂ ਸਮਾਅ ਸਕੇ, ਪਰ ਇਹ ਨਾ ਕਦੇ ਮੇਰੀ ਜ਼ਿੰਦਗੀ ਵਿੱਚੋਂ ਮਨਫ਼ੀ ਹੋਏ ਹਨ ਅਤੇ ਨਾ ਹੀ ਚੇਤੇ 'ਚੋਂ । ਇਹ ਸਭ ਮੇਰੇ ਘਰ ਦੇ ਜੀਆਂ ਵਰਗੇ ਹਨ ਮੇਰੇ ਆਪਣੇ ਆਪਣੇ । ਮੈਂ ਇਹਨਾਂ ਨੂੰ ਚਿਤਰਨ ਦੀ ਕੋਸ਼ਿਸ਼ ਨਹੀਂ ਕੀਤੀ । ਸਗੋਂ ਇਹ ਜਿਹੋ ਜਿਹੇ ਹਨ, ਆਪਮੁਹਾਰੇ ਪ੍ਰਗਟ ਹੋਈ ਗਏ ਨੇ । ਕੋਈ ਲਿੰਬਾਪੋਚੀ ਨਹੀਂ । ਕੋਈ ਉਚੇਚ ਨਹੀਂ । ਇਹਨਾਂ ਕਿਰਦਾਰਾਂ ਨਾਲ ਆਪਣੀ ਸਾਂਝ ਨੂੰ ਹੋਰ ਪੱਕਾ ਕਰਨ ਲਈ 'ਦਰਵੇਸ਼ਾਂ ਦੀ ਲੀਲਾ' ਸੰਗ੍ਰਹਿ ਤਿਆਰ ਕੀਤਾ ਹੈ । ਇਹਨਾਂ ਦੀ ਨਿਰਛਲਤਾ ਅਤੇ ਮਾਸੂਮੀਅਤ ਮੈਨੂੰ ਬਹੁਤ ਪਿਆਰੀ ਹੈ । ਤੁਹਾਡੇ ਕੋਲੋਂ ਵੀ ਇਹਨਾਂ ਲਈ ਪਿਆਰ ਦੀ ਉਮੀਦ ਰੱਖਦਾ ਹਾਂ ।

ਭੂਸ਼ਨ
3236/44ਡੀ
ਚੰਡੀਗੜ੍ਹ

ਭੂਮਿਕਾ ਵਜੋਂ ਧਰਮ ਰਾਜ ਦੀ ਕਚਹਿਰੀ

ਆਪਣਾ ਰੋਣਾ ਰੋਈ ਜਾਣ ਨੂੰ ਚੰਗਾ ਨਹੀਂ ਸਮਝਿਆ ਜਾਂਦਾ । ਰੰਡੀ ਰੋਣਾ ਤੇ ਗਿੱਲਾ ਪੀਹਣ ਵੀ ਏਸੇ ਰਾਮ ਕਹਾਣੀ ਦਾ ਹਿੱਸਾ ਹੈ । ਇਸ ਧਾਰਨਾ ਬਾਰੇ ਵਿਸਥਾਰ ਵਿੱਚ ਦੱਸਣ ਦੀ ਲੋੜ ਨਹੀਂ ਕਿਉਂਕਿ ਇਹ ਤਾਂ ਜ਼ਮਾਨੇ ਦਾ ਹੱਡਾਂ 'ਤੇ ਹੰਢਾਇਆ ਅਤੇ ਮਨਾਂ 'ਚ ਵਸਾਇਆ ਹੋਇਆ ਪੁਰਾਣਾ ਕਿੱਸਾ ਹੈ । ਜਿਸ ਕਿਸੇ ਨੂੰ ਵੀ ਬੋਲਣਾ ਆਉਂਦਾ ਹੈ, ਉਹ ਆਪਣੀ ਜਾਤ ਵਿਖਾਲਣਾ ਚਾਹੁੰਦਾ ਹੈ । ਦੂਜੀ ਦੇ ਨੀਂਗਰ ਨੂੰ ਢੀਂਗਰ ਦੱਸਣਾ ਤੇ ਆਪਣੇ ਭਾਂਡੇ ਨੂੰ ਬੇਸ਼ਰਮੀ ਦੀ ਹੱਦ ਤੱਕ ਸਲਾਹੁਣਾ ਬਹੁਤਿਆਂ ਦੇ ਮਨ ਨੂੰ ਭਾਉਂਦਾ ਹੈ । ਪੜ੍ਹਪੜ੍ਹ ਤੱਕੀਆਂ ਹੱਡ ਬੀਤੀਆਂ । ਬਹੁਤਿਆਂ ਨੇ ਏਹੋ ਗੱਲਾਂ ਕੀਤੀਆਂ । ਕਸੂਰ ਕਲਮ ਨਾ ਸਿਆਹੀ ਦਾ । ਲਿਖਣ ਵਾਲੇ ਨੂੰ ਤਾਂ ਬੱਸ ਮੌਕਾ ਚਾਹੀਦਾ । ਜੱਗ ਬੀਤੀ ਸੁਣਾਉਣ ਵੇਲੇ ਨਿਸਚਿੰਤ ਰਹੀਦਾ ਹੈ । ਖੁੱਲ੍ਹ ਕੇ ਕਹੀਦਾ ਹੈ । ਆਪ ਬੀਤੀ ਦੱਸਣ ਮੌਕੇ ਸੋਚ ਸੁੰਗੜ ਜਾਂਦੀ ਹੈ । ਹਉਮੈ ਦੀ ਘੂਕੀ ਚੜ੍ਹ ਜਾਂਦੀ ਹੈ । ਕਲਾ ਵਿਚਾਰੀ ਮਮਤਾ ਤੇ ਹੰਗਤਾ ਦੇ ਹੱਥੋਂ ਲਗਾਤਾਰ ਹਾਰੀ ਜਾਂਦੀ ਹੈ । ਵੱਡੇ ਵੱਡਿਆਂ ਦੀ ਮਤ ਮਾਰੀ ਜਾਂਦੀ ਹੈ । ਆਤਮ ਪ੍ਰਸ਼ੰਸਾ ਦੇ ਮੋਹ ਤੋਂ ਬਹੁਤ ਮੁਸ਼ਕਲ ਬਚਿਆ ਜਾਂਦੈ । ਬਚ ਬਚ ਕੇ ਲਿਖਦਿਆਂ ਵੀ ਹਉਮੈ ਪੁਰਾਣ ਰਚਿਆ ਜਾਂਦੈ ।

ਇਸ ਰਾਹ 'ਤੇ ਤੁਰਦਿਆਂ ਬਰਾਬਰ ਚੌਕਸ ਰਹੀਦਾ ਏ । ਘੜੀ ਦੇ ਘੁੱਥਿਆਂ ਸੌ ਕੋਹ 'ਤੇ ਜਾ ਪਈਦਾ ਏ । ਕਦੋਂ ਤੋਂ ਇਹ ਨਿੱਕੀ ਜਿਹੀ ਗੱਲ ਮਨ ਨੂੰ ਪਿਆ ਸਮਝਾਉਨਾਂ । ਕਲਮ ਨੂੰ ਰਉਂ ਵਿੱਚ ਲਿਆਉਨਾਂ । ਕਾਹਲੇ ਨਾ ਪਓ, ਅਸਲੀ ਮੁੱਦੇ ਵੱਲ ਪਿਆ ਆਉਨਾਂ ।

ਮੁੱਦਾ ਅਸਲ ਵਿੱਚ ਹੈ ਕੀ? ਗੱਲ ਤਾਂ ਸਿਰਫ਼ ਏਨੀ ਹੈ ਕਿ ਅੱਜ ਤੱਕ ਪਹਿਲਾਂ ਤੁਸੀਂ ਕਹਿੰਦੇ ਸਾਉ, ਮੈਂ ਸੁਣਦਾ ਸਾਂ । ਅੱਜ ਮੈਂ ਕਹਾਂਗਾ, ਤੁਸੀਂ ਸੁਣੋਗੇ । ਬੱਸ... । ਲਓ, ਮੇਰੀ ਤਾਂ ਏਨਾਂ ਕਹਿਣ ਨਾਲ ਹੀ ਬੱਸ ਹੋ ਗਈ । ਨਾ ਚਾਹੁੰਦਿਆਂ ਵੀ ਅਸਲੀਅਤ ਦੱਸ ਹੋ ਗਈ । ਸਿਰ ਘੁੰਮ ਰਿਹਾ ਹੈ । ਸਾਹ ਚੜ੍ਹ ਗਿਆ ਹੈ । ਵਿਵੇਕ ਪਤਾ ਨਹੀਂ ਕਿੱਥੇ ਵੜ ਗਿਆ ਹੈ ।

ਗੱਲ, ਸ਼ੁਰੂ ਵਿੱਚ ਪਿੰਡ ਦੇ ਬਹਾਨੇ ਛੋਹੀ ਗਈ । ਕਦੇ ਕਰਨੀ ਪਈ, ਕਦੇ ਹੋਈ ਗਈ । ਵਕਤ ਸੋਹਣਾ ਲੰਘਿਆ । ਹੁੰਗਾਰਾ ਵਧੀਆ ਮਿਲਿਆ । ਲੰਮੀ ਵਿਹਲ ਕੱਢ ਕੇ ਪਿੰਡ ਨੂੰ ਮਿਲਿਆ, ਪਿੰਡ ਪੂਰੀ ਤਰ੍ਹਾਂ ਖੁੱਲ੍ਹ ਗਿਆ ਸੀ । ਉਸਨੂੰ ਸਭ ਕੁਝ ਯਾਦ ਸੀ, ਮੈਨੂੰ ਜੋ ਜੋ ਭੁੱਲ ਗਿਆ ਸੀ । ਮਿਲ ਕੇ ਸਮਝ ਆਈ ਕਿ ਅਸੀਂ ਲੋਕ ਕਦੋਂ ਤੋਂ ਕਹਿਰ ਕਮਾ ਰਹੇ ਹਾਂ । ਪਿੰਡ ਨੂੰ ਚੂੰਢਚੂੰਢ ਕੇ ਖਾ ਰਹੇ ਹਾਂ । ਉਸ ਦੀ ਉਪਜ ਨੂੰ ਹੀ ਆਪਣਾ ਉਤਪਾਦਨ ਬਣਾ ਰਹੇ ਹਾਂ । ਖ਼ੁਦ ਨੂੰ ਅਕਲਮੰਦ ਤੇ ਉਹਨੂੰ ਗੰਵਾਰ ਕਹੀ ਜਾ ਰਹੇ ਹਾਂ । ਉਸ ਦੀ ਕਮਾਈ ਨੂੰ ਆਪਣੇ ਖਾਤੇ ਪਾਈ ਜਾ ਰਹੇ ਹਾਂ । ਪਿੰਡ ਧਰਮ ਕਮਾਉਂਦਾ ਹੈ ਅਤੇ ਜਾਹਿਲ ਅਖਵਾਉਂਦਾ ਹੈ । ਅਸੀਂ ਅਡੰਬਰ ਰਚਾਉਂਦੇ ਹਾਂ ਅਤੇ ਮੁਰਾਤਬੇ ਪਾਉਂਦੇ ਹਾਂ । ਪਿੰਡ ਆਪਣੀ ਉਪਜ ਨੂੰ ਵੇਚਦਾ ਵੱਟਦਾ ਹੈ, ਖੱਟੀ ਖੱਟਦਾ ਹੈ ਪਰ ਲੋੜ ਅਨੁਸਾਰ ਅਗਲੀ ਫਸਲ ਲਈ ਬੀਜ ਸੰਭਾਲ ਕੇ ਰੱਖਦਾ ਹੈ । ਅਸੀਂ ਪਿੰਡਾਂ ਦੇ ਪਿੰਡ ਵੇਚੀ ਵੱਟੀ ਜਾਂਦੇ ਹਾਂ । ਅਕਲਾਂ ਦੀ ਖੱਟੀ ਖਾਂਦੇ ਹਾਂ ਪਰ ਬੀਜ ਬਾਰੇ ਕਦੇ ਸੋਚਦੇ ਹੀ ਨਹੀਂ । ਬੀਜ ਨਹੀਂ ਸਾਂਭਾਂਗੇ ਤਾਂ ਬੀਜਾਂਗੇ ਕੀ? ਬੀਜਾਂਗੇ ਨਹੀਂ ਤਾਂ ਜੜ੍ਹਾਂ ਕਿੱਥੋਂ ਭਾਲਾਂਗੇ? ਤੇਲ ਦੀ ਭਾਲ ਵਿੱਚ ਉਮਰਾਂ ਗਾਲਾਂਗੇ? ਚੀਜ਼ ਦੀ ਅਹਿਮੀਅਤ ਦਾ ਇਲਮ ਉਦੋਂ ਜਾਗਦਾ ਹੈ ਜਦੋਂ ਥੋੜ੍ਹ ਹੁੰਦੀ ਹੈ । ਜੜ੍ਹਾਂ ਨੂੰ ਤੇਲ ਦੀ ਨਹੀਂ, ਪਾਣੀ ਦੀ ਲੋੜ ਹੁੰਦੀ ਹੈ ।

ਪਿੰਡ ਸਾਡੇ ਹੱਥੋਂ ਖਿਸਕਦਾ ਜਾ ਰਿਹੈ । ਹਨੇਰੇ ਵਿੱਚ ਧੱਸਦਾ ਜਾ ਰਿਹੈ । ਚਲੋ, ਹੁਣ ਹੀ ਕੁੱਝ ਕਰ ਕਰਾ ਲਈਏ । ਜਿੰਨਾ ਕੁ ਬਚਦਾ ਹੈ, ਬਚਾ ਲਈਏ । ਅਨਪੜ੍ਹਤਾ, ਬਿਮਾਰੀ, ਗੰਦਗੀ, ਕਰਜੇ, ਅੰਧ ਵਿਸ਼ਵਾਸਾਂ ਨੂੰ ਮਰਨ ਦੇਈਏ । ਤਬਦੀਲੀ ਨੂੰ ਆਪਣਾ ਕੰਮ ਕਰਨ ਦੇਈਏ । ਧੂੜ ਨੂੰ ਹਟਾ ਦੇਈਏ ਪਰ ਸ਼ੀਸ਼ੇ ਨੂੰ ਬਚਾ ਲਈਏ ।

ਸ਼ੀਸ਼ਾ ਬਚਿਆ ਰਹੇਗਾ ਤਾਂ ਸਾਫ਼ ਦਿਸੇਗਾ ਕਿ ਪਿੰਡ ਨੈਤਿਕਤਾ ਹੈ, ਪਵਿੱਤਰਤਾ ਹੈ । ਬੰਦਗੀ ਹੈ, ਮਿੱਤਰਤਾ ਹੈ । ਪਿੰਡ ਸੱਚ ਹੈ, ਸਾਦਗੀ ਹੈ, ਮਾਸੂਮੀਅਤ ਹੈ । ਕੁਦਰਤ ਵਿੱਚ ਵਸੀ ਹੋਈ ਰੂਹਾਨੀਅਤ ਹੈ । ਪਿੰਡ ਕਵਿਤਾ ਹੈ, ਨਾਦ ਹੈ, ਮੂਰਤ ਹੈ । ਖੂਬਸੀਰਤ ਹੈ, ਖੂਬਸੂਰਤ ਹੈ । ਸਰਬੱਤ ਦਾ ਭਲਾ ਹੈ । ਜੀਣ ਦੀ ਕਲਾ ਹੈ । ...ਜਿੰਨੇ ਮਰਜ਼ੀ ਸ਼ਹਿਰ ਵਸਾਓ ਪਰ ਕੋਸ਼ਿਸ਼ ਕਰਕੇ ਪਿੰਡ ਬਚਾਓ ।

•••

ਪਿੰਡ ਨਾਲ ਭਾਵੁਕ ਸਾਂਝ ਹੋਣ ਕਰਕੇ ਵਿਛੜਨ ਨੂੰ ਦਿਲ ਹੀ ਨਹੀਂ ਸੀ ਕਰਦਾ । ਪਰ ਕੀ ਕਰਦਾ? ਗੱਲ ਤਾਂ ਅਗਾਂਹ ਤੋਰਨੀ ਸੀ । ਜੀਅ ਕਰੜਾ ਕਰ ਕੇ ਪਿੰਡੋਂ ਤੁਰ ਪਿਆ । ਰੋਟੀਰੋਜ਼ੀ ਦੇ ਮਸਲੇ ਜ਼ਿੰਦਗੀ ਨੂੰ ਤੋਰੀ ਰੱਖਦੇ ਨੇ । ਕਹਿੰਦੇ ਨੇ ਕਿ ਤੁਰਦੇ ਰਹਿਣਾ ਹੀ ਜ਼ਿੰਦਗੀ ਹੈ । ਪ੍ਰੰਤੂ ਕਵੀ ਜਗਤਾਰ ਕਹਿੰਦਾ ਹੈ, ''ਜ਼ਿੰਦਗੀ ਸੰਗਰਾਮ ਵਿੱਚ ਵੀ ਠਹਿਰਾਓ ਮੰਗਦੀ ।'' ਠਹਿਰਾਓ ਦੇ ਪਲ ਹੀ ਚਿੰਤਨ ਦੇ ਪਲ ਹੁੰਦੇ ਨੇ । ਇਹੋ ਸਿਰਜਨ ਦੀਆਂ ਘੜੀਆਂ ਹੁੰਦੀਆਂ ਨੇ । ਇਹ ਘੜੀਆਂ ਕੀਮਤੀ ਬੜੀਆਂ ਹੁੰਦੀਆਂ ਨੇ । ਪਿੰਡੋਂ ਪਰਤ ਕੇ ਚੰਡੀਗੜ੍ਹ ਪੁੱਜ ਕੇ ਇਨ੍ਹਾਂ ਕੀਮਤੀ ਘੜੀਆਂ ਨੂੰ ਪਿੱਛਲ ਝਾਤ ਲੇਖੇ ਲਾਇਆ । ਆਪਣਾ ਪਿਛਵਾੜਾ ਨਜ਼ਰ ਆਇਆ । ਏਥੇ ਕੁਝ ਵੀ ਖਾਸ ਨਹੀਂ ਸੀ, ਜਿਹੜਾ ਹੋਰਨਾਂ ਨੂੰ ਮਾਣ ਨਾਲ ਦੱਸਿਆ ਜਾ ਸਕੇ । ਕੋਈ ਵੱਡਾ ਮਾਅਰਕਾ ਨਹੀਂ ਸੀ, ਕਾਰਨਾਮਾ ਨਹੀਂ ਸੀ । ਕਲਰਕ ਭਰਤੀ ਹੋਇਆ । ਲੈਕਚਰਾਰ ਰਿਟਾਇਰ ਹੋਇਆ । ਵੱਖਰਾ ਕੀ ਹੈ? ਦੱਸਣ ਵਾਲਾ ਕੀ ਹੈ?

ਫੇਰ ਕਿਸੇ ਸਿਆਣੇ ਤੋਂ ਪਤਾ ਲੱਗਾ ਕਿ ਵੱਖਰਾ ਕੁਝ ਨਹੀਂ ਹੁੰਦਾ, ਵੱਖਰੀ ਤਰ੍ਹਾਂ ਕੀਤਾ ਜਾਂਦਾ ਹੈ ਜਾਂ ਕਿਹਾ ਜਾਂਦਾ ਹੈ । ਇਸੇ ਤਰੀਕੇ ਨਾਲ, ਇੱਕੋ ਜਿਹਿਆਂ ਵਿੱਚ, ਵੱਖਰੇ ਦਿਸਦੇ ਰਿਹਾ ਜਾਂਦਾ ਹੈ ।

ਹੌਸਲਾ ਕਰਕੇ ਕਹਾਣੀ ਕਹਿਣ ਦੀ ਕੋਸ਼ਿਸ਼ ਜਾਰੀ ਰੱਖੀ । ਪਾਤਰ ਨੇ ਉਤਸ਼ਾਹ ਵਧਾਇਆ; 'ਜੇ ਸੁਣਤੇ ਹੋਣ ਪੁਨੀਤ, ਫੇਰ ਤਾਂ ਕੰਧਾਂ ਦਾ ਵੀ ਦਿਲ ਕਰਦਾ, ਕੁਝ ਕਹੀਏ ।' ਮੈਂ ਵੀ ਕਹਾਂਗਾ, ਜ਼ਰੂਰ ਕਹਾਂਗਾ । ਪਰ ਇਸ ਮੁਕਾਮ 'ਤੇ ਆ ਕੇ ਥੋੜ੍ਹਾ ਬਿਸਰਾਮ ਕਰਨ ਨੂੰ ਚਿੱਤ ਕਰ ਆਇਆ ਹੈ । ਇਸ ਲਈ ਕਥਾ ਨੂੰ ਥੋੜ੍ਹੇ ਚਿਰ ਲਈ ਵਿਰਾਮ ਲਾਇਆ ਹੈ ।

ਆਪਣੇ ਬਾਰੇ ਲਿਖਣਾ ਖਤਰਨਾਕ ਜਾਪਦਾ ਹੈ । ਵਿਸ਼ੇ ਦੀ ਮਜਬੂਰੀ ਕਰਕੇ ਮੈਂ ਮੇਰਾ ਮੈਨੂੰ ਬੜੀ ਵਾਰ ਵਰਤਣਾ ਪੈਂਦਾ ਹੈ । ਕੁਝ ਲੁਕਾਉ ਤਾਂ ਝੂਠ; ਕੁਝ ਵਿਖਾਉ ਤਾਂ ਹੰਕਾਰ । ਆਤਮ ਕਥਾ ਨੂੰ ਰੱਬ ਦੀ ਮਾਰ । ਕਥਾ ਨਾ ਸਹੀ, ਕਥਨ ਕਹਿ ਲਈਏ । ਫੇਰ ਵੀ ਬਾਹਲਾ ਫ਼ਰਕ ਨਹੀਂ ਪੈਂਦਾ । ਤਰਤੀਬ ਵਿਚ ਨਾ ਸਹੀ, ਬਿਨਾਂ ਤਰਤੀਬ ਤੋਂ ਵੀ ਤਾਂ ਘਟਨਾਵਾਂ ਦਾ ਸੱਚ ਉੱਘੜ ਹੀ ਜਾਂਦਾ ਹੈ । ਉਗੜਦੁਗੜੀਆਂ ਸਤਰਾਂ ਦਾ ਵਿਚਕਾਰਲਾ ਸੱਚ ਵੀ ਪੜ੍ਹਨ ਵਾਲਾ ਪੜ੍ਹ ਹੀ ਜਾਂਦਾ ਹੈ ।

ਸੱਚ ਤਾਂ ਇਹ ਹੈ ਕਿ ਜਿਨ੍ਹਾਂ ਨੇ ਸੱਚਮੁੱਚ ਜ਼ਿੰਦਗੀ ਵਿਚ ਕੁਝ ਕੀਤਾ ਹੁੰਦਾ ਹੈ ਜਾਂ ਕਰਨ ਦੇ ਸਮਰੱਥ ਹੁੰਦੇ ਨੇ ਉਹ ਆਪਣੇ ਮੂੰਹੋਂ ਕਦੇ ਕੁਝ ਨਹੀਂ ਕਹਿੰਦੇ । ਪਰ ਰਵਾਇਤ ਇਹ ਵੀ ਹੈ ਕਿ ਮੇਰੇ ਵਰਗੇ ਨਿਕੰਮੇ, ਬਿਨਾਂ ਕੁਝ ਕਰਨ ਤੋਂ, ਸਦਾ ਆਪਣੇ ਬਾਰੇ ਹੀ ਬੋਲਦੇ ਰਹਿੰਦੇ । ਇਸ ਅਪਰਾਧ ਤੋਂ, ਹਾਲ ਦੀ ਘੜੀ ਬਚਣ ਲਈ, ਗੱਲ ਵਿਚ ਮੋੜਾ ਪਾਉਂਦਾ ਹਾਂ । ਹੱਡਬੀਤੀ ਤੋਂ ਹਟਾ ਕੇ ਸੁਣੀਸੁਣਾਈ ਸੁਣਾਉਂਦਾ ਹਾਂ । ਸੁਣਿਆ ਹੈ ਕਿ ਸਾਡੇ ਮੁਲਕ ਵਿਚ ਕਿਸੇ ਵੇਲੇ ਹਰੀ ਚੰਦ ਨਾਂ ਦਾ ਵੱਡਾ ਪ੍ਰਤਾਪੀ ਰਾਜਾ ਹੋਇਐ । ਉਹਨੇ ਸੁਪਨੇ ਵਿਚ ਵੀ ਸੱਚ ਦਾ ਪੱਲਾ ਨਾ ਛੱਡਿਆ । ਆਪਣੀ ਮਹਾਨਤਾ ਦਾ ਝੰਡਾ ਦੋਹੀਂ ਜਹਾਨੀਂ ਗੱਡਿਆ । ਸਿਰਫ਼ ਇਕ ਨੁਕਤੇ ਉੱਤੇ ਜ਼ਿੰਦਗੀ ਸਮੇਟ ਲਈ । ਨਾ ਕਦੇ ਪਰਿਵਾਰ ਲਈ ਸੋਚਿਆ, ਨਾ ਪੇਟ ਲਈ । ਦੁਨੀਆ ਜਹਾਨ ਵਾਸਤੇ ਉਹ ਸੱਤਵਾਦੀ ਸੀ । ਪਰ ਆਪਣਿਆਂ ਲਈ ਅਤਿਵਾਦੀ ਸੀ । ਰਾਜ ਤਿਆਗਿਆ, ਰਾਣੀ ਛੱਡੀ, ਗੁਲਾਮ ਹੋਇਆ । ਇੱਕੋ ਉਮਰ ਵਿਚ ਖੱਤਰੀ ਤੋਂ ਚੰਡਾਲ ਰੂਪ ਵਿਚ ਬਦਨਾਮ ਹੋਇਆ । ਭਿਆਨਕ ਤੋਂ ਭਿਆਨਕ ਸਜ਼ਾ ਉਹਨੂੰ ਡਰਾ ਨਾ ਸਕੀ । ਇਕਲੌਤੇ ਪੁੱਤਰ ਦੀ ਮੌਤ ਉਹਨੂੰ ਸੱਚ ਤੋਂ ਡੁਲਾ ਨਾ ਸਕੀ । ਉਹਨੇ ਜਿਹੜੀ ਪ੍ਰੀਖਿਆ ਦਿੱਤੀ । ਪੂਰੀ ਸਿਦਕਦਿਲੀ ਨਾਲ ਜਿੱਤੀ । ਉਹ ਹੱਡ-ਮਾਸ ਦਾ ਪੁਤਲਾ ਜਿੰਨਾ ਚਿਰ ਵੀ ਧਰਤੀ 'ਤੇ ਰਿਹਾ, ਉਹਨੇ ਜੋ ਵੀ ਕਿਹਾ ਸੱਚ ਕਿਹਾ ਤੇ ਸੱਚ ਤੋਂ ਸਿਵਾਇ ਕਦੇ ਕੁਝ ਨਾ ਕਿਹਾ ।

ਸੁਣੀ-ਸੁਣਾਈ ਗੱਲ 'ਤੇ ਕਈਆਂ ਨੂੰ ਇਤਬਾਰ ਨਹੀਂ ਆਉਂਦਾ । ਮੈਨੂੰ ਵੀ ਨਹੀਂ ਆਉਂਦਾ, ਪਰ ਮੋਹਨ ਦਾਸ ਦੇ ਪੁੱਤਰ ਕਰਮ ਚੰਦ ਨੂੰ , ਪਤਾ ਨਹੀਂ, ਕਿਵੇਂ ਇਸ ਕਹਾਣੀ ਉੱਤੇ ਏਨਾ ਵਿਸ਼ਵਾਸ ਹੋ ਗਿਆ ਕਿ ਹਰੀ ਚੰਦ ਦੇ ਦੁੱਖਤਕਲੀਫਾਂ ਨੂੰ ਪ੍ਰਤੱਖ ਵੇਖ ਕੇ ਵੀ ਕਹਾਣੀ ਨੂੰ ਸੱਚ ਸਿੱਧ ਕਰਨ ਲਈ ਉਹਨੇ ਲੰਗੋਟੀ ਕੱਸ ਲਈ । ਵਿੰਗਤੜਿੰਗੀ ਸੋਟੀ ਫੜ ਕੇ ਸੱਚ ਦੇ ਉਗੜਦੁੱਗੜੇ ਮਾਰਗ ਉੱਤੇ ਤੁਰ ਪਿਆ । ਵਿੱਤ ਮੁਤਾਬਕ ਸੱਚ ਦੇ ਪ੍ਰਯੋਗ ਕਰ ਗਿਆ । ਅੱਤ ਦਰਜੇ ਦੇ ਹਠ ਨਾਲ, ਰਾਜੇ ਹਰੀ ਚੰਦ ਦੀ ਨਕਲ ਕਰਦਾ ਕਰਦਾ, ਇਕ ਅਤਿਵਾਦੀ ਦੀ ਗੋਲੀ ਨਾਲ ਮਰ ਗਿਆ । ਇਸ ਸੁਣੀ-ਸੁਣਾਈ ਕਹਾਣੀ ਨੇ ਕਰਮ ਚੰਦ ਨੂੰ ਮਹਾਤਮਾ ਬਣਾ ਦਿੱਤਾ । ਮਹਾਤਮਾ ਗਾਂਧੀ ਨੇ ਨਿੱਕੇ ਹੁੰਦਿਆਂ ਫਿਲਮ ਵੇਖੀ ਸੀ; 'ਸੱਤਵਾਦੀ ਹਰੀਸ਼ ਚੰਦਰ' । ਇੱਕੋ ਫਿਲਮ ਨਾਲ ਹੀ ਸਾਰੀ ਉਮਰ ਲੰਘਾ ਲਈ । ਮੁੜ ਕਦੇ ਥੀਏਟਰ ਨਾ ਗਿਆ । ਹੁਣ ਥੀਏਟਰਾਂ ਵਿਚ ਉਹਦੀਆਂ ਫਿਲਮਾਂ ਰਿਕਾਰਡ ਤੋੜਦੀਆਂ ਨੇ । ਸੁਣੀਸੁਣਾਈ ਕਹਾਣੀ ਦਾ ਮੁੱਲ ਮੋੜਦੀਆਂ ਨੇ ।

ਹਾਂ, ਤੇ ਸੱਤਵਾਦੀ ਰਾਜਾ ਹਰੀ ਚੰਦ ਜਦੋਂ ਮਰਿਆ ਤਾਂ ਦੇਵ ਲੋਕ ਤੋਂ ਉਹਨੂੰ ਬਬਾਣ ਲੈਣ ਆਏ । ਉਹਦੀ ਦੋਹੀਂ ਜਹਾਨੀਂ ਬੱਲੇਬੱਲੇ । ਜੈ ਜੈਕਾਰ ਉਪਰ ਥੱਲੇ । ਉਹਨੂੰ ਉਹਦਾ ਮਾਣ-ਸਨਮਾਨ ਹਜ਼ਾਰਾਂ ਗੁਣਾਂ ਵਧਾ ਕੇ ਪਰਤਾਇਆ ਗਿਆ । ਉਹਨੂੰ ਧਰਮਰਾਜ ਨਾਲੋਂ ਵੱਧ ਵਡਿਆਇਆ ਗਿਆ । ਮਰ ਕੇ ਤਾਂ ਸਾਰੇ ਧਰਮਰਾਜ ਮੂਹਰੇ ਪੇਸ਼ ਹੁੰਦੇ ਨੇ । ਧਰਮਰਾਜ ਅਗਲੇ ਦੇ ਕਰਮਾਂ ਦਾ ਲੇਖਾ-ਜੋਖਾ ਕਰਕੇ ਨਰਕਸਵਰਗ ਵਿਚ ਭੇਜਦਾ ਹੈ । ਪਰ ਰਾਜੇ ਹਰੀ ਚੰਦ ਦੀ ਆਮਦ ਬਾਰੇ ਜਾਣ ਕੇ ਧਰਮਰਾਜ ਦਾ ਸਿੰਘਾਸਣ ਡੋਲਣ ਲੱਗ ਪਿਆ । ਨਿਆਂ ਦੇ ਸਭ ਤੋਂ ਉੱਚੇ ਆਸਣ 'ਤੇ ਬਿਰਾਜਮਾਨ ਹੁੰਦਾ ਹੋਇਆ ਵੀ ਉਹ ਅਬਾਤਬਾ ਬੋਲਣ ਲੱਗ ਪਿਆ, ''ਆਓ, ਦੇਵਤਿਓ ਆਓ । ਮੇਰਾ ਸਿੰਘਾਸਣ ਬਚਾਓ । ਧਰਮ ਪੁਰੀ ਦੇ ਲੋਕੋ । ਰਾਜੇ ਹਰੀ ਚੰਦ ਨੂੰ ਰੋਕੋ । ਛੇਤੀ ਕੋਈ ਸਕੀਮ ਲੜਾਓ । ਇਹਦੇ ਜਤ-ਸਤ ਵਿਚ ਭੰਗਣਾ ਪਾਓ । ਨਹੀਂ ਤਾਂ ਇਹ ਮੈਨੂੰ ਡੇਗ ਦੇਵੇਗਾ । ਮੇਰਾ ਸਭ ਸੁਖ ਛੀਨ ਲਵੇਗਾ । ਉਏ ਦਰਬਾਨੋ, ਭੱਜ ਕੇ ਜਾਓ । ਨਾਰਦ ਮੁਨੀ ਨੂੰ ਲੱਭ ਕੇ ਲਿਆਓ ।...''

ਧਰਮਰਾਜ ਦੀ ਕਚਹਿਰੀ ਕਿਹੜਾ ਛੋਟੀ ਹੁੰਦੀ ਐ । ਉਹਦੇ ਕਈ ਮੋੜਘੋੜ । ਕਈ ਚੋਰ ਦਰਵਾਜ਼ੇ । ਕਿੰਨੇ ਹੀ ਛੋਟੇ-ਮੋਟੇ ਅਹਿਲਕਾਰਾਂ ਕੋਲ ਪੇਸ਼ੀ ਤੋਂ ਪਿੱਛੋਂ ਵੱਡੇ ਸਾਬ੍ਹ ਮੂਹਰੇ ਲਿਆਇਆ ਜਾਂਦੈ । ਜਿੱਥੇ ਆਖ਼ਰੀ ਫੈਸਲਾ ਸੁਣਾਇਆ ਜਾਂਦੈ ।

ਇਕ ਦਰਵਾਜ਼ੇ ਅੱਗੇ ਨਾਰਦ ਜੀ ਸਵਾਗਤ ਲਈ ਖੜ੍ਹੇ ਹੋ ਗਏ, ਜਦੋਂ ਦੂਤ ਆਏ ਰਾਜੇ ਹਰੀ ਚੰਦ ਨੂੰ ਲੈ ਕੇ ਤਾਂ ਬੋਲੇ, ''ਧੰਨ! ਧੰਨ!! ਅੱਜ ਤੋਂ ਇਹ ਦੇਵ ਲੋਕ ਵੀ ਧੰਨ ਹੋ ਗਿਆ । ਏਡੀ ਮਹਾਨ ਹਸਤੀ ਨੇ ਚਰਨ ਪਾਏ ਨੇ । ਸੱਚ ਦੇ ਸਾਖਿਆਤ ਸਰੂਪ ਸਾਨੂੰ ਕਿਰਤਾਰਥ ਕਰਨ ਆਏ ਨੇ । ਦੇਵ ਦੂਤੋ! ਤੁਸੀਂ ਜ਼ਰਾ ਪਰੇ ਹਟ ਜਾਉ । ਇਨ੍ਹਾਂ ਨੂੰ ਮੇਰੇ ਕੋਲ ਬਿਠਾਉ ।'' ਨਾਰਦ ਤੇ ਰਾਜਾ ਹਰੀ ਚੰਦ ਦੋਏਂ ਇਕੱਲੇ ਰਹਿ ਗਏ । ਫੁੱਲਾਂ ਦੇ ਆਸਣ ਉੱਤੇ ਨਿੱਠ ਕੇ ਬਹਿ ਗਏ । ਨਾਰਦ ਨੇ ਕਸੀਦੇ ਪੜ੍ਹਨੇ ਸ਼ੁਰੂ ਕਰ ਦਿੱਤੇ । ਇਕ ਇਕ ਚੀਜ਼ ਦੀ ਵਡਿਆਈ ਕੀਤੀ । ਮਹਾਨਤਾ ਦਾ ਗੁਣਗਾਨ ਕੀਤਾ । ਸਦਗੁਣਾਂ ਦੀ ਬਖ਼ਾਨ ਕੀਤਾ ਅਤੇ ਅਖ਼ੀਰ ਵਿਚ ਹੱਥ ਜੋੜ ਕੇ ਅਰਜ਼ ਗੁਜ਼ਾਰੀ, ''ਮਹਾਨਾਂ ਦੇ ਮਹਾਨ ਮਹਾਰਾਜਾ ਹਰੀਸ਼ ਚੰਦਰ ਜੀ! ਤੁਹਾਡੇ ਵਰਗੀ ਕਰਨੀ ਕੋਈ ਨਹੀਂ ਕਰ ਸਕਦਾ । ਤੁਹਾਡੇ ਇਸ ਕਾਰਨਾਮੇ ਸਾਹਵੇਂ ਤਾਂ ਧਰਮਰਾਜ ਦਾ ਸਿੰਘਾਸਣ ਵੀ ਛੋਟਾ ਪੈ ਜਾਏਗਾ । ... ਦਾਸ ਦੀ ਬੇਨਤੀ ਹੈ ਕਿ ਤੁਸੀਂ ਆਪਣੀ ਸੱਚ ਦੀ ਯਾਤਰਾ ਬਾਰੇ ਆਪਣੇ ਮੁਖਾਰਬਿੰਦ ਤੋਂ ਖ਼ੁਦ ਉਚਾਰਨ ਕਰੋ । ਦਾਸ ਦਾ ਸ਼ੰਕਾ ਨਿਵਾਰਨ ਕਰੋ ।'' ਰਾਜਾ, ਨਾਰਦ ਦੀ ਸਾਜਿਸ਼ ਦਾ ਸ਼ਿਕਾਰ ਹੋ ਗਿਆ । ਚੌਕੜੀ ਛੱਡ ਕੇ ਗੋਡਿਆਂ ਭਾਰ ਹੋ ਗਿਆ । ਪ੍ਰਸ਼ੰਸਾ ਦੇ ਵਹਿਣ ਵਿਚ ਵਹਿ ਗਿਆ । ਆਪਣੇ ਕੀਤੇ ਨੂੰ ਕਹਿ ਗਿਆ । ਜਿਉਂ ਜਿਉਂ ਰਾਜਾ ਆਪਣੇ ਤਿਆਗ ਅਤੇ ਕੁਰਬਾਨੀ ਦੀ ਕਥਾ ਦੁਹਰਾਂਦਾ ਰਿਹਾ; ਉਹਦੇ ਤਪਤੇਜ ਵਿੱਚੋਂ ਸੇਕ ਜਾਂਦਾ ਰਿਹਾ । ਧਰਮਰਾਜ ਦੇ ਸੰਕਟ ਦਾ ਉਪਾਅ ਹੋ ਗਿਆ । ਉਹਦੇ ਸਿੰਘਾਸਣ ਦਾ ਬਚਾਅ ਹੋ ਗਿਆ ।

ਨਾ ਤਾਂ ਬੰਦਾ ਹਰੀ ਚੰਦ ਹੈ, ਨਾ ਮਹਾਤਮਾ ਗਾਂਧੀ, ਪਰ ਇਨ੍ਹਾਂ ਦੋਹਾਂ ਹਸਤੀਆਂ ਦਾ ਸਤਿਕਾਰ ਕਰਦਾ ਹੈ । ਸੁਣੇ ਸੁਣਾਏ ਕਿੱਸਿਆਂ ਦੇ ਸੰਕੇਤਾਂ ਨੂੰ ਸਵੀਕਾਰ ਕਰਦਾ ਹੈ । ਹਰੀ ਚੰਦ ਨੇ ਆਤਮ ਕਥਾ ਸੁਣਾਈ ਸੀ, ਮਹਾਤਮਾ ਗਾਂਧੀ ਲਿਖ ਕੇ ਛਪਵਾ ਗਿਆ । ਖ਼ੁਦ ਘਾਟਾ ਖਾ ਕੇ ਵੀ ਸਾਡੇ ਪੱਲੇ ਕੁਝ ਪਾ ਗਿਆ ।

ਬਹੁਤ ਵਾਰ ਪੁੱਛਿਆ ਜਾਂਦੈ ਕਿ ਬੰਦਾ ਵਾਰਤਕ ਦੀਆਂ ਤੁੱਕਾਂ ਮਿਲਾਉਂਦੈ? ਲਿਖਤ ਵਿਚ ਰਲਾਅ ਕਿਉਂ ਪਾਉਂਦੈ? ਗੁਰੂ-ਘਰ ਵਿਚ ਬੈਠਿਆਂ ਇਹੋ ਗੱਲ ਜਦੋਂ ਕਿਸੇ ਪ੍ਰਸ਼ੰਸ਼ਕ ਨੇ ਪੁੱਛੀ ਤਾਂ ਦੱਸਣਾ ਪਿਆ ਕਿ ਕਿਸੇ ਦੇ ਵੱਸ ਦੀ ਗੱਲ ਨਹੀਂ । ਇਹ ਭਾਣਾ ਤੁਕਾਂਤ ਵਿਚ ਹੀ ਵਾਪਰਦਾ ਹੈ । ਮੰਨਣ ਤੋਂ ਬਿਨਾਂ ਕੋਈ ਚਾਰਾ ਨਹੀਂ । ਢਕਿਆ ਹੋਇਆ ਸਿਰ ਮੇਰੇ ਕੰਨ ਨੂੰ ਕਹਿੰਦਾ: ਲਿਖਦਾ ਰਹੁ । ਆਦਤ ਪੈ ਗਈ ਐ । ਹੁਣ ਇਹਦੇ ਪੜ੍ਹੇ ਬਿਨਾਂ ਗੁਜ਼ਾਰਾ ਨਹੀਂ । ਕੀ ਕਰੇ ਬੰਦਾ ਵਿਚਾਰਾ । ਨਾਰਦ ਕਰ ਗਿਆ ਆਪਣਾ ਕਾਰਾ ।

••••••

1. ਦਰਵੇਸ਼ਾਂ ਦੀ ਲੀਲਾ

ਪਿੰਡ ਵਿਚ ਜਦੋਂ ਵੀ ਕੋਈ ਨਵਾਂ ਜਾਂ ਵੱਖਰੀ ਤਰ੍ਹਾਂ ਦਾ ਆਦਮੀ ਆਉਂਦਾ ਤਾਂ ਸਭ ਤੋਂ ਪਹਿਲਾਂ ਅਤੇ ਸਭ ਤੋਂ ਵੱਧ ਉਸ ਵੱਲ ਕੁੱਤਿਆਂ ਦਾ ਧਿਆਨ ਜਾਂਦਾ । ਮਗਰੇ ਮਗਰ ਨਿਆਣੇ ਤੁਰ ਪੈਂਦੇ । ਜੇ ਉਹ ਚਿੜਦਾ ਤਾਂ ਹੋਰ ਚਿੜਾਉਂਦੇ । ਉਹਨੂੰ ਪਿੰਡੋਂ ਭਜਾਉਣ ਲਈ ਪੂਰੀ ਵਾਹ ਲਾਉਂਦੇ । ਕੁਝ ਚਿਰ ਗਲੀਆਂ 'ਚ ਰੌਲਾ ਪੈਂਦਾ । ਸਿਆਣੇ ਲੋਕ ਝਿੜਕਦੇ । ਪੁਚਕਾਰਦੇ । ਸਮਝਾਉਂਦੇ । ਸ਼ਾਂਤੀ ਹੁੰਦੀ, ਸ਼ੁਕਰ ਮਨਾਉਂਦੇ । ਨਿਆਣਿਆਂ ਦੀ ਇਹ ਖੇਡ ਸਿਆਣਿਆਂ ਦਾ ਮਨੋਰੰਜਨ ਕਰਦੀ ਰਹਿੰਦੀ । ਭਰੇਪੂਰੇ ਪਿੰਡ ਨੂੰ ਹੋਰ ਹੋਰ ਭਰਦੀ ਰਹਿੰਦੀ ।

ਹੁਣ ਖ਼ਾਲੀ ਵਕਤ ਵਿਚ ਕਦੇ ਕਦੇ ਖ਼ਿਆਲ ਆਉਂਦਾ ਹੈ ; ਭਲਾ ਕੁੱਤਿਆਂ, ਬੱਚਿਆਂ ਤੇ ਸਾਧਾਂ ਵਿਚ ਸਾਂਝੀ ਕੜੀ ਕਿਹੜੀ ਹੈ! ... ਪਰ ਇਹ ਖ਼ਿਆਲ ਸਵਾਲ ਵਾਂਗ ਨਹੀਂ ਆਉਂਦਾ, ਦਰਵੇਸ਼ਾਂ ਵਾਂਗ ਆਉਂਦਾ ਹੈ । ਤੰਗ ਨਹੀਂ ਕਰਦਾ, ਸਿਰਫ਼ ਧਿਆਨ ਦੀ ਮੰਗ ਕਰਦਾ ਹੈ । ਕਦੇਕਦਾਈ ਇਹ ਤਿੰਨੇ ਦਰਵੇਸ਼ ਡਰੇਡਰੇ ਲੱਗਦੇ ਹਨ, ਪਰ ਬਹੁਤੀ ਵਾਰ ਹੈਰਾਨੀ ਤੇ ਉਤਸੁਕਤਾ ਨਾਲ ਭਰੇ ਭਰੇ ਲੱਗਦੇ ਹਨ । ਜਿੱਥੇ ਕਿਤੇ ਇਹ ਤਿੰਨੇ ਪ੍ਰਾਣੀ ਨਾ ਹੋਣ ਉਹ ਬਸਤੀ ਖ਼ਾਲੀ ਖ਼ਾਲੀ ਹੁੰਦੀ ਹੈ । ਇਨ੍ਹਾਂ ਕੋਲ ਦੇਣ ਲਈ ਭਾਵੇਂ ਕੁਝ ਵੀ ਨਾ ਹੋਵੇ, ਇਨ੍ਹਾਂ ਦੀ ਲੀਲਾ ਵੇਖਣ ਵਾਲੀ ਹੁੰਦੀ ਹੈ ।

ਵੇਖੋ ਨਾ, ਬਾਬਾ ਭਗਵਾਨ ਦਾਸ ਕਿਹੋ ਜਿਹਾ ਸਾਧ ਸੀ । ਕਈ ਕਈ ਮਹੀਨੇ ਚੁਬਾਰੇ ਚੜ੍ਹਿਆ ਰਹਿੰਦਾ । ਚੁਬਾਰਾ ਜੋ ਮੰਦਿਰ ਦਾ ਸਭ ਤੋਂ ਉੱਚਾ ਹਿੱਸਾ ਸੀ । ਅਸੀਂ ਉਹਨੂੰ ਸ਼ੀਸ਼ ਮਹਿਲ ਕਹਿੰਦੇ ਸਾਂ । ਬੜੀ ਹਸਰਤ ਨਾਲ ਓਧਰ ਵੇਖਦੇ ਰਹਿੰਦੇ ਸਾਂ । ਉਹ ਸਾਨੂੰ 'ਰੱਬ' ਦੇ ਨੇੜੇ ਲੱਗਦਾ ਸੀ । ਉਸ ਦੇ ਬਨੇਰੇ ਉੱਤੇ ਹਜ਼ਾਰ ਵਾਟ ਦਾ ਬਲਬ ਜਗਦਾ ਸੀ । ਉਸ ਦਾ ਚਾਨਣ ਦੂਰ ਵਸੇਂਦਿਆਂ ਨੂੰ ਵੀ ਨਜ਼ਰ ਆਉਂਦਾ ਸੀ । ਬਾਬਾ ਕਦੇ ਤਪ ਕਰਦਾ ਸੀ, ਕਦੇ ਭਜਨ ਗਾਉਂਦਾ ਸੀ । ਅਕਸਰ ਮੂੰਹ ਬੰਦ ਰੱਖਦਾ ਸੀ, ਕਦੇ ਕਦੇ ਖੋਲ੍ਹਦਾ ਸੀ । ਮਰਜ਼ੀ ਨਾਲ ਬੋਲਦਾ ਸੀ । ਮਰਜ਼ੀ ਦਾ ਬੋਲਦਾ ਸੀ । ਕਹਿੰਦੇ ਨੇ ਖਾਣਾ ਉਹਦੇ ਲਈ ਜ਼ਰੂਰੀ ਨਹੀਂ ਸੀ । ਸੌਣਾ ਉਹਦੀ ਮਜ਼ਬੂਰੀ ਨਹੀਂ ਸੀ । ਜਦੋਂ ਕਦੇ ਉਹ ਉਪਰੋਂ ਉਤਰਦਾ, ਕੁੱਤੇ ਤੇ ਨਿਆਣੇ ਉਹਨੂੰ ਘੇਰੀ ਰੱਖਦੇ । ਉਹਦੀਆਂ ਲੱਤਾਂ ਨਾਲ ਚਿੰਬੜਦੇ । ਉਹਦੀਆਂ ਬਾਹਵਾਂ ਨਾਲ ਲਮਕਦੇ । ਉਹਦੀ ਫਤੂਹੀ ਦੀਆਂ ਜੇਬਾਂ ਵਿਚ ਹੱਥਮੂੰਹ ਪਾਉਂਦੇ । ਉਹਦੇ ਅੱਗੇ ਪਿੱਛੇ ਤੁਰਦੇ, ਉਹਦੇ ਨਾਲ ਨਾਲ ਗਾਉਂਦੇ :

ਰਾਮ ਨਾਮ ਜਪ ।
ਏਹੋ ਤੇਰਾ ਤਪ¨
ਰਾਮ ਨਾਮ ਜਪੇਂਗਾ ।
ਹਾਰੀ ਬਾਜ਼ੀ ਜਿੱਤੇਂਗਾ¨
ਰਾਮ ਨਾਮ ਵਿਸਾਰੇਂਗਾ ।
ਜਿੱਤੀ ਬਾਜ਼ੀ ਹਾਰੇਂਗਾ¨ ...

ਫਤੂਹੀ ਦੀਆਂ ਜੇਬਾਂ 'ਚੋਂ ਭਾਨ ਕੱਢ ਕੱਢ ਉਹ ਬੱਚਿਆਂ ਨੂੰ ਵੰਡੀ ਜਾਂਦਾ । ਕੁੱਤਿਆਂ ਨੂੰ ਪਰ੍ਹੇ ਹਟਾਉਣ ਲਈ, ਮੋਢੇ ਤੋਂ ਪਰਨਾ ਲਾਹ ਕੇ, ਜ਼ੋਰ ਜ਼ੋਰ ਦੀ ਛੰਡੀ ਜਾਂਦਾ । ਕਿਸੇ ਨੂੰ ਪਿਆਰ ਨਾਲ ਦੂਰ ਹਟਾਉਂਦਾ । ਕਿਸੇ ਨੂੰ ਝਿੜਕ ਕੇ ਕੋਲ ਬੁਲਾਉਂਦਾ । ਬਾਵਾ ਸਿੰਘ ਹਲਵਾਈ ਦੀ ਹੱਟੀ ਕੋਲ ਆ ਕੇ ਰੁਕਦਾ । ਹੁਕਮ ਦੇਂਦਾ ਕਿ ਗਰਮ ਗਰਮ ਜਲੇਬੀਆਂ ਵਾਲਾ ਥਾਲ ਕੁੱਤਿਆਂ ਮੂਹਰੇ ਢੇਰ ਕਰ ਦਿੱਤਾ ਜਾਏ । ਹੁਕਮ ਦੀ ਪਾਲਣਾ ਹੁੰਦੀ । ਕੁੱਤੇ ਟੁੱਟ ਕੇ ਪੈ ਜਾਂਦੇ । ਤਗੜੇ ਮੂਹਰੇ ਹੋ ਜਾਂਦੇ, ਕਮਜ਼ੋਰ ਪਿੱਛੇ ਰਹਿ ਜਾਂਦੇ । ਬਾਬਾ ਕਿਸੇ ਦੀ ਪੂਛ ਖਿੱਚ ਕੇ ਪਿਛਾਂਹ ਕਰਦਾ । ਕਿਸੇ ਨੂੰ ਕੰਨਾਂ ਤੋਂ ਫੜ ਕੇ ਅਗਾਂਹ ਕਰਦਾ । ਕਿਸੇ ਨੂੰ ਚੁੰਮਦਾ । ਕਿਸੇ ਨੂੰ ਜੱਫੀ ਪਾਉਂਦਾ । ਕੁੱਤਿਆਂ ਨੂੰ ਵੰਡ ਕੇ ਖਾਣ ਦੀ ਜਾਚ ਸਿਖਾਉਂਦਾ । ਅੰਤ ਵਿਚ ਬਾਵਾ ਸਿੰਘ ਦਾ ਬਿੱਲ ਚੁਕਾਇਆ ਜਾਂਦਾ । ਇਹ ਦਿ੍ਸ਼ ਕਦੇ ਬਰਫ਼ੀ ਅਤੇ ਕਦੇ ਲੱਡੂਆਂ ਨਾਲ ਦੁਹਰਾਇਆ ਜਾਂਦਾ । ਪਿੰਡ ਗਵਾਹ ਹੈ ਕਿ ਏਥੋਂ ਦੇ ਕੁੱਤੇ ਵੀ ਮਠਿਆਈਆਂ ਨਾਲ ਢਿੱਡ ਭਰਦੇ ਰਹੇ ਭਾਵੇਂ ਪਿੱਛੋਂ ਖੁਰਕ ਪੈ ਕੇ ਮਰਦੇ ਰਹੇ!

ਭਗਵਾਨ ਦਾਸ ਦੀ ਕਦਰ ਇਸ ਲਈ ਜ਼ਿਆਦਾ ਹੁੰਦੀ ਸੀ ਕਿ ਉਹ ਤਿਆਗ ਦੀ ਮੂਰਤੀ ਸੀ । ਲੋਕੀਂ ਗੱਦੀ ਲਈ ਲੜ ਲੜ ਮਰ ਜਾਂਦੇ ਨੇ ਪਰ ਉਹਨੇ ਮਿਲੀ ਮਿਲਾਈ ਗੱਦੀ ਦਾ ਤਿਆਗ ਕਰ ਦਿੱਤਾ ਸੀ । ਉਸ ਦੀ ਇਸ ਲੀਲਾ ਨੇ ਲੋਕਾਂ ਦਾ ਦਿਲ ਸ਼ਰਧਾ ਨਾਲ ਭਰ ਦਿੱਤਾ ਸੀ । ਉਹ ਮਹੰਤ ਸੁਦਰਸ਼ਨ ਦਾਸ ਦਾ ਵੱਡਾ ਤੇ ਲਾਡਲਾ ਚੇਲਾ ਸੀ । ਮਹੰਤ ਦੇ ਚੋਲਾ ਤਿਆਗਣ ਪਿੱਛੋਂ ਵੈਰਾਗਿਆ ਗਿਆ । ਉਹ ਮਹੰਤ ਨਾ ਬਣਿਆ ਸਗੋਂ ਆਪਣੇ ਛੋਟੇ ਗੁਰਭਾਈ ਨੂੰ ਲੱਭ-ਲਭਾ ਕੇ ਗੱਦੀ 'ਤੇ ਬਿਠਾ ਦਿੱਤਾ । ਆਪੋ-ਧਾਪੀ ਵਾਲੀ ਦੁਨੀਆ ਨੂੰ ਚਮਤਕਾਰ ਕਰਕੇ ਵਿਖਾ ਦਿੱਤਾ ।

ਪਰ ਇਹ ਤਿਆਗ ਉਹਨੂੰ ਬਹੁਤ ਰਾਸ ਨਾ ਆਇਆ । ਮਹਾਰਾਜ ਬਦਲ ਗਿਆ ਸੀ । ਰਾਜ ਬਦਲ ਗਿਆ ਸੀ । ਹਾਲਾਤ ਇਕ ਦਮ ਬਦਲ ਜਾਂਦੇ ਹਨ । ਆਦਤਾਂ ਹੌਲੀ ਹੌਲੀ ਬਦਲਦੀਆਂ ਹਨ । ਹੌਲੀ ਹੌਲੀ ਬਾਬਾ ਵੀ ਮਾਹੌਲ ਤੋਂ ਤੰਗ ਹੁੰਦਾ ਗਿਆ । ਉਹਦਾ ਮੋਹ ਭੰਗ ਹੁੰਦਾ ਗਿਆ । ਸ਼ੀਸ਼ ਮਹਿਲ ਉਹਦਾ ਟਿਕਾਣਾ ਨਾ ਰਿਹਾ । ਉਹਨੇ ਆਪਦੇ ਅੰਦਰਲੇ ਰੁੱਸੇ ਹੋਏ ਲਾਡਲੇ ਦਰਵੇਸ਼ ਨੂੰ ਕਿਸੇ ਤਰ੍ਹਾਂ ਮਨਾ ਲਿਆ । ਹੇਠਾਂ ਉਤਰ ਕੇ ਬਾਗ ਦੀਆਂ ਸਮਾਧਾਂ ਮੂਹਰੇ ਧੂਣਾ ਰਮਾ ਲਿਆ ।

ਧੂਣੀ ਧੁਖਦੀ ਰਹਿੰਦੀ । ਚਿਲਮ ਤਾਜ਼ਾ ਹੁੰਦੀ ਰਹਿੰਦੀ । ਬੱਚੇ 'ਜੈ ਸੀਤਾ ਰਾਮ' ਕਹਿ ਕੇ ਲੰਘ ਜਾਂਦੇ । ਦੋ ਚਾਰ ਕੁੱਤੇ ਸਿਰ ਸੁੱਟ ਕੇ ਪਏ ਰਹਿੰਦੇ । ਕੋਈ ਕੋਈ ਬਾਬੇ ਦਾ ਦਰਦੀ ਉਹਦੇ ਲਾਗੇ ਬੈਠਾ ਧੂਣੀ ਫੋਲੀ ਜਾਂਦਾ । ਨਾਲੇ ਦੁੱਖਸੁੱਖ ਫੋਲੀ ਜਾਂਦਾ । ਹੁਣ ਕਦੇ ਕਦਾਈਂ, ਅੱਧੀ ਰਾਤ ਨੂੰ ਬਾਬੇ ਦੇ ਬੋਲ ਹਉਕੇ ਵਾਂਗ ਸੁਣਾਈ ਦੇਂਦੇ:

ਰਾਮ ਨਾਮ ਜਪ । ਏਹੋ ਤੇਰਾ ਤਪ¨ ...

•••

ਸਾਧਾਂ ਦੀ ਸੰਗਤ ਦਾ ਪਿੰਡ ਦੇ ਲੋਕਾਂ ਉੱਤੇ ਲਗਾਤਾਰ ਅਸਰ ਹੁੰਦਾ ਰਿਹਾ । ਵਿਹਲ ਚੰਗੀ ਲਗਦੀ ਰਹੀ । ਕੰਮ 'ਚੋਂ ਰੁਚੀ ਘਟਦੀ ਰਹੀ । ਮਲੂਕ ਦਾਸ ਨਾਲ ਭਲਾ ਕੌਣ ਸਹਿਮਤ ਨਹੀਂ ਹੋਣਾ ਚਾਹੇਗਾ :

ਅਜਗਰ ਕਰੇ ਨਾ ਚਾਕਰੀ, ਪੰਛੀ ਕਰੇ ਨਾ ਕਾਮ ।
ਦਾਸ ਮਲੂਕਾ ਯੋਂ ਕਹੇਂ, ਸਭ ਕੇ ਦਾਤਾ ਰਾਮ¨

ਪਿੰਡ ਵਾਲੇ ਦੂਹਰਾ ਜੀਵਨ ਜੀ ਰਹੇ ਸਨ । ਰਹਿੰਦੇ ਟੱਬਰਾਂ ਵਿਚ ਸਨ ਪ੍ਰੰਤੂ ਮੌਜਾਂ ਸਾਧਾਂ ਵਰਗੀਆਂ ਚਾਹੁੰਦੇ ਸਨ । ਏਹੋ ਹਾਲ ਕਈ ਸਾਧਾਂ ਦਾ ਵੀ ਸੀ । ਉਹ ਸਤਿਕਾਰ ਸਾਧਾਂ ਵਰਗਾ ਚਾਹੁੰਦੇ ਸਨ ਪਰ ਮੌਜਾਂ ਟੱਬਰਾਂ ਵਰਗੀਆਂ । ਕਈਆਂ ਸਾਧਾਂ ਅਤੇ ਟੱਬਰਾਂ ਵਿਚ ਸਮਝੌਤੇ ਵੀ ਹੋ ਜਾਂਦੇ । ਦੁਬਿਧਾ ਮੁਕ ਜਾਂਦੀ । ਮਾਇਆ ਵੀ ਮਿਲ ਜਾਂਦੀ । ਰਾਮ ਵੀ ਬਚਿਆ ਰਹਿੰਦਾ । ਬਾਵਾ ਲਾਲ ਤਾਂ ਸਦੀਆਂ ਪਹਿਲਾਂ ਕਹਿ ਗਏ ਸਨ:

ਨਾ ਸੁਖ ਵਿਚ ਗ੍ਰਹਿਸਥ ਦੇ, ਨਾ ਹੀ ਛੱਡ ਗਿਆਂ ।
ਸੁਖ ਹੈ ਵਿਚ ਯਕੀਨ ਦੇ, ਸਾਧੂ ਸ਼ਰਨ ਪਿਆਂ¨

ਅਸਲੀ ਸੁਖ ਆਨੰਦ ਦੀ ਭਾਲ ਵਿਚ ਕਿਸੇ ਸਾਧੂ ਦੀ ਸ਼ਰਨ ਵਿਚ ਜਾਣਾ ਤਾਂ ਜਗਿਆਸੂ ਦਾ ਕਰਮ ਹੁੰਦਾ ਹੈ ਪਰੰਤੂ ਜਦੋਂ ਪੱਕੇ ਤੌਰ 'ਤੇ ਸਾਧਾਂ ਦੀ ਸੰਗਤ ਵਿਚ ਰਹਿਣ ਦੀ ਮਜਬੂਰੀ ਹੋਵੇ ਤਾਂ ਸਾਈਡ ਈਫੈਕਟ ਹੋਣੇ ਲਾਜ਼ਮੀ ਹਨ । ਇਨ੍ਹਾਂ ਤੋਂ ਬਚਿਆ ਨਹੀਂ ਜਾ ਸਕਦਾ । ਇਨ੍ਹਾਂ ਬਾਰੇ ਲਿਖਿਆ ਹੀ ਜਾ ਸਕਦਾ ਹੈ ।

ਪਿਤਾ ਜੀ ਮਿਸਾਲ ਦੇ ਕੇ ਸਮਝਾਇਆ ਕਰਦੇ ਸਨ ਕਿ ਗਊ ਦੇ ਦੁੱਧ ਨਾਲ ਭਰੇ ਹਵਾਨੇ ਦੇ ਸਭ ਤੋਂ ਨੇੜੇ ਚਿੱਚੜ ਹੁੰਦੇ ਹਨ । ਹੁੰਦੇ ਵੀ ਹਨ ਤੇ ਦਿੱਸਦੇ ਵੀ ਹਨ । ਪਰ ਉਨ੍ਹਾਂ ਦੀ ਦੁੱਧ ਤੱਕ ਪਹੁੰਚ ਨਹੀਂ ਹੁੰਦੀ । ਉਹ ਸਿਰਫ਼ ਲਹੂ ਪੀਂਦੇ ਹਨ । ਜਦੋਂ ਤੱਕ ਜੀਂਦੇ ਹਨ ਪੀਂਦੇ ਰਹਿੰਦੇ ਹਨ । ਖ਼ੁਦ ਨੂੰ ਹਵਾਨੇ ਦੇ ਸਭ ਤੋਂ ਨੇੜੇ ਕਹਿੰਦੇ ਹਨ ।

ਇਹ ਵੀ ਕੈਸਾ ਵਿਰੋਧਾਭਾਸ ਹੈ । ਸੰਤਾਨ ਦਾ ਵਰਦਾਨ ਲੈਣ ਦਿੱਲੀ ਦੱਖਣ ਤੋਂ ਲੋਕ ਏਥੇ ਆਉਂਦੇ ਹਨ, ਪਰੰਤੂ ਪਿੰਡ ਦੇ ਕਈ ਨਿਰਸੰਤਾਨ ਜੋੜੇ ਆਪਣੀ ਮੁਰਾਦ ਦੀ ਪੂਰਤੀ ਲਈ ਯਤੀਮ ਖਾਨਿਆਂ ਵੱਲ ਮੂੰਹ ਕਰਦੇ ਹਨ । ਜਿੱਥੇ ਜਿੱਥੇ ਆਸਥਾ, ਓਥੋਂਓਥੋਂ ਝੋਲੀ ਭਰਦੇ ਹਨ ।

ਜਿਨ੍ਹਾਂ ਸਾਧਾਂ ਦੀ ਪੂਜਾ ਹੁੰਦੀ ਸੀ, ਆਰਤੀ ਉਤਾਰੀ ਜਾਂਦੀ ਸੀ, ਉਨ੍ਹਾਂ ਦੇ ਅੰਦਰ ਉਤਰ ਕੇ ਵੇਖਣਾ ਤਾਂ ਬਹੁਤ ਔਖਾ ਕੰਮ ਹੈ । ਬੱਚੇ ਤਾਂ ਉਨ੍ਹਾਂ ਦੀ ਬਾਹਰਲੀ ਸ਼ਕਲ ਸੂਰਤ ਨੂੰ ਵੇਖ ਕੇ ਬਾਲ-ਸੁਲਭ-ਸਹਿਜਤਾ ਨਾਲ ਨੱਚ ਨੱਚ ਕੇ ਏਹੋ ਗਾਉਂਦੇ ਰਹਿੰਦੇ ਸਨ:

ਘੋਨਮਮੋਨਾ ਸਿਰ ਕਰਾਇਆ, ਵਿਚੋਂ ਨਿਕਲੀ ਟਿੰਡ ।
ਭਜੋ ਰਾਧੇ ਗੋਬਿੰਦ । ਭਜੋ ਰਾਧੇ ਗੋਬਿੰਦ ।

ਸਾਧ ਵੀ ਇਸ ਮਖ਼ੌਲ ਦਾ ਗੁੱਸਾ ਨਾ ਕਰਦੇ ਸਗੋਂ 'ਰਾਧੇ ਗੋਬਿੰਦ' ਕਹਿ ਕੇ ਹੱਸਦੇ ਰਹਿੰਦੇ । ਪੰਜਾਬ ਦੇ ਜਵਾਨ 'ਮੌਤ ਨੂੰ ਮਖੌਲਾਂ' ਤੇ ਕਰਦੇ ਹੀ ਆਏ ਹਨ, ਇਹ ਰੱਬ ਨੂੰ ਮਖੌਲਾਂ ਕਰਨੋਂ ਵੀ ਨਹੀਂ ਹਟਦੇ । ਬਗਾਨੇ ਰੱਬ ਤੋਂ ਡਰ ਕੇ ਰਹੀਦਾ ਹੈ ਪਰ ਆਪਣੇ ਰੱਬ ਨੂੰ ਤਾਂ ਜੋ ਮਰਜ਼ੀ ਕਹਿ ਲਈਦਾ ਹੈ :

ਕੁੱਤਿਓ! ਏਨਾ ਉੱਚੀ ਭੌਂਕੋ ਮੈਨੂੰ ਨੀਂਦ ਨਾ ਆਏ ।
ਰਾਤ ਜਦੋਂ ਕੋਈ ਕੁੱਤਾ ਰੋਵੇ, ਮੈਂ ਸਮਝਾਂ ਰੱਬ ਗਾਏ ।

ਕੁੱਤੇ ਦੇ ਰੋਣ ਨੂੰ ਰੱਬੀ ਗੀਤ ਸਮਝਣ ਵਾਲੇ ਦਰਵੇਸ਼ ਕਵੀ ਨੂੰ ਕੌਣ ਸਮਝਾਏ ਕਿ ਪਿੰਡ ਦੇ ਕੁੱਤਿਆਂ ਦੀ ਵਧਦੀ ਆਬਾਦੀ ਤੋਂ ਮਹੰਤ ਦਵਾਰਕਾ ਦਾਸ ਵੀ ਦੁਖੀ ਹੋ ਗਿਆ ਸੀ । ਗੋਲੀਆਂ ਪਾ ਕੇ ਮਰਵਾਉਣਾ ਉਹਨੂੰ ਜੀਵਹੱਤਿਆ ਲੱਗਦਾ ਸੀ । ਇਸ ਲਈ ਬੱਸ ਦੇ ਡਰਾਈਵਰ ਗੁਰਦਿੱਤ ਸਿੰਘ ਨੂੰ ਕਿਹਾ ਗਿਆ ਕਿ ਬੋਰੀਆਂ ਵਿਚ ਬੰਦ ਕਰਕੇ ਦੋਦੋ, ਚਾਰਚਾਰ ਕੁੱਤੇ, ਬੱਸ ਦੇ ਹਰ ਗੇੜੇ ਨਾਲ ਸਮਾਨ ਵਾਂਗ ਛੱਤ 'ਤੇ ਲੱਦ ਕੇ, ਬਟਾਲੇ ਜਾ ਕੇ ਛੱਡ ਦਿੱਤੇ ਜਾਣ । ਮੁਹਿੰਮ ਵਾਂਗ ਕੋਸ਼ਿਸ਼ ਕੀਤੀ ਗਈ । ਪਰ ਡਰਾਈਵਰ ਦੀ ਹੈਰਾਨੀ ਦੀ ਹੱਦ ਨਾ ਰਹਿੰਦੀ ਜਦੋਂ ਓਹੀ ਕੁੱਤੇ ਬਸ ਦੇ ਪਿੰਡ ਪੁੱਜਣ ਤੋਂ ਪਹਿਲਾਂ ਹੀ ਥਾਉਂ ਥਾਈਂ ਬਿਰਾਜਮਾਨ ਹੁੰਦੇ । ਪਿੰਡ ਦੇ ਮੁੰਡੇ, ਮੁਹਾਵਰੇ ਵਾਲੇ, ਕੁੱਤੇ ਤਾਂ ਖੱਸੀ ਕਰਦੇ ਰਹਿੰਦੇ ਸਨ ਪਰ ਇਸ ਨਾਲ ਉਨ੍ਹਾਂ ਦੀ ਆਬਾਦੀ ਨੂੰ ਕੋਈ ਫ਼ਰਕ ਨਹੀਂ ਸੀ ਪੈਂਦਾ । ਇਸ ਸਮੱਸਿਆ ਦਾ ਨਵਾਂ ਸਮਾਧਾਨ ਲੱਭਿਆ ਗਿਆ । ਮਹੰਤ ਨੇ ਮੰਦਿਰ ਵਾਲੇ ਵੱਡੇ ਦਰਵਾਜ਼ੇ ਲਾਗੋਂ ਉੱਪਰ ਚੜ੍ਹਦੀਆਂ ਪੌੜੀਆਂ ਉੱਤੇ 'ਰਿਖੀ' ਨੂੰ ਡੰਡਾ ਦੇ ਕੇ ਬਿਠਾ ਦਿੱਤਾ । ਉਹਦੀ ਡਿਊਟੀ ਸੀ ਕਿ ਦਰਵਾਜ਼ੇ ਤੋਂ ਅੰਦਰ ਕੁੱਤਾ ਵੜਨ ਨਹੀਂ ਦੇਣਾ । ਜੇ ਵੜ ਆਏ ਤਾਂ ਪੌੜੀਆਂ ਚੜ੍ਹਨ ਨਹੀਂ ਦੇਣਾ । ਪਰ ਉਹਨੇ ਕਦੇ ਕਿਸੇ ਕੁੱਤੇ ਨੂੰ ਡੰਡਾ ਨਹੀਂ ਸੀ ਮਾਰਿਆ । ਦੂਰੋਂ ਸ਼ਿਸ਼ਕਾਰਦਾ ਸੀ । ਡਰਾਉਂਦਾ ਸੀ । ਮਰਿਆਦਾ ਵਿਚ ਰਹਿ ਕੇ ਧਰਮ ਨਿਭਾਉਂਦਾ ਸੀ । ਪਤਾ ਨਹੀਂ ਇਹ ਕਲਾ ਉਹਨੇ ਕਿੱਥੋਂ ਸਿੱਖੀ ਸੀ । ਇਹ ਵੀ ਨਹੀਂ ਪਤਾ, ਰਿਖੀ ਉਹਦਾ ਨਾਮ ਸੀ ਕਿ ਉਹ ਸੱਚਮੁਚ ਰਿਖੀ ਸੀ ।

••••••

2. ਰਿਖੀ ਦਾ ਵਿਆਹ

ਗੁਰਦਾਸਪੁਰ ਜ਼ਿਲ੍ਹੇ ਵਿਚ ਧਿਆਨਪੁਰ ਵਾਂਗ ਹੀ ਵੈਸ਼ਨਵਾਂ ਦੀ ਇਕ ਗੱਦੀ ਪਿੰਡੋਰੀ ਵਿਚ ਵੀ ਹੈ । ਬਾਬਾ ਭਗਵਾਨ ਦਾਸ ਵਾਂਗ ਉੱਥੇ ਵੀ ਬਾਬਾ ਮਹੇਸ਼ ਦਾਸ ਨੇ ਗੱਦੀ ਦਾ ਤਿਆਗ ਕੀਤਾ ਸੀ । ਉਸ ਨੇ ਆਪਣੇ ਛੋਟੇ ਗੁਰਭਾਈ ਨਾਰਾਇਣ ਦਾਸ ਨੂੰ ਜ਼ਬਰਦਸਤੀ ਚੁੱਕ ਕੇ ਗੱਦੀ ਉੱਤੇ ਬਿਠਾ ਦਿੱਤਾ ਸੀ । ਨਾਰਾਇਣ ਦਾਸ ਕਵੀ ਸੀ । ਉਸ ਨੇ ਆਪਣਾ ਦੁੱਖ ਇੰਜ ਪ੍ਰਗਟ ਕੀਤਾ ਸੀ :

ਤੀਰਥ ਕੀਉ ਨਾ ਤਪ ਕੀਉ,
ਕੀਉ ਨਾ ਹਰਿ ਕੋ ਜਾਪ ।
'ਨਾਰਾਇਣ' ਮਹੰਤੀ ਗਲ ਪੜੀ,
ਪੂਰਵ ਜਨਮ ਕੇ ਪਾਪ¨

ਅਤੇ ਭਗਵਾਨ ਦਾਸ ਵਾਂਗ ਮਹੇਸ਼ ਦਾਸ ਵੀ ਕੂਕਰ ਪ੍ਰੇਮੀ ਸੀ । ਇਕ 'ਕੁਤੀਆ' ਹਮੇਸ਼ਾ ਉਹਦੇ ਨਾਲ ਨਾਲ ਰਹਿੰਦੀ ਸੀ । ਕਹਿੰਦੇ ਨੇ ਇਕ ਵਾਰੀ ਉਹ ਦਰਵੇਸ਼ ਜੰਗਲ ਵਿਚ ਬੈਠਾ ਤਪ ਕਰ ਰਿਹਾ ਸੀ ਤਾਂ ਬਾਦਸ਼ਾਹ ਜਹਾਂਗੀਰ ਦਾ ਕਾਫਲਾ ਓਧਰੋਂ ਦੀ ਗੁਜ਼ਰਿਆ । ਜਿਵੇਂ ਕਿ ਹੋਇਆ ਕਰਦਾ ਹੈ ਇਸ ਸਾਖੀ ਵਿਚ ਵੀ ਬਾਦਸ਼ਾਹ ਪਹਿਲਾਂ ਦਰਵੇਸ਼ 'ਤੇ ਨਾਰਾਜ਼ ਹੋਇਆ ਤੇ ਪਿੱਛੋਂ ਕਰਾਮਾਤ ਵੇਖ ਕੇ ਮੁਰੀਦ ਬਣ ਗਿਆ । ਇਹ ਕਰਾਮਾਤ 'ਕੁਤੀਆ' ਤੋਂ ਕਰਵਾਈ ਗਈ ਸੀ । ਹੋਇਆ ਇਹ ਕਿ ਬਾਦਸ਼ਾਹ ਨੇ ਫਕੀਰਾਂ ਨੂੰ ਕੁਛ ਦੇਣ ਦੀ ਇੱਛਾ ਪ੍ਰਗਟ ਕੀਤੀ ਤਾਂ ਅੱਗੋਂ ਬਚਨ ਹੋਇਆ, ''ਤੂੰ ਫਕੀਰਾਂ ਨੂੰ ਕੀ ਦੇ ਸਕਦਾ ਹੈਂ? ਤੂੰ ਤਾਂ ਸਾਡੀ 'ਕੁਤੀਆ' ਨੂੰ ਵੀ ਸੰਤੁਸ਼ਟ ਨਹੀਂ ਕਰ ਸਕਦਾ । ਇਸ ਨੂੰ ਅਫ਼ੀਮ ਖਾਣ ਦੀ ਆਦਤ ਹੈ । ਇਹਦਾ ਅਮਲ ਪੂਰਾ ਕਰ ਦੇਹ ।'' ਜਹਾਂਗੀਰ ਦੇ ਕਾਫ਼ਲੇ ਕੋਲ ਜਿੰਨੀ ਕੁ ਅਫ਼ੀਮ ਸੀ, ਉਸ ਨਾਲ ਪੂਛ ਹਿਲਣੋਂ ਨਾ ਹਟੀ । ਘੋੜ ਸਵਾਰ ਭੇਜ ਕੇ ਪਹਿਲਾਂ ਕਲਾਨੌਰ ਤੋਂ ਅਤੇ ਫੇਰ ਲਾਹੌਰ ਤੋਂ ਅਫ਼ੀਮ ਦੀ ਰਸਦ ਮੰਗਵਾਈ ਗਈ । ਕੁੱਲ ਸਵਾ ਮਣ ਪੱਕੀ ਅਫ਼ੀਮ ਖਾ ਕੇ ਵੀ 'ਕੁਤੀਆ' ਪੂਛ ਹਿਲਾਈ ਗਈ । ਜਹਾਂਗੀਰ ਦੇ ਹੰਕਾਰ ਦਾ ਕਿਲ੍ਹਾ ਢਹਿ ਗਿਆ । ਉਹ ਬਾਬੇ ਦੇ ਚਰਨੀਂ ਢਹਿ ਪਿਆ । ਬਚਨ ਹੋਇਆ :

ਫੀਮ ਸਵਾ ਮਣ ਖਾਇ ਕੇ,
ਫੇਰ ਤਜੇ ਨਹਿੰ ਪ੍ਰਾਣ ।
ਤਿਨ ਕੀ ਸੋਭਾ ਕਿਆ ਕਹੂੰ,
ਸਿੱਧ ਹੈਂ ਜਿਨ ਕੇ ਸ਼ਵਾਨ¨

ਜਾਨਣ ਵਾਲੇ ਜਾਣਦੇ ਨੇ ਕਿ ਅੱਜ ਵੀ ਪਿੰਡੋਰੀ ਧਾਮ ਵਿਖੇ ਬਾਬਾ ਮਹੇਸ਼ ਦਾਸ ਜੀ ਦੀ ਸਮਾਧ ਦੀ ਲਾਗਲੀ ਸਮਾਧ ਉੱਤੇ ਲਿਖਿਆ ਹੋਇਆ ਹੈ : 'ਕੁਤੀਆ ਜੀ ਕੀ ਸਮਾਧ'

•••

ਇਹ ਪ੍ਰਸੰਗ ਪਾਠਕਾਂ ਦੀ ਕਿਸਮਤ 'ਚ ਲਿਖਿਆ ਸੀ । ਐਵੇਂ ਯਾਦ ਆ ਗਿਆ । ਪਰ 'ਰਿਖੀ' ਪਤਾ ਨਹੀਂ ਕਿੱਥੋਂ ਆ ਗਿਆ । ਕਿਉਂ ਆ ਗਿਆ । ਬੰਦਿਆਂ ਵਰਗਾ ਬੰਦਾ ਸੀ । ਲੋਕਾਂ ਨੂੰ 'ਸ਼ੁਦਾਈ' ਲੱਗਦਾ ਸੀ । ਜਿਥੋਂ ਤੱਕ ਯਾਦ ਆਉਂਦਾ ਹੈ ਕਦੇ ਕਿਸੇ ਨੇ ਉਹਦੇ ਨਾਲ ਦੁੱਖਸੁੱਖ ਨਹੀਂ ਸੀ ਕੀਤਾ । ਸਿਆਣੇ ਉਹਦੇ ਕੋਲੋਂ ਦੂਰ ਰਹਿੰਦੇ ਸਨ, ਕਤਰਾਉਂਦੇ ਸਨ । ਨਿਆਣੇ ਉਹਨੂੰ ਛੇੜਦੇ ਰਹਿੰਦੇ ਸਨ, ਸਤਾਉਂਦੇ ਰਹਿੰਦੇ ਸਨ । ਮਾਵਾਂ ਸਮਝਾਉਂਦੀਆਂ ''ਵੇ ਉਹ ਵਿਚਾਰਾ ਤੁਹਾਡਾ ਲੈਂਦਾ ਕੀ ਐ । ਸਗੋਂ ਤਰਸ ਕਰੋ, ਵਿਚਾਰਾ ਰੱਬ ਦਾ ਜੀਅ ਐ । ... ਵੇ ਕੁਝ ਸ਼ਰਮ ਕਰੋ । ਉਹਦੀਆਂ ਬਦਸੀਸਾਂ ਤੋਂ ਡਰੋ ।'' ਪਰ ਉਹ ਬਦਸੀਸਾਂ ਤਾਂ ਦੇਂਦਾ ਹੀ ਨਹੀਂ ਸੀ । ਆਪਣੇ ਆਪ ਨਾਲ ਬੁੜ ਬੁੜ ਕਰਕੇ ਹੱਸਦਾ ਰਹਿੰਦਾ ਸੀ ।

ਕੁੱਤਿਆਂ ਪਿੱਛੇ ਨੱਸਦਾ ਰਹਿੰਦਾ ਸੀ । ਰਿਖੀ ਨੂੰ 'ਨਾਂਹ' ਕਹਿਣੀ ਨਹੀਂ ਸੀ ਆਉਂਦੀ ।

ਕੋਈ ਕਹਿੰਦਾ : 'ਰੋਟੀ ਖਾਣੀ ਐਂ?' ਤਾਂ ਕਹਿੰਦਾ : 'ਖਾਣੀ ਐਂ ।'

ਕੋਈ ਪੁੱਛਦਾ : 'ਕੁੱਟ ਖਾਣੀ ਐਂ?' ਕਹਿੰਦਾ : 'ਖਾਣੀ ਐਂ ।' ...

ਇਕ ਦਿਨ ਕਿਸੇ ਨੇ ਪੁੱਛ ਲਿਆ : 'ਵਿਆਹ ਕਰਾਉਣਾ ਈ?'

ਕਹਿੰਦਾ : 'ਕਰਾਉਣਾ ਏ ।' ਪੁੱਛਣ ਵਾਲਾ ਕੋਈ ਅਮੀਰ 'ਸੇਵਕ' ਸੀ ।

ਓਦਣ ਵਿਸਾਖੀ ਸੀ । ਮੇਲਾ ਭਰਿਆ ਹੋਇਆ ਸੀ । 'ਸੇਵਕ' ਦੂਰੋਂ ਦੂਰੋਂ ਆਏ ਹੋਏ ਸਨ । ਇਹ ਅਮੀਰ ਸੇਵਕ ਦਿੱਲੀਓਂ ਆਇਆ ਸੀ । ਹਰ ਸਾਲ ਆਉਂਦਾ ਸੀ । ਸਾਰਾ ਟੱਬਰ ਆਉਂਦਾ ਸੀ । ਉਹਦੇ ਮਨ 'ਚ ਪਤਾ ਨਹੀਂ ਕੀ ਆਇਆ । ਕਹਿਣ ਲੱਗਾ, 'ਫਿਕਰ ਨਾ ਕਰ ਰਿਖੀ । ਕੱਲ੍ਹ ਨੂੰ ਤੇਰਾ ਵਿਆਹ ਕਰਾਂਗੇ । ਤੂੰ ਲਾੜਾ ਬਣੇਂਗਾ । ਤੈਨੂੰ ਘੋੜੀ ਚੜ੍ਹਾਵਾਂਗੇ । ਨਵੇਂ ਕੱਪੜੇ ਮਿਲਣਗੇ ।''

'ਤੇ ਵਹੁਟੀ?' ਰਿਖੀ ਨੇ ਖੁਸ਼ ਹੋ ਕੇ ਪੁੱਛਿਆ ।

'ਵਹੁਟੀ ਵੀ ਮਿਲੇਗੀ । ਬੱਸ ਤੂੰ ਕੱਲ੍ਹ ਨੂੰ ਨਹਾ ਧੋ ਕੇ ਸੋਹਣਾ ਬਣ ਜਾਈਂ । ਹਜਾਮਤ ਕਰਾ ਲਈਂ ।''

ਤੇ ਰਿਖੀ ਦੇ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ । ਚਿਮਨ ਨਾਈ ਨੇ ਉਹਦੀ ਹਜਾਮਤ ਕਰ ਦਿੱਤੀ । ਬਚਨ ਲਾਲ ਨੇ ਕੁੜਤਾ ਪਜਾਮਾ ਸੀਅ ਦਿੱਤਾ । ਥੌਹੜੂ ਮੋਚੀ ਨੇ ਕਰੋਮ ਦੀ ਨਵੀਂ ਜੁੱਤੀ ਬਣਾ ਦਿੱਤੀ । ਕਮੇਟੀਆਂ ਬਣਾ ਦਿੱਤੀਆਂ ਗਈਆਂ । ਡਿਊਟੀਆਂ ਲਾ ਦਿੱਤੀਆਂ ਗਈਆਂ । ਦਿੱਲੀ ਵਾਲੇ 'ਸੇਵਕਾਂ' ਵੱਲੋਂ ਸਾਰਾ ਖਰਚਾ ਹੋ ਰਿਹਾ ਸੀ । ਪੂਰੇ ਧਿਆਨਪੁਰ ਵਿਚ ਰਿਖੀ ਦੇ ਹੋਣ ਵਾਲੇ ਵਿਆਹ ਦਾ ਚਰਚਾ ਹੋ ਰਿਹਾ ਸੀ ।

•••

ਦਰਵੇਸ਼ਾਂ ਦੀ ਲੀਲਾ ਵਾਂਗ ਅਮੀਰਾਂ ਦੇ ਚੋਂਚਲੇ ਹੁੰਦੇ ਹਨ । ਉਹ ਪੈਸੇ ਨਾਲ ਖੇਡਦੇ ਹਨ । ਪੈਸੇ ਦੇ ਨਸ਼ੇ ਵਿਚ ਧੁੱਤ ਹੋ ਕੇ ਕਈ ਤਰ੍ਹਾਂ ਦੇ ਚੋਜ ਰਚਾਉਂਦੇ ਹਨ । ਇਸ ਨਸ਼ੇ ਨੂੰ ਦੂਜਿਆਂ 'ਤੇ ਖਿੜਾਉਂਦੇ ਹਨ । ਸੁਣਿਆ ਹੈ ਕਿ ਦਿੱਲੀ ਵਾਲੇ ਇਨ੍ਹਾਂ ਅਮੀਰ ਸੇਵਕਾਂ ਦੀ ਮਾਂ ਵੀ ਦਰਬਾਰ ਦੀ ਸੇਵਕ ਸੀ । ਇਕ ਦਿਨ ਮਹੰਤ ਦਵਾਰਕਾ ਦਾਸ ਜਦੋਂ ਸਾਰੀਆਂ ਸਮਾਧਾਂ ਦੀ ਪਰਿਕਰਮਾ ਕਰਕੇ ਬਾਬਾ ਲਾਲ ਦੀ ਸਮਾਧੀ ਮੂਹਰੇ ਅਰਦਾਸ ਲਈ ਹੱਥ ਜੋੜ ਕੇ ਖੜ੍ਹਾ ਹੋਇਆ ਤਾਂ ਮਾਈ ਮੀਰਾ ਐਨ ਉਹਦੇ ਪਿੱਛੇ ਖੜ੍ਹੀ ਸੀ । ਮਹੰਤ ਨੇ ਅਰਦਾਸ ਵਿਚ ਬਾਵਾ ਲਾਲ ਤੋਂ ਇਕ ਲੱਖ ਰੁਪਏ ਦੀ ਮੰਗ ਕੀਤੀ ਤਾਂ ਮਾਈ ਮੀਰਾ ਨੇ ਉਹਦੇ ਕੰਨ ਲਾਗੇ ਮੂੰਹ ਕਰਕੇ ਆਖਿਆ, ''ਮਹਾਰਾਜ ਜੀ, ਬਾਵਾ ਲਾਲ ਤੋਂ ਕੋਈ ਵੱਡੀ ਚੀਜ਼ ਮੰਗੋ । ਲੱਖ ਰੁਪਈਆ ਤਾਂ ਤੁਹਾਨੂੰ ਮੈਂ ਦੇ ਸਕਦੀ ਹਾਂ ।''... ਕਹਿੰਦੇ ਨੇ ਉਹਨੇ ਦੇ ਵੀ ਦਿੱਤਾ ।

ਓਸੇ ਮਾਈ ਮੀਰਾ ਦੇ ਪੁੱਤਰਾਂ ਨੇ ਅੱਜ ਪਿੰਡ ਵਾਲਿਆਂ ਨੂੰ ਇਹ ਦਿਨ ਵਿਖਾਇਆ ਸੀ । ਰਿਖੀ ਦਾ ਵਿਆਹ ਰਚਾਇਆ ਸੀ । ਵਿਸਾਖੀ ਮਨਾਉਣ ਆਇਆ ਸੇਵਕਾਂ ਦਾ ਹਜੂਮ ਅੱਜ ਬਰਾਤ ਵਿਚ ਬਦਲ ਗਿਆ ਸੀ । ਪੂਰਾ ਪਿੰਡ ਇਸ ਮੇਲੇ ਵਿਚ ਸ਼ਾਮਲ ਸੀ ।

ਰਿਖੀ 'ਤੇ ਰੂਪ ਚੜ੍ਹਿਆ ਹੋਇਆ ਸੀ । ਰਿਖੀ ਘੋੜੀ 'ਤੇ ਚੜ੍ਹਿਆ ਹੋਇਆ ਸੀ । ਮੂਹਰੇ ਬੈਂਡ ਵੱਜ ਰਿਹਾ ਸੀ । ਪਿੱਛੋਂ ਸੋਟ ਹੋ ਰਹੀ ਸੀ । ਭੰਗੜਾ ਪੈ ਰਿਹਾ ਸੀ । ਖੁਸ਼ੀਆਂ ਤੇ ਖੇੜੇ ਜਾਮਿਉਂ ਬਾਹਰ ਹੋ ਰਹੇ ਸੀ । ਮੱਥਿਆਂ ਤੋਂ ਪਸੀਨੇ ਚੋ ਰਹੇ ਸੀ । ਸਭ ਦੇ ਹੋਠਾਂ 'ਤੇ ਹਾਸੇ ਸੀ । ਸਿਹਰੇ ਵਾਲੇ ਦਾ ਮੂੰਹ ਘੋੜੀ ਤੋਂ ਪੁੱਠੇ ਪਾਸੇ ਸੀ ।

'ਰਿਖੀ ਨਿਵਾਸ' ਅਰਥਾਤ ਮੰਦਿਰ ਦੀਆਂ ਪੌੜੀਆਂ ਲਾਗੋਂ ਬਰਾਤ ਚੜ੍ਹੀ ਤੇ ਪੂਰੀ ਸ਼ਾਨ ਨਾਲ ਬਜ਼ਾਰ ਪਾਰ ਕਰਕੇ ਫਿਰਨੀਉ ਫਿਰਨੀ ਹੁੰਦੀ ਹੋਈ ਬਾਗ ਵਿਚ ਜਾ ਪਹੁੰਚੀ । ਸਮਾਧਾਂ ਲਾਗੇ ਉਤਾਰਾ ਹੋਇਆ । ਮਿਲਣੀ ਹੋਈ । ਸਿਹਰਾ ਪੜ੍ਹਿਆ ਗਿਆ । ਸਿਰਵਾਰਨੇ ਹੋਏ । ਸਿਠਣੀਆਂ ਗਾਈਆਂ ਗਈਆਂ । ਫੇਰੇ ਹੋਏ । ਲਾਗ ਕੱਢੇ ਗਏ । ਸਿੱਖਿਆ ਪੜ੍ਹੀ ਗਈ । ਡੋਲੀ ਤਿਆਰ ਹੋਈ । ਬਾਕਾਇਦਾ ਸਭ ਰਸਮਾਂ ਨਿਭਾਈਆਂ ਗਈਆਂ । ਮਠਿਆਈਆਂ ਵਰਤਾਈਆਂ ਗਈਆਂ । ਡੰਝਾਂ ਲਾਹੀਆਂ ਗਈਆਂ । ਸੂਹੇ ਸਾਲੂ 'ਚ ਲਿਪਟੀ 'ਲਾੜੀ' ਨੇ ਡੋਲੀ ਚੜ੍ਹਨ ਤੋਂ ਪਹਿਲਾਂ ਜਦੋਂ ਚੀਕਾਂ ਮਾਰਨੀਆਂ ਸ਼ੁਰੂ ਕੀਤੀਆਂ ਤਾਂ ਰਿਖੀ ਡਰ ਗਿਆ । ਕਿਸੇ ਨੇ ਉਹਨੂੰ ਕਿਹਾ; 'ਵਹੁਟੀ ਨੂੰ ਚੁੱਪ ਕਰਾ ।' ਜਦੋਂ ਉਹਨੇ ਘੁੰਡ ਚੁੱਕਿਆ ਤਾਂ ਵਿਚੋਂ ਮੈਣ੍ਹੇ ਦਾ ਮੁੰਡਾ 'ਜਿੰਦ੍ਹਾ' ਨਿਕਲ ਆਇਆ ।

ਉਹਨੇ ਫੁਲਕਾਰੀ ਲਾਹ ਕੇ ਪਰ੍ਹਾਂ ਮਾਰੀ ਤੇ ਭੀੜ ਵਿਚ ਲੁਕ ਗਿਆ । ਸਿਖ਼ਰ 'ਤੇ ਪਹੁੰਚ ਕੇ ਮੇਲਾ ਮੁਕ ਗਿਆ । ਐਲਾਨ ਹੋਇਆ ਕਿ ਜਦੋਂ ਤਕ ਰਿਖੀ ਨਹੀਂ ਮਰੇਗਾ, ਇਹਦਾ ਹਰ ਸਾਲ, ਏਸੇ ਦਿਨ, ਏਸੇ ਧੂਮ-ਧਾਮ ਨਾਲ ਵਿਆਹ ਹੋਇਆ ਕਰੇਗਾ ।

ਲੋਕ ਘਰੋ ਘਰੀ ਆ ਗਏ । ਸੇਵਕ ਘਰੋਘਰੀ ਚਲੇ ਗਏ । ਰਿਖੀ ਮੁੜ ਇਕੱਲਾ ਰਹਿ ਗਿਆ । ਹੌਲੀਹੌਲੀ ਤੁਰਦਾ, ਆ ਕੇ ਮੰਦਿਰ ਦੀਆਂ ਪੌੜੀਆਂ ਲਾਗੇ ਬਹਿ ਗਿਆ । ਹੁਣ ਉਹਨੂੰ ਨਿਆਣੇ ਪੁੱਛਦੇ : 'ਵਹੁਟੀ ਕਿੱਥੇ ਗਈ?' ਉਹ ਕਹਿੰਦਾ ... 'ਅਗਲੇ ਸਾਲ ।' ... ਉਹਨੇ ਸਿਰ ਤੋਂ ਸਿਹਰਾ ਨਹੀਂ ਸੀ ਉਤਾਰਿਆ । ਗਲੋਂ ਹਾਰ ਨਹੀਂ ਸਨ ਲਾਹੇ । ਬੱਝ ਗਿਆ ਸੋ ਬੱਝ ਗਿਆ । ਪੈ ਗਏ ਸੋ ਪੈ ਗਏ । ਪਰ ਹੌਲੀ ਹੌਲੀ ਉਹਦਾ ਸਿਹਰਾ ਵੀ ਤੇ ਹਾਰ ਵੀ ਨਿਆਣੇ ਖਿੱਚ ਧਰੂਹ ਕੇ ਲੈ ਗਏ । ਨਵੇਂ ਕੱਪੜੇ ਪੁਰਾਣੇ ਹੁੰਦੇ ਗਏ ।

'ਵਿਆਹ' ਵੇਲੇ ਉਹਨੇ ਕੁੜਤਾਪਜਾਮਾ ਬਦਲਿਆ ਸੀ । ਜਿਵੇਂ ਕਿਸੇ ਤੱਤਗਿਆਨੀ ਨੇ ਜਾਮਾ ਬਦਲਿਆ ਸੀ ।

ਅੱਜ ਹੈਰਾਨੀ ਹੁੰਦੀ ਹੈ ਕਿ ਕੋਈ ਮਾਣਅਪਮਾਨ ਨੂੰ ਇੰਜ ਵੀ ਵਿਸਾਰ ਸਕਦਾ ਹੈ? ਆਪਣੇ ਅਹੰਕਾਰ ਨੂੰ ਇਸ ਹੱਦ ਤੱਕ ਵੀ ਮਾਰ ਸਕਦਾ ਹੈ?

ਤੇ ਫੇਰ ਇਕ ਦਿਨ ਰਿਖੀ ਮਰ ਗਿਆ । ਸਰੀਰ ਨੂੰ ਉਸ ਨੇ ਕੱਪੜਿਆਂ ਵਾਂਗ ਤਿਆਗ ਦਿੱਤਾ । ਚੁੱਪ ਕਰਕੇ ਚਲਾ ਗਿਆ । ਓਦਣ ਵੀ ਉਹਨੂੰ ਨਵ੍ਹਾਇਆਧੁਆਇਆ ਗਿਆ । ਨਵੇਂ ਕੱਪੜੇ ਪੁਆਏ ਗਏ । ਸਾਰੀਆਂ ਰਸਮਾਂ ਕੀਤੀਆਂ ਗਈਆਂ । ... ਮਰਨ ਤੋਂ ਪਹਿਲਾਂ ਜਿੰਨੀਆਂ ਵੀ ਵਿਸਾਖੀਆਂ ਆਈਆਂ ਉਹਦੀ ਜੰਞ ਉਸੇ ਸਜ ਧਜ ਨਾਲ ਚੜ੍ਹਦੀ ਰਹੀ । ਜੰਞ ਤਾਂ ਉਹਦੇ ਗੁਜ਼ਰ ਜਾਣ ਤੋਂ ਬਾਅਦ ਵੀ ਉਵੇਂ ਜਿਵੇਂ ਚੜ੍ਹਦੀ ਰਹੀ ਪ੍ਰੰਤੂ ਰਿਖੀ ਦੀ ਥਾਂ 'ਤੇ ਹੁਣ ਹਰਦਵਾਰੀ ਸੀ । ਅੱਗੋਂ ਪਤਾ ਨਹੀਂ ਕੀਹਦੀ ਵਾਰੀ ਸੀ ।

••••••

3. ਬਾਬਾ ਗਰੀਬੂ

ਬੰਦਾ ਮੰਗੇ ਆਟਾ ।
ਉਹਨੂੰ ਆਟੇ ਦਾ ਵੀ ਘਾਟਾ¨
ਤੀਵੀਂ ਮੰਗੇ ਪੇੜੇ ।
ਉਹਨੂੰ ਦੇਣ ਵਾਲੇ ਬਥੇਰੇ¨

ਬਾਬਾ ਗਰੀਬੂ ਆਟਾ ਕਦੇ ਨਹੀਂ ਸੀ ਮੰਗਦਾ । ਉਹ 'ਮੰਗਤਾ' ਨਹੀਂ 'ਬਾਬਾ' ਸੀ । ਉਹਦਾ ਪੂਰੇ ਪਿੰਡ 'ਤੇ ਦਾਬਾ ਸੀ । ਆਮ ਤੌਰ 'ਤੇ ਚੁੱਪ ਰਹਿੰਦਾ । ਬੋਲਦਾ ਤਾਂ ਸਿਰਫ਼ 'ਗਰੀਬੂ' ਹੀ ਕਹਿੰਦਾ । ਜਾਂ ਫਿਰ 'ਗਰੀਬੂ' ਲਫਜ਼ ਨੂੰ ਲਮਕਾ ਲੈਂਦਾ । ਇਕ ਧਾਰਨਾ ਜਿਹੀ ਬਣਾ ਲੈਂਦਾ :

ਗਰੀਬੂ ਈ ਐ
ਗਰੀਬੂ ਈ ਐ
ਕਰਮਾਂ ਵਾਲੀ ਦਾ
ਗਰੀਬੂ ਈ ਐ

ਗਲੀ ਬਜ਼ਾਰ 'ਚ ਤੁਰਿਆ ਜਾਂਦਾ, ਆਪਣੀ ਇਸ ਧਾਰਨਾ ਨੂੰ ਆਸੇ ਪਾਸੇ ਨਾਲ ਜੋੜ ਕੇ ਵਧਾਈ ਜਾਂਦਾ । ਹਵਾ ਵਿਚ ਹੱਥ ਹਿਲਾਈ ਜਾਂਦਾ :

ਹਰੇ ਦੁਪੱਟੇ ਵਾਲੀ ਦਾ
ਗਰੀਬੂ ਈ ਐ
ਲਾਲ ਦੁਪੱਟੇ ਵਾਲੀ ਦਾ
ਗਰੀਬੂ ਈ ਐ

ਕਈ ਵਾਰ ਉਹ ਚੀਕ ਮਾਰਨ ਵਾਂਗ ਕੁਰਲਾ ਉੱਠਦਾ :

ਓਮਾ ਪਿਆਰੀਏ! ਨੀ ਓਮਾ ਪਿਆਰੀਏ!!
ਤੇਰਾ ਗਰੀਬੂ ਈ ਐ...

ਸ਼ੁਰੂ ਸ਼ੁਰੂ ਵਿਚ ਉਹਨੂੰ ਪਿੰਡ 'ਚੋਂ ਕੁੱਟ ਵੀ ਪਈ ਸੀ । ਉਹਨੇ ਸਹਿ ਲਈ ਸੀ । ਕੁੱਟਣ ਵਾਲਿਆਂ ਨੂੰ ਉਹਨੇ ਇਕ ਵੀ ਮੰਦਾ ਬੋਲ ਨਹੀਂ ਕਿਹਾ ਸੀ । 'ਹਾਏ ਹਾਏ' ਦੀ ਥਾਂ 'ਗਰੀਬੂ ਗਰੀਬੂ' ਕਹਿੰਦਾ ਰਿਹਾ ਸੀ । ਹੌਲੀਹੌਲੀ ਉਹਨੇ ਆਪਣੀ ਹਸਤੀ ਨੂੰ ਮੰਨਵਾ ਲਿਆ ਸੀ । ਪਿੰਡ ਨੇ ਉਹਨੂੰ ਅਪਣਾ ਲਿਆ ਸੀ ।

'ਗਰੀਬੂ' ਲਫਜ਼ ਦਾ ਉਚਾਰਨ ਵੀ ਉਹ ਵੱਖਰੇ ਅੰਦਾਜ਼ ਵਿਚ ਕਰਦਾ । ਹਰ ਵਾਰ ਗਰੀਬੂ ਆਖਣ ਤੋਂ ਪਹਿਲਾਂ '...ਤ, ਗਰੀਬੂ...ਤ' ਦੀ ਅਵਾਜ਼ ਕੱਢਦਾ, ਜਿਵੇਂ ਚਟਕਾਰਾ ਲਈਦਾ ਹੈ । '...ਤ, ਗਰੀਬੂ । ... ਤ, ਗਰੀਬੂ' ਉਹ ਮੰਤਰ ਵਾਂਗ ਜਪਦਾ । ਅਸੀਂ ਵੀ ਖਾਸ ਖਾਸ ਮੌਕਿਆਂ 'ਤੇ ਕਿਸੇ ਖਾਸ ਲਫਜ਼ ਦੇ ਮੂਹਰੇ ਚਟਕਾਰੇ ਵਾਲਾ 'ਤੱਤਾ' ਲਾ ਲੈਂਦੇ ਸਾਂ । ਗਰੀਬੂ ਵਾਲਾ ਅੰਦਾਜ਼ ਅਪਣਾ ਲੈਂਦੇ ਸਾਂ ।

ਹਾਂ, ਤੇ ਬਾਬਾ ਗਰੀਬੂ ਕਦੇ ਆਟਾ ਨਹੀਂ ਸੀ ਮੰਗਦਾ । ਉਹਨੇ ਲੱਕ ਦੁਆਲੇ ਲਾਲ ਪਰਨਾ ਲਪੇਟਿਆ ਹੁੰਦਾ । ਮੋਢੇ 'ਤੇ ਕਹੀ ਹੁੰਦੀ । ਜਿੱਥੇ ਕਿਤੇ ਗਲੀ ਬਜ਼ਾਰ ਵਿਚ ਕੋਈ ਇੱਟਰੋੜਾ ਵੇਖਦਾ, ਚੁੱਕ ਕੇ ਲਾਂਭੇ ਰੱਖ ਦਿੰਦਾ । ਕੂੜਾ ਕਰਕਟ ਵੇਖਦਾ ਤਾਂ ਕਹੀ ਦੀ ਵਰਤੋਂ ਕਰਦਾ । ਫੇਰ ਉਹਨੂੰ ਧੋ ਕੇ ਮੋਢੇ 'ਤੇ ਧਰਦਾ । ਮਸਤੀ ਵਿਚ ਆ ਕੇ ਚਟਕਾਰਾ ਮੰਤਰ ਗਾਈ ਜਾਂਦਾ । ਵਿਚ ਵਿਚ ਮੁਸਕਾਈ ਜਾਂਦਾ । ਪਿੰਡ ਕੋਲ ਹਾਜ਼ਰੀ ਲੁਆਈ ਜਾਂਦਾ ।

ਤੁਰਦਾ ਤੁਰਦਾ ਕਿਸੇ ਇਕ ਘਰ ਦੇ ਸਾਹਮਣੇ ਖਲੋ ਜਾਂਦਾ । ਪੱਕੀਪਕਾਈ ਰੋਟੀ ਕਦੇ ਨਾ ਲੈਂਦਾ । ਹਮੇਸ਼ਾ ਆਟਾ ਲੈਂਦਾ ਸੀ । ਆਟੇ ਨੂੰ ਉਹ 'ਫੁਲਕਿਆਂ ਵਾਲਾ' ਕਹਿੰਦਾ ਸੀ । ਜਿੰਨਾ ਚਿਰ ਆਟਾ ਨਾ ਪੈਂਦਾ ਓਨਾ ਚਿਰ '...ਤ, ਗਰੀਬੂ' ਦੀ ਥਾਂ '...ਤ, ਫੁਲਕਿਆਂ ਵਾਲਾ, ... ਤ, ਫੁਲਕਿਆਂ ਵਾਲਾ' ਕਹੀ ਜਾਂਦਾ । ਤੇ ਆਟਾ ਵੀ ਕਿਸੇ ਹੋਰ ਅਨਾਜ ਦਾ ਨਹੀਂ ਸਿਰਫ਼ ਕਣਕ ਦਾ ਲੈਂਦਾ । ਮੁੱਠ ਕੁ ਆਟਾ ਲੈ ਕੇ ਉਹ ਆਪਣੇ ਟਿਕਾਣੇ 'ਤੇ ਚਲਾ ਜਾਂਦਾ । ਗੁੰਨ੍ਹਦਾ ਪਕਾਉਂਦਾ । ਖਾ ਕੇ ਚਿਲਮ ਦਾ ਸੂਟਾ ਲਾਉਂਦਾ । ਕਦੇ ਕਦੇ ਉਹਨੂੰ ਲੇਟੇ ਹੋਏ ਵੇਖ ਕੇ ਸਮਝ ਹੀ ਨਾ ਲੱਗਦੀ ਕਿ ਜਿਉਂਦਾ ਹੈ ਜਾਂ ਮੋਇਆ ਹੈ । ਫੇਰ ਲੋਕੀਂ ਆਖਣ ਲੱਗ ਪਏ ਕਿ ਜੇ 'ਗਰੀਬੂ ਗਰੀਬੂ' ਦੀ ਅਵਾਜ਼ ਨਾ ਆਏ ਤਾਂ ਸਮਝ ਲਓ ਕਿ ਗਰੀਬੂ ਸੁੱਤਾ ਪਿਆ ਹੈ ।

ਬਾਹਰ ਵਾਲੇ ਵੱਡੇ ਦਰਵਾਜ਼ੇ ਦੇ ਦੋਹੀਂ ਪਾਸੀਂ ਦੋ ਛੱਤੇ ਹੋਏ ਅਹਾਤੇ ਸਨ । ਪਿੰਡ ਉਨ੍ਹਾਂ ਨੂੰ ਮਨਮਰਜ਼ੀ ਨਾਲ ਵਰਤਦਾ ਸੀ । ਮੀਂਹ ਕਣੀ 'ਚ ਲੋਕ ਉੱਥੇ ਬਹਿ ਖਲੋ ਜਾਂਦੇ । ਠੰਡ ਵਿਚ ਧੂਣਾ ਲਾ ਕੇ ਸੇਕਦੇ । ਕਦੇ ਓਥੇ ਕੋਈ ਗਾਂ ਵੜੀ ਹੁੰਦੀ, ਕਦੇ ਖੋਤਾ ਲੇਟਿਆ ਹੁੰਦਾ । ਕੁੱਤੀ ਤਾਂ ਸੂਈ ਹੀ ਰਹਿੰਦੀ ਸੀ । ਗਰੀਬੂ ਦਾ ਪਹਿਲਾ ਟਿਕਾਣਾ ਵੀ ਇਹੋ ਸੀ । ਗਰੀਬੂ ਨੰਗੇ ਪਿੰਡੇ ਰਹਿੰਦਾ । ਹਾੜ ਸਿਆਲ । ਉਹ ਹੱਟਾਕੱਟਾ, ਛੇ ਫੁੱਟਾ ਜਵਾਨ । ਸਾਧਾਂ ਵਾਲਾ ਕੋਈ ਭੇਖ ਨਹੀਂ ਸੀ ਲਾਉਂਦਾ । ਨਾ ਭਗਵੇਂ ਬਸਤਰ, ਨਾ ਧੋਤੀ ਟਿੱਕਾ, ਨਾ ਮਾਲਾ ਮਣਕਾ । ਸਿਰ ਉੱਤੇ ਜਟਾਂ ਨਹੀਂ ਸਨ ਅਤੇ ਮੂੰਹ ਮੁਨਾ ਕੇ ਰੱਖਦਾ ਸੀ, ਸਫ਼ਾ ਚੱਟ । ਉਮਰ ਹੋਏਗੀ ਕੋਈ ਪੰਜਤਾਲੀ, ਪੰਜਾਹ । ਬਾਂਹ ਉਸਦੀ ਉੱਤੇ ਗੁਰਮੁਖੀ ਵਿਚ 'ਲਖਮੀ ਦਾਸ' ਲਿਖਿਆ ਹੋਇਆ ਸੀ । ਇਹ ਨਾਂ ਉਹਨੇ ਕਿਸੇ ਮੇਲੇ ਵਿਚ 'ਘੀਂ ਘੀਂ' ਕਰਦੀ ਮਸ਼ੀਨ ਨਾਲ ਖੁਣਵਾਇਆ ਸੀ ਅਤੇ ਲਹੂ ਨਾਲ ਲਿਬੜੇ ਥਿੰਧੇ ਅੱਖਰਾਂ ਨੂੰ ਗੁੱਡੀ ਕਾਗਜ਼ ਨਾਲ ਢਕ ਕੇ ਉਹ ਆਪਣੇ ਘਰ ਆਇਆ ਸੀ ।

ਆਪਣੇ ਘਰ ਬਾਰੇ ਉਹਨੇ ਕਦੇ ਕਿਸੇ ਨੂੰ ਕੁਝ ਨਹੀਂ ਸੀ ਦੱਸਿਆ । 'ਗਰੀਬੂ' ਤੋਂ ਬਿਨਾਂ ਉਹ ਬੋਲਦਾ ਹੀ ਘੱਟ ਸੀ । ਫਿਰ ਵੀ ਕਦੇ ਕਦਾਈਂ ਜਿੰਨਾ ਕੁ ਵੀ ਬੋਲਦਾ ਸੀ, ਉਸ ਤੋਂ ਲੱਗਦਾ ਸੀ ਕਿ ਉਹ ਜੱਟ ਸੀ ।

ਇਕ ਵਾਰੀ ਮੌਜ ਵਿਚ ਆ ਕੇ ਆਪਣੇ ਆਪ ਨਾਲ ਗੱਲਾਂ ਕਰ ਰਿਹਾ ਸੀ :

''...ਤ, ਗਰੀਬੂ...ਤ, ਗਰੀਬੂ!! ... ਕੀ ਹੋਇਆ ਸੀ ਓਦਣ? ਚੰਗਾ ਭਲਾ ਓਵਰਸੀਅਰ ਲੱਗਾ ਹੋਇਆ ਸੈਂ । ਮੌਜਾਂ ਕਰਦਾ ਸੈਂ... । ਡਿਊਟੀ ਕਰਕੇ ਆਇਆ ਸੈਂ । ਘਰ ਜਾਣ ਦੀ ਥਾਂ ਸਿੱਧਾ ਖੇਤਾਂ ਨੂੰ ਚਲਾ ਆਇਆ । ਟਿਊਬਵੈੱਲ ਉੱਤੇ । ... ਕੋਟ ਪੈਂਟ ਲਾਹ ਕੇ ਕਿੱਕਰ 'ਤੇ ਟੰਗਿਆ ... ਤੇ ਤੁਰ ਪਿਆ । ਤ, ਗਰੀਬੂ... ਤ, ਗਰੀਬੂ ।''

ਏਨੀ ਕੁ ਗੱਲ ਵੀ ਉਹਨੇ ਕਿਸੇ ਨੂੰ ਦੱਸੀ ਨਹੀਂ ਸੀ ਪਰ ਅਸਾਂ ਸੁਣ ਲਈ ਸੀ । ਬੱਚਿਆਂ ਨਾਲ ਉਹ ਗੱਲਬਾਤ ਕਰ ਲੈਂਦਾ ਸੀ, ਕਦੀ ਕਦੀ । ਬਾਹਰ ਵਾਲੇ ਦਰਵਾਜ਼ੇ ਦੇ ਅਹਾਤੇ ਨੂੰ ਛੱਡ ਕੇ ਜਦੋਂ ਉਹਨੇ ਆਪਣਾ ਟਿਕਾਣਾ ਬਾਗ ਵਿਚ ਬਣਾ ਲਿਆ ਸੀ ਤਾਂ ਅਸੀਂ ਉਹਦੇ ਹੋਰ ਨੇੜੇ ਆ ਗਏ ਸਾਂ । ਉਹ ਦੀ ਚਿਲਮ ਸਾਨੂੰ ਬੜੀ ਰਹੱਸਮਈ ਲੱਗਦੀ ਸੀ । ਗਿੱਲੀ ਸੂਫ ਨੂੰ ਚਿਲਮ ਦੇ ਹੇਠਲੇ ਹਿੱਸੇ ਨਾਲ ਲਪੇਟ ਕੇ, ਦੋਹਾਂ ਹੱਥਾਂ ਨਾਲ ਫੜ ਕੇ, ਜਦੋਂ ਉਹ ਹਰ ਸੂਟੇ ਨਾਲ 'ਗਰੀਬੂ' ਕਹਿ ਕੇ ਉੱਪਰ ਨੂੰ ਉੱਠੀ ਜਾਂਦਾ ਤਾਂ ਇਉਂ ਲੱਗਦਾ ਜਿਵੇਂ ਦੀਵਾਲੀ ਵਾਲਾ 'ਸੱਪ' ਚੱਲ ਰਿਹਾ ਹੈ । ਪੂਰਾ ਸੂਟਾ ਖਿੱਚ ਕੇ ਉਹ ਧੂੰਆਂ ਛੱਡਦਾ, ਹੌਲੀਹੌਲੀ ਹੇਠਾਂ ਹੋਈ ਜਾਂਦਾ । ਪਹਿਲਾਂ ਵਾਲੀ ਹਾਲਤ ਵਿਚ ਆ ਜਾਂਦਾ । ਪਰ ਉਹ ਸਾਨੂੰ ਨੇੜੇ ਨਹੀਂ ਸੀ ਆਉਣ ਦਿੰਦਾ । ਚਿਲਮ ਨੂੰ ਹੱਥ ਨਹੀਂ ਸੀ ਲਾਉਣ ਦਿੰਦਾ । ਅਸੀਂ ਨਿਆਣੇ ਉਹਦੇ ਨਾਲ ਹਿਲਮਿਲ ਗਏ ਸਾਂ । ਕਈ ਵਾਰੀ ਉਹ ਸਾਡੀ 'ਹੋਮ ਵਰਕ' ਵਿਚ ਮਦਦ ਵੀ ਕਰਦਾ । ਕੋਈ ਸਵਾਲ ਸਮਝਾ ਦੇਂਦਾ । ਅੰਗਰੇਜ਼ੀ ਦੇ ਕਿਸੇ ਸ਼ਬਦ ਦਾ ਅਰਥ ਦੱਸ ਦੇਂਦਾ । ਕਦੇ ਕਦੇ 'ਸਿੱਖਿਆ' ਵੀ ਦੇਂਦਾ ।

ਸਾਨੂੰ 'ਜੈ ਸੀਤਾ ਰਾਮ' ਕਹਿਣ ਦੀ ਆਦਤ ਹੁੰਦੀ ਸੀ । ਪਿੰਡ ਦੇ ਮੰਦਿਰ ਕਰਕੇ ਭਿੰਨਭਿੰਨ ਪ੍ਰਕਾਰ ਦੇ ਸਾਧੂ ਸੰਤ ਆਉਂਦੇ ਰਹਿੰਦੇ ਅਤੇ 'ਜੈ ਸੀਤਾ ਰਾਮ' ਦੀ ਧੁਨੀ ਅਲਾਪਦੇ ਰਹਿੰਦੇ । ਅਸੀਂ ਹਰ ਇਕ ਨੂੰ 'ਜੈ ਸੀਤਾ ਰਾਮ' ਨਾਲ ਸਤਿਕਾਰਨ ਦੀ ਖੇਡ ਜਿਹੀ ਬਣਾ ਲਈ ਸੀ । ਜਦੋਂ ਅਸੀਂ 'ਬਾਬਾ! ਜੈ ਸੀਤਾ... ਰਾਮ' ਆਖਦੇ ਤਾਂ ਉਹ ਅੱਗੋਂ ਮੁਸਕਰਾ ਕੇ, ਆਸ਼ੀਰਵਾਦ ਦੀ ਮੁਦਰਾ ਵਿਚ, ਹੱਥ ਮਿਲਾ ਕੇ 'ਸੀ...ਤਾ ਰਮ' ਜਾਂ 'ਸੇ...ਤਾ, ਰਾਮ' ਨਾਲ ਹੁੰਗਾਰਾ ਦੇਂਦੇ । 'ਸੀਤਾ' ਨੂੰ ਲਮਕਾ ਕੇ ਉਹ 'ਸੀ...ਤਾ' ਜਾਂ 'ਸੇ...ਤਾ' ਬਣਾ ਦੇਂਦੇ ਅਤੇ 'ਰਾਮ' ਨੂੰ ਸੰਗੋੜ ਕੇ 'ਰਮ' ਕਰ ਦੇਂਦੇ । ਕੰਨਾਂ ਨੂੰ ਚੰਗਾ ਚੰਗਾ ਲੱਗਦਾ । ਪਰ ਬਾਬੇ ਗਰੀਬੂ ਨੂੰ ਬਿਲਕੁਲ ਚੰਗਾ ਨਹੀਂ ਸੀ ਲੱਗਦਾ । ਉਹਨੇ ਕਹਿਣਾ, ''ਨਮਸਕਾਰ ਕਰੋ ਜਾਂ ਚਰਨ ਬੰਦਨਾ ਕਹੋ ਤਾਂ ਜਵਾਬ ਵਿਚ ਅਸੀਸ ਮਿਲਦੀ ਹੈ । ਜੈ ਸੀਤਾ ਰਾਮ ਤਾਂ ਖੂਹ ਦੀ ਆਵਾਜ਼ ਹੈ । ਆਪੇ ਕਿਹਾ ਆਪੇ ਸੁਣਿਆ । ... ਨਾ ਕੁਝ ਲਿਆ ਅਤੇ ਨਾ ਕੁਝ ਦਿੱਤਾ ।''

ਇਕ ਵਾਰ ਉਹਨੇ ਸਾਨੂੰ ਮਿੱਠਾ ਜਿਹਾ ਝਿੜਕ ਵੀ ਦਿੱਤਾ ਸੀ । ਸਾਹਮਣੇ ਤਾਂ 'ਬਾਬਾ ਜੀ' ਬੁਲਾਉਂਦੇ ਸਾਂ ਪਰ ਅੱਗੋਂ ਪਿੱਛੋਂ ਉਸ ਨੂੰ 'ਗਰੀਬੂ' ਹੀ ਕਹਿੰਦੇ ਸਾਂ । ਕਿਤੇ ਉਹਨੇ ਸੁਣ ਲਿਆ । ਸਮਝਾਇਆ, ''ਗਰੀਬੂ ਨਾ ਕਿਹਾ ਕਰੋ । ਮੈਂ ਤੁਹਾਡਾ ਗਰੀਬੂ ਨਹੀਂ । ਕਿਸੇ ਹੋਰ ਦਾ ਗਰੀਬੂ ਆਂ । ਉਸ ਕਰਮਾਂ ਵਾਲੀ ਦਾ... ।'' ਤੇ ਫਿਰ ਉਹ ਮਸਤੀ 'ਚ ਆ ਗਿਆ :

'ਓਮਾ ਪਿਆਰੀਏ! ਤੇਰਾ ਗਰੀਬੂ ਈ ਐ'

...ਤ, ਗਰੀਬੂ...ਤ, ਗਰੀਬੂ...! ਜਦੋਂ ਤਕ ਮੈਂ ਪਿੰਡ ਰਿਹਾ, ਗਰੀਬੂ ਉੱਥੇ ਹੀ ਸੀ । ਮੇਰੇ ਚੰਡੀਗੜ੍ਹ ਆਉਣ ਸਮੇਂ ਉਹਦਾ ਟਿਕਾਣਾ ਮੜ੍ਹੀਆਂ ਵਾਲੇ ਥੇਹ ਉੱਤੇ ਬਦਲ ਚੁੱਕਾ ਸੀ । ਅੱਧੀ ਅੱਧੀ ਰਾਤ ਵੇਲੇ ਵੀ ਉਹਦੀ ਚਟਕਾਰੇ ਵਾਲੀ ਹੂਕ ਗੂੰਜਦੀ ਰਹਿੰਦੀ । 1964 ਵਿਚ ਮੈਂ ਪਿੰਡੋਂ ਆ ਗਿਆ ਸਾਂ । ਪਤਾ ਲੱਗਦਾ ਰਿਹਾ ਕਿ 1965 ਦੀ ਪਾਕਿਸਤਾਨ ਵਾਲੀ ਲੜਾਈ ਤੱਕ ਉਹ ਉੱਥੇ ਹੀ ਰਿਹਾ । ... ਫੇਰ ਕਦੇ ਗਾਇਬ ਹੋ ਜਾਂਦਾ, ਕਦੇ ਪ੍ਰਗਟ ਹੋ ਜਾਂਦਾ । ਆਉਂਦਾ ਜਾਂਦਾ ਰਹਿੰਦਾ । ਫੇਰ ਇਕ ਵਾਰੀ ਗਿਆ ਤਾਂ ਮੁੜ ਨਹੀਂ ਆਇਆ ।

ਜਿੰਨੇ ਮੂੰਹ ਓਨੀਆਂ ਗੱਲਾਂ । ਕਈਆਂ ਦਾ ਕਹਿਣਾ ਹੈ ਕਿ ਸਰਹੱਦ ਪਾਰ ਕਰ ਗਿਆ । ਪਾਕਿਸਤਾਨ ਚਲਾ ਗਿਆ । ਜਸੂਸੀ ਕਰਨ ਆਇਆ ਸੀ, ਕਰਕੇ ਚਲਾ ਗਿਆ । ... ਓਦੋਂ ਪਾਕਿਸਤਾਨ ਵੱਲੋਂ ਭੇਜੇ 'ਛਾਤਾ ਬਰਦਾਰਾਂ' ਨੂੰ ਡੰਗਰ ਚਾਰਨ ਵਾਲੇ ਮੁੰਡੇ ਹੀ ਕੁੱਟ ਕੁੱਟ ਕੇ ਮਾਰ ਦਿੰਦੇ ਸਨ । ਦੇਸ਼ ਭਗਤੀ ਦਾ ਰੰਗ ਬਾਹਲਾ ਹੀ ਗਾੜ੍ਹਾ ਸੀ । ਸ਼ਾਇਦ ਏਸੇ ਗਾੜ੍ਹੇਪਣ ਤੋਂ ਭੈਭੀਤ ਹੋਇਆ ਵਿਚਾਰਾ ਗਰੀਬੂ ਆਸੇ ਪਾਸੇ ਹੋ ਗਿਆ ਹੋਏਗਾ । ਜੋ ਹੋਣਾ ਸੀ ਹੋ ਗਿਆ ਪਰ ਸਾਨੂੰ ਬੱਚਿਆਂ ਨੂੰ ਹਮੇਸ਼ਾ ਉਹ ਬੱਚਿਆਂ ਵਰਗਾ ਮਾਸੂਮ ਹੀ ਲੱਗਦਾ ਸੀ । ਉਹਦੇ ਨੱਕ ਦਾ ਸੱਜਾ ਪਾਸਾ ਪਾਟਾ ਹੋਇਆ ਸੀ ਜਿਵੇਂ ਪਹਿਲਾਂ ਨੱਥ ਪਾਈ ਹੋਏ ਤੇ ਫੇਰ ਖਿੱਚ ਕੇ ਲਾਹੀ ਹੋਏ, ਜਿਵੇਂ ਜੋਕ ਨੂੰ ਜਿਸਮ ਨਾਲੋਂ ਤੋੜ ਕੇ ਲਾਹੀਦਾ ਹੈ । ਸੰਸਾਰ ਨਾਲੋਂ ਤੋੜਵਿਛੋੜੇ ਤੋਂ ਪਿੱਛੋਂ ਤਾਂ ਬੰਦੇ ਨੂੰ ਸਿਰਫ਼ ਇਕ ਮੁੱਠ ਆਟਾ ਹੀ ਚਾਹੀਦਾ ਹੈ ।

ਗਰੀਬੂ ਨੇ ਕਦੇ ਆਟਾ ਨਹੀਂ ਸੀ ਮੰਗਿਆ ਪਰ ਉਹਨੂੰ ਆਟੇ ਦਾ ਘਾਟਾ ਵੀ ਨਹੀਂ ਸੀ ਰਿਹਾ । ਉਹਦੇ ਜਾਣ ਨਾਲ ਪਿੰਡ ਨੇ ਜ਼ਰੂਰ ਘਾਟਾ ਮਹਿਸੂਸ ਕੀਤਾ ਹੋਵੇਗਾ । ਪਿੰਡ ਵਿਚਾਰੇ ਨੇ ਕੀ ਲੈਣਾ ਸਰਹੱਦਾਂ ਤੋਂ? ਉਸ ਨੂੰ ਕੀ ਪਤਾ ਜਸੂਸੀ ਕੀ ਹੁੰਦੀ ਹੈ? ਪਿੰਡ ਨੂੰ ਪੁੱਛਣਾ ਹੈ ਤਾਂ ਇਹ ਪੁੱਛ ਕੇ ਵੇਖੋ ਕਿ ਗਰੀਬੂ ਦੇ ਚਲੇ ਜਾਣ ਪਿੱਛੋਂ ਦੀ ਮਾਯੂਸੀ ਕੀ ਹੁੰਦੀ ਹੈ ।

•••

ਸੰਤ ਰਾਮ ਆਟਾ ਮੰਗਣ ਜਾਂਦਾ ਸੀ, ਲਾਗਲੇ ਪਿੰਡਾਂ ਵਿਚ । ਟੁੱਟੇ ਮੂੰਹ ਵਾਲੀ ਡੋਲਣੀ ਜਿਹੀ ਨੂੰ ਚਾਦਰ 'ਚ ਰੱਖ ਕੇ, ਮਗਰੀ ਵਾਂਗੂੰ, ਪਿੱਛੇ ਸੁੱਟ ਲੈਂਦਾ । ਘਰਾਂ ਮੂਹਰੇ ਖੜ੍ਹ ਕੇ 'ਜੀਵੇ ਲਾਲ, ਜੀਵੇ ਲਾਲ' ਕਰੀ ਜਾਂਦਾ । ਡੋਲਣੀ ਨੂੰ ਆਟੇ ਨਾਲ ਭਰੀ ਜਾਂਦਾ । ਮੁੱਠ ਆਟੇ ਦੀ ਨਾਲ ਉਹਦੇ ਵਾਰੇ ਨਿਆਰੇ । ਖ਼ੈਰ ਪਈ ਤੇ ਅਗਲੇ ਦੁਆਰੇ । ਹਿੰਦੀ ਦੀ ਕੋਈ ਪੁਰਾਣੀ ਅਖ਼ਬਾਰ ਤਹਿ ਕਰਕੇ ਉਹਨੇ ਪੱਤਰੀ ਬਣਾਈ ਹੋਈ ਸੀ । ਬਿਨਾਂ ਪੁੱਛਿਆਂ ਲੋਕਾਂ ਨੂੰ ਮੱਸਿਆ ਸੰਗਰਾਦ ਦੱਸੀ ਜਾਂਦਾ । ਨੰਗੇ ਪੈਰੀਂ ਇਕ ਪਿੰਡ ਤੋਂ ਦੂਜੇ ਪਿੰਡ ਵੱਲ ਨੱਸੀ ਜਾਂਦਾ । ਇਹ ਉਹਦਾ ਕਿੱਤਾ ਸੀ । ਉਹਦੇ ਕਈ ਨਿਆਣੇ ਸਨ । ਕਿਸੇ ਨਾ ਕਿਸੇ ਨਿਆਣੇ ਨੂੰ ਵੀ ਅਕਸਰ ਨਾਲ ਲੈ ਜਾਂਦਾ । ਜੀਹਨੂੰ ਵਾਜ ਮਾਰਦਾ, ਉਹਨੂੰ ਜਾਣਾ ਪੈ ਜਾਂਦਾ । ਓਮਾ ਪੜ੍ਹਨੇ ਪਿਆ ਹੋਇਆ ਸੀ । ਦੋਹਾਂ ਦਾ ਤਕਰੀਬਨ ਇੱਕੋ ਟਾਈਮ ਸੀ ਘਰੋਂ ਨਿਕਲਣ ਦਾ । ਸੰਤ ਰਾਮ ਡੋਲਣੀ ਚੁੱਕਦਾ ਤੇ ਓਮਾ ਆਪਦਾ ਬਸਤਾ । ਦੋਹਾਂ ਦਾ ਆਪੋ ਆਪਣਾ ਰਸਤਾ ।

ਇਕ ਦਿਨ ਸੰਤ ਰਾਮ ਨੇ ਓਮੇ ਨੂੰ ਘੇਰ ਲਿਆ ਤੇ ਨਾਲ ਚੱਲਣ ਲਈ ਕਿਹਾ । ਉਹ ਅੱਗੋਂ ਕਹਿੰਦਾ 'ਭਾਪਾ! ਮੈਂ ਸਕੂਲੇ ਜਾਣੈ ।' ਸੰਤ ਰਾਮ ਨੂੰ ਚੜ੍ਹ ਗਿਆ ਗੁੱਸਾ । ਕਹਿਣ ਲੱਗਾ, ''ਤੂੰ ਸ਼ਰਮ ਈ ਲਾਹ ਛੱਡੀ ਐ ।... ਰੋਜ਼ ਈ ਇੱਕੋ ਬਹਾਨਾ । ਅਖੇ ਮੈਂ ਸਕੂਲੇ ਜਾਣੈ । ... ਹੋਇਆ ਨਾ ਹੋਇਆ, ਮਹੀਨੇ ਦਸੀਂ ਦਿਨੀਂ ਬੰਦਾ ਕਿਤੇ ਗੇੜਾ ਮਾਰ ਆਇਆ । ਇਹਨੂੰ ਤਾਂ ਨਿੱਤ ਦੀ ਇੱਕੋ ਲਿਲ੍ਹ ਲੱਗੀ ਹੋਈ ਐ । ਬੰਦਾ ਪੁੱਛੇ ਬਈ ਸਕੂਲ ਨੇ ਤੈਨੂੰ ਰੋਟੀ ਦੇਣੀ ਐਂ?''

