Meri Kitab (Autobiography) : Bhushan Dhianpuri

ਮੇਰੀ ਕਿਤਾਬ (ਸਵੈ-ਜੀਵਨੀ) : ਭੂਸ਼ਨ ਧਿਆਨਪੁਰੀ (ਸੰਪਾਦਕ ਸੁਰਿੰਦਰ ਭੂਸ਼ਨ ਅਤੇ ਬਲੀਜੀਤ)

ਇਸ ਪੁਸਤਕ ਦਾ ਪਹਿਲਾ ਭਾਗ ਸਾਲ 2009 ਵਿੱਚ ਛਪਿਆ ਸੀ । ਸਵੈ-ਜੀਵਨੀ ਦੇ ਦੋ ਹਿੱਸੇ ਹੋਰ ਹਨ ਜੋ ਕਾਰਨ-ਵਸ ਉਦੋਂ ਨਹੀਂ ਛਾਪੇ ਜਾ ਸਕੇ । ਭੂਸ਼ਨ ਜੀ ਦੀ ਇੱਛਾ ਮੁਤਾਬਿਕ ਇਹ ਪੁਸਤਕ ਹੁਣ ਆਪਣੇ ਸੰਪੂਰਨ ਰੂਪ ਵਿੱਚ ਛਾਪੀ ਜਾ ਰਹੀ ਹੈ ।

ਮਈ 2021
ਚੰਡੀਗੜ੍ਹ
ਸੁਰਿੰਦਰ ਭੁਸ਼ਨ
ਬਲੀਜੀਤ

ਇਹਨਾਂ ਲਿਖਤਾਂ ਦੀ ਪਹਿਲੀ ਪਾਠਕ ਮਾਂ ਨੂੰ ਸਮਰਪਿਤ
(ਜੋ ਪਹਿਲੀ ਫਰਵਰੀ 2008 ਨੂੰ ਪੂਰੀ ਹੋ ਗਈ ਤੇ ਕਿਤਾਬ ਅਧੂਰੀ ਰਹਿ ਗਈ)

ਲੋੜ ਤਾਂ ਨਹੀਂ ਸੀ...

ਮੇਰੀ ਜ਼ਿੰਦਗੀ 'ਚੋਂ ਵਿਉਂਤ ਮਨਫ਼ੀ ਰਹੀ ਹੈ, ਸਾਹਿੱਤ ਸਿਰਜਣਾ 'ਚੋਂ ਵੀ । ਪਹਿਲਾਂ ਹਾਲਾਤ ਸਦਕਾ ਵਿਉਂਤਬੰਦੀ ਦੀ ਸੋਝੀ ਹੀ ਨਹੀਂ ਸੀ । ਪਿੱਛੋਂ ਕਦੇ ਲੋੜ ਮਹਿਸੂਸ ਨਾ ਕੀਤੀ । ਜੋ ਜਿਵੇਂ ਹੋਇਆ, ਹੋਈ ਜਾਣ ਦਿੱਤਾ । ਪਰ ਜੋ ਹੋਇਆ, ਉਹ ਚੰਗਾ ਹੀ ਹੋਇਆ ।

ਕਦੇ ਕੋਈ ਰਚਨਾ ਇਸ ਲਈ ਨਹੀਂ ਕੀਤੀ ਕਿ ਇਹ ਕਿਤਾਬ ਦਾ ਹਿੱਸਾ ਬਣੇਗੀ । ਲਿਖੀ ਗਈ ਰਚਨਾ ਦੀ ਨਕਲ ਕਦੇ ਨਹੀਂ ਰੱਖੀ । ਵਿਸ਼ਵਾਸ ਹੁੰਦਾ ਸੀ ਛਪ ਹੀ ਜਾਣੀ ਹੈ । ਛਪੀ ਹੋਈ ਰੱਖਾਂਗੇ, ਨਕਲ ਕਾਹਨੂੰ । ਇਹ ਵਿਸ਼ਵਾਸ ਬਣਿਆ ਰਿਹਾ । ਜੋ ਵਿਚਾਰ ਜਿਸ ਰੂਪ ਵਿਚ ਆਉਂਦਾ ਰਿਹਾ, ਉਵੇਂ ਲਿਖਦਾ ਰਿਹਾ । ਵੇਖਦਾ ਰਿਹਾ, ਪੜ੍ਹਦਾ ਰਿਹਾ, ਰੱਖ ਛੱਡਦਾ ਰਿਹਾ । ਪਿਛਲੇ ਪੰਜਾਹ ਸਾਲਾਂ ਤੋਂ ਇਹ ਸਿਲਸਿਲਾ ਜਾਰੀ ਹੈ । ਮੇਰੀ ਬਹੁਤੀ ਲਿਖਤ ਸਥਾਈ ਕਾਲਮਾਂ ਦੇ ਰੂਪ ਵਿਚ ਹੋਈ ਹੈ । ਖ਼ਾਸ ਤੌਰ 'ਤੇ 'ਲੋਅ' ਵਿਚ 'ਅਦਬੀਆਂ-ਬੇਅਦਬੀਆਂ', 'ਹਾਜ਼ਰ ਹਾਂ ਦੋਸਤੋ', 'ਸਾਹਿੱਤਬਾਣੀ' ਆਦਿ ਸਿਰਲੇਖਾਂ ਹੇਠ । ਇਨ੍ਹਾਂ ਕਾਲਮਾਂ ਬਹਾਨੇ ਮੇਰੇ ਕੋਲੋਂ ਬਹੁਤ ਕੁਝ ਲਿਖਿਆ ਗਿਆ ਜੋ ਗੁਲ ਚੌਹਾਨ ਦੀ ਹਿੰਮਤ ਕਾਰਨ 'ਸਿਰਜਣਧਾਰਾ' ਦੇ ਰੂਪ ਵਿਚ ਸਾਂਭਿਆ ਗਿਆ । 'ਪੰਜਾਬੀ ਟ੍ਰਿਬਿਊਨ' ਵਿਚ ਗੁਲਜ਼ਾਰ ਸੰਧੂ ਦੀ ਸੰਪਾਦਨਾ ਵੇਲੇ 'ਕਵੀ-ਓ-ਵਾਚ' ਨੂੰ ਬੜਾ ਪਿਆਰ ਮਿਲਿਆ । ਇਹਨਾਂ ਨੂੰ ਮੇਰੀ ਪਤਨੀ ਤੇ ਬੱਚਿਆਂ ਨੇ ਸੰਭਾਲਿਆ ਤੇ 'ਜਾਂਦੀ ਵਾਰ ਦਾ ਸੱਚ' ਸੰਗ੍ਰਹਿ ਸਾਹਮਣੇ ਆਇਆ । 1964 ਤੋਂ 1968 ਤੱਕ ਦੀਆਂ ਨਜ਼ਮਾਂ ਦੀ ਚੰਗੀ ਮਾੜੀ ਚੋਣ 'ਇਕ ਮਸੀਹਾ ਹੋਰ' ਦੇ ਰੂਪ ਵਿਚ ਸ਼ਿਵ ਕੁਮਾਰ ਦੀ ਮੁਹੱਬਤ ਕਰਕੇ ਸਾਂਭੀ ਗਈ । ਮੇਰਾ ਲਿਖਣ ਦਾ ਕਾਰਜ 1960 ਤੋਂ ਸ਼ੁਰੂ ਹੁੰਦਾ ਹੈ । 1960 ਤੋਂ 2009 ਤੱਕ ਮੇਰੇ ਕੋਲੋਂ ਕਾਫ਼ੀ ਮਿਕਦਾਰ ਵਿਚ ਲਿਖਿਆ ਗਿਆ । ਪਰ ਵਿਉਂਤਬੰਦੀ ਨਾ ਹੋਣ ਕਾਰਨ ਹੁਣ ਉਸ ਲਿਖੇ ਵਿਚੋਂ ਬਹੁਤੇ ਕੁਝ ਦਾ ਥਹੁ ਪਤਾ ਨਹੀਂ ਲੱਗਦਾ ।

ਯਾਦ ਆਉਂਦਾ ਹੈ ਜਦ ਆਪਣੇ ਸ਼ਾਇਰ ਪਿਤਾ ਦੀ ਮਿਰਤੂ ਮਗਰੋਂ ਉਹਨਾਂ ਦੀਆਂ ਨਿੱਜੀ ਸੰਦੂਕ ਸੰਦੂਕੜੀਆਂ ਖੋਲ੍ਹ ਖੋਲ੍ਹ ਵੇਖਣ ਲੱਗੇ ਕਿ ਉਹਨਾਂ ਦੀਆਂ ਕੁਝ ਲਿਖਤਾਂ ਲੱਭ ਜਾਣ ਤਾਂ ਕਿ ਛਾਪ ਦਿੱਤੀਆਂ ਜਾਣ । ਸਾਡੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਜਿਹੜੀਆਂ ਕਵਿਤਾਵਾਂ ਦੇ ਟੋਟਕੇ ਉਹ ਅਕਸਰ ਬੋਲਦੇ ਰਹਿੰਦੇ ਸਨ ਜਾਂ ਮਾਂ ਸੁਣਾਉਂਦੀ ਰਹਿੰਦੀ ਸੀ, ਉਹਨਾਂ ਦਾ ਤਾਂ ਏਥੇ ਨਾਮਨਿਸ਼ਾਨ ਵੀ ਨਹੀਂ । ਕੁਝ ਛੋਟੀਆਂ ਛੋਟੀਆਂ ਨੋਟਬੁੱਕਾਂ ਵਿਚ ਹੋਰਨਾਂ ਸ਼ਾਇਰਾਂ ਜਾਂ ਸੰਤਾਂ ਦੀਆਂ ਤੁਕਾਂ ਵਗੈਰਾ ਤਾਂ ਮਿਲ ਗਈਆਂ ਪਰ ਉਹਨਾਂ ਦੀ ਆਪਣੀ ਰਚਨਾ ਕੋਈ ਨਾ ਮਿਲੀ । ਵਿਉਂਤਬੰਦੀ ਦੀ ਘਾਟ ਸ਼ਾਇਦ ਮੈਨੂੰ ਵਿਰਸੇ 'ਚੋਂ ਮਿਲੀ ਹੈ । ਇੱਕ ਨਿੱਜੀ ਗੱਲ ਹੋਰ । ਡਾ. ਪ੍ਰੀਤਮ ਸਿੰਘ ਰਤਨ, ਪਤਨੀ ਦੇ ਵੱਡੇ ਭਰਾਤਾ, ਸਾਡੇ ਸਾਰਿਆਂ ਦੇ 'ਪ੍ਰੀਤਮ ਵੀਰ ਜੀ' ਪਿਛਲੇ ਲੰਬੇ ਅਰਸੇ ਤੋਂ ਹਰ ਤਰੀਕੇ ਨਾਲ ਮੈਨੂੰ ਕਿਤਾਬਾਂ ਛਾਪਣ ਲਈ ਕਹਿ ਰਹੇ ਸਨ । ਉਹਨਾਂ ਕੋਲ ਵਿਉਂਤ ਸੀ । ਉਹਨਾਂ ਨੇ ਆਪਣੇ ਮਾਤਾ ਤੇ ਪਿਤਾ ਦੇ ਨਾਂ ਦਾ ਪਹਿਲਾ ਪਹਿਲਾ ਹਿੱਸਾ ਜੋੜ ਕੇ 'ਗੁਰਅਮਰ ਫਾਊਂਡੇਸ਼ਨ' ਕਾਇਮ ਕਰ ਲਈ ਸੀ ਤੇ ਸਕੀਮ ਦੱਸੀ ਕਿ ਪੈਸੇ ਦੀ ਪਰਵਾਹ ਕੀਤੇ ਵਗੈਰ ਤੁਸੀਂ ਕੋਈ ਦੋ ਚਾਰ ਇਕ ਤਰ੍ਹਾਂ ਦੀ ਸੋਚ ਵਾਲੇ ਸਖ਼ਸ਼ ਇਕੱਠੇ ਹੋ ਜਾਓ । ਚੰਡੀਗੜ੍ਹ ਵਿਚ ਆਪਣਾ ਪਰੈੱਸ ਲਾਓ ਅਤੇ ਪਰੈੱਸ ਦੇ ਨਾਲ ਬਾਈਂਡਿੰਗ ਅਤੇ ਬਾਕੀ ਸੰਬੰਧਿਤ ਕੰਮ ਇਕੋ ਛੱਤ ਥੱਲੇ ਹੁੰਦੇ ਹੋਣ । ਉੱਚ ਪੱਧਰ ਦੀਆਂ ਕਿਤਾਬਾਂ ਛਾਪੋ । ਜਿਹੜੇ ਚੰਗੇ ਲੇਖਕ ਆਰਥਿਕ ਤੰਗੀ ਕਾਰਨ ਕਿਤਾਬ ਨਾ ਛਾਪ ਸਕਦੇ ਹੋਣ, ਉਹਨਾਂ ਦੀਆਂ ਕਿਤਾਬਾਂ ਬਿਨਾਂ ਕੋਈ ਪੈਸੇ ਲੈਣ ਦੇ ਛਾਪੋ । ਉਹ ਵਾਰ ਵਾਰ ਪ੍ਰੋਗਰੈਸ ਪੁੱਛਦੇ । ਮੇਰੇ ਢਿੱਲੇਮੱਠੇ ਰਵੱਈਏ ਤੋਂ ਅੰਦਾਜ਼ਾ ਲਾ ਕੇ ਉਹਨਾਂ ਹੋਰ ਸੌਖੀ ਸਕੀਮ ਦੱਸੀ ਕਿ ਆਪਣੇ ਪਿਤਾ ਜੀ ਦੀਆਂ, ਆਪਣੀਆਂ ਤੇ ਆਪਣੇ ਛੋਟੇ ਭਰਾਵਾਂ ਨਿਰਮਲ ਤੇ ਆਦੇਸ਼ ਦੀਆਂ ਲਿਖਤਾਂ ਨੂੰ ਇਕੱਠਾ ਕਰਕੇ ਕਿਤਾਬੀ ਰੂਪ ਵਿਚ ਛਾਪਣ ਵਿਚ ਤਾਂ ਕੋਈ ਪਰੇਸ਼ਾਨੀ ਨਹੀਂ । ਉਹ ਬਿਲਕੁਲ ਸੱਚੇ ਸਨ । ਏਦੂੰ ਸੌਖਾ ਕੰਮ ਭਲਾ ਹੋਰ ਕਿਹੜਾ ਹੋ ਸਕਦਾ ਸੀ? ਪਰ ਏਸ ਕੰਮ ਲਈ ਵੀ ਜਿੰਨੀ ਕੁ ਵਿਉਂਤਬੰਦੀ ਦੀ ਲੋੜ ਸੀ, ਮੈਥੋਂ ਉਹ ਵੀ ਨਾ ਹੋਈ । ਮੇਰੇ ਇਸ ਵਤੀਰੇ ਨੇ ਉਹਨਾਂ ਨੂੰ ਪਰੇਸ਼ਾਨ ਤੇ ਨਿਰਾਸ਼ ਜ਼ਰੂਰ ਕੀਤਾ ਹੋਵੇਗਾ । ਪਰ ਉਹ ਵੱਡੇ ਹਿਰਦੇ ਵਾਲਾ ਸਖ਼ਸ਼ ਅਜੇ ਵੀ ਕਦੇ ਕਦੇ ਮੈਨੂੰ ਮੇਰੇ ਲਾਗੇ ਬੈਠਾ ਬੋਲਦਾ ਸੁਣਾਈ ਦਿੰਦਾ ਹੈ, ''ਪੈਸੇ ਦੀ ਘਾਟ ਕਰਕੇ ਜਾਂ ਪੈਸੇ ਦੀ ਲੋੜ ਕਾਰਨ ਕਦੇ ਵੀ ਉਹ ਕੁਝ ਬਿਲਕੁਲ ਨਹੀਂ ਲਿਖਣਾ ਜੋ ਤੂੰ ਨਾ ਲਿਖਣਾ ਚਾਹੁੰਦਾ ਹੋਵੇਂ ।'' ਭਾਵੇਂ ਉਹ ਹੁਣ ਇਸ ਦੁਨੀਆ ਵਿਚ ਨਹੀਂ ਰਹੇ ਪਰ ਪ੍ਰੀਤਮ ਵੀਰ ਜੀ ਦੀ ਦਰਵੇਸ਼ੀ ਮੇਰੀ ਆਤਮਾ ਦੀ ਆਵਾਜ਼ ਨੂੰ ਲਗਾਤਾਰ ਤਾਕਤ ਬਖਸ਼ਦੀ ਆ ਰਹੀ ਹੈ ।

•••

ਅਪਰੈਲ, 2003 ਵਿਚ ਰਿਟਾਇਰ ਹੋਇਆ ਤਾਂ ਚੰਡੀਗੜ੍ਹ ਨਾਲ ਬਾਕਾਇਦਾ ਰਿਸ਼ਤਾ ਬਣਨ ਦੀ ਮੁੜ ਸ਼ੁਰੂਆਤ ਹੋ ਗਈ । ਸਿੱਧੂ ਦਮਦਮੀ ਨੇ 'ਸੰਖ' ਨਾਮ ਦਾ ਸਾਹਿੱਤਕ ਪਰਚਾ ਸ਼ੁਰੂ ਕੀਤਾ । ਸਥਾਈ ਕਾਲਮ ਲਈ ਮਨਾ ਲਿਆ । 'ਕਿਆ ਨੇੜੇ ਕਯਾ ਦੂਰ' ਨਾਂ ਦਾ ਕਾਲਮ ਸ਼ੁਰੂ ਹੋ ਗਿਆ । ਹਰ ਵਾਰ ਨਵਾਂ ਥੀਮ । ਇਹਨੀਂ ਦਿਨੀਂ ਮੈਂ ਬਹੁਤ ਸਾਰਾ ਪੌਰਾਇਣਕ ਸਾਹਿੱਤ ਪੜ੍ਹਿਆ ਸੀ । ਗੀਤਾ ਤੇ ਰਾਮਾਇਣ ਆਦਿ ਨੂੰ ਸਾਹਿੱਤਕ ਪੁਸਤਕਾਂ ਦੇ ਰੂਪ ਵਿਚ ਦੁਬਾਰਾ ਧਿਆਨ ਨਾਲ ਪੜ੍ਹਿਆ । ਓਸ਼ੋ ਰਜਨੀਸ਼ ਦੀਆਂ ਪੁਸਤਕਾਂ ਤਾਂ ਪਿਛਲੇ ਵੀਹ ਵਰ੍ਹਿਆਂ ਤੋਂ ਪੜ੍ਹਦਾ ਆ ਰਿਹਾ ਸਾਂ । ਹੁਣ ਜੇ. ਕ੍ਰਿਸ਼ਨਾਮੂਰਤੀ ਦੀ ਅਧਿਆਤਮਕ ਦੁਨੀਆ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸਾਂ ।

ਇਹ ਵੀ ਇਤਫ਼ਾਕ ਦੀ ਗੱਲ ਹੈ ਕਿ ਬੇਟੇ ਅਲੰਕਾਰ ਨੇ ਪੁੱਛਿਆ 'ਤੁਹਾਡੇ ਕਾਲਜ ਦੀ ਲਾਇਬਰੇਰੀ ਵਿਚ ਜੇ. ਕ੍ਰਿਸ਼ਨਾਮੂਰਤੀ ਦੀਆਂ ਕਿਤਾਬਾਂ ਹੈਣ?' ਸੰਨ 2000 ਵਿਚ ਇਹ ਨਾਮ ਮੈਂ ਪਹਿਲੀ ਵਾਰੀ ਸੁਣਿਆ ਸੀ । ਲਾਇਬਰੇਰੀ ਵਿਚ ਪਤਾ ਕੀਤਾ ਤਾਂ ਚਾਰ ਕਿਤਾਬਾਂ ਮਿਲੀਆਂ, ਜਿਹੜੀਆਂ ਇਸ ਤੋਂ ਪਹਿਲਾਂ ਕਦੇ ਇਸ਼ੂ ਨਹੀਂ ਸੀ ਕਰਵਾਈਆਂ ਗਈਆਂ । ਬੇਟੇ ਦੇ ਪੜ੍ਹਨ ਤੋਂ ਬਾਅਦ ਮੈਂ ਪੜ੍ਹੀਆਂ ਤੇ ਸਿਲਸਿਲਾ ਸ਼ੁਰੂ ਹੋ ਗਿਆ । ਉਂਜ ਜੇ ਇਸ ਤੋਂ ਪਹਿਲਾਂ ਮੈਂ ਇਨ੍ਹਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਤਾਂ ਸ਼ਾਇਦ ਇਕ ਦੋ ਪੰਨੇ ਪੜ੍ਹ ਕੇ ਪਰੇ ਰੱਖ ਦਿੰਦਾ । ਪਰ ਅਧਿਆਤਮਕ ਗਰੰਥਾਂ ਦੇ ਲੰਬੇ ਅਧਿਐਨ ਨੇ ਕ੍ਰਿਸ਼ਨਾਮੂਰਤੀ ਲਈ ਜ਼ਮੀਨ ਤਿਆਰ ਕਰ ਦਿੱਤੀ ਸੀ । ਹੁਣ ਮੈਂ ਕ੍ਰਿਸ਼ਨਾਮੂਰਤੀ ਦੀਆਂ ਲਿਖਤਾਂ ਦਾ ਸਹਿਜ ਯਾਤਰੀ ਹਾਂ । ਉਸਦੇ ਬੋਲਾਂ ਵਿੱਚ ਕੁਝ ਵੀ ਫਾਲਤੂ ਨਹੀਂ । ਨਾ ਉਹ ਕਿਸੇ ਨੂੰ ਕੋਟ ਕਰਦਾ ਹੈ, ਨਾ ਮਿਸਾਲਾਂ ਦਿੰਦਾ ਹੈ ਤੇ ਨਾ ਵਾਰ ਵਾਰ ਵਰਤੀ ਜਾਂਦੀ ਸ਼ਬਦਾਵਲੀ ਵਰਤਦਾ ਹੈ । ਉਹ ਵਰਤਮਾਨ ਵਿਚ ਸਥਿਤ ਹੋ ਕੇ, ਜੋ ਹੈ, ਉਹਦੀ ਗੱਲ ਕਰਦਾ ਹੈ । ਸਾਕਸ਼ੀਭਾਵ ਦਾ ਅਸਲ ਗਿਆਨ ਇੱਥੋਂ ਹੋਇਆ । ਨਾਲ ਹੀ ਇਹ ਵੀ ਗਿਆਨ ਹੋਇਆ ਕਿ ਇਸ ਬੁੱਧ ਪੁਰਸ਼ ਦੀਆਂ ਇਹ ਪੁਸਤਕਾਂ ਜ਼ਿੰਦਗੀ ਨੂੰ ਸਮਝਣ ਲਈ ਅਤਿ ਉੱਤਮ ਵਸੀਲਾ ਹਨ । ਪਰ ਇਹ ਸਾਹਿੱਤ ਨਹੀਂ ।

'ਸੰਖ' ਦੇ ਕਾਲਮ ਮੈਂ ਬਾਕਾਇਦਾ ਲਿਖਦਾ ਰਿਹਾ । ਕਾਲਮ ਦੇ ਕਈ ਹਿੱਸੇ ਹੁੰਦੇ ਸਨ । ਪਰ ਮੁੱਖ ਹਿੱਸਾ ਬਹੁਤੀ ਵਾਰ ਕ੍ਰਿਸ਼ਨਾਮੂਰਤੀ ਦੇ ਪ੍ਰਭਾਵ ਵਾਲਾ ਹੁੰਦਾ ਸੀ । ਇਹ ਲਿਖਣਾ ਮੈਨੂੰ ਸੰਤੁਸ਼ਟੀ ਦਿੰਦਾ । ਲਿਖਤ ਵਿਸ਼ੇਸ਼ ਘੇਰੇ ਵਿਚ ਸਲਾਹੀ ਵੀ ਜਾਂਦੀ । ਪਰ ਹੁਣ ਲੱਗਦਾ ਹੈ ਕਿ ਮਨ ਵੱਲ ਮੂੰਹ ਕਰਕੇ ਲਿਖੀ ਗਈ ਉਹ ਵੰਨਗੀ ਸਾਹਿਤ ਦੀ ਕੋਟੀ ਵਿਚ ਨਹੀਂ ਆਉਂਦੀ । ਇਹ ਸਾਹਿਤ ਤੋਂ ਉੱਚੀ ਵਸਤ ਹੈ । 'ਸੰਖ' ਵਾਲੀ ਇਹ ਸਮੱਗਰੀ ਮੇਰੇ ਲਈ ਮੁੱਲਵਾਨ ਹੈ । ਇਸ ਨੂੰ ਏਸ ਤਰ੍ਹਾਂ ਦੀ ਹੋਰ ਸਮੱਗਰੀ ਨਾਲ ਇਕੱਠਾ ਕਰਕੇ ਸਾਂਭਿਆ ਜਾ ਸਕਦਾ ਹੈ ।

ਹੁਣ ਸਿੱਧੂ ਦਮਦਮੀ 'ਪੰਜਾਬੀ ਟ੍ਰਿਬਿਊਨ' ਦਾ ਐਡੀਟਰ ਬਣ ਗਿਆ ਤੇ ਮੈਨੂੰ ਹਫ਼ਤਾਵਾਰੀ ਕਾਲਮ ਲਈ ਮਨਾ ਲਿਆ । ਇਸ ਅਖ਼ਬਾਰ ਲਈ ਮੈਂ ਪਹਿਲਾਂ ਵੀ ਤਿੰਨ ਚਾਰ ਕਾਲਮ ਲਿਖ ਚੁੱਕਾ ਸਾਂ । ਕੰਮ ਸੌਖਾ ਲੱਗਦਾ ਸੀ ਪਰ ਸਿੱਧੂ ਇਕ ਵੱਖਰੀ ਤਰ੍ਹਾਂ ਦੇ ਕਾਲਮ ਦੀ ਮੰਗ ਕਰ ਰਿਹਾ ਸੀ । ਉਹ ਚਾਹੁੰਦਾ ਸੀ ਸਾਹਿੱਤਕ ਪ੍ਰਦੂਸ਼ਣ ਬਾਰੇ ਟਿੱਪਣੀਆਂ ਬੰਦ ਕਰਕੇ ਆਪਣੇ ਪਿੰਡ ਬਾਰੇ ਲਿਖਾਂ । ਪਿੰਡ ਦੇ ਬਹਾਨੇ ਆਪਣੇ ਬਾਰੇ ਲਿਖਾਂ । ਆਪਣੇ ਪਰਿਵਾਰ ਬਾਰੇ ਲਿਖਾਂ । ਜ਼ਿੰਦਗੀ 'ਚ ਆਏ ਦਿਲਚਸਪ ਕਿਰਦਾਰਾਂ ਬਾਰੇ ਲਿਖਾਂ । ਮੇਰੇ ਲਈ ਇਹ ਨਵੀਂ ਤੇ ਵੱਖਰੀ ਤਰ੍ਹਾਂ ਦੀ ਚੁਣੌਤੀ ਸੀ । 'ਮੈਂ' ਸ਼ਬਦ ਲਿਖਣ ਵੇਲੇ ਵੀ ਮੈਨੂੰ ਹਉਮੈ ਦਾ ਸੇਕ ਲੱਗਦੈ । ਉਹ ਲਿਖਤਾਂ ਜਿਹਨਾਂ ਵਿਚ ਮੈਂ, ਮੇਰੀ, ਮੇਰਾ, ਮੈਨੂੰ ਵਰਗੇ ਸ਼ਬਦ ਬਹੁਤੇ ਵਰਤੇ ਗਏ ਹੋਣ, ਬਰਦਾਸ਼ਤ ਨਹੀਂ ਹੁੰਦੀਆਂ । ਜੀਅ ਕੱਚਾ ਕੱਚਾ ਹੋਣ ਲੱਗ ਪੈਂਦਾ ਹੈ । ਹੁਣ ਜੇ ਆਪਣੇ ਬਾਰੇ ਲਿਖਾਂਗਾ ਤਾਂ ਇਨ੍ਹਾਂ ਸ਼ਬਦਾਂ ਤੋਂ ਬਚਿਆ ਨਹੀਂ ਜਾ ਸਕਦਾ । ਏਥੇ ਕ੍ਰਿਸ਼ਨਾਮੂਰਤੀ ਨੇ ਮੇਰੀ ਮੱਦਦ ਕੀਤੀ । 'ਘਟਨਾਵਾਂ, ਕਿਰਦਾਰਾਂ, ਥਾਵਾਂ, ਵਰਤਾਰਿਆਂ ਵਿਚ ਸ਼ਾਮਲ ਹੁੰਦਾ ਹੋਇਆ ਵੀ ਤੂੰ ਬਿਆਨ ਕਰਨ ਵੇਲੇ ਸਿਰਫ਼ ਸਾਕਸ਼ੀ ਹੋ ਕੇ ਲਿਖ ।' ਕਾਲਮ ਦਾ ਨਾਂ 'ਹਰਫ਼ ਰਸੀਦੀ' ਤੈਅ ਹੋਇਆ ਤੇ ਅਗਸਤ, 2006 ਦੇ ਪਹਿਲੇ ਹਫ਼ਤੇ ਪਹਿਲਾ ਕਾਲਮ ਛਪਿਆ । ਬੀਤੇ ਦੀਆਂ ਪਰਤਾਂ ਖੁੱਲ੍ਹਦੀਆਂ ਗਈਆਂ । ਬਹੁਤ ਕੁਝ ਭੁਲਿਆ ਹੋਇਆ ਚੇਤੇ ਆਉਣ ਲੱਗਾ । ਇਹ ਬੜਾ ਕੁਝ, ਬੜਾ ਗੁੰਝਲਦਾਰ ਤੇ ਉਲਝਿਆ ਹੋਇਆ ਸੀ । ਅਸਲ ਵਿਚ ਮੈਂ ਇਸ ਸਭ ਕੁਝ ਨੂੰ ਹੁਣ ਤੱਕ ਬੁਰੀ ਤਰ੍ਹਾਂ ਇਗਨੋਰ ਕੀਤਾ ਹੋਇਆ ਸੀ । ਇਹ ਗੱਲਾਂ ਮੈਂ ਟੁਕੜਾ- ਟੁਕੜਾ ਕਰਕੇ ਕਈਆਂ ਨੂੰ ਕਈ ਵਾਰ ਸੁਣਾਈਆਂ ਸਨ । ਪਰ ਕਦੇ ਵੀ ਲਿਖਣ ਦੇ ਕਾਬਿਲ ਨਹੀਂ ਸੀ ਸਮਝੀਆਂ । ਲੱਗਦਾ ਸੀ ਇਹ ਕੇਵਲ ਸੁਣਨਸੁਣਾਉਣ ਵਾਲੀਆਂ ਨੇ, ਲਿਖਣ ਵਾਸਤੇ ਨਹੀਂ । ਪਰ ਕਾਲਮ ਛਪਣ ਨਾਲ ਜੋ ਹੁੰਗਾਰਾ ਮਿਲਿਆ ਤਾਂ ਲੱਗਿਆ ਕਿ ਇਸੇ ਕੁਝ ਦੀ ਤੇ ਇਸੇ ਸਾਦਗੀ ਨਾਲ ਲਿਖੀਆਂ ਰਚਨਾਵਾਂ ਦੀ ਪਾਠਕ ਉਡੀਕ ਕਰਦਾ ਹੈ ।

ਪਾਠਕ ਬਾਰੇ ਥੋੜ੍ਹੀ ਜਿੰਨੀ ਗੱਲ ਹੋਰ । ਲਿਖਣ ਵਾਲੇ ਲੋਕ ਆਮ ਤੌਰ 'ਤੇ ਇਕ ਦੂਜੇ ਦੇ ਪਾਠਕ ਨਹੀਂ ਹੁੰਦੇ । ਸਾਹਿੱਤ ਸਭਾਵਾਂ ਵਾਲੇ ਸੱਜਣ ਪਾਠਕ ਘੱਟ ਤੇ ਮੈਂਬਰ ਵੱਧ ਹੁੰਦੇ ਹਨ । ਵਿਦਿਆਰਥੀਆਂ 'ਚੋਂ ਕੋਈ ਵਿਰਲਾ ਹੀ ਪਾਠਕ ਬਣ ਕੇ ਨਿੱਤਰਦਾ ਹੈ । ਅਸਲੀ ਪਾਠਕ ਤਾਂ ਇਨ੍ਹਾਂ ਘੇਰਾਬੰਦੀਆਂ ਤੋਂ ਆਜ਼ਾਦ ਪੂਰੀ ਪੰਜਾਬੀਅਤ ਵਿਚ ਵਿਦਮਾਨ ਹੈ । ਉਸ ਨੂੰ ਜਦੋਂ 'ਮੇਰਾ ਪਿੰਡ' ਜਾਂ 'ਮੇਰਾ ਦਾਗਿਸਤਾਨ' ਵਰਗੀ ਕੋਈ ਪੁਸਤਕ ਹੱਥ ਲੱਗਦੀ ਹੈ ਤਾਂ ਉਸ ਨੂੰ ਉਸ ਵਿਚ ਬਿਆਨ ਕੀਤਾ ਸਭ ਕੁਝ ਪੱਲੇ ਪੈਂਦਾ ਹੈ । ਉਸ 'ਚੋਂ ਰਸ ਮਿਲਦਾ ਹੈ ਤੇ ਉਹ ਆਪਣਾ ਆਪਣਾ ਲੱਗਦਾ ਹੈ । ਉਸ ਵਿਚ ਲਿਖੀਆਂ ਗੱਲਾਂ ਉਹ ਦੂਜਿਆਂ ਕੋਲ ਦੁਹਰਾਉਂਦਾ ਹੈ । ਕਿਤਾਬ ਤੇ ਕਿਤਾਬ ਦੇ ਲੇਖਕ ਨਾਲ ਹੋਰਨਾਂ ਦੀ ਸਾਂਝ ਪੁਆਉਂਦਾ ਹੈ । ਅਸਲ ਵਿਚ ਕਿਤਾਬ ਨੂੰ ਅਸਲੀ ਮੁਕਾਮ ਤੱਕ ਇਹੋ ਪਾਠਕ ਪੁਚਾਉਂਦਾ ਹੈ । ਮੇਰੇ ਇਸ ਕਾਲਮ ਦੀ ਹਰ ਹਫ਼ਤੇ ਪਹਿਲੀ ਪਾਠਕ ਮੇਰੀ ਮਾਂ ਰਹੀ । ਮਾਂ ਤੋਂ ਮੈਂ ਕਦੇ-ਕਦਾਈਂ ਕੁਝ ਪੁੱਛਦਾ ਰਿਹਾ । ਜ਼ਿਆਦਾਤਰ ਉਹ ਮੇਰੇ ਲਿਖੇ ਦੀ ਤਸਦੀਕ ਕਰਦੀ । ਪਿਛੋਕੜ ਬਾਰੇ, ਪਿੰਡ ਬਾਰੇ ਜਾਂ ਪਰਿਵਾਰ ਬਾਰੇ ਲਿਖਤ ਦੀ ਪਰਮਾਣਿਕਤਾ ਸਬੰਧੀ ਮਾਂ ਤੋਂ ਵੱਡੀ ਹੋਰ ਕਿਹੜੀ ਤਸਦੀਕ ਹੋ ਸਕਦੀ ਹੈ । ਤੇ ਮਾਂ ਫਰਵਰੀ, 2008 ਨੂੰ ਸਰੀਰ ਛੱਡ ਗਈ । ਇਸ ਪਿੱਛੋਂ ਕਲਮ ਦੀ ਰਵਾਨੀ ਰੁਕਦੀ ਰੁਕਦੀ ਜਾਪੀ । ਕਲਮ ਰਜ਼ਾਮੰਦ ਨਾ ਹੋਏ ਤਾਂ ਲਿਖਤ ਵਿਚ ਪ੍ਰਗਟਾਵੇ ਦੀ ਤੀਬਰਤਾ ਨਹੀਂ ਰਹਿੰਦੀ । ਜਿਸ ਖੇਤਰ ਵਿਚ ਵਿਚਰ ਕੇ ਲਿਖ ਰਿਹਾ ਸਾਂ, ਉਹ ਖੇਤਰ ਲਗਪਗ ਤੈਅ ਹੋ ਚੁੱਕਾ ਸੀ । ਸੋ ਸੰਪਾਦਕ ਦੀ ਜ਼ਿੱਦ ਦੇ ਬਾਵਜੂਦ ਕਾਲਮ ਜਾਰੀ ਨਾ ਰੱਖ ਸਕਿਆ ਪਰ ਇਸ ਵਾਰ ਅਖ਼ਬਾਰ ਦੀਆਂ ਕਾਤਰਾਂ ਸੁਰਿੰਦਰ ਸਮੇਂ ਸਿਰ ਸਾਂਭਦੀ ਰਹੀ । 'ਹਰਫ ਰਸੀਦੀ' ਇਕ ਫਾਈਲ ਕਵਰ ਵਿਚ ਸੁਰੱਖਿਅਤ ਸੀ ।

ਕਿਤਾਬ ਛਪਵਾਉਣ ਲਈ ਜ਼ੋਰ ਪਿਆ ਤਾਂ ਇਸ ਫਾਈਲ ਨੂੰ ਗਹੁ ਨਾਲ ਵਾਚਿਆ । ਕੁਝ ਛਾਂਟੀ ਕੀਤੀ, ਕੁਝ ਤਰਤੀਬ ਦਿੱਤੀ, ਕੁਝ ਨੋਕ- ਪਲਕ ਸੰਵਾਰੀ । ਥੋੜ੍ਹਾ ਜਿਹਾ ਹਿੱਸਾ ਬਾਹਰੋਂ ਵੀ ਪਾਇਆ ਤਾਂ ਕਿ ਕਿਤਾਬ ਨੂੰ ਕਿਤਾਬ ਵਾਲੀ ਸ਼ਕਲ ਮਿਲ ਸਕੇ । ਇਹ ਮੇਰੀ ਹੁਣ ਤੱਕ ਦੀ ਉਮਰ ਦਾ ਹਿਸਾਬ ਹੈ । ਉਮਰ ਵਾਂਗ ਇਸ ਕਿਤਾਬ ਦੇ ਵੀ ਤਿੰਨ ਭਾਗ ਹਨ । ਧਿਆਨਪੁਰ, ਚੰਡੀਗੜ੍ਹ ਤੇ ਰੋਪੜ । ਧਿਆਨਪੁਰ ਬਾਲਭੂਮੀ ਹੈ । ਚੰਡੀਗੜ੍ਹ ਕਰਮਭੂਮੀ ਹੈ । ਰੋਪੜ ਪੱਚੀ ਸਾਲ ਰਹਿਣ ਦੇ ਬਾਵਜੂਦ ਵੀ ਅਸਥਾਈ ਨਿਵਾਸ ਹੀ ਬਣਿਆ ਰਿਹਾ । ਉਥੇ ਰਹਿੰਦਿਆਂ ਵੀ ਚੰਡੀਗੜ੍ਹ ਅਤੇ ਪਿੰਡ ਨਾਲ ਰਿਸ਼ਤਾ ਲਗਾਤਾਰ ਜੁੜਿਆ ਰਿਹਾ । ਪਿੰਡ ਉੱਨੀ ਸਾਲ ਦੀ ਉਮਰ ਤੱਕ ਰਿਹਾ । ਪਰ ਸਭ ਤੋਂ ਵੱਧ ਅਹਿਸਾਸਾਂ ਦੀ ਅਮੀਰੀ ਪਿੰਡ ਤੋਂ ਹੀ ਮਿਲੀ । ਚੰਡੀਗੜ੍ਹ ਨੇ ਬਹੁਤ ਕੀਮਤੀ ਦੋਸਤੀਆਂ ਦਿੱਤੀਆਂ । ਦਰਅਸਲ, ਉਮਰ ਦਾ ਇਹ ਵਿਚਕਾਰਲਾ ਹਿੱਸਾ ਮੇਰੀ ਸ਼ਖ਼ਸੀਅਤ ਦਾ ਅਸਲ ਆਧਾਰ ਹੈ । ਇਸੇ ਹੀ ਸਭ ਕੁਝ ਬਾਰੇ ਕਿਤਾਬ ਵਿਚ ਲਿਖਿਆ ਹੋਇਆ ਹੈ ।

ਕਦੇ ਕਦੇ ਕੁਦਰਤ ਬੰਦੇ ਦਾ ਇਮਤਿਹਾਨ ਲੈਂਦੀ ਹੈ । ਅੱਜ ਕੱਲ੍ਹ ਮੈਂ ਕਰੜੇ ਇਮਤਿਹਾਨ ਵਿਚੋਂ ਲੰਘ ਰਿਹਾ ਹਾਂ । ਸਰੀਰ ਦੀ ਹਾਲਤ ਠੀਕ ਨਾ ਹੋਏ ਤਾਂ ਮਾਨਸਿਕ ਟਿਕਾਅ ਨਹੀਂ ਹੁੰਦਾ । ਮਨ 'ਚ ਟਿਕਾਅ ਨਾ ਹੋਏ ਤਾਂ ਬਿਰਤੀ ਨਹੀਂ ਜੁੜਦੀ । ਪਰ ਇਮਤਿਹਾਨ ਹੈ । ਓਸੇ ਸਮੇਂ ਵਿਚ ਹੀ ਲਿਖਣਾ ਪੈਣਾ ਹੈ । ਕਿਸੇ ਲੇਖਕ ਲਈ ਇਹ ਅਜਿਹਾ ਵਕਤ ਹੈ ਜਦੋਂ ਉਸਦੀ ਲਿਖਤ ਤੋਂ ਉਹਦੀ ਸ਼ੈਲੀ ਰੁੱਸ ਜਾਂਦੀ ਹੈ । ਉਹਦੇ ਸ਼ਬਦਾਂ ਦੀ ਸ਼ਕਤੀ ਖੁੱਸ ਜਾਂਦੀ ਹੈ । ਕਿਤਾਬ ਦੇ ਸ਼ੁਰੂ ਵਿਚ ਕੁਝ ਗੱਲਾਂ ਲਿਖਣੀਆਂ ਜ਼ਰੂਰੀ ਹਨ ਭਾਵੇਂ ਇਹਨਾਂ ਦੀ ਲੋੜ ਨਹੀਂ ਹੁੰਦੀ । ਕਿਤਾਬ ਵਿਚ ਸਭ ਕੁਝ ਕਹਿ ਦਿੱਤਾ ਗਿਆ ਹੈ । ਫਿਰ ਵੀ ਇਹਨਾਂ ਸਾਦਮੁਰਾਦੀਆਂ ਨੀਰਸ ਗੱਲਾਂ ਦੇ ਸਹਾਰੇ ਤੁਹਾਡੇ ਤੀਕ ਪਹੁੰਚ ਰਹੀ ਹੈ ਮੇਰੀ ਕਿਤਾਬ!

ਭੂਸ਼ਨ
3236/2, ਸੈਕਟਰ 44 ਡੀ
ਚੰਡੀਗੜ੍ਹ160047

1. ਮਾਂ ਦੱਸਦੀ ਹੈ

ਕੱਚਾ ਘਰ! ਜ਼ਰੂਰਤ ਨਾਲੋਂ ਥੋੜ੍ਹੀਆਂ ਚੀਜ਼ਾਂ । ਟੁੱਟੀਆਂ ਗਲੀਆਂ । ਗੰਦੀਆਂ ਨਾਲੀਆਂ । ਮਿੱਟੀ-ਘੱਟਾ । ਕੱਖਕੰਡਾ । ਚਿੱਕੜਰੂੜੀਆਂ । ਜਹਾਲਤ । ਬੇਤਰਤੀਬੀ । ... ਹਰ ਪੱਖੋਂ ਗਰੀਬੀ । ... ਵਿੱਥ 'ਤੇ ਖਲੋ ਕੇ ਪੁਰਾਣਾ ਪਿੰਡ ਏਹੋ ਜਿਹਾ ਹੀ ਲੱਗਦਾ ਹੈ । ਪਰ ਉਦੋਂ ਵੀ ਚੰਗਾ ਲੱਗਦਾ ਸੀ । ਹੁਣ ਵੀ ਚੰਗਾ ਲੱਗਦਾ ਹੈ । ਪਿੰਡਾਂ ਦੀ ਤਾਰੀਫ਼ ਵਿਚ ਬਹੁਤ ਕਸੀਦੇ ਲਿਖੇ ਗਏ ਹਨ । ਗਾਏ ਗਏ ਹਨ । ਚਿਤਰੇ ਗਏ ਹਨ । ਨਟਕਾਏ ਗਏ ਹਨ । ਫਿਲਮਾਏ ਗਏ ਹਨ । ... ਪਰ ਕਿਸੇ ਨੇ ਭਾਵੇਂ ਕਿੰਨਾ ਵੀ ਟਿੱਲ ਲਾਇਆ ਹੈ, ਪਿੰਡ ਦੀ ਰੂਹ ਲੁਕੀ ਰਹੀ ਹੈ, ਸਿਰਫ਼ ਪਿੰਡਾ ਹੀ ਨਜ਼ਰ ਆਇਆ ਹੈ ।

ਤਬਦੀਲੀ ਦਾ ਨੇਮ ਅਟੱਲ ਹੈ । ਚੱਲ ਸੋ ਚੱਲ ਹੈ । ਪਰ ... ਇਕ ਗੱਲ ਹੈ । ਇਸ ਤਬਦੀਲੀ ਦੇ ਪਹੀਏ ਦਾ ਕੋਈ ਧੁਰਾ ਵੀ ਜ਼ਰੂਰ ਹੋਵੇਗਾ । ਪਹੀਆ ਘੁੰਮਦਾ ਹੈ । ਧੁਰਾ ਸਥਿਰ ਰਹਿੰਦਾ ਹੈ । ਧੁਰੇ 'ਤੇ ਬੈਠਾ ਮੱਛਰ ਕਹਿੰਦਾ ਹੈ : ''ਪਹੀਏ ਨੂੰ ਮੈਂ ਘੁਮਾ ਰਿਹਾ ਹਾਂ । ਕਿੰਨਾ ਜ਼ੋਰ ਲਾ ਰਿਹਾ ਹਾਂ । ਪ੍ਰਗਤੀ ਦਾ ਪਹਾੜ ਉਸਾਰਨ ਵਿਚ ਵੱਡਾ ਯੋਗਦਾਨ ਪਾ ਰਿਹਾ ਹਾਂ!! ਹੁਣ ਤੱਕ ਸੰਸਾਰ ਵਿਚ ਜਿੰਨਾ ਵੀ ਪਰਿਵਰਤਨ ਆਇਆ ਹੈ, ਸਭ ਮੇਰੀ ਹੀ ਮਾਇਆ ਹੈ ।'' ਪਿੰਡ ਵਿਚ ਮੱਛਰ ਬਹੁਤ ਹੁੰਦਾ ਹੈ, ਮੱਛਰਦਾ ਵੀ ਬਹੁਤ ਹੈ । ਮੱਖੀਆਂ ਦਾ ਕੋਈ ਅੰਤ ਨਹੀਂ ਹੁੰਦਾ, ਭਿਣਭਿਣਾਉਂਦੀਆਂ ਹਨ । ਮੱਛਰਾਂ ਨਾਲੋਂ ਵੀ ਭਿਆਨਕ ਹਉਮੈ ਦਾ ਗੀਤ ਗਾਉਂਦੀਆਂ ਹਨ ।

ਪਰ ਪਿੰਡ ਕਿਸੇ ਚੱਕਰ ਵਿਚ ਨਹੀਂ ਪੈਂਦਾ । ਉਹ ਤਾਂ ਧੁਰਾ ਹੈ । ਚੰਗਾ ਹੈ ਨਾ ਬੁਰਾ ਹੈ । ਨਾ ਉਸ ਲਈ ਮਾਲਕੀ ਚੰਗੀ, ਨਾ ਹੀ ਬੁਰੀ ਸੇਪ । ਜਲ ਮੇਂ ਕਮਲ ਅਲੇਪ ।

ਕੋਈ ਪੁੱਛਦਾ ਹੈ : ''ਹੁਣ ਪਿੰਡ ਵਿਚ ਹੋਰ ਕੀ ਰੱਖਿਐ? ਬੱਸ ਬਹੁਤ ਹੋ ਗਿਆ । ਤੂੰ ਇਕ ਵਾਰ ਪਿੰਡ ਕਾਹਦਾ ਗਿਆ, ਉੱਥੇ ਹੀ ਖੋ ਗਿਆ । ਇਨ੍ਹਾਂ ਵੇਲਾ ਵਿਹਾਏ ਕਿੱਸਿਆਂ ਵਿਚੋਂ ਜੰਡ ਕਰੀਰਾਂ ਹੀ ਨਿਕਲਣਗੀਆਂ । ਖਿੱਦੋ ਨੂੰ ਉਧੇੜੇਂਗਾ ਤਾਂ ਲੀਰਾਂ ਹੀ ਨਿਕਲਣਗੀਆਂ । ਏਡੀ ਵੱਡੀ ਦੁਨੀਆ ਹੈ, ਏਡਾ ਵੱਡਾ ਦੇਸ਼ ਹੈ । ਏਨੇ ਸਾਰੇ ਲੋਕਾਂ ਦਾ ਦੁੱਖ, ਦਰਦ, ਕਲੇਸ਼ ਹੈ । ਉਨ੍ਹਾਂ ਦੇ ਹਿੱਤ ਦੀ ਗੱਲ ਕਰ । ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰ । ਆਪ ਤਾਂ ਤੂੰ ਚੰਡੀਗੜ੍ਹ ਰਹਿਣਾ ਚਾਹੁੰਦਾ ਹੈਂ । ਫੇਰ ਪਿੰਡ ਦੇ ਬਹਾਨੇ ਕਿਹੜੀ ਨਵੀਂ ਗੱਲ ਕਹਿਣਾ ਚਾਹੁੰਦਾ ਹੈਂ?''

ਹਰ ਇਅਤਰਾਜ਼ ਜਾਇਜ਼ । ਖ਼ੁਦ ਨੂੰ ਸਹੀ ਸਾਬਿਤ ਕਰਨ ਲਈ ਘੜਿਆ ਗਿਆ ਕੋਈ ਵੀ ਬਹਾਨਾ ਨਾਜਾਇਜ਼ । ਏਨਾ ਹੀ ਕਿਹਾ ਜਾ ਸਕਦਾ ਹੈ ਕਿ ਪਿੰਡ ਮੇਰਾ ਬਾਲਬੋਧ ਹੈ । ਸਦਾਸੱਦਦੀ ਮਮਤਾਮਈ ਗੋਦ ਹੈ । ਮਿੱਠੀਮਿੱਠੀ ਪੀੜ ਵਿਚ ਵੱਟੀ ਹੋਈ ਕਸੀਸ ਹੈ । ਦਿਲ ਨਾਲ ਜੁੜੇ ਹੋਏ ਬੁੱਲ੍ਹਾਂ ਦੀ ਅਸੀਸ ਹੈ । ਜਿਸ ਨੂੰ ਦੁਨੀਆ ਪਿੰਡ ਕਹਿੰਦੀ ਹੈ । ਓਥੇ ਮਾਂ ਰਹਿੰਦੀ ਹੈ । ਮਾਂ ਮੈਨੂੰ ਧਰਤ ਵਾਂਗ ਪਿਆਰੀ ਹੈ । ਬਾਣੀ ਵਾਂਗ ਪਿਆਰੀ ਹੈ । ਮੇਰੇ ਲਈ ਹਰ ਖੁਸ਼ੀ ਦਾ ਸਰੋਤ ਪਿਆਰ ਹੈ । ਪਿਆਰ ਦਾ ਮੂਲ ਸਰੋਤ ਮਾਂ ਹੈ । ਅੱਗੋਂ ਨਹਿਰਾਂਸੂਏ ਨਖਾਸੂਆਂ ਦਾ ਵੱਖੋ ਵੱਖਰਾ ਨਾਂ ਹੈ ।

ਮਾਂ ਦੱਸਦੀ ਹੈ, ਅਸੀਂ ਕਿਹੜੀਆਂ ਹਾਲਤਾਂ ਵਿਚ ਧਿਆਨਪੁਰ ਆਏ । ਸਿਆਲਕੋਟ ਜ਼ਿਲ੍ਹੇ ਦੀ ਨਾਰੋਵਾਲ ਤਹਿਸੀਲ ਦਾ ਰਸੀਂਹਵਾਲ ਵਾਲਾ ਵੱਸਦਾਰਸਦਾ ਘਰ ਕਿਉਂ ਛੱਡਿਆ? ਇਹ ਵੀ ਦੱਸਦੀ ਹੈ ਕਿ ਆਜ਼ਾਦ ਭਾਰਤ ਵਿਚ ਪਨਾਹਗੀਰ ਦਾ ਦਰਜਾ ਪਾਉਣ ਲਈ ਅਸੀਂ ਕੀ ਕੁਝ ਗਵਾਇਆ ਤੇ ਪਨਾਹ ਲੈਣ ਲਈ ਇਸ ਪਿੰਡ ਦਾ ਹੀ ਚੇਤਾ ਕਿਉਂ ਆਇਆ? ਮਾਂ ਹੌਲੀ ਹੌਲੀ ਦੱਸਦੀ ਹੈ । ਬੁੱਲ੍ਹ ਚਿੱਥ ਕੇ ਹੱਸਦੀ ਹੈ । ਮੇਰੇ ਅੱਖਰਾਂ ਦੀ ਜਿੰਨੀ ਕੁ ਵੀ ਔਕਾਤ ਹੈ । ਇਸ ਰਹੱਸਮਈ ਹਾਸੇ ਦੀ ਹੀ ਕਰਾਮਾਤ ਹੈ । ਜਦੋਂ ਉਹ ਦੁੱਖਾਂ ਦੀ ਬਾਤ ਪਾਉਂਦੀ ਹੈ ਤਾਂ ਦੁਖੀ ਨਹੀਂ ਹੁੰਦੀ । ਬਸ ਬਾਤ ਪਾਉਂਦੀ ਹੈ :

''ਪਾਕਿਸਤਾਨ ਦਾ ਰੌਲਾ ਜਿਹਾ ਤਾਂ ਕਦੋਂ ਦਾ ਪਿਆ ਹੋਇਆ ਸੀ ਪਰ ਯਕੀਨ ਕਿਸੇ ਨੂੰ ਨਹੀਂ ਸੀ ਆਉਂਦਾ । ਐਵੇਂ ਅਫ਼ਵਾਹਾਂ ਜੇਹੀਆਂ... । ਸੁਣਦੇ ਸਾਂ ਕਿ ਲਾਗਲੇ ਪਿੰਡ ਖਰਲਾਂ ਦਾ ਖੁਦਾਬਖਸ਼ ਬਸ ਮੌਕੇ ਦੀ ਤਾਕ ਵਿਚ ਹੈ । ਉਹਨੂੰ ਹਾਜੀ ਹਾਜੀ ਆਖਦੇ ਸਨ । ਅੱਗ ਉਗਲਦਾ ਸੀ । ਹਥਿਆਰ ਸਾਣੇ ਲਾਉਂਦਾ ਰਹਿੰਦਾ ਸੀ ।

''ਅੱਧੀ ਰਾਤ ਨੂੰ ਕਿਸੇ ਗੁਆਂਢੀ ਨੇ ਤੁਹਾਡੇ ਪਿਤਾ ਜੀ ਨੂੰ ਵਾਜ ਮਾਰੀ । ਸਾਨੂੰ ਸੁੱਤਿਆਂ ਨੂੰ ਜਗਾਇਆ । ਦੱਸਿਆ ਕਿ ਅੱਧਾ ਪਿੰਡ ਤਾਂ ਖ਼ਾਲੀ ਹੋ ਗਿਐ । ... ਕਾਹਲੀ ਕਾਹਲੀ ਹਰਫਲੀ ਵਿਚ ਉੱਠੇ । ਦੋਏਂ ਅਸੀਂ, ਤੁਹਾਡੇ ਬਾਬਾ ਜੀ, ਚਾਰ ਤੁਸੀਂ ਨਿਆਣੇ । ... ਤੁਹਾਡੇ ਪਿਤਾ ਜੀ ਨੇ ਗੜਵਾਡੋਰੀ, ਕੁਹਾੜੀ ਤੇ ਇਕ ਭਾਰੀ ਜੇਹੀ ਕਿਤਾਬ ਚੁੱਕੀ । ਦੋ ਥਾਲੀਆਂ, ਦੋ ਗਿਲਾਸ ਤੇ ਥੋੜ੍ਹਾ ਜਿਹਾ ਆਟਾ ਬੰਨਿ੍ਹਆ । ਮੈਨੂੰ ਕੁਛ ਨਾ ਚੁੱਕਣ ਦਿੱਤਾ, ਸਿਰਫ਼ ਨਿਆਣੇ ਸੰਭਾਲਣ ਲਈ ਕਿਹਾ । ਜੀਤ, ਪ੍ਰੀਤ ਵੱਡੇ ਸਨ ਆਪਣੇ ਪੈਰੀਂ ਤੁਰਦੇ ਸਨ । ਤੂੰ ਢਾਈ ਤਿੰਨ ਵਰ੍ਹਿਆਂ ਦਾ ਸੈਂ, ਕਮਜ਼ੋਰ ਜਿਹਾ । ਵਿਜੇ ਕੁੱਛੜ ਸੀ, ਛਿਆਂ ਮਹੀਨਿਆਂ ਦਾ । ... ਬਸ ਘਰ ਨੂੰ ਜੰਦਰਾ ਮਾਰਿਆ । ਚਾਬੀ ਬੂਝੇ ਇਸਾਈ ਨੂੰ ਫੜਾਈ । ਤੇ ਨਿਕਲ ਤੁਰੇ... । ''ਇਹ ਚਾਰ ਭਾਦੋਂ ਦੀ ਗੱਲ ਐ । ਅਜੇ ਬਹੁਤੀ ਕੱਟਵੱਢ ਨਹੀਂ ਸੀ ਹੋਈ । ਡੇਰੇ (ਡੇਰਾ ਬਾਬਾ ਨਾਨਕ) ਵਾਲਾ ਰਾਵੀ ਦਾ ਪੁਲ ਹਾਲੇ ਕਾਇਮ ਸੀ । ਬਰਸਾਤ ਸੀ । ਬਸੰਤਰ ਸੀ । ਬਸੰਤਰ ਨਦੀ ਵਿਚੋਂ ਲੰਘ ਕੇ ਇਕ ਰਾਤ ਠੇਠਰਕੇ ਕੱਟੀ । ਦੋ ਰਾਤਾਂ ਸ਼ਿਕਾਰ ਮਾਛੀਆਂ । ਛੇ ਭਾਦੋਂ ਨੂੰ ਧਿਆਨਪੁਰ ਆ ਗਏ । ਏਥੇ ਮੇਰੇ ਸਕਿਆਂ ਵਿਚੋਂ ਭਰਾ ਮਨੀ ਰਾਮ ਰਹਿੰਦਾ ਸੀ । ਸੋਚਿਆ ਕਿ ਕੁਝ ਦਿਨ ਇਨ੍ਹਾਂ ਕੋਲ ਕੱਟ ਕੇ, ਠੰਢਠੰਢੌਰਾ ਹੋਣ 'ਤੇ ਵਾਪਿਸ ਚਲੇ ਜਾਵਾਂਗੇ ।

''ਜਿਹੜੇ ਘਰ ਦਾ ਜੰਦਰਾ ਤੋੜ ਕੇ ਟਿਕਾਣਾ ਕੀਤਾ, ਅਜੇ ਨਵਾਂ ਛੱਤਿਆ ਲੱਗਦਾ ਸੀ । ਸ਼ਤੀਰੀਆਂ, ਬਾਲੇ, ਦਰਵਾਜ਼ੇ ... ਸਭ ਨਵੇਂ । ਦੋ ਕੋਠੜੀਆਂ, ਪਸਾਰ ਤੇ ਨਿੱਕਾ ਜੇਹਾ ਵਿਹੜਾ । ਟੰਗਣਿਆਂ 'ਤੇ ਰਜਾਈਆਂ, ਜਿਨ੍ਹਾਂ ਵਿਚੋਂ ਲਿੱਦ ਦੀ ਬੋਅ ਆਏ । ਕਿੰਨਾ ਸਾਰਾ ਨਿਕਸੁਕ.... ਮਿੱਟੀ ਦੇ ਭਾਂਡੇ... ਕਈ ਕੁਝ ਚੁੱਕ ਚੁੱਕ, ਤੁਹਾਡੇ ਪਿਤਾ ਜੀ ਨੇ ਬਾਹਰ ਮਾਰਿਆ । ਦਰਅਸਲ ਇਹ ਮੁਸਲਮਾਨ ਘੁਮਿਆਰਾਂ ਦਾ ਘਰ ਸੀ । ਖੋਤਿਆਂ ਦੇ ਪੈੜ ਚਿੰਨ੍ਹ ਸਾਫ਼ ਨਜ਼ਰ ਆਉਂਦੇ ਸਨ । ਅੰਦਰ ਸਫ਼ਾਈ ਕੀਤੀ । ਸਿਰਫ਼ ਇਕ 'ਕਿਤਾਬ' ਨੂੰ ਬੜੇ ਅਦਬ ਨਾਲ ਸੰਭਾਲ ਕੇ ਉੱਚੇ ਥਾਂ ਰੱਖ ਦਿੱਤਾ । ਪਸਾਰ ਦੇ ਅੰਦਰਵਾਰ ਦਰਵਾਜ਼ੇ ਦੇ ਐਨ ਉੱਪਰ ਬਣੇ ਹੋਏ 'ਰੱਖਣੇ' ਵਿਚ । ਕੋਈ ਬਾਰੀਅਲਮਾਰੀ ਹੈ ਹੀ ਨਹੀਂ ਸੀ । ਉਹ ਕਿਤਾਬ 'ਕੁਰਾਨ ਸ਼ਰੀਫ਼' ਸੀ । ਸੋਹਣੀ ਜਿਲਦ । ਬਟੂਏ ਵਰਗੀ । ਨਵੀਂ ਨਕੋਰ ।

''ਜਿਹੜੀ ਕਿਤਾਬ ਤੁਹਾਡੇ ਪਿਤਾ ਜੀ ਹਿਕਮਤ ਦੀ ਸਮਝ ਕੇ ਲਿਆਏ ਸਨ ਅਤੇ ਸੋਚਿਆ ਸੀ ਔਖੇ ਦਿਨਾਂ ਵਿਚ ਹਕੀਮੀ ਨਾਲ ਸਾਰ ਲਵਾਂਗੇ, ਉਹ 'ਸਾਰੀ ਦੁਨੀਆ' ਨਿਕਲੀ । ਬਿਆਸ ਤੋਂ ਰਾਧਾ ਸੁਆਮੀ ਸਤਿਸੰਗ ਵਲੋਂ ਰਸਾਲਾ ਛਪਦਾ ਸੀ । ਉਹਦਾ ਨਾਂ 'ਸਾਰੀ ਦੁਨੀਆ' ਸੀ । ਬਹੁਤ ਸਾਰੇ ਰਸਾਲਿਆਂ ਨੂੰ ਇਕ ਜਿਲਦ ਵਿਚ ਬੰਨ੍ਹਵਾ ਰੱਖਿਆ ਸੀ ... ਕੱਪੜੇ ਵਿਚ ਬੰਨ੍ਹੀਬੰਨ੍ਹਾਈ ਉਸ ਕਿਤਾਬ ਨੂੰ ਕੁਰਾਨ ਸ਼ਰੀਫ ਦੇ ਲਾਗੇ ਹੀ ਟਿਕਾ ਦਿੱਤਾ ਗਿਆ…... ਤੇ ਲੱਗੇ ਸੋਚਣ... ਹੁਣ? ... ਖਾਲਮਖਾਲੀ ਘਰ ਵਿਚ ਜ਼ਿੰਦਗੀ ਕਿਵੇਂ ਸ਼ੁਰੂ ਕੀਤੀ ਜਾਏ?

''ਭਰਾ ਭਰਜਾਈ ਕੋਲੋਂ ਕੁਝ ਭਾਂਡੇ ਮੰਗੇ । ਅੱਗੋਂ ਠੰਢ ਉਤਰ ਆਈ । ਰਜਾਈਆਂ ਤਾਂ ਬਾਹਰ ਵਗਾਹ ਮਾਰੀਆਂ ਸਨ । ਹੁਣ ਮਹੰਤਾਂ ਕੋਲੋਂ ਲੈ ਕੇ ਆਏ । ... ਇਹ ਪਿੰਡ ਸਾਰਾ ਮਹੰਤਾਂ ਦੀ ਮਲਕੀਅਤ ਹੈ । ਉਨ੍ਹਾਂ ਸਾਥੋਂ ਕਿਰਾਏਨਾਮਾ ਲਿਖਵਾਇਆ । ਇਕ ਰੁਪਈਆ ਮਹੀਨਾ । ਲਿਆ ਕਦੇ ਨਹੀਂ । ਉਂਜ ਅਸੀਂ ਘਰ ਦੇ ਮਾਲਕ ਕਦੇ ਨਾ ਬਣੇ । ਕਿਰਾਏਦਾਰ ਹੀ ਰਹੇ । ''ਪਿਛਲੇ ਘਰ ਜਾਣ ਦੀ ਆਸ ਛੇਤੀ ਟੁੱਟ ਗਈ । ਕੁਝ ਚਿਰ ਤੁਹਾਡੇ ਪਿਤਾ ਜੀ ਓਧਰ ਚਿੱਠੀਆਂ ਲਿਖਦੇ ਰਹੇ । ਜਵਾਬ ਵੀ ਆਉਂਦੇ ਰਹੇ । ਜਦੋਂ ਬਾਡਰ ਖੁੱਲਿ੍ਹਆ, ਉਸ ਪਿੰਡ ਦੇ ਲੋਕ ਵੀ ਏਧਰ ਆਏ । ਲੱਗੇ ਦੱਸਣ ਕਿ ਤੁਹਾਡੇ ਕੱਪੜਿਆਂ ਵਾਲੇ ਟਰੰਕ ਰੂੜੀਆਂ ਵਿਚ ਦੱਬ ਦਿੱਤੇ । ਬਾਕੀ ਸਭ ਕੁਝ ਲੁੱਟਿਆ-ਪੁੱਟਿਆ ਗਿਆ । ਕੁਝ ਨਾ ਬਚਿਆ । ... ਤੇ ਜਦੋਂ ਪਿੱਛੋਂ ਟਰੰਕ ਕੱਢ ਕੇ ਖੋਲ੍ਹੇ ਤਾਂ ਕੱਪੜਿਆਂ ਦੀਆਂ ਉਤਲੀਆਂ ਤਹਿਆਂ ਉੱਤੇ, ਹੇਠਲੀਆਂ ਹੇਠਾਂ । ... ਅਸੀਂ ਚੁੱਪ ਕਰਕੇ ਸੁਣਦੇ ਰਹੇ । ਸ਼ੁਕਰ ਕੀਤਾ ਕਿ ਜਾਨਾਂ ਬਚ ਗਈਆਂ । ... ਬਾਕੀ ਤਾਂ ਸਭ ਕਹਾਣੀਆਂ ਨੇ । ਪਾਕਿਸਤਾਨ ਬਣ ਗਿਆ ਸੀ । ਮੁਲਕ ਆਜ਼ਾਦ ਹੋ ਗਿਆ ਸੀ । ਅਸੀਂ ਪਨਾਹੀ ਬਣ ਗਏ ਸਾਂ ।''

ਰਸੀਂਹਵਾਲ ਬਾਰੇ ਮੈਨੂੰ ਸਿਰਫ਼ ਏਨਾ ਯਾਦ ਹੈ ਕਿ ਉਹ ਇਕ ਪਿੰਡ ਸੀ ਤੇ ਓਥੇ ਸਾਡਾ ਘਰ ਸੀ । ਹਿਜਰਤ ਵੇਲੇ ਮੈਂ ਤੁਰ ਕੇ ਨਹੀਂ, ਬਾਪੂ ਜੀ (ਬਾਬਾ ਜੀ) ਦੇ ਕੰਧਾੜੇ ਚੜ੍ਹ ਕੇ ਆਇਆ ਸਾਂ । ਸਾਹ ਲੈਣ ਲਈ ਜਦੋਂ ਵੀ ਮੈਨੂੰ ਹੇਠਾਂ ਉਤਾਰਦੇ, ਮੈਂ ਪਿਛਾਂਹ ਨੂੰ ਭੱਜਦਾ । ਉਹ ਮੈਨੂੰ ਭੱਜ ਕੇ ਫੜਦੇ । ਮੁੜ ਮੋਢੇ 'ਤੇ ਟੰਗ ਲੈਂਦੇ... ।

ਬਾਪੂ ਜੀ ਬਾਰੇ ਮੈਨੂੰ ਸਿਰਫ਼ ਏਨਾ ਯਾਦ ਹੈ ਕਿ ਉਹ ਦਾੜੀ-ਕੇਸ ਵਾਲੇ ਸਨ ਤੇ ਗੋਲ ਪੱਗ ਬੰਨ੍ਹਦੇ ਸਨ । ਗੜਵਾਡੋਰੀ ਹਮੇਸ਼ਾ ਨਾਲ ਰੱਖਦੇ । ਸਾਨੂੰ ਨਿੱਕਿਆਂ-ਨਿੱਕਿਆਂ ਨੂੰ ਅੰਮ੍ਰਿਤ ਵੇਲੇ ਜਗਾ ਕੇ ਤਲਾਅ ਵਾਲੀ ਖੂਹੀ 'ਤੇ ਲੈ ਜਾਂਦੇ । ਸਰਦੀਆਂ ਵਿਚ ਵੀ ਸਾਨੂੰ ਮੌਣ ਦੇ ਲਾਗੇ ਨੰਗਧੜੰਗੇ ਖੜ੍ਹੇ ਕਰਕੇ, ਖੂਹੀ ਵਿਚੋਂ ਕੱਢ ਕੱਢ, ਠੰਢੇ ਪਾਣੀ ਦੇ ਗੜਵੇ ਸਾਡੇ ਸਿਰਾਂ 'ਤੇ ਉਲਟਾਈ ਜਾਂਦੇ । ਅਸੀਂ ਡਰੀ ਜਾਂਦੇ । ਠਰੀ ਜਾਂਦੇ । ਹਰ ਹਰ ਕਰੀ ਜਾਂਦੇ । ... ਬਸ ਐਵੇਂ ਛੇ ਕੁ ਮਹੀਨੇ ਹੀ ਉਨ੍ਹਾਂ ਨੇ ਪਨਾਹੀਆਂ ਵਾਲੀ ਆਜ਼ਾਦੀ ਮਾਣੀ ਅਤੇ ਨੌਂ ਪੋਹ ਨੂੰ ਦੁਨੀਆ ਤੋਂ ਰੁਖ਼ਸਤ ਹੋ ਗਏ । ਪਿਤਾ ਜੀ, ਉਨ੍ਹਾਂ ਦੀ ਇਕੋਇਕ ਸੰਤਾਨ, ਹੋਰ ਵੀ ਇਕੱਲੇ ਹੋ ਗਏ... ਏਧਰ ਆਉਣ ਵੇਲੇ ਮਾਂ ਕੋਲ ਸਿਰਫ਼ ਚਾਰ ਤੋਲੇ ਸੋਨਾ ਸੀ । ਤਿੰਨ ਤੋਲੇ ਦੀਆਂ ਚੂੜੀਆਂ ਤੇ ਇਕ ਤੋਲੇ ਦੇ ਟਾੱਪਸ... ਭੋਰ ਭੋਰ ਖਾਂਦੇ ਰਹੇ । ਵਕਤ ਲੰਘਾਉਂਦੇ ਰਹੇ... ਬੀਮਾ ਕਰਵਾਇਆ ਹੋਇਆ ਸੀ ਪਰ ਕਾਗਜ਼ ਪੱਤਰ ਸਭ ਓਧਰ ਰਹਿ ਗਏ ਸਨ । ... ਅਚਾਨਕ ਇਕ ਦਿਨ ਪਿਤਾ ਜੀ ਨੂੰ , ਬੱਸ ਵਿਚ ਬਟਾਲੇ ਜਾਂਦਿਆਂ, ਬੀਮੇ ਵਾਲਾ ਏਜੰਟ ਮਿਲ ਗਿਆ । ਉਹ ਡੇਰਾ ਬਾਬਾ ਨਾਨਕ ਦਾ ਸੀ । ਉਸ ਕੋਲ ਰਿਕਾਰਡ ਹੈ ਸੀ । ਥੋੜ੍ਹੀ ਜੇਹੀ ਭੱਜਨੱਠ ਕਰਕੇ ਬੀਮੇ ਦੇ ਪੈਸੇ ਮਿਲ ਗਏ । …... ਪਿਤਾ ਜੀ ਆਖ਼ਰੀ ਦਮ ਤੱਕ ਬੀਮੇ ਦੇ ਹੱਕ ਵਿਚ ਬੋਲਦੇ ਰਹੇ ।

ਪਿਤਾ ਜੀ ਵੀ ਕੇਸਧਾਰੀ ਸਨ । ਬਾਪੂ ਰਾਮ ਜੱਸ ਜੀ ਨੂੰ ਓਧਰ ਮਿਸ਼ਰਾ ਸਿੰਘ ਕਹਿ ਕੇ ਬੁਲਾਉਂਦੇ ਸਨ । ਬ੍ਰਾਹਮਣ ਨੂੰ 'ਮਿਸ਼ਰ' ਆਖਦੇ ਸਨ ਅਤੇ ਕੇਸਧਾਰੀ ਹੋਣ ਕਰਕੇ ਮਿਸ਼ਰਾ ਸਿੰਘ ਕਹਾਉਣ ਲੱਗੇ । ਜੱਟਾਂ ਦੇ ਪਿੰਡ ਵਿਚ ਗੁਰਦੁਆਰਾ ਬਾਪੂ ਜੀ ਦੇ ਯਤਨਾਂ ਨਾਲ ਹੀ ਉਸਰਿਆ ਸੀ । ... ਪਿਤਾ ਜੀ ਦੇ ਜਨਮ ਤੋਂ ਬਾਅਦ ਜਲਦੀ ਹੀ ਦਾਦੀ ਸਾਡੀ ਚਲਾਣਾ ਕਰ ਗਈ ਸੀ । ਪਿਉ ਦੀ ਦੁਨੀਆ ਬੱਸ ਪੁੱਤ ਨਾਲ ਹੀ ਵਸਦੀ ਸੀ । ਪੈਸੇ ਧੇਲੇ ਤੇ ਲਾਡ ਪਿਆਰ ਦੀ ਘਾਟ ਨਹੀਂ ਸੀ । ਪਰ ਕੋਈ ਘਾਟ ਜ਼ਰੂਰ ਸੀ, ਜਿਸ ਦਾ ਦੋਹਾਂ ਨੂੰ ਪਤਾ ਨਹੀਂ ਸੀ ਲੱਗਦਾ । ਧਿਆਨਪੁਰ ਆ ਕੇ ਵੀ ਪਿਤਾ ਜੀ ਸੰਗਰਾਂਦ ਵਾਲੇ ਦਿਨ ਜੱਟਾਂ ਦੇ ਇਕਲੌਤੇ ਘਰ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ 'ਮਹੀਨਾ' ਸੁਣਾਉਂਦੇ ਰਹੇ ।

ਪਿਤਾ ਜੀ ਦੀ ਪਰਵਰਿਸ਼ ਕੁਝ ਇਸ ਤਰ੍ਹਾਂ ਹੋਈ ਕਿ ਉਹ ਜਵਾਨ ਹੋਣ ਦੇ ਨਾਲ ਨਾਲ ਸ਼ਾਇਰ ਵੀ ਹੁੰਦੇ ਗਏ । ਪਹਿਲਾਂ 'ਬੇਤਾਬ' ਤਖ਼ੱਲੁਸ ਰੱਖਿਆ । ਫੇਰ 'ਸ਼ਾਦਾਬ' ਹੋ ਗਏ । ਅਮਰਨਾਥ 'ਸ਼ਾਦਾਬ' । ਮਾਂ ਨੂੰ ਪਿਤਾ ਜੀ ਦੀ ਬਹੁਤ ਸਾਰੀ ਸ਼ਾਇਰੀ ਜ਼ਬਾਨੀ ਯਾਦ ਹੈ । ਪਿਤਾ ਜੀ ਚਾਰ ਦਸੰਬਰ 1992 ਵਾਲੇ ਦਿਨ ਸਰੀਰ ਤੋਂ ਮੁਕਤ ਹੋ ਗਏ ਸਨ । ਅਸੀਂ ਉਨ੍ਹਾਂ ਨੂੰ ਜਦੋਂ ਵੀ ਵੇਖਿਆ ਮਿਹਨਤ ਕਰਦੇ ਵੇਖਿਆ । ਜਦੋਂ ਵੀ ਸੁਣਿਆ ਸਤਿਸੰਗ ਕਰਦੇ ਸੁਣਿਆ । ਸਥਾਨਕ ਗੱਲਬਾਤ ਵਿਚ ਵੀ ਅਤੇ ਚਿੱਠੀਆਂ ਵਿਚ ਵੀ ਉਹ ਸਿਰਫ਼ ਅਧਿਆਤਮ ਦੀ ਹੀ ਚਰਚਾ ਕਰਦੇ । ਸਾਡੀਆਂ ਮੂਰਖਤਾਈਆਂ 'ਤੇ ਵੀ ਮਿਹਰਬਾਨ ਮੁਸਕਾਨ ਛਿੜਕਦੇ । ਨਾ ਬਹੁਤਾ ਹਿੱਕ ਨਾਲ ਲਾਉਂਦੇ, ਨਾ ਬਹੁਤਾ ਝਿੜਕਦੇ ... ਉਨ੍ਹਾਂ ਬਾਰੇ ਜੋ ਵੀ ਦੱਸਿਆ, ਬੀਜੀ ਨੇ ਦੱਸਿਆ । ਗੱਲਾਂ ਅਸਾਂ ਸਿਰਫ਼ ਬੀਜੀ ਤੋਂ ਸੁਣੀਆਂ । ਗੱਲਾਂ ਕਰਨੀਆਂ ਬੀਜੀ ਤੋਂ ਸਿੱਖੀਆਂ । ਗੱਲਾਂ ਲਿਖਣੀਆਂ ਬੀਜੀ ਤੋਂ ਸਿੱਖੀਆਂ ।

ਬੀਜੀ ਨੇ ਆਪਣੇ ਬਾਰੇ ਕਦੇ ਕੁਝ ਨਹੀਂ ਦੱਸਿਆ । ਹਮੇਸ਼ਾ ਹੀ 'ਤੁਹਾਡੇ ਪਿਤਾ ਜੀ ਅਹਿ ਕਰਦੇ ਸੀ, ਅਹੁ ਕਰਦੇ ਸੀ । ਤੁਹਾਡੇ ਪਿਤਾ ਜੀ ਅਹਿ ਕਹਿੰਦੇ ਸੀ, ਅਹੁ ਕਹਿੰਦੇ ਸੀ ।'

ਮਾਂ ਮਿਟ ਜਾਂਦੀ ਹੈ, ਸੰਤਾਨ ਨੂੰ ਵਧਦਾ-ਫੁਲਦਾ ਵੇਖਣ ਦੀ ਪ੍ਰਕਿਰਿਆ ਵਿਚ । ਪਿੰਡ ਸਿਰਜਿਆ ਜਾਂਦਾ, ਟੁੱਟਭੱਜ ਦੀ ਅਨਵਰਤ ਕਿਰਿਆ ਵਿਚ ।

••••••

2. ਜੈ ਬਾਵਾ ਲਾਲ ਦੀ

ਹਰ ਪਿੰਡ ਦੇ ਜਨਮ ਬਾਰੇ ਕੋਈ ਨਾ ਕੋਈ ਕਹਾਣੀ ਪ੍ਰਚਲਿਤ ਹੁੰਦੀ ਹੈ । ਇਸ ਪਿੰਡ ਨਾਲ ਵੀ ਕਹਾਣੀ ਜੁੜੀ ਹੋਈ ਹੈ ਕਿ ਏਥੇ ਪਹਿਲਾਂ ਇਕ ਥੇਹ ਹੁੰਦਾ ਸੀ । ਉੱਚਾ ਟਿੱਬਾ । ਟਿੱਲਾ । ਇਕ ਸਾਧੂ ਤੇ ਉਸ ਦਾ ਚੇਲਾ ਕਿਸੇ ਇਕਾਂਤ ਜਗ੍ਹਾ ਦੀ ਭਾਲ ਵਿਚ ਏਥੇ ਪਹੁੰਚ ਗਏ । ਏਥੋਂ ਦਾ ਸ਼ਾਂਤ ਵਾਤਾਵਰਣ ਉਨ੍ਹਾਂ ਨੂੰ ਤਪੋ ਭੂਮੀ ਵਰਗਾ ਜਾਪਿਆ । ਗੁਰੂ ਤੇ ਚੇਲਾ ਇੱਥੇ ਹੀ ਟਿਕ ਗਏ । ਤਪੱਸਿਆ ਕੀਤੀ । ਕੁਦਰਤ ਅਤੇ ਕਾਦਰ ਦਾ ਭੇਤ ਪਾਇਆ । ਚੇਲਾ ਦੁਰਾਡੜੇ ਪਿੰਡਾਂ ਤੋਂ ਭਿੱਖਿਆ ਲਿਆਉਂਦਾ । ਦੋਵੇਂ ਜਣੇ ਮਾਲਕ ਦੀ ਮੌਜ ਵਿਚ ਰਹਿੰਦੇ ਅਤੇ ਉਸ ਸਿਰਜਣਹਾਰ ਦੀ ਸਿਫ਼ਤਸਲਾਹ ਵਿਚ ਵਕਤ ਗੁਜ਼ਾਰਦੇ । ਭਜਨ ਕਰਦੇ । ਭਜਨ ਰਚਦੇ । ਭਜਨ ਗਾਉਂਦੇ । ਗੁਰੂ ਦਾ ਨਾਂ ਬਾਵਾ ਲਾਲ ਸੀ ਅਤੇ ਚੇਲੇ ਦਾ ਧਿਆਨਦਾਸ । ਦੋਵੇਂ ਛੰਦਰਚਨਾ ਵਿਚ ਪ੍ਰਬੀਨ । ਰਾਮਾਨੰਦ ਅਤੇ ਕਬੀਰ ਵਾਲੀ ਪਰੰਪਰਾ ਦੇ ਸੰਤ ਕਵੀ । ਧਿਆਨਦਾਸ ਜਦੋਂ ਭਿੱਖਿਆ ਲਈ ਜਾਂਦਾ ਤਾਂ ਮਸਤੀ ਵਿਚ ਗਾਈ ਵੀ ਜਾਂਦਾ । ਲੋਕਾਂ ਨੂੰ ਟਿੱਲੇ ਦੀ ਸੂਹ ਲੱਗ ਗਈ । ਹੁਣ ਲੋਕ ਖ਼ੁਦ ਚੱਲ ਕੇ ਆਉਣ ਲੱਗੇ । ਉਨ੍ਹਾਂ ਦੇ ਰਚੇ ਸ਼ਬਦ ਗਾਉਣ ਲੱਗੇ । ਗੁਰੂਚੇਲੇ ਦੀ ਚਰਚਾ ਦੂਰਦੂਰ ਹੋ ਗਈ । 'ਬਾਵਾ ਲਾਲ ਦਾ ਟਿੱਲਾ' ਮਸ਼ਹੂਰ ਹੋ ਗਿਆ । ਬੰਦਾ ਜਿੱਥੇ ਜਾਂਦਾ ਹੈ, ਲੋੜਾਂ ਨਾਲ ਹੀ ਜਾਂਦੀਆਂ ਹਨ । ਲੋੜਾਂ ਦੇ ਮਾਰੇ ਲੋਕ ਆਪਸ ਵਿਚ ਜੁੜਦੇ ਹਨ । ਲੋੜਾਂ ਦੀ ਪੂਰਤੀ ਲਈ ਜੁਗਾੜ ਘੜੇ ਜਾਂਦੇ ਹਨ । ਬੰਦੇ ਦਾ ਵਾਹ ਪਈ ਜਾਂਦਾ ਹੈ । ਕੁਦਰਤ ਰਾਹ ਦੇਈ ਜਾਂਦੀ ਹੈ । ਜੀਵਨ ਟਿਕਾਣਾ ਲੱਭਦਾ ਹੈ । ਪਿੰਡ ਦਾ ਮੁੱਢ ਬੱਝਦਾ ਹੈ । ਸ਼ਰਧਾਲੂ ਆਉਂਦੇ ਗਏ । ਜਾਂਦੇ ਗਏ । ਕੋਈ ਏਥੋਂ ਦਾ ਹੀ ਹੋ ਕੇ ਰਹਿ ਗਿਆ । ਪੱਕੇ ਤੌਰ 'ਤੇ ਬਹਿ ਗਿਆ । ... ਤੇ ਧਿਆਨਦਾਸ ਦੀ ਦਰਵੇਸ਼ੀ ਸਦਕਾ ਪਿੰਡ ਦਾ ਨਾਂ ਧਿਆਨਪੁਰ ਪੈ ਗਿਆ ।

•••

ਪਿੰਡ ਨੀਵੇਂ ਥਾਂ ਹੈ । ਬਾਵਾ ਲਾਲ ਦਾ ਮੰਦਿਰ ਉੱਚੇ ਟਿੱਲੇ 'ਤੇ ਹੈ । ਦੂਰੋਂ ਦਿੱਸਦਾ ਹੈ । ਚੰਗੀ ਸਿੱਖੀਸੇਵਕੀ ਹੈ । ਮਹਾਂਪੁਰਖਾਂ ਦੀ ਕਮਾਈ ਫੁੱਲਫਲ ਰਹੀ ਹੈ । ਗੱਦੀ ਚੱਲ ਰਹੀ ਹੈ । ਗੱਦੀ ਦੀ ਮਲਕੀਅਤ ਹੈ ਪਿੰਡ । ਗੱਦੀ ਦੀ ਤਾਬਿਆ ਰਿਹਾ ਜਾਂਦਾ ਹੈ । ਗੱਦੀ ਨੂੰ 'ਦਰਬਾਰ' ਕਿਹਾ ਜਾਂਦਾ ਹੈ ।

ਪਹਿਲਾਂ ਸਿਰਫ਼ ਮੰਦਿਰ ਪੱਕਾ ਸੀ । ਸਾਰਾ ਪਿੰਡ ਕੱਚਾ ਹੁੰਦਾ ਸੀ । ਪੱਕੀ ਇੱਟ ਕੋਈ ਨਹੀਂ ਸੀ ਲੁਆ ਸਕਦਾ । ਦਰਬਾਰ ਤੋਂ ਸਾਰਾ ਪਿੰਡ ਡਰਦਾ । ਬਰਾਬਰੀ ਕੌਣ ਕਰਦਾ?

ਹੁਣ ਪਿੰਡ ਪੱਕਾ ਹੈ । ਠੱਠੀ ਵੀ ਪੱਕੀ ਹੈ । ਟੱਪਰੀਆਂ ਵੀ ਪੱਕੀਆਂ ਹਨ । ਪਰੰਤੂ ਘਰ ਘੱਟ ਹਨ, ਬੱਸ ਹੱਟੀਆਂ ਹੀ ਹੱਟੀਆਂ ਹਨ । ਪਿੰਡ ਵਾਲੇ ਚਲੇ ਗਏ । ਵਪਾਰੀ ਆ ਗਏ । ਦੁਕਾਨਦਾਰੀ ਫੁੱਲ-ਫਲ ਰਹੀ ਹੈ । ਗੱਡੀ ਚੱਲ ਰਹੀ ਹੈ ।

•••

ਤਿੰਨ ਵੱਡੇ ਦਰਵਾਜ਼ੇ ਹਨ : ਬਜ਼ਾਰ ਵਾਲਾ, ਬਾਹਰ ਵਾਲਾ ਅਤੇ ਦਰਬਾਰ ਵਾਲਾ । ਬਾਜ਼ਾਰ ਵੱਲੋਂ ਪੈਦਲ ਅਤੇ ਬਾਹਰ ਵਲੋਂ ਕਾਰਾਂ ਵਾਲੇ ਦਰਬਾਰ ਤੱਕ ਪੁੱਜਦੇ ਹਨ । ਉਪਰੋਂ ਘੱਟ ਵੱਧ ਹੀ ਕੋਈ ਥੱਲੇ ਉਤਰਦਾ ਹੈ । ਹੇਠੋਂ ਹਰ ਕੋਈ ਉਪਰ ਨੂੰ ਨੱਸਦਾ ਹੈ । ... ਉਂਜ ਅੱਧਿਉਂ ਬਹੁਤਾ ਪਿੰਡ ਦਰਵਾਜ਼ਿਆਂ ਤੋਂ ਬਾਹਰ ਵੱਸਦਾ ਹੈ ।

ਪਿੰਡ ਦੇ ਅੰਦਰ ਬਾਉਲੀ ਹੈ । ਬਾਹਰ ਸਰੋਵਰ ਹੈ, ਬਾਗ ਹੈ । ਬਾਗ ਵਿਚ ਸਮਾਧਾਂ ਹਨ । ਬੀਤ ਚੁੱਕੇ ਮਹੰਤਾਂ ਦੀਆਂ ਸਮਾਧਾਂ । ਕੁਝ ਕੁ ਚੋਣਵੇਂ ਚੇਲਿਆਂ ਦੀਆਂ ਸਮਾਧਾਂ । ਭੂਤਕਾਲ ਦੀਆਂ ਮਰਮਰੀ ਯਾਦਾਂ । ਦੀਵੇ ਬੁਝ ਗਏ ਹਨ, ਬਲਬ ਜਗਦੇ ਹਨ । ਸ਼ਰਧਾ ਦੇ ਦਰਿਆ ਵਗਦੇ ਹਨ । ਚੜ੍ਹਾਵੇ ਚੜ੍ਹਦੇ ਹਨ, ਮੇਲੇ ਲੱਗਦੇ ਹਨ । ਠਾਕਰਾਂ ਦੇ ਨਾਲ ਨਾਲ ਪੁਜਾਰੀਆਂ ਦੇ ਚਿਹਰੇ ਵੀ ਦਗਦੇ ਹਨ । ਕਿਸੇ ਲਈ ਭਬੂਤੀ ਹੈ, ਕਿਸੇ ਲਈ ਸਵਾਹ ਹੈ । ਪਿੰਡ ਦੋਹਾਂ ਧਿਰਾਂ ਦਾ ਗਵਾਹ ਹੈ ।

•••

ਬਾਵਾ ਲਾਲ ਦੀ ਬਾਣੀ ਛਪ ਚੁੱਕੀ ਹੈ । ਬਿਲਕੁਲ ਕਬੀਰ ਵਰਗੀ ਹੈ । ਕਿਤੇ ਕਿਤੇ ਤਾਂ ਕਬੀਰ ਦੀ ਹੀ ਲੱਗਦੀ ਹੈ । ਪਰ ਲੱਗਣ ਨਾਲ ਕੀ ਹੁੰਦਾ ਹੈ; ਜੋ ਹੈ ਸੋ ਹੈ । ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਹਨ ਕਿ ਬਾਵਾ ਲਾਲ ਨੇ ਤਿੰਨ ਸੌ ਸਾਲ ਦੀ ਉਮਰ ਭੋਗੀ ਅਤੇ ਸਰੀਰ ਤਿਆਗਣ ਵੇਲੇ ਬੜੀ ਬੇਪਰਵਾਹੀ ਨਾਲ ਇਹ ਬਚਨ ਕੀਤੇ:

ਜੋਗ ਜੁਗਤਿ ਕਰ ਰਾਖੂੰ ਦੇਹਾ ।
ਤੋ ਭੀ ਵਸਤ ਪਰਾਈ ਏਹਾ¨

ਗੱਲ ਸ਼ਰਧਾ ਦੀ ਹੈ । ਮਾਨਤਾ ਦੀ ਹੈ । ਮਾਨਤਾ ਹੈ ਕਿ ਬਾਵਾ ਲਾਲ ਅਤੇ ਗੁਰੂ ਨਾਨਕ ਮਾਸੀ ਦੇ ਪੁੱਤ ਭਰਾ ਸਨ । ਉਨ੍ਹਾਂ ਦੋਹਾਂ ਦੀ ਗੋਸ਼ਠ ਵੀ ਹੋਈ ਦੱਸੀ ਜਾਂਦੀ ਹੈ । ਗੋਸ਼ਠ ਤਾਂ ਉਨ੍ਹਾਂ ਦੀ ਕਬੀਰ ਨਾਲ ਵੀ ਹੋਈ ਦੱਸੀ ਜਾਂਦੀ ਹੈ । ਸ਼ਰਧਾ ਦੇ ਖੇਤਰ ਵਿਚ ਕਿੰਤੂ ਪਰੰਤੂ ਲਈ ਜਗ੍ਹਾ ਨਹੀਂ ਹੁੰਦੀ । ਰਾਤ ਹੈ ਤਾਂ ਰਾਤ ਹੈ । ਦਿਨ ਹੈ ਤਾਂ ਦਿਨ ਹੈ । ਸਭ ਕੁਝ ਮੁਮਕਿਨ ਹੈ ।

ਇਸ ਵੇਲੇ ਬਾਵਾ ਲਾਲ ਦੇ ਕੁਝ ਦੋਹੇ ਸਿਮਰਤੀ ਵਿਚ ਗੂੰਜ ਰਹੇ ਹਨ । ਉਚਾਰਨ ਵਿਚ ਕੀ ਹਰਜ਼ ਹੈ:

ਲਾਲ, ਗੰਗਾ ਤਨ ਪਾਵਨ ਕਰੇ, ਮਨ ਪਾਵਨ ਨਹੀਂ ਹੋਏ ।
ਪਰਸੇ ਸਾਧੂ ਸੰਗ ਤੇ, ਤਨ ਮਨ ਪਾਵਨ ਹੋਏ¨
ਲਾਲਗੁਰ ਕੁਮਹਾਰ ਸਿੱਖ ਕੁੰਭਵਤ, ਘੜ ਘੜ ਕਾਢੇ ਖੋਟ ।
ਅੰਤਰ ਹਾਥ ਸਹਾਰਦਾ, ਬਾਹਰ ਵਾਹੇ ਚੋਟ¨
ਲਾਲ, ਮਨੂਆ ਜਾਏ ਤਾਂ ਜਾਣ ਦੇਹ, ਬਾਂਧ ਕੇ ਰਖ ਸਰੀਰ ।
ਚਿੱਲੇ ਚੜ੍ਹੀ ਕਮਾਨ ਬਿਨ, ਕਿਸ ਬਿਧ ਛੂਟੇ ਤੀਰ¨
ਲਾਲ, ਲਾਲੀ ਮੇਰੇ ਲਾਲ ਕੀ, ਜਿਤ ਦੇਖੂੰ ਤਿਤ ਲਾਲ ।
ਲਾਲੀ ਦੇਖਨ ਮੈਂ ਗਈ, ਮੈਂ ਭੀ ਹੋ ਗਈ ਲਾਲ¨

•••

ਬਾਵਾ ਲਾਲ ਦੀ ਰਚਨਾ ਵਿਚ ਕਰਮਕਾਂਡ ਅਤੇ ਭੇਖ ਦਾ ਸਖ਼ਤੀ ਨਾਲ ਖੰਡਨ ਕੀਤਾ ਗਿਆ ਹੈ । ਪਰ ਅੱਜ ਉਸ ਦੇ ਨਾਂ 'ਤੇ ਸਭ ਕੁਝ ਚੱਲਦਾ ਹੈ । ਪਿੰਡ ਨੂੰ ਹਿਰਖ ਏਸੇ ਗੱਲ ਦਾ ਹੈ ।

ਪਿੰਡ ਨੂੰ ਬਾਬੇ ਜਗੀਰ ਦਾਸ ਉਰਫ਼ ਜਗਦੀਸ਼ ਦਾਸ ਦਾ ਕਰਾਮਾਤੀ ਕਿੱਸਾ ਅਜੇ ਤੱਕ ਯਾਦ ਹੈ । ਜਿਸ ਦੀ ਏਥੇ ਕੱਚੀ ਸਮਾਧ ਹੈ । ਬਾਵਾ ਲਾਲ ਦਾ ਇਹ ਚੇਲਾ ਭਿੱਖਿਆ ਲੈਣ ਗਿਆਂ ਇਕ ਮਾਈ ਦੇ ਘਰੋਂ ਲੱਸੀ ਪੀਂਦਾ ਹੁੰਦਾ ਸੀ । ਇਕ ਦਿਨ ਮਾਈ ਨੇ ਉਦਾਸ ਹੋ ਕੇ, ਵੱਛਾ ਮਰਨ ਦੀ ਗੱਲ ਦੱਸ ਕੇ, ਲੱਸੀ ਤੋਂ ਮਨ੍ਹਾ ਕੀਤਾ ਤਾਂ ਸਾਧ ਨੇ ਜਲ ਦਾ ਛੱਟਾ ਦੇ ਕੇ ਵੱਛਾ ਜਿੰਦਾ ਕਰ ਦਿੱਤਾ । ਮਾਈ ਨੂੰ ਤਾਕੀਦ ਕੀਤੀ ਕਿ ਕਿਸੇ ਨਾਲ ਗੱਲ ਨਾ ਕਰੇ । ਪਰ ਹੁੰਦਾ ਉਹੀ ਹੈ ਜਿਸ ਦੀ ਕਹਾਣੀ ਨੂੰ ਲੋੜ ਹੋਵੇ । ਉਸੇ ਪਿੰਡ ਕਿਸੇ ਦਾ ਇਕਲੌਤਾ ਪੁੱਤ ਮਰ ਗਿਆ । ਵੱਛੇ ਵਾਲੀ ਮਾਈ ਤੋਂ ਉਨ੍ਹਾਂ ਦਾ ਦੁੱਖ ਸਿਹਾ ਨਾ ਗਿਆ । ਭੇਤ ਦੀ ਗੱਲ ਦੱਸਣੋਂ ਰਿਹਾ ਨਾ ਗਿਆ । ਉਹ ਲਾਸ਼ ਲੈ ਕੇ ਟਿੱਲੇ 'ਤੇ ਆ ਗਏ । ਬਾਵਾ ਲਾਲ ਨੇ ਕਰਾਮਾਤ ਨੂੰ ਰੱਬ ਨਾਲ ਆਢਾ ਲਾਉਣ ਵਾਲੀ ਗੱਲ ਕਹਿ ਕੇ ਟਾਲਣਾ ਚਾਹਿਆ ਤਾਂ ਦੁਖੀ ਮਾਪਿਆਂ ਨੇ ਬਾਬੇ ਜਗੀਰ ਦਾਸ ਦੀ ਕਥਾ ਕਹਿ ਸੁਣਾਈ । ਗੁਰੂ ਨੇ ਚੇਲੇ ਨੂੰ ਘੂਰਿਆ, ''ਤੂੰ ਕੱਚਾ ਨਿਕਲਿਆ । ਨਿਕਲ ਜਾ ਮੇਰੇ ਡੇਰੇ 'ਚੋਂ ।'' ਕਹਿੰਦੇ ਨੇ ਜਗੀਰ ਦਾਸ ਨੇ ਸਰੋਵਰ ਦੇ ਕੰਢੇ ਸਦੀਵੀ ਸਮਾਧੀ ਲੈ ਲਈ । ਪ੍ਰਾਣ ਤਿਆਗਣ ਤੋਂ ਪਹਿਲਾਂ ਬਚਨ ਕੀਤੇ ਕਿ ਮੇਰੀ ਸਮਾਧੀ ਨੂੰ ਪੱਕਾ ਨਾ ਕੀਤਾ ਜਾਏ ।

ਅੱਜ ਵੀ ਉਹ ਸਮਾਧੀ ਕੱਚੀ ਹੈ ਪਰ ਮਾਨਤਾ ਹੈ ਕਿ ਜਿਹੜਾ ਵੀ ਵਿਅਕਤੀ ਸੱਤ ਐਤਵਾਰ ਸਭ ਤੋਂ ਪਹਿਲਾਂ ਉਸ ਸਮਾਧੀ ਉੱਤੇ ਤਾਜ਼ਾ ਗੋਬਰ ਦਾ ਲੇਪਣ ਕਰੇਗਾ ਉਹਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ । ਲੋਕ ਲੱਗੇ ਹੋਏ ਹਨ । ਹੰਝੂ ਕੇਰੀ ਜਾਂਦੇ ਹਨ । ਪੋਚਾ ਫੇਰੀ ਜਾਂਦੇ ਹਨ । ਪਰ ਸੱਤ ਐਤਵਾਰ ਪੂਰੇ ਨਹੀਂ ਹੁੰਦੇ । ਕੋਈ ਨਾ ਕੋਈ ਵਿਘਨ ਪੈ ਜਾਂਦਾ ਹੈ ।

ਇਕ ਵਾਰੀ, ਕਹਿੰਦੇ ਨੇ, ਕਿਸੇ ਦੇ ਛੇ ਐਤਵਾਰ ਪੂਰੇ ਹੋ ਗਏ । ਸੱਤਵੇਂ ਐਤਵਾਰ ਉਹ ਕਾਫ਼ੀ ਤੜਕੇ ਗੋਹਾ ਚੁੱਕ ਕੇ ਤੁਰ ਪਿਆ । ਸਮਾਧੀ 'ਤੇ ਪੁੱਜਾ ਤਾਂ ਪੋਚਾ ਪਹਿਲਾਂ ਹੀ ਫਿਰਿਆ ਹੋਇਆ ਸੀ । ਪਿੱਛੋਂ ਪਤਾ ਲੱਗਾ ਕਿ ਕੋਈ ਹਾਲੀ ਜੋਗ ਲੈ ਕੇ ਖੇਤਾਂ ਵੱਲ ਜਾ ਰਿਹਾ ਸੀ । ਅਚਾਨਕ ਪਸ਼ੂ ਨੇ ਫੋਸ ਕਰ ਦਿੱਤਾ । ਬੰਦੇ ਨੇ ਸੋਚਿਆ ਚਲੋ ਸਮਾਧੀ ਨੇੜੇ ਹੈ, ਪੋਚਾ ਫੇਰ ਕੇ ਵੇਖ ਲੈਂਦੇ ਹਾਂ । ਬੱਸ ਉਹਨੇ ਇਕੋ ਐਤਵਾਰ ਪੋਚਾ ਫੇਰਿਆ ਪਰ ਅਗਲੇ ਦਿਆਂ ਛੇ ਐਤਵਾਰਾਂ 'ਤੇ ਪਾਣੀ ਫੇਰ ਦਿੱਤਾ । ਪਰ ਉਸ ਨੇ ਵੀ ਗੋਹੇ 'ਚ ਪਾਣੀ ਰਲਾ ਕੇ ਨਵੇਂ ਸਿਰਿਉਂ ਐਤਵਾਰ ਗਿਣਨੇ ਸ਼ੁਰੂ ਕਰ ਦਿੱਤੇ ।

•••

ਲੋਕ ਤਾਂ ਲੋਕ ਹੁੰਦੇ ਹਨ । ਉਹ ਮਹਾਂਪੁਰਖਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ ਹਨ । ਹਨੇਰੇ ਮਨਾਂ ਵਿਚ ਲੋੜਾਂ ਦਾ ਦੀਵਾ ਬਾਲ ਲੈਂਦੇ ਹਨ । ਹੁਣ ਇਸ ਮੰਦਿਰ ਵਿਚ ਬਹੁਤੇ ਬੇਔਲਾਦ ਜੋੜੇ ਆਉਂਦੇ ਹਨ । ਉਨ੍ਹਾਂ ਦਾ ਵਿਸ਼ਵਾਸ ਹੈ ਕਿ ਬਾਉਲੀ ਅਤੇ ਸਰੋਵਰ 'ਚੋਂ ਇਸ਼ਨਾਨ ਕਰਕੇ ਸੁੱਕੇ ਬਾਗ ਹਰੇ ਹੋ ਜਾਣਗੇ । ਹਰ ਸ਼ਨਿਚਰਵਾਰ ਦੀ ਰਾਤ ਅਤੇ ਐਤਵਾਰ ਦੀ ਸਵੇਰ ਵੇਲੇ ਗਹਿਮਾਗਹਿਮੀ ਰਹਿੰਦੀ ਹੈ । ਚਾਨਣੇ ਪੱਖ ਵੇਲੇ ਤਾਂ ਨਹਾਉਣ ਵਾਲਿਆਂ ਦੀਆਂ ਹੱਦਾਂ ਮੁਕ ਜਾਂਦੀਆਂ ਹਨ । ਮੁਰਾਦਾਂ ਪੁੱਗਣ 'ਤੇ ਮੱਥਾ ਟਿਕਾਉਣ ਅਤੇ ਮੁੰਨਣ ਕਰਾਉਣ ਵਾਲੇ ਬੈਂਡ ਵਾਜਿਆਂ ਨਾਲ ਆਉਂਦੇ ਨੇ । ਇਕ ਵਾਰ ਮੇਰੇ ਬਾਲਮਨ ਨੇ ਇਸ 'ਕਰਾਮਾਤ' ਬਾਰੇ ਪਿਤਾ ਜੀ ਤੋਂ ਪੁੱਛਿਆ ਤਾਂ ਉਨ੍ਹਾਂ ਨੇ ਪਿਆਰ ਨਾਲ ਸਮਝਾਇਆ ਸੀ, 'ਪੁੱਤਰ! ਨਹਾਉਣ ਤਾਂ ਏਥੇ ਹਜ਼ਾਰਾਂ ਲੋਕ ਆਉਂਦੇ ਨੇ । ਪਰ ਬੈਂਡ ਵਾਜਿਆਂ ਵਾਲੇ ਤਾਂ ਇੱਕਾ-ਦੁੱਕਾ ਹੀ ਹੁੰਦੇ ਨੇ । ਮਨੁੱਖ ਦੀ ਪ੍ਰਵਿਰਤੀ ਬੜੀ ਅਸਚਰਜ ਹੈ । ਜਿਸ ਦੀ ਸ਼ਰਧਾ ਵਰ ਆ ਗਈ ਉਹ ਢੋਲ ਵਜਾਉਣ ਡਹਿ ਪਿਆ । ਬਾਕੀ ਦਾ ਜੱਥਾ ਚੁੱਪ ਕਰਕੇ ਬਹਿ ਗਿਆ ।'

••••••

3. ਰੱਬ ਦਾ ਵਿਆਹ

ਵਿਆਹ ਬੜੀ ਵਚਿੱਤਰ ਵਸਤੂ ਹੈ । ਸ਼ਾਇਦ ਸੰਸਾਰ ਦੀ ਸਭ ਤੋਂ ਵੱਧ ਵਚਿੱਤਰ ਵਸਤੂ । ਜਨਮ ਅਤੇ ਮਿਰਤੂ ਤੋਂ ਵੀ ਵੱਧ ਵਚਿੱਤਰ । ਜੰਮਣ ਵਾਲੇ ਨੂੰ ਪਤਾ ਵੀ ਨਹੀਂ ਹੁੰਦਾ ਕਿ ਕਦੋਂ ਜੰਮ ਪਿਆ । ਮਰਨ ਵਾਲੇ ਨੂੰ ਪਤਾ ਹੀ ਨਹੀਂ ਹੁੰਦਾ ਕਿ ਕਦੋਂ ਮਰਨਾ ਹੈ । ਇਨ੍ਹਾਂ ਦੋਹਾਂ ਆਦਿ-ਜੁਗਾਦੀ ਭਾਣਿਆਂ ਦੇ ਵਿਚਕਾਹੇ ਜਿਹੇ ਕਿਤੇ ਵਿਆਹ ਦੇ ਵਾਪਰਨ ਦੀ ਸੰਭਾਵਨਾ ਹੁੰਦੀ ਹੈ । ਵਿਰੋਧੀ ਲਿੰਗਾਂ ਦੀ ਕੁਦਰਤੀ ਖਿੱਚ ਦਾ ਸੰਕਲਪ ਵੰਨ ਸੁਵੰਨੇ ਰੂਪ ਧਾਰਦਾ ਰਹਿੰਦਾ ਹੈ । ਜਜ਼ਬਾ ਜਿੱਤਦਾ ਰਹਿੰਦਾ ਹੈ, ਚਿੰਤਨ ਹਾਰਦਾ ਰਹਿੰਦਾ ਹੈ । ਵਿਆਹ ਤੋਂ ਬਾਅਦ ਸੰਤਾਨ ਪੈਦਾ ਕਰਕੇ ਪ੍ਰਾਣੀ ਪਿਤਰਰਿਣ ਉਤਾਰਦਾ ਰਹਿੰਦਾ ਹੈ । ਰਿਣ ਉਤਾਰਨ ਦੀ ਹੋੜ ਵਿਚ ਕੋਈ ਬਾਜ਼ੀ ਮਾਰ ਜਾਂਦਾ ਹੈ । ਕੋਈ ਹਾਰ ਜਾਂਦਾ ਹੈ । ਕਿਸੇ ਦਾ ਵਿਆਹ ਹੋ ਜਾਂਦਾ ਹੈ, ਕਿਸੇ ਦਾ ਨਹੀਂ ਹੁੰਦਾ । ਪਰ ਸਬਰ ਦੋਹਾਂ ਨੂੰ ਹੀ ਨਹੀਂ ਹੁੰਦਾ । ਕਈਆਂ ਦਾ ਵਿਆਹ ਤਾਂ ਹੋ ਜਾਂਦਾ ਹੈ ਪਰ ਨਿਆਣਾ ਨਹੀਂ ਹੁੰਦਾ । ਤੇ ਕਹਿੰਦੇ ਨੇ ਜਦੋਂ ਤੱਕ ਘਰ ਵਿਚ ਨਿਆਣਾ ਨਹੀਂ ਹੁੰਦਾ, ਆਦਮੀ ਸਿਆਣਾ ਨਹੀਂ ਹੁੰਦਾ । ਮੱਠਾਂ, ਡੇਰਿਆਂ, ਦਰਗਾਹਾਂ ਅਤੇ ਨੀਮਹਕੀਮਾਂ ਕੋਲ ਜਾ ਕੇ ਵੇਖੋ ਸੰਤਾਨ ਦੀ ਕਿੰਨੀ ਭੁੱਖ ਦਿਖਾਈ ਦੇ ਰਹੀ ਹੈ ਤੇ ਦੂਜੇ ਪਾਸੇ ਸਾਡੀ ਸਰਕਾਰ ਸੰਤਾਨਸੰਜਮ ਦੀ ਦੁਹਾਈ ਦੇ ਰਹੀ ਹੈ ।

ਹੁਣ ਵੇਖੋ ਨਾ, ਦੁਤੀਆ ਹੋਏ, ਵਿਸਾਖੀ ਹੋਏ, ਜਨਮ ਅਸ਼ਟਮੀ ਹੋਏ... 'ਦਰਬਾਰ' ਵਿਚ ਸੇਵਕਾਂ ਦਾ ਹੜ੍ਹ ਆਇਆ ਹੁੰਦਾ ਹੈ । ਇਹ ਲੋਕ ਕੋਈ ਅਧਿਆਤਮ ਦੇ ਅਭਿਲਾਸ਼ੀ ਥੋੜ੍ਹੇ ਹੁੰਦੇ ਹਨ । ਇਹ ਤਾਂ ਸਾਰੇ ਨਿਰਸੰਤਾਨ ਜੋੜੇ ਹੁੰਦੇ ਹਨ ਜਾਂ ਫਿਰ ਉਹ ਆਉਂਦੇ ਹਨ, ਜਿਨ੍ਹਾਂ ਦੇ ਕੁੜੀ ਤਾਂ ਹੁੰਦੀ ਹੈ ਪਰ ਉਹ ਮੁੰਡਾ ਚਾਹੁੰਦੇ ਹਨ ।

ਦੁਤੀਆ ਕੀ ਹੈ? ਦੂਜ । ਏਕਮ ਤੋਂ ਅਗਲੀ ਤਿੱਥ । ਮੱਸਿਆ ਤੋਂ ਪੁੰਨਿਆ ਵੱਲ ਜਾਂਦੀ ਸੜਕ ਦਾ ਦੂਜਾ ਮੀਲ ਪੱਥਰ । ਇਹ ਤਿੱਥ ਸਾਲ 'ਚ ਬਾਰਾਂ ਵਾਰ ਆਉਂਦੀ ਹੈ । ਇਸ ਰਾਤ ਹਰ ਮਹੀਨੇ ਮੇਲਾ ਭਰਦਾ ਹੈ । ਪਰ ਮਾਘ ਮਹੀਨੇ ਦਾ ਇਹ ਦਿਨ ਰਾਤ ਦਾ ਜਸ਼ਨ ਪਿੰਡ ਲਈ ਖਾਸ ਹੁੰਦਾ ਹੈ । ਗੱਜਵੱਜ ਹੁੰਦੀ ਹੈ । ਸੱਜਧੱਜ ਹੁੰਦੀ ਹੈ । ਜੱਗਮੱਗ ਹੁੰਦੀ ਹੈ । ਹਰਸ਼ਉਲਾਸ ਹੁੰਦਾ ਹੈ ।

ਮਾਘ ਦੀ ਦੁਤੀਆ ਬਾਵਾ ਲਾਲ ਦਾ ਅਵਤਾਰਪੁਰਬ ਹੈ । ਨਿੱਕੇ ਹੁੰਦਿਆਂ ਇਹ ਸਾਡੇ ਸਿਰਾਂ 'ਤੇ ਸਵਾਰ ਹੁੰਦਾ ਸੀ । ਹਰ ਮਹੀਨੇ ਭਾਵੇਂ ਰਿਹਰਸਲ ਹੁੰਦੀ ਸੀ ਪਰ 'ਵੱਡੇ ਦੁਤੀਏ' ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ । ਦਿਨ ਵੇਲੇ ਮੇਲਾ ਲੱਗਾ ਰਹਿੰਦਾ ਸੀ । ਰਾਤ ਨੂੰ ਕਵੀ ਦਰਬਾਰ ਹੁੰਦਾ ਸੀ :

ਸੰਮਤ ਚੌਦਾਂ ਸੌ ਬਾਰਾਂ
ਤੇ ਮਾਘ ਮਹੀਨਾ ਆਇਆ ।
ਇਕ ਚੰਨ ਦੂਜ ਦਾ ਅਰਸ਼ੀਂ ਚੜ੍ਹਿਆ,
ਇਕ ਧਰਤੀ 'ਤੇ ਆਇਆ¨
ਏਕ ਬਰਸ ਕੇ ਬਾਅਦ ਆਜ ਫਿਰ
ਦੂਜ ਮਾਘ ਕੀ ਆਈ ।
ਸ੍ਰੀ ਧਿਆਨਪੁਰ ਵਾਸੀਉਂ ਕੋ
ਬਾਰੰਬਰ ਵਧਾਈ¨

ਸ਼ਹਿਰ ਕਸੂਰ ਵਿਚ ਪਿਤਾ ਭੋਲਾ ਮੱਲ ਜੀ ਨੇ, ਸੁੱਚਾ ਸਾਂਭ ਰੱਖਿਆ ਸੀ ਕੰਮ ਪਟਵਾਰ ਦਾ । ਚਿਰਾਂ ਤੋਂ ਤ੍ਰਿਸ਼ਨਾ ਸੀ ਜਿਹੜੀ ਮਾਤਾ ਕ੍ਰਿਸ਼ਨਾ ਨੂੰ , ਪੂਰੀ ਹੋਈ ਵੇਖ ਮੁੱਖ ਨੂਰੀ ਅਵਤਾਰ ਦਾ । ਮਾਘ ਦੇ ਮਹੀਨੇ ਠਾਰੇ ਸਭਨਾਂ ਦੇ ਸੀਨੇ ਪ੍ਰਭੂ, ਬਾਲ ਰੂਪ ਧਾਰ ਆਇਆ ਵਾਲੀ ਸੰਸਾਰ ਦਾ । ਸ਼ਕਲ ਕਮਾਲ ਝੱਲੇ ਝਾਲ ਕਿਹੜਾ ਲਾਲ ਜੀ ਦੀ, ਲਾਲ ਉਹ ਬਦਖਸ਼ਾਂ ਦਾ ਡਲ੍ਹਕਾਂ ਸੀ ਮਾਰਦਾ¨ ਸਾਨੂੰ ਕਵੀਆਂ ਦਾ ਬਹੁਤਾ ਪਤਾ ਨਹੀਂ ਸੀ ਹੁੰਦਾ । ਅਸੀਂ ਤਾਂ ਆਨੰਦ ਲੈਣਾ ਜਾਣਦੇ ਸਾਂ । ਦੇਸੀ ਘਿਉ ਦੇ ਪ੍ਰਸ਼ਾਦ ਦੇ ਨਾਲ ਮਿੱਠੇ ਛੰਦਾਂ ਦਾ ਆਨੰਦ ਮਾਣਦੇ ਸਾਂ । ਦੁਤੀਏ ਵਾਂਗ ਹੀ ਕ੍ਰਿਸ਼ਨ ਜਨਮ ਅਸ਼ਟਮੀ ਮਨਾਈ ਜਾਂਦੀ । ਮੇਲਾ ਮੁੱਕਦਾ ਹੀ ਨਹੀਂ ਸੀ । ਭੀੜ ਆਈ ਜਾਂਦੀ, ਜਾਈ ਜਾਂਦੀ । ਕਵੀ ਸੱਜਣ ਵੀ ਆਉਂਦੇ । ਪੂਰੀ ਮਸਤੀ ਵਿਚ ਆ ਕੇ ਕਵਿਤਾ ਸੁਣਾਉਂਦੇ । ਕਵਿਤਾਵਾਂ ਜ਼ਿਆਦਾਤਰ ਬੱਚੇ ਦੇ ਜਨਮ ਬਾਰੇ ਜਾਂ ਕ੍ਰਿਸ਼ਨ ਦੀ ਬਾਲਲੀਲਾ ਬਾਰੇ ਹੁੰਦੀਆਂ :

ਪਿਆ ਪੰਘੂੜੇ ਮਾਰੇ ਛੜੀਆਂ
ਛਣ ਛਣ ਛਣਕਣ, ਪੌਂਚੇ ਕੜੀਆਂ

•••

ਕੋਈ ਕਵੀ ਕਵਿਤਾ ਵਿਚ ਇਕ ਕਹਾਣੀ ਸੁਣਾਉਂਦਾ ਹੁੰਦਾ ਸੀ ਕਿ ਇਕ ਬੇਔਲਾਦ ਔਰਤ ਕਿਸੇ ਬੱਚੇ ਦੇ ਸਾਹਮਣੇ ਆਪ ਤਾਂ ਕੁਲਫ਼ੀਆਂ ਵੇਚਣ ਵਾਲੇ ਤੋਂ ਕੁਲਫ਼ੀ ਖਰੀਦ ਕੇ ਚੂਸ ਲੈਂਦੀ ਹੈ ਪਰ ਬੱਚੇ ਨੂੰ ਨਹੀਂ ਪੁੱਛਦੀ । ਬੱਚਾ ਡੱਡੋਲਿਕਾ ਜਿਹਾ ਹੋ ਕੇ ਆਪਣੀ ਮਾਂ ਕੋਲ 'ਤਾਈ' ਦੀ ਸ਼ਿਕਾਇਤ ਲਾਉਂਦਾ ਹੈ ਕਿ ਜੇ ਮੈਂ ਉਹਦਾ ਆਪਣਾ ਪੁੱਤ ਹੁੰਦਾ ਤਾਂ ਵੀ ਇੰਜ ਕਰਦੀ? ਪਤਾ ਲੱਗਣ 'ਤੇ 'ਤਾਈ' ਉਸ ਬੱਚੇ ਨੂੰ ਲਡਿਆਉਂਦੀ ਹੋਈ ਆਖਦੀ ਹੈ :

''ਅੱਜ ਕੁਲਫ਼ੀਆਂ ਵਾਲੇ ਨੂੰ ਆਉਣ ਤਾਂ ਦੇ, ਤੈਨੂੰ ਰੱਜ ਕੇ ਕੁਲਫ਼ੀਆਂ ਖੁਆ ਦਿਆਂਗੀ ।''

'ਤਾਈ' ਵਾਅਦਾ ਪੂਰਾ ਕਰਦੀ ਹੈ । ਬੱਚਾ ਖੁਸ਼ ਹੋ ਜਾਂਦਾ ਹੈ । ਯੱਗ ਸੰਪੂਰਨ ਹੋ ਜਾਂਦਾ ਹੈ :

''ਕੁਲਫ਼ੀ ਖਾ ਕੇ ਬੱਚੇ ਅਸੀਸ ਦਿੱਤੀ, ਰੱਬਾ! ਤਾਈ ਜੀ ਦੇ ਘਰ ਵੀ ਪੁੱਤ ਹੋਵੇ ।''

ਸਰੋਤੇ 'ਧੰਨ ਬਾਬਾ ਲਾਲ ਧੰਨ ਬਾਬਾ ਲਾਲ' ਕਹਿ ਕੇ ਸ਼ਿਅਰਾਂ ਦੀ ਦਾਦ ਦਿੰਦੇ । ਦਿਲ ਪ੍ਰਸੰਨ ਹੋ ਜਾਂਦੇ । ਅੱਖਾਂ ਨਮ ਹੋ ਜਾਂਦੀਆਂ । ਅੱਜ ਉਹ ਦਿ੍ਸ਼ਯਾਦ ਕਰਕੇ ਪ੍ਰੋ. ਮੋਹਨ ਸਿੰਘ ਵੀ ਆਪਣਾ ਗਰਾਈਂ ਲੱਗਣ ਲੱਗ ਪਿਆ ਹੈ :

''ਮਾਵਾਂ ਹੋਵਣ ਭਾਵੇਂ ਪਰੀਆਂ,
ਨਾਲ ਹੁਸਨ ਦੇ ਡੱਕ ਡੱਕ ਭਰੀਆਂ,
ਸ਼ਾਹਾਂ ਘਰੀਂ ਵਿਆਹੀਆਂ ਵਰੀਆਂ,
ਪਹਿਨਣ ਪੱਟ ਹੰਢਾਵਣ ਜ਼ਰੀਆਂ,
ਪੂਰਾ ਕਦੀ ਸ਼ਿੰਗਾਰ ਨਾ ਹੋਵੇ,
ਜੇ ਲਾਲਾਂ ਦਾ ਹਾਰ ਨਾ ਹੋਵੇ ।
ਬੱਚੇ ਜਿਹਾ ਨਾ ਮੇਵਾ ਡਿੱਠਾ ।
ਜਿੰਨਾ ਕੱਚਾ ਓਨਾ ਮਿੱਠਾ¨

•••

ਪਿੰਡ ਵਿਚ ਜਦੋਂ ਕੋਈ ਇਹੋ ਜਿਹਾ ਜੋੜਮੇਲਾ ਹੁੰਦਾ ਤਾਂ ਇਸ਼ਤਿਹਾਰਬਾਜ਼ੀ ਵਾਲੇ ਵੀ ਲਾਹਾ ਖੱਟਦੇ । ਕੋਈ ਲੱਤਾਂ ਨੂੰ ਬਾਂਸ ਬੰਨ੍ਹ ਕੇ ਉੱਚਾ ਉੱਚਾ ਤੁਰਦਾ ਤੇ ਸਿਗਰਟਾਂ ਦੀ ਮਸ਼ਹੂਰੀ ਕਰਦਾ । ਕੋਈ ਕਿਸੇ ਦਾ ਧੋਤਾ ਹੋਇਆ ਕੁੜਤਾ ਉਹਦੇ ਗਲੋਂ ਲੁਹਾ ਕੇ ਸਰਫ ਨਾਲ ਧੋਂਦਾ ਤੇ ਮੈਲ ਕੱਢ ਕੇ ਵਿਖਾਉਂਦਾ । ਤਾਰਾ ਚੰਦ ਪ੍ਰਦੇਸੀ ਬੋਦੀ ਨੂੰ ਗੰਢ ਮਾਰ ਕੇ ਅਤੇ ਕਿੱਸਿਆਂ ਦਾ ਥੱਬਾ ਕੱਛੇ ਮਾਰ ਕੇ, ਗਉਂ ਗਉਂ ਕੇ ਕਿੱਸੇ ਵੇਚਦਾ ਫਿਰਦਾ :

ਹੁਣ ਕੀ ਕਰੀਏ ਭਗਵਾਨ
ਕਿ ਆਟਾ ਜਾ ਚੜ੍ਹਿਆ ਅਸਮਾਨ
ਗੁਜ਼ਾਰਾ ਮੁਸ਼ਕਲ ਏ...

ਇਹੋ ਜਿਹੇ ਵੇਲੇ ਹੀ ਇਕ ਦਿਨ ਢੋਲ ਵਾਲਾ ਆ ਗਿਆ । ਢੋਲ ਵਜਾਈ ਜਾਏ ਤੇ ਇਸ਼ਤਿਹਾਰ ਵੰਡੀ ਜਾਏ । ਕੋਈ ਪੜ੍ਹੇ ਕੋਈ ਪਾੜੇ, ਉਹਨੂੰ ਕੀ! ਉਹਨੇ ਤਾਂ ਸਟਾਕ ਮੁਕਾਉਣਾ ਸੀ । ਗਲ ਪਿਆ ਢੋਲ ਵਜਾਉਣਾ ਸੀ । ਰੰਗ-ਬਰੰਗਾ ਇਸ਼ਤਿਹਾਰ ਸਭ ਦੇ ਹੱਥ 'ਤੇ ਧਰੀ ਜਾਂਦਾ ਸੀ । ਡਿਊਟੀ ਕਰੀ ਜਾਂਦਾ ਸੀ ।

ਅਚਾਨਕ ਪਤਾ ਨਹੀਂ ਕੀ ਹੋਇਆ । ਕਿਸੇ ਨੇ ਉਹਦੇ ਕੋਲੋਂ ਸਾਰੇ ਇਸ਼ਤਿਹਾਰ ਖੋਹ ਕੇ ਪਾੜ ਦਿੱਤੇ । ਉਹਦੇ ਗਲੋਂ ਖਿੱਚ ਕੇ ਢੋਲ ਲਾਹ ਲਿਆ । ਜਮਘਟਾ ਹੋ ਗਿਆ । ਲੋਕਾਂ ਢੋਲ ਵਾਲੇ ਨੂੰ ਕੁੱਟਿਆ । ਢੋਲ ਪਾੜ ਕੇ ਉਹਦੇ ਸਿਰ ਵਿਚ ਫਸਾ ਦਿੱਤਾ । ਪੂਰੇ ਬਾਜ਼ਾਰ 'ਚ ਉਹਦਾ ਜਲੂਸ ਕੱਢ ਕੇ ਪਿੰਡ 'ਚੋਂ ਨਸਾ ਦਿੱਤਾ । ਪਿੱਛੋਂ ਪਤਾ ਲੱਗਾ ਕਿ ਉਹ ਵਿਚਾਰਾ ਤਾਂ ਲੋਕ ਸੰਪਰਕ ਮਹਿਕਮੇ ਦਾ ਦਿਹਾੜੀਦਾਰ ਸੀ । ਸੰਤਾਨ ਸੰਜਮ ਦਾ ਪ੍ਰਚਾਰ ਕਰ ਰਿਹਾ ਸੀ । ਵਧਦੀ ਹੋਈ ਆਬਾਦੀ ਦੇ ਖ਼ਤਰਿਆਂ ਤੋਂ ਜਾਣੂ ਕਰਵਾ ਰਿਹਾ ਸੀ । ਆਬਾਦੀ 'ਤੇ ਕਾਬੂ ਪਾਉਣ ਤੇ ਤਰੀਕੇ ਸਮਝਾ ਰਿਹਾ ਸੀ । ਉਸ ਗਰੀਬ ਨੂੰ ਕੀ ਪਤਾ ਸੀ ਇਸ ਮੇਲੇ ਦੀ ਜ਼ਮਾਨੇ ਤੋਂ ਵੱਖਰੀ ਤੋਰ ਹੈ । ਇਨ੍ਹਾਂ ਲੋਕਾਂ ਨੂੰ ਤਾਂ ਸੰਤਾਨ ਦੀ ਤਲਬ ਹੈ । ਇਨ੍ਹਾਂ ਲਈ ਸੰਜਮ ਦਾ ਮਤਲਬ ਕੁਝ ਹੋਰ ਹੈ । ਇਹ ਜੋ ਵਿਆਹ ਹੈ, ਬੰਸ ਨੂੰ ਅੱਗੇ ਤੋਰਨ ਦਾ ਰਾਹ ਹੈ ।

ਵਿਆਹ 'ਰਿਖੀ' ਦਾ ਹੋਏ ਭਾਵੇਂ 'ਹਰਦਵਾਰੀ' ਦਾ, ਬੱਚਿਆਂ ਲਈ ਖੇਡ ਹੁੰਦੀ ਹੈ । ਮੇਲਾ ਹੁੰਦਾ ਹੈ । ਗੁੱਡੀਗੁੱਡੇ ਦੇ ਵਿਆਹ ਵਾਂਗ । 'ਘਰਘਰ' ਖੇਡਣ ਵਾਂਗ । ਉਨ੍ਹਾਂ ਲਈ ਤਾਂ ਕੋਈ ਅਜਿਹਾ ਭਾਣਾ ਵਰਤੀਂਦਾ ਰਹਿਣਾ ਚਾਹੀਦਾ ਹੈ ਜਿਸ ਵਿਚ ਉਨ੍ਹਾਂ ਦੀ ਪੂਰੀ ਸ਼ਮੂਲੀਅਤ ਹੋਵੇ ਪਰ ਜ਼ਿੰਮੇਵਾਰੀ ਕੋਈ ਨਾ ਹੋਵੇ । ਉਹ ਨਵੇਂ ਕੱਪੜੇ ਪਾਉਣ । ਰੌਲਾ ਪਾਉਣ । ਨੱਚਣਟੱਪਣ ਖਾਣਪੀਣ । ਕੋਈ ਰੋਕਟੋਕ ਨਾ ਹੋਵੇ । ਕੋਈ ਝਿੜਕਝੰਬ ਨਾ ਹੋਵੇ । ਹੱਸਣਾਖੇਡਣਾ ਡੱਟ ਕੇ ਹੋਵੇ । ਸਭ ਕੁਝ ਲੀਕ ਤੋਂ ਹਟ ਕੇ ਹੋਵੇ! ਨੀਤ ਚਿੱਟੀ ਨਾ ਕਾਲੀ ਹੁੰਦੀ ਹੈ । ਬੱਸ, ਭਾਵਨਾ ਖੇਡ ਵਾਲੀ ਹੁੰਦੀ ਹੈ ।

ਜਦੋਂ ਤੱਕ ਇਹ ਸਭ ਕੁਝ ਬੱਚਿਆਂ ਤੱਕ ਮਹਿਦੂਦ ਹੋਵੇ, ਠੀਕ ਰਹਿੰਦਾ ਹੈ । ਵੱਡਿਆਂ ਦੀਆਂ ਅਜਿਹੀਆਂ ਹਰਕਤਾਂ ਨੂੰ ਹਰ ਕੋਈ ਬਚਕਾਨਾ ਕਹਿੰਦਾ ਹੈ । ਚਿੜੀਆਂ ਦੀ ਮੌਤ ਗਵਾਰਾਂ ਦਾ ਹਾਸਾ! ਬੱਚਿਆਂ ਨੂੰ ਹਰ ਕਿਸਮ ਦਾ ਵਿਆਹ ਚੰਗਾ ਲੱਗਦਾ ਹੈ । ਉਨ੍ਹਾਂ ਦੇ ਬਚਪਨ ਵਿੱਚ ਮਿਲਾਵਟ ਨਾ ਘੋਲੀਏ ਤਾਂ ਪਤਾ ਚੱਲੇਗਾ ਕਿ ਬੱਚੇ ਤਾਂ ਮੌ ਲਿਕਤਾ ਨਾਲ ਪਰਨਾਏ ਹੁੰਦੇ ਹਨ । ਧੁਰੋਂ ਵਰੋਸਾਏ ਹੁੰਦੇ ਹਨ । ਸੱਚੀ ਪੁੱਛੋ, ਉਹ ਤਾਂ ਰੱਬ ਦੇ ਵਿਆਹ ਆਏ ਹੁੰਦੇ ਹਨ । ਅਸੀਂ ਬੱਚਿਆਂ ਦੀ ਖੇਡ 'ਚ ਭੰਗਣਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਸਾਡੀ ਕਦੇ ਪੂਰੀ ਨਹੀਂ ਪੈ ਸਕਦੀ । ਜਦੋਂ ਤੱਕ ਬੱਚੇ ਹਨ ਉਦੋਂ ਤੱਕ ਖੇਡ ਜਾਰੀ ਹੈ:

ਤੱਤੀ ਕੜਾਹੀ ਵਿੱਚ ਅੱਗ ਬਲਦੀ
ਸੌ ਗਾਲ੍ਹ ਕੱਢ ਲੈ, ਨਹੀਉਂ ਲੱਗਦੀ ।

••••••

4. ਪ੍ਰਸ਼ਨਾਂ ਦੀ ਪਿਆਸ

ਸੱਚ ਦੀ ਤਲਾਸ਼ ਦਾ ਪ੍ਰਮੁੱਖ ਮਾਧਿਅਮ ਅਧਿਆਤਮ ਰਿਹਾ ਹੈ । ਸਾਹਿਤ, ਸਮਾਜ ਅਤੇ ਸਭਿਆਚਾਰ ਨੂੰ ਅਧਿਆਤਮਕ ਵਿਰਾਸਤ ਨਾਲੋਂ ਤੋੜ ਕੇ ਨਹੀਂ ਵੇਖਿਆ ਜਾ ਸਕਦਾ । ਸਾਡੀ ਭਾਸ਼ਾ ਆਪਣੇ ਸੀਨੇ ਵਿਚ ਬੜਾ ਕੁਝ ਸਮੋਈ ਬੈਠੀ ਹੈ । ਏਸੇ ਲਈ ਰੰਗਬਰੰਗੇ ਤਾਣੇਪੇਟੇ ਸਦਕਾ ਗੌਰਵਮਈ ਹੋਈ ਬੈਠੀ ਹੈ । ਗੋਸ਼ਠ ਪਰੰਪਰਾ ਸਨਾਤਨ ਹੈ, ਪਿਆਰੀ ਹੈ । ਅੱਜ ਵੀ ਜਾਰੀ ਹੈ । ਗਿਆਨ ਦੀ ਵੇਲ ਨੂੰ ਇਸ ਬੋਧੀ ਬਿਰਖ ਦਾ ਸਹਾਰਾ ਹੈ । ਇਹ ਹੀ ਸਾਡੀ ਪਿਆਸ ਦਾ ਹੁੰਗਾਰਾ ਹੈ ।

ਮੇਰੇ ਮੁਲਕ ਵਿਚ ਹਿੰਦੂ-ਮੁਸਲਮਾਨ ਦਾ ਤਕਰਾਰ ਦੇਰ ਤੋਂ ਤੁਰਿਆ ਆ ਰਿਹਾ ਹੈ । ਇਸ ਤਕਰਾਰ ਨੂੰ ਪਿਆਰ ਵਿਚ ਤਬਦੀਲ ਕਰਨ ਦੀ ਕੋਸ਼ਿਸ਼ ਵੀ ਲਗਾਤਾਰ ਹੁੰਦੀ ਆਈ ਹੈ । ਇਹ ਲੰਮਾ ਕਿੱਸਾ ਹੈ । ... ਇਸ ਕੋਸ਼ਿਸ਼ ਵਿਚ ਮੇਰੇ ਪਿੰਡ ਦਾ ਵੀ ਇਤਿਹਾਸਕ ਹਿੱਸਾ ਹੈ । ਔਰੰਗਜ਼ੇਬ ਆਲਮਗੀਰ ਦਾ ਭਾਰਤ ਦੇ ਇਤਿਹਾਸ ਵਿਚ ਵੱਡਾ ਨਾਂ ਹੈ ਪਰ ਦਾਰਾ ਸ਼ਿਕੋਹ ਉਸ ਤੋਂ ਵੱਡੇ ਥਾਂ ਹੈ । ਦਾਰਾ ਤਕਰਾਰ ਨਹੀਂ, ਪਿਆਰ ਚਾਹੁੰਦਾ ਸੀ । ਇਸ ਲਈ ਜਗਿਆਸੂ ਬਣ ਕੇ ਦੂਜੀਆਂ ਸੰਪਰਦਾਵਾਂ ਦੇ ਸੰਤਪੁਰਸ਼ਾਂ ਕੋਲ ਜਾਂਦਾਆਉਂਦਾ ਸੀ । ਸੱਚ ਦੀ ਤਲਾਸ਼ ਦੌਰਾਨ ਉਸ ਦਾ ਵਾਹ ਪਿਆ ਧਿਆਨਪੁਰ ਨਾਲ । ਉਸ ਦੀ ਖੋਜ ਨੂੰ ਆਖ਼ਰ ਲੱਭ ਹੀ ਗਿਆ ਬਾਬਾ ਲਾਲ ਦਿਆਲ ।

ਬਾਬਾ ਲਾਲ ਦਿਆਲ ਨਾਲ ਦਾਰਾ ਸ਼ਿਕੋਹ ਦੀਆਂ ਸੱਤ ਮੁਲਾਕਾਤਾਂ ਹੋਈਆਂ । ਛੇ ਇਕਇਕ ਦਿਨ । ਸੱਤਵੀਂ ਤਿੰਨ ਦਿਨ । ਨਿੱਠ ਕੇ ਸੰਵਾਦ ਚੱਲਿਆ । ਸਵਾਲਾਂ 'ਚੋਂ ਸਵਾਲ ਨਿਕਲਦੇ ਗਏ । ਸਵਾਲਾਂ ਨੂੰ ਜਵਾਬ ਮਿਲਦੇ ਗਏ । ਮੀਰ ਮੁਨਸ਼ੀ ਨਾਲੋਨਾਲ ਲਿਖੀ ਗਏ । ਤਹਿਰੀਰ ਸਾਂਭੀ ਗਈ । ਇਸ ਦੇ ਕਈ ਉਤਾਰੇ ਹੋਏ । ਫਾਰਸੀ ਤੋਂ ਉਰਦੂ ਤੇ ਹਿੰਦੀ ਵਿਚ ਉਲਥੇ ਹੋਏ । ਹੁਣ ਇਹ ਪੁਸਤਕ 'ਪ੍ਰਸ਼ਨੋਤਰ ਪ੍ਰਕਾਸ਼' ਰੂਪ ਵਿਚ ਉਪਲਬਧ ਹੈ । ਇਹ ਮੇਰੇ ਪਿੰਡ ਦੀ ਉਪਲਬਧੀ ਹੈ । ਪਿੰਡ ਗਵਾਹੀ ਦਿੰਦਾ ਹੈ :

ਢੂੰਡਤ ਦਾਰਾ ਸ਼ਾਹ ਜੀ, ਪਾਇਉ ਸਤਿਗੁਰ ਲਾਲ । ਦੀਪਕ ਮਿਲ ਦੀਪਕ ਭਇਉ, ਯੋਗੀ ਰਾਜ ਕੇ ਨਾਲ¨ ਜਗਿਆਸਾ ਦੀ ਯਾਤਰਾ ਦੀ ਇਹ ਅਨੁਪਮ ਕਥਾ ਬਹੁਤੀ ਪੁਰਾਣੀ ਨਹੀਂ । ਭਾਵੇਂ ਅਜੇ ਬਹੁਤਿਆਂ ਨੇ ਜਾਣੀ ਨਹੀਂ । ਜਗਿਆਸਾ ਆਦਮੀ ਦੇ ਜਿਊਂਦੇ ਹੋਣ ਦੀ ਨਿਸ਼ਾਨੀ ਹੈ ।

ਪੁਰਾਣੇ ਨੂੰ ਜਾਣਨਾ, ਪ੍ਰਾਪਤ ਨੂੰ ਮਾਣਨਾ ਅਤੇ ਨਵੇਂ ਨੂੰ ਪਛਾਣਨਾ ਜਿਊਂਦੇ ਆਦਮੀ ਦੀ ਫ਼ਿਤਰਤ ਹੈ । ਇਸ ਸਹਿਜ ਪ੍ਰਵਿਰਤੀ ਦਾ ਆਧਾਰ ਹੈ ਉਤਸੁਕਤਾ, ਕੌਤੂਹਲ, ਖੁਤ-ਖੁਤੀ । ਬੰਦਾ ਸ਼ੱਕ ਕਰਦਾ ਹੈ, ਸੱਚ ਜਾਨਣਾ ਚਾਹੁੰਦਾ ਹੈ; ਦੁਬਿਧਾ ਵਿਚ ਪਿਆ ਰਹਿੰਦਾ ਹੈ । ਸੁਣਿਆ ਪਰਖਦਾ ਹੈ, ਪੜ੍ਹਿਆ ਵਿਚਾਰਦਾ ਹੈ; ਟੱਕਰਾਂ ਮਾਰਦਾ ਹੈ । ਅਜਿਹੇ ਮੌਕੇ ਚਿੱਤ ਵਿਚ ਅਵਾਜ਼ਾਰੀ ਰਹਿੰਦੀ ਹੈ; ਬੁੱਧਬਿਬੇਕ ਥੱਕੀ ਹਾਰੀ ਰਹਿੰਦੀ ਹੈ, ਅੰਨ੍ਹੇ ਦੀ ਹਨ੍ਹੇਰੀ ਵਿਚ ਜੱਦੋਜਹਿਦ ਜਾਰੀ ਰਹਿੰਦੀ ਹੈ ।

ਇਸ ਕਦੀਮੀ ਜੱਦੋ-ਜਹਿਦ ਨੇ ਇਨਸਾਨ ਨੂੰ ਬੜਾ ਭਟਕਾਇਆ ਹੈ । ਇਸੇ ਭਟਕਣ ਦੌਰਾਨ ਅਸਾਂ ਬੜਾ ਕੁਝ ਢਾਹਿਆ ਬਣਾਇਆ ਹੈ । ਲੋੜ, ਹਾਲਾਤ ਅਤੇ ਵਿੱਤ ਮੁਤਾਬਕ ਜਗਿਆਸੂ ਢਾਹਭੰਨ ਕਰਦਾ ਆਇਆ ਹੈ । ਇਸ ਨੂੰ ਕੋਈ ਨਾ ਕੋਈ ਫੁਰਨਾ ਫੁਰਦਾ ਰਿਹਾ ਹੈ । ਆਪਣੀ ਜਾਚੇ, ਹਨੇਰੇ ਤੋਂ ਰੌਸ਼ਨੀ ਵੱਲ ਤੁਰਦਾ ਰਿਹਾ ਹੈ ।

ਕੋਈ ਸਵਾਲ ਕਦੇ ਕਦੇ ਮਨ ਵਿਚ ਕੰਡੇ ਵਾਂਗ ਚੁਭ ਜਾਂਦਾ ਹੈ । ਚੁਭਿਆ ਰਹਿੰਦਾ ਹੈ । ਚੁਭੀ ਜਾਂਦਾ ਹੈ । ਜਵਾਬ ਸੁੱਝਦਾ ਨਹੀਂ । ਹੱਲ ਲੱਭਦਾ ਨਹੀਂ । ਜਗਿਆਸੂ ਤਿਲਮਲਾਉਂਦਾ ਹੈ । ਕਈ ਤਰ੍ਹਾਂ ਦੇ 'ਪੋਜ਼' ਬਣਾਉਂਦਾ ਹੈ । ਸਥਿਤੀ 'ਚੋਂ ਨਿਕਲਣਾ ਚਾਹੁੰਦਾ ਹੈ । ਸਥਿਤੀ ਨੂੰ ਬਦਲਣਾ ਚਾਹੁੰਦਾ ਹੈ । ... ਆਪਣੇ ਆਪ ਤੋਂ ਖਿੱਝਦਾ ਹੈ । ਆਪਣੇ ਆਪ ਨਾਲ ਲੜਦਾ ਹੈ । ਖੰਭੇ ਵਾਂਗ ਗੱਡੇ ਹੋਏ ਪ੍ਰਸ਼ਨ 'ਤੇ ਬੇਮਤਲਬ ਉਤਰਦਾ ਚੜ੍ਹਦਾ ਹੈ । ਇਕ ਬਟਨ ਬੰਦ ਕਰਦਾ ਹੈ, ਦੂਸਰਾ ਖੁੱਲ੍ਹ ਜਾਂਦਾ ਹੈ । ਬੰਦਾ ਸਿੱਧਪੁੱਠ ਭੁੱਲ ਜਾਂਦਾ ਹੈ । ਇਹ ਭੁੱਲਭੁਲੱਈਆ ਵਾਲਾ ਸਫ਼ਰ ਹੀ ਤਾਂ ਚਿੰਤਨ ਹੈ, ਮੰਥਨ ਹੈ, ਵਿਸ਼ਲੇਸ਼ਣ ਹੈ ।

ਵੇਖਣਾ ਇਹ ਹੁੰਦਾ ਹੈ ਕਿ ਇਸ ਕਵਾਇਦ ਵਿਚੋਂ ਮਿਲਦਾ ਕੀ ਹੈ? ਇਸ ਰੇੜਕੇ ਵਿਚੋਂ ਨਿਕਲਦਾ ਕੀ ਹੈ? ... ਆਮ ਤੌਰ 'ਤੇ ਮੁੜ੍ਹਕਾ ਮਿਲਦਾ ਹੈ, ਮੱਖਣ ਨਹੀਂ । ਕਿਉਂਕਿ ਅਸੀਂ ਚੂਨੇ ਵਾਲਾ ਪਾਣੀ ਰਿੜਕ ਰਹੇ ਹੁੰਦੇ ਹਾਂ, ਦੁੱਧ ਨਹੀਂ । ਨਤੀਜਾ ਵੇਖ ਕੇ ਨਾਸਤਕ ਹੋ ਜਾਂਦੇ ਹਾਂ । 'ਅਗਾਂਹਵਧੂ' ਬਣ ਕੇ ਭੀੜ ਦੇ ਪਿੱਛੇ ਖਲੋ ਜਾਂਦੇ ਹਾਂ । ਐਸੇ ਮੌਕੇ ਸਾਨੂੰ ਲਚਕਦਾਰ ਸਹਾਰਾ ਲੋੜੀਂਦਾ ਹੈ । ਹੱਠ ਨਹੀਂ, ਹੁੰਗਾਰਾ ਲੋੜੀਂਦਾ ਹੈ । ਇਹ ਭਾਲ ਉਦੋਂ ਮੁੱਕਦੀ ਹੈ ਜਦੋਂ ਸੁਆਲ ਕਰਨ ਵਾਲਾ ਸਹੀ ਅਰਥਾਂ ਵਿਚ ਸੁਆਲੀ ਹੋਵੇ । ਉਹਦਾ ਭਿੱਖਿਆਪਾਤਰ ਖ਼ਾਲੀ ਹੋਵੇ । ਦੇਣ ਵਾਲਾ ਮਿਹਰਬਾਨ ਹੋਏ । ਲੈਣ ਵਾਲਾ ਕਦਰਦਾਨ ਹੋਏ । ਤੀਸਰਾ ਸ਼ਾਮਲ ਨਾ ਹੋਵੇ; ਜੇ ਹੋਏ ਤਾਂ ਉਹਦਾ ਦਖ਼ਲ ਨਾ ਹੋਏ ।

ਸਵਾਲ ਤਰਲਾ ਹੁੰਦਾ ਹੈ, ਮਿੰਨਤ ਹੁੰਦੀ ਹੈ, ਅਰਜੋਈ ਹੁੰਦੀ ਹੈ, ਜਿਹੜੀ ਜਗਿਆਸੂ ਦੇ ਅੰਦਰੋਂ ਪਿਆਸ ਵਾਂਗ ਪੈਦਾ ਹੋਈ ਹੁੰਦੀ ਹੈ । ਪਿਆਸ ਨੂੰ ਹੁੰਗਾਰਾ ਤਾਂ ਸਿਰਫ਼ ਪਾਣੀ ਦਾ ਹੀ ਚਾਹੀਦੈ । ਪ੍ਰਸ਼ਨ, ਬੁਲਬੁਲਿਆਂ ਵਾਂਗ, ਬਣੀ ਜਾਂਦੇ ਨੇ । ਬਿਣਸੀ ਜਾਂਦੇ ਨੇ । ਪਾਣੀ ਦੀ ਸਤਹ ਤਰੰਗਿਤ ਹੁੰਦੀ ਹੈ, ਪ੍ਰੰਤੂ ਤਲ ਸ਼ਾਂਤ ਹੁੰਦਾ ਹੈ । ਧੁਰ ਅੰਦਰ ਦੀ ਸ਼ਾਂਤੀ ਹੀ ਪ੍ਰਸ਼ਨਾਂ ਦੀ ਪਿਆਸ ਨੂੰ ਸ਼ਾਂਤ ਕਰ ਸਕਦੀ ਹੈ । ਸੁਆਲੀ ਦੇ ਭਿੱਖਿਆਪਾਤਰ ਨੂੰ ਤ੍ਰਿਪਤੀ ਨਾਲ ਭਰ ਸਕਦੀ ਹੈ ।

ਖ਼ੈਰ, ਇਹ ਤਾਂ ਸਿਖ਼ਰ ਦੀ ਅਵਸਥਾ ਹੈ । ਆਦਰਸ਼ ਹੈ । ਸਦੀਆਂ ਦੇ ਸੰਘਰਸ਼ ਦਾ ਨਿਸ਼ਕਰਸ਼ ਹੈ । ਇਹ ਬਿਰਤੀ ਪੁਰਾਣਪੁਰਸ਼ਾਂ ਵਿਚ ਆਮ ਪਾਈ ਜਾਂਦੀ ਹੈ । ਪਿੱਛੋਂ ਤਾਂ ਐਵੇਂ ਕਥਾਜਿਹੀ ਸੁਣਾਈ ਜਾਂਦੀ ਹੈ । ਸੁਣਨ ਵਾਲਾ ਸੁਪਾਤਰ ਹੋਏ ਤਾਂ ਕਹਿਣ ਵਾਲਾ ਪਿਘਲ ਕੇ ਵਹਿ ਜਾਂਦਾ ਹੈ । ਭੇਤ ਵਾਲੀਆਂ ਗੱਲਾਂ ਵੀ ਸੁਤੇ-ਸਿਧ ਕਹਿ ਜਾਂਦਾ ਹੈ । ਸੁਹਿਰਦ ਜਗਿਆਸੂ ਆਪਣੇ ਮਾਸੂਮ ਸੁਆਲਾਂ ਦੀਆਂ ਚਾਬੀਆਂ ਨਾਲ ਗੁਪਤ ਖਜ਼ਾਨਿਆਂ ਦੇ ਤਾਲੇ ਖੋਲ੍ਹ ਜਾਂਦਾ ਹੈ । ਅਗਲੇ ਦੇ ਧੁਰ ਅੰਦਰ ਦਾਖ਼ਲ ਹੋ ਕੇ ਸਾਰੇ ਖਲਖੂੰਜੇ ਫਰੋਲ ਜਾਂਦਾ ਹੈ । ਬੋਲਬਾਣੀ ਤਾਂ ਡੂੰਘੇ ਉਤਰਨ ਦਾ ਵਸੀਲਾ ਹੈ । ਗ੍ਰੰਥਕਾਰਾਂ ਦੀ ਜੁਗਤ ਹੈ, ਸ਼ਬਦਾਂ ਦੀ ਲੀਲਾ ਹੈ ।

ਗੀਤਾ ਲਈ ਅਰਜੁਨ ਨਮਿੱਤ ਬਣਦਾ ਹੈ, ਭਾਗਵਤ ਲਈ ਪ੍ਰੀਕਸ਼ਤ । ਯੋਗਵਸ਼ਿਸਠ ਦੀ ਰਚਨਾ ਲਈ ਰਾਮ ਨੂੰ ਨਮਿੱਤ ਬਣਾਇਆ ਗਿਆ । ਕਹਿਣਸੁਣਨ ਦੇ ਬਹਾਨੇ ਸੱਚ ਦਾ ਦਰਸ਼ਨ ਕਰਾਇਆ ਗਿਆ । ਅਗਿਆਨਤਾ ਦਾ ਸਮਰਪਣ ਹੀ ਗਿਆਨ ਦੀ ਉਪਲਬਧੀ ਹੈ । ਮਰਜ਼ ਦੀ ਸ਼ਨਾਖਤ ਹੀ ਮਰੀਜ਼ ਦਾ ਇਲਾਜ ਹੈ । ਜਗਿਆਸੂ ਸੱਜਣ ਸਦਾ ਤੋਂ ਹੀ ਬੁੱਧਪੁਰਸ਼ਾਂ ਦੀ ਸੰਗਤ ਵਿਚ ਬਹਿੰਦੇ ਆਏ ਨੇ । ਕੁਝ ਸੁਣਦੇ ਕੁਝ ਕਹਿੰਦੇ ਆਏ ਨੇ । ਇਹ ਗੋਸ਼ਠਪਰੰਪਰਾ ਅਨਮੋਲ ਹੈ । ਇਸੇ ਦੀ ਬਦੌਲਤ ਪਿਉਦਾਦੇ ਦਾ ਖਜ਼ਾਨਾ ਸਾਡੇ ਕੋਲ ਹੈ । ਭਾਵੇਂ ਅਸੀਂ ਇਸ ਵਿਰਸੇ ਤੋਂ ਅਨਜਾਣ ਹਾਂ । ਅਮੀਰ ਮਾਪਿਆਂ ਦੀ ਗਰੀਬ ਸੰਤਾਨ ਹਾਂ ।

•••

ਦਾਰਾ ਸ਼ਿਕੋਹ ਨੇ ਸੂਫੀ ਵਿਚਾਰਧਾਰਾ ਅਤੇ ਵੇਦਾਂਤ ਦਰਸ਼ਨ ਦੇ ਸੰਵਾਦ ਰਾਹੀਂ ਦੋਹਾਂ ਫਿਰਕਿਆਂ ਨੂੰ ਇੱਕੋ ਨੁਕਤੇ 'ਤੇ ਗੱਲ ਮੁਕਾਉਣ ਦੀ ਸਲਾਹ ਦਿੱਤੀ । ਬਾਵਾ ਲਾਲ ਨੇ ਆਪਣੇ ਬਚਨਾਂ ਦੁਆਰਾ ਦੋਹਾਂ ਘੜਿਆਂ ਤੋਂ ਚੱਪਣੀ ਲਾਹ ਦਿੱਤੀ । ਭੇਤ ਖੁੱਲਿ੍ਹਆ ਤਾਂ ਸੱਚਾਈ ਜਾਣੀ ਹੈ । ਦੋਹਾਂ ਘੜਿਆਂ ਵਿਚ ਇਕੋ ਪਾਣੀ ਹੈ । ਸੰਕਟ ਸਮੇਂ ਸੁਹਿਰਦ ਬਚਨਬਿਲਾਸ ਹੀ ਸਹਾਰਾ ਹੁੰਦਾ ਹੈ । ਪ੍ਰਸ਼ਨਾਂ ਦੀ ਪਿਆਸ ਦਾ ਗੋਸ਼ਠ ਹੀ ਹੁੰਗਾਰਾ ਹੁੰਦਾ ਹੈ ।

ਦਾਰਾ ਸ਼ਿਕੋਹ ਨੂੰ ਨਮਿੱਤ ਬਣਾ ਕੇ ਬੁੱਧਪੁਰਸ਼ ਕੁਝ ਬੋਲ ਰਹੇ ਨੇ । ਮਨ ਦੀਆਂ ਗੰਢਾਂ ਨੂੰ ਸਹਿਜ ਭਾਅ ਖੋਲ੍ਹ ਰਹੇ ਨੇ । ਅਸੀਂ ਵੀ ਹੁਣ ਬੰਦ ਆਪਣੇ ਬਚਨਬਿਲਾਸ ਕਰਦੇ ਹਾਂ । ਸਿਰਫ਼ ਸੁਣਨ ਦਾ ਅਭਿਆਸ ਕਰਦੇ ਹਾਂ :

? ਸੰਤ ਦਾ ਮਜ਼ਹਬ ਕੀ ਹੈ ।
ਕਿਸੇ ਨੂੰ ਜ਼ਰਾ ਵੀ ਦੁੱਖ ਨਾ ਦੇਣਾ
? ਕਾਫਿਰ ਅਤੇ ਰੱਬ ਤੋਂ ਬੇਮੁੱਖ ਕੌਣ ਹੈ ।
ਜੋ ਆਦਮੀ ਸੱਚ ਨੂੰ ਛੁਪਾਉਂਦਾ ਹੈ ਅਤੇ ਉਹੀ ਰੱਬ ਤੋਂ ਬੇਮੁਖ ਹੈ ।
? ਸੰਤ ਦੀ ਅਦਾਲਤ ਤੇ ਇਨਸਾਫ਼ ਕੀ ਹੈ ।
ਸਭ ਮਜ਼ਹਬਾਂ ਲਈ ਸਮਾਨ ਭਾਵ ਅਤੇ ਸਾਰਿਆਂ ਨੂੰ ਸੱਚ ਦੇ ਰਾਹ ਤੋਰਨਾ ।
? ਬੇਫ਼ਾਇਦਾ ਕੰਮ ਕਿਹੜਾ ਹੈ ।
ਭੂਤ ਕਾਲ ਨੂੰ ਯਾਦ ਕਰਕੇ ਅਫ਼ਸੋਸ ਕਰਨਾ ਅਤੇ ਭਵਿੱਖ ਤੋਂ ਡਰਨਾ ।
? ਵਧੀਆ ਪਿਆਲਾ ਕਿਹੜਾ ਹੈ ।
ਜਿਹੜਾ ਦਿਲ 'ਚ ਅਸਰ ਪੈਦਾ ਕਰੇ ।
? ਨਸ਼ਿਆਂ 'ਚੋਂ ਨਸ਼ਾ ਕਿਹੜਾ ਚੰਗਾ ਹੈ ।
ਜੋ ਮਸਤੀ ਲਿਆਏ ਪਰ ਪਿੱਛੋਂ ਬੇਚੈਨੀ ਪੈਦਾ ਨਾ ਕਰੇ ।
? ਕੀ ਸੰਤ ਨੂੰ ਵੀ ਨਸ਼ੇ ਦੀ ਲੋੜ ਹੁੰਦੀ ਹੈ ।
ਉਸ ਲਈ ਉੱਤਮ ਨਸ਼ਾ ਈਸ਼ਵਰ ਦਾ ਧਿਆਨ ਹੈ । ਇਸ ਦਾ ਅਸਰ ਹਮੇਸ਼ਾ ਰਹਿੰਦਾ ਹੈ । ਦਿਲ-ਪਸੰਦ ਰਾਹਤ ਪੈਦਾ ਕਰਦਾ ਹੈ । ਅੱਖਾਂ 'ਚ ਖ਼ੁਮਾਰ ਅਤੇ ਦਿਮਾਗ 'ਚ ਖ਼ੁਸ਼ਬੂ ਪੈਦਾ ਕਰਦਾ ਹੈ ।
? ਸੰਤ ਦੀ ਮਸਤੀ ਕੀ ਹੈ ।
ਸੱਚ ਦਾ ਸਾਥ ਦੇਣਾ ਯਾਨੀ ਹਕ-ਪ੍ਰਸਤੀ ।
? ਸੰਤ ਨੂੰ ਕਸ਼ਟ ਕਿਸ ਵਿਚ ਹੈ ।
ਦੁਨੀਆ ਅਤੇ ਦੁਨੀਆਦਾਰਾਂ ਦੀ ਦੋਸਤੀ ਵਿਚ ।
? ਸੰਤ ਦਾ ਦੁੱਖ ਕੀ ਹੈ ।
ਚਮਤਕਾਰ ਨੂੰ ਜ਼ਾਹਿਰ ਕਰਨਾ ।
? ਸੰਤ ਦਾ ਪਹਿਰਾਵਾ ਕੀ ਹੈ ।
ਖ਼ੁਦ ਨੂੰ ਛੁਪਾਉਣਾ ।
? ਸੰਤ ਦੀ ਵਿੱਦਿਆ ਕੀ ਹੈ ।
ਦਵਾਈਗਿਰੀ ਅਤੇ ਜੋਤਿਸ਼ਬਾਜ਼ੀ ਤੋਂ ਲਾਂਭੇ ਰਹਿਣਾ ।
? ਸੰਤ ਕੋਲ ਦੁਖੀਆਂ ਦੀ ਦਵਾ ਕੀ ਹੈ ।
ਆਸ਼ੀਰਵਾਦ ।
? ਸੰਤ ਦਾ ਦੁਸ਼ਮਣ ਕੌਣ ਹੈ ।
ਵੱਸ 'ਚ ਨਾ ਰਹਿਣ ਵਾਲੀਆਂ ਇੰਦਰੀਆਂ ।
? ਸੰਤ ਦੇ ਫ਼ਾਇਦੇ ਦੀ ਕਿਹੜੀ ਗੱਲ ਹੈ ।
ਕਿਸੇ ਤੋਂ ਕੁਝ ਨਾ ਮੰਗਣਾ ।
? ਸੰਤ ਦਾ ਨਿਯਮ ਕੀ ਹੈ ।
ਜੋ ਕਹੇ, ਖ਼ੁਦ ਕਰੇ । ਜੋ ਖ਼ੁਦ ਨਾ ਕਰੇ, ਕਿਸੇ ਨੂੰ ਕਰਨ ਲਈ ਨਾ ਕਹੇ ।
? ਸੰਤ ਦਾ ਵਾਰਤਾਲਾਪ ਕੀ ਹੁੰਦਾ ਹੈ
ਸਿਰਫ਼ ਮਹਾਪੁਰਸ਼ਾਂ ਦੇ ਬਾਰੇ ।
? ਸੰਤ ਦੀ ਚਲਾਕੀ ਕੀ ਹੈ ।
ਦੁਨੀਆਦਾਰਾਂ ਦੀ ਮੁਹੱਬਤ ਤੋਂ ਖ਼ੁਦ ਨੂੰ ਬਚਾ ਕੇ ਰੱਖਣਾ ।
? ਸੰਤ ਦਾ ਨੁਕਸਾਨ ਕਿਸ ਵਿਚ ਹੈ ।
ਅਮੀਰਾਂ ਨਾਲ ਦੋਸਤੀ ਵਿਚ ।
? ਸੰਤ ਦਾ ਆਨੰਦ ਕਿਸ ਵਿਚ ਹੈ ।
ਹੈਰਾਨੀ ਅਤੇ ਖਾਹਿਸ਼ ਤੋਂ ਪਰੇ ਰਹਿਣ ਵਿਚ ।
? ਬੇਈਮਾਨੀ, ਚੋਰੀ ਤੇ ਦਗਾ ਕੀ ਹੈ ।
ਜੋ ਮੂੰਹ 'ਤੇ ਨਾ ਕਿਹਾ ਜਾ ਸਕੇ ।
? ਕੰਮਾਂ 'ਚੋਂ ਵੱਡਾ ਕੰਮ ਕਿਹੜਾ ਹੈ ।
ਭਲੇ ਪੁਰਸ਼ਾਂ ਨਾਲ ਨਾ ਲੜਨਾ, ਨਾ ਝਗੜਨਾ ।
? ਕੰਮਾਂ 'ਚੋਂ ਸਭ ਤੋਂ ਮਾੜਾ ਕੰਮ ਕਿਹੜਾ ਹੈ ।
-ਕਿਸੇ ਦਾ ਦਿਲ ਦੁਖਾਉਣਾ ਅਤੇ ਕ੍ਰਿਤਘਣ ਹੋਣਾ ।

••••••

5. ਮੋਹਨ ਦਾਸ ਦਾ ਡੇਰਾ

ਬਾਬਾ ਮੋਹਨ ਦਾਸ ਮਹੰਤ ਹਰਨਾਮ ਦਾਸ ਦਾ ਚੇਲਾ ਸੀ । ਉਹ ਬੜੀ ਦੇਰ ਦਰਬਾਰ ਦਾ ਮੁਖ਼ਤਾਰਏਆਮ ਰਿਹਾ । ਪਿੰਡ 'ਤੇ ਉਹਦੀ ਹਕੂਮਤ ਚੱਲਦੀ ਸੀ । ਉਹ ਸਰਪੰਚ ਸੀ । ਠਾਣੇਦਾਰ ਸੀ । ... ਉਹ ਮਹੰਤ ਨਹੀਂ ਸੀ ਬਣਿਆ ਪਰ ਪਿੱਛੋਂ ਵਾਲੇ ਮਹੰਤਾਂ ਲਈ ਉਹ 'ਤਾਇਆ ਗੁਰੂ', 'ਦਾਦਾ ਗੁਰੂ' ਵਾਲਾ ਦਰਜਾ ਰੱਖਦਾ ਸੀ ।

ਮੰਦਿਰ ਦੀਆਂ ਪੌੜੀਆਂ ਚੜ੍ਹ ਕੇ ਸਭ ਤੋਂ ਪਹਿਲਾਂ ਜਿਹੜੀ ਇਮਾਰਤ ਮੱਥੇ ਲੱਗਦੀ ਸੀ, ਇਸ ਨੂੰ ਮੋਹਨ ਦਾਸ ਦਾ ਡੇਰਾ ਕਹਿੰਦੇ ਸਨ । ਬਚਪਨ ਵਿਚ ਮੈਂ ਇਹਦੇ ਬਾਰੇ ਇਕ ਕਵਿਤਾ ਲਿਖੀ ਸੀ, ਜਿਸ ਦੀਆਂ ਹੁਣ ਸਿਰਫ਼ ਮੁੱਢਲੀਆਂ ਸਤਰਾਂ ਹੀ ਯਾਦ ਹਨ :

ਸਾਡੇ ਪਿੰਡ ਮਸ਼ਹੂਰ ਜਗ੍ਹਾ ਹੈ,
ਮੋਹਨ ਦਾਸ ਦਾ ਡੇਰਾ ।
ਓਥੇ ਹੈਸੀ ਆਮਤੌਰ 'ਤੇ
ਆਉਣਾ ਜਾਣਾ ਮੇਰਾ¨
ਸਰਦੀ ਦੇ ਵਿਚ ਅੱਗ ਦੇ ਧੂਣੇ,
ਗਰਮੀ ਦੇ ਵਿਚ ਪੱਖੇ ।
ਐਸ਼ ਆਰਾਮ ਦੇ ਸਾਰੇ ਸਾਧਨ
ਬਾਬਾ ਜੀ ਨੇ ਰੱਖੇ¨
ਹਰ ਦਮ ਓਥੇ ਚਾਲੂ ਰਹਿੰਦੇ,
ਛਿਕੜੀ ਤਾਸ਼ ਤੇ ਹੁੱਕਾ ।
ਜਿਸ ਨੇ ਅੰਦਰ ਪੈਰ ਰੱਖਿਆ,
ਉਸ ਦਾ ਝਗੜਾ ਮੁੱਕਾ¨
ਮੇਰੇ 'ਤੇ ਵੀ ਓਸ ਜਗ੍ਹਾ ਦਾ
ਚੱਲ ਗਿਆ ਸੀ ਜਾਦੂ ।
ਪੜ੍ਹਨਾ ਲਿਖਣਾ ਤੇ ਘਰ ਦਾ ਕੰਮ
ਜਾਪਣ ਲੱਗੇ ਵਾਧੂ । ...

•••

ਮੰਦਿਰ ਜਾਣ ਦਾ ਬਹਾਨਾ ਲਾ ਕੇ ਲੋਕ ਮੋਹਨ ਦਾਸ ਦੇ ਡੇਰੇ 'ਚ ਜਾ ਬਹਿੰਦੇ ਸਨ । ਬੈਠੇ ਰਹਿੰਦੇ ਸਨ । ਲੇਟੇ ਰਹਿੰਦੇ ਸਨ । ਸੁੱਤੇ ਰਹਿੰਦੇ ਸਨ । ਜਦੋਂ ਮਰਜ਼ੀ ਆਉ ਜਾਉ । ਕੋਈ ਰੋਕਣ ਟੋਕਣ ਵਾਲਾ ਨਹੀਂ ਸੀ । ਕੋਈ ਪਾਬੰਦੀ ਨਹੀਂ ਸੀ । ਜਦੋਂ ਬਿਜਲੀ ਨਹੀਂ ਸੀ ਆਈ ਉਦੋਂ ਰੱਸੀ ਨਾਲ ਖਿੱਚਣ ਵਾਲੇ ਪੱਖੇ ਛੱਤ ਨਾਲ ਬੱਝੇ ਹੁੰਦੇ ਸਨ । ਲੋਕ ਵਾਰੀ ਨਾਲ ਖਿੱਚੀ ਜਾਂਦੇ ਸਨ । ਸਰਦੀਆਂ 'ਚ ਕੜ੍ਹਾਹੀਆਂ ਵਿਚ ਕੋਇਲੇ ਭਖਾ ਕੇ ਰੱਖੇ ਹੁੰਦੇ ਤੇ ਕੜ੍ਹਾਹੀਆਂ ਲਾਈਨ ਵਿਚ ਰੱਖੀਆਂ ਹੁੰਦੀਆਂ । ਨਾ ਓਥੇ ਮੱਛਰ ਹੁੰਦਾ ਨਾ ਮੱਖੀਆਂ ਹੁੰਦੀਆਂ ।

ਮੋਹਨ ਦਾਸ ਦੀ ਦਰਅਸਲ ਸਮਾਨੰਤਰ ਸਰਕਾਰ ਸੀ । ਏਧਰ ਡੇਰਾ ਸੀ, ਓਧਰ ਦਰਬਾਰ ਸੀ । ਜਿਹੜਾ ਕੰਮ ਮੰਦਿਰ ਵਿਚ ਨਹੀਂ ਸੀ ਹੁੰਦਾ, ਉਹ ਡੇਰੇ ਵਿਚ ਹੁੰਦਾ ਸੀ । ਰਸਦ ਦਰਬਾਰ ਤੋਂ ਆਉਂਦੀ ਸੀ । ਲੰਗਰ ਵੱਖਰਾ ਪੱਕਦਾ ਸੀ । ਏਥੇ ਕੋਈ ਕੱਟੜ ਮਰਿਆਦਾ ਨਹੀਂ ਸੀ, ਦਰਵੇਸ਼ਾਂ ਵਾਲੀ ਮਸਤੀ ਸੀ । ਡੇਰੇ ਦੀ ਵੱਖਰੀ ਖ਼ੁਦਮੁਖ਼ਤਾਰ ਹਸਤੀ ਸੀ ।

ਡੇਰਾ ਬੜਾ ਖੁੱਲ੍ਹਾ-ਡੁੱਲ੍ਹਾ ਤੇ ਹਵਾਦਾਰ ਸੀ । ਕਈ ਪਾਸਿਆਂ ਤੋਂ ਰੌਸ਼ਨੀ ਆਉਂਦੀ ਸੀ । ਵੱਡੇ ਸਾਰੇ ਹਾਲਕਮਰੇ ਵਿਚ ਮੋਟੀਆਂ ਦਰੀਆਂ ਵਿਛੀਆਂ ਰਹਿੰਦੀਆਂ । ਖੇਡਣ ਵਾਲਿਆਂ ਨੂੰ ਪਤਾ ਹੁੰਦਾ ਸੀ ਕਿ ਤਾਸ਼ ਕਿੱਥੇ ਪਈ ਹੈ । ਸ਼ਤਰੰਜ ਦਾ ਸਮਾਨ ਕਿੱਥੇ ਹੈ । ਆਪੇ ਚੁੱਕਦੇ । ਖੇਡਦੇ ਸਮੇਟਦੇ । ਸੰਭਾਲਦੇ ।

ਸਿਗਰਟਾਂ ਬੀੜੀਆਂ ਦੇ ਸੂਟੇ ਲੱਗਦੇ । ਗੁੱਲ ਝੜਦੇ । ਕਈ ਸੱਜਣ ਸਿਗਰਟ 'ਚੋਂ ਤਮਾਕੂ ਕੱਢ ਕੇ ਉਸ ਵਿਚ ਕੁਝ ਹੋਰ ਮਿਲਾ ਕੇ ਮੁੜ ਭਰਦੇ । ਲੰਮਾ ਕਸ਼ ਖਿੱਚ ਕੇ ਅਗਲੇ ਨੂੰ ਪੇਸ਼ ਕਰਦੇ । ਇਕ ਦੂਜੇ ਤੋਂ ਪਹਿਲਾਂ ਮੰਗਦੇ । ਲਾਲ ਲਾਲ ਅੱਖਾਂ ਨਾਲ ਖੰਘਦੇ । ... ਕਈ ਹੁੱਕਾ ਤਾਜ਼ਾ ਕਰਦੇ । ਗੁੜ-ਗੁੜ ਕਰਦੇ । ਕਈ ਖੇਡਣ ਵਾਲੇ ਹੁੰਦੇ । ਕਈ ਵੇਖਣ ਵਾਲੇ ਹੁੰਦੇ । ਕਿਸੇ ਨੂੰ ਘਰੋਂ ਬੁਲਾਵਾ ਆ ਜਾਂਦਾ, ਕੋਈ ਥੱਕ ਕੇ ਲੰਮਾ ਪੈ ਜਾਂਦਾ । ਕੋਈ ਹੋਰ ਉਸਦੀ ਥਾਂ ਬਹਿ ਜਾਂਦਾ ।

ਦਿਨ ਵੇਲੇ ਤਾਂ ਵਿਹਲੜ ਕਿਸਮ ਦੇ ਲੋਕ ਟਾਈਮ ਪਾਸ ਕਰਨ ਆਉਂਦੇ ਸਨ । ਦੀਨ ਦੁਨੀਆ ਤੋਂ ਮੁਕਤ ਹੋ ਕੇ ਚੰਮ ਦੀਆਂ ਚਲਾਉਂਦੇ ਸਨ । 'ਸੇਵਾ' ਕਰਦੇ ਸਨ । ਢਿੱਡ ਭਰਦੇ ਸਨ । ਘਰਾਂ ਤੋਂ ਭੱਜਣ ਵਾਲਿਆਂ ਲਈ ਇਹ ਮਨਭਾਉਂਦੀ ਠਾਹਰ ਸੀ । ਸੇਵਾ ਭਾਵਨਾ ਵਾਲਿਆਂ ਲਈ ਅੱਗਾ ਸੰਵਾਰਨ ਦਾ ਆਹਰ ਸੀ । ਆਵਾਜਾਈ ਸਵੇਰ ਤੋਂ ਹੀ ਸ਼ੁਰੂ ਹੋ ਜਾਂਦੀ ਸੀ, ਪਰ ਮੇਲਾ ਸ਼ਾਮ ਨੂੰ ਭਰਦਾ ਸੀ । ਸੌਣ ਤੋਂ ਪਹਿਲਾਂ ਬਹੁਤਿਆਂ ਦਾ ਏਥੇ ਆਉਣ ਨੂੰ ਜੀ ਕਰਦਾ ਸੀ ।

ਬਾਬਾ ਮੋਹਨ ਦਾਸ ਸ਼ਾਮ ਨੂੰ ਖ਼ੁਦ ਡੇਰੇ ਵਿਚ ਬਹਿੰਦਾ ਸੀ । ਬਾਕਾਇਦਾ ਉਹਦਾ ਆਸਣ ਸਜਾਇਆ ਜਾਂਦਾ । ਗਦੇਲਾ ਵਿਛਾਇਆ ਜਾਂਦਾ । ਢੋਅ ਵਾਲਾ ਸਿਰ੍ਹਾਣਾ ਲਗਾਇਆ ਜਾਂਦਾ । ਉਸ ਦੀ ਪ੍ਰਧਾਨਗੀ ਵਿਚ ਵੱਖਰੀ ਤਰ੍ਹਾਂ ਦੀ ਮਹਿਫਿਲ ਸਜਦੀ । ਪੂਰਾ ਅਨੁਸ਼ਾਸਨ ਹੁੰਦਾ । ਨਾ ਤਾਸ਼, ਨਾ ਸ਼ਤਰੰਜ, ਨਾ ਸਿਗਰਟਬੀੜੀ, ਨਾ ਸ਼ੋਰਸ਼ਰਾਬਾ । ਸਿਰਫ਼ ਬਾਬੇ ਦਾ ਲੰਮੀ ਨੜੀ ਵਾਲਾ ਹੁੱਕਾ । ਰੋਅਬਦਾਰ ਗੁੜ-ਗੁੜ । ਅਤੇ 'ਸ਼ੁਰੂ ਕਰੋ' ਦਾ ਆਦੇਸ਼ ਮਿਲਦਿਆਂ ਹੀ ਮਹਿਫਿਲ ਦਾ ਆਗਾਜ਼!