••••••

4. ਬਾਬਾ ਬਸ ਬਾਕੀ

''ਮੇਰੇ ਤਾਂ ਭਾਈ ਨੈਣਾਂ 'ਚ ਜੋਤ ਨਹੀਂ । ਮੈਨੂੰ ਕੁਝ ਦਿੱਸਦਾ ਨਹੀਂ । ਕਿਤੇ ਇਕੱਲਾ ਜਾ ਨਹੀਂ ਸਕਦਾ । ਜੜ੍ਹੀਬੂਟੀ ਪਛਾਣ ਨਹੀਂ ਸਕਦਾ । ਕੁਦਰਤ ਨੇ ਬੜਾ ਅਨਿਆਂ ਕੀਤਾ । ਬਾਹਰਲੀ ਜੋਤ ਖੋਹ ਲਈ । ਅੰਦਰਲੀ ਜੋਤ ਜਗਮਗ ਜਗਦੀ ਐ । ਦਿਨਰਾਤ । ਬਸ...'' ''ਬਸ....'' ਦੇ 'ਸ' ਨੂੰ ਉਹ ਕਿੰਨੀ ਹੀ ਦੇਰ ਵਜਾਈ ਜਾਂਦਾ । ਸੀਟੀ ਵਾਂਗ । ਸਿਰ ਤੋਂ ਪੱਗ ਲਾਹ ਕੇ ਗੰਜ ਉੱਤੇ ਹੱਥ ਫੇਰਦਾ । ਬੰਦ ਅੱਖੀਆਂ 'ਤੇ ਪੋਲੇ ਪੋਲੇ ਪੋਟੇ ਫੇਰਦਾ । ਹਉਕਾ ਜਿਹਾ ਲੈ ਕੇ ਸਿਰ ਫੇਰਦਾ । ਪੱਗ ਸਿਰ 'ਤੇ ਰੱਖ ਕੇ ਮੁੜ ਬੋਲਣ ਲੱਗ ਪੈਂਦਾ, ''ਬਾਕੀ ਗੱਲ ਤਾਂ ਸੱਚੀ ਇਹ ਹੈ ਭਾਈ ਕਿ ਅੰਦਰਲੀ ਜੋਤ ਕੀ ਕਰੇ ਜਦੋਂ ਬਾਹਰ ਸਾਰੇ ਅੰਨ੍ਹੇ ਹੋਣ! ਮੇਰੇ ਲਈ ਇਹ ਹਿਕਮਤ ਚਿੱਟੇ ਚਾਨਣ ਵਰਗੀ ਸਾਫ਼ ਹੈ । ਕਿਸੇ ਨੂੰ ਨਾ ਦਿਸੇ ਤਾਂ ਕੋਈ ਕੀ ਕਰੇ! ਹਰ ਕੋਈ ਆਪੋ ਆਪਣੇ ਹਨੇਰੇ ਵਿਚ ਭਟਕੀ ਜਾਂਦੈ । ਠੇਡੇ ਖਾਈ ਜਾਂਦੇ ਨੇ । ਇਕ ਦੂਜੇ ਵਿਚ ਵੱਜੀ ਜਾਂਦੇ ਨੇ । ਬਸ... ਬਾਕੀ ਮੇਰੇ ਲਾਗੇ ਕੋਈ ਬਹਿੰਦਾ ਨਹੀਂ । ਮੇਰੀ ਗੱਲ ਕੋਈ ਸੁਣਦਾ ਨਹੀਂ । ਪਤਾ ਨਹੀਂ ਕੀ ਹੋ ਗਿਆ ਦੁਨੀਆ ਨੂੰ ! ਹਨੇਰ ਮੱਚਿਆ ਪਿਐ । ਅੰਦਰ ਵੀ ਬਾਹਰ ਵੀ । ਬਸ...''

'ਬਸ' ਨਾਲ ਉਹ ਆਪਣੀ ਗੱਲ ਖਤਮ ਕਰਦਾ । ਥੋੜ੍ਹਾ ਜਿਹਾ ਸਾਹ ਲੈ ਕੇ ਬਾਕੀ ਨਾਲ ਮੁੜ ਤੰਦ ਜੋੜ ਲੈਂਦਾ । ਬੜੀਆਂ ਪਤੇ ਦੀਆਂ ਗੱਲਾਂ ਕਰਦਾ । ਹੁੰਗਾਰੇ ਦੀ ਪ੍ਰਵਾਹ ਨਾ ਕਰਦਾ । ਬਾਹਰਲਾ ਸ਼ੋਰ-ਸ਼ਰਾਬਾ ਵੀ ਉਹਦੀ ਇਕਾਗਰਤਾ ਨੂੰ ਭੰਗ ਨਾ ਕਰਦਾ । ਆਲੇ-ਦੁਆਲੇ ਦਾ ਭੱਜ-ਨੱਠ ਵਾਲਾ ਮਾਹੌਲ ਉਹਨੂੰ ਤੰਗ ਨਾ ਕਰਦਾ । ਉਹ ਹਵਾ ਵਿਚ ਹੱਥ ਹਿਲਾਈ ਜਾਂਦਾ । ਕਿਸੇ ਦੀ ਸੁਣਦਾ ਨਾ, ਆਪਣੀ ਸੁਣਾਈ ਜਾਂਦਾ ।

ਦਰਅਸਲ ਉਹ ਉੱਚਾ ਸੁਣਦਾ ਸੀ । ਬਹੁਤ ਉੱਚਾ । ਉਹਦੇ ਲਈ ਅਸਾਂ ਗੱਤੇ ਦਾ ਇਕ ਧੂਤਾ ਜਿਹਾ ਬਣਾਇਆ ਹੋਇਆ ਸੀ ਜਿਸ ਦਾ ਖੁੱਲ੍ਹਾ ਪਾਸਾ ਉਹਦੇ ਕੰਨ ਨੂੰ ਲਾ ਕੇ ਦੂਜੇ ਭੀੜੇ ਪਾਸਿਓਂ ਆਪ ਬੋਲਦੇ । ਉਹਦੇ ਤੱਕ ਆਪਣੀ ਗੱਲ ਪੁਚਾਉਣ ਦਾ ਇਹ ਇੱਕੋ ਇਕ ਯੰਤਰ ਸੀ ਸਾਡੇ ਕੋਲ ।

ਸਾਡੇ ਕੋਲ ਆਇਆਂ ਉਹਨੂੰ ਸਾਲ ਤੋਂ ਉੱਤੇ ਹੋ ਗਿਆ ਸੀ । ਪਿੱਛੋਂ ਸਾਡੇ ਪਿੰਡ ਵੱਲ ਦਾ ਸੀ । ਪਾਕਿਸਤਾਨ ਵਾਲੇ ਪਿੰਡ ਵੱਲ ਦਾ । ਰਸੀਂਹਵਾਲ ਵੱਲ ਦਾ । ਨਾਂ ਉਹਦਾ ਸੀ ਦੇਵੀ ਦਾਸ । ਪਰ ਅਸੀਂ ਸਾਰੇ ਉਹਨੂੰ ਬਸ ਬਾਕੀ ਕਹਿੰਦੇ ਸਾਂ'ਬਾਬਾ ਬਸ ਬਾਕੀ ।'

ਪਾਕਿਸਤਾਨ ਬਣਿਆਂ ਤਿੰਨ ਕੁ ਵਰ੍ਹੇ ਹੋ ਗਏ ਸਨ । ਮੈਂ ਪ੍ਰਾਇਮਰੀ 'ਚ ਸਾਂ । ਇਕ ਦਿਨ ਸ਼ਾਮ ਜਿਹੀ ਨੂੰ ਦਲੀਪ ਚੰਦ ਟਾਂਗੇ ਵਾਲਾ ਦੇਵੀ ਦਾਸ ਉਰਫ਼ 'ਬਾਬਾ ਬਸ ਬਾਕੀ' ਨੂੰ ਸਾਡੇ ਘਰ ਛੱਡ ਗਿਆ ਸੀ ਅਖੇ : 'ਇਹ ਬਟਾਲੇ ਦੇ ਅੱਡੇ ਉੱਤੇ ਧਿਆਨਪੁਰ ਬਾਰੇ ਪੁੱਛਦਾ ਫਿਰਦਾ ਸੀ । ਤੁਹਾਡੇ ਨਾਂ ਲੈਂਦਾ ਸੀ । ਮੈਂ ਇਹਦੇ ਤੋਂ ਭਾੜਾ ਵੀ ਨਾ ਲਿਆ । ਰੌਲਿਆਂ ਵਿਚ ਵਿਛੜਿਆ ਕੋਈ ਕਿਸਮਤ ਵਾਲਾ ਈ ਮਿਲਦੈ ਆਪਣਿਆਂ ਨੂੰ । ਨਾਲੇ ਇਹ ਵਿਚਾਰਾ ਤਾਂ ਨਾ ਵੇਖ ਸਕਦੈ, ਨਾ ਸੁਣ ਸਕਦੈ । ... ਸਾਂਭੋ ਵਿਚਾਰੇ ਨੂੰ ।' ਪਿਤਾ ਜੀ ਨੇ ਉਹਨੂੰ ਸੰਭਾਲ ਲਿਆ । ਆਦਰ ਮਾਣ ਕੀਤਾ । ਹੌਸਲਾ ਦਿੱਤਾ । ਹੌਲੀਹੌਲੀ ਉਹ ਘਰ ਦਾ ਹਿੱਸਾ ਬਣ ਗਿਆ । ਘਰ ਦਾ ਬਜ਼ੁਰਗ । ਵੱਡਾ ਵਡੇਰਾ । ਉਹਦਾ ਮੰਜਾ ਬਿਸਤਰਾ ਖਾਣਾ ਪੀਣਾ... ਸਭ ਸਪੈਸ਼ਲ । ਵੱਖਰਾ ।

ਉੱਜੜ ਕੇ ਆਏ ਸਾਂ । ਅਜੇ ਜੜ੍ਹਾਂ ਨਹੀਂ ਸਨ ਲੱਗੀਆਂ । ਦੜ ਵੱਟ ਕੇ, ਭਲੇ ਦਿਨਾਂ ਦੀ ਆਸ ਨਾਲ, ਦਿਨ-ਕਟੀ ਕਰ ਰਹੇ ਸਾਂ । ਮੱਢਲ ਦਾ ਆਟਾ ਵੀ ਮੁਸ਼ਕਲ ਨਾਲ ਲੱਭਦਾ ਸੀ । 'ਲੋਹੇ ਦੀ ਰੋਟੀ' ਖਾਂਦੇ ਸਾਂ । ਪਰ ਇਸ ਵਿਸ਼ੇਸ਼ ਮਹਿਮਾਨ ਲਈ ਕਣਕ ਦੀ ਰੋਟੀ ਦਾ ਇੰਤਜ਼ਾਮ ਕੀਤਾ ਜਾਂਦਾ ਸੀ । ਅਸਾਨੀ ਨਾਲ ਗੁੜ ਵੀ ਨਹੀਂ ਸੀ ਲੱਭਦਾ ਪਰ ਉਹਦੇ ਲਈ ਖੰਡ ਦੀ ਚਾਹ ਦਾ ਜੁਗਾੜ ਕਰਨਾ ਪੈਂਦਾ ਸੀ । ... ਸਣ ਦੇ ਵਾਣ ਦਾ ਕੱਸਿਆ ਹੋਇਆ ਮੰਜਾ । ਮੋਟੀ ਦਰੀ ਉੱਤੇ ਬੂਟੀਆਂ ਵਾਲੀ ਸਾਫ਼ ਸੁਥਰੀ ਚਾਦਰ । ਮੋਟਾ ਤੇ ਕੂਲਾ ਸਿਰ੍ਹਾਣਾ । ਰੇਸ਼ਮੀ ਝਾਲਰ ਵਾਲੀ ਪੱਖੀ । ... ਉਹਦੀ ਸੇਵਾ ਵਿਚ ਕੋਈ ਕਸਰ ਨਾ ਰੱਖੀ ਜਾਂਦੀ । ਅਸੀਂ ਬੱਚੇ ਉਹਨੂੰ ਬੜਾ ਹੈਰਾਨ ਹੋ ਕੇ ਵੇਖਦੇ । ਉਹਦੀ ਸੇਵਾ ਕਰਦੇ । ਉਹਦੀਆਂ ਲੱਤਾਂਬਾਹਵਾਂ ਘੁੱਟਦੇ । ਉਹਦਾ ਹੁਕਮ ਮੰਨਦੇ । ਉਹ ਸਾਡੇ ਲਈ ਕਿਸੇ ਹੋਰ ਹੀ ਦੁਨੀਆ ਦਾ ਬਸ਼ਿੰਦਾ ਸੀ । ਰੱਬ ਦੀ ਮਿਹਰ ਸੀ ਕਿ ਉਹ ਸਾਡੇ ਘਰ ਆਇਆ ਸੀ । ਸਾਡੇ ਕੋਲ ਰਹਿ ਰਿਹਾ ਸੀ । ਸਾਨੂੰ ਸਾਰੇ ਟੱਬਰ ਨੂੰ ਆਪਣੀ ਸੇਵਾ ਦਾ ਮੌਕਾ ਦੇ ਰਿਹਾ ਸੀ । ਸਾਡੇ ਨਾਲ ਆਪਣੇ ਮੁੜ ਮਿਲਾਪ ਦੀ ਕਹਾਣੀ ਉਹਨੇ ਬੜੇ ਵਿਸਥਾਰ ਨਾਲ ਸੁਣਾਈ ਸੀ । ਪਿਤਾ ਜੀ ਨੇ ਧਿਆਨ ਨਾਲ ਸੁਣੀ ਸੀ । ਸਾਰੇ ਜੀਆਂ ਨੇ ਸੁਣੀ ਸੀ । ਤੁਸੀਂ ਵੀ ਸੁਣੋ । ਵਿਸਥਾਰ ਵਿਚ ਜਾਣ ਦੀ ਲੋੜ ਨਹੀਂ, ਤੁਹਾਨੂੰ ਸਿਰਫ਼ ਕਹਾਣੀ ਤੱਕ ਮਤਲਬ ਹੈ । ਮੇਰਾ ਮਤਲਬ ਹੈ ਕਿ ਦੇਵੀ ਦਾਸ ਦੇ ਆਗਮਨ ਦਾ ਤੱਤਸਾਰ ਕੁਝ ਇਉਂ ਸੀ :

''ਦੇਖੋ ਭਾਈ ਅਮਰਨਾਥ! ਤੁਹਾਨੂੰ ਲੱਭਣ ਲਈ ਮੈਨੂੰ ਬੜੀ ਮੁਸ਼ੱਕਤ ਕਰਨੀ ਪਈ ਹੈ । ਬਹੁਤ ਭਟਕਿਆ ਹਾਂ । ਬੜਾ ਵਖ਼ਤ ਪਾਇਆ ਇਸ ਪਾਕਿਸਤਾਨ ਨੇ । ਸਭ ਕੁਝ ਖਿੱਲਰ ਗਿਆ । ਕੋਈ ਕਿਸੇ ਦੀ ਵਾਤ ਨਹੀਂ ਪੁੱਛਦਾ । ਕੋਈ ਕਿਸੇ ਦੀ ਬਾਂਹ ਨਹੀਂ ਫੜਦਾ । ਮੇਰੇ ਕੋਲ ਜਿਹੜੀ ਰਸਾਇਣ ਹੈ, ਇਹ ਬਹੁਤ ਕੀਮਤੀ ਨੁਸਖਾ ਹੈ । ਹਰ ਇਕ ਨੂੰ ਤਾਂ ਦੱਸਿਆ ਨਹੀਂ ਜਾ ਸਕਦਾ । ਇਸ ਹਿਕਮਤ ਦੀ ਬਾਤ ਨੂੰ ਸਮਝਣ ਲਈ ਵੀ ਕੋਈ ਤੇਰੇ ਵਰਗਾ ਵਿਦਵਾਨ ਸ਼ਖ਼ਸ ਹੀ ਚਾਹੀਦਾ ਹੈ । ਨਾਲੇ ਇਸ ਮੁਸੀਬਤ ਦੀ ਘੜੀ ਤੁਹਾਨੂੰ ਲੋੜ ਵੀ ਹੈ । ਬੱਸ.... ਬਾਕੀ ਮੈਂ ਤੈਨੂੰ ਦੱਸ ਦਿਆਂ ਅਮਰਨਾਥਾ! ਤੂੰ ਫ਼ਿਕਰ ਨਾ ਕਰ । ਤੂੰ ਓਧਰ ਆਪਣੇ ਬਾਪੂ ਦੇ ਸਿਰ 'ਤੇ ਰਾਜ ਕੀਤੈ । ਤੁਹਾਡੇ ਸ਼ਾਹੂਕਾਰੇ ਦੀਆਂ ਧੁੰਮਾਂ ਸਨ । ਇਹ ਮਾੜੇ ਦਿਨ ਵੀ ਨਹੀਂ ਰਹਿਣੇ । ਤੂੰ ਬਸ... ਮੇਰੀ ਗੱਲ ਨੇੜੇ ਹੋ ਕੇ ਸੁਣ । ਤੈਨੂੰ ਮੈਂ ਸੋਨਾ ਬਣਾਉਣ ਦਾ ਇਲਮ ਦੱਸਾਂਗਾ । ਜੋ ਕਹਾਂਗਾ, ਜਿੱਦਾਂ ਕਹਾਂਗਾ, ਕਰੀ ਜਾਈਂ । ... ਬਾਕੀ ਤੂੰ ਸਿਆਣਾ । ਮੇੇਰੇ ਨੈਣਾਂ 'ਚ ਜੋਤ ਹੁੰਦੀ ਤਾਂ ਤੈਨੂੰ ਕੋਈ ਕਸ਼ਟ ਨਾ ਦੇਂਦਾ । ਹੁਣ ਤੈਨੂੰ ਮੇਰੀ ਮਦਦ ਕਰਨੀ ਪਊ । ਸੋਨੇ ਦੇ ਢੇਰ ਲਾ ਦਿਆਂਗਾ । ਇੱਟਾਂ ਹੀ ਇੱਟਾਂ । ਭਾਵੇਂ ਕੋਠਾ ਛੱਤ ਲਈਂ । ਬੱਸ...''

ਓਦੋਂ ਗਰਮੀਆਂ ਸਨ । ਅਸੀਂ ਸਾਰਾ ਟੱਬਰ ਕੋਠੇ 'ਤੇ ਪੈਂਦੇ ਸਾਂ । 'ਬਸ ਬਾਕੀ' ਦਾ ਮੰਜਾ ਹੇਠਾਂ ਵਿਹੜੇ ਵਿਚ ਹੁੰਦਾ ਸੀ । ਪੌੜੀਆਂ ਚੜ੍ਹਨਉਤਰਨ ਦੀ ਦਿੱਕਤ ਕਰਕੇ ਉਹਦਾ ਟਿਕਾਣਾ ਉਹਦੀ ਸਹੂਲਤ ਮੁਤਾਬਕ ਹੀ ਵਿਹੜੇ ਵਿਚ ਕੀਤਾ ਹੋਇਆ ਸੀ । ਸਿਰ੍ਹਾਣੇ ਪਾਣੀ ਦੀ ਗੜਵੀ, ਕੌਲੀ ਨਾਲ ਢੱਕ ਕੇ, ਰੱਖ ਦੇਂਦੇ । ਪਾਵੇ ਨਾਲ ਖੂੰਡੀ ਖੜ੍ਹੀ ਹੁੰਦੀ । ਜਾਂਦੇ ਹੋਏ ਪਿਤਾ ਜੀ ਉਹਦੇ ਕੰਨ ਵਿਚ ਧੁਤੂ ਨਾਲ ਦੱਸ ਜਾਂਦੇ, ''ਅਸੀਂ ਸੌਣ ਲੱਗੇ ਆਂ । ਰਾਤ ਪੈ ਗਈ ਐ । ਤੁਸੀਂ ਵੀ ਸੌਂ ਜਾਉ ਰੱਬ ਦਾ ਨਾਂ ਲੈ ਕੇ ।'' ਉਹ ਲੇਟ ਜਾਂਦਾ । ਪਤਾ ਨਾ ਲੱਗਦਾ ਸੁੱਤਾ ਹੈ ਕਿ ਜਾਗਦਾ । ਉਹਦੇ ਲਈ ਦਿਨਰਾਤ ਦਾ ਫ਼ਰਕ ਕੋਈ ਮਾਅਨੇ ਨਹੀਂ ਸੀ ਰੱਖਦਾ । ਇਕ ਵਾਰ ਅੱਧੀ ਰਾਤ ਨੂੰ ਉੱਚੀਉੱਚੀ ਬੋਲਣ ਲੱਗ ਪਿਆ, ''ਵੇਖੋ ਲੋਕੋ । ਨੇਰ੍ਹ ਸਾਈਂ ਦਾ । ਗੋਡੇਗੋਡੇ ਦਿਨ ਚੜ੍ਹ ਆਇਆ । ਸਾਰੇ ਜਣੇ ਖਾਪੀ ਕੇ ਪਤਾ ਨਹੀਂ ਕਿੱਥੇ ਚਲੇ ਗਏ । ਮੈਨੂੰ ਕਿਸੇ ਨੇ ਪੁੱਛਿਆ ਈ ਨਹੀਂ । ਢਿੱਡ ਵਿਚ ਚੂਹੇ ਦੌੜੀ ਜਾਂਦੇ ਨੇ । ਬਸ... ਬਾਕੀ ਫੁਲਕਾ ਵੀ ਮੈਨੂੰ ਖੁਸ਼ਕ ਈ ਦੇਂਦੇ ਨੇ । ਅੰਦਰ ਖੁਸ਼ਕੀ ਵੜ ਗਈ ਹੈ । ਹਾਜਤ ਹੀ ਨਹੀਂ ਹੁੰਦੀ । ਬਾਹਰ ਜਾਈਦੈ ਬੱਸ ਕਿੱਲ੍ਹ ਕਿੱਲ੍ਹ ਕੇ ਮਸਾਂ ਦੋ ਕੁ ਤੋਲੇ ਆਉਂਦੀ ਐ । ... ਬਾਕੀ ਇਹ ਮੈਨੂੰ ਭੁੱਖਿਆਂ ਮਾਰ ਦੇਣਗੇ । ਕਿੱਥੇ ਐਂ ਅਮਰਨਾਥਾ । ..."

ਸਾਰਾ ਟੱਬਰ ਜਾਗ ਪਿਆ । ਸਾਰਾ ਮੁਹੱਲਾ ਸੁਣ ਰਿਹਾ ਸੀ । ਪਿਤਾ ਜੀ ਪੌੜੀਆਂ ਉਤਰੇ । ਉਹਦੇ ਕੰਨ ਉੱਤੇ ਧੁਤੂ ਧਰਿਆ, ''ਹਾਲੀ ਅੱਧੀ ਰਾਤ ਹੈ । ਬਾਰ੍ਹਾਂ ਵਜੇ ਨੇ ਰਾਤ ਦੇ । ਸਾਰਾ ਜੱਗ ਜਹਾਨ ਸੁੱਤਾ ਪਿਐ । ਤੁਸੀਂ ਵੀ ਆਰਾਮ ਕਰੋ ।''

ਸਵੇਰੇ ਉਹਦੀ ਖੂੰਡੀ ਫੜ ਕੇ ਜੰਗਲ-ਪਾਣੀ ਲਈ ਬਾਹਰ ਪੈਲੀਆਂ ਵਿਚ ਲਿਜਾਣਾ ਪੈਂਦਾ । ਕਿਤੇ ਉੱਚੇ ਨੀਵੇਂ ਥਾਂ ਪੈਰ ਪੈ ਜਾਂਦਾ ਤਾਂ ਉਹਦਾ ਪ੍ਰਵਚਨ ਆਰੰਭ ਹੋ ਜਾਂਦਾ, ''ਉਂਜ ਈ ਕਿਸੇ ਖੂਹ ਵਿਚ ਧੱਕਾ ਦੇ ਦਿਓ । ਇਸ ਤਰ੍ਹਾਂ ਕਿਉਂ ਡੇਗ ਡੇਗ ਮਾਰਦੇ ਹੋ । ਬਸ... ਬਾਕੀ ਨੁਸਖਾ ਪੱਕ ਲਏ । ਮੈਂ ਕਿਹੜਾ ਏਥੇ ਬੈਠਾ ਰਹਿਣਾ ਹੈ ।''

ਹਰ ਰੋਜ਼ ਸਵੇਰੇ ਨ੍ਹਾ ਧੋ ਕੇ, ਖਾ ਪੀ ਕੇ, 'ਬਾਬਾ ਬਸ ਬਾਕੀ' ਆਪਣੇ ਮੰਜੇ ਉੱਤੇ ਸਜ ਕੇ ਬਹਿ ਜਾਂਦਾ । ਬੇਰੋਕਟੋਕ ਬੋਲੀ ਜਾਂਦਾ । ਆਏ ਗਏ ਵੀ ਸੁਣੀ ਜਾਂਦੇ । ਕੋਈ ਜਣਾ ਦਿਲਚਸਪੀ ਵਸ ਲਾਗੇ ਬਹਿ ਕੇ ਉਹਦੀਆਂ ਗੱਲਾਂ ਸੁਣਨ ਲੱਗ ਪੈਂਦਾ । ਲੋਕ ਉਹਨੂੰ ਫਲ ਫਰੂਟ ਵੀ ਦੇ ਜਾਂਦੇ । ਉਹਦੀ ਮਾਨਤਾ ਜਿਹੀ ਹੋਣ ਲੱਗ ਪਈ । ਉਹਨੂੰ ਮੰਨਣ ਵਾਲਿਆਂ 'ਚ ਇਕ ਅਨੰਤ ਰਾਮ ਵੀ ਸੀ । ਬੁਣਕਰ । ਸੂਤ ਲੈ ਜਾਂਦਾ ਸੀ, ਰੇਜੇ ਬੁਣ ਕੇ ਦੇ ਜਾਂਦਾ ਸੀ । ਮਿਹਨਤੀ । ਸ਼ਾਂਤ । ਮਿਠ ਬੋਲੜਾ । ... ਇਕ ਦਿਨ ਪਿਤਾ ਜੀ ਨੂੰ ਕਹਿੰਦਾ, ''ਮੈਂ ਆਪਣੇ ਘਰ ਲੈ ਜਾਵਾਂ ਮਹਾਪੁਰਖਾਂ ਨੂੰ ? ਸੇਵਾ ਕਰਾਂਗਾ । ਮੇਰੇ ਕੋਲ ਖੁੱਲ੍ਹੀ ਜਗ੍ਹਾ ਹੈ ।'' ਪਿਤਾ ਜੀ ਝੱਟ ਮੰਨ ਗਏ । ਉਹਦਾ ਸਮਾਨ ਸਮੇਟ ਕੇ ਬੰਨਿ੍ਹਆ । ਆਦਰ ਨਾਲ ਤੋਰ ਦਿੱਤਾ । ਆਨੰਤ ਰਾਮ ਉਹਨੂੰ ਆਪਣੇ ਪਿੰਡ ਲੈ ਗਿਆ । ਖਹਿਰੇ ਸੁਲਤਾਨ । ਧਿਆਨਪੁਰ ਤੋਂ ਅੱਧਾ ਕੁ ਮੀਲ ।

''ਅਨੰਤ ਰਾਮਾ! ਭਾਗਾਂ ਦੀ ਗੱਲ ਹੁੰਦੀ ਐ ਸਾਰੀ । ਹੁਣ ਅਮਰ ਨਾਥ ਦੇ ਭਾਗਾਂ ਵਿਚ ਨਹੀਂ ਸੀ ਸੋਨਾ । ਤੂੰ ਕਿਸਮਤ ਵਾਲਾ ਨਿਕਲਿਐਂ । ਮੈਨੂੰ ਲੈ ਆਇਐਂ । ਹੁਣ ਤੇਰੀ ਖੱਡੀ ਛੁੱਟ ਜਾਏਗੀ । ਲਹਿਰਾਂ ਬਹਿਰਾਂ ਸਮਝ । ਤੈਨੂੰ ਐਸੀ ਹਿਕਮਤ ਸਿਖਾਵਾਂਗਾ ਕਿ ਬੈਠਾ ਰਾਜ ਕਰੇਂਗਾ, ਬਸ... ਬਾਕੀ ਹੁਣ ਸਾਰਾ ਕੁਝ ਤੇਰੇ 'ਤੇ ਨਿਰਭਰ ਕਰਦੈ । ਭਰ ਲੈ ਝੋਲੀਆਂ । ਕਰ ਲੈ ਰੀਝਾਂ ਪੂਰੀਆਂ ।''

ਤੇ ਅਨੰਤ ਰਾਮ ਨੇ 'ਬਸ ਬਾਕੀ' ਦੀਆਂ ਰੀਝਾਂ ਪੂਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ । ਮਹੀਨ ਖੱਦਰ ਦੇ ਬਸਤਰ । ਨਵੇਂ ਨਕੋਰ ਬਿਸਤਰ । ਹਰ ਫਰਮਾਇਸ਼ ਪੂਰੀ । ਇਕ ਦਿਨ ਵੇਖਿਆ ਬਾਬਾ ਚੌਕੜੀ ਮਾਰ ਕੇ ਆਸਣ 'ਤੇ ਬਿਰਾਜਮਾਨ ਸੀ । ਸਿਰ ਉੱਤੇ ਤਾਜ਼ੇ ਮੱਖਣ ਦਾ ਪਿੰਨਾ ਪਿਆ ਸੀ ਜਿਹੜਾ ਚੋ ਚੋ ਕੇ ਚਾਰੇ ਪਾਸੇ ਥਿੰਧਿਆਈ ਵਰਤਾ ਰਿਹਾ ਸੀ । ਅਨੰਤ ਰਾਮ ਪੱਖਾ ਝੱਲ ਰਿਹਾ ਸੀ । ਉਹਦੀ ਘਰ ਵਾਲੀ ਥਾਲੀ ਸਜਾ ਕੇ ਲਿਆ ਰਹੀ ਸੀ ।

''ਅਨੰਤ ਰਾਮਾ! ਅਮਰ ਨਾਥ ਨੂੰ ਤਾਂ ਮੈਂ ਅਧਿਆਨੀ ਦੇ ਸਿੱਕੇ ਨਾਲ ਤਜਰਬਾ ਕਰਕੇ ਵਿਖਾਇਆ ਸੀ । ਪਹਿਲਾਂ ਪੀਲੀ ਲਾਟ ਨਿਕਲਦੀ ਹੈ, ਫਿਰ ਨੀਲੀ । ਜਦੋਂ ਲਾਟ ਦਾ ਰੰਗ ਹਰਾ ਹੋ ਜਾਏ ਤਾਂ ਸਮਝੋ ਬਣ ਗਿਆ ਸੋਨਾ । ਬੱਸ... ਮੈਂ ਤਾਂ ਦੱਸ ਹੀ ਸਕਨਾਂ... ਬਾਕੀ ਕਰਨਾ ਤਾਂ ਤੁਸੀਂ ਆਪ ਹੈ । ਮੇਰੇ ਤਾਂ ਨੇਤਰਾਂ 'ਚ ਜੋਤ ਨਾ ਹੋਈ । ... ਤੂੰ ਤਿੰਨ ਪੱਤੀਆਂ ਵਾਲੀ ਬੂਟੀ ਲੱਭ ਕੇ ਲਿਆ । ਤੇ ਆਪਣੇ ਪਿਛਲੇ ਵਿਹੜੇ ਵਿਚ ਟੋਆ ਪੁੱਟ ਕੇ ਆਵੇ ਵਾਂਗ ਆਸੇ ਪਾਸੇ ਪਾਥੀਆਂ ਚਿਣ ਕੇ ਵਿਚਕਾਰ ਮਿੱਟੀ ਦਾ ਕੁੱਜਾ ਟਿਕਾ ਦੇਣਾ ਏ, ਸਾਰੀ ਸਮੱਗਰੀ ਪਾ ਕੇ । ਪਾਥੀਆਂ ਨੂੰ ਧੁਖਾ ਕੇ ਉੱਤੋਂ ਮਿੱਟੀ ਨਾਲ ਕੱਜ ਦੇਣਾ ਏ ਪੇਤਲਾ ਪੇਤਲਾ । ਧੁਖਦਾ ਰਹੇ ਪਰ ਬਹੁਤਾ ਧੂੰ ਨਾ ਨਿਕਲੇ । ਬਹੁਤਾ ਰੌਲਾ ਨਹੀਂ ਪਾਉਣਾ । ... ਬਸ.. ਬਾਕੀ ਤੂੰ ਸਮਝਦਾਰ ਹੈਂ ਅਨੰਤ ਰਾਮਾ! ਅਠਤਾਲੀ ਘੰਟਿਆਂ 'ਚ ਰਸਾਇਣ ਤਿਆਰ । ਕੁੱਜਾ ਕੱਢ ਕੇ ਏਨਾ ਹੀ ਪਰਖਣਾ ਹੈ ਕਿ ਤਿੰਨਪੱਤੀ ਦਾ ਚੂਰਾ ਪਾਉਣ ਨਾਲ ਪਹਿਲਾਂ ਪੀਲੀ ਲਾਟ ਨਿਕਲੇਗੀ, ਫਿਰ ਨੀਲੀ ਹੋ ਜਾਏਗੀ । ਬਾਅਦ ਵਿਚ ਜੇ ਲਾਟ ਹਰੀ ਹੋ ਗਈ ਤਾਂ ਯੱਗ ਸੰਪੂਰਨ ਸਮਝੋ ।''

ਅਨੰਤ ਰਾਮ ਨੇ ਖੱਡੀ ਛੱਡ ਕੇ ਸਾਈਕਲ ਪਿੱਛੇ ਖੁਰਜੀ ਪਾ ਲਈ । ਦੇਵੀ ਦਾਸ ਦੇ ਦੱਸੇ ਅਨੁਸਾਰ ਕਦੇ ਪਾਥੀਆਂ ਢੋਂਦਾ ਕਦੇ ਕੱਚ । ਕਦੇ ਤਿੰਨਪੱਤੀ ਲੱਭਦਾ ਫਿਰਦਾ ਕਦੇ ਸੱਤ ਫੁੱਲੀ । ਉਹ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਸੇਵਾ ਕਰਦਾ ਤੇ ਆਗਿਆ ਦਾ ਪਾਲਣ ਕਰਦਾ । ਘਰਦਿਆਂ ਨੂੰ ਉਲਝਾਈ ਰੱਖਦਾ । ਪੂਰੀ ਕਾਰਵਾਈ ਗੁਪਤ ਚੱਲਦੀ ।

ਅਠਤਾਲੀ ਘੰਟਿਆਂ ਦੀ ਅਉਧ ਵੀ ਮੁੱਕ ਗਈ । ਮਿੱਟੀ ਹਟਾ ਕੇ ਆਵੇ 'ਚੋਂ ਕੁੱਜਾ ਕੱਢਿਆ ਗਿਆ, ਜਿਸ ਨੂੰ ਚੱਪਣੀ ਨਾਲ ਢੱਕ ਕੇ ਆਟੇ ਨਾਲ ਸੀਲ ਕੀਤਾ ਗਿਆ ਸੀ । ਸੀਲ ਤੋੜ ਕੇ ਚੱਪਣੀ ਲਾਹੀ ਗਈ । ਨਾ ਪੀਲੀ ਲਾਟ ਨਿਕਲੀ, ਨਾ ਨੀਲੀ । ਅੰਦਰ ਗਰਮ ਗਰਮ ਭੁੱਬਲ ਜਿਹੀ ਸੀ । ਅਨੰਤ ਰਾਮ ਦੀ ਭੁੱਬ ਨਿਕਲ ਗਈ । ਬਾਬੇ ਨੇ ਆਪਣੇ ਨੈਣਾਂ ਦੀ ਜੋਤ ਨੂੰ ਦੋਸ਼ ਦੇ ਕੇ ਇਕ ਵਾਰੀ ਮੁੜ ਕੋਸ਼ਿਸ਼ ਕਰਨ ਦੀ ਸਲਾਹ ਦਿੱਤੀ ਪਰ ਅਨੰਤ ਰਾਮ ਨੇ ਹੁੰਗਾਰਾ ਨਾ ਭਰਿਆ ।

'ਸੇਵਾ' ਦੀ ਸਰਗਰਮੀ ਮੱਠੀ ਪੈਂਦੀ ਵੇਖੀ ਤਾਂ ਬਚਨ ਕੀਤਾ,
''ਵੇਖ ਭਾਈ ਅਨੰਤ ਰਾਮਾ! ਮੇਰੇ ਤੇ ਨੇਤਰਾਂ 'ਚ ਜੋਤ ਨਾ ਹੋਈ । ਤੁਹਾਡੀ ਕਿਸਮਤ 'ਚ ਸੋਨਾ ਨਾ ਹੋਇਆ । ਬਸ... ਬਾਕੀ ਹੁਣ ਤਾਂ ਜੇ ਮੈਂ 'ਰਾਮ ਦਿਵਾਲੀ' ਚਲਾ ਜਾਵਾਂ ਤਾਂ ਉਹ ਲੋਕ ਮੇਰੇ ਨੁਸਖੇ ਨੂੰ ਜ਼ਰੂਰ ਸਿਰੇ ਚੜ੍ਹਾ ਸਕਣਗੇ । ਉਨ੍ਹਾਂ 'ਤੇ ਮੈਨੂੰ ਭਰੋਸਾ ਹੈ ।''

ਅਨੰਤ ਰਾਮ ਨੇ ਉਹਦੇ ਤੋਂ ਰਾਮ ਦਿਵਾਲੀ ਵਾਲਿਆਂ ਦਾ ਅਤਾਪਤਾ ਪੁੱਛਿਆ । ਘੋੜੀ ਭਾੜੇ 'ਤੇ ਲਈ । ਉੱਤੇ ਬਿਠਾ ਕੇ ਲੈ ਗਿਆ । ਅਗਲਿਆਂ ਦੇ ਦਰਾਂ ਮੂਹਰੇ ਉਤਾਰ ਕੇ ਆਪ ਘੋੜੀ ਭਜਾ ਲਿਆਇਆ । ਧਿਆਨਪੁਰ ਆਇਆ । ਪਿਤਾ ਜੀ ਨੂੰ ਮਿਲਿਆ । ਦੋਏਂ ਜਣੇ ਉਹਦੀਆਂ ਗੱਲਾਂ ਕਰ ਕਰ ਕਿੰਨੀ ਦੇਰ ਹੱਸਦੇ ਰਹੇ । ਅਖ਼ੀਰ ਵਿਚ ਪਿਤਾ ਜੀ ਨੇ ਇਹ ਕਹਿ ਕੇ ਗੱਲ ਮੁਕਾਈ, ''ਵੇਖ ਭਾਈ ਅਨੰਤ ਰਾਮਾ! ਦੇਵੀ ਦਾਸ ਦਾ ਕੋਈ ਕਸੂਰ ਨਹੀਂ । ਕਸੂਰ ਸਾਡੇ ਅੰਦਰਲੇ ਲੋਭ ਦਾ ਹੈ । ਦੇਵੀ ਦਾਸ ਕੋਲ ਸੋਨਾ ਬਣਾਉਣ ਦਾ ਨੁਸਖਾ ਭਾਵੇਂ ਨਾ ਹੋਏ ਪਰ ਸੇਵਾ ਕਰਵਾਉਣ ਦਾ ਰਸਾਇਣ ਉਹਦੇ ਕੋਲ ਜ਼ਰੂਰ ਹੈ । ਬਸ... ਬਾਕੀ ਹੁਣ ਉਹਦੇ ਜਾਣ ਪਿੱਛੋਂ ਤੈਨੂੰ ਆਪਣਾ ਘਰ ਕਈ ਦਿਨ ਖ਼ਾਲੀ ਖ਼ਾਲੀ ਲੱਗਦਾ ਰਹੇਗਾ, ਜਿੱਦਾਂ ਸਾਨੂੰ ਲੱਗਦਾ ਰਿਹਾ ਹੈ ।''

ਦੋਹਾਂ ਦੀਆਂ ਅੱਖਾਂ ਨਮ ਸਨ ।

••••••

5. ਵੈਦ ਰੋਗੀਆਂ ਦਾ

ਹੁਣ ਤਾਂ ਪਿੰਡ ਵਿਚ ਪ੍ਰਾਇਮਰੀ ਹੈਲਥ ਸੈਂਟਰ ਹੈ । ਇਕਅੱਧ ਪ੍ਰਾਈਵੇਟ ਨਰਸਿੰਗ ਹੋਮ ਵੀ ਹੈ । ਅੱਠਦਸ ਆਰ.ਐਮ.ਪੀ. ਹਨ । ... ਉਦੋਂ ਪੂਰੇ ਇਲਾਕੇ ਵਿਚ ਸਿਰਫ਼ ਨਿਰੰਜਣ ਦਾਸ ਦਾ ਬੋਲਬਾਲਾ ਸੀ । ''ਡਾਕਟਰ ਨਿਰੰਜਣ ਦਾਸ ਸ਼ਰਮਾ, ਆਯੁਰਵੈਦ ਭਿਸ਼ਕ, ਗੌਰਮਿੰਟ ਰਜਿਸਟਰ ਸ਼ੁਦਾ' ਵਾਲਾ ਰੰਗਬਰੰਗਾ ਫੱਟਾ, ਉਹਦੀ ਦੁਕਾਨ ਮੂਹਰੇ ਲਟਕਦਾ, ਦੂਰੋਂ ਨਜ਼ਰ ਆਉਂਦਾ । ਮਰੀਜ਼ਾਂ ਨੂੰ ਖਿੱਚ ਪਾਉਂਦਾ । ਬਦੋਬਦੀ ਬੁਲਾਉਂਦਾ । ... ਇਹ ਫੱਟਾ ਉਹਨੇ ਬਟਾਲੇ ਤੋਂ ਬਣਵਾਇਆ ਸੀ । ਬਿਸ਼ਨਦਾਸ 'ਪੇਂਟਰ' ਤੋਂ ਲਿਖਵਾਇਆ ਸੀ । ਸ਼ਹਿਰ ਦੂਰ ਸੀ । ਇਲਾਕੇ ਵਿਚ ਸਿਰਫ਼ ਨਿਰੰਜਣ ਦਾਸ ਹੀ ਮਸ਼ਹੂਰ ਸੀ । ਉਹਦਾ ਨਾਂ ਸਭ ਦੀ ਜ਼ਬਾਨ 'ਤੇ । ਹਰ ਬਿਮਾਰ ਉਸੇ ਦੀ ਦੁਕਾਨ 'ਤੇ । ... ਛੋਟੀ ਜੇਹੀ ਦੁਕਾਨ । ਕੁਰਸੀਮੇਜ਼ ਡਾਕਟਰ ਲਈ । ਲੰਬਾ ਬੈਂਚ ਮਰੀਜ਼ਾਂ ਲਈ । ਬੈਂਚ ਖ਼ਾਲੀ ਹੁੰਦਾ ਤਾਂ ਡਾਕਟਰ ਨੂੰ ਚੈਨ ਆਉਂਦਾ । ਉਹ ਮੇਜ਼ 'ਤੇ ਸਿਰ ਸੁੱਟ ਕੇ ਠੌਂਕਾ ਲਾਉਂਦਾ । ਉਦੋਂ ਤੱਕ ਸੌਂਦਾ, ਜਦੋਂ ਤੱਕ ਕੋਈ ਮਰੀਜ਼ ਉਹਨੂੰ ਹਲੂਣ ਕੇ ਨਾ ਜਗਾਉਂਦਾ । ... ਉਹ 'ਸ੍ਰੀ ਰਾਮ' ਕਹਿ ਕੇ ਕਾਹਲੀ ਨਾਲ ਥਰਮਾਮੀਟਰ ਅਗਲੇ ਦੇ ਮੂੰਹ ਵਿਚ ਪਾਉਂਦਾ ਅਤੇ ਮੁੜ ਪਹਿਲਾਂ ਵਾਲੀ ਮੁਦਰਾ ਵਿਚ । ਥੋੜ੍ਹਾ ਉਡੀਕ ਕੇ ਮਰੀਜ਼ ਮੁੜ ਪਹਿਲਾਂ ਵਾਲਾ ਅਮਲ ਦੁਹਰਾਉਂਦਾ । ਡਾਕਟਰ ਥਰਮਾਮੀਟਰ ਵਾਲਾ ਹੱਥ ਆਪਣੀ ਸੱਜੀ ਅੱਖ ਦੇ ਐਨ ਨੇੜੇ ਲਿਆਉਂਦਾ । ਮਰੀਜ਼ ਵੱਲ ਗੰਭੀਰਤਾ ਨਾਲ ਵੇਖ ਕੇ 'ਸ੍ਰੀ ਰਾਮ' ਕਹਿ ਕੇ ਹੱਥ ਜ਼ੋਰਜ਼ੋਰ ਦੀ ਛਿਣਕਦਾ । ਥਰਮਾਮੀਟਰ ਗਿਲਾਸ 'ਚ ਖੜ੍ਹਾ ਕਰਕੇ ਕੁਰਸੀ ਸੱਜੇ ਪਾਸੇ ਘੁਮਾਉਂਦਾ । ਓਥੇ ਸੀ ਸਟੂਲ । ਸਟੂਲ 'ਤੇ ਸਟੋਵ । ਸਟੋਵ ਉੱਤੇ ਪਤੀਲੀ । ਪਤੀਲੀ ਵਿਚ ਪਾਣੀ । ਪਾਣੀ ਵਿਚ ਸਰਿੰਜ । ... ਉਹ ਸਟੋਵ ਬਾਲਦਾ । ਪਤੀਲੀ ਦਾ ਢੱਕਣ ਚੱਕਦਾ । ਰੱਖਦਾ । ਮਰੀਜ਼ ਨੂੰ , ਮੇਜ਼ ਤੋਂ ਚੁੱਕ ਕੇ, 'ਕਲਿਆਣ' ਫੜਾਉਂਦਾ : ''ਇਹ ਪੜ੍ਹਦੇ ਹੁੰਦੇ ਓ? ... ਪੜ੍ਹਿਆ ਕਰੋ । ਸਾਲ ਦਾ ਚੰਦਾ ਭੇਜ ਦਿਉ । ਬਹੁਤ ਸਸਤਾ ਹੈ । ਬੜਾ ਸਿੱਖਿਆਦਾਇਕ ਹੈ । ਸਾਰੇ ਪਰਿਵਾਰ ਲਈ ਫਾਇਦੇਮੰਦ ਹੈ । ਗੀਤਾ ਪ੍ਰੈਸ ਵਾਲੇ ਗੋਰਖਪੁਰ ਤੋਂ ਛਾਪਦੇ ਨੇ । ਉਹ ਗੀਤਾ ਵੀ ਛਾਪਦੇ ਨੇ । ਹੋਰ ਧਾਰਮਿਕ ਪੁਸਤਕਾਂ ਵੀ । ਬਹੁਤ ਸਸਤੀਆਂ । ਮੁਫ਼ਤ ਵਰਗੀਆਂ । ... ਗੀਤਾ ਡੇਢ ਆਨੇ ਦੀ । ਤੁਲਸੀ ਰਾਮਾਇਣ ਢਾਈ ਆਨੇ ਦੀ... ।''

ਮਰੀਜ਼ ਦੀ 'ਹਾਏ ਹਾਏ' ਦੌਰਾਨ ਉਹ ਆਪਣੀ ਰਾਮ-ਕਹਾਣੀ ਜਾਰੀ ਰੱਖਦਾ । ਸਰਿੰਜ ਚੁੱਕਦਾ । ਸਟੋਵ ਬੰਦ ਕਰਦਾ । ਸਰਿੰਜ ਨਾਲ ਸੂਈ ਜੋੜਦਾ । ਦਵਾਈ ਭਰਦਾ । ਮਰੀਜ਼ ਦੀ ਬਾਂਹ ਲੋੜ ਅਨੁਸਾਰ ਮਰੋੜਦਾ । 'ਸ੍ਰੀ ਰਾਮ' ਕਹਿ ਕੇ ਸੂਈ ਡੌਲੇ ਵਿਚ ਦਾਖ਼ਲ ਕਰਦਾ । ਮਰੀਜ਼ ਮੂੰਹ ਦੂਜੇ ਪਾਸੇ ਕਰਕੇ ਉਡੀਕ ਕਰਦਾ । ਕਿੰਨਾ ਚਿਰ ਉਡੀਕ ਕੇ ਗਰਦਨ ਮੋੜਦਾ । ਸੁੱਤੇ ਹੋਏ ਡਾਕਟਰ ਨੂੰ ਆਪਣੀ ਵਿਹਲੀ ਬਾਂਹ ਨਾਲ ਬੜੀ ਇਹਤਿਆਤ ਨਾਲ ਝੰਜੋੜਦਾ । ਡਾਕਟਰ 'ਸ੍ਰੀ ਰਾਮ' ਕਹਿ ਕੇ ਡੌਲੇ ਨੂੰ ਸੂਈ ਤੋਂ ਆਜ਼ਾਦ ਕਰਦਾ । ਮਰੀਜ਼ ਨਾਲ ਸੰਵਾਦ ਕਰਦਾ: ''ਸ਼ਾਖਾ ਵਿਚ ਆਇਆ ਕਰੋ । ਸਵੇਰੇ ਜਲਦੀ ਉਠਣ ਦੀ ਆਦਤ ਪਾਓ । ਇਹ ਧਰਮ ਦਾ ਕਾਰਜ ਹੈ । ਨਾਲੇ ਸਿਹਤ ਠੀਕ ਰਹਿੰਦੀ ਹੈ । ... ਸਦਾ ਵਤਸਲੇ ਪੁੰਨ ਭੂਮੀ ਤਦਰਥੇ, ਪਤਿਤਵੇਸ਼ਕਾਯੋ ਨਮਸਤੇ ਨਮਸਤੇ...'' ਇਸ ਦੌਰਾਨ ਉਹ ਪੰਜ ਸੱਤ ਗੋਲੀਆਂ ਨੂੰ ਸੁਰਮੇ ਵਾਂਗ ਪੀਹ ਦਿੰਦਾ । ਰਲਾ ਮਿਲਾ ਕੇ ਪੁੜੀਆਂ ਬਣਾਉਂਦਾ । ਮਰੀਜ਼ ਨੂੰ ਫੜਾਉਂਦਾ । ''ਸਾਤਵਿਕ ਭੋਜਨ ਕਰਿਆ ਕਰੋ । 'ਕਲਿਆਣ' ਪੜ੍ਹਿਆ ਕਰੋ । ਸ਼ਾਖਾ 'ਚ ਆਇਆ ਕਰੋ । ਕੱਲ੍ਹ ਸਵੇਰੇ ਮੈਂ ਤੁਹਾਨੂੰ ਜਗਾਉਣ ਆਵਾਂਗਾ ।'' ਕਹਿੰਦਾ ਕਹਿੰਦਾ ਸੌਂ ਜਾਂਦਾ ।

ਦਰਅਸਲ ਉਸ ਦੀ ਨੀਂਦ ਪੂਰੀ ਹੀ ਨਹੀਂ ਸੀ ਹੁੰਦੀ । ਜਦੋਂ ਦੁਕਾਨ 'ਤੇ ਹੁੰਦਾ ਤਾਂ ਮਰੀਜ਼ਾਂ ਕਰਕੇ ਵਖ਼ਤ ਨੂੰ ਫੜਿਆ ਹੁੰਦਾ । ਨਹੀਂ ਤਾਂ ਕਿਸੇ ਲਾਗਲੇ ਪਿੰਡ ਦੇ ਮਰੀਜ਼ ਕੋਲ ਪੁੱਜਣ ਲਈ ਸਾਈਕਲ 'ਤੇ ਚੜ੍ਹਿਆ ਹੁੰਦਾ । ਉਹ ਸਾਈਕਲ ਦੀ ਕਾਠੀ 'ਤੇ ਵੀ ਠੌਂਕਾ ਲਾ ਲੈਂਦਾ । ਸੁੱਤਾਸੁੱਤਾ ਵੀ ਸਾਈਕਲ ਚਲਾ ਲੈਂਦਾ । ਨੀਂਦ ਵਿਚ ਸਾਈਕਲ ਸਗੋਂ ਜ਼ਿਆਦਾ ਭਜਾਉਂਦਾ ਸੀ । ਇਕ ਹੱਡਬੀਤੀ ਤਾਂ ਉਹ ਅਕਸਰ ਸੁਣਾਉਂਦਾ ਸੀ :

''ਰਾਤ ਨੂੰ ਨੀਂਦ ਅਜੇ ਆਉਣ ਹੀ ਲੱਗੀ ਸੀ ਕਿ ਕਿਸੇ ਨੇ ਆ ਕੁੰਡਾ ਖੜਕਾਇਆ । ਮੈਂ ਚਾਬੀ ਦਿੱਤੇ ਖਿਡੌਣੇ ਵਾਂਗ ਉੱਠਿਆ । ਬੂਹਾ ਖੋਲਿ੍ਹਆ । ਗੱਲ ਸੁਣੀ 'ਤੁਸੀਂ ਚਲੋ ਮੈਂ ਆਇਆ' ਆਖ ਕੇ ਤਿਆਰ ਹੋਣ ਲੱਗ ਪਿਆ । ਐਨਕ ਲਾਈ । ਪੱਗ ਸਿਰ 'ਤੇ ਰੱਖੀ । ਦਵਾਈਆਂ ਵਾਲਾ ਬਕਸਾ ਸਾਈਕਲ ਦੇ ਕੈਰੀਅਰ 'ਤੇ ਰੱਖਿਆ । ਘਰ ਵਾਲੀ ਜਾਗ ਚੁੱਕੀ ਸੀ । ਮੈਂ ਪੁੱਛਿਆ 'ਕੌਣ ਆਇਆ ਸੀ ਭਲਾ? ਕਿਹੜੇ ਪਿੰਡੋਂ ਆਇਆ ਸੀ ਸੱਜਣ?' ਉਹ ਵਿਚਾਰੀ ਕੀ ਦੱਸਦੀ! ਉਹ ਤਾਂ ਮੇਰਾ ਖੜਾਕ ਸੁਣ ਕੇ ਜਾਗੀ ਸੀ । ਮੈਨੂੰ ਚੇਤਾ ਹੀ ਨਹੀਂ ਸੀ ਆ ਰਿਹਾ ਕਿ ਕੌਣ ਆਇਆ ਸੀ ਅਤੇ ਕਿਹੜੇ ਪਿੰਡੋਂ ਆਇਆ ਸੀ । ਮੈਂ ਰਾਮ ਨਾਮ ਜਪਦਾ ਚੰਦੂ ਸੂਜੇ ਵੱਲ ਨੂੰ ਸਾਈਕਲ ਸਵਾਰ ਹੋ ਗਿਆ । ਕੱਚਾ ਪੇਹਾ ਸੀ । ਵਿੱਚਵਿੱਚ ਗੱਡਿਆਂ ਦੇ ਪਹੀਆਂ ਨਾਲ ਡੂੰਘੀਆਂ ਲੀਕਾਂ ਪਈਆਂ ਹੋਈਆਂ । ਸਾਈਕਲ ਬੁੜ੍ਹਕੀ ਜਾਏ । ਫਿਰ ਵੀ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ । ਖੁੱਲ੍ਹੀ ਉਦੋਂ ਜਦੋਂ ਮੈਂ ਪਾਣੀ ਦੇ ਖਾਲ ਵਿਚ ਡਿੱਗ ਪਿਆ ਸਾਂ । ਸਾਈਕਲ ਹੇਠੋਂ ਨਿਕਲ ਕੇ ਟੋਹਟੋਹ ਕੇ ਐਨਕ ਲੱਭੀ । ਲਾਈ । ਗਿੱਲੇ ਸ਼ੀਸ਼ਿਆਂ 'ਚੋਂ ਕੁਝ ਨਜ਼ਰ ਨਾ ਆਏ । ਸਭ ਕੁਝ ਭਿੱਜ ਗਿਆ ਸੀ । ਸ਼ੀਸ਼ੇ ਕਾਹਦੇ ਨਾਲ ਪੂੰਝਦਾ? ਸਿਰ 'ਤੇ ਹੱਥ ਮਾਰਿਆ । ਪੱਗ ਗਾਇਬ ਸੀ । ਸਾਈਕਲ ਬਾਹਰ ਕੱਢ ਕੇ ਉਧਰ ਨੂੰ ਭਜਾਉਣ ਲੱਗਾ ਜਿੱਧਰ ਨੂੰ ਪਾਣੀ ਦਾ ਵਹਾਅ ਸੀ । ਕੋਈ ਦੋ ਫਰਲਾਂਗਾਂ 'ਤੇ ਜਾ ਕੇ ਪੱਗ ਹੱਥ ਆਈ ।''

ਏਨੀ ਕੁ ਗੱਲ ਤਾਂ ਉਹ ਢਿੱਡ 'ਤੇ ਹੱਥ ਰੱਖ ਕੇ ਦੱਸੀ ਜਾਂਦਾ । ਇਸ ਤੋਂ ਅੱਗੇ ਉਸ ਤੋਂ ਬੋਲ ਨਾ ਹੁੰਦਾ, ਬੱਸ ਹੱਸੀ ਜਾਂਦਾ । ਉਹ ਪਿੰਡ ਨਾਲ ਪੂਰੀ ਤਰ੍ਹਾਂ ਘੁਲ ਮਿਲ ਗਿਆ । ਦੁੱਖਸੁੱਖ ਦਾ ਹਿੱਸਾ ਸੀ । ਅਪਣੱਤ ਦੀ ਮੂਰਤ । ਗੱਲ ਕਰਦਾ ਅਗਲੇ ਦੇ ਢਿੱਡ ਵਿਚ ਵੜ ਜਾਂਦਾ । ਪਰ ਕਦੇ ਕਦੇ ਉਹਨੂੰ ਗੁੱਸਾ ਵੀ ਚੜ੍ਹ ਜਾਂਦਾ ।

ਉਹਦਾ ਭਾਣਜਾ ਵੇਦ ਪ੍ਰਕਾਸ਼ ਉਹਦੇ ਕੋਲ ਰਹਿੰਦਾ ਸੀ । ਗਾਉਣ ਵਜਾਉਣ ਦਾ ਸ਼ੁਕੀਨ । ਹਾਰਮੋਨੀਅਮ ਵਜਾਉਂਦਾ । ਭਜਨ ਗਾਉਂਦਾ । ਮੰਦਿਰ ਦੇ ਸਮਾਗਮ 'ਚ ਉਹਦੀ ਬੱਲੇ ਬੱਲੇ ਹੁੰਦੀ । ਉਹ ਕਲਾਕਾਰ ਸੀ । ਉਹਨੇ ਨਿੱਕੀਨਿੱਕੀ ਦਾੜ੍ਹੀ ਰੱਖ ਲਈ । ਸ਼ਰਾਬ ਦਾ ਸੇਵਨ ਅਮੂਮਨ ਕਰਦਾ । ਬਾਪਰਦਾ । ਡਾਕਟਰ ਮਾਮੇ ਤੋਂ ਡਰਦਾ । .. ਇਕ ਦਿਨ ਦੁਪਹਿਰੇ ਹੀ ਘੁੱਟ ਲਾਈ ਹੋਈ ਸੀ । ਮਾਮੇ ਨੇ ਬਾਜ਼ਾਰ 'ਚ ਘੇਰ ਲਿਆ । ਜਵਾਨਜਹਾਨ ਕਲਾਕਾਰ ਭਾਣਜਾ! ਮਾਮੇ ਨੇ ਅੱਖਾਂ ਲਾਲ ਕਰਕੇ ਪੁੱਛਿਆ, "ਅਹਿ ਦਾੜ੍ਹੀ ਕਿਉਂ ਵਧਾਈ ਫਿਰਦੈਂ?"

"ਪਿਤਾ ਜੀ ਨੇ ਵੀ ਤਾਂ ਰੱਖੀ ਹੋਈ ਐ ।" ਭਾਣਜੇ ਨੇ ਅਧੀਨਗੀ ਨਾਲ ਬਚਣਾ ਚਾਹਿਆ ।

"ਪਿਤਾ ਜੀ ਤੋਂ ਕੋਈ ਅਕਲ ਦੀ ਗੱਲ ਵੀ ਸਿੱਖ ਲੈ । ਸਿਰਫ਼ ਦਾੜ੍ਹੀ ਦੀ ਨਕਲ ਮਾਰਨ ਨਾਲ ਕੀ ਹੁੰਦੈ ।" ... ਤੇ ਭਾਣਜੇ ਦੇ ਮੂੰਹ ਉੱਤੇ ਮਾਮੇ ਦੀ ਚਪੇੜ ਨੇ ਪੰਜ ਕਲਿਆਣੀ ਮੋਹਰ ਲਾ ਦਿੱਤੀ । ਵੇਦ ਪ੍ਰਕਾਸ਼ ਚੁੱਪ ਕਰਕੇ ਘਰ ਵੱਲ ਤੁਰ ਗਿਆ । ਮਾਮੇ ਨੇ ਜਾ ਕੇ ਮਹੰਤ ਨੂੰ ਸ਼ਿਕਾਇਤ ਲਾ ਦਿੱਤੀ । 'ਮਹਾਰਾਜ' ਨੇ ਮੁਜਰਿਮ ਨੂੰ ਬੁਲਾ ਲਿਆ । 'ਦਰਬਾਰ' ਵਿਚ ਬਾਜ਼ਾਰ ਇਕੱਠਾ ਹੋਇਆ ਪਿਆ ਸੀ । ਨਿਰੰਜਣ ਦਾਸ ਪੂਰੇ ਗੁੱਸੇ ਵਿਚ ਜਾਗ ਰਿਹਾ ਸੀ । ਅੱਜ ਉਸ ਦੀ ਨੀਂਦ ਖੰਭ ਲਾ ਕੇ ਉਡਪੁਡ ਗਈ ਸੀ । ਉਹਦੇ ਸਮੇਤ ਪੂਰੀ ਭੀੜ ਫੈਸਲੇ ਦੀ ਉਡੀਕ ਵਿਚ ਤਮਾਸ਼ਬੀਨ ਬਣੀ ਹੋਈ ਸੀ ।

-'ਤੂੰ ਸ਼ਰਾਬ ਪੀਤੀ ਹੋਈ ਹੈ?' ਮਹਾਰਾਜ ਨੇ ਪੁੱਛਿਆ ।
'ਜੀ ਹਾਂ ।' ਸਿਰ ਝੁਕਿਆ ਰਿਹਾ ।
'ਪਹਿਲਾਂ ਵੀ ਪੀਂਦਾ ਹੈਂ?'
'ਹਾਂ ਜੀ ।' ਸਿਰ ਹੋਰ ਝੁਕ ਗਿਆ ।
'ਸ਼ਰਮਾਉਂਦਾ ਕਿਉਂ ਹੈ? ਸਿਰ ਉੱਪਰ ਕਰ ।'

-' ' ਹੁਕਮ ਦੀ ਤਾਮੀਲ ਹੋਈ ।
'ਕਿਹੜੀ ਪੀਂਦਾ ਹੈਂ?' ਸਵਾਲ ਵਿਚ ਮੁਸਕਾਨ ਸੀ ।
'ਜੀ ਦੇਸੀ ... ਘਰ ਦੀ ਕੱਢੀ ।' ਜਵਾਬ ਵਿਚ ਤਰਲਾ ਸੀ ।

ਮਹੰਤ ਨੇ ਸੌ ਦਾ ਨੋਟ ਮਿਰਗਸ਼ਾਲਾ ਹੇਠੋਂ ਕੱਢਿਆ । ਵੇਦ ਪ੍ਰਕਾਸ਼ ਵੱਲ ਵਧਾਇਆ ਅਤੇ ਹੱਸ ਕੇ ਕਿਹਾ : 'ਲੈ ਫੜ । ਅੱਗੋਂ ਤੋਂ ਦੇਸੀ ਨਹੀਂ ਅੰਗਰੇਜ਼ੀ ਪੀਆ ਕਰ । ... ਪਰ ਦਿਨ ਵੇਲੇ ਨਾ ਪੀਆ ਕਰ । ਤੇਰਾ ਗਲਾ ਬਹੁਤ ਸੁਰੀਲਾ ਹੈ । ਭਗਵਾਨ ਨੇ ਤੈਨੂੰ ਹੁਨਰ ਬਖਸ਼ਿਆ ਹੈ । ਤੂੰ ਬਹੁਤ ਸੁੰਦਰ ਭਜਨ ਗਾਉਂਦਾ ਹੈਂ । ... ਜਦੋਂ ਪੈਸੇ ਮੁੱਕ ਜਾਣ ਆ ਕੇ ਲੈ ਜਾਈਂ । ... ਜਾਹ ਮੌਜਾਂ ਕਰ । ਅੱਗੋਂ ਤੋਂ ਸ਼ਿਕਾਇਤ ਦਾ ਮੌਕਾ ਨਹੀਂ ਆਉਣਾ ਚਾਹੀਦਾ ।'

ਜਦੋਂ ਨਿਰੰਜਣ ਦਾਸ ਡਾਕਟਰ ਬਣ ਕੇ ਪਿੰਡ ਵਿੱਚ ਨਵਾਂਨਵਾਂ ਆਇਆ ਤਾਂ ਸਭ ਤੋਂ ਪਹਿਲਾਂ ਉਹਨੇ ਸਫ਼ਾਈ ਮੁਹਿੰਮ ਚਲਾਈ ਸੀ । ਤੜਕੇ ਚਾਰ ਵਜੇ ਉੱਠ ਕੇ ਹੱਥ ਵਿਚ ਬਾਲਟੀ ਅਤੇ ਝਾੜੂ ਫੜ ਕੇ ਘਰੋਂ ਨਿਕਲ ਤੁਰਦਾ । ਉਪਰਲੇ ਵੱਡੇ ਦਰਵਾਜ਼ੇ ਲਾਗਲੇ ਘਰ ਦਾ ਕੁੰਡਾ ਖੜਕਾਉਂਦਾ : 'ਫਲਾਣਾ ਰਾਮ ਜੀ' ... 'ਢੀਂਗੜਾ ਦਾਸ ਜੀ' ... । ਬੂਹਾ ਖੁੱਲ੍ਹਣ ਤੱਕ ਕੁੰਡਾ ਖੜ੍ਹਕਾਈ ਜਾਂਦਾ । ਅਲਖ ਜਗਾਈ ਜਾਂਦਾ । 'ਤੁਹਾਡੇ ਨਲਕੇ ਤੋਂ ਪਾਣੀ ਲੈਣਾ ਹੈ । ਗਲੀ ਧੋਣ ਲਈ' ਕਹਿ ਕੇ ਨਲਕਾ ਗੇੜ੍ਹਨ ਲੱਗ ਪੈਂਦਾ । ਬਾਲਟੀਆਂ ਭਰਭਰ ਉਪਰੋਂ ਹੇਠਾਂ ਨੂੰ ਰੋੜ੍ਹੀ ਜਾਂਦਾ । ਨਾਲੀਆਂ ਸਾਫ਼ ਕਰੀ ਜਾਂਦਾ । ਗਲੀ ਧੋਈ ਜਾਂਦਾ । ... ਹਰ ਘਰ ਦਾ ਇਕਅੱਧ ਮੈਂਬਰ ਵੀ ਸ਼ਰਮ ਦਾ ਮਾਰਾ ਉਹਦੇ ਨਾਲ ਹੋਈ ਜਾਂਦਾ । ਅਗਲਾ ਘਰ ... ਫਿਰ ਅਗਲੀ ਗਲੀ .. । ਘਰ ਜਾਗਦਾ । ਗਲੀ ਜਾਗਦੀ । ਮੁਹੱਲਾ ਜਾਗਦਾ । ਪਿੰਡ ਜਾਗਦਾ । ... ਪੂਰੇ ਪਿੰਡ ਨੂੰ ਜਗਾ ਕੇ... ਨ੍ਹਾ ਧੋ ਕੇ... ਮੰਦਿਰ ਮੱਥਾ ਟੇਕ ਕੇ ਉਹ ਮੂੰਹ ਜੂਠਾ ਕਰਦਾ । ਦੁਕਾਨ ਖੋਲ੍ਹਦਾ । ਜਦੋਂ ਵੀ ਚੇਤਾ ਆਉਂਦਾ ਹਉਕੇ ਵਾਂਗ 'ਸ੍ਰੀ ਰਾਮ' ਬੋਲਦਾ ।

ਕੰਮ ਜਾਂ ਨੀਂਦ ਤੋਂ ਵਿਹਲ ਮਿਲਦੀ ਤਾਂ ਉਹ ਲੋਕਾਂ ਦੇ ਘਰਾਂ ਵਿਚ ਬਿਨ- ਬੁਲਾਏ ਜਾ ਵੜਦਾ । ਇਕ ਦਿਨ ਸਾਡੇ ਘਰ ਆਇਆ । ਆਉਂਦਿਆਂ ਹੀ ਕਹਿੰਦਾ 'ਚਾਹ ਪਿਆਉ ।' ਉਹਨੀਂ ਦਿਨੀਂ ਚੀਨੀ ਰਾਸ਼ਨ 'ਤੇ ਮਿਲਦੀ ਸੀ, ਛਟਾਂਕਾਂ ਦੇ ਹਿਸਾਬ ਨਾਲ । ਓਦਣ ਮੁੱਕੀ ਹੋਈ ਸੀ । 'ਡਾਕਟਰ' ਨੂੰ ਗੁੜ ਦੀ ਚਾਹ ਕਿਵੇਂ ਪਿਆਈਏ? .. ਉਸ ਨੇ ਸਥਿਤੀ ਭਾਂਪ ਲਈ । ਹੱਸ ਕੇ ਕਹਿੰਦਾ," ਅੱਜ ਕੱਲ੍ਹ ਚੀਨੀ ਤਾਂ ਦੁਰਲਭ ਹੋ ਗਈ ਹੈ ਪਰ ਮੈਂ ਵਧੀਆ ਰਾਹ ਲੱਭ ਲਿਐ । ਕੱਲ੍ਹ ਚਾਰ ਮਹਿਮਾਨ ਆ ਗਏ । ਮੈਂ ਘਰ ਵਾਲੀ ਨੂੰ ਫਿੱਕੀ ਚਾਹ ਬਣਾਉਣ ਦਾ ਇਸ਼ਾਰਾ ਕਰਕੇ ਅੰਦਰੋਂ ਬਰਫ਼ੀ ਦੀ ਇਕ ਟੁਕੜੀ ਚੁੱਕੀ । ਟੁਕੜੀ ਦੇ ਪੰਜ ਟੁਕੜੇ ਕਰਕੇ ਪਲੇਟ 'ਚ ਰੱਖੇ । ਪਲੇਟ ਮਹਿਮਾਨਾਂ ਮੂਹਰੇ ਜਾ ਰੱਖੀ । ਨਾਲ ਹੀ ਆਪ ਬਹਿ ਗਿਆ ਅਤੇ ਕਿਹਾ ਕਿ ਓਨਾ ਚਿਰ ਬਰਫ਼ੀ ਛਕੋ ਜਦੋਂ ਤੱਕ ਚਾਹ ਨਹੀਂ ਆਉਂਦੀ । ਇਕ 'ਟੁਕੜਾ' ਉਨ੍ਹਾਂ ਵਾਂਗ ਮੈਂ ਵੀ ਮੂੰਹ 'ਚ ਧਰ ਲਿਆ । ਏਨੇ ਨੂੰ ਚਾਹ ਦੇ ਕੱਪ ਆ ਗਏ । ਸਭ ਤੋਂ ਪਹਿਲਾਂ ਮੈਂ ਚੁੱਕਿਆ । ਸਭ ਤੋਂ ਪਹਿਲਾਂ ਮੈਂ ਘੁੱਟ ਭਰਿਆ ਅਤੇ ਕਿਹਾ, ''ਫਿੱਕੀ ਲੱਗਦੀ ਹੈ । ਪਹਿਲਾਂ ਬਰਫ਼ੀ ਜੂ ਖਾ ਲਈ ਹੈ ।'' ... ਸਾਰੇ ਹੱਸਣ ਲੱਗ ਪਏ । ਮਾਹੌਲ ਤਣਾਅਮੁਕਤ ਹੋ ਗਿਆ ਤਾਂ ਕਹਿਣ ਲੱਗਾ, ''ਚੀਨੀ ਵਾਲੀ ਚਾਹ ਤਾਂ ਐਵੇਂ ਪਾਣੀਉਂ ਪਤਲੀ ਹੁੰਦੀ ਹੈ । ਗੁੜ ਦੀ ਬਣਾਉ । ਸੰਘਣੀ ਜੇਹੀ । ਕੜਾਕੇਦਾਰ । ਲੂਣ ਅਤੇ ਅਦਰਕ ਪਾ ਕੇ... ।'' ਚਾਹ ਦਾ ਘੁੱਟ ਤਾਂ ਕਦੇ ਕਦਾਈਂ ਭਰਦਾ ਰਿਹਾ ਪਰ ਗੱਲਾਂ ਬੜੀ ਦੇਰ ਕਰਦਾ ਰਿਹਾ । ਹੌਲੀਹੌਲੀ ਉਹ ਬਿਰਧ ਹੁੰਦਾ ਗਿਆ । ਨਿਗ੍ਹਾ ਘਟਦੀ ਗਈ । ਕਮਜ਼ੋਰੀ ਆ ਗਈ । ਕੰਧਾਂ ਫੜ੍ਹ ਫੜ੍ਹ ਤੁਰਦਾ ਪਰ ਹੱਸਣ ਦੀ ਆਦਤ ਅਖ਼ੀਰ ਤੱਕ ਕਾਇਮ ਰਹੀ । ਉਹਨੇ ਆਪਣੇ ਛੋਟੇ ਭਰਾ ਸੁਖਦੇਵ ਅਤੇ ਬੇਟੇ ਵਿਜੇ ਕੁਮਾਰ ਨੂੰ ਵੀ 'ਆਯੁਰਵੈਦ ਭਿਸ਼ਕ' ਬਣਾਇਆ ਪਰ ਉਨ੍ਹਾਂ ਦੀ ਪੈ੍ਰਕਟਿਸ ਨਾ ਚੱਲੀ । ਕਹਿੰਦੇ ਹਨ ਕਿ ਸ਼ਫਾ ਡਿਗਰੀ ਵਿਚ ਨਹੀਂ ਵੈਦ ਦੇ ਹੱਥ ਵਿਚ ਲਿਖੀ ਹੁੰਦੀ ਹੈ । ਉਹ ਸਾਰੀਆਂ ਹੀ ਬਿਮਾਰੀਆਂ ਦਾ ਇਲਾਜ ਕਰ ਲੈਂਦਾ ਸੀ । ਸਰਜਰੀ ਵੀ । ਕਦੇ ਕਿਸੇ ਨੇ ਕੋਈ ਸ਼ਿਕਾਇਤ ਨਹੀਂ ਸੀ ਕੀਤੀ । ਪਿੰਡ ਉਹਨੂੰ ਅੱਜ ਵੀ ਯਾਦ ਕਰਦਾ ਹੈ । ਉਹਦਾ ਕਈ ਕੁਝ ਯਾਦ ਆਉਂਦਾ ਹੈ । ਸਭ ਤੋਂ ਵੱਧ ਯਾਦ ਆਉਂਦਾ ਹੈ ... ।

ਪਿੰਡ ਦੇ ਬਾਹਰਲੇ ਦਰਵਾਜ਼ੇ ਤੋਂ ਵੀ ਬਾਹਰ 'ਸਿੱਖਾਂ' ਦਾ ਇੱਕੋ- ਇੱਕ ਘਰ । ਵੀਰ ਸਿੰਘ, ਹਰਨਾਮ ਸਿੰਘ ਦਾ ਘਰ । 'ਸੰਤੀ ਜੱਟੀ' ਦਾ ਘਰ । ਉਨ੍ਹਾਂ ਦਾ ਮੁੰਡਾ ਪੂਰਨ ਸਿੰਘ ਮੇਰਾ ਜਮਾਤੀ । ਉਨ੍ਹਾਂ ਘਰ ਵਿਚ 'ਮਹਾਰਾਜ ਦੀ ਦੇਹ' ਰੱਖੀ ਹੋਈ ਸੀ । ਪੜ੍ਹਨਾ ਕਿਸੇ ਨੂੰ ਨਹੀਂ ਸੀ ਆਉਂਦਾ । ਹਰ ਸੰਗਰਾਂਦ ਵਾਲੇ ਦਿਨ ਪਿਤਾ ਜੀ ਉਨ੍ਹਾਂ ਦੇ ਘਰ ਜਾ ਕੇ ਪ੍ਰਕਾਸ਼ ਕਰਦੇ । ਵਾਕ ਲੈਂਦੇ । ਮਹੀਨਾ ਸੁਣਾਉਂਦੇ । ਪਿੰਡ ਦੇ ਲੋਕ ਮੱਥਾ ਟੇਕਣ ਆਉਂਦੇ । ਵਿੱਤ ਮੁਤਾਬਕ 'ਮੱਥਾ' ਟੇਕਦੇ । ਟਿਕੇ ਹੋਏ ਮੱਥਿਆਂ ਵਿਚ ਨੋਟ ਸਿਰਫ਼ ਇੱਕੋ ਹੁੰਦਾ । ਨਵਾਂ, ਖੜ-ਖੜ ਕਰਦਾ, ਪੰਜਾਂ ਦਾ ਨੋਟ । ... ਤੇ ਸਭ ਤੋਂ ਵੱਧ ਸ਼ਰਧਾ ਨਾਲ, ਅੱਖਾਂ ਬੰਦ ਕਰਕੇ, ਮਸਤੀ ਦੀ ਹਾਲਤ ਵਿਚ ਉੱਥੇ ਨਿਰੰਜਣ ਦਾਸ ਬੈਠਾ ਹੁੰਦਾ । ... ਵਿਚ ਵਿਚ ਐਨਕ ਲਾਹ ਕੇ ਅੱਖਾਂ ਪੂੰਝਦਾ ... 'ਸ੍ਰੀ ਰਾਮ, ਸ਼੍ਰੀ ਰਾਮ' ਉਚਾਰਦਾ । ਉਸ ਨੂੰ ਸਾਡੇ ਵਾਂਗ ਆਪਣਾ ਸਿਰ ਰੁਮਾਲ ਨਾਲ ਨਹੀਂ ਸੀ ਢੱਕਣਾ ਪੈਂਦਾ । ਸਿਰ 'ਤੇ ਚਿੱਟੀ ਬੇਦਾਗ ਪੱਗ ਹੁੰਦੀ ਸੀ । ਦਿਲ ਵਿਚ ਮਾਸੂਮ ਜੇਹੀ ਕਲਿਆਣਕਾਰੀ ਅੱਗ ਹੁੰਦੀ ਸੀ ।

••••••

6. ਬਾਊ ਸਫ਼ਾਈ ਵਾਲਾ

ਪਿੰਡ ਵਿਚ ਇਕ ਮਕਾਨ ਹੈ । ਸਾਡੇ ਘਰ ਤੋਂ ਇਕ ਛੱਤ ਦੀ ਵਿੱਥ 'ਤੇ । ਇਹ ਮਕਾਨ ਮਹੰਤਾਂ ਨੇ ਕਿਸੇ ਨੂੰ ਅਲਾਟ ਨਹੀਂ ਕੀਤਾ ਹੋਇਆ । ਸਿੱਧਾ ਗੱਦੀ ਦੇ ਚਾਰਜ ਹੇਠ ਹੈ । ਆਮ ਤੌਰ 'ਤੇ ਬੰਦ ਰਹਿੰਦੈ । ਖੁੱਲ੍ਹਦਾ ਉਦੋਂ ਹੈ ਜਦੋਂ ਕਿਸੇ ਸਰਕਾਰੀ ਮੁਲਾਜ਼ਮ ਨੇ ਪਿੰਡ ਵਿਚ ਘਰ ਵਾਂਗੂੰ ਰਹਿਣਾ ਹੋਵੇ । ਪਹਿਲਾਂਪਹਿਲ ਏਥੇ ਕੋਈ ਨਾ ਕੋਈ ਸਕੂਲ ਮਾਸਟਰ ਟਿਕਿਆ ਹੁੰਦਾ । ਪਿੱਛੋਂ ਇਸ ਮਕਾਨ ਵਿਚ ਕਈ ਵਰ੍ਹੇ ਗਿਰਦੌਰ ਰਿਹਾ । ਉਹਦਾ ਮੁੰਡਾ ਬਲਦੇਵ ਮੇਰਾ ਜਮਾਤੀ ਸੀ । ਗਿਰਦੌਰ ਗਿਆ ਤਾਂ ਗ੍ਰਾਮ ਸੇਵਕ ਆਇਆ । ਮਨੋਹਰ ਲਾਲ ਸਾਂਵਲ । ਪਤਲਾ, ਛੀਂਟਕਾ ਜਿਹਾ, ਤਿੱਖੇ ਨੈਣਨਕਸ਼ਾਂ ਵਾਲਾ, ਮੂੰਹਚਿੱਤ ਲੱਗਦਾ ਨੌਜਵਾਨ । ਪ੍ਰੈਸ ਕੀਤੀ ਪੈਂਟਕਮੀਜ਼ ਪਾਉਂਦਾ । ਸ਼ਰੇਆਮ ਸਿਗਰਟ ਪੀਂਦਾ । ਫਿਲਟਰ ਵਾਲੀ ਸਿਗਰਟ । ਪਿੰਡ ਵਿਚ ਉਦੋਂ ਹੁੱਕਾ ਪ੍ਰਧਾਨ ਸੀ । ਸਿਗਰਟ ਸਿਰਫ਼ ਤਾਰ ਜਾਂ ਲੰਪ ਦਾ । ਡੱਬੀ ਤਾਰ ਦੀ, ਆਨੇ ਨੂੰ ਵਾਜਾਂ ਮਾਰਦੀ । ਪਾਣੀ ਪੰਪ ਦਾ, ਸਿਗਰਟ ਲੰਪ ਦਾ । ਮਨੋਹਰ ਲਾਲ ਦੇ ਆਉਣ ਨਾਲ ਪਿੰਡ ਵਿਚ ਹਲਚਲ ਪੈਦਾ ਹੋ ਗਈ । ਇਕ ਤਾਂ ਉਹ ਆਪ ਸਾਫ਼-ਸੁਥਰਾ ਬਣ ਕੇ ਰਹਿੰਦਾ ਸੀ, ਦੂਜੇ ਉਹ ਪਿੰਡ ਵਾਲਿਆਂ ਨੂੰ ਆਲਾ-ਦੁਆਲਾ ਸਾਫ਼ ਰੱਖਣ ਲਈ ਕਹਿੰਦਾ ਸੀ । ਲੋਕੀਂ ਉਹਦੇ ਮੂੰਹ 'ਤੇ ਉਹਨੂੰ 'ਬਾਊ ਜੀ' ਆਖਦੇ ਪਰ ਅੱਗੋਂ ਪਿੱਛੋਂ 'ਬਾਊ ਸਫ਼ਾਈ ਵਾਲਾ' ਕਹਿ ਕੇ ਗੱਲ ਕਰਦੇ । ਉਹ ਗਲੀਆਂ ਵਿਚ ਘੁੰਮਦਾ । ਲੋਕਾਂ ਨਾਲ ਆਪਣਿਆਂ ਵਾਂਗੂੰ ਗੱਲਬਾਤ ਕਰਦਾ । ਗੰਦ ਨਾ ਪਾਉਣ ਦੀ ਸਲਾਹ ਦੇਂਦਾ । ਡੀ.ਡੀ.ਟੀ. ਵੰਡਦਾ । ਉਹਦਾ ਟੱਬਰ ਵੀ ਨਾਲ ਸੀ । ਬੀਵੀ ਤੇ ਬੇਟਾਬੇਟੀ । ਛੇਤੀ ਹੀ ਘੁਲ-ਮਿਲ ਗਿਆ । ਜਵਾਨ ਹੋ ਰਹੇ ਮੁੰਡੇ ਉਹਨੂੰ ਘੇਰੀ ਰੱਖਦੇ । ਉਹਦੇ ਘਰ ਵੀ ਚਲੇ ਜਾਂਦੇ । ਘਰਦਿਆਂ ਨੂੰ ਚੰਗਾ ਲੱਗਦਾ । ਸੋਚਦੇ ਕਿ ਚੰਗੇ ਬੰਦੇ ਦੀ ਸੰਗਤ ਵਿਚ ਰਹਿ ਕੇ ਕੁਝ ਚੰਗਾ ਈ ਸਿੱਖਣਗੇ ।

ਗੁਆਂਢ ਮੱਥਾ ਹੋਣ ਕਰਕੇ ਸਾਡਾ ਵਾਹ ਬਹੁਤਾ ਪੈਂਦਾ । ਏਧਰੋਂ ਕੋਈ ਓਧਰ ਗਿਆ ਹੁੰਦਾ ਜਾਂ ਓਧਰੋਂ ਕੋਈ ਏਧਰ ਆਇਆ ਰਹਿੰਦਾ । ਛੱਤ ਵਾਲਾ ਰਾਹ ਸੌਖਾ ਸੀ । ਉਂਜ ਉਹ ਘਰ ਪਿਛਲੀ ਗਲੀ ਵਿਚ ਪੈਂਦਾ ਸੀ । ਗਲੀਏ ਗਲੀ ਜਾਣ ਦੀ ਕਦੀ ਲੋੜ ਈ ਨਾ ਪਈ । ਵੈਸੇ ਵੀ ਜਾਣ ਨੂੰ ਦਿਲ ਨਾ ਕਰਦਾ । ਕਿਤੇ ਟਾਂਗਾ ਖੜ੍ਹਾ ਹੁੰਦਾ । ਕਿਤੇ ਘੋੜਾ ਬੱਝਾ ਹੁੰਦਾ । ਲਿੱਦ ਤੇ ਪਿਸ਼ਾਬ ਦੇ ਨਾਲ ਨਾਲ ਸਾਨੂੰ ਕੁੱਤੇ ਤੋਂ ਵੀ ਡਰ ਲੱਗਦਾ । ਚਿੱਟਾ ਜਿਹਾ ਕੁੱਤਾ । ਅਸੀਂ ਉਹਨੂੰ 'ਸੈਕਲ' ਕਹਿੰਦੇ । ਟਾਂਗੇ ਦੇ ਪਹੀਏ ਹੇਠਾਂ ਆ ਕੇ ਉਹਦੀਆਂ ਦੋਏਂ ਲੱਤਾਂ ਬੇਕਾਰ ਹੋ ਗਈਆਂ ਸਨ ਪਰ ਉਹਦੀ ਭੌਂਕ ਵਿਚ ਫੇਰ ਵੀ ਬੜੀ ਦਹਿਸ਼ਤ ਹੁੰਦੀ ਸੀ । ਸਾਨੂੰ ਛੱਤ ਵਾਲਾ ਰਾਹ ਹੀ ਸੂਟ ਕਰਦਾ ਸੀ ।

ਹੁਣ ਤਾਂ ਪਤਾ ਹੈ ਕਿ ਘਰਪਰਿਵਾਰ ਤੋਂ ਪਰ੍ਹੇ ਹੋ ਕੇ ਬੰਦਾ ਅਜ਼ਾਦ ਹੁੰਦਾ ਹੈ । ਪਾਬੰਦੀਆਂ ਹਟ ਜਾਂਦੀਆਂ ਨੇ । ਮਨਾਹੀਆਂ ਘਟ ਜਾਂਦੀਆਂ ਨੇ । ਬੰਦਾ ਖ਼ੁਦਮੁਖ਼ਤਾਰ ਹੁੰਦਾ ਹੈ । ਮਨਮਰਜ਼ੀ ਕਰ ਸਕਦਾ ਹੈ । ਉਹਨੂੰ ਖੁੱਲ੍ਹ ਮਾਨਣ ਦਾ ਮੌਕਾ ਮਿਲਦਾ ਹੈ । ... ਪਰ ਮਨੋਹਰ ਲਾਲ ਨੂੰ ਵੇਖ ਕੇ ਲੱਗਦਾ ਸੀ ਕਿ ਇੰਜ ਜੀਣਾ ਚਾਹੀਦੈ ।

ਜਿਸ ਨੂੰ ਅਸੀਂ ਪਿੰਡ ਕਹਿਨੇ ਆਂ, ਦਰਅਸਲ ਉਹ ਵੱਡਾ ਸਾਰਾ ਘਰ ਹੁੰਦੈ । ਹਰ ਇਕ ਨੂੰ ਇਕ ਦੂਜੇ ਦਾ ਡਰ ਹੁੰਦੈ । ਇਹ ਡਰ ਕਦੇ ਪਿਆਰ ਕਰ ਕੇ ਹੁੰਦੈ, ਕਦੇ ਸਤਿਕਾਰ ਕਰਕੇ । ਤੁਸੀਂ ਕੁਝ ਵੀ ਕਰੋ ਬਜ਼ੁਰਗਾਂ ਦੀ ਨਜ਼ਰ ਰਹਿੰਦੀ ਏ । ਨਿੱਕੀਮੋਟੀ ਮਨਮਰਜ਼ੀ ਵੀ ਪਰਦੇ 'ਚ ਕਰਨੀ ਪੈਂਦੀ ਏ । ਜਦੋਂ ਹਰ ਬੰਦਾ ਘਰ ਦਾ ਹੋਏ ਤਾਂ ਕੀਹਦੇ ਕੀਹਦੇ ਤੋਂ ਪਰਦਾ ਹੋਏ । ਸਾਡੇ ਤਾਂ ਰੋਟੀ ਵੀ ਪਰਦੇ 'ਚ ਬਹਿ ਕੇ ਖਾਧੀ ਜਾਂਦੀ ।

ਦੱਸਿਆ ਗਿਆ ਕਿ ਰੋਟੀ ਦਾ ਆਪਣਾ ਵੀ ਪਰਦਾ ਹੁੰਦੈ । ਤਵੇ ਉੱਤੇ ਜਦੋਂ ਰੋਟੀ, ਫੁਲਕਾ ਬਣਦੀ ਏ ਤਾਂ ਉਹਦਾ ਇਕ ਹਿੱਸਾ ਮੋਟਾ ਹੁੰਦੈ, ਦੂਜਾ ਪਤਲਾ । ਪਤਲੇ ਪਾਸੇ ਨੂੰ ਅਸੀਂ ਮੰਡਾ ਕਹਿੰਦੇ ਸਾਂ । ਏਸੇ ਪਾਸਿਓਂ ਰੋਟੀ ਚੋਪੜੀ ਜਾਂਦੀ । ਸਾਡੇ ਲਈ ਇਹ ਸਿੱਧਾ ਪਾਸਾ ਸੀ । ਹੈਰਾਨੀ ਹੁੰਦੀ ਕਿ ਕੁਝ ਲੋਕ ਰੋਟੀ ਪੁੱਠੇ ਪਾਸਿਓਂ ਕਿਉਂ ਚੋਪੜਦੇ ਨੇ ।

ਚੋਪੜਿਆ ਹੋਇਆ ਖਸਤਾ ਮੰਡਾ ਬੜਾ ਸਵਾਦ ਲੱਗਦਾ । ਅਸੀਂ ਸਭ ਤੋਂ ਪਹਿਲਾਂ ਉਹਦੀ ਗਰਾਹੀ ਬਣਾਉਂਦੇ । ਮਾਂ ਦੀ ਨਜ਼ਰ ਪੈਂਦੀ ਤਾਂ ਝਿੜਕਦੀ, 'ਇਹ ਕੀ ਕੀਤਾ? ਇਹ ਤਾਂ ਪਰਦਾ ਏ ਰੋਟੀ ਦਾ । ਕਿਸੇ ਦਾ ਪਰਦਾ ਨਹੀਂ ਲਾਹੀਦਾ । ਅਗਲੇ ਦੀ ਇੱਜ਼ਤ ਨਹੀਂ ਰਹਿੰਦੀ । ... ਰੱਬ ਸਭ ਦੇ ਪਰਦੇ ਢੱਕੇ ।'

ਪਿੰਡ ਦੀ ਪਾਰਦਰਸ਼ਤਾ ਦੇ ਨਾਲ ਨਾਲ ਪਰਦਾਦਾਰੀ ਦਾ ਸਿਲਸਿਲਾ ਵੀ ਸਮਾਨੰਤਰ ਚੱਲੀ ਜਾਂਦਾ । ਸਹੁਰੇ ਕੋਲੋਂ ਘੁੰਡ ਕੱਢਦੀ, ਨੰਗਾ ਰੱਖਦੀ ਕਲਿੱਪ ਵਾਲਾ ਪਾਸਾ । ਦੁਨੀਆਦਾਰੀ ਨਿਭਾਈ ਜਾਂਦੀ ਅਤੇ ਆਪਣੀ ਵੀ ਪੁਗਾਈ ਜਾਂਦੀ । ਪਿੰਡ ਵਿਚ ਬ੍ਰਾਹਮਣਾਂ ਦੀ ਬਹੁਗਿਣਤੀ ਹੈ । ਬਾਉਲੀ ਮੁਹੱਲਾ ਤਾਂ ਹੈ ਹੀ ਬ੍ਰਾਹਮਣਾਂ ਦਾ । ਕੁਝ ਜਾਤਵਰਣ ਦੇ ਸੰਸਕਾਰ, ਕੁਝ ਗੱਦੀ ਦਾ ਭਉ ਸਤਿਕਾਰ । ਮੀਟਮੱਛੀ, ਆਂਡੇ ਦਾ ਨਾਂ ਲੈਣਾ ਗੁਨਾਹ । ਸ਼ਰਾਬ ਤਾਂ ਅਸਲੋਂ ਖਾਨਾ ਖਰਾਬ । ਨਵੀਂ ਪੀੜ੍ਹੀ 'ਚੋਂ ਕਈਆਂ ਨੇ 'ਗੁਨਾਹ' ਕੀਤੇ ਹੋਣਗੇ ਪਰ ਸ਼ਹਿਰ ਜਾ ਕੇ, ਜਾਂ ਲੁਕ ਛਿਪ ਕੇ । ਸਾਧਾਂ ਦੀ ਸੰਗਤ ਵਿਚ ਭੰਗ, ਪੋਸਤ, ਸੁਲਫਾ ਵਗੈਰਾ ਤਾਂ ਕਈਆਂ ਨੇ ਪ੍ਰਸ਼ਾਦ ਸਮਝ ਕੇ ਸੇਵਨ ਕਰ ਲਿਆ ਤੇ ਇਸ ਨੂੰ ਪਿੰਡ ਨੇ ਅੰਦਰਖ਼ਾਤੇ ਪ੍ਰਵਾਨ ਵੀ ਕਰ ਲਿਆ ਸੀ । ਪਰ ਜਦੋਂ ਮਨੋਹਰ ਲਾਲ ਦੇ ਕੂੜੇ ਵਿਚ ਕਿਸੇ ਨੇ ਆਂਡੇ ਦੇ ਛਿਲਕੇ ਵੇਖੇ ਤਾਂ ਹੋਰ ਤਰ੍ਹਾਂ ਦੀ ਘੁਸਰ-ਮੁਸਰ ਸ਼ੁਰੂ ਹੋ ਗਈ ।

ਘੁਸਰਮੁਸਰ ਚੱਲਦੀ ਰਹੀ ਤੇ ਪਿੰਡ ਦਾ ਵਿਕਾਸ ਵੀ ਹੁੰਦਾ ਰਿਹਾ । ਕਦੇ ਫਿਰਨੀਆਂ 'ਤੇ ਮਿੱਟੀ ਪੈ ਰਹੀ ਹੁੰਦੀ । ਘਰਪ੍ਰਤਿ ਇਕ ਬੰਦੇ ਦੀ ਡਿਊਟੀ ਹੁੰਦੀ ਕਿ ਉਹ ਮੁੱਦਾ ਪੁੱਟੇ ਜਾਂ ਫਿਰ ਰੁਪਈਆ ਦਏ । ਰੁਪਈਆ ਦਿਹਾੜੀ ਦੇ ਕੇ ਉਹਦੇ ਹਿੱਸੇ ਦਾ ਮੁੱਦਾ ਕਿਸੇ ਹੋਰ ਤੋਂ ਪੁਟਵਾ ਲਿਆ ਜਾਂਦਾ । ਪੰਚਾਇਤ ਵਲੋਂ ਡੌਂਡੀ ਪਿਟਵਾ ਕੇ ਚੌਕੀਦਾਰ ਰਾਹੀਂ, ਘਰ ਘਰ ਇਤਲਾਹ ਪੁਚਾਈ ਜਾਂਦੀ । ਪੰਚਾਇਤ ਦਾ ਕਿਹਾ ਕੋਈ ਨਹੀਂ ਸੀ ਮੋੜ ਸਕਦਾ । ਇਕ ਵਾਰੀ ਜੋਤੀ ਸੁਨਿਆਰੇ ਨੇ ਮੋੜਿਆ ਸੀ ਤੇ ਉਹਦਾ ਹਸ਼ਰ ਸਾਰੇ ਪਿੰਡ ਨੂੰ ਹਮੇਸ਼ਾ ਯਾਦ ਰਿਹੈ । ਹੋਇਆ ਇਉਂ । ਪੰਚਾਇਤ ਨੇ ਇਕ ਵਾਰ ਫੈਸਲਾ ਕੀਤਾ ਕਿ ਚੌਕੀਦਾਰ ਦੇ ਨਾਲ ਰਾਤ ਨੂੰ ਪਿੰਡ ਦਾ ਇਕ ਬੰਦਾ ਵੀ ਪਹਿਰਾ ਦਿਆ ਕਰੇਗਾ । ਵਾਰੀਆਂ ਬੱਝ ਗਈਆਂ । ਵਾਰੀ ਦਿਉ ਜਾਂ ਰੁਪਈਆ ਦਿਉ । ਜੋਤੀ ਨੇ ਨਾ ਵਾਰੀ ਦਿੱਤੀ, ਨਾ ਰੁਪਈਆ ਦਿੱਤਾ । ਸੁੰਦਰ ਚੌਕੀਦਾਰ ਨੇ ਸਰਪੰਚ ਬਾਬੇ ਬੰਦੂਕਵਾਲੇ ਨੂੰ ਦੱਸ ਦਿੱਤਾ । ਅਗਲੇ ਦਿਨ ਅਸਾਂ ਸਕੂਲੇ ਜਾਂਦਿਆਂ ਵੇਖਿਆ ਜੋਤੀ ਸੁਨਿਆਰਾ ਬਾਜ਼ਾਰ ਵਿਚ ਕੰਨ ਫੜ ਕੇ ਬੈਠਕਾਂ ਕੱਢ ਰਿਹਾ ਸੀ ਤੇ ਨਾਲੇ ਜਾਪ ਕਰ ਰਿਹਾ ਸੀ :

ਮੈਂ ਨਿੱਤ ਪਹਿਰਾ ਦੇਸਾਂ...
ਮੈਂ ਨਿੱਤ ਪਹਿਰਾ ਦੇਸਾਂ ...

ਸਕੂਲੋਂ ਛੁੱਟੀ ਕਰ ਕੇ ਮੁੜੇ ਤਾਂ ਇਹ ਦਿ੍ਸ਼ ਉਸੇ ਤਰ੍ਹਾਂ ਕਾਇਮ । ਲਾਗੇ ਲਾਲ ਪਗੜੀ ਵਾਲਾ ਸਿਪਾਹੀ ਡੰਡਾ ਲਈ ਖਲੋਤਾ ਸੀ । ਯਾਦ ਆਇਆ ਕਿ ਉਦੋਂ ਪਿੰਡ ਵਿਚ ਪੁਲਿਸ ਚੌਕੀ ਹੁੰਦੀ ਸੀ । ਤਹਿਸੀਲਦਾਰ ਤੇ ਗਿਰਦੌਰ ਵੀ ਹੁੰਦੇ ਸਨ । ਹੁਣ ਹੈ ਨਹੀਂ । ਉਹਨੀਂ ਦਿਨੀਂ ਚੱਕਬੰਦੀ/ਮੁਰੱਬਾਬੰਦੀ ਚੱਲ ਰਹੀ ਸੀ । ਦੇਸ਼ ਦੀ ਵੰਡ ਪਿੱਛੋਂ ਜ਼ਮੀਨ ਦਾ ਨਵੇਂ ਸਿਰਿਓਂ ਬੰਦੋਬਸਤ ਹੋ ਰਿਹਾ ਸੀ । ਬੰਦੋਬਸਤ ਲਈ ਸਿਪਾਹੀ ਤਾਂ ਚਾਹੀਦੇ ਹੀ ਨੇ! ਮਾਲ ਮਹਿਕਮੇ ਦੇ ਨਾਲ ਨਾਲ ਵਿਕਾਸ ਦਾ ਮਹਿਕਮਾ ਵੀ ਖੁੱਲ੍ਹ ਗਿਆ । ਤਹਿਸੀਲਾਂ ਨੂੰ ਬਲਾਕਾਂ ਵਿਚ ਵੰਡ ਕੇ ਬੀ.ਡੀ.ਓ. ਲਾ ਦਿੱਤੇ ਗਏ । ਸਾਡਾ ਪਿੰਡ ਡੇਰਾ ਬਾਬਾ ਨਾਨਕ ਬਲਾਕ ਵਿਚ ਸੀ । ਉਥੋਂ ਦਾ ਬੀ.ਡੀ.ਓ. ਪਰਸਾ ਸਿੰਘ ਸੀ । ਪਰਸਾ ਸਿੰਘ, ਸਾਡੇ ਸਫ਼ਾਈ ਵਾਲੇ ਬਾਊ ਦਾ ਅਫ਼ਸਰ ।

ਲੱਗਦਾ ਸੀ ਬਾਊ ਮਨੋਹਰ ਲਾਲ ਕਿਸੇ ਤੋਂ ਨਹੀਂ ਡਰਦਾ ਸਿਵਾਇ ਬੀ.ਡੀ.ਓ. ਦੇ । ਜਦੋਂ ਕਦੇ ਉਹਦਾ ਦੌਰਾ ਹੁੰਦਾ, ਬਾਊ ਸਾਰੇ ਪਿੰਡ ਨੂੰ ਵਖ਼ਤ ਪਾ ਛੱਡਦਾ । ਗਲੀਆਂ ਧੋਤੀਆਂ ਜਾਂਦੀਆਂ, ਬਜ਼ਾਰ ਸ਼ਿੰਗਾਰਿਆ ਜਾਂਦਾ, ਫਿਰਨੀਆਂ ਪੱਧਰੀਆਂ ਕੀਤੀਆਂ ਜਾਂਦੀਆਂ । ਪਿੰਡ ਵਾਸੀਆਂ ਦੇ ਨਾਲ ਨਾਲ ਸਕੂਲ ਦੇ ਨਿਆਣਿਆਂ ਨੂੰ ਵੀ ਵਿਕਾਸ ਮੁਹਿੰਮ ਵਿਚ ਸ਼ਾਮਲ ਕੀਤਾ ਜਾਂਦਾ । ... ਇਕ ਵਾਰੀ ਪਿੰਡ ਨੂੰ ਵੱਡੀ ਸੜਕ ਨਾਲ ਜੋੜਨ ਵਾਲੇ ਟੋਟੇ ਨੂੰ ਪੱਕਾ ਕਰਨ ਲਈ ਰੋੜੀ ਕੁੱਟੀ ਜਾ ਰਹੀ ਸੀ । ਸਕੂਲੀ ਬੱਚਿਆਂ ਨੂੰ ਬੀ.ਡੀ.ਓ. ਤੋਂ ਇਨਾਮ ਦਿਵਾਉਣ ਦਾ ਲਾਲਚ ਦੇ ਕੇ ਵਗਾਰ ਲਈ ਜਾ ਰਹੀ ਸੀ । ਸਾਰਾ ਜਿਸਮ ਮਿੱਟੀਓ ਮਿੱਟੀ । ਹੱਥਾਂ ਉੱਤੇ ਛਾਲੇ ਈ ਛਾਲੇ । ... ਸਭ ਤੋਂ ਵੱਧ ਜ਼ੋਰ ਘੁੱਲਾ ਲਾ ਰਿਹਾ ਸੀ । ਘੁੱਲਾ ਵੱਡੀ ਉਮਰ ਤੇ ਮਜ਼ਬੂਤ ਜੁੱਸੇ ਵਾਲਾ ਮੁੰਡਾ ਸੀ, ਜਿਹੜਾ ਸਕੂਲੇ ਦੇਰ ਨਾਲ ਦਾਖ਼ਲ ਹੋਇਆ ਸੀ । ਉਹ ਲੰਮਾ ਸਾਰਾ ਖੱਦਰ ਦਾ ਕੁੜਤਾ ਤੇ ਕੱਛਾ ਪਾ ਕੇ ਆਉਂਦਾ । ਨਾਂ ਉਹਦਾ ਗੁਰਦਿਆਲ ਸੀ ਪਰ ਉਹ ਆਪ ਵੀ ਆਪਣਾ ਨਾਂ ਘੁੱਲਾ ਈ ਦੱਸਦਾ । ... ਓਦਣ ਦੀ 'ਸ਼੍ਰਮਦਾਨ ਪ੍ਰਤੀਯੋਗਤਾ' ਵਿਚ ਘੁੱਲਾ ਫਸਟ ਆਇਆ । ਪਰਸਾ ਸਿੰਘ ਉਹਨੂੰ ਦੋ ਰੁਪਏ ਇਨਾਮ ਦੇ ਕੇ ਗਿਆ । ਦੋਂਹ ਦਾ ਨੋਟ । ਘੁੱਲੇ ਦੇ ਮੁੜ੍ਹਕੇ ਵਾਲੇ ਹੱਥਾਂ ਵਿਚ ਨੋਟ ਦਾ ਕੀ ਹਾਲ ਹੋਇਆ, ਅੰਦਾਜ਼ਾ ਲਾਇਆ ਜਾ ਸਕਦੈ ।

ਇਕ ਦਿਨ ਬਾਊ ਨੇ ਪਿੰਡ ਦੇ ਦਸਬਾਰਾਂ ਮੁੰਡੇ ਇਕੱਠੇ ਕਰਕੇ ਰਜਿਸਟਰ ਉੱਤੇ ਉਹਨਾਂ ਦੇ ਨਾਂ ਲਿਖ ਕੇ ਦਸਤਖ਼ਤ ਕਰਵਾਏ । 'ਯੰਗ ਫਾਰਮਰਜ਼ ਕਲੱਬ' ਬਣ ਗਈ । ਮੈਨੂੰ ਪ੍ਰਧਾਨ ਥਾਪ ਦਿੱਤਾ । ਬੀ.ਡੀ.ਓ. ਦਫ਼ਤਰ ਵੱਲੋਂ ਸੌ ਰੁਪਿਆ ਆਉਂਦਾ । ਛਿਮਾਹੀ । ਸਰਪੰਚ ਰਸੀਦੀ ਟਿਕਟ ਉੱਤੇ ਸਾਈਨ ਕਰਵਾ ਕੇ ਮੈਨੂੰ ਪੈਸੇ ਫੜਾਉਂਦਾ । ਮੇਰੇ ਕੋਲੋਂ ਮਨੋਹਰ ਲਾਲ ਫੜ ਲੈਂਦਾ । ਸਾਡੀ ਕਲੱਬ ਨੇ ਤਲਾਅ ਵਾਲੇ ਬਾਬੇ ਠੰਡੀਤੱਤੀ ਨੂੰ ਮਨਾ ਕੇ, ਬਾਬੇ ਜਗੀਰਦਾਸ ਦੀ ਸਮਾਧੀ ਲਾਗਲੀ ਜ਼ਮੀਨ ਕਬਜ਼ੇ ਵਿਚ ਲੈ ਲਈ । ਚਾਰੇ ਬੰਨੇ ਤਾਰਾਂ ਵਲੀਆਂ । ਅਲੀਅਰ ਦੀ ਵਾੜ ਬੀਜੀ । ਖੇਤ ਵਾਂਗ ਵਾਹਸੁਹਾਗ ਕੇ ਕਿਆਰੀਆਂ ਬਣਾਈਆਂ । ਫੁੱਲ ਲਾਏ । ਪਾਣੀ ਦੇਣ ਲਈ ਫੁਹਾਰੇ ਖਰੀਦੇ । ਇਕ ਵਾਰ ਸੌਂਫ ਬੀਜੀ । ਚੰਗੀ ਫਸਲ ਹੋਈ । ਪਿੰਡ ਵਾਲੇ ਬਸੰਤ ਕੋਟੀਏ ਸ਼ਾਹਾਂ ਦੀ ਦੁਕਾਨ 'ਤੇ ਵੇਚੀ । ਆਮਦਨ ਹੋਈ । ਖੁਸ਼ੀ ਹੋਈ । ਪਿੰਡ ਵਾਲਿਆਂ ਨੂੰ ਤਾਂ ਚੰਗਾ ਲੱਗਦਾ ਹੀ ਸੀ, ਬਾਹਰੋਂ ਮੰਦਿਰ ਵਿਚ ਆਉਣ ਵਾਲੇ ਸੇਵਕ ਵੀ ਗਰਾਮ ਸੇਵਕ ਦੇ ਕੰਮ ਸਲਾਹੁਣ ਲੱਗੇ । ਉਹਦੇ ਗੁਣ ਗਾਉਣ ਲੱਗੇ ।

ਮਨੋਹਰ ਲਾਲ ਨੂੰ ਗਾਉਣ ਦਾ ਸ਼ੌਕ ਸੀ । ਹਾਰਮੋਨੀਅਮ ਸੋਹਣਾ ਵਜਾ ਲੈਂਦਾ । ਨਵੀਆਂ ਨਵੀਆਂ ਧੁਨਾਂ ਉਤੇ ਫਿਲਮੀ ਗਾਣੇ ਗਾ ਲੈਂਦਾ । ਸ਼ਾਮ ਢਲੇ ਤੋਂ ਉਹਦੇ ਘਰ ਵਲੋਂ ਸੰਗੀਤਕ ਜਿਹੀਆਂ ਲਹਿਰਾਂ ਉੱਠਦੀਆਂ । ਨਵਿਆਂ ਨੂੰ ਚੰਗਾ ਲੱਗਦਾ ਪਰ ਪੁਰਾਣਿਆਂ ਦੇ ਦਿਲਾਂ ਵਿਚ ਗੁੱਸੇ ਦੀਆਂ ਲੂਹਰੀਆਂ ਉੱਠਦੀਆਂ । ਕਈਆਂ ਨੂੰ ਇਹ 'ਕੰਜਰਖਾਨਾ' ਲੱਗਦਾ । ਉੱਤੋਂ ਵਾਧਾ ਇਹ ਕਿ ਪਿੰਡ ਵਿਚ ਗਰਾਮ ਸੇਵਿਕਾ ਵੀ ਆਉਣ ਲੱਗ ਪਈ । ਬਣੀਫੱਬੀ ਜਵਾਨ ਜਹਾਨ ਕੁੜੀ ਮਨੋਹਰ ਲਾਲ ਕੋਲ ਆਈ ਰਹਿੰਦੀ । ਰਹਿੰਦੀ ਕਿਸੇ ਹੋਰ ਪਿੰਡ ਸੀ ਪਰ ਸਾਈਕਲ ਉੱਤੇ ਰੋਜ਼ ਚੱਕਰ ਮਾਰਦੀ । ਪਿਤਾ ਜੀ ਇਕ ਦਿਨ ਹੱਸਦੇ ਹੱਸਦੇ ਦੱਸਣ ਲੱਗੇ, ''ਜੇ ਮੈਨੂੰ ਪਹਿਲਾਂ ਪਤਾ ਹੁੰਦਾ ਕਿ ਗਰਾਮ ਸੇਵਕ ਇਹੋ ਜਿਹੇ ਹੁੰਦੇ ਨੇ ਤਾਂ ਮੈਂ ਨਾਂਹ ਕਿਉਂ ਕਰਦਾ । ਕੈਰੋਂ ਨੇ ਜਦੋਂ ਇਹ ਮਹਿਕਮਾ ਖੋਲਿ੍ਹਆ ਤਾਂ ਮੇਰੇ ਕੋਲ ਵੀ ਬੰਦੇ ਆਏ, ਅਖੇ ਗਰਾਮ ਸੇਵਕ ਲੱਗਣੈ? ਪੜ੍ਹੇਲਿਖੇ ਪਨਾਹਗੀਰਾਂ ਨੂੰ ਪਹਿਲ ਮਿਲ ਰਹੀ ਸੀ । ਜਦੋਂ ਕਿਸੇ ਦੱਸ ਪਾਈ ਕਿ ਮੈਂ ਮੈਟ੍ਰਿਕ ਪਾਸ ਹਾਂ ਤਾਂ ਉਨ੍ਹਾਂ ਪੇਸ਼ਕਸ਼ ਕੀਤੀ : 'ਗਰਾਮ ਸੇਵਕ ਮੈਨੂੰ ਸਫ਼ਾਈ ਸੇਵਕ' ਜਿਹਾ ਲੱਗਾ । ਜਚਿਆ ਜਿਹਾ ਨਾ । ਮੈਂ ਨਾਂਹ ਕਰ ਦਿੱਤੀ । ... ਹੁਣ ਗੁਆਂਢ ਵਿਚ ਹਰਮੋਨੀਅਮ ਵੱਜਦਾ ਵੇਖਸੁਣ ਕੇ ਅਫ਼ਸੋਸ ਹੁੰਦੈ ਕਿ ਲੱਗ ਜਾਂਦੇ ਤਾਂ ਚੰਗਾ ਈ ਸੀ ।' ... ਉਹਨਾਂ ਦੇ ਹਾਸੇ ਵਿਚ ਵਿਅੰਗ ਦੀ ਚਾਸ਼ਨੀ ਹੁੰਦੀ ਪਰ ਕਦੇ ਉਹਦੇ ਬਾਰੇ ਮਾੜਾ ਨਾ ਬੋਲਦੇ । ਜਦੋਂ ਮਨੋਹਰ ਲਾਲ ਮਿਲਦਾ, ਗੋਡੀਂ ਹੱਥ ਲਾਉਂਦਾ । ਅਸ਼ੀਰਵਾਦ ਲੈਂਦਾ ।

ਮੈਂ ਕਲੱਬ ਦਾ ਪ੍ਰਧਾਨ, ਉਮਰ ਵਿਚ ਸਭ ਤੋਂ ਛੋਟਾ ਸਾਂ । ਸਕੂਲ ਵਿਚ ਹੁਸ਼ਿਆਰ ਹੋਣ ਕਰਕੇ ਏਥੇ ਵੀ ਮੇਰਾ ਲੋਹਾ ਮੰਨ ਲਿਆ ਗਿਆ ਸੀ । ਮੇਰਾ ਦਖ਼ਲ ਕਲੱਬ ਤੱਕ ਹੀ ਸੀ । ਬਾਕੀ ਸਰਗਰਮੀਆਂ ਤੋਂ ਮੈਥੋਂ ਉਹਲਾ ਰੱਖਿਆ ਜਾਂਦਾ । ਮਨੋਹਰ ਲਾਲ ਦੇ ਕੂੜੇ ਵਾਲੇ ਪੀਪੇ 'ਚੋਂ ਹੁਣ ਆਂਡਿਆਂ ਦੇ ਛਿਲਕਿਆਂ ਤੋਂ ਬਿਨਾਂ ਕੁੱਕੜਾਂ ਦੇ ਖੰਭ ਵੀ ਦਿਸਣ ਲੱਗ ਪਏ । ਦੂਜੇ ਚੌਥੇ ਦਿਨ ਠੱਠੀ 'ਚੋਂ ਕੋਈ ਬੰਦਾ ਆਉਂਦਾ । ਕੁੱਕੜ ਬਣਦਾ । ਸ਼ਰਾਬ ਉੱਡਦੀ । ਬਾਊ ਮਨੋਹਰ ਲਾਲ ਆਪਣੇ ਚੇਲੇ ਬਾਲਕਿਆਂ ਨਾਲ ਮਹਿਫਲ ਜਮਾਉਂਦਾ । ਓਦਣ ਉਨ੍ਹਾਂ ਨੂੰ ਆਪਣੇ ਕੋਲ ਈ ਸਵਾਉਂਦਾ । ਜੱਟਾਂ ਦਾ ਚੰਨੂ ਕਈ ਵਾਰੀ ਮਖ਼ੌਲ ਕਰਦਾ :

ਮੱਸਿਆ ਨੂੰ ਮਾਸ ਖਾਏ,
ਕਾਸ਼ਤੀ ਨੂੰ ਕੁੱਕੜ ।
ਮੰਗਲਵਾਰ ਨੂੰ ਆਂਡੇ ਭੁੰਨੇ,
ਉਹ ਬਾਹਮਣ ਦਾ ਪੁੱਤਰ ।

ਮਨੋਹਰ ਲਾਲ ਪਿੰਡ ਦੀ ਰਾਮ ਲੀਲਾ ਵਿਚ ਰਾਜੇ ਜਨਕ ਦਾ ਰੋਲ ਕਰਦਾ । ਜਨਕਪੁਰੀ ਦੇ ਸੋਕੇ ਨੂੰ ਦੂਰ ਕਰਨ ਲਈ ਉਹ ਸੱਚੀ ਮੁੱਚੀ ਦੇ ਹਲ ਮੂਹਰੇ, ਢੱਗੇ ਬਣੇ ਬੰਦੇ ਜੋੜ ਕੇ ਬੜੀ ਦਰਦੀਲੀ ਸੁਰ ਵਿਚ ਗਾਉਂਦਾ :

ਬਰਸਾ ਦੇ ਨਾਥ! ਅਬ ਪਾਨੀ...
ਉਹਦੇ ਇਸ ਸੰਖੇਪ ਜਿਹੇ ਰੋਲ ਨੂੰ ਲੋਕੀਂ ਸਾਲ ਭਰ ਉਡੀਕਦੇ ਰਹਿੰਦੇ ।

ਪਿੱਛੋਂ ਸਬੱਬ ਇਹ ਬਣਿਆ ਕਿ ਜਿਸ ਦਫ਼ਤਰ ਵਿਚ ਚੰਡੀਗੜ੍ਹ ਮੇਰੀ ਪਹਿਲੀ ਨੌਕਰੀ ਲੱਗੀ ਗਰਾਮ ਸੇਵਕਾਂ ਵਾਲਾ ਮਹਿਕਮਾ ਵੀ ਉਸਦੇ ਅਧੀਨ ਸੀ । ਪਿੰਡ ਜਾਂਦਾ ਤਾਂ ਹੋਰ ਤਰ੍ਹਾਂ ਦੀਆਂ ਖ਼ਬਰਾਂ ਮਿਲਦੀਆਂ । ਘਰ ਦੀ ਕੱਢੀ ਦਾਰੂ ਟਿਊਬਾਂ 'ਚ ਵਿਕਣ ਲੱਗ ਪਈ ਸੀ । ਡੰਗਰਾਂ ਵਾਲਿਆਂ ਕੋਠਿਆਂ ਵਿਚ ਠਰ੍ਹੇ ਦੀਆਂ ਕੇਨੀਆਂ ਪਈਆਂ ਹੁੰਦੀਆਂ । ਦਿਨ ਢਲੇ ਪਿੱਛੋਂ ਮਾਵਾਂ ਬੂਹਿਆਂ 'ਚ ਬਹਿ ਕੇ ਪੁੱਤਰਾਂ ਨੂੰ ਉਡੀਕਣ ਲੱਗ ਪੈਂਦੀਆਂ । ਕਿਸੇ ਦਾ ਪੁੱਤ, ਕਿਸੇ ਦਾ ਭਰਾ ਉਹਨਾਂ ਬਾਹਰ ਕਿਤੇ ਡਿੱਗਿਆਂ ਨੂੰ ਚੁੱਕ ਕੇ ਘਰ ਲਿਆਉਂਦਾ । ਕੁਝ ਵੀ ਗੁੱਝਾ ਨਾ ਰਿਹਾ । ਸਭ ਪਰਦੇ ਹਟ ਗਏ । ਸਾਰਾ ਆਡੰਬਰ ਲਹਿ ਗਿਆ । ਨੰਗਾ ਸੱਚ ਰਹਿ ਗਿਆ । ਇਸ ਹੜ੍ਹ ਵਿਚ ਬੜਾ ਕੀਮਤੀ ਸਾਮਾਨ ਵਹਿ ਗਿਆ ।

ਕਈ ਵਰ੍ਹਿਆਂ ਮਗਰੋਂ ਪਿੰਡ ਗਿਆ ਤਾਂ ਤਲਾਅ ਵੱਲ ਚੱਕਰ ਮਾਰਿਆ । ਸ਼ਿਵਾਲੇ ਦੇ ਲਾਗੇ ਥੜ੍ਹੇ ਉੱਤੇ ਪਰਛਾਵਾਂ ਜਿਹਾ ਹਿੱਲਿਆ । ਮੇਰਾ ਨਾਂ ਲੈ ਕੇ ਕਿਸੇ ਨੇ ਆਵਾਜ਼ ਮਾਰੀ । ਹੱਡੀਆਂ ਦੀ ਮੁੱਠ ਬੀੜੀ ਚੁੰਘ ਰਹੀ ਸੀ ।

? ਪਛਾਣਿਆਂ ਨਹੀਂ
ਨਹੀਂ

? ਹੁਣ ਚੇਲੇ ਬਾਲਕੇ ਵੀ ਪਛਾਨਣੋਂ ਹਟ ਗਏ । ਮੈਂ ਮਨੋਹਰ ਲਾਲ ਹਾਂ । ਮਨੋਹਰ
ਲਾਲ ਸਾਂਵਲ ।
ਓ ... ਤੁਸੀਂ ਇਸ ਹਾਲਤ 'ਚ? ਏਥੇ ਕਿਉਂ?

? ਪੋਸਟਿੰਗ ਤਾਂ ਕਿਤੇ ਹੋਰ ਐ । ਏਥੇ ਆਉਣ ਨੂੰ ਜੀ ਕਰਦਾ ਰਹਿੰਦੈ ।
ਕੋਈ ਨਾ ਕੋਈ ਚੇਲਾ ਬਾਲਕਾ ਮਿਲ ਜਾਂਦੈ । ... ਹੁਣ ਜਿਵੇਂ ਤੂੰ ਮਿਲ ਗਿਐ । ... ਪੰਜ ਦਸ ਰੁਪਏ ਦੇ ਕੇ ਈਂ ਜਾਏਂਗਾ ।
ਪੰਜ ਦਸ ਰੁਪਏ ਉਹਨੇ ਮੈਥੋਂ ਲੈ ਲਏ । ਪਰ ਮੈਂ ਸੋਚ ਰਿਹਾ ਸਾਂ ਕਿ ਇਹ ਬੰਦਾ ਇਹੋ ਜਿਹਾ ਤਾਂ ਨਹੀਂ ਸੀ, ਜਦੋਂ ਮੇਰੇ ਪਿੰਡ ਆਇਆ ਸੀ । ਇਸ ਦਾ ਇਹ ਹਾਲ ਹੋਏ, ਇਹ ਤਾਂ ਸ਼ਾਇਦ ਕਦੇ ਪਿੰਡ ਨੇ ਵੀ ਨਹੀਂ ਚਾਹਿਆ ਸੀ ।

••••••

7. ਦਫ਼ਤਰ ਦਾ ਚਿਹਰਾ

ਦਫ਼ਤਰ ਛੱਡਿਆਂ ਅਰਸਾ ਹੋ ਗਿਐ । ਕਦੇ ਜਾ ਕੇ ਮੁੜ ਉਸ ਦਫ਼ਤਰੀ ਦੁਨੀਆ 'ਚ ਗੇੜਾ ਮਾਰਨ ਨੂੰ ਚਿੱਤ ਵੀ ਨਹੀਂ ਕੀਤਾ । ਬਿਲਡਿੰਗ, ਫਾਈਲਾਂ, ਬਕ ਬਕ, ਦਗੜ ਦਗੜ... ਕੁਝ ਵੀ ਚੇਤੇ ਵਿਚ ਨਹੀਂ, ਪਰ ਬੰਦੇ ਨਹੀਂ ਭੁੱਲਦੇ । ਬੰਦਿਆਂ ਦੇ ਚਿਹਰੇ ਨਹੀਂ ਭੁੱਲਦੇ । ਬੰਦਿਆਂ ਦੀਆਂ ਗੱਲਾਂ ਨਹੀਂ ਭੁੱਲਦੀਆਂ । ਬੰਦਾ ਕੀ ਕਰੇ!

ਵੇਖਿਆ ਜਾਏ ਤਾਂ ਸਭ ਕੁਝ ਹੈ ਈ ਬੰਦੇ ਨਾਲ । ਬੰਦੇ ਕਰਕੇ । ਬੰਦੇ ਲਈ । ਬੰਦਾ ਨਹੀਂ ਤਾਂ ਕੁਝ ਵੀ ਨਹੀਂ । ...ਦਫ਼ਤਰ ਦੌਰਾਨ ਅਨੇਕ ਬੰਦਿਆਂ ਨਾਲ ਵਾਹ ਪਿਆ । ਗੱਲਾਂ ਹੋਈਆਂ । ਪਰ ਜੇ ਹੁਣ ਗੱਲ ਕਰਨੀ ਹੋਏ ਤਾਂ...ਬੰਦਾ-ਦਰ-ਬੰਦਾ ਚੇਤੇ ਵਿਚ ਘੁੰਮੀ ਜਾਂਦੈ । ਸਾਰਿਆਂ ਬਾਰੇ ਗੱਲ ਨਹੀਂ ਹੋ ਸਕਦੀ । ਇਕੋ ਜਿਹੇ ਆਦਮੀ!