ਸਭ ਤੋਂ ਪਹਿਲਾਂ ਉਰਦੂ ਦੀ ਅਖ਼ਬਾਰ ਦੀ ਵਾਰੀ ਹੁੰਦੀ । ਉਸ 'ਚੋਂ 'ਕ੍ਰਿਸ਼ਨ ਅਵਤਾਰ' ਦੀ ਕਿਸ਼ਤ ਦਾ ਪਾਠ ਹੁੰਦਾ । ਫ਼ਿਕਰ ਤੌਂਸਵੀ ਦਾ ਕਾਲਮ 'ਪਿਆਜ਼ ਕੇ ਛਿਲਕੇ' ਪੜ੍ਹਿਆ ਜਾਂਦਾ । ਟਿੱਪਣੀਆਂ ਹੁੰਦੀਆਂ । ਚੁੰਝ-ਚਰਚਾ ਹੁੰਦੀ । ਹਾਸਾ-ਠੱਠਾ ਹੁੰਦਾ । ਅਖ਼ਬਾਰੀ ਸੁਰਖ਼ੀਆਂ ਬਾਰੇ ਵੀ ਗੱਲ ਹੁੰਦੀ । ... ਪਰ ਅਸਲੀ ਖਿੱਚ ਤਾਂ ਲੜੀਵਾਰ ਪ੍ਰੋਗਰਾਮ ਦੀ ਹੁੰਦੀ ਸੀ ।

ਡੇਰੇ ਵਿਚ 'ਲਾਲ ਪ੍ਰਕਾਸ਼' ਕਦੇ 'ਰਾਮ ਚਰਿਤ ਮਾਨਸ' ਦਾ ਲੜੀਵਾਰ ਪਾਠ ਚੱਲਦਾ ਤੇ ਕਦੇ 'ਰਾਧੇ ਸ਼ਾਮ ਦੀ ਰਾਮਾਇਣ' ਸਿਲਸਿਲੇਵਾਰ ਗਾਈ ਜਾਂਦੀ । ਕਦੇ ਪਿ੍ਥਵੀ ਰਾਜ ਚੌਹਾਨ ਅਤੇ ਕਦੇ ਅਮਰ ਸਿੰਘ ਰਾਠੌਰ ਬਾਰੇ ਨਾਟਕਾਂ ਦਾ ਉਚਾਰਨ ਹੁੰਦਾ । ਵਾਰਿਸ ਸ਼ਾਹ ਦੀ ਹੀਰ ਤਾਂ ਡੇਰੇ ਉੱਤੇ ਅਮਰਵੇਲ ਵਾਂਗ ਛਾਈ ਰਹਿੰਦੀ ਸੀ । ਉਸ ਦੀ ਫਰਮਾਇਸ਼ ਘੜੀ ਮੁੜੀ ਆਈ ਰਹਿੰਦੀ ਸੀ । ਇਕ ਵਾਰੀ ਮੈਂ ਚੰਡੀਗੜ੍ਹੋਂ ਸੂਬਾ ਸਿੰਘ ਦੀ ਹੀਰ ਲੈ ਗਿਆ । ਪਿੰਡ ਛੱਡ ਆਇਆ । ਪਤਾ ਲੱਗਾ ਕਿ ਮੇਰਾ ਵੱਡਾ ਭਾਈ ਗੁਰਚਰਨ ਸ਼ਰਮਾ ਵਾਰਸ ਦੀ ਥਾਂ ਸੂਬਾ ਸਿੰਘ ਦੀ ਹੀਰ ਸੁਣਾਉਣ ਲੱਗ ਪਿਆ । ਮੋਹਨ ਦਾਸ ਨੂੰ ਏਨੀ ਪਸੰਦ ਆਈ ਕਿ ਉਹਦਾ ਵੀ ਲੜੀਵਾਰ ਪਾਠ ਆਰੰਭ ਹੋ ਗਿਆ । ਬਾਬਾ ਨੱਕ 'ਚੋਂ ਬੋਲਦਾ ਹੁੰਦਾ ਸੀ । ਉਹਨੇ ਕਹਿਣਾ : ਸ਼ਰਮਾ! ਉਹ ਸੁਣਾ:

ਤੱਤੇ ਤਵੇ 'ਤੇ ਪਾਣੀ ਦੀ ਛਿੱਟ ਵਾਂਗੂੰ,
ਉਡ ਜਾਂਦੇ ਨੇ ਇਸ਼ਕ ਕੁਆਰੀਆਂ ਦੇ¨

•••

ਇਕ ਸ਼ਾਮ ਨੂੰ ਤੁਲਸੀ ਰਾਮਾਇਣ ਦਾ ਪਾਠ ਚੱਲ ਰਿਹਾ ਸੀ । ਚੌਪਈ ਤੋਂ ਪਿੱਛੋਂ ਜਦੋਂ ਵੀ ਦੋਹਾ ਆਉਂਦਾ ਤਾਂ ਸਾਰੇ ਸਰੋਤੇ ਮਸ਼ੀਨੀ ਸੁਰ ਵਿਚ 'ਸੀਆ ਪਤੀ ਰਾਮ ਚੰਦਰ ਕੀ ਜੈ' ਉਚਾਰਦੇ । ਮਸਤੀ ਵਾਲੇ ਸੰਗੀਤਕ ਮਾਹੌਲ ਵਿਚ ਹਰ ਵਰਗ ਅਤੇ ਹਰ ਉਮਰ ਦੇ ਸਰੋਤੇ ਝੂਮ ਰਹੇ ਸਨ । ਪੱਕੀ ਉਮਰ ਦੇ ਸਿਆਣੇ ਅਤੇ ਕੱਚੀ ਉਮਰ ਦੇ ਨਿਆਣੇ ਇਕਸੁਰ ਹੋਏ ਪਏ ਸਨ । ਅਚਾਨਕ ਸਭ ਬਿਰਤੀਆਂ ਭੰਗ ਹੋ ਗਈਆਂ । 'ਸੀਆ ਪਤੀ ਰਾਮ ਚੰਦਰ ਕੀ ਜੈ' ਦੇ ਉਚਾਰ ਵੇਲੇ ਕਿਸੇ ਨੇ ਰਾਮ ਚੰਦਰ ਦੀ ਥਾਂ ਕੁੰਭਕਰਨ ਬੋਲ ਦਿੱਤਾ ਸੀ । ਬਾਬੇ ਮੋਹਨ ਦਾਸ ਨੇ ਹੁੱਕੇ ਦੀ ਨੜੀ ਖਿੱਚ ਲਈ । 'ਸੂਰ ਦਿਆ ਬੱਚਿਆਸੂਰ ਦਿਆ ਬੱਚਿਆ' ਕਹਿਕਹਿ ਕੇ ਦੀਸ਼ੇ ਨੂੰ ਨੜੀ ਨਾਲ ਖੂਬ ਕੁੱਟਿਆ । ਬਾਬੇ ਦੀ ਤੇਜ਼ ਨਜ਼ਰ ਨੇ ਦੋਸ਼ੀ ਨੂੰ ਤਾੜ ਲਿਆ ਸੀ ਅਤੇ ਮੌਕੇ 'ਤੇ ਸਜ਼ਾ ਵੀ ਦੇ ਦਿੱਤੀ ਸੀ । .. ਪਰ ਹੌਲੀਹੌਲੀ ਨਵੀਂ ਪੀੜ੍ਹੀ ਤੋਂ ਉਹਦਾ ਮਨ ਖੱਟਾ ਹੁੰਦਾ ਗਿਆ ਅਤੇ ਡੇਰੇ ਦੀਆਂ ਸਰਗਰਮੀਆਂ ਸਿਮਟਦੀਆਂ ਗਈਆਂ ।

ਖ਼ੈਰ ਵਕਤ ਨਾਲ ਹਰ ਸ਼ੈਅ ਬਦਲਣੀ ਹੁੰਦੀ ਹੈ । ਅੱਜ ਮੋਹਨ ਦਾਸ ਨਹੀਂ ਹੈ । ਮੋਹਨ ਦਾਸ ਦਾ ਡੇਰਾ ਵੀ ਬਸ ਪੁਰਾਣੇ ਲੋਕਾਂ ਦੀਆਂ ਯਾਦਾਂ ਵਿਚ ਹੀ ਰਹਿ ਗਿਆ ਹੈ । ਪਰ ਖ਼ਿਆਲ ਆਉਂਦਾ ਹੈ ਕਿ ਪਿੰਡ ਅਤੇ ਦਰਬਾਰ ਦੇ ਵਿਚਕਾਰ ਉਹ ਕੈਸੀ 'ਨੋ ਮੈਨਜ਼ ਲੈਂਡ' ਸੀ, ਜਿੱਥੇ ਦੋਹਾਂ ਵਿਚੋਂ ਕਿਸੇ ਦਾ ਕਾਨੂੰਨ ਲਾਗੂ ਨਹੀਂ ਸੀ ਹੁੰਦਾ । ਮੰਦਿਰ ਵਿਚ ਆਰਤੀ ਪੂਜਾ ਅਤੇ ਹੋਰ ਕਰਮਕਾਂਡ ਲਗਾਤਾਰ ਜਾਰੀ ਰਹਿੰਦਾ ਸੀ । ਪਿੰਡ ਵਿਚ ਦੁਨਿਆਵੀ ਕਾਰੋਬਾਰ ਦਾ ਬੋਲਬਾਲਾ ਸੀ । ਮੋਹਨ ਦਾਸ ਦਾ ਡੇਰਾ ਦੋਹਾਂ ਤੋਂ ਨਿਰਾਲਾ ਸੀ ।

ਹੁਣ ਵੇਖੀਦਾ ਹੈ ਕਿ ਲੋਕ ਰੁਝੇਵਿਆਂ 'ਚੋਂ ਵਕਤ ਕੱਢ ਕੇ ਤਰੋ-ਤਾਜ਼ਾ ਹੋਣ ਲਈ ਕਾਫ਼ੀ-ਹਾਊਸ ਚਲੇ ਜਾਂਦੇ ਹਨ, ਬੀਅਰ ਬਾਰ ਜਾ ਬਹਿੰਦੇ ਹਨ । ਰੱਜੇ-ਪੁੱਜੇ ਸ਼ਹਿਰੀ ਲੋਕਾਂ ਲਈ ਮਨੋਰੰਜਨ ਦੇ ਅਨੇਕ ਵਸੀਲੇ ਹਨ । ਉਹ, ਪੱਲੇ ਖਰਚ ਬੰਨ੍ਹ ਕੇ, ਕਿਤੇ ਨਾ ਕਿਤੇ ਤੁਰੇ ਹੀ ਰਹਿੰਦੇ ਹਨ । ਪਰ ਪੰਛੀਆਂ ਤੇ ਦਰਵੇਸ਼ਾਂ ਨੂੰ ਤਾਂ ਡੇਰੇ ਹੀ ਰਾਸ ਆਉਂਦੇ ਹਨ । ਨਾ ਕਰਮਕਾਂਡੀਆਂ ਨੂੰ ਇਹ ਚਲਨ ਚੰਗਾ ਲੱਗਦਾ ਹੈ, ਨਾ ਦੁਨੀਆਦਾਰਾਂ ਨੂੰ ਹੀ ਸੁਖਾਉਂਦਾ ਹੈ । ਫੇਰ ਵੀ ਇਹੋ ਜਿਹਾ ਕੋਈ ਚਸ਼ਮਾ ਕਿਤੋਂ ਨਾ ਕਿਤੋਂ ਫੁੱਟ ਹੀ ਆਉਂਦਾ ਹੈ ।

ਅੱਜ ਕੱਲ੍ਹ ਸ਼ਾਮ ਤੋਂ ਪਹਿਲਾਂ ਹੀ ਪਿੰਡ ਦਾਰੂ 'ਚ ਡੁੱਬ ਜਾਂਦਾ ਹੈ । ਉਦੋਂ ਸਾਰੇ ਦਿਨ ਦੇ ਥੱਕੇਟੁੱਟੇ ਲੋਕ ਮੋਹਨ ਦਾਸ ਦੇ ਡੇਰੇ ਦੀ ਮਸਤੀ ਪੀਂਦੇ ਸਨ । ਚੌਵੀ ਘੰਟਿਆਂ 'ਚੋਂ ਥੋੜ੍ਹਾ ਜਿਹਾ ਵਕਤ ਆਪਣੀ ਮਰਜ਼ੀ ਨਾਲ ਜੀਂਦੇ ਸਨ । ਇਸ ਮਰਜ਼ੀ ਦਾ ਕੋਈ ਮੁੱਲ ਨਹੀਂ ਸੀ । ਕੋਈ ਖਰਚਾ ਨਹੀਂ ਸੀ ।

ਦਿਨ ਵੇਲੇ ਤਲਾਅ ਉੱਤੇ, ਬਾਗ ਵਿਚ ਜਾਂ ਬੋਹੜ ਥੱਲੇ ਵਕਤ ਕੱਟ ਕੇ ਵੀ ਲੋਕਾਂ ਨੂੰ ਸ਼ਾਮ ਦੀ ਉਡੀਕ ਰਹਿੰਦੀ ਸੀ । ਉਨ੍ਹਾਂ ਦੇ ਸੰਘ ਵਿਚ ਕੁਝ ਫਸਿਆ ਰਹਿੰਦਾ ਸੀ । ਢਿੱਡ ਵਿਚ ਕੁਝ ਉਬਲਦਾ ਰਹਿੰਦਾ ਸੀ । ਮਨ ਵਿਚ ਕੁਝ ਉੱਠਦਾ ਰਹਿੰਦਾ ਸੀ । ਨਾ ਇਹ ਪੂਜਾ-ਪਾਠ ਨਾਲ ਸ਼ਾਂਤ ਹੁੰਦਾ ਸੀ, ਨਾ ਦਵਾਦਾਰੂ ਨਾਲ । ਮੰਦਿਰ ਦੇ ਕਈ ਸਾਧ ਵੀ ਇਸ ਡੇਰੇ 'ਚੋਂ ਸਕੂਨ ਭਾਲਦੇ ਸਨ । ਉੱਤੋਂ ਉੱਤੋਂ ਕਰਮਕਾਂਡੀ ਸਨ, ਵਿਚੋਂ ਸਾਡੇ ਨਾਲ ਦੇ ਸਨ ।

ਬਾਬੇ ਮੋਹਨ ਦਾਸ ਨੇ ਸਾਧਾਂ ਵਾਲੇ ਜਾਮੇ ਵਿਚ ਵੀ ਰਾਜ ਭੋਗਿਆ । ਇਸ 'ਰਾਜ' ਦਾ ਅਨੁਭਵ ਉਹਨੇ 'ਪਰਜਾ' ਨੂੰ ਵੀ ਕਰਾਇਆ । ਸੁਹਜ-ਸੁਆਦ ਅਤੇ ਬਚਨ-ਬਿਲਾਸ ਦੀ ਪ੍ਰਵਿਰਤੀ ਨੂੰ ਚੋਗਾ ਪਾਇਆ । ਮੱਥੇ ਘਸਾਉਣ ਵਾਲੇ ਮਾਹੌਲ ਵਿਚ ਵੀ, ਮੱਥੇ ਘੁਮਾਉਣ ਵਾਲੇ ਮਾਹੌਲ ਵਿਚ ਵੀ ਮੱਥੇ ਜਗਾਉਣ ਦਾ ਉਹਨੇ ਹੌਸਲਾ ਵਿਖਾਇਆ । ਦਿਲ ਤਾਂ ਕਰਦਾ ਹੈ ਕਿ ਹਮੇਸ਼ਾ ਹੀ ਕੋਈ ਇਹੋ ਜਿਹਾ ਜੁਗਾੜ ਬਣਿਆ ਰਹੇ ਜਿਸ ਨਾਲ ਅਸੀਂ ਸਿਰਫ਼ 'ਆਨੰਦ' ਮਾਣੀਏ ਅਤੇ ਜ਼ਿੰਮੇਵਾਰੀ ਤੋਂ ਬਚੇ ਰਹੀਏ ਪਰ ਅਜਿਹੀ ਸਥਿਤੀ ਵੀ ਉਕਤਾਹਟ ਨਾਲ ਭਰ ਦੇਂਦੀ ਹੈ । ਫੁਰਸਤ 'ਚੋਂ ਨਿਕਲੀ ਹੋਈ ਫੁਰਸਤ ਕਦੇ ਖੁਸ਼ੀ ਨਹੀਂ ਦਿੰਦੀ । ਰੁਝੇਵੇਂ 'ਚੋਂ ਮਿਲੀ ਹੋਈ ਵਿਹਲ ਨੂੰ ਹੀ ਮਾਣਿਆ ਜਾ ਸਕਦਾ ਹੈ ।

ਮੇਰਾ ਵੱਸ ਚੱਲੇ ਤਾਂ ਹਰ ਘਰ, ਹਰ ਸੰਸਥਾ, ਹਰ ਦਫ਼ਤਰ ਦੇ ਗੁਆਂਢ ਵਿਚ ਇਕ ਇਹੋ ਜਿਹੇ ਟਿਕਾਣੇ ਦਾ ਇੰਤਜ਼ਾਮ ਕਰ ਦਿਆਂ ਜੋ ਨਾ ਤੇਰਾ ਨਾ ਮੇਰਾ ਹੋਵੇ । ਉਹਦਾ ਅੰਬਰ ਵਰਗਾ ਹਿਰਦਾ ਹੋਵੇ ਤੇ ਧਰਤੀ ਜੇਡਾ ਜੇਰਾ ਹੋਵੇ । ਕਿਸੇ ਤੋਂ ਕਦੇ ਉਹ ਕੁਝ ਨਾ ਮੰਗੇ, ਉਸ ਕੋਲ ਵੰਡਣ ਲਈ ਬਥੇਰਾ ਹੋਵੇ... ਜਾਂ ਫਿਰ ਧਿਆਨਪੁਰ ਵਾਂਗ ਹਰ ਪਿੰਡ ਕੋਲ ਇਕ ਮੋਹਨ ਦਾਸ ਦਾ ਡੇਰਾ ਹੋਵੇ ।

••••••

6. ਨਾਂ ਨਕਲੀ ਪਿੰਡ ਅਸਲੀ

ਪਿੰਡ! ਸ਼ਹਿਰ ਦੇ ਸਾਹਮਣੇ ਕੀ ਹੈ ਪਿੰਡ? ਖੂਹ ਦੀ ਟਿੰਡ! ਸੰਸਾਰ ਦਾ ਸਭ ਤੋਂ ਵੱਡਾ ਗਣਤੰਤਰ; ਮੇਰਾ ਦੇਸ਼ । ਰਹੇ ਹਮੇਸ਼ । ਦੁਨੀਆ ਦਾ ਸਭ ਤੋਂ ਚੰਗਾ ਸੰਵਿਧਾਨਮੇਰਾ ਭਾਰਤ ਮਹਾਨ! ਸੰਵਿਧਾਨ ਵਿਚ ਸਾਰੇ ਸ਼ਹਿਰੀਆਂ ਲਈ ਸਾਰੇ ਹੱਕ, ਕੋਈ ਸ਼ੱਕ?

ਬਕੌਲ ਸ਼ਾਇਰ :

''ਪਿੰਡਾਂ ਵਾਲਿਓ! ਸਾਡੇ ਸੰਵਿਧਾਨ ਅੰਦਰ,
ਹੱਕ ਮਿਲੇ ਨੇ ਸਾਰੇ ਹੀ ਸ਼ਹਿਰੀਆਂ ਨੂੰ !''

ਪਰ ਮੈਂ ਤਾਂ ਸ਼ਹਿਰੀ ਨਹੀਂ । ਸ਼ਹਿਰ ਵਿਚ ਰਹਿਣ ਵਾਲਾ ਪੇਂਡੂ ਹਾਂ । ਪਿੰਡ ਵਿਚ ਜੰਮਿਆ । ਪਿੰਡ ਵਿਚ ਪਲਿਆ । ਪਿੰਡ ਵਿਚ ਪੜ੍ਹਿਆ । ਆਜ਼ਾਦ ਮੁਲਕ ਦਾ ਨੌਕਰੀ-ਪੇਸ਼ਾ ਪੇਂਡੂ, ਸਦਾ ਪੇਂਡੂ ਹੀ ਰਿਹਾ, ਸ਼ਹਿਰੀ ਨਾ ਬਣ ਸਕਿਆ । ਆਜ਼ਾਦੀ 'ਤੇ ਹੱਕ ਨਾ ਜਤਾ ਸਕਿਆਸ਼ਹਿਰੀ ਦਾ ਦਰਜਾ ਨਾ ਪਾ ਸਕਿਆ । ਪੱਕਾ ਪੇਂਡੂ!

ਪੱਕਾ ਪਤਾ : ਧਿਆਨਪੁਰ । ਡਾਕਖ਼ਾਨਾ ਖਾਸ । ਬਰਾਸਤਾ ਬਟਾਲਾ । ਜ਼ਿਲ੍ਹਾ ਗੁਰਦਾਸਪੁਰ । ਧਿਆਨਪੁਰ ਮਹੰਤਾਂ ਵਾਲਾ । ਬਟਾਲਾ ਸ਼ਿਵ ਕੁਮਾਰ ਵਾਲਾ । ਗੁਰਦਾਸਪੁਰ ਹਜ਼ਾਰਾ ਸਿੰਘ ਅਤੇ ਅਮਰਜੀਤ ਵਾਲਾ ।

ਪਨਾਹੀਆਂ ਦੇ ਬੇਨਤੀ ਸਰੂਪ ਨੇ ਦਸਵੀਂ ਕਰਨ ਪਿੱਛੋਂ ਆਪਣਾ ਨਾਂ ਭੂਸ਼ਨ ਰੱਖ ਲਿਆ । ਕਿਹੜਾ ਭੂਸ਼ਨ? ਅਖੇ ਧਿਆਨਪੁਰ ਵਾਲਾ । ਧਿਆਨਪੁਰੀ । ਪਛਾਣ ਲਈ ਪਿੰਡ ਦੇ ਨਾਂ ਦਾ ਆਸਰਾ ਲਿਆ । ਨੌਕਰੀ ਲਈ ਪਿੰਡ ਛੱਡਿਆ । ਪਿੰਡ ਤੋਂ ਦੂਰ ਚਲਾ ਗਿਆ, ਪਰ ਪਿੰਡ ਨਾਲ ਪੂਰੀ ਤਰ੍ਹਾਂ ਜੁੜਿਆ ਰਿਹਾ । ਤਨਖ਼ਾਹ ਸੌ ਰੁਪਏ ਮਹੀਨਾ । ਚੰਡੀਗੜ੍ਹ ਤੋਂ ਪਿੰਡ ਦਾ ਕਿਰਾਇਆ ਸਵਾ ਛੇ ਰੁਪਏ । ਹਰ ਮਹੀਨੇ ਗੇੜਾ ।... ਸ਼ਹਿਰ ਹਾਵੀ ਹੁੰਦਾ ਗਿਆ । ਗੇੜੇ ਘਟਦੇ ਗਏ । ਨਾਂ ਨਾਲ ਪਿੰਡ ਜੁੜਿਆ ਰਿਹਾ । ਨਾਂ ਨਕਲੀ, ਪਿੰਡ ਅਸਲੀ । ਅਸਲੇ ਦੀ ਪਛਾਣ ਪਿੰਡ ਬਿਨਾਂ ਮੁਮਕਿਨ ਨਹੀਂ । .. ਪਰ ਜਦੋਂ ਨਾਂ ਨੇ ਥੋੜ੍ਹਾ ਜਿਹਾ ਰਾਹ ਦਿੱਤਾ, ਪਿੰਡ ਨੂੰ ਨਾਂ ਨਾਲੋਂ ਲਾਹ ਦਿੱਤਾ ।

ਪਿੰਡ ਦੀ ਖ਼ਾਸੀਅਤ ਹੈ ਕਿ ਇਹ ਪਿੰਡਾ ਨਹੀਂ ਛੱਡਦਾ । ਮਗਰੋਂ ਨਹੀਂ ਲਹਿੰਦਾ । ਟਿਕ ਕੇ ਨਹੀਂ ਬਹਿੰਦਾ । ਪਿੰਡ ਵਿਚ ਸ਼ਹਿਰ ਬਣਨ ਦੀ ਸੰਭਾਵਨਾ ਹੁੰਦੀ ਹੈ । ਪ੍ਰੰਤੂ ਕੋਈ ਵੀ ਸ਼ਹਿਰ ਪਿੰਡ ਪੈਦਾ ਨਹੀਂ ਕਰ ਸਕਦਾ । ਪਿੰਡ ਪ੍ਰਕਿਰਤੀ ਹੈ, ਸ਼ਹਿਰ ਸੰਸਕ੍ਰਿਤੀ । ਬ੍ਰਹਿਮੰਡ ਪਿੰਡ ਦਾ ਹੀ ਵਿਸਥਾਰ ਹੈ । ਪਿੰਡ ਸ਼ਹਿਰ ਦਾ ਅੰਨਦਾਤਾ ਹੈ, ਸ਼ਹਿਰ ਪਿੰਡ ਤੋਂ ਆਵਾਜ਼ਾਰ ਹੈ । ਬਕੌਲ ਸ਼ਾਇਰ : ''ਸ਼ਹਿਰ ਨੂੰ ਹੱਸਦਾ ਤੱਕਣੈ ਤਾਂ ਉਸਨੂੰ ਪਿੰਡ ਵੱਲ ਤੋਰੋ, ਜੇ ਪਿੰਡ ਨੂੰ ਰੋਂਦਿਆਂ ਤੱਕਣੈ, ਕਹੋ ਉਸਨੂੰ ਸ਼ਹਿਰ ਜਾਏ ।''

•••

ਬਕੌਲ ਮੰਟੋ; ਤਾਸ਼ ਬਹੁਤ ਫੈਂਟੀ ਗਈ । ਹੁਣ ਪੱਤਾ ਸੁੱਟਦੇ ਹਾਂ । ਦਰਅਸਲ, ਅੱਜ ਮੈਨੂੰ ਪਿੰਡ ਬਹੁਤ ਯਾਦ ਆ ਰਿਹਾ ਹੈ । ਪਹਿਲਾਂ ਸੋਚੀਦਾ ਸੀ ਕਿ ਜਿਹੜੇ ਲੋਕ ਮਰਜ਼ੀ ਨਾਲ ਪਰਦੇਸਾਂ ਵਿਚ ਜਾ ਵਸਦੇ ਨੇ ਉਹ ਪਿੰਡ ਦੇ ਰੋਣੇ ਕਿਉਂ ਰੋਈ ਜਾਂਦੇ ਨੇ? ਡਾਲਰਾਂ ਤੇ ਪੌਂਡਾਂ ਦੀ ਛਾਂ ਵਿਚ ਵੀ ਉਹ ਹੇਰਵਾ-ਮੁਖੀ ਕਿਉਂ ਹੋਈ ਜਾਂਦੇ ਨੇ? ਹੁਣ ਸਮਝ ਆਈ ਹੈ ਕਿ ਸਥਿਤੀ ਦਾ ਕਾਰਨ ਕੋਈ ਵੀ ਹੋਵੇ, ਮਨੋਸਥਿਤੀ ਵਿਚ ਫ਼ਰਕ ਨਹੀਂ ਪੈਂਦਾ । ਸਾਡੇ ਚਾਹਿਆਂਅਣਚਾਹਿਆਂ ਸਭ ਕੁਝ ਹੋਈ ਜਾਂਦਾ ਹੈ । ਪਿੰਡ ਹੱਸੀ ਜਾਂਦਾ ਹੈ, ਸ਼ਹਿਰ ਰੋਈ ਜਾਂਦਾ ਹੈ ।

ਹੁਣ ਪਿੰਡ ਵਰ੍ਹੇ-ਛਿਮਾਹੀ ਜਾਈਦਾ ਹੈ । ਓਥੇ ਬਹੁਤੇ ਦਿਨ ਰਹਿਣੋਂ ਡਰੀਦਾ ਹੈ । ਐਵੇਂ ਆਉਣਜਾਣ ਕਰੀਦਾ ਹੈ । ਜਿੰਨਾ ਚਿਰ ਪਿੰਡ ਰਹੀਏ, ਅੰਦਰੇ ਵੜੇ ਰਹੀਦਾ ਹੈ । ਸਾਡੇ ਵੇਲਿਆਂ ਦੇ ਬਜ਼ੁਰਗ ਵਿਦਾ ਹੋ ਚੁੱਕੇ ਨੇ । ਪਿੰਡ ਵਿਚ ਤਾਂ ਬਹੁਤੇ ਆਪਣੇ ਹਾਣ ਦੇ ਵੀ ਨਹੀਂ । ਪਿੱਛੋਂ ਜੰਮਣ ਵਾਲੇ ਤਾਂ ਪਛਾਣਦੇ ਵੀ ਨਹੀਂ । ਜ਼ਮੀਨ ਮਹਿੰਗੀ ਹੋ ਗਈ ਹੈ । ਪਿੰਡ ਫੈਲ ਗਿਆ ਹੈ । ਆਪਣੀ ਹਉਂ 'ਚ ਤਣਦਾ ਜਾ ਰਿਹਾ ਹੈ । ਧਿਆਨਪੁਰ ਪਿੰਡ ਤੋਂ ਸ਼ਹਿਰ ਬਣਦਾ ਜਾ ਰਿਹਾ ਹੈ ।

ਧਿਆਨਪੁਰ ਸ਼ਹਿਰ ਨਹੀਂ ਬਣ ਸਕਦਾ । ਧਿਆਨਪੁਰੀ ਸ਼ਹਿਰੀ ਨਹੀਂ ਬਣ ਸਕਦਾ । ਸਦੀਆਂ ਤੋਂ ਇਹ ਹੀ ਹੁੰਦਾ ਆਇਆ ਹੈ । ਪਤਾ ਹੀ ਨਹੀਂ ਲੱਗਦਾ ਕਿ ਕੌਣ ਬ੍ਰਹਮ ਹੈ ਤੇ ਕਿਹੜੀ ਮਾਇਆ ਹੈ! ਪਰ ਇਹ ਮਾਇਆਨਗਰੀ ਵੀ ਕਿਸੇ ਪਿੰਡ ਦੇ ਸਿੰਗਾਂ 'ਤੇ ਹੀ ਖੜ੍ਹੀ ਹੈ । ਬਸ ਇਹੋ ਤਸੱਲੀ ਬੜੀ ਹੈ ।

ਗਿਆਨੀ ਗੁਰਦਿੱਤ ਸਿੰਘ ਨੇ ਆਪਣੇ ਪਿੰਡ ਬਾਰੇ ਲਿਖਿਆ । ਸੁਰਖ਼ਰੂ ਹੋ ਗਿਆ । ਰਸੂਲ ਹਮਜ਼ਾਤੋਵ ਨੇ ਆਪਣੇ ਦਾਗਿਸਤਾਨ ਬਾਰੇ ਲਿਖਿਆ ਤੇ ਵਿਸ਼ਵ ਦੇ ਰੂਬਰੂ ਹੋ ਗਿਆ । ਹੰਭਲਾ ਮਾਰਿਆ । ਰਿਣ ਉਤਾਰਿਆ ।

ਪਿੰਡ ਦਾ ਮੈਂ ਕਰਜ਼ਾਈ ਹਾਂ । ਬੜਾ ਲਾਹਾ ਖੱਟਿਆ ਹੈ । ਬੜਾ ਮੁੱਲ ਵੱਟਿਆ ਹੈ । ਕੁਦਰਤ ਦਾ ਆਪਣਾ ਅਸੂਲ ਹੈ । ਉਹ ਵਿਰਲੇਟਾਵੇਂ ਪਿੰਡੀਂ ਕਲਮਾਂ ਬੀਜਦੀ ਹੈ, ਕਲਮਾਂ ਪੁੰਗਰਦੀਆਂ ਨੇ । ਫੁਲਦੀਆਂ ਨੇ; ਫਲਦੀਆਂ ਨੇ । ਸਥਾਵਰ ਜੂਨ 'ਚੋਂ ਨਿਕਲ ਕੇ ਜੰਗਮਾਂ ਵਾਂਗੂ ਚਲਦੀਆਂ ਨੇ । ਕਲਮ ਨੂੰ ਤੋਰੇਫੇਰੇ ਦਾ ਭਰਮ ਹੁੰਦਾ ਹੈ । ... ਪਰ ਉਹਦਾ ਬਿਰਖ ਵਾਲਾ ਧਰਮ ਹੁੰਦਾ ਹੈ ।

•••

ਪਿੰਡ ਦਾ ਨਕਸ਼ਾ ਲਗਾਤਾਰ ਬਦਲ ਰਿਹਾ ਹੈ । ਕਈ ਕੁਝ ਪੈਦਾ ਹੋਇਆ, ਕੁਝ ਚਿਰ ਟਿਕਿਆ ਤੇ ਬਿਣਸ ਗਿਆ । ਕਲਮ ਦੀ ਅੱਖ ਨੇ ਸਭ ਕੁਝ ਵੇਖਿਆ । ਮੌਕੇ ਦਾ ਗਵਾਹ ਚੁੱਪ ਕਿਵੇਂ ਰਹਿ ਸਕਦਾ ਹੈ? ਮੁਕਰ ਕਿਵੇਂ ਸਕਦਾ ਹੈ? ... ਅੱਖਾਂ ਬਹੁਤ ਹੁੰਦੀਆਂ ਹਨ ਪਰ ਵੇਖਣ ਦੀ ਕਲਾ ਕਿਸੇ ਕਿਸੇ ਕੋਲ ਹੁੰਦੀ ਹੈ । ਕੰਨ ਬਹੁਤ ਹੁੰਦੇ ਹਨ, ਪਰ ਸੁਣਨ ਦਾ ਹੁਨਰ ਕਿਸੇ ਕਿਸੇ ਨੂੰ ਹੁੰਦਾ ਹੈ । ਜੀਭਾਂ ਬਹੁਤ ਹੁੰਦੀਆਂ ਹਨ ਪਰ ਕਹਿਣ ਦੀ ਜਾਚ ਕਿਸੇ ਕਿਸੇ ਨੂੰ ਹੁੰਦੀ ਹੈ । ਕਲਮਾਂ ਅਨੇਕ ਹੁੰਦੀਆਂ ਹਨ ਪਰ ਧਰਮ ਪਾਲਣਾ ਕਿਸੇ ਗੁਰਦਿੱਤ ਸਿੰਘ ਜਾਂ ਰਸੂਲ ਨੂੰ ਹੀ ਆਉਂਦਾ ਹੈ । ਯਾਰ ਲੋਕ ਦੱਸਦੇ ਨੇ ਕਿ ਮੈਂ ਆਪਣੇ ਪਿੰਡ ਬਾਰੇ ਗੱਲਾਂ ਬਹੁਤ ਕਰਦਾ ਹਾਂ । ਪਿੰਡ ਦੇ ਕਿਰਦਾਰਾਂ ਦੀਆਂ ਕਹਾਣੀਆਂ ਸੁਣਾਉਂਦਾ ਹਾਂ, ਬਾਤਾਂ ਪਾਉਂਦਾ ਹਾਂ । ਹੱਸਦਾ ਹਸਾਉਂਦਾ ਹਾਂ । ... ਪਰ ਲਿਖਦਾ ਨਹੀਂ । ਪਤਾ ਨਹੀਂ ਕਿਉਂ ਨਹੀਂ ਲਿਖਦਾ!

ਪਿੰਡ ਮੈਨੂੰ ਭੂਤ ਵਾਂਗ ਚਿੰਬੜਿਆ ਹੋਇਆ ਹੈ । ਮੈਂ ਇਹਨੂੰ ਵਰਤਮਾਨ ਵਿਚ ਉਤਾਰਨ ਦੀ ਕੋਸ਼ਿਸ਼ ਕਰਾਂਗਾ । ਕਰਜ਼ਾ ਉਤਾਰਨ ਦੀ ਕੋਸ਼ਿਸ਼ ਕਰਾਂਗਾ । ਉਂਜ ਇਹ ਕਰਜ਼ਾ ਉਤਾਰਨਾ ਵੀ ਐਵੇਂ ਵਿਖਾਵਾ ਹੈ । ਅਸਲ ਵਿਚ ਤਾਂ ਅਮੀਰ ਹੋਣ ਦਾ ਦਾਅਵਾ ਹੈ । ਪਿੰਡ ਦੀ ਫਕੀਰੀ ਹੀ ਤਾਂ ਧੁਰ ਦੀ ਅਮੀਰੀ ਹੈ । ਨਵੀਉਂ ਨਵੀਂ ਹੋਂਦ ਦੀ ਨਿਰਛਲ ਪਨੀਰੀ ਹੈ ।

•••

ਧਿਆਨਪੁਰ 'ਚੋਂ ਹੁਣ ਇਕ ਹੋਰ ਪਿੰਡ ਪੈਦਾ ਹੋ ਚੁੱਕਾ ਹੈ । ਜਿੱਥੇ ਪਹਿਲਾਂ ਬਾਜ਼ੀਗਰਾਂ ਦੀਆਂ ਟੱਪਰੀਆਂ ਹੁੰਦੀਆਂ ਸਨ, ਓਥੇ ਹੁਣ 'ਲਾਲਪੁਰਾ' ਵੱਸਿਆ ਹੋਇਆ ਹੈ । ਲਾਲਪੁਰੇ ਦੀ ਆਪਣੀ ਪੰਚਾਇਤ ਹੈ । ਪਰ ਧਿਆਨਪੁਰ ਦੀ ਕਿਆ ਬਾਤ ਹੈ । ਆਲੇਦੁਆਲੇ ਦੇ ਪੰਦਰਾਂ ਵੀਹ ਪਿੰਡਾਂ ਵਾਲੇ, ਭਾਵੇਂ ਆਪੋ ਆਪਣੇ ਪਿੰਡ ਵਿਚ ਵੱਸਦੇ ਨੇ, ਪਰ ਖ਼ੁਦ ਨੂੰ ਧਿਆਨਪੁਰ ਦਾ ਹੀ ਦੱਸਦੇ ਹਨ । ਲਾਗਲੇ ਪਿੰਡ ਵਾਲਾ ਗੁਰਭਜਨ ਗਿੱਲ ਇੰਟਰਵਿਊ ਦੇਂਦਾ ਜਦੋਂ ਆਪਣਾ ਪਿੰਡ ਬਸੰਤਕੋਟ ਦੀ ਥਾਂ ਧਿਆਨਪੁਰ ਦੱਸਦਾ ਹੈ ਤਾਂ ਧਿਆਨਪੁਰ ਨੂੰ ਹੋਰ ਗੂੜ੍ਹਾ ਕਰਨ ਲਈ 'ਭੂਸ਼ਨ ਵਾਲਾ' ਕਹਿੰਦਾ ਹੈ । ਕਦੇ ਭੂਸ਼ਨ ਨੂੰ ਧਿਆਨਪੁਰ ਵਾਲਾ ਤੇ ਕਦੇ ਧਿਆਨਪੁਰ ਨੂੰ ਭੂਸ਼ਨ ਵਾਲਾ ਬਣਨਾ ਹੀ ਪੈਂਦਾ ਹੈ । ਬਕੌਲ ਸ਼ਾਇਰ :

''ਏਸ ਗਰਾਂ ਦੀ ਪੌਣ ਕਿਉਂ ਜ਼ਹਿਰੀਲੀ ਹੈ,
ਏਸ ਗਰਾਂ ਵਿਚ ਵੀ ਕੋਈ ਸ਼ਾਇਰ ਰਹਿੰਦਾ ਸੀ,
ਆਉ ਯਾਰੋ ਭੂਸ਼ਨ ਕੇ ਘਰ ਹੋ ਆਈਏ,
ਆਪਣੇ ਨਾਲ ਵੀ ਚੰਦਰਾ ਉੱਠਦਾ ਬਹਿੰਦਾ ਸੀ

•••

ਪਿੰਡ ਵੱਲ ਨੂੰ ਤੁਰ ਪਿਆ ਹਾਂ । ਘਰ ਵੀ ਲੱਭ ਪਵੇਗਾ ।

••••••

7. ਕਿਹੜਾ ਧਿਆਨਪੁਰੀ

ਪਿੰਡ ਰਹਿੰਦਿਆਂ ਸਾਹਿਤ ਨਾਲ ਵਾਹ ਐਵੇਂ ਜ਼ਬਾਨੀ-ਕਲਾਮੀ ਹੀ ਸੀ । ਪੜ੍ਹਨ ਲਈ ਬਹੁਤ ਘੱਟ ਮਸਾਲਾ ਮਿਲਦਾ ਸੀ । ਕੋਰਸ ਦੀਆਂ ਕਿਤਾਬਾਂ ਵਿਚ ਸ਼ਾਮਲ ਸਭ ਕਵਿਤਾ ਕਹਾਣੀਆਂ ਰਟੀਆਂ ਪਈਆਂ ਸਨ । ਐਵੇਂ ਇਕੱਲਿਆਂ ਹੀ ਗੁਣਗੁਣਾਉਂਦੇ ਫਿਰਨਾ । ਹੋਰਨਾਂ ਨੂੰ ਸੁਣਾਉਂਦੇ ਫਿਰਨਾ । ਕੋਈ ਕਿਸੇ ਵੀ ਕਿਸਮ ਦੀ ਕਿਤਾਬ, ਅਖ਼ਬਾਰ ਜਾਂ ਰਸਾਲਾ ਹੱਥ ਲੱਗ ਜਾਣਾ ਤਾਂ ਪੜ੍ਹਪੜ੍ਹ ਕੇ ਉਹਦੀ ਪੀਚ੍ਹਕ ਕੱਢ ਦੇਣੀ । ਨਾਮਧਾਰੀਆਂ ਦਾ ਰਸਾਲਾ 'ਸਤਿਜੁਗ' ਅਤੇ ਰਾਧਾ ਸਵਾਮੀਆਂ ਦੀ 'ਸਾਰੀ ਦੁਨੀਆ' ਵੀ ਅੱਖਰਅੱਖਰ ਵਾਚਣਾ । ਰੱਦੀ 'ਚ ਆਏ ਕਾਗਜ਼ਾਂ ਨੂੰ ਵੀ ਨਾ ਬਖਸ਼ਣਾ । ਦੇਵਨਾਗਰੀ ਅਤੇ ਗੁਰਮੁਖੀ ਵਿਚ ਛਪਿਆ ਕਿਤੋਂ ਵੀ, ਕੁਝ ਵੀ ਮਿਲ ਜਾਏ, ਬੱਸ ਚਾਅ ਚੜ੍ਹ ਜਾਣਾ । ਪਿੰਡ ਮੇਲਾ ਭਰਨਾ ਵਿਸਾਖੀ ਦਾ, ਤਾਂ ਬਹੁਤ ਸਮਾਂ ਕਿੱਸਿਆਂ ਵਾਲੀਆਂ ਦੁਕਾਨਾਂ 'ਤੇ ਫੋਲਾਫਾਲੀ ਕਰਦਿਆਂ ਲੰਘਾਉਣਾ । ਵੱਧ ਤੋਂ ਵੱਧ ਖਰੀਦਣ ਨੂੰ ਜੀਅ ਕਰਨਾ ਪਰ ਖਰਚਣ ਲਈ ਤਾਂ ਚੁਆਨੀ/ਅਠਿਆਨੀ ਹੀ ਮਿਲੀ ਹੁੰਦੀ ਸੀ । ਮਨ ਲਲਚਾਉਣਾ ਪਰ ਮਰਿਆਦਾ ਵਿੱਚ ਰਹਿਣਾ । ਟਾਈਟਲ ਵੇਖਦੇ ਰਹਿਣਾ । ਕੁਝ ਨਾ ਕੁਝ ਖਰੀਦ ਵੀ ਲੈਣਾ ।

ਵੱਡੇ ਭਾਈ ਸਾਬ੍ਹ (ਗੁਰਚਰਨ ਸ਼ਰਮਾ) ਬਟਾਲੇ ਦੀ ਇਕ ਫੈਕਟਰੀ ਵਿਚ ਮੁਲਾਜ਼ਮ ਸਨ । ਉਨ੍ਹਾਂ ਨੇ ਦੇਵਨਾਗਰੀ ਤੇ ਗੁਰਮੁਖੀ ਤੋਂ ਬਿਨਾਂ ਫਾਰਸੀ ਲਿਪੀ ਵਿਚ ਵੀ ਬਹੁਤ ਕੁਝ ਪੜ੍ਹਿਆ ਹੋਇਆ ਸੀ । ਹਫ਼ਤੇ ਪਿੱਛੋਂ ਸ਼ਨੀਵਾਰ ਸ਼ਾਮ ਨੂੰ ਪਿੰਡ ਆਉਂਦੇ ਸਨ । ਕੋਈ ਨਾ ਕੋਈ ਕਿਤਾਬ, ਰਸਾਲਾ ਹਰ ਵਾਰੀ ਲਿਆਉਂਦੇ ਸਨ । ਜੋ ਅਸੀਂ ਛੋਟੇ ਖ਼ੁਦ ਨਹੀਂ ਸਾਂ ਪੜ੍ਹ ਸਕਦੇ, ਉਹ ਸਾਨੂੰ ਪੜ੍ਹਪੜ੍ਹ ਸੁਣਾਉਂਦੇ ਸਨ । ਮਾਅਨੇ ਵੀ ਸਮਝਾਉਂਦੇ ਸਨ । ਬਰਕਤ ਰਾਮ ਯੁਮਨ, ਵਿਧਾਤਾ ਸਿੰਘ ਤੀਰ, ਗੋਪਾਲ ਦਾਸ ਗੋਪਾਲ, ਸ਼ਿਵ ਕੁਮਾਰ ਬਟਾਲਵੀ ਅਤੇ ਹੋਰ ਬਹੁਤ ਸਾਰੇ ਸ਼ਾਇਰਾਂ ਦੀਆਂ ਨਜ਼ਮਾਂ ਦੇ ਚੋਣਵੇਂ ਸ਼ੇਅਰ ਉਨ੍ਹਾਂ ਨੂੰ ਖੂਬ ਆਉਂਦੇ ਸਨ । ਪਿਤਾ ਜੀ ਦੀਆਂ ਨਜ਼ਮਾਂ ਪੜ੍ਹਸੁਣ ਕੇ ਉਹ ਵੀ ਛੰਦਬਾਜ਼ੀ ਕਰਨ ਲੱਗ ਗਏ ਸਨ । 'ਗਰੀਬਾਂ ਦੇ ਗੁਣ ਵਿੱਚੇ ਵਿਚ' ਸੱਚਾਈ ਨੂੰ ਉਨ੍ਹਾਂ ਹੱਡੀਂ ਹੰਢਾਇਆ । ਰੋਜ਼ੀਰੋਟੀ ਦੇ ਖਲਜਗਣ ਨੇ ਏਨਾ ਉਲਝਾਇਆ ਕਿ ਕਲਮ ਨੂੰ ਸੁਆਰ ਕੇ ਫੜਨ ਦਾ ਵਕਤ ਹੀ ਨਾ ਮਿਲਿਆ । ਉਂਜ ਉਹ ਠੋਸ ਅਰਥਾਂ ਵਿਚ, ਆਖ਼ਰੀ ਦਮ ਤੱਕ ਸਾਹਿਤ ਨਾਲ ਜੁੜੇ ਰਹੇ । ਜ਼ਿੰਦਗੀ ਦੀ ਆਖ਼ਰੀ ਰਾਤ ਹਸਪਤਾਲ ਵਿਚ ਉਹ ਆਪਣੇ ਸਾਥੀ ਮਰੀਜ਼ਾਂ ਨੂੰ ਸ਼ਿਵ ਦੀ 'ਲੂਣਾ' ਗਾ ਕੇ ਸੁਣਾਉਂਦੇ ਰਹੇ । ਸਵੇਰ ਹੋਣ ਤੱਕ ਸ਼ਾਂਤ ਹੋ ਗਏ, ਹਮੇਸ਼ਾ ਲਈ ।

ਸਾਹਿਤ ਦੀ ਲਾਗ ਕਹੋ ਭਾਵੇਂ ਜਾਗ, ਲੱਗਦੀ ਲੱਗਦੀ ਸਹਿਜ- ਭਾਅ ਮੈਨੂੰ ਵੀ ਲੱਗ ਗਈ । ਕੋਸ਼ਿਸ਼ ਨਹੀਂ ਕਰਨੀ ਪਈ । ਸ਼ੁਰੂ ਵਿਚ ਤਾਂ ਐਵੇਂ ਖੇਡ ਜਿਹੀ ਸੀ । ਮਖੌਲਮਖੌਲ ਵਿਚ ਤੁਕਾਂ ਜੋੜਦੇ ਰਹਿਣਾ । ਹਵਾ 'ਚ ਉਛਾਲਦੇ ਰਹਿਣਾ । ਕਵੀ ਹੋਣ ਦਾ ਭਰਮ ਪਾਲਦੇ ਰਹਿਣਾ । ਉਨ੍ਹੀਂ ਦਿਨੀਂ ਧਿਆਨਪੁਰ ਦਾ ਇਕ ਮੁੰਡਾ ਕਵੀਆਂ ਵਰਗਾ ਲਿਬਾਸ ਪਾ ਕੇ ਪਿੰਡ ਵਿਚ ਫਿਰਦਾ ਸੀ । ਹੈ ਰਾਮ ਲੁਭਾਇਆ ਪਰ ਆਪਣਾ ਤਖੱਲੁਸ, ਉਹਨੇ 'ਪੈਦਲ' ਰੱਖ ਕੇ ਨਾਲ ਧਿਆਨਪੁਰੀ ਜੋੜ ਲਿਆ । ਅੰਮ੍ਰਿਤਸਰੋਂ ਛਪਣ ਵਾਲੇ ਰਸਾਲੇ 'ਫ਼ਿਲਮੀ ਕਲੀਆਂ' ਵਿਚ ਹਰ ਮਹੀਨੇ ਇਕ ਸਮੱਸਿਆ ਦਿੱਤੀ ਹੁੰਦੀ ਸੀ । ਉਹਨੂੰ ਆਧਾਰ ਬਣਾ ਕੇ ਅੱਠਦਸ ਤੁਕਾਂ ਜੋੜਨੀਆਂ ਹੁੰਦੀਆਂ ਸਨ । ਇਹ ਇਕ ਤਰ੍ਹਾਂ ਦਾ ਲਿਖਤੀ ਕਵੀ ਦਰਬਾਰ ਹੁੰਦਾ ਸੀ । ਇਨ੍ਹਾਂ ਪੰਨਿਆਂ 'ਤੇ ਕਦੀਕਦੀ ਇਸ ਕਵੀ ਦੀ 'ਰਚਨਾ' ਵੀ ਛਪਦੀ ਸੀ । ਉਹ ਰਸਾਲਾ ਲੈ ਕੇ, ਬੜੀ ਸ਼ਾਨ ਨਾਲ ਸਾਡੇ ਘਰ ਆਉਂਦਾ । ਰਸਾਲਾ ਵਿਖਾਉਂਦਾ । ਰਚਨਾ ਸੁਣਾਉਂਦਾ । ਮੈਨੂੰ ਵੀ ਲਿਖਣ ਅਤੇ ਛਪਣ ਲਈ ਉਕਸਾਉਂਦਾ ।

ਇਕ ਵਾਰੀ ਇਸੇ ਤਰ੍ਹਾਂ 'ਪੈਦਲ' ਆਇਆ । ਇਕ ਲਿਫ਼ਾਫ਼ਾ ਉਹਦੇ ਹੱਥ ਵਿਚ ਸੀ । ਆਖਣ ਲੱਗਾ, ''ਮੈਂ ਸਮੱਸਿਆ ਭੇਜਣ ਲੱਗਾ ਹਾਂ । ਜੇ ਤੂੰ ਵੀ ਲਿਖ ਲਈ ਹੈ ਤਾਂ ਦੇ ਦੇ । ਇਕੋ ਲਿਫ਼ਾਫ਼ੇ ਵਿੱਚ ਦੋਵੇਂ ਚਲੀਆਂ ਜਾਣਗੀਆਂ ।'' ... ਸੱਚੀਂ ਮੈਂ ਲਿਖ ਲਈ ਸੀ । ਬਿਲਕੁਲ ਯਾਦ ਨਹੀਂ ਕਿ ਕੀ ਨਾਂ ਛਪਿਆ ਸੀ । ਸ਼ਾਇਦ 'ਬੀ. ਐੱਸ. ਸ਼ਰਮਾ' ਹੋਵੇਗਾ, ਕਿਉਂਕਿ 'ਭੂਸ਼ਨ' ਤਾਂ ਮੈਂ ਦਸਵੀਂ ਪਾਸ ਕਰਨ ਤੋਂ ਪਿੱਛੋਂ ਬਣਿਆ ਸਾਂ । ਗੱਲ ਚੱਲੀ ਹੈ ਤਾਂ ਦੱਸ ਹੀ ਦਿਆਂ ਕਿ 'ਪੈਦਲ ਧਿਆਨਪੁਰੀ' ਮੇਰੇ ਨਾਲੋਂ ਦਸਪੰਦਰਾਂ ਵਰ੍ਹੇ ਵੱਡਾ ਹੈ ਅਤੇ ਉਹਦੀਆਂ ਦਸ ਪੰਦਰਾਂ ਕਿਤਾਬਾਂ ਛਪ ਚੁੱਕੀਆਂ ਹਨ । ਬਾਲ ਸਾਹਿਤ ਵਿਚ ਥਾਂ ਬਣਾ ਚੁੱਕਾ ਹੈ । ਰਿਸ਼ਤੇਦਾਰੀ 'ਚੋਂ ਮੇਰਾ ਮਮੇਰਾ ਭਾਈ ਹੈ । ਸਭ ਤੋਂ ਪਹਿਲਾਂ ਕਰਤਾਰ ਸਿੰਘ ਬਲੱਗਣ ਦੇ 'ਕਵਿਤਾ' ਰਸਾਲੇ ਅਤੇ ਬਟਾਲੇ ਵਾਲੇ ਕਵੀ ਸ਼ਿਵ ਕੁਮਾਰ ਦਾ ਨਾਂ ਮੈਂ ਉਹਦੇ ਮੂੰਹੋਂ ਹੀ ਸੁਣਿਆ ਸੀ । ਉਹ ਅੰਮ੍ਰਿਤਸਰ ਦੇ ਇਕ ਗਿਆਨੀ ਕਾਲਜ ਦਾ ਕਈ ਸੈਸ਼ਨ ਵਿਦਿਆਰਥੀ ਰਿਹਾ ਸੀ । ਇਸ ਲਈ ਸਾਹਿਤ ਅਤੇ ਸਾਹਿਤਕਾਰਾਂ ਬਾਰੇ ਉਹਦਾ ਗਿਆਨ ਕਾਫ਼ੀ 'ਵਸੀਹ' ਸੀ । ਕਵਿਤਾ, ਪੰਜ ਦਰਿਆ, ਗੁਰੂ ਵਿਦਿਆ, ਫਿਲਮੀ ਕਲੀਆਂ, ਬਾਲਕ... ਵਗੈਰਾ ਕਈ ਰਸਾਲੇ ਮੈਂ ਪਹਿਲਾਂ ਪਹਿਲ ਉਹਦੇ ਰਾਹੀਂ ਹੀ ਵੇਖੇ ਸਨ । ਅਟੱਲ ਵੀ ।

'ਅਟੱਲ' ਮਾਸਿਕ ਪਰਚਾ ਸੀ । 'ਖੰਡਾ ਖੋਲਾ' ਬਟਾਲਾ ਤੋਂ ਨਿਕਲਦਾ ਸੀ । ਕੋਈ ਗੁਪਤਾ ਸੀ ਉਹਦਾ ਐਡੀਟਰ । ਉਸ ਪਰਚੇ ਵਿੱਚ 'ਪੈਦਲ' ਬਾਕਾਇਦਾ ਛਪਦਾ ਸੀ । ਹੁਣ ਉਹ ਬੁੱਢਿਆਂ ਨੂੰ ਪੜ੍ਹਾਉਣ ਵਾਲੇ ਮਹਿਕਮੇ ਵਿਚ ਨੌਕਰੀ ਕਰਦਾ ਸੀ । ਇਕ ਅੰਕ ਵਿਚ ਉਹਦੀ ਭਗਤ ਸਿੰਘ ਬਾਰੇ ਕਵਿਤਾ ਛਪੀ ਜਿਸ ਦਾ ਉਨਵਾਨ ਸੀ 'ਅਮਨ ਦਾ ਰਾਖਾ ਨੌਜਵਾਨ' ਅਤੇ ਲੇਖਕ ਵਜੋਂ ਛਪਿਆ ਸੀ ਇਹ ਵੇਰਵਾ :

ਗਿਆਨੀ ਰਾਮ ਲੁਭਾਇਆ 'ਪੈਦਲ' ਧਿਆਨਪੁਰੀ (ਗੁਰਦਾਸਪੁਰ) ਇੰਚਾਰਜ ਸੋਸ਼ਲ ਐਜੂਕੇਸ਼ਨ ਸੈਂਟਰ, ਮੀਆਂ ਮੁਹੱਲਾ, ਬਟਾਲਾ, ਜਿਲਾ ਗੁਰਦਾਸਪੁਰ, ਪੰਜਾਬ (ਇੰਡੀਆ)

ਇਸ ਪ੍ਰਭਾਵਸ਼ਾਲੀ ਸਿਰਨਾਵੇਂ ਦਾ ਮੇਰੇ ਉੱਤੇ ਕਾਫ਼ੀ ਪ੍ਰਭਾਵ ਪਿਆ । ਦਸਵੀਂ ਕਰ ਚੁੱਕਾ ਸਾਂ, ਪਰ ਵਿਹਲਾ ਸਾਂ, ਨਾਬਾਲਿਗ ਹੋਣ ਕਰਕੇ । ਵਿਹਲ ਕਰਕੇ ਲਿਖਣ ਦਾ ਭੁਸ ਵਧੀ ਗਿਆ । ਛਪਣ ਲਈ ਵੀ ਜੀਅ ਕਰਿਆ ਕਰੇ । ਪਰ ਤਖ਼ੱਲੁਸ ਦੀ ਘਾਟ ਖਟਕਦੀ ਸੀ । ਪਿਤਾ ਜੀ ਦਾ ਤਖ਼ੱਲੁਸ ਸੀ 'ਸ਼ਾਦਾਬ' । ਸ਼ੁਰੂ ਸ਼ੁਰੂ ਵਿਚ ਉਹ 'ਬੇਤਾਬ' ਹੁੰਦੇ ਸਨ । ਜਦੋਂ ਕਿਤਾਬ ਛਾਪੀ ਤਾਂ 'ਸ਼ਾਦਾਬ' ਹੋ ਗਏ । ਵੱਡੇ ਭਾਈ ਸਾਬ੍ਹ ਨੂੰ ਤਖ਼ੱਲੁਸ ਦੀ ਲੋੜ ਨਹੀਂ ਪਈ ਕਿਉਂਕਿ ਛਪਣ ਦੀ ਨੌਬਤ ਹੀ ਨਾ ਆਈ । ਮੈਨੂੰ ਤਾਂ ਹੁਣ ਪੂਰੀ ਲੋੜ ਸੀ । 'ਧਿਆਨਪੁਰੀ' ਤਾਂ ਮੈਂ ਲਿਖਣਾ ਹੀ ਸੀ, ਪਰ ਕਿਹੜਾ ਧਿਆਨਪੁਰੀ!

ਮੇਰਾ ਜਨਮ ਨਾਮ ਬੇਅੰਤ ਸਰੂਪ ਹੈ, ਪਰ ਪੜ੍ਹਨੇ ਪਾਉਣ ਵੇਲੇ ਬੇਨਤੀ ਸਰੂਪ ਕਰ ਦਿੱਤਾ ਗਿਆ । ਇਹਦੇ 'ਚੋਂ ਤਾਂ ਕੋਈ ਹਿੱਸਾ ਵੀ ਤਖ਼ੱਲੁਸ ਵਰਗਾ ਨਹੀਂ ਸੀ ਲੱਗਦਾ । ਕਿਸੇ ਦੀ ਸਲਾਹ ਲੈਣਾ ਮੇਰੀ ਫ਼ਿਤਰਤ ਵਿਚ ਸ਼ਾਮਲ ਨਹੀਂ । ਕੋਸ਼ਿਸ਼ ਰਹੀ ਹੈ ਚੰਗਾ ਹੋਵੇ, ਮਾੜਾ ਹੋਵੇ, ਪਰ ਮੇਰਾ ਆਪਣਾ ਹੋਵੇ । ਆਪਣੀ ਸੋਚ ਦੁੜ੍ਹਾਉਣੀ ਸ਼ੁਰੂ ਕੀਤੀ । 'ਭੂਸ਼ਨ' ਨਾਲੋਂ ਵੱਧ ਕੁਝ ਨਾ ਜਚਿਆ । ਰੱਖ ਲਿਆ... ਤੇ ਬਣ ਗਿਆ, 'ਭੂਸ਼ਨ ਧਿਆਨਪੁਰੀ' । ਬੋਲ ਕੇ ਵੇਖਿਆ । ਲਿਖ ਕੇ ਵੇਖਿਆ । ... ਬਸ, ਹੋ ਗਿਆ । ਇਹ 'ਭੂਸ਼ਨ' ਆਇਆ ਕਿੱਥੋਂ? ਇਸ ਨਾਂ ਦਾ ਬਸ਼ਰ ਮੇਰਾ ਜਮਾਤੀ ਸੀ । ਧਿਆਨਪੁਰ ਲਾਗੇ ਇਕ ਪਿੰਡ ਹੈ ਡਾਲੇ ਚੱਕ । ਉਥੋਂ ਦਾ ਮੁੰਡਾ ਭੂਸ਼ਨ ਦਾਸ ਨੇਬ । ਪੰਜਵੀਂ ਤੋਂ ਦਸਵੀਂ ਤੱਕ ਅਸੀਂ ਜਮਾਤੀ ਰਹੇ । ਨੌਵੀਂਦਸਵੀਂ ਵਿਚ ਤਾਂ ਬਾਹਲਾ ਨੇੜ ਹੋ ਗਿਆ । ਮਜ਼ਮੂਨ ਸਾਂਝੇ ਸਨ, ਸਾਇੰਸ ਤੇ ਹਿੰਦੀ । ਉਹਦੀ ਅੰਗਰੇਜ਼ੀ ਮਜ਼ਬੂਤ ਸੀ ਅਤੇ ਮੇਰੀ ਹਿੰਦੀ । ਅੰਗਰੇਜ਼ੀ ਕਰਕੇ ਉਹਦੀ ਸਾਇੰਸ ਵੀ ਚੰਗੀ ਸੀ ਮੇਰੇ ਨਾਲੋਂ । ਅੰਗਰੇਜ਼ੀ ਦੀ ਲਿਖਾਈ ਵੀ ਕਮਾਲ । ਪਰ ਕੱਚੇਪੱਕੇ ਇਮਤਿਹਾਨਾਂ ਵਿਚ ਉਹ ਹਮੇਸ਼ਾ ਦੂਜੇ ਨੰਬਰ 'ਤੇ ਰਹਿੰਦਾ, ਮੈਂ ਪਹਿਲੇ 'ਤੇ । ਮਾਸਟਰ ਬਹੁਤੀ ਵਾਰੀ ਸਾਡੇ ਦੋਹਾਂ ਦਾ ਇਕੱਠਾ ਨਾਂ ਲੈਂਦੇ : ਬੇਨਤੀ ਤੇ ਭੂਸ਼ਨ । ਜਮਾਤੀਆਂ ਨੇ ਤਾਂ ਸਾਡੀ ਜੋੜੀ ਨੂੰ ਭਾਣੇ ਵਾਂਗ ਮੰਨ ਲਿਆ ਹੋਇਆ ਸੀ ।

ਉਸ ਮੁੰਡੇ ਵਿਚ ਇਹ ਖ਼ਾਸੀਅਤ ਸੀ ਕਿ ਈਰਖਾ ਉਹਦੇ ਕਦੇ ਨੇੜੇ-ਤੇੜੇ ਵੀ ਨਹੀਂ ਸੀ ਫਟਕੀ । ਉਹ ਮੇਰੇ ਨਾਲੋਂ ਸੋਹਣਾ ਸੀ, ਸਿਆਣਾ ਸੀ, ਤਕੜਾ ਸੀ... ਪਰ ਹਮੇਸ਼ਾ ਸਿਫ਼ਤ ਮੇਰੀ ਕਰਦਾ । ਇਕ ਵਾਰੀ ਸਕੂਲ ਵਾਲਿਆਂ ਨੇ ਚੰਗੀ ਲਿਖਾਈ ਵਾਲੇ ਮੁੰਡਿਆਂ ਤੋਂ ਅੰਗਰੇਜ਼ੀ ਵਿਚ ਚਾਰਟ ਲਿਖਵਾਏ । ਅਸੀਂ ਤਿੰਨ ਜਾਣੇ ਸਾਂ । ਤੀਜਾ ਪੁਰਸ਼ੋਤਮ ਸੀ । ਮੈਂ ਪੁਰਸ਼ੋਤਮ ਵਾਲੇ ਚਾਰਟ ਦੇ ਸਾਮ੍ਹਣੇ ਆਪਣੇ ਵਾਲੇ ਨੂੰ ਛੁਟਿਆਉਣ ਲੱਗਾ ਤਾਂ ਭੂਸ਼ਨ ਦਾ ਕਹਿਣਾ ਸੀ, ''ਇਹ ਵੀ ਕੋਈ ਲਿਖਾਈ ਐ? ਕੱਲਾ ਕੱਲਾ ਅੱਖਰ । ਕੁੜੀਆਂ ਵਾਲੀ ਸ਼ੋਸ਼ੇਬਾਜ਼ੀ । ... ਲਿਖਾਈ ਤਾਂ ਤੇਰੀ ਐ । ਵੇਖ, ਇਕ ਦੂਜੇ ਨਾਲ ਜੁੜੇ ਹੋਏ ਕਿਵੇਂ ਜਾਨਦਾਰ ਲੱਗਦੇ ਨੇ ।'' ਉਹ ਹਰ ਮੌਕੇ ਮੇਰਾ ਪੱਖ ਪੂਰਦਾ । ਲੋੜ ਪੈਣ 'ਤੇ ਦੂਜਿਆਂ ਨੂੰ ਘੂਰਦਾ । ਦਸਵੀਂ ਦੇ ਇਮਤਿਹਾਨ ਤੋਂ ਪਹਿਲਾਂ ਸਕੂਲ ਵਿਚ ਕਈ ਮਹੀਨੇ ਹੜਤਾਲ ਰਹੀ । ਨਤੀਜਾ ਬਹੁਤ ਮਾੜਾ ਆਇਆ । ਡੇਢ ਸੌ 'ਚੋਂ ਮਸਾਂ ਪੰਝੀਤੀਹ ਜਣੇ ਪਾਸ ਹੋਏ । ਫਸਟ ਡਵੀਜ਼ਨਾਂ ਸਿਰਫ਼ ਦੋ ਆਈਆਂ । ਮੈਂ ਫਸਟ ਅਤੇ ਭੂਸ਼ਨ ਸੈਕਿੰਡ । ਯਾਨੀ ਦੋਏਂ ਫਸਟ ਦੋਏਂ ਸੈਕਿੰਡ! ...

ਤਖ਼ੱਲੁਸ ਲੱਭ ਗਿਆ ਤਾਂ ਛਪਣਾ ਵੀ ਚਾਹੀਦਾ ਸੀ । ਭਗਤ ਸਿੰਘ ਬਾਰੇ ਇੱਕ ਲੰਬੀ ਕਵਿਤਾ ਲਿਖੀ ਪਈ ਸੀ । ਲੰਬੇ ਸਾਈਜ਼ ਦੀ ਲਾਈਨਦਾਰ ਸ਼ੀਟ 'ਤੇ ਹਾਸ਼ੀਆ ਛੱਡ ਕੇ ਕਵਿਤਾ ਉਤਾਰੀ । 'ਅਟੱਲ' ਨੂੰ ਭੇਜ ਦਿੱਤੀ । ਸਿਰਨਾਵਾਂ ਵੱਡੇ ਭਾਈ ਸਾਬ੍ਹ ਦਾ ਮਾਰਫਤ 'ਰੋਸ਼ਨ ਫਾਊਂਡਰੀ, ਰੇਲਵੇ ਰੋਡ, ਬਟਾਲਾ' । ਅਗਲੇ ਮਹੀਨੇ ਦੇ ਪਹਿਲੇ ਸ਼ਨੀਵਾਰ ਭਾਈ ਸਾਬ੍ਹ ਆਏ । 'ਅਟੱਲ' ਉਨ੍ਹਾਂ ਦੇ ਝੋਲੇ ਵਿੱਚ ਸੀ । ਉਨ੍ਹਾਂ ਨੇ ਬੜੀ ਇਹਤਿਆਤ ਨਾਲ ਰਸਾਲਾ ਕੱਢ ਕੇ ਖੋਲਿ੍ਹਆ । ਛਪੀ ਹੋਈ ਕਵਿਤਾ ਸਾਰੇ ਟੱਬਰ ਨੂੰ ਵਿਖਾਈ । ਪੜ੍ਹ ਕੇ ਸੁਣਾਈ । ਮੇਰੀ ਹਾਲਤ ਬੜੀ ਅਜੀਬ ਸੀ ਉਸ ਵੇਲੇ । ਛਪਿਆ ਹੋਇਆ ਨਾਂ ਅੱਖਾਂ ਮੂਹਰੇ ਚਿਪਕ ਗਿਆ ਸੀ । ਹੋਰ ਕੁਝ ਦਿਸਦਾ ਹੀ ਨਹੀਂ ਸੀ : ਬੇਨਤੀ ਸਰੂਪ ਸ਼ਰਮਾ 'ਭੂਸ਼ਨ ਧਿਆਨਪੁਰੀ' । ਕਵਿਤਾ ਨਾਲ ਪੂਰੇ ਤਿੰਨ ਸਫ਼ੇ ਭਰੇ ਹੋਏ ਸਨ । .. ਇਨ੍ਹੀਂ ਦਿਨੀਂ ਅੰਮ੍ਰਿਤਸਰ ਤੋਂ ਨਿਕਲਦੇ 'ਕੰਵਲ' ਅਤੇ 'ਬਾਲਕ' ਨੂੰ ਕਵਿਤਾਵਾਂ ਘੱਲੀਆਂ ਸਨ, ਪਿੰਡ ਦਾ ਸਿਰਨਾਵਾਂ ਦੇ ਕੇ । ਉਹ ਵੀ ਛਪ ਗਈਆਂ । ਖ਼ੁਦ ਵਿਚ ਯਕੀਨ ਵਧ ਗਿਆ । ਮੈਂ ਤਾਂ ਖੁਸ਼ ਸਾਂ ਪਰ ਭੂਸ਼ਨ ਨੂੰ ਕਿਵੇਂ ਪਤਾ ਲੱਗੇ । ਉਹ ਪਿੰਡੋਂ ਚਲਾ ਗਿਆ ਸੀ । ਕਿੱਥੇ ਗਿਆ ਸੀ, ਇਹ ਪਤਾ ਨਹੀਂ ਸੀ ਲੱਗਦਾ । ਅਸਲ ਵਿਚ ਉਹ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿ ਕੇ ਸਾਡੇ ਨਾਲ ਪੜ੍ਹਦਾ ਸੀ ਅਤੇ ਦਸਵੀਂ ਕਰਕੇ ਚਲਾ ਗਿਆ । ਕੋਈ ਰਾਬਤਾ ਨਾ ਰਿਹਾ । ਹੁਣ ਜਦੋਂ ਪੱਕਾ ਰਾਬਤਾ ਕਾਇਮ ਕਰਨ ਦਾ ਮੌਕਾ ਆਇਆ ਤਾਂ ਕੁਝ ਸਮਝ ਹੀ ਨਾ ਆਏ । ਇਕ ਵਾਰੀ ਫੇਰ ਸੋਚ ਦਾ ਘੋੜਾ ਦੁੜਾਇਆ । ਇਕ ਸਕੀਮ ਸੁੱਝੀ ।

ਅਕਾਸ਼ਵਾਣੀ ਜਲੰਧਰ ਦੇ ਦਿਹਾਤੀ ਪ੍ਰੋਰਗਰਾਮ 'ਚ ਉਦੋਂ ਚਿੱਠੀਆਂ ਦੇ ਜਵਾਬ ਦਿੱਤੇ ਜਾਂਦੇ ਸਨ । ਇਹ ਪ੍ਰੋਗਰਾਮ ਸ਼ਾਮ ਨੂੰ ਪ੍ਰਸਾਰਿਤ ਹੁੰਦਾ ਸੀ । ਸਾਰੇ ਸੁਣਦੇ ਸਨ । ਆਪਣਾ ਰੇਡੀਓ ਤਾਂ ਵਿਰਲੇ ਟਾਵੇਂ ਕੋਲ ਹੁੰਦਾ ਸੀ, ਬਹੁਤੇ ਪੰਚਾਇਤੀ ਰੇਡੀਓ ਦੁਆਲੇ ਜੁੜ ਬਹਿੰਦੇ ਸਨ । ਮੈਂ ਇਸ ਪ੍ਰੋਗਰਾਮ ਵਿਚ ਚਿੱਠੀ ਲਿਖੀ । ਆਪਣਾ ਪੂਰਾ ਪਤਾ ਲਿਖਿਆ ਤਖ਼ੱਲੁਸ ਸਮੇਤ । ਜਵਾਬ ਦੇਣ ਵਾਲੇ ਖ਼ਤਾਂ ਵਿਚ ਸ਼ਾਮਲ ਹੋਣ ਕਰਕੇ ਮੇਰਾ ਨਾਂ ਤਿੰਨਚਾਰ ਵਾਰ ਬੋਲਿਆ ਗਿਆ । ਤੀਜੇ ਚੌਥੇ ਦਿਨ ਭੂਸ਼ਨ ਦੀ ਚਿੱਠੀ ਆਈ । ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ । ਬਹੁਤ ਖੂਬਸੂਰਤ ਅੰਗਰੇਜ਼ੀ ਵਿਚ ਲਿਖੀ ਹੋਈ ਉਹਦੀ ਚਿੱਠੀ ਮੈਂ ਕਈ ਵਰ੍ਹੇ ਸੰਭਾਲ ਕੇ ਰੱਖੀ । ਫੇਰ ਪਤਾ ਨਹੀਂ ਕਦੋਂ ਕਾਗਜ਼ਾਂ ਦੀ ਭੀੜ ਵਿਚ ਏਧਰ ਓਧਰ ਹੋ ਗਈ । ਪਿੱਛੋਂ ਸਾਡਾ ਦੋਹਾਂ ਦਾ ਸੰਪਰਕ ਵੀ ਕਾਇਮ ਨਾ ਰਹਿ ਸਕਿਆ । ਪਰ ਹੁਣ ਵੀ ਲੋਕ ਮੈਨੂੰ ਉਹਦੇ ਨਾਂ ਕਰਕੇ ਹੀ ਜਾਣਦੇ ਨੇ ।

ਹਾਂ, ਤੇ ਜਦੋਂ ਕੁਝ ਲੋਕਲ ਜਿਹੇ ਪਰਚਿਆਂ ਵਿਚ ਨਾਂ ਛਪ ਗਿਆ ਤਾਂ ਮੈਂ ਜ਼ਰਾ ਵੱਡੀ ਉਡਾਰੀ ਲਾਉਣੀ ਚਾਹੀ । 'ਸਾਵੇ ਪੱਤਰ' ਪੜ੍ਹੀ ਹੋਈ ਸੀ । 'ਪੰਜ ਦਰਿਆ' ਦੇ ਕੁਝ ਅੰਕ ਵੀ ਹੱਥ ਲੱਗ ਕੇ ਦਿਲ ਦਿਮਾਗ ਤੱਕ ਛਾ ਚੁੱਕੇ ਸਨ । ਹੌਸਲਾ ਕਰਕੇ ਕੁਝ ਨਜ਼ਮਾਂ ਪ੍ਰੋ. ਮੋਹਨ ਸਿੰਘ ਹੁਰਾਂ ਨੂੰ ਭੇਜ ਦਿੱਤੀਆਂ । ਨਾਲ ਟਿਕਟਲੱਗਾ, ਪਤਾਲਿਖਿਆ ਲਿਫ਼ਾਫ਼ਾ ਵੀ ਨੱਥੀ ਕੀਤਾ । ਮਹੀਨਾ ਭਰ ਉਡੀਕਿਆ ਅਤੇ ਯਾਦ ਕਰਾਉਣ ਲਈ ਖ਼ਤ ਲਿਖਿਆ । ਕੁਝ ਦਿਨਾਂ ਪਿੱਛੋਂ ਅੰਗਰੇਜ਼ੀ ਵਿਚ ਟਾਈਪ ਕੀਤਾ ਜਵਾਬ ਮਿਲਿਆ ਜਿਸ 'ਤੇ ਪ੍ਰੋਫ਼ੈੱਸਰ ਸਾਹਿਬ ਦੇ ਦਸਤਖ਼ਤ ਵੀ ਅੰਗਰੇਜ਼ੀ ਵਿਚ ਸਨ । ਛਾਪਣ ਤੋਂ ਅਸਮਰਥਤਾ ਪ੍ਰਗਟਾਈ ਸੀ, ਪਰ ਪੰਜ ਦਰਿਆ ਦਾ ਚੰਦਾ ਭੇਜਣ ਦੀ ਹਦਾਇਤ ਕੀਤੀ ਸੀ । ਹਦਾਇਤ ਤਾਂ ਮੈਂ ਨਾ ਮੰਨੀ ਪਰ ਉਹ ਖ਼ਤ ਵੀ ਪੰਜਸੱਤ ਸਾਲ ਮੇਰੇ ਜ਼ਰੂਰੀ ਕਾਗਜ਼ਾਂ ਦਾ ਹਿੱਸਾ ਬਣਿਆ ਰਿਹਾ ਕਿਉਂਕਿ ਉਸ 'ਤੇ ਇਕ ਮਹਾਨ ਕਵੀ ਨੇ ਆਪਣੇ ਹੱਥ ਨਾਲ ਦਸਤਖ਼ਤ ਕੀਤੇ ਹੋਏ ਸਨ ।

ਚੰਡੀਗੜ੍ਹ ਆ ਕੇ ਤਾਂ ਮੈਂ ਥੋਕ ਦੇ ਹਿਸਾਬ ਨਾਲ ਛਪਣ ਲੱਗਾ । ਹੌਲੀਹੌਲੀ ਆਪਣੇ ਨਾਂ ਨੂੰ ਹੌਲਾ ਕਰਦਾ ਗਿਆ । ਅਖ਼ੀਰ 'ਧਿਆਨਪੁਰੀ' ਵੀ ਲਹਿ ਗਿਆ । ਸਿਰਫ਼ 'ਭੂਸ਼ਨ' ਹੀ ਰਹਿ ਗਿਆ । 196566 ਦੀ ਗੱਲ ਹੈ । ਜੀ. ਡੀ. ਚੌਧਰੀ ਦੀ ਕਿਤਾਬ ਛਪ ਰਹੀ ਸੀ, ਜਵਾਲਾਮੁਖੀ । ਉਹਨੇ ਆਪਣੇ ਜੋਤਿਸ਼ ਦੇ ਜ਼ੋਰ ਨਾਲ ਮੇਰਾ ਸਾਹਿਤਕ ਭਵਿੱਖ ਪੜ੍ਹਿਆ ਅਤੇ ਆਪਣੀ ਕਿਤਾਬ ਲਈ ਮੈਨੂੰ ਕੁਝ ਪੰਨੇ ਲਿਖਣ ਲਈ ਕਿਹਾ । ਨਾਲ ਹੀ ਕਿਹਾ ਕਿ ਆਪਣਾ ਉਹੀ ਨਾਂ ਲਿਖੀਂ ਜਿਹੜਾ ਤੂੰ ਆਪਣੀ ਕਿਤਾਬ ਛਪਣ ਵੇਲੇ ਲਿਖਣਾ ਚਾਹੇਂਗਾ । ਮੈਂ ਸਿਰਫ਼ ਭੂਸ਼ਨ ਲਿਖਿਆ । ਇਹੋ ਛਪਿਆ ।

ਜਦੋਂ ਮੇਰੀ ਪਹਿਲੀ ਕਿਤਾਬ 'ਇਕ ਮਸੀਹਾ ਹੋਰ' ਛਪਣ ਜਾਣ ਲੱਗੀ ਤਾਂ ਸ਼ਿਵ ਕੁਮਾਰ ਨੇ ਭੂਮਿਕਾ ਲਿਖਣ ਦੇ ਨਾਲ ਨਾਲ ਇਹ ਸਲਾਹ ਵੀ ਦਿੱਤੀ ਕਿ ਪਹਿਲੀ ਕਿਤਾਬ ਉੱਤੇ 'ਧਿਆਨਪੁਰੀ' ਦੀ ਲੋੜ ਹੈ । ਪਿੱਛੋਂ ਭਾਵੇਂ ਲਾਹ ਦੇਈਂ ... ਆਪਣੇ ਵਲੋਂ ਕਦੋਂ ਦਾ ਲਾਹ ਦਿੱਤਾ ਹੋਇਆ ਹੈ । ਪਰ ਕੀ ਇਹ ਲੱਥ ਸਕਦਾ ਹੈ?

ਪਹਿਲਾਂ ਪੁੱਛਦੇ ਸਨ : ਕਿਹੜਾ ਧਿਆਨਪੁਰੀ?
ਕਹਿਣਾ ਪੈਂਦਾ ਸੀ : ਭੂਸ਼ਨ
ਹੁਣ ਪੁੱਛਦੇ ਨੇ : ਕਿਹੜਾ ਭੂਸ਼ਨ?
ਕਹਿਣਾ ਪੈਂਦਾ ਹੈ : ਧਿਆਨਪੁਰੀ । ।

••••••

8. ਸ਼ਿਵ ਦਾ ਸ਼ੁਦਾਈ

ਪਿੰਡ ਜਿਨ੍ਹਾਂ ਦੇ ਮਨ ਵਸਿਆ ਉਹ ਕਲਾਕਾਰ ਹੋ ਗਏ । ਪਿੰਡ ਦੀ ਖ਼ਾਸੀਅਤ ਹੈ ਕਿ ਉਹ ਆਪਣੀ ਲੋੜ ਤੋਂ ਕਿਤੇ ਵੱਧ ਰਚਦਾ ਹੈ । ਪੂਰੇ ਦੀ ਪੂਰੀ ਕਮਾਈ ਖਰਚ ਕੇ ਵੀ ਪੂਰੇ ਦਾ ਪੂਰਾ ਪਿੰਡ ਬਾਕੀ ਬਚਦਾ ਹੈ । ਪਿੰਡ ਜੋੜਤੋੜ ਨਹੀਂ ਕਰਦਾ, ਬੀਜਦਾ ਹੈ । ਪਿੰਡ ਉਸਰਦਾ ਨਹੀਂ, ਉੱਗਦਾ ਹੈ । ਇਹ ਸੌਦਾ ਸਿਰਫ਼ ਮਾਸੂਮਾਂ ਨੂੰ ਹੀ ਪੁੱਗਦਾ ਹੈ । ਹੁਨਰ ਲਈ ਮਾਸੂਮੀਅਤ ਲਾਜ਼ਮੀ ਸ਼ਰਤ ਹੈ । ਸੁਪਨੀਲਾ ਆਕਾਸ਼ ਹੈ, ਧੁਪੀਲੀ ਧਰਤ ਹੈ । ਕਲਾ ਦੀ ਪੇਂਡੂ ਜਿਹੀ ਕਿਰਨ ਵਿਚ ਹਜ਼ਾਰ ਰੰਗ ਪਰਤਦਰਪਰਤ ਹਨ । ਫੁਰਸਤ ਮਿਲੇ ਤਾਂ ਕਦੇ ਇਸ ਤੱਥ ਨੂੰ ਪਰਤਿਆ ਕੇ ਵੇਖਿਓ । ਪਿੰਡ ਵਿਚ ਬੰਦਿਆਂ ਵਾਂਗੂੰ ਜਾ ਕੇ ਵੇਖਿਓ । ਪਿੰਡ ਵਿਚ ਰਹਿੰਦਿਆਂ ਪਿੰਡ ਦਾ ਪਾਰ ਪਾ ਕੇ ਵੇਖਿਓ । ... ਬੱਸ ਇਕ ਵਾਰ ਮਨ ਵਿਚ ਵਸਾ ਕੇ ਵੇਖਿਓ । ਜਿਵੇਂ ਸ਼ਿਵ ਕੁਮਾਰ ਨੇ ਵਸਾਇਆ ਹੋਇਆ ਸੀ । ਉਹ ਤਾਂ ਜਿਵੇਂ ਇਸ ਜੱਗ ਵਿਚ ਪਿੰਡ ਵੇਖਣ ਲਈ ਹੀ ਆਇਆ ਹੋਇਆ ਸੀ ।

ਪਿੰਡ ਰਹਿੰਦਿਆਂ ਸ਼ਿਵ ਦਾ ਨਾਂ ਪਹਿਲੀ ਵਾਰ ਮੇਰੇ ਕੰਨਾਂ ਵਿਚ ਅਜੀਬ ਢੰਗ ਨਾਲ ਪਿਆ । ਰਿਸ਼ਤੇਦਾਰੀ 'ਚੋਂ ਮੇਰੇ ਮਾਮੇ ਦਾ ਪੁੱਤ 'ਪੈਦਲ' ਅੰਮ੍ਰਿਤਸਰ ਦੇ ਕਿਸੇ ਗਿਆਨੀ ਕਾਲਜ ਵਿਚ ਪੜ੍ਹਦਾ ਸੀ । ਮੈਥੋਂ ਦਸ ਕੁ ਸਾਲ ਵੱਡਾ । 'ਕਵਿਤਾ' ਲਿਖਦਾ । ਅੰਮ੍ਰਿਤਸਰੋਂ ਛਪਣ ਵਾਲੇ ਰਸਾਲਿਆਂ ਵਿਚ 'ਕਵਿਤਾਵਾਂ' ਘੱਲਦਾ । ਮੈਂ ਨੌਵੀਂ-ਦਸਵੀਂ ਵਿਚ ਹੋਵਾਂਗਾ । ਲੁਕ ਛਿਪ ਕੇ ਤੁਕਬੰਦੀ ਮੈਂ ਵੀ ਕਰਦਾ ਸਾਂ । ਪ੍ਰੰਤੂ ਕਿਸੇ ਅਖ਼ਬਾਰ ਰਸਾਲੇ ਦਾ ਸਿਰਨਾਵਾਂ ਨਹੀਂ ਸਾਂ ਜਾਣਦਾ । ਪਿੰਡ ਵਿਚ 'ਪੈਦਲ' ਦਾ ਨਾਂ ਸੀ । ਮੇਰੇ ਨਾਲ ਕਦੇ ਕਦੇ 'ਸਾਹਿਤਕ' ਗੱਲਾਂ ਕਰ ਲੈਂਦਾ । ਇਕ ਦਿਨ ਬਹੁਤ ਹੀ ਗੰਭੀਰ ਸ਼ਕਲ ਬਣਾ ਕੇ ਦੱਸਣ ਲੱਗਾ, ''ਆਹ 'ਕਵਿਤਾ' ਰਸਾਲੇ ਵਾਲਾ ਕਰਤਾਰ ਸਿੰਘ ਬਲੱਗਣ ਹੈ ਨਾ, ਪਤਾ ਨਹੀਂ ਮੇਰੀਆਂ ਥੋਕ ਦੇ ਹਿਸਾਬ ਨਾਲ ਭੇਜੀਆਂ ਰਚਨਾਵਾਂ 'ਚੋਂ ਇਕ ਵੀ ਕਿਉਂ ਨਹੀਂ ਛਾਪਦਾ? ਬਟਾਲੇ ਦਾ ਕੋਈ ਸ਼ਿਵ ਕੁਮਾਰ ਨਾਂ ਦਾ ਮੁੰਡਾ ਏ? ਉਹਦੀ ਕਵਿਤਾ ਆਏ ਮਹੀਨੇ ਪਹਿਲੇ ਸਫ਼ੇ ਉੱਤੇ ਸਜਾ ਕੇ ਲਾਈ ਹੁੰਦੀ ਐ । ਸੁਣਿਆਂ ਕਿ ਆਪ ਵੀ ਪੀਂਦੈ ਤੇ ਐਡੀਟਰ ਨੂੰ ਵੀ ਪਿਆਉਂਦੈ । .. ਵੇਖੇਂ ਨਾ, ਅਸੀਂ ਨਾ ਪੀਨੇ ਆਂ, ਨਾ ਪਿਆਉਨੇ ਆਂ । ... ਕੋਈ ਨਾ, ਕਦੇ ਤਾਂ ਸਾਡੇ ਵਰਗਿਆਂ ਦਾ ਵੀ ਮੁੱਲ ਪਏਗਾ ।''

'ਕਵਿਤਾ' ਰਸਾਲਾ, 'ਕਰਤਾਰ ਸਿੰਘ ਬਲੱਗਣ' ਅਤੇ 'ਸ਼ਿਵ ਕੁਮਾਰ ਬਟਾਲਵੀ' ਮੇਰੇ ਲਈ ਕਿਸੇ ਅਜਨਬੀ ਸਾਜ਼ ਦੀਆਂ ਧੁਨਾਂ ਸਨ । ਖੱਬੇ ਕੰਨ 'ਚ ਦਾਖ਼ਲ ਹੋ ਕੇ ਸੱਜੇ ਥਾਣੀਂ ਨਿਕਲ ਗਈਆਂ । ਪਰ ਪਤਾ ਨਹੀਂ ਕਿਉਂ ਦੇਰ ਤੱਕ ਦਿਮਾਗ ਦੀ ਕਿਸੇ ਨਾੜੀ ਵਿਚ ਲਗਾਤਾਰ ਟਿਕਟਿਕ ਹੁੰਦੀ ਰਹੀ । ਇਸ ਜਨਮ ਵਿਚ ਕੀਤੇ ਹੋਏ ਮਾੜੇ ਮੋਟੇ ਸਾਹਿਤਕ ਕਰਮਾਂ ਦੀ ਮੁਲਾਕਾਤ ਮੇਰੇ ਸੰਚਿਤ ਕਰਮਾਂ ਨਾਲ ਇਕਮਿਕ ਹੁੰਦੀ ਰਹੀ । ਮੌਕਾ ਮੇਲ ਸਮਝੋ ਜਾਂ ਕਰਮਾਂ ਦਾ ਖੇਲ ਸਮਝੋ । ਜੋ ਹੋਣਾ ਸੀ ਹੋਈ ਗਿਆ । ਸ਼ਿਵ ਮੇਰੇ ਸਿਲੇਬਸ ਦਾ ਹਿੱਸਾ ਕਦੇ ਨਹੀਂ ਰਿਹਾ ।

ਪੰਜਾਬੀ ਮੈਂ ਨੌਵੀਂ ਤੱਕ ਪੜ੍ਹੀ । ਦਸਵੀਂ 1961 ਵਿਚ ਕੀਤੀ, ਹਿੰਦੀ ਨਾਲ । ਘਰ ਵਿਚ ਰੇਡੀਓ ਨਹੀਂ ਸੀ । ਪੰਚਾਇਤੀ ਰੇਡੀਓ 'ਤੇ ਸਿਰਫ਼ ਦਿਹਾਤੀ ਪ੍ਰੋਗਰਾਮ ਸੁਣਦੇ ਸਾਂ । ਸ਼ਿਵ ਦਾ ਕੁਝ ਕਦੇ ਸੁਣਿਆ ਵੀ ਨਹੀਂ ਸੀ । ਪਿੰਡ ਰਹਿੰਦਿਆਂ ਉਹਦਾ ਨਾਂ ਸੁਣਿਆ ਸੀ, ਸਿਰਫ਼ ਇਕ ਵਾਰ, ਬੱਸ । ਦਸਵੀਂ ਪਿੱਛੋਂ ਘਰ ਬੈਠਾ ਸਾਂ । ਨੌਕਰੀ ਨਾਲੋਂ ਉਮਰ ਛੋਟੀ ਸੀ । ਟਾਈਪ ਸਿੱਖਣ ਲਈ ਬਟਾਲੇ ਜਾਣਾ ਸ਼ੁਰੂ ਕੀਤਾ । ਸਾਈਕਲ 'ਤੇ । ਘੰਟਾਸਵਾ ਘੰਟਾ ਜਾਣ । ਘੰਟਾਸਵਾ ਘੰਟਾ ਆਉਣ । ਇਕ ਘੰਟਾ ਟਾਈਪ ਦੀ ਕਲਾਸ । ਸਿਖ਼ਰ ਗਰਮੀ । ਬਟਾਲੇ ਦੀ ਜੂਹ 'ਚ ਵੜਦਿਆਂ ਹੀ ਸ਼ਿਵ ਵਾਲੀ ਨਾੜੀ ਟਿਕ ਟਿਕ ਸ਼ੁਰੂ ਕਰ ਦੇਂਦੀ । ਦਿਲ ਕਰਦਾ ਕਿਤੇ ਦਿਸ ਪਵੇ । ਇਸ ਗੱਲ ਦੀ ਚਿੰਤਾ ਹੀ ਨਹੀਂ ਸੀ ਕਿ ਪਛਾਣਾਂਗਾ ਕਿਵੇਂ? ਬਸ ਅੰਦਰ ਕੋਈ ਖਿੱਚ ਜਿਹੀ ਪੈਂਦੀ ਸੀ । ਪੈਂਦੀ ਰਹਿੰਦੀ ਸੀ ।

ਫਿਰ ਮੇਰਾ ਵੱਡਾ ਭਰਾ (ਗੁਰਚਰਨ ਸ਼ਰਮਾ) ਬਟਾਲੇ ਇਕ ਕਾਰਖ਼ਾਨੇ 'ਚ ਮੁਲਾਜ਼ਮ ਜਾ ਲੱਗਾ । ਰੇਲਵੇ ਰੋਡ । ਉਹਨੇ ਦੱਸਣਾ ਕਿ ਉਸ ਪਾਸੇ ਹੀ ਸ਼ਿਵ ਦਾ ਘਰ ਹੈ । ਪਰ ਏਥੇ ਰਹਿੰਦਾ ਨਹੀਂ । ਉਹਨੇ ਬੀ.ਯੂ.ਸੀ. ਕਾਲਜ ਦੇ ਸਾਹਮਣੇ, ਖੇਤਾਂ ਵਿਚ ਬਣੀ, ਕੋਠੀ ਕਿਰਾਏ 'ਤੇ ਲਈ ਹੋਈ ਹੈ, ਜਿਹਨੂੰ ਦੇਵਾ ਨੰਦ ਦੀ ਕੋਠੀ ਕਹਿੰਦੇ ਨੇ । ਉਹਨੇ ਇਹ ਵੀ ਦੱਸਣਾ ਕਿ ਉਨ੍ਹਾਂ ਦੇ ਕੰਮ ਵਾਲੀ ਥਾਂ ਦੇ ਨਜ਼ਦੀਕ ਹੀ ਇਕ ਕਾਰਖ਼ਾਨੇਦਾਰ ਦਾ ਚੁਬਾਰਾ ਹੈ, ਜਿਸ ਦੀਆਂ ਪੌੜੀਆਂ ਸ਼ਿਵ ਅਕਸਰ ਚੜ੍ਹਦਾਉਤਰਦਾ ਰਹਿੰਦਾ ਹੈ । ਮੈਂ ਭਾਈ ਸਾਹਿਬ ਕੋਲ ਕਈ ਵਾਰੀ ਗਿਆ । ਬੈਠਾ ਰਿਹਾ । ਪਰ ਸ਼ਿਵ ਦੇ ਦਰਸ਼ਨ ਨਾ ਹੋਏ । ਉਦੋਂ ਤੱਕ ਮੈਂ ਸ਼ਿਵ ਕੁਮਾਰ ਨੂੰ ਮਿਲਣ ਦੀ ਗੱਲ ਸੋਚ ਵੀ ਨਹੀਂ ਸਾਂ ਸਕਦਾ । ਸਿਰਫ਼ 'ਦਰਸ਼ਨਾਂ' ਦੀ ਹੀ ਤਮੰਨਾ ਸੀ ।

1963 ਵਿਚ ਬਟਾਲੇ ਦੇ ਜ਼ਿਲ੍ਹਾ ਉਦਯੋਗ ਦਫ਼ਤਰ ਵਿਚ ਮੈਂ ਕੱਚਾ ਕਲਰਕ ਲੱਗ ਗਿਆ । ਸਟਾਫ਼ ਵਾਲਿਆਂ ਨੂੰ ਪੁੱਛਿਆ । ਉਨ੍ਹਾਂ ਨੂੰ ਨਾ ਸ਼ਾਇਰੀ ਨਾਲ ਕੋਈ ਵਾਸਤਾ ਸੀ, ਨਾ ਸ਼ਿਵ ਨਾਲ । ਮੇਰੇ ਦੋ ਮਹੀਨੇ ਐਵੇਂ ਹੀ ਨਿਕਲ ਗਏ ਤੇ ਮੈਨੂੰ ਚੰਡੀਗੜ੍ਹੋਂ ਪੱਕੀ ਕਲਰਕੀ ਦਾ ਸੱਦਾ ਆ ਗਿਆ । ਇਸ ਦੌਰਾਨ ਇਹ ਪਤਾ ਲੱਗ ਗਿਆ ਸੀ ਕਿ ਸ਼ਿਵ ਸਟੇਟ ਬੈਂਕ ਦੀ ਬਟਾਲਾ ਬ੍ਰਾਂਚ ਵਿਚ ਮੁਲਾਜ਼ਮ ਹੈ । ਪੰਡਿਤ ਮੋਹਨ ਲਾਲ ਨੇ ਲਵਾਇਆ ਹੈ । ਪਟਵਾਰ ਉਹਨੇ ਛੱਡ ਦਿੱਤੀ ਹੋਈ ਸੀ ... ਬੈਂਕ ਦੇ ਅੱਗੋਂ ਲੰਘਦਿਆਂ ਹਰ ਵਾਰ ਸਾਈਕਲ ਨੂੰ ਬਰੇਕ ਮਾਰ ਕੇ ਏਧਰਓਧਰ ਝਾਕਦੇ ਰਹਿਣਾ । ... ਪਰ ਨਿਹਫਲ । ਅਚਾਨਕ ਇਨ੍ਹੀਂਦਿਨੀਂ ਜਸਵੰਤ ਸਿੰਘ ਮਿਲ ਪਿਆ । ਬੈਂਕ ਦੇ ਸਾਹਮਣੇ । ਉਹ ਧਿਆਨਪੁਰ ਦੇ ਬਾਵਾ ਲਾਲ ਹਾਈ ਸਕੂਲ ਵਿਚ ਚਪੜਾਸੀ ਹੁੰਦਾ ਸੀ । ਮੇਰੇ ਨਾਲ ਉਹਦੀ ਵਾਹਵਾ ਬਣਦੀ ਸੀ । ਉਹ ਸਾਫ਼-ਸੁਥਰਾ ਬਣਠਣ ਕੇ ਰਹਿੰਦਾ । ਉਸ ਦੇ ਸਾਹਮਣੇ ਸਕੂਲ ਦੇ ਕਈ ਮਾਸਟਰ ਚਪੜਾਸੀ ਲੱਗਦੇ । ਹੁਣ ਉਹ ਸਕੂਲ ਦੀ ਨੌਕਰੀ ਛੱਡ ਕੇ ਸੇਖੜੀ ਦੀ ਅੰਮ੍ਰਿਤ ਫੌਂਡਰੀ ਵਿਚ ਚੌਕੀਦਾਰਾ ਕਰਦਾ ਸੀ ।

ਮੈਂ ਜਸਵੰਤ ਨੂੰ ਆਪਣੀ ਸਮੱਸਿਆ ਦੱਸੀ ਤਾਂ ਕਹਿਣ ਲੱਗਾ ਕਿ ਗੱਲ ਈ ਕੋਈ ਨਹੀਂ । ਅੱਜ ਪਿੰਡ ਨਾ ਜਾ । ਰਾਤ ਮੇਰੇ ਕੋਲ ਰਹੁ । ਹੁਣ ਤਾਂ ਦਿਨ ਢਲਣ ਵਾਲਾ ਹੈ । ਸ਼ਿਵ ਕੁਮਾਰ ਨੂੰ ਸਵੇਰੇ ਦੁਪਹਿਰ ਤੋਂ ਪਹਿਲਾਂ ਪਹਿਲਾਂ ਮਿਲਿਆ ਜਾ ਸਕਦਾ ਹੈ । ਦੂਰ ਜਾ ਰਹੇ ਇਕ ਰਿਕਸ਼ੇ ਵੱਲ ਇਸ਼ਾਰਾ ਕਰ ਕੇ ਦੱਸ ਵੀ ਦਿੱਤਾ ਕਿ ਉਸ ਵਿਚ ਬੈਠਾ ਸੋਹਣਾ ਜਿਹਾ ਮੁੰਡਾ ਸ਼ਿਵ ਕੁਮਾਰ ਹੈ । .. . ਤੇ ਅਗਲੀ ਸਵੇਰ ਨਾਸ਼ਤੇ ਪਾਣੀ ਤੋਂ ਪਿੱਛੋਂ ਉਹ ਮੈਨੂੰ ਮੇਰੀ ਸਾਈਕਲ ਦੇ ਪਿੱਛੇ ਬਿਠਾ ਕੇ 'ਦੇਵਾ ਨੰਦ ਦੀ ਕੋਠੀ' ਛੱਡ ਆਇਆ ।

ਸ਼ਿਵ ਨਾਲ ਇਹ ਪਹਿਲੀ ਮੁਲਾਕਾਤ ਬਹੁਤ ਸੰਖੇਪ ਰਹੀ । ਮੈਂ ਉਸ ਨੂੰ ਵੇਖਦਾ ਰਿਹਾ । ਸੁਣਦਾ ਰਿਹਾ । ਉਹਦੀਆਂ ਪੁੱਛਾਂ ਦੇ ਜਵਾਬ ਦਿੰਦਾ ਰਿਹਾ । ਸੰਖੇਪ । ... ਉਹਦੀ ਮੁਸਕਾਨ, ਉਹਦੀ ਅਪਣੱਤ, ਉਹਦੀ ਖਿੱਚ...ਮੇਰੇ ਅੰਦਰ ਅੰਤਾਂ ਦੀ ਚੱਕਥੱਲ ਕਰ ਗਈ । ਜਦੋਂ ਮੈਂ ਆਪਣੇ ਪਿੰਡ ਦਾ ਨਾਂ ਦੱਸਿਆ ਤਾਂ ਹੱਸ ਪਿਆ, ''ਬੜੀ ਵਾਰ ਪੰਡਿਤ ਜੀ (ਮੋਹਨ ਲਾਲ) ਨਾਲ ਗਿਆ ਹਾਂ ਧਿਆਨਪੁਰ । ਬਦਾਮਾਂ ਦਾ ਪ੍ਰਸ਼ਾਦ ਮਿਲਦੈ ਲਿਫ਼ਾਫ਼ਾ ਭਰ ਕੇ । .. ਤੇਰੇ ਲਾਗੇ ਈ ਪਰ੍ਹੇ ਅਮਰਜੀਤ ਰਹਿੰਦੈ । ਅਮਰਜੀਤ ਗੁਰਦਾਸਪੁਰੀ । ਪਿੰਡ ਦਾ ਨਾਂ ਉਦੋਵਾਲੀ ਐ ਤੇ ਆਪਣੇ ਨਾਂ ਨਾਲ ਪਿਉ ਵਾਲਾ 'ਗੁਰਦਾਸਪੁਰੀ' ਜੋੜਿਆ ਹੋਇਐ । ... ਜਦੋਂ ਮੈਂ ਪਟਵਾਰਪੁਣਾ ਕਰਦਾ ਸਾਂ ਤਾਂ ਓਧਰਲੇ ਪਿੰਡਾਂ 'ਚ ਹੀ ਵੜਿਆ ਰਹਿੰਦਾ ਸਾਂ । ਨੌਕਰੀ ਤਾਂ ਮੇਰੀ ਥਾਂ ਗੁਰਬਚਨ ਸਿੰਘ ਰਮਾਜ਼ੀ ਕਰਦਾ ਸੀ । ਆਹ ਤੇਰੇ ਲਾਗੇ ਦਾ ਈ ਹੈ, ਰਾਏ ਚੱਕ ਦਾ । ਰਿਟਾਇਰ ਪਟਵਾਰੀ ਸੀ । ਤਨਖ਼ਾਹ ਅੱਧੋਅੱਧ । ਉਹ ਕਾਗਜ਼ੀ ਕਾਰਵਾਈ ਪਾ ਦਿੰਦਾ ਤੇ ਦਸਖ਼ਤ ਕਰਾਉਣ ਲਈ ਸਾਮੀਆਂ ਨੂੰ , ਮੇਰੇ ਵੱਲ ਘੱਲ ਦਿੰਦਾ । ... ਚੱਲ ਛੱਡ । ਮੈਂ ਕਿਹੜੀਆਂ ਗੱਲਾਂ ਲੈ ਬੈਠਾਂ । ਉਂਜ ਇਹ ਤਾਂ ਮੰਨਣ ਵਾਲੀ ਗੱਲ ਐ ਕਿ ਗੁਰਦਾਸਪੁਰ ਜ਼ਿਲ੍ਹੇ ਦੀ ਸਭ ਤੋਂ ਮਹੱਤਵਪੂਰਨ ਤਹਿਸੀਲ ਬਟਾਲਾ ਅਤੇ ਬਟਾਲੇ ਤਹਿਸੀਲ ਦਾ ਸਭ ਤੋਂ ਮਹੱਤਵਪੂਰਨ ਪਿੰਡ ਧਿਆਨਪੁਰ ਹੀ ਹੈ । ... ਖ਼ੈਰ ਹੁਣ ਤਾਂ ਚੰਡੀਗੜ੍ਹ ਜਾ ਰਿਹੈਂ । ਮੈਂ ਉੱਥੇ ਮੁਸ਼ਾਇਰਿਆਂ 'ਤੇ ਜਾਂਦਾ ਰਹਿਨਾਂ । ਮਿਲਿਆ ਕਰਾਂਗੇ । ... ਤੂੰ ਕੁਝ ਲਿਖਦਾ ਵੀ ਹੁੰਨੈ?'' ''ਨਹੀਂ...'' ਹਾਲੇ ਮੈਂ ਕੁਝ ਹੋਰ ਬੋਲਣ ਹੀ ਵਾਲਾ ਸਾਂ ਕਿ ਉਹ ਉਠ ਖਲੋਤਾ । ''ਲਿਖਿਆ ਕਰ । ਪੜ੍ਹਿਆ ਵੀ ਕਰ ।'' ਉਹਨੇ ਕਿਧਰੇ ਜਾਣਾ ਸੀ । ਮੈਂ ਰਿਕਸ਼ਾ ਕਰ ਕੇ ਜਸਵੰਤ ਕੋਲ ਆ ਗਿਆ । ਓਥੋਂ ਸਾਈਕਲ ਚੁੱਕਿਆ ਤੇ ਧਿਆਨਪੁਰ ।

•••

ਪਿੱਛੋਂ ਅਸੀਂ ਚੰਡੀਗੜ੍ਹ ਇਕੱਠੇ ਹੋ ਗਏ । ਉਹ ਦੌਰ ਵੀ ਆਇਆ, ਮੈਂ ਬੋਲਦਾ ਸਾਂ ਤੇ ਸ਼ਿਵ ਸੁਣਦਾ ਸੀ । ਸਗੋਂ ਕਈ ਵਾਰੀ ਤਾਂ ਫਰਮਾਇਸ਼ ਕਰਕੇ ਸੁਣਦਾ ਸੀ । ਮੇਰੀ ਕਵਿਤਾ ਉਹਨੇ ਕਦੇ ਨਹੀਂ ਸੀ ਸੁਣੀ । ਲਤੀਫ਼ੇ ਸੁਣਦਾ ਸੀ ਤੇ ਜਾਂ ਪਿੰਡ ਬਾਰੇ ਗੱਲਾਂ । ਪਿੰਡ ਬਾਰੇ ਲਿਖਦਾ, ਸੁਣਦਾ, ਬੋਲਦਾ ਉਹ ਸਭ ਤੋਂ ਵੱਧ ਸਹਿਜ ਹੁੰਦਾ । ਖਿੜਿਆ-ਪੁੜਿਆ । ਦੋ ਲਤੀਫ਼ੇ ਤਾਂ ਸਾਡੇ ਟਰੇਡਮਾਰਕ ਬਣ ਗਏ ਸਨ ।

ਇਕ ਲਤੀਫ਼ਾ ਹੁੰਦਾ ਸੀ ਕਿ ਪਿੰਡ ਦੇ ਕਿਸੇ ਬੰਦੇ ਨੇ ਮੇਰੇ ਕੋਲੋਂ ਪੁੱਛਿਆ, 'ਭਈ ਅਸਾਂ ਕਵੀ ਦਰਬਾਰ ਕਰਵਾਉਣਾ ਹੈ ਅਤੇ ਸ਼ਿਵ ਕੁਮਾਰ ਨੂੰ ਸੱਦਣਾ ਚਾਹੁੰਦੇ ਹਾਂ । ਆ ਜਾਏਗਾ?' ਅੱਗੋਂ ਮੈਂ ਸਵਾਲ ਕੀਤਾ ਕਿ ਮੌਕਾ ਕੀ ਹੈ ਤਾਂ ਉਸ ਦਾ ਜਵਾਬ ਸੀ, 'ਮੱਝ ਸੂਈ ਹੈ । ਕੱਟੀ ਦਿੱਤੀ ਹੈ ।' ਮੈਂ ਉਹਨੂੰ ਕਿਹਾ ਕਿ ਬੁਲਾ ਲਵੋ । ਆਏਗਾ । ਖੁਸ਼ ਹੋ ਕੇ ਆਏਗਾ । ਉਹਨੇ ਫੇਰ ਪੁੱਛਿਆ, ''ਤੂੰ ਇਹ ਤਾਂ ਦੱਸ ਕੇ ਲਵੇਗਾ ਕੀ?'' ਮੈਂ ਉਹਨੂੰ ਦੱਸਿਆ ਕਿ ਲੈਣਾ ਲੂਣਾ ਕੀ ਐ? ਬੱਸ ਮੱਝ ਲੈ ਜਾਏਗਾ । ਕੱਟੀ ਛੱਡ ਜਾਏਗਾ । ਸ਼ਿਵ ਮਹਿੰਗਾ ਸ਼ਾਇਰ ਸੀ । ਉਹ ਦੀ ਮੰਗ ਹੁੰਦੀ ਸੀ । ਉਹ ਮੂੰਹ ਮੰਗੇ ਪੈਸੇ ਲੈਂਦਾ ਸੀ । ਇਸ ਲਤੀਫ਼ੇ ਨਾਲ ਇਸ ਤੱਥ ਦੀ ਪੁਸ਼ਟੀ ਹੁੰਦੀ ਹੈ ਅਤੇ ਨਾਲ ਹੀ ਨਾਲ ਉਹਦੀ ਹਉਂ ਦੀ ਤੁਸ਼ਟੀ ਹੁੰਦੀ ਹੈ ।

•••

ਦੂਸਰਾ ਲਤੀਫ਼ਾ । ਮੈਂ ਸ਼ਿਵ ਨੂੰ ਦੱਸਦਾ ਹਾਂ ਕਿ ਮੇਰੇ ਪਿੰਡੋਂ ਕੋਈ ਮੁੰਡਾ ਆਇਆ ਤੇ ਮੈਨੂੰ ਬੱਸ ਸਟੈਂਡ 'ਤੇ ਮਿਲਿਆ । ਉਹਦੇ ਮੋਢੇ 'ਤੇ ਝੋਲਾ ਸੀ । ਝੋਲੇ ਵਿਚ ਪੋਹਲੀ, ਭੱਖੜਾ, ਥੋਹਰ, ਇਟਸਿਟ, ਸੌਂਚਲ, ਪਿਤਪਾਪੜੀ, ਬੁਘਾਟ... ਤੇ ਹੋਰ ਪਤਾ ਨਹੀਂ ਕੀ ਕੁਝ ਝਾਕ ਰਿਹਾ ਸੀ । ਮੈਂ ਸੁਆਲੀਆ ਨਿਸ਼ਾਨ ਬਣਿਆ ਤਾਂ ਉਸ ਮਿੱਤਰ ਨੇ ਸਪੱਸ਼ਟੀਕਰਨ ਦਿੱਤਾ, ''ਬੀ. ਐੱਡ. ਕਰ ਲਈ ਸੀ । ਚੰਡੀਗੜ੍ਹ ਵਿਚ ਪੋਸਟਿੰਗ ਹੋ ਗਈ ਐ । ਸ਼ਿਵ ਕੁਮਾਰ ਦੀਆਂ ਨਜ਼ਮਾਂ ਪੜ੍ਹਾਉਣੀਆਂ ਪੈਂਦੀਆਂ ਨੇ । ਜੜ੍ਹੀਆਂ ਬੂਟੀਆਂ ਬਾਰੇ ਭਲਾ ਕਿਵੇਂ ਸਮਝਾਵੇ । ਪਿੰਡ ਗਿਆ ਸਾਂ । ਗੁੜ ਤੇ ਪਿੰਨੀਆਂ ਲਿਆਉਣ ਦੀ ਥਾਂ ਮੈਂ ਇਹ ਨਿਕ-ਸੁਕ ਲੈ ਕੇ ਆਇਆ ਹਾਂ । ਬੱਚਿਆਂ ਨੂੰ ਸਮਝਾਉਣ ਲਈ ਡਿਮਾਂਸਟਰੇਸ਼ਨ ਤਾਂ ਕਰਨੀ ਹੀ ਪੈਂਦੀ ਹੈ ਨਾ! ਇਕ ਹੱਥ ਵਿਚ ਭੱਖੜਾ ਤੇ ਦੂਜੀ ਮੁੱਠ ਵਿਚ ਬੁਘਾਟ ਲੈ ਕੇ ਪਿੱਠ ਪਿੱਛੇ ਲੁਕਾ ਲਈਦਾ ਹੈ । ਕਲਾਸ ਵਿਚ ਜਾ ਕੇ ਜਦੋਂ ਬੋਲੀਦਾ ਹੈ:

'ਜਿਨ੍ਹਾਂ ਖਿੱਤੀਆਂ 'ਚ ਬੀਜੇ ਸੀ, ਮੈਂ ਤਾਰਿਆਂ ਦੇ ਬੀਅ,
ਉਨ੍ਹਾਂ ਖਿੱਤੀਆਂ 'ਚ ਭੱਖੜਾ, ਬੁਘਾਟ ਉੱਗਿਆ ।'

ਤਾਂ ਵਾਰੀ ਵਾਰੀ ਭੱਖੜੇ ਤੇ ਬੁਘਾਟ ਵਾਲੀ ਮੁੱਠ ਮੂਹਰੇ ਕਰ ਦਈਦੀ ਹੈ ।''

•••

ਤੇ ਹਾਂ, ਜਦੋਂ ਮੈਂ ਸੱਚੀਮੁੱਚੀਂ ਬਟਾਲੇ ਤੋਂ ਚੰਡੀਗੜ੍ਹ ਚਲਿਆ ਗਿਆ ਤਾਂ ਸ਼ਿਵ ਨੂੰ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ । ਇਹ ਦੌਰ ਸ਼ੁਰੂ ਹੋਇਆ ਅੰਮ੍ਰਿਤਾ ਪ੍ਰੀਤਮ ਤੋਂ । ਜਾਰੀ ਰਿਹਾ ਮੋਹਨ ਸਿੰਘ ਤੱਕ । ਮੁੱਕਿਆ ਸ਼ਿਵ ਕੁਮਾਰ 'ਤੇ ।

ਸ਼ਿਵ ਨੂੰ ਮੈਂ ਪੂਰਾ ਪੜ੍ਹ ਲਿਆ । 'ਲੂਣਾ' ਤੱਕ । ਕਵਿਤਾ ਲਿਖੀ : 'ਇਕ ਆਇਆ ਪੀੜਾਂ ਵਾਲਾ' । ਭੇਜੀ ਅੰਮ੍ਰਿਤਾ ਪ੍ਰੀਤਮ ਨੂੰ 'ਨਾਗਮਣੀ' ਲਈ । ਵਾਪਸ ਆ ਗਈ ।

'ਨਾਗਮਣੀ' ਦੀ ਰੱਦ ਕਰਨ ਵਾਲੀ ਸਲਿੱਪ ਉਤਾਰ ਕੇ, ਉਹੀ ਕਾਗਜ਼ 'ਕਵਿਤਾ' ਵਾਸਤੇ ਬਲੱਗਣ ਨੂੰ ਅੰਮ੍ਰਿਤਸਰ ਦੇ ਪਤੇ 'ਤੇ ਭੇਜ ਦਿੱਤੇ । ਮਹੀਨੇ ਦਾ ਅੱਧ ਸੀ । ਮਹੀਨੇ ਦੇ ਅੰਤ 'ਤੇ 'ਕਵਿਤਾ' ਡਾਕ ਰਾਹੀਂ ਮਿਲਿਆ । ਕਵਿਤਾ ਛਪੀ ਹੋਈ ਸੀ । ਬਿਲਕੁਲ ਅੱਧਵਿਚਕਾਰ । ਸੈਂਟਰਸਪਰੈੱਡ । ਸ਼ਾਇਦ ਬਾਕੀ ਸਮੱਗਰੀ ਨੂੰ ਪਿੱਛੇ ਪਾ ਕੇ ਇਸ ਕਵਿਤਾ ਨੂੰ ਐਡਜਸਟ ਕੀਤਾ ਗਿਆ ਸੀ ।

ਖੁਸ਼ੀ ਹੋਈ । ਮੁਬਾਰਕਾਂ ਮਿਲੀਆਂ । ਚਿੱਠੀਆਂ ਆਈਆਂ । 'ਕਵਿਤਾ' ਵਿਚ 'ਕਰਤਾਰ ਸਿੰਘ ਬਲੱਗਣ' ਦੀ ਸੰਪਾਦਨਾ ਹੇਠ 'ਸ਼ਿਵ ਕੁਮਾਰ ਬਟਾਲਵੀ' ਬਾਰੇ ਮੇਰੀ ਨਜ਼ਮ ਛਪੀ ਸੀ । ਗੁਆਂਢੀ ਕਸਬੇ ਡੇਰਾ ਬਾਬਾ ਨਾਨਕ 'ਚ ਰਹਿੰਦੇ ਬਜ਼ੁਰਗ ਲੇਖਕ ਜਸਵੰਤ ਸਿੰਘ ਰਾਹੀ ਦੀ ਚਿੱਠੀ ਆਈ । ਪਤਾ ਨਹੀਂ ਨਿੰਦਿਆ ਸੀ ਕਿ ਪ੍ਰਸੰਸਾ । ਲਿਖਿਆ ਸੀ : ''ਕਵਿਤਾ ਪੜ੍ਹ ਕੇ ਮੈਂ ਦੰਗ ਰਹਿ ਗਿਆ । ਧਿਆਨਪੁਰ ਦਾ ਇਹ ਕਿਹੜਾ ਮੁੰਡਾ ਸ਼ੁਦਾਈ ਹੋ ਗਿਆ ਹੈ!''

••••••

9. ਪਿੰਡ ਵਿਚ ਸ਼ਿਵ

ਕੰਮ ਕਰਨਾ ਬੰਦੇ ਦੇ ਵੱਸ ਹੁੰਦਾ ਹੈ । ਉਹ ਕੀ ਕਰਦਾ ਹੈ; ਕਦੋਂ ਕਰਦਾ ਹੈ; ਕਿੱਦਾਂ ਕਰਦਾ ਹੈ ; ਕਿੰਨਾ ਕੁ ਕਰਦਾ ਹੈ... ਉਸ ਦੀ ਮਰਜ਼ੀ ਹੁੰਦੀ ਹੈ । ਕਰਮ ਕਰਨ ਵਿਚ ਉਹ ਸੁਤੰਤਰ ਹੈ ; ਖ਼ੁਦਮੁਖ਼ਤਾਰ ਹੈ । ਅਗਲਾ ਦਾਰੋਮਦਾਰ ਦੂਜਿਆਂ 'ਤੇ ਹੈ, ਉਹ ਕਿਵੇਂ ਲੈਂਦੇ ਨੇ; ਕੀ ਕਹਿੰਦੇ ਨੇ । ਲੈਟਰ ਬਾਕਸ ਵਿਚ ਚਿੱਠੀ ਪਾ ਕੇ, ਜਵਾਬ ਦੀ ਉਡੀਕ ਵਿਚ, ਜਿਹੜਾ ਲਾਲ ਡੱਬੇ ਦੇ ਸਹਾਰੇ ਖੜ੍ਹਾ ਰਹਿੰਦਾ ਹੈ.... ਉਹਨੂੰ ਦੂਜਿਆਂ ਦੇ ਕਰਮਾਂ ਦਾ ਬੋਝ ਖਾਹਮਖਾਹ ਢੋਣਾ ਪੈਂਦਾ ਹੈ । ਆਪਣਾ ਕੰਮ ਪੂਰੀ ਸਮਰੱਥਾ ਅਤੇ ਈਮਾਨਦਾਰੀ ਨਾਲ ਕਰੋ । ਆਪਣੀ ਸੀਮਾ ਨੂੰ ਪਛਾਣੋ ਅਤੇ ਸੀਮਾ ਵਿਚ ਰਹਿ ਕੇ ਆਜ਼ਾਦੀ ਨੂੰ ਮਾਣੋ । ਆਪਣੇ ਰਾਹਵਾਂ ਨੂੰ ਹਰਿਆਵਲ ਨਾਲ ਭਰੋ ਪਰ ਦੂਜਿਆਂ ਦੇ ਰਾਹਾਂ ਵਿਚ ਕੰਡੇ ਨਾ ਧਰੋ ।... ਪਤਾ ਨਹੀਂ ਇਹ ਗੱਲਾਂ ਮੈਂ ਕਿਸੇ ਨੂੰ ਕਹੀਆਂ ਸਨ ਕਿ ਚਿੱਠੀ ਵਿਚ ਲਿਖੀਆਂ ਸਨ ਜਾਂ ਸ਼ਾਇਦ ਹੁਣੇ ਹੁਣੇ ਮਨ ਵਿਚ ਆਈਆਂ ਹਨ । ਦਰਅਸਲ ਕਦੇ ਕਦੇ ਮਨ ਆਪਣੇ ਵੱਸ ਵਿਚ ਨਹੀਂ ਹੁੰਦਾ, ਕਿਸੇ ਹੋਰ ਦੀ ਗਰਿਫ਼ਤ ਵਿਚ ਹੁੰਦਾ ਹੈ । ਮਈ ਮਹੀਨੇ ਦਾ ਪਹਿਲਾ ਹਫ਼ਤਾ ਏਦਾਂ ਹੀ ਗੁਜ਼ਰਦਾ ਹੈ । ਸ਼ਿਵ ਮੇਰੇ ਨਾਲਨਾਲ ਵਿਚਰਦਾ, ਗੱਲਾਂ ਕਰਦਾ ਹੈ । ਇਹ ਗੱਲਾਂ ਵੀ ਖਵਰੇ ਓਸੇ ਨੇ ਕਹੀਆਂ ਹੋਣ ਜਾਂ ਫਿਰ ਮੈਨੂੰ ਯਾਦ ਹੀ ਏਨੀਆਂ ਕੁ ਰਹੀਆਂ ਹੋਣ!

ਵਿਸ਼ੇਸ਼ ਥੀਮ ਤੇ ਲਿਖਣ ਵਾਲੇ ਦੀ ਸਮੱਸਿਆ ਹੋਰਨਾਂ ਤੋਂ ਅੱਡ ਹੁੰਦੀ ਹੈ । ਉਸ ਦੀ ਆਜ਼ਾਦੀ ਦਾ ਘੇਰਾ ਸੀਮਤ ਹੁੰਦਾ ਹੈ । ਉਸ ਨੂੰ ਆਪਣੀ ਔਕਾਤ ਵਿਚ ਰਹਿ ਕੇ ਗੱਲ ਕਹਿਣੀ ਪੈਂਦੀ ਹੈ । ਫਿਰ ਵੀ ਆਜ਼ਾਦੀ ਦੀ ਹਸਰਤ ਤਾਂ ਰਹਿੰਦੀ ਹੀ ਰਹਿੰਦੀ ਹੈ ।

ਮੈਂ ਪਿੰਡ ਪਰਤਣਾ ਹੈ ਪਰ ਸ਼ਿਵ ਤੋਂ ਜੁਦਾ ਵੀ ਨਹੀਂ ਹੋਣਾ । ਕੋਈ ਜੁਗਤ ਲੜਾਉਣੀ ਪਵੇਗੀ । ਬਣਤ ਬਣਾਉਣੀ ਪਵੇਗੀ । ਚਲੋ ਕਦਮ ਵਧਾਉਂਦੇ ਹਾਂ । ਉਸ ਦੀ ਕਵਿਤਾ ਨਾਲ ਸੰਵਾਦ ਰਚਾਉਂਦੇ ਹਾਂ । ਉਸ ਦਾ ਪਿੰਡ ਵੇਖਦੇ ਹਾਂ, ਆਪਣਾ ਪਿੰਡ ਵਿਖਾਉਂਦੇ ਹਾਂ ।

ਮੈਨੂੰ ਸੁਪਨੇ ਘੱਟ ਆਉਂਦੇ ਨੇ । ਜਿੰਨੇ ਕੁ ਆਉਂਦੇ ਨੇ ਉਨ੍ਹਾਂ 'ਚੋਂ ਵੀ ਘੱਟ ਯਾਦ ਰਹਿੰਦੇ ਨੇ । ਸੁਪਨੇ ਮੈਂ ਲੈਂਦਾ ਨਹੀਂ । ਆਦਤ ਹੀ ਨਹੀਂ । ਪਰ ਕਈ ਵਾਰ ਸੁਪਨੀਲਾ ਜਿਹਾ ਆਲਮ ਤਾਰੀ ਹੋ ਜਾਂਦਾ ਹੈ । ਜੋ ਹੁੰਦਾ ਹੈ ਹੋਣ ਦਿੰਦਾ ਹਾਂ । ਦਰਸ਼ਕ ਬਣ ਜਾਂਦਾ ਹਾਂ । ਹੁਣ ਇਹੋ ਆਲਮ ਹੈ । ... ਪਿੰਡ ਵੱਲ ਨੂੰ ਤੁਰੇ ਜਾ ਰਹੇ ਹਾਂ । ਸ਼ਾਮ ਉਤਰ ਰਹੀ ਹੈ । ਬਾਵਾ ਲਾਲ ਦਾ ਮੰਦਿਰ ਨਜ਼ਰੀਂ ਆ ਰਿਹਾ ਹੈ । ਲਾਈਟਾਂ ਜਗ ਗਈਆਂ ਨੇ । ਸ਼ਿਵ ਰੁਕ ਗਿਆ ਹੈ । ਪਾਸੇ ਹੋ ਕੇ ਖਲੋ ਗਿਆ ਹੈ । ਟਿਕਟਿਕੀ ਲਗਾ ਕੇ ਵੇਖ ਰਿਹਾ ਹੈ । ਗੁਣਗੁਣਾ ਰਿਹਾ ਹੈ :

ਸ਼ਾਮ ਦੀ ਮੈਂ ਫਿੱਕੀ ਫਿੱਕੀ
ਉੱਡੀ ਉੱਡੀ ਧੁੰਦ ਵਿਚੋਂ,
ਨਿੰਮੇ ਨਿੰਮੇ ਟਾਵੇਂ ਟਾਵੇਂ
ਤਾਰੇ ਪਿਆ ਵੇਖਦਾਂ ।
ਦੂਰ ਅੱਜ ਪਿੰਡ ਤੋਂ ਮੈਂ
ਡੰਡੀਆਂ 'ਤੇ ਖੜ੍ਹਾ ਖੜ੍ਹਾ,
ਮੰਦਰਾਂ ਦੇ ਕਲਸ ਤੇ
ਮੁਨਾਰੇ ਪਿਆ ਵੇਖਦਾਂ ।

ਥੋੜ੍ਹਾ ਜਿਹਾ ਤੁਰ ਕੇ ਉਹ ਮੁੜ ਅਟਕ ਗਿਆ ਹੈ । ਡੁੱਬਦਾ ਹੋਇਆ ਸੂਰਜ ਵਿਦਾ ਮੰਗ ਰਿਹਾ ਹੈ । ਬੱਦਲਵਾਈ ਜਿਹੀ ਹੈ । ਚਾਨਣਾ ਪੱਖ ਸ਼ੁਰੂ ਹੋਇਆ ਹੈ । ਅੱਜ ਏਕਮ ਹੈ । ਕੱਲ੍ਹ ਨੂੰ ਦੁਤੀਆ ਹੈ । ਬਾਬੇ ਲਾਲ ਦਾ ਜਨਮ ਉਤਸਵ । ਮੰਦਿਰ ਵਿਚ ਰੌਣਕਾਂ ਲੱਗਣਗੀਆਂ । ਤਿਆਰੀਆਂ ਹੋ ਰਹੀਆਂ ਹਨ । ਮੈਂ ਉਹਨੂੰ ਦੱਸਦਾ ਹਾਂ ਪਰ ਉਹ ਸੁਣਦਾ ਨਹੀਂ । ਕਹਿੰਦਾ ਹੈ :

ਅਹੁ ਮਾਰ ਲਹਿੰਦੇ ਵੱਲ ਨਿਗ੍ਹਾ
ਤੱਕ ਹੋ ਰਿਹਾ ਸੂਰਜ ਜ਼ਿਬਾਹ
ਏਕਮ ਦਾ ਚੰਨ, ਨਿੱਕਾ ਜਿਹਾ
ਅੱਜ ਬਦਲੀਆਂ ਨੇ ਖਾ ਲਿਆ ।

ਮੈਂ ਸ਼ਿਵ ਨੂੰ , ਉਹਦੀ ਬਾਂਹ ਫੜ ਕੇ, ਤਲਾਅ ਵੱਲ ਲੈ ਜਾਂਦਾ ਹਾਂ । ਬਾਬੇ ਜਗੀਰਦਾਸ ਦੀ ਸਮਾਧ ਲਗਾਲੇ ਸ਼ਿਵਾਲੇ ਦੇ ਥੜ੍ਹੇ ਉੱਤੇ ਬਹਿ ਕੇ ਉਹ ਖਿੜੀਆਂ ਹੋਈਆਂ ਕਨੇਰਾਂ ਵੇਖ ਕੇ ਗੁਆਚ ਜਿਹਾ ਜਾਂਦਾ ਹੈ :

ਵਾਸਤਾ ਈ ਮੇਰਾ
ਮੇਰੇ ਦਿਲਾਂ ਦੀਆਂ ਮਹਿਰਮਾ ਵੇ!
ਫੁੱਲੀਆਂ ਕਨੇਰਾਂ ਘਰ ਆ ।
ਲੱਗੀ ਤੇਰੀ ਦੀਦ ਦੀ ਵੇ
ਤੇਹ ਸਾਡੇ ਦੀਦਿਆਂ ਨੂੰ
ਇਕ ਘੁੱਟ ਚਾਨਣੀ ਪਿਆ ।

ਸੂਰਜ ਦੀਆਂ ਕਿਰਨਾਂ ਸਰੋਵਰ ਵਿਚ ਪੈ ਰਹੀਆਂ ਨੇ । ਥੇਹ ਤੋਂ ਪਾਰ, ਪਰੇ ਦੁਮੇਲ ਵੱਲ ਉਹਦੀ ਨਜ਼ਰ ਸੁਨਹਿਰੀ ਨਜ਼ਾਰਿਆਂ ਨਾਲ ਇਕਸੁਰ ਹੋਈ ਜਾਪਦੀ ਹੈ । ਕਿਸੇ ਦੂਜੇ ਦੀ ਹੋਂਦ ਦਾ ਉਹਨੂੰ ਜਿਵੇਂ ਅਹਿਸਾਸ ਹੀ ਨਹੀਂ :

ਪਿੰਡ ਦੀਆਂ ਢੱਕੀਆਂ 'ਤੇ
ਲੱਕ ਲੱਕ ਉਗਿਆ ਵੇ
ਪੀਲਾ ਪੀਲਾ ਕਿਰਨਾਂ ਦਾ ਘਾਹ ।
ਰੁੱਕ ਰੁੱਕ ਹੋਈਆਂ ਤਰਕਾਲਾਂ
ਸਾਨੂੰ ਚੰਨਣਾ ਵੇ ।
ਹੋਰ ਸਾਥੋਂ ਰੁਕਿਆ ਨਾ ਜਾ ।

ਪਤਾ ਨਹੀਂ ਉਹ ਕਿਰਨਾਂ ਦਾ ਘਾਹ ਖੋਤ ਖੋਤ ਕੇ ਕਿਉਂ ਥੱਕੀ ਜਾ ਰਿਹਾ ਹੈ । ਉਹਦੀ ਥਕਾਵਟ ਵੀ ਬਾਂਝ ਨਹੀਂ । ਜਰਖੇਜ਼ ਹੈ । ਕੁੜੀਆਂ ਦੀ ਟੋਲੀ ਮਾਤਾਰਾਣੀ ਵੱਲ ਨੂੰ ਲੰਘਦੀ ਵੇਖ ਕੇ ਸ਼ਿਵ ਤਰਲਾ ਮਾਰਦਾ ਹੈ :

ਨੀ ਮੇਰੇ ਪਿੰਡ ਦੀਓ ਕੁੜੀਓ ਚਿੜੀਓ
ਆਉ ਮੈਨੂੰ ਦਿਓ ਦਿਲਾਸਾ ਨੀ ।
ਪੀ ਚੱਲਿਆ ਮੈਨੂੰ ਘੁੱਟ ਘੁੱਟ ਕਰਕੇ,
ਗਮ ਦਾ ਮਿਰਗ ਪਿਆਸਾ ਨੀ ।

ਤਲਾਅ ਤੋਂ ਉੱਠ ਕੇ ਅਸੀਂ ਢਾਬ ਵੱਲ ਤੁਰ ਪੈਂਦੇ ਹਾਂ । ਚਾਰ- ਚੁਫੇਰੇ ਸੁੰਨ ਸਰਾਂ ਹੈ । ਪਰ ਚਾਨਣਾ ਪੱਖ ਹੋਣ ਕਰਕੇ ਖਿੜੀਆਂ ਹੋਈਆਂ ਕੱਮੀਆਂ ਝੂਮਦੀਆਂ ਦਿਸਦੀਆਂ ਨੇ । ਲੱਤਾਂ ਲਮਕਾ ਕੇ ਕੰਢੇ 'ਤੇ ਬਹਿ ਜਾਂਦਾ ਹੈ:

ਪਾਣੀਆਂ ਦੇ ਸ਼ੀਸ਼ੇ ਵਿਚ
ਮੁੱਖ ਵੇਖ ਕੱਮੀਆਂ ਦੇ,
ਰੋਣ ਪਏ ਨੀ ਪੱਤ ਕੁਮਲਾਏ ।
ਨਿੱਕੇ ਨਿੱਕੇ ਘੁੰਗਰੂ ਨੀ ।
ਪੌਣ ਬੰਨ੍ਹ ਪੈਰਾਂ ਵਿਚ,
ਅੱਡੀਆਂ ਮਰੇਂਦੀ ਤੁਰੀ ਜਾਏ ।

ਹੁਣ ਉਹ ਵਜਦ ਵਿਚ ਹੈ । ਉੱਠ ਕੇ ਟਹਿਲ ਰਿਹਾ ਹੈ । ਪੈਰਾਂ ਵਿਚ ਜਿਵੇਂ ਨਿਰਤ ਹੈ । ਧਿਆਨ ਅੰਬਰ ਵੱਲ ਹੈ:

ਸਈਓ ਨੀ ਸਈਓ
ਪੀਲੀ ਚੰਨੇ ਦੀ ਤਿਤਲੀ
ਮਾਰੇ ਪਈ ਗਗਨੀ
ਉਡਾਰੀਆਂ ਵੇ ਹੋ!
ਲਹਿੰਦੇ ਦਿਆਂ ਪੱਤਣਾਂ ਤੇ
ਤਾਰਿਆਂ ਦੇ ਫੁਲ ਖਿੜੇ
ਸਰ੍ਹੋਂ ਦੀਆਂ ਹੋਣ ਜਿਉਂ ਕਿਆਰੀਆਂ ਵੇ ਹੋ!

ਧਰਤੀ ਉੱਤੇ ਤੁਰਦਾ ਬੰਦਾ ਮੈਂ ਆਕਾਸ਼ ਵਿਚ ਵਿਚਰਦਾ ਸਾਹਮਣੇ ਵੇਖ ਰਿਹਾ ਹਾਂ । ਧਰਤੀ ਅਤੇ ਅੰਬਰ ਉਹਦੇ ਅੰਦਰ ਦਾ ਹਿੱਸਾ ਬਣੇ ਹੋਏ ਨੇ । ਰਿੜਕਣਾ ਜਿਹਾ ਪਿਆ ਹੋਇਆ ਹੈ । ਸ਼ਬਦਾਂ ਦੀ ਮਧਾਣੀ ਨਾਲ ਭਾਵਾਂ ਦਾ ਮੰਥਨ ਹੋ ਰਿਹਾ ਹੈ । ਧੁਨੀ ਗੂੰਜਦੀ ਹੈ :

ਅੰਬਰ ਦੀ ਇਕ ਥਿੰਧੀ ਚਾਟੀ
ਸੰਦਲੀ ਪੌਣ ਮਧਾਣੀ
ਅੱਧੀ ਰਾਤੀਂ ਰਿੜਕਣ ਬੈਠੀ
ਚਾਨਣ, ਧਰਤ ਸੁਆਣੀ ।
ਚੰਨ ਦਾ ਪੇੜਾ ਖੁਰ ਖੁਰ ਜਾਏ
ਸੇਕ ਨਾ ਵੱਤਰ ਆਏ
ਨੀ ਜਿੰਦੇ! ਇਹ ਕੇਹੇ ਦਿਨ ਆਏ!
ਫਿਰ ਸੁਚੇਤ ਰੂਪ ਵਿਚ ਮੈਨੂੰ ਮੁਖ਼ਾਤਬ ਹੁੰਦਾ ਹੈ :
ਅਹੁ ਟੁਰਦੇ ਚੰਨ ਦੇ ਵੱਲ ਮਾਰ ਝਾਤੀ ।
ਹੈ ਦਾਗੋ ਦਾਗ ਹੋਈ ਜਿਸ ਦੀ ਛਾਤੀ ।
ਕਿਸੇ ਗੌਤਮ ਰਿਖੀ ਦੀ ਨਾਰ ਖਾਤਰ
ਨੇ ਕਹਿੰਦੇ : ਏਸਦੀ ਲੋਅ ਗੁਆਚੀ ।

ਅਸੀਂ ਪਿੰਡ ਵੱਲ ਰੁਖ ਕਰਦੇ ਹਾਂ । ਰਾਤ ਬਹੁਤ ਹੋ ਚੁੱਕੀ ਹੈ । ਘਰ ਪਹੁੰਚਣਾ ਚਾਹੀਦਾ ਹੈ, ਪਰ ਸ਼ਿਵ ਹੁਣ ਦਾਰਸ਼ਨਿਕ ਹੋਈ ਜਾ ਰਿਹਾ ਹੈ । ਸ਼ੁਕਰ ਹੈ ਉਸ ਦੀ ਬਿਰਤੀ ਰਤਾ ਬਾਹਰਮੁਖੀ ਹੋਈ ਹੈ । ਉਸ ਨੂੰ ਅਹਿਸਾਸ ਹੋਇਆ ਹੈ ਕਿ ਨਾਲ ਵੀ ਕੋਈ ਤੁਰ ਰਿਹਾ ਹੈ । ਦੂਰ ਕਿਤੇ ਕੁੱਤੇ ਭੌਂਕ ਰਹੇ ਨੇ । ਮੇਰੇ ਤੋਂ ਹਟ ਕੇ ਉਹਦਾ ਧਿਆਨ ਕੁੱਤਿਆਂ ਵੱਲ ਹੋ ਗਿਆ ਹੈ :
ਕੁੱਤਿਓ! ਰਲ ਕੇ ਭੌਂਕੋ
ਤਾਂ ਕਿ ਮੈਨੂੰ ਨੀਂਦ ਨਾ ਆਏ ।
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਏ!

ਮੈਂ ਉਹਨੂੰ ਘੜੀ ਵਿਖਾਉਂਦਾ ਹਾਂ । ਸਮਾਂ ਬਹੁਤ ਹੋ ਚੁੱਕਾ ਹੈ । ਪਰ ਉਹ ਤਾਂ ਜਿਵੇਂ ਹੁਣ ਸਮੇਂ ਦੀ ਸੀਮਾ ਵਿਚ ਰਿਹਾ ਹੀ ਨਹੀਂ । ਸਮੇਂ ਦਾ ਸਾਕਸ਼ੀ ਬਣ ਗਿਆ ਹੈ:

ਸਮਾਂ ਵੀ ਕਿੰਨੀ ਚੰਦਰੀ ਸ਼ੈਅ ਹੈ
ਕਿਸੇ ਪੁਰਾਣੇ ਅਮਲੀ ਵਾਕਣ
ਦਿਨ ਭਰ ਪੀ ਕੇ ਡੋਡੇ ਸਹੁਰਾ
ਗਲੀਆਂ ਅਤੇ ਬਜ਼ਾਰਾਂ ਦੇ ਵਿਚ
ਆਪਣੀ ਝੋਕ 'ਚ ਟੁਰਿਆ ਰਹਿੰਦੈ ।
ਨਾ ਕਿਤੇ ਖੜ੍ਹਦੈ, ਨਾ ਕਿਤੇ ਬਹਿੰਦੈ ।

ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ ਪਰ ਸਾਨੂੰ ਤਾਂ ਸਮੇਂ ਦਾ ਲਿਹਾਜ਼ ਕਰਨਾ ਚਾਹੀਦਾ ਹੈ । ਕੁੜੀਆਂ ਤਾਂ ਖੂਹ 'ਤੇ ਪਾਣੀ ਭਰਨ ਵੀ ਆ ਗਈਆਂ ਲੱਗਦੀਆਂ ਨੇ । ਲੱਗਦਾ ਹੈ ਪਹੁ ਫੁੱਟਣ ਵਾਲੀ ਹੈ । ... ਮੇਰਾ ਇਹ ਸੁਝਾਅ ਉਸ ਨੂੰ ਮੁੜ ਗਾਉਣ ਲਾ ਦਿੰਦਾ ਹੈ :

ਰਾਤ ਜਿਵੇਂ ਕੋਈ ਕੁੜੀ ਝਿਊਰੀ
ਪਾ ਬੱਦਲਾਂ ਦਾ ਪਾਟਾ ਝੱਗਾ
ਚੁੱਕੀ ਚੰਨ ਦੀ ਚਿੱਬੀ ਗਾਗਰ
ਧਰਤੀ ਦੇ ਖੂਹੇ 'ਤੇ ਆਈ ।
ਟੁਰੇ ਵਿਚਾਰੀ ਊਂਧੀ ਪਾਈ ।
ਇਹ ਕਿਸਦੀ ਅੱਜ ਯਾਦ ਹੈ ਆਈ!

ਇਸ ਤੋਂ ਪਿੱਛੋਂ ਮੈਂ ਉਹਨੂੰ ਸਵਾਲਾਂਜਵਾਬਾਂ 'ਚ ਉਲਝਾਉਣਾ ਚਾਹਿਆ । ਉਹਨੂੰ ਆਪਣੇ ਨੇੜੇ ਲਿਆਉਣਾ ਚਾਹਿਆ । ਅਗਲਾ ਪੰਧ ਪ੍ਰਸ਼ਨੋਤਰੀ ਸ਼ੈਲੀ 'ਚ ਕਰਦੇ ਹਾਂ:

? ਸ਼ਿਵ! ਹੁਣ ਅਸੀਂ ਪਿੰਡ ਵਿਚ ਦਾਖ਼ਿਲ ਹੋ ਰਹੇ ਹਾਂ । ਰਾਤ ਬੀਤ ਗਈ ਹੈ । ਦਿਨ ਚੜ੍ਹ ਰਿਹਾ ਹੈ । ਘਰ ਚੱਲਦੇ ਹਾਂ ।

ਏਸ ਪਿੰਡ ਕੋਈ ਨਹੀਉਂ
ਸਕਾ ਸਾਡਾ ਅੰਮੀਏ ਨੀ!
ਜਿਹੜਾ ਸਾਡੀ ਪੀੜ ਨੂੰ ਵੰਡਾਏ ।
ਏਸ ਰੁੱਤੇ ਸੱਜਣਾਂ ਤੋਂ ਬਾਝ
ਤੇਰੇ ਪਿੰਡ ਮਾਏ!
ਇਕ ਪਲ ਕੱਟਿਆ ਨਾ ਜਾਏ ।

? ਸ਼ਿਵ! ਤੂੰ ਅਚਾਨਕ ਜਾਣ ਲਈ ਕਾਹਲਾ ਕਿਉਂ ਪੈ ਗਿਆ ਹੈਂ...

ਇਹ ਮੈਂ ਹੁਣ ਜਾਣਦਾਂ ਕਿ ਜਾਣ ਦਈਏ
ਤੇ ਲੰਮੀ ਗੱਲ ਨੂੰ ਹੁਣ ਗੰਢ ਦਈਏ
ਤੇ ਰਲ ਕੇ ਹੀਰ ਦਾ ਕੋਈ ਬੈਂਤ ਕਹੀਏ

? ਹੀਰ ਦੇ ਬੈਂਤ ਤਾਂ ਸਾਰੀ ਖ਼ਲਕਤ ਗਾਉਂਦੀ ਹੈ ਤੂੰ ਇਹ ਦੱਸ ਤੇਰੀ ਆਪਣੀ ਕਹਾਣੀ ਦਾ ਅੰਤ ਤੈਨੂੰ ਕਿਹੋ ਜਿਹਾ ਲੱਗਦਾ ਹੈ
ਮੇਰੀ ਗੀਤਾਂ ਭਰੀ ਕਹਾਣੀ ਦਾ
ਕਿਹਾ ਅੰਤ ਗਜ਼ਬ ਦਾ ਹੋਇਆ ਹੈ,
ਜਦ ਆਈ ਜਵਾਨੀ ਗੀਤਾਂ 'ਤੇ
ਗੀਤਾਂ ਦਾ ਅਰਥੀ ਉੱਠ ਚਲੀ ।

? ਸ਼ਿਵ ਤੂੰ ਬੰਤੀ ਦੀ ਭੱਠੀ 'ਤੇ ਆ ਕੇ ਰੁਕ ਕਿਉਂ ਗਿਐਂ । ਨਾਸ਼ਤੇ ਦੀ ਥਾਂ ਦਾਣੇ ਚੱਬ ਕੇ ਹੀ ਗੁਜ਼ਾਰਾ ਕਰਨਾ ਚਾਹੁੰਦੈਂ । ਚੱਲ ਤੇਰੀ ਮਰਜ਼ੀ ।

ਛੇਤੀ ਛੇਤੀ ਕਰੀਂ,
ਮੈਂ ਤੇ ਜਾਣਾ ਬੜੀ ਦੂਰ ਨੀ ।
ਜਿੱਥੇ ਮੇਰੇ ਹਾਣੀਆਂ ਦਾ,
ਟੁਰ ਗਿਆ ਪੂਰ ਨੀ ।
ਓਸ ਪਿੰਡ ਦਾ ਸੁਣੀਂਦਾ ਰਾਹ ਮਾੜਾ ।
ਨੀ ਪੀੜਾਂ ਦਾ ਪਰਾਗਾ ਭੁੰਨ ਦੇ...

? ਚਲੇ ਤਾਂ ਤੂੰ ਜਾਣਾ ਹੀ ਹੈ ਪਰ ਇਹ ਤਾਂ ਦੱਸ ਜਾ ਕਿ ਹੁਣ ਸਰੀਰ ਤੋਂ ਮੁਕਤ ਹੋ ਕੇ ਤੂੰ ਕਿਵੇਂ ਮਹਿਸੂਸ ਕਰਦਾ ਹੈਂ ।

ਅੱਜ ਸੱਭੇ ਧਰਤੀਆਂ ਮੇਰੀਆਂ,
ਤੇ ਸਭੇ ਹੀ ਅਸਮਾਨ ।
ਅੱਜ ਸਭੇ ਰੰਗ ਹੀ ਮੈਂਡੜੇ,
ਮੇਰੇ ਵਿਹੜੇ ਝੁੰਮਰ ਪਾਣ ।
ਅੰਤਿਮ ਛੋਹ :
ਹੈ ਗਿਲਾ ਮੈਨੂੰ ਤਾਂ ਬੱਸ ਇਹੋ ਹੀ ਹੈ,
ਮਰ ਗਿਆਂ ਦੀ ਯਾਦ
ਕਿਉਂ ਮਰਦੀ ਨਹੀਂ ।

••••••

10. ਪਿੰਡ ਦਾ ਧਰਮ

ਇਕ ਟੀ.ਵੀ. ਚੈਨਲ ਨੇ ਸਰਵੇ ਕਰਕੇ ਦੱਸਿਆ ਹੈ ਕਿ ਹਿੰਦੁਸਤਾਨ ਦੀ ਤਕਰੀਬਨ 95% ਆਬਾਦੀ ਰੱਬ ਅਤੇ ਧਰਮ ਵਿਚ ਵਿਸ਼ਵਾਸ ਰੱਖਦੀ ਹੈ । ਸਾਡਾ ਸੁਝਾਅ ਹੈ ਕਿ 'ਰੱਬ', 'ਧਰਮ' ਅਤੇ 'ਵਿਸ਼ਵਾਸ' ਦੀ ਪਰਿਭਾਸ਼ਾ ਨੂੰ ਲੈ ਕੇ ਵੀ ਇਕ ਸਰਵੇ ਕੀਤਾ ਜਾਣਾ ਚਾਹੀਦਾ ਹੈ । ਬਹੁਤੇ ਲੋਕਾਂ ਲਈ ਇਨ੍ਹਾਂ ਤਿੰਨਾਂ ਦਾ ਇਕੋ ਅਰਥ ਹੈ । ਬਹਿਸ ਵਿਅਰਥ ਹੈ ।

ਪ੍ਰਵਚਨ ਕਰਨ ਵਾਲਿਆਂ ਦੀ ਮੰਗ ਦਿਨੋਂ ਦਿਨ ਵਧ ਰਹੀ ਹੈ । ਆਸ਼ਰਮਾਂ ਦਾ ਵਿਸਥਾਰ ਹੋ ਰਿਹਾ ਹੈ । ਡੇਰਿਆਂ ਵਿਚ ਲਹਿਰਾਂ-ਬਹਿਰਾਂ ਹਨ । ਕਿੰਨੇ ਸਾਰੇ ਚੈਨਲ ਨਿਰੋਲ 'ਧਰਮ' ਨੂੰ ਸਮਰਪਿਤ ਹਨ । ਕੌਮੀ ਅਖ਼ਬਾਰਾਂ ਦੇ ਪੰਨੇ ਵੀ ਇਸ ਲੋਕਰੁਚੀ ਨੂੰ ਅਰਪਿਤ ਹਨ । ਵੇਖਣ ਵਾਲੇ ਨੂੰ ਪਹਿਲੀ ਨਜ਼ਰੇ ਲੱਗਦਾ ਹੈ ਕਿ ਹਰ ਕੋਈ ਸੰਨਿਆਸੀ ਹੈ, ਤਿਆਗੀ ਹੈ । ਸਭ ਦੇ ਮਨਾਂ ਵਿਚ ਰੱਬ ਨੂੰ ਪਾਉਣ ਦੀ ਜਗਿਆਸਾ ਜਾਗੀ ਹੈ ।

ਇਹ ਉਭਾਰ ਕੋਈ ਮਾੜੀ ਗੱਲ ਨਹੀਂ । ਸੰਵਾਦ ਸ਼ੁਰੂ ਹੋਇਆ ਹੈ । ਕਲਮਾਂ ਵਾਲੇ ਵੀ ਸ਼ਾਮਲ ਹੋ ਰਹੇ ਹਨ । ਮਿਥਿਹਾਸ ਅਤੇ ਪੁਰਾਣ ਨੂੰ ਨਵੇਂ ਸੰਦਰਭ ਵਿਚ ਸਮਝਣ ਦਾ ਯਤਨ ਕੀਤਾ ਜਾ ਰਿਹਾ ਹੈ । ਕਲਾ ਅਤੇ ਸਾਹਿਤ ਸਿਰਜਣਾ ਵਿਚ ਵੀ ਇਹ ਪੱਖ ਆਪਣਾ ਰੰਗ ਵਿਖਾ ਰਿਹਾ ਹੈ । ਸਿਆਸਤ ਦਾ ਵੀ ਇਹੋ ਜਿਹਾ ਹੀ ਹਾਲ ਹੈ । ਪਰ ਸਾਡਾ ਸਰੋਕਾਰ ਇਸ ਤੱਥ ਨਾਲ ਹੈ ਕਿ ਕੀ ਇਹ ਆਤਮਾ ਦੀ ਆਵਾਜ਼ ਹੈ ਜਾਂ ਸਿਰਫ਼ ਭੇਡਚਾਲ ਹੈ?

ਮੀਡੀਆ ਨੇ ਪਿੰਡ ਨੂੰ ਪ੍ਰਭਾਵਿਤ ਕੀਤਾ ਹੈ । ਮੇਰੇ ਪਿੰਡ ਨੂੰ ਵੀ । ਇਹ ਪ੍ਰਭਾਵ ਵੀ ਪਿੰਡਾਂ ਨੇ ਵਿਗਿਆਨ ਵਾਂਗ ਹੀ ਸਵੀਕਾਰਿਆ ਹੈ । ਸਮੇਂ ਅਨੁਸਾਰ ਸਹੂਲਤੀ ਰਾਹ ਅਖ਼ਤਿਆਰ ਕੀਤਾ ਹੈ । ਕਦੇ ਪੂਛ ਫੜ ਕੇ, ਕਦੇ ਪੁਲ ਬਣਾ ਕੇ ਦਰਿਆ ਪਾਰ ਕੀਤਾ ਹੈ । ਪਿੰਡ ਦਾ ਸੁਭਾਅ ਮਿੱਟੀ ਵਰਗਾ ਹੁੰਦਾ ਹੈ । ਗੋਅ ਕੇ, ਕਮਾ ਕੇ, ਜਿਸ ਆਕਾਰ ਵਿਚ ਮਰਜ਼ੀ ਢਾਲ ਲਉ । ਜਿਹੜਾ ਮਰਜ਼ੀ ਨਾਂ ਦੇ ਲਉ । ਮਿੱਟੀ ਦੀ ਖਸਲਤ ਨਹੀਂ ਬਦਲਦੀ । ਉਹ ਹਰ ਤਬਦੀਲੀ ਨੂੰ ਅਪਣਾ ਲੈਂਦੀ ਹੈ ਅਤੇ ਵਕਤ ਨਾਲ ਹਰ ਆਕਾਰ ਨੂੰ ਆਪਣੇ ਵਿਚ ਸਮਾ ਲੈਂਦੀ ਹੈ ।

ਯਾਦ ਆਉਂਦੇ ਹਨ ਉਹ ਦਿਨ ਜਦੋਂ ਪਿੰਡ ਦੇ ਘਰ ਭਾਵੇਂ ਵੱਖਰੇ ਹੁੰਦੇ ਸਨ, ਪਰ ਛੱਤ ਸਾਂਝੀ ਹੁੰਦੀ ਸੀ । ਨਿੱਕੇ ਨਿੱਕੇ ਬਨੇਰੇ । ਤੇਰੇ ਨਾ ਮੇਰੇ । ਕੋਠਿਆਂ ਉੱਤੇ ਪਏ ਲੋਕ ਇਕੋ ਟੱਬਰ ਦੇ ਜੀਅ ਲੱਗਦੇ ਸਨ । ਬਾਤ ਕਿਸੇ ਹੋਰ ਕੋਠੇ 'ਤੇ ਪੈਂਦੀ, ਹੁੰਗਾਰਾ ਕਿਸੇ ਹੋਰ ਕੋਠੇ ਤੋਂ ਮਿਲਦਾ । ਨਿਆਣੇ ਜ਼ਿਦਬਾਜ਼ੀ ਵਿਚ ਗੀਤਾਂ ਦਾ ਮੁਕਾਬਲਾ ਸ਼ੁਰੂ ਕਰ ਲੈਂਦੇ । ਗੀਤਾਂ ਦੀਆਂ ਤੁਕਾਂ ਵਿਚੋਂ ਬੰਦੇ ਦਾ ਨਹੀਂ ਪਿੰਡ ਦਾ ਧਰਮ ਬੋਲਦਾ ਸੀ :

ਪਿਤਾ ਵਾਰਿਆ ਲਾਲ ਚਾਰੇ ਵਾਰੇ,
ਹਿੰਦ ਤੇਰੀ ਸ਼ਾਨ ਬਦਲੇ ।
ਚਲੋ ਸਿੰਘੋ ਰਲ ਦਰਸ਼ਨ ਕਰੀਏ,
ਗੁਰੂ ਗੋਬਿੰਦ ਸਿੰਘ ਆਏ ਨੇ,
ਨੀਲਾ ਘੋੜਾ ਬਾਂਕਾ ਜੋੜਾ,
ਹੱਥ ਵਿਚ ਬਾਜ਼ ਸੁਹਾਏ ਨੇ ।
ਨਾਮ ਦੇਵ ਦੀ ਗਵਾਂਢਣ ਪੁੱਛਦੀ,
ਕਿਥੋਂ ਵੇ ਛਤਾ ਲਈ ਛੱਪਰੀ!
ਪਾਥੀ ਉੱਤੇ, ਉਏ!
ਧੰਨੇ ਨੇ ਧੂਫ਼ ਧੁਖਾਇਆ ਈ,
ਜਲ ਦੀ ਗੜਵੀ ਰੱਖ,
ਧੰਨੇ ਨੇ ਚੰਵਰ ਝੁਲਾਇਆ ਈ
ਨਾਨਕ ਨਾਨਕ ਕਰਦੀ,
ਤਾਰ ਮਰਦਾਨੇ ਦੀ,
ਹੁੰਡੀ ਨਰਸੀ ਭਗਤ ਦੀ ਤਾਰੀ,
ਸਾਂਵਲ ਸ਼ਾਹ ਬਣ ਕੇ,
ਪਾ ਲੈ ਤੱਤਿਆਂ ਥੰਮਾਂ ਨੂੰ ਜੱਫੀਆਂ,
ਵੇਖਾਂ ਤੇਰਾ ਰਾਮ ਰੱਖ ਲਊ ।
ਪਲਟੂ ਉੱਚੀ ਜਾਤ ਕਾ,
ਮਤ ਕੋਈ ਕਰੇ ਹੰਕਾਰ ।
ਸਾਹਿਬ ਕੇ ਦਰਬਾਰ ਮੇਂ,
ਕੇਵਲ ਭਗਤ ਪਿਆਰ ।
ਰਾਮ ਰਾਜਾ ਰਾਮ ਪਰਜਾ,
ਰਾਮ ਸ਼ਾਹੂਕਾਰਣਮ ।
ਵੱਸੇ ਨਗਰੀ ਜੀਵੇ ਰਾਜਾ,
ਧਰਮ ਦਾ ਉਪਕਾਰਣਮ¨

•••

ਧਰਮ ਬਾਰੇ ਕੋਈ ਬਹਿਸ ਨਹੀਂ ਸੀ ਕਰਦਾ । ਰੱਬ ਬਾਰੇ ਕਿਸੇ ਨੂੰ ਕੋਈ ਦੁਬਿਧਾ ਨਹੀਂ ਸੀ । ਬਾਵਾ ਲਾਲ ਉਨ੍ਹਾਂ ਲਈ ਸਭ ਕੁਝ ਸੀ । ਉਸੇ ਦੀ ਸਹੁੰ ਖਾਂਦੇ । ਉਸੇ ਤੋਂ ਦਾਤਾਂ ਮੰਗਦੇ । ਜਾਤਾਂਪਾਤਾਂ ਤੇ ਸੰਪਰਦਾਵਾਂ ਇਕਮਿਕ ਹੋ ਜਾਂਦੀਆਂ । ਸਾਰੇ ਪੀਰ ਪੈਗੰਬਰਾਂ ਤੇ ਅਵਤਾਰਾਂ ਦੇ ਚਿਹਰੇ ਉਨ੍ਹਾਂ ਨੂੰ ਬਾਵਾ ਲਾਲ ਵਿਚੋਂ ਹੀ ਨਜ਼ਰ ਆਉਂਦੇ ।

ਸੋਚਣ ਵਾਲੀ ਗੱਲ ਹੈ ਕਿ ਆਮ ਆਦਮੀ ਨੇ ਧਰਮ ਅਤੇ ਰੱਬ ਤੋਂ ਲੈਣਾ ਵੀ ਕੀ ਹੁੰਦਾ ਹੈ? ਉਹਨੂੰ ਆਸਰਾ ਚਾਹੀਦਾ ਹੈ ਜਿਸਦੇ ਸਹਾਰੇ ਉਹ ਜ਼ਿੰਦਗੀ ਦੀਆਂ ਦੁਸ਼ਵਾਰੀਆਂ ਨੂੰ ਪਾਰ ਕਰ ਸਕੇ, ਜਿਸ ਤੋਂ ਉਹਨੂੰ ਸ਼ਕਤੀ ਮਿਲ ਸਕੇ, ਪ੍ਰੇਰਣਾ ਮਿਲ ਸਕੇ, ਉਤਸ਼ਾਹ ਮਿਲ ਸਕੇ, ਜਿਸ ਅੱਗੇ ਆਤਮ-ਸਮਰਪਣ ਕਰਕੇ ਉਹ ਨਿਸ਼ਚਿੰਤ ਹੋ ਸਕੇ । ਦਰਅਸਲ ਇਸ ਪਰਮ ਸ਼ਕਤੀ ਨੂੰ ਜਿੰਨੇ ਮਰਜ਼ੀ ਨਾਂ ਦੇ ਦਿਉ, ਭਾਵੇਂ ਕੋਈ ਵੀ ਨਾਂ ਨਾ ਦਿਉ, ਇਸ ਨੂੰ ਕੋਈ ਫ਼ਰਕ ਨਹੀਂ ਪੈਂਦਾ । ਇਸ ਦਾ ਇਕ ਨਾਂ 'ਪਰਮਸੱਚ' ਹੈ । ਇਹਦੀ ਖੋਜ ਵਿਚ ਲੋਕਾਂ ਨੇ ਵੱਖੋ ਵੱਖ ਰਾਹ ਅਪਣਾਏ ਹੋਏ ਨੇ । ਮਨੁੱਖ ਦੇ ਜਨਮ ਨਾਲ ਇਹ ਖੋਜ ਸ਼ੁਰੂ ਹੋ ਜਾਂਦੀ ਹੈ । ਸਰੀਰ ਦੇ ਅੰਤ ਤੱਕ ਜਾਰੀ ਰਹਿੰਦੀ ਹੈ । ਜਗਿਆਸੂ ਮਨਾਂ ਉੱਤੇ ਸੱਚ ਝੂਠ ਦਾ ਨਿਤਾਰਾ ਕਰਨ ਦੀ ਧੁਨ ਤਾਰੀ ਰਹਿੰਦੀ ਹੈ ।

ਧਰਮ ਨੂੰ ਧਾਰਨ ਕਰਨ ਨਾਲ ਆਨੰਦ ਦੀ ਅਨੁਭੂਤੀ ਹੁੰਦੀ ਹੈ, ਪਰ ਧਰਮ ਬਾਰੇ ਬੋਲਣ ਵਾਲੇ ਦੀ ਹਾਲਤ ਬੜੀ ਕਸੂਤੀ ਹੁੰਦੀ ਹੈ । ਗੁੰਗਾ ਗੁੜ ਖਾਂਦਾ ਹੈ; ਆਨੰਦ ਲੈਂਦਾ ਹੈ; ਮਸਤ ਰਹਿੰਦਾ ਹੈ । ਜਿਹੜਾ ਸ਼ਬਦਾਂ ਵਿਚ ਸਵਾਦ ਬਿਆਨ ਕਰਨ ਲੱਗਦਾ ਹੈ : ਬੇਸੁਆਦੀ ਬਹਿਸ ਦਾ ਸ਼ਿਕਾਰ ਹੋ ਕੇ ਛਿੱਥਾ ਪੈਂਦਾ ਹੈ । ਬੰਦਾ ਚੁੱਪ ਵੀ ਕਿੰਨਾ ਕੁ ਚਿਰ ਰਹਿ ਸਕਦਾ ਹੈ । ਦੁਬਿਧਾ ਦੇ ਸਾਗਰ ਤਰਨੇ ਹੀ ਪੈਂਦੇ ਨੇ । ਲਹਿਰਾਂ ਦੇ ਥਪੇੜੇ ਜਰਨੇ ਹੀ ਪੈਂਦੇ ਨੇ ।

ਰੱਬ ਤੱਕ ਪੁੱਜਣ ਲਈ ਧਰਮ ਦਾ ਸਹਾਰਾ ਜ਼ਰੂਰੀ ਹੈ । ਪਰ ਜਿਹੜਾ ਸ਼ਖ਼ਸ ਰੱਬ ਨੂੰ ਹੀ ਨਾ ਮੰਨੇ, ਉਹਦੇ ਲਈ ਧਰਮ ਦੀ ਕੀ ਮਜਬੂਰੀ ਹੈ? ਇਸ ਵਿਵਾਦ ਤੋਂ ਬਚਣ ਲਈ ਬੁੱਧਪੁਰਸ਼ ਰੱਬ ਦੀ ਗੱਲ ਹੀ ਨਹੀਂ ਕਰਦੇ । ਮਾਰਗ ਦੀ ਬਾਤ ਪਾਉਂਦੇ ਹਨ, ਮੰਜ਼ਿਲ ਦਾ ਨਾਂ ਹੀ ਨਹੀਂ ਧਰਦੇ । ... ਦੁਨੀਆਦਾਰੀ ਦੇ ਝਮੇਲੇ ਹੋਰ ਹੁੰਦੇ ਨੇ । ਸਭ ਜਣੇ ਆਪੋ ਆਪਣੇ ਕਸਬ ਦੇ ਚੋਰ ਹੁੰਦੇ ਨੇ । ਅਸਲੀਅਤ ਨੂੰ ਤਹਿਦਰਤਹਿ ਲੁਕਾਉਣਾ ਲੋਚਦੇ ਨੇ । ਬਨਾਵਟ ਨੂੰ ਚਮਕਾ ਕੇ ਪੇਸ਼ ਕਰਨ ਦੀ ਨਵੀਂ ਤੋਂ ਨਵੀਂ ਤਰਕੀਬ ਸੋਚਦੇ ਨੇ । ਰੋਣਾ ਤਾਂ ਏਸੇ ਗੱਲ ਦਾ ਹੈ! ਝੂਠ ਦੇ ਬਾਜ਼ਾਰ ਵਿਚ ਇਹੋ ਸਿੱਕਾ ਚੱਲਦਾ ਹੈ! ਕਿਸੇ ਵੀ ਸਮੇਂ ਵਿਚ ਸੱਚ ਦੇ ਵਣਜਾਰਿਆਂ ਨੂੰ ਇਹ ਸੌਦਾ ਕਦੋਂ ਪੁੱਗਦਾ ਹੈ! ਪਰ ਕੀ ਕਰੀਏ, ਝੂਠ ਦਾ ਬਿਰਖ ਵੀ ਤਾਂ 'ਸੱਚ' ਦੇ ਆਸਰੇ ਹੀ ਉੱਗਦਾ ਹੈ!

ਝੂਠ ਦੇ ਆਪਣੇ ਪੈਰ ਨਹੀਂ ਹੁੰਦੇ, ਉਹਨੂੰ 'ਸੱਚ' ਦੀ ਸਵਾਰੀ ਕਰਨੀ ਪੈਂਦੀ ਹੈ । ਪਾਖੰਡ ਨੂੰ ਜਾਲ ਵਿਛਾਉਣ ਲਈ ਭਰਪੂਰ ਤਿਆਰੀ ਕਰਨੀ ਪੈਂਦੀ ਹੈ । ਹਉਂ ਤੋਂ ਬਿਨਾਂ ਸਭ ਬੇਗਾਨਾ ਹੈ । ਇਸ਼ਤਿਹਾਰਬਾਜ਼ੀ ਦਾ ਜ਼ਮਾਨਾ ਹੈ । ਜਿਸ ਦਾ ਇਸ਼ਤਿਹਾਰ ਵਧੀਆ, ਉਹ ਬਾਜ਼ੀ ਮਾਰ ਗਿਆ । ਜੱਗ ਜਿੱਤ ਗਿਆ, ਗੁਰਮੁਖ ਹਾਰ ਗਿਆ ।

•••

ਮੀਡੀਆ ਦਾ ਪ੍ਰਭਾਵ ਵਕਤੀ ਹੈ । ਇਹ ਤਾਂ ਬਸ ਗਿਆਨ ਇੰਦਰੀਆਂ ਦਾ ਭਰਮ ਹੈ । ਪਿੰਡ ਤਾਂ ਮਨੁੱਖਤਾ ਦਾ ਧੁਰਾ ਹੈ ਅਤੇ ਇਸ ਧੁਰੇ ਦਾ ਨਿਸ਼ਚਿਤ ਧਰਮ ਹੈ । ਅੱਜ ਵੀ ਮਨੁੱਖਤਾ ਨੂੰ ਪਿੰਡ ਉੱਤੇ ਮਾਣ ਹੈ । ਕਿਉਂਕਿ ਪਿੰਡ ਨੂੰ ਆਪਣੇ ਧਰਮ ਦੀ ਪਛਾਣ ਹੈ ।

•••

ਪਿੰਡ ਦੇ ਟਾਂਗਿਆਂ ਵਾਲੇ ਅੱਡੇ ਉੱਤੇ ਡਾਕਟਰ ਮਹਿਤੇ ਦੀ ਦੁਕਾਨ ਸੀ । ਉਹਦੇ ਨਾਲ ਲੱਗਦੀਆਂ ਦੋ ਤਿੰਨ ਦੁਕਾਨਾਂ ਮੋਚੀਆਂ ਦੀਆਂ ਸਨ । ਮਹਿਤਾ ਸਵੇਰੇ ਆ ਕੇ ਜਦੋਂ ਦੁਕਾਨ ਖੋਲ੍ਹਦਾ ਤਾਂ ਬਰਾਮਦੇ ਵਿਚ ਖਿੱਲਰੇ ਕਿੱਲ ਕਾਂਟੇ ਵੇਖ ਕੇ ਬੁੜ-ਬੁੜ ਕਰਦਾ, ''ਤੁਸੀਂ ਚਾਹੁੰਦੇ ਹੋ ਕਿ ਮਹਿਤਾ ਮਰ ਜਾਏ । ਜਾਂ ਦੁਕਾਨ ਛੱਡ ਜਾਏ । ਦਫ਼ਾ ਹੋ ਜਾਏ ਏਥੋਂ ... ਖਿਲਾਰ ਲਉ ਜਿੰਨੇ ਮਰਜ਼ੀ ਕਿੱਲ ਕਾਂਟੇ । ਮਹਿਤਾ ਨਹੀਂ ਮਰਦਾ । ਨਾ ਹੀ ਇਹਨੇ ਭੱਜਣਾ ਹੈ ਤੇ ਨਾ ਹੀ ਦੁਕਾਨ ਛੱਡਣੀ ਹੈ । ... '' ਸਾਰਾ ਦਿਨ ਮਰੀਜ਼ ਵੇਖਦਾ । ਸ਼ੀਸ਼ੀਆਂ ਉਹਦੇ ਕੋਲ ਪੰਜਸੱਤ ਹੀ ਸਨ । ਉਨ੍ਹਾਂ ਵਿਚੋਂ ਹੀ ਰਲਾ ਮਿਲਾ ਕੇ ਦਵਾਈ ਦੇਈ ਜਾਂਦਾ । ਪੈਸੇ ਲਈ ਜਾਂਦਾ । ਸ਼ਾਮ ਵੇਲੇ ਦੁਕਾਨ ਬੰਦ ਕਰਨ ਤੋਂ ਪਹਿਲਾਂ, ਪਿਛਲੀ ਕੰਧ ਵੱਲ ਨੂੰ ਮੂੰਹ ਕਰਕੇ ਆਪਣੇ ਮੂੰਹ ਉੱਤੇ ਚਪੇੜਾਂ ਮਾਰਦਾ ਨਾਲੇ ਬੋਲੀ ਜਾਂਦਾ, ''ਮਹਿਤਾ! ਲਾਲਚੀ ਹੋ ਗਿਐਂ? ਤੂੰ ਦੋ ਰੁਪਏ ਜ਼ਿਆਦਾ ਲੈ ਲਏ ਉਸ ਤੋਂ । ... ਤੋਬਾ ਕਰ! ਅਗਲੀ ਵਾਰੀ ਉਹਦੇ ਤੋਂ ਪੈਸੇ ਨਹੀਂ ਲੈਣੇ । ਦਵਾਈ ਮੁਫਤ ਦੇਣੀ ਐ...''

ਫੇਰ ਮੇਜ਼ ਦੀ ਦਰਾਜ਼ ਵਿਚੋਂ ਪਊਆ ਕੱਢਦਾ । ਗਲਾਸ ਵਿਚ ਪਾ ਕੇ ਪੀਂਦਾ । ਦੁਕਾਨ ਨੂੰ ਜੰਦਰਾ ਮਾਰ ਕੇ ਗੁਆਂਢੀ ਦੁਕਾਨਦਾਰਾਂ ਨੂੰ ਹੱਥ ਜੋੜ ਕੇ ਮੁਖ਼ਾਤਬ ਹੁੰਦਾ, '' ਮਾਫ਼ ਕਰਿਉ ਮੇਰੇ ਬੱਚਿਓ! ਸਵੇਰੇ ਮਹਿਤਾ ਹੋਰ ਹੁੰਦਾ ਹੈ, ਸ਼ਾਮ ਨੂੰ ਹੋਰ ਹੁੰਦਾ ਹੈ ।''

•••

ਬੇਬੇ ਠਾਕਰੀ ਨੂੰ ਉਹਦੇ ਪੁੱਤਰਾਂ ਨੇ ਧੱਕੇ ਮਾਰਨੇ । ਘਰੋਂ ਕੱਢ ਦੇਣਾ । ਉਹ ਵਿਚਾਰੀ ਕਮਜ਼ੋਰ, ਕੁੱਬੀ, ਸੋਟੀ ਦੇ ਸਹਾਰੇ ਗਲੀ ਵਿਚ ਖਲੋ ਰਿਹਾ ਕਰੇ । ਜਦੋਂ ਢਿੱਡੋਂ ਜੰਮੇ ਹੀ ਧੱਕੇ ਮਾਰਨ ਲੱਗ ਪੈਣ ਤਾਂ ਜੰਮਣ ਵਾਲੀ ਵਿਚਾਰੀ ਦਾ ਕੀ ਹਾਲ ਹੁੰਦਾ ਹੋਵੇਗਾ! ਤਰਸ ਖਾ ਕੇ ਮਾਸੀ ਅਮਰਤੀ ਉਹਨੂੰ ਆਪਣੇ ਘਰ ਲੈ ਜਾਂਦੀ । ਪਿਆਰ ਹਮਦਰਦੀ ਨਾਲ ਉਹਦਾ ਦੁੱਖ ਸੁਣਦੀ । ਉਹਨੂੰ ਰੋਟੀ ਖਵਾਉਂਦੀ । ਚਾਹ ਪਿਆਉਂਦੀ । ਬੇਬੇ ਠਾਕਰੀ ਦਾ ਢਿੱਡ ਭਰ ਜਾਂਦਾ । ਸੁੱਖ ਦਾ ਸਾਹ ਆਉਂਦਾ । ਸਭ ਦੁੱਖ ਦਰਦ ਭੁੱਲ ਜਾਂਦਾ । ਭਰੇ ਢਿੱਡ ਨਾਲ ਉਹ ਰੱਬ ਦਾ ਸ਼ੁਕਰਾਨਾ ਕਰਦੀ ਹੋਈ ਆਪਣੇ ਦੋਹਾਂ ਪੁੱਤਰਾਂ ਨੂੰ ਅਸੀਸਾਂ ਦੇਂਦੀ ਨਾ ਥੱਕਦੀ, ''ਹੇ ਬਾਵਾ ਲਾਲ! ਮੇਰੇ ਪਰਮਾਨੰਦ ਦੇ ਆਰਬਖਾਰ ਭਰੀਂ । ਮੇਰੇ ਮੇਲਾ ਰਾਮ ਦੇ ਆਰਬਖਾਰ ਭਰੀਂ! ਹੇ ਬਾਵਾ ਲਾਲ! ਮੇਰੇ ਪਰਮਾਨੰਦ ਦੇ ਘੋੜੇ ਹਿਣਕਣ! ਹੇ ਬਾਵਾ ਲਾਲ! ਮੇਰੇ ਪਰਮਾਨੰਦ ਦੀਆਂ ਮਹੀਆਂ ਅੜਿੰਗਣ! ...'' ਮਾਸੀ ਅਮਰਤੀ ਬੇਬੇ ਠਾਕਰੀ ਦੇ ਮੂੰਹ ਵੱਲ ਹੈਰਾਨ ਹੋ ਕੇ ਵੇਖੀ ਜਾਂਦੀ ਅਤੇ ਉਹਦੇ ਆਪਣੇ ਕੰਨਾਂ ਵਿਚ ਪਰਮਾਨੰਦ ਦੇ ਘੋੜੇ ਹਿਣਕੀ ਜਾਂਦੇ ਤੇ ਮੇਲਾ ਰਾਮ ਦੀਆਂ ਮੱਝਾਂ ਅੜਿੰਗੀ ਜਾਂਦੀਆਂ ।

••••••

11. ਜਲ ਕਾ ਜਾਮਾ

ਕਦੇ ਖੂਹ, ਖੂਹੀਆਂ, ਢਾਬਾਂ ਪਿੰਡ ਦੀ ਪਛਾਣ ਹੁੰਦੇ ਸਨ । ਮੇਰੇ ਪਿੰਡ ਵੀ ਸਭ ਕੁਝ ਹੁੰਦਾ ਸੀ । ਹੁਣ ਸਿਰਫ਼ ਤਲਾਅ ਅਤੇ ਬਾਉਲੀ ਵਾਲੀ ਖੂਹੀ ਰਹਿ ਗਈ ਹੈ । ਇਹਨਾਂ ਦੋਹਾਂ ਨਾਲ ਤਾਂ ਦਰਬਾਰ ਦਾ ਪੂਰਾ ਕਾਰੋਬਾਰ ਜੁੜਿਆ ਹੋਇਆ ਹੈ । ਬਾਕੀ ਜਿੱਥੇ ਬਾਬਾ ਫਰੀਦ ਵਾਲਾ ਛੱਪੜ ਹੁੰਦਾ ਸੀ, ਉੱਥੇ ਹੁਣ ਅਫ਼ਸਰ ਕਾਲੋਨੀ ਵਸੀ ਹੋਈ ਹੈ । ਢਾਬ ਵਾਲੀ ਜਗ੍ਹਾ ਰਾਧਾਸਵਾਮੀ ਡੇਰਾ ਹੈ । ਬੂਹੇ ਵਾਲੇ ਖੂਹ ਨੂੰ ਪੂਰ ਕੇ ਬਾਜ਼ਾਰ ਬਣਾ ਲਿਆ ਗਿਆ ਹੈ । ਬਾਜ਼ਾਰ ਵਾਲੀ ਖੂਹੀ ਉਤੇ ਸਕੂਲ ਦੀ ਉਸਾਰੀ ਹੋ ਚੁੱਕੀ ਹੈ । ਤਲਾਅ ਵਾਲੀ ਹਲਟੀ ਹੁਣ ਬਾਬੇ ਕੇਦਾਰ ਨਾਥ ਦੀ ਸਮਾਧ ਵਿਚ ਤਬਦੀਲ ਹੋ ਚੁੱਕੀ ਹੈ ।

ਬਾਬਾ ਕੇਦਾਰ ਨਾਥ ਤਬਦੀਲੀ ਵਿਚ ਪੂਰਾ ਵਿਸ਼ਵਾਸ ਰੱਖਦਾ ਸੀ । ਗਲਾ ਬੈਠਿਆ ਹੋਣ ਕਰਕੇ ਉਹਦੀ ਆਵਾਜ਼ ਭਾਰੀ ਸੀ ਤੇ ਲੋਕਾਂ ਨੇ ਉਹਦਾ ਨਾਂ 'ਬਾਬਾ ਵਿਗੜਿਆ ਰੇਡੀਓ' ਰੱਖਿਆ ਹੋਇਆ ਸੀ । ਤਲਾਅ ਵਾਲੀ ਕੁਟੀਆ 'ਚ ਰਹਿੰਦਾ ਸੀ । ਉੱਥੇ ਸ਼ਿਵਾਲਾ ਵੀ ਸੀ । ਇਕ ਦਿਨ ਇਕ 'ਭਗਤ' ਸ਼ਿਵਾਲੇ ਵਿਚ ਦੀਵਾ ਰੱਖ ਕੇ ਸਰ੍ਹੋਂ ਦਾ ਤੇਲ ਪਾ ਕੇ ਜਗਾਉਣ ਲੱਗਾ ਤਾਂ ਬਾਬਾ ਕੜਕਿਆ, ''ਉਏ ਤੁਹਾਨੂੰ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ । ਸੰਗਮਰਮਰ ਦੇ ਫਰਸ਼ 'ਤੇ ਤੇਲ ਡੋਲ੍ਹ ਜਾਂਦੇ ਓ । ਨਾਲੇ ਅਸੀਂ ਤਿਲਕਦੇ ਆਂ, ਨਾਲੇ ਫਰਸ਼ ਗੰਦਾ ਹੁੰਦੈ । ਆਹ ਵੇਖੋ ਤੁਹਾਡੇ ਸਿਰ 'ਤੇ ਸੌ ਵਾਟ ਦਾ ਬਲਬ ਜਗਦੈ । ਦੀਵੇ ਦੀ ਕੀ ਲੋੜ ਐ? ਜੇ ਬਹੁਤੀ ਸ਼ਰਧਾ ਜਾਗਦੀ ਐ ਤਾਂ ਮਹੀਨੇ ਪਿੱਛੋਂ ਬਿਜਲੀ ਦਾ ਬਿੱਲ ਭਰ ਆਇਆ ਕਰੋ । ... ਹੈਂ... ਆਈ ਸਮਝ?''

ਪਰ ਪਿੰਡ 'ਚ ਇਹੋ ਜਿਹੀ ਸਮਝ ਦਾ ਕੀ ਕੰਮ! ਤਬਦੀਲੀ ਵੀ ਆਈ ਜਾਂਦੀ ਹੈ । ਬਾਬੇ ਵੀ ਆਈ ਜਾਂਦੇ ਨੇ । ਸ਼ਰਧਾਲੂ ਵੀ ਆਈ ਜਾਂਦੇ ਨੇ । ਇਹ ਸਾਰਾ ਕੁਝ ਏਸੇ ਤਰ੍ਹਾਂ ਆਈ ਜਾਈ ਜਾਣੈ, ਪਰ ਇਸ ਵੇਲੇ ਮੈਨੂੰ ਆਪਣੇ ਪਿੰਡ ਦੇ ਗੁਆਚੇ ਖੂਹਾਂ ਤੇ ਖੂਹੀਆਂ ਨਾਲ ਜੁੜੀਆਂ ਕੁਝ ਗੱਲਾਂ ਯਾਦ ਆ ਰਹੀਆਂ ਨੇ । ਖੂਹ ਨਹੀਂ ਰਹੇ । ਖੂਹੀਆਂ ਪੂਰੀਆਂ ਗਈਆਂ । ਬੱਸ ਗੱਲਾਂ ਹੀ ਰਹਿ ਗਈਆਂ ਨੇ ।

'ਬੂਹੇ ਵਾਲਾ ਖੂਹ' ਸਭ ਤੋਂ ਨੇੜੇ ਪੈਂਦਾ ਸੀ । ਐਨ ਬੂਹੇ 'ਤੇ । ਸਭ ਤੋਂ ਵੱਧ ਵਰਤੋਂ ਇਸੇ ਖੂਹ ਦੀ ਹੁੰਦੀ । ਲੋਕਾਂ ਨੇ ਵਾਰੀ ਬੱਧੀ ਹੁੰਦੀ । ਵਾਰੀ ਨਾਲ ਖੂਹ ਜੋਂਦੇ । ਪੈਲੀਆਂ ਨੂੰ ਪਾਣੀ ਦਿੰਦੇ । ਫਸਲਾਂ ਸਿੰਜਦੇ । ਗਾਉਂਦੇ :

ਖੂਹ ਜੋਅ ਲੈ ਵਾਰੀ ਜਾਂਦੀ ਆ ।
ਨਾ ਤੇਰੇ ਸੰਗ ਸੋਨਾ ਜਾਣਾ
ਤੇ ਨਾ ਜਾਣੀ ਚਾਂਦੀ ਆ ।
ਖੂਹ ਜੋਅ ਲੈ...
ਕਾਰੂੰ ਸਿਕੰਦਰ ਜੋੜੇ ਖਜ਼ਾਨੇ
ਰਹਿ ਗਏ ਧਰੇ ਸਿਰ੍ਹਾਂਦੀ ਆ ।
ਖੂਹ ਜੋਅ ਲੈ...