ਆਮ ਆਦਮੀ ਦੀ ਗੱਲ ਵਿਚ ਕਿਸੇ ਦੀ ਕੀ ਦਿਲਚਸਪੀ ਹੋ ਸਕਦੀ ਏ! ਕੋਈ ਕਿਉਂ ਸੁਣੇਗਾ? ਕੋਈ ਕਿਉਂ ਪੜ੍ਹੇਗਾ?...ਜ਼ਿਕਰ ਤਾਂ ਵੱਖਰੇ ਦਾ ਹੁੰਦਾ ਏ, ਜਿਹੜਾ ਦੂਜਿਆਂ ਤੋਂ ਅਲੱਗ ਹੋਏ । ਜ਼ਰਾ ਹੱਟ ਕੇ ।

ਸਾਡੇ ਨਾਵਲਾਂ ਕਹਾਣੀਆਂ ਦੇ ਬਹੁਤੇ ਪਾਤਰ ਵੀ ਅਲੋਕਾਰ ਜਾਂ ਅਜੀਬ ਕਿਸਮ ਦੇ ਈ ਹੁੰਦੇ ਨੇ, ਸਨਕੀ, ਢੀਠ, ਅੜੀਅਲ, ਜ਼ਿੱਦੀ, ਅਮਲੀ, ਵੈਲੀ ।...ਜਾਂ ਫਿਰ ਕਲਾਕਾਰ, ਆਸ਼ਕ, ਫਕੀਰ.... । ਜ਼ਿਕਰ ਕਰਵਾਉਣ ਲਈ ਵੱਖਰੀ ਰਗ ਹੋਣੀ ਜ਼ਰੂਰੀ ਏ । ਦਰਅਸਲ ਰੁਟੀਨ ਤੋਂ ਅੱਕੇ ਹੋਏ ਅਸੀਂ ਕੁਝ ਵੱਖਰਾ ਵੇਖਣ ਸੁਣਨ ਲਈ ਸਹਿਕੇ ਰਹਿੰਦੇ ਹਾਂ ।

ਅਮਰ ਸਿੰਘ ਵੱਖਰੀ ਕਿਸਮ ਦਾ ਆਦਮੀ ਸੀ । ਅਮਰ ਸਿੰਘ ਰੰਧਾਵਾ । ਬੀ.ਐੱ.ਸੀ. ਪਾਸ ਕਰਕੇ ਕਲਰਕ ਲੱਗ ਗਿਆ । ਵਿਆਹ ਹੋ ਗਿਆ । ਨਿਆਣੇ ਹੋ ਗਏ ।...ਪਰ ਅਚਾਨਕ ਆਹ ਕੀ ਹੋ ਗਿਆ? ਉਹ ਗੁੰਮਸੁੰਮ ਰਹਿਣ ਲੱਗ ਪਿਆ । ਕੰਮ ਨਾਲ ਕੰਮ । ਘਰੋਂ ਦਫ਼ਤਰ । ਦਫ਼ਤਰੋਂ ਘਰ । ਵੇਖਣ ਵਾਲਿਆਂ ਨੂੰ ਉਹ ਸ਼ੁਦਾਈ ਜਾਪਦਾ । ਨਿਰਾ ਪਾਗਲ । ਪੱਗ 'ਚੋਂ ਬਾਹਰ ਲਮਕਦੇ ਵਾਲ । ਕੱਪੜਿਆਂ ਦਾ ਬੁਰਾ ਹਾਲ । ਸਾਰੇ ਉਹਨੂੰ 'ਗਿਆਨੀ' ਆਖ ਕੇ ਬੁਲਾਉਂਦੇ । ਉਹ ਬੇਲਾਗ ਜਿਹਾ ਹੱਸ ਛੱਡਦਾ । ਮਰਜ਼ੀ ਨਾਲ ਸੁਣਦਾ । ਮਰਜ਼ੀ ਨਾਲ ਜਵਾਬ ਦੇਂਦਾ ।

ਇਕ ਦਿਨ ਸੁਬ੍ਹਾ ਸਵੇਰੇ ਆ ਕੇ ਅਫ਼ਸਰ ਦੀ ਕੁਰਸੀ 'ਤੇ ਬਹਿ ਗਿਆ । ਅਫ਼ਸਰ ਆਇਆ ਤੇ ਵੇਖ ਕੇ ਹੈਰਾਨ ਰਹਿ ਗਿਆ । ਚਪੜਾਸੀ ਨੂੰ ਵਾਜ ਮਾਰ ਕੇ ਬੁਲਾਇਆ । ਉਹਨੇ ਵੀ ਕੋਸ਼ਿਸ਼ ਕੀਤੀ ਪਰ ਗਿਆਨੀ ਕੁਰਸੀ ਤੋਂ ਨਾ ਉਠਿਆ । ਗੱਲ ਵੱਡੇ ਤੋਂ ਵੱਡੇ ਅਫ਼ਸਰ ਤੱਕ ਜਾ ਪਹੁੰਚੀ ।

ਅਮਰ ਸਿੰਘ ਨੂੰ ਨੌਕਰੀਉਂ ਹਟਾਉਣ ਲਈ ਕੇਸ ਤਿਆਰ ਕਰਕੇ ਸਭ ਤੋਂ ਵੱਡੇ ਅਫ਼ਸਰ ਕੋਲ ਭੇਜ ਦਿੱਤਾ ਗਿਆ । ਪੇਸ਼ੀ ਹੋਈ :

? ਅਮਰ ਸਿੰਘ
-ਜੀ ਮੈਂ ਅਮਰ ਸਿੰਘ ਰੰਧਾਵਾ, ਬੀ.ਐੱਸ. ਸੀ. ਫਸਟ ਕਲਾਸ ।

? ਤੁਹਾਡੇ ਖਿਲਾਫ਼ ਸ਼ਿਕਾਇਤ ਹੈ ਕਿ ਤੁਸੀਂ ਜਿਸ ਪੋਸਟ 'ਤੇ ਕੰਮ ਕਰਦੇ ਹੋ, ਉਸ ਪੋਸਟ ਦੇ ਲਾਇਕ ਨਹੀਂ ।
-ਤੁਸੀਂ ਠੀਕ ਆਖਦੇ ਹੋ । ਮੈਂ ਕਲਰਕੀ ਦੇ ਲਾਇਕ ਨਹੀਂ । ਮੈਨੂੰ ਅਫ਼ਸਰ ਲਾ ਦਿਉ ।

? ਤੁਹਾਨੂੰ ਅਫ਼ਸਰ ਕਿਵੇਂ ਲਾਇਆ ਜਾ ਸਕਦਾ ਏ ।
-ਕਿਉਂ ਨਹੀਂ ਲਾਇਆ ਜਾ ਸਕਦਾ?...ਇਕ ਰੰਧਾਵਾ ਮਨਿਸਟਰ ਏ, ਦੂਜਾ ਰੰਧਾਵਾ ਕਮਿਸ਼ਨਰ ਏ, ਤੀਜਾ ਰੰਧਾਵਾ ਸੈਕਟਰੀ ਏ । ਆਹ ਦੇਖੋ, ਮੈਂ ਆਈ. ਏ. ਐੱਸ. ਤੇ ਪੀ. ਸੀ. ਐੱਸ. ਅਫ਼ਸਰਾਂ ਦੀ ਸੀਨੀਆਰਟੀ ਲਿਸਟ ਲੈ ਕੇ ਆਇਆਂ । ਦੇਖੋ ਜ਼ਰਾ, ਇਸ ਵਿਚ ਕਿੰਨੇ ਰੰਧਾਵੇ ਨੇ । ਸਾਰੇ ਰੰਧਾਵਿਆਂ 'ਤੇ ਮੈਂ ਲਾਲ ਸਿਆਹੀ ਨਾਲ ਨਿਸ਼ਾਨੀਆਂ ਲਾ ਦਿੱਤੀਆਂ ਨੇ । ਗਿਣੋ ਜ਼ਰਾ ।...ਕਿੰਨੀਆਂ ਉੱਚੀਆਂ ਉੱਚੀਆਂ ਕੁਰਸੀਆਂ 'ਤੇ ਬੈਠੇ ਨੇ ਰੰਧਾਵੇ । ਤੇ ਇੱਕ ਆਹ...ਅਮਰ ਸਿੰਘ ਰੰਧਾਵਾ...ਕਲਰਕ । ਸ਼ਰਮ ਆਉਣੀ ਚਾਹਦੀ ਏ ਦਫ਼ਤਰ ਵਾਲਿਆਂ ਨੂੰ ... ਪੇਸ਼ੀ ਤੋਂ ਪਿੱਛੋਂ ਫਾਈਲ ਵਾਪਸ ਆਈ । ਲਿਖਿਆ ਸੀ :

''ਕਰਮਚਾਰੀ ਨੂੰ ਨੌਕਰੀ ਤੋਂ ਜਵਾਬ ਦੇਣਾ ਜਾਇਜ਼ ਨਹੀਂ । ਜਦੋਂ ਇਹ ਭਰਤੀ ਹੋਇਆ ਸੀ, ਉਦੋਂ ਮੈਡੀਕਲੀ ਫਿਟ ਸੀ! ਹੁਣ ਇਸ ਦਾ ਇਲਾਜ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਹੈ । ਪੂਰੀ ਤਨਖ਼ਾਹ ਇਸ ਦੇ ਪਰਿਵਾਰ ਨੂੰ ਬਾਕਾਇਦਾ ਮਿਲਦੀ ਰਹੇ ਅਤੇ ਕਰਮਚਾਰੀ ਦਾ ਇਲਾਜ ਕਰਵਾਇਆ ਜਾਏ ।''

ਦਿਮਾਗੀ ਬਿਮਾਰੀਆਂ ਵਾਲੇ ਹਸਪਤਾਲ ਵਿਚ ਛੇ ਮਹੀਨੇ ਰਹਿ ਕੇ ਵਾਪਸ ਆਇਆ ਤਾਂ ਹਾਲਤ ਵਿਚ ਬਹੁਤ ਸੁਧਾਰ ਨਹੀਂ ਸੀ ਹੋਇਆ । ਹੁਣ ਦਫ਼ਤਰ ਵਾਲਿਆਂ ਨੇ ਉਹਨੂੰ ਬੈਠਣ ਲਈ ਕੁਰਸੀ ਮੇਜ਼ ਦੇ ਰੱਖਿਆ ਸੀ ਪਰ ਕੰਮ ਕੋਈ ਨਹੀਂ ਸੀ ਦਿੱਤਾ । ਉਹ ਸਮੇਂ ਸਿਰ ਆਉਂਦਾ । ਕਾਗਜ਼ਾਂ ਦਾ ਰਿਮ ਮੇਜ਼ 'ਤੇ ਰੱਖਦਾ । ਇਕ ਇਕ ਕਾਗਜ਼ ਚੁੱਕ ਕੇ ਸਾਰਾ ਦਿਨ ਦਸਤਖ਼ਤ ਕਰੀ ਜਾਂਦਾ । ਕੋਰੇ ਕਾਗਜ਼ਾਂ ਨੂੰ ਆਪਣੇ ਨਾਂ ਨਾਲ ਭਰੀ ਜਾਂਦਾ । ਉਹਦੀ ਕਿਤੇ ਹਾਜ਼ਰੀ ਨਹੀਂ ਸੀ ਲੱਗਦੀ । ਜਦੋਂ ਮਰਜ਼ੀ ਆਏ, ਜਦੋਂ ਮਰਜ਼ੀ ਜਾਏ । ਕੋਈ ਪੁੱਛਦਾ ਨਹੀਂ ਸੀ ।.... ਹੌਲੀ-ਹੌਲੀ ਉਹ ਦਫ਼ਤਰ ਘੱਟ ਦਿਖਾਈ ਦਿੰਦਾ । ਮਹੀਨੇ 'ਚ ਬਸ ਦੋ-ਤਿੰਨ ਵਾਰ । ਪਰ ਪਹਿਲੀ ਤਰੀਕ ਕਦੇ ਨਾ ਭੁੱਲਦਾ । ਤਨਖ਼ਾਹ ਵਾਲਾ ਦਿਨ ।

ਓਦਣ ਵੀ ਪਹਿਲੀ ਤਰੀਕ ਸੀ । ਤਨਖ਼ਾਹ ਵਾਲਾ ਦਿਨ । ਦਫ਼ਤਰ ਮੁਕਾ ਕੇ ਅੱਜ ਮੈਂ ਸਿੱਧਾ ਆਪਣੇ ਕਮਰੇ 'ਚ ਨਹੀਂ ਸਾਂ ਗਿਆ । ਬਾਬੂ ਬੱਸ 'ਚ ਬੈਠ ਕੇ ਬਾਈ ਸੈਕਟਰ ਉਤਰ ਗਿਆ ਸਾਂ । ਰਾਈਟਰਜ਼ ਕਾਰਨਰ ਵਾਲੀ ਜਗ੍ਹਾ ਪਹਿਲੀ ਤਰੀਕ ਨੂੰ ਵਾਹਵਾ ਰੌਣਕ ਹੁੰਦੀ ਏ । ਦਫਤਰਾਂ ਨਾਲ ਭਰੇ ਇਸ ਸ਼ਹਿਰ ਵਿਚ ਬਹੁਤੇ ਲੇਖਕ ਵੀ ਬਾਊ ਹੀ ਨੇ । ਪਹਿਲੀ ਤਰੀਕ ਉਨ੍ਹਾਂ ਲਈ ਵਰਦਾਨ ਵਰਗੀ ਹੁੰਦੀ ਏ । ਦਸ ਤਰੀਕ ਤੱਕ ਪੈਸੇ ਮੁੱਕ ਜਾਂਦੇ ਨੇ । ਪੰਦਰਾਂ-ਸੋਲਾਂ ਤਰੀਕ ਤੱਕ ਮਹੀਨੇ ਦਾ ਲੱਕ ਟੁੱਟ ਜਾਂਦੈ ਤੇ ਬਾਊਆਂ ਦੀਆਂ ਨਜ਼ਰਾਂ ਮੁੜ ਪਹਿਲੀ 'ਤੇ ਗੱਡੀਆਂ ਜਾਂਦੀਆਂ ਨੇ । ਇਹ ਦਿਹਾੜਾ ਉਨ੍ਹਾਂ ਲਈ ਜਸ਼ਨ ਵਾਂਗ ਆਉਂਦੈ । ਜੇਬਾਂ ਵਿਚ ਨੋਟ ਹੁੰਦੇ ਨੇ । ਮਨਾਂ 'ਚ ਉਤਸ਼ਾਹ ਹੁੰਦੈ । ਦਿਲਾਂ 'ਚ ਹੌਸਲਾ ਹੁੰਦੈ । ਬੰਦੇ ਦੇ ਤੌਰ ਬਦਲ ਜਾਂਦੇ ਨੇ । ਤੋਰ ਬਦਲ ਜਾਂਦੀ ਏ ।

ਹਾਂ ਸੱਚ, ਪਹਿਲੀ ਤਰੀਕ ਨੂੰ ਅਮਰ ਸਿੰਘ ਸੱਜਦਾ ਸੰਵਰਦਾ ਏ । ਨਹਾਉਂਦਾ ਧੋਂਦਾ ਏ । ਇਕ ਹੱਥ ਵਿਚ ਰਸੀਦੀ ਟਿਕਟ ਅਤੇ ਦੂਜੇ ਹੱਥ ਵਿਚ ਖੁੱਲ੍ਹਾ ਪੈੱਨ ਫੜ ਕੇ ਪੈਦਲ ਹੀ ਦਫ਼ਤਰ ਵੱਲ ਨੂੰ ਤੁਰ ਪੈਂਦਾ ਏ । ਪੂਰੀ ਵਾਟ ਹਵਾ ਵਿਚ ਹੀ ਰਸੀਦੀ ਟਿਕਟ ਚਿਪਕਾ ਕੇ ਹਵਾ ਵਿਚ ਹੀ ਦਸਤਖ਼ਤ ਕਰੀ ਜਾਂਦਾ ਏ : ਅਮਰ ਸਿੰਘ ਰੰਧਾਵਾ । ਸਿਆਹੀ ਨਾਲ ਹੱਥ ਲਿਬੜੇ, ਜੇਬ ਲਿਬੜੀ, ਨੱਕ ਲਿਬੜਿਆ ।... ਪਰ ਉਹਦੀ ਤੋਰ ਵਿਚ ਫ਼ਰਕ ਨਹੀਂ ਪੈਂਦਾ । ਉਹ ਸਭ ਤੋਂ ਪਹਿਲਾਂ ਕੈਸ਼ੀਅਰ ਪ੍ਰਹਿਲਾਦ ਸਿੰਘ ਦੇ ਕਮਰੇ ਵਿਚ ਜਾ ਬਹਿੰਦਾ ਏ, ''ਦੇ ਤਨਖਾਹ ।'' ਤਨਖ਼ਾਹ ਲੈ ਕੇ ਗਿਣਦਾ ਏ । ਕੱਲਾ-ਕੱਲਾ ਨੋਟ । ਕੱਲਾ-ਕੱਲਾ ਸਿੱਕਾ । ਮੈਲੇ, ਪੁਰਾਣੇ ਜਾਂ ਫਟੇ ਹੋਏ ਨੋਟ ਕੱਢ ਕੇ ਇਕ ਪਾਸੇ ਰੱਖ ਲੈਂਦਾ ਏ, ''ਮੈਂ ਨਹੀਂ ਲੈਣਾ ਇਹ ਕਬਾੜ । ਇਹਨੂੰ ਘਰ ਰੱਖ । ਨਵੇਂ ਨੋਟ ਦੇ ਰੰਧਾਵੇ ਨੂੰ ।'' ਪ੍ਰਹਿਲਾਦ ਸਿੰਘ ਉਜਰ ਕਰਦਾ ਤਾਂ ਅਮਰ ਸਿੰਘ ਦੇ ਬੋਲ ਗੂੰਜਦੇ, ''ਤਨਖਾਹ ਸਰਕਾਰ ਦੇਂਦੀ ਏ । ਤੂੰ ਆਪਣੇ ਪੱਲਿਉਂ ਨਹੀਂ ਦੇਂਦਾ । ਇਹ ਸਰਕਾਰ ਦਾ ਦਫ਼ਤਰ ਏ । ਲਾਲੇ ਦੀ ਦੁਕਾਨ ਨਹੀਂ । ਨਵੇਂ ਨੋਟ ਦੇ, ਖੜਖੜ ਕਰਦੇ ।''

ਤੇ ਅੱਜ ਨਵੇਂ ਖੜਖੜ ਕਰਦੇ ਨੋਟ ਲੈ ਕੇ ਉਹ ਮੇਰੇ ਨਾਲ ਈ ਬੱਸ 'ਚੋਂ ਉਤਰਿਆ ਸੀ । ਉਤਰਦਾ ਈ ਕਾਹਲੇ ਕਦਮੀ ਸਿਨਮੇ ਵੱਲ ਨੂੰ ਤੁਰ ਪਿਆ । ਪਿੱਛੇ ਪਿੱਛੇ ਮੈਂ ।

ਕਿਰਨ ਸਿਨਮੇ ਮੂਹਰੇ ਉਹ ਰੇਲਿੰਗ ਨੂੰ ਫੜ ਕੇ ਖਲੋ ਗਿਐ । ਮੇਰੇ ਕੋਲ ਟਾਈਮ ਸੀ । ਵਕਤ ਬਿਤਾਉਣ ਲਈ ਮੈਂ ਉਹਦੇ ਨਾਲ ਗੱਲੀਂ ਪੈ ਗਿਆ :

? ''ਰੰਧਾਵਾ ਸਾਬ੍ਹ! ਅੱਜ ਘਰ ਨਹੀਂ ਗਏ ।''
-''ਫਿਲਮ ਵੇਖਣੀ ਐ, ਫਿਲਮ ।''

? ''ਕਿਹੜੀ ਫਿਲਮ ।''
-''ਜਿਹੜੀ ਏਥੇ ਲੱਗੀ ਐ ।''

? ''ਫਿਰ ਵੀ ਕਿਹੜੀ ਲੱਗੀ ਐ ।''
-''ਪੜ੍ਹ ਲੋ ਸਾਹਮਣੇ ।''

? ''ਫੇਰ ਵੀ ਬੰਦੇ ਨੂੰ ਪਤਾ ਤਾਂ ਹੋਣਾ ਚਾਹੀਦੈ ਕਿ ਉਹ ਕਿਹੜੀ ਫਿਲਮ ਵੇਖਣ ਆਇਐ ।''
-''ਪਹਿਲਾਂ ਜਾਨਣ ਦੀ ਕੀ ਲੋੜ ਏ । ਅੰਦਰ ਜਾ ਕੇ ਪਤਾ ਲੱਗ ਈ ਜਾਂਦੈ ।''

? ''ਟਿਕਟ ਤਾਂ ਲੈ ਲਉ ।''
-''ਅਜੇ ਖਿੜਕੀ ਨਹੀਂ ਖੁੱਲ੍ਹੀ ।''

? ''ਖਿੜਕੀ ਤਾਂ ਖੁੱਲ੍ਹੀ ਐ । ਅਹੁ ਦੇਖੋ, ਬੰਦਾ ਬੈਠੈ ਅੰਦਰ ।''
- ''ਐਨੀ ਭੀੜ 'ਚ ਕਿਹੜਾ ਧੱਕੇ ਖਾਏ ।''

? ''ਭੀੜ ਕਿੱਥੇ ਐ? ਇਕ ਦੋ ਜਣੇ ਖੜ੍ਹੇ ਨੇ ਬੱਸ ।''
- ''ਜਦੋਂ ਮੈਂ ਖਲੋਤਾ, ਓਦੋਂ ਈ ਭੀੜ ਹੋ ਜਾਣੀ ਏ । ਮੇਰੇ ਤੋਂ ਨਹੀਂ ਧੱਕੇ ਖਾਧੇ ਜਾਂਦੇ ।''

? ''ਤੇ ਫਿਰ ਟਿਕਟ ।''
-''ਟਿਕਟ ਏਥੇ ਖਲੋਤਿਆਂ ਈ ਮਿਲ ਜਾਣੀ ਏ ਆਰਾਮ ਨਾਲ । ਤੂੰ ਵੇਖਦਾ ਰਹੁ ।''

ਮੈਂ ਵੇਖਦਾ ਰਿਹਾ ਤਾਂ ਇਕ ਰਿਕਸ਼ੇ ਵਾਲਾ ਭਾਈ ਤਿੰਨ ਰੁਪਏ ਵਾਲੀ ਟਿਕਟ ਉਹਨੂੰ ਪੰਜ ਰੁਪਏ 'ਚ ਫੜਾ ਕੇ ਚਲਾ ਗਿਆ । ਉਹ ਖੁਸ਼ ਸੀ, ''ਰੰਧਾਵਾ ਲਾਈਨ 'ਚ ਕਿਉਂ ਲੱਗੇ । ਧੱਕੇ ਕਿਉਂ ਖਾਏ? ...ਇੰਜ ਮਿਲਦੀ ਏ ਟਿਕਟ ਰੰਧਾਵੇ ਨੂੰ ।''

•••

ਦੂਜਾ ਚਿਹਰਾ ਯਾਦ ਆਉਂਦੈ ਕੁਲਜੀਤ ਦਾ । ਉਹ ਵੀ ਸੁਹਣਾ ਸੁਣੱਖਾ । ਉਹ ਵੀ ਬੀ.ਐੱਸ.ਸੀ ਫਸਟ ਕਲਾਸ । ਰੰਧਾਵੇ ਵਾਂਗ ਉਹ ਵੀ ਛੇ ਮਹੀਨੇ ਹਸਪਤਾਲ ਰਹਿ ਕੇ ਆਇਆ ਤਾਂ ਹਰ ਇਕ ਨੂੰ ਪੁੱਛਦਾ ਫਿਰੇ, ''ਤੇਰਾ ਦਿਮਾਗ ਠੀਕ ਏ?'' ਮੇਰੇ ਕੋਲ ਆ ਕੇ ਵੀ ਉਸ ਨੇ ਇਹੋ ਪੁੱਛਿਆ । ਮੈਂ ਸਰਸਰੀ ਆਖ ਦਿੱਤਾ, ''ਠੀਕ ਏ ।'' ''ਕੀ ਸਬੂਤ ਏ?'' ਉਹਨੇ ਉਲਟਾ ਸਵਾਲ ਕੀਤਾ ।'' ''ਸਬੂਤ? ਇਸ ਦਾ ਸਬੂਤ ਕੀ ਹੋ ਸਕਦੈ? ਕਿਸੇ ਕੋਲ ਵੀ ਨਹੀਂ'' ਸੁਣ ਕੇ ਉਹ ਚੀਕਣ ਵਾਂਗ ਬੋਲਿਆ, ''ਹੈ ਕਿਉਂ ਨਹੀਂ? ਮੇਰੇ ਕੋਲ ਹੈ । ਆਹ ਵੇਖ ਡਾਕਟਰ ਦਾ ਸਰਟੀਫਿੇਕਟ । ਉਹਨੇ ਤਸਦੀਕ ਕੀਤਾ ਏ ਕਿ ਕੁਲਜੀਤ ਦਾ ਦਿਮਾਗ ਠੀਕ ਏ ।''

•••

ਇਹ ਠੀਕ ਏ ਕਿ ਦਫ਼ਤਰ ਭਰਤੀ ਹੋਣ ਤੋਂ ਪਹਿਲਾਂ ਹਰ ਕੋਈ ਠੀਕ ਹੁੰਦਾ ਏ । ਮਿਸਟਰ ਪੈਰਾਫਰਨੇਲੀਆ ਵੀ ਠੀਕ ਹੀ ਸੀ । ਦਫ਼ਤਰ ਦੇ ਮਾਹੌਲ ਤੋਂ ਨੱਕ ਚੜ੍ਹਾ ਕੇ ਅਕਸਰ ਕਹਿੰਦਾ ਰਹਿੰਦਾ, ''ਮੈਨੂੰ ਨਫ਼ਰਤ ਏ ਇਸ ਪੈਰਾਫਰਨੇਲੀਆ ਤੋਂ ।'' ਉਹਦਾ ਅਸਲੀ ਨਾਂ ਭੁੱਲ ਕੇ ਲੋਕ ਉਹਨੂੰ 'ਮਿਸਟਰ ਪੈਰਾਫਰਨੇਲੀਆ' ਹੀ ਆਖਣ ਲੱਗ ਪਏ ਸਨ । ਉਹ ਹੈ ਬੜਾ ਸਿਰੜੀ ਸੀ । ਸੁਨਿਹਰੀ ਫਰੇਮ ਵਾਲੀ ਗੋਲ ਐਨਕ ਲਾ ਕੇ ਰੱਖਦਾ । ਰੋਅਬ- ਦਾਬ ਵਾਲੇ ਕੱਪੜੇ ਪਾ ਕੇ ਬਾਕੀਆਂ ਤੋਂ ਟੁੱਟਿਆ ਰਹਿੰਦਾ । ਕਿਸੇ ਨੂੰ ਆਪਣੇ ਬਹੁਤਾ ਨੇੜੇ ਨਾ ਹੋਣ ਦਿੰਦਾ । ਜਸੂਸ ਜਿਹਾ ਲੱਗਦਾ ।... ਬੀ.ਏ. ਕਰਕੇ ਉਹ ਕਲਰਕ ਲੱਗਿਆ ਸੀ । ਪਰ ਕਲਰਕੀ ਤੋਂ ਛੁਟਕਾਰਾ ਪਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਸੀ ।

ਉਸ ਨੇ ਈਵਨਿੰਗ ਕਾਲਜ ਜਾਇਨ ਕਰਕੇ ਅੰਗਰੇਜ਼ੀ ਦੀ ਐੱਮ.ਏ. 'ਚ ਦਾਖਲਾ ਲੈ ਲਿਆ । ਕਿਤਾਬਾਂ ਨਾਲ ਉਲਝਿਆ ਰਹਿੰਦਾ । ਸੈਕਿੰਡ ਡਵੀਜ਼ਨ 'ਚ ਪਾਸ ਹੋ ਗਿਆ । ਸਰਕਾਰੀ ਕਾਲਜ ਵਿਚ ਐਡਹਾਕ ਲੈਕਚਰਾਰ ਦੀ ਨੌਕਰੀ ਮਿਲ ਗਈ । ਉਹ ਕਲਰਕੀ ਤੋਂ ਅਸਤੀਫ਼ਾ ਦੇ ਕੇ ਚਲਾ ਗਿਆ । ਮੇਰੇ ਚੇਤੇ 'ਚੋਂ ਵੀ ਚਲਾ ਗਿਆ ।

ਜਦੋਂ ਮੈਂ ਰੋਪੜ ਕਾਲਜ ਵਿਚ ਪੜ੍ਹਾਉਂਦਾ ਸਾਂ ਤਾਂ ਅੰਗਰੇਜ਼ੀ ਦੇ ਇਕ ਸੀਨੀਅਰ ਪ੍ਰੋਫ਼ੈਸਰ ਗੁਰਦੇਵ ਸਿੰਘ ਨਾਲ ਮਿਸਟਰ ਪੈਰਾਫਰਨੇਲੀਆ ਦਾ ਜ਼ਿਕਰ ਕਰ ਬੈਠਾ । ਉਸ ਨੇ ਦੱਸਿਆ ਕਿ ਉਹ ਉਹਦਾ ਕੁਲੀਗ ਰਿਹਾ ਹੈ । ਉਹ ਕਾਲਜ ਵਿਚ ਵੀ ਸੰਤੁਸ਼ਟ ਨਹੀਂ ਸੀ ਤੇ ਅਫ਼ਸਰ ਲੱਗਣਾ ਚਾਹੁੰਦਾ ਸੀ । ਉਹਨੇ ਪੀ. ਸੀ. ਐੱਸ. ਦਾ ਇਮਤਿਹਾਨ ਦਿੱਤਾ । ਦੂਜੀ ਤੀਜੀ ਕੋਸ਼ਿਸ਼ 'ਚ ਪਾਸ ਹੋ ਗਿਆ । ਉਹਨੂੰ ਨਿਯੁਕਤੀ ਪੱਤਰ ਵੀ ਆ ਗਿਆ ਪਰ ਉਹਦੀ ਕਿਸੇ ਨੇ ਸ਼ਿਕਾਇਤ ਕਰ ਦਿੱਤੀ ਤੇ ਸ਼ਰਮ ਦੇ ਮਾਰੇ ਨੇ ਬਹੁਤੀ ਦਾਰੂ ਪੀ ਕੇ ਆਤਮ ਹੱਤਿਆ ਕਰ ਲਈ ।

ਕਹਾਣੀ ਇਹ ਸੀ ਕਿ ਉਹਨੇ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫ਼ਿਕੇਟ ਬਣਵਾ ਕੇ ਇਹ ਨਿਯੁਕਤੀ ਲਈ ਸੀ । ਨਿਯੁਕਤੀ ਮਿਲ ਗਈ ਪਰ ਸ਼ਾਂਤੀ ਨਾ ਮਿਲੀ । ਵਾਹਿਗੁਰੂ ਉਹਦੀ ਰੂਹ ਨੂੰ ਸ਼ਾਂਤੀ ਬਖਸ਼ੇ ।

•••

ਦਫ਼ਤਰ ਛੱਡਿਆਂ ਅਰਸਾ ਹੋ ਗਿਐ ਪਰ ਦਫ਼ਤਰ ਨਾਲ ਜੁੜੇ ਹੋਏ ਬੇਚੈਨ ਚਿਹਰਿਆਂ ਤੋਂ ਖਹਿੜਾ ਨਹੀਂ ਛੁੱਟਦਾ । ਬੰਦਾ ਕੀ ਕਰੇ!

••••••

8. ਆਪਣੀ ਕਿਤਾਬ

ਹਰ ਲਿਖਣ ਵਾਲਾ ਚਾਹੁੰਦਾ ਹੈ ਉਹਦੀ ਕਿਤਾਬ ਛਪੇ । ਮੈਨੂੰ ਅਖ਼ਬਾਰਾਂ ਰਸਾਲਿਆਂ ਵਿਚ ਛਪਦਿਆਂ ਸੱਤਅੱਠ ਸਾਲ ਹੋ ਗਏ ਸਨ । ਪੰਜਾਂ ਕੁ ਵਰ੍ਹਿਆਂ ਤੋਂ ਚੰਡੀਗੜ੍ਹ ਰਹਿ ਰਿਹਾ ਸਾਂ । ਲੇਖਕਾਂ ਦੀਆਂ ਨਵੀਆਂ ਨਵੀਆਂ ਕਿਤਾਬਾਂ ਛਪ ਛਪ ਆਉਂਦੀਆਂ । ਕਦੇਕਦੇ ਦਿਲ ਕਰਦਾ, ਆਪਣੀ ਕਿਤਾਬ ਵੀ ਛਪੇ । ਦਿਲਦਿਮਾਗ 'ਤੇ ਸ਼ਿਵ ਕੁਮਾਰ ਦਾ ਜਾਦੂ ਛਾਇਆ ਹੋਇਆ ਸੀ ।

ਓਦੋਂ ਤੱਕ ਛਪੀਆਂ ਉਹਦੀਆਂ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਸਨ । ਦੂਰੋਂਦੂਰੋਂ ਉਹਨੂੰ ਵੇਖਿਆ ਤੇ ਸੁਣਿਆ ਵੀ ਸੀ । ਚਿੱਠੀ ਲਿਖਣ ਨੂੰ ਜੀਅ ਕਰਦਾ ਪਰ ਹੀਆ ਨਾ ਪੈਂਦਾ । ਕੀ ਲਿਖਾਂ? ਨਜ਼ਮਾਂ ਦੀ ਸਿਫ਼ਤ ਕਰਾਂ? ... ਨਹੀਂ, ਮੈਂ ਤਾਂ ਕਿਸੇ ਤਰ੍ਹਾਂ ਉਹਦੇ ਨੇੜੇ ਹੋਣਾ ਚਾਹੁੰਦਾ ਸਾਂ । ਐਵੇਂ ਬਹਾਨਾ ਘੜ ਲਿਆ: ਅਖੇ ਮੈਂ ਆਪਣੀਆਂ ਕਵਿਤਾਵਾਂ ਦੀ ਕਿਤਾਬ ਛਪਵਾਉਣੀ ਏ, ਤੁਸੀਂ ਮਿਹਰਬਾਨੀ ਕਰਕੇ ਭੂਮਿਕਾ ਲਿਖ ਦਿਓਗੇ? ਹਫ਼ਤੇ ਦੇ ਵਿਚ ਵਿਚ ਜਵਾਬੀ ਕਾਰਡ ਦਾ ਜਵਾਬ ਆ ਗਿਆ ਜਿਸ 'ਤੇ ਸਿਰਨਾਵਾਂ ਮੇਰੇ ਹੱਥ ਦਾ ਹੀ ਲਿਖਿਆ ਹੋਇਆ ਸੀ, ''ਮੈਂ ਮੁੱਖ-ਬੰਧ ਲਿਖਣ ਵਿਚ ਵਿਸ਼ਵਾਸ ਤਾਂ ਨਹੀਂ ਰੱਖਦਾ, ਪਰ ਤੇਰੀ ਕਿਤਾਬ ਲਈ ਜੋ ਸਰਿਆ ਬਣਿਆ ਜ਼ਰੂਰ ਲਿਖਾਂਗਾ ।''

ਸ਼ਿਵ ਦਾ ਇਹ ਖ਼ਤ ਮੈਂ ਸੰਭਾਲ ਲਿਆ । ਨਜ਼ਮਾਂ ਲਿਖਦਾ ਰਿਹਾ । ਛਪਵਾਉਂਦਾ ਰਿਹਾ । ... ਏਨੇ ਨੂੰ ਸ਼ਿਵ ਬਟਾਲੇ ਤੋਂ ਬਦਲੀ ਕਰਵਾ ਕੇ ਚੰਡੀਗੜ੍ਹ ਆ ਗਿਆ । ਮਿਲਦੇ ਗਿਲਦੇ ਰਹੇ । ਇਕ ਦਿਨ ਗੱਲਾਂ ਗੱਲਾਂ 'ਚ ਇਹ ਟਾੱਪਿਕ ਵੀ ਚੱਲ ਪਿਆ:

? ਉਹ ਤੂੰ ਕਿਤਾਬ ਛਪਵਾਉਣੀ ਸੀ
ਛਪਵਾਉਣੀ ਤਾਂ ਸੀ

? ਤੂੰ ਖ਼ਤ ਲਿਖਿਆ ਸੀ ਬਟਾਲੇ
ਲਿਖਿਆ ਤਾਂ ਸੀ

? ਕੀ ਬਣਿਆ ਫਿਰ ਉਹਦਾ
ਬਣਨਾ ਕੀ ਸੀ

? ਗੱਲ ਹੋਈ ਕਿਸੇ ਪਬਲਿਸ਼ਰ ਨਾਲ
ਨਹੀਂ, ਅਜੇ ਗੱਲ ਤਾਂ ਕਿਸੇ ਨਾਲ ਨਹੀਂ ਹੋਈ

? ਖਰੜਾ ਤਿਆਰ ਕੀਤੈ
ਨਹੀਂ, ਖਰੜਾ ਵੀ ਤਿਆਰ ਨਹੀਂ ਕੀਤਾ

? ਨਜ਼ਮਾਂ ਛਾਂਟ ਲਈਆਂ ਕਿ ਉਹ ਵੀ ਨਹੀਂ
ਉਹ ਵੀ ਨਹੀਂ

ਸ਼ਿਵ ਹੱਸ ਪਿਆ । ਅਖੇ: ਕਣਕ ਖੇਤ ਕੁੜੀ ਪੇਟ, ਆ ਜਵਾਈਆ ਮੰਡੇ ਖਾਹ । ਭੂਮਿਕਾ ਲਿਖਣ ਲਈ ਐਵੇਂ ਈ ਖ਼ਤ ਲਿਖ ਦਿੱਤਾ ਸੀ? ਲੱਲੂ ਨਾ ਹੋਏ ਤਾਂ । ਨਜ਼ਮਾਂ ਵਾਲੀਆਂ ਕਾਪੀਆਂ, ਡਾਇਰੀਆਂ 'ਕੱਠੀਆਂ ਕਰਕੇ ਕੱਲ੍ਹ ਨੂੰ ਲੈ ਆਈਂ । ਕਿਤਾਬ ਜੋਗੀਆਂ ਛਾਂਟ ਲਾਂਗੇ । ਫੇਰ ਤੂੰ ਖਰੜਾ ਤਿਆਰ ਕਰ ਲਈਂ । ... ਬਾਕੀ ਫੇਰ ਸੋਚਾਂਗੇ ।

ਕਾਪੀਆਂ ਡਾਇਰੀਆਂ ਤਾਂ ਕਈ ਲਿਖਲਿਖ ਭਰੀਆਂ ਹੋਈਆਂ ਸਨ ਪਰ ਕੱਚੀਆਂ ਪਿੱਲੀਆਂ ਲਿਖਤਾਂ ਵਿਖਾਉਂਦੇ ਸ਼ਰਮ ਮਹਿਸੂਸ ਹੁੰਦੀ । ਏਡੇ ਵੱਡੇ ਸ਼ਾਇਰ ਨੂੰ ਕਿਵੇਂ ਵਿਖਾਵਾਂ! ਭਰੋਸਾ ਜਿਹਾ ਨਾ ਬੱਝਦਾ । ... ਉਂਝ ਖਰੜਾ ਤਿਆਰ ਕਰਨ ਦਾ ਅਭਿਆਸ ਕਰਦਾ ਰਹਿੰਦਾ । ਸਫ਼ੇਦ ਵਰਕਿਆਂ ਦੇ ਇਕ ਇਕ ਪਾਸੇ 'ਕੱਲੀ 'ਕੱਲੀ ਕਵਿਤਾ ਲਿਖ ਲਿਖ ਫਾਈਲ ਕਵਰ ਵਿਚ ਰੱਖੀ ਜਾਂਦਾ । ਕਦੇ ਨਜ਼ਮਾਂ ਦੀ ਗਿਣਤੀ ਕਰਦਾ । ਕਦੇ ਸਫ਼ਿਆਂ ਦੀ ।

ਨਜ਼ਮਾਂ ਨੂੰ ਤਾਸ਼ ਦੇ ਪੱਤਿਆਂ ਵਾਂਗ ਅੱਗੇ ਪਿੱਛੇ ਕਰਦਾ । ਕਿਸੇ ਨੂੰ ਕੱਢ ਕੇ ਬਾਹਰ ਰੱਖ ਲੈਂਦਾ ਕਿ ਜੱਚਦੀ ਜਿਹੀ ਨਹੀਂ! ਅਗਲੇ ਦਿਨ ਉਹਨੂੰ ਮੁੜ ਸ਼ਾਮਿਲ ਕਰ ਲੈਂਦਾ । ਦੁਬਿਧਾ ਜਿਹੀ ਵਿਚ ਮੈਂ ਕਈ ਦਿਨ ਟਲਦਾ ਰਿਹਾ । ਸ਼ਿਵ ਨੇ ਵੀ ਬਹੁਤੀ ਘੋਖ ਨਾ ਕੀਤੀ ।

•••

ਚਾਹੁੰਦਾ ਤਾਂ ਸਾਂ ਕਿਤਾਬ ਛਪੇ, ਪਰ ਅੰਦਰਖ਼ਾਤੇ ਡਰ ਜਿਹਾ ਵੀ ਲੱਗਦਾ । ਕਿਤੇ ਜਲੂਸ ਈ ਨਾ ਨਿਕਲ ਜਾਏ । ਮਖ਼ੌਲ ਈ ਨਾ ਉੱਡੇ! ... ਦੂਜਾ ਖਰਚੇ ਦਾ ਵੀ ਫ਼ਿਕਰ ਸੀ । ਕਿਤਾਬ ਕਿਹੜਾ ਮੁਫ਼ਤ ਛਪਦੀ ਐ । ਪਹਿਲੀ ਪਹਿਲੀ ਕਿਤਾਬ! ਕੋਈ ਜਾਣੇ ਨਾ ਬੁੱਝੇ । ਬਾਬੂ ਤਾਂ ਤਨਖ਼ਾਹ ਨਾਲ ਮਸਾਂ ਗੁਜ਼ਾਰਾ ਕਰਦੈ, ਮਹਿੰਗੇ ਸ਼ੌਕ ਕਿਵੇਂ ਪਾਲੇ!

ਇਕ 'ਕਵੀ' ਦੀ ਕਿਤਾਬ ਛਪਦੀ ਮੈਂ ਪਹਿਲਾਂ ਵੇਖ ਚੁੱਕਾ ਸਾਂ । ਕਵੀ ਤੇ ਕਿਤਾਬ ਦਾ ਜੋ ਹਸ਼ਰ ਹੋਇਆ... ਬਸ, ਨਾ ਈ ਪੁੱਛੋ । ਤੁਸੀਂ ਭਾਵੇਂ ਨਾ ਪੁੱਛੋ ਪਰ ਇਸ ਮੌਕੇ ਮੇਰਾ ਦੱਸੇ ਬਿਨਾਂ ਨਹੀਂ ਸਰਦਾ । ਉਹ ਪੂਰਾ ਵਾਕਿਆ ਹੁਣ ਤੱਕ ਮੇਰੀ ਰੂਹ ਦਾ ਭਾਰ ਬਣਿਆ ਹੋਇਐ... ਹੋਇਆ ਇਉਂ ਕਿ ਆਪਣੇ ਦਫ਼ਤਰ ਵਿਚ, ਮੇਰੇ ਵਾਂਗ ਹੀ, ਰਾਮ ਰੂਪ ਸਿੰਘ ਕਲਰਕ ਆ ਲੱਗਾ । ਸੋਹਣਾ । ਗੋਰਾ । ਛੀਂਟਕਾ ਜਿਹਾ । ਮਿੰਨਾ ਮਿੰਨਾ ਮੁਸਕਾ ਕੇ ਹੌਲੀ ਹੌਲੀ ਬੋਲਿਆ ਕਰੇ । ਉਹਨੇ ਕਿਤੋਂ ਸੁਣ ਲਿਆ ਕਿ ਮੈਂ ਮਾੜਾ ਮੋਟਾ ਲੇਖਕ ਹਾਂ ।

ਰਾਮ ਰੂਪ ਸਿੰਘ ਇਕ ਦਿਨ ਮੇਰੇ ਲਾਗੇ ਬਹਿ ਗਿਆ । ਹੌਲੀ ਹੌਲੀ ਦੱਸਣ ਲੱਗਾ ਆਪਣੇ ਬਾਰੇ । ਗੀਤ ਲਿਖਣ ਦੇ ਸ਼ੌਕ ਬਾਰੇ । ਤਾਜ਼ਾ ਤਾਜ਼ਾ ਹੋਏ ਵਿਆਹ ਬਾਰੇ । ਮਸ਼ਹੂਰ ਹੋਣ ਦੇ ਸੁਪਨੇ ਬਾਰੇ :

? ਕਿਤਾਬ ਛਪਵਾਉਣ ਲਈ ਕਿੰਨੇ ਕੁ ਪੈਸੇ ਲੱਗਦੇ ਨੇ
ਕਿਉਂ, ਕੀ ਗੱਲ

? ਮੇਰੀ ਕਿਤਾਬ ਛਪਵਾਉਣ ਦੀ ਸਲਾਹ ਏ
ਦੇਖ ਵੀਰ, ਸੱਚੀ ਗੱਲ ਇਹ ਐ ਕਿ ਮੇਰੀ ਆਪਣੀ ਕੋਈ ਅਜੇ ਕਿਤਾਬ ਨਹੀਂ ਛਪੀ! ਮੈਂ ਇਸ ਬਾਰੇ ਕੁਝ ਨਹੀਂ ਜਾਣਦਾ

? ਤੁਸੀਂ ਅਖ਼ਬਾਰਾਂ ਰਸਾਲਿਆਂ 'ਚ ਛਪਦੇ ਰਹਿੰਦੇ ਓ । ਕਿਤੇ ਪਿ੍ੰਟਿੰਗ ਪਰੈੱਸ ਵਾਲੇ ਨਾਲ ਵਾਕਫੀ ਹੋਏਗੀ । ਮੇਰੀ ਮਦਦ ਕਰੋ ।
ਗੱਲ ਇਹ ਈ ਰਾਮ ਰੂਪ, ਸ਼ਹਿਰ ਵਿਚ ਮੈਂ ਵੀ ਅਜੇ ਨਵਾਂ ਨਵਾਂ ਆਇਆਂ । ਮੈਨੂੰ ਕੋਈ ਬਾਹਲਾ ਅਤਾ-ਪਤਾ ਨਹੀਂ ।... ਹਾਂ, ਸਾਡੇ ਪਿੰਡਾਂ ਵੱਲ ਦਾ ਹਰੀ ਦੱਤ ਰਹਿੰਦੈ ਏਥੇ । ਉਹ ਕਾਫ਼ੀ ਚੱਲਦਾ ਪੁਰਜ਼ਾ ਆਦਮੀ ਏ । ਹੋਮਗਾਰਡ ਦਾ ਕੰਪਨੀ ਕਮਾਂਡਰ ਏ । ਉਹਦੀ ਸਲਾਹ ਲੈ ਲਾਂਗੇ ।

? ਠੀਕ ਐ । ਛੁੱਟੀ ਪਿੱਛੋਂ ਅੱਜ ਈ ਉਹਨੂੰ ਮਿਲਾਂਗੇ
ਮਿਲਣ ਚਲੇ ਗਏ । ਉਹ ਹੱਸ ਕੇ ਮਿਲਿਆ । ਖੁੱਲ੍ਹ ਕੇ ਹੱਸਦਾ ਉੱਚੀ ਉੱਚੀ ਗੱਲਾਂ ਕਰਦਾ ਰਿਹਾ । ਉਹਨੇ ਦੱਸਿਆ ਕਿ ਹੋਮਗਾਰਡ ਵਿਚ ਉਹਦੇ ਅੰਡਰ ਦੋ ਬੰਦੇ ਨੇ ਜਿਹੜੇ ਗੌਰਮਿੰਟ ਪਰੈਸ ਦੇ ਮੁਲਾਜ਼ਮ ਨੇ ਅਤੇ ਕਿਸੇ ਪ੍ਰਾਈਵੇਟ ਛਾਪੇਖਾਨੇ ਵਿਚ ਕੰਪੋਜ਼ੀਟਰ ਦਾ ਕੰਮ ਵੀ ਕਰਦੇ ਨੇ । ਕੱਲ੍ਹ ਨੂੰ ਪੁੱਛ ਕੇ ਖਰਚੇ ਦਾ ਅੰਦਾਜ਼ਾ ਲਾ ਲਵਾਂਗੇ । ਫ਼ਿਕਰ ਦੀ ਲੋੜ ਨਹੀਂ । ਜਿੰਨੀਆਂ ਮਰਜ਼ੀ ਕਿਤਾਬਾਂ ਛਪਵਾ ਲਉ ।

ਰਾਮ ਰੂਪ ਨੂੰ ਚਾਅ ਚੜ੍ਹ ਗਿਆ । ਅਗਲੇ ਦਿਨ ਖਰਚੇ ਦਾ ਪਤਾ ਲੱਗ ਗਿਆ । ਛਪਾਈ, ਕਾਗਜ਼, ਜਿਲਦਬੰਦੀ ਵਗੈਰਾ ਦੇ ਕੁੱਲ ਮਿਲਾ ਕੇ ਉਹਨੇ ਹਜ਼ਾਰ ਬਾਰਾਂ ਸੌ ਰੁਪਏ ਬਣਾ ਦਿੱਤੇ । ਅਖੇ : ਇਹ ਅੱਟਾ ਸੱਟਾ ਏ, ਸੌ ਪੰਜਾਹ ਵੱਧ ਘੱਟ ਹੋ ਸਕਦੇ ਨੇ ।

ਰਾਮ ਰੂਪ ਸਿੰਘ ਨੇ ਬੜੀ ਰੀਝ ਨਾਲ ਖਰੜਾ ਤਿਆਰ ਕੀਤਾ । ਨਾਂ ਰੱਖਿਆ : 'ਮਿੱਤਰਾ ਨੇ ਪੱਗ ਬੰਨ੍ਹਣੀ' । ਫੇਰ ਗੱਲ ਅੱਗੇ ਤੁਰੀ :

? ਕਿਤਾਬ ਦਾ ਨਾਂ ਤਾਂ ਰੱਖਿਆ ਗਿਐ । ਮੈਂ ਆਪਣਾ ਤਖ਼ੱਲਸ ਕੀ ਰੱਖਾਂ
ਤੇਰਾ ਨਾਂ ਸੋਹਣਾ ਏ । ਵੱਖਰੇ ਤਖੱਲਸ ਦੀ ਕੀ ਲੋੜ ਐ

? ਨਹੀਂ, ਕਵੀ ਦਾ ਨਾਂ ਕੁਝ ਵੱਖਰਾ ਲੱਗਣਾ ਚਾਹੀਦੈ
ਫੇਰ ਤੂੰ ਏਦਾਂ ਕਰ, ਰਾਰੇ ਦਾ ਕੰਨਾ ਰਤਾ ਵਧਾ ਕੇ ਗੱਗਾ ਬਣਾ ਲੈ । ਰਾਮ ਰੂਪ ਦੀ ਥਾਂ 'ਗਮਰੂਪ' ਬਣ ਜਾ

ਉਹ ਉਸੇ ਘੜੀ ਗਮਰੂਪ ਸਿੰਘ ਬਣ ਗਿਆ । ਹਰੀ ਦੱਤ ਨੂੰ ਖਰੜੇ ਨਾਲ ਤਿੰਨ ਸੌ ਰੁਪਏ ਦੇ ਆਇਆ ਕਿ ਛਪਵਾਉਣਾ ਸ਼ੁਰੂ ਕਰਵਾ ਦਿਉ । ਬਾਕੀ ਦਾ ਇੰਤਜ਼ਾਮ ਹੁੰਦਾ ਰਹੇਗਾ ।

ਉਨ੍ਹੀਂ ਦਿਨੀਂ ਬਾਬੂ ਦੀ ਤਨਖ਼ਾਹ ਸੌਸਵਾ-ਸੌ ਹੁੰਦੀ ਸੀ । ਉਹਨੇ ਵਿਚਾਰੇ ਨੇ ਕੁਝ ਪੈਸੇ ਘਰੋਂ ਲਿਆਂਦੇ । ਕੁਝ ਦੋਸਤਾਂ ਮਿੱਤਰਾਂ ਤੋਂ ਫੜੇ । ਕੁਝ ਪ੍ਰਾਵੀਡੈਂਟ ਫੰਡ 'ਚੋਂ ਕਢਵਾਏ । ... ਪਿੱਛੋਂ ਪਤਾ ਲੱਗਾ ਕਿ ਉਹਨੇ ਆਪਣੀ ਬੀਵੀ ਦੇ ਗਹਿਣੇ ਵੀ ਵੇਚੇ ਸਨ । ਕਿਤਾਬ ਉਹਦਾ ਇੱਕੋ ਇੱਕ ਸੁਪਨਾ ਸੀ । ਉਹਨੂੰ ਲੱਗਦਾ ਸੀ ਕਿ ਕਿਤਾਬ ਛਪਣ ਨਾਲ ਉਹਦੇ ਗੀਤ ਰਿਕਾਰਡ ਹੋ ਜਾਣਗੇ । ਉਹਦੇ ਗੀਤ ਰੇਡੀਓ 'ਤੇ ਵੱਜਣਗੇ । ਗਾਇਕ ਜੋੜੀਆਂ ਮੇਲਿਆਂ 'ਤੇ ਗਾਉਂਦੀਆਂ ਫਿਰਨਗੀਆਂ :

ਡੀ..ਸੀ. ਲੱਗ ਮੁੰਡਿਆ,
ਮੁੱਕ ਜਾਣਗੇ ਝੇੜੇ ।
ਰੋਂਦੀ ਡੀ..ਸੀ. ਨੂੰ
ਮੈਨੂੰ ਮਸਾਂ ਕਲੱਰਕੀ ਲੱਭੀ ।

ਉਹ ਆਪਣੇ ਸੁਪਨੇ ਵਿਚ ਏਨਾ ਗੁੰਮ ਗੁਆਚ ਗਿਆ ਕਿ ਦੁਨੀਆ ਦੀ ਸੁੱਧ-ਬੁੱਧ ਹੀ ਭੁੱਲ ਗਿਆ ।

ਗਮਰੂਪ ਸਿੰਘ ਹੁਣ ਹਰ ਵੇਲੇ ਆਪਣੀ ਕਿਤਾਬ ਦੇ ਚੱਕਰ ਵਿਚ ਹੀ ਪਿਆ ਰਹਿੰਦਾ । ਦੋਸਤਾਂਮਿੱਤਰਾਂਵਾਕਿਫ਼ਕਾਰਾਂ ਵਿਚ ਵੰਡਦਾ ਫਿਰਦਾ । ਇਕ ਦੋ ਦੋਸਤਾਂ ਨੂੰ ਨਾਲ ਲੈ ਕੇ ਮੇਲਿਆਂ 'ਤੇ ਗਿਆ । ਗੀਤਾਂ ਦੇ ਮੁੱਖੜੇ ਬੋਲ ਬੋਲ ਕੇ ਸੰਘ ਬਹਿ ਗਿਆ ਪਰ ਕਿਤਾਬ ਕੋਈ ਨਾ ਵਿਕੀ ।

ਬਹੁਤ ਮਨ੍ਹਾਂ ਕਰਨ ਦੇ ਬਾਵਜੂਦ ਉਹਨੇ ਗਿਆਰਾਂ ਸੌ ਕਾਪੀ ਛਪਵਾ ਲਈ ਸੀ । ਏਨੀਆਂ ਕਿਤਾਬਾਂ ਰੱਖਣ ਲਈ ਕਮਰੇ ਵਿਚ ਜਗ੍ਹਾ ਵੀ ਨਹੀਂ ਸੀ । ਏਧਰ ਓਧਰ ਰੱਖਦਾ ਫਿਰੇ । .. ਤੇ ਫੇਰ ਉਹਦੀ ਹਾਲਤ ਵੇਖੀ ਨਹੀਂ ਸੀ ਜਾਂਦੀ । ਉਹ, ਪਾਗਲ ਜਿਹਾ ਹੋ ਕੇ ਬੁੜਬੁੜ ਕਰਦਾ ਰਹਿੰਦਾ । ਇਕ ਇਕ ਕਰਕੇ ਦਾੜ੍ਹੀ ਮੁੱਛ ਦੇ ਵਾਲ ਪੁੱਟਦਾ ਰਹਿੰਦਾ । ਜਿਨ੍ਹਾਂ ਕੋਲੋਂ ਉਧਾਰ ਲਿਆ ਸੀ ਉਹ ਮੰਗਣੋਂ ਵੀ ਸੰਗਦੇ । ਤਰਸ ਤੋਂ ਬਿਨਾਂ ਕੀਤਾ ਵੀ ਕੀ ਜਾ ਸਕਦਾ ਸੀ ।

•••

... ਤੇ ਫੇਰ ਇਕ ਦਿਨ ਸ਼ਿਵ ਕੁਮਾਰ ਮੇਰੇ ਕਮਰੇ 'ਚ ਹੀ ਆ ਗਿਆ ।

? ਕਿੱਥੇ ਐ ਖਰੜਾ । ਲਿਆ, ਕਰੀਏ ਉਹਦਾ ਕਲਿਆਣ
ਖਰੜਾ ਤੇ ਭਾ ਜੀ... ਅਜੇ...

? ਅਜੇ...ਅਜੇ... ਕੀ... ਜਿਹੋ ਜਿਹਾ ਲਿਖਿਐ ਲਿਆ ਫੜਾ । ਮੈਂ ਹਰਸਰਨ ਸਿੰਘ ਨਾਲ ਗੱਲ ਕੀਤੀ ਐ । ਅਗਲੇ ਹਫ਼ਤੇ ਉਹ ਜਲੰਧਰ ਜਾ ਰਿਹੈ । ਤੂੰ ਖਰੜਾ ਲੈ ਕੇ ਉਹਦੇ ਨਾਲ ਚਲਾ ਜਾਈਂ...
ਪਰ ਪੈਸਿਆਂ ਦਾ ਇੰਤਜ਼ਾਮ

? ਹੈ ਲੱਲੂ, ਕਾਹਦੇ ਪੈਸੇ? ਸ਼ਿਵ ਕੁਮਾਰ ਭੂਮਿਕਾ ਲਿਖ ਰਿਹੈ ਪਬਲਿਸ਼ਰ ਨੂੰ ਹੋਰ ਕੀ ਚਾਹੀਦੈ । ਤੂੰ ਖਰੜਾ ਲਿਆ ।

ਅਗਲੇ ਦਿਨ ਖਰੜਾ ਤਿਆਰ ਹੋ ਗਿਆ । ਲੈ ਕੇ ਗਿਆ । ਉਹਨੇ ਪੁੱਛਿਆ:

? ਨਾਂ ਕੀ ਰੱਖਿਆ ਈ ਕਿਤਾਬ ਦਾ
ਨਾਂ ਤਾਂ ਅਜੇ ਕੋਈ ਨਹੀਂ ਰੱਖਿਆ

? ਚੱਲ, ਤੂੰ ਨਜ਼ਮਾਂ ਦੇ ਨਾਂ ਪੜ੍ਹ...
ਮੈਂ ਨਾਂ ਪੜ੍ਹਨ ਲੱਗਾ : ਮੇਰੀ ਨਜ਼ਮ ਮੇਰਾ ਗੀਤ, ਦਸਤੀ ਚਿੱਠੀ, ਮੇਰੇ ਗੁਲਦਸਤੇ ਵਿਚ ਫੁੱਲ, ਹੋਰ ਕਹਾਣੀ ਫੇਰ ਕਹਾਂਗਾ, ਇਕ ਹੋਰ ਮਸੀਹਾ...

? ਹਾਂ ਹਾਂ, ਠਹਿਰ ਜਾ, ਆਖ਼ਰੀ ਨਾਂ ਫੇਰ ਬੋਲ
ਇਕ ਹੋਰ ਮਸੀਹਾ

? 'ਹੋਰ' ਪਿੱਛੇ ਕਰ ਦੇ । 'ਇਕ ਮਸੀਹਾ ਹੋਰ' ਵਧੀਆ ਨਾਂ ਐ, ਹੋ ਗਿਆ, ਬੱਸ ਬੱਸ, ਏਨੀ ਕੁ ਗੱਲ ਸੀ । ਆਰਟਿਸਟ ਰਿਖੀ ਭਾਰਦਵਾਜ ਨੇ ਟਾਈਟਲ ਬਣਾ ਦਿੱਤਾ । ਸ਼ਿਵ ਨੇ ਭੂਮਿਕਾ ਲਿਖ ਦਿੱਤੀ । ਸੀਮਾ ਪ੍ਰਕਾਸ਼ਨ ਵਾਲਿਆਂ ਨੇ ਬਾਈ ਸੌ ਕਾਪੀ ਅਵਾਮੀ ਪਿ੍ੰਟਿੰਗ ਪ੍ਰੈਸ ਜਲੰਧਰ ਤੋਂ ਛਪਵਾ ਕੇ ਸੌ ਕਾਪੀ ਮੈਨੂੰ ਰਾਇਲਟੀ ਵਜੋਂ ਦੇ ਦਿੱਤੀ । ਬਿਲਕੁਲ ਮੁਫਤ ਤੇ 1970 ਵਿਚ ਕੀਮਤ ਰੱਖੀ ਸਵਾ ਤਿੰਨ ਰੁਪਏ ।

ਮੈਂ ਕਿਤਾਬ ਵਾਲਾ ਹੋ ਗਿਆ । ਕਿਤਾਬ ਦੀਆਂ ਕਾਪੀਆਂ ਦਿਲ ਖੋਲ੍ਹ ਕੇ, ਬੇ-ਦਰੇਗ ਹੋ ਕੇ, ਵੰਡੀਆਂ । ਲੇਖਕਾਂ ਨੂੰ ਘੱਟ ਤੇ ਬਾਊਆਂ ਨੂੰ ਵੱਧ । ਓਦੋਂ ਤਾਂ ਆਪਣਾ ਭਾਈਚਾਰਾ ਹੀ ਬਾਊਆਂ ਦਾ ਸੀ । ਉਨ੍ਹਾਂ ਭੇਟ ਹੋਈਆਂ ਕਿਤਾਬਾਂ ਦਾ ਪਤਾ ਨਹੀਂ ਕੀ ਬਣਿਆ । ਜਦੋਂ ਲੋੜ ਪਈ ਤਾਂ ਮੇਰੇ ਕੋਲ ਇਕ ਕਾਪੀ ਵੀ ਨਹੀਂ ਸੀ । ਲੈਕਚਰਾਰ ਵਾਲੀ ਇੰਟਰਵਿਊ ਵੇਲੇ ਵਿਖਾਉਣ ਲਈ ਲਾਇਬ੍ਰੇਰੀ 'ਚੋਂ ਲੈ ਕੇ ਗਿਆ । ਫੇਰ ਇਕ ਦਿਨ ਅੰਮ੍ਰਿਤਸਰੋਂ ਹਰਮੀਤ (ਉਹ ਆਪਣਾ ਨਾਂ ਹਾਹੇ ਦੇ ਪੈਰੀਂ ਰਾਰਾ ਪਾ ਕੇ ਲਿਖਦੈ) ਦਾ ਖ਼ਤ ਆਇਆ ਕਿ ਕਿਸੇ ਰਣਜੀਤ ਸਿੰਘ ਪਾਲ ਨੂੰ ਪਿਆਰ ਸਹਿਤ ਭੇਟ ਕੀਤੀ ਮੇਰੀ ਕਿਤਾਬ ਉਹਨੇ ਕਿਸੇ ਕਬਾੜੀ ਕੋਲੋਂ ਖਰੀਦੀ ਹੈ । ਉਸ ਖ਼ਤ ਦੀ ਖ਼ਾਲੀ ਬਚੀ ਥਾਂ 'ਤੇ ਮੇਰੇ ਤੋਂ ਇਕ ਸ਼ਿਅਰ ਲਿਖਿਆ ਗਿਆ :

ਆਪਣੀ ਮੈਂ ਮੌਤ ਆਉਂਦੀ ਵੇਖ ਲੀਤੀ ਦੋਸਤੋ,
ਕੱਲ੍ਹ ਕਬਾੜੀ ਦੀ ਗਲੀ ਸੀ ਜਾ ਰਹੀ ਮੇਰੀ ਕਿਤਾਬ!

ਪਹਿਲੀ ਕਿਤਾਬ ਦਾ ਵੱਖਰਾ ਈ ਸੁਆਦ ਹੁੰਦੈ । ਉਹ ਕਿਹੜੇ ਹੱਥਾਂ ਵਿਚ ਗਈ, ਇਹ ਤਾਂ ਹੱਥਾਂ ਵਾਲਿਆਂ ਨੂੰ ਪਤਾ ਹੋਵੇਗਾ ਪਰ ਏਨੇ ਲੰਬੇ ਅਰਸੇ ਪਿੱਛੋਂ ਵੀ ਉਸ ਕਿਤਾਬ ਦੀ ਠੰਡੀ ਮਿੱਠੀ ਸੋਅ ਆਉਂਦੀ ਰਹਿੰਦੀ ਹੈ । ਪਿੱਛੇ ਜਿਹੇ ਪ੍ਰੋ. ਨਿਰਮਲ ਦੱਤ ਨੇ ਹੈਰਾਨ ਕਰ ਦਿੱਤਾ, ਆਪਣੀ ਕੋਈ ਤੀਹ ਵਰ੍ਹੇ ਪੁਰਾਣੀ ਡਾਇਰੀ ਵਿਖਾ ਕੇ, ਜਿਸ ਦੇ ਪਹਿਲੇ ਸਫ਼ੇ ਉੱਤੇ, ਉਸ ਕਿਤਾਬ ਵਿਚਲਾ, ਇਹ ਸ਼ੇਅਰ ਲਿਖਿਆ ਹੋਇਆ ਸੀ:

ਇਸ ਵਿਚ ਮੇਰਾ ਕੁਝ ਵੀ ਨਹੀਂ ਹੈ,
ਇਹ ਤਾਂ ਮੌਸਮ ਦੇ ਸਿਰ ਸਿਹਰਾ
ਜੇ ਮੇਰੇ ਗੁਲਦਸਤੇ ਵਿਚਲੇ
ਤੈਨੂੰ ਫੁੱਲ ਪਿਆਰੇ ਲੱਗੇ

... ਤੇ ਆਹ ਹਫ਼ਤਾ ਦਸ ਦਿਨ ਪਹਿਲਾਂ ਚੱਕ ਭਾਈਕਾ ਤੋਂ ਰਾਜਿੰਦਰ ਰਾਹੀ ਹੁਰਾਂ ਦਾ ਫੋਨ ਆਇਆ ਕਿ ਉਨ੍ਹਾਂ ਨੂੰ ਆਪਣੀ ਭੈਣ ਦੇ ਘਰੋਂ, ਪਿੰਡ ਮੱਲ੍ਹਾ ਤੋਂ, ਆਪਣੇ ਜੀਜੇ ਦੇ ਟਰੰਕ 'ਚੋਂ 'ਇਕ ਮਸੀਹਾ ਹੋਰ' ਦੀ ਕਾਪੀ ਮਿਲੀ ਹੈ । ਜਦੋਂ ਮੈਂ ਦੱਸਿਆ ਕਿ ਇਹ ਮੇਰੇ ਲਈ ਬਹੁਤ ਕੀਮਤੀ ਹੈ, ਮੈਨੂੰ ਭੇਜ ਦਿਓ, ਤਾਂ ਉਨ੍ਹਾਂ ਹਾਂ ਕਰ ਦਿੱਤੀ । ਤਿੰਨ ਚਾਰ ਦਿਨਾਂ ਮਗਰੋਂ ਕਿਤਾਬ ਕੋਰੀਅਰ ਰਾਹੀਂ ਮੇਰੇ ਘਰ ਆ ਗਈ । ਧੰਨਵਾਦ ਲਈ ਫੋਨ ਕੀਤਾ ਤਾਂ 'ਰਾਹੀ' ਹੋਰਾਂ ਨੇ ਤਾਰੀਫ਼ੀ ਸ਼ਬਦਾਂ ਦੀ ਝੜੀ ਲਾ ਦਿੱਤੀ । ਇਹ ਵੀ ਦੱਸਿਆ ਕਿ ਕਾਪੀ ਮੈਨੂੰ ਭੇਜਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਲਈ ਫੋਟੋ ਸਟੇਟ ਕਰਵਾ ਕੇ ਰੱਖ ਲਈ ਹੈ ।

ਏਨੇ ਵਰ੍ਹਿਆਂ ਪਿੱਛੋਂ ਆਪਣੀ ਪਹਿਲੀ ਕਿਤਾਬ ਦਾ ਇਹ ਰੂਪ ਵੇਖ ਕੇ ਸੁਖ ਦਾ ਸਾਹ ਆਇਆ ਅਤੇ ਤਸੱਲੀ ਹੋਈ ਕਿ ਕਿਤਾਬ ਅਜੇ ਸਾਹ ਲੈਂਦੀ ਹੈ ।

••••••

9. ਧੂੰਆਂ ਧੂੰਆਂ

ਟੰਡਨ ਸਿਗਰਟ ਨਹੀਂ ਸੀ ਪੀ ਰਿਹਾ । ਦਰਾਜ 'ਚੋਂ ਐਸ਼ਟਰੇ ਕੱਢ ਕੇ ਉਹਨੇ ਰੱਦੀ ਵਾਲੀ ਟੋਕਰੀ ਵਿਚ ਸੁੱਟ ਦਿੱਤੀ ਸੀ । ਉਹਦੇ ਚਿਹਰੇ ਉਤੇ ਇਕ ਵੱਖਰੀ ਕਿਸਮ ਦਾ ਵਿਸ਼ਵਾਸ ਨਜ਼ਰ ਆ ਰਿਹਾ ਸੀ । ਜੇਤੂਆਂ ਵਾਲਾ ਵਿਸ਼ਵਾਸ । ਉਹਦੇ ਹਾਸੇ ਵਿਚ ਖਨਕ ਜ਼ਿਆਦਾ ਸੀ, ਖਾਂਸੀ ਘੱਟ । ਅੱਜ ਉਹ ਦੋਹਾਂ ਹੱਥਾਂ ਨਾਲ ਕੰਮ ਕਰ ਰਿਹਾ ਸੀ । ਦੋਵੇਂ ਹੱਥ ਮਿਲਾ ਰਿਹਾ ਸੀ । ਹੱਥ ਕੀ ਮਿਲਾਉਂਦਾ ਸੀ, ਸਮਝੋ ਕਿਕਲੀ ਪਾ ਰਿਹਾ ਸੀ । ਆਰਟਿਸਟ ਵਾਲੀ ਦਫ਼ਤਰੀ ਕੈਬਿਨ ਦੀ ਅੱਜ ਵੱਖਰੀ ਨੁਹਾਰ ਸੀ । ਕੰਮ ਵਿਚ ਰਫ਼ਤਾਰ ਸੀ । ਜਿਵੇਂ ਟੰਡਨ ਅੱਜ ਹਰ ਸਥਿਤੀ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ । ਉਹਦਾ ਹੱਥ ਘੜੀ ਮੁੜੀ ਬੁੱਲਾਂ ਵੱਲ ਨਹੀਂ ਸੀ ਉਠ ਰਿਹਾ । ਉਹਦੇ ਕੈਬਿਨ, 'ਚੋਂ ਧੂੰਆਂ ਨਹੀਂ ਸੀ ਉਠ ਰਿਹਾ । ਕੈਬਿਨ ਦਾ ਬੂਹਾ ਹਮੇਸ਼ਾ ਵਾਂਗ ਢੋਇਆ ਹੋਇਆ ਨਹੀਂ ਸੀ, ਚੁਪੱਟ ਖੁੱਲ੍ਹਾ ਸੀ । ਉਹ ਸਭ 'ਤੇ ਨਜ਼ਰ ਪਾ ਰਿਹਾ ਸੀ । ਸਭ ਨੂੰ ਨਜ਼ਰ ਆ ਰਿਹਾ ਸੀ । ਉਹਦੇ ਨੱਕ ਦੀ ਨੋਕ 'ਤੇ ਚਮਕਦਾ ਤਿਲ ਅੱਜ ਰੰਗੀਨ ਬਲਬ ਵਾਂਗ ਜਗਦਾ ਸੀ । ਉਹ ਕਿਸੇ ਬਹੁਤ ਵੱਡੇ ਭਾਰ ਤੋਂ ਸੁਰਖ਼ਰੂ ਹੋਇਆ ਲਗਦਾ ਸੀ । ਪਹਿਲੀ ਵਾਰ ਅਸਾਂ ਵੇਖਿਆ ਉਹ ਸ਼ਖਸ ਵੱਖਰੀ ਤਰ੍ਹਾਂ ਜੀ ਰਿਹਾ । ਟੰਡਨ ਸਿਗਰਟ ਨਹੀਂ ਸੀ ਪੀ ਰਿਹਾ ।

ਅਸੀਂ ਹੈਰਾਨ ਸਾਂ । ਉਹ ਖੁਸ਼ ਸੀ । ਇਸ ਅਚਾਨਕ ਵਾਪਰੀ ਤਬਦੀਲੀ ਦਾ ਸਬੱਬ ਪੁੱਛਣ 'ਤੇ ਉਹ ਐਨਕ ਲਾਹ ਕੇ ਹੱਸਿਆ ਸੀ ਅਤੇ ਹਾਸੇ ਵਿਚ ਵਿਸਰਾਮ ਚਿੰਨ੍ਹ ਲਾ-ਲਾ ਕੇ ਦੱਸਿਆ ਸੀ:

''ਅੱਜ ਸੋਮਵਾਰ ਐ ਨਾ? ਸ਼ੁੱਕਰਵਾਰ ਰਾਤ ਦੇ ਗਿਆਰਾਂ ਕੁ ਵਜੇ ਨੀਂਦ ਟੁੱਟ ਗਈ । ਅੱਖ ਖੁੱਲ੍ਹੀ ਤਾਂ ਸਿਗਰਟ ਦੀ ਤਲਬ ਹੋਈ । ਸਿਰ੍ਹਾਣੇ ਹੇਠਾਂ ਹੱਥ ਮਾਰਿਆ । ਓਥੇ ਕੁਝ ਨਹੀਂ ਸੀ । ਖ਼ਾਲੀ ਡੱਬੀ ਪਾਵੇ ਲਾਗੇ ਪਈ ਸੀ, ਟੋਹ ਕੇ ਚੁੱਕੀ ਤੇ ਤੁਰੜ-ਮੁਰੜ ਕਰ ਕੇ ਵਗਾਹ ਮਾਰੀ । ਮਾਚਸ ਦੀ ਤੀਲੀ ਬਾਲ ਕੇ ਕੋਈ ਟੋਟਾ ਲੱਭਣ ਦੀ ਕੋਸ਼ਿਸ਼ ਕੀਤੀ । ਸਵਾਹ ਨਾਲ ਹੱਥ ਲਿਬੜ ਗਏ ਪਰ ਪੱਲੇ ਕੁਝ ਨਾ ਪਿਆ । ਉਠ ਕੇ ਬੱਤੀ ਜਗਾਈ । ਸੂਟ ਦੀਆਂ ਜੇਬਾਂ ਫਰੋਲੀਆਂ । ਅਲਮਾਰੀ ਦਾ ਸਾਮਾਨ ਉਲਟਾਇਆ ਪਲਟਾਇਆ । ਕੁਝ ਹੱਥ ਨਾ ਆਇਆ । ਸੋਚਿਆ ਕਿ ਅਜੇ ਕਿਹੜਾ ਬਹੁਤੀ ਰਾਤ ਹੋਈ ਐ । ਕੋਈ ਦੁਕਾਨ ਜਾਂ ਰੇਹੜੀ ਤਾਂ ਖੁੱਲ੍ਹੀ ਹੋਊ । ਠੰਢ ਤੋਂ ਬਚਣ ਲਈ ਗਾਊਨ ਪਾਇਆ । ਸਕੂਟਰ ਸਟਾਰਟ ਕੀਤਾ ਤੇ ਉੱਨੀ ਸੈਕਟਰ ਦੀ ਸਾਰੀ ਮਾਰਕੀਟ ਗਾਹ ਮਾਰੀ । ਕੋਈ ਚਿੜੀ ਕਾਂ ਵੀ ਨਜ਼ਰ ਨਾ ਆਇਆ । ਪਰ ਮੈਂ ਹਿੰਮਤ ਨਾ ਹਾਰੀ ।

ਕਿੱਕ ਮਾਰੀ ਤੇ ਬੱਸ ਸਟੈਂਡ ਵੱਲ ਨੂੰ ਹੋ ਲਿਆ । ਸੋਚਿਆ ਕਿ ਬੱਸਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ । ਉਡੀਕਣ ਵੇਲੇ ਵੀ ਸਵਾਰੀਆਂ ਨੂੰ ਸਿਗਰਟਾਂ ਦੀ ਬਾਹਲੀ ਜਰੂਰਤ ਮਹਿਸੂਸ ਹੁੰਦੀ ਐ । ਬੱਸ ਅੱਡੇ ਵਾਲੇ ਜ਼ਰਾ ਮਹਿੰਗੀਆਂ ਲਾਉਂਦੇ ਨੇ ਪਰ ਲੋੜ ਤਾਂ ਮਹਿੰਗਾਈ ਵੱਲ ਨਹੀਂ ਨਾ ਵੇਖਦੀ ।... ਜਾ ਕੇ ਵੇਖਿਆ ਚਾਰੇ ਪਾਸੇ ਨ੍ਹੇਰਾ ਪਸਰਿਆ ਹੋਇਆ ਸੀ । ਕਿਸੇ ਪਾਸੇ ਆਸ ਦੀ ਚਿਣਗ ਵਿਖਾਈ ਨਾ ਦਿੱਤੀ । ਫੇਰ ਸਕੂਟਰ 'ਤੇ ਲੱਤ ਦਿੱਤੀ । ਚੱਲ ਮਨਾ, ਪੀ ਜੀ ਆਈ. ਐਮਰਜੈਂਸੀ ਚੌਵੀ ਘੰਟੇ ਖੁੱਲ੍ਹੀ ਰਹਿੰਦੀ ਹੈ । ਮਰੀਜ਼ਾਂ ਦੇ ਨਾਲ ਉਨ੍ਹਾਂ ਦੀ ਸਾਂਭ-ਸੰਭਾਲ ਵਾਲੇ ਜੀਅ ਵੀ ਤੁਰੇ ਰਹਿੰਦੇ ਨੇ । ਬਿਲਕੁਲ ਲਾਗੇ ਯੂਨੀਵਰਸਿਟੀ ਦੇ ਮੁੰਡਿਆਂ ਦਾ ਹੋਸਟਲ ਐ । ਇਸ ਲਈ ਆਲੂਆਂ ਵਾਲੇ ਪਰੌਂਠੇ ਅਤੇ ਸਿਗਰਟਾਂ-ਬੀੜੀਆਂ ਤਾਂ ਓਥੇ ਸਾਰੀ ਰਾਤ ਮਿਲਦੀਆਂ ਹੋਣਗੀਆਂ । ਕੋਈ ਨਾ ਕੋਈ ਤਾਂ ਰਾਤ ਦੀ ਕਮਾਈ ਲਈ ਓਥੇ ਬੈਠਾ ਹੀ ਰਹਿੰਦਾ ਹੋਵੇਗਾ । ਇਕ ਇਕ ਸਿਗਰਟ ਤੋਂ ਭਾਵੇਂ ਪੂਰੀ ਡੱਬੀ ਜਿੰਨਾ ਮੁਨਾਫ਼ਾ ਕਮਾ ਲਏ । ...ਓਥੇ ਪਹੁੰਚ ਕੇ ਵੀ ਨਿਰਾਸ਼ਾ ਹੀ ਹੱਥ ਲੱਗੀ । ਹੁਣ ਤੱਕ ਸਕੂਟਰ ਰਿਜ਼ਰਵ 'ਚ ਲੱਗ ਚੁੱਕਾ ਸੀ । ਹੁਣ ਕੀ ਕੀਤਾ ਜਾਵੇ? ਤਲਬ ਵਧਦੀ ਹੀ ਜਾ ਰਹੀ ਸੀ । ਮਨ ਵਿਚ ਤਲਖ਼ੀ । ਅੱਖਾਂ 'ਚ ਗੁੱਸਾ । ਪਰ ਕੱਢਾਂ ਕੀਹਦੇ 'ਤੇ । ਘਰ ਜਾ ਕੇ ਵੀ ਕੀ ਕਰਾਂਗਾ? ਨੀਂਦ ਤਾਂ ਆਉਣੀ ਨਹੀਂ । ਘਰਵਾਲੀ ਤੇ ਬੱਚਿਆਂ ਦੀ ਨੀਂਦ ਵੀ ਖਰਾਬ ਕਰਾਂਗਾ । ਚਲੋ ਆਖ਼ਰੀ ਹੰਭਲਾ ਮਾਰ ਕੇ ਵੇਖਦੇ ਹਾਂ । ਚੱਲ ਭਈ ਪ੍ਰਾਣ ਨਾਥ, ਰੇਲਵੇ ਸਟੇਸ਼ਨ । ਰੇਲਵੇ ਸਟੇਸ਼ਨ ਕਾਫ਼ੀ ਦੂਰ ਸੀ । ਸਕੂਟਰ ਵਿਚ ਪੈਟਰੋਲ ਘੱਟ ਸੀ । ਪਰ ਅੰਦਰਲੀ ਬੇਚੈਨੀ ਹੋਰ ਕੁਝ ਸੋਚਣ ਈ ਨਹੀਂ ਸੀ ਦੇਂਦੀ । ਤੜਫਣੀ ਜਿਹੀ ਲੱਗੀ ਹੋਈ ਸੀ । ਸੋ ਚੱਲ ਪਿਆ ।

ਸੋਚ ਰਿਹਾ ਸਾਂ ਕਿ ਓਥੋਂ ਤਾਂ ਮਾਲ ਮਿਲ ਹੀ ਜਾਏਗਾ । ਸਾਰੀ ਰਾਤ ਹਾਕਰ ਤੁਰੇ ਫਿਰਦੇ ਨੇ । ਇਕ ਦੋ ਸਿਗਰਟਾਂ ਹੀ ਮਿਲ ਜਾਣ ਮਹਿੰਗੀਆਂ ਸਸਤੀਆਂ । ... ਪਤਾ ਨਹੀਂ ਮੇਰੇ ਕੋਲੋਂ ਅਣਗਹਿਲੀ ਕਿਵੇਂ ਹੋ ਗਈ । ਟੰਡਨ ਦੀ ਜੇਬ ਵਿਚ ਫੁੱਲ ਕੋਟਾ ਰਹਿੰਦਾ ਹੈ । ਰਾਤੀਂ ਦਰਅਸਲ ਰੋਟੀ ਖਾ ਕੇ ਛੇਤੀ ਲੇਟ ਗਿਆ ਸਾਂ ਕਿ ਥੋੜ੍ਹੀ ਦੇਰ ਠਹਿਰ ਕੇ ਮਾਰਕੀਟ ਗੇੜਾ ਮਾਰਾਂਗਾ । ਕੋਟਾ ਲੈ ਆਵਾਂਗਾ । ਪਰ ਨੀਂਦ ਆ ਗਈ ਤੇ ਅੱਖ ਖੁੱਲ੍ਹੀ ਰਾਤ ਦੇ ਗਿਆਰਾਂ ਵਜੇ । ਓਦੋਂ ਦਾ ਚੱਕਰ 'ਚ ਪਿਆ ਰਿਹਾ । ...ਸਟੇਸ਼ਨ ਵੀ ਆ ਗਿਆ ।

ਸਕੂਟਰ, ਸਟੈਂਡ 'ਤੇ ਲਾਇਆ । ਬੰਸੀ ਵਾਲੇ ਨੂੰ ਧਿਆਇਆ । ਕਿਸੇ ਤਰ੍ਹਾਂ ਸੂਟੇ ਦਾ ਇੰਤਜ਼ਾਮ ਹੋ ਜਾਏ । ਆਹ ਰਾਤ ਨਿਕਲ ਜਾਏ । ਅੱਗੋਂ ਤੋਂ ਕਦੇ ਕੁਤਾਹੀ ਨਹੀਂ ਕਰਾਂਗਾ ।... ਪਰ ਬੰਦੇ ਦੇ ਕੀਤਿਆਂ ਕੀ ਹੁੰਦਾ ਏ? ਏਥੇ ਵੀ ਉਹੀਓ ਹਾਲ ਸੀ । ਸਫ਼ਾਂ ਲਪੇਟੀਆਂ ਗਈਆਂ ਸਨ । ਮਨ ਵਿਚ ਆਇਆ ਕਿ ਕੋਈ ਕੁਲੀ ਜਾਂ ਮੰਗਤਾ ਈ ਮਿਲ ਜਾਏ । ਉਹਦੇ ਕੋਲੋਂ ਈ ਮੰਗ ਵੇਖਾਂ । ਆਖ਼ਰ ਸਿਗਰਟ ਪੀਣ ਵਾਲਿਆਂ ਦਾ ਵੀ ਆਪਣਾ ਭਾਈਚਾਰਾ ਹੈ । ਇਸ ਵੇਲੇ ਕੰਮ ਨਹੀਂ ਆਇਆ ਤਾਂ ਹੋਰ ਕਦੋਂ ਆਏਗਾ?

ਹੁਣ ਤਾਂ ਅੱਤ ਹੋ ਚੁੱਕੀ ਸੀ । ਏਨੇ ਧੱਕੇ? ਲੱਖ ਲਾਹਨਤ ਓਏ ਵੱਡਿਆ ਆਰਟਿਸਟਾ! ਬਸ ਏਨੀ ਔਕਾਤ ਦਾ ਮਾਲਕ ਐਂ? ਚੱਲ ਹੁਣ ਘਰ ਨੂੰ । ...ਮਰੀਅਲ ਜਿਹੇ ਮਨ ਅਤੇ ਟੁੱਟੇ ਜਿਹੇ ਸਰੀਰ ਨਾਲ ਸਕੂਟਰ ਸਟਾਰਟ ਕੀਤਾ । ਕਈ ਕਿੱਕਾਂ ਮਾਰਨੀਆਂ ਪਈਆਂ । ਸਕੂਟਰ ਨੂੰ ਟੇਢਾ ਕਰ ਕੇ ਹਿਲਾਉਣਾ ਪਿਆ । ਖ਼ੈਰ, ਚੱਲ ਪਿਆ । ਪਰ ਥੋੜ੍ਹੀ ਕੁ ਦੂਰ ਜਾ ਕੇ ਅੜ ਗਿਆ । ਪੈਟਰੌਲ ਮੁੱਕ ਗਿਆ ਸੀ । ਕੋਈ ਪੰਪ ਖੁੱਲ੍ਹਾ ਨਹੀਂ ਸੀ । ਕੋਈ ਰਿਕਸ਼ਾ ਵੀ ਨਾ ਦਿੱਸਿਆ ਕਿ ਜਿਸ 'ਤੇ ਸਾਨੂੰ ਦੋਹਾਂ ਨੂੰ ਲੱਦ ਕੇ ਉਹ ਘਰ ਪੁਚਾ ਦੇਂਦਾ । ਪੈਸੇ ਜਿੰਨੇ ਮਰਜ਼ੀ ਲੈ ਲੈਂਦਾ । ਪੈਸੇ ਬੰਦਾ ਕਮਾਉਂਦਾ ਕਾਹਦੇ ਲਈ ਐ?

ਮਰਦਾ ਕੀ ਨਾ ਕਰਦਾ! ਖਿੱਚ ਧੂਹ ਕਰਦਾ ਘਰ ਤੱਕ ਪੁੱਜਾ । ਰਾਤ ਦਾ ਚੌਥਾ ਪਹਿਰ ਸ਼ੁਰੂ ਹੋ ਚੁੱਕਾ ਸੀ । ਪਹਿਰਦੇਾਰ ਦੀ ਆਵਾਜ਼ ਆਈ, 'ਜਾਗਦੇ ਰਹੋ' । ਬੜੀ ਖਿੱਝ ਆਈ ਕਿ ਜਾਗਣ ਤੋਂ ਬਿਨਾਂ ਹੋਰ ਕੀਤਾ ਵੀ ਕੀ ਜਾ ਸਕਦਾ ਹੈ । ਕਿੰਨੀ ਦੇਰ ਦਰਵਾਜ਼ੇ 'ਚ ਖੜ੍ਹਾ ਇੰਤਜ਼ਾਰ ਕਰਦਾ ਰਿਹਾ ਕਿ ਚੌਕੀਦਾਰ ਏਧਰ ਨੂੰ ਲੰਘੇਗਾ ਤਾਂ ਉਸ ਤੋਂ ਬੀੜੀ ਪੁੱਛ ਵੇਖਾਂਗਾ । ਪਰ ਉਹ ਤਾਂ ਸ਼ਾਇਦ ਪਰਲੇ ਪਾਸੇ ਵੱਲ ਗੇੜਾ ਮਾਰਨ ਚਲਿਆ ਗਿਆ ਸੀ । ਹੁਣ ਉਹਦੀ ਆਵਾਜ਼ ਵੀ ਆਉਣੋਂ ਹਟ ਗਈ । ਅੰਦਰ ਜਾ ਕੇ ਚੁੱਪ ਕਰ ਕੇ ਮੰਜੇ 'ਤੇ ਪੈ ਗਿਆ । ਬਾਹਰੋਂ ਚੁੱਪ ਸਾਂ ਪਰ ਅੰਦਰ ਤੂਫ਼ਾਨ ਮੱਚਿਆ ਪਿਆ ਸੀ । ਆਪਣਾ ਆਪ ਬੜਾ ਛੋਟਾ ਤੇ ਕਮੀਨਾ ਲੱਗ ਰਿਹਾ ਸੀ । ਆਖ਼ਰ ਇਹ ਪ੍ਰਾਣ ਨਾਥ ਟੰਡਨ ਕਿਹੜੀ ਮੁਹਿੰਮ ਸਰ ਕਰਨ ਲਈ ਵਖ਼ਤ ਨੂੰ ਫੜਿਆ ਹੋਇਆ ਸੀ ।

ਨਮੋਸ਼ੀ ਦਾ ਮਾਰਿਆ ਮੈਂ ਖ਼ੁਦ ਨੂੰ ਕੋਸਣ ਲੱਗਾ । ਆਪਣੀ ਪਿਛਲੇ ਪੰਜ ਛੇ ਘੰਟਿਆਂ ਦੀ ਫਟੀਗ 'ਤੇ ਝਾਤੀ ਮਾਰੀ । ਸਾਰਾ ਕੁਝ ਫਿਲਮ ਵਾਂਗ ਮੇਰੀਆਂ ਅੱਖਾਂ ਮੂਹਰੇ ਘੁੰਮ ਗਿਆ । ਮੈਂ ਕਿਹਾ ਮਰ ਜਾ ਪ੍ਰਾਣ ਨਾਥ ਸ਼ਰਮ ਨਾਲ । ਸ਼ੁਕਰ ਕਰ ਤੈਨੂੰ ਇਸ ਹਾਲਤ ਵਿਚ ਤੇਰੇ ਕਿਸੇ ਵਾਕਫ਼ਕਾਰ ਨੇ ਵੇਖਿਆ ਨਹੀਂ । ਤੇਰਾ ਤਾਂ ਜਲੂਸ ਨਿਕਲ ਜਾਣਾ ਸੀ ਟੰਡਨਾ!

ਫੇਰ ਪਤਾ ਨਹੀਂ ਅੰਦਰੋਂ ਮਨ ਨੇ ਕੀ ਪਲਟਾ ਖਾਧਾ । ਮੈਂ ਉੱਠਿਆ । ਸਿਗਰਟਾਂ ਦੀ ਮੁਚੜੀ ਹੋਈ ਖ਼ਾਲੀ ਡੱਬੀ ਚੁੱਕੀ । ਸੜੇ ਹੋਏ ਫਿਲਟਰ ਤੇ ਸਿਗਰਟਾਂ ਦੀ ਸਵਾਹ ਕੱਠੀ ਕੀਤੀ । ਐਸ਼ ਟਰੇ ਸਮੇਤ ਸਭ ਕੁਝ ਕੂੜੇ ਵਿਚ ਸੁੱਟਿਆ ਤੇ ਬਾਥਰੂਮ ਵਿਚ ਜਾ ਵੜਿਆ । ਠੰਡੇ ਪਾਣੀ ਨਾਲ ਨ੍ਹਾਤਾ । ਬੰਸੀ ਵਾਲੇ ਨੂੰ ਯਾਦ ਕੀਤਾ । ਮਲ ਮਲ ਕੇ ਮੈਲ ਲਾਹੀ । ਖੋਪੜੀ ਕੁਲਖ਼ੀ ਵਾਂਗ ਜੰਮ ਗਈ ।

ਬਾਹਰ ਆ ਕੇ ਕੁੜਤਾ ਪਜਾਮਾ ਬਦਲਿਆ । ਅੰਡਰਵੀਅਰ ਵੀ । ਜੀਅ ਕਰਦਾ ਸੀ ਕਿ ਸਿਗਰਟ ਦੀ ਛੋਹ ਵਾਲੀ ਕੋਈ ਚੀਜ਼ ਮੇਰੇ ਆਸ-ਪਾਸ ਨਾ ਹੋਵੇ । ਰਸੋਈ ਵਿਚ ਜਾ ਕੇ, ਬਿਨਾਂ ਭਾਂਡੇ ਖੜਕਾਇਆਂ ਚਾਹ ਬਣਾਈ । ਇਲਾਇਚੀ ਪਾ ਕੇ । ਗਰਮ ਗਰਮ ਚਾਹ ਦੀਆਂ ਚੁਸਕੀਆਂ ਨਾਲ ਪਤਾ ਨਹੀਂ ਕੀ ਕੁਝ ਮੇਰੇ ਅੰਦਰ ਭਰਦਾ ਗਿਆ । ਮੇਰੇ ਵਿਚ ਸ਼ਕਤੀ ਭਰਦੀ ਗਈ । ਏਸੇ ਰਉਂ ਵਿਚ ਹੀ ਮੈਂ ਲੇਟ ਗਿਆ ਤੇ ਪਤਾ ਨਹੀਂ ਕਦੋਂ ਅੱਖ ਲੱਗ ਗਈ । ਜਦੋਂ ਜਾਗਿਆ ਤਾਂ ਸ਼ਨੀਵਾਰ ਦੀ ਸਵੇਰ ਸੀ । ਘਰਦਿਆਂ ਨੂੰ ਸਭ ਕੁਝ ਦੱਸ ਦਿੱਤਾ ਤੇ ਇਹ ਵੀ ਦੱਸ ਦਿੱਤਾ ਕਿ ਹੁਣ ਕਦੇ ਵੀ ਸਿਗਰਟ ਨੂੰ ਮੂੰਹ ਤਾਂ ਕੀ ਹੱਥ ਵੀ ਨਹੀਂ ਲਾਉਣਾ । ਬੀਵੀ ਬੱਚਿਆਂ ਦੀ ਹੈਰਾਨੀ ਭਰੀ ਖੁਸ਼ੀ ਵੇਖਣ ਵਾਲੀ ਸੀ । ਪਰ ਜਿਵੇਂ ਉਨ੍ਹਾਂ ਨੂੰ ਯਕੀਨ ਨਹੀਂ ਸੀ ਆ ਰਿਹਾ ।

ਯਕੀਨ ਤਾਂ ਮੈਨੂੰ ਵੀ ਨਹੀਂ ਸੀ ਆ ਰਿਹਾ ਆਪਣੇ ਆਪ 'ਤੇ । ਪਰ ਮੈਂ ਮਹਿਸੂਸ ਕੀਤਾ ਕਿ ਮੈਂ ਉਹ ਪਹਿਲਾਂ ਵਾਲਾ ਪ੍ਰਾਣ ਨਾਥ ਟੰਡਨ ਹੈ ਈ ਨਹੀਂ । ਉਹ ਤਾਂ ਟੋਟਿਆਂ ਦੀ ਭਾਲ ਵਿਚ ਭਟਕ ਰਿਹਾ ਹੈ । ਮੇਰਾ ਉਹਦੇ ਨਾਲ ਕੋਈ ਰਿਸ਼ਤਾ ਨਹੀਂ । ਨਾਂ ਤੋਂ ਬਿਨਾਂ ਮੇਰਾ ਉਹਦੇ ਨਾਲ ਕੁਝ ਨਹੀਂ ਰਲਦਾ । ਪੂਰਾ ਸ਼ਨੀਵਾਰ ਤੇ ਪੂਰਾ ਐਤਵਾਰ ਮੈਂ ਘਰੋਂ ਬਾਹਰ ਨਹੀਂ ਨਿਕਲਿਆ । ਆਪਣੇ ਅੰਦਰ ਹੀ ਵੜਿਆ ਰਿਹਾ । ਆਪਣੇ ਆਪ ਨਾਲ ਗੱਲਾਂ ਕਰਦਾ ਰਿਹਾ । ਆਪਣੀ ਆਤਮਾ ਨਾਲ । ਬੜਾ ਸਵਾਦ ਆਇਆ । ਪਹਿਲੀ ਵਾਰ ਜ਼ਿੰਦਗੀ 'ਚ ਏਨਾ ਆਨੰਦ ਆਇਆ ।

ਅੱਜ ਦਫ਼ਤਰ ਮੈਂ ਸਕੂਟਰ 'ਤੇ ਨਹੀਂ ਆਇਆ । ਬੱਸ 'ਤੇ ਆਇਆਂ । ਅੱਜ ਜਾ ਕੇ ਸਕੂਟਰ ਦੀ ਸਰਵਿਸ ਕਰਾਵਾਂਗਾ । ਉਹਦੇ ਤੋਂ ਸਿਗਰਟ ਦਾ ਭੂਤ ਲਾਹਵਾਂਗਾ । ਪੈਟਰੌਲ ਪੁਆਵਾਂਗਾ । ਇਹ ਵੀ ਭਲਾ ਕੀ ਗੱਲ ਹੋਈ ਕਿ ਸਿਗਰਟ ਮੁੱਕਣ ਨਾਲ ਬੰਦੇ ਦਾ ਪੈਟਰੌਲ ਹੀ ਮੁੱਕ ਜਾਏ ।...ਅੱਜ ਸੋਮਵਾਰ ਹੈ । ਤੀਜਾ ਦਿਨ ਹੈ ਕਿ ਮੈਂ ਵੱਖਰੀ ਦੁਨੀਆ 'ਚ ਵਿਚਰ ਰਿਹਾਂ । ਬੜਾ ਕੁਝ ਬਦਲ ਗਿਆ ਹੈ । ਸਭ ਕੁਝ ਬਦਲ ਗਿਆ ਹੈ ।''

ਇਹ ਸਾਰਾ ਕੁਝ ਉਹਨੇ ਹਾਸੇ ਦੇ ਵਿਸ਼ਰਾਮ ਚਿੰਨ੍ਹ ਲਾ-ਲਾ ਕੇ ਦੱਸਿਆ ਤੇ ਇਕ ਵਾਰੀ ਫੇਰ ਐਨਕ ਲਾ ਕੇ ਹੱਸਿਆ । ਉਸ ਦੇ ਹਾਸੇ ਵਿਚ ਸ਼ਕਤੀ ਸੀ । ਵਿਸ਼ਵਾਸ ਨਾਲ ਭਰਪੂਰ ਅੰਦਰੋਂ ਜਾਗੀ ਹੋਈ ਸ਼ਕਤੀ ।

•••

ਇਹ ਵਾਕਿਆ ਕੋਈ ਚਾਲੀ ਵਰ੍ਹੇ ਪੁਰਾਣਾ ਹੈ । ਇਸ ਤੋਂ ਵੀਹ ਕੁ ਸਾਲ ਪਿੱਛੋਂ ਰਿਆਲ ਸਾਹਿਬ ਨੇ ਆਪਣੀ ਕਥਾ ਇੰਜ ਸੁਣਾਈ ਸੀ:

"ਕੋਈ ਵੀ ਨਸ਼ਾ ਲਾ ਲੈਣਾ ਸੌਖਾ ਹੈ ਪਰ ਇਸ ਦੀ ਪਕੜ 'ਚੋਂ ਨਿਕਲਣਾ ਬੜਾ ਔਖੈ । ਤੈਨੂੰ ਪਤੈ ਮੈਂ ਚੇਨ ਸਮੋਕਰ ਸਾਂ । ਸਿਗਰਟ ਬੁਝਣ ਹੀ ਨਹੀਂ ਸਾਂ ਦੇਂਦਾ । ਫੇਰ ਮੈਂ ਆਪਣੀ ਏਸ ਆਦਤ ਤੋਂ ਦੁਖੀ ਹੋ ਗਿਆ । ਛੁਟਕਾਰੇ ਦੀਆਂ ਤਰਕੀਬਾਂ ਘੜਨ ਲੱਗਾ ।

ਪਹਿਲਾਂ ਫੈਸਲਾ ਕੀਤਾ ਮਨ ਨਾਲ, ਕਿ ਦਫ਼ਤਰ ਵਿਚ ਨਹੀਂ ਪੀਣੀ ।...ਹੋਇਆ ਇਹ ਕਿ ਘਰ ਵਿਚ ਅਤੇ ਦਫਤਰੋਂ ਬਾਹਰ ਜ਼ਿਆਦਾ ਪੀਣ ਲੱਗ ਪਿਆ ।

ਫੇਰ ਫੈਸਲਾ ਕੀਤਾ ਕਿ ਨਾ ਦਫ਼ਤਰ ਵਿਚ ਪੀਣੀ ਐ ਨਾ ਘਰ ਵਿਚ । ਹੁਣ ਘਰੋਂ ਦਫ਼ਤਰ ਤੇ ਦਫਤਰੋਂ ਘਰ ਜਾਣ ਆਉਣ ਦਾ ਦੋ ਢਾਈ ਕਿਲੋਮੀਟਰ ਦਾ ਪੈਂਡਾ ਮੈਂ ਸਿਗਰਟ-ਸਵਾਰ ਹੋ ਕੇ ਕਰਦਾ । ਕੋਟਾ ਪੂਰਾ ਹੋਈ ਜਾਂਦਾ । ਖ਼ੈਰ ਮੈਂ ਜਿਹੜਾ ਵੀ ਫੈਸਲਾ ਕਰਦਾ, ਮੇਰਾ ਮਨ ਉਸ ਫੈਸਲੇ ਦੇ ਆਸੇ-ਪਾਸੇ ਕੋਈ ਚੋਰਮੋਰੀ ਲੱਭ ਲੈਂਦਾ । ਅਖ਼ੀਰ ਮੈਨੂੰ ਆਪਣੇ ਆਪ ਨਾਲ ਜ਼ੁਲਮ ਕਰਨਾ ਪਿਆ । ਸਖ਼ਤ ਫੈਸਲਾ ਲੈਣਾ ਪਿਆ ਕਿ ਬਸ ਪੀਣੀ ਹੀ ਨਹੀਂ । ਛੱਡ ਦਿੱਤੀ । ਛੱਡ ਦਿੱਤੀ ਤਾਂ ਛੁਟ ਗਈ । ਬਚੀਆਂ ਹੋਈਆਂ ਡੱਬੀਆਂ ਲੋੜਵੰਦਾਂ ਨੂੰ ਵੰਡ ਦਿੱਤੀਆਂ । ਦਰਅਸਲ ਮੇਰੇ ਕੋਲ ਇੰਪੋਰਟਿਡ ਕੋਟੇ ਦਾ ਭਰਵਾਂ ਸਟਾਕ ਹੁੰਦਾ ਸੀ । ਹੁਣ ਕਦੇ ਚਿਤ-ਚੇਤਾ ਵੀ ਨਹੀਂ ਆਇਆ ।...ਔਖਾ ਕੁਝ ਵੀ ਨਹੀਂ । ਬਸ ਇਕ ਮਨ ਕਰੜਾ ਜਿਹਾ ਕਰ ਕੇ ਪੱਕਾ ਫੈਸਲਾ ਲੈਣਾ ਪੈਂਦੈ ।"

•••

ਸਿਗਰਟ ਮੈਂ ਖ਼ੁਦ ਵੀ ਛੱਡਣੀ ਚਾਹੁੰਦਾ ਸਾਂ । ਤਿੰਨ ਚਾਰ ਵਾਰੀ ਤਿੰਨ-ਤਿੰਨ, ਚਾਰ-ਚਾਰ ਮਹੀਨਿਆਂ ਲਈ ਛੱਡ ਵੀ ਚੁੱਕਾ ਸਾਂ ਪਰ ਕਿਸੇ ਨਾ ਕਿਸੇ ਬਹਾਨੇ ਲੜੀ ਮੁੜ ਜੁੜ ਜਾਂਦੀ ਰਹੀ । ਟੰਡਨ ਅਤੇ ਰਿਆਲ ਦੀਆਂ ਮਿਸਾਲਾਂ ਮੈਂ ਕਈ ਵਾਰ ਮਨ ਵਿਚ ਦੁਹਰਾਉਂਦਾ । ਆਪਣੀ ਕਮਜ਼ੋਰੀ 'ਤੇ ਤਰਸ ਜਿਹਾ ਵੀ ਆਉਂਦਾ । ਘਰ ਦੇ ਅੰਦਰ ਨਹੀਂ ਸਾਂ ਪੀਂਦਾ ਪਰ ਬਾਹਰ ਤਾਂ ਖੁੱਲ੍ਹ ਸੀ । ਇਸ ਖੁੱਲ੍ਹ ਦਾ ਪੂਰਾ ਫ਼ਾਇਦਾ ਉਠਾਇਆ ਜਾਂਦਾ ਰਿਹਾ । ਇਸ ਖੁੱਲ੍ਹ ਨੂੰ ਲੇਖਕਾਂ ਤੇ ਕਲਾਕਾਰਾਂ ਵਾਲੇ ਖਾਤੇ ਵਿਚ ਪਾਇਆ ਜਾਂਦਾ ਰਿਹਾ । ਕਿਸੇ ਨਾ ਕਿਸੇ ਬਹਾਨੇ ਆਪਣੀ ਕਮਜ਼ੋਰੀ ਨੂੰ ਵਡਿਆਇਆ ਜਾਂਦਾ ਰਿਹਾ ।

ਮੈਂ ਆਪਣੇ ਬੱਚਿਆਂ ਤੋਂ ਕਦੇ ਸਿਰਗਟ ਨਹੀਂ ਸੀ ਮੰਗਵਾਈ ਅਤੇ ਨਾ ਹੀ ਲੱਗਦੀ ਵਾਹੇ, ਉਨ੍ਹਾਂ ਦੇ ਸਾਹਮਣੇ ਕਦੇ ਪੀਤੀ ਸੀ । ਮੈਨੂੰ ਪਤਾ ਸੀ ਕਿ ਇਹਦਾ ਧੂੰਆਂ ਪੀਣ ਵਾਲੇ ਨਾਲੋਂ ਲਾਗੇ ਬੈਠੇ ਨੂੰ ਜ਼ਿਆਦਾ ਨੁਕਸਾਨ ਪੁਚਾਉਂਦਾ ਹੈ । ਬੰਦਾ ਕਿੰਨਾ ਵੀ ਸਵਾਰਥੀ ਕਿਉਂ ਨਾ ਹੋਏ, ਆਪਣਿਆਂ ਨੂੰ ਤਾਂ ਨੁਕਸਾਨ ਤੋਂ ਬਚਾਉਂਦਾ ਹੈ । ਜਦੋਂ ਸਾਡੇ ਪੋਤਾ ਹੋਇਆ ਤਾਂ ਮੇਰਾ ਮਨ ਵੀ ਟੰਡਨ ਤੇ ਰਿਆਲ ਵਾਲੀ ਸਥਿਤੀ ਵਿਚ ਆ ਗਿਆ । ਪਤਾ ਵੀ ਨਾ ਲੱਗਾ ਕਦੋਂ ਫੈਸਲੇ ਨੇ ਕਰੜਾ ਰੂਪ ਧਾਰ ਲਿਆ ਹੈ । ਆਖ਼ਰਕਾਰ ਇਸ ਕਮਜ਼ੋਰ ਜਿਹੇ ਬੰਦੇ ਨੇ ਵੀ ਕਿਸੇ ਮੁਹਾਜ਼ 'ਤੇ ਮੋਰਚਾ ਮਾਰ ਲਿਆ ਹੈ ।

ਮੈਨੂੰ ਇਸ ਵੇਲੇ ਕਾਮਰੇਡ ਰਾਮ ਕਿਸ਼ਨ ਦੀ ਬੜੀ ਯਾਦ ਆ ਰਹੀ ਹੈ । ਜਦੋਂ ਉਹ ਲਾਟਰੀ ਨਿਕਲਣ ਵਾਂਗ ਪੰਜਾਬ ਦਾ ਚੀਫ ਮਨਿਸਟਰ ਬਣਾ ਦਿੱਤਾ ਗਿਆ ਸੀ ਤਾਂ ਸਕੱਤਰੇਤ ਦੇ ਬਾਬੂਆਂ ਨੂੰ ਆਪਣੇ ਪਹਿਲੇ ਸੰਬੋਧਨ ਵਿਚ ਉਹਨੇ ਆਪਣੇ ਮਨ ਦੇ ਉਦਗਾਰ ਇਉਂ ਪ੍ਰਗਟ ਕੀਤੇ ਸਨ :

''ਮੈਨੇ ਜਬ ਸੇ ਪੰਜਾਬ ਕੇ ਪ੍ਰਥਮ ਸੇਵਕ ਕੇ ਰੂਪ ਮੇਂ ਸ਼ਾਸਨ ਕਾ ਕਾਰਯਭਾਰ ਸੰਭਾਲਾ ਹੈ, ਹਰ ਐਰਾ ਗੈਰਾ ਨੱਥੂ ਖੈਰਾ ਸਮਝਤਾ ਹੈ ਕਿ ਮੈਂ ਮੁੱਖਯ ਮੰਤਰੀ ਬਨ ਸਕਤਾ ਹੂੰ ।''

ਪਰ ਸਾਡਾ ਹੰਢਾਇਆ ਹੋਇਆ ਅਨੁਭਵ ਹੈ ਕਿ ਮੁੱਖ ਮੰਤਰੀ ਬਣਨ ਦਾ ਸੁਪਨਾ ਤਾਂ ਭਾਵੇਂ ਕੋਈ ਵੀ ਲੈ ਲਵੇ ਪਰ ਸਿਗਰਟ ਛੱਡਣ ਵਾਲਾ ਕਾਰਨਾਮਾ ਡਾਢਾ ਔਖਾ ਹੈ ।

••••••

10. ਸਿਮਰਿਤੀਆਂ ਦੀ ਮਰਿਆਦਾ

ਅਤੀਤ ਦੇ ਪਾਣੀਆਂ 'ਚ ਕੁੰਡਾ ਸੁੱਟੀਏ ਭਾਵੇਂ ਚੁੱਭੀ ਮਾਰੀਏ, ਐਵੇਂ ਨ੍ਹੇਰੇ 'ਚ ਤੀਰ ਚਲਾਉਣ ਵਰਗੀ ਗੱਲ ਹੁੰਦੀ ਏ । ਲੱਭੀਦਾ ਕੁਝ ਏ, ਹੱਥ ਲੱਗਦੈ ਕੁਝ ਹੋਰ । ਕੁਝ ਹੋਰ ਵੀ ਕਿਸੇ ਹੋਰ ਦਾ ਨਹੀਂ ਹੁੰਦਾ ਪਰ ਹੋਰੂੰ ਹੋਰੂੰ ਲੱਗਦੈ । ਇਕ ਗੱਲ ਯਾਦ ਆਉਂਦੀ ਏ ।...ਤੇਤੀ ਭੁੱਲ ਜਾਂਦੀਐਂ । ਇਸ ਭੁੱਲ-ਭਲੱਈਆਂ ਨਾਲ ਖੇਡਣ ਦਾ ਵੱਖਰਾ ਈ ਸੁਆਦ ਏ । ਚਲੋ, ਓਨੀ ਕੁ ਗੱਲ ਕਰਦੇ ਆਂ ਜਿੰਨਾ ਕੁ ਯਾਦ ਏ! ਜਿੰਨਾ ਕੁ ਆਪਣਾ ਏ ।

ਧਿਆਨ ਨਾਲ ਵੇਖੀਏ ਤਾਂ ਆਪਣੇ ਵਿੱਚ 'ਆਪਣਾ' ਕੁਝ ਵੀ ਨਹੀਂ ਹੁੰਦਾ । ਸਭ ਏਧਰੋਂ ਓਧਰੋਂ ਆਇਆ ਹੁੰਦੈ । ਇਸ 'ਲੱਭਤ' ਨੂੰ ਬੱਚਿਆਂ ਵਾਲੇ ਅਧਿਕਾਰ ਨਾਲ ਆਪਣਾ ਬਣਾਇਆ ਹੁੰਦੈ ।

ਲੱਭੀ ਚੀਜ਼ ਖ਼ੁਦਾ ਦੀ
ਧੇਲੇ ਦੀ ਨਾ ਪਾਅ ਦੀ

ਇਹ ਉਪਲਬਧੀ ਅਨਮੋਲ ਤੇ ਅਣਤੋਲ ਹੁੰਦੀ ਏ । ਇਸ ਸਮੱਗਰੀ ਨਾਲ ਸਾਡੇ ਮਨ ਦੀ ਸਿਰਜਣਾ ਹੁੰਦੀ ਏ, ਸੰਸਕਾਰ ਨਿਰਮਿਤ ਹੁੰਦੇ ਨੇ, ਸ਼ਖ਼ਸੀਅਤ ਦਾ ਬਾਨ੍ਹਣੂੰ ਬੱਝਦਾ ਏ । ਸ਼ਖ਼ਸੀਅਤ ਜਦੋਂ ਪੱਕ ਜਾਂਦੀ ਏ ਤਾਂ ਵੱਖਰੀ ਜਿਹੀ ਬਣ ਜਾਂਦੀ ਏ । ਆਪਣੇ ਚੌਗਿਰਦ ਆਪੇ ਖਿੱਚੀ ਹੋਈ ਰਾਮ ਕਾਰ ਸੁਰੱਖਿਆ ਛਤਰੀ ਵਾਂਗ ਤਣ ਜਾਂਦੀ ਏ :

ਤੱਤੀ ਕੜਾਹੀ ਵਿੱਚ ਅੱਗ ਬਲਦੀ
ਸੌ ਗਾਲ੍ਹ ਕੱਢ ਲੈ, ਨਹੀਉਂ ਲੱਗਦੀ

ਵਿਚਾਰਾਂ ਦੀ ਲੀਲਾ ਵੀ ਸਿਖ਼ਰਾਂ 'ਤੇ ਪਹੁੰਚ ਕੇ ਮੁੜ ਬਾਲ-ਹਠ 'ਤੇ ਉਤਰ ਆਉਂਦੀ ਏ । ਨੁਕਤੇ ਤੋਂ ਨੁਕਤੇ ਤੱਕ ਦਾ ਸਫ਼ਰ ਬਾਲ-ਉਪਦੇਸ਼ ਵਰਗਾ ਸਰਲ ਤੇ ਬੁਨਿਆਦੀ ਏ । ਅੰਦਰ ਵੱਲ ਜਾਂਦੇ ਮਾਰਗ 'ਤੇ ਤੁਰਦਿਆਂ ਬਾਹਰਲਾ ਰੌਲਾ ਕੰਨਾਂ ਨੂੰ ਨਹੀਂ ਪੋਂਹਦਾ । ਪਰਿਵਾਰ, ਸਮਾਜ ਅਤੇ ਕਾਨੂੰਨ ਦੀ ਕੌਣ ਪਰਵਾਹ ਮੰਨਦੈ :

ਲਾ ਲੈ ਜੋਰ ।
ਵਜਾ ਲੈ ਢੋਲ ।
ਲੈ ਆ ਠਾਣਾ
ਬਹਿ ਜਾ ਕੋਲ ।

ਆਪਣੇ ਕੋਲ ਬਹਿਣ ਦਾ ਆਨੰਦ, ਕਿਆ ਬਾਤ ਏ । ਪਰ ਘੁੱਗੀ ਕਿੰਨਾ ਕੁ ਚਿਰ ਅੱਖਾਂ ਬੰਦ ਕਰ ਕੇ ਅਮਨ ਦੇ ਸੁਪਨੇ ਲੈ ਸਕਦੀ ਏ? ਕਦੋਂ ਤੱਕ ਪ੍ਰਤੀਕ ਬਣੀ ਰਹਿ ਸਕਦੀ ਏ! ਉਹਨੂੰ ਢਿੱਡ ਲੱਗਾ ਹੋਇਐ । ਢਿੱਡ ਨੂੰ ਭੁੱਖ ਲੱਗਦੀ ਏ । ਭੁੱਖ ਮਿਟਾਉਣ ਲਈ 'ਭੱਪਾ' ਚਾਹੀਦੈ । ਭੱਪੇ ਦੀ ਕੀਮਤ ਤਾਰਨ ਲਈ ਨੱਚਣਾ ਪੈਂਦਾ ਏ:

ਨੱਚ ਘੁੱਗੀਏ ਨੀਂ
ਤੈਨੂੰ ਭੱਪਾ ਦਿਆਂਗੇ ।
ਖਾਣ ਲੱਗੀ ਨੂੰ
ਧੱਕਾ ਦਿਆਂਗੇ

ਧੱਕੇ ਖਾ ਖਾ ਕੇ ਵੀ ਨੱਚਦੇ ਰਹਿਣਾ ਕੋਈ ਅਲੋਕਾਰ ਗੱਲ ਨਹੀਂ । ਹਕੀਕਤ ਏ । ਇੰਜ ਹੀ ਹੁੰਦਾ ਏ । ਏਹੋ ਜ਼ਿੰਦਗੀ ਏ । ਜ਼ਿੰਦਗੀ ਦੀ ਸਮਝ ਏ । ਅਹਿਮੀਅਤ ਧੱਕਿਆਂ ਦੀ ਨਹੀਂ, ਨਾਚ ਦੀ ਹੁੰਦੀ ਏ । ਨੱਚਣ ਦੀ ਜਾਚ ਨਾ ਰਹੇ ਤਾਂ ਧੱਕੇ ਹੀ ਧੱਕੇ ।

ਤਰਦੀਆਂ ਤਰਦੀਆਂ ਯਾਦਾਂ ਝੱਟ ਪਕੜ 'ਚ ਆ ਜਾਂਦੀਆਂ ਨੇ । ਡੂੰਘ 'ਚ ਪਏ ਵਰਤਾਰਿਆਂ ਨੂੰ ਹੰਗਾਲਣਾ ਮੁਸ਼ਕਲ ਕੰਮ ਏ । ਮੁਸ਼ਕਲ ਓਦੋਂ ਹੋਰ ਵੀ ਵੱਧ ਜਾਂਦੀ ਏ ਜਦੋਂ ਕੋਈ ਘਟਨਾ ਪਰਿਵੇਸ਼ ਤੋਂ ਟੁੱਟ ਕੇ ਮੂਹਰੇ ਆ ਖੜ੍ਹਦੀ ਏ । ਜੋੜ-ਤੋੜ ਕਰ ਕੇ ਨੋਕ-ਪਲਕ ਸੰਵਾਰਨੀ ਪੈਂਦੀ ਏ । ਉਹਦੀ ਪੁੱਠ- ਸਿੱਧ ਵਿਚਾਰ ਕੇ ਸ਼ਕਲ-ਸੂਰਤ ਉਘਾੜਨੀ ਪੈਂਦੀ ਏ । ਬੰਦਾ ਸੋਚਦਾ ਕੁਝ ਏ, ਕਰਦਾ ਕੁਝ ਏ, ਬੋਲਦਾ ਕੁਝ ਹੋਰ ਏ । ਏਧਰ ਅੰਦਰ ਦੀ ਖਾਮੋਸ਼ੀ ਏ, ਓਧਰ ਮੰਡੀ ਦਾ ਸ਼ੋਰ ਏ । ਅੰਦਰ ਤੇ ਬਾਹਰ ਵਿੱਚ ਤਵਾਜ਼ਨ ਬਣਾਈ ਰੱਖਣਾ ਜ਼ਰੂਰੀ ਏ ।

ਜ਼ਰੂਰੀ ਨਹੀਂ ਕਿ ਸਿਮਰਤੀਆਂ ਮੇਰੀ ਇੱਛਾ ਅਨੁਸਾਰ ਗਮਨ ਕਰਨ । ਉਨ੍ਹਾਂ ਦੀ ਆਪਣੀ ਹੋਂਦ ਹੈ; ਹਸਤੀ ਹੈ । ਉਹ ਆਜ਼ਾਦ ਹਨ । ਉਨ੍ਹਾਂ ਦੀ ਮਿਹਰਬਾਨੀ ਹੈ ਕਿ ਉਹ ਮੈਨੂੰ ਵੀ ਯਾਦ ਹਨ ।

•••

ਮੈਨੂੰ ਨਹੀਂ ਸੀ ਯਕੀਨ, ਪਰ ਉਹ ਆ ਗਿਆ । ਦਸੰਬਰ ਦੀ ਦੰਦੋੜਿਕੀ ਠੰਡ ਵਿਚ ਕੰਬਲ ਦੀ ਬੁੱਕਲ ਮਾਰੀ ਮੇਰੇ ਸਾਹਮਣੇ ਖਲੋਤਾ ਸੀ ਗੁਰਬਚਨ ਸਿੰਘ । ਤੜ੍ਹਕੇ ਦੇ ਚਾਰ ਵਜੇ ਸਨ ਤੇ ਉਹ ਕੇਸੀਂ ਇਸ਼ਨਾਨ ਕਰਕੇ, ਸੁੱਚੇ ਮੂੰਹ ਅੱਠ ਸੈਕਟਰ ਤੋਂ ਸਤਾਈ ਸੈਕਟਰ ਪਹੁੰਚ ਗਿਆ । ਜਦੋਂ ਦਰਵਾਜਾ ਖੜਕਿਆ ਮੈਂ ਹੜਬੜਾ ਕੇ ਉੱਠਿਆ । ਐਸ ਵੇਲੇ ਕੌਣ, ਏਨੀ ਸਵੱਖਤੇ?...ਅੱਖਾਂ ਮਲਦਿਆਂ ਬੱਤੀ ਜਗਾਈ ਤਾਂ ਹੈਰਾਨ ਰਹਿ ਗਿਆ । ਕੋਈ ਚਾਰਾ ਨਹੀਂ ਸੀ । ਉਹਨੂੰ ਅੰਦਰ ਬਿਠਾ ਕੇ ਮੈਂ ਤੌਲੀਆ ਚੁੱਕਿਆ ਤੇ ਗੁਸਲਖਾਨੇ ਜਾ ਵੜਿਆ । ਠੰਡ ਵਿਚ ਬਰਫ਼ ਵਰਗੇ ਪਾਣੀ ਨਾਲ, ਏਨੀ ਸਵੱਖਤੇ ਮੈਂ ਕਦੇ ਨਹੀਂ ਸੀ ਨਹਾਤਾ । ਅੱਜ ਮਜਬੂਰੀ ਸੀ । ਆਪ ਸਹੇੜੀ ਮਜਬੂਰੀ ।

ਉਹਨੀਂ ਦਿਨੀਂ ਮੈਂ ਧੋਤੀ ਲਾਉਂਦਾ ਸਾਂ । ਲਾਂਗੜ ਵਾਲੀ । ਕਰਮਕਾਂਡੀ ਬ੍ਰਾਹਮਣ ਵਾਂਗ । ਬੋਦੀ ਰੱਖੀ ਹੋਈ ਸੀ, ਜਿਸ ਨੂੰ ਗੰਢ ਮਾਰ ਕੇ ਰੱਖਦਾ । ਦਾੜ੍ਹੀ ਮੁਨਾਉਂਦਾ ਨਹੀਂ ਸਾਂ । ਪੈਦਲ ਤੁਰਦਾ, ਨੰਗੇ ਪੈਰੀਂ । ਹਾੜ-ਸਿਆਲ ਜੁੱਤੀ ਨਹੀਂ ਸਾਂ ਪਾਉਂਦਾ । ਸੈਕਟਰੀਏਟ ਤੱਕ ਨੰਗੇ ਪੈਰੀਂ ਤੁਰਿਆ ਜਾਂਦਾ । ਵਾਪਸੀ ਵੀ ਏਸੇ ਤਰ੍ਹਾਂ । ਲੋਕਲ ਬੱਸ ਦਾ ਕਿਰਾਇਆ ਸਿਰਫ਼ ਪੰਜ ਪੈਸੇ ਹੁੰਦਾ ਸੀ ਪਰ ਪੈਸਿਆਂ ਦੀ ਤਾਂ ਗੱਲ ਈ ਨਹੀਂ ਸੀ । ਮਨ ਦੀ ਹਾਲਤ ਈ ਏਹੋ ਜਿਹੀ ਸੀ । ਇੰਜ ਕਰਨਾ ਚੰਗਾ ਚੰਗਾ ਲੱਗਦਾ । ਲੋਕਾਂ ਨੂੰ ਕੀ ਲੱਗਦੈ, ਕੋਈ ਪ੍ਰਵਾਹ ਨਹੀਂ । ਸੈਕਟਰੀਏਟ ਵਿਚ ਦੋ ਹੀ ਧੋਤੀ ਵਾਲੇ ਸਨ : ਦੂਜਾ ਮਹੰਤ ਰਾਮ ਪ੍ਰਕਾਸ਼ ਦਾਸ ਸੀ । ਲਛਮਣ ਸਿੰਘ ਗਿੱਲ ਦੀ ਵਜ਼ਾਰਤ ਵਿਚ ਸਿਹਤ ਮੰਤਰੀ । ਬੰਦਾ ਹੁੰਦਾ ਕੁਝ ਏ, ਲੱਗਦਾ ਕੁਝ ਹੋਰ ਏ । ਗੁਰਬਚਨ ਸਿੰਘ ਨੂੰ ਪਤਾ ਨਹੀਂ ਕੀ ਲੱਗਾ । ਮੇਰੇ ਨੇੜੇ ਆ ਕੇ ਸਾਈਕਲ ਤੋਂ ਉਤਰਿਆ । ਨਾਲ ਨਾਲ ਤੁਰਦਾ ਗੱਲਾਂ ਕਰੀ ਗਿਆ :

? ਪਛਾਣ ਲਿਆ
-ਹਾਂ, ਹਾਂ-ਤੁਸੀਂ ਨੀਊ ਈਰਾ ਕਾਲਜ ਮਿਲੇ ਸਾਉ ।

? ਇਕ ਗੱਲ ਪੁੱਛਣੀ ਸੀ
-ਪੁੱਛੋ

? ਤੁਸੀਂ ਜੋਤਿਸ਼ ਵੀ ਲਾਉਂਦੇ ਓ
ਇਸ ਸਵਾਲ ਲਈ ਮੈਂ ਤਿਆਰ ਨਹੀਂ ਸਾਂ । ਥੋੜ੍ਹੀ ਦੇਰ ਚੁੱਪ ਰਿਹਾ । ਸੋਚਿਆ । ਉਹਨੇ ਮੁੜ ਪੁੱਛਿਆ :

? ਜਵਾਬ ਨਹੀਂ ਦਿੱਤਾ ਤੁਸੀਂ ।
-ਕਾਹਦਾ ਜਵਾਬ?

? ਏਹੋ ਕਿ ਤੁਸੀਂ ਜੋਤਿਸ਼ ਵੀ ਲਾ ਲੈਂਦੇ ਓ
-ਲਾ ਹੀ ਲਈਦੈ ਕਦੇ ਕਦੇ (ਐਵੇਂ ਮੇਰੇ ਮੂੰਹੋਂ ਨਿਕਲ ਗਿਆ)

? ਫਿਰ ਲਾਉ ਮੇਰਾ ਜੋਤਿਸ਼
-ਏਥੇ?..ਸੜਕ 'ਤੇ?...ਤੁਰੇ ਜਾਂਦਿਆਂ?

? ਬਹਿ ਜਾਨੇ ਆਂ ਕਿਸੇ ਦਰੱਖ਼ਤ ਥੱਲੇ । ਜਾਂ ਘਰ ਚਲੇ ਜਾਨੇ ਆਂ ।
-ਇਹ ਬੜਾ ਪਵਿੱਤਰ ਕਾਰਜ ਏ । ਹਰ ਥਾਂ 'ਤੇ ਹਰ ਵੇਲੇ ਨਹੀਂ ਕੀਤਾ ਜਾ ਸਕਦਾ (ਮੈਨੂੰ ਖਹਿੜਾ ਛੁਡਾਉਣਾ ਔਖਾ ਹੋ ਗਿਆ)

? ਦੱਸੋ ਫਿਰ ਕਦੋਂ ਆਵਾਂ? ਕਿੱਥੇ ਆਵਾਂ?
-ਤੁਸੀਂ ਐਂਜ ਕਰੋ, ਆਹ ਛੱਡ ਕੇ ਅਗਲੇ ਸੋਮਵਾਰ, ਤੜਕੇ ਚਾਰ ਵਜੇ ਕੇਸੀਂ ਇਸ਼ਨਾਨ ਕਰਕੇ, ਸੁੱਚੇ ਮੂੰਹ, ਆ ਜਾਇਉ । ਉਸ ਸ਼ੁਭ ਮਹੂਰਤ ਵਿਚ ਤੁਹਾਡੇ ਪ੍ਰਸ਼ਨਾਂ ਦਾ ਸਮਾਧਾਨ ਲੱਭਣ ਦੀ ਕੋਸ਼ਿਸ਼ ਕਰਾਂਗੇ । ਮੈਂ ਆਪਣੇ ਵੱਲੋਂ ਉਹਨੂੰ ਟਾਲ ਦਿੱਤਾ ਸੀ । ਟਾਈਮ ਵੀ ਦਸ-ਬਾਰਾਂ ਦਿਨ ਦਾ ਵਕਫ਼ਾ ਪਾ ਕੇ ਦੱਸਿਆ ਕਿ ਆਪੇ ਭੁੱਲ-ਭੁਲਾ ਜਾਏਗਾ ।... ਤੇ ਮੈਂ ਮਜ਼ਾਕ ਮਜ਼ਾਕ ਵਿਚ ਹੋਈ ਵਾਰਤਾ ਦਾ ਮਨ ਹੀ ਮਨ ਮਜ਼ਾ ਲੈ ਕੇ ਭੁੱਲ-ਭੁਲਾ ਗਿਆ ਸਾਂ ।

ਹੁਣ ਕਰਨੀ ਦਾ ਫਲ ਭੁਗਤ ਰਿਹਾ ਸਾਂ । ਟੈਂਕੀ ਦੇ ਯਖ-ਠੰਡੇ ਪਾਣੀ ਦੀ ਧਾਰ ਹੇਠਾਂ ਸਿਰ ਦੇ ਕੇ ਉੱਚੀ-ਉੱਚੀ ਕੁਝ ਇਸ ਤਰ੍ਹਾਂ ਉਚਾਰ ਰਿਹਾ ਸਾਂ ਕਿ ਸੁਣਨ ਵਾਲੇ ਨੂੰ ਸੰਸਕ੍ਰਿਤ ਦੇ ਸ਼ਲੋਕ ਜਾਪਣ । ਨਾਟਕ ਸ਼ੁਰੂ ਹੋ ਗਿਆ ਤਾਂ ਜਾਰੀ ਰੱਖਿਆ । ਗੁਸਾਈਂ ਤੁਲਸੀ ਦਾਸ ਦੀ 'ਰਾਮ ਚਰਿਤ ਮਾਨਸ' ਚੁੱਕ ਕੇ ਮੱਥੇ ਨਾਲ ਘਸਾਈ । ਉਹਦਾ 'ਪ੍ਰਸ਼ਨ ਤਾਲਿਕਾ' ਵਾਲਾ ਪੰਨਾ ਖੋਲਿ੍ਹਆ, ਜਿੱਥੇ ਖ਼ਾਨੇ ਜਿਹੇ ਬਣਾ ਕੇ ਹਰ ਖ਼ਾਨੇ ਵਿਚ ਕੋਈ ਅੱਖਰ ਲਿਖਿਆ ਹੋਇਆ ਸੀ । ਅਤੇ ਹੇਠਾਂ ਸਮਾਧਾਨ ਦੀ ਵਿਧੀ ਦੱਸੀ ਹੋਈ ਸੀ । ਮੈਂ ਉਸ ਨੂੰ ਆਖਿਆ ਕਿ ਅੱਖਾਂ ਬੰਦ ਕਰਕੇ ਕਿਸੇ ਇਕ ਖ਼ਾਨੇ ਵਿਚ ਉਂਗਲ ਰੱਖ । ਉਹਨੇ ਰੱਖ ਦਿੱਤੀ । ਮੈਂ ਕਿੰਨੀ ਦੇਰ ਮੂੰਹ ਵਿਚ ਗਿਣ- ਮਿਣ ਕਰਦਾ ਰਿਹਾ ਜਿਵੇਂ ਕੋਈ ਬਹੁਤ ਡੁੂੰਘਾ ਹਿਸਾਬ ਲਾ ਰਿਹਾ ਹੋਵਾਂ । ਅਖ਼ੀਰ ਉਹਨੂੰ ਭੇਦ ਭਰੇ ਲਹਿਜ਼ੇ ਵਿਚ ਦੱਸਿਆ, ''ਤੁਸੀਂ ਹੁਣ ਘਰ ਜਾ ਕੇ ਕੱਪੜੇ ਬਦਲੋ । ਛੁੱਟੀ ਦੀ ਅਰਜ਼ੀ ਲਿਖ ਕੇ ਦਫ਼ਤਰ ਦੇ ਕਿਸੇ ਕੁਲੀਗ ਨੂੰ ਦਿਉ । ਸਿੱਧੇ ਬੱਸ ਅੱਡੇ ਪਹੁੰਚੋ । ਜਿਹੜੀ ਵੀ ਬੱਸ ਅੰਮ੍ਰਿਤਸਰ ਜਾਣ ਲਈ ਸਭ ਤੋਂ ਪਹਿਲਾਂ ਚੱਲਣ ਵਾਲੀ ਹੋਏ, ਉਹਦੇ ਵਿਚ ਚੜ੍ਹ ਜਾਓ ।...ਜਾਓ ।''

ਸਮਾਧਾਨ ਦੱਸਣ ਤੋਂ ਪਹਿਲਾਂ, ਗੱਲਾਂ ਗੱਲਾਂ ਵਿਚ ਮੈਂ ਜਾਣ ਲਿਆ ਸੀ ਉਹਦਾ ਕਿਸੇ ਕੁੜੀ ਨਾਲ ਪਿਆਰ ਹੈ । ਪਹਿਲਾਂ ਉਹ ਚੰਡੀਗੜ੍ਹ ਰਹਿੰਦੀ ਸੀ । ਮਿਲਦੀ ਰਹਿੰਦੀ ਸੀ । ਵਿਆਹ ਦੇ ਵਾਅਦੇ ਹੋ ਗਏ ਸਨ । ਪਰ ਪਿੱਛੋਂ ਉਹਦੇ ਘਰਦਿਆਂ ਨੇ ਉਹਨੂੰ ਕਿਸੇ ਰਿਸ਼ਤੇਦਾਰ ਕੋਲ ਅੰਮ੍ਰਿਤਸਰ ਭੇਜ ਦਿੱਤਾ ਸੀ । ਕਈ ਮਹੀਨਿਆਂ ਤੋਂ ਉਹ ਟੱਕਰਾਂ ਮਾਰ ਰਿਹਾ ਸੀ ਪਰ ਕੁੜੀ ਦਾ ਥਹੁ-ਪਤਾ ਨਹੀਂ ਸੀ ਮਿਲ ਰਿਹਾ । ਉਹ ਉਸ ਨੂੰ ਇਕ ਵਾਰ ਜਰੂਰ ਮਿਲਣਾ ਚਾਹੁੰਦਾ ਸੀ ਤਾਂ ਕਿ ਆਖ਼ਰੀ ਫੈਸਲਾ ਲੈ ਸਕੇ । ਰਿਸ਼ਤੇ ਹੋਰ ਵੀ ਆ ਰਹੇ ਸਨ । ਵਿਆਹ ਕਿਤੇ ਹੋਰ ਵੀ ਹੋ ਸਕਦਾ ਸੀ । ਪਰ ਇਕ ਵਾਰੀ...ਸਿਰਫ਼ ਇਕ ਵਾਰੀ ਉਸ ਦੀ ਮਰਜ਼ੀ ਦਾ ਪਤਾ ਲੱਗ ਜਾਏ । ਉਹ ਹਾਂ ਕਰੇ ਭਾਵੇਂ ਨਾਂਹ ਕਰੇ । 'ਮੈਂ ਸੁਰਖ਼ਰੂ ਹੋਣਾ ਚਾਹੁੰਦਾ ਹਾਂ । ਬਸ ਏਹੋ ਮੇਰੀ ਤਮੰਨਾ ਹੈ ।'

ਉਹਦੀ ਤਮੰਨਾ ਪੂਰੀ ਕਰਨ ਲਈ ਮੈਂ ਇਕ ਵਾਰੀ ਫੇਰ, ਆਪਣੇ ਵੱਲੋਂ, ਉਹਨੂੰ ਟਾਲ ਦਿੱਤਾ । ਅੰਮ੍ਰਿਤਸਰ ਵਾਲੀ ਬੱਸ 'ਤੇ ਬਿਠਾਲ ਦਿੱਤਾ । ਤੀਜੇ ਚੌਥੇ ਦਿਨ ਉਹ ਆਇਆ । ਮੈਂ ਘਬਰਾ ਗਿਆ । ਪਾਜ ਖੁੱਲ੍ਹਣ ਦਾ ਡਰ ਸੀ । ਮਜ਼ਾਕ ਮਜ਼ਾਕ ਵਿਚ ਪੰਗਾ ਲੈ ਬੈਠਾ ਸਾਂ । ਹੁਣ ਪਛਤਾ ਰਿਹਾ ਸਾਂ । ਬੜੇ ਸਤਿਕਾਰ ਨਾਲ ਉਹਨੂੰ ਬੈਠਣ ਲਈ ਕਿਹਾ । ਉਹਨੇ ਕੱਛ 'ਚੋਂ ਡੱਬਾ ਕੱਢ ਕੇ ਮੇਜ਼ 'ਤੇ ਰੱਖ ਦਿੱਤਾ:

? ਮੂੰਹ ਮਿੱਠਾ ਕਰੋ (ਉਹਨੇ ਡੱਬਾ ਖੋਲ੍ਹ ਦਿੱਤਾ । ਲੱਡੂ ਸਨ ।)
-ਕਾਹਦੀ ਖੁਸ਼ੀ ਵਿਚ?

? ਬਸ, ਆਪਣਾ ਕੰਮ ਬਣ ਗਿਆ ।
-ਹੋਇਆ ਕੀ ।

? ਹੋਇਆ ਇਹ ਕਿ ਤੁਹਾਡੇ ਦੱਸਣ ਮੁਤਾਬਕ ਮੈਂ ਬੱਸੇ ਜਾ ਬੈਠਾ । ਰਾਹ ਵਿਚ ਸੋਚੀ ਗਿਆ...ਸੋਚੀ ਗਿਆ । ਬੱਸ ਚੱਲੀ ਗਈ । ਦੁਪਹਿਰ ਵੇਲੇ ਜਾ ਟਿਕਾਣੇ ਲੱਗੀ । ਮੈਂ ਜੱਕੋ ਤੱਕੀ ਜਿਹੀ ਵਿਚ, ਹੇਠਾਂ ਉਤਰਨ ਲਈ, ਬੱਸ ਦੀ ਬਾਰੀ ਦੇ ਡੰਡੇ ਨੂੰ ਹੱਥ ਪਾ ਕੇ ਬਾਹਰ ਵੱਲ ਝਾਤੀ ਮਾਰੀ । ਬਿਲਕੁਲ ਸਾਹਮਣੇ ਉਹ ਕੁੜੀ ਖਲੋਤੀ ਸੀ ।...ਕਿਸੇ ਨੂੰ ਬੱਸੇ ਚੜ੍ਹਾਉਣ ਆਈ ਬਾਏ...ਬਾਏ...ਕਰਦੀ ਹੱਥ ਹਿਲਾ ਰਹੀ ਸੀ ।...

ਅੱਗੋਂ ਪਤਾ ਨਹੀਂ ਉਹ ਕੀ-ਕੀ ਦੱਸਦਾ ਰਿਹਾ । ਮੈਂ ਕੁਝ ਨਹੀਂ ਸੁਣਿਆ । ਮੇਰੇ ਜ਼ਿਹਨ ਵਿਚ ਤਾਂ ਤੂਫ਼ਾਨ ਮੱਚਿਆ ਪਿਆ ਸੀ । ਵਾਲ ਵਾਲ ਬਚਿਆ ਸਾਂ । 'ਹੂੰ..ਹਾਂ' ਕਰਦਾ ਰਿਹਾ । ਉਹਦੇ ਜਾਣ ਪਿੱਛੋਂ ਦੋਏਂ ਧੋਤੀਆਂ ਤਹਿ ਕਰਕੇ ਖੂੰਜੇ ਵਿੱਚ ਰੱਖ ਦਿੱਤੀਆਂ । ਮੁੜ ਨਹੀਂ ਬੰਨ੍ਹੀਆਂ । ਅਗਲੀ ਵਾਰ ਪਿੰਡ ਗਿਆ ਤਾਂ ਪਿੰਡ ਹੀ ਛੱਡ ਆਇਆ । ਪਿੰਡੋਂ ਹੀ ਲਿਆਇਆ ਸਾਂ ।

ਹੋਇਆ ਇਉਂ ਕਿ ਮੇਰੇ ਤੋਂ ਵੱਡੇ ਦੋਏਂ ਭਰਾਵਾਂ ਦਾ ਜਨੇਊ- ਸੰਸਕਾਰ ਹੋਇਆ । ਪਿੰਡੋਰੀ ਵਾਲੇ ਮਹੰਤ ਵੈਸ਼ਣਵ ਅਚਾਰੀਆ ਰਾਮਦਾਸ ਹੁਰਾਂ ਨੇ ਪਿਤਾ ਜੀ ਨੂੰ ਇਸ ਕੰਮ ਲਈ ਮਨਾ ਲਿਆ ਕਿ ਤੁਸੀਂ ਤਾਂ ਸਿੱਖ ਹੋ ਗਏ ਹੋ । ਹੁਣ ਬੱਚਿਆਂ ਨੂੰ ਤਾਂ ਆਪਣੇ ਧਰਮ ਦਾ ਪਾਲਣ ਕਰਨ ਦਿਓ! ਦੋਹਾਂ ਦੇ ਮੁੰਡਨ ਕਰ ਕੇ ਗਊ ਦੇ ਖੁਰ ਜਿੱਡੀਆਂ ਬੋਦੀਆਂ ਰਹਿਣ ਦਿੱਤੀਆਂ । ਭਿਕਸ਼ੂਆਂ ਵਾਂਗ ਧੋਤੀਆਂ ਬੰਨ੍ਹਵਾ ਕੇ ਡੰਡ ਕਮੰਡਲ ਧਾਰਨ ਕਰਵਾ ਦਿੱਤਾ । ਉਨ੍ਹਾਂ ਦੇ ਆਦੇਸ਼ ਦਾ ਪਾਲਣ ਕਰਦਿਆਂ ਦੋਹਾਂ ਨੇ ਆਪਣੇ ਹੀ ਘਰੋਂ ਆ ਕੇ ਭਿੱਖਿਆ ਮੰਗੀ :

'ਸ੍ਰੀਮੰਤਾ ਭਿਕਸ਼ਾ ਦੇ ਹੀ'
'ਮਾਤਾ ਭਿਕਸ਼ਾ ਦੇ ਹੀ'

ਮੋਢੇ ਤੋਂ ਵੱਖੀ ਵੱਲ ਨੂੰ ਪਹਿਨਿਆ ਹੋਇਆ ਜਨੇਊ ਵਾਹਵਾ ਜੱਚ ਰਿਹਾ ਸੀ । ਇਹ ਭੇਸ ਦੋਹਾਂ ਭਰਾਵਾਂ ਕੁਝ ਦਿਨ ਨਿਭਾਇਆ । ਫਿਰ ਧੋਤੀਆਂ ਲਾਹ ਕੇ ਸੰਭਾਲ ਦਿੱਤੀਆਂ । ਬੋਦੇ ਵਧਾ ਲਏ । ਬੋਦੀਆਂ, ਬੋਦਿਆਂ ਵਿਚ ਹੀ ਰਚਮਿਚ ਗਈਆਂ । ਜਨੇਊ ਕੱਪੜਿਆਂ 'ਚ ਲੁਕਿਆ ਰਹਿੰਦਾ ਸੀ, ਪਾਈ ਰੱਖਿਆ । ਬਾਕੀ ਸਭ ਕੁਝ ਆਮ ਵਰਗਾ ਹੋ ਗਿਆ । ਮਹੰਤ ਜੀ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ ।

ਮੈਂ ਉਦੋਂ ਪਿੰਡ ਗਿਆ ਹੋਇਆ ਸਾਂ । ਆਉਣ ਲੱਗਾ ਦੋਏਂ ਧੋਤੀਆਂ ਚੁੱਕ ਲਿਆਇਆ । ਬੰਨ੍ਹਣ ਦੀ ਪੈ੍ਰਕਟਿਸ ਉਥੇ ਹੀ ਕਰ ਲਈ ਸੀ । ਚੰਡੀਗੜ੍ਹ ਆ ਕੇ ਬਾਕਾਇਦਾ ਪਹਿਨਣ ਲੱਗ ਪਿਆ । ਮੈਨੂੰ ਬਿਲਕੁਲ ਓਪਰਾ ਨਾ ਲੱਗਾ । ਜਾਪਿਆ ਜਿਵੇਂ ਸਦਾ ਤੋਂ ਏਹੋ ਮੇਰਾ ਪਹਿਰਾਵਾ ਸੀ । ਜਿਵੇਂ ਕੋਈ ਪਿਛਲੇ ਸੰਸਕਾਰ ਜਾਗ ਪਏ ਹੋਣ । ਕਈ ਮਹੀਨੇ ਮੇਰੀ ਇਹੋ ਮਰਿਆਦਾ ਰਹੀ । ਹੁਣ ਇਹ ਸਭ ਅਤੀਤ ਦਾ ਹਿੱਸਾ ਹੈ । ਅਤੀਤ ਅੰਨ੍ਹੇ ਖੂਹ ਵਰਗਾ ਜਾਪਦਾ ਏ । ਪਤਾ ਨਹੀਂ ਕੀ ਕੁਝ ਭਰਿਆ ਪਿਐ ਇਸ ਵਿੱਚ । ਬੇ-ਤਰਤੀਬ । ਬੇਹਿਸਾਬ । ਅਣਗੌਲਿਆ । ਲਾਪਰਵਾਹੀ ਦਾ ਸ਼ਿਕਾਰ । ਲਗਾਤਾਰ ਛਿੱਜ ਰਿਹਾ । ਬਦਲ ਰਿਹਾ । ਗੁੰਮ-ਗੁਆਚ ਰਿਹਾ । ਉਲਝੀਆਂ ਯਾਦਾਂ । ਇਕ ਦੂਜੇ ਵਿੱਚ ਫਸੇ ਹੋਏ ਪਲ-ਛਿਣ । ਉੱਪਰ ਹੇਠ ਹੋ ਰਹੇ ਤੱਥ । ਭੁੱਲ-ਚੁੱਕ ਲਈ ਮੁਆਫ਼ੀ ਮੰਗਦੇ ਆਂਕੜੇ । ਪ੍ਰਕਿਰਤੀ 'ਤੇ ਹਾਵੀ ਹੁੰਦੀ ਸੰਸਕ੍ਰਿਤੀ । ਨਾਵਾਂ, ਥਾਵਾਂ, ਤਿੱਥੀਆਂ ਦਾ ਰਾਮਰੌਲਾ । ਤੋਬਾ, ਤੋਬਾ!!

••••••

11. ਕੰਮ ਦਾ ਬੰਦਾ

ਕਮਰੇ ਦਾ ਜਿੰਦਰਾ ਖੋਲ੍ਹ ਕੇ ਅੰਦਰ ਪੈਰ ਧਰਿਆ ਤਾਂ ਮੈਂ ਹੱਕਾ- ਬੱਕਾ ਰਹਿ ਗਿਆ । ਲੱਗਿਆ ਕਿ ਹੁਣੇ ਕੋਈ ਹਾਦਸਾ ਵਾਪਰਨ ਵਾਲਾ ਹੈ । ਪੂਰਾ ਢਾਂਚਾ ਚਰਮਰਾ ਜਾਇਗਾ । ਬੰਦਾ ਅਰਸ਼ ਤੋਂ ਫਰਸ਼ 'ਤੇ ਢਹਿ ਪਏਗਾ । ਉਹਦੇ ਜਿਸਮ ਦੇ ਕਿਹੜੇ ਅੰਗ ਦਾ ਕੀ ਹਾਲ ਹੋਏਗਾ, ਸੋਚ ਕੇ ਮੂੰਹ ਅੱਡਿਆ ਰਹਿ ਗਿਆ । ਇਕ ਲਫਜ਼ ਵੀ ਬੋਲਿਆ ਨਾ ਗਿਆ । ਅੱਖਾਂ ਤਾੜੇ ਲੱਗ ਗਈਆਂ । ਬੁੱਤ ਬਣ ਕੇ ਇਕ ਟਕ ਝਾਕੀ ਗਿਆ । ਜੋ ਹੋਣਾ ਸੀ ਹੋਈ ਗਿਆ ।

ਵੇਖਿਆ : ਵੱਡੇ ਦਫ਼ਤਰੀ ਮੇਜ਼ 'ਤੇ ਛੋਟਾ ਮੇਜ਼ ਟਿਕਾ ਕੇ, ਉਸ 'ਤੇ ਤਿੰਨ ਟੰਗਾਂ ਵਾਲਾ ਲੰਬਾ ਉੱਚਾ ਸਟੂਲ ਰੱਖ ਕੇ, ਉਪਰ ਬੰਦਾ ਚੜ੍ਹਿਆ ਹੋਇਆ ਸੀ । ਉਸ ਦੇ ਖੱਬੇ ਹੱਥ ਵਿੱਚ ਤਸ਼ਤਰੀ ਅਤੇ ਸੱਜੇ ਹੱਥ ਵਿਚ ਦੁੱਧ ਚਿੱਟਾ ਰੁਮਾਲ ਫੜਿਆ ਹੋਇਆ ਸੀ । ਤਸ਼ਤਰੀ ਦੇ ਪਾਣੀ ਨਾਲ ਰੁਮਾਲ ਸੁੱਕ-ਭਰੂਰਾ ਕਰਕੇ ਉਹ ਛੱਤ ਤੋਂ ਕੁਝ ਪੂੰਝ ਰਿਹਾ ਸੀ । ਰੁੱਝੇ ਹੋਏ ਹੱਥਾਂ ਨਾਲ ਪਤਾ ਨਹੀ, ਹਵਾ 'ਚੋਂ ਕੀ ਹੂੰਝ ਰਿਹਾ ਸੀ । ਆਲੇ ਦੁਆਲੇ ਤੋਂ ਬਿਲਕੁਲ ਬੇਖ਼ਬਰ ਉਹ ਆਪਣੇ ਆਪ ਨਾਲ ਇਕਸੁਰ ਹੋਇਆ ਸਭ ਕੁਝ ਸਹਿਜ ਭਾਅ ਕਰੀ ਜਾ ਰਿਹਾ ਸੀ । ਏਧਰ ਇਹ ਬਸ਼ਰ ਧਰਤੀ 'ਤੇ ਖਲੋਤਾ ਉਹਨੂੰ ਵੇਖ ਵੇਖ ਡਰੀ ਜਾ ਰਿਹਾ ਸੀ । ਡਿੱਗਾ ਕਿ ਡਿੱਗਾ!

ਪਰ ਨਹੀ, ਹੌਲੀ ਹੌਲੀ ਉਹ ਸਟੂਲ ਤੋਂ ਛੋਟੇ ਮੇਜ਼ 'ਤੇ ਉਤਰ ਕੇ ਵੱਡੇ ਮੇਜ਼ 'ਤੇ ਆ ਗਿਆ । ਤਸ਼ਤਰੀ 'ਚ ਰੁਮਾਲ ਰੱਖ ਕੇ ਉਸ ਨੂੰ ਸਟੂਲ 'ਤੇ ਟਿਕਾਇਆ । ਹੱਥਾਂ ਨਾਲ ਮੇਜ਼ ਦਾ ਆਸਰਾ ਲੈ ਕੇ ਜ਼ਮੀਨ 'ਤੇ ਆਇਆ । ਐਨਕ ਲਾਹ ਕੇ ਹੱਥ ਵਿੱਚ ਫੜੀ । ਮਸਤੀ ਵਿੱਚ ਸਿਰ ਹਿਲਾ ਕੇ ਪਟੇ ਛੰਡੇ । ਐਨਕ ਸਾਫ਼ ਕਰਕੇ ਅੱਖਾਂ 'ਤੇ ਚੜ੍ਹਾਈ । ਨਜ਼ਰ ਪੂਰੀ ਛੱਤ 'ਤੇ ਘੁਮਾ ਕੇ ਖਾਸ ਬਿੰਦੂ 'ਤੇ ਟਿਕਾਈ । ਤਸੱਲੀ ਨਾਲ ਲੰਮਾ ਸਾਹ ਲਿਆ, ''ਹੁਣ ਠੀਕ ਐ । ਆਹ ਬਣੀ ਨਾ ਗੱਲ । ਕਈ ਦਿਨਾਂ ਤੋਂ ਅੱਖਾਂ 'ਚ ਰੜਕਦਾ ਸੀ । ਅੱਜ ਕੱਢਤਾ ਕੰਡਾ ।''

ਗੱਲ ਉਹਨੇ ਆਪਣੇ ਆਪ ਨਾਲ ਕੀਤੀ ਸੀ । ਉਹ ਬਿਲਕੁਲ ਨਹੀਂ ਸੀ ਜਾਣਦਾ ਕਿ ਮੇਰੇ ਨਾਲ ਕੀ ਬੀਤੀ ਸੀ । ਅਸਾਂ ਦੋਹਾਂ ਨੇ ਰਲ ਕੇ ਫਰਨੀਚਰ ਥਾਂ ਸਿਰ ਕੀਤਾ । ਆਪੋ ਆਪਣੇ ਕਮਰੇ 'ਚ ਕੁਝ ਚਿਰ ਆਰਾਮ ਕੀਤਾ । ਪਿੱਛੋਂ ਉਹਨੇ ਅਦਰਕ ਵਾਲੀ ਚਾਹ ਬਣਾਈ, ਦੋਹਾਂ ਇੱਕਠੇ ਬਹਿ ਕੇ ਪੀਤੀ । ਇਕ ਦੂਜੇ ਵੱਲ, ਚੋਰ ਅੱਖ, ਵਿਹੰਦੇ ਰਹੇ, ਕੋਈ ਗੱਲ ਨਾ ਕੀਤੀ ।

ਉਸ ਦੇ ਗੁਆਂਢ ਮੈਂ ਦੋ ਢਾਈ ਵਰੇ੍ਹ ਰਿਹਾ । ਉਹ ਮੇਰਾ ਮਕਾਨ ਮਾਲਕ ਸੀ, ਗੁਆਂਢੀ ਸੀ, ਮਿਹਰਬਾਨ ਬਜ਼ੁਰਗ ਸੀ, ਸਮਕਾਲੀ ਸਾਹਿਤਕਾਰ ਸੀ, ਪਿਛਲੇ ਜਨਮ ਦਾ ਕੋਈ ਰਿਸ਼ਤੇਦਾਰ ਸੀ...ਦਿਲ ਦਾ ਸ਼ਾਹ ਸੀ, ਜੇਬ ਦਾ ਫਕੀਰ ਸੀ । ਉਹਦਾ ਨਾਂ ਸੂਰਜ ਤਨਵੀਰ ਸੀ ।

ਇੱਕੀ ਸੈਕਟਰ ਦੇ ਇਸ ਮਕਾਨ ਦੀ ਪਹਿਲੀ ਮੰਜ਼ਿਲ ਪੂਰੀ ਦੀ ਪੂਰੀ ਤਨਵੀਰ ਨੇ ਕਿਰਾਏ 'ਤੇ ਲਈ ਹੋਈ ਸੀ । ਪੌੜੀਆਂ ਚੜ੍ਹ ਕੇ, ਖੱਬੇ ਹੱਥ ਵਾਲਾ ਕਮਰਾ ਉਹਦਾ ਦਫ਼ਤਰ । ਦਫ਼ਤਰ ਵਿੱਚ ਵੱਡਾ ਦਰਸ਼ਨੀ ਮੇਜ਼, ਜਾਲੀਦਾਰ ਉੱਚੀ ਢੋਅ ਵਾਲੀ ਗੱਦੇਦਾਰ ਕੁਰਸੀ । ਮੇਜ਼ 'ਤੇ ਸ਼ੀਸ਼ਾ । ਸ਼ੀਸ਼ੇ ਹੇਠਾਂ ਕਰੀਨੇ ਨਾਲ ਰੱਖੇ ਕਾਗਜ਼ ਪੱਤਰ । ਸਾਫ਼ ਸੁਥਰੀ, ਪਲਾਸਟਕ ਦੀ ਡਿਜ਼ਾਈਨਦਾਰ ਟਰੇਅ । ਕੁਰਸੀ ਦੇ ਸੱਜੇ ਹੱਥ ਰੱਦੀ ਕਾਗਜ਼ ਸੁੱਟਣ ਲਈ ਲਿਸ਼-ਲਿਸ਼ ਕਰਦੀ ਬਾਸਕਿਟ । ਸਾਹਮਣਲੀ ਦੀਵਾਰ ਦੇ ਐਨ ਵਿਚਕਾਰ ਅਲਮਾਰੀ, ਸਲੀਕੇ ਨਾਲ ਸਜਾਈਆਂ ਕਿਤਾਬਾਂ ਨਾਲ ਭਰੀ ਹੋਈ । ਸਿਰਫ਼ ਉਰਦੂ ਦੀਆਂ ਉਮਦਾ ਕਿਤਾਬਾਂ । ਦਫ਼ਤਰ ਦੀ ਲੋੜ ਦਾ ਹਰ ਨਿੱਕਾ ਵੱਡਾ ਸਾਮਾਨ । ਕੁਝ ਸਜਾਇਆ ਹੋਇਆ, ਬਾਕੀ ਖ਼ਾਨਿਆਂ 'ਚ ਬੰਦ । ਖ਼ਾਨੇ ਖੋਲ੍ਹੋ ਜਾਂ ਬੰਦ ਕਰੋ ਤਾਂ ਆਵਾਜ਼ ਨਹੀਂ । ਕਮਰਾ ਭਰਿਆ ਭਰਿਆ ਲੱਗਦਾ ਪਰ ਨਫ਼ਾਸਤ ਅਤੇ ਤਰਤੀਬ ਅਜਿਹੀ ਕਿ ਕੁਝ ਵੀ ਫਾਲਤੂ ਨਾ । ਬੈਠੇ ਬੰਦੇ ਨੂੰ ਸੌਖਾ ਸਾਹ ਆਉਂਦਾ ।

ਦਫ਼ਤਰ ਦੇ ਨਾਲ ਲੱਗਦਾ ਸੌਣ ਵਾਲਾ ਕਮਰਾ । ਆਏ ਗਏ ਲਈ ਡਬਲ ਬੈੱਡ । ਆਪਣੇ ਲਈ ਤਖਤਪੋਸ਼ । ਖਿੜਕੀਆਂ ਤੇ ਦਰਵਾਜ਼ਿਆਂ ਦੇ ਲਹਿਰਦਾਰ ਪਰਦੇ, ਏਨੇ ਸਾਫ਼ ਜਿਵੇਂ ਹੁਣੇ ਲਾਂਡਰੀ ਤੋਂ ਧੁਪ ਕੇ ਆਏ ਹੋਣ ।...ਅੱਗੇ ਵਿਹੜਾ । ਵਿਹੜੇ ਦੇ ਇਕ ਪਾਸੇ ਬਾਥਰੂਮ, ਦੂਜੇ ਪਾਸੇ ਰਸੋਈ । ਏਧਰੋਂ ਰਸੋਈ ਵਾਲੇ ਪਾਸੇ, ਪੌੜੀਆਂ ਚੜ੍ਹਦਿਆਂ ਸੱਜੇ ਪਾਸੇ ਵੱਡਾ ਕਮਰਾ, ਗੈਲਰੀ ਵਾਲਾ ।

ਇਹ ਗੈਲਰੀ ਵਾਲਾ ਕਮਰਾ ਮੇਰੇ ਕੋਲ ਸੀ । ਇਕ ਪਾਸਾ ਵਿਹੜੇ ਵੱਲ ਖੁੱਲ੍ਹਦਾ, ਦੂਜਾ ਗੈਲਰੀ ਵੱਲ । ਦੋਏਂ ਪਾਸੇ ਹਮੇਸ਼ਾ ਖੁੱਲ੍ਹੇ ਈ ਰਹਿੰਦੇ । ਬਾਹਰ ਜਾਣ ਵੇਲੇ ਮੈਂ ਸਿਰਫ਼ ਬਾਹਰਲੇ ਦਰਵਾਜ਼ੇ ਨੂੰ ਤਾਲਾ ਲਾਉਂਦਾ । ਜਦੋਂ ਆਉਂਦਾ ਤਾਲਾ ਖੋਲ੍ਹਣ ਨਾਲ ਪੂਰਾ ਘਰ ਖੁੱਲ੍ਹ ਜਾਂਦਾ । ਪੂਰੇ ਘਰ ਦੀ ਹੇਠਲੀ ਸਫ਼ਾਈ ਮਾਇਆ ਕਰਦੀ । ਝਾੜੂ ਪੋਚਾ ਲਾਉਂਦੀ । ਬਿਸਤਰ ਝਾੜਦੀ ।...ਉਪਰਲਾ ਕੰਮ ਤਨਵੀਰ... ਹੁਣ ਏਥੇ ਸੰਬੋਧਨ ਦੀ ਸਮੱ ਸਿਆ ਖੜ੍ਹੀ ਹੋ ਗਈ ਏ । ਇਸ ਸ਼ਖ਼ਸ ਲਈ ਇਕਵਚਨੀ ਸੰਬੋਧਨ ਢੁੱਕਵਾਂ ਨਹੀਂ ਲੱਗਦਾ । ਬਹੁਵਚਨ ਵਰਤਣ ਨਾਲ ਵਰਤਾਰਾ ਰਸਮੀ ਜਿਹਾ ਹੋ ਜਾਇਗਾ । ਪਰ ਅਦਬ ਦਾ ਤਕਾਜ਼ਾ ਹੈ । ਗੱਲ ਜਾਰੀ ਰੱਖਣ ਲਈ ਬਾਅਦਬ ਲਹਿਜ਼ਾ ਦਰਕਾਰ ਹੈ । ਪਰ ਘੜੀਮੁੜੀ ਤਨਵੀਰ ਨਾਲ 'ਸਾਬ੍ਹ' ਲਾਉਣਾ ਅਟਪਟਾ ਲੱਗਦਾ ਏ । ਕੀ ਕਰੀਏ ।

ਬੰਦਾ ਸਾਹਮਣੇ ਹੋਏ ਤਾਂ ਰਸਮ ਨਿਭਾਉਣੀ ਜ਼ਰੂਰੀ ਹੁੰਦੀ ਏ । ਹੁਣ ਤਾਂ ਉਹ ਇਸ ਦੁਨੀਆ ਵਿਚ ਵੀ ਨਹੀਂ । ਰਸਮ ਦਾ ਭੋਗ ਪਾ ਦੇਈਏ । ਸੌਖੇ ਹੋ ਕੇ ਜ਼ਿਕਰ ਕਰੀਏ । ਉਚੇਚ ਉਹਨੂੰ ਚੰਗਾ ਲੱਗਦਾ ਸੀ । ਉਹਦਾ ਉਚੇਚ ਕਰਨਾ ਵੀ ਦਿਲਚਸਪ ਲੱਗਦਾ ਸੀ । ਉਹ ਆਪਣੀ ਨਿਭਾ ਗਿਆ । ਹੁਣ ਸਾਡਾ ਉਹਦੇ ਲਈ ਸੰਬੋਧਨ ਇਕਵਚਨੀ ਹੋਵੇਗਾ, ਭਾਵਨਾ ਬਹੁਵਚਨੀ ਰਹੇਗੀ । ਸ਼ਬਦਾਂ ਦੀ ਸਹੂਲਤ ਨੂੰ ਵਕਤੀ ਵਿਹਾਰ ਸਮਝਿਆ ਜਾਏ । ਖ਼ਤ ਨੂੰ ਤਾਰ ਸਮਝਿਆ ਜਾਏ ।

ਤਨਵੀਰ ਨੂੰ ਗਿਲਾ ਸੀ : ''ਪੰਜਾਬੀ ਵਾਲਿਆਂ ਨੂੰ ਅਦਬ-ਅਦਾਬ ਮਾਲੂਮ ਹੀ ਨਹੀਂ । ਠਾਹ ਕਰਕੇ ਅੱਧਪਚੱਧਾ ਨਾਂ ਬੋਲ ਦੇਣਗੇ । ਲਿਖਣ ਵੇਲੇ ਵੀ ਸੋਚ ਵਿਚਾਰ ਤੋਂ ਕੰਮ ਨਹੀਂ ਲੈਂਦੇ । ...ਅਹਿ ਚਿੱਠੀਆਂ 'ਤੇ ਲਿਖੇ ਐਡਰੈੱਸ ਈ ਦੇਖ ਲਓ । ਏਥੇ ਵੀ ਅਗਲੇ ਲਈ ਕੋਈ ਆਦਰ ਨਹੀਂ ਵਿਖਾਇਆ ਜਾਂਦਾ । ਭਲਿਓ ਲੋਕੋ! ਚਿੱਠੀ ਦੇ ਅੰਦਰ ਜੋ ਮਰਜ਼ੀ ਬੇਤਕੱਲੁਫ਼ੀ ਵਿਖਾਓ ਪਰ ਸਿਰਨਾਵਾਂ ਲਿਖਣ ਵੇਲੇ ਤਾਂ ਅਗਲੇ 'ਤੇ ਤਰਸ ਖਾਓ । ਡਾਕੀਆ ਕੀ ਸਮਝੇਗਾ ਕਿ ਇਹਨੂੰ ਇਹਦੇ ਜਾਨਣ ਵਾਲੇ ਕੀ ਸਮਝਦੇ ਨੇ ।...ਸਾਡੇ ਉਰਦੂ ਵਾਲੇ ਪੂਰੀ ਤਮੀਜ਼ ਵਰਤਦੇ ਨੇ । ਮਾਮੂਲੀ ਬੰਦੇ ਦੇ ਵੀ ਨਾਂ ਤੋਂ ਪਹਿਲਾਂ 'ਜਨਾਬ' ਅਤੇ ਪਿੱਛੋਂ 'ਸਾਹਿਬ' ਦਾ ਇਸਤੇਮਾਲ ਕਰਦੇ ਨੇ ।…...ਤੁਹਾਡਾ ਕੀ ਖ਼ਿਆਲ ਹੈ ਜਨਾਬ ਧਿਆਨਪੁਰੀ ਸਾਹਿਬ ।'' ਇਹ 'ਮਾਮੂਲੀ ਬੰਦਾ' ਕੀ ਖ਼ਿਆਲ ਪ੍ਰਗਟ ਕਰਦਾ ਜਿਸ ਦੀ ਸਾਰੀ ਡਾਕ ਤਨਵੀਰ ਦੀ ਮਾਰਫ਼ਤ ਪਹੁੰਚਦੀ ਸੀ । ਮੈਂ ਤਾਂ ਵੇਲੇ-ਕੁਵੇਲੇ ਹੀ ਕਮਰੇ 'ਚ ਜਾਂਦਾ ਪਰ ਉਹਦਾ ਦਫ਼ਤਰ ਸਦਾ ਖੁੱਲ੍ਹਾ ਰਹਿੰਦਾ । ਮੇਜ਼ ਦੇ ਇਕ ਕੋਨੇ ਵਿਚ ਮੇਰੀ ਡਾਕ ਵੀ ਪਈ ਰਹਿੰਦੀ । 'ਤੁਹਾਡੇ ਪੰਜਾਬੀ ਵਾਲੇ' ਅਤੇ 'ਸਾਡੇ ਉਰਦੂ ਵਾਲੇ' ਵਿਚਲਾ ਅਦਬੀ ਮੁਕਾਬਲਾ ਚੱਲਦਾ ਰਹਿੰਦਾ । ਮੈਂ ਸੁਣਦਾ, ਉਹ ਕਹਿੰਦਾ ।

ਦਰਅਸਲ ਉਹਦੀ ਡਾਕ ਬਹੁਤ ਜ਼ਿਆਦਾ ਆਉਂਦੀ । ਉਹ ਭੇਜਦਾ ਵੀ ਬਹੁਤ । ਭੇਜਣ ਵੇਲੇ ਸਿਰਨਾਵੇਂ ਮੈਥੋਂ ਜਾਂ ਮ੍ਰਿਤਯੂਬੋਧ ਤੋਂ ਲਿਖਵਾਉਂਦਾ । ਮ੍ਰਿਤਯੂਬੋਧ ਵੀ ਉਹਦੇ ਕੋਲ ਅਕਸਰ ਆਉਂਦਾ । ਨਿੱਕੀਆਂ-ਨਿੱਕੀਆਂ ਅੱਖਾਂ ੳੁੱਤੇ ਮੋਟੇ ਸ਼ੀਸ਼ੇ ਵਾਲੀ ਐਨਕ ਲਾ ਕੇ ਉਹ ਬੇਮੌਸਮਾ ਸਵੈਟਰ ਪਾਈ ਰੱਖਦਾ । ਹੱਡ ਉੱਤੇ ਖੁੱਲ੍ਹੀ ਕਵਿਤਾ ਲਿਖ ਕੇ, ਡੋਰੀ 'ਚ ਪਰੋ ਕੇ, ਗਲ 'ਚ ਲਟਕਾਈ ਰੱਖਦਾ । ਬੇਤਰਤੀਬ ਦਾੜ੍ਹੀ ਅਤੇ ਬਾਥਰੂਮ ਚੱਪਲਾਂ ਨਾਲ ਪੂਰਾ ਸ਼ਹਿਰ ਗਾਹ ਮਾਰਦਾ । ਕੋਈ ਵੀ ਚੀਜ਼, ਕਿਤਾਬ ਵਾਂਗ ਪੜ੍ਹ ਕੇ, ਕਿਸੇ ਹੋਰ ਨੂੰ ਦੇ ਦੇਂਦਾ ਜਾਂ ਲਾਪਰਵਾਹੀ ਨਾਲ ਵਗਾਹ ਮਾਰਦਾ । ਉਹ ਕਿਸੇ ਮਰਿਆਦਾ ਨੂੰ ਨਹੀਂ ਸੀ ਮੰਨਦਾ । ਪਰ ਮੰਨਣਾ ਪਏਗਾ ਤਨਵੀਰ ਦੇ ਸੋਹਜ- ਸਲੀਕੇ ਨੂੰ , ਜਿਸ ਨੇ ਮ੍ਰਿਤਯੂਬੋਧ ਨੂੰ ਵੀ ਸਿਧਾ ਲਿਆ । ਐਨ ਉਲਟ ਬਿਰਤੀਆਂ 'ਚ ਤਾਲਮੇਲ ਬਿਠਾ ਲਿਆ ।

ਤਨਵੀਰ ਤਿੰਨ ਦਫ਼ਤਰਾਂ ਦਾ ਇਕਲੌਤਾ ਇੰਚਾਰਜ ਸੀ । 'ਅੰਜੁਮਨ-ਏ- ਤਰੱਕੀ-ਏ-ਉਰਦੂ ਹਿੰਦ' ਅਤੇ 'ਆਲ ਇੰਡੀਆ ਫਰੀਡਮ ਫਾਈਟਰਜ਼ ਐਸੋਸੀਏਸ਼ਨ' ਦੇ ਪੰਜਾਬ ਵਿੰਗ ਦਾ ਸਕੱਤਰ ਸੀ । 'ਲੋਕ ਰਾਏ ਸਪਤਾਹਿਕ' ਦਾ ਮਾਲਕ ਸੰਪਾਦਕ । ਉੱਥੇ ਰਹਿੰਦਿਆਂ ਉਰਦੂ ਅਦੀਬਾਂ ਅਤੇ ਸੁਤੰਤਰਤਾ ਸੰਗਰਾਮੀਆਂ ਦੀਆਂ ਸਰਗਰਮੀਆਂ ਦਾ ਡਾਕ ਰਾਹੀਂ ਇਲਮ ਹੁੰਦਾ ਰਹਿੰਦਾ । ਉਨ੍ਹਾਂ ਦੀ ਆਮਦੋਰਫਤ ਵੀ ਰਹਿੰਦੀ । ਇਹ ਬਜ਼ੁਰਗ ਪੀੜ੍ਹੀ ਦੇ ਪੱਗਬੰਨ੍ਹ ਬੰਦੇ ਸਾਹ ਲੈ ਲੈ ਪੌੜੀਆਂ ਚੜ੍ਹਦੇ, ਹੁੱਕਾ ਪੀਂਦੇ, ਹੌਲੀ ਹੌਲੀ ਗੱਲਾਂ ਕਰਦੇ, ਅੱਖਾਂ ਦੇ ਐਨ ਕਰੀਬ ਲਿਜਾ ਕੇ ਲਿਖਤਾਂ ਪੜ੍ਹਦੇ । ਮੀਟਿੰਗਾਂ ਹੁੰਦੀਆਂ । ਮਤੇ ਪਾਸ ਹੁੰਦੇ । ਅਖ਼ਬਾਰਾਂ ਨੂੰ ਬਿਆਨ ਜਾਰੀ ਹੁੰਦੇ । ਕਰਨ ਵਾਲਾ ਇਕੱਲਾ ਤਨਵੀਰ । ਪਰ ਸਾਰੇ ਕੰਮ ਵਾਰੀ ਵਾਰੀ ਹੁੰਦੇ । ਉਹ ਹਰ ਵੇਲੇ ਰੁੱਝਿਆ ਰਹਿੰਦਾ । ਕਦੇ ਕਾਹਲਾ ਨਾ ਪੈਂਦਾ ।

ਡਾਕ 'ਚ ਕਦੇ-ਕਦੇ ਕੋਈ ਚੈੱਕ ਆਉਂਦਾ 'ਲੋਕ ਰਾਏ' ਦੇ ਨਾਂ । ਇਹ ਸਿਰਫ਼ ਨਾਂ ਦਾ ਹੀ ਪਰਚਾ ਸੀ । ਸਿਰਫ਼ ਉਦੋਂ ਛਪਦਾ ਜਦੋਂ ਕੋਈ ਸਰਕਾਰੀ ਇਸ਼ਤਿਹਾਰ ਮਿਲਦਾ । ਮਹੀਨੇ 'ਚ ਦੋ ਕੁ ਵਾਰ । ਗਿਆਨੀ ਗੁਰਦਿੱਤ ਸਿੰਘ ਦੀ 'ਪ੍ਰਕਾਸ਼ ਪ੍ਰੈਸ' ਤੋਂ ਦਸ ਪੰਦਰਾਂ ਕਾਪੀਆਂ ਛਪਵਾ ਕੇ ਕੁਝ ਬਿਲ ਬਣਾਉਣ ਲਈ ਵਰਤੀਆਂ ਜਾਂਦੀਆਂ, ਇਕ ਦੋ ਰਿਕਾਰਡ ਲਈ ਰੱਖ ਲਈਆਂ ਜਾਂਦੀਆਂ । ਚੈੱਕ ਬੈਂਕ ਖਾਤੇ ਵਿਚ ਚਲੇ ਜਾਂਦੇ । ਜ਼ਾਹਰਾ ਤੌਰ 'ਤੇ ਇਹੋ ਤਨਵੀਰ ਦੀ ਆਮਦਨ ਦਾ ਵਸੀਲਾ ਸੀ । ਕਾਂਗਰਸ ਪਾਰਟੀ ਦਾ ਪੁਰਾਣਾ ਵਰਕਰ ਹੋਣ ਕਰਕੇ ਕਈ ਲੀਡਰਾਂ ਨਾਲ ਉਹਦਾ ਸਹਿਚਾਰ ਸੀ । ਇਸੇ ਸਹਿਚਾਰ ਕਰਕੇ ਛੋਟੇ-ਮੋਟੇ ਖੱਦਰਧਾਰੀ ਆਉਂਦੇ ਜਾਂਦੇ ਰਹਿੰਦੇ । ਤਨਵੀਰ ਦਾ ਪਹਿਰਾਵਾ ਵੀ ਖੱਦਰ ਦਾ ਕੁੜਤਾ ਪਜਾਮਾ ਹੀ ਰਿਹਾ । ਚਿੱਟਾ ਦੁੱਧ ਵਰਗਾ । ਨਾ ਕੋਈ ਵੱਟ, ਨਾ ਕੋਈ ਦਾਗ । ਮਾਵਾ ਦੇ ਕੇ ਪ੍ਰੈਸ ਕਰਵਾਇਆ ਹੋਇਆ । ਬਾਹਵਾਂ ਦੀ ਕਰੀਜ਼ ਏਨੀ ਤਿੱਖੀ ਕਿ ਉਂਗਲ ਫੇਰਨ ਨਾਲ ਚੀਰ ਆ ਜਾਏ । ਲਾਂਡਰੀ 'ਚੋਂ ਤਾਜ਼ਾ ਤਾਜ਼ਾ ਧੁਲੇ ਕਿਸੇ ਅੱਧਖੜ੍ਹ ਕਾਂਗਰਸੀ ਦਾ ਧਿਆਨ ਧਰੋ ਤਾਂ ਸਾਹਮਣੇ ਤਨਵੀਰ ਆ ਜਾਏ ।

'ਲੋਕ ਰਾਏ' 'ਤੇ ਸੰਪਾਦਕ ਵਜੋਂ ਸੂਰਜ ਤਨਵੀਰ ਛਪਦਾ ਪਰ ਸੂਬਾ ਸਿੰਘ ਉਹਨੂੰ ਸੂਰਜ ਭਾਨ ਕਹਿ ਕੇ ਬੁਲਾਉਂਦਾ । ਉਹਦੇ ਕੋਲ ਈ ਰਾਤ ਠਹਿਰਦਾ, ਜਦੋਂ ਵੀ ਪਟਿਆਲਿਓਂ ਆਉਂਦਾ । ਤਨਵੀਰ ਉਹਨੂੰ 'ਸਰਦਾਰ ਜੀ' ਕਹਿੰਦਾ । ਪੂਰੀ ਖ਼ਾਤਿਰਦਾਰੀ ਕਰਦਾ । ਖ਼ਿਦਮਤ ਵਿਚ ਰਹਿੰਦਾ । ਉਹਦੀਆਂ ਸੁਣ ਸੁਣ ਹੱਸਦਾ । ਉਹਦੇ ਜਾਣ ਪਿੱਛੋਂ ਆਪਣਾ ਦੁੱਖ ਦੱਸਦਾ ।

''ਦੇਖੋ ਨਾ ਜਨਾਬ ਭੂਸ਼ਨ ਸਾਹਿਬ! ਇਹ ਸਰਦਾਰ ਹੁਰੀਂ ਪਟਿਆਲੇ ਯੂਨੀਵਰਸਿਟੀ 'ਚ ਅਫ਼ਸਰ ਜਾ ਲੱਗੇ ਨੇ । ਗਿਆਨੀ ਜੀ ਨੇ ਆਪਣਾ ਪ੍ਰੈਸ ਸਲਾਹਕਾਰ ਵੀ ਲਾ ਰੱਖਿਐ । ਮੰਡੀਕਰਣ ਬੋਰਡ ਦੇ ਐਡਵਾਈਜ਼ਰ ਨੇ । ਕਈ ਪਾਸੇ ਲੱਤਾਂ ਅੜੀਆਂ ਹੋਣ ਕਰਕੇ ਚੰਡੀਗੜ੍ਹ ਆਉਂਦੇ ਰਹਿੰਦੇ ਨੇ । ਟੀ.ਏ., ਡੀ.ਏ. ਲੈਂਦੇ ਨੇ । ਰਹਿੰਦੇ ਮੇਰੇ ਕੋਲ ਨੇ । ਖਾਂਦੇ ਪੀਂਦੇ ਏਥੋਂ ਨੇ । ...ਚਲੋ ਇਹ ਸਭ ਤਾਂ ਬਰਦਾਸ਼ਤ ਹੋ ਜਾਂਦੈ ਪਰ...'' ਕਹਿ ਕੇ ਤਨਵੀਰ, ਤਹਿ ਕੀਤੀ ਹੋਈ ਚਿੱਟੀ ਚਾਦਰ ਖੋਲ੍ਹ ਕੇ ਵਿਖਾਉਂਦੈ, ''ਆਹ ਚਰਨ ਕਮਲਾਂ ਦੇ ਚਿੰਨ੍ਹ ਦੇਖਦੇ ਹੋ? ਇਹ ਸਰਦਾਰ ਜੀ ਨੇ ਲਾਏ ਨੇ ।...ਨੰਗੇ ਪੈਰੀਂ ਤੁਰੀਂ ਫਿਰਦੇ ਨੇ । ਲਿਬੜੇ ਪੈਰਾਂ ਨਾਲ ਬਿਸਤਰ 'ਤੇ ਜਾ ਚੜ੍ਹਦੇ ਨੇ ।... ਪਿਛਲੇ ਹਫ਼ਤੇ ਆਏ ਸਨ ਤਾਂ ਪਿਛਲੇ ਤਜ਼ੁਰਬੇ ਤੋਂ ਸਬਕ ਸਿੱਖ ਕੇ ਮੈਂ ਨਵੀਂ ਬਾਥਰੂਮ ਚੱਪਲ ਖਰੀਦ ਲਿਆਂਦੀ । 'ਆਹ ਚੰਗਾ ਕੀਤਾ ਈ ਸੂਰਜ ਭਾਨਾ' ਆਖ ਕੇ ਰਾਤ ਨੂੰ ਵਰਤੀ ਤੇ ਅਗਲੇ ਦਿਨ ਪਲਾਸਟਿਕ ਦੇ ਲਿਫ਼ਾਫ਼ੇ 'ਚ ਪਾ ਕੇ ਪਟਿਆਲੇ ਲੈ ਗਏ । ...ਰਾਤੀ ਫੇਰ ਆਹ ਚਿੱਟੀ ਚਾਦਰ 'ਤੇ ਨੰਗੇ ਪੈਰਾਂ ਦਾ ਸਫ਼ਰ ਛਾਪ ਗਏ ।''

ਤਨਵੀਰ ਜਿੰਨਾ ਸਫ਼ਾਈ ਪਸੰਦ ਸੀ ਓਨਾ ਸਾਫ਼ਗੋ ਨਹੀਂ । ਮੂੰਹ 'ਤੇ ਕੁਛ ਨਹੀਂ ਸੀ ਆਖ ਸਕਦਾ । ਮਹਿਮਾਨ ਨਵਾਜ਼ੀ ਦੀ ਖਾਤਰ ਸਭ ਕੁਝ ਖਿੜੇ ਮੱਥੇ ਸਹਾਰਦਾ । ਮਹਿਮਾਨਾਂ ਨੂੰ ਤੋਰ ਕੇ ਸੁੱਕੇ ਅੱਥਰੂ ਰੋਂਦਾ, ਕੰਧਾਂ ਨਾਲ ਟੱਕਰਾਂ ਮਾਰਦਾ ।

ਗਿਆਨੀ ਜ਼ੈਲ ਸਿੰਘ ਮੁੱਖ ਮੰਤਰੀ ਸਨ । ਉਨ੍ਹਾਂ ਦੇ ਪੁਰਾਣੇ ਸਾਥੀ ਮਹਾਸ਼ਾ ਅਮਰ ਨਾਥ ਬਿਮਾਰ ਹੋ ਕੇ ਇਲਾਜ ਲਈ ਰਾਜਧਾਨੀ ਆ ਗਏ, ਟੱਬਰ ਸਮੇਤ । ਟਿਕਾਣਾ ਤਨਵੀਰ ਕੋਲ । ਰਾਸ਼ਨ ਲਿਆ ਕੇ ਰਸੋਈ ਵਿਚ ਰੱਖ ਦਿੱਤਾ । ਪਕਾਉ ਤੇ ਖਾਉ । ਆਪ ਵਿਚਾਰਾ ਮੇਰੇ ਵਾਲੇ ਪਾਸੇ ਆ ਗਿਆ । ਛੜੇ-ਛਾਂਡ ਤਨਵੀਰ ਦੀ ਰਸੋਈ ਵਿਚ ਤੀਵੀਆਂ ਦੇ ਕਦਮ ਪਏ । ਮਹਾਸ਼ਾ ਜੀ ਦੀ ਪਤਨੀ ਤੇ ਨੂੰ ਹ ਖਾਣਾ ਬਣਾਉਂਦੀਆਂ । ਹਸਪਤਾਲ ਦੇ ਚੱਕਰ ਲੱਗਦੇ । ਗਿਆਨੀ ਜੀ ਦੀ ਕੋਠੀ ਦੇ ਗੇੜੇ ਲੱਗਦੇ ਪਰ 'ਸਤਾਰਾਂ ਬਟਨਾਂ ਵਾਲੀ ਅਚਕਨ' ਪੱਲਾ ਨਾ ਫੜਾਉਂਦੀ । ਮਹਾਸ਼ਾ ਪਰਿਵਾਰ ਗਿਆਨੀ ਜੀ ਨੂੰ ਕੋਸਦਾ । ਸੂਰਜ ਤਨਵੀਰ ਕਿਸਮਤ ਨੂੰ ਕੋਸਦਾ । ਜਿੱਦਣ ਉਹ ਗਏ, ਮੈਨੂੰ ਬੁਲਾ ਕੇ ਤਨਵੀਰ ਨੇ ਰਸੋਈ ਵਿਖਾਈ : ''ਕਹਿੰਦੇ ਨੇ ਜਨਾਨੀਆਂ ਨੂੰ ਸਫ਼ਾਈ ਦੀ ਸਮਝ ਹੁੰਦੀ ਏ । ਆਹ ਦੇਖੋ, ਗੰਦ ਹੀ ਗੰਦ । ਮੈਂ ਤਾਂ ਮਾਚਸ ਦੀਆਂ ਬਲੀਆਂ ਤੀਲੀਆਂ ਲਈ ਵੀ ਲੋਹੇ ਦੀ ਡੱਬੀ ਰੱਖੀ ਹੋਈ ਏ ।...ਫਰਸ਼ ਛੱਡੋ ਆਹ ਭਾਂਡਿਆਂ ਦਾ ਹਾਲ ਦੇਖੋ । ਨਿਰੀ ਕਾਲਖ ।'' ਫੇਰ ਉਹ ਰੇਤ ਮਿਲੀ ਸੁਆਹ ਨਾਲ ਬਰਤਨ ਇੰਜ ਰਗੜਨ ਲੱਗ ਪਿਆ ਜਿਵੇਂ ਜੁਗਾਂਜੁਗਾਂਤਰਾਂ ਦੀ ਮੈਲ ਉਤਾਰ ਰਿਹਾ ਹੋਵੇ ।

ਪਤਾ ਨਹੀਂ ਉਹਨੇ ਕੀਹਦਾ ਕੀਹਦਾ ਕਰਜ਼ਾ ਦੇਣਾ ਸੀ । ਸਾਰਾ ਇਸੇ ਜਨਮ ਵਿਚ ਉਤਾਰ ਦੇਣਾ ਚਾਹੁੰਦਾ ਸੀ । ਇਕ ਦਿਨ ਉਹਨੂੰ ਕੋਈ ਚੈੱਕ ਆਇਆ, ਉਹਦੇ ਆਪਣੇ ਨਾਂ 'ਤੇ । ਆਪਣੇ ਨਾਂ ਦਾ ਉਹਦਾ ਕੋਈ ਬੈਂਕ ਖਾਤਾ ਨਹੀਂ ਸੀ । ਡੇਢ ਸੌ ਰੁਪਏ ਦਾ ਚੈੱਕ । ਬੈਂਕ ਮੁਲਾਜ਼ਮ ਹੋਣ ਕਰਕੇ ਸ਼ਿਵ ਕੁਮਾਰ ਦੀ ਸਲਾਹ ਮੰਗੀ । ਕਹਿੰਦਾ, ''ਇਹ ਕਿਹੜੀ ਗੱਲ ਐ ਤਨਵੀਰ ਸਾਬ੍ਹ! ਮੈਂ ਕਾਹਦੇ ਲਈ ਆਂ । ਬੈਂਕ ਵਿਚ ਭਾਵੇਂ ਘੱਟ ਵੱਧ ਜਾਨਾਂ ਪਰ ਇਹ ਕੰਮ ਤਾਂ ਕਰ ਈ ਸਕਨਾਂ । ਚੈੱਕ ਦੇ ਪਿੱਛੇ ਮੇਰੇ ਨਾਂ ਦੀ ਇੰਡੋਰਸਮੈਂਟ ਕਰ ਦਿਓ । ਦੋ ਚਾਰ ਦਿਨਾਂ 'ਚ ਪੈਸੇ ਮੇਰੇ ਖਾਤੇ 'ਚ ਆ ਜਾਣਗੇ । ਮੈਂ ਕਢਵਾ ਕੇ ਤੁਹਾਨੂੰ ਦੇ ਦਿਆਂਗਾ । ਸਿੰਪਲ!'' ਦੋ ਚਾਰ ਮਹੀਨਿਆਂ ਮਗਰੋਂ ਤਨਵੀਰ ਨੇ ਸੰਗਦੇ ਸੰਗਦੇ ਨੇ ਦਰਿਆਫ਼ਤ ਕਰਨਾ ਚਾਹਿਆ ਤਾਂ ਜੁਆਬ ਮਿਲਿਆ, ''ਅੱਛਾ, ਅੱਛਾ! ਉਹ ਚੈੱਕ ਡੇਢ ਸੌ ਵਾਲਾ? ਉਹਨੇ ਤਾਂ ਬੜਾ ਵਖ਼ਤ ਪਾਇਆ ਤਨਵੀਰ ਸਾਬ੍ਹ! ...ਉਹ ਜਮ੍ਹਾਂ ਹੋਣ ਨਾਲ ਤਾਂ ਮੇਰੀ ਆਮਦਨ ਸਗੋਂ ਇਨਕਮ ਟੈਕਸ ਦੇ ਘੇਰੇ 'ਚ ਆ ਗਈ । ਢਾਈ ਤਿੰਨ ਸੌ ਟੈਕਸ ਕੱਟਿਆ ਗਿਆ ।...'' ਤਨਵੀਰ ਸੋਚੀਂ ਪੈ ਗਿਆ ਕਿ ਇਸ ਮਿਹਰਬਾਨ ਸ਼ਖ਼ਸ ਦਾ ਇਹ ਨੁਕਸਾਨ ਕਿਵੇਂ ਪੂਰਿਆ ਜਾਏ । ਬਹੁਤਿਆਂ ਨੂੰ ਪਤਾ ਵੀ ਨਾ ਲੱਗਾ, ਉਹ ਕਦੋਂ ਪੂਰਾ ਹੋ ਗਿਆ । ਪਤਾ ਲੱਗਾ ਕਿ ਹੌਲੀ ਹੌਲੀ ਉਹਨੇ ਸਭ ਕੁਝ ਛੱਡ-ਛਡਾ ਕੇ ਕਾਂਗਰਸ ਭਵਨ ਵਿਚ ਹੀ ਪੱਕਾ ਡੇਰਾ ਲਾ ਲਿਆ ਸੀ । ਪਾਰਟੀ ਦੇ ਨਾਂ 'ਤੇ ਉਹਨੇ ਕਈ ਡਿਊਟੀਆਂ ਨਿਭਾਈਆਂ ਪਰ ਕਿਸੇ ਕੰਮ ਨਾ ਆਈਆਂ । ਕਈ ਲੋਕ ਦੁਨੀਆ 'ਤੇ ਇਹੋ ਜਿਹੇ ਕੰਮ ਕਰਨ ਈ ਆਉਂਦੇ ਨੇ । ਸਿਰਫ਼ ਹੋਰਨਾਂ ਦੇ ਕੰਮ ਆਉਂਦੇ ਨੇ ।

'...ਕਈ ਦਿਨਾਂ ਤੋਂ ਅੱਖਾਂ 'ਚ ਰੜਕਦਾ ਸੀ । ਅੱਜ ਕੱਢਤਾ ਕੰਡਾ ।' ਆਖ ਕੇ ਉਹਨੂੰ ਬਹੁਤ ਸਕੂਨ ਮਿਲਿਆ ਸੀ । ਕਈ ਦਿਨਾਂ ਤੋਂ ਉਹ ਜਦੋਂ ਵੀ ਮੇਰੇ ਵਾਲੇ ਕਮਰੇ 'ਚ ਆਉਂਦਾ ਤਾਂ ਛੱਤ ਵੱਲ ਵੇਖ ਕੇ ਹਉਕਾ ਭਰਦਾ ਸੀ । ਦੁੱਧ ਚਿੱਟੀ ਛੱਤ 'ਤੇ ਨਿਕਾ ਜਿਹਾ ਕਾਲਾ ਦਾਗ ਸੀ ।...ਕਈ ਦਿਨਾਂ ਤੋਂ ਉਹਦੀਆਂ ਅੱਖਾਂ 'ਚ ਰੜਕਦਾ ਸੀ । ਅੱਜ ਜਦੋਂ ਕਮਰੇ ਦਾ ਜਿੰਦਰਾ ਖੋਲਿ੍ਹਆ ਤਾਂ ਮੈਂ ਹੱਕਾ ਬੱਕਾ ਰਹਿ ਗਿਆ ।

••••••

12. ਸ਼ਾਹ ਕਾ ਮੁਸਾਹਿਬ

ਸਕੱਤਰੇਤ ਦੀ ਬਿਲਡਿੰਗ ਵਿਚ ਹਜ਼ਾਰਾਂ ਮੁਲਾਜ਼ਮਾਂ ਦਾ ਜਮਘਟਾ ਸੀ । ਸਭ ਦਾ ਦਰਜਾਵਾਰ ਮੁਰਾਤਬਾ । ਆਪੋ ਆਪਣੀ ਸੱਤਾ, ਸਮਰੱਥਾ, ਪਹੁੰਚ । ਦਸਾਂ ਮੰਜ਼ਿਲਾਂ ਲਈ ਤਿੰਨ ਰਾਹ : ਰੈਂਪ, ਪੌੜੀਆਂ, ਲਿਫਟਾਂ । ਇਕ ਇਕ ਮੰਜ਼ਿਲ ਦੇ ਫ਼ਰਕ ਨਾਲ ਕੈਨਟੀਨ । ਧੁਰ ਉਪਰਲੀ ਛੱਤ 'ਤੇ ਲੰਚ ਦਾ ਇੰਤਜ਼ਾਮ । ਸਭ ਰਿਆਇਤੀ ਦਰਾਂ 'ਤੇ । ਪੱਚੀ ਪੈਸੇ 'ਚ ਸਾਦਾ ਲੰਚ, ਚਾਲੀ ਪੈਸੇ 'ਚ ਨਾਲ ਸਬਜ਼ੀ ਰਾਇਤਾ, ਨੱਬੇ ਪੈਸੇ 'ਚ ਨਾਨ ਵੈਜ । ਸਵੇਰੇ ਸ਼ਾਮ ਦਫ਼ਤਰ ਜਾਣ ਆਉਣ ਲਈ ਬਾਬੂ ਬਸ, ਕਿਰਾਇਆ ਪੰਜ ਪੈਸੇ, ਅੱਠ ਪੈਸੇ, ਦਸ ਪੈਸੇ ।...ਨਵੇਂ ਲੱਗੇ ਬਾਊ ਦੀ ਤਨਖ਼ਾਹ ਹੁੰਦੀ ਸੀ ਸੌ ਰੁਪਏ ਮਹੀਨਾ । ਸੱਠ ਬੇਸਿਕ ਤਨਖ਼ਾਹ ਅਤੇ ਚਾਲੀ ਮਹਿੰਗਾਈ ਭੱਤਾ । ਸੌ ਰੁਪਏ ਦਾ ਤੋਲਾ ਸੋਨਾ ਸੀ ਅਤੇ ਐੱਚ. ਐੱਮ. ਟੀ. ਦੀ ਘੜੀ ਅਠਾਨਵੇਂ ਦੀ ।...ਸਤਜੁਗੀ ਸਮਾਂ ਸੀ । ਲੋੜਾਂ ਘੱਟ ਸਨ । ਚੀਜ਼ਾਂ ਸਸਤੀਆਂ । ਚਾਲੀ ਪੰਜਾਹ 'ਚ ਗੁਜ਼ਾਰਾ ਕਰਕੇ ਬਾਕੀ ਪੈਸੇ ਮੈਂ ਘਰ ਮਨੀਆਰਡਰ ਕਰ ਦਿੰਦਾ ਸਾਂ । ਕੈਰੋਂ ਨੇ ਜਦੋਂ ਛੇ ਰੁਪਏ ਚੰਡੀਗੜ੍ਹ ਭੱਤਾ ਐਲਾਨਿਆ, ਅਸੀਂ ਖਿੜਪੁੜ ਗਏ । ਤੇ ਜਦੋਂ ਫਿਰ ਕਾਮਰੇਡ ਰਾਮਕਿਸ਼ਨ ਨੇ ਦਸ ਰੁਪਏ ਹੋਰ ਵਧਾ ਦਿੱਤੇ ਤਾਂ ਜ਼ਿੰਦਾਬਾਦੀ ਨਾਅਰੇ ਲਾਉਂਦਿਆਂ ਸਾਡੇ ਹਲਕ ਸੁੱਕ ਗਏ ਸਨ । ਮੁਲਾਜ਼ਮ ਜਥੇਬੰਦੀਆਂ ਦੇ ਮੁਤਾਲਬੇ ਜਿਵੇਂ ਏਨੇ ਨਾਲ ਹੀ ਮੁੱਕ ਗਏ ਸਨ । ਸੂਬਾ ਸਿੰਘ, ਲੋਕ ਸੰਪਰਕ ਵਿਭਾਗ ਦੇ ਮਾਸਿਕ ਪਰਚੇ 'ਪੰਚਾਇਤੀ ਰਾਜ' ਵਿਚ ਸਰਕਾਰੀ ਪ੍ਰਚਾਰ ਤੋਂ ਇਲਾਵਾ ਦੋ ਪੰਨਿਆਂ ਦਾ 'ਸਮੱਸਿਆ ਕਵੀ ਦਰਬਾਰ' ਛਾਪਦਾ ਹੁੰਦਾ ਸੀ । ਹਰ ਮਹੀਨੇ, ਅਗਲੀ ਵਾਰ ਲਈ ਇਕ ਮਿਸਰਾ ਦਿੱਤਾ ਜਾਂਦਾ । ਜਿਸ ਦੇ ਆਧਾਰ 'ਤੇ ਅੱਠ ਦਸ ਸ਼ੇਅਰ ਜੋੜਕੇ ਭੇਜਣੇ ਹੁੰਦੇ ਸਨ । ਇਹ ਕਾਲਮ ਕਾਫ਼ੀ ਪਾਪੂਲਰ ਸੀ । ਜੇਕਰ ਬਾਹਰੋਂ ਹੁੰਗਾਰਾ ਨਾ ਮਿਲਦਾ ਤਾਂ ਸੂਬਾ ਸਿੰਘ ਆਪ ਹੀ ਵੱਖੋਂ ਵੱਖ ਨਾਵਾਂ ਥੱਲੇ ਤੁਕਾਂ ਜੋੜ ਦਿੰਦਾ । ਇਹ ਬੈਂਤ ਛੰਦ ਹੁੰਦਾ ਸੀ । ਵਾਰਿਸ ਦੀ ਹੀਰ ਵਾਲਾ । ਸੂਬਾ ਸਿੰਘ ਦੀ ਹੀਰ ਵੀ ਹੁਣੇ ਹੁਣੇ ਛਪੀ ਸੀ । ਕੈਰੋਂ ਦੀ ਸਰਪ੍ਰਸਤੀ ਕਰਕੇ ਲਾਇਬਰੇਰੀਆਂ 'ਚ ਪਹੁੰਚ ਗਈ । ਸੂਬਾ ਸਿੰਘ ਹੁਣ ਹੀਰ ਵਾਲਾ ਹੋ ਗਿਆ ਸੀ । ਨਾਮਵਰ ਹੋ ਗਿਆ ਸੀ ।...ਪਰ ਉਹਦੀ ਰਹਿਣੀ ਬਹਿਣੀ ਬਿਲਕੁਲ ਨਹੀਂ ਸੀ ਬਦਲੀ । ਮੈਂ ਸੂਬਾ ਸਿੰਘ ਨੂੰ ਮਿਲਣਾ ਚਾਹੁੰਦਾ ਸੀ । ਉਸ ਨਾਲ ਮਿਲਾਉਣ ਲਈ ਕੋਈ ਲੇਖਕ ਚਾਹੀਦਾ ਸੀ । ਲੇਖਕ ਹਰ ਜਗ੍ਹਾ ਹੁੰਦੇ ਨੇ । ਦਫ਼ਤਰਾਂ ਵਿਚ ਵੀ । ਗੁੱਝੇ ਵੀ ਨਹੀਂ ਰਹਿੰਦੇ । ਮੈਨੂੰ ਵੀ ਇਕ ਤੋਂ ਬਾਅਦ ਇਕ ਦੀ ਸੂਹ ਮਿਲਦੀ ਗਈ । ਪਤਾ ਲੱਗਾ ਕਿ ਕੋਈ ਸਾਹਿਤ ਸਭਾ ਬਣੀ ਹੋਈ ਹੈ ਜਿਸ ਦੀਆਂ ਬੈਠਕਾਂ ਅਕਸਰ ਹੁੰਦੀਆਂ ਰਹਿੰਦੀਆਂ ਨੇ, ਮਹੀਨੇ-ਦਸੀਂ ਦਿਨੀਂ । ਕਦੇ ਕਿਸੇ ਕੁਆਟਰ ਵਿਚ, ਕਦੇ ਕਿਸੇ ਦੀ ਕੋਠੀ ਵਿਚ । ਇਕ ਬੈਠਕ ਵਿਚ ਮੈਨੂੰ ਵੀ ਕੋਈ ਲੈ ਗਿਆ । ਜਿੰਨੇ ਲੇਖਕ ਇੱਕਠੇ ਹੋਏ ਸਨ, ਸਾਰੇ ਈ ਮੁਲਾਜ਼ਮ । ਦਫ਼ਤਰ ਵੱਖਰੇ, ਸ਼ੌਕ ਇੱਕੋ । ਬਹੁਤੇ ਕਵੀ ਸਨ । ਕਵਿਤਾ ਘੱਟ ਸੁਣਦੇ, ਦਾਦ ਬਹੁਤੀ ਦਿੰਦੇ, ਆਪਣੀ ਵਾਰੀ ਦੀ ਉਡੀਕ ਪੂਰੇ ਸਬਰ ਨਾਲ ਕਰਦੇ । ਭਾਸ਼ਾ ਦਾ ਕੋਈ ਰੌਲਾ ਨਹੀਂ ਸੀ । ਹਿੰਦੀ ਤੇ ਉਰਦੂ ਵਾਲੇ ਵੀ ਓਦੋਂ ਰਲ ਮਿਲ ਕੇ ਗੁਜ਼ਾਰਾ ਕਰਨਾ ਜਾਣਦੇ ਸਨ । ਗਿਣਤੀ ਪੰਜਾਬੀ 'ਚ ਲਿਖਣ ਵਾਲਿਆਂ ਦੀ ਜ਼ਿਆਦਾ ਸੀ । ਮੈਂ ਸਾਦ-ਮੁਰਾਦੀ ਕਵਿਤਾ ਸੁਣਾਈ: 'ਫੌਜੀ ਨੂੰ ' । ਰਵਾਇਤੀ ਦੇਸ਼ ਭਗਤੀ ਨਾਲ ਭਰਪੂਰ ਉਤਸ਼ਾਹ ਵਧਾਉਣ ਵਾਲੀ । ਪਹਿਲਾ ਬੰਦ ਇਉਂ ਸੀ :

ਦਿਲ ਤੇਰੇ ਵਿਚ ਹੌਸਲਾ ਤੂਫ਼ਾਨ ਦਾ ।
ਸੀਨਾ ਬਣਿਆ ਏ ਤੇਰਾ ਚੱਟਾਨ ਦਾ ।
ਹਿੰਦ ਦੀ ਸੋਹਣੀ ਸੁਨਹਿਰੀ ਧਰਤ 'ਤੇ,
ਤੂੰ ਫਰਿਸ਼ਤਾ ਜਾਪਨੈਂ ਅਸਮਾਨ ਦਾ ।
ਤੇ ਕਵਿਤਾ ਇਸ ਬੰਦ ਨਾਲ ਮੁੱਕਦੀ ਸੀ :
ਇਹ ਤੇਰੀ ਮੰਜ਼ਲ ਦਾ ਦਰ, ਦਰਿਆ ਨਹੀਂ ।
ਤੇਜ਼ ਹੈ ਪਰਵਾਹ ਤਾਂ ਪ੍ਰਵਾਹ ਨਹੀਂ ।
ਅਟਕ ਨਾ 'ਭੂਸ਼ਨ' ਇਕੇਰਾਂ ਚੱਲ ਕੇ,
ਪਰਬਤਾਂ ਨੂੰ ਰਾਹ ਦਿਉ, ਜੇ ਰਾਹ ਨਹੀਂ ।

ਕਵਿਤਾ ਮੁੱਕੀ ਤਾਂ ਇਕ ਸ਼ਖ਼ਸ ਪਰਿਉਂ ਉੱਠ ਕੇ ਮੇਰੇ ਕੋਲ ਆਇਆ । ਕਵਿਤਾ ਵਾਲਾ ਕਾਗਜ਼ ਮੇਰੇ ਕੋਲੋਂ ਲੈ ਗਿਆ । ਸ਼ਾਬਾਸ਼ ਦਿੱਤੀ । ਇਹ ਸੂਬਾ ਸਿੰਘ ਸੀ । ਅਗਲੇ ਮਹੀਨੇ ਕਵਿਤਾ 'ਪੰਚਾਇਤੀ ਰਾਜ' ਵਿਚ ਛਪੀ ਹੋਈ ਸੀ । ਦੋ ਕੁ ਮਹੀਨਿਆਂ ਮਗਰੋਂ ਡਾਕੀਆ ਮੈਨੂੰ ਕਾਪੀ ਬਰਾਂਚ ਦੇ ਪਤੇ 'ਤੇ ਲੱਭਦਾ ਫਿਰੇ । ਉੱਥੇ 'ਭੂਸ਼ਨ ਧਿਆਨਪੁਰੀ' ਨੂੰ ਕੌਣ ਜਾਣਦਾ ਸੀ । ਮਨੀਆਰਡਰ ਵਾਪਸ ਮੁੜ ਗਿਆ । ਪਤਾ ਲੱਗਿਆ ਤਾਂ ਪੰਜਵੀਂ ਮੰਜ਼ਲ ਤੋਂ, ਜਾ ਕੇ ਪੰਦਰਾਂ ਰੁਪਏ ਲੈ ਕੇ ਆਇਆ । ਦਸ ਤੇ ਪੰਜ ਪੰਦਰਾਂ ਰੁਪਏ । ਮੇਰੀ ਲਿਖਤ ਦੀ ਪਹਿਲੀ ਕਮਾਈ ।

ਚੰਡੀਗੜ੍ਹ ਓਦੋਂ ਅਜੇ ਪਿੰਡ ਹੀ ਸੀ । ਬਹੁਤ ਵੱਡਾ ਪਿੰਡ । ਖੁੱਲ੍ਹਾ ਡੁੱਲ੍ਹਾ । ਬਹੁਤ ਸਾਰੇ ਪਿੰਡਾਂ ਦਾ ਸਮੂਹ । ਖ਼ਾਲੀ ਥਾਂ ਬੇਸ਼ੁਮਾਰ । ਵਿਚ ਵਿਚ ਪੈਲੀਆਂ । ਪੈਲੀਆਂ 'ਚ ਫਸਲਾਂ । ਫਸਲਾਂ ਵਾਂਗ ਉਗਦੀਆਂ ਇਕੋ ਜਿਹੀਆਂ ਇਮਾਰਤਾਂ । ਇਕੋ ਜਿਹੇ ਨਕਸ਼ੇ, ਚੌਰਸ, ਨੁਕੀਲੇ, ਡੱਬੇ ਜਿਹੇ । ਬੱਜਰੀ, ਸੀਮਿੰਟ, ਸਰੀਏ ਦੇ ਢੇਰ । ਮਜ਼ਦੂਰਾਂ ਤੇ ਮਿਸਤਰੀਆਂ ਦੀਆਂ ਢਾਣੀਆਂ । ਚਾਹ ਦੇ ਖੋਖੇ । ਰਹੁ ਦੀਆਂ ਰੇੜ੍ਹੀਆਂ, ਸਿਗਰਟ ਬੀੜੀ ਪਾਨ । ਕਿਸੇ ਦਰਖ਼ਤ ਹੇਠ ਢਾਬਾ, ਕਿਤੇ ਨਾਈ ਦੀ ਦੁਕਾਨ ।

ਸ਼ਹਿਰ ਨੂੰ ਸੈਕਟਰਾਂ 'ਚ ਵੰਡਿਆ ਗਿਆ ਸੀ ਪਰ ਅਜੇ ਪਿੰਡਾਂ ਦਾ ਪੱਲੜਾ ਭਾਰੀ ਸੀ । ਬਜਵਾੜੇ ਦੀਆਂ ਰੌਣਕਾਂ ਸਿਖ਼ਰ 'ਤੇ ਸਨ । ਕਿਰਾਏਦਾਰਾਂ ਨੂੰ ਕਮਰੇ ਅਤੇ ਕਮਰਿਆਂ ਨੂੰ ਸਾਮਾਨ ਚਾਹੀਦਾ ਹੀ ਹੁੰਦੈ । ਬਜਵਾੜੇ 'ਚੋਂ ਕੀ ਨਹੀਂ ਸੀ ਮਿਲਦਾ? ਵੱਸ ਰਹੇ ਸ਼ਹਿਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਿੰਡ ਪੂਰਾ ਟਿੱਲ ਲਾ ਰਿਹਾ ਸੀ । ਪੁਰਾਣੀ ਰੋਪੜ ਰੋਡ ਹੁਣ ਸੜਕ ਨਹੀਂ ਸੀ ਰਹੀ, ਸ਼ਹਿਰ ਨੂੰ ਬਜਵਾੜੇ ਨਾਲ ਜੋੜਨ ਵਾਲੀ ਡੰਡੀ ਸੀ । ਮਾਰਕੀਟਾਂ ਤਾਂ ਹਾਲੇ ਨਾਂ-ਮਾਤਰ ਸਨ । ਸਭ ਮਾਰਕੀਟਾਂ ਦੀ ਮਾਂ ਇਹ ਬਜਵਾੜੇ ਵਾਲੀ ਮੰਡੀ ਸੀ । ਦਿਨ ਰਾਤ ਹਲਚਲ । ਕੁਰਬਲ ਕੁਰਬਲ । ਏਥੋਂ ਦਫ਼ਤਰ ਦੂਰ ਸਨ, ਚਿੱਕੜ-ਖੋਭੇ ਵਾਲੇ ਰਸਤੇ ਸਨ । ਪਰ ਘਰ ਦੀ ਹਰ ਲੋੜ ਪੂਰੀ ਹੋ ਸਕਦੀ ਸੀ, ਕਮਰੇ ਸਸਤੇ ਸਨ ।

ਸੂਬਾ ਸਿੰਘ ਸ਼ੁਰੂ-ਸ਼ੁਰੂ ਵਿਚ ਬਜਵਾੜੇ ਹੀ ਕਮਰਾ ਕਿਰਾਏ 'ਤੇ ਲੈ ਕੇ ਰਹਿੰਦਾ ਸੀ । ਉਹ ਮਾਹੌਲ ਉਹਨੂੰ ਹਰ ਤਰ੍ਹਾਂ ਨਾਲ ਸੂਤ ਬਹਿੰਦਾ ਸੀ । ਆਪਣੀਆਂ ਲਿਖਤਾਂ ਲਈ ਕੱਚੀ ਸਮੱਗਰੀ ਅਤੇ ਸ਼ਬਦਾਵਲੀ ੳੁੱਥੋਂ ਹੀ ਲੈਂਦਾ ਸੀ । ਪਟਿਆਲਾ ਛੱਡ ਕੇ ਆਇਆ ਸੀ । ਗਿਆਨੀ ਗੁਰਦਿੱਤ ਸਿੰਘ ਆਪਣੀ ਅਖ਼ਬਾਰ 'ਪ੍ਰਕਾਸ਼' ਦੇ ਨਾਲ ਨਾਲ ਸੂਬਾ ਸਿੰਘ ਨੂੰ ਵੀ ਚੰਡੀਗੜ੍ਹ ਲੈ ਆਇਆ ਸੀ । ਆਪ ਉਹ ਐੱਮ ਐੱਲ ਸੀ ਬਣ ਗਿਆ ਤੇ ਸੂਬਾ ਸਿੰਘ ਕੈਰੋਂ ਦੀ ਨਜ਼ਰ ਚੜ੍ਹ ਗਿਆ । ਕੈਰੋਂ ਦੇ ਥਾਪੜੇ ਨੇ ਉਹਨੂੰ ਅਫ਼ਸਰ ਬਣਾ ਦਿੱਤਾ । 'ਪੰਚਾਇਤੀ ਰਾਜ' ਦਾ ਐਡੀਟਰ ਲਾ ਦਿੱਤਾ । ਦਰਅਸਲ ਚੰਡੀਗੜ੍ਹ ਵਿਚ ਮੇਰੀ ਪਹਿਲੀ ਕਮਾਈ ਸੀ ਸੂਬਾ ਸਿੰਘ ਦੀ ਨੇੜਤਾ । ਉਹ ਮੈਨੂੰ ਬਿਲਕੁਲ ਓਪਰਾ ਨਹੀਂ ਸੀ ਲੱਗਿਆ । ਅੰਦਰੋਂ ਬਾਹਰੋਂ ਇਕ ਜਿਹਾ । ਸਾਦ ਮੁਰਾਦਾ । ਇੱਕੋ ਬਿਲਡਿੰਗ ਵਿਚ ਹੋਣ ਕਰਕੇ ਕਦੇ ਮੇਰੇ ਕੋਲ ਆ ਜਾਂਦਾ, ਕਦੇ ਸੁਨੇਹਾ ਭੇਜ ਕੇ ਆਪਣੇ ਕੋਲ ਬੁਲਾ ਲੈਂਦਾ ।...ਘਰੀਂ ਵੀ ਆਉਣ ਜਾਣ ਹੋ ਗਿਆ । ਹੁਣ ਉਹਨੂੰ ਤੇਈ ਸੈਕਟਰ ਵਿਚ ਸਰਕਾਰੀ ਕਵਾਟਰ ਅਲਾਟ ਹੋ ਚੁੱਕਾ ਸੀ, ਮੰਦਰ ਦੇ ਪਿਛਾੜੀ । ਉਹ ਆਪਣੇ ਟੱਬਰ ਨੂੰ ਵੀ ਪਿੰਡੋਂ ਲੈ ਆਇਆ ਸੀ । ਦੋ ਬੱਚੇ ਸਨ : ਜੋਗਾ ਪੁੱਤ ਤੇ ਛਿੰਦੀ ਧੀ । ਘਰਵਾਲੀ ਉਹਨੂੰ 'ਜੋਗੇ ਦਾ ਭਾਪਾ' ਕਹਿ ਕੇ ਸੱਦਦੀ ਸੀ ਤੇ ਉਹ ਆਪ ਉਹਨੂੰ 'ਜੋਗੇ ਦੀ ਬੀਬੀ' ਕਹਿੰਦਾ ਸੀ । ਦੋਹਾਂ ਵਿਚ ਦਿਲਚਸਪ ਵਾਰਤਾਲਾਪ ਅਕਸਰ ਚੱਲਦਾ ਰਹਿੰਦਾ ਸੀ । ਇਕ ਦਿਨ ਮੇਰੇ ਬੈਠਿਆਂ ਡਾਕੀਆ ਆ ਗਿਆ । ਡਾਕ ਫੜਾ ਗਿਆ । ਸੂਬਾ ਸਿੰਘ ਨੇ ਚਿੱਠੀਆਂ ਰਸਾਲੇ ਸਿਰਹਾਣੇ ਡੱਠੇ ਮੇਜ਼ 'ਤੇ ਰੱਖੇ ਤੇ ਜ਼ਰਾ ੳੁੱਚੀ ਆਵਾਜ਼ 'ਚ ਆਖਿਆ, ''ਜੋਗੇ ਦੀ ਬੀਬੀ! ਆਹ ਜ਼ਰਾ ਐਨਕ ਦੇਈਂ ।'' ''ਠਹਿਰ ਜੋ ਰਤਾ । ਮੈਂ ਰੋਟੀਆਂ ਪਕਾਉਨੀ ਪਈ ਆਂ ।'' ਜਵਾਬ ਸੁਣ ਕੇ ਉਸ ਫੇਰ ਤਰਲਾ ਜਿਹਾ ਲਿਆ, ''ਛੇਤੀ ਦੇ ਐਨਕ । ਡਾਕ ਆਈ ਪਈ ਐ ।'' ''ਤੇ ਡਾਕ ਕਿਹੜੀ ਤਵੇ 'ਤੇ ਪਈ ਐ, ਜਿਹੜੀ ਸੜ ਚੱਲੀ ਐ ।'' ਜੋਗੇ ਦੀ ਬੀਬੀ ਦੇ ਜਵਾਬੀ ਹਮਲੇ ਨੇ ਉਹਨੂੰ ਹੱਥਲ ਕਰ ਕੇ ਰੱਖ ਦਿੱਤਾ ।...ਗੱਲ ਵਿੱਚੋਂ ਇਹ ਸੀ ਦੋਹਾਂ ਦੀ ਐਨਕ ਦਾ ਨੰਬਰ ਇੱਕੋ ਸੀ । ਦੋਹਾਂ ਨੇ ਇੱਕੋ ਐਨਕ ਰੱਖੀ ਹੋਈ ਸੀ । ਵਾਰੀ ਵਾਰੀ ਸਾਰ ਲੈਂਦੇ ਸਨ ।

ਸੂਬਾ ਸਿੰਘ ਦਾ ਵਿਆਹ ਦੇਰ ਨਾਲ ਹੋਇਆ ਸੀ । ਉਹ ਐੱਮ. ਏ. ਹਿਸਾਬ ਦੀ ਪਾਸ ਕਰਕੇ ਵੀ ਆਪਣਾ ਨਫ਼ਾ ਨੁਕਸਾਨ ਨਹੀਂ ਸੀ ਸੋਚਦਾ । ਦੇਸ਼ ਭਗਤੀ ਦੇ ਲੋਰ ਵਿਚ ਆ ਕੇ 'ਆਜ਼ਾਦ ਹਿੰਦ ਫ਼ੌਜ' ਦਾ ਹਿੱਸਾ ਬਣ ਗਿਆ । ਜਦੋਂ ਕੁ ਜਿਹੇ ਕੋਰਟ ਮਾਰਸ਼ਲ ਤੋਂ ਖਹਿੜਾ ਛੁੱਟਿਆ ਉਦੋਂ ਤੱਕ ਉਹ ਵਿਆਹ ਵਾਲੇ ਵੱਤਰੋਂ ਲੰਘ ਚੁੱਕਾ ਸੀ । ਜੀਵਨ ਸਾਥਣ ਮਿਲੀ ਪਰ ਉਹ ਪੜ੍ਹੀ ਲਿਖੀ ਨਹੀਂ ਸੀ । ਮੁੰਡਾ ਜੰਮਿਆ । ਲਾਡਲਾ । ਪਰ ਬਹੁਤ ਚੁਸਤ ਚਲਾਕ ਨਹੀਂ ਸੀ । 'ਸਰਫੇ ਦਾ ਗੁੜ ਢਿੱਲਾ' ਆਖ ਕੇ ਸੂਬਾ ਸਿੰਘ ਨੇ ਉਹਨੂੰ ਗੋਦੀ 'ਚ ਬਿਠਾ ਲੈਣਾ ਤੇ ਲਤੀਫ਼ੇਬਾਜ਼ੀ ਕਰਕੇ ਵਕਤ ਲੰਘਾ ਲੈਣਾ । ਇਕ ਦਿਨ ਆਖਣ ਲੱਗਾ, ''ਵੇਖ ਭੂਸ਼ਨ! ਮੈਂ ਮਾੜਾ ਮੋਟਾ ਅਫ਼ਸਰ ਵੀ ਹਾਂ ਤੇ ਖੁਦ ਨੂੰ ਗੁਜ਼ਾਰੇ ਮਾਫਕ ਲੇਖਕ ਵੀ ਸਮਝਦਾ ਹਾਂ । ਅਫ਼ਸਰਾਂ ਨਾਲ ਬਹਿਣ ਉਠਣ ਹੈ ਅਤੇ ਲੇਖਕਾਂ ਵੱਲ ਵੀ ਆਉਣ ਜਾਣ ਹੈ । ਪਰ ਅਫ਼ਸਰ ਮੈਨੂੰ ਅਫ਼ਸਰ ਨਹੀਂ ਮੰਨਦੇ । ਕਹਿੰਦੇ ਨੇ ਲੇਖਕ ਸ਼ਾਇਦ ਹੋਏਂਗਾ । ਏਹੋ ਹਾਲ ਏਧਰ ਹੈ । ਤੁਸੀਂ ਲੋਕ ਮੈਨੂੰ ਨਿੱਕਾ ਮੋਟਾ ਅਫ਼ਸਰ ਤਾਂ ਭਾਵੇਂ ਮੰਨ ਲਓ ਪਰ ਲੇਖਕ ਮੰਨਣ ਨੂੰ ਬਿਲਕੁਲ ਤਿਆਰ ਨਹੀਂ ।'' ਪਰ ਜਦੋਂ ਪਿੱਛੋਂ ਜਾ ਕੇ ਗਿਆਨੀ ਜ਼ੈਲ ਸਿੰਘ ਨੇ ਉਹਨੂੰ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ ਲਾ ਦਿੱਤਾ ਤਾਂ ਅਫ਼ਸਰਾਂ ਤੇ ਲੇਖਕਾਂ ਨੇ ਰਲ ਕੇ ਅਰੋਮਾ ਹੋਟਲ ਵਿਚ ਵੱਡਾ ਸਨਮਾਨ ਸਮਾਗਮ ਕੀਤਾ । ਇਕ ਦੂਜੇ ਤੋਂ ਵੱਧ ਕੇ ਗਿਆਨੀ ਜੀ ਨੂੰ ਸੁਣਾ ਸੁਣਾ ਕੇ ਉਹਦਾ ਗੁਣਗਾਨ ਕੀਤਾ । ਉਹਦੀ 'ਮਹਾਨਤਾ' ਦਾ ਬਖਾਨ ਕੀਤਾ । ਸੂਬਾ ਸਿੰਘ ਚੁੱਪ ਕਰਕੇ ਸੁਣੀ ਗਿਆ । ਮੁੱਛਾਂ ਵਿਚ ਮੁਸਕਾਈ ਗਿਆ । ਜਦੋਂ ਧੰਨਵਾਦ ਕਰਨ ਦੀ ਵਾਰੀ ਆਈ ਤਾਂ ਬੋਲਿਆ :

''ਵੇਖੋ ਜੀ! ਮੈਂ ਤਾਂ ਜੋ ਹਾਂ, ਜਿੰਨੇ ਜੋਗਾ ਹਾਂ, ਮੈਨੂੰ ਪਹਿਲਾਂ ਵੀ ਪਤਾ ਸੀ, ਹੁਣ ਵੀ ਪਤਾ ਹੈ । ਜੋ ਕੁਝ ਗਿਆਨੀ ਜੀ ਨੇ ਕੀਤਾ ਹੈ ਉਹ ਤਾਂ ਸਮਝ ਆਉਂਦਾ ਹੈ । ਪਰ ਜੋ ਕੁਝ ਅੱਜ ਵਿਦਵਾਨਾਂ ਨੇ ਬੋਲਿਆ ਹੈ, ਸੁਣ ਕੇ ਮੈਂ ਬੌਂਦਲ ਗਿਆ ਹਾਂ । ਜੋ ਕੁਝ ਇਨ੍ਹਾਂ ਦਾਨਿਸ਼ਵਰਾਂ ਨੇ ਭਰੀ ਸਭਾ ਵਿਚ ਕਿਹਾ ਹੈ, ਜੇਕਰ ਉਹਦਾ ਦਸਵਾਂ ਹਿੱਸਾ ਵੀ ਸੱਚ ਹੋਏ ਤਾਂ ਮੇਰੇ ਧੰਨ ਭਾਗ । ਮੇਰੇ ਵਰਗਾ ਮਹਾਨ ਹੋਰ ਕੌਣ ਹੋ ਸਕਦਾ ਹੈ ।...ਪਰ ਮੈਨੂੰ ਇਸ ਵੇਲੇ ਮਿਰਜ਼ਾ ਗਾਲਿਬ ਨੂੰ ਹੀ ਦੁਹਰਾਉਣਾ ਪੈ ਰਿਹੈ :

ਹੂਆ ਹੈ ਸ਼ਾਹ ਕਾ ਮੁਸਾਹਿਬ,
ਫਿਰੇ ਹੈ ਇਤਰਾਤਾ-
ਵਗਰਨਾ ਸ਼ਹਿਰ ਮੇਂ ਗਾਲਿਬ ਕੀ,
ਆਬਰੂ ਕਿਆ ਹੈ ।''

ਗਿਆਨੀ ਜੀ ਵੇਲੇ ਸੂਬਾ ਸਿੰਘ ਨੂੰ ਅਹੁਦਿਆਂ ਦੇ ਭਾਗ ਲੱਗੇ ਰਹੇ । ਉਹਨੂੰ ਮੁੱਖ ਮੰਤਰੀ ਦਾ ਸਭ ਤੋਂ ਵੱਧ ਨਜ਼ਦੀਕੀ ਸਮਝਿਆ ਜਾਣ ਲੱਗਾ ਪਰ ਉਹਨੇ ਕਹਿਣਾ, ''ਜਦੋਂ ਮੈਂ ਚੀਫ ਮਨਿਸਟਰ ਦੀ ਕਾਰ ਵਿਚ ਉਨ੍ਹਾਂ ਦੇ ਨਾਲ ਬੈਠਾ ਹੋਵਾਂ ਤਾਂ ਆਪਣੀ ਧੌਣ ਅਲਸੇਸ਼ਨ ਕੁੱਤੇ ਵਾਂਗੂੰ ਖਿੜਕੀ 'ਚੋਂ ਬਾਹਰ ਕੱਢੀ ਰੱਖਦਾ ਹਾਂ ਤਾਂ ਕਿ ਲੋਕਾਂ ਨੂੰ ਦਿੱਸਦਾ ਰਵ੍ਹਾਂ । ਧੌਣ ਦੀ ਪਰਵਾਹ ਨਹੀਂ ਕਰਦਾ, ਭਾਵੇਂ ਪਿੱਛੋਂ ਆਉਂਦਾ ਕੋਈ ਟਰੱਕ ਗਾਟਾ ਲਾਹ ਕੇ ਔਹ ਮਾਰੇ ।'' ਉਹ ਵਿਅੰਗ ਕਰਦਾ ਖ਼ੁਦ ਨੂੰ ਸੀ, ਲਾਉਂਦਾ ਹੋਰਨਾਂ ਨੂੰ ਸੀ । ਇਕ ਦਿਨ ਉਹਨੂੰ ਉਦਾਸ ਵੇਖ ਕੇ ਗਿਆਨੀ ਜੀ ਨੇ ਕਾਰਨ ਪੁੱਛਿਆ ਤਾਂ ਭੋਲਾ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, ''ਅੱਜ ਦੀ ਅਖ਼ਬਾਰ 'ਤੇ ਤੁਹਾਡਾ ਬਿਆਨ ਛਪਿਆ ਹੈ ਕਿ ਸੂਬੇ ਦੇ ਸਾਰੇ ਅਵਾਰਾ ਕੁੱਤਿਆਂ ਨੂੰ ਮਾਰਨ ਦੀ ਮੁਹਿੰਮ ਵਿੱਢੀ ਜਾਣੀ ਹੈ । ਮੈਂ ਸੋਚਨਾਂ, ਤੁਹਾਡੇ ਦਰ ਦੇ ਕੂਕਰਾਂ ਦਾ ਕੀ ਬਣੇਗਾ ।''

ਕਿਸੇ ਕਵੀ ਦਰਬਾਰ ਤੋਂ ਜਿੰਨੇ ਪੈਸੇ ਮਿਲਣੇ, ਬਿਨਾਂ ਗਿਣਿਆਂ ਜੇਬ 'ਚ ਪਾ ਲੈਣੇ । ਕਈ ਹੋਰਨਾਂ ਨੇ ਜਦੋਂ ਪੈਸਿਆਂ ਦੇ ਵਾਧੇ ਘਾਟੇ ਲਈ ਰੇੜਕਾ ਪਾਉਣਾਂ ਤਾਂ ਸੂਬਾ ਸਿੰਘ ਦਾ ਸਿੱਧਾ-ਸਾਧਾ ਤਰਕ ਹੁੰਦਾ, ''ਭਲਿਓਮਾਣਸੋ! ਅਸੀਂ ਕਿਹੜੀ ਕਣਕ ਵੇਚੀ ਹੈ? ਜਿੰਨੇ ਮਿਲਦੇ ਐ ਸ਼ੁਕਰ ਕਰਕੇ ਲੈ ਲਉ ।''

ਰੇਡੀਓ ਦਾ ਪ੍ਰੋਡਿਊਸਰ ਮੀਸ਼ਾ ਉਸ ਦੀ ਗਜ਼ਲ ਦੇ ਕੁਝ ਸ਼ੇਅਰਾਂ 'ਤੇ ਇਤਰਾਜ਼ ਕਰ ਰਿਹਾ ਸੀ, ਅਖੇ ''ਆਹ ਮਿਸਰਾ ਕੱਟ ਦਿਆਂ? ...ਆਹ ਸ਼ੇਅਰ ਕੱਟ ਦਿਆਂ?... ਆਹ ਸ਼ਬਦ ਕੱਟ ਦਿਆਂ?"..."ਭਾਵੇਂ ਸਾਰੀ ਗਜ਼ਲ ਹੀ ਕੱਟ ਦੇ ਪਰ ਚੈੱਕ ਕੱਟਣ ਵੇਲੇ ਕੋਈ ਪੈਸਾ ਨਾ ਕੱਟੀਂ ।'' ਸੂਬਾ ਸਿੰਘ ਦੇ ਮੂੰਹੋਂ ਸਹਿਜ ਭਾਅ ਨਿਕਲ ਗਿਆ ।

ਉਹਦੇ ਮੂੰਹੋਂ ਸਹਿਜ ਭਾਅ ਨਿਕਲੀਆਂ ਗੱਲਾਂ ਅਜੇ ਤੱਕ ਮੂੰਹੋਂ ਮੂੰਹ ਚਲੀਆਂ ਆਉਂਦੀਆ ਨੇ । ਉਹ ਦਰਬਾਰੀ ਹੋ ਕੇ ਵੀ ਬੀਰਬਲ ਵਾਲੀ ਭੂਮਿਕਾ ਨਿਭਾਉਂਦਾ ਰਿਹਾ । ਪਿੰਡ ਦਾ ਧਰਮ ਆਖ਼ਰੀ ਸਾਹ ਤੱਕ ਪੁਗਾਉਂਦਾ ਰਿਹਾ ।

ਇਕ ਵਾਰੀ ਉਹ ਮੇਰੇ ਨਾਲ ਧਿਆਨਪੁਰ ਵੀ ਗਿਆ ਸੀ । ਸਰਕਾਰੀ ਗੱਡੀ ਵਿਚ । ਸਰਕਾਰੀ ਫ਼ੋਟੋਗਰਾਫ਼ਰ ਨਾਲ ਲੈ ਕੇ । ਉਂਗਲਾਂ ਕਰ ਕਰ ਮੰਦਰ ਦੇ ਕੰਧ ਚਿੱਤਰਾਂ ਦੀਆਂ ਤਸਵੀਰਾਂ ਖਿਚਵਾਉਂਦਾ ਰਿਹਾ । ਬਾਬੇ ਲਾਲ ਨਾਲ ਸਬੰਧਤ ਪੁਸਤਕਾਂ ਖਰੀਦਦਾ ਰਿਹਾ । ਪੁਜਾਰੀਆਂ ਤੇ ਸੇਵਕਾਂ ਨਾਲ ਸਰਸਰੀ ਜਿਹੀਆਂ ਗੱਲਾਂ ਕਰਦਾ ਰਿਹਾ । ਉਹ ਕੁਝ ਖਾਸ ਭਾਲ ਰਿਹਾ ਲੱਗਦਾ ਸੀ । ਇਕ ਜਗ੍ਹਾ ਆ ਕੇ ਉਹ ਖਲੋ ਗਿਆ । ਓਥੇ ਮੁੰਡਨ ਹੋ ਰਹੇ ਸਨ । ਬਾਉਲੀ ਨਹਾ ਕੇ ਜਿਨ੍ਹਾਂ ਦੀ ਮੁਰਾਦ ਪੁੱਗੀ ਸੀ, ਉਹ ਆਪਣੇ ਨਿਆਣਿਆਂ ਦੀ ਝੰਡ ਕਰਾ ਰਹੇ ਸਨ । ਸੱਤ ਫੁਟਾ ਬਾਵਾ ਸਿੰਘ ਨਾਈ ਨਿੱਕੇ ਨਿੱਕੇ ਨਿਆਣਿਆਂ ਦੀਆਂ ਸਿਰੀਆਂ ਕਾਬੂ ਕਰਕੇ ਉਸਤਰਾ ਚਲਾ ਰਿਹਾ ਸੀ । ਕੋਈ ਡੇਢ ਕੁਇੰਟਲ ਦੀ ਦੇਹ ਵਾਲਾ ਇਹ ਸਾਬਤ ਸੂਰਤ ਸਿੱਖੀ ਦਿੱਖ ਵਾਲਾ ਸ਼ਖ਼ਸ ਆਪਣਾ 'ਧਰਮ' ਨਿਭਾਅ ਰਿਹਾ ਸੀ । ਸੂਬਾ ਸਿੰਘ ਹੈਰਾਨ ਹੋ ਕੇ ਵੇਖੀ ਜਾ ਰਿਹਾ ਸੀ । ਅੰਤ ਫ਼ੋਟੋਗਰਾਫ਼ਰ ਨੂੰ ਕਹਿੰਦਾ, ''ਇਹਦੀਆਂ ਤਸਵੀਰਾਂ ਖਿੱਚ ਪੰਜ ਸੱਤ । ਵੱਖ ਵੱਖ ਪਾਸਿਆਂ ਤੋਂ । ਇਹ ਈ ਮੇਰਾ ਪਾਤਰ ।''

••••••

13. ਤੇਰਾ ਪਿੰਡ, ਮੇਰਾ ਪਿੰਡ

ਜਦੋਂ ਗੁੱਡੀ ਉਤਲੀ ਹਵਾ 'ਚ ਪਹੁੰਚ ਜਾਏ ਤਾਂ ਉਹਨੂੰ ਤੁਣਕੇ ਦੀ ਲੋੜ ਨਹੀਂ ਰਹਿੰਦੀ । ਹਵਾ 'ਤੇ ਸਵਾਰ ਹੋ ਜਾਂਦੀ ਹੈ, ਝੋਕੇ ਦੀ ਮੁਥਾਜ ਨਹੀਂ ਰਹਿੰਦੀ । ਹੁਣ ਉਹ ਉਡਦੀ ਨਹੀਂ, ਵਿਚਰਦੀ ਹੈ । ਡੋਰ ਵਾਲੇ ਹੱਥ ਨੂੰ ਭੁੱਲ ਕੇ ਅਸਮਾਨ ਨਾਲ ਗੱਲਾਂ ਕਰਦੀ ਹੈ । ਨਾ ਕਿਸੇ ਨੂੰ ਡਰਾਉਂਦੀ ਹੈ, ਨਾ ਕਿਸੇ ਤੋਂ ਡਰਦੀ ਹੈ । ਮਰਜ਼ੀ ਨਾਲ ਸਮੁੰਦਰ ਸਿਰਜਦੀ ਹੈ, ਮਨ ਦੀ ਮੌਜ 'ਚ ਤਰਦੀ ਹੈ ।

ਜਦੋਂ ਪੰਛੀ ਉਤਲੀ ਹਵਾ 'ਚ ਪਹੁੰਚ ਜਾਏ ਤਾਂ ਉਹਨੂੰ ਖੰਭ ਨਹੀਂ ਮਾਰਨੇ ਪੈਂਦੇ । ਬਸ ਉਹ ਜਿਵੇਂ ਹੁੰਦਾ ਹੈ, ਉਵੇਂ ਰਹਿੰਦਾ ਹੈ । ਨਾ ਉੱਡਦਾ ਹੈ ਨਾ ਬਹਿੰਦਾ ਹੈ । ਨਾ ਖੰਘਦਾ ਹੈ, ਨਾ ਖਹਿੰਦਾ ਹੈ । ਪੌਣਾਂ ਵਾਂਗੂੰ ਝੁੱਲਦਾ ਹੈ, ਪਾਣੀਆਂ ਵਾਂਗੂੰ ਵਹਿੰਦਾ ਹੈ । ਹੁਣ ਉਸ ਦੀ ਹਸਤੀ, ਪਰ ਬਣ ਕੇ ਫੈਲ ਜਾਂਦੀ ਹੈ ਤੇ ਖ਼ੁਦ ਨੂੰ ਹਵਾ 'ਤੇ ਤੋਲਦੀ ਹੈ । ਕੰਠ ਖਾਮੋਸ਼ ਰਹਿੰਦਾ ਹੈ, ਖੁਸ਼ੀ ਬੋਲਦੀ ਹੈ ।

ਜਦੋਂ ਬੰਦਾ ਉਤਲੀ ਹਵਾ 'ਚ ਪਹੁੰਚ ਜਾਏ ਤਾਂ ਉਹਦਾ ਰਿਸ਼ਤਾ ਧਰਤੀ ਨਾਲੋਂ ਟੁੱਟ ਜਾਂਦਾ ਹੈ । ਉਹ ਆਪਣੇ ਦੁਆਲੇ ਖੋਲ ਉਸਾਰ ਲੈਂਦਾ ਹੈ । ਆਪਣੀ ਹਸਤੀ ਨੂੰ ਹੰਕਾਰ ਦੀ ਗੰਢ ਮਾਰ ਲੈਂਦਾ ਹੈ । ਸਿਰਫ਼ ਆਪਦੇ ਜੋਗਾ ਰਹਿ ਜਾਂਦਾ ਹੈ । ਉਬਾਲ ਵਾਂਗੂੰ ਉੱਠਦਾ ਹੈ, ਝੱਗ ਵਾਂਗੂੰ ਬਹਿ ਜਾਂਦਾ ਹੈ ।... ਪਰ ਜਦੋਂ ਕਿਤਾਬ ਉਤਲੀ ਹਵਾ 'ਚ ਪਹੁੰਚ ਜਾਏ ਤਾਂ ਉਹਦੀ ਹਾਲਤ 'ਬੰਦੇ' ਵਰਗੀ ਪਤਲੀ ਨਹੀਂ ਹੁੰਦੀ । ਗੁੱਡੀ ਵਰਗੀ ਹੁੰਦੀ ਹੈ । ਪੰਛੀ ਵਰਗੀ ਹੁੰਦੀ ਹੈ । ਉਸ ਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਰਹਿੰਦੀ । ਉਹ ਚੜ੍ਹਾਅ ਵਿਚ ਹੁੰਦੀ ਹੈ । ਵਹਾਅ 'ਚ ਹੁੰਦੀ ਹੈ । ਰਜ਼ਾ ਵਿਚ ਹੁੰਦੀ ਹੈ । ਅਦਾ ਵਿਚ ਹੁੰਦੀ ਹੈ ।

ਉਤਲੀ ਹਵਾ ਵਿਚ ਪਹੁੰਚਣ ਵਾਲੀਆਂ ਕਿਤਾਬਾਂ 'ਚੋਂ ਵੀ ਕਈਆਂ ਨੂੰ ਧੱਕੇ ਨਾਲ ਪੁਚਾਇਆ ਹੁੰਦਾ ਹੈ । ਐਵੇਂ ਵੰਝ 'ਤੇ ਚੜ੍ਹਾਇਆ ਹੁੰਦਾ ਹੈ । ਉਹ ਵਿਚਾਰੀਆਂ ਕੁਝ ਚਿਰ ਖਲਾਅ 'ਚ ਲੋਟਣੀਆਂ ਖਾ ਕੇ ਭੁੰਜੇ ਆ ਡਿੱਗਦੀਆਂ ਹਨ । ਪਰ ਜਿਨ੍ਹਾਂ ਕਿਤਾਬਾਂ ਨੇ ਵਕਤ ਦਾ ਇਮਤਿਹਾਨ ਪਾਸ ਕਰਕੇ ਇਹ ਪੁਜ਼ੀਸ਼ਨ ਹਾਸਲ ਕੀਤੀ ਹੁੰਦੀ ਹੈ, ਉਨ੍ਹਾਂ ਨੂੰ ਕਿਸੇ ਹੋਰ ਸਹਾਰੇ ਦੀ ਜਰੂਰਤ ਨਹੀਂ ਹੁੰਦੀ । ਸਗੋਂ ਉਹ ਸਭ ਸਮਿਆਂ ਦੀ ਜਰੂਰਤ ਬਣ ਜਾਂਦੀਆਂ ਹਨ ।

ਪੰਜਾਬੀ ਵਾਰਤਕ ਦੇ ਹਵਾਲੇ ਨਾਲ ਅਜਿਹੀ ਕਿਤਾਬ ਵਜੋਂ 'ਮੇਰਾ ਪਿੰਡ' ਦਾ ਨਾਂ ਲਿਆ ਜਾ ਸਕਦਾ ਹੈ । ਇਹ ਕਿਤਾਬ ਗਿਆਨੀ ਗੁਰਦਿੱਤ ਸਿੰਘ ਨੇ ਕਰੀਬ ਅੱਧੀ ਸਦੀ ਪਹਿਲਾਂ ਲਿਖੀ ਸੀ । ਲਿਖੀ ਕਾਹਦੀ ਸੀ, ਉਹਦੇ ਤੋਂ ਲਿਖ ਹੋ ਗਈ ਸੀ । ਇੱਕੋ ਕਿਤਾਬ ਉਹਦੀ ਕਲਮ ਦੇ ਧੋਣੇ ਧੋ ਗਈ ਸੀ ।

'ਮੇਰਾ ਪਿੰਡ' ਨਾਵਲ ਨਹੀਂ । ਕਹਾਣੀ ਨਹੀਂ । ਕਵਿਤਾ ਨਹੀਂ । ਨਾਟਕ ਨਹੀਂ । ਖੋਜ ਨਹੀਂ । ਆਲੋਚਨਾ ਨਹੀ । ਇਤਿਹਾਸ ਨਹੀਂ ।... ਸਗੋਂ ਇਹ ਸਭ ਕੁਝ ਹੈ ਅਤੇ ਇਨ੍ਹਾਂ ਤੋਂ ਇਲਾਵਾ ਕੁਝ ਹੋਰ ਵੀ ਹੈ । ਲੇਖਾਂ ਦਾ ਸੰਗ੍ਰਹਿ ਵੀ ਹੈ ਅਤੇ ਥੀਮ ਦੀ ਇਕਾਈ ਵੀ । ਲੰਬਾਈ ਚੌੜਾਈ ਦੇ ਨਾਲ ਨਾਲ ਇਸ ਕਿਤਾਬ ਕੋਲ ਉਚਾਈ ਵੀ ਹੈ ਤੇ ਡੂੰਘਾਈ ਵੀ ।

ਲੰਮੇਂ ਸਮੇਂ ਤੋਂ 'ਮੇਰਾ ਪਿੰਡ' ਕੋਰਸਾਂ 'ਚ ਲੱਗੀ ਆ ਰਹੀ ਹੈ । ਕਿਸੇ ਜਮਾਤ ਵਿਚ ਪੂਰੀ, ਕਿਸੇ ਜਮਾਤ ਵਿਚ ਅਧੂਰੀ ਅਤੇ ਕਿਸੇ ਵਿਚ ਕੋਈ ਟੁਕੜਾ । ਸਿਲੇਬਸ ਤੋਂ ਬਾਹਰ ਵੀ ਇਹਦਾ ਚੰਗਾ ਜ਼ਿਕਰ ਹੁੰਦਾ ਆਇਆ ਹੈ । ਇਹਦੇ ਕਰਕੇ ਗਿਆਨੀ ਗੁਰਦਿੱਤ ਸਿੰਘ ਨੂੰ ਪਾਠਕਾਂ ਨੇ ਚੇਤੇ ਵਿਚ ਵਸਾਇਆ ਹੈ । ਪਾਰਖੂ ਨਜ਼ਰਾਂ ਨੇ ਦੂਜੀਆਂ ਜ਼ਬਾਨਾਂ 'ਚ ਉਲਥਾਇਆ ਹੈ । ਇਸ ਬਹਾਨੇ ਪੰਜਾਬੀ ਦਾ ਦਾਇਰਾ ਵਧਾਇਆ ਹੈ । ਗਿਆਨੀ ਗੁਰਦਿੱਤ ਸਿੰਘ ਇਸ ਵੇਲੇ ਬਿਰਧ ਅਵਸਥਾ ਵਿਚ ਹੈ । ਉਹ ਆਪਣੀ ਕਲਮ ਦੇ ਆਸਰੇ ਕਈ ਸੰਸਥਾਵਾਂ ਨਾਲ ਜੁੜਿਆ ਰਿਹਾ ਹੈ । ਉਹਨੇ ਨਿੱਠ ਕੇ ਕੰਮ ਕੀਤਾ ਹੈ । ਫਲ ਪਾਇਆ ਹੈ । ਮੁੜ੍ਹਕੇ ਦਾ ਮੁੱਲ ਵੱਟਿਆ ਹੈ । ਪਰ 'ਮੇਰਾ ਪਿੰਡ' ਲਈ ਉਹਨੂੰ ਪਸੀਨਾ ਨਹੀਂ ਸੀ ਡੋਲ੍ਹਣਾ ਪਿਆ । ਇਹੋ ਜਿਹੀਆਂ ਕਿਤਾਬਾਂ ਤਾਂ ਹੌਲੀਆਂ ਫੁੱਲ ਹੁੰਦੀਆਂ ਹਨ । ਲਿਖਣ ਵਾਲੇ ਨੂੰ ਆਨੰਦ ਲਿਆ ਦੇਂਦੀਆਂ ਹਨ । ਪੜ੍ਹਨ ਵਾਲੇ ਨੂੰ ਖੰਭ ਲਾ ਦਿੰਦੀਆਂ ਹਨ । ਇਹ ਕਿਸੇ ਇਕ ਵਰਗ ਲਈ ਨਹੀਂ ਹੁੰਦੀਆਂ । ਇਹ ਪੜ੍ਹੀਆਂ ਜਾ ਸਕਦੀਆਂ ਹਨ, ਪੜ੍ਹਾਈਆਂ ਜਾ ਸਕਦੀਆਂ ਹਨ । ਸੁਣੀਆਂ ਜਾ ਸਕਦੀਆਂ ਹਨ, ਸੁਣਾਈਆਂ ਜਾ ਸਕਦੀਆਂ ਹਨ । ਅਜਿਹੀ ਕਿਤਾਬ ਬੰਦੇ ਨੂੰ ਆਪਣੇ ਨਾਲ ਜੋੜਦੀ ਹੈ । ਆਪਣੀ ਬੋਲੀ ਨਾਲ ਜੋੜਦੀ ਹੈ । ਆਪਣੇ ਸਭਿਆਚਾਰ ਨਾਲ ਜੋੜਦੀ ਹੈ । ਕਈ ਗੁਣਾਂ ਵਧਾ ਕੇ ਮੁੱਲ ਮੋੜਦੀ ਹੈ ।

ਗਿਆਨੀ ਗੁਰਦਿੱਤ ਸਿੰਘ ਦਾ ਨਾਂ ਪਾਠਕ ਸਿਰਫ਼ 'ਮੇਰਾ ਪਿੰਡ' ਕਰਕੇ ਹੀ ਜਾਣਦੇ ਹਨ । ਪਰ ਪੱਤਰਕਾਰਾਂ ਨੂੰ ਪਤਾ ਹੈ ਕਿ ਉਹ ਪਹਿਲਾਂ ਪਟਿਆਲਿਉਂ ਤੇ ਫੇਰ ਚੰਡੀਗੜ੍ਹੋਂ 'ਪ੍ਰਕਾਸ਼' ਅਖ਼ਬਾਰ ਕੱਢਦਾ ਰਿਹਾ ਹੈ । ਸਿਆਸਤ ਨਾਲ ਸਰੋਕਾਰ ਰੱਖਣ ਵਾਲਿਆਂ ਨੂੰ ਜਾਣਕਾਰੀ ਹੋਵੇਗੀ ਕਿ ਉਹ ਕਦੇ ਪੰਜਾਬ ਦੀ ਵਿਧਾਨ ਪ੍ਰੀਸ਼ਦ ਦਾ ਮੈਂਬਰ ਰਿਹਾ ਹੈ ਅਤੇ ਗਿਆਨ ਸਿੰਘ ਰਾੜੇਵਾਲਾ, ਪ੍ਰਤਾਪ ਸਿੰਘ ਕੈਰੋਂ ਅਤੇ ਗਿਆਨੀ ਜ਼ੈਲ ਸਿੰਘ ਉਹਦੇ ਸਰਪ੍ਰਸਤ ਰਹੇ ਹਨ । ਧਾਰਮਿਕ ਮੱਸ ਵਾਲਿਆਂ ਨੂੰ ਦੱਸਣ ਦੀ ਲੋੜ ਨਹੀਂ ਕਿ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਾਰਜਾਂ ਨਾਲ ਜੁੜਿਆ ਰਿਹਾ ਹੈ ।

ਮੇਰਾ ਵਾਹ ਗਿਆਨੀ ਜੀ ਨਾਲ ਪਹਿਲਾਂ ਸੂਬਾ ਸਿੰਘ ਕਰਕੇ ਅਤੇ ਫੇਰ ਚੰਡੀਗੜ੍ਹ ਕਰਕੇ ਪੈਂਦਾ ਰਿਹਾ ਹੈ । 'ਮੇਰਾ ਪਿੰਡ' ਵਿਚ ਵਿਆਪਤ ਸਰਲਤਾ, ਸੱਚਾਈ, ਸਾਦਗੀ ਅਤੇ ਤਨਜ਼ ਉਨ੍ਹਾਂ ਦੀ ਬੋਲਬਾਣੀ ਵਿਚ ਅਜੇ ਵੀ ਕਾਇਮ ਹੈ । ਕਾਰ-ਵਿਹਾਰ ਦੀ ਮਜਬੂਰੀ ਵਜੋਂ ਮਨੁੱਖ ਨੂੰ ਜ਼ਿੰਦਗੀ ਵਿਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਪੈਂਦੀਆਂ ਹਨ । ਪਾਪੜ ਵੇਲਣੇ ਪੈਂਦੇ ਹਨ । ਪ੍ਰੰਤੂ ਅਸਲੀ ਖੁਸ਼ੀ ਉਹਨੂੰ ਉਦੋਂ ਹੀ ਮਿਲਦੀ ਹੈ ਜਦੋਂ ਉਹ ਕੋਈ ਕੰਮ ਸਿਰਫ਼ ਆਪਣੀ ਆਤਮਾ ਦੀ ਖੁਸ਼ੀ ਲਈ ਕਰਦਾ ਹੈ । ਅਹੁਦੇ ਲਈ ਨਹੀਂ । ਇਵਜ਼ਾਨੇ ਲਈ ਨਹੀਂ । ਇਨਾਮ ਲਈ ਨਹੀਂ । 'ਮੇਰਾ ਪਿੰਡ' ਇਹੋ ਜਿਹਾ ਹੀ ਕੰਮ ਹੈ ।

ਕਿਤਾਬ ਦਾ ਹੁਣ 'ਹੋਰ ਤਰ੍ਹਾਂ' ਜ਼ਿਕਰ ਹੋਣਾ ਸ਼ੁਰੂ ਹੋਇਆ ਹੈ । ਇਸ ਦੇ ਲੇਖਕ ਨੂੰ ਸਰਕਾਰ ਨੇ ਵੱਡਾ ਸਾਰਾ ਇਨਾਮ ਦਿੱਤਾ ਹੈ । ਕਿਤਾਬ ਨਾਲ ਜੁੜ ਕੇ ਇਨਾਮ ਹੋਰ ਵੱਡਾ ਹੋ ਗਿਆ ।...ਪਰ ਇਨਾਮਾਂ ਬਾਰੇ ਫੈਸਲਿਆਂ 'ਤੇ ਲੇਖਕ ਕਦੇ ਵੀ ਇਕਮੱਤ ਨਹੀਂ ਹੁੰਦੇ । ਲੇਖਕਾਂ ਦੇ ਆਪੋ ਆਪਣੇ ਧੜੇ ਹੁੰਦੇ ਹਨ । ਉਹ ਹਮੇਸ਼ਾ ਹੀ ਆਪਣਿਆਂ ਦੇ ਹੱਕ ਵਿਚ ਅਤੇ ਦੂਜਿਆਂ ਦੇ ਖਿਲਾਫ਼ ਖੜ੍ਹੇ ਹੁੰਦੇ ਹਨ । ਕੋਈ ਵੀ ਧੜਾ ਕਿਤਾਬਾਂ ਜਾਂ ਪਾਠਕਾਂ ਦੇ ਨਾਲ ਨਹੀਂ ਹੁੰਦਾ । ਉਨ੍ਹਾਂ ਨੂੰ ਸਾਹਿਤ ਦੇ ਭਲੇ ਦਾ ਕੋਈ ਖ਼ਿਆਲ ਨਹੀਂ ਹੁੰਦਾ । ਉਹ ਤਾਂ ਬਸ ਆਪਣੇ ਕੈਂਡੀਡੇਟ ਨੂੰ ਜਿਤਾਉਣਾ ਚਾਹੁੰਦੇ ਹਨ । ਦੂਜੇ ਦੀ ਅੜ ਭੰਨਣੀ ਅਤੇ ਆਪਣੀ ਹਿੰਡ ਪੁਗਾਉਣਾ ਚਾਹੁੰਦੇ ਹਨ ।...ਤੇ ਕਈ ਕਿਤਾਬਾਂ ਇਹੋ ਜਿਹੇ ਚਿੱਕੜ ਵਿਚ ਵੀ ਕਮਲ ਵਾਂਗੂੰ ਖਿੜੀਆਂ ਰਹਿੰਦੀਆਂ ਹਨ । 'ਮੇਰਾ ਪਿੰਡ' ਇਹੋ ਜਿਹੀ ਕਿਤਾਬ ਹੈ ।

ਪੰਜਾਬੀ ਵਿਚ ਪਿੰਡ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ । ਸਭਿਆਚਾਰ ਦਾ ਧੁਰਾ ਹੀ ਤਾਂ ਹੈ ਪਿੰਡ । ਡਾ. ਮਹਿੰਦਰ ਸਿੰਘ ਰੰਧਾਵਾ ਨੇ ਇਸ ਖੇਤਰ ਵਿਚ ਚੰਗਾ ਕੰਮ ਕਰਵਾਇਆ । ਦੇਵਿੰਦਰ ਸਤਿਆਰਥੀ ਅਤੇ ਡਾ. ਵਣਜਾਰਾ ਬੇਦੀ ਨੇ ਜ਼ਿੰਦਗੀ ਹੀ ਲੇਖੇ ਲਾ ਦਿੱਤੀ । ਯੂਨੀਵਰਸਿਟੀਆਂ ਅਤੇ ਅਕਾਦਮੀਆਂ ਨੇ ਵੀ ਕਾਰਵਾਈਆਂ ਪਾਈਆਂ । ਪਰ ਕਹਿੰਦੇ ਨੇ ਕਿ ਕਿਤਾਬ ਹੱਥ ਵਿਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ । ਸਿਰ ਵਿਚ ਹੋਵੇ ਤਾਂ ਹੰਕਾਰ ਹੁੰਦੀ ਹੈ । ਦਿਲ ਵਿਚ ਵੱਸ ਜਾਵੇ ਤਾਂ ਪਿਆਰ ਹੁੰਦੀ ਹੈ । 'ਮੇਰਾ ਪਿੰਡ' ਦੀ ਸ਼ੈਲੀ ਪਾਠਕ ਦੇ ਦਿਲ ਵਿਚ ਵੱਸ ਜਾਂਦੀ ਹੈ । ਹਾਸੇ ਹਾਸੇ ਵਿਚ ਕੰਮ ਦੀਆਂ ਗੱਲਾਂ ਦੱਸ ਜਾਂਦੀ ਹੈ ।

ਅਖ਼ੀਰ ਵਿਚ ਮੈਂ ਇਹ ਬੇਨਤੀ ਆਪਣੇ ਲੇਖਕ ਭਾਈਚਾਰੇ ਨੂੰ ਕਰਨਾ ਚਾਹੁੰਦਾ ਹਾਂ ਕਿ ਬਹੁਤ ਵੱਡੀ ਗਿਣਤੀ ਵਿਚ ਸਾਡੇ ਕੋਲ ਅਜਿਹੇ ਪਾਠਕ ਹਨ ਜੋ ਸਿਰਫ਼ ਪੰਜਾਬੀ ਹੀ ਪੜ੍ਹਨਾ ਜਾਣਦੇ ਹਨ । ਅਤੇ ਬਹੁਤ ਸਾਰੇ ਨਵੇਂ ਪਾਠਕ ਹੋਰਨਾਂ ਭਾਸ਼ਾਵਾਂ ਤੋਂ ਇਲਾਵਾ ਪੰਜਾਬੀ ਨਾਲ ਜੁੜਨਾ ਚਾਹੁੰਦੇ ਹਨ । ਉਨ੍ਹਾਂ ਨੂੰ ਸਾਡੀਆਂ ਤਿਕੜਮਬਾਜ਼ੀਆਂ ਨਾਲ ਕੋਈ ਸਰੋਕਾਰ ਨਹੀਂ ਹੁੰਦਾ । ਉਹ ਤਾਂ ਅਜਿਹੀਆਂ ਲਿਖਤਾਂ ਚਾਹੁੰਦੇ ਹਨ ਜਿਨ੍ਹਾਂ ਨੂੰ ਪੜ੍ਹ ਕੇ ਉਹ ਠੱਗੇ ਹੋਏ ਮਹਿਸੂਸ ਨਾ ਕਰਨ । ਜਿਨ੍ਹਾਂ ਦੇ ਸਾਹਮਣੇ ਉਹ ਖੁਦ ਨੂੰ 'ਅਨਪੜ੍ਹ' ਮਹਿਸੂਸ ਨਾ ਕਰਨ । ਜਿਨ੍ਹਾਂ ਨੂੰ ਉਹ ਦੂਜਿਆਂ ਨਾਲ ਸਾਂਝਾ ਕਰ ਸਕਣ । ਘਰ ਵਿਚ ਰੱਖ ਸਕਣ । ਵਾਰਤਕ ਵਿਚ ਸਾਡੇ ਕੋਲ ਇਹੋ ਜਿਹੀ ਇਕ ਕਿਤਾਬ ਤਾਂ 'ਮੇਰਾ ਪਿੰਡ' ਹੈ । ਆਓ ਇਹੋ ਜਿਹੀਆਂ ਹੋਰ ਕਿਤਾਬਾਂ ਲੱਭਣ ਦੀ ਮੁਹਿੰਮ ਸ਼ੁਰੂ ਕਰੀਏ । ਇਹਨਾਂ ਨੂੰ ਯਾਦ ਕਰੀਏ । ਇਹਨਾਂ ਦਾ ਸਨਮਾਨ ਕਰੀਏ ।

ਛੋਡੀਏ ਧੜਾ ਤਿਆਗੀਏ ਹਿੰਡ ।
ਤੇਰਾ ਪਿੰਡ ਸੋ ਮੇਰਾ ਪਿੰਡ¨

('ਮੇਰਾ ਪਿੰਡ' ਲਈ ਇਨਾਮ ਲੈਣ ਪਿੱਛੋਂ)

••••••

14. ਹਸਰਤਾਂ ਦੇ ਮੇਲੇ

ਇਹ ਤਾਂ ਪਤੈ ਕਿ ਮੌਜ ਦਾ ਮਤਲਬ ਹੁੰਦੈ ਲਹਿਰ । ਲਹਿਰ ਦਾ ਬਣਨਾ, ਵਿਗਸਣਾ, ਮਿਟਣਾ...ਸਭ ਪਾਣੀ ਕਰਕੇ ਹੁੰਦੈ । ਪਾਣੀ ਹੀ ਹੁੰਦੈ । ਮੌਜ ਮੂਡ ਵਰਗੀ ਹੁੰਦੀ ਏ । ਮੂਡ ਨੂੰ ਰਉਂ ਵੀ ਕਹਿ ਲੈਂਦੇ ਨੇ । ਰਉਂ ਅਥਵਾ ਰੌ ਵੀ ਤਾਂ ਲਹਿਰ ਦਾ ਹੀ ਇਕ ਹੋਰ ਨਾਂ ਏ । ਹਾਂ, ਏਨੀ ਗੱਲ ਤਾਂ ਸਾਰਿਆਂ ਨੂੰ ਪਤੈ, ਇਸ ਵਿਚ ਬਹਿਸ ਵਾਲੀ ਕਿਹੜੀ ਥਾਂ ਏ?

ਬਹਿਸ ਵਾਲੀ ਕੋਈ ਗੱਲ ਨਹੀਂ, ਐਵੇਂ ਇਸ ਸ਼ਬਦ ਨਾਲ ਖੇਡਣ ਲੱਗ ਪਿਆ ਸਾਂ । ਮੌਜ ਦਾ ਬਣਿਆ ਮੌਜੀ । ਮੌਜੀ ਅੱਗੋਂ ਮੌਜੂ ਉਡਾਉਣ ਲੱਗਾ । ਮੈਨੂੰ ਪੁਰਾਣੀਆਂ ਗੱਲਾਂ ਦਾ ਚੇਤਾ ਆਉਣ ਲੱਗਾ :

ਯੂਨੀਵਰਸਿਟੀ ਵਿਚ ਸਾਹਿਤਕ ਮੇਲਾ ਜਿਹਾ ਸੀ । ਲੇਖਕ ਮਿੱਤਰ ਘਾਹ ਦੇ ਮੈਦਾਨ ਵਿਚ ਟੁਕੜੀਆਂ 'ਚ ਬੈਠੇ ਗੱਪ-ਸ਼ੱਪ ਦੇ ਰਉਂ ਵਿਚ ਸਨ । ਮੇਰੇ ਲਾਗੇ ਹਸਰਤ ਬੈਠਾ ਸੀ । ਸੁਖਪਾਲਵੀਰ ਸਿੰਘ ਹਸਰਤ । ਪੰਜਾਬ ਦੇ ਲੋਕ ਸੰਪਰਕ ਵਿਭਾਗ ਵਿਚ 'ਜਾਗਿ੍ਤੀ' ਦਾ ਸੰਪਾਦਕ ਲੱਗਾ ਹੋਇਆ ਸੀ । ਪਾਣੀ ਵਰਗਾ ਤਰਲ ਤੇ ਸਰਲ ਸੁਭਾਅ । ਸਾਹਿਤ ਵਿਚ ਜਿਹੜੀ ਵੀ ਲਹਿਰ ਚੱਲਦੀ, ਉਸੇ ਨਾਲ ਜੁੜ ਜਾਂਦਾ । ਜਿਧਰ ਦੀ ਹਵਾ ਸੂਤ ਬਹਿੰਦੀ, ਓਧਰ ਨੂੰ ਮੁੜ ਜਾਂਦਾ । ਹੁੰਦੇ ਤਾਂ ਬਾਕੀਆਂ ਚੋਂ ਬਹੁਤੇ ਵੀ ਇਹੋ ਜਿਹੇ ਹੀ, ਪਰ ਉਹਦਾ ਪਤਾ ਲੱਗ ਜਾਂਦਾ । ਉਹ ਕਦੇ ਕੁਝ ਨਾ ਲੁਕਾਉਂਦਾ । ਉਹਨੂੰ ਲੁਕੋਣਾ ਨਾ ਆਉਂਦਾ ।...ਹਾਂ, ਤੇ ਪਾਰਕ ਵਿਚ ਅਸੀਂ ਕੋਲ ਕੋਲ ਬੈਠੇ ਸਾਂ । ਵੇਖਿਆ ਕਿ ਲੋਕ ਨਾਥ ਸਾਡੇ ਵੱਲ ਤੁਰਿਆ ਆ ਰਿਹੈ । ਉਹ ਤੁਰਿਆ ਆਉਂਦਾ ਮਸਤੀ ਜਿਹੀ ਵਿਚ ਡੋਲ ਰਿਹਾ ਸੀ । ਕਿਸੇ ਨੂੰ ਕੁਝ ਆਖ ਨਹੀਂ ਸੀ ਰਿਹਾ, ਬਸ ਬੋਲ ਰਿਹਾ ਸੀ । ਮੈਨੂੰ ਸ਼ਰਾਰਤ ਸੁੱਝੀ :

? ਹਸਰਤ! ਵੇਖ ਕੌਣ ਆਉਂਦੈ
-ਆਉਣ ਦੇ

? ਕੁਝ ਬੋਲਦਾ ਪਿਐ
-ਮੌਜਾਂ ਲੈਣ ਦੇ

? ਵਿਚ ਵਿਚ ਤੇਰਾ ਨਾਂ ਪਿਆ ਲੈਂਦੇ
- ਚੰਗੀ ਗੱਲ ਐ

? ਸ਼ਾਇਦ ਗਾਲ੍ਹ ਕੱਢੀ ਸੂ
- ਪਾ..ਗ..ਲ ਏ

? ਨਹੀਂ ਯਾਰ! ਇਹ ਤਾਂ ਤੇਰੇ ਸ਼ਕਤੀਵਾਦ ਦੀ ਸਿਫ਼ਤ ਪਿਆ ਕਰਦੈ
- ਮੌ..ਜੀ ਏ!

ਅਗਲੇ ਪਲ ਅਸੀਂ ਤਿੰਨੇ ਬਿਨਾਂ ਗੱਲ ਤੋਂ ਠਹਾਕੇ ਲਾ ਰਹੇ ਸਾਂ । ਉਦੋਂ ਗੱਲ ਆਈ ਗਈ ਹੋ ਗਈ ਪਰ ਮਨ ਵਿਚ ਕਿਤੇ ਘੁੰਡੀ ਜਿਹੀ ਬੱਝ ਗਈ ਕਿ ਇਕ ਪਲ ਵਿਚ ਕੋਈ 'ਪਾਗਲ' ਭਲਾ 'ਮੌਜੀ' ਕਿਵੇਂ ਬਣ ਜਾਂਦੈ!

ਓਦੋਂ ਸਾਡੀ ਸਮਝ ਵਿੱਚ ਬਹੁਤ ਕੁਝ ਨਹੀਂ ਸੀ ਆਉਂਦਾ । ਸਮਝਣ ਦੀ ਉਮਰ ਨਹੀਂ ਸੀ । ਮੌਜ ਮੇਲੇ ਦੇ ਦਿਨ ਸਨ । ਲੱਥੀ ਨਾ ਚੜ੍ਹੀ । ਬਸ ਮੌਕਾ ਲੱਭਦੇ ਰਹਿਣਾ । ਹੱਸਣ ਦਾ । ਅਗਲੇ ਦਾ ਦਿਲ ਦੁਖਾਉਣ ਦੀ ਮਨਸ਼ਾ ਨਹੀਂ ਸੀ ਹੁੰਦੀ ਪਰ ਦੁੱਖਦਾ ਜ਼ਰੂਰ ਹੋਏਗਾ । ਧੂੰਆਂ ਨਾ ਵੀ ਦਿਸੇ ਪਰ ਅੰਦਰੇ ਅੰਦਰ ਧੁਖਦਾ ਜਰੂਰ ਹੋਏਗਾ । ਹੁਣ ਸਮਝ ਆਉਂਦੀ ਏ ਕਿ ਉਹ ਜੋ ਵੀ ਕਰਦਾ ਸੀ, ਸੋਚ ਸਮਝ ਕੇ ਕਰਦਾ ਸੀ । ਉਸ ਨੇ ਕੁਝ ਬਣਨ ਦਾ, ਬਣ ਕੇ ਵਿਖਾਉਣ ਦਾ ਟੀਚਾ ਮਿਥਿਆ ਹੋਇਆ ਸੀ । ਟੀਚੇ ਦੀ ਪ੍ਰਾਪਤੀ ਲਈ ਉਹ ਯੋਜਨਾਬੱਧ ਤਰੀਕੇ ਨਾਲ ਕੰਮ ਕਰਦਾ । ਤਿਆਰ-ਬਰ-ਤਿਆਰ ਹੋ ਕੇ, ਹੌਸਲੇ ਨਾਲ, ਹਾਲਾਤ ਦਾ ਟਾਕਰਾ ਕਰਦਾ । ਕਿਸੇ ਚੁਣੌਤੀ, ਕਿਸੇ ਖਤਰੇ, ਕਿਸੇ ਨਮੋਸ਼ੀ ਤੋਂ ਨਾ ਡਰਦਾ ।

ਨਿੱਕੇ ਮੋਟੇ ਫੰਕਸ਼ਨ ਵਿੱਚ ਵੀ ਉਹ ਸਜ ਧਜ ਕੇ ਪਹੁੰਚਦਾ । ਆਪਣੇ ਟੀਚੇ ਪ੍ਰਤੀ ਸੁਚੇਤ ਰਹਿੰਦਾ । ਮੂਹਰਲੀ ਕਤਾਰ ਵਿੱਚ, ਮੁੱਖ ਮਹਿਮਾਨ ਦੇ ਲਾਗੇ-ਚਾਗੇ ਬਹਿੰਦਾ । ਜੋ ਵੀ ਕਹਿੰਦਾ, ਗੱਜ-ਵੱਜ ਕੇ ਕਹਿੰਦਾ । ਉਹਦੀ ਬੋਲ-ਬਾਣੀ ਵਿੱਚ ਲਚਕ ਹੁੰਦੀ । ਮਝੈਲੀ ਲਹਿਜੇ ਵਿੱਚ ਉਹਦੀ ਲਮਕਾ ਕੇ ਕਹੀ ਹੋਈ ਗੱਲ ਕਿਸੇ ਤੋਂ ਗੁੱਝੀ ਨਾ ਰਹਿੰਦੀ । ਇਕ ਵਾਰੀ ਗਵਰਨਰੀ ਰਾਜ ਵਿੱਚ ਸਿਧਾਰਥ ਸ਼ੰਕਰ ਰੇਅ ਦੇ ਸਰਕਾਰੀ ਪ੍ਰੋਗਰਾਮ ਵਿੱਚ ਉਹ ਸਟੇਜ ਸੰਭਾਲ ਰਿਹਾ ਸੀ । ਉਹਦੇ ਬੋਲਣ ਦੇ ਅੰਦਾਜ਼ ਤੋਂ ਬੰਗਾਲੀ ਬਾਬੂ ਨੇ ਸਮਝ ਲਿਆ ਕਿ ਉਹ ਡਿਊਟੀ ਵੇਲੇ ਦਾਰੂ ਪੀਈ ਫਿਰਦੈ । ਬੜੀ ਮੁਸ਼ਕਿਲ ਨਾਲ ਭਰਮ ਦੂਰ ਹੋਇਆ । ਮੀਂਹ ਦੇ ਤਿਲਕੇ ਦਾ ਅਤੇ ਅਫ਼ਸਰ ਦੇ ਝਿੜਕੇ ਦਾ ਕੋਈ ਮਿਹਣਾ ਨਹੀਂ ਹੁੰਦਾ । ਫਿਰ ਨਿੱਕਾ ਮੋਟਾ ਅਫ਼ਸਰ ਤਾਂ ਉਹ ਆਪ ਵੀ ਸੀ ।

ਉਹ ਚਾਹੁੰਦਾ ਸੀ, ਉਸ ਨੂੰ ਵੱਡਾ ਸ਼ਾਇਰ ਮੰਨਿਆ ਜਾਵੇ । ਇਸ ਚਾਹਤ ਦੀ ਪੂਰਤੀ ਲਈ ਉਹ ਹਰ ਲਹਿਰ ਨਾਲ ਤੁਰਿਆ । ਰੋਮਾਂਟਿਕ ਲਹਿਰ 'ਚੋਂ ਉਭਰ ਕੇ ਪ੍ਰਯੋਗਸ਼ੀਲ ਹੋ ਗਿਆ । ਗੱਲ ਬਹੁਤੀ ਬਣਦੀ ਨਾ ਜਾਪੀ ਤਾਂ 'ਸ਼ਕਤੀਵਾਦ' ਦੀ ਘੋਸ਼ਣਾ ਕਰ ਦਿੱਤੀ । ਸਿਰਫ਼ ਘੋਸ਼ਣਾ ਹੀ ਨਹੀ, ਇਸ ਨੂੰ ਪ੍ਰਚਾਰਨ, ਪ੍ਰਸਾਰਨ ਲਈ ਮੁਸ਼ੱਕਤ ਵੀ ਕੀਤੀ । ਲੇਖ ਲਿਖੇ, ਲਿਖਵਾਏ । ਅੰਗਰੇਜ਼ੀ ਵਿੱਚ ਇਸ ਦਾ ਨਾਂ ਵਾਈਟਲਿਜ਼ਮ (V9T1L9SM) ਰੱਖਿਆ । ਡਾਕਟਰ ਅਤਰ ਸਿੰਘ ਵਰਗੇ ਵਿਦਵਾਨਾਂ ਨੇ ਇਸ ਫਲਸਫੇ ਨੂੰ 'ਗੁਰੂ ਗੋਬਿੰਦ ਸਿੰਘ, ਨਿਤਸ਼ੇ ਅਤੇ ਸਰ ਮੁਹੰਮਦ ਇਕਬਾਲ ਦੇ ਫਲਸਫੇ ਦੇ ਸਮਵਿੱਥ ਦੱਸਿਆ । 'ਸਾਹਿਤ ਸਮੀਖਿਆ ਬੋਰਡ' ਬਣਾ ਕੇ ਕਾਰਵਾਈਆਂ ਕਰਵਾਈਆਂ । ਫੋਟੂਆਂ ਲੁਹਾਈਆਂ । ਬਾਰ ਬਾਰ ਛਪਵਾਈਆਂ । ਸਾਹਿਤ ਦੇ ਇਤਿਹਾਸ ਵਿੱਚ ਇੰਦਰਾਜ ਹੋ ਗਏ । ਸੋਵੀਅਤ ਖੋਜੀ ਸਰਬੀਆਕੋਵ ਵਾਲੇ 'ਪੰਜਾਬੀ ਸਾਹਿਤ ਦਾ ਇਤਿਹਾਸ' ਵਿੱਚ ਤਾਂ ਉਹਦੀ ਹਸਰਤ ਚੰਗੀ ਤਰ੍ਹਾਂ ਪੂਰੀ ਹੋਈ । ਕਿਸੇ ਇੱਕਲੇ ਸ਼ਖ਼ਸ ਲਈ ਏਨਾ ਕੁਝ ਕਰ ਗੁਜ਼ਰਨਾ ਕਿਸੇ ਕੌਤਕ ਨਾਲੋਂ ਘੱਟ ਨਹੀਂ ।

ਇਕ ਸਮਾਂ ਅਜਿਹਾ ਆਇਆ ਕਿ ਲੋਕ ਉਹਦਾ ਸ਼ਰੇਆਮ ਮੌਜੂ ਉਡਾਉਣ ਲੱਗੇ । ਉਹਦੀ ਹਰ ਹਰਕਤ ਨੂੰ ਹਾਸੋਹੀਣੀ ਸਮਝਣ ਲੱਗੇ, ਪਰ ਉਹਨੇ ਆਪਣੀ ਤੋਰ ਨਾ ਬਦਲੀ । ਸਾਬਤ ਕਦਮ ਤੁਰਿਆ ਰਿਹਾ । ਸਟੇਜ ਉਤੇ ਕਵਿਤਾ ਬੋਲਣ ਲਈ ਚੜ੍ਹਿਆ ਈ ਸੀ... ਮਾਈਕ ਹਾਲੇ ਹੱਥ ਵਿਚ ਫੜਿਆ ਈ ਸੀ...ਕਿ ਸਰੋਤਿਆਂ 'ਚੋਂ ਕਿਸੇ ਨੇ ਸਾਂਗ ਲਾ ਦਿੱਤੀ । ਉਹ ਸਹਿਜ ਭਾਅ ਕੂਇਆ:

? ਇਹ ਕੀਹਦਾ ਢਿੱਡ ਦੁਖਿਐ
-ਤੂੰ ਬੁੱਝ

? ਫਲਾਣੇ ਦਾ ਦੁਖਿਆ ਹੋਣੈ
-ਉਹ ਤਾਂ ਅੱਜ ਆਇਆ ਈ ਨਹੀਂ

? ਫੇਰ ਤੇਰਾ ਦੁਖਦਾ ਹੋਣੈ...
ਹਾਸੜ ਮੱਚ ਗਿਆ । ਤੇ ਹਾਸੇ ਹਾਸੇ ਵਿੱਚ ਹੀ ਉਹ ਆਪਣੀ ਵਾਰੀ ਭੁਗਤਾ ਕੇ ਉਤਰ ਗਿਆ । ਆਪਣੀ ਸੀਟ 'ਤੇ ਜਾ ਬੈਠਾ । ਉਹਦੇ ਚਿਹਰੇ 'ਤੇ ਕੋਈ ਮਲਾਲ ਨਹੀਂ ਸੀ, ਨਾ ਕਿਸੇ ਪ੍ਰਤੀ ਕੋਈ ਗੁੱਸਾ । ਉਹਦਾ ਧਿਆਨ ਸਿਰਫ਼ ਫੋਟੋਗ੍ਰਾਫਰ ਵੱਲ ਸੀ ।

•••

ਮੇਰੇ ਨਾਲ ਉਹਦਾ ਖਾਸ ਮੋਹ ਸੀ । ਇਲਾਕੇ ਦਾ ਹੋਣ ਕਰਕੇ । ਬਜ਼ੁਰਗ ਸ਼ਾਇਰ ਜਸਵੰਤ ਸਿੰਘ ਰਾਹੀ ਜਦੋਂ ਵੀ ਆਉਂਦਾ, ਮੇਰੇ ਕੋਲ ਠਹਿਰਦਾ । ਮੈਨੂੰ ਨਾਲ ਲੈ ਕੇ ਹਸਰਤ ਨੂੰ ਮਿਲਣ ਜਾਂਦਾ । ਉਹ ਦੀਵਾਨ ਸਿੰਘ ਮਹਿਰਮ ਦੇ ਪੰਜਾਬੀ ਦਰਬਾਰ ਦੀਆਂ ਗੱਲਾਂ ਕਰਦੇ । ਸਰਕਾਰੀ ਕਵੀ ਦਰਬਾਰਾਂ ਦੀਆਂ ਸਾਈਆਂ ਲੱਗਦੀਆਂ । ਦੋਏਂ ਜਣੇ ਰਲ ਕੇ ਸ਼ਿਵ ਕੁਮਾਰ ਦੀ ਕਵਿਤਾ ਦਾ ਮਖ਼ੌਲ ਉਡਾਉਂਦੇ । ਨਿੱਕੀਆਂ ਨਿੱਕੀਆਂ ਬੇਮਤਲਬ ਜਿਹੀਆਂ ਗੱਲਾਂ 'ਤੇ ਬੇਮਤਲਬ ਹੱਸੀ ਜਾਂਦੇ । ਇਕ ਵਾਰੀ ਰਾਹੀ ਨੇ ਮੇਰੇ ਮਤਲਬ ਦੀ ਗੱਲ ਛੇੜੀ :

? ਯਾਰ ਹਸਰਤ! ਤੂੰ ਜਾਗਿ੍ਤੀ ਵਿੱਚ ਕੀ ਊਟ ਪਟਾਂਗ ਲੇਖਕਾਂ ਨੂੰ ਛਾਪੀ ਜਾਨੈ
- ਹੋਰ ਕੀ ਛਾਪਾਂ

? ਆਪਣੇ ਇਲਾਕੇ ਦੇ ਲਿਖਾਰੀਆਂ ਨੂੰ ਵੱਧ ਛਾਪਿਆ ਕਰ
- ਤੈਨੂੰ ਛਾਪਦਾ ਤੇ ਹੈ ਵਾਂ

? ਆਹ ਭੂਸ਼ਨ ਬੈਠੈ ਤੇਰੇ ਕੋਲ । ਬਹੁਤਿਆਂ ਨਾਲੋਂ ਚੰਗਾ ਲਿਖਦੈ । ਇਹਨੂੰ ਕਦੇ ਨਹੀਂ ਛਾਪਿਆ ।
-ਪੁੱਛ ਲੈ ਇਹਨੂੰ । ਵੀਹ ਵਾਰੀ ਆਖਿਐ, ਕੁਝ ਦੇ ਲਿਖ ਕੇ । ਹੁਣ ਜੇ ਇਹ ਨਾ ਦਏ ਤਾਂ ਇਹਦੀ ਹਿੱਕ ਤੋਂ ਪੜ੍ਹ ਕੇ ਛਾਪ ਦਾਂ...