ਲਾਭ ਸਿਹੁੰ ਅਮਲੀ ਨੇ ਖੂਹ ਜੋਇਆ । ਮੂੰਹ ਹਨੇਰੇ । ਮਾਘੀ ਵਾਲੇ ਦਿਨ । ਆਪਣੇ ਪੁੱਤ ਜੀਤੇ ਨੂੰ ਬਹਾ ਲਿਆ ਗਾਧੀ ਉੱਤੇ, ਪਰੈਣੀ ਫੜਾ ਕੇ । ਬਲਦਾਂ ਦੀ ਕੰਡ 'ਤੇ ਫੇਰਿਆ ਹੱਥ ਤੇ ਕਹੀ ਫੜ ਕੇ ਆਡ ਖਾਲ਼ਣ ਲੱਗ ਪਿਆ । ਪਾਣੀ ਸਫ਼ਰ ਕਰ ਰਿਹਾ ਸੀ : ਖੂਹ 'ਚੋਂ ਟਿੰਡਾਂ 'ਚ, ਟਿੰਡਾਂ 'ਚੋਂ ਪਾੜਛੇ 'ਚ, ਪਾੜਛੇ 'ਚੋਂ ਨਸਾਰ 'ਚ, ਨਸਾਰ 'ਚੋਂ ਔਲੂ 'ਚ, ਔਲੂ 'ਚੋਂ ਆਡ 'ਚ । ਸੁੱਕੀ ਹੋਈ ਆਡ 'ਚ ਪਾਣੀ ਜੀਰੀ ਜਾਂਦਾ ; ਮਿੱਟੀ ਨਰਮ ਹੋਈ ਜਾਂਦੀ ; ਲਾਭ ਸਿਹੁੰ ਆਡ ਖਾਲ਼ੀ ਜਾਂਦਾ । ਮਿੱਟੀ ਕੱਢ ਕੱਢ ਕੰਢੇ ਉੱਚੇ ਕਰੀ ਜਾਂਦਾ । ਜਿਉਂ ਜਿਉਂ ਆਡ ਡੂੰਘੀ ਹੁੰਦੀ, ਪਾਣੀ ਡੂੰਘਾ ਭਰੀ ਜਾਂਦਾ । ਜੀਤਾ ਗਾਧੀ 'ਤੇ ਬੈਠਾ ਹੂਟੇ ਲੈ ਰਿਹਾ ਸੀ । ਲਾਭ ਸਿਹੁੰ ਨੇ ਮਾਵਾ ਡੁੰਗਿਆ ਹੋਇਆ ਸੀ ਤੇ ਪੂਰੀ ਮਸਤੀ ਵਿਚ ਸੁਰਗਾਂ ਦੇ ਝੂਟੇ ਲੈ ਰਿਹਾ ਸੀ । ਆਡ ਵਿਚ ਪਾਣੀ ਵਧਦਾ ਗਿਆ । ਠੰਢਾ ਯਖ਼ ਪਾਣੀ, ਬਰਫ਼ ਵਰਗਾ । ਪੈਰ ਪਿੰਨੀਆਂ ਤੱਕ ਡੁੱਬੇ ਹੋਏ । ਖੂਹ ਗਿੜ੍ਹ ਰਿਹਾ ਸੀ । ਕਹੀ ਚੱਲ ਰਹੀ ਸੀ । ਅਚਾਨਕ ਲਾਭ ਸਿਹੁੰ ਨੇ ਵੇਖਿਆ ਕਿ ਪਾਣੀ ਦਾ ਰੰਗ ਲਾਲ ਹੋ ਗਿਐ । ਉਹਨੇ ਉੱਚੀ ਆਵਾਜ਼ ਵਿਚ ਆਪਣੇ ਪੁੱਤ ਨਾਲ ਇਹ ਘਟਨਾ ਸਾਂਝੀ ਕੀਤੀ, ''ਜੀਤਿਆ! ਆਹ ਸੰਗਰਾਂਦ ਵਾਲੇ ਦਿਨ ਪਾਪ ਹੋ ਗਿਆ ਈ । ਕੋਈ ਡੱਡੂ ਵੱਢਿਆ ਗਿਆ ਈ ਮੇਰੇ ਕੋਲੋਂ ।'' ਤੇ ਉਹ ਆਡ ਖਾਲ਼ਦਾ ਰਿਹਾ... ਖਾਲ਼ਦਾ ਰਿਹਾ । ਕਈ ਘੰਟਿਆਂ ਪਿੱਛੋਂ ਜਦੋਂ ਬਾਹਰ ਨਿਕਲਿਆ ਤਾਂ ਹੱਸੀ ਜਾਏ... ਹੱਸੀ ਜਾਏ । ਜੀਤਾ ਪੁੱਛਦਾ : ਚਾਚਾ ਕੀ ਹੋਇਆ? ਕੁਝ ਦੱਸ ਵੀ । ਅੱਗੋਂ ਠਹਾਕਾ ਮਾਰ ਕੇ ਬੋਲਿਆ, ''ਡੱਡੂ ਨਹੀਂ ਉਏ, ਜੀਤਿਆ! ਮੇਰਾ ਪੈਰ ਈ ਵੱਢਿਆ ਗਿਆ ਈ । ਉਂਗਲੀਆਂ! ਉਂਗਲੀਆਂ ਵਾਲਾ ਹਿੱਸਾ ਆਹ ਮਾਸਾ ਕੁ ਅੜਿਆ ਰਹਿ ਗਿਆ ਈ ।''

•••

'ਭੌਣੀ ਵਾਲੀ ਖੂਹੀ' ਬਾਜ਼ਾਰ ਵਿਚ ਸੀ । ਪਿੰਡ ਦੀਆਂ ਸਾਰੀਆਂ ਗਲੀਆਂ ਬਾਜ਼ਾਰ ਨਾਲ ਆ ਰਲਦੀਆਂ ਸਨ । ਉੱਚੀ ਮੌਣ ਵਾਲੀ ਇਹ ਖੂਹੀ ਸਾਰਾ ਦਿਨ ਰੁੱਝੀ ਰਹਿੰਦੀ । ਕਦੀ ਕੋਈ ਨਹਾ ਰਿਹਾ ਹੁੰਦਾ । ਕਦੇ ਕੋਈ ਡੋਲ ਸੁੱਟ ਕੇ ਪਾਣੀ ਭਰ ਰਿਹਾ ਹੁੰਦਾ । ਦੁਕਾਨਦਾਰਾਂ ਨੂੰ ਵੀ ਜਦੋਂ ਵਿਹਲ ਮਿਲਦੀ ਪਾਣੀ ਪਿੰਡੇ 'ਤੇ ਪਾ ਲੈਂਦੇ । ਖੂਹੀ ਦੇ ਐਨ ਸਾਹਮਣੇ ਕਪੂਰ ਸੁਨਿਆਰੇ ਦੀ ਹੱਟੀ ਹੁੰਦੀ ਸੀ । ਡਾਕ ਦਾ ਕੰਮ ਵੀ ਉਹਦੇ ਕੋਲ ਹੀ ਸੀ । ਤਪਦੀ ਕੁਠਾਲੀ ਵਿਚ ਫੂਕਾਂ ਮਾਰ ਕੇ ਨਾਲਨਾਲ ਉਹ ਖੂਹੀ ਦੀ ਰੌਣਕ ਵੀ ਮਾਣਦਾ ਰਹਿੰਦਾ । ਲੋੜ ਮੁਤਾਬਕ ਕਦੇ ਐਨਕਾਂ ਦੇ ਵਿੱਚੋਂ ਦੀ ਝਾਕਦਾ, ਕਦੇ ਉੱਤੋਂ ਦੀ । ਉਸ ਨੂੰ ਗਰਮੀ ਲੱਗੀ । ਵਿਹਲ ਵੀ ਸੀ । ਉੱਠਿਆ । ਭੌਣੀ ਨਾਲ ਪਾਣੀ ਖਿੱਚਿਆ । ਮਲ ਮਲ ਨ੍ਹਾਤਾ :

ਜਲ ਮਿਲਿਆ ਪਰਮੇਸ਼ਵਰ ਮਿਲਿਆ ।
ਜਲ ਕਾ ਜਾਮਾ ਪਹਿਨ ਕੇ,
ਤਨ ਦੀ ਗਈ ਬਲਾ ।

ਕਮੀਜ਼ ਨੂੰ ਸਾਬਣ ਲਾਇਆ । ਮਲਿਆ । ਧੋਤਾ । ਨਚੋੜਿਆ । ਭੌਣੀ ਉੱਤੇ ਸੁੱਕਣੇ ਪਾਇਆ ਤੇ ਨੰਗੇ ਪਿੰਡੇ ਹੀ ਆਪਣੇ ਅੱਡੇ 'ਤੇ ਆ ਬੈਠਾ । ਕੁਝ ਚਿਰ ਪਿੱਛੋਂ ਕਮੀਜ਼ ਚੁੱਕਿਆ । ਸੁੱਕ ਗਿਆ ਸੀ, ਪਾ ਲਿਆ । ਕੰਮ 'ਚ ਮਸਤ ਹੋ ਗਿਆ । ਅਚਾਨਕ ਉਹਦਾ ਧਿਆਨ ਬਾਜ਼ਾਰ ਵੱਲ ਨੂੰ ਗਿਆ । ਵੇਖਿਆ ਕਿ ਗੁਰੋ ਮਹਿਰੀ ਪਾਣੀ ਦਾ ਘੜਾ ਢਾਕੇ ਲਾਈ ਜਾ ਰਹੀ ਹੈ । ਉਹਨੂੰ ਕਮੀਜ਼ ਦਾ ਖ਼ਿਆਲ ਆਇਆ । ਛਾਲ ਮਾਰ ਕੇ ਮੂਹਰਿਓਂ ਜਾ ਘੇਰਿਆ, ''ਗੁਰੋ! ਮੇਰਾ ਕਮੀਜ਼ ਦੇ । ਕਿੱਥੇ ਲੁਕਾਇਆ ਈ?''

ਉਹ ਵਿਚਾਰੀ ਤਰਲੇ ਮਾਰੇ, ''ਵੇ ਕਿਹੜਾ ਕਮੀਜ਼? ਮੈਂ ਤਾਂ ਪਾਣੀ ਦਾ ਘੜਾ ਭਰ ਕੇ ਤੁਰ ਪਈ ਆਂ । ਉੱਥੇ ਕੋਈ ਕੱਪੜਾ ਨਹੀਂ ਸੀ ।'' ਕਪੂਰ ਮੰਨੇ ਹੀ ਨਾ । ਕਹੇ ਕੱਢ ਮੇਰਾ ਕਮੀਜ਼ । ਬਾਜ਼ਾਰ 'ਕੱਠਾ ਹੋ ਗਿਆ । ਵਿਚ ਉਹਦਾ ਆਪਣਾ ਮੁੰਡਾ ਵੀ ਸੀ ਜਿਹੜਾ ਦਰਜ਼ੀ ਦਾ ਕੰਮ ਕਰਦਾ ਸੀ । ਪਿਓਪੁੱਤ ਦੀ ਵਾਰਤਾਲਾਪ ਸੁਣੋ:

ਪੁੱਤ : ਭਾਪਾ ਗੱਲ ਕੀ ਹੋਈ ਐ?
ਪਿਓ : ਗੱਲ ਕੀ ਹੋਣੀ ਐ । ਮੈਂ ਨ੍ਹਾ ਕੇ ਆਪਣੀ ਕਮੀਜ਼ ਧੋਤੀ ਸੀ ਤੇ ਅਹੁ ਸਾਹਮਣੇ ਭੌਣੀ 'ਤੇ ਸੁੱਕਣੇ ਪਾਈ ਸੀ । ਓਦੂੰ ਬਾਅਦ ਹੋਰ ਕੋਈ ਆਇਆ ਗਿਆ ਨਹੀਂ । ਬੱਸ ਗੁਰੋ ਆਈ ਹੈ । ਇਹ ਕਹਿੰਦੀ ਐ ਮੈਂ ਕਮੀਜ਼ ਵੇਖੀ ਈ ਨਹੀਂ । ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦੀ । ਨਾਲੇ ਚੋਰ ਨਾਲੇ ਚਤਰ ।
ਪੁੱਤ : ਕਿਹੜੀ ਕਮੀਜ਼ ਭਾਪਾ?
ਪਿਓ : ਉਹੀ ਕਮੀਜ਼ ਪੁੱਤਰਾ ਜਿਹੜੀ ਤੂੰ ਪਿਛਲੇ ਹਫ਼ਤੇ ਸੀਅ ਕੇ ਦਿੱਤੀ ਐ । ਡੱਬੀਆਂ ਵਾਲੀ ।
ਪੁੱਤ : ਉਹ ਤਾਂ ਭਾਪਾ ਤੂੰ ਗਲ ਪਾਈ ਹੋਈ ਐ । ਝੱਗੋਝੱਗ ਹੋਏ ਕਪੂਰ ਦਾ ਪਾਰਾ ਹੋਰ ਚੜ੍ਹ ਗਿਆ । ਪਹਿਲਾਂ ਉਹਨੇ ਆਪਣੀ ਕਮੀਜ਼ ਵੱਲ ਵੇਖਿਆ । ਫੇਰ ਭੀੜ ਵੱਲ ਤੇ ਅੰਤ ਵਿਚ ਪੁੱਤਰ ਨੂੰ ਚਪੇੜ ਮਾਰ ਕੇ ਬੋਲਿਆ, ''ਪਿਓ ਨੂੰ ਝੂਠਾ ਕਰਦੈ । ... ਔਸ ਮਾਂ ਨੂੰ ਕੁਝ ਨਹੀਂ ਕਹਿੰਦਾ ।''

•••

'ਤਲਾਅ ਵਾਲੀ ਖੂਹੀ' ਨੂੰ ਅਸੀਂ ਹਲਟੀ ਵੀ ਕਹਿੰਦੇ ਸਾਂ । ਸ਼ੌਕ ਸ਼ੌਕ ਵਿਚ ਹੀ ਹਲਟੀ ਨੂੰ ਪੈਰਾਂ ਨਾਲ ਗੇੜ ਕੇ ਟੂਟੀਆਂ ਵਾਲੇ ਚੁਬੱਚੇ ਭਰ ਭਰ ਖ਼ਾਲੀ ਕਰਦੇ ਰਹਿੰਦੇ ਸਾਂ । ਬਜ਼ੁਰਗ ਤੇ ਤੀਵੀਆਂ ਸਾਨੂੰ ਅਸੀਸਾਂ ਦਿੰਦੇ । ਇਹ ਸਾਡੀ ਖੇਡ ਸੀ ਤੇ ਕਸਰਤ ਵੀ । ਸਕੂਲ ਦਾ ਕੰਮ ਮੁਕਾ ਨਹਾਈ ਜਾਣਾ । ਗਾਈ ਜਾਣਾ :

ਅੱਲਾ ਹੂ! ਲੁਆ ਦੇ ਖੂਹ¨
ਓਥੇ ਬੈਠ ਨਮਾਜ਼ ਪੜ੍ਹਾਂਗੇ ।
ਅੱਲਾ ਹੂ ਦਾ ਸ਼ੁਕਰ ਕਰਾਂਗੇ ।

•••

ਰਾਹ ਵਿੱਚ ਡੱਬਾ ।
ਚੁੱਕਿਆ ਨਾ ਜਾਂਦਾ
ਹਾਏ ਮੇਰਿਆ ਰੱਬਾ!

ਤਲਾਅ ਉੱਤੇ ਇਕ ਸਾਧ ਦੀ ਕੁਟੀਆ ਸੀ । ਉਹ ਬੰਗਾਲੀ ਸੀ । ਨਾਂ ਉਹਦਾ ਗੋਪਾਲ ਦਾਸ ਸੀ, ਪਰ ਅਸੀਂ ਉਹਨੂੰ 'ਬਾਬਾ ਠੰਢੀ ਤੱਤੀ' ਕਹਿ ਕੇ ਛੇੜਦੇ ਸਾਂ । ਉਹ ਜ਼ਰਾ ਉੱਚਾ ਸੁਣਦਾ ਸੀ । ਮੰਗਲਵਾਰ ਦਾ ਵਰਤ ਰੱਖਦਾ ਸੀ ਅਤੇ ਮੁੰਡਿਆਂ ਨੂੰ ਪਤਾ ਸੀ ਕਿ ਉਹ ਉਸ ਦਿਨ ਮਹਿੰਦਰ ਹਲਵਾਈ ਤੋਂ ਸਪੈਸ਼ਲ ਖੋਏ ਦੀ ਬਰਫ਼ੀ ਲਿਆ ਕੇ ਰੱਖਦਾ ਹੈ । ਟੁਕੜੀ ਟੁਕੜੀ ਮੁੰਡਿਆਂ ਨੂੰ ਵੀ ਵੰਡਦਾ ਸੀ ।

ਓਦਣ ਵੀ ਮੰਗਲਵਾਰ ਸੀ । ਬਾਬੇ ਨੇ ਬਰਫ਼ੀ ਵਾਲਾ ਕੁੱਜਾ ਕੁਟੀਆ 'ਚ ਸੰਭਾਲਿਆ । ਕੁਟੀਆ ਨੂੰ ਤਾਲਾ ਲਾ ਕੇ ਚਾਬੀ ਜੰਞੂ ਨਾਲ ਬੱਧੀ । ਸਾਬਣਦਾਨੀ ਲੈ ਕੇ ਨਹਾਉਣ ਆ ਗਿਆ । ਕੁਝ ਮੁੰਡਿਆਂ ਨੇ ਪਹਿਲਾਂ ਬਣਾਈ ਸਕੀਮ ਮੁਤਾਬਕ ਉਹਦੀ ਪੂਰੀ 'ਸੇਵਾ' ਕਰਨ ਦਾ ਨਾਟਕ ਕੀਤਾ । ਹਲਟੀ ਗੇੜ੍ਹ ਕੇ ਪਾਣੀ ਭਰਿਆ । ਦੋ ਜਣੇ ਉਹਨੂੰ ਨੁਹਾਉਣ 'ਚ ਜੁਟ ਗਏ । ਉਹ ਵਿਚਾਰਾ 'ਨਾ.. ਨਾ' ਕਰੀ ਜਾਏ, ਪਰ ਮੁੰਡੇ ਉਹਦੇ ਜਿਸਮ ਉੱਤੇ ਸਾਬਣ ਮਲੀ ਜਾਣ । ਝੱਗ ਨਾਲ ਸਿਰ ਮੂੰਹ ਇਕ ਕਰ ਦਿੱਤਾ । ਇਕ ਜਣੇ ਨੇ ਜੰਞੂ ਨਾਲੋਂ ਚਾਬੀ ਖਿਸਕਾਈ ਤੇ ਬਰਫ਼ੀ ਵਾਲਾ ਕੁੱਜਾ ਕੱਢ ਕੇ ਮੁੜ ਤਾਲਾ ਲਾ ਕੇ ਚਾਬੀ ਪਹਿਲਾਂ ਵਾਲੇ ਟਿਕਾਣੇ ਪੁਚਾ ਦਿੱਤੀ । 'ਬਾਬਾ ਠੰਢੀ ਤੱਤੀ' ਅਸੀਸਾਂ ਦੇਂਦਾ ਕੁਟੀਆ ਵੱਲ ਨੂੰ ਗਿਆ । ਮੁੰਡੇ ਕੁੱਜੇ ਸਮੇਤ ਕਮਾਦ ਵਿਚ ਭੋਗ ਲਾ ਰਹੇ ਸਨ । ਬਾਬਾ ਬੜਾ ਕਲਪਿਆ, ''ਮੇਰਾ ਮੋਂਗਲਬਾਰ ਕਾ ਬਰਤ । ਮੈਂ ਮੋਂਦਰ ਸੀਂਗ ਸੇ ਬੋਰਫੀ ਲਾਯਾ । ਯੇ ਲੜਕਾ ਲੋਗ ਕਾ ਸੱਤਿਆਨਾਸ...'' ਬੰਗਾਲੀ ਲਹਿਜ਼ੇ ਵਾਲੀ ਹਿੰਦੀ ਵਿਚ ਓਹਨੇ ਬੜੀਆਂ ਬਦਅਸੀਸਾਂ ਦਿੱਤੀਆਂ ।

ਮੁੰਡਿਆਂ ਨੇ ਉਹਨੂੰ ਹੋਰ ਚਿੜਾਇਆ । ਨੱਚ ਨੱਚ ਕੇ ਗਾਉਂਦੇ ਰਹੇ :

ਰਾਮ ਨਾਮ ਲੱਡੂ, ਗੋਪਾਲ ਨਾਮ ਘੀ ।
ਹਰੀ ਕਾ ਨਾਮ ਮਿਸਰੀ, ਘੋਲ ਘੋਲ ਪੀ ।
ਉਨ੍ਹਾਂ ਮੁੰਡਿਆਂ ਦਾ ਲੀਡਰ ਮੇਰਾ ਵੱਡਾ ਭਰਾ ਪ੍ਰੀਤ ਹੁੰਦਾ ਸੀ । ਬਾਬੇ ਦੀਆਂ ਬਦਅਸੀਸਾਂ ਦਾ ਇਸ ਟੋਲੇ ਉੱਤੇ ਬੁਰਾ ਅਸਰ ਪਿਆ । ਹੁਣ ਤੱਕ ਪੈ ਰਿਹਾ ਹੈ ।

•••

'ਬਉਲੀ ਵਾਲੀ ਖੂਹੀ' ਤੋਂ ਅਸੀਂ ਦੂਰ ਹੀ ਰਹਿੰਦੇ ਸਾਂ । ਬਹੁਤ ਡੂੰਘੀ ਤੇ ਹਨੇਰੀ ਸੀ । ਦੁਆਲੇ ਇੱਟਾਂ ਦਾ ਜੰਗਲਾ ਸੀ । ਸਾਨੂੰ ਡਰਾਇਆ ਗਿਆ ਸੀ ਕਿ ਇਸ ਅੰਦਰ ਬਾਬੇ ਲਾਲ ਨੇ ਦੇਉ ਕੈਦ ਕੀਤਾ ਹੋਇਆ ਹੈ । ਉਨ੍ਹਾਂ ਦੀ ਭਗਤੀ ਵਿਚ ਵਿਘਨ ਪਾਉਂਦਾ ਸੀ ਤੇ ਉਨ੍ਹਾਂ ਨੇ ਕੀਲ ਕੇ ਖੂਹੀ 'ਚ ਬੰਦ ਕਰ ਦਿੱਤਾ । ਉਹ ਹਾਲੇ ਵੀ ਉੱਥੇ ਹੀ ਹੈ । ਨਵੀਂ ਪੀੜ੍ਹੀ ਨੂੰ ਪਤਾ ਨਹੀਂ ਕਿਸੇ ਨੇ ਦੱਸਿਆ ਹੈ ਕਿ ਨਹੀਂ । ਮੈਂ ਵੀ ਕਿਉਂ ਦੱਸਾਂ?

ਜਦੋਂ ਅਸੀਂ ਛੋਟੇ ਹੁੰਦੇ ਸਾਂ ਓਦੋਂ ਤਲਾਅ ਦੇ ਦੋ ਪਾਸੇ ਪੱਕੇ ਹੁੰਦੇ ਸਨ ਤੇ ਦੋ ਕੱਚੇ । ਕੱਚੇ ਪਾਸਿਆਂ ਤੋਂ ਮਾਲ ਡੰਗਰ ਅੰਦਰ ਵੜਿਆ ਰਹਿੰਦਾ ਸੀ । ਲੋਕ ਜੰਗਲ ਪਾਣੀ ਜਾ ਕੇ ਹੱਥ ਵੀ ਧੋ ਲੈਂਦੇ ਸਨ । ਦੱਸਿਆ ਜਾਂਦਾ ਸੀ ਕਿ ਸਰੋਵਰ ਪੂਰਾ ਪੱਕਾ ਹੋ ਹੀ ਨਹੀਂ ਸਕਦਾ । ਇਹਨੂੰ ਕਿਸੇ ਮਹਾਂਪੁਰਖ ਦਾ ਸਰਾਪ ਮਿਲਿਆ ਹੋਇਆ ਹੈ । ਕਈ ਸੇਵਕਾਂ ਨੇ ਉਸਾਰੀ ਦੀ ਕੋਸ਼ਿਸ਼ ਕੀਤੀ, ਪਰ ਕੰਧਾਂ ਢਹਿ ਜਾਂਦੀਆਂ ਰਹੀਆਂ । ਅਸੀਂ ਜਦੋਂ ਤੱਕ ਵੇਖੀਆਂ, ਢੱਠੀਆਂ ਹੀ ਵੇਖੀਆਂ । ਕਹਾਣੀ ਕਹਿੰਦੀ ਹੈ ਕਿ ਸਰੋਵਰ ਦੀ ਉਸਾਰੀ ਮਹਾਰਾਜਾ ਰਣਜੀਤ ਸਿੰਘ ਦੇ ਹੁਕਮਾਂ ਨਾਲ ਹੋ ਰਹੀ ਸੀ । ਰਾਜਾ ਧਿਆਨ ਸਿੰਘ ਦੇ ਚਾਰਜ ਹੇਠ ਕਾਰਜ ਚੱਲ ਰਿਹਾ ਸੀ । ਰਾਜ ਮਜ਼ਦੂਰ ਲੱਗੇ ਹੋਏ ਸਨ । ਬਾਬਾ ਲਾਲ ਨਾਂ ਦਾ ਕੋਈ ਦਰਵੇਸ਼ ਓਧਰ ਦੀ ਲੰਘਿਆ? ਪੁੱਛਿਆ ਕਿ 'ਉਜਰਤ ਪੂਰੀ ਮਿਲਦੀ ਹੈ?' ਜਵਾਬ ਮਿਲਿਆ ਕਿ 'ਸ਼ਾਹੀ' ਕੰਮ ਹੈ । ਉਜਰਤ ਕਦੇ ਮਿਲਦੀ ਹੈ, ਕਦੇ ਨਹੀਂ । ਕੱਚ ਪੱਕ ਹੀ ਸਮਝੋ ।' 'ਉਜਰਤ ਕੱਚ ਪੱਕ ਐ ਤਾਂ ਸਰੋਵਰ ਵੀ ਕੱਚ ਪੱਕ ਹੀ ਰਹੇਗਾ' ਆਖ ਕੇ ਦਰਵੇਸ਼ ਚਲਾ ਗਿਆ ।

ਕਹਾਣੀ ਤਾਂ ਹਾਲੇ ਵੀ ਪ੍ਰਚਲਤ ਹੈ ਪਰ ਸਰੋਵਰ ਦਾ ਕਾਇਆ ਕਲਪ ਹੋ ਚੁੱਕਾ ਹੈ । ਚਾਰੇ ਪਾਸੇ ਪੱਕੇ ਹਨ । ਸਾਈਡਾਂ 'ਤੇ ਫੁੱਲ ਲਾ ਕੇ ਸੈਰ ਲਈ ਜਗ੍ਹਾ ਬਣਾਈ ਗਈ ਹੈ । ਲੱਗਦਾ ਹੈ ਕਿ ਉਜਰਤ ਸੂਦ ਸਮੇਤ ਚੁਕਾਈ ਗਈ ਹੈ ।

••••••

12. ਨਿੱਕੇ-ਨਿੱਕੇ ਨੀਲਕੰਠ

ਔੜ ਚੱਲ ਰਹੀ ਸੀ । ਸਾਉਣ ਭਾਦੋਂ ਸੁੱਕਾ ਲੰਘ ਗਿਆ । ਹਾਹਾਕਾਰ ਮੱਚੀ ਹੋਈ ਸੀ । ਫਸਲਵਾੜੀ ਦਾ ਕੀ ਬਣੇਗਾ! ... ਪਿੰਡ ਸਹਿਮ ਗਿਆ । ਬੰਦਾ ਜਦੋਂ ਬੇਵਸ ਹੋਏ ਤਾਂ ਉੱਪਰ ਵੱਲ ਨੂੰ ਵੇਖਦਾ ਏ । ਪਿੰਡ ਵਾਲਿਆਂ ਲਈ ਬਾਵਾ ਲਾਲ ਦਾ ਟਿੱਲਾ ਹੀ 'ਉੱਪਰ' ਏ । ਓਧਰ ਜਾਣਾ ਹੋਏ ਤਾਂ ਬੰਦਾ ਕਹਿੰਦੈ : 'ਉੱਪਰ ਚੱਲਿਆਂ' । ... ਪਰ ਉੱਪਰ ਵਾਲੇ ਨੇ ਵੀ ਨਹੀਂ ਸੀ ਸੁਣੀ । ਮੀਂਹ ਲਈ ਕੀਤੇ ਗਏ ਸਾਰੇ ਹਵਨਯੱਗ ਕਿਸੇ ਕੰਮ ਨਾ ਆਏ ।

ਸਿਰ ਸੁੱਟੀ ਬੈਠਿਆਂ ਨੂੰ ਕਿਸੇ ਨੇ ਦੱਸਿਆ, ''ਸ਼ਿਵ ਭੋਲੇ ਭੰਡਾਰੀ ਦਾ ਦਰ ਖੜਕਾਇਆ ਜਾਏ । ਬ੍ਰਹਮਾ, ਵਿਸ਼ਣੂ ਨੂੰ ਪ੍ਰਸੰਨ ਕਰਨਾ ਔਖੈ! ਆਪਣਾ ਸ਼ੰਕਰ ਤਾਂ ਬਿਲਪੱਤਰੀ ਨਾਲ ਈ ਖੁਸ਼ ਹੋ ਜਾਂਦੈ । ਕਿਸੇ ਵੱਡੇ ਆਡੰਬਰ ਦੀ ਮੰਗ ਨਹੀਂ ਕਰਦਾ । ਝੱਟਪੱਟ ਖੁਸ਼ ਹੋ ਕੇ ਨਾਲ ਦੀ ਨਾਲ ਵਰਦਾਨ ਦੇ ਦਿੰਦੈ । ਇਸੇ ਲਈ ਉਹਨੂੰ ਆਸ਼ੂਤੋਸ਼ ਆਖਦੇ ਨੇ । ਉਹਦੀ ਕਿਰਪਾ ਹੋ ਜਾਏ ਤਾਂ ਮੀਂਹ ਜ਼ਰੂਰ ਪਏਗਾ ।''

? ਉਹਦੀ ਕਿਰਪਾ ਦੇ ਪਾਤਰ ਬਣਨ ਲਈ ਕੀ ਕੀਤਾ ਜਾਏ ।
ਤਲਾਅ ਦੇ ਕੰਢੇ ਬਣੇ ਸ਼ਿਵਾਲੇ ਮੂਹਰੇ ਕੱਠੇ ਹੋ ਕੇ ਸਾਰਾ ਪਿੰਡ ਸ਼ਿਵ ਜੀ ਦਾ ਭਜਨ ਕੀਰਤਨ ਕਰੇ । ਉਹਦੀ ਮਹਿਮਾ ਗਾਏ ।

? ਏਦਾਂ ਕਰਨ ਨਾਲ ਮੀਂਹ ਨਹੀਂ ਪੈਣਾ ।
ਕਿੱਦਾਂ ਪਏਗਾ ਫਿਰ ਮੀਂਹ

? ਸ਼ਿਵਾਲੇ ਦੇ ਅੰਦਰ ਜਿਹੜਾ ਸ਼ਿਵਲਿੰਗ ਐ ਨਾ! ਇਹਨੂੰ ਭਰਪੂਰ ਇਸ਼ਨਾਨ ਕਰਵਾਉ । ਜਲ ਚੜ੍ਹਾ ਚੜ੍ਹਾ ਕੇ ਪੂਰਾ ਸ਼ਿਵਲਿੰਗ ਡੋਬ ਦਿਓ । ਭੋਲੇ ਨਾਥ ਪ੍ਰਸੰਨ ਹੋ ਕੇ ਜ਼ਰੂਰ ਜਲਥਲ ਕਰ ਦੇਣਗੇ ।

ਸਲਾਹ ਮੰਨ ਕੇ, ਸਾਰੇ ਜਣੇ, ਬਾਲਟੀਆਂ ਵਗੈਰਾ ਲੈ ਕੇ, ਜਾ ਪਹੁੰਚੇ । ਸ਼ਿਵ ਦੀ ਜੈ ਜੈ ਕਾਰ ਦੇ ਰੌਲੇ ਰੱਪੇ ਵਿਚ ਸ਼ਿਵਾਂ ਦੀ ਬੂਟੀ ਵਾਲੀ ਸ਼ਰਦਾਈ ਦਾ ਪ੍ਰਸ਼ਾਦ ਵਰਤਾਇਆ ਗਿਆ ਤੇ ਸ਼ੁਰੂ ਹੋ ਗਈ ਸ਼ਿਵਲਿੰਗ ਨੂੰ ਸੰਪੂਰਨ ਇਸ਼ਨਾਨ ਕਰਾਉਣ ਦੀ ਮੁਹਿੰਮ । ਇਕ ਪਾਸੇ ਤਲਾਅ ਤੇ ਦੂਜੇ ਪਾਸੇ ਹਲਟੀ ਤੋਂ ਲੈ ਕੇ ਸ਼ਿਵਾਂ ਦੇ ਥੜ੍ਹੇ ਤੱਕ ਲਾਈਨਾਂ ਲੱਗ ਗਈਆਂ । ਭਰੇ ਹੋਏ ਭਾਂਡੇ ਅੰਦਰ ਉਲਟਾ ਕੇ ਖ਼ਾਲੀ ਮੋੜ ਦਿੱਤੇ ਜਾਂਦੇ । ਭਰੇ ਹੋਏ ਮੁੜ ਮੁੜ ਆਈ ਜਾਂਦੇ, ਖੂਹ ਦੀਆਂ ਟਿੰਡਾਂ ਵਾਂਗ । ਸਾਰਿਆਂ ਦੇ ਲਹੂ ਵਿਚ ਹਰਕਤ ਸੀ । ਪਸੀਨੇ ਛੁੱਟ ਰਹੇ ਸਨ । ਜਲ ਚੜ੍ਹ ਰਿਹਾ ਸੀ । …...ਪਰ ਸ਼ਿਵਲਿੰਗ ਦੇ ਅੱਧ ਤੱਕ ਵੀ ਪਾਣੀ ਨਹੀਂ ਸੀ ਪਹੁੰਚ ਰਿਹਾ ।

ਇਕ ਤਾਂ ਮੰਦਿਰ ਦੀਆਂ ਕੰਧਾਂ 'ਚ ਤਰੇੜਾਂ ਸਨ । ਦੂਜੇ ਸ਼ਿਵਾਲੇ ਦੀਆਂ ਦਲ੍ਹੀਜਾਂ ਸ਼ਿਵਲਿੰਗ ਦੇ ਸਾਈਜ਼ ਦੇ ਮੁਕਾਬਲੇ ਬਹੁਤ ਨੀਵੀਆਂ ਸਨ । ਪਾਣੀ ਬਾਹਰ ਵੱਲ ਨੂੰ ਵਗੀ ਜਾਂਦਾ । ਅੰਦਰ ਟਿਕਦਾ ਈ ਨਹੀਂ ਸੀ । ਪੰਜਸੱਤ ਘੰਟਿਆਂ ਦੀ ਇਸ ਕਵਾਇਦ ਨਾਲ ਪਿੰਡ ਥੱਕ ਗਿਆ । ... ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕੀਤੀ ਪਰ ਮਕਸਦ ਵਿਚ ਸਫਲਤਾ ਨਾ ਮਿਲੀ । ... ਭੰਗ ਵਾਲੀ ਸ਼ਰਦਾਈ ਦਾ ਪ੍ਰਸ਼ਾਦ ਮੁੜ ਵਰਤਾਇਆ ਗਿਆ ਤੇ ਲੋਕੀਂ ਘਰੋ-ਘਰੀ ਆ ਗਏ । ਸ਼ਿਵ ਜੀ ਦਾ ਭਰਮ ਬਣਿਆ ਰਿਹਾ, ਪਿੰਡ ਵਾਲਿਆਂ ਦਾ ਭਰਮ ਨਾ ਟੁੱਟਿਆ ।

ਨਾ ਸ਼ਿਵਲਿੰਗ ਡੁੱਬਿਆ, ਨਾ ਮੀਂਹ ਪਿਆ । ਪਰ ਬਚਪਨ ਵਿਚ ਵੇਖੀ ਇਹ ਖੇਡ ਅਜੇ ਵੀ ਕਈ ਵਾਰੀ ਵੱਖਰੀ ਵੱਖਰੀ ਲੱਗਦੀ ਏ । ਹੁਣ ਉਹ ਪੁਰਾਣਾ ਮੰਦਿਰ ਏਨਾ ਬਦਲ ਚੁੱਕਾ ਏ ਕਿ ਪਛਾਣਿਆ ਈ ਨਹੀਂ ਜਾਂਦਾ । ਕੰਧਾਂ 'ਚ ਤਰੇੜਾਂ ਦਾ ਨਾਂ ਨਿਸ਼ਾਨ ਨਹੀਂ । ਦਲ੍ਹੀਜਾਂ ਕਾਫ਼ੀ ਉੱਚੀਆਂ ਨੇ, ਤਕਰੀਬਨ ਸ਼ਿਵਲਿੰਗ ਦੇ ਹਾਣ ਦੀਆਂ । ਦਿਨ ਵੇਲੇ ਵੀ ਟਿਊਬਾਂ ਜਗਦੀਆਂ ਰਹਿੰਦੀਆਂ ਨੇ । ... ਟਿਊਬਵੈੱਲਾਂ ਨੇ ਔੜ ਦੇ ਕੰਢੇ ਭੋਰ ਦਿੱਤੇ ਨੇ । ਬਦਲੇ ਹੋਏ ਹਾਲਾਤ ਨੇ, ਉਹ ਭੰਗ ਦਾ ਪ੍ਰਸ਼ਾਦ ਛਕਣ ਵਾਲੇ ਬੰਦੇ, ਦਾਰੂ ਵੱਲ ਨੂੰ ਤੋਰ ਦਿੱਤੇ ਨੇ ।

•••

ਬਚਪਨ ਵਿਚ ਇਕ ਗੱਲ ਦੀ ਹੈਰਾਨੀ ਹੁੰਦੀ ਸੀ । ਰਾਮ ਲੀਲਾ ਵਿਚ ਅਸੀਂ ਵੇਖਦੇ ਕਿ ਰਾਮ ਚੰਦਰ ਸ਼ਿਵ ਜੀ ਦੀ ਪੂਜਾ ਕਰਦੈ ਅਤੇ ਰਾਵਣ ਵੀ । ਰਾਮ ਦੀ ਸੈਨਾ 'ਜੈ ਸ਼੍ਰੀ ਰਾਮ' ਕਹਿੰਦੀ ਏ ਤੇ ਰਾਵਣ ਦੀ ਸੈਨਾ 'ਜੈ ਸ਼ੰਕਰ ਦੀ ।' ਦੇਵਤਿਆਂ ਤੇ ਦਾਨਵਾਂ, ਦੋਹਾਂ ਲਈ, ਸ਼ਿਵ ਦੀ ਭਗਤੀ ਕਿਉਂ ਜ਼ਰੂਰੀ ਏ?

ਹੌਲੀ ਹੌਲੀ ਪਤਾ ਲੱਗਾ ਕਿ 'ਸ਼ਕਤੀ' ਸ਼ਿਵ ਕੋਲ ਹੀ ਏ । ਵਿਸ਼ਣੂ ਕੋਲ 'ਲੱਛਮੀ' ਏ ਤੇ ਬ੍ਰਹਮਾ ਕੋਲ 'ਬ੍ਰਹਮਾਣੀ' । ਯੁੱਧ ਕਰਨ ਅਤੇ ਜਿੱਤ ਪ੍ਰਾਪਤ ਕਰਨ ਲਈ ਸ਼ਕਤੀ ਦੀ ਲੋੜ ਹੁੰਦੀ ਏ । ਸ਼ਕਤੀ ਸਿਰਫ਼ ਸ਼ਿਵ ਦੇ ਨਾਲ ਹੀ ਵਿਚਰਦੀ ਏ । ਉਹਨੂੰ 'ਸ਼ਿਵਾ' ਵੀ ਕਹਿੰਦੇ ਨੇ । ਉਸ ਕੋਲੋਂ ਵਰ ਲੈ ਕੇ ਯੁੱਧ ਜਿੱਤੇ ਜਾ ਸਕਦੇ ਨੇ ।

ਸ਼ਿਵ ਨੂੰ ਮਹਾਂਕਾਲ, ਰੁਦਰ, ਭੂਤਨਾਥ, ਮਹਾਂਦੇਵ, ਅਮਰਨਾਥ, ਨੀਲ ਕੰਠ ... ਆਦਿ ਅਨੇਕਾਂ ਨਾਂਵਾਂ ਨਾਲ ਜਾਣਿਆ ਜਾਂਦੈ । ਸ਼ਿਵ ਦੇ ਸਰੂਪ ਕਈ ਤਰ੍ਹਾਂ ਦੇ ਬਣਾਏ ਜਾਂਦੇ ਨੇ; ਸਿਰ ਵਿਚ ਗੰਗਾ, ਮੱਥੇ ਉੱਤੇ ਚੰਨ, ਤੀਜਾ ਨੇਤਰ, ਇਕ ਹੱਥ ਡਮਰੂ ਦੂਜੇ 'ਚ ਤ੍ਰਿਸ਼ੂਲ, ਗਲ ਮੁੰਡਮਾਲਾ ... ਪਰ ਸ਼ਿਵਾਲਿਆਂ ਵਿਚ ਸਿਰਫ਼ ਸ਼ਿਵਲਿੰਗ ਹੀ ਸਥਾਪਤ ਹੁੰਦੈ । ਇਹਨੂੰ 'ਜਿਓਤੀ ਲਿੰਗਮ' ਵੀ ਕਹਿ ਲੈਂਦੇ ਨੇ । ... ਬ੍ਰਹਮ ਕੁਮਾਰੀਆਂ ਦਾ ਮਿਸ਼ਨ ਉਸ ਨਾਲ ਪਰਜਾਪਿਤਾ ਅਥਵਾ 'ਸ਼ਿਵ ਬਾਬਾ' ਦਾ ਰਿਸ਼ਤਾ ਗੰਢਦਾ ਹੈ । ਨਿਰਤ ਤੇ ਥੀਏਟਰ ਵਾਲੀ ਸੰਗਤ ਉਹਨੂੰ 'ਨਟਰਾਜ' ਕਰਕੇ ਜਾਣਦੀ ਏ । ਸ਼ਿਵ ਦੀ ਆਸਥਾ ਦਾ ਚਿਰਾਗ ਹਰ ਮੱਥੇ ਵਿਚ ਜਗਦਾ ਏ ਪਰ ਉਹਦੇ ਤਾਂਡਵ ਨਾਚ ਤੋਂ ਸਭ ਨੂੰ ਡਰ ਲੱਗਦਾ ਏ ।

•••

ਸਕੂਲ ਵਿਚ ਸਵਾਮੀ ਦਇਆਨੰਦ ਸਰਸਵਤੀ ਦੇ ਹਵਾਲੇ ਨਾਲ ਪਤਾ ਲੱਗਾ ਸੀ ਕਿ ਉਸ ਮਹਾਪੁਰਸ਼ ਨੇ ਬਚਪਨ ਵਿਚ ਸ਼ਿਵਰਾਤਰੀ ਵੇਖਣ ਗਿਆਂ ਇਕ ਚੂਹੇ ਨੂੰ ਸ਼ਿਵਲਿੰਗ ਨਾਲ ਗੁਸਤਾਖੀ ਕਰਦੇ ਵੇਖਿਆ ਸੀ । ਉਹ ਇਤਿਹਾਸਕ ਚੂਹਾ ਤਾਂ ਸ਼ਿਵਾਂ ਦਾ ਪ੍ਰਸ਼ਾਦ ਵੀ ਜੂਠਾ ਕਰ ਗਿਆ ਸੀ । ਵਿਸ਼ਵਾਸ ਨੂੰ ਠੇਸ ਪਹੁੰਚੀ ਕਿ ਜਿਹੜਾ 'ਭਗਵਾਨ' ਆਪਣੇ ਪਵਿੱਤਰ ਪ੍ਰਸ਼ਾਦ ਨੂੰ ਇਕ ਚੂਹੇ ਤੋਂ ਨਹੀਂ ਬਚਾ ਸਕਦਾ ਉਹ ਭਲਾ ਆਪਣੇ ਭਗਤਾਂ ਦੀ ਰਾਖੀ ਕਿਵੇਂ ਕਰ ਸਕਦਾ ਹੈ । ... ਬਾਲਮਨ ਦੇ ਇਸ ਕੌਤੂਹਲ ਨੇ ਲੱਭ ਲਿਆ ਕਿ ਅਸਲੀ ਸ਼ਿਵ ਕੋਈ ਹੋਰ ਹੈ । ਫਿਰ ਉਹਨੇ ਵੇਦਾਂ ਵੱਲ ਨੂੰ ਮੂੰਹ ਕੀਤਾ । ਮੂਰਤੀ ਤੇ ਬੁੱਤ ਪੂਜਾ ਨੂੰ ਬੇਕਾਰ ਦੱਸਿਆ ।

ਸਾਡੇ ਬਜ਼ੁਰਗ ਇਸ ਵਿਸ਼ੇ 'ਤੇ ਲੰਬੀ ਚੌੜੀ ਬਹਿਸ ਕਰਦੇ ਆਏ ਨੇ । ਸਮਾਜ ਨੂੰ ਸੁਧਾਰਨ ਲਈ ਉਪਰਾਲੇ ਕਰਦੇ ਆਏ ਨੇ । ...ਪਰ ਸਮਾਜ ਕਿਹੜਾ ਇਕੋ ਜਿਹਾ ਰਹਿੰਦੈ । ਨਿੱਤ ਬਦਲਦੈ । ਬਦਲਦੇ ਸਮਾਜ ਵਿਚ ਸੰਕਲਪ ਵੀ ਬਦਲਦੇ ਨੇ ਤੇ ਸਿੱਟੇ ਵੀ ।

ਬੰਦਾ ਕਿਸੇ ਸਿੱਟੇ 'ਤੇ ਪਹੁੰਚਣ ਲਈ ਨਹੀਂ ਜਿਉਂਦਾ । ਸਿੱਟੇ ਧਰੇ-ਧਰਾਏ ਰਹਿ ਜਾਂਦੇ ਨੇ । ਬੰਦਾ ਅੱਗੇ ਨਿਕਲ ਜਾਂਦੈ । ਕਈ ਵਾਰ ਤਾਂ ਉਹ ਚੂਹੇ ਤੋਂ ਵੀ ਅੱਗੇ ਨਿਕਲ ਜਾਂਦੈ । ਇਕ ਚੂਹਾ ਸਵਾਮੀ ਦਇਆ ਨੰਦ ਨੇ ਵੇਖਿਆ । ਇਕ ਚੂਹਾ ਸ਼ਿਵ ਪੁਰਾਣ ਵਿਚ ਪਹਿਲਾਂ ਹੀ ਮੌਜੂਦ ਏ । ਗਣੇਸ਼ ਦੀ ਸਵਾਰੀ । ਕਿੰਨਾ ਦਿਲਚਸਪ ਜੋੜ ਮੇਲ ਏ : ਸਭ ਤੋਂ ਭਾਰਾ ਦੇਵਤਾ ਗਣੇਸ਼ ਤੇ ਸਭ ਤੋਂ ਕਮਜ਼ੋਰ ਵਾਹਨ ਚੂਹਾ ।

ਕਹਿੰਦੇ ਨੇ ਕਿ ਜਦੋਂ ਸਾਰੇ ਦੇਵਤਿਆਂ ਨੂੰ ਆਪਣੀਆਂ ਸਵਾਰੀਆਂ ਦੀ ਚੋਣ ਕਰਨ ਲਈ ਕਿਹਾ ਗਿਆ ਤਾਂ ਬਾਕੀਆਂ ਨੇ ਫੁਰਤੀ ਨਾਲ ਵਧੀਆ ਵਾਹਨ ਚੁਣ ਲਏ ਪਰ ਭਾਰਾ ਸਰੀਰ ਹੋਣ ਕਰਕੇ ਗਣੇਸ਼ ਦੀ ਵੰਡੇ ਚੂਹਾ ਹੀ ਆਇਆ । ਉਹੀਓ ਬਾਕੀ ਬਚਿਆ ਸੀ । ਫੇਰ ਫੈਸਲਾ ਹੋਣਾ ਸੀ ਕਿ ਦੇਵਤਿਆਂ 'ਚੋਂ ਉਹ ਕਿਹੜਾ ਦੇਵਤਾ ਹੈ ਜਿਸ ਦੀ ਪੂਜਾ ਸਭ ਤੋਂ ਪਹਿਲਾਂ ਕੀਤੀ ਜਾਇਆ ਕਰੇ? ਸ਼ਰਤ ਰੱਖੀ ਗਈ ਕਿ ਆਪੋ ਆਪਣੇ ਵਾਹਨ 'ਤੇ ਸਵਾਰ ਹੋ ਕੇ ਸਾਰੇ ਦੇਵਤੇ ਧਰਤੀ ਤੇ ਅਸਮਾਨ ਦੇ ਸੱਤਸੱਤ ਚੱਕਰ ਲਾਉਣ । ਜਿਹੜਾ ਇਸ ਦੌੜ ਵਿਚ ਜਿੱਤ ਜਾਏ, ਉਹਦੀ ਪੂਜਾ ਸਭ ਤੋਂ ਪਹਿਲਾਂ ਕੀਤੀ ਜਾਇਆ ਕਰੇਗੀ । ਸਭ ਨੂੰ ਭਾਜੜਾਂ ਪੈ ਗਈਆਂ । ਲੱਗੇ ਇਕ ਦੂਜੇ ਦੀਆਂ ਖੁੱਚਾਂ ਭੰਨਣ । ਜਿੱਤ ਗਣੇਸ਼ ਦੀ ਹੋਈ । ਚੂਹੇ ਵਾਲੇ ਗਣੇਸ਼ ਦੀ । ਉਹਨੇ ਸ਼ਿਵ ਅਤੇ ਪਾਰਬਤੀ ਨੂੰ ਲਾਗੇ ਲਾਗੇ ਬਿਠਾ ਕੇ ਆਰਾਮ ਨਾਲ ਸੱਤ ਗੇੜੇ ਲਾਏ ਤੇ ਮੌਜ ਨਾਲ ਬਹਿ ਗਿਆ । ਦੱਸਿਆ ਗਿਆ ਕਿ ਸ਼ਾਸਤਰਾਂ ਵਿਚ ਮਾਂ ਨੂੰ ਧਰਤੀ ਅਤੇ ਪਿਤਾ ਨੂੰ ਆਕਾਸ਼ ਦਾ ਦਰਜਾ ਪ੍ਰਾਪਤ ਹੈ । ਇਸੇ ਲਈ ਅੱਜ ਵੀ ਹਰ ਕਾਰਜ ਆਰੰਭ ਕਰਨ ਵੇਲੇ ਸ਼੍ਰੀ ਗਣੇਸ਼ ਕਰਨਾ ਹੀ ਪੈਂਦਾ ਏ ।

•••

ਸ਼ਿਵ ਤਾਂ ਸ਼ਿਵ, ਉਹਦੇ ਨਿਆਣਿਆਂ ਨਾਲ ਵੀ ਅਜੀਬ ਕਹਾਣੀਆਂ ਜੁੜੀਆਂ ਹੋਈਆਂ ਨੇ । ਆਹ ਆਪਣੇ ਗਣੇਸ਼ ਨੂੰ ਈ ਲੈ ਲਉ । ਮਹਾਂ ਸ਼ਿਵਰਾਤਰੀ ਨੂੰ ਸ਼ਿਵ ਪਾਰਵਤੀ ਦਾ ਵਿਆਹ ਹੋਇਆ ਸੀ । ਵਿਆਹ ਦੀ ਰਸਮ ਪਿੱਛੋਂ ਸ਼ਿਵ ਤਾਂ ਕੈਲਾਸ਼ ਪਰਬਤ 'ਤੇ ਜਾ ਬੈਠੇ, ਪਾਰਬਤੀ ਇਕੱਲੀ ਰਹਿ ਗਈ, ਉਡੀਕਣ ਜੋਗੀ । ਮਿਲਣ ਦੀ ਖਿੱਚ ਤੇ ਪਿਆਰ ਦੀ ਤੀਬਰਤਾ ਏਨੀ ਤਿੱਖੀ ਸੀ ਕਿ ਸ਼ਿਵਾਂ ਦੀ ਗੈਰਹਾਜ਼ਰੀ ਵਿਚ ਪਾਰਵਤੀ ਨੇ ਆਪਣੇ ਤਨ ਦੀ ਮੈਲ ਤੋਂ ਇਕ ਪੁਤਲਾ ਬਣਾਇਆ ਅਤੇ ਸ਼ਿਵਾਂ ਨਾਲ ਆਪਣੇ ਰਿਸ਼ਤੇ ਦੀ ਸ਼ਕਤੀ ਨਾਲ ਉਸ ਪੁਤਲੇ ਵਿਚ ਜਾਨ ਪਾ ਦਿੱਤੀ । ਉਹ ਸੁੰਦਰ ਬਾਲਕ ਆਪਣੀ ਮਾਂ ਦੀ ਇਕੱਲ ਦਾ ਰੁਝੇਵਾਂ ਬਣ ਗਿਆ :

ਮਿੱਟੀ ਦਾ ਬਾਵਾ ਬਣਾਨੀ ਆਂ
ਝੱਗਾ ਪਾਨੀ ਆਂ
ਉੱਤੇ ਦੇਨੀ ਆਂ ਖੇਸੀ ।
ਨਾ ਰੋ ਮਿੱਟੀ ਦਿਆ ਬਾਵਿਆ,
ਤੇਰਾ ਪਿਉ ਪਰਦੇਸੀ!

ਕਹਾਣੀ ਕਹਿੰਦੀ ਹੈ ਕਿ ਪਰਦੇਸੀ ਸ਼ਿਵ ਦਾ ਇਕ ਦਿਨ ਪਾਰਵਤੀ ਨੂੰ ਮਿਲਣ ਲਈ ਚਿੱਤ ਕੀਤਾ । ਉਹ ਕੈਲਾਸ਼ ਤੋਂ ਉਤਰ ਕੇ ਪੂਰੀ ਗਤੀ ਨਾਲ ਪਾਰਵਤੀ ਦੇ ਨਿਵਾਸ ਕੋਲ ਪਹੁੰਚਿਆ ਤਾਂ ਦੁਆਰ ਉੱਤੇ ਉਸ ਨੌਜਵਾਨ ਨਾਲ ਟਾਕਰਾ ਹੋ ਗਿਆ । ਦੋਹਾਂ ਨੇ ਇਕ ਦੂਜੇ ਨੂੰ ਪਹਿਲਾਂ ਨਹੀਂ ਸੀ ਵੇਖਿਆ ਹੋਇਆ :

? ਹਟ ਜਾ ਬਾਲਕ, ਦੁਆਰ ਤੋਂ ਲਾਂਭੇ ਹੋ ਜਾ ।
ਮੈਂ ਦੁਆਰ ਤੋਂ ਲਾਂਭੇ ਨਹੀਂ ਹੋ ਸਕਦਾ ।

? ਤੂੰ ਨਹੀਂ ਜਾਣਦਾ ਮੈਂ ਕੌਣ ਹਾਂ ।
ਮੈਂ ਜਾਨਣਾ ਵੀ ਨਹੀਂ ਚਾਹੁੰਦਾ । ਮੈਂ ਸਿਰਫ਼ ਆਪਣੀ ਮਾਂ ਨੂੰ ਜਾਣਦਾ ਹਾਂ ਅਤੇ ਉਹਦੀ ਆਗਿਆ ਨਾਲ ਇੱਥੇ ਖੜ੍ਹਾ ਹਾਂ ।

? ਕੌਣ ਹੈ ਤੇਰੀ ਮਾਤਾ
ਮਹਾਂ ਸ਼ਕਤੀ ਪਾਰਵਤੀ ਮੇਰੀ ਮਾਤਾ ਹੈ ।

? ਤੂੰ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਏਂ । ਉਹ ਮੇਰੀ ਪਤਨੀ ਏ । ਤੇ ਮੈਂ ਵਿਆਹ ਤੋਂ ਬਾਅਦ ਪਹਿਲੀ ਵਾਰ ਆ ਰਿਹਾਂ । ਹਟ ਜਾ ਮੇਰੇ ਰਸਤੇ 'ਚੋਂ । ਮੈਂ ਪੁੱਛਦਾ ਹਾਂ ਤੇਰੀ ਮਾਤਾ ਨੂੰ ...
ਉਹ ਇਸ਼ਨਾਨ ਕਰ ਰਹੇ ਨੇ । ਜਿੰਨੀ ਦੇਰ ਉਨ੍ਹਾਂ ਦਾ ਆਦੇਸ਼ ਨਹੀਂ ਹੁੰਦਾ ਮੈਂ ਕਿਸੇ ਨੂੰ ਵੀ ਅੰਦਰ ਨਹੀਂ ਜਾਣ ਦਿਆਂਗਾ ।

? ਮੈਂ ਜਾਵਾਂਗਾ ।
ਤੁਹਾਨੂੰ ਮੇਰੇ ਨਾਲ ਯੁੱਧ ਕਰਨਾ ਪਏਗਾ ।

? ਤੇਰੀ ਇਹ ਮਜ਼ਾਲ! ...
ਤੇ ਕਹਿੰਦੇ ਨੇ ਸ਼ਿਵਾਂ ਨੇ ਤ੍ਰਿਸ਼ੂਲ ਨਾਲ ਉਸ ਬਾਲਕ ਦਾ ਸਿਰ ਉਡਾ ਦਿੱਤਾ । ਪਤਾ ਨਹੀਂ ਕਿੱਥੇ ਜਾ ਕੇ ਡਿੱਗਾ । ਜਦੋਂ ਪਾਰਵਤੀ ਤੋਂ ਸਾਰੀ ਗੱਲ ਦਾ ਪਤਾ ਲੱਗਾ ਤਾਂ ਸ਼ਿਵਾਂ ਨੂੰ ਅਫ਼ਸੋਸ ਹੋਇਆ । ਪਾਰਵਤੀ ਨੇ ਸ਼ਰਤ ਰੱਖੀ ਕਿ ਉਨੀ ਦੇਰ ਕੋਈ ਗੱਲ ਨਹੀਂ ਹੋ ਸਕਦੀ ਜਿੰਨੀ ਦੇਰ ਬਾਲਕ ਨੂੰ ਮੁੜ ਸੁਰਜੀਤ ਨਹੀਂ ਕੀਤਾ ਜਾਂਦਾ । ਅਸਲੀ ਸਿਰ ਤਾਂ ਪਤਾ ਨਹੀਂ ਕਿੱਥੇ ਜਾ ਡਿੱਗਾ ਸੀ । ਸ਼ਿਵ ਪੁੱਠੇ ਪੈਰੀਂ ਬਾਹਰ ਵੱਲ ਨਿਕਲ ਤੁਰੇ । ਰਾਤ ਪੈ ਚੁੱਕੀ ਸੀ । ਸਾਰੀ ਦੁਨੀਆ ਸੁੱਤੀ ਪਈ ਸੀ ।

ਸ਼ਿਵਾਂ ਨੂੰ ਕਿਸੇ ਬੱਚੇ ਦਾ ਸਿਰ ਚਾਹੀਦਾ ਸੀ । ਨਾਨੀ ਇਹ ਕਹਾਣੀ ਸੁਣਾਉਂਦੀ ਦੱਸਦੀ ਹੁੰਦੀ ਸੀ ਕਿ ਸ਼ਿਵ ਪੂਰੀ ਰਾਤ ਭਟਕਦਾ ਰਿਹਾ । ਉਹ ਜਿਹੜੇ ਵੀ ਬੱਚੇ ਲਾਗੇ, ਆਪਣੇ ਮਕਸਦ ਲਈ ਜਾਂਦਾ, ਵੇਖਦਾ ਕਿ ਉਹਨੂੰ ਉਹਦੀ ਮਾਂ ਨੇ ਆਪਣੀ ਛਾਤੀ ਨਾਲ ਲਾਇਆ ਹੋਇਆ ਏ । ਉਹਨੂੰ ਇਕ ਵੀ ਮਾਂ ਇਹੋ ਜਿਹੀ ਨਾ ਲੱਭੀ ਜੀਹਨੇ ਆਪਣੇ ਬੱਚੇ ਵੱਲ ਪਿੱਠ ਕੀਤੀ ਹੋਵੇ ।

ਹਾਰ ਕੇ ਸ਼ਿਵ ਸ਼ੰਕਰ ਜੰਗਲ ਵੱਲ ਨੂੰ ਨਿਕਲ ਗਿਆ । ਸੋਚਿਆ ਕਿ ਜੇ ਇਨਸਾਨ ਦਾ ਨਹੀਂ ਤਾਂ ਕਿਸੇ ਜਾਨਵਰ ਦੇ ਬੱਚੇ ਦਾ ਸਿਰ ਹੀ ਲੈ ਜਾਨਾਂ । ਖ਼ਾਲੀ ਹੱਥ ਗਿਆ ਤਾਂ ਗੌਰਜਾਂ ਨੇ ਗੱਲ ਨਹੀਂ ਕਰਨੀ । ਪਰ ਮਾਵਾਂ ਤਾਂ ਮਾਵਾਂ ਈ ਹੁੰਦੀਆਂ ਨੇ । ਜਾਨਵਰਾਂ ਦੀਆਂ ਮਾਵਾਂ ਵੀ ਆਪਣੇ ਬੱਚਿਆਂ ਨੂੰ ਹਿੱਕਾਂ ਨਾਲ ਲਾਈ ਪਈਆਂ ਸਨ । ਸਿਰਫ਼ ਇਕ ਹਥਣੀ ਨੇ ਥੱਕ ਕੇ ਪਾਸਾ ਪਰਤਿਆ ਤੇ ਉਹਦੀ ਬੱਚੇ ਵੱਲ ਪਿੱਠ ਹੋ ਗਈ । ਮਾਂ ਦੇ ਸਾਹਮਣੇ ਬੱਚੇ ਦਾ ਸਿਰ ਕਲਮ ਕਰਨਾ ਸ਼ਿਵਾਂ ਲਈ ਵੀ ਸੌਖਾ ਨਹੀਂ ਸੀ । ਹੁਣ ਮੌਕਾ ਤਾੜ ਕੇ ਉਹਨੇ ਤ੍ਰਿਸ਼ੂਲ ਨਾਲ ਸਿਰ ਵੱਢਿਆ ਤੇ ਵਾਪਸ ਆ ਕੇ ਹਾਥੀ ਦੇ ਬੱਚੇ ਦਾ ਸਿਰ ਗਣੇਸ਼ ਦੇ ਧੜ ਉੱਤੇ ਟਿਕਾ ਦਿੱਤਾ । ਉਹ ਮੁੜ ਸੁਰਜੀਤ ਹੋ ਗਿਆ । ਸਗੋਂ ਅਮਰ ਹੋ ਗਿਆ । ... ਪਰ ਸੁਣਿਆ ਕਿ ਉਸ ਦਿਨ ਤੋਂ ਅੱਜ ਤੱਕ ਕੋਈ ਹਥਣੀ ਥੱਕ ਕੇ ਵੀ ਆਪਣੇ ਬੱਚੇ ਵੱਲੋਂ ਪਾਸਾ ਨਹੀਂ ਪਰਤਦੀ ।

•••

ਫੇਰ ਕਿਸੇ ਵੇਲੇ ਦੇਵਤਿਆਂ ਤੇ ਦਾਨਵਾਂ ਨੇ ਰਲ ਕੇ ਸਮੁੰਦਰ ਰਿੜਕਿਆ । ਵਿਚੋਂ ਅਨਮੋਲ ਰਤਨ ਨਿਕਲੇ । ਨਿਕਲਦਿਆਂ ਈ ਜ਼ੋਰਾਵਰਾਂ ਨੇ ਕਾਬੂ ਕਰ ਲਏ । ... ਪਰ ਵਿਸ਼ ਦਾ ਗਾਹਕ ਕੋਈ ਨਹੀਂ ਸੀ । ਜ਼ਹਿਰ ਕੌਣ ਪੀਏ? ਅਖ਼ੀਰ ਉਨ੍ਹਾਂ ਨੂੰ ਭੋਲਾ ਭੰਡਾਰੀ ਯਾਦ ਆਇਆ । ਆਸ਼ੂਤੋਸ਼! ਝੱਟ ਖੁਸ਼ ਹੋਣ ਵਾਲਾ । ਰਤਾ ਕੁ ਖੁਸ਼ਾਮਦ ਕੀਤੀ । ਉਹ ਮੰਨ ਗਿਆ । ਵਿਸ਼ਪਾਨ ਕਰ ਲਿਆ ਪਰ ਆਪਣੀ ਸ਼ਕਤੀ ਨਾਲ ਗਲੇ ਤੱਕ ਰੱਖਿਆ । ਦਿਲਦਿਮਾਗ ਤੱਕ ਨਹੀਂ ਜਾਣ ਦਿੱਤਾ । 'ਨੀਲਕੰਠ ਭਗਵਾਨ ਕੀ ਜੈ' ਸੁਣ ਕੇ ਸੰਤੁਸ਼ਟ ਹੋ ਗਿਆ । ਅੱਜ ਤੱਕ ਸੰਤੁਸ਼ਟ ਹੈ ।

ਪੜ੍ਹਨਪੜ੍ਹਾਉਣ ਦੇ ਚੱਕਰ 'ਚ 'ਸਤਿਅਮ, ਸ਼ਿਵਮ, ਸੁੰਦਰਮ' ਵਾਲੇ ਸ਼ਿਵ ਦੇ ਕਲਿਆਣਕਾਰੀ ਰੂਪ ਦੇ ਦਰਸ਼ਨ ਹੋਏ । ਸਾਹਿਤ ਤੇ ਕਲਾ ਦੇ ਸੱਚੇ ਉਪਾਸ਼ਕਾਂ 'ਚੋਂ ਸ਼ਿਵ ਦੀ ਅੰਸ਼ ਲੱਭਣ ਦਾ ਯਤਨ ਕੀਤਾ । ਇਹ ਸੱਚੇ ਕਲਾਕਾਰ ਦਰਵੇਸ਼ ਲੋਕ ਸਮਾਜ ਦੇ ਹਿੱਸੇ ਦਾ ਜ਼ਹਿਰ ਕਿੰਨੀ ਸਹਿਜਤਾ ਨਾਲ ਸਵੀਕਾਰ ਕਰ ਲੈਂਦੇ ਨੇ । ਬਦਲੇ ਵਿਚ ਚਾਹੁੰਦੇ ਕੀ ਨੇ? ... ਐਵੇਂ ਮਾੜੀ ਮੋਟੀ ਦਾਦ! ਨਿੱਕੀਆਂਮੋਟੀਆਂ ਤਾੜੀਆਂ! ਏਨੇ ਨਾਲ ਈ ਖੁਸ਼ ਰਹਿੰਦੇ ਨੇ! ਮਸਤ! ਅਲਮਸਤ!!

ਏਸੇ ਯਾਤਰਾ ਵਿਚ ਸ਼ਿਵ ਕੁਮਾਰ ਮਿਲਿਆ । ਜਿਸ ਦੀ ਯਾਤਰਾ, ਅਸਲ ਵਿਚ, ਉਹਦੀ ਮੌਤ ਤੋਂ ਬਾਅਦ ਸ਼ੁਰੂ ਹੋਈ ਹੈ । ਅਚਾਨਕ ਖ਼ਿਆਲ ਆਉਂਦੈ ਕਿ ਸ਼ਿਵ ਨਾਲ ਰਾਤਰੀ ਕਿਉਂ ਜੁੜੀ ਹੈ? ਬਾਕੀ ਸਭ ਦੇ ਦਿਨ ਮਨਾਏ ਜਾਂਦੇ ਨੇ ਤੇ ਸ਼ਿਵ ਦੀ ਰਾਤ! ਦਿਨ ਭਟਕਣ ਦਾ ਨਾਂ ਹੈ, ਰਾਤ ਸਹਿਜ ਹੁੰਦੀ ਏ । ਭਗਤਾਂ, ਦਰਵੇਸ਼ਾਂ, ਫਕੀਰਾਂ, ਸ਼ਾਇਰਾਂ, ਕਲਾਕਾਰਾਂ ਤੇ ਮਸਤੀ ਵਾਲਿਆਂ ਲਈ ਰਾਤ ਵਧੇਰੇ ਮਾਫ਼ਕ ਹੁੰਦੀ ਏ ।

ਮਹਾਂਸ਼ਿਵਰਾਤਰੀ ਦੇ ਇਸ ਪੁਰਬ ਮੌਕੇ ਐਤਕੀਂ, ਪਤਾ ਨਹੀਂ ਮੈਨੂੰ ਇਹ ਬਚਗਾਨੀਆਂ ਜਿਹੀਆਂ ਗੱਲਾਂ ਈ ਕਿਉਂ ਸੁੱਝ ਰਹੀਆਂ ਨੇ । ਅੱਜ ਛੇ ਮਾਰਚ ਏ । ਵੀਰਵਾਰ ਏ । ਤੇ ਮੈਨੂੰ ਯਾਦ ਆਇਆ ਕਿ ਅੱਜ ਮੇਰਾ ਜਨਮ ਦਿਨ ਏ । ... ਪਰ ਮੈਂ ਇਸ ਦਿਨ ਨੂੰ ਸ਼ਿਵ ਦੀ ਰਾਤ ਦੇ ਹਵਾਲੇ ਕਰਦਾ ਹਾਂ ।

••••••

13. ਭਲੇ ਦਿਨਾਂ ਦਾ ਕਿੱਸਾ

ਕਹਿੰਦੇ ਨੇ: ਧਾਈਆਂ ਵਾਲੇ ਪਿੰਡ ਪਰਾਲੀ ਤੋਂ ਨਜ਼ਰ ਆ ਜਾਂਦੇ ਨੇ । ਪਰ ਸਾਡੇ ਪਿੰਡ ਦੀ ਪਛਾਣ ਸਾਧਾਂ ਨਾਲ ਹੈ । ਭਿੰਨ ਭਿੰਨ ਪ੍ਰਕਾਰ ਦੇ ਸਾਧ । ਧੋਤੀ ਟਿੱਕਿਆਂ ਵਾਲੇ ਸਾਧ । ਨਾਂਗੇ ਸਾਧ । ਹਾਥੀਆਂ ਵਾਲੇ ਸਾਧ । ... ਸਾਧ ਪਿੰਡ ਦੀ ਕਿਸਮਤ ਵਿਚ ਲਿਖੇ ਹੋਏ ਨੇ । ਜਾਂ ਫਿਰ ਪਿੰਡ ਦੀ ਕਿਸਮਤ ਲਿਖੀ ਹੀ ਸਾਧਾਂ ਨੇ ਹੈ ।

ਦਰਬਾਰ ਵਿਚ ਸਾਧਾਂ ਦਾ ਬੋਲਬਾਲਾ ਕੁਦਰਤੀ ਹੈ ਪ੍ਰੰਤੂ ਤਲਾਅ ਉੱਤੇ ਵੀ ਲੰਗੋਟੀਆਂ ਵਾਲਿਆਂ ਦੀ ਭਰਮਾਰ ਰਹਿੰਦੀ ਅਤੇ ਬਾਗ ਵਿਚ ਵੀ । ਕਿਤੇ ਭੰਗਾਂ ਘੋਟੀਆਂ ਜਾਂਦੀਆਂ ਤੇ ਕਿਤੇ ਚਿਲਮਾਂ ਦੇ ਸੂਟੇ ਖਿੱਚੇ ਜਾਂਦੇ :

ਬਮਬਮ ।
ਲਗੇ ਦਮ । ਧੋਖਾ ਨਾ ਗਮ ।
ਕਮਾਏਗੀ ਦੁਨੀਆ
ਖਾਏਂਗੇ ਹਮ ।

ਭੰਗ ਨੂੰ ਸ਼ਿਵਾਂ ਦੀ ਬੂਟੀ ਆਖ ਕੇ ਭੋਗ ਲਾਇਆ ਜਾਂਦਾ । ਕੂੰਡੇ ਡੰਡੇ ਦੀ ਰਗੜ ਤੋਂ ਬਾਅਦ ਫਿਜ਼ਾ ਵਿਚ ਨਸ਼ੀਲੀ ਗੂੰਜ ਪੈਦਾ ਹੁੰਦੀ:

ਕੈਲਾਸ਼ ਦੇ ਰਾਜਾ ।
ਭੰਗ ਪੀਣੀ ਆ ਤਾਂ ਆ ਜਾ ।

ਇਹ ਨਜ਼ਾਰਾ ਬੱਚਿਆਂ ਲਈ ਤਮਾਸ਼ਾ ਹੁੰਦਾ ਸੀ ਤੇ ਮੌਜੀ ਬੰਦਿਆਂ ਲਈ ਸੁਰਗ ਦਾ ਝੂਟਾ । ਕਦੇ ਕਦੇ 'ਪ੍ਰਸ਼ਾਦ', ਬਿਨਾਂ ਵਿਤਕਰੇ ਦੇ, ਸਭ ਨੂੰ ਵਰਤਾ ਦਿੱਤਾ ਜਾਂਦਾ । ਕਈਆਂ ਦੀ ਬਿਰਤੀ ਜੁੜ ਜਾਂਦੀ । ਕਈਆਂ ਦੀਆਂ ਅੱਖੀਆਂ ਤਾੜੇ ਲੱਗ ਜਾਂਦੀਆਂ । ਕਈ ਨੱਚਣ ਲੱਗ ਪੈਂਦੇ । ਕਈਆਂ ਨੂੰ ਨੀਂਦ ਆ ਜਾਂਦੀ ।

ਇਨ੍ਹਾਂ ਸਾਧਾਂ ਨਾਲ ਪਿੰਡ ਦੇ ਕਈ ਮੁੰਡੇ ਰੁੜ੍ਹਪੁੜ ਗਏ । ਇਕ ਮੇਲਾ ਰਾਮ ਸੀ । ਮੇਲਾ ਰਾਮ ਦਿਆਂ ਡੌਲਿਆਂ ਅਤੇ ਪੱਟਾਂ ਉੱਤੇ ਪਈਆਂ ਮੋਰਨੀਆਂ ਨੂੰ ਏਸੇ ਮਾਹੌਲ ਨੇ ਖਾ ਪੀ ਲਿਆ ਸੀ । ਉਹ ਸੋਹਣਾ ਤੇ ਸੁਨੱਖਾ ਜਵਾਨ ਅਖਾੜਿਆਂ ਦੀ ਸ਼ਾਨ ਹੁੰਦਾ ਸੀ । ਕੁਸ਼ਤੀ ਹੋਏ ਜਾਂ ਕੌਡੀ, 'ਮੇਲਾ ਮੇਲਾ' ਹੁੰਦੀ ਰਹਿੰਦੀ ਸੀ । ਉਹ ਡੰਡ ਬੈਠਕਾਂ ਮਾਰਦਾ ਤੇ ਧੋਤੇ ਕੱਪੜੇ ਪਾ ਕੇ ਗੇੜੇ ਕੱਢਦਾ ਰਹਿੰਦਾ । ਚੜ੍ਹਦੀ ਜਵਾਨੀ ਨੂੰ ਸਾਧਾਂ ਦਾ ਨਸ਼ਾ ਚੜ੍ਹ ਗਿਆ । ਉਹ ਤਲਾਅ ਵਾਲੇ ਬਾਬੇ ਦੀ ਕੁਟੀਆ ਵਿਚ ਵੜ ਗਿਆ । ਸ਼ਿਵਾਂ ਦੀ ਬੂਟੀ ਛਕਣ ਪਿੱਛੋਂ ਮਾਤਾ ਦੀਆਂ ਭੇਟਾਂ ਗਾਉਂਦਾ ਰਹਿੰਦਾ । ਮੋਢੇ ਉੱਤੇ ਬਾਂਦਰੀ ਬਿਠਾ ਕੇ ਗਲੀਆਂ ਵਿਚ ਭੌਂਦਾ ਰਹਿੰਦਾ । ਜੀਹਦੇ ਬੂਹੇ ਮੂਹਰੇ ਖੜ੍ਹ ਜਾਂਦਾ, ਉਹਦੇ ਨਾਲ ਉੱਘਪਤਾਲ ਦੀਆਂ ਮਾਰੀ ਜਾਂਦਾ 'ਇਹ ਗੱਲ ਸੁਣ ਲੈ ਮਾਸੀ...' 'ਇਹ ਗੱਲ ਸੁਣ ਲੈ ਭੈਣਾਂ'... ਕਹੀ ਜਾਂਦਾ ਅਤੇ ਪਿੰਡ ਦੀ ਧਰਤੀ ਤੋਂ ਖੁਮਾਰੀ ਦੇ ਪਾਤਾਲ ਵਿਚ ਲਹੀ ਜਾਂਦਾ ।

ਮੇਲਾ ਰਾਮ ਬਹੁਤ ਮਿਲਾਪੜਾ ਬੰਦਾ ਸੀ । ਰੱਜ ਕੇ ਗਾਲੜੀ । ਕਦੇ ਕਿਸੇ ਨੂੰ ਗਾਲ੍ਹ ਮੰਦਾ ਨਹੀਂ ਸੀ ਬੋਲਦਾ । ਪਤਾ ਨਹੀਂ ਉਹਦਾ ਵਿਆਹ ਕਿਉਂ ਨਹੀਂ ਸੀ ਹੋ ਸਕਿਆ । ਉਹ ਹੌਲੀ ਹੌਲੀ ਖੁਰਦਾ ਗਿਆ । ਮਿੱਟੀ ਵਾਂਗੂ ਭੁਰਦਾ ਗਿਆ ।

ਜਦੋਂ ਵੀ ਉਹਦਾ ਨਸ਼ਾ ਉਤਰਦਾ ਤਾਂ ਉਹਦੇ ਸਿਰ ਨੂੰ ਪਤਾ ਨਹੀਂ ਕੀ ਚੜ੍ਹਦਾ ਸੀ । ਉਹ ਆਪਣੀ ਮਾਂ ਨਾਲ ਲੜਦਾ ਸੀ । ਮਾਈ ਠਾਕਰੀ, ਉਹਦੀ ਮਾਂ, ਉਹਦੀਆਂ ਸੁੱਖਾਂ ਮੰਗਦੀ । ਉਹਦੀਆਂ ਹਿਣਕਦੀਆਂ ਘੋੜੀਆਂ ਅਤੇ ਅੜਿੰਗਦੀਆਂ ਮੱਝਾਂ ਦੇ ਸੁਪਨੇ ਲੈਂਦੀ । ਪਹਿਲਾਂ ਪੁੱਤ ਸੁਪਨਾ ਹੋਇਆ । ਫੇਰ ਮਾਂ ਸੁਪਨਾ ਹੋ ਗਈ । ਉਹ ਆਪਣੇ ਹਿੱਸੇ ਦਾ ਹੱਸ ਗਿਆ, ਉਹ ਆਪਣੇ ਹਿੱਸੇ ਦਾ ਰੋ ਗਈ ।

ਇੰਜ ਸਾਧਾਂ ਦਾ ਅਸਰ ਪਿੰਡ ਦੇ ਲੋਕਾਂ ਉੱਤੇ ਵੀ ਪੈਂਦਾ । ਲੋਕ ਘਰਾਂ ਨੂੰ ਭੁੱਲ ਜਾਂਦੇ । ਘਰਾਂ ਵਾਲੇ ਆਪਣੇ ਬੰਦਿਆਂ ਨੂੰ ਲੱਭਦੇ ਫਿਰਦੇ :

ਪੀਣੀਆਂ ਭੰਗਾਂ ਤੇ ਸੌਣਾ ਬਾਗੀਂ ।
ਪਿਛਲੇ ਜੀਣ ਆਪਣੇ ਭਾਗੀਂ ।

•••

ਬਾਹਰੋਂ ਆਉਣ ਵਾਲੇ ਰਮਤੇ ਸਾਧ ਤਾਂ ਹਫ਼ਤੇ ਦਸਾਂ ਦਿਨਾਂ ਬਾਅਦ ਬਦਲਦੇ ਰਹਿੰਦੇ ਸਨ ਪ੍ਰੰਤੂ ਕਈ ਸਾਧ ਪਿੰਡ ਨਾਲ ਪੱਕੇ ਤੌਰ 'ਤੇ ਜੁੜੇ ਹੋਏ ਸਨ । ਉਹ ਦਰਬਾਰ ਦੇ ਮੁਲਾਜ਼ਮਾਂ ਵਾਂਗ ਸਨ । ਕਈਆਂ ਨੂੰ ਤਾਂ ਉਨ੍ਹਾਂ ਦੇ ਮਾਪੇ ਏਥੇ ਚੜ੍ਹਾਵੇ ਵਾਂਗ ਚੜ੍ਹਾ ਗਏ ਸਨ ।

ਦੱਸਿਆ ਹੈ ਨਾ ਕਿ ਏਥੇ ਬੇਔਲਾਦ ਜੋੜੇ ਬਾਉਲੀ ਨ੍ਹਾਉਣ ਆਉਂਦੇ ਰਹਿੰਦੇ ਨੇ । ਕਈਆਂ ਨੇ ਸੁੱਖਣਾ ਸੁੱਖੀ ਹੁੰਦੀ ਹੈ ਕਿ ਜੇ ਗੋਦ ਹਰੀ ਹੋਈ ਤੇ ਮੁੰਡਾ ਜੰਮਿਆ ਤਾਂ ਉਹਨੂੰ ਏਥੇ ਈ ਚੜ੍ਹਾ ਜਾਣਗੇ । ਇੰਜ ਕਈ ਜਗਦੀਸ਼ ਦਾਸ, ਸੇਵਾ ਦਾਸ, ਪਰਮਾਨੰਦ ਤੇ ਰੁਲਦੂ ਰਾਮ ਬਚਪਨ ਤੋਂ ਹੀ ਪਿੰਡ ਦੀ ਕਿਸਮਤ ਵਿਚ ਦਰਜ ਹੋ ਜਾਂਦੇ ਨੇ । ਇਹ ਵੱਖਰੀ ਗੱਲ ਹੈ ਕਿ ਵੱਡੇ ਹੋ ਕੇ ਉਹ ਮੁੜ ਗ੍ਰਹਿਸਥ ਜੀਵਨ ਵਿਚ ਪ੍ਰਵੇਸ਼ ਕਰ ਜਾਂਦੇ ਨੇ । ਇਕੋ ਜਨਮ ਵਿਚ ਦੋਹਾਂ ਸੰਸਾਰਾਂ ਦਾ ਆਨੰਦ ਲੈ ਲੈਂਦੇ ਨੇ : ਲਾਲ, ਸਤਿਗੁਰ ਜਿਨਕੇ ਲਾਲ ਹੈਂ,

ਪੂਰਨ ਤਿਨ ਕੇ ਭਾਗ ।
ਸਹਿਜੇ ਵਾਂ ਕੀ ਮੁਕਤਿ ਹੈ,
ਕਿਆ ਗਿਰਹੀ ਵੈਰਾਗ ।

ਦੱਸਣ ਦੀ ਲੋੜ ਹੈ ਕਿ ਹੁਣ ਪਿੰਡ ਬਹੁਤ ਬਦਲ ਗਿਆ ਹੈ । ਲੋਕਾਂ ਦੇ ਨਾਲ ਨਾਲ ਸਾਧਾਂ ਦੇ ਰੰਗ ਢੰਗ ਵੀ ਬਦਲ ਗਏ ਹਨ । ਕਦੇ ਇਹ ਪੰਜਾਬੀਆਂ ਦੀ ਗੱਦੀ ਸੀ । ਡੇਰੇ ਦਾ ਸੁਭਾਅ ਪੰਜਾਬੀਆਂ ਵਰਗਾ ਖੁੱਲ੍ਹਾਖੁਲਾਸਾ ਤੇ ਸੈਕੂਲਰ ਸੀ । ਮੈਂ ਓਸੇ ਪਿੰਡ ਦੀ ਗੱਲ ਕਰ ਰਿਹਾ ਹਾਂ । ਸਾਧ ਟੋਲੀਆਂ ਦੀ ਹਰਲ ਹਰਲ ਵੇਖ ਕੇ ਪਿਤਾ ਜੀ ਨੂੰ ਕਬੀਰ ਯਾਦ ਆ ਜਾਂਦਾ ਸੀ :

ਮੂੰਡ ਮੁੰਡਾਏ ਤੀਨ ਗੁਣ,
ਸਿਰ ਕੀ ਮਿਟ ਗਈ ਖਾਜ ।
ਪਕਾ ਪਕਾਇਆ ਭੋਜਨ ਮਿਲੇ,
ਲੋਕ ਕਹੇਂ ਮਹਾਰਾਜ ।

ਬੰਦੇ ਨੂੰ ਜੀਵਨ ਵਿਚ ਚਾਹੀਦਾ ਕੀ ਹੈ? ਨੰਬਰ ਇਕ : ਸਿਰ ਵਿਚ ਖਾਜ ਨਾ ਹੋਏ । ਨੰਬਰ ਦੋ : ਰੋਟੀ ਪੱਕੀ ਮਿਲੇ । ਨੰਬਰ ਤਿੰਨ : ਲੋਕ ਇੱਜ਼ਤ ਕਰਨ । ... ਸਿਰ ਮੰੁਨਾਉਣ ਨਾਲ ਇਹ ਤਿੰਨੇ ਮਕਸਦ ਹੱਲ ਹੋ ਜਾਂਦੇ ਨੇ ।

ਚਿੰਤਾ ਫ਼ਿਕਰ ਤਾਂ ਓਦੋਂ ਲੋਕਾਂ ਨੂੰ ਹੁੰਦਾ ਹੀ ਨਹੀਂ ਸੀ । ਬਾਬੇ ਦਾ ਭੰਡਾਰਾ ਵਰਤਦਾ ਸੀ । ਕਈਆਂ ਨੂੰ ਬਾਗ ਵਿਚ ਹੀ ਲੰਗਰ ਮਿਲ ਜਾਂਦਾ ਸੀ । ਕਈ ਤਲਾਅ 'ਤੇ ਹੀ ਛਕ ਲੈਂਦੇ ਸਨ ਤੇ ਬਾਕੀ 'ਹਰੀ ਹਰ' ਦੀ ਆਵਾਜ਼ ਸੁਣ ਕੇ ਉੱਪਰ ਵੱਲ ਨੂੰ ਭੱਜ ਪੈਂਦੇ ਸਨ । 'ਹਰੀ ਹਰ' ਦਾ ਮਤਲਬ ਸੀ ਕਿ ਭੰਡਾਰ ਖੁੱਲ੍ਹ ਗਿਆ ਹੈ । ਆਓ ਤੇ ਛਕੋ । ਏਨਾ ਰਚਨਾਤਮਕ ਮਾਹੌਲ ਸੀ ਕਿ ਬੱਚੇ ਵੀ ਛੰਦ ਜੋੜਨ ਲੱਗ ਪੈਂਦੇ :

ਜੈ ਬਾਵਾ ਲਾਲ ਦੀ,
ਕੌਲੀ ਕੌਲੀ ਦਾਲ ਦੀ ।
ਢਾਈ ਢਾਈ ਫੁਲਕੇ,
ਨੱਥੂ ਭਾਨਾ ਭੁੜਕੇ ।

ਨੱਥੂ ਮੱਲ ਤੇ ਭਾਨਾ ਰਾਮ ਦੋਏਂ ਭਰਾ ਸਨ । ਨੱਥੂ ਟਾਂਗਾ ਵਾਹੁੰਦਾ ਸੀ ਤੇ ਭਾਨਾ ਭੰਡਾਰ ਦੀ ਸੇਵਾ ਵਿਚ ਸੀ । ਦੋਵੇਂ ਦਰਬਾਰ ਦੇ ਬੰਦੇ । ਟਾਂਗਾ ਵੀ ਦਰਬਾਰ ਦਾ । 'ਮਹਾਰਾਜ' ਨੇ ਕਿਤੇ ਬਾਹਰ ਜਾਣਾ ਹੁੰਦਾ ਜਾਂ ਬਾਹਰੋਂ ਆਉਣਾ ਹੁੰਦਾ ਤਾਂ ਕੱਚੀ ਸੜਕ ਦਾ ਟੋਟਾ ਨੱਥੂ ਦਾ ਟਾਂਗਾ ਹੀ ਪਾਰ ਕਰਾਉਂਦਾ । ਟਾਂਗੇ ਨੂੰ ਰੱਥ ਵਾਂਗ ਸ਼ਿੰਗਾਰਿਆ ਜਾਂਦਾ । ਘੋੜੀ ਨੂੰ ਵਿਆਹ ਵਾਂਗ ਸਜਾਇਆ ਜਾਂਦਾ । ਵਿਦਾ ਵੇਲੇ ਜਾਂ ਸਵਾਗਤ ਵੇਲੇ ਸਾਰਾ ਪਿੰਡ ਕੱਠਾ ਹੋਇਆ ਹੁੰਦਾ ।

'ਮਹਾਰਾਜ' ਟਾਂਗੇ ਵਿਚ ਸਵਾਰ ਹੁੰਦੇ । ਬਾਜ਼ਾਰ ਵਾਲੇ ਵੱਡੇ ਦਰਵਾਜ਼ੇ ਨੇੜੇ ਟਾਂਗਾ ਰੋਕ ਕੇ ਟਸ਼ਨ ਕੀਤੇ ਜਾਂਦੇ । ਸ਼ਗਨ ਮਨਾਏ ਜਾਂਦੇ । ਸਿਹਰੇ ਗਾਏ ਜਾਂਦੇ :

ਨੱਥੂ ਮੱਲ ਦੇ ਟਾਂਗੇ ਨੂੰ ਭਾਗ ਲੱਗਾ,
ਜਿਸਦੇ ਵਿਚ ਆ ਸੱਚੀ ਸਰਕਾਰ ਬੈਠੀ,
ਘੋੜੀ ਨੱਚਦੀ ਟੱਪਦੀ ਤੁਰੀ ਆਉਂਦੀ,
ਮਾਨੋ ਆਪਣਾ ਜਨਮ ਸੁਆਰ ਬੈਠੀ ।

ਨੱਥੂ ਦੀ ਖੁਸ਼ੀ ਵੇਖਣ ਵਾਲੀ ਹੁੰਦੀ ਸੀ । ਉਹਦੀ ਤੇ ਘੋੜੀ ਦੀ ਚਾਲ ਵਿਚ ਕੋਈ ਫ਼ਰਕ ਨਹੀਂ ਸੀ ਹੁੰਦਾ । ਉਹ ਅੰਦਰੋਂ ਬਾਹਰੋਂ ਨੱਚਦਾ ਲੱਗਦਾ ਸੀ ... ਜਿਵੇਂ ਭਾਨਾ ਭੰਡਾਰ ਵਿਚ ਲੰਗਰ ਵਰਤਾਉਣ ਵੇਲੇ । ਪੈਰ ਜ਼ਮੀਨ 'ਤੇ ਲੱਗਦੇ ਹੀ ਨਹੀਂ ਸਨ । ਚਾਈਂ ਚਾਈਂ ਕੰਮ ਕਰਨ ਦੀ ਖੁਸ਼ੀ ਭੁੜਕ ਭੁੜਕ ਪੈਂਦੀ ਸੀ । ਮਹਾਰਾਜ ਵੀ ਦਿਆਲ ਹੋਏ ਰਹਿੰਦੇ । ਘੋੜੀਆਂ ਤੇ ਸਿਹਰਿਆਂ ਵਾਲਿਆਂ ਨੂੰ ਨਿਹਾਲ ਕਰਦੇ ਰਹਿੰਦੇ । ਸੋਟਾਂ ਹੁੰਦੀਆਂ । ਲੱਡੂ ਵਰਤਾਏ ਜਾਂਦੇ । ਫੁੱਲ ਬਰਸਾਏ ਜਾਂਦੇ । ਕਿਸੇ ਦੀ ਸੋਭਾ ਵਧ ਜਾਂਦੀ । ਕਿਸੇ ਦੀ ਵਧਾਈ ਹੋ ਜਾਂਦੀ । ਏਸੇ ਬਹਾਨੇ ਪਿੰਡ ਦੀ ਸਫ਼ਾਈ ਹੋ ਜਾਂਦੀ ।

•••

ਗੱਲ ਚੱਲ ਰਹੀ ਸੀ ਸਾਧਾਂ ਦੀ । ਅਸਾਂ ਨਿਆਣਿਆਂ ਨੇ ਸਾਧਾਂ ਦੇ ਨਾਂ ਵੀ ਆਪ ਹੀ ਰੱਖੇ ਹੋਏ ਸਨ । ਜਿਹੜਾ ਸਾਧ ਰਾਮਾਇਣ ਦੀਆਂ ਚੌਪਾਈਆਂ ਬੋਲਦਾ ਰਹਿੰਦਾ ਸੀ ਉਹਨੂੰ ਅਸੀਂ 'ਰਮੈਣੀ ਬਾਬਾ' ਕਹਿੰਦੇ ਸਾਂ । ਜਿਹੜਾ ਬੜੀ ਛੇਤੀ ਗੁੱਸੇ 'ਚ ਆ ਜਾਂਦਾ ਸੀ ਤੇ ਫਿਰ ਛੇਤੀ ਹੀ ਠੰਡਾ ਹੋ ਕੇ ਪ੍ਰਸ਼ਾਦ ਲਈ ਵਾਜਾਂ ਮਾਰਨ ਲੱਗ ਪੈਂਦਾ ਉਹਨੂੰ 'ਬਾਬਾ ਠੰਡੀ ਤੱਤੀ' ਆਖਦੇ ਸਾਂ । ਇੱਕ ਦੀ ਠੋਡੀ ਉੱਤੇ ਪੰਜ ਸੱਤ ਲੰਮੇ ਲੰਮੇ ਵਾਲ ਸਨ, ਉਹ ਨੱਕ ਵਿਚੋਂ ਬੋਲਦਾ ਸੀ । ਉਹਦੇ ਤਕੀਆ ਕਲਾਮ 'ਤੇ ਅਧਾਰਿਤ ਅਸੀਂ ਉਹਨੂੰ 'ਬਾਬਾ ਨਾਨੀ ਕੇ ਕਾਨ ਕਾਟੂੰ' ਦਾ ਲਕਬ ਦਿੱਤਾ ਹੋਇਆ ਸੀ । ਇਕ ਸਾਧ ਬਹੁਤ ਤੇਜ਼ ਤੁਰਦਾ ਸੀ ਤੇ ਕੱਦ ਦਾ ਛੋਟਾ ਸੀ, ਉਹਨੂੰ 'ਬਾਬਾ ਭੰਬੀਰੀ' ਆਖਦੇ ਸਾਂ ।

ਏਸੇ ਤਰ੍ਹਾਂ 'ਬਾਬਾ ਗਰੀਬੂ', 'ਬਾਬਾ ਤੁੱਖਣੀ', 'ਬਾਬਾ ਬੜ੍ਹਕੂ', 'ਬਾਬਾ ਵਾਈ'... ਕਈ ਤਰ੍ਹਾਂ ਦੇ ਬਾਬੇ ਸਾਡੇ ਬਾਲ ਸਭਿਆਚਾਰ ਦਾ ਹਿੱਸਾ ਬਣ ਗਏ । ਵਕਤ ਬੀਤਣ ਨਾਲ ਭਲੇ ਦਿਨਾਂ ਦਾ ਕਿੱਸਾ ਬਣ ਗਏ । ਇਹ ਲੋਕ ਸਾਡੇ ਆਸ-ਪਾਸ ਹੀ ਭੌਂਦੇ ਰਹਿਣਗੇ । ਕਦੇ ਕਦੇ ਇਕ ਦੂਜੇ ਦੇ ਮੋਢਿਆਂ ਉੱਤੋਂ ਦੀ ਆਪਣਾ ਚਿਹਰਾ ਮੋਹਰਾ ਵਿਖਾਉਂਦੇ ਰਹਿਣਗੇ ।

ਮੇਰੇ ਨਾਲ ਜਦੋਂ ਪਿੰਡ 'ਚੋਂ ਗੁਜ਼ਰੋਗੇ ਤਾਂ ਕੁਝ ਆਵਾਜ਼ਾਂ ਵੀ ਸੁਣਾਈ ਦੇਣਗੀਆਂ । ਕਦੇ ਬਾਗ 'ਚੋਂ, ਕਦੇ ਤਲਾਅ ਤੋਂ, ਕਦੇ ਥੇਹ ਤੋਂ, ਕਦੇ ਮੜ੍ਹੀਆਂ 'ਚੋਂ, ਕਦੇ ਸ਼ਿਵਾਲੇ ਤੋਂ, ਕਦੇ ਮਾਤਾ ਰਾਣੀ ਤੋਂ, ਕਦੇ ਬਾਬਾ ਫਰੀਦ ਦੀ ਖ਼ਾਨਗਾਹ 'ਚੋਂ, ਕਦੇ ਸਮਾਧਾਂ ਚੋਂ, ਕਦੇ ਮੋਹਨ ਦਾਸ ਦੇ ਡੇਰੇ 'ਚੋਂ... । ਸੁਣੋ । ਬਾਬਾ ਭਗਵਾਨ ਦਾਸ ਅੰਮ੍ਰਿਤ ਵੇਲੇ ਸ਼ੀਸ਼ ਮਹਿਲ ਚੋਂ ਪੁਕਾਰ ਰਿਹਾ ਹੈ :

ਰਾਮ ਨਾਮ ਜਪ ।
ਏਹੋ ਤੇਰਾ ਤਪ ।
ਰਾਮ ਨਾਮ ਜਪੇਂਗਾ ।
ਹਾਰੀ ਬਾਜ਼ੀ ਜਿੱਤੇਂਗਾ ।
ਰਾਮ ਨਾਮ ਵਿਸਾਰੇਂਗਾ ।
ਜਿੱਤੀ ਬਾਜ਼ੀ ਹਾਰੇਂਗਾ ।
ਰਾਮ ਨਾਮ ਜਪ... ।

14. ਪਰੰਪਰਾ ਦਾ ਕੈਪਸੂਲ

ਨਾਂ ਦੀ ਚਿੰਤਾ ਕਿਸ ਨੂੰ ਨਹੀਂ ਹੁੰਦੀ? ਹਰ ਕੋਈ ਚਾਹੁੰਦਾ ਹੈ ਕਿ ਦੁਨੀਆ ਵਿਚ ਉਹਦਾ ਨਾਂ ਹੋਏ । ਲੋਕੀਂ ਉਹਦਾ ਨਾਂ ਲੈਣ, ਜਿਵੇਂ ਲਈਦਾ ਹੈ । ਨਾਂ ਦੇ ਆਸਰੇ ਹੀ ਮਰ ਕੇ ਵੀ ਅਮਰ ਰਹੀਦਾ ਹੈ:

ਜਦ ਤੱਕ ਸੂਰਜ ਚਾਂਦ ਰਹੇਗਾ ।
ਬੰਦਿਆ ਤੇਰਾ ਨਾਮ ਰਹੇਗਾ¨

ਬੰਦੇ ਦਾ ਨਾਂ ਬਦਲਦਾ ਰਹਿੰਦਾ ਹੈ, ਨਾਅਰਾ ਏਹੋ ਰਹਿੰਦਾ ਹੈ । ਇਸ ਆਦਿਜੁਗਾਦੀ ਨਾਅਰੇ ਨੂੰ ਹਰ ਕੋਈ ਆਪੋ ਆਪਣੇ ਅੰਦਾਜ਼ ਵਿਚ ਕਹਿੰਦਾ ਹੈ । ਅਨਪੜ੍ਹ ਵੀ ਤੇ ਪੜ੍ਹਿਆ ਲਿਖਿਆ ਵੀ । ਪੜ੍ਹੇ ਲਿਖੇ ਦੀਆਂ ਕਿਆ ਬਾਤਾਂ । ਉਹ ਤਾਂ ਆਪਣਾ ਨਾਂ ਹਰ ਥਾਂ ਲਿਖਦਾ ਰਹਿੰਦਾ ਹੈ । ਥਾਂਕੁਥਾਂ ਵੀ ਨਹੀਂ ਵੇਖਦਾ । ਕਾਗਜ਼ ਕਲਮ ਦੀ ਮੁਥਾਜੀ ਵੀ ਨਹੀਂ ਕਬੂਲਦਾ । ਬਹੁਤ ਪੱਕਾ ਹੈ ਇਸ ਅਸੂਲ ਦਾ । ਹੱਥ ਵਿਚ ਚਾਬੀ ਹੋਏ, ਚਾਕੂ ਹੋਏ, ਨੇਲਕਟਰ ਹੋਏ... । ਸਾਹਮਣੇ ਕੰਧ ਹੋਏ, ਦਰਖ਼ਤ ਹੋਏ, ਬੱਸ ਦੀ ਸੀਟ ਹੋਏ... । ਇੰਜ ਉਹ ਮਿਟ ਜਾਣ ਦਾ ਡਰ ਆਪਣੇ ਅੰਦਰੋਂ ਕੱਢਣਾ ਚਾਹੁੰਦਾ ਹੈ । ਹਰ ਹੀਲੇ ਜੱਗ ਵਿਚ ਆਪਣਾ ਨਿਸ਼ਾਨ ਛੱਡਣਾ ਚਾਹੁੰਦਾ ਹੈ ।

ਅਨਪੜ੍ਹ ਬੰਦਾ ਵੀ ਆਪਣਾ ਨਾਂ ਛਪਿਆ ਵੇਖਣਾ ਚਾਹੁੰਦਾ ਹੈ । ਜਦੋਂ ਉਹਦਾ ਨਾਂ ਛਾਪੇ ਥਾਣੀਂ ਹੋ ਕੇ ਕਾਗਜ਼ ਉੱਤੇ ਆਉਂਦਾ ਹੈ ਤਾਂ ਚਮਤਕਾਰ ਵਾਪਰਦਾ ਹੈ । ਉਹ 'ਨਾਮਵਰ' ਹੋ ਜਾਂਦਾ ਹੈ । ਛਪੇ ਹੋਏ ਨਾਂ ਨੂੰ ਟਿਕਟਿਕੀ ਲਾ ਕੇ ਵੇਖਦਾ ਹੈ । ਲਗਾਤਾਰ । ਨਾਂ ਵਾਲੀ ਥਾਂ 'ਤੇ ਉਂਗਲ ਫੇਰ ਕੇ ਅੱਖਰਾਂ ਦੀ ਛੋਹ ਮਹਿਸੂਸ ਕਰਦਾ ਹੈ । ਪੜ੍ਹਨਾ ਨਹੀਂ ਆਉਂਦਾ ਤਾਂ ਕੀ ਹੋਇਆ । ਏਨਾ ਤਾਂ ਜਾਣ ਲੈਂਦਾ ਹੈ । ਸ਼ਬਦਾਂ ਦੇ ਚੌਣੇ 'ਚੋਂ ਆਪਣੇ ਨਾਂ ਦੀ ਕੱਟੀ ਨੂੰ ਪਛਾਣ ਲੈਂਦਾ ਹੈ ।

ਮੇਰੇ ਪਿੰਡ ਵਿਚ, ਮੰਦਿਰ ਦੇ ਅੰਦਰ, ਲੋਕਾਂ ਨੇ ਆਪਣੇ ਨਾਵਾਂ ਦੀਆਂ ਇੱਟਾਂ ਲਵਾਈਆਂ ਹੋਈਆਂ ਨੇ । ਪੂਰੇ ਖ਼ਾਨਦਾਨ ਦੀਆਂ ਇਬਾਰਤਾਂ ਲਿਖਵਾਈਆਂ ਹੋਈਆਂ ਨੇ । ਉਨ੍ਹਾਂ ਦੀ ਧੰਨ ਕਮਾਈ ਹੈ ਜਿਨ੍ਹਾਂ ਨੇ ਪੱਖਿਆਂ ਦੀ ਸੇਵਾ ਕਰਾਈ ਹੈ ।

ਪਿੰਡ ਦਾ ਇਕ 'ਕਵੀ' ਆਪਣੇ ਫਿਲਮੀ ਤਰਜ਼ਾਂ ਵਾਲੇ ਗੀਤਾਂ ਨੂੰ ਸ਼ੀਸ਼ੇ ਵਿਚ ਮੜ੍ਹਾ ਕੇ ਘਰ ਦੀ ਬੈਠਕ ਵਿਚ ਟੰਗੀ ਜਾਂਦਾ ਸੀ । ਆਪਣੀਆਂ ਨਾਮਵਰ ਪ੍ਰਾਪਤੀਆਂ ਦੀ, ਹਰ ਆਏ ਗਏ ਤੋਂ, ਧੱਕੇ ਨਾਲ ਦਾਦ ਮੰਗੀ ਜਾਂਦਾ ਸੀ । ਆਪਣੇ ਨਾਂ ਦੀ ਉਹਨੇ ਲੰਮੀ ਚੌੜੀ ਮੋਹਰ ਵੀ ਬਣਵਾਈ ਹੋਈ ਸੀ ਜਿਸ ਦੀ ਛਾਪ ਉਹਨੇ ਕਾਪੀਕਿਤਾਬ ਦੇ ਹਰ ਵਰਕੇ 'ਤੇ ਲਾਈ ਹੋਈ ਸੀ । ਪਤਾ ਨਹੀਂ ਪਿੰਡ ਵਿਚ ਰਹਿ ਕੇ ਇਹ ਹੁਨਰ ਉਹਨੇ ਕਿੱਥੋਂ ਸਿੱਖਿਆ ਸੀ । ਆਪਣੇ ਵਿਆਹ ਵੇਲੇ ਆਪਣਾ ਸਿਹਰਾ ਵੀ ਉਹਨੇ ਖ਼ੁਦ ਲਿਖਿਆ ਸੀ :

ਹਰ ਕੋਈ ਪੜ੍ਹੇ ਸਿਹਰਾ ਹਰ ਕੋਈ ਗਾਏ ਸਿਹਰਾ ।
ਕਵੀ ਆਪਣਾ, ਆਪ ਬਣਾਏ ਸਿਹਰਾ¨

ਖ਼ੈਰ ਉਸ ਵਿਚਾਰੇ ਨੇ ਤਾਂ ਆਪਣਾ ਆਪੇ ਹੀ ਕਾਜ ਸਵਾਰਿਆ ਸੀ । ਕਿਹੜਾ ਕੋਈ ਪਰਾਇਆ ਹੱਕ ਮਾਰਿਆ ਸੀ! ਸੱਚ ਤਾਂ ਇਹ ਹੈ ਕਿ ਬੜੇ ਬੜੇ ਸ਼ਾਇਰ ਹੱਕ ਅਦਾ ਕਰਦੇ ਆਏ ਨੇ । ਇਨਾਮਾਂ ਜਾਂ ਵਜ਼ੀਫ਼ਿਆਂ ਦੀ ਖਾਤਰ 'ਵੱਡੇ' ਲੋਕਾਂ ਦੇ ਕਸੀਦੇ ਪੜ੍ਹਦੇ ਆਏ ਨੇ । ਸ਼ਾਇਰ ਲੋਕ ਖੁਸ਼ਾਮਦਾਂ ਦੇ ਪੁਲ ਬੰਨ੍ਹਦੇ ਰਹੇ ਨੇ । ਧਨੀ ਲੋਕ ਖੁਸ਼ਾਮਦ ਨੂੰ ਹੀ ਸਿਫ਼ਤ ਮੰਨਦੇ ਰਹੇ ਨੇ । ਪਤਾ ਨਹੀਂ ਇਹਦੇ ਵਿਚ ਭਲਾਈ ਹੈ ਕਿ ਬੁਰਾਈ ਹੈ । ਹੁਣ ਤੱਕ ਵੀ ਸਿਹਰੇ ਦੀ ਰਵਾਇਤ ਚਲੀ ਆਈ ਹੈ ।

ਅੱਜ ਕੱਲ੍ਹ ਵਿਆਹ ਵੇਲੇ ਸਿਹਰਾਬੰਦੀ ਦੀ ਰਸਮ ਤਾਂ ਹੁੰਦੀ ਹੈ ਪਰ ਸਿਹਰਾ ਪੜ੍ਹਨ ਦੀ ਰਸਮ ਖਤਮ ਹੁੰਦੀ ਜਾ ਰਹੀ ਹੈ । ਯਾਦ ਆਉਂਦਾ ਹੈ ਉਹ ਨਜ਼ਾਰਾ ਜਦੋਂ 'ਮਿਲਣੀ' ਵੇਲੇ ਛਪਿਆ ਹੋਇਆ ਸਿਹਰਾ ਪੜ੍ਹਿਆ ਤੇ ਵੰਡਿਆ ਜਾਂਦਾ ਸੀ । ਹਰ ਨਿੱਕਾ-ਮੋਟਾ ਰਿਸ਼ਤੇਦਾਰ ਸਿਹਰੇ ਨੂੰ ਪੂਰੇ ਧਿਆਨ ਨਾਲ ਸੁਣਦਾ ਸੀ । ਹਰ ਇਕ ਨੂੰ ਆਪਣੇ ਨਾਂ ਦੀ ਉਡੀਕ ਹੁੰਦੀ ਸੀ । ਆਪਣਾ ਨਾਂ ਕੰਨੀਂ ਪੈ ਜਾਏ ਤਾਂ ਘਟੀਆ ਜੇਹੀ ਤੁਕਬੰਦੀ ਵੀ ਠੀਕ ਲੱਗਦੀ ਸੀ । ਆਪਣਾ ਨਾਂ ਸੁਣ ਕੇ ਉਹ ਛਾਲਾਂ ਮਾਰਦਾ ਸੀ । ਤਾੜੀਆਂ ਮਾਰਦਾ ਸੀ । ਵੇਲਾਂ ਕਰਾਉਂਦਾ ਸੀ । ਸਿਰਵਾਰਨੇ ਕਰਦਾ ਸੀ । ਪੜ੍ਹਨ ਵਾਲਾ ਵੀ ਕਿਸੇ ਨੂੰ ਨਿਰਾਸ਼ ਨਹੀਂ ਸੀ ਕਰਦਾ । ਵੇਲਾਂ ਵਾਲੇ ਨਾਂ ਨੂੰ ਕਈ ਵਾਰ ਪੜ੍ਹ ਜਾਂਦਾ ਸੀ । ਨੋਟ ਨਾ ਮਿਲੇ ਤਾਂ ਇਕੋ ਨਾਂ 'ਤੇ ਅੜ ਜਾਂਦਾ ਸੀ ।

ਸਿਹਰੇ ਵਿਚ 'ਸਿਹਰੇ ਵਾਲੇ' ਤੋਂ ਇਲਾਵਾ ਉਹਦੇ ਪੂਰੇ ਖ਼ਾਨਦਾਨ ਦੇ ਨਾਂ ਦਰਜ ਹੁੰਦੇ ਸਨ । ਸੁਰਗਵਾਸੀ ਰਿਸ਼ਤੇਦਾਰਾਂ ਦੀਆਂ ਰੂਹਾਂ ਨੂੰ ਵੀ ਬਰਾਤ ਵਿਚ ਬੁਲਾਇਆ ਜਾਂਦਾ ਸੀ । ਮੋਇਆਂ ਦਾ ਚੰਦਾ ਜੀਂਦਿਆਂ ਕੋਲੋਂ ਉਗਰਾਹਿਆ ਜਾਂਦਾ ਸੀ । ਸਿਹਰਿਆਂ ਨੂੰ ਬੜੇ ਸ਼ੌਕ ਨਾਲ ਛਪਵਾਇਆ ਜਾਂਦਾ ਸੀ । ਕੀਮਤੀ ਕਾਗਜ਼ਾਂ 'ਤੇ । ਕਲੰਡਰਾਂ ਵਾਂਗ । ... ਸਿਹਰੇ ਦੀ ਕਾਪੀ ਹਾਸਲ ਕਰਨ ਲਈ ਹਰ ਕੋਈ ਪਰਸ਼ਾਦ ਵਾਂਗ ਹੱਥ ਅੱਡਦਾ ਸੀ । ਲੈ ਕੇ ਛੱਡਦਾ ਸੀ । ਕੋਈ ਤਰਲਾ ਮਾਰਦਾ ਸੀ । ਕੋਈ ਝੱਪਟਾਂ ਮਾਰਦਾ ਸੀ । ਕਈ ਤਾਂ ਘਰੋਂ ਲੈਣ ਆਉਂਦੇ ਸਨ । ਸਿਫ਼ਾਰਸ਼ਾਂ ਪਵਾਉਂਦੇ ਸਨ । ਜਿਨ੍ਹਾਂ ਰਿਸ਼ਤੇਦਾਰਾਂ ਦਾ ਨਾਂ ਛਪਿਆ ਹੁੰਦਾ ਸੀ ਉਹ ਫੁੱਲੇ ਨਾ ਸਮਾਉਂਦੇ ਸਨ । ਸ਼ੀਸ਼ੇ 'ਚ ਮੜ੍ਹਾਉਂਦੇ ਸਨ । ਕੰਧ 'ਤੇ ਸਜਾਉਂਦੇ ਸਨ । ਪੜ੍ਹਦੇਪੜ੍ਹਾਉਂਦੇ ਸਨ । ਸੁਣਦੇਸੁਣਾਉਂਦੇ ਸਨ ।

ਪਿਛਲੇ ਦਿਨੀਂ ਛੋਟੇ ਭਾਈ ਆਦੇਸ਼ ਨੇ ਪਿੰਡ 'ਚੋਂ ਕੁਝ ਨਮੂਨੇ ਲੱਭੇ । ਚਾਲੀ ਪੰਜਤਾਲੀ ਵਰ੍ਹੇ ਪੁਰਾਣੇ । ਉਨ੍ਹਾਂ ਭੁਰ-ਭੁਰ ਪੈਂਦੇ ਅੱਖਰਾਂ ਨੂੰ ਬੋਚ-ਬੋਚ ਕੇ ਪੜ੍ਹਿਆ ਤਾਂ ਪਤਾ ਲੱਗਾ ਕਿ ਇਹ ਤਾਂ ਆਮ ਆਦਮੀ ਦੇ ਅਹਿਮ ਦਸਤਾਵੇਜ਼ ਨੇ । ਵੱਡੇ ਬੰਦਿਆਂ ਦੀ ਸਿਫ਼ਤ ਸਲਾਹ ਤਾਂ ਹੁੰਦੀ ਹੀ ਰਹਿੰਦੀ ਹੈ ਪਰ ਸਧਾਰਨ ਆਦਮੀ ਦੀ ਜ਼ਿੰਦਗੀ ਵਿਚ ਤਾਂ ਇਹ ਮੌਕਾ ਇਕੋ ਵਾਰ ਆਉਂਦਾ ਹੈ, ਜਦੋਂ ਕੋਈ ਉਸ ਦੇ ਪੂਰੇ ਕੋੜਮੇ ਦਾ ਜੱਸ ਗਾਨ ਭਰੀ ਸਭਾ ਵਿਚ ਗਾਉਂਦਾ ਹੈ ।

ਧੰਨ ਸਨ ਉਹ ਲਿਖਣਹਾਰੇ ਤੇ ਗਾਵਣਹਾਰੇ ਜਿਹੜੇ ਕਿਸੇ ਵੇਲੇ ਸਧਾਰਨ ਬੰਦਿਆਂ ਦੀ ਧੰਨਧੰਨ ਕਰਾਉਂਦੇ ਸਨ । ਨਾਂ ਲੈ ਕੇ ਵਡਿਆਉਂਦੇ ਸਨ । ਛੋਟਿਆਂ ਨੂੰ ਵੱਡੇ ਬਣਾਉਂਦੇ ਸਨ । ਨਿਮਾਣਿਆਂ ਦਾ ਮਾਣ ਵਧਾਉਂਦੇ ਸਨ । ... ਅੱਜ ਵੀ ਉਨ੍ਹਾਂ ਦੇ 'ਕਾਰਨਾਮੇ' ਪਿੰਡ ਦੇ ਅਤੀਤ ਵਿਚ ਵਹਿ ਰਹੀ ਸਿਮਰਤੀ ਦੇ ਬਰਸਾਤੀ ਪਾਣੀਆਂ ਵਿਚ ਕਾਗਜ਼ ਦੀਆਂ ਕਿਸ਼ਤੀਆਂ ਵਾਂਗ ਤਰਦੇ ਹਨ । ਅਣਹੋਇਆਂ ਦੀ ਹੋਂਦ ਦੀ ਹਾਮੀ ਭਰਦੇ ਹਨ । ਸਿਹਰੇ ਦਾ ਪਾਠ ਖੋਜੀ ਵਾਂਗ ਕਰੋ ਤਾਂ ਪਤਾ ਲੱਗੇਗਾ ਕਿ ਇਸ ਵਿਚ ਦਰਜ ਬਿਰਤਾਂਤ ਮਹਿਜ਼ ਦੋ ਖ਼ਾਨਦਾਨਾਂ ਦੀ ਜਾਣ ਪਛਾਣ ਦਾ ਸੂਚਨਾ ਪੱਤਰ ਹੀ ਨਹੀਂ ਸਗੋਂ ਇਹ ਤਾਂ ਸਭਿਆਚਾਰ ਦੇ ਬਿਰਖ ਦੀ ਜੜ੍ਹ ਮੂਲ ਹੈ । ਪਰੰਪਰਾ ਦਾ ਕੈਪਸੂਲ ਹੈ । ਮਿਸਾਲ ਦੇ ਤੌਰ 'ਤੇ 25 ਨਵੰਬਰ 1964 ਨੂੰ ਵਿਜੇ ਕੁਮਾਰ 'ਨਾਹਰ' ਦੁਆਰਾ ਮੁਣਸ਼ੀ ਰਾਮ ਦੇ ਵਿਆਹ ਸਮੇਂ ਪੇਸ਼ ਕੀਤਾ ਗਿਆ ''ਸਦਾਬਹਾਰ ਸਿਹਰਾ'' ਜ਼ਰਾ ਵਾਚੋ । ਇਸ ਦੀ ਬਣਤਰ ਤੇ ਬੁਣਤਰ ਦਾ ਨਿਕਟ ਅਧਿਐਨ ਕਰੋ :


ਮੰਗਲਾਚਰਨ :

ਸੂਰਜ ਬੰਸੀਆਂ ਨੇ ਮਿਥਲਾਪੁਰੀ ਅੰਦਰ,
ਸਿਹਰੇ ਵਾਸਤੇ ਹੀ ਧਨੁਸ਼ ਤੋੜਿਆ ਸੀ ।
ਏਹੋ ਸਿਹਰਾ ਸ਼੍ਰੀ ਕ੍ਰਿਸ਼ਨ ਦੇ ਸੀਸ ਸੱਜਾ,
ਗੋਬਿੰਦ ਗੁਰੂ ਨੇ ਵੀ ਇਹਨੂੰ ਲੋੜਿਆ ਸੀ ।
ਸਿਹਰਾ ਬੰਨਿ੍ਹਆ ਸੀ ਨਾਨਕ ਦੇਵ ਜੀ ਨੇ,
ਨਹੀਂ ਜਗਤ ਦੀ ਰੀਤ ਨੂੰ  ਤੋੜਿਆ ਸੀ ।
ਸਿਹਰੇ ਵਿਚ ਸੀ ਨਹਿਰੂ ਨੇ ਸ਼ਾਨ ਸਮਝੀ,
ਕਮਲਾ ਨਾਲ ਸੰਬੰਧ ਜਦ ਜੋੜਿਆ ਸੀ¨

ਰੂਪ ਦੀ ਉਪਮਾ

ਰੂਪ ਵਲੋਂ ਤਾਂ ਕਸਮ ਨਾਲ ਹੱਦ ਹੋ ਗਈ,
ਕਹਿੰਦਾ ਤਕ ਕੇ ਵਿਜੇ ਕੁਮਾਰ ਸਿਹਰਾ ।
ਜਿੱਦਾਂ ਹਿੰਦ ਦੇ ਸੀਸ ਕਸ਼ਮੀਰ ਸੋਹਵੇ,
ਏਦਾਂ ਸੋਂਹਵਦਾ ਸਦਾ ਬਹਾਰ ਸਿਹਰਾ ।

ਟੱਬਰ ਦਾ ਵੇਰਵਾ :

ਵੱਡਾ ਵੀਰ ਕਪੂਰ ਚੰਦ ਮਸਤ ਹੋਇਆ,
ਬਿਨਾਂ ਪੀਤੀਉਂ ਹੀ ਜਿਹਨੂੰ ਚੜ੍ਹੀ ਜਾਵੇ ।
ਪਹਿਲਾਂ ਬੱਸ ਡਰਾਈਵਰ ਨੂੰ  ਡਾਂਟਿਆ ਸੂ,
ਵਾਜੇ ਵਾਲਿਆਂ ਨਾਲ ਹੁਣ ਲੜੀ ਜਾਵੇ ।
ਦੁਰਗਾ ਦੇਈ ਮਾਤਾ ਖੁਸ਼ੀਆਂ ਵਿਚ ਕਹਿੰਦੀ :
ਰੱਬਾ! ਸਾਰਿਆਂ 'ਤੇ ਐਸੀ ਘੜੀ ਆਵੇ ।
ਸਿਹਰੇ ਵਾਲੇ ਦਾ ਬਾਪ ਦੀਵਾਨ ਚੰਦ ਜੇ,
ਥੈਲੀ ਹੱਥ ਅੰਦਰ ਜਿਹੜਾ ਫੜੀ ਜਾਵੇ ।

ਸ਼ਗਨ

ਅੱਗੇ ਹੋ ਸਿਰਵਾਰਨੇ ਕਰਨ ਸੱਭੇ
ਹੱਥੀਂ ਨੋਟ ਫੜ ਕੇ ਤੁਰੀਆਂ ਆਉਂਦੀਆਂ ਨੇ ।
ਵਾਗ ਫੜੀ ਏ ਪੁਸ਼ਪਾ ਤੇ ਸ਼ਾਂਤੀ ਨੇ,
ਗੁੰਦਣ ਵਾਗ ਤੇ ਘੋੜੀਆਂ ਗਾਉਂਦੀਆਂ ਨੇ ।
ਵਿੱਦਿਆਵਤੀ ਭਰਜਾਈ ਨੂੰ  ਚਾਅ ਚੜਿਆ,
ਖੁਸ਼ੀਆਂ ਵਿਚ ਵੇਖੋ ਕਿੱਦਾਂ ਨੱਚਦੀ ਏ!
ਸਿੱਧੀ ਤੁਰੀ ਆਉਂਦੀ ਘੋੜੀ ਵੱਲ ਉਹ ਵੀ,
ਹੱਥੀਂ ਸੁਰਮੇਦਾਨੀ ਵਾਹਵਾ ਜੱਚਦੀ ਏ¨

ਚਿਤਾਵਨੀ :

ਵੀਰਾ ਮੇਰਿਆ! ਖੁਸ਼ੀ ਦੇ ਦੌਰ ਅੰਦਰ,
ਹੀਰੇ ਮੋਤੀਆਂ ਉੱਤੇ ਨਾ ਡੁੱਲ੍ਹ ਜਾਵੀਂ ।
ਵੇਖੀਂ ਭੁੱਲ ਕੇ ਵੀ ਏਸ ਖੁਸ਼ੀ ਅੰਦਰ,
ਫਰਜ਼ ਆਪਣਾ ਕਿਤੇ ਨਾ ਭੁੱਲ ਜਾਵੀਂ ।
ਸਦਾ ਸੁੱਚਾ ਤੇ ਸੱਚਾ ਵਿਹਾਰ ਰੱਖੀਂ
ਸਦਾ ਏਸ ਜ਼ਬਾਨ 'ਤੇ ਤੁੱਲ ਜਾਵੀਂ ।
ਕਦੇ ਪਵੇ ਜੇ ਵਤਨ ਨੂੰ  ਲੋੜ ਤੇਰੀ,
ਝੱਖੜ ਵਾਂਗਰਾਂ ਸੁਹਣਿਆਂ! ਝੁੱਲ ਜਾਵੀਂ¨
ਭਾਰਤ ਮਾਂ ਦਾ ਬਣੀ ਸਪੂਤ ਸੱਚਾ,
ਖੱਟੀਂ ਜੱਸ ਦੁਨੀਆ ਅੰਦਰ ਧੁੰਮ ਜਾਵੀਂ ।
ਵਾਜ ਵਤਨ ਦੀ ਨੂੰ  ਸਮਝੀਂ ਦੇਵਬਾਣੀ,
ਤੇਗਾਂ ਚੁੰਮ ਜਾਵੀਂ, ਬੀੜੇ ਚੁੰਮ ਜਾਵੀਂ¨

ਸਿੱਖਿਆ :

ਸਿਹਰੇ ਵਾਲਿਆ! ਸੁਹਣਿਆਂ!! ਜੁੱਗ ਜੀਵੇਂ,
ਲਫਜ਼ ਸਿੱਖਿਆ ਦੇ ਹੁਣ ਦੋ ਚਾਰ ਸੁਣ ਲੈ ।
ਦੇਵਰਾਜ ਜੀ ਤੇ ਸੋਹਨ ਦੇਈ ਤਾਈਂ,
ਦੇਣਾ ਮਾਪਿਆਂ ਵਾਲਾ ਸਤਿਕਾਰ ਸੁਣ ਲੈ ।
ਓਮ ਦੱਤ, ਕੁਲਵੰਤ, ਹਰਬੰਸ ਤਾਈਂ,
ਵੀਰਾਂ ਵਾਂਗਰਾਂ ਕਰੀਂ ਪਿਆਰ ਸੁਣ ਲੈ ।
ਸਦਾ ਪ੍ਰੇਮ ਤੇ ਸਬਰ ਤੋਂ ਕੰਮ ਲੈਣਾ,
ਮੇਰੀ ਸਿੱਖਿਆ ਦਾ ਏਹੋ ਸਾਰ ਸੁਣ ਲੈ ।

••••••

15. ਰੁਤਬਾ ਕਿਤਾਬ ਦਾ

ਗੁਰਮੁਖੀ ਦੇ ਵਰਕਿਆਂ ਦੀ ਪਿੰਡ ਵਿਚ ਬੜੀ ਇੱਜ਼ਤ ਹੁੰਦੀ ਸੀ । ਕਦੇ ਕੂੜੇ 'ਤੇ ਨਹੀਂ ਸਨ ਸੁੱਟਦੇ । ਗਲੀ ਬਜ਼ਾਰ ਵਿਚ ਵੀ ਜੇ ਕਿਸੇ ਨੂੰ ਡਿੱਗਿਆ ਮਿਲ ਜਾਣਾ, ਉਹਨੇ ਮੱਥੇ ਨਾਲ ਲਾ ਕੇ ਪਰਨੇ ਜਾਂ ਚੁੰਨੀ ਦੇ ਪੱਲੇ ਬੰਨ੍ਹ ਲੈਣਾ । ਬਾਅਦ ਵਿਚ ਜਲਪ੍ਰਵਾਹ ਕਰਨਾ ਜਾਂ ਫਿਰ ਅਗਨ-ਭੇਟ ਕਰਨਾ । ਗੁਰਮੁਖੀ ਦੀ ਬੇਅਦਬੀ ਕਰਨੀ ਤਾਂ ਦੂਰ ਰਹੀ, ਕੋਈ ਵੇਖ ਵੀ ਨਹੀਂ ਸੀ ਸਕਦਾ । ਅਦਬ ਉਨ੍ਹਾਂ ਲੋਕਾਂ ਦੇ ਮਨਾਂ ਵਿਚ ਸਗੋਂ ਵਧੇਰੇ ਹੁੰਦਾ ਸੀ, ਜਿਹੜੇ ਅੱਖਰ ਉਠਾਲ ਨਹੀਂ ਸਨ ਸਕਦੇ; ਸਿਰਫ਼ ਪਛਾਣ ਸਕਦੇ ਸਨ । ਦਰਸ਼ਨਦੀਦਾਰ ਦੁਆਰਾ ਹੀ ਉਹ ਲਿਖਤ ਨੂੰ ਆਪਣੇ ਢੰਗ ਨਾਲ ਮਾਣ ਸਕਦੇ ਸਨ । ਕਿਤਾਬ ਦਾ ਤਾਂ ਰੁਤਬਾ ਹੀ ਬਹੁਤ ਉੱਚਾ ਸੀ । ਗੱਤੇ ਦੀ ਜਿਲਦ ਉੱਪਰ ਮਜ਼ਬੂਤ ਕੱਪੜਾ ਚੜ੍ਹਾਇਆ ਜਾਂਦਾ । ਸਾਫ਼ ਸੁਥਰੇ ਕੱਪੜੇ ਵਿਚ ਬੰਨ੍ਹ ਕੇ ਉੱਚੇ ਥਾਂ 'ਤੇ ਟਿਕਾਇਆ ਜਾਂਦਾ । ਮੈਲੇ ਜਾਂ ਜੂਠੇ ਹੱਥਾਂ ਨਾਲ ਛੂਹਣਾ ਗੁਨਾਹ ਸਮਝਿਆ ਜਾਂਦਾ । ਇਸ ਮਰਿਆਦਾ ਦਾ ਪਾਲਣ ਨਿਆਣੇ ਵੀ ਕਰਦੇ ਸਨ । ਸਰਸਵਤੀ ਦੇ ਸਰਾਪ ਤੋਂ ਡਰਦੇ ਸਨ । ਜੇ ਭੁੱਲਭੁਲੇਖੇ ਕਿਤੇ ਪੈਰ ਲੱਗ ਜਾਂਦਾ ਤਾਂ ਕਈ ਵਾਰ ਕਿਤਾਬ ਮੱਥੇ ਨਾਲ ਛੁਹਾ ਕੇ ਮਾਫ਼ੀ ਮੰਗਦੇ । ਕਿਤਾਬਾਂ ਵਾਲਾ ਬਸਤਾ ਵੀ ਕਦੇ ਜ਼ਮੀਨ 'ਤੇ ਨਾ ਰੱਖਦੇ, ਹਮੇਸ਼ਾ ਕਿੱਲੀ 'ਤੇ ਟੰਗਦੇ ।

ਕਿਤਾਬ ਨੂੰ ਜਦੋਂ ਕੋਈ ਚੁੱਪ ਕਰਕੇ ਪੜ੍ਹ ਰਿਹਾ ਹੁੰਦਾ ਤਾਂ ਘਰ ਵਿਚ ਚਾਰੇ ਪਾਸੇ ਚੁੱਪਚਾਂ ਹੁੰਦੀ । ਜਦੋਂ ਕੋਈ ਬੋਲ ਕੇ ਪੜ੍ਹ ਰਿਹਾ ਹੁੰਦਾ ਤਾਂ ਬਾਕੀ ਸਾਰੇ ਚੁੱਪ ਕਰ ਕੇ ਸੁਣ ਰਹੇ ਹੁੰਦੇ । ਕਿਸੇ ਨੂੰ ਕਦੇ ਕੁਝ ਕਹਿਣਾ ਨਹੀਂ ਸੀ ਪੈਂਦਾ । ਅਨੁਸ਼ਾਸਨ ਅੰਦਰੋਂ ਉੱਗਦਾ ਸੀ । ਜਿਵੇਂ ਅਸੀਂ ਪੂਰਨਿਆਂ ਵਾਲੀ ਪੱਟੀ ਲਿਖਦੇ ਸਾਂ, ਉਵੇਂ ਅਸੀਂ ਵੱਡਿਆਂ ਵੱਲ ਵੇਖ ਕੇ ਕਿਤਾਬ ਦੀ ਇੱਜ਼ਤ ਕਰਨਾ ਸਿੱਖਦੇ ਸਾਂ । ਅੱਖਰ ਦੀ ਇੱਜ਼ਤ ਉਦੋਂ ਪੁੰਨ ਵਾਲਾ ਕਰਮ ਸੀ । ਥੋਪੀ ਹੋਈ ਮਜਬੂਰੀ ਨਹੀਂ ਸੀ, ਸਹਿਜਸੁਭਾਵਕ ਧਰਮ ਸੀ ।

ਇਕ ਦਿਨ ਮੈਂ ਪਕੌੜੇ ਲੈ ਕੇ ਆਇਆ, ਬਾਬੇ ਮਹਿਲੇ ਕੋਲੋਂ । ਪਕੌੜੇ ਥਾਲੀ ਵਿਚ ਪਾ ਕੇ ਕਾਗਜ਼ ਲਾਂਭੇ ਰੱਖਿਆ ਤਾਂ ਪਿਤਾ ਜੀ ਨੇ ਚੁੱਕ ਲਿਆ । ਥਿੰਧੇ ਵਾਲਾ ਵਰਕਾ ਪੜ੍ਹਨ ਲੱਗ ਪਏ । ਪੁੱਛਗਿੱਛ ਕਰਨ ਲੱਗੇ :

? ਪਕੌੜਿਆਂ ਵਾਲਾ ਵਰਕਾ ਵੱਖਰਾ ਸੀ ਕਿ ਮਹਿਲੇ ਨੇ ਕਿਤਾਬ ਨਾਲੋਂ ਪਾੜਿਆ ਸੀ ।
ਕਿਤਾਬ ਨਾਲੋਂ ਪਾੜਿਆ ਸੀ ।

? ਕਿੰਨੇ ਕੁ ਵਰਕੇ ਹੋਰ ਸਨ ।
ਕਾਫ਼ੀ ਸਾਰੇ ਸਨ ।

? ਦੌੜ ਕੇ ਜਾ ਤੇ ਬਾਕੀ ਬਚੀ ਕਿਤਾਬ ਉਹਦੇ ਕੋਲੋਂ ਖਰੀਦ ਲਿਆ ।
ਜਿੰਨੇ ਪੈਸੇ ਮੰਗੇਗਾ ਦੇ ਦੇਈਂ ।

ਪਿਤਾ ਜੀ ਨੇ ਕੁਝ ਪੈਸੇ ਮੈਨੂੰ ਦਿੱਤੇ । ਜਦੋਂ ਮੈਂ ਜਾਣ ਲੱਗਾ ਤਾਂ ਤਾਕੀਦ ਕੀਤੀ ਕਿ ਪੁੱਛ ਕੇ ਆਈਂ ਉਹਦੇ ਕੋਲ ਹੋਰ ਇਹੋ ਜਿਹੀਆਂ ਕਿੰਨੀਆਂ ਕੁ ਕਿਤਾਬਾਂ ਨੇ । ਇਨ੍ਹਾਂ ਪੈਸਿਆਂ 'ਚ ਆਉਂਦੀਆਂ ਹੋਈਆਂ ਤਾਂ ਲੈ ਈ ਆਈਂ ।

ਮੈਂ ਚਵਾਨੀ ਦੀਆਂ ਪੌਣੀਆਂ ਤਿੰਨ ਕਿਤਾਬਾਂ ਖਰੀਦ ਲਿਆਇਆ । ਤੇਜਾ ਸਿੰਘ 'ਸਾਬਰ' ਦੀ 'ਦੱਬੇ ਭਾਂਬੜ' ਤਾਂ ਪੌਣੀ ਬਚੀ ਸੀ । ਮੋਹਨ ਸਿੰਘ ਦੀ 'ਸਾਵੇ ਪੱਤਰ' ਅਤੇ ਬਿਸ਼ਨ ਸਿੰਘ ਉਪਾਸ਼ਕ ਦੀ 'ਖੂਨੀ ਦੀਵਾਰ' ਸਹੀ ਸਲਾਮਤ ਸਨ । ਸਾਨੂੰ ਤਾਂ ਜਿਵੇਂ ਕੋਈ ਖਜ਼ਾਨਾ ਹੀ ਲੱਭ ਗਿਆ । ਪਿਤਾ ਜੀ ਖੁਸ਼ ਸਨ ਅਤੇ ਨਾਲ ਹੀ ਰੱਦੀ 'ਚ ਕਿਤਾਬਾਂ ਵੇਚਣ ਵਾਲੇ ਨੂੰ 'ਕਮਅਕਲ' ਅਤੇ 'ਕੰਬਖਤ' ਕਹਿ ਕਹਿ ਕੋਸ ਰਹੇ ਸਨ । ਇਨ੍ਹਾਂ ਕਿਤਾਬਾਂ ਵਿਚਲੀਆਂ ਸਾਰੀਆਂ ਨਜ਼ਮਾਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਮੂੰਹਜ਼ੁਬਾਨੀ ਯਾਦ ਹੋ ਗਈਆਂ ਸਨ । ਕਈ ਤਾਂ ਹੁਣ ਤੱਕ ਵੀ ਨਹੀਂ ਭੁੱਲੀਆਂ 'ਉਪਾਸ਼ਕ' ਦੀ 'ਖੂਨੀ ਦੀਵਾਰ' ਦੀਆਂ ਕਵਿਤਾਵਾਂ ਸੰਤਾਲੀ ਦੀ ਵੰਡ ਬਾਰੇ ਸਨ । ਇਸ ਵੰਡ ਨੇ ਸਾਨੂੰ ਆਪਣੇ ਮੁਲਕ ਵਿਚ ਹੀ ਸ਼ਰਨਾਰਥੀ ਬਣਾਇਆ ਹੋਇਆ ਸੀ । ਉਜਾੜੇ ਨੇ ਸਾਨੂੰ ਹਮਦਰਦੀ ਦਾ ਪਾਤਰ ਬਣਾਇਆ ਹੋਇਆ ਸੀ । ਉਪਾਸ਼ਕ ਦੀਆਂ ਇਹ ਤੁਕਾਂ ਅੱਲੇ ਜ਼ਖ਼ਮਾਂ ਉੱਤੇ ਮਲ੍ਹਮ ਦਾ ਕੰਮ ਕਰਦੀਆਂ ਸਨ :

''ਲੋਕੋ! ਚੰਦਨ ਦੀ ਲੱਕੜੀ ਦੇ
ਕੋਲੇ ਵੀ ਚੰਗੇ ਹੁੰਦੇ ਨੇ ।
ਤੇ ਆਲੀਸ਼ਾਨ ਇਮਾਰਤ ਦੇ
ਖੋਲੇ ਵੀ ਚੰਗੇ ਹੁੰਦੇ ਨੇ ।''

ਉਦੋਂ 'ਪਾਕਿਸਤਾਨ' ਸ਼ਬਦ ਸਾਨੂੰ ਬਹੁਤ ਚੁਭਦਾ ਸੀ । ਇਹ ਸ਼ਬਦ ਹੀ ਸਾਨੂੰ ਸਾਡੀ ਬਰਬਾਦੀ ਦਾ ਪ੍ਰਤੀਕ ਜਾਪਦਾ ਸੀ । ਮਹਾਰਾਜਾ ਰਣਜੀਤ ਸਿੰਘ ਦੀ ਮੜ੍ਹੀ ਓਧਰ ਰਹਿ ਜਾਣ ਦਾ ਬਹਾਨਾ ਬਣਾ ਕੇ ਸ਼ਾਇਰ ਨੇ 'ਸ਼ੇਰ ਦੀ ਮੜ੍ਹੀ' 'ਤੇ ਕਵਿਤਾ ਰਾਹੀਂ ਏਧਰਲੇ 'ਸਿੰਘ' ਨੂੰ ਵੰਗਾਰਿਆ ਸੀ :

''ਹੁਣ ਵੀ ਭੁੱਲਭੁਲੇਖੇ ਸਿੰਘਾ!
ਕੌਮ ਦਾ ਬੀਰ ਸਿਪਾਹੀ ਬਣ ਜਾ ।
ਆਤਿਸ਼ ਬਣ ਜਾ, ਬਿਜਲੀ ਬਣ ਜਾ
ਪਰਲੋ ਜਿਹੀ ਤਬਾਹੀ ਬਣ ਜਾ ।
ਚਮਕੇ ਮੁੜ ਤਾਰੀਖ਼ 'ਚ ਜਿਹੜੀ
ਸੋਨੇ ਭਰੀ ਸਿਆਹੀ ਬਣ ਜਾ ।
ਖੁੱਸੇ ਹੋਏ ਇਲਾਕੇ ਲੈਂਦਾ,
ਨਨਕਾਣੇ ਦਾ ਰਾਹੀ ਬਣ ਜਾ ।
ਪਾਕਿਸਤਾਨ ਦੀ ਹਿੱਕ ਦੇ ਉੱਤੋਂ,
ਵੱਲ ਜਮਰੌਦ ਦੇ ਗੱਡੀਆਂ ਲੈ ਜਾ ।
ਨਹੀਂ ਤੇ ਸਿੰਘਾ! ਆ ਕੇ, ਮੇਰੀ
ਮੜ੍ਹੀ 'ਚੋਂ ਮੇਰੀਆਂ ਹੱਡੀਆਂ ਲੈ ਜਾ ।''

ਹੁਣ ਤਾਂ ਲੱਗਦਾ ਹੈ ਕਿ ਪਾਕਿਸਤਾਨ ਵਿਚਾਰੇ ਦਾ ਕੋਈ ਕਸੂਰ ਨਹੀਂ ਸੀ । ਚੌਧਰ ਦੀ ਲੜਾਈ ਨੇ ਮੁਲਕ ਦਾ ਘਾਣ ਕੀਤਾ ਸੀ । ਪਰ ਉਦੋਂ ਇਨ੍ਹਾਂ ਅੱਖਰਾਂ ਨੇ ਦੁਖਦੇ ਦਿਲਾਂ ਨੂੰ ਬੜਾ ਆਰਾਮ ਦਿੱਤਾ ਸੀ । 'ਸਾਬਰ' ਦੀ ਕਵਿਤਾ 'ਨਿਹੰਗ ਸਿੰਘ ਦਾ ਵਿਸਾਖਾ' ਵੀ ਘੜੀਮੁੜੀ ਸੁਣਨ ਸੁਣਾਉਣ ਨੂੰ ਦਿਲ ਕਰਦਾ ਸੀ । 'ਨਿਹੰਗ ਬੋਲੇ' ਮੁਤਾਬਕ ਗੱਡੀ ਨੂੰ ਭੂਤਨੀ ਅਤੇ ਇੰਜਣ ਨੂੰ ਤੇਜਾ ਸਿੰਘ ਕਿਹਾ ਜਾਂਦਾ ਹੈ । ਕਵੀ ਦਾ ਨਾਂ ਵੀ ਤੇਜਾ ਸਿੰਘ ਹੈ । ਏਨੀ ਕੁ ਗੱਲ ਨੂੰ ਹਾਸਮਈ ਕਹਾਣੀ ਵਿਚ ਤਬਦੀਲ ਕਰ ਦੇਣਾ ਕਵੀ ਦਾ ਕਮਾਲ ਹੈ । ਗੱਲ ਇਉਂ ਬਣਾਈ ਹੈ ਕਿ ਰੇਲਵੇ ਪਲੇਟ ਫਾਰਮ 'ਤੇ ਇਕ ਨਿਹੰਗ ਸਿੰਘ ਵਿਸਾਖੀ ਦੇ ਮੇਲੇ ਜਾਣ ਲਈ ਗੱਡੀ ਦੀ ਉਡੀਕ ਕਰ ਰਿਹਾ ਹੈ । ਕਵੀ ਨੂੰ ਨਿਹੰਗ ਉਹਦਾ ਨਾਂ ਪੁੱਛਦਾ ਹੈ । ਕਵੀ ਆਪਣਾ ਨਾਂ ਦੱਸਦਾ ਹੈ ਤਾਂ ...

''ਉਹ ਕਹਿੰਦਾ ਤੇਜਾ ਸਿੰਘ!
'ਕੱਲੇ ਤੁਸੀਂ ਆਏ ਹੋ ।
ਭੂਤਨੀ ਨੂੰ ਆਪਣੇ
ਨਾਲ ਕਿਉਂ ਨਹੀਂ ਲਿਆਏ ਹੋ?''

ਕਵੀ ਸਮਝਦਾ ਹੈ ਕਿ 'ਭੂਤਨੀ' ਉਸ ਨੇ ਉਹਦੀ ਪਤਨੀ ਨੂੰ ਆਖਿਆ ਹੈ । ਇਸ ਲਈ :

''ਜਾਣ ਕੇ ਮਖ਼ੌਲ ਮੈਂ ਵੀ
ਗੱਲ ਕੀਤੀ ਬੁੱਸੀ ਹੋਈ ।
ਮੈਂ ਕਿਹਾ ਖਾਲਸਾ ਜੀ,
ਭੂਤਨੀ ਹੈ ਰੁੱਸੀ ਹੋਈ ।''
ਓਸ ਕਿਹਾ : ਰੁੱਸੀ ਹੈ ਤਾਂ
ਏਦਾਂ ਅਸੀਂ ਜਾਵਾਂਗੇ ।
ਤੇਰੇ ਉੱਤੇ ਚੜ੍ਹ ਕੇ ਹੀ
ਮੇਲਾ ਵੇਖ ਆਵਾਂਗੇ ।
ਏਨੀ ਗੱਲ ਸੁਣ ਕੇ ਮੈਂ
ਅੱਗੇ ਅੱਗੇ ਨੱਸਿਆ
ਪਿੱਛੇ ਪਿੱਛੇ ਉਹ ਮੇਰੇ
ਡਾਢਾ ਮੈਂ ਤਾਂ ਫਸਿਆ ।
ਮੈਂ ਉਹਨੂੰ ਆਖਾਂ :
'ਗੱਡੀ ਉੱਤੇ ਚੜ੍ਹ ਕੇ ਸ਼ਹਿਰ ਜਾ ।'
ਉਹ ਮੈਨੂੰ ਆਖੇ ਜਾਵੇ
''ਤੇਜਾ ਸਿੰਘਾ! ਠਹਿਰ ਜਾ ।...''

ਕਿੰਨੀਆਂ ਕੁ ਕਵਿਤਾਵਾਂ ਹੁਣ ਇਹੋ ਜਿਹੀਆਂ ਲਿਖੀਆਂ ਜਾ ਰਹੀਆਂ ਹਨ ਜਿਹੜੀਆਂ ਏਨੀ ਦੇਰ ਚੇਤੇ ਵਿਚ ਠਹਿਰ ਸਕਣ । 'ਸਾਵੇ ਪੱਤਰ' ਦੀ ਤਾਂ ਹਰ ਕਵਿਤਾ ਧੁਰੋਂ ਉਤਰੀ ਲੱਗਦੀ ਸੀ । ਇਹਦੇ ਵਿਚਲੀਆਂ ਬਹੁਤੀਆਂ ਕਵਿਤਾਵਾ ਕੋਰਸਾਂ 'ਚ ਲੱਗਦੀਆਂ ਆ ਰਹੀਆਂ ਹਨ । ਪੂਰੀ ਦੀ ਪੂਰੀ ਕਿਤਾਬ ਵੀ ਕੋਰਸ ਦਾ ਹਿੱਸਾ ਬਣਦੀ ਆ ਰਹੀ ਹੈ । ਪੁਰਾਣੇ ਲੋਕ ਹੁਣ ਤੱਕ ਇਹਦੇ ਗੁਣ ਗਾਉਂਦੇ ਹਨ । ਇਹਦੀਆਂ ਤੁਕਾਂ ਗੁਣਗੁਣਾਉਂਦੇ ਹਨ । 'ਰੱਬ' ਕਵਿਤਾ ਦਾ ਆਖ਼ਰੀ ਬੰਦ ਬਦੋਬਦੀ ਉਚਰਨ ਲਈ ਬਜ਼ਿੱਦ ਹੈ :

''ਜੇ ਤੂੰ ਮੂੰਹ ਤੋਂ ਜ਼ੁਲਫਾਂ ਹਟਾ ਦੇਵੇਂ,
ਬਿਟ ਬਿਟ ਤੱਕਦਾ ਕੁਲ ਸੰਸਾਰ ਰਹਿ ਜਾਏ ।
ਰਹਿ ਜਾਏ ਭਾਈ ਦੇ ਹੱਥ ਵਿਚ ਸੰਖ ਫੜਿਆ,
ਬਾਂਗ ਮੁੱਲਾਂ ਦੀ ਸੰਘ ਵਿਚਕਾਰ ਰਹਿ ਜਾਏ ।
ਪੰਡਿਤ ਹੁਰਾਂ ਦਾ ਰਹਿ ਜਾਏ ਸੰਧੂਰ ਘੁਲਿਆ,
ਜਾਮ ਸੂਫ਼ੀ ਦਾ ਹੋਇਆ ਤਿਆਰ ਰਹਿ ਜਾਏ ।
ਕਲਮ ਢਹਿ ਪਏ ਹੱਥੋਂ ਫਿਲਾਸਫਰ ਦੀ,
ਮੁਨਕਰ ਤੱਕਦਾ ਤੇਰੀ ਨੁਹਾਰ ਰਹਿ ਜਾਏ ।
ਇਕ ਵਾਰ ਜੇ ਖੁੱਲ੍ਹਾ ਦੀਦਾਰ ਦੇ ਦਏਂ,
ਸਾਡਾ ਨਿੱਤ ਦਾ ਰੇੜਕਾ ਚੁੱਕ ਜਾਵੇ ।
ਤੇਰੀ ਜ਼ੁਲਫ ਦਾ ਸਾਂਝਾ ਪਿਆਰ ਹੋਵੇ,
ਝਗੜਾ ਮੰਦਰਮਸੀਤ ਦਾ ਮੁੱਕ ਜਾਵੇ ।''

ਕਿਤਾਬਾਂ ਜੋ ਮਰਜ਼ੀ ਚਾਹੁਣ ਪਰ ਲੀਡਰ ਲੋਕ ਇਹ ਝਗੜਾ ਮੁਕਾਉਣ ਦੇ ਹੱਕ ਵਿਚ ਨਹੀਂ ਹੋ ਸਕਦੇ । ਉਹ ਮੋਹਨ ਸਿੰਘ ਦੇ ਨਾਲ ਨਹੀਂ ਖਲੋ ਸਕਦੇ ।

ਪੌਣੀਆਂ ਤਿੰਨ ਕਿਤਾਬਾਂ ਵਿਚਲੇ ਗੁਰਮੁਖੀ ਦੇ ਇਹ ਵਰਕੇ ਅੱਜ ਵੀ ਮੈਨੂੰ ਉਂਗਲੀ ਲਾਈ ਫਿਰਦੇ ਹਨ । ਕਿਸੇ ਦਾ ਕੋਨਾ ਭੁਰਿਆ ਹੋਇਆ ਹੈ । ਕਿਸੇ ਦਾ ਹਿੱਸਾ ਮੁੜਿਆ ਹੋਇਆ ਹੈ । ਮੈਂ ਇਨ੍ਹਾਂ ਨਾਲੋਂ ਟੁੱਟ ਨਹੀਂ ਸਕਦਾ ਕਿਉਂਕਿ ਮੇਰਾ ਸਭ ਕੁਝ ਇਨ੍ਹਾਂ ਅੱਖਰਾਂ ਨਾਲ ਹੀ ਜੁੜਿਆ ਹੋਇਆ ਹੈ ।

•••

ਗਰਮੀਆਂ ਦੀਆਂ ਛੁੱਟੀਆਂ ਵਿਚ ਅੰਬਾਂ ਹੇਠ ਬੈਠੇ ਅਸੀਂ ਕੁਝ ਮਿੱਤਰ ਸਕੂਲੋਂ ਮਿਲਿਆ ਕੰਮ ਮੁਕਾ ਰਹੇ ਸਾਂ । ਲਾਗੇ ਕੇਸਰ ਸਿੰਘ 'ਗਿੰਢੀਆ' ਡੰਗਰ ਚਾਰ ਰਿਹਾ ਸੀ । ਉਹਨੂੰ ਕਬਿੱਤ ਜੋੜਨ ਦਾ ਸ਼ੌਕ ਸੀ । ਉੱਚਾ ਸੁਣਦਾ ਸੀ । ਕੱਦ ਛੋਟਾ ਹੋਣ ਕਰਕੇ ਲੋਕ ਉਹਨੂੰ 'ਗਿੰਢੀਆ' ਕਹਿੰਦੇ ਸਨ । ਜਦੋਂ ਵੀ ਮੌਕਾ ਮਿਲਦਾ, ਉਹਦੇ ਕੋਲੋਂ ਕਬਿੱਤ ਸੁਣਦੇ ਰਹਿੰਦੇ ਸਨ ।

ਕੇਸਰ ਸਿੰਘ ਸਾਡੇ ਕੋਲ ਆ ਕੇ ਪੁੱਛਦਾ, ''ਪਾੜ੍ਹਿਓ! ਤੁਹਾਡੀ ਕਿਤਾਬ ਵਿਚ ਕੋਈ ਕਬਿੱਤ ਹੈ ਤਾਂ ਸੁਣਾਉ ।'' ਇਕ ਜਣੇ ਨੇ ਕਿਤਾਬ ਵਿਚੋਂ ਖੁੱਲ੍ਹੀ ਕਵਿਤਾ ਪੜ੍ਹ ਕੇ ਸੁਣਾਈ । ਉਹ ਅੱਗੋਂ ਹੱਸ ਕੇ ਕਹਿਣ ਲੱਗਾ, ''ਇਹ ਤਾਂ ਇਹੋ ਜਿਹੀ ਗੱਲ ਹੈ ਜਿਵੇਂ ਕੋਈ ਕਹੇ :

ਫੁੱਲ ਲੱਗੇ ਧਰੇਕਾਂ ਨੂੰ ।
ਅੱਗੇ ਯਾਰੀ ਮੁੰਡਿਆਂ ਦੀ
ਹੁਣ ਬੁੱਢੜੇ ਵੀ ਹਿੱਲ ਪਏ ਨੇ

ਅਸੀਂ ਪੁੱਛਿਆ ਕਿ ਹੋਣਾ ਕਿਵੇਂ ਚਾਹੀਦਾ ਹੈ ਤਾਂ ਉਹਦਾ ਤੁਰਤਫੁਰਤ ਜਵਾਬ ਸੀ:

'ਆਲੇ ਵਿਚ ਕਿੱਲ ਪਏ ਨੇ ।
ਅੱਗੇ ਯਾਰੀ ਮੁੰਡਿਆਂ ਦੀ
ਹੁਣ ਬੁੱਢੜੇ ਵੀ ਹਿੱਲ ਪਏ ਨੇ ।'

••••••

16. ਪਿੰਡ ਵਿਚ ਸਾਹਿੱਤ

ਪਿੰਡ ਵਿਚ ਇਕ ਨਹੀਂ, ਸੁਖ ਨਾਲ, ਦੋ ਸਾਹਿਤ ਸਭਾਵਾਂ ਨੇ । ਜ਼ਾਹਿਰ ਹੈ ਕਿ ਪੌਣ ਪਾਣੀ ਨੂੰ ਸਾਹਿਤ ਦੀ ਜਾਗ ਲੱਗੀ ਹੋਈ ਹੈ । ਲੋਕਾਂ ਨੂੰ ਸਾਹਿਤ ਦੀ ਲਾਗ ਲੱਗੀ ਹੋਈ ਹੈ । ਸਾਹਿਤ ਦਾ ਬਾਨ੍ਹਣੂ ਪਿੰਡ ਦੇ ਨਾਲ ਹੀ ਬੱਝ ਗਿਆ ਸੀ । ਬਾਬੇ ਲਾਲ ਦੀ ਤੋਰੀ ਹੋਈ ਗੱਲ ਨੂੰ ਪਿੰਡ ਦਾ ਹੁੰਗਾਰਾ ਮਿਲਦਾ ਆ ਰਿਹਾ ਹੈ । ਸਾਗਰ ਦੇ ਸਹਾਰੇ ਲਹਿਰਾਂ ਨੂੰ ਹੁਲਾਰਾ ਮਿਲਦਾ ਆ ਰਿਹਾ ਹੈ ।

ਜਦੋਂ ਤੀਕ ਮੈਂ ਪਿੰਡ ਵਿਚ ਰਿਹਾ, ਸਾਹਿਤ ਸਭਾ ਹੋਂਦ ਵਿਚ ਨਹੀਂ ਸੀ ਆਈ । ਸਾਹਿਤ ਸੀ । ਸਾਹਿਤ ਪ੍ਰੇਮੀ ਵੀ ਸਨ । ਪ੍ਰੰਤੂ ਸਭਾ ਦਾ ਗਠਨ ਬਹੁਤ ਬਾਅਦ ਵਿਚ ਹੋਇਆ । ਸੰਗਠਨ ਦਾ ਵੱਖਰਾ ਪ੍ਰਬੰਧ ਹੁੰਦਾ ਹੈ । ਸੰਗਠਨ ਅਤੇ ਸਿਰਜਣਾ ਦਾ ਪਰਸਪਰ ਦਵੰਦ ਹੁੰਦਾ ਹੈ । ਕਿਸੇ ਨੂੰ ਸਿਰਜਣਾ ਚੰਗੀ ਲੱਗਦੀ ਹੈ, ਕਿਸੇ ਨੂੰ ਸੰਗਠਨ ਪਸੰਦ ਹੁੰਦਾ ਹੈ ।

ਇਹ ਚਿੱਟੇ ਦਿਨ ਵਰਗੀ ਸੱਚਾਈ ਹੈ ਕਿ ਮਜ਼ਦੂਰਾਂ ਤੇ ਕਿਸਾਨਾਂ ਨੂੰ ਸੰਗਠਿਤ ਕਰਨ ਵਾਂਗ ਲੇਖਕਾਂ ਨੂੰ ਜਥੇਬੰਦ ਕਰਨਾ ਵੀ ਕਾਮਰੇਡਾਂ ਦੀ ਕਮਾਈ ਹੈ । ਸਭਾ ਬਣਾ ਤਾਂ ਕੋਈ ਵੀ ਸਕਦਾ ਹੈ ਪਰ ਇਸ ਨੂੰ ਚਲਾਉਣ ਲਈ ਹਿੰਮਤ ਦੇ ਨਾਲ ਨਾਲ ਹਿਕਮਤ ਵੀ ਚਾਹੀਦੀ ਹੈ । ਦਿਲ ਵਿਚ ਗਰਮੀ ਅਤੇ ਦਿਮਾਗ ਵਿਚ ਸਰਗਰਮੀ ਹੋਣੀ ਜ਼ਰੂਰੀ ਹੈ । ਇਸ ਮੰਤਵ ਲਈ ਸੰਗਰਾਮ ਜਾਰੀ ਰਹੇ ਤਾਂ ਚੰਗਾ । ਸੰਘਰਸ਼ ਮੱਠਾ ਪਵੇ ਤਾਂ ਪੰਗਾ! ਸਭਾ ਦਾ ਸਭਿਆਚਾਰ ਕਲਮਾਂ ਨੂੰ ਸੰਘਰਸ਼ ਸਿਖਲਾਉਂਦਾ ਹੈ । ਇਸ ਅਮਲ ਨਾਲ ਆਨੰਦ ਘੱਟ ਤੇ ਪਸੀਨਾ ਵੱਧ ਆਉਂਦਾ ਹੈ ।

ਕੁਝ ਲੋਕ ਸਾਹਿਤ ਦੀ ਕਲਮਬਰਦਾਰੀ ਕਰਦੇ ਹਨ ਪਰ ਕਈਆਂ ਨੂੰ ਸਾਹਿਤ ਦੀ ਸਵਾਰੀ ਚੰਗੀ ਲੱਗਦੀ ਹੈ । ਉਹ ਇਸ ਨੂੰ ਵਾਹਨ ਵਾਂਗ ਵਰਤਦੇ ਹਨ । ਏਹੋ ਗੱਲ ਧਰਮ 'ਤੇ ਲਾਗੂ ਹੁੰਦੀ ਹੈ । ਸੰਗਠਿਤ ਹੋ ਕੇ ਧਰਮ ਐਵੇਂ ਸੰਪਰਦਾਇ ਬਣ ਕੇ ਰਹਿ ਜਾਂਦਾ ਹੈ । ਇਸੇ ਲਈ ਆਪਣਾ ਬੁੱਲ੍ਹੇ ਸ਼ਾਹ 'ਆਸ਼ਕ ਰਹਿਣ ਅਲੱਗ' ਵਾਲਾ ਜੁਮਲਾ ਕਹਿ ਜਾਂਦਾ ਹੈ । ਆਤਮਾ ਨੂੰ ਬੁੱਲ੍ਹੇ ਦੀ ਤੇ ਸਰੀਰ ਨੂੰ ਚੁੱਲ੍ਹੇ ਦੀ ਲੋੜ ਹਮੇਸ਼ਾ ਹੁੰਦੀ ਹੈ ਪਰ ਕਿਸੇ ਇਕ ਵੱਲ ਉਲਾਰ ਹੋਣ ਵਾਲਿਆਂ ਨੂੰ ਬੁੱਲ੍ਹੇ ਨਾਲੋਂ ਚੁੱਲ੍ਹਾ ਸਦਾ ਹੀ ਚੰਗਾ ਲੱਗਦਾ ਹੈ । ਲੋਕ ਰਾਜ ਦੀ ਵੋਟ ਪ੍ਰਣਾਲੀ ਨੂੰ ਏਹੋ ਰੁਝਾਨ ਰਾਸ ਆਉਂਦਾ ਹੈ :

ਨਜ਼ਰ ਰਹੀ ਹੈ ਚੁੱਲਿ੍ਹਆਂ ਵੱਲ ਸਭ ਦੀ,
ਵੋਟ ਕਿਸੇ ਨਾ ਬੁੱਲਿ੍ਹਆਂ ਵੱਲ ਪਾਇਆ ।
ਰੌਲਾ ਬਹੁਤ ਪਾਇਆ ਭਾਵੇਂ ਆਲਮਾਂ ਨੇ,
ਭਾਵੇਂ ਕਾਗਜ਼ਾਂ ਨੇ ਕਿੰਨਾ ਝੱਲ ਪਾਇਆ ।

ਖ਼ੈਰ, ਇਸ ਹਨੇਰੀ ਨੇ ਝੁੱਲਣਾ ਸੀ, ਝੁੱਲ ਗਈ । ਹਵਾ ਜਦੋਂ ਹਨ੍ਹੇਰੀ ਬਣਦੀ ਹੈ ਤਾਂ ਬਹੁਤ ਕੁਝ ਅਣਚਾਹਿਆ ਵਾਪਰ ਜਾਂਦਾ ਹੈ । ਹਨ੍ਹੇਰੀ ਥੰਮ ਜਾਂਦੀ ਹੈ । ਲਹਿਰ ਗੁਜ਼ਰ ਜਾਂਦੀ ਹੈ । ਤਬਦੀਲੀ ਦਾ ਨੇਮ ਲਾਗੂ ਰਹਿੰਦਾ ਹੈ । ਸਾਹਿਤ ਸਭ ਕੁਝ ਸਹਿੰਦਾ ਹੈ । ਪਿੰਡ ਸਭ ਕੁਝ ਸੰਭਾਲ ਲੈਂਦਾ ਹੈ ।

ਇਕ ਵਾਰੀ ਮੈਂ ਪਿੰਡ ਨੂੰ ਕਿਹਾ ਸੀ, 'ਆਪਣੇ ਬਾਰੇ ਕੁਝ ਦੱਸ । ਮੈਂ ਤੇਰੇ ਬਾਰੇ ਲਿਖਣਾ ਚਾਹੁੰਦਾ ਹਾਂ ।' ਉਦੋਂ ਉਹ ਕੁਝ ਨਹੀਂ ਸੀ ਬੋਲਿਆ, ਸਿਰਫ਼ ਰੋਇਆ ਸੀ । ਉਹਨੂੰ ਡਾਢਾ ਦੁੱਖ ਹੋਇਆ ਸੀ, ਅਖੇ ਮੇਰੇ ਬਾਰੇ ਲਿਖਣ ਲਈ ਮੈਨੂੰ ਹੀ ਪੁੱਛਦਾ ਹੈਂ । ਇਹ ਪੁੱਛ-ਪੁੱਛ ਕੇ ਲਿਖਣਾ ਉਹਨੂੰ ਰਾਸ ਨਹੀਂ ਸੀ ਆਇਆ । ਉਹਦਾ ਰਉਂ ਵੇਖ ਕੇ ਮੈਂ ਵੀ ਜ਼ੋਰ ਨਹੀਂ ਸੀ ਪਾਇਆ । ਪਿੱਛੋਂ ਆਪੇ ਅਕਲ ਆ ਗਈ ਸੀ ਕਿ ਇਹ ਤਾਂ ਬੜਾ ਦਿਲਚਸਪ ਕਿੱਸਾ ਹੈ । ਪਿੰਡ ਕੋਈ ਮੇਰੇ ਤੋਂ ਅਲੱਗ ਥੋੜ੍ਹਾ ਹੈ, ਉਹ ਤਾਂ ਮੇਰੀ ਸ਼ਖ਼ਸੀਅਤ ਦਾ ਅਟੁੱਟ ਹਿੱਸਾ ਹੈ । ਕਿਤੇ ਵੀ ਜਾਵਾਂ, ਮੇਰੇ ਨਾਲ ਰਹਿੰਦਾ ਹੈ । ਮੇਰੀ ਲੋੜ ਅਤੇ ਸਹੂਲਤ ਅਨੁਸਾਰ ਆਪਣਾ ਨਾਮ ਤੇ ਰੂਪ ਬਦਲ ਲੈਂਦਾ ਹੈ । ਤੁਸੀਂ ਵੀ ਹਾਲ ਦੀ ਘੜੀ ਮੂੰਹੋਂ ਕੁਛ ਨਾ ਕਹੋ । ਬੱਸ, ਮੇਰੇ ਨਾਲ ਨਾਲ ਰਹੋ ।

ਮੈਂ ਜਿਹੋ ਜਿਹਾ ਹਾਂ, ਇਹੋ ਜਿਹਾ ਕਿਉਂ ਹਾਂ? ਇਹ ਜਾਨਣ ਲਈ ਤੁਹਾਨੂੰ ਮੇਰੇ ਪਿੰਡ ਚੱਲਣਾ ਪਵੇਗਾ । ਹਾਂ, ਤੁਹਾਨੂੰ ਹੀ ਚੱਲਣਾ ਪਏਗਾ । ਪਿੰਡ ਤਾਂ ਜਿੱਥੇ ਹੈ, ਉੱਥੇ ਹੀ ਰਹੇਗਾ ।

ਇੱਟ ਇੱਟ ਜੋੜ ਕੇ ਇਮਾਰਤ ਬਣਦੀ ਹੈ । ਹਰਫ਼ ਹਰਫ਼ ਜੋੜ ਕੇ ਇਬਾਰਤ ਬਣਦੀ ਹੈ । ਇਮਾਰਤ ਜੇਕਰ ਰਹਿਣ ਵਾਲਿਆਂ ਨੂੰ ਜਚ ਜਾਏ ਤਾਂ ਵਾਰੇ ਨਿਆਰੇ ਹੋ ਜਾਂਦੇ ਹਨ । ਇਬਾਰਤ ਜੇਕਰ ਅਦਬ ਵਾਲਿਆਂ ਨੂੰ ਜਚ ਜਾਏ ਤਾਂ ਕਿਣਕੇ ਵੀ ਤਾਰੇ ਹੋ ਜਾਂਦੇ ਹਨ । ਇਮਾਰਤ ਉਹ ਜੋ ਹਰ ਮੌਸਮ ਵਿਚ ਠੀਕ ਰਹੇ । ਇਬਾਰਤ ਉਹ ਜਿਸ ਦੀ ਅਦਬਵਾਨਾਂ ਨੂੰ ਉਡੀਕ ਰਹੇ :

ਮੈਂ ਸ਼ਬਦਾਂ ਦੇ ਘਰ ਜਾਇਆ ਹਾਂ,
ਮੈਂ ਹਰਫ਼ਾਂ ਦਾ ਹਮਸਾਇਆ ਹਾਂ,
ਮੇਰੇ ਬੱਚਿਉ! ਜੇ ਹੁਕਮ ਕਰੋ,
ਕੁਝ ਸ਼ੇਅਰ ਤੁਸਾਂ ਲਈ ਜੋੜ ਦਿਆਂ ।

ਸ਼ੇਅਰ ਕਹਿਣ ਵਾਲੇ ਨਾਲੋਂ ਸ਼ੇਅਰ ਸੁਣਨ ਵਾਲਾ ਸ਼ਖ਼ਸ ਸਾਹਿਤ ਲਈ ਵਧੇਰੇ ਉਪਯੋਗੀ ਹੁੰਦਾ ਹੈ । ਉਸ ਨੂੰ ਵੱਧ ਮਾਣ ਦੇਣਾ ਬਣਦਾ ਹੈ । ਕਹਿਣ ਵਾਲੇ ਤਾਂ ਕਹਿ ਕੇ ਚੱਲਦੇ ਬਣਦੇ ਹਨ । ਸੁਣਨ ਵਾਲੇ ਕਿੰਨੀ ਕਿੰਨੀ ਦੇਰ ਜੁਗਾਲੀ ਕਰਦੇ ਰਹਿੰਦੇ ਹਨ ।

ਐਮਰਜੈਂਸੀ ਦੇ ਲਾਗੇ ਚਾਗੇ ਸਾਹਿਤ ਸਭਾ ਵਾਲਿਆਂ ਨੇ ਪਿੰਡ ਵਿਚ ਸਾਵਣ ਕਵੀ ਦਰਬਾਰ ਕਰਵਾਇਆ ਸੀ । ਹੋਰ ਸ਼ਾਇਰਾਂ ਤੋਂ ਇਲਾਵਾ ਉਦੋਂ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਵਾਲਾ ਫ਼ੌਜਾ ਸਿੰਘ ਵੀ ਆਇਆ ਸੀ । ਸੱਤਿਆਪਾਲ ਤਾਲਿਬ ਉਰਫ਼ ਫ਼ੌਜਾ ਸਿੰਘ ਦੀ ਆਮਦ ਬਾਰੇ ਸਭਾ ਵਾਲਿਆਂ ਖੂਬ ਪ੍ਰਚਾਰ ਕੀਤਾ ਸੀ । ਉਦੋਂ ਅਜੇ ਦੂਰਦਰਸ਼ਨ ਚਾਲੂ ਨਹੀਂ ਸੀ ਹੋਇਆ, ਪਿੰਡ ਵਾਲੇ ਦਿਹਾਤੀ ਪ੍ਰੋਗਰਾਮ ਦੇ ਦੀਵਾਨੇ ਹੁੰਦੇ ਸਨ । ਫ਼ੌਜਾ ਸਿੰਘ ਲਈ ਵੀ ਦੀਵਾਨੇ ਹੋ ਗਏ । ... ਪਰ ਉਹ ਪਿੰਡ ਤੱਕ ਆਉਂਦਾ ਆਉਂਦਾ ਹੀ ਏਨੀ ਪੀ ਗਿਆ ਕਿ ਗੱਡੀ 'ਚੋਂ ਉਤਰਨ ਜੋਗਾ ਨਾ ਰਿਹਾ । ਜੇ ਉਤਾਰਿਆ ਤਾਂ ਸ਼ੇਅਰ ਕਹਿਣ ਜੋਗਾ ਨਾ ਰਿਹਾ । ਦਰਸ਼ਨ ਦੇ ਕੇ ਸੁੱਕਾ ਹੀ ਮੁੜ ਗਿਆ ।

ਪਿੰਡ ਵਾਲਿਆਂ ਨੇ ਸਾਵਣ ਕਵੀ ਦਰਬਾਰ ਸੁਣਿਆ । ਮਾਣਿਆ । ਕਵੀਆਂ ਦੀ ਆਉ ਭਗਤ ਕੀਤੀ । ਦਾਦ ਦਿੱਤੀ । ਖੁਆਇਆ ਪਿਆਇਆ । ਪਰ ਜੇ ਅੱਜ ਕਿਸੇ ਨੂੰ ਪੁੱਛੀਏ ਕਿ ਉਸ ਕਵੀ ਦਰਬਾਰ ਵਿਚ ਕਿਹੜਾ ਕਿਹੜਾ ਸ਼ਾਇਰ ਆਇਆ ਸੀ ਤਾਂ ਫ਼ੌਜਾ ਸਿੰਘ ਤੋਂ ਬਿਨਾਂ ਕਿਸੇ ਨੂੰ ਕੋਈ ਨਾਂ ਯਾਦ ਨਹੀਂ । ਜ਼ਾਹਿਰ ਹੈ ਕਿ ਵੇਖਣ ਸੁਣਨ ਵਾਲੇ ਰੰਗ ਢੰਗ ਹੋਰ ਹੁੰਦੇ ਸਨ ਅਤੇ ਯਾਦ ਰੱਖਣ ਵਾਲੇ ਪ੍ਰਸੰਗ ਹੋਰ ਹੁੰਦੇ ਹਨ । ਇਹ ਕਵੀ ਦਰਬਾਰ ਬਾਬਾ ਕੇਦਾਰ ਨਾਥ ਉਰਫ 'ਵਿਗੜਿਆ ਰੇਡੀਓ' ਦੀ ਪ੍ਰੇਰਨਾ ਅਤੇ ਸਰਪ੍ਰਸਤੀ ਸਦਕਾ ਹੋਇਆ ਸੀ । ਤਲਾਅ ਦੇ ਕੰਢੇ, ਬੋਹੜ ਦੇ ਹੇਠਾਂ ਹੋਇਆ ਇਹ ਇਕੱਠ ਉਸ ਸਾਧ ਨੂੰ ਏਨਾ ਚੰਗਾ ਲੱਗਾ ਕਿ ਉਹਨੇ ਇਸ ਪ੍ਰੋਗਰਾਮ ਦਾ ਨਾਂ 'ਜੱਗ ਦਰਸ਼ਨ ਦਾ ਮੇਲਾ' ਰੱਖ ਦਿੱਤਾ ਅਤੇ ਐਲਾਨ ਕੀਤਾ ਕਿ ਇਹ ਸਮਾਗਮ ਹਰ ਸਾਲ ਸਾਉਣ ਮਹੀਨੇ ਦੇ ਪਹਿਲੇ ਐਤਵਾਰ ਨੂੰ ਰਚਾਇਆ ਜਾਇਆ ਕਰੇਗਾ । ਉਹ ਆਪਣੇ ਵਾਅਦੇ 'ਤੇ ਕਾਇਮ ਰਿਹਾ । ਸਾਹਿਤ ਸਭਾ ਵਾਲੇ ਉਹਦਾ ਸਾਥ ਛੱਡ ਗਏ ਪਰ ਉਹ ਆਖ਼ਰੀ ਦਮ ਤੱਕ ਪ੍ਰਣ ਨਿਭਾਉਂਦਾ ਰਿਹਾ । ਕਵੀਆਂ ਦੀ ਥਾਂ ਨੀਲਧਾਰੀਆਂ ਦੇ ਕੀਰਤਨੀ ਜੱਥੇ ਬੁਲਾਉਂਦਾ ਰਿਹਾ । 'ਆਏ ਵੀ ਅਕੇਲਾ । ਜਾਏ ਵੀ ਅਕੇਲਾ । ਬਸ, ਇਹ ਜੱਗ ਦਰਸ਼ਨ ਦਾ ਮੇਲਾ!'

ਸਾਹਿਤ ਸਭਾ ਦੀ ਬਦੌਲਤ ਪਿੰਡ ਵਾਲਿਆਂ ਨੇ ਮੋਹਨ ਕਾਹਲੋਂ, ਵਰਿਆਮ ਸੰਧੂ, ਹਰਭਜਨ ਹਲਵਾਰਵੀ, ਸੂਬਾ ਸਿੰਘ ਅਤੇ ਹੋਰ ਅਨੇਕ ਅਦਬੀ ਹਸਤੀਆਂ ਨੂੰ ਨੇੜਿਓਂ ਵੇਖਿਆ ਹੈ । 'ਪੁਲਾਂਘ' ਨਾਂ ਦਾ ਰਸਾਲਾ ਵੀ ਸਭਾ ਵਲੋਂ ਨਿਕਲਦਾ ਰਿਹਾ ਹੈ ਜਿਸ ਦੇ 'ਜਿਲਾ ਗੁਰਦਾਸਪੁਰ ਅੰਕ' ਅਤੇ 'ਜਸਵੰਤ ਸਿੰਘ ਰਾਹੀ ਵਿਸ਼ੇਸ਼ ਅੰਕ' ਬੜੀ ਮਿਹਨਤ ਨਾਲ ਤਿਆਰ ਕੀਤੇ ਗਏ ਸਨ । ਪਹਿਲੀ ਸਭਾ ਨੂੰ ਬਲ ਬਖ਼ਸ਼ਣ ਵਾਲਾ ਗੁਰਭਜਨ ਗਿੱਲ ਹੁਣ ਵੱਡਿਆਂ ਜੁੱਟਾਂ ਵਿਚ ਸ਼ਾਮਲ ਹੈ ਅਤੇ ਦੂਜੀ ਸਭਾ ਦਾ ਕਰਤਾ ਧਰਤਾ ਜਸਵੰਤ ਗਿੱਲ ਆਪਣੀ ਚਾਲੇ ਤੁਰਿਆ ਜਾ ਰਿਹਾ ਹੈ ।

•••

'ਪਿੰਡ ਵਿਚ ਸਾਹਿਤ' ਦਾ ਜਾਇਜ਼ਾ ਲੈਂਦਿਆਂ ਅਚਾਨਕ ਖ਼ਿਆਲ ਆਇਆ ਹੈ ਕਿ 'ਸਾਹਿਤ ਵਿਚ ਪਿੰਡ' ਤਾਂ ਅਜਿਹਾ ਵਿਸ਼ਾ ਹੈ, ਜਿਹੜਾ ਸ਼ੁਰੂ ਹੋ ਸਕਦਾ ਹੈ ਮੁੱਕਣਾ ਮੁਸ਼ਕਿਲ ਹੈ । ਪੂਰੇ ਸਾਹਿਤ ਵਿਚ 'ਪਿੰਡ' ਛਾਇਆ ਹੋਇਆ ਹੈ । ਪਿੰਡ ਤੋਂ ਸਾਹਿਤ ਨੂੰ ਬਾਹਰ ਕੱਢਿਆ ਜਾ ਸਕਦਾ ਹੈ ਪਰ ਸਾਹਿਤ 'ਚੋਂ ਪਿੰਡ ਨੂੰ ਖ਼ਾਰਜ ਕਰਨਾ ਮੁਮਕਿਨ ਨਹੀਂ ।

ਪਿੰਡ ਵਿਚ ਰਹਿ ਕੇ ਲੋਕ ਸ਼ਹਿਰ ਬਾਰੇ ਲਿਖਦੇ ਹਨ । ਸ਼ਹਿਰ ਵਿਚ ਜਾ ਕੇ ਪਿੰਡ ਯਾਦ ਆਉਂਦਾ ਹੈ । ਇਹ ਵਿੱਥ ਤੇ ਵਿਗੋਚੇ ਵਾਲਾ ਫਲਸਫ਼ਾ ਹੀ ਯਥਾਰਥ ਨੂੰ ਕਲਾ ਬਣਾਉਂਦਾ ਹੈ ।

•••

ਕਦੀ ਸਾਹਿਤ ਹਾਵੀ ਹੁੰਦਾ ਹੈ । ਕਦੇ ਸਭਾ ਭਾਰੂ ਹੁੰਦੀ ਹੈ । ਪਰ ਇਹ ਸੱਚ ਹੈ ਕਿ ਸ਼ਬਦ ਸਭਿਆਚਾਰ ਨਾਲ ਜੁੜੀ ਹੋਈ ਹਰ ਇਮਾਨਦਾਰ ਸਰਗਰਮੀ ਉਸਾਰੂ ਹੁੰਦੀ ਹੈ । ਜਦੋਂ ਸਭਾ ਨਹੀਂ ਸੀ, ਸਾਹਿਤ ਉਦੋਂ ਵੀ ਸੀ । ਜਦੋਂ ਸਭਾ ਨਹੀਂ ਰਹੇਗੀ, ਸਾਹਿਤ ਉਦੋਂ ਵੀ ਰਹੇਗਾ । ਸਾਹਿਤ ਸਦੀਵੀ ਹੈ । ਸਭਾ ਵਕਤੀ ਹੈ । ਸਭਾ ਸਹਾਇਕ ਰਹੇ ਤਾਂ ਚੰਗਾ । ਨਹੀਂ ਤਾਂ ਚੌਧਰ ਦਾ ਪੰਗਾ । ਉਂਜ ਚੋਣ ਤਾਂ ਬੰਦੇ ਨੇ ਖ਼ੁਦ ਹੀ ਕਰਨੀ ਹੁੰਦੀ ਹੈ :

ਕਲਾਕਾਰਾਂ ਨੂੰ ਕਲਾ ਪਿਆਰੀ,
ਚੌਧਰੀਆਂ ਨੂੰ ਚੌਧਰ ।
ਇਕ ਬੇੜੀ ਵਿਚ ਬੈਠ ਪਿਆਰੇ,
ਜਾਂ ਏਧਰ ਜਾਂ ਔਧਰ¨

•••

ਚਿਰਾਂ ਦੀ ਗੱਲ ਹੈ ਕਿ ਮੈਨੂੰ ਸਭਾ ਦਾ ਸੱਦਾ ਆਇਆ ਸੀ । ਪਿੰਡ ਸਨਮਾਨ ਲਈ ਬੁਲਾਇਆ ਸੀ । ਇਕ ਖ਼ਤ, ਦੋ ਖ਼ਤ... । ਸੱਦਣ ਵਾਲਿਆਂ 'ਚ ਮੇਰਾ ਪਰਿਵਾਰ ਵੀ ਸ਼ਾਮਲ ਸੀ । ਪਿਆਰ ਮੁਹੱਬਤ ਅਤੇ ਅਪਣੱਤ ਨਾਲ ਆਵਾਜ਼ ਮਾਰੀ ਜਾ ਰਹੀ ਸੀ । ਪਰ ਪਤਾ ਨਹੀਂ ਕਿਉਂ ਮੈਂ ਸੰਕੋਚ ਨਾਲ ਭਰਿਆ ਪਿਆ ਸਾਂ । ਆਪਣੇ ਪਿੰਡ ਜਾਣ ਤੋਂ ਹੀ ਡਰਿਆ ਪਿਆ ਸਾਂ । ਅਜੀਬ ਦੁਚਿੱਤੀ ਵਿਚ ਸਾਂ ਜਾਵਾਂ ਕਿ ਨਾ?

ਅਸਲ ਵਿਚ ਮੈਨੂੰ ਆਪਣੀ ਕੋਈ ਇਹੋ ਜਿਹੀ ਪ੍ਰਾਪਤੀ ਨਹੀਂ ਸੀ ਦਿਸਦੀ ਜਿਸ ਦਾ ਸਨਮਾਨ ਕਰਨਾ ਬਣਦਾ ਹੋਏ । ਅਤੇ ਫੇਰ ਆਪਣੇ ਹੀ ਪਿੰਡ ਵਿਚ ਬਾਕੀਆਂ ਤੋਂ ਖ਼ੁਦ ਨੂੰ ਵੱਖਰਾ ਜਾਂ ਅੱਡਰਾ ਹੋ ਕੇ ਵਿਖਾਉਣਾ, ਗਲ ਵਿਚ ਹਾਰ ਪਵਾਉਣਾ, ਮੈਨੂੰ ਓਪਰਾ ਜਿਹਾ ਜਾਪਦਾ ਸੀ । ਇਕ ਸੰਗ ਸੀ । ਸ਼ਰਮ ਸੀ । ਕਾਹਦਾ ਸਨਮਾਨ?