ਸੱਚੀਂ ਹਸਰਤ ਦੇ ਮਨ ਵਿਚ ਕਿਸੇ ਪ੍ਰਤੀ ਵੀ ਮੰਦਭਾਵਨਾ ਨਹੀਂ ਸੀ, ਸਿਰਫ਼ ਇੱਕੋ ਭਾਵਨਾ ਨਾਲ ਉਹ ਸੁੱਤਾ-ਜਾਗਦਾ, ਦਿਨ-ਰਾਤ, ਚੌਵੀਂ ਘੰਟੇ ਸਰੂਰਿਆ ਰਹਿੰਦਾ । ਉਹ ਜਾਣਦਾ ਸੀ ਕਿ ਸਾਹਿਤ ਦਾ ਸਭ ਤੋਂ ਵੱਡਾ ਸਰਕਾਰੀ ਇਨਾਮ ਭਾਰਤੀ ਸਾਹਿਤ ਅਕਾਦਮੀ ਵਾਲੇ ਦਿੰਦੇ ਨੇ । ਉਹ ਇਹ ਵੀ ਜਾਣਦਾ ਸੀ ਕਿ ਇਹ ਇਨਾਮ ਕਿਵੇਂ ਮਿਲਦਾ ਏ ।...ਤੇ ਉਹਨੂੰ ਪੱਕਾ ਯਕੀਨ ਸੀ ਕਿ ਇਹ ਇਨਾਮ ਉਹ ਖ਼ੁਦ ਵੀ ਲੈ ਸਕਦਾ ਏ । ਆਪਣੀ ਇਹ ਭਾਵਨਾ ਕਦੇ ਉਹਨੇ ਕਿਸੇ ਤੋਂ ਲੁਕਾਈ ਨਹੀਂ ਸੀ । ਸਾਰਿਆਂ ਨੂੰ ਪਤਾ ਸੀ । ਉਹਨੂੰ ਮਿਲਣ ਗਿਲਣ ਵਾਲੇ ਬਹੁਤ ਲੋਕ ਉਹਦੀ ਖੁਸ਼ਫਹਿਮੀ ਨੂੰ ਹਵਾ ਦੇ ਕੇ ਆਪਣਾ ਮਨੋਰਜੰਨ ਕਰਦੇ । ਇਹੋ ਜਿਹਿਆਂ 'ਚ ਸੂਬਾ ਸਿੰਘ ਵੀ ਸ਼ਾਮਲ ਸੀ । ਸੂਬਾ ਸਿੰਘ ਗਿਆਨੀ ਜ਼ੈਲ ਸਿੰਘ ਦਾ ਪ੍ਰੈਸ ਸੈਕਟਰੀ ਹੁੰਦਾ ਸੀ ।

ਛੁੱਟੀ ਵਾਲੇ ਦਿਨ ਸੂਬਾ ਸਿੰਘ ਮੇਰੇ ਘਰ ਆਇਆ, ਚਾਹ ਪਾਣੀ ਪੁੱਛਿਆ ਤਾਂ ਕਹਿੰਦਾ: ਤੂੰ ਤਿਆਰ ਹੋ । ਚੱਲਦੇ ਹਾਂ । ਚਾਹ ਪਾਣੀ ਓਥੇ ਈ ਪੀਵਾਂਗੇ ।

? ਪਰ ਜਾਣਾ ਕਿੱਥੇ ਹੈ, ਇਹ ਤਾਂ ਦੱਸੋ
-ਤੈਨੂੰ ਕਿਹੈ ਨਾ, ਤੂੰ ਛੇਤੀ ਤਿਆਰ ਹੋ ਜਾ, ਬੱਸ

? ਤਿਆਰ ਕਾਹਦੇ ਲਈ, ਪਤਾ ਵੀ ਲੱਗੇ
-ਪਤਾ ਲੱਗਜੂ, ਤੂੰ ਕੱਪੜੇ ਬਦਲ

? ਜਾਣਾ ਕਿੱਥੇ ਐ
-ਹਸਰਤ ਵੱਲ

? ਕੋਈ ਫੰਕਸ਼ਨ ਏ ਉਹਦੇ ਘਰ
-ਨਹੀਂ । ਬੱਸ ਚੱਕਰ ਮਾਰਨ ਜਾਣੈ । ਉਹਦੀ ਘਰਵਾਲੀ ਸ਼ਰਨ ਸੇਵੀਆਂ ਬਹੁਤ ਸਵਾਦੀ ਬਣਾਉਂਦੀ ਹੈ ।

? ਸੇਵੀਆਂ ਖਾਣ ਜਾਣੈ
-ਨਹੀਂ । ਨਾਲ ਹਸਰਤ ਦੀਆਂ ਗੱਲਾਂ ਸੁਣਾਂਗੇ । ਉਹਦੀਆਂ ਗੱਲਾਂ ਬੜੀਆਂ ਸੁਆਦੀ ਹੁੰਦੀਐਂ । ਉਹਦੀ ਘਰ ਆਲੀ ਸ਼ਰਨ ਸੇਵੀਆਂ ਵੀ ਬੜੀ ਸੁਆਦੀ ਬਣਾਉਂਦੀ ਐ ।

ਬਹਿਸ ਦਾ ਕੋਈ ਫ਼ਾਇਦਾ ਨਹੀਂ ਸੀ । ਤਿਆਰ ਹੋ ਕੇ ਨਾਲ ਤੁਰ ਪਿਆ । ਜਦੋਂ ਪਹੁੰਚੇ ਤਾਂ ਸੁਆਗਤ ਹੋਇਆ, ''ਆ ਗਏ ਜਰਨੈਲ ਸੂਬਾ ਸਿੰਘ । ਬਸ ਦੋ ਈ ਤਾਂ ਜਰਨੈਲ ਨੇ ਸਾਡੇ । ਇਕ ਤੂੰ ਤੇ ਦੂਸਰਾ ਅਤਰ ਸਿੰਘ । ਸਰਕਾਰੇ ਦਰਬਾਰੇ ਕੋਈ ਕੰਮ ਹੋਏ, ਕਿਸੇ ਇਕ ਜਰਨੈਲ ਨੂੰ ਫੜ ਲਉ । ਬਸ ਕੰਮ ਹੋਇਆ ਲਉ... ।'' ਸੇਵੀਆਂ ਸਵਾਦੀ ਸਨ ਪਰ ਕਿਸੇ ਦੇ ਭੋਲੇਪਨ ਦਾ ਨਾਜਾਇਜ਼ ਫ਼ਾਇਦਾ ਉਠਾਉਣਾ ਚੰਗਾ ਨਾ ਲੱਗਾ । ਪਿੱਛੋਂ ਸੂਬਾ ਸਿੰਘ ਕੋਲੋਂ ਸਪਸ਼ਟੀਕਰਨ ਮੰਗਿਆ ਤਾਂ ਕਹਿੰਦਾ, 'ਤੈਨੂੰ ਨਾ ਚੰਗਾ ਲੱਗਾ ਹੋਏਗਾ ਪਰ ਉਹਨੂੰ ਪੁੱਛ ਕੇ ਵੇਖ । ਉਹਨੂੰ ਏਹੋ ਕੁਝ ਈ ਚੰਗਾ ਲਗਦੈ ਕਿ ਕੋਈ ਉਹਦੇ ਭਰਮ ਨੂੰ ਬਣਾਈ ਰੱਖਣ ਵਿਚ ਉਹਦੀ ਮਦਦ ਕਰੇ । ਸਾਡਾ ਕੀ ਜਾਂਦੈ । ਉਹਦੀ ਖੁਸ਼ੀ 'ਚ ਸਾਡੀ ਖੁਸ਼ੀ ।...ਨਾਲੇ ਹੱਸ ਖੇਡ ਕੇ ਵਕਤ ਲੰਘ ਜਾਂਦੈ । ਮੁਫ਼ਤ ਦੀ ਐਂਟਰਟੇਨਮੈਂਟ...' ।

ਪਰਮਜੀਤ ਉਹਦੇ ਕੋਲ ਕਲਰਕ ਸੀ । ਪ੍ਰਾਈਵੇਟ ਤੌਰ 'ਤੇ ਪੰਜਾਬੀ ਦੀ ਐੱਮ ਏ ਦੀ ਤਿਆਰੀ ਕਰ ਰਿਹਾ ਸੀ । ਇਕ ਦਿਨ ਕਹਿੰਦਾ, ਹਸਰਤ ਤੰਗ ਕਰਦੈ । ਜਦੋਂ ਵੀ ਕੋਰਸ ਦੀ ਕਿਤਾਬ ਖੋਲ੍ਹਦਾ ਹਾਂ, ਸਿਰ 'ਤੇ ਆ ਖੜ੍ਹਦੈ । ਕੋਈ ਕੰਮ ਦੱਸ ਦੇਂਦੈ । ਦਫ਼ਤਰ ਦਾ ਕੋਈ ਕੰਮ ਨਾ ਹੋਏ ਤਾਂ ਆਪਣੇ ਕੰਮ ਲਾ ਦੇਂਦੈ । ਕਿਤੇ ਭੇਜ ਦੇਂਦੈ । ਪੜ੍ਹਨ ਨਹੀਂ ਦੇਂਦਾ । ਨੌਕਰੀ ਮੇਰੀ ਕੱਚੀ ਐ । ਛੁੱਟੀ ਲੈ ਨਹੀਂ ਸਕਦਾ । ...ਕੀ ਕਰਾਂ, ਸਮਝ ਨਹੀਂ ਆਉਂਦੀ । ਮੈਂ ਉਹਨੂੰ ਸਕੀਮ ਦੱਸੀ । ਉਹ ਖੁਸ਼ ਹੋ ਗਿਆ । ਸੈਕਟਰੀਏਟ ਦੀ ਲਾਇਬਰੇਰੀ 'ਚੋਂ ਹਸਰਤ ਦਾ ਨਾਵਲ ਕਢਾ ਲਿਆਇਆ 'ਕੋਸੀ ਰੁੱਤ' । ਉਹਦਾ ਟਾਈਟਲ ਆਪਣੀ ਕੋਰਸ ਦੀ ਕਿਤਾਬ 'ਤੇ ਚੜ੍ਹਾ ਲਿਆ । ਜਦੋਂ ਕਿਤਾਬ ਖੁੱਲ੍ਹਣ 'ਤੇ ਹਸਰਤ ਨਿਗਰਾਨੀ ਕਰਨ ਆਇਆ ਤਾਂ ਟਾਈਟਲ ਉਹਦੇ ਵੱਲ ਨੂੰ ਕਰ ਦਿੱਤਾ । ਉਹ ਪ੍ਰਸੰਨ ਹੋ ਗਿਆ, Tਅੱਛਾ! ਤੈਨੂੰ ਉੱਤਮ ਸਾਹਿਤ ਪੜ੍ਹਨ ਦਾ ਸ਼ੌਕ ਏ ।...ਕੋਸੀ ਰੁੱਤ...ਨਾਵਲ ਤਾਂ ਮੈਂ ਇੱਕੋ ਲਿਖਿਐ ਪਰ ਕਵਿਤਾ ਦੇ ਕਈ ਸੰਗ੍ਰਹਿ ਨੇ...ਸਰਸਬਜ਼ ਪਤਝੜਾਂ...ਹਯਾਤੀ ਦੇ ਸੋਮੇ...ਪੜ੍ਹਿਆ ਕਰ ਪਰਮਜੀਤ...ਬਾਕੀ ਕਿਤਾਬਾਂ ਵੀ ਵਾਰੀ ਵਾਰੀ ਪੜ੍ਹੀਂ ।" ਇਕ ਦਿਨ ਪਰਮਜੀਤ ਘਬਰਾਇਆ ਜਿਹਾ ਆਇਆ ।

? ਭੂਸ਼ਨ ਅੱਜ ਬੁਰੇ ਫਸੇ
-ਕੀ ਹੋਇਐ?

? ਬਸ, ਚੋਰੀ ਫੜੀ ਗਈ
-ਹੋਇਆ ਕੀ?

? ਟਾਈਟਲ ਬਦਲ ਕੇ ਕਿਤਾਬ ਪੜ੍ਹ ਰਿਹਾ ਸਾਂ । ਉਹ ਆ ਗਿਆ । ਪੁੱਛਿਆ,
''ਕਿਹੜੀ ਕਿਤਾਬ ਪੜ੍ਹਦੈਂ?'' ਟਾਈਟਲ ਉਹਦੇ ਵੱਲ ਕਰ ਦਿੱਤਾ।

ਅੱਗੋਂ ਕਹਿੰਦਾ, ''ਮੇਰੀ ਇਹ ਕਿਤਾਬ ਤਾਂ ਚੌਹਠ ਪੰਨਿਆਂ ਦੀ ਏ । ਤੂੰ ਤਾਂ ਢਾਈ ਤਿੰਨ ਸੌ ਪੰਨਿਆਂ ਦਾ ਪੋਥਾ ਚੁੱਕੀ ਫਿਰਦੈਂ..."

ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਨੂੰ ਮਰਨ ਉਪਰੰਤ ਅਕਾਦਮੀ ਐਵਾਰਡ ਮਿਲਿਆ ਤਾਂ ਮੈਂ ਚੁਟਕੀ ਲਈ '' ਹਸਰਤ ਸਾਹਿਬ! ਹੁਣ ਤਾਂ ਅਕਾਦਮੀ ਵਾਲਿਆਂ ਨੇ ਸ਼ਾਇਦ ਨੇਮ ਹੀ ਬਣਾ ਲਿਐ ਕਿ ਜਿਉਂਦੇ ਜੀਅ ਕਿਸੇ ਲੇਖਕ ਨੂੰ ਅੱਗੇ ਤੋਂ ਇਨਾਮ ਨਹੀਂ ਦੇਣਾ । ਹੁਣ ਤੁਹਾਡਾ ਕੀ ਬਣੇਗਾ ।''

ਅੱਗੋਂ ਹੱਸ ਕੇ ਕਹਿੰਦਾ, ''ਮੈਂ ਤਾਂ ਮਰ ਕੇ ਵੀ ਆਸ ਨਹੀਂ ਛੱਡਣੀ ।''

...ਤੇ ਆਖ਼ਰ ਉਹ ਕਾਮਯਾਬ ਹੋਇਆ । ਉਹਨੂੰ ਇਹ ਇਨਾਮ ਮਿਲ ਗਿਆ । ਜਦੋਂ ਮਿਲਿਆ ਉਦੋਂ ਉਹਦੀ ਪੋਸਟਿੰਗ ਰੋਪੜ ਸੀ । ਲੈਟਰ ਬਾਕਸ ਲਾਗੇ ਸਾਡੀ ਮੁਲਾਕਾਤ ਹੋਈ । ਉਹਦੀ ਕੱਛ ਵਿੱਚ 'ਵਧਾਈਆਂ' ਵਾਲੀ ਫਾਈਲ ਸੀ ਤੇ ਹੱਥ ਵਿੱਚ ਚਿੱਠੀਆਂ ਦਾ ਥੱਬਾ । ਰਸਮੀ ਮੁਬਾਰਕ ਨਾਲ ਗੱਲ ਸ਼ੁਰੂ ਹੋਈ ।

? ਫਾਈਲ ਵਿੱਚ ਵਧਾਈ ਦੇ ਖ਼ਤ ਨੇ?
-ਆਹੋ ਪਰ ਸਾਰੇ ਖ਼ਤ ਈ ਨਈਂ । ਵਿੱਚ ਵਿੱਚ ਟੈਲੀਗਰਾਮਾਂ ਵੀ ਨੇ ।

? ਹੁਣ ਤਾਂ ਖੁਸ਼ ਹੋ ਨਾ
- ਖੁਸ਼ੀ ਤਾਂ ਉਦੋਂ ਹੋਵੇਗੀ ਜਦੋਂ ਤੂੰ ਮੇਰੇ ਬਾਰੇ ਲਿਖੇਂਗਾ । ਹੁਣ ਤਾਂ ਮੌਕਾ ਏ । ਨਾਲੇ ਤੂੰ ਹੋਇਓਂ ਆਪਣਾ ਗਿਰਾਈਂ...ਲਿਖੇਂਗਾ ਨਾ?

? ਕਿਉਂ ਨਹੀਂ, ਮੈਂ ਤਾਂ ਲਿਖਣਾ ਸ਼ੁਰੂ ਵੀ ਕਰ ਦਿੱਤੈ ।
- ਕੀ ਸ਼ੀਰਸ਼ਕ ਰੱਖਿਆ ਈ

? ਹਸਰਤ ਪੂਰੀ ਹੋ ਗਈ
- ਇਹ ਕੀ ਗੱਲ ਹੋਈ । ਮੈਂ ਕੋਈ ਇਸਤਰੀ ਲਿੰਗ ਵਾਂ

? ਚੱਲ ਫੇਰ 'ਹਸਰਤ ਪੂਰਾ ਹੋ ਗਿਆ' ਰੱਖ ਦੇਨੇ ਆਂ ।
- ਤੂੰ ਰਹਿਣ ਈ ਦੇ । ਕੁਝ ਨਾ ਲਿਖ । ਅਖੇ ਮੁਰਦਾ ਬੋਲੂ ਤਾਂ ਖੱਫਣ ਈ ਪਾੜੂ... ।

ਹਸਰਤ ਖੁਸ਼ ਸੀ । ਉਸ ਨੂੰ ਮੰਜ਼ਿਲ ਮਿਲ ਗਈ ਸੀ । ਉਹ ਜਿੱਤ ਗਿਆ ਸੀ । ਜੇਤੂਆਂ ਵਾਂਗ ਫਿਰਦਾ ਸੀ । ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ । ਮਖ਼ੌਲ ਕਰਨ ਵਾਲੇ ਠਿੱਠ ਹੋ ਗਏ । ਹਸਰਤ ਨੇ ਆਪਣਾ ਕੌਤਕ ਸਿਖ਼ਰ 'ਤੇ ਪੁਚਾ ਦਿੱਤਾ । ਜੋ ਕਿਹਾ, ''ਕਰਕੇ ਵਿਖਾ ਦਿੱਤਾ ।''

ਅੱਜ ਜਦੋਂ ਮੈਂ ਇਸ ਵਰਤਾਰੇ ਨੂੰ ਵਿੱਥ 'ਤੇ ਖਲੋ ਕੇ ਵੇਖਦਾ ਹਾਂ ਤਾਂ ਉਸ ਚਮਤਕਾਰੀ ਪ੍ਰਤਿਭਾ 'ਤੇ ਰਸ਼ਕ ਆਉਂਦਾ ਹੈ । ਅਸੰਭਵ ਨੂੰ ਸੰਭਵ ਬਣਾਉਣ ਲਈ ਹਸਰਤ ਵਰਗੀ ਲਗਨ ਅਤੇ ਨਿਰੰਤਰ ਆਤਮ-ਵਿਸ਼ਵਾਸ ਬਣਾਈ ਰੱਖਣ ਦੀ ਲੋੜ ਹੁੰਦੀ ਹੈ । ਹੁਣ ਜਦੋਂ ਵੀ ਕਿਸੇ ਖੁਸ਼ਕਿਸਮਤ ਨੂੰ ਇਹ ਇਨਾਮ ਮਿਲਦੈ ਤਾਂ ਮੈਨੂੰ ਹਸਰਤ ਚੰਗਾ ਚੰਗਾ ਲੱਗਣ ਲੱਗ ਪੈਂਦੈ । ਉਸ ਦਾ ਨਿਰਛਲ ਤੇ ਭੋਲਾ ਭਾਲਾ ਹਸੂੰ ਹਸੂੰ ਕਰਦਾ, ਬੱਚਿਆਂ ਵਰਗਾ ਮਾਸੂਮ ਚਿਹਰਾ ਚੇਤੇ ਵਿਚ ਸਾਕਾਰ ਹੋ ਜਾਂਦੈ, ਜਿਵੇਂ ਆਖ ਰਿਹਾ ਹੋਵੇ, ''ਜਿਹਨਾਂ ਵੀਰਾਂ ਭੈਣਾਂ ਨੂੰ ਐਤਕੀਂ ਨਹੀਂ ਮਿਲ ਸਕਿਆ, ਨਿਰਾਸ਼ ਨਾ ਹੋਣ । ਲਾਈਨ 'ਚ ਲੱਗੇ ਰਹਿਣਾ । ਸਬਰ ਦਾ ਫਲ ਮਿੱਠਾ ਹੁੰਦੈ । ਮਿਹਨਤ ਨੂੰ ਇਕ ਨਾ ਇਕ ਦਿਨ ਜ਼ਰੂਰ- ਬਰ-ਜ਼ਰੂਰ ਫਲ ਪੈਂਦੈ ।...ਮੇਰੇ ਵੱਲ ਤੱਕੋ । ਤੇ ਮੇਰੇ ਵਾਂਗ ਹੀ ਪੂਰੀ ਦ੍ਰਿੜ੍ਹਤਾ ਨਾਲ ਮਨ ਵਿਚ ਪੱਕੀ ਧਾਰ ਲਓ ।...ਪੁਰਸਕਾਰ ਮਿਲ ਕੇ ਰਹੇਗਾ । ਜੇ ਮੈਨੂੰ ਮਿਲ ਸਕਦਾ ਏ ਤਾਂ ਤੁਹਾਨੂੰ ਕਿਉਂ ਨਹੀਂ?...''

•••

ਚਿਰ ਹੋਇਆ ਮੇਰਾ ਹਸਰਤ ਪ੍ਰੇਮ ਵੇਖ ਕੇ ਸੰਤ ਸਿੰਘ ਸੇਖੋਂ ਨੇ ਪੇਸ਼ਕਸ਼ ਕੀਤੀ ਸੀ, ''ਭੂਸ਼ਨ! ਤੂੰ ਜੋ ਹਸਰਤ ਬਾਰੇ ਏਧਰ ਓਧਰ ਏਨੀਆਂ ਗੱਲਾਂ ਮਾਰਦਾ ਰਹਿਨੈ, ਇਹ ਸਾਰੀਆਂ ਇਕ ਜਗ੍ਹਾ ਲਿਖ ਦੇ । ਇਹਨਾਂ ਦੀ ਕਿਤਾਬ ਛਪਵਾ । ਨਾਂ ਰੱਖ : ਹਸਰਤਨਾਮਾ । ਮੁੱਖਬੰਧ ਮੈਂ ਲਿਖਾਂਗਾ!'' ਹਸਰਤ ਹੁਣ ਇਸ ਸੰਸਾਰ ਵਿਚ ਨਹੀਂ । ਸੇਖੋਂ ਵੀ ਵਿਦਾ ਹੋ ਚੁੱਕੈ । ਵਕਤ ਬੀਤਣ ਨਾਲ ਪ੍ਰਸੰਗ ਬਦਲਦਾ ਏ । ਪ੍ਰਸੰਗ ਬਦਲਣ ਨਾਲ ਅਰਥ ਬਦਲਦੇ ਨੇ । ਅਨੁਭਵ ਨਾਲ ਨਜ਼ਰੀਆ ਬਦਲਦਾ ਹੈ । ਪੁਰਾਣੀਆਂ ਗੱਲਾਂ 'ਚੋਂ ਨਵੇਂ ਅਰਥ ਲੱਭਦੇ ਨੇ, ਸਭ ਮਨ ਦੀ ਮੌਜ ਏ । ਮਨ ਕਦੇ ਪਾਗਲ ਜਾਪਦੈ, ਕਦੇ ਮੌਜੀ । ਮੌਜ ਦਾ ਮਤਲਬ ਹੁੰਦੈ ਲਹਿਰ । ਇਹਦਾ ਬਣਨਾ, ਵਿਗਸਣਾ, ਮਿਟਣਾ...ਸਭ ਪਾਣੀ ਕਰਕੇ ਹੁੰਦੈ । ਪਾਣੀ ਹੀ ਹੁੰਦੈ!... ਪਾਣੀ ਵਗਦੇ ਰਹਿਣ । ਚੇਤਿਆਂ ਦੇ ਪੱਤਣਾਂ 'ਤੇ ਹਸਰਤਾਂ ਦੇ ਮੇਲੇ ਲੱਗਦੇ ਰਹਿਣ!!

••••••

15. ਵੀਰਵਾਰ ਦਾ ਵਰਤ

ਬੁੱਧਵਾਰ ਰਾਤ ਠੀਕ ਬਾਰਾਂ ਵਜੇ ਉਹ ਤਰੀਕ ਵਾਂਗ ਬਦਲ ਜਾਂਦਾ ਹੈ ਪੂਰੇ ਦਾ ਪੂਰਾ । ਪਿਛਲੀ ਘੜੀ ਤੋਂ ਬਿਲਕੁਲ ਵੱਖਰਾ । ਸਗੋਂ ਐਨ ਉਲਟਾ । ਉਹਨੂੰ ਵੇਖ ਕੇ ਅੰਦਾਜ਼ਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਇਹ ਉਹੀਓ ਸ਼ਖ਼ਸ ਏ! ਤਬਦੀਲੀ ਕੁਦਰਤ ਦਾ ਨੇਮ ਏ, ਪਰ ਏਨੀ ਤਬਦੀਲੀ! ਇਕ ਦਮ! ਵੀਰਵਾਰ ਸਾਰਿਆਂ ਲਈ ਹੀ ਆਉਂਦੈ ਪਰ ਉਹਦੇ ਲਈ ਵੱਖਰੀ ਤਰ੍ਹਾਂ ਆਉਂਦਾ । ਓਦਣ ਕਵੀ ਮੋਹਨ ਸਿੰਘ ਦੀਆਂ ਇਹ ਤੁਕਾਂ ਉਹਦੀ ਤਰਜ਼ਮਾਨੀ ਕਰਦੀਆਂ:

ਮੈਂ ਹੁੰਦਾ ਜਾਂ ਕੁਝ ਹੋਰ ਹੋਰ ।
ਮੇਰੀ ਵੱਖਰੀ ਜਾਪੇ ਤੋਰ ਤੋਰ ।

ਉਹ ਬੁੱਧਵਾਰ ਵਾਲਾ ਬਿਸਤਰਾ ਚੁੱਕ ਕੇ ਪਰੇ ਸੁੱਟ ਦਿੰਦਾ । ਸਿਰਹਾਣੇ ਦਾ ਗਿਲਾਫ ਬਦਲਦਾ । ਨਵੀਂ ਪ੍ਰੈਸ ਕੀਤੀ ਚਾਦਰ ਵਿਛਾਉਂਦਾ । ਪਾਏ ਹੋਏ ਕੱਪੜੇ ਲਾਹ ਸੁੱਟਦਾ । ਗੁਸਲਖਾਨੇ ਵਿਚ ਵੜ ਕੇ, ਲਾਹੇ ਹੋਏ ਕੱਪੜੇ ਕੁੱਟ ਕੁੱਟ ਧੋਂਦਾ । ਅੰਡਰਵੀਅਰ, ਜੁਰਾਬਾਂ, ਰੁਮਾਲ... ਮਲ ਮਲ ਨਿਖਾਰਦਾ । ਕਮੀਜ਼ ਜਾਂ ਕੁੜਤੇ ਵਗੈਰਾ ਦੀਆਂ ਜੇਬਾਂ ਵਿੱਚੋਂ ਨੋਟ ਤੇ ਭਾਨ ਕੱਢ ਕੇ ਸਰਫ ਨਾਲ ਸਾਫ਼ ਕਰਦਾ... । ਇਕ ਇਕ ਚੀਜ਼ ਧੋ ਕੇ, ਘੜੀ-ਮੁੜੀ ਬਾਹਰ ਆਉਂਦਾ । ਸੁੱਕਣੇ ਪਾਉਂਦਾ । ... ਇਹ ਕੰਮ ਮੁਕਾ ਕੇ ਤਸੱਲੀ ਨਾਲ ਨਹਾਉਂਦਾ । ਕਿੰਨੀ ਕਿੰਨੀ ਵਾਰੀ ਸਾਬਣ ਘਸਾਉਂਦਾ । ਸ਼ੈਂਪੂ ਨੂੰ ਵਖ਼ਤ ਪਾਉਂਦਾ । ਫੁਹਾਰੇ ਹੇਠਾਂ ਚੌਂਕੜੀ ਮਾਰ ਕੇ ਘੰਟਾ ਘੰਟਾ ਬੈਠਾ ਰਹਿੰਦਾ । ਮਨ ਵਿਚ ਪਤਾ ਨਹੀਂ ਕੀ ਕਹਿੰਦਾ ਪਰ ਉਹਦੇ ਹੋਂਠ ਹਮੇਸ਼ਾ ਹਿੱਲੀ ਜਾਂਦੇ । ਵੇਖਣ ਵਾਲੇ ਨੂੰ ਪਤਾ ਹੀ ਨਾ ਲੱਗਦਾ ਕਿ ਉਹ ਗਾਇਤਰੀ ਮੰਤਰ ਬੋਲ ਰਿਹਾ ਹੈ ਜਾਂ ਹਨੂਮਾਨ ਚਾਲੀਸਾ । ਕਈ ਵਾਰ ਜਿਵੇਂ ਸ਼ਿਵ ਸਤੋਤਰ ਅਲਾਪਦਾ । ਕਦੀ ਕਦੀ ਚੰਡੀ ਦੀ ਵਾਰ ਪੜ੍ਹਦਾ ਜਾਪਦਾ । ਆਪਣੇ ਅੰਤਰ ਨਾਲ ਜੁੜਿਆ ਹੋਇਆ ਪੂਰੀ ਤਰ੍ਹਾਂ ਆਪਣੇ ਆਪ ਨਾਲ ਮਗਨ । ਆਪਣੇ ਇਸ਼ਟ ਨਾਲ ਮਸਤ । ਉਹਦੀ ਸ਼ਰਧਾ ਨਾਲ ਗ੍ਰਸਤ । ਉਹਦੀ ਸੇਵਾ ਵਿਚ ਵਿਅਸਤ ।

ਘਰ ਦੇ ਬਾਕੀ ਜੀਆਂ ਦੇ ਜਾਗਣ ਤੋਂ ਪਹਿਲਾਂ ਪਹਿਲਾਂ ਉਹ ਪੂਰੀ ਤਰ੍ਹਾਂ ਤਿਆਰ ਹੁੰਦਾ । ਸਾਖਿਆਤ ਵੀਰਵਾਰ ਹੁੰਦਾ । ਆਰਤੀ ਵਾਲੀ ਥਾਲੀ ਵਿਚ ਧੂਫ਼ ਧੁਖਦੀ । ਪੁਸ਼ਪ ਅਤੇ ਸੰਧੂਰ ਪਿਆ ਹੁੰਦਾ । ਹੋਰ ਵੀ ਨਿੱਕ-ਸੁੱਕ । ਉਹ ਹਰ ਕਮਰੇ ਦੇ ਹਰ ਖੂੰਜੇ ਵਿਚ ਘੁੰਮਦਾ, ਜਲ ਦਾ ਛੱਟਾ ਦੇਈ ਜਾਂਦਾ । ਸ਼ਾਂਤੀ ...ਸ਼ਾਂਤੀ...ਕਹੀ ਜਾਂਦਾ । ਕਮਰਿਆਂ ਵਿਚ ਟੰਗੀਆਂ ਜਾਂ ਕਾਨਸ 'ਤੇ ਪਈਆਂ ਸਾਰੀਆਂ ਤਸਵੀਰਾਂ ਨੂੰ ਮੱਥਾ ਟੇਕੀ ਜਾਂਦਾ । ਟਿੱਕੇ ਲਾਈ ਜਾਂਦਾ । ਥਾਲੀ ਸੁੰਘਾਈ ਜਾਂਦਾ ।...ਆਪੇ ਕਾਇਮ ਕੀਤੀ ਮਰਿਆਦਾ ਮਸ਼ੀਨ ਵਾਂਗ ਨਿਭਾਈ ਜਾਂਦਾ । ਚਾਬੀ ਦਿੱਤੇ ਖਿਡੌਣੇ ਵਾਂਗ ਏਧਰ ਓਧਰ ਆਈ ਜਾਈ ਜਾਂਦਾ । ਇਸ ਕਰਮ ਦੌਰਾਨ ਕੋਈ ਜੀਅ ਉਹਨੂੰ ਬੁਲਾ ਨਾ ਸਕਦਾ । ਉਹਦੇ ਨੇੜੇ ਆ ਨਾ ਸਕਦਾ ।

ਵੀਰਵਾਰ ਉਹਦਾ ਵਰਤ ਦਾ ਦਿਨ ਹੁੰਦਾ ਹੈ । ਸਾਰਾ ਦਿਨ ਕੁਝ ਨਹੀਂ ਖਾਣਾ । ਕੁਝ ਨਹੀਂ ਪੀਣਾ । ਪੀਣ ਵਾਲੀਆਂ ਵਸਤਾਂ 'ਚੋਂ ਸਿਰਫ਼ ਸਿਗਰਟ ਨੂੰ ਛੋਟ ਏ । ਇਹ ਛੋਟ ਉਹਨੇ ਆਪਣੇ ਆਪ ਲਈ ਹੋਈ ਏ । ਇਸ ਦੀ ਆਦਤ ਉਹਨੂੰ ਹੋਸ਼ ਸੰਭਾਲਣ ਤੋਂ ਪਹਿਲਾਂ ਦੀ ਪਈ ਹੋਈ ਏ । ਪੀਂਦਾ ਵੀ ਕਿੰਗ ਸਾਈਜ਼ ਏ, ਲੰਬੀ ਫਿਲਟਰ ਵਾਲੀ । ਪੂਰੇ ਨਖਰੇ ਨਾਲ ਸੁਲਗਾਏਗਾ । ਦੋ ਤਿੰਨ ਲੰਬੇ ਲੰਬੇ ਕਸ਼ ਲਾਏਗਾ...ਤੇ ਪੈਰ ਨਾਲ ਮਸਲ ਕੇ ਬੁਝਾਏਗਾ । ਟੋਟਾ ਚੁੱਕ ਕੇ ਥਾਂ ਸਿਰ ਸੁੱਟੇਗਾ, ਗੰਦ ਨਹੀਂ ਪਾਏਗਾ...ਪੀਣ ਵਾਲੀ ਦੂਜੀ ਸ਼ੈਅ ਸ਼ਰਾਬ ਏ । ਸਾਰੇ ਕਹਿੰਦੇ ਨੇ : ਇਹਦੀ ਸ਼ਰਾਬ ਖਰਾਬ ਏ । ਜੇਬ ਨਹੀਂ ਵੇਂਹਦਾ, ਟਾਈਮ ਨਹੀਂ ਵੇਂਹਦਾ । ਦਫ਼ਤਰ ਦਾ ਲਿਹਾਜ਼ ਵੀ ਨਹੀਂ ਰੱਖਦਾ । ਹਫ਼ਤੇ ਦੇ ਛੇ ਦਿਨ ਚੰਦਰੀ ਨੂੰ ਮੂੰਹੋਂ ਨਹੀਂ ਲਾਹੁੰਦਾ । ਵੀਰਵਾਰ ਨੂੰ ਮੂੰਹ ਤਾਂ ਕੀ ਹੱਥ ਵੀ ਨਹੀਂ ਲਾਉਂਦਾ । ਨਹੀਂ ਪੀਣੀ, ਬਸ ਨਹੀਂ ਪੀਣੀ । ਪੂਰੇ ਚੌਵੀ ਘੰਟਿਆਂ ਦਾ ਵਰਤ । ਵਰਤ ਦੌਰਾਨ ਦਾਰੂ ਦਾ ਨਾਂ ਵੀ ਨਹੀਂ ਲੈਣਾ, ਨਾ ਕਿਸੇ ਨੂੰ ਲੈਣ ਦੇਣਾ । ਉਹਦਾ ਚੇਤਾ ਭੁਲਾਉਣ ਲਈ ਮਨ ਨੂੰ ਕਰਮ ਕਾਂਡ ਵਿਚ ਲਾਈ ਰੱਖਣਾ । ਛੰਗਣ-ਮੰਗਣ ਵਿਚ ਉਲਝਾਈ ਰੱਖਣਾ । ਧਿਆਨ ਲਾਂਭੇ ਹਟਾਉਣ ਲਈ ਸਰੀਰ ਨੂੰ ਵਖ਼ਤ ਪਾਈ ਰੱਖਣਾ ।

ਨਾਸ਼ਤੇ ਦੇ ਵਕਤ ਉਹਨੇ ਡਾਇਨਿੰਗ ਟੇਬਲ 'ਤੇ ਕੱਪੜੇ ਪੈ੍ਰਸ ਕਰਨ ਲੱਗ ਪੈਣਾ । ਰਸੋਈ ਦੀ ਚੁਗਾਠ ਵਿਚ ਗੱਡੇ ਕਿੱਲਾਂ 'ਤੇ ਹੈਂਗਰ ਟੰਗੀ ਜਾਣਾ । ...ਸਮੇਂ ਸਿਰ ਦਫ਼ਤਰ ਰਵਾਨਾ ਹੋ ਜਾਣਾ । ਓਥੇ ਜਾ ਕੇ ਸਟਾਫ਼ ਨੂੰ ਕੰਡੇ 'ਤੇ ਕਰਨਾ । ਸਾਰਾ ਦਿਨ ਨਾ ਟਿਕ ਕੇ ਬਹਿਣਾ ਨਾ ਬਹਿਣ ਦੇਣਾ । ਨਾ ਸਾਹ ਲੈਣਾ, ਨਾ ਲੈਣ ਦੇਣਾ । ਕੰਮ ਕਰੀ ਜਾਣਾ, ਕਰਵਾਈ ਜਾਣਾ । ਪੂਰੇ ਹਫ਼ਤੇ ਦਾ ਪੈਂਡਿੰਗ ਪਿਆ ਕੰਮ ਫੁਰਤੀ ਨਾਲ ਮੁਕਾਈ ਜਾਣਾ । ਪੱਕਾ ਨਿਸ਼ਚਾ, ਦ੍ਰਿੜ ਇਰਾਦਾ । ਗੱਲਾਂ ਘੱਟ , ਕੰਮ ਜ਼ਿਆਦਾ ।

•••

ਰੋਪੜ ਦੀ ਅਫ਼ਸਰ ਕਾਲੋਨੀ ਵਿਚ ਗੁਆਂਢੀਆਂ ਨਾਲ ਤਾਲਮੇਲ ਕਾਇਮ ਕਰਨ ਲਈ ਜਦੋਂ ਵੀ ਉਸ ਦੇ ਘਰ ਦੀ ਘੰਟੀ ਵਜਾਉਣੀ ਤਾਂ ਪਤਾ ਲੱਗਣਾ, ''ਪਾਪਾ ਲਾਇਬਰੇਰੀ ਗਏ ਨੇ ।'' ਕਿਸੇ ਵੇਲੇ ਵੀ ਪਤਾ ਕਰੋ ਬੰਦਾ ਲਾਇਬਰੇਰੀ! ਸੋਚਿਆ, ਕੈਸਾ ਸ਼ਖ਼ਸ ਏ, ਜ਼ਰੂਰ ਕਿਤਾਬਾਂ ਦਾ ਰਸੀਆ ਹੋਵੇਗਾ । ਲੇਖਕ ਹੋਊ ਜਾਂ ਫ਼ਿਲਾਸਫਰ । ਮਿਲਣ ਦੀ ਉਤਸਕੁਤਾ ਵਧਦੀ ਗਈ । ਇਕ ਦਿਨ ਖ਼ੁਦ ਹੀ ਲਾਇਬਰੇਰੀ ਜਾ ਵੜਿਆ । ਉਹਨੂੰ ਰੰਗੇ ਹੱਥੀਂ ਜਾ ਫੜਿਆ... । ਕੁਦਰਤੀ ਓਦਣ ਵੀਰਵਾਰ ਸੀ । ਉਹ ਕਿਤਾਬਾਂ ਨਾਲ ਮੁੜ੍ਹਕੋ-ਮੁੜ੍ਹਕੀ ਹੋਇਆ ਪਿਆ ਸੀ ।... ਰਜਿਸਟਰਾਂ 'ਚ ਐਂਟਰੀਆਂ ਕਰ ਰਿਹਾ ਸੀ...ਸਟਾਫ ਦੀ ਹਾਜ਼ਰੀ ਭਰ ਰਿਹਾ ਸੀ । ...ਇਕ ਕੰਮ ਮੁੱਕਾ ਨਹੀਂ ਦੂਜਾ ਪਹਿਲਾਂ ਈ ਛੋਹਿਆ ਹੈ । ਪਹਿਲੀ ਵਾਰੀ ਪਤਾ ਲੱਗਾ ਕਿ ਉਹ ਲਾਇਬਰੇਰੀਅਨ ਲੱਗਾ ਹੋਇਆ ਹੈ ।

ਪਤਾ ਲੱਗਣ ਲੱਗਾ ਤਾਂ ਲੱਗੀ ਗਿਆ । ਅਸੀਂ ਨੇੜੇ ਹੁੰਦੇ ਗਏ । ਰਾਜ਼ ਸਾਂਝੇ ਹੁੰਦੇ ਗਏ । ਇਕ ਦਿਨ ਉਹਨੇ ਦੱਸਿਆ:

''ਹੁਣ ਵੱਸ ਦੀ ਗੱਲ ਨਹੀਂ ਰਹੀ । ਸ਼ਰਾਬ ਤਾਂ ਲਹੂ ਵਿਚ ਵੱਸ ਗਈ ਏ । ਰਗਾਂ ਵਿਚ ਧਸ ਗਈ ਏ ।...ਵੀਰਵਾਰ ਵਾਲੇ ਵਰਤ ਦੀ ਘਾਟ ਪੂਰੀ ਕਰਨ ਲਈ ਬੁੱਧਵਾਰ ਸ਼ਾਮ ਨੂੰ ਵੱਖਰੀ ਬੋਤਲ ਲੈ ਕੇ ਰੱਖਦਾਂ । ਗਿਆਰਾਂ ਵੱਜ ਕੇ ਉਨਾਹਠ ਮਿੰਟ ਤੱਕ ਪੀਂਦਾ ਰਹਿਨਾਂ । ਟਾਈਮ ਪੀਸ ਦਾ ਅਲਾਰਮ ਲਾਇਆ ਹੁੰਦੈ । ਵੱਜਦਿਆਂ ਸਾਰ ਢੱਕਣ ਬੰਦ । ...ਬਾਰਾਂ ਵੱਜ ਕੇ ਇਕ ਮਿੰਟ ਤੋਂ ਵਰਤ ਸ਼ੁਰੂ ਹੋ ਜਾਂਦੈ । ਸਮੱਗਰੀ ਦਾ ਇੰਤਜ਼ਾਮ ਐਡਵਾਂਸ 'ਚ ਕੀਤਾ ਹੁੰਦੈ । ਆਰਤੀ ਪੂਜਾ ਦਾ ਪੂਰਾ ਸਮਾਨ । ... ਚੌਵੀ ਘੰਟੇ ਘੰਟੀ ਵਜਾਉਂਦਿਆਂ ਲੰਘਦੇ ਨੇ । ਵਰਤ ਤੋੜਨ ਦਾ ਅਲਾਰਮ ਵੱਜਦਿਆਂ ਸਾਰ ਹੁਕਮ ਖੁੱਲ੍ਹ ਜਾਂਦੈ । ਤੇ ਅਗਲੇ ਛੇ ਦਿਨਾਂ ਲਈ ਵੀਰਵਾਰ ਭੁੱਲ ਜਾਂਦੈ ।... ਪਿਛਲੇ ਵੀਰਵਾਰ ਤਾਂ ਮੇਰੇ ਨਾਲ ਅਜੀਬ ਜਿਹੀ ਘਟਨਾ ਵਾਪਰ ਗਈ । ਬੈਂਕ ਗਿਆ ਸਾਂ ਸਟਾਫ਼ ਦੀ ਤਨਖ਼ਾਹ ਕਢਵਾਉਣ । ਅਤਿਵਾਦ ਹੋਣ ਕਰਕੇ ਸਕਿਉਰਟੀ ਵਾਲੇ ਬੰਦੂਕਾਂ ਲਈ ਖੜ੍ਹੇ ਸਨ । ਹਰ ਇਕ ਦੀ ਤਲਾਸ਼ੀ ਲੈ ਰਹੇ ਸਨ । ਮੇਰੀ ਵਾਰੀ ਆਈ ਤਾਂ ਮੈਂ ਮਨ੍ਹਾ ਕਰ ਦਿੱਤਾ । ਜ਼ੋਰ ਨਾਲ ਕਿਹਾ ਕਿ ਮੈਨੂੰ ਹੱਥ ਨਾ ਲਾਇਓ । ਮੈਨੂੰ ਅਪਵਿੱਤਰ ਨਾ ਕਰਿਉ । ਅੱਜ ਮੇਰਾ ਵਰਤ ਹੈ । …...ਇਕ ਸਿਪਾਹੀ ਤਾਂ ਜੀ ਮੈਨੂੰ ਸੁੰਘਣ ਲੱਗ ਪਿਆ, ਅਖੇ ਸ਼ਰਾਬ ਦੀ ਬਦਬੂ ਤਾਂ ਤੇਰੇ ਮੂੰਹ 'ਚੋਂ ਪਈ ਆਉਂਦੀ ਏ । ਵਰਤ ਕਾਹਦਾ? ਮੈਂ ਸਹੁੰ ਖਾ ਕੇ ਦੱਸਿਆ ਕਿ ਇਹ ਬਦਬੂ ਤਾਂ ਕੱਲ੍ਹ ਵਾਲੀ ਸ਼ਰਾਬ ਦੀ ਹੋਣੀ ਏ, ਅੱਜ ਤਾਂ ਮੈਂ ਛਿੱਟ ਵੀ ਨਹੀਂ ਪੀਤੀ । ਪਰ ਉਹ ਮੰਨਣ 'ਚ ਈ ਨਾ ਆਉਣ । ਰੌਲਾ ਸੁਣ ਕੇ ਬੈਂਕ ਦਾ ਮੈਨੇਜਰ ਆਪ ਆਇਆ ਤੇ ਮੇਰਾ ਖਹਿੜਾ ਛੁਡਾਇਆ । ਨਹੀਂ ਤਾਂ ਆਪਣੇ ਗੰਦੇ-ਮੰਦੇ ਹੱਥ ਲਾ ਕੇ ਉਨ੍ਹਾਂ ਨੇ ਮੇਰਾ ਵਰਤ ਭੰਗ ਕਰ ਦੇਣਾ ਸੀ ।'' ਨਾਲ ਰਹਿ ਕੇ ਵੇਖਿਆ ਕਿ ਉਹਨੂੰ ਕੋਈ ਰੁਝੇਵਾਂ ਚਾਹੀਦੈ ਜਿਹੜਾ ਸ਼ਰਾਬ ਨਾਲੋਂ ਵੱਡਾ ਹੋਏ । ਨਸ਼ੇ ਵਰਗਾ ਰੁਝੇਵਾਂ । ਜਿੱਥੇ ਉਹਨੂੰ ਆਪਣਾ ਚੇਤਾ ਈ ਨਾ ਰਹੇ । ਕਿਸੇ ਹੋਰ ਦਾ ਦੁੱਖ ਆਪਣੇ ਸਿਰ ਲੈ ਕੇ ਉਹ ਆਪਾ ਭੁੱਲ ਜਾਂਦਾ । ਖਾਣਾ, ਪੀਣਾ, ਸੌਣਾ ਵਿੱਸਰ ਜਾਂਦਾ । ਕਿਸੇ ਵਾਕਫ਼ਕਾਰ, ਗੁਆਂਢੀ ਜਾਂ ਕੁਲੀਗ ਦੇ ਪਰਿਵਾਰਕ ਗ਼ਮ ਨੂੰ ਉਹ ਨਿੱਜੀ ਬਣਾ ਲੈਂਦਾ । ਸਿਰ 'ਤੇ ਸਵਾਰ ਕਰ ਲੈਂਦਾ, ਮਨ ਵਿਚ ਵਸਾ ਲੈਂਦਾ । ਉਹ ਕਹਿੰਦਾ, ''ਮੈਨੂੰ ਭਾਵੇਂ ਜਿੰਨਾ ਮਰਜ਼ੀ ਭੰਡਿਆ ਜਾਏ । ਪਰ ਦੁਖੀਏ ਦਾ ਦੁੱਖ ਜ਼ਰੂਰ ਵੰਡਿਆ ਜਾਏ ।''

ਕੋਈ ਘੱਟ ਪੀਂਦਾ ਹੋਏ ਜਾਂ ਵੱਧ, ਸਾਂਝ ਤਾਂ ਬਣ ਹੀ ਜਾਂਦੀ ਹੈ । ਕਿਸੇ ਦਾ ਗਲਾਸੀ ਨਾਲ ਸਰ ਜਾਂਦਾ ਏ, ਕਿਸੇ ਦਾ ਬੋਤਲ ਨਾਲ ਵੀ ਨਹੀਂ ਸਰਦਾ । ਕਈਆਂ ਦਾ ਢਿੱਡ ਭਰ ਜਾਂਦੈ, ਮਨ ਨਹੀਂ ਭਰਦਾ । ਘੱਟ ਪੀਣ ਵਾਲਾ ਵੱਧ ਪੀਣ ਵਾਲੇ ਦੀ ਨਿੰਦਿਆ ਕਰਦਾ ।

ਕਹਿੰਦੇ ਨੇ ਬਹੁਤੀ ਪੀਣ ਵਾਲਾ ਪੀਣ ਤੋਂ ਸਿਵਾ ਕੁਝ ਨਹੀਂ ਕਰ ਸਕਦਾ । ਪਰ ਉਹ ਪੀ.ਐੱਚ.ਡੀ. ਕਰ ਗਿਆ । ਇਸ ਦਾ ਐਲਾਨ ਉਹਨੇ ਰਾਮਾਇਣ ਦਾ ਪਾਠ ਰਖਵਾ ਕੇ ਕੀਤਾ । ਭੋਗ ਪਾਇਆ ਤਾਂ ਵੱਡਾ ਸਮਾਗਮ ਰਚਾਇਆ । ਡੀ.ਸੀ. ਤੋਂ ਲੈ ਕੇ ਪਟਵਾਰੀ ਤੱਕ ਹਰ ਅਹੁਦੇਦਾਰ ਆਇਆ । ਉਹ ਸੱਦੇ 'ਤੇ ਕੋਈ ਨਾ ਆਏ ਕਿਸੇ ਦੀ ਕੀ ਮਜ਼ਾਲ ਏ । ਓਦਣ ਪਤਾ ਲੱਗਾ ਕਿ ਉਹਦੀ ਵਾਕਫ਼ੀਅਤ ਦਾ ਦਾਇਰਾ ਕਿੰਨਾ ਵਿਸ਼ਾਲ ਏ । ਪਤਾ ਨਹੀਂ ਉਹਦੇ ਕੋਲ ਕਿਹੜੀ ਜਾਦੂਈ ਚਾਬੀ ਏ । ਸ਼ਹਿਰ ਦੀ ਹਰ ਤੀਸਰੀ ਔਰਤ ਉਹਦੀ ਭਾਬੀ ਏ ।

ਉਹ ਸਕੂਟਰ 'ਤੇ ਆਪਣੀ ਸ੍ਰੀਮਤੀ ਨੂੰ ਸਕੂਲ ਛੱਡਣ ਜਾ ਰਿਹਾ ਸੀ । ਰਾਹ ਵਿਚ ਵੇਖਿਆ ਕੋਈ ਦੂਸਰੀ ਟੀਚਰ ਪੈਦਲ ਜਾ ਰਹੀ ਏ । ਤੁਰਤ ਬਰੇਕ ਮਾਰੀ । ਪਤਨੀ ਨੂੰ ਪਿੱਛੋਂ ਉਤਰਨ ਲਈ ਆਖਿਆ, ''ਤੂੰ ਤੁਰੀ ਆ । ਮੈਂ ਭਾਬੀ ਜੀ ਨੂੰ ਪਹਿਲਾਂ ਛੱਡ ਆਵਾਂ । ...ਆਓ ਭਾਬੀ ਜੀ, ਬੈਠੋ ਪਿੱਛੇ... ।'' ਕਿੱਕ ਮਾਰ ਕੇ ਅਹੁ ਗਿਆ ।

ਉਹਦੀ ਫੁਰਤੀ ਦਾ ਕੋਈ ਮੁਕਾਬਲਾ ਨਹੀਂ । ਤੁਸੀਂ ਉਹਨੂੰ ਕੰਮ ਦੱਸ ਕੇ ਭੁੱਲ ਜਾਉ, ਉਹਨੂੰ ਚੈਨ ਨਹੀਂ ਆਏਗਾ । ਤੁਹਾਡਾ ਕੰਮ ਸਿਰੇ ਚੜ੍ਹਾਉਣ ਲਈ ਉਹ ਬੁਰੇ ਦੇ ਘਰ ਤੱਕ ਜਾਏਗਾ… ।... ਇਕ ਦਿਨ ਸਾਡਾ ਬੇਟਾ ਬਿਮਾਰ ਸੀ । ਉਹਨੂੰ ਤੇਜ਼ ਬੁਖਾਰ ਸੀ । ਡਾਕਟਰ ਨੇ ਬਰਫ਼ ਦੀਆਂ ਪੱਟੀਆਂ ਕਰਨ ਲਈ ਕਿਹਾ । ਜਨਾਬ ਨੂੰ ਸੂਹ ਲੱਗ ਗਈ । ਆਪਣੇ ਫਰਿੱਜ 'ਚੋਂ ਬਰਫ਼ ਕੱਢ ਕੇ ਦੇ ਗਿਆ ਤੇ ਫੇਰ ਬਰਫ਼ ਲਗਾਤਾਰ ਆਈ ਗਈ । ਢੇਰ ਲੱਗ ਗਏ । ਬੜਾ ਆਖਿਆ ਕਿ ਲੋੜ ਨਹੀਂ ਪਰ ਫੁਰਤੀ ਤਾਂ ਫੁਰਤੀ ਸੀ । ਅਗਲੀ ਸਵੇਰ ਪਤਾ ਲੱਗਾ ਕਿ ਕਲੋਨੀ ਤੋਂ ਇਲਾਵਾ ਜ਼ੈਲ ਸਿੰਘ ਨਗਰ ਦੇ ਫਰਿੱਜਾਂ ਨੂੰ ਵੀ ਸਾਡੇ ਦੁੱਖ ਵਿਚ ਸ਼ਾਮਲ ਕਰ ਦਿੱਤਾ ਗਿਆ ਸੀ ।

ਪ੍ਰੋ. ਮਿੱਤਲ ਉਹਦਾ ਪੱਕਾ ਗੁਆਂਢੀ ਸੀ ਅਤੇ ਗਲਾਸ ਦਾ ਸਾਥੀ ਵੀ । ਪਤਾ ਨਹੀਂ ਸੀ ਲੱਗਦਾ ਕਿ ਦੋਹਾਂ 'ਚੋੋਂ ਕੌਣ ਜ਼ਿਆਦਾ ਪੀਂਦੈ । ਕੰਧ ਸਾਂਝੀ ਹੋਣ ਦੇ ਬਾਵਜੂਦ ਜਦੋਂ ਉਹ ਇਕ ਦੂਜੇ ਦਾ ਮੋਢਾ ਫੜ ਕੇ ਤੁਰਦੇ ਤਾਂ ਪਤਾ ਨਾ ਲੱਗਦਾ ਕਿ ਕੌਣ ਕੀਹਨੂੰ ਘਰ ਛੱਡਣ ਜਾ ਰਿਹੈ ।

•••

ਪ੍ਰੋ. ਮਿੱਤਲ ਦੀ ਅਕਾਲ ਮਿਰਤੂ ਹੋ ਗਈ । ਉਹਦੀਆਂ ਚਹੁੰ ਬੇਟੀਆਂ 'ਚੋਂ ਅਜੇ ਇਕ ਵੀ ਸੈਟਲ ਨਹੀਂ ਸੀ ਹੋਈ । ਮਿਸਿਜ਼ ਮਿੱਤਲ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ । ਹਮਦਰਦੀ ਤਾਂ ਸਾਰਿਆਂ ਨੂੰ ਹੁੰਦੀ ਏ ਪਰ ਦੂਜੇ ਦੇ ਦੁੱਖ ਨੂੰ ਆਪਣਾ ਸਮਝ ਕੇ ਵੰਡਾਉਣਾ ਸਾਰਿਆਂ ਨੂੰ ਨਹੀਂ ਆਉਂਦਾ । ਗੁਆਂਢੀ ਗੋਬਿੰਦ ਰਾਮ ਨੇ ਆਪਣਾ ਘਰ ਬਾਰ ਭੁਲਾ ਦਿੱਤਾ । ਪਤਾ ਨਹੀਂ ਉਹਦੇ ਅੰਦਰ ਕਿਹੜੀ ਸ਼ਕਤੀ ਦਾ ਸੰਚਾਰ ਹੋ ਰਿਹਾ ਸੀ । ਦਿਨ ਰਾਤ ਦੀ ਭੱਜ ਨੱਠ ਨਾਲ ਵੀ ਉਹਨੂੰ ਥਕਾਵਟ ਨਹੀਂ ਸੀ ਹੁੰਦੀ । ਜਾਣ ਵਾਲੇ ਦੀਆਂ ਅੰਤਿਮ ਰਸਮਾਂ ਤੋਂ ਲੈ ਕੇ ਪੈਨਸ਼ਨ ਵਗੈਰਾ ਦੇ ਜਾਰੀ ਹੋਣ ਤੱਕ ਉਹ ਦਫ਼ਤਰਾਂ ਤੇ ਅਫ਼ਸਰਾਂ ਦੇ ਗੇੜੇ ਕੱਢਦਾ ਰਿਹਾ । ...ਕਿੰਨੇ ਦਿਨ... ਹਫ਼ਤੇ... ਮਹੀਨੇ ਗੁਜ਼ਰ ਗਏ । ਉਹਨੂੰ ਪਤਾ ਹੀ ਨਾ ਲੱਗਿਆ । ਚੇਤਾ ਵੀ ਨਾ ਆਇਆ । ਸਿਰਫ਼ ਵੇਖਣ ਵਾਲੇ ਵੇਖਦੇ ਸਨ ਕਿ ਉਹ ਸ਼ਰਾਬ ਨਹੀਂ ਪੀਂਦਾ । ਪਹਿਲਾਂ ਤਾਂ ਉਹ ਠੇਕੇ ਵਾਲੇ ਨੂੰ ਵੀ ਕਹਿੰਦਾ ਸੁਣਿਆ ਗਿਆ ਸੀ ਕਿ ਪੈਸੇ ਭਾਵੇਂ ਵੱਧ ਲਾ ਲੈ ਪਰ ਦਾਰੂ ਐਸੀ ਦੇਹ, ਜੀਹਦੇ ਪੀਣ ਨਾਲ ਮੂੰਹ 'ਚੋਂ ਬਦਬੂ ਨਾ ਆਏ । ...ਹੁਣ ਤਾਂ ਉਹਨੂੰ ਗੱਲ ਗੱਲ 'ਤੇ ਮਖ਼ੌਲ ਕਰਨ ਵਾਲਾ ਪ੍ਰੋ. ਭਾਟੀਆ ਸ਼ਰੇ੍ਹਆਮ ਕਹਿੰਦਾ ਫਿਰਦਾ ਸੀ, ''ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਜਦੋਂ ਮੈਂ ਮਰਾਂ, ਮੇਰਾ ਗੁਆਂਢੀ ਗੋਬਿੰਦ ਰਾਮ ਹੋਏ ।''

ਹਾਂ, ਤੇ ਓਦੂੰ ਮਗਰੋਂ ਸੱਚੀ ਉਹਨੂੰ ਦਾਰੂ ਦਾ ਚੇਤਾ ਈ ਵਿੱਸਰ ਗਿਆ । ਮੇਰੇ ਮੁੰਡੇ ਦੇ ਵਿਆਹ 'ਤੇ ਨਾ ਪੀਤੀ । ਆਪਣੇ ਮੁੰਡੇ ਦੇ ਵਿਆਹ 'ਤੇ ਵੀ ਨਹੀਂ । ਮੁੰਡੇ ਦੇ ਮੁੰਡਾ ਹੋਇਆ ਤਾਂ ਵੀ ਨਹੀਂ । ਪਰ ਕੀ ਕਰੀਏ ਲੋਕ ਅਜੇ ਵੀ ਵਿਸ਼ਵਾਸ ਨਹੀਂ ਕਰਦੇ । ਮੀਂਹ 'ਚ ਤ੍ਰਿਹਲਕ ਕੇ ਲੜਖੜਾ ਜਾਏ ਤਾਂ ਵੀ ਲੋਕ ਪੀਤੀ ਸਮਝਦੇ ਨੇ । ਲੋਕਾਂ ਦਾ ਮੂੰਹ ਬੰਦ ਨਹੀਂ ਕੀਤਾ ਜਾ ਸਕਦਾ ਪਰ ਉਹਦੀ ਦਾਰੂ ਬੰਦ ਹੈ ।

ਕਦੀ ਕਦੀ ਲੱਗਦਾ ਏ ਉਹਦੇ 'ਚ ਭਗਤ ਪੂਰਨ ਸਿੰਘ ਵਾਲੀ ਪੌਣ ਆਉਂਦੀ ਏ, ਜਾਂ ਮਦਰ ਟਰੇਸਾ ਵਾਲਾ ਦੌਰਾ ਪੈਂਦਾ ਏ । ਪਟਿਆਲੇ 'ਚ ਦਸੌਂਧੀ ਰਾਮ ਉਰਫ ਵੀਰ ਜੀ ਰਹਿੰਦਾ ਸੀ, ਰੋਪੜ 'ਚ ਗੋਬਿੰਦ ਰਾਮ ਉਰਫ ਡਾਕਟਰ ਰਹਿੰਦਾ ਏ । ਉਹ ਆਪਣੀ ਧੁਨ ਵਿਚ ਮਸਤ ਏ, ਉਹਨੂੰ ਕੋਈ ਫ਼ਰਕ ਨਹੀਂ ਪੈਂਦਾ ਕੋਈ ਕੀ ਕਹਿੰਦਾ ਏ । ਫ਼ਰਕ ਸਿਰਫ਼ ਏਨਾ ਏ ਕਿ ਹੁਣ ਉਹ ਟਾਈਮ ਪੀਸ ਦਾ ਅਲਾਰਮ ਨਹੀਂ ਲਾਉਂਦਾ । ਵੀਰਵਾਰ ਦਾ ਵਰਤ ਤਾਂ ਹਾਲੇ ਵੀ ਰੱਖਦੈ ਪਰ ਬਾਕੀ ਛੇ ਦਿਨ ਓਦਾਂ ਨਹੀਂ ਬਿਤਾਉਂਦਾ ।

••••••

16. ਬਾਈ ਸੈਕਟਰ ਦਾ ਗੇੜਾ

ਯਾਦਾਂ ਲਿਖਣ ਬਹਿਣਾ ਬੁਢਾਪੇ ਦੀ ਨਿਸ਼ਾਨੀ ਹੈ । ਜਦੋਂ ਕੁਝ ਕਰਨ ਜੋਗਾ ਨਹੀਂ ਰਹਿੰਦਾ, ਬੰਦਾ ਯਾਦਾਂ ਲਿਖਣ ਬਹਿੰਦਾ । ਗਏ ਬੀਤੇ ਪਲਾਂ ਦੇ ਮੁੜ ਰੂਬਰੂ ਹੁੰਦਾ । ਨਿਕਸੁਕ ਕਾਗਜ਼ ਦੇ ਹਵਾਲੇ ਕਰਕੇ ਸੁਰਖਰੂ ਹੁੰਦਾ । ਯਾਦਾਂ ਦਾ ਬੋਲਾਂ ਨਾਲ, ਬੋਲਾਂ ਦਾ ਅੱਖਰਾਂ ਨਾਲ, ਅੱਖਰਾਂ ਦਾ ਵਕਤ ਨਾਲ ਕਿਹੋ ਜਿਹਾ ਰਿਸ਼ਤਾ ਏ! ਮਨ ਦਾ ਅਕਸ ਵਕਤ ਦੇ ਪਾਣੀਆਂ 'ਚ ਕਦੇ ਕਦੇ ਦਿਸਦਾ ਏ । ਪਾਣੀ ਵਗਦੇ ਰਹਿਣ! Êਪੱਤਣਾਂ 'ਤੇ ਮੇਲੇ ਲਗਦੇ ਰਹਿਣ!! ਸੁੰਨ ਮਸਾਣ ਸਮਿਆਂ ਵਿੱਚ ਵੀ ਯਾਦਾਂ ਦੇ ਦੀਵੇ ਜਗਦੇ ਰਹਿਣ!!!

ਚੀਜ਼ਾਂ ਦੀ ਆਪਣੇ ਆਪ ਵਿੱਚ ਕੀ ਕੀਮਤ ਏ! ਬੰਦੇ ਨਾਲ ਜੁੜ ਕੇ ਈ ਇਨ੍ਹਾਂ ਦੀ ਅਹਿਮੀਅਤ ਏ । ਬੰਦੇ ਨਾਲ ਜੁੜ ਕੇ ਵਸਤਾਂ ਮਹਿੰਗੀਆਂ ਸਸਤੀਆਂ ਹੁੰਦੀਆਂ ਨੇ । ਬੰਦੇ ਨਾਲ ਜੁੜ ਕੇ ਬੇਜਾਨ ਚੀਜ਼ਾਂ ਵੀ ਜੀਂਦੀਆਂ ਜਾਗਦੀਆਂ ਹਸਤੀਆਂ ਹੁੰਦੀਆਂ ਨੇ । ਬੰਦੇ ਹੋਣ ਤਾਂ ਉਜਾੜਾਂ ਵੀ ਬਸਤੀਆਂ ਹੁੰਦੀਆਂ ਨੇ । ਬੰਦੇ ਨਾ ਹੋਣ ਤਾਂ ਉਨ੍ਹਾਂ ਦੀਆਂ ਯਾਦਾਂ ਨਾਲ ਈ ਖਰਮਸਤੀਆਂ ਹੁੰਦੀਆਂ ਨੇ ।

ਕਈ ਵਾਰੀ ਸਾਨੂੰ ਅਜਨਬੀ ਅਨਜਾਣ ਜਗ੍ਹਾ ਵੀ ਜਾਣੀ ਪਛਾਣੀ ਲੱਗਦੀ ਏ । ਲੱਗਦਾ ਏ ਏਥੇ ਪਹਿਲਾਂ ਵੀ ਆਏ ਹੋਈਏ, ਪਰ ਯਾਦ ਨਹੀਂ ਕਦੋਂ! ਸੁਪਨੇ ਵਰਗੀ ਹਾਲਤ ਹੁੰਦੀ ਏ ਜਿਸ ਨੂੰ ਲਮਕਾਉਣ ਨੂੰ ਜੀਅ ਕਰਦਾ ਏ । ਵੇਖੋ, ਬੰਦਾ ਭਰਮ ਬਣਾਈ ਰੱਖਣ ਲਈ ਕੀ ਕੀ ਕਰਦਾ ਏ! ਕਈ ਵਾਰੀ ਅਸੀਂ ਜਾਣੀ ਪਛਾਣੀ ਜਗ੍ਹਾ ਜਾਂਦੇ ਹਾਂ ਪਰ ਸਭ ਕੁਝ ਅਜਨਬੀ ਹੁੰਦਾ ਏ । ਕੁਝ ਵੀ ਪਛਾਣ 'ਚ ਨਹੀਂ ਆਉਂਦਾ । ਯਾਦਾਸ਼ਤ 'ਤੇ ਬੋਝ ਪਾਉਂਦੇ ਹਾਂ । ਪਰਛਾਵੇਂ ਫੜਨ ਲਈ ਜ਼ੋਰ ਲਾਉਂਦੇ ਹਾਂ । ਆਪਣੀਆਂ ਹਰਕਤਾਂ ਤੋਂ ਡਰੀ ਜਾਂਦੇ ਹਾਂ । ਪੁੱਠੇ ਪਾਣੀਆਂ ਵਿੱਚ ਤਰੀ ਜਾਂਦੇ ਹਾਂ । ਸ਼ੀਸ਼ੇ ਮੂਹਰੇ ਪਰੇਡ ਕਰੀ ਜਾਂਦੇ ਹਾਂ । ਥੱਕ ਜਾਂਦੇ ਹਾਂ, ਪਹੁੰਚਦੇ ਕਿਤੇ ਨਹੀਂ ।...ਸਭ ਕੁਝ ਹੈ ਪਰ ਬੰਦਾ ਕਿਤੇ ਨਹੀਂ ।

ਪਿਛਲੇ ਕੁਝ ਦਿਨਾਂ ਤੋਂ ਬਾਈ ਸੈਕਟਰ ਜਾਣਾ ਪੈ ਰਿਹਾ ਹੈ । ਅਰੋਮਾ ਹੋਟਲ ਵਾਲੇ ਚੌਕ 'ਤੇ ਪਹੁੰਚ ਕੇ ਦਿਲ ਵਿੱਚ ਕੁਝ ਕੁਝ ਹੋਣ ਲੱਗ ਪੈਂਦੈ । ਇਕ ਪਾਸੇ ਇੱਕੀ, ਦੂਜੇ ਪਾਸੇ ਬਾਈ । ਕਈ ਦਹਾਕਿਆਂ 'ਚ ਪਸਰੀਆਂ ਹੋਈਆਂ ਯਾਦਾਂ । ਕਿੰਨਾ ਕਿੰਨਾ ਚਿਰ ਰੁਕੇ ਰਹੀਦੈ । ਫੇਰ ਕਹੀਦੈ : ਚੱਲ ਮਨਾ! ਪਹਿਲਾਂ ਜ਼ਰੂਰੀ ਕੰਮ ਨਿਪਟਾ ਲਈਏ । ਵਿਹਲੇ ਹੋ ਕੇ ਮਾਰਕੀਟ ਦਾ ਗੇੜਾ ਲਾਵਾਂਗੇ । ਰਾਈਟਰਜ਼ ਕਾਰਨਰ ਦੇ ਵੇਲਿਆਂ ਨੂੰ ਮਨ ਹੀ ਮਨ ਦੁਹਰਾਵਾਂਗੇ ।

ਇੱਕੀ ਨਾਲੋਂ ਟੁੱਟਦਾ ਹਾਂ । ਬਾਈ ਨਾਲ ਜੁੜਦਾ ਹਾਂ । ਮੋੜ ਮੁੜਦਾ ਹਾਂ । ਬੜਾ ਕੁਝ ਬਦਲ ਗਿਐ । ਤਬਦੀਲੀ ਨੂੰ ਕੋਈ ਨਹੀਂ ਰੋਕ ਸਕਦਾ । ਇਸ ਨੇ ਹੋਣਾ ਹੁੰਦਾ ਹੈ । ਇਹ ਹੁੰਦੀ ਰਹਿੰਦੀ ਹੈ । ਤਬਦੀਲੀ ਚੰਗੀ ਮਾੜੀ ਨਹੀਂ ਹੁੰਦੀ, ਬਸ 'ਹੁੰਦੀ' ਹੈ । ਇਹੋ ਵੇਖੀ ਜਾਨਾਂ । ਤੁਰਿਆ ਜਾਨਾਂ । ਖੱਬੇ ਕਿਰਨ ਸਿਨੇਮਾ । ਸੱਜੇ ਨਹਿਰੂ ਪਾਰਕ । ਨਹਿਰੂ ਪਾਰਕ ਵਿਚ ਰਾਮ ਲੀਲਾ ਦੀ ਸਟੇਜ । ਤੰਬੂ ਕਨਾਤਾਂ । ਭਿੱਜੀਆਂ ਸਿੱਜੀਆਂ । ਰਾਤੀਂ ਮੀਂਹ ਪਿਆ ਸੀ । ਰਾਮ ਲੀਲਾ ਕਿੰਜ ਹੋਈ ਹੋਏਗੀ? ...ਖ਼ੈਰ, ਇਹ ਗੱਲਾਂ ਕਮੇਟੀ ਵਾਸਤੇ ਛੱਡ ਕੇ ਬਹੁਤ ਪਿੱਛੇ ਚਲਿਆ ਜਾਨਾਂ, ਸ਼ਿਵ ਕੁਮਾਰ ਦਾ ਜ਼ਮਾਨਾ! ਉਦੋਂ ਇਸ ਸਟੇਜ ਉੱਤੇ ਰਾਮ ਦਾ ਰੋਲ ਵਰਿੰਦਰ ਤਾਰਾ ਕਰਦਾ ਹੁੰਦਾ ਸੀ । ਤਾਰਾ ਸ਼ਿਵ ਦੀ ਛੋਟੀ ਭੈਣ ਨਾਲ ਮੰਗਿਆ ਹੋਇਆ ਸੀ । ਸੀਤਾ ਹਰਨ ਵਾਲੀ ਸ਼ਾਮ ਸੀ । ਸ਼ਿਵ ਚਾਹੁੰਦਾ ਸੀ ਤਾਰੇ ਨੂੰ ਰਾਮ ਬਣਿਆ ਵੇਖਿਆ ਜਾਏ । ਘਰੋਂ ਨਿਕਲਦਿਆਂ ਹੀ ਸ਼ੁਰੂ ਹੋ ਗਿਆ, ''ਤਾਰਾ ਬਹੁਤ ਵਧੀਆ ਮੁੰਡੈ । ਵਾਈਸ ਪਿ੍ੰਸੀਪਲ ਦਾ ਪੁੱਤ ਐ । ਪਬਲਿਕ ਰਿਲੇਸ਼ਨ ਮਹਿਕਮੇ 'ਚ ਕੰਮ ਕਰਦੈ । ਆਪਣੇ ਭਾਗ ਸਿੰਘ ਨੇ ਰਿਸ਼ਤਾ ਕਰਾਇਐ ।...'' ਸਿਫਤਾਂ ਕਰਦਿਆਂ ਸੁਣਦਿਆਂ ਅਸੀਂ ਪੰਡਾਲ ਲਾਗੇ ਪਹੁੰਚ ਗਏ । ਸਟੇਜ ਉੱਤੇ ਤਾਰਾ, ਰਾਮ ਬਣਿਆ ਨੰਗੇ ਪਿੰਡੇ ਘੁੰਮਦਾ ਦਰਖਤਾਂ, ਪਸ਼ੂਆਂ, ਪੰਛੀਆਂ... ਨੂੰ ਸੀਤਾ ਦਾ ਸਿਰਨਾਵਾਂ ਪੁੱਛਦਾ ਫਿਰਦਾ ਸੀ : ਮੇਰੀ ਸੀਤਾ ਪਿਆਰੀ ਕਿਧਰ ਗਈ? ਵੋਹ ਜਨਕ ਦੁਲਾਰੀ ਕਿਧਰ ਗਈ । ਸ਼ਿਵ ਦੇ ਮੂੰਹ ਦਾ ਸਵਾਦ ਵਿਗੜ ਗਿਆ, ''ਇਹ ਕੀ ਕਰਦਾ ਪਿਆ ਏ ਤਾਰਾ? ਜਿਸ ਕੁੜੀ ਨਾਲ ਇਹਦਾ ਰਿਸ਼ਤਾ ਹੋਇਐ, ਲੱਲੂ ਨੂੰ ਪਤਾ ਈ ਨਈਂ, ਉਹ ਕਿੰਨੀ ਇੰਟੈਲੀਜੈਂਟ ਐ । ਉਹਨੇ ਤਾਂ ਕਾਮੂ, ਕਾਫਕਾ, ਸਾਰਤਰ ਪੜ੍ਹ ਕੇ ਵਗਾਹ ਮਾਰੇ ਨੇ ਅਤੇ ਇਹ ਆਪਣੀ ਅਕਲ ਦਾ ਜਲੂਸ ਕੱਢ ਰਿਹੈ । ਚੱਲ ਛੱਡ, ਆਪਾਂ ਨਈ ਵੇਖਦੇ ਜਲੂਸ ।''...ਤੇ ਉਹ ਮੇਰੀ ਬਾਂਹ ਫੜ ਕੇ ਘਰ ਵੱਲ ਨੂੰ ਹੋ ਤੁਰਿਆ ਸੀ ।...ਮੈਂ ਤ੍ਰਭਕਿਆ ਅਤੇ ਤੁਰਦਾ ਤੁਰਦਾ ਪ੍ਰੀਤਮ ਸਿੰਘ ਕੰਵਲ ਘੜੀ ਸਾਜ਼ ਦੀ ਦੁਕਾਨ 'ਚ ਜਾ ਪਹੁੰਚਾ । ਪ੍ਰੀਤਮ ਸਿੰਘ ਕੰਵਲ ਦੇ ਬੇਟੇ ਬੈਠੇ ਨੇ । ਕੰਵਲ ਤਾਂ ਕਦੋਂ ਦਾ ਵਿਦਾ ਹੋ ਚੁੱਕੈ । ਸ਼ਿਵ ਨੂੰ ਉਹ ਸ਼ਿਕਾਰ ਖੇਡਣ ਵੇਲੇ ਆਪਣੇ ਨਾਲ ਲੈ ਕੇ ਜਾਂਦਾ ਹੁੰਦਾ ਸੀ । ਇਕ ਵਾਰੀ ਸ਼ਿਵ ਕੁਮਾਰ ਨੇ ਦੱਸਿਆ ਸੀ ਕਿ ਪ੍ਰੀਤਮ ਨੂੰ ਸ਼ਿਕਾਰ ਵੇਲੇ ਵੀ ਗਜ਼ਲ ਦੇ ਸ਼ੇਅਰ ਸੁੱਝਦੇ ਰਹਿੰਦੇ ਨੇ । ਸੂਰ ਦੀ ਉਡੀਕ ਵਿੱਚ ਨਿਸ਼ਾਨਾ ਸੇਧੀ ਬੈਠਾ ਉਹ ਸ਼ੇਅਰ ਵੀ ਜੋੜੀ ਜਾਂਦੈ :

ਜਿਉਂ ਜਿਉਂ ਤੇਰੇ ਆਉਣ ਦੀ,
ਉਡੀਕ ਮੁੱਕਦੀ ਜਾ ਰਹੀ ।
ਤਿਉਂ ਤਿਉਂ ਮੇਰੀ ਹਿਜਰ ਅੰਦਰ,
ਜਾਨ ਸੁੱਕਦੀ ਜਾ ਰਹੀ ।

ਵਰਿੰਦਰ ਤਾਰੇ ਬਾਰੇ ਗੱਲ ਤੁਰੀ ਤਾਂ ਪਤਾ ਲੱਗਾ ਕਿ ਉਹ ਤਾਂ ਕਦੋਂ ਦਾ ਦੁਨੀਆ ਛੱਡ ਗਿਆ । ਰਾਮ ਦੀ ਲੀਲਾ ਕਿੰਨੀ ਅਜੀਬ ਐ! ਭਾਗ ਸਿੰਘ ਕਈ ਸਾਲਾਂ ਤੋਂ ਇਸ ਮਾਰਕੀਟ ਦੇ ਚੱਕਰ ਕੱਟਦਾ ਬਾਹਲਾ ਈ ਥੱਕ ਗਿਐ । ਉਸ ਰੰਗੀਨ ਦਾੜ੍ਹੀ ਵਾਲੇ ਦੀਆਂ ਰੰਗੀਨੀਆਂ ਚੇਤੇ ਕਰ ਕੇ ਹਉਕਾ ਨਿਕਲਦੈ । ਯਾਦ ਆਉਂਦੈ ਕਿ ਜਿੰਨੇ ਦਿਨ 'ਸ਼ੌਂਕਣ ਮੇਲੇ ਦੀ' ਫਿਲਮ ਕਿਰਨ ਥੀਏਟਰ ਵਿੱਚ ਲੱਗੀ ਰਹੀ, ਉਹ ਬਣ ਠਣ ਕੇ ਆਸ ਪਾਸ ਈ ਘੁੰਮਦਾ ਰਿਹਾ । ਲੋਕ ਉਹਨੂੰ ਫਿਲਮ ਦੇ ਅੰਦਰ ਅਤੇ ਥੀਏਟਰ ਦੇ ਬਾਹਰ ਵੇਖ ਕੇ ਹੈਰਾਨ ਹੁੰਦੇ ਰਹੇ । ਹੁਣ ਉਹਨੂੰ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਉਹਦੇ ਚਾਹੁਣ ਵਾਲਿਆਂ ਨੂੰ ਕਿਹੜੇ ਦਿਨ ਵੇਖਣੇ ਪੈ ਰਹੇ ਨੇ । ਉਹ ਨੇ ਜਦੋਂ ਮਿਲਣਾ ਲਾਡ ਨਾਲ ਇਹ ਸ਼ੇਅਰ ਬੋਲਣਾ :

ਧਿਆਨਪੁਰੀਆ ਜ਼ਿਕਰ ਤੇਰਾ ਸੀ ਕਦੇ,
ਹੁਣ ਨਾ ਤੇਰਾ ਜ਼ਿਕਰ ਹੈ, ਨਾ ਨਾਮ ਹੈ ।

ਸੋਚਦਾ ਸੋਚਦਾ ਮੈਂ ਰਾਈਟਰਜ਼ ਕਾਰਨਰ ਵਾਲੇ ਖੰਭੇ ਲਾਗੇ ਜਾ ਖਲੋਂਦਾ ਹਾਂ । ਇਹਦੇ ਉੱਤੇ ਕਦੇ ਅਸਾਂ ਸ਼ਿਵ ਕੁਮਾਰ ਕੋਲੋਂ ਨੇਮ ਪਲੇਟ ਵਰਗੀ 'ਰਾਈਟਰਜ਼ ਕਾਰਨਰ' ਦੀ ਤਖ਼ਤੀ ਟੰਗਵਾਈ ਸੀ । ਗਰੁੱਪ ਫੋਟੋ ਖਿਚਵਾਈ ਸੀ । ਪਰਾਸ਼ਰ ਜੂਸ ਵਾਲੇ ਕੋਲੋਂ ਜੂਸ ਦੇ ਗਲਾਸ ਪੀਤੇ ਸਨ ।...ਇਕ ਗਲਾਸ ਅਨਾਰ ਮਿਕਸ ਪੀ ਕੇ ਮੈਨੂੰ ਨਜ਼ਰ ਲੁਧਿਆਣਵੀ ਦਾ ਖ਼ਿਆਲ ਆਉਂਦੈ ।

'ਨਜ਼ਰ' ਉਰਦੂ 'ਚ ਸ਼ਾਇਰੀ ਕਰਦਾ । ਸ਼ਾਇਰਾਂ ਦਾ ਕਦਰਦਾਨ । ਬੰਬੇ ਟੇਲਰਿੰਗ ਹਾਊਸ ਦਾ ਮਾਲਕ । 'ਰੇਖਾ ਚਿੱਤਰ' ਨਾਂ ਦਾ ਉਹਨੇ ਹਿੰਦੀ 'ਚ ਰਸਾਲਾ ਵੀ ਕੱਢਿਆ । ਉਹਦੇ ਗੁਆਂਢ 'ਚ ਕੌਫ਼ੀ ਹਾਊਸ ਹੋਣ ਕਰਕੇ ਲੇਖਕਾਂ ਨਾਲ ਮੇਲ ਜੋਲ ਦਾ ਸਿਲਸਿਲਾ ਬਣਿਆ ਰਹਿੰਦਾ । ਉਹਦੀ ਦੁਕਾਨ ਤੇ ਕੋਈ ਨਾ ਕੋਈ ਅਦੀਬ ਆਇਆ ਰਹਿੰਦਾ । ਗਾਹਕਾਂ ਨੂੰ ਵੀ ਸ਼ੇਅਰ ਸੁਣਨੇ ਪੈਂਦੇ ।

'ਪ੍ਰੇਮ' ਵਾਰਬਰਟਨੀ ਬੋਲਦਾ:

ਆਖ਼ਰ ਉਸ ਕੀ ਸੂਖੀ ਲਕੜੀ,
ਏਕ ਚਿਤਾ ਕੇ ਕਾਮ ਆਈ
ਹਰੇ ਭਰੇ ਕਿੱਸੇ ਸੁਨਤੇ ਥੇ,
ਜਿਸ ਪੀਪਲ ਕੇ ਬਾਰੇ ਮੇਂ¨

ਕਦੇ 'ਕਤੀਲ' ਫਿਰੋਜ਼ਪੁਰੀ ਗੁਣਗੁਣਾ ਰਿਹਾ ਹੁੰਦਾ: ਰਾਤ ਭਰ ਜਿਸ ਕੇ ਬਦਨ ਕੀ, ਤਪਸ਼ ਸੇ ਹੈਂ ਖੇਲਤੇ ਦਿਨ ਮੇਂ ਅਕਸਰ ਉਸ ਕੇ ਸਾਏ ਸੇ ਭੀ ਜਲ ਜਾਤੇ ਹੈਂ ਲੋਗ । ਬਸ ਚਲੇ ਗ਼ਰ, ਕਫ਼ਨ ਤੋਂ ਕਿਆ, ਲਾਸ਼ ਤਕ ਭੀ ਬੇਚ ਦੇਂ ਬਾਰਹਾ ਇਸ ਹੱਦ ਸੇ ਭੀ ਆਗੇ ਨਿਕਲ ਜਾਤੇ ਹੈਂ ਲੋਗ । ਕੁਮਾਰ ਵਿਕਲ ਵੀ 'ਏਕ ਨਾਸਤਕ ਕੇ ਪ੍ਰਾਰਥਨਾ ਗੀਤ' ਸੁਣਾਉਂਦਾ ਰਹਿੰਦਾ । ਸ਼ਿਵ ਕੁਮਾਰ ਏਥੇ ਅਮਿਤੋਜ ਨਾਲ ਅਕਸਰ ਆਉਂਦਾ ਰਹਿੰਦਾ । ਸ਼ਾਇਰ ਤਾਂ ਇਕ ਮਾਣ ਨਹੀਂ ਹੁੰਦਾ । 'ਨਜ਼ਰ' ਕੋਲ ਤਾਂ ਸ਼ਾਇਰਾਂ ਦੀ ਲਾਈਨ ਲੱਗੀ ਰਹਿੰਦੀ । ਉਹ ਮਿਲਨਸਾਰ ਸੀ । ਖਾਂਦਾ ਪੀਂਦਾ ਸੀ । ਸ਼ਾਇਰੀ ਦੀ ਕਦਰ ਕਰਦਾ ਸੀ ।...ਪਰ ਅਚਾਨਕ ਉਹਨੂੰ ਲੱਗਾ ਕਿ ਇਸ ਸੋਹਬਤ ਨਾਲ ਉਹਦੀ ਦੁਕਾਨਦਾਰੀ ਨੂੰ ਸੱਟ ਵੱਜਦੀ ਹੈ । ਪਹਿਲਾਂ ਉਹਨੇ ਹੱਥ ਖਿੱਚਿਆ । ਹੌਲੀ ਹੌਲੀ ਪੂਰੀ ਤਰ੍ਹਾਂ ਪਿੱਛੇ ਹਟਣ ਲੱਗਾ ।

ਇਕ ਦਿਨ ਤਾਂ ਹੱਦ ਈ ਹੋ ਗਈ । ਇਕ ਸ਼ਾਇਰ ਆਪਣੇ ਝੋਲੇ 'ਚੋਂ ਕਿਤਾਬ ਕੱਢ ਕੇ ਕਹਿੰਦਾ, ''ਯੇ ਲੋ ਮੇਰੀ ਨਈ ਕਿਤਾਬ । ਇਸ ਕੀ ਕੀਮਤ ਏਕ ਬੋਤਲ ਹੈ । ਲੇਕਿਨ ਛੱਡੋ, ਤੁਮ ਅਧੀਏ ਕੇ ਪੈਸੇ ਦੇ ਦੋ ।'' 'ਨਜ਼ਰ' ਨੂੰ ਗੁੱਸਾ ਚੜ੍ਹ ਗਿਆ । ਉਹਨੇ ਕਿਤਾਬ ਫੜ ਕੇ ਸਾਹਮਣੀ ਕੰਧ ਨਾਲ ਵਗਾਹ ਮਾਰੀ ਅਤੇ ਸ਼ਾਇਰ ਨੂੰ ਦੁਕਾਨ ਬਦਰ ਕਰ ਦਿੱਤਾ । ਨਾਲ ਦੀ ਨਾਲ ਐਲਾਨ ਕੀਤਾ ਕਿ ਅੱਜ ਤੋਂ ਇਸ ਦੁਕਾਨ ਵਿੱਚ ਨਾ ਸ਼ਾਇਰ ਵੜੇਗਾ, ਨਾ ਕੋਈ ਸ਼ਾਇਰੀ ਦੀ ਗੱਲ ਕਰੇਗਾ । ...ਉਸ ਤੋਂ ਬਾਅਦ ਉਹ ਆਪਣੇ ਵਾਅਦੇ 'ਤੇ ਕਾਇਮ ਰਿਹਾ । ਪੂਰੇ ਸਰਕਲ ਨਾਲੋਂ ਟੁੱਟ ਗਿਆ । ਉਹਦੀ ਮਿਲਨਸਾਰਤਾ ਦਮ ਤੋੜ ਗਈ । ਅਦਬੀ ਮਹਿਫਲਾਂ ਵਿੱਚ ਆਉਣੋਂ ਹਟ ਗਿਆ ਪਰ ਸੁਣਿਆ ਹੈ ਕਿ ਆਪਣਾ ਇਕ ਸ਼ੇਅਰ ਉਹ ਆਏ ਗਏ ਨੂੰ ਬੇਵਜ੍ਹਾ ਸੁਣਾਉਂਦਾ ਰਹਿੰਦਾ ਸੀ :

ਅਬ ਕੇ ਬਾਜ਼ਾਰ ਸੇ ਗੁਜ਼ਰੇ ਤੋਂ ਖੁਸ਼ੀ ਢੂੰਡੇਂਗੇ,
ਔਰ ਦੇਖੇਂਗੇ ਕਿਸੀ ਮੋੜ ਪੇ ਮਿਲ ਜਾਏ ਉਧਾਰ¨

'ਨਜ਼ਰ' ਨੂੰ ਮਿਲਿਆਂ ਮੁੱਦਤਾਂ ਹੋ ਗਈਆਂ । ਅੱਜ ਮਿਲ ਹੀ ਚੱਲੀਏ । ਇਨ੍ਹਾਂ ਖਿਆਲਾਂ 'ਚ ਗੁਆਚਾ ਉਹਦੀ ਦੁਕਾਨ ਵੱਲ ਤੁਰ ਪੈਨਾਂ । 'ਟੇਲਰਿੰਗ' ਦੀ ਜਗ੍ਹਾ 'ਬੰਬੇ' ਮੂਹਰੇ ਕੁਝ ਹੋਰ ਲਿਖਿਆ ਹੋਇਐ । ਅੰਦਰ ਕਾਊਂਟਰ ਪਿੱਛੇ ਖਲੋਤੇ ਮੁੰਡੇ ਤੋਂ ਪਤਾ ਲੱਗਦਾ ਹੈ ਕਿ 'ਨਜ਼ਰ' ਉਹਦਾ ਤਾਇਆ ਸੀ । 'ਤਾਇਆ ਜੀ ਨੂੰ ਦੁਨੀਆ ਛੱਡੇ ਪੰਜ ਛੇ ਸਾਲ ਹੋ ਗਏ ।'

ਇਹ ਕੀ ਹੋ ਰਿਹਾ ਹੈ? ਸਭ ਨੂੰ ਕਾਹਲੀ ਲੱਗੀ ਹੋਈ ਐ! ਇਹਨੇ ਕਦੇ ਸ਼ਿਵ ਕੁਮਾਰ ਨੂੰ ਆਖਿਆ ਸੀ, ''ਤੂੰ ਲੂਣਾ ਲਿਖੀ ਹੈ । ਮੈਂ ਸੁੰਦਰਾਂ ਲਿਖ ਰਿਹਾਂ । ਤੂੰ ਲੂਣਾ ਦਾ ਪੱਖ ਪੂਰਿਐ । ਮੈਂ ਪੂਰਨ ਦਾ ਪੇਸ਼ ਕਰਾਂਗਾ ।'' 'ਨਜ਼ਰ' ਦਾ ਅਸਲੀ ਨਾਂ ਇੰਦਰਜੀਤ ਹੈ । ਗੱਲਾਂ ਬੜੀਆਂ ਸੋਹਣੀਆਂ ਕਰਦਾ ਹੁੰਦਾ ਸੀ । ਉਹ ਦੇ ਬਾਰੇ ਗੱਲਾਂ ਹੁਣ ਕੀ ਕਰੀਏ? ਉਹਦੀ ਇਕ ਕਵਿਤਾ ਨਾਲ ਦਿਲ ਬਹਿਲਾਉਂਦੇ ਹਾਂ :



ਦਰਜ਼ੀ ਮਸ਼ੀਨੀ ਦੌਰ ਕਾ ਮਸਰੂਫ਼ ਦਰਜੀ, ਕਈ ਰੰਗੋਂ ਕੀ ਚੋਲੀ ਸੀ ਰਹਾ ਹੈ । ਜ਼ਮਾਨਾ ਰੰਗ ਬਦਲੇ ਯਾ ਨਾ ਬਦਲੇ, ਯੇ ਜੀਨੇ ਕੀ ਲਗਨ ਮੇਂ ਜੀ ਰਹਾ ਹੈ¨ ਯੇ ਸੂਈ ਕੀ ਦੁਆਉਂ ਕੇ ਸਹਾਰੇ, ਉੱਮੀਦੋਂ ਕੇ ਖਿਲੌਨੇ ਨਾਪਤਾ ਹੈ । ਯੇ ਦਿਲਬਰ ਕੀ ਤਰ੍ਹਾ ਕਰਤਾ ਹੈ ਵਾਅਦੇ, ਮਗਰ ਆਪਣੀ ਹਕੀਕਤ ਜਾਨਤਾ ਹੈ । ਯੇ ਹੰਸਤਾ ਹੈ ਤੋ ਪੀ ਲੇਤਾ ਹੈ ਦਾਰੂ, ਤਬੀਅਤ ਮੇਂ ਹੀ ਕੁਝ ਦੀਵਾਨਾਪਨ ਹੈ । ਯੇ ਈਂਧਨ ਕੀ ਤਰ੍ਹਾ ਜਲਤਾ ਹੈ ਰਾਤੋਂ, ਯੇ ਇਸ ਕੀ ਬੇਬਸੀ ਕਾ ਬਾਂਕਪਨ ਹੈ । ਕਭੀ ਮੰਟੋ ਨੇ ਇਸ ਕੋ ਗਾਲੀਆਂ ਦੀ, ਕਭੀ ਸਾਹਿਰ ਇਸੇ ਸਹਿਲਾ ਰਹਾ ਹੈ । ਮਗਰ ਧਾਗੋਂ ਕੀ ਉਲਝਨ ਕਾ ਖਿਲਾੜੀ, ਸਭੀ ਕੇ ਜ਼ਖ਼ਮ ਸੀਤਾ ਜਾ ਰਹਾ ਹੈ । ਕਭੀ ਹੰਸਤਾ ਹੈ ਗਮ ਕੀ ਰੌਸ਼ਨੀ ਮੇਂ, ਤੋ ਅਸ਼ਕੋਂ ਮੇਂ ਪਨਾਹੇਂ ਢੂੰਡਤਾ ਹੈ । ਕਭੀ ਤੋਂ ਜ਼ਿੰਦਗੀ ਆਵਾਜ਼ ਦੇਗੀ, ਯੇ ਉਮੀਦੇ-ਸਹਿਰ ਮੇਂ ਊਂਘਤਾ ਹੈ । ਯੇ ਗੁਰਬਤ ਕੀ ਨਿਗਹਬਾਨੀ ਕਾ ਪੰਛੀ, ਸੁਲਗਤੀ ਚਿਮਨੀਉਂ ਕਾ ਰਾਜ਼ਦਾਂ ਹੈ । ਯੇ ਭਾਰਤ ਮਾਂ ਕੀ ਆਂਖੋਂ ਕਾ ਸਿਤਾਰਾ, ਗੁਜ਼ਰਤੇ ਵਕਤ ਕੀ ਏਕ ਦਾਸਤਾਂ ਹੈ । ••••••

17. ਅਥ ਪਿਤਾ-ਪੁਰਾਣ ਲਿਖਯਤੇ

ਪਿਛਲੇ ਕਈ ਦਿਨਾਂ ਤੋਂ, ਚੌਵੀ ਘੰਟੇ, ਮਨ ਦੀ ਹਾਲਤ ਇਹ ਹੈ ਕਿ ਖ਼ੁਦ ਨੂੰ ਪਰੀਖਿਆ ਕੇਂਦਰ ਵਿੱਚ ਬੈਠਾ ਮਹਿਸੂਸ ਕਰ ਰਿਹਾ ਹਾਂ । ਇੱਕ-ਸ਼ਬਦ ਪ੍ਰਸ਼ਨ ਹੈ: ''ਪਿਤਾ?'' ਉੱਤਰ ਦੇਣ ਦੀ ਮੋਹਲਤ ਵਿੱਚ ਕਈ ਵਾਰ ਵਾਧਾ ਕਰਵਾ ਚੁੱਕਾ ਹਾਂ । ਥੀਮ ਆਪਣਾ-ਆਪਣਾ ਹੈ । ਦਿਲ ਦੇ ਨੇੜੇ ਹੈ । ਸਤਿਕਾਰਯੋਗ ਹੈ । ਸੋਚ ਦੀ ਚੱਕੀ ਚੱਲ ਰਹੀ ਹੈ । ਨਿਕਲ ਕੁਛ ਨਹੀਂ ਰਿਹਾ । ਸਿਰਫ਼ ਪੁੜ ਘਸ ਰਹੇ ਨੇ । ਗਾਲਾ ਕਿੱਥੇ ਹੈ?

ਗਊ, ਕੁਰਸੀ ਅਤੇ ਮਹਾਤਮਾ ਗਾਂਧੀ ਵਾਂਗ ਪਿਤਾ 'ਤੇ ਪ੍ਰਸਤਾਵ ਲਿਖ-ਲਿਖ ਕਈ ਵਰਕੇ ਪਾੜ ਚੁੱਕਾ ਹਾਂ । ਸਮਝ ਨਹੀਂ ਆ ਰਹੀ ਕਿ ਜੇਕਰ ਰਾਸ਼ਟਰਪਿਤਾ ਬਾਰੇ ਬਿਨਾਂ ਸੋਚੇ ਸਮਝੇ ਲਿਖਿਆ ਜਾ ਸਕਦਾ ਹੈ ਤਾਂ ਪਿਤਾ ਬਾਰੇ ਲਿਖਦਿਆਂ ਕਲਮ ਨੂੰ ਕੀ ਹੋ ਜਾਂਦਾ ਹੈ?

ਕਿਸੇ ਬਾਰੇ ਲਿਖਣ ਤੋਂ ਪਹਿਲਾਂ ਉਸ ਨੂੰ ਵੇਖਣਾ ਪੈਂਦਾ ਹੈ । ਵੇਖਣ ਲਈ ਦੂਰੀ ਜ਼ਰੂਰੀ ਹੈ । ਪਿਤਾ ਤੋਂ ਦੂਰੀ, ਮੇਰੇ ਲਈ ਮੁਮਕਿਨ ਹੀ ਨਹੀਂ । ਸਾਡੀ ਦੋਹਾਂ ਦੀ ਹੋਂਦ ਘੁਲੀ-ਮਿਲੀ ਹੈ । ਪਿਤਾ ਨੂੰ ਖ਼ੁਦ ਤੋਂ ਵੱਖ ਕਰਕੇ ਕਿਵੇਂ ਵੇਖਾਂ? ਉਸ ਤੋਂ ਵੱਖ ਹੋ ਕੇ ਕਿਵੇਂ ਖਲੋਵਾਂ? ਇੱਕ ਤੋਂ ਦੋ ਕਿਵੇਂ ਹੋਵਾਂ?

ਪਿਤਾ ਨੇ ਸਦਾ ਏਕੇ ਦਾ ਸਬਕ ਦਿੱਤਾ ਹੈ । ਅਦਵੈਤ ਦਾ ਪਾਠ ਪੜ੍ਹਾਇਆ ਹੈ । ਦੂਈ ਦਾ ਬੀਜ ਬੋਇਆ ਹੀ ਨਹੀਂ । ਦੂਰੀ ਦਾ ਬੋਧ ਹੋਇਆ ਹੀ ਨਹੀਂ । ਅੰਦਰੋਂ ਆਵਾਜ਼ ਆਉਂਦੀ ਹੈ: ''ਪੁੱਤਰ! ਸਫ਼ਰ ਓਥੋਂ ਹੀ ਸ਼ੁਰੂ ਹੋਣਾ ਹੈ, ਜਿੱਥੇ ਪੈਰ ਹਨ ।'' ... ਮੈਂ ਪੈਰਾਂ ਦੇ ਸਹਾਰੇ ਤੁਰਨ ਦੀ ਕੋਸ਼ਿਸ਼ ਕਰਦਾ ਹਾਂ । ਅਜੀਬ ਸਥਿਤੀ ਹੈ: ਪਿਤਾ ਦੀ ਉਂਗਲ ਫੜ ਕੇ, ਪਿਤਾ ਦੇ ਪੈਰਾਂ ਨਾਲ, ਪਿਤਾ ਦੇ ਪੂਰਨਿਆਂ ਉੱਤੇ ਚੱਲ ਰਿਹਾ ਹਾਂ । ਉਹਨਾਂ ਦਾ ਬਿੰਬ ਸੂਰਜ ਵਾਂਗੂੰ ਦਗ ਦਗ ਕਰਦਾ ਹੈ: ਮੈਂ ਮੋਮਬੱਤੀ ਵਾਂਗੂੰ ਢਲ ਰਿਹਾ ਹਾਂ । ਪਿਤਾ ਦਾ ਸਰੀਰ ਚਿਤਾ ਦੇ ਹਵਾਲੇ ਹੋਇਆ ਡੇਢ ਦਹਾਕਾ ਬੀਤ ਗਿਆ ਹੈ । ਇਕੱਤੀ ਵਰ੍ਹੇ ਪਹਿਲਾਂ ਮੈਂ ਖ਼ੁਦ ਪਿਤਾ ਬਣ ਗਿਆ ਸਾਂ । ਸੱਤ ਸਾਲ ਹੋ ਗਏ ਨੇ ਮੇਰੇ ਪੁੱਤਰ ਨੂੰ ਪਿਤਾ ਬਣਿਆਂ । ... ਆਦਿ ਕਾਲ ਤੋਂ ਪਿਤਾ ਲਗਾਤਾਰ ਪੈਦਾ ਹੋ ਰਿਹਾ ਹੈ, ਪੈਦਾ ਕਰ ਰਿਹਾ ਹੈ । ਭਵਿੱਖ ਨੂੰ ਡਰਾ ਰਿਹਾ ਹੈ: ਭੂਤ ਤੋਂ ਡਰ ਰਿਹਾ ਹੈ । ਪਰਮ-ਪਿਤਾ ਹੀ ਪਿਤਾ ਬਣਕੇ ਲੀਲਾ ਕਰ ਰਿਹਾ ਹੈ । ਭਟਕਿਆ ਹੋਇਆ ਬਾਲ ਘਰ ਪਰਤ ਆਇਆ ਹੈ । ਪਿਤਾ ਨੇ ਛਾਤੀ ਨਾਲ ਲਾਇਆ ਹੈ । ਪਹਿਲਾਂ ਹਨੇਰ ਛਾਇਆ ਹੋਇਆ ਸੀ, ਹੁਣ ਕਈ ਕੁਝ ਯਾਦ ਆ ਰਿਹਾ ਹੈ । ਪਹਿਲਾਂ ਕੁਝ ਸੁੱਝਦਾ ਹੀ ਨਹੀਂ ਸੀ, ਹੁਣ ਲਿਖਣ ਵਿੱਚ ਸਵਾਦ ਆ ਰਿਹਾ ਹੈ ।

ਤੁਰਨ ਵਾਂਗ ਲਿਖਣ ਵੀ ਪਿਤਾ ਨੇ ਲਾਇਆ ਸੀ: ਪੂਰਨੇ ਪਾ ਕੇ, ਕਲਮ ਘੜ ਕੇ, ਹੱਥ ਫੜ ਕੇ । ਲਿਖਾਈ ਤੋਂ ਲਿਖਤ ਤੱਕ ਦਾ ਸਫ਼ਰ ਵੀ ਇਹੋ ਜਿਹਾ ਹੀ ਹੈ । ਉਹ ਕਵੀ ਸਨ । ਪੜ੍ਹਦੇ ਸਨ । ਲਿਖਦੇ ਸਨ । ਸੁਣਾਉਂਦੇ ਸਨ । ਸਮਝਾਉਂਦੇ ਸਨ । ਕਾਗਜ਼ ਨੂੰ ਪੱਤਰਾ ਤੇ ਕਿਤਾਬ ਨੂੰ ਗਰੰਥ ਕਹਿੰਦੇ ਸਨ । ਕਿਤਾਬਾਂ ਨੂੰ ਸਾਫ਼ ਕੱਪੜੇ 'ਚ ਬੰਨ੍ਹ ਕੇ ਉੱਚੇ ਥਾਂ ਰੱਖਦੇ ਸਨ । ਕਿਤਾਬ ਨੂੰ ਹੱਥ ਲਾਉਣ ਤੋਂ ਪਹਿਲਾਂ ਹੱਥ ਪਵਿੱਤਰ ਕਰਦੇ ਸਨ । ਪੰਜ ਗਰੰਥੀ, ਦਸ- ਗੁਰਦਰਸ਼ਨ, ਕਲਗੀਧਰ ਚਮਤਕਾਰ, ਗੀਤਾ, ਤੁਲਸੀ ਰਮਾਇਣ, ਜਸਵੰਤ ਸਿੰਘ ਟੋਹਾਵਣੀ ਦੀ ਰਮਾਇਣ, ਪੰਡਤ ਰਾਧੇ ਸ਼ਾਮ ਦੀ ਰਮਾਇਣ, ਕਾਲੀਦਾਸ ਦਾ ਪੂਰਨ ਭਗਤ ਤੇ ਗੋਪੀ ਚੰਦ, ਭਰਥਰੀ ਹਰੀ ਸੰਤ ਬਾਣੀ, ਸਾਰ, ਬਚਨ, ਸਾਰੀ ਦੁਨੀਆ, ਸਤਿਜੁਗ... ਵਰਗੀਆ ਪੁਸਤਕਾਂ ਤੇ ਪੱਤਰਕਾਵਾਂ ਸਾਡੇ ਘਰੇਲੂ ਸਿਲੇਬਸ ਵਿੱਚ ਲੱਗੀਆਂ ਹੋਈਆਂ ਸਨ । ਪੜ੍ਹਦਾ-ਸੁਣਦਾ ਪਤਾ ਨਹੀਂ, ਕਦੋਂ, ਮੈਂ ਤੁਕਾਂ ਜੋੜਨ ਲੱਗ ਪਿਆ । ਕਬੀਰ, ਨਾਮਦੇਵ, ਰਵੀਦਾਸ, ਪਲਟੂ, ਦਾਦੂ, ਮੀਰਾ ਬਾਈ... ਸਾਡੇ ਟੱਬਰ ਦੇ ਜੀਆਂ ਵਰਗੇ ਸਨ । ... ਹੁਣ ਤਕ ਦੀ ਕਲਮ-ਘਸਾਈ ਦਾ ਜੋ ਕਿਰਿਆ-ਕਲਾਪ ਹੈ । ਸਭ ਪਿਤਾ ਦਾ ਪ੍ਰਤਾਪ ਹੈ । ਉਹਨਾਂ ਦੀਆਂ ਪੜ੍ਹੀਆਂ ਕਿਤਾਬਾਂ ਪੜ੍ਹਦਿਆਂ, ਪੜ੍ਹਨ ਦੀ ਜਾਚ ਆਈ । ਹਾਸ਼ੀਏ ਵਿੱਚ ਲਿਖੀਆਂ ਟਿੱਪਣੀਆਂ ਅਤੇ ਗਲਤ ਛਾਪੇ ਦੀ ਸੁਧਾਈ ਦੀ ਆਦਤ ਹੁਣ ਤੱਕ ਕਾਇਮ ਹੈ । ਫਾਰਸੀ ਜਾਂ ਦੇਵਨਾਗਰੀ ਤੋਂ ਗਰੁਮੁਖੀ ਵਿੱਚ ਲਿਪਾਂਤਰ ਹੋਣ ਵਾਲੀਆਂ ਉਕਾਈਆਂ ਦਾ ਪਤਾ ਉਸੇ ਸਿਖਲਾਈ ਦਾ ਨਤੀਜਾ ਹੈ ।

ਪਿਤਾ ਬਾਰੇ ਲਿਖਣਾ ਹੁਣ ਆਤਮ ਕਥਾ ਲਿਖਣ ਵਾਂਗ ਜਾਪ ਰਿਹਾ ਹੈ । ਇਹ ਵੱਡਾ ਅਤੇ ਜ਼ੁੰਮੇਵਾਰੀ ਵਾਲਾ ਕੰਮ ਹੈ । ਹਾਲ ਦੀ ਘੜੀ ਇਸ ਕੰਮ ਨੂੰ ਅੱਗੇ ਪਾਇਆ ਜਾ ਸਕਦਾ ਹੈ । ਵਕਤੀ ਲੋੜ ਵੱਲ ਆਇਆ ਜਾ ਸਕਦਾ ਹੈ । ਉਹਨਾਂ ਦੇ ਕੁਝ ਬੋਲਾਂ ਨਾਲ ਪ੍ਰਥਮ ਅਧਿਆਇ ਮੁੁਕਾਇਆ ਜਾ ਸਕਦਾ ਹੈ ।

? ਬੇਟਾ! ਬਹਿਸ ਤੋਂ ਬਚੋ । ਅਖ਼ਬਾਰ ਦੀ ਥਾਂ ਗਰੰਥ ਪੜ੍ਹਿਆ ਕਰੋ ।

? ਕਰਜ਼ਾ ਕੋਹੜ ਹੁੰਦਾ ਹੈ । ਜੇਕਰ ਐਤਵਾਰ ਨੂੰ ਉਤਰਦਾ ਹੋਏ ਤਾਂ ਸੋਮਵਾਰ ਨਹੀਂ ਉਡੀਕੀਦਾ ।

? ਕਿਸੇ ਹੋਰ ਤੋਂ ਡਰਨ ਦੀ ਲੋੜ ਨਹੀਂ ਕਿਉਂਕਿ ਰੋਜ਼ੀ-ਦਹਿੰਦ, ਬਖ਼ਸ਼ਿੰਦ ਅਤੇ ਮੁਸ਼ਕਿਲ-ਕੁਸ਼ਾ ਸਿਰਫ਼ 'ਉਹੀ' ਹੈ । 'ਉਸ' ਨੂੰ ਯਾਦ ਰੱਖੋ । ਅੰਤ ਵਿੱਚ ਉਨ੍ਹਾਂ ਦਾ ਇੱਕ ਸ਼ੇਅਰ:

ਲਾਖ਼ ਤੋ ਫ਼ਾਨੂਸ ਰੋਸ਼ਨ ਗ਼ਰ ਸ਼ਬੇ ਦੀਜੂਰ ਮੇਂ,
ਦਿਨ ਨ ਕਹਿਲਾਏਗੀ ਵੋ ਸੂਰਜ ਕੀ ਹਸਤੀ ਕੇ ਬਗ਼ੈਰ ।
ਦਾਨਾ ਹੈ ਤੋਂ ਸੋਚ ਲੇ ਦਾਨਾ ਭੀ ਗਿਰ ਕਰ ਹੀ ਬੜ੍ਹੇ,
ਬੜ੍ਹਨਾ ਆ ਸਕਤਾ ਨਹੀਂ 'ਸ਼ਾਦਾਬ' ਪਸਤੀ ਕੇ ਬਗ਼ੈਰ ।


ਅਥ ਪਿਤਾ ਪ੍ਰਕਰਣ ਪਿਤਾ ਇੱਕ ਸ਼ਬਦ ਹੈ, ਸੰਕਲਪ ਹੈ, ਸੰਬੋਧਨ ਹੈ । ਪਿਤਾ ਧਿਰਤਰਾਸ਼ਟਰ ਹੈ, ਬੇਟਾ ਦੁਰਯੋਜਨ ਹੈ¨ ਕੈਸੋ ਵਿਰੋਧਾਭਾਸ ਹੈ ਇਹ ਕੈਸਾ ਅਪਵਾਦ ਹੈ । ਪਿਤਾ ਹਰਨਾਖ਼ਸ਼ ਹੈ, ਬੇਟਾ ਪ੍ਰਹਿਲਾਦ ਹੈ¨ ਰਾਮ ਮਰਿਯਾਦਾ ਹੈ, ਦਸ਼ਰਥ ਸਿਧਾਂਤ ਹੈ । ਪਿਤਾ –ਪੁਰਖੀ ਨਾਟਕ ਦਾ ਇਹੋ ਹੀ ਦੁਖਾਂਤ ਹੈ¨ ਕਸ਼ਯਪ ਨਿਜ-ਬੀਜ ਕੋ ਹੈਰਾਨ ਹੋ ਕੇ ਦੇਖਤੇ । 'ਦਿੱਤੀ' ਜੰਮੇ ਦੈਂਤ ਤੇ 'ਅਦਿੱਤੀ' ਜੰਮੇ ਦੇਵਤੇ¨ ਇੱਕ ਖੁਸ਼ ਹੁੰਦਾ ਏਥੇ ਦੂਸਰੇ ਨੂੰ ਮਾਰਕੇ । ਭਾਵੇਂ ਏਕ ਪਿਤਾ ਸਭ ਏਕਸ ਕੇ ਬਾਰਕੇ¨ ਆਦਮੀ ਦੀ ਬੋਲੀ ਵਿੱਚ ਪਿਤਾ ਇੱਕ ਰਿਸ਼ਤਾ ਹੈ । ਕਿਸੇ ਲਈ ਜਮ-ਦੂਤ, ਕਿਸੇ ਲਈ ਫਰਿਸ਼ਤਾ ਹੈ¨ ਦ੍ਰਿਸ਼ਟੀ ਦਾ ਭਰਮ ਸਭ ਸ੍ਰਿਸ਼ਟੀ ਦੀ ਲੀਲਾ ਹੈ । ਜੀਵਨ ਸਨਾਤਨ ਹੈ, ਪਿਤਾ ਤਾਂ ਵਸੀਲਾ ਹੈ¨ ਆਪਣੇ ਵਜੂਦ ਰਾਹੀਂ ਪਿਤਾ ਨੂੰ ਜੇ ਜਾਣਾਂਗੇ । ਤਾਂ ਹੀ ਪਰਮ ਸੱਚ, ਪਰਮ-ਪਿਤਾ ਨੂੰ ਪਛਾਣਾਂਗੇ¨ ''ਇਤਿ ਪਿਤਾ ਪ੍ਰਕਰਣ'' ••••••

(ਤੀਜਾ ਖੰਡ)
ਕਹਾਣੀ ਵਰਗੀ ਬਾਤ
(ਜੀਵਨੀ ਵਿਚ ਰਚੀਆਂਮਿਚੀਆਂ ਕਹਾਣੀਆਂ)

ਆਪਣੇ ਪੋਤੇ ਅੱਪੂ (ਆਯੁਸ਼)
ਅਤੇ
ਉਸਦੇ ਹਾਣੀਆਂ ਦੇ ਨਾਂ!

ਭੂਮਿਕਾ ਤੋਂ ਪਹਿਲਾਂ

ਬਚਪਨ ਵਿਚ ਮੈਨੂੰ ਕਹਾਣੀਆਂ ਸੁਣਨ ਦਾ ਬਹੁਤ ਸ਼ੌਕ ਸੀ । ਨਾਨੀ ਕੋਲੋਂ, ਮਾਂ ਕੋਲੋਂ, ਮਾਸੀ ਸ਼ੀਲੋ ਕੋਲੋਂ ਅਤੇ ਵੱਡੇ ਭਰਾਵਾਂ ਕੋਲੋਂ ਬੜੀਆਂ ਕਹਾਣੀਆਂ ਸੁਣੀਆਂ । ਪਿਤਾ ਜੀ ਜਦੋਂ ਕਦੇ ਕਿਸੇ ਨਾਲ ਗੱਲਾਂ ਕਰ ਰਹੇ ਹੁੰਦੇ ਤਾਂ ਮੈਂ ਬਹੁਤ ਧਿਆਨ ਨਾਲ ਸੁਣਦਾ । ਉਹ ਵਿਚ ਵਿਚ ਕਹਾਣੀਆਂ ਵੀ ਸੁਣਾਉਂਦੇ ਸਨ । ਇਹ ਖਜ਼ਾਨਾ ਮੇਰੇ ਕੋਲ ਜਮ੍ਹਾਂ ਹੁੰਦਾ ਗਿਆ । ਜਦੋਂ ਸਾਡੇ ਆਪਣੇ ਬੱਚੇ ਹੋਏ ਤਾਂ ਉਨ੍ਹਾਂ ਹੀ ਕਹਾਣੀਆਂ ਵਿਚ ਥੋੜ੍ਹਾ ਬਹੁਤਾ ਫੇਰਬਦਲ ਕਰਕੇ ਮੈਂ ਅੰਸ਼ੂ ਤੇ ਅਲੀ ਨੂੰ ਸੁਣਾਉਂਦਾ ਰਿਹਾ । ਉਹਨਾਂ ਦੀ ਉਤਸੁਕਤਾ ਅਤੇ ਜਗਿਆਸਾ ਹੁੰਗਾਰਾ ਬਣ ਕੇ ਇਨ੍ਹਾਂ ਕਹਾਣੀਆਂ ਨੂੰ ਬਲ ਬਖਸ਼ਦੀ ਰਹੀ । ਬੱਚਿਆਂ ਦਾ ਮਨੋਵਿਗਿਆਨ ਸਮਝਣ ਦਾ ਚੰਗਾ ਮੌਕਾ ਮਿਲਿਆ ।

ਪਿਓ ਦਾਦੇ ਦੇ ਖਜ਼ਾਨੇ ਵਿਚ ਵਾਧਾ ਕਰਕੇ ਮੈਂ ਪਿਤਰਰਿਣ ਉਤਾਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਆਪਣੇ ਪੋਤੇ ਆਯੁਸ਼ ਨੂੰ ਇਹ 'ਪ੍ਰਸ਼ਾਦ' ਵਰਤਾ ਰਿਹਾ ਹਾਂ । ਅਤੀਤ ਨੂੰ ਵਰਤਮਾਨ ਬਣਾ ਰਿਹਾ ਹਾਂ । ਅਨੇਕ ਵਾਰ ਦੁਹਰਾਈਆਂ ਇਹ ਕਹਾਣੀਆਂ ਮੈਨੂੰ ਕਦੇ ਪੁਰਾਣੀਆਂ ਨਹੀਂ ਲੱਗੀਆਂ । ਇਹ ਨਿਰੋਲ ਮੇਰੀਆਂ ਨਹੀਂ ਸਾਰੇ ਲੋਕਾਂ ਦੀਆਂ ਹਨ । ਤੁਹਾਡੀਆਂ ਵੀ । ਮੈਂ ਤਾਂ ਸਿਰਫ਼ ਸੁਣਾਉਣ ਵਾਲਾ ਹਾਂ । ਸ਼ਬਦ ਅਤੇ ਅੰਦਾਜ਼ ਮੇਰਾ ਹੈ ।

ਜੀਭ ਦਾ ਰਸ ਅਤੇ ਕੰਨ ਰਸ ਜਦੋਂ ਇਕਸੁਰ ਹੋ ਜਾਣ ਤਾਂ ਕਹਾਣੀਆਂ ਲਈ ਮਾਹੌਲ ਸਾਜ਼ਗਾਰ ਹੋ ਜਾਂਦਾ ਹੈ । ਮੈਨੂੰ ਇਹ 'ਪ੍ਰਸ਼ਾਦ' ਵਿਰਸੇ ਵਿਚ ਮਿਲਿਆ ਹੈ ।

ਆਪਣੀ ਜੀਵਨੀ ਦੇ ਤਾਣੇਪੇਟੇ ਵਿਚ ਰਚੀਆਂ ਮਿਚੀਆਂ ਕੁਝ ਕਹਾਣੀਆਂ 'ਕਹਾਣੀ ਵਰਗੀ ਬਾਤ' ਸੰਗ੍ਰਹਿ ਵਿਚ ਇਕੱਤਰ ਕਰ ਦਿੱਤੀਆਂ ਹਨ । ਇਹਨਾਂ ਨੂੰ ਪੜ੍ਹ ਕੇ ਸ਼ਾਇਦ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਕਿ ਬੱਚਿਆਂ ਨੂੰ ਜਵਾਨ ਕਰਨ ਦਾ ਇਹ ਵੀ ਇਕ ਤਰੀਕਾ ਹੈ ।

ਭੂਸ਼ਨ
3236/44ਡੀ
ਚੰਡੀਗੜ੍ਹ

1. ਚਿੱਠੀ ਇਕ ਪਾਠਕ ਦੀ

ਪਿਆਰੇ ਲੇਖਕ ਜੀ ! ਆਦਾਬ!!
ਸਾਲ ਦੇ ਸ਼ੁਰੂ ਤੋਂ ਹੀ ਮੈਂ ਸੋਚ ਰਿਹਾ ਸਾਂ ਕਿ ਤੁਹਾਡੇ ਨਾਲ ਗੱਲਾਂ ਕਰਾਂ । ਆਪਣਾ ਦਿਲ ਫੋਲਾਂ । ਪਰ ਕੋਈ ਸਬੀਲ ਨਹੀਂ ਸੀ ਬਣ ਰਹੀ । ਤੁਸੀਂ ਸਦਾ ਹੀ ਮੇਰੇ ਤੋਂ ਕੰਨੀ ਕਤਰਾਉਂਦੇ ਰਹੇ । ਬਚਦੇ ਬਚਾਉਂਦੇ ਰਹੇ । ਮੈਂ ਆਪਣੇ ਢੰਗ ਨਾਲ ਬਹੁਤ ਵਾਰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਮਾਤ ਖਾਧੀ । ਸ਼ਰਮਿੰਦਾ ਹੋਇਆ । ਦਿਨ ਲੰਘਦੇ ਗਏ । ਆਹ ਵੇਲਾ ਆ ਗਿਆ । ਸਾਲ ਮੁੱਕ ਰਿਹਾ ਹੈ । ਅੱਜ ਆਖ਼ਰੀ ਦਿਨ ਹੈ । ਸੋਚਿਆ ਕਿ ਰਸਾਈ ਦਾ ਜੇ ਕੋਈ ਹੋਰ ਸਾਧਨ ਨਹੀਂ ਬਣਦਾ ਤਾਂ ਚਿੱਠੀ ਹੀ ਸਹੀ! ਲਿਖ ਕੇ ਹੀ ਦਿਲ ਦੀ ਭੜਾਸ ਕੱਢ ਲਈ ਜਾਏ ।

ਲਿਖਣ ਲੱਗਾ ਤਾਂ ਪਤਾ ਲੱਗਾ ਕਿ ਲਿਖਣਾ ਕਿਹੜਾ ਸੌਖਾ ਹੈ! ਮਨ ਦੀ ਰਫਤਾਰ 'ਤੇ ਕਲਮ ਚਲਾਉਣਾ ਬੜਾ ਔਖਾ ਹੈ । ਵਕਤ ਥੋੜ੍ਹਾ ਹੈ । ਤੁਹਾਡੇ ਕੋਲ ਵੀ ਪੜ੍ਹਨ ਦੀ ਕਿਹੜਾ ਵਿਹਲ ਹੋਵੇਗੀ! ਕੰਮ ਦੀਆਂ ਗੱਲਾਂ ਹੀ ਲਿਖਾਂਗਾ । ਮੋਟੀਆਂ ਮੋਟੀਆਂ । ਤੁਸੀਂ ਲਿਖਣ ਦੇ ਮਾਹਿਰ ਹੋ । ਮੇਰੀ ਮਜਬੂਰੀ ਨੂੰ ਸਮਝਦੇ ਹੋਵੋਗੇ । ਮੈਂ ਤੁਹਾਡਾ ਲਿਖਿਆ ਲਗਾਤਾਰ ਪੜ੍ਹਦਾ ਆਇਆ ਹਾਂ । ਅੱਜ ਤੁਸੀਂ ਵੀ ਜੇਰਾ ਵਿਖਾਓ । ਚੁਬਾਰੇ ਤੋਂ ਜ਼ਰਾ ਹੇਠਾਂ ਆਉ!

ਸਤਿਕਾਰਯੋਗ ਸਾਹਿਤਕਾਰ ਜੀਉ । ਮੈਂ ਧਰਤੀ ਦਾ ਜੀਵ ਹਾਂ । ਸਰੀਰ ਅਤੇ ਘਰਪਰਿਵਾਰ ਦਾ ਧਰਮ ਨਿਭਾਉਂਦਾ ਹਾਂ । ਬਹੁਤ ਸਮਾਂ ਮਿਹਨਤ ਮੁਸ਼ੱਕਤ ਦੇ ਲੇਖੇ ਲਾਉਂਦਾ ਹਾਂ । ਫੁਰਸਤ ਦੇ ਪਲਾਂ ਨੂੰ ਇਹਤਿਆਤ ਨਾਲ ਖਰਚਣਾ ਚਾਹੁੰਦਾ ਹਾਂ । ਇਹ ਜੋ ਮੇਰੀ ਕੀਮਤੀ ਕਮਾਈ ਹੈ । ਇਹ ਮੈਂ ਬਹੁਤੀ ਅੱਖਰਾਂ ਦੇ ਲੇਖੇ ਲਾਈ ਹੈ । ਸ਼ਬਦਾਂ ਦੀ ਸੰਗਤ ਮਾਣੀ ਹੈ । ਪੁਸਤਕਾਂ ਦੀ ਦੁਨੀਆ ਜਾਣੀ ਹੈ । ਪੜ੍ਹੇ ਨੂੰ ਵਿਚਾਰਿਆ ਹੈ । ਜੋ ਪੱਲੇ ਪਿਆ ਉਸ ਨੂੰ ਜੀਵਨ ਵਿਚ ਧਾਰਿਆ ਹੈ । ਬੜਾ ਚਿਰ ਕੱਲੇ ਨੇ ਮੱਥਾ ਮਾਰਿਆ ਹੈ । ਹੁਣ ਤੁਹਾਡੇ ਦਰ 'ਤੇ ਆਇਆ ਹਾਂ । ਮਨ ਵਿਚ ਸ਼ਰਧਾ ਭਰ ਕੇ ਆਇਆ ਹਾਂ । ਥੋੜ੍ਹੇ ਜਿਹੇ ਸਮੇਂ ਲਈ ਤੁਹਾਡਾ ਧਿਆਨ ਚਾਹੁੰਦਾ ਹਾਂ । ਛਪ ਰਹੇ ਅੱਖਰਾਂ ਬਾਰੇ ਮੇਰੇ ਕੁਝ ਸ਼ੰਕੇ ਨੇ, ਜਿਨ੍ਹਾਂ ਦਾ ਸਮਾਧਾਨ ਚਾਹੁੰਦਾ ਹਾਂ । ਪਹਿਲੀ ਗੱਲ ਤਾਂ ਇਹ ਕਿ ਮਾਂਬੋਲੀ ਦੀ ਪੱਕੀਪੀਢੀ ਸਾਂਝ ਦੇ ਬਾਵਜੂਦ ਤੁਹਾਡੀ ਲਿਖਤ ਮੇਰੇ ਨਾਲ ਮੂੰਹ ਕਿਉਂ ਵੱਟੀ ਰੱਖਦੀ ਹੈ । ਸ਼ਬਦ ਕੋਸ਼ ਅਤੇ ਹਵਾਲਾਗ੍ਰੰਥ ਵੀ ਹੱਥ ਖੜ੍ਹੇ ਕਰ ਜਾਂਦੇ ਨੇ । ਚੰਗੇ ਭਲੇ ਪੜ੍ਹੇਲਿਖੇ ਸਮਝਦਾਰ ਬੰਦੇ ਵੀ ਸਿਰ ਫੇਰ ਦਿੰਦੇ ਨੇ । ਸੋਚਦਾ ਹਾਂ ਸ਼ਾਇਦ ਕੋਈ ਉੱਚੀ ਗੱਲ ਹੋਵੇ । ਡੂੰਘੀ ਬਾਤ ਹੋਵੇ । ਚਲੋ ਮੰਨ ਲਿਆ । ਪਰ ਇਹ ਉੱਚੀ ਤੇ ਡੂੰਘੀ ਲਿਖਤ ਵੀ ਤਾਂ ਤੁਸੀਂ ਮੇਰੇ ਲਈ ਹੀ ਲਿਖੀ ਹੈ ਨਾ! ਅੱਜ ਦੇ ਪਾਠਕ ਲਈ ਹੀ ਛਪਵਾਈ ਹੈ ਨਾ! ਕਿ ਨਹੀਂ? ਤੁਸੀਂ ਕਹਿੰਦੇ ਹੋ ਕਿ ਤੁਹਾਡੀਆਂ ਲਿਖਤਾਂ ਦੇ ਪਾਠਕ ਸੌ ਸਾਲ ਬਾਅਦ ਪੈਦਾ ਹੋਣਗੇ । ਬੜੀ ਦੂਰ ਦੀ ਸੋਚਦੇ ਹੋ । ਪਰ ਲਿਖਤ ਨੂੰ ਹੁੰਗਾਰਾ ਨਹੀਂ ਮਿਲਦਾ ਤਾਂ ਚੀਕਦੇ ਕਿਉਂ ਹੋ? ਕਿੱਲ੍ਹ ਕਿੱਲ੍ਹ ਕੇ ਕਿਤਾਬਾਂ ਕਿਉਂ ਛਪਵਾਉਂਦੇ ਹੋ? ਪੱ ਲਿਓਂ ਪੈਸੇ ਖਰਚ ਕੇ ਸਮਾਗਮਾਂ ਦੇ ਆਡੰਬਰ ਕਿਉਂ ਰਚਾਉਂਦੇ ਹੋ? ਸਭ ਕੁਝ ਜਾਣਦੇ ਬੁੱਝਦੇ ਹੋਏ ਵੀ ਇਕ ਸਦੀ ਪਹਿਲਾਂ ਹੀ ਆਪਣਾ ਘੁੱਗੂ ਕਿਉਂ ਵਜਾਉਂਦੇ ਹੋ? ਲਿਖ ਕੇ ਧਰ ਜਾਉ । ਵਸੀਅਤ ਕਰ ਜਾਉ । ਅਸਲੀ ਵਾਰਿਸ ਆਉਣਗੇ । ਤੁਹਾਡਾ ਮੁੱਲ ਪਾਉਣਗੇ । ਆਪਣੇ ਇਸ ਕਥਨ ਦੀ ਰੌਸ਼ਨੀ ਨੂੰ ਥੋੜ੍ਹਾ ਹੋਰ ਫੈਲਾਉ! ਤੇ ਥੋੜ੍ਹੀ ਦੂਰ ਤੱਕ ਮੇਰੇ ਨਾਲ ਆਉ! ਸਦੀਆਂ ਬਾਅਦ ਵੀ ਕਬੀਰ ਤੇ ਫਰੀਦ ਪੁਰਾਣੇ ਕਿਉਂ ਨਹੀਂ ਹੋਏ? ਬੁਲ੍ਹਾ ਤੇ ਵਾਰਿਸ ਨਿੱਤ ਨਵੇਂ ਕਿਉਂ ਹਨ? ਕਿਉਂਕਿ ਉਨ੍ਹਾਂ ਨੇ ਆਪਣੇ ਸਮਕਾਲ ਨਾਲ ਸੰਵਾਦ ਰਚਾਇਆ ਸੀ । ਆਪਣੇ ਉੱਚੇ ਤੇ ਡੂੰਘੇ ਅਨੁਭਵ ਨੂੰ ਈਮਾਨਦਾਰ ਸਾਦਗੀ ਨਾਲ ਆਪਣੇ ਵੇਲੇ ਦੇ ਆਮ ਲੋਕਾਂ ਤੱਕ ਪੁਚਾਇਆ ਸੀ । ਉਹ ਆਪ ਜਗੇ ਸਨ ਅਤੇ ਹੋਰਨਾਂ ਨੂੰ ਜਗਾਇਆ ਸੀ । ਆਤਮਾ ਦੀ ਲੋਅ ਨਾਲ ਚੁਗਿਰਦਾ ਰੁਸ਼ਨਾਇਆ ਸੀ । ਉਨ੍ਹਾਂ ਦੀ ਜੋਤ ਸੌ ਸਾਲ ਬਾਅਦ ਪ੍ਰਗਟ ਨਹੀਂ ਹੋਈ ਸਗੋਂ ਕਈ ਸੌ ਸਾਲ ਬਾਅਦ ਤੱਕ ਵੀ ਕਾਇਮ-ਦਾਇਮ ਹੈ । ਪੂਰੀ ਸ਼ਾਨ ਨਾਲ ਜਗਦੀ ਹੈ । ਹੁਣ ਖਿਝੋ ਨਾ, ਤੁਹਾਡੀ ਖਿਝ ਬੁਝੇ ਹੋਏ ਦੀਵੇ ਵਰਗੀ ਲਗਦੀ ਹੈ । ਕਵੀ ਮਹੋਦਯ! ਤੁਸੀਂ ਖ਼ੁਦ ਨੂੰ ਸਹੀ ਸਿੱਧ ਕਰਨ ਲਈ ਝੱਗੋ-ਝੱਗ ਕਿਉਂ ਹੋ ਰਹੇ ਹੋ? ਕਰੋਧ 'ਤੇ ਕਾਬੂ ਰੱਖੋ! ਸ਼ਾਂਤੀ ਦੇ ਘਰ 'ਚ ਆਉ । ਅੰਦਰ ਝਾਤੀ ਮਾਰੋ । ਆਪਣਾ ਲਿਖਿਆ ਵਿਚਾਰੋ । ਸਿਰੇ ਤੱਕ ਹੰਕਾਰ ਨਾਲ ਭਰੇ ਹੋਏ ਹੋ । ਇਸੇ ਲਈ ਵਰਤਮਾਨ ਤੋਂ ਡਰੇ ਹੋਏ ਹੋ । ਤੁਹਾਨੂੰ ਲੈਅ, ਸੁਰ, ਤਾਲ ਤੋਂ ਚਿੜ੍ਹ ਹੈ । ਤੁਕਾਂਤ ਬੁਰਾ ਲੱਗਦਾ ਹੈ । ਸੰਗੀਤ ਡੰਗ ਮਾਰਦਾ ਹੈ । ਛੰਦ ਅਲੰਕਾਰ ਬਦਹਜ਼ਮੀ ਪੈਦਾ ਕਰਦੇ ਨੇ । ਪਿੰਗਲ ਤੇ ਅਰੂਜ਼ ਦਾ ਨਾਂ ਸੁਣ ਕੇ ਹੀ ਤੁਹਾਨੂੰ ਕਾਂਬਾ ਛਿੜ ਜਾਂਦਾ ਹੈ । ਤੁਹਾਡੇ ਲਈ ਤਾਂ ਕਵਿਤਾ ਬੇਮੇਲ ਸ਼ਬਦਾਂ ਦੀ ਕਾਂਕਾਂ ਹੈ । ਰਸ ਕਿਸ ਬਲਾ ਦਾ ਨਾਂ ਹੈ! ਤੁਸੀਂ ਕਹਿੰਦੇ ਹੋ ਕਿ ਕਵਿਤਾ ਇਕਾਂਤ ਵਿਚ ਪੜ੍ਹਨ ਵਾਲੀ ਚੀਜ਼ ਹੈ । ਫਿਰ ਸੁਣਾਉਂਦੇ ਕਿਉਂ ਹੋ? ਰੇਡੀਓ 'ਤੇ, ਟੀ.ਵੀ. 'ਤੇ, ਸਟੇਜ 'ਤੇ ਕੀ ਕਰਨ ਜਾਂਦੇ ਹੋ? ਸਰੋਤਿਆਂ ਦੀ ਭਾਲ ਵਿਚ ਵਿਦੇਸ਼ਾਂ ਦੀਆਂ ਠੋਕਰਾਂ ਕਿਉਂ ਖਾਂਦੇ ਹੋ? ਦਰਅਸਲ ਤੁਸੀਂ ਕੁਝ ਇਕੋ ਤਰ੍ਹਾਂ ਦੇ ਲੋਕ ਰਲ ਕੇ ਜੋ ਅਦਬੀ ਕੌਤਕ ਰਚਾ ਰਹੇ ਹੋ, ਹੋਰਨਾਂ ਦੇ ਨਾਲਨਾਲ ਖ਼ੁਦ ਨੂੰ ਵੀ ਬੁੱਧੂ ਬਣਾ ਰਹੇ ਹੋ । ਲੱਗਦਾ ਹੈ ਤੁਸੀਂ ਲੋੜ ਤੋਂ ਵੱਧ ਪੜ੍ਹ ਗਏ ਹੋ । ਆਦਮੀ ਨਾਲੋਂ ਟੁੱਟ ਕੇ ਯੂਨੀਵਰਸਿਟੀਆਂ ਵਿਚ ਵੜ ਗਏ ਹੋ । ਦੇਖੋ, ਕਿੰਨੀ ਕੋਸ਼ਿਸ਼ ਕਰਕੇ ਤੁਸੀਂ ਹੰਕਾਰ ਦੇ ਹਾਥੀ 'ਤੇ ਚੜ੍ਹ ਰਹੇ ਹੋ! ਘਿਰਨਾ ਦੇ ਘੁਰਨਿਆਂ ਵਿਚ ਵੜ ਰਹੇ ਹੋ! ਈਰਖਾ ਦੀ ਅੱਗ ਵਿਚ ਸੜ ਰਹੇ ਹੋ! ਜਾਗੋ । ਤੁਸੀਂ ਤਾਂ ਠੰਢ ਵਰਤਾਉਣੀ ਹੈ । ਰਸਾਂਰੰਗਾਂ ਦੀ ਛਹਿਬਰ ਲਾਉਣੀ ਹੈ । ਨਿਰਜਿੰਦ ਘੁੱਗੂਘੋੜਿਆਂ ਵਿਚ ਜਾਨ ਪਾਉਣੀ ਹੈ । ਕਲਮਕਾਰ ਜੀ! ਮੈਂ ਤੁਹਾਡੀ ਸੰਗਤ ਲਈ ਸਹਿਕ ਜਾਂਦਾ ਹਾਂ ਪਰ ਤੁਸੀਂ ਆਮ ਤੌਰ 'ਤੇ ਆਲੋਚਕਾਂ ਦੀ ਖੁਸ਼ਾਮਦ ਕਰਨ ਗਏ ਹੁੰਦੇ ਹੋ । ਮੇਰਾ ਖ਼ਿਆਲ ਕਰਨ ਦੀ ਥਾਂ ਤੁਸੀਂ ਪੁਰਸਕਾਰਾਂ ਦੇ ਪਿੱਛੇ ਪਏ ਹੁੰਦੇ ਹੋ । ਪੁਰਸਕਾਰ, ਪ੍ਰਤਿਸ਼ਠਾ ਅਤੇ ਪਦਵੀ ਤਾਂ ਕਲਮ ਵਿਚ ਹੀ ਸ਼ਾਮਲ ਹੁੰਦੇ ਹਨ । ਜਿਸ ਨੂੰ ਕਲਮ ਦਾ ਵਰਦਾਨ ਮਿਲ ਗਿਆ ਉਹਦਾ ਤਾਂ ਨਿੱਤ ਮੁਕਲਾਵਾ ਹੈ । ਬਾਹਰ ਦੀ ਝਾਕ ਤਾਂ ਭਰਮ ਹੈ, ਭੁਲੇਖਾ ਹੈ, ਛਲਾਵਾ ਹੈ । ਪੂਰਨ ਸਿੰਘ ਦੀ ਮੰਨੋ 'ਸੋਹਣਿਆ! ਮੁੱਲ ਪਾ ਤੂੰ ਆਪਣਾ ।' ਟਿਕਾਊ ਬਣੋ, ਵਿਕਾਊ ਨਾ ਬਣੋ । ਦੀਵਾਨੇ ਨੂੰ ਸੁਣੋ:

ਮੁੱਕਦੀ ਗੱਲ, ਦੀਵਾਨਾ ਵਿਕਾਊ ਹੀ ਨਹੀਂ
ਭਾਵੇਂ ਲੱਖ ਦਾ ਹੈ, ਭਾਵੇਂ ਕੱਖ ਦਾ ਹੈ ।

ਜੇ ਗੱਲ ਚੱਲੀ ਹੀ ਹੈ ਤਾਂ ਪੁਰਸਕਾਰਾਂ ਬਾਰੇ ਭੁਲੇਖਾ ਵੀ ਦੂਰ ਕਰ ਲਈਏ । ਕਿਸੇ ਇਨਾਮਸਨਮਾਨ ਦਾ ਕੋਈ ਤੁਹਾਨੂੰ ਨਿੱਜੀ ਜਾਂ ਫੌਰੀ ਫ਼ਾਇਦਾ ਭਾਵੇਂ ਹੁੰਦਾ ਹੋਏ ਪਰ ਮੈਂ ਇਹੋ ਜਿਹੀਆਂ ਖ਼ਬਰਾਂ ਜਾਂ ਸਰਗਰਮੀਆਂ ਨੂੰ ਕੋਈ ਅਹਿਮੀਅਤ ਨਹੀਂ ਦਿੰਦਾ । 'ਲਿਖਤਾਂ 'ਤੇ ਹੋਣਗੇ ਨਿਬੇੜੇ, ਦਾਦ ਕਿਸੇ ਪੁੱਛਣੀ ਨਹੀਉਂ ।' ਜ਼ਰਾ ਸੋਚੋ! ਇਨਾਮਾਂ ਵਾਲੀ ਲਾਈਨ 'ਚ ਲੱਗੇ ਹੋਏ ਤੁਸੀਂ ਕਿਹੋ ਜਿਹੇ ਲੱਗਦੇ ਹੋ! ਅੱਡੀਆਂ ਰਗੜ ਕੇ ਹਥਿਆਇਆ ਹੋਇਆ ਇਨਾਮ ਤੁਹਾਨੂੰ ਕਿਹੋ ਜਿਹਾ ਸਕੂਨ ਦਿੰਦਾ ਹੈ! ਆਪਣੇ ਸਨਮਾਨ ਸਮਾਰੋਹ ਦਾ ਪੱਲਿਉਂ ਆਯੋਜਨ ਕਰਕੇ ਕੋਸ਼ਿਸ਼ ਨਾਲ ਛਪਵਾਈ ਬਾਤਸਵੀਰ ਖ਼ਬਰ ਤੁਹਾਨੂੰ ਕੀ ਕਹਿੰਦੀ ਹੈ! ਇਨਾਮਦਾਤਾ ਅਕਾਦਮੀਆਂ ਤੇ ਅਦਾਰਿਆਂ ਦੇ ਅਹੁਦੇਦਾਰਾਂ ਅਤੇ ਇਨਾਮੀ ਕਮੇਟੀਆਂ ਦੇ ਨਾਮਜ਼ਦ ਮੈਂਬਰਾਂ ਦਾ ਅਦਬੀ ਈਮਾਨਦਾਰੀ ਨਾਲ ਕਿੰਨਾ ਕੁ ਵਾਹਵਾਸਤਾ ਹੁੰਦਾ ਹੈ, ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਕਿੰਨਿਆਂ ਅਸਲੀ ਹੱਕਦਾਰਾਂ ਨੂੰ ਠਿੱਬੀ ਲਾਈ ਹੈ ਤਾਂ ਕਿਤੇ ਜਾ ਕੇ ਪੁਰਸਕਾਰ ਦੀ ਦਾਤ ਤੁਹਾਡੇ ਹਿੱਸੇ ਆਈ ਹੈ । ਇਕ ਗੱਲ ਹੋਰ ਸੁਣ ਲਉ । ਮੈਂ ਆਪਣੀ ਬੋਲੀ ਦਾ ਬਹੁਤ ਸਤਿਕਾਰ ਕਰਦਾ ਹਾਂ । ਇਸ ਦੀ ਸ਼ਕਤੀ ਅਤੇ ਸਮਰੱਥਾ ਉੱਤੇ ਮੈਨੂੰ ਮਾਣ ਹੈ । ਜਿਹੜਾ ਲਿਖਾਰੀ ਮੇਰੇ ਇਸ ਮਾਣ ਦੀ ਲਾਜ ਰੱਖਦਾ ਹੈ ਮੈਂ ਉਹਨੂੰ ਦਿਲ ਵਿਚ ਜਗ੍ਹਾ ਦਿੰਦਾ ਹਾਂ । ਜਿਹੜੇ ਲੋਕ ਮੇਰੀ ਮਾਂਬੋਲੀ ਦੀ ਬਦਨਾਮੀ ਦਾ ਕਾਰਨ ਬਣਦੇ ਨੇ, ਉਹ ਮੇਰੇ ਕੁਝ ਨਹੀਂ ਲੱਗਦੇ । ਇਹ ਬੋਲੀ ਹੀ ਤਾਂ ਮੇਰਾ ਮਾਰਗ ਹੈ ਜਿਸ ਰਾਹੀਂ ਮੈਂ ਸੱਚ ਵੱਲ ਤੁਰ ਸਕਦਾ ਹਾਂ । ਜ਼ਿੰਦਗੀ ਦਾ ਭੇਦ ਪਾ ਸਕਦਾ ਹਾਂ । ਜ਼ਿੰਦਗੀ ਨੂੰ ਮਾਣ ਸਕਦਾ ਹਾਂ । ਆਪਣੇ ਆਪ ਨੂੰ ਜਾਣ ਸਕਦਾ ਹਾਂ । ਇਸੇ ਬੋਲੀ ਕਰਕੇ ਹੀ ਤਾਂ ਮੈਂ ਤੁਹਾਡੇ ਨੇੜੇ ਆਇਆ ਹਾਂ । ਤੁਹਾਡੇ ਨਾਲ ਗੱਲ ਕਰਨ ਨੂੰ ਚਿੱਤ ਕੀਤਾ ਹੈ! ਤੁਹਾਨੂੰ ਚਿੱਠੀ ਲਿਖਣ ਦਾ ਹੀਆ ਕੀਤਾ ਹੈ!

ਪਿਆਰੇ ਜੀਉ! ਸੁਣਿਆ ਹੈ ਕਿ ਲੰਕਾ ਜਿੱਤ ਕੇ ਅਯੁੱਧਿਆ ਆਉਣ ਵੇਲੇ ਰਾਮ ਹੁਰੀਂ ਹਨੂਮਾਨ ਨੂੰ ਨਾਲ ਹੀ ਲੈ ਆਏ ਸਨ । ਸਹੁਰੀਂ ਮਿਲਣ ਗਏ ਉਹਨੂੰ ਜਨਕਪੁਰੀ ਵੀ ਲੈ ਗਏ ਸਨ । ਸੀਤਾ ਨੇ ਆਪਣੇ ਬਾਬਲ ਕੋਲ ਉਹਦੀ ਬਹਾਦਰੀ ਦੀ ਬੜੀ ਤਾਰੀਫ਼ ਕੀਤੀ ਸੀ । ਵਿਸਥਾਰ ਨਾਲ ਦੱਸਿਆ ਸੀ ਕਿ ਹਨੂਮਾਨ ਮੁਸੀਬਤਾਂ ਵੇਲੇ ਕਿੰਨਾ ਕੰਮ ਆਇਆ ਸੀ । ਉਹ ਸਮੁੰਦਰ ਟੱਪ ਗਿਆ ਸੀ । ਪਹਾੜ ਚੁੱਕ ਲਿਆਇਆ ਸੀ । ਰਾਜੇ ਜਨਕ ਨੇ ਉਨ੍ਹਾਂ ਦੇ ਸਨਮਾਨ ਵਿਚ ਸਮਾਗਮ ਰਚਾਇਆ ਸੀ । ਹਨੂੰਮਾਨ ਨੂੰ ਵੀ ਧੀਜਵਾਈ ਦੇ ਬਰਾਬਰ ਬਿਠਾਇਆ ਸੀ । ਉਹਦਾ ਉਚੇਚਾ ਆਦਰਮਾਣ ਕੀਤਾ ਸੀ । ਬਹੁਤ ਹੀ ਕੀਮਤੀ ਹੀਰਿਆਂ ਦਾ ਹਾਰ ਪੁਰਸਕਾਰ ਵਜੋਂ ਭੇਟ ਕੀਤਾ ਸੀ । ਹੀਰਿਆਂ ਦਾ ਹਾਰ ਫੜ ਕੇ ਹਨੂੰਮਾਨ ਹੈਰਾਨ ਹੋਈ ਗਿਆ । ਇਕਇਕ ਕਰਕੇ ਮਣਕੇ ਟੋਹੀ ਗਿਆ । ਸਿੱਧਪੁੱਠ ਵੇਖੀ ਗਿਆ । ਅੰਤ ਨੂੰ ਇਕ ਮਣਕਾ ਦੰਦਾਂ 'ਚ ਦਬਾ ਕੇ ਦੋ ਟੋਟੇ ਕੀਤਾ । ਟੋਟਿਆਂ ਦਾ ਅੰਦਰਲਾ ਪਾਸਾ ਧਿਆਨ ਨਾਲ ਵੇਖਿਆ ਤੇ ਸਿਰ ਜਿਹਾ ਮਾਰ ਕੇ ਉਹਨੂੰ ਲਾਪ੍ਰਵਾਹੀ ਨਾਲ ਪਿਛਲੇ ਪਾਸੇ ਵਗਾਹ ਮਾਰਿਆ । ਫਿਰ ਦੂਜਾ ਮਣਕਾ, ਤੀਜਾ ਮਣਕਾ! ਦਰਬਾਰੀਆਂ ਨੂੰ ਬੁਰਾ ਲੱਗਾ । ਰਾਜੇ ਨੂੰ ਗੁੱਸਾ ਆਇਆ । ਰਾਮ ਚੰਦਰ ਦਾ ਧਿਆਨ ਦਿਵਾਇਆ । ਸੰਵਾਦ ਆਰੰਭ ਹੋਇਆ :

? ਇਹ ਕੀ ਕਰ ਰਹੇ ਹੋ
ਆਪਣਾ 'ਰਾਮ' ਲੱਭ ਰਿਹਾ ਹਾਂ

? ਇਹ ਕੀਮਤੀ ਹੀਰਿਆਂ ਦਾ ਹਾਰ ਹੈ
ਮੇਰੇ ਲਈ 'ਰਾਮ' ਤੋਂ ਬਿਨਾਂ ਸਭ ਬੇਕਾਰ ਹੈ ।

? ਇਹ ਤੁਹਾਨੂੰ ਰਾਮ ਦੀ ਸੇਵਾ ਬਦਲੇ ਮਿਲਿਆ ਹੋਇਆ ਪੁਰਸਕਾਰ ਹੈ ।
ਮੈਨੂੰ ਸਿਰਫ਼ ਰਾਮ ਸਵੀਕਾਰ ਹੈ । ਬਾਕੀ ਸਭ ਤੋਂ ਇਨਕਾਰ ਹੈ ।

? ਰਾਮ ਤਾਂ ਆਹ ਸੀਤਾ ਲਾਗੇ ਬੈਠਾ ਹੈ । ਤੁਹਾਡੀ ਦੇਹ ਵੀ ਤਾਂ ਰਾਮ ਤੋਂ ਖ਼ਾਲੀ ਹੈ ।
ਰਾਮ ਮੇਰੇ ਦਿਲ ਵਿਚ ਹੈ ।

? ਕੀ ਸਬੂਤ ਹੈ ।
ਤੇ ਕਹਿੰਦੇ ਨੇ ਕਿ ਸਬੂਤ ਵਿਚ ਉਹਨੇ ਹਿੱਕ ਪਾੜ ਕੇ ਦਿਖਾਈ ਸੀ । ਖ਼ੈਰ…... ਇਹ ਤਾਂ ਕਹਾਣੀ ਹੈ, ਜਿਹੜੀ ਇਕ ਲੇਖਕ ਨੇ ਆਪਣੇ ਸਮਕਾਲ ਨੂੰ ਸੁਣਾਈ ਸੀ ।

ਜਿਵੇਂ ਹਨੂੰਮਾਨ ਹਮੇਸ਼ਾ 'ਰਾਮ' ਨੂੰ ਸਮਰਪਿਤ ਹੁੰਦਾ ਹੈ, ਉਵੇਂ ਹੀ ਲੇਖਕ ਸਦਾ 'ਸੱਚ' ਨੂੰ ਸਮਰਪਿਤ ਹੋਣਾ ਚਾਹੀਦਾ ਹੈ । ਸਰੀਰ ਅਤੇ ਪਰਿਵਾਰ ਦਾ ਧਰਮ ਪਾਲਣ ਲਈ ਉਹ ਜੋ ਮਰਜ਼ੀ ਕਰੇ ਪਰ ਕਲਮ ਦੇ ਧਰਮ ਨੂੰ ਪਛਾਣ ਕੇ 'ਇਸ ਕਾਨੀ ਦੀ ਲਾਜ ਨੂੰ ਪਾਲਣਾ' ਵੀ ਉਹਨੂੰ ਆਉਣਾ ਚਾਹੀਦਾ ਹੈ ।

ਲੇਖਕ ਨੂੰ ਕੀ ਆਉਣਾ ਚਾਹੀਦਾ ਹੈ ਤੇ ਕੀ ਨਹੀਂ, ਇਸ ਪ੍ਰਕਿਰਿਆ ਵਿਚ ਪਾਠਕ ਦਾ ਦਖ਼ਲ ਜ਼ਰੂਰੀ ਹੈ । ਲੇਖਕ ਤਾਨਾਸ਼ਾਹ ਨਹੀਂ ਹੋ ਸਕਦਾ । ਜੇ ਉਸ ਨੇ ਪਾਠਕਾਂ ਦੇ ਦਿਲਾਂ 'ਤੇ ਰਾਜ ਕਰਨਾ ਹੈ ਤਾਂ 'ਪਰਜਾ' ਦੇ ਕਲਿਆਣ ਦੀ ਚਿੰਤਾ ਕਰਨੀ ਪਵੇਗੀ ।

ਮੇਰੇ ਆਪਣੇ ਜੀਉ! ਮੈਂ ਤੁਹਾਡੇ ਨਾਲ ਗਿਲੇ ਸ਼ਿਕਵੇ ਕਰ ਸਕਦਾ ਹਾਂ ਪਰ ਤੁਹਾਨੂੰ ਨਾਰਾਜ਼ ਨਹੀਂ ਕਰ ਸਕਦਾ । ਤੁਹਾਡਾ ਤਾਂ ਸ਼ਾਇਦ ਮੇਰੇ ਬਗੈਰ ਗੁਜ਼ਾਰਾ ਹੋ ਜਾਏ, ਤੁਹਾਡੇ ਬਗੈਰ ਮੇਰਾ ਬਿਲਕੁਲ ਨਹੀਂ ਸਰ ਸਕਦਾ । ਇਕ ਵਰ੍ਹਾ ਵਿਦਾ ਹੋ ਰਿਹਾ ਹੈ । ਨਵੇਂ ਵਰ੍ਹੇ ਦੀ ਆਮਦ ਹੋ ਰਹੀ ਹੈ । ਇਹ ਸੰਧੀ ਕਾਲ ਹੈ । ਆਉ ਰਿਸ਼ਤਿਆਂ ਵਿਚ ਰੰਗ ਭਰੀਏ । ਇਕ ਦੂਜੇ ਵੱਲ ਮੂੰਹ ਕਰੀਏ ।

ਨਵੇਂ ਸਾਲ ਦੀਆਂ ਸ਼ੁਭ ਇਛਾਵਾਂ ਸਹਿਤ, ਮਾਂਬੋਲੀ ਦੇ ਨਾਤੇ ਤੁਹਾਡਾ

'ਇਕ ਪਾਠਕ'
ਪਿੱਛੋਂ ਸੁੱਝੀ

ਚਿੱਠੀ ਸ਼ੁਰੂ ਕਰਨ ਤੋਂ ਪਹਿਲਾਂ ਸਿਰਨਾਵਾਂ ਚੇਤੇ ਸੀ । ਹੁਣ ਭੁੱਲ ਗਿਆ ਹੈ । ਡਾਕ 'ਚ ਪਾਉਣ ਦੀ ਥਾਂ ਅਖ਼ਬਾਰ 'ਚ ਛਪਵਾ ਰਿਹਾ ਹਾਂ । ਜਿਸ ਨੂੰ ਆਪਣੀ ਜਾਪੇ, ਅਪਣਾ ਲਵੇ ।

••••••

2. ਕਥਾਸਰੋਤ

ਨਾਰੀ ਤੋਂ ਬਿਨਾਂ ਰਿਸ਼ਤਾ ਨਹੀਂ ਤੇ ਪਿੰਡ ਤੋਂ ਬਿਨਾਂ ਪਰੰਪਰਾ ਨਹੀਂ । ਇਨ੍ਹਾਂ ਦੋ ਪ੍ਰਮੁੱਖ ਸਰੋਤਾਂ ਤੋਂ ਬੇਮੁੱਖ ਹੋ ਕੇ ਦੁਨੀਆ ਦੇ ਵਿਹਾਰ ਦੀ ਤਹਿ ਤੱਕ ਨਹੀਂ ਜਾਇਆ ਜਾ ਸਕਦਾ । ਇਨ੍ਹਾਂ ਦੀ ਕ੍ਰਿਪਾ ਦ੍ਰਿਸ਼ਟੀ ਤੋਂ ਬਿਨਾਂ ਜੀਵਨ ਦਾ ਭੇਤ ਨਹੀਂ ਪਾਇਆ ਜਾ ਸਕਦਾ ।

ਬੱਚੇ ਦਾ ਸੰਸਾਰ ਪਹਿਲਾਂ ਟੱਬਰ ਤੱਕ ਸੀਮਤ ਹੁੰਦਾ ਹੈ ਫਿਰ ਪਿੰਡ ਤੱਕ ਫੈਲ ਜਾਂਦਾ ਹੈ । ਸਕੂਲ ਦਾ ਮਾਹੌਲ ਉਹਨੂੰ ਇਤਿਹਾਸ, ਭੂਗੋਲ ਸਮਝਾਉਣ ਦਾ ਯਤਨ ਕਰਦਾ ਹੈ । ਕਿਤਾਬਾਂ ਉਹਦੀ ਕਲਪਨਾ ਨੂੰ ਉਡਾਰ ਬਣਾਉਣ ਦੀ ਕੋਸ਼ਿਸ਼ ਕਰਦੀਆਂ ਹਨ । ਵੱਡਿਆਂ ਤੋਂ ਬਾਤਾਂ ਸੁਣਦਾ ਹੈ । ਵੱਡਿਆਂ ਦੀਆਂ ਕਹਾਣੀਆਂ ਸੁਣਦਾ ਹੈ । ਨਿੱਕੇ ਜਿਹੇ ਸਿਰ ਅਤੇ ਮਾਸੂਮ ਜਿਹੇ ਦਿਲ ਨਾਲ ਉਹ ਸਭ ਕੁਝ ਸਹਾਰਦਾ ਹੈ । ਸਮਰੱਥਾ ਅਨੁਸਾਰ ਗ੍ਰਹਿਣ ਕਰਦਾ ਹੈ । ਮਹਿਸੂਸ ਕਰਦਾ ਹੈ । ਸਮਝਣ ਦੀ ਕੋਸ਼ਿਸ਼ ਕਰਦਾ ਹੈ । ਸਮਝੀ ਹੋਈ ਗੱਲ, ਦੂਜਿਆਂ ਨਾਲ ਸਾਂਝੀ ਕਰਦਾ ਹੈ । ਗੱਲਾਂ ਦੇ ਰੂਪ ਬਦਲੀ ਜਾਂਦੇ ਹਨ । ਅਰਥ ਬਦਲੀ ਜਾਂਦੇ ਹਨ । ਕਲਪਨਾ ਅਤੇ ਵਿਹਾਰ ਦੇ ਸੁਮੇਲ 'ਚੋਂ ਮੌਲਿਕਤਾ ਜਨਮ ਲੈਂਦੀ ਹੈ । ਕਿਤਾਬ ਕੁਝ ਹੋਰ ਬੋਲਦੀ ਹੈ, ਜ਼ਿੰਦਗੀ ਕੁਝ ਹੋਰ ਕਹਿੰਦੀ ਹੈ ।

ਅਸੀਂ ਕੋਈ ਸੁਨੇਹਾ ਕਿਸੇ ਨੂੰ ਅੱਗੇ ਪਹੁੰਚਾਉਣ ਲਈ ਦਿੰਦੇ ਹਾਂ । ਉਹ ਪਹੁੰਚਾ ਤਾਂ ਦੇਂਦਾ ਹੈ, ਪੰ੍ਰਤੂ ਕੁਝ ਆਪਣੇ ਵੱਲੋਂ ਵੀ ਰਲਾ ਦੇਂਦਾ ਹੈ । ਹੱਥ ਲਿਖਤਾਂ ਦੇ ਉਤਾਰਿਆਂ ਵਿਚ ਵੀ ਫ਼ਰਕ ਪਈ ਜਾਂਦਾ ਹੈ । ਮੂਲ ਸਰੋਤ ਤੋਂ ਵਿੱਥ ਪਈ ਜਾਣ ਨਾਲ ਕਈ ਕੁਝ ਜੁੜਦਾ ਹੈ, ਕਈ ਕੁਝ ਭੁਰਦਾ ਹੈ । ਬੋਲੀ ਅਤੇ ਸਮਝ ਦਾ ਸਿਲਸਿਲਾ ਜਨਮ ਤੋਂ ਮਰਨ ਤੱਕ ਇਵੇਂ ਹੀ ਤੁਰਦਾ ਹੈ ।

ਮਾਪੇ ਸਾਨੂੰ ਸੁਰੱਖਿਆ ਦੇ ਨਾਲ ਨਾਲ ਸੰਸਕਾਰ ਵੀ ਦਿੰਦੇ ਹਨ । ਸੰਸਕਾਰਾਂ ਦੁਆਰਾ ਸੋਚ ਦਾ ਨਿਰਮਾਣ ਹੁੰਦਾ ਹੈ । ਸੋਚ ਦੀ ਗ੍ਰਹਿਣਸ਼ੀਲਤਾ ਹੀ ਸ਼ਖ਼ਸੀਅਤ ਦੀ ਉਸਾਰੀ ਦਾ ਪ੍ਰਮਾਣ ਹੁੰਦਾ ਹੈ । ਇਸੇ ਪ੍ਰਕਿਰਿਆ ਵਿਚ ਬਿਰਖ ਨੂੰ ਬੀਜ ਦਾ ਤੇ ਬੀਜ ਨੂੰ ਬਿਰਖ ਦਾ ਗਿਆਨ ਹੋ ਜਾਂਦਾ ਹੈ । ਬੁੱਢਾ ਵਿਦਾ ਹੁੰਦਾ ਹੈ, ਬੱਚਾ ਜਵਾਨ ਹੋ ਜਾਂਦਾ ਹੈ ।

ਪਿੰਡ ਜ਼ਿੰਦਗੀ ਦੇ ਗੀਤ ਦਾ ਮੁਖੜਾ ਹੈ, ਨਾਰੀ ਅੰਤਰਾ ਹੈ । ਆਧੁਨਿਕਤਾ ਦੇ ਆਰਕੈਸਟਰਾ ਨੂੰ ਸੁਰਤਾਲ ਪ੍ਰਦਾਨ ਕਰਨ ਵਾਲੀ ਇਹੋ ਸਨਾਤਨ ਪਰੰਪਰਾ ਹੈ ।

ਬਚਪਨ ਵਿਚ ਮੈਨੂੰ ਆਪਣੇ ਘਰੋਂ ਕੁਝ ਕਹਾਣੀਆਂ ਸੰਸਕਾਰਾਂ ਵਜੋਂ ਮਿਲੀਆਂ ਹਨ । ਕੁਝ ਮਾਂ ਨੇ ਸੁਣਾਈਆਂ, ਕੁਝ ਬਾਪ ਨੇ, ਕੁਝ ਵੱਡੇ ਭਰਾਵਾਂ ਨੇ । ਉਨ੍ਹਾਂ ਵਿਚੋਂ ਕੁਝ ਉਨ੍ਹਾਂ ਨੇ ਪਹਿਲਾਂ ਕਿਤੋਂ ਪੜ੍ਹੀਆਂ ਸੁਣੀਆਂ ਹੋਣਗੀਆਂ । ਕੁਝ ਮਨੋਂ ਵੀ ਘੜੀਆਂ ਹੋਣਗੀਆਂ । ਉਨ੍ਹਾਂ ਨੇ ਆਪਣੀਆਂ ਬਣਾ ਕੇ ਸੁਣਾਈਆਂ ਸਨ । ਮੈਨੂੰ ਆਪਣੀਆਂ ਲਗਦੀਆਂ ਹਨ । ਕਹਾਣੀ ਉਹਦੀ, ਜਿਹੜਾ ਹੁੰਗਾਰਾ ਭਰਦਾ ਹੈ । ਰਿਸ਼ਤਾ ਤਾਂ ਅਪਣਾਉਣ ਵਾਲੇ 'ਤੇ ਨਿਰਭਰ ਕਰਦਾ ਹੈ ।

ਕਹਿੰਦੇ ਨੇ ਕਿ ਚੰਗੀ ਗੱਲ ਨੂੰ ਦੁਹਰਾਉਣਾ ਵੀ ਚੰਗਾ ਹੁੰਦਾ ਹੈ । ਦੁਹਰਾਉਣ ਨਾਲ ਗੱਲ ਵਿਚ ਪਕਿਆਈ ਆਉਂਦੀ ਹੈ । ਕਹਿਣ ਵਾਲੇ ਦੇ ਹਿੱਸੇ ਵਡਿਆਈ ਆਉਂਦੀ ਹੈ । ਹੁਣ ਮੈਂ ਮੁੱਦੇ ਵੱਲ ਆਉਂਦਾ ਹਾਂ । ਬਚਪਨ ਵਿਚ ਘਰੋਂ ਸੁਣੀਆਂ ਕੁਝ ਕਹਾਣੀਆਂ ਆਪਣੇ ਢੰਗ ਨਾਲ ਦੁਹਰਾਉਂਦਾ ਹਾਂ:

ੳ) ਆਲੇ ਵਾਲਾ ਖ਼ਤ

ਪਿੰਡ ਦੀ ਵਿਧਵਾ ਔਰਤ ਨੇ ਆਪਣੇ ਇਕਲੌਤੇ ਪੁੱਤਰ ਨੂੰ ਗੁਰਦੁਆਰੇ ਦੇ ਭਾਈ ਜੀ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਕਿ ਇਸ ਵਿਚਾਰੇ ਨੂੰ ਖ਼ਤ ਪੜ੍ਹਨ ਜੋਗਾ ਕਰ ਦਿਓ । ਮੁੰਡਾ ਲਗਾਤਾਰ ਜਾਂਦਾ ਰਿਹਾ । ਭਾਈ ਜੀ ਉਹਦੇ ਕੋਲੋਂ ਆਪਣੀ ਮੁੱਠੀਚਾਪੀ ਕਰਵਾਉਂਦੇ ਰਹੇ । ਖ਼ਤ ਪੜ੍ਹਨਾ ਸਿਖਾਉਂਦੇ ਰਹੇ । ਸਮਾਂ ਲੰਘਦਾ ਰਿਹਾ । ਮਾਂ ਪੁੱਛਦੀ ਰਹੀ । ਮੁੰਡਾ ਦੱਸਦਾ ਰਿਹਾ । ਆਂਢ ਗੁਆਂਢ 'ਚ ਗੱਲਾਂ ਹੁੰਦੀਆਂ । ਮੁੰਡੇ ਦੀ ਪੜ੍ਹਾਈ ਦਾ ਜ਼ਿਕਰ ਹੁੰਦਾ । ਮਾਂ ਨੂੰ ਹਰ ਰੋਜ਼ ਮੁੰਡੇ ਨੂੰ ਤਿਆਰ ਕਰਕੇ ਭਾਈ ਜੀ ਕੋਲ ਭੇਜਣ ਦਾ ਫ਼ਿਕਰ ਹੁੰਦਾ । ਇਕ ਵਾਰੀ ਗੁਰਦੁਆਰੇ ਪਤਾ ਕਰਨ ਵੀ ਗਈ । ਤਸੱਲੀ ਨਾਲ ਵਾਪਸ ਆਈ । ਦੂਰੋਂ ਹੀ ਉਹਨੂੰ ਆਪਣਾ ਮੁੰਡਾ ਭਾਈ ਜੀ ਦੇ ਚਰਨਾਂ 'ਚ ਬੈਠਾ ਦਿਖ ਰਿਹਾ ਸੀ । ਉਹਦੇ ਹੱਥ 'ਚ ਇਕ ਖ਼ਤ ਸੀ ਜਿਸ ਨੂੰ ਉਹ ਪੜ੍ਹਨਾ ਸਿੱਖ ਰਿਹਾ ਸੀ ।

ਦਰਅਸਲ ਕਹਾਣੀ ਇਹ ਸੀ ਕਿ ਭਾਈ ਜੀ ਨੇ ਆਪਣੇ ਨਾਂ ਆਇਆ ਕਿਸੇ ਦਾ ਪੁਰਾਣਾ ਖ਼ਤ ਮੁੰਡੇ ਨੂੰ ਅੱਖਰਅੱਖਰ ਕਰਕੇ ਰਟਾਉਣਾ ਸ਼ੁਰੂ ਕਰ ਦਿੱਤਾ ਸੀ । ਉਹ ਖ਼ਤ ਦੇ ਇਕ ਦੋ ਸ਼ਬਦ ਹਰ ਰੋਜ਼ ਯਾਦ ਕਰਦਾ ਤੇ ਅਗਲੇ ਦਿਨ ਸੁਣਾਉਂਦਾ ਰਿਹਾ । ਦੋ ਤਿੰਨ ਮਹੀਨਿਆਂ ਵਿਚ ਪੂਰਾ ਖ਼ਤ ਯਾਦ ਹੋ ਗਿਆ । ਭਾਈ ਜੀ ਨੇ ਉਹਦੀ ਮਾਂ ਨੂੰ ਬੁਲਾਇਆ ਤੇ ਉਹਦੇ ਸਾਹਮਣੇ ਮੁੰਡੇ ਕੋਲੋਂ ਖ਼ਤ ਪੜ੍ਹਵਾਇਆ । ਮਾਂ ਖੁਸ਼ ਹੋ ਗਈ । ਉਹਦਾ ਪੁੱਤ ਖ਼ਤ ਪੜ੍ਹਨ ਜੋਗਾ ਹੋ ਗਿਆ ਸੀ ।

ਭਾਈ ਜੀ ਨੇ ਕਿਹਾ, ''ਮਾਈ! ਇਹ ਖ਼ਤ ਵੀ ਲੈ ਜਾ । ਭਾਵੇਂ ਕਿਸੇ ਹੋਰ ਕੋਲੋਂ ਵੀ ਪੜ੍ਹਵਾ ਕੇ ਵੇਖ ਲਈਂ । ਜਿਸ ਨੂੰ ਮਰਜ਼ੀ ਕਹੀਂ ਇਹਦਾ ਇਮਤਿਹਾਨ ਲੈ ਲਵੇ ।''

ਮਾਈ ਨੇ ਵਾਪਸ ਆ ਕੇ ਉਸ ਖ਼ਤ ਨੂੰ ਸਾਫ਼ ਬਸਤਰ ਵਿਚ ਲਪੇਟ ਕੇ ਆਲੇ ਵਿਚ ਰੱਖਿਆ । ਆਂਢਗੁਆਂਢ ਖੁਸ਼ਖ਼ਬਰੀ ਦੇਣ ਲਈ ਗੁੜ ਵੰਡਿਆ । ਦੂਰ ਦੂਰ ਤੱਕ ਖ਼ਬਰ ਫੈਲ ਗਈ ਕਿ ਮੁੰਡਾ ਖ਼ਤ ਪੜ੍ਹਨ ਜੋਗਾ ਹੋ ਗਿਆ ਹੈ ।

ਗਲੀ 'ਚ ਕਿਸੇ ਦਾ ਖ਼ਤ ਆਇਆ । ਉਹ ਪੜ੍ਹਾਉਣ ਆ ਗਈ । ਮਾਂ ਨੇ ਚਾਈਂ ਚਾਈਂ ਪੁੱਤ ਨੂੰ ਵਾਜ ਮਾਰੀ, ''ਆ ਮੇਰਾ ਲਾਲ । ਤਾਈ ਤੇਰੀ ਖ਼ਤ ਪੜ੍ਹਾਉਣ ਆਈ ਐ । ਆਈਂ ਸੁੱਖ ਨਾਲ... ।''

ਮੁੰਡਾ ਅੱਖੀਆਂ ਮਲਦਾ ਆਇਆ । ਤਾਈ ਕੋਲੋਂ ਖ਼ਤ ਫੜ ਕੇ ਉਲਟਾਪੁਲਟਾ ਕਰਕੇ ਵੇਖਿਆ ਤੇ ਕਹਿਣ ਲੱਗਾ, ''ਬੇਬੇ! ਇਹ ਤਾਈ ਵਾਲਾ ਖ਼ਤ ਤਾਂ ਹੋਰ ਤਰ੍ਹਾਂ ਦਾ ਹੈ । ਇਹ ਨਹੀਂ ਮੈਂ ਪੜ੍ਹ ਸਕਦਾ । ਮੈਂ ਤਾਂ ਬੱਸ ਆਲੇ ਵਾਲਾ ਖ਼ਤ ਪੜ੍ਹ ਸਕਦਾਂ । ਜਿੰਨੀ ਵਾਰੀ ਮਰਜ਼ੀ ਪੜ੍ਹਵਾ ਲਓ ।''

ਅ) ਖੂਹ ਦਾ ਡੱਡੂ

ਰੱਬ ਦੀ ਕਰਨੀ ਕਿ ਇਕ ਵਾਰ ਸਮੁੰਦਰ ਦਾ ਡੱਡੂ ਪਿੰਡ ਦੇ ਖੂਹ ਵਿਚ ਆ ਡਿੱਗਾ । ਉਹਦਾ ਦਿਲ ਨਾ ਲੱਗੇ । ਮਨ ਮਸੋਸਿਆ ਗਿਆ । ਚਿੰਤਾ 'ਚ ਡੁੱਬਿਆ ਰਹੇ । ਕਿਸੇ ਨੂੰ ਕੁਝ ਨਾ ਕਹੇ ।

ਓਥੇ ਹੋਰ ਵੀ ਕਈ ਡੱਡੂ ਸਨ । ਸ਼ਕਲੋਂ ਉਹੋ ਜਿਹੇ । ਉਹਦੇ ਵਰਗੇ, ਉਹਦੇ ਆਸਪਾਸ ਨੱਚਦੇ ਟੱਪਦੇ । ਉਹਦੇ ਨਾਲ ਗੱਲਾਂ ਕਰਨਾ ਚਾਹੁੰਦੇ । ਉਹ ਬੜੀ ਦੇਰ ਟਾਲੀ ਗਿਆ । ਅਖ਼ੀਰ ਸੰਵਾਦ ਚੱਲ ਪਿਆ:

? ਤੂੰ ਕਿੱਥੋਂ ਆਇਆ ਹੈਂ ।
ਸਮੁੰਦਰ 'ਚੋਂ

? ਸਮੁੰਦਰ ਕਿੱਡਾ ਕੁ ਹੈ ।
ਬਹੁਤ ਵੱਡਾ ।

? ਫਿਰ ਵੀ ਕਿੱਡਾ ਕੁ ਵੱਡਾ ।
ਦੱਸਿਆ ਹੈ ਨਾ, ਬਹੁਤ ਹੀ ਵੱਡਾ ।

ਇਕ ਡੱਡੂ ਨੇ ਖੂਹ ਦੇ ਇਕ ਸਿਰੇ 'ਤੇ ਪਹੁੰਚ ਕੇ ਨਿੱਕਾ ਜਿਹਾ ਛੜੱਪਾ ਮਾਰਿਆ ਤੇ ਪੁੱਛਿਆ, ''ਏਡਾ ਕੁ?'' ਉਸ ਦੇ ਨਾਂਹ ਕਹਿਣ 'ਤੇ ਇਕ ਟਪੂਸੀ ਹੋਰ ਮਾਰ ਕੇ ਮੁੜ ਪੁੱਛਿਆ, ''ਏਡਾ ਕੁ ਹੋਵੇਗਾ?'' ਉਸ ਦੀ ਤਸੱਲੀ ਨਾ ਹੋਈ ਵੇਖ ਕੇ ਵੱਡੀ ਟਪੂਸੀ ਮਾਰ ਖੂਹ ਦੇ ਦੂਜੇ ਸਿਰੇ ਪਹੁੰਚ ਕੇ ਕਹਿੰਦਾ, ''ਤਾਂ ਫਿਰ ਏਡਾ ਹੋਵੇਗਾ ।'' ਹੁਣ ਵੀ 'ਨਹੀਂ' ਸੁਣ ਕੇ ਡੱਡੂਆਂ ਦਾ ਸਮੁੱਚਾ ਸਮਾਜ ਇਕ ਸੁਰ ਵਿਚ ਕੂਕਿਆ, ''ਇਸ ਤੋਂ ਅੱਗੇ ਹੋਰ ਕੀ ਹੈ? ਤੇਰੀ ਮਾਂ ਦਾ ਸਿਰ?''

ੲ) ਮੋਟਾ

ਗਰੀਬ ਘਰਾਂ ਦੀਆਂ ਤੀਵੀਆਂ ਜੱਟਾਂ ਦੀਆਂ ਪੈਲੀਆਂ 'ਚੋਂ ਸਾਗ ਤੋੜਨ ਜਾਂ ਫਿਰ ਬੰਨਿਆਂ ਤੋਂ ਘਾਹ ਖੋਤਣ ਲਈ ਅਕਸਰ ਜਾਂਦੀਆਂ ਰਹਿੰਦੀਆਂ । ਕਦੇ ਕੋਈ ਗੰਨਾ ਭੰਨ ਲਿਆ । ਦਾਅ ਲੱਗਾ ਤਾਂ ਮੂਲੀ ਸ਼ਲਗਮ ਪੁੱਟ ਕੇ ਖਾ ਲਿਆ ।

ਪੈਲੀਆਂ ਵਿਚ ਰਾਖੀ ਲਈ ਜਿਹੜਾ ਮੁੰਡਾ ਖੂਹ 'ਤੇ ਹੀ ਰਹਿੰਦਾ ਉਹ ਛੜਾ ਸੀ । ਉਹਨੂੰ ਪਤਿਆਉਣ ਲਈ ਅਤੇ ਆਪਣਾ ਕੰਮ ਕੱਢਣ ਲਈ ਇਹ ਤੀਵੀਆਂ ਉਹਨੂੰ 'ਮੋਟਾ' ਕਹਿੰਦੀਆਂ । ਜਦੋਂ ਵੀ ਰੋਕਦਾਟੋਕਦਾ ਤਾਂ ਅੱਗੋਂ ਆਖਦੀਆਂ, ''ਛੱਡ ਮੋਟਿਆ! ਤੇਰੇ ਲਈ ਇਹ ਕੀ ਸ਼ੈਅ ਵੇ । ਤੂੰ ਸਾਡਾ ਮੋਟਾ ਸਰਦਾਰ! ਮੋਟਿਆ, ਤੇਰੀ ਜੈਜੈ ਕਾਰ ।'' ਉਹ ਫੁੱਲ ਜਾਂਦਾ । ਅੱਧਪਚੱਧੀ ਜਿਹੀ ਬੋਲੀ ਪਾ ਕੇ ਰੋਕਣਾਟੋਕਣਾ ਭੁੱਲ ਜਾਂਦਾ । ਕਿਸੇ ਦਾ ਤੋਰਾਤੁਰੀ ਜਾਂਦਾ । ਕਿਸੇ ਦਾ ਠਰਕ ਭੁਰੀ ਜਾਂਦਾ ।

ਇਕ ਦਿਨ ਮੋਟੇ ਨੂੰ ਬਾਜ਼ਾਰ ਵਿਚ ਹੀ ਕੁਝ ਜਣੀਆਂ ਟੱਕਰ ਪਈਆਂ । ਸਾਂਸਿਆਣੀਆਂ । ਮੋਟੇ ਤੋਂ ਰਿਹਾ ਨਾ ਗਿਆ । ਕੋਈ ਹੁੱਜਤ ਕਰ ਬੈਠਾ । ਸਰੇ ਬਾਜ਼ਾਰ ਲੋਕਾਂ ਸੁਣਿਆ, ''ਵੇ ਮੋਟਿਆ! ਤੂੰ ਊਂ ਨਈ ਮੋਟਾ । ਵੇ ਤੂੰ ਅਕਲੋਂ ਮੋਟਾ ।''

ਸ) ਸਲਾਹ ਮਸ਼ਵਰਾ

ਦੋ ਪਹਾੜੀਆਂ ਉੱਤੇ ਦੋ ਗਡਰੀਏ ਆਪੋਆਪਣੀਆਂ ਭੇਡਾਂ ਚਾਰ ਰਹੇ ਸਨ । ਉਪਰੋਂ ਨੇੜੇ ਹੋਣ ਕਰਕੇ ਇਕ ਦੂਜੇ ਨਾਲ ਗੱਲਬਾਤ ਕਰ ਸਕਦੇ ਸਨ । ਆਵਾਜ਼ ਸੁਣਾਈ ਦੇਂਦੀ ਸੀ । ਅਚਾਨਕ ਇਕ ਨੇ ਦੂਜੇ ਨੂੰ ਆਵਾਜ਼ ਮਾਰੀ :

ਏਧਰ ਆ
? ਦੱਸ ਕੀ ਗੱਲ ਐ
ਤੈਨੂੰ ਕਿਹਾ ਨਾ । ਹੇਧਰ ਆ ਮੇਰੇ ਵਾਲੇ ਪਾਸੇ ।
? ਮੇਰੀਆਂ ਭੇਡਾਂ
ਮੈਨੂੰ ਦਿਸਦੀਆਂ ਨੇ । ਕਿਤੇ ਨਹੀਂ ਜਾਂਦੀਆਂ । ਮੈਂ ਖ਼ਿਆਲ ਰੱਖਾਂਗਾ । ਤੂੰ ਬੱਸ ਆ ਜਾ, ਛੇਤੀ ।
? ਮੈਂ ਇਸ ਪਹਾੜੀ ਤੋਂ ਉਤਰਾਂਗਾ । ਫੇਰ ਤੇਰੇ ਵਾਲੀ ਪਹਾੜੀ 'ਤੇ ਚੜ੍ਹਾਂਗਾ । ਇਹ ਕਾਫੀ ਔਖਾ ਕੰਮ ਹੈ । ਲੰਮਾ ਪੈਂਡਾ ਹੈ । ਬੜਾ ਵਕਤ ਲੱਗੇਗਾ । ਤੂੰ ਇੱਥੇ ਹੀ ਦੱਸ ਦੇ ।
ਨਹੀਂ ਤੂੰ ਏਧਰ ਮੇਰੇ ਕੋਲ ਆ । ਤੇਰੇ ਨਾਲ ਕੋਈ ਜ਼ਰੂਰੀ ਸਲਾਹਮਸ਼ਵਰਾ ਕਰਨਾ ਹੈ । ਸਾਡੇ ਦੋਹਾਂ ਦੇ ਕੰਮ ਦੀ ਗੱਲ ਹੈ । ਤੂੰ ਬੱਸ ਤੁਰ ਪਓ ।
ਉਹ ਵਿਚਾਰਾ ਤੁਰ ਪਿਆ । ਸਾਹ-ਸਾਹੀ ਹੋਇਆ । ਅਖ਼ੀਰ
ਹੌਂਕਦਾ ਹੋਇਆ ਉੱਥੇ ਪੁੱਜਾ । ਪੁੱਛਿਆ, ''ਦੱਸ ਕੀ ਗੱਲ ਹੈ?
ਕਾਹਦੇ ਲਈ ਸੱਦਿਆ ਹੈ?'' ਅੱਗੋਂ ਕੰਨ ਦੇ ਲਾਗੇ ਮੂੰਹ ਕਰਕੇ ਭੇਤ ਵਾਲੇ ਲਹਿਜ਼ੇ ਵਿਚ ਕਹਿਣ ਲੱਗਾ, ''ਤੂੰ ਐਵੇਂ ਉੱਥੇ ਈ ਪੁੱਛੀ ਜਾਂਦਾ ਸੈਂ । ਏਦਾਂ ਦੇ ਸਲਾਹ ਮਸ਼ਵਰੇ ਕੋਈ ਸ਼ਰ੍ਹੇਆਮ ਕੀਤੇ ਜਾਂਦੇ ਨੇ? ...
ਹਾਂ ਦੱਸ, ਕੱਲ੍ਹ ਨੂੰ ਭੇਡਾਂ ਕਿਹੜੇ ਪਾਸੇ ਲੈ ਕੇ ਜਾਣੀਆਂ ਨੇ?''

ਹ) ਪਿੰਡ ਦਾ ਪਿੰਡ

ਖੂਹ ਤੋਂ ਪੱਠਿਆਂ ਦੀ ਵੱਡੀ ਭਰੀ ਚੁੱਕ ਕੇ ਅਮਲੀ ਪਿੰਡ ਵੱਲ ਨੂੰ ਤੁਰਿਆ ਆ ਰਿਹਾ ਸੀ । ਦੋ ਢਾਈ ਮਣ ਦੀ ਭਰੀ ਹੋਵੇਗੀ । ਜਦੋਂ ਤੋਂ ਹੋਸ਼ ਸੰਭਾਲੀ, ਉਹ ਰੋਜ਼ ਹੀ ਲਿਆਉਂਦਾ ਸੀ । ਉਸ ਦਿਨ ਵੀ ਤੁਰਿਆ ਆਉਂਦਾ ਸੀ । ਅੱਗਿਓਂ ਸਰਪੰਚ ਮਿਲ ਪਿਆ । ਅਮਲੀ ਨੇ ਫਤਿਹ ਬੁਲਾਈ । ਸਰਪੰਚ ਨੇ ਹਮਦਰਦੀ ਜਤਲਾਈ । ਅਖੇ : "ਅਮਲੀਆ! ਧੌਣ ਤੁੜਵਾਉਣੀ ਆ? ਆਪਣਾ ਸਰੀਰ ਵੇਖ ਤੇ ਆਹ ਭਰੀ ਦਾ ਭਾਰ ਵੇਖ ।" ਅਮਲੀ ਰੁਕਿਆ । ਭਰੀ ਇਕ ਪਾਸੇ ਵੱਲ ਸੁੱਟ ਦਿੱਤੀ । ਸਿਰ ਮੂੰਹ ਉੱਤੇ ਹੱਥ ਫੇਰਿਆ । ਜ਼ਮੀਨ ਉੱਤੇ ਪਈ ਹੋਈ ਪੱਠਿਆਂ ਦੀ ਭਰੀ ਵੱਲ ਵੇਖ ਕੇ ਹੈਰਾਨੀ ਭਰੇ ਲਹਿਜ਼ੇ 'ਚ ਕਹਿਣ ਲੱਗਾ, ''ਬੱਲੇ! ਬੱਲੇ! ਆਹ ਪਿੰਡ ਦਾ ਪਿੰਡ ਮੇਰੇ ਸਿਰ ਉੱਤੇ ਹੀ ਸੀ ।''

••••••

3. ਕਹਾਣੀ ਵਰਗੀ ਗੱਲ

ਪਿਛਲੇ ਪਿੰਡ ਦੀ ਗੱਲ ਏ ਜਾਂ ਪਿਛਲੇ ਤੋਂ ਪਿਛਲੇ ਪਿੰਡ ਦੀ । ਇਹ ਗੱਲ ਪਿਤਾ ਜੀ ਸੁਣਾਉਂਦੇ ਹੁੰਦੇ ਸਨ । ਸੁਣੀ ਕਈ ਵਾਰ ਪਰ ਪੂਰੀ ਕਦੇ ਨਹੀਂ ਸੁਣੀ । ਸੁਣਾਉਂਦੇ ਉਹ ਹੋਰਨਾਂ ਨੂੰ ਸਨ, ਮੈਂ ਤਾਂ ਸਬੱਬੀ ਉੱਥੇ ਹੁੰਦਾ । ਵਿਚੋਂ ਉੱਠ ਕੇ ਕਦੇ ਤੁਰ ਜਾਂਦਾ, ਕਦੇ ਤੋਰ ਦਿੱਤਾ ਜਾਂਦਾ । ਗੱਲ ਟੁਕੜਾ ਟੁਕੜਾ ਕੰਨੀ ਪੈਂਦੀ ਰਹੀ । ਕੜੀਆਂ ਜੁੜਦੀਆਂ ਰਹੀਆਂ । ਰਸ ਬਣਿਆ ਰਿਹਾ । ਗੱਲਾਂ ਦਾ ਤਾਂ ਕੋਈ ਅੰਤ ਨਹੀਂ ਸੀ । ਹੁੰਦੀਆਂ ਈ ਰਹਿੰਦੀਆਂ । ਸੁਣਨ ਵਾਲੇ ਬਦਲਦੇ ਰਹਿੰਦੇ । ਗੱਲਾਂ ਦੇ ਵਿਸ਼ੇ ਬਦਲਦੇ ਰਹਿੰਦੇ । ਪਰ ਜਿਹੜੀ ਗੱਲ ਦੀ ਹੁਣ ਗੱਲ ਹੋ ਰਹੀ ਏ ਇਹ ਬੜੀ ਵਾਰ ਦੁਹਰਾਈ ਗਈ । ਕਈ ਵਾਰ ਸੁਣਾਈ ਗਈ । ਮੈਂ ਵਿਚੋਂ ਵਿਚੋਂ ਸੁਣਦਾ ਰਿਹਾ ।

ਵਿਚੋਂ ਵਿਚੋਂ ਸੁਣੀ ਹੋਈ ਇਹ ਗੱਲ ਮਨ ਵਿਚ ਅਜੇ ਤੱਕ ਟਿਕੀ ਹੋਈ ਏ । ਕੜੀਆਂ ਚੁਕ ਚੁਕ ਕਈ ਵਾਰੀ ਮਨ ਹੀ ਮਨ ਲੜੀ ਜੋੜਨ ਦੀ ਕੋਸ਼ਿਸ਼ ਕਰਦਾ ਆਇਆਂ । ਤਰਤੀਬ ਬਦਲਣ ਲਈ ਟੁਕੜਿਆਂ ਨੂੰ ਅੱਗੇ ਪਿੱਛੇ ਧਰਦਾ ਆਇਆਂ । ... ਗੱਲ ਦੀ ਤੰਦ ਪੂਰੀ ਤਰ੍ਹਾਂ ਪਕੜ 'ਚ ਆਈ ਨਹੀਂ । ਏਸੇ ਲਈ ਹਾਲੇ ਤੀਕ ਕਿਸੇ ਨੂੰ ਸੁਣਾਈ ਨਹੀਂ ।

ਜਦੋਂ ਪਿਤਾ ਜੀ ਸੁਣਾਉਂਦੇ ਹੁੰਦੇ ਸਨ, ਉਦੋਂ ਤਾਂ ਇਨ੍ਹਾਂ ਗੱਲਾਂ ਨੂੰ ਅਕਾਸ਼ਵਾਣੀ ਵਾਂਗ ਸੁਣਦਾ ਸਾਂ । ਅਕਾਸ਼ ਦੀ ਵਾਣੀ ਨੂੰ ਸਿਰਫ਼ ਸੁਣਿਆ ਜਾਂਦੈ, ਕਿਸੇ ਕਿਸਮ ਦੀ ਦਖਲਅੰਦਾਜ਼ੀ ਦੀ ਗੁੰਜਾਇਸ਼ ਨਹੀਂ ਹੁੰਦੀ । ਪ੍ਰਸ਼ਨ ਉੱਤਰ ਨਹੀਂ ਹੁੰਦੇ । ਸ਼ੰਕਾ ਦਾ ਸਮਾਧਾਨ ਨਹੀਂ ਹੁੰਦਾ । ਉਸ ਨੂੰ ਤਾਂ ਗ੍ਰਹਿਣ ਕੀਤਾ ਜਾਂਦਾ ਹੈ, ਬਰਸਾਤ ਵਾਂਗ, ਧੁੱਪ ਵਾਂਗ, ਰਿਸ਼ਮਾਂ ਵਾਂਗ । ... ਬਾਲ ਉਮਰ ਸੀ । ਪਾਤਰ ਖ਼ਾਲੀ ਸੀ । ਵਸਤੂ ਪੈਂਦੀ ਗਈ । ਸਾਂਭੀ ਗਈ ।

ਵਸਤੂ ਸਾਂਭੀ ਪਈ ਏ । ਇਹ ਵੀ ਪਤਾ ਏ ਕਿ ਕੀਮਤੀ ਏ । ਸੁਧਾ ਸੋਨਾ ਏ । ਕੋਈ ਟਾਂਕਾ ਨਹੀਂ । ਖੋਟ ਨਹੀਂ । ... ਪਰ ਇਹਦਾ ਕਰਾਂ ਕੀ? ਪਿਤਾ ਜੀ ਦੇ ਹੁੰਦਿਆਂ ਕਦੇ ਖ਼ਿਆਲ ਈ ਨਹੀਂ ਸੀ ਆਇਆ । ਨਿੱਕੇ ਹੁੰਦਿਆਂ ਨਾ ਸਹੀ, ਵੱਡਿਆਂ ਹੋ ਕੇ ਪੁੱਛਿਆ ਜਾ ਸਕਦਾ ਸੀ । ... ਜਦੋਂ ਕਿਸੇ ਸਬਕ ਬਾਰੇ ਸ਼ੱਕ ਹੁੰਦਾ ਸੀ ਤਾਂ ਪਿਤਾ ਜੀ ਕਿਹਾ ਕਰਦੇ ਸਨ, ''ਲਿਖ ਕੇ ਵੇਖੋ ।'' ਬਸ ਏਹੋ ਰਾਹ ਬਚਿਐ । ਮਨ ਵਿਚ ਬੜਾ ਰਿੜਕ ਲਿਆ । ਹੁਣ ਲਿਖ ਕੇ ਵੇਖਦਾਂ ।

ਗੱਲ ਕਮਲੀ ਔਰਤ ਨਾਲ ਸ਼ੁਰੂ ਹੁੰਦੀ ਏ । ਉਹ ਪਿੰਡ ਵਿਚ, ਪਤਾ ਨਹੀਂ, ਕਦੋਂ ਆਈ ਸੀ, ਕਿੱਥੋਂ ਆਈ ਸੀ । ਉਮਰ ਬਾਰੇ ਪੱਕਾ ਨਹੀਂ ਦੱਸਿਆ ਜਾ ਸਕਦਾ । ਉਂਜ ਬੁੱਢੀ ਨਹੀਂ ਸੀ । ਪਿੰਡ ਦੀਆਂ ਔਰਤਾਂ, ਰੱਬ ਤਰਸ, ਉਹਨੂੰ ਕਦੇ ਕੁਝ ਖਾਣ ਲਈ ਦੇ ਦੇਂਦੀਆਂ, ਕਦੇ ਕੋਈ ਕੱਪੜਾ ਦੇ ਦੇਂਦੀਆਂ, ਜਿੱਥੇ ਮਰਜ਼ੀ ਤੁਰੀ ਫਿਰਦੀ, ਜੋ ਮਰਜ਼ੀ ਬੋਲਦੀ ਰਹਿੰਦੀ, ਜਿੱਥੇ ਮਰਜ਼ੀ ਸੌਂ ਜਾਂਦੀ । ਕਦੇ ਉਹਦੇ ਮਗਰ ਨਿਆਣੇ ਲੱਗੇ ਰਹਿੰਦੇ, ਕਦੇ ਕੁੱਤੇ । .. ਕਿਸੇ ਨੂੰ ਇਹ ਵੱਟਾ ਨਾ ਮਾਰਦੀ । ਕਿਸੇ ਨੂੰ ਗਾਲ੍ਹ ਮੰਦਾ ਨਾ ਬੋਲਦੀ । ਕਦੇ ਕਦੇ ਸ਼ਰ੍ਹੇਆਮ ਕੱਪੜੇ ਲਾਹ ਬਹਿੰਦੀ । ਜੂੰਆਂ ਮਾਰਦੀ ਰਹਿੰਦੀ । ਉਹਦਾ ਨਾਂ ਈ ਕਮਲੀ ਪੈ ਗਿਆ ।

ਕਮਲੀ ਦਾ ਪੱਕਾ ਟਿਕਾਣਾ ਖੂਹ ਲਾਗੇ ਸੀ, ਜਿੱਥੇ ਗੰਨੇ ਪੀੜਨ ਵਾਲਾ ਵੇਲਣਾ ਗੱਡਿਆ ਹੋਇਆ ਸੀ । ਲਾਗੇ ਚਾਗੇ ਕਮਾਦ ਦੀ ਖੋਰੀ ਪਈ ਹੁੰਦੀ, ਪਰਾਲੀ ਹੁੰਦੀ, ਨਾੜ ਹੁੰਦਾ । ਉਹ ਵਿਛਾ ਕੇ ਲੇਟ ਜਾਂਦੀ । ਲਾਗੇ ਕੁੱਤੇ ਲੇਟੇ ਰਹਿੰਦੇ । ਕਿਤੋਂ ਕੁਝ ਖਾਣ ਨੂੰ ਮਿਲਦਾ ਤਾਂ ਕੁੱਤਿਆਂ ਨਾਲ ਵੰਡ ਕੇ ਖਾਂਦੀ ਜਾਂ ਸ਼ਾਇਦ ਕੁੱਤੇ ਆਪ ਹੀ ਹਿੱਸਾ ਵੰਡਾ ਲੈਂਦੇ । ਸੱਚੀ ਗੱਲ ਤਾਂ ਇਹ ਹੈ ਕਿ ਕਮਲੀ ਬਾਰੇ ਸੋਚਣ ਜਾਂ ਜਾਨਣ ਦੀ ਕਦੇ ਕਿਸੇ ਨੂੰ ਓਦੋਂ ਤੱਕ ਲੋੜ ਮਹਿਸੂਸ ਨਹੀਂ ਸੀ ਹੋਈ ਜਦੋਂ ਤੱਕ ਪਿੰਡ ਦੀਆਂ ਕੁਝ ਸਿਆਣੀਆਂ ਔਰਤਾਂ ਉਹਦਾ ਖਾਸ ਖ਼ਿਆਲ ਨਾ ਰੱਖਣ ਲੱਗ ਪਈਆਂ । ਲੋਕ ਤਾਂ ਸੂਣ ਵਾਲੀ ਅਵਾਰਾ ਕੁੱਤੀ ਨੂੰ ਵੀ ਹਮਦਰਦੀ ਵਿਖਾਉਣ ਲੱਗ ਪੈਂਦੇ ਨੇ । ਕਮਲੀ ਤਾਂ ਔਰਤ ਸੀ ।

ਇਕ ਦਿਨ ਲੋਕਾਂ ਵੇਖਿਆ ਕਮਲੀ ਨਿਆਣਾ ਚੁੱਕੀ ਫਿਰਦੀ । ਨਿੱਕਾ ਜਿਹਾ । ਗੋਭਲਾ ਜਿਹਾ । ਉਹਦੀ ਹਿੱਕ ਨਾਲ ਚਿੰਬੜਿਆ ਹੋਇਆ । ਦੁੱਧ ਚੁੰਘਦਾ । ਕਮਲੀ ਦੇ ਵਤੀਰੇ ਵਿਚ ਫ਼ਰਕ ਆ ਗਿਆ । ਹੁਣ ਉਹ ਘਰਾਂ ਵਿਚ ਜਾਂਦੀ । ਖਾਣਪੀਣ ਨੂੰ ਮੰਗਦੀ । ਪਰ ਨਿਆਣੇ ਦਾ ਵਿਸਾਹ ਨਾ ਖਾਂਦੀ । ਕਿਸੇ ਨੂੰ ਨੇੜੇ ਨਾ ਆਉਣ ਦੇਂਦੀ । ਹੱਥ ਨਾ ਲਾਉਣ ਦੇਂਦੀ । ਉਹਨੂੰ ਨਵੀਂ ਖੇਡ ਮਿਲ ਗਈ ਸੀ । ਉਹਦੇ ਨਾਲ ਖੇਡਦੀ ਰਹਿੰਦੀ । ਉਹਨੂੰ ਖਿਡਾਉਂਦੀ ਰਹਿੰਦੀ । ਕਦੇ ਉਹਦੀਆਂ ਦੋਏਂ ਬਾਹਵਾਂ ਮੂਹਰਿਉਂ ਫੜ ਪਿੱਠ 'ਤੇ ਬਿਠਾਇਆ ਹੁੰਦਾ । ਕਦੇ ਕੰਧਾੜੇ ਚੜ੍ਹਾਇਆ ਹੁੰਦਾ । ਕਦੇ ਇਕ ਲੱਤ ਜਾਂ ਇਕ ਬਾਂਹ ਫੜ ਕੇ ਧਰੂਈ ਫਿਰਦੀ । ਉਹ ਕਦੋਂ ਰਿੜ੍ਹਨ ਲੱਗਾ, ਕਦੋਂ ਤੁਰਨ ਲੱਗਾ, ਕਿਸੇ ਨੂੰ ਪਤਾ ਨਾ ਲੱਗਾ । ਉਹ ਤਾਂ ਲੋਕਾਂ ਨੇ ਕਦੇ ਇਕੱਲਾ ਵੇਖਿਆ ਈ ਨਹੀਂ ਸੀ । ਇਹ ਪਤਾ ਲੱਗ ਗਿਆ ਸੀ ਕਿ ਮੁੰਡਾ ਏ । ਕਮਲੀ ਦੇ ਮੁੰਡੇ 'ਤੇ ਪਿੰਡ ਵਾਲਿਆਂ ਨੂੰ ਤਰਸ ਆਉਂਦਾ । ਵਿਚਾਰੇ ਨੂੰ ਸੜਦੀ ਬਲਦੀ ਜ਼ਮੀਨ 'ਤੇ ਲਿਟਾ ਦੇਂਦੀ । ਬਰਸਾਤ ਦੇ ਪਾਣੀ ਵਿਚ ਵਹਾ ਦੇਂਦੀ । ਸਿਖ਼ਰ ਦੀਆਂ ਸਰਦੀਆਂ ਵਿਚ ਕੱਕਰ ਤੋੜ ਕੇ ਛੱਪੜ ਦੇ ਠਰੇ ਹੋਏ ਪਾਣੀ ਵਿਚ ਗੋਤੇ ਲੁਆ ਦੇਂਦੀ । ਵੇਖਣ ਵਾਲਿਆਂ ਦਾ ਤ੍ਰਾਹ ਨਿਕਲ ਜਾਂਦਾ ਪਰ ਉਹ ਕੁਝ ਕਰ ਨਹੀਂ ਸਨ ਸਕਦੇ । ਕਮਲੀ ਤਾਂ ਉਹਨੂੰ ਭੂਤ ਬਣ ਕੇ ਚਿੰਬੜੀ ਹੋਈ ਸੀ । ਇਕ ਪਲ ਵੀ ਆਪਣੇ ਨਾਲੋਂ ਵੱਖ ਨਾ ਕਰਦੀ । ਸੌਣ ਵੇਲੇ ਵੀ ਲੱਤਾਂ ਦੀ ਗੁਗੜੀ ਵਿਚ ਨੱਪੀ ਰੱਖਦੀ ।

ਜਿਹੜੇ ਜੱਟ ਦੇ ਖੂਹ 'ਤੇ ਕਮਲੀ ਦਾ ਟਿਕਾਣਾ ਸੀ, ਉਹਦੇ ਦੋ ਮੁੰਡੇ ਸਨ । ਦੋਹਾਂ ਦੇ ਅੱਗੜ ਪਿੱਛੜ ਵਿਆਹ ਹੋ ਗਏ ਤੇ ਅੱਗੜ-ਪਿੱਛੜ ਹੀ ਨਿਆਣੇ ਵੀ ਹੋ ਗਏ । ਦੋਹਾਂ ਦੇ ਘਰੀਂ ਮੁੰਡੇ । ਉਦੋਂ ਕੁ ਜਿਹੇ ਹੀ ਹੋਏ, ਜਦੋਂ ਕੁ ਜਿਹੇ ਕਮਲੀ ਦੇ । ਤਿੰਨਾਂ ਦੀ ਇਕੋ ਜਿਹੀ ਉਮਰ । ਐਵੇਂ ਮਹੀਨਾ ਖੰਡ ਦਾ ਫਰਕ । ਫ਼ਰਕ ਤਾਂ ਵੇਖਣ ਵਾਲਿਆਂ ਨੂੰ ਸ਼ਕਲਾਂ ਵਿਚ ਵੀ ਨਹੀਂ ਸੀ ਲੱਗਦਾ ।

ਇਕ ਦਿਨ ਸੁਣਿਆ ਕਿ ਕਮਲੀ ਮਰ ਗਈ । ਸੁੱਤੀ ਸੌਂ ਗਈ । ਜਾਗ ਈ ਨਾ ਆਈ । ਮੁੰਡਾ ਜਾਗਿਆ । ਮਾਂ ਨੂੰ ਹਿਲਾਇਆ । ਵਾਜਾਂ ਮਾਰੀਆਂ । ਹਾਰ ਕੇ ਰੋਣ ਲੱਗ ਪਿਆ । ਕਿਸੇ ਨੇ ਸੁਣਿਆ । ਨੇੜੇ ਆ ਕੇ ਵੇਖਿਆ । ਪਿੰਡ ਨੂੰ ਪਤਾ ਲੱਗ ਗਿਆ । ਕਮਲੀ ਦਾ ਪੁੱਤ ਕੱਲਾ ਰਹਿ ਗਿਆ । ਸ਼ਾਮਲਾਤ ਮਾਂ ਦਾ ਸ਼ਾਮਲਾਤ ਪੁੱਤ । ਹੁਣ ਚਹੁੰਪੰਜਾਂ ਵਰ੍ਹਿਆਂ ਦਾ ਹੋ ਗਿਆ ਸੀ । ਹੱਡਾਂ ਪੈਰਾਂ ਦਾ ਮਜ਼ਬੂਤ । ਸਾਰੇ ਮੌਸਮਾਂ ਦਾ ਵਾਕਫ਼ ।

ਖੂਹ ਵਾਲੇ ਸਰਦਾਰ ਨੂੰ ਤਰਸ ਆਇਆ । ਉਹਦੇ ਪੋਤਿਆਂ ਦੀ ਉਮਰ ਦਾ ਸੀ । ਉਹਦੇ ਪੋਤਿਆਂ ਵਰਗਾ । ਮੁੰਡਿਆਂ ਨੂੰ ਸਮਝਾਇਆ, ''ਇਹਨੂੰ ਰੱਖ ਲਓ । ਕਿੱਥੇ ਜਾਏਗਾ ਵਿਚਾਰਾ! ਹੋਰ ਸਾਲ ਖੰਡ ਨੂੰ ਡੰਗਰ ਵੱਛਾ ਚਾਰਨ ਜੋਗਾ ਹੋ ਜਾਏਗਾ । ਨਿੱਕੇ ਮੋਟੇ ਕੰਮਾਂ ਵਿਚ ਹੱਥ ਵਟਾਏਗਾ । ...ਅਗਲੇ ਸਾਲ ਤੁਸੀਂ ਸੁੱਖ ਨਾਲ ਆਪਣੇ ਕਾਕਿਆਂ ਨੂੰ ਸਕੂਲੇ ਪੜ੍ਹਨੇ ਪਾਉਣਾ । ਉਨ੍ਹਾਂ ਦੇ ਬਸਤੇ ਛੱਡ ਕੇ, ਲੈ ਕੇ ਆਇਆ ਕਰੇਗਾ । ਲੋੜ ਵੇਲੇ ਕਿਤੇ ਜਾਣਾ ਪਿਆ ਤਾਂ ਉਨ੍ਹਾਂ ਦੀ ਧਿਰ ਬਣ ਕੇ ਜਾਇਆ ਕਰੇਗਾ । ... ਨਾਲੇ ਸਾਡਾ ਲੱਗਣਾ ਵੀ ਕੀ ਐ? ਜਵਾਕ ਦਾ ਖਰਚਾ ਕੀ ਆਉਣੈ? ਮੁਫ਼ਤ ਦੀ ਸੋਭਾ, ਪਈ ਸਰਦਾਰਾਂ ਨੇ ਯਤੀਮ ਦੇ ਸਿਰ 'ਤੇ ਹੱਥ ਰੱਖਿਐ । ਇਸ ਵਿਚਾਰੇ ਨੇ ਤਾਂ ਤੁਹਾਡੀ ਜੂਠ ਖਾ ਕੇ ਈ ਪਲ ਜਾਣੈ ।'' ਮੁੰਡੇ ਮੰਨ ਗਏ । ਰੱਖ ਲਿਆ ।

ਸਰਦਾਰਾਂ ਦੇ ਕਾਕੇ ਸਕੂਲੇ ਦਾਖ਼ਲ ਹੋਏ ਤਾਂ ਨਾਲ ਹੀ ਕਮਲੀ ਦੇ ਮੁੰਡੇ ਦੀ ਡਿਊਟੀ ਸ਼ੁਰੂ ਹੋ ਗਈ । ਉਹ ਉਨ੍ਹਾਂ ਦੋਹਾਂ ਨਾਲੋਂ ਤਗੜਾ ਸੀ ਪਰ ਡਰਦਾ ਸੀ । ਗੁਲਾਮੀ ਕਰਦਾ ਸੀ । ਸਵੇਰ ਵੇਲੇ ਆਪਣੇ ਦੋਹਾਂ ਮੋਢਿਆਂ 'ਤੇ ਦੋਏਂ ਬਸਤੇ ਲਟਕਾ ਕੇ ਉਨ੍ਹਾਂ ਦੇ ਨਾਲ ਸਕੂਲ ਜਾਂਦਾ । ਛੁੱਟੀ ਵੇਲੇ ਬਸਤੇ ਚੁੱਕ ਕੇ ਨਾਲ ਨਾਲ ਤੁਰਿਆ ਆਉਂਦਾ । ਉਹ ਦੋਵੇਂ ਟਹਿਲਦੇ ਟਹਿਲਦੇ ਆਉਂਦੇ । ਸ਼ਰਾਰਤਾਂ ਕਰਦੇ । ਹੱਸਦੇ ਖੇਡਦੇ । ... ਸਕੂਲ ਦੇ ਮਾਸਟਰ ਨੇ ਇਕ ਦਿਨ ਵੱਡੇ ਸਰਦਾਰ ਨੂੰ ਸਮਝਾਇਆ, ''ਇਸ ਮੁੰਡੇ ਦਾ ਨਾਂ ਵੀ ਰਜਿਸਟਰ 'ਤੇ ਚਾੜ੍ਹ ਲੈਨੇ ਆਂ । ਸਕੂਲੇ ਆਉਂਦਾ ਜਾਂਦਾ ਤਾਂ ਹਰ ਰੋਜ਼ ਐ । ਕੋਈ ਬਾਹਲਾ ਖਰਚਾ ਤਾਂ ਆਉਣਾ ਨਹੀਂ । ਇਸ ਵਿਚਾਰੇ ਦੇ ਢਿੱਡ 'ਚ ਵੀ ਚਾਰ ਅੱਖਰ ਪੈ ਜਾਣਗੇ । ਬਸਤੇ ਢੋਣ ਦਾ ਕੰਮ ਤਾਂ ਫੇਰ ਵੀ ਕਰੀ ਜਾਏਗਾ । ਇਕੋ ਜਮਾਤ ਵਿਚ ਤਿੰਨੇ ਹੋਣਗੇ । ਵੱਖਰੀਆਂ ਕਿਤਾਬਾਂ ਦੀ ਵੀ ਲੋੜ ਨਹੀਂ । ਫੱਟੀ ਸਲੇਟ ਦਾ ਕੀ ਐ? ਮੁਫ਼ਤ ਦਾ ਪੁੰਨ ਖੱਟਣ ਵਾਲੀ ਗੱਲ ਐ । ਪਿੰਡ 'ਚ ਸੋਭਾ ਹੋਵੇਗੀ । ਵੱਡਾ ਹੋ ਕੇ 'ਸੀਸਾਂ ਦਏਗਾ ।'' ਮਾਸਟਰ ਦੀ ਸਲਾਹ ਮੰਨ ਲਈ ਗਈ । ਕਮਲੀ ਦੇ ਪੁੱਤ ਦਾ ਨਾਂ ਰਜਿਸਟਰ 'ਤੇ ਚੜ੍ਹ ਗਿਆ । ਮੁੰਡੇ ਦਾ ਨਾਂ ਤਾਂ ਪਤਾ ਨਹੀਂ ਕੀ ਲਿਖਿਆ ਪਰ ਵਲਦੀਅਤ ਵਾਲੇ ਖਾਤੇ ਵਿਚ ਮਾਸਟਰ ਨੇ ਬਿਨਾਂ ਪੁੱਛਿਆਂ ਈ ਵੱਡੇ ਸਰਦਾਰ ਦਾ ਨਾਂ ਲਿਖ ਦਿੱਤਾ । ਸਿਰਨਾਵਾਂ ਤਿੰਨਾਂ ਦਾ ਇਕੋ ਹੀ ਸੀ । ਉਮਰਾਂ ਵੀ । ਮੁਹਾਂਦਰੇ ਵੀ ।

ਲੋਕਾਂ ਵੇਖਿਆ ਜਿਹੜਾ ਨਿਆਣਾ ਕਮਲੀ ਦੇ ਢਿੱਡ ਨਾਲ ਬਾਂਦਰੀ ਦੇ ਬੱਚੇ ਵਾਂਗੂੰ ਟੰਗਿਆ ਹੁੰਦਾ ਸੀ ਹੁਣ ਤਿੰਨ ਤਿੰਨ ਫੱਟੀਆਂ ਲਿਖਦੈ, ਡੰਗਰਾਂ ਪਿੱਛੇ ਭੱਜਿਆ ਫਿਰਦੈ, ਦੌੜਾਂ ਲਾਉਂਦੈ, ਡੰਡ ਬੈਠਕਾਂ ਮਾਰਦੈ । ਤਿੰਨੇ ਨਿਆਣੇ ਇਕੱਠੇ ਹੀ ਅਗਲੀ ਜਮਾਤੇ ਚੜ੍ਹਦੇ ਗਏ ਪਰ ਕਮਲੀ ਦੇ ਪੁੱਤ ਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਸੀ । ਆਪਣੇ ਦੋਹਾਂ ਸਰਦਾਰਾਂ ਦਾ ਸਕੂਲ ਦਾ ਕੰਮ ਵੀ ਉਹੀ ਕਰਦਾ । ਫ਼ਾਇਦਾ ਵੀ ਉਹਨੂੰ ਈ ਹੁੰਦਾ । ਉਹਦੀ ਲਿਖਾਈ ਮੋਤੀਆਂ ਵਰਗੀ ਹੋ ਗਈ । ਉਹਦਾ ਦਿਮਾਗ ਤੇਜ਼ ਰਫਤਾਰ ਨਾਲ ਦੌੜਨ ਲੱਗਾ । ਹੁਣ ਉਹਦੇ ਲਈ ਸਭ ਸਹਿਜ ਸੀ । ਸਹਿਲ ਸੀ । ਉਹ ਕੰਮ ਤੋਂ ਅੱਕਦਾ ਨਾ । ਥੱਕਦਾ ਨਾ । ਸੰਗ ਨਹੀਂ ਸੀ ਮੰਨਦਾ । ਮਿਹਣਾ ਨਹੀਂ ਸੀ ਮੰਨਦਾ । ਕਦੇ ਕਿਸੇ ਗੱਲੋਂ ਸ਼ਰਮਸਾਰ ਨਹੀਂ ਸੀ ਹੋਇਆ । ਕਦੇ ਬਿਮਾਰ ਨਹੀਂ ਸੀ ਹੋਇਆ ।

ਪਿਤਾ ਜੀ ਗੱਲ ਕਰਦੇ ਕਰਦੇ, ਵਿਚ ਵਿਚ ਰੁਕ ਕੇ ਉਸ ਮੁੰਡੇ ਦੇ ਮਨ ਨੂੰ ਪੜ੍ਹ ਕੇ ਹੱਸਣ ਲੱਗ ਪੈਂਦੇ, ਅਖੇ ਕਦੇ ਉਹ ਖ਼ੁਦ ਨੂੰ ੂ ਸੱਚੀ ਮੁੱਚੀ ਸਰਦਾਰਾਂ ਦਾ ਪੁੱਤ ਸਮਝਣ ਲੱਗ ਪੈਂਦਾ । ਫੇਰ ਝੱਟ ਉਹਨੂੰ ਆਪਣੀ ਮਾਂ ਯਾਦ ਆ ਜਾਂਦੀ । ਉਹਦੀ ਸੋਚ 'ਤੇ ਧੁੰਦ ਜਿਹੀ ਛਾ ਜਾਂਦੀ । ਪਰ ਉਹਦੇ ਕੋਲ ਕਰਨ ਵਾਲੇ ਏਨੇ ਕੰਮ ਹੁੰਦੇ ਸਨ ਕਿ ਧੁੰਦ ਵਿਚ ਗੁਆਚਣ ਦੀ ਵਿਹਲ ਨਹੀਂ ਸੀ ਮਿਲਦੀ । ਵਿਹਲ ਤਾਂ ਸੀ ਸਰਦਾਰ ਦੇ ਕਾਕਿਆਂ ਕੋਲ । ਉਨ੍ਹਾਂ ਕੋਲ ਵਿਹਲ ਹੀ ਵਿਹਲ ਸੀ ਤੇ ਵਿਹਲ ਤੋਂ ਇਲਾਵਾ ਕੁਝ ਨਹੀਂ ਸੀ । ਉਹ ਆਕੜ ਆਕੜ ਬੋਲਦੇ । ਆਕੜ ਆਕੜ ਤੁਰਦੇ । ਪਰ ਪਿੰਡ ਜੋਗੇ ਈ ਰਹਿ ਗਏ । ਪਹੁੰਚੇ ਕਿਤੇ ਵੀ ਨਾ ।

ਕਹਿੰਦੇ ਨੇ ਦਸਵੀਂ ਦੇ ਇਮਤਿਹਾਨ ਵੇਲੇ ਕਮਲੀ ਦੇ ਪੁੱਤ ਨੇ ਯੂਨੀਵਰਸਿਟੀ ਦਾ ਰਿਕਾਰਡ ਤੋੜਿਆ ਸੀ । ਨਵਾਂ ਰਿਕਾਰਡ ਕਾਇਮ ਕੀਤਾ ਸੀ ਜਿਹੜਾ ਪਾਕਿਸਤਾਨ ਬਣਨ ਤੱਕ ਤਾਂ ਕਿਸੇ ਕੋਲੋਂ ਨਾ ਟੁੱਟਾ । ਬਾਅਦ ਦਾ ਪਤਾ ਨਹੀਂ । ਓਦੋਂ ਉਹਨੂੰ ਵਜ਼ੀਫਾ ਲੱਗਾ । ਸਰਕਾਰੀ ਖਰਚੇ 'ਤੇ ਅੱਗੇ ਪੜ੍ਹਦਾ ਗਿਆ । ਸੁਣਿਐ ਉਹਨੇ ਬੜੀ ਤਰੱਕੀ ਕੀਤੀ । ਬੜਾ ਵੱਡਾ ਸਰਕਾਰੀ ਅਫ਼ਸਰ ਲੱਗਾ । ਆਪ ਮੁੜ ਪਿੰਡ ਕਦੇ ਨਾ ਆਇਆ । ਪਿੰਡ ਵਾਲਾ ਕੋਈ ਉਹਦੇ ਕੋਲ ਜਾਂਦਾ ਤਾਂ ਉਹ ਉਹਦਾ ਮਾਣ ਰੱਖਦਾ । ਇੰਜ ਪਿੰਡ ਵਾਲਿਆਂ ਨੂੰ ਖ਼ਬਰਸਾਰ ਮਿਲਦੀ ਰਹਿੰਦੀ । .. ਫੇਰ ਸੰਤਾਲੀ ਦੇ ਰੌਲੇ ਸ਼ੁਰੂ ਹੋ ਗਏ । ਇਨ੍ਹਾਂ ਰੌਲਿਆਂ 'ਚ ਬਹੁਤ ਕੁਝ ਗੁੰਮ ਗੁਆਚ ਗਿਆ । ... ਤੇ ਬਹੁਤੀ ਵਾਰੀ ਗੱਲ ਵੀ ਏਥੇ ਆ ਕੇ ਗੁਆਚ ਜਾਂਦੀ । ਪਿਤਾ ਜੀ ਚੁੱਪ ਕਰ ਜਾਂਦੇ ਅਤੇ ਸੁਣਨ ਵਾਲੇ ਬੋਲਣਾ ਸ਼ੁਰੂ ਕਰ ਦੇਂਦੇ । ਸਾਰਿਆਂ ਦਾ ਕੁਝ ਨਾ ਕੁਝ ਗੁਆਚਿਆ ਹੁੰਦਾ । ਗੁਆਚੇ ਦੀ ਸਾਂਝ ਕਰਕੇ ਇਕ ਦੂਜੇ ਨਾਲ ਹਮਦਰਦੀ ਹੁੰਦੀ । ਦੂਜੇ ਦੀ ਗੱਲ ਨੂੰ ਧਿਆਨ ਨਾਲ ਸੁਣਦੇ । ਹੁੰਗਾਰਾ ਭਰਦੇ । ਤਾਈਦ ਕਰਦੇ । ਗੱਲ 'ਚੋਂ ਗੱਲ ਨਿਕਲਦੀ । ਅੱਖਾਂ 'ਚੋਂ ਅੱਥਰੂ ਨਿਕਲਦੇ । ਸਿੱਟਾ ਕੋਈ ਨਾ ਨਿਕਲਦਾ । ਗੱਲ ਰੁਕ ਜਾਂਦੀ । ਮਹਿਫਲ ਮੁੱਕ ਜਾਂਦੀ ।

ਇਸ ਵੇਰਵੇ ਵਿਚ ਵਰਤੀ ਗਈ ਸਮੱਗਰੀ ਦੀ ਮੈਂ ਬਹੁਤ ਚੱਕ- ਥੱਲ ਕਰਕੇ ਵੇਖੀ ਹੈ । ਕਮਲੀ ਵਰਗੀਆਂ ਕਈ ਹੋਰ ਹਸਤੀਆਂ ਦੀਆਂ ਕਥਾ ਕਹਾਣੀਆਂ ਸੁਣਨ ਵਿਚ ਆਈਆਂ ਨੇ ਪਰ ਪਿਤਾ ਜੀ ਦੇ ਮੂੰਹੋਂ ਸੁਣੀ ਉਸ ਮੁੰਡੇ ਦੀ ਕਹਾਣੀ ਦਾ ਅਧੂਰਾਪਨ ਮੈਨੂੰ ਹਮੇਸ਼ਾ ਚੁੱਭਦਾ ਰਹਿੰਦੈ । ਇਹ ਕਹਾਣੀ ਸਿਰੇ ਲੱਗਣੀ ਚਾਹੀਦੀ ਸੀ । ਏਹੋ ਜਿਹੇ ਵਿਲੱਖਣ ਕਿਰਦਾਰ ਨੂੰ ਕੋਈ ਵੱਡਾ ਕਾਰਨਾਮਾ ਕਰਕੇ ਵਿਖਾਉਣਾ ਚਾਹੀਦਾ ਸੀ । ਜੇ ਹੋਰ ਨਹੀਂ ਤਾਂ ਉਹ ਆਪਣੀ ਜੀਵਨੀ ਹੀ ਲਿਖਦਾ ਜਿਸ 'ਚੋਂ ਪਤਾ ਲੱਗਦਾ ਕਿ ਸਾਰੀ ਜ਼ਿੰਦਗੀ ਉਹ ਖ਼ੁਦ ਕੀ ਮਹਿਸੂਸ ਕਰਦਾ ਰਿਹੈ । ਲੋਕਾਂ ਨੇ ਕੀ ਵੇਖਿਆ, ਲੋਕ ਕੀ ਸਮਝਦੇ ਰਹੇ, ਲੋਕ ਕੀ ਕਹਿੰਦੇ ਰਹੇ । ਇਹ ਤਾਂ ਪਤਾ ਲੱਗ ਗਿਆ ਪਰ ਉਹਨੇ ਕੀ ਭੋਗਿਆ, ਇਹ ਪਾਸਾ ਬੰਦ ਹੀ ਪਿਆ ਰਿਹਾ ।

ਇਹ ਤਾਂ ਇੰਜ ਹੋਇਆ ਜਿਵੇਂ ਆਉਂਦਾ ਆਉਂਦਾ ਸੁਪਨਾ ਅਚਾਨਕ ਟੁੱਟ ਜਾਏ । ਵੇਖੇ ਹੋਏ ਸੁਪਨੇ ਦਾ ਰਸ ਅਧੂਰੇਪਨ ਦਾ ਸ਼ਿਕਾਰ ਹੋ ਜਾਏ । ... ਉਸ ਟੁੱਟੇ ਹੋਏ ਸੁਪਨੇ ਬਾਰੇ ਤਾਂ ਹੋਰ ਕਈ ਕਿਸਮ ਦੇ ਸੁਪਨੇ ਆਈ ਜਾਣ ਪਰ ਪਹਿਲੇ ਸੁਪਨੇ ਦੀ ਲੜੀ ਨਾ ਜੁੜੇ ।

•••

ਆਪਣੇ ਵਲੋਂ ਲਿਖ ਕੇ ਵੇਖ ਲਿਆ । ਲਿਖਿਆ ਹੋਇਆ ਪੜ੍ਹ ਕੇ ਵੀ ਵੇਖ ਲਿਆ । ਧੁੰਦ ਨਹੀਂ ਹਟੀ । ਚਾਨਣ ਨਹੀਂ ਹੋਇਆ । ... ਲੱਗਦਾ ਹੈ ਕਿ ਇਹ ਪਿਛਲੇ ਜਾਂ ਪਿਛਲੇ ਪਿੰਡ ਦੀ ਗੱਲ ਨਹੀਂ, ਸਗੋਂ ਪਿਛਲੇ ਜਾਂ ਪਿਛਲੇ ਤੋਂ ਪਿਛਲੇ ਜਨਮ ਦੀ ਕੋਈ ਭੁੱਲੀ ਵਿਸਰੀ ਯਾਦ ਹੈ । ਟੁੱਟੀ ਫੁੱਟੀ ਹੁਣ ਤੱਕ ਵੀ ਯਾਦ ਹੈ । ਗੱਲ ਤਾਂ ਏਨੀ ਹੀ ਹੈ ਪਰ ਜੇਕਰ ਇਸ ਗੱਲ ਦੀ ਥਾਹ ਪਾਉਣੀ ਹੋਏ ਤਾਂ ਉਸ ਕਮਲੀ ਦੇ ਪੁੱਤਰ ਦੀ ਆਤਮਾ ਵਿਚ ਖ਼ੁਦ ਬਹਿਣਾ ਪਵੇਗਾ । ਉਹਦੀ ਤ੍ਰਾਸਦੀ ਨੂੰ ਖ਼ੁਦ ਸਹਿਣਾ ਪਵੇਗਾ । ਪਿਤਾ ਜੀ ਤੋਂ ਸੁਣੀ ਹੋਈ ਗੱਲ ਨੂੰ ਆਪਣੇ ਅਨੁਭਵ 'ਚੋਂ ਕਹਿਣਾ ਪਵੇਗਾ । ਕਈ ਵਾਰੀ ਸਾਡੇ ਕੋਲ ਕਹਾਣੀ ਜੋਗੀ ਗੱਲ ਹੁੰਦੀ ਹੈ ਪਰ ਉਸ ਗੱਲ ਦੀ ਕਹਾਣੀ ਬਣਾਉਣੀ ਨਹੀਂ ਆਉਂਦੀ । ਹਾਲ ਦੀ ਘੜੀ ਜੋ ਆਉਂਦਾ ਹੈ ਉਸ ਨੂੰ ਆਉਣ ਦੇਂਦੇ ਹਾਂ । ਜੋ ਅੱਜ ਨਹੀਂ ਆਉਂਦਾ, ਫੇਰ ਕਦੇ ਆ ਜਾਏਗਾ । ਅਸੀਂ ਤਾਂ ਚਾਹੁੰਦੇ ਹਾਂ ਕਿ ਗੱਲ ਫੁਰਦੀ ਰਹੇ । ਕਹਾਣੀ ਤੁਰਦੀ ਰਹੇ ।

••••••

4. ਕੰਨ ਰਸ

ਸਕੂਲ ਵਿਚ ਉਸਤਾਦ ਅਕਸਰ ਕਹਿੰਦੇ ਸਨ ਕਿ ਫਲਾਣੇ ਲੇਖ/ਕਵਿਤਾ/ਕਹਾਣੀ ਵਿਚ ਪ੍ਰਗਟਾਏ ਵਿਚਾਰਾਂ ਨੂੰ 'ਆਪਣੇ ਸ਼ਬਦਾਂ' 'ਚ ਲਿਖੋ । ਪਰ ਤਕਰੀਬਨ ਸਾਰੇ ਹੀ ਬੱਚੇ ਉਸਤਾਦਾਂ ਦੇ ਲਿਖਾਏ ਸ਼ਬਦਾਂ ਦਾ ਘੋਟਾ ਕਾਗਜ਼ 'ਤੇ ਉਤਾਰ ਦਿੰਦੇ ਸਨ । ਜੇ ਕੋਈ ਭੁੱਲਿਆ ਭਟਕਿਆ 'ਆਪਣੇ ਸ਼ਬਦ' ਲਿਖਣ ਦੀ ਗੁਸਤਾਖੀ ਕਰ ਬਹਿੰਦਾ ਤਾਂ ਉਸ ਨੂੰ ਆਪਣੀ ਭੁੱਲ ਦਾ ਖਮਿਆਜ਼ਾ ਭੁਗਤਣਾ ਪੈਂਦਾ । ਪਹਿਲਾਂ ਉਹਨੂੰ ਕੁੱਟਿਆ ਜਾਂਦਾ ਅਤੇ ਬਾਅਦ ਵਿਚ ਉਹਦੇ ਲਿਖੇ 'ਆਪਣੇ ਸ਼ਬਦ' ਬਾਕੀ ਜਮਾਤ ਨੂੰ ਸੁਣਾ ਸੁਣਾ ਕੇ ਮਜ਼ਾਕ ਉਡਾਇਆ ਜਾਂਦਾ । ਇੰਜ ਭਟਕੀ ਭੇਡ ਨੂੰ ਸਿੱਧੇ ਰਾਹੇ ਪਾਇਆ ਜਾਂਦਾ ।

ਉਸਤਾਦ ਸਿੱਧ ਕਰਦੇ ਰਹਿੰਦੇ ਕਿ ਕਿਸੇ ਵੀ ਲਿਖਤ ਦਾ ਇਕ ਅਤੇ ਕੇਵਲ ਇਕ ਹੀ ਅਰਥ ਹੁੰਦਾ ਹੈ ਅਤੇ ਉਸ ਅਰਥ ਨੂੰ ਦੱਸਣ ਲਈ ਸ਼ਬਦ ਵੀ ਨਿਸ਼ਚਿਤ ਹੁੰਦੇ ਹਨ । ਉਨ੍ਹਾਂ ਦਾ ਗੁਰਮੰਤਰ ਹੁੰਦਾ ਸੀ:

ਨਾ ਆਪਣਾ ਸਿਰ ਖਪਾਉ ।
ਨਾ ਸਾਡਾ ਸਿਰ ਖਾਉ¨
ਸਾਡੀ ਜੂਠ ਨੂੰ ਘੋਟਾ ਲਾਉ ।
ਸ਼ਰਤੀਆ ਕਾਮਯਾਬੀ ਪਾਉ¨

ਪਾਠ ਪੁਸਤਕਾਂ ਦੀ ਥਾਂ 'ਸ਼ਾਹਰਾਹ-ਏ-ਕਾਮਯਾਬੀ' ਲਵਾ ਕੇ ਉਸਤਾਦ ਬੇਫ਼ਿਕਰ ਹੋ ਜਾਂਦੇ । ਕਿਤਾਬਾਂ ਵਾਲਿਆਂ ਤੋਂ ਕਮਿਸ਼ਨ ਖਾਂਦੇ ਅਤੇ ਨਿਆਣਿਆਂ ਦੀ ਸਿਰਖਪਾਈ ਤੋਂ ਵੀ ਬਚ ਜਾਂਦੇ । ਹੌਲੀ ਹੌਲੀ 'ਉਸਤਾਦ' ਆਪਣਾ ਸਟਾਈਲ ਬਦਲ ਕੇ ਅਧਿਆਪਕਾਂ ਵਾਂਗੂ ਰਹਿਣ ਲੱਗ ਪਏ । ਅਸੀਂ 'ਸ਼ਾਹਰਾਹਏਕਾਮਯਾਬੀ' ਨੂੰ ਸਫਲਤਾ ਦੀ ਕੁੰਜੀ ਕਹਿਣ ਲੱਗ ਪਏ । ਸ਼ਬਦਾਂ ਨੂੰ ਅਰਥਾਂ ਨਾਲ ਨੂੜ ਕੇ ਰੱਖਣ ਦੀ ਇਸ ਰਵਾਇਤ ਨੇ ਸਿੱਖਿਆ ਦਾ ਬੜਾ ਘਾਣ ਕੀਤਾ ਹੈ । ਪਰ ਹੈਰਾਨੀ ਦੀ ਗੱਲ ਹੈ ਕਿ ਇਸ ਸਿੱਕੇਬੰਦ ਪ੍ਰਣਾਲੀ ਦੀਆਂ ਗੌਰਵਸ਼ਾਲੀ ਪ੍ਰਾਪਤੀਆਂ ਉੱਤੇ ਅਸੀਂ ਹਮੇਸ਼ਾ ਹੀ ਮਾਣ ਕੀਤਾ ਹੈ । ਪਿੰਡ ਦੇ ਬਹੁਤ ਸਾਰੇ ਬੰਦੇ ਕਦੇ ਸਕੂਲ ਗਏ ਹੀ ਨਹੀਂ । ਉਹ ਆਪ ਵੀ ਇਹ ਗੱਲ ਬੜੇ ਮਾਣ ਨਾਲ ਦੱਸਦੇ ਹਨ ਅਤੇ ਸਾਡੀਆਂ ਸਕੂਲੀ ਹਰਕਤਾਂ ਵੇਖਸੁਣ ਕੇ ਹੱਸਦੇ ਹਨ । ਕਹਿੰਦੇ ਹਨ ਕਿ ਅਸੀਂ ਬਸਤੇ ਵਾਲੀਆਂ ਨਹੀਂ, ਜ਼ਿੰਦਗੀ ਦੀਆਂ ਕਿਤਾਬਾਂ ਪੜ੍ਹੀਆਂ ਹੋਈਆਂ ਨੇ । ਜਿਹੜੇ ਸਕੂਲੋਂ ਤੁਸੀਂ ਪੜ੍ਹੇ ਹੋ ਅਸੀਂ ਉਹਦੀਆਂ ਇੱਟਾਂ ਢੋਈਆਂ ਨੇ । ਜੇ ਕੋਈ ਮੂੰਹਫੱਟ ਆਖ ਦਏ ਕਿ ਇੱਟਾਂ ਤਾਂ ਖੋਤੇ ਢੋਂਦੇ ਨੇ । ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਖੋਤੇ ਕਿਹੜਾ ਮਾੜੇ ਹੁੰਦੇ ਨੇ । ਜਾਨ ਮਾਰ ਕੇ ਕੰਮ ਕਰਦੇ ਨੇ । ਮਾਲਕ ਦੀ ਸੇਵਾ ਕਰਕੇ ਆਪਣਾ ਢਿੱਡ ਭਰਦੇ ਨੇ । ਖੋਤੇ ਦੀ ਜੂਨ ਹੰਢਾਉਂਦੇ ਨੇ ਪਰ ਬੰਦੇ ਦਾ ਭਾਰ ਵੰਡਾਉਂਦੇ ਨੇ ।

ਸਕੂਲੀ ਦਿਨਾਂ ਵੇਲੇ ਇਹ ਬੇਸਕੂਲੇ ਬੰਦੇ ਸਾਨੂੰ ਬਹੁਤ ਦਿਲਚਸਪ ਲੱਗਦੇ ਸਨ । ਇਨ੍ਹਾਂ ਕੋਲ ਬਹਿਣਾ, ਇਨ੍ਹਾਂ ਨੂੰ ਸੁਣਨਾ, ਸਾਨੂੰ ਚੰਗਾ ਚੰਗਾ ਲੱਗਦਾ । ਕੇਸਰ ਸਿੰਘ ਹੋਏ ਭਾਵੇਂ ਮੁਣਸ਼ੋ, ਭਾਈਆ ਪਰਮਾ ਹੋਵੇ ਜਾਂ ਸੋਹਣ ਰਾਜਨ... ਕੋਈ ਨਾ ਕੋਈ ਕਿਤੇ ਨਾ ਕਿਤੇ ਢਾਣੀ ਜਮਾਈ ਬੈਠਾ ਮਿਲ ਹੀ ਜਾਂਦਾ । ਸੁਣਨ ਵਾਲਿਆਂ ਨੂੰ ਜਿਵੇਂ ਹੋਰ ਕੋਈ ਕੰਮ ਹੀ ਨਹੀਂ ਸੀ ਹੁੰਦਾ । ਉਹ ਆਪਣੇ ਵਲੋਂ ਕੁਝ ਨਾ ਬੋਲਦੇ, ਕੁਝ ਨਾ ਕਹਿੰਦੇ । ਬਸ ਹੁੰਗਾਰਾ ਬਣੇ ਬੈਠੇ ਰਹਿੰਦੇ । ਜਦੋਂ ਉਹ ਗੱਲ ਮੁਕਾ ਕੇ ਚਲਾ ਜਾਂਦਾ, ਓਦੋਂ ਖੁੱਲ੍ਹ ਕੇ ਚਰਚਾ ਕਰਦੇ, ਟਿੱਪਣੀਆਂ ਕਰਦੇ, ਟਿੱਚਰਾਂ ਕਰਦੇ । ਪਰ ਜਦੋਂ ਤੱਕ ਉਹ ਬੋਲਦਾ, ਉਹਦੇ ਬੋਲਾਂ ਨੂੰ ਆਪਣੇ ਚੇਤਿਆਂ ਵਿਚ ਖੁਣਦੇ ਰਹਿੰਦੇ । ਖ਼ੁਦ ਕੰਨ ਬਣ ਕੇ ਸਿਰਫ਼ ਉਹਨੂੰ ਸੁਣਦੇ ਰਹਿੰਦੇ । ਬੋਲਾਂ ਨੂੰ ਸਾਂਭ ਸਾਂਭ ਰੱਖਣ ਦੀ ਜਾਚ ਮੈਨੂੰ ਪਿੰਡ ਨੇ ਸਿਖਾਈ ਹੈ । ਇਹ ਸੁਣਨ ਦੀ ਆਦਤ ਪਿੱਛੋਂ ਹੀ ਮੇਰੇ ਨਾਲ ਤੁਰੀ ਆਈ ਹੈ ।

ਅਸਲ ਗੱਲ ਇਹ ਹੈ ਕਿ ਉਨ੍ਹਾਂ ਦੇ ਬੋਲਾਂ ਵਿਚ ਰਸ ਹੁੰਦਾ ਸੀ । ਉਹ ਸਧਾਰਨ ਜਿਹੀ ਗੱਲ ਨੂੰ ਜਦੋਂ ਆਪਣੇ ਸ਼ਬਦਾਂ ਵਿਚ ਸਹਿਜ ਭਾਅ ਬੋਲਦੇ ਸਨ ਤਾਂ ਸਾਡੇ ਕੰਨਾਂ ਵਿਚ ਰਸ ਘੋਲਦੇ ਸਨ । ਉਨ੍ਹਾਂ ਦੀ ਜੀਭ ਦਾ ਰਸ ਸਾਡਾ ਕੰਨਰਸ ਬਣ ਜਾਂਦਾ ਸੀ । ਬਸ ਤੀਰ, ਕਮਾਨ 'ਤੇ ਤਣ ਜਾਂਦਾ ਸੀ । ਵਕਤਾ ਵਿਚਾਰਾ ਸਰੋਤੇ ਬਿਨਾਂ ਅਧੂਰਾ ਹੁੰਦਾ ਹੈ । ਸਰੋਤੇ ਦਾ ਮਨੋਰਥ ਵੀ ਵਕਤੇ ਨਾਲ ਹੀ ਪੂਰਾ ਹੁੰਦਾ ਹੈ ।

ਸੁਣਾਉਣ ਵਾਲਿਆਂ ਨੇ ਵੀ ਉਹ ਗੱਲਾਂ ਪਹਿਲਾਂ ਕਿਤੋਂ ਸੁਣੀਆਂ ਹੀ ਹੁੰਦੀਆਂ ਸਨ । ਸੁਣੀਆਂਸੁਣਾਈਆਂ ਨੂੰ ਆਪਣੇ ਵਿੱਤ ਮੂਜਬ ਸਮਝਿਆ ਹੁੰਦਾ ਸੀ । ਆਪਣੀ ਅਕਲ ਅਤੇ ਅਨੁਭਵ ਨਾਲ ਵਾਧਾ ਘਾਟਾ ਕਰ ਲਿਆ ਜਾਂਦਾ । ਹਾਲਾਤ ਵੇਖ ਕੇ ਨਾਂ ਥਾਂ ਬਦਲ ਦਿੱਤੇ ਜਾਂਦੇ । ਮਰਿਆਦਾ ਵਿਚ ਰਹਿ ਕੇ, ਸ਼ਬਦਸਭਿਆਚਾਰ ਵਿਚ, ਆਪਣਾ ਯੋਗਦਾਨ ਪਾਇਆ ਜਾਂਦਾ । ਵਿਰਸੇ ਨੂੰ ਵਰਤਮਾਨ ਵਿਚ ਵਰਤਾਇਆ ਜਾਂਦਾ । ਬ੍ਰਹਿਮੰਡ ਨੂੰ ਪਿੰਡ ਵਿਚ ਉਲਥਾਇਆ ਜਾਂਦਾ । ਪੂਰੇ ਗਰਵ ਨਾਲ ਆਪਣੇ ਸ਼ਬਦਾਂ ਦਾ ਜਲਵਾ ਪ੍ਰਗਟਾਇਆ ਜਾਂਦਾ । ਕਹਿਣ ਦੀ ਕਲਾ ਦਾ ਮਾਹਿਰ ਸੋਹਣ ਰਾਜਨ ਮੇਰੇ ਚੇਤਿਆਂ ਵਿਚ ਚਿਰਾਗ ਵਾਂਗ ਜਗਦਾ ਹੈ । ਮੈਨੂੰ ਉਹ ਸਾਰੇ ਕਹਿਣ ਵਾਲਿਆਂ ਦਾ ਨੁਮਾਇੰਦਾ ਲੱਗਦਾ ਹੈ । ਬਾਕੀ ਸਾਰੇ ਕਿਰਦਾਰ ਇਕੱਲੇ ਰਾਜਨ ਵਿਚ ਘੁਲ-ਮਿਲ ਜਾਂਦੇ ਹਨ । ਉਸ ਦੀ ਬਾਤ ਦਾ ਹਿੱਸਾ ਬਣ ਜਾਂਦੇ ਹਨ । ਉਹ ਵੀ ਆਪਣਾ ਦਿਲ ਫੋਲਦੇ ਨੇ, ਜ਼ਬਾਨ ਖੋਲ੍ਹਦੇ ਨੇ । ਪਰ ਸਿਰਫ਼ ਰਾਜਨ ਰਾਹੀਂ ਬੋਲਦੇ ਨੇ....