ਬੜੀ ਨਿਰਮਾਣਤਾ ਨਾਲ ਭੂਮਿਕਾ ਬੰਨ੍ਹ ਕੇ ਮੈਂ ਜਵਾਬ ਲਿਖਿਆ, ਜਿਸ ਦਾ ਆਖ਼ਰੀ ਫ਼ਿਕਰਾ ਸੀ: ''ਮੈਂ ਸਨਮਾਨ ਨਹੀਂ ਕਰਵਾਉਣਾ ਚਾਹੁੰਦਾ ।'' ਸਭਾ ਦੇ ਪ੍ਰਧਾਨ ਅਮਰਜੀਤ ਗੁਰਦਾਸਪੁਰੀ ਦਾ ਤੁਰਤ-ਫੁਰਤ ਜਵਾਬ ਆਇਆ, ''ਤੇਰੀ ਹਰ ਸ਼ਰਤ ਸਾਨੂੰ ਪ੍ਰਵਾਨ ਹੈ । ਤਰੀਕ ਪੱਕੀ ਹੋ ਗਈ ਹੈ । ਛਪੇ ਹੋਏ ਪ੍ਰੋਗਰਾਮ ਅਨੁਸਾਰ ਪਿੰਡ ਪਹੁੰਚ ਜਾਈਂ । ਜਿਵੇਂ ਤੂੰ ਚਾਹੁੰਦਾ ਹੈਂ ਉਵੇਂ ਹੋਏਗਾ । ਤੇਰਾ ਸਨਮਾਨ ਨਹੀਂ ਅਪਮਾਨ ਕੀਤਾ ਜਾਏਗਾ । ਬਸ ਤੂੰ ਆ ਜਾ ।''

ਕੋਈ ਚਾਰਾ ਨਹੀਂ ਸੀ । ਮੈਂ ਗਿਆ । ਹੈਰਾਨ ਰਹਿ ਗਿਆ । ਵੱਡੇ ਵੱਡੇ ਅਦਬੀ ਸਮਾਗਮਾਂ 'ਤੇ ਵੀ ਏਨੇ ਕਲਮਵਾਨ ਨਹੀਂ ਜੁੜਦੇ ਜਿੰਨੇ ਓਦਣ ਉਥੇ ਇਕੱਠੇ ਹੋਏ ਹੋਏ ਸਨ । ਵਿਆਹ ਵਰਗੀ ਰੌਣਕ ਸੀ । ਪਤਾ ਨਹੀਂ ਕੀ ਕੀ ਹੋਇਆ । ਵਿਚ ਵਿਚਾਲੇ ਕਿਤੇ ਮੇਰਾ 'ਅਪਮਾਨ' ਵੀ ਕਰ ਦਿੱਤਾ ਗਿਆ । ਉਸ ਮੌਕੇ ਖਿੱਚੀ ਗਈ ਤਸਵੀਰ ਵੇਖ ਕੇ ਸਮਝ ਹੀ ਨਹੀਂ ਆਉਂਦੀ ਕਿ 'ਅਪਮਾਨ' ਦੀ ਨਿਸ਼ਾਨੀ ਨੂੰ ਮੈਂ ਏਨਾ ਸੰਭਾਲ ਕੇ ਕਿਉਂ ਰੱਖਿਆ ਹੋਇਆ ਹੈ ।

••••••

17. ਰਾਵਣ ਰਾਜ

ਖੰਭੇ ਖੜ੍ਹੇ ਹੋ ਚੁੱਕੇ ਸਨ । ਬਿਜਲੀ ਦੀ ਉਡੀਕ ਹੋ ਰਹੀ ਸੀ । ਮੰਦਿਰ ਵਿਚ ਵਾਇਰਿੰਗ ਚਾਲੂ ਸੀ । ਛੱਤਾਂ ਦੇ ਨਾਲਨਾਲ, ਕੰਧਾਂ ਉੱਤੇ ਲੱਕੜ ਦੀਆਂ ਫੱਟੀਆਂ ਨਾਲ ਢੱਕ ਕੇ, ਤਾਰਾਂ ਵਿਛਾਈਆਂ ਜਾ ਰਹੀਆਂ ਸਨ । ਲੱਕੜ ਦਿਆਂ ਆਲਿਆਂ ਉੱਤੇ ਲੱਗੇ ਹੋਏ ਸੁਇੱਚਾਂ ਨੂੰ ਠਾਂਹਤਾਂਹ ਕਰਨ ਵਿਚ ਬੜਾ ਮਜ਼ਾ ਆਉਂਦਾ । ਇਹ ਮਜ਼ਾ ਅਸੀਂ ਚੋਰੀ ਚੋਰੀ ਲੈਂਦੇ । ਧਿਆਨ ਰੱਖਦੇ ਕਿ ਕੋਈ ਸਾਧ ਜਾਂ ਡੇਰੇ ਦਾ ਕਾਰਿੰਦਾ ਵੇਖਦਾ ਤਾਂ ਨਹੀਂ । ਨਹੀਂ ਤਾਂ ਸਾਡੇ ਘਰੀਂ ਸ਼ਿਕਾਇਤਾਂ ਪਹੁੰਚ ਜਾਂਦੀਆਂ ਕਿ ਤੁਹਾਡੇ ਨਿਆਣੇ ਮੰਦਿਰ ਦੀ ਬਿਜਲੀ ਦਾ ਫਾਲਤੂ ਨੁਕਸਾਨ ਕਰਦੇ ਨੇ । ਸੁੱਚ ਦੱਬ ਆਉਂਦੇ ਨੇ । ਬਿਜਲੀ ਫੁਕਦੀ ਰਹਿੰਦੀ ਐ ।...

ਬਿਜਲੀ ਅਜੇ ਆਈ ਨਹੀਂ ਸੀ । ਹੋਲਡਰ ਖ਼ਾਲੀ ਸਨ । ਕਿਤੇ ਕੋਈ ਬਲਬ ਨਹੀਂ ਸੀ । ਪਰ ਸ਼ਿਕਾਇਤਾਂ 'ਸੱਚੀਆਂ' ਸਨ । ਸਾਨੂੰ ਬਿਜਲੀ ਤੋਂ ਦੂਰ ਰਹਿਣ ਦੀਆਂ ਚਿਤਾਵਨੀਆਂ ਮਿਲਦੀਆਂ ਰਹਿੰਦੀਆਂ । ਇਹ ਬੜੀ ਖ਼ਤਰਨਾਕ ਬਲਾਅ ਹੁੰਦੀ ਹੈ । ਤਾਰਾਂ ਦੇ ਨੇੜੇ ਨਾ ਜਾਉ । ਫਲਾਣੇ ਥਾਂ ਤਾਰਾਂ ਨਾਲ ਚੰਬੜਿਆ ਬੰਦਾ ਬਸ ਮਰ ਕੇ ਈ ਲੱਥਾ । ਢਿਮਕੇ ਥਾਂ ਬਿਜਲੀ ਨੇ ਪੂਰਾ ਟੱਬਰ ਈ ਖਾ ਲਿਆ । ਇਹ ਤਾਂ ਅਸਮਾਨੀ ਬਿਜਲੀ ਨਾਲੋਂ ਵੀ ਖ਼ਤਰਨਾਕ ਹੁੰਦੀ ਐ ।... ਤੇ ਫੇਰ ਸੋਹਣ ਰਾਜਨ ਅਸਮਾਨ ਵਾਲੀ ਬਿਜਲੀ ਦਾ ਇਤਿਹਾਸ ਸੁਣਾਉਣ ਬਹਿ ਜਾਂਦਾ ਕਿ ਕਿਵੇਂ ਰਾਜਾ ਕੰਸ ਆਪਣੀ ਭੈਣ ਦੇਵਕੀ ਦੇ ਨਿਆਣਿਆਂ ਨੂੰ ਜੰਮਦੇ ਸਾਰ ਹੀ, ਪਟਕਾ ਪਟਕਾ ਕੇ ਮਾਰੀ ਜਾਂਦਾ ਸੀ । ਅੱਠਵੀਂ ਵਾਰ ਕ੍ਰਿਸ਼ਨ ਜੰਮਿਆ ਤਾਂ ਸਾਰੀ ਕਹਾਣੀ ਬਦਲ ਗਈ । ਭਾਣਾ ਅਜਿਹਾ ਵਰਤਿਆ ਕਿ ਦੇਵਕੀ ਦਾ ਕ੍ਰਿਸ਼ਨ ਤਾਂ ਜਸ਼ੋਧਾ ਕੋਲ ਪਹੁੰਚ ਗਿਆ ਅਤੇ ਜਸ਼ੋਧਾ ਦੀ ਨਵੀਂ ਜੰਮੀ ਧੀ ਦੇਵਕੀ ਕੋਲ ਪਹੁੰਚ ਗਈ । ਨਵੇਂ ਨਿਆਣੇ ਦੀ ਖ਼ਬਰ ਕੰਸ ਕੋਲ ਪਹੁੰਚੀ ਤਾਂ ਉਹ ਪਹਿਲਾਂ ਵਾਂਗ ਹੀ ਨਿੱਕੀਆਂ ਨਿੱਕੀਆਂ ਲੱਤਾਂ ਤੋਂ ਫੜ ਕੇ, ਪੱਥਰ ਉੱਤੇ ਪਟਕਾ ਕੇ, ਮਾਰਨ ਲੱਗਾ । ਹੁਣ ਤਾਂ ਹੱਦ ਹੋ ਚੁੱਕੀ ਸੀ । ਉਹ ਕੁੜੀ ਨਹੀਂ ਸੀ, ਉਹ ਤਾਂ ਮਾਇਆ ਸੀ ਰੱਬ ਦੀ । ਕੰਸ ਦੇ ਹੱਥੋਂ ਛੁੱਟ ਕੇ ਕੜਕਦੀ ਅਤੇ ਲਿਸ਼ਕਦੀ ਹੋਈ ਅਸਮਾਨ ਵੱਲ ਚਲੀ ਗਈ ਕਿ ਜ਼ਾਲਮ ਮਾਮਿਆ! ਤੇਰਾ ਕਾਲ ਤਾਂ ਪੈਦਾ ਹੋ ਚੁੱਕਾ ਹੈ । ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ । ...ਕਥਾ ਮੁਕਾ ਕੇ ਰਾਜਨ ਸਿੱਟਾ ਕੱਢਦਾ ਕਿ ਇਹ ਜਿਹੜੀ ਬਿਜਲੀ ਅਸੀਂ ਘਰਾਂ ਵਿਚ ਲੁਆ ਰਹੇ ਹਾਂ ਅਸੀਂ ਆਪਣੇ ਘਰਾਂ ਵਿਚ ਕਾਲ ਨੂੰ ਸੱਦਾ ਦੇ ਰਹੇ ਹਾਂ । ਇਹੋ ਜਿਹੀਆਂ ਕਹਾਣੀਆਂ ਸੁਣ ਕੇ ਡਰੀ ਜਾਂਦੇ । ਪਰ ਡਰ ਡਰ ਕੇ ਵੀ ਨਿਆਣਿਆਂ ਵਾਲੇ ਕੰਮ ਕਰੀ ਜਾਂਦੇ । ਜਦੋਂ ਡੰਗਰ ਚਾਰਨ ਜਾਂਦੇ ਤਾਂ ਡੰਗਰਾਂ ਨੂੰ ਬਿਜਲੀ ਦੇ ਖੰਭਿਆਂ ਤੋਂ ਦੂਰ ਦੂਰ ਰੱਖਦੇ । ਅਸੀਂ ਏ.ਬੀ.ਸੀ. ਜਾਣਦੇ ਸਾਂ । ਖੰਭਿਆਂ ਉੱਤੇ ਲੋਹੇ ਦਾ ਇਕ ਬੋਰਡ ਜਿਹਾ ਟੰਗਿਆ ਹੁੰਦਾ ਸੀ, ਜੀਹਦੇ ਉੱਤੇ ਦੋ ਹੱਡਾਂ ਨੂੰ ਚਰਖੜੀ ਵਾਂਗ ਖੜ੍ਹੇਦਾਅ ਵਿਖਾ ਕੇ ਸਿਰੇ 'ਤੇ ਡਰਾਉਣੀ ਜਿਹੀ ਖੋਪੜੀ ਵਾਹੀ ਹੁੰਦੀ ਸੀ । ਹੇਠਾਂ ਮੋਟੇ ਲਾਲ ਅੱਖਰਾਂ ਵਿਚ 4anger ਲਿਖਿਆ ਹੁੰਦਾ ਸੀ । ਅਸੀਂ ਏ.ਬੀ.ਸੀ. ਜਾਣਦੇ ਸਾਂ, ਪਰ ਡੰਗਰਾਂ ਨੂੰ ਕੀ ਪਤਾ ਸੀ ਕਿ ਇਹ ਅੰਗਰੇਜ਼ੀ ਵਿਚ 'ਡੰਗਰ' ਲਿਖਿਆ ਹੋਇਆ ਹੈ ਅਤੇ ਇਸ ਤੋਂ ਦੂਰ ਰਹਿਣਾ ਹੈ । ਗੁਰਮੁਖੀ ਵਿਚ 'ਖ਼ਤਰਾ' ਲਿਖੇ ਜਾਣ ਦਾ ਰਿਵਾਜ ਤਾਂ ਬਹੁਤ ਬਾਅਦ ਵਿਚ ਪਿਆ । ਮਾਤਭਾਸ਼ਾ ਦੀ ਮਿਹਰ ਨਾਲ ਹੁਣ ਸਾਡੇ ਡੰਗਰਾਂ ਨੂੰ ਕੋਈ ਖ਼ਤਰਾ ਨਹੀਂ ਰਿਹਾ ।

ਉਦੋਂ ਆਸਾ ਸਿੰਘ ਮਸਤਾਨਾ ਜਲੰਧਰ ਰੇਡੀਓ ਦੇ ਦਿਹਾਤੀ ਪ੍ਰੋਗਰਾਮ ਵਿਚ ਤੂੰਬੀ ਵਜਾ ਕੇ ਗਾਉਂਦਾ ਹੁੰਦਾ ਸੀ:

ਭਾਖੜੇ ਤੋਂ ਆਉਂਦੀ ਇਕ ਮੁਟਿਆਰ ਨੱਚਦੀ ।
ਚੰਨ ਨਾਲੋਂ ਸੋਹਣੀ, ਉੱਤੇ ਚੁੰਨੀ ਸੁੱਚੇ ਕੱਚ ਦੀ ।

ਭਾਖੜੇ ਦਾ ਰਿਸ਼ਤਾ ਬਿਜਲੀ ਨਾਲ ਜੁੜਿਆ ਹੋਇਆ ਸੀ ਅਤੇ ਬਿਜਲੀ ਦੀ ਫਿਟਿੰਗ ਘਰਘਰ ਪਹੁੰਚ ਰਹੀ ਸੀ । ਮੰਦਿਰ ਵਾਲਿਆਂ ਨੇ ਤਾਂ 'ਮਿਸਤਰੀ' ਸ਼ਹਿਰੋਂ ਮੰਗਵਾਏ ਸਨ ਪਰ ਪਿੰਡ ਵਾਲਿਆਂ ਦੇ ਕੱਚੇ-ਪੱਕੇ ਘਰਾਂ ਵਿਚ ਇਹ ਸਹੂਲਤ ਆਪਣੇ ਪਿੰਡ ਦੇ ਹੀ ਜਿੰਦਾ ਅਤੇ ਜਨਕਾ ਵਗੈਰਾ ਪ੍ਰਦਾਨ ਕਰ ਰਹੇ ਸਨ । ਉਨ੍ਹਾਂ ਨੇ ਕਿਤੋਂ ਟਰੇਨਿੰਗ ਨਹੀਂ ਲਈ ਸੀ, ਸ਼ਹਿਰੀ ਮਿਸਤਰੀਆਂ ਅਰਥਾਤ ਬਿਜਲੀ ਮਕੈਨਕਾਂ ਵੱਲ ਵੇਖ ਵੇਖ ਕੇ ਉਨ੍ਹਾਂ ਨੂੰ ਵੀ ਇਸ ਨਵੇਂ ਹੁਨਰ ਦਾ ਵੱਲ ਆ ਗਿਆ ਸੀ । ਅੱਗੋਂ ਉਨ੍ਹਾਂ ਨੇ ਆਪਣੇ ਸਹਾਇਕ ਵੀ ਰੱਖ ਲਏ ਅਤੇ ਧਿਆਨਪੁਰ ਤੋਂ ਇਲਾਵਾ ਇਲਾਕੇ ਦੇ ਹੋਰਨਾਂ ਪਿੰਡਾਂ ਵਿਚ ਵੀ ਤਾਰਾਂ ਦਾ ਜਾਲ ਵਿਛਾਉਣ ਲਈ ਉਹ ਸਾਈਕਲਾਂ ਉੱਤੇ ਨਿੱਤ ਚੜ੍ਹੇ ਰਹਿੰਦੇ ।

ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਕਾਮਰੇਡਾਂ ਦਾ ਇਹ ਕਥਨ ਲੋਕਾਂ ਦੇ ਮੂੰਹਾਂ 'ਤੇ ਚੜ੍ਹਿਆ ਹੋਇਆ ਸੀ : ''ਮੂਰਖ ਜੱਟੋ! ਤੁਹਾਨੂੰ ਨਹੀਂ ਪਤਾ ਕਿ ਜਿਹੜਾ ਪਾਣੀ ਗੌਰਮਿੰਟ ਨਹਿਰਾਂ ਰਾਹੀਂ ਤੁਹਾਨੂੰ ਫਸਲਾਂ ਸਿੰਜਣ ਲਈ ਦਿੰਦੀ ਐ, ਇਸ 'ਚੋਂ ਉਹ ਬਿਜਲੀ ਤਾਂ ਪਹਿਲਾਂ ਈ ਕੱਢ ਲੈਂਦੀ ਐ । ਫੋਕੇ ਪਾਣੀ 'ਚੋਂ ਕਿਤੇ ਫਸਲਾਂ ਨੂੰ ਕੋਈ ਤਾਕਤ ਮਿਲ ਸਕਦੀ ਐ? ... ਇਸ ਲਈ ਜਾਗੋ । ...''

ਸੋਹਨ ਰਾਜਨ ਸਾਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਜਾਪਦਾ ਸੀ । ਉਹ ਇਤਿਹਾਸ ਪੁਰਾਣ ਦੀਆਂ ਲੰਬਾਈਆਂ, ਚੁੜਾਈਆਂ, ਉਚਾਈਆਂ ਅਤੇ ਡੂੰਘਾਈਆਂ ਨੂੰ ਬੇਸਕੂਲੇ ਅੰਦਾਜ਼ ਵਿਚ ਨਾਪਦਾ ਸੀ । ਜਦੋਂ ਕੋਈ ਵੱਡਾ ਪ੍ਰਸੰਗ ਸ਼ੁਰੂ ਕਰਨਾ ਹੁੰਦਾ ਜਾਂ ਸਾਹ ਲੈਣ ਲਈ ਬਚਨਬਿਲਾਸ ਨੂੰ ਥੋੜ੍ਹੇ ਸਮੇਂ ਲਈ ਬਿਸਰਾਮ ਦੇਣਾ ਹੁੰਦਾ ਤਾਂ ਗਲਾ ਸਾਫ਼ ਕਰਨ ਲਈ ਖੰਘੂਰਾ ਜਿਹਾ ਮਾਰ ਕੇ, ਜੇਬ੍ਹ ਵਿਚ ਹੱਥ ਪਾ ਕੇ ਕਹਿੰਦਾ, ''ਜ਼ਰਾ ਆਤਮਾ ਰਾਮ ਨੂੰ ਧੂਪ-ਦੀਪ ਦੇ ਲਈਏ ।'' ... ਤੇ ਉਹ ਬੀੜੀ ਕੱਢ ਕੇ ਸੁਲਗਾ ਲੈਂਦਾ । ਪੰਜ ਸੱਤ ਕਸ਼ ਲਾਉਂਦਾ । ਪੈਰਾਂ ਲਾਗੇ ਮਸਲ ਕੇ ਬੁਝਾਉਂਦਾ । ਤੀਲ੍ਹਾਂ ਵਾਲੀ ਡੱਬੀ ਨਾਲ ਬੀੜੀਆਂ ਦਾ ਬੰਡਲ ਠੋਕ ਕੇ ਬੋਝੇ ਵਿਚ ਪਾਉਂਦਾ ਅਤੇ ਤਰੋਤਾਜ਼ਾ ਹੋ ਕੇ ਮੁੜ ਪਹਿਲਾਂ ਵਾਲੇ ਰਉਂ ਵਿਚ ਮੁੜ ਆਉਂਦਾ! ਉਹਦੇ ਗਿਆਨ ਦੀ ਗੰਢ ਬੁਰੀ ਤਰ੍ਹਾਂ ਖੁੱਲ੍ਹ ਜਾਂਦੀ । ਉਹਨੂੰ ਸੁਣਦਿਆਂ ਸਾਨੂੰ ਦੀਨਦੁਨੀਆ ਭੁੱਲ ਜਾਂਦੀ ।

ਉਹ ਦੱਸਦਾ : ਇਹ ਜਿਹੜੀ ਬਿਜਲੀ ਐ ਨਾ, ਇਹ ਸਾਡੇ ਲਈ ਕੋਈ ਨਵੀਂ ਸ਼ੈਅ ਨਹੀਂ । ਸਾਡੇ ਗ੍ਰੰਥਾਂ ਵਿਚ ਬਜ਼ੁਰਗਾਂ ਨੇ ਹਜ਼ਾਰਾਂ ਵਰ੍ਹੇ ਪਹਿਲਾਂ ਇਸਦੇ ਬਾਰੇ ਬੜਾ ਕੁਝ ਲਿਖ ਦਿੱਤਾ । ਰਮੈਣ ਵਿਚ ਸਾਫ਼ ਲਿਖਿਐ । ਰਾਮ ਲੀਲਾ ਵਿਚ ਅਸੀਂ ਵੀਹ ਵਾਰੀ ਵੇਖਿਐ । ਲੰਕਾ ਦਾ ਰਾਜਾ ਸੀ ਨਾ ਰਾਵਣ? ਪੌਣ ਦੇਵਤਾ, ਅਗਨੀ ਦੇਵਤਾ, ਜਲ ਦੇਵਤਾ, ਕੁਬੇਰ, ਇੰਦਰ... ਸਭ ਉਸ ਦੇ ਹੁਕਮ ਵਿਚ ਸਨ । ਉਸਦਾ ਪਾਣੀ ਭਰਦੇ ਸਨ । ਉਸਨੂੰ ਪੱਖਾ ਝੱਲਦੇ ਸਨ । ... ਕੰਮਕਾਰ ਉਹਨੂੰ ਕੋਈ ਕਰਨਾ ਨਹੀਂ ਸੀ ਪੈਂਦਾ । ਵਿਹਲਾ ਬੈਠਾ ਕਿਤਾਬਾਂ ਪੜ੍ਹਦਾ ਰਹਿੰਦਾ ਸੀ । ਚਾਰੇ ਵੇਦ ਤੇ ਛੇ ਦੇ ਛੇ ਸ਼ਾਸਤਰ ਪੜ੍ਹ ਗਿਆ । ਗਿਆਨ ਦਾ ਹੰਕਾਰ ਉਹਦੇ ਸਿਰ ਨੂੰ ਚੜ੍ਹ ਗਿਆ । ਦਸਾਂ ਸਿਰਾਂ ਜਿੰਨਾ ਹੰਕਾਰ । ... ਧਨ ਕਿਹੜਾ ਉਹਦੇ ਕੋਲ ਘੱਟ ਸੀ । ਪੂਰੀ ਲੰਕਾ ਸੋਨੇ ਦੀ ਬਣੀ ਹੋਈ ਸੀ । ਰਾਣੀਆਂ ਬੇਹਿਸਾਬੀਆਂ । ਇਕ ਲੱਖ ਧੀਆਂਪੁੱਤ ਸਵਾ ਲੱਖ ਦੋਹਤੇਪੋਤੇ । ... ਕੋਈ ਉਹਨੂੰ ਪੁੱਛਣ ਵਾਲਾ ਨਹੀਂ ਸੀ । ਬੇਮੁਹਾਰਾ ਹੋ ਗਿਆ । ਏਸੇ ਲਈ ਉਹਦਾ ਅੰਤ ਮਾੜਾ ਹੋਇਆ । ਅੱਤ ਦਾ ਅੰਤ ਹਮੇਸ਼ਾ ਮਾੜਾ ਹੁੰਦੈ । ਉਹਨੇ ਅੱਤ ਚੁੱਕੀ ਹੋਈ ਸੀ । ਕਾਹਦੇ ਸਿਰ 'ਤੇ? ਬਿਜਲੀ ਦੇ ਸਿਰ 'ਤੇ । ਲੰਕਾ ਵਿਚ ਬਿਜਲੀ ਨੇ ਰਾਵਣਰਾਜ ਪੈਦਾ ਕਰ ਦਿੱਤਾ ਸੀ । ਏਸੇ ਲਈ ਸਾਡੇ ਰਾਮ ਨੂੰ ਆਪਣੀ ਅਯੁੱਧਿਆ ਤੋਂ ਬਾਹਰ ਆ ਕੇ ਲੰਕਾ ਵਿਚ ਵੀ ਰਾਮਰਾਜ ਕਾਇਮ ਕਰਨਾ ਪਿਆ । ਇਹ ਜੋ ਬਿਜਲੀ ਐ ਨਾ, ਇਹ ਬੰਦੇ ਨੂੰ ਨਿਕੰਮਾ ਬਣਾ ਕੇ ਰੱਖ ਦਏਗੀ । ਵੇਖ ਲਿਉ ਭਾਵੇਂ ਆਪਣੇ ਮੁਲਕ ਵਿਚ ਵੀ ਰਾਵਣ ਰਾਜ ਆਉਣ ਹੀ ਵਾਲੈ । ਬਾਪੂ ਗਾਂਧੀ ਵਾਲਾ ਰਾਮ ਰਾਜ ਦਾ ਸੁਫ਼ਨਾ ਧਰਿਆ ਧਰਾਇਆ ਰਹਿ ਜਾਣੈ । ... ਆਪਣੇ ਬਚਨਾਂ ਨਾਲ ਸਰੋਤਿਆਂ ਦੇ ਸਾਹ ਸੂਤੇ ਮਹਿਸੂਸ ਕਰਕੇ ਉਹਨੇ ਪੈਂਤੜਾ ਬਦਲ ਲੈਣਾ : ''ਸਾਰੀਆਂ ਸ਼ਕਤੀਆਂ ਉਸ ਰੱਬ ਸੱਚੇ ਦੀਆਂ ਈ ਨੇ । ਬਿਜਲੀ ਵੀ ਓਸੇ ਦੀ ਸ਼ਕਤੀ ਐ । ਬੰਦਾ ਜੇ ਇਹਦੀ ਵਰਤੋਂ ਬੰਦੇ ਦੇ ਭਲੇ ਲਈ ਕਰੇ ਤਾਂ ਇਹ ਵਰਦਾਨ ਬਣ ਜਾਂਦੀ ਐ । ... ਆਹ ਜਿਹੜਾ ਅਸੀਂ ਹੰਸ ਰਾਜ ਵੈਰਲੈੱਸ (ਵਾਇਰਲੈੱਸ) ਬਾਰੇ ਸੁਣਦੇ ਆਂ, ਇਹ ਕੋਈ ਝੂਠ ਤਾਂ ਨਹੀਂ । ਕਹਿੰਦੇ ਨੇ ਕਿ ਉਹਨੇ ਇਕ ਐਸਾ ਨਲਕਾ ਬਣਾਇਐ ਜੀਹਨੂੰ ਹੱਥੀ ਹੀ ਨਹੀਂ ਲੱਗੀ । ਗੇੜ੍ਹਨ ਦੀ ਲੋੜ ਨਹੀਂ ਪੈਂਦੀ । ਟੂਟੀ ਥੱਲੇ ਹੱਥ ਕਰੋ ਤਾਂ ਪਾਣੀ ਆ ਜਾਂਦੈ, ਹੱਥ ਪਰੇ ਕਰੋ ਤਾਂ ਪਾਣੀ ਬੰਦ ਹੋ ਜਾਂਦੈ । ਦੱਸਦੇ ਨੇ ਕਿ ਉਹ ਤਾਂ ਕਰਾਮਾਤਾਂ ਹੀ ਕਰੀ ਜਾਂਦੈ । ਜਾਦੂਗਰ ਤਾਂ ਝੂਠੀ-ਮੂਠੀ ਦਾ ਡਰਾਮਾ ਕਰਦੇ ਨੇ । ਵੇਖਣ ਵਾਲਿਆਂ ਦੀਆਂ ਨਜ਼ਰਾਂ ਬੰਨ੍ਹ ਲੈਂਦੇ ਨੇ । ਪਰ ਇਹ ਵੈਰਲੈੱਸ ਦਾ ਕਾਰਨਾਮਾ ਤਾਂ ਕਮਾਲ ਹੈ । ਉਹ ਆਪਣੇ ਘਰ ਦਾ ਦਰਵਾਜ਼ਾ ਹੱਥ ਨਾਲ ਨਹੀਂ ਖੋਲ੍ਹਦਾ । ਦਲ੍ਹੀਜ ਉੱਤੇ ਪੈਰ ਧਰਿਆਂ ਬੂਹਾ ਖੁੱਲ੍ਹ ਜਾਂਦੈ । ਅੰਦਰ ਲੰਘਣ ਪਿੱਛੋਂ ਆਪੇ ਬੰਦ ਹੋ ਜਾਂਦੈ । ... ਰਾਤ ਬਰਾਤੇ ਕੋਈ ਅੰਦਰ ਵੜ੍ਹਨ ਦੀ ਕੋਸ਼ਿਸ਼ ਕਰੇ ਤਾਂ ਘੁੱਗੂ ਬੋਲ ਪੈਂਦੈ । ... ਆਹ ਹੁਣ ਬਿਲਕੁਲ ਨਵੀਂ ਗੱਲ ਸੁਣੀ ਹੈ ਕਿ ਉਹਨੇ ਆਪਣਾ ਮੰਜਾ ਅਤੇ ਘਰ ਦੀਆਂ ਪੌੜੀਆਂ ਖਾਸ ਕਿਸਮ ਦੀਆਂ ਬਣਾ ਲਈਆਂ ਨੇ । ਰਾਤ ਨੂੰ ਜੇ ਵਿਹੜੇ ਵਿਚ ਸੁੱਤਿਆਂ ਗਰਮੀ ਲਗੇ ਤਾਂ ਮੰਜੇ ਦੇ ਪਾਵੇ ਉੱਤੇ ਲੱਗੇ ਸੁੱਚ ਨੂੰ ਦੱਬ ਕੇ ਬੜੇ ਆਰਾਮ ਨਾਲ ਕੋਠੇ 'ਤੇ ਪਹੁੰਚ ਜਾਂਦਾ । ਓਥੇ ਜੇ ਮੀਂਹ ਆ ਜਾਏ ਤਾਂ ਸੁੱਚ ਦੱਬ ਕੇ ਹੇਠਾਂ ਕਮਰੇ ਵਿਚ ਉਤਰ ਆਉਂਦਾ ਹੈ ਮੰਜੇ 'ਤੇ ਪਿਆ ਪਿਆ । ...''

ਥੋੜ੍ਹਾ ਜਿਹਾ ਰੁਕ ਕੇ ਉਹ ਹਉਕੇ ਵਰਗਾ ਲੰਮਾ ਸਾਹ ਭਰਦਾ ਤੇ ਹੌਸਲਾ ਦੇਣ ਵਾਲੇ ਲਹਿਜ਼ੇ 'ਚ ਕਹਿੰਦਾ : ''ਉਂਜ ਪਿੰਡ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ । ਬਾਵਾ ਲਾਲ ਸਾਡੇ ਨਾਲ ਐ । ਉਹ ਮਿਹਰ ਕਰੇਗਾ । ਸਹਾਈ ਹੋਵੇਗਾ । ਪਹਿਲਾਂ ਬਿਜਲੀ ਬਾਬਿਆਂ ਦੇ ਘਰ ਵਿਚ ਹੀ ਆਏਗੀ, ਪਿੱਛੋਂ ਸਾਡੇ ਘਰਾਂ 'ਚ ਆਏਗੀ । ਸਾਰੀ ਅਬੀਨਬੀ ਬਾਬਾ ਆਪੇ ਵੇਖ ਲਏਗਾ । ਬਾਬੇ ਲਾਲ ਦੀ ਬਾਣੀ ਦਾ ਪ੍ਰਕਾਸ਼ ਵੀ ਏਥੋਂ ਹੀ ਹੋਇਆ ਸੀ । ਹੁਣ ਬਿਜਲੀ ਦਾ ਪ੍ਰਕਾਸ਼ ਵੀ ਏਥੋਂ ਈ ਹੋ ਰਿਹੈ । ਬਾਬਾ ਭਲੀ ਕਰੇਗਾ । ... ਹੁਣ ਤਬਲੇ ਨੂੰ ਆਟਾ ਲਾਉਣ ਦਾ ਟੈਮ ਹੋ ਗਿਐ । ਮੈਂ ਚੱਲਦਾਂ ।'' ਦਰਅਸਲ ਉਹਨੂੰ ਭੁੱਖ ਲੱਗੀ ਹੁੰਦੀ ਸੀ ਤੇ ਸਾਨੂੰ ਵੀ ਰੋਟੀ ਦਾ ਚੇਤਾ ਆ ਜਾਂਦਾ ਸੀ ।

ਬਿਜਲੀ ਦੀਆਂ ਗੱਲਾਂ ਕਰਦੇ, ਕਹਾਣੀਆਂ ਸੁਣਦੇ ਅਤੇ ਸੁਪਨੇ ਲੈਂਦੇ ਅਸੀਂ ਰਾਤ ਨੂੰ ਮਿੱਟੀ ਦੇ ਤੇਲ ਵਾਲਾ ਦੀਵਾ ਬਾਲ ਕੇ ਪੜ੍ਹਨ ਬਹਿ ਜਾਂਦੇ । ਪਹਿਲਾਂ ਦੀਵਾ ਤੇ ਫੇਰ ਲੈਂਪ । ਦੀਵੇ ਦੀ ਬੱਤੀ ਸੀਖਦਿਆਂ ਹੱਥਾਂ ਨੂੰ ਤੇਲ ਲੱਗ ਜਾਂਦਾ । ਸਾਬਣ ਨਾਲ ਧੋ ਕੇ ਵੀ ਬਦਬੂ ਕਾਇਮ ਰਹਿੰਦੀ । ਦੀਵੇ ਦੀ ਲਾਟ ਵਿਚ ਉਂਜ ਲੋਅ ਘੱਟ ਹੁੰਦੀ ਤੇ ਧੂੰਆਂ ਬੇਸ਼ੁਮਾਰ । ਧੂੰਏਂ ਦੀ ਕਾਲਖ਼ ਸਾਹਾਂ ਰਾਹੀਂ ਨਾਸਾਂ ਵਿਚ ਵੜਦੀ ਰਹਿੰਦੀ । ... ਲੈਂਪ ਆਉਣ ਨਾਲ ਕਾਲਖ਼ ਤੋਂ ਕੁਝ ਛੁਟਕਾਰਾ ਹੋਇਆ ਪਰ ਹਰ ਰੋਜ਼ ਉਹਦੀ ਚਿਮਨੀ ਸਾਫ਼ ਕਰਨੀ ਪੈਂਦੀ । ਕਈ ਵਾਰ ਸ਼ੀਸ਼ਾ ਹੱਥ ਵਿਚ ਫਿਰ ਜਾਂਦਾ । ਲਹੂ ਬੰਦ ਨਾ ਹੁੰਦਾ । ਉਗੜਦੁਗੜੀ ਪੱਟੀ ਲਪੇਟ ਕੇ ਸਕੂਲ ਦਾ ਕੰਮ ਕਰਦੇ ਰਹਿੰਦੇ । ਇਕੋ ਲਾਟ ਦੇ ਦੁਆਲੇ ਅਸੀਂ ਤਿੰਨ ਚਾਰ ਜਣੇ ਬੈਠੇ ਹੁੰਦੇ । ਮੱਧਮ ਜਿਹੀ ਲੋਅ ਵਿਚ, ਮੌਸਮ ਤੋਂ ਬੇਖ਼ਬਰ ਅਸੀਂ ਉਜਲੇ ਭਵਿੱਖ ਵੱਲ ਵਧਣ ਦੀ ਕੋਸ਼ਿਸ਼ ਕਰੀ ਜਾਂਦੇ ਸਾਂ । ਜੱਟਾਂ ਦਾ ਪੂਰੋ (ਪੂਰਨ ਸਿੰਘ) ਵੀ ਸਾਡੇ ਘਰ ਹੀ ਬਹਿ ਕੇ ਪੜ੍ਹਦਾ ਸੀ । ਕਈ ਵਾਰੀ ਕੰਮ ਕਰਦਿਆਂ ਪੂਰੀ ਰਾਤ ਹੀ ਲੰਘ ਜਾਂਦੀ । ਉਦੋਂ ਪਤਾ ਲੱਗਦਾ ਜਦੋਂ ਪੂਰੋ ਦਾ ਚਾਚਾ ਹਰਨਾਮ ਸਿੰਘ ਗਲੀ ਵਿਚ ਆ ਕੇ ਉੱਚੀ ਸਾਰੀ ਵਾਜ ਮਾਰਦਾ, ''ਪੂਰੋ ਪਹੂ ।" ਉਹ 'ਪਸ਼ੂ' ਨੂੰ 'ਪਹੂ' ਕਹਿੰਦਾ ਸੀ । ਉਹਦਾ ਮਤਲਬ ਹੁੰਦਾ ਸੀ ਕਿ ਪੂਰਨ ਸਿੰਘ ਨੂੰ ਹੁਣ ਕਿਤਾਬਾਂ ਦਾ ਖਹਿੜਾ ਛੱਡ ਕੇ ਪਸ਼ੂਆਂ ਨਾਲ ਖੂਹ 'ਤੇ ਜਾਣਾ ਚਾਹੀਦਾ ਹੈ । ਉਹ ਚਲਿਆ ਜਾਂਦਾ ।

ਪੂਰਨ ਸਿੰਘ ਸਾਡੇ ਘਰ ਪੜ੍ਹਨ ਆ ਜਾਂਦਾ ਸੀ । ਅਸੀਂ ਉਨ੍ਹਾਂ ਦੇ ਘਰ ਲੱਸੀ ਪੀਣ ਚਲੇ ਜਾਂਦੇ ਸਾਂ । ਉਹ ਆਪਣੀ ਮਾਂ ਨੂੰ ਚਾਚੀ ਕਹਿੰਦਾ ਸੀ । ਸਾਡੀ ਵੀ ਉਹ ਚਾਚੀ ਹੀ ਸੀ । ਗੰਨੇ, ਦੋਧਾਂ ਛੱਲੀਆਂ, ਗੁੜ, ਦੁੱਧ, ਲੱਸੀ, ਮੱਖਣ... ਸਭ ਵਿਚ ਚਾਚੀ ਦਾ ਪਿਆਰ ਝਲਕਦਾ । ਅਸੀਂ ਤਾਂ ਓਧਰ ਜਾਂਦੇ ਰਹੇ ਪਰ ਪੂਰੋ ਦਾ ਸਾਡੇ ਆਉਣਾ ਘਟ ਗਿਆ । ਫੇਰ ਉਹ ਸਕੂਲੇ ਜਾਣੋਂ ਹੀ ਹਟ ਗਿਆ । ਵਾਹੀ ਦੇ ਕੰਮ ਵਿਚ ਪੈ ਗਿਆ । ਖੂਹ ਜੋਗਾ ਹੀ ਰਹਿ ਗਿਆ । ... ਪਿੱਛੋਂ ਉਹਨੇ ਰਾਜ ਮਿਸਤਰੀ ਦਾ ਕੰਮ ਸਿੱਖ ਲਿਆ । ਗੁਜ਼ਾਰਾ ਹੁੰਦਾ ਰਿਹਾ । ਉਮਰ ਵਧਦੀ ਗਈ । ਟੱਬਰ ਵਧਦਾ ਗਿਆ । ਮੈਂ ਪਿੰਡੋਂ ਦੂਰ ਸਾਂ । ਮੇਲ ਘੱਟ ਵੱਧ ਹੀ ਹੁੰਦਾ । ਰਿਟਾਇਰ ਹੋ ਕੇ ਜਦੋਂ ਮੈਂ ਪਿੰਡ ਚੱਕਰ ਮਾਰਿਆ ਤਾਂ ਪੂਰਨ ਸਿੰਘ ਨੂੰ ਉਹਦੇ ਘਰ ਮਿਲਣ ਗਿਆ । ਉਹ ਮੇਰੇ ਨਾਲੋਂ ਸਾਲ ਕੁ ਵੱਡਾ ਸੀ ਪਰ ਜ਼ਿਆਦਾ ਬਿਰਧ ਲੱਗ ਰਿਹਾ ਸੀ । ਖੁਸ਼ ਹੋ ਕੇ ਮਿਲਿਆ । ਫੇਰ ਉਦਾਸ ਜਿਹਾ ਹੋ ਕੇ ਕਹਿਣ ਲੱਗਾ, ''ਅਸੀਂ ਕਦੋਂ ਰਟੈਰ ਹੋਵਾਂਗੇ!''

ਪੂਰੋ ਕੇ ਘਰ ਵਿਚ ਬਿਜਲੀ ਦੀ ਜਗਮਗ ਸੀ ਪਰ ਦਿਲ ਵਿਚ ਕਿਸੇ ਪਛਤਾਵੇ ਦੀ ਕਾਲਖ਼ ਕਾਇਮ ਸੀ ।

••••••

18. ਨਾਟਕ ਚੇਟਕ

ਰੱਖੜ ਪੁੰਨਿਆਂ ਨੂੰ ਜੇਕਰ ਝੰਡਾ ਗੱਡ ਦਿੱਤਾ ਜਾਂਦਾ ਤਾਂ ਇਹ ਇਕ ਤਰ੍ਹਾਂ ਦਾ ਐਲਾਨ ਹੁੰਦਾ ਕਿ ਐਤਕੀਂ ਪਿੰਡ ਵਿਚ ਦੁਸਹਿਰਾ ਮਨਾਇਆ ਜਾਏਗਾ । ਦੁਸਹਿਰੇ ਤੋਂ ਪਹਿਲਾਂ ਰਾਮ ਲੀਲਾ । ਰਾਮ ਲੀਲਾ ਤੋਂ ਪਹਿਲਾਂ ਇਕਦੋ ਡਰਾਮੇ । ਦੁਸਹਿਰੇ ਤੋਂ ਬਾਅਦ ਭਰਤ ਮਿਲਾਵਾ । ਡੇਢਦੋ ਹਫ਼ਤਿਆਂ ਲਈ ਬੱਲੇਬੱਲੇ, ਸ਼ਾਵਾ ਸ਼ਾਵਾ ।

ਝੰਡਾ ਗੱਡਣ ਦੀ ਰਸਮ ਵੀ ਮੇਲੇ ਵਰਗੀ ਹੁੰਦੀ । ਲੰਮਸਲੰਮੇ ਬਾਂਸ ਉੱਤੇ ਕੱਪੜਾ ਚੜ੍ਹਾ ਕੇ ਧੁਰ ਉੱਤੇ ਕੇਸਰੀ ਨਿਸ਼ਾਨ ਲਹਿਰਾਇਆ ਜਾਂਦਾ । ਕਿਸੇ ਜਵਾਨ ਦੁਆਰਾ ਗੁਰਜ ਵਾਂਗ ਮੋਢੇ 'ਤੇ ਟਿਕਾਇਆ ਜਾਂਦਾ । ਮੂਹਰੇ ਢੋਲ ਵਜਾਇਆ ਜਾਂਦਾ । ਇਹ ਜਲੂਸ ਜਿਥੋਂ ਦੀ ਲੰਘਦਾ, ਲੋਕ ਝੰਡੇ ਦੇ ਬਾਂਸ ਨੂੰ ਰੱਖੜੀਆਂ ਬੰਨ੍ਹਦੇ । ਝੰਡੇ ਨੂੰ ਮੱਥਾ ਟੇਕਦੇ । ਰਾਮ ਲੀਲਾ ਦਾ ਚੰਦਾ ਦਿੰਦੇ । ... ਇਹ ਯਾਤਰਾ ਦੁਸਹਿਰਾ ਗਰਾਊਂਡ ਵਿਚ ਜਾ ਕੇ ਮੁੱਕਦੀ । 'ਸੀਆ ਪਤੀ ਰਾਮ ਚੰਦਰ ਕੀ ਜੈ' ਦੇ ਜੈਕਾਰਿਆਂ ਦੀ ਗੂੰਜ ਨਾਲ ਝੰਡਾ ਗੱਡ ਦਿੱਤਾ ਜਾਂਦਾ । ਕਰਮ ਸ਼ੁਰੂ ਹੋ ਜਾਂਦਾ ਅਤੇ ਫਲ ਉੱਪਰ ਵਾਲੇ 'ਤੇ ਛੱਡ ਦਿੱਤਾ ਜਾਂਦਾ ।

ਇਲਾਕੇ ਨੂੰ ਖ਼ਬਰ ਹੋ ਜਾਂਦੀ । ਉਡੀਕ ਸ਼ੁਰੂ ਹੋ ਜਾਂਦੀ । ਤਿਆਰੀ ਸ਼ੁਰੂ ਹੋ ਜਾਂਦੀ । ਪਾਤਰ ਚੁਣੇ ਜਾਂਦੇ । ਪਾਰਟ ਵੰਡੇ ਜਾਂਦੇ । ਪਾਰਟ ਲਿਖੇ ਜਾਂਦੇ । ਯਾਦ ਕੀਤੇ ਜਾਂਦੇ । ਰਿਹਰਸਲਾਂ ਸ਼ੁਰੂ ਹੋ ਜਾਂਦੀਆਂ । ਦਿਨ ਮਾਇਆ ਦੇ ਲੇਖੇ । ਰਾਤਾਂ ਰਾਮ ਦੇ ਲੇਖੇ । ਮੁੱਖ ਮੇਲੇ ਦੇ ਨਾਲ ਨਾਲ ਬੱਚੇ ਆਪਣੀ ਲੀਲਾ ਰਚਾਈ ਰੱਖਦੇ । ਆਪੋ ਆਪਣੇ ਗਲੀ ਮੁਹੱਲੇ ਵਿਚ ਸਮਾਨੰਤਰ ਜੋਤ ਜਗਾਈ ਰੱਖਦੇ ।

•••

ਬਾਕੀ ਗੱਲਾਂ ਬਾਅਦ ਵਿਚ । ਪਹਿਲਾਂ ਆਪਣੀ ਗੱਲ ਕਰ ਲਈ ਜਾਏ । ਹਾਂ, ਤੇ ਮੇਰਾ ਆਪਣਾ ਇਸ ਲੀਲਾ ਵਿਚ ਸਿਰਫ਼ ਏਨਾ ਰੋਲ ਹੁੰਦਾ ਸੀ ਕਿ ਮੈਂ ਸਾਰੇ ਪਾਤਰਾਂ ਦੇ, ਵੱਖ ਵੱਖ ਕਾਪੀਆਂ ਉੱਤੇ ਪਾਰਟ ਲਿਖ ਦਿਆਂ । ਕਿਸੇ ਲਈ ਦੇਵਨਾਗਰੀ 'ਚ । ਕਿਸੇ ਲਈ ਗੁਰਮੁਖੀ 'ਚ । ਉਹਨਾਂ ਦੀ ਸਹੂਲੀਅਤ ਅਨੁਸਾਰ । ਰਾਮ ਦਾ ਪਾਰਟ ਸਭ ਤੋਂ ਲੰਬਾ ਸੀ, ਸ਼ਤਰੂਘਨ ਦਾ ਸਭ ਤੋਂ ਛੋਟਾ । ਮੈਂ ਇਹ ਕੰਮ ਪੂਰੇ ਮਨ ਨਾਲ, ਰਾਤਾਂ ਝਾਗ ਝਾਗ ਕੇ, ਕਰਦਾ ਸਾਂ, ਕਿਉਂਕਿ 'ਵੱਡਿਆਂ' ਨੇ ਮੇਰੀ ਲਿਖਾਈ ਦੀ ਵਡਿਆਈ ਕਰਕੇ ਫੂਕ ਛਕਾਈ ਹੁੰਦੀ ਸੀ । ਮੈਂ ਹੁਬ-ਹੁਬ ਕੇ ਸੋਹਣਾ ਲਿਖਣ ਦੀ ਕੋਸ਼ਿਸ਼ ਕਰਦਾ । ਜੇਕਰ ਪੂਰੇ ਵਰਕੇ ਵਿਚ ਇਕ ਵੀ ਗਲਤੀ ਹੋ ਜਾਂਦੀ ਤਾਂ ਨਵੇਂ ਸਿਰਿਓਂ ਸ਼ੁਰੂ ਕਰ ਦਿੰਦਾ । 'ਧਰਮ' ਦੇ ਕੰਮ ਤੋਂ ਅੱਕਦਾ ਨਹੀਂ ਸਾਂ । ਥੱਕਦਾ ਨਹੀਂ ਸਾਂ । ਉਹ ਮਸਤੀ ਇਸ ਮਨ ਦੀ ਮਿੱਟੀ ਵਿਚ ਝੰਡੇ ਵਾਂਗੂੰ ਧੱਸੀ ਪਈ ਹੈ ਤੇ ਅੱਧੀ ਤੋਂ ਵੱਧ ਰਮਾਇਣ 'ਦਾਸ' ਦੀ ਸਿਮਰਤੀ ਵਿਚ ਵਸੀ ਪਈ ਹੈ ।

ਦੋ ਰਮਾਇਣਾਂ ਤੋਂ ਰਾਮ ਲੀਲਾ ਦੇ ਸੰਵਾਦ ਲਏ ਜਾਂਦੇ । ਇਕ ਰਮਾਇਣ ਤਾਂ ਹੈ ਹੀ ਨਾਟਕ, ਜੋ ਜਸਵੰਤ ਸਿੰਘ ਟੋਹਾਣਵੀ ਦੀ ਲਿਖੀ ਹੋਈ ਹੈ । ਇਸ ਦੀ ਭਾਸ਼ਾ ਹਿੰਦੁਸਤਾਨੀ ਹੈ ਅਤੇ ਲੋੜ ਮੁਤਾਬਕ ਗੀਤ ਵੀ ਸ਼ਾਮਲ ਹਨ । ਸੰਵਾਦ ਲੈਅ ਵਿਚ ਹਨ ਅਤੇ ਦਿਲਚਸਪ ਵੀ । ਮਿਸਾਲ ਵਜੋਂ 'ਸੀਤਾ ਹਰਣ' ਵਾਲੇ ਦਿ੍ਸ਼ ਵਿਚ ਸਾਧੂ ਦੇ ਭੇਖ ਵਿਚ ਆਇਆ ਰਾਵਣ ਜਦੋਂ ਸੀਤਾ ਨੂੰ ਲੰਕਾ ਦਾ ਲਾਲਚ ਵਿਖਾ ਕੇ ਪਟਰਾਣੀ ਬਣਾਉਣ ਦੀ ਪੇਸ਼ਕਸ਼ ਕਰਦਾ ਹੈ ਤਾਂ ਸੀਤਾ ਨਿਰੋਲ ਪੰਜਾਬੀ ਲਹਿਜ਼ੇ ਵਿਚ ਉਹਨੂੰ ਝਾੜ ਕੇ ਬਿਠਾ ਦਿੰਦੀ ਹੈ :

''ਆਗ ਲਗੇ ਤੇਰੀ ਲੰਕਾ ਕੋ
ਔਰ ਚੁੱਲ੍ਹੇ ਮੇਂ ਪੜੇ ਤੂ...''

ਏਸੇ ਤਰ੍ਹਾਂ ਰਾਣੀ, ਕੈਕੇਈ ਜਦੋਂ ਦਸ਼ਰਥ ਕੋਲੋਂ ਆਪਣੀ ਗੱਲ ਧੱਕੇ ਨਾਲ ਮੰਨਵਾਉਣਾ ਚਾਹੁੰਦੀ ਹੈ ਤਾਂ ਆਪਣੇ ਇਰਾਦੇ ਦੀ ਦਿ੍ੜ੍ਹਤਾ ਨੂੰ ਇਸ ਢੀਠਤਾ ਨਾਲ ਜ਼ਾਹਿਰ ਕਰਦੀ ਹੈ :

''ਜ਼ਮੀਂ ਬਦਲੇ ਜ਼ਮਾਂ ਬਦਲੇ
ਮਕੀਂ ਬਦਲੇ ਮਕਾਂ ਬਦਲੇ
ਮਗਰ ਹੈਫ ਹੈ ਜੋ ਕੈਕੇਈ ਕੀ ਜ਼ੁਬਾਂ ਬਦਲੇ''

ਦੂਸਰੀ ਰਮਾਇਣ ਪੰਡਤ ਰਾਧੇ ਸ਼ਾਮ ਕਥਾ ਵਾਚਕ ਦੀ ਰਚੀ ਹੋਈ ਹੈ । ਇਸ ਨੂੰ ਮੌਲਿਕ ਰਚਨਾ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਗੋਸਵਾਮੀ ਤੁਲਸੀ ਦਾਸ ਦੁਆਰਾ ਰਚਿਤ 'ਰਾਮ ਚਰਿਤ ਮਾਨਸ' ਦਾ ਸਰਲ ਕਾਵਿਰੂਪਾਂਤਰ ਹੀ ਹੈ ਪ੍ਰੰਤੂ ਇਸ ਦੀ ਸ਼ੈਲੀ ਮੌਲਿਕ ਹੈ । ਅੱਤ ਦੀ ਰੌਚਕ । ਧਨੁਸ਼ ਤੋੜਨ ਵਾਲੇ ਸੀਨ ਵਿਚ ਜਦੋਂ ਪਰਸ ਰਾਮ ਕੁਹਾੜੇ ਵਰਗੀ ਜੀਭ ਨਾਲ ਰਾਮ ਨੂੰ ਛਾਂਗਣ ਦਾ ਯਤਨ ਕਰਦਾ ਹੈ ਤਾਂ ਰਾਮ ਦੀ ਨਿਰਮਾਣਤਾ ਬੋਲਦੀ ਹੈ:

ਮੈਂ 'ਰਾਮ' ਆਪ ਹੈਂ 'ਪਰਸ ਰਾਮ',
ਬਤਲਾਉ ਕਿਸਕਾ ਨਾਮ ਬੜਾ ।
ਬਸ ਵਹ ਹੀ ਬੜਾ ਕਹਾਤਾ ਹੈ,
ਹੋਤਾ ਹੈ ਜਿਸਕਾ ਨਾਮ ਬੜਾ ।

ਪਰ ਪਰਸ ਰਾਮ ਲਛਮਣ ਦੇ ਵਿਅੰਗ ਬਾਣਾਂ ਤੋਂ ਖਿਝ ਕੇ ਰਾਮ ਨੂੰ ਕਹਿੰਦਾ :

ਛੋਟਾ ਭਾਈ ਤੋ ਬਾਰ ਬਾਰ ਅੰਗਾਰੇ ਮੁਝ ਪਰ ਫੇਂਕ ਰਹਾ ।
ਤੂ ਮੀਠੀ ਮੀਠੀ ਬਾਤੋਂ ਸੇ ਮੇਰੀ ਚੋਟੋਂ ਕੋ ਸੇਂਕ ਰਹਾ ।

ਅਤੇ ਗੁੱਸੇ ਵਿਚ ਆ ਕੇ ਕੁਹਾੜਾ ਲਛਮਣ ਦੇ ਸਿਰ ਵਿਚ ਮਾਰਨ ਲਗਦਾ ਹੈ ਤਾਂ ਵਿਸ਼ਵਾਮਿਤਰ ਮੂਹਰੇ ਹੋ ਕੇ ਆਖਦਾ ਹੈ ਕਿ ਬੱਚਾ ਸਮਝ ਕੇ ਲਛਮਣ ਨੂੰ ਮਾਫ਼ ਕਰ ਦਿਓ ਕਿਉਂਕਿ ਇਹ ਛੋਟਾ ਹੈ । ਇਸ ਤੋਂ ਉਹ ਹੋਰ ਤਾਅ ਖਾ ਜਾਂਦਾ ਹੈ:

ਕਿਆ ਕਹਿਤੇ ਹੋ ਯਹ ਛੋਟਾ ਹੈ?
ਯਹ ਅਤੀ ਢੀਠ ਔਰ ਖੋਟਾ ਹੈ ।
ਸੋਨੇ ਕੇ ਲੋਟੇ ਮੇਂ ਵਿਸ਼ ਹੈ,
ਜੋ ਦੂਧ ਮਿਲਾ ਕੇ ਘੋਟਾ ਹੈ ।

ਇਹ ਸਰਲ ਅਤੇ ਰੌਚਕ ਡਾਇਲਾਗ ਬੱਚਿਆਂ ਨੂੰ ਵੀ ਯਾਦ ਹੋ ਜਾਂਦੇ ਅਤੇ ਉਹ ਬੱਚਿਆਂ ਵਰਗੀ ਸਾਦਗੀ ਨਾਲ ਵੇਲੇਕੁਵੇਲੇ ਬੋਲਦੇ ਰਹਿੰਦੇ । ਬੱਚਿਆਂ ਨੂੰ ਸਾਹਿਤ ਤੱਕ ਪਹੁੰਚਾਉਣ ਦਾ ਇਹ ਵੀ ਇਕ ਤਰੀਕਾ ਹੈ ।

ਕਿਤਾਬ ਵਿਚੋਂ ਕਾਪੀ ਉੱਤੇ ਉਤਾਰਾ ਕਰਦਿਆਂ ਮੈਂ ਕੁਝ ਵਧਾ ਘਟਾ ਵੀ ਦੇਂਦਾ ਸੀ । ਇਸ ਨੂੰ ਚਲਾਕੀ ਕਹੋ ਜਾਂ ਹੁਸ਼ਿਆਰੀ । ਕਿਤੇ ਕਿਤੇ ਕੋਈ ਸਤਰ ਮੈਂ ਆਪਣੇ ਵਲੋਂ ਜੋੜ ਦੇਂਦਾ ਸਾਂ । ਸੰਵਾਦ ਨੂੰ ਚੁਸਤ ਬਣਾਉਣ ਲਈ ਵਰਤੀ ਗਈ ਇਹ ਚੁਸਤੀ ਕਿਸੇ ਕੋਲੋਂ ਫੜੀ ਨਹੀਂ ਸੀ ਜਾਂਦੀ ਕਿਉਂਕਿ ਪੁਸਤਕ ਤਾਂ ਕਦੇ ਪੜ੍ਹੀ ਨਹੀਂ ਸੀ ਜਾਂਦੀ ।

•••

ਜਿੰਨੇ ਦਿਨ ਰਾਮਲੀਲਾ ਚੱਲਦੀ, ਰਾਮ ਤੇ ਲਛਮਣ ਬਣਨ ਵਾਲੇ ਮੁੰਡਿਆਂ ਨੂੰ ਲੋਕੀਂ 'ਠਾਕਰ ਜੀ' ਕਹਿ ਕੇ ਸਤਿਕਾਰ ਦੇਂਦੇ । ਪਿਓਦਾਦੇ ਦੇ ਹਾਣੀ ਬਜ਼ੁਰਗ ਵੀ ਉਨ੍ਹਾਂ ਅੱਗੇ ਹੱਥ ਜੋੜਦੇ । 'ਬਨਵਾਸ' ਵਾਲੀ ਰਾਤ ਤੋਂ ਤਾਂ 'ਰਾਮਲਛਮਣਜਾਨਕੀ' ਆਪਣੇ ਘਰਾਂ ਵਿਚ ਹੀ ਨਹੀਂ ਆਉਂਦੇ ਸਨ । ਸੁਣਿਆ ਹੈ ਕਿ 'ਬ੍ਰਹਮਚਰਯ' ਨਿਭਾਉਂਦੇ ਸਨ । 'ਕੰਦ ਮੂਲ' ਖਾਂਦੇ ਸਨ, ਧਰਤੀ 'ਤੇ ਸੌਂਦੇ ਸਨ । ਉਂਜ ਕਹਿੰਦੇ ਤਾਂ ਇਹ ਵੀ ਹਨ ਕਿ ਵੇਖਣਸੁਣਨ ਵਿਚ ਫ਼ਰਕ ਹੁੰਦਾ ਹੈ । ਕੋਈ ਸਮੁੰਦਰ ਵਿਚ ਵੀ ਅਲੇਪ ਰਹਿੰਦਾ ਹੈ, ਕੋਈ ਚੁਬੱਚੇ ਵਿਚ ਵੀ ਗਰਕ ਹੁੰਦਾ ਹੈ । ਉਦੋਂ ਤਾਂ ਸਭ ਕੁਝ ਸੱਚ ਸੀ ਸਾਡੇ ਭਾਣੇ । ਅੱਗੋਂ ਠਾਕਰ ਦੀਆਂ ਠਾਕਰ ਜਾਣੇ ।

ਨਾਟਕ ਚੇਟਕ ਦਾ ਵਰਤਾਰਾ ਵੇਖਣ ਵਾਲਾ ਹੁੰਦਾ । ਹਰ ਘਰ ਦਾ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਢੰਗ ਨਾਲ ਇਸ ਮੁਹਿੰਮ ਵਿਚ ਜੁਟਿਆ ਹੁੰਦਾ । ਸਧਾਰਨ ਜਿਹੇ ਦੀਂਹਦੇ ਬੰਦਿਆਂ ਵਿਚ ਕਲਾਕਾਰ ਕਿਵੇਂ ਜਾਗ ਪੈਂਦਾ, ਪਤਾ ਹੀ ਨਾ ਲੱਗਦਾ । ਵੱਖਵੱਖ ਕੰਮਾਂਧੰਦਿਆਂ ਵਾਲੇ ਲੋਕ ਸਾਂਝੀ ਸਟੇਜ 'ਤੇ ਆ ਕੇ ਵੱਖਰਾ ਹੀ ਰੂਪ ਧਾਰ ਲੈਂਦੇ । ਉਸ ਰੂਪ ਵਿਚ ਉਨ੍ਹਾਂ ਦੇ ਚਿਹਰਿਆਂ ਉਤੇ ਅਜਬ ਕਿਸਮ ਦਾ ਜਲੌਅ ਹੁੰਦਾ । ਉਨ੍ਹਾਂ ਦੀ ਆਵਾਜ਼ ਵਿਚ ਜਾਦੂਮਈ ਪ੍ਰਭਾਵ ਹੁੰਦਾ । ਉਨ੍ਹਾਂ ਦੇ ਅੰਗਾਂ ਦੀਆਂ ਹਰਕਤਾਂ ਦਾ ਰਹੱਸਮਈ ਭਾਵ ਹੁੰਦਾ । ਵੇਖਣ ਵਾਲਿਆਂ ਦਿਆਂ ਦਿਲਾਂ ਉੱਤੇ ਰਾਮਲੀਲਾ ਦੇ ਦਿ੍ਸ਼ ਪੂਰੀ ਤਰ੍ਹਾਂ ਛਾਏ ਲਗਦੇ । ਮੰਚ ਉੱਤੇ ਤੁਰ ਫਿਰ ਰਹੇ ਆਪਣੇ ਹੀ ਪਿੰਡ ਦੇ ਬੰਦੇ ਕਿਸੇ ਅਲੋਕਾਰ ਦੁਨੀਆ 'ਚੋਂ ਆਏ ਲੱਗਦੇ ।

ਜਿਸ ਪਰਿਵਾਰ ਦੇ ਕਿਸੇ ਇਕ ਜੀਅ ਨੂੰ ਵੀ ਕੋਈ ਰੋਲ ਨਾ ਮਿਲਦਾ ਉਹ ਟੱਬਰ ਖ਼ੁਦ ਨੂੰ ਛੇਕਿਆ ਹੋਇਆ ਸਮਝਦਾ । ਇਕ ਵਾਰੀ ਪੂਰਨ ਭੋਜੋਵਾਲੀਏ ਨੇ ਰੋਲ ਲੈਣ ਦੀ ਜ਼ਿੱਦ ਫੜ ਲਈ । ਉਹ ਸੋਹਣਾ ਸੀ । ਸੁਨੱਖਾ ਸੀ । ਟੌਹਰ ਨਾਲ ਟਾਂਗਾ ਵਾਹੁੰਦਾ ਸੀ । ਸਟੇਜ ਉੱਤੇ ਆਉਣਾ ਚਾਹੁੰਦਾ ਸੀ ਪਰ ਪੜ੍ਹਿਆ ਹੋਇਆ ਨਹੀਂ ਸੀ । ਹਿੰਦੀ ਬੋਲ ਨਹੀਂ ਸੀ ਸਕਦਾ । ਬੜਾ ਸਮਝਾਇਆ ਗਿਆ ਪਰ ਉਹ ਜ਼ਿੱਦ 'ਤੇ ਅੜ ਗਿਆ । ਅਖ਼ੀਰ ਉਹਦੇ ਘੁਲਣ ਦੇ ਸ਼ੌਕ ਮੁਤਾਬਕ ਉਹਨੂੰ ਬਾਲੀ ਦਾ ਪਾਰਟ ਦਿੱਤਾ ਗਿਆ । ਉਹਨੇ ਬੱਸ ਸੁਗਰੀਵ ਨੂੰ ਕੁੱਟਣਾ ਸੀ । ਦੋ ਤਿੰਨ ਵਾਰੀ ਉਹਨੂੰ ਧੋਬੀ ਪਟੜਾ ਮਾਰ ਕੇ ਭੁੰਜੇ ਸੁੱਟਣਾ ਸੀ । ਅਖ਼ੀਰ ਰਾਮ ਚੰਦਰ ਦੇ ਧੋਖੇ ਵਾਲੇ ਤੀਰ ਨਾਲ ਜ਼ਖ਼ਮੀ ਹੋ ਕੇ ਡਿੱਗਣਾ ਸੀ ਤੇ ਮਰਿਆਦਾਪੁਰਸ਼ੋਤਮ ਨੂੰ ਵਿਤਕਰਾ ਕਰਨ ਦਾ ਮਿਹਣਾ ਮਾਰਨਾ ਸੀ । ਬਾਕੀ ਸਾਰੇ ਸੰਵਾਦ ਕੱਟ ਕੇ ਉਹਨੂੰ ਸਿਰਫ਼ ਇਹ ਦੋ ਸਤਰਾਂ ਰਟਾਈਆਂ ਗਈਆਂ :

''ਮੈਂ ਬੈਰੀ ਸੁਗਰੀਵ ਪਿਆਰਾ!
ਕਾਰਨ ਕਵਣ ਨਾਥ ਮੋਹੇ ਮਾਰਾ?''

ਪ੍ਰਸੰਗ ਅਨੁਸਾਰ ਇਹਦੇ ਅਰਥ ਵੀ ਸਮਝਾ ਦਿੱਤੇ ਗਏ । ਸਟੇਜ ਉੱਤੇ ਐਕਸ਼ਨ ਤਾਂ ਉਹਨੇ ਕਮਾਲ ਦੇ ਕੀਤੇ ਪ੍ਰੰਤੂ ਬੋਲਣ ਦੇ ਮੌਕੇ ਡਾਇਲਾਗ ਭੁੱਲ ਗਿਆ । ਅਰਥ ਉਹਨੂੰ ਯਾਦ ਸਨ । ਮੌਕਾ ਸੰਭਾਲਦਿਆਂ ਪੂਰੇ ਗੁੱਸੇ ਨਾਲ ਚੀਕਿਆ:

'ਉਏ ਮੈਂ ਤੇਰੇ ਪਿਓ ਦੇ ਮਾਂਹ ਮਾਰੇ ਸਨ? ਮੈਨੂੰ ਕਿਉਂ ਮਾਰਿਆ ਈ?' ਉਹਦਾ ਇਹ ਮੌਲਿਕ ਡਾਇਲਾਗ ਕਈ ਦਹਾਕੇ ਬੀਤਣ ਬਾਅਦ ਵੀ ਲੋਕਾਂ ਨੂੰ ਅਜੇ ਤੱਕ ਨਹੀਂ ਭੁੱਲਿਆ । ਯਾਦ ਕਰਕੇ ਅਜੇ ਵੀ ਹੱਸਦੇ ਹਨ । ਹੱਸਹੱਸ ਕੇ ਇਹੋ ਜਿਹੇ ਕਈ ਹੋਰ ਕਿੱਸੇ ਵੀ ਦੱਸਦੇ ਹਨ । ਦੱਸਦੇ ਹਨ ਕਿ ਇਕ ਵਾਰੀ ਹਨੂੰਮਾਨ ਬਣੇ ਕਲਾਕਾਰ ਨੇ ਉਪਰੋਂ ਰੱਸੇ ਤੋਂ ਤਿਲਕ ਕੇ ਹੇਠਾਂ ਉਤਰਨਾ ਸੀ ਤਾਂ ਕਿ ਉਡ ਕੇ ਆਉਣ ਦਾ ਭੁਲੇਖਾ ਪਾ ਸਕੇ । ਟੋਕਰੇ ਉੱਤੇ ਪੱਤਿਆਂ ਵਾਲੀਆਂ ਟਾਹਣੀਆਂ ਅਤੇ ਜਗਦੀਆਂ ਮੋਮਬੱਤੀਆਂ ਗੱਡ ਕੇ 'ਪਹਾੜ' ਤਲੀ 'ਤੇ ਚੁੱਕਿਆ ਹੋਇਆ ਸੀ । ਪ੍ਰਬੰਧ ਪੱਕੇ ਸਨ ਪ੍ਰੰਤੂ ਰੱਸਾ ਕੱਚਾ ਨਿਕਲਿਆ । ਹਨੂੰਮਾਨ ਨੇ ਰੱਸਾ ਫੜੀ ਰੱਖਿਆ ਪਰ ਪਹਾੜ ਡਿੱਗ ਪਿਆ । ... ਉਹ ਤਾਂ ਭਲਾ ਹੋਏ ਵਿਭੀਸ਼ਣ ਦਾ ਜਿਹਨੇ ਮੌਕਾ ਸੰਭਾਲਿਆ ਤੇ ਹਨੂੰਮਾਨ ਦੇ ਪੁੱਜਣ ਤੋਂ ਪਹਿਲਾਂ ਹੀ 'ਸੰਜੀਵਨੀ' ਵਾਲੇ ਟੋਕਰੇ ਨੂੰ ਸੁਖੈਣ ਵੈਦ ਲਾਗੇ ਕਰ ਦਿੱਤਾ । 'ਘਰ ਦੇ ਭੇਤੀ' ਨੇ ਲੰਕਾ ਢਾਹੁਣ ਦਾ ਸੰਕੇਤ ਦੇ ਦਿੱਤਾ ਸੀ । ਕਲਾਕਾਰਾਂ ਦੇ ਫੌਰੀ ਕੌਤਕ ਕਈ ਵਾਰੀ ਨਾਟਕ ਨੂੰ ਹੋਰ ਵੀ ਨਾਟਕੀ ਬਣਾ ਦਿੰਦੇ ਹਨ ।

ਰਾਮ ਲੀਲਾ ਦੀ 'ਲਛਮਣ ਮੂਰਛਾ' ਵਾਲੀ 'ਨਾਈਟ' ਵੇਖਣ ਲਈ ਸਭ ਤੋਂ ਵੱਧ ਭੀੜ ਜੁੜਦੀ । ਲੀਲਾ ਸ਼ੁਰੂ ਹੋਣ ਤੋਂ ਕਈਕਈ ਘੰਟੇ ਪਹਿਲਾਂ ਲੋਕੀਂ ਜਗ੍ਹਾ ਮੱਲ ਲੈਂਦੇ । ਕੋਈ ਬੋਰੀ ਵਿਛਾ ਦੇਂਦਾ, ਕੋਈ ਪੀੜ੍ਹੀ ਡਾਹ ਦੇਂਦਾ । ਇੱਟ ਰੱਖ ਕੇ ਵੀ ਥਾਂ ਰਿਜ਼ਰਵ ਹੋ ਜਾਂਦੀ । ਨਿਆਣਿਆਂ ਨੂੰ ਰਾਖਵੀਂ ਥਾਂ ਦਾ ਧਿਆਨ ਰੱਖਣ ਲਈ ਤੈਨਾਤ ਕੀਤਾ ਜਾਂਦਾ । ... ਇਹ ਰਾਤ ਇਸ ਲਈ ਵੀ ਮਹੱਤਵਪੂਰਨ ਸੀ ਕਿ ਇਸ ਦੌਰਾਨ ਬਖਸ਼ੀਸ਼ ਸਿੰਘ ਨੇ ਮੇਘਨਾਦ ਦਾ ਰੋਲ ਨਿਭਾਉਣਾ ਹੁੰਦਾ ਸੀ । ਪਿੰਡ ਵਿਚ ਜੱਟਾਂ ਦਾ ਇਕੋ ਇਕ ਘਰ ਸੀ । ਬਖ਼ਸ਼ੀਸ਼ ਇਕੋ ਇਕ ਸਿੱਖ ਅਦਾਕਾਰ ਸੀ । ਜਦੋਂ ਵਾਲ ਖੁੱਲ੍ਹੇ ਛੱਡ ਕੇ, ਦੋ ਨੰਗੀਆਂ ਤਲਵਾਰਾਂ ਨਾਲ, ਗਤਕਾ ਖੇਡਦਾ ਤਾਂ ਦਰਸ਼ਕਾਂ ਦੇ ਸਾਹ ਸੂਤੇ ਜਾਂਦੇ । ਲਛਮਣ ਦੇ ਰੋਲ ਵਿਚ ਪਾਂਧਿਆਂ ਦਾ ਬੈਕੁੰਠ ਮਾਂਦ ਪੈ ਜਾਂਦਾ ਸੀ । ਨਿੱਕੇ ਜਿਹੇ ਰੋਲ ਨਾਲ ਹੀ ਬਖਸ਼ੀਸ਼ ਮੇਲਾ ਲੁਟ ਕੇ ਲੈ ਜਾਂਦਾ ਸੀ ।

ਦੂਜੀ ਖਿੱਚ ਸੀ : ਰਾਮ ਦਾ ਵਿਰਲਾਪ । ਰਾਵਣ ਦਾ ਸ਼ਹਿਜ਼ਾਦਾ ਮੇਘਨਾਦ ਜਦੋਂ ਸੈਨਾ ਦੀ ਕਮਾਨ ਸੰਭਾਲ ਕੇ ਲੜਨ ਲਈ ਲਲਕਾਰਨ ਲੱਗਦਾ ਤਾਂ ਲਛਮਣ ਆਪਣੇ ਵੱਡੇ ਭਰਾ ਰਾਮ ਨੂੰ ਤਰਲਾ ਮਾਰਦਾ ਕਿ ਇਹਦੇ ਨਾਲ ਮੈਨੂੰ ਭਿੜਨ ਦਿਓ, ਤੁਸੀਂ ਰਾਵਣ ਨਾਲ ਦੋਦੋ ਹੱਥ ਕਰ ਲੈਣਾ । ਰਾਮ ਭੂਤਭਵਿੱਖ ਦਾ ਜਾਣੀਜਾਣ ਹੈ । ਉਹ ਲਛਮਣ ਨੂੰ ਮੇਘਨਾਦ ਦਾ ਮੁਕਾਬਲਾ ਕਰਨ ਤੋਂ ਵਰਜਦਾ ਹੈ । ਅਦਾਕਾਰ ਤਾਂ ਐਵੇਂ ਹੱਥ ਮੂੰਹ ਹਿਲਾਉਂਦਾ ਹੈ, ਦਰਅਸਲ ਪਰਦੇ ਪਿੱਛੋਂ ਕਿੱਸੀ ਪੰਡਤ ਗਰਜਦਾ ਹੈ :

ਯੁੱਧ ਕਰਨ ਨਾ ਜਾਈਂ ਲਛਮਣਾ, ਮਾਨ ਮੇਰਾ ਕਹਿਣਾ ।
ਤੇਜ ਨਹੀਂ ਬਰਛੀ ਦਾ ਸਹਿਣਾ¨
ਵੀਰਾ ਵੇ! ਬਰਛੀ ਚਮਕ ਰਹੀ ਆ ਥਲ ਮੇਂ ।
ਇੰਦਰਜੀਤ ਯੋਧਾ ਖੜ੍ਹਾ, ਭਰਾ ਪੜ੍ਹਾ ਛਲ ਮੇਂ ।
ਮਾਰ ਦਏ ਤੈਨੂੰ ਇਕ ਪਲ ਮੇਂ ।
ਜਾਮਵੰਤ, ਨਲ ਨੀਲ, ਅੰਗਦ ਸਭ ਦੌੜ ਜਾਣਗੇ ਦੌੜ ਜਾਵੇਗਾ ਹਨੂਮਾਨ,
ਕੋਲ ਤੇਰੇ ਕਿਸੇ ਵੀ ਨਹੀਉਂ ਰਹਿਣਾ ।
ਯੁੱਧ ਕਰਨ ਨਾ ਜਾਈਂ ਲਛਮਣਾ । ਮਾਨ ਮੇਰਾ ਕਹਿਣਾ ।
ਤੇਜ ਨਹੀਂ ਬਰਛੀ ਦਾ ਸਹਿਣਾ ।

ਲਛਮਣ ਜਿੱਦ ਕਰਕੇ ਯੁੱਧ ਲਈ ਚਲਾ ਜਾਂਦਾ ਹੈ । ਬਹਾਦਰੀ ਨਾਲ ਲੜਦਾ ਹੈ । ਪਰ ਮੇਘਨਾਦ ਕੋਲ ਬ੍ਰਹਮਾ ਦੀ ਦਿੱਤੀ ਹੋਈ ਵਰਦਾਨੀ ਬਰਛੀ ਹੈ । ਉਸ ਦੇ ਵਾਰ ਨਾਲ ਮੂਰਛਿਤ ਹੋ ਕੇ ਡਿੱਗ ਪੈਂਦਾ ਹੈ । ਅਗਲਾ ਦਿ੍ਸ਼ ਰਾਮ ਦੇ ਵਿਰਲਾਪ ਵਾਲਾ ਹੈ, ਜੋ ਪੱਥਰਾਂ ਨੂੰ ਵੀ ਪਿਘਲਾ ਦੇਂਦਾ ਹੈ :

ਕਿਉਂ ਮੈਨੂੰ ਛੱਡ ਚੱਲਿਐਂ ਲਛਮਣਾ,
ਪਿਆਰ ਤੂੰ ਸਾਰੇ ਤੋੜ ਕੇ ।
ਬੈਠ ਕਿਨਾਰੇ ਛਮ ਛਮ ਰੋਵਾਂ,
ਹੱਥੀਂ ਬੇੜੀ ਰੋੜ੍ਹ ਕੇ... ।

ਅਯੁੱਧਿਆ ਦੇ ਰਾਜ ਕੁਮਾਰ ਜੰਗਲ 'ਚ ਰੁਲ ਰਹੇ ਹਨ । ਭਰਾ ਦਾ ਵਿਛੋੜਾ ਪੈ ਗਿਆ ਹੈ । ਇਲਾਜ ਦਾ ਕੋਈ ਪ੍ਰਬੰਧ ਨਹੀਂ । ਮਸਲਾ ਗੰਭੀਰ ਹੈ । ਨੇੜੇ ਤੇੜੇ ਕੋਈ ਵੈਦ ਹਕੀਮ ਨਹੀਂ । ਘਰ ਦਾ ਭੇਤੀ ਦੱਸਦਾ ਹੈ ਕਿ ਲੰਕਾ ਦਾ ਸ਼ਾਹੀ ਵੈਦ 'ਸੁਖੈਣ' ਇਸ ਔਖੀ ਘੜੀ ਵਿਚ ਕੰਮ ਆ ਸਕਦਾ ਹੈ । ਹਨੂੰਮਾਨ ਉੱਡ ਕੇ ਜਾਂਦਾ ਹੈ ਅਤੇ ਸੁਖੈਣ ਨੂੰ ਸੁੱਤੇ ਨੂੰ ਚੁੱਕ ਲਿਆਉਂਦਾ ਹੈ । ਅੱਖ ਖੁੱਲ੍ਹਣ 'ਤੇ ਪਤਾ ਲੱਗਦਾ ਹੈ ਕਿ ਉਹ ਦੁਸ਼ਮਣ ਦੇ ਕੈਂਪ ਵਿਚ ਹੈ । ਲੰਕਾ ਦਾ ਸ਼ਾਹੀ ਵੈਦ ਹੋਣ ਕਰਕੇ ਉਹ 'ਦੁਸ਼ਮਣ' ਦਾ ਇਲਾਜ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਆਪਣੇ ਇਨਕਾਰ ਨੂੰ ਧਰਮਸੰਗਤ ਸਿੱਧ ਕਰਦਾ ਹੈ । ਉਸ ਵੇਲੇ ਮਰਿਆਦਾਪੁਰਸ਼ੋਤਮ ਰਾਮ ਦਲੀਲ ਦੇਂਦੇ ਹਨ ਕਿ ਵਿਭੀਸ਼ਣ ਹੀ ਲੰਕਾ ਦਾ ਹੋਣ ਵਾਲਾ ਰਾਜਾ ਹੈ । ਇਸ ਲਈ ਧਰਮ ਦੀ ਉਲੰਘਣਾ ਨਹੀਂ ਹੋਵੇਗੀ । ਸੁਖੈਣ ਮੰਨ ਜਾਂਦਾ ਹੈ ਅਤੇ ਸੂਰਜ ਚੜ੍ਹਨ ਤੋਂ ਪਹਿਲਾਂਪਹਿਲਾਂ ਸੰਜੀਵਨੀ ਬੂਟੀ ਲਿਆਉਣ ਦੀ ਸ਼ਰਤ ਲਾ ਦੇਂਦਾ ਹੈ । ਐਤਕੀਂ ਸੁਖੈਣ ਵੈਦ ਦਾ ਰੋਲ ਡਾਕਟਰ ਨਿਰੰਜਣ ਦਾਸ ਕਰ ਰਿਹਾ ਸੀ, ਜਿਸ ਨੂੰ ਹਨੂਮਾਨ ਸੁੱਤੇ ਨੂੰ ਚੁੱਕ ਲਿਆਇਆ ਸੀ । ਮਾੜੇ-ਮੋਟੇ ਡਾਇਲਾਗ ਬੋਲ ਕੇ ਉਹ ਮੁੜ ਸੌਂ ਗਿਆ । ਰਾਮ ਦੇ ਹਉਕਿਆਂ ਦੇ ਨਾਲ ਨਾਲ ਉਹਦੇ ਘੁਰਾੜੇ ਵੀ ਸੁਣਾਈ ਦੇ ਰਹੇ ਸਨ । ਮਾਈਕ ਉਹਦੇ ਲਾਗੋਂ ਪਰ੍ਹੇ ਹਟਾਇਆ ਤਾਂ 'ਲਛਮਣ' ਦੇ ਘੁਰਾੜੇ ਸ਼ੁਰੂ ਹੋ ਗਏ । ਉਹ ਵੀ ਕਈ ਰਾਤਾਂ ਦਾ ਉਨੀਂਦਰਾ ਸੀ ਤੇ ਮਸਾਂਮਸਾਂ ਅੱਜ ਆਰਾਮ ਦਾ ਅਵਸਰ ਮਿਲਿਆ ਸੀ । ਮਾਈਕ ਨੂੰ ਮੁੜ ਐਡਜਸਟ ਕੀਤਾ ਗਿਆ । ਘੁਰਾੜੇ ਚੱਲਦੇ ਰਹੇ ਪਰ ਸੁਣਾਈ ਦੇਣੋਂ ਬੰਦ ਹੋ ਗਏ ।

ਡਾ. ਨਿਰੰਜਣ ਦਾਸ ਦੀ 'ਪ੍ਰੈਕਟਿਸ' ਏਨੀ ਚੱਲਦੀ ਸੀ ਕਿ ਉਹਦੀ ਨੀਂਦ ਕਦੇ ਪੂਰੀ ਹੀ ਨਹੀਂ ਸੀ ਹੁੰਦੀ । ਉਹ ਕੰਮ ਦੇ ਦਰਮਿਆਨ ਹੀ ਕਦੇ ਕਦਾਈਂ ਠੌਂਕਾ ਲਾ ਲੈਂਦਾ ਸੀ । ਪੂਰੇ ਇਲਾਕੇ ਦਾ ਇਕੋ ਇਕ ਭਰੋਸੇਮੰਦ ਡਾਕਟਰ ਹੋਣ ਕਰਕੇ ਉਹਨੂੰ ਮਰੀਜ਼ਾਂ ਤੋਂ ਵਿਹਲ ਹੀ ਨਹੀਂ ਸੀ ਮਿਲਦੀ । ਰਾਤਾਂ ਨੂੰ ਵੀ ਉਹ ਪਿੰਡੋ-ਪਿੰਡ ਸਾਈਕਲ ਭਜਾਈ ਫਿਰਦਾ ਸੀ । ਸੁੱਤਾ ਸੁੱਤਾ ਸਾਈਕਲ ਚਲਾਈ ਜਾਂਦਾ ਸੀ । ਅੱਜ ਉਹ ਸੁਖੈਣ ਵੈਦ ਬਣਿਆ ਸੀ । ਇਕ ਵੈਦ ਲਈ ਵੈਦ ਦੇ ਰੋਲ ਤੋਂ ਸੁਖੈਣ ਪਾਰਟ ਹੋਰ ਕਿਹੜਾ ਹੋ ਸਕਦਾ ਹੈ । ਉਹ ਘੋੜੇ ਵੇਚ ਕੇ ਸ਼ਰ੍ਹੇਆਮ ਸੁੱਤਾ ਪਿਆ ਸੀ ।

ਹਨੂਮਾਨ ਸੰਜੀਵਨੀ ਲੈ ਕੇ ਆ ਗਿਆ । ਸੋਗੀ ਹਨੇਰੇ ਨੂੰ ਆਸ ਦੀ ਕਿਰਨ ਦਿਖਾਈ ਦਿੱਤੀ । ਰਾਮ ਚੰਦਰ ਨੇ ਸੁਖੈਣ ਨੂੰ ਸੰਬੋਧਨ ਕਰਕੇ ਸੰਵਾਦ ਬੋਲਿਆ । ਕੋਈ ਹੁੰਗਾਰਾ ਨਾ ਮਿਲਿਆ । ਵਿਭੀਸ਼ਣ ਨੇ ਜ਼ੋਰ ਦੇ ਕੇ ਕਿਹਾ ਕਿ ਬੂਟੀ ਆ ਗਈ ਹੈ ਤੇ ਸੂਰਜ ਵੀ ਉੱਗਣ ਵਾਲਾ ਹੈ, ਇਸ ਲਈ ਅਗਲੀ ਕਾਰਵਾਈ ਜਲਦੀ ਕੀਤੀ ਜਾਵੇ ।

... ਫਿਰ ਵੀ ਕੋਈ ਹੁੰਗਾਰਾ ਨਾ ਮਿਲਿਆ । ... ਦਰਸ਼ਕਾਂ 'ਚ ਘੁਸਰ-ਮੁਸਰ ਸ਼ੁਰੂ ਹੋ ਗਈ ਕਿ ਲਛਮਣ ਦੇ ਨਾਲ ਨਾਲ ਸੁਖੈਣ ਵੀ ਮੂਰਛਿਤ ਹੋ ਗਿਆ ਲਗਦਾ ਹੈ । ਮੰਚ ਉੱਤੇ ਸਭ ਦੇ ਸਾਹਮਣੇ ਕੀ ਕੀਤਾ ਜਾਵੇ? ਅਚਾਨਕ ਹਨੂਮਾਨ ਨੂੰ ਸੁੱਝੀ । ਉਹ ਸੁਖੈਣ ਨੂੰ ਜ਼ੋਰ ਜ਼ੋਰ ਨਾਲ ਹਿਲਾ ਕੇ ਕਹਿਣ ਲੱਗਾ, ''ਉਠੋ ਵੈਦ ਜੀ! ਸੂਰਜ ਚੜ੍ਹਨ ਤੋਂ ਪਹਿਲਾਂਪਹਿਲਾਂ ਤੁਸੀਂ ਲੰਕਾ ਪੁੱਜਣਾ ਹੈ ਨਹੀਂ ਤਾਂ ਰਾਵਣ ਦੀ ਕਰੋਪੀ ਦਾ ਸ਼ਿਕਾਰ ਹੋਵੋਗੇ ।'' ਨਿਰੰਜਣ ਦਾਸ 'ਜੈ ਸ਼੍ਰੀ ਰਾਮ' ਕਹਿ ਕੇ ਅੱਖਾਂ ਮਲਦਾ ਉੱਠ ਕੇ ਬਹਿ ਗਿਆ । ਵਿਭੀਸ਼ਣ ਬੋਲਿਆ, ''ਵੇਖੋ ਰਾਮ ਜੀ! ਇਹ ਰਾਵਣ ਦੀ ਜੈ ਜੈ ਕਾਰ ਕਰਨ ਵਾਲਾ ਸੁਖੈਣ ਵੀ ਤੁਹਾਡੀ ਜੈ ਬੋਲਣ ਲੱਗ ਪਿਆ ਹੈ । ਸ਼ੁਭ ਸ਼ਗਨ ਹੈ ।'' ਸੀਨ ਬਦਲਣ ਤੋਂ ਪਹਿਲਾਂ ਮੌਕਾ ਸਾਂਭਿਆ ਗਿਆ ।

•••

ਇਸ ਰਾਤ ਦੀ ਤੀਜੀ ਖਿੱਚ ਹੁੰਦੀ ਸੀ ਮੇਘਨਾਦ ਦੀ ਮੌਤ ਪਿੱਛੋਂ ਦਿਖਾਇਆ ਜਾਣ ਵਾਲਾ ਸਤੀ ਸੁਲੋਚਨਾ ਦਾ ਦਿ੍ਸ਼ । ਮੂਹਰਲਾ ਪਰਦਾ ਉੱਠਣ 'ਤੇ ਸੁਲੋਚਨਾ ਆਪਣੇ ਪਤੀ ਦੀ ਉਡੀਕ ਵਿਚ ਉਦਾਸ ਬੈਠੀ ਹੁੰਦੀ ਹੈ ਕਿ ਉਸਨੂੰ ਪਤੀ ਦੀ ਮੌਤ ਦੀ ਸੂਚਨਾ ਮਿਲਦੀ ਹੈ । ਫਿਰ ਪਿਛਲਾ ਪਰਦਾ ਉੱਠਦਾ ਹੈ ਜਿੱਥੇ ਮੇਘਨਾਦ ਦਾ ਸਿਰਫ਼ ਸਿਰ ਹੀ ਦਿਖਾਈ ਦੇਂਦਾ ਹੈ । ਲੋਕ ਬਹੁਤ ਹੈਰਾਨ ਹੋ ਕੇ ਦੰਦਾਂ 'ਚ ਜੀਭ ਦੇ ਲੈਂਦੇ ਹਨ । ਇਹ ਕਿਵੇਂ ਹੋਇਆ? ਅਜੇ ਸੋਚ ਹੀ ਰਹੇ ਹੁੰਦੇ ਹਨ ਕਿ ਸੁਲੋਚਨਾ 'ਸਿਰ' ਦੇ ਲਾਗੇ ਬਹਿ ਕੇ ਝਲਿਆਂ ਵਾਂਗ ਵਿਰਲਾਪ ਕਰਨ ਲੱਗ ਪੈਂਦੀ ਹੈ :

ਹੇ ਸਾਜਨ! ਤੋੜ ਚਲੇ ਕਿਉਂ ਪ੍ਰੀਤ ।
ਜਿਸ ਨੇ ਕੁੱਲ ਦੁਨੀਆ ਕੋ ਜੀਤਾ,
ਤੂੰ ਹੀ ਵੋ ਇੰਦਰਜੀਤ ।
ਹੇ ਸਾਜਨ! ਤੋੜ ਚਲੇ ਕਿਉਂ ਪ੍ਰੀਤ...''

ਉਹਦੇ ਬੈਠਿਆਂ ਬੈਠਿਆਂ ਹੀ ਦੁਆਲੇ ਕੁਝ ਲੋਕ ਲੱਕੜਾਂ ਚਿਣਨ ਲੱਗ ਪੈਂਦੇ ਹਨ । ਲੱਕੜਾਂ ਹੌਲੀ ਹੌਲੀ ਪੂਰਾ ਸਰੀਰ ਢਕ ਲੈਂਦੀਆਂ ਹਨ । ਸਿਰਮੂੰਹ ਵੀ ਲੁਕ ਜਾਂਦਾ ਹੈ । ਲੱਕੜਾਂ ਦੇ ਉੱਪਰ ਸਿਰਫ਼ ਚੁੰਨੀ ਦਿਖਾਈ ਦੇਂਦੀ ਹੈ । ਲੱਕੜਾਂ ਨੂੰ ਅੱਗ ਲਗਾਈ ਜਾਂਦੀ ਹੈ । ਦਰਸ਼ਕਾਂ ਦੀਆਂ ਜੀਭਾਂ ਠਾਕੀਆਂ ਜਾਂਦੀਆਂ ਹਨ । ਸਿਰਫ਼ ਸਾਹਾਂ ਦੀ ਆਵਾਜ਼ ਆਉਂਦੀ ਹੈ । 'ਨਾਈਟ' ਦਾ ਆਖ਼ਰੀ ਸੀਨ ਇਹੋ ਹੁੰਦਾ ਹੈ । ਲੋਕ ਭਰੇ ਮਨ ਨਾਲ ਘਰੋ ਘਰੀ ਮੁੜਦੇ ਹਨ ।

ਪਿੱਛੋਂ ਪਤਾ ਲੱਗਦਾ ਹੈ ਕਿ ਸਟੇਜ ਉੱਤੇ ਦੋ ਡੂੰਘੇ ਟੋਏ ਪੁੱਟ ਕੇ ਪਿਛਲੇ ਪਾਸੇ ਨਿਕਲਣ ਲਈ ਸੁਰੰਗ ਬਣਾਈ ਗਈ ਸੀ । ਇਸ ਤਰਕੀਬ ਰਾਹੀਂ ਇਹ ਅਸੰਭਵ ਲੀਲਾ ਸੱਚ ਵਾਂਗ ਵਿਖਾਈ ਗਈ ਸੀ ।

•••

ਸਭ ਨੂੰ ਪਤਾ ਹੁੰਦਾ ਸੀ ਕਿ ਔਰਤਾਂ ਦਾ ਰੋਲ ਮੁੰਡੇ ਹੀ ਕਰ ਰਹੇ ਹਨ ਪਰ ਲੀਲਾ ਦਾ ਸੱਚ ਕਿਸੇ ਦੇ ਮਨ ਵਿਚ ਭਰਮ ਪੈਦਾ ਨਹੀਂ ਸੀ ਕਰਦਾ । ਰੋਲ ਅਦਾ ਕਰਨ ਵਾਲੇ ਮੁੰਡੇ ਤਾਂ ਸਗੋਂ ਆਪਣੀ ਅਦਾਕਾਰੀ ਨੂੰ ਅਸਲੀ ਸਮਝਣ ਲੱਗ ਪੈਂਦੇ ਸਨ । ਉਨ੍ਹਾਂ ਨੂੰ ਜਿੰਨਾ ਪਿਆਰ ਅਤੇ ਮਾਨਤਾ ਇਨ੍ਹੀਂ ਦਿਨੀਂ ਮਿਲਦੀ ਸੀ, ਅੱਗੇ ਪਿੱਛੇ ਕਦੇ ਨਹੀਂ ਸੀ ਮਿਲਦੀ । ਉਨ੍ਹਾਂ ਦੀ ਪ੍ਰਤਿਭਾ ਦਾ ਪ੍ਰਗਟਾਵਾ ਹੁੰਦਾ ਸੀ । ਇੰਜ ਲੱਗਦਾ ਸੀ ਜਿਵੇਂ ਉਨ੍ਹਾਂ ਅੰਦਰ ਅਸਲੀ ਪਾਤਰਾਂ ਦੀ ਰੂਹ ਪ੍ਰਵੇਸ਼ ਕਰ ਗਈ ਹੋਵੇ ।

'ਰਾਮ ਕਥਾ ਜੁਗ ਜੁਗ ਅਟੱਲ' ਦਾ ਅਸਰ ਮਾਹੌਲ ਵਿਚ ਇਸ ਤਰ੍ਹਾਂ ਵੀ ਵੇਖਿਆ ਜਾ ਸਕਦਾ ਹੈ ਕਿ ਪਿੰਡ ਵਿਚ ਬਹੁਤੇ ਲੋਕਾਂ ਨੇ ਆਪਣੇ ਨਿਆਣਿਆਂ ਦੇ ਨਾਂ ਰਾਮ, ਲਛਮਣ, ਭਰਤ, ਸੀਤਾ ਆਦਿ ਤਾਂ ਰੱਖੇ ਹਨ ਪਰ ਰਾਵਣ, ਮੇਘਨਾਦ, ਕੁੰਭਕਰਨ, ਕੈਕੇਈ, ਮੰਥਰਾ, ਸ਼ਰੂਪਨਖਾ ਕਦੇ ਕਿਸੇ ਨੇ ਨਹੀਂ ਰੱਖਿਆ । ਕਥਾ ਵਿਚੋਂ ਕੀ ਲੈਣਾ ਹੈ ਤੇ ਕੀ ਛੱਡਣਾ ਹੈ, ਪਿੰਡ ਵਾਲਿਆਂ ਨੂੰ ਇਸਦਾ ਭਲੀਭਾਂਤ ਪਤਾ ਹੈ ।

ਦਹਿਸਿਰ ਦੇ ਸੜਨ ਪਿੱਛੋਂ ਲੋਕਾਂ ਦੀ ਭੀੜ ਰਾਵਣ ਦੇ 'ਫੁੱਲ' ਚੁਗਣ ਲਈ ਦੌੜ ਪੈਂਦੀ ਹੈ । ਬਾਂਸ ਦੀਆਂ ਅਧਸੜੀਆਂ ਤੀਲੀਆਂ ਨੂੰ ਚੁੱਕ ਕੇ ਘਰਾਂ ਵਿਚ ਲਿਆਂਦਾ ਜਾਂਦਾ ਹੈ । ਚਾਰ ਵੇਦਾਂ ਤੇ ਛੇਸ਼ਾਸਤਰਾਂ ਦੇ ਗਿਆਤਾ ਮਹਾ ਪੰਡਤ ਰਾਵਣ ਦੇ 'ਅੰਤ' ਨੂੰ ਆਪੋ ਆਪਣੀ ਸੋਚ ਦੀ ਮਧਾਣੀ ਨਾਲ ਰਿੜਕਿਆ ਜਾਂਦਾ ਹੈ । ਪੁਰਾਣ ਦੀ ਕਥਾ ਉੱਤੇ ਵਰਤਮਾਨ ਦਾ ਜਲ ਛਿੜਕਿਆ ਜਾਂਦਾ ਹੈ । ਵਕਤ ਗਵਾਹ ਹੈ ਕਿ ਬਾਲਮੀਕ ਦੇ ਬੀਜ ਬਿਰਖ ਦੀ ਕੋਈ ਟਾਹਣੀ ਕਦੇ ਸੁੱਕਣੀ ਨਹੀਂ । ਅਦਾਕਾਰ ਬਦਲਦੇ ਰਹਿਣਗੇ ਪਰ ਰਾਮ ਕਹਾਣੀ ਕਦੇ ਮੁਕਣੀ ਨਹੀਂ ।

•••

ਰਾਮਾਇਣ ਨੇ ਲਾਇਬ੍ਰੇਰੀਆਂ ਤੇ ਘਰਾਂ ਵਿਚ ਹੀ ਨਹੀਂ, ਦਿਲਾਂ ਵਿਚ ਵੀ ਆਪਣੀ ਥਾਂ ਬਣਾਈ ਹੈ । ਲਿਖਣ ਵਾਲਿਆਂ ਨੇ ਭਾਵੇਂ ਕਿੰਨੀ ਵੀ ਗੱਲ ਲਮਕਾਈ ਹੈ, ਪਰ ਅੰਤ ਸੁਖਦਾਈ ਹੈ । ਕਹਿੰਦੇ ਨੇ ਇਸ ਕਥਾ ਵਿਚ ਬੰਦੇ ਦੀ ਹਰ ਮਰਜ਼ ਦਾ ਇਲਾਜ ਹੈ । ਕਈ ਘਰੀਂ ਇਹ ਪੋਥੀ ਧੀਆਂ ਨੂੰ ਦਾਜ ਵਿਚ ਦੇਣ ਦਾ ਰਿਵਾਜ਼ ਹੈ ।

ਜਿਨ੍ਹਾਂ ਨੇ ਰਾਮ ਕਥਾ ਦੀ ਰਮਜ਼ ਪਛਾਣੀ ਹੈ, ਉਨ੍ਹਾਂ ਨੇ ਬਸ ਏਨੀ ਗੱਲ ਜਾਣੀ ਹੈ ਕਿ ਇਹ ਤਾਂ ਮਾਂ ਅਤੇ ਬੱਚਿਆਂ ਦੀ ਵਿਛੋੜੇ ਤੇ ਮੇਲ ਦੀ ਕਹਾਣੀ ਹੈ । ਬੱਚਿਆਂ ਨੂੰ 'ਜੰਗਲੀਂ' ਤੋਰਨ ਵੇਲੇ ਮਜਬੂਰ ਰਾਣੀ ਮਾਂ ਨੇ ਹਉਕਾ ਭਰਿਆ ਸੀ :

ਰਾਮ ਬਿਨਾਂ ਮੇਰੀ ਸੂਨੀ ਅਯੁੱਧਿਆ,
ਲਛਮਨ ਬਿਨ ਠਕੁਰਾਈ ।
ਸੀਤਾ ਬਿਨਾਂ ਮੇਰੀ ਸੂਨੀ ਰਸੋਈ,
ਚਲੇ ਬਨਾਂ ਨੂੰ ਰਾਮ ਰਘੁਰਾਈ ।

ਚੌਦਾਂ ਸਾਲ ਮਾਂ ਨੇ ਉਡੀਕਿਆ ਹੈ । ਰੋ ਰੋ ਕੇ ਦੀਦੇ ਗਲ ਗਏ ਹਨ । ਨਿਗ੍ਹਾ ਨੇ ਜਵਾਬ ਦੇ ਦਿੱਤਾ ਹੈ । ਘੜੀਆਂ, ਪਲ, ਦਿਨ, ਮਹੀਨੇ, ਸਾਲ ਗੁਜ਼ਰ ਰਹੇ ਹਨ ਪਰ ਮਾਂ ਕੌਸ਼ੱਲਿਆ, ਮਹੱਲ ਦੀ ਮਮਟੀ 'ਤੇ ਬੈਠੀ, ਅੱਖੀਆਂ ਨੂੰ ਤਲੀ ਦੀ ਛਾਂ ਕਰਕੇ, ਬੱਚਿਆਂ ਦੇ ਰਾਹ ਵੱਲ ਟਿਕਟਿਕੀ ਲਾਈ ਬੈਠੀ ਹੈ । ਘੜੀ ਮੁੜੀ ਆਪਣੇ ਸਭ ਤੋਂ ਛੋਟੇ ਪੁੱਤ ਨੂੰ ਤਰਲਾ ਜਿਹਾ ਮਾਰਦੀ ਹੈ:

''ਸੱਤਰਘਨ ਬੱਚਾ! ਤੇਰੇ ਤੇਜ਼ ਨੇਤਰ,
ਰਘੂਵੀਰ ਆਉਂਦੇ ਕਿਤੇ ਦਿੱਸਦੇ ਨੀਂ ।''

ਇਹ ਉਹ ਘੜੀ ਹੈ ਜਦੋਂ ਬੁਝੇ ਹੋਏ ਜਜ਼ਬੇ ਮਘ ਪੈਂਦੇ ਹਨ ।
ਕਾਲੀ ਬੋਲੀ ਰਾਤ ਵਿਚ ਬੇਸ਼ੁਮਾਰ ਦੀਵੇ ਜਗ ਪੈਂਦੇ ਹਨ ।
ਜ਼ਿੰਦਗੀ ਵਿਚ ਸੁਖ ਹੱਸ ਕੇ ਆਉਂਦਾ ਹੈ : ਰੋ ਕੇ ਜਾਂਦਾ ਹੈ ।
ਰਾਮ ਰਾਜ ਵਲ ਰਸਤਾ ਜੰਗਲ ਥਾਣੀਂ ਹੋ ਕੇ ਜਾਂਦਾ ਹੈ¨

••••••

19. ਨਾਮ ਦੀ ਮਹਿਮਾ

ਪਿੰਡ ਵਾਲੇ ਲੋਕ ਆਪਣੇ ਨਿਆਣੇ ਦਾ ਨਾਂ ਰੱਖਣ ਵੇਲੇ ਬਹੁਤਾ ਕਿੱਲ੍ਹਦੇ ਨਹੀਂ । ਉਨ੍ਹਾਂ ਨੂੰ ਸੁਤੇ-ਸਿਧੇ ਹੀ ਪਤਾ ਹੁੰਦਾ ਹੈ ਕਿ ਨਾਂ ਵਿਚ ਕੁਝ ਨਹੀਂ ਪਿਆ । ਨਾਂ ਧਰਾਇਆ ਨਹੀਂ ਜਾਂਦਾ, ਕਮਾਇਆ ਜਾਂਦਾ ਹੈ । ਖੁਸ਼ਬੂ ਫੁੱਲ ਨੇ ਦੇਣੀ ਹੁੰਦੀ ਹੈ, ਬੂਟਾ ਤਾਂ ਐਵੇਂ ਬਸ, ਲਾਇਆ ਜਾਂਦਾ ਹੈ । ਨਾਲੇ ਅਸਲੀ ਨਾਂ ਨਾਲ ਕਿਸੇ ਨੂੰ ਬੁਲਾਉਂਦਾ ਵੀ ਕੌਣ ਹੈ? ਬੂਹਾ ਖੜਕੇ ਤਾਂ ਪੁੱਛੀਦਾ ਹੈ, ''ਕੌਣ ਏ?'' 'ਜੀਹਦੇ ਮੋਢੇ ਉੱਤੇ ਧੌਣ ਏ' ਆਖ ਕੇ ਅਗਲਾ ਅੰਦਰ ਵੜ ਜਾਂਦਾ ਹੈ । ਪੂਰੇ ਘਰ ਨੂੰ ਚਾਅ ਚੜ੍ਹ ਜਾਂਦਾ ਹੈ ।

ਇਕੋ ਘਰ ਵਿਚ ਤੁਹਾਨੂੰ ਪੂਰੀ ਰਮਾਇਣ ਦੇ ਦਰਸ਼ਨ ਹੋ ਸਕਦੇ ਹਨ । ਮੁੰਡਾ ਜੰਮਿਆ, ਨਾਂ 'ਰਾਮ' ਰੱਖ ਦਿੱਤਾ । ਅੱਗੋਂ ਲਛਮਣ, ਭਰਤ... ਵੇਲੇ ਤਾਂ ਏਨਾ ਕੁ ਵੀ ਸੋਚਣ ਦੀ ਲੋੜ ਨਹੀਂ ਰਹਿੰਦੀ । ਸੀਤਾ ਥੱਕਦੀ ਨਹੀਂ ਉਨ੍ਹਾਂ ਨੂੰ 'ਵੀਰ ਵੀਰ' ਕਹਿੰਦੀ!

ਏਦਾਂ ਦੀਆਂ ਮਿਸਾਲਾਂ ਥੋੜ੍ਹੀਆਂ! ਕਈ ਘਰੀਂ ਰੱਬ ਨੇ ਹੀ ਘੱਲੀਆਂ ਜੋੜੀਆਂ । ਜੋੜੇ ਜੰਮੇ ਤਾਂ ਰਾਮਲਛਮਣ, ਰੂਪਬਸੰਤ, ਕ੍ਰਿਸ਼ਨਬਲਦੇਵ... । ਦੇਸੀ ਮਹੀਨਿਆਂ ਦੇ ਨਾਵਾਂ ਨਾਲ 'ਰਾਮ', 'ਸਿੰਘ', 'ਦੀਨ', 'ਮਸੀਹ' ਜੋੜ ਦੇਣਾ ਜਾਂ ਦਿਨਵਾਰਾਂ ਨਾਲ ਹੀ ਸਾਰ ਲੈਣਾ ਪਿੰਡ ਦੀ ਰਵਾਇਤ ਰਹੀ ਹੈ । ਪਾਲਤੂ ਪਸ਼ੂ ਪੰਛੀ ਵੀ ਇਸ ਰਵਾਇਤ ਤੋਂ ਨਹੀਂ ਸਨ ਬਚਦੇ । ਸਾਡੀ ਇਕ ਗਾਂ ਦਾ ਨਾਂ 'ਬੁੱਧਾਂ' ਹੁੰਦਾ ਸੀ । ਉਹ ਬੁੱਧਵਾਰ ਜੰਮੀ ਸੀ । ਉਹਦੀ ਵੱਛੀ 'ਵੀਰੋ' ਦਾ ਅਸਾਂ ਬੜਾ ਦੁੱਧ ਪੀਤਾ । ਵੀਰੋ ਦੀ 'ਸੋਮਾ' ਨਾਲ ਵੀ ਸਾਡੀ ਚੰਗੀ ਨਿਭੀ । ਇਨ੍ਹਾਂ ਗੱਲਾਂ ਦਾ ਐਰੇ-ਗੈਰੇ ਨੂੰ ਪਤਾ ਹੈ ।

'ਐਰਾ ਗੈਰਾ ਨੱਥੂ ਖ਼ੈਰਾ' ਜਾਂ 'ਲੱਲੂ ਪੰਜੂ' ਕਹਿ ਕੇ ਸਧਾਰਨ ਲੋਕਾਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ਹੈ । ਨਿਕੰਮੇ ਜਿਹੇ ਬੰਦੇ ਨੂੰ 'ਲੋਲ੍ਹੜ' ਜਾਂ 'ਲੱਲੂ ਪ੍ਰਸ਼ਾਦ' ਕਹਿਣ ਵਾਲੇ ਹੁਣ ਵੀਹ ਵਾਰੀ ਸੋਚਦੇ ਹਨ । 'ਲੱਲੂ' ਲਾਲੂ ਬਣ ਗਿਆ ਹੈ । ਲੱਲੇ ਨੂੰ ਕੰਨਾ ਲੱਗਣ ਨਾਲ ਹੀ ਕੰਨਾਂ ਦਾ ਲੱਲੂ ਨਾਲ ਰਿਸ਼ਤਾ ਬਦਲ ਜਾਂਦਾ ਹੈ ।

ਚਲੋ, ਲੱਲੂ ਤਾਂ ਹਰ ਪਿੰਡ 'ਚ ਹੁੰਦਾ ਹੋਵੇਗਾ, 'ਪੰਜੂ' ਸਿਰਫ਼ ਸਾਡੇ ਪਿੰਡ ਵਿਚ ਹੀ ਸੀ । ਨਾਂ ਤਾਂ ਉਹਦਾ ਕੁਝ ਹੋਰ ਸੀ ਪਰ ਪੰਜ ਭੈਣਾਂ ਦਾ ਇਕੋ ਇਕ ਭਰਾ ਹੋਣ ਕਰਕੇ ਉਹਨੂੰ ਪੰਜੂ ਕਹਿਣ ਲੱਗ ਪਏ । ਲਾਡ ਲਾਡ ਵਿਚ ਇਸ ਅਜੀਬ ਜਹੇ ਨਾਂ ਨੂੰ ਵੀ ਉਹਦੇ ਕੰਨ ਸਹਿਣ ਲੱਗ ਪਏ । ਇਹ ਤਾਂ ਹੋਈ ਇਕ ਗੱਲ । ਇਕ ਗੱਲ ਹੋਰ ਵੀ ਹੈ ਕਿ ਭਾਵੇਂ ਇਕੋ ਪਿੰਡ ਦੇ ਤਿੰਨਾਂ ਬੰਦਿਆਂ ਦਾ ਇਕੋ ਨਾਂ ਰੱਖਿਆ ਹੋਵੇ ਤਾਂ ਵੀ ਬੁਲਾਉਣ ਵਾਲੇ ਫ਼ਰਕ ਪਾ ਲੈਂਦੇ ਨੇ । ਧੁਨੀ ਨੂੰ ਘਟਾ ਵਧਾ ਕੇ ਮਰਜ਼ੀ ਦਾ ਬਣਾ ਲੈਂਦੇ ਨੇ । ਬੰਦਾ ਆਪਣਾ ਨਾਂ ਬਚਾਉਂਦਾ ਬਚਾਉਂਦਾ ਥੱਕ ਜਾਂਦਾ ਹੈ ਪਰ ਉਹਦੀ ਮਰਜ਼ੀ ਦੇ ਉਲਟ ਕੋਈ ਹੋਰ ਨਾਂ ਪੱਕ ਜਾਂਦਾ ਹੈ :

ਇਸ ਮਾਇਆ ਕੇ ਤੀਨ ਨਾਮ ।
ਪਰਸੂ, ਪਰਸਾ, ਪਰਮ ਰਾਮ¨

ਪੱਕੇ ਹੋਏ ਨਾਂ ਵੀ ਸਦਾ ਕਾਇਮ ਨਹੀਂ ਰਹਿੰਦੇ । ਹਾਲਾਤ ਅਤੇ ਹੈਸੀਅਤ ਮੁਤਾਬਕ ਬਦਲ ਜਾਂਦੇ ਹਨ । ਆਧੁਨਿਕ ਮੁਹਾਵਰੇ ਵਿਚ ਢਲ ਜਾਂਦੇ ਹਨ । ਮੇਰਾ ਇਕ ਮਿੱਤਰ ਹੈ... ਤਰਸੇਮ ਲਾਲ । ਦਫ਼ਤਰ ਵਿਚ ਮੇਰੇ ਨਾਲ ਹੁੰਦਾ ਸੀ । ਮੁਕਾਬਲੇ ਵਿਚ ਇਮਤਿਹਾਨ ਪਾਸ ਕਰਕੇ ਇਨਕਮ ਟੈਕਸ ਦਾ ਵੱਡਾ ਅਫ਼ਸਰ ਬਣ ਗਿਆ । ਬਾਬੂ ਹੁੰਦਿਆਂ ਕਦੇ ਕਦੇ ਕਵਿਤਾ ਲਿਖਦਾ ਹੁੰਦਾ ਸੀ । ਅਫ਼ਸਰ ਬਣ ਕੇ ਮਿਲਣ ਆਇਆ ਤਾਂ ਮੈਂ ਉਹਦੀ ਕਵਿਤਾ ਦਾ ਹਾਲ ਚਾਲ ਪੁੱਛਿਆ । ਹੱਸ ਪਿਆ । ਕਹਿਣ ਲੱਗਾ, 'ਸੁਣ' :

'ਸੇਮ' ਤੋਂ 'ਤਰਸੇਮ' ਤੇ ਫਿਰ 'ਟੀ. ਲਾਲ' ।
ਬੱਲੇ ਬੱਲੇ ਬੰਦਿਆ! ਕੀਤੀ ਕਮਾਲ ।

ਉਹਨੇ ਦੱਸਿਆ ਕਿ ਪਿੰਡ ਰਹਿੰਦਿਆਂ ਲੋਕੀਂ ਉਹਨੂੰ 'ਸੇਮਾ ਸੇਮਾ' ਕਹਿੰਦੇ ਹੁੰਦੇ ਸਨ । ਚੰਡੀਗੜ੍ਹ ਬਾਊ ਲੱਗਾ ਤਾਂ 'ਤਰਸੇਮ' ਕਹਿਣ ਲੱਗ ਪਏ । ਹੁਣ ਅਫ਼ਸਰ ਬਣ ਕੇ ਖ਼ੁਦ ਨੂੰ ਵੀ ਅਸਲੀ ਨਾਂ ਯਾਦ ਨਹੀਂ ਰਿਹਾ । ਕੋਈ ਮਾਤਹਿਤ ਤਾਂ ਨਾਂ ਲੈ ਕੇ ਬੁਲਾਉਣ ਦੀ ਜੁਰਅਤ ਹੀ ਨਹੀਂ ਕਰਦਾ । ਦਫਤਰੀ ਕਾਗਜ਼ਾਂ ਵਿਚ ਵੀ 'ਟੀ ਲਾਲ' ਹੀ ਚੱਲਦਾ ਹੈ । ਕੁਲੀਗ ਅਤੇ ਸੀਨੀਅਰ 'ਮਿਸਟਰ ਲਾਲ' ਜਾਂ 'ਲਾਲ ਸਾਹਿਬ' ਕਹਿ ਕੇ ਬੁਲਾਉਂਦੇ ਹਨ! ਬੰਦੇ ਦੀ ਜ਼ਿੰਦਗੀ ਵਿਚ ਇਹੋ ਜਿਹੇ ਦਿਨ ਵੀ ਆਉਂਦੇ ਨੇ! ਤਰਸ ਤਰਸ ਕੇ ਮਿਲੇ ਹੋਏ ਮੁੰਡੇ ਤਰਸੇਮ ਅਖਵਾਉਂਦੇ ਹਨ ।

ਖ਼ੈਰ, ਲੱਲੂ ਪੰਜੂ ਦੀ ਗੱਲ ਤਾਂ ਸਮਝ ਆ ਗਈ ਪਰ ਇਹ 'ਨੱਥੂ' ਨੂੰ ਕਿਉਂ ਲੋਕਾਂ ਨੇ ਕਹਾਵਤ ਬਣਾ ਲਿਆ । ਇਹ ਤਾਂ ਪਿਆਰਾ ਨਾਂ ਹੈ । 'ਨੱਥ' ਤੋਂ ਬਣਿਆ ਹੈ । ਨੱਥ ਖ਼ਸਮ ਦੇ ਹੱਥ! ਜੇ ਪਹਿਲਾ ਬੱਚਾ ਨਾ ਬਚਿਆ ਹੋਏ ਤਾਂ ਦੂਜੇ ਜੰਮੇ ਨੂੰ ਮਾਪੇ ਜੰਮਦੇ ਨੂੰ ਨੱਥ ਪਾ ਲੈਂਦੇ ਨੇ । ਉਹਦਾ ਨੱਕ ਜਨਮ ਵੇਲੇ ਹੀ ਵਿੰਨ੍ਹ ਕੇ ਉਹਦਾ ਨਾਂ 'ਨੱਥੂ' ਰੱਖ ਦੇਂਦੇ ਨੇ । ਉਹ ਭਾਵੇਂ ਵੱਡਾ ਹੋ ਕੇ ਜੋਗਿੰਦਰ ਪਾਲ ਹੋ ਗਿਆ ਹੁੰਦਾ ਹੈ, ਪਰ ਇਹ ਨੱਥੂ ਹਮੇਸ਼ਾ ਲਈ ਉਹਦੇ ਨਾਲ ਹੋ ਗਿਆ ਹੁੰਦਾ ਹੈ! ਇਸੇ ਤਰ੍ਹਾਂ ਕਿਸੇ ਨਿਆਣੇ ਨੂੰ ਜੰਮਦੇ ਸਾਰ ਦਾਈ ਛੱਜ ਵਿਚ ਪਾ ਕੇ ਵੇਚਦੀ ਹੈ ਤੇ ਮਾਪੇ ਉਹਦਾ ਮੁੱਲ ਤਾਰ ਕੇ ਖਰੀਦ ਲੈਂਦੇ ਨੇ । ਉਹਦੀ ਲੰਮੀ ਉਮਰ ਦੀ ਆਸ ਵਿਚ ਉਹਦਾ ਨਾਂ ਛੱਜੂ ਰੱਖ ਦੇਂਦੇ ਨੇ । ਪਿੱਛੋਂ ਨਾਂ ਬਦਲ ਕੇ ਭਾਵੇਂ ਉਹ ਦੀਵਾਨ ਚੰਦ ਬਣ ਜਾਏ ਭਾਵੇਂ ਇੰਦਰ ਮੋਹਨ ਵਰਮਾ । ਪਰ ਛੱਜੂ ਨੂੰ ਸਦਾ ਆਪਣੇ ਨਾਂ ਦੀਆਂ ਸ਼ਰਮਾਂ! ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਬਲਖ ਨਾ ਬੁਖਾਰੇ¨ ਮਾਪੇ ਆਪਣੇ ਬੱਚਿਆਂ ਨੂੰ ਬੁਰੀ ਨਜ਼ਰ ਤੋਂ ਬਚਾਉਣ ਲਈ ਉਨ੍ਹਾਂ ਦਾ ਨਾਂ ਰੂੜਾ ਜਾਂ ਕੂੜਾ ਵੀ ਰੱਖ ਦੇਂਦੇ ਨੇ । ਜਿਨ੍ਹਾਂ ਦੇ ਆਪਣੇ ਘਰ ਸੰਤਾਨ ਨਹੀਂ ਹੁੰਦੀ, ਉਹ ਏਧਰੋਂ ਓਧਰੋਂ ਲੱਭ ਕੇ ਉਹਨੂੰ 'ਰਾਮ ਲੁਭਾਇਆ' ਆਖੀ ਜਾਂਦੇ ਨੇ । ਇਕ ਜਣੇ ਦਾ ਨਾਂ, 'ਜੈ ਹਿੰਦ' ਹੈ । ਕਹਿੰਦੇ ਨੇ ਉਹ ਸੰਤਾਲੀ ਦੀ ਵੰਡ ਵੇਲੇ ਉਜੜ ਕੇ ਆਉਂ ਦਿਆਂ ਰਸਤੇ ਵਿਚ ਜੰਮਿਆ ਸੀ । ਅਸੀਂ ਉਹਨੂੰ 'ਜੈ ਹਿੰਦ : ਅਗਲੇ ਪਿੰਡ' ਕਹਿ ਕੇ ਛੇੜਦੇ ਹੁੰਦੇ ਸਾਂ ।

ਨਾਂ ਲੈਣ ਵਿਚ ਰੁਕਾਵਟ ਦਾ ਕਾਰਨ ਕਈ ਵਾਰੀ ਕੋਈ ਰਿਸ਼ਤਾ ਵੀ ਬਣ ਜਾਂਦਾ ਹੈ । ਭਾਬੀ ਪ੍ਰਕਾਸ਼ੋ ਦਰਵਾਜ਼ੇ ਨੂੰ ਕਦੇ 'ਬੂਹਾ' ਨਹੀਂ ਕਹਿੰਦੀ ਕਿਉਂਕਿ ਘਰ ਵਾਲੇ ਦਾ ਨਾਂ 'ਬੂਆ ਦਾਸ' ਹੈ । ਕੋਈ ਜਣੀ 'ਮੂਲੀ' ਨੂੰ 'ਪੱਤਰਾਂ ਵਾਲੀ' ਇਸ ਲਈ ਕਹਿੰਦੀ ਹੈ ਕਿ ਉਹ 'ਮੂਲਰਾਜ' ਦੀ ਘਰ ਵਾਲੀ ਹੈ । ਰਵਾਇਤ ਹੈ ਕਿ ਜਿਹੜਾ ਵੱਡੇ ਥਾਂ ਹੋਏ ਉਹਦਾ ਨਾਂ ਨਹੀਂ ਲਈਦਾ । ਪਰ ਮਾਂ ਕਹਿੰਦੀ ਹੈ ਕਿ ਨਾਂ ਤਾਂ ਕਿਸੇ ਭਾਗਾਂ ਵਾਲੇ ਦਾ ਲਿਆ ਜਾਂਦਾ ਹੈ । ਮਾੜੇ ਚੰਦਰੇ ਦਾ ਨਾਂ ਕੌਣ ਲੈਂਦਾ ਹੈ । ਕਿਸੇ ਕਿਸੇ ਨੂੰ ਆਪਣਾ ਨਾਂ ਹੀ ਤੰਗ ਕਰਨ ਲੱਗ ਪੈਂਦਾ ਹੈ ।

ਸਾਡੇ ਸਕੂਲ ਵਿਚ ਮੁੰਡੇ ਨੇ ਮਾਸਟਰ ਕੋਲ ਸ਼ਿਕਾਇਤ ਲਾਈ ਸੀ । ਅਖੇ, 'ਮਾਸਟਰ ਜੀ! ਸਾਰੇ ਮੁੰਡੇ ਮੈਨੂੰ ਤੰਗ ਕਰਦੇ ਨੇ । ਜਦੋਂ ਛੁੱਟੀ ਦੀ ਅਰਜ਼ੀ ਲਿਖਦੇ ਨੇ ਤਾਂ ਆਪਣਾ ਨਾਂ ਨਹੀਂ ਲਿਖਦੇ, ਮੇਰਾ ਨਾਂ ਲਿਖਦੇ ਨੇ । ਕਦੇ 'ਦਾਸ' ਨੂੰ ਅੱਜ ਤਾਪ ਚੜ੍ਹਿਆ ਹੈ, ਕਦੇ 'ਦਾਸ' ਦੀ ਮਾਂ ਮਰ ਗਈ ਹੈ, ਕਦੇ 'ਦਾਸ' ਦਾ ਪਿਓ ਬਿਮਾਰ ਹੈ... ।'' ਉਹਦਾ ਨਾਂ 'ਦਾਸ ਮੱਲ' ਸੀ । ਇਕ ਹੋਰ ਜਣੇ ਨੂੰ ਸ਼ਿਕਾਇਤ ਸੀ ਕਿ ਮੁੰਡੇ ਉਹਦੀ ਦੁੰਬ ਖਿੱਚਦੇ ਨੇ । ਉਹਦਾ ਨਾਂ ਰਾਧੇ ਕਿਸ਼ਨ ਸੀ ਤੇ ਮੁੰਡੇ ਗਾਉਂਦੇ ਸਨ :

ਰਾਧੇ ਕਿਸ਼ਨਾ!
ਤੇਰੀ ਦੁੰਬ ਖਿੱਚਨਾ ।

ਨਾਵਾਂ ਦੀ ਕਥਾ ਲੰਮੀ ਖਿੱਚੀ ਜਾ ਸਕਦੀ ਹੈ । ਗੱਲ ਮੁਕਾਈਏ । ਨੁਕਤੇ ਵੱਲ ਆਈਏ । ... ਯਾਦ ਆਉਂਦਾ ਹੈ ਕਿ ਨਿੱਕੇ ਹੁੰਦਿਆਂ ਸਕੂਲ ਵਿਚ ਜਦੋਂ ਸਾਨੂੰ ਕਿਸੇ ਦੇ ਪਿਓ ਦੇ ਨਾਂ ਦਾ ਪਤਾ ਲੱਗ ਜਾਂਦਾ ਤਾਂ ਇਕ ਵੱਖਰੀ ਕਿਸਮ ਦੀ ਖੇਡ ਸ਼ੁਰੂ ਹੋ ਜਾਂਦੀ ਸੀ । ਵੱਖੋ- ਵੱਖਰੇ ਗਲੀ, ਮੁਹੱਲੇ ਜਾਂ ਪਿੰਡਾਂ ਦਿਆਂ ਮੁੰਡਿਆਂ ਦੀਆਂ ਵੱਖੋ-ਵੱਖ ਜੋਟੀਆਂ ਹੁੰਦੀਆਂ ਸਨ । ਇਹ ਜੋਟੀਦਾਰ ਢਾਣੀਆਂ ਕਈ ਵਾਰੀ ਅਜੀਬ ਕਿਸਮ ਦੇ ਕੌਤਕ ਕਰਦੀਆਂ ਸਨ । ... ਕੋਈ ਇਕ ਸ਼ਰਾਰਤੀ ਮੁੰਡਾ ਕਿਸੇ ਦੂਜੀ ਢਾਣੀ ਵਾਲੇ ਮੁੰਡੇ ਦੇ ਪਿਓ ਦਾ ਨਾਂ ਜ਼ਮੀਨ ਉੱਤੇ ਲਿਖ ਕੇ ਪਿਸ਼ਾਬ ਕਰ ਦੇਂਦਾ । ਦੂਜੀ ਢਾਣੀ ਵਾਲੇ ਉਨ੍ਹਾਂ 'ਚੋਂ ਕਿਸੇ ਦੇ ਪਿਓ ਦਾ ਨਾਂ ਲਿਖ ਕੇ ਜੁੱਤੀਆਂ ਮਾਰਨ ਲੱਗ ਪੈਂਦੇ । ... ਖੇਡ ਏਨੀ ਮਹਿੰਗੀ ਪੈਂਦੀ ਕਿ ਫੱਟੀਆਂ ਟੁੱਟ ਜਾਂਦੀਆਂ । ਸਿਰ ਪਾਟ ਜਾਂਦੇ । ਸਕੂਲ ਦਾ ਖੇਤਰ ਘਰਾਂ ਤੱਕ ਫੈਲ ਜਾਂਦਾ । ਘਰਦਿਆਂ ਨੂੰ ਪਤਾ ਲੱਗਦਾ ਤਾਂ ਉਹ ਸਾਰੇ ਬੱਚਿਆਂ ਨੂੰ ਇਕੱਠਿਆਂ ਬਿਠਾਉਂਦੇ । ਸਮਝਾਉਂਦੇ । ਇਹੋ ਜਿਹੀਆਂ ਹਰਕਤਾਂ ਨੂੰ 'ਬਚਗਾਨਾ' ਆਖ ਕੇ ਭੁੱਲ ਜਾਂਦੇ । ਉਨ੍ਹਾਂ ਨੂੰ ਯਕੀਨ ਸੀ ਕਿ ਵੱਡੇ ਹੋ ਕੇ, ਆਪੇ ਸਮਝ ਜਾਣਗੇ ।

ਅਸੀਂ ਬੱਚਿਆਂ ਦੀ ਨਜ਼ਰ ਵਿਚ ਵੱਡੇ ਹੋ ਚੁੱਕੇ ਹਾਂ । ਪੁਰਖਿਆਂ ਦੇ ਭਾਣੇ ਅਸੀਂ ਹੁਣ ਤੱਕ ਸਭ ਕੁਝ ਸਮਝ ਕੇ ਪੂਰੇ ਸਮਝਦਾਰ ਬਣ ਚੁੱਕੇ ਹਾਂ । ਪਰ ਅਸੀਂ ਸਗੋਂ ਵਧੇਰੇ ਖਤਰਨਾਕ ਖੇਡਾਂ ਖੇਡਣ ਲੱਗ ਪਏ ਹਾਂ । ਫਿਰਕਿਆਂ, ਬੋਲੀਆਂ ਤੇ ਇਲਾਕਿਆਂ ਦੇ ਨਾਂ 'ਤੇ ਸਾਡੀਆਂ ਢਾਣੀਆਂ ਹੁਣ ਜ਼ਮੀਨ 'ਤੇ ਨਹੀਂ ਕਾਗਜ਼ਾਂ 'ਤੇ ਲਿਖ ਕੇ ਕੌਤਕ ਰਚਾਉਂਦੀਆਂ ਹਨ । ਇਕ ਦੂਜੇ ਦੇ 'ਪਿਓ' ਨੂੰ ਛੁਟਿਆਉਂਦੀਆਂ ਹਨ । ਬੱਚੇ ਵੇਖ ਸੁਣ ਕੇ ਸ਼ਰਮਸਾਰ ਹੁੰਦੇ ਹਨ । ਕੋਈ ਉਨ੍ਹਾਂ ਦੀ ਸੁਣਦਾ ਨਹੀਂ । ਮੰਨਦਾ ਨਹੀਂ । ਲਗਾਤਾਰ 'ਬੁਢਪੁਣਾ' ਕਰੀ ਜਾਂਦੇ ਹਾਂ । ਉਨ੍ਹਾਂ ਦੇ ਵਰਤਮਾਨ ਵਿਚ ਆਪਣੇ ਭੂਤ ਦੀ ਗੰਦਗੀ ਭਰੀ ਜਾਂਦੇ ਹਾਂ ।

•••

ਆਪਣੇ 'ਬੁੱਢਪੁਣੇ' ਤੋਂ ਸ਼ਰਮਿੰਦਾ ਹੋਇਆ ਮੈਂ ਪਿਛਲੇ ਪਾਸੇ ਵੇਖਣ ਲੱਗ ਪੈਂਦਾ ਹਾਂ । ਅਜਨਬੀ ਜਹੇ ਮਾਹੌਲ ਵਿਚ ਬੁੜਬੁੜਾਉਂਦਾ ਹਾਂ । ਲਓ ਸੁਣੋ ਤੁਹਾਨੂੰ ਆਪਣੀਆਂ ਚਾਰ ਸਤਰਾਂ ਸੁਣਾਉਂਦਾ ਹਾਂ ।

ਕਿੱਥੇ ਗਏ ਜਿਹੜੇ ਇਨ੍ਹਾਂ ਘਰਾਂ ਅੰਦਰ
ਬੰਦੇ ਰਹਿੰਦੇ ਸੀ ਰੱਬ ਦੇ ਨਾਮ ਵਰਗੇ?
ਵਾਰਿਸ਼ ਸ਼ਾਹ ਵਰਗੇ, ਪੂਰਨ ਸਿੰਘ ਵਰਗੇ,
ਸ਼ਿਵ ਕੁਮਾਰ ਵਰਗੇ, ਧਨੀ ਰਾਮ ਵਰਗੇ?
ਕਿੱਥੇ ਗਏ ਦਰਵੇਸ਼, ਫਕੀਰ, ਆਸ਼ਕ,
ਕਿੱਥੇ ਬੋਲ ਉਹ ਰੱਬੀ-ਕਲਾਮ ਵਰਗੇ?
'ਛੱਡੋ ਬਾਬਿਉ! ਹੋਰ ਕੋਈ ਕਥਾ ਛੇੜੋ-
ਅੱਜਕੱਲ ਏਥੇ ਹਾਲਾਤ ਨੇ ਆਮ ਵਰਗੇ'

•••

ਉਰਦੂ ਸ਼ਾਇਰ ਪ੍ਰੇਮ ਵਾਰਬਰਟਨੀ ਕਿਸੇ ਮੁਸ਼ਾਇਰੇ ਵਿਚ ਸ਼ਰੀਕ ਹੋਇਆ । ਪ੍ਰਬੰਧਕਾਂ ਨੇ ਸੇਵਾਫਲ ਦੀ ਅਦਾਇਗੀ ਤੋਂ ਪਹਿਲਾਂ ਸ਼ਾਇਰਾਂ ਨੂੰ ਰਸੀਦਾਂ ਉਤੇ ਦਸਤਖ਼ਤ ਕਰਨ ਲਈ ਕਾਗਜ਼ ਦਿੱਤੇ । ਸਾਰੇ ਭੁਗਤ ਗਏੇ ਪਰ ਪ੍ਰੇਮ ਆਪਣੇ ਹੱਥ ਵਿਚ ਕਲਮ ਲੈ ਕੇ ਕਾਗਜ਼ ਵੱਲ ਘੂਰੀ ਜਾ ਰਿਹਾ ਸੀ । ਉਸ ਨੂੰ ਆਪਣਾ ਨਾਂ ਯਾਦ ਨਹੀਂ ਆ ਰਿਹਾ ਸੀ । ਕਿਸੇ ਨੇ ਆਖਿਆ, "ਪ੍ਰੇਮ ਸਾਹਿਬ! ਦਸਖ਼ਤ ਕਰੋ ।" ਪ੍ਰੇਮ ਤ੍ਰਭਕਿਆ । ਉਸ ਨੇ ਆਪਣਾ ਨਾਂ ਸੁਣਿਆ ਤੇ ਦਸਤਖ਼ਤ ਕਰ ਦਿੱਤੇ । ਜਦੋਂ ਉਹ ਸੇਵਾਫਲ ਜੇਬ ਵਿਚ ਪਾ ਰਿਹਾ ਸੀ ਉਦੋਂ ਉਹਦੇ ਅੰਦਰ ਇਹ ਸ਼ੇਅਰ ਉਤਰਦਾ ਆ ਰਿਹਾ ਸੀ:

ਮੁਹੱਬਤ ਕੀ ਵਹਿਸ਼ਤ ਕਾ, ਆਗਾਜ਼ ਕਿਆ ਥਾ
ਮੁੱਹਬਤ ਕੀ ਵਹਿਸ਼ਤ ਕਾ, ਅੰਜਾਮ ਕਿਆ ਹੈ ।
ਕਿਸੀ ਕੋ ਖ਼ਬਰ ਹੋ ਤੋ ਮੁਝ ਕੋ ਬਤਾਏ-
ਤੇਰਾ ਨਾਮ ਕਿਆ ਥਾ, ਤੇਰਾ ਨਾਮ ਕਿਆ ਹੈ ।
ਬੰਦਾ ਭਾਵੇਂ ਵਲੈਤਾਂ ਵਿਚ ਫਿਰੇ ਭਾਉਂਦਾ,
ਤਰਸੇ ਆਪਣੇ ਸ਼ਹਿਰ-ਗਰਾਉਂ ਦੇ ਲਈ ।
ਕਿਸੇ ਹੋਰ ਨੂੰ ਉਹਨੇ ਕੀ ਮਾਣ ਦੇਣਾ,
ਆਦਰ ਜੇ ਨਹੀਂ ਆਪਣੀ ਮਾਉਂ ਦੇ ਲਈ ।
ਅੰਬ ਖਾਵੇ ਤੇ ਭਾਵੇਂ ਕੋਈ ਕਰੇ ਗਿਣਤੀ,
ਬਿਰਖ ਜੀਂਦੇ ਨੇ ਆਪਣੀ ਛਾਉਂ ਦੇ ਲਈ ।
ਕੌਣ ਕਹਿੰਦੈ ਕਿ ਨਾਉਂ ਵਿਚ ਕੀ ਧਰਿਐ,
ਬੰਦਾ ਜਾਨ ਵੀ ਦੇ ਦਵੇ ਨਾਉਂ ਦੇ ਲਈ ।

••••••

20. ਅੱਧੀ ਛੁੱਟੀ ਸਾਰੀ

ਜੁਗਨੀ ਜਾ ਵੜੀ ਮਦਰੱਸੇ
ਮੁੰਡੇ ਚੁੱਕ ਕਿਤਾਬਾਂ ਨੱਸੇ
ਮੁਣਸ਼ੀ ਖਿੜਕੀ ਉਹਲੇ ਹੱਸੇ
ਵੀਰ ਮੇਰਿਆ ਜੁਗਨੀ ਕਹਿੰਦੀ ਆ
ਜਿਹੜੀ ਨਾਮ ਅਲੀ ਦਾ ਲੈਂਦੀ ਆ

ਉਮਰ ਅਤੇ ਅਕਲ ਦੇ ਹਿਸਾਬ ਨਾਲ ਇਸ ਕਾਵਿ-ਟੁਕੜੀ ਦੇ ਅਰਥ ਬਦਲਦੇ ਰਹਿੰਦੇ ਹਨ । ਲੱਚਕ ਦੀ ਹੋਂਦਅਣਹੋਂਦ ਅਨੁਸਾਰ ਅਰਥ ਫੈਲਦੇ ਸੁੰਗੜਦੇ ਰਹਿੰਦੇ ਹਨ । ਪਰ ਇਹ ਪ੍ਰਸੰਗ ਓਦੋਂ ਦਾ ਹੈ ਜਦੋਂ ਅਜੇ 'ਉਮਰ', 'ਅਕਲ', 'ਲੱਚਕ' ਦੇ ਅਰਥਾਂ ਨਾਲ ਵਾਹ ਨਹੀਂ ਸੀ ਪਿਆ । ਜੁਗਨੀ ਕੋਈ ਜਾਦੂ ਵਰਗੀ ਸ਼ੈਅ ਜਾਪਦੀ ਸੀ ਜਿਹੜੀ ਜਿੱਥੇ ਜਾਂਦੀ ਸੀ, ਲੋਕਾਂ ਦੇ ਕੰਮ ਛੁਡਾ ਦਿੰਦੀ ਸੀ । ਮਾਹੌਲ ਵਿਚ ਹੈਰਾਨੀ ਭਰੀਆਂ ਖੁਸ਼ੀਆਂ ਖਿਲਾਰ ਦਿੰਦੀ ਸੀ । ਨੱਚਣ ਲਾ ਦੇਂਦੀ ਸੀ । ਕਦੇ ਕਦੇ ਸਾਡੇ ਸਕੂਲੇ ਵੀ ਆਉਂਦੀ ਸੀ । ਜਦੋਂ ਆਉਂਦੀ ਸੀ ਮੌਜਾਂ ਲੱਗ ਜਾਂਦੀਆਂ ਸਨ । ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਸੀ ਪੈਂਦੀ । ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸੀ ਰਹਿੰਦੀ । ਬਸਤੇ ਮੋਢੇ ਪਾਏ ਤੇ ਫੱਟੀਆਂ ਘੁੰਮਾਉਂਦੇ ਹੋਏ ਘਰੋਘਰੀ ।

ਜੁਗਨੀ ਅਸਾਂ ਕਦੇ ਵੇਖੀ ਨਹੀਂ ਸੀ । ਵੇਖਣ ਦੀ ਇੱਛਾ ਵੀ ਨਹੀਂ ਸੀ ਹੁੰਦੀ । ਉਹਦੇ ਬਾਰੇ ਜਾਨਣ ਦਾ ਵੀ ਖ਼ਿਆਲ ਨਹੀਂ ਸੀ ਆਉਂਦਾ । ਉਂਜ ਅੰਦਰਖ਼ਾਤੇ ਏਦਾਂ ਮਹਿਸੂਸ ਹੁੰਦਾ ਸੀ ਕਿ ਉਹ ਕੋਈ ਚੰਚਲ ਜਿਹੀ, ਸੁਹਣੀ ਜਿਹੀ, ਪਿਆਰੀ ਜਿਹੀ ਕੁੜੀ ਹੋਵੇਗੀ ਜਿਸ ਨੂੰ ਕਿਤੇ ਵੀ ਜਾਣ ਆਉਣ ਵਿਚ ਕੋਈ ਰੁਕਾਵਟ ਨਹੀਂ ਆਉਂਦੀ । ਪਰੀਆਂ ਵਾਂਗੂੰ ਉਡਦੀ ਫਿਰਦੀ ਹੈ । ਕਿਸੇ ਦੇ ਕਾਬੂ ਨਹੀਂ ਆਉਂਦੀ । ਉਹਦੇ ਆਉਣ ਨਾਲ ਖੁਸ਼ੀਆਂ ਆਉਂਦੀਆਂ ਹਨ । ਉਹਦੇ 'ਤੇ ਕੋਈ ਪਾਬੰਦੀ ਲਾਗੂ ਨਹੀਂ ਹੁੰਦੀ । ਮਨ ਮਰਜ਼ੀਆਂ ਕਰਦੀ ਹੈ । ਆਪਣੀ ਮੌਜ ਵਿਚ ਰਹਿੰਦੀ ਹੈ । ਰੱਬ ਦਾ ਸ਼ੁਕਰ ਕਰਦੀ ਹੈ ਕਿ ਉਹਨੂੰ ਸਕੂਲੇ ਪੜ੍ਹਨ ਨਹੀਂ ਜਾਣਾ ਪੈਂਦਾ । ਮਾਸਟਰਾਂ ਤੋਂ ਕੁੱਟ ਨਹੀਂ ਖਾਣੀ ਪੈਂਦੀ । ਪਹਾੜਿਆਂ ਨੂੰ ਰੱਟੇ ਨਹੀਂ ਲਾਉਣੇ ਪੈਂਦੇ । ਮੁਹਾਰਨੀ ਨੂੰ ਘੋਟਾ ਨਹੀਂ ਲਾਉਣਾ ਪੈਂਦਾ । ਉਹ ਪੂਰੀ ਤਰ੍ਹਾਂ ਆਜ਼ਾਦ ਹੈ । ਮੁਕਤ ਹੈ । ਸਦਾ ਛੁੱਟੀ 'ਤੇ ਹੈ ।

ਛੁੱਟੀ ਦਾ ਅਸਲੀ ਅਨੁਭਵ ਸਕੂਲ ਤੋਂ ਬਿਨਾਂ ਸੰਭਵ ਨਹੀਂ । ਛੁੱਟੀ ਦਾ ਆਨੰਦ ਵੀ ਗੁਲਾਮੀ ਨਾਲ ਜੁੜਿਆ ਹੁੰਦਾ ਹੈ । ਸਕੂਲ ਵਿਚ ਇਕ ਘੰਟੀ ਰੱਖੀ ਹੁੰਦੀ ਹੈ । ਜਦੋਂ ਵੱਜਦੀ ਹੈ ਕਈ ਕੁਝ ਵਾਪਰਦਾ ਹੈ । ਕਿਸੇ ਘੰਟੀ ਤੋਂ ਡਰੀਦਾ ਹੈ । ਕਿਸੇ ਘੰਟੀ ਨੂੰ ਉਡੀਕੀਦਾ ਹੈ । ਖ਼ਾਲੀ ਘੰਟੀ ਨੂੰ ਸਹਿਕੀਦਾ ਹੈ । ਪੂਰੀ ਛੁੱਟੀ ਵੇਲੇ ਲੰਬੀ ਘੰਟੀ ਵੱਜਦੀ ਹੈ । ਸਭ ਨੂੰ ਚੰਗੀ ਲੱਗਦੀ ਹੈ? ਕਿਉਂ?

ਇਹ ਸਵਾਲ ਅਸੀਂ ਕਦੇ ਕਿਸੇ ਨੂੰ ਪੁੱਛਿਆ ਨਹੀਂ ਸੀ ਪਰ ਛੁੱਟੀ ਵੇਲੇ ਦੀ ਖੁਸ਼ੀ ਜਾਂ ਛੁੱਟੀ ਦੇ ਨਾਂ 'ਤੇ ਸਾਡੇ ਦੁੜੰਗੇ ਵੱਜਦੇ ਵੇਖ ਕੇ ਮਾਸਟਰ ਕਪਿਲ ਦੇਵ ਨੇ ਇਕ ਦਿਨ ਖੁਸ਼ੀ ਦੇ ਰਉਂ ਵਿਚ ਆਪੇ ਦੱਸ ਦਿੱਤਾ ਸੀ । ਉਹਦੇ ਦੱਸਣ ਦਾ ਢੰਗ ਨਿਰਾਲਾ ਸੀ । ਵੇਖਣ ਵਾਲਾ ਸੀ । ਜਮਾਤ ਵਿਚ ਆ ਕੇ ਹਾਜ਼ਰੀ ਲਾਉਣ ਪਿੱਛੋਂ ਉਹਨੇ ਅਚਾਨਕ ਸਾਰੀ ਜਮਾਤ ਨੂੰ ਅਜੀਬ ਜਿਹਾ ਸਵਾਲ ਪੁੱਛਿਆ ਸੀ, ''ਬੱਚਿਓ! ਤੁਹਾਨੂੰ ਪਤਾ ਹੈ ਕਿ ਖੋਤਾ ਕਦੋਂ ਹੀਂਗਦਾ ਹੈ?'' ਸਾਡੀ ਹੈਰਾਨੀ ਭਰੀ ਖਾਮੋਸ਼ੀ ਵੇਖ ਕੇ ਆਪੇ ਹੀ ਜਵਾਬ ਦਿੱਤਾ ਸੀ, ''ਜਦੋਂ ਉਹ ਬਹੁਤ ਖੁਸ਼ ਹੁੰਦਾ ਹੈ ।'' ਫੇਰ ਉਹਨੇ ਖੋਤੇ ਦੇ ਖੁਸ਼ ਹੋਣ ਦੀ ਕਹਾਣੀ ਇੰਜ ਸੁਣਾਈ ਸੀ ਕਿ ਭਾਰ ਢੋ ਢੋ ਕੇ ਤੰਗ ਆਏ ਖੋਤੇ ਦੇ ਕੰਨ ਵਿਚ ਸ਼ੈਤਾਨ ਫੂਕ ਮਾਰਦਾ ਹੈ ਕਿ ਤੇਰਾ ਮਾਲਕ (ਪਰਜਾਪਤ) ਮਰ ਗਿਆ ਹੈ । ਸੁਣ ਕੇ ਖੋਤਾ ਖੁਸ਼ ਹੁੰਦਾ ਹੈ ਕਿ ਗੁਲਾਮੀ ਤੋਂ ਛੁਟਕਾਰਾ ਮਿਲ ਗਿਆ ਪਰ ਉਹਨੂੰ ਯਕੀਨ ਜਿਹਾ ਨਹੀਂ ਆਉਂਦਾ । ਉਹ ਹੈਰਾਨੀ ਭਰੀ ਖੁਸ਼ੀ ਵਿਚ ਸ਼ੈਤਾਨ ਨੂੰ ਘੜੀ-ਮੁੜੀ ਪੁੱਛਦਾ ਹੈ, ''ਉਏ ਹੈਂ? ... ਉਏ... ਹੈਂ? ... ਹੈਂ...?''

ਛੁੱਟੀ ਦੀ ਲੰਮੀ ਘੰਟੀ ਤਾਂ ਰੋਜ਼ ਹੀ ਬੜੀ ਦੇਰ ਨਾਲ ਵੱਜਦੀ ਸੀ । ਕਦੇ ਕਦੇ ਕੋਈ ਵੱਡਾ ਲੀਡਰ ਮਰਦਾ ਤਾਂ ਘੰਟੀ ਵਕਤ ਤੋਂ ਪਹਿਲਾਂ ਹੀ ਲੰਮੀ ਹੋ ਜਾਂਦੀ ਸੀ । ਹਫ਼ਤੇ ਦਸੀਂ ਦਿਨੀਂ ਕੋਈ ਤਗੜਾ ਜਿਹਾ ਮੁੰਡਾ, ਐਵੇਂ ਹੀ ਮਸਤੀ 'ਚ ਆ ਕੇ, ਲੰਮੀ ਘੰਟੀ ਮਾਰ ਦੇਂਦਾ । ਮਾਸਟਰਾਂ ਨੂੰ ਪਤਾ ਹੀ ਨਾ ਲੱਗਦਾ ਕਿ ਕੌਣ ਮਾਰ ਗਿਆ ਹੈ । ਮੁੰਡੇ ਉਡ-ਪੁਡ ਜਾਂਦੇ । ਜੁਗਨੀ ਵਾਲਾ ਮਾਹੌਲ ਛਾ ਜਾਂਦਾ । ਬਿਨਾਂ ਵਿਸਾਖੀ ਤੋਂ ਆਨੰਦ ਆ ਜਾਂਦਾ । ਅਗਲੇ ਦਿਨ ਪੁੱਛਗਿੱਛ ਹੁੰਦੀ ਕਿ ਘੰਟੀ ਕੀਹਨੇ ਵਜਾਈ ਸੀ? ਕੋਈ ਨਾ ਦੱਸਦਾ । ਹਰ ਕੋਈ ਅੰਦਰੇ ਅੰਦਰ ਹੱਸਦਾ । ਸਕੂਲ ਲੱਗਣ ਦੀ ਘੰਟੀ ਤੋਂ ਲੈ ਕੇ ਸਾਰੀ ਛੁੱਟੀ ਦੀ ਘੰਟੀ ਦੇ ਵਿਚਾਲੇ ਜਿਹੇ ਅੱਧੀ ਛੁੱਟੀ ਦੀ ਘੰਟੀ ਹੁੰਦੀ ਸੀ । ਓਦੋਂ ਅਸੀਂ ਫੱਟੀਆਂ ਧੋਂਦੇ ਸਾਂ, ਸੁਕਾਉਂਦੇ ਸਾਂ । ਸੂਰਜ ਨੂੰ ਤਰਲੇ ਪਾਉਂਦੇ ਸਾਂ:

ਸੂਰਜਾ ਸੂਰਜਾ ਧੁੱਪ ਚੜ੍ਹਾ ।
ਧੁੱਪ ਚੜ੍ਹਾ, ਸਾਡੀ ਫੱਟੀ ਸੁਕਾ ।

ਇਸ ਵੇਲੇ ਤੱਕ ਭੁੱਖ ਲੱਗ ਜਾਂਦੀ । ਪਿੰਡ ਵਾਲੇ ਮੁੰਡੇ ਆਪੋ ਆਪਣੇ ਘਰੀਂ ਰੋਟੀ ਖਾਣ ਚਲੇ ਜਾਂਦੇ । ਬਾਹਰਲੇ ਪਿੰਡਾਂ ਤੋਂ ਆਉਣ ਵਾਲਿਆਂ ਨੇ ਰੋਟੀ ਆਪਣੇ ਨਾਲ ਲਿਆਂਦੀ ਹੁੰਦੀ ਸੀ । ਸਕੂਲੇ ਪਹੁੰਚਣ 'ਤੇ ਉਹ 'ਲੰਚ' ਸਕੂਲ ਦੀ ਅਲਮਾਰੀ ਵਿਚ ਰੱਖ ਦੇਂਦੇ । ਅਲਮਾਰੀ ਬੰਦ ਨਹੀਂ ਸੀ ਹੁੰਦੀ ਕਿਉਂਕਿ ਉਹਨੂੰ ਤਖਤੇ ਨਹੀਂ ਸਨ ਲੱਗੇ ਹੋਏ ।

ਬੱਚਿਆਂ ਨੂੰ ਪੋਣਿਆਂ ਦੀ ਪਛਾਣ ਹੁੰਦੀ ਸੀ । ਪੋਣਿਆਂ ਵਿਚ ਬੱਧੀਆਂ ਰੋਟੀਆਂ ਉਸ ਅਲਮਾਰੀ ਵਿਚ ਰੱਖਣ ਦੇ ਹੁਕਮ ਇਸ ਲਈ ਜਾਰੀ ਕੀਤੇ ਗਏ ਸਨ ਕਿ ਕਈ ਜਣੇ, ਜਦੋਂ ਮਰਜ਼ੀ, ਬਸਤੇ 'ਚੋਂ ਕੱਢ ਕੇ ਗਰਾਹੀਆਂ ਚਿੱਥੀ ਜਾਂਦੇ ਸਨ । ਮੂੰਹ ਮਾਰੀ ਜਾਂਦੇ ਸਨ । ਮਾਸਟਰਾਂ ਨੂੰ ਚੰਗਾ ਨਹੀਂ ਸੀ ਲੱਗਦਾ । ਉਨ੍ਹਾਂ ਨੇ ਕਾਨੂੰਨ ਬਣਾ ਦਿੱਤਾ ਸੀ ਕਿ ਸਵੇਰੇ 'ਪਰੇਅਰ' ਤੋਂ ਪਹਿਲਾਂ ਹੀ ਰੋਟੀਆਂ ਬਸਤਿਆਂ 'ਚੋਂ ਨਿਕਲ ਕੇ ਆਪਣੇ ਟਿਕਾਣੇ 'ਤੇ ਪਹੁੰਚ ਜਾਣੀਆਂ ਚਾਹੀਦੀਆਂ ਹਨ । ਇੰਜ ਹੀ ਹੁੰਦਾ ਸੀ ।

ਕਾਨੂੰਨ ਤਾਂ ਲਾਗੂ ਹੋ ਗਿਆ ਪਰ ਨਾਲ ਹੀ ਇਕ ਹੋਰ ਸਥਿਤੀ ਪੈਦਾ ਹੋ ਗਈ । ਕੁੱਤਿਆਂ ਨੂੰ ਮੌਜ ਲੱਗ ਗਈ ਸੀ । ਉਹ ਦਾਅ ਲਾ ਕੇ ਦੋ ਚਾਰ ਪੋਣੇ ਖਿੱਚ ਖੜ੍ਹਦੇ । ਬਾਹਰ ਝਾੜੀਆਂ ਵਿਚ ਜਾ ਵੜਦੇ । ਭਾਵੇਂ ਵਾਰੀ ਵਾਰੀ ਇਕ ਮੁੰਡੇ ਦੀ, ਰਾਖੀ ਲਈ ਡਿਊਟੀ ਲੱਗੀ ਹੁੰਦੀ ਸੀ ਪਰ ਡਿਊਟੀਆਂ ਦੇ ਬਾਵਜੂਦ ਵੀ ਸਭ ਕੁਝ ਹੋਈ ਜਾਂਦਾ । ਅੱਧੀ ਛੁੱਟੀ ਵੇਲੇ ਜੀਹਨੂੰ ਆਪਣਾ ਪੋਣਾ ਨਾ ਲੱਭਦਾ ਵਿਚਾਰਾ ਭੁੱਖੇ ਢਿੱਡ ਰੋਈ ਜਾਂਦਾ ।

ਇਸ ਮਸਲੇ ਦਾ ਵੀ ਹੱਲ ਲਭਿਆ ਗਿਆ । ਅੱਧੀ ਛੁੱਟੀ ਵੇਲੇ ਮਾਸਟਰ ਸਰਦਾਰੀ ਲਾਲ ਉੱਚੀ ਸਾਰੀ ਪੁੱਛਦਾ, ''ਅੱਜ ਕੀਹਦੀ ਕੀਹਦੀ ਰੋਟੀ ਕੁੱਤਾ ਲੈ ਗਿਆ ਹੈ?'' ਰੋਣ ਹਾਕੇ ਜਿਹੇ ਹੱਥ ਖੜ੍ਹੇ ਹੋ ਜਾਂਦੇ । ਮਾਸਟਰ ਉਨ੍ਹਾਂ ਨੂੰ ਇਕ ਪਾਸੇ ਬਿਠਾ ਦਿੰਦਾ ਅਤੇ ਬਾਕੀਆਂ ਨੂੰ ਹੁਕਮੀ ਲਹਿਜ਼ੇ ਵਿਚ ਆਖਦਾ, ''ਦਿਉ ਉਏ ਸਾਰੇ ਇਨ੍ਹਾਂ ਨੂੰ ਗਰਾਹੀ ਗਰਾਹੀ ।'' ਉਹ ਦੇਣ-ਲੈਣ ਵਾਲਾ ਦਿ੍ਸ਼ ਭੁੱਖਾਂ ਲਾਹ ਦਿੰਦਾ । ਰੰਗ- ਬਰੰਗੀਆਂ ਖਾਂਦੇ । ... ਕਈਆਂ ਨੇ ਚਲਾਕੀ ਕਰਨੀ । ਰੋਟੀ ਲੈ ਕੇ ਹੀ ਨਾ ਆਉਣੀ । ਪਰ ਹੱਥ ਖੜ੍ਹੇ ਕਰਨ ਵਾਲਿਆਂ 'ਚ ਮੂਹਰੇ ਹੋ ਕੇ ਰੋਜ਼ ਰੰਗ- ਬਰੰਗੀਆਂ ਖਾਣੀਆਂ ।

ਸਕੂਲ ਦੇ ਅਹਾਤੇ ਤੋਂ ਬਾਹਰ ਨਿਕਲ ਕੇ ਜਦੋਂ ਅਸੀਂ ਜੁਗਨੀ ਵਾਲੇ ਮੂਡ ਵਿਚ ਹੁੰਦੇ ਤਾਂ ਅਜੀਬੋ-ਗਰੀਬ ਸੁਰਾਂ ਕੱਢਦੇ । ਸੁਣੀਆਂ ਸੁਣਾਈਆਂ ਛੁਰਲੀਆਂ ਹਵਾ ਵਿਚੋਂ ਫੜ ਕੇ ਇਕ ਦੂਜੇ ਵੱਲ ਛੱਡਦੇ । ਗੁਲਾਮੀ ਦੀ ਛੱਟ ਲਾਹ ਕੇ ਆਜ਼ਾਦੀ ਦੇ ਝੰਡੇ ਗੱਡਦੇ । ਸਬਕ ਦਾ, ਸਿਲੇਬਸ ਦਾ ਮਜ਼ਾਕ ਉਡਾਉਂਦੇ । ਪੂਰਨਿਆਂ ਤੋਂ ਹਟ ਕੇ ਮਰਜ਼ੀ ਦੇ ਅੱਖਰ ਵਾਹੁੰਦੇ । ਪੌਣੇਸਿਵਾਏਡਿਉਢੇਢਾਏ ਦੇ ਪਹਾੜੇ ਸਾਨੂੰ ਬਹੁਤ ਬੁਰੇ ਲੱਗਦੇ ਸਨ । ਸਭ ਤੋਂ ਪਹਿਲਾਂ ਇਨ੍ਹਾਂ ਦੀ ਵਾਰੀ ਆਉਂਦੀ । ਪੂਰੀ ਢਾਣੀ ਇਕਸੁਰ ਹੋ ਕੇ ਗਾਉਂਦੀ :

ਇਕ ਢਾਇਆ ਢਾਇਆ ।
ਢਾਹ ਕੇ ਬਣਾਇਆ¨
ਢਾਏ ਦੇ ਸਿਰ 'ਤੇ ਗੰਜ¨
ਹੋ ਗਏ ਪੂਰੇ ਪੰਜ¨
ਢਾਏ ਨੂੰ ਮਾਰੀ ਲੱਤ ।
ਹੋ ਗਏ ਸਾਢੇ ਸੱਤ¨

ਉਰਦੂ ਦੀ ਪੜ੍ਹਾਈ ਸਾਡੇ ਵੇਲੇ ਬੰਦ ਹੋ ਗਈ ਸੀ । ਗੁਰਮੁਖੀ ਸ਼ੁਰੂ ਹੋ ਗਈ ਸੀ । ਉਰਦੂ ਵਾਲੀ ਪੀੜ੍ਹੀ ਊੜੇ ਐੜੇ ਦਾ ਮੂੰਹ ਚਿੜਾਉਂਦੀ ਸੀ । ਅਸੀਂ ਜੋ ਕੁਝ ਉਦੋਂ ਸੁਣਿਆ ਸੀ ਉਸ ਦਾ ਜ਼ਰਾ ਕੁ ਬਦਲਿਆ ਹੋਇਆ ਰੂਪ ਇਹੋ ਜਿਹਾ ਬਣਦਾ ਹੈ :

ਊੜਾ : ਭਾਈ ਨੇ ਖਾਧਾ ਪੂੜਾ ।
ਐੜਾ : ਭਾਈ ਬੜਾ ਭੈੜਾ ।
ਈੜੀ : ਭਾਈ ਦੇ ਕੰਨ 'ਚ ਵੜ ਗਈ ਕੀੜੀ । ...

ਪਰ ਉਰਦੂ ਦੀ ਸੀਹਰਫੀ ਨਾਲ ਵੀ ਉਦੋਂ ਘੱਟ ਨਹੀਂ ਸੀ ਗੁਜ਼ਰਦੀ । ਅਲਫ਼ ਬੇ ... ਦੀ ਲਿਖਾਵਟ ਨੂੰ ਲੈ ਕੇ ਵੀ ਪੂਰਾ ਨਰਸਰੀ ਗੀਤ ਸਿਰਜਿਆ ਹੋਇਆ ਸੀ :

ਅਲਫ : ਡੰਡਾ
ਬੇ : ਮੁਤਹਿਰੀ
ਜੀਮ : ਠੂਠਾ
ਦਾਲ : ਗਹਿਰੀ
ਤੋਏ : ਲੰਙੀ
ਐਨ : ਮੂੰਹ ਬਘਿਆੜ ਦਾ
ਫੇ : ਚੱਲੀ ਸਹੁਰੇ
ਕਾਫ : ਚੀਕਾਂ ਮਾਰਦਾ । ...

ਚੀਕਾਂ ਮਾਰਨ ਤੋਂ ਬ੍ਰਿਜ ਲਾਲ ਸ਼ਾਸਤਰੀ ਹੁਰਾਂ ਦਾ ਸੁਣਾਇਆ ਪ੍ਰਸੰਗ ਯਾਦ ਆ ਗਿਆ । ਦੱਸਦੇ ਹੁੰਦੇ ਸਨ ਕਿ ਉਨ੍ਹਾਂ ਦੇ ਪਿੰਡ ਪ੍ਰਾਇਮਰੀ ਸਕੂਲ ਦੀ ਇਕ ਕੰਧ ਠਾਣੇ ਨਾਲ ਲੱਗਦੀ ਸੀ ਤੇ ਦੂਜੀ ਕੰਧ ਬੁੱਚੜਖਾਨੇ ਨਾਲ । ਫਿਰਨੀ ਉੱਤੇ ਆਉਣ ਜਾਣ ਵਾਲਿਆਂ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਚੀਕਾਂ ਕਿਸ ਪਾਸਿਉਂ ਆ ਰਹੀਆਂ ਹਨ । ਇਸ ਤੱਥ ਨੂੰ ਵਧੇਰੇ ਸ਼ਿੱਦਤ ਨਾਲ ਉਹੀ ਬਿਆਨ ਕਰ ਸਕਦੇ ਹਨ ਜਿਹੜੇ ਉਸਤਾਦਾਂ ਦੇ ਚੰਡੇ ਹੋਏ ਹੁੰਦੇ ਹਨ ।

ਉਸਤਾਦਾਂ ਦੇ ਫੈਲਾਏ ਇਸ ਸਹਿਮ ਕਰਕੇ ਹੀ ਮੈਂ ਸਕੂਲੇ ਪੈਣ ਤੋਂ ਡਰਦਾ ਸਾਂ । ਜਿਸ ਦਿਨ ਦਾਖ਼ਲ ਹੋਣ ਜਾਣਾ ਸੀ, ਲੁਕਿਆ ਫਿਰਦਾ ਸਾਂ । ਮੇਰੀ ਆਜ਼ਾਦੀ ਖੁੱਸਣ ਵਾਲੀ ਸੀ । ਇਹ ਸੋਚ ਕੇ ਜਿੰਦ ਖੁੱਸਦੀ ਸੀ । ਮੇਰੀ ਪੂੰਜੀ ਗੁਆਚਦੀ ਸੀ । ਮੈਂ ਆਪਣੀ ਗੁਥਲੀ ਨੂੰ ਨਹੀਂ ਸਾਂ ਗੁਆਉਣਾ ਚਾਹੁੰਦਾ । ... ਠੀਕਰੀਆਂ ਨੂੰ ਘਸਾ ਘਸਾ ਕੇ ਗੋਲ ਕਰਦਾ ਰਹਿੰਦਾ ਸਾਂ । ਉਨ੍ਹਾਂ ਦੇ ਪੈਸੇ ਬਣਾ ਕੇ ਆਪਣੀ ਗੁਥਲੀ ਭਰਦਾ ਰਹਿੰਦਾ ਸਾਂ । ਖਰਚਣ ਲਈ ਕਦੇ ਕਦਾਈਂ ਕੋਈ ਪੈਸਾ ਮਿਲਦਾ ਜਾਂ ਕੋਈ ਆਇਆ ਗਿਆ ਪਿਆਰ ਦੇਣ ਵੇਲੇ ਫੜਾ ਜਾਂਦਾ ਤਾਂ ਉਹ ਪੈਸਾ ਵੀ ਮੈਂ ਠੀਕਰੀਆਂ ਦੇ ਨਾਲ ਹੀ ਗੁਥਲੀ ਵਿਚ ਪਾਈ ਜਾਂਦਾ । ਗੁਥਲੀ ਨੂੰ ਗੰਢ ਦੇ ਕੇ ਖੜਕਾਈ ਜਾਂਦਾ । ਕਦੀ ਕਦੀ ਕਿਸੇ ਨਿਵੇਕਲੀ ਥਾਂ 'ਤੇ ਸਭ ਦੀ ਨਜ਼ਰ ਬਚਾ ਕੇ, ਟੋਆ ਪੁੱਟਦਾ । ਓਥੇ ਪੈਸੇ ਬੀਜਦਾ । ਥੋੜ੍ਹੀ ਜਿਹੀ ਰੂੜੀ ਵਾਲੀ ਮਿੱਟੀ ਨਾਲ ਟੋਆ ਪੂਰ ਕੇ ਉੱਤੇ ਘਾਹ ਖਿਲਾਰ ਦੇਂਦਾ । ਉਡੀਕਦਾ ਰਹਿੰਦਾ ਕਿ ਪੈਸੇ ਉੱਗਣਗੇ । ਇਨ੍ਹਾਂ ਨੂੰ ਬਹੁਤ ਸਾਰੇ ਪੈਸੇ ਲੱਗਣਗੇ । .. ਬਸ, ਇਸ ਤੋਂ ਅਗਾਂਹ ਕੁਝ ਨਹੀਂ ਸਾਂ ਸੋਚਦਾ । ਪਰ ਪਿੱਛੋਂ ਮੈਂ ਉਹ ਜਗ੍ਹਾ ਭੁੱਲ ਜਾਂਦਾ । ਆਸੇ ਪਾਸੇ ਉੱਗੀਆਂ ਜੰਗਲੀ ਬੂਟੀਆਂ ਨੂੰ ਟੋਂਹਦਾ ਰਹਿੰਦਾ । ਪਰ ਮੈਨੂੰ ਤਾਂ ਪਛਾਣ ਹੀ ਨਹੀਂ ਸੀ ਕਿ ਪੈਸਿਆਂ ਵਾਲਾ ਪੌਦਾ ਕਿਹੋ ਜਿਹਾ ਹੁੰਦਾ ਹੈ! ਹਾਲੇ ਵੀ ਨਹੀਂ ਪਤਾ ।

ਜਬਰਨ ਮੈਨੂੰ ਸਕੂਲੇ ਪਾ ਦਿੱਤਾ ਗਿਆ । ਠੀਕਰੀਆਂ ਤੇ ਸਿੱਕਿਆਂ ਦੀ ਥਾਂ ਮੇਰੀ ਗੁਥਲੀ ਵਿਚ ਅੱਖਰ ਜਮ੍ਹਾਂ ਹੋਣ ਲੱਗੇ । ਇਸ ਜਮ੍ਹਾਂ ਪੂੰਜੀ ਦਾ ਜ਼ਿਕਰ ਮੇਰੀ ਇਕ ਨਜ਼ਮ ਵਿਚ ਸਹਿਵਨ ਹੀ ਹੋ ਗਿਆ ਹੈ । ਗੁਥਲੀ ਕੱਪੜੇ ਦੀ ਨਹੀਂ ਗੁਰਮੁਖੀ ਦੀ ਬਣ ਗਈ: ''ਮੇਰੀ ਪੂੰਜੀ ਮੇਰੀ ਦੌਲਤ । ਸਿਰਫ਼ ਦੋ ਚਾਰ ਅੱਖਰ ਨੇ । ਜਿਨ੍ਹਾਂ ਨੂੰ ਗੁਰਮੁਖੀ ਦੀਆਂ ਗੁਥਲੀਆਂ ਵਿਚ ਪਾਈ ਫਿਰਦਾ ਹਾਂ ।''

•••

ਅੱਧੀ ਛੁੱਟੀ ਸਭ ਤੋਂ ਪਿਆਰੀ ਹੁੰਦੀ ਹੈ । ਇਸ ਨੂੰ ਰੀਸੈੱਸ ਜਾਂ ਤਫ਼ਰੀਹ ਵੀ ਕਹਿੰਦੇ ਹਨ । ਇਹ ਦੋ ਰੁਝੇਵਿਆਂ ਦੇ ਵਿਚਕਾਰਲਾ ਵਕਫ਼ਾ ਹੁੰਦਾ ਹੈ । ਇਸ ਦੀ ਬਹੁਤ ਲੋੜ ਹੁੰਦੀ ਹੈ । ਇਹ ਬਹੁਤ ਕੀਮਤੀ ਹੁੰਦਾ ਹੈ । ਛੁੱਟੀ ਦੀ ਇਕ ਹੋਰ ਕਿਸਮ ਵੀ ਹੁੰਦੀ ਹੈ :

ਅੱਧੀ ਛੁੱਟੀ ਸਾਰੀ । ਕੋਈ ਜਲੂਸ ਅਥਵਾ ਨਗਰ ਕੀਰਤਨ ਨਿਕਲਣਾ ਹੁੰਦਾ ਤਾਂ ਸੋਭਾ ਯਾਤਰਾ ਦਾ ਪ੍ਰੋਗਰਾਮ ਬਣ ਜਾਂਦਾ ਤਾਂ ਅੱਧੀ ਛੁੱਟੀ ਵੇਲੇ ਹੀ ਲੰਮੀ ਘੰਟੀ ਵਜਾ ਦਿੱਤੀ ਜਾਂਦੀ । ਕਾਰਨ ਦਾ ਪਤਾ ਕਰਕੇ ਕਿਸੇ ਨੇ ਕੀ ਲੈਣਾ ਸੀ! ਦੁੜੰਗੇ ਸ਼ੁਰੂ ਹੋ ਜਾਂਦੇ । ਬੱਚੇ ਤਾਂ ਆਪੋ ਆਪਣੀਆਂ ਖੇਡਾਂ 'ਚ ਗੁਆਚ ਜਾਂਦੇ ਪਰ ਉਸਤਾਦ ਮੀਆਂ ਇਸ ਅਚਾਨਕ ਮਿਲੀ ਵਿਹਲ ਦਾ ਕੀ ਕਰਨ? ਮੱਖੀਆਂ ਮਾਰਨ?

ਅੱਧੀ ਛੁੱਟੀ ਸਾਰੀ । ਮੀਆਂ ਮੱਖੀ ਮਾਰੀ¨
ਮੀਆਂ ਗਿਆ ਅੱਗ ਨੂੰ । ਸਾੜ ਆਇਆ ਪੱਗ ਨੂੰ ¨
ਬੀਵੀ ਗਈ ਪੁੱਛਣ । ਸਾੜ ਆਈ ਸੁੱਥਣ¨...

ਉਮਰ ਅਤੇ ਅਕਲ ਦੇ ਹਿਸਾਬ ਨਾਲ ਇਨ੍ਹਾਂ ਟੁਕੜੀਆਂ ਦੇ ਚੰਗੇ ਮਾੜੇ ਅਰਥ ਕੱਢੇ ਜਾ ਸਕਦੇ ਹਨ, ਪ੍ਰੰਤੂ ਜੁਗਨੀ ਨੂੰ ਅਰਥਾਂ ਨਾਲ ਕੀ ਲੱਗੇ? ਇਹ ਤਾਂ ਨਾ ਹਰ ਇਕ ਦੇ ਮੂੰਹੋਂ ਫੱਬਦੀ ਹੈ; ਨਾ ਹਰ ਕਿਸੇ ਨੂੰ ਚੰਗੀ ਲੱਗਦੀ ਹੈ ।

••••••

21. ਅੰਬੀਆਂ ਦਾ ਦੁੱਧ

ਸਰੀਰ ਦਾ ਮੈਂ ਸ਼ੁਰੂ ਤੋਂ ਹੀ ਕਮਜ਼ੋਰ ਰਿਹਾ ਹਾਂ । ਕਹਿੰਦੇ ਨੇ ਕਿ ਹਮੇਸ਼ਾ ਢਿੱਲਾ ਜਿਹਾ ਰਹਿੰਦਾ ਸਾਂ । ਰੀਂ ਰੀਂ ਕਰਦਾ । ਮਾਪਿਆਂ ਦੇ ਮਨ ਦਾ ਬੋਝ । ਤੁਰਨ ਵੀ ਦੇਰ ਨਾਲ ਲੱਗਾ । ਡਿਗੂੰ ਡਿਗੂੰ ਕਰਦਾ । ਪੈਰ ਸੰਭਲੇ ਤਾਂ ਖੇਡਣ ਤੋਂ ਡਰਾਂ । ਅੰਦਰੇ ਹੀ ਵੜੇ ਰਹਿਣਾ । ਕਮਜ਼ੋਰ ਨੂੰ ਕੋਈ ਹਾਣੀ ਨਹੀਂ ਬਣਾਉਂਦਾ । ਕੱਲਿਆਂ ਖੇਡਣ ਵਾਲੀ ਕੋਈ ਖੇਡ ਆਉਂਦੀ ਨਹੀਂ ਸੀ ਜਿਹੜੀ ਅੰਦਰ ਬੈਠ ਕੇ ਖੇਡੀ ਜਾ ਸਕੇ । ਖੇਡਦਿਆਂ ਨੂੰ ਦੇਖਦਾ ਰਹਿੰਦਾ ਸਾਂ ਜਾਂ ਫਿਰ ਕੁੜੀਆਂ 'ਚ ਖੇਡਦਾ ਸਾਂ । ਖੇਡਦਾ ਕਾਹਨੂੰ ਸਾਂ, ਉਹੀ ਮੈਨੂੰ ਖਿਡਾਉਂਦੀਆਂ ਸਨ ।

ਪ੍ਰੋ. ਮੋਹਨ ਸਿੰਘ ਦਾ 'ਅੰਬੀ ਦਾ ਬੂਟਾ' ਮਸ਼ਹੂਰ ਹੈ ਪਰ 'ਅੰਬੀ' ਤਾਂ ਸਾਡੇ ਪਿੰਡ ਦੀ ਹੁੰਦੀ ਸੀ । ਉਹਨੂੰ ਅੰਬੀਆਂ ਵੀ ਲੱਗਦੀਆਂ ਸਨ । ਪੱਕ ਕੇ ਸੰਧੂਰੀ ਹੋ ਜਾਂਦੀਆਂ ਸਨ ਪਰ ਸਵਾਦ ਤਾਂ ਕੱਚੀਆਂ ਵੀ ਲੱਗਦੀਆਂ ਸਨ । ਮੁਸੀਬਤ ਇਹ ਸੀ ਕਿ ਇਨ੍ਹਾਂ ਦਾ ਦੁੱਧ ਅਕਸਰ ਬੁੱਲ੍ਹਾਂ ਨੂੰ ਲੱਗ ਜਾਂਦਾ ਸੀ ਤੇ ਬੁੱਲ੍ਹ ਪੱਕ ਜਾਂਦੇ ਸਨ । ਚੋਰੀ ਫੜੀ ਜਾਂਦੀ ਸੀ । ਸਕੂਲੇ ਪੈਣ ਦੀ ਉਮਰ ਹੋਈ । ਹੋਣੀ ਹੀ ਸੀ । ਘਰਦਿਆਂ ਨੇ ਇਸੇ ਲਈ ਮੇਰੇ ਤੋਂ ਦੋ ਸਾਲ ਵੱਡੇ 'ਪ੍ਰੀਤ' ਨੂੰ ਮੇਰੀ ਖਾਤਰ ਘਰੇ ਬਿਠਾਈ ਰੱਖਿਆ ਸੀ ਅਖੇ ਇਹ ਹੱਡਾਂ ਦਾ ਮੋਕ੍ਹਲਾ ਹੈ, ਨਿੱਕੇ ਦਾ ਖ਼ਿਆਲ ਰੱਖੇਗਾ । ਉਹਨੇ ਰੱਖਿਆ ਵੀ । ਅਸੀਂ ਇੱਕੋ ਜਮਾਤ ਵਿਚ ਬਹਿਣਾ । ਮੇਰਾ ਧਿਆਨ ਪੜ੍ਹਾਈ ਵੱਲ ਤੇ ਉਹਦਾ ਧਿਆਨ ਮੇਰੇ ਵੱਲ ਰਹਿਣਾ । ਉਹ ਡਬਲ ਡਿਊਟੀ ਨਿਭਾਉਂਦਾ ਰਿਹਾ । ਮੈਂ ਫਸਟ ਤੇ ਉਹ ਸੈਕਿੰਡ ਆਉਂਦਾ ਰਿਹਾ । ਇਕ ਵਾਰੀ ਮਾਸਟਰ ਨੇ ਉਹਨੂੰ ਮਿਹਣਾ ਮਾਰਿਆ ਕਿ ਤੇਰੀ ਲਿਖਾਈ ਤੇਰੇ ਛੋਟੇ ਭਰਾ ਵਰਗੀ ਸੋਹਣੀ ਕਿਉਂ ਨਹੀਂ ਹੁੰਦੀ? ਅੱਗੋਂ ਉਹਨੇ ਮਾਣ ਨਾਲ ਆਖਿਆ, ''ਮਾਸਟਰ ਜੀ! ਏਹੋ ਜਿਹਾ ਤੁਸੀਂ ਲਿਖ ਕੇ ਵਿਖਾਉ ।''

ਸਕੂਲ ਵਿਚੋਂ ਬਾਹਰ ਆ ਕੇ ਰੋਲ ਬਦਲ ਜਾਂਦਾ । ਪ੍ਰੀਤ ਆਪਣੇ ਹਾਣੀਆਂ ਨਾਲ ਘੁਲਦਾ ਸੀ, ਕੌਡੀ ਖੇਡਦਾ ਸੀ, ਛਾਲਾਂ ਮਾਰਦਾ ਸੀ । ਮੈਂ ਉਹਦੇ ਨਾਲ ਜਾਂਦਾ ਉਹਦਾ 'ਸੂਤਨਾ' (ਲੰਗੋਟ) ਆਪਣੇ ਮੋਢੇ ਉੱਤੇ ਰੱਖ ਲੈਂਦਾ । ਆਕੜ ਆਕੜ ਤੁਰਦਾ । ਪੈਲੀ ਵਿਚ ਜਾ ਕੇ ਉਹ ਸੂਤਨਾ ਬੰਨ੍ਹਦਾ ਤੇ ਕੱਪੜੇ ਲਾਹ ਕੇ ਮੇਰੇ ਹਵਾਲੇ ਕਰ ਦੇਂਦਾ । ਮੈਂ ਉਹਦੇ ਕੱਪੜਿਆਂ ਲਾਗੇ ਬੈਠਾ ਬੜੇ ਮਾਣ ਨਾਲ ਉਹਦੇ ਕਰਤਬ ਦੇਖਦਾ । ਜਾਪਦਾ ਜਿਵੇਂ ਉਹ ਮੇਰੇ ਹਿੱਸੇ ਦਾ ਵੀ ਖੇਡ ਰਿਹਾ ਹੈ ।

ਹਾਈ ਸਕੂਲ ਤੱਕ ਪੁੱਜਦਿਆਂ ਮੇਰਾ ਭਰੋਸਾ ਥੋੜ੍ਹਾ ਬਹੁਤ ਬੱਝ ਚੁੱਕਾ ਸੀ । ਹਰ ਜਮਾਤ ਵਿਚੋਂ ਅੱਵਲ ਆਉਣ ਨਾਲ ਮਨੀਟਰ ਵੀ ਮੈਨੂੰ ਹੀ ਬਣਾਉਂਦੇ ਸਨ ਭਾਵੇਂ ਕਿ ਕੰਮ ਮੇਰੀ ਥਾਂ ਪ੍ਰੀਤ ਹੀ ਕਰੀ ਜਾਂਦਾ ਸੀ । ਮੈਂ ਤਾਂ ਉਂਜ ਈ ਉੱਚੇ ਲੰਮੇ ਮੁੰਡਿਆਂ ਤੋਂ ਡਰੀ ਜਾਂਦਾ ਸੀ । ਜਦੋਂ ਮਾਸਟਰ ਨੇ ਕਿਸੇ 'ਨਲੈਕ' ਮੁੰਡੇ ਨੂੰ ਨੱਕੋਂ ਫੜ ਕੇ ਚਪੇੜ ਮਾਰਨ ਲਈ ਕਹਿਣਾ ਤਾਂ ਮੈਂ ਵੱਡੇ ਭਰਾ ਵੱਲ ਵਿੰਹਦੇ ਰਹਿਣਾ ।

ਸੱਤਵੀਂ ਜਮਾਤ ਦੀ ਗੱਲ ਹੈ । ਸਾਡਾ ਗਿਆਨੀ ਮਾਸਟਰ ਬਦਲ ਗਿਆ । ਰਾਮ ਨਾਥ ਚਲਾ ਗਿਆ, ਬਲਬੀਰ ਸਿੰਘ ਆ ਗਿਆ । ਪਹਿਲੇ ਦਿਨ ਜਮਾਤ ਵਿਚ ਆ ਕੇ ਪਹਿਲਾ ਫ਼ਿਕਰਾ ਬੋਲਿਆ, ''ਮਨੀਟਰ ਕੌਣ ਹੈ?'' ਮੈਂ ਡਰਦਾ ਡਰਦਾ ਖੜ੍ਹਾ ਹੋਇਆ । ਮਾਸਟਰ ਦੇ ਹੱਥ ਵਿਚ ਰੂਲ ਸੀ, ਕਾਲਾ ਗੋਲ ਨਿੱਗਰ ਡੰਡਾ । ਕਹਿੰਦਾ, ਅੱਗੇ ਆ ਜਾ ਮੇਰੇ ਕੋਲ । ਮੇਰੇ ਕੋਲੋਂ ਤੁਰਿਆ ਈ ਨਾ ਗਿਆ । ਉਹ ਖ਼ੁਦ ਆ ਗਿਆ, ਹੱਥ ਕਰ । ਮੈਂ ਹੱਥ ਕੱਛਾਂ ਵਿਚ ਘੁੱਟ ਲਏ । ਪਤਾ ਈ ਨਾ ਲੱਗੇ ਕਿ 'ਮਨੀਟਰ' ਨੂੰ ਉਹ ਕਿਉਂ ਕੁੱਟਣਾ ਚਾਹ ਰਿਹਾ ਸੀ । ਸਾਰੀ ਜਮਾਤ ਹੈਰਾਨ ਹੋ ਕੇ ਵੇਖ ਰਹੀ ਸੀ । ਪ੍ਰੀਤ ਨੂੰ ਵੀ ਜਿਵੇਂ ਕੁਝ ਸਮਝ ਨਹੀਂ ਸੀ ਆ ਰਹੀ । ਖ਼ੈਰ, ਗਿਆਨੀ ਬਲਬੀਰ ਸਿੰਘ ਨੇ ਮੇਰੇ ਮੋਢਿਆਂ 'ਤੇ ਡੰਡੇ ਮਾਰ ਕੇ ਹੱਥ ਕੱਛਾਂ 'ਚੋਂ ਕਢਵਾਏ ਅਤੇ ਵਾਰੀ ਵਾਰੀ ਦੋਹਾਂ ਹੱਥਾਂ ਉੱਤੇ 'ਪ੍ਰਸ਼ਾਦ' ਵਰਤਾਉਣ ਲੱਗਾ । ਇਕ...ਦੋ... ਤਿੰਨ... ਚਾਰ... ਮੈਂ ਪ੍ਰੀਤ ਵੱਲ ਵੇਖਿਆ । ਉਹ ਪਹਿਲਾਂ ਹੀ ਮੇਰੇ ਵੱਲ ਵੇਖ ਰਿਹਾ ਸੀ । ਅੱਖਾਂ ਲਾਲ । ਅੱਥਰੂਆਂ ਨਾਲ ਭਰੀਆਂ ਹੋਈਆਂ । ਬੁੱਲ੍ਹ ਫਰਕੀ ਜਾਣ । ਸਾਰਾ ਸਰੀਰ ਕੰਬੀ ਜਾਵੇ । ਉਹ ਬਿਜਲੀ ਦੀ ਫੁਰਤੀ ਨਾਲ ਉਠਿਆ । ਮਾਸਟਰ ਦੇ ਮੂਹਰੇ ਹੋ ਗਿਆ ਮੈਨੂੰ ਪਿੱਛਾਂਹ ਧੱਕ ਕੇ । ਆਪਣਾ ਹੱਥ ਮੂਹਰੇ ਕਰ ਦਿੱਤਾ । ਡੰਡਾ ਹੱਥ ਤੱਕ ਆਉਣ ਤੋਂ ਪਹਿਲਾਂ ਹੀ ਫੜ ਲਿਆ । ਖਿੱਚ ਕੇ ਖੋਹ ਲਿਆ । ਗਿਆਨੀ ਨੂੰ ਕੁੱਟਣ ਲੱਗ ਪਿਆ । ਉਹ ਭੱਜ ਕੇ ਹੈੱਡਮਾਸਟਰ ਦੇ ਦਫ਼ਤਰ ਜਾ ਵੜਿਆ । ਪ੍ਰੀਤ ਨੇ ਦਫ਼ਤਰ ਦੇ ਮੂਹਰੇ ਖਲ੍ਹੋ ਕੇ ਉਹਨੂੰ ਗੰਦੀਆਂ ਗਾਲ੍ਹਾਂ ਕੱਢੀਆਂ ਤੇ ਘਰ ਵੱਲ ਨੂੰ ਭੱਜ ਗਿਆ । ਪਿਤਾ ਜੀ ਸਕੂਲ 'ਚ ਆਏ । ਦਾਖ਼ਲ ਕਰਾਉਣ ਪਿੱਛੋਂ ਪਹਿਲੀ ਵਾਰ । ਹੈੱਡਮਾਸਟਰ ਅਮਰ ਨਾਥ ਅਗਨੀਹੋਤਰੀ ਨੂੰ ਗੁੱਸੇ ਨਾਲ ਪੁੱਛਿਆ, ''ਕਿਹੜਾ ਨਵਾਂ ਰਵਾ ਆਇਐ ਤੁਹਾਡੇ ਸਕੂਲ ਵਿਚ? ਕਿੱਥੇ ਹੈ ਉਹ ਬੁੱਚੜ? ਪੁੱਛੋ ਉਹਨੂੰ ਕੀ ਕਸੂਰ ਸੀ ਬੱਚੇ ਦਾ...?'' ਮੁਆਫੀ ਮੰਗ ਕੇ 'ਕਸੂਰ' ਦੱਸਿਆ ਗਿਆ ਕਿ ਇਹਨੇ ਕੱਚੀਆਂ ਅੰਬੀਆਂ ਖਾਧੀਆਂ ਸਨ । ਅੰਬੀਆਂ ਦੇ ਦੁੱਧ ਕਰਕੇ ਇਹਦੇ ਬੁੱਲ੍ਹ ਪੱਕੇ ਹੋਏ ਸਨ । ਬੁੱਲ੍ਹ ਪੱਕਣ ਨਾਲ ਬੱਚੇ ਬਿਮਾਰ ਹੋ ਜਾਂਦੇ ਨੇ । ਇਸ ਲਈ... ।

ਮਸਾਂ ਮਸਾਂ ਸਕੂਲ ਵਿਚ ਜੀਅ ਲੱਗਣ ਲੱਗਾ ਸੀ ਕਿ ਬਲਬੀਰ ਸਿੰਘ ਦਾ ਹਊਆ ਦਿਸਣ ਲੱਗ ਪਿਆ । ਪਿਤਾ ਜੀ ਨੇ 'ਦੁਸ਼ਟ' ਨੂੰ ਖਿਮਾ ਕਰ ਦਿੱਤਾ ਸੀ ਪਰ ਪ੍ਰੀਤ ਦਾ ਗੁੱਸਾ ਕਾਇਮ ਸੀ । ਉਹਨੇ ਖਿੱਚ ਧਰੂਹ ਕੇ ਦੋ ਕੁ ਸਾਲ ਹੋਰ ਕੱਢੇ ਤੇ ਸਕੂਲ ਛੱਡ ਦਿੱਤਾ । ਮੈਂ ਇਕੱਲਾ ਰਹਿ ਗਿਆ ।

ਗਿਆਨੀ ਹੁਣ ਮੈਨੂੰ ਕੁਝ ਕਹਿੰਦਾ ਤਾਂ ਨਹੀਂ ਸੀ ਪਰ ਅੰਦਰੋਂ ਖਾਰ ਖਾਂਦਾ ਸੀ । ਮੈਨੂੰ ਨੰਬਰ ਘੱਟ ਦੇਂਦਾ ਸੀ । ਮੇਰੇ ਮੁਕਾਬਲੇ 'ਤੇ ਉਹਨੇ ਗੁਰਦਿਆਲ ਨੂੰ ਨੰਬਰ ਇਕ 'ਤੇ ਰੱਖ ਲਿਆ ਸੀ, ਪੰਜਾਬੀ ਵਿਸ਼ੇ ਵਿਚ । ਬਾਕੀ ਵਿਸ਼ਿਆਂ 'ਚੋਂ ਮੈਂ ਅੱਵਲ ਰਹਿਣਾ ਤੇ ਪੰਜਾਬੀ ਕਰਕੇ ਪੁਜ਼ੀਸ਼ਨ ਮਾਰੀ ਜਾਣੀ । ਪਰ ਇਹ ਹਾਦਸਾ ਤਿਮਾਹੀਂ, ਛਿਮਾਹੀਂ ਤੇ ਨੌਮਾਹੀਂ ਇਮਤਿਹਾਨਾਂ ਵਿਚ ਹੀ ਵਾਪਰਿਆ ਸੀ । ਅੱਠਵੀਂ ਦੇ ਇਮਤਿਹਾਨ ਡਿਸਟ੍ਰਿਕਟ ਬੋਰਡ ਦੇ ਸਨ ਤੇ ਮੈਂ ਆਪਣੇ ਜ਼ਿਲ੍ਹੇ ਵਿਚੋਂ ਫਸਟ ਆ ਗਿਆ । ... ਪਰ ਪੰਜਾਬੀ ਤੋਂ ਮੇਰਾ ਮਨ ਉਚਾਟ ਹੋ ਗਿਆ, ਗਿਆਨੀ ਬਲਬੀਰ ਸਿੰਘ ਕਰਕੇ ।

ਨੌਵੀਂ ਦਸਵੀਂ ਵਿਚ ਪੰਜਾਬੀ ਜਾਂ ਹਿੰਦੀ ਵਿਚੋਂ ਇਕ ਨੂੰ ਚੁਣਨ ਦਾ ਅਖ਼ਤਿਆਰ ਸੀ । ਪੰਜਾਬੀ ਮੇਰੀ ਜਾਨ ਸੀ ਪਰ ਮਾਸਟਰ 'ਜਾਨ ਲੇਵਾ' ਸਿੱਧ ਹੋਇਆ । ਮੈਂ ਹਿੰਦੀ ਰੱਖ ਲਈ । 'ਸਾਹਿਤ ਵਾੜੀ' ਦੀ ਜਗ੍ਹਾ 'ਸਾਹਿਤ ਸੁਸ਼ਮਾ' ਖਰੀਦ ਲਈ । ਪ੍ਰੀਖਿਆ ਦਾ ਮਾਧਿਅਮ ਵੀ ਹਿੰਦੀ ਰੱਖਣਾ ਪਿਆ । ਈਸ਼ਵਰ ਚੰਦਰ ਸ਼ਾਸਤਰੀ ਬਹੁਤ ਪਿਆਰ ਨਾਲ ਪੜ੍ਹਾਉਂਦਾ ਸੀ । ਸੋਟੀ ਤਾਂ ਚੁੱਕਦਾ ਹੀ ਨਹੀਂ ਸੀ । ਲਾਇਬਰੇਰੀ ਦਾ ਇੰਚਾਰਜ ਸੀ । ਸੂਖੇ ਸੰਤਰੇ, ਸੰਨਿਆਸੀ, ਆਨੰਦ ਮਠ, ਰਾਵਣਾਇਨ... ਵਰਗੀਆਂ ਪੁਸਤਕਾਂ ਮੈਂ ਉਹਦੇ ਕਰਕੇ ਹੀ ਪੜ੍ਹ ਗਿਆ, ਕੋਰਸ ਦੇ ਨਾਲ ਨਾਲ ।

ਦਸਵੀਂ ਤੋਂ ਬਾਅਦ ਕਾਲਜ ਜਾਣ ਦਾ ਜੁਗਾੜ ਨਾ ਬਣਿਆ । ਨੌਕਰੀ ਦੀ ਉਮਰ ਨਹੀਂ ਸੀ ਹੋਈ । ਜਦੋਂ ਹੋਈ ਤਾਂ ਨੌਕਰੀ ਮਿਲ ਗਈ । ਚੰਡੀਗੜ੍ਹ ਆ ਗਿਆ । ਪੜ੍ਹਾਈ ਵਾਲਾ ਕੀੜਾ ਅਜੇ ਮਰਿਆ ਨਹੀਂ ਸੀ । ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿਚ ਭਰਤੀ ਹੋਣ ਲਈ ਫਾਰਮ ਭਰ ਦਿੱਤਾ । ਫੀਸ ਭਰਨ ਜਾ ਰਿਹਾ ਸਾਂ ਕਿ 'ਵੈਰਾਗੀ' ਮਿਲ ਗਿਆ । ਸ਼ਾਂਤੀ ਸਰੂਪ । ਗੌਰਮਿੰਟ ਪ੍ਰੈਸ 'ਚ ਕੰਮ ਕਰਦਾ ਸੀ ਤੇ ਹਿੰਦੀ 'ਚ ਕਵਿਤਾ ਲਿਖਦਾ ਸੀ । ਪ੍ਰਾਈਵੇਟ ਅਕਾਦਮੀ 'ਚ ਪੜ੍ਹਾਉਂਦਾ ਸੀ । ਕਹਿਣ ਲੱਗਾ, ''ਛੱਡ ਕਾਲਜ ਨੂੰ । ਚਾਰ ਸਾਲ ਧੱਕੇ ਖਾ ਕੇ ਬੀ.ਏ. ਕਰੇਂਗਾ । ਪ੍ਰਭਾਕਰ ਕਰ ਲੈ । ਦੋ ਸਾਲਾਂ 'ਚ ਗਰੈਜੂਏਟ ।''

ਲੇਟ ਫੀਸ ਨਾਲ ਪ੍ਰਭਾਕਰ ਦਾ ਦਾਖਲਾ ਭੇਜ ਦਿੱਤਾ । ਸਿਲੇਬਸ ਦੀਆਂ ਕਿਤਾਬਾਂ ਵੈਰਾਗੀ ਨੇ ਵਿਖਾ ਦਿੱਤੀਆਂ । ਮਨ ਭੈਭੀਤ ਹੋਇਆ । ਭਾਰੇਭਾਰੇ ਗ੍ਰੰਥ । ਅਜਨਬੀ ਜੇਹੀ ਸ਼ਬਦਾਵਲੀ । ਅਖਤਿਆਰੀ ਵਿਸ਼ਾ ਸੰਸਕ੍ਰਿਤ । ਤਿਆਰੀ ਲਈ ਸਮਾਂ ਥੋੜ੍ਹਾ । …... ਕਰਨੀ ਗਿਆਨੀ ਚਾਹੁੰਦਾ ਸਾਂ ਪਰ ਇਸ ਵਾਸਤੇ ਮੈਟ੍ਰਿਕ ਵਿਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਸੀ । 'ਗਿਆਨੀ ਜੀ' ਦੀ ਕਿਰਪਾ ਸਦਕਾ ਹਿੰਦੀ ਨਾਲ ਤਾਂ ਪ੍ਰਭਾਕਰ ਹੀ ਹੋ ਸਕਦੀ ਸੀ । ਹੋ ਗਈ । ਸੈਕਿੰਡ ਡਵੀਜ਼ਨ । ... ਫੇਰ ਐਫ.ਏ. ਇੰਗਲਿਸ਼ ਓਨਲੀ । ਬੀ.ਏ. ਇੰਗਨਿਸ਼ ਓਨਲੀ... ।

ਗਰੈਜੂਏਸ਼ਨ ਹੋ ਗਈ । ਐਮ.ਏ. ਪੰਜਾਬੀ ਦਾ ਮਨ ਬਣਾਇਆ । ਏਥੇ ਫੇਰ ਬਲਬੀਰ ਸਿੰਘ ਬੁਰੀ ਤਰ੍ਹਾਂ ਯਾਦ ਆਇਆ । ਬੀ.ਏ. ਲੈਵਲ 'ਤੇ ਪੰਜਾਬੀ ਪੜ੍ਹੇ ਹੋਣਾ ਲਾਜ਼ਮੀ ਸ਼ਰਤ । ਇਹ ਸ਼ਰਤ ਪੂਰੀ ਕਰਨ ਲਈ ਗਿਆਨੀ ਦਾ ਦਾਖਲਾ ਭਰ ਦਿੱਤਾ ਅਤੇ ਦਫ਼ਤਰ ਵਿਚ ਐਲਾਨ ਕਰ ਦਿੱਤਾ ਕਿ ਯੂਨੀਵਰਸਿਟੀ 'ਚੋਂ ਫਸਟ ਆਵਾਂਗਾ । ਭਗਵੰਤ ਸਿੰਘ ਕਹਿਣ ਲੱਗਾ ਕਿ ਜੇ ਇੰਜ ਹੋ ਗਿਆ ਤਾਂ ਮੈਂ ਤੈਨੂੰ ਪਾਰਕਰ ਦਾ ਪੈੱਨ ਲੈ ਕੇ ਦਿਆਂਗਾ । ... ਇੰਜ ਹੋ ਤਾਂ ਗਿਆ ਪਰ ਪੈੱਨ ਮੈਨੂੰ 'ਪਾਰਕਰ' ਦਾ ਨਹੀਂ 'ਹੀਰੋ' ਦਾ ਮਿਲਿਆ । ਭਗਵੰਤ ਦਾ ਨੁਕਸਾਨ ਹੋ ਗਿਆ । ਉਹਨੂੰ ਯਕੀਨ ਹੀ ਨਹੀਂ ਸੀ ਆ ਰਿਹਾ ।

ਗੱਡੀ ਲੀਹ 'ਤੇ ਆ ਗਈ । ਪੰਜਾਬੀ ਦੀ ਐਮ.ਏ. ਲਈ ਰਾਹ ਪੱਧਰਾ ਹੋ ਗਿਆ । ਪ੍ਰਾਈਵੇਟ ਦਾਖਲਾ ਭਰ ਦਿੱਤਾ । ਚੰਡੀਗੜ੍ਹ ਤੋਂ ਪਟਿਆਲੇ ਪੇਪਰ ਦੇਣ ਜਾਣਾ । ਸਵੇਰੇ ਅੱਠ ਤੋਂ ਗਿਆਰਾਂ ਪੇਪਰ ਦੇ ਕੇ ਹਾਫ ਟਾਈਮ ਪਿੱਛੋਂ ਦਫ਼ਤਰ ਪੁੱਜਣਾ । ਅੱਧੇ ਦਿਨ ਦੀ ਛੁੱਟੀ ਨਾਲ ਸਾਰਨਾ । ਕਿਤਾਬਾਂ ਦੇ ਨਾਲ ਨਾਲ ਫਾਈਲਾਂ ਨਾਲ ਮੱਥਾ ਮਾਰਨਾ । ਪਹਿਲਾ ਸਾਲ ਲੰਘ ਗਿਆ । ਰਿਜ਼ਲਟ ਆਇਆ । ਯੂਨੀਵਰਸਿਟੀ 'ਚੋਂ ਪਹਿਲਾ ਨੰਬਰ । ਵਜ਼ੀਫੇ ਦੀ ਪੇਸ਼ਕਸ਼ ਨਾਲ ਰੈਗੂਲਰ ਦਾਖ਼ਲੇ ਦੀ ਸ਼ਰਤ । ਬਿਨਾਂਤਨਖਾਹ ਛੁੱਟੀ ਲੈਣ ਦਾ ਹੀਆ ਨਾ ਪਿਆ । ਪ੍ਰਾਈਵੇਟ ਪੇਪਰ ਦਿੱਤੇ, ਪਹਿਲਾਂ ਵਾਂਗ । ਪਰ ਐਤਕੀਂ ਪਹਿਲਾਂ ਵਾਂਗ ਮਸਲਾ ਗੁੱਝਾ ਨਾ ਰਿਹਾ । ਮੁਕਾਬਲੇ ਵਾਲੇ ਰੈਗੂਲਰਾਂ ਨੇ ਭੱਜ ਦੌੜ ਕੀਤੀ ਡਵੀਜ਼ਨ ਫਸਟ ਰਹੀ ਪਰ ਪੁਜ਼ੀਸ਼ਨ ਮਾਰੀ ਗਈ ।

ਪੁਜ਼ੀਸ਼ਨ ਦੀ ਬਹੁਤੀ ਪ੍ਰਵਾਹ ਕਦੇ ਕੀਤੀ ਨਹੀਂ । 'ਕਰਨ' ਵਾਲੇ ਕਦੇ ਤਾਂ ਅੰਦਰ ਝਾਤੀ ਮਾਰ ਕੇ ਸੋਚਦੇ ਹੀ ਹੋਣਗੇ । ਮੈਨੂੰ ਕਦੇ ਕੋਈ ਅਫ਼ਸੋਸ ਨਹੀਂ ਹੋਇਆ । ਹੁੰਦਾ ਵੀ ਕਿਉਂ? ਪੰਜਾਬੀ ਹਮੇਸ਼ਾ ਮੇਰੇ 'ਤੇ ਮਿਹਰਬਾਨ ਰਹੀ ਹੈ । ਜੋ ਕੁਝ ਵੀ ਹਾਂ ਪੰਜਾਬੀ ਕਰਕੇ ਹਾਂ । ਪਰ ਇਹ ਗੱਲ ਕਹਿੰਦਾ ਬਲਬੀਰ ਸਿੰਘ ਤੋਂ ਡਰ ਕੇ ਹਾਂ ।

ਮੇਰੀ ਪੰਜਾਬੀ ਦੀਆਂ ਜੜ੍ਹਾਂ ਵਿਚ 'ਅੰਬੀਆਂ ਦਾ ਦੁੱਧ' ਹੈ । ਇਹ ਦੁੱਧ ਮਾਂ ਦੇ ਦੁੱਧ ਵਾਂਗ ਸ਼ੁੱਧ ਹੈ । ਇਹਦੇ ਵਿਚ ਪਿਤਾ ਦਾ ਵਿਸ਼ਵਾਸ ਹੈ । 'ਪ੍ਰੀਤ' ਦਾ ਧਰਵਾਸ ਹੈ ।

ਉਦੋਂ ਹਿੰਦੀ ਦੀ ਚੋਣ ਮੇਰੀ ਮਜਬੂਰੀ ਸੀ । ਹੁਣ ਸੋਚਦਾ ਹਾਂ ਕਿ ਜ਼ਰੂਰੀ ਸੀ । ਹਿੰਦੀ ਨੇ ਮੇਰੀ ਪੰਜਾਬੀ ਦੀ ਬਾਂਹ ਫੜੀ ਰੱਖੀ ਹੈ, ਲਗਾਤਾਰ । ਹੌਸਲਾ ਦਿੱਤਾ ਹੈ । ਬਲ ਬਖਸ਼ਿਆ ਹੈ । ਮਾਣ ਦਿੱਤਾ ਹੈ । ਹੁਣ ਵੀ ਅੰਗ-ਸੰਗ ਹੈ । ਹੁਣ ਇਹ ਮੇਰੀ ਇਕੱਲੇ ਦੀ ਨਹੀਂ ਮੇਰੀ ਪੰਜਾਬੀ ਦੀ ਵੀ ਮੰਗ ਹੈ ।

ਸਰੀਰ ਦਾ ਮੈਂ ਅਜੇ ਵੀ ਕਮਜ਼ੋਰ ਜਿਹਾ ਹੀ ਹਾਂ । ਪਰ ਹੁਣ ਰੀਂ....ਰੀਂ... ਨਹੀਂ ਕਰਦਾ । ਡਿਗੂੰ ਡਿਗੂੰ ਨਹੀਂ ਕਰਦਾ । ... ਸ਼ਬਦਾਂ ਦੀ ਖੇਡ ਲੱਭ ਗਈ ਹੈ । ਜਿੱਥੇ ਮਰਜ਼ੀ ਖੇਡਾਂ । ਹਰ ਕੋਈ ਖਿਡਾਉਣਾ

ਚਾਹੁੰਦਾ ਹੈ । ਹਾਣੀ ਬਣਾਉਣਾ ਚਾਹੁੰਦਾ ਹੈ । ਹੁਣ ਤਾਂ ਲੱਗਦਾ ਹੈ ਕਿ ਜੀਵਨ ਵੀ ਇਕ ਖੇਡ ਹੀ ਹੈ । ਵਰਦਾਨ ਹੈ ਨਾ ਸਰਾਪ ਹੈ । ਇਹ ਸਭ ਕੱਚੀਆਂ ਅੰਬੀਆਂ ਦੇ ਦੁੱਧ ਦਾ ਪ੍ਰਤਾਪ ਹੈ ।

••••••

22. ਭਗਤ ਸਿੰਘ ਦੱਤ

ਸੱਤਵੀਂ 'ਚ ਪੜ੍ਹਦਾ ਸਾਂ ਜਾਂ ਅੱਠਵੀਂ 'ਚ । ਭਗਤ ਸਿੰਘ ਬਾਰੇ ਗਿਆਨੀ ਮਾਸਟਰ ਬਲਬੀਰ ਸਿੰਘ ਨੇ ਜਮਾਤ ਵਿਚ ਚਾਨਣਾ ਪਾਇਆ । ਲੇਖ ਲਿਖ ਕੇ ਲਿਆਉਣ ਲਈ ਕਿਹਾ । ਚਾਅ ਚੜ੍ਹ ਗਿਆ । ਭਗਤ ਸਿੰਘ ਤਾਂ ਘਰ ਦਾ ਜੀਅ ਸੀ । ਰੋਜ਼ ਉਹਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਸਨ । ਸ਼ਹੀਦੀ ਦੀਆਂ । ਬਹਾਦਰੀ ਦੀਆਂ । ਦੇਸ਼ ਭਗਤੀ ਦੀਆਂ । ਸੁਫੇ ਦੀਆਂ ਕੰਧਾਂ 'ਤੇ ਲਟਕ ਰਹੇ ਕਲੰਡਰਾਂ ਵਿਚ ਭਗਤ ਸਿੰਘ ਸੀ । ਸ਼ੀਸ਼ੇ ਵਿਚ ਮੜ੍ਹਿਆ ਹੋਇਆ ਭਗਤ ਸਿੰਘ ਸੀ । ਅਖ਼ਬਾਰਾਂ, ਰਸਾਲਿਆਂ 'ਚੋਂ ਕੱਟ ਕੱਟ ਕੇ ਉਹਦੀਆਂ ਤਸਵੀਰਾਂ ਮੈਂ ਆਪਣੀਆਂ ਕਾਪੀਆਂ ਕਿਤਾਬਾਂ ਦੀਆਂ ਜਿਲਦਾਂ ਉੱਤੇ ਚਿਪਕਾਈਆਂ ਹੋਈਆਂ ਸਨ । ਉਹਦਾ ਟੋਪ ਤੇ ਉਹਦੀਆਂ ਮੁੱਛਾਂ ਮਨ ਵਿਚ ਵਸਾਈਆਂ ਹੋਈਆਂ ਸਨ । ਉਹਦੀ ਤਸਵੀਰ ਮੈਂ ਅੱਖਾਂ ਮੀਟ ਕੇ ਵਾਹ ਸਕਦਾ ਸਾਂ । ਉਹਦੀ ਜੀਵਨੀ ਮੈਂ ਮੂੰਹ ਜ਼ਬਾਨੀ ਸੁਣਾ ਸਕਦਾ ਸਾਂ । ... ਓਦਣ ਸ਼ੁੱਕਰਵਾਰ ਸੀ । ਸ਼ਨੀਐਤ ਦੀ ਛੁੱਟੀ ਸੀ । ਸੋਮਵਾਰ ਨੂੰ ਵਿਖਾਉਣਾ ਸੀ । ਭਗਤ ਸਿੰਘ ਬਾਰੇ ਪੰਜ ਕੁ ਸੌ ਸ਼ਬਦਾਂ ਦਾ ਲੇਖ ਘਰੋਂ ਲਿਖ ਕੇ ਲਿਆਉਣਾ ਸੀ ।

ਉਦੋਂ ਅਸੀਂ ਉਹਨੂੰ 'ਭਗਤ ਸਿੰਘ' ਨਹੀਂ 'ਭਗਤ ਸਿੰਘ ਦੱਤ' ਕਹਿੰਦੇ ਹੁੰਦੇ ਸਾਂ । ਗਾਉਂਦੇ ਹੁੰਦੇ ਸਾਂ:

ਜਦੋਂ ਵੀਰ ਭਗਤ ਸਿੰਘ ਦੱਤ ਨੂੰ ,
ਦਿੱਤਾ ਫਾਂਸੀ ਦਾ ਹੁਕਮ ਸੁਣਾ ।
ਉਹਦੀ ਹੋਵਣ ਵਾਲੀ ਨਾਰ ਨੂੰ ,
ਕਿਸੇ ਪਿੰਡ ਵਿਚ ਦੱਸਿਆ ਜਾ ।
ਉਹ ਨੰਗੇ ਪੈਰੀਂ ਤੁਰ ਪਈ,
ਪਹੁੰਚੀ ਵਿਚ ਲਾਹੌਰ ਦੇ ਆ । ...

ਪਿੰਡ ਵਿਚ 'ਸ਼ਾਖਾ' ਲੱਗਦੀ ਸੀ । ਸ਼ਾਖਾ ਵਾਲੇ ਮੋਹਤਬਰ ਬੰਦੇ ਪਿੰਡ ਦੇ ਬੱਚਿਆਂ ਨੂੰ 'ਜੀ..ਜੀ' ... ਕਰਕੇ, ਤੜ੍ਹਕੇ ਮੂੰਹ ਨ੍ਹੇਰੇ ਜਗ੍ਹਾ ਕੇ ਆਪਣੇ ਨਾਲ ਲੈ ਜਾਂਦੇ ਸਨ । 'ਦੇਸ਼ ਭਗਤੀ' ਦਾ ਪਾਠ ਪੜ੍ਹਾਉਂਦੇ ਸਨ । ਭਗਤ ਸਿੰਘ ਨੂੰ ਬੜਾ ਵਡਿਆਉਂਦੇ ਸਨ । 'ਭਾਰਤ ਮਾਤਾ ਦੀ ਜੈ' ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਲਵਾਉਂਦੇ ਸਨ । ਭਗਤ ਸਿੰਘ ਦਾ ਬਿੰਬ, ਸਾਡੀਆਂ ਅੱਖਾਂ ਮੂਹਰੇ, ਚੜ੍ਹਦੇ ਸੂਰਜ ਵਾਗੂੰ ਦਗਦਾ ਸੀ । ਉਹ ਸਾਨੂੰ ਆਪਣੇ ਪਿੰਡ ਦਾ ਹੀ ਲੱਗਦਾ ਸੀ । ਜਿੰਨੀ ਜ਼ਿਆਦਾ ਸਾਡੀ, ਭਗਤ ਸਿੰਘ ਨਾਲ ਜੁੜੇ ਰਹਿਣ ਦੀ ਹਸਰਤ ਵਧੀ ਜਾਂਦੀ ਸੀ, ਓਨੀ ਹੀ ਅੰਗਰੇਜ਼ਾਂ ਨਾਲ ਨਫ਼ਰਤ ਵਧੀ ਜਾਂਦੀ ਸੀ :

ਤੇਰਾ ਰਾਜ ਨੲ੍ਹੀਂ ਫਰੰਗੀਆ ਰਹਿਣਾ,
ਭਗਤ ਸਿੰਘ ਕੋਹ ਸੁੱਟਿਆ ।

ਭਗਤ ਸਿੰਘ ਬਾਰੇ ਅਖ਼ਬਾਰਾਂ 'ਚੋਂ ਕੱਟ ਕੇ ਸੰਭਾਲੀਆਂ ਹੋਈਆਂ ਕਾਤਰਾਂ 'ਚ ਇਕ ਕਿਸੇ ਉਰਦੂ ਦੀ ਅਖ਼ਬਾਰ 'ਚੋਂ ਕੱਟੀ ਹੋਈ ਸੀ । ਦੋ ਤਸਵੀਰਾਂ ਦੇ ਹੇਠਾਂ ਉਰਦੂ 'ਚ ਕੁਝ ਛਪਿਆ ਹੋਇਆ ਸੀ । ਇਹ ਕਾਤਰ ਕੋਰੇ ਕਾਗਜ਼ ਉੱਤੇ ਚਿਪਕਾ ਕੇ ਹੇਠਾਂ ਉਰਦੂ ਲਿਖਤ ਨੂੰ ਗੁਰਮੁਖੀ ਵਿਚ ਨੋਟ ਕੀਤਾ ਹੋਇਆ ਸੀ, ਆਪਣੀ ਸਹੂਲਤ ਲਈ । ਇਹ ਕੰਮ ਮੈਂ ਵੱਡੇ ਭਾਈ ਸਾਬ੍ਹ (ਗੁਰਚਰਨ ਸ਼ਰਮਾ) ਦੀ ਮਦਦ ਨਾਲ ਕਰਦਾ ਹੁੰਦਾ ਸਾਂ । ਉਰਦੂ 'ਚ ਛਪਿਆ ਉਨ੍ਹਾਂ ਕੋਲੋਂ ਸੁਣਨਾ, ਅਰਥ ਪੁੱਛਣੇ, ਗੁਰਮੁਖੀ 'ਚ ਲਿਖ ਕੇ ਘੋਟਾ ਲਾ ਲੈਣਾ । ... ਇਨ੍ਹਾਂ ਦੋ ਤਸਵੀਰਾਂ 'ਚੋਂ ਇਕ ਭਗਤ ਸਿੰਘ ਦੀ ਸੀ ਤੇ ਦੂਜੀ ਬੀ.ਕੇ. ਦੱਤ (ਬਟੁਕੇਸ਼ਵਰ ਦੱਤ) ਦੀ । ਉਦੋਂ ਪਹਿਲੀ ਵਾਰੀ ਪਤਾ ਲੱਗਾ ਸੀ ਕਿ ਇਹ ਇਕ ਨਹੀਂ ਦੋ ਵਿਅਕਤੀ ਹਨ । ਅਸੈਂਬਲੀ ਹਾਲ 'ਚ ਬੰਬ ਸੁੱਟਣ ਵਾਲੀ ਘਟਨਾ ਦਾ ਵੇਰਵਾ ਦੇ ਕੇ, ਤਸਵੀਰਾਂ ਦੇ ਹੇਠਾਂ, ਉਨ੍ਹਾਂ ਦਾ 'ਬਿਆਨ' ਛਾਪਿਆ ਗਿਆ ਸੀ । 'ਘੋਟਾ' ਹੁਣ ਤੱਕ ਕਾਇਮ ਹੈ :

'ਭਾਰਤੀਯ ਨਸਲੇ ਇਨਸਾਨੀ ਕੇ ਸਮੁਦਰ ਮੇਂ, ਜੋ ਖ਼ਾਮੋਸ਼ੀ ਬਜ਼ਾਹਿਰ ਦਿਖਾਈ ਦੇਤੀ ਹੈ, ਇਸ ਕੇ ਨੀਚੇ ਸੇ ਏਕ ਨਾਕਾਬਲੇ ਤਸਖ਼ੀਰ ਤੂਫ਼ਾਨ ਉਠਨੇ ਵਾਲਾ ਹੈ । ਹਮਨੇ ਯਹ ਮੌਜ਼ੂੰ ਔਰ ਬੁਲੰਦ ਇੰਤਬਾਹ ਦੇ ਦੀਆ ਹੈ ਕਿ ਦੋ ਗੈਰਨੁਮਾਇਆ ਇਫਰਾਦ ਕੋ ਕੁਚਲ ਦੇਨੇ ਸੇ ਕੌਮ ਕੁਚਲੀ ਨਹੀਂ ਜਾ ਸਕਤੀ ।'

(ਹਿੰਦੁਸਤਾਨੀ ਲੋਕਾਂ ਦੇ ਸਮੁੰਦਰ ਵਿਚ ਇਹ ਜਿਹੜੀ ਚੁੱਪ ਜਿਹੀ ਸ਼ਾਂਤੀ ਨਜ਼ਰ ਆਉਂਦੀ ਹੈ, ਇਹਦੇ ਹੇਠੋਂ ਇਕ ਇਨਕਲਾਬੀ ਤੂਫ਼ਾਨ ਉੱਠਣ ਵਾਲਾ ਹੈ । ਅਸੀਂ ਆਪਣੀ ਕੁਰਬਾਨੀ ਨਾਲ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਦੋ ਅੱਧਖਿੜੀਆਂ ਡੋਡੀਆਂ ਨੂੰ ਕੁਚਲ ਦੇਣ ਨਾਲ ਕੌਮ ਨੂੰ ਨਹੀਂ ਕੁਚਲਿਆ ਜਾ ਸਕਦਾ ।)

ਭਗਤ ਸਿੰਘ ਦੇ ਹਵਾਲੇ ਨਾਲ ਹੀ ਲਾਲਾ ਲਾਜਪਤ ਰਾਏ ਦੇ ਇਹ ਇਤਿਹਾਸਕ ਬੋਲ ਵੀ 'ਕਾਤਰ' ਦੇ ਨਾਲ ਨਾਲ ਮੈਂ ਜ਼ਿਹਨ ਵਿਚ ਸੰਭਾਲੇ ਹੋਏ ਸਨ :

'ਜੋ ਸਰਕਾਰ ਨਿਹੱਥੀ ਜਨਤਾ ਪਰ ਜ਼ਾਲਿਮਾਨਾ ਔਰ ਵਹਿਸ਼ੀਅਨਾ ਹਮਲੇ ਕਰ ਸਕਤੀ ਹੈ, ਉਸੇ ਕਭੀ ਬਾਤਹਿਜ਼ੀਬ ਸਰਕਾਰ ਨਹੀਂ ਕਹਾ ਜਾ ਸਕਤਾ । ਵਹ ਜ਼ਿਆਦਾ ਦਿਨ ਕਾਇਮ ਨਹੀਂ ਰਹਿ ਸਕਤੀ । ਮੇਰੇ ਜਿਸਮ ਪਰ ਪੜੀ ਏਕ ਏਕ ਲਾਠੀ ਬ੍ਰਿਟਿਸ਼ ਸਾਮਰਾਜ ਕੇ ਕਫ਼ਨ ਕੇ ਕੀਲ ਸਾਬਿਤ ਹੋਗੀ ।'

ਮੈਂ ਭਗਤ ਸਿੰਘ ਬਾਰੇ ਪ੍ਰਸਤਾਵ ਲਿਖਣਾ ਸ਼ੁਰੂ ਕਰ ਦਿੱਤਾ । ਸਮੱਗਰੀ ਕਾਫ਼ੀ ਜ਼ਿਆਦਾ ਸੀ । ਸਮੇਟਣੀ ਔਖੀ ਸੀ । ਲਿਖਣ ਦੀ ਕੋਈ ਟਰੇਨਿੰਗ ਨਹੀਂ ਸੀ, ਪਰ ਅੰਦਰੋਂ ਜ਼ੋਰ ਪੈ ਰਿਹਾ ਸੀ । ਹਾਲੇ ਰਫ਼ ਕਾਪੀ 'ਤੇ ਲਿਖ ਰਿਹਾ ਸਾਂ । ਗਿਆਨੀ ਜੀ ਦੇ ਚੈੱਕ ਕਰਨ ਮਗਰੋਂ ਉਸ ਨੂੰ ਅਸਲ ਕਾਪੀ 'ਤੇ ਉਤਾਰਨਾ ਸੀ ।

ਭਗਤ ਸਿੰਘ ਦਾ ਛੋਟਾ ਭਰਾ ਜਨਸੰਘ ਦਾ 'ਦੀਵਾ' ਫੜ ਕੇ ਚੋਣ ਲੜ ਰਿਹਾ ਸੀ । ਭਗਤ ਸਿੰਘ ਦੇ ਪੋਸਟਰਾਂ ਦਾ ਰੁਝਾਨ ਜ਼ੋਰ ਫੜ ਰਿਹਾ ਸੀ । ਉਸ ਦੀ ਵੱਡੀ ਭੈਣ ਛੋਟੇ ਭਰਾ ਦੀ ਚੋਣਮੁਹਿੰਮ ਵਿਚ ਆਪਣੇ ਸ਼ਹੀਦ ਭਰਾ ਦਾ ਵਾਸਤਾ ਪਾ ਰਹੀ ਸੀ । ਸ਼ਹੀਦ ਭਗਤ ਸਿੰਘ ਦੇ ਲਹੂ ਦੇ ਬਦਲੇ ਲੋਕਾਂ ਕੋਲੋਂ ਵੋਟ ਚਾਹ ਰਹੀ ਸੀ:

'ਇਹ ਜੋ ਜਨਸੰਘ ਦਾ ਚੋਣ ਨਿਸ਼ਾਨ ਹੈ ਨਾ ਦੀਪਕ, ਇਹ ਸਧਾਰਨ ਦੀਵਾ ਨਹੀਂ । ਇਸ ਵਿਚ ਤੇਲ ਨਹੀਂ ਬਲਦਾ । ਇਸ ਵਿਚ ਮੇਰੇ ਭਰਾ ਭਗਤ ਸਿੰਘ ਦਾ ਲਹੂ ਬਲਦਾ ਹੈ । ... ਇਸ ਦੀ ਜੋਤ ਜਗਦੀ ਰੱਖਣ ਲਈ... ਆਜ਼ਾਦੀ ਦੀ ਸ਼ਮਾਂ ਬਲਦੀ ਰੱਖਣ ਲਈ... ਤੁਹਾਡੀ ਵੋਟ ਏਸੇ ਦੇ ਹੱਕ ਵਿਚ ਭੁਗਤੇ ।...'

ਨਾਅਰੇ ਲੱਗਦੇ । ਲੋਕ ਜਵਾਬੀ ਹੁੰਗਾਰਾ ਦੇਂਦੇ । ਭਗਤ ਸਿੰਘ ਅਤੇ ਇਨਕਲਾਬ ਲਗਾਤਾਰ ਜ਼ਿੰਦਾਬਾਦ ਹੋਈ ਜਾਂਦਾ । ਬਾਲ ਮਨਾਂ ਉੱਤੇ ਮਾਹੌਲ ਦਾ ਅਕਸ ਪਈ ਜਾਂਦਾ । ਬਚਪਨ ਵਿਚ ਜਿਹੜੇ ਪੂਰਨੇ ਪੈ ਜਾਂਦੇ ਨੇ, ਅਗਲੀ ਉਮਰ ਉਨ੍ਹਾਂ ਦੇ ਝਉਲਿਆਂ ਨਾਲ ਘਿਰ ਜਾਂਦੀ ਹੈ । ਸਮਾਂ ਪੈ ਕੇ ਪੂਰਨਿਆਂ ਉੱਤੇ ਪੱਕੀ ਸਿਆਹੀ ਫਿਰ ਜਾਂਦੀ ਹੈ । ਵੱਡੇ ਹੋ ਕੇ, ਨਿੱਕੇ ਅਨੁਭਵਾਂ ਦੇ ਆਸਰੇ, ਵੱਡੀ ਗੱਲ ਸੋਚੀ ਜਾ ਸਕਦੀ ਹੈ । ਪਰ ਲਿਖਤ ਨਹੀਂ ਮਿਟਦੀ, ਸਿਰਫ਼ ਫੱਟੀ ਪੋਚੀ ਜਾ ਸਕਦੀ ਹੈ । ਲੇਖ ਲਿਖਿਆ ਗਿਆ । ਕੁਝ ਲੰਮਾ ਹੋ ਗਿਆ । ਕਿਤਾਬਾਂ 'ਚੋਂ ਪੜ੍ਹਿਆ, ਸਕੂਲ 'ਚੋਂ ਸਿੱਖਿਆ, ਏਧਰੋਂਓਧਰੋਂ ਵੇਖਿਆਸੁਣਿਆ ਸਭ ਫਿੱਟ ਕਰ ਦਿੱਤਾ । ਘਰ ਦੇ ਕਿਸੇ ਜੀਅ ਨੂੰ ਜਾਂ ਆਪਣੇ ਕਿਸੇ ਜਮਾਤੀ ਨੂੰ ਨਾ ਵਿਖਾਇਆ, ਨਾ ਪੜ੍ਹਾਇਆ, ਨਾ ਸੁਣਾਇਆ । ਇਹ ਮੇਰਾ ਖਜ਼ਾਨਾ ਸੀ, ਜਿਸ ਨੂੰ ਮੈਂ ਸਾਂਭਸਾਂਭ ਰੱਖ ਰਿਹਾ ਸਾਂ । ਦੋਹਾਂ ਛੁੱਟੀਆਂ 'ਚ ਸਿਰਫ਼ ਏਹੋ ਕੰਮ ਕੀਤਾ ਸੀ । ਪਹਿਲੀ ਵਾਰ ਲਿਖਣ ਦਾ ਮਜ਼ਾ ਆਇਆ ਸੀ । ਚਾਹੁੰਦਾ ਸਾਂ ਕਿ ਛੇਤੀ ਦਿਨ ਚੜ੍ਹੇ । ਸਕੂਲੇ ਜਾਵਾਂ । ਲੇਖ ਦਿਖਾਵਾਂ । ਪੰਜਾਬੀ ਦੀ ਘੰਟੀ ਵਿਚ ਸਾਡੀਆਂ ਕਾਪੀਆਂ ਲੈ ਲਈਆਂ ਗਈਆਂ । ਦੂਜੇ ਤੀਜੇ ਦਿਨ ਵੰਡ ਦਿੱਤੀਆਂ, ਪਰ ਮੇਰੀ ਕਾਪੀ ਨਹੀਂ ਮੋੜੀ । ਮੇਰਾ ਉਤਸ਼ਾਹ ਜਾਂਦਾ ਰਿਹਾ । ਮੇਰੀ ਖੁਸ਼ੀ ਉਦਾਸੀ 'ਚ ਬਦਲ ਗਈ । ਰੋਣਹਾਕਾ ਹੋ ਗਿਆ ਕਿ ਜੇ ਕਾਪੀ ਗਵਾਚ ਗਈ ਹੋਈ ਤਾਂ ਮੈਂ ਤਾਂ ਲੁੱਟਿਆ ਜਾਵਾਂਗਾ । ... ਕਾਪੀ ਗਵਾਚੀ ਨਹੀਂ ਸੀ । ਰੱਖ ਲਈ ਗਈ ਸੀ । ਛੁੱਟੀ ਪਿੱਛੋਂ ਮੈਨੂੰ ਹੈੱਡਮਾਸਟਰ ਸਾਹਬ ਦੇ ਦਫ਼ਤਰ ਵਿਚ ਬੁਲਾਇਆ ਗਿਆ ਸੀ । ... ਮੈਂ ਚੰਗਾ ਸੋਚਣ ਦੀ ਕੋਸ਼ਿਸ਼ ਕੀਤੀ । ਸ਼ਾਇਦ ਮੈਨੂੰ ਸ਼ਾਬਾਸ਼ ਦੇਣਾ ਚਾਹੁੰਦੇ ਹੋਣ । ਆਖ਼ਰੀ ਘੰਟੀ ਤੱਕ ਮੇਰਾ ਧਿਆਨ ਕਾਪੀ 'ਚ ਰਿਹਾ ।

ਮੈਂ ਡਰਦਾ ਡਰਦਾ ਦਫ਼ਤਰ ਗਿਆ । ਸਾਰਾ ਸਟਾਫ਼ ਸਜਿਆ ਬੈਠਾ ਸੀ । ਮੇਰੀ ਝਾੜ-ਝੰਬ ਕੀਤੀ ਗਈ । ਦਸ ਪੰਦਰਾਂ ਮਿੰਟ ਝਿੜਕਾਂ ਮਾਰ ਕੇ, ਲੇਖ ਦੇ ਆਖ਼ਰੀ ਦੋ ਵਰਕੇ ਪਾੜ ਕੇ, ਕਾਪੀ ਮੋੜ ਦਿੱਤੀ । ਇੰਜ ਲੱਗਾ ਜਿਵੇਂ ਮੇਰੀ ਕਲਮ ਜੰਮਣਸਾਰ ਹੀ ਤੋੜ ਦਿੱਤੀ । ਦੁੱਖ ਤਾਂ ਹੋਇਆ, ਪਰ ਸਬਕ ਵੀ ਮਿਲਿਆ ।

ਗੱਲ ਦਰਅਸਲ ਇਹ ਸੀ ਕਿ ਮੈਂ ਆਪਣੇ ਲੇਖ ਵਿਚ ਲਿਖ ਦਿੱਤਾ ਸੀ ਕਿ ਭਗਤ ਸਿੰਘ ਨੂੰ ਫਾਂਸੀ ਦਿਵਾਉਣ ਵਾਲੇ ਕੇਸ ਵਿਚ ਦੁਰਗਾ ਦਾਸ ਭਾਗੋਵਾਲੀਏ ਨੇ ਗਵਾਹੀ ਦਿੱਤੀ ਸੀ । ਉਹੀ ਦੁਰਗਾ ਦਾਸ ਜੋ ਸਾਡੇ ਸਕੂਲ ਦਾ ਮੈਨੇਜਰ ਸੀ ਅਤੇ ਬਾਵਾ ਲਾਲ ਦੀ ਗੱਦੀ ਦੇ ਟਰੱਸਟ ਦਾ ਮੁਖ਼ਤਾਰੇਆਮ ਵੀ ਸੀ । ਏਹੋ ਟਰੱਸਟ ਸਕੂਲ ਚਲਾਉਂਦਾ ਸੀ । ਏਸੇ ਦੁਰਗਾ ਦਾਸ ਦਾ ਭਤੀਜਾ ਸਾਨੂੰ ਅੰਗਰੇਜ਼ੀ ਪੜ੍ਹਾਉਂਦਾ ਸੀ । ... ਪਰ ਮੈਂ ਤਾਂ ਆਪਣੇ ਵੱਲੋਂ 'ਸੱਚ' ਹੀ ਲਿਖਿਆ ਸੀ ।

ਪੰਡਤ ਦੁਰਗਾ ਦਾਸ ਕਾਂਗਰਸ ਦਾ ਛੋਟਾ ਮੋਟਾ ਲੀਡਰ ਸੀ । ਧਿਆਨਪੁਰ ਵਿਚ ਉਹਦੀ ਸਿਆਸਤ ਪੂਰੀ ਤਰ੍ਹਾਂ ਚੱਲਦੀ ਸੀ । ਉਹਨੇ ਆਪਣੇ ਬਾਰੇ ਫੈਲੀ ਇਸ ਬਦਨਾਮੀ ਦੀ ਬੜੀ ਵਾਰ ਸਫ਼ਾਈ ਦਿੱਤੀ ਕਿ ਮੇਰੀ ਉਮਰ ਵੇਖ ਲਓ, ਭਗਤ ਸਿੰਘ ਦੀ ਫਾਂਸੀ ਵੇਲੇ ਤਾਂ ਮੈਂ ਦਸਾਂ ਸਾਲਾਂ ਦਾ ਸਾਂ, ਠਾਣੇਦਾਰ ਕਿਵੇਂ ਹੋ ਸਕਦਾ ਸਾਂ । ਪਰ ਗੱਲ ਤੁਰਦੀ ਰਹੀ ਅਤੇ ਮੁੱਕੀ ਉਦੋਂ ਜਦੋਂ ਭਾਗੋਵਾਲ ਤੋਂ ਧਿਆਨਪੁਰ ਵੱਲ ਮੋਟਰਸਾਈਕਲ 'ਤੇ ਆਉਂਦੇ ਨੂੰ ਕਿਸੇ ਨੇ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਲਾਸ਼ ਲਾਗੇ ਲਾਲ ਰੰਗ ਦੇ ਪੋਸਟਰ ਸੁੱਟ ਦਿੱਤੇ ਕਿ ਭਗਤ ਸਿੰਘ ਖਿਲਾਫ ਦਿੱਤੀ ਗਵਾਹੀ ਦਾ ਬਦਲਾ ਲੈ ਲਿਆ ਹੈ । ਇਹ ਨਕਸਲਬਾੜੀ ਦੌਰ ਸੀ ।

ਪਤਾ ਨਹੀਂ ਕੀਹਨੇ, ਕੀਹਦੇ ਤੋਂ, ਕਾਹਦਾ ਬਦਲਾ ਲਿਆ ਸੀ । ਮੈਂ ਉਦੋਂ ਤੱਕ ਚੰਡੀਗੜ੍ਹ ਆ ਚੁੱਕਾ ਸਾਂ । ਬਹੁਤ ਕੁਝ ਹੇਠਾਂ ਉੱਤੇ ਹੋ ਗਿਆ ਸੀ ਪਰ ਭਗਤ ਸਿੰਘ ਦਾ ਸਿੱਕਾ ਕਦੇ ਵੀ ਪੁਰਾਣਾ ਨਹੀਂ ਪਿਆ । ਉਹ ਹਮੇਸ਼ਾ ਮੇਰੇ ਆਸ ਪਾਸ ਰਿਹਾ ਹੈ, ਉਹਨੂੰ ਮਿਲਣ ਲਈ ਮੈਨੂੰ ਕਿਤੇ ਜਾਣਾ ਨਹੀਂ ਪਿਆ ।

•••

ਇਹ ਗੱਲ 1970 ਦੇ ਸ਼ੁਰੂ ਦੀ ਹੈ । ਮੈਨੂੰ ਚੰਡੀਗੜ੍ਹ ਆਏ ਨੂੰ ਪੰਜਛੇ ਵਰ੍ਹੇ ਹੋਏ ਸਨ । ਉਦੋਂ ਜੇ ਕੋਈ ਬੰਦਾ ਏਥੇ ਆਪਣੇ ਕਿਸੇ ਕੰਮ ਜਾਂ ਐਵੇਂ ਮਿਲਣ ਗਿਲਣ ਹੀ ਆਉਂਦਾ ਸੀ ਤਾਂ ਉਸ ਦੀ ਫਰਮਾਇਸ਼ ਹੁੰਦੀ ਸੀ ਕਿ ਸ਼ਹਿਰ ਦੀਆਂ ਵੇਖਣ ਵਾਲੀਆਂ ਥਾਵਾਂ ਉਹਨੂੰ ਵਿਖਾਈਆਂ ਜਾਣ । ਅਗਲਾ ਨਾ ਵੀ ਕਹਵੇ, ਖ਼ੁਦ ਹੀ ਪ੍ਰੋਗਰਾਮ ਬਣਾ ਲਈਦਾ ਸੀ ਕਿ ਏਸੇ ਬਹਾਨੇ ਘੁੰਮ ਫਿਰ ਕੇ ਕੁਝ ਵਕਤ ਚੰਗਾ ਲੰਘ ਜਾਏਗਾ । ਛੁੱਟੀ ਵਾਲੇ ਦਿਨ ਲੋਕਲ ਬੱਸਾਂ ਦਾ ਖਾਸ ਇੰਤਜ਼ਾਮ ਹੁੰਦਾ ਸੀ । ਕਿਰਾਇਆ ਨਾਮਾਤਰ ਹੀ ਹੁੰਦਾ ਸੀ । ਤਿੰਨ ਥਾਵਾਂ ਨੂੰ ਵੇਖਣਾ ਤਾਂ ਰੁਟੀਨ ਜਿਹਾ ਹੀ ਹੋ ਗਿਆ ਸੀ : ਸਕੱਤਰੇਤ, ਅਸੈਂਬਲੀ ਹਾਲ ਅਤੇ ਹਾਈਕੋਰਟ । ਤਿੰਨੇ ਥਾਵਾਂ ਉੱਤੇ ਗਾਈਡ ਨਾਲ ਹੁੰਦਾ ਸੀ ਅਤੇ ਪਾਸ ਬਣਾ ਕੇ ਗਰੁੱਪਾਂ ਵਿਚ ਭੁਗਤਾਇਆ ਜਾਂਦਾ ਸੀ । ਘਰ ਦੇ ਹੋਰ ਜੀਆਂ ਦੇ ਨਾਲ ਮੇਰੇ ਕੋਲ ਸਾਡਾ ਸਭ ਤੋਂ ਛੋਟਾ ਭਰਾ ਆਦੇਸ਼ ਆਇਆ ਹੋਇਆ ਸੀ । ਐਤਵਾਰ ਨੂੰ ਅਸੀਂ ਘੁੰਮਣਫਿਰਨ ਲਈ ਨਿਕਲ ਗਏ ।

ਸਕੱਤਰੇਤ ਅਤੇ ਹਾਈਕੋਰਟ ਦੀਆਂ ਇਮਾਰਤਾਂ 'ਚ ਵਿਚਰਦਿਆਂ ਆਦੇਸ਼ ਸਭ ਤੋਂ ਵੱਧ ਉਤਸ਼ਾਹ ਵਿਚ ਸੀ । ਏਧਰਓਧਰ ਭੱਜਾ ਫਿਰਦਾ । ਉਹਨੂੂੰ ਕਾਬੂ ਕਰਨ ਲਈ ਕਈ ਵਾਰੀ ਗੋਦੀ ਚੁੱਕਣਾ ਪੈਂਦਾ । ਅਸੈਂਬਲੀ ਹਾਲ ਵਿਚ ਖਲੋ ਕੇ ਜਦੋਂ ਗਾਈਡ ਸਾਨੂੰ ਜੁਗਰਾਫੀਆ ਸਮਝਾ ਰਿਹਾ ਸੀ, ਉਦੋਂ ਮੈਂ ਆਦੇਸ਼ ਨੂੰ ਕੁੱਛੜ ਚੁੱਕਿਆ ਹੋਇਆ ਸੀ ਤਾਂ ਕਿ ਉਹਨੂੰ ਸਭ ਕੁਝ ਨਜ਼ਰ ਆਉਂਦਾ ਰਹੇ । ਅਚਾਨਕ ਉਹਨੇ ਮੇਰੇ ਤੋਂ ਪੁੱਛ ਲਿਆ :

? ਇਹ ਅਸੈਂਬਲੀ ਹਾਲ ਐ ਨਾ ।
ਆਹੋ । ਅਸੈਂਬਲੀ ਹਾਲ ਈ ਐ । ਚੁੱਪ ਕਰਕੇ ਵੇਖੀ ਜਾ ।

? ਏਥੇ ਭਗਤ ਸਿੰਘ ਨੇ ਬੰਬ ਸੁੱਟਿਆ ਸੀ ।
ਨਹੀਂ, ਏਥੇ ਨਹੀਂ ਸੀ ਸੁੱਟਿਆ ।

? ਕਿੱਥੇ ਸੁੱਟਿਆ ਸੀ ।
ਲਾਹੌਰ ।

? ਏਥੇ ਕੌਣ ਸੁੱਟੇਗਾ ।
ਏਥੇ ਕੋਈ ਨਹੀਂ ਸੁੱਟੇਗਾ । ਚੁੱਪ ਕਰ ।

? ਏਥੇ ਮੈਂ ਸੁੱਟਾਂਗਾ ।
ਤੇ ਨਾਲ ਹੀ ਉਹਨੇ ਇਨਕਲਾਬ ਜ਼ਿੰਦਾਬਾਦ ਕਹਿ ਕੇ ਬੰਦ ਮੁੱਠੀ ਵਾਲੀ ਬਾਂਹ ਉਲਾਰ ਦਿੱਤੀ । ਉਹਦੇ ਮੂੰਹ 'ਤੇ ਹੱਥ ਰੱਖਣਾ ਪਿਆ । ਭਗਤ ਸਿੰਘ ਹਾਜ਼ਰੀ ਲਵਾ ਗਿਆ ਸੀ ।

•••

ਚੀਨ ਅਤੇ ਪਾਕਿਸਤਾਨ ਦੇ ਹਮਲੇ ਸਮੇਂ ਦੇਸ਼ ਭਗਤੀ ਦੀ ਭਾਵਨਾ ਜਗਾਉਣ ਲਈ ਬੜੇ ਜੰਗੀ ਕਵੀਦਰਬਾਰ ਹੁੰਦੇ ਰਹੇ । ਲਹੂ ਗਰਮਾਉਣ ਵਾਲੀਆਂ ਨਜ਼ਮਾਂ ਰਾਹੀਂ ਭਗਤ ਸਿੰਘ ਨੂੰ ਘੜੀ-ਮੁੜੀ ਯਾਦ ਕੀਤਾ ਜਾਂਦਾ । ਇਕ ਪੂਰੀ ਕਿਤਾਬ ਜੋਗੀਆਂ ਕਵਿਤਾਵਾਂ ਮੈਂ ਵੀ ਜੋੜੀਆਂ ਹੋਣਗੀਆਂ । ਕੁਝ ਛਪੀਆਂ ਵੀ । ਸੰਭਾਲੀਆਂ ਨਹੀਂ । ਪਤਾ ਨਹੀਂ ਚੰਗਾ ਹੋਇਆ ਕਿ ਮਾੜਾ, ਪਰ ਭਗਤ ਸਿੰਘ ਦਾ ਬਿੰਬ ਹਮੇਸ਼ਾ ਮੇਰੇ ਲਈ ਪ੍ਰੇਰਕ ਬਣਿਆ ਰਿਹਾ ਹੈ ।

ਪੰਜਾਬ ਵਿਚ ਲੰਮਾ ਸਮਾਂ ਚੱਲੀ ਕਾਲੀ ਹਨੇਰੀ ਵੇਲੇ ਵੀ ਮੈਂ ਉਹਨੂੰ ਯਾਦ ਕੀਤਾ ਸੀ :

ਇਹ ਨਾ ਪੁੱਛ ਕੀ ਹੋਇਆ ਪੰਜਾਬੀਆਂ ਨੂੰ ,
ਅੱਲੇ ਜ਼ਖ਼ਮ ਨਾ ਐਵੇਂ ਕੁਰੇਦ ਬੀਬਾ ।
ਘੋੜਾ ਦੱਬਣਾ ਤੇ ਬੰਦਾ ਮਾਰ ਦੇਣਾ,
ਇਹਦੇ ਵਿਚ ਕੀ ਪੜ੍ਹਨਾ ਏ ਵੇਦ ਬੀਬਾ ।
ਗੋਲੀ ਚੱਲੇ ਕਾਨੂੰਨ ਦੇ ਵਾਂਗ ਸਿੱਧੀ,
ਹਿੰਦੂ ਸਿੱਖ ਵਿਚ ਕਰੇ ਨਾ ਭੇਦ ਬੀਬਾ ।
ਅੱਡੋ ਅੱਡ ਨੇ ਸਿੰਘ ਤੇ ਭਗਤ ਹੋਗੇ,
ਤੇਰਾ ਹੋ ਗਿਆ ਏ ਸੰਧੀਛੇਦ ਬੀਬਾ ।

ਭਗਤ ਸਿੰਘ ਦੀ ਮਹਿਮਾ ਖੰਡਨਮੰਡਨ ਤੋਂ ਪਰੇ ਹੈ । ਉਸ ਦੇ ਬਿੰਬ ਦੁਆਲੇ ਪਸਰਿਆ ਰੌਸ਼ਨੀ ਦਾ ਦਾਇਰਾ ਦਿਨੋ-ਦਿਨ ਵਸੀਹ ਹੁੰਦਾ ਜਾਂਦਾ ਹੈ । ਅੱਖੀਆਂ ਵਾਲਿਆਂ ਨੂੰ ਇਸ ਰੌਸ਼ਨੀ ਵਿਚ ਕਈ ਕੁਝ ਨਵਾਂ ਨਜ਼ਰ ਆਉਣ ਲੱਗਦਾ ਹੈ । ਸਮੇਂ ਦੇ ਗੇੜ ਵਿਚ ਕਦੇ ਕਦਾਈਂ ਇਹੋ ਜਿਹਾ ਚਮਤਕਾਰੀ ਰੰਗ ਵਿਆਪਦਾ ਹੈ ਕਿ ਸਮਾਂ ਬੀਤਣ ਨਾਲ ਵੀ ਕੋਈ ਚਿਹਰਾ ਪੁਰਾਣਾ ਨਹੀਂ ਪੈਂਦਾ ਸਗੋਂ ਨਿੱਤ ਨਵਾਂ ਜਾਪਦਾ ਹੈ ।

ਭਗਤ ਸਿੰਘ ਜਦੋਂ ਸਰੀਰਕ ਤੌਰ 'ਤੇ ਸਮਾਪਤ ਹੋ ਜਾਂਦੈ ਤਾਂ ਪ੍ਰੇਰਕ ਤੌਰ 'ਤੇ ਵਿਆਪਕ ਹੋ ਜਾਂਦੈ । ਸਾਰੇ ਹੱਦਾਂ ਬੰਨਿਆਂ ਤੋਂ ਆਜ਼ਾਦ ਹੋ ਜਾਂਦੈ । ਕਿਸੇ ਇਕ ਧਿਰ ਦਾ ਨਹੀਂ ਰਹਿੰਦਾ । ਸਭ ਨੂੰ ਆਪਣਾ ਆਪਣਾ ਲੱਗਦੈ । ਇਸ ਮਸਤੀ ਨੂੰ ਓਹੀ ਜਾਣਦੈ ਜਿਹੜਾ ਇਸ ਆਲਮ 'ਚੋਂ ਲੰਘਿਆ ਹੁੰਦੈ । ਜਾਂ ਫਿਰ ਉਹ ਮਾਂ ਇਸ ਮਸਤੀ ਦਾ ਰਹੱਸ ਬੁਝ ਸਕਦੀ ਹੈ, ਜੀਹਨੇ ਕਦੇ ਪੁੱਤ ਦਾ ਚੋਲਾ ਬਸੰਤੀ ਰੰਗ 'ਚ ਰੰਗਿਆ ਹੁੰਦੈ ।

ਭਗਤ ਸਿੰਘ ਜੇਕਰ ਅੱਜ ਹੁੰਦਾ ਤਾਂ ਕੀ ਹੁੰਦਾ? ਜ਼ਾਹਿਰ ਹੈ ਕਿ ਸੌ ਵਰ੍ਹਿਆਂ ਦਾ ਹੁੰਦਾ । ... ਜੱਗ ਜ਼ਾਹਿਰ ਹੈ ਕਿ ਉਹ ਅੱਜ ਵੀ ਹੈ ਪਰ ਉਹਦਾ ਰਿਸ਼ਤਾ ਵਰ੍ਹਿਆਂ ਨਾਲ ਨਹੀਂ ਸਮਿਆਂ ਨਾਲ ਹੈ ।

ਜੋਬਨ ਰੁੱਤੇ ਵਿਦਾ ਹੋ ਜਾਣਾ ਦੁਖਦਾਈ ਵਰਤਾਰਾ ਹੈ । ਇਸ ਨਾਲ ਸੋਗ ਵਾਪਰਦਾ ਹੈ । ਕਰੁਣਾ ਪੈਦਾ ਹੁੰਦੀ ਹੈ । ਰੁਦਨ ਜਾਗਦਾ ਹੈ । ਪਰ ਭਗਤ ਸਿੰਘ ਨੇ ਮੌਤ ਨੂੰ ਸਾਥਣ ਬਣਾ ਲਿਆ । ਨਿਰਭਉ ਨਿਰਵੈਰ ਹੋ ਕੇ ਉਤਸਵ ਰਚਾ ਲਿਆ । ਉਹਦਾ ਮੁਸਕਰਾਉਂਦਾ ਹੋਇਆ ਨਿਰਛਲ ਚਿਹਰਾ ਸਭ ਦੇ ਦਿਲਾਂ 'ਤੇ ਜਾਦੂ ਬਣ ਕੇ ਛਾ ਗਿਆ । ਕਰਮ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਮਝ ਕੇ ਉਹ ਜ਼ਿੰਦਗੀ ਦਾ ਪਾਰ ਪਾ ਗਿਆ ।

ਆਪ ਗਿਆ ਪਰ ਦੇ ਗਿਆ ਸਾਨੂੰ,
ਜੀਵਨ ਵਿਚ ਕੁਝ ਕਰਨ ਦਾ ਸੁਪਨਾ,
ਆਪਣੇ ਵਾਂਗੂੰ ਜੀਣ ਦਾ ਸੁਪਨਾ¨
ਆਪਣੇ ਵਾਂਗੂੰ ਜੀਣ ਦਾ ਸੁਪਨਾ¨

ਬਚਪਨ ਸੁਪਨਾ ਹੋ ਚੁਕਾ ਹੈ ਪਰ ਅਜੇ ਵੀ ਯਾਦ ਨੇ ਉਹ ਦਿਨ ਜਦੋਂ ਭਗਤ ਸਿੰਘ ਸਾਡੇ ਨਾਲ ਖੇਡਦਾ ਹੁੰਦਾ ਸੀ । ਹਰ ਘਰ, ਹਰ ਦੁਕਾਨ, ਹਰ ਬਸਤੇ ਵਿਚ ਉਹਦੀ ਤਸਵੀਰ ਹੁੰਦੀ ਸੀ । ਹਰ ਮੇਲੇ ਵਿਚ ਉਹਦੇ ਕਿੱਸੇ ਵਿਕਦੇ ਸਨ । ਹਰ ਸਟੇਜ ਤੋਂ ਉਹਦੇ ਬਾਰੇ ਕਵਿਤਾਵਾਂ ਸੁਣਾਈਆਂ ਜਾਂਦੀਆਂ ਸਨ । ਤ੍ਰਿੰਝਣਾਂ ਵਿਚ ਉਹਦੀਆਂ ਘੋੜੀਆਂ ਗਾਈਆਂ ਜਾਂਦੀਆਂ ਸਨ । ਉਹਦਾ ਜ਼ਿਕਰ ਪਤਾ ਨਹੀਂ ਕੀ ਕਰ ਜਾਂਦਾ ਸੀ । ਅੱਖਾਂ ਵਿਚ ਅੱਥਰੂ ਹੁੰਦੇ ਸਨ ਪਰ ਦਿਲਾਂ ਵਿਚ ਜੋਸ਼ ਭਰ ਜਾਂਦਾ ਸੀ । ਸਿਲੇਬਸ ਅਨੁਸਾਰ ਅਸੀਂ ਬੇਸ਼ੱਕ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਮੰਨਦੇ ਸਾਂ, ਪਰ ਆਜ਼ਾਦੀ ਦਾ ਸਿਹਰਾ ਸਦਾ ਭਗਤ ਸਿੰਘ ਦੇ ਸਿਰ ਹੀ ਬੰਨ੍ਹਦੇ ਸਾਂ ।

ਜਦੋਂ ਚੀਨ ਨਾਲ ਲੜਾਈ ਸ਼ੁਰੂ ਹੋਈ ਤਾਂ ਆਜ਼ਾਦੀ ਨੂੰ ਖ਼ਤਰਾ ਪੈਦਾ ਹੋ ਗਿਆ । ਹਾਲੇ ਪਿੱਛੇ ਜਿਹੇ ਤਾਂ ਮੁਲਕ ਆਜ਼ਾਦ ਹੋਇਆ ਸੀ । ਪੰਜਾਬੀਆਂ ਦੇ ਚੰਗੀ ਤਰ੍ਹਾਂ ਪੈਰ ਵੀ ਨਹੀਂ ਸਨ ਲੱਗੇ ਕਿ ਧਰਤੀ ਮੁੜ ਡੋਲਣ ਲੱਗ ਗਈ । ਲੀਡਰ ਲੋਕ ਕੁਰਬਾਨੀਆਂ ਲਈ ਦੁਹਾਈ ਦੇਣ ਲੱਗੇ । ਅਸੀਂ ਕੀਹਨੂੰ ਵਾਜਾਂ ਮਾਰਦੇ? ਨਾ ਕੋਈ ਨਾਮ ਯਾਦ ਆਉਂਦਾ ਸੀ, ਨਾ ਕੋਈ ਚਿਹਰਾ ਅੱਖਾਂ ਨੂੰ ਜਚਦਾ ਸੀ । ਲੈ ਦੇ ਕੇ ਇਕ ਭਗਤ ਸਿੰਘ ਬਚਦਾ ਸੀ ।

ਭਗਤ ਸਿੰਘ ਦੇ ਚਿਹਰੇ 'ਤੇ ਜਲਾਲ ਹੈ । ਅੱਖਾਂ ਵਿਚ ਚਮਕ ਹੈ । ਮਸਤਕ ਵਿਰਾਟ ਹੈ । ਸਭ ਕੁਝ ਸ਼ੀਸ਼ੇ ਵਾਂਗੂੰ ਪਾਰਦਰਸ਼ੀ ਹੈ । ਸਾਮਰਤੱਖ ਜਗ ਰਹੀ ਜਿਵੇਂ ਆਜ਼ਾਦੀ ਦੀ ਲਾਟ ਹੈ । ਇਹੋ ਲਾਟ ਡੋਲਦਿਆਂ ਨੂੰ ਢਾਰਸ ਬੰਨ੍ਹਾਉਂਦੀ ਹੈ । ਬੁਝ ਰਹੇ ਦਿਲਾਂ ਵਿਚ ਆਸ ਜਗਾਉਂਦੀ ਹੈ ।

ਬਾਲਮਨ ਉੱਤੇ ਉਸਰੇ ਗਏ ਨਕਸ਼ ਬਹੁਤ ਗੂੜ੍ਹੇ ਹੁੰਦੇ ਨੇ । ਉਹ ਤਾਂ ਅਜਿਹੇ ਦਿਨ ਸਨ ਕਿ ਦਿਨ ਰਾਤ ਭਗਤ ਸਿੰਘ ਦਾ ਅਸੀਂ ਖਹਿੜਾ ਨਹੀਂ ਸਾਂ ਛੱਡਦੇ । ਉਹਦੀਆਂ ਗੱਲਾਂ ਪੁੱਛਦੇ । ਉਹਦੀਆਂ ਕਹਾਣੀਆਂ ਸੁਣਦੇ । ਉਹਦੇ ਗਾਏ ਹੋਏ ਗੀਤ ਗਾਉਂਦੇ । ਉਹਦੀਆਂ ਮੂਰਤਾਂ ਵਾਹੁੰਦੇ । ਪਤਾ ਨਹੀਂ ਮਾਹੌਲ ਸੱਚੀਮੁੱਚੀ ਇੰਜ ਦਾ ਸੀ ਕਿ ਐਵੇਂ ਮੈਨੂੰ ਹੀ ਲੱਗਦਾ ਸੀ । ਮਨ ਦੀ ਹਾਲਤ ਹੀ ਐਸੀ ਸੀ ਹਰ ਪਾਸੇ ਭਗਤ ਸਿੰਘ ਹੀ ਦਿਸਦਾ ਸੀ । ਮੰਦਿਰ ਵਿਚ ਗਾਏ ਜਾਂਦੇ ਰਾਮ ਜਾਂ ਕ੍ਰਿਸ਼ਨ ਦੇ ਪ੍ਰਸੰਗਾਂ ਵਿਚ ਵੀ ਮੈਨੂੰ ਉਨ੍ਹਾਂ ਦੀ ਥਾਂ ਭਗਤ ਸਿੰਘ ਦਾ ਝਾਉਲਾ ਪੈਂਦਾ । ਮੈਂ ਉਸੇ ਧਾਰਨਾ ਵਿਚ ਨਵਾਂ ਪ੍ਰਸੰਗ ਘੜ ਲੈਂਦਾ ।

ਯਾਦ ਆਉਂਦਾ ਹੈ ਕਿ ਉਹਨੀਂ ਦਿਨੀਂ ਸਾਡੇ ਪਿੰਡ ਇਕ ਭਜਨ ਮੰਡਲੀ ਆਈ ਸੀ, ਜਿਸ ਦਾ ਮੁਖੀਆ ਧਨੀ ਰਾਮ 'ਚਾਤ੍ਰਿਕ' ਦਾ ਲਿਖਿਆ ਹੋਇਆ ਦਰੋਪਦੀ ਦੇ ਚੀਰਚਰਨ ਵਾਲਾ ਪ੍ਰਸੰਗ ਬੜੇ ਬੈਰਾਗ ਵਿਚ ਆ ਕੇ ਸੁਣਾਉਂਦਾ । ਲੋੜ ਮੁਤਾਬਕ ਹਉਕੇ ਭਰਦਾ, ਹੇਕਾਂ ਲਾਉਂਦਾ । ਉਹਦੇ ਬਾਕੀ ਸਾਥੀ ਕੁਝ ਚੋਣਵੀਆਂ ਤੁਕਾਂ ਦੁਹਰਾਉਂਦੇ । ਕਹਾਣੀ ਵਿਚਲੇ ਮਾਰਮਿਕ ਪ੍ਰਭਾਵ ਨੂੰ ਵਧਾਉਂਦੇ ।

ਕੌਰਵਾਂ ਦੀ ਸਭਾ ਵਿਚ ਬੇਬਸ ਦਰੋਪਦੀ ਅਨਿਆਂ ਦਾ ਸ਼ਿਕਾਰ ਹੋ ਰਹੀ ਹੈ । ਉਸ ਦੇ ਆਪਣੇ ਲੋਕ ਵਿਕ ਚੁੱਕੇ ਨੇ, ਜਾਂ ਹਾਰ ਚੁੱਕੇ ਨੇ । ਕੋਈ ਮਦਦਗਾਰ ਨਹੀਂ । ਕੋਈ ਚੀਖ-ਪੁਕਾਰ ਨਹੀਂ ਸੁਣਦਾ । ਉਹ ਵਿਚਾਰੀ ਸਭਾ ਵਿਚ ਮੌਜੂਦ ਵੱਡੇਵੱਡੇ ਸੂਰਬੀਰਾਂ, ਦਾਨਵੀਰਾਂ ਅਤੇ ਧਰਮ- ਪਾਲਕਾਂ ਦਾ ਨਾਂ ਲੈ ਕੇ ਮਦਦ ਲਈ ਪੁਕਾਰਦੀ ਹੈ ਪਰ ਦੁਰਯੋਧਨ ਦੇ ਕਾਲੇ ਸਿਆਹ ਤਾਮਸਿਕ ਬੋਲਾਂ ਤੋਂ ਬਿਨਾਂ ਕੁਝ ਵੀ ਸੁਣਾਈ ਨਹੀਂ ਦੇਂਦਾ । ਭਰੀ ਸਭਾ ਵਿਚ ਨਗਨ ਹੋ ਰਹੀ ਦਰੋਪਦੀ ਨੂੰ ਕ੍ਰਿਸ਼ਨ ਤੋਂ ਬਿਨਾਂ ਕੋਈ ਹੋਰ ਸਹਾਰਾ ਦਿਖਾਈ ਨਹੀਂ ਦੇਂਦਾ । ਅੰਤ ਜਦੋਂ ਉਹ ਹਰ ਪਾਸੇ ਤੋਂ ਹਾਰਦੀ ਹੈ ਤਾਂ ਸਾਰੇ ਸਹਾਰੇ ਛੱਡ ਕੇ ਕ੍ਰਿਸ਼ਨ ਨੂੰ ਪੁਕਾਰਦੀ ਹੈ । ਬਸ, ਪੁਕਾਰਨ ਦੀ ਦੇਰ ਸੀ ਕਿ ਦ੍ਰਿਸ਼ ਬਦਲ ਗਿਆ । ਢੋਲਕੀ ਚਿਮਟੇ ਨਾਲ ਮੰਡਲੀ ਨੱਚ ਉੱਠੀ ।

ਅਹੁ ਨੰਦ ਲਾਲਾ ਆ ਗਿਆ ।
ਅਹੁ ਜੇ ਦਿਆਲਾ ਆ ਗਿਆ¨

ਸੁਣਨ ਵਾਲਿਆਂ ਦੇ ਅੱਥਰੂ ਵਹਿ ਰਹੇ ਸਨ । ਕਥਾਵਾਚਕ ਪੂਰਾ ਪ੍ਰਸੰਗ ਏਸੇ ਧਾਰਨਾ ਵਿਚ ਕਹਿ ਰਹੇ ਸਨ । ਪਤਾ ਨਹੀਂ ਉਹ ਮੰਡਲੀ ਪਿੰਡ ਵਿਚ ਕਿੰਨੀ ਦੇਰ ਰਹੀ ਪਰ ਜਿੰਨੇ ਦਿਨ ਵੀ ਰਹੀ ਇਸ ਪ੍ਰਸੰਗ ਦੀ ਵਾਰਵਾਰ ਫਰਮਾਇਸ਼ ਹੁੰਦੀ ਰਹੀ । ਸੁਣੀ ਮੈਂ ਬਹੁਤ ਵਾਰ । ਇਹ ਤਰਜ਼ ਦਿਲ ਦੇ ਅੰਦਰ ਤੱਕ ਧਸ ਗਈ । ਸ਼ਬਦਾਂ ਵੱਲ ਬਹੁਤਾ ਧਿਆਨ ਨਾ ਦਿੱਤਾ । ਧਾਰਨਾ ਨੂੰ ਧਿਆਉਂਦਾ ਰਿਹਾ । ਦਰੋਪਦੀ ਦੀ ਥਾਂ ਭਾਰਤ ਮਾਤਾ ਨੂੰ ਅਤੇ ਕ੍ਰਿਸ਼ਨ ਦੀ ਜਗ੍ਹਾ ਭਗਤ ਸਿੰਘ ਨੂੰ ਟਿਕਾਉਂਦਾ ਰਿਹਾ । ਫਿਰ ਜੋ ਹੋਣਾ ਸੀ ਹੋਈ ਗਿਆ । ਮੈਂ ਲਿਖੀ ਗਿਆ ਨਾਲੇ ਰੋਈ ਗਿਆ ।

ਤੁਕਬੰਦੀ ਦੀ ਕਸਰਤ ਤਾਂ ਪਹਿਲਾਂ ਵੀ ਕਰਦਾ ਰਹਿੰਦਾ ਸਾਂ । ਕਾਪੀ ਵਿਚ ਵੀ ਉਤਾਰਦਾ ਸਾਂ, ਪਰ ਲੁਕਾ ਕੇ ਰੱਖਦਾ ਸਾਂ । ਕਿਸੇ ਨੂੰ ਵਿਖਾਉਂਦਾ ਨਹੀਂ ਸਾਂ, ਸੁਣਾਉਂਦਾ ਨਹੀਂ ਸਾਂ । ਉਹ ਸਭ ਕੁਝ ਮੈਨੂੰ ਕਵਿਤਾ ਵਰਗਾ ਜਾਪਦਾ ਪਰ ਕਿਤੇ ਕੋਈ ਕਮੀ ਲੱਗਦੀ । ਐਤਕੀਂ ਕੁਝ ਵੱਖਰਾ ਲੱਗਾ । ਕਵਿਤਾ ਲਿਖੀ ਗਈ ਜਾਪਦੀ । ਅੰਦਰ ਭਰੋਸਾ ਜਾਗਿਆ । ਚੁੱਪ-ਚਾਪ ਬਟਾਲੇ ਤੋਂ ਛਪਦੇ ਮਾਸਿਕ 'ਅਟੱਲ' ਨੂੰ ਭੇਜ ਦਿੱਤੀ । ਛਪ ਕੇ ਆਈ ਤਾਂ ਸਭ ਤੋਂ ਪਹਿਲਾਂ ਰਸਾਲਾ ਵੱਡੇ ਭਾਈ ਸਾਹਿਬ ਦੇ ਹੱਥ ਲੱਗਾ । ਉਨ੍ਹਾਂ ਨੇ ਪੂਰੇ ਟੱਬਰ ਨੂੰ ਪੜ੍ਹ ਕੇ ਸੁਣਾਈ । ਸਾਰਿਆਂ ਨੂੰ ਜ਼ੁਬਾਨੀ ਯਾਦ ਹੋ ਗਈ । ਪਿੱਛੋਂ ਭਾਈ ਸਾਹਿਬ ਬਹੁਤ ਵਾਰੀ ਇਸ ਕਵਿਤਾ ਨੂੰ ਦਰੋਪਦੀ ਦੇ ਪ੍ਰਸੰਗ ਵਾਂਗ ਹੀ ਵੈਰਾਗ ਵਿਚ ਆ ਕੇ ਪੂਰੇ ਪਿੰਡ ਨੂੰ ਸੁਣਾਉਂਦੇ ਰਹੇ । ਬਾਬੇ ਮੋਹਨ ਦਾਸ ਦੇ ਡੇਰੇ ਵਿਚ ਤਾਂ ਇਸ ਨੂੰ ਫਰਮਾਇਸ਼ ਕਰ ਕੇ ਸੁਣਿਆ ਜਾਂਦਾ ਰਿਹਾ । ਅੱਥਰੂ ਛਲਕਦੇ । ਹਉਕੇ ਨਿਕਲਦੇ । ਉਹਨੀਂ ਦਿਨੀਂ ਦਾਦ ਦਾ ਇਹੋ ਤਰੀਕਾ ਹੁੰਦਾ ਸੀ ।

ਇਹ ਕਵਿਤਾ ਮੈਂ ਕਦੇ ਕਿਤੇ ਨਹੀਂ ਸੁਣਾਈ । ਕਿਤਾਬ ਵਿਚ ਵੀ ਸ਼ਾਮਲ ਨਹੀਂ ਸੀ ਕੀਤੀ । ਕਾਵਿਗੁਣਾਂ ਦੇ ਪਾਰਖੂ ਭੱਦਰ ਲੋਕ ਸ਼ਾਇਦ ਇਹਦੇ ਵਿਚ ਕੋਈ ਕਾਵਿਕਤਾ ਵੀ ਨਾ ਵੇਖਣ । ਪਰ ਮੈਂ ਕਵਿਤਾ ਦੀ ਨਹੀਂ, ਭਗਤ ਸਿੰਘ ਦੀ ਗੱਲ ਕਰ ਰਿਹਾਂ । ਕਵਿਤਾ ਕਰ ਕੇ ਨਹੀਂ ਭਗਤ ਸਿੰਘ ਕਰ ਕੇ ਇਹ ਸਤਰਾਂ ਮੁੜ ਕਾਗਜ਼ 'ਤੇ ਉਤਾਰ ਰਿਹਾਂ:



ਉਨ੍ਹੀ ਸੌ ਕੱਤੀ ਈਸਵੀ ।
ਮਾਰਚ ਦੀ ਤੇਈ ਤਾਰੀਖ ਸੀ¨
ਵਕਤ ਹੈ ਸੀ ਸ਼ਾਮ ਦਾ ।
ਸੌਣ ਤੇ ਆਰਾਮ ਦਾ¨
ਲਾਹੌਰ ਵੱਡੀ ਜੇਲ੍ਹ ਦੇ ।
ਉਸ ਡਰਾਵਣੇ ਬੂਹੇ ਅੱਗੇ¨
ਲੋਕੀਂ ਸੀ ਕੱਠੇ ਹੋ ਰਹੇ ।
ਕਿਸਮਤ ਦੇ ਤਾਈਂ ਰੋ ਰਹੇ ।

•••

ਬੂਹੇ 'ਤੇ ਅੱਖੀਆਂ ਗੱਡੀਆਂ ।
ਵਿੰਹਦੇ ਸੀ ਚੁੱਕਚੁੱਕ ਅੱਡੀਆਂ¨
ਮਾਸਾ ਜੇ ਬੂਹਾ ਖੜਕਦਾ ।
ਰੂਹ ਕੰਬਦੀ ਦਿਲ ਧੜਕਦਾ¨
ਸਾਰੇ ਹੀ ਹੋ ਜਾਂਦੇ ਖੜ੍ਹੇ ।
ਸ਼ਾਇਦ ਕੋਈ ਬਾਹਰ ਨਿਕਲੇ¨
ਸਭੇ ਬੜੇ ਬੇਦਾਰ ਸਨ ।
ਮਾਯੂਸ ਸਨ, ਲਾਚਾਰ ਸਨ¨
•••

ਰਲ ਕੇ ਸਭੇ ਹੱਥ ਜੋੜਦੇ ।
ਰੱਬਾ! ਇਹ ਬੂਹਾ ਤੋੜ ਦੇ¨
ਵੀਰਾਂ ਦੇ ਦਰਸ਼ਨ ਕਰ ਲਈਏ¨
ਤੱਕ ਤੱਕ ਕੇ ਨਜ਼ਰਾਂ ਭਰ ਲਈਏ¨
ਬਹਿ ਕੇ ਗੁਜ਼ਾਰੀ ਰਾਤ ਏ ।
ਹੁਣ ਹੋ ਚਲੀ ਪ੍ਰਭਾਤ ਏ¨
ਭਈ ਦਰੋਗਾ! ਕਿਉਂ ਨਹੀਂ ਬੋਲਦਾ ।
ਤੂੰ ਬੂਹਾ ਕਿਉਂ ਨਹੀਂ ਖੋਲ੍ਹਦਾ?

•••

ਲੋਕਾਂ ਦਾ ਤਾਂ ਇਹ ਹਾਲ ਸੀ ।
ਓਧਰ ਵੀ ਚੱਲ ਗਈ ਚਾਲ ਸੀ¨
ਚੋਰਾਂ ਨੇ ਮੌਕਾ ਤਾੜਿਆ ।
ਕੰਧ ਮਗਰਲੀ ਨੂੰ  ਪਾੜਿਆ¨
ਲੈ ਗਏ ਤਿੰਨਾਂ ਨੂੰ  ਕੱਢ ਕੇ ।
ਸਭਨਾਂ ਨੂੰ  ਰੋਂਦੇ ਛੱਡ ਕੇ¨
ਅੱਖਾਂ ਦਾ ਪਾਣੀ ਚੋ ਗਿਆ ।
ਰੋਂਦੇ ਸਵੇਰਾ ਹੋ ਗਿਆ ।
•••

ਅਹੁ ਧਿਆਨ ਪਿੱਛੇ ਪੈ ਗਿਆ ।
ਗੋਰੇ ਦਾ ਭੱਠਾ ਬਹਿ ਗਿਆ¨
ਬਸ ਹੌਸਲੇ ਸਭ ਢਹਿ ਗਏ ।
ਮੱਥੇ ਨੂੰ  ਫੜ ਕੇ ਬਹਿ ਗਏ¨
ਬੱਝੇ ਕਿਸੇ ਦੇ ਪਿਆਰ ਦੇ ।
ਰੋਂਦੇ ਤੇ ਢਾਹੀਂ ਮਾਰਦੇ¨
ਉੱਠ ਕੇ ਘਰਾਂ ਨੂੰ  ਆ ਗਏ ।
ਵੀਰੇ ਜੁਦਾਈਆਂ ਪਾ ਗਏ¨

•••

ਤਿੰਨਾਂ ਨੂੰ  ਫਾਂਸੀ ਹੋ ਗਈ ।
ਪਬਲਿਕ ਨਿਰਾਸੀ ਹੋ ਗਈ । ।
ਵੇਖੇ ਜਿੰਨ੍ਹਾਂ ਨੇ ਲਟਕਦੇ ।
ਹੰਝੂ ਨਾ ਅੱਖੀਂ ਅਟਕਦੇ । ।
ਖ਼ੂਨੀ ਨੇ ਹੋਈਆਂ ਵਰਦੀਆਂ ।
ਚਿਹਰੇ 'ਤੇ ਛਾਈਆਂ ਜ਼ਰਦੀਆਂ । ।
ਗੈਰਾਂ ਦੇ ਹਾਸੇ ਹੋ ਗਏ ।
ਮਾਤਮ ਚੁਪਾਸੇ ਹੋ ਗਏ । ।
•••

ਕਹਿੰਦੇ ਸ਼ੇਰਾਂ ਦੇ ਮਾਂ ਪਿਉ ।
ਲਾਸ਼ਾਂ ਤਾਂ ਸਾਨੂੰ ਦੇ ਦਿਉ¨
ਲੱਖਾਂ ਹੀ ਪਾਏ ਵਾਸਤੇ ।
ਪਰ ਫਿਰਿਆ ਪਾਣੀ ਆਸ 'ਤੇ¨
ਮੰਨੀ ਨਾ ਚੰਦਰੇ ਇਕ ਵੀ ।
ਸੁੱਕ ਗਈ ਦਰਸ ਦੀ ਸਿੱਕ ਵੀ¨
ਕੀ ਹਾਲ ਮਾਈ ਬਾਪ ਦੇ ।
ਭਾਈ ਸ਼ੁਦਾਈ ਜਾਪਦੇ¨
•••
ਸਾਰੇ ਪਏ ਬੁੱਲ੍ਹ ਵੱਢਦੇ ।
ਤੇ ਲਾਲ ਅੱਖਾਂ ਕੱਢਦੇ¨
ਪਰ ਜਾਪਦੇ ਬਲਹੀਨ ਸਨ ।
ਕਰਦੇ ਵੀ ਕੀ ਪਰਾਧੀਨ ਸਨ¨
ਮਸ਼ਹੂਰ ਇਹ ਅਖੌਤ ਹੈ ।
ਗੁਲਾਮੀ ਤੋਂ ਚੰਗੀ ਮੌਤ ਹੈ¨

•••
ਆਖਰ ਕੰਢੇ ਸਤਲੁਜ ਦੇ ।
ਲਾਸ਼ਾਂ ਨੂੰ  ਲੈ ਕੇ ਪੁੱਜਦੇ¨
ਰੋਂਦੇ ਨੇ ਰਾਹ ਤੇ ਗਲੀਆਂ ।
ਮੋਇਆਂ 'ਤੇ ਛੁਰੀਆਂ ਚੱਲੀਆਂ¨
ਵਗੀਆਂ ਜਾਂ ਖ਼ੂਨੀ ਧਾਰੀਆਂ ।
ਸਤਲੁਜ ਨੇ ਢਾਹੀਂ ਮਾਰੀਆਂ¨
ਗੁੱਸੇ 'ਚ ਲਹਿਰਾਂ ਉੱਠੀਆਂ ।
ਹੋ ਹੋ ਕੇ ਸਿੱਧੀਆਂ ਪੁੱਠੀਆਂ ।

•••
ਆਖੇ, ਮੈਂ ਕੰਢੇ ਤੋੜ ਕੇ ।
ਜ਼ਾਲਮ ਨੂੰ  ਲੈ ਜਾਂ ਰੋੜ੍ਹ ਕੇ¨
ਮੈਂ ਜ਼ੁਲਮ ਦੇ ਨਾਲ ਖਹਿ ਲਵਾਂ ।
ਵੀਰਾਂ ਦਾ ਬਦਲਾ ਲੈ ਲਵਾਂ¨
ਰੱਬਾ! ਮੈਂ ਹੁੰਦਾ ਮਰਦ ਜੇ ।
ਸੀਨਾ ਨਾ ਹੁੰਦਾ ਸਰਦ ਜੇ¨
ਜੇ ਕੰਮ ਹੁੰਦਾ ਵੱਸ ਦਾ ।
ਕੁਝ ਕਰਕੇ ਮੈਂ ਵੀ ਦੱਸਦਾ¨
ਮੇਰਾ ਨਾ ਕੋਈ ਦੋਸ਼ ਜੇ ।
ਮੈਂ ਹਿੰਦੀਓ! ਨਿਰਦੋਸ਼ ਜੇ¨
ਮੈਨੂੰ ਨਾ ਮਿਹਣੇ ਮਾਰਿਉ ।
ਬਾਜ਼ੀ ਨਾ ਜਿੱਤੀ ਹਾਰਿਉ¨
ਨਿਰਮਲ ਤੁਸਾਂ ਦਾ ਚਿੱਤ ਜੇ ।
ਆਖਰ ਤੁਹਾਡੀ ਜਿੱਤ ਜੇ¨
ਇਹ ਕਹਿੰਦਿਆਂ ਗਲ ਭਰ ਗਿਆ ।
ਲਾਚਾਰ ਹੁਣ ਚੁੱਪ ਕਰ ਗਿਆ¨
ਝੋਲੀ 'ਚ ਟੁਕੜੇ ਪਾ ਲਏ ।
ਸੀਨੇ ਦੇ ਨਾਲ ਗਮ ਲਾ ਲਏ¨
ਤੁਰਿਆ ਹੀ ਤੁਰਿਆ ਜਾ ਰਿਹਾ ।
ਰੌਲੀ ਕਦੋਂ ਦਾ ਪਾ ਰਿਹਾ¨
ਹਿੰਦੀਉ! ਕਦਮ ਨਾ ਰੋਕਿਉ ।
ਗੁਲਾਮੀ 'ਚ ਹਿੰਦ ਨਾ ਝੋਕਿਉ¨
ਮੁਸ਼ਕਲ ਤੋਂ ਨਹੀਂ ਘਬਰਾਵਣਾ ।
ਤੁਰਿਆ ਹੀ ਤੁਰਿਆ ਜਾਵਣਾ¨
ਰੱਖਣਾ ਜੇ ਹਿੰਦ ਆਬਾਦ ਤੂੰ ।
ਕੁਰਬਾਨੀਆਂ ਕਰ ਯਾਦ ਤੂੰ¨
ਸਭ ਤਿਆਗ ਮਮਤਾ ਜਿੰਦ ਦੀ ।
ਜੈ ਬੋਲ 'ਭੂਸ਼ਨ' ਹਿੰਦ ਦੀ¨

••••••

23. ਤੁਕਬੰਦੀਆਂ

ਤੁਕਬੰਦੀ ਦਾ ਪਿੰਡ ਨਾਲ ਕਦੀਮੀ ਰਿਸ਼ਤਾ ਹੈ । 'ਵਿੱਦਿਆ ਕੰਠ ਤੇ ਮਾਇਆ ਗੰਠ' ਵਾਲਾ ਸਿਧਾਂਤ ਮੁੱਢ ਤੋਂ ਹੀ ਚੱਲਿਆ ਆ ਰਿਹਾ ਹੈ । ਇਹ ਸਾਰਾ ਲੋਕ ਗੀਤਾਂ, ਅਖਾਣਾਂ, ਮੁਹਾਵਰਿਆਂ, ਬੁਝਾਰਤਾਂ ਵਗੈਰਾ ਦਾ ਤਾਣਾਬਾਣਾ ਪਿੰਡ ਨੇ ਹੀ ਬੁਣਿਆ ਹੈ । ਆਪੇ ਉਚਾਰਿਆ ਹੈ, ਆਪੇ ਸੁਣਿਆ ਹੈ । ਪਿੰਡ ਕੋਲ ਚਲਾਕੀ ਨਹੀਂ ਹੁੰਦੀ । ਉਹ ਤਾਂ ਸਿੱਧਾ- ਸਾਦਾ ਸਾਧ ਹੁੰਦਾ ਹੈ । ਸਾਧ ਬੋਲੇ ਸਹਿਜ ਸੁਭਾਅ, ਸਾਧ ਦਾ ਬੋਲਿਆ ਬਿਰਥਾ ਨਾ ਜਾ ।

ਮੇਰੇ ਲਈ ਪਿੰਡ ਜਾਣ ਦਾ ਅਰਥ ਹੈ ਬਚਪਨ ਵਿਚ ਪਰਤਣਾ । ਤੇ ਸਾਰਾ ਬਚਪਨ ਤੁਕਬੰਦੀ ਨਾਲ ਲੈਸ ਹੈ । ਤਬਦੀਲੀ ਕੁਦਰਤ ਦਾ ਨੇਮ ਹੈ ਅਤੇ ਹਰ ਤਬਦੀਲੀ 'ਤੇ ਕਾਵਿਕ ਟਿੱਪਣੀ ਕਰਨਾ ਪਿੰਡ ਦਾ ਨੇਮ ਹੈ । ਟਿੱਪਣੀ ਪਿੰਡ ਦਾ ਸਹਿਜ ਕਰਮ ਹੈ ਅਤੇ ਇਸ ਵਿਰਾਸਤ ਨੂੰ ਸੀਨਿਆਂ ਵਿਚ ਸਾਂਭ ਕੇ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਇਹਦਾ ਧਰਮ ਹੈ । ਸਿਆਣੇ ਲੋਕ ਆਪਣੀਆਂ ਸਿਆਣਪਾਂ ਦੀ ਜ਼ੋਰ-ਅਜ਼ਮਾਈ ਜ਼ਿਆਦਾਤਰ ਬੱਚਿਆਂ 'ਤੇ ਕਰਦੇ ਆਏ ਹਨ । ਵਿਦਾ ਹੋਣ ਤੋਂ ਪਹਿਲਾਂ ਆਪਣੀ ਗੰਢ ਜਵਾਨ ਮੋਢਿਆਂ 'ਤੇ ਧਰਦੇ ਆਏ ਹਨ । ਇਹ ਵੱਖਰੀ ਗੱਲ ਹੈ ਕਿ ਇਹ ਜ਼ਿੰਮੇਵਾਰੀ ਕਿਸੇ ਟਾਵੇਂ ਟਾਵੇਂ ਨੇ ਸਵੀਕਾਰੀ ਹੈ । ਬਹੁਤਿਆਂ ਨੇ ਬੇਧਿਆਨੀ ਵਿਚ ਵਗਾਹ ਮਾਰੀ ਹੈ ।

ਇਸ ਤੁਕਬੰਦੀ ਦਾ ਕੋਈ ਕਾਪੀਰਾਈਟ ਨਹੀਂ ਹੁੰਦਾ । ਸ਼ਹਿਰਾਂ ਨੇ ਇਹਦਾ ਮਨ ਮਰਜ਼ੀ ਨਾਲ ਇਸਤੇਮਾਲ ਕੀਤਾ ਹੈ । ਕੋਰਸਾਂ ਦਾ ਹਿੱਸਾ ਬਣਾਇਆ ਹੈ । ਮੁਫ਼ਤ ਦਾ ਮਾਲ ਬੇਰਹਿਮੀ ਨਾਲ ਉਡਾਇਆ ਹੈ । ਇਸ ਦੇ ਸਿਰ 'ਤੇ ਨਾਂ ਅਤੇ ਨਾਵਾਂ ਕਮਾਇਆ ਹੈ । ਖੋਜਾਂ ਕੀਤੀਆਂ ਹਨ । ਡਿਗਰੀਆਂ ਲਈਆਂ ਹਨ । ਖ਼ੈਰ ਇਸੇ ਬਹਾਨੇ 'ਗੰਵਾਰਾਂ' ਦੀਆਂ ਕਾਫ਼ੀ ਸਾਰੀਆਂ ਤੁਕਬੰਦੀਆਂ ਸਾਂਭੀਆਂ ਗਈਆਂ ਹਨ । ਉਮਰ ਵਧੇ ਤਾਂ ਚੇਤਾ ਦਿਨੋ ਦਿਨ ਕਿਰਦਾ ਹੈ । ਅਜੇ ਵੀ ਬਚਪਨ ਕਈ ਕੁਝ ਸਾਂਭੀ ਫਿਰਦਾ ਹੈ ।

ਮੁਲਕ ਨਵਾਂ ਨਵਾਂ ਆਜ਼ਾਦ ਹੋਇਆ ਸੀ । 'ਦੇਸ਼ ਆਜ਼ਾਦ ਕਰਾਇਆ ਬਾਪੂ ਗਾਂਧੀ ਨੇ' ਦੇ ਨਾਲ ਨਾਲ ਨਹਿਰੂ ਦਾ ਗੁਣਗਾਨ ਸਾਡਾ ਕੌਮੀ ਫਰਜ਼ ਸੀ ।

ਨਹਿਰੂ ਦੇ ਸਿਰ 'ਤੇ ਭਾਰਤ ਦਾ ਤਾਜ ਹੈ ।
ਆਪਣਾ ਹੀ ਰਾਜ ਹੈ ਜੀ ਆਪਣਾ ਹੀ ਰਾਜ ਹੈ ।
ਅਤੇ
ਹਾਥੀ ਘੋੜਾ ਪਾਲਕੀ ।
ਜੈ ਜਵਾਹਰ ਲਾਲ ਕੀ ।

ਵਰਗੀਆਂ ਤੁਕਾਂ ਅਸੀਂ ਭਜਨਾਂ ਵਾਂਗ ਗਾਉਂਦੇ ਹੁੰਦੇ ਸਾਂ । ਟੋਲੀਆਂ ਬਣਾ ਕੇ ਸਾਰੇ ਪਿੰਡ ਨੂੰ ਪਹਾੜਿਆਂ ਵਾਂਗ ਸੁਣਾਉਂਦੇ ਸਾਂ । ਲੋਕ ਰਾਜ ਪਨਪ ਰਿਹਾ ਸੀ । ਰਾਜ ਕਾਂਗਰਸ ਦਾ ਸੀ ਪਰ ਵਿਰੋਧੀ ਪਾਰਟੀਆਂ ਵੀ ਖੰਭ ਕੱਢ ਰਹੀਆਂ ਸਨ । ਸਭ ਆਪੋ ਆਪਣੇ ਢੰਗ ਨਾਲ ਆਜ਼ਾਦੀ ਦੀ ਫਸਲ ਵੱਢ ਰਹੀਆਂ ਸਨ । ਵਿਚਾਰਾਂ ਦੀ ਵੰਨਸੁਵੰਨਤਾ ਨੂੰ ਸਿਆਸਤ ਅਪਣਾ ਰਹੀ ਸੀ । ਟੱਬਰ ਦੇ ਸਾਰੇ ਜੀਆਂ ਨੂੰ ਨਵੀਂ ਸਿਆਸੀ ਸੂਝ ਆ ਰਹੀ ਸੀ । ਉਹਨੀਂ ਦਿਨੀਂ ਮਸ਼ਹੂਰ ਹੋਏ ਇਕ ਗੀਤ ਦੀਆਂ ਕੁਝ ਤੁਕਾਂ ਯਾਦ ਆ ਰਹੀਆਂ ਹਨ :


ਇਕ ਭਾਈਆ, ਅਸੀਂ ਪੰਜ ਹਾਂ ਭਰਾ,
ਸਾਡੀ ਵੱਖੋ ਵੱਖ ਪਾਰਟੀ ।
ਭਾਈਆ ਸੰਨ ਉੱਨੀ ਸੌ ਤੋਂ ਕਾਂਗਰਸੀ ਕਹਾਂਵਦਾ ।
ਇਕ ਸੋਸ਼ਲਿਸਟ, ਦੂਜਾ ਸੰਘ ਵਿਚ ਜਾਂਵਦਾ ।
ਤੀਜਾ ਕਮਿਊਨਿਸਟਾਂ ਲਿਆ ਏ ਫਸਾ,
ਸਾਡੀ ਵੱਖੋ ਵੱਖ ਪਾਰਟੀ ।
ਇਕ ਭਾਈਆ, ਅਸੀਂ ਪੰਜ ਹਾਂ ਭਰਾ,
ਸਾਡੀ ਵੱਖੋ ਵੱਖ ਪਾਰਟੀ ।
ਜਿਹੜਾ ਕਾਮਯਾਬ ਹੋਸੀ ਏਸ ਇੰਤਖਾਬ ਵਿਚ ।
ਜਿਹੜਾ ਵੀ ਵਜ਼ਾਰਤਾਂ ਬਣਾਵੇਗਾ ਪੰਜਾਬ ਵਿਚ ।
ਹਿੱਸਾ ਓਸੇ ਪਾਸੇ ਲੈਣਾ ਏ ਵੰਡਾ,
ਸਾਡੀ ਵੱਖੋਵੱਖ ਪਾਰਟੀ ।
ਇਕ ਭਾਈਆ ਅਸੀਂ ਪੰਜ ਹਾਂ ਭਰਾ,
ਸਾਡੀ ਵੱਖੋਵੱਖ ਪਾਰਟੀ ।

ਜਦੋਂ ਚੋਣਾਂ ਦਾ ਐਲਾਨ ਹੁੰਦਾ ਤਾਂ ਟਾਂਗਿਆਂ 'ਤੇ ਲਾਊਡ ਸਪੀਕਰ ਬੰਨ੍ਹ ਕੇ ਪ੍ਰਚਾਰ ਕੀਤਾ ਜਾਂਦਾ । ਜਲਸੇ ਕੀਤੇ ਜਾਂਦੇ । ਜਲੂਸ ਕੱਢੇ ਜਾਂਦੇ । ਸਾਡੇ ਲਈ ਇਹ ਸਭ ਮੇਲੇ ਵਰਗੀ ਰੁੱਤ ਹੁੰਦੀ । ਜਨ ਸੰਘ ਵਾਲੇ ਤਵਾ ਲਾਉਂਦੇ :

ਏਕਾ ਬੜਾ ਬਲਵਾਨ,
ਜੋ ਕਰਨਾ ਪੈਣਾ ਏ ।
ਬਦਲ ਕੇ ਦੁਨੀਆ ਦਾ,
ਇਹ ਢਾਂਚਾ ਰਹਿਣਾ ਏਂ ।

ਸਭ ਤੋਂ ਵੱਧ ਰੌਣਕ ਕਮਿਊਨਿਸਟਾਂ ਦੁਆਲੇ ਹੁੰਦੀ ਸੀ । ਉਹ ਗੀਤ ਇਕੱਲੇ ਨਹੀਂ ਸਨ ਗਾਉਂਦੇ, ਸਾਨੂੰ ਵਿਚ ਸ਼ਾਮਲ ਕਰ ਲੈਂਦੇ ਸਨ । ਮਹੈਣ ਸਿੰਘ 'ਅਨਪੜ੍ਹ ਗਰੈਜੂਏਟ' ਦੀ ਤੁਕਬੰਦੀ ਦੇ ਕਿੱਸੇ ਛਪਵਾ ਕੇ ਵੰਡਦੇ ਵੀ ਸਨ । ਹਕੂਮਤ ਦਾ ਸਿਆਪਾ ਤਾਂ ਅਸੀਂ ਉਹਨਾਂ ਨਾਲ ਰਲ ਕੇ ਬੜੇ ਉਤਸ਼ਾਹ ਨਾਲ ਕਰਦੇ ਸਾਂ, ਪਿੱਟ ਪਿੱਟ ਕੇ:


ਹਾਏ! ਹਾਏ! ਨੀ ਨਿਕੰਮੀਏ ਹਕੂਮਤੇ! ਜੇ ਕੋਈ ਖਾਣ ਨੂੰ ਮੰਗੇ ਆਟਾ, ਦਫ਼ਤਰ ਬਹਿ ਕੇ ਖੋਹਵੇਂ ਝਾਟਾ, ਆਖੇ ਪੈ ਗਿਆ ਸਾਨੂੰ ਘਾਟਾ, ਨੀ ਨਿਕੰਮੀਏ ਹਕੂਮਤੇ । ਜੇ ਕੋਈ ਖਾਣ ਨੂੰ ਮੰਗੇ ਰੋਟੀ, ਉਹਨੂੰ ਕੱਢ ਵਿਖਾਵੇਂ ਸੋਟੀ, ਮੁੱਢੋਂ ਨੀਅਤ ਤੇਰੀ ਖੋਟੀ, ਨੀ ਨਿਕੰਮੀਏ ਹਕੂਮਤੇ । ਵਿਚ ਗਰਮੀਆਂ ਸ਼ਿਮਲੇ ਜਾਵੇਂ, ਓਥੇ ਆਂਡੇ ਬਿਸਕੁਟ ਖਾਵੇਂ, ਸਾਨੂੰ ਰੋਟੀ ਤੋਂ ਤਰਸਾਵੇਂ, ਨੀ ਨਿਕੰਮੀਏ ਹਕੂਮਤੇ । ਹਾਏ! ਹਾਏ! ਨੀ ਨਿਕੰਮੀਏ ਹਕੂਮਤੇ ।

ਲੋਕਾਂ ਦੀ ਦੁਖਦੀ ਰਗ ਦੀ ਕਾਮਰੇਡਾਂ ਨੂੰ ਪੂਰੀ ਪਛਾਣ ਸੀ । ਟੈਕਸਾਂ ਦੇ ਵਿਰੋਧ ਦਾ ਫਾਰਮੂਲਾ ਉਦੋਂ ਵੀ ਬੜਾ ਕਾਰਗਰ ਹੁੰਦਾ ਸੀ :


ਇਹ ਮਕਾਨ ਨੂੰ ਟੈਕਸ ਮਕਾਣ ਸਾਡੀ, ਅੱਗੇ ਘੱਟ ਸਨ ਜਾਨ ਮੁਕਾਣ ਨੂੰ ਟੈਕਸ । ਧੋਬੀ ਨੂੰ ਟੈਕਸ ਤੇ ਨਾਈ ਨੂੰ ਟੈਕਸ, ਲੁਹਾਰ ਨੂੰ ਟੈਕਸ, ਤਰਖਾਣ ਨੂੰ ਟੈਕਸ । ਮੋਇਆ ਮੁਰਦਿਆਂ ਨੂੰ ਟੈਕਸ ਲਾਏ ਇਨ੍ਹਾਂ, ਕਿਤੇ ਜੰਮਦੇ ਲਾਏ ਨਾਦਾਨ ਨੂੰ ਟੈਕਸ । ਏਸੇ ਵਾਸਤੇ ਮੈਂ ਘੱਟ ਬੋਲਦਾਂ ਹਾਂ, ਲੱਗ ਜਾਏ ਨਾ ਮੇਰੀ ਜ਼ਬਾਨ ਨੂੰ ਟੈਕਸ ।

ਸਭ ਤੋਂ ਵੱਧ ਤੁਕਬੰਦੀਆਂ ਕਾਮਰੇਡਾਂ ਕੋਲ ਹੁੰਦੀਆਂ ਸਨ, ਪਰ ਪਤਾ ਨਹੀਂ ਪੰਜਾਬ ਵਿਚ ਇਨ੍ਹਾਂ ਦਾ ਆਧਾਰ ਕਿਉਂ ਨਹੀਂ ਬਣ ਸਕਿਆ । ਭੀੜਾਂ ਵੋਟਾਂ ਵਿਚ ਤਬਦੀਲ ਕਿਉਂ ਨਹੀਂ ਹੁੰਦੀਆਂ । ਸਭਿਆਚਾਰਕ ਅਤੇ ਸਾਹਿਤਕ ਫਰੰਟ 'ਤੇ ਇਨ੍ਹਾਂ ਨੇ ਬੜੀਆਂ ਮੱਲਾਂ ਮਾਰੀਆਂ ਹਨ । ਅਜਿਹੀਆਂ ਜਥੇਬੰਦੀਆਂ 'ਤੇ ਹੁਣ ਤੱਕ ਕਾਬਜ਼ ਹਨ ਪ੍ਰੰਤੂ ਇਨ੍ਹਾਂ ਦੀਆਂ ਤੁਕਬੰਦੀਆਂ ਹੀ ਇਨ੍ਹਾਂ ਲਈ ਮਿਹਣਾ ਬਣ ਗਈਆਂ ਹਨ ।

ਕਾਮਰੇਡਾਂ ਦੀਆਂ ਇਨ੍ਹਾਂ ਖੇਡਾਂ ਦੇ ਜਵਾਬ ਵਿਚ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸੰਪਰਕ ਵਿਭਾਗ ਵਲੋਂ ਡਰਾਮੇ ਖਿਡਾਉਣੇ ਸ਼ੁਰੂ ਕਰ ਦਿੱਤੇ । ਭਾਗ ਸਿੰਘ ਐਂਡ ਪਾਰਟੀ ਦੇ ਦੌਰਿਆਂ ਨਾਲ ਸਾਨੂੰ ਚਾਅ ਚੜ੍ਹਦਾ ਗਿਆ । ਨਾਲੇ ਫਿਲਮਾਂ, ਨਾਲੇ ਨਾਟਕ । ਕਈ ਚੰਗੇ ਭਲੇ ਕਵੀ ਸੱਜਣ ਵੀ ਪਾਰਟੀਆਂ ਨਾਲ ਜੁੜਦੇ ਗਏ । ਕਾਮਰੇਡਾਂ ਦੇ ਕਵੀ ਤਾਂ ਸਿੱਕੇਬੰਦ ਹੁੰਦੇ ਸਨ ਪ੍ਰੰਤੂ ਬਾਕੀ ਪਾਰਟੀਆਂ ਦੇ ਬਦਲਦੇ ਰਹਿੰਦੇ । ਕੈਰੋਂ ਦੇ ਜਲਸੇ ਵਿਚ ਉਸ ਨੂੰ ਮੁਖ਼ਾਤਿਬ ਹੋ ਕੇ ਇਕ ਸ਼ਾਇਰ ਨੇ ਭਰਪੂਰ ਦਾਦ ਲਈ ਸੀ :

ਕੋਈ ਕੁਝ ਆਖੇ, ਕੋਈ ਕੁਝ ਆਖੇ,
ਪ੍ਰਤਾਪ! ਤੂੰ ਕਰਨਾ ਰੋਸ ਨਹੀਂ ।
ਉੱਲੂ ਨਾ ਦਿਨ ਨੂੰ ਵੇਖ ਸਕੇ,
ਸੂਰਜ ਦਾ ਇਸ ਵਿਚ ਦੋਸ਼ ਨਹੀਂ ।

ਵਿਰੋਧੀ ਪਾਰਟੀ ਦੇ ਪੰਡਾਲ ਵਿਚੋਂ ਚਿਤਾਵਨੀ ਆ ਰਹੀ ਸੀ:

ਤੁਸੀਂ ਤਾਂ ਹੋ ਬੇਕਾਰ ਕਾਰਾਂ 'ਤੇ ਫਿਰਦੇ,
ਇਹ ਬੇਕਾਰ ਬੰਦੇ ਵੀ ਕਾਰਾਂ 'ਤੇ ਲਾਉ ।
ਵਤਨ ਦਿਉ ਆਗੂਓ! ਤੇ ਰਹਿਨੁਮਾਓ!
ਵਤਨ ਨੂੰ ਬਚਾਉ । ਵਤਨ ਨੂੰ ਬਚਾਉ ।

ਇਕ ਹੋਰ ਆਵਾਜ਼ 'ਚੋਂ ਵਿਰੋਧ ਦੀ ਭੜਾਸ ਇਸ ਤਰ੍ਹਾਂ ਨਿਕਲ ਰਹੀ ਸੀ:

ਮੈਂ ਟੋਪੀ ਦੇ ਟੁਕੜੇ ਹਜ਼ਾਰਾਂ ਕਰਾਂਗਾ...

ਜਨ ਸੰਘ ਨਾਲ ਦੀਪਕ ਜੈਤੋਈ ਜੁੜਿਆ ਹੋਇਆ ਸੀ । ਪੰਡਤ ਮੋਹਨ ਲਾਲ ਦੀਆਂ ਚੋਣ ਰੈਲੀਆਂ ਵਿਚ ਸ਼ਿਵ ਕੁਮਾਰ ਸ਼ਾਮਲ ਹੁੰਦਾ ਸੀ । ਦਰਅਸਲ ਉਦੋਂ ਅੱਜ ਕੱਲ੍ਹ ਵਰਗਾ ਮੀਡੀਆ ਪ੍ਰਦੂਸ਼ਨ ਨਹੀਂ ਸੀ । ਆਹਮੋਸਾਹਮਣੇ ਗੱਲਾਂ ਹੁੰਦੀਆਂ ਸਨ । ਚੋਣ ਦੰਗਲ ਦੀ ਗਰਮੀ ਲੰਮੇ ਅਰਸੇ ਤੱਕ ਛਾਈ ਰਹਿੰਦੀ ਸੀ । ਅਜੇ ਕੈਸਿਟ ਦਾ ਕਲਚਰ ਨਹੀਂ ਸੀ ਆਇਆ, ਨਾ ਹੀ ਆਰਕੈਸਟਰਾ ਦਾ ਸ਼ੋਰ ਸੀ । ਬਸ ਤੂੰਬੀ ਵਾਲਿਆਂ ਦਾ ਜ਼ੋਰ ਸੀ । ਚੋਣਾਂ ਤੋਂ ਇਲਾਵਾ ਵੀ ਤੁਕਬੰਦੀਆਂ ਜੁੜੀ ਜਾਂਦੀਆਂ । ਅਸੀਂ ਕਈ ਵਾਰੀ ਬਸਤਿਆਂ ਦੀ ਥਾਂ ਦਾਤਰੀਆਂ ਲੈ ਕੇ ਸਕੂਲੇ ਜਾਂਦੇ ਅਤੇ ਪਿੰਡ ਦੀਆਂ ਪੈਲੀਆਂ 'ਚੋਂ ਪੋਹਲੀ ਪੁੱਟਣ ਦੀ ਮੁਹਿੰਮ ਵਿਚ ਹਿੱਸਾ ਪਾਉਂਦੇ । ਹੱਥ ਜ਼ਖ਼ਮੀ ਹੋ ਜਾਂਦੇ, ਕੱਪੜੇ ਪਾਟ ਜਾਂਦੇ, ਫਿਰ ਵੀ ਗਾਉਂਦੇ:

ਪੋਹਲੀ ਖੇਤਾਂ ਵਿਚੋਂ ਪੁੱਟਣੀ ਜ਼ਰੂਰ ਚਾਹੀਦੀ,
ਪੁੱਟਪੁੱਟ ਕੇ ਤੇ ਸੁੱਟਣੀ ਹੈ ਦੂਰ ਚਾਹੀਦੀ ।

ਪਿੰਡ ਵਿਚ ਬਿਜਲੀ ਆਉਣ ਵਾਲੀ ਸੀ । ਖੰਭੇ ਖੜ੍ਹੇ ਕੀਤੇ ਜਾ ਰਹੇ ਸਨ । ਬਿਨਾਂ ਮੰਗਿਆਂ ਹੀ ਬੱਚੇ ਆਪਣਾ ਯੋਗਦਾਨ ਪਾ ਰਹੇ ਸਨ । ਨਿੱਕੇ ਨਿੱਕੇ ਹੱਥਾਂ ਨਾਲ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਸਨ । ਮੁੜ੍ਹਕੋ ਮੁੜ੍ਹਕੀ ਗਾ ਰਹੇ ਸਨ:


ਲਾ ਦੇ ਜ਼ੋਰ! ਹਈਸ਼ਾ
ਥੋੜ੍ਹਾ ਹੋਰ! ਹਈਸ਼ਾ
ਟੁੱਟੀ ਮੰਜੀ! ਹਈਸ਼ਾ
ਵਾਣ ਪੁਰਾਣਾ! ਹਈਸ਼ਾ
ਸੌਣ ਨਹੀਂ ਦੇਂਦਾ! ਹਈਸ਼ਾ
ਖਸਮਾ ਖਾਣਾ! ਹਈਸ਼ਾ
ਮਾਰ ਕੇ ਘੱਸਾ! ਹਈਸ਼ਾ
ਤੋੜ ਦੇ ਰੱਸਾ! ਹਈਸ਼ਾ...

ਭੂਦਾਨ ਅੰਦੋਲਨ ਵਾਲੇ ਆਉਂਦੇ ਤਾਂ ਵੀ ਰੌਣਕ ਲੱਗ ਜਾਂਦੀ । ਉਹ ਸਕੂਲਾਂ ਵਿਚ ਆ ਕੇ ਗਰੀਬੀ ਦਾ ਦ੍ਰਿਸ਼ ਪੇਸ਼ ਕਰਦੇ ਮਨਾਂ ਵਿਚ ਤਰਸ ਪੈਦਾ ਕਰਦੇ ਅਤੇ ਵਿਨੋਭਾ ਭਾਵੇ ਦਾ ਸੁਨੇਹਾ ਵੰਡਦੇ ਫਿਰਦੇ । ਸੁਨੇਹਾ ਤਾਂ ਭੁੱਲ ਗਿਆ, ਤੁਕਬੰਦੀ ਯਾਦ ਹੈ ;

ਵੇਖੋ ਖਾਂ ਜਾ ਕੇ ਸੜਕਾਂ 'ਤੇ, ਧੁੱਪਾਂ ਵਿਚ ਕੁੱਟਦੇ ਰੋੜੇ ਨੇ ।
ਹੱਥ ਸੱਠ ਸੱਠ ਛਾਲੇ ਪੈ ਗਏ ਨੇ, ਹਾਲੇ ਵੀ ਹੱਥ ਹਥੌੜੇ ਨੇ ।
ਮਾਵਾਂ ਦੇ ਬੱਚੇ ਵਿਲਕਣ ਪਏ, ਮਾਵਾਂ ਦੀ ਛਾਤੀ ਦੁੱਧ ਹੈ ਨਹੀਂ ।
ਭਾਈ ਦੁੱਧ ਵੀ ਕਿਥੋਂ ਆ ਜਾਏ, ਖਾਵਣ ਨੂੰ ਮਿਲਦਾ ਕੁਝ ਹੈ ਨਹੀਂ ।
ਇਕਨਾਂ ਦੇ ਘੋੜੇ ਹਿਣਕਣ ਪਏ, ਇਕਨਾਂ ਦੇ ਖਾਂਘੜ ਗਾਂ ਕੋਈ ਨਾ ।
ਜੇ ਬੱਕਰੀ ਕਿਤਿਉਂ ਮਿਲ ਜਾਵੇ, ਤਾਂ ਬੰਨ੍ਹਣ ਜੋਗੀ ਥਾਂ ਕੋਈ ਨਾ ।

ਸਭ ਤੋਂ ਵੱਧ ਪਿੰਡ ਨੂੰ ਵਖ਼ਤ ਉਦੋਂ ਪਿਆ ਜਦੋਂ ਨਵੇਂ ਪੈਸੇ ਸ਼ੁਰੂ ਹੋਏ ਸਨ । ਰੁਪਈਆ ਚੌਹਠ ਪੈਸਿਆਂ ਦੀ ਥਾਂ ਸੌ ਪੈਸੇ ਦਾ ਹੋ ਗਿਆ । ਆਨੇ ਦੁਆਨੀਆਂ ਦੇ ਦਿਨ ਬੀਤ ਗਏ । ਪੁਰਾਣੇ ਸਿੱਕਿਆਂ ਦਾ ਨਵਿਆਂ ਨਾਲ ਵਟਾਂਦਰਾ ਹੋਣ ਲੱਗਾ । ਹਫੜਾ-ਦਫੜੀ ਮਚ ਗਈ । ਪੋਸਟ ਕਾਰਡ ਤਿੰਨ ਪੈਸਿਆਂ ਦਾ ਹੁੰਦਾ ਸੀ ਹੁਣ ਨਵੇਂ ਪੰਜ ਪੈਸਿਆਂ ਦਾ ਹੋ ਗਿਆ ।

ਅੱਗੇ ਚੌਹਠ ਪੈਸਿਆਂ ਦੇ ਇਕੀ ਖ਼ਤ ਆਂਵਦੇ ।
ਨਾਲੇ ਇਕ ਪੈਸਾ ਹੱਥੋਂ ਮੋੜ ਕੇ ਫੜਾਂਵਦੇ ।
ਹੁਣ ਦਿੰਦੇ ਇਕ ਘੱਟ,
ਨਾਲੇ ਪੈਸਾ ਜਾਂਦੇ ਖੱਟ ।

ਵਖ਼ਤ ਪਾਇਆ ਤੇ ਪਾਇਆ ਸਾਨੂੰ ਨਵੇਂ ਪੈਸੇ ਨੇ... ਆਨਾ ਛੇ ਪੈਸਿਆਂ ਦਾ, ਦੁਆਨੀ ਤੇਰ੍ਹਾਂ ਪੈਸਿਆਂ ਦੀ, ਤਿੰਨ ਆਨਿਆਂ 'ਚ ਉੱਨੀ ਤੇ ਚੁਆਨੀ 'ਚ ਪੰਝੀ ਪੈਸੇ । ਇਹ ਕੀ ਹਿਸਾਬ ਹੋਇਆ ।

ਇਕ ਛੀਕਾ ਛੀਕਾ, ਦੋ ਤੇਰਾਂ ਦਾ ਪਹਾੜਾ ਏ ।
ਤਿੰਨ ਛੀਕਾ, ਉਨੀਂ, ਚਾਰ ਪੰਝੀ ਮੇਰੇ ਯਾਰਾ ਏ ।
ਹੁਣ ਮੁੜ ਕੇ ਪੜ੍ਹਨੇ ਪਉ,
ਸੌਲਾਂ ਛੀਕੇ ਹੁੰਦੇ ਸੌ ।

ਵਖ਼ਤ ਪਾਇਆ ਤੇ ਪਾਇਆ ਸਾਨੂੰ ਨਵੇਂ ਪੈਸੇ ਨੇ । ਇਹ ਤੁਕਬੰਦੀਆਂ ਦਾ ਦੌਰ ਅਜੇ ਤੱਕ ਮਨ ਵਿਚ ਮਹਿਫੂਜ਼ ਹੈ । ਉਹ ਤਰਜ਼ਾਂ, ਛੰਦ, ਬਹਿਰ, ਤੁਕਾਂਤ ਆਪ ਮੁਹਾਰੇ ਗੂੰਜਦੇ ਰਹਿੰਦੇ ਹਨ । ਮੈਂ ਇਨ੍ਹਾਂ ਤੋਂ ਦੂਰ ਨਹੀਂ ਜਾ ਸਕਦਾ । ਰੁੱਖ ਆਪਣੀ ਜੜ੍ਹਾਂ ਤੋਂ ਖਹਿੜਾ ਨਹੀਂ ਛੁਡਾ ਸਕਦਾ ।

••••••

24. ਝੁੰਗਲਮਮਾਟਾ

ਪਿੰਡ ਦੇ ਲੋਕ ਅਕਬਰ ਬਾਰੇ ਕਾਫ਼ੀ ਕੁਝ ਜਾਣਦੇ ਨੇ । ਉਹ ਜਾਣਦੇ ਨੇ ਕਿ ਇਕ ਵਾਰੀ ਉਨ੍ਹੇ ਜੋਤਾਂ ਵਾਲੀ ਮਾਤਾ ਦੀ ਸ਼ਕਤੀ ਨੂੰ ਵੰਗਾਰਿਆ ਸੀ । ਮਾਂ ਦੀ ਸ਼ਕਤੀ ਮੂਹਰੇ ਉਹਦਾ ਹੰਕਾਰ ਹਾਰਿਆ ਸੀ । ਜਗਰਾਤਿਆਂ ਵਿਚ ਇਹ 'ਇਤਿਹਾਸ' ਉਨ੍ਹਾਂ ਨੇ ਅਨੇਕ ਵਾਰ ਢੋਲਕੀਆਂ, ਛੈਣਿਆਂ ਤੇ ਚਿਮਟਿਆਂ ਵਿਚ ਗੂੰਜਦਾ ਸੁਣਿਆ ਹੈ:

ਅਕਬਰ ਜਦੋਂ ਤਕੱਬਰ ਕਰਕੇ,
ਸ਼ਕਤੀ ਨੂੰ ਅਜਮਾਇਆ ।
ਜੋਤਾਂ ਉੱਤੇ ਪਾਣੀ ਪਾ ਕੇ,
ਤੁਰਤ ਬੁਝਾਉਣਾ ਚਾਹਿਆ ।
ਨਾ ਬੁਝੀਆਂ, ਜਗਮਗ ਜਗੀਆਂ...
ਹੋਇਆ ਚਾਨਣ ਵਿਚ ਸੰਸਾਰ...

'ਭਗਤਾਂ' ਦੀਆਂ, ਜਾਗੇ ਝਾਗ ਝਾਗ, ਸੁੱਜੀਆਂ ਹੋਈਆਂ ਅੱਖਾਂ ਅਤੇ ਬੇਮੁਹਾਰੀਆਂ ਕੂਕਾਂ ਮਾਰ ਮਾਰ ਬੈਠੇ ਹੋਏ ਸੰਘ ਹੋਰਨਾਂ ਦੀ ਨੀਂਦਰ ਦੀ ਪਰਵਾਹ ਕਦੋਂ ਕਰਦੇ ਨੇ । ਉਹ ਤਾਂ 'ਇਤਿਹਾਸ' ਦੇ ਆਸਰੇ ਸੁੱਤਿਆਂ ਨੂੰ ਜਗਾਉਣ ਅਤੇ ਜਾਗਦਿਆਂ ਨੂੰ ਜਾਗਦੇ ਰਹਿਣ ਲਈ ਮਜਬੂਰ ਕਰ ਦਿੰਦੇ ਨੇ । ਇਤਿਹਾਸਕ ਸੰਗਲੀਆਂ ਦੇ ਕੁੰਡਿਆਂ ਨੂੰ ਇਕ ਦੂਜੇ ਵਿਚ ਫਸਿਆ ਵੇਖਣਾ ਹੋਵੇ ਤਾਂ ਕਿਸੇ ਜਗਰਾਤੇ ਦੀ ਸ਼ਰਨ ਲੈਣੀ ਪਵੇਗੀ:


ਨੀਂਦਰਮਾਰੇ ਭਗਤਾਂ ਦੇ
ਪੂਰਨ ਤੇ ਗੋਪੀ,
ਵੀਰ ਹਕੀਕਤ, ਹੀਰ ਤੇ ਰਾਂਝਾ,
ਸੱਸੀ ਪੁੰਨੂੰ,
ਰਾਮਾਇਣ ਜਾਂ ਮਹਾਭਾਰਤ ਦੀ
ਕਥਾ ਦੀਆਂ ਸਵਤੰਤਰ ਹੇਕਾਂ
ਕਿਸ ਦੀ ਨੀਂਦਰ ਬਾਰੇ ਸੋਚਣ?
ਤੋਬਾ! ਤੋਬਾ!!
ਢੋਲਕ ਛੈਣੇ ਖੜਤਾਲਾਂ ਤੇ
ਚਿਮਟੇ ਦੀ ਇਹ ਅੰਨ੍ਹੀ ਕੜਕੁੱਟ
ਤੋਬਾ! ਤੋਬਾ!! ...
ਟੁੱਟੇ ਹੋਏ ਹੰਕਾਰ ਵਾਲਾ ਅਕਬਰ ਜਦੋਂ ਦਿਲੋਂ ਹਾਰ ਮੰਨ ਕੇ ਨੰਗੇ ਪੈਰੀਂ ਸੋਨੇ ਦਾ ਛਤਰ ਚੜ੍ਹਾਉਣ ਲਈ ਮਾਤਾ ਦੇ ਦਰਬਾਰ ਵੱਲ ਪੈਦਲ ਤੁਰਿਆ ਜਾਂਦਾ ਹੈ ਤਾਂ ਇਹ ਨਜ਼ਾਰਾ ਵੇਖ ਕੇ ਭਗਤਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ । ਉਹ ਤੜਫ ਤੜਫ ਕੇ ਗਾਉਂਦੇ ਹਨ :

ਨੰਗੇ ਨੰਗੇ ਪੈਰੀਂ ਦੇਵਾਂ!
ਅਕਬਰ ਆਇਆ ।
ਸੋਨੇ ਦਾ ਛਤਰ ਚੜ੍ਹਾਇਆ
ਮੇਰੀ ਦੇਵਾਂ ਰਾਣੀ! ...

ਤੇ ਇਸ ਤੋਂ ਪਿੱਛੋਂ ਸਿਰਫ਼ ਸ਼ੋਰ ਸੁਣਾਈ ਦੇਂਦਾ ਹੈ ਜਾਂ ਫਿਰ ਖੁਸ਼ੀ 'ਚੋਂ ਪੈਦਾ ਹੋਇਆ ਝੱਲ ਵਿਖਾਈ ਦਿੰਦਾ ਹੈ । ਹੋਰ ਕਿਸੇ ਗੱਲ ਦੀ ਸਮਝ ਨਹੀਂ ਆਉਂਦੀ । ਬਸ, ਭਗਤਾਂ ਦੀ ਖੁਸ਼ੀ ਜਾਮੇ ਵਿਚ ਨਹੀਂ ਮਿਆਉਂਦੀ ।

ਜਗਰਾਤਾ ਕਲਚਰ ਸਾਡੀ ਪੁਰਾਣਿਕ ਪਰੰਪਰਾ ਹੈ । ਇਸ ਦਾ ਸਿਰਾ ਆਦਿ ਸ਼ਕਤੀ ਨਾਲ ਜਾ ਜੁੜਦਾ ਹੈ । 'ਸ਼ਿਵਾ' ਨਾਲ । ਦੇਹਿ ਸ਼ਿਵਾ ਬਰ ਮੋਹਿ ਏਹੈ । ਇਸ ਨਿਰਾਕਾਰ ਸ਼ਕਤੀ ਦੇ ਅਨੇਕ ਸਾਕਾਰ ਰੂਪ ਅਸਾਂ ਆਪੋ ਆਪਣੀ ਲੋੜ ਅਤੇ ਸਹੂਲਤ ਅਨੁਸਾਰ ਘੜੇ ਹੋਏ ਨੇ । ਇਹ ਸ਼ਰਧਾ ਦਾ ਮਾਮਲਾ ਹੈ । ਆਸਥਾ ਦਾ । ਇਸ ਨਾਲ ਬੇਸ਼ੁਮਾਰ ਲੋਕਾਂ ਦੀ ਰੋਜ਼ੀ ਰੋਟੀ ਜੁੜੀ ਹੋਈ ਹੈ । ਸੈਰਸਪਾਟੇ ਵਾਲੇ ਮਹਿਕਮੇ ਨੂੰ ਵੀ ਕਮਾਈ ਹੁੰਦੀ ਹੈ । ਲੋਕ ਸੁਖੀ ਪਰਲੋਕ ਸੁਹੇਲੇ । ਭਰਦੇ ਰਹਿਣਗੇ ਆਸਥਾ ਦੇ ਮੇਲੇ । ਤੁਰਨ ਲਈ ਲੋਕਾਂ ਨੂੰ ਕੋਈ ਮੰਜ਼ਲ ਜਾਂ ਨਿਸ਼ਾਨਾ ਚਾਹੀਦਾ ਹੈ । ਜੀਵਨ ਨੂੰ ਸਾਰਥਕ ਸਮਝਣ ਦਾ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ । 'ਜੈ ਮਾਤਾ ਦੀ' ਦਾ ਅਨੁਵਾਦ, 'ਜਯ ਮਾਤਾ ਕੀ' ਜਚਦਾ ਨਹੀਂ । ਪੰਜਾਬੀ ਸੁਰ ਨਾਲ ਇਹ ਚੜ੍ਹਾਈ ਸਹਿਜੇ ਹੀ ਚੜ੍ਹੀ ਜਾ ਸਕਦੀ ਹੈ :

ਪੌੜੀ ਪੌੜੀ ਚੜ੍ਹਦੇ ਜਾਓ ।
ਜੈ ਮਾਤਾ ਦੀ ਕਰਦੇ ਜਾਉ¨

ਲੋਕ ਗੀਤਾਂ ਵਾਂਗ ਮਾਤਾ ਦੀਆਂ ਭੇਟਾਂ ਵੀ ਪੰਜਾਬੀਆਂ ਦਾ ਵਿਰਸਾ ਹੈ । ਪੁਰਾਤਨ 'ਇਤਿਹਾਸ' ਨੂੰ ਨਵੀਆਂ ਨਵੀਆਂ ਫਿਲਮੀ ਤਰਜ਼ਾਂ ਅਨੁਸਾਰ ਲਿਖਣ ਅਤੇ ਗਾਉਣ ਦਾ ਕਾਰਜ ਲਗਾਤਾਰ ਹੁੰਦਾ ਆ ਰਿਹਾ ਹੈ । ਜਿਵੇਂ ਬਹੁਤੇ ਪੰਜਾਬੀ ਕਵੀ ਪਹਿਲਾਂ ਗੁਰਦੁਆਰਿਆਂ ਵਿਚ ਜਾਂ ਗੁਰਪੁਰਬਾਂ ਮੌਕੇ ਹੁੰਦੇ ਕਵੀ ਦਰਬਾਰਾਂ ਦੀਆਂ ਸਟੇਜਾਂ ਰਾਹੀਂ ਸਾਹਿਤ ਦੇ ਖੇਤਰ ਵਿਚ ਦਾਖ਼ਲ ਹੋਏ ਨੇ, ਇਸੇ ਤਰ੍ਹਾਂ ਪਹਿਲਾਂ ਜਾਂ ਪਿੱਛੋਂ ਤਕਰੀਬਨ ਹਰ ਚੰਗੇਮਾੜੇ ਗਾਇਕ ਨੇ ਮਾਤਾ ਦਾ ਪੱਲਾ ਜ਼ਰੂਰ ਫੜਿਆ ਹੈ । ਕਈਆਂ ਨੇ ਤਾਂ ਘੁੱਟ ਕੇ ਫੜਿਆ ਹੈ!

ਮੈਨੂੰ ਇਕ ਭੁੱਲਾ ਹੋਇਆ ਪ੍ਰਸੰਗ ਯਾਦ ਆ ਰਿਹਾ ਹੈ । ਪਿਤਾ ਜੀ ਦੀਆਂ ਨਜ਼ਮਾਂ ਪੜ੍ਹਦਿਆਂਸੁਣਦਿਆਂ ਵੱਡੇ ਭਾਈ ਸਾਹਿਬ (ਗੁਰਚਰਨ) ਨੂੰ ਤੁਕਾਂ ਜੋੜਨ ਦੀ ਜਾਚ ਆ ਗਈ ਸੀ । ਉਹਦੇ ਹਾਣੀ ਉਹਨੂੰ 'ਸ਼ੰਕਰ ਜੀ' ਆਖ ਕੇ ਬੁਲਾਉਂਦੇ ਸਨ । ਦਰਅਸਲ ਰਾਮ ਲੀਲਾ ਵਿਚ ਰਾਮ ਵਾਲੇ ਪਾਸੇ 'ਜੈ ਸ਼੍ਰੀ ਰਾਮ' ਅਤੇ ਰਾਵਣ ਵਾਲੇ ਪਾਸੇ 'ਜੈ ਸ਼ੰਕਰ ਕੀ' ਗੁੰਜਾਇਮਾਨ ਹੁੰਦਾ ਰਹਿੰਦਾ ਸੀ । ਮਰਿਆਦਾ ਵਾਲੇ ਰਾਮ ਨਾਲੋਂ ਮਸਤਮੌਲਾ ਸ਼ੰਕਰ ਵੱਲ ਲੋਕਾਂ ਦਾ ਝੁਕਾਅ ਜ਼ਿਆਦਾ ਸੀ । ਮੇਰੇ ਪਿੰਡ ਦਾ ਸੱਚ ਅੱਜ ਵੀ ਏਹੋ ਹੈ, ਕੋਈ ਮੰਨੇ ਨਾ ਮੰਨੇ ਕੋਈ ਜਾਣੇ ਨਾ ਜਾਣੇ । ਹੋਸ਼ਾਂ ਨਾਲੋਂ ਮਸਤੀ ਚੰਗੀ ਜਿਹੜੀ ਰੱਖਦੀ ਸਦਾ ਟਿਕਾਣੇ । ਹਾਂ, ਆਪਣੇ ਹਾਣੀਆਂਹਮਜੋਲੀਆਂ ਵਿਚ ਭਾਈ ਸਾਹਿਬ ਦਾ ਨਾਂ 'ਸ਼ੰਕਰ' ਹੀ ਪੱਕ ਗਿਆ ਸੀ । ਜਦੋਂ ਹੋਰ ਕਿਤੇ ਟਿਕਾਣਾ ਨਾ ਮਿਲਦਾ ਤਾਂ ਕੁਝ ਜਣੇ ਸਾਡੇ ਘਰ ਦੀ ਛੱਤ ਉੱਤੇ ਇਕੱਠੇ ਹੋ ਜਾਂਦੇ । ਗਰਮੀਆਂ ਵਿਚ । ਦੁਪਹਿਰੇ । ਦੋ ਮੰਜੀਆਂ ਲੇਟਵੇਂਦਾਅ ਖੜ੍ਹੀਆਂ ਕਰਕੇ ਉੱਪਰ ਖੇਸ ਤਾਣ ਲੈਂਦੇ । ਇਸ ਤੰਬੂ ਜਿਹੇ ਵਿਚ, ਹੇਠਾਂ ਦਰੀ ਵਿਛਾ ਕੇ, ਬਿਰਾਜਮਾਨ ਹੋ ਜਾਂਦੇ । 'ਸ਼ੰਕਰ' ਨੂੰ ਕੁਝ ਸੁਣਾਉਣ ਦੀਆਂ ਫਰਮਾਇਸ਼ਾਂ ਹੁੰਦੀਆਂ । ਉਹ ਸੁਣਾਈ ਜਾਂਦਾ । ਕਦੇ ਬੋਲੀ ਜਾਂਦਾ, ਕਦੇ ਗਾਈ ਜਾਂਦਾ । ਕਿਤੇ ਕਿਤੇ ਇਸ ਕਾਜ ਵਿਚ ਸੁਣਨ ਵਾਲੇ ਵੀ ਸ਼ਾਮਲ ਹੋ ਜਾਂਦੇ । ਇਕ ਅੱਧ ਬੋਲ ਰਲ ਕੇ ਗਾਉਂਦੇ ਜਾਂ ਦੁਹਰਾਉਂਦੇ । ਜਿਹੜੇ ਗਾ ਨਾ ਸਕਦੇ ਉਹ ਤਾੜੀਆਂ ਵਜਾਉਂਦੇ ਜਾਂ ਗੋਡੇ ਮੋਢੇ ਹਿਲਾਉਂਦੇ । ਹਰ ਕੋਈ ਇਸ ਯੱਗ ਵਿਚ ਆਪਣੇ ਆਪ ਨੂੰ ਸ਼ਾਮਲ ਸਮਝਦਾ । ਸ਼ੰਕਰ ਦਾ ਦਰਬਾਰ ਕਈ ਕਈ ਘੰਟੇ ਸਜਿਆ ਰਹਿੰਦਾ । ਬਹੁਤੀ ਵਾਰੀ ਮੈਂ ਵੀ ਉਨ੍ਹਾਂ ਵਿਚ ਜਾ ਬਹਿੰਦਾ । ਵਿੰਹਦਾ ਰਹਿੰਦਾ । ਸੁਣਦਾ ਰਹਿੰਦਾ ।

ਕਦੇ ਕਦੇ ਇੰਜ ਵੀ ਹੁੰਦਾ ਕਿ ਉਸ ਝੁੰਮਲਮਾਟੇ ਵਿਚ ਸਿਰਫ਼ ਦੋ ਜਣੇ ਹੀ ਬੈਠੇ ਹੁੰਦੇ । ਸ਼ੰਕਰ ਤੇ ਚਿੰਮਾ । ਚਿੰਮਾ ਮਤਲਬ ਚਿਮਨ ਲਾਲ । ਚਿੰਮਾ ਮਾਤਾ ਦਾ ਭਗਤ ਸੀ । ਜਗਰਾਤਿਆਂ ਵਿਚ ਗਾਉਂਦਾ ਸੀ । ਸ਼ੰਕਰ ਨਾਲ ਰਲ ਕੇ ਉਨ੍ਹੇ ਕੋਈ ਅਜਿਹਾ ਵੇਲਾ ਚੁਣਨਾ ਜਦੋਂ ਉਹ ਦੋਏਂ ਹੋਣੇ । ਤੀਸਰਾ ਕੋਈ ਨਾ ਹੋਏ । ਚਿੰਮਾ ਆਪਣੇ ਨਾਲ ਟੀਨ ਦਾ ਖ਼ਾਲੀ ਡੱਬਾ ਲੈ ਆਉਂਦਾ । ਉਹਨੂੰ ਢੋਲਕੀ ਵਾਂਗ ਵਜਾਉਂਦਾ । ਨਾਲ ਨਾਲ ਕਿਸੇ ਫਿਲਮੀ ਗੀਤ ਦੇ ਬੋਲ ਗਾਉਂਦਾ । ਕਈ ਵਾਰ ਬੋਲ ਖਾ ਜਾਂਦਾ, ਸਿਰਫ਼ ਤਰਜ਼ ਹੀ ਸੁਣਾਉਂਦਾ । ਕਹਿੰਦਾ, ''ਸ਼ੰਕਰ! ਜੇ ਇਸ ਤਰਜ਼ ਦੀ ਕੋਈ ਭੇਂਟ ਬਣ ਜਾਏ ਤਾਂ ਸੁਆਦ ਆ ਜਾਏ ।'' ਸ਼ੰਕਰ ਦੀ ਬਿਰਤੀ ਜੁੜ ਜਾਂਦੀ । ਚਿੰਮੇ ਨੂੰ ਚੁੱਪ ਕਰਨ ਦਾ ਉਂਗਲੀ ਨਾਲ, ਇਸ਼ਾਰਾ ਕਰਕੇ ਕਾਪੀ ਉੱਤੇ ਕੁਝ ਲਿਖਦਾ । ਮੁੜ ਇਸ਼ਾਰੇ ਨਾਲ, ਕਦੇ ਮੁਖੜਾ ਕਦੇ ਅੰਤਰਾ, ਗੁਣਗੁਣਾਉਣ ਲਈ ਕਹਿੰਦਾ । ਇਹ ਰਚਣੇਈ ਅਮਲ ਕਿੰਨੀ ਕਿੰਨੀ ਦੇਰ ਜਾਰੀ ਰਹਿੰਦਾ । ਕਿਸੇ ਕਿਸੇ ਨੁਕਤੇ ਉੱਤੇ ਦੋਹਾਂ ਦੀ ਠਣ ਜਾਂਦੀ । ਪਰ ਅੰਤ ਨੂੰ ਇਕ ਨਵੀਂ ਭੇਂਟ ਬਣ ਜਾਂਦੀ । ਸ਼ੰਕਰ ਤੇ ਚਿੰਮੇ ਦੀ ਛਾਤੀ ਤਣ ਜਾਂਦੀ ।

ਅਜਿਹੇ ਸੈਸ਼ਨਾਂ ਵਿਚ ਮੇਰੇ ਬੈਠਣ ਦੀ ਮਨਾਹੀ ਨਹੀਂ ਸੀ । ਸਗੋਂ ਮੈਂ ਉਨ੍ਹਾਂ ਦੇ ਨਿੱਕੇ ਮੋਟੇ ਕੰਮ ਕਰਦਾ ਰਹਿੰਦਾ ਸਾਂ । ਉਨ੍ਹਾਂ ਨੂੰ ਪੱਖੀ ਝੱਲਣਾ ਜਾਂ ਉਨ੍ਹਾਂ ਲਈ ਪਾਣੀ ਢੋਣਾ ਮੈਨੂੰ ਚੰਗਾ ਲੱਗਦਾ । ਮੇਰਾ ਦਿਲ ਲੱਗਾ ਰਹਿੰਦਾ । ਘਰਦੇ ਸਮਝਦੇ ਮੈਂ ਸਕੂਲ ਦਾ ਕੰਮ ਕਰ ਰਿਹਾ ਹਾਂ । ਪਰ ਮੈਂ ਤਾਂ ਮਨ ਹੀ ਮਨ ਤੁਕਾਂ ਜੋੜਨ ਦੀ ਕੋਸ਼ਿਸ਼ ਕਰੀ ਜਾਂਦਾ ਸਾਂ । ਤਰਜ਼ ਦੀ ਧਾਰਨਾ ਮੁਤਾਬਕ ਮਾੜਾ ਮੋਟਾ ਜੋੜਤੋੜ ਕਰ ਲੈਂਦਾ ਸਾਂ ਪਰ ਵੱਡਿਆਂ ਮੂਹਰੇ ਸੁਣਾਉਣ ਦੀ ਹਿੰਮਤ ਨਹੀਂ ਸੀ ਪੈਂਦੀ । ਲੱਗਦਾ ਹੈ ਕਿ ਛੰਦ ਦੀਆਂ ਪੈੜਾਂ ਓਦੋਂ ਹੀ ਪੈਣੀਆਂ ਸ਼ੁਰੂ ਹੋ ਗਈਆਂ ਸਨ । ਇਹ ਮੇਰੇ ਅਭਿਆਸੀ ਦਿਨਾਂ ਦੀ ਸ਼ੁਰੂਆਤ ਹੈ । ਇਹਦੀ ਕੋਈ ਬਹੁਤੀ ਅਹਿਮੀਅਤ ਨਹੀਂ, ਐਵੇਂ ਪ੍ਰਸੰਗ ਵੱਸ ਚੇਤੇ ਆਈ ਬਚਪਨ ਦੀ ਮਾਸੂਮ ਜਿਹੀ ਬਾਤ ਹੈ ।... ਗੱਲ ਚੱਲ ਰਹੀ ਸੀ ਅਕਬਰ ਦੀ । ਮੁਗਲ ਬਾਦਸ਼ਾਹਾਂ ਵਿਚੋਂ ਸਭ ਤੋਂ ਵੱਧ ਮਕਬੂਲ ਹਾਕਿਮ ਸੀ, ਜਿਹੜਾ ਮਜ਼ਹਬਾਂ ਤੋਂ ਉੱਪਰ ਉੱਠ ਕੇ ਸਾਰੀ ਪਰਜਾ ਦਾ ਸਾਂਝਾ ਹੁਕਮਰਾਨ ਬਣਨ ਅਤੇ ਅਖਵਾਉਣ ਦਾ ਇਛੁਕ ਸੀ । ਉਨ੍ਹੇ ਆਪਣਾ ਲੋਕ-ਬਿੰਬ ਸੰਵਾਰਨ ਅਤੇ ਉਸਾਰਨ ਲਈ ਕਈ ਕੁਝ ਕੀਤਾ । ਦੀਨੇਇਲਾਹੀ ਨੂੰ ਇਕੋ ਇਕ ਸਾਂਝਾ ਧਰਮ ਬਣਾ ਕੇ 'ਯਥਾ ਰਾਜਾ ਤਥਾ ਪਰਜਾ' ਵਾਂਗ ਲਾਗੂ ਕਰਨਾ ਚਾਹਿਆ । ਪ੍ਰੰਤੂ 'ਯੂਨੀਵਰਸਿਟੀ' ਵਿਚ ਤਿਆਰ ਕੀਤਾ ਗਿਆ ਇਹ ਫਾਰਮੂਲਾ ਆਮ ਆਦਮੀ ਨੂੰ ਰਾਸ ਨਾ ਆਇਆ । ਉਸ ਨੂੰ ਤਾਂ 'ਮੁਗਲੇ-ਆਜ਼ਮ' ਵਿਚ ਵੀ ਅਕਬਰੀ ਸ਼ਾਨੋਸ਼ੌਕਤ ਨਾਲੋਂ ਸਲੀਮ ਦਾ ਬਗਾਵਤੀ ਸੁਰ ਹੀ ਵਧੇਰੇ ਭਾਇਆ । ਇਹ ਗਾਣਾ ਤਾਂ ਪਿੰਡ ਵਾਲਿਆਂ ਨੇ ਅਨਾਰਕਲੀ ਦੇ ਨਾਲ ਨਾਲ ਗਾਇਆ :

ਜਬ ਪਿਆਰ ਕੀਆ ਤੋ ਡਰਨਾ ਕਿਆ ।
ਪਿਆਰ ਕੀਆ ਕੋਈ ਚੋਰੀ ਨਹੀਂ ਕੀ,
ਛੁਪ ਛੁਪ ਆਹੇਂ ਭਰਨਾ ਕਿਆ¨ …...

ਪਕੌੜਿਆਂ ਵਾਲੇ ਬਾਬੇ ਮਹਿਲੇ ਕੋਲੋਂ ਜਦੋਂ 'ਸਾਵੇ ਪੱਤਰ' ਕਿਤਾਬ ਮੈਂ ਰੱਦੀ ਦੇ ਭਾਅ ਖਰੀਦੀ ਸੀ ਤਾਂ ਉਸ ਵਿਚਲੀਆਂ ਨਜ਼ਮਾਂ ਪੜ੍ਹਦਿਆਂ ਵੀ ਅਕਬਰ ਰੜਕਿਆ ਸੀ । 'ਅਨਾਰਕਲੀ' ਨਾਂ ਦੀ ਕਵਿਤਾ ਮੋਹਨ ਸਿੰਘ ਨੇ ਕਿਆ ਵੈਰਾਗ ਵਿਚ ਆ ਕੇ ਬਣਾਈ ਸੀ । ਇਹ ਕਵਿਤਾ 'ਸ਼ੰਕਰ' ਨੇ ਸਰੋਤਿਆਂ ਨੂੰ ਅਨੇਕ ਵਾਰ ਵੈਰਾਗ ਵਿਚ ਆ ਕੇ ਸੁਣਾਈ ਸੀ । ਮੋਹਨ ਸਿੰਘ ਨੂੰ ਅਨਾਰਕਲੀ ਨਾਲ ਹਮਦਰਦੀ ਹੁੰਦੀ ਹੈ । ਉਹ ਉਸ ਨੂੰ ਮੁਖ਼ਾਤਬ ਹੋ ਕੇ ਪੂਰੇ ਪਿੰਡ ਦੀ ਤਰਜਮਾਨੀ ਕਰਦਾ ਹੈ :

ਤੂੰ ਤਾਂ ਸੋਹਲ ਅਨਾਰ ਦੀ ਕਲੀ ਹੈ ਸੈਂ,
ਤੇਰੇ ਪਿਆਰ ਦਾ ਹੱਕ ਸੀ ਭੌਰਿਆਂ ਨੂੰ ।
ਐਵੇਂ ਖੋਹ ਕੇ ਹੱਕ ਬੇਦੋਸ਼ਿਆਂ ਦਾ,
ਦੇ ਦਿੱਤਾ ਈ ਬੰਦਿਆਂ ਕੋਰਿਆਂ ਨੂੰ ¨
ਇਕ ਮਰਦ ਤੇ ਦੂਜਾ ਉਹ ਬਾਦਸ਼ਾਹ ਸੀ,
ਤੀਜਾ ਸੀ ਉਹ ਅਕਬਰ ਦਾ ਪੁੱਤ ਮੋਈਏ ।
ਐਡੇ ਵੱਡੇ ਤੇ ਭਾਰੇ ਉਸ ਹੈਂਕੜੀ ਨੂੰ ,
ਕਿੱਦਾਂ ਜਕੜ ਸਕਦੀ ਤੇਰੀ ਗੁੱਤ ਮੋਈਏ ।

ਧਿਆਨਪੁਰ ਦੇ ਲੋਕ ਅਕਬਰੀ ਬੰਸ ਵਿੱਚੋਂ ਸਿਰਫ਼ ਦਾਰਾ ਸ਼ਿਕੋਹ ਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਨੇ । ਉਹ ਸੂਫੀ ਸੁਭਾਅ ਦਾ ਬੰਦਾ ਸੀ । ਹਿੰਦੂ ਗ੍ਰੰਥਾਂ ਦਾ ਆਦਰ ਕਰਦਾ ਸੀ । ਹਿੰਦੂ ਮਹਾਂਪੁਰਖਾਂ ਨਾਲ ਗਿਆਨ ਚਰਚਾ ਕਰਦਾ ਸੀ । ਬਾਬਾ ਲਾਲ ਦਿਆਲ ਨਾਲ ਉਹਦੀ ਗੋਸ਼ਠ ਤਾਂ ਇਤਿਹਾਸਪ੍ਰਸਿੱਧ ਹੈ । ਅਕਬਰ ਦੇ ਪ੍ਰਤੀ ਵੀ ਜ਼ਰਾ ਕੁ ਨਰਮ ਵਤੀਰਾ ਸੁਤੇਸਿਧ ਹੈ ।

ਮੈਨੂੰ ਯਾਦ ਆਉਂਦਾ ਹੈ ਕੋਠਿਓਂਕੋਠੀ ਤੁਰਿਆ ਫਿਰਦਾ ਇਕ ਪੜ੍ਹਾਕੂ, ਜਿਹੜਾ ਕਿਤਾਬ ਵਿਚ ਉਂਗਲ ਦੇ ਕੇ ਰੱਟਾ ਲਾ ਰਿਹਾ ਸੀ :

'ਅਕਬਰ ਇਕ ਬਾਦਸ਼ਾਹ ਸੀ । ਅਕਬਰ ਇਕ ਬਾਦਸ਼ਾਹ ਸੀ । ਅਕਬਰ ਇਕ... ।' ਮੈਂ ਬਹੁਤ ਹੈਰਾਨ ਹੋਇਆ ਸਾਂ ਕਿ ਇਸ ਵਿਚ ਰੱਟਾ ਲਾਉਣ ਵਾਲੀ ਕਿਹੜੀ ਗੱਲ ਹੈ? ਅਕਬਰ ਬਾਦਸ਼ਾਹ ਹੀ ਤਾਂ ਸੀ, ਹੋਰ ਉਹ ਕੌਣ ਸੀ? ਪਰ ਇਸ ਘਟਨਾ ਦਾ ਪਰਦਾ ਮੇਰੇ ਲਈ ਓਦੋਂ ਉੱਠਿਆ ਜਦੋਂ ਉਹ ਪੜ੍ਹਾਕੂ ਅੰਬਰਸਰ ਦੇ ਗਿਆਨੀ ਕਾਲਜ ਵਿਚ ਦਾਖ਼ਲ ਹੋਣ ਦੇ ਬਾਵਜੂਦ, ਪੰਜ ਵਾਰੀ ਫੇਲ੍ਹ ਹੋ ਕੇ, ਛੇਵੇਂ ਸਾਲ ਗਿਆਨੀ ਪਾਸ ਕੀਤੀ ਸੀ, ਉਹ ਵੀ ਥਰਡ ਡਵੀਜ਼ਨ ਵਿਚ । ਇਸੇ ਦੌਰਾਨ ਉਹਨੂੰ ਇਹ ਕਵਿਤਾ ਵੀ ਉਤਰੀ ਸੀ :

ਖਾ ਖਾ ਕੇ ਡਾਲਡਾ, ਗਲ ਪੱਕ ਗਿਆ ਏ ।
ਕਰਨੀ ਏ ਗਿਆਨੀ ਪਾਸ, ਵਖ਼ਤ ਗਲ ਪਿਆ ਏ ।
ਨਾ ਕੋਈ ਪਿੰਡੋਂ ਆਵੇ, ਨਾ ਕੋਈ ਪਿੰਡ ਜਾਵੇ
ਏਹੋ ਮੇਰੀ ਬਾਤ ਹੈ... ਹੋ ... ਓ....

ਮੋਟੇ ਜਿਹੇ ਹਿਸਾਬ ਨਾਲ ਪਿੰਡ ਵਾਲੇ ਅਕਬਰ ਨੂੰ ਇਸ ਲਈ ਸਿਆਣਾ ਸਮਝਦੇ ਨੇ ਕਿ ਉਹ ਮੁਸਲਮਾਨ ਹੋਣ ਦੇ ਬਾਵਜੂਦ ਹਿੰਦੂਆਂ ਨੂੰ ਨਫ਼ਰਤ ਨਹੀਂ ਸੀ ਕਰਦਾ । ਉਹਨੇ ਆਪਣੇ ਦਰਬਾਰ ਵਿਚ ਨੌਂ ਸਿਆਣੇ ਸਲਾਹਕਾਰ ਰੱਖੇ ਹੋਏ ਸਨ, ਜਿਹੜੇ ਵਾਕਈ ਸਿਆਣੇ ਸਨ । ਉਹਨਾਂ ਸਿਆਣਿਆਂ ਨੂੰ 'ਰਤਨ' ਕਹਿ ਕੇ ਮਾਣ ਦਿੱਤਾ ਜਾਂਦਾ ਸੀ । ਰਤਨ ਕੀਮਤੀ ਹੁੰਦੇ ਨੇ । ਇਕ ਰਤਨ ਦਾ ਨਾਂ ਬੀਰਬਲ ਸੀ । ਉਹ ਸਭ ਤੋਂ ਵੱਧ ਕੀਮਤੀ ਸੀ । ਰਤਨਾਂ ਦਾ ਰਤਨ!

ਪਿੰਡ ਵਾਲਿਆਂ ਦੀ 'ਰਤਨ' ਨਾਲ ਪੁਰਾਣੀ ਵਾਕਫ਼ੀ ਹੈ । ਇਨ੍ਹਾਂ ਨੇ ਸਮੁੰਦਰ ਨੂੰ ਰਿੜਕਣ ਵਾਲੀ ਕਥਾ ਹਜ਼ਾਰ ਵਾਰ ਸੁਣੀ ਹੋਈ ਹੈ, ਜਦੋਂ ਚੌਦਾਂ ਰਤਨ ਨਿਕਲੇ ਸਨ ਸ਼ੇਸ਼ ਨਾਗ ਦਾ ਨੇਤਰਾ ਬਣਾ ਕੇ ਦੇਵਤਿਆਂ ਤੇ ਦਾਨਵਾਂ ਨੇ ਇਹ ਕਾਰਨਾਮਾ ਕੀਤਾ ਸੀ । ਇਸ ਰਿੜਕਣੇ 'ਚੋਂ ਲਛਮੀ ਨਿਕਲੀ ਜੋ ਵਿਸ਼ਨੂੰ ਨੇ ਸਾਂਭ ਲਈ । ਐਰਾਵਤ ਹਾਥੀ ਨੂੰ ਇੰਦਰ ਦੇਵਤਾ ਲੈ ਗਿਆ । ਅੰਮ੍ਰਿਤ ਨੂੰ ਦੇਵਤਿਆਂ ਨੇ ਹਥਿਆ ਲਿਆ । ਸ਼ਰਾਬ (ਸੁਰਾ) ਦਾਨਵਾਂ ਨੇ ਕਬਜ਼ੇ 'ਚ ਕਰ ਲਈ । ਵਿਸ਼ ਵਿਚਾਰੇ ਸ਼ਿਵ ਨੂੰ ਪੀਣਾ ਪਿਆ । ...

ਚੌਦਾਂ ਰਤਨਾਂ ਦੀ ਕਥਾ ਜਾਨਣ ਵਾਲਿਆਂ ਲਈ ਨੌਂ ਰਤਨਾਂ ਵਿਚ ਦਿਲਚਸਪੀ ਹੋਣੀ ਕੁਦਰਤੀ ਗੱਲ ਹੈ । ਬਾਕੀ ਅੱਠ ਤਾਂ ਐਵੇਂ ਗਿਣਤੀ ਪੂਰੀ ਕਰਨ ਲਈ ਨੇ, ਇਨ੍ਹਾਂ ਲਈ ਅਸਲੀ ਰਤਨ ਤਾਂ ਸਿਰਫ਼ 'ਬੀਰਬਲ' ਹੈ ।

ਮੇਰੇ ਪਿੰਡ ਦੇ ਲੋਕ ਬੜੇ ਅਕਬਰ ਨੂੰ
ਕੀ ਸਿਆਣਦੇ ਨੇ!
ਉਹਨੂੰ ਤਾਂ ਉਹ ਸਿਰਫ਼ ਬੀਰਬਲ
ਦੇ ਹਵਾਲੇ ਨਾਲ ਜਾਣਦੇ ਨੇ¨

••••••

25. ਸੰਜੋਗ ਜ਼ੋਰਾਵਰ

ਜਦੋਂ ਉਹਦੇ ਸੰਜੋਗ ਖੁੱਲ੍ਹੇ ਉਹ ਚਾਲੀ ਟੱਪ ਚੁੱਕਾ ਸੀ । ਪੰਜ ਫੁੱਟਾ 'ਨਿੱਗਰ' ਜਿਸਮ ਸੀ ਉਹਦਾ । ਪੱਕਾ ਰੰਗਾ । ਤੇਜ਼ ਤੇਜ਼ ਤੁਰਦਾ । ਕਿਸੇ ਨਾ ਕਿਸੇ ਨਾਲ ਗੱਲੀਂ ਪਿਆ ਰਹਿੰਦਾ । ਉਹਦੀਆਂ ਗੱਲਾਂ ਵਿਚ ਰਸ ਹੁੰਦਾ । ਸਿੱਖਿਆ ਹੁੰਦੀ । ਬਹੁਤੀ ਸੰਗਤ ਉਹਦੀ, ਆਪਣੇ ਤੋਂ ਛੋਟਿਆਂ ਨਾਲ ਹੁੰਦੀ । ਮੈਂ ਉਹਦਾ ਪੱਕਾ ਤੇ ਬਕਾਇਦਾ ਸਰੋਤਾ ਸਾਂ । ਮੇਰੇ ਨਾਲ 'ਗਿਆਨ' ਦੀਆਂ ਗੱਲਾਂ ਕਰਕੇ ਉਹਦਾ ਮੱਥਾ ਮਘਣ ਲੱਗਦਾ । ਵਜਦ ਵਿਚ ਆ ਕੇ ਚੌਮੁਖੀਏ ਦੀਵੇ ਵਾਂਗ ਜਗਣ ਲੱਗਦਾ । ਏਨੀ ਦੇਰ ਉਹਨੂੰ ਕੋਈ ਰਿਸ਼ਤਾ ਨਾ ਹੋਣ ਦੇ ਕਈ ਹੋਰ ਕਾਰਨ ਵੀ ਹੋਣਗੇ, ਪਰ ਦੱਸਦਾ ਸਿਰਫ਼ ਏਹੋ ਸੀ ਕਿ ਉਹ ਮੰਗਲੀਕ ਹੈ । ਉਹਦੀ ਕੁੰਡਲੀ ਵਿਚਲਾ ਮੰਗਲ ਹੀ ਸ਼ਾਦੀ ਵਿਚ ਰੁਕਾਵਟ ਹੈ । ਕੁੜੀ ਵੀ ਮੰਗਲੀਕ ਹੀ ਹੋਣੀ ਚਾਹੀਦੀ ਹੈ । ਜੇ ਕੋਈ ਮੰਗਲੀਕ ਕਿਸੇ ਗੈਰਮੰਗਲੀਕ ਨਾਲ ਵਿਆਹ ਕਰਵਾ ਲਏ ਤਾਂ ਅਗਲੇ ਦੀ ਜਾਨ ਨੂੰ ਖ਼ਤਰਾ ਹੁੰਦਾ ਹੈ । ਉਹ ਬਚਦਾ ਹੀ ਨਹੀਂ । ਵਿਆਹ ਟਿਕਦਾ ਹੀ ਨਹੀਂ । ਮੈਂ ਵੀ ਸੋਚਦਾ ਹਾਂ ਕਿ ਕਿਸੇ ਦੀ ਜਾਨ ਕਿਉਂ ਲੈਣੀ ਹੈ । ਨਹੀਂ ਹੁੰਦਾ ਵਿਆਹ ਨਾ ਹੋਏ । ਜਿੱਥੇ ਏਨੀ ਲੰਘ ਗਈ ਬਾਕੀ ਵੀ ਲੰਘ ਜਾਏਗੀ । ਕਿਸੇ ਦੀ ਧੀਭੈਣ ਦਾ ਬੁਰਾ ਕਿਉਂ ਸੋਚੀਏ । ਧੀਆਂਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ।

ਇਕ ਦਿਨ ਕਹਿੰਦਾ: ''ਹੁਣ ਵੇਖੇਂ ਨਾ, ਨਾਥੇ ਦਾ ਨਿੱਕੇ ਜਿਹੇ ਦਾ ਹੀ ਵਿਆਹ ਹੋ ਗਿਐ । ਅਜੇ ਉਹ ਉੱਨ੍ਹੀਆਂ ਦਾ ਹੋਇਆ ਨਹੀਂ ਤੇ ਉਹਦੇ ਘਰ ਮੁੰਡਾ ਵੀ ਹੋ ਗਿਐ । ... ਚਲੋ ਉਂਜ ਤਾਂ ਚੰਗੀ ਗੱਲ ਐ । ਛੇਤੀ ਹੀ ਨਾਲ ਰਲ ਜਾਏਗਾ । ਪਿਓ ਦੇ ਕੰਮ 'ਚ ਹੱਥ ਵਟਾਏਗਾ । ਸੰਜੋਗਾਂ ਦੀ ਗੱਲ ਹੁੰਦੀ ਐ । ਸੰਜੋਗ ਜ਼ੋਰਾਵਰ ਹੁੰਦੇ ਨੇ । ... ਕਿਤੇ ਹੋਏ ਤਾਂ ਸਾਡੇ ਵੀ ਖੁੱਲ੍ਹ ਜਾਣਗੇ ।''

ਮੇਰੇ ਸਕੂਲੀ ਦਿਨਾਂ ਵਿਚ ਹੀ ਉਹ ਮੇਰੇ ਨਾਲ ਖੁੱਲ੍ਹ ਗਿਆ ਸੀ । ਇੰਜ ਲੱਗਦਾ ਜਿਵੇਂ ਮੈਨੂੰ ਭਰੋਸੇ ਵਿਚ ਲੈ ਕੇ ਉਹ ਆਪਣੇ ਦਿਲ ਦੇ ਭੇਤ ਖੋਲ੍ਹਣਾ ਚਾਹੁੰਦਾ ਹੋਵੇ । ਜਿਵੇਂ ਇਕਾਂਤ ਵਿਚ ਕੋਈ ਆਪਣੇ ਬਾਰੇ ਆਪਣੇ ਨਾਲ ਹੀ ਬੋਲਣਾ ਚਾਹੁੰਦਾ ਹੋਵੇ । ਉਹਦੇ ਚਿਹਰੇ ਦੇ ਹਾਵਭਾਵ ਵੇਖਣ ਵਾਲੇ ਹੁੰਦੇ । ਉਹਦੇ ਅੰਗਾਂ ਦੀਆਂ ਅਦਾਵਾਂ ਵੀ ਬਾਤਾਂ ਪਾਉਣ ਲੱਗਦੀਆਂ : ''ਆਹ ਚਿਮਨ ਐ ਨਾ । ਕੱਲ੍ਹ ਅੱਡੇ 'ਤੇ ਖਲੋਤਾ ਸੀ । ਬੱਸ ਆਈ । ਸ਼ੀਲੋ ਉਤਰੀ । ਪਿੰਡ ਦੀ ਕੁੜੀ ਚਿਰ ਪਿੱਛੋਂ ਪੇਕੇ ਆਈ ਸੀ । ਚਿਮਨ ਉਹਨੂੰ ਵਿਹੰਦਿਆਂ ਹੀ ਰੌਲਾ ਪਾਉਣ ਲੱਗ ਪਿਆ 'ਸ਼ੀਲੋ! ਮੈਂ ਮੰਗਿਆ ਗਿਆ । ਮੈਂ ਮੰਗਿਆ ਗਿਆ ।'' ਦੱਸੋ, ਇਹ ਵੀ ਭਲਾ ਕੋਈ ਗੱਲ ਹੋਈ! ਪਿੰਡ ਦੀ ਧੀ ਭੈਣ ਆਈ ਐ । ਉਹਦਾ ਸੁੱਖਦੁੱਖ ਪੁੱਛ । ਤੂੰ ਆਪਣੀ ਹੀ ਮੰਗਣੀ ਲੈ ਕੇ ਬਹਿ ਗਿਐਂ... ।''

ਕਦੀ ਕਦੀ ਜਦੋਂ ਉਹ ਪੂਰੀ ਤਰ੍ਹਾਂ ਵਿਹਲਾ ਹੋ ਕੇ ਗੱਲਾਂ ਕਰਨ ਬਹਿ ਜਾਂਦਾ ਤਾਂ ਨਕਾਲ ਨਾ ਟੁੱਟਣ ਦੇਂਦਾ । ਇਕ ਮੁੱਕਦੀ ਦੂਜੀ ਛੇੜ ਲੈਂਦਾ । ਘਟਨਾਵਾਂ ਦੇ ਸਿਰੇ ਮਰੋੜੀ ਜਾਂਦਾ । ਇਕ ਨੂੰ ਦੂਜੀ ਨਾਲ ਜੋੜੀ ਜਾਂਦਾ ।

''ਵੇਖੇਂ ਨਾ, ਵਿਆਹ ਤਾਂ ਲਾਲ ਚੰਦ ਦਾ ਵੀ ਹੋ ਗਿਐ । ਇਹ ਮੁਸਲਮਾਨਾਂ ਦਾ ਟੱਬਰ ਪਾਕਿਸਤਾਨ ਗਿਆ ਈ ਨਹੀਂ । ਹਿੰਦੂ ਬਣ ਗਏ ਸਾਰੇ । ਹਿੰਦੂਆਂ ਵਾਲੇ ਨਾਂ ਰੱਖ ਲਏ । ਇਨ੍ਹਾਂ ਦੀ ਕੁੜੀ ਦਾ ਤਾਂ ਇਕ ਬਾਹਮਣ ਨਾਲ ਵਿਆਹ ਹੋ ਗਿਆ ਸੀ ਪਰ ਮੁੰਡਿਆਂ ਦੀ ਗੱਲ ਨਹੀਂ ਬਣ ਰਹੀ । ਆਹ ਹੁਣ ਕਿਤੇ ਜਾ ਕੇ ਸੰਜੋਗ ਖੁੱਲ੍ਹੇ ਨੇ । ... ਤੈਨੂੰ ਪਤੈ? ਆਹ ਨਾਲ ਦੇ ਪਿੰਡ ਰੌਲਿਆਂ ਵੇਲੇ ਕਿਸੇ ਨੇ ਇਕ ਮੁਸਲਮਾਨਣੀ ਆਪਣੇ ਘਰ ਬਿਠਾ ਲਈ ਸੀ । ਉਹਦਾ ਆਦਮੀ ਮਾਰਿਆ ਗਿਆ ਸੀ । ਨਿੱਕੀ ਜਿਹੀ ਕੁੜੀ ਸੀ ਉਹਦੇ ਕੁੱਛੜ ਉਦੋਂ । ਹੁਣ ਉਹ ਬਾਰਾਂਤੇਰ੍ਹਾਂ ਵਰ੍ਹਿਆਂ ਦੀ ਹੋਈ ਐ, ਇਸ ਮੁੰਡੇ ਦੇ ਭਾਗਾਂ ਨੂੰ । ... ਕਹਿੰਦੇ ਨੇ ਪੈਸੇ ਲਏ ਨੇ ਕੁੜੀ ਵਾਲਿਆਂ । ਚਲੋ ਕੋਈ ਹੀਲਾ ਵਸੀਲਾ ਤਾਂ ਬਣਨਾ ਹੀ ਹੁੰਦਾ ਏ ਨਾ । ਬਣ ਗਿਆ । ਮੁੰਡਾ ਵਿਆਹਿਆ ਗਿਆ, ਵੱਡਾ । ਛੋਟਿਆਂ ਦਾ ਵੀ ਕੁਝ ਨਾ ਕੁਝ ਕਰੇਗਾ ਹੀ ਉਪਰ ਵਾਲਾ । ਉਹਨੂੰ ਸਾਰਿਆਂ ਦਾ ਫ਼ਿਕਰ ਐ । ... ਏਸੇ ਲਈ ਮੈਂ ਆਪਣੇ ਵਿਆਹ ਦਾ ਬਹੁਤਾ ਫ਼ਿਕਰ ਨਹੀਂ ਕਰਦਾ ।

''ਕਈਆਂ ਨੇ ਤਾਂ ਫ਼ਿਕਰ ਦੇ ਨਾਲ ਨਾਲ ਸ਼ਰਮ ਵੀ ਘੋਲ ਕੇ ਪੀ ਲਈ ਹੁੰਦੀ ਐ । ... ਨਾਂ ਕੀ ਲੈਣੈ । ਪਤਾ ਈ ਐ ਸਾਰਿਆਂ ਨੂੰ । ਮਸ਼ਹੂਰ ਆਦਮੀ ਐ । ਰੌਲਿਆਂ ਵੇਲੇ ਉਹਨੇ ਵੀ ਹੱਥ ਮਾਰ ਹੀ ਲਿਆ ਸੀ । ਮੁਸਲਮਾਨ ਤੀਵੀਂ ਘਰ ਵਸਾ ਲਈ । ਉਹਦੀ ਵੀ ਨਿੱਕੀ ਜਿਹੀ ਕੁੜੀ ਸੀ । ਜਵਾਨ ਹੋਈ ਤਾਂ ਉਹਦੇ 'ਤੇ ਚਾਦਰ ਪਾ ਲਈ । ਬੜਾ ਰੌਲਾ ਪਿਆ । ਗੱਦੀ ਉੱਤੇ ਉਦੋਂ ਮਹੰਤ ਹਰਨਾਮ ਦਾਸ ਹੁਰੀਂ ਹੁੰਦੇ ਸਨ । ਲੋਕਾਂ ਨੇ ਮਹੰਤ ਕੋਲ ਸ਼ਿਕਾਇਤ ਕੀਤੀ ਕਿ ਤੁਹਾਡੇ ਚੇਲੇ ਨੇ ਕੈਸਾ ਕਾਰਨਾਮਾ ਕੀਤਾ ਹੈ । ਮਹੰਤ ਨੇ ਬੁਲਾ ਕੇ ਜਵਾਬਤਲਬੀ ਕੀਤੀ ਤਾਂ ਅੱਗੋਂ ਕਹਿੰਦਾ : 'ਮਹਾਰਾਜ! ਤੁਹਾਡੀ ਆਗਿਆ ਨਾਲ ਈ ਕੀਤਾ ਹੈ ਇਹ ਕਾਰਜ । ਕੁਝ ਦਿਨ ਪਹਿਲਾਂ ਮੈਂ ਹਜ਼ੂਰ ਕੋਲੋਂ ਪੁੱਛਿਆ ਸੀ ਕਿ ਜੇ ਘੋੜੀ ਖਰੀਦੀਏ, ਉਹਦੇ ਮਗਰ ਵਛੇਰੀ ਹੋਏ । ਵਛੇਰੀ ਜਵਾਨ ਹੋਏ ਤਾਂ ਉਹਦੇ 'ਤੇ ਕਾਠੀ ਪਾ ਲੈਣੀ ਚਾਹੀਦੀ ਹੈ ਕਿ ਨਹੀਂ? ... ਹਜ਼ੂਰ ਨੇ ਹੁਕਮ ਕੀਤਾ ਸੀ ਕਿ ਪਾ ਲੈਣੀ ਚਾਹੀਦੀ ਹੈ । ... ਬਸ ਆਪ ਜੀ ਦੀ ਆਗਿਆ ਅਨੁਸਾਰ ਹੀ ਸਭ ਕੁਝ ਹੋਇਆ ਹੈ ।'... ਹੁਣ ਦੱਸੋ ਧੀਆਂਭੈਣਾਂ ਭਲਾ ਵਛੇਰੀਆਂ ਹੁੰਦੀਆਂ ਨੇ । ਇਹ ਤਾਂ ਗਊ ਦੀਆਂ ਜਾਈਆਂ ਹੁੰਦੀਆਂ ਨੇ । ... ਪਰ ਸੰਜੋਗਾਂ ਨੂੰ ਕੌਣ ਮੋੜੇ ।

''ਲਾਭ ਸਿਹੁੰ ਦਾ ਭਤੀਜਾ ਸੀ ਨਾ ਪ੍ਰੀਤਮ । ਕਿਸੇ ਬਾਹਰਲੇ ਸ਼ਹਿਰ ਚਲਿਆ ਗਿਆ ਸੀ ਕੰਮ ਕਰਨ । ਪਰੇ ਜਗਾਧਰੀ ਵੱਲ । ਪਿੱਛੇ ਜਿਹੇ ਆਇਆ ਤਾਂ ਪਤਾ ਲੱਗਾ ਕਿ ਓਥੇ ਈ ਕਿਸੇ ਨਾਲ ਚੁੱਪ-ਚਾਪ ਵਿਆਹ ਕਰ ਲਿਐ । ਵਹੁਟੀ ਉਹਦੇ ਨੰਗੇ ਮੂੰਹ ਲੰਘੀ ਭਰੇ ਬਾਜ਼ਾਰ 'ਚੋਂ । ਲੋਕੀਂ ਦੰਦਾਂ 'ਚ ਉਂਗਲਾਂ ਲੈ ਲੈ ਵੇਖਣ । ਕੀ ਵੇਖਿਆ ਪ੍ਰੀਤਮ ਨੇ ਇਹਦੇ ਵਿੱਚ? ਅਕਲ ਨਾ ਸ਼ਕਲ । ਉਂਜ ਸ਼ਕਲ ਦਾ ਅਕਲ ਨਾਲ ਕੋਈ ਵਾਸਤਾ ਨਹੀਂ ਹੁੰਦਾ । ਅਕਲ ਕਿਹੜਾ ਮੁੱਲ ਵਿਕਦੀ ਐ? ਇਹ ਤਾਂ ਰੱਬ ਵੱਲੋਂ ਈ ਮਿਲਦੀ ਐ ਜੀਹਨੂੰ ਮਿਲਣੀ ਹੋਏ ।

''ਇਕ ਵਾਰੀ ਦੀ ਗੱਲ ਦੱਸਦੇ ਨੇ ਕਿ ਸਹੁਰੇ ਘਰ, ਨਾਲ ਆਏ, ਮਰਾਸੀ ਨੇ ਘਰਦਿਆਂ ਨੂੰ ਦੱਸਿਆ ਕਿ ਆਪਣਾ ਪ੍ਰਾਹੁਣਾ ਤਾਂ ਬੜੀ ਅਜੀਬ ਸ਼ੈਅ ਐ । ਛਤਰੀ ਇਹਦੇ ਕੋਲ ਸੀ, ਪਰ ਧੁੱਪ ਵਿਚ ਵੀ ਕੱਛੇ ਦੇਈ ਆਇਆ । ਇਕ ਦਰੱਖ਼ਤ ਹੇਠਾਂ ਸਾਹ ਲੈਣ ਲਈ ਰੁਕੇ ਤਾਂ ਛਤਰੀ ਸਿਰ 'ਤੇ ਤਾਣ ਲਈ । ਤੁਰਨ ਵੇਲੇ ਬੰਦ ਕਰਕੇ ਮੁੜ ਕੱਛ ਵਿਚ । ... ਦੂਜੀ ਗੱਲ ਹੋਈ ਇਹ ਕਿ ਨੰਗੇ ਪੈਰੀਂ ਸਾਰੇ ਰਾਹ ਤੁਰਿਆ ਆਇਆ । ਜਿੱਥੇ ਕਿੱਥੇ ਪਾਣੀ 'ਚੋਂ ਲੰਘਦਾ ਸੀ ਓਥੇ ਜੁੱਤੀ ਪਾ ਲਈ, ਝੋਲੇ 'ਚੋਂ ਕੱਢ ਕੇ । ਪਾਣੀ ਤੋਂ ਬਾਹਰ ਆ ਕੇ ਮੁੜ ਨੰਗੇ ਪੈਰੀਂ ਤੁਰ ਪਿਆ, ਜੁੱਤੀ ਝੋਲੇ 'ਚ ਪਾ ਕੇ ।... ਗੱਲ ਤਾਂ ਮਰਾਸੀ ਨੇ ਆਪਣੇ ਵੱਲੋਂ ਪਰਦੇ ਨਾਲ ਦੱਸਣੀ ਚਾਹੀ ਸੀ, ਪਰ ਪ੍ਰਾਹੁਣੇ ਦੇ ਕੰਨ ਪਤਲੇ ਸਨ । ਉਹਨੇ ਸੁਣ ਲਈ । ਕੋਈ ਗੁੱਸਾ ਨਹੀਂ ਕੀਤਾ । ਬੜੇ ਆਰਾਮ ਨਾਲ ਸਮਝਾਉਣ ਲੱਗਾ : 'ਮੀਰਜਾਦਿਆ! ਗੱਲ ਤੇਰੀ ਠੀਕ ਐ, ਪਰ ਗਲਤੀ ਕੋਈ ਮੈਂ ਵੀ ਨਹੀਂ ਕੀਤੀ । ਦਰੱਖ਼ਤ ਹੇਠਾਂ ਛਤਰੀ ਇਸ ਲਈ ਖੋਲ੍ਹੀ ਸੀ ਕਿ ਉਪਰੋਂ ਕੋਈ ਇੱਲ ਜਨੌਰ ਵਿੱਠ ਕਰ ਦੇਂਦੈ । ਕੱਪੜੇ ਖਰਾਬ ਹੋ ਜਾਂਦੇ ਨੇ । ... ਪਾਣੀ ਵਿਚ ਨੰਗੇ ਪੈਰੀਂ ਤੁਰਨ ਨਾਲ ਖ਼ਤਰਾ ਹੁੰਦਾ ਹੈ ਕਿਉਂਕਿ ਪਤਾ ਨਹੀਂ ਲੱਗਦਾ, ਹੇਠੋਂ ਕਿੱਲ ਕਾਂਟੇ ਦਾ । ਜੁੱਤੀ ਨਾਲ ਬੇਫ਼ਿਕਰ ਲੰਘ ਜਾਈਦੈ । ... ਜੁੱਤੀ ਤੇ ਛਤਰੀ ਵਾਂਗ ਅਕਲ ਵਰਤਣ ਦਾ ਵੀ ਢੰਗ ਹੁੰਦਾ ਹੈ ।

''ਜੁੱਤੀ ਦੀ ਗੱਲ ਚੱਲੀ ਐ ਤਾਂ ਇਹ ਗੱਲ ਵੀ ਦੱਸ ਦਿਆਂ । ਇਕ ਵਾਰੀ ਕਿਸੇ ਮੁੰਡੇ ਨੂੰ ਰਿਸ਼ਤੇ ਲਈ ਕੁੜੀ ਦਾ ਬਾਪ ਵੇਖਣ ਆਇਆ । ਉਹਨੇ ਸਿਰਫ਼ ਇੱਕੋ ਗੱਲ ਪੁੱਛੀ ਕਿ ਕਾਕਾ ਇਕ ਜੁੱਤੀ ਨਾਲ ਕਿੰਨਾ ਕੁ ਟੈਮ ਕੱਢ ਲੈਂਦੈਂ? ਜਦੋਂ ਪਤਾ ਲੱਗਾ ਕਿ ਤੀਜੇ ਮਹੀਨੇ ਜੁੱਤੀ ਨਵੀਂ ਲੈਣੀ ਪੈਂਦੀ ਹੈ ਤਾਂ ਉਹ ਸਿਰ ਮਾਰ ਗਿਆ ਅਖੇ: ਏਨੀ ਮਟਰਗਸ਼ਤੀ ਕਰਨ ਵਾਲਾ ਬੰਦਾ ਟਿਕ ਕੇ ਨਹੀਂ ਬਹਿ ਸਕਦਾ । ਕੰਮ ਕਿਵੇਂ ਕਰੇਗਾ? ਘਰ ਕਿਵੇਂ ਚਲਾਏਗਾ? ... ਬੱਸ ਜੁੱਤੀ ਨੇ ਹੀ ਸੰਜੋਗ ਤੋੜ ਦਿੱਤੇ ।''

ਖ਼ੈਰ ਚਾਲੀ ਟੱਪ ਕੇ ਇਕ ਮੰਗਲੀਕ ਕੰਨਿਆ ਨਾਲ ਉਹਦੇ ਸੰਜੋਗ ਜੁੜ ਗਏ । ਮੈਂ ਉਸ ਵੇਲੇ ਤੱਕ ਪਿੰਡ ਛੱਡ ਚੁੱਕਾ ਸਾਂ । ਚੰਡੀਗੜ੍ਹ ਨੌਕਰੀ ਕਰਦਾ ਸਾਂ । ਉਹਦੇ ਵਿਆਹ ਦੀ ਖ਼ਬਰ ਮੇਰੇ ਲਈ ਖੁਸ਼ਖਬਰੀ ਸੀ । ਮੇਰਾ ਛੋਟਾ ਭਰਾ ਉਹਦੀ ਬਰਾਤ ਨਾਲ ਗਿਆ । ਬਰਾਤ ਸ਼ਹਿਰ ਗਈ । ਬੜੀ ਸ਼ਾਨ- ਸ਼ੌਕਤ ਨਾਲ ਵਿਆਹ ਹੋਇਆ । ਬਰਾਤ ਦੀ ਖੂਬ ਸੇਵਾ ਕੀਤੀ ਗਈ । ਰੱਜਾ-ਪੁੱਜਾ ਘਰ ਸੀ । ਮੁੰਡੇ ਵਾਲਿਆਂ ਨੂੰ ਵੀ ਉਹਨਾਂ ਨੇ ਰਜਾ ਦਿੱਤਾ । ਕਿੰਨੀ ਹੀ ਦੇਰ ਆਲੇ ਦੁਆਲੇ ਦੇ ਪਿੰਡਾਂ ਵਿਚ ਉਸ ਵਿਆਹ ਦੀ ਚਰਚਾ ਰਹੀ ।

ਮੈਂ ਛੁੱਟੀ ਗਿਆ ਤਾਂ ਉਹ ਉਚੇਚਾ ਮੈਨੂੰ ਬੁਲਾਉਣ ਲਈ ਆਇਆ । ਮੈਂ ਵਧਾਈ ਦੇਣ ਦੇ ਬਹਾਨੇ ਉਹਦੇ ਘਰ ਚਲਾ ਗਿਆ । ਬੈਠਕ ਵਾਲਾ ਕਮਰਾ ਖੂਬ ਸਜਾਇਆ ਹੋਇਆ ਸੀ । ਦਾਜ ਦਾ ਸਮਾਨ ਮੂੰਹੋਂ ਬੋਲ ਰਿਹਾ ਸੀ । ਗੱਦੇਦਾਰ ਕੁਰਸੀਆਂ ਉਦੋਂ ਵਿਰਲੇ ਟਾਵੇਂ ਘਰਾਂ 'ਚ ਹੁੰਦੀਆਂ ਸਨ । ਅਸੀਂ ਦੋਵੇਂ ਕੁਝ ਦੇਰ ਚੁੱਪ-ਚਾਪ ਬੈਠੇ ਇਕ-ਦੂਜੇ ਵੱਲ ਵੇਖਦੇ ਰਹੇ । ਸਾਜ਼-ਸਮਾਨ ਵੱਲ ਵੇਖਦੇ ਰਹੇ । ਮੈਂ ਵੇਖਦਾ ਸਾਂ, ਉਹ ਵਿਖਾਉਂਦਾ ਸੀ । ਜੇਤੂ ਅਹਿਸਾਸ ਸੀ ਉਹਦੇ ਚਿਹਰੇ ਉੱਤੇ । ਵਹੁਟੀ ਉਹਦੀ ਚਾਹ ਲੈ ਕੇ ਆਈ । ਚਲੀ ਗਈ । ਦੂਜੀ ਵਾਰ ਕੁਝ ਖਾਣ ਲਈ ਰੱਖ ਗਈ । ਤੀਜੀ ਵਾਰ ਉਹਨੂੰ ਵਾਜ ਮਾਰ ਕੇ ਚੀਨੀ ਹੋਰ ਲਿਆਉਣ ਲਈ ਬੁਲਾਇਆ ਗਿਆ । ਉਹ ਆਈ । ਚਲੀ ਗਈ । ... ਹਰ ਵਾਰ ਉਹਦੇ ਆਉਣ 'ਤੇ ਜਾਣ ਵੇਲੇ ਮੇਰੇ ਮਿੱਤਰ ਦੀਆਂ ਨਜ਼ਰਾਂ ਉਹਦੇ ਨਾਲ ਨਾਲ ਸਫ਼ਰ ਕਰਦੀਆਂ ਰਹੀਆਂ ਅਤੇ ਵਿਚ ਵਿਚ ਮੇਰੇ ਵੱਲ ਇੰਜ ਘੁੰਮਦੀਆਂ ਰਹੀਆਂ ਜਿਵੇਂ ਪੁੱਛ ਰਹੀਆਂ ਹੋਣ, ਕਿਉਂ?...