ਰਾਜਨ ਖੰਘੂਰਾ ਮਾਰ ਕੇ ਗਲਾ ਸਾਫ਼ ਕਰ ਰਿਹਾ ਹੈ । ਆਤਮਾ ਨੂੰ ਧੂਪ- ਦੀਪ ਦੇ ਕੇ ਹਟਿਆ ਹੈ । ਜਦੋਂ ਤੱਕ ਉਹਦੇ ਤਬਲੇ ਨੂੰ ਆਟੇ ਦੀ ਲੋੜ ਮਹਿਸੂਸ ਨਹੀਂ ਹੁੰਦੀ, ਪੂਰੇ ਤਾਲ ਵਿਚ ਰਹੇਗਾ । ਜੋ ਵੀ ਕਹੇਗਾ, ਬਸ ਰਾਜਨ ਹੀ ਕਹੇਗਾ ।

ੳ) ਸਿਰ ਚੜ੍ਹੀ

ਇਕ ਵਾਰ ਦੀ ਗੱਲ ਐ ਮੀਰਜਾਦਾ ਪੰਚਾਇਤ ਕੋਲ ਗਿਆ ਅਖੇ ਮੇਰੀ ਘਰ ਵਾਲੀ ਬੜਾ ਦੁਖੀ ਕਰਦੀ ਐ । ਕੋਈ ਗੱਲ ਨਹੀਂ ਮੰਨਦੀ । ਆਪਣੀ ਮਨਵਾਉਂਦੀ ਐ । ਕੋਈ ਵੀ ਗੱਲ ਕਹੋ ਅੱਗੋਂ ਸਿਰ ਨੂੰ ਆਉਂਦੀ ਐ । ਮੇਰੀ ਜਾਨ ਵਖ਼ਤ ਨੂੰ ਫੜੀ ਹੋਈ ਐ । ਮੀਰਜਾਦੀ ਬਾਹਲੀ ਸਿਰ ਚੜ੍ਹੀ ਹੋਈ ਐ । ਉਹਨੂੰ ਕੁਝ ਸਮਝਾਉ । ਮੇਰੀ ਜਾਨ ਛੁਡਾਉ । ਦੋਹਾਂ ਜੀਆਂ ਨੂੰ ਸੱਦ ਬਹਾਇਆ ਗਿਆ । ਇਕੱਠ ਬੁਲਾਇਆ ਗਿਆ । ਪੰਚਾਇਤ ਵਾਲਿਆਂ ਕਿਹਾ ਕਿ ਪੂਰੀ ਗੱਲ ਦੱਸ । ਜਦੋਂ ਵਿਆਹ ਹੋਇਆ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਰਾ ਕਿੱਸਾ ਸੱਚੋ ਸੱਚ ਸੁਣਾ । ਤੈਨੂੰ ਸੁਣ ਕੇ ਅਸੀਂ ਤੇਰੀ ਵਹੁਟੀ ਦੀ ਸੁਣਾਂਗੇ । ਫੇਰ ਕਿਸੇ ਨਤੀਜੇ 'ਤੇ ਪੁੱਜਾਂਗੇ । ਮੀਰਜਾਦੀਏ! ਤੂੰ ਅਜੇ ਚੁੱਪ ਰਹਿ । ਮੀਰਜਾਦਿਆ! ਤੂੰ ਪਹਿਲਾਂ ਆਪਣੀ ਕਹਿ ।

''ਸੱਚੀ ਗੱਲ ਐ ਪੰਚੈਤੇ! ਜਦੋਂ ਇਹ ਵਿਆਹੀ ਆਈ ਅਸੀਂ ਦੋਏਂ ਬੜੇ ਖੁਸ਼ ਸਾਂ । ਚੌਂਕੇ 'ਚ ਬੈਠੇ ਸਾਂ । ਚੁੱਲ੍ਹੇ ਉੱਤੇ ਤਾਂਬੀਆ ਚੜ੍ਹਿਆ ਹੋਇਆ ਸੀ । ਮਾਸ ਰਿੱਝਦਾ ਪਿਆ ਸੀ । ਇਹਦੇ ਹੱਥ ਵਿਚ ਕੜਛੀ ਸੀ । ਹੱਸ ਹੱਸ ਗੱਲਾਂ ਕਰਦੀ ਨਾਲੇ ਕੜਛੀ ਪਤੀਲੇ ਵਿਚ ਫੇਰੀ ਜਾਂਦੀ । ਮੈਂ ਕੋਈ ਸ਼ਰਾਰਤ ਵਾਲੀ ਗੱਲ ਕੀਤੀ । ਇੰਨ੍ਹੇ ਹੱਸਦੀ ਨੇ ਕੜਛੀ ਮੇਰੇ ਗਿੱਟੇ 'ਤੇ ਮਾਰੀ । ਮੈਂ ਹੱਸ ਛੱਡਿਆ । ਦੂਜੇ ਤੀਜੇ ਦਿਨ ਫੇਰ ਕੋਈ ਏਹੋ ਜਿਹੀ ਗੱਲ ਹੋਈ ਤੇ ਇਹਨੇ ਕੜਛੀ ਮੇਰੇ ਗੋਡਿਆਂ 'ਤੇ ਮਾਰ ਘੱਤੀ । ਮੈਂ ਫੇਰ ਹੱਸ ਛੱਡਿਆ । --

ਪਰਸੋਂ ਦੀ ਗੱਲ ਹੈ ਇਹਨੇ ਕੜਛੀ ਮੇਰੇ ਮੋਢੇ ਉੱਪਰ ਮਾਰੀ । ਮੇਰੀ ਜਾਨ ਨਿਕਲ ਗਈ ਪਰ ਮੈਂ ਫੇਰ ਵੀ ਹੱਸ ਛੱਡਿਆ । ਪਰ ਅੱਜ ਤਾਂ ਹੱਦ ਈ ਹੋ ਗਈ । ਕੜਛੀ ਇਹਨੇ ਮੇਰੇ ਸਿਰ 'ਤੇ ਮਾਰ ਕੱਢੀ ।'' ''ਦੇਖ ਮੀਰਜਾਦਿਆ! ਸਿਰ ਤਾਂ ਤੂੰ ਆਪ ਚੜ੍ਹਾਈ ਐ! ਤੈਨੂੰ ਉਦੋਂ ਹੀ ਅਕਲ ਆ ਜਾਣੀ ਚਾਹੀਦੀ ਸੀ ਜਦੋਂ ਗਿੱਟੇ ਲੱਗੀ ਸੀ । ਹੁਣ ਭੁਗਤ!'' ਪੰਚਾਇਤ ਦਾ ਫੈਸਲਾ ਸੁਣ ਕੇ ਕਿਸੇ ਨੂੰ ਵੀ ਹੈਰਾਨੀ ਨਾ ਹੋਈ ਜਿਵੇਂ ਸਭ ਨੂੰ ਪਹਿਲਾਂ ਹੀ ਪਤਾ ਸੀ ਇਹੋ ਜਿਹਿਆਂ ਨਾਲ ਇਹੋ ਕੁਝ ਹੁੰਦਾ ਹੈ ।

ਅ) ਲੌਂਗਾਂ ਦਾ ਭਾਅ

ਜੱਟ ਨੂੰ ਕਿਤੇ ਲੌਂਗਾਂ ਦੀ ਲੋੜ ਪੈ ਗਈ । ਘਰ 'ਚ ਕੋਈ ਦਿਨਦਿਹਾਰ ਸੀ । ਇਕ ਆਨੇ ਦੇ ਲੌਂਗ ਲਿਆਉਣੇ ਸਨ । ਕੋਈ ਨਿਆਣਾ ਨਿੱਕਾ ਲਾਗੇ-ਚਾਗੇ ਨਹੀਂ ਸੀ । ਠੰਡ ਦੇ ਦਿਨ ਸਨ । ਖੇਸ ਦੀ ਬੁੱਕਲ ਮਾਰੀ ਬਾਣੀਏ ਦੀ ਹੱਟੀ ਵੱਲ ਨੂੰ ਤੁਰ ਪਿਆ । ਹੱੱਟੀ 'ਤੇ ਜਾ ਕੇ ਆਨਾ ਲਾਲੇ ਨੂੰ ਫੜਾਇਆ ਤੇ 'ਲੌਂਗ ਪਾ ਦੇ ਆਨੇ ਦੇ' ਆਖ ਕੇ ਮੂਹਰੇ ਖੇਸ ਵਿਛਾ ਦਿੱਤਾ । ਲਾਲੇ ਦਾ ਹੈਰਾਨੀ ਨਾਲ ਮੂੰਹ ਅੱਡਿਆ ਗਿਆ ਅਖੇ 'ਇਕ ਆਨੇ ਦੇ ਲੌਂਗ ਖੇਸ ਵਿਚ?' ਤਾਂ ਜੱਟ ਅੱਗੋਂ ਆਂਹਦਾ, ''ਲਾਲਾ ਫ਼ਿਕਰ ਕਿਉਂ ਕਰਦੈਂ । ਤੂੰ ਇਹਦੇ ਵਿਚ ਤਾਂ ਪਾ । ਜੇ ਲੋੜ ਪਈ ਤਾਂ ਲੱਕ ਦੀ ਚਾਦਰ ਵੀ ਲਾਹ ਲਵਾਂਗਾ ।''

ਲਾਗੇ ਕੋਈ ਤੁਹਾਡੇ ਵਰਗਾ ਸਿਆਣਾ ਬੰਦਾ ਖਲੋਤਾ ਸੀ । ਉਹਨੇ ਅਖਾਣ ਹੀ ਘੜ ਲਿਆ :

ਜੱਟ ਕੀ ਜਾਣੇ ਲੌਂਗਾਂ ਦਾ ਭਾਅ ।
ਦੇ ਕੇ ਆਨਾ ਬੈਠਾ ਭੂਰਾ ਵਿਛਾ ।
ਕਹਿੰਦਾ: ਇਹਦੇ ਵਿਚ ਤਾਂ ਪਾ
ਮੈਂ ਲੱਕੇ ਦੀ ਵੀ ਲਾਹ ਲੈਨਾਂ¨

ੲ) ਲੰਗੂਰ ਦਾ ਧਿਆਨ

ਜੱਟ ਦਾ ਵਿਆਹ ਨਹੀਂ ਸੀ ਹੁੰਦਾ । ਉਹਨੇ ਬੜੀਆਂ ਟੱਕਰਾਂ ਮਾਰੀਆਂ ਪਰ ਕੋਈ ਗੱਲ ਸਿਰੇ ਨਾ ਲੱਗੀ । ਕਿਸੇ ਨੇ ਸਲਾਹ ਦਿੱਤੀ ਕਿ ਆਪਣੇ ਪਿੰਡ ਵਾਲਾ ਪੰਡਤ ਬੜਾ ਸਿਆਣਾ ਹੈ । ਕਰਮਕਾਂਡੀ ਹੈ । ਰੇਖ ਵਿਚ ਮੇਖ ਮਾਰ ਸਕਦਾ ਹੈ । ਉਸ ਕੋਲ ਜਾ ਕੇ ਫਰਿਆਦ ਕਰ । ਕੋਈ ਉਪਾਅ ਜ਼ਰੂਰ ਦੱਸੇਗਾ ।

ਜੱਟ ਚਲਾ ਗਿਆ ਪੰਡਤ ਕੋਲ । ਆਪਣਾ ਰੋਣਾ ਰੋਇਆ । ਉਹਨੇ ਅੱਗੋਂ ਬੜਾ ਸਮਝਾਇਆ ਭਈ ਇਹ ਸੰਯੋਗਾਂ ਦੀ ਖੇਡ ਹੁੰਦੀ ਹੈ । ਬੰਦਾ ਕੁਝ ਨਹੀਂ ਕਰ ਸਕਦਾ । ਪਰ ਜੱਟ ਤਾਂ ਖਹਿੜੇ ਈ ਪੈ ਗਿਆ ਕਿ ਤੂੰ ਭਾਵੇਂ ਕੋਈ ਔਖੇ ਤੋਂ ਔਖਾ ਉਪਾਅ ਦੱਸ । ਮੈਂ ਕਰਾਂਗਾ । ਪੰਡਤ ਲਈ ਖਹਿੜਾ ਛੁਡਾਉਣਾ ਔਖਾ ਹੋ ਗਿਆ । ਅਖ਼ੀਰ ਉਹਨੇ ਸੋਚ ਸੋਚ ਕੇ ਜੱਟ ਨੂੰ ਇਕ ਮੰਤਰ ਦਿੱਤਾ । ਮੰਤਰ ਸੰਸਕ੍ਰਿਤ ਵਿਚ ਸੀ । ਨਾਲ ਹੀ ਕਿਹਾ ਕਿ ਤੜਕੇ ਬ੍ਰਹਮ ਮਹੂਰਤ ਵਿਚ ਕੇਸੀਂ ਇਸ਼ਨਾਨ ਕਰਕੇ ਇਸ ਮੰਤਰ ਦਾ ਕੋਤਰ ਸੌ ਵਾਰੀ ਜਾਪ ਕਰਨਾ ਹੈ ।

ਸੰਸਕ੍ਰਿਤ ਦਾ ਮੰਤਰ ਤੇ ਬ੍ਰਹਮ ਮਹੂਰਤ ਵਿਚ ਕੇਸੀਂ ਇਸ਼ਨਾਨ ਇਕ ਤਰ੍ਹਾਂ ਪੰਡਤ ਸਮਝਦਾ ਸੀ ਕਿ ਜੱਟ ਲਈ ਮੁਮਕਿਨ ਨਹੀਂ । ਪੁੱਛਿਆ: ਇਹ ਕੰਮ ਕਰ ਲਏਂਗਾ? ਜੱਟ ਦੀ ਇੱਟ ਵਰਗੀ 'ਆਹੋ' ਸੁਣ ਕੇ ਪੰਡਤ ਨੂੰ ਪਸੀਨਾ ਆ ਗਿਆ । ਕਹਿਣ ਲੱਗਾ, 'ਗੋਬਰ ਨਾਲ ਪਵਿੱਤਰ ਕੀਤੀ ਜਗ੍ਹਾ ਉੱਤੇ ਚੌਕੜੀ ਮਾਰ ਕੇ ਜਾਪ ਕਰਦਿਆਂ ਤੈਨੂੰ ਲੰਗੂਰ ਦਾ ਖ਼ਿਆਲ ਨਹੀਂ ਆਉਣਾ ਚਾਹੀਦਾ । ਇਹ ਜਾਪ ਚਾਲੀ ਦਿਨ ਕਰ । ਰਾਮ ਭਲੀ ਕਰਨਗੇ ।'

ਜੱਟ ਘਰ ਆ ਗਿਆ । ਸੰਸਕ੍ਰਿਤ ਦੇ ਮੰਤਰ ਨੂੰ ਘੋਟਾ ਲਾ ਲਿਆ । ਪੰਡਤ ਦੀ ਦੱਸੀ ਵਿਧੀ ਨਾਲ ਜਾਪ ਕਰਨ ਦੀ ਕੋਸ਼ਿਸ਼ ਕਰਦਾ ਰਿਹਾ । ਚੌਥੇ ਪੰਜਵੇਂ ਦਿਨ ਲੋਕਾਂ ਵੇਖਿਆ ਕਿ ਉਹ ਹੱਥ ਵਿਚ ਡਾਂਗ ਫੜ ਕੇ, ਉੱਚੀ ਉੱਚੀ ਗਾਲ੍ਹਾਂ ਕੱਢਦਾ, ਪੰਡਤ ਦੇ ਘਰ ਵੱਲ ਨੂੰ ਤੁਰਿਆ ਜਾ ਰਿਹਾ ਹੈ । ਜਾ ਕੇ ਡਾਂਗ ਖੜਕਾ ਕੇ, ਆਖਣ ਲੱਗਾ, ''ਤੇਰਾ ਬੇੜਾ ਬਹਿ ਜਾਏ ਬਾਹਮਣਾ! ਤੂੰ ਮੈਨੂੰ ਲੰਗੂਰ ਬਾਰੇ ਦੱਸਿਆ ਈ ਕਿਉਂ? ਬਾਕੀ ਦੱਸਿਆ ਤੇਰਾ ਸਿੜੀ ਸਿਆਪਾ ਮੈਂ ਸਾਰਾ ਠੀਕ ਠਾਕ ਕਰ ਲੈਨਾਂ । ਪਰ ਜਦੋਂ ਚੌਕੜੀ ਮਾਰ ਕੇ ਅੱਖਾਂ ਬੰਦ ਕਰਕੇ ਜਾਪ ਕਰਨ ਲੱਗਦਾ ਤਾਂ ਲੰਗੂਰ ਮੇਰੇ ਸਾਹਮਣੇ ਆ ਬਹਿੰਦੈ । ਜਿਉਂ ਜਿਉਂ ਉਹਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਤਿਉਂ ਤਿਉਂ ਉਹ ਹੋਰ ਢੀਠ ਬਣ ਕੇ ਡਟਿਆ ਰਹਿੰਦੈ । .. ਜੇ ਤੂੰ ਨਾ ਦੱਸਦੋਂ ਤਾਂ ਮੈਨੂੰ ਉਸ ਸਾਲੇ ਦਾ ਕਦੇ ਚਿਤ ਚੇਤਾ ਵੀ ਨਹੀਂ ਸੀ ਆਉਣਾ ।''

ਕਾਸ਼! 'ਆਪਣੇ ਸ਼ਬਦਾਂ' ਵਿਚ ਗੱਲ ਕਹਿਣ ਦੀ ਇਸ ਕਲਾ ਨੂੰ ਕਦੇ ਸਾਡੇ ਉਸਤਾਦ ਵੀ ਮਾਨਤਾ ਦੇਣ ਲੱਗ ਪੈਣ! ਸ਼ਾਇਦ ਫੇਰ ਉਹਨਾਂ ਨੂੰ ਰੰਬੇ ਵਾਂਗੂੰ ਮੁੰਡੇ ਨਾ ਚੰਡਣੇ ਪੈਣ ।

••••••

5. ਜੀਭ ਦਾ ਰਸ

''ਇਹ ਜਿਹੜੇ ਮਾਸਟਰ ਨੇ ਨਾ, ਇਨ੍ਹਾਂ ਵਿਚਾਰਿਆਂ ਦਾ ਕੋਈ ਕਸੂਰ ਨਹੀਂ । ਪਹਿਲਾਂ ਆਪ ਨਿਆਣੇ ਸਨ, ਨਿਆਣਿਆਂ 'ਚ ਰਹਿੰਦੇ ਰਹੇ । ਪਿੱਛੋਂ ਨਿਆਣਿਆਂ ਦੇ ਸਕੂਲ 'ਚ ਜਾ ਲੱਗੇ । ਉੱਥੇ ਵੀ ਨਿਆਣਿਆਂ ਨਾਲ ਵਾਹ ਰਿਹਾ । ਧੁੱਪ ਵਿਚ ਤਪੀ ਹੋਈ ਲੋਹੇ ਦੀ ਕੁਰਸੀ 'ਤੇ ਬਹਿੰਦੇ ਰਹੇ । ਖ਼ੁਦ ਨੂੰ ਖੱਬੀ ਖਾਨ ਸਮਝਦੇ ਰਹੇ । ਨਿਆਣੇ 'ਮਾਹਟਰ ਜੀ, ਮਾਹਟਰ ਜੀ' ਕਹਿੰਦੇ ਰਹੇ । ਸਾਰੀ ਉਮਰ ਲੱਗੇ ਰਹੇ ਗੁੱਠੇ । ਨਾ ਕਦੇ ਸਿਆਣਿਆਂ 'ਚ ਬੈਠੇ ਨਾ ਉੱਠੇ । ਇਨ੍ਹਾਂ ਦਾ ਡੰਡਾ ਸੀ ਡਰਾਉਂਦਾ, ਸ਼ਕਲ ਸੀ ਤਰਾਹੁੰਦੀ । ਤੁਸੀਂ ਆਪ ਦੱਸੋ ਅਕਲ ਕਿਹੜੇ ਦਰਵਾਜ਼ੇ ਥਾਣੀ ਆਉਂਦੀ?'' ਇਹੋ ਜਿਹੇ ਬਚਨ ਕਰਨ ਵੇਲੇ ਸੋਹਣ ਰਾਜਨ ਦੇ ਚਿਹਰੇ 'ਤੇ ਕੋਈ ਖਾਸ ਕਿਸਮ ਦਾ ਪ੍ਰਭਾਵ ਨਹੀਂ ਸੀ ਹੁੰਦਾ । ਹੁੰਦਾ ਇਹ ਸੀ ਕਿ ਓਦਣ ਉਹਦੇ ਸਰੋਤਿਆਂ ਵਿੱਚ ਕੋਈ ਮਾਸਟਰ ਬੈਠਾ ਹੁੰਦਾ ਸੀ । ਸਾਰਿਆਂ ਦੇ ਹਾਸੇ ਵਿਚ ਮਾਸਟਰ ਵੀ ਸ਼ਾਮਲ ਹੁੰਦਾ । ਜੇ ਕੋਈ ਪੁੱਛਦਾ 'ਮਾਸਟਰ ਜੀ! ਤੁਹਾਨੂੰ ਗੁੱਸਾ ਨਹੀਂ ਲੱਗਦਾ?' ਤਾਂ ਅੱਗੋਂ ਉਹਦਾ ਜਵਾਬ ਹੁੰਦਾ : 'ਇਕ ਗੱਲ ਸਾਫ਼ ਹੈ । ਭਾ ਸੋਹਣ ਨੂੰ ਸਭ ਕੁਝ ਮਾਫ਼ ਹੈ । ਇਹ ਜੋ ਮਿੱਠੀ ਜਿਹੀ ਛੇੜਛਾੜ ਹੈ । ਇਹ ਬੱਸ ਬਾਰ੍ਹਬਾਰ੍ਹ ਹੈ । ਅੰਦਰ ਤਾਂ ਪਿਆਰ ਹੀ ਪਿਆਰ ਹੈ । ... ਸਕੂਲੇ ਤਾਂ ਅਕਲ ਦੇਣ ਜਾਈਦਾ ਹੈ । ਇਹਦੇ ਕੋਲ ਅਕਲ ਲੈਣ ਆਈਦਾ ।'

ਨਾਂ ਉਹਦਾ ਸੋਹਣ ਲਾਲ ਸੀ । 'ਰਾਜਨ' ਪਤਾ ਨਹੀਂ ਕਿਵੇਂ ਅਤੇ ਕਦੋਂ ਤੋਂ ਹੋ ਗਿਆ । ਨਾ ਇਹ ਉਹਦੀ ਜਾਤ ਨਾ ਗੋਤ । ਤਖੱਲੁਸ ਰੱਖਣ ਦਾ ਸਵਾਲ ਹੀ ਨਹੀਂ ਸੀ । ਕਦੇ ਕਦੇ ਉਹਨੂੰ ਸ਼ਾਇਰੀ ਉਤਰਦੀ ਜਰੂਰ ਸੀ ਪਰ ਕਦੇ ਉਹਦੇ ਸਿਰ ਨੂੰ ਨਹੀਂ ਸੀ ਚੜ੍ਹੀ । ਉਂਜ ਸੁਣੀਆਂ ਸੁਣਾਈਆਂ ਟੂਕਾਂ ਐਨ ਮੌਕੇ 'ਤੇ ਸੁਣਾ ਕੇ ਉਹ ਤੁਰੇ ਜਾਂਦਿਆਂ ਦਾ ਧਿਆਨ ਆਪਣੇ ਵੱਲ ਮੋੜ ਲੈਂਦਾ ਸੀ । ਲੋੜ ਮੁਤਾਬਕ ਕੋਈ ਟੋਟਕਾ ਆਪਣੇ ਵੱਲੋਂ ਵੀ ਜੋੜ ਲੈਂਦਾ ਸੀ । ਘੜੀ ਮੁੜੀ ਸੁਣਾਈ ਜਾਣ ਕਰਕੇ ਵੱਡੇਵੱਡੇ ਪ੍ਰਸੰਗ ਵੀ ਉਹਨੂੰ ਯਾਦ ਰਹਿਣ ਲੱਗ ਪਏ । ਕੰਨ ਰਸ ਦੇ ਮਾਰੇ ਲੋਕ ਉਹਦੀ ਸੰਗਤ ਵਿਚ ਬਹਿਣ ਲੱਗ ਪਏ । ਬੇਧਿਆਨੇ ਜਿਹੇ ਹੀ ਉਹਨੂੰ 'ਰਾਜਨਰਾਜਨ' ਕਹਿਣ ਲੱਗ ਪਏ ।

ਪਿੰਡ ਵਿਚ ਸੋਹਣ ਲਾਲ ਨਾਂ ਦੇ ਕਈ ਆਦਮੀ ਸਨ । ਸੋਹਣ ਨਾਰਦ, ਸੋਹਣ ਭਲਵਾਨ ਅਤੇ ਸੋਹਣ ਰਾਜਨ । ਇਹ ਨਾਂ ਲੋਕਾਂ ਨੇ ਆਪਣੀ ਸਹੂਲਤ ਲਈ ਰੱਖੇ ਸਨ । ਹੌਲੀਹੌਲੀ ਪੱਕ ਗਏ । ਭਾ ਰਾਜਨ ਨਾਲ ਵੀ ਏਹੋ ਭਾਣਾ ਵਾਪਰਿਆ । ਉਹਨੇ ਚੁੱਪ ਕਰਕੇ ਮੰਨ ਲਿਆ । ਉਹਨੇ ਹਰ ਮੌਕੇ ਲਈ ਕੋਈ ਨਾ ਕੋਈ ਟੋਟਕਾ ਘੜਿਆ ਹੋਇਆ ਸੀ । ਰਾਜਨ ਦੇ ਨਾਲਨਾਲ 'ਭਾ' ਵੀ ਪਿੰਡ ਦੀ ਜ਼ੁਬਾਨ 'ਤੇ ਚੜ੍ਹਿਆ ਹੋਇਆ ਸੀ ।

ਟੱਬਰ ਵਿਚ ਪਲੇਠੀ ਦਾ ਨਿਆਣਾ ਜੇ ਮੁੰਡਾ ਹੁੰਦਾ ਤਾਂ ਉਹਨੂੰ ਹੋਸ਼ ਸੰਭਾਲਣ ਤੋਂ ਪਹਿਲਾਂ ਹੀ ਹਾਲੀ ਕੱਢ ਲਿਆ ਜਾਂਦਾ । ਉਹ ਪਿਓ ਨਾਲ ਹੱਥ ਵਟਾਉਂਦਾ । ਕਬੀਲਦਾਰੀ ਦਾ ਭਾਰ ਵੰਡਾਉਂਦਾ । ਉਹਨੂੰ ਪੜ੍ਹਨੇ ਪਾਉਣ ਦਾ ਕਿਸੇ ਨੂੰ ਚੇਤਾ ਹੀ ਨਾ ਆਉਂਦਾ । ਉਹ ਬਚਪਨ ਤੋਂ ਸਿੱਧਾ ਪ੍ਰੌਢ ਉਮਰ ਵਿਚ ਪੁੱਜ ਜਾਂਦਾ । ਅਕਸਰ ਵਿਆਹ ਦੇ ਵੱਤਰੋਂ ਖੁੰਝ ਜਾਂਦਾ । ਅਜਿਹਾ ਬਸ਼ਰ ਸਾਰਿਆਂ ਦਾ 'ਭਾ' ਹੋ ਜਾਂਦਾ । ਕਿਸੇ ਕਿਸੇ 'ਭਾ' ਦਾ ਅਖ਼ੀਰਲੀ ਉਮਰੇ ਵਿਆਹ ਹੋ ਜਾਂਦਾ ।

ਰਾਜਨ ਨਾਲ ਇਹੋ ਕੁਝ ਹੋਇਆ । ਪੈਲੀਆਂ ਉਹਦੀਆਂ ਕਿਤਾਬਾਂ ਹੋਈਆਂ ਅਤੇ ਜੱਟਾਂ ਬੂਟਾਂ ਨਾਲ ਯਾਰੀ ਰਹੀ । ਨਾ ਖਾਣ ਦਾ ਕੋਈ ਵੇਲਾ, ਨਾ ਪਹਿਨਣ ਦੀ ਕੋਈ ਰੀਝ । ਕੰਮ ਨਾਲ ਕੰਮ । ਕਿਸੇ ਦੀ ਨਿੰਦਿਆ ਨਾ ਚੁਗਲੀ । ਖੇਤਾਂ ਦਾ ਕੰਮ ਮੁਕਾ ਕੇ ਕਿਸੇ ਪੜ੍ਹਾਕੂ ਨੂੰ ਲੱਭਣਾ । ਕਿਸੇ ਕਿੱਸੇ ਜਾਂ ਕਿਤਾਬ ਦਾ ਲੜੀਵਾਰ ਪਾਠ ਸੁਣੀ ਜਾਣਾ । ਓਥੋਂ ਹੀ ਕੋਈ ਤੰਦ ਫੜ ਕੇ, ਨਾਲ ਦੀ ਨਾਲ, ਆਪਣੀ ਤਾਣੀ ਬੁਣੀ ਜਾਣਾ । ਥੱਕਣਾ ਨਾ ਟੁੱਟਣਾ । ਆਪਣੀ ਤ੍ਰੇਹ ਬੁਝਾਉਣ ਲਈ ਹੱਥੀਂ ਖੂਹ ਪੁੱਟਣਾ । ਉਹ ਅਜਬ ਪ੍ਰਾਣੀ ਸੀ । ਉਹਦੀ ਅਜੀਬ ਕਹਾਣੀ ਸੀ । ਆਪਣਾ ਦਰਦ ਕਿਸੇ ਨੂੰ ੂ ਨਾ ਦੱਸਣਾ । ਆਪਣਾ ਦੁੱਖ ਕਿਸੇ ਅੱਗੇ ਨਾ ਫੋਲਣਾ । ਬੱਸ ਨਿੱਕਾ ਜਿਹਾ ਖੰਘੂਰਾ ਮਾਰਨਾ ਅਤੇ ਮੁਸਕਰਾ ਕੇ ਬੋਲਣਾ:

'ਖੇ' ਖ਼ਤ ਲਿਖਿਆ ਸੋਹਣੇ ਸੱਜਣਾਂ ਨੂੰ
ਨਾ ਹੀ ਖ਼ਤ ਤੇ ਨਾ ਜਵਾਬ ਆਇਆ ।
ਜਾਂ ਤਾਂ ਕਲਮ ਟੁੱਟੀ, ਜਾਂ ਫਿਰ ਸਿਆਹੀ ਮੁੱਕੀ
ਜਾਂ ਤਾਂ ਕਾਗਜ਼ਾਂ ਦਾ ਰੱਬ ਨੇ ਕਾਲ ਪਾਇਆ
ਜਾਂ ਤਾਂ ਡਾਕ ਸਰਕਾਰ ਨੇ ਬੰਦ ਕੀਤੀ
ਜਾਂ ਫਿਰ ਚਿੱਠੀਰਸੈਣ ਨੂੰ ਤਾਪ ਆਇਆ ।

ਖ਼ਤ ਬੜੀ ਪਿਆਰੀ ਸ਼ੈਅ ਹੁੰਦੀ ਹੈ । ਜਿਹੜਾ ਖ਼ੁਦ ਨਹੀਂ ਲਿਖ ਸਕਦਾ ਉਹ ਕਿਸੇ ਤੋਂ ਲਿਖਵਾ ਤਾਂ ਸਕਦਾ ਹੈ । ਜਵਾਬ ਪੜ੍ਹ ਨਹੀਂ ਸਕਦਾ ਕਿਸੇ ਤੋਂ ਪੜ੍ਹਵਾ ਤਾਂ ਸਕਦਾ ਹੈ । ਪਿੰਡ ਵਿਚ ਤਾਂ ਖ਼ਤ ਵੀ ਕਿਤਾਬ ਵਰਗਾ ਹੁੰਦਾ ਹੈ । ਪੂਰੀ ਗਲੀ ਨੂੰ ਪਤਾ ਹੁੰਦਾ ਹੈ ਕਿ ਕਿਸ ਨੂੰ ਕਿਸ ਦਾ ਖ਼ਤ ਆਇਆ ਹੈ ਅਤੇ ਕੀ ਲਿਖਿਆ ਹੈ । ਭੇਤ ਵਾਲੀ ਗੱਲ ਕੋਈ ਹੁੰਦੀ ਹੀ ਨਹੀਂ । ਰਾਜਨ ਕੋਲ ਗੱਲਾਂ ਦਾ ਭੰਡਾਰ ਸੀ । ਪਰ ਨਾ ਉਹ ਆਪਣਾ ਭੇਦ ਦੱਸਦਾ ਸੀ ਅਤੇ ਨਾ ਕਿਸੇ ਦਾ ਭੇਦ ਖੋਲ੍ਹਦਾ ਸੀ । ਉਹ ਤਾਂ ਬਸ ਬਿਰਖਾਂ ਵਾਂਗੂੰ ਬੋਲਦਾ ਸੀ ।

ਉਹਦਾ ਬਾਪ ਕਦੇ ਜੰਗਲਾਤ ਦੇ ਮਹਿਕਮੇ ਨਾਲ ਜੁੜਿਆ ਰਿਹਾ ਸੀ । ਪਿੰਡ ਵਿਚ ਆਉਣ ਤੋਂ ਪਹਿਲਾਂ ਉਹ ਬੜਾ ਚਿਰ ਜੰਗਲ ਵਿਚ ਰਿਹਾ ਸੀ । ਉਹਦਾ ਜਰਾਇਮ ਪੇਸ਼ਾ ਲੋਕਾਂ ਨਾਲ ਵਾਹ ਪਿਆ ਸੀ । ਉਹਦਾ ਬਚਪਨ ਬਿਰਖਾਂ ਵਿਚ ਬੀਤਿਆ ਸੀ । ਉਹ ਜੰਗਲੀ ਜਾਨਵਰਾਂ ਦੀਆਂ ਪੈੜਾਂ ਪਛਾਣਦਾ ਸੀ । ਪੰਛੀਆਂ ਦੀਆਂ ਰਮਜ਼ਾਂ ਜਾਣਦਾ ਸੀ । ਜੰਗਲ ਨਾਲੋਂ ਟੁੱਟ ਕੇ ਪਿੰਡ ਵਿਚ ਆਇਆ ਸੀ । ਆਖ਼ਰੀ ਸਾਹਾਂ ਤੱਕ ਪਿੰਡ ਦਾ ਹੋ ਕੇ ਰਿਹਾ । ਛੋਟੇ ਭੈਣਭਰਾਵਾਂ ਨੂੰ ਪਾਲਿਆ, ਪੜ੍ਹਾਇਆ, ਵਿਆਹਿਆ । ਲਗਦੀ ਵਾਹ ਹਰ ਫਰਜ਼ ਨਿਭਾਇਆ । ਕਦੇ ਕਿਸੇ ਨੂੰ ਆਪਣੇ ਵੱਲ ਉਂਗਲ ਨਾ ਉਠਾਉਣ ਦਿੱਤੀ । ਕਦੇ ਆਪਣੇ ਮੱਥੇ 'ਤੇ ਸ਼ਿਕਨ ਨਾ ਆਉਣ ਦਿੱਤੀ । ਕਬੀਲਦਾਰੀ ਨਜਿੱਠਣ ਦਾ ਉਹਦਾ ਇਹ ਸਲੀਕਾ ਪੂਰੇ ਸ਼ਰੀਕੇ ਨੂੰ ਮੋਹ ਗਿਆ ਸੀ । ਉਂਜ ਪੱਕੀ ਪੀਢੀ ਉਮਰ 'ਚ ਜਾ ਕੇ ਰਾਜਨ ਦਾ ਵਿਆਹ ਹੋ ਗਿਆ ਸੀ । ਹੌਲੀ ਹੌਲੀ ਉਹਦਾ ਖੁੰਢਾਂ 'ਤੇ ਆਉਣਾ ਘਟ ਗਿਆ । ਫੇਰ ਉਹ ਉੱਕਾ ਹੀ ਆਉਣੋਂ ਹਟ ਗਿਆ । ਉਹਦੇ ਚਾਹੁਣ ਵਾਲੇ ਫੇਰ ਵੀ ਉਨ੍ਹਾਂ ਪੱਕੇ ਟਿਕਾਣਿਆਂ 'ਤੇ ਆਉਂਦੇ ਰਹੇ । ਉਹਦੇ ਤੋਂ ਸੁਣੀਆਂ ਹੋਰਨਾਂ ਨੂੰ ਸੁਣਾਉਂਦੇ ਰਹੇ :

'ਕਾਫ' ਕਰਮ ਜਦ ਬੰਦੇ ਦੇ ਹੋਣ ਮਾੜੇ,
ਭਾਵੇਂ ਸਿਰ ਉੱਤੇ ਲਾਲਾਂ ਦੀ ਪੰਡ ਹੋਵੇ ।
ਕੌਡੀ ਮੁੱਲ ਨਾ ਪੈਂਦਾ ਬਾਜ਼ਾਰ ਅੰਦਰ,
ਭਾਵੇਂ ਮਗਰ ਦਲਾਲਾਂ ਦੀ ਡੰਡ ਹੋਵੇ ।
ਬੀਜੇ ਕਣਕ ਅਤੇ ਉੱਗ ਗੰਢੇਲ ਪੈਂਦੀ,
ਭਾਵੇਂ ਖਾਸ ਨਿਆਈਂ ਦੀ ਵੰਡ ਹੋਵੇ ।

ਰਾਜਨ ਦਾ ਹਾਫਜ਼ਾ ਏਨਾ ਤੇਜ਼ ਸੀ ਕਿ ਯਾਦ ਕਰਕੇ ਹੁਣ ਵੀ ਰਸ਼ਕ ਆਉਂਦਾ ਹੈ । ਉਹਨੂੰ ਵਿਦਾ ਹੋਏ ਨੂੰ ਅਰਸਾ ਹੋ ਗਿਆ ਹੈ, ਪਰ ਉਹਦਾ ਬੜਾ ਕੁਝ ਅਜੇ ਵੀ ਯਾਦ ਆਉਂਦਾ ਰਹਿੰਦਾ ਹੈ । ਖਾਸ ਤੌਰ 'ਤੇ ਉਹਦੀ ਜ਼ਬਾਨ ਦਾ ਰਸੀਲਾਪਨ । ਉਹਦੇ ਇਸ ਗੁਣ ਦੀ ਕਿਸੇ ਨੇ ਤਾਰੀਫ਼ ਕੀਤੀ ਤਾਂ ਕਹਿਣ ਲੱਗਾ, 'ਇਹ ਸਭ ਬਾਬੇ ਲਾਲ ਦੀਆਂ ਦਾਤਾਂ ਨੇ । ਸਭ ਉਸੇ ਦੀਆਂ ਕਰਾਮਾਤਾਂ ਨੇ । ਉਹਦੀਆਂ ਸਿਫਤਾਂ ਕਰੋ । ਮੈਂ ਤੁਹਾਨੂੰ ਜੀਭ ਦੇ ਰਸ ਦਾ ਭੇਤ ਦੱਸਦਾ ਹਾਂ । ਸੁਣੋ ।'

ਫੇਰ ਉਹਨੇ ਜੋ ਸੁਣਾਇਆ, ਸਾਨੂੰ ਖੂਬ ਸਮਝ ਆਇਆ । ਓਦਣ ਇਹ ਵੀ ਪਤਾ ਲੱਗਾ ਕਿ ਜੀਭ ਦਾ ਰਸ ਵੀ ਰੰਗਬਰੰਗਾ ਹੁੰਦਾ ਹੈ । ਹਰ ਰੰਗ ਹੀ ਆਪੋ ਆਪਣੀ ਜਗ੍ਹਾ ਚੰਗਾ ਹੁੰਦਾ ਹੈ । ਇਕ ਰੰਗ ਇਹ ਵੀ : ਪੁਰਾਣੇ ਜ਼ਮਾਨੇ ਵਿਚ ਬੰਦੇ ਜਦੋਂ ਲੰਮੇ ਸਫ਼ਰ 'ਤੇ ਨਿਕਲਦੇ ਸਨ ਤਾਂ ਢਿੱਡ ਦਾ ਮਾੜਾ ਮੋਟਾ ਬੰਨ੍ਹਸੁੱਭ ਕਰਕੇ ਤੁਰਦੇ ਸਨ । ਭੁੱਜੇ ਹੋਏ ਛੋਲੇ ਲੈ ਜਾਣੇ ਜਾਂ ਫਿਰ ਮੱਕੀ ਦੀਆਂ ਛੱਲੀਆਂ ਝੋਲੇ 'ਚ ਪਾ ਲੈਣੀਆਂ ਕਿ ਰਾਹ ਵਿਚ ਕਿਤੋਂ ਭੁਨਾ ਲਵਾਂਗੇ । ਭੁੱਖ ਲੱਗੀ ਤਾਂ ਚੱਬ ਲਾਂਗੇ । ਵਕਤ ਟਪਾ ਲਵਾਂਗੇ ।

ਏਦਾਂ ਹੀ ਇਕ ਆਦਮੀ ਜਦੋਂ ਘਰੋਂ ਤੁਰਿਆ ਤਾਂ ਪੱਲੇ ਖਿਚੜੀ ਦਾ ਸਾਮਾਨ ਬੰਨ੍ਹ ਲਿਆ । ਚੌਲ, ਦਾਲ ਤੇ ਲੂਣ । ਤੁਰਿਆ ਗਿਆ, ਤੁਰਿਆ ਗਿਆ । ਇਕ ਪਿੰਡ ਵਿਚ ਪੁੱਜ ਕੇ ਬਾਹਰ ਰੁੱਖ ਹੇਠਾਂ ਥੋੜ੍ਹਾ ਆਰਾਮ ਕੀਤਾ ਅਤੇ ਅੱਗੇ ਚਾਲੇ ਪਾਉਣ ਤੋਂ ਪਹਿਲਾਂ ਸੋਚਿਆ ਕਿ ਕਿਸੇ ਘਰ ਵਿਚ ਜਾ ਕੇ ਖਿਚੜੀ ਪਕਾਈ ਜਾਵੇ ।

ਉਹ ਇਕ ਘਰ ਮੂਹਰੇ ਗਿਆ । ਬੂਹਾ ਢੁਪਿਆ ਹੋਇਆ ਸੀ । ਕੁੰਡਾ ਖੜਕਾਇਆ । ਅੰਦਰੋਂ ਥੱਕਿਆ ਜਿਹਾ ਹੁੰਗਾਰਾ ਆਇਆ । 'ਲੰਘ ਆਉ ।' ਅੰਦਰ ਜਾ ਕੇ ਵੇਖਿਆ ਕਿ ਇਕ ਬੁੱਢੀ ਮਾਈ ਪਲੰਘੀਰੀ ਜਿਹੀ 'ਤੇ ਬੈਠੀ ਪੱਖੀ ਝੱਲ ਰਹੀ ਸੀ । ਉਹਨੇ ਪੀੜ੍ਹੀ 'ਤੇ ਬਹਿਣ ਦਾ ਇਸ਼ਾਰਾ ਕੀਤਾ । ਬਹਿ ਗਿਆ । ਆਪਣੀ ਲੋੜ ਦੱਸੀ । ਮਾਈ ਉੱਠੀ । ਚੁੱਲ੍ਹਾ ਭਖਾਇਆ । ਪਤੀਲੀ 'ਚ ਪਾਣੀ ਪਾ ਕੇ ਉੱਬਲਣ ਰੱਖ ਦਿੱਤਾ । ਖਿਚੜੀ ਦਾ ਸਮਾਨ ਪਰਨੇ 'ਚੋਂ ਖੋਲਿ੍ਹਆ ਤੇ ਉੱਬਲਦੇ ਪਾਣੀ 'ਚ ਪਾ ਦਿੱਤਾ । ਅੱਗ ਮੱਠੀ ਕਰਕੇ ਆਰਾਮ ਨਾਲ ਬਹਿ ਗਈ । ਅੱਗਾ ਪਿੱਛਾ ਪੁੱਛਣ ਲੱਗੀ । ਆਪਣੇ ਬਾਰੇ ਕੁਝ ਦੱਸਣ ਦੀ ਥਾਂ ਮੁਸਾਫ਼ਰ ਨੇ ਗੱਲਬਾਤ ਦਾ ਰੁੱਖ ਬੁੱਢੜੀ ਵੱਲ ਮੋੜ ਦਿੱਤਾ ।

? ਬੇਬੇ! ਘਰ ਵਿਚ ਕੌਣ ਕੌਣ ਰਹਿੰਦਾ ਹੈ ।
ਮੈਂ ਕੱਲੀ ਰਹਿਨੀ ਆਂ ਪੁੱਤ!

? ਕੱਲੀ ਕਿਉਂ
ਘਰਵਾਲਾ ਮੇਰਾ ਹੈ ਨਹੀਂ ਤੇ ਪੁੱਤਰ ਦੂਰ ਦਸੌਰੀਂ ਗਿਆ ਹੋਇਐ ਖੱਟੀ ਕਮਾਈ ਕਰਨ, ਸੁੱਖ ਨਾਲ ।

? ਇੱਕੋ ਈ ਮੁੰਡੈ
ਇੱਕੋ ਹੀ ਲੱਖਾਂ ਵਰਗੈ ਮੇਰਾ ਜੀਣ ਜੋਗਾ । ਉਹਦੇ ਆਸਰੇ ਹੀ ਦਿਨ ਕੱਟੀ ਜਾਨੀ ਆਂ । ਚਿੱਠੀ ਵੀ ਆਉਂਦੀ ਐ । ਮਨੀਆਰਡਰ ਵੀ ਘੱਲਦੈ । ? ਉਹ ਤੇ ਠੀਕ ਐ ਬੇਬੇ । ਪਰ ਉਹ ਏਨੀ ਦੂਰ ਬੈਠਾ ਤੇ ਤੂੰ ਏਥੇ ਕੱਲੀ । ਜੇ ਤੇਰੇ ਸਾਹ ਪੂਰੇ ਹੋ ਜਾਣ ਤਾਂ ਮੁੰਡਾ ਤੇਰੀ ਚਿਖਾ ਨੂੰ ਅਗਨੀ ਦੇਣ ਵੀ ਨਹੀਂ ਆ ਸਕੇਗਾ ।
ਕੋਈ ਨਾ ਪੁੱਤ । ਨਹੀਂ ਆ ਸਕੇਗਾ ਤਾਂ ਨਾ ਸਹੀ । ਆਪੇ ਤੇਰੇ ਵਰਗਾ ਕੋਈ ਹੋਰ ਇਹ ਕੰਮ ਕਰ ਦਏਗਾ । ਲਾਂਬੂ ਲਾਉਣ ਵਾਲਿਆਂ ਦੀ ਕਿਹੜਾ ਕਮੀ ਹੁੰਦੀ ਐ ।

? ਨਾਲੇ ਬੇਬੇ! ਆਹ ਮੱਝ ਜਿਹੜੀ ਬੈਠੀ ਆ ਅੰਦਰ, ਇਹਦਾ ਪੱਠਾ ਦੱਥਾ ਕੌਣ ਕਰਦੈ ।
ਆਪੇ ਕਰਨਾ ਪੈਂਦੈ । ਨਾਲੇ ਏਸੇ ਬਹਾਨੇ ਕਰ ਪੈਰ ਚੱਲਦੇ ਰਹਿੰਦੇ ਨੇ ।

? ਉਹ ਤਾਂ ਚਲੋ ਠੀਕ ਹੋਇਆ ਪਰ ਐਡੀ ਮੋਟੀ ਤਾਜ਼ੀ ਮੱਝ ਐ ਤੇ ਘਰ ਦਾ ਬੂਹਾ ਭੀੜਾ ਜਿਹਾ । ਇਹ ਅੰਦਰ ਲੰਘਦੀ ਵੜਦੀ ਕਿਵੇਂ ਐ ।
ਰੋਜ਼ ਲੰਘਦੀ ਵੜਦੀ ਐ । ਕਦੇ ਕੋਈ ਤਕਲੀਫ ਈ ਨਹੀਂ ਹੋਈ ।

? ਨਹੀਂ, ਮੈਂ ਸੋਚਨਾਂ ਕਿ ਜੇ ਕਿਸੇ ਦਿਨ ਇਹ ਬਰੂ ਖਾ ਕੇ ਆਫਰ ਗਈ । ਅੰਦਰ ਹੀ ਮਰ ਗਈ ਤਾਂ ਹੱਡਾ ਰੋੜੀ ਲੈ ਕੇ ਜਾਣ ਵੇਲੇ ਤਾਂ ਬੜੀ ਔਖ ਹੋਵੇਗੀ ।
ਔਖ ਹੋਵੇਗੀ ਚੁੱਕਣ ਵਾਲਿਆਂ ਨੂੰ ਜਾਂ ਮੈਨੂੰ । ਤੂੰ ਤਾਂ ਭਾਈ ਮੁਸਾਫ਼ਰ ਹੈਂ, ਤੈਨੂੰ ਕਾਹਦਾ ਫਿਕਰ? ਤੇਰੀ ਖਿਚੜੀ ਤਾਂ ਪੱਕ ਹੀ ਜਾਣੀ ਹੈ ।

? ਬੇਬੇ! ਮੈਨੂੰ ਤਾਂ ਸਗੋਂ ਹੋਰ ਵੀ ਫ਼ਿਕਰ ਲੱਗ ਗਿਐ ਕਿ ਜੇ ਕਿਤੇ ਉਹ ਭਿਆਨਕ ਭਾਣਾ ਵਾਪਰ ਗਿਆ ਤਾਂ ਤੇਰੇ 'ਤੇ ਕੀ ਬੀਤੇਗੀ । ਤੂੰ ਕਿੱਦਾਂ ਸਹਾਰੇਂਗੀ ।
ਕਿਹੜੇ ਭਾਣੇ ਦੀ ਗੱਲ ਕਰਨੈ ਪੁੱਤ? (ਉਹਨੇ ਅੱਗ ਤੇਜ਼ ਕਰ ਦਿੱਤੀ) ।

? ਮਾਂ, ਮੈਨੂੰ ਖ਼ਿਆਲ ਆਉਂਦੈ ਕਿ ਜੇ ਕਿਤੇ ਪਰਦੇਸ ਵਿਚ ਰਹਿੰਦਾ ਤੇਰਾ ਕੱਲਾਕਾਰਾ ਪੁੱਤ ਇਸ ਜਹਾਨ ਤੋਂ ਚੱਲਦਾ ਬਣੇ ਤਾਂ ਤੇਰੇ 'ਤੇ ਕੀ ਬੀਤੇ । ... ਮਾਈ ਕੁਝ ਨਾ ਬੋਲੀ । ਪਤੀਲਾ ਚੁੱਲ੍ਹੇ ਤੋਂ ਲਾਹ ਦਿੱਤਾ ਤੇ ਇਸ਼ਾਰੇ ਨਾਲ ਝੋਲੀ ਅੱਗੇ ਕਰਨ ਲਈ ਕਿਹਾ । ਬੁੱਢੀ ਦਾ ਗੁੱਸੇ ਨਾਲ ਤਪਿਆ ਚਿਹਰਾ ਵੇਖ ਕੇ ਉਸ ਨੇ ਝੋਲੀ ਅੱਡ ਦਿੱਤੀ । ਮਾਈ ਨੇ ਖਿਚੜੀ ਦਾ ਕੱਚਾ ਪੱਕਾ ਤਰਲ ਪਦਾਰਥ ਉਸ ਦੀ ਝੋਲੀ ਵਿਚ ਉਲੱਦ ਦਿੱਤਾ ਅਤੇ ਬੂਹੇ ਤੋਂ ਬਾਹਰ ਦਫ਼ਾ ਹੋ ਜਾਣ ਦਾ ਸੰਕੇਤ ਕੀਤਾ ।
ਸੜਦਾ ਬਲਦਾ ਖਿੱਚੜ ਇਕ ਤਾਂ ਉਹਦੀ ਹਿੱਕ ਨੂੰ ਲੂਹ ਰਿਹਾ ਸੀ ਅਤੇ ਦੂਜੇ ਪੈਰਾਂ ਵੱਲ ਚੋ ਰਿਹਾ ਸੀ ।

ਬਾਹਰ ਨਿੰਮੋਝੂਣ ਤੁਰੇ ਜਾਂਦੇ ਨੂੰ ਕਿਸੇ ਨੇ ਪੁੱਛਿਆ ਕਿ ਇਹ ਚੋ ਕੀ ਰਿਹਾ ਹੈ ਤਾਂ ਉਹਦਾ ਸੰਖੇਪ ਜਿਹਾ ਜਵਾਬ ਸੀ 'ਮੇਰੀ ਜੀਭ ਦਾ ਰਸ' ।

ਗੱਲਾਂ ਭੁਲੀਆਂ, ਬੋਲਤੀ ਬੰਦ ਹੋ ਗਈ,
ਸ਼ਰੇਆਮ ਨੱਢਾ ਰੋਂਦਾ ਜਾ ਰਿਹਾ ਏ ।
ਲੋਕੋ! ਵੇਖੋ ਤੇ ਵੇਖ ਕੇ ਖੂਬ ਹੱਸੋ,
ਮੇਰੀ ਜੀਭ ਦਾ ਰਸ ਚੋਂਦਾ ਜਾ ਰਿਹਾ ਏ ।

••••••

6. ਜਜਮਾਨੀ ਪੁਰੋਹਿਤੀ

ਬੰਦੇ ਨੂੰ ਜੇ ਢਿੱਡ ਨਾ ਲੱਗਾ ਹੁੰਦਾ ਤਾਂ ਦੁਨੀਆਂ ਹੋਰ ਦੀ ਹੋਰ ਹੁੰਦੀ । ਮਾਰ ਲਿਆ ਔਾਤਰੀ ਭੁੱਖ ਨੇ । ਏਸੇ ਦੇ ਹੀ ਸਾਰੇ ਦੁੱਖ ਨੇ । 'ਫਰੀਦਾ ਮੌਤੋਂ ਭੁੱਖ ਬੁਰੀ । ਰਾਤੀਂ ਸੁੱਤੋਂ ਖਾਇਕੇ, ਦਿਨ ਚੜ੍ਹਦੇ ਨੂੰ ਫੇਰ ਖੜ੍ਹੀ ।'

ਰੋਜ਼ੀ ਰੋਟੀ ਦਾ ਮਾਰਿਆ ਬੰਦਾ ਸਾਰੀ ਉਮਰ ਤਰ੍ਹਾਂ ਤਰ੍ਹਾਂ ਦੇ ਪਾਪੜ ਵੇਲਦਾ ਰਹਿੰਦਾ ਹੈ । ਪੱਕਾ ਜੁਗਾੜ ਨਾ ਹੋਏ ਤਾਂ ਰੋਟੀ ਦੀ ਚਿੰਤਾ ਸੂਈਆਂ ਬਣ ਕੇ ਦਿਲ ਦਿਮਾਗ ਵਿਚ ਧਸ ਜਾਂਦੀ ਹੈ । ਅਗਲੇ ਡੰਗ ਦੇ ਹਭਕੇ ਨਾਲ ਹੁਣ ਵਾਲੀ ਗਰਾਹੀ ਵੀ ਸੰਘ ਵਿਚ ਫਸ ਜਾਂਦੀ ਹੈ ।

ਉਂਜ ਕਹਿੰਦੇ ਨੇ ਕਿ ਭੁੱਖ ਦਾ ਪ੍ਰਬੰਧ ਅੱਲਾ ਮੀਆਂ ਨੇ ਅਗਾਊਂ ਹੀ ਕੀਤਾ ਹੁੰਦਾ ਹੈ । 'ਪਹਿਲੇ ਬਣ ਗਈ ਪਰਾਰਬਧ, ਪਾਛੇ ਬਣੇ ਸਰੀਰ ।' ਸਿਆਣੇ ਸਮਝਾਉਂਦੇ ਰਹਿੰਦੇ ਨੇ :

ਜਬ ਦਾਂਤ ਨਾ ਥੇ, ਤਬ ਦੂਧ ਦੀਉ,
ਜਬ ਦਾਂਤ ਦੀਏ ਤਬ, ਅੰਨ ਨਾ ਦੇਗਾ?

ਪਰ ਦਿਲ ਹੌਸਲਾ ਜਿਹਾ ਨਹੀਂ ਫੜਦਾ । ਫੋਕੀਆਂ ਗੱਲਾਂ ਨਾਲ ਢਿੱਡ ਨਹੀਂ ਭਰਦਾ । ਬਸ ਏਹੋ ਤਾਂ ਪੁਆੜਾ ਹੈ । ਢਿੱਡ ਦਾ ਧਰਮ ਤਾਂ ਆਖ਼ਰੀ ਸਾਹ ਤੱਕ ਨਿਭਾਈਦੈ । ਨਾਨੀ ਕਹਿੰਦੀ ਹੁੰਦੀ ਸੀ: ਜੇ ਕਿਤੇ ਆਈਏ ਜਾਈਏ ਤਾਂ ਢਿੱਡ ਘਰ ਥੋੜ੍ਹਾ ਛੱਡ ਆਈਦੈ । ਇਹ ਤਾਂ ਚੰਦਰਾ ਹਰ ਵੇਲੇ ਨਾਲ ਹੁੰਦੈ । ਇਹਦੇ ਕਰਕੇ ਬੰਦੇ ਦਾ ਬੁਰਾ ਹਾਲ ਹੁੰਦੈ । ਪਾਪੀ ਪੇਟ ਦਾ ਸਵਾਲ ਹੁੰਦੈ ।

ਭੁੱਖੇ ਨੂੰ ਕਿਸੇ ਨੇ ਸਵਾਲ ਕੀਤਾ : 'ਦੋ ਤੇ ਦੋ ਕਿੰਨੇ ਹੁੰਦੇ ਨੇ?'

ਉਹ ਅੱਗੋਂ ਕਹਿੰਦਾ: 'ਚਾਰ ਰੋਟੀਆਂ ।' ਹੋਰ ਉਹਨੂੰ ਕੁਝ ਸੁੱਝਦਾ ਹੀ ਨਹੀਂ । ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ! ਭੁੱਖ ਦੀ ਸਾਂਝ ਤਾਂ ਕਾਂਜਨੌਰਾਂ ਨੂੰ ਵੀ ਬੰਦੇ ਦੇ ਪੱਧਰ 'ਤੇ ਲਿਆ ਬਿਠਾਉਂਦੀ ਹੈ । ਦੁਨੀਆ 'ਕਾਂ ਕਾਂ' ਦੀ ਧੁਨੀ 'ਚੋਂ ਵੀ ਜ਼ਿੰਦਗੀ ਦੇ ਡੂੰਘੇ ਅਰਥ ਲੱਭ ਲਿਆਉਂਦੀ ਹੈ :

ਕਾਏਂ ਕਾਏਂ ਪੰਖ ਪਸਾਰੇ ।
ਕਰਤਾ ਹੈ ਯੇ ਭੂਖ ਕੇ ਮਾਰੇ¨
ਡਾਕੂ ਹੈ ਯਾ ਚੋਰ ਉਚੱਕਾ ।
ਪਰ ਹੈ ਅਪਨੀ ਧੁਨ ਕਾ ਪੱਕਾ¨

ਇਹ ਬਾਤ ਸਹੀ ਹੈ ਕਿ ਭੁੱਖਿਆਂ ਤਾਂ ਭਜਨ ਵੀ ਨਹੀਂ ਹੁੰਦਾ ਪਰ ਭੁੱਖ ਨੂੰ ਹੀ ਭਜਨ ਬਣਾ ਲੈਣਾ ਅਜੀਬ ਲੱਗਦਾ ਹੈ । ਮਨ ਨੂੰ ਸਮਝਾਈਦਾ ਹੈ:

ਖਾਣ ਲਈ ਨਹੀਂ ਜੀਵੀਦਾ ਸਗੋਂ ਜੀਣ ਲਈ ਖਾਈਦਾ ਹੈ । ਮਾਲ ਪਰਾਇਆ ਹੋਏ ਤਾਂ ਏਨਾ ਤੁੰਨ ਤੁੰਨ ਕੇ ਤੂਸ ਲੈਂਦੇ ਹਾਂ ਕਿ ਜ਼ਬਾਨ ਵਿਚਾਰੀ ਤੋਂ ਬੋਲ ਨਹੀਂ ਹੁੰਦਾ । ਉਂਝ ਉਹ ਚੀਕ ਚੀਕ ਕੇ ਆਖਣਾ ਚਾਹੁੰਦੀ ਹੁੰਦੀ ਹੈ: ਕਮਲਿਉ! ਢਿੱਡ ਢਿੱਡ ਹੁੰਦਾ ਹੈ, ਕੂੜੇ ਵਾਲਾ ਢੋਲ ਨਹੀਂ ਹੁੰਦਾ । ਸੁਣ ਰਹੇ ਹੋ ਨਾ!

ੳ) ਚਮਚਾ ਖੀਰ ਦਾ

ਸਰਾਧਾਂ ਵਿਚ 'ਬ੍ਰਾਹਮਣਾਂ' ਨੂੰ ਮੌਜ ਲੱਗ ਜਾਂਦੀ ਹੈ । ਕਈਆਂ ਘਰਾਂ 'ਚੋਂ ਨਿਓਤੇ ਆਉਂਦੇ ਨੇ । ਐਡਵਾਂਸ ਬੁਕਿੰਗ ਸ਼ੁਰੂ ਹੋ ਜਾਂਦੀ ਹੈ । ਨਖਰੇ ਸੁੱਝਣ ਲੱਗਦੇ ਨੇ । ਸ਼ਰਤਾਂ ਸੁਣਾਈਆਂ ਜਾਂਦੀਆਂ ਨੇ । ਇਕ ਇਕ ਦਿਨ ਵਿਚ ਕਈ ਕਈ ਸਾਮੀਆਂ ਭੁਗਤਾਈਆਂ ਜਾਂਦੀਆਂ ਨੇ! ਸੰਤ ਰਾਮ ਸ਼ਰਾਧਾਂ ਵਿਚ ਆਟਾ ਮੰਗਣ ਨਾ ਜਾਂਦਾ । ਆਪਣੇ ਘਰ, ਆਪਣੇ ਟੱਬਰ ਵਿਚ ਰਹਿੰਦਾ । ਨਿਸ਼ਚਿੰਤ ਹੋ ਕੇ ਬਹਿੰਦਾ । ਜ਼ਿੰਦਗੀ ਦਾ ਆਨੰਦ ਲੈਂਦਾ । ਜਜਮਾਨਾਂ ਨੂੰ 'ਮੀਨੂ' ਦੱਸਦਾ, ''ਮੇਰੇ ਲਈ ਫੁਲਕਾਸ਼ੁਲਕਾ ਨਾ ਬਣਾਇਉ । ਕੌਲੀ ਕੁ ਖੀਰ ਖਾਵਾਂਗਾ । ਬਹੁਤਾ ਟੈਮ ਨਹੀਂ ਏ ਮੇਰੇ ਕੋਲ । ਬਹੁਤਾ ਬਹਿਣ ਲਈ ਨਾ ਜ਼ੋਰ ਦਿਆ ਜੇ । ਬਸ, ਦਸਾਂ ਪੰਦਰਾਂ ਮਿੰਟਾਂ ਵਿਚ ਦੱਛਣਾ ਦੇ ਕੇ ਤੋਰ ਦਿਆ ਜੇ । ...''

ਦਸ ਪੰਦਰਾਂ ਕੌਲੀਆਂ ਖੀਰ ਦੀਆਂ ਖਾ ਕੇ, ਦਸਪੰਦਰਾਂ ਜਜਮਾਨ ਭੁਗਤਾ ਕੇ, ਦਸ ਪੰਦਰਾਂ ਚਾਂਦੀ ਦੇ ਦਮੜੇ ਜੇਬ 'ਚ ਪਾ ਕੇ ਜਦੋਂ ਉਹ ਘਰ ਪਰਤਣ ਵਾਸਤੇ ਉੱਠਣ ਲੱਗਦਾ ਤਾਂ ਉਸ ਤੋਂ ਜ਼ੋਰ ਈ ਨਾ ਲੱਗਦਾ । ਆਖ਼ਰੀ ਜਜਮਾਨ ਉਹਨੂੰ ਮੰਜੇ 'ਤੇ ਪਾਉਂਦਾ । ਦੋ ਚਾਰ ਗਵਾਂਢੀਆਂ ਨੂੰ ਬੁਲਾਉਂਦਾ । ਸੰਤ ਰਾਮ ਦੀ 'ਪਾਲਕੀ' ਘਰ ਛੱਡ ਕੇ ਆਉਂਦਾ! ... ਘਰ ਵਾਲੇ ਦਮੜੇ ਸੰਭਾਲਦੇ । ਉਹਦੇ ਫੁੱਲੇ ਹੋਏ ਢਿੱਡ ਉੱਤੇ ਹੱਥ ਫੇਰਦੇ । ਆਫਰੇ ਹੋਏ ਤੋਂ ਸਾਹ ਨਾ ਲਿਆ ਜਾਂਦਾ । ਸੱਪ ਵਾਗੂੰ ਸ਼ੂਕਦਾ । ਪੀੜ ਪੀੜ ਕੂਕਦਾ । ਘਰ ਵਾਲੀ ਜਵੈਣ ਲਿਆਉਂਦੀ । ਕਹਿੰਦੀ, 'ਫੱਕਾ ਮਾਰੋ ।' ਉਹ ਮੱਖੀ ਉਡਾਉਣ ਵਾਂਗ ਉਹਦੀ ਤਲੀ ਨੂੰ ਧੱਕਾ ਮਾਰ ਕੇ ਜਵੈਣ ਹਵਾ ਵਿਚ ਉਡਾ ਦੇਂਦਾ, ਅਖੇ 'ਜੇ ਜਵੈਣ ਜੋਗੀ ਥਾਂ ਹੁੰਦੀ ਤਾਂ ਚਮਚਾ ਖੀਰ ਦਾ ਨਾ ਹੋਰ ਖਾ ਲੈਂਦਾ?'

ਅ) ਹਵਾੜ

ਮਕਾਨ ਦੀ ਚੱਠ ਸੀ । ਬ੍ਰਹਮ ਭੋਜ ਕੀਤਾ ਗਿਆ । ਬ੍ਰਾਹਮਣਾਂ ਦੇ ਪੈਰ ਧੁਆ ਕੇ ਉਨ੍ਹਾਂ ਨੂੰ ਚਿੱਟੀ ਚਾਦਰ 'ਤੇ ਬਿਠਾਇਆ ਗਿਆ । ਖਾਣਾ ਲਗਾਇਆ ਗਿਆ । ਉਨ੍ਹਾਂ 'ਚੋਂ ਇਕ ਨੂੰ ਸ਼ਾਇਦ ਬਾਹਲੀ ਭੁੱਖ ਲੱਗੀ ਹੋਈ ਸੀ । ਖੀਰ ਦਾ ਵੱਡਾ ਸਾਰਾ ਚਮਚਾ ਭਰਿਆ ਤੇ ਮੂੰਹ ਵਿਚ ਪਾ ਲਿਆ । ਸੜਦੀ ਬਲਦੀ ਖੀਰ ਨੇ ਭੰਬੂ ਤਾਰੇ ਵਿਖਾ ਦਿੱਤੇ । ਪੁਰੋਹਤਾਂ ਦੀ ਪੰਗਤ ਵਿਚ ਬੈਠਾ ਸੀ । ਕੀ ਕਰਦਾ? ਤਾਲੂ ਨੂੰ ਹਵਾ ਲਵਾਉਣ ਲਈ ਉਤਾਂਹ ਨੂੰ ਕਰਕੇ ਮੂੰਹ ਖੋਲਿ੍ਹਆ ਤੇ ਮਸਾਂ ਹੀ ਬੋਲਿਆ, ''ਜਜਮਾਨ! ਛੱਤ ਤਾਂ ਬਹੁਤ ਵਧੀਆ ਹੈ ।'' ''ਹੈ ਤਾਂ ਵਧੀਆ ਪਰ ਜੇ ਤੁਹਾਡੀ ਹਵਾੜ ਤੋਂ ਬਚੀ ਰਹੀ ।'' ਜਵਾਬ ਸੁਣ ਕੇ ਠੰਢ ਵਰਤ ਗਈ ।

ੲ) ਸੱਪ ਤੇ ਪਾਪੜ

ਬ੍ਰਹਮ ਭੋਜ ਸਮਾਪਤੀ ਵੱਲ ਵਧ ਰਿਹਾ ਸੀ । ਖਾਣਾ ਪੀਣਾ ਹੋ ਚੁੱਕਾ ਸੀ । ਪੁਰੋਹਤ ਧੋਤੀਆਂ ਸੰਭਾਲ ਰਹੇ ਸਨ । ਜਜਮਾਨ ਦੱਛਣਾ ਦੇਣ ਦੀ ਤਿਆਰੀ ਕਰ ਰਿਹਾ ਸੀ । ਇਕ ਬ੍ਰਾਹਮਣ ਦਾ ਧਿਆਨ ਲਗਾਤਾਰ ਪਾਪੜਾਂ ਦੀ ਟੋਕਰੀ 'ਤੇ ਟਿਕਿਆ ਹੋਇਆ ਸੀ । ਟੋਕਰੀ ਸਾਹਮਣੇ ਪਈ ਸੀ ।

ਪਾਪੜ ਦਿਖਾਈ ਦੇ ਰਹੇ ਸਨ । ਜਜਮਾਨ ਨੂੰ ਵਰਤਾਉਣ ਦਾ ਚੇਤਾ ਵਿਸਰ ਗਿਆ ਸੀ । ਕੀ ਕੀਤਾ ਜਾਵੇ? ... ਅਚਾਨਕ ਉਹ ਦ੍ਰਿਸ਼ਟੀਵਾਨ ਪੁਰੋਹਤ ਬੋਲਿਆ, ''ਜਜਮਾਨ! ਰਾਤੀਂ ਸਾਡੇ ਘਰੋਂ ਸੱਪ ਨਿਕਲਿਆ । ਐਥੋਂ ਲੈ ਕੇ, ਅਹੁ ਪਾਪੜਾਂ ਦੀ ਟੋਕਰੀ ਤੱਕ ਲੰਮਾ ।''

''ਉਹੋ...ਹੋ...ਹੋ ਪਾਪੜ ਤਾਂ ਮੈਂ ਭੁੱਲ ਈ ਗਿਆ ਸਾਂ ।'' ਜਜਮਾਨ, ਵਿਚਾਰਾ ਜਿਹਾ ਬਣ ਕੇ, ਭੁੱਲ ਬਖਸ਼ਾਉਣ ਵਾਂਗ ਪਾਪੜ ਵੰਡਣ ਲੱਗ ਪਿਆ ।

ਸ) ਢਿੱਡ ਨੂੰ ਗੰਢ

ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਕਣਕ ਦੀ ਰੋਟੀ ਸਾਡੇ ਲਈ ਸੁਪਨਾ ਹੁੰਦੀ ਸੀ । ਮੱਢਲ ਦੀ ਰੋਟੀ ਨੂੰ ਅਸੀਂ ਲੋਹੇ ਦੀ ਰੋਟੀ ਆਖਦੇ । ਪਰ ਖਾਣੀ ਪੈਂਦੀ ਸੀ । ਬਾਜਰੇ ਦੀ ਰੋਟੀ ਪਿੱਤਲ ਵਰਗੀ ਜਾਪਦੀ । ਗੋਜੀ ਤੇ ਬੇਰੜਾ ਵੀ ਨਿਆਮਤ ਸੀ । ਸੱਤੂਆਂ ਨਾਲ ਸਾਰਨਾ ਪੈਂਦਾ । ਦਿਲ ਤਾਂ ਨਹੀਂ ਸੀ ਕਰਦਾ ਪਰ ਮਨ ਮਾਰਨਾ ਪੈਂਦਾ । ਉਦੋਂ ਜਿਹੇ ਹੀ ਕਿਤੇ ਕਿਸੇ ਘਰੋਂ ਸਰਾਧ ਖਾਣ ਦਾ ਨਿਓਤਾ ਆ ਗਿਆ । ਵੱਡਿਆਂ ਨੇ ਕੰਮ ਕਾਰ 'ਤੇ ਜਾਣਾ ਸੀ । ਗੁਣਾ ਮੇਰੇ 'ਤੇ ਆ ਗਿਆ । ਜਾਣਾ ਪਿਆ । ਪੁਰੋਹਤਾਂ ਦੀ ਪੰਗਤ ਵਿਚ ਮੈਂ ਸੁੰਗੜਿਆ ਜਿਹਾ ਬਹਿ ਗਿਆ । ਉਹ ਹਾਲੀ ਮੰਤਰ ਮੁੰਤਰ ਹੀ ਪੜ੍ਹ ਰਹੇ ਸਨ ਕਿ ਮੈਂ ਵਿਹਲਾ ਵੀ ਹੋ ਗਿਆ । ਥਾਲੀ ਵਿਚ ਹੀ ਹੱਥ ਧੋਤੇ ਤੇ ਉੱਠਣ ਲੱਗਾ । ਇਕ ਬਜ਼ੁਰਗ ਨੇ ਥੋੜ੍ਹਾ ਸਖ਼ਤੀ ਨਾਲ ਆਖਿਆ, ''ਕਾਕਾ ਬਹਿ ਜਾ । ਜਦੋਂ ਸਾਰੇ ਜਣੇ ਖਾ ਕੇ ਉੱਠਣਗੇ ਉਦੋਂ ਉੱਠੀਂ ।'' ਦੂਜਾ ਬੋਲਿਆ, ''ਏਸ ਨਿਆਣੇ ਨੂੰ ਭਲਾ ਕਿਉਂ ਭੇਜ ਦਿੱਤਾ? ਇਹਨੂੰ ਮਰਿਆਦਾ ਦਾ ਹੀ ਗਿਆਨ ਨਹੀਂ । ਬ੍ਰਾਹਮਣਾਂ ਦੇ ਬੱਚੇ ਸੰਸਕਾਰ ਹੀ ਭੁੱਲਦੇ ਜਾ ਰਹੇ ਨੇ । ... ਸਾਡੇ ਬਜ਼ੁਰਗ ਤਾਂ ਪੰਗਤ ਵਿਚ ਬਹਿਣ ਵੇਲੇ ਪੇਟ ਉੱਤੇ ਸੂਤ ਦੀ ਤੰਦ ਬੰਨ੍ਹ ਲੈਂਦੇ ਸਨ । ਓਨਾ ਚਿਰ ਭੋਜਨ ਕਰਨੋਂ ਨਹੀਂ ਸਨ ਹਟਦੇ ਜਿੰਨਾ ਚਿਰ ਤੰਦ ਟੁੱਟ ਨਾ ਜਾਂਦੀ ।''

ਹ) ਨਿਓਤਾ ''ਪੰਡਤ ਜੀ! ਕੱਲ੍ਹ ਨੂੰ ਸਾਡੇ ਸਰਾਧ ਐ । ਪਰ ਮੁਸੀਬਤ ਇਹ ਹੈ ਕਿ ਸਾਨੂੰ ਤੁਹਾਡੇ ਲਾਇਕ ਭੋਜਨ ਪਕਾਉਣਾ ਨਹੀਂ ਆਉਂਦਾ । ਤੁਸੀਂ ਏਦਾਂ ਕਰਿਉ, ਤੜਕੇ ਪੰਡਤਾਣੀ ਨੂੰ ਭੇਜ ਦਇਉ । ਭਾਵੇਂ ਆਪ ਵੀ ਆਜਿਉ । ਮਰਜ਼ੀ ਦਾ ਬਣਾ ਪਕਾ ਲਿਉ । ਸਾਨੂੰ ਤੁਸੀਂ ਰਸਦ ਲਿਖਾ ਦਿਉ । ਹੁਣੇ ਇੰਤਜ਼ਾਮ ਕਰ ਲੈਨਾਂ । ਜਿਹੜੀ ਚੀਜ਼ ਘਰ ਨਾ ਹੋਈ ਹੱਟੀ ਤੋਂ ਲੈ ਆਵਾਂਗਾ । ... ਅਸੀਂ ਪਹਿਲਾਂ ਕਦੇ ਸਰਾਧ ਨਹੀਂ ਕੀਤਾ । ਐਤਕੀਂ ਮਨ ਬਣ ਗਿਆ । ਸੋਚਿਆ ਚਲੋ ਵਡੇਰਿਆਂ ਨੂੰ ਖੁਸ਼ ਕਰਕੇ ਵੇਖ ਲਈਏ ।'' ਜੱਟ ਦਾ ਨਿਓਤਾ ਸੁਣ ਕੇ ਪੰਡਤ ਨੇ ਰਸਦ ਲਿਖਾ ਦਿੱਤੀ ।

ਅਗਲੇ ਦਿਨ ਮੂੰਹ ਹਨੇਰੇ ਜਜਮਾਨਾਂ ਦੇ ਘਰ ਜਾ ਕੇ ਪੰਡਤਾਣੀ ਨੇ ਸਫ਼ਾਈ ਕੀਤੀ । ਚੁੱਲ੍ਹੇ ਚੌਂਕੇ ਨੂੰ ਲਿੰਬ ਪੋਚ ਕੇ ਪਵਿੱਤਰ ਕੀਤਾ । ਦੋਹਾਂ ਜੀਆਂ ਨੇ ਰਲ ਕੇ ਪੂਰੀ ਰੂਹ ਨਾਲ ਪਕਵਾਨ ਬਣਾਏ । ਭਾਫਾਂ ਨਿਕਲ ਰਹੀਆਂ ਸਨ । ਖ਼ੁਸ਼ਬੂਆਂ ਉੱਡ ਰਹੀਆਂ ਸਨ । ਭੁੱਖ ਚਮਕ ਰਹੀ ਸੀ । ਜੱਟ ਜੋਤਰਾ ਲਾ ਕੇ ਆ ਗਿਆ । ਵਿਹੜੇ ਦੀ ਇਕ ਨੁੱਕਰੇ ਹਲ ਪੰਜਾਲੀ ਟਿਕਾਈ । ਚੌਂਕੇ ਤੋਂ ਥੋੜ੍ਹੀ ਦੂਰ ਖੜ੍ਹ ਕੇ ਜੁੱਤੀ ਇਸ ਤਰ੍ਹਾਂ ਝਾੜੀ ਕਿ ਉਹ ਸਿੱਧੀ ਖੀਰ ਵਾਲੇ ਪਤੀਲੇ ਨੂੰ ਆ ਵੱਜੀ । ਜੱਟ 'ਓ...ਹੋ...ਹੋ' ਕਰਦਾ ਮਾਫ਼ੀ ਜੇਹੀ ਮੰਗਣ ਲੱਗਾ ਪਰ ਉਹ ਦੋਏਂ 'ਸਤਿਆਨਾਸ' ਕਹਿੰਦੇ ਭੁੱਖੇ ਢਿੱਡ ਆਪਣੇ ਘਰ ਚਲੇ ਗਏ । ਜੱਟ ਤੇ ਜੱਟੀ ਖੁਸ਼ ਸਨ । ਉਨ੍ਹਾਂ ਦੀ ਸਕੀਮ ਕਾਮਯਾਬ ਹੋ ਗਈ ਸੀ । ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਬਾਹਮਣ ਰਸੋਈਏ ਬਹੁਤ ਵਧੀਆ ਹੁੰਦੇ ਹਨ ।

ਕ) ਚਿੜੀ ਦੀ ਜੀਭ ਮੰਦਿਰ ਦੇ ਭੰਡਾਰ ਵਿਚ ਆਟਾ ਛਾਨਣ ਤੋਂ ਲੈ ਕੇ ਰੋਟੀ ਤਵੇ ਉੱਤੇ ਪਾਉਣ ਤੱਕ ਸਾਰਾ ਕੰਮ ਮਹਿਰੇ ਕਰਦੇ ਹਨ ਪਰ ਖਵਾਉਣ ਪਰੋਸਣ ਦੀ ਡਿਊਟੀ ਬਾਹਮਣਾਂ ਕੋਲ ਹੁੰਦੀ ਹੈ । ਇਕ ਦਿਨ ਚੌਲਾਂ ਦਾ ਪੁਲਾਉ ਬਣਿਆ । ਮਹੰਤ ਹੁਰਾਂ ਪੁੱਛਿਆ,

''ਚਾਵਲ ਕੈਸੇ ਬਨੇ ਹੈਂ? ''
''ਚਿੜੀ ਦੀ ਜੀਭ ਵਰਗੇ ।'' ਪੰਡਤ ਅਮੀ ਚੰਦ ਰਸੋਈਏ ਨੇ ਜਵਾਬ ਦਿੱਤਾ ।
''ਫੇਂਕ ਦੋ ।'' ਮਹੰਤ ਨੇ ਕਿਹਾ ।
''ਜੀ ਮਹਾਰਾਜ'' ਕਹਿ ਕੇ ਉਹਨੇ ਸਾਰੇ ਚੌਲ ਆਪਣੇ ਘਰ ਲਿਆ ਸੁੱਟੇ ।

ਖ) ਜੱਟ ਪਰੋਹਤ

ਮਹੰਤ ਦਵਾਰਕਾ ਦਾਸ ਦੀ ਕਿਸੇ ਮੌਕੇ ਹਰਨਾਮ ਸਿੰਘ ਜੱਟ ਨੇ ਮਾੜੀ ਮੋਟੀ ਮਦਦ ਓਦੋਂ ਕੀਤੀ ਸੀ ਜਦੋਂ ਹਾਲੇ ਉਹ ਗੱਦੀ ਦਾ ਮਹੰਤ ਨਹੀਂ ਸੀ ਬਣਿਆ । ਮਹੰਤ ਬਣ ਕੇ ਉਹਨੇ ਪਿਆਰ ਵਾਲਾ ਧਰਮ ਨਿਭਾਇਆ । ਜਦੋਂ ਜੀਅ ਕਰਦਾ ਸੱਦ ਲੈਂਦਾ । ਪੂਰੀ ਸੇਵਾ ਕਰਦਾ । ਇਕ ਵਾਰੀ ਸਰਾਧਾਂ ਵਿਚ ਬੁਲਾ ਲਿਆ । ਆਪਣੇ ਸਾਹਮਣੇ ਬਿਠਾ ਲਿਆ, ''ਹਰਨਾਮ ਸਿੰਘ! ਆਜ ਤੂ ਖਾ । ਮੈਂ ਖਿਲਾਊਂਗਾ ।'' ਜਦੋਂ ਹਰਨਾਮ ਸਿੰਘ 'ਬਸ' ਕਹਿੰਦਾ ਤਾਂ 'ਏਕ ਕੜਛੀ ਕੇ ਦਸ ਰੁਪਏ ਮਿਲੇਂਗੇ ।' 'ਬਸ ਬਸ' ਕਹਿੰਦਿਆਂ 'ਅਗਲੀ ਕੜਛੀ ਕੇ ਬੀਸ...ਤੀਸ...' ਰੇਟ ਵਧਦਾ ਜਾਂਦਾ । ਵੇਖਣ ਵਾਲੇ ਹੱਸੀ ਜਾਂਦੇ । ਖੀਰ ਤੋਂ ਹਟ ਕੇ ਗੁਲਾਬ ਜਾਮਣਾਂ ਦਾ ਦੌਰ ਚੱਲ ਪੈਂਦਾ । ਦੰਦ ਘਸਾਈ ਦੀ ਰਕਮ ਵੀ ਵਧਦੀ ਜਾਂਦੀ । ਹਰਨਾਮ ਸਿੰਘ ਖਾਈ ਜਾਂਦਾ ਨਾਲੇ ਕੰਨਾਂ ਨੂੰ ਹੱਥ ਲਾਈ ਜਾਂਦਾ ।

''ਬ੍ਰਾਹਮਣ ਤੋ ਖਾਤੇ ਹੀ ਰਹਿਤੇ ਹੈਂ । ਕਭੀ ਕਿਸੀ ਜੱਟ ਕੋ ਭੀ ਪਰੋਹਤ ਬਨਨੇ ਕਾ ਮੌਕਾ ਮਿਲਨਾ ਚਾਹੀਏ । .. ਕਿਉਂ ਹਰਨਾਮ ਸਿੰਘ!''
ਮਹੰਤ ਪੁੱਛਦਾ ਪਰ ਹਰਨਾਮ ਸਿੰਘ ਉਦੋਂ ਤੱਕ ਬੋਲਣ ਦੀ ਹਾਲਤ ਵਿਚ ਹੀ ਕਿੱਥੇ ਹੁੰਦਾ ਸੀ!

ਗ) ਜਾਹ ਮੰਗਤਿਆ!

ਚੰਡੀਗੜ੍ਹ ਨੌਕਰੀ ਲੱਗਣ ਪਿੱਛੋਂ ਪਹਿਲੀ ਵਾਰੀ ਪਿੰਡ ਛੁੱਟੀ ਗਿਆ ਤਾਂ ਮਾਂ ਇਕ ਮੰਗਣ ਵਾਲੇ ਨੂੰ ਛੱਜ ਭਰ ਕੇ ਦਾਣੇ ਪਾਉਣ ਲੱਗੀ । ਮੈਂ ਰੋਕ ਦਿੱਤਾ । ਦਾਣੇ ਵਾਪਸ ਬੋਰੀ ਵਿਚ ਪਲਟ ਦਿੱਤੇ । ਮਾਂ ਨੇ ਬੜਾ ਕਿਹਾ, ''ਵਿਚਾਰਾ ਆਸ ਉਮੀਦ ਨਾਲ ਆਉਂਦੈ । ਬਹੁਤੇ ਘਰਾਂ ਵਿਚ ਨਹੀਂ ਜਾਂਦਾ । ਢਿੱਡ ਦੀ ਅੱਗ ਬੁਝਾਉਣ ਲਈ ਟੱਕਰਾਂ ਮਾਰਦੈ, ਨਹੀਂ ਤਾਂ ਕੀਹਦਾ ਮੰਗਣ ਨੂੰ ਜੀਅ ਕਰਦੈ! ਭੁੱਖ ਬੰਦੇ ਤੋਂ ਕਈ ਕੁਝ ਕਰਾਉਂਦੀ ਐ । ਤੂੰ ਚੰਗਾ ਨਹੀਂ ਕੀਤਾ । ਗ੍ਰਹਿਸਥੀ ਨੂੰ ਦਇਆ ਧਰਮ ਨਹੀਂ ਛੱਡਣਾ ਚਾਹੀਦਾ ।'' ... ਮੈਂ ਮਾਂ ਦੀ ਇਕ ਨਾ ਸੁਣੀ ਪਰ ਉਸ ਹੱਟੇ-ਕੱਟੇ ਮੰਗਤੇ ਨੂੰ ਕਈ ਸੁਣਾ ਦਿੱਤੀਆਂ ।

ਅਗਲੀ ਵਾਰੀ ਛੁੱਟੀ ਗਿਆ ਤਾਂ ਮਾਂ ਨੇ ਦੱਸਿਆ, ''ਜੀਹਨੂੰ ਤੂੰ ਓਦਣ ਖ਼ਾਲੀ ਮੋੜ ਦਿੱਤਾ ਸੀ ਨਾ, ਹੁਣ ਓਦਣ ਦਾ ਉਹ ਮੰਗਣ ਨਹੀਂ ਆਇਆ । ਛੱਜ ਬਣਾ ਕੇ ਵੇਚਣ ਲੱਗ ਪਿਆ ਹੈ ।''

••••••

7. ਗਿੱਲਾ ਪੀਹਣ

ਦੁੱਖਾਂ ਦਾ ਕੋਈ ਅੰਤ ਨਹੀਂ । ਪੀੜਾਂ ਬੇਸ਼ੁਮਾਰ ਨੇ । ਕਿਸੇ ਨਾਲ ਵੀ ਥੋੜ੍ਹੀ ਜਿਹੀ ਹਮਦਰਦੀ ਜਤਾ ਕੇ ਵੇਖ ਲਉ, ਅਗਲਾ ਫਿਸ ਪਏਗਾ । ਲੱਗੇਗਾ ਜਿਵੇਂ ਕੁੱਲ ਜਹਾਨ ਦੇ ਦੁੱਖ ਇਸ ਇਕੱਲੇ ਦੀ ਝੋਲੀ ਪੈ ਗਏ ਨੇ । ਇਹ ਕਿੱਡੇ ਵੱਡੇ ਗਮਾਂ ਦੇ ਪਹਾੜ ਹੇਠਾਂ ਦੱਬਿਆ ਪਿਆ ਹੈ । ਇਹਦਾ ਲੂੰਲੂੰ ਪੀੜ ਪੁਰੱਚਾ ਹੈ । ਰੱਬ ਨੇ ਇਹਦੇ ਨਾਲ ਰੱਜ ਕੇ ਬੇਇਨਸਾਫ਼ੀ ਕੀਤੀ ਹੈ । ਕਿਸੇ ਸੰਗੀ-ਸਾਥੀ ਰਿਸ਼ਤੇਦਾਰ ਨੇ ਇਹਦੀ ਬਾਂਹ ਨਹੀਂ ਫੜੀ । ਇਹਦੇ ਨਾਲ ਕਿਸੇ ਨੇ ਨੇਕੀ ਨਹੀਂ ਕਮਾਈ । ਇਹਦੀ ਮਿਹਨਤ ਤੇ ਇਮਾਨਦਾਰੀ ਕੋਈ ਰੰਗ ਨਹੀਂ ਲਿਆਈ । ਉਹਦੀਆਂ ਸੁਣ ਸੁਣ ਬੰਦਾ ਬੋਰ ਹੋਜੇਗਾ ।

ਕਿਸੇ ਹੋਰ ਮੌਕੇ ਉਸੇ ਸ਼ਖ਼ਸ ਨਾਲ ਤੁਸੀਂ ਗੱਲਬਾਤ ਦਾ ਰਉਂ ਬਦਲ ਕੇ ਵੇਖੋ । ਉਹਦੀ ਕਿਸੇ ਨਿੱਕੀ ਜਿਹੀ ਖੁਸ਼ੀ ਨੂੰ ਵਡਿਆਓ । ਉਹਦੀ ਕਿਸੇ ਨਗੂਣੀ ਜਿਹੀ ਪ੍ਰਾਪਤੀ ਨੂੰ ਪ੍ਰਸੰਸਾ ਨਾਲ ਲਿਸ਼ਕਾਉ । ਥੋੜ੍ਹੀ ਜਿਹੀ ਕੋਸ਼ਿਸ਼ ਨਾਲ ਉਹ ਤੁਹਾਡੇ ਰੰਗ ਵਿਚ ਰੰਗਿਆ ਜਾਏਗਾ । ਆਪਣੀ ਜ਼ਿੰਦਗੀ ਦੀਆਂ ਕਈ ਰੰਗ ਬਰੰਗੀਆਂ ਸੁਣਾਇਗਾ । ਖੱਟੀਆਂਮਿੱਠੀਆਂ ਸੁਣਾਉਣ ਵਿਚ ਉਹਨੂੰ ਮਜ਼ਾ ਆਇਗਾ । ਹੱਸੇਗਾ ਹਸਾਇਗਾ । ... ਉਹਦੀਆਂ ਸੁਣ ਸੁਣ ਕੇ ਬੰਦਾ ਹੋਰ ਦਾ ਹੋਰ ਹੋਜੇਗਾ । ਜ਼ਿੰਦਗੀ ਵਿਚ ਸਭ ਕੁਝ ਹੁੰਦਾ ਹੈ । ਚੋਣ ਬੰਦੇ ਦੀ ਆਪਣੀ ਹੁੰਦੀ ਹੈ । ਕੀ ਫੜਨਾ ਹੈ ; ਕੀ ਛੱਡਣਾ ਹੈ; ਕਿਸ ਤੋਂ ਬੇਨਿਆਜ਼ ਰਹਿਣਾ ਹੈ । ਜੋ ਕੁਝ ਦੱਸੋਗੇ ਉਹੀ ਜ਼ਾਹਿਰ ਹੋਣਾ ਹੈ । ਬਾਕੀ ਸਭ ਰਾਜ਼ ਰਹਿਣਾ ਹੈ ।

ਸ਼ਬਦਾਂ ਵਿਚ ਅਥਾਹ ਸ਼ਕਤੀ ਹੁੰਦੀ ਹੈ । ਇਹ ਮੰਤਰ ਰੂਪ ਹੁੰਦੇ ਨੇ । ਮੰਤਰ ਦੀ ਸਿੱਧ ਪੁੱਠ ਹੁੰਦੀ ਹੈ । ਜੇ ਇਸ ਨੂੰ ਸਿੱਧ ਨਾ ਕੀਤਾ ਹੋਵੇ ਤਾਂ ਪੁੱਠਾ ਪੈ ਜਾਂਦਾ ਹੈ । ਅਗਲਾ ਹੋਰ ਦਾ ਹੋਰ ਅਰਥ ਲੈ ਜਾਂਦਾ ਹੈ । ਗੱਲ ਜਦੋਂ ਗਾਲ੍ਹ ਬਣ ਜਾਏ ਤਾਂ ਅਨਰਥ ਹੋ ਜਾਂਦਾ ਹੈ । ਅਨਰਥ ਨੂੰ ਕੋਈ ਨਹੀਂ ਸਹਿੰਦਾ । ਗਿੱਲੇ ਪੀਹਣ ਲਾਗੇ ਕੋਈ ਨਹੀਂ ਬਹਿੰਦਾ ।

ਬੰਦੇ ਦਾ ਬੰਦਾ ਦਾਰੂ ਹੁੰਦਾ ਹੈ । ਜੇ ਇਸ ਮੰਤਰ ਦੀ ਸਮਝ ਆ ਜਾਵੇ ਤਾਂ ਦੁੱਖ ਦੇਵਤੇ ਬਣ ਜਾਂਦੇ ਨੇ । ਪੀੜਾਂ ਪਰੀਆਂ ਹੋ ਜਾਂਦੀਆਂ ਨੇ । ਚਾਵਾਂ ਉੱਤੇ ਜੰਮੀ ਹੋਈ ਬਰਫ ਪਿਘਲਣ ਲੱਗਦੀ ਹੈ । ਦ੍ਰਿਸ਼ਟੀ ਬਦਲਣ ਨਾਲ ਸ੍ਰਿਸ਼ਟੀ ਬਦਲਣ ਲੱਗਦੀ ਹੈ । ਹਰ ਕੋਈ ਆਪਣਾ ਲੱਗਣ ਲੱਗਦਾ ਹੈ । ਕੋਈ ਵੈਰੀ ਨਹੀਂ ਰਹਿੰਦਾ । ਕੋਈ ਬਿਗਾਨਾ ਨਹੀਂ ਰਹਿੰਦਾ । ਰੋਣੇ ਰੋਣ ਦਾ ਕੋਈ ਬਹਾਨਾ ਨਹੀਂ ਰਹਿੰਦਾ ।

ਰਾਜਨ ਨੂੰ ਇਹ ਹੁਨਰ ਆਉਂਦਾ ਸੀ । ਉਹਨੂੰ ਬਸ ਦੋ ਹੀ ਐਬ ਸਨ । ਆਤਮਾ ਰਾਮ ਨੂੰ ਧੂਫ ਦੀਪ ਦੇਣਾ ਅਤੇ ਤਬਲੇ 'ਤੇ ਆਟਾ ਲਾਉਣਾ । ਜਦੋਂ ਮੌਜ ਆਈ ਨਿਕਾ ਜਿਹਾ ਖੰਘੂਰਾ ਮਾਰ ਕੇ ਚਿੱਤ ਟਿਕਾਣੇ ਲਿਆਉਣਾ ਤੇ ਮਸਤ ਹੋ ਕੇ ਗਾਉਣਾ :

ਕੱਚੇ ਕੋਠਿਆਂ ਨੂੰ ਜੇਕਰ ਲਿੰਬੀਏ ਨਾ,
ਆਖ਼ਰ ਢਹਿੰਦਿਆਂ ਢਹਿੰਦਿਆਂ ਢਹਿ ਜਾਂਦੇ ।
ਟੁੱਟੇ ਦਿਲਾਂ ਨੂੰ ਅਗਰ ਮਿਲਾਵੀਏ ਨਾ,
ਪਾੜੇ ਪੈਂਦਿਆਂ ਪੈਂਦਿਆਂ ਪੈ ਜਾਂਦੇ ।
ਚੁਗਲਖੋਰ ਨਾ ਚੁਗਲੀਉਂ ਬਾਜ਼ ਆਉਂਦੇ,
ਗੱਲ ਕਹਿੰਦਿਆਂ ਕਹਿੰਦਿਆਂ ਕਹਿ ਜਾਂਦੇ ।

ਗੱਲਾਂ ਤੇ ਰਾਜਨ ਬੜੀਆਂ ਸੁਣਾਉਂਦਾ ਹੁੰਦਾ ਸੀ ਪਰ ਅੱਜ ਮੈਂ ਓਹੀ ਸੁਣਾਵਾਂਗਾ ਜਿਹੜੀਆਂ ਐਸ ਵੇਲੇ ਬਾਹਰ ਆਉਣ ਲਈ ਕਾਹਲੀਆਂ ਨੇ:

ੳ) ਮੇਲਾ

ਬਟਾਲੇ ਮੇਲਾ ਭਰਿਆ ਸੀ, ਬਾਬੇ ਦਾ ਵਿਆਹ । ਅੰਤਾਂ ਦੀ ਭੀੜ । ਵੰਨਸੁਵੰਨੇ ਲੋਕ । ਇਕ ਭਲਵਾਨ ਨਜ਼ਾਰੇ ਲੈਂਦਾ ਤੁਰਿਆ ਜਾਏ । ਅਮਲੀ ਵੱਜਾ ਉਹਦੇ ਵਿਚ । ਉਹਨੇ ਬਾਹੋਂ ਫੜ ਕੇ ਲਾਂਭੇ ਕੀਤਾ ਤੇ ਆਖਿਆ : "ਭਾਊ ਧਿਆਨ ਨਾਲ ਤੁਰ ।" ਉਹ ਅੱਗੋਂ ਕੁੱਦ ਕੇ ਪਿਆ ਅਖੇ : 'ਤੇਰੇ ਪਿਓ ਦੀ ਜ਼ਮੀਨ ਐ? ਮੈਂ ਜਿਵੇਂ ਮਰਜ਼ੀ ਤੁਰਾਂ । ਤੂੰ ਕੌਣ ਹੁੰਨੈ ਰੋਕਣ ਟੋਕਣ ਵਾਲਾ?' ਭਲਵਾਨ ਨੇ ਚੰਡ ਮਾਰੀ । ਅਹੁ ਜਾ ਕੇ ਡਿੱਗਾ ਡੂਢ ਮੀਲ 'ਤੇ । ਭੱਜ ਕੇ ਫੇਰ ਓਥੇ ਈ ਆ ਗਿਆ ਅਖੇ : 'ਪਹਿਲਾਂ ਤਾਂ ਬੇਧਿਆਨੇ ਨੂੰ ਮਾਰ ਗਿਆ । ਹੁਣ ਮਾਰ ਕੇ ਦੱਸ । ਵੇਖਾਂ ਤੈਨੂੰ ਵੱਡੇ ਸਾਨ੍ਹ ਨੂੰ ।' ... ਭਲਵਾਨ ਨੇ ਦੂਜੇ ਕੰਨ ਲਾਗੇ ਛੱਡ ਦਿੱਤੀ । ਲੱਗਾ ਲੋਟਣੀਆਂ ਖਾਣ । ਪਰ ਮਾੜਾ ਜਿਹਾ ਸੰਭਲ ਕੇ ਫੇਰ ਉਹਦੇ ਮੂਹਰੇ ਅੜ ਖਲੋਤਾ । ... ਲੋਕੀਂ ਤਮਾਸ਼ਾ ਵੇਖ ਰਹੇ ਸਨ । ਪੰਜ ਸੱਤ ਸ਼ਿਫਟਾਂ ਲਾ ਕੇ ਭਲਵਾਨ ਨੇ ਅਮਲੀ ਨੂੰ ਪਰੇ ਧੱਕਾ ਦਿੱਤਾ ਤੇ ਹੱਥ ਝਾੜਦਾ ਹੋਇਆ ਬੋਲਿਆ, ''ਦਫਾ ਵੀ ਹੋ ਪਰ੍ਹਾਂ । ਮੈਂ ਘਰੋਂ ਮੇਲਾ ਵੇਖਣ ਆਇਆਂ । ਹੁਣ ਮੈਂ ਮੇਲਾ ਵੇਖਾਂ ਕਿ ਬਸ ਤੈਨੂੰ ਈ ਕੁੱਟਦਾ ਰਵ੍ਹਾਂ?''

ਅ) ਤਵਾ

ਸੁਹਰੇ ਘਰ ਜਵਾਈ ਆਇਆ । ਨਾਲ ਸੀ ਮਿਰਾਸੀ । ਘਰਦਿਆਂ ਨੇ ਜਵਾਈ ਦੀ ਸੇਵਾ ਕਰਨੀ ਹੀ ਸੀ । ਉਹਦੇ ਲਈ ਕਣਕ ਦੇ ਫੁਲਕੇ ਬਣਾਏ । ਬਾਕੀ ਟੱਬਰ ਲਈ ਮੱਢਲ ਦੇ ਢੋਡੇ । ਮਿਰਾਸੀ ਨੂੰ ਖੁਸ਼ ਕਰਨ ਲਈ ਮੱਢਲ ਦੇ ਢੋਡੇ ਉੱਤੇ ਕਣਕ ਦਾ ਇਕ ਫੁਲਕਾ ਵੀ ਧਰ ਦਿੱਤਾ । ਘਰ ਦੀ ਸਵਾਣੀ ਥਾਲੀ ਧਰ ਕੇ ਜਾਣ ਲੱਗੀ ਤਾਂ ਮਿਰਾਸੀ ਨੇ ਫੁਲਕਾ ਇਕ ਹੱਥ ਵਿਚ ਫੜ ਕੇ ਦੂਜੇ ਹੱਥ ਨਾਲ ਥਾਲੀ ਉਹਦੇ ਵੱਲ ਵਧਾ ਦਿੱਤੀ । ਅਖੇ :

'ਪ੍ਰਭਾਣੀ! ਆਹ ਤੇ ਮੋੜ ਕੇ ਲੈਜਾ । ਗਲਤੀ ਨਾਲ ਤਵਾ ਵੀ ਫੁਲਕੇ ਦੇ ਨਾਲ ਈ ਆ ਗਿਆ ਲੱਗਦੈ ।' ਅਗਲਿਆਂ ਨੂੰ ਉਹਦੇ ਲਈ ਵੀ, ਔਖਿਆਂ ਸੌਖਿਆਂ, ਕਣਕ ਦੇ ਫੁਲਕੇ ਲਾਹੁਣੇ ਪਏ, ਨਵੇਂ ਸਿਰਿਉਂ ।

ੲ) ਮਾਫ਼ ਕਰ ਬਾਬਾ !

ਜਨਾਨੀ ਮੰਦਰੋਂ ਹੋ ਕੇ ਆਈ । ਵਾਪਸੀ 'ਤੇ ਉਹਨੇ ਆਪਣੀ ਗਲੀ ਵਲੋਂ ਆਉਂਦਾ ਇਕ ਮੰਗਤਾ ਵੇਖਿਆ । ਬੋਲੀ :

? ਬਾਬਾ! ਇਸ ਗਲੀ 'ਚੋਂ ਹੋ ਆਇਐਂ
ਹਾਂ ਬੀਬੀ! ਹੋ ਆਇਆਂ

? ਨੀਲੇ ਗੇਟ ਵਾਲੇ ਘਰ ਗਿਆ ਸੈਂ
ਗਿਆ ਸਾਂ

? ਖੈਰ ਪਈ ਕਿ ਨਾ
ਖੈਰ ਨਹੀਂ ਕਿਸੇ ਪਾਈ । ਇਕ ਬੀਬੀ ਕਹਿੰਦੀ ਸੀ: ਮਾਫ਼ ਕਰ ਬਾਬਾ!

? ਚੱਲ ਆ ਮੇਰੇ ਨਾਲ । ਮੈਂ ਵੇਖਦੀ ਆਂ...
ਘਰ ਪਹੁੰਚ ਕੇ ਜਨਾਨੀ ਅੰਦਰ ਚਲੇ ਗਈ । ਮੰਗਤਾ ਬਾਹਰ ਖੜ੍ਹਾ ਰਿਹਾ ।
ਪੰਜਾਂ ਸੱਤਾਂ ਮਿੰਟਾਂ ਪਿੱਛੋਂ ਆ ਕੇ ਆਂਹਦੀ:

? ਬਾਬਾ! ਮਾਫ਼ ਕਰ
ਬੀਬੀ! ਮੈਂ ਤੇ ਪਹਿਲਾਂ ਈ ਮਾਫ਼ ਕਰਕੇ ਤੁਰ ਗਿਆ ਸਾਂ । ਤੂੰ ਆਪ ਤਾਂ ਮੋੜ ਕੇ ਲਿਆਈ ਏਂ ਤੇ ਹੁਣ ਆਹਨੀ ਏਂ ਪਈ ਮਾਫ਼ ਕਰ । ਇਹ ਕੀ ਗੱਲ ਹੋਈ ।

? ਗੱਲ ਕਿਉਂ ਨਾ ਹੋਈ । ਤੂੰ ਆਪ ਸਿਆਣੈ । ਖ਼ੁਦ ਫੈਸਲਾ ਕਰ । ... ਮੈਂ ਗਈ ਸਾਂ ਮੰਦਰ । ਘਰ ਸੀ ਮੇਰੀ ਨੂੰਹ । ... ਖੈਰ ਪਾਵਾਂ ਮੈਂ । ਨਾ ਪਾਵਾਂ ਮੈਂ । ਉਹ ਕੌਣ ਹੁੰਦੀ ਐ ਨਾਂਹ ਕਰਨ ਵਾਲੀ ।

ਸ) ਤਵੀਤ

ਇਕ ਨੂੰ ਹ ਆਪਣੀ ਸੱਸ ਤੋਂ ਬੜੀ ਤੰਗ ਸੀ । ਸਭ ਕੁਝ ਕਰ ਕਰਾ ਕੇ ਵੇਖ ਲਿਆ । ਅਖ਼ੀਰ ਕਿਸੇ ਨੇ ਇਕ ਸਿਆਣੇ ਦੀ ਦੱਸ ਪਾਈ । ਜਾ ਕੇ ਆਪਣੀ ਅਹੁਰ ਦੱਸੀ । ਉਹਨੇ ਅੱਗੋਂ ਇਕ ਨਿੱਕੇ ਜਿਹੇ ਵਰਕੇ ਉੱਤੇ ਕੁਝ ਲਿਖ ਕੇ ਪੁੜੀ ਜਿਹੀ ਬਣਾਈ ਤੇ ਫੜਾ ਕੇ ਕਹਿੰਦਾ, 'ਇਹਨੂੰ ਚਾਂਦੀ ਜਾਂ ਤਾਂਬੇ ਦੇ ਤਵੀਤ ਵਿਚ ਮੜ੍ਹਾ ਲਈਂ ਸੁਨਿਆਰੇ ਤੋਂ । ਰੱਖੀਂ ਹਰ ਵੇਲੇ ਆਪਣੇ ਕੋਲ । ਜਦੋਂ ਵੀ ਤੇਰੀ ਸੱਸ ਉੱਚਾ ਨੀਵਾਂ ਬੋਲੇ ਤੂੰ ਇਸ ਤਵੀਤ ਨੂੰ ਆਪਣੇ ਦੰਦਾਂ ਵਿਚ ਦੱਬ ਲਈਂ । ਉਹ ਜਿਉਂਜਿਉਂ ਬੋਲੇ ਤੂੰ ਤਿਉਂਤਿਉਂ ਇਹਨੂੰ ਦਬਾਈ ਜਾਈਂ । ਹਫ਼ਤੇ ਵਿਚ ਫ਼ਰਕ ਦਾ ਪਤਾ ਲੱਗ ਜਾਏਗਾ । ਜੇ ਕੋਈ ਕਸਰ ਰਹਿ ਗਈ ਤਾਂ ਅਗਲੇ ਹਫ਼ਤੇ ਫੇਰ ਆ ਜਾਈਂ । ਕੋਈ ਹੋਰ ਹੀਲਾ ਕਰਾਂਗੇ ।' ਫੀਸ ਵਸੂਲ ਕਰ ਲਈ । ਹਫ਼ਤੇ ਪਿੱਛੋਂ ਉਹ ਉਸ ਸਿਆਣੇ ਕੋਲ ਫੇਰ ਗਈ । ਪਰ ਕੱਲੀ ਨਹੀਂ । ਸੱਸ ਵੀ ਉਹਦੇ ਨਾਲ ਸੀ । ਦੋਵੇਂ ਖੁਸ਼ ਸਨ ।

ਦੋਵੇਂ ਵਾਰੀਵਾਰੀ ਅੰਦਰ ਗਈਆਂ । ਨੋਟ ਰੱਖ ਕੇ ਮੱਥਾ ਟੇਕਿਆ । ਹੱਸਦੀਆਂ ਮੁੜੀਆਂ । ਗੱਲ ਵਿਚੋਂ ਇਹ ਸੀ ਕਿ ਸੱਸ ਪਹਿਲਾਂ ਸਿਆਣੇ ਕੋਲੋਂ ਹੋ ਆਈ ਸੀ ਤੇ ਉਹਦੀ ਸਲਾਹ ਨਾਲ ਹੀ, ਕਿਸੇ ਤੋਂ ਕਹਾ ਕੇ, ਉਹਨੇ ਆਪਣੀ ਨੂੰ ਹ ਨੂੰ ਉੱਥੇ ਘਲਾਇਆ ਸੀ । ਹੁਣ ਦੱਸੋ ਪਈ ਜੇ ਸਾਡੇ ਵਰਗੇ ਮੂਰਖ ਨਾ ਹੋਣ ਤਾਂ ਇਨ੍ਹਾਂ ਸਿਆਣਿਆਂ ਨੂੰ ਕੌਣ ਪੁੱਛੇ?

ਹ) ਸਬੂਤ

ਜਜਮਾਨ ਨੇ ਮਹਿਰੇ ਨੂੰ ਭਾਜੀ ਦੇ ਕੇ ਘੱਲਿਆ ਕੁੜਮਾਂ ਦੇ । ਭਾਜੀ ਲੱਦ ਕੇ ਵਹਿੰਗੀ ਮੋਢੇ ਧਰੀ ਤੇ ਤੁਰ ਪਿਆ । ਲੰਮਾ ਪੈਂਡਾ ਸੀ । ਬੁੜ੍ਹਕਦਾ ਤੁਰਿਆ ਗਿਆ । ਖੌਪੀਏ ਪੁੱਜਾ । ਭੁੱਖ ਨਾਲ ਅਧਮੋਇਆ ਹੋਇਆ ਪਿਆ ਸੀ । ਰੋਟੀ ਖਾਏ ਤੇ ਹੋਰ ਮੰਗੀ ਜਾਏ । ਉਹ ਨੱਕਮੂੰਹ ਵੱਟ ਕੇ ਦੇਈ ਗਏ । ਅਗਲੇ ਦਿਨ ਸਵੱਖਤੇ ਹੀ ਉਨ੍ਹਾਂ ਵਾਪਸ ਤੋਰ ਦਿੱਤਾ ਤੇ ਤੁਰਨ ਵੇਲੇ ਇਕ ਰੁੱਕਾ ਦਿੱਤਾ ਅਖੇ ਜਾ ਕੇ ਦੇ ਦੇਈਂ । ਸੁੱਖ ਸਾਂਦ ਲਿਖੀ ਐ । ਰਾਹ ਵਿਚ ਕਿਤੇ ਰੁਕਿਆ ਨਾ । ਵਹਿੰਗੀ ਖ਼ਾਲੀ ਸੀ । ਹੌਲੇ ਭਾਰ ਉਡਦਾ ਆਇਆ । ਜਦੋਂ ਰੁੱਕਾ ਅਗਲਿਆਂ ਨੂੰ ਦਿੱਤਾ ਤਾਂ ਪੜ੍ਹ ਕੇ ਜਜਮਾਨ ਬੋਲਿਆ, ''ਕਿਉਂ ਪੈਂਚਾ । ਤੂੰ ਸੋਲਾਂ ਰੋਟੀਆਂ ਖਾ ਗਿਆ? ਏਡਾ ਕੀ ਭੋਖੜਾ ਪੈ ਗਿਆ ਸੀ ਤੈਨੂੰ?'' ਪੈਂਚ ਨੇ ਆਪਣੀ ਪੱਗ ਦੇ ਲੜ ਨਾਲੋਂ ਰੋਟੀ ਖੋਲ੍ਹੀ ਤੇ ਹਿਲਾ ਹਿਲਾ ਕੇ ਕਹਿੰਦਾ, ''ਸੋਲਾਂ ਨਹੀਂ ਪੰਦਰਾਂ ਖਾਧੀਆਂ ਸੀ ਜਜਮਾਨ! ਇਕ ਤਾਂ ਮੈਂ ਸਾਂਭ ਲਈ ਸੀ ਸਬੂਤ ਲਈ । ... ਆਹ ਵੇਖ ਲੈ, ਗਰਾਹੀ ਗਰਾਹੀ ਦੀਆਂ ਟਿੱਕੀਆਂ ਸਨ । ਇਨ੍ਹਾਂ ਨੂੰ ਰੋਟੀਆਂ ਕਿਹੜਾ ਕੰਜਰ ਕਹੂ?''

ਕ) ਮਾਚਸ ਦੀਆਂ ਤੀਲ੍ਹਾਂ

ਮਾਚਸਾਂ ਦਾ ਕਾਰਖ਼ਾਨਾ ਸੀ ਬੜਾ ਵੱਡਾ । ਕਹਿੰਦੇ ਨੇ ਉਹਦੇ ਮਾਲਕਾਂ ਨੇ ਅਖ਼ਬਾਰ ਵਿਚ ਮੈਨੇਜਰ ਦੀ ਨੌਕਰੀ ਲਈ ਇਸ਼ਤਿਹਾਰ ਕੱਢਿਆ । ਸ਼ਰਤ ਇਹ ਰੱਖੀ ਕਿ ਰੱਖਾਂਗੇ ਉਹਨੂੰ ਜਿਹੜਾ ਪ ੜ੍ਹਿਆ ਸਭ ਤੋਂ ਵੱਧ ਹੋਏ ਤੇ ਤਨਖ਼ਾਹ ਘੱਟ ਤੋਂ ਘੱਟ ਲਏ । ਬੜਿਆਂ ਨੇ ਅਰਜ਼ੀਆਂ ਘੱਲੀਆਂ । ਪੇਸ਼ ਹੋਏ । ਪਰ ਕਿਸੇ ਦੀ ਪੇਸ਼ ਨਾ ਗਈ । ਗੱਲ ਤਨਖ਼ਾਹ 'ਤੇ ਆ ਕੇ ਅੜ ਜਾਂਦੀ । ਅਖ਼ੀਰ ਇਕ ਜਣਾ ਆਇਆ । ਪੂਰੀ ਪੜ੍ਹਾਈ ਕੀਤੀ ਹੋਈ । ਸਾਰੇ ਸਵਾਲਾਂ ਦੇ ਤਾੜ੍ਹ ਤਾੜ੍ਹ ਜਵਾਬ ਦਿੱਤੇ । ਮਾਲਕ ਖੁਸ਼ ਹੋ ਗਏ ਕਿ ਜੇਕਰ ਇਹ ਬੰਦਾ ਸਾਡੇ ਕੋਲ ਆ ਜਾਏ ਤਾਂ ਕਾਰਖ਼ਾਨਾ ਬੜੀ ਤਰੱਕੀ ਕਰੇਗਾ । ਗੱਲ ਤਨਖ਼ਾਹ ਦੀ ਚੱਲੀ ਤਾਂ ਉਹ ਕਹਿੰਦਾ, ''ਵੇਖੋ ਜੀ, ਮੈਨੂੰ ਕੋਈ ਲਾਲਚ ਨਹੀਂ ਪੈਸਿਆਂ ਦਾ । ਮੈਂ ਤਾਂ ਕੰਮ ਕਰਨਾ ਚਾਹੁੰਦਾਂ । ਤਨਖ਼ਾਹ ਮੇਰੀ ਹੋਇਗੀ ਇਸ ਤਰ੍ਹਾਂ ਕਿ ਜਿਸ ਤਰੀਕ ਤੋਂ ਮੈਂ ਕੰਮ 'ਤੇ ਆਉਣਾ ਸ਼ੁਰੂ ਕਰਾਂਗਾ, ਪਹਿਲੇ ਦਿਨ ਲਵਾਂਗਾ ਮਾਚਸ ਦੀ ਇਕ ਤੀਲ੍ਹੀ, ਅਗਲੇ ਦਿਨ ਦੋ, ਤੀਜੇ ਦਿਨ ਚਾਰ, ਚੌਥੇ ਦਿਨ ਅੱਠ... । ਇਸ ਤਰ੍ਹਾਂ ਹਰ ਅਗਲੇ ਦਿਨ ਤੀਲ੍ਹੀਆਂ ਦੂਣੀਆਂ ਹੁੰਦੀਆਂ ਜਾਣਗੀਆਂ । ਤੁਸੀਂ ਇਹ ਹਿਸਾਬ ਇਕ ਕਾਪੀ ਉੱਤੇ ਲਿਖੀ ਜਾਇਉ । ਸਾਲ ਪਿੱਛੋਂ ਤੀਲ੍ਹਾਂ ਦੀ ਜਿੰਨੀ ਕੀਮਤ ਬਣੇ, ਹਿਸਾਬ ਕਰਕੇ ਮੈਨੂੰ ਦੇ ਦਇਉ ।''

ਸਸਤਾ ਸੌਦਾ ਜਾਣ ਕੇ ਮਾਲਕ ਮੰਨ ਗਏ । ਇਹ ਸਭ ਕੁਝ ਲਿਖ ਕੇ ਚਿੱਠੀ ਉਹਨੂੰ ਦੇ ਦਿੱਤੀ । ਪੂਰਾ ਸਾਲ ਉਹਨੇ ਜਾਨ ਲੜਾ ਕੇ ਕੰਮ ਕੀਤਾ । ਇਕ ਵੀ ਛੁੱਟੀ ਨਾ ਲਈ । ਸਾਲ ਪਿੱਛੋਂ ਤਨਖ਼ਾਹ ਦਾ ਹਿਸਾਬ ਲਾਇਆ ਤਾਂ ਮਾਲਕਾਂ ਦੇ ਮੂੰਹ ਅੱਡੇ ਰਹਿ ਗਏ । ਪੂਰਾ ਕਾਰਖ਼ਾਨਾ ਉਹਦੇ ਨਾਂ ਲਾ ਕੇ ਵੀ ਤਨਖ਼ਾਹ ਦੇ ਪੈਸੇ ਪੂਰੇ ਨਾ ਹੋਏ ।

ਖ) ਹੁਣ ਫੜ ਵੀ ਲਉ

ਬੰਦਾ ਪੰਚੈਤ ਦੇ ਫੈਸਲੇ ਤੋਂ ਖੁਸ਼ ਨਹੀਂ ਸੀ । ਉਹਨੂੰ ਇਨਸਾਫ਼ ਨਹੀਂ ਸੀ ਮਿਲਿਆ । ਦੂਜੀ ਧਿਰ ਨੇ ਵਾਧਾ ਕੀਤਾ ਸੀ ਪਰ ਰਸੂਖ਼ ਵਰਤ ਕੇ ਸੌਖੇ ਛੁੱਟ ਗਏ ਸਨ । ਮਾੜਾ ਗਰੀਬ ਕੀ ਕਰਦਾ? ਵਿਚਾਰਾ ਦੰਦ ਕਰੀਚਦਾ ਘਰ ਆਇਆ । ਗੁੱਸੇ ਨਾਲ ਵੱਟ ਖਾਈ ਗਿਆ । ਪਹਿਲਾਂ ਘਰਦੀ ਨੂੰ ਘੂਰਿਆ । ਨਿਆਣਿਆਂ ਨੂੰ ਝਿੜਕਿਆ । ਕੰਧ ਉੱਤੇ ਮੁੱਕੀਆਂ ਮਾਰੀਆਂ । ਅਖ਼ੀਰ ਤੂੜੀ ਵਾਲੇ ਕੋਠੇ 'ਚੋਂ ਜੰਗਾਲ ਦੀ ਮਾਰੀ ਤਲਵਾਰ ਕੱਢ ਲਿਆਇਆ । ਗਲੀ 'ਚੋਂ ਗਤਕਾ ਖੇਡਦਾ ਖੇਡਦਾ ਬਜ਼ਾਰ 'ਚ ਆ ਗਿਆ । ਉਹ ਝੱਗੋ ਝੱਗ ਹੋਇਆ ਗਤਕਾ ਖੇਡੀ ਗਿਆ । ਲੋਕ ਏਧਰ ਓਧਰ ਆਉਂਦੇ ਜਾਂਦੇ ਰਹੇ । ਕਿਸੇ ਨੇ ਉਹਦੇ ਵੱਲ ਧਿਆਨ ਨਾ ਦਿੱਤਾ । ਅਖ਼ੀਰ ਰੋਣ ਹਾਕਾ ਜਿਹਾ ਹੋ ਕੇ ਕਹਿੰਦਾ, ''ਓਏ ਹੁਣ ਮੈਨੂੰ ਫੜ ਵੀ ਲਉ । ਓਦੋਂ ਫੜੋਗੇ ਜਦੋਂ ਪੰਜਾਂ ਸੱਤਾਂ ਨੂੰ ਵੱਢ ਦਿਆਂਗਾ?''

ਗ) ਮੇਲਾ ਆਪੋ ਆਪਣਾ

ਆਪਣਾ ਕੇਸਰ ਸਿੰਘ ਸੀ ਨਾ? ਗਿੰਢੀਆ । ਉਹ ਪਿੰਡ ਦੇ ਕੁਝ ਬੰਦਿਆਂ ਨਾਲ ਡੇਰੇ ਗਿਆ, ਚੋਲੇ ਦਾ ਮੇਲਾ ਵੇਖਣ । ਮੁੜਦਿਆਂ ਨੂੰ ੂ ਬਦਮਾਸ਼ ਪੈ ਗਏ । ਤੁਹਾਨੂੰ ਪਤੈ ਉਹ ਕਬਿੱਤ ਜੋੜਦਾ ਸੀ । ਉਨ੍ਹਾਂ ਨਾਲ ਜੋ ਬੀਤੀ ਉਹ ਆਪ ਸੁਣਾਉਂਦਾ ਹੁੰਦਾ ਸੀ :

ਮੇਲਾ ਵੇਖਣ ਗਏ ਸਾਂ ਡੇਰੇ ।
ਆ ਕੇ ਕਾਹਲਾਂਵਾਲੀ ਘੇਰੇ¨
ਉਨ੍ਹਾਂ ਧੌਣ 'ਚ ਮਾਰੀ ਮੁੱਕੀ¨
ਚਾਦਰ ਸੋਹਣੇ ਹੱਥੋਂ ਛੁੱਟੀ¨
ਸਾਡੀ ਖੋਹ ਲਈ ਮਠਿਆਈ¨
ਜਿਹੜੀ ਧੇਲੀ ਸੇਰ ਆਈ¨ ...

••••••

8. ਕਹਾਣੀ ਵਾਲੀ ਬਾਤ

ਬੇਟੇ ਨੂੰ ਕਹਾਣੀ ਸੁਣਨ ਦਾ ਸ਼ੌਕ ਸੀ । ਸੌਣ ਤੋਂ ਪਹਿਲਾਂ, ਮੇਰੇ ਨਾਲ ਚਿੰਬੜ ਕੇ, ਬੜੇ ਲਾਡ ਨਾਲ ਕਹਿੰਦਾ ਕਹਾਣੀ... । ਕਹਾਣੀ ਮਤਲਬ ਕਹਾਣੀ । ਕਵਿਤਾ ਬਿਲਕੁਲ ਨਹੀਂ । ਉਹ ਕਵਿਤਾ ਵਿਚ ਸੁਣਾਈ ਗਈ ਕਹਾਣੀ ਨੂੰ ਵੀ ਰੱਦ ਕਰ ਦੇਂਦਾ: 'ਨਹੀਂ, ਇਹ ਕਹਾਣੀ ਨਹੀਂ ।' ਸੌਂਦਾਸੌਂਦਾ ਜਾਗ ਪੈਂਦਾ । ਲੱਤਾਂਬਾਹਵਾਂ ਮਾਰਦਾ । ਜ਼ਿਦ ਕਰਦਾ । ਸੁਣ ਕੇ ਹੀ ਛੱਡਦਾ । ਕਹਾਣੀ ਵੀ ਹਰ ਰਾਤ ਨਵੀਂ । ਪੁਰਾਣੀ ਬਿਲਕੁਲ ਨਹੀਂ । ਪਹਿਲਾਂ ਸੁਣੀ ਹੋਈ ਨਾ ਹੋਵੇ । ਜੇ ਕਦੇ ਮੈਂ ਤੋੜਮਰੋੜ ਕੇ ਪੁਰਾਣੀ ਸੁਣਾਉਣ ਲੱਗਦਾ ਤਾਂ ਦੋ ਤਿੰਨ ਹੁੰਗਾਰਿਆਂ ਵਿਚ ਹੀ ਚਲਾਕੀ ਫੜੀ ਜਾਂਦੀ । ਸੌਂਦਾ ਸੌਂਦਾ ਜਾਗ ਪੈਂਦਾ । ਲੱਤਾਂ ਬਾਹਵਾਂ ਮਾਰਦਾ । ਜ਼ਿਦ ਕਰਦਾ । ਸੁਣ ਕੇ ਹੀ ਛੱਡਦਾ । ਨਵੀਂ ।

ਬੇਟੇ ਨੂੰ ਆਦਤ ਤਾਂ ਮੈਂ ਆਪ ਪਾਈ ਸੀ । ਆਦਤ ਉਹਦਾ ਸ਼ੌਕ ਬਣ ਗਈ । ਮੇਰੇ ਲਈ ਸਮੱਸਿਆ ਖੜ੍ਹੀ ਹੋ ਗਈ । ਹਰ ਰੋਜ਼ ਨਵੀਂ ਨਕੋਰ ਕਹਾਣੀ ਕਿੱਥੋਂ ਲਿਆਵਾਂ? ... ਜਦੋਂ ਹੋਰ ਕੋਈ ਹੱਲ ਸਮਝ ਨਾ ਆਇਆ ਤਾਂ ਵੇਲਾ ਟਾਲਣ ਲਈ ਉਹਦੇ ਨਾਲ ਸੰਵਾਦ ਰਚਾਇਆ :

? ਬੇਟਾ, ਤੂੰ ਜ਼ਿਦ ਕਿਉਂ ਕਰਦੈਂ ।
ਤੁਸੀਂ ਸਟੋਰੀ ਸੁਣਾਉ ।

? ਕੱਲ੍ਹ ਸੁਣਾਈ ਤਾਂ ਸੀ ।
-ਅੱਜ ਵੀ ਸੁਣਾਉ ।

? ਏਨੀਆਂ ਸਾਰੀਆਂ ਸੁਣ ਕੇ ਵੀ ਤੈਨੂੰ ਰੱਜ ਨਹੀਂ ਆਇਆ ।
-ਨਹੀਂ ਆਇਆ ।

? ਅੱਛਾ ਦੱਸ, ਕਹਾਣੀਆਂ ਸੁਣਨ ਦਾ ਕੀ ਫਾਇਦਾ ।
-ਫਾਇਦਾ ਹੁੰਦੈ ।

? ਕੀ ਫ਼ਾਇਦਾ ਹੁੰਦੈ ।
-ਮੈਂ ਵੀ ਤਾਂ ਵੱਡੇ ਹੋ ਕੇ ਆਪਣੇ ਬੱਚਿਆਂ ਨੂੰ ਸੁਣਾਉਣੀਆਂ ਨੇ ।

•••

ਵੱਡੇ ਬੇਟੇ ਅੰਸ਼ੂਮਨ ਦਾ ਬੇਟਾ, ਮੇਰਾ ਪੋਤਾ ਆਯੁਸ਼ ਬਦੇਸ਼ ਤੋਂ ਫੋਨ 'ਤੇ ਫਰਮਾਇਸ਼ ਕਰਦਾ ਹੈ : 'ਦਾਦਾ ਜੀ, ਸਟੋਰੀ ਸੁਨਾਉ । ਪਲੀਜ਼!' ਏਧਰ ਉਹਨੂੰ ਕਹਾਣੀ ਸੁਣਨ ਦੀ ਆਦਤ ਪੈ ਗਈ ਸੀ, ਬੇਟੇ ਵਾਂਗ । ਪੀੜ੍ਹੀ ਬਦਲਣ ਨਾਲ ਫ਼ਰਕ ਨਹੀਂ ਪਿਆ । ਦੇਸ ਬਦਲਣ ਨਾਲ ਵੀ ਕੋਈ ਫ਼ਰਕ ਨਹੀਂ ਪਿਆ । ਸੰਵਾਦ ਜਾਰੀ ਹੈ :

? ਸਟੋਰੀ! ਪਲੀਜ਼ ਦਾਦਾ ਜੀ!
- ਬੇਟਾ ਟੈਲੀਫੋਨ 'ਤੇ ਕਿਵੇ...

? ਛੋਟੀ ਸੀ ਸੁਨਾ ਦੋ । ਕੋਈ ਹੰਸੀ ਵਾਲੀ...
- ਬੇਟਾ ਕਹਾਣੀ ਤਾਂ ਰਾਤ ਨੂੰ ਸੁਣਦੇ ਨੇ । ਅਜੇ ਤਾਂ ਦੁਪਹਿਰ ਹੈ ।

? ਯਹਾਂ ਤੋ ਰਾਤ ਹੈ ਦਾਦਾ ਜੀ! ਪਲੀਜ਼ ਸੁਨਾਉ ਨਾ ।
- ਕਹਾਣੀ ਤਾਂ ਲੇਟ ਕੇ ਸੁਣਦੇ ਨੇ ਬੇਟੇ! ਸੌਣ ਵੇਲੇ ।

? ਤੋ ਲੇਟ ਕਰ ਸੁਨਾ ਦੋ ਨਾ । ਲੋ, ਮੈਂ ਲੇਟ ਗਯਾ, ਬੈੱਡ ਪੇ । ਅਬ ਤੋ ਸੁਨਾਉ । ਪਲੀਜ਼ ਦਾਦਾ ਜੀ!
ਪੋਤਾ ਕਹਾਣੀ ਲਈ ਤਰਲੇ ਪਾਉਂਦਾ ਹੈ । ਮੈਨੂੰ ਸਵਾਦ ਆਉਂਦਾ ਹੈ । ਕਹਾਣੀ ਕਾਇਮ ਹੈ । ਮੁੱਕੀ ਨਹੀਂ । ਪਿਆਸ ਵੀ ਕਾਇਮ ਹੈ, ਨਦੀ ਵੀ ਸੁੱਕੀ ਨਹੀਂ, ਅਸੀਂ ਸ਼ੁਰੂ ਹੋ ਜਾਂਦੇ ਹਾਂ । ਪਿਛਲੇ ਪਾਠ ਦੁਹਰਾਉਂਦੇ ਹਾਂ । ਇਕ ਦੂਜੇ ਨੂੰ ਕਹਾਣੀਆਂ ਸੁਣਾਉਂਦੇ ਹਾਂ : ਪੰਚਤੰਤਰ ਦੀਆਂ, ਅਕਬਰ ਦੀਆਂ, ਬੀਰਬਲ ਦੀਆਂ, ਤੇਨਾਲੀ ਰਾਮ ਦੀਆਂ, ਰਮਾਇਣ ਦੀਆਂ, ਮਹਾਭਾਰਤ ਦੀਆਂ, ਬਾਈਬਲ ਦੀਆਂ, ਜਨਮ ਸਾਖੀਆਂ ਦੀਆਂ, ਨਾਰਦ ਦੀਆਂ, ਧਰੂ ਪ੍ਰਹਿਲਾਦ ਦੀਆਂ... ਪਿੰਡ ਦੀਆਂ :

ਮੈਂ ਕਹਿੰਦਾ ਹਾਂ : ਰਾਮ ਨਾਮ ਜਪ¨
ਉਹ ਕਹਿੰਦਾ : ਏਹੋ ਤੇਰਾ ਤਪ¨
ਮੈਂ ਕਹਿੰਦਾ ਹਾਂ : ਰਾਮ ਨਾਮ ਜਪੇਂਗਾ¨
ਉਹ ਕਹਿੰਦਾ ਹੈ : ਹਾਰੀ ਬਾਜ਼ੀ ਜਿੱਤੇਂਗਾ¨
ਮੈਂ ਕਹਿੰਦਾ ਹਾਂ: ਰਾਮ ਨਾਮ ਵਿਸਾਰੇਂਗਾ ।
ਉਹ ਕਹਿੰਦਾ ਹੈ : ਜਿੱਤੀ ਬਾਜ਼ੀ ਹਾਰੇਂਗਾ ।

ਅਸੀਂ ਦੋਏਂ ਹੱਸਦੇ ਹਾਂ । ਦੋਏਂ ਖੁਸ਼ ਹਾਂ । ਦੋਏਂ ਜਿੱਤ ਗਏ ਹਾਂ ।

•••

'ਕਾਰਟੂਨ ਨੈੱਟ ਵਰਕ' ਅਤੇ 'ਪੋਗੋ' ਵੀ ਪੋਤੇ ਦੀ ਪੇਂਡੂ ਆਦਤ ਨੂੰ ਨਹੀਂ ਬਦਲ ਸਕੇ, ਸਗੋਂ ਹੋਰ ਪੱਕਿਆਂ ਕਰ ਗਏ ਨੇ । ਮਿਥਿਹਾਸਕ ਕਹਾਣੀਆਂ ਉੱਤੇ ਉਸਾਰੇ ਗਏ ਟੀ. ਵੀ. ਲੜੀਵਾਰ ਉਹਨੂੰ ਵਧੇਰੇ ਚੰਗੀ ਤਰ੍ਹਾਂ ਸਮਝ ਆਉਂਦੇ ਨੇ । ਉਹ ਮੇਰੀ 'ਨਾਂਹ' ਸੁਣ ਕੇ ਨਿਰਾਸ਼ ਨਹੀਂ ਹੁੰਦਾ, ਸਗੋਂ ਚੇਤਾ ਕਰਾਉਂਦਾ ਹੈ : 'ਦਾਦਾ ਜੀ, ਆਪ ਕੋ ਨਹੀਂ ਪਤਾ ਆਪ ਕੇ ਅੰਦਰ ਕਿਤਨੀ ਕਹਾਨੀਆਂ ਭਰੀ ਪੜੀਂ ਹੈਂ । ਹਾਸੇਦਾਰ... ।'

ਛੋਟਾ ਬੇਟਾ ਅਲੀ ਹੁਣ ਵੱਡਾ ਹੋ ਕੇ ਬੱਚਿਆਂ ਦੇ ਯੌਨਸ਼ੋਸ਼ਣ ਦੇ ਵਿਰੁੱਧ ਕੰਮ ਕਰ ਰਹੀ ਗੈਰਸਰਕਾਰੀ ਸੰਸਥਾ (ਐਨ. ਜੀ. ਓ.) ਦੇ ਕਾਰਕੁਨ ਵਜੋਂ 'ਸਟੋਰੀ ਟੈਲਿੰਗ' ਨੂੰ ਇਕ ਉਪਯੋਗੀ ਜੁਗਤ ਦੇ ਤੌਰ 'ਤੇ ਵਰਤਦਾ ਰਿਹਾ ਹੈ । ਅਜੇ ਉਹਦੇ ਆਪਣੇ ਬੱਚੇ ਭਾਵੇਂ ਨਹੀਂ ਹਨ ਪ੍ਰੰਤੂ ਬਹੁਤ ਸਾਰੇ ਬੱਚਿਆਂ ਨੂੰ ਉਹ ਲਗਾਤਾਰ ਕਹਾਣੀਆਂ ਸੁਣਾ ਰਿਹਾ ਹੈ । ਬਚਪਨ 'ਚ ਸੁਣੀਆਂ ਕਹਾਣੀਆਂ ਦਾ ਫ਼ਾਇਦਾ ਉਠਾ ਰਿਹਾ ਹੈ । ਆਪਣਾ ਕਿਹਾ ਸੱਚ ਸਾਬਤ ਕਰਕੇ ਵਿਖਾ ਰਿਹਾ ਹੈ ।

•••

ਮੈਂ ਆਪਣੇ ਬਚਪਨ ਵਿਚ ਜਾ ਪਹੁੰਚਾ ਹਾਂ । ਆਪਣੇ ਪਿੰਡ ਵਿਚ । ਪਿੰਡ ਜੋ ਕਿ ਕਹਾਣੀਆਂ ਨਾਲ ਭਰਿਆ ਪਿਆ ਹੈ । ਤੂਸਿਆ ਪਿਆ ਹੈ । ਨੱਕੋਨੱਕ । ਐਮਰਸਨ ਆਖਦਾ ਹੈ ਕਿ ਕੁਦਰਤ ਆਪਣੇ ਆਸ਼ਕਾਂ ਨੂੰ ਵਧੇਰੇ ਸੁੰਦਰ ਬਣ ਕੇ ਵਿਖਾਈ ਦੇਂਦੀ ਹੈ । ਮੇਰੇ ਲਈ ਇਹ ਕਥਨ ਧਿਆਨਪੁਰ 'ਤੇ ਢੁਕਦਾ ਹੈ । ਵਾਪਰ ਤਾਂ ਸਭ ਕੁਝ ਸ਼ਰ੍ਹੇਆਮ ਰਿਹਾ ਹੁੰਦਾ ਹੈ, ਪਰ ਵੇਖਣ ਦੀ ਵਿਹਲ ਕਿਸੇ ਕਿਸੇ ਕੋਲ ਹੁੰਦੀ ਹੈ । ਇਸ ਦ੍ਰਿਸ਼ਟੀ ਤੋਂ ਮੈਂ ਨਿਪਟ 'ਵਿਹਲਾ' ਹਾਂ । ਵੇਖਣਾ ਹੀ ਮੇਰਾ ਦਰਸ਼ਨ ਹੈ । ਇਸੇ ਨਾਲ ਸਿਮਰਤੀ ਦਾ ਨਿਰਮਾਣ ਹੁੰਦਾ ਹੈ । ਸਿਮਰਤੀ ਦੇ ਇਕ ਕੋਨੇ 'ਚੋਂ ਕਹਾਣੀ ਦੀ ਕੋਈ ਕਾਤਰ ਬਾਹਰ ਵੱਲ ਝਾਕ ਰਹੀ ਹੈ । ਹਾਂ ਸੱਚ, ਉਦੋਂ ਕਹਾਣੀ ਨੂੰ 'ਬਾਤ' ਕਿਹਾ ਜਾਂਦਾ ਸੀ । ਬਾਤ ਸੁਣਾਈ ਨਹੀਂ ਸੀ ਜਾਂਦੀ, ਪਾਈ ਜਾਂਦੀ ਸੀ । ਬਾਤ 'ਚੋਂ ਬਾਤ ਨਿਕਲਦੀ ਜਾਂਦੀ ਸੀ । ਗੱਲ ਫੁਰਦੀ ਰਹਿੰਦੀ ਸੀ । ਬਾਤ ਤੁਰਦੀ ਰਹਿੰਦੀ ਸੀ । ਅੰਤ ਨੂੰ ਬਾਤ ਬਣ ਹੀ ਜਾਂਦੀ ਸੀ :

ਜਿਉਂ ਕੇਲੇ ਕੇ ਪਾਤ ਮੇਂ,
ਪਾਤ ਪਾਤ ਮੇਂ ਪਾਤ¨
ਤਿਉਂ ਗਿਆਨੀ ਕੀ ਬਾਤ ਮੇਂ,
ਬਾਤ ਬਾਤ ਮੇਂ ਬਾਤ¨

ਹਾਂ, ਤੇ ਦੇਖੋ ਜ਼ਰਾ ਬਾਤ 'ਚੋਂ ਬਾਤ ਕਿਵੇਂ ਨਿਕਲਦੀ ਹੈ :


''ਪਾਰੋਂ ਆਈਆਂ ਤਿੰਨ ਨਦੀਆਂ
ਦੋ ਸੁੱਕੀਆਂ ਤੇ ਇਕ ਵਗਦੀ ਨਹੀਂ ਜੇ ।
ਜਿਹੜੀ ਭਾਈ ਜੀ ਵਗਦੀ ਨਹੀਂ ਜੇ
ਉਹਦੇ ਵਿਚ ਵੜ ਗਏ ਤਿੰਨ ਤਾਰੂ
ਦੋ ਡੁੱਬ ਗਏ ਤੇ ਇਕ ਲੱਭਦਾ ਨਹੀਂ ਜੇ ।
ਜਿਹੜਾ ਭਾਈ ਜੀ ਲੱਭਦਾ ਨਹੀਂ ਜੇ
ਉਹਨੇ ਬੰਨ੍ਹੇ ਤਿੰਨ ਪਿੰਡ
ਦੋ ਉੱਜੜੇ ਤੇ ਇਕ ਵੱਸਦਾ ਨਹੀਂ ਜੇ ।
ਜਿਹੜਾ ਭਾਈ ਜੀ ਵੱਸਦਾ ਨਹੀਂ ਜੇ
ਉਹਦੇ ਵਿਚ ਤਿੰਨ ਆਵੇ ਤਪਾਏ
ਦੋ ਬੁਝ ਗਏ ਤੇ ਇਕ ਧੁਖਦਾ ਨਹੀਂ ਜੇ ।
ਜਿਹੜਾ ਭਾਈ ਜੀ ਧੁਖਦਾ ਨਹੀਂ ਜੇ
ਉਹਦੇ ਵਿਚ ਤਿੰਨ ਭਾਂਡੇ ਪਕਾਏ
ਦੋ ਠਠਰੇ ਤੇ ਇਕ ਵੱਜਦਾ ਨਹੀਂ ਜੇ ।
ਜਿਹੜਾ ਭਾਈ ਜੀ ਵੱਜਦਾ ਨਹੀਂ ਜੇ
ਉਹਦੇ ਵਿਚ ਰਿੰਨ੍ਹੇ ਤਿੰਨ ਚੌਲ
ਦੋ ਕੱਚੇ ਤੇ ਇਕ ਗਲਦਾ ਨਹੀਂ ਜੇ ।
ਜਿਹੜਾ ਭਾਈ ਜੀ ਗਲਦਾ ਨਹੀਂ ਜੇ
ਉਹਨੂੰ ਬੈਠੇ ਤਿੰਨ ਬਾਹਮਣ ਖਾਣ
ਦੋ ਭੁੱਖੇ ਤੇ ਇਕ ਰੱਜਦਾ ਨਹੀਂ ਜੇ ।
ਜਿਹੜਾ ਭਾਈ ਜੀ ਰੱਜਦਾ ਨਹੀਂ ਜੇ
ਉਹਨੂੰ ਮਿਲੀ ਤਿੰਨ ਰੁਪਈਏ ਦੱਛਣਾ
ਦੋ ਖੋਟੇ ਤੇ ਇਕ ਚੱਲਦਾ ਨਹੀਂ ਜੇ ।
ਜਿਹੜਾ ਭਾਈ ਜੀ ਚੱਲਦਾ ਨਹੀਂ ਜੇ ।...
•••

'ਬੱਸ ਵੀ ਕਰ ਹੁਣ । ਬਹੁਤ ਹੋ ਗਿਆ । ਏਦਾਂ ਤਾਂ ਇਹ ਸਿਲਸਿਲਾ ਕਦੇ ਖਤਮ ਨਹੀਂ ਹੋਣ ਲੱਗਾ ।'... ਅਚਾਨਕ ਮਿਲੇ ਇਸ ਉਤਸ਼ਾਹਵਰਧਕ ਹੁੰਗਾਰੇ ਨੇ ਮੇਰੀ ਹੋਸ਼ ਟਿਕਾਣੇ ਲਿਆ ਦਿੱਤੀ ਹੈ । ਮੈਂ ਠਠੰਬਰ ਗਿਆ ਹਾਂ । ਮੈਨੂੰ ਤ੍ਰਬਕਿਆ ਵੇਖ ਕੇ ਹੁੰਗਾਰਾ ਦਲੀਲ ਦੇਣ ਲੱਗਦਾ ਹੈ: 'ਅਖੇ... ਜਿਹੜਾ ਭਾਈ ਜੀ ਚੱਲਦਾ ਨਹੀਂ ਜੇ... । ਹੁਣ ਤੱਕ ਸਮਝ ਆ ਜਾਣੀ ਚਾਹੀਦੀ ਹੈ ਜਿਹੜਾ ਸਿੱਕਾ ਪੁਰਾਣਾ ਹੋ ਗਿਆ, ਚੱਲਣੋ ਹਟ ਗਿਆ... ਬਸ ਹਟ ਗਿਆ । ਤੂੰ ਵੀ ਹਟ ਜਾ । ਪਰ ਪਤਾ ਨਹੀਂ ਤੂੰ ਇਹ ਘਸੇਪਿਟੇ ਸਿੱਕੇ ਕਿਉਂ ਗੁਰਮੁਖੀ ਦੀਆਂ ਗੁਥਲੀਆਂ ਵਿਚ ਪਾਈ ਫਿਰਦਾ ਹੈਂ! ਢੀਠਾਂ ਵਾਂਗੂੰ ਵੱਖਰੀ ਹੀ ਰਟ ਲਾਈ ਫਿਰਦਾ ਹੈਂ ।' ਮੈਂ ਸੁਣਦਾ ਹਾਂ । ਇਸ ਤਰਕਵਾਨ ਹੁੰਗਾਰੇ ਨੂੰ ਆਪਣੇ ਅਨੁਭਵ 'ਚੋਂ ਪੁਣਦਾ ਹਾਂ । ਉੱਤੋਂ ਉੱਤੋਂ ਤਾਂ ਜਚਦਾ ਹੈ । ਪੁਣਨ ਤੋਂ ਪਿੱਛੋਂ ਦੇਖੋ ਕੀ ਬਚਦਾ ਹੈ! ਅੰਦਰੋਂ ਆਵਾਜ਼ ਆਉਂਦੀ ਹੈ : 'ਕਾਗਜ਼ੀ ਸਿੱਕੇ ਤਾਂ ਵੇਲਾ ਵਿਹਾ ਜਾਣ ਨਾਲ ਰੱਦੀ ਹੋ ਜਾਂਦੇ ਹਨ । ਰੱਦ ਕਰ ਦਿੱਤੇ ਜਾਂਦੇ ਹਨ । ਚਲਾਵੀਂ ਧਾਤ ਦੇ ਬਣੇ ਸਿੱਕੇ ਵੀ, ਨਵੇਂ ਆਉਣ ਪਿੱਛੋਂ, ਕਬਾੜ ਹੋ ਜਾਂਦੇ ਹਨ । .. ਪਰ ਅਸਲੀ ਸੋਨੇ ਦੀਆਂ ਮੋਹਰਾਂ ਤੇ ਅਸਲੀ ਚਾਂਦੀ ਦੇ ਸਿੱਕੇ ਤਾਂ ਪੁਰਾਣੇ ਹੋ ਕੇ ਸਗੋਂ ਕਈ ਗੁਣਾ ਕੀਮਤੀ ਹੋ ਜਾਂਦੇ ਹਨ । ਦੁਰਲਭ ਹੋ ਜਾਂਦੇ ਹਨ । ਉਨ੍ਹਾਂ ਦੀ ਕੀਮਤ ਦੇ ਨਾਲ ਨਾਲ ਕਦਰ ਵੀ ਵਧਦੀ ਰਹਿੰਦੀ ਹੈ । ਪਾਣੀ ਤਾਂ ਸਦਾ ਸਨਾਤਨ ਹੈ, ਸਿਰਫ਼ ਝੱਗ ਹੀ ਬਹਿੰਦੀ ਹੈ ।

'ਪਾਰੋਂ ਆਈਆਂ ਤਿੰਨ ਨਦੀਆਂ' ਵਾਲੀ ਬਾਤ ਤਾਂ ਧਾਰਾਵਾਹਕ ਹੈ । ਇਸ ਨੇ ਪ੍ਰਵਾਹਮਾਨ ਰਹਿਣਾ ਹੈ । ਸੋਨਾ ਤਾਂ ਸੋਨਾ ਹੈ ; ਸਿੱਕਾ ਹੈ ਭਾਵੇਂ ਗਹਿਣਾ ਹੈ ।

ਮੀਂਹ ਵਰ੍ਹਦਾ ਹੈ
ਇੱਕ ਭਿੱਜਦਾ ਹੈ,
ਦੂਜਾ ਬਾਲਟੀ ਭਰਦਾ ਹੈ ।

ਬਾਲਟੀ ਵਾਲਾ ਕਹਿੰਦਾ ਹੈ : 'ਮੇਰੀ ਬਾਲਟੀ ਵਿਚ ਮੀਂਹ ਹੈ'
ਭਿੱਜਣ ਵਾਲਾ ਚੁੱਪ ਹੈ ।
ਉਹਦੇ ਅੰਦਰ ਬਾਹਰ ਧੁੱਪ ਹੈ ।

•••

ਨਾਨੀ ਕੇ ਕਾਨ ਕਾਟੂੰ:

ਇਕ ਸਾਧ ਹੁੰਦਾ ਸੀ'ਨਾਨੀ ਕੇ ਕਾਨ ਕਾਟੂੰ ।' ਉਹਦਾ ਤਕੀਆ ਕਲਾਮ ਹੀ ਉਹਦਾ ਨਾਂ ਪੈ ਗਿਆ ਸੀ । ਚੀਨੀਆਂ ਵਰਗੀ ਦਾੜ੍ਹੀ ਵਾਲਾ ਉਹ ਨੰਗਧੜੰਗਾ ਸਾਧੂ ਨੱਕ 'ਚੋਂ ਬੋਲਦਾ ਹੁੰਦਾ ਸੀ । ਬੱਚਿਆਂ ਨਾਲ ਪਿਆਰ ਕਰਦਾ ਸੀ । ਸਰਦੀਆਂ ਨੂੰ ਸ਼ਾਮ ਵੇਲੇ ਅਸੀਂ ਬੰਤੀ ਦੀ ਭੱਠੀ ਦੁਆਲੇ ਇਕੱਠੇ ਹੋ ਜਾਂਦੇ । ਬੰਤੀ ਦਾਣੇ ਭੁੰਨਣ ਦਾ ਕੰਮ ਮੁਕਾ ਕੇ ਚਲੀ ਜਾਂਦੀ ਤਾਂ ਅਸੀਂ ਕਿਰਨਮਕਿਰਨੀ ਜੁੜਦੇ ਜਾਂਦੇ । ਭੱਠੀ ਇਕ ਖੋਲੇ ਵਿਚ ਸੀ, ਜਿਸ ਨੂੰ ਤਿੰਨਾਂ ਪਾਸਿਆਂ ਤੋਂ ਓਟ ਸੀ । ਹਵਾ ਤੋਂ ਬਚਾਅ ਰਹਿੰਦਾ । ਅਸੀਂ ਬੁੱਕਲਾਂ ਮਾਰ ਕੇ ਭੱਠੀ ਸੇਕਦੇ ਅਤੇ 'ਨਾਨੀ ਕੇ ਕਾਨ ਕਾਟੂੰ' ਨੂੰ ਉਡੀਕਦੇ ਰਹਿੰਦੇ । ਉਹ ਜ਼ਰੂਰ ਆਉਂਦਾ ਸੀ । ਕਹਾਣੀਆਂ ਸੁਣਾਉਂਦਾ ਸੀ । ਇਕ ਤਰ੍ਹਾਂ ਨਾਲ ਸਾਡੀ ਕਲਾਸ ਲਾਉਂਦਾ ਸੀ । ਕਹਾਣੀ ਦਾ ਸੈਸ਼ਨ ਖਤਮ ਕਰਨ ਤੋਂ ਪਹਿਲਾਂ ਉਹ ਹਰ ਰੋਜ਼ ਪੁੱਛਦਾ : 'ਤੁਮਹੇਂ ਮਾਲੂਮ ਹੈ ਗੁਰੂ ਨਾਨਕ ਕਾ ਗੁਰੂ ਕੌਨ ਥਾ?' ਅਸੀਂ ਗੁੰਮਸੁੰਮ ਹੋਏ ਉਹਦੇ ਮੂੰਹ ਵੱਲ ਵੇਖਦੇ ਰਹਿੰਦੇ । ਉਹ ਹੱਥ ਝਾੜ ਕੇ ਉਠਦਾ ਹੋਇਆ ਬੋਲਦਾ : 'ਕੱਲ੍ਹ ਕੋ ਬਤਾਊਂਗਾ । ਜ਼ਰੂਰ ਆਨਾ ।'

ਅਸੀਂ ਆਪਸ ਵਿਚ ਘੁਸਰ ਮੁਸਰ ਕਰਦੇ । ਹੈਰਾਨ ਜਿਹੇ ਹੋਏ, ਆ ਕੇ, ਘਰੋ ਘਰੀ ਸੌਂ ਜਾਂਦੇ । ਮਨ ਵਿਚ ਖੁਤਖੁਤੀ ਜਿਹੀ ਲੱਗੀ ਰਹਿੰਦੀ । ਅਗਲੀ ਸ਼ਾਮ ਫਿਰ ਇਕੱਠੇ ਹੁੰਦੇ ।

ਉਹ ਸਾਧ ਕਈ ਮਹੀਨੇ ਪਿੰਡ ਰਿਹਾ । ਕਹਾਣੀਆਂ ਸੁਣਾਉਂਦਾ ਰਿਹਾ । ਅਗਲੇ ਦਿਨ ਲਈ ਬੁਲਾਉਂਦਾ ਰਿਹਾ । ਪਰ 'ਗੁਰੂ' ਨੂੰ ਉਹ ਇਕ ਜੁਗਤ ਵਾਂਗ ਵਰਤਦਾ ਰਿਹਾ । ਉੱਤਰ ਕਦੀ ਨਾ ਦਿੱਤਾ । ਅਜੇ ਵੀ ਉਡੀਕ ਹੈ ।

••••••

9. ਖਿੱਦੋ ਦੀਆਂ ਪਿੜੀਆਂ

ਆਪਣੀ ਕਹਿਣ ਨੂੰ ਸਭ ਕਾਹਲੇ ਹੁੰਦੇ ਨੇ । ਭਰੇਪੀਤੇ ਤੁਰੇ ਫਿਰਦੇ ਨੇ ਗੱਲਾਂ ਨਾਲ ਆਫਰੇ ਹੋਏ । ਗਲ ਤੱਕ ਤੂਸੇ ਹੋਏ । ਗੱਲਾਂ ਦੇ ਗੁਬਾਰ ਨਾਲ ਗੈਸ ਬਣੀ ਜਾਂਦੀ ਹੈ । ਗੋਲਾ ਕਦੇ ਕਿਤੋਂ ਉੱਠਦਾ ਹੈ, ਕਦੇ ਕਿਤੋਂ । ਬੇਚੈਨੀ ਵਧੀ ਜਾਂਦੀ ਹੈ । ਤੜਫਣੀ ਲੱਗ ਜਾਂਦੀ ਹੈ । ... ਚਾਹੁੰਦੇ ਹਨ ਕਿ ਕੋਈ ਸੁਣਨ ਵਾਲਾ ਮਿਲੇ । ਭਾਵੇਂ ਕੋਈ ਮਿਲੇ । ਸਾਡੀ ਸੁਣੀ ਜਾਏ । ਜਾਨ ਦੀ ਖਲਾਸੀ ਹੋਏ । ਸਾਹ ਸੌਖਾ ਹੋਏ । ਸੁਖ ਦਾ ਸਾਹ ਆਏ । ਚੈਨ ਨਾਲ ਬਹਿਣਾ ਮਿਲੇ ।

ਸੁਣਨ ਵਾਲਾ ਕੋਈ ਵਿਰਲਾ ਹੁੰਦਾ ਹੈ । ਸੁਣਨ ਦੀ ਜਾਚ ਕਿਸੇ ਨੂੰ ਹੁੰਦੀ ਹੈ । ਸੁਣਨ ਦਾ ਸਵਾਦ ਕੋਈ ਟਾਵਾਂ ਹੀ ਜਾਣਦਾ ਹੈ । ਕੰਨ ਸਾਰਿਆਂ ਦੇ ਕੋਲ ਹੁੰਦੇ ਨੇ ਪਰ ਸੁਣਨ ਦਾ ਵਰਦਾਨ ਤਾਂ ਤਪੱਸਿਆ ਨਾਲ ਮਿਲਦਾ ਹੈ । ਸੁਣਨ ਵਾਲਾ ਸਦਾ ਗ੍ਰਹਿਣ ਕਰਦਾ ਹੈ । ਉਸ ਦੀ ਜਗਿਆਸਾ ਦਾ ਭਾਂਡਾ ਬੂੰਦ ਬੂੰਦ ਭਰਦਾ ਹੈ । ਉਹ ਸਹਿਜ ਹੁੰਦਾ ਹੈ । ਸ਼ਾਂਤ ਹੁੰਦਾ ਹੈ । ਵਾਪਰ ਰਹੇ ਦ੍ਰਿਸ਼ ਨੂੰ ਅਡੋਲ ਵਿੰਹਦਾ ਹੈ । ਕੁਛ ਨਹੀਂ ਕਰਦਾ, ਕੇਵਲ ਹੁੰਗਾਰਾ ਦੇਂਦਾ ਹੈ । ਉਸ ਘੜੀ ਉਹਨੂੰ ਹੋਰ ਕੁਝ ਨਹੀਂ ਚਾਹੀਦਾ ਹੁੰਦਾ ।

...ਤੇ ਕਹਿਣ ਵਾਲੇ ਨੂੰ ਵੀ ਆਮ ਤੌਰ 'ਤੇ ਕੁਝ ਨਹੀਂ ਚਾਹੀਦਾ ਹੁੰਦਾ, ਹੁੰਗਾਰੇ ਤੋਂ ਸਿਵਾ । ਉਹ ਤਾਂ ਆਪਣੀ ਸੁਣਾਉਣ ਲਈ ਕਿਸੇ ਹੱਦ ਤੱਕ ਵੀ ਜਾਣ ਨੂੰ ਤਿਆਰ ਰਹਿੰਦਾ ਹੈ । ਉਹਦੇ ਦਿਲ ਦਿਮਾਗ ਉੱਤੇ ਅਕਸਰ ਭਾਰ ਰਹਿੰਦਾ ਹੈ । ਸੱਚ ਪੁੱਛੋ ਤਾਂ ਹੁੰਗਾਰੇ ਨਾਲ ਵੀ ਨਹੀਂ, ਉਹਨੂੰ ਆਪਣੀ ਹਾਜਤ ਰਫਾ ਕਰਨ ਤੱਕ ਹੀ ਸਰੋਕਾਰ ਹੁੰਦਾ ਹੈ । ਆਪਣੀ ਕਹਿ ਕੇ ਸੁਰਖ਼ਰੂ ਹੋ ਜਾਂਦਾ ਹੈ । ਹੌਲਾ! ਭਾਰ ਸੁਣਨ ਵਾਲੇ ਦਾ ਉਪਕਾਰ ਮੰਨਦਾ ਹੈ । ਸ਼ੁਕਰਗੁਜ਼ਾਰ!!