ਚਾਹ ਪੀ ਕੇ, ਵਧਾਈ ਦੇ ਕੇ, ਮੈਂ ਬਾਹਰ ਨਿਕਲਿਆ ਤਾਂ ਉਹ ਵੀ ਮੇਰੇ ਨਾਲ ਹੀ ਗਲੀ ਵਿਚ ਆ ਗਿਆ । ਹੌਲੀ ਜਿਹੀ ਪੁੱਛਦਾ, 'ਕਿਉਂ? ਕੈਸੀ ਲੱਗੀ ਮੇਰੀ ਵਹੁਟੀ? ... ਮੇਰਾ ਮਤਲਬ ਐ ਕਿ ਮੇਰੇ ਨਾਲ ਵਿਆਹ ਕਰਵਾ ਕੇ ਖੁਸ਼ ਲੱਗਦੀ ਐ ਨਾ?' 'ਖੁਸ਼ ਜਿਹੀ ਖੁਸ਼? ਇਹਦੀ ਤਾਂ ਖੁਸ਼ੀ 'ਚ ਭੋਂ ਅੱਡੀ ਨਹੀਂ ਲੱਗਦੀ ।' ਮੇਰਾ ਜਵਾਬ ਸੁਣ ਕੇ ਲੱਗਾ ਕਿ ਉਹ ਇਹੋ ਸੁਣਨਾ ਚਾਹੁੰਦਾ ਸੀ । ਪਿੱਛੋਂ ਪਤਾ ਲੱਗਾ ਕਿ ਵਹੁਟੀ ਦੇ ਪੈਰ ਵਿਚ ਥੋੜ੍ਹਾ ਜਿਹਾ ਨੁਕਸ ਹੈ ਤੇ ਉਹ ਜਮਾਂਦਰੂ ਹੀ ਪੱਬ ਭਾਰ ਤੁਰਦੀ ਹੈ ।

ਪਤਾ ਨਹੀਂ ਸੱਚ ਹੈ ਕਿ ਝੂਠ । ਕਈ ਵਾਰ ਲੋਕ ਗੱਲਾਂ ਜੋੜ ਵੀ ਲੈਂਦੇ ਨੇ, ਆਪਣੇ ਕੋਲੋਂ । ਸੁਣਿਆ ਹੈ ਕਿ ਦਾਜ ਵਗੈਰਾ ਲਦਵਾ ਕੇ, ਧੀ ਨੂੰ ਵਿਦਾ ਕਰਨ ਵੇਲੇ, ਜਦੋਂ ਕੁੜੀ ਦੇ ਪਿਉ ਨੇ ਭਰੇ ਮਨ ਅਤੇ ਭਿੱਜੀਆਂ ਪਲਕਾਂ ਨਾਲ ਆਪਣੇ ਜਵਾਈ ਨੂੰ ਤਰਲਾ ਪਾਇਆ, ਅਖੇ ''ਕਾਕਾ ਜੀ! ਧੀ ਸਾਡੀ ਭੋਲੀ-ਭਾਲੀ ਐ । ਪਹਿਲੀ ਵਾਰੀ ਘਰੋਂ ਦੂਰ ਜਾ ਰਹੀ ਐ । ਇਹਦਾ ਖ਼ਿਆਲ ਰੱਖਿਉ । ਜੇ ਕੋਈ ਗਲਤੀ ਵੀ ਕਰ ਦਏ ਤਾਂ ਮਾਫ਼ ਕਰ ਦਿਓ । ਪਿਆਰ ਨਾਲ ਸਮਝਾ ਦਿਆ ਕਰਿਉ... ।'' ਤਾਂ ਉਸਦੀ ਗੱਲ ਨੂੰ ਵਿਚੋਂ ਹੀ ਟੋਕ ਕੇ ਲਾੜੇ ਨੇ ਭਰੋਸਾ ਦਿਵਾਇਆ ਸੀ, ''ਲਾਲਾ ਜੀ ਫ਼ਿਕਰ ਨਾ ਕਰੋ । ਤੁਹਾਨੂੰ ਕਦੇ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ । ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ । ਤੁਹਾਡੀ ਧੀ ਕੀ ਤੇ ਸਾਡੀ ਕੀ ।'' ਉਮਰ ਦਾ ਅਸਰ ਬੋਲ-ਬਾਣੀ ਤੋਂ ਵੀ ਜ਼ਾਹਿਰ ਹੋਣੋਂ ਨਹੀਂ ਰਹਿੰਦਾ । ਹੈ ਨਾ ਸੰਜੋਗਾਂ ਦੀ ਬਾਤ ।

•••

ਕੇਸਰ ਸਿੰਘ ਦੇ ਵੱਡੇ ਭਰਾ ਦੀ ਮੌਤ ਹੋ ਗਈ ਤਾਂ ਉਹਨੇ ਆਪਣੀ ਭਰਜਾਈ 'ਤੇ ਚਾਦਰ ਪਾ ਲਈ । ਇਕ ਧੀ ਸੀ । ਵਿਆਹੀ ਵਰੀ । ਪ੍ਰਾਹੁਣੇ ਨੂੰ ਸੱਪ ਲੜ ਗਿਆ । ਧੀ ਵਿਧਵਾ ਹੋ ਕੇ ਘਰ ਬਹਿ ਗਈ । ਘਰ ਕਦੋਂ ਤੱਕ ਬਿਠਾਉਂਦੇ? ਕੁੜੀ ਨੂੰ ਦੁਬਾਰਾ ਕਿਸੇ ਦੇ ਬਿਠਾ ਦਿੱਤਾ । ਕੇਸਰ ਸਿੰਘ ਡੰਗਰ ਚਾਰ ਰਿਹਾ ਸੀ । ਕਿਸੇ ਨੇ ਪੁੱਛਿਆ ਕਿ ਕੁੜੀ ਦੇ ਸੰਜੋਗ ਕਿੱਥੇ ਜੋੜੇ ਨੇ? "ਆਪਣੇ ਵੱਲੋਂ ਤਾਂ ਘਾਹ ਵਾਲੀ ਥਾਂ 'ਤੇ ਈ ਛੱਡੀ ਐ । ਅੱਗੋਂ ਭਾਗ ਉਸ ਵਿਚਾਰੀ ਦੇ ।" ਆਖ ਕੇ ਕੇਸਰ ਸਿੰਘ ਨੇ ਖੂਹ ਵਰਗਾ ਹਉਕਾ ਭਰਿਆ ।

••••••

26. ਗਰਦਿਸ਼ ਦੇ ਪਲ

ਦਸਵੀਂ ਕਰਕੇ ਵਿਹਲਾ ਸਾਂ । ਘਰ ਵਿੱਚ ਦਸਵੀਂ ਕਰਨ ਵਾਲਾ ਮੈਂ ਪਹਿਲਾ ਸਾਂ । ਵੱਡੇ ਦੋਏਂ ਭਰਾ, ਪੜ੍ਹਾਈ ਛੁਡਾ ਕੇ, ਕੰਮ 'ਤੇ ਪਾ ਦਿੱਤੇ ਗਏ ਸਨ । ਸ਼ਰਨਾਰਥੀ ਟੱਬਰ ਨੂੰ ਪੜ੍ਹਾਈ ਦੀ ਨਹੀਂ ਕਮਾਈ ਦੀ ਲੋੜ ਸੀ । ਕੰਮ ਤਾਂ ਬਹੁਤ ਕਰਦੇ ਸਾਂ ਪਰ ਕਮਾਈ ਨਾਲ ਪੂਰੀ ਨਹੀਂ ਸੀ ਪੈਂਦੀ । ਦਸਵੀਂ 'ਚੋਂ ਮੇਰੀ ਫਸਟ ਡਵੀਜ਼ਨ ਆਈ ਸੀ । ਸਕੂਲ 'ਚੋਂ ਫਸਟ ਆਇਆ ਸਾਂ । ਵਧਾਈਆਂ ਮਿਲੀਆਂ ਸਨ । ਘਰਦਿਆਂ ਨੂੰ ਆਸ ਜਗੀ ਸੀ ਕਿ ਮੁੰਡੇ ਨੂੰ ਨੌਕਰੀ ਮਿਲ ਜਾਏਗੀ । ਸੁਖ ਦਾ ਸਾਹ ਆਏਗਾ । ਪਰ ਉਮਰ ਘੱਟ ਸੀ । ਕਾਲਜ ਦੀ ਪੜ੍ਹਾਈ ਸੰਭਵ ਨਹੀਂ ਸੀ । ਦੁਨੀਆਦਾਰੀ ਦੀ ਸੋਝੀ ਆਈ ਨਹੀਂ ਸੀ । ਪਿੰਡ ਵਿੱਚ ਕੋਈ ਸੇਧ ਨਹੀਂ ਸੀ, ਅਗਵਾਈ ਨਹੀਂ ਸੀ ।

ਮੇਰੇ ਜਮਾਤੀ ਕੁਝ ਜੇ.ਬੀ.ਟੀ. ਕਰਨ ਡਹਿ ਪਏ ਸਨ । ਕੁਝ ਪਿਓ ਵਾਲੀਆਂ ਦੁਕਾਨਾਂ 'ਤੇ ਬਹਿ ਗਏ ਸਨ । ਪਹਿਲਿਆਂ 'ਚੋਂ ਵੀ ਦੋ-ਚਾਰ ਮਾਸਟਰ ਬਣੇ ਸਨ । ਦੋ-ਤਿੰਨ ਪਟਵਾਰੀ । ਇਕ-ਦੋ ਪੰਚਾਇਤ ਸੈਕਟਰੀ । ਨਿਹਾਲ ਹਕੀਮ ਦਾ ਬੇਟਾ ਵਿਦਿਆ ਸਾਗਰ ਮੱਛਰ-ਮਾਰ ਮਹਿਕਮੇ ਵਿੱਚ ਇੰਸਪੈਕਟਰ ਲੱਗਾ ਹੋਇਆ ਸੀ । ਉਹਨੇ ਪਿੰਡ ਦੇ ਕਈ ਬੰਦੇ ਆਪਣੇ ਮਹਿਕਮੇ ਵਿੱਚ ਲਵਾਏ ਸਨ । ਉਹ ਪੰਪ ਤੇ ਡਰੰਮ ਲੈ ਕੇ ਪਿੰਡੋਂ-ਪਿੰਡ ਜਾਂਦੇ ਸਨ । ਦਵਾਈ ਘੋਲਦੇ ਸਨ । ਛਿੜਕਦੇ ਸਨ । ਕਈ ਲੋਕ ਉਨ੍ਹਾਂ ਨੂੰ ਵੇਖ ਕੇ ਬੂਹੇ ਬੰਦ ਕਰ ਲੈਂਦੇ ਸਨ, ਝਿੜਕਦੇ ਸਨ । ਪੰਜ ਸੱਤ ਜਣੇ ਯੂ.ਪੀ. ਵਿਚ ਸ਼ਾਮਲੀ ਦੀ ਸ਼ੂਗਰ ਮਿੱਲ ਵਿੱਚ ਲੱਗੇ ਹੋਏ ਸਨ । ਕੁਝ ਬਟਾਲੇ ਖ਼ਰਾਦਾਂ ਦਾ ਕੰਮ ਸਿੱਖਦੇ ਸਨ ਅਤੇ ਕਈ ਅੰਮ੍ਰਿਤਸਰ ਪਾਵਰਾਂ (ਖੱਡੀਆਂ) 'ਤੇ ਜਾਂਦੇ ਸਨ । ਪਿਤਾ ਜੀ ਨੂੰ ਇਨ੍ਹਾਂ 'ਚੋਂ ਕੋਈ ਵੀ ਕੰਮ ਮੇਰੇ ਲਈ ਠੀਕ ਨਹੀਂ ਸੀ ਲੱਗਦਾ । ਮੈਂ ਉਹਨੀਂ ਦਿਨੀਂ ਸਾਈਕਲ 'ਤੇ ਚਾਲੀ ਕਿਲੋਮੀਟਰ ਰੋਜ਼ ਆਉਣ-ਜਾਣ ਦਾ ਪੈਂਡਾ ਮਾਰ ਕੇ ਬਟਾਲੇ ਟਾਈਪ ਸਿੱਖਦਾ ਸਾਂ । ਸ਼ਾਮ ਨੂੰ ਟਿਊਸ਼ਨ ਕਰਦਾ ਸਾਂ । ਪਿਤਾ ਜੀ ਦੀ ਦੁਕਾਨ ਲਈ ਢੋ-ਢੁਆਈ ਕਰਦਾ ਸਾਂ । ਐਂਪਲਾਇਮੈਂਟ ਐਕਸਚੇਂਜ ਵਿੱਚ ਨਾਂ ਦਰਜ ਕਰਵਾਇਆ ਹੋਇਆ ਸੀ । ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ ਦਾ ਕਲਰਕਾਂ ਲਈ ਟੈਸਟ ਦਿੱਤਾ ਹੋਇਆ ਸੀ ।

ਉਰਦੂ, ਫਾਰਸੀ ਅਤੇ ਪੰਜਾਬੀ ਦੀ ਸ਼ਾਇਰੀ ਕਰਨ ਵਾਲੇ, ਪੁਰਾਣੇ ਵੇਲਿਆਂ ਦੇ ਮੈਟ੍ਰਿਕ ਪਾਸ ਪਿਤਾ ਜੀ ਨਿੱਕੇ ਜਿਹੇ ਪਿੰਡ ਵਿੱਚ ਨਿੱਕੀ ਜਿਹੀ ਦੁਕਾਨ ਕਰਨ ਲਈ ਮਜਬੂਰ ਸਨ । ਕਿਸੇ ਗਾਹਕ ਨੂੰ ਤੇਲ ਦੇਣ ਵੇਲੇ ਹੱਥ ਵਿੱਚ ਪਲੀ ਫੜ੍ਹ ਕੇ ਉਹ ਹੱਸਦੇ:

ਪੜ੍ਹੇ ਫਾਰਸੀ ਵੇਚੇ ਤੇਲ ।
ਵੇਖੋ ਇਹ ਕਰਮਾਂ ਦਾ ਖੇਲ¨

ਆਪਣੇ ਕਰਮਾਂ ਨਾਲ ਉਨ੍ਹਾਂ ਨੇ ਸਮਝੌਤਾ ਕਰ ਲਿਆ ਸੀ ਪ੍ਰੰਤੂ ਮੇਰੇ ਬਾਰੇ ਦਿਨ-ਰਾਤ ਫ਼ਿਕਰਮੰਦ ਰਹਿੰਦੇ । ਆਪਣੇ ਸਰਕਲ ਵਿੱਚ ਸਾਰਿਆਂ ਤੋਂ ਪੁੱਛਦੇ ਰਹਿੰਦੇ । ਇਕ ਵਾਰ ਮੈਨੂੰ ਨਾਲ ਲੈ ਕੇ ਉਹ ਦਾਲਮ ਨੰਗਲ ਗਏ । ਉਹ ਪੰਡਿਤ ਗੋਰਖ ਨਾਥ ਦਾ ਪਿੰਡ ਹੈ । ਕਿਸੇ ਹਵਾਲੇ ਨਾਲ ਉਨ੍ਹਾਂ ਦੇ ਭਰਾ ਨੂੰ ਮਿਲੇ । ਉਥੇ ਦੋ-ਤਿੰਨ ਬੰਦੇ ਕਿੰਨਾ ਹੀ ਚਿਰ ਉੱਚੀ-ਉੱਚੀ ਸਿਆਸੀ ਗੱਲਾਂ ਕਰਦੇ ਰਹੇ । ਹੁੱਕਾ ਪੀਂਦੇ ਰਹੇ । ਉਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਨਾਥੂ ਰਾਮ ਗੋਡਸੇ ਦਾ ਭਰਾ ਗੋਪਾਲ ਗੋਡਸੇ ਸੀ । ਜਿਸ ਨੂੰ ਉਮਰ ਕੈਦ ਹੋਈ ਸੀ ਅਤੇ ਉਹਦੇ ਬਿਆਨਾਂ ਨੂੰ ਲੈ ਕੇ ਬਹਿਸ ਗਰਮ ਸੀ । ਮੇਰੀ ਨੌਕਰੀ ਦੀ ਗੱਲ ਰੌਲੇ 'ਚ ਹੀ ਰੁਲ ਗਈ ਸੀ ।

ਮੇਰੇ ਮਾਮੇ ਦਾ ਮਾਮਾ ਬਹੁਤ ਲੰਮਾ ਸੀ । ਲੰਮਾ ਪੈਂਡਾ ਪੈਦਲ ਹੀ ਕਰ ਲੈਂਦਾ ਸੀ । ਮਹੀਨੇ 'ਚ ਇਕ ਵਾਰ ਸਾਡੇ ਕੋਲ ਆਉਂਦਾ ਸੀ । ਵੱਡੀਆਂ ਵੱਡੀਆਂ ਗੱਲਾਂ ਕਰਦਾ । ਦਿੱਲੀ 'ਚ ਕਿਸੇ ਆਪਣੇ ਭਤੀਜੇ ਦੇ ਸੋਹਿਲੇ ਗਾਉਂਦਾ, ਜਿਹੜਾ ਮਸਰੇਟ (ਮੈਜਿਸਟਰੇਟ) ਲੱਗਾ ਹੋਇਆ ਸੀ । ਉਹਦੇ ਦੱਸੇ ਐਡਰੈੱਸ 'ਤੇ ਮੇਰੇ ਵੱਡੇ ਭਰਾ ਨੇ ਕਈ ਚਿੱਠੀਆਂ ਪਾਈਆਂ । ਮੇਰੇ ਕੋਲੋਂ ਅਰਜ਼ੀ ਲਿਖਵਾ ਕੇ ਭੇਜੀ । ਕਦੇ ਕੋਈ ਜਵਾਬ ਨਾ ਆਇਆ । ਮਾਂ ਦੱਸਦੀ ਕਿ ਮਾਮਾ ਗੱਪ ਮਾਰਦਾ ਹੈ ।

ਗਿਆਨ ਸਿੰਘ ਕਾਹਲੋਂ ਅਤੇ ਸੰਪੂਰਨ ਸਿੰਘ ਕਾਹਲੋਂ ਚੰਡੀਗੜ੍ਹ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਸਨ । ਪਿਤਾ ਜੀ ਦੇ ਜਮਾਤੀ ਸਨ । ਕਦੇ ਕਦੇ ਉਨ੍ਹਾਂ ਦਾ ਜ਼ਿਕਰ ਤਾਂ ਕਰਦੇ ਪਰ ਉਨ੍ਹਾਂ ਕੋਲ ਜਾ ਕੇ ਮੇਰੇ ਲਈ ਕਹਿਣ ਦਾ ਕਦੇ ਖ਼ਿਆਲ ਹੀ ਨਾ ਆਇਆ । ਗਰੀਬੀ ਅਤੇ ਸਾਧਨਹੀਨਤਾ ਇਨਸਾਨ ਨੂੰ ਸੰਬੰਧਾਂ ਦੀ ਨਵੀਂ ਪਰਿਭਾਸ਼ਾ ਸਿਖਾ ਦਿੰਦੀ ਹੈ । ਆਤਮਸਨਮਾਨ ਦੀ ਕੀਮਤ 'ਤੇ ਕੋਈ ਵੀ ਸੌਦਾ ਮਹਿੰਗਾ ਹੈ । ਕਦੇ ਮੈਨੂੰ ਦੁਕਾਨ ਪਾ ਕੇ ਦੇਣ ਦੀ ਸੋਚਦੇ । ਕਾਹਦੀ ਦੁਕਾਨ ਪਾਈ ਜਾਏ? ਰਾਸ ਕਿੱਥੋਂ ਆਏ? ਉਨ੍ਹਾਂ ਨੂੰ ਆਪਣੇ ਲਿਖੇ ਬੋਲ ਯਾਦ ਆਉਂਦੇ:

ਹੱਟੀ ਆਪਣੀ, ਆਪਣੀ ਰਾਸ ਪਾਈਏ,
ਚੋਰ ਓਸ ਨੂੰ ਲੱਗਦਾ ਮੂਲ ਨਾਹੀਂ ।

ਹੱਟੀ ਕਿਰਾਏ ਦੀ ਅਤੇ ਰਾਸ ਉਧਾਰ ਦੀ ਬਾਰੇ ਸੋਚ ਕੇ ਇਹ ਖ਼ਿਆਲ ਤਰਕ ਕਰ ਦਿੰਦੇ । ਉਨ੍ਹਾਂ ਨੂੰ ਮੇਰੇ ਡਰਾਇੰਗ ਦੇ ਸ਼ੌਕ ਦਾ ਪਤਾ ਸੀ । ਐਵੇਂ ਰੱਦੀ ਕਾਗਜ਼ਾਂ ਦੇ ਕੋਰੇ ਪਾਸਿਆਂ 'ਤੇ ਮੂਰਤਾਂ ਬਣਾਉਂਦਾ ਰਹਿੰਦਾ ਸਾਂ । ਉਹਨੀਂ ਦਿਨੀਂ ਮਹੰਤ ਦਵਾਰਕਾ ਦਾਸ ਹੁਰੀ ਬਾਵਾ ਲਾਲ ਦੇ ਮੰਦਿਰ ਦਾ ਆਲ-ਦੁਆਲਾ ਨਵੇਂ ਸਿਰਿਓਂ ਸਵਾਰ ਰਹੇ ਸਨ । ਮਿਸਤਰੀ ਅਤੇ ਕਲਾਕਾਰ ਦਿਨ-ਰਾਤ ਲੱਗੇ ਰਹਿੰਦੇ । ਉਨ੍ਹਾਂ ਵਿੱਚ ਕਿਸ਼ਨ ਚੰਦ ਮਿਸਤਰੀ ਵੀ ਸੀ ਜੋ ਬਹੁਤ ਸੋਹਣੀਆਂ ਮੂਰਤਾਂ ਬਣਾ ਕੇ ਕੰਧਾਂ 'ਤੇ ਉਕਰਦਾ ਸੀ । ਪਿਤਾ ਜੀ ਨੂੰ ਇਹ ਕੰਮ ਪਸੰਦ ਆਇਆ । ਮੈਨੂੰ ਉਹਦਾ ਸ਼ਾਗਿਰਦ ਬਣਾਉਣ ਲਈ ਲੈ ਗਏ । ਨਾਲ ਲੱਡੂਆਂ ਦਾ ਲਿਫ਼ਾਫ਼ਾ । ਮਿਸਤਰੀ ਮੰਨ ਗਿਆ । ਇੱਕ ਲੱਡੂ ਸਾਬਤ ਹੀ ਮੇਰੇ ਮੂੰਹ 'ਚ ਪਾ ਕੇ ਕਹਿਣ ਲੱਗਾ, ''ਯਹ ਤੇਰੀ ਰੋਜ਼ੀ ਹੈ । ਕੱਲ੍ਹ ਸੇ ਆ ਜਾਨਾ ।''

ਅਗਲੇ ਦਿਨ ਗਿਆ ਤਾਂ ਮਿਸਤਰੀ ਕਿਸ਼ਨ ਚੰਦ ਨੇ ਮੇਰੀ ਇੰਟਰਵਿਊ ਲਈ:

? ਕੁਝ ਬਨਾਨਾ ਆਤਾ ਹੈ ।
-ਹਾਂ ਜੀ, ਸਭ ਕੁਝ ਬਣਾ ਸਕਦਾ ਹਾਂ ।

? ਫਿਰ ਭੀ ਕੌਨ ਸਾ ਚਿੱਤਰ ਬਨਾਨਾ ਪਸੰਦ ਕਰੋਗੇ ।
-ਜਿਹੜਾ ਤੁਸੀਂ ਕਹੋ । ਉਹਨੇ ਕੁਝ ਛੋਟੇ-ਛੋਟੇ ਕਲੰਡਰ ਜਹੇ ਵਿਖਾਏ ਅਤੇ ਕਿਹਾ ਕਿ ਆਪੇ ਚੁਣ ਲੈ ਤੇ ਕੱਲ੍ਹ ਨੂੰ ਬਣਾ ਕੇ ਵਿਖਾਈਂ । ਮੈਂ ਤਿੰਨ ਮੂਰਤਾਂ ਲੈ ਆਇਆ । ਹਨੂਮਾਨ, ਜਵਾਹਰ ਲਾਲ ਅਤੇ ਰਾਧਾ ਕ੍ਰਿਸ਼ਨਨ । ਬਜ਼ਾਰੋ ਵੱਡੀਆਂ ਡਰਾਇੰਗ ਸ਼ੀਟਾਂ ਖਰੀਦੀਆਂ । ਸਾਰੀ ਰਾਤ ਲੱਗਾ ਰਿਹਾ । ਕਲੰਡਰਾਂ ਦੇ ਸਾਈਜ਼ ਤੋਂ ਦੋ-ਤਿੰਨ ਗੁਣਾ ਵੱਡੀਆਂ ਤਸਵੀਰਾਂ ਬਣਾਈਆਂ ਤਾਂ ਕਿ ਇਹ ਨਾ ਲੱਗੇ ਕਿ ਉਨ੍ਹਾਂ ਦੀ ਹੀ ਕਾਪੀ ਕਰ ਲਈ ਹੈ ।

ਅਗਲੇ ਦਿਨ ਪੂਰੀ ਆਕੜ ਵਿਚ, ਸ਼ੀਟਾਂ ਨੂੰ ਗੋਲ-ਮੋਲ ਕਰਕੇ, ਉਸਤਾਦ ਕੋਲ ਪਹੁੰਚ ਗਿਆ । ਉਹ ਕੰਧ ਵੱਲ ਨੂੰ ਮੂੰਹ ਕਰਕੇ ਭੋਜਨ ਕਰ ਰਿਹਾ ਸੀ । ਉਹਦੇ ਕੱਪੜਿਆਂ 'ਤੇ ਰੰਗਾਂ ਦੇ ਨਿਸ਼ਾਨ ਚਮਕ ਰਹੇ ਸਨ । ਵਿਹਲਾ ਹੋ ਕੇ, ਹੱਥ ਧੋ ਕੇ, ਪਿਆਰ ਨਾਲ ਬੋਲਿਆ, ''ਕਰ ਲੀਆ? ਦਿਖਾਓ ।'' ਮੈਂ ਤਿੰਨੇ ਮੂਰਤਾਂ ਉਹਦੇ ਸਾਹਮਣੇ ਵਿਛਾ ਦਿੱਤੀਆਂ । ਉਹਦੀਆਂ ਨਜ਼ਰਾਂ ਸਿਖ਼ਰ ਤੋਂ ਤਿਲਕਦੀਆਂ ਹੋਈਆਂ ਐਨ ਹੇਠਾਂ ਟਿਕ ਗਈਆਂ ਜਿਥੇ ਮੈਂ, ਤਿੰਨਾਂ ਮੂਰਤਾਂ ਉਤੇ ਬੜੀ ਸ਼ਾਨ ਨਾਲ ਆਪਣੇ ਦਸਤਖ਼ਤ ਕੀਤੇ ਹੋਏ ਸਨ; ਪੂਰੇ ਸਟਾਈਲ ਵਿਚ । ਉਹਨੇ ਪੁੱਛਿਆ, ''ਯਹ ਕਿਆ ਲਿਖਾ ਹੈ?''

ਮੈਨੂੰ ਪਤਾ ਸੀ ਉਸਤਾਦ ਅਨਪੜ੍ਹ ਹੈ । ਫ਼ਾਇਦਾ ਉਠਾਇਆ ਅਤੇ ਉਂਗਲ ਫੇਰ ਫੇਰ ਕੇ ਵਾਰੀ ਵਾਰੀ ਦੱਸਿਆ :

-ਇਹ ਪੰਡਿਤ ਜਵਾਹਰ ਲਾਲ ਨਹਿਰੂ
-ਇਹ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ
-ਇਹ ਪਵਨ-ਪੁੱਤਰ ਹਨੂਮਾਨ ਜੀ

ਚਲਾਕੀ ਨਾਲ ਤਿੰਨਾਂ ਦੇ ਨਾਵਾਂ ਦਾ ਸਾਈਜ਼ ਮੈਂ ਬਰਾਬਰ ਦਾ ਬੋਲਣ ਦੀ ਕੋਸ਼ਿਸ਼ ਕੀਤੀ । ਉਹਦਾ ਚਿਹਰਾ ਸ਼ਾਂਤ ਤੇ ਨਿਰਭਾਵ ਰਿਹਾ । ਬੜੀ ਸਹਿਜਤਾ ਨਾਲ ਪੁੱਛਿਆ: ''ਯਹ ਕੌਨ ਸੀ ਭਾਸ਼ਾ ਹੈ ਜਿਸਮੇ ਤੀਨੋਂ ਨਾਮ ਏਕ ਹੀ ਤਰਹ ਸੇ ਲਿਖੇ ਜਾਤੇ ਹੈ?''

ਮੈਂ ਸ਼ਰਮਿੰਦਾ ਜਿਹਾ ਹੋ ਕੇ ਵਾਪਿਸ ਆਉਣ ਲੱਗਾ ਤਾਂ ਉਹਨੇ ਪਿਆਰ ਨਾਲ ਮੇਰਾ ਹੱਥ ਫੜ ਕੇ ਮੋਢਾ ਥਪ-ਥਪਾਉਂਦੇ ਹੋਏ ਕਿਹਾ, ''ਬੇਟਾ! ਇਤਨੀ ਜਲਦੀ ਨਾਮ ਕੀ ਚਿੰਤਾ ਨਹੀਂ ਕਰਤੇ ।'' ਇਹ ਮੇਰੇ ਲਈ ਬਹੁਤ ਵੱਡਾ ਸਬਕ ਸੀ । ਨਾਮ ਦੀ ਚਿੰਤਾ ਤਾਂ ਮੁੱਕ ਗਈ ਪਰ ਨੌਕਰੀ ਦੀ ਚਿੰਤਾ ਬਰਕਰਾਰ ਸੀ । ਹਨੇਰੇ ਭਵਿੱਖ ਦਾ ਡਰ ਹਰ ਵੇਲੇ ਜ਼ਿਹਨ 'ਤੇ ਸਵਾਰ ਸੀ ।

ਇਕ ਰਾਤ ਰੋਟੀ ਖਾਣ ਪਿੱਛੋਂ ਪਿਤਾ ਜੀ ਕਹਿਣ ਲੱਗੇ, ''ਬੇਟਾ! ਸਾਈਕਲ ਸਾਫ਼ ਕਰਕੇ ਤੇਲ-ਤੂਲ ਦੇ ਲੈ । ਹਵਾ ਭਰਵਾ ਲੈ । ਸਵੇਰੇ ਸਵੱਖਤੇ ਉਠ ਪਈਂ । ਪਿੰਡੋਰੀ ਚੱਲਣਾ ਹੈ ।'' ਪਿੰਡੋਰੀ ਧਾਮ ਵੈਸ਼ਣਵਾਂ ਦੀ ਗੱਦੀ ਹੈ, ਜੋ ਗੁਰਦਾਸਪੁਰ ਤੋਂ ਅੱਗੇ ਤਾਲਿਬਪੁਰ ਲਾਗੇ ਪੈਂਦੀ ਹੈ । ਉਥੋਂ ਦੇ ਮਹੰਤ ਰਾਮ ਦਾਸ ਪਿਤਾ ਜੀ ਦੇ ਵੱਡੇ ਭਰਾਤਾ ਸਨ, ਸਾਡੇ ਤਾਇਆ ਜੀ । ਅਠਾਈ ਪਿੰਡਾਂ ਦੇ ਮਾਲਕ!

ਮਹੰਤ ਰਾਮ ਦਾਸ ਜੀ ਦੇ ਕਈ ਸੇਵਕ ਸਨ, ਵੱਡੇ-ਵੱਡੇ ਮੰਤਰੀ ਤੇ ਅਫ਼ਸਰ । ਮਾਂ ਸਾਡੀ ਨੇ ਕਈ ਵਾਰੀ ਉਨ੍ਹਾਂ ਕੋਲ ਜਾਣ ਦੀ ਸਲਾਹ ਦਿੱਤੀ ਸੀ ਤੇ ਇਹ ਵੀ ਕਿਹਾ ਸੀ ਕਿ ਕੋਈ ਦਾਨ ਥੋੜਾ ਮੰਗਣਾ ਹੈ? ਮੁੰਡੇ ਕੋਲ ਯੋਗਤਾ ਹੈ । ਸਿਰਫ਼ ਨੌਕਰੀ ਲਈ ਅਖਵਾਉਣਾ ਹੈ । ਇਹ ਕ੍ਰਿਸ਼ਨ ਸੁਦਾਮੇ ਵਾਲੀ ਹਾਲਤ ਸੀ । ਕਥਾ ਦੁਹਰਾਈ ਜਾ ਰਹੀ ਸੀ ।

ਅਗਲੇ ਦਿਨ ਸਵੱਖਤੇ ਹੀ, ਰੋਟੀਆਂ ਪੱਲ੍ਹੇ ਬੰਨ੍ਹ ਕੇ, ਅਸੀਂ ਸਾਈਕਲ-ਸਵਾਰ ਹੋ ਗਏ । ਕਿਲਾ ਲਾਲ ਸਿੰਘ ਪਹੁੰਚ ਕੇ ਨਹਿਰ ਦੇ ਕੰਢੇ ਲੱਗੇ ਨਲਕੇ ਤੋਂ ਸ਼ੀਤਲ ਜਲ ਦਾ ਸੇਵਨ ਕੀਤਾ ਅਤੇ ਮੁੜ ਚਾਲੇ ਪਾ ਦਿੱਤੇ । ਪਿਤਾ ਜੀ ਲਗਾਤਾਰ ਸਲੋਕ ਅਤੇ ਸ਼ੇਅਰ ਬੋਲੀ ਜਾ ਰਹੇ ਸਨ, ਲੋੜ ਮੁਤਾਬਕ ਅਰਥ ਵੀ ਸਮਝਾ ਰਹੇ ਸਨ, ''ਬੇਟਾ ਫ਼ਿਕਰ ਨਾ ਕਰ ਰੋਜ਼ੀਦਹਿੰਦ ਤਾਂ ਕਰਤਾਰ ਹੈ । ਬੰਦਾ ਤਾਂ ਐਵੇਂ ਵਸੀਲਾ ਬਣਦਾ ਹੈ ।'' ਕਦੇ ਕਹਿੰਦੇ, ''ਢਿੱਡ ਵੱਲ ਵੇਖਾਂਗੇ ਤਾਂ ਸਿਰ ਝੁਕਾਉਣਾ ਹੀ ਪਏਗਾ ।'' ਉਹ ਜ਼ਾਹਰਾ ਤੌਰ 'ਤੇ ਦੁਬਿਧਾ ਵਿਚ ਸਨ ।

ਤਿਬੜ-ਤਿਬੜੀ ਪਹੁੰਚ ਕੇ ਰੋਟੀ ਖਾਧੀ । ਉਹ ਬਾਹਰ ਦੀ ਕੋਈ ਚੀਜ਼ ਨਹੀਂ ਸਨ ਖਾਂਦੇ । ਘਰ ਦੀ ਰੋਟੀ ਨੂੰ ਪਾਣੀ ਨਾਲ ਘੁੱਟੋ-ਘੁੱਟੀ ਲੰਘਾ ਲਿਆ । ਮੈਨੂੰ ਬਰਫ਼ੀ ਲੈ ਦਿੱਤੀ । ਪਕੌੜੇ ਬਾਹਰ ਨੰਗੇ ਪਏ ਸਨ, ਬਰਫ਼ੀ ਜਾਲੀ ਵਿਚ ਸੀ । ਬਰਫ਼ੀ ਨਾਲ ਰੋਟੀ ਖਾ ਕੇ ਫੇਰ ਰਿੜ੍ਹ ਪਏ ।

ਪੰਜਾਹ ਕਿਲੋਮੀਟਰ ਦਾ ਪੈਂਡਾ ਮਾਰ ਕੇ ਪਿੰਡੋਰੀ ਪਹੁੰਚੇ । 'ਮਹਾਰਾਜ' ਨੂੰ ਮਿਲੇ । ਉਹ ਪੂਰਨ ਤਿਆਗੀ ਸਨ । ਫੇਰ ਵੀ ਰਿਸ਼ਤੇ ਦੀ ਕੋਈ ਅੰਸ਼ ਤਾਂ ਸੰਨਿਆਸੀਆਂ ਵਿਚ ਵੀ ਬਚੀ ਰਹਿੰਦੀ ਹੈ । ਉਨ੍ਹਾਂ ਨੇ ਗੱਦੀ ਦੇ 'ਮੁਖ਼ਤਾਰ' ਨੂੰ ਬੁਲਾਇਆ ਜਿਸ ਨੂੰ 'ਵਜ਼ੀਰ' ਕਿਹਾ ਜਾਂਦਾ ਸੀ । ਉਸ ਦਾ ਨਾਂ ਸੀ ਜੈ ਰਘੁੂਨੰਦਨ ਦਾਸ ਸ਼ਾਸਤਰੀ । 'ਮਹਾਰਾਜ' ਨੇ ਆਪਣੇ ਵਜ਼ੀਰ ਨੂੰ ਮਦਦ ਕਰਨ ਦਾ ਸੰਕੇਤ ਦੇ ਕੇ ਤੋਰ ਦਿੱਤਾ ।

ਸ਼ਾਸਤਰੀ ਜੀ ਆਪਣੇ 'ਦਫ਼ਤਰ' ਵਿਚ ਆਏ । ਪੂਰੇ ਆਦਰ ਨਾਲ ਸਾਡੇ 'ਜਲਪਾਨ' ਦਾ ਪ੍ਰਬੰਧ ਕੀਤਾ । ਦਰਬਾਰ ਦੇ ਲੈਟਰ ਹੈੱਡ 'ਤੇ ਆਪਣੇ ਹੱਥ ਨਾਲ ਸਿਫਾਰਸ਼ੀ ਚਿੱਠੀ ਲਿਖੀ । ਬੰਦ ਕੀਤੀ । ਫੜਾ ਦਿੱਤੀ । ਉਤੇ ਸ਼੍ਰੀ ਪ੍ਰਬੋਧ ਚੰਦਰ ਦਾ ਸਿਰਨਾਵਾਂ ਸੀ । ਉਹ ਕੈਰੋਂ ਦੀ ਵਜ਼ਾਰਤ ਵਿਚ ਵਜ਼ੀਰ ਸੀ ਤੇ ਗੁਰਦਾਸਪੁਰ ਆਇਆ ਹੋਇਆ ਸੀ ।

ਥੋੜ੍ਹੀ ਜਿਹੀ ਪਿੱਠ ਸਿੱਧੀ ਕਰਕੇ ਅਸੀਂ ਵਾਪਸ ਚਾਲੇ ਪਾ ਦਿੱਤੇ । ਪੰਜਾਹ ਕਿਲੋਮੀਟਰ ਦਾ ਲੰਮਾ ਪੈਂਡਾ ਮੁੜ ਕਰਨਾ ਸੀ । ਇਕ ਤਸੱਲੀ ਸੀ ਕਿ ਮਿਹਨਤ ਕੰਮ ਆਈ ਹੈ । ਇਹ ਚਿੱਠੀ ਇਕ ਤਰ੍ਹਾਂ ਨਾਲ ਨੌਕਰੀ ਦਾ ਪਰਵਾਨਾ ਹੀ ਸੀ । ਮੈਂ ਉਤਸ਼ਾਹ ਵਿਚ ਸਾਂ । ਕਾਠੀ 'ਤੇ ਖੜ੍ਹਾ ਹੋ ਕੇ ਜ਼ੋਰ ਲਾ ਰਿਹਾ ਸਾਂ ਕਿ ਪਹੀਏ ਛੇਤੀ ਘੁੰਮਣ । ਜਲਦੀ ਮੰਜ਼ਿਲ ਮਿਲੇ । ਪਿਤਾ ਜੀ ਗੰਭੀਰ ਸਨ । ਬਹੁਤੀ ਗੱਲ ਨਹੀਂ ਸਨ ਕਰ ਰਹੇ । ਨਹਿਰ ਦੀ ਪਟੜੀ ਤੇ ਚੱਲਦਿਆਂ ਇਕ ਦਰੱਖ਼ਤ ਲਾਗੇ ਮੈਨੂੰ ਰੁਕਣ ਲਈ ਕਿਹਾ । ਮੇਰੇ ਕੋਲੋਂ ਸਿਫਾਰਸ਼ੀ ਲਿਫ਼ਾਫ਼ਾ ਲਿਆ । ਖੋਲਿ੍ਹਆ । ਮੈਨੂੰ ਕਿਹਾ, 'ਪੜ੍ਹ' ।

ਚਿੱਠੀ ਦੇਵਾਨਗਰੀ ਅੱਖਰਾਂ ਵਿਚ ਲਿਖੀ ਹੋਈ ਸੀ: ''ਮਾਨਯ ਪ੍ਰਬੋਧ ਚੰਦਰ ਜੀ! ਮੰਗਲ ਹੋ!! ਮਹਾਰਾਜ ਜੀ ਕੇ ਆਦੇਸ਼ ਅਨੁਸਾਰ ਮੈਂ ਆਪ ਕੇ ਪਾਸ ਇਨਕੋ ਭੇਜ ਰਹਾ ਹੂੰ । ਯਹ ਏਕ ਗਰੀਬ ਬ੍ਰਾਹਮਣ ਕਾ ਬੇਟਾ ਹੈ । ਸਹਾਇਤਾ ਹੋ ਜਾਏ ਤੋਂ ਕਲਿਅਣਾ ਹੋਗਾ ।...'' ਅੱਗੇ ਕੁਝ ਹੋਰ ਵੀ ਲਿਖਿਆ ਹੋਇਆ ਸੀ ਪਰ ਏਨਾ ਸੁਣ ਕੇ ਹੀ ਪਿਤਾ ਜੀ ਨੇ ਮੇਰੇ ਕੋਲੋਂ ਚਿੱਠੀ, ਇਕ ਤਰ੍ਹਾਂ ਨਾਲ, ਖੋਹ ਹੀ ਲਈ । ਟੋਟੇ-ਟੋਟੇ ਕਰਕੇ ਵਗਦੀ ਨਹਿਰ ਵਿਚ ਸੁੱਟ ਦਿੱਤੀ । ਮੇਰੀ ਪਿੱਠ ਉਤੇ ਥਾਪੀ ਦਿੱਤੀ ਅਤੇ ਬੋਲੇ, ''ਚੱਲ ਬੇਟਾ! ਸਤਿਗੁਰਾਂ ਨੇ ਵੇਲੇ ਸਿਰ ਬਚਾਅ ਲਿਆ ।... ਇਹ 'ਗਰੀਬ' ਜਾਂ 'ਬ੍ਰਾਹਮਣ' ਕੋਈ ਕੁਆਲੀਫਿਕੇਸ਼ਨ ਹੁੰਦੀ ਐ?... ਚੱਲ ਆਪਣੇ ਘਰ ਚੱਲੀਏ । ਮੈਂ ਤਾਂ ਇਸ ਆਧਾਰ ਤੇ ਕਦੇ ਆਪਣੇ ਬੱਚਿਆਂ ਦੀ ਫੀਸ ਵੀ ਮਾਫ਼ ਨਹੀਂ ਕਰਵਾਈ ।''

ਵਾਪਿਸ ਪਹੁੰਚੇ ਤਾਂ ਐਂਪਲਾਇਮੈਂਟ ਐਕਸਚੇਂਜ ਵੱਲੋਂ 'ਲੀਵ ਵੇਕੈਂਸੀ' ਦਾ ਸੱਦਾ-ਪੱਤਰ ਡਾਕ ਰਾਹੀਂ ਆਇਆ ਹੋਇਆ ਸੀ ।

••••••

27. ਮਿੱਠੀ ਮਿੱਠੀ ਖਾਜ

ਚੇਤੇ ਦੀ ਇਕ ਚਿੱਪਰ ਅਚਾਨਕ ਉੱਘੜ ਆਈ ਹੈ । ਚੰਡੀਗੜ੍ਹ ਸਕੱਤਰੇਤ ਵੱਲ ਜਾ ਰਹੀ ਲੋਕਲ ਬੱਸ ਵਿਚ ਬੈਠਾ ਸਾਂ । ਇਕ ਜਗ੍ਹਾ ਬੱਸ ਰੁਕੀ । ਉਤਰਿਆ ਕੋਈ ਨਾ । ਕੁਝ ਸਵਾਰੀਆਂ ਚੜ੍ਹੀਆਂ । ਚੜ੍ਹਨ ਵਾਲਿਆਂ ਵਿਚ 'ਪ੍ਰੀਤਲੜੀ' ਵਾਲੇ ਸ. ਗੁਰਬਖਸ਼ ਸਿੰਘ ਅਤੇ ਨਵਤੇਜ ਸਿੰਘ ਵੀ ਸਨ । ਕੋਈ ਸੀਟ ਖ਼ਾਲੀ ਨਹੀਂ ਸੀ । ਮੈਂ ਆਪਣੀ ਸੀਟ ਗੁਰਬਖਸ਼ ਸਿੰਘ ਹੁਰਾਂ ਨੂੰ ਦੇ ਕੇ ਖ਼ੁਦ ਨਵਤੇਜ ਸਿੰਘ ਲਾਗੇ, ਉਪਰਲਾ ਡੰਡਾ ਫੜ ਕੇ ਖਲੋ ਗਿਆ । ਪਤਾ ਲੱਗਾ ਕਿ ਉਹ ਸਕੱਤਰੇਤ ਵਿਚ ਕੁਝ ਮਹੱਤਵਪੂਰਨ ਵਿਅਕਤੀਆਂ ਕੋਲ 'ਪ੍ਰੀਤਲੜੀ' ਸਬੰਧੀ ਵਿਕਾਸਮੁਖੀ ਸੰਪਰਕ ਸਾਧਣ ਜਾ ਰਹੇ ਸਨ । ਨਵਤੇਜ ਹੁਰਾਂ ਸ਼ੁਕਰੀਏ ਵਜੋਂ ਮੇਰੀ ਪਿੱਠ ਥਾਪੜਦਿਆਂ ਆਖਿਆ: ''ਤੁਹਾਡਾ ਲਿਖਣ ਢੰਗ ਦਿਲਚਸਪ ਹੁੰਦਾ ਹੈ । ਲੇਖਕਾਂ ਵਗੈਰਾ ਤੋਂ ਹਟ ਕੇ ਜੇ ਕਦੇ ਸਮਾਜਿਕ ਸਰੋਕਾਰਾਂ ਬਾਰੇ ਲਿਖੋ ਤਾਂ ਪ੍ਰੀਤਲੜੀ ਨੂੰ ਭੇਜਣਾ । ਛਾਪ ਕੇ ਖੁਸ਼ੀ ਹੋਵੇਗੀ ।'' ਦਾਰਜੀ ਨੇ ਆਪਣਾ ਚਿਹਰਾ ਉੱਪਰ ਨੂੰ ਕਰਕੇ ਮੁਸਕਰਾਹਟ ਵਾਲੀ ਹਾਮੀ ਭਰੀ । ਸਕੱਤਰੇਤ ਪਹੁੰਚ ਕੇ ਉਹ ਦੋਵੇਂ ਜਣੇ ਮੁੱਖ ਮੰਤਰੀ ਦੇ ਕਮਰੇ ਵੱਲ ਚਲੇ ਗਏ ਅਤੇ ਮੈਂ ਕਿੰਨਾ ਹੀ ਚਿਰ ਸੋਚਦਾ ਰਿਹਾ ਕਿ ਕੀ ਲੇਖਕ ਅਤੇ ਲੇਖਕਾਂ ਦੇ ਸਰੋਕਾਰ ਸਮਾਜ ਅਤੇ ਸਮਾਜ ਦੇ ਸਰੋਕਾਰਾਂ ਦਾ ਹਿੱਸਾ ਨਹੀਂ, ਜਿਹੜਾ ਸ਼ਖ਼ਸ ਸਮਾਜ ਦੇ ਸੁੱਖ- ਦੁੱਖ ਨੂੰ ਜ਼ੁਬਾਨ ਦਿੰਦਾ ਹੈ, ਕੀ ਉਹ ਖ਼ੁਦ ਇਸ ਸਮਾਜ ਤੋਂ ਕਿਸੇ ਵੱਖਰੇ ਜਹਾਨ ਵਿਚ ਰਹਿੰਦਾ ਹੈ? ਦਿਮਾਗ ਵਿਚ ਇਹ ਉਧੇੜਬੁਣ ਕਈ ਵਰ੍ਹੇ ਚੱਲਦੀ ਰਹੀ । ਮੈਂ 'ਪ੍ਰੀਤਲੜੀ' ਪੜ੍ਹਦਾ ਰਿਹਾ ਅਤੇ ਲੇਖਕਾਂ ਬਾਰੇ ਹੀ ਲਿਖਦਾ ਰਿਹਾ । ਕਦੇ ਪ੍ਰੀਤਲੜੀ ਵਿਚ ਛਪਣ ਦੀ 'ਕੋਸ਼ਿਸ਼' ਨਾ ਕੀਤੀ । ਜਦੋਂ ਸੁਮੀਤ ਸਿੰਘ ਨੇ ਇਸ ਪਰਚੇ ਦੀ ਵਾਗਡੋਰ ਸੰਭਾਲੀ ਤਾਂ ਕੁਝ ਮਹੀਨੇ ਮੇਰਾ ਕਾਲਮ 'ਡਾਕਖ਼ਾਨਾ ਖਾਸ' ਛਪਦਾ ਰਿਹਾ । ਸੁਮੀਤ ਸਾਡੇ ਵਿਚੋਂ ਸੀ, ਸਾਡੇ ਵਰਗਾ ਸੀ । ਇਸ ਲਈ ਲੇਖਕ ਅਤੇ ਸਮਾਜ ਬਾਰੇ ਉਸ ਦੀ ਸੋਚ ਵੀ ਸਾਡੇ ਵਰਗੀ ਸੀ । ਉਪਦੇਸ਼ ਜਾਂ ਉੱਚੇਚ ਦੀ ਗੁੰਜਾਇਸ਼ ਨਹੀਂ ਸੀ । ਲਿਖਣ ਲਈ ਜਿਸ ਸਹਿਜਤਾ ਦੀ ਲੋੜ ਹੁੰਦੀ ਹੈ, ਉਹ ਆਪਣੇ ਵਰਗਿਆਂ ਦੀ ਹਾਜ਼ਰੀ ਵਿਚ ਹੀ ਮੁਮਕਿਨ ਹੁੰਦੀ ਹੈ । ਮੁਮਕਿਨ ਹੈ ਕਿ ਕਈਆਂ ਨੂੰ ਇਹ ਪ੍ਰਸੰਗ ਅਪ੍ਰਸੰਗ ਲੱਗ ਰਿਹਾ ਹੋਵੇ । ਕੋਈ ਗੱਲ ਨਹੀਂ । 'ਐਸੇ ਹੋਤਾ ਹੋਤਾ ਹੈ ।' ਸਾਰੀਆਂ ਲਿਖਤਾਂ ਸਾਰਿਆਂ ਲਈ ਨਹੀਂ ਹੁੰਦੀਆਂ । ਪਾਠਕਾਂ ਵਾਂਗ ਲਿਖਤਾਂ ਦੇ ਵੀ ਅਨੇਕ ਪ੍ਰਕਾਰ ਹੁੰਦੇ ਹਨ । ਸਭ ਦੇ ਆਪੋ-ਆਪਣੇ ਸਰੋਕਾਰ ਹੁੰਦੇ ਹਨ । ਹੁਣ ਵੇਖੋ ਨਾ, ਜੇ ਕੋਈ ਬੰਦਾ ਪੂਰੇ ਚਾਲੀ ਵਰ੍ਹੇ ਪਿੰਡ ਤੋਂ ਦੂਰ ਰਿਹਾ ਹੋਵੇ ਪਰ ਪਿੰਡ ਉਹਦੇ ਤੋਂ ਦੂਰ ਨਾ ਹੋਇਆ ਹੋਵੇ ਤਾਂ ਉਹ ਰਿਟਾਇਰਮੈਂਟ ਤੋਂ ਪਿੱਛੋਂ ਆਪਣੇ ਪਿੰਡ ਨੂੰ ਖੁੱਲ੍ਹ ਕੇ ਮਿਲਣਾ ਤਾਂ ਚਾਹੇਗਾ ਹੀ ਨਾ! ਤੁਹਾਨੂੰ ਪਤਾ ਹੀ ਹੈ ਕਿ ਪਿੰਡ ਸਭਿਅਤਾ ਦਾ ਪਿੰਡਾ ਹੁੰਦਾ ਹੈ । ਆਪਣੇ ਪਿੰਡ ਵਿਚ ਵਿਚਰਨਾ ਵੀ ਆਪਣੇ ਪਿੰਡੇ ਉੱਤੇ ਮਿੱਠੀ ਮਿੱਠੀ ਖਾਜ ਕਰਵਾਉਣ ਵਾਂਗ ਚੰਗਾ ਚੰਗਾ ਲੱਗਦਾ ਹੈ । ਸਾਡੀ ਪੀੜ੍ਹੀ ਦੇ ਬਹੁਤੇ ਲੇਖਕ ਪਿੰਡਾਂ ਦੀ ਪੈਦਾਵਾਰ ਹਨ । ਉਹਨਾਂ ਦਾ ਬਚਪਨ ਪਿੰਡਾਂ ਵਿਚ ਗੁਜ਼ਰਿਆ ਅਤੇ ਤੁਹਾਨੂੂੰ ਇਹ ਵੀ ਪਤਾ ਹੈ ਕਿ ਬੰਦਾ ਇਕ ਦਿਨ ਗੁਜ਼ਰ ਜਾਂਦਾ ਹੈ ਪਰ ਉਹਦਾ ਬਚਪਨ ਕਦੇ ਨਹੀਂ ਗੁਜ਼ਰਦਾ । ਕਿਸੇ ਵੀ ਲੇਖਕ ਦੀ ਆਤਮਕਥਾ ਲਓ, ਉਹਦਾ ਪੌਣਾ ਹਿੱਸਾ ਬਚਪਨ ਜਾਂ ਬਚਪਨ ਦੇ ਪ੍ਰਭਾਵ ਬਾਰੇ ਹੁੰਦਾ ਹੈ ।

ਪਾਠਕ ਵਾਂਗ ਲਿਖਾਰੀਆਂ ਦੇ ਮਸਲੇ ਵੀ ਉਹਨਾਂ ਦੀ ਨਿੱਜੀ ਪਸੰਦ ਅਤੇ ਸਮਰੱਥਾ ਨਾਲ ਜੁੜੇ ਹੁੰਦੇ ਹਨ । ਜਿਹੜੇ ਲੇਖਕ ਕਹਾਣੀਆਂ ਅਤੇ ਨਾਵਲ ਲਿਖਦੇ ਹਨ, ਉਹ ਤਾਂ ਨਾਂ ਥਾਂ ਬਦਲ ਕੇ ਆਪਣੀ ਪੇਂਡੂ ਸਮੱਗਰੀ ਨੂੰ ਗਲਪ ਦਾ ਜਾਮਾ ਪਹਿਨਾ ਦਿੰਦੇ ਹਨ । ਕਈਆਂ ਦਾ ਕੱਚਾ ਮਾਲ ਨਾਟਕਾਂ ਵਿਚ ਸਮਾ ਜਾਂਦਾ ਹੈ । 'ਵੱਡੇ ਹੋ ਕੇ' ਅਜਿਹੇ ਲੇਖਕ ਵੀ ਜਦੋਂ ਆਤਮਕਥਾ ਲਿਖਣ ਬਹਿੰਦੇ ਹਨ ਤਾਂ ਪਿੰਡ ਅਤੇ ਬਚਪਨ ਦਾ ਪ੍ਰੇਰਨਾ ਸਰੋਤਾਂ ਵਾਂਗ ਸਹਾਰਾ ਲੈ ਕੇ ਮਨ-ਮਰਜ਼ੀ ਦੀਆਂ ਜੁਗਤਾਂ ਘੜਦੇ ਰਹਿੰਦੇ ਹਨ । ਲਿਖਤਾਂ ਦਾ ਪਿਛੋਕੜ ਦੱਸਦੇ ਰਹਿੰਦੇ ਹਨ ।

ਵੇਖਿਆ ਜਾਵੇ ਤਾਂ ਪੰਜਾਬੀ ਲੇਖਕਾਂ ਦਾ ਤਾਣਾਪੇਟਾ ਵੀ ਇਕ ਪਿੰਡ ਵਰਗਾ ਹੀ ਹੈ । ਸੰਸਾਰ ਨੂੰ 'ਗਲੋਬਲ ਪਿੰਡ' ਕਹਿਣ ਵਾਲੇ ਵਿਦਵਾਨਾਂ ਦੀ ਮਨਸ਼ਾ ਤਾਂ ਗਲੋਬਲੀ ਸਰੋਕਾਰ ਵਾਲੀ ਹੋਵੇਗੀ ਪਰ ਮੇਰਾ ਪਿੰਡ ਅਜੇ ਵੀ ਪਿੰਡ ਹੈ । ਜਿਹੋ ਜਿਹਾ ਹੁੰਦਾ ਹੈ, ਉਹੋ ਜਿਹਾ ਪਿੰਡ । ਬਿਨਾਂ ਮਿਲਾਵਟ ਤੋਂ ਮਾਸੂਮ ਜਿਹਾ ਪਿੰਡ । ਘਰ ਵਰਗਾ ਪਿੰਡ । ਟੱਬਰ ਵਰਗਾ ਪਿੰਡ । ਪਿੰਡਾਂ ਵਰਗਾ ਪਿੰਡ । ਮੇਰੇ ਬਚਪਨ ਦਾ ਪਿੰਡ । ਬਚਪਨ ਤੋਂ ਹੀ ਮੈਂ ਲੇਖਕਾਂ ਤੇ ਲਿਖਤਾਂ ਸਮੇਤ ਪਿੰਡ ਵਿਚ ਵਿਚਰ ਰਿਹਾ ਹਾਂ । ਇਹਨਾਂ ਨੂੰ ਵਾਚ ਰਿਹਾ ਹਾਂ । ਇਹੋ ਮੇਰੇ ਅਨੁਭਵ ਦਾ ਦਾਇਰਾ ਹੈ । ਸੀਮਿਤ ਜਿਹਾ । ਪੇਂਡੂ ਜਿਹਾ । ਇਕ ਗੱਲ ਹੋਰ ਦੱਸ ਦਿਆਂ । ਚੀਜ਼ਾਂ ਨੂੰ ਵੇਖਣ ਦਾ ਮੇਰਾ ਨਜ਼ਰੀਆ 'ਮਸ਼ੀਨੀ' ਹੈ ਪਰ ਉਹਨਾਂ ਪ੍ਰਤੀ ਵਿਹਾਰ ਇਨਸਾਨੀ ਹੈ । ਦਖ਼ਲਅੰਦਾਜ਼ੀ ਨਹੀਂ ਕਰਦਾ । ਆਪਣੀ ਮਰਜ਼ੀ ਨਹੀਂ ਥੋਪਦਾ । ਉਹਨਾਂ ਨੂੰ ਵੇਖਦਾ ਹਾਂ । ਸੁਣਦਾ ਹਾਂ । ਛੋਂਹਦਾ ਹਾਂ । ਸੁੰਘਦਾ ਹਾਂ । ਚੱਖਦਾ ਹਾਂ । .. ਬਿਆਨ ਕਰਦਾ ਹਾਂ । ਆਪਣੀ ਆਤਮਾ ਤੋਂ ਡਰਦਾ ਹਾਂ । ਕਿਸੇ ਕਿਸੇ ਲਕੀਰ ਨੂੰ ਗੂੜ੍ਹਾ ਕਰਦਾ ਹਾਂ, ਕਿਸੇ ਕਿਸੇ ਡੱਬੀ ਵਿਚ ਰੰਗ ਭਰਦਾ ਹਾਂ । ਬੱਸ... । ਮੇਰੇ ਪਿੰਡ ਦੇ ਆਮ ਬੰਦੇ ਵੀ ਮੈਨੂੰ ਕਵੀਆਂ ਵਰਗੇ ਲੱਗਦੇ ਹਨ । ਉਨ੍ਹਾਂ ਦੀ ਜੀਵਨ ਸ਼ੈਲੀ, ਉਨ੍ਹਾਂ ਦੀਆਂ ਆਦਤਾਂ, ਉਨ੍ਹਾਂ ਦੀਆਂ ਕਮਜ਼ੋਰੀਆਂ... ਸਭ ਕਵੀਆਂ ਵਰਗੀਆਂ । ਜਾਪਦਾ ਹੈ ਕਿ ਕਵਿਤਾ ਜੰਮਦੀ ਪਲਦੀ ਪਿੰਡ ਵਿਚ ਹੈ । ਸ਼ਹਿਰ ਵਿਚ ਮਟਕਣ ਲਈ ਜਾਂਦੀ ਹੈ, ਜਾਂ ਵਿਕਣ ਲਈ । ... ਕਦੇ ਕਦੇ ਭਟਕਣ ਲਈ ।

ਸਾਡਾ ਪੰਜਾਬੀ ਲੇਖਕਾਂ ਦਾ 'ਸੰਸਾਰ' ਤਾਂ ਐਵੇਂ ਚਿੜੀ ਦੇ ਪ੍ਹੌਂਚੇ ਜਿੱਡਾ ਹੈ । ਚਿੜੀਆਂ, ਜੋ ਕਿ ਹੁਣ ਪਿੰਡਾਂ ਵਿਚ ਵੀ ਨਜ਼ਰ ਨਹੀਂ ਆਉਂਦੀਆਂ, ਸਿਰਫ਼ 'ਚਿੜੀਆ ਘਰ' ਦੇ ਫੱਟੇ ਉੱਤੇ ਲਿਖਿਆ 'ਸ਼ਬਦ' ਬਣ ਕੇ ਰਹਿ ਗਈਆਂ ਹਨ । ਉਹਨਾਂ ਦੇ ਪ੍ਹੌਂਚਿਆਂ ਤੱਕ ਪਹੁੰਚ ਮੁਮਕਿਨ ਨਹੀਂ । 'ਗਲੋਬਲ ਪਿੰਡ' ਦੇ ਸੰਕਲਪ ਨੇ 'ਪਿੰਡ' ਨੂੰ ਖਾ ਲਿਆ ਹੈ । ਪਰ ਅਸਾਂ ਤਾਂ ਪਿੰਡ ਦਾ ਨਮਕ ਖਾਧਾ ਹੈ । ਚਿੜੀਆਂ ਨੂੰ ਹਲਾਲ ਹੁੰਦਿਆਂ ਕਿਵੇਂ ਵੇਖੀਏ!

ਲੋਕ ਰਾਜ ਦੀ ਅਖੌਤੀ ਪਰਿਭਾਸ਼ਾ ਵਾਂਗ ਵਧੇਰੇ ਕਰਕੇ ਸਾਡੇ ਅਜੋਕੇ ਰਚੇ ਜਾ ਰਹੇ ਸਾਹਿਤ ਨੂੰ ਵੀ ਇੰਜ ਗਰਦਾਨਿਆ ਜਾ ਸਕਦਾ ਹੈ : 'ਲੇਖਕਾਂ ਦਾ, ਲੇਖਕਾਂ ਦੁਆਰਾ, ਲੇਖਕਾਂ ਲਈ ।' ਅਸੀਂ ਅਹਿਸਾਨ ਕਰਕੇ ਲਿਖਦੇ/ਪੜ੍ਹਦੇ ਹਾਂ । ਭਾਜੀ ਵਾਂਗ ਮੋੜਦੇ ਹਾਂ । ਸਿਰਫ਼ ਆਪਣਾ ਅਤੇ ਆਪਣਿਆਂ ਦਾ ਜ਼ਿਕਰ ਲੋੜਦੇ ਹਾਂ । ਜਿਸ ਲਿਖਤ ਵਿਚ ਸਾਡਾ ਅਥਵਾ ਸਾਡਿਆਂ ਦਾ ਜ਼ਿਕਰ ਨਹੀਂ ਹੁੰਦਾ, ਉਸ ਨੂੰ ਪੜ੍ਹਨ ਜਾਂ ਸਾਂਭਣ ਦਾ ਸਾਨੂੰ ਕੋਈ ਫ਼ਿਕਰ ਨਹੀਂ ਹੁੰਦਾ । ਢਾਣੀਆਂ ਬਣਾ ਕੇ ਸਾਡੇ ਲੇਖਕਸੱਜਣ ਹੰਕਾਰ ਦੇ ਹਾਥੀ 'ਤੇ ਚੜ੍ਹੇ ਰਹਿੰਦੇ ਹਨ । ਪਾਠਕ ਅਤੇ ਵਿਦਿਆਰਥੀ ਵਿਚਾਰੇ, ਮੁਫ਼ਤ ਵਿਚ ਨਹੀਂ, ਸਗੋਂ ਪੈਸੇ ਖਰਚ ਕੇ, ਵਖ਼ਤ ਨੂੰ ਫੜੇ ਰਹਿੰਦੇ ਹਨ । ਸ਼ਿਕਾਇਤ ਹੈ ਕਿ ਪੰਜਾਬੀ ਵਿਚ ਲੇਖਕਾਂ ਦੀ ਕਦਰ ਨਹੀਂ ਪੈਂਦੀ । ਇਹ ਸ਼ਿਕਾਇਤ ਖ਼ੁਦ ਲੇਖਕ ਹੀ ਕਰਦੇ ਹਨ । ਇਹਨਾਂ ਨੂੰ ਲਿਖਣ ਦੀ ਘੱਟ ਅਤੇ 'ਕਦਰ ਪਵਾਉਣ ਦੀ ਚਿੰਤਾ' ਵਧੇਰੇ ਰਹਿੰਦੀ ਹੈ । ਦਰਅਸਲ ਇਹ ਲੋਕ 'ਕੀਮਤ' ਨੂੰ 'ਕਦਰ' ਸਮਝਦੇ ਹਨ । ਉਂਜ ਸਹੀ ਕਦਰਦਾਨਾਂ ਦੀ ਕਮੀ ਨਹੀਂ, ਸਿਰਫ਼ ਉਹ ਵਿਖਾਵਾ ਨਹੀਂ ਕਰਦੇ । ਸਾਡੇ ਪਿੰਡ ਕਿਸ਼ਨ ਚੰਦ ਹੁੰਦਾ ਸੀ । ਸਾਰੇ ਉਹਨੂੰ 'ਕਿੱਸੀ' ਕਹਿੰਦੇ ਸਨ, 'ਕਿੱਸੀ ਪੰਡਤ ।' 'ਕਿੱਸੀ' ਦੇ ਕਿੱਸੇ ਲੋਕਾਂ ਨੂੰ ਕਦੇ ਨਹੀਂ ਭੁੱਲਦੇ । ਰੋਜ਼ਗਾਰ ਲਈ ਉਹਨੇ ਕਈ ਪਾਪੜ ਵੇਲੇ । ਕੁਝ ਚਿਰ ਬਟਾਲੇ ਸ਼ਹਿਰ ਦੇ 'ਸਟੇਟ ਬੈਂਕ ਆਫ ਇੰਡੀਆ' ਲਾਗੇ ਚਾਹ ਦੀ ਰੇਹੜੀ ਵੀ ਲਾਉਂਦਾ ਰਿਹਾ । ਉਹਨੂੰ ਕਈ ਕਿੱਸੇ ਜ਼ੁਬਾਨੀ ਯਾਦ ਸਨ । ਰਾਮ ਲੀਲਾ ਦੀ ਸਟੇਜ ਤੋਂ ਕਈਆਂ ਲਈ ਪਿੱਠਵਰਤੀ ਗੀਤ ਗਾਉਂਦਾ ਹੁੰਦਾ ਸੀ । ਵਿਆਹ ਸ਼ਾਦੀਆਂ ਵੇਲੇ ਹਲਵਾਈ ਦਾ ਕੰਮ ਵੀ ਕਰ ਲੈਂਦਾ ਸੀ । ...

ਇਕ ਵਾਰ ਜਦੋਂ ਮੈਂ ਪਿੰਡ ਛੁੱਟੀ ਗਿਆ ਤਾਂ 'ਕਿੱਸੀ ਪੰਡਤ' ਨੂੰ ਮਿਲਣ ਚਲਾ ਗਿਆ । ਸ਼ਿਵ ਕੁਮਾਰ ਦੀਆਂ ਗੱਲਾਂ ਚੱਲ ਪਈਆਂ । ਉਹ 'ਲੂਣਾ' ਦੇ ਬੈਂਤ ਪੂਰੇ ਵੈਰਾਗ ਵਿਚ ਆ ਕੇ ਗਾਉਂਦਾ ਰਿਹਾ । ਵਿਰਲੇ ਦੰਦਾਂ ਵਿਚੋਂ ਹਵਾ ਨਿਕਲ ਰਹੀ ਸੀ । ਫੇਰ ਉਹ ਅੰਦਰ ਜਾ ਕੇ ਇਕ ਕਾਪੀ ਚੁੱਕ ਲਿਆਇਆ । ਫੋਲੀ ਜਾਏ । ਫੋਲੀ ਜਾਏ । ਮੇਰੀ ਜਾਚੇ ਉਹ ਕੋਈ ਕੀਮਤੀ ਸਫ਼ਾ ਟੋਲ ਰਿਹਾ ਸੀ । ਇਕ ਵਰਕਾ ਉਹਨੇ ਮੇਰੇ ਮੂਹਰੇ ਕਰ ਦਿੱਤਾ, ਜੀਹਦੇ ਸਿਖ਼ਰ 'ਤੇ ਉਰਦੂ ਵਿਚ ਸ਼ਿਵ ਦਾ ਨਾਂ ਲਿਖਿਆ ਹੋਇਆ ਸੀ ਤੇ ਹੇਠਾਂ ਚਾਹ ਦਾ ਹਿਸਾਬ । ਕੱਪਾਂ ਦੀ ਗਿਣਤੀ ਲਿਖ ਕੇ ਹਰ ਵਾਰ ਸ਼ਿਵ ਨੇ ਦਸਤਖ਼ਤ ਕੀਤੇ ਹੋਏ ਸਨ । ਸ਼ਿਵ ਉਦੋਂ ਬੈਂਕ ਦਾ ਮੁਲਾਜ਼ਮ ਤੇ 'ਕਿੱਸੀ' ਓਥੇ ਰੇਹੜੀ ਲਾਉਂਦਾ ਸੀ । ਉਹਨੇ ਸ਼ਿਵ ਦੇ ਦਸਤਖ਼ਤਾਂ ਕਰਕੇ ਹਿਸਾਬ ਵਾਲੀ ਪੂਰੀ ਕਾਪੀ ਸੰਭਾਲ ਕੇ ਰੱਖੀ ਹੋਈ ਸੀ । ਹਿਸਾਬ 'ਤੇ ਲੀਕ ਨਹੀਂ ਸੀ ਫੇਰੀ ਮਤੇ ਦਸਤਖ਼ਤ ਵੀ ਕੱਟੇ ਜਾਣ । ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਬਚਪਨ ਦੀਆਂ ਗੱਲਾਂ ਬੰਦਾ ਬੁੱਢੇ ਵਾਰੇ ਕਰਦਾ ਹੈ ਤਾਂ ਕਈ ਜਗ੍ਹਾ ਟਪਲਾ ਖਾ ਸਕਦਾ ਹੈ । ਸਮੇਂ, ਸਥਾਨ ਅਤੇ ਦਿਸ਼ਾ ਸੰਬੰਧੀ ਵਾਧਘਾਟ ਹੋ ਸਕਦੀ ਹੈ । ਉਂਜ ਦਿਲ ਦਾ ਚੇਤਾ ਦਿਮਾਗ ਨਾਲੋਂ ਤੇਜ਼ ਹੁੰਦਾ ਹੈ । ਦਿਲ ਦੀਆਂ ਕਰਨ ਅਤੇ ਸੁਣਨ ਵਿਚ ਭਲਾ ਕਿਸ ਨੂੰ ਗੁਰੇਜ਼ ਹੁੰਦਾ ਹੈ!

ਸੂਚਨਾ ਦੇ ਇਸ ਦੌਰ ਵਿਚ ਆਦਮੀ ਦੇ ਅੰਦਰ ਗਿਆਨ ਦੀ ਭੁੱਖ ਭੜਕ ਪਈ ਹੈ । ਸੰਚਾਰ ਸਾਧਨਾਂ ਰਾਹੀਂ ਇਸ ਭੁੱਖ ਤੋਂ ਕਮਾਈ ਕਰਨ ਦੀ, ਮੰਡੀ ਵਿਚ, ਹੋੜ ਲੱਗੀ ਹੋਈ ਹੈ । ਆਮ ਆਦਮੀ ਦਾ ਸ਼ੋਸ਼ਣ ਕਰਨ ਲਈ ਖਾਸ ਆਦਮੀਆਂ ਵਿਚ ਦੌੜ ਲੱਗੀ ਹੋਈ ਹੈ । ਵੇਦਾਂ ਸ਼ਾਸਤਰਾਂ ਨੂੰ ਤਾਂ ਬੁੱਧੀਜੀਵੀ ਲੋਕ ਉਧਾਲ ਕੇ ਆਪੋ ਆਪਣੇ ਨਿੱਜੀ ਤਹਖ਼ਿਾਨਿਆਂ ਵਿਚ ਲੈ ਗਏ । ਅਜਿਹੇ ਹਾਲਾਤ ਵਿਚ ਪਿੰਡ ਕੋਲ ਕੀ ਬਚ ਰਿਹਾ ਹੈ? ਸਾਡੇ ਲਈ ਤਸੱਲੀ ਵਾਲੀ ਗੱਲ ਇਹ ਹੈ ਕਿ ਪਿੰਡ ਅਜੇ ਵੀ ਪੁਰਾਣ ਰਚ ਰਿਹਾ ਹੈ ।

ਪਿੰਡ ਆਮ ਹੁੰਦਾ ਹੈ, ਖਾਸ ਨਹੀਂ । ਉਸ ਕੋਲ ਪੁਰਾਣ ਹੁੰਦਾ ਹੈ, ਇਤਿਹਾਸ ਨਹੀਂ ।

••••••

28. ਪਿਤਾ ਜੀ ਨਾਲ ਸਨ

ਗੱਲ ਕਹਿੰਦੀ ਐ: ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਨੀ ਆਂ । ਹੁਣ ਗੱਲ ਨਿਕਲੀ ਐ ਤਾਂ ਦੱਸਣਾ ਪਏਗਾ ਕਿ ਮੈਂ ਪਿੰਡੋਂ ਕਿਵੇਂ ਨਿਕਲਿਆ । ਪਿੰਡੋਂ ਕੋਈ ਆਪਣੀ ਮਰਜ਼ੀ ਨਾਲ ਕਦੇ ਨਹੀਂ ਨਿਕਲਦਾ । ਨਿਕਲਣਾ ਚਾਹੁੰਦਾ ਹੀ ਨਹੀਂ । ਨਿਕਲਣ ਦੀ ਲੋੜ ਹੀ ਨਹੀਂ ਪੈਂਦੀ । ਜੇ ਪਏ ਵੀ ਤਾਂ ਕੋਸ਼ਿਸ਼ ਹੁੰਦੀ ਹੈ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮੁੜਿਆ ਜਾਏ । ਪਿੰਡ ਦਰਅਸਲ ਪਿੰਡ ਨਹੀਂ ਹੁੰਦਾ, ਘਰ ਹੁੰਦਾ ਹੈ । ਨ੍ਹੇਰੇ ਵਿੱਚ ਘਰ ਗੁਆਚਣ ਦਾ ਡਰ ਹੁੰਦਾ ਹੈ । ਇਹ ਜੋ ਘਰ ਤੋਂ ਰੁਜ਼ਗਾਰ ਤੱਕ ਦੀ ਦੂਰੀ ਹੁੰਦੀ ਹੈ, ਟੱਬਰ ਦੀ ਸਿਹਤ ਲਈ ਜ਼ਰੂਰੀ ਹੁੰਦੀ ਹੈ । ਪਸ਼ੂਆਂ ਤੇ ਪੰਛੀਆਂ ਵਾਂਗ ਪਿੰਡ ਦਾ ਬੰਦਾ ਵੀ ਘਰ ਦਾ ਰਾਹ ਨਹੀਂ ਭੁੱਲਦਾ । ਲਗਦੀ ਵਾਹ ਨਹੀਂ ਭੁੱਲਦਾ । ਦਿਨ ਰਾਤ ਦਾ ਤਾਣਾ ਤਣਿਆ ਰਹਿੰਦਾ ਹੈ । ਆਉਣ-ਜਾਣ ਬਣਿਆ ਰਹਿੰਦਾ ਹੈ । ਜਦੋਂ ਜ਼ਿਲ੍ਹਾ ਉਦਯੋਗ ਦਫ਼ਤਰ ਬਟਾਲਾ ਵਿਖੇ ਰੁਜ਼ਗਾਰ ਦਫ਼ਤਰ ਰਾਹੀਂ, ਥੋੜ੍ਹੇ ਵਕਤ ਲਈ ਕੱਚੀ ਬਾਬੂਗਿਰੀ ਨਸੀਬ ਹੋਈ ਤਾਂ ਆਉਣ-ਜਾਣ ਬਾਕਾਇਦਾ ਬਣਿਆ ਰਿਹਾ । ਪੱਕੀ ਬਾਬੂਗਿਰੀ ਦੀ ਆਸ ਵਿੱਚ ਅਧੀਨ ਸੇਵਾਵਾਂ ਚੋਣ ਬੋਰਡ ਦਾ ਇਮਤਿਹਾਨ ਦਿੱਤਾ ਹੋਇਆ ਸੀ । ਨਤੀਜੇ ਦੀ ਉਡੀਕ ਸੀ ।

ਇਕ ਦਿਨ ਸਾਈਕਲ 'ਤੇ ਲੱਤਾਂ ਮਾਰਦਾ ਜਦੋਂ ਸ਼ਾਮ ਪਈ ਘਰ ਪੁੱਜਾ ਤਾਂ ਪਤਾ ਲੱਗਾ ਕਿ ਮੇਰੇ ਨਾਂ ਦੀ ਰਜਿਸਟਰੀ ਆਈ ਸੀ । ਡਾਕੀਏ ਨੇ 'ਸਰਕਾਰੀ' ਚਿੱਠੀ ਘਰਦਿਆਂ ਨੂੰ ਦੇਣ ਤੋਂ ਨਾਂਹ ਕਰ ਦਿੱਤੀ ਅਤੇ ਮੇਰੇ ਦਫ਼ਤਰ ਦਾ ਸਿਰਨਾਵਾਂ ਲਿਖ ਕੇ 'ਰੀ-ਡਾਇਰੈਕਟ' ਕਰ ਦਿੱਤੀ । ਦਿਲ ਵਿੱਚ ਖੁਤਖੁਤੀ ਸ਼ੁਰੂ ਹੋ ਗਈ । ਚੌਥੇ ਦਿਨ ਉਹ ਰਜਿਸਟਰੀ ਮੇਰੇ ਤੱਕ ਪਹੁੰਚੀ । ਲਿਫਾਫੇ ਉੱਤੇ ਡਾਕੀਏ ਨੇ ਉਰਦੂ ਵਿੱਚ ਕੋਈ ਇਬਾਰਤ ਲਿਖੀ ਹੋਈ ਸੀ । ਖੋਲ੍ਹੀ, ਇਹ ਨਿਯੁਕਤੀ ਪੱਤਰ ਸੀ ।

ਵਿੱਤੀ ਕਮਿਸ਼ਨਰ ਪੰਜਾਬ ਦੇ ਦਫ਼ਤਰ ਚੰਡੀਗੜ੍ਹ ਵਿਖੇ ਪਹਿਲੀ ਮਈ 1964 ਨੂੰ ਦੁਪਹਿਰ ਤੋਂ ਪਹਿਲਾਂ ਪਹਿਲਾਂ ਹਾਜ਼ਰ ਹੋਣ ਲਈ ਕਿਹਾ ਗਿਆ ਸੀ, ਨਹੀਂ ਤਾਂ ਇਹ ਨੌਕਰੀ ਵੇਟਿੰਗ ਲਿਸਟ ਵਾਲੇ ਕਿਸੇ ਅਗਲੇ ਉਮੀਦਵਾਰ ਨੂੰ ਦੇ ਦਿੱਤੀ ਜਾਣੀ ਸੀ । ਪਰ ਅੱਜ ਤਾਂ ਤੀਹ ਅਪਰੈਲ ਸੀ । ਦੁਪਹਿਰ ਟੱਪ ਚੁੱਕੀ ਸੀ । ਚੰਡੀਗੜ੍ਹੋਂ ਧਿਆਨਪੁਰ ਅਤੇ ਧਿਆਨਪੁਰੋਂ ਬਟਾਲੇ ਤੱਕ ਆਉਂਦਿਆਂ ਚਿੱਠੀ ਨੇ ਬਹੁਤ ਦੇਰ ਕਰ ਦਿੱਤੀ ਸੀ । ਪੱਕੀ ਬਾਬੂਗਿਰੀ ਦਾ ਪਰਵਾਨਾ ਹੱਥ ਵਿੱਚ ਸੀ ਪਰ ਕੁਝ ਵੀ ਹੱਥ ਵਿੱਚ ਨਹੀਂ ਸੀ । ਰੰਗ ਉੱਡਿਆ ਹੋਇਆ ਸੀ । ਮਨ ਬੁਝਿਆ ਹੋਇਆ ਸੀ ।

ਪਿੰਡ ਲਈ ਸਰਕਾਰੀ ਨੌਕਰੀ ਉਦੋਂ ਬਹੁਤ ਵੱਡੀ ਗੱਲ ਹੁੰਦੀ ਸੀ । ਪਟਵਾਰੀ, ਸਕੂਲ ਮਾਸਟਰ, ਗਰਾਮ ਸੇਵਕ ਤੇ ਪੰਚਾਇਤ ਸੈਕਟਰੀ ਦੀ ਬੱਲੇ-ਬੱਲੇ ਸੀ । ਪਿੰਡ ਦੇ ਆਦਮੀ ਦੀ ਉਡਾਰੀ ਇਨ੍ਹਾਂ ਤੋਂ ਥੱਲੇ- ਥੱਲੇ ਸੀ । ਉਦੋਂ ਤੱਕ ਨਿਹਾਲ ਹਕੀਮ ਦਾ ਮੁੰਡਾ ਬਾਊ ਵਿਦਿਆ ਸਾਗਰ ਮਲੇਰੀਆ ਮਹਿਕਮੇ ਵਿੱਚ ਕੁਝ 'ਵੱਡਾ' ਲੱਗਾ ਹੋਇਆ ਸੀ । ਉਹਨੇ ਕੁਝ ਹੋਰਨਾਂ ਨੂੰ ੂ ਵੀ ਮੱਛਰ ਮਾਰਨ ਵਾਲਿਆਂ 'ਚ ਲਗਵਾਇਆ ਸੀ । ਸਰਕਾਰ ਦਾ ਏਨਾ ਕੁ ਹਿੱਸਾ ਹੀ ਧਿਆਨਪੁਰ ਦੀ ਵੰਡੇ ਆਇਆ ਸੀ । ਹੁਣ ਜੇ ਇਹ ਵੱਡੇ ਦਫ਼ਤਰ ਦਾ ਦਰਵਾਜ਼ਾ ਖੁੱਲ੍ਹਣ ਲੱਗਾ ਤਾਂ ਪਤਾ ਨਹੀਂ ਕਿਹੜੀ ਇੱਲ ਪੈ ਗਈ । ਹੱਥ 'ਚੋਂ ਪੱਕੀ ਪਕਾਈ ਖੋਹ ਕੇ ਲੈ ਗਈ ।

ਸਾਡੇ ਪਿੰਡ ਦੀ ਇੱਲ ਵੀ ਅਜੀਬ ਹੈ । ਏਥੇ ਇਕ ਵਾਰ ਐਂਪਲਾਇਮੈਂਟ ਐਕਸਚੇਂਜ ਤੋਂ ਦੁਰਗਾ ਦਾਸ ਨੂੰ ਕੋਈ ਇੰਟਰਵਿਊ ਦਾ ਬੁਲਾਵਾ ਆਇਆ ਸੀ । ਪੀਲਾ ਜਿਹਾ ਪੋਸਟ ਕਾਰਡ । ਡਾਕਖ਼ਾਨੇ ਦੇ ਪੋਸਟ ਕਾਰਡ ਨਾਲੋਂ ਪਤਲਾ ਤੇ ਖਰ੍ਹਵਾ । ਰੰਗ ਮੱਕੀ ਦੇ ਟੁੱਕ ਵਰਗਾ । ਡਾਕ ਵੰਡਣ ਵਾਲੇ ਨੇ ਉਸ ਗਲੀ ਦੇ ਕਿਸੇ ਨਿਆਣੇ ਨੂੰ ਫੜਾ ਦਿੱਤਾ । ਨਿਆਣੇ ਨੂੰ ਦੁਰਗਾ ਦਾਸ ਦੀ ਮਾਂ ਰਾਹ ਵਿੱਚ ਈ ਮਿਲ ਗਈ । 'ਨੌਕਰੀ ਦੀ ਚਿੱਠੀ ਐ' ਆਖ ਕੇ ਫੜਾ ਗਿਆ । ਮਾਂ ਨੂੰ ਚੜ੍ਹ ਗਿਆ ਚਾਅ । ਗਲੀ 'ਚੋਂ ਲੰਘਦੀ ਵਾਜਾਂ ਮਾਰ ਮਾਰ, ਆਂਢਣਾਂ-ਗੁਆਂਢਣਾਂ ਨੂੰ ਵਿਖਾਈ ਜਾਵੇ । ਚਿੱਠੀ ਵਾਲੀ ਬਾਂਹ ਉੱਚੀ ਕਰਕੇ ਝੰਡੇ ਵਾਂਗ ਹਿਲਾਈ ਜਾਵੇ । ਅਚਿੰਤੇ ਹੀ ਉਪਰੋਂ ਇੱਲ ਨੇ ਝਪਟਾ ਮਾਰਿਆ । ਹਾਈ ਨੀ ਹਾਲ ਪਾਰ੍ਹਿਆ । ਜ਼ਖ਼ਮੀ ਹੋਏ ਹੱਥ ਨੂੰ ਮੱਥੇ 'ਤੇ ਮਾਰ ਕੇ ਮਾਂ ਉਥੇ ਹੀ ਬਹਿ ਗਈ । ਹਾਏ ਨੀ, ਮੇਰੇ ਪੁੱਤ ਦੀ ਨੌਕਰੀ, ਚੰਦਰੀ ਇੱਲ ਲੈ ਗਈ ।

ਖ਼ੈਰ ਉਹ ਤਾਂ ਇੰਟਰਵਿਊ ਕਾਰਡ ਸੀ । ਅਗਲਿਆਂ ਸਦਮਾ ਸਹਿ ਲਿਆ । ਬਟਾਲਿਉਂ ਜਾ ਕੇ ਡੁਪਲੀਕੇਟ ਲੈ ਲਿਆ । ਪਰ ਇਹ ਤਾਂ ਪੱਕੀ ਨੌਕਰੀ ਦਾ ਨਿਯੁਕਤੀ ਪੱਤਰ ਸੀ । ਦੁਬਾਰਾ ਪੜ੍ਹਿਆ । ਨਾਲ ਦੇ ਬਾਊ ਨੂੰ ਪੜ੍ਹਾਇਆ । ਪੂਰੀ ਤਰ੍ਹਾਂ ਫੇਰ ਵੀ ਸਮਝ ਨਾ ਆਇਆ । ਵਕਤ ਦੌੜ੍ਹ ਰਿਹਾ ਸੀ । ਅਕਲ ਕੰਮ ਨਹੀਂ ਸੀ ਕਰ ਰਹੀ । ਪਰ ਕਈ ਕੰਮ ਅਕਲ ਦੇ ਵੱਸ ਨਹੀਂ ਹੁੰਦੇ । ਦਫ਼ਤਰ ਵਾਲਿਆਂ ਸਲਾਹ ਦਿੱਤੀ : 'ਸਾਬ੍ਹ ਨੂੰ ਮਿਲ' । 'ਸਾਬ੍ਹ' ਯਾਨੀ ਜ਼ਿਲ੍ਹਾ ਉਦਯੋਗ ਅਫ਼ਸਰ ਅਰਥਾਤ ਡਿਸਟ੍ਰਿਕਟ ਇੰਡਸਟ੍ਰੀਜ਼ ਔਫ਼ੀਸਰ ਉਰਫ ਡੀ. ਆਈ. ਓ. ਸਾਹਿਬ । ਸਾਰਾ ਅਮਲਾ ਉਹਨੂੰ 'ਲਾਇਨ' ਕਹਿੰਦਾ ਸੀ । ਉਹਦੀ ਦਹਿਸ਼ਤ ਸ਼ੇਰ ਵਰਗੀ ਸੀ । ਲੰਬਾ, ਗੋਰਾ, ਚੌੜੇ ਮੱਥੇ ਵਾਲਾ, ਗੰਜਾ ਤੇ ਸਿਰਫ਼ ਅੰਗਰੇਜ਼ੀ 'ਚ ਗੱਲ ਕਰਨ ਵਾਲਾ ਧਰਮਵੀਰ ਵਰਮਾਨੀ । ਘੱਟ ਬੋਲਦਾ ਸੀ ਪਰ ਜਦੋਂ ਬੋਲਦਾ ਸੀ ਸੁਣਨ ਵਾਲੇ ਦੇ ਕੰਨਾਂ 'ਚੋਂ ਸੇਕ ਨਿਕਲਣ ਲੱਗ ਪੈਂਦਾ ਸੀ । ਮੈਨੂੰ ਉਹਦੇ ਪੇਸ਼ ਹੋਣ ਲਈ ਕਿਹਾ ਜਾ ਰਿਹਾ ਸੀ ।

ਡਰਦਾ ਡਰਦਾ ਪੇਸ਼ ਹੋਇਆ । ਬੋਲਿਆ ਕੁਝ ਨਾ ਗਿਆ । ਚਿੱਠੀ ਮੂਹਰੇ ਕਰ ਦਿੱਤੀ । ਮੇਜ਼ ਉੱਤੇ ਧਰ ਦਿੱਤੀ । ਉਹਨੇ ਸਰਸਰੀ ਨਜ਼ਰ ਮਾਰੀ, ਇਕ ਇਕ ਕਰਕੇ ਸਾਰੇ ਵਰਕਿਆਂ 'ਤੇ । ਬੈਠਣ ਦਾ ਇਸ਼ਾਰਾ ਕੀਤਾ । ਮੈਂ ਸੁੰਗੜ ਕੇ ਬਹਿ ਗਿਆ । ਉਸ ਦੇ ਚਿਹਰੇ 'ਤੇ ਨਜ਼ਰ ਟਿਕਾਈ ਰੱਖੀ । ਉਹ ਬੜੇ ਗਹੁ ਨਾਲ ਪੜ੍ਹ ਰਿਹਾ ਸੀ ।

ਮੈਨੂੰ ਕੁਝ ਵੀ ਦੱਸਣ ਦੀ ਲੋੜ ਨਾ ਪਈ । ਉਹਨੇ ਲੈਟਰ ਮੈਨੂੰ ਵਾਪਸ ਕਰਕੇ ਬੜੇ ਪਿਆਰ ਭਰੇ ਲਹਿਜ਼ੇ ਵਿੱਚ ਸਮਝਾਉਣਾ ਸ਼ੁਰੂ ਕੀਤਾ, ਜਿਸ ਦਾ ਤੱਤਸਾਰ ਇਹ ਸੀ:

ਦੇਖੋ ਬੇਟਾ! ਤੂੰ ਖੁਸ਼ਕਿਸਮਤ ਹੈ । ਚੰਡੀਗੜ੍ਹ ਵਰਗੇ ਸ਼ਹਿਰ ਦੇ ਏਨੇ ਵੱਡੇ ਦਫ਼ਤਰ ਵਿੱਚ ਤੈਨੂੰ ਨੌਕਰੀ ਮਿਲੀ ਹੈ । ਤੈਨੂੰ ਹਾਜ਼ਰੀ ਦਾ ਫ਼ਿਕਰ ਹੋਵੇਗਾ ਕਿ ਕੱਲ੍ਹ ਆਖ਼ਰੀ ਤਰੀਖ ਹੈ ਅਤੇ ਹਾਲੇ ਤੂੰ ਮੈਡੀਕਲ ਵੀ ਕਰਵਾਉਣਾ ਹੈ । ਤੂੰ ਚਿੰਤਾ ਨਾ ਕਰ । ਜਦੋਂ ਤੱਕ ਤੂੰ ਇਸ ਦਫ਼ਤਰ 'ਚੋਂ ਰਲੀਵ ਨਹੀਂ ਹੁੰਦਾ ਉਦੋਂ ਤੱਕ ਤੇਰੀ ਹਾਜ਼ਰੀ ਏਥੇ ਗਿਣੀ ਜਾਏਗੀ । ਇਹ ਵੀ ਸਰਕਾਰੀ ਦਫ਼ਤਰ ਹੀ ਹੈ । ਜੇ ਤੂੰ ਚਾਹੇ ਤਾਂ ਮੈਂ ਉਪਰ ਲਿਖ ਕੇ ਭੇਜ ਦਿੰਦਾ ਹਾਂ । ਤੂੰ ਇਥੇ ਹੀ ਪੱਕਾ ਹੋ ਜਾਏਗਾ । ਪਰ ਮੇਰੀ ਸਲਾਹ ਇਹੋ ਹੈ ਕਿ ਇਹ ਮੌਕਾ ਤੈਨੂੰ ਰੱਬ ਵੱਲੋਂ ਮਿਲਿਆ ਹੈ । ਇਹਨੂੰ ਗੁਆ ਨਾ ।... ਕੱਲ੍ਹ ਨੂੰ ਗੁਰਦਾਸਪੁਰ ਜਾ ਕੇ ਮੈਡੀਕਲ ਕਰਵਾ ਆ । ਪਰਸੋਂ ਬਾਅਦ ਦੁਪਹਿਰ ਦਾ ਵਕਤ ਪਾ ਕੇ ਮੈਂ ਤੈਨੂੰ ਸਵੇਰੇ ਹੀ ਰਲੀਵ ਕਰ ਦਿਆਂਗਾ । ਤੂੰ ਸ਼ਾਮ ਤੱਕ ਚੰਡੀਗੜ੍ਹ ਚਲਿਆ ਜਾਈਂ ਅਤੇ ਤਿੰਨ ਮਈ ਨੂੰ ਦੁਪਹਿਰ ਤੋਂ ਪਹਿਲਾਂ ਜਾ ਕੇ ਹਾਜ਼ਰੀ ਰਿਪੋਰਟ ਦੇ ਦੇਈਂ । ... ਹੁਣ ਤਿੰਨ ਵਜੇ ਨੇ । ਛੁੱਟੀ ਕਰ । ਘਰ ਜਾ ਕੇ ਅਗਲੀ ਤਿਆਰੀ ਕਰ । ਹੈਰਾਨ ਸਾਂ ਕਿ ਪੂਰੇ ਦੋ ਮਹੀਨਿਆਂ ਤੋਂ ਜਿਸ ਸ਼ਖ਼ਸ ਬਾਰੇ ਮੈਂ ਏਨਾ ਕੁਝ ਊਟ-ਪਟਾਂਗ ਸੁਣਦਾ ਆ ਰਿਹਾ ਸੀ ਅਤੇ ਆਪਣੇ ਮਨ ਵਿੱਚ ਜਿਸ ਦਾ ਕਠੋਰ ਜਿਹਾ ਬਿੰਬ ਬਣਾਈ ਬੈਠਾ ਸਾਂ, ਉਹ ਨਾਰੀਅਲ ਵਰਗਾ ਨਿਕਲਿਆ । ਉਪਰੋਂ ਸਖ਼ਤ ਅਤੇ ਅੰਦਰੋਂ ਨਰਮ ਤੇ ਮਿੱਠਾ । ਬੰਦਿਆਂ ਬਾਰੇ ਮੇਰਾ ਦਿ੍ਸ਼ਟੀਕਣ ਬਦਲਣਾ ਉਦੋਂ ਤੋਂ ਹੀ ਸ਼ੁਰੂ ਹੋ ਗਿਆ ਸੀ । ਮੈਂ ਸੁਣੇ- ਸੁਣਾਏ 'ਤੇ ਬਹੁਤ ਯਕੀਨ ਨਹੀਂ ਕਰਦਾ । ਵਿਹਾਰ ਦਾ ਪਤਾ ਵਾਹ ਪੈਣ 'ਤੇ ਹੀ ਲਗਦਾ ਹੈ । ਕਿਸੇ ਨੂੰ ਮਾਂਹ ਮਾਫ਼ਕ ਕਿਸੇ ਨੂੰ ਬਾਦੀ ।

ਖ਼ੈਰ ਦੁਚਿੱਤੀ ਜਿਹੀ 'ਚ ਮੈਂ ਘਰ ਪੁੱਜਾ । ਸਾਰੀ ਗੱਲ ਦੱਸੀ । ਪਹਿਲਾਂ ਸਲਾਹ ਬਣੀ ਕਿ ਬਟਾਲੇ ਹੀ ਠੀਕ ਐ । ਪਿੰਡ ਦੇ ਨੇੜੇ, ਘਰ ਦਾ ਘਰ, ਘਰੋਂ ਕਦੇ ਦੂਰ ਨਹੀਂ ਸਾਂ ਰਿਹਾ । ਪਿੰਡੋਂ ਕਦੇ ਦੂਰ ਨਹੀਂ ਸਾਂ ਗਿਆ । ਨਵੀਂ ਥਾਂ । ਓਭੜ ਲੋਕ, ਕੱਲੀ ਜਾਨ । ਏਥੇ ਹੀ ਠੀਕ ਐ । ਮਾਂ ਤਾਂ ਦੂਰ ਘੱਲਣਾ ਹੀ ਨਹੀਂ ਸੀ ਚਾਹੁੰਦੀ । ਨਾਲੇ ਚੰਡੀਗੜ੍ਹ ਦਾ ਖਰਚਾ ਬਹੁਤਾ ਹੋਏਗਾ । ਖਰਚੇ ਦੀ ਲੋੜ ਤਾਂ ਘਰ ਨੂੰ ਸੀ ।

ਮੇਰੇ ਮਨ ਵਿੱਚ ਵਰਮਾਨੀ ਸਾਹਿਬ ਦੀ ਸਲਾਹ ਜੜ੍ਹਾਂ ਜਮਾ ਰਹੀ ਸੀ । ਅੰਦਰੋਂ ਆਵਾਜ਼ ਆ ਰਹੀ ਸੀ : ਪਿੰਡ ਦੇ ਮੋਹ ਵਿੱਚ ਨਾ ਪਓ । ਦੂਰ ਦੀ ਸੋਚ । ਸਪਸ਼ਟ ਸ਼ਬਦ ਤਾਂ ਸੁਣਾਈ ਨਹੀਂ ਸਨ ਦਿੰਦੇ ਪਰ ਅੰਦਰਖ਼ਾਤੇ ਕੁਝ ਵਾਪਰ ਜ਼ਰੂਰ ਰਿਹਾ ਸੀ । ਦੁਬਿਧਾ ਹੌਲੀ ਹੌਲੀ ਖਤਮ ਹੁੰਦੀ ਗਈ । ਪਿਤਾ ਜੀ ਨੇ ਕਿਹਾ : ਤੂੰ ਠੀਕ ਸੋਚ ਰਿਹੈਂ । ਤਿਆਰੀ ਕਰ । ਮਾਲਕ ਭਲੀ ਕਰੇਗਾ । ਸੋਚਣ ਦਾ ਬਹੁਤਾ ਵਕਤ ਹੀ ਨਹੀਂ ਸੀ । ਅਗਲੇ ਦਿਨ ਸਿਵਲ ਸਰਜਨ ਦੇ ਦਫ਼ਤਰ ਗੁਰਦਾਸਪੁਰ ਪਹੁੰਚੇ । 'ਸਾਬ੍ਹ' ਘਰ ਜਾ ਚੁੱਕਾ ਸੀ । ਸੇਵਾਦਾਰ ਨੇ ਸਭ ਸਮਝਾ ਦਿੱਤਾ । ਸੇਵਾ ਪਾਣੀ ਪਿੱਛੋਂ ਮੈਡੀਕਲ ਫਿਟਨੈੱਸ ਸਰਟੀਫ਼ਿਕੇਟ ਜਾਰੀ ਹੋ ਗਿਆ ਪਰ ਉਸ ਵਿੱਚ ਖੱਬੀ ਅੱਖ ਦੀ ਨਜ਼ਰ ਘੱਟ ਹੋਣ ਕਰਕੇ ਐਨਕ ਦੀ ਸਿਫਾਰਸ਼ ਕੀਤੀ ਹੋਈ ਸੀ ।

ਸਰਟੀਫ਼ਿਕੇਟ ਸਾਨੂੰ ਮਿਲਣਾ ਉਦੋਂ ਸੀ ਜਦੋਂ ਮੈਂ ਐਨਕ ਲਵਾ ਲਵਾਂ । ਸੇਵਾਦਾਰ ਸਾਨੂੰ, ਪਿਓ ਪੁੱਤ ਨੂੰ , ਐਨਕਾਂ ਵਾਲੇ ਕੋਲ ਲੈ ਗਿਆ । ਕੁਰਸੀ 'ਤੇ ਬੈਠਾ ਕੇ ਦੋਹਾਂ ਅੱਖਾਂ ਨਾਲ, ਵਾਰੀ ਵਾਰੀ, ਭੁਲਾਵੇਂ ਅੱਖਰ ਪੜ੍ਹਵਾਏ ਗਏ । 'ਵੀਹ ਰੁਪਏ ਦੇ ਦਿਓ' ਕਹਿ ਕੇ ਐਨਕ ਦਾ ਨੰਬਰ ਇਕ ਸਲਿਪ 'ਤੇ ਲਿਖ ਦਿੱਤਾ । 'ਪੰਜ ਰੁਪਏ ਇਹਨੂੰ ਵੀ ਦੇ ਦਿਓ' ਸੇਵਾਦਾਰ ਵੱਲ ਇਸ਼ਾਰਾ ਕਰਕੇ ਕਿਹਾ । 'ਸਾਬ੍ਹ' ਦੇ ਘਰੋਂ ਸਰਟੀਫ਼ਿਕੇਟ ਲੈ ਕੇ ਐਨਕ ਲੈਣ ਆਏ ਤਾਂ ਜਵਾਬ ਮਿਲਿਆ, ''ਤੁਸੀਂ ਅੰਬ ਖਾਣੇ ਐਂ ਕਿ ਪੇੜ ਗਿਣਨੇ ਐਂ? ਐਨਕ ਕੀ ਕਰਨੀ ਐਂ । ਸਰਟੀਫ਼ਿਕੇਟ ਮਿਲ ਗਿਆ । ਸ਼ੁਕਰ ਕਰੋ ।''

ਸ਼ੁਕਰ ਕੀਤਾ ਕਿ ਅੱਡੇ 'ਚ ਆਉਂਦਿਆਂ ਈ ਬੱਸ ਮਿਲ ਗਈ । ਘਰ ਨ੍ਹੇਰੇ ਪਏ ਅੱਪੜੇ । ਹੁਣ ਚੰਡੀਗੜ੍ਹ ਦੀ ਤਿਆਰੀ ਕਰਨੀ ਸੀ । ਤਿਆਰੀ ਕੀ ਕਰਨੀ ਸੀ, ਬੱਸ ਜਾਣਾ ਸੀ । ਵੇਲੇ ਸਿਰ ਪਹੁੰਚ ਕੇ ਦਫ਼ਤਰ ਲੱਭਣਾ ਸੀ । ਹਾਜ਼ਰੀ ਰਿਪੋਰਟ ਦੇਣੀ ਸੀ । ਬਾਕੀ ਸਿਰਦਰਦੀ ਤਾਂ ਪਿਤਾ ਜੀ ਦੀ ਸੀ । ਉਹ ਸ਼ਾਂਤ ਸਨ । ਮੈਂ ਹਮੇਸ਼ਾ ਵੇਖਿਆ ਹੈ ਕਿ ਵੱਡੀ ਤੋਂ ਵੱਡੀ ਮੁਸੀਬਤ ਵੇਲੇ ਵੀ ਉਹ ਡੋਲੇ ਕਦੇ ਨਹੀਂ । ਮਾਲਕ 'ਤੇ ਭਰੋਸਾ ਸਦਾ ਕਾਇਮ ਰਿਹਾ । ਅਸਾਂ 'ਮਾਲਕ' ਨੂੰ ਕਦੇ ਵੇਖਿਆ ਨਹੀਂ । ਪਿਤਾ ਜੀ ਨੂੰ ਲਗਾਤਾਰ ਮਾਲਕ ਦੇ ਭਰੋਸੇ ਵਿੱਚ ਵੇਖਿਆ ਹੈ । ਉਸ ਰਾਤ ਵੀ ਉਹ ਹੱਸ- ਹੱਸ ਕੇ ਗੱਲਾਂ ਕਰਦੇ ਰਹੇ । ਸਾਡੀ ਚਿੰਤਾ ਦੀ ਬਰਫ਼ ਨੂੰ ਪਿਘਲਾਉਂਦੇ ਰਹੇ । ਆਪਣੇ 'ਲਾਟ ਸਾਬ੍ਹ' ਦੀ ਕਹਾਣੀ ਸੁਣਾਉਂਦੇ ਰਹੇ । ਚੰਡੀਗੜ੍ਹ ਉਨ੍ਹਾਂ ਨੇ ਕਦੇ ਵੇਖਿਆ ਨਹੀਂ ਸੀ ਪਰ ਇਉਂ ਲਗਦਾ ਸੀ ਕਿ ਉਹ ਸ਼ਹਿਰ ਸਾਨੂੰ ਉਡੀਕ ਰਿਹਾ ਹੈ ।

ਸਵੇਰੇ ਉਠ ਕੇ ਅਸੀਂ ਬਟਾਲੇ ਜਾਣਾ ਸੀ । ਦਫ਼ਤਰੋਂ ਰਲੀਵ ਹੋਣ ਦੀ ਸਲਿਪ ਲੈਣੀ ਸੀ । ਅਪਰੈਲ ਮਹੀਨੇ ਦੀ ਤਨਖ਼ਾਹ ਵਸੂਲ ਕਰਨੀ ਸੀ । ਚਾਲੀ ਰੁਪਏ । ਉਸ ਵੇਲੇ ਬਾਬੂ ਦੀ ਤਨਖ਼ਾਹ ਤਾਂ ਸੌ ਰੁਪਏ ਮਹੀਨਾ ਸੀ । ਪਹਿਲੇ ਦੋ ਮਹੀਨੇ ਸਟਾਈਪੰਡ ਮਿਲਦਾ ਸੀ, ਚਾਲੀ ਰੁਪਏ ਦੇ ਹਿਸਾਬ ਨਾਲ । ਬਟਾਲੇ ਤੋਂ ਚੰਡੀਗੜ੍ਹ ਦਾ ਭਾੜਾ ਛੇ ਰੁਪਏ ਹੁੰਦਾ ਸੀ । ਗੁਰਦਾਸਪੁਰ ਦਾ ਸਿਵਲ ਸਰਜਨ ਅਤੇ ਆਪਟੀਸ਼ਨ (ਐਨਕਾਂ ਵਾਲਾ ਭਾਈ) ਯਾਦ ਆ ਰਹੇ ਸਨ । ਫੇਰ ਵਰਮਾਨੀ ਸਾਹਿਬ ਦਾ ਚਿਹਰਾ ਮੂਹਰੇ ਆ ਗਿਆ । ਪਿਤਾ ਜੀ ਲਾਟ- ਸਾਬ੍ਹ ਦਾ ਜ਼ਿਕਰ ਕਰ ਰਹੇ ਸਨ ।

ਦਰਅਸਲ ਮੇਰਾ ਨਿਯੁਕਤੀ ਪੱਤਰ ਪਿਤਾ ਜੀ ਨੇ ਬਾਬੇ ਬੰਦੂਕ ਵਾਲੇ ਨੂੰ ਵਿਖਾਇਆ ਸੀ । ਉਹ ਪਿੰਡ ਦਾ ਸਰਪੰਚ ਸੀ ਅਤੇ ਪਿੱਛੋਂ ਸਾਡੇ ਪਿੰਡ ਦਾ ਸੀ । ਸਾਡੇ ਨਾਲ ਹੀ ਪਨਾਹਗੀਰ ਬਣ ਕੇ ਆਇਆ ਸੀ । ਸਰਪੰਚ ਹੋਣ ਕਰਕੇ ਉਹਦਾ ਅਫ਼ਸਰਾਂ ਤੇ ਦਫ਼ਤਰਾਂ ਨਾਲ ਵਾਹ ਪੈਂਦਾ ਸੀ । ਉਹ ਚੰਡੀਗੜ੍ਹ ਵੀ ਜਾਂਦਾ ਰਹਿੰਦਾ ਸੀ । ਉਹਨੇ ਦੱਸਿਆ ਸੀ ਕਿ ਜਿਹੜੇ ਸਾਬ੍ਹ ਦੇ ਦਫ਼ਤਰ ਵਿੱਚ ਮੁੰਡੇ ਦੀ ਨੌਕਰੀ ਲੱਗੀ ਹੈ, ਉਹ ਤਾਂ ਤੁਹਾਡਾ ਜਮਾਤੀ ਹੈ, ਗਿਆਨ ਸਿੰਘ । ਗਿਆਨ ਸਿੰਘ ਕਾਹਲੋਂ, ਆਈ. ਸੀ. ਐਸ. ਉਦੋਂ ਫਾਈਨਾਂਸ਼ਲ ਕਮਿਸ਼ਨਰ ਰੈਵੇਨਿਊ ਸੀ । ਐੱਫ. ਸੀ. ਆਰ. । ਪਿਤਾ ਜੀ ਨੂੰ ਇਹ ਤਾਂ ਪਤਾ ਸੀ ਕਿ ਉਹ ਕੋਈ ਵੱਡਾ ਅਫ਼ਸਰ ਹੈ ਪਰ ਇਹ ਨਹੀਂ ਸੀ ਪਤਾ ਕਿ ਮੇਰੀ ਨੌਕਰੀ ਉਹਦੇ ਦਫ਼ਤਰ ਵਿੱਚ ਲੱਗੀ ਹੈ । ਪਿਤਾ ਜੀ ਦੱਸ ਰਹੇ ਸਨ ਕਿ ਗਿਆਨ ਸਿੰਘ ਹੁਰੀਂ ਤਿੰਨ ਭਰਾ ਹਨ । ਇਹ ਵਿਚਾਕਰਲਾ ਹੈ । ਵੱਡਾ ਸੰਪੂਰਨ ਸਿੰਘ ਹੈ ਤੇ ਛੋਟਾ ਮਿਤਰਮਾਨ ਸਿੰਘ । ਸੰਪੂਰਨ ਸਿੰਘ ਵੀ ਚੰਡੀਗੜ੍ਹ ਵਿੱਚ ਹੀ ਕਿਸੇ ਵੱਡੇ ਅਹੁਦੇ 'ਤੇ ਹੈ । ਮਿੱਤਰਮਾਨ ਗੁਰਦਾਸਪੁਰ ਰਹਿੰਦਾ ਹੈ, ਜਿੱਥੇ ਜ਼ਮੀਨ ਅਲਾਟ ਹੈ!... ਇਹ ਤਿੰਨੇ ਭਰਾ ਸਾਡੇ ਪਿੰਡ ਹੀ ਰਹਿੰਦੇ ਸਨ, ਰਸੀਂਹਵਾਲ ਆਪਣੀ ਮਾਮੀ ਕੋਲ । ਇਨ੍ਹਾਂ ਦਾ ਆਪਣਾ ਪਿੰਡ ਤਾਂ ਬੂੜਾ ਡੱਲਾ ਹੈ । ਇਨ੍ਹਾਂ ਦਾ ਪਿਤਾ ਹੈੱਡਮਾਸਟਰ ਸੀ, ਸ. ਦਲੀਪ ਸਿੰਘ ਕਾਹਲੋਂ । ਪਰ ਇਨ੍ਹਾਂ ਨੂੰ ਮਾਮੀ ਨੇ ਹੀ ਪਾਲਿਆ, ਪੜ੍ਹਾਇਆ, ਲਿਖਾਇਆ । ਮਾਮੀ ਤੇਜ ਕੌਰ ਬੜੀ ਭਲੀ ਔਰਤ ਹੈ । ਮੈਂ ਵੀ ਇਨ੍ਹਾਂ ਵਾਂਗ ਉਹਨੂੰ ਮਾਮੀ ਹੀ ਕਹਿੰਦਾ ਹਾਂ । ਆਹ ਖੋਖਰ ਪਿੰਡ ਐ ਨਾ, ਜਿੱਥੇ ਆਪਣੀ ਦੁਕਾਨ ਐ, ਫਤਿਹਗੜ੍ਹ ਚੂੜੀਆਂ ਲਾਗੇ...ਇਨ੍ਹਾਂ ਨੂੰ ਵੰਡ ਤੋਂ ਬਾਅਦ ਓਥੇ ਹੀ ਜ਼ਮੀਨ ਅਲਾਟ ਹੋਈ ਐ । ਮਾਮੀ ਤੇਜ ਕੌਰ ਦਾ ਸਹੁਰਾ ਕੇਸਰ ਸਿੰਘ ਲੰਬੜਦਾਰ ਬੜਾ ਜਬ੍ਹੇ ਵਾਲਾ ਆਦਮੀ ਸੀ । ਉਹਦੀ ਸਰਕਾਰੇ ਦਰਬਾਰੇ ਪੁੱਛ ਸੀ । ਗਿਆਨ ਸਿੰਘ ਨੂੰ ਉਹਨੇ ਲਾਹੌਰ ਪੜ੍ਹਨ ਭੇਜਿਆ । ਉਹਨੇ ਆਈ.ਸੀ.ਐੱਸ. ਦਾ ਇਮਤਿਹਾਨ ਪਾਸ ਕੀਤਾ ਤੇ ਡਿਪਟੀ ਕਮਿਸ਼ਨਰ ਬਣਿਆ । ਪਿਤਾ ਜੀ ਨੇ ਦੱ ਸਿਆ ਕਿ ਲੰਬੜਦਾਰ ਨਾਨਾ ਆਪਣੇ ਦੋਹਤੇ ਗਿਆਨ ਸਿੰਘ ਨੂੰ ਨਾਰੋਵਾਲ ਬੈਂਡਵਾਜਿਆਂ ਨਾਲ ਲੈ ਕੇ ਆਇਆ । ਸਾਰੇ ਇਲਾਕੇ ਵਿੱਚ ਧੁੰਮ ਮਚ ਗਈ । ਮਾਣ ਨਾਲ ਪਿੰਡ ਦਾ ਸਿਰ ਉੱਚਾ ਹੋ ਗਿਆ । ਗਿਆਨ ਮੇਰਾ ਜਮਾਤੀ ਐ । ਸੰਪੂਰਨ ਸਿੰਘ ਇਕ ਦੋ ਜਮਾਤਾਂ ਅੱਗੇ ਹੁੰਦਾ ਸੀ । ਅਸੀਂ ਇੱਕਠੇ ਖੇਡਦੇ ਰਹੇ ਹਾਂ । ਸ਼ਰਾਰਤਾਂ ਕਰਦੇ ਰਹੇ ਹਾਂ । ਮੇਰੀ ਤੇ ਸੰਪੂਰਨ ਸਿੰਘ ਦੀ ਵਾਹਵਾ ਬਣਦੀ ਸੀ । ਗਿਆਨ ਸਿੰਘ ਲੁਕ-ਲੁਕ ਕੇ ਪੜ੍ਹਦਾ ਹੁੰਦਾ ਸੀ । ਵੇਖੋ ਅੱਜ ਦੋਏਂ ਭਰਾ ਕਿੱਡੇ ਵੱਡੇ ਅਹੁਦੇ 'ਤੇ ਜਾ ਪਹੁੰਚੇ । ਮਾਲਕ ਦੀ ਮੌਜ ਵੇਖੋ, ਤੂੰ ਵੀ ਓਸੇ ਦਫ਼ਤਰ ਵਿੱਚ ਜਾ ਰਿਹੈਂ ।

ਬੜੀ ਹੈਰਾਨੀ ਹੋਈ ਕਿ ਪਿਤਾ ਜੀ ਦੇ ਜਮਾਤੀ ਏਡੇ ਵੱਡੇ ਅਹੁਦਿਆਂ ਉੱਤੇ ਬਿਰਾਜਮਾਨ ਹਨ । ਇਕ ਫਾਂਈਨਾਂਸ਼ਲ ਕਮਿਸ਼ਨਰ ਹੈ ਤੇ ਦੂਜਾ ਫਾਇਨਾਂਸ ਸੈਕਟਰੀ । ਮਾਮੀ ਉਨ੍ਹਾਂ ਦੀ ਸਾਡੇ ਘਰਾਂ ਕੋਲ ਰਹਿੰਦੀ ਹੈ । ਜਿਨ੍ਹਾਂ ਦੀਆਂ ਕਹਾਣੀਆਂ ਅੱਜ ਇਹ ਏਨੇ ਉਤਸ਼ਾਹ ਨਾਲ ਸੁਣਾ ਰਹੇ ਨੇ, ਕਦੇ ਉਨ੍ਹਾਂ ਨੂੰ ਮੇਰੀ ਨੌਕਰੀ ਲਈ ਕਿਉਂ ਨਹੀਂ ਸੀ ਕਿਹਾ? ਪਿਤਾ ਜੀ ਨੇ ਕਿਹਾ: ਗਿਆਨ ਸਿੰਘ ਕੋਲ ਨਹੀਂ ਜਾਣਾ ।

ਉਹਦੇ ਉਤੇ ਅੰਗਰੇਜ਼ੀ ਰੰਗ ਜਿਆਦਾ ਚੜ੍ਹਿਆ ਹੋਇਆ । ਸੰਪੂਰਨ ਸਿੰਘ ਕੋਲ ਜਾਵਾਂਗੇ । ਪਰ ਰਾਤ ਨਹੀਂ ਉਹਦੇ ਕੋਲ ਰਹਿਣਾ । ਰਾਤ ਦੁਰਗਾ ਦਾਸ ਕੋਲ ਰਹਾਂਗੇ ਤੇ ਸਵੇਰੇ ਸਵੇਰੇ, ਦਫ਼ਤਰ ਦੇ ਟਾਈਮ ਤੋਂ ਪਹਿਲਾਂ ਸੰਪੂਰਨ ਸਿੰਘ ਨੂੰ ਉਹਦੇ ਘਰ ਹੀ ਮਿਲਾਂਗੇ । ਦਫ਼ਤਰ 'ਚ ਬੰਦੇ ਨੂੰ ਲੱਭਣਾ ਔਖਾ ਹੁੰਦੈ ।... ਦੇਰ ਤਾਂ ਕਾਫ਼ੀ ਹੋ ਗਈ ਮਿਲਿਆਂ ਪਰ ਪਛਾਣ ਤਾਂ ਲਏਗਾ ਹੀ । ਆਪਾਂ ਕਿਹੜਾ ਨੌਕਰੀ ਲਈ ਵਗਾਰ ਪਾਉਣੀ ਐ । ਇਹੋ ਕਹਾਂਗੇ ਪਈ ਕਹਿ ਸੁਣ ਕੇ ਦਫ਼ਤਰ ਵਿਚ ਕੋਈ ਇਹੋ ਜਿਹੀ ਸੀਟ ਦਿਵਾ ਦਏ ਜਿੱਥੇ ਬਹੁਤਾ ਹੌਲਾ ਭਾਰਾ ਕੰਮ ਨਾ ਹੋਵੇ, ਬਹੁਤੀ ਜ਼ਿੰਮੇਵਾਰੀ ਨਾ ਹੋਵੇ । ਏਨਾ ਕੁ ਕੰਮ ਤਾਂ ਉਹ ਕਰ ਹੀ ਦਏਗਾ । ਇਹ ਕਿਹੜਾ ਉਹਦੇ ਲਈ ਔਖੈ!...

ਰਾਤ ਔਖੀ ਕੱਟੀ । ਪਰ ਕਟ ਗਈ । ਸਭ ਰਾਤਾਂ ਏਦਾਂ ਹੀ ਕਟ ਜਾਂਦੀਆਂ ਨੇ । ਮੂੰਹ ਹਨੇਰਾ ਹੀ ਸੀ ਕਿ ਘਰ ਵਿੱਚ ਸਰਗਰਮੀ ਸ਼ੁਰੂ ਹੋ ਗਈ । ਰਾਤੋ-ਰਾਤ ਸਭ ਕੁਝ ਸਹਿਜ ਹੋ ਗਿਆ ਸੀ । ਪਿੰਡ ਆਪਣੀ ਧੁਨ ਵਿਚ ਮਸਤ ਸੀ । ਮੈਂ ਪਿੰਡ ਤੋਂ ਦੂਰ ਜਾ ਰਿਹਾ ਸਾਂ । ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸਾਂ । ਸਫ਼ਰ ਸ਼ੁਰੂ ਹੋ ਰਿਹਾ ਸੀ ਪਰ ਮੈਂ ਨਿਸ਼ਚਿੰਤ ਸਾਂ । ਪਿਤਾ ਜੀ ਮੇਰੇ ਨਾਲ ਸਨ ।

••••••

29. ਰੋਟੀ ਦੇਈ ਜਾਂਦੈ ਕਰਤਾਰ

ਬੰਦੇ ਦੇ ਢਿੱਡ ਨਾ ਲੱਗਾ ਹੁੰਦਾ ਤਾਂ ਉਹ ਇਕ ਥਾਂ ਤੋਂ ਕਦੇ ਹਿੱਲਦਾ ਈ ਨਾ । ਇਹ ਦਾਣਾ-ਪਾਣੀ ਹੀ ਖਿੱਚੀ ਫਿਰਦਾ ਏ ਸਾਰਿਆਂ ਨੂੰ । ਸਿਆਣੇ ਇਹਨੂੰ ਅੰਨ-ਜਲ ਦੀ ਖੇਡ ਕਹਿੰਦੇ ਨੇ । ਬਹੁਤੇ ਤਾਂ ਸਾਰੀ ਉਮਰ ਪੇਟ ਦੀ ਅੱਗ ਬੁਝਾਉਣ 'ਚ ਈ ਰੁੱਝੇ ਰਹਿੰਦੇ ਨੇ । ਰੋਟੀ ਦਾ ਰੋਜ਼ੀ ਨਾਲ ਬੁਨਿਆਦੀ ਰਿਸ਼ਤਾ ਹੈ । ਰੋਜ਼ੀ ਦਾ ਬੁਨਿਆਦੀ ਮਕਸਦ ਹੀ ਰੋਟੀ ਹੈ । ਬੰਦਾ ਇੱਜ਼ਤ ਦੀ ਰੋਟੀ ਚਾਹੁੰਦਾ ਹੈ । ਇਸ ਮਨੋਰਥ ਦੀ ਪੂਰਤੀ ਲਈ ਉਹ ਪ੍ਰਦੇਸ ਗਾਹੁੰਦਾ ਹੈ । ਮੱਥਾ ਮਾਰਦਾ ਹੈ, ਪਸੀਨਾ ਵਹਾਉਂਦਾ ਹੈ ।

ਫਰੀਦਾ ਮੌਤੋਂ ਭੁੱਖ ਬੁਰੀ । ਰਾਤੀਂ ਸੁੱਤੋਂ ਖਾਇਕੇ, ਦਿਨ ਚੜ੍ਹਦੇ ਨੂੰ ਫੇਰ ਖੜ੍ਹੀ । ਜਦੋਂ ਤੱਕ ਸਰੀਰ ਹੈ, ਭੁੱਖ ਹੈ । ਭੁੱਖ ਦੀ ਅਪੂਰਤੀ ਹੀ ਸਭ ਤੋਂ ਵੱਡਾ ਦੁੱਖ ਹੈ । ਪੇਟ ਨਾ ਪਈਆਂ ਰੋਟੀਆਂ ਤੇ ਸੱਭੇ ਗੱਲਾਂ ਖੋਟੀਆਂ । ਭੁੱਖਾ ਆਦਮੀ ਕਰੇ ਵੀ ਕੀ? ਉਸ ਹਾਲਤ 'ਚ ਤਾਂ ਭਜਨ ਵੀ ਨਹੀਂ ਹੁੰਦਾ । ਮਾਲਾ ਵਗਾਹ ਮਾਰਨ ਨੂੰ ਦਿਲ ਕਰਦਾ ਹੈ । ਭੁੱਖ ਵਿੱਚ ਰੱਬ ਤੋਂ ਕੌਣ ਡਰਦਾ ਹੈ ।

ਟੱਬਰ ਦਾ ਕੋਈ ਜੀਅ ਜਦੋਂ ਘਰੋਂ ਬਾਹਰ ਜਾਂਦਾ ਏ ਤਾਂ ਘਰਦਿਆਂ ਨੂੰ ਸਭ ਤੋਂ ਵੱਧ ਫ਼ਿਕਰ ਉਹਦੀ ਰੋਟੀ ਦਾ ਹੁੰਦਾ ਹੈ । ਕੱਪੜੇ ਅਤੇ ਮਕਾਨ ਦਾ ਨੰਬਰ ਪਿੱਛੋਂ ਆਉਂਦਾ ਹੈ । ਅੰਬਰਸਰ ਦੀ ਦਿਵਾਲੀ ਤਾਂ ਭਾਵੇਂ ਕਿਸੇ ਕਿਸੇ ਨੇ ਵੇਖੀ ਹੋਏ, ਘਰ ਦੀ ਰੋਟੀ ਦਾ ਸਵਾਦ ਹਰ ਕੋਈ ਜਾਣਦਾ ਹੈ । ਇਸ ਸਵਾਦ ਨੂੰ ਪ੍ਰਦੇਸੀ ਵੀ ਭਾਲਦਾ ਹੈ । ਦਹੀਂ ਨਾਲ ਟੁੱਕ ਦੇਣ ਵਾਲੀ ਮਾਂ ਕਦੇ ਨਹੀਂ ਭੁੱਲਦੀ । ਬ੍ਰਹਮ ਦਾ ਸਭ ਤੋਂ ਨਿਕਟ ਤੇ ਪ੍ਰਗਟ ਸਰੂਪ ਅੰਨ ਹੈ । ਪਹਿਲਾਂ ਪੇਟ ਪੂਜਾ, ਫੇਰ ਕੰਮ ਦੂਜਾ ।

ਰੋਟੀ ਦਾ ਪ੍ਰਸੰਗ ਕੁਝ ਜ਼ਿਆਦਾ ਈ ਲਮਕ ਗਿਐ । ਖ਼ੈਰ, ਮੇਰੇ ਇਨ੍ਹਾਂ ਵਿਚਾਰਾਂ ਨਾਲ ਕਿਸੇ ਦਾ ਮਤਭੇਦ ਨਹੀਂ ਹੋ ਸਕਦਾ । ਉਮਰ ਅਤੇ ਅਨੁਭਵ ਵਧਣ ਦੇ ਨਾਲ ਨਾਲ ਇਸ ਤਰ੍ਹਾਂ ਦੇ ਵਿਚਾਰਾਂ ਵਿੱਚ ਵੀ ਵਾਧਾ ਹੋਈ ਜਾਂਦਾ ਹੈ । ਬੰਦਾ ਪਹਿਲਾਂ ਭੁੱਖਾਂ ਵਧਾਈ ਜਾਂਦਾ ਹੈ, ਫੇਰ ਉਨ੍ਹਾਂ ਦੀ ਅਪੂਰਤੀ ਦਾ ਰੋਣਾ ਰੋਈ ਜਾਂਦਾ ਹੈ ।...

ਮੇਰੇ ਪਿੰਡੋਂ ਤੁਰਨ ਵੇਲੇ ਵੀ ਘਰ ਨੂੰ ਇਹੋ ਚਿੰਤਾ ਸੀ । ਸਾਰੇ ਜੀਅ ਚਿੰਤਿਤ ਸਨ । ਪਰ ਚਿੰਤਾ ਤੋਂ ਬਿਨਾਂ ਉਹ ਹੋਰ ਕੁਝ ਕਰ ਵੀ ਨਹੀਂ ਸਨ ਸਕਦੇ । ਸਿਰਫ਼ ਮੈਨੂੰ ਵਿਦਾ ਕਰ ਸਕਦੇ ਸਨ । ਕਰ ਦਿੱਤਾ । ਵਿਦਾ ਕਰਨ ਵੇਲੇ ਭੈਣ-ਭਰਾਵਾਂ ਦੀਆਂ ਅੱਖਾਂ ਵਿੱਚ ਅਨੇਕ ਸਵਾਲ ਸਨ, ਮਾਂ ਦੀਆਂ ਨਜ਼ਰਾਂ ਅਸੀਸੀ ਅੱਥਰੂਆਂ ਨਾਲ ਨਿਹਾਲ ਸਨ । ਪਿਤਾ ਜੀ ਮੇਰੇ ਨਾਲ ਸਨ ।

•••

ਘਰ ਵਿੱਚ ਨਿਰੋਲ ਵੈਸ਼ਨੂੰ ਵਰਤਾਰਾ ਸੀ । ਮਾਸ, ਮੱਛੀ ਤੇ ਅੰਡਾ ਤਾਂ ਦੂਰ ਦੀ ਗੱਲ, ਲਸਣ ਵਰਤਣ ਦੀ ਵੀ ਮਨਾਹੀ ਸੀ । ਸਾਤਵਿਕ ਭੋਜਨ ਸਬੰਧੀ ਪ੍ਰਵਚਨ ਜਾਰੀ ਰਹਿੰਦਾ ਸੀ । ਕਿਸੇ ਸੰਤ, ਭਗਤ , ਸੂਫ਼ੀ ਜਾਂ ਗੁਰੂ ਦਾ ਕੋਈ ਨਾ ਕੋਈ ਮਹਾਂ ਵਾਕ ਸਦਾ ਸਾਡੇ ਕੰਨਾਂ ਦੇ ਆਸ-ਪਾਸ ਗੂੰਜਦਾ ਰਹਿੰਦਾ ਸੀ । ਭਾਈ ਲਾਲੋ ਵਾਲੀ ਕੋਧਰੇ ਦੀ ਰੋਟੀ, ਸੁਦਾਮੇ ਦੇ ਸੱਤੂ, ਬਿਦਰ ਦਾ ਸਾਗ ਅਤੇ ਭੀਲਣੀ ਦੇ ਬੇਰ...ਸਾਡੇ ਸੰਸਕਾਰਾਂ ਵਿੱਚ ਵੱਸ ਗਏ । ਜੂਠ ਅਤੇ ਝੂਠ ਤੋਂ ਦੂਰ ਰਹਿਣ ਦੇ ਸਬਕ ਸਾਡੀ ਬਾਲ-ਸੋਚ ਵਿਚ ਧਸ ਗਏ । ਯਾਦ ਆਉਂਦਾ ਹੈ ਜਦੋਂ ਮਿਡਲ ਦਾ ਡਿਸਟ੍ਰਿਕਟ ਬੋਰਡ ਦਾ ਇਮਤਿਹਾਨ ਦੇਣ ਲਈ ਅੱਠ-ਦਸ ਦਿਨ ਕਾਲਾ ਅਫ਼ਗਾਨਾ ਰਹਿਣਾ ਪਿਆ ਸੀ । ਸਕੂਲ ਵਾਲਿਆਂ ਨੇ ਸਾਡੀ ਸਹੂਲਤ ਲਈ ਇਹ ਇੰਤਜ਼ਾਮ ਕੀਤਾ ਸੀ । ਖਰਚੇ ਲਈ ਪੈਸੇ ਇੱਕਠੇ ਕਰ ਕੇ ਸ਼ਿਵ ਦਿਆਲ ਨੂੰ ਰੋਟੀ ਦਾ ਠੇਕਾ ਦਿੱਤਾ ਗਿਆ ਸੀ । ਸਵੇਰੇ ਉਹ ਸਾਨੂੰ ਖਿਚੜੀ ਦੇਂਦਾ ਸੀ, ਦਹੀਂ ਨਾਲ । ਖਿਚੜੀ ਉਹ ਤੜਕਾ ਲਾ ਕੇ ਬਣਾਉਂਦਾ ਸੀ । ਵਿੱਚ ਲਾਲ ਮਿਰਚ ਵੀ ਪਾਉਂਦਾ ਸੀ । ਮੈਨੂੰ ਤਿੱਖੀ ਲੱਗਦੀ ਸੀ ਪਰ ਮੈਂ ਖਿਚੜੀ ਦੀ ਮਿਕਦਾਰ ਘਟਾ ਕੇ ਤੇ ਦਹੀਂ ਦੀ ਮਾਤਰਾ ਵਧਾ ਕੇ ਸਾਰ ਲੈਂਦਾ । ਦੁਪਹਿਰ ਅਤੇ ਰਾਤ ਦਾ ਖਾਣਾ ਵੀ ਹੁੰਦਾ ਤਾਂ ਵੈਸ਼ਨੂੰ ਸੀ ਪਰ ਸਾਡੇ ਘਰ ਵਰਗਾ ਵੈਸ਼ਨੂੰ ਬਿਲਕੁਲ ਨਹੀਂ ਸੀ ਹੁੰਦਾ । ਮਸਾਲੇ ਤੇਜ਼ ਹੁੰਦੇ । ਸੁੱਚ ਦਾ ਖ਼ਿਆਲ ਬਿਲਕੁਲ ਨਹੀਂ ਸੀ ਰੱਖਿਆ ਜਾਂਦਾ । ਦਾਲ-ਸਬਜ਼ੀ ਨੂੰ ਜੂਠੇ ਹੱਥੀਂ ਚੱਖਿਆ ਜਾਂਦਾ ।...ਭੁੱਖ ਲੱਗਦੀ ਸੀ, ਰੋਟੀ ਨਾਲ ਔਖੇ-ਸੌਖੇ ਸਮਝੌਤਾ ਕਰ ਲਿਆ ਸੀ ਪਰ ਚਾਹ ਦਾ ਅਮਲ ਮੇਰੀ ਮਜਬੂਰੀ ਸੀ । ਸਵੇਰ ਵੇਲੇ ਚਾਹ ਜ਼ਰੂਰੀ ਸੀ । ਸ਼ਿਵ ਦਿਆਲ ਚਾਹ ਨਹੀਂ ਸੀ ਬਣਾਉਂਦਾ । ਬਹੁਤੇ ਬੱਚਿਆਂ ਨੂੰ ਲੋੜ ਵੀ ਨਹੀਂ ਸੀ । ਪਰ ਮੇਰੇ ਗਰਾਹੀ ਤਾਂ ਚਾਹ ਦੇ ਘੁੱਟ ਬਿਨਾਂ ਲੰਘਦੀ ਹੀ ਨਹੀਂ ਸੀ । ਚਾਹ ਤਾਂ ਸਾਡੇ ਚੌਂਕੇ ਦਾ ਨੇਮ ਬਣ ਚੁੱਕੀ ਸੀ । ਰੋਟੀ ਮਿੱਸੀ ਹੋਏ ਜਾਂ ਉਸ ਉਤੇ ਅਚਾਰ ਦੀ ਫਾੜੀ ਰੱਖੀ ਹੋਏ, ਚਾਹ ਨਾਲ ਸਭ ਕੁਝ ਸਵਾਦ ਲੱਗਦਾ ਸੀ । ਚਾਹ ਲਈ ਮੈਨੂੰ ਘਰੋਂ ਵੱਖਰੇ ਪੈਸੇ ਮਿਲੇ ਸਨ । ਜਿੱਥੇ ਸਾਡਾ ਡੇਰਾ ਸੀ, ਉਹਦੇ ਨੇੜੇ ਹੀ ਬੱਸਾਂ ਦਾ ਅੱਡਾ ਸੀ । ਓਥੇ ਤੜਕੇ ਈ ਭੱਠੀਆਂ ਭਖ ਜਾਂਦੀਆਂ ਸਨ । ਚਾਹ ਮਿਲਦੀ ਸੀ । ਮੈਂ ਪ੍ਰੀਖਿਆ ਕੇਂਦਰ ਵਿਚ ਜਾਣ ਤੋਂ ਪਹਿਲਾਂ ਉਥੇ ਗੇੜ੍ਹਾ ਮਾਰਦਾ । ਘਰ ਵਰਗੀ ਗੱਲ ਨਹੀਂ ਸੀ ਬਣਦੀ ਪਰ ਅਮਲ ਪੂਰਾ ਹੋ ਜਾਂਦਾ । ਦੋ ਦਿਨ ਇਹ ਸਿਲਸਿਲਾ ਠੀਕ ਚੱਲਿਆ । ਤੀਜੇ ਦਿਨ ਮੇਰਾ ਧਿਆਨ ਐਵੇਂ ਉਸ ਪਾਸੇ ਚਲਾ ਗਿਆ ਜਿੱਥੇ ਦੁਕਾਨਦਾਰ ਨੇ ਅੰਡਿਆਂ ਵਾਲਾ ਛਿੱਕਾ ਟੰਗਿਆ ਹੋਇਆ ਸੀ । ਅੱਧੀ ਚਾਹ ਵਿੱਚੇ ਛੁਟ ਗਈ । ਪੂਰੇ ਪੈਸੇ ਦੇ ਕੇ ਮੁੜ ਆਇਆ । ਜੀਅ ਮਤਲਾ ਰਿਹਾ ਸੀ । ਸਿਰ ਦੁਖ ਰਿਹਾ ਸੀ । ਓਦਣ ਵਾਲਾ ਪਰਚਾ ਦੁਖਦੇ ਸਿਰ ਨਾਲ ਦਿੱਤਾ । ਬਾਕੀ ਪਰਚਿਆਂ ਵੇਲੇ ਵੀ ਇਹੋ ਹਾਲ ਰਿਹਾ । ਆਂਡਿਆਂ ਵਾਲਾ ਛਿੱਕਾ ਮੇਰੇ ਨਾਲ ਨਾਲ ਰਿਹਾ ।

ਸਾਡੇ ਘਰ 'ਚ ਰਸੋਈ ਨਹੀਂ ਸੀ ਐਵੇਂ ਝਲਾਨੀ ਜਿਹੀ ਸੀ, ਜਿੱਥੇ ਕਦੇ ਮੀਂਹ ਕਣੀ ਵੇਲੇ ਹੀ ਵੜਿਆ ਜਾਂਦਾ । ਵਿਹੜੇ ਵਿੱਚ, ਬਾਹਰਲੇ ਬੂਹੇ ਨਾਲ ਲੱਗਦਾ, ਖੁੱਲ੍ਹੀ ਛੱਤ ਵਾਲਾ ਚੌਂਕਾ ਹੀ ਪ੍ਰਧਾਨ ਸੀ । ਉਸ ਦੀ ਕਿਆ ਆਲੌਕਿਕ ਸ਼ਾਨ ਸੀ । ਜੁੱਤੀ ਲਾਹ ਕੇ, ਹੱਥ ਪੈਰ ਧੋ ਕੇ ਚੌਂਕੇ ਵਿੱਚ ਜਾਇਆ ਜਾਂਦਾ । ਥਾਲੀ 'ਚੋਂ ਬਚੀ ਹੋਈ ਰੋਟੀ ਕੋਈ ਛਿੱਕੂ ਵਿੱਚ ਨਹੀਂ ਸੀ ਧਰਦਾ । ਰੋਟੀ ਖਾਂਦਾ ਕਦੇ ਕੋਈ ਗੱਲ ਨਹੀਂ ਸੀ ਕਰਦਾ ।

ਇਹ 'ਸੁੱਚ' ਸਾਡੇ ਦੁਆਲੇ ਕਈ ਪਰਤਾਂ ਵਿੱਚ ਮੌਜੂਦ ਸੀ । ਸਾਡੇ ਬਾਬਾ ਜੀ ਨਾਮਧਾਰੀ ਸਨ, ਕੂਕੇ । ਗੜਵਾ ਡੋਰੀ ਸਦਾ ਨਾਲ ਰੱਖਣ ਵਾਲੇ । ਜਿਨ੍ਹਾਂ ਬਾਰੇ ਲੋਕ ਚਿੜ ਕੇ ਕਹਿੰਦੇ ਆਏ ਨੇ :

ਕੂਕੇ ਬੇਸਲੂਕੇ
ਗੜਵਾ ਨਹੀਂ ਦੇਂਦੇ ਨ੍ਹਾਉਣ ਨੂੰ ।

ਤਨ, ਮਨ ਤੇ ਭੋਜਨ ਦੀ ਪਵਿੱਤਰਤਾ ਉਤੇ ਉਨ੍ਹਾਂ ਦਾ ਸਭ ਤੋਂ ਵੱਧ ਜ਼ੋਰ ਸੀ । ਇਹ ਜ਼ੋਰ ਸਭ ਤੋਂ ਵੱਧ ਸਾਡੀ ਮਾਂ 'ਤੇ ਚੱਲਿਆ । ਉਸ ਨੇ ਝੱਲਿਆ । ਇਸ ਮਰਿਆਦਾ ਨੂੰ ਦਿਲੋਂ ਆਪਣਾ ਲਿਆ । ਜ਼ਿੰਦਗੀ ਦਾ ਹਿੱਸਾ ਬਣਾ ਲਿਆ । ਵੰਡ ਵੇਲੇ ਸਭ ਕੁਝ ਗੁਆ ਕੇ ਵੀ ਇਸ ਮਰਿਆਦਾ ਨੂੰ ਬਚਾਇਆ । ਬਣਦਾ ਹਿੱਸਾ ਸਾਡੇ ਤੱਕ ਵੀ ਆਇਆ ।

ਪਿਤਾ ਜੀ ਪਹਿਲਾਂ ਕ੍ਰਿਸ਼ਨ ਭਗਤ ਸਨ ਫੇਰ ਰਾਧਾ ਸਵਾਮੀ ਹੋ ਗਏ । ਮਾਂ ਨੇ ਵੀ ਉਨ੍ਹਾਂ ਦੇ ਨਾਲ ਹੀ ਬਾਬਾ ਸਾਵਣ ਸਿੰਘ ਹੁਰਾਂ ਤੋਂ ਨਾਮ ਲੈ ਲਿਆ । ਸੁੱਚ ਦੀ ਇਕ ਪਰਤ ਹੋਰ ਚੜ੍ਹ ਗਈ । ਨਾਮਧਾਰੀਆਂ ਤੇ ਰਾਧਾ ਸਵਾਮੀਆਂ ਦੇ ਖਾਣ-ਪਾਨ ਇਸ਼ਨਾਨ ਬਾਰੇ ਸਿਧਾਂਤ ਇਕੋ ਜਿਹੇ ਨੇ, ਜਿਹੜੇ ਸਾਡੇ ਘਰ, ਕੜਕੀ ਦੇ ਦਿਨੀਂ ਵੀ ਸਖ਼ਤੀ ਨਾਲ ਲਾਗੂ ਰਹੇ ਨੇ । ਤਾਇਆ ਜੀ ਸਾਡੇ ਵੈਸ਼ਨਵ ਗੱਦੀ ਦੇ ਮਹੰਤ । ਪਿੰਡੋਰੀ ਧਾਮ ਵਿਖੇ ਵੈਸ਼ਨਵ ਪਰੰਪਰਾ ਦੇ ਅਚਾਰੀਆ । ਦੂਰ ਦੂਰ ਤੱਕ ਸ਼ੋਭਾ । ਸਾਨੂੂੰ ਉਸ ਕੁੱਲ 'ਚੋਂ ਹੋਣ ਦਾ ਮਾਣ । ਉਸ ਮਾਣ ਦੀ ਲਾਜ ਰੱਖਣਾ ਸਾਡਾ ਫਰਜ਼ । ਉਜਾੜੇ ਮਗਰੋਂ ਜਿੱਥੇ ਪਨਾਹ ਮਿਲੀ ਉਹ ਸੀ ਧਿਆਨਪੁਰ । ਇਹ ਵੀ ਅਧਿਆਤਮਕਤਾ ਦਾ ਕੇਂਦਰ । ਏਥੋਂ ਦੀ ਫਿਜ਼ਾ ਵਿੱਚ ਬਾਵਾ ਲਾਲ ਸਨ । ਹਾਂ, ਤੇ ਪਿਤਾ ਜੀ ਮੇਰੇ ਨਾਲ ਸਨ । ਯਾਦ ਆਇਆ ਕਿ ਪਿਤਾ ਜੀ ਸਿਰਫ਼ ਘਰ ਦੀ ਹੀ ਰੋਟੀ ਖਾਂਦੇ ਸਨ । ਜੇ ਕਦੇ ਬਾਹਰ ਅੰਦਰ ਵੀ ਜਾਂਦੇ ਤਾਂ ਪੂਰਾ ਪਰਹੇਜ਼ ਰੱਖਦੇ । ਜੇ ਮਜਬੂਰੀ ਵੱਸ ਕਿਧਰੇ ਰਾਤ ਰਹਿਣਾ ਵੀ ਪੈਂਦਾ ਤਾਂ ਬਹਾਨਾ ਲਾ ਕੇ ਫਾਕਾ ਕੱਟਦੇ ਜਾਂ ਫਿਰ ਸੁੱਕੀ ਰਸਦ ਲੈ ਕੇ ਖ਼ੁਦ ਭੋਜਨ ਤਿਆਰ ਕਰਦੇ । ਇਕ ਵਾਰੀ ਮੇਰੇ ਨਾਲ ਉਨ੍ਹਾਂ ਅੰਮ੍ਰਿਤਸਰ ਜਾਣਾ ਸੀ, ਹਸਪਤਾਲ । ਆਪਣੇ ਲਈ ਨਹੀਂ, ਮੇਰੇ ਲਈ । ਸਵੱਖਤੇ ਪਹੁੰਚਣਾ ਸੀ । ਰਾਤ ਫਤਹਿਗੜ੍ਹ ਚੂੜੀਆਂ ਰਹੇ ਕਿਸੇ ਵਾਕਫ਼ ਕੋਲ । ਉਥੋਂ ਗੱਡੀ ਚੜ੍ਹਨਾ ਸੀ ।

ਰਾਤ ਦੀ ਰੋਟੀ ਆਈ । ਪਿਤਾ ਜੀ ਨੇ ਪੇਟ ਵਿੱਚ ਖਰਾਬੀ ਦਾ ਬਹਾਨਾ ਲਾ ਕੇ ਥਾਲੀ ਵਾਪਸ ਕਰ ਦਿੱਤੀ । ਮੇਰੇ ਸਾਹਮਣੇ ਪਈ ਥਾਲੀ ਵਿੱਚ ਦਾਲ ਦੀ ਕੌਲੀ ਸੀ ਜਿਸ ਵਿੱਚ ਲਸਣ ਦੀਆਂ ਤੁਰੀਆਂ ਸ਼ਰੇਆਮ ਤੁਰਫਿਰ ਰਹੀਆਂ ਸਨ । ਮੈਂ ਸ਼ਸ਼ੋਪੰਜ ਵਿਚ ਸਾਂ । ਸ਼ਿਵ ਦਿਆਲ ਦੇ ਤੜਕੇ ਵਿਚੋਂ ਤਾਂ ਤੁਰੀਆਂ ਨਜ਼ਰ ਨਹੀਂ ਸਨ ਆਉਂਦੀਆਂ । ਮੈਨੂੰ ਲਸਣ ਦੇ ਸਵਾਦ ਦਾ ਵੀ ਨਹੀਂ ਸੀ ਪਤਾ । ਪਰ ਹੁਣ ਤਾਂ ਸਭ ਕੁਝ ਸਾਹਮਣੇ ਵਿਖਾਈ ਦੇ ਰਿਹਾ ਸੀ । ਪਿਤਾ ਜੀ ਵੀ ਮੇਰੀ ਹਾਲਤ ਵੇਖ ਰਹੇ ਸਨ । ਉਹ ਥੋੜ੍ਹਾ ਜਿਹਾ ਮੁਸਕਰਾਏ ਤੇ ਪਿਆਰ ਨਾਲ ਮੇਰੇ ਮੋਢੇ ਨੂੰ ਦਬਾ ਕੇ ਕਿਹਾ, ''ਖਾ ਲੈ ਬੇਟਾ, ਵਾਈ ਨਾਸ਼ਕ ਹੁੰਦੈ ।"

•••

ਉਹ ਆਪ ਤਾਂ ਆਖ਼ਰੀ ਸਾਹ ਤੱਕ ਮਰਿਆਦਾ ਨਿਭਾਉਂਦੇ ਰਹੇ ਪਰ ਸਾਡੇ ਤੋਂ ਹੌਲੀ-ਹੌਲੀ, ਪਾਬੰਦੀਆਂ ਹਟਾਉਂਦੇ ਰਹੇ । 'ਤਵ ਪ੍ਰਸਾਦ, ਭਰਮ ਕਾ ਨਾਸ' ਆਖ ਕੇ ਭੁੱਖ ਮਿਟਾਉਣ ਦੀ ਜੁਗਤ ਸਮਝਾਉਂਦੇ ਰਹੇ । ਜੀਭ ਦੀ ਅੱਯਾਸ਼ੀ ਲਈ ਨਹੀਂ ਪਰ ਸੰਕਟ ਸਮੇਂ ਪ੍ਰਾਣਾਂ ਦੀ ਰੱਖਿਆ ਲਈ, ਅਪਵਾਦ ਵਜੋਂ, ਮਰਿਆਦਾ ਨੂੰ ਤੋੜਨਾ ਜਾਇਜ਼ ਹੈ ।...ਸਫਰ ਵਿੱਚ ਇਸ ਤਰ੍ਹਾਂ ਦੇ ਕਈ ਨੁਕਤੇ ਉਠਾਉਂਦੇ ਰਹੇ । ਸੰਤਾਂ ਮਹਾਂਪੁਰਖਾਂ ਦੇ ਜੀਵਨ 'ਚੋਂ ਅਨੇਕ ਪ੍ਰਸੰਗ ਸੁਣਾਉਂਦੇ ਰਹੇ । ਦਰਅਸਲ ਉਹ ਮੇਰੇ ਆਉਣ ਵਾਲੇ ਹਾਲਾਤ ਨੂੰ ਯਾਦ ਕਰ ਰਹੇ ਸਨ । ਇਸ਼ਾਰਤਨ ਮੈਨੂੰ ਪਾਬੰਦੀਆਂ ਦੀਆਂ ਤਹਿਆਂ ਤੋਂ ਸਹਿਜ ਭਾਅ ਆਜ਼ਾਦ ਕਰ ਰਹੇ ਸਨ ।

ਉਨ੍ਹਾਂ ਨੂੰ ਤਾਂ, ਮੈਨੂੰ ਚੰਡੀਗੜ੍ਹ ਛੱਡ ਕੇ, ਵਾਪਸ ਜਾਣਾ ਪੈਣਾ ਸੀ । ਮੈਂ ਤਾਂ ਪਿੱਛੋਂ ਓਥੇ ਇੱਕਲਿਆਂ ਹੀ ਰਹਿਣਾ ਸੀ । ਉਨ੍ਹਾਂ ਵਾਂਗ ਰੋਟੀ ਬਣਾਉਣੀ ਤਾਂ ਕੀ ਮੈਨੂੰ ਅਜੇ ਸਟੋਵ ਬਾਲਣਾ ਵੀ ਨਹੀਂ ਸੀ ਆਉਂਦਾ । ਉਹ ਮੈਨੂੰ ਸਭ ਕੁਝ ਸਿੱਖਣ ਦੀ ਸਲਾਹ ਦੇ ਰਹੇ ਸਨ । ਕਰਨ ਨਾਲ ਸਭ ਕੁਝ ਆ ਜਾਂਦਾ ਹੈ । ਆਪਣੀ ਬਣਾਈ ਰੋਟੀ ਦਾ ਸਵਾਦ ਹੀ ਅਲਹਿਦਾ ਹੁੰਦੈ । ਆਟਾ ਗੁੰਨ੍ਹਣਾ ਆ ਗਿਆ ਤਾਂ ਸਮਝੋ ਸਭ ਕੁਝ ਆ ਗਿਆ । ਫੇਰ ਉਨ੍ਹਾਂ ਵੇਰਵੇ ਨਾਲ ਕਿੱਸਾ ਸੁਣਾਇਆ ਕਿ ਪਹਿਲੀ ਵਾਰੀ ਦੋ ਕੁ ਮੁੱਠਾਂ ਆਟਾ ਗੁੰਨ੍ਹਣ ਲੱਗਿਆ ਕਿਵੇਂ ਪਰਾਤ ਭਰ ਗਈ ਸੀ । ਪਤਲੇ ਨੂੰ ਸੰਘਣਾ ਕਰਦਿਆਂ ਬੁਰਾ ਹਾਲ ਹੋ ਗਿਆ । ਇਕ ਵਾਰੀ ਆਟਾ ਗੁੱਝ ਗਿਆ ਤਾਂ ਕਮਾਲ ਹੋ ਗਿਆ ।... ਮੈਂ ਸਭ ਕੁਝ ਸੁਣ ਵੀ ਰਿਹਾ ਸਾਂ ਤੇ ਖ਼ਿਆਲਾਂ ਵਿਚ ਦਾਲ ਰੋਟੀ ਦਾ ਤਾਣਾ-ਬਾਣਾ ਬੁਣ ਵੀ ਰਿਹਾ ਸਾਂ । ਘਰੋਂ ਮਾਮੂਲੀ ਜਿਹਾ ਸਾਮਾਨ ਲੈ ਕੇ ਆਏ ਸਾਂ । ਗਰਮੀਆਂ ਵਾਲਾ ਬਿਤਸਰਾ ਤੇ ਦੋ ਤਿੰਨ ਜੋੜੇ ਕੱਪੜੇ । ਦੁਪਹਿਰ ਲਈ ਮੂਲੀਆਂ ਵਾਲੇ ਪਰਾਉਂਠੇ ਸਨ, ਜਿਨ੍ਹਾਂ ਨਾਲ ਲੁਧਿਆਣੇ ਉਤਰ ਕੇ ਢਿੱਡ ਭਰਨਾ ਸੀ । ਬਾਕੀ ਸਾਰਾ ਪ੍ਰਬੰਧ ਤਾਂ ਥਾਂ ਸਿਰੇ ਪਹੁੰਚ ਕੇ ਕਰਨਾ ਸੀ ।

•••

ਥਾਂ ਸਿਰ ਪਹੁੰਚ ਕੇ ਸੂਹ ਮਿਲੀ ਕਿ ਸਤਾਈ ਸੈਕਟਰ ਨਗਲਾ ਬੱਸ ਸਟੈਂਡ ਲਾਗੇ ਆਪਣੇ ਪਿੰਡ ਦਾ ਕਰਤਾਰ ਚੰਦ, ਟੱਬਰ ਸਣੇ ਰਹਿੰਦਾ ਹੈ । ਉਹ ਨੂੰ ਮਿਲ ਕੇ ਕੋਈ ਸਸਤਾ ਜਿਹਾ ਕਮਰਾ ਲੱਭਿਆ ਜਾਏ । ਸਿਰ- ਲੁਕਾਈ ਪਿੱਛੋਂ ਅਗਲਾ ਪ੍ਰੋਰਗਰਾਮ ਉਲੀਕਿਆ ਜਾਵੇ । ਜਾ ਕੇ ਪਤਾ ਲੱਗਾ ਕਿ ਜਿਸ ਮਕਾਨ 'ਚ ਉਹ ਕਿਰਾਏ 'ਤੇ ਰਹਿੰਦਾ ਹੈ, ਉਸ ਦੀਆਂ ਤਿੰਨ ਮੰਜ਼ਿਲਾਂ ਵਿਚ ਜਿੰਨੇ ਕਮਰੇ ਹਨ ਓਨੇ ਹੀ ਕਿਰਾਏਦਾਰ ਹਨ, ਟੱਬਰਾਂ ਸਮੇਤ । ਸਿਰਫ਼ ਇਕ ਰਸੋਈ ਖ਼ਾਲੀ ਹੈ । ਅੱਜ ਹੀ ਖ਼ਾਲੀ ਹੋਈ ਹੈ । ਮਿਲ ਸਕਦੀ ਹੈ,ਦਸ ਰੁਪਏ ਮਹੀਨੇ 'ਤੇ । ਕੱਲ੍ਹ ਤੱਕ ਇਹ ਵੀ ਨਹੀਂ ਲੱਭਣੀ । ਇਕ ਮੰਜੀ ਤੇ ਇਕ ਛੋਟੇ ਮੇਜ਼ ਜੋਗੀ ਥਾਂ । ਇਕ ਆਰ-ਪਾਰ ਜਾਲੀਦਾਰ ਤਾਕੀ । ਸੋਚਿਆ, ਹਾਲ ਦੀ ਘੜੀ ਇਹੋ ਠੀਕ ਹੈ । ਐਡਵਾਂਸ ਕਿਰਾਇਆ ਦਿੱਤਾ । ਬਿਜਵਾੜੇ ਤੋਂ ਵਾਣ ਵਾਲੀ ਮੰਜੀ ਲਿਆਂਦੀ । ਬਣ ਗਏ ਕਿਰਾਏਦਾਰ । ਅਗਲੇ ਦਿਨ ਮੈਨੂੰ ਡਿਊਟੀ ਤੇ ਹਾਜ਼ਰ ਹੋਣ ਲਈ ਲੋਕਲ ਬੱਸ 'ਤੇ ਚੜ੍ਹਾ ਕੇ ਪਿਤਾ ਜੀ ਵਾਪਸ ਪਰਤ ਗਏ । ਗੱਲ ਇਉਂ ਹੋਈ ਕਿ ਟਾਈਮ ਸਿਰ ਕਮਰਾ ਮਿਲ ਜਾਣ ਕਰਕੇ ਅਸੀਂ ਉਸੇ ਸ਼ਾਮ ਨੂੰ ਹੀ ਸ. ਸੰਪੂਰਨ ਸਿੰਘ ਕਾਹਲੋਂ ਦੀ ਸੋਲਾਂ ਸੈਕਟਰ ਵਾਲੀ ਸਰਕਾਰੀ ਕੋਠੀ 'ਚ ਚਲੇ ਗਏ ਸਾਂ । ਉਹ ਘਰ ਹੀ ਸੀ । ਪਿਤਾ ਜੀ ਨਾਲ ਘੁਲ-ਮਿਲ ਗੱਲਾਂ ਕਰਦਾ ਰਿਹਾ । ਏਧਰ-ਉਧਰ ਦੀ ਸੁੱਖ-ਸਾਂਦ ਪਿੱਛੋਂ ਜਦੋਂ ਕੰਮ ਦੀ ਗੱਲ ਹੋਈ ਤਾਂ ਉਹਨੇ ਨਿਯੁਕਤੀ ਪੱਤਰ ਵਿਖਾਉਣ ਲਈ ਕਿਹਾ । ਵੇਖ ਕੇ ਕਹਿਣ ਲੱਗਾ, ''ਹੂੰ... ਇਹ ਤਾਂ ਕੁਲਦੀਪ ਸਿੰਘ ਢਿੱਲੋਂ ਦੇ ਦਸਤਖ਼ਤ ਨੇ । ਉਹ ਅਸਿਸਟੈਂਟ ਸੈਕਟਰੀ ਐ । ਉਹਦੇ ਦਫ਼ਤਰ ਵਿਚ ਤਾਂ ਟੈਲੀਫ਼ੌਨ ਵੀ ਹੈ ਨਹੀਂ । ਗੱਲ ਕਿਵੇਂ ਕਰਾਂ? ਬਸ ਏਨੀ ਗੱਲ ਹੋਈ ਤੇ ਅਸੀਂ ਮੁੜ ਕਰਤਾਰ ਕੋਲ ਆ ਗਏ ਸਾਂ । ਕਰਤਾਰ ਨੇ ਤੰਦੂਰ ਲਾਇਆ ਹੋਇਆ ਸੀ । ਲੋਕ ਆਟਾ ਗੁੰਨ ਕੇ ਲੈ ਆਉਂਦੇ ਉਹ ਪਕਾ ਕੇ ਪੇੜਿਆਂ ਦੇ ਹਿਸਾਬ ਨਾਲ ਪੈਸੇ ਲੈ ਲੈਂਦਾ ਸੀ । ਇਕ ਵੱਡਾ ਪਤੀਲਾ ਦਾਲ ਦਾ ਬਣਾ ਛੱਡਦਾ । ਲੋੜਵੰਦ ਲਈ ਜਾਂਦੇ । ਸ਼ਾਮ ਨੂੰ ਤੰਦੂਰ ਢਾਬਾ ਬਣ ਜਾਂਦਾ । ਅੰਬਾਂ ਦੇ ਝੁੰਡ ਹੇਠ ਲੋਕ ਅਰਧ ਗੋਲਾ ਜਿਹਾ ਬਣਾ ਕੇ ਆਪਣੀ ਵਾਰੀ ਉਡੀਕਦੇ ਰਹਿੰਦੇ । ਸ਼ਾਮ ਨੂੰ ਦਾਲ ਤੋਂ ਇਲਾਵਾ ਇਕ ਸਬਜ਼ੀ ਬਣਦੀ । ਮੀਟ ਵੀ ਬਣਦਾ । ਗੈਸ ਬਾਲ ਕੇ ਦਰਖ਼ਤ ਦੀ ਟਾਹਣੀ ਨਾਲ ਟੰਗਿਆ ਹੁੰਦਾ ।

ਕਰਤਾਰ ਦੀ ਘਰ ਵਾਲੀ ਕੁਸ਼ੱਲਿਆ ਆਟਾ ਗੁੰਨ੍ਹਦੀ । ਦਾਲ ਸਬਜ਼ੀ ਬਣਾਉਂਦੀ । ਭਾਂਡੇ ਧੋਂਦੀ । ਕਰਤਾਰ ਚੌਕੜੀ ਮਾਰ ਕੇ, ਤਪੇ ਹੋਏ ਤੰਦੂਰ ਵਿਚ, ਪੇੜੇ ਚੰਡ ਚੰਡ ਰੋਟੀਆਂ ਲਾਈ ਜਾਂਦਾ । ਲੋਹੇ ਦੀਆਂ ਸੀਖਾਂ ਨਾਲ ਕੱਢ ਕੱਢ ਚੰਗੇਰ ਵਿਚ ਧਰੀ ਜਾਂਦਾ । ਤੰਦੂਰ ਦੇ ਸੇਕ ਨਾਲ ਲਾਲ ਹੋਇਆ ਕਰਤਾਰ ਦਾ ਚਿਹਰਾ ਗੱਲਾਂ ਕਰੀ ਜਾਂਦਾ, ਕਦੇ ਹੱਸੀ ਜਾਂਦਾ । ਗਾਹਕਾਂ ਨੂੰ ਫੁਲਕੇ ਪੁੱਛੀ ਜਾਂਦਾ, ਪੈਸੇ ਦੱਸੀ ਜਾਂਦਾ । ਨਕਦ ਦੇਣ ਵਾਲੇ ਫੜਾਈ ਜਾਂਦੇ । ਉਧਾਰ ਵਾਲੇ ਉਹਦੇ ਲਾਗੇ ਪਈ ਕਾਪੀ 'ਤੇ ਲਿਖੀ ਜਾਂਦੇ । ਮੇਰੇ ਲਈ ਨਾਸ਼ਤਾ ਸਵੇਰੇ ਉਹ ਘਰੇ ਬਣਾਉਂਦੇ । ਆਪਣੇ ਨਾਲ ਬਿਠਾ ਕੇ ਖਵਾਉਂਦੇ । ਦੁਪਹਿਰ ਲਈ ਦੋ ਪਰਾਉਂਠੀਆਂ ਨਾਲ ਦੇ ਦੇਂਦੇ । ਸ਼ਾਮ ਦੀ ਰੋਟੀ ਮੈਂ ਤੰਦੂਰ 'ਤੇ ਖਾਂਦਾ ਸੀ ਪਰ ਮੇਰੀ ਦਾਲ ਸਬਜ਼ੀ ਉਨ੍ਹਾਂ ਨੇ ਪਹਿਲਾਂ ਹੀ ਵੱਖਰੀ ਕੱਢ ਕੇ ਢੱਕੀ ਹੁੰਦੀ ਸੀ । ਸ਼ਾਮ ਨੂੰ ਤਾਂ ਮੇਰੇ ਨਾਲ ਆਇਆ ਕੋਈ ਦੋਸਤ ਮਿੱਤਰ ਵੀ ਰੋਟੀ ਓਥੇ ਹੀ ਖਾਂਦਾ ਸੀ । ਮੇਰੇ ਕੋਲੋਂ ਲੈਂਦੇ ਸਨ ਉਹ ਅਠਾਰਾਂ ਰੁਪਏ ਮਹੀਨਾ ।

ਪਿੰਡੋਂ ਜਦੋਂ ਵੀ ਖ਼ਤ ਆਉਂਦਾ, ਰੋਟੀ ਬਾਰੇ ਪੁੱਛਿਆ ਹੁੰਦਾ । ਇਕ ਖ਼ਤ ਦੇ ਜਵਾਬ ਵਿਚ ਮੈਂ ਲਿਖਿਆ, ''ਫਿਕਰ ਕਰਨ ਦੀ ਕੋਈ ਲੋੜ ਨਹੀਂ । ਰੋਟੀ ਦੇਈ ਜਾਂਦੈ ਕਰਤਾਰ!'' ਇਹ ਜੁਮਲਾ ਕਰਤਾਰੀ ਸਿੱਧ ਹੋਇਆ ।

••••••

30. ਨਹਿਰੂ ਕੈਰੋਂ ਦਾ ਜ਼ਮਾਨਾ

ਮੈਂ ਉੱਨੀ ਵਰ੍ਹਿਆਂ ਦਾ ਸਾਂ ਜਦੋਂ ਚੰਡੀਗੜ੍ਹ ਆਇਆ । ਇਹ ਸ਼ਹਿਰ ਉਦੋਂ ਬਚਪਨ ਵਿਚ ਸੀ । ਰਿੜ੍ਹ ਰਿਹਾ ਸੀ । ਤੁਰਨਾ ਸਿੱਖ ਰਿਹਾ ਸੀ । ਦੰਦੀਆਂ ਕੱਢ ਰਿਹਾ ਸੀ । ਬਹੁਤ ਸਾਰੇ ਪਿੰਡਾਂ ਨੂੰ ਪੱਧਰਾ ਕਰ ਕੇ ਵਲੈਤੀ ਨਕਸ਼ਾ ਵਾਹਿਆ ਜਾ ਰਿਹਾ ਸੀ । ਪੁਰਾਣੇ ਲੋਕਾਂ ਲਈ ਨਵੀਂ ਤਰਜ਼ ਦਾ ਨਗਰ ਵਸਾਇਆ ਜਾ ਰਿਹਾ ਸੀ । ਦਫ਼ਤਰ ਆਪਣਾ ਸੀ, ਸ਼ਹਿਰ ਬਿਗਾਨਾ ਸੀ । ਇਹ ਨਹਿਰੂ ਤੇ ਕੈਰੋਂ ਦਾ ਜ਼ਮਾਨਾ ਸੀ ।

ਦਫ਼ਤਰ ਵਿਚ ਮੈਨੂੰ ਕਾਪੀ ਬਰਾਂਚ ਵਿਚ ਬਿਠਾਇਆ ਗਿਆ । ਟਾਈਪ ਦੇ ਕੰਮ 'ਤੇ ਲਾਇਆ ਗਿਆ । ਚਾਰੇ ਪਾਸੇ ਟਿਕ ਟਿਕ ਟਿਪ ਟਿਪ । ਮਸ਼ੀਨਾਂ ਦੀ ਖੜ-ਖੜ ਵਰਕਸ਼ਾਪ ਦਾ ਭੁਲੇਖਾ ਪਾਉਂਦੀ । ਆਪੋ ਆਪਣੀ ਪਸੰਦ ਦੀ ਟਾਈਪ-ਰਾਈਟਰ, ਕਿਸੇ ਕੋਲ ਰਮਿੰਗਟਨ ਕਿਸੇ ਕੋਲ ਹਾਲਡਾ । ਰਮਿੰਗਟਨ ਭਾਰੀ ਸੀ, ਹਾਲਡਾ ਹੌਲੀ । ਪਸੰਦ ਦੀ ਲਹਿਰ 'ਚ ਵਹਿਣ ਵਾਲਿਆਂ 'ਚੋਂ ਭਾਰੀ ਹੌਲੀ ਕੀਹਨੇ ਗੌਲੀ! ਟਾਈਪ ਵੀ ਕਰੀ ਜਾਂਦੇ । ਗੱਲਾਂ ਵੀ ਕਰੀ ਜਾਂਦੇ । ਜਿਵੇਂ ਉਂਗਲਾਂ ਨੂੰ ਅੱਖੀਆਂ ਲੱਗੀਆਂ ਹੋਣ । ਜਿਵੇਂ ਕੁਸ਼ਲ ਕਾਰੀਗਰ ਅੱਖਾਂ ਬੰਦ ਕਰ ਕੇ ਹਨੇਰੇ ਵਿਚ ਵੀ ਮੋਤੀ ਪਰੋਣ । ਮੈਂ ਗੁਆਚਾ ਗੁਆਚਾ, ਡੌਰ-ਭੌਰ ਜਿਹਾ ਆਪਣੀ ਹਾਜ਼ਰੀ ਰਿਪੋਰਟ ਲਿਖ ਰਿਹਾ ਸੀ । ਪਹਿਲੇ ਕੁਝ ਦਿਨ ਐਵੇਂ ਮਾਹੌਲ ਤੋਂ ਵਾਕਫ਼ ਹੋ ਰਿਹਾ ਸੀ, ਸਿਰਫ਼ ਬਹਿਣਾ ਖਲੋਣਾ ਸਿੱਖ ਰਿਹਾ ਸੀ ।

ਟਾਈਪ ਦੇ ਕੰਮ ਨੂੰ ਭਾਰਾ ਸਮਝਿਆ ਜਾਂਦਾ ਸੀ ਅਤੇ ਅਫ਼ਵਾਹ ਸੀ ਕਿ ਇਸ ਬਰਾਂਚ ਵਿਚ ਜ਼ਿਆਦਾ ਦੇਰ ਕੰਮ ਕਰਨ ਵਾਲਿਆਂ ਦੇ ਫੇਫੜੇ ਖਰਾਬ ਹੋ ਜਾਂਦੇ ਨੇ । ਉਹ ਟੀ.ਬੀ. ਦਾ ਸ਼ਿਕਾਰ ਹੋ ਜਾਂਦੇ ਨੇ । ਸੱਚਾਈ ਪਤਾ ਨਹੀਂ ਕੀ ਹੈ ਪਰ ਮੈਂ ਵੇਖਿਆ ਕਿ ਉਥੇ ਕੋਟਾ ਸਿਸਟਮ ਚੱਲਦਾ ਸੀ ਤੇ ਲੋਕ ਸ਼ਿਫਟਾਂ 'ਤੇ ਆਉਂਦੇ ਸਨ । ਰਵਾਇਤ ਇਹ ਸੀ ਕਿ ਦਫ਼ਤਰ ਦੀਆਂ ਸਾਰੀਆਂ ਬਰਾਂਚਾਂ 'ਚੋਂ ਟਾਈਪ ਦੇ ਕੰਮ ਵਾਲੇ ਕੇਸ ਡਿਸਟਰੀਬਿਊਟਰ ਦੀ ਮੇਜ਼ 'ਤੇ ਇੱਕਠੇ ਹੋ ਜਾਦੇ । ਉਹ ਅੱਗੋਂ ਹਿੱਸੇ ਆਉਂਦੇ ਕੇਸ ਸਭ ਨੂੰ ਅਲਾਟ ਕਰੀ ਜਾਂਦਾ । ਵੱਧ ਤੋਂ ਵੱਧ ਕੋਟਾ ਸਾਢੇ ਸਤਾਈ ਪੰਨਿਆਂ ਦਾ ਸੀ । ਸਵੇਰ ਦੀ ਸ਼ਿਫਟ ਵਾਲਿਆਂ ਨੂੰ ਕੋਟਾ ਸ਼ਾਮ ਨੂੰ ਹੀ ਅਲਾਟ ਕਰ ਕੇ ਉਨ੍ਹਾਂ ਦੀਆਂ ਸੀਟਾਂ 'ਤੇ ਰੱਖ ਦਿੱਤਾ ਜਾਂਦਾ । ਉਹ ਸਵੇਰੇ ਛੇ ਸਾਢੇ ਛੇ ਵਜੇ ਆ ਕੇ ਜੁਟ ਜਾਂਦੇ ਅਤੇ ਜਦੋਂ ਨੌਂ ਵਜੇ ਆਮ ਮੁਲਾਜ਼ਮ ਦਫ਼ਤਰ ਆ ਕੇ ਆਪਣੇ ਸਾਈਕਲ ਸਟੈਂਡ 'ਤੇ ਖੜ੍ਹੇ ਕਰ ਰਹੇ ਹੁੰਦੇ, ਸ਼ਿਫਟ ਵਾਲੇ ਸੱਜਣ ਸੁਰਖ਼ਰੂ ਹੋ ਕੇ ਵਾਪਸ ਘਰਾਂ ਨੂੰ ਜਾ ਰਹੇ ਹੁੰਦੇ । ਸ਼ਾਮ ਦੀ ਸ਼ਿਫਟ ਵਾਲੇ ਵੀ ਲੰਚ ਤੋਂ ਬਾਅਦ ਦੋ ਵਜੇ ਆਉਂਦੇ ਤੇ ਬਾਕੀਆਂ ਦੇ ਨਾਲ ਹੀ ਪੰਜ ਵਜੇ ਵਾਪਸੀ ਚਾਲੇ ਪਾਉਂਦੇ । ਇੰਜ ਕਾਪੀ ਬਰਾਂਚ ਵਾਲਿਆਂ ਕੋਲ ਵਿਹਲ ਬਾਕੀਆਂ ਨਾਲੋਂ ਵੱਧ ਸੀ ।

ਮੈਨੂੰ ਇਹ ਵਿਹਲ ਖੂਬ ਰਾਸ ਆਈ । ਦਫ਼ਤਰ ਦੇਰ ਨਾਲ ਜਾਂਦਾ, ਜਾਂ ਫਿਰ ਜਲਦੀ ਆ ਜਾਂਦਾ । ਰੋਟੀ ਦੀ ਚਿੰਤਾ ਨਹੀਂ ਸੀ, ਕਰਤਾਰ ਦੇਈ ਜਾਂਦਾ ਸੀ । ਹੋਰ ਕੋਈ ਜ਼ਿੰਮੇਵਾਰੀ ਸੀ ਨਹੀਂ । ਪੜ੍ਹਨ ਲਈ ਖੁੱਲ੍ਹਾ ਵਕਤ ਮਿਲਣ ਲੱਗਾ । ਉਦੋਂ ਰੇੜ੍ਹੀਆਂ ਤੇ ਫੜ੍ਹੀਆਂ 'ਤੇ ਵੀ ਕਿਤਾਬਾਂ ਵਿਕਦੀਆਂ ਸਨ, ਨਵੀਆਂ ਪੁਰਾਣੀਆਂ । ਸਸਤੀਆਂ ।...ਪਿੰਡ ਦੀ ਕਸਰ ਪੂਰੀ ਹੋਣ ਲੱਗੀ । ਚੀਨ ਦੀ ਲੜਾਈ ਦੇ ਜ਼ਖ਼ਮ ਹਰੇ ਸਨ । ਪਾਕਿਸਤਾਨ ਫ਼ੌਜੀ ਹਮਲੇ ਦੀ ਤਿਆਰੀ ਕਰ ਰਿਹਾ ਸੀ । ਦੇਸ਼ ਭਗਤੀ ਦੀ ਲਹਿਰ ਦਿਲਾਂ 'ਤੇ ਛਾਈ ਹੋਈ ਸੀ । ਸ਼ਹੀਦਾਂ ਦੇ ਬੋਲ ਹਾਲੇ ਫਿਜ਼ਾ ਵਿਚ ਗੂੰਜਦੇ ਸੁਣਾਈ ਦਿੰਦੇ ਸਨ । ਮਨਮਥ ਨਾਥ ਗੁਪਤ ਦੀਆਂ ਦੋ ਕਿਤਾਬਾਂ ਮੈਨੂੰ ਮਿਲ ਗਈਆਂ 'ਭਾਰਤ ਕੇ ਕਰਾਂਤੀਕਾਰੀ' ਅਤੇ 'ਏਕ ਸੌ ਏਕ ਕਰਾਂਤੀਕਾਰੀ' । ਗੁਪਤ ਜੀ ਖ਼ੁਦ ਕਰਾਂਤੀਕਾਰੀਆਂ ਦੇ ਸਰਗਰਮ ਸਾਥੀ ਰਹੇ ਸਨ । ਸਰਫਰੋਸ਼ਾਂ ਦੀ ਜ਼ਿੰਦਗੀ ਦੇ ਰੌਚਕ ਪ੍ਰਸੰਗ ਬਹੁਤ ਹੀ ਸਰਲ ਤਰੀਕੇ ਨਾਲ ਦਰਜ ਕੀਤੇ ਗਏ ਸਨ ਇਨ੍ਹਾਂ ਕਿਤਾਬਾਂ ਵਿਚ । ਚੰਦਰ ਸ਼ੇਖਰ ਆਜ਼ਾਦ, ਭਗਤ ਸਿੰਘ, ਅਸ਼ਫ਼ਾਕ–ਉਲਾ-ਖਾਂ, ਰਾਮ ਪ੍ਰਸਾਦ ਬਿਸਮਿਲ ਆਦਿ ਦੇ ਜੀਵਨ ਦੀਆਂ ਪੇ੍ਰਰਕ ਝਲਕੀਆਂ ਮੈਂ ਪੜ੍ਹਦਾ ਰਹਿੰਦਾ ਅਤੇ ਮਿਲਣ ਵਾਲਿਆਂ ਨੂੰ ਸੁਣਾਉਂਦਾ ਰਹਿੰਦਾ । ਜਿਵੇਂ ਮੈਨੂੰ ਸਭ ਕੁਝ ਮਿਲ ਗਿਆ ਹੋਵੇ । ਮੈਂ ਖ਼ੁਦ ਨੂੰ ਉਨ੍ਹਾਂ ਮਹਾਨ ਇਨਕਲਾਬੀਆਂ ਦੀ ਸੰਗਤ ਵਿਚ ਵਿਚਰਦਾ ਮਹਿਸੂਸ ਕਰਦਾ । ਸਿਰਫ਼ ਇਕ ਘਟਨਾ ਦੁਹਰਾਉਣੀ ਚਾਹਾਂਗਾ । ਅਸ਼ਫ਼ਾਕ-ਉਲਾ-ਖਾਂ ਬਹੁਤ ਬੀਮਾਰ ਸੀ । ਤੇਜ਼ ਬੁਖ਼ਾਰ ਸੀ ਉਸ ਨੂੰ । ਬੁਖ਼ਾਰ ਸਿਰ ਨੂੰ ਚੜ੍ਹ ਗਿਆ ਜਾਪਦਾ ਸੀ । ਉਹ ਬੇਹੋਸ਼ੀ ਦੇ ਆਲਮ ਵਿਚ 'ਰਾਮ...ਰਾਮ...' ਦੀ ਮੁਹਾਰਨੀ ਰਟ ਰਿਹਾ ਸੀ । ਮੁਸਲਿਮ ਖ਼ਾਨਦਾਨ ਦਾ ਕੋਈ ਮੁੰਡਾ ਇਹ 'ਕਾਫ਼ਰਾਂ ਵਾਲਾ ਕੰਮ' ਕਿਉਂ ਕਰ ਰਿਹਾ ਸੀ । ਘਰ ਵਾਲੇ ਲੋਕ ਬੇਹੱਦ ਪ੍ਰੇਸ਼ਾਨ ਸਨ । ਇਸੇ ਦੌਰਾਨ ਉਸ ਦਾ ਕੋਈ ਇਨਕਲਾਬੀ ਸਾਥੀ ਉਥੇ ਪਹੁੰਚ ਗਿਆ । ਉਸ ਨੇ ਦੱਸਿਆ, ''ਅਸ਼ਫ਼ਾਕ ਕਿਸੇ ਤੁਲਸੀ ਦਾਸ ਵਾਲੇ ਰਾਮ ਨੂੰ ਯਾਦ ਨਹੀਂ ਕਰ ਰਿਹਾ ।...ਇਹ ਤਾਂ ਆਪਣੇ ਰਾਮ ਪ੍ਰਸਾਦ ਬਿਸਮਿਲ ਦੀ ਰਟ ਲਾ ਰਿਹਾ ਹੈ ਜਿਸ ਨੂੰ ਅਸੀਂ ਸਾਰੇ 'ਰਾਮ' ਹੀ ਕਹਿੰਦੇ ਹਾਂ ।'' ਇਹ ਉਹੀ ਸ਼ਾਇਰ ਹੈ ਜਿਸ ਦੇ ਕਹੇ ਬੋਲ ਅੱਜ ਵੀ ਸਾਨੂੰ ਉਸ ਮਹਾਨ ਸੁਤੰਤਰਤਾ ਅੰਦੋਲਨ ਦੀ ਯਾਦ ਦਿਵਾਉਂਦੇ ਰਹਿੰਦੇ ਨੇ:

ਸਰਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇਂ ਹੈ ।
ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੇਂ ਹੈ¨
ਵਕਤ ਆਨੇ ਪੇ ਬਤਾ ਦੇਂਗੇ ਤੁਝੇ ਐ ਆਸਮਾਂ,
ਹਮ ਅਭੀ ਸੇ ਕਿਆ ਬਤਾਏਂ ਕਿਆ ਹਮਾਰੇ ਦਿਲ ਮੇਂ ਹੈ¨

ਸਾਡੇ ਏਧਰਲੇ ਪੰਜਾਬੀਆਂ ਦੇ ਮਨਾਂ ਵਿਚ ਉਦੋਂ ਮੁਸਲਮਾਨਾਂ ਬਾਰੇ ਕੋਈ ਚੰਗੀ ਰਾਏ ਨਹੀਂ ਸੀ । ਇਕ ਤਾਂ ਅਸੀਂ ਇਤਿਹਾਸ ਵਿਚ ਔਰੰਗਜ਼ੇਬ ਦੇ ਕਾਰਨਾਮੇ ਬੜੀ ਤਫ਼ਸੀਲ ਨਾਲ ਪੜ੍ਹੇ ਹੋਏ ਸਨ । ਗੁਰੂਆਂ ਦੀ ਸ਼ਹਾਦਤ ਭੁੱਲ ਹੀ ਨਹੀਂ ਸਕਦੀ । ਉੱਤੋਂ ਸੰਤਾਲੀ ਵੇਲੇ ਦੀ ਖ਼ੂਨੀ ਖੇਡ ਨੇ ਲਹੂਆਂ ਵਿਚ ਨਫ਼ਰਤ ਘੋਲੀ ਹੋਈ ਸੀ । ਤਾਜ਼ਾ ਖ਼ਬਰ ਇਹ ਸੀ ਕਿ ਹੁਣ ਪਾਕਿਸਤਾਨ ਚੀਨ ਦੀ ਸ਼ਹਿ 'ਤੇ ਸਾਡੇ ਮੁਲਕ 'ਤੇ ਹਮਲਾ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ । ਸਰਹੱਦ ਤੋਂ ਛੇੜਖ਼ਾਨੀ ਦੀਆਂ ਖ਼ਬਰਾਂ ਆ ਰਹੀਆਂ ਸਨ । ਪਾਕਿਸਤਾਨ ਅਤੇ ਮੁਸਲਮਾਨ ਸਾਡੇ ਲਈ ਇਕੋ ਸ਼ੈਅ ਸਨ । ਇਸ ਜ਼ਹਿਰ ਦੇ ਅਸਰ ਨੂੰ ਘਟਾਉਣ ਲਈ ਮਨਮਥ ਨਾਥ ਗੁਪਤ ਦੀਆਂ ਇਹ ਦੋਏਂ ਕਿਤਾਬਾਂ ਮੈਨੂੰ ਬਹੁਤ ਕਾਰਗਰ ਮਹਿਸੂਸ ਹੁੰਦੀਆਂ ਸਨ । ਮਾਹੌਲ ਦੀ ਦੇਗ 'ਚੋਂ ਇਕ ਦਾਣਾ ਟੋਹਣਾ ਪ੍ਰਸੰਗਕ ਹੋਵੇਗਾ ।

ਮੈਂ ਦਫ਼ਤਰ ਦੇ ਇਕ ਸੀਨੀਅਰ ਕੁਲੀਗ ਗੁਰਚਰਨ ਸਿੰਘ ਕੁਕਰੇਜਾ ਦੇ ਘਰ ਉਸ ਨੂੰ ਮਿਲਣ ਗਿਆ । ਉਸ ਦਾ ਨਰਸਰੀ 'ਚ ਪੜ੍ਹਦਾ ਬੇਟਾ ਸ਼ਾਰਪਨਰ ਨਾਲ ਪੈਂਸਿਲ ਘੜ ਰਿਹਾ ਸੀ । ਬੱਚੇ ਨੇ ਮੇਰੇ ਵੱਲ ਘੂਰ ਕੇ ਵੇਖਿਆ ਤੇ ਪੈਂਸਿਲ ਨੂੰ ਸ਼ਾਰਪਨਰ ਵਿਚ ਜ਼ੋਰ ਨਾਲ ਘੁੰਮਾਉਣ ਲੱਗ ਪਿਆ । ਪਿਓ-ਪੁੱਤਰ ਵਿਚ ਕੁਝ ਇਸ ਪ੍ਰਕਾਰ ਦੀ ਗੱਲਬਾਤ ਹੋਈ:

? ਬੇਟਾ! ਅੰਕਲ ਨੂੰ ਸਤਿ ਸ਼੍ਰੀ ਅਕਾਲ ਕਹੋ-
-ਇਹ ਮੇਰਾ ਅੰਕਲ ਨਹੀਂ ਹੋ ਸਕਦਾ ।

? ਕਿਉਂ ਨਹੀਂ ਹੋ ਸਕਦਾ ਬੇਟਾ
-ਮੁਸਲਮਾਨ ਅੰਕਲ ਨਹੀਂ ਹੁੰਦੇ ...

ਤੇ ਉਹਦਾ ਪੈਂਸਿਲ ਵਾਲਾ ਹੱਥ ਹੋਰ ਵੀ ਤੇਜ਼ੀ ਨਾਲ ਫਿਰਨ ਲੱਗਾ । ਉਹਦੇ ਮੱਥੇ ਉਤੇ ਮੁੜ੍ਹਕਾ ਆ ਗਿਆ । ਅੱਖਾਂ ਲਾਲ ਹੋ ਗਈਆਂ ।

? ਤੂੰ ਇਹ ਕੀ ਕਰ ਰਿਹੈ ਬੇਟਾ
-ਪੈਂਸਿਲ ਦਾ ਸਿੱਕਾ ਤਿੱਖਾ ਕਰ ਰਿਹਾਂ

? ਕਿਉਂ ਬੇਟਾ
-ਇਸਦੇ ਢਿੱਡ ਵਿਚ ਖੋਭਾਂਗਾ ।

ਉਸ ਦਾ ਇਸ਼ਾਰਾ ਮੇਰੇ ਵੱਲ ਸੀ । ਗੱਲ ਇਹ ਸੀ ਕਿ ਮੈਂ ਉਦੋਂ ਛੋਟੀ-ਛੋਟੀ ਦਾੜ੍ਹੀ ਰੱਖੀ ਹੋਈ ਸੀ । ਇਹ ਮੇਰੇ ਮੁਸਲਮਾਨ ਦਿਸਣ ਲਈ ਕਾਫ਼ੀ ਸੀ ।

ਰਾਜ-ਭਾਗ ਵਿਚ ਉਦੋਂ ਮਾਝੇ ਦਾ ਬੋਲਬਾਲਾ ਸੀ । ਪ੍ਰਤਾਪ ਸਿੰਘ ਕੈਰੋਂ ਦੀ ਬੱਲੇ ਬੱਲੇ ਸੀ । ਜਵਾਹਰ ਲਾਲ ਨਹਿਰੂ ਦਾ ਉਹ ਭਰੋਸੇਮੰਦ ਮੁੱਖ ਮੰਤਰੀ ਸੀ । ਪੰਜਾਬ ਵਿਚ ਭਾਖੜਾ ਡੈਮ ਦਾ ਨਿਰਮਾਣ ਅਤੇ ਬੀ. ਡੀ. ਓ. ਵਾਲਾ ਮਹਿਕਮਾ ਖੋਲ੍ਹਣ ਕਰ ਕੇ ਉਸ ਨੇ ਲੋਕਾਂ ਦੇ ਦਿਲਾਂ ਵਿਚ ਉਤਸ਼ਾਹ ਭਰ ਦਿੱਤਾ ਸੀ । ਆਪਣੇ ਲੋਕ ਸੰਪਰਕ ਮਹਿਕਮੇ ਵਿਚ ਡਰਾਮਾ ਯੂਨਿਟ ਕਾਇਮ ਕਰ ਕੇ ਉਹਨੇ ਆਪਣਾ ਬਿੰਬ ਪਿੰਡਾਂ ਦੇ ਲੋਕਾ ਵਿਚ ਵੀ ਵਾਹਵਾ ਚੰਗਾ ਬਣਾ ਲਿਆ ਸੀ । ਸਰਕਾਰੀ ਅਫ਼ਸਰਾਂ ਤੇ ਵਪਾਰੀਆਂ ਨੂੰ ਉਹ ਚੰਡੀਗੜ੍ਹ ਵਿਚ ਵੱਧ ਤੋਂ ਵੱਧ ਪਲਾਟ ਖਰੀਦਣ ਲਈ ਪ੍ਰੇਰਤ ਕਰ ਰਿਹਾ ਸੀ । ਮਹਿੰਦਰ ਸਿੰਘ ਰੰਧਾਵਾ ਉਹਦਾ ਜੋਟੀਦਾਰ ਸੀ । ਦੋਹਾਂ ਜੱਟਾ ਦਾ ਜਲਵਾ ਰੰਗ ਲਿਆ ਰਿਹਾ ਸੀ । ਕੈਰੋਂ ਦੇ ਕੁੰਵਰਾਂ ਨਾਲ ਭਾਵੇਂ ਕਈ ਤਰ੍ਹਾਂ ਦੀਆਂ ਕਹਾਣੀਆਂ ਜੁੜ ਰਹੀਆਂ ਸਨ ਪਰ ਉਸ ਦਾ ਆਪਣਾ ਕਿਰਦਾਰ ਬੇਦਾਗ ਸੀ । ਵਿਰੋਧੀਆਂ ਦੀ ਉਹ ਬਹੁਤੀ ਪਰਵਾਹ ਵੀ ਨਹੀਂ ਸੀ ਕਰਦਾ ਕਿਉਂਕਿ ਨਹਿਰੂ ਦਾ ਮਜ਼ਬੂਤ ਹੱਥ ਉਹਦੀ ਪਿੱਠ 'ਤੇ ਸੀ ।

ਮੈਨੂੰ ਦਫ਼ਤਰ ਜੁਆਇਨ ਕੀਤਿਆਂ ਅਜੇ ਕਰੀਬ ਤਿੰਨ ਹਫ਼ਤੇ ਹੀ ਹੋਏ ਸਨ । ਸ਼ਿਫਟ ਸ਼ਾਮ ਦੀ ਹੋਣ ਕਰ ਕੇ ਸਵੇਰ ਵੇਲੇ ਮੈਂ ਘਰ ਹੀ ਸਾਂ । ਰਸੋਈ ਵਿਚ ਬੈਠਾ ਕ੍ਰਾਂਤੀਕਾਰੀਆਂ ਨਾਲ ਕਿਤਾਬੀ ਮੁਲਾਕਾਤ ਕਰ ਰਿਹਾ ਸਾਂ । ਅਚਾਨਕ ਕਰਤਾਰ ਦੀ ਛੋਟੀ ਬੇਟੀ ਦਰਸ਼ਨਾਂ ਨੇ ਆਪਣਾ ਬਸਤਾ ਮੇਰੀ ਮੰਜੀ 'ਤੇ ਲਿਆ ਸੁੱਟਿਆ । ਉਹ ਦੂਜੀ ਤੀਜੀ ਵਿੱਚ ਪੜ੍ਹਦੀ ਸੀ । ਹੁਣੇ ਤਾਂ ਸਕੂਲੇ ਗਈ ਸੀ । ਹੁਣੇ ਕਿਵੇਂ ਮੁੜ ਆਈ? ਉਹ ਖੁਸ਼ ਸੀ । ਨੱਚ ਰਹੀ ਸੀ । ਛੁੱਟੀ ਦਾ ਜਸ਼ਨ ਮਨਾ ਰਹੀ ਸੀ ।

ਮੈਂ ਪੁੱ ਛਿਆ, 'ਦਰਸ਼ੋ! ਤੂੰ ਸਕੂਲੋਂ ਛੇਤੀ ਕਿਵੇਂ ਆ ਗਈ?'
? 'ਛੁੱਟੀ ਹੋ ਗਈ....' ਉਹਨੇ ਚਾਂਭਲ ਕੇ ਦੱਸਿਆ ।

? ਛੁੱਟੀ ਹੋਈ ਕਿਉਂ ਐ,
-ਜਵਾਹਰ ਲਾਲ ਮਰ ਗਿਆ...

ਉਹਨੇ ਅੱਗੋਂ ਪਤਾ ਨਹੀਂ ਹਾਲੇ ਕੀ ਕਹਿਣਾ ਸੀ ਪਰ ਪਤਾ ਨਹੀਂ ਮੇਰਾ ਸੱਜਾ ਹੱਥ ਕਦੋਂ ਚਪੇੜ ਬਣ ਗਿਆ ਤੇ ਉਸ ਮਾਸੂਮ ਬੱਚੀ ਦੇ ਹਸੂੰ-ਹਸੂੰ ਕਰਦੇ ਚਿਹਰੇ ਉਤੇ ਚੋਣ ਨਿਸ਼ਾਨ ਵਾਂਗ ਛਪ ਗਿਆ । ਅਸੀਂ ਦੋਏਂ ਰੋ ਰਹੇ ਸਾਂ । ਕਾਰਨ ਵੱਖੋ ਵੱਖ ਸਨ ।

ਪਤਾ ਨਹੀਂ ਕਿਹੜਾ ਯੁੱਗ ਸੀ । ਉਦੋਂ ਕਿਸੇ ਨੇਤਾ ਦੀ ਮੌਤ ਉਤੇ ਕੌਮ ਸੱਚਮੁੱਚ ਸੋਗ ਮਨਾਉਂਦੀ ਸੀ । ਸ਼ਾਇਰ ਨਜ਼ਮਾਂ ਲਿਖਦੇ ਸਨ । ਲੋਕ ਉਹ ਨਜ਼ਮਾਂ ਸੁਣ ਸੁਣ ਕੇ ਰੋਂਦੇ ਸਨ । ਰੋ ਰੋ ਕੇ ਪੜ੍ਹਦੇ ਸਨ । ਸ਼ਿਵ ਕੁਮਾਰ ਵੱਲੋਂ ਮਨਾਏ ਸੋਗ ਵਿਚ ਸਭ ਤੋਂ ਵੱਧ ਲੋਕ ਸ਼ਾਮਲ ਹੋਏ :

ਅੱਜ ਅਮਨਾਂ ਦਾ ਬਾਬਲ ਮਰਿਆ ।
ਸਾਰੀ ਧਰਤ ਨੜੋਏ ਆਈ-
ਤੇ ਅੰਬਰ ਨੇ ਹਉਕਾ ਭਰਿਆ!
ਮਜ੍ਹਬਾਂ ਨੂੰ ਅੱਜ ਆਈ ਤਰੇਲੀ,
ਕੌਮਾਂ ਘੁੱਟ ਕਲੇਜਾ ਫੜਿਆ ।
ਰਾਮ ਰਹੀਮ ਗਏ ਪਥਰਾਏ,
ਹਰਮੰਦਰ ਦਾ ਪਾਣੀ ਠਰਿਆ ।
ਫੇਰ ਕਿਸੇ ਮਰੀਅਮ ਦਾ ਜਾਇਆ,
ਅੱਜ ਫਰਜ਼ਾਂ ਦੀ ਸੂਲੀ ਚੜ੍ਹਿਆ ।

(ਸੂਰਜ ਦਾ ਮਰਸੀਆ)

ਨਹਿਰੂ ਵਿਦਾ ਹੋਇਆ ਤਾਂ ਕੈਰੋਂ ਨੇ ਵੀ ਜਿਵੇਂ ਦਿਨ ਗਿਣਨੇ ਸ਼ੁਰੂ ਕਰ ਦਿੱਤੇ । ਪੰਜਾਬ ਦਾ ਇਤਿਹਾਸ ਨਵੀਂ ਕਰਵਟ ਲੈ ਰਿਹਾ ਸੀ । ਪੰਜਾਬੀ ਸੂਬੇ ਦੀਆਂ ਗੂੰਜਾਂ ਸਿਖ਼ਰ 'ਤੇ ਸਨ । ਚੰਡੀਗੜ੍ਹ 'ਚ ਰੌਣਕਾਂ ਲੱਗੀਆਂ ਰਹਿੰਦੀਆਂ ।

ਕੁਝ ਮਹੀਨਿਆਂ ਮਗਰੋਂ ਪਾਕਿਸਤਾਨ ਦਾ ਹਮਲਾ ਹੋ ਗਿਆ । ਪ੍ਰਤਾਪ ਸਿੰਘ ਕੈਰੋਂ ਦਾ ਰਿਕਾਰਡ ਕੀਤਾ ਸੁਨੇਹਾ ਰੇਡੀਓ ਤੋਂ ਘੜੀ-ਮੁੜੀ ਦਹਾੜ੍ਹਦਾ:

ਜੋ ਤਓ ਪ੍ਰੇਮ ਖੇਲਨ ਕਾ ਚਾਓ
ਸਿਰ ਧਰ ਤਲੀ ਗਲੀ ਮੋਰੀ ਆਓ
ਇਤ ਮਾਰਗ ਪੈਰ ਧਰੀਜੇ
ਸਿਰ ਦੀਜੇ ਕਾਣ ਨਾ ਕੀਜੇ ।
ਦੇਸ਼ ਲਈ...ਮਰਾਂਗੇ
ਦੇਸ਼ ਲਈ ...ਮਰਾਂਗੇ

ਤੇ ਲੋਕ ਸੱਚਮਚ ਕੁਰਬਾਨੀ ਦੇ ਜਜ਼ਬੇ ਨਾਲ ਭਰ ਜਾਂਦੇ ਸਨ । ਮੈਂ ਉਹ ਦਿਨ ਵੇਖੇ ਸਨ । 1965 ਵਾਲੀ ਲੜਾਈ ਨੇ ਸਾਡੇ ਇਸ ਜਜ਼ਬੇ ਦੀ ਤਰਜ਼ਮਾਨੀ ਕੀਤੀ । ਲਾਲ ਬਹਾਦਰ ਸ਼ਾਸਤਰੀ ਵਰਗਾ ਧੀਮੇ ਬੋਲਾਂ ਵਾਲਾ ਵਿਅਕਤੀ ਪੂਰੇ ਕੌਮੀ ਭਰੋਸੇ ਨਾਲ ਐਲਾਨ ਕਰ ਰਿਹਾ ਸੀ, ''ਵੋ ਟੈਂਕੋ ਪਰ ਸਵਾਰ ਹੋ ਕਰ ਦਿੱਲੀ ਆਨਾ ਚਾਹਤੇ ਥੇ ਲੇਕਿਨ ਹਮ ਟਹਿਲਤੇ ਟਹਿਲਤੇ ਲਾਹੌਰ ਜਾ ਪਹੁੰਚੇ ।'' ਤੇ ਇਕ ਟਾਂਗੇ ਵਾਲੇ ਨਾਲੋਂ ਵਧੀਆ ਦਾਦ ਹੋਰ ਕੌਣ ਦੇ ਸਕਦਾ ਹੈ, ਅਖੇ : ਹੈ ਤਾਂ ਪਊਆ ਸੀ ਪਰ ਨਸ਼ਾ ਬੋਤਲ ਦਾ ਦੇ ਗਿਆ । ਸ਼ਾਸਤਰੀ ਵੀ ਤਾਸ਼ਕੰਦੀ ਸਾਜ਼ਿਸ਼ ਦਾ ਸ਼ਿਕਾਰ ਹੋਇਆ । ਸ਼ਿਵ ਇਕ ਵਾਰ ਮੁੜ ਰੋਇਆ :

ਗੀਤਾਂ ਦਾ ਤੁਰਦਾ ਕਾਫਲਾ ।
ਮੁੜ ਹੋ ਗਿਆ ਬੇਆਸਰਾ ।
ਮੱਥੇ 'ਤੇ ਹੋਣੀ ਲਿਖ ਗਈ-
ਇਕ ਖੂਬਸੂਰਤ ਹਾਦਸਾ¨
ਕਾਗਜ਼ ਦੀ ਨੰਗੀ ਕਬਰ 'ਤੇ
ਇਹ ਗੀਤ ਜੋ ਅੱਜ ਸੌਂ ਗਿਆ ।
ਇਹ ਗੀਤ ਸਾਰੇ ਜੱਗ ਨੂੰ ,
ਪਾਏ ਵਫਾ ਦਾ ਵਾਸਤਾ¨

(ਹਾਦਸਾ)

ਸੂਬਾ ਸਿੰਘ ਦੇ ਹਵਾਲੇ ਨਾਲ ਮੈਂ ਕੈਰੋਂ ਨੂੰ ਕਾਫ਼ੀ ਜਾਣ ਲਿਆ ਸੀ । ਸੂਬਾ ਸਿੰਘ ਉਹਦਾ ਬੜਾ ਗੁਣਗਾਨ ਕਰਦਾ ਹੁੰਦਾ ਸੀ । ਅਸਲ ਵਿਚ ਸੂਬਾ ਸਿੰਘ ਦੀ ਕਲਮ ਦੀ ਕਦਰ ਪਾਉਣ ਵਾਲਾ ਦਮਦਾਰ ਸ਼ਖ਼ਸ ਕੈਰੋਂ ਹੀ ਸੀ । ਜਦੋਂ ਦਿੱਲੀ ਤੋਂ ਵਾਪਸ ਮੁੜਦਿਆਂ 'ਰਸੋਈ' ਪਿੰਡ ਲਾਗੇ ਉਸ ਦਾ ਕਤਲ ਕਰ ਦਿੱਤਾ ਗਿਆ ਤਾਂ ਸੂਬਾ ਸਿੰਘ ਦੇ ਅੱਥਰੂ ਵੇਖੇ ਨਹੀਂ ਸੀ ਜਾਂਦੇ । ਉਹਦਾ ਕਹਿਣਾ ਸੀ ਕਿ ਮੈਂ ਆਪਣੇ ਪਿਓ ਸ਼੍ਰੀ ਰਾਮ ਸਿੰਘ ਦੀ ਮੌਤ ਤੋਂ ਬਾਅਦ ਸਿਰਫ਼ ਕੈਰੋਂ ਸਾਹਿਬ ਦੇ ਚਲਾਣੇ 'ਤੇ ਹੀ ਰੋਇਆ ਹਾਂ! ਸਭ ਨੂੰ ਹਸਾਉਣ ਵਾਲਾ ਸੂਬਾ ਸਿੰਘ ਕਦੇ ਝੂਠੀ-ਮੂਠੀ ਨਹੀਂ ਸੀ ਰੋ ਸਕਦਾ ।

ਮੈਂ ਆਪਣੀ ਕਿਰਾਏ ਦੀ 'ਰਸੋਈ' ਵਿਚ ਬੈਠਾ ਹੈਰਾਨ ਹੋ ਰਿਹਾ ਸਾਂ ਕਿ ਵਕਤ ਕਿੰਨੀ ਕਾਹਲੀ ਕਰ ਗਿਆ । ਨਹਿਰੂ ਤੇ ਕੈਰੋਂ ਦਾ ਜ਼ਮਾਨਾ ਐਵੇਂ ਕੁਝ ਮਹੀਨਿਆਂ ਵਿਚ ਹੀ ਗੁਜ਼ਰ ਗਿਆ ।

••••••

31. ਮੇਰੇ ਕਮਰੇ

ਘਰੋਂ ਨਿਕਲਿਆ ਤਾਂ ਕਮਰਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ । ਉਨ੍ਹੀਂ ਦਿਨੀਂ ਲੱਗਦਾ ਸੀ ਕਿ ਚੰਡੀਗੜ੍ਹ 'ਚ ਘਰ ਕੋਈ ਹੈ ਈ ਨਹੀਂ, ਕਮਰੇ ਹੀ ਕਮਰੇ ਨੇ । ਥੋੜ੍ਹੇ ਥੋੜ੍ਹੇ ਵਕਫ਼ੇ ਪਿੱਛੋਂ ਬਦਲਣੇ ਪੈਂਦੇ ਰਹੇ । ਪਹਿਲਾ ਕਮਰਾ ਛੱਡਣ ਤੋਂ ਲੈ ਕੇ ਨਵਾਂ ਕਮਰਾ ਲੱਭਣ ਤੱਕ ਇਕ ਨਵੀਂ ਕਹਾਣੀ ਜੁੜ ਜਾਂਦੀ । ਏਦਾਂ ਦੀ ਇੱਕ ਕਹਾਣੀ ਕੁਲਵੰਤ ਸਿੰਘ ਵਿਰਕ ਨੇ ਲਿਖੀ ਹੋਈ ਹੈ : ਨਵੇਂ ਲੋਕ । ਨਵੇਂ-ਨਵੇਂ ਵਸ ਰਹੇ ਚੰਡੀਗੜ੍ਹ ਸ਼ਹਿਰ ਵਿਚ ਪੈਦਾ ਹੋ ਰਹੇ ਨਵੇਂ ਸੱਭਿਆਚਾਰ ਦੀ ਝਲਕ ਵੇਖੀ ਜਾ ਸਕਦੀ ਏ, ਇਸ ਕਹਾਣੀ ਵਿਚ । ਪੁਰਾਣੀ ਪੀੜ੍ਹੀ ਲਈ ਇਹ ਤਬਦੀਲੀ ਈਰਖਾ ਪੈਦਾ ਕਰਨ ਵਾਲੀ ਸੀ, ਪਰ ਸਾਡੀ ਗੱਲ ਹੋਰ ਸੀ । ਅਸੀਂ ਇਸ ਤਬਦੀਲੀ ਨੂੰ ਵੇਖ ਨਹੀਂ ਸਾਂ ਰਹੇ, ਭੁਗਤ ਰਹੇ ਸਾਂ । ਵੇਖਣ ਵਾਲਿਆਂ ਨੂੰ ਹੈਰਾਨੀ ਹੁੰਦੀ ਹੋਵੇਗੀ । ਪਰ ਸਾਡੇ ਲਈ ਪ੍ਰੇਸ਼ਾਨੀ ਹੀ ਪ੍ਰੇਰਸ਼ਾਨੀ ਸੀ ।

ਪਹਿਲਾਂ ਵਿਰਕ ਦੀ ਹੈਰਾਨੀ ਦੀ ਗੱਲ ਹੋ ਜਾਏ, ਆਪਣੀ ਪ੍ਰੇਸ਼ਾਨੀ ਦੀ ਪਿੱਛੋਂ ਵੇਖੀ ਜਾਏਗੀ । ਕਹਾਣੀ ਵਿਚ ਇਕ ਬਜ਼ੁਰਗ ਮਾਸਟਰ ਆਪਣੇ ਪੁਰਾਣੇ ਵਿਦਿਆਰਥੀ ਕੋਲ ਆ ਕੇ ਠਹਿਰਿਆ ਹੋਇਆ ਹੈ । ਓਦਣ ਐਤਵਾਰ ਹੈ ਤੇ ਉਸ ਵਿਚਾਰੇ ਨੇ ਨਵਾਂ ਕਮਰਾ ਲੱਭਣ ਜਾਣਾ ਹੈ । ਮਾਸਟਰ ਵੀ ਨਾਲ ਤੁਰ ਪੈਂਦੈ । ਬਹੁਤ ਸਾਰੇ ਮਕਾਨਾਂ ਦੀਆਂ ਬਹੁਤ ਸਾਰੀਆਂ ਮੰਜ਼ਿਲਾਂ 'ਤੇ ਟੂਲੈਟ (ਕਿਰਾਏ ਲਈ ਖਾਲੀ) ਦੀਆਂ ਤਖ਼ਤੀਆਂ ਲਟਕ ਰਹੀਆਂ ਨੇ । ਮੁੰਡਾ ਬਿਨਾਂ ਝਿਜਕ ਕਿਸੇ ਓਪਰੇ ਮਕਾਨ ਦੀ ਘੰਟੀ ਦੱਬਦਾ ਹੈ । ਕੋਈ ਔਰਤ ਬਿਨਾਂ ਝਿਜਕ ਬਾਹਰ ਆਉਂਦੀ ਹੈ । ਗੱਲਬਾਤ ਹੁੰਦੀ ਹੈ । ਸਵਾਲ ਜਵਾਬ ਚੱਲਦੇ ਨੇ । ਇਕ ਮਕਾਨ ਤੋਂ ਦੂਜੇ ਮਕਾਨ ਤੱਕ ਅਤੇ ਇਕ ਸੈਕਟਰ ਤੋਂ ਅਗਲੇ ਸੈਕਟਰ ਤੱਕ, ਇਹ ਸਿਲਸਿਲਾ ਚੱਲਦਾ ਰਹਿੰਦੈ । ਮਾਲਕ ਮਕਾਨ ਅਤੇ ਕਿਰਾਏਦਾਰ ਦੀ ਪਸੰਦ ਨਾਪਸੰਦ ਕਹਾਣੀ ਨੂੰ ਅੱਗੇ ਤੋਰੀ ਰੱਖਦੀ ਹੈ । ਮਾਸਟਰ ਨੂੰ ਹੈਰਾਨੀ ਹੁੰਦੀ ਹੈ ਕਿ ਸਾਡੇ ਵੇਲਿਆਂ 'ਚ ਕਿਸੇ ਓਪਰੀ ਔਰਤ ਨਾਲ ਮਾੜੀ ਜਿਹੀ ਗੱਲ ਕਰਨ ਲਈ ਸਾਨੂੰ ਪੈਸੇ ਖਰਚ ਕੇ ਹੀਰਾ ਮੰਡੀ ਜਾਣਾ ਪੈਂਦਾ ਸੀ, ਨਵੇਂ ਲੋਕਾਂ ਨੂੰ ਬੜੀ ਮੌਜ ਐ!

ਤੁਹਾਨੂੰ ਪ੍ਰੇਸ਼ਾਨ ਕਰਨਾ ਮੇਰਾ ਮਕਸਦ ਨਹੀਂ । ਦੱਸਣਾ ਸਿਰਫ਼ ਇਹ ਚਾਹੁੰਨਾ ਕਿ ਕਮਰੇ ਦੀ ਅਸਲੀ ਪਛਾਣ, ਵਿਚ ਰਹਿ ਕੇ ਹੀ ਹੁੰਦੀ ਹੈ । ਕਦੇ ਅਸੀਂ ਕਮਰੇ ਨੂੰ ਸੂਤ ਨਹੀਂ ਬਹਿੰਦੇ, ਕਦੇ ਕਮਰਾ ਸਾਡੇ ਅਨੁਕੂਲ ਨਹੀਂ ਹੁੰਦਾ । ਜਦੋਂ ਜੀਅ ਕੀਤਾ, ਸਾਮਾਨ ਬੰਨਿ੍ਹਆ ਤੇ ਅਗਲੇ ਕਮਰੇ ਵਿਚ । ਕਿਤੇ ਪੱਕਾ ਟਿਕਾਣਾ ਬਣਦਾ ਹੀ ਨਹੀਂ ਸੀ । ਹਰ ਦੂਜੇ ਚੌਥੇ ਮਹੀਨੇ ਕਮਰੇ ਨੂੰ ਪਹੀਏ ਲੱਗ ਜਾਂਦੇ । ਸਾਮਾਨ ਕਦੇ ਰਿਕਸ਼ੇ ਜੋਗਾ ਹੁੰਦਾ, ਕਦੇ ਰੇਹੜੇ ਜੋਗਾ । ਇੰਜ ਸੋਲ੍ਹਾਂ ਵਰ੍ਹਿਆਂ 'ਚ ਸ਼ਹਿਰ ਦੇ ਅੱਧੇ ਕੁ ਸੈਕਟਰਾਂ 'ਚ ਰਹਿ ਕੇ ਵੇਖ ਲਿਆ ਹੋਏਗਾ । ਸਿਰਨਾਵਾਂ ਬਦਲਦਾ ਰਹਿਣ ਕਰਕੇ ਡਾਕ ਦਫ਼ਤਰ ਦੇ ਪਤੇ 'ਤੇ ਹੀ ਮੰਗਵਾਉਂਦਾ । ਜਿਸ ਕਿਸੇ ਨੇ ਦੁਬਾਰਾ ਮਿਲਣ ਆਉਣਾ ਹੁੰਦਾ, ਪਹਿਲਾਂ ਨਵਾਂ ਸਿਰਨਾਵਾਂ ਪਤਾ ਕਰਕੇ ਆਉਂਦਾ । ਸਰਕਾਰੀ ਕਵਾਟਰ ਅਲਾਟ ਨਹੀਂ ਸੀ ਹੋਇਆ, ਪਰ ਕਈ ਸਰਕਾਰੀ ਕਵਾਟਰਾਂ 'ਚ ਰਹਿੰਦਾ ਰਿਹਾ । ਜਿਸ ਨੂੰ ਅਲਾਟ ਹੋਇਆ ਹੁੰਦਾ, ਉਹ ਅੱਗੋਂ ਇੱਕ ਅੱਧ ਕਮਰਾ ਮੇਰੇ ਵਰਗਿਆਂ ਨੂੰ ਦੇ ਦੇਂਦਾ । ਦੋਏਂ ਫਾਇਦੇ 'ਚ ਰਹਿੰਦੇ । ਜੋਗਿੰਦਰ ਸਿੰਘ ਟਿਊਬਵੈੱਲ ਅਪਰੇਟਰ ਦੇ ਸਰਕਾਰੀ ਕਮਰੇ 'ਚ ਛੱਬੀ ਸੈਕਟਰ ਰਿਹਾ । ਉਹ ਛੜਾ ਸੀ, ਪਰ ਦਾੜ੍ਹੀ ਰੰਗ ਕੇ ਰੱਖਦਾ । ਉਹਦੇ ਕੋਲ ਰਾਤ ਨੂੰ ਭਾਂਤ-ਭਾਂਤ ਦੇ ਲੋਕ ਆਉਂਦੇ ਰਹਿੰਦੇ । ਜਨਮ ਅਸ਼ਟਮੀ ਵਾਲੀ ਰਾਤ ਕੋਈ ਟਰੱਕ ਡਰਾਈਵਰ ਆ ਗਿਆ । ਨਾਲ ਇਕ ਜਨਾਨੀ ।...ਅਗਲੇ ਦਿਨ ਮੈਂ ਦੇਵ ਭਾਰਦਵਾਜ ਨਾਲ ਰਲ ਕੇ ਤੇਈ ਸੈਕਟਰ ਦੇ ਇਕ ਤੇਰ੍ਹਾਂ ਟਾਈਪ ਕਵਾਟਰ 'ਚ ਚਲਾ ਗਿਆ । ਦੇਵ ਵਿਆਹ ਕਰਵਾ ਕੇ ਵੱਖ ਹੋਇਆ ਤਾਂ ਸ਼ਾਂਤੀ ਸਰੂਪ ਵੈਰਾਗੀ ਨਾਲ ਉਹਦੇ ਚੌਵੀ ਸੈਕਟਰ ਵਾਲੇ ਕਵਾਟਰ 'ਚ ਰਹਿਣ ਲੱਗਾ । ਫੇਰ ਮੋਹਨ ਸਿੰਘ ਕਾਮਰੇਡ ਦੇ ਨਾਲ ਦਾ ਅੱਧਾ ਕਵਾਟਰ ਮਿਲ ਗਿਆ । ਉਥੇ ਪੇਇੰਗ ਗੈਸਟ ਬਣ ਕੇ ਰਿਹਾ ।

ਨਵੇਂ ਥਾਵਾਂ 'ਤੇ ਨਵੇਂ ਲੋਕ ਮਿਲਦੇ ਰਹੇ । ਨਵੇਂ ਤਜਰਬੇ ਹੁੰਦੇ ਰਹੇ । ਘਰ ਵਿਚ ਤਾਂ ਮਾੜਾ ਮੋਟਾ ਸਾਮਾਨ ਰੱਖ ਕੇ ਤਾਲਾ ਹੀ ਮਾਰਿਆ ਹੁੰਦਾ । ਬਹੁਤਾ ਵਕਤ ਦੋਸਤਾਂ ਦੇ ਕਮਰਿਆਂ 'ਚ ਗੁਜ਼ਾਰਦਾ, ਕੌਫ਼ੀ ਹਾਊੁਸ ਵਿਚ ਜਾਂ ਫਿਰ ਸੜਕਾਂ 'ਤੇ । ਹਰ ਕਮਰੇ ਦੀ ਕਹਾਣੀ ਕਹਿਣੀ ਮੁਮਕਿਨ ਨਹੀਂ । ਕੁਝ ਇਕ ਦਾ ਜ਼ਿਕਰ ਕਾਫ਼ੀ ਹੋਏਗਾ । ਇਹ ਤਾਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਸਭ ਤੋਂ ਪਹਿਲਾ ਕਮਰਾ ਇਕ ਰਸੋਈ ਸੀ, ਜੋ ਕਿ ਕਰਤਾਰ ਢਾਬੇ ਵਾਲੇ ਦੇ ਗੁਆਂਢ ਵਿਚ ਸੀ । ਉਸ ਮਕਾਨ ਵਿਚ ਚੌਦਾਂ ਕਮਰੇ ਸਨ । ਇਕ ਇਕ ਕਮਰੇ ਵਿਚ ਤਿੰਨ ਤਿੰਨ, ਚਾਰ ਚਾਰ ਜੀਆਂ ਦਾ ਟੱਬਰ ਰਹਿੰਦਾ ਸੀ । ਰਸੋਈ ਦੇ ਸਾਹਮਣੇ ਬਾਥਰੂਮ ਨਾਲ ਲੱਗਦੇ ਸਟੋਰ ਵਿਚ ਵੀ ਇਕ ਮੁੰਡਾ, ਮੇਰੇ ਵਾਂਗ, ਇੱਕਲਾ ਰਹਿੰਦਾ ਸੀ । ਮਕਾਨ ਬਿਜਲੀ ਬੋਰਡ ਦੇ ਕਿਸੇ ਸੁਪਰਡੈਂਟ ਦਾ ਸੀ, ਜਿਹੜਾ ਹਰ ਮਹੀਨੇ ਪਟਿਆਲਿਓਂ ਸਿਰਫ਼ ਕਿਰਾਇਆ ਲੈਣ ਹੀ ਆਉਂਦਾ ਸੀ । ਬਿਜਲੀ ਪਾਣੀ ਦਾ ਬਿੱਲ ਕਿਰਾਏ ਵਿਚ ਪਹਿਲਾਂ ਹੀ ਵਧਾ ਚੜ੍ਹਾ ਕੇ ਜੋੜਿਆ ਹੁੰਦਾ । ਉਹ ਆ ਕੇ ਕਿਸੇ ਇਕ ਕਮਰੇ ਵਿਚ ਬਹਿ ਜਾਂਦਾ ਤੇ ਕਿਸੇ ਨਿਆਣੇ ਹੱਥ ਸਾਰਿਆਂ ਨੂੰ ਸੁਨੇਹਾ ਭਿਜਵਾ ਦੇਂਦਾ ਕਿ ਕਿਰਾਇਆ ਲੈ ਕੇ ਹਾਜ਼ਰ ਹੋਵੇ । ਮੈਨੂੰ ਵੀ ਕਰਤਾਰ ਦੀ ਛੋਟੀ ਬੇਟੀ ਦਰਸ਼ੋ ਨੇ ਕਿਹਾ, ''ਤੁਹਾਨੂੰ ਕਿਰਾਏਦਾਰ ਬੁਲਾਉਂਦੈ ।'' ਉਹ ਸਮਝਦੀ ਸੀ ਕਿ ਕਿਰਾਇਆ ਉਗਰਾਹੁਣ ਵਾਲੇ ਨੂੰ ਕਿਰਾਏਦਾਰ ਹੀ ਕਹਿੰਦੇ ਨੇ । ਮਾਲਕ ਤਾਂ ਉਹ ਨੇ ਜਿਹੜੇ ਵਿਚ ਰਹਿੰਦੇ ਨੇ ।

ਐਤਕੀਂ ਜਦੋਂ ਮਾਲਕ ਮਕਾਨ ਆਇਆ ਤਾਂ ਸਟੋਰ ਵਾਲਾ ਮੁੰਡਾ ਆਪਣੇ ਪਿੰਡ ਗਿਆ ਹੋਇਆ ਸੀ । ਦੋ ਢਾਈ ਹਫ਼ਤਿਆਂ ਤੋਂ ਸਟੋਰ ਨੂੰ ਜੰਦਰਾ ਵੱਜਾ ਹੋਇਆ ਸੀ । ਮਾਲਕ ਨੇ ਮੀਟਰ ਦੀ ਰੀਡਿੰਗ ਕੀਤੀ ਤੇ ਉਹਦਾ ਮੂੰਹ ਅੱਡਿਆ ਰਹਿ ਗਿਆ: ਏਨੇ ਯੂਨਿਟ ਕਿਵੇਂ ਬਲ ਗਏ? ਸਾਰੇ ਕਮਰਿਆਂ ਦੇ ਸਾਰੇ ਸਵਿੱਚ ਬੰਦ ਕਰਵਾਏ, ਪਰ ਮੀਟਰ ਦੀ ਸੂਈ ਫਿਰ ਵੀ ਘੁੰਮੀ ਜਾਏ । ਸਟੋਰ ਦਾ ਤਾਲਾ ਤੋੜਿਆ ਤਾਂ ਅੰਦਰ ਭੱਠ ਵਾਂਗ ਤਪਿਆ ਪਿਆ । ਬਲਬ ਵਾਲਾ ਸਵਿੱਚ ਔਨ ਸੀ । ਮੇਨ ਸਵਿੱਚ ਬੰਦ ਕਰਕੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹ ਮੁੰਡਾ ਸੌ ਵਾਟ ਦਾ ਬਲਬ ਤਾਰ ਨਾਲ ਜੋੜ ਕੇ ਆਟੇ ਦੇ ਪੀਪੇ ਵਿੱਚ ਦੱਬ ਗਿਆ ਸੀ । ਇੰਜ ਉਹ ਮਾਲਕ ਮਕਾਨ ਦੇ ਵੱਧ ਕਿਰਾਏ ਦਾ ਭਾਂਗਾ ਕੱਢ ਰਿਹਾ ਸੀ । ਖ਼ੈਰ, ਹਾਦਸਾ ਹੋਣੋਂ ਤਾਂ ਬਚ ਗਿਆ, ਪਰ ਵਿਚਾਰਾ ਆਟਾ ਧੂੰਆਂ ਛੱਡ ਰਿਹਾ ਸੀ ।

ਰਸੋਈ ਦੇ ਦਸ ਰੁਪਏ ਮਹੀਨਾ ਦੇਂਦਾ ਸਾਂ । ਕੁਝ ਮਹੀਨਿਆਂ ਬਾਅਦ ਏਨੇ ਪੈਸਿਆਂ ਵਿਚ ਹੀ ਖੁੱਲ੍ਹੀ ਰਿਹਾਇਸ਼ ਮਿਲ ਗਈ । ਹੋਇਆ ਇਉਂ ਕਿ ਮੇਰੇ ਪਿੰਡਾਂ ਵੱਲ ਦਾ ਸੰਤੋਖ ਸਿੰਘ ਰੰਧਾਵਾ ਵੀ ਮੇਰੇ ਨਾਲ ਹੀ ਭਰਤੀ ਹੋਇਆ ਸੀ । ਉਹਨੇ ਤੀਹ ਰੁਪਿਆ 'ਚ ਦੋ ਕਮਰੇ ਲੈ ਕੇ ਦੋ ਜਣੇ ਨਾਲ ਰਲਾ ਲਏ : ਮੈਂ ਤੇ ਦੀਵਾਨ ਚੰਦ । ਉੱਨੀ ਸੈਕਟਰ ਦੇ ਇਸ ਮਕਾਨ ਦਾ ਹੇਠਲਾ ਹਿੱਸਾ ਬੰਦ ਸੀ ਤੇ ਉਪਰ ਸਾਡੇ ਨਾਲ ਵਾਲੇ ਅੱਧੇ ਹਿੱਸੇ ਵਿਚ ਮਨਸਾ ਰਾਮ ਇੱਕਲਾ ਹੀ ਰਹਿੰਦਾ ਸੀ । ਇਕ ਕਮਰੇ 'ਚ ਉਹਨੇ ਚਾਹ ਦੀਆਂ ਪੇਟੀਆਂ ਰੱਖੀਆਂ ਹੋਈਆਂ ਸਨ । ਰੋਜ਼ ਦੋਏਂ ਵੇਲੇ, ਉਹ ਚਾਹ ਪੱਤੀ ਦੇ ਲਿਫ਼ਾਫ਼ੇ ਇਕ ਪੇਟੀ ਵਿਚ ਭਰਦਾ । ਪੇਟੀ ਨੂੰ ਸਾਈਕਲ ਦੇ ਚੌੜੇ ਕੈਰੀਅਰ 'ਤੇ ਧਰ ਕੇ, ਰਬੜ ਦੀ ਟਿਊਬ ਨਾਲ ਕੱਸਦਾ । ਦੂਰ-ਦੂਰ ਦੇ ਸੈਕਟਰਾਂ ਵਿਚ ਚਾਹ ਦੀਆਂ ਰੇੜ੍ਹੀਆਂ ਵਾਲਿਆਂ ਨੂੰ ਪੱਤੀ ਸਪਲਾਈ ਕਰਦਾ । ਉਨ੍ਹਾਂ ਕੋਲੋਂ ਅਗਲਾ ਆਰਡਰ ਲੈ ਆਉਂਦਾ ਤੇ ਘਰ ਆ ਕੇ ਉਸ ਅਨੁਸਾਰ ਅਗਲੇ ਚੱਕਰ ਲਈ ਲਿਫ਼ਾਫ਼ੇ ਬਣਾ ਰੱਖਦਾ । ਖ਼ਾਲੀ ਵਕਤ ਵਿਚ ਵੱਖ ਵੱਖ ਕਿਸਮਾਂ ਤੇ ਕੀਮਤਾਂ ਵਾਲੀਆਂ ਪੱਤੀਆਂ ਉਬਾਲ ਕੇ ਰੰਗ ਵੇਂਹਦਾ, ਸਵਾਦ ਚੱਖਦਾ । ਕਦੇ ਸਾਡੇ ਕੋਲੋਂ ਰਾਏ ਲੈਂਦਾ । ਸਵਾਦ ਤੇ ਰੰਗ ਅਨੁਸਾਰ ਭਾਅ ਵਸੂਲਦਾ । ਮਨਸਾ ਰਾਮ ਕੋਰਾ ਅਨਪੜ੍ਹ ਬੰਦਾ ਸੀ । ਆਪਣੀ ਇੱਕਲ ਤੋੜਨ ਲਈ ਉਹ, ਜਦੋਂ ਘਰ ਹੁੰਦਾ, ਰੇਡੀਓ ਲਾਈ ਰੱਖਦਾ, ਜਿਸ ਨੂੰ ਸੁਣਦੇ ਅਸੀਂ ਹੀ ਸਾਂ । ਉਹ ਬੋਲਦਾ ਬਹੁਤ ਘੱਟ ਸੀ । ਬਹੁਤ ਸਾਰੇ ਕੰਮ ਤਾਂ ਹੱਸ ਕੇ ਹੀ ਸਾਰ ਲੈਂਦਾ । ਸੁਣਿਐ ਕਿ ਪਿੱਛੋਂ ਗਰੇਨ ਮਾਰਕੀਟ ਵਿਚ ਉਹਨੇ ਬਹੁਤ ਵੱਡੀ ਦੁਕਾਨ ਕਰ ਲਈ ਸੀ ਤੇ ਚਾਹ ਪੱਤੀ ਦੀ ਹਰ ਏਜੰਸੀ ਉਹਦੇ ਕੋਲ ਸੀ । ਕਮਰਾ ਖੁੱਲ੍ਹਾ ਤੇ ਆਰਾਮਦਾਇਕ ਸੀ । ਮੈਂ ਰੋਟੀ ਬਾਹਰ ਖਾਂਦਾ । ਉਹ ਦੋਵੇਂ ਘਰ ਬਣਾਉਂਦੇ । ਇਕ ਦਿਨ ਸੰਤੋਖ ਸਿੰਘ ਦੇ ਹਿਸਾਬ ਨਾਲ ਉਹਦਾ ਇਕ ਗੰਢਾ ਚੋਰੀ ਹੋ ਗਿਆ ਸੀ । ਉਦੋਂ ਗੰਢੇ ਏਨੇ ਮਹਿੰਗੇ ਨਹੀਂ ਸਨ ਹੁੰਦੇ । ਫਿਰ ਵੀ ਮੈਂ ਤੇ ਦੀਵਾਨ ਚੰਦ ਇਸ ਇਲਜ਼ਾਮ ਨਾਲ ਪ੍ਰੇਸ਼ਾਨ ਹੋ ਗਏ । ਪਹਿਲਾਂ ਸਮਝਿਆ ਕਿ ਐਵੇਂ ਮਖ਼ੌਲ ਕਰਦਾ ਹੈ, ਪਰ ਜਦੋਂ ਉਹ ਬਾਹਲਾ ਹੀ ਗੰਭੀਰ ਹੋ ਕੇ ਅੜਿਆ ਰਿਹਾ ਤਾਂ ਇੱਕਠੇ ਰਹਿਣਾ ਔਖਾ ਹੋ ਗਿਆ । ਦੀਵਾਨ ਚੰਦ ਦਾ ਤਾਂ ਪਤਾ ਨਹੀਂ ਕੀ ਬਣਿਆ, ਪਰ ਮੈਂ ਉਸੇ ਮਹੀਨੇ ਕਮਰਾ ਬਦਲ ਲਿਆ ।

ਇਕ ਹੋਰ ਕਮਰਾ ਹਰਭਜਨ ਸੁਜਲਾਨੇ ਨਾਲ ਰਲ ਕੇ ਲਿਆ । ਉਥੇ ਉਹਦੀ ਗੈਰਹਾਜ਼ਰੀ 'ਚ ਮੇਰੇ ਕੋਲ ਦੇਵ ਭਾਰਦਵਾਜ ਦਾ ਵੱਡਾ ਭਰਾ ਹਰੀ ਦੱਤ ਆ ਗਿਆ ਤੇ ਪਤਾ ਨਹੀਂ ਕਦੋਂ ਉਸ ਵਿਚਾਰੇ ਦੇ ਪੋਣੇ ਨਾਲ ਗੰਦੇ ਮੰਦੇ ਹੱਥ ਪੂੰਝ ਗਿਆ । ਉਹ ਸਫ਼ਾਈ ਪਸੰਦ ਮੁੰਡਾ ਨਾਰਾਜ਼ ਹੋ ਗਿਆ ਤੇ ਮੈਨੂੰ ਨਵਾਂ ਕਮਰਾ ਲੱਭਣਾ ਪਿਆ ।

ਵੀਹ ਸੈਕਟਰ ਵਾਲੇ ਮੋਰੀ ਗੇਟ ਵਾਲੇ ਮਕਾਨ ਦੀ ਤੀਜੀ ਮੰਜ਼ਿਲ ਕਦੇ ਨਹੀਂ ਭੁੱਲਦੀ । ਉਸ ਮਕਾਨ ਦਾ ਮੁਖ਼ਤਾਰਨਾਮਾ ਮੇਵਾ ਸਿੰਘ ਕੋਲ ਸੀ । ਅਸੀਂ ਚਾਰ ਕਮਰਿਆਂ 'ਚ ਚਾਰ ਜਣੇ ਰਹਿੰਦੇ ਸਾਂ । ਹਰਜੀਤ (ਦੂਰਦਰਸ਼ਨ ਵਾਲਾ), ਸਿੱਧਾਰਥ (ਆਰਟਿਸਟ), ਸੰਤੋਖ ਭਮਰਾ ਤੇ ਮੈਂ । ਮੇਵਾ ਸਿੰਘ ਇਕ ਪੰਦਰਾਂ ਸੈਕਟਰ ਵਾਲੇ ਹੋਰ ਮਕਾਨ ਦਾ ਵੀ ਇੰਚਾਰਜ ਸੀ । ਉਥੇ ਅਮਿਤੋਜ ਐਂਡ ਪਾਰਟੀ ਰਹਿੰਦੀ ਸੀ । ਕਦੇ ਕਦੇ ਉਹ ਪਾਰਟੀ ਵੀ ਸਾਡੇ ਕੋਲ ਆ ਜਾਂਦੀ ਤੇ ਖੁੱਲ੍ਹੀ ਡੁੱਲ੍ਹੀ ਛੱਤ ਉਤੇ ਪੂਰੀ ਰਾਤ ਜਸ਼ਨ ਚੱਲਦਾ । ਨਾ ਕੋਈ ਸੌਂਦਾ ਨਾ ਕਿਸੇ ਨੂੰ ਸੌਣ ਦਿੰਦਾ । ਇਹਨਾਂ ਚੋਂ ਬਹੁਤੇ ਵਿਦਿਆਰਥੀ ਸਨ, ਜੋ ਘਰੋਂ ਪੈਸੇ ਮੰਗਵਾਉਂਦੇ ਸਨ ਜਾਂ ਫਿਰ ਆਪ ਜਾ ਕੇ ਲੈ ਆਉਂਦੇ ਸਨ । ਮੁਲਾਜ਼ਮ ਇੱਕਲਾ ਮੈਂ ਹੀ ਸਾਂ । ਮੈਨੂੰ ਹਰ ਮਹੀਨੇ ਤਨਖ਼ਾਹ ਮਿਲਦੀ ਸੀ । ਸਾਰੇ ਮੇਰੀ ਇੱਜ਼ਤ ਕਰਦੇ । ਕਈ ਵਾਰੀ ਤਾਂ ਅਮਿਤੋਜ ਮੈਨੂੰ ਪੰਦਰਾਂ ਸੈਕਟਰ ਲਿਜਾ ਕੇ ਪੰਡਤ ਦੀ ਰੇੜ੍ਹੀ ਤੋਂ ਪਰੌਂਠੇ ਖਵਾਉਂਦਾ ਤੇ ਨਾਲ ਹੀ ਉਹਦਾ ਦੋ ਤਿੰਨ ਮਹੀਨਿਆਂ ਦਾ ਬਿੱਲ ਤਰ ਜਾਂਦਾ । ਪਤਾ ਨਹੀਂ, ਉਹ ਕਿਹੋ ਜਿਹੇ ਦਿਨ ਸਨ, ਸਭ ਦਾ ਸੋਹਣਾ ਸਰ ਜਾਂਦਾ । ਇਕ ਯਾਦ ਹੈ ਉੱਨੀ ਸੈਕਟਰ ਦੀ ਬਰਸਾਤੀ । ਮੇਰੇ ਨਾਲ ਪਿੰਜੌਰ ਦੀ ਐੱਚ.ਐੱਮ.ਟੀ. ਦਾ ਇਕ ਮੁਲਾਜ਼ਮ ਆ ਰਲਿਆ । ਸੋਹਣਾ ਮੁੰਡਾ ਸੀ ਤੇ ਗੌਣ ਦਾ ਸ਼ੌਕੀਨ ਸੀ । ਪਰ ਮੈਂ ਹੈਰਾਨ ਸਾਂ ਕਿ ਉਹ ਡਿਊਟੀ 'ਤੇ ਕਿਉਂ ਨਹੀਂ ਜਾਂਦਾ । ਕਹਿੰਦਾ, ਹੜਤਾਲ ਚੱਲਦੀ ਹੈ । ਚੰਗੇ ਕੱਪੜੇ ਪਾਉਂਦਾ । ਬਣ-ਫੱਬ ਕੇ ਪਤੰਗ ਉਡਾਉਂਦਾ ਰਹਿੰਦਾ । ਰੋਟੀ ਅਸੀਂ ਦੋਵੇਂ ਜਣੇ ਢਾਬੇ ਤੋਂ ਖਾਂਦੇ । ਤਿੰਨ ਚਾਰ ਮਹੀਨਿਆਂ ਪਿੱਛੋਂ ਉਹ ਗਿਆ ਤਾਂ ਮੁੜ ਨਹੀਂ ਆਇਆ । ਨਾ ਕਦੇ ਉਹਨੇ ਮਕਾਨ ਦਾ ਕਿਰਾਇਆ ਦਿੱਤਾ, ਨਾ ਰੋਟੀ ਦਾ ਬਿੱਲ । ਇਕ ਦਿਨ ਉਹਦੀ ਮਾਂ ਆਈ ਤੇ ਉਹਦਾ ਟਰੰਕ ਬਿਸਤਰਾ ਲੈ ਗਈ । ਮੈਂ ਉਹਨੂੰ ਬੱਸੇ ਚੜ੍ਹਾ ਕੇ ਆਇਆ । ਆਪਣਾ ਨਾਂ ਉਹ ਦੇਵ ਹਿਮਾਲਵੀ ਦੱਸਦਾ ਹੁੰਦਾ ਸੀ ।

ਏਸੇ ਤਰ੍ਹਾਂ ਕਿਸੇ ਜਾਣੂ ਦਾ ਸਰਸਰੀ ਜਿਹਾ ਹਵਾਲਾ ਲੈਕੇ ਅਵਤਾਰਦੀਪ ਨਾਂ ਦਾ ਦਿਲਚਸਪ ਸ਼ਖ਼ਸ ਕਿੰਨੀ ਹੀ ਦੇਰ ਮੇਰੇ ਕਮਰੇ 'ਚ ਰਹਿੰਦਾ ਰਿਹਾ । ਖ਼ਾਲੀ ਜੇਬ ਹੁੰਦਿਆਂ ਵੀ ਉਹਦੇ ਟੌਹਰ ਵਿਚ ਕਦੇ ਫ਼ਰਕ ਨਹੀਂ ਸੀ ਪਿਆ । ਦੂਜੇ ਕੋਲੋਂ ਦਬਕਾ ਮਾਰ ਕੇ ਕੰਮ ਕਰਵਾਉਂਦਾ ਸੀ । ਜਦੋਂ ਉਹਨੇ ਵੱਖਰਾ ਕਮਰਾ ਲੈ ਲਿਆ ਤਾਂ ਉਹਦੇ ਵਿਚਲਾ ਸਾਮਾਨ ਵੇਖ ਕੇ ਹੈਰਾਨੀ ਹੁੰਦੀ ਸੀ । ਕੁਝ ਸਮਾਂ ਉਹ ਗੁਰਦੇਵ ਚੌਹਾਨ ਦਾ ਗੁਆਂਢੀ ਰਿਹਾ । ਉਹ ਉਹਦੇ ਬਾਰੇ ਵਧੇਰੇ ਚਾਨਣਾ ਪਾ ਸਕਦੈ । ਮਕਾਨ ਮਾਲਕ ਤਾਂ ਉਹਨੂੰ ਕਦੇ ਭੁੱਲ ਹੀ ਨਹੀਂ ਸਕਦਾ ।

ਘਰ ਵਸਾਉਣ ਤੋਂ ਪਹਿਲਾਂ ਵਾਲਾ ਕਮਰਾ ਇੱਕੀ ਸੈਕਟਰ ਵਿਚ ਸੀ । ਸੂਰਜ ਤਨਵੀਰ ਦੇ ਗੁਆਂਢ । ਅਸਲ ਵਿਚ ਉਹ ਸਾਰਾ ਪੋਰਸ਼ਨ ਤਨਵੀਰ ਸਾਅਬ ਕੋਲ ਹੀ ਸੀ ਤੇ ਉਨ੍ਹਾਂ ਨੇ ਇਕ ਵੱਡਾ ਕਮਰਾ ਮੈਨੂੰ ਸਸਤਾ ਹੀ ਦੇ ਦਿੱਤਾ ਸੀ । ਲਾਗੇ ਹੀ ਸ਼ਿਵ ਕੁਮਾਰ ਰਹਿੰਦਾ ਸੀ । ਐਨ ਨਾਲ ਬਾਈ ਸੈਕਟਰ ਲੱਗਦਾ ਸੀ, ਜਿੱਥੇ ਰਾਈਟਰ ਕਾਰਨਰ ਹੋਣ ਕਰਕੇ ਮੇਰੇ ਇਸ ਕਮਰੇ ਵਿਚ ਲੇਖਕਾਂ ਦਾ ਮੇਲਾ ਲੱਗਾ ਰਹਿੰਦਾ ਸੀ ।

ਤਨਵੀਰ ਹੁਰਾਂ ਪਾਸੇ ਅੰਜੁਮਨੇ-ਤਰੱਕੀਏ-ਉਰਦੂ ਹਿੰਦ ਦਾ ਦਫ਼ਤਰ ਹੋਣ ਕਰਕੇ ਉਰਦੂ ਦੇ ਅਦੀਬ ਆਉਂਦੇ ਜਾਂਦੇ ਰਹਿੰਦੇ । ਤਨਵੀਰ ਹੁਰਾਂ ਕੋਲ ਉਰਦੂ ਦੀਆਂ ਬਹੁਤ ਕਿਤਾਬਾਂ ਸਨ, ਜੋ ਉਨ੍ਹਾਂ ਨੇ ਕਰੀਨੇ ਨਾਲ ਸਜਾ ਕੇ ਰੱਖੀਆਂ ਹੁੰਦੀਆਂ । ਪ੍ਰੇਮ ਬਾਰਬਟਨੀ ਵਰਗਿਆਂ ਨਾਲ ਅਕਸਰ ਵਾਹ ਪੈਂਦਾ । ਏਧਰ ਮੇਰੇ ਵਾਲੇ ਪਾਸੇ ਭੁੰਜੇ ਹੀ ਬਿਸਤਰੇ ਵਿਛਾ ਕੇ ਪੰਦਰਾਂ ਵੀਹ ਜਣੇ ਰਾਤ ਕੱਟ ਲੈਂਦੇ । ਇਸ ਕਮਰੇ ਵਿਚ ਮ੍ਰਿਤਯੂਬੋਧ ਇਕ ਵਾਰ ਹੰਸ ਰਾਜ ਰਹਿਬਰ ਨੂੰ ਛੱਡ ਗਿਆ । ਉਹ ਮਹੀਨਾ ਡੇਢ ਮਹੀਨਾ ਰਿਹਾ । ਪਿੱਛੋਂ ਪਤਾ ਲੱਗਾ ਕਿ ਉਹ ਉਨ੍ਹੀਂ ਦਿਨੀਂ ਅੰਡਰਗਾਊਂਡ ਸੀ । ਆਪਣੀ ਕਿਤਾਬ 'ਗਾਂਧੀ ਬੇਨਿਕਾਬ' ਅਤੇ ਨਾਵਲ 'ਕਿੱਸਾ ਤੋਤਾ ਪੜ੍ਹਾਨੇ ਕਾ' ਮੈਨੂੰ ਦੇ ਗਿਆ ਸੀ ।

ਉਂਜ ਤਾਂ ਪੰਦਰ੍ਹਾਂ ਸੈਕਟਰ ਦਾ 118 ਨੰਬਰ ਅਤੇ ਬਾਈ ਸੈਕਟਰ ਦਾ 1940 ਨੰਬਰ ਮੇਰੀ ਜ਼ਿੰਦਗੀ ਦੇ ਅਹਿਮ ਸਿਰਨਾਵੇਂ ਹਨ, ਪਰ ਇਹ ਕਮਰੇ ਘਰ ਵਿਚ ਤਬਦੀਲ ਹੋ ਚੁਕੇ ਸਨ । ਘਰ ਦੀ ਤਾਂ ਗੱਲ ਈ ਹੋਰ ਹੁੰਦੀ ਹੈ! ਕਮਰਾ ਬਸ ਤਨਵੀਰ ਦੇ ਗੁਆਂਢ ਵਾਲਾ । ਇਸ ਨਾਲ ਮੇਰਾ ਬਹੁਤ ਕੁਝ ਜੁੜਿਆ ਹੋਇਐ । ਏਥੇ ਰਹਿੰਦਿਆਂ ਬਹੁਤ ਕੁਝ ਸਿੱਖਿਆ । ਬਹੁਤ ਕੁਝ ਕਮਾਇਆ । ਬਹੁਤ ਕੁਝ ਖੱਟਿਆ । ਸਤਾਈ ਸੈਕਟਰ ਦੀ ਰਸੋਈ ਤੋਂ ਲੈ ਕੇ ਇੱਕੀ ਸੈਕਟਰ ਦੇ ਇਸ ਕਮਰੇ ਤੱਕ ਏਨੀਆਂ ਯਾਦਾਂ ਫੈਲੀਆਂ ਹੋਈਆਂ ਨੇ ਕਿ ਕਿਸੇ ਇਕ ਦੀ ਵੀ ਕੰਨੀ ਫੜ ਲਵਾਂ ਤਾਂ ਮੁੱਕਣ 'ਚ ਨਾ ਆਏ । ਅੱਜ ਤਾਂ ਐਵੇਂ ਕਮਰਿਆਂ ਦੇ ਬਹਾਨੇ ਯਾਦਾਂ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਹੈ । ਕੁਝ ਨਾਵਾਂ ਤੇ ਥਾਵਾਂ ਤੋਂ ਪਰ੍ਹੇ ਜਾ ਕੇ ਵੀ ਅਸੀਂ ਆਪਣਾ ਕਿੰਨਾ ਕੁਝ ਓਥੇ ਛੱਡ ਆਉਂਦੇ ਹਾਂ । ਕਿੰਨਾ ਕੁਝ ਨਾਲ ਲਈ ਫਿਰਦੇ ਹਾਂ!!

••••••

32. ਪਹਿਲੀ ਪਹਿਲੀ ਵਾਰੀ

ਪਿੰਡ ਰਹਿੰਦਿਆਂ ਪੜ੍ਹਨ ਲਈ ਬਹੁਤਾ ਕੁਝ ਨਹੀਂ ਸੀ । ਘਰ ਵਿਚ ਧਾਰਮਿਕ ਪੁਸਤਕਾਂ ਸਨ । ਸਭ ਧਰਮਾਂ ਦੀਆਂ ਪੁਸਤਕਾਂ । ਪੜ੍ਹਦੇ ਵੀ ਸਾਂ, ਸੁਣਦੇ ਵੀ ਸਾਂ । ਸਕੂਲ ਦੀ ਲਾਇਬਰੇਰੀ 'ਚੋਂ ਜ਼ਿਆਦਾਤਰ ਹਿੰਦੀ ਦੀਆਂ ਕਿਤਾਬਾਂ ਹੀ ਜਾਰੀ ਹੁੰਦੀਆਂ । ਸੰਨਿਆਸੀ, ਸੂਖੇ ਸੰਤਰੇ, ਗਾਂਧੀ ਚਰਿਤ ਮਾਨਸ…... ਵਗੈਰਾ ਪੜ੍ਹੀਆਂ ਘਰ ਲਿਆ ਕੇ, ਪਰ ਪਿੜ-ਪੱਲੇ ਕੁਝ ਨਾ ਪਿਆ । ਮਾਸਟਰ ਕਪਿਲ ਦੇਵ ਹੁਰਾਂ ਦੇ ਸੀਤਾ ਰਾਮ ਪੁਸਤਕਾਲੇ 'ਚੋਂ ਗੀਤਾ ਪਰੈੱਸ, ਗੋਰਖਪੁਰ ਦੀਆਂ ਛਾਪੀਆਂ ਸਿੱਖਿਆਦਾਇਕ ਅਤੇ ਚਰਿੱਤਰ ਨਿਰਮਾਣ ਕਰਨ ਵਾਲੀਆਂ, ਮੂਰਤਾਂ ਵਾਲੀਆਂ, ਪੁਸਤਕਾਂ 'ਚੋਂ ਪੌਰਾਣਿਕ ਕਹਾਣੀਆਂ ਦਿਲਚਸਪ ਲੱਗਦੀਆਂ ।

ਪੰਜਾਬੀ ਹਿੰਦੀ ਦਾ ਕੋਈ ਅਖ਼ਬਾਰ ਕਦੇ ਕਿਸੇ ਕੋਲ ਨਹੀਂ ਸੀ ਵੇਖਿਆ । ਉਰਦੂ ਅਖ਼ਬਾਰਾਂ ਦਾ ਦੌਰ ਸੀ । ਬਾਬੇ ਮੋਹਨ ਦਾਸ ਦੇ ਡੇਰੇ ਵਿਚ ਇਨ੍ਹਾਂ ਦਾ ਪਾਠ ਹੁੰਦਾ । ਖ਼ਬਰਾਂ ਚਿੱਥੀਆਂ ਜਾਂਦੀਆਂ । ਅੰਗਰੇਜ਼ੀ ਟ੍ਰਿਬਿਊਨ ਸਿਰਫ਼ ਦਸਵੀਂ ਦਾ ਨਤੀਜਾ ਵੇਖਣ ਵੇਲੇ ਹੀ ਵੇਖਿਆ ਜਾਂਦਾ । ਪੰਜਾਬੀ ਦੀਆਂ ਕਿਤਾਬਾਂ ਤਾਂ ਪਕੌੜਿਆਂ ਵਾਲੇ ਬਾਬੇ ਮਹਿਲੇ ਕੋਲੋਂ ਹੀ ਮਿਲ ਜਾਂਦੀਆਂ ਸਨ । ਸਾਵੇ ਪੱਤਰ, ਖ਼ੂਨੀ ਦੀਵਾਰ ਅਤੇ ਦੱਬੇ ਭਾਂਬੜ... ਆਦਿ ਨੇ ਸਾਹਿਤ ਵਾਲੀ ਖਿੜਕੀ ਖੋਲ੍ਹੀ । ਧਾਰਮਿਕ ਪੋਥੀਆਂ ਅਤੇ ਕਿੱਸਿਆਂ ਤੋਂ ਪਿੱਛੋਂ ਇਹ ਖਿੜਕੀ ਚੰਗੀ ਲੱਗੀ । ਲੱਗਣ ਲੱਗਾ ਕਿ ਇਸ ਤਰ੍ਹਾਂ ਦੀਆਂ ਹੋਰ ਕਿਤਾਬਾਂ ਲੱਭਣੀਆਂ ਚਾਹੀਦੀਆਂ ਨੇ । ਲੱਭਦਾ ਕਿੱਥੋਂ?

ਹੁਣ ਲੱਗਦਾ ਹੈ ਕਿ ਜੋ ਹੋਇਆ ਠੀਕ ਹੋਇਆ । ਸ਼ਾਸ਼ਤਰਾਂ ਨੇ ਦੱਸਿਆ ਕਿ ਸੌੜੇ ਮੂੰਹ ਵਾਲੇ ਭਾਂਡੇ ਵਿਚ ਜੇ ਖੁੱਲ੍ਹੇ ਮੂੰਹ ਵਾਲੇ ਬਰਤਨ 'ਚੋਂ ਵਸਤ ਉਲਟਾਈ ਜਾਏ ਤਾਂ ਬਹੁਤੀ ਏਧਰ ਓਧਰ ਡੁੱਲ੍ਹ ਜਾਂਦੀ ਹੈ । ਭਾਂਡੇ ਦੇ ਢਿੱਡ ਵਿਚ ਕੁਝ ਨਹੀਂ ਪੈਂਦਾ । ਇਸ ਲਈ ਬਚਪਨ ਵਿਚ ਪੁਸਤਕਾਂ ਦੀ ਬਹੁਤਾਤ ਨਾ ਹੋਣਾ ਅਤੇ ਉਨ੍ਹਾਂ ਹੀ ਪੁਸਤਕਾਂ ਨੂੰ ਘੜੀ-ਮੁੜੀ ਪੜ੍ਹਨਾ ਫਾਇਦੇਮੰਦ ਰਿਹਾ । ਬਹੁਤੀ ਵਾਰ ਬਹੁਤਾ ਕੁਝ ਬਹੁਤਾਤ ਦੇ ਢੇਰ ਹੇਠਾਂ ਦੱਬਿਆ ਜਾਂਦਾ ਹੈ । ਗਿਆਨ ਵੀ ਭਾਰ ਬਣ ਜਾਂਦਾ ਹੈ । ਭਾਰ 'ਚੋਂ ਖੁਸ਼ੀ ਨਹੀਂ ਮਿਲਦੀ । ਬੰਦਾ ਕਿਤਾਬਾਂ ਵਿਚੋਂ ਖੁਸ਼ੀ ਹੀ ਤਾਂ ਲੱਭਦਾ ਹੈ! ਲੱਭਦਾ ਲੱਭਦਾ ਖ਼ੁਦ ਗੁਆਚ ਜਾਂਦਾ ਹੈ ।

ਸ਼ੁਰੂ ਸ਼ੁਰੂ ਵਿਚ ਚੰਡੀਗੜ੍ਹ ਆ ਕੇ ਮੈਂ ਗੁਆਚ ਜਿਹਾ ਗਿਆ । ਪ੍ਰਭੂ ਭਗਤੀ ਵਾਲੇ ਸੰਸਕਾਰਾਂ ਨੇ ਦੇਸ਼ ਭਗਤੀ ਵਾਲਾ ਚੋਲਾ ਪਹਿਨ ਲਿਆ ਸੀ । ਏਥੇ ਆ ਕੇ ਚੋਲਾ ਕੁਝ ਅਜੀਬ ਜਿਹਾ ਜਾਪਣ ਲੱਗਾ । ਏਥੋਂ ਦੇ ਲੋਕ ਹੋਰ ਤਰ੍ਹਾਂ ਦਾ ਲਿਖ ਪੜ੍ਹ ਰਹੇ ਸਨ । ਮੈਂ ਆਪਣੀ ਧੁਨ ਵਿਚ ਮਸਤ ਸਾਂ । ਲਿਖ ਲਿਖ ਕਾਪੀਆਂ ਭਰੀ ਜਾਂਦਾ । ਇਕ ਉਤੇ ਦੂਜੀ ਧਰੀ ਜਾਂਦਾ ।

ਇਹਨੀਂ ਦਿਨੀਂ ਮੋਹਨ ਸਿੰਘ ਮਿਲਿਆ । ਕਾਮਰੇਡ ਮੋਹਨ ਸਿੰਘ । ਦਫ਼ਤਰ ਦਾ ਸਾਥੀ । ਨਿੱਕਾ ਮੋਟਾ ਯੂਨੀਅਨ ਲੀਡਰ । ਲੰਚ ਵੇਲੇ ਸੈਕਟਰੀਏਟ ਮੂਹਰੇ ਨਾਅਰੇ ਲਵਾਉਂਦਾ ਝੱਗੋ-ਝੱਗ ਹੋ ਜਾਂਦਾ । ਮੁਲਾਜ਼ਮਾਂ ਦੇ ਹੱਕਾਂ ਦੀਆਂ ਗੱਲਾਂ ਕਰਕੇ ਸਾਨੂੰ ਇਕ ਹੋਣ ਦੀ ਅਪੀਲ ਕਰਦਾ । ਏਹੋ ਜਿਹੇ ਮੌਕੇ ਉਹ ਖਾਸ ਹੁੰਦਾ ਪਰ ਉਂਜ ਆਮ ਤੌਰ 'ਤੇ ਸਾਡੇ ਨਾਲ ਦੀ ਇਕ ਮੇਜ਼ 'ਤੇ ਬਹਿ ਕੇ ਸਾਡੇ ਵਾਂਗ ਹੀ ਕੰਮ ਕਰਦਾ । ਮੇਰੇ ਲਿਖਦੇ ਹੋਣ ਬਾਰੇ ਪਤਾ ਲੱਗਾ ਤਾਂ ਇਕ ਦਿਨ ਕਮਰੇ 'ਚ ਆ ਗਿਆ, ਅਖੇ ਤੇਰੀਆਂ ਕਵਿਤਾਵਾਂ ਸੁਣਨ ਆਇਆਂ । ਮਸਾਂ ਸਰੋਤਾ ਲੱਭਾ । ਇਕ ਤੋਂ ਬਾਅਦ ਇਕ ਕਾਪੀ ਖੋਲ੍ਹੀ ਗਿਆ । ਉਹ ਚੁੱਪ ਕਰਕੇ ਬੈਠਾ ਰਿਹਾ, ਮੈਂ ਬੋਲੀ ਗਿਆ । ਉਹ ਬਹੁਤ ਸ਼ਾਂਤ ਸੀ ਤੇ ਬੜੇ ਗਹੁ ਨਾਲ ਸੁਣ ਰਿਹਾ ਜਾਪਿਆ । ਵਿਚ ਵਿਚ ਹੁੰਗਾਰੇ ਵਜੋਂ ਸਿਰ ਵੀ ਹਿਲਾਉਂਦਾ ਰਿਹਾ । ਹੋਰ ਸੁਣਾਉਣ ਲਈ ਉਕਸਾਉਂਦਾ ਰਿਹਾ ।

ਪਿੱਛੋਂ ਪੁੱਛਦਾ, ''ਤੂੰ ਅਮ੍ਰਿਤਾ ਨੂੰ ਪੜ੍ਹਿਐ? ਸ਼ਿਵ ਕੁਮਾਰ ਪੜ੍ਹਿਐ? ਜਸਵੰਤ ਕੰਵਲ ਦਾ ਕੋਈ ਨਾਵਲ ਪੜ੍ਹਿਐ?...U ਮੈਂ ਨਾਂਹ ਵਿਚ ਸਿਰ ਹਿਲਾਇਆ । ਪਿੰਡ ਰਹਿੰਦਿਆਂ ਜੋ ਪੜ੍ਹਿਆ ਸੀ, ਦੱਸ ਦਿੱਤਾ । ਨਾਵਲ ਤਾਂ ਉਦੋਂ ਤੱਕ ਸਿਰਫ਼ ਇਕੋ ਪੜ੍ਹਿਆ ਸੀ । ਨਾਨਕ ਸਿੰਘ ਦਾ 'ਚਿੱਟਾ ਲਹੂ' । ਉਸ ਵਿਚਲੀ ਰੋਡੂ ਕਲੰਦਰ ਅਤੇ ਲੱਛੋ ਬਾਂਦਰੀ ਦੀ ਕਹਾਣੀ ਸੁਣਾ ਦਿੱਤੀ । ਕਹਾਣੀਆਂ ਕੇਵਲ ਸਿਲੇਬਸ ਵਾਲੀਆਂ ਹੀ ਪੜ੍ਹੀਆਂ ਸਨ ਅਤੇ ਪੂਰਾ ਸੰਗ੍ਰਹਿ ਸਿਰਫ਼ ਇਕ । ਗਿਆਨੀ ਗੁਰਮੁਖ ਸਿੰਘ ਮੁਸਾਫ਼ਰ ਦਾ ਲਿਖਿਆ 'ਗੁਟਾਰ ਤੇ ਹੋਰ ਕਹਾਣੀਆਂ ।' ਮੋਹਨ ਸਿੰਘ ਨੇ ਮੈਨੂੰ ਬੜੇ ਪਿਆਰ ਨਾਲ ਹੱਥ ਮਿਲਾਉਂਦਿਆਂ ਕਿਹਾ, ''ਮੈਂ ਕੱਲ੍ਹ ਆਵਾਂਗਾ, ਕੁਝ ਕਿਤਾਬਾਂ ਲੈ ਕੇ । ਉਹ ਪੜ੍ਹੀਂ, ਫੇਰ ਗੱਲ ਕਰਾਂਗੇ ।'' ਅਗਲੇ ਦਿਨ ਉਹ ਅੰਮ੍ਰਿਤਾ ਪ੍ਰੀਤਮ ਦੀ 'ਕਸਤੂਰੀ' ਦੇ ਗਿਆ । ਮੈਂ ਸੁੰਘ ਕੇ ਰੱਖ ਛੱਡੀ । ਫੇਰ 'ਪੱਥਰ ਗੀਟੇ' ਤੋਂ 'ਸੁਨੇਹੇੜੇ' ਤੱਕ ਕਿਤਾਬਾਂ ਆਈ ਗਈਆਂ । ਇਕ ਦੋ ਹੋਰਨਾਂ ਕਵੀਆਂ ਦੀਆਂ ਰਚਨਾਵਾਂ ਵੀ ਉਹ ਲਿਆਇਆ । ਨਜ਼ਰ ਮਾਰਦਾ, ਕੋਈ ਕੋਈ ਸਤਰ ਪੜ੍ਹਦਾ ਤੇ ਰੱਖ ਛੱਡਦਾ । ਲੱਗਦਾ : ਇਹ ਕਿਹੋ ਜਿਹੀ ਕਵਿਤਾ ਹੈ । ਇਸ਼ਕ ਮੁਸ਼ਕ ਦੀਆਂ ਗੱਲਾਂ ਕਰੀ ਜਾਂਦੇ ਨੇ ਇਹ ਕਵੀ । ਕੋਈ ਰੱਬ ਦੀ ਗੱਲ ਨਹੀਂ । ਕੋਈ ਦੇਸ਼ ਦੀ ਗੱਲ ਨਹੀਂ ।

ਫੇਰ ਇਕ ਦਿਨ ਉਹ ਮੈਨੂੰ 'ਬਿਰਹਾ ਤੂ ਸੁਲਤਾਨ' ਫੜਾ ਗਿਆ । ਸ਼ਿਵ ਕੁਮਾਰ ਬਟਾਲਵੀ ਨਾਲ ਇਲਾਕੇ ਦੀ ਸਾਂਝ ਅਤੇ ਬੋਲੀ ਦੀ ਸਾਂਝ ਹੋਣ ਕਰਕੇ ਉਹ ਕਿਤਾਬ ਧਿਆਨ ਨਾਲ ਪੜ੍ਹਨੀ ਸ਼ੁਰੂ ਕੀਤੀ । ਤਾਰ ਜੁੜ ਗਈ । ਕੁਨੈਕਸ਼ਨ ਹੋ ਗਿਆ । ਉਹਦੀ ਬੋਲੀ ਨਾਲ ਏਨੀ ਅਪਣੱਤ ਜਾਪੀ ਕਿ ਇਕ ਇਕ ਕਵਿਤਾ ਨੂੰ ਕਈ ਕਈ ਵਾਰ ਪੜ੍ਹਿਆ ਅਤੇ ਆਖਿਆ ਕਿ ਹੋਰ ਕਿਤਾਬ ਹਾਲੀ ਕੋਈ ਨਹੀਂ ਚਾਹੀਦੀ । ਏਨਾ ਅਸਰ ਹੋਇਆ ਕਿ ਉਹੋ ਜਿਹੀਆਂ ਨਜ਼ਮਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ । ਉਸ ਦੀ ਕਵਿਤਾ ਵਾਲਾ ਕੋਈ ਇਕ ਸ਼ਬਦ ਵੀ ਨਾ ਵਰਤਣਾ ਪਰ ਪੂਰੀ ਦੀ ਪੂਰੀ ਉਹਦੇ ਵਰਗੀ ਕਵਿਤਾ ਲਿਖ ਦੇਣੀ । ਕਈ ਮਹੀਨੇ ਉਹ ਭੂਤ ਸਵਾਰ ਰਿਹਾ । ਲਗਭਗ 'ਬਿਰਹਾ ਤੂ ਸੁਲਤਾਨ' ਦੇ ਆਕਾਰ ਦੀ ਕਿਤਾਬ ਜੋਗੀ, ਸਮੱਗਰੀ ਲਿਖ ਮਾਰੀ । ਇਸੇ ਦੌਰਾਨ ਸਾਹਿਰ ਲੁਧਿਆਣਵੀ ਦੀ 'ਤਲਖ਼ੀਆਂ' ਹੱਥ ਲੱਗ ਗਈ । ਉਹਦਾ ਉਹਦੇ ਹੀ ਅੰਦਾਜ਼ ਵਿਚ ਪੰਜਾਬੀ ਅਨੁਵਾਦ ਕਰ ਮਾਰਿਆ । ਸਾਹਿਰ ਵਾਲਾ ਅਨੁਵਾਦ ਤਾਂ ਗੁੰਮ ਗੁਆਚ ਗਿਐ ਪਰ ਸ਼ਿਵ ਦੀ ਤਰਜ਼ ਵਾਲਾ ਕੁਝ ਮਸਾਲਾ ਅਜੇ ਵੀ ਸਾਂਭਿਆ ਪਿਐ । ਹੁਣ ਮੋਹਨ ਸਿੰਘ ਅਕਸਰ ਮੇਰੀ ਕਲਾਸ ਲੈਂਦਾ । ਉਹ ਮੈਨੂੰ ਮੁਲਾਜ਼ਮ ਫੈਡਰੇਸ਼ਨ ਦੇ ਦਫ਼ਤਰ ਲੈ ਜਾਂਦਾ । ਰਣਬੀਰ ਢਿੱਲੋਂ, ਰਘਬੀਰ ਸਿੰਘ ਸੰਧੂ, ਸੱਜਣ ਸਿੰਘ ਵਰਗੇ ਲੀਡਰਾਂ ਨਾਲ ਮਿਲਾਉਂਦਾ । ਘਰ ਲਿਜਾ ਕੇ ਆਪਣੇ ਵੱਡੇ ਭਰਾ ਪੂਰਨ ਸਿੰਘ ਕਿਰਤੀ ਦੀ ਸੰਗਤ ਕਰਾਉਂਦਾ । ਪੰਜਾਬ ਬੁੱਕ ਸੈਂਟਰ ਲੈ ਜਾਂਦਾ । ਸੋਵੀਅਤ ਪੁਸਤਕਾਂ ਬਾਰੇ ਦੱਸਦਾ । ਉਹਦੇ ਕਹਿਣ 'ਤੇ ਕਈ ਕਿਤਾਬਾਂ ਖਰੀਦ ਵੀ ਲੈਂਦਾ । ਹੌਲੀ ਹੌਲੀ ਉਹਨੇ ਮੈਨੂੰ ਪ੍ਰਗਤੀਵਾਦੀ ਚਾਟੇ ਲਾ ਲਿਆ । ਭਗਤ ਸਿੰਘ ਦੇ ਇਨਕਲਾਬੀ ਨਾਅਰੇ ਨੂੰ ਰੂਸ ਨਾਲ ਜੋੜ ਕੇ ਮੇਰਾ ਰਾਹ ਮੋਕਲਾ ਕਰ ਦਿੱਤਾ । ਉਹਦੇ ਇਸ ਸਾਥ ਨੇ ਥੋੜ੍ਹੇ ਜਿਹੇ ਅਰਸੇ ਵਿਚ ਹੀ ਮੇਰੇ ਕਮਰੇ ਨੂੰ ਕਿਤਾਬਾਂ ਨਾਲ ਭਰ ਦਿੱਤਾ । ਦੁਨੀਆ ਨੂੰ ਦੇਖਣ ਦਾ ਇਹ ਉਸਾਰੂ ਨਜ਼ਰੀਆ ਵਰਦਾਨ ਸਿੱਧ ਹੋਇਆ । ਕਾਮਰੇਡਾਂ ਦੀ ਸਾਦਗੀ, ਕੰਮ ਕਰਨ ਦੀ ਲਗਨ ਅਤੇ ਸਾਂਝਾ ਹੱਲਾ ਮਾਰਨ ਵਾਲਾ ਗੁਣ...ਮੈਨੂੰ ਖਿੱਚਦੇ ਰਹੇ । ਸੋਵੀਅਤ ਸਾਹਿਤ ਦਾ ਖਜ਼ਾਨਾ ਖੁੱਲ੍ਹ ਗਿਆ । ਹਰ ਭਾਸ਼ਾ ਦੇ ਕਹਿੰਦੇ ਕਹਾਉਂਦੇ ਲੇਖਕ ਅਤੇ ਬੁੱਧੀਜੀਵੀ ਲੋਕਾਂ ਨੂੰ ਮੈਂ ਪੰਜਾਬ ਬੁੱਕ ਸੈਂਟਰ 'ਤੇ ਮਿਲਿਆ ਹਾਂ । ਇਹ ਤੋਹਫਾ ਮੈਨੂੰ ਮੋਹਨ ਸਿੰਘ ਨੇ ਦਿੱਤਾ ।...ਪਰ ਹੁਣ ਇਸ ਦਿ੍ਸ਼ ਉਤੇ ਦਿ੍ਸ਼ਟੀਪਾਤ ਕਰਕੇ ਹੈਰਾਨੀ ਹੁੰਦੀ ਹੈ ਕਿ ਪੰਜਾਬ ਦੇ ਸਾਹਿਤਕ/ਸਭਿਆਚਾਰਕ ਫਰੰਟ 'ਤੇ ਕਾਮਰੇਡ ਹਮੇਸ਼ਾ ਹਾਵੀ ਰਹੇ ਹਨ, ਅਜੇ ਵੀ ਸਿਰਮੌਰ ਸਾਹਿਤਕ ਸੰਸਥਾਵਾਂ ਅਤੇ ਅਕਾਦਮੀਆਂ ਉਤੇ ਇਨ੍ਹਾਂ ਦਾ ਕਬਜ਼ਾ ਹੈ ਪ੍ਰੰਤੂ ਇਸ ਪ੍ਰਭਾਵ ਦਾ ਪਰਤਓ ਸਿਆਸੀ ਸੀਨ ਤੋਂ ਗੈਰਹਾਜ਼ਰ ਕਿਉਂ ਹੈ? ਬਾਕੀ ਦੀਆਂ ਬਹੁਤੀਆਂ ਵਿਚਾਰਧਾਰਾਵਾਂ ਆਪਣੇ ਮਸਲੇ ਨੂੰ ਪ੍ਰਚਾਰਨ ਦੀ ਥਾਂ, ਏਸੇ ਦੀ ਕਾਟ ਵਿਚ ਜੁਟੀਆ ਹੋਈਆਂ ਨੇ । ਏਡੇ ਵੱਡੇ ਪੱਧਰ 'ਤੇ ਪ੍ਰਵਾਨਗੀ ਮਿਲਣ ਦੇ ਬਾਵਜੂਦ ਲੋੜੀਂਦੇ ਸਿੱਟੇ ਕਿਉਂ ਨਹੀਂ ਨਿਕਲ ਸਕੇ ।...ਇਸ ਦਾ ਜਵਾਬ ਮੋਹਨ ਸਿੰਘ ਕੋਲ ਵੀ ਨਹੀਂ । ਹੁਣ ਉਹ ਮੇਰੇ ਵਾਂਗੂੰ ਹੀ ਰਿਟਾਇਰ ਹੋ ਚੁੱਕਾ ਹੈ ਅਤੇ ਆਪਣੇ ਵੱਡੇ ਭਰਾ ਪੂਰਨ ਸਿੰਘ ਕਿਰਤੀ ਵਾਂਗ ਬਿਲਡਿੰਗਾਂ ਦੇ ਐਸਟੀਮੇਟ ਲਾ ਕੇ ਦੇਂਦਾ ਹੈ । ਫਾਇਦੇਮੰਦ ਰੁਝੇਵਾਂ ਹੈ ।

ਕਿਤਾਬਾਂ ਵਿਚ ਦਿਲਚਸਪੀ ਹੋਣ ਕਰਕੇ ਕਿਤਾਬਾਂ ਦੇ ਲੇਖਕਾਂ ਵਿਚ ਮੇਰੀ ਖਾਸ ਦਿਲਚਸਪੀ ਸੀ । ਇਹ ਲੋਕ ਮੇਰੇ ਲਈ ਬੜੀ ਵੱਡੀ ਸ਼ੈਅ ਸਨ । ਕਦੇ ਕਦੇ ਇਨ੍ਹਾਂ 'ਚੋਂ ਕਿਸੇ ਨੂੰ ਦੂਰੋਂ ਦੇਖ ਕੇ ਧੰਨ ਹੋ ਜਾਂਦਾ । ਕਵੀ ਦਰਬਾਰਾਂ, ਗੋਸ਼ਟੀਆਂ ਅਤੇ ਸਮਾਗਮਾਂ ਵਿਚ ਦਰਸ਼ਕ ਵਜੋਂ ਸ਼ਾਮਲ ਹੋ ਕੇ ਆਪਣੀ ਇਸ ਭੁੱਖ ਦੀ ਤ੍ਰਿਪਤੀ ਕਰਦਾ ।

ਸਾਖਿਆਤ ਪਹਿਲਾ ਲੇਖਕ ਮੈਨੂੰ ਜੀ. ਡੀ. ਚੌਧਰੀ ਮਿਲਿਆ । ਉਦੋਂ ਉਹ ਆਪਣੀ ਪਹਿਲੀ ਕਿਤਾਬ ਛਪਵਾ ਰਿਹਾ ਸੀ । ਉਹਦੇ ਘਰ ਜਸਵੰਤ ਸਿੰਘ ਕੰਵਲ ਰਾਤ ਠਹਿਰਿਆ । ਮੈਂ ਵੀ ਉਥੇ ਰਿਹਾ । ਉਹ ਗੱਲਾਂ ਕਰਦੇ ਰਹੇ । ਮੈਂ ਸੁਣਦਾ ਰਿਹਾ । ਇਹ ਗੱਲਾਂ ਸਾਹਿਤ ਬਾਰੇ ਘੱਟ ਸਨ, ਸਿਆਸਤ ਅਤੇ ਸਿਆਸੀ ਲੋਕਾਂ ਬਾਰੇ ਜ਼ਿਆਦਾ । ਚੌਧਰੀ ਦਾ ਪ੍ਰਗਤੀਵਾਦ ਸਿਰ ਚੁੱਕ ਰਿਹਾ ਸੀ । ਕੰਵਲ ਉਸ ਨੂੰ ਹੌਸਲਾ ਦੇ ਰਿਹਾ ਸੀ । ਜੀ. ਡੀ. ਚੌਧਰੀ ਨੇ ਉਦੋਂ ਕਈ ਗੱਲਾਂ ਦੱਸ ਕੇ ਮੈਨੂੰ ਹੈਰਾਨ ਕਰ ਦਿੱਤਾ । ਉਹਨੇ ਦੱਸਿਆ ਕਿ ਸਾਹਿਤਕ ਹਲਕਿਆਂ ਵਿਚ ਜ਼ਿਕਰ-ਜ਼ਕਾਰ ਲਿਖਤਾਂ ਨਾਲ ਨਹੀਂ, ਨਿੱਜੀ ਪਹੁੰਚਾਂ ਤੇ ਵਾਕਫ਼ੀਆਂ ਨਾਲ ਹੁੰਦਾ ਹੈ । ਉਹਨੇ ਜੋਗਿੰਦਰ ਰਮਦੇਵ ਦੇ ਸੰਪਾਦਿਤ ਪੰਜਾਬੀ ਲੇਖਕ ਕੋਸ਼ ਦਾ ਹਵਾਲਾ ਦਿੱਤਾ ਕਿ ਉਸ ਵਿਚ ਸ਼ਿਵ ਕੁਮਾਰ ਦੀ ਐਂਟਰੀ ਨਿਕੀ ਜਿਹੀ ਹੈ ਅਤੇ ਵਾਕਿਫਕਾਰ ਹੋਣ ਕਰਕੇ ਜੀ. ਡੀ. ਚੌਧਰੀ ਬਾਰੇ ਲੰਬਾ ਚੌੜਾ ਲਿਖਿਆ ਹੈ । ਉਹਦਾ ਇਹ ਖੁੱਲ੍ਹਾ ਖੁਲਾਸਾਪਨ ਮੈਨੂੰ ਪਸੰਦ ਆਇਆ । ਇਕ ਦਿਨ ਚੌਧਰੀ ਕਹਿਣ ਲੱਗਾ :

? ਮੋਹਨ ਭੰਡਾਰੀ ਨੂੰ ਮਿਲਣੈ
- ਕੀਹਨੂੰ?

? ਮੋਹਨ ਭੰਡਾਰੀ ਨੂੰ । ਕਹਾਣੀਆਂ ਲਿਖਦੈ । ਉਹਦੀ ਕਿਤਾਬ ਵੀ ਛਪੀ ਹੈ 'ਤਿਲਚੌਲੀ ।'
- ਮੋਹਨ ਭੰਡਾਰੀ? ਇਹ ਕੋਈ ਲੇਖਕ ਹੈ? ਇਹ ਤਾਂ ਇਕ ਪਿੰਡ ਦਾ ਨਾਂ ਐ । ਅੰਬਰਸਰ ਲਾਗੇ ਪਿੰਡ ਹੈ : ਮੋਹਨ ਭੰਡਾਰੀਆਂ ।

ਖ਼ੈਰ, ਚੌਧਰੀ ਆਪਣੇ ਕੁਆਰਟਰ 'ਚੋਂ ਮੈਨੂੰ ਉਹਦੇ ਕੁਆਟਰ ਵੱਲ ਲੈ ਤੁਰਿਆ । ਅਸੀਂ ਮਿਲੇ ਤੇ ਮਿਲਦੇ ਰਹੇ । ਕਹਾਣੀ ਤੁਰ ਪਈ । ਮੇਰੇ ਵਰਗੇ ਕੱਲੇ-ਕਾਰੇ ਲਈ ਕਈ ਘਰਾਂ ਦੇ ਦਰਵਾਜ਼ੇ ਖੁੱਲ੍ਹਦੇ ਜਾ ਰਹੇ ਸਨ । ਪਹਿਲਾਂ ਮੋਹਨ ਸਿੰਘ, ਫੇਰ ਜੀ.ਡੀ. ਚੌਧਰੀ ਤੇ ਹੁਣ ਮੋਹਨ ਭੰਡਾਰੀ । ਭੰਡਾਰੀ ਨੇ ਆਪਣੀ ਕਿਤਾਬ ਦਿੱਤੀ । ਕਿਸੇ ਲੇਖਕ ਵੱਲੋਂ ਆਪਣੇ ਹੱਥੀਂ ਮੈਨੂੰ ਮਿਲੀ ਇਹ ਪਹਿਲੀ ਕਿਤਾਬ ਸੀ । ਵਿਸ਼ਵਾਸ ਨਹੀਂ ਸੀ ਹੋ ਰਿਹਾ । ਕਿਤਾਬ ਦੀਆਂ ਸਾਰੀਆਂ ਕਹਾਣੀਆਂ 'ਬਿਰਹਾ ਤੂ ਸੁਲਤਾਨ' ਵਾਂਗ ਹੀ ਪੜ੍ਹੀਆਂ । ਪੇਂਡੂ ਪਿਛੋਕੜ ਦੀ ਸਾਂਝ ਨੇ ਕੀਲ ਲਿਆ । ਕਈ ਕੁਝ ਆਪਣੇ ਵਰਗਾ ਲੱਗਾ । 'ਤਿਲਚੌਲੀ' ਨਾਲ ਨਾਲ ਚੁੱਕੀ ਫਿਰਿਆ । ਪਿੰਡ ਲੈ ਗਿਆ । ਘਰ ਦੇ ਜੀਆਂ ਨੇ ਕਿਤਾਬ ਵਾਰੀ ਵਾਰੀ ਪੜ੍ਹੀ । ਫੇਰ ਉਹਦਾ ਮੋਹਨ ਦਾਸ ਦੇ ਡੇਰੇ ਵਿਚ ਲੜੀਵਾਰ ਪਾਠ ਹੋਇਆ । ਪਿੱਛੋਂ ਸੂਬਾ ਸਿੰਘ ਦੀ ਹੀਰ ਤੇ ਕੰਵਲ ਦੇ 'ਲਹੂ ਦੀ ਲੋਅ' ਨਾਲ ਵੀ ਇਹੋ ਭਾਣਾ ਵਾਪਰਿਆ । ਭੰਡਾਰੀ ਨੇ ਇਕ ਦਿਨ ਆਪਣੀ ਹੱਥਲਿਖਤ ਕਹਾਣੀ ਦਿੱਤੀ । ਨਾ ਸੀ 'ਨੌਹਰੋ' । ਕਿਸੇ ਲੇਖਕ ਦੀ ਆਪਣੇ ਹੱਥ ਦੀ ਲਿਖੀ ਹੋਈ ਪੂਰੀ ਰਚਨਾ ਮੇਰੇ ਹੱਥਾਂ ਵਿਚ ਸੀ, ਜਿਸ ਨੂੰ ਛਪਣ ਤੋਂ ਪਹਿਲਾਂ ਮੈਂ ਪੜ੍ਹ ਰਿਹਾ ਸਾਂ । ਚਾਅ ਚੜ੍ਹਿਆ ਰਿਹਾ । ਕਹਾਣੀ ਦਾ ਆਰੰਭ ਇਉਂ ਹੈ, 'ਪਿੰਡੋ ਚਿੱਠੀ ਆਈ ਹੈ । ਨੌਹਰੋ ਮਰ ਗਈ ਹੈ... ।' ਅੱਗੇ ਨੌਹਰੋ ਦਾ ਸੁਭਾਅ ਚਿਤਰਿਆ ਹੋਇਆ ਸੀ । ਜੋ ਸਾਡੇ ਪਿੰਡ ਦੀਆਂ ਸਧਾਰਨ ਤੀਵੀਆਂ ਨਾਲ ਮਿਲਦਾ-ਜੁਲਦਾ ਹੈ । ਭੰਡਾਰੀ ਨੇ ਉਹ ਕਹਾਣੀ ਕਮਜ਼ੋਰ ਸਮਝ ਕੇ ਸੰਗ੍ਰਹਿ ਵਿਚ ਸ਼ਾਮਲ ਨਹੀਂ ਸੀ ਕੀਤੀ । ਮੈਨੂੰ ਦੇ ਦਿੱਤੀ ਸੀ । ਉਹ ਕਹਾਣੀ ਮੇਰੇ ਕੋਲ ਕੋਈ ਤਿੰਨ ਦਹਾਕੇ ਸਾਂਭੀ ਪਈ ਰਹੀ ।

ਕਦੀ ਕਦੀ ਲੇਖਕ ਦੀ ਕਲਮ ਔੜ ਦਾ ਸ਼ਿਕਾਰ ਹੋ ਜਾਦੀ ਹੈ । ਕੇਰਾਂ ਭੰਡਾਰੀ ਨਾਲ ਵੀ ਇਵੇਂ ਹੋਇਆ । ਉਸ ਤੋਂ ਕੁਝ ਲਿਖਿਆ ਨਹੀਂ ਸੀ ਜਾ ਰਿਹਾ । ਕੋਸ਼ਿਸ਼ਾਂ ਬੇਕਾਰ ਜਾ ਰਹੀਆਂ ਸਨ । ਉਹ ਦੁਖੀ ਸੀ । ਕਈਆਂ ਨੂੰ ਚਿੱਠੀਆਂ ਲਿਖ ਕੇ ਪੁੱਛਦਾ ਸੀ ਕਿ ਇਸ ਅਹੁਰ ਦਾ ਕੀ ਇਲਾਜ ਕਰੇ । ਅੰਮ੍ਰਿਤਾ ਪ੍ਰੀਤਮ ਨੇ ਓਸ਼ੋ ਦੀ ਕੋਈ ਕਿਤਾਬ ਪੜ੍ਹਨ ਦਾ ਮਸ਼ਵਰਾ ਦਿੱਤਾ । ਪ੍ਰੇਮ ਪ੍ਰਕਾਸ਼ ਨੇ ਆਪਣੇ ਵੱਲੋਂ ਇਕ ਕਹਾਣੀ ਕੱਚੀ ਕਰ ਕੇ ਘੱਲ ਦਿੱਤੀ ਕਿ ਇਨ੍ਹਾਂ ਨੁਕਤਿਆਂ ਦੇ ਆਧਾਰ 'ਤੇ ਕਹਾਣੀ ਲਿਖਣ ਦਾ ਯਤਨ ਕਰ ।...ਸਲਾਹਾਂ ਕਾਰਗਰ ਸਿੱਧ ਨਹੀਂ ਸਨ ਹੋ ਰਹੀਆਂ । ਇਕ ਦਿਨ ਮੈਂ 'ਨੌਹਰੋ'' ਉਹਦੇ ਕੋਲ ਲੈ ਗਿਆ । ਉਹਨੂੰ ਕਿਹਾ, 'ਬੋਲ ਕੇ ਪੜ੍ਹ ।' ਕਹਾਣੀ ਬਾਰੇ ਚਰਚਾ ਕੀਤੀ । ਫਿਕਰਿਆਂ ਦਾ ਅੱਗਾ-ਪਿੱਛਾ ਕੀਤਾ । ਇਸੇ ਕਹਾਣੀ ਨੂੰ ਨਵੇਂ ਸਿਰਿਓਂ ਲਿਖਣ ਦੀ ਸਲਾਹ ਦਿੱਤੀ । ਨਵੇਂ ਸਿਰਿਓਂ ਨਾਮਕਰਨ ਕੀਤਾ । 'ਕਲਜੁਗ' । ਕਹਾਣੀ ਮੁੜ ਲਿਖੀ ਗਈ । ਨਵੇਂ ਸ਼ੀਰਸ਼ਕ ਹੇਠ 'ਆਰਸੀ' ਵਿਚ ਛਪੀ । ਸਲਾਹੀ ਗਈ ਅਤੇ ਨਵੀਂ ਕਿਤਾਬ ਵਿਚ ਮਾਣ ਨਾਲ ਪਾਈ ਗਈ ।

ਪਹਿਲੀ ਪਹਿਲੀ ਵਾਰੀ ਹੋਏ ਇਹ ਅਨੁਭਵ ਮੇਰੇ ਲਈ ਕੀਮਤੀ ਨੇ । ਅੱਜ ਵੀ ਉਹ ਪਲ ਯਾਦ ਕਰਕੇ ਬਾਅਦ ਵਾਲਾ ਬਹੁਤ ਕੁੱਝ ਭੁੱਲਣ ਨੂੰ ਜੀ ਕਰਦਾ ਹੈ । ਵੇਖੋ, ਵਕਤ ਬੰਦੇ ਨਾਲ ਕੀ ਕਰਦਾ ਹੈ ।

••••••

33. ਵਾਇਆ ਬਠਿੰਡਾ

ਅੱਜ ਮੈਂ (ਪੰਜਾਬ) ਯੂਨੀਵਰਸਿਟੀ ਜਾਣਾ ਹੈ । ਦਾਖ਼ਲਾ ਫੀਸ ਜਮ੍ਹਾਂ ਕਰਵਾਉਣ ਦਾ ਆਖ਼ਰੀ ਦਿਨ । ਪ੍ਰੈਰੱਪ ਵਿਚ ਦਾਖ਼ਲੇ ਲਈ ਅਰਜ਼ੀ ਦਿੱਤੀ ਹੋਈ ਸੀ । ਕੱਲ੍ਹ ਪਤਾ ਕਰਨ ਗਿਆ ਸਾਂ । ਲਿਸਟ ਵਿਚ ਮੇਰਾ ਨਾਂ ਹੈ ਸੀ । ਫੀਸ ਦੀ ਰਕਮ ਸੰਭਾਲ ਕੇ ਜੇਬ ਵਿਚ ਪਾਈ ਹੈ । ਸਾਈਕਲ ਤਿਆਰ-ਬਰ-ਤਿਆਰ ਹੈ!

ਖੁਸ਼ ਹਾਂ ਕਿ ਮੁੜ ਪੜ੍ਹਾਈ ਵੱਲ ਮੁੜ ਰਿਹਾਂ । ਗਿਆਨ ਵਾਲੇ ਪਾਸੇ ਜਾਂਦੀ ਖ਼ਲਕਤ ਨਾਲ ਜੁੜ ਰਿਹਾਂ । ਇਕਾਹਠ ਵਿਚ ਦਸਵੀਂ ਕੀਤੀ । ਛਿਆਹਠ ਚੱਲ ਰਿਹੈ । ਇਸ ਦੌਰਾਨ ਪੜ੍ਹਦਾ ਲਿਖਦਾ ਤਾਂ ਰਿਹਾਂ ਪਰ ਅਗਲੀ ਜਮਾਤੇ ਨਾ ਚੜ੍ਹਿਆ । ਕਿਤੇ ਦਾਖ਼ਲਾ ਹੀ ਨਹੀਂ ਸੀ ਲਿਆ । ਕਿਸੇ ਰਜਿਸਟਰ ਵਿਚ ਹਾਜ਼ਰੀ ਹੀ ਨਹੀਂ ਸੀ ਲੱਗੀ । ਨੌਕਰੀ ਲੱਗੀ ਨੂੰ ਦੋ ਵਰੇ੍ਹ ਹੋਣ ਲੱਗੇ ਨੇ । ਇਨ੍ਹਾਂ ਪੰਜਾਂ ਸਾਲਾਂ 'ਚ ਸਿਰਫ਼ ਇਕ ਇਮਤਿਹਾਨ ਦਿੱਤੈ, ਕਲਰਕੀ ਦਾ । ਪਾਸ ਹੋ ਕੇ ਚੰਡੀਗੜ੍ਹ ਪਹੁੰਚ ਗਿਆ । ਹੁਣ ਯੂਨੀਵਰਸਿਟੀ ਤੱਕ ਰਸਾਈ ਹੋਣ ਵਾਲੀ ਹੈ ।

ਸਾਈਕਲ ਚਲਾਉਣ 'ਚ ਮਜ਼ਾ ਆ ਰਿਹੈ । ਹਵਾ ਮੇਰੇ ਅਨੁਕੂਲ ਵਗ ਰਹੀ ਹੈ । ਚੰਗੀ ਚੰਗੀ ਲਗ ਰਹੀ ਹੈ ।

ਰਾਹ ਵਿਚ ਵੈਰਾਗੀ ਮਿਲ ਗਿਐ । ਸ਼ਾਂਤੀ ਸਰੂਪ ਵੈਰਾਗੀ । ਭਾਰਤ ਏਕਤਾ ਲੇਖਕ ਸੰਘ ਦਾ ਪ੍ਰਧਾਨ । ਆਪੋ ਆਪਣੇ ਸਾਈਕਲਾਂ ਦੀਆਂ ਕਾਠੀਆਂ 'ਤੇ ਕੂਹਣੀਆਂ ਧਰ ਕੇ ਅਸੀਂ ਗੱਲੀਂ ਜੁਟ ਗਏ ਹਾਂ :

? ਕਿੱਧਰ ਚੱਲਿਐਂ
-ਯੂਨੀਵਰਸਿਟੀ

? ਕੀ ਕਰਨ
-ਦਾਖ਼ਲਾ ਭਰਨ

? ਅੱਗੇ ਪੜ੍ਹਨ ਦਾ ਇਰਾਦੈ
-ਹਾਂ, ਬੀ.ਏ. ਕਰਨ ਦਾ ਇਰਾਦੈ

? ਕਿੰਨੇ ਸਾਲ ਲੱਗਣਗੇ
-ਚਾਰ

? ਚੱਲ, ਤੈਨੂੰ ਦੋ ਸਾਲਾਂ 'ਚ ਬੀ.ਏ. ਕਰਵਾ ਦਿਆਂ ।...

ਇਹ ਝਟਕਾ ਹੈ ਕਿ ਹੁਲਾਰਾ? ਸਿਰ ਝਟਕਦਾ ਹਾਂ । ਬੀਤਿਆ ਹੋਇਆ ਉਹ ਸਮਾਂ ਅਜੇ ਵੀ ਵਰਤਮਾਨ ਹੈ । ਓਦੋਂ ਵਾਪਰਿਆ ਸੀ, ਹੁਣ ਮਹਿਜ਼ ਬਿਆਨ ਹੈ ।...ਹਾਂ, ਉਸ ਦਿਨ ਵੈਰਾਗੀ ਨੇ ਮੈਨੂੰ ਮੁੜ ਪਿੱਛੇ ਨੂੰ ਮੋੜ ਲਿਆ ਸੀ । ਆਪਣੇ ਨਾਲ ਤੋਰ ਲਿਆ ਸੀ । ਉਹ ਨੌਕਰੀ ਤਾਂ ਗੌਰਮਿੰਟ ਪ੍ਰੈਰੱਸ ਵਿਚ ਕਰਦਾ ਸੀ ਪਰ ਕਿਸੇ ਪ੍ਰਾਈਵੇਟ ਅਦਾਰੇ ਵਿਚ ਪਾਰਟ-ਟਾਈਮ ਪੜ੍ਹਾਉਂਦਾ ਸੀ । ਮੈਨੂੰ ਪ੍ਰਭਾਕਰ ਕਰਾਉਣੀ ਚਾਹੁੰਦਾ ਸੀ, ਅਖੇ : ਹਾਲੇ ਲੇਟ ਫੀਸ ਨਾਲ ਦਾਖ਼ਲੇ ਜਾ ਰਹੇ ਨੇ । ਮਹੀਨੇ ਕੁ ਤੱਕ ਪੇਪਰ ਸ਼ੁਰੂ ਹੋ ਜਾਣਗੇ । ਹੋਰ ਮਹੀਨੇ ਤੱਕ ਨਤੀਜਾ ਆ ਜਾਊ । ਫੇਰ ਛੇ ਮਹੀਨਿਆਂ 'ਚ ਐਫ.ਏ. (ਇੰਗਲਿਸ਼ ਓਨਲੀ) ਤੇ ਅਗਲੇ ਛੇ ਮਹੀਨਿਆਂ 'ਚ ਬੀ.ਏ. (ਇੰਗਲਿਸ਼ ਓਨਲੀ) ਅਤੇ ਨਾਲ ਕੋਈ ਸਿਰਫ਼ ਇਕ ਸਬਜੈਕਟ ਹੋਰ । ਬਸ, ਹੋ ਗਈ ਬੀ.ਏ ।...

ਪ੍ਰਭਾਕਰ? ਮੈਂ ਕਿਵੇਂ ਕਰ ਸਕਦਾਂ? ਮੈਨੂੰ ਯਾਦ ਆਇਆ ਬੋਦੀ ਨੂੰ ਗੰਢ ਮਾਰ ਕੇ ਰੱਖਣ ਵਾਲਾ ਸਾਡਾ ਮਾਸਟਰ ਈਸ਼ਵਰ ਚੰਦਰ ਸ਼ਾਸਤਰੀ । ਉਹਨੂੰ ਬੜੇ ਗ੍ਰੰਥ ਜ਼ੁਬਾਨੀ ਯਾਦ ਸਨ । ਲਗਾਤਾਰ ਹਿੰਦੀ ਬੋਲਦਾ ਸੀ । ਮੋਟੀਆਂ-ਮੋਟੀਆਂ ਕਿਤਾਬਾਂ ਹੱਥ ਵਿੱਚ ਰੱਖਦਾ ਸੀ । ਅਸੀਂ ਸਮਝਦੇ ਸਾਂ ਕਿ ਉਹ ਕਿਸੇ ਗੁਰੂਕੁਲ ਵਿਚ ਬ੍ਰਹਮਚਾਰੀ ਰਹਿ ਕੇ ਪੜ੍ਹਿਆ ਹੈ । ਇਹਨੇ ਕਈ ਸਾਲ ਤਪੱਸਿਆ ਕੀਤੀ ਹੋਣੀ ਹੈ । ਹਿੰਦੀ-ਸੰਸਕ੍ਰਿਤ ਦਾ ਵਿਦਵਾਨ ਹੋਣਾ ਕੋਈ ਖਾਲਾ ਜੀ ਦਾ ਵਾੜਾ ਹੈ? …... ਹਿੰਦੀ ਮਾਸਟਰ ਨੂੰ ਅਸੀਂ 'ਸ਼ਾਸਤਰੀ ਜੀ' ਕਹਿੰਦੇ ਸਾਂ ਭਾਵੇਂ ਕਿ ਉਹਨੇ ਪ੍ਰੀਖਿਆ ਪ੍ਰਭਾਕਰ ਦੀ ਹੀ ਪਾਸ ਕੀਤੀ ਹੁੰਦੀ ਸੀ । ਨਹੀਂ, ਪ੍ਰਭਾਕਰ ਮੇਰੇ ਵੱਸ ਦਾ ਰੋਗ ਨਹੀਂ ।

ਦੂਜਾ ਖ਼ਿਆਲ ਮੈਨੂੰ ਮਾਸਟਰ ਕਪਿਲ ਦੇਵ ਸ਼ਾਸਤਰੀ ਦਾ ਆਇਆ । ਮੋਤੀਆਂ ਵਰਗੀ ਲਿਖਾਈ ਵਾਲਾ ਸਾਫ਼-ਸੁਥਰਾ ਇਨਸਾਨ । ਹਿੰਦੀ- ਸੰਸਕ੍ਰਿਤ ਦਾ ਵਿਦਵਾਨ । ਭੱਦਰ ਪੁਰਸ਼ਾਂ ਵਾਲੀ ਚਾਲ-ਢਾਲ । ਆਦਰਸ਼ ਪ੍ਰਾਣੀਆਂ ਵਾਲੀ ਬੋਲ-ਚਾਲ । ਪੜ੍ਹਨ-ਪੜ੍ਹਾਉਣ ਦੇ ਨਾਲ-ਨਾਲ ਉਹ ਲਿਖਦਾ ਵੀ ਸੀ । ਆਪਣੇ ਚੁਬਾਰੇ ਵਿਚ ਉਹਨੇ 'ਸੀਤਾ ਰਾਮ ਪੁਸਤਕਾਲਾ' ਖੋਲਿ੍ਹਆ ਹੋਇਆ ਸੀ । 'ਸ੍ਰੀ ਗੁਰੂ ਗ੍ਰੰਥ ਸਾਹਿਬ' ਦੀ ਦੇਵਨਾਗਰੀ ਵਿਚ ਬੀੜ ਰੱਖੀ ਹੋਈ ਸੀ । ਬਾਵਾ ਲਾਲ ਦੇ ਜੀਵਨ ਅਤੇ ਬਾਣੀ ਬਾਰੇ ਕਿਤਾਬ ਛਪਵਾਈ ਹੋਈ ਸੀ ।.... ਤੇ ਉਹਨੇ ਪ੍ਰਭਾਕਰ ਕੀਤੀ ਹੋਈ ਸੀ । ...ਦਿਮਾਗ ਵਿਚ ਕਈ ਕੁਝ ਚਲਦਾ ਰਿਹਾ ਪਰ ਹੁੰਦਾ ਓਹੀ ਹੈ ਜੋ ਹੋਣਾ ਹੁੰਦਾ ਹੈ । ਵੈਰਾਗੀ ਜੋ ਕਹਿੰਦਾ ਗਿਆ, ਮੈਂ ਕਰੀ ਗਿਆ । ਉਹਨੂੰ ਪੁੱਛ-ਪੁੱਛ ਕੇ ਫਾਰਮ ਭਰੀ ਗਿਆ । ਕਿੰਨਾ ਹੀ ਚਿਰ ਸਿਲੇਬਸ ਪੜ੍ਹ-ਪੜ੍ਹ ਡਰੀ ਗਿਆ ।

ਕਮਾਈ ਦੇ ਨਾਲ-ਨਾਲ ਪੜ੍ਹਾਈ । ਇਹ ਇਕ ਲਹਿਰ ਸੀ, ਜਿਸ ਦਾ ਜਾਦੂ ਪੂਰੀ ਦਫ਼ਤਰੀ ਪੀੜ੍ਹੀ ਦੇ ਸਿਰ ਚੜ੍ਹ ਬੋਲ ਰਿਹਾ ਸੀ । ਹਰ ਕੋਈ ਹੋਰ ਉੱਚਾ ਉੱਡਣ ਲਈ ਆਪਣੇ ਪਰ ਤੋਲ ਰਿਹਾ ਸੀ । ਸੰਭਾਵਨਾ ਦੇ ਪੱਤਰੇ ਫੋਲ ਰਿਹਾ ਸੀ ।...

ਕਿਸੇ ਬਾਊ ਦਾ ਮੂੰਹ ਸਟੈਨੋਗ੍ਰਾਫ਼ੀ ਵੱਲ ਸੀ । ਉਹਨੂੰ ਸ਼ਾਰਟਹੈਂਡ ਅਤੇ ਟਾਈਪ ਦੀ ਸਪੀਡ ਵਧਾਉਣ ਦਾ ਝੱਲ ਸੀ । ਕੋਈ ਐੱਸ. ਏ. ਐੱਸ. ਦੀ ਤਿਆਰੀ ਕਰ ਰਿਹਾ ਸੀ । ਆਪਣੇ ਕੋਠੇ 'ਤੇ ਚੁਬਾਰੇ ਦੀ ਨੀਂਹ ਧਰ ਰਿਹਾ ਸੀ । ਕਿਸੇ ਨੂੰ ਵਕਾਲਤ ਕਰਨ ਦਾ ਸ਼ੌਕ ਸੀ । ਕਿਸੇ ਦੀ ਰੀਝ ਦੇ ਗਲ ਆਈ. ਏ. ਐੱਸ. ਜਾਂ ਪੀ. ਸੀ. ਐੱਸ. ਦਾ ਤੌਕ ਸੀ । ਵੇਖਾ-ਵੇਖੀ ਤੁਰਨਾ ਕਿਹੜਾ ਬਹੁਤ ਵੱਡੀ ਮੱਲ ਸੀ । ਜਮਾਤਾਂ ਵਾਲੀ ਪੜ੍ਹਾਈ ਤਾਂ ਆਮ ਜਿਹੀ ਗੱਲ ਸੀ । ਸੁਆਰਥ ਸਾਧਣਾ ਸੀ, ਮੁਫ਼ਤ ਦੀ ਭੱਲ ਸੀ!

ਵੈਰਾਗੀ ਦੀ ਕਿਤਾਬ ਕੋਈ ਨਹੀਂ ਸੀ ਛਪੀ ਪਰ ਉਹ ਕਈ ਖੰਡ-ਕਾਵਿ ਤੇ ਇਕ-ਅੱਧ ਮਹਾਕਾਵਿ ਲਿਖੀ ਬੈਠਾ ਸੀ । ਮਿੱਠੀ ਸੀਰਤ, ਸਾਧਾਰਨ ਸੂਰਤ । ਸਾਦਗੀ ਦੀ ਸਾਕਾਰ ਮੂਰਤ । ਆਪਣੇ ਬੀਵੀ-ਬੱਚਿਆਂ ਤੋਂ ਇਲਾਵਾ ਉਹਦੇ ਮਾਪੇ ਵੀ ਟੱਬਰ ਸਮੇਤ ਉਹਦੀ ਜ਼ਿੰਮੇਵਾਰੀ ਸਨ । ਉਹ ਸੌਖਾ ਨਹੀਂ ਸੀ ਪਰ ਦੁਖੀ ਵੀ ਨਹੀਂ ਸੀ ਦਿਸਦਾ । ਕੰਮ ਕਰਕੇ ਅਤੇ ਕੰਮ ਆ ਕੇ ਉਹਨੂੰ ਖੁਸ਼ੀ ਮਿਲਦੀ । ਭਾਰਤ ਏਕਤਾ ਲੇਖਕ ਸਿੰਘ ਦਾ ਉਹ ਪ੍ਰਧਾਨ ਸੀ ਪਰ ਉਹਦੇ ਸਾਈਕਲ ਦੇ ਪੈਡਲ ਸਦਾ ਟੁੱਟੇ ਰਹਿੰਦੇ । ਗਰਮੀ- ਸਰਦੀ ਪਸੀਨੇ ਛੁੱਟੇ ਰਹਿੰਦੇ । ਇਹ ਲੇਖਕ ਸੰਘ ਕੇ. ਐੱਸ. ਰਾਣਾ 'ਪ੍ਰਦੇਸੀ' ਨੇ ਕਾਇਮ ਕੀਤਾ ਸੀ । ਉਹਨੇ ਹੀ ਵੈਰਾਗੀ ਨੂੰ ਪ੍ਰਧਾਨ ਬਣਾਇਆ ਹੋਇਆ ਸੀ । ਆਪਣਾ ਨਾਂ ਸੰਸਥਾਪਕ ਅਤੇ ਮੇਰਾ ਮਹਾਂਮੰਤਰੀ ਦੇ ਤੌਰ 'ਤੇ ਛਪਵਾਇਆ ਹੋਇਆ ਸੀ । 'ਪ੍ਰਦੇਸੀ' ਇਕ ਸਾਈਕਲੋ- ਸਟਾਈਲ ਪਰਚਾ ਵੀ ਕੱਢਦਾ । ਮੈਂਬਰਾਂ ਦੀਆਂ ਰਚਨਾਵਾਂ ਸਟੈਂਸਿਲ 'ਤੇ ਲਿਖ ਕੇ ਛਾਪ ਛੱਡਦਾ । ਉਸ ਹਿਮਾਚਲੀ ਬਾਬੂ ਦਾ ਗਰਮ ਖ਼ੂਨ ਸੀ । ਦੇਸ਼- ਵਿਦੇਸ਼ ਵਿਚ ਲੇਖਕ ਸੰਘ ਦੀਆਂ ਬਰਾਂਚਾਂ ਖੋਲ੍ਹਣ ਦਾ ਜਨੂੰਨ ਸੀ । ਛੋਟੇ ਕੱਦ ਵਾਲਾ ਉਹ ਸ਼ਖ਼ਸ ਗੋਰਖਾ ਜਿਹਾ ਦਿਖਦਾ ਸੀ । ਬਿਨਾਂ ਨਾਗਾ ਇਕ ਕਹਾਣੀ ਲਿਖਦਾ ਸੀ । ਪੁਨਰਗਠਨ ਤੋਂ ਪਿੱਛੋਂ ਉਹ ਸ਼ਿਮਲੇ ਚਲਾ ਗਿਆ । ਬਹੁਤੇ ਮੈਂਬਰ ਹਰਿਆਣਾ ਨੂੰ ਐਲੋਕੇਟ ਹੋ ਗਏ । ਡੇਢ-ਦੋ ਵਰ੍ਹੇ ਉਹਨੇ ਸਰਦੀਆਂ ਵੇਖੀਆਂ ਨਾ ਗਰਮੀਆਂ । ਜੀ-ਜਾਨ ਨਾਲ ਚਲਾਈਆਂ ਅਦਬੀ ਸਰਗਰਮੀਆਂ ।

ਇਸੇ ਦੌਰਾਨ ਮੇਰੀ ਹਿੰਦੀ ਲੇਖਕ ਬਲਰਾਜ ਜੋਸ਼ੀ ਨਾਲ ਮੁਲਾਕਾਤ ਹੋਈ । ਉਸ ਦਾ ਨਾਂ ਅਖ਼ਬਾਰਾਂ ਵਿਚ ਆਮ ਛਪਦਾ ਸੀ, ਸਿਰਨਾਵੇਂ ਸਮੇਤ । ਪਹਿਲਾਂ ਉਹ ਬੀ.ਆਰ. ਜੋਸ਼ੀ ਹੁੰਦਾ ਸੀ, ਫੇਰ ਅਚਾਨਕ ਬਲਰਾਜ ਜੋਸ਼ੀ ਬਣ ਗਿਆ । ਬੜਾ ਮਿਲਣਸਾਰ ਤੇ ਪਿਆਰਾ ਬੰਦਾ । ਉਹਦੇ ਘਰ ਸਾਡੀਆਂ ਅਦਬੀ ਬੈਠਕਾਂ ਹੁੰਦੀਆਂ ਰਹਿੰਦੀਆਂ । ਸਰਕਾਰੀ ਕੁਆਟਰ 'ਚ ਰਹਿੰਦਾ ਸੀ । ਵਿਆਹਿਆਂ ਵਰ੍ਹਿਆ । ਛੋਟੇ ਭਰਾ ਨੂੰ ਕੋਲ ਰੱਖ ਕੇ ਪੜ੍ਹਾਉਂਦਾ ਸੀ । ਖ਼ੁਦ ਅਸਟੇਟ ਆਫਿਸ ਵਿਚ ਮੁਲਾਜ਼ਮ ਸੀ ਪਰ ਵੈਰਾਗੀ ਵਾਂਗ ਹੀ ਕਿਤੇ ਪ੍ਰਭਾਕਰ ਦੀਆਂ ਕਲਾਸਾਂ ਲੈਂਦਾ ਸੀ । ਹੌਲੀ ਹੌਲੀ ਪਤਾ ਲੱਗਾ ਕਿ ਉਹਨੇ ਪ੍ਰਭਾਕਰ ਤਾਂ ਬੜੀ ਦੇਰ ਦੀ ਪਾਸ ਕਰ ਲਈ ਹੋਈ ਹੈ ਪ੍ਰੰਤੂ ਐਫ.ਏ. ਦੀ ਅੰਗਰੇਜ਼ੀ ਅੜ ਕੇ ਖੜ੍ਹ ਗਈ ਹੈ । ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ । ਹਰ ਛਿਮਾਹੀ ਦਾਖਲਾ ਘੱਲ ਰਿਹਾ ਹੈ । ਪੇਪਰ ਦਿੰਦਾ ਹੈ । ਰੋਲ ਨੰਬਰ ਕਿਸੇ ਨੂੰ ਨਹੀਂ ਦੱਸਦਾ, ਨਤੀਜਾ ਖ਼ੁਦ ਵਿਹੰਦਾ ਹੈ । ਮੈਨੂੰ ਇਕ ਵਾਰੀ ਉਹਦਾ ਰੋਲ ਨੰਬਰ ਮਿਲ ਗਿਆ । ਰਿਜ਼ਲਟ ਆਇਆ ਤਾਂ ਪਤਾ ਲੱਗਾ ਕਿ ਉਹ ਇਸ ਵਾਰ ਫੇਰ ਨਾਕਾਮ ਹੈ । ਪਰ ਬਲਰਾਜ ਨਹੀਂ, ਬੱਚੀ ਰਾਮ ਉਹਦਾ ਅਸਲੀ ਨਾਮ ਹੈ ।

ਬਲਰਾਜ ਗੜ੍ਹਵਾਲ ਤੋਂ ਆ ਕੇ ਏਥੇ ਛੋਟੀ ਜਿਹੀ ਮੁਲਾਜ਼ਮਤ ਕਰਦਾ ਸੀ ਪਰ ਉਹਦੇ ਅੰਦਰਲਾ ਕਲਾਕਾਰ ਵੱਡੀ ਸਪੇਸ ਭਾਲਦਾ ਰਿਹਾ । ਹਾਲਾਤ ਦਾ ਸ਼ਿਕਾਰ ਹੋ ਕੇ, ਓਸੇ ਰਾਹ ਤੁਰ ਪਿਆ ਜਿਸ ਰਾਹਤ ਉਤੇ ਸ਼ਿਵ ਕੁਮਾਰ, ਕੁਮਾਰ ਵਿਕਲ, ਪ੍ਰੇਮ ਬਾਰਬਟਨੀ, ਅਮਿਤੋਜ ਅਤੇ ਗੁਰਦੀਪ ਗਰੇਵਾਲ ਵਰਗਿਆਂ ਨੂੰ ਤੁਰਨਾ ਪੈਂਦਾ ਹੈ । ਇਸ ਰਾਹ ਤੋਂ ਮੁੜਨ ਦਾ ਕੋਈ ਵਸੀਲਾ ਨਹੀਂ ਹੁੰਦਾ । ਬਲਵੰਤ ਰਾਵਤ ਨੂੰ ਪੁੱਛੋ, ਜਿਸ ਨੇ ਉਹਦੇ ਨਾਲ ਆਖ਼ਿਰ ਤੱਕ ਨਿਭਾਈ ਹੈ । ਪਰਦੇ ਪਿੱਛੇ ਰਹਿ ਕੇ ਉਹਦੇ ਪਿਆਰ ਦੀ ਬੰਸਰੀ ਵਜਾਈ ਹੈ!

ਬਲਰਾਜ ਵਾਲੇ ਪਤੇ 'ਤੇ ਹੀ ਜੈ ਰਾਮ ਜੋਸ਼ੀ ਵੀ ਮਿਲਦਾ । ਓਦੋਂ ਉਹ ਉਦਯੋਗ ਵਿਭਾਗ ਵਿਚ ਬਾਬੂਗਿਰੀ ਕਰਦਾ ਸੀ । ਪੜ੍ਹਦਾ-ਪੜ੍ਹਦਾ ਵਕਾਲਤ ਕਰ ਗਿਆ । ਨੌਕਰੀ ਛੱਡ ਕੇ ਵਕਾਲਤ ਕਰਨ ਲੱਗ ਪਿਆ । ਵਕਾਲਤ ਚੱਲ ਗਈ । ਜ਼ਿੰਦਗੀ ਬਦਲ ਗਈ । ਅੱਜ ਉਹ ਬਾ-ਵੱਕਾਰ ਹੈ । ਇਕ ਕੌਮੀ ਸਿਆਸੀ ਪਾਰਟੀ ਨਾਲ ਵਾਬਸਤਾ ਹੈ । ਉਸ ਨੂੰ ਪਤਾ ਹੈ ਕਿ ਤਰੱਕੀ ਦਾ ਕਿਹੜਾ ਅਜਮੂਦਾ ਰਸਤਾ ਹੈ ।

ਉਦਯੋਗ ਵਿਭਾਗ ਦਾ ਹੀ ਇਕ ਮੁਲਾਜ਼ਮ ਸੀ : ਹਰੀ ਸਿੰਘ ਹਸਰਤ । ਈਵਨਿੰਗ ਕਾਲਜ ਵਿਚ ਉਹ ਆਪਣੀ ਬੇਟੀ ਨਾਲ ਜਾਂਦਾ ਰਿਹਾ । ਬੇਟੀ ਨੂੰ ਛੱਡਣ ਲਈ ਨਹੀਂ, ਸਗੋਂ ਉਹਦਾ ਜਮਾਤੀ ਬਣ ਕੇ । ਬੀ.ਏ. ਮਗਰੋਂ ਉਹਨੇ ਵੀ ਲਾਅ ਕਰ ਲਿਆ । ਡਿਗਰੀ ਮਿਲੀ ਤਾਂ ਬੜੀ ਤਸੱਲੀ ਵਾਲਾ ਸ਼ੇਅਰ ਕਿਹਾ :

ਸਾਰੀ ਉਮਰ ਤਾਂ ਰਿਹਾ ਕਲਰਕ 'ਹਸਰਤ'
ਮਰਨ ਲੱਗਾ ਪਰ ਹੋ ਕੇ ਵਕੀਲ ਮਰਿਆ ।

ਉਸੇ ਦਾ ਇਕ ਜੂਨੀਅਰ ਸਹਿਕਰਮੀ ਫੂਲ ਚੰਦ ਮਾਨਵ ਮੇਰੇ ਆਂਢ- ਗੁਆਂਢ ਰਹਿੰਦਾ ਸੀ । ਮੇਰੇ ਵਾਂਗ ਹੀ ਜੱਦੋਜਹਿਦ ਕਰ ਰਿਹਾ ਸੀ । ਮਾਂ ਤੋਂ ਇਲਾਵਾ ਛੋਟਾ ਭਰਾ ਵੀ ਉਹਦੇ ਕੋਲ ਸੀ । ਵੈਰਾਗੀ ਤੇ ਜੋਸ਼ੀ ਵਾਂਗ, ਸ਼ਾਇਦ, ਉਹ ਵੀ ਕਿਧਰੇ ਕਲਾਸਾਂ ਲੈਂਦਾ ਸੀ । ਹਰ ਵੇਲੇ ਪੜ੍ਹਦਾ-ਲਿਖਦਾ ਰਹਿੰਦਾ ਸੀ । ਹਿੰਦੀ ਵਿਚ ਕਵਿਤਾਵਾਂ ਲਿਖਦਾ ਸੀ । ਪਰ ਜ਼ਿਆਦਾਤਰ ਪੰਜਾਬੀ ਤੋਂ ਅਨੁਵਾਦ ਕਰਦਾ । ਸਾਡੀ ਸੰਗਤ ਕਾਫ਼ੀ ਦੇਰ ਰਹੀ । ਉਹਨੇ ਮੇਰੀਆ ਕੁਝ ਨਜ਼ਮਾਂ ਦੇ ਅਨੁਵਾਦ ਛਪਵਾਏ । ਮੈਂ ਉਹਦੇ ਨਾਲ ਪੰਜਾਬੀ ਦੇ ਬੜੇ ਲੇਖਕ ਮਿਲਵਾਏ । ਮਾਨਵ ਸਿਰੜੀ ਆਦਮੀ ਹੈ । ਉਹਨੇ ਬੜਾ ਕੰਮ ਕੀਤਾ ਹੈ । ਡਬਲ ਐੱਮ. ਏ. ਪਿੱਛੋਂ ਪੀ. ਐੱਚ. ਡੀ. ਕਰ ਗਿਆ । ਕਾਲਜ 'ਚੋਂ ਸੀਨੀਅਰ ਲੈਕਚਰਾਰ ਰਿਟਾਇਰ ਹੋਇਆ ਹੈ । ਉਹ ਕਿਤਾਬਾਂ ਤੁਸੀਂ ਪੜ੍ਹਨ ਦੀ ਹਿੰਮਤ ਨਹੀਂ ਕਰ ਸਕਦੇ, ਜਿਹੜੀਆਂ ਉਹਨੇ ਅਨੁਵਾਦ ਕਰ ਛੱਡੀਆਂ ਨੇ । ਮੇਰਾ ਬਿਆਨ ਛੋਟਾ ਹੈ, ਉਹਦੀਆਂ ਪ੍ਰਾਪਤੀਆਂ ਵੱਡੀਆਂ ਨੇ ।

ਪ੍ਰਭਾਕਰ ਦਾ ਇਮਤਿਹਾਨ ਦੇਣ ਮਗਰੋਂ ਮੈਂ ਇਕ ਦਿਨ ਮਾਨਵ ਦੇ ਕਮਰੇ 'ਚ ਬੈਠਾ ਸਾਂ । ਮਾਂ ਦੇ ਹੱਥੀਂ ਬਣੀ ਚਾਹ ਪੀ ਰਹੇ ਸਾਂ । ਮੇਰੇ ਬਾਰੇ ਸੁਣ ਕੇ ਕਹਿਣ ਲੱਗੀ, ''ਪ੍ਰਭਾਕਰ ਦਾ ਇਮਤਿਹਾਨ ਬਹੁਤ ਔਖਾ । ਇਮਤਿਹਾਨ ਦੀ ਤਿਆਰੀ ਵੇਲੇ ਆਪਣਾ ਮਾਨਵ ਆਧੀ ਰੋਟੀ ਪਰ ਆ ਗਿਆ ਤਾ ।'' ਮੈਂ ਡਰ ਗਿਆ, ਕਿਉਂਕਿ ਮੈਂ ਤਾਂ ਕਰਤਾਰ ਦੇ ਢਾਬੇ ਤੋਂ ਰੱਜ ਕੇ ਰੋਟੀਆਂ ਛਕਦਾ ਸਾਂ । ਤਿਆਰੀ ਲਈ ਵੀ ਬਹੁਤਾ ਟਾਈਮ ਨਹੀਂ ਸੀ ਮਿਲਿਆ । ਰੋਲ ਨੰਬਰ ਮਾਨਵ ਨੇ ਮੈਥੋਂ ਲੈ ਲਿਆ ਸੀ । ਮੇਰੇ ਤੋਂ ਪਹਿਲਾਂ ਉਹਨੇ ਰਿਜ਼ਲਟ ਵੇਖਿਆ ਤੇ ਹੈਰਾਨੀ ਭਰੇ ਹਾਸੇ ਨਾਲ ਮੈਨੂੰ ਦੱਸਿਆ, ਅਖੇ ਤੇਰੀ ਤਾਂ ਹਾਈ ਸੈਕਿੰਡ ਡਵੀਜ਼ਨ ਆਈ ਐ । ਤੂੰ ਤਾਂ ਸੰਸਕ੍ਰਿਤ 'ਚੋਂ ਵੀ ਪਾਸ ਹੈਂ ।

ਪਹਿਲਾ ਪੜਾਅ ਪਾਰ ਹੋਇਆ ਤਾਂ ਗੱਡੀ ਰੇੜ੍ਹੇ ਪੈ ਗਈ । ਸੰਨ ਅਠਾਹਠ ਮੁੱਕਣ ਤੋਂ ਪਹਿਲਾਂ ਮੈਨੂੰ ਬੀ.ਏ. ਦੀ ਡਿਗਰੀ ਮਿਲ ਗਈ । ਬੰਦਾ ਗਰੈਜੂਏਟ ਹੋ ਗਿਆ । ਹੋ ਤਾਂ ਗਿਆ ਪਰ ਕਦੇ ਕਿਸੇ ਕਾਲਜ ਜਾਂ ਯੂਨੀਵਰਸਿਟੀ ਦਾ ਕਲਾਸ-ਰੂਮ ਨਾ ਵੇਖਿਆ । ਪ੍ਰੋਫ਼ੈਸਰਾਂ, ਸਕਾਲਰਾਂ ਅਤੇ ਬੁੱਧੀਜੀਵੀਆਂ ਦਾ ਬਾਕਾਇਦਾ ਸੰਗ-ਸਾਥ ਨਸੀਬ ਨਾ ਹੋਇਆ । ਮੈਂ ਤਿਆਰ-ਸ਼ੁਦਾ ਲੈਕਚਰ ਨਾ ਸੁਣ ਸਕਿਆ । ਮੈਂ ਉਨ੍ਹਾਂ ਦੀ ਸ਼ਬਦਾਵਲੀ ਨਾ ਸਿੱਖ ਸਕਿਆ । ਅੰਗਰੇਜ਼ੀ ਮੇਰੇ ਉਤੇ ਕਦੇ ਵੀ ਮਿਹਰਬਾਨ ਨਹੀਂ ਰਹੀ ਪਰ ਮਦਦਗਾਰ ਹਮੇਸ਼ਾ ਰਹੀ । ਹਿੰਦੀ ਦੀ ਕਿਰਪਾ ਅਤੇ ਅੰਗਰੇਜ਼ੀ ਦੀ ਮਦਦ ਨਾਲ ਮੈਂ ਆਪਣੀ ਪੰਜਾਬੀ ਦਾ ਮੂੰਹ-ਮੱਥਾ ਸੁਆਰਦਾ ਰਿਹਾ । ਪੜ੍ਹਿਆ ਵਿਚਾਰਦਾ ਰਿਹਾ ।

ਦੱਸ ਚੁੱਕਾ ਹਾਂ ਕਿ ਗਿਆਨੀ ਬਲਬੀਰ ਸਿੰਘ ਦੀ ਕੁੱਟ ਤੋਂ ਬਾਅਦ ਨੌਵੀਂ ਵਿਚ ਮੈਂ ਹਿੰਦੀ ਰੱਖ ਲਈ ਸੀ ਤੇ ਬੀ. ਏ. ਤੱਕ ਪ੍ਰੀਖਿਆ ਦਾ ਮਾਧਿਅਮ ਮੇਰਾ ਹਿੰਦੀ ਹੀ ਰਿਹਾ । ਬੀ.ਏ. ਵਿਚ ਅਖਤਿਆਰੀ ਵਿਸ਼ਾ ਪੰਜਾਬੀ ਰੱਖਿਆ ਸੀ ।

ਸ਼ੁਰੂ ਤੋਂ ਰੀਝ ਸੀ ਕਿ ਪੰਜਾਬੀ ਦੀ ਐਮ.ਏ. ਕਰਾਂ । ਹੁਣ ਉਹ ਰੀਝ ਪੂਰੀ ਹੋ ਸਕਦੀ ਸੀ । ਅੰਗਰੇਜ਼ੀ ਵਾਲਾ ਤਪਦਾ ਮਾਰੂਥਲ ਪਾਰ ਹੋ ਗਿਆ ਸੀ । ਹੁਣ ਤਾਂ ਸਿਰਫ਼ ਪੰਜਾਬੀ ਨਾਲ ਹੀ ਵਾਹ ਪੈਣਾ ਹੈ । ਬੜਾ ਚਾਅ ਚੜ੍ਹਿਆ । ਢੇਰ ਸਾਰਾ ਸਾਹਿਤ ਪੜ੍ਹਨ ਦਾ ਮੌਕਾ ਮਿਲੇਗਾ । ਪਤਾ ਲੱਗਾ ਕਿ ਜਿਸ ਵਿਸ਼ੇ ਵਿਚ ਐੱਮ. ਏ. ਕਰਨੀ ਹੋਵੇ, ਉਹ ਵਿਸ਼ਾ ਬੀ. ਏ. 'ਚ ਪੜ੍ਹਿਆ ਹੋਣਾ ਲਾਜ਼ਮੀ ਹੈ । ਪਰ ਮੈਂ ਤਾਂ ਪ੍ਰਭਾਕਰ ਦੇ ਆਧਾਰ 'ਤੇ ਗਰੈਜੂਏਟ ਹੋਇਆ ਹਾਂ । ਹਿੰਦੀ ਦੀ ਐੱਮ. ਏ. ਕਰ ਸਕਦਾਂ, ਪੰਜਾਬੀ ਦੀ ਨਹੀਂ । ਨਵੀਂ ਰੁਕਾਵਟ ਖੜ੍ਹੀ ਹੋ ਗਈ । ਬੀ. ਏ. ਪੱਧਰ ਦੀ ਪੰਜਾਬੀ ਪਾਸ ਕਰਨ ਨਾਲੋਂ ਚੰਗਾ ਸਮਝਿਆ ਕਿ ਗਿਆਨੀ ਕਰ ਲਈ ਜਾਵੇ । ਇਸ ਨਾਲ ਐੱਮ. ਏ. ਦੀ ਵੀ ਅੱਧ-ਪਚੱਧ ਤਿਆਰੀ ਹੋ ਜਾਵੇਗੀ । ਦਿਲ ਨੇ ਦਿਮਾਗ ਨਾਲ ਰਲ ਕੇ ਫੈਸਲਾ ਕਰ ਦਿੱਤਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪ੍ਰਾਈਵੇਟ ਪ੍ਰੀਖਿਆਰਥੀ ਵਜੋਂ ਲੇਟ ਫੀਸ ਨਾਲ ਗਿਆਨੀ ਲਈ ਦਾਖਲਾ ਭਰ ਦਿੱਤਾ ।

••••••

34. ਪਟਿਆਲੇ ਨਾਲ ਰਿਸ਼ਤਾ

ਗਿਆਨੀ, ਪ੍ਰਭਾਕਰ ਜਾਂ ਅਦੀਬ ਫ਼ਾਜ਼ਲ ਦਾ ਇਮਤਿਹਾਨ ਪਾਸ ਕਰਕੇ ਜਿਸ ਕਿਸੇ ਨੇ ਮੇਰੇ ਵਾਂਗ, ਟੁਕੜਿਆਂ 'ਚ ਪ੍ਰਾਈਵੇਟ ਤੌਰ 'ਤੇ ਪੜ੍ਹਾਈ ਕੀਤੀ ਹੁੰਦੀ ਹੈ ਉਸ ਨੂੰ 'ਵਾਇਆ ਬਠਿੰਡਾ' ਕਿਹਾ ਜਾਂਦੈ । ਪਤਾ ਨਹੀਂ ਕਿਉਂ? ਸ਼ਾਇਦ ਮਖ਼ੌਲ ਨਾਲ, ਮਜ਼ਾਕ ਉਡਾਉਣ ਲਈ! ਬਾਕਾਇਦਾ ਕਲਾਸਾਂ ਲਾ ਕੇ, ਫੀਸਾਂ ਭਰ ਕੇ, ਜ਼ਿਆਦਾ ਵਕਤ ਖਰਚ ਕੇ ਡਿਗਰੀਆਂ ਲੈਣ ਵਾਲਿਆਂ ਲਈ ਇਹ ਸਾਡੇ ਵਾਲੀ ਡਿਗਰੀ ਤੁੱਛ ਹੁੰਦੀ ਹੋਵੇਗੀ ਤੇ ਉਹ ਇਸ ਨੂੰ ਤਿਰਸਕਾਰ ਦੀ ਭਾਸ਼ਾ ਵਿਚ 'ਵਾਇਆ ਬਠਿੰਡਾ' ਆਖਦੇ ਹੋਣਗੇ, ਜਿਵੇਂ ਸਾਡੇ ਇਲਾਕੇ ਵਿਚ ਘੱਟ ਪੜ੍ਹੇ ਨੂੰ 'ਲੌਢੂਵਾਲ ਤੱਕ ਪੜ੍ਹਿਆ' ਆਖ ਕੇ ਹੱਸ ਛੱਡਦੇ ਨੇ । ਦਰਅਸਲ ਏਹੋ ਜਿਹੀਆਂ ਟਿੱਪਣੀਆਂ ਨਾਲ ਉਹ ਆਪਣੇ ਮਨ ਦੀ ਭੜਾਸ ਕੱਢਦੇ ਨੇ । ਕੱਢਦੇ ਰਹਿਣ । ਸਾਡੇ ਵਰਗਿਆਂ ਨੂੰ ਇਹ ਪ੍ਰਣਾਲੀ ਖੂਬ ਰਾਸ ਆਈ ਹੋਈ ਏ । ਏਸੇ ਦੀ ਮਾਰਫਤ ਸਾਡੀ ਉਪਰਲੇ ਮੰਡਲਾਂ 'ਚ ਰਸਾਈ ਹੋਈ ਏ ।

ਹਾਂ, ਤੇ ਐਤਕੀਂ ਮੈਂ ਯੂਨੀਵਰਸਿਟੀ ਬਦਲ ਲਈ । ਗਿਆਨੀ ਦਾ ਦਾਖਲਾ ਪੰਜਾਬੀ ਯੂਨੀਵਰਸਿਟੀ ਨੂੰ ਭੇਜਿਆ । ਮਾਈਗਰੇਸ਼ਨ ਹੋ ਗਈ । ਕਰਵਾਉਣੀ ਪਈ, ਕਿਉਂਕਿ ਪੰਜਾਬ ਯੂਨੀਵਰਸਿਟੀ ਤੋਂ ਪੰਜਾਬੀ ਦੀ ਐੱਮ. ਏ. ਈਵਨਿੰਗ ਕਲਾਸਾਂ 'ਚ ਰੈਗੂੂਲਰ ਪ੍ਰਵੇਸ਼ ਲੈ ਕੇ ਹੀ ਹੋ ਸਕਦੀ ਸੀ, ਪ੍ਰਾਈਵੇਟ ਤੌਰ 'ਤੇ ਨਹੀਂ । ਪਟਿਆਲੇ ਵਾਲਿਆਂ ਇਹ ਛੋਟ ਜਿਹੀ ਦਿੱਤੀ ਹੋਈ ਸੀ । ਸੋ ਪਟਿਆਲੇ ਨਾਲ ਰਿਸ਼ਤਾ ਗੰਢ ਲਿਆ । ਉਦੋਂ ਤੱਕ ਸੂਬਾ ਸਿੰਘ ਵੀ ਓਥੇ ਜਾ ਚੁੱਕਾ ਸੀ । ਸਾਡਾ ਜਾਣ- ਆਉਣ ਲੱਗਾ ਰਹਿੰਦਾ । ਓਥੇ ਅਦਬੀ ਸਰਗਰਮੀਆਂ ਵਧ ਰਹੀਆਂ ਸਨ । ਯੂਨੀਵਰਸਿਟੀ ਨਵੀਂ-ਨਵੀਂ ਹੋਣ ਕਰਕੇ ਮਾਹੌਲ ਵਿਚ ਤਾਜ਼ਗੀ ਸੀ । ਵੱਖਰਾਪਨ ਸੀ । ਕਿਰਪਾਲ ਸਿੰਘ ਨਾਰੰਗ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਉਸ ਫਿਜ਼ਾ 'ਚ ਵਿਚਰਦੇ । ਡਾ. ਹਰਚਰਨ ਸਿੰਘ ਅਤੇ ਦਲੀਪ ਕੌਰ ਟਿਵਾਣਾ ਹੁਰਾਂ ਦੇ ਅਧਿਆਪਕੀ ਬੋਲ ਹਵਾ ਵਿਚ ਤਰਦੇ । ਚੰਡੀਗੜ੍ਹ 'ਚ ਉਨ੍ਹੀਂ ਦਿਨੀਂ ਨਵੇਂ ਲੇਖਕਾਂ ਦੇ ਸਿਰਾਂ 'ਤੇ ਹਿੱਪੀ ਕਲਚਰ ਸਵਾਰ ਸੀ । ਪਟਿਆਲੇ 'ਚ ਭੂਤਵਾੜਾ ਸੱਭਿਆਚਾਰ ਸੀ । ਤੁਸੀਂ ਚਾਹੋ ਨਾ ਚਾਹੋ, ਜਦੋਂ ਹਵਾ ਵਗਦੀ ਹੈ ਤਾਂ ਚੂਹੇ ਦੀ ਖੁੱਡ 'ਚ ਵੀ ਲੱਗਦੀ ਹੈ । ਗਿਆਨੀ ਦੇ ਪੇਪਰ ਦੇਣ ਲਈ ਚੰਡੀਗੜ੍ਹੋਂ ਪਟਿਆਲੇ ਜਾਣਾ ਪੈਂਦਾ । ਡੇਟਸ਼ੀਟ ਦੀ ਲੋੜ ਮੁਤਾਬਕ ਕਦੀ-ਕਦੀ ਸੂਬਾ ਸਿੰਘ ਕੋਲ ਰਹਿੰਦਾ । ਸੋਚਦਾ ਕਿ ਰੋਜ਼ ਸਫ਼ਰ ਕਰਨ ਨਾਲੋਂ ਓਥੇ ਰਹਿ ਕੇ ਤਿਆਰੀ ਚੰਗੀ ਹੋ ਸਕੇਗੀ । ਪਰ ਡੂੰਘੀ ਸ਼ਾਮ ਤੱਕ ਗੱਪ-ਸ਼ੱਪ ਚਲਦੀ ਰਹਿੰਦੀ । ਰੋਟੀ ਖਾ ਕੇ ਨੀਂਦ ਆ ਜਾਂਦੀ । ਸਵੇਰੇ ਅੱਖ ਦੇਰ ਨਾਲ ਖੁੱਲ੍ਹਦੀ । ਸੈਂਟਰ ਹੁੰਦਾ ਸ਼ਹਿਰ 'ਚ ਮਹਿੰਦਰਾ ਕਾਲਜ । ਭੱਜ-ਨੱਠ ਕਰਕੇ ਮਸਾਂ ਵੇਲੇ ਸਿਰ ਪਹੁੰਚਦਾ । ਸੂਬਾ ਸਿੰਘ ਨੂੰ ਸਮੱਸਿਆ ਦੱਸੀ ਤਾਂ ਕਹਿੰਦਾ, 'ਕੋਈ ਨਾ, ਮੈਂ ਤੜ੍ਹਕੇ ਚਾਰ ਵਜੇ ਉੱਠ ਕੇ ਦੁੱਧ ਲੈਣ ਜਾਨਾਂ । ਤੈਨੂੰ ਜਗਾ ਦਿਆਂਗਾ ।' ਮੇਰਾ ਇਹ ਸੰਸਾ ਉਹਨੇ ਮੁਕਾ ਦਿੱਤਾ । ਅਗਲੀ ਸਵੇਰ ਐਨ ਚਾਰ ਵਜੇ, ਮੈਨੂੰ ਉਠਾ ਦਿੱਤਾ । 'ਚੱਲ ਪਹਿਲਾਂ ਦੁੱਧ ਲੈ ਆਈਏ ।'

ਠੰਢ ਦਾ ਮੌਸਮ । ਅਸੀਂ ਬੁੱਕਲਾਂ ਮਾਰੀਆਂ । ਡੋਲੂ ਚੁੱਕਿਆ । ਬਿਨਾਂ ਕਿਸੇ ਹੋਰ ਨੂੰ ਜਗਾਇਆਂ ਬਾਹਰੋਂ ਕੁੰਡੀ ਲਾਈ । ਨ੍ਹੇਰੇ ਜਿਹੇ ਵਿਚ ਹੀ ਤੁਰ ਪਏ । 'ਆਹ ਜ਼ਰਾ ਡਾ. ਸੇਠੀ ਵੱਲੋਂ ਹੋ ਕੇ ਚੱਲਦੇ ਹਾਂ । ਕੰਮ ਐ ਜਰੂਰੀ ।' ਆਖ ਕੇ ਉਸ ਨੇ ਥੋੜ੍ਹੀ ਦੂਰ ਜਾ ਕੇ ਇਕ ਕੁਆਰਟਰ ਦੀ ਘੰਟੀ ਜਾ ਵਜਾਈ ।....ਦੂਜੀ ਵਾਰ ...ਤੀਜੀ ਵਾਰ । 'ਕਿਉਂ ਇਸ ਵੇਲੇ ਕਿਸੇ ਟੱਬਰ ਦੀ ਨੀਂਦ ਖਰਾਬ ਕਰਦੇ ਓ । ਵਾਪਸੀ 'ਤੇ ਕਰ ਲਿਓ ਗੱਲ ।' ਮੇਰੀ ਦਲੀਲ ਨਾਲ ਉਹ ਟੱਸ ਤੋਂ ਮੱਸ ਨਾ ਹੋਇਆ ਤੇ ਓਨੀ ਦੇਰ ਸੁਵਿਚ ਤੋਂ ਉਂਗਲ ਨਾ ਚੁੱਕੀ ਜਦੋਂ ਤੱਕ ਸੁਰਜੀਤ ਸਿੰਘ ਸੇਠੀ ਨੇ ਬੱਤੀ ਜਗਾ ਕੇ ਦਰਵਾਜ਼ਾ ਨਾ ਖੋਲ੍ਹ ਦਿੱਤਾ । 'ਆਓ । ਲੰਘ ਆਓ । ਹੁਕਮ ਕਰੋ ।' ਉਹਦੀ ਸੁੱਤ-ਉਨੀਂਦੀ ਜਿਹੀ ਉਚੇਚਬਾਣੀ ਦੇ ਜਵਾਬ 'ਚ ਸੂਬਾ ਸਿੰਘ ਸਹਿਜ ਭਾਅ ਬੋਲਿਆ, ''ਡਾਕਟਰ ਸਾਬ੍ਹ । ਤਕਲੀਫ਼ ਮਾਫ । ਅਸੀਂ ਅੰਦਰ ਨਹੀਂ ਆਉਣਾ । ਹੁਕਮ ਵੀ ਕੋਈ ਨਹੀਂ । ਬੇਨਤੀ ਸਿਰਫ਼ ਏਨੀ ਹੈ ਕਿ ਰਾਤ ਮੈਂ ਇਹਦੇ ਨਾਲ ਗੱਲੀਂ ਰੁਝਾ ਰਿਹਾ । ਕਮੈਂਟਰੀ ਨਹੀਂ ਸੁਣ ਸਕਿਆ । ਜ਼ਰਾ ਸਕੋਰ ਪਤਾ ਕਰਨਾ ਸੀ । ਦੱਸੋਗੇ?'' ਪਤਾ ਨਹੀਂ ਉਹਨੇ ਕੀ ਦੱਸਿਆ ਪਰ ਮੈਂ ਕੁਝ ਨਾ ਸੁਣਿਆ । ਇਕ ਤਾਂ ਮੈਨੂੰ ਓਦੋਂ ਅਜੇ ਕ੍ਰਿਕਟ ਦੀ ਕੋਈ ਸਮਝ ਨਹੀਂ ਸੀ, ਦੂਜੇ ਮੈਂ ਡਾ. ਸੇਠੀ ਦੀ ਹਾਲਤ ਵੇਖ-ਵੇਖ ਹੈਰਾਨ ਹੋ ਰਿਹਾ ਸਾਂ! ਉਹਦੇ ਟਰਾਂਜਿਸਟਰ ਦੇ ਸੈੱਲ ਵੀਕ ਹੋਏ ਲੱਗਦੇ ਸਨ । ਅਸੀਂ ਅਗਾਂਹ ਤੁਰ ਪਏ ।

ਵਾਪਸੀ ਤੱਕ ਏਨਾ ਕੁ ਟਾਈਮ ਹੋ ਚੁੱਕਾ ਸੀ ਕਿ ਤਿਆਰ ਹੋ ਕੇ ਸਿਰਫ਼ ਪ੍ਰੀਖਿਆ ਕੇਂਦਰ ਵੀ ਮੁਸ਼ਕਲ ਨਾਲ ਪਹੁੰਚ ਸਕਿਆ । ਪੇਪਰ ਦਾ ਵਕਤ ਅੱਠ ਤੋਂ ਗਿਆਰਾਂ ਸੀ । ਅੱਧਾ ਘੰਟਾ ਪਹਿਲਾਂ ਗੇਟ ਬੰਦ ਹੋ ਜਾਂਦੈ । ...ਖ਼ੈਰ ਸੱਤੇ ਪੇਪਰ ਠੀਕ-ਠਾਕ ਹੋ ਗਏ ।

ਨਤੀਜਾ ਆਇਆ । ਬੜੀ ਉਤਸੁਕਤਾ ਨਾਲ ਅਖ਼ਬਾਰ ਵੇਖੀ । ਪਟਿਆਲੇ ਸ਼ਹਿਰ ਦੀ ਇਕ ਗਿਆਨੀ ਅਕਾਦਮੀ ਦੀ ਕਿਸੇ ਕੁੜੀ ਦੀ ਤਸਵੀਰ ਛਪੀ ਸੀ ਕਿ ਉਹ ਫਸਟ ਆਈ ਹੈ । ਨੰਬਰ ਉਹਦੇ ਸੈਕਿੰਡ ਡਵੀਜ਼ਨ ਦੇ ਸਨ । ਮੈਨੂੰ ਧੱਕਾ ਲੱਗਾ ਪਰ ਪੱਕਾ ਯਕੀਨ ਸੀ ਕਿ ਮੇਰੇ ਨੰਬਰ ਏਦੂੰ ਘੱਟ ਹੋ ਹੀ ਨਹੀਂ ਸਕਦੇ । ਰੋਲ ਨੰਬਰ ਲੱਭਿਆ, ਜਿਸ ਦੇ ਸਾਹਮਣੇ ਬਰੈਕਟ ਵਿਚ ਆਰ. ਐੱਲ. ਲਿਖਿਆ ਸੀ । ਮਤਲਬ ਕਿ ਨਤੀਜਾ ਲੇਟ ਹੈ ।

ਪਟਿਆਲੇ ਪੁੱਜਾ । ਸੂਬਾ ਸਿੰਘ ਮੇਰੇ ਨਾਲ ਰਜਿਸਟਰਾਰ ਦੇ ਦਫ਼ਤਰ ਗਿਆ । ਸਬੰਧਤ ਕਰਮਚਾਰੀ ਨੇ ਮੇਰਾ ਰੋਲ ਨੰਬਰ ਸੁਣ ਕੇ ਕਿਹਾ ਇਹ ਤਾਂ ਫਸਟ ਆਇਆ ਹੈ ਪਰ ਮਾਈਗਰੇਸ਼ਨ ਸਰਟੀਫ਼ਿਕੇਟ ਦਾ ਰੌਲਾ ਹੈ । ਭੇਜ ਦਿਓ, ਰਿਜ਼ਲਟ ਆਊਟ ਹੋ ਜਾਵੇਗਾ । ...ਮੈਂ ਪਹਿਲਾਂ ਹੀ ਭੇਜ ਚੁੱਕਾ ਸਾਂ ਪਰ ਉਹ ਹਾਲੇ ਕਿਸੇ ਹੋਰ ਬਰਾਂਚ ਵਿਚ ਹੀ ਪਿਆ ਸੀ । ਲਿਆ ਕੇ ਦੇ ਦਿੱਤਾ ਤਾਂ ਕਿਹਾ ਗਿਆ ਕਿ ਰਿਜ਼ਲਟ ਕੱਲ੍ਹ ਨੂੰ ਨੋਟੀਫਾਈ ਹੋ ਜਾਵੇਗਾ । ਸੂਬਾ ਸਿੰਘ ਨੇ ਦਿਲਾਸਾ ਦੇ ਕੇ ਤੋਰ ਦਿੱਤਾ, ''ਮੈਂ ਰਿਜ਼ਲਟ ਲੈ ਕੇ ਤੈਨੂੰ ਪੁਚਾ ਦਿਆਂਗਾ ।''...ਕੁਝ ਨਾ ਹੋਇਆ ਵੇਖ ਕੇ ਮੁੜ ਪਤਾ ਕੀਤਾ ਤਾਂ ਕਹਿੰਦੇ, ''ਤੁਸੀਂ ਪ੍ਰਭਾਕਰ ਵੀ ਕੀਤੀ ਹੋਈ ਹੈ । ਉਹ ਉਰਿਜਨਲ ਸਰਟੀਫ਼ਿਕੇਟ ਸਪਲਾਈ ਕਰੋ ।'' ਕਰ ਦਿੱਤਾ । ਅਗਲੀ ਵਾਰੀ ਬੀ.ਏ. ਡਿਗਰੀ, ਮੂਲ ਰੂਪ ਵਿਚ ਮੰਗ ਲਈ । ਡਿਗਰੀ ਦੇ ਕੇ ਮੈਂ ਓਥੇ ਈ ਧਰਨਾ ਮਾਰ ਦਿੱਤਾ ਕਿ ਹੁਣ ਮੈਂ ਰਿਜ਼ਲਟ ਦੀ ਨੋਟੀਫਿਕੇਸ਼ਨ ਲੈ ਕੇ ਹਿੱਲਾਂਗਾ । ਕੁਝ ਸੂਬਾ ਸਿੰਘ ਨੇ ਦਬਾਅ ਪਾਇਆ । ਕਾਫ਼ੀ ਖਲਜਗਣ ਪਿੱਛੋਂ ਮੈਨੂੰ ਇਕ ਸਾਈਕਲੋਸਟਾਈਲ ਕਾਪੀ ਦਿੱਤੀ ਗਈ । ਪੜ੍ਹੀ । ਮੇਰੀ ਸਟੇਟ ਹਰਿਆਣਾ ਲਿਖੀ ਹੋਈ ਸੀ ।

...ਇਤਰਾਜ਼ ਕਰਨ 'ਤੇ ਨਵੇਂ ਸਿਰਿਓਂ ਤਰਮੀਮ ਕਰਕੇ ਰਿਜ਼ਲਟ ਮੈਨੂੰ ਦੇ ਦਿੱਤਾ ਤੇ ਨਾਲ ਹੀ ਦੱਸਿਆ ਕਿ ਫਸਟ ਹੋਣ ਕਾਰਨ ਮੇਰਾ ਸਰਟੀਫ਼ਿਕੇਟ ਅਤੇ ਗੋਲਡ ਮੈਡਲ ਕਾਨਵੋਕੇਸ਼ਨ 'ਤੇ ਹੀ ਦਿੱਤਾ ਜਾਵੇਗਾ । ਕਾਨਵੋਕੇਸ਼ਨ ਦੀ ਤਰੀਕ ਨਜ਼ਦੀਕ ਹੀ ਸੀ । ਮੈਂ ਚਿੱਠੀ ਉਡੀਕਦਾ ਰਿਹਾ ਕੋਈ ਨਾ ਆਈ । ਜਾ ਕੇ ਪਤਾ ਕੀਤਾ । ਦੱਸਿਆ ਗਿਆ ਕਿ ਮੇਰੇ ਦਾਖਲਾ ਫਾਰਮ ਵਾਲੇ ਪਤੇ ਉਤੇ ਭੇਜੀ ਚਿੱਠੀ ਤੇ ਟੈਲੀਗ੍ਰਾਮ ਵਾਪਸ ਆਈਆਂ ਨੇ । ਐਡਰੈੱਸ ਗਲਤ ਹੈ । ਮੈਂ ਰੋਣਹਾਕਾ ਹੋ ਗਿਆ, ''ਵਿਖਾਓ ਪਤਾ ਕਿਵੇਂ ਗਲਤ ਹੋ ਸਕਦੈ ।'' ਵੇਖਿਆ ਤਾਂ ਉਨ੍ਹਾਂ ਨੇ ਮੇਰੇ ਨਾਂ ਤੋਂ ਅੱਗੇ ਕਿਸੇ ਪਿੰਡ ਦਾ ਨਾਂ ਲਿਖ ਕੇ ਵਾਇਆ ਭੁਲੱਥ, ਜ਼ਿਲ੍ਹਾ ਕਪੂਰਥਲਾ ਲਿਖਿਆ ਹੋਇਆ ਸੀ । ਬੜੀ ਖਿਝ ਆਈ ਤੇ ਵਾਪਿਸ ਆ ਕੇ ਵਾਈਸ ਚਾਂਸਲਰ ਦੇ ਨਾਂ ਇਕ ਸ਼ਿਕਾਇਤ ਲਿਖ ਕੇ ਰਜਿਸਟਰੀ ਕਰਵਾ ਦਿੱਤੀ । ਫਾਰਮ ਵਿਚ ਬੋਲਡ ਤੇ ਕੈਪੀਟਲ ਅੱਖਰਾਂ ਵਿਚ ਦੋ ਸਿਰਨਾਵੇਂ ਦਰਜ ਸਨ : ਪੱਕਾ ਪਤਾ ਧਿਆਨਪੁਰ ਦਾ ਅਤੇ ਵਰਤਮਾਨ ਪਤਾ ਚੰਡੀਗੜ੍ਹ ਦਾ । ਇਹ ਅਮਿਤੋਜ ਵਾਲਾ ਭੁਲੱਥ ਕਿੱਥੋਂ ਆ ਗਿਆ? ਮੈਂ ਹੈਰਾਨ ਸਾਂ ਕਿ ਯੂਨੀਵਰਸਿਟੀ ਕਰ ਕੀ ਰਹੀ ਐ? ਮੇਰੀ ਤਾਂ ਓਥੇ ਸੂਬਾ ਸਿੰਘ ਕਰਕੇ ਮਾੜੀ-ਮੋਟੀ ਰਸਾਈ ਹੈ, ਬਾਕੀਆਂ ਨਾਲ ਕੀ ਵਿਹਾਰ ਹੁੰਦਾ ਹੋਵੇਗਾ । ਐਵੇਂ ਗਲਤੀ ਕੀਤੀ ਮਾਈਗਰੇਸ਼ਨ ਕਰਵਾ ਕੇ ।...ਪ੍ਰੇਸ਼ਾਨੀ ਵਧਦੀ ਗਈ । ਸ਼ਿਕਾਇਤ ਦਾ ਵੀ ਕੋਈ ਅਸਰ ਨਹੀਂ ਸੀ ਹੋਇਆ ਲੱਗਦਾ ।

ਚਾਰ-ਪੰਜ ਦਿਨਾਂ ਮਗਰੋਂ ਸੂਬਾ ਸਿੰਘ ਚੰਡੀਗੜ੍ਹ ਆਇਆ, ਸੈਕਟਰੀਏਟ, ਮੇਰੀ ਬਰਾਂਚ ਵਿਚ, ਅਖੇ : ਯੂਨਵਰਸਿਟੀ ਦੀ ਅਫ਼ਸਰੀ ਟੀਮ ਤੈਨੂੰ ਮਿਲਣ ਆਈ ਐ । ਅਸੀਂ ਕੰਟੀਨ ਵਿੱਚ ਇੱਕਠੇ ਹੋ ਗਏ । ਅਫ਼ਸਰਾਂ ਦੇ ਚਿਹਰੇ ਮੁਆਫ਼ੀਨਾਮੇ ਵਰਗੇ ਸਨ । ਇਕ ਚਿੱਠੀ ਮੇਰੇ ਵਲੋਂ ਟਾਈਪ ਕਰਕੇ ਨਾਲ ਲਈ ਬੈਠੇ ਸਨ । ਸੂਬਾ ਸਿੰਘ ਉਨ੍ਹਾਂ ਦੀ ਵਕਾਲਤ ਕਰ ਰਿਹਾ ਸੀ, ''ਬੜਾ ਝਾੜਿਆ ਨਾਰੰਗ ਸਾਬ੍ਹ ਨੇ ਇਨ੍ਹਾਂ ਨੂੰ । ਕਹਿੰਦੇ : ਯੂਨੀਵਰਸਿਟੀ ਦਾ ਇਮੇਜ ਕਿਉਂ ਖਰਾਬ ਕਰਦੇ ਓ? ਕੁਤਾਹੀ ਭਾਵੇਂ ਹੇਠਲੇ ਮੁਲਾਜ਼ਮ ਕਰਦੇ ਨੇ ਪਰ ਭੁਗਤਣਾ ਤਾਂ ਅਫ਼ਸਰਾਂ ਨੂੰ ਹੀ ਪੈਂਦੈ ਨਾ । ਇਹ ਵਿਚਾਰੇ ਆਪ ਆਏ ਨੇ ਕਾਨਵੋਕੇਸ਼ਨ ਦਾ ਸੱਦਾ-ਪੱਤਰ ਲੈ ਕੇ । ...ਤੈਨੂੰ ਖੱਜਲ ਤਾਂ ਰੱਜ ਕੇ ਕੀਤਾ ਗਿਐ । ਪਰ ਹੁਣ ਮੈਂ ਨਾਲ ਆਇਆਂ । ਲਿਹਾਜ਼ ਤਾਂ ਤੈਨੂੰ ਕਰਨਾ ਈ ਪਏਗਾ ।'' ਨਾਲ ਹੀ ਸੱਦਾ-ਪੱਤਰ ਵਾਲਾ ਲਿਫ਼ਾਫ਼ਾ ਫੜਾ ਕੇ ਇਕ ਟਾਈਪਡ ਕਾਗਜ਼ ਮੇਰੇ ਮੂਹਰੇ ਦਸਤਖ਼ਤਾਂ ਲਈ ਰੱਖ ਦਿੱਤਾ । ਲਿਖਿਆ ਸੀ ਮੇਰੀ ਗਲਤਫਹਿਮੀ ਦੂਰ ਹੋ ਗਈ ਹੈ । ਹੁਣ ਮੈਨੂੰ ਯੂਨੀਵਰਸਿਟੀ ਨਾਲ ਕੋਈ ਗਿਲਾ ਨਹੀਂ । ਮੈਂ ਸ਼ਿਕਾਇਤ ਵਾਪਸ ਲੈਂਦਾ ਹਾਂ ।...