ਕਹਿਣ ਵਾਲਾ ਚਾਹੁੰਦਾ ਹੈ ਕਿ ਉਹ ਜੋ ਮਰਜ਼ੀ ਕਹੇ । ਜਿੰਨਾ ਚਿਰ ਮਰਜ਼ੀ ਕਹੇ । ਸੁਣਨ ਵਾਲਾ ਕੁਝ ਨਾ ਕਹੇ । ਚੁੱਪ ਕਰਕੇ ਬੈਠਾ ਰਹੇ । ਇੰਜ ਕਰਨਾ ਕਿਸੇ ਕਿਸੇ ਲਈ ਜ਼ਰੂਰੀ ਹੁੰਦਾ ਹੈ । ਕਿਸੇ ਕਿਸੇ ਦੀ ਮਜਬੂਰੀ ਹੁੰਦਾ ਹੈ । ਕੁਝ ਵੀ ਕਹੋ, ਇਹ ਚੱਕਰ ਚੱਲਦਾ ਰਹਿੰਦਾ ਹੈ, ਰੁਕਦਾ ਨਹੀਂ । ਕਹਿਣ ਸੁਣਨ ਦਾ ਸਿਲਸਿਲਾ ਮੁਕਦਾ ਨਹੀਂ । ਥਾਵਾਂ ਬਦਲਦੀਆਂ ਰਹਿੰਦੀਆਂ ਨੇ । ਬੀਬੀਆਂ ਦਾੜ੍ਹੀਆਂ ਕਹਿੰਦੀਆਂ ਨੇ :

ਹਥੌੜਾ ਹੋ ਤਾਂ ਵੱਜੋ ।
ਅਹਿਰਨ ਹੋ ਤਾਂ ਸਹਾਰੋ¨
ਮੁਰਗੀ ਹੋ ਤਾਂ ਆਂਡੇ ਦਿਉ ।
ਮੁਰਗਾ ਹੋ ਤਾਂ ਬਾਂਗ ਦਿਉ¨

ਪਿੰਡ ਆਂਡੇ ਵੀ ਸਾਂਭੀ ਜਾਂਦਾ ਹੈ; ਬਾਂਗਾਂ ਵੀ ਗਿਣੀ ਜਾਂਦਾ ਹੈ । ਸਭ ਕੁਝ ਪਿੰਡੇ 'ਤੇ ਸਹਾਰਦਾ ਹੈ । ਘਚੋਲੇ ਪਾਣੀਆਂ ਨੂੰ ਨਿਤਾਰਦਾ ਹੈ । ਸਾਫ਼ ਪਾਣੀ ਨਾਲ ਸਮਿਆਂ ਨੂੰ ਧੋਂਦਾ ਹੈ, ਨਿਖਾਰਦਾ ਹੈ । ਕੁਝ ਭੁੱਲਦਾ ਹੈ, ਕੁਝ ਚਿਤਾਰਦਾ ਹੈ । ਕੋਈਕੋਈ ਪ੍ਰਸੰਗ ਆਪਣੀ ਨੋਟ ਬੁਕ ਵਿਚ ਉਤਾਰਦਾ ਹੈ । ਪਿੰਡ ਕੁਝ ਨਹੀਂ ਕਹਿੰਦਾ, ਸਿਰਫ਼ ਸੁਣਦਾ ਹੈ । ਛਾਂਟਦਾ ਹੈ, ਚੁਣਦਾ ਹੈ । ਕੱਤਦਾ ਹੈ, ਬੁਣਦਾ ਹੈ । ਲੀਰਾਂ ਨੂੰ ਲੁਕਾਉਂਦਾ ਹੈ । ਆਪਣਾ ਧਰਮ ਨਿਭਾਉਂਦਾ ਹੈ । ਗੱਲਾਂ ਦੇ ਇਸ ਖਿੱਦੋ ਉੱਤੇ, ਰੰਗ ਬਰੰਗੇ ਧਾਗਿਆਂ ਨਾਲ ਪਿੜੀਆਂ ਪਾਉਂਦਾ ਹੈ । ਖਿੱਦੋ ਨੂੰ ਫਰੋਲਾਂਗੇ ਤਾਂ ਲੀਰਾਂ ਹੀ ਨਿਕਲਣਗੀਆਂ । ਕਾਹਨੂੰ ਫਰੋਲੀਏ । ਸਗੋਂ ਇਹਦੀਆਂ ਪਿੜੀਆਂ ਨੂੰ ਪਲੋਸੀਏ । ਇਹਦੇ ਨਾਲ ਪਰਚੀਏ । ਖੇਡੀਏ । ਟੱਪੀਏ ਟਪਾਈਏ । ਵਕਤ ਲੰਘਾਈਏ । ਸੁਣੀਏ ਸੁਣਾਈਏ । ਮੰਦਾ ਭੁੱਲੀਏ, ਚੰਗਾ ਸਲਾਹੀਏ ।

ਨਿੱਕਾ ਜਿਹਾ ਪਿੰਡ । ਨਿੱਕੇ ਨਿੱਕੇ ਅਸੀਂ । ਨਿੱਕਾ ਜਿਹਾ ਖਿੱਦੋ । ਨਿੱਕੀਆਂ ਨਿੱਕੀਆਂ ਪਿੜੀਆਂ । ਨਿੱਕੀਆਂ ਨਿੱਕੀਆਂ ਖੇਡਾਂ । ਨਿੱਕੀਆਂ ਨਿੱਕੀਆਂ ਗੱਲਾਂ... ਤੁਸੀਂ ਸੁਣੋ; ਮੈਂ ਚੱਲਾਂ:

ੳ) ਬਿਜੜਾ ਤੇ ਬਾਂਦਰ

ਪਿੱਛੇ ਜਿਹੇ ਦੀ ਗੱਲ ਹੈ । ਸਰਦੀ ਸਿਖ਼ਰ 'ਤੇ ਸੀ । ਅੰਤਾਂ ਦੀ ਠੰਡ । ਠੱਕਾ ਪਿਆ ਵਗੇ । ਉਤੋਂ ਬਾਰਸ਼ ਸ਼ੁਰੂ ਹੋ ਗਈ । ਬੰਦੇ ਘਰਾਂ ਵਿਚ ਦੁਬਕ ਗਏ । ਸਭ ਚਰਿੰਦਪਰਿੰਦ ਆਪੋ ਆਪਣੀਆਂ ਠਾਹਰਾਂ ਵੱਲ ਪਰਤ ਗਏ । ਕੰਮ ਕਾਰ ਠੱਪ ਹੋ ਗਏ । ਵਕਤ ਜਿਵੇਂ ਰੁਕ ਜਿਹਾ ਗਿਆ । ਬੰਦੇ ਨਫ਼ੇ ਨੁਕਸਾਨ ਦੀਆਂ ਗੱਲਾਂ ਕਰ ਰਹੇ ਸਨ । ਡੰਗਰ ਪਸ਼ੂ ਕੱਖ ਕੰਡੇ ਨਾਲ ਔਖੇ ਸੌਖੇ ਢਿੱਡ ਭਰ ਰਹੇ ਸਨ । ਪੰਛੀ ਆਲ੍ਹਣਿਆਂ ਵਿਚ ਸਹਿਮੇ ਅਸਮਾਨੀ ਬਿਜਲੀ ਤੋਂ ਡਰ ਰਹੇ ਸਨ । ਸਿਰਫ਼ ਇਕ ਬਿਜੜਾ ਸੀ, ਜਿਸ ਨੂੰ ਆਪਣੀ ਸਿਆਣਪ 'ਤੇ ਫਖ਼ਰ ਮਹਿਸੂਸ ਹੋ ਰਿਹਾ ਸੀ । ਉਹ ਆਪਣੇ ਮਜ਼ਬੂਤ ਅਤੇ ਖੂਬਸੂਰਤ ਆਲ੍ਹਣੇ ਵਿਚ ਆਰਾਮ ਨਾਲ ਬੈਠਾ ਪ੍ਰਕਿਰਤੀ ਦਾ ਆਨੰਦ ਮਾਣ ਰਿਹਾ ਸੀ । ਬਾਹਰ ਭਾਵੇਂ ਗੜ੍ਹੇ ਪੈ ਰਹੇ ਸਨ, ਠੱਕਾ ਵਗ ਰਿਹਾ ਸੀ । ਉਸ ਨੂੰ ਨਿੱਜੀ ਸੁਰੱਖਿਅਤਾ ਦੀ ਛੱਤਰੀ ਕਾਰਨ ਸਭ ਚੰਗਾ ਲੱਗ ਰਿਹਾ ਸੀ । ਆਪਣੀ ਮਸਤੀ ਵਿਚ ਗੁੰਮਿਆ ਉਹ ਬਿਜੜਾ ਮਲਿਹਾਰ ਗਾ ਰਿਹਾ ਸੀ । ਅਚਾਨਕ ਉਹਨੇ ਵੇਖਿਆ ਕਿ ਉਸ ਪਾਸੇ ਵੱਲ ਨੂੰ ਭਿੱਜਦਾ ਤੇ ਭੱਜਦਾ ਇਕ ਬਾਂਦਰ ਆ ਰਿਹਾ ਸੀ । ਬਹੁਤ ਹੀ ਤਰਸਯੋਗ ਹਾਲਤ ਵਿਚ ਜਾਪਦਾ ਸੀ । ਜੀਭਿਆਣਾ ਏਧਰ ਉੱਧਰ ਝਾਕਦਾ ਸੀ । ਆਖ਼ਰ ਜਿਵੇਂ ਉਹ ਚੱਲਣੋਂ ਫਿਰਨੋਂ ਰਹਿ ਗਿਆ । ਹਾਰ ਹੁੱਟ ਕੇ ਬਿਜੜੇ ਵਾਲੇ ਬਿਰਖ ਦੇ ਹੇਠਾਂ ਬਹਿ ਗਿਆ ।

ਬਿਜੜਾ ਪੱਤਲਚੰਮਾ ਸੀ । ਕਲਾਕਾਰ ਸੀ । ਉਹਦਾ ਮਨ ਭਰ ਆਇਆ । ਮੀਂਹ ਦੇ ਮਾਰੇ ਬਾਂਦਰ ਨਾਲ ਹਮਦਰਦੀ ਜ਼ਾਹਿਰ ਕਰਨ ਨੂੰ ਜੀਅ ਕਰ ਆਇਆ । ਕਹਿਣ ਲੱਗਾ, ''ਬਾਂਦਰ ਭਾਈ ਸਾਹਿਬ! ਮੇਰਾ ਆਲ੍ਹਣਾ ਛੋਟਾ ਹੈ । ਇਸ ਆਲ੍ਹਣੇ ਵਿਚ ਮੈਂ ਤੁਹਾਨੂੰ ਥਾਂ ਨਹੀਂ ਦੇ ਸਕਦਾ । ਪ੍ਰੰਤੂ ਮੇਰੇ ਦਿਲ ਵਿਚ ਤੁਹਾਡੇ ਲਈ ਪੂਰੀ ਥਾਂ ਹੈ । ... ਵੇਖੋ, ਤੁਸੀਂ ਇਸ ਵੇਲੇ ਕਿੰਨਾ ਕਸ਼ਟ ਭੋਗ ਰਹੇ ਹੋ । ਤੰਗੀ ਕੱਟ ਰਹੇ ਹੋ । ... ਜੇ ਤੁਸੀਂ ਵੇਲਾ ਵਿਚਾਰ ਕੇ, ਮੇਰੇ ਵਾਂਗ, ਆਪਣਾ ਟਿਕਾਣਾ ਬਣਾ ਲਿਆ ਹੁੰਦਾ ਤਾਂ ਅੱਜ ਆਹ ਹਾਲ ਨਾ ਹੁੰਦਾ । ਤੁਸੀਂ ਵੀ ਮੇਰੇ ਵਾਂਗ ਗਾ ਰਹੇ ਹੁੰਦੇ :

ਚੋਂਦਾ ਏ ਤਾਂ ਚੋਣ ਦੇ ।
ਫ਼ਜ਼ਲ ਅੱਲਾ ਦਾ ਹੋਣ ਦੇ ।

ਬਾਂਦਰ ਦੇ ਕੰਨੀਂ ਪ੍ਰਵਚਨ ਪਏ । ਉਹਨੇ ਅਵਾਜ਼ ਦਾ ਅੰਦਾਜ਼ਾ ਲਾ ਕੇ ਉੱਪਰ ਨੂੰ , ਉਸ ਪਾਸੇ ਵੱਲ ਵੇਖਿਆ । ਘੂਰਿਆ । ਠੰਢ ਦੇ ਮਾਰੇ ਹੱਡਾਂ ਵਿਚ ਨਫ਼ਰਤ ਦੀ ਅੱਗ ਪੈਦਾ ਕੀਤੀ । ਭਰਪੂਰ ਗੁੱਸੇ ਨਾਲ ਸਰੀਰ ਦੀਆਂ ਸਾਰੀਆਂ ਸ਼ਕਤੀਆਂ ਨੂੰ ਇਕੱਤਰ ਕੀਤਾ ਤੇ ਇਕੋ ਛੜੱਪੇ ਨਾਲ, ਬਿਜੜੇ ਸਣੇ, ਆਲ੍ਹਣੇ ਨੂੰ ਟਾਹਣੀ ਨਾਲੋਂ ਤੋੜ ਕੇ ਧਰਾਸ਼ਾਹੀ ਕਰ ਦਿੱਤਾ । ਉਹ ਤਾਂ ਖੰਭਾਂ ਦੀ ਬਰਕਤ ਅਤੇ ਕਲਾ ਦੀ ਚੌਕਸੀ ਕਰਕੇ ਬਿਜੜੇ ਦਾ ਬਚਾਅ ਹੋ ਗਿਆ ਨਹੀਂ ਉਹਦਾ ਵੀ ਆਲ੍ਹਣੇ ਵਾਲਾ ਹੀ ਹਾਲ ਹੁੰਦਾ!

ਜਾਨ ਬਚਾ ਕੇ ਬਿਜੜਾ ਕਿਸੇ ਬਿਰਖ ਦੇ ਸੰਘਣੇ ਪੱਤਿਆਂ ਵਿਚ ਜਾ ਲੁਕਿਆ । ਹੁਣੇ ਹੁਣੇ ਵਾਪਰੇ ਦ੍ਰਿਸ਼ਟਾਂਤ ਬਾਰੇ ਸੋਚਣ ਲੱਗਾ । ਉਹ ਨੂੰ ਕਵਿਤਾ ਉਤਰਨ ਲੱਗੀ । ਬਾਰਿਸ਼ ਬੰਦ ਹੋ ਚੁੱਕੀ ਸੀ । ਧੁੱਪ ਨਿਕਲ ਆਈ ਸੀ । ਬਿਜੜਾ ਆਪਣੀ ਸਾਥਣ ਨਾਲ ਰਲ ਕੇ ਮੁੜ ਤੀਲ੍ਹੇ ਲਿਆ ਰਿਹਾ ਸੀ । ਨਵੇਂ ਆਲ੍ਹਣੇ ਦਾ ਜੁਗਾੜ ਬਣਾ ਰਿਹਾ ਸੀ । ਨਾਲੇ ਆਪਣੇ ਵਰਗਿਆਂ ਨੂੰ ਸ਼ੇਅਰ ਸੁਣਾ ਰਿਹਾ ਸੀ :

ਸੀਖ ਵਾਂ ਕੋ ਦੀਜੀਏ,
ਜਾਂ ਕੋ ਸੀਖ ਸੁਹਾਏ ।
ਸੀਖ ਨ ਦੀਜੇ ਬਾਂਦਰਾਂ,
ਜੋ ਬਿਜੜੇ ਕਾ ਘਰ ਢਾਏ¨

ਅ) ਦਮ ਦਾ ਵਸਾਹ

ਸੁਣਿਆ ਹੈ ਕਿ ਸੁਥਰਿਆਂ ਦੀ ਬਰਾਦਰੀ ਵਿਚ ਇਕ ਅਜੀਬੋ-ਗਰੀਬ ਰਿਵਾਜ ਹੈ । ਉਹ ਲੋਕ ਅਗਲਾ ਪੇੜਾ ਵੇਲ ਕੇ ਉਦੋਂ ਤੱਕ ਤਵੇ ਉੱਤੇ ਨਹੀਂ ਪਾਉਂਦੇ ਜਦੋਂ ਤੱਕ ਪਹਿਲਾਂ ਪੱਕੀ ਹੋਈ ਪੂਰੀ ਰੋਟੀ ਨਾ ਖਾ ਲੈਣ । ਇਕ ਇਕ ਕਰਕੇ ਪਕਾਈ ਜਾਂਦੇ ਨੇ । ਨਾਲੋਨਾਲ ਖਾਈ ਜਾਂਦੇ ਨੇ ।

ਕਹਿੰਦੇ ਨੇ ਕਿ ਉਨ੍ਹਾਂ ਦੇ ਕਿਸੇ ਵੱਡੇਵਡੇਰੇ ਨਾਲ ਇਕ ਭਾਣਾ ਵਾਪਰਿਆ ਸੀ । ਉਸ ਨੇ ਪਰਾਤ ਭਰ ਕੇ ਆਟਾ ਗੁੰਨਿ੍ਹਆ । ਕੁਝ ਦੇਰ ਤੱਕ ਢਕ ਕੇ ਰੱਖਿਆ । ਫੇਰ ਹੱਥ ਗਿੱਲਾ ਕਰਕੇ ਆਟੇ ਨੂੰ ਮੁੱਕੀ ਦਿੱਤੀ । ਹੱਥ ਲਾ ਕੇ ਪੇੜੇ ਕੀਤੇ । ਵਿੱਚ ਘਿਉ ਲਾ ਲਾ ਕੇ ਜ਼ਰਾ ਮਰੋੜਾ ਦਿੱਤਾ । ਮੁੜ ਪੇੜੇ ਕਰਕੇ ਵੇਲਿਆ । ਤਵੇ ਉੱਤੇ ਪਾਇਆ । ਸਹਿੰਦੀਸਹਿੰਦੀ ਅੱਗ 'ਤੇ ਪਕਾਇਆ । ਦੋਏਂ ਪਾਸੇ ਘਿਉ ਲਾਇਆ । ਪਰੌਂਠੇ ਲੱਥਦੇ ਗਏ! ਭੁੱਖ ਤੇਜ਼ ਹੁੰਦੀ ਗਈ । ... ਥਾਲੀ ਵਿਚ ਪਰੌਂਠੇ ਸਜਾ ਕੇ ਉਹ ਨੇ ਹੱਥ ਧੋਤੇ/ਪੂੰਝੇ/ਚੌਕੜੀ ਮਾਰ ਕੇ ਬੈਠ ਗਿਆ । ਰੋਜ਼ ਵਾਂਗ! ਰੱਬ ਦਾ ਨਾਂ ਲੈ ਕੇ ਪਹਿਲੀ ਗਰਾਹੀ ਤੋੜੀ । ਮੂੰਹ ਵਿਚ ਪਾਈ । ਦੂਜੀ ਗਰਾਹੀ ਤੋੜ ਕੇ ਹੱਥ ਵਿਚ ਫੜੀ ਹੀ ਸੀ ਕਿ ਪ੍ਰਾਣ ਪੰਖੇਰੂ ਉੱਡ ਗਏ । ਮਿੱਟੀ ਨੇ ਕੰਧ ਨਾਲ ਢੋਹ ਲਾ ਲਈ ।

ਕਬੀਲੇ ਵਾਲਿਆਂ ਨੇ ਜਦੋਂ ਇਹ ਦੁਖਾਂਤਕ ਨਜ਼ਾਰਾ ਵੇਖ ਕੇ ਵਾਪਰ ਚੁੱਕੇ ਭਾਣੇ ਦੀ ਪੁਨਰ ਸਿਰਜਣਾ ਕੀਤੀ ਤਾਂ ਉਹਨਾਂ ਦਾ ਦਿਮਾਗ ਚਕਰਾ ਗਿਆ । ਸਮੇਂ ਦਾ ਮਹੱਤਵ ਉਨ੍ਹਾਂ ਦੀਆਂ ਅੱਖਾਂ ਮੂਹਰੇ ਸਾਕਾਰ ਆ ਗਿਆ । ਉਨ੍ਹਾਂ ਨੂੰ ਲੱਗਿਆ ਕਿ ਇੰਜ ਤਾਂ ਉਹ ਵੀ 'ਜੋੜ ਜੋੜ ਮਰ ਜਾਣਗੇ । ਮਾਲ ਜਵਾਈ ਖਾਣਗੇ ।' ਪਰ ਜੀਵਨ ਸਰਾਪ ਨਹੀਂ ਸਗੋਂ ਵਰਦਾਨ ਹੋਣਾ ਚਾਹੀਦਾ ਹੈ । ਇਸ ਮੌਤ ਵਰਗੀ ਸਮੱਸਿਆ ਦਾ ਕੋਈ ਸਥਾਈ ਸਮਾਧਾਨ ਹੋਣਾ ਚਾਹੀਦਾ ਹੈ ।

ਸੁਥਰਿਆਂ ਦੇ ਕਿਸੇ ਜ਼ਿੰਦਾਦਿਲ ਵਡੇਰੇ ਨੇ ਜ਼ਿੰਦਗੀ ਨੂੰ ਹੋਰਨਾਂ ਨਾਲੋਂ ਜ਼ਰਾ ਹੋਰ ਨੇੜੇ ਹੋ ਕੇ ਪੜ੍ਹਿਆ ਅਤੇ ਛੰਦਮੁਖੀ ਹੋ ਕੇ ਤਤਕਾਲ ਇਹ ਜੀਵਨਮੰਤਰ ਘੜਿਆ :

ਹੱਥ ਦੀ ਹੱਥ ਵਿੱਚ ਰਹਿ ਗਈ,
ਮੂੰਹ ਵਿੱਚ ਰਿਹਾ ਗਰਾਹ ।
ਲੱਖ ਲਾਹਨਤ ਉਏ ਸੁਥਰਿਆ,
ਜੇ ਦਮ ਦਾ ਕਰੇਂ ਵਸਾਹ¨

ੲ) ਠਣ ਠਣ ਗੋਪਾਲ

ਇਕਲੌਤੇ ਬੇਟੇ ਦਾ ਨਾਂ ਮਾਪਿਆਂ ਨੇ ਬੜੇ ਪਿਆਰ ਨਾਲ 'ਠਣ ਠਣ ਗੋਪਾਲ' ਰੱਖਿਆ । ਏਸੇ ਨਾਂ ਨਾਲ ਉਹ ਨੂੰ ਬੁਲਾਉਂਦੇ ਰਹੇ । ਵਕਤ ਬੀਤਦਾ ਗਿਆ । ਉਮਰ ਵਧਦੀ ਗਈ । ਹੌਲੀਹੌਲੀ ਬੇਟੇ ਨੂੰ 'ਅਕਲ' ਆਉਣ ਲੱਗੀ । ਆਪਣਾ ਨਾਂ ਉਹਨੂੰ ਅਖਰਨ ਲੱਗਾ । ਉਹ ਇਸ ਨਾਂ ਨਾਲ ਬੁਲਾਏ ਜਾਣ 'ਤੇ ਬੁਰਾ ਮਹਿਸੂਸ ਕਰਨ ਲੱਗਾ । ਮਾਪਿਆਂ ਨੂੰ ਕੋਸਣ ਲੱਗਾ । ਹੁਣ ਤੱਕ ਨਾਂ ਪੂਰੀ ਤਰ੍ਹਾਂ ਪੱਕ ਚੁੱਕਾ ਸੀ ਤੇ ਉਹ ਵਿਚਾਰਾ ਮਖ਼ੌਲ ਸਹਿੰਦਾਸਹਿੰਦਾ ਅੱਕ ਚੁੱਕਾ ਸੀ । ਉਸ ਦੇ ਮਾਪਿਆਂ ਦੀ ਦਲੀਲ ਸੀ ਕਿ ਇਹ ਨਾਂ ਵਿਲੱਖਣ ਹੈ, ਅਨੋਖਾ ਹੈ । ਬਾਕੀ ਦੁਨੀਆ ਦਾ ਹਰ ਇਕ ਨਾਂ ਤਾਂ ਬੰਦਿਆਂ ਨਾਲ ਕੀਤਾ ਗਿਆ ਧੋਖਾ ਹੈ । ਕਿਸੇ ਦਾ ਨਾਂ ਵੀ ਉਸ ਦੀ ਹੋਂਦ ਨੂੰ ਸਾਰਥਕ ਨਹੀਂ ਕਰਦਾ । ਕੋਈ ਨਾਂ ਵੀ ਕਿਸੇ ਵਿਅਕਤੀ ਦੀ ਪਛਾਣ 'ਤੇ ਪੂਰਾ ਨਹੀਂ ਉਤਰਦਾ । ਪਰ ਉਹਦਾ ਪਾਰਾ ਲਗਾਤਾਰ ਚੜ੍ਹਿਆ ਰਿਹਾ । ਉਹ ਆਪਣਾ ਨਾਂ ਬਦਲ ਕੇ ਕੋਈ ਚੰਗਾ ਜਿਹਾ ਰੱਖਣ ਦੀ ਜ਼ਿੱਦ ਉੱਤੇ ਅੜਿਆ ਰਿਹਾ ।

ਮਾਪਿਆਂ ਨੇ ਕਿਹਾ, ''ਜਾਹ! ਬਾਹਰ ਫਿਰ ਤੁਰ ਕੇ ਆ । ਲੋਕਾਂ ਤੋਂ ਉਨ੍ਹਾਂ ਦੇ ਨਾਂ ਪੁੱਛ ਵੇਖ । ਜਿਹੜਾ ਤੈਨੂੰ ਚੰਗਾ ਲੱਗੇ, ਆ ਕੇ ਸਾਨੂੰ ਦੱਸ ਦੇਈਂ । ਅਸੀਂ ਆਪਣੇ ਲਾਲ ਦਾ ਉਹੀ ਨਾਂ ਰੱਖ ਦਿਆਂਗੇ ।'' ਮੁੰਡਾ ਨਾਂ ਦੀ ਖੋਜ ਵਿਚ ਨਿਕਲ ਤੁਰਿਆ । ਸਭ ਤੋਂ ਪਹਿਲਾਂ ਉਹਦੀ ਨਜ਼ਰ ਇਕ ਗੋਹੇ ਚੁਗਣ ਵਾਲੀ ਕੁੜੀ 'ਤੇ ਪਈ । ਨਾਂ ਪੁੱਛਿਆ । ਉਹਨੇ ਦੱਸਿਆ, 'ਲੱਛਮੀ ।' ਅੱਗੇ ਗਿਆ ਤਾਂ ਇਕ ਮੰਗਤਾ ਟੱਕਰਿਆ । ਉਹਨੇ ਆਪਣੇ ਨਾਂ 'ਸੁਕਾਲ' ਦੱਸਿਆ । ਥੋੜ੍ਹਾ ਹੋਰ ਅਗਾਂਹ ਜਾ ਕੇ ਵੇਖਿਆ ਕਿ ਕੁਝ ਲੋਕ ਇਕ ਮੁਰਦੇ ਨੂੰ ਸ਼ਮਸ਼ਾਨਘਾਟ ਵੱਲ ਲਈ ਜਾ ਰਹੇ ਹਨ । ਮਰਨ ਵਾਲੇ ਦਾ ਨਾਂ 'ਜਿਊਣਾ' ਦੱਸਿਆ ਗਿਆ ।...

'ਠਣ ਠਣ ਗੋਪਾਲ' ਦਾ ਮੱਥਾ ਠਣਕਿਆ । ਇਹ ਕੀ ਹੋ ਰਿਹਾ ਹੈ? ਨਾਂਵਾਂ ਦੀ ਅਸਲੀਅਤ ਕੀ ਹੈ? ਨਾਂ ਨਾਲ ਫ਼ਰਕ ਕੀ ਪੈਂਦਾ ਹੈ? .. ਉਹ ਸੋਚੀਂ ਪੈ ਗਿਆ । ਅੱਗੇ ਜਾਣ ਨੂੰ ਜੀਅ ਨਾ ਕੀਤਾ । ਸਹਿਜ ਹੋ ਕੇ ਆਪਣੇ ਘਰ ਪਰਤ ਆਇਆ । ਆ ਕੇ ਕਹਿਣ ਲੱਗਾ ਕਿ ਮੈਂ ਆਪਣਾ ਨਾਂ ਨਹੀਂ ਬਦਲਣਾ । ਏਹੋ ਠੀਕ ਹੈ । ਮਾਪੇ ਹੈਰਾਨ ਹੋਏ ਕਿ ਗੱਲ ਕੀ ਹੋ ਗਈ? ਏਡੀ ਵੱਡੀ ਤਬਦੀਲੀ ਕਿਵੇਂ ਵਾਪਰ ਗਈ? ਜਵਾਬ ਵਿਚ ਬੇਟੇ ਨੇ ਆਪਣੇ ਤਾਜ਼ਾਤਾਜ਼ਾ ਅਨੁਭਵ ਨੂੰ , 'ਅਰਜ਼ ਕੀਤਾ ਹੈ...' ਵਾਲੇ ਅੰਦਾਜ਼ ਵਿਚ ਇੰਜ ਬਿਆਨ ਕੀਤਾ :

ਗੋਹੇ ਚੁਗਦੀ 'ਲੱਛਮੀ' ਵੇਖੀ,
ਮੰਗਦਾ ਫਿਰੇ 'ਸੁਕਾਲ' ।
'ਜਿਊਣਾ' ਸੀ ਜੋ ਮਰ ਗਿਆ,
ਚੰਗੇ 'ਠਣ ਠਣ ਗੋਪਾਲ' ।

ਸ) ਗੋਹਿਆ ਬਨਾਮ ਸਹਿਆ

ਪਿੰਡ ਦੇ ਗਰੀਬ ਟੱਬਰ ਦੀ ਇਕ ਕੁੜੀ ਰੋਜ਼ ਗੋਹੇ ਚੁਗਣ ਜਾਂਦੀ ਸੀ । ਚਰਾਂਦਾਂ 'ਚੋਂ ਸੁੱਕੇ ਗੋਹੇ ਇਕੱਠੇ ਕਰਕੇ ਉਹ ਘਰ ਲਿਆਉਂਦੀ । ਉਨ੍ਹਾਂ ਨਾਲ ਚੁੱਲ੍ਹਾ ਤਪਦਾ । ਇਕ ਦਿਨ ਰੋਜ਼ ਵਾਂਗ ਉਹ ਗਈ ਤਾਂ ਝਾੜੀਆਂ ਅੱਗੇ ਉਹਨੂੰ ਪਾਲੇ ਦਾ ਮਾਰਿਆ ਇਕ ਸਹਿਆ (ਖਰਗੋਸ਼) ਮਿਲ ਗਿਆ । ਉਹਨੇ ਕਾਬੂ ਕਰ ਲਿਆ । ਘਰ ਲੈ ਆਈ । ਘਰਦਿਆਂ ਨੇ ਉਹਨੂੰ ਰਿੰਨਿ੍ਹਆ ਪਕਾਇਆ । ਬੜਾ ਮਜ਼ਾ ਆਇਆ । ਉਨ੍ਹਾਂ ਕੁੜੀ ਨੂੰ ਸਲਾਹਿਆ । ਸੌਂ ਗਏ । ਅਗਲੇ ਦਿਨ ਕੁੜੀ ਦੁਪਹਿਰ ਤੱਕ ਮੰਜੇ ਤੋਂ ਹੀ ਨਾ ਉੱਠੀ । ਮਾਂ ਬੁਲਾਏ ਤਾਂ ਅੱਗੋਂ ਕਹੇ ਕਿ ਮੈਂ ਜਾਗਦੀ ਹਾਂ । ਰੋਟੀ ਖਾ ਕੇ ਮੁੜ ਪੈ ਗਈ । ਮਾਂ ਨੇ ਝਿੜਕ ਕੇ ਪੁੱਛਿਆ ਕਿ ਤੂੰ ਅੱਜ ਜਾਂਦੀ ਕਿਉਂ ਨਹੀਂ? ਉਹਦਾ ਜਵਾਬ ਸੀ, ''ਮਾਂ! ਸੋਚਦੀ ਹਾਂ ਕਿ ਅੱਜ ਗੋਹਿਆਂ ਨੂੰ ਜਾਵਾਂ ਕਿ ... ਸਹਿਆਂ ਨੂੰ !''

••••••

10. ਲੋਰੀ ਵਰਗੀ ਬਾਤ

ਸਮਝਦਾਰ ਲੋਕਾਂ ਨੇ ਜਦੋਂ ਕੋਈ ਗੱਲ ਸੁਣਾਉਣੀ ਹੁੰਦੀ ਹੈ ਤਾਂ ਪਹਿਲੋਂ ਭੂਮਿਕਾ ਬੰਨ੍ਹਦੇ ਨੇ । ਇਸ ਪਰੰਪਰਾ ਨੂੰ ਸਿਆਣੇ ਲੋਕ ਸਫਲ ਬੁਲਾਰੇ ਦੀ ਮਰਿਆਦਾ ਮੰਨਦੇ ਨੇ । ਸਰੋਤਿਆਂ ਨੂੰ ਸਾਹਮਣੇ ਬਿਠਾ ਕੇ ਉਹ ਕਿੰਨਾ ਹੀ ਚਿਰ ਏਧਰ ਓਧਰ ਦੀਆਂ ਕਹੀ ਜਾਂਦੇ ਨੇ । ਸਰੋਤੇ ਵਿਚਾਰੇ ਚੰਗੇ ਭਵਿੱਖ ਦੀ ਆਸ ਵਿਚ ਵਰਤਮਾਨ ਦੀਆਂ ਵਧੀਕੀਆਂ ਸਹੀ ਜਾਂਦੇ ਨੇ । ਉਨ੍ਹਾਂ ਨੂੰ ਉਮੀਦ ਹੁੰਦੀ ਹੈ ਕਿ ਆਉਣ ਵਾਲਾ ਫ਼ਿਕਰਾ ਸ਼ਾਇਦ ਬੀਤੇ ਦੀ ਬੋਰੀਅਤ ਨੂੰ ਭੁਲਾ ਜਾਏ! ਪਿੱਛ ਪੀਂਦੇ ਪੀਂਦੇ ਖਬਰੇ, ਕੋਈ ਚੌਲਾਂ ਦਾ ਦਾਣਾ ਵੀ ਆ ਜਾਏ!

ਸਾਨੂੰ ਵੀ ਚਾਹੀਦਾ ਹੈ ਕਿ ਫੋਕੇ ਸ਼ਬਦਾਂ ਨਾਲ ਲਿਖਤ ਦਾ ਢਿੱਡ ਨਾ ਭਰੀਏ । ਪਿੱਛ ਦਾ ਪਿੱਛਾ ਛੱਡ ਕੇ ਚੌਲਾਂ ਦੀ ਗੱਲ ਕਰੀਏ! ਪਰ ਸਾਡੇ ਪੰਜਾਬੀਆਂ ਦੀ ਚੌਲਾਂ ਨਾਲ ਤਸੱਲੀ ਨਹੀਂ ਹੁੰਦੀ । ਚੌਲ ਖਾ ਕੇ ਵੀ ਰੋਟੀ ਵੱਲ ਧਿਆਨ ਰਹਿੰਦਾ ਹੈ । ਘਰ ਵਿਚ ਭਾਵੇਂ ਚੌਲ ਬਣੇ ਹੋਣ ਪਰ ਬੰਦਾ ਰੋਟੀ ਖਾਣ ਹੀ ਬਹਿੰਦਾ ਹੈ । 'ਭੋਜਨ' ਜਾਂ 'ਖਾਣਾ' ਨਹੀਂ, ਭੁੱਖ ਦੇ ਇਲਾਜ ਨੂੰ ਉਹ 'ਰੋਟੀ' ਕਹਿੰਦਾ ਹੈ । ਵੇਖੋ ਕਿਹੜੇ ਕਿਹੜੇ ਰੂਪ ਸਾਡੀ ਭੁੱਖ ਦੇ ਨੇ । ਬੰਦੇ ਆਪ ਰੋਟੀ ਖਾਂਦੇ ਨੇ, ਦਿਓਤਿਆਂ ਲਈ 'ਰੋਟ' ਸੁੱਖਦੇ ਨੇ:


ਮੈਨੀਫੈਸਟੋ ਆਪਣਾ,
ਡੰਕੇ ਉੱਤੇ ਚੋਟ ।
ਨੋਟ ਦਿਆਂਗੇ ਓਸਨੂੰ,
ਜਿਹੜਾ ਦੇਵੇ ਵੋਟ ।
ਸਿੱਧਾਸਾਦਾ ਰੱਖਿਆ,
ਚੁਣ ਕੇ ਚੋਣ ਨਿਸ਼ਾਨ,
ਊਠ ਖਲੋਤਾ ਚੌਕ ਵਿਚ,
ਝੂਲੇ ਦੋਵੇਂ ਲੋਟ ।
ਜੇਕਰ ਆਉਂਦੀ ਚੋਣ ਤੱਕ,
ਬਾਲਗ ਹੋ ਗਏ ਲੋਕ,
ਬਿਲਾਸ਼ੱਕ ਉਹ ਦੇਣਗੇ
ਟਿੱਡੀ ਦਲ ਨੂੰ  ਵੋਟ ।
ਨੇਤਾ ਜੀ ਨੂੰ  ਕਿਉਂ ਦਿਸੇ,
ਕੰਧ 'ਤੇ ਲਿਖਿਆ ਬੋਲ,
ਕੁਰਸੀ ਦੇ ਵਿਚ ਨਜ਼ਰ ਹੈ,
ਨਜ਼ਰ ਦੇ ਵਿਚ ਖੋਟ ।
ਜ਼ਿੰਦਾ ਸਭ ਇਨਸਾਨ ਨੇ,
ਮਰਿਆ ਸਿਰਫ਼ ਈਮਾਨ,
ਲੋਕਰਾਜ ਵਿਚ ਹੋ ਗਿਆ,
ਇਹ ਕੈਸਾ ਵਿਸਫੋਟ ।
ਸਾਈਕਲ ਵਾਲਾ ਬਚ ਗਿਆ,
ਆਪਣੀ ਹਿੰਮਤ ਨਾਲ,
ਟਰੱਕ ਵਾਲਾ ਸੀ ਕਹਿ ਰਿਹਾ,
ਸਤਿਗੁਰ ਤੇਰੀ ਓਟ ।
ਰਾਮਰਾਜ ਨਾ ਹੋ ਸਕੇ,
ਕਾਮਯਾਬ ਇਸ ਵਾਰ,
ਇਕ ਵੋਟਰ ਨੇ ਸੁੱਖਿਆ,
ਹਨੂਮਾਨ ਦਾ ਰੋਟ ।

'ਰੋਟ' ਵਾਲੇ ਸ਼ੇਅਰ ਤੱਕ ਪੁੱਜਣ ਲਈ ਪੂਰੀ ਗ਼ਜ਼ਲ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ । ਪੜੁੱਲ ਤੋਂ ਪੈਰ ਚੁੱਕ ਕੇ ਲੰਮੀ ਛਾਲ ਮਾਰਨ ਤੋਂ ਪਹਿਲਾਂ ਜਿਵੇਂ ਦੌੜਨਾ ਜ਼ਰੂਰੀ ਹੈ; ਉਵੇਂ ਹੀ ਗੱਲ ਨੂੰ ਟਿਕਾਣੇ ਪਹੁੰਚਾਉਣ ਲਈ ਵਾਜਬ ਜਿਹੀ ਭੂਮਿਕਾ ਸਾਡੀ ਮਜਬੂਰੀ ਹੈ । ਅਸੀਂ ਮਹਿਜ਼ ਰੋਟੀ ਦੇ ਸਵਾਦ ਤੋਂ ਵਾਕਿਫ ਹਾਂ, ਸੱਤਾ ਦਾ ਸਵਾਦ ਨਹੀਂ ਜਾਣਦੇ । ਅਸੀਂ ਕਿਹੜਾ ਕਦੀ ਕਿਸੇ ਸਿਆਸੀ ਪਾਰਟੀ ਦੇ ਉਮੀਦਵਾਰ ਰਹੇ ਹਾਂ! ਬਸ ਐਵੇਂ ਦਿਲ ਬਹਿਲਾਉਣ ਲਈ ਕਾਗਜ਼ ਉੱਤੇ ਬ੍ਰਹਿਮੰਡ ਉਸਾਰ ਰਹੇ ਹਾਂ :

ਇਕ ਕੁੜੀ ਨੂੰ ਕਾਲਜ ਤੋਂ
ਘਰ ਪਰਤਣ ਲਈ,
ਸਾਈਕਲ ਸਣੇ ਸਮੁੰਦਰ
ਤਰਨਾ ਪੈਂਦਾ ਏ ।
ਕਾਗਜ਼ 'ਤੇ ਬ੍ਰਹਿਮੰਡ
ਉਸਾਰੀ ਫਿਰਦੇ ਹਾਂ,
ਪਰ ਨਕਸ਼ੇ ਵਿਚ ਆਪਣਾ
ਘਰ ਨਾ ਪੈਂਦਾ ਏ ।

•••

ਯਾਦ ਆਇਆ ਕਿ ਆਪਣਾ ਘਰ ਨਕਸ਼ੇ 'ਚ ਨਹੀਂ, ਧਿਆਨਪੁਰ ਵਿਚ ਹੈ । ਜਿਸ ਦਾ ਨਕਸ਼ਾ ਹੁਣ ਪੂਰੀ ਤਰ੍ਹਾਂ ਬਦਲ ਚੁੱਕਾ ਹੈ । ਪਛਾਣ ਬਦਲ ਚੁੱਕੀ ਹੈ :

ਜਦੋਂ ਕਦੇ ਅੱਜ ਕੱਲ੍ਹ
ਸ਼ੀਸ਼ਾ ਵੇਖਦਾ ਹਾਂ,
ਮੈਥੋਂ ਚਿਹਰਾ ਪਛਾਣਿਆ
ਨਹੀਂ ਜਾਂਦਾ ।

ਪਿੰਡ ਦੇ ਅਤੇ ਮੇਰੇ ਨੈਣ ਨਕਸ਼ ਰਲ-ਗੱਡ ਹੋ ਰਹੇ ਨੇ । ਆਪੋਆਪਣੀ ਹਸਤੀ ਦੀ ਗਵਾਹੀ ਲਈ ਇਕ ਦੂਜੇ ਨੂੰ ਟੋਹ ਰਹੇ ਨੇ । ਇਕ ਦੂਜੇ ਵਿਚ ਵੱਜ ਰਹੇ ਨੇ, ਇਕ ਦੂਜੇ ਨੂੰ ਛੋਹ ਰਹੇ ਨੇ । ਕਬੀਰ ਕੋਲੋਂ ਪੁੱਛਦਾ ਹਾਂ :

ਰੁੱਖ ਰੋਂਦੇ ਨੇ, ਘਰ ਚੋਂਦੇ ਨੇ,
ਕਿਸ ਮੌਸਮ ਦੀ ਬਰਸਾਤ ਹੈ ਇਹ?
ਮੈਂ ਜਾਗ ਰਿਹਾ, ਦੁੱਖ ਝਾਗ ਰਿਹਾ,
ਸੁੱਤੀ ਸੁੱਤੀ ਕਾਇਨਾਤ ਹੈ ਇਹ!

ਕਬੀਰ ਨੇ ਰੋਣਾ ਹੀ ਹੁੰਦਾ ਹੈ । ਕੱਚੇ ਕੋਠਿਆਂ ਨੇ ਚੋਣਾ ਹੀ ਹੁੰਦਾ ਹੈ । ਮਿੱਟੀ ਆਪਣੀ ਖ਼ਸਲਤ ਪਛਾਣਦੀ ਹੈ । ਮਿਟਣ ਦਾ ਆਨੰਦ ਮਿੱਟੀ ਹੀ ਜਾਣਦੀ ਹੈ :

ਮੈਂ ਮਿੱਟੀ ਦੀ ਬਾਤ ਹਾਂ ਪਾਉਂਦਾ,
ਮੈਂ ਮਿੱਟੀ ਦੇ ਘਰ ਉਗਿਆ ਹਾਂ ।
ਅੰਬਰ ਮੋੜ ਪਿਛਾੜੀ ਤੁਰਿਆ,
ਮੈਂ ਮਿੱਟੀ ਦੇ ਸੰਗ ਪੁੱਗਿਆ ਹਾਂ ।

ਮਨ ਕਹਿੰਦਾ ਹੈ, ''ਮਿੱਟੀ ਪਾ ਭੂਮਿਕਾ ਉੱਤੇ । ਅਸਲੀ ਗੱਲ ਵੱਲ ਆ । ਲੀਡਰਾਂ ਵਾਂਗੂੰ ਮਸਲਾ ਨਾ ਲਮਕਾ ।'' ਯਾਦ ਆਉਂਦਾ ਹੈ ਕਿ ਬਚਪਨ ਵਿਚ ਜਦੋਂ ਕੋਈ ਗੱਲ ਘੁਮਾ ਫਿਰਾ ਕੇ ਕਹਿਣ ਦੀ ਕੋਸ਼ਿਸ਼ ਕਰਦਾ ਸਾਂ ਤਾਂ ਮਾਂ ਚਲਾਕੀ ਫੜ ਲੈਂਦੀ ਸੀ । ਕੰਨ ਮਰੋੜ ਕੇ ਕਹਿੰਦੀ ਸੀ, '' ਐਵੇਂ ਕਹਾਣੀਆਂ ਜਿਹੀਆਂ ਨਾ ਪਾ । ਅਸਲੀ ਗੱਲ ਦੱਸ । ਹੋਇਆ ਕੀ ਐ ਤੇ ਤੈਨੂੰ ਚਾਹੀਦਾ ਕੀ ਐ?'' ਅਸਲੀ ਗੱਲ ਇਹ ਹੈ ਕਿ ਹੋਇਆ ਕੁਝ ਵੀ ਨਹੀਂ ਅਤੇ ਚਾਹੀਦਾ ਇਹ ਹੈ ਕਿ ਮਾਂ ਕੋਲੋਂ ਸੁਣੀ ਹੋਈ ਲੋਰੀ ਵਰਗੀ ਬਾਤ ਤੁਹਾਨੂੰ ਸੁਣਾ ਕੇ ਮੈਂ ਲਾਂਭੇ ਹੋਵਾਂ । ਲਉ ਸੁਣੋ :


ਇਕ ਸੀ ਰਾਜਾ
ਉਹਦੇ ਕੰਨ 'ਚ ਪਾਇਆ ਧਾਗਾ
ਖਿੱਚਿਆ ਤੇ ਬਣ ਗਿਆ ਦਰਵਾਜ਼ਾ
ਦਰਵਾਜ਼ੇ ਬੱਧੀ ਗਊ
ਗਊ ਨੇ ਕੀਤੀ ਫੋਸੀ
ਫੋਸੀ ਦਾ ਬਣਾਇਆ ਚੁੱਲ੍ਹਾ ਚੌਂਕਾ
ਵਿਚ ਬਿਠਾਏ ਦਿਓਤੇ
ਦਿਓਤਿਆਂ ਕੱਢੀ ਪੱਤਰੀ
ਵਿੱਚੋਂ ਨਿਕਲਿਆ ਰੂੜਾ ਖੱਤਰੀ
ਰੂੜੇ ਖੱਤਰੀ ਪਾਇਆ ਹੱਟ
ਵਿੱਚੋਂ ਨਿਕਲਿਆ ਧੇਲੀ ਦਾ ਪੱਟ
ਧੇਲੀ ਦੇ ਪੱਟ ਦੀ ਵੱਡੀ ਬੇਲ੍ਹੀ
ਵਿੱਚੋਂ ਨਿਕਲਿਆ ਗੰਗੂ ਤੇਲੀ
ਗੰਗੂ ਤੇਲੀ ਨੇ ਪਾਇਆ ਘਾਣ
ਵਿੱਚੋਂ ਨਿਕਲਿਆ ਜਵੰਦਾ ਤਰਖਾਣ
ਜਵੰਦੇ ਤਰਖਾਣ ਨੇ ਘੜੀ ਘੜਵੰਜੀ
ਵਿਚੋਂ ਨਿਕਲੀ ਸਲੇਮੋ ਗੰਜੀ
ਸਲੇਮੋ ਗੰਜੀ ਨੇ ਪਾਇਆ ਰਿੜਕਣਾ
ਵਿੱਚੋਂ ਨਿਕਲਿਆ ਡੱਡੂ ਭੁੜਕਣਾ
ਡੱਡੂ ਭੁੜਕਣੇ ਮਾਰਿਆ ਪੱਦ
ਉਡ ਗਈ ਛਾਨਣੀ ਰਹਿ ਗਿਆ ਛੱਜ

ਸੁਣ ਲਈ? ਹੁਣ ਇਹਨੂੰ ਪੜ੍ਹੋ । ਇਕ ਵਾਰੀ ਹੋਰ ਪੜ੍ਹੋ । ਟੁਕੜਿਆਂ ਵਿਚ ਪੜ੍ਹੋ । ਟੁਕੜਿਆਂ ਨੂੰ ਜੋੜੋ । ਉਨ੍ਹਾਂ ਦੇ ਆਪਸੀ ਰਿਸ਼ਤੇ ਪਛਾਣੋ । ਰਿਸ਼ਤਿਆਂ ਦੇ ਧਾਗੇ ਨੂੰ 'ਰਾਜੇ' ਤੋਂ 'ਭੁੜਕਣੇ ਡੱਡੂ' ਤੱਕ ਟੋਹ ਕੇ ਵੇਖੋ । ਚਲੋ, ਸੌਖ ਲਈ ਰਾਜੇ ਦਾ ਨਾਂ 'ਭੋਜ' ਰੱਖ ਲਉ । ਹੁਣ 'ਗੰਗੂ ਤੇਲੀ' ਦਾ ਸ਼ਨਾਖਤੀ ਕਾਰਡ ਵੇਖਣ ਦੀ ਲੋੜ ਨਹੀਂ ਰਹੇਗੀ । ਇਸ 'ਬਾਤ' ਵਿਚਲੀ ਲੈਅ ਤੋਂ ਰਤਾ ਕੁ ਮੁਕਤ ਹੋ ਕੇ ਇਸ ਵਿੱਚ ਬਿਆਨ ਕੀਤੀ ਤਲਖ਼ ਹਕੀਕਤ ਵੱਲ ਧਿਆਨ ਦਿਓ । ਕਾਹਲੀ ਵਿਚ ਨਾ ਕੋਈ ਬਿਆਨ ਦਿਓ । ਮੈਂ ਤੁਹਾਡੀ ਮਦਦ ਕਰਦਾ ਹਾਂ । ਆਪਣੀ ਅਧਿਆਪਕੀ ਦਾ ਫ਼ਾਇਦਾ ਉਠਾਉਂਦਾ ਹਾਂ । ਲੋਰੀ ਵਰਗੀ ਬਾਤ ਦੀ ਸੰਗਲੀ ਤੁਹਾਡੇ ਹੱਥ ਫੜਾਉਂਦਾ ਹਾਂ ।

ਇਸ ਬਾਤ 'ਚ ਪੂਰਾ ਪਿੰਡ ਵੱਸਦਾ ਹੈ । ਇਸ ਵਿਚ ਜਾਤਾਂ ਹਨ । ਕਿੱਤੇ ਹਨ । ਸੰਦ ਹਨ । ਪਰਸਪਰ ਸੰਬੰਧ ਹਨ । ਜਾਤ 'ਚੋਂ ਜਾਤ ਨਿਕਲਦੀ ਹੈ । ਕਿੱਤੇ 'ਚੋਂ ਕਿੱਤਾ ਨਿਕਲਦਾ ਹੈ । ... ਪਰ ਇਸ 'ਨਿਕਲਣ' ਦੀ ਪ੍ਰਕਿਰਿਆ ਦਾ ਆਰੰਭ ਰਾਜੇ ਦੇ ਕੰਨ ਵਿਚ ਧਾਗਾ ਪਾ ਕੇ ਉਸ ਨੂੰ ਖਿੱਚਣ ਨਾਲ ਹੁੰਦਾ ਹੈ । ਧਾਗੇ ਨੂੰ ਖਿੱਚਿਆ ਵੀ ਏਨਾ ਜ਼ਿਆਦਾ ਜਾਂਦਾ ਹੈ ਕਿ ਕੰਨ ਦਾ ਦਰਵਾਜ਼ਾ ਖੁੱਲ੍ਹ ਜਾਂਦਾ ਹੈ । ਪਿੰਡ ਨੂੰ ਪਤਾ ਹੈ ਕਿ ਜਿੰਨਾ ਚਿਰ ਕੰਨ ਨਾ ਖਿੱਚੇ ਜਾਣ ਕੰਨਾਂ ਦੇ ਦਰਵਾਜ਼ੇ ਬਿਲਕੁਲ ਨਹੀਂ ਖੁੱਲ੍ਹਦੇ । ਇਸ ਲਈ ਤਾਂ ਲੋਕ, ਰਾਜਿਆਂ ਦੇ ਕੰਨ ਖਿੱਚਣਾ ਵੀ ਨਹੀਂ ਭੁੱਲਦੇ । ਉਂਜ ਬਹੁਗਿਣਤੀ ਅਜੇ ਵੀ ਆਪਣੀ ਇਸ ਸ਼ਕਤੀ ਤੋਂ ਅਨਜਾਣ ਹੈ । ਉਹ ਸਮਝਦੀ ਹੈ ਕਿ 'ਕੰਨ ਖਿੱਚਣਾ' ਤਾਂ ਐਵੇਂ ਇਕ ਅਖਾਣ ਹੈ । ਉਸ ਨੇ ਤਾਂ ਸਿਆਸਤ ਦੇ ਚਕਲੇ ਉੱਤੇ ਆਪਣੀ ਅਕਲ ਦੇ ਵੇਲਣੇ ਨਾਲ ਸਵਾਰਥ ਦੀ ਰੋਟੀ ਵੇਲੀ ਹੈ । ਜਿਹੋ ਜਿਹਾ ਰਾਜਾ ਭੋਜ ਹੈ, ਉਹੋ ਜਿਹਾ ਗੰਗੂ ਤੇਲੀ ਹੈ । ਜਿਵੇਂ ਕਿਸੇ ਕਾਲਮ ਨਵੀਸ ਨੇ, ਸਿੱਧੀ ਗੱਲ ਕਹਿਣ ਦੀ ਥਾਂ, ਐਵੇਂ ਤੁਕ ਨਾਲ ਤੁਕ ਮੇਲੀ ਹੈ ।

ਬਾਕੀ ਗੱਲਾਂ ਛੱਡੋ । ਇਹ ਗਊਆਂ, ਦਿਓਤਿਆਂ ਅਤੇ ਪੱਤਰੀਆਂ ਤੋਂ ਤੁਰੀ ਹੋਈ ਕਹਾਣੀ ਜਦੋਂ ਸਲੇਮੋ ਗੰਜੀ ਤੱਕ ਜਾ ਪਹੁੰਚਦੀ ਹੈ ਤਾਂ 'ਰਿੜਕਣਾ' ਪੈ ਜਾਂਦਾ ਹੈ । ਕਿਤਾਬੀ ਭਾਸ਼ਾ ਵਿਚ ਕਹੀਏ ਤਾਂ 'ਮੰਥਨ' ਸ਼ੁਰੂ ਹੋ ਜਾਂਦਾ ਹੈ । ਪੌਰਾਣਿਕ ਮੰਥਨ ਸਮੇਂ ਤਾਂ ਚੌਦਾਂ ਰਤਨ ਨਿਕਲੇ ਸਨ, ਪ੍ਰੰਤੂ ਇਸ ਰਿੜਕਣੇ ਵਿਚੋਂ ਸਿਰਫ਼ ਇਕ ਡੱਡੂ ਨਿਕਲਦਾ ਹੈ ਅਤੇ ਉਹ ਵੀ 'ਭੁੜਕਣਾ' । ਟਿਕ ਕੇ ਨਹੀਂ ਬਹਿੰਦਾ । ਪੱਲੜੇ ਬਦਲਦਾ ਰਹਿੰਦਾ ਹੈ । ਭੁੜਕਣਾ ਡੱਡੂ ਅਜਿਹਾ ਚੱਜ ਕਰਦਾ ਹੈ ਕਿ ਪੌਣ ਪ੍ਰਦੂਸ਼ਿਤ ਹੋ ਜਾਂਦੀ ਹੈ । ਗੰਧਲੇ ਵਾਤਾਵਰਣ ਵਿਚ ਸਾਹ ਲੈਣਾ ਦੁਭਰ ਹੋ ਜਾਂਦਾ ਹੈ । ਗੰਦਗੀ ਉਛਾਲੀ ਜਾਂਦੀ ਹੈ । ਕਦਰਾਂਕੀਮਤਾਂ ਦੀ ਹੋਲੀ ਬਾਲੀ ਜਾਂਦੀ ਹੈ । ਛਾਨਣੀ ਛਾਣਦੀ ਹੈ ਪਰ ਜਾਣਦੀ ਹੈ ਕਿ ਉਸ ਵਿਚ ਛੇਕ ਹੀ ਛੇਕ ਹਨ । ਪ੍ਰੰਤੂ ਛੱਜ ਦੇ ਇਰਾਦੇ ਕਿਹੜੇ ਠੀਕ ਹਨ । ਉਹ ਵੀ ਖੂਬ ਛੱਟਦਾ ਹੈ । ਮਾਹੌਲ ਦੀ ਜੜ੍ਹ ਪੱਟਦਾ ਹੈ । ਦੋਹਾਂ ਦਾ ਹੀ ਆਪਾ ਉਨ੍ਹਾਂ ਦੇ ਆਪਣੇ ਵਸ ਨਹੀਂ ਰਹਿੰਦਾ । ਗੱਲਾਂ ਗੱਲਾਂ ਵਿਚ ਦੰਗੇ ਹੋ ਜਾਂਦੇ ਨੇ । ਇਕ ਦੂਜੇ ਦੇ ਪੋਤੜੇ ਫੋਲਦੇ, ਦੋਵੇਂ ਨੰਗੇ ਹੋ ਜਾਂਦੇ ਨੇ ।

ਬਾਤ ਮੁੱਕ ਜਾਂਦੀ ਹੈ,
ਭੋਗ ਪੈ ਜਾਂਦਾ ਹੈ ।
ਛਾਨਣੀ ਉੱਡ ਜਾਂਦੀ ਹੈ,
ਛੱਜ ਰਹਿ ਜਾਂਦਾ ਹੈ ।

•••

ਬਾਤ ਮੁੱਕਣ ਨਾਲ ਕਹਾਣੀ ਖ਼ਤਮ ਨਹੀਂ ਹੁੰਦੀ । ਸਗੋਂ ਗੱਲ ਤਾਂ ਹੁਣ ਸ਼ੁਰੂ ਹੁੰਦੀ ਹੈ । ਭਾਜੀ ਮੋੜੀ ਜਾਂਦੀ ਹੈ । ਭਾਜੀ ਪਾਈ ਜਾਂਦੀ ਹੈ । ਬਸ ਏਹੋ ਕਥਾ ਘੜੀ-ਮੁੜੀ ਦੁਹਰਾਈ ਜਾਂਦੀ ਹੈ:


ਲਾਰੇ ਲਾਰੇ ਲਾਰੇ ।
ਦਿਨੇ ਦਿਖਾਵਣ ਤਾਰੇ ।
ਰਾਜ ਬਦਲ ਜਾਂਦਾ ਏ
ਰਾਜੇ ਉਹੀਓ ਰਹਿੰਦੇ ਸਾਰੇ¨
ਉਹੀਓ ਫੇਰ ਕਹਾਣੀ ।
ਪਾਣੀ ਵਿਚ ਮਧਾਣੀ ।
ਵੋਟਾਂ ਵਾਲੇ ਪਲੰਘ 'ਤੇ ਬੈਠਾ
ਸੌ ਰਾਜਾ ਸੌ ਰਾਣੀ¨
ਚੋਣਾਂ ਚੋਣਾਂ ਚੋਣਾਂ ।
ਹਰ ਵਾਰੀ ਕੁਝ ਖੋਹਣਾ ।
ਲੋਕਰਾਜ ਵਿਚ, ਰਾਮ ਰਾਜ ਵਿਚ
ਹੋਰ ਬੜਾ ਕੁਝ ਹੋਣਾ¨

••••••

11. ਕਾਨੇ ਤੋਂ ਕਾਨੀ ਤੱਕ

ਮਿੱਟੀ ਅਸੀਂ ਤਾਂ ਨਹੀਂ ਬਣਾਉਂਦੇ । ਬਣਾ ਹੀ ਨਹੀਂ ਸਕਦੇ । ਅਸੀਂ ਤਾਂ ਸਿਰਫ਼ ਮਿੱਟੀ ਨੂੰ ਗੁੰਨ੍ਹਦੇ ਹਾਂ, ਕਮਾਉਂਦੇ ਹਾਂ । ਘੁੱਗੂ ਘੋੜੇ ਬਣਾਉਂਦੇ ਹਾਂ । ਆਪਣੀ ਮੋਹਰ ਲਾ ਕੇ ਮੰਡੀ 'ਚ ਲਿਆਉਂਦੇ ਹਾਂ । ਜਬਰਦਸਤੀ ਵਿਖਾਉਂਦੇ ਹਾਂ । ਠੋਕ ਵਜਾ ਕੇ ਸੁਣਾਉਂਦੇ ਹਾਂ । ਇਹ ਸਾਡੀ ਰੋਜ਼ੀ ਰੋਟੀ ਦਾ ਸਿਲਸਿਲਾ ਹੈ । ਤੁਹਾਡੇ ਲਈ ਕਲਾ ਹੈ । ਮਿੱਟੀ ਦੀ ਕਿਸਮ ਪਛਾਨਣ ਵਿਚ ਹੀ ਸਭ ਦਾ ਭਲਾ ਹੈ:

ਜਿਸ ਨੇ ਮਿੱਟੀ ਦਾ ਸਾਰ ਜਾਣ ਲਿਆ ।
ਉਸ ਨੇ ਪ੍ਰਕਿਰਤੀ ਦੇ ਸਰੂਪ ਨੂੰ ਪਛਾਣ ਲਿਆ¨
ਰੰਗ-ਬਰੰਗੀ ਹੈ ਜਾਂ ਕਾਲੀ –ਚਿੱਟੀ ਹੈ ।
ਅੱਵਲ ਵੀ ਮਿੱਟੀ ਹੈ, ਆਖ਼ਰ ਵੀ ਮਿੱਟੀ ਹੈ¨

ਪਿੰਡ ਵਿਚ ਬਹੁਤ ਕੁਝ ਮਿੱਟੀ ਵਰਗਾ ਹੁੰਦਾ ਹੈ । ਕਿਸੇ ਦਾ ਨਹੀਂ ਹੁੰਦਾ ਪਰ ਸਭ ਦਾ ਹੁੰਦਾ ਹੈ । ਤੁਸੀਂ ਖਾ ਸਕਦੇ ਹੋ, ਖੇਡ ਸਕਦੇ ਹੋ, ਜੇਬਾਂ ਨਹੀਂ ਭਰ ਸਕਦੇ । ਤੁਸੀਂ ਆਪਣਾ ਕਹਿ ਸਕਦੇ ਹੋ, ਪਰ ਕਬਜ਼ਾ ਨਹੀਂ ਕਰ ਸਕਦੇ । ਕਬਜ਼ੇ ਵਿਚ ਦੁੱਖ ਹੈ । ਪਛਾਣ ਵਿਚ ਸੁੱਖ ਹੈ । ਇਹ ਦੁੱਖ ਸੁੱਖ ਜਦੋਂ ਕਿਸੇ ਸ਼ਖ਼ਸੀਅਤ 'ਚੋਂ ਛਣਦਾ ਹੈ, ਕਹਾਣੀ ਬਣਦਾ ਹੈ । ਜਦੋਂ ਕਦੇ ਕੋਈ ਦਰਦਵੰਦ ਇਨ੍ਹਾਂ ਕਹਾਣੀਆਂ ਦੀਆਂ ਗੰਢਾਂ ਖੋਲ੍ਹਦਾ ਹੈ, ਪਰਤਾਂ ਫੋਲਦਾ ਹੈ ਤਾਂ ਭੇਤ ਖੁੱਲ੍ਹਦਾ ਹੈ ਕਿ ਇਨ੍ਹਾਂ ਕਹਾਣੀਆਂ 'ਚ ਵਿਅਕਤੀ ਨਹੀਂ ਪਿੰਡ ਬੋਲਦਾ ਹੈ ।

ੳ) ਕਥਾ ਕਾਨੇ ਦੀ

ਇਹ ਉਦੋਂ ਦੀ ਗੱਲ ਹੈ ਜਦੋਂ ਅਜੇ ਸੜਕਾਂ ਦੇ ਜਾਲ ਨਹੀਂ ਸਨ ਵਿਛੇ । ਨਾ ਹੀ ਹਾਲੇ ਪੁਲਾਂ ਦੇ ਬਹੁਤੇ ਠੇਕੇਦਾਰ ਜੰਮੇ ਸਨ । ਗੱਡੀਆਂ ਮੋਟਰਾਂ ਦਾ ਜ਼ਮਾਨਾ ਬਹੁਤ ਬਾਅਦ ਦੀ ਬਾਤ ਹੈ । ਲੋਕ ਪੈਦਲ ਹੀ ਪੈਂਡਾ ਗਾਹੁੰਦੇ ਸਨ । ਬਰਸਾਤ ਦੇ ਮੌਸਮ ਵਿਚ ਨਦੀ ਨਾਲਿਆਂ ਵਿਚ ਪਾਣੀ ਚੜ੍ਹ ਜਾਂਦਾ ਸੀ । ਨੀਵੀਆਂ ਥਾਵਾਂ 'ਤੇ ਪਾਣੀ ਖੜ੍ਹ ਜਾਂਦਾ ਸੀ । ਪਰ ਜ਼ਿੰਦਗੀ ਤਾਂ ਨਹੀਂ ਨਾ ਖੜ੍ਹ ਸਕਦੀ? ਲੋਕ ਪਾਣੀ ਦੇ ਵਿਚ ਹੀ ਤੁਰੇ ਰਹਿੰਦੇ । ਜਾਣਆਉਣ ਬਣਿਆ ਰਹਿੰਦਾ । ਪਿੰਡ ਕਦੇ ਟਿਕ ਕੇ ਕਦੋਂ ਬਹਿੰਦਾ । ਘਰੋਂ ਤੁਰਨ ਵੇਲੇ, ਸਫ਼ਰ ਦੇ ਸਮਾਨ ਤੋਂ ਇਲਾਵਾ, ਲੋਕ ਕੁਝ ਕਾਨੇ ਵੀ ਨਾਲ ਲੈ ਕੇ ਜਾਂਦੇ । ਪਾਣੀ 'ਚ ਤੁਰਦਿਆਂ ਜਿੱਥੇ ਕਿਤੇ ਪੈਰ ਡੂੰਘਾ ਖੁੱਭ ਜਾਂਦਾ ਜਾਂ ਕੋਈ ਹੋਰ ਖ਼ਤਰਾ ਮਹਿਸੂਸ ਹੁੰਦਾ, ਉੱਥੇ ਕਾਨਾ ਗੱਡ ਦਿੰਦੇ । ਆਪਣੇ ਤੋਂ ਪਿੱਛੋਂ ਆਉਣ ਵਾਲਿਆਂ ਲਈ ਸੰਕੇਤਕ ਚਿਤਾਵਨੀ ਛੱਡ ਦਿੰਦੇ । ਅੱਜ ਸੜਕਾਂ ਅਤੇ ਪੁਲਾਂ ਤੋਂ ਗੁਜ਼ਰਦਿਆਂ ਵੀ ਕਈ ਥਾਈਂ ਉਨ੍ਹਾਂ ਕਾਨਿਆਂ ਦਾ ਝਾਉਲਾ ਪੈਂਦਾ ਹੈ । ਹਰ ਕਾਨਾ ਕੁਝ ਕਹਿੰਦਾ ਹੈ:

ਅ) ਖੋਤਾ ਤੇ ਦਰਵੇਸ਼

ਸੜਕੇ ਸੜਕੇ ਤੁਰੇ ਜਾਂਦੇ ਇਕ ਦਰਵੇਸ਼ ਨੇ ਵੇਖਿਆ ਕਿ ਇਕ ਕੰਢੇ ਵੱਲ ਕੋਈ ਪ੍ਰਾਣੀ ਲੇਟਿਆ ਹੋਇਆ ਹੈ ਜਿਸ ਉੱਤੇ ਮੱਖੀਆਂ ਨੇ ਛਾਉਣੀ ਪਾਈ ਹੋਈ ਹੈ । ਥੋੜ੍ਹਾ ਨੇੜੇ ਹੋ ਕੇ ਵੇਖਿਆ, ਉਹ ਖੋਤਾ ਸੀ । ਅਹਿੱਲ ਪਿਆ ਸੀ । ਪੂਰੇ ਸਰੀਰ ਉੱਤੇ ਮੱਖੀਆਂ ਪੂਰੀ ਤਸੱਲੀ ਨਾਲ ਬਿਰਾਜਮਾਨ ਸਨ । ਆਨੰਦ ਵਿੱਚ ਸੁੱਤੀਆਂ ਹੋਈਆਂ । ਖੋਤਾ ਹਿੱਲਦਾ ਨਹੀਂ ਸੀ ਪਰ ਉਹਦੀਆਂ ਅੱਖੀਆਂ ਖੁੱਲ੍ਹੀਆਂ ਸਨ । ਕਦੇਕਦੇ ਪਲਕਾਂ ਝਪਕਦਾ ਸੀ । ਦਰਵੇਸ਼ ਨੂੰ ਹਮਦਰਦੀ ਹੋਈ । ਤਰਸ ਆਇਆ । ਉਹਨੇ ਆਪਣੇ ਮੋਢੇ ਤੋਂ ਪਰਨਾ ਲਾਹ ਕੇ, ਝਾੜਾ ਕਰਨ ਵਾਂਗ ਹਿਲਾਇਆ । ਸੁੱਤੀਆਂ ਮੱਖੀਆਂ ਨੂੰ ਜਗਾਇਆ । ਜਾਗਦੀਆਂ ਨੂੰ ਉੱਡਾਇਆ । ਉੱਡਦੀਆਂ ਨੂੰ ਭਜਾਇਆ । ਖੋਤੇ ਦੇ ਹੋਰ ਨੇੜੇ ਆਇਆ । ਵੇਖਿਆ ਕਿ ਖੋਤੇ ਦੇ ਬੁੱਲ੍ਹ ਹਿਲ ਰਹੇ ਹਨ ਪਰ ਆਵਾਜ਼ ਨਹੀਂ ਨਿਕਲ ਰਹੀ । ਗੱਲ ਦੀ ਤਹਿ ਤੱਕ ਪੁੱਜਣ ਲਈ ਉਹਦੇ ਮੂੰਹ ਨੂੰ ਆਪਣਾ ਕੰਨ ਲਾਇਆ । ਮਰੀ ਜਿਹੀ ਆਵਾਜ਼ ਵਿਚ ਖੋਤਾ ਵਿਰਲਾਪ ਕਰ ਰਿਹਾ ਸੀ, ''ਮਾੜਾ ਕੀਤਾ ਈ ਰਾਹੀਆ! ਬਹੁਤ ਬੁਰਾ ਕੀਤਾ ਈ ਮੇਰੇ ਨਾਲ । ... ਮੈਂ ਤੇਰਾ ਕੀ ਵਿਗਾੜਿਆ ਸੀ? ਤੂੰ ਕਿਹੜੇ ਜੁਗ ਦਾ ਬਦਲਾ ਲਿਆ ਮੇਰੇ ਕੋਲੋਂ? ... ਬੜੀ ਮੌਜ ਨਾਲ ਪਿਆ ਸਾਂ । ਤੈਨੂੰ, ਦੱਸ ਕੀ ਤਕਲੀਫ ਹੋਈ? ... ਇਹ ਕੀ ਕੀਤਾ ਈ ਜ਼ਾਲਮਾ । ਡਾਢਾ ਜ਼ੁਲਮ ਕਮਾਇਆ ਈ । ਇਨ੍ਹਾਂ ਨੂੰ ਕਿਉਂ ਉਡਾਇਆ ਈ? ...''

''ਮੇਰੇ ਪਿਆਰੇ ਖੋਤੇ ਭਾਈ ਸਾਹਿਬ! ਮੰਦਾ ਕਿਉ ਬੋਲਦਾ ਹੈਂ । ਮੈਂ ਤਾਂ ਤੇਰਾ ਭਲਾ ਕੀਤਾ ਹੈ । ਦੇਖ ਜ਼ਰਾ ਆਪਣੇ ਸਰੀਰ ਵੱਲ, ਇਨ੍ਹਾਂ ਮੱਖੀਆਂ ਨੇ ਕਿਵੇਂ ਤੇਰਾ ਲਹੂ ਪੀਤਾ ਹੈ । ਇਹ ਤੇਰੀ ਚਮੜੀ ਨਾਲ ਚਿੰਬੜੀਆਂ ਹੋਈਆਂ ਸਨ । ਮਸਤੀ ਵਿੱਚ ਸੁੱਤੀਆਂ ਹੋਈਆਂ ਸਨ । ਬੜੀ ਮੁਸ਼ਕਲ ਜਗਾਈਆਂ ਨੇ । ਜਗਾ ਕੇ ਉੱਡਾਈਆਂ ਨੇ । ਉੱਡਾ ਕੇ ਭਜਾਈਆਂ ਨੇ । ਤੂੰ ਕਹਿੰਦਾ ਏਂ ਮਾੜਾ ਕੀਤਾ ਹੈ...'' ਦਰਵੇਸ਼ ਨੇ ਆਪਣਾ ਪੱਖ ਪੇਸ਼ ਕੀਤਾ ।

ਖੋਤਾ ਚੀਕਿਆ, ''ਤੂੰ ਆਪਣੀ ਥਾਂ ਠੀਕ ਹੋਵੇਂਗਾ ਪਰ ਗਲਤ ਮੈਂ ਵੀ ਨਹੀਂ । ਜਿਨ੍ਹਾਂ ਨੂੰ ਤੂੰ ਉੱਡਾਇਆ ਹੈ ਇਹ ਪਿਛਲੇ ਪੰਜਾਂ ਵਰ੍ਹਿਆਂ ਤੋਂ ਮੈਨੂੰ ਚਿੰਬੜੀਆਂ ਹੋਈਆਂ ਸਨ । ਮੇਰਾ ਲਹੂ ਪੀ ਪੀ ਕੇ ਰੱਜੀਆਂ ਹੋਈਆਂ ਸਨ । ਹੁਣ ਆਰਾਮ ਨਾਲ ਪਈਆਂ ਸਨ । ... ਤੂੰ ਇਨ੍ਹਾਂ ਨੂੰ ਉਡਾ ਕੇ ਕਿਹੜਾ ਭਲਾ ਕੀਤਾ ਹੈ? ਹੁਣੇ ਇਨ੍ਹਾਂ ਦੀ ਥਾਂ ਨਵੀਆਂ ਮੱਖੀਆਂ ਆਉਣਗੀਆਂ । ਭੁੱਖੀਆਂ ਨਜ਼ਰਾਂ ਨਾਲ ਮੇਰੇ ਇਰਦਗਿਰਦ ਭਿਣਭਿਣਾਉਣਗੀਆਂ । ਬਚੇ ਖੁਚੇ ਲਹੂ ਨਾਲ ਆਪਣੇ ਢਿੱਡ ਭਰਨਗੀਆਂ । ਆਪਣਾ ਨਵਾਂ ਏਜੰਡਾ ਲਾਗੂ ਕਰਨਗੀਆਂ । ... ਮਾੜਾ ਕੀਤਾ ਈ ਦਰਵੇਸ਼ਾ!'' ....

ਰੱਜ ਰੱਜ ਉਡਣ ਮੱਖੀਆਂ, ਕਿਹੜਾ ਕਰੇ ਇਲਾਜ ।
ਚੱਲ ਭੂਸ਼ਨ ਘਰ ਆਪਣੇ, ਇਹ ਲੋਕਾਂ ਦਾ ਰਾਜ¨

ੲ) ਵਿਚਲਾ ਰਾਹ

ਗੱਲ ਤਾਂ ਸਧਾਰਨ ਸੀ ਪਰ ਫੈਸਲਾ ਨਹੀਂ ਸੀ ਹੋ ਰਿਹਾ । ਮਾਘ ਦਾ ਮਹੀਨਾ ਸੀ । ਸ਼ੇਰ ਤੇ ਬਘਿਆੜ ਦੀ ਅਚਾਨਕ ਮੁਲਾਕਾਤ ਹੋ ਗਈ । ਮੁਲਾਕਾਤ ਕਾਹਦੀ, ਬਸ ਆਹਮੋ-ਸਾਹਮਣੇ ਹੋ ਗਏ । ਇਕ ਦੂਜੇ ਨੂੰ ਵੇਖਿਆ । ਜਾਚਿਆ । ਆਪੋ ਆਪਣੀ ਹਉਮੈ ਨੂੰ ਕੰਡੇ 'ਤੇ ਕੀਤਾ । ਰਸਮੀ ਜੇਹੀ ਗੱਲਬਾਤ ਸ਼ੁਰੂ ਹੋਈ :

? ਬਹੁਤ ਠੰਢ ਪੈ ਰਹੀ ਹੈ ।
ਪਿਛਲੇ ਮਹੀਨੇ ਜ਼ਿਆਦਾ ਠੰਢ ਪਈ ਸੀ ।

? ਨਹੀਂ, ਆਹ ਮਾਘ ਦੀ ਠੰਢ ਨੇ ਤਾਂ ਅੱਤ ਕਰ ਦਿੱਤੀ ਐ, ਪਿਛਲੇ ਮਹੀਨੇ ਏਨੀ ਨਹੀਂ ਸੀ ।
ਨਹੀਂ ਪੋਹ ਵਿੱਚ ਤਾਂ ਇਸ ਦੇ ਮੁਕਾਬਲੇ 'ਚ ਕੁਝ ਵੀ ਠੰਢ ਨਹੀਂ ਸੀ ।

? ਮੈਂ ਨਹੀਂ ਮੰਨਦਾ, ਠੰਢ ਤਾਂ ਹਮੇਸ਼ਾ ਹੀ ਪੋਹ ਵਿਚ ਜ਼ਿਆਦਾ ਹੁੰਦੀ ਐ ।
ਮੈਂ ਕਹਿੰਦਾ ਹਾਂ ਮਾਘ ਵਿਚ ਪੈਂਦੀ ਐ । ਭਾਵੇਂ ਕਿਸੇ ਨੂੰ ਪੁੱਛ ਲੈ ।

? ਕੀਹਨੂੰ ਪੁੱਛੀਏ ।
ਅਹੁ ਗਿੱਦੜ ਆਉਾਦੈ, ਉਹਨੂੰ ਪੁੱਛਦੇ ਆਂ ।

ਗਿੱਦੜ ਨਜ਼ਰ ਬਚਾ ਕੇ ਨਿਕਲਣ ਲੱਗਦਾ ਹੈ, ਪਰ ਉਹ ਉਹਨੂੰ ਇਸ਼ਾਰਾ ਕਰਕੇ ਆਪਣੇ ਕੋਲ ਸੱਦ ਲੈਂਦਾ ਹੈ । ਸ਼ੇਰ ਉਹਦੇ ਸੱਜੇ ਮੋਢੇ 'ਤੇ ਪੰਜਾ ਰੱਖ ਲੈਂਦਾ ਹੈ, ਬਘਿਆੜ ਖੱਬੇ ਮੋਢੇ 'ਤੇ ।

ਸ਼ੇਰ : ਇਹ ਕਹਿੰਦੈ ਪੋਹ ਵਿਚ ਜ਼ਿਆਦਾ ਠੰਢ ਹੁੰਦੀ ਐ । ਮੈਂ ਆਹਨਾਂ ਮਾਘ ਵਿਚ । ਤੇਰੀ ਵੋਟ ਕਿਧਰ ਐ?

ਬਘਿਆੜ : ਇਹ ਕਹਿੰਦੈ ਮਾਘ ਵਿਚ ਜ਼ਿਆਦਾ ਠੰਢ ਹੁੰਦੀ ਐ । ਮੈਂ ਆਹਨਾਂ ਪੋਹ ਵਿਚ । ਤੇਰੀ ਵੋਟ ਕਿਧਰ ਐ?

ਗਿੱਦੜ ਨੇ ਦੋਹਾਂ ਨੂੰ ਆਪਣੇ ਮੋਢਿਆਂ ਤੋਂ ਪੰਜੇ ਚੁੱਕਣ ਦੀ ਬੇਨਤੀ ਕੀਤੀ । ਹੱਥ ਜੋੜ ਕੇ ਸਾਹਮਣੇ ਖਲੋ ਗਿਆ । ਦੋਹਾਂ ਮਹਾਂ ਸ਼ਕਤੀਆਂ ਵੱਲ ਵਾਰੀਵਾਰੀ ਨਤਮਸਤਕ ਹੋ ਕੇ ਆਪਣਾ ਮਤ ਇਉਂ ਪ੍ਰਗਟ ਕੀਤਾ :

ਸੁਣੀਏ ਸਿੰਘ ਸਰਦਾਰ! ਬਘੇਲਾ ਰਾਏ ਜੀ!!
ਪਾਲਾ ਪੋਹ ਨਾ ਮਾਘ, ਪਾਲਾ ਠੰਢੀ ਵਾਏ ਜੀ ।

ਸ) ਨਜੂਮੀ

ਵੋਟਾਂ ਪੈ ਚੁੱਕੀਆਂ ਸਨ ਪਰ ਗਿਣਤੀ ਅਜੇ ਨਹੀਂ ਸੀ ਹੋਈ । ਲੋਕ ਅੰਦਾਜ਼ੇ ਲਾ ਰਹੇ ਸਨ । ਸ਼ਰਤਾਂ ਲਾ ਰਹੇ ਸਨ । ਬਹਿਸਾਂ ਕਰ ਰਹੇ ਸਨ । ਜੋਤਸ਼ੀਆਂ ਨਜੂਮੀਆਂ ਤੋਂ ਪੁੱਛਾਂ ਲੈ ਰਹੇ ਸਨ । ਪਿੰਡ ਪਿੰਡ ਇਹੋ ਹਾਲ ਸੀ । ਪਿੰਡ ਵਿਚ ਇਕ ਘਰ ਨਜੂਮੀਆਂ ਦਾ ਟੱਬਰ ਕਰਕੇ ਮਸ਼ਹੂਰ ਸੀ । ਘਰ ਵਿਚ ਮਾਂਪੁੱਤ ਰਹਿੰਦੇ ਸਨ । ਆਲੇਦੁਆਲੇ ਦੇ ਲੋਕ ਉਨ੍ਹਾਂ ਨੂੰ ਨਜੂਮੀ ਕਹਿੰਦੇ ਸਨ ।

ਇਕ ਟੀ.ਵੀ. ਚੈਨਲ ਦੇ ਨੁਮਾਇੰਦੇ ਨੂੰ ਇਸ ਗੱਲ ਦੀ ਸੂਹ ਲੱਗੀ । ਉਹ ਸੁੰਘਦਾ ਸੁੰਘਦਾ ਉਸ ਘਰ ਜਾ ਪਹੁੰਚਾ । ਮਾਂ ਕਿਤੇ ਗਈ ਹੋਈ ਸੀ । ਘਰ ਵਿਚ ਮੁੰਡਾ ਇਕੱਲਾ ਸੀ । ਪੇਸ਼ ਹੈ ਵਾਰਤਾਲਾਪ ਦਾ ਟੋਟਾ:

? ਇਹ ਨਜੂਮੀਆਂ ਦਾ ਘਰ ਐ ।
ਹਾਂ ਜੀ, ਮੈਂ ਵੀ ਨਜੂਮੀ ਮੇਰੀ ਮਾਂ ਵੀ ਨਜੂਮੀ ।

? ਮਾਂ ਜੀ ਕਿੱਥੇ ਨੇ ।
ਮਾਂ ਕੰਮ ਗਈ ਐ, ਤੁਸੀਂ ਕੰਮ ਦੱਸੋ ।

? ਕੰਮ ਤਾਂ ਕੋਈ ਨਹੀਂ, ਸਿਰਫ਼ ਏਹੋ ਪੁੱਛਣਾ ਸੀ ਕਿ
ਪੁੱਛੋ ਪੁੱਛੋ

? ਅੱਛਾ ਇਹ ਦੱਸੋ ਕਿ ਤੁਹਾਡੀ ਭਵਿੱਖਬਾਣੀ ਕਦੇ ਠੀਕ ਵੀ ਹੁੰਦੀ ਐ ।
ਹਰ ਵਾਰ ਠੀਕ ਹੁੰਦੀ ਐ ਜੀ, ਕਦੇ ਮਾਂ ਦੀ ਕਦੇ ਮੇਰੀ ।

? ਕੋਈ ਮਿਸਾਲ ਦਿਓਗੇ ।
ਮਿਸਾਲ ਦਾ ਕੀ ਐ ਜੀ, ਜੀਹਨੂੰ ਮਰਜ਼ੀ ਪੁੱਛ ਲਉ, ਜਦੋਂ ਵੀ ਅਸਮਾਨ ਉੱਤੇ ਬੱਦਲ ਆਉਂਦੇ ਨੇ ਸਾਡੇ 'ਚੋਂ ਇਕ ਜਣਾ ਕਹਿੰਦਾ ਹੈ 'ਮੀਂਹ ਪਏਗਾ' ਅਤੇ ਦੂਜਾ ਕਹਿੰਦਾ ਹੈ 'ਨਹੀਂ ਪਏਗਾ' ।

? ਫੇਰ
ਫੇਰ ਕੀ? ਕਦੇ ਮਾਂ ਦੀ ਭਵਿੱਖਬਾਣੀ ਠੀਕ ਹੋ ਜਾਂਦੀ ਐ ਕਦੇ ਮੇਰੀ । ਇਸ ਲਈ ਮੈਂ ਵੀ ਨਜੂਮੀ ਮੇਰੀ ਮਾਂ ਵੀ ਨਜੂਮੀ ।

ਹ) ਅਫ਼ਸੋਸ

ਪੰਡਿਤ ਜੀ ਪੰਚਾਇਤ ਦੀ ਚੋਣ ਹਾਰ ਗਏ । ਸਵੇਰ ਤੋਂ ਉਨ੍ਹਾਂ ਦੇ ਚੁਬਾਰੇ ਵਿਚ ਅਫ਼ਸੋਸ ਕਰਨ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਸੀ । ਗਹਿਮਾਗਹਿਮੀ । ਦੋ ਜਾਂਦੇ, ਚਾਰ ਆਉਂਦੇ । ਪੰਡਿਤ ਜੀ ਦੀ ਲੋਕ ਸੇਵਾ ਨੂੰ ਸਲਾਹੁੰਦੇ । ਹਾਰ 'ਤੇ ਦੁੱਖ ਪ੍ਰਗਟਾਉਂਦੇ । ਪੰਚੈਤੀ ਹੁੱਕੇ ਦੀ ਗੁੜਗੁੜ ਵਿੱਚ ਪੰਡਿਤ ਜੀ ਦੀ ਬੁੜਬੁੜ ਰਲੀ ਜਾਦੀ । ਅਫ਼ਸੋਸ ਦੀ ਧੂਣੀ ਧੁਖੀ ਜਾਂਦੀ । ਚਾਹ ਦੀ ਭਰੀ ਹੋਈ ਕੇਤਲੀ ਆਈ ਜਾਂਦੀ, ਖ਼ਾਲੀ ਚਲੀ ਜਾਂਦੀ । ਅਖ਼ੀਰ ਸ਼ਾਮ ਜੇਹੀ ਨੂੰ ਪੰਡਿਤ ਜੀ ਦੇ ਸਬਰ ਦਾ ਬੰਨ੍ਹ ਟੁੱਟ ਗਿਆ । ਹਾਜ਼ਰ ਸੱਜਣਾਂ ਨੂੰ ਬੜੇ ਪਿਆਰ ਨਾਲ ਬੋਲੇ, ''ਭੱਦਰ ਪੁਰਸ਼ੋ! ਜਿੰਨੀ ਗਿਣਤੀ ਵਿੱਚ ਤੁਸੀਂ ਮੇਰੀ ਹਾਰ ਦਾ ਅਫ਼ਸੋਸ ਕਰਨ ਆਏ ਹੋ, ਜੇਕਰ ਇਸ ਤੋਂ ਅੱਧੇ ਵੀ ਵੋਟਾਂ ਪਾ ਦਿੰਦੇ ਤਾਂ ਮੈਂ ਹਾਰਦਾ ਹੀ ਕਿਉਂ?''

ਕ) ਗੱਡੇ ਨਾਲ ਕੱਟਾ

? ਸਰਦਾਰ ਜੀ । ਸਤਿ ਸ਼੍ਰੀ ਅਕਾਲ । ਇਕ ਕੰਮ ਸੀ ਤੁਹਾਡੇ ਗੋਚਰਾ ।
ਸਤਿ ਸ਼੍ਰੀ ਅਕਾਲ ਜੀ! ਧੰਨ ਭਾਗ ਤੁਸੀਂ ਚਰਨ ਪਾਏ । ਹੁਕਮ ਕਰੋ ਮੈਂ ਕੀ ਸੇਵਾ ਕਰ ਸਕਦਾ ਹਾਂ ।

? ਜੀ, ਥੋੜ੍ਹੀ ਦੇਰ ਲਈ ਤੁਹਾਡਾ ਗੱਡਾ ਚਾਹੀਦਾ ਸੀ ।
ਗੱਡੇ ਦਾ ਕੀ ਐ ਜੀ, ਤੁਹਾਨੂੰ ਕੋਈ ਨਾਂਹ ਥੋੜ੍ਹੇ ਐ, ਗੱਡਾ ਤੁਹਾਡਾ ਈ ਐ, ਪਰ ਗੱਲ ਇਹ ਹੈ ਕਿ ਇਸ ਵੇਲੇ ਗੱਡੇ ਨਾਲ ਕੱਟਾ ਬੱਧਾ ਹੋਇਐ... ।

? ਕੱਟੇ ਦਾ ਕੀ ਐ ਜੀ, ਉਹ ਤਾਂ ਗੱਡੇ ਨਾਲੋਂ ਖੋਲ੍ਹ ਕੇ ਕਿਤੇ ਹੋਰ ਵੀ ਬੰਨ੍ਹਿਆ ਜਾ ਸਕਦੈ ।
ਤੁਹਾਡੀ ਗੱਲ ਠੀਕ ਐ ਪਰ...

? ਪਰ ਕੀ ਜੀ ਕੋਈ ਹੋਰ ਸਮੱਸਿਆ ਹੈ ।
ਨਹੀਂ ਮੈਨੂੰ ਹੈਰਾਨੀ ਹੁੰਦੀ ਹੈ ਕਿ ਦੁਨੀਆਂ ਵਿਚ ਕਈ ਲੋਕ ਏਨੇ ਮੂਰਖ ਵੀ ਹੈਗੇ ਨੇ, ਜੀਹਨਾਂ ਨੂੰ ਏਨੀ ਸਮਝ ਨਹੀਂ ਆਉਂਦੀ ਪਈ ਅਗਲਾ ਬਹਾਨਾ ਲਾ ਰਿਹੈ... ਤੁਸੀਂ ਖੁਦ ਸਿਆਣੋ ਹੋ । ਦੱਸੋ, ਅਸੀਂ ਹੋਏ ਸਿਆਸੀ ਆਦਮੀ । ਕੱਲ੍ਹ ਨੂੰ ਵੋਟਾਂ ਲਈ ਕਹਿਣੈ । ... ਹੁਣ ਸਿੱਧੀ ਤੋੜ ਕੇ ਨਾਂਹ ਕਿਵੇਂ ਕਰ ਦੇਈਏ? …

•••

ਪੁਰਾਣੇ ਸਮੇਂ ਬਜ਼ੁਰਗਾਂ ਨੇ ਕਰਮ ਕਮਾਇਆ । ਕਾਨਿਆਂ ਨੇ ਧਰਮ ਨਿਭਾਇਆ । ਖ਼ਤਰਿਆਂ ਤੋਂ ਆਗਾਹ ਕੀਤਾ । ਬੰਦਿਆਂ ਨੇ ਕਾਨਿਆਂ 'ਤੇ ਵਿਸਾਹ ਕੀਤਾ । ਕਿੱਥੇ ਉਹ ਦਿਨ, ਕਿੱਥੇ ਆਹ ਘੜੀ । ਅਸੀਂ ਕਾਨੇ ਦੀ ਕਾਨੀ ਬਣਾਈ । ਕਾਨੀ ਨਾਲ ਕਹਾਣੀ ਲਿਖੀ । ਵੇਖਣ ਵਾਲੀ ਬਾਤ ਇਹ ਹੈ ਕਿ ਕੀ ਅਸਾਂ ਆਪਣੇ ਬਜ਼ੁਰਗਾਂ ਦਾ ਸੁਨੇਹਾ, ਈਮਾਨਦਾਰੀ ਨਾਲ, ਅੱਜ ਦੇ ਮੁਹਾਵਰੇ ਵਿਚ ਆਪਣੇ ਬੱਚਿਆਂ ਤੱਕ ਪੁਚਾਇਆ? ਸਾਡੀ ਕਾਨੀ ਨੇ ਕਾਨਿਆਂ ਵਾਲਾ ਧਰਮ ਨਿਭਾਇਆ?

••••••

12. ਲਿਖਣ ਦੀ ਜਾਚ

ਲਿਖਣ ਵਾਲੇ ਲੋਕ ਚੰਗੇ ਹੁੰਦੇ ਨੇ । ਚੰਗੇ ਪਾਸੇ ਲੱਗੇ ਹੁੰਦੇ ਨੇ । ਕਦੇਕਦੇ ਉਨ੍ਹਾਂ ਕੋਲੋਂ ਚੰਗਾ ਵੀ ਲਿਖਿਆ ਜਾਂਦੈ । ਹੌਲੀਹੌਲੀ ਚੰਗੇਮਾੜੇ ਦਾ ਫ਼ਰਕ ਪਤਾ ਲੱਗ ਜਾਂਦੈ । ਫੇਰ ਉਹ ਚੰਗਾ ਲਿਖਣ ਦੀ ਕੋਸ਼ਿਸ਼ ਰੰਗ ਲਿਆਉਂਦੀ ਏ । ਮਿਹਨਤ ਰਾਹ ਵਿਖਾਉਂਦੀ ਏ । ਲਿਖਣ ਦੀ ਜਾਚ ਆਉਂਦੀ ਏ ।

ਇਹ ਜਾਚ ਬੜੀ ਚਮਤਕਾਰੀ ਸ਼ੈਅ ਏ । ਦੱਸ ਕੇ ਨਹੀਂ ਆਉਂਦੀ । ਪੁੱਛ ਕੇ ਨਹੀਂ ਆਉਂਦੀ । ਹੋਰਨਾਂ ਜਾਚਾਂ ਵਾਂਗ ਸਾਰਿਆਂ ਨੂੰ ਇੱਕੋ ਤਰ੍ਹਾਂ ਨਹੀਂ ਆਉਂਦੀ । ਅਕਲ ਦੀਆਂ ਕਲਾਬਾਜ਼ੀਆਂ ਦਾ ਸਾਰਾ ਨਸ਼ਾ ਲਹਿ ਜਾਂਦੈ । ਪੜ੍ਹਿਆਪੜ੍ਹਾਇਆ, ਸਿੱਖਿਆਸਿਖਾਇਆ ਸਭ ਧਰਿਆਧਰਾਇਆ ਰਹਿ ਜਾਂਦੈ । ਸਾਦਮੁਰਾਦੇ ਸ਼ਬਦਾਂ ਵਿੱਚ, ਸਿੱਧਪੱਧਰਾ ਬੰਦਾ ਵੱਡੀ ਗੱਲ ਕਹਿ ਜਾਂਦੈ । ਉਹਦੀ ਕਹੀ ਹੋਈ ਗੱਲ ਸਭਨਾਂ ਦੇ ਪੱਲੇ ਪੈ ਜਾਂਦੀ ਏ । ਲੋਕ ਉਹਦੇ 'ਚ ਦਿਲਚਸਪੀ ਲੈਣ ਲੱਗ ਜਾਂਦੇ ਨੇ । ਉਹਨੂੰ 'ਲੇਖਕ' ਕਹਿਣ ਲੱਗ ਜਾਂਦੇ ਨੇ । ... ਲੋਕ ਕਹਿੰਦੇ ਨੇ ਕਹਿੰਦੇ ਰਹਿਣ; ਕੋਈ ਫ਼ਰਕ ਨਹੀਂ ਪੈਂਦਾ । ਪਰ ਜਦੋਂ ਕੋਈ ਖ਼ੁੁਦ ਨੂੰ ਲੇਖਕ ਸਮਝਣ ਲੱਗ ਪਵੇ, ਉਹਦਾ ਕੱਖ ਨਹੀਂ ਰਹਿੰਦਾ । ਫੇਰ ਉਹ ਲਿਖਦਾ ਨਹੀਂ, ਆਪਣੇ ਬਾਰੇ ਲਿਖਵਾਉਣਾ ਚਾਹੁੰਦਾ ਏ । ਜੋ ਕੁਝ ਹੁੰਦਾ ਨਹੀਂ, ਉਹ ਕੁਝ ਅਖਵਾਉਣਾ ਚਾਹੁੰਦਾ ਏ ।

ਹੁੰਦਾ ਉਹੀ ਏ ਜੋ ਹੋਣਾ ਹੁੰਦਾ ਏ । ਕਿਸੇ ਦੇ ਚਾਹੁਣ ਨਾਲ ਕਦੇ ਕੁਝ ਨਹੀਂ ਹੋਇਆ । ਜੇ ਹੋਇਆ ਉਹ ਵਿਖਾਵਾ ਸੀ । ਮੌਕਾ ਟਾਲਣ ਦਾ ਭੁਲਾਵਾ ਸੀ । ਮੌਕਾਪ੍ਰਸਤਾਂ ਜਾਂ ਤਮਾਸ਼ਬੀਨਾਂ ਦਾ ਮਨਪਰਚਾਵਾ ਸੀ । ਝੂਠੀ ਹਉਮੈ ਨੂੰ ਪੱਠੇ ਪਾਉਣ ਲਈ, ਪਤਾ ਨਹੀਂ ਕਿਉਂ, ਬੰਦਾ ਜ਼ਲਾਲਤ ਦੀ ਖਾਕ ਛਾਣਦਾ ਏ । ਨਹੀਂ ਤਾਂ ਦੂਜਿਆਂ ਤੋਂ ਪੁੱਛਣ ਦੀ ਜ਼ਰੂਰਤ ਹੀ ਕੀ ਏ, ਆਦਮੀ ਆਪਣੇ ਬਾਰੇ ਸਭ ਤੋਂ ਵੱਧ ਆਪ ਜਾਣਦਾ ਏ । .. . ਜਿਹੜਾ ਏਨੀ ਕੁ ਗੱਲ ਜਾਣ ਲੈਂਦਾ ਏ ਉਹ ਭਟਕਣਾਮੁਕਤ ਹੋ ਕੇ, ਨਿੱਠ ਕੇ ਬਹਿੰਦਾ ਏ । ਆਤਮਾ ਦੀ ਸੁਣਦਾ ਏ ਤੇ ਮਨ ਦੀ ਕਹਿੰਦਾ ਏ । ਦੂਜਿਆਂ ਨੂੰ ਦੁਖੀ ਨਹੀਂ ਕਰਦਾ; ਖ਼ੁਦ ਵੀ ਆਨੰਦ 'ਚ ਰਹਿੰਦਾ ਏ ।

ਆਨੰਦ ਬੜੀ ਪਿਆਰੀ ਸਥਿਤੀ ਏ । ਜਿਹੜਾ ਮਾਣਦਾ ਏ, ਉਹੀਓ ਜਾਣਦਾ ਏ । ਲਿਖਣ ਵਾਲਾ ਆਨੰਦ 'ਚ ਹੋਇਆ ਤਾਂ ਪੜ੍ਹਨਸੁਣਨ ਵਾਲੇ ਨੂੰ ਵੀ ਰਸ ਨਸੀਬ ਹੋਇਆ । ਕਹਿਣ ਤੇ ਸੁਣਨ ਵਾਲੇ ਵਿੱਚਕਾਰ ਰਸ ਦਾ ਰਿਸ਼ਤਾ ਕਾਇਮ ਰਹੇ ਤਾਂ ਚੰਗਾ । ਰਸ ਦੀ ਗੈਰਹਾਜ਼ਰੀ ਵਿੱਚ ਸਭ ਨੀਰਸ ਹੋ ਜਾਂਦਾ ਹੈ । ਨੀਰਸਤਾ ਭਲਾ ਕੀ ਦੇ ਸਕਦੀ ਏ! ਸ਼ਿਕਵੇ ਈ ਸ਼ਿਕਵੇ । ਸ਼ਿਕਾਇਤਾਂ ਈ ਸ਼ਿਕਾਇਤਾਂ ।

ਸ਼ਿਕਾਇਤ ਹੈ ਕਿ ਪਾਠਕ ਲੋਕ ਘੱਟ ਹੁੰਦੇ ਜਾਂਦੇ ਨੇ । ਕਿਤਾਬਾਂ 'ਚ ਰੁਚੀ ਘਟਦੀ ਜਾ ਰਹੀ ਏ । ਲਾਇਬ੍ਰੇਰੀਆਂ ਸੁੰਨੀਆਂ ਪਈਆਂ ਨੇ । ਸਾਹਿੱਤਕ ਸਮਾਗਮਾਂ ਵੱਲ ਕੋਈ ਮੂੰਹ ਨਹੀਂ ਕਰਦਾ । ਸਰਕਾਰੀ ਸਰਗਰਮੀਆਂ ਵੀ ਐਵੇਂ ਰਸਮ ਬਣ ਕੇ ਰਹਿ ਗਈਆਂ ਨੇ । ਪਹਿਲੇ ਵੇਲਿਆਂ ਦੀਆਂ ਅਦਬੀ ਰਵਾਇਤਾਂ, ਪਤਾ ਨਹੀਂ, ਕਿਹੜੇ ਖੂਹ 'ਚ ਪੈ ਗਈਆਂ ਨੇ । ਚੰਡੀਗੜ੍ਹ 'ਚ ਤ੍ਰੈਭਾਸ਼ੀ ਕਹਾਣੀ ਦਰਬਾਰ ਹੋਇਆ । ਪੰਜਾਬੀ ਵਾਲੇ ਨੇ ਆਪਣਾ ਦੁੱਖੜਾ ਰੋਇਆ, ''ਸਟੇਜ ਉੱਤੇ ਅਸੀਂ ਸੱਤ ਬੰਦੇ ਸਾਂ । ਮੇਰੇ ਤੋਂ ਇਲਾਵਾ ਇੱਕ ਹਿੰਦੀ ਵਾਲਾ, ਦੂਜਾ ਉਰਦੂ ਵਾਲਾ । ਇੱਕ ਆਲੋਚਕ ਸੀ, ਜੀਹਨੇ ਕਹਾਣੀਆਂ ਬਾਰੇ ਗੱਲ ਕਰਨੀ ਸੀ । ਇੱਕ ਪ੍ਰਧਾਨ । ਇੱਕ ਮੁੱਖ ਮਹਿਮਾਨ । ਸੱਤਵਾਂ ਕੌਂਸਲ ਦਾ ਚੇਅਰਮੈਨ । .. . ਸਰੋਤੇ ਵੀ ਏਨੇ ਕੁ ਈ ਸਨ । ਇੱਕ ਤਾਂ ਮੇਰੇ ਈ ਨਾਲ ਆਇਆ ਸੀ । ਇੱਕਇੱਕ ਉਰਦੂ ਹਿੰਦੀ ਵਾਲੇ ਨਾਲ ਵੀ ਆਇਆ ਹੋਏਗਾ । ਚਾਰ ਕੁ ਜਣੇ ਅਦਾਰੇ ਦੇ ਮੁਲਾਜ਼ਮ । ਸਟੇਜ ਸੈਕਟਰੀ ਨੂੰ ਉਪਰਲਿਆਂ 'ਚ ਗਿਣ ਲਓ, ਭਾਵੇਂ ਹੇਠਲਿਆਂ 'ਚ । .. ਉਂਜ ਮੁੱਖ ਮਹਿਮਾਨ ਨੂੰ ਚੇਅਰਮੈਨ ਬਾਹਠ ਕਿਤਾਬਾਂ ਦਾ ਲੇਖਕ ਹੋਣ ਬਾਰੇ ਬੜੇ ਮਾਣ ਨਾਲ ਦੱਸ ਰਿਹਾ ਸੀ । ...ਹਜ਼ਾਰ ਹਜ਼ਾਰ ਰੁਪਿਆ ਬਿੱਲਮੁਕਤਾ ਲੈ ਕੇ ਅਸੀਂ ਹੋਟਲ 'ਚ ਖਾਣਾ ਖਾਧਾ । ਖਾਣਾ ਚੰਗਾ ਸੀ, ਪਰ ਕਹਾਣੀ ਪੜ੍ਹਨ ਦਾ ਸਵਾਦ ਨਾ ਆਇਆ ।''

ਕੁਝ ਵਰ੍ਹੇ ਪਹਿਲਾਂ ਏਥੇ ਪੁਸਤਕ ਮੇਲਾ ਲੱਗਾ । ਸਿੱਖਿਆ ਵਿਭਾਗ ਦੇ ਡਾਇਰੈਕਟਰ ਨੇ ਕਾਲਜਾਂ ਵਾਲਿਆਂ ਨੂੰ ਕਿਤਾਬਾਂ ਖਰੀਦਣ ਲਈ ਹਦਾਇਤ ਕੀਤੀ । ਕਵੀ ਦਰਬਾਰ ਰਖਵਾਇਆ । ਰੂਬਰੂ ਲਈ ਸਰਸਵਤੀ ਪੁਰਸਕਾਰ ਨਾਲ ਨਿਵਾਜੀ ਲੇਖਿਕਾ ਨੂੰ ਬੁਲਾਇਆ । ਸਹਾਇਕ ਡਾਇਰੈਕਟਰ ਕਵਿੱਤਰੀ ਨੇ ਪੂਰਾ ਟਿੱਲ ਲਾਇਆ, ਪਰ ਜਬਰੀ ਸੱਦੇ ਦਸਬਾਰ੍ਹਾਂ ਜਣਿਆਂ ਤੋਂ ਬਿਨਾਂ ਕੋਈ ਨਾ ਆਇਆ । ਪ੍ਰਬੰਧਕਾਂ ਦੀ ਨੀਤ ਚੰਗੀ ਸੀ । ਉਨ੍ਹਾਂ ਸੋਚਿਆ ਹੋਵੇਗਾ ਕਿ ਕਿਤਾਬਾਂ ਦੇ ਮਾਹੌਲ ਵਿੱਚ ਘਿਰੇ ਹੋਏ ਸਾਹਿੱਤ ਪ੍ਰੇਮੀ ਇਸ ਪ੍ਰੋਗਰਾਮ ਵਿੱਚ ਵੀ ਗੇੜਾ ਮਾਰਨਗੇ । ਏਡੀ ਵੱਡੀ ਲੇਖਿਕਾ ਦੇ ਦਰਸ਼ਨਾਂ ਲਈ ਪਧਾਰਨਗੇ । ... ਪਰ ਉਹ ਵਿਚਾਰੇ ਟੀ.ਏ., ਡੀ.ਏ. ਦੇ ਫਾਰਮ ਭਰਵਾਉਂਦੇ ਰਹੇ । ਸਿਰ ਗਿਣਦੇ ਰਹੇ ਤੇ ਕੁਝ ਲੋਕ ਨੇੜੇ ਹੀ ਇੱਕ ਸਟਾਲ ਮੂਹਰੇ ਖੜ੍ਹੇ ਓਸ਼ੋ ਰਜਨੀਸ਼ ਦੀ ਕੈਸੇਟ ਸੁਣਦੇ ਰਹੇ । ਵਿਭਾਗਾਂ, ਅਕਾਦਮੀਆਂ ਅਤੇ ਟਰੱਸਟਾਂ ਵਾਲਿਆਂ ਦੇ ਬਜਟ ਇਨ੍ਹਾਂ ਰਸਮਾਂ 'ਚ ਖੁਰ ਜਾਂਦੇ ਨੇ । ਕਹਿੰਦੇਕਹਾਉਂਦੇ ਲੇਖਕ, ਸਜਧਜ ਕੇ ਆਉਂਦੇ ਨੇ ਤੇ ਲਿਫ਼ਾਫ਼ੇ ਲੈ ਕੇ, ਖਾਣਾ ਖਾ ਕੇ ਤੁਰ ਜਾਂਦੇ ਨੇ । ਬਹੁਤੇ ਪ੍ਰੋਰਗਰਾਮ ਸਕੂਲ/ਕਾਲਜਾਂ ਵਿੱਚ ਪੜ੍ਹਾਈ ਵਾਲੇ ਦਿਨ ਕਰਵਾਏ ਜਾਂਦੇ ਨੇ । ਜ਼ੋਰ ਲਾ ਕੇ ਸਟਾਫ਼ ਮੈਂਬਰ ਅਤੇ ਵਿਦਿਆਰਥੀ ਪੰਡਾਲ ਵਿੱਚ ਬਿਠਾਏ ਜਾਂਦੇ ਨੇ । ਪ੍ਰਬੰਧਕ ਮੁੱਖ ਮਹਿਮਾਨ ਦੇ ਅੱਗੇ ਪਿੱਛੇ ਫਿਰੀ ਜਾਂਦੇ ਨੇ । ਸਰੋਤੇ ਕਿਰਨਮਕਿਰਨੀ ਕਿਰੀ ਜਾਂਦੇ ਨੇ ।

ਸੋਚਣ ਦੀ ਗੱਲ ਹੈ ਕਿ ਲੇਖਕਾਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਆਉੇਣ ਦਾ ਇਵਜ਼ਾਨਾ ਮਿਲਦਾ ਹੈ । ਆਓਭਗਤ ਹੁੰਦੀ ਹੈ । ਮਾਇਆ ਦੇ ਗੱਫੇ ਮਿਲਦੇ ਨੇ । ਪੁੱਛਪ੍ਰਤੀਤ ਹੁੰਦੀ ਹੈ । ਕੈਮਰੇ ਮੂਹਰੇ ਇੱਜ਼ਤ ਹੁੰਦੀ ਹੈ ।

ਮਸ਼ਹੂਰੀ ਹੁੰਦੀ ਹੈ । ਮੀਡੀਆ ਵਾਲੇ ਖ਼ਬਰਾਂ ਲਾਉਂਦੇ ਨੇ । ... ਪਰ ਵਿਚਾਰੇ ਸਰੋਤਿਆਂ ਨੂੰ ਕੀ ਮਿਲਦਾ ਹੈ? ਉਹ ਕਿਉਂ ਆਉਣ, ਇਸ ਸਾਰੇ ਅਡੰਬਰ ਵਿੱਚ ਉਨ੍ਹਾਂ ਦੀ ਰੁਚੀ ਨੂੰ ਕਿੰਨਾ ਕੁ ਗੌਲਿਆ ਜਾਂਦਾ ਹੈ? ਉਨ੍ਹਾਂ ਦੀ ਕਿੰਨੀ ਕੁ ਪੁੱਛ ਪ੍ਰਤੀਤ ਹੁੰਦੀ ਹੈ? ਕੀ ਉਨ੍ਹਾਂ ਦੀ ਹੋਂਦ ਖ਼ਾਲੀ ਕੁਰਸੀਆਂ ਨੂੰ ਭਰਨ ਤੱਕ ਸੀਮਿਤ ਹੈ?

ਲੱਗਦਾ ਹੈ ਕਿ ਪਾਠਕ ਦੇ ਹੱਥੋਂ ਸਾਹਿੱਤ ਦਾ ਪੱਲਾ ਛੁੱਟ ਗਿਐ । ਪੜ੍ਹਨ ਵਾਲਿਆਂ ਦਾ ਲਿਖਣ ਵਾਲਿਆਂ ਨਾਲੋਂ ਰਿਸ਼ਤਾ ਟੁੱਟ ਗਿਐ । ਇੱਕ ਵਰਗ ਜੇ ਦੂਜੇ ਤੋਂ ਦੂਰ ਏ ਤਾਂ ਸਿਰਫ਼ ਕਲਮਾਂ ਵਾਲਿਆਂ ਦਾ ਕਸੂਰ ਏ । ਸਾਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਏ । ਅਸੀਂ ਖੁਸ਼ਕ, ਰੁੱਖੇ, ਨੀਰਸ ਤੇ ਖਾਲੀਖਾਲੀ ਕਿਉਂ ਹਾਂ? ਸਾਡੇ 'ਚੋਂ ਕੀ ਮਨਫੀ ਹੈ? ਕੀ ਘਾਟ ਹੈ? ਅਸੀਂ ਜ਼ਿੰਦਗੀ 'ਚੋਂ ਕੀ ਭਾਲਦੇ ਹਾਂ? ਸਾਡੇ ਕੋਲ ਦੂਜਿਆਂ ਨੂੰ ਦੇਣ ਲਈ ਕੀ ਹੈ?

ਥੋੜ੍ਹੇ ਚਿਰ ਲਈ ਲੇਖਕਾ! ਛੱਡ ਦੇ ਲਿਖਣੇ ਲੇਖ ।
ਕੁਝ ਚਿਰ ਆਪੇ ਆਪਣਾ ਪਾਠਕ ਬਣ ਕੇ ਵੇਖ¨

ਤਹੱਈਆ ਕੀਤਾ ਸੀ ਕਿ ਲੇਖਕਾਂ ਬਾਰੇ ਨਹੀਂ ਲਿਖਣਾ । ਬੜਾ ਹੀ ਵੇਖ ਲਿਆ ਇਨ੍ਹਾਂ ਬਾਰੇ । ਇਹ ਤਾਂ ਰੱਜਦੇ ਈ ਨਹੀਂ । ਹਮੇਸ਼ਾ ਭੁੱਖੇ ਈ ਰਹਿੰਦੇ ਨੇ । ਭੁੱਖ ਵੀ ਇਨ੍ਹਾਂ ਨੂੰ ਸਿਰਫ਼ ਸਿਫ਼ਤ ਦੀ ਹੁੰਦੀ ਏ । ਸਿਫ਼ਤ ਵੀ ਖੁਸ਼ਾਮਦ ਵਰਗੀ । ਸਿਹਰੇ ਤੋਂ ਘੱਟ ਕੋਈ ਅੰਦਾਜ਼ ਇਨ੍ਹਾਂ ਨੂੰ ਰਾਸ ਈ ਨਹੀਂ ਆਉਂਦਾ । ਦਿਨਰਾਤ ਆਪਣੇ ਗੁਣ ਗਾਉਂਦੇ ਨੇ । ਹੋਰਨਾਂ ਤੋਂ ਵੀ ਏਹੋ ਚਾਹੁੰਦੇ ਨੇ । ਕਹਿ ਕਹਿ ਕੇ ਲਿਖਵਾਉਂਦੇ ਨੇ । ਤਰਲੇ ਪਾ ਪਾ ਛਪਵਾਉਂਦੇ ਨੇ । ... ਕਿਹੜੇ ਰਸਤੇ ਪੈ ਗਏ ਨੇ । ਆਪਣੇ ਤੱਕ ਸੁੰਗੜ ਕੇ ਰਹਿ ਗਏ ਨੇ ।

ਇਹ ਕੀ ਹੋ ਗਿਐ ਮੈਨੂੰ? ਲੇਖਕ ਤਾਂ ਮੇਰਾ ਭਾਈਚਾਰਾ ਏ । ਇਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਏ । ਬਹੁਤ ਕੁਝ ਲਿਆ ਏ । ਜੋ ਕੁਝ ਹਾਂ, ਇਨ੍ਹਾਂ ਕਰ ਕੇ ਹਾਂ । ਇਨ੍ਹਾਂ ਤੋਂ ਅਲੱਗ ਆਪਣੀ ਹੋਂਦ ਚਿਤਵ ਹੀ ਨਹੀਂ ਸਕਦਾ । ਫਿਰ ਇਹ ਸਨਕੀ ਜਿਹੀ ਸੋਚ ਕਿੱਥੋਂ ਆ ਗਈ? ਕਿਵੇਂ ਆ ਗਈ? ਨੁਕਸ ਕਿਧਰੇ ਅੰਦਰ ਹੈ, ਬਾਹਰ ਨਹੀਂ । ਅੱਖਾਂ ਬਾਹਰਲੇ ਪਾਸੇ ਲੱਗੀਆਂ ਨੇ, ਸਿਰਫ਼ ਬਾਹਰ ਵਿੰਹਦੀਆਂ ਨੇ । ਅੰਦਰ ਝਾਤ ਤਾਂ ਬਾਹਰਲੇ ਦਰ ਬੰਦ ਕਰ ਕੇ ਹੀ ਪਾਈ ਜਾ ਸਕਦੀ ਏ । ਦੂਜਿਆਂ ਤੋਂ ਸ਼ੁਰੂ ਕਰ ਕੇ ਗੱਲ ਆਪਣੇ 'ਤੇ ਮੁਕਾਈ ਜਾ ਸਕਦੀ ਏ । ਵਿੱਚਲੀ ਗੱਲ ਇਹ ਹੈ ਕਿ ਪੱਕੀ ਹੋਈ ਆਦਤ ਛੇਤੀ ਕੀਤੇ ਨਹੀਂ ਜਾਂਦੀ । ਇੱਕ ਆਦਤ ਛੱਡਣ ਲਈ ਦੂਜੀ ਆਦਤ ਪਾਉਣੀ ਪੈਂਦੀ ਏ । ਸਿਆਣੇ ਲੋਕ ਮਾਹੌਲ ਬਦਲਣ ਲਈ ਕਹਿੰਦੇ ਨੇ । ਜਗ੍ਹਾ ਬਦਲਣ ਦੀ ਸਲਾਹ ਦਿੰਦੇ ਨੇ ।

... ਸਾਹਿੱਤ ਅਤੇ ਸਾਹਿੱਤਕਾਰਾਂ ਬਾਰੇ ਲੰਬਾ ਅਰਸਾ ਲਿਖਦਿਆਂ ਰਹਿਣ ਕਰ ਕੇ ਅਭਿਆਸ ਹੋ ਗਿਆ ਸੀ । ਗੋਈ ਤੇ ਕਮਾਈ ਹੋਈ ਮਿੱਟੀ ਤਿਆਰਬਰਤਿਆਰ ਮਿਲ ਜਾਂਦੀ ਹੈ । ਸਭ ਕੁਝ ਹੱਥ 'ਤੇ ਪਿਆ ਹੋਇਆ ਸੀ । ਬਿਨਾਂ ਉਚੇਚ ਸੂਰਤਾਂ ਮੂਰਤਾਂ ਘੜੀਆਂ ਜਾਂਦੀਆਂ । ਚਟਖਾਰੇ ਲੈ ਕੇ ਪੜ੍ਹੀਆਂ ਜਾਂਦੀਆਂ । ਇਹ ਅਮਲ ਵੀ ਕਮਾਲ ਸੀ । ਬਸ ਨਸ਼ੇ ਵਰਗਾ ਹਾਲ ਸੀ । ਨਸ਼ਾ ਛੱਡਣਾ ਸੌਖਾ ਨਹੀਂ ਹੁੰਦਾ । ਪਿੰਡ ਦਾ ਆਸਰਾ ਲਿਆ । ਪਿਛਵਾੜੇ ਝਾਤੀ ਮਾਰੀ । ਨਵਾਂ ਮਾਹੌਲ, ਨਵੇਂ ਕਿਰਦਾਰ । ਕਈ ਦਹਾਕਿਆਂ ਪਿੱਛੋਂ ਕੀਤੀ ਇਹ ਦੁਹਰਾਈ ਰਸ ਦੇਣ ਲੱਗੀ । ਆਨੰਦ ਆਉਣ ਲੱਗਾ । ਵਿੱਥ 'ਤੇ ਖਲੋ ਕੇ ਵੇਖੀਏ ਤਾਂ ਨਜ਼ਾਰਾ ਵਧੇਰੇ ਸਾਫ਼ ਦਿਖਾਈ ਦਿੰਦਾ ਏ । ਵਕਫ਼ਾ ਪਾ ਕੇ ਮਿਲੀਏ ਤਾਂ ਕਈ ਕੁਝ ਨਵਾਂ ਨਵਾਂ ਲੱਗਦਾ ਏ ਵੱਖਰਾ ਵੱਖਰਾ । ਚੰਗਾ ਚੰਗਾ । ਅੱਜ ਰਿਹਾ ਨਾ ਗਿਆ । ਪੁਰਾਣੇ ਹਲਕੇ ਵਿੱਚ ਗੇੜਾ ਮਾਰਨ ਨੂੰ ਚਿੱਤ ਕਰ ਆਇਆ । ਸ਼ਿਕਵੇ ਸ਼ਿਕਾਇਤਾਂ ਵੀ ਆਪਣਿਆਂ ਨਾਲ ਈ ਹੁੰਦੀਆਂ ਨੇ । ਪਰਾਇਆਂ ਨੂੰ ਕੌਣ ਪੁੱਛਦੈ? ਆਪਣਿਆਂ 'ਚੋਂ ਜਿਹੜੇ ਲੇਖਕ ਬਣ ਗਏ, ਬਣੇ ਰਹਿਣ । ਆਪਣੇ ਰੁਤਬੇ ਨੂੰ ਜੋ ਮਰਜ਼ੀ ਕਹਿਣ । ਸਾਨੂੰ ਤਾਂ ਉਹੀ ਚੰਗੇ ਲੱਗਦੇ ਨੇ ਜਿਹੜੇ ਸਾਡੇ ਹਾਣ ਦੇ ਸੀ । ਉਹ ਸਾਨੂੰ, ਅਸੀਂ ਉਨ੍ਹਾਂ ਨੂੰ ਜਾਣਦੇ ਸੀ । ਜੇ ਉਹ ਬੁੱਤ ਬਣਨਾ ਚਾਹੁਣ, ਉਨ੍ਹਾਂ ਦੀ ਮਰਜ਼ੀ!

ਮੈਂ ਕਿਸੇ ਫੈਸ਼ਨ, ਕਿਸੇ ਪੌਸ਼ਾਕ ਦਾ ਨਿੰਦਕ ਨਹੀਂ,
ਮੈਂ ਸਗੋਂ ਕਹਿਨਾਂ ਕਿ ਬਸਤਰ ਪਹਿਨ ਕੇ ਨੰਗੇ ਰਹੋ ।
ਇੰਜ ਨਾ ਹੋਵੇ, ਤੁਹਾਨੂੰ ਇਸ਼ਟ ਮੰਨ ਬੈਠੇ ਸਮਾਂ,
ਤੇ ਤੁਸੀਂ ਸਾਰੀ ਉਮਰ ਦੀਵਾਰ 'ਤੇ ਟੰਗੇ ਰਹੇ¨

•••

ਬੁੱਤ ਦੀ ਭੀੜ 'ਚੋਂ ਲੰਘ ਕੇ ਖੁੱਲ੍ਹੇ ਡੁੱਲ੍ਹੇ ਮਾਹੌਲ ਵਿੱਚ ਆ ਗਿਆ ਹਾਂ । ਸੁਖ ਦਾ ਸਾਹ ਆਇਐ । ਨਵੇਂ ਚਿਹਰੇ ਖਿੜ੍ਹੇ ਪਏ ਨੇ । ਨਵੀਆਂ ਕਲਮਾਂ ਦੀ ਖੁਸ਼ਬੂ ਆ ਰਹੀ ਏ । ਪਰਿਵਰਤਨ ਦੀਆਂ ਪੌਣਾਂ ਝੁੱਲ ਗਈਆਂ । ਸਭ ਸ਼ਿਕਵੇ ਸ਼ਿਕਾਇਤਾਂ ਭੁੱਲ ਗਈਆਂ । ਨਵੇਂ ਲੋਕ ਲਿਖ ਰਹੇ ਨੇ । ਲਿਖਣ ਵਾਲੇ ਲੋਕ ਚੰਗੇ ਹੁੰਦੇ ਨੇ । ... ਚੰਗਾ ਲਿਖਣ ਦੀ ਕੋਸ਼ਿਸ਼ ਕਰ ਰਹੇ ਨੇ । ਇਨ੍ਹਾਂ ਦੀ ਕੋਸ਼ਿਸ਼ ਰੰਗ ਲਿਆਏਗੀ । ਮਿਹਨਤ ਰਾਹ ਵਿਖਾਏਗੀ । ਇਨ੍ਹਾਂ ਵੱਲ ਵੇਖ ਵੇਖ ਕੇ ਸਾਨੂੰ ਵੀ ਲਿਖਣ ਦੀ ਜਾਚ ਆਏਗੀ ।

•••

ਚਾਨਣ ਹੋਣ ਨਾਲ ਹੀ ਸਭ ਕੁਝ ਦਿਸਣ ਨਹੀਂ ਲੱਗ ਪੈਂਦਾ । ਅੱਖਾਂ ਵੀ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ । ਅੱਖਾਂ ਵਿਚ ਜੋਤ ਵੀ ਹੋਣੀ ਚਾਹੀਦੀ ਹੈ । ਜੋਤ ਵਿਚ ਜਗਿਆਸਾ ਵੀ ਹੋਣੀ ਚਾਹੀਦੀ ਹੈ । ਜਗਿਆਸਾ ਲਈ ਹੁੰਗਾਰਾ ਵੀ ਹੋਣਾ ਚਾਹੀਦਾ ਹੈ । ਹੁੰਗਾਰਾ ਵੀ ਹਾਸੇ ਵਰਗਾ ਹੋਣਾ ਚਾਹੀਦਾ ਹੈ: ਨਿਰਛਲ! ਨਿਰਮਲ! ਮਾਸੂਮ! ਨਿਸ਼ਕਾਮ! ਅਕਾਰਨ!

  • ਮੇਰੀ ਕਿਤਾਬ (ਸਵੈ-ਜੀਵਨੀ - ਭਾਗ 1) : ਭੂਸ਼ਨ ਧਿਆਨਪੁਰੀ -
  • ਮੁੱਖ ਪੰਨਾ : ਭੂਸ਼ਨ ਧਿਆਨਪੁਰੀ - ਪੰਜਾਬੀ ਕਵਿਤਾਵਾਂ ਤੇ ਵਾਰਤਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