ਅਧਿਕਾਰੀਆਂ ਦਾ ਸ਼ਿਸ਼ਟ ਮੰਡਲ ਮੇਰੇ ਮੂੰਹ ਵੱਲ ਝਾਕ ਰਿਹਾ ਸੀ । ਮੈਂ ਸੂਬਾ ਸਿੰਘ ਵੱਲ ਝਾਕਿਆ । ਉਹ ਮੁੱਛਾਂ 'ਚ ਮੁਸਕਰਾ ਰਿਹਾ ਸੀ, ਜਿਵੇਂ ਕਹਿ ਰਿਹਾ ਹੋਵੇ : ਛੱਡ ਪਰ੍ਹਾਂ, ਬਹੁਤ ਹੋ ਗਈ, ਇਨ੍ਹਾਂ ਨਾਲ । ਇਨ੍ਹਾਂ ਕਰਕੇ ਨਾ ਸਹੀ, ਮੇਰੇ ਕਰਕੇ ਕਰਦੇ ਦਸਤਖ਼ਤ । ਕਰ ਦਿੱਤੇ । ਹੋਰ ਕਰ ਵੀ ਕੀ ਸਕਦਾ ਸਾਂ । ਚਾਹ ਪੀਤੀ ਤੇ ਉਹ ਸਾਰੇ ਕਾਰ ਵਿਚ ਬਹਿ ਕੇ ਵਾਪਿਸ ਪਟਿਆਲੇ ਚਲੇ ਗਏ । ਮੈਂ ਬਰਾਂਚ ਵਿਚ ਆ ਗਿਆ । ਚੰਗਾ-ਚੰਗਾ ਲੱਗ ਰਿਹਾ ਸੀ । ਕਾਨਵੋਕੇਸ਼ਨ ਦੇ ਸੁਪਨੇ ਆ ਰਹੇ ਸਨ ।

ਆਖ਼ਰ ਇਹ ਕੰਮ ਵੀ ਮੁੱਕਾ । ਡਿਗਰੀ ਤੇ ਗੋਲਡ ਮੈਡਲ, ਜਾ ਕੇ ਲੈ ਆਇਆ । ਗਵਰਨਰ ਪਾਵਟੇ ਨਾਲ ਫੋਟੋ ਹੋ ਗਈ । ਦਫ਼ਤਰ ਵਿਚ ਥੋੜ੍ਹੀ ਜਿਹੀ ਵਾਹ-ਵਾਹ ਹੋ ਗਈ ।

ਕਵੀ ਭਗਵੰਤ ਸਿੰਘ ਮੁੱਖ ਮੰਤਰੀ ਦੇ ਦਫ਼ਤਰ ਵਿਚ ਵਾਹਵਾ ਅਸਰ ਰਸੂਖ ਵਾਲਾ ਅਫ਼ਸਰ ਸੀ । ਪੰਜ-ਚਾਰ ਕਿਤਾਬਾਂ ਦਾ ਕਰਤਾ । ਮੇਰਾ ਮਿਹਰਬਾਨ ਮਿੱਤਰ । ਗਿਆਨੀ ਦੇ ਪੇਪਰ ਦੇਣ ਪਿੱਛੋਂ ਇਕ ਦਿਨ ਉਹਦੇ ਕੋਲ ਐਵੇਂ ਫੜ੍ਹ ਮਾਰ ਬੈਠਾ ਕਿ ਮੈਂ ਯੂਨੀਵਰਸਿਟੀ 'ਚੋਂ ਫਸਟ ਆਵਾਂਗਾ । ਉਹਨੂੰ ਯਕੀਨ ਨਾ ਆਇਆ । ਕਹਿਣ ਲੱਗਾ, 'ਜੇ ਤੇਰੀ ਪਹਿਲੀ ਪੁਜ਼ੀਸ਼ਨ ਆਈ ਤਾਂ ਮੈਂ ਤੈਨੂੰ ਪਾਰਕਰ ਦਾ ਪੈੱਨ ਲੈ ਕੇ ਦਿਆਂਗਾ । ਗੱਲ ਆਈ-ਗਈ ਹੋ ਗਈ । ... ਹੁਣ ਮੈਂ ਉਹਨੂੰ ਉਹਦਾ 'ਵਚਨ' ਯਾਦ ਕਰਾਇਆ ਤਾਂ ਉਹਨੇ ਪੈੱਨ ਮੈਨੂੰ ਜ਼ਰੂਰ ਲੈ ਕੇ ਦਿੱਤਾ ਪਰ ਪਾਰਕਰ ਦਾ ਨਹੀਂ, ਹੀਰੋ ਦਾ । ਇਹ ਪਿਆਰ ਦਾ ਤੋਹਫ਼ਾ ਮੇਰੇ ਲਈ ਮੈਡਲ ਤੋਂ ਘੱਟ ਨਹੀਂ ਸੀ । ਅਠਾਰਾਂ ਰੁਪਏ ਵਾਲਾ ਪੈੱਨ ਮੈਂ ਪਹਿਲੀ ਵਾਰ ਆਪਣੀ ਜੇਬ ਵਿਚ ਟੰਗਿਆ ਸੀ ।

ਇਨ੍ਹੀਂ ਦਿਨੀਂ ਹੀ 'ਪੰਜ ਪਾਣੀ' ਸਪਤਾਹਿਕ ਵਾਲਿਆਂ ਨੇ ਗੁਰਦੀਪ ਗਰੇਵਾਲ ਦਾ ਇਕ ਲੇਖ ਛਾਪਿਆ : 'ਪੰਜਾਬ ਸਿਵਲ ਸਕੱਤਰੇਤ ਦੇ ਸਾਹਿਤਕਾਰ ਕਰਮਚਾਰੀ ।' ਉਸ ਵਿਚ ਭਗਵੰਤ ਸਿੰਘ ਦਾ ਜ਼ਿਕਰ ਕੋਈ ਬਹੁਤਾ ਚੰਗਾ ਨਹੀਂ ਸੀ ਕੀਤਾ ਗਿਆ । ਉਹ ਪਰਚੇ ਦਾ ਅੰਕ ਹੱਥ ਵਿਚ ਝਟਕਾਉਂਦਾ ਹੋਇਆ ਮੇਰੇ ਕੋਲ ਆਇਆ ਤੇ ਗੁੱਸੇ ਵਿਚ ਬੋਲਿਆ, ''ਮੈਂ ਤੈਨੂੰ ਵਧੀਆ ਪੈੱਨ ਇਸ ਲਈ ਤਾਂ ਨਹੀਂ ਸੀ ਲੈ ਕੇ ਦਿੱਤਾ ਕਿ ਮੇਰੇ ਬਾਰੇ ਘਟੀਆ ਫਿਕਰੇਬਾਜ਼ੀ ਕਰੇਂ ।'' ਦਰਅਸਲ ਉਹ ਸਮਝਦਾ ਸੀ ਕਿ ਗੁਰਦੀਪ ਗਰੇਵਾਲ ਵਿਚਾਰੇ ਦਾ ਤਾਂ ਐਵੇਂ ਨਾਂ ਵਰਤਿਆ ਗਿਐ, ਕਾਰਾ ਮੇਰਾ ਹੀ ਐ । ਕਈ ਵਾਰ ਕਿਸੇ ਦਾ ਇਮੇਜ ਇਹੋ ਜਿਹਾ ਬਣ ਜਾਂਦੈ ਕਿ ਬਹੁਤ ਕੁਝ ਅਣ-ਕੀਤਾ ਵੀ ਉਹਦੇ ਨਾਂ ਨਾਲ ਜੁੜ ਜਾਂਦੈ ।

ਗਿਆਨੀ ਦੇ ਇਮਤਿਹਾਨ ਦੀ ਇਕ ਹੋਰ ਗੱਲ ਮੈਨੂੰ ਨਹੀਂ ਭੁੱਲਦੀ । ਵਾਰਤਕ ਦੇ ਪਰਚੇ ਵਿਚ ਇਕ ਪ੍ਰਸ਼ਨ ਨਿਬੰਧ ਦਾ ਆਉਂਦਾ ਹੁੰਦਾ ਸੀ, ਪੰਜਾਹ ਨੰਬਰਾਂ ਦਾ । ਸਾਡੀ ਵਾਰੀ ਨਿਬੰਧਾਂ 'ਚੋਂ ਇਕ ਸੀ: ਮੇਰੀ ਮਨ-ਭਾਉਂਦੀ ਪੁਸਤਕ । ਮੈਂ 'ਲੂਣਾ' ਬਾਰੇ ਲਿਖਿਆ ਸੀ, ਪੂਰੇ ਚੌਵੀ ਸਫ਼ਿਆਂ ਦਾ ਨਿਬੰਧ । ਸ਼ਿਵ ਕੁਮਾਰ ਦੀ ਲੂਣਾ ਨੂੰ ਉਦੋਂ ਜਿਹੇ ਹੀ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ ਸੀ । ਉਹਦੀ ਚਰਚਾ ਬਹੁਤ ਸੀ । ਕਿਤਾਬ ਅਜੇ ਬਹੁਤਿਆਂ ਨੇ ਪੜ੍ਹੀ ਨਹੀਂ ਸੀ । ਸਿੰਘ ਬ੍ਰਦਰਜ਼ ਵਾਲਿਆਂ ਨੇ ਅਠਾਰਾਂ ਰੁਪਏ ਕੀਮਤ ਰੱਖ ਕੇ ਡੀਲਕਸ ਐਡੀਸ਼ਨ ਛਾਪੀ ਸੀ । ''ਕਵਿਤਾ'' ਰਸਾਲੇ ਨੇ ਪੰਜ ਹਜ਼ਾਰ ਕਾਪੀ ਛਾਪ ਕੇ ਰੁਪਏ-ਰੁਪਏ ਨੂੰ ਵੇਚੀ ਸੀ ਤੇ ਪਾਠਕਾਂ ਦੀ ਮੰਗ ਨੂੰ ਵੇਖ ਕੇ ਏਨੀ ਹੀ ਹੋਰ ਛਾਪਣੀ ਪਈ ਸੀ । ਨਾਲ ਦੀ ਨਾਲ ਲਾਹੌਰ ਬੁੱਕ ਸ਼ਾਪ ਵਾਲਿਆਂ ਦੋ ਰੁਪਏ ਵਾਲੀ ਛਾਪ ਲਈ ।

ਮੈਂ ਇਸ ਕਿਤਾਬ ਦਾ ਪਾਠ ਕਈ ਵਾਰੀ ਕਰ ਚੁੱਕਾ ਸਾਂ । ਸ਼ਿਵ ਦੀ ਜ਼ਿੰਦਗੀ ਬਾਰੇ ਕਾਫ਼ੀ ਕੁਝ ਪੜ੍ਹ-ਸੁਣ ਚੁੱਕਾ ਸਾਂ । ਉਸ ਵਿਚ ਵਰਤੀ ਭਾਸ਼ਾ ਮੇਰੇ ਘਰ ਦੀ ਬੋਲੀ ਸੀ । 'ਲੂਣਾ' ਮੈਨੂੰ ਅੱ ਧਿਉਂ ਵੱਧ ਜ਼ਬਾਨੀ ਯਾਦ ਸੀ । ਪੂਰੇ ਵੇਰਵੇ ਨਾਲ ਕੁਟੇਸ਼ਨਾਂ ਦੇ ਕੇ ਲੰਬਾ ਸਾਰਾ ਨਿਬੰਧ ਲਿਖਿਆ । ਨਿੱਕੀਆਂ-ਨਿੱਕੀਆਂ ਗੱਲਾਂ ਵੀ ਲਿਖ ਦਿੱਤੀਆਂ । ਇਹ ਸਭ ਕੁਝ ਪਾਠਕ ਦੀ ਭਾਸ਼ਾ ਵਿਚ ਸੀ । ਇਸ ਪੇਪਰ 'ਚੋਂ ਮੇਰੇ ਬੜੇ ਨੰਬਰ ਆਏ ।...ਸ਼ਿਵ ਉਦੋਂ ਕੁ ਜਿਹੇ ਹੀ ਬਟਾਲੇ ਤੋਂ ਬਦਲੀ ਕਰਵਾ ਕੇ ਚੰਡੀਗੜ੍ਹ ਆਇਆ ਸੀ । ਇਕ ਦਿਨ ਗੱਲਾਂ-ਗੱਲਾਂ 'ਚ ਮੈਂ ਉਹਨੂੰ ਪੇਪਰ 'ਚ ਲਿਖੇ ਨਿਬੰਧ ਬਾਰੇ ਦੱਸਿਆ ਤਾਂ ਇਕਦਮ ਹੈਰਾਨ ਜਿਹਾ ਹੋ ਕੇ ਆਖਣ ਲੱਗਾ, ''ਉਹ ਤੇਰਾ ਪੇਪਰ ਸੀ? ... ਪਟਿਆਲੇ ਮੈਂ ਕਿਸੇ ਪ੍ਰੋਫ਼ੈਸਰ ਦੇ ਘਰ ਰਾਤ ਠਹਿਰਿਆ ਸਾਂ । ਉਹਦੇ ਕੋਲ ਗਿਆਨੀ ਦੇ ਪੇਪਰ ਆਏ ਹੋਏ ਸਨ । ਉਹਨੇ ਦੱਸਿਆ ਕਿ ਕਿਸੇ ਵਿਦਿਆਰਥੀ ਨੇ 'ਲੂਣਾ' ਬਾਰੇ ਲਿਖਿਐ । ਉਹਨੇ ਪੜ੍ਹ ਕੇ ਸੁਣਾਇਆ । ਬੜਾ ਮਜ਼ਾ ਆਇਆ । ਉਹ ਪ੍ਰੋਫ਼ੈਸਰਾਂ ਵਾਲੀ ਬੋਲੀ ਵਿਚ ਤੇਰੀ ਸਿਫ਼ਤ ਕਰ ਰਿਹਾ ਸੀ ।...ਮੈਂ ਕਿਹਾ ਇਹਦੀ ਕਾਪੀ ਚਾਹੀਦੀ ਐ ਮੈਨੂੰ । ਕਹਿੰਦਾ : ਕਰਵਾ ਦਿਆਂਗਾ ਨਕਲ ਤੇ ਭਿਜਵਾ ਦਿਆਂਗਾ । ਪਰ ਦਾਰੂ ਵੇਲੇ ਕੀਤੇ ਵਾਅਦੇ ਕੀਹਨੂੰ ਯਾਦ ਰਹਿੰਦੇ ਨੇ ।'' ਫੇਰ ਸ਼ਿਵ ਨੇ ਮੇਰੇ ਅਨੁਭਵ ਤੋਂ ਲਾਭ ਉਠਾਉਣ ਦਾ ਮਨ ਬਣਾਇਆ । ਵਾਇਆ ਬਠਿੰਡਾ ਵਾਲਾ ਫਾਰਮੂਲਾ ਉਹਨੂੰ ਪਸੰਦ ਆਇਆ । ਬਿਨਾਂ ਰੌਲੇ- ਗੌਲੇ ਤੋਂ ਚੁਪ-ਗੜੁਪ ਹੀ ਬੰਦਾ ਇਮਤਿਹਾਨ ਪਾਸ ਕਰੀ ਜਾਂਦਾ ਹੈ । ਅਗਲੀ ਜਮਾਤੇ ਚੜ੍ਹੀ ਜਾਂਦਾ ਹੈ । ਮੈਂ ਐੱਮ.ਏ. ਕਰਨੀ ਸੀ । ਉਹਨੇ ਗਿਆਨੀ ਦਾ ਫਾਰਮ ਮੰਗਵਾਇਆ । ਪਰ ਗਿਆਨੀ ਲਈ ਮੈਟ੍ਰਿਕ ਵਿਚ ਪੰਜਾਬੀ ਪੜ੍ਹੀ ਹੋਈ ਹੋਣੀ ਜ਼ਰੂਰੀ ਸੀ । ਉਹਨੇ ਨਹੀਂ ਸੀ ਪੜ੍ਹੀ ਹੋਈ, ਮੇਰੇ ਵਾਂਗ । ਪਰ ਮੈਂ ਤਾਂ ਗਿਆਨੀ ਬੀ.ਏ. ਤੋਂ ਪਿੱਛੋਂ ਕੀਤੀ ਸੀ ਤੇ ਬੀ.ਏ ਦੇ ਅਖਤਿਆਰੀ ਪੰਜਾਬੀ ਵਿਸ਼ੇ ਨੂੰ ਮੈਟ੍ਰਿਕ ਦੇ ਬਰਾਬਰ ਮੰਨ ਲਿਆ ਗਿਆ । ਸ਼ਿਵ ਨੂੰ ਦਸਵੀਂ ਦੀਆਂ ਕਿਤਾਬਾਂ ਲਿਆ ਕੇ ਦਿੱਤੀਆਂ ।

ਸਮਾਂ ਪਾ ਕੇ ਸ਼ਿਵ ਦਸਵੀਂ ਦੀ ਪੰਜਾਬੀ 'ਚੋਂ ਪਾਸ ਹੋ ਗਿਆ ਤੇ ਗਿਆਨੀ ਦੀ ਤਿਆਰੀ ਵਿਚ ਜੁਟ ਗਿਆ । ਮੈਂ ਐੱਮ.ਏ. ਦੇ ਪਹਿਲੇ ਸਾਲ ਯੂਨੀਵਰਸਿਟੀ 'ਚੋਂ ਫਸਟ ਆਇਆ । ਯੂਨੀਵਰਸਿਟੀ ਵਲੋਂ ਵਜ਼ੀਫੇ ਨਾਲ ਰੈਗੂਲਰ ਦਾਖ਼ਲੇ ਦੀ ਪੇਸ਼ਕਸ਼ ਹੋਈ । ਪਰ ਤਨਖ਼ਾਹ ਨਾਲੋਂ ਵਜ਼ੀਫਾ ਘੱਟ ਸੀ । ਨਾਂਹ ਕਰ ਦਿੱਤੀ । ਪਹਿਲੇ ਸਾਲ ਤਾਂ ਕਿਸੇ ਨੂੰ ਪਤਾ ਨਹੀਂ ਸੀ, ਇਸ ਲਈ ਪੇਪਰਾਂ ਨਾਲ ਇਨਸਾਫ਼ ਹੋਇਆ । ਦੂਜੇ ਸਾਲ ਨਿਸ਼ਾਨਾ ਸਿਰਫ਼ ਮੈਂ ਸਾਂ । ਮੇਰੇ ਤੋਂ ਬਹੁਤ ਘੱਟ ਨੰਬਰਾਂ ਵਾਲੇ ਦੋ ਰਸੂਖਦਾਰ ਕੈਂਡੀਡੇਟ ਮੋਰਚਾ ਮਾਰ ਗਏ । ਜੱਗ ਜਿੱਤ ਗਿਆ, ਗੁਰਮੁਖ ਹਾਰ ਗਏ ।

••••••

35. ਹੱਸਣ ਵਾਲਾ ਸਿਪਾਹੀ

ਓਦੋਂ ਮੈਨੂੰ ਕਈ ਮਹੀਨੇ ਲਗਾਤਾਰ ਸਵੇਰੇ ਸਵੇਰੇ, ਮੂੰਹ-ਹਨੇਰੇ, ਹਰ ਰੋਜ਼, ਸੈਕਟਰ ਪੰਦਰਾਂ ਵਾਲੀ ਆਪਣੀ ਰਿਹਾਇਸ਼ ਤੋਂ ਸਾਈਕਲ 'ਤੇ ਆਪਣੀ ਪਤਨੀ ਸੁਰਿੰਦਰ ਨੂੰ ਸਤਾਰਾਂ ਸੈਕਟਰ ਬੱਸ ਅੱਡੇ ਤੁਕ ਛੱਡਣ ਜਾਣਾ ਪੈਂਦਾ ਸੀ, ਜਿਸ ਨੇ ਅੱਗੋਂ ਬੱਸ ਫੜ ਕੇ ਡਿਊਟੀ 'ਤੇ ਪਹੁੰਚਣਾ ਹੁੰਦਾ ਸੀ । ਵੱਡਾ ਬੇਟਾ ਅੰਸ਼ੂ ਬਹੁਤ ਛੋਟਾ ਸੀ । ਉਸ ਨੂੰ ਇੱਕਲਿਆਂ ਸੁੱਤੇ ਪਿਆਂ ਨਹੀਂ ਸੀ ਛੱਡਿਆ ਜਾ ਸਕਦਾ । ਇਸ ਲਈ ਬੇਟੇ ਨੂੰ ਵੀ ਜਗਾ ਕੇ ਮੂਹਰਲੀ ਨਿੱਕੀ ਜਿਹੀ ਕਾਠੀ ਉਤੇ ਬਿਠਾ ਲਈਦਾ ਸੀ । ਇੰਜ ਪੂਰਾ ਪਰਿਵਾਰ ਸਾਈਕਲ ਸਮੇਤ, ਬਾਕਾਇਦਾ ਇਕ ਸਾਰਥਕ ਨਿੱਤ-ਨੇਮ ਵਿੱਚ ਬੱਝਾ ਹੋਇਆ ਸੀ ।

ਚੰਡੀਗੜ੍ਹ ਨੂੰ ਜਾਨਣ ਵਾਲੇ ਜਾਣਦੇ ਨੇ ਕਿ ਪੰਦਰਾਂ ਸੈਕਟਰ ਤੋਂ ਮੇਨ ਬੱਸ ਅੱਡੇ ਤੱਕ ਜੇਕਰ ਸਾਈਕਲ ਉੱਤੇ ਜਾਣਾ ਪਵੇ ਤਾਂ ਸ਼ਹਿਰ ਦੇ ਵੱਡੇ ਥਾਣੇ ਦੇ ਲਾਗੋਂ ਦੀ ਹੀ ਲੰਘਣਾ ਪੈਂਦਾ ਹੈ । ਜਦੋਂ ਅਸੀਂ ਥਾਣੇ ਦੀ ਚਾਰਦੀਵਾਰੀ ਲਾਗੋਂ ਦੀ ਲੰਘ ਰਹੇ ਹੁੰਦੇ ਤਾਂ ਥਾਣੇ ਦੇ ਬਰਾਂਡਿਆਂ ਵਿੱਚ ਸੁੱਤੇ ਹੋਏ ਸਿਪਾਹੀ ਵੀ ਆਪਣੇ ਬਿਸਤਰੇ ਵਲੇ੍ਹਟ ਰਹੇ ਹੁੰਦੇ । ਬੇਟਾ ਆਪਣੀ ਕੁਦਰਤੀ ਜਗਿਆਸਾ ਕਾਰਨ ਜੋ ਕੁਝ ਵੀ ਵੇਖਦਾ, ਸਵਾਲ ਕਰਦਾ । ਅਸੀਂ ਉਸ ਨੂੰ ਪੁਲਿਸ ਬਾਰੇ, ਸਿਪਾਹੀਆਂ ਬਾਰੇ ਅਤੇ ਸਿਪਾਹੀਆਂ ਦੇ ਕਾਰਨਾਮਿਆਂ ਬਾਰੇ ਥੋੜ੍ਹਾ ਬਹੁਤ ਦੱਸਿਆ ਹੋਇਆ ਸੀ ।

ਬਿਸਤਰੇ ਵਲ੍ਹੇਟ ਰਹੇ ਸਿਪਾਹੀਆਂ ਦਾ ਨਿੱਤ-ਨੇਮ ਅਤੇ ਸਮਾਂ-ਸਥਾਨ ਵੀ ਸਾਡੇ ਟਾਈਮ-ਟੇਬਲ ਵਾਂਗ ਹੀ ਨਿਸ਼ਚਿਤ ਸੀ । ਇਕ ਸਿਪਾਹੀ ਸਾਨੂੰ ਹਰ ਰੋਜ਼ ਉਸੇ ਥਾਂ 'ਤੇ ਉਸੇ ਪੋਜ਼ ਵਿੱਚ ਮਿਲਦਾ । ਉਹ ਬੇਟੇ ਨੂੰ ਵੇਖ ਕੇ ਹੱਸਦਾ ਤੇ ਹੱਥ ਦੇ ਨਾਲ ਨਾਲ ਉਹਦਾ ਸਿਰ ਵੀ ਹਿੱਲਦਾ । ਬੇਟੇ ਦਾ 'ਦੋਸਤ' ਹੋਣ ਕਰਕੇ ਸਾਨੂੰ ਵੀ ਉਸ ਆਦਮੀ ਦਾ ਖ਼ਿਆਲ ਰਹਿੰਦਾ ਸੀ । ਬੇਟਾ ਉਸ ਨੂੰ ਪਿਆਰ ਨਾਲ 'ਹੱਸਣ ਵਾਲਾ ਸਿਪਾਹੀ' ਕਹਿੰਦਾ ਸੀ । 'ਸਿਪਾਹੀ' ਦਾ ਵਿਰੋਧੀ ਸ਼ਬਦ 'ਚੋਰ' ਵੀ ਉਸ ਨੇ ਸਿੱਖ ਲਿਆ ਸੀ । ਉਹਦੀ ਸ਼ਬਦਾਵਲੀ ਨੂੰ ਮਜ਼ਬੂਤ ਕਰਨ ਲਈ ਅਸੀਂ ਇਕ ਨਰਸਰੀ ਤੁਕਾਂਤ ਵੀ ਘੜ ਲਿਆ ਸੀ, ਜਿਸ ਨੂੰ ਉਸ ਨੇ ਚੰਗੀ ਤਰ੍ਹਾਂ ਯਾਦ ਕਰ ਲਿਆ ਸੀ । ਰਸਤੇ ਵਿੱਚ ਜੇਕਰ ਰਿਕਸ਼ੇ ਉੱਤੇ ਕੋਈ ਆਦਮੀ ਬੈਠਾ ਦਿਸਦਾ ਤਾਂ ਬੇਟਾ ਸਬਕ ਸੁਣਾਉਣ ਵਾਂਗ ਗਾਉਣ ਲੱਗ ਪੈਂਦਾ :

ਨਾ ਚੋਰ ਨਾ ਸਿਪਾੲ੍ਹੀ ।
ਰਿਕਸ਼ੇ 'ਤੇ ਬੈਠਾ ਭਾਈ ।

ਓਦੋਂ ਮੈਨੂੰ ਚਿੱਤ-ਚੇਤੇ ਵੀ ਨਹੀਂ ਸੀ ਕਿ ਸਿਪਾਹੀ ਦਾ ਬੁੱਧ ਨਾਲ ਕੋਈ ਰਿਸ਼ਤਾ ਹੁੰਦਾ ਹੈ ਅਤੇ ਨਾ ਹੀ ਬੇਟੇ ਨੂੰ ਇਹ ਗਿਆਨ ਸੀ ਕਿ ਹਾਸੇ ਦਾ ਸਿਪਾਹੀ ਨਾਲ ਕੋਈ ਰਿਸ਼ਤਾ ਨਹੀਂ ਹੁੰਦਾ । ਉਮਰ ਦੇ ਨਾਲ ਨਾਲ ਵਿਚਾਰ ਵੀ ਪੱਕਦੇ ਜਾਂਦੇ ਹਨ । ਪੱਕੇ ਹੋਏ ਵਿਚਾਰਾਂ ਵਿੱਚ ਰਸ ਵੀ ਆਉਣ ਲੱਗ ਪੈਂਦਾ ਹੈ ਅਤੇ ਹੌਲੀ ਹੌਲੀ ਇਹ ਵੀ ਪਤਾ ਚੱਲ ਜਾਂਦਾ ਹੈ ਕਿ ਜ਼ਿੰਦਗੀ ਦੇ ਨੌਂ ਰਸਾਂ 'ਚੋਂ ਇਕ 'ਹਾਸ ਰਸ' ਵੀ ਹੁੰਦਾ ਹੈ । ਇਹ ਸਭ ਕੁਝ ਬੋਧੀ-ਬਿਰਖ ਦੇ ਚਮਤਕਾਰ ਵਾਂਗ ਵਾਪਰਦਾ ਹੈ 'ਹੱਸਣ ਵਾਲਾ ਸਿਪਾਹੀ' ਹੀ 'ਹੱਸਣ ਵਾਲਾ ਬੁੱਧ' ਜਾਪਣ ਲੱਗ ਪੈਂਦਾ ਹੈ । 'ਨਰਸਰੀ ਤੁਕਾਂਤ' ਦੀ ਥਾਂ ਦਰਸ਼ਨੀ ਤੁਕਾਂਤ ਜਨਮ ਲੈਂਦਾ ਹੈ :

ਦਾਸ ਕਬੀਰ ਫਕੀਰ ਹੈ, ਹੱਸ-ਹੁੱਸ ਲੈਂਦਾ ਹੈ,
ਗੌਤਮ ਰਾਜ ਕੁਮਾਰ ਹੈ, ਜੋ ਹੱਸ ਨਹੀਂ ਸਕਦਾ ।

ਓਦੋਂ ਮੈਨੂੰ ਹੋਰ ਵੀ ਪ੍ਰੇਸ਼ਾਨੀ ਹੋਈ ਸੀ ਜਦੋਂ ਉਪਰਲਾ ਸ਼ੇਅਰ ਲਿਖਿਆ ਸੀ । ਸਿਪਾਹੀ ਨਾਲ ਹਾਸਾ ਤੇ ਗੌਤਮ ਨਾਲ ਕਬੀਰ ਕਿਉਂ ਜੁੜਦਾ ਜਾ ਰਿਹਾ ਹੈ ਜਦੋਂ ਕਿ ਜ਼ਾਹਰਾ ਤੌਰ 'ਤੇ ਇਨ੍ਹਾਂ ਦਾ ਵਿਰੋਧ ਹੈ । ਵਿਰੋਧ ਓਦੋਂ ਖਤਮ ਹੋ ਜਾਂਦਾ ਹੈ ਜਦੋਂ ਓਸ਼ੋ 'ਹੋਤੇਈ' ਦੀ ਕਹਾਣੀ ਸੁਣਾਉਂਦਾ ਹੈ । ਜਪਾਨੀ ਲੋਕ 'ਹੋਤੇਈ' ਨੂੰ 'ਹੱਸਣ ਵਾਲਾ ਬੁੱਧ' ਕਰਕੇ ਜਾਣਦੇ ਹਨ । ਉਹ ਹੱਸਦਾ ਹੀ ਰਹਿੰਦਾ । ਸਾਰਾ ਦਿਨ ਇਕ ਥਾਂ ਤੋਂ ਦੂਜੀ ਥਾਂ 'ਤੇ ਘੁੰਮਦਾ ਰਹਿੰਦਾ । ਘੁੰਮਦਾ ਰਹਿੰਦਾ ਤੇ ਹੱਸਦਾ ਰਹਿੰਦਾ । ਬਾਜ਼ਾਰ ਵਿੱਚ ਕਿਸੇ ਉੱਚੀ ਥਾਂ ਖੜ੍ਹਾ ਹੋ ਕੇ ਉੱਚੀ ਉੱਚੀ ਹੱਸਣ ਲੱਗ ਪੈਂਦਾ । ਇਹੋ ਉਹਦਾ ਪ੍ਰਵਚਨ ਸੀ । ਲੋਕ ਇਸ ਪ੍ਰਵਚਨ ਨੂੰ ਸੁਣਨ ਲਈ ਉਸ ਨੂੰ ਉਡੀਕਦੇ ਰਹਿੰਦੇ । ਉਸ ਦੇ ਹਾਸੇ ਵਿੱਚ ਇਕ ਜਾਦੂ ਸੀ । ਉਸ ਦਾ ਹਾਸਾ ਛੂਤ ਵਾਂਗ ਫੈਲਦਾ ਸੀ ਤੇ ਫੈਲਦਾ ਹੀ ਜਾਂਦਾ ਸੀ । ਹਾਸਾ ਹੀ ਉਸ ਦੀ ਅਸੀਸ ਸੀ । ਸ਼ਬਦ ਉਹਨੇ ਕਦੇ ਇਕ ਵੀ ਨਹੀਂ ਸੀ ਬੋਲਿਆ । ਫਿਰ ਵੀ ਉਹਦੇ ਕੋਲ ਹਰ ਪ੍ਰਸ਼ਨ ਦਾ ਉੱਤਰ ਸੀ । ਉਹ ਹਰ ਪ੍ਰਸ਼ਨ ਨੂੰ ਹਾਸੇ ਵਿੱਚ ਉਡਾ ਦਿੰਦਾ ਸੀ ਪਰ ਕਿਸੇ ਦਾ ਹਾਸਾ ਨਹੀਂ ਸੀ ਉਡਾਉਂਦਾ । ਹਾਸੇ ਤੋਂ ਬਿਨਾਂ ਉਸ ਨੂੰ ਕੁਝ ਨਹੀਂ ਸੀ ਆਉਂਦਾ । ਕਬੀਰ ਨੂੰ ਤਾਂ ਹੱਸਣਾ ਆਉਂਦਾ ਹੀ ਸੀ । ਉਹ ਫਕੀਰ ਜੁ ਸੀ । ਗੌਤਮ ਨੂੰ ਹੱਸਣ ਲੱਗਿਆਂ ਸ਼ਰਮ ਆਉਂਦੀ ਸੀ । ਉਹ ਰਾਜਕੁਮਾਰ ਜੁ ਸੀ । ਹੱਸਣ ਲਈ ਉਸ ਨੂੰ ਰਾਜ ਛੱਡ ਕੇ ਫਕੀਰ ਹੋਣਾ ਪੈਣਾ ਸੀ । ਜਦੋਂ ਇਸ ਪਰਮ ਸੱਚ ਦਾ ਬੋਧ ਹੋ ਗਿਆ ਤਾਂ ਉਹ ਗੌਤਮ ਤੋਂ 'ਬੁੱਧ' ਹੋ ਗਿਆ । ਹਰ ਕਿਸਮ ਦੀ ਬਨਾਵਟ ਤੇ ਮਿਲਾਵਟ ਨੂੰ ਤਿਆਗ ਕੇ ਸ਼ੁੱਧ ਹੋ ਗਿਆ । ਹਨੇਰਾ ਖੋ ਗਿਆ, ਚਾਨਣ ਹੋ ਗਿਆ ।

ਚਾਨਣ ਹੋਣ ਨਾਲ ਹੀ ਸਭ ਕੁਝ ਦਿਸਣ ਨਹੀਂ ਲੱਗ ਪੈਂਦਾ । ਅੱਖਾਂ ਵੀ ਖੁੱਲ੍ਹੀਆਂ ਹੋਣੀਆਂ ਚਾਹੀਦੀਆਂ ਹਨ । ਅੱਖਾਂ ਵਿਚ ਜੋਤ ਵੀ ਹੋਣੀ ਚਾਹੀਦੀ ਹੈ । ਜੋਤ ਵਿਚ ਜਗਿਆਸਾ ਵੀ ਹੋਣੀ ਚਾਹੀਦੀ ਹੈ । ਜਗਿਆਸਾ ਲਈ ਹੁੰਗਾਰਾ ਵੀ ਹੋਣਾ ਚਾਹੀਦਾ ਹੈ । ਹੁੰਗਾਰਾ ਵੀ ਹਾਸੇ ਵਰਗਾ ਹੋਣਾ ਚਾਹੀਦਾ ਹੈ: ਨਿਰਛਲ! ਨਿਰਮਲ! ਮਾਸੂਮ! ਨਿਸ਼ਕਾਮ! ਅਕਾਰਨ!

ਬਿਮਾਰੀ ਦਾ ਕਾਰਨ ਹੁੰਦਾ ਹੈ । ਹਾਸਾ ਅਕਾਰਨ ਹੁੰਦਾ ਹੈ । ਹਾਸਾ ਕਾਰਜ ਤੇ ਕਾਰਨ ਦੀ ਪ੍ਰੰਪਰਾ ਤੋਂ ਪਰੇ ਹੁੰਦਾ ਹੈ । ਹਾਸੇ ਵੇਲੇ ਸਿਪਾਹੀ ਸਿਪਾਹੀ ਨਹੀਂ ਰਹਿੰਦਾ, ਕਬੀਰ ਕਬੀਰ ਨਹੀਂ ਰਹਿੰਦਾ, ਗੌਤਮ ਗੌਤਮ ਨਹੀਂ ਰਹਿੰਦਾ । ਹਾਸਾ ਹੁੰਦਾ ਹੈ, ਨਿਰਾ ਹਾਸਾ : ਨਿਰ ਵਿਕਾਰ : ਨਿਰ ਵਿਚਾਰ, ਨਿਰ ਆਕਾਰ! ਲਗਾਤਾਰ ਵਾਪਰ ਰਹੀ ਪਰਿਵਰਤਨ ਦੀ ਪ੍ਰਕਿਰਿਆ ਵਿੱਚ ਸਿਰਫ਼ ਹਾਸਾ ਹੀ ਹੈ ਜਿਸ ਦੇ ਟਿਕਾਊਪਨ 'ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ ।

ਲੱਗਦਾ ਹੈ ਕਿ ਤੁਹਾਨੂੰ ਮੇਰੀ ਗੱਲ 'ਤੇ ਵਿਸ਼ਵਾਸ ਨਹੀਂ ਆ ਰਿਹਾ । ਦਰਅਸਲ ਮੈਂ ਉਸ ਸਿਪਾਹੀ ਦਾ ਕਦੇ ਨਾਂ ਨਹੀਂ ਸੀ ਪੁੱਛਿਆ, ਨਾ ਉਹਨੇ ਕਦੇ ਦੱ ਸਿਆ ਸੀ । ਅਸੀਂ ਜਦੋਂ ਵੀ ਓਧਰੋਂ ਦੀ ਲੰਘੇ ਸਾਂ, ਉਹ ਬੇਟੇ ਵੱਲ ਵੇਖ ਕੇ ਬਸ ਹੱਸਿਆ ਸੀ ।

ਬੇਟਾ ਹੁਣ ਤੀਹਾਂ ਵਰ੍ਹਿਆਂ ਦਾ ਹੈ । ਉਹਦਾ ਬੇਟਾ ਹੁਣ ਪੰਜਾਂ ਵਰ੍ਹਿਆਂ ਦਾ ਹੈ । ਅੰਸ਼ੂ ਦਾ ਬੇਟਾ ਅੱਪੂ । ਅੱਪੂ ਨੂੰ ਸਿਪਾਹੀ ਬਹੁਤ ਚੰਗੇ ਲੱਗਦੇ ਨੇ । ਉਹ ਜ਼ਿੱਦ ਕਰਕੇ ਸਿਪਾਹੀਆਂ ਨੂੰ ਮਿਲਣਾ ਚਾਹੁੰਦਾ ਹੈ । ਉਹਨਾਂ ਨਾਲ ਹੱਥ ਮਿਲਾਉਣਾ ਚਾਹੁੰਦਾ ਹੈ । ਪੱਥਰ ਵਰਗੇ ਚਿਹਰਿਆਂ ਨੂੰ ਹਸਾਉਣਾ ਚਾਹੁੰਦਾ ਹੈ ।

ਸਾਡੇ ਬੇਟੇ ਨੂੰ ਕੇਵਲ ਇਕ ਸਿਪਾਹੀ ਨੇ ਹਸਾਇਆ ਸੀ । ਉਸ ਦਾ ਬੇਟਾ ਕਈਆਂ ਸਿਪਾਹੀਆਂ ਨੂੰ ਹਸਾ ਰਿਹਾ ਹੈ । ਬੱਚੇ 'ਚ ਬੜੀ ਤਾਕਤ ਹੁੰਦੀ ਹੈ । ਹਾਸੇ 'ਚ ਬੜੀ ਤਾਕਤ ਹੁੰਦੀ ਹੈ । ਬੱਚੇ ਦੇ ਹਾਸੇ 'ਚ ਬੜੀ ਤਾਕਤ ਹੁੰਦੀ ਹੈ । ਬੱਚੇ ਹੀ ਸਿਪਾਹੀ ਬਣਦੇ ਨੇ । ਬੱਚੇ ਹੀ ਕਬੀਰ ਬਣਦੇ ਨੇ । ਬੱਚੇ ਹੀ ਬੁੱਧ ਬਣਦੇ ਨੇ । ਜੇਕਰ ਤੁਸੀਂ ਇਕ ਵਾਰ, ਸਿਰਫ਼ ਇਕ ਵਾਰ, ਬਿਨਾਂ ਕਾਰਨ ਤੋਂ ਹੱਸ ਕੇ ਵੇਖੋ ਤਾਂ ਸੰਘਣੇ ਹਨੇਰੇ ਵਾਲੇ ਮਾਹੌਲ ਵਿੱਚ ਵੀ ਤੁਹਾਨੂੰ ਸਾਫ਼ ਦਿਖਾਈ ਦੇਣ ਲੱਗ ਪਵੇਗਾ ਅਤੇ ਤੁਸੀਂ ਸਾਮਰਤੱਖ ਜਾਣ ਜਾਵੋਗੇ ਕਿ ਜਦੋਂ ਕਦੇ ਵੀ ਕੋਈ ਸਖਸ਼ ਹੱਸਦਾ ਹੈ ਤਾਂ ਉਹ ਤੁਹਾਡੇ ਵਾਂਗ ਬੱਚਾ ਹੀ ਹੁੰਦਾ ਹੈ ।

ਸ਼ੁਕਰ ਹੈ ਕਿ ਹੱਸਣ ਵਾਲੇ ਦੇ ਅੰਦਰ ਬੱਚਾ ਅਜੇ ਬਚਿਆ ਹੋਇਆ ਹੈ!
ਬੱਚਿਆਂ ਕਰਕੇ ਹਾਸਾ ਅਜੇ ਬਚਿਆ ਹੋਇਆ ਹੈ ।

••••••

36. ਜਲਵਾ ਪੰਜਾਬੀ ਦਾ

ਇਕ ਗੱਲ ਦੱਸਾਂ, ਸ਼ੁਰੂ ਤੋਂ ਹੀ ਸਾਹਿਤ ਤੋਂ ਸਿਵਾਇ ਮੇਰੀ ਕਿਸੇ ਹੋਰ ਪਾਸੇ ਦਿਲਚਸਪੀ ਨਹੀਂ ਰਹੀ । ਸਾਹਿਤ ਕਰਕੇ ਹੀ ਭਾਸ਼ਾ ਚੰਗੀ ਲੱਗਦੀ । ਜਿੰਨੀ ਕੁ ਆਉਂਦੀ, ਹੋਰ ਸਿੱਖਣ ਦੀ ਕੋਸ਼ਿਸ਼ ਕਰਦਾ । ਲਿਖ ਲਿਖ ਵਿੰਹਦਾ, ਹੋਰ ਸੋਹਣਾ ਲਿਖਣ ਦੀ ਕੋਸ਼ਿਸ਼ ਕਰਦਾ । ਹਿਸਾਬ ਅਲਜਬਰਾ ਜੁਮੈਟਰੀ ਬੋਝ ਲੱਗਦੇ । ਇਤਿਹਾਸ ਭੂਗੋਲ ਸਾਇੰਸ ਐਵੇਂ ਰੱਟੇ ਵਾਲੇ ਵਿਸ਼ੇ । ਔਖੇ-ਸੌਖੇ ਪੜ੍ਹੀ ਗਿਆ । ਡੰਡਿਉ-ਡੰਡੀ ਚੜ੍ਹੀ ਗਿਆ । ਸਾਹਿਤ ਵਿਚ ਰਸ ਕਾਇਮ ਰਿਹਾ । ਪੜ੍ਹਨ ਦਾ ਮੱਸ ਕਾਇਮ ਰਿਹਾ । ਕਿਤਾਬਾਂ ਲਈ ਝੱਸ ਕਾਇਮ ਰਿਹਾ ।

ਸ਼ੌਕ ਨੂੰ ਫਲ ਲੱਗਾ । ਪ੍ਰਭਾਕਰ, ਗਿਆਨੀ ਅਤੇ ਐੱਮ. ਏ. ਵੇਲੇ ਭਾਸ਼ਾ ਅਤੇ ਸਾਹਿਤ ਦੀ ਭਰਪੂਰ ਸੰਗਤ ਮਾਣੀ । ਅੰਤਰੰਗ ਪ੍ਰਕਿਰਤੀ ਜਾਣੀ । ਮਨ- ਵਾਂਛਿਤ ਫਲ ਪਾਇਆ । ਖੂਬ ਆਨੰਦ ਆਇਆ ।

ਇਸ ਦੌਰਾਨ ਦਫ਼ਤਰਾਂ ਵਿਚ ਪੰਜਾਬੀ ਲਾਗੂ ਹੋ ਚੁੱਕੀ ਸੀ । ਲਛਮਣ ਸਿੰਘ ਗਿੱਲ ਨੇ ਰਾਤੋ ਰਾਤ ਅੰਗਰੇਜ਼ੀ ਦੀਆਂ ਟਾਈਪਰਾਈਟਰਜ਼ ਚੁਕਵਾ ਕੇ ਪੰਜਾਬੀ ਦੀਆਂ ਲਿਆ ਧਰੀਆਂ ਸਨ । ਚਿੱਠੀ-ਪੱਤਰੀ ਪੰਜਾਬੀ ਵਿਚ ਕਰਨ ਦੇ ਹੁਕਮ ਜਾਰੀ ਹੋ ਗਏ ਸਨ । ਅਫ਼ਸਰਾਂ ਨੂੰ ਪੰਜਾਬੀ ਨੋਟਿੰਗ ਕਰਨ ਲਈ ਕਿਹਾ ਗਿਆ ਸੀ । ਤਬਦੀਲੀ ਦਾ ਅਸਰ ਸਾਫ਼ ਨਜ਼ਰ ਆ ਰਿਹਾ ਸੀ । ਹਰ ਕੋਈ ਗੁਰਮੁਖੀ ਸਿੱਖਣਾ ਚਾਹ ਰਿਹਾ ਸੀ । ਕਿਸੇ ਲਈ ਸ਼ੌਕ ਸੀ, ਕਿਸੇ ਲਈ ਮਜਬੂਰੀ ਸੀ । ਬਹਿਰ ਹਾਲ ਇਹ ਅਮਲ ਜ਼ਰੂਰੀ ਸੀ । ਇਕ ਵਾਰੀ ਤਾਂ ਲੱਗਿਆ ਕਿ ਆਕੜਖਾਨ ਅੰਗਰੇਜ਼ੀ ਹੁਣ ਸਾਡੀ ਪੰਜਾਬੀ ਦੀ ਬਾਂਦੀ ਹੋ ਗਈ । ਦਿਨ ਅਜਿਹੇ ਫਿਰੇ ਕਿ ਮੇਰੇ ਵਰਗਿਆਂ ਦੀ ਵੀ ਚਾਂਦੀ ਹੋ ਗਈ ।...ਅੰਗਰੇਜ਼ੀ ਦੀ ਥਾਂ ਪੰਜਾਬੀ ਦੇ ਢੁੱਕਵੇਂ ਸ਼ਬਦ-ਵਾਕ ਘੜੇ ਜਾ ਰਹੇ ਸਨ । ਕੋਈ ਆਈ.ਏ.ਐੱਸ. ਅਫ਼ਸਰ ਗੁਰਮੁਖੀ ਵਿਚ ਦਸਤਖ਼ਤ ਕਰਨੇ ਸਿੱਖਦਾ ਪਿਆ ਸੀ । ਕੋਈ ਪੀ.ਸੀ.ਐੱਸ. ਅਧਿਕਾਰੀ ਅੰਗਰੇਜ਼ੀ ਨੂੰ ਹੀ ਗੁਰਮੁਖੀ ਵਿਚ ਲਿਖਦਾ ਪਿਆ ਸੀ । ਹੁਣ ਉਹ ਕਦੀ ਕਦੀ ਆਪਣੀਆਂ ਕੁਰਸੀਆਂ ਤੋਂ ਉਠ ਕੇ ਸਾਡੇ ਮੇਜ਼ਾਂ ਤੱਕ ਆਉਂਦੇ ਸਨ । ਕਈ ਵਾਰੀ ਆਪਣੇ ਕਮਰੇ ਵਿਚ ਵੀ ਚਾਹ ਲਈ ਬੁਲਾਉਂਦੇ ਸਨ । ਲੋੜ ਨੇ ਰੁਤਬਿਆਂ ਦਾ ਫ਼ਰਕ ਘਟਾ ਦਿੱਤਾ ਸੀ । ਇਕ ਦੂਜੇ ਦੇ ਨੇੜੇ ਲਿਆ ਦਿੱਤਾ ਸੀ । ਪਿਛਲੀ ਨੂੰ ਛੱਡੋ, ਉਹ ਤਾਂ ਬਤੀਤ ਹੋ ਗਈ ਸੀ । ਹੁਣ ਸਕੱਤਰੇਤ 'ਚ ਕੰਮ ਕਰਦੇ ਪੰਜਾਬੀ ਲੇਖਕਾਂ ਦੀ ਪੁੱਛ ਪ੍ਰਤੀਤ ਹੋ ਗਈ ਸੀ ।

ਕਿੰਨੀ ਖੁਸ਼ੀ ਹੁੰਦੀ ਹੈ ਜਦੋਂ ਆਪਣੀ ਧਰਤੀ 'ਤੇ ਆਪਣਾ ਝੰਡਾ ਝੁੱਲਦਾ ਹੈ । ਦਫਤਰਾਂ ਵਿਚ ਪੰਜਾਬੀ ਲਾਗੂ ਹੋਣ ਵਾਂਗ, ਪੰਜਾਬੀ ਦੀ ਐੱਮ. ਏ. ਕਰਨ ਨਾਲ ਮੇਰੀ ਜ਼ਿੰਦਗੀ ਦਾ ਵੀ ਨਵਾਂ ਅਧਿਆਇ ਖੁੱਲ੍ਹਦਾ ਹੈ!

ਦਫ਼ਤਰ ਵਿਚ ਮੈਂ ਦੁਖੀ ਨਹੀਂ ਸਾਂ ਪਰ ਦਿਲ ਕਰਦਾ ਰਹਿੰਦਾ ਸੀ ਕਿ ਇਸ ਮਾਹੌਲ ਤੋਂ ਬਾਹਰ ਜਾਵਾਂ! ਨਿਆਣਿਆਂ ਨੂੰ ਪੰਜਾਬੀ ਪੜ੍ਹਾਵਾਂ । ਪੜ੍ਹਾ ਤਾਂ ਹੁਣ ਵੀ ਰਿਹਾ ਸਾਂ । ਦਫ਼ਤਰ ਤੋਂ ਪਿੱਛੋਂ ਗਿਆਨੀ ਦੀ ਟਿਊਸ਼ਨ ਪੜ੍ਹਾਉਂਦਾ ਸਾਂ । ਘਰ ਵਿਚ ਹੀ ਕਲਾਸ ਲਾਉਂਦਾ ਸਾਂ । ਤਸੱਲੀ ਜਿਹੀ ਨਹੀਂ ਸੀ, ਅੰਦਰਲਾ ਕੁਝ ਹੋਰ ਹੀ ਸੀ ਚਾਹੁੰਦਾ । ਕਮਾਈ ਤਾਂ ਹੁੰਦੀ ਸੀ, ਸਵਾਦ ਨਹੀਂ ਸੀ ਆਉਂਦਾ ।

ਐੱਮ.ਏ. ਫਾਈਨਲ ਦੇ ਪੇਪਰ ਦਿੱਤੇ ਹੋਏ ਸਨ । ਨਤੀਜਾ ਨਹੀਂ ਸੀ ਆਇਆ । ਗੁਰੂ ਨਾਨਕ ਖਾਲਸਾ ਕਾਲਜ, ਕਾਲਾ ਅਫ਼ਗਾਨਾ ਵੱਲੋਂ ਅਖ਼ਬਾਰ ਵਿਚ ਪੰਜਾਬੀ ਲੈਕਚਰਾਰ ਦਾ ਇਸ਼ਤਿਹਾਰ ਆਇਆ । ਇਹ ਕਾਲਜ ਮੇਰੇ ਪਿੰਡ ਧਿਆਨਪੁਰ ਦੇ ਐਨ ਲਾਗੇ ਪੈਂਦਾ ਹੈ । ਸਾਦਾ ਕਾਗਜ਼ ਉਤੇ ਅਰਜ਼ੀ ਭੇਜ ਦਿੱਤੀ । ਬਿਨਾਂ ਇੰਟਰਵਿਊ ਤੋਂ ਚੋਣ ਹੋ ਗਈ । ਪ੍ਰਿੰਸੀਪਲ ਵੱਲੋਂ ਨਿਯੁਕਤੀ ਪੱਤਰ ਆਇਆ । ਤਨਖ਼ਾਹ ਦਾ ਹਿਸਾਬ ਲਾਇਆ । ਮੌਜੂਦਾ ਤਨਖ਼ਾਹ ਵਿਚ ਟਿਊਸ਼ਨ ਦੀ ਆਮਦਨ ਨੂੰ ਮਿਲਾਇਆ । ਕਲੱਰਕੀ ਪ੍ਰੋਫ਼ੈਸਰੀ ਨਾਲੋਂ ਭਾਰੀ ਲੱਗੀ । ਇਹ ਵੀ ਖ਼ਿਆਲ ਆਇਆ ਕਿ ਪ੍ਰਾਈਵੇਟ ਕਾਲਜ ਦੀ ਕੱਚੀ ਪ੍ਰੋਫ਼ੈਸਰੀ ਨਾਲੋਂ ਚੰਡੀਗੜ੍ਹ ਦੀ ਪੱਕੀ ਕਲੱਰਕੀ ਬਿਹਤਰ ਹੈ । ਇਹ ਜੋ ਸਥਿਤੀ ਪ੍ਰਸਥਿਤੀ ਅਤੇ ਮਨੋਸਥਿਤੀ ਵਿਚਲਾ ਫ਼ਰਕ ਹੁੰਦਾ ਹੈ, ਇਸ ਦੌਰਾਨ ਲਏ ਗਏ ਫੈਸਲੇ ਦਾ ਆਪਣਾ ਹੀ ਤਰਕ ਹੁੰਦਾ ਹੈ! ਹੌਲੀ ਹੌਲੀ ਮੈਂ ਆਪਣੇ ਮਨ ਨੂੰ ਸਮਝਾਉਣ ਲੱਗ ਪਿਆ । ਗਿਆਨੀ ਦੇ ਨਾਲ ਨਾਲ ਐੱਮ.ਏ. ਦੀਆਂ ਟਿਊਸ਼ਨਾਂ ਵੀ ਪੜ੍ਹਾਉਣ ਲੱਗ ਪਿਆ ।

ਲੱਗੀ ਕਲਾਸ ਵੇਲੇ ਇਕ ਸ਼ਾਮ ਗੁਰਦਿਆਲ ਸਿੰਘ ਨਾਵਲਿਸਟ ਮੇਰੇ ਘਰ ਆਇਆ । ਮੈਂ ਉਹਦਾ ਵਿਦਿਆਰਥੀਆਂ ਨਾਲ ਤਾਅਰੁਫ਼ ਕਰਵਾਇਆ । ਉਹਦੇ ਕਰਕੇ ਮੇਰਾ ਮਾਣ ਵਧਿਆ । ਜਦੋਂ ਉਹਨੂੰ ਪਤਾ ਲੱਗਾ ਕਿ ਭਾਗ ਪਹਿਲਾ ਤੇ ਦੂਜਾ ਦੇ ਅੱਠੇ ਪੇਪਰ ਮੈਂ ਇੱਕਲਾ ਹੀ ਪੜ੍ਹਾਉਂਦਾ ਹਾਂ ਤਾਂ ਕਹਿੰਦਾ : 'ਧੰਨ ਐਂ ਤੂੰ । ਸਾਡੇ ਫਰੀਦਕੋਟ ਕਾਲਜ ਵਿਚ ਚਹੁੰ ਪੰਜਾਂ ਵਿਦਿਆਰਥੀਆਂ ਲਈ ਅੱਠ ਦਸ ਪ੍ਰੋਫ਼ੈਸਰ ਨੇ । ਮੈਨੂੰ ਉਹਦੀ ਗੱਲ ਦੀ ਬਹੁਤੀ ਸਮਝ ਨਹੀਂ ਸੀ ਆਈ ਪਰ ਉਹਨੂੰ ਮੈਂ ਬੜੇ ਯਕੀਨ ਨਾਲ ਦੱਸਿਆ ਸੀ ਕਿ ਮੇਰਾ ਕੋਈ ਵਿਦਿਅਦਾਰਥੀ ਕਦੇ ਫੇਲ ਨਹੀਂ ਹੋਇਆ । 1972 ਵਿਚ ਐੱਮ.ਏ. ਕੀਤੀ । ਅਗਲੇ ਵਰ੍ਹੇ 1973 ਦੀ ਵਿਸਾਖੀ ਤੋਂ ਅਗਲੇ ਦਿਨ ਕਾਨਵੋਕੇਸ਼ਨ ਸੀ । ਉਸ ਦਿਨ ਗਿਆਨੀ ਜੈਲ ਸਿੰਘ ਦੁਆਰਾ ਆਯੋਜਿਤ ਮਹਾਨ ਯਾਤਰਾ ਵੀ ਯੂਨੀਵਰਸਿਟੀ ਦੇ ਗੇਟ ਮੂਹਰਿਓਂ ਨਿਕਲੀ । ਪਤਾ ਨਹੀਂ ਕਿਉਂ ਅਸੀਂ ਬਹੁਤ ਸਾਰਿਆਂ ਨੇ ਕਾਨਵੋਕੇਸ਼ਨ ਦਾ ਬਾਈਕਾਟ ਕੀਤਾ ਹੋਇਆ ਸੀ ਤੇ ਲਟਬੌਰਿਆਂ ਵਾਂਗ ਇਹ ਸਤਰਾਂ ਉੱਚੀ ਉੱਚੀ ਗਾਂਦੇ ਫਿਰ ਰਹੇ ਸਾਂ :

ਆਖਦਾ ਸੁਤਿੰਦਰ ਉੱਠ ਵੇਖ ਪਾਤਰਾ!
ਮਿੰਨੀ ਮਨੁੱਖਾਂ ਦੀ ਮਹਾਨ ਯਾਤਰਾ¨

ਮਗਰੋਂ ਕਿਸੇ ਟਰਾਲੀ ਉਤੇ ਚੜ੍ਹ ਕੇ ਮੂਹਰਜੀਤ ਦੇ ਪਿੰਡ ਚਲੇ ਗਏ । ਮੂਹਰਜੀਤ ਦੇ ਘਰ ਵਾਲਿਆਂ ਸਮੇਤ ਆਂਢ-ਗੁਆਂਢ ਨੂੰ ਚਾਅ ਚੜ੍ਹ ਗਿਆ । ਸਾਡਾ ਅੱਠ ਦਸ ਲੇਖਕਾਂ ਦਾ ਪੂਰਾ ਮਾਣ ਤਾਣ ਕੀਤਾ ਗਿਆ । ਸਾਡੇ ਖਾ ਪੀ ਕੇ ਆਰਾਮ ਕਰਕੇ ਉਥੋਂ ਵਿਦਾ ਹੋਣ ਤੱਕ ਮੁਹਰਜੀਤ ਇਸ ਸਾਰੇ ਵਰਤਾਰੇ ਤੋਂ ਬੇਖ਼ਬਰ ਸੀ । ਸੁਪਨ ਲੋਕ ਵਿਚ ਵਿਚਰ ਰਿਹਾ ਸੀ ।...ਅੱਜ ਉਹ ਦਿ੍ਸ਼ ਯਾਦ ਕਰਕੇ ਹੈਰਾਨੀ ਹੁੰਦੀ ਹੈ ਕਿ ਪਿੰਡ ਦਾ ਦਿਲ ਕਿੰਨਾ ਵਿਸ਼ਾਲ ਹੁੰਦਾ ਹੈ । ਨਜ਼ਾਰਾ ਕਮਾਲ ਹੁੰਦਾ ਹੈ । ਬੰਦਾ ਆਪ ਨਸ਼ੇ ਵਿਚ ਸੁੱਤਾ ਹੁੰਦਾ ਹੈ ਪਰ ਪੂਰਾ ਘਰ ਮਹਿਮਾਨਾਂ ਦੇ ਨਾਲ ਹੁੰਦਾ ਹੈ ।

ਖ਼ੈਰ, ਡਿਗਰੀ ਆਉਣੀ ਸੀ, ਡਾਕ ਰਾਹੀਂ ਆ ਗਈ । ਸੱਜਣ ਮਿੱਤਰ ਯਾਰ ਦਬਾਅ ਪਾਉਣ ਲੱਗੇ ਕਿ ਕਿਸੇ ਚੰਗੀ ਪੋਸਟ ਲਈ ਕੋਸ਼ਿਸ਼ ਕੀਤੀ ਜਾਏ । ਕੁਝ ਕੋਸ਼ਿਸ਼ਾਂ ਕੀਤੀਆਂ ਵੀ । ਸੰਖੇਪ ਵਿਚ ਦੱਸਣ ਦੀ ਕੋਸ਼ਿਸ਼ ਕਰਦਾ ਹਾਂ ।

-ਪੰਜਾਬ ਸਟੇਟ ਯੂਨੀਵਰਸਿਟੀ ਟੈਕਸਟ ਬੁਕ ਬੋਰਡ ਵਿਚ ਕਾਰਜਕਾਰੀ ਡਾਇਰੈਕਟਰ ਦੀ ਭਰਪੂਰ ਵਿਰੋਧਤਾ ਦੇ ਬਾਵਜੂਦ ਸਿਲੈਕਸ਼ਨ ਹੋ ਗਈ । ਇਸ ਡਾਇਰੈਕਟਰ ਦੇ ਘਰ ਸ਼ਿਵ ਕੁਮਾਰ ਮੇਰੀ ਸਿਫਾਰਸ਼ ਕਰਕੇ ਆਇਆ ਸੀ । ਪਰ ਇਹਨੇ ਨਕਸਲਵਾੜੀਆ ਕਹਿ ਕੇ ਮੇਰੀ ਮੈਰਿਟ ਦਾ ਪੱਤਾ ਕੱਟਣਾ ਚਾਹਿਆ ਸੀ । ਇਹ ਤਾਂ ਇੰਦਰਜੀਤ ਸਿੰਘ ਬਿੰਦਰਾ ਨੇ ਜੋ ਕਿ ਇੰਟਰਵਿਊ ਕਮੇਟੀ ਦਾ ਚੇਅਰਮੈਨ ਸੀ, ਇਹ ਕਹਿ ਕੇ ਨਹੀਂ ਸੀ ਗੌਲਿਆ ਕਿ ਇਹ ਵੇਖਣਾ ਪੁਲਿਸ ਦਾ ਕੰਮ ਹੈ । ਮੈਰਿਟ ਪੱਖੋਂ ਕੈਂਡੀਡੇਟ ਪਹਿਲੇ ਨੰਬਰ 'ਤੇ ਹੈ ।...ਪਰ ਮੈਂ ਚੁਣੇ ਜਾਣ ਦੇ ਬਾਵਜੂਦ ਓਥੇ ਜਾਇਨ ਨਾ ਕੀਤਾ ।

-ਐਮਰਜੈਂਸੀ ਦੇ ਦਿਨਾਂ ਵਿਚ ਲੋਕ ਸੰਪਰਕ ਵਿਭਾਗ ਨੇ ਇਨਫਰਮੇਸ਼ਨ ਅਫ਼ਸਰਾਂ ਦੀਆਂ ਸੋਲਾਂ ਅਸਾਮੀਆਂ ਕੱਢੀਆਂ । ਲਿਖਤੀ ਪ੍ਰੀਖਿਆ ਵਿਚ ਮੈਂ ਸਭ ਤੋਂ ਉਪਰ ਰਿਹਾ । ਇੰਟਰਵਿਊ ਹੋਈ । ਮੈਰਿਟ ਸੂਚੀ ਤਿਆਰ ਹੋਈ । ਮੇਰਾ ਨਾਂ ਸੱਤਵੇਂ ਨੰਬਰ 'ਤੇ ਸੀ । ਸ਼ੌਕੀਨ ਸਿੰਘ ਨੇ ਪਤਾ ਕਰਕੇ ਦੱਸਿਆ, ''ਹੁਣ ਬਸ ਮੁੱਖ ਮੰਤਰੀ ਦੀ ਘੁੱਗੀ ਵੱਜਣੀ ਹੈ । ਪਾਰਟੀ ਦੇਣ ਲਈ ਤਿਆਰ ਰਹੋ ।'' ਰਿਜ਼ਲਟ ਆਇਆ ਤਾਂ ਮੇਰਾ ਕਿਤੇ ਨਾਮੋ- ਨਿਸ਼ਾਨ ਨਹੀਂ ਸੀ । ਸੱਤਵੇਂ ਨੰਬਰ 'ਤੇ ਉਸ ਮੁੰਡੇ ਦਾ ਨਾਂ ਸੀ ਜਿਹੜਾ ਲਿਖਤੀ ਟੈਸਟ ਵਿਚ ਬੈਠਿਆ ਵੀ ਨਹੀਂ ਸੀ ।

-ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿਚ ਐਪਲਾਈ ਕੀਤਾ । ਗਿਆਨੀ ਲਾਲ ਸਿੰਘ ਹੁਰੀਂ ਚੇਅਰਮੈਨ ਸਨ । ਡਾ: ਪਰਮਿੰਦਰ ਸਿੰਘ ਵਿਸ਼ਾ ਮਾਹਿਰ । ਸਭ ਕੁਝ ਠੀਕ ਠਾਕ ਜਾਪਿਆ । ਸਿੱਖਿਆ ਵਿਭਾਗ ਦੇ ਡਾਇਰੈਕਟੋਰੇਟ ਵਿਚ ਅਗਾਊਂ ਹੀ ਰੌਲਾ ਪੈ ਗਿਆ ਕਿ ਮੈਂ ਚੁਣਿਆ ਗਿਆ ਹਾਂ । ਡਾ. ਪਰਮਿੰਦਰ ਸਿੰਘ ਦੇ ਹਵਾਲੇ ਨਾਲ ਡਾ. ਸੁਰਿੰਦਰ ਗਿੱਲ ਨੇ ਵੀ ਚੰਡੀਗੜ੍ਹ ਦੇ ਅਦਬੀ ਸਰਕਲ ਵਿਚ ਇਹ ਖ਼ਬਰ ਧੁਮਾ ਦਿੱਤੀ । ... ਖ਼ੈਰ ਇਹ ਵੀ ਅਫ਼ਵਾਹ ਸਾਬਤ ਹੋਈ ।

-ਪੰਜਾਬੀ ਯੂਨੀਵਰਸਿਟੀ ਦੇ ਡਿਕਸ਼ਨਰੀ ਵਿਭਾਗ ਵਿਚ ਮੇਰੇ ਕੋਲੋਂ ਮੰਗ ਕੇ ਅਰਜ਼ੀ ਲਈ ਗਈ । ਡਾ. ਅਤਰ ਸਿੰਘ ਮੁਖੀ ਸਨ । ਮੇਰੇ ਮਿਹਰਬਾਨ ਸਨ । ਡਾ. ਜਗਤਾਰ ਸਿੰਘ ਨਾਲ ਉਨ੍ਹਾਂ ਦੀ ਪਾਕਿਸਤਾਨੀ ਪੰਜਾਬੀ ਕਵਿਤਾ ਦੀ, ਸੰਪਾਦਿਤ ਕਿਤਾਬ 'ਦੁੱਖ ਦਰਿਆਉਂ ਪਾਰ ਦੇ' ਛਪ ਕੇ ਆਈ । ਇਕ ਤ੍ਰੈਮਾਸਿਕ ਪੱਤਰ ਦੇ ਸੰਪਾਦਕ ਨੇ ਮੇਰੇ ਕੋਲੋਂ ਉਹਦਾ ਰਿਵਿਊ ਲਿਖਵਾ ਕੇ ਛਾਪ ਦਿੱਤਾ । ਮੇਰੇ ਕੋਲੋਂ ਕੋਈ ਏਦਾਂ ਦੀ ਤੁਕਬੰਦੀ ਹੋ ਗਈ :

ਅੰਦਰ ਦੇ ਨਾ ਬਾਰ੍ਹ ਦੇ
ਰੋਣੇ ਅਤਰ ਸਿੰਘ ਜਗਤਾਰ ਦੇ
ਯਾਨੀ ਦੁੱਖ ਦਰਿਆਉਂ ਪਾਰ ਦੇ

ਸੁਣਿਆ ਕਿ ਵੀ.ਸੀ. ਕੋਲ ਪ੍ਰਵਾਨਗੀ ਲਈ ਜਾਣ ਵਾਲੀ ਫ਼ਾਈਲ ਰੋਕ ਲਈ ਗਈ ਅਤੇ ਮੇਰੀ ਥਾਂ ਉਸ ਸੰਪਾਦਕ ਦਾ ਇਕ ਚਹੇਤਾ ਉਮੀਦਵਾਰ ਰੱਖ ਲਿਆ ਗਿਆ ।

- ਇਕ ਖਾਲਸਾ ਕਾਲਜ ਵਿਚ ਟੈਲੀਫ਼ੌਨ 'ਤੇ ਮੇਰੀ ਸਿਫਾਰਸ਼ ਕਰਨ ਵਾਲੇ ਨੂੰ ਕਿਹਾ ਗਿਆ, ''ਮੈਰਿਟ ਦੀ ਗੱਲ ਛੱਡੋ । ਤੁਸੀਂ ਇਹ ਦੱਸੋ ਕਿ ਕੈਂਡੀਡੇਟ ਝੰਡੀ ਵਾਲਾ ਹੈ ਕਿ ਬਿਨਾਂ ਝੰਡੀ ਤੋਂ?''

- ਇਕ ਐੱਸ.ਡੀ.ਕਾਲਜ ਵੱਲੋਂ ਪੇਸ਼ਕਸ਼ ਹੋਈ, ''ਪੱਗ ਬੰਨ੍ਹਣੀ ਸ਼ੁਰੂ ਕਰ ਦੇ । ਦਾੜ੍ਹੀ ਤਾਂ ਤੇਰੀ ਪਹਿਲਾਂ ਹੀ ਮੌਜੂਦ ਹੈ । ਅਸੀਂ ਕਹਿਣ ਵਾਲੇ ਬਣਾਂਗੇ ਕਿ ਸਨਾਤਨ ਧਰਮ ਕਾਲਜ ਵਿਚ ਕੇਸਧਾਰੀ ਪ੍ਰੋਫ਼ੈਸਰ ਭਰਤੀ ਕੀਤਾ ਹੈ ।''

ਕੁਝ ਏਦਾਂ ਦੀਆਂ ਝਲਕੀਆਂ ਹੋਰ ਵੀ ਹੋਣਗੀਆਂ । ਮੈਨੂੰ ਇਹ ਵੀ ਪਤਾ ਹੈ ਕਿ ਮੇਰੇ ਨਾਲ ਕੁਝ ਜੱਗੋਂ ਬਾਹਰਾ ਨਹੀਂ ਵਾਪਰਿਆ । ਸਭ ਦੇ ਏਹੋ ਜਿਹੇ ਅਨੁਭਵ ਹੋਣਗੇ । ਏਦਾਂ ਦਾ ਕਈ ਕੁਝ ਵਾਪਰਨ ਪਿੱਛੋਂ ਮੈਂ ਮਨ ਬਣਾ ਲਿਆ ਸੀ ਕਿ ਹੁਣ ਹੋਰ ਕਿਤੇ ਕੋਸ਼ਿਸ਼ ਨਹੀਂ ਕਰਨੀ । ਟਿਕ ਕੇ ਬਹਿਣਾ ਹੈ । ਇਸੇ ਹਾਲ ਵਿਚ ਖੁਸ਼ ਰਹਿਣਾ ਹੈ ।

1973 ਦਾ ਵਰ੍ਹਾ ਮੇਰੀ ਜ਼ਿੰਦਗੀ ਵਿਚ ਬੜੀ ਅਹਿਮੀਅਤ ਰੱਖਦਾ ਹੈ । ਇਸ ਵਰ੍ਹੇ ਮਈ ਮਹੀਨੇ ਸ਼ਿਵ ਕੁਮਾਰ ਬਟਾਲਵੀ, ਹਮੇਸ਼ਾ ਲਈ ਅਲਵਿਦਾ ਕਹਿ ਗਿਆ । ਮੈਂ ਅੰਦਰੋਂ ਟੁੱਟ ਕੇ ਬਹੁਤ ਇੱਕਲਾ ਰਹਿ ਗਿਆ । ਇਸੇ ਵਰ੍ਹੇ ਨਵੰਬਰ ਮਹੀਨੇ ਮੇਰਾ ਵਿਆਹ ਹੋਇਆ । ਮੇਰੀ ਇੱਕਲ ਨੂੰ ਸੁਰਿੰਦਰ ਦੇ ਰੂਪ ਵਿਚ ਸਾਥੀ ਮਿਲ ਗਿਆ । ਮੈਂ ਖਿੰਡਿਆ ਪੁੰਡਿਆ ਪਿਆ ਸਾਂ । ਅਵਾਰਾਗਰਦੀ ਹੱਡਾਂ ਵਿਚ ਧੱਸੀ ਹੋਈ ਸੀ । ਭਟਕਣ ਸਾਹਾਂ ਵਿਚ ਵੱਸੀ ਹੋਈ ਸੀ । ਉਹਨੇ ਕੋਸ਼ਿਸ਼ ਕਰਕੇ ਮੈਨੂੰ ਸਾਂਭਿਆ, ਸੰਭਾਲਿਆ । ਥਾਂ-ਸਿਰ ਕੀਤਾ । ਕਮਰੇ ਨੂੰ ਘਰ ਬਣਾਇਆ । ਅਗਲੇ ਸਾਲ ਅਗਸਤ ਮਹੀਨੇ ਸਾਡੀ ਗੋਦੀ 'ਚ ਬੇਟਾ ਅੰਸ਼ੂਮਾਨ ਆਇਆ । ਰੌਣਕਾਂ ਲੱਗ ਗਈਆਂ । ਰੁਝੇਵਾਂ ਵੱਧ ਗਿਆ । ਜੀਅ ਲੱਗ ਗਿਆ ।

ਘਰ ਵਿਚ ਜੀਅ ਤਾਂ ਲੱਗਦਾ ਸੀ ਪਰ ਬਾਹਰ ਦਾ ਮਾਹੌਲ ਵਾਜਾਂ ਮਾਰਨੋਂ ਨਹੀਂ ਸੀ ਹਟਦਾ । ਯੂਨੀਵਰਸਿਟੀ ਵਿਚ ਡਾ. ਵਿਸ਼ਵਾ ਨਾਥ ਤਿਵਾੜੀ ਕੋਈ ਨਾ ਕੋਈ ਸਮਾਗਮ ਰਚਾਈ ਰੱਖਦਾ । ਅਮਿਤੋਜ ਐਂਡ ਪਾਰਟੀ ਕਰਕੇ ਮੈਂ ਵੀ ਰਾਬਤਾ ਬਣਾਈ ਰੱਖਦਾ ।

ਇਨ੍ਹੀਂ ਦਿਨੀਂ ਹੀ ਮੈਂ ਲੰਮੀ ਸੋਚ ਕੇ ਅਕਾਦਮਿਕ ਮਾਹੌਲ ਨਾਲ ਬਾਕਾਇਦਾ ਸਾਂਝ ਪਾ ਲਈ ਅਤੇ ਡਾ. ਤਿਵਾੜੀ ਦੀ ਸੁਪਰਵਿਯਨ ਹੇਠ ਯੂਨਵਰਸਿਟੀ ਵਿਚ ਪੀ.ਐੱਚ.ਡੀ. ਲਈ ਐਨਰੋਲਮੈਂਟ ਕਰਵਾ ਲਈ । ਦਫ਼ਤਰ ਤੋਂ ਛੁੱਟੀ ਲੈ ਲਈ । ਕੁਝ ਮਹੀਨਿਆਂ ਲਈ ਅੱਧੀ ਤਨਖ਼ਾਹ 'ਤੇ ਅਤੇ ਕੁਝ ਸਮੇਂ ਲਈ ਬਿਨ ਤਨਖਾਹੋਂ । ਮੇਰਾ ਬਹੁਤਾ ਸਮਾਂ ਲਾਇਬਰੇਰੀ ਵਿਚ ਲੰਘਦਾ ਜਾ ਫਿਰ ਤਿਵਾੜੀ ਦੇ ਸਮਾਗਮਾਂ ਵਿਚ । ਪੜ੍ਹਦਾ ਬਹੁਤ ਸਾਂ ਪਰ ਸੇਧ ਕੋਈ ਨਹੀਂ ਸੀ । ਸੇਧ ਦੇਣ ਵਾਲਾ ਹੀ ਕੋਈ ਨਹੀਂ ਸੀ ।...ਪਹਿਲੀ ਵਾਰੀ ਕਿਤਾਬਾਂ ਦਾ ਏਡਾ ਵੱਡਾ ਖਜ਼ਾਨਾ ਲੱਭਾ ਸੀ । ਵਿਹਲ ਵੀ ਮਿਲੀ ਸੀ । ਇਨ੍ਹੀਂ ਹੀ ਦਿਨੀਂ ਯੂਨੀਵਰਸਿਟੀ ਦਾ ਇਕ ਸਮਾਗਮ ਸੰਪੰਨ ਹੋਇਆ ਤਾਂ ਇੰਡੀਅਨ ਐਕਸਪੈ੍ਰਸ ਦੀ ਰਿਪੋਰਟਰ ਨਿਰੂਪਮਾ ਦੱਤ ਆ ਕੇ ਕਹਿਣ ਲੱਗੀ, ''ਮੈਂ ਲੇਟ ਹੋ ਗਈ । ਮੈਨੂੰ ਕੁਝ ਫੰਕਸ਼ਨ ਦੀਆਂ ਮੋਟੀਆਂ ਮੋਟੀਆਂ ਗੱਲਾਂ ਦੱਸ ਦੇ ।'' ਮੈਂ ਆਦਤਨ ਗੰਭੀਰ ਹੋ ਕੇ ਦੱਸਿਆ, ''ਅੱਜ ਦੇ ਸਮਾਗਮ ਦੀਆਂ ਤਿੰਨ ਹੀ ਗੱਲਾਂ ਮਹੱਤਵਪੂਰਨ ਹਨ : ਹਰਿਭਜਨ ਸਿੰਘ ਦੀ ਦਾੜ੍ਹੀ, ਪ੍ਰਭਜੋਤ ਦੀ ਸਾੜ੍ਹੀ ਅਤੇ ਵਿਸ਼ਵਨਾਥ ਤਿਵਾੜੀ ।'' ਅਗਲੇ ਦਿਨ ਦੀ ਐਕਸਪ੍ਰੈਸ ਵਿਚ 'ਫਰੌਮ ਦਾ ਫਰੰਟ ਰੋਅ' ਕਾਲਮ ਦਾ ਟੇਲੀਪੀਸ ਛਪ ਗਿਆ । ਗੱਲ ਟਿਕਾਣੇ ਪੁੱਜ ਗਈ ।

ਤਿਵਾੜੀ ਸਾਹਿਬ ਦੇ ਮਹਿਕਮੇ ਵਿਚ ਹੀ ਇਕ ਫੈਲੋਸ਼ਿਪ ਖ਼ਾਲੀ ਸੀ । ਅਮਿਤੋਜ ਆਪਣੀ ਮਿਆਦ ਪੁਗਾ ਚੁੱਕਾ ਸੀ ਅਤੇ ਥੀਸਿਸ ਦੀ ਤਿਆਰੀ ਵਿਚ ਪਤਾ ਨਹੀਂ ਕਿੱਥੇ ਲੁਕਿਆ ਬੈਠਾ ਸੀ । ਮੈਂ ਅਰਜ਼ੀ ਦੇ ਦਿੱਤੀ । ਇੰਟਰਵਿਊ ਵੇਲੇ ਡਾਕਟਰ ਤਿਵਾੜੀ ਨੇ ਸਪਸ਼ਟ ਸ਼ਬਦਾਂ 'ਚ ਕਹਿ ਦਿੱਤਾ, ''ਇਹ ਫੈਲੋਸ਼ਿਪ ਸਿਰਫ਼ ਅਮਿਤੋਜ ਲਈ ਹੈ । ਇਸ਼ਤਿਹਾਰ ਦੇ ਕੇ ਤਾਂ ਐਵੇਂ ਕਾਗਜ਼ੀ ਕਾਰਵਾਈ ਕੀਤੀ ਗਈ ਹੈ । ਤੂੰ ਇਸ ਦੀ ਆਸ ਛੱਡ ਦੇ ।''

ਮੈਂ ਆਸ ਛੱਡ ਦਿੱਤੀ ਪਰ ਉਦੋਂ ਜਿਹੇ ਹੀ ਪਬਲਿਕ ਸਰਵਿਸ ਕਮਿਸ਼ਨ ਦੀਆਂ ਪੋਸਟਾਂ ਫੇਰ ਨਿਕਲ ਆਈਆਂ । ਕਈਆਂ ਨੇ ਦੱ ਸਿਆ ਪਰ ਮੈਂ ਘੇਸਲ ਮਾਰ ਛੱਡੀ । ਸਿਸਟਮ 'ਚੋਂ ਮੇਰਾ ਵਿਸ਼ਵਾਸ ਹੀ ਉਠ ਗਿਆ ਸੀ । ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ 'ਚੋਂ ਉਠ ਕੇ ਹੇਠਾਂ ਉਤਰ ਰਿਹਾ ਸਾਂ ਕਿ ਰੈਂਪ 'ਤੇ ਪ੍ਰੀਤਮ ਸਿੰਘ ਆਈ. ਏ. ਐੱਸ. ਨਾਲ ਮੇਲ ਹੋ ਗਿਆ । ਪੁੱਛਿਆ, ''ਐਪਲਾਈ ਕੀਤੈ?'' ''ਨਹੀਂ, ਮੈਂ ਤਾਂ ਫਾਰਮ ਵੀ ਨਹੀਂ ਮੰਗਵਾਇਆ ।'' ਸੁਣ ਕੇ ਬੋਲੇ, ''ਫਾਰਮ ਮੇਰੇ ਕੋਲ ਪਿਐ । ਕੱਲ੍ਹ ਸਵੇਰੇ ਨੌਂ ਕੁ ਵਜੇ ਮੇਰੇ ਘਰ ਆ ਜਾਈਂ । ਮੈਂ ਕੋਈ ਬਹਾਨਾ ਨਹੀਂ ਸੁਣਨਾ ।''

••••••

37. ਮੇਰੇ ਪ੍ਰੀਤਮ

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਦਫ਼ਤਰ ਵਿਚ ਅਰਜ਼ੀਆਂ ਪੁੱਜਣ ਦੀ ਆਖ਼ਰੀ ਤਰੀਕ ਸੀ । ਅਰਜ਼ੀ ਤਿਆਰ ਸੀ । ਪਟਿਆਲੇ ਦਸਤੀ ਹੀ ਪੁਚਾਈ ਜਾ ਸਕਦੀ ਸੀ । ਲਿਫ਼ਾਫ਼ਾ ਤਿਆਰ ਕੀਤਾ । ਖ਼ੁਦ ਤਿਆਰ ਹੋਇਆ । ਪਰ ਬੱਸ ਅੱਡੇ ਜਾਣ ਦੀ ਥਾਂ ਆਪਣੇ ਦਫ਼ਤਰ ਜਾ ਬੈਠਾ । ਮਨ ਹੁੱਜਤਾਂ ਕਰੀ ਜਾ ਰਿਹਾ ਸੀ । ਬਹਾਨਾ ਲੱਭ ਰਿਹਾ ਸੀ । ਪਹਿਲਾਂ ਵਾਲੇ ਸਾਰੇ ਬਹਾਨੇ ਪ੍ਰੀਤਮ ਸਿੰਘ ਨੇ ਖਤਮ ਕਰ ਦਿੱਤੇ ਸਨ । ਫਾਰਮ ਭਰਵਾਇਆ । ਲੋੜੀਂਦੇ ਦਸਤਾਵੇਜ਼ ਚੈੱਕ ਕੀਤੇ । ਉਸ ਦਿਨ ਛੁੱਟੀ ਹੋਣ ਕਰ ਕੇ ਆਪਣੇ ਪੀ.ਏ. ਨੂੰ ਘਰੋਂ ਬੁਲਵਾਇਆ । ਦਫ਼ਤਰ ਖੁੱਲ੍ਹਵਾਇਆ । ਮੇਰੇ 'ਨੇਕ ਤੇ ਮੁਫੀਦ' ਚਾਲ ਚੱਲਣ ਬਾਰੇ ਪ੍ਰਮਾਣ-ਪੱਤਰ ਤਿਆਰ ਕਰਵਾਇਆ । ਨਿੱਜੀ ਚਿੱਠੀ ਕਮਿਸ਼ਨ ਦੇ ਪੀ.ਸੀ.ਐੱਸ ਅਧਿਕਾਰੀ ਦੇ ਨਾਂ ਦਿੱਤੀ ਤਾਂ ਕਿ ਅਰਜ਼ੀ ਦੀ ਸਮੇਂ ਸਿਰ ਪਹੁੰਚ ਯਕੀਨੀ ਬਣ ਜਾਏ । ਹਦਾਇਤ ਇਹ ਸੀ ਕਿ ਇਹ ਸਭ ਕੁਝ ਦੁਪਹਿਰ ਤੋਂ ਪਹਿਲਾਂ ਪਹਿਲਾਂ ਥਾਂ- ਸਿਰ ਪਹੁੰਚ ਜਾਏ । ਅਰਜ਼ੀ ਲਾਈਨ 'ਚ ਲੱਗ ਜਾਏ ।

ਮੈਨੂੰ ਸਭ ਫਜ਼ੂਲ ਲੱਗ ਰਿਹਾ ਸੀ । ਬੇਕਾਰ ਕਸਰਤ । ਸਿਸਟਮ ਵਿੱਚ ਭਰੋਸਾ ਹੀ ਨਹੀਂ ਸੀ ਰਿਹਾ । ਪਤਨੀ ਦੇ ਘੜੀ-ਮੁੜੀ ਜ਼ੋਰ ਦੇਣ 'ਤੇ ਵੀ ਮੈਂ ਟਾਲਮਟੋਲ ਕਰੀ ਗਿਆ ਸਾਂ । ਆਹ ਤਾਂ 'ਕਬੂਤਰਾਂ ਦੀ ਪ੍ਰਵਾਜ਼' ਵਾਲੇ ਪ੍ਰੀਤਮ ਸਿੰਘ ਨੇ ਮੈਨੂੰ ਬਦੋਬਦੀ ਇਸ ਮੋੜ ਤੱਕ ਧੱਕ ਲਿਆਂਦਾ । ਹੁਣ ਫੇਰ ਢੇਰੀ ਢਾਹੀ ਬੈਠਾ ਸਾਂ । ਆਪਣੇ ਵੱਲੋਂ ਕਹਾਣੀ ਮੁਕਾਈ ਬੈਠਾ ਸਾਂ । ਵਕਤੋਂ ਪਹਿਲਾਂ ਹੀ ਦਫ਼ਤਰ 'ਚ ਆਈ ਬੈਠਾ ਸਾਂ ।

ਗੁਰਮੁਖ ਸਿੰਘ ਆਇਆ । ਮੇਰਾ ਮਿੱਤਰ । ਇਹਨੂੰ ਪਹਿਲਾਂ ਮੈਂ ਗਿਆਨੀ ਕਰਵਾਈ ਸੀ । ਪਿੱਛੋਂ ਪੰਜਾਬੀ ਦੀ ਐੱਮ.ਏ. ਵੀ ਕਰ ਗਿਆ । ਸਾਹਿਤ ਦਾ ਰਸੀਆ ਹੈ । ਟਾਈਪ ਸੋਹਣੀ ਕਰਦਾ ਹੈ । ਸ਼ੁੱਧ ਅਤੇ ਤੇਜ਼ । ਅਮਰਜੀਤ ਚੰਦਨ ਅਤੇ ਸੁਖਬੀਰ ਵਰਗੇ ਲੋਕ ਇਹਦੇ ਕੋਲੋਂ ਆਪਣੀਆਂ ਲਿਖਤਾਂ ਟਾਈਪ ਕਰਵਾਉਂਦੇ ਰਹੇ । ਹੁਣ ਤਾਂ ਅੰਡਰ ਸੈਕਟਰੀ ਬਣ ਗਿਆ ਹੈ ਪਰ ਉਦੋਂ ਅਜੇ ਸਟੈਨੋ ਸੀ ।... ਮੇਰੀ ਹਾਲਤ ਵੇਖੀ । ਆਪਣੀ ਛੁੱਟੀ ਦਿੱਤੀ । ਦੁਪਹਿਰ ਤੋਂ ਪਹਿਲਾਂ ਪਹਿਲਾਂ ਪਟਿਆਲੇ ਪਹੁੰਚ ਕੇ ਕਮਿਸ਼ਨ ਦੇ ਦਫ਼ਤਰ ਵਿੱਚ ਅਰਜ਼ੀ ਡਾਇਰੀ ਕਰਵਾ ਕੇ, ਰਸੀਦ ਲੈ ਕੇ ਵਾਪਸ ਮੁੜ ਆਇਆ । ''ਬਸ, ਐਨਾ ਕੰਮ ਸੀ? ਆਉ ਹੁਣ ਚਾਹ ਪੀਏ ।'' ਵਾਹ ਗਰਮੁਖੋ!

ਏਹੋ ਜਿਹੇ ਗੁਰਮੁਖਾਂ ਕਰ ਕੇ ਭਰੋਸੇ ਨੂੰ ਬਹੁਤ ਵਾਰ ਬਲ ਮਿਲਿਆ ਹੈ । ਉਹ ਆਪਣੀ ਨੇਕੀ ਜਤਲਾਉਂਦੇ ਨਹੀਂ । ਤੁਹਾਡਾ ਅਹਿਸਾਨ ਭੁਲਾਉਂਦੇ ਨਹੀਂ ।

ਹਾਂ, ਤੇ ਇਹ ਐਮਰਜੈਂਸੀ ਦੇ ਦਿਨਾਂ ਦੀ ਬਾਤ ਹੈ । ਪਿੱਛੋਂ ਸਰਕਾਰ ਬਦਲ ਗਈ । ਜਨਤਾ ਪਾਰਟੀ ਆ ਗਈ । ਪੰਜਾਬ 'ਚ ਵੀ ਨਵੀਂ ਹਕੂਮਤ । ਨਵੇਂ ਹੁਕਮ । ਕਮਿਸ਼ਨ ਦਾ ਨਵਾਂ ਇਸ਼ਤਿਹਾਰ ਛਪ ਗਿਆ । ਨਵੀਆਂ ਅਰਜ਼ੀਆਂ ਮੰਗ ਲਈਆਂ । ਉਮੀਦਵਾਰਾਂ ਦੀ ਗਿਣਤੀ ਵਧਣ ਨਾਲ ਮੁਕਾਬਲਾ ਹੋਰ ਮੁਸ਼ਕਿਲ ਹੋ ਗਿਆ । ਭੁੱਲਣਾ ਬੇਹਤਰ ਸਮਝਿਆ । ਖ਼ਿਆਲ ਹੀ ਦਿਲ 'ਚੋਂ ਕੱਢ ਦਿੱਤਾ । ਇੰਟਰਵਿਊ ਬਾਰੇ ਸੋਚਣਾ ਹੀ ਛੱਡ ਦਿੱਤਾ ।

ਇਕ ਦਿਨ ਜਗਦੀਪ ਆਈ । ਮਾਲਕ ਮਕਾਨ ਦੀ ਬੇਟੀ । ਸੁਰਿੰਦਰ ਨੂੰ ਕਹਿੰਦੀ ''ਆਂਟੀ! ਆਹ ਕਿਸੇ ਦਾ ਇੰਟਰਵਿਊ ਲੈਟਰ ਆਇਆ ਪਿਐ ਕਈ ਦਿਨਾਂ ਦਾ । ਆਂਢ-ਗੁਆਂਢ ਵੀ ਪਤਾ ਕਰ ਲਿਐ । ਇਸ ਨਾਂ ਦਾ ਕੋਈ ਬੰਦਾ ਨਹੀਂ ਏਧਰ ਰਹਿੰਦਾ । ਮੈਂ ਖੋਲ੍ਹ ਕੇ ਵੀ ਵੇਖ ਲਿਐ । ਪਰਸੋਂ ਨੂੰ ਇੰਟਰਵਿਊ ਹੈ । ਕਿਸੇ ਵਿਚਾਰੇ ਦਾ ਨੁਕਸਾਨ ਹੋ ਜਾਣੈ । ਕੀ ਕਰੀਏ?'' ਵੇਖਿਆ ਤਾਂ ਇਹ ਲੈਟਰ ਵਿਚਾਰੇ ਬੇਨਤੀ ਸਰੂਪ ਦਾ ਸੀ ।... ਦੋ ਦਿਨ ਹੋਰ ਲੰਘ ਗਏ ਹੁੰਦੇ ਤਾਂ ਸਬਰ ਕਰ ਲੈਂਦੇ ਪਰ ਹੁਣ ਤਾਂ ਕੁਝ ਨਾ ਕੁਝ ਕਰਨਾ ਹੀ ਪੈਣਾ ਸੀ ।

ਡਿਗਰੀਆਂ/ਸਰਟੀਫਿਕੇਟ ਇੱਕਠੇ ਕਰ ਕੇ ਫਾਈਲ ਵਿੱਚ ਲਾਏ । ਅਖ਼ਬਾਰਾਂ ਰਸਾਲਿਆਂ ਵਿੱਚ ਛਪੀਆਂ ਰਚਨਾਵਾਂ ਨੂੰ ਚਾਰਟ ਪੇਪਰਾਂ 'ਤੇ ਚਿਪਕਾਇਆ । ਸੁਰਿੰਦਰ ਨੇ ਦਿਨ-ਰਾਤ ਇਕ ਕਰ ਕੇ ਮੇਰਾ ਬਸਤਾ ਤਿਆਰ ਕਰਵਾਇਆ । ਤੁਰਨ ਵੇਲੇ ਬੱਦਲ ਛਾ ਗਏ । ਬਹਾਨਾ ਮੁੜ ਸਿਰ ਚੁੱਕਣ ਲੱਗਾ । ਪਰ ਮੈਂ ਸਿਰ ਨੀਵਾਂ ਕਰ ਕੇ ਤੁਰ ਪਿਆ । ਨਹੀਂ ਬਣੂੰ ਕੰਮ ਤਾਂ ਨਾ ਸਹੀ । ਮੇਲਾ-ਗੇਲਾ ਈ ਸਹੀ ।

ਪਟਿਆਲੇ ਦੇ ਬੱਸ ਅੱਡੇ ਤੋਂ ਕਮਿਸ਼ਨ ਦੇ ਦਫ਼ਤਰ ਤੱਕ ਪੁੱਜਦਿਆਂ ਵੇਖਿਆ ਕਿ ਬੱਦਲ ਹੋਰ ਸੰਘਣੇ ਤੇ ਕਾਲੇ ਹੁੰਦੇ ਜਾ ਰਹੇ ਸਨ । ਪਹੁੰਚਦਿਆਂ ਹੀ ਵਾਜ ਪੈ ਗਈ । ਅਰਜ਼ੀ ਨਾਲ ਲਾਈਆਂ ਗਈਆਂ ਨਕਲਾਂ ਵਾਲੇ ਅਸਲੀ ਦਸਤਾਵੇਜ਼ ਚੈੱਕ ਕਰਨ ਲਈ ਨਾਕਾ ਲੱਗਾ ਹੋਇਆ ਸੀ । ਪਾਤਰਤਾ ਪਰਖੀ ਜਾ ਰਹੀ ਸੀ । ਪੱਕੀ ਇੰਟਰਵਿਊ ਤੋਂ ਪਹਿਲਾਂ ਛਾਨਣਾ ਮਾਰ ਕੇ ਕੱਚੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕੀਤੀਆਂ ਜਾ ਰਹੀਆਂ ਸਨ । ਮੇਰੀ ਅਰਜ਼ੀ ਵੀ ਰੱਦ ਹੋ ਗਈ ।

ਅਰਜ਼ੀ ਰੱਦ ਹੋਣ ਦਾ ਕਾਰਨ 'ਵਾਇਆ ਬਠਿੰਡਾ' ਵਾਲੀ ਬੀ.ਏ. ਦੀ ਡਿਗਰੀ ਸੀ, ਜਿਸ ਉਤੇ ਡਵੀਜ਼ਨ ਨਹੀਂ ਸੀ ਲਿਖੀ ਹੋਈ । ਸ਼ਰਤ ਸੀ ਸੈਕਿੰਡ ਡਵੀਜ਼ਨ ਦੀ । ਕਿਸ਼ਤਾਂ ਵਿੱਚ ਪਾਸ ਕੀਤੇ ਇਮਤਿਹਾਨ ਦੀ ਡਵੀਜ਼ਨ ਖ਼ੁਦ ਕੱਢਣ ਦੀ ਥਾਂ ਨਾਕੇ ਵਾਲੇ ਬਾਬੂਆਂ ਨੇ ਮੇਰੇ ਫਾਰਮ ਉਤੇ ਲਾਲ ਸਿਆਹੀ ਨਾਲ ਵੱਡਾ ਸਾਰਾ ਕਾਟਾ ਮਾਰ ਕੇ 'ਯੋਗਤਾ ਦੀਆਂ ਸ਼ਰਤਾਂ ਪੂਰੀਆਂ ਨਹੀਂ, ਪਾਤਰਤਾ ਨਹੀਂ ਬਣਦੀ' ਲਿਖ ਦਿੱਤਾ । ਮੈਂ ਕਾਗਜ਼ ਬਸਤੇ ਵਿਚ ਤੁੰਨੇ । ਵਿਹਲਾ ਜਿਹਾ ਹੋ ਕੇ ਵਾਪਸੀ ਲਈ ਦਫਤਰੋਂ ਬਾਹਰ ਨਿਕਲ ਆਇਆ । ਮੱਥੇ 'ਚੋਂ ਸੇਕ ਨਿਕਲ ਰਿਹਾ ਸੀ । ਦਰਦ ਨਾਲ ਸਿਰ ਪਾਟ ਰਿਹਾ ਸੀ ।

ਅਚਾਨਕ ਏਨੀ ਗੜਗੜਾਹਟ ਹੋਈ, ਜਿਵੇਂ ਬੱਦਲ ਪਾਟ ਗਿਆ ਹੋਵੇ । ਹਨੇਰ ਘੁੱਪ-ਘੇਰ । ਮੀਂਹ ਛੱਜੀਂ ਤੇ ਖਾਰੀਂ । ਆਪਣੇ ਵਰਗੇ ਕਈ ਹੋਰ ਰੱਦ ਹੋਇਆਂ ਦੀ ਭੀੜ ਵਿੱਚ ਮੈਂ ਵੀ ਖਲੋ ਗਿਆ । ਮੀਂਹ ਹਟੇ ਜਾਂ ਥੋੜ੍ਹਾ ਘਟੇ ਤਾਂ ਤੁਰਾਂ! ਹੋਰ ਚਾਰਾ ਈ ਕੋਈ ਨਹੀਂ ।...ਆਪਣੇ ਮੋਢੇ ਉਤੇ ਕਿਸੇ ਦਾ ਹੱਥ ਮਹਿਸੂਸ ਕੀਤਾ । ਅੱਖਾਂ ਚੁੱਕ ਕੇ ਵੇਖਿਆ...ਸ਼ਮਸ਼ੇਰ ਸਿੰਘ ਸਾਜ਼ ਖੜ੍ਹਾ ਸੀ । ਏਨਾ ਜਾਣਦਾ ਸਾਂ ਕਿ ਇਹ ਬੰਦਾ ਗਜ਼ਲਾਂ ਲਿਖਦਾ ਹੈ, ਬਸ । ਕਦੇ ਬਹੁਤਾ ਮਿਲਿਆ ਨਹੀਂ ਸਾਂ । ਸੋਚਿਆ, ਸ਼ਾਇਦ ਇਹ ਵੀ ਇਥੇ ਇੰਟਰਵਿਊ ਦੇਣ ਜਾਂ ਦਿਵਾਉੇਣ ਦੇ ਸਿਲਸਿਲੇ ਵਿੱਚ ਆਇਆ ਹੋਵੇ । ਉਸ ਪੁੱਛਿਆ । ਮੈਂ ਦੱਸਿਆ । ਕਹਿੰਦਾ, ''ਚੱਲ ਦਫ਼ਤਰ ਬਹਿ ਕੇ ਗੱਲ ਕਰਦੇ ਹਾਂ । ਨਾਲੇ ਕੌਫ਼ੀ ਪੀਆਂਗੇ ।'' ਉਹ ਕਮਿਸ਼ਨ ਦੇ ਦਫ਼ਤਰ ਵਿੱਚ ਅਫ਼ਸਰ ਸੀ । ਮੇਰੀ ਵਿਥਿਆ ਤਹੱਮਲ ਨਾਲ ਸੁਣੀ । ਹੌਸਲਾ ਦਿੱਤਾ । ਆਖਿਆ, ''ਜੋ ਕੁਝ ਮੈਨੂੰ ਦੱਸਿਆ ਈ, ਏਹੋ ਕੁਝ ਕਮਿਸ਼ਨ ਮੂਹਰੇ ਜਾ ਕੇ ਕਹਿ ਦੇ । ਉਨ੍ਹਾਂ ਤੈਨੂੰ ਸੱਦਣਾ ਨਹੀਂ, ਆਪੇ ਚਿੱਕ ਚੁੱਕ ਕੇ ਜਾ ਵੜੀਂ । ਤੇਰਾ ਕਲੇਮ ਬੜਾ ਮਜਬੂਤ ਹੈ । ਘਬਰਾਈਂ ਨਾ । ਭਰੋਸੇ ਨਾਲ ਆਪਣਾ ਪੱਖ ਪੇਸ਼ ਕਰੀਂ । ਬਿਲਕੁਲ ਨਾ ਡਰੀਂ । ਏਦੂੰ ਵੱਧ ਤੇਰਾ ਕੀ ਵਿਗਾੜ ਲੈਣਗੇ ।...ਪਰ ਮੇਰੇ ਬਾਰੇ ਕੋਈ ਜ਼ਿਕਰ ਨਾ ਕਰੀਂ ।'' ਉਹਦੇ ਵਿਹਾਰ ਕਰ ਕੇ ਮੇਰੀ ਬੈਟਰੀ ਚਾਰਜ ਹੋ ਗਈ । ਮੈਂ ਸਭ ਕੁਝ ਉਹਦੇ ਕਹੇ ਮੁਤਾਬਕ ਕੀਤਾ । ਪਹਿਲਾਂ ਸਾਫ਼ ਨਾਂਹ ਵਿਚ ਸਿਰ ਮਾਰਨ ਵਾਲਿਆਂ ਨੇ ਮੈਨੂੰ ਇਹ ਕਹਿ ਕੇ ਬਾਹਰ ਉਡੀਕਣ ਲਈ ਭੇਜ ਦਿੱਤਾ ਕਿ ਇਸ ਮਸਲੇ ਨੂੰ ਵਿਚਾਰ ਲਈਏ ਫਿਰ ਬੁਲਾਉਂਦੇ ਹਾਂ । ਅੱਧੇ ਕੁ ਘੰਟੇ ਮਗਰੋਂ ਮੈਨੂੰ ਅੰਦਰ ਬੁਲਾ ਲਿਆ ਗਿਆ । ''ਕਮਿਸ਼ਨ ਨੇ ਤੁਹਾਡਾ ਕਲੇਮ ਮੰਨ ਲਿਆ ਹੈ । ਤੁਹਾਡੀ ਪਾਤਰਤਾ ਬਣਦੀ ਹੈ । ਬਹਿ ਜਾਉ ।'' ਮੈਂ 'ਸ਼ੁਕਰੀਆ' ਆਖ ਕੇ ਬੈਠਾ ਹੀ ਸਾਂ ਕਿ ਪ੍ਰਿੰਸੀਪਲ ਪ੍ਰੀਤਮ ਸਿੰਘ ਹੁਰੀਂ ਕਹਿਣ ਲੱਗੇ, ''ਇਹ ਆਪਣਾ ਛਪਿਆ ਹੋਇਆ ਮਾਲ ਮੱਤਾ ਮੈਨੂੰ ਦੇ ਦਿਉ । ਮੈਂ ਓਨਾ ਚਿਰ ਇਨ੍ਹਾਂ ਦਾ ਲੇਖਾ-ਜੋਖਾ ਕਰਦਾਂ, ਤੁਸੀਂ ਮੈਂਬਰਾਂ ਦੇ ਸੁਆਲਾਂ ਦੇ ਜਵਾਬ ਦਿਉ ।'' ਉਹ ਵਿਸ਼ਾਮਾਹਰ ਵਜੋਂ ਚੋਣਕਾਰਾਂ ਵਿੱਚ ਸ਼ਾਮਲ ਸਨ । ਅਸੀਂ ਅਨੇਕਾਂ ਵਾਰ ਮਿਲ ਚੁੱਕੇ ਸਾਂ । ਪਰ ਅੱਜ ਉਹ ਮੈਨੂੰ ਓਪਰਿਆਂ ਵਾਂਗ ਘੂਰ ਰਹੇ ਸਨ । ਜਿਵੇਂ ਪਛਾਣ ਹੀ ਨਹੀਂ ਸਨ ਰਹੇ । ਹਾਲੇ ਹਫ਼ਤਾ ਵੀ ਨਹੀਂ ਸੀ ਹੋਇਆ, ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਸਮਾਗਮ 'ਤੇ ਚੰਗੀ ਤਰ੍ਹਾਂ ਮਿਲੇ ਸਾਂ ।

ਮੈਂ ਆਪਣਾ ਪੁਲੰਦਾ ਸੌਂਪ ਦਿੱਤਾ । ਨਾਗਮਣੀ ਦਾ 'ਦੇਖ ਕਬੀਰਾ ਹੱਸਿਆ' ਵਿਸ਼ੇਸ਼ ਅੰਕ ਸਭ ਤੋਂ ਉੱਪਰ ਸੀ । ਇਸ ਵਿਅੰਗ ਵਿਸ਼ੇਸ਼ ਅੰਕ ਦੇ ਸੰਪਾਦਕਾਂ ਵਿੱਚ ਅੰਮ੍ਰਿਤਾ ਪ੍ਰੀਤਮ ਅਤੇ ਇਮਰੋਜ਼ ਦੇ ਨਾਲ-ਨਾਲ ਮੇਰਾ ਨਾਂ ਵੀ ਟਾਈਟਲ 'ਤੇ ਛਪਿਆ ਸੀ । ਅੰਕ ਵਿੱਚ ਅੱਧ ਤੋਂ ਵੱਧ ਮੇਰੀਆਂ ਰਚਨਾਵਾਂ ।...ਬਾਕੀ ਕਾਗਜ਼ ਫਰੋਲਣ ਤੋਂ ਬਿਨਾਂ ਹੀ ਪੁਲੰਦਾ ਇਕ ਪਾਸੇ ਰੱਖ ਕੇ ਪ੍ਰੀਤਮ ਸਿੰਘ ਹੁਰਾਂ ਨੇ ਨਾਗਮਣੀ ਵਿਖਾ ਕੇ ਬੜੇ ਨਾਟਕੀ ਅੰਦਾਜ਼ ਵਿੱਚ ਕਿਹਾ, ''ਇਹ ਬੰਦਾ ਕਮਿਸ਼ਨ ਨੂੰ ਧੋਖਾ ਦੇ ਰਿਹਾ ਹੈ । ...ਜਿਸ ਭੂਸ਼ਨ ਧਿਆਨਪੁਰੀ ਦੀਆਂ ਲਿਖਤਾਂ ਇਹ ਚੁੱਕੀ ਫਿਰਦਾ ਹੈ, ਉਹਨੂੰ ਮੈਂ ਚੰਗੀ ਤਰ੍ਹਾਂ ਜਾਣਦਾਂ । ਉਹ ਸਾਡਾ ਵਧੀਆ ਵਿਅੰਗਕਾਰ ਹੈ ।...ਇਹ ਬੇਨਤੀ ਸਰੂਪ ਉਸ ਦੀਆਂ ਲਿਖਤਾਂ ਚੋਰੀ ਕਰ ਕੇ ਲੇਖਕ ਬਣਨ ਦੀ ਕੋਸ਼ਿਸ਼ ਕਰ ਰਿਹੈ । ਸਰਾ-ਸਰ ਧੋਖਾ ।'' ਮੇਰੀ ਹਾਲਤ ਅਜੀਬ ਜਿਹੀ ਹੋ ਗਈ । ਹੋਇਆ ਇਹ ਕਿ ਇੰਟਰਵਿਊ 'ਤੇ ਆਉਣ ਲੱਗਿਆ ਮੈਂ ਆਪਣੀ ਦਾੜ੍ਹੀ ਮੁਨਾ ਲਈ ਸੀ । ਅਰਜ਼ੀ ਵਾਲੇ ਫਾਰਮ 'ਤੇ ਜਿਹੜੀ ਫੋਟੋ ਚਿਪਕਾਈ ਸੀ ਉਹ ਪੁਰਾਣੀ ਖਿਚਵਾਈ ਹੋਈ ਸੀ, ਬਗੈਰ ਦਾੜ੍ਹੀ ਤੋਂ । ਇੰਟਰਵਿਊ 'ਤੇ ਆਉਣ ਲੱਗਿਆ ਸੋਚਿਆ ਕਿ ਕਿਤੇ ਫੋਟੋ ਵੇਖ ਕੇ ਪਛਾਨਣੋਂ ਹੀ ਨਾਂਹ ਕਰ ਦੇਣ । ....ਪਰ ਆਹ ਤਾਂ ਨਵਾਂ ਪੰਗਾ ਖੜ੍ਹਾ ਹੋ ਗਿਆ । ਹੁਣ ਵੀ ਨਹੀਂ ਸਨ ਪਛਾਣ ਰਹੇ ।

ਅਸਲ ਵਿੱਚ ਪ੍ਰੀਤਮ ਸਿੰਘ ਹੁਰਾਂ ਨੇ ਮੈਨੂੰ ਪਛਾਣ ਤਾਂ ਪਹਿਲਾਂ ਹੀ ਲਿਆ ਸੀ ਪਰ ਇਹ ਮੁੰਨਿਆ ਹੋਇਆ ਬੇਨਤੀ ਸਰੂਪ ਉਨ੍ਹਾਂ ਦੇ ਵਿਨੋਦੀ ਸੁਭਾਅ ਨੂੰ ਭਾ ਗਿਆ ਸੀ । ਉਹ ਸਥਿਤੀ ਨੂੰ ਲਮਕਾਅ ਰਹੇ ਸਨ । ਸਸਪੈਂਸ ਵਧਾ ਰਹੇ ਸਨ । ਦਰਅਸਲ ਅਸਿੱਧੇ ਢੰਗ ਨਾਲ, ਭੂਸ਼ਨ ਦੀ ਲੋੜੋਂ ਵੱਧ ਸਿਫ਼ਤ ਕਰਕੇ, ਉਹ ਬੇਨਤੀ ਸਰੂਪ ਦੀ ਚੋਣ ਦੇ ਆਧਾਰ ਨੂੰ ਮਜ਼ਬੂਤ ਬਣਾ ਰਹੇ ਸਨ । ਪਿੱਛੋਂ ਪਤਾ ਲੱਗਾ ਕਿ ਮੇਰੀ ਪਾਤਰਤਾ ਦਾ ਮਸਲਾ ਵੀ ਉਨ੍ਹਾਂ ਦੇ ਦਖ਼ਲ ਨਾਲ ਹੀ ਸੁਲਝਿਆ ਸੀ ।

ਖ਼ੈਰ, ਸਸਪੈਂਸ ਖਤਮ ਹੋਇਆ ਤਾਂ ਬੜੇ ਵਧੀਆ ਸੁਖਾਵੇਂ ਮਾਹੌਲ ਵਿੱਚ ਇੰਟਰਵਿਊ ਹੋਈ । ਬਾਹਰ ਆਉਣ ਲੱਗਾ ਤਾਂ ਪ੍ਰੀਤਮ ਸਿੰਘ ਹੁਰਾਂ ਰੋਕ ਲਿਆ, ''ਹੁਣ ਤੇਰੇ ਸਾਰੇ ਕਲੇਮ ਮੰਨ ਲਏ ਗਏ । ਮਨ ਵਿੱਚ ਕੋਈ ਨਾਰਾਜ਼ਗੀ ਨਾ ਰੱਖੀਂ । ਬਾਹਰ ਜਾ ਕੇ ਕਮਿਸ਼ਨ ਦੇ ਖਿਲਾਫ਼, 'ਬੋਲ ਕੁਬੋਲ' ਨਾ ਲਿਖ ਦੇਈਂ ।'' ਉਨ੍ਹਾਂ ਨੇ ਉਹਨੀਂ ਦਿਨੀਂ 'ਪੰਜਾਬੀ ਟ੍ਰਿਬਿਊਨ' ਵਿੱਚ ਛਪਦੇ ਮੇਰੇ ਕਾਲਮ ਵੱਲ ਵੀ ਇਸ਼ਾਰਾ ਕਰ ਦਿੱਤਾ । ਮੈਂ ਹੱਸ ਕੇ ਤੁਰਨ ਲੱਗਾ ਤਾਂ ਇਕ ਵਾਰ ਮੁੜ ਰੋਕਿਆ, ''ਐੱਮ.ਏ.'ਚ ਯੂਨੀਵਰਸਿਟੀ 'ਚੋਂ ਜਿਹੜੀ ਤੇਰੀ ਪੁਜੀਸ਼ਨ ਐ, ਉਹਦਾ ਤੂੰ ਮੈਰਿਟ ਸਰਟੀਫ਼ਿਕੇਟ ਨਹੀਂ ਪੇਸ਼ ਕੀਤਾ । ਅੱਜ ਹੀ ਜਾਂਦਾ ਹੋਇਆ ਯੂਨੀਵਰਸਿਟੀ ਤੋਂ ਇਸ਼ੂ ਕਰਵਾ ਲੈ ਤੇ ਕੱਲ੍ਹ ਤੱਕ ਕਮਿਸ਼ਨ ਕੋਲ ਜਮ੍ਹਾਂ ਕਰਵਾ ਦੇਈਂ । ਉਹਦੇ ਨੰਬਰ ਮਿਲਦੇ ਨੇ ਇੰਟਰਵਿਊ 'ਚ ।''

ਅੰਦਰੋਂ ਵਿਹਲਾ ਹੋ ਕੇ ਮੈਂ ਸ਼ਮਸ਼ੇਰ ਸਿੰਘ ਸਾਜ਼ ਕੋਲ ਆ ਬੈਠਾ । ਆਸਮਾਨ ਹੁਣ ਸਾਫ਼ ਸੀ । ਉਸ ਪੁੱਛਿਆ । ਮੈਂ ਦੱਸਿਆ । ਚਾਹ ਪੀ ਰਹੇ ਸਾਂ ਕਿ ਪ੍ਰਿੰਸੀਪਲ ਪ੍ਰੀਤਮ ਸਿੰਘ ਹੁਰੀਂ ਵੀ ਓਥੇ ਹੀ ਆਪਣਾ ਟੀ.ਏ./ਡੀ.ਏ. ਲੈਣ ਆ ਗਏ, ''ਤੂੰ ਹਾਲੇ ਇਥੇ ਹੀ ਬੈਠੈਂ? ਓਧਰ ਯੂਨੀਵਰਸਿਟੀ ਬੰਦ ਹੋ ਜਾਣੀ ਐ । ਹੁਣੇ ਭੱਜ ਜਾਹ । ਜਾ ਕੇ ਮੈਰਿਟ ਸਰਟੀਫ਼ਿਕੇਟ ਵਾਲਾ ਕੰਮ ਕਰਵਾ । ਆਹ ਚਾਹ ਪੀਣ ਵਾਲਾ ਕੰਮ ਮੈਂ ਕਰ ਲੈਨਾ ।''

ਯੂਨੀਵਰਸਿਟੀ 'ਚ ਹੁਣ ਸੂਬਾ ਸਿੰਘ ਤਾਂ ਹੈ ਨਹੀਂ ਸੀ । ਜਾ ਕੇ ਸਟੂਡੈਂਟ ਸੈਂਟਰ 'ਚ ਬਹਿ ਗਿਆ ਕਿ ਕੋਈ ਵਾਕਫ਼ਕਾਰ ਮਿਲੇ ਤਾਂ ਮਸਲਾ ਹੱਲ ਹੋਏ । ਕਾਫ਼ੀ ਦਾ ਆਰਡਰ ਦੇ ਕੇ ਏਧਰ-ਉਧਰ ਝਾਕ ਰਿਹਾ ਸਾਂ ਕਿ ਯੁਵਕ ਮੇਲਿਆਂ ਵਾਲਾ ਦਲਜੀਤ ਸਿੰਘ ਨਜ਼ਰੀਂ ਪੈ ਗਿਆ । ਮੈਂ ਉਹਨੂੰ ਬੁਲਾਵਾਂ, ਉਹ ਪਰੇ ਨੂੰ ਤੁਰਿਆ ਜਾਏ । ਦਾੜ੍ਹੀ ਦੀ ਗੈਰ-ਹਾਜ਼ਰੀ ਦਾ ਕਸੂਰ ਸੀ । ਗੱਲ ਖੁੱਲ੍ਹੀ ਤਾਂ ਉਹ ਖੁੱਲ੍ਹ ਕੇ ਹੱਸਿਆ । ਮੈਂ ਕੰਮ ਦੱਸਿਆ ।

ਦਲਜੀਤ ਸਿੰਘ ਮੈਨੂੰ ਆਪਣੇ ਦਫ਼ਤਰ 'ਚ ਲੈ ਗਿਆ । ਕਈ ਥਾਈਂ ਟੈਲੀਫ਼ੋਨ ਕੀਤੇ । ਕਿਤੋਂ ਫਾਰਮ ਮੰਗਵਾਇਆ । ਕਿਤੇ ਫੀਸ ਜਮ੍ਹਾਂ ਕਰਵਾਈ । ਮੇਰੇ ਕੋਲੋਂ ਸਿਰਫ਼ ਦਸਤਖ਼ਤ ਕਰਵਾਏ । ਮੈਰਿਟ ਸਰਟੀਫ਼ਿਕੇਟ ਦੀਆਂ ਤਿੰਨ ਕਾਪੀਆਂ ਸਾਡੇ ਕੋਲ ਪਹੁੰਚ ਗਈਆਂ । ਉਹਨੇ ਦੋ ਮੈਨੂੰ ਦਿੱਤੀਆਂ ਤੇ ਇਕ ਆਪਣੇ ਕੋਲ ਰੱਖ ਲਈ, 'ਕੱਲ੍ਹ ਤੈਨੂੰ ਫੇਰ ਚੱਕਰ ਮਾਰਨਾ ਪਏਗਾ । ਇਹ ਸਰਟੀਫ਼ਿਕੇਟ ਮੈਂ ਰੱਖ ਲੈਨਾਂ । ਇਹਦੇ ਪਿਛਲੇ ਪਾਸੇ ਆਪਣੀ ਇੰਟਰਵਿਊ ਵਾਲਾ ਹਵਾਲਾ ਨੰਬਰ ਲਿਖ ਦੇ । ਮੈਂ ਕਮਿਸ਼ਨ ਦੇ ਦਫ਼ਤਰ ਵਿਚ ਜਮ੍ਹਾਂ ਕਰਵਾ ਦਿਆਂਗਾ ।''

ਇਕ ਵੇਲਾ ਸੀ ਕਿ ਕੁਝ ਵੀ ਸਹੀ ਨਹੀਂ ਸੀ ਲੱਗਦਾ । ਹੁਣ ਸਭ ਕੁਝ ਆਪ ਮੁਹਾਰਾ ਹੋਈ ਜਾ ਰਿਹਾ ਸੀ । ਸਕ੍ਰਿਪਟ ਤਾਂ ਪਹਿਲਾਂ ਹੀ ਲਿਖੀ ਹੁੰਦੀ ਹੈ, ਇਹ ਵਿਚਾਰ ਹੋਰ ਵੀ ਪੱਕਾ ਹੋ ਗਿਆ । ਚੁਣੇ ਜਾਣ ਦਾ ਭਰੋਸਾ ਸੀ ਪਰ ਨਤੀਜੇ ਦੀ ਉਡੀਕ ਨਹੀਂ ਸੀ ਰਹੀ । ਜਦੋਂ ਆਉਣਾ ਹੋਊ ਆਪੇ ਆਜੂ । ਮਨ ਵਿੱਚ ਸਹਿਜਤਾ ਅਤੇ ਸਮਤਾ ਵਾਲਾ ਭਾਵ ਆ ਗਿਆ ਹੋਇਆ ਸੀ ।

ਇਕ ਦਿਨ ਸਵੇਰੇ ਸਵੇਰੇ ਸਕੂਲ ਬੋਰਡ ਵਾਲਾ ਪਰਮਜੀਤ (ਸਵ.) ਆਇਆ । ਹੱਸਦਾ ਹੋਇਆ ਕਹਿੰਦਾ : 'ਵਧਾਈ' । ਮੈਂ 'ਦ ਟ੍ਰਿਬਿਊਨ' ਖੋਲ੍ਹੀ ਬੈਠਾ ਸਾਂ । ਪੁੱਛਿਆ, ''ਕਾਹਦੀ ਵਧਾਈ ਭਈ? ਇਹ ਨਵੀਂ 'ਵਧਾਈ ਕਿਹੜੀ?' ਬੇਟੇ ਦੀ ਵਧਾਈ ਉਹ ਪਹਿਲਾਂ ਦੇ ਗਿਆ ਸੀ । ਇਹਨੀਂ ਦਿਨੀਂ ਹੀ ਸਾਡੇ ਘਰ ਦੂਜਾ ਬੇਟਾ ਪੈਦਾ ਹੋਇਆ ਸੀ, ਅਲੰਕਾਰ । ''ਅਖ਼ਬਾਰ ਮੂਹਰੇ ਖੋਲ੍ਹੀ ਬੈਠੈਂ, ਤੇ ਪੁੱਛਦੈਂ ਮੈਨੂੰ ਅਖੇ : ਕਾਹਦੀ ਵਧਾਈ ।'' ਆਖ ਕੇ ਉਹਨੇ ਰਿਜ਼ਲਟ ਵਾਲਾ ਪੰਨਾ ਮੇਰੇ ਮੂਹਰੇ ਕਰ ਦਿੱਤਾ । ਜਨਰਲ ਕੈਟੇਗਰੀ ਵਾਲਿਆਂ 'ਚ ਬੇਨਤੀ ਸਰੂਪ ਦਾ ਦਸਵਾਂ ਨੰਬਰ ਸੀ ।

ਭੂਸ਼ਨ ਖੁਸ਼ ਸੀ । ਉਹਨੂੰ ਇਕੋ ਵੇਲੇ ਦੋ ਵਧਾਈਆਂ ਮਿਲ ਗਈਆਂ ਸਨ । ਹੁਣ ਸਮਝ ਆਈ । ਇਹਨੂੰ ਕਹਿੰਦੇ ਨੇ ਡਬਲ ਵਧਾਈ ।

••••••

38. ਸਭ ਤੇਰੀ ਵਡਿਆਈ

ਪਟਿਆਲੇ ਵਾਲੇ ਪ੍ਰਿੰਸੀਪਲ ਪ੍ਰੀਤਮ ਸਿੰਘ ਹੁਰਾਂ ਦੀ ਨਾਟਕੀ ਜੁਗਤ ਕਾਮਯਾਬ ਰਹੀ ਅਤੇ ਕਮਿਸ਼ਨ ਨੇ ਮੈਨੂੰ ਕਾਲਜ ਟੀਚਰ ਵਜੋਂ ਚੁਣ ਲਿਆ । ਹੁਣ ਪੰਜਾਬ ਦੇ ਕਿਸੇ ਸਰਕਾਰੀ ਕਾਲਜ ਵਿਚ ਪੜ੍ਹਾਉਣਾ ਪੈਣਾ ਸੀ । ਬੁਲਾਉਣ ਵਾਲਿਆਂ ਨੇ 'ਬਾਬੂ' ਦੀ ਥਾਂ 'ਪ੍ਰੋਫ਼ੈਸਰ ਸਾਬ੍ਹ' ਕਹਿਣਾ ਸੀ ।

ਜਾਗਦਿਆਂ ਤਾਂ ਇਕ ਪਾਸੇ, ਨੀਂਦਰ ਵਿਚ ਵੀ ਮੈਂ ਕਦੇ 'ਵੱਡਾ ਆਦਮੀ' ਬਣਨ ਦਾ ਸੁਪਨਾ ਨਹੀਂ ਲਿਆ । ਹਮੇਸ਼ਾ ਹਾਣਦਿਆਂ ਦੇ ਨਾਲ ਨਾਲ ਰਿਹਾ । ਜੋ ਤੇ ਜਿੰਨਾ ਮਿਲਿਆ, ਉਸੇ 'ਚ ਮਨ ਰਚਾ ਲਿਆ । ਲੱਚਕ ਦੇ ਸਹਾਰੇ ਲੋੜਾਂ ਨੂੰ ਵਧਾ ਘਟਾ ਲਿਆ । ਸਿਰਫ਼ ਇਕ ਵਾਰੀ ਮਨ 'ਚ ਆਇਆ ਸੀ ਕਿ ਜ਼ਿੰਦਗੀ 'ਚ ਕਦੇ ਪੜ੍ਹਾਉਣ ਦਾ ਮੌਕਾ ਮਿਲੇ! ਭਾਵੇਂ ਪ੍ਰਾਇਮਰੀ ਸਕੂਲ ਹੋਵੇ । ...ਤੇ ਅੱਜ ਮੇਰਾ ਠੂਠਾ ਰਹਿਮਤ ਨਾਲ ਨੱਕੋ-ਨੱਕ ਭਰ ਕੇ ਉੱਪਰ ਦੀ ਡੁੱਲ੍ਹ ਗਿਆ । ਮਾੜਾ ਜਿਹਾ ਲਾਂਘਾ ਮੰਗਿਆ ਸੀ, ਵੱਡਾ ਦਰਵਾਜ਼ਾ ਖੁੱਲ੍ਹ ਗਿਆ । ਜੀਵਨ ਦਾ ਅਗਲਾ ਅਧਿਆਇ ਸ਼ੁਰੂ ਹੋਇਆ, ਪਹਿਲਾ ਮੁੱਕ ਗਿਆ । ਸ਼ੁਕਰਾਨੇ ਵਿਚ ਅੱਖਾਂ ਭਰ ਆਈਆਂ, ਸਿਰ ਝੁਕ ਗਿਆ ।

ਚੋਣ ਹੋਈ ਤਾਂ ਚਿੰਤਾ ਵੀ ਨਾਲ ਈ ਸ਼ੁਰੂ ਹੋ ਗਈ । ਚੰਡੀਗੜ੍ਹ ਛੱਡਣਾ ਪਏਗਾ । ਨਵੀਂ ਜਗ੍ਹਾ, ਨਵਾਂ ਮਾਹੌਲ ਪਤਾ ਨਹੀਂ ਕਿਹੋ ਜਿਹਾ ਹੋਵੇ! ਦਰਅਸਲ ਪਿੰਡੋਂ ਆ ਕੇ, ਇਸ ਡੇਢ ਦਹਾਕੇ ਵਿਚ, ਇਥੇ ਪੂਰਾ ਦਿਲ ਲਾ ਲਿਆ ਸੀ । ਖ਼ੁਦ ਨੂੰ ਹਾਲਾਤ ਦੇ ਹਵਾਲੇ ਕਰਕੇ ਸਭ ਕੁਝ ਸਾਜ਼ਗਾਰ ਬਣਾ ਲਿਆ ਸੀ । ਬਣੇ ਬਣਾਏ ਨੂੰ ਨਵੇਂ ਸਿਰਿਉਂ ਵਿਉਂਤਣਾ ਅਜੀਬ ਜਿਹਾ ਲੱਗੇ । ਸਭ ਕੁਝ ਠੀਕ ਠਾਕ ਤਾਂ ਚੱਲ ਰਿਹੈ, ਟਿੰਡ ਫੂਹੜੀ ਚੁੱਕੀ ਫਿਰਨ ਦਾ ਕੀ ਫਾਇਦਾ? ਪੰਜਾਬ ਦੇ ਹਾਲਾਤ ਵਿਗੜ ਰਹੇ ਸਨ । ਚੰਡੀਗੜ੍ਹ ਸੁਰੱਖਿਅਤ ਸੀ । ਬੱਚਿਆਂ ਲਈ ਪੜ੍ਹਾਈ ਦਾ ਇਥੇ ਚੰਗਾ ਪ੍ਰਬੰਧ ਸੀ । ਅਦਬੀ ਸਰਗਰਮੀਆਂ ਦਾ ਇਹ ਕੇਂਦਰ ਸੀ । ਮਨ ਵਿਚ ਖਦਸ਼ਾ ਜਿਹਾ । ਕਿਤੇ ਅਜਿਹਾ ਨਾ ਹੋਵੇ ਕਿ ਮੱਝ ਵੇਚ ਕੇ ਘੋੜੀ ਲਈ, ਦੁੱਧ ਪੀਣੋਂ ਗਏ ਲਿੱਦ ਚੁੱਕਣੀ ਪਈ ।

ਚੰਡੀਗੜ੍ਹ ਨੌਕਰੀ ਲੱਗਣ ਪਿੱਛੋਂ ਜਦੋਂ ਪਹਿਲੀ ਛੁੱਟੀ ਪਿੰਡ ਗਿਆ ਸਾਂ ਤਾਂ ਘਰ ਵਾਲਿਆਂ ਨੇ ਥੌੜੂ ਮੋਚੀ ਤੋਂ ਮੇਰੇ ਲਈ ਨਵੇਂ ਬੂਟ ਬਣਵਾ ਕੇ ਰੱਖੇ ਹੋਏ ਸਨ । ਇਕ ਵਾਰੀ ਪੈਰੀਂ ਪਾ ਕੇ ਵੇਖੇ । ਮਾੜੇ ਜਿਹੇ ਤੰਗ ਸਨ । 'ਪਾਉਣ ਨਾਲ ਖੁੱਲ੍ਹ ਜਾਣਗੇ' ਸੁਣ ਕੇ ਬੈਗ 'ਚ ਪਾ ਲਏ । ਲੈ ਆਇਆ । ਪਾਏ ਹੋਏ ਸੋਹਣੇ ਲਗਦੇ, ਪਰ ਪਾਇਆਂ ਲੱਗਦੇ । ਤੁਰਿਆ ਨਾ ਜਾਂਦਾ । ਤੋਰ ਬਦਲ ਜਾਂਦੀ । ਪਿੰਡੋਂ ਚਿੱਠੀ ਆਉਂਦੀ, ''ਲੱਗਣੇ ਹਟੇ ਕਿ ਨਹੀਂ? ਮੇਚ ਹੋਏ ਕਿ ਨਹੀਂ?'' ਹੌਲੀ-ਹੌਲੀ ਸਭ ਠੀਕ ਹੋ ਗਿਆ । ਲਿਖ ਦਿੱਤਾ, ''ਬੂਟ ਤਾਂ ਨਹੀਂ, ਪੈਰ ਬੂਟਾਂ ਦੇ ਮੇਚ ਹੋ ਗਏ ।'' ਹੁਣ ਚੰਡੀਗੜ੍ਹ ਮੇਰੇ ਮੇਚ ਹੋ ਗਿਆ ਸੀ ਪਰ ਨਵੀਂ ਦੁਬਿਧਾ ਪੈਦਾ ਹੋ ਗਈ । ਜਦੋਂ ਤੱਕ ਘਟਨਾ ਵਾਪਰ ਨਹੀਂ ਜਾਂਦੀ, ਖ਼ਤਰਾ ਬਣ ਕੇ ਸੋਚ ਵਿਚ ਮੰਡਰਾਉਂਦੀ ਰਹਿੰਦੀ ਏ । ਫਜ਼ੂਲ ਜਿਹੇ ਖ਼ਿਆਲਾਂ ਦੀ ਲਾਮਡੋਰ ਘੁਸਮੁਸੇ ਜਿਹੇ ਵਿਚ ਫੜਫੜਾਉਂਦੀ ਰਹਿੰਦੀ ਏ । ਕੋਫ਼ਤ ਜਿਹੀ ਹੁੰਦੀ ਏ ਕਿ ਕਿਸੇ ਵੀ ਤਰ੍ਹਾਂ ਇਹ ਘੜੀ ਟਲ ਜਾਏ । ਜਿੰਦ ਇਸ ਅਜ਼ਾਬ 'ਚੋਂ ਨਿਕਲ ਜਾਏ ।

ਕਮਿਸ਼ਨ ਵੱਲੋਂ ਚੋਣ ਵਾਲੀ ਚਿੱਠੀ ਨਿਕਲ ਚੁੱਕੀ ਸੀ । ਹੁਣ ਸਰਕਾਰ ਵੱਲੋਂ ਆਉਣੀ ਸੀ । ਐਵੇਂ ਦਿਨਾਂ ਦੀ ਗੱਲ ਸੀ, ਚਿੱਠੀ ਤਾਂ ਆਉਣੀ ਹੀ ਆਉਣੀ ਸੀ । ...ਸਕੱਤਰੇਤ 'ਚ ਲੱਗੇ ਹੋਣ ਦਾ ਲਾਭ ਉਠਾਇਆ । ਦਫ਼ਤਰ 'ਚੋਂ ਪਤਾ ਕੀਤਾ ਕਿ ਕਿੱਥੇ ਲਾ ਰਹੇ ਨੇ?... ਮੈਂ ਰੋਪੜ ਜਾਣਾ ਚਾਹੁੰਦਾ ਸਾਂ । ਉਹ ਮੈਨੂੰ ਕਾਲਾ ਅਫਗਾਨਾ, ਸਠਿਆਲੇ ਜਾਂ ਡੇਰਾ ਬਸੀ ਘੱਲਣਾ ਚਾਹੁੰਦੇ ਸਨ ।

ਵਿਰਕ ਨਾਲ ਸਮੱਸਿਆ ਸਾਂਝੀ ਕੀਤੀ । ਕੁਲਵੰਤ ਸਿੰਘ ਵਿਰਕ ਓਦੋਂ ਬਾਦਲ ਦਾ ਪ੍ਰੈਸ ਸਕੱਤਰ ਲੱਗਾ ਹੋਇਆ ਸੀ । ਉਹਨੇ ਜੁੱਤੀ ਪਾਈ ਤੇ ਮੈਨੂੰ ਬਾਹੋਂ ਫੜ ਕੇ ਆਪਣੇ ਕਮਰੇ ਤੋਂ ਬਾਹਰ ਨਿਕਲ ਆਇਆ । ਮੇਰੇ ਨਾਲ ਕੋਈ ਗੱਲ ਨਾ ਕੀਤੀ । ਸਿੱਖਿਆ ਵਿਭਾਗ ਦੇ ਸੰਯੁਕਤ ਸਕੱਤਰ ਦਾ ਦਰਵਾਜ਼ਾ ਖੋਲ੍ਹਿਆ ਤੇ ਉਹਦੇ ਮੂਹਰੇ ਜਾ ਖਲਿਆਰਿਆ । 'ਆਹ ਮੁੰਡਾ ਜਿਹੜਾ ਸਟੇਸ਼ਨ ਕਹਿੰਦੈ, ਇਹਨੂੰ ਦਿਉ' ਆਖ ਕੇ ਉਹਨੀਂ ਪੈਰੀਂ ਵਾਪਸ ਚਲਾ ਗਿਆ । ਰੋਪੜ ਦੇ ਆਰਡਰ ਜਾਰੀ ਹੋ ਗਏ ।

ਦਰਜਾ ਤਿੰਨ ਕਰਮਚਾਰੀ ਹੁਣ ਦਰਜਾ ਦੋ ਗਜ਼ਟਿਡ ਅਫ਼ਸਰ ਬਣ ਰਿਹਾ ਸੀ । ਹਾਜ਼ਰ ਹੋਣ ਤੋਂ ਪਹਿਲਾਂ ਮੈਡੀਕਲ ਬੋਰਡ ਮੂਹਰੇ ਪੇਸ਼ ਹੋਣ ਲਈ ਕਿਹਾ ਗਿਆ । ਡਾਕਟਰੀ ਜਾਂਚ ਦਾ ਪ੍ਰਮਾਣ ਪੱਤਰ ਲੈ ਕੇ ਹੀ ਅੱਗੇ ਵ ਧਿਆ ਜਾ ਸਕਦਾ ਸੀ । ਕਵੀ ਭਗਵੰਤ ਸਿੰਘ ਸੰਕਟਮੋਚਨ ਬਣ ਕੇ ਬਹੁੜਿਆ । ਆਪਣੇ ਸਟੈਨੋ ਤੋਂ ਅਰਜ਼ੀ ਲਿਖਵਾਈ । ਸਰਕਾਰੀ ਨਿਯਮਾਂ ਦਾ ਹਵਾਲਾ ਦੇ ਕੇ ਨਵੇਂ ਸਿਰਿਉਂ ਜਾਂਚ ਤੋਂ ਛੋਟ ਮੰਗੀ ।...ਛੋਟ ਮਿਲ ਗਈ । ਹੁਣ ਬਸ ਹਾਜ਼ਰੀ ਰਪੋਟ ਦੇਣੀ ਸੀ ।

ਸਰਕਾਰੀ ਕਾਲਜ ਰੋਪੜ ਦੇ ਦਫ਼ਤਰ ਵਿਚ ਹਾਜ਼ਰੀ ਰਿਪੋਟ ਦੇ ਕੇ ਅਗਲੀ ਕਾਰਵਾਈ ਉਡੀਕਣ ਲੱਗਾ । ਪ੍ਰਿੰਸੀਪਲ ਦੀ ਸਹੀ ਪੈਣ ਪਿੱਛੋਂ ਹੀ ਕੁਝ ਪਤਾ ਲੱਗ ਸਕਦਾ ਸੀ । ਪ੍ਰਿੰਸੀਪਲ ਦਫ਼ਤਰ ਵਿਚ ਨਹੀਂ ਸੀ । ਪੰਜਾਬੀ ਵਿਭਾਗ ਦਾ ਮੁਖੀ ਪ੍ਰੋ. ਸਰਨ ਸਿੰਘ ਸੀ । ਪ੍ਰੋਰ. ਸਰਨ ਸਿੰਘ ਡਿਕਸ਼ਨਰੀ ਵਾਲਾ । ਉਹਦੇ ਕਮਰੇ 'ਚ ਮੈਨੂੰ ਭੇਜ ਦਿੱਤਾ ਗਿਆ । ਸਟਾਫ਼ ਤਾਂ ਮੇਰੀਆਂ ਲਿਖਤਾਂ ਕਰਕੇ ਜਾਣਦਾ ਸੀ । ਓਪਰਾ ਨਾ ਲੱਗਾ । ...ਗੱਲ ਸਿਰਫ਼ ਪ੍ਰਿੰਸੀਪਲ ਕਰਕੇ ਅੜੀ ਹੋਈ ਸੀ ।

ਪ੍ਰਿੰਸੀਪਲ ਹੁੰਦਾ ਸੀ ਓ.ਪੀ. ਸ਼ਰਮਾ । ਸ਼ਕਲ-ਸੂਰਤ ਅੰਗਰੇਜ਼ਾਂ ਵਾਲੀ । ਬੋਲ-ਬਾਣੀ ਅੰਗਰੇਜ਼ਾਂ ਵਾਲੀ । ਰੋਅਬ-ਦਾਬ ਅੰਗਰੇਜ਼ਾਂ ਵਾਲਾ । ਰਿਹਾਇਸ਼ ਕਾਲਜ ਕੰਪਲੈਕਸ ਦੇ ਅੰਦਰ ਹੀ ਸੀ । ਕਿਸੇ ਨੂੰ ਪਤਾ ਨਹੀਂ ਸੀ ਹੁੰਦਾ ਕਿ ਉਹ ਦਫ਼ਤਰ 'ਚ ਹੈ ਜਾਂ ਘਰ । ਦਫ਼ਤਰ ਦੇ ਮੁਲਾਜ਼ਮ ਤਾਂ ਕੀ ਸਟਾਫ਼ ਦੇ ਸੀਨੀਅਰ ਪ੍ਰੋਫ਼ੈਸਰ ਵੀ ਉਹਦੇ ਤੋਂ ਡਰਦੇ ਸਨ । ਉਹ ਆਪਣੀ ਮਰਜ਼ੀ ਨਾਲ ਕੁਝ ਕਰੇ ਤਾਂ ਕਰੇ, ਕੋਈ ਹੋਰ ਉਹਦੇ ਤੋਂ ਆਪ ਕਹਿ ਕੇ ਕੰਮ ਕਰਵਾਉਣ ਦੀ ਜੁੱਰਅਤ ਨਹੀਂ ਸੀ ਕਰਦਾ । ਮੇਰੀ ਹਾਜ਼ਰੀ ਰਪੋਟ ਤਿੰਨ ਚਾਰ ਦਿਨ ਹਵਾ 'ਚ ਲਟਕਦੀ ਰਹੀ । ਰੋਜ਼ ਚੰਡੀਗੜ੍ਹੋਂ ਜਾਣਾ । ਸਾਰਾ ਦਿਨ ਉਡੀਕ ਕੇ, ਮਨ ਮਸੋਸ ਕੇ, ਮੁੜ ਆਉਣਾ ।

ਪਿਛਲੇ ਦਫ਼ਤਰ ਵਾਲਿਆਂ ਮੈਨੂੰ ਡਿਊਟੀ ਤੋਂ ਫਾਰਗ ਕਰ ਦਿੱਤਾ ਹੋਇਆ ਸੀ । ਨਵੀਂ ਜਗ੍ਹਾ ਹਾਜ਼ਰੀ ਸ਼ੁਰੂ ਨਹੀਂ ਸੀ ਹੋਈ । ਸਰਕਾਰੀ ਨੌਕਰੀ ਵਿਚ ਪਈ ਇਹੋ ਜਿਹੀ 'ਬਰੇਕ' ਬੜੀ ਹਾਨੀਕਾਰਕ ਹੁੰਦੀ ਏ । ਇਹੋ ਸੋਚ ਕੇ ਇਕ ਦੋ ਵਾਰ ਖ਼ੁਦ ਪ੍ਰਿੰਸੀਪਲ ਨੂੰ ਮਿਲਣ ਦਾ ਮਨ ਬਣਾਇਆ । ਪਹਿਲਾਂ ਦਫ਼ਤਰ ਵਾਲਿਆਂ ਡਰਾਇਆ ਕਿ ਇੰਜ ਕਰਨ ਨਾਲ ਕੰਮ ਹੋਰ ਵਿਗੜ ਜਾਏਗਾ । ਫੇਰ ਚਪੜਾਸੀ ਨਾ ਪੈਰ ਲੱਗਣ ਦਏ, ''ਨਾ ਜੀ, ਅੰਦਰ ਕੋਈ ਨਹੀਂ ਜਾ ਸਕਦਾ । ਸਾਬ੍ਹ ਜ਼ਰੂਰੀ ਕੰਮ ਕਰ ਰਹੇ ਨੇ । ਕਿਸੇ ਨੂੰ ਹੁਕਮ ਨਹੀਂ ਅੰਦਰ ਜਾਣ ਦਾ ।''

ਚਪੜਾਸੀ ਸਾਬਕਾ ਫ਼ੌਜੀ ਸੀ । ਨਿੱਕੇ ਜਿਹੇ ਕੱਦ ਦਾ । ਪੂਰਾ ਟਰੇਂਡ । ਸਟੂਲ ਡਾਹ ਕੇ ਸਾਰਾ ਦਿਨ ਪ੍ਰਿੰਸੀਪਲ ਦੇ ਦਫ਼ਤਰ ਮੂਹਰੇ ਬੈਠੇ ਰਹਿਣਾ । ਵਿਚ ਵਿਚਾਲੇ ਅੰਦਰ ਜਾ ਕੇ ਕਾਲ ਬੈੱਲ ਦੱਬ ਆਉਣੀ ਤੇ ਬਾਹਰ ਆ ਕੇ ''ਆਇਆ ਜੀ...' ਆਖ ਕੇ ਅੰਦਰ ਚਲੇ ਜਾਣਾ । ਦਿਨ 'ਚ ਤਿੰਨ ਚਾਰ ਵਾਰੀ ਏਦਾਂ ਕਰਕੇ ਪਤਾ ਹੀ ਨਾ ਲੱਗਣ ਦੇਣਾ ਕਿ ਦਫ਼ਤਰ ਖ਼ਾਲੀ ਏ । ...ਇਕ ਦਿਨ ਅੰਦਰੋਂ ਸੱਚੀ-ਮੁੱਚੀ ਘੰਟੀ ਵੱਜੀ । ਫ਼ੌਜੀ ਅੰਦਰ ਜਾ ਕੇ ਬਾਹਰ ਆਇਆ ਤੇ ਲਾਇਬਰੇਰੀ ਵੱਲ ਕਿਸੇ ਨੂੰ ਬੁਲਾਉਣ ਚਲਾ ਗਿਆ । ਮੈਂ ਹਿੰਮਤ ਕੀਤੀ ਤੇ ਚਿੱਕ ਚੁੱਕਕੇ ਅੰਦਰ ਚਲਾ ਗਿਆ ।

? ਸਰ! ਮੇਰੀ ਪੰਜਾਬੀ ਲੈਕਚਰਾਰ ਦੇ ਤੌਰ 'ਤੇ ਇਥੇ ਪੋਸਟਿੰਗ ਹੋਈ ਏ । ਚਾਰ ਦਿਨ ਪਹਿਲਾਂ ਹਾਜ਼ਰੀ ਰਪੋਟ ਦਿੱਤੀ ਸੀ ।
-ਇਥੇ ਕੋਈ ਵੇਕੈਂਸੀ ਨਹੀਂ ।

? ਵੇਕੈਂਸੀ ਵੇਖ ਕੇ ਹੀ ਸਰਕਾਰ ਨੇ ਆਰਡਰ ਕੀਤੇ ਨੇ ।
-ਕਹਿਦੇ ਜਾ ਕੇ ਸਰਕਾਰ ਨੂੰ , ਮੇਰੇ ਕੋਲ ਕੋਈ ਜਗ੍ਹਾ ਖ਼ਾਲੀ ਨਹੀਂ ।

? ਸਰ! ਤੁਸੀਂ ਲਿਖ ਕੇ ਦਿਉ ।

ਪ੍ਰਿੰਸੀਪਲ ਨੇ ਪਹਿਲੀ ਵਾਰ ਸਿਰ ਚੁੱਕ ਕੇ ਮੇਰੇ ਵੱਲ ਵੇਖਿਆ । ਹੁਣ ਤੱਕ ਮੈਂ ਖੜ੍ਹਾ ਸਾਂ । ਖ਼ਾਲੀ ਕੁਰਸੀ 'ਤੇ ਆਪੇ ਹੀ ਬਹਿ ਗਿਆ । ਉਹਨੇ ਕਾਗਜ਼ਾਂ 'ਚੋਂ ਮੇਰੀ ਹਾਜ਼ਰੀ ਰਪੋਟ ਕੱਢ ਕੇ ਸਾਹਮਣੇ ਸ਼ੀਸ਼ੇ ਉਤੇ ਧਰ ਲਈ । ਉਹ ਪੂਰੀ ਸ਼ਾਨ ਨਾਲ ਸਿਗਰਟ ਦਾ ਆਨੰਦ ਮਾਣ ਰਿਹਾ ਸੀ । ਤੇ ਕਦੇ ਪੇਪਰ ਵੇਟ ਨਾਲ ਖੇਡਦਾ, ਕਦੇ ਐਸ਼ ਟਰੇਅ ਨਾਲ ।

? ਸਰ! ਮੈਨੂੰ ਭੂਸ਼ਨ ਧਿਆਨਪੁਰੀ ਕਹਿੰਦੇ ਨੇ…...
- ਭੂਸ਼ਨ?...ਪਹਿਲਾਂ ਕਿਉਂ ਨਹੀਂ ਦੱਸਿਆ ।...ਬੈਠੋ ਬੈਠੋ, ਆਰਾਮ ਨਾਲ ਬੈਠੋ । ਫਿਰ ਉਹਨੇ ਘੰਟੀ ਮਾਰ ਕੇ ਫੌਜੀ ਨੂੰ ਬੁਲਾਇਆ । ਚਾਹ ਮੰਗਵਾਈ । ਸਪੈਸ਼ਲ ਚਾਹ! ਅਤੇ ਚਿਹਰੇ 'ਤੇ ਮੁਸਕਰਾਹਟ ਲਿਆ ਕੇ ਵਿਚਲੀ ਗੱਲ ਜ਼ਾਹਰ ਕੀਤੀ, ''ਮੈਨੂੰ ਬਾਊਆਂ ਤੋਂ ਚਿੜ ਹੈ । ਮੈਂ ਸੋਚਿਆ ਕਿ ਅਸਾਂ ਤਾਂ ਲੈਕਚਰਾਰ ਮੰਗਿਆ ਸੀ, ਸਰਕਾਰ ਨੇ ਕਲਰਕ ਭੇਜ ਦਿੱਤਾ । ਤੇਰੇ ਪਿਛਲੇ ਰਿਕਾਰਡ ਨੇ ਭੁਲੇਖਾ ਪੈਦਾ ਕਰ ਦਿੱਤਾ ।... ਭੂਸ਼ਨ ਤਾਂ ਆਪਣਾ ਬੰਦਾ ਏ...ਨਾਗਮਣੀ...ਅੰਮ੍ਰਿਤਾ ਪ੍ਰੀਤਮ ਜ਼ਿਕਰ ਕਰਦੀ ਸੀ ।...ਕੁਮਾਰ ਵਿਕਲ ਨੇ ਦੱਸਿਆ ਸੀ ਕਿ ਭੂਸ਼ਨ ਜਾਇਨ ਕਰ ਰਿਹਾ ਏ ।...ਪਰ ਇਹ ਤਾਂ ਬੇਨਤੀ ਸਰੂਪ... । ਆਪਣੀ ਤਾਂ ਸ਼ਿਵ ਕੁਮਾਰ ਕਰਕੇ ਵੀ ਸਾਂਝ ਏ । ਮੈਂ ਉਸ ਬਾਰੇ ਪੂਰੀ ਕਿਤਾਬ ਲਿਖੀ ਏ । ਹੁਣੇ ਛੱਪ ਕੇ ਆਈ ਏ । ਵੇਖੀ ਹੋਇਗੀ ।...ਮੈਂ ਸਲਿਪ ਲਿਖ ਦੇਨਾਂ । ਯੂਨੀਵਰਸਲ ਵਾਲਿਆਂ ਤੋਂ ਕਾਪੀ ਲੈ ਲੈਣਾ ।...

? ਤੇ ਸਰ! ਮੇਰੀ ਹਾਜ਼ਰੀ...
-(ਹੱਸ ਕੇ) ਜਿਸ ਤਾਰੀਖ ਨੂੰ ਰਪੋਟ ਕੀਤਾ, ਓਸੇ ਦਿਨ ਤੋਂ ਹਾਜ਼ਰੀ ।...ਤੇ ਨਾਲੇ ਕਾਲਜ ਮੈਗਜ਼ੀਨ ਦੀ ਐਡੀਟਰੀ ਵੀ ਤੇਰੇ ਜ਼ਿੰਮੇ ।...ਹੁਣ ਤੂੰ ਆ ਗਿਐਂ । ਕਈ ਕੰਮ ਕਰਾਂਗੇ । ਮੈਂ ਤਾਂ ਉਡੀਕ ਰਿਹਾ ਸਾਂ । ਇਹ ਅਪਰੈਲ 1980 ਦੀ ਗੱਲ ਹੈ । ਉਹ ਵਾਕਈ ਮੈਨੂੰ ਉਡੀਕ ਰਿਹਾ ਸੀ । ਛੇ ਕੁ ਮਹੀਨਿਆਂ ਤੱਕ ਉਹ ਰਿਟਾਇਰ ਹੋਣ ਵਾਲਾ ਸੀ । ਹੁਣ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਸਨ । ਕਾਲਜ ਖੁੱਲ੍ਹਦਿਆਂ ਦਾਖ਼ਲੇ ਸ਼ੁਰੂ ਹੋ ਜਾਣੇ ਸਨ । ਟਾਈਮ ਟੇਬਲ ਸੈੱਟ ਹੋਣ ਤੱਕ ਉਹ ਨੇ ਰਿਟਾਇ ਰ ਹੋ ਜਾਣਾ ਸੀ । ਪਰ ਏਨੇ ਕੁ ਸਮੇਂ ਵਿਚ ਹੀ ਉਹਨੇ ਪੂਰੇ ਸਟਾਫ਼ ਨੂੰ ਦੱਸ ਦਿੱਤਾ ਕਿ ਬੇਨਤੀ ਸਰੂਪ ਅਤੇ ਭੂਸ਼ਨ ਧਿਆਨਪੁਰੀ ਵਿਚ ਕੀ ਫ਼ਰਕ ਹੁੰਦਾ ਹੈ । ਇਸ ਫ਼ਰਕ ਦਾ ਅਹਿਸਾਸ ਮੇਰੇ ਤੋਂ ਵੱਧ ਕਿਸ ਨੂੰ ਹੋ ਸਕਦਾ ਏ ।

ਉਥੇ ਜਾ ਕੇ ਪਤਾ ਲੱਗਾ ਕਿ ਰੋਪੜ ਕਾਲਜ ਦਾ ਅੱਧਿਉਂ ਵੱਧ ਸਟਾਫ਼ ਚੰਡੀਗੜ੍ਹੋਂ ਹੀ ਜਾਂਦਾ ਹੈ । ਮੀਆਂ ਬੀਵੀ 'ਚੋਂ ਇਕ ਰੋਪੜ ਹੈ ਤੇ ਦੂਜਾ ਚੰਡੀਗੜ੍ਹ । ਰੋਪੜ ਵਾਲਾ ਵੀ ਦਾਅ ਲਾ ਕੇ ਕਦੇ ਨਾ ਕਦੇ ਚੰਡੀਗੜ੍ਹ ਚਲਾ ਜਾਂਦਾ । ਇਸ ਲਈ ਕਾਲਜ ਦਾ ਸਟਾਫ਼ ਬਹੁਤਾ ਅਦਲਾ-ਬਦਲੀ 'ਚ ਹੀ ਰਹਿੰਦਾ ।

ਰਹਿਣ ਲਈ ਰੋਪੜ 'ਚ ਓਦੋਂ ਕੋਈ ਚੱਜ ਦਾ ਟਿਕਾਣਾ ਵੀ ਨਹੀਂ ਸੀ ਲੱਭਦਾ । ਪੁਰਾਣੇ ਸ਼ਹਿਰ ਦੀਆਂ ਪੁਰਾਣੀਆਂ ਗਲੀਆਂ, ਬਾਜ਼ਾਰਾਂ ਤੇ ਵਿਹੜਿਆਂ ਵਿਚ ਖੂਹ । ਕਈ ਵਾਰ ਮਕਾਨ ਲੱਭਣ ਦੀ ਕੋਸ਼ਿਸ਼ ਕੀਤੀ ਪਰ ਚੰਡੀਗੜ੍ਹ ਦੇ ਮੁਕਾਬਲੇ 'ਚ ਵਿਚਾਰਾ ਰੋਪੜ ਕੀ ਕਰਦਾ । ਸਰਕਾਰੀ ਕੁਆਰਟਰ ਬਾਰੇ ਪੁੱਛਿਆ ਤਾਂ ਪਹਿਲਾਂ ਈ ਲਾਈਨਾਂ ਲੱਗੀਆਂ ਪਈਆਂ ਸਨ । ਚਾਰ ਸਾਲ ਹਰ ਰੋਜ਼ ਆਉਣ ਜਾਣ ਕੀਤਾ ।…...ਇੰਡੀਅਨ ਐਕਸਪ੍ਰੈਸ ਅਖ਼ਬਾਰ ਦਾ ਉਹਨੀ ਦਿਨੀਂ ਰਿਪੋਰਟਰ ਉਥੇ ਚੰਚਲ ਮਨੋਹਰ ਸਿੰਘ ਹੁੰਦਾ ਸੀ । ਉਹਦੇ ਕਹਿਣ ਨਾਲ 'ਬੀ' ਟਾਈਪ ਕੁਆਰਟਰ ਅਲਾਟ ਹੋ ਗਿਆ । ਚੰਡੀਗੜ੍ਹ ਛੱਡ ਦਿੱਤਾ ।

ਇਕ ਦਿਨ ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਦਾ ਕੋਈ ਮੁਲਾਜ਼ਮ ਆਇਆ ਕਿ ਕੈਨਾਲ ਰੈਸਟ ਹਾਊਸ ਵਿਚ ਸ੍ਰੀ ਅਮਰੀਕ ਸਿੰਘ ਪੂਨੀ ਯਾਦ ਕਰਦੇ ਨੇ । ਉਹ ਪੰਜਾਬ ਸੰਕਟ ਦੇ ਦਿਨ ਸਨ । ਗਾਰਦਾਂ ਤੇ ਬਾਡੀਗਾਰਡਾਂ ਦਾ ਬੋਲਬਾਲਾ ਸੀ । ਜਾ ਕੇ ਵੇਖਿਆ ਕਿ ਉਥੇ ਵਰਦੀਆਂ ਵਾਲੇ ਹਥਿਆਰਾਂ ਦੀ ਨੁਮਾਇਸ਼ ਲੱਗੀ ਹੋਈ ਹੈ । ਬੰਦੇ ਨੂੰ ਲੰਘਣ ਲਈ ਥਾਂ ਕਿਵੇਂ ਮਿਲ ਸਕਦੀ ਹੈ? ਔਖਾ ਸੌਖਾ ਹੋ ਕੇ ਅੱਗੇ ਵਧਿਆ । ਡੀ.ਸੀ. ਸਮੇਤ ਜ਼ਿਲ੍ਹੇ ਦੇ ਬਹੁਤੇ ਅਫ਼ਸਰ ਫਾਈਲਾਂ ਚੁੱਕੀ ਖੜ੍ਹੇ ਸਨ । ਮੈਂ ਸਲਿੱਪ 'ਤੇ ਆਪਣਾ ਨਾਂ ਲਿਖ ਕੇ ਅੰਦਰ ਭੇਜ ਦਿੱਤਾ । ਅਗਲੇ ਹੀ ਪਲ ਮੈਨੂੰ ਅੰਦਰ ਬੁਲਾ ਲਿਆ । ''ਇਹ ਸਾਰੇ ਜੋ ਬਾਹਰ ਖੜ੍ਹੇ ਨੇ, ਜਿੰਨਾ ਚਿਰ ਮਰਜ਼ੀ ਨਾ ਬੁਲਾਵਾਂ, ਖੜ੍ਹੇ ਰਹਿਣਗੇ । ਤੈਨੂੰ ਦੋ ਮਿੰਟ ਨਾ ਬੁਲਾਉਂਦਾ ਤੂੰ ਚਲੇ ਜਾਣਾ ਸੀ ।...ਆ ਹੁਣ ਉਨ੍ਹਾਂ ਦੀ ਵੀ ਸੁਣ ਲਈਏ ।'' ਹੁਣ ਅਸੀਂ ਹਾਲ ਵਿਚ ਆ ਗਏ, ਜਿੱਥੇ ਮੀਟਿੰਗ ਹੋਣੀ ਸੀ । ਪੂਨੀ ਸਾਹਿਬ ਨੇ ਮੇਰੀ ਜਾਣ-ਪਛਾਣ ਬਾਹਲੀ ਵਧਾ ਚੜ੍ਹਾ ਕੇ ਕੀਤੀ ਅਤੇ ਇਥੋਂ ਤੱਕ ਕਹਿ ਦਿੱਤਾ, ''ਮੈਂ ਤਾਂ ਆਪਣੀਆਂ ਗਜ਼ਲਾਂ ਇਹਦੇ ਕੋਲੋਂ ਦਰੁਸਤ ਕਰਵਾਉਂਦਾ ਹਾਂ । ਅੱਜ ਵੀ ਲੈ ਕੇ ਆਇਆ ਹਾਂ । ਸ਼ਾਮ ਨੂੰ ਇਹਦੇ ਘਰ ਜਾ ਕੇ ਠੀਕ ਕਰਵਾਵਾਂਗਾ ।'' ਉਹ ਓਦੋਂ ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸਨ ।

''ਨਹੀਂ ਪੂਨੀ ਸਾਬ੍ਹ! ਮੇ ਰਾ ਮਕਾਨ ਬਹੁਤ ਛੋਟਾ ਹੈ 'ਬੀ' ਟਾਈਪ ਹੈ । ਤੁਹਾਡੇ ਵਰਗੇ ਵੱਡੇ ਬੰਦੇ ਦੇ ਲਾਇਕ ਨਹੀਂ ।'' ਮੇਰੇ ਮੂੰਹੋਂ ਨਿਕਲ ਗਿਆ । ਉਨ੍ਹਾਂ ਨੇ ਡੀ.ਸੀ. ਮਲਕੀਤ ਸਿੰਘ ਕੈਲੇ ਨੂੰ ਆਖਿਆ, ''ਅੱਜ ਨਹੀਂ ਜਾਂਦਾ ਇਹਦੇ ਘਰ ਕੱਲ੍ਹ ਨੂੰ ਜਾਵਾਂਗਾ । ਕੈਲੇ ਸਾਬ੍ਹ! ਉਦੋਂ ਤੱਕ ਭੂਸ਼ਨ ਨੂੰ ਵੱਡਾ ਮਕਾਨ ਅਲਾਟ ਕਰ ਦਿਓ ।''

ਅਗਲੇ ਦਿਨ 'ਏ' ਟਾਈਪ ਕੁਆਰਟਰ ਦੇ ਆਰਡਰ ਜਾਰੀ ਹੋ ਗਏ ।

••••••

39. ਵਰਜਿਤ ਫਲ

ਸ਼ੁਰੂ ਸ਼ੁਰੂ ਵਿਚ ਜਦੋਂ ਰਜਨੀਸ਼ ਦਾ ਨਾਂ ਸੁਣਿਆ, ਉਹ ਨਫ਼ਰਤ ਨਾਲ ਲਿਬੜਿਆ ਹੋਇਆ ਸੀ, ਵਿਵਾਦਾਂ ਵਿੱਚ ਘਿਰਿਆ ਹੋਇਆ । ਚੰਡੀਗੜ੍ਹ ਵਿੱਚ ਅਚਾਰੀਆ ਰਜਨੀਸ਼ ਦੇ ਚੇਲੇ-ਚੇਲੀਆਂ ਭਗਵੇਂ ਬਸਤਰ ਪਾਈ ਫਿਰਦੇ । ਗਲ ਵਿਚ ਉਹਦੀ ਮੂਰਤ ਵਾਲੇ ਲਾਕਿਟ ਲਟਕਾਈ ਫਿਰਦੇ । ਬਹੁਤੇ ਵਿਦਿਆਰਥੀ ਹੁੰਦੇ, ਜਿਹੜੇ ਕਿਰਾਏ ਦੇ ਕਮਰਿਆਂ ਵਿਚ ਰਾਤ- ਰਾਤ ਭਰ ਮਹਿਫਲਾਂ ਜਮਾਉਂਦੇ । ਟੇਪਾਂ ਲਗਾ ਕੇ ਨੱਚਦੇ ਗਾਉਂਦੇ । ਮਾਲਕ-ਮਕਾਨ ਦੁਖੀ ਹੁੰਦੇ, ਗੁਆਂਢੀ ਸ਼ਿਕਾਇਤਾਂ ਲਾਉਂਦੇ, ਗੱਲਾਂ ਬਣਾਉਂਦੇ ।...ਇਹ ਲੋਕ ਕਿਸੇ ਦੀ ਪਰਵਾਹ ਨਾ ਕਰਦੇ । ਆਪਣੀ ਧੁਨ ਵਿੱਚ ਮਸਤ ਰਹਿੰਦੇ । ਵਿਰੋਧੀਆਂ ਨੂੰ ਕੁਝ ਨਾ ਕਹਿੰਦੇ ।

ਅਸੀਂ ਸੁਣਦੇ ਕਿ ਇਹ ਮੁੰਡੇ-ਕੁੜੀਆਂ ਨਸ਼ੇ ਕਰਦੇ ਨੇ । ਅੱਯਾਸ਼ੀ ਕਰਦੇ ਨੇ । ਹਰ ਕਿਸਮ ਦੀ ਖੁੱਲ੍ਹ ਮਾਣਦੇ ਨੇ । ਕਿਸੇ ਧਾਰਮਿਕ ਮਰਿਆਦਾ ਨੂੰ ਨਹੀਂ ਮੰਨਦੇ । ਕਿਸੇ ਕਿਸਮ ਦੇ ਪੁਰਾਤਨ ਕਰਮਕਾਂਡ ਵਿਚ ਵਿਸ਼ਵਾਸ ਨਹੀਂ ਰੱਖਦੇ । ਯੋਗ ਅਭਿਆਸ ਕਰਦੇ ਨੇ । ਸਮਾਧੀ ਵੀ ਲਾਉਂਦੇ ਨੇ । ਰੋਜ਼-ਮੱਰਾ ਦੇ ਕੰਮ-ਕਾਜ ਡਿਊਟੀ ਵਾਂਗ ਨਿਭਾਉਂਦੇ ਨੇ । ਕਿਸੇ ਨਾਲ ਉਲਝਦੇ ਨਹੀਂ, ਬਹਿਸ ਨਹੀਂ ਕਰਦੇ । ਪਰ ਆਪਣੀ ਗੱਲ ਕਹਿਣੋਂ ਨਹੀਂ ਡਰਦੇ । ਇਨ੍ਹਾਂ ਮੁੰਡੇ-ਕੁੜੀਆਂ ਦੀ ਵੱਖਰੀ ਪਛਾਣ ਬਣ ਰਹੀ ਸੀ । ਇਸ ਤੋਂ ਪਹਿਲਾਂ ਅਸੀਂ ਸਫ਼ੇਦ ਬਸਤਰਧਾਰੀ ਬ੍ਰਹਮਕੁਮਾਰੀਆਂ ਨੂੰ ਜਾਣ ਚੁੱਕੇ ਸਾਂ । ਲੈਨਿਨ ਦਾ ਬਿੱਲਾ ਹਿੱਕ ਨਾਲ ਲਾ ਕੇ ਕਾਫ਼ੀ ਹਾਊਸਾਂ 'ਚ ਆਉਂਦੇ ਜਾਂਦੇ ਕਾਮਰੇਡਾਂ ਨੂੰ ਪਛਾਣ ਚੁੱਕੇ ਸਾਂ । ਵਿਦੇਸ਼ੀ ਹਿੱਪੀਆਂ ਦੀ ਧੁਨ ਸਾਡੇ ਸਾਹਿਤ ਵਿੱਚ ਸ਼ਮਸ਼ਾਨੀ ਪੀੜ੍ਹੀ ਰਾਹੀਂ ਸੁਣਾਈ ਦੇਣ ਲੱਗੀ । ਊਲ-ਜਲੂਲਵਾਦ ਨੂੰ ਵਿਦਵਾਨਾਂ ਦੀ ਪ੍ਰਵਾਨਗੀ ਮਿਲਦੀ ਜਾਪੀ । ਕਵਿਤਾ ਨੂੰ 'ਅਕਵਿਤਾ' ਨੇ ਗੱਦੀ ਛੱਡਣ ਲਈ ਆਖ ਦਿੱਤਾ । ਕਹਾਣੀ ਦੇ ਪਿੱਛੇ 'ਅਕਹਾਣੀ' ਲਿਬੜੇ ਹੱਥੀਂ ਪੈ ਗਈ । ਐੜੇ ਦਾ ਅਗੇਤਰ ਏਨਾ ਭਾਰੂ ਹੋਇਆ ਕਿ ਸਭ ਕੁਝ ਨਾਂਹਵਾਚਕ ਜਿਹਾ ਜਾਪਣ ਲੱਗਾ । ਨਵੇਂ ਯੁੱਗ ਦਾ ਮਨੁੱਖ ਓਭੜ ਪੈਮਾਨਿਆਂ ਨਾਲ ਵਸਤਾਂ 'ਤੇ ਸੰਕਲਪਾਂ ਦੇ ਆਕਾਰ ਨਾਪਣ ਲੱਗਾ । ਚੰਡੀਗੜ੍ਹ ਰਹਿੰਦਿਆਂ ਇਹ ਤਬਦੀਲੀ ਨਵੀਂ ਖੇਡ ਵਾਂਗ ਲਗਦੀ । ਲਗਦਾ ਜਿਵੇਂ ਕੁਝ ਲੋਕ ਪਹਿਲਾਂ ਜਾਗ ਪਏ ਨੇ ਅਤੇ ਸੁੱਤਿਆਂ ਦੀ ਨੀਂਦ ਵਿੱਚ ਵਿਘਨ ਪਾ ਰਹੇ ਨੇ । ਇਹ ਜਾਗ ਤਾਂ ਪਏ ਨੇ ਪਰ ਪਤਾ ਨਹੀਂ ਲਗਦਾ ਕਰਨਾ ਕੀ ਏ ਇਨ੍ਹਾਂ ਨੇ ।

ਇਹ ਉਹ ਵੇਲਾ ਸੀ ਜਦੋਂ ਅਸੀਂ ਰਾਸ਼ਟਰ ਦੇ ਰੂਪ ਵਿੱਚ ਵੀ ਜਾਗਣ ਦੀ ਕੋਸ਼ਿਸ਼ ਕਰ ਰਹੇ ਸਾਂ । ਅੰਗਰੇਜ਼ਾਂ ਨੂੰ ਤੋਰ ਕੇ ਅੰਗਰੇਜ਼ੀ ਦੇ ਅਭਿਮਾਨੀ ਬਣ ਰਹੇ ਸਾਂ । ਦੁਨੀਆ ਦੇ ਹਾਣ ਦਾ ਹੋਣ ਲਈ ਹੱਥ ਪੈਰ ਮਾਰ ਰਹੇ ਸਾਂ । ਅੰਦਰਲੇ ਝੱਲ ਨੂੰ ਬਾਹਰ ਖਿਲਾਰ ਰਹੇ ਸਾਂ । ਆਜ਼ਾਦ ਭਾਰਤ ਵਿੱਚ ਇਹ ਸ਼ਤਾਬਦੀਆਂ ਦਾ ਦੌਰ-ਦੌਰਾ ਸੀ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਤਾਬਦੀ ਅਸਾਂ ਵੱਡੇ ਪੱਧਰ 'ਤੇ ਮਨਾਈ । ਲੈਨਿਨ ਦੀ ਸ਼ਤਾਬਦੀ ਵੀ ਆਈ । ਨਵੇਂ ਮਾਹੌਲ ਵਿੱਚ ਲੋਕ ਨਵੀਂ ਜ਼ਮੀਨ 'ਤੇ ਪੈਰ ਧਰਨ ਲੱਗੇ । ਪੁਰਾਣੀਆਂ ਰਵਾਇਤਾਂ ਵਿੱਚ ਨਵੇਂ ਅਰਥ ਭਰਨ ਲੱਗੇ । ਮੁਲਕ ਕੀ ਆਜ਼ਾਦ ਹੋਇਆ ਸਾਡੀ ਨਜ਼ਮ ਵੀ ਆਜ਼ਾਦ ਹੋ ਗਈ । ਉੱਡਣ ਦੀ ਸੰਭਾਵਨਾ ਵਿੱਚ ਖੰਭਾਂ ਦੀ ਦੁਨੀਆ ਆਬਾਦ ਹੋ ਗਈ....ਕੁਝ ਲੋਕ ਸੁਪਨੇ ਲੈ ਰਹੇ ਸਨ । ਉਨ੍ਹਾਂ ਨੂੰ ਸੁਪਨੀਲੇ ਖ਼ਿਆਲ ਫੁਰ ਰਹੇ ਸਨ । ਅਸੀਂ ਸਮਝਦੇ ਸਾਂ ਕਿ ਉਹ ਨੀਂਦਰ ਵਿੱਚ ਤੁਰ ਰਹੇ ਸਨ । ਇਸ ਦੌਰ ਵਿੱਚ ਰਜਨੀਸ਼ ਦੇ ਪੈਰੋਕਾਰਾਂ ਦਾ ਘੇਰਾ ਵਸੀਹ ਹੁੰਦਾ ਗਿਆ । ਘਰਦਿਆਂ ਤੋਂ ਚੋਰੀ ਮੁੰਡੇ-ਕੁੜੀਆਂ ਉਨ੍ਹਾਂ ਨਾਲ ਜੁੜਦੇ ਗਏ । ਕਈਆਂ ਦੇ ਕਦਮ ਤਾਂ ਬਦੋਬਦੀ ਉਸ ਪਾਸੇ ਵੱਲ ਮੁੜਦੇ ਗਏ । ਕਿਤਾਬਾਂ, ਕੈਸੇਟਾਂ ਤੇ ਲਾਕਿਟ ਵਰਜਿਤ ਫਲ ਵਾਂਗ ਚੱਖੇ ਜਾਂਦੇ । ਲੁਕਾ-ਲੁਕਾ ਰੱਖੇ ਜਾਂਦੇ । ਕਿਸੇ ਲਾਇਬਰੇਰੀ ਵਿੱਚ ਰਜਨੀਸ਼ ਦੀ ਕਿਤਾਬ ਨਹੀਂ ਸੀ ਹੁੰਦੀ, ਫੇਰ ਵੀ ਲੋਕ ਪੜ੍ਹਦੇ । ਮਨਾਹੀ ਨਾਲ ਜਗਿਆਸਾ ਵਧਦੀ ਏ । ਵਧੀ ਗਈ । ਦੇਸ਼ ਤੋਂ ਬਾਹਰ ਚਲੀ ਗਈ । ਸੰਸਾਰ ਦੇ ਨਕਸ਼ੇ 'ਤੇ ਫੈਲ ਗਈ । ਇਸ ਲਹਿਰ ਦਾ ਗਰਾਫ਼ ਸਿਖ਼ਰਾਂ ਛੋਹ ਗਿਆ ਤੇ ਰਜਨੀਸ਼ 'ਅਚਾਰੀਆ' ਤੋਂ 'ਓਸ਼ੋ' ਹੋ ਗਿਆ ।

ਲਹਿਰਾਂ ਬਣਦੀਆਂ ਰਹੀਆਂ, ਢਹਿੰਦੀਆਂ ਰਹੀਆਂ । ਖਹਿਬੜਦੀਆਂ ਰਹੀਆਂ, ਖਹਿੰਦੀਆਂ ਰਹੀਆਂ । ਰੰਗਾਂ ਵਾਲੇ ਪਾਸੇ ਵੀ ਕਮਾਲ ਹੋਈ ਗਿਆ । ਭਗਵਾ ਹੋਰ ਭਗਵਾ ਤੇ ਲਾਲ ਹੋਰ ਲਾਲ ਹੋਈ ਗਿਆ ।

ਜਿਸ ਹੋਵੇ ਹਥਿਆਉਣੀ ਸੱਤਾ ।
ਉਸ ਨੂੰ ਹੋਣਾ ਪੈਂਦਾ ਤੱਤਾ ।

ਤੱਤਾ ਹੋਰ ਤੱਤਾ ਹੁੰਦਾ ਗਿਆ । ਉਥਾਲ ਜਾਰੀ ਰਹੇ । ਕਾਠ ਦੇ ਭਾਂਡੇ ਤਾਂ ਇਕੋ ਵਾਰੀ ਚੜ੍ਹਨੇ ਸੀ, ਚੜ੍ਹ ਗਏ । ਬਾਕੀਆਂ ਨੇ ਕਿਸੇ ਦਾ ਕੁਝ ਨਾ ਵਿਗਾੜਿਆ, ਉਨ੍ਹਾਂ ਦੇ ਆਪਣੇ ਈ ਕੰਢੇ ਸੜ ਗਏ । ਹਥਿਆਰਾਂ ਨਾਲ ਤਬਦੀਲੀ ਲਿਆਉਣ ਦੀ ਕਾਹਲ ਵਿੱਚ ਕਿਤੇ ਤੋੜ-ਭੰਨ ਹੋ ਰਹੀ ਸੀ, ਕਿਤੇ ਢਾਹ-ਭੰਨ । ਪਹਿਲਾਂ ਸੁਪਨੇ ਉਲੀਕੇ ਗਏ । ਫਿਰ ਸੁਪਨੇ ਸਾਕਾਰ ਹੋਣ ਦੀਆਂ ਤਰੀਕਾਂ ਮਿੱਥ ਲਈਆਂ । ਆਪਣਾ ਸੁਨੇਹਾ ਖ਼ੁਦ ਨੂੰ ਸੁਣਾਇਆ । ਇਨਕਲਾਬ ਆਇਆ ਕਿ ਆਇਆ ।

ਅੱਡ-ਅੱਡ ਮੁਹਾਜ਼ਾਂ 'ਤੇ ਜੰਗ ਹੋ ਰਹੀ ਸੀ । ਅਮਨ ਪਸੰਦ ਖ਼ਲਕਤ ਤੰਗ ਹੋ ਰਹੀ ਸੀ । ਕੋਈ ਭਾਵੇਂ ਕਿਸੇ ਮੁਹਾਜ਼ 'ਤੇ ਲੜ ਰਿਹਾ ਸੀ । ਓਸ਼ੋ ਨੂੰ ਜ਼ਰੂਰ ਪੜ੍ਹ ਰਿਹਾ ਸੀ । ਕੋਈ ਆਪਣੇ ਜੀਵਨ ਦਾ ਖ਼ਾਲੀਪਨ ਭਰਨ ਲਈ ਤੇ ਕੋਈ ਓਸ਼ੋ ਦਾ ਵਿਰੋਧ ਕਰਨ ਲਈ । ਓਸ਼ੋ ਨੇ ਵਿਅਕਤੀ ਦੇ ਗੌਰਵ ਨੂੰ ਜਗਾਇਆ । ਹਰ ਕਿਸਮ ਦੀ 'ਸੰਸਥਾ' ਦਾ ਮੌਜੂ ਉਡਾਇਆ । ਖੇਮਿਆਂ ਵਿੱਚ ਵੰਡੀਆਂ ਹੋਈਆਂ ਦੁਨੀਆ ਭਰ ਦੀਆਂ ਸੰਸਥਾਵਾਂ ਇਕ ਹੋ ਗਈਆਂ । ਸਾਰਾ ਹੋ-ਹੱਲਾ ਇਕ ਪਾਸੇ 'ਓਸ਼ੋ' ਇੱਕਲਾ ਇਕ ਪਾਸੇ । ਖ਼ੁਦ ਵਿਰੋਧ ਸਹੇੜਿਆ ਪਰ ਸਾਰੇ ਵਿਰੋਧੀਆਂ ਦਾ ਪ੍ਰਸਪਰ ਮੇਲ ਕਰ ਦਿੱਤਾ । ਕਿਸੇ ਨੇ ਆਪੇ ਉਹਨੂੰ 'ਰੱਬ' ਬਣਾਇਆ, ਆਪੇ ਫੇਅਲ ਕਰ ਦਿੱਤਾ । ਉਹ ਹਮੇਸ਼ਾ ਛਿੜਨ ਵਾਲਿਆਂ ਨੂੰ ਛੇੜਦਾ ਰਹਿੰਦਾ । ਆਪਣੇ ਆਪ ਨੂੰ 'ਭਗਵਾਨ' ਕਹਿੰਦਾ । 'ਭਗਵਾਨ' ਦੇ ਬੰਦਿਆਂ ਵਰਗੇ ਅਰਥ ਦੱਸਦਾ । ਅਸੀਂ ਚਿੜਦੇ ਉਹ ਹੱਸਦਾ । ਮੌਜ ਵਿੱਚ ਆ ਕੇ ਘੋਸ਼ਣਾ ਕਰਦਾ 'ਇਹ ਬ੍ਰਹਿਮੰਡ ਇਕ ਬਹੁਤ ਵੱਡਾ ਮਜ਼ਾਕ ਏ...ਤੇ ਮੈਂ ਮਜ਼ਾਕ ਨਹੀਂ ਕਰ ਰਿਹਾ ।' ਜੇ ਉਹਦੀ ਕਿਸੇ ਗੱਲ 'ਤੇ ਕੋਈ ਸ਼ੰਕਾ ਕਰਦਾ ਤਾਂ ਮੁੱਲਾ ਨਸੀਰੂਦੀਨ ਤਟ-ਫਟ ਹਾਮੀ ਭਰਦਾ । ਮੁੱਲਾ ਕੋਲ ਲਤੀਫ਼ੇ ਹੀ ਲਤੀਫ਼ੇ ਨੇ, ਤਰਕ ਨਹੀਂ । ਓਸ਼ੋ ਲਈ ਸੱਚ ਤੇ ਲਤੀਫ਼ੇ ਵਿੱਚ ਫ਼ਰਕ ਨਹੀਂ ।...ਬੰਦੇ ਨੂੰ ਜ਼ਿੰਦਗੀ ਦਾ ਚਾਨਣਾ ਪਾਸਾ ਚੰਗਾ ਲੱਗਦੈ । ਰੋਣੇ-ਧੋਣੇ ਨਾਲੋਂ ਹਾਸਾ ਚੰਗਾ ਲੱਗਦੈ ।... ਪੜ੍ਹਨ ਦੀ ਆਦਤ ਪਿੰਡ ਤੋਂ ਹੀ ਪਈ ਹੋਈ ਸੀ । ਧਰਮਪੋਥੀਆਂ ਅਤੇ ਸੰਤ ਬਾਣੀ ਨਾਲ ਮਾੜੀ-ਮੋਟੀ ਜਾਣ-ਪਛਾਣ ਹੋ ਚੁੱਕੀ ਸੀ । ਚੰਡੀਗੜ੍ਹ ਆ ਕੇ ਸੋਵੀਅਤ ਸਾਹਿਤ ਨਿੱਠ ਕੇ ਪੜ੍ਹਿਆ, ਮਾਣਿਆ । ਬਹੁਤ ਕੁਝ ਨਵਾਂ ਜਾਣਿਆ । ਅਦਬੀ ਲਹਿਰਾਂ ਨੇ ਆਪਣੇ ਨਾਲ ਤੋਰੀ ਰੱਖਿਆ । ਅਦਬੀ ਹਸਤੀਆਂ ਨੇ ਬਹੁਤ ਕੁਝ ਸਿਖਾਇਆ । ਹੌਲੀ-ਹੌਲੀ ਸੁਣਨ ਤੇ ਪੜ੍ਹਨ ਦਾ ਵੱਲ ਆਇਆ । ਜਦੋਂ ਤੱਕ ਬੂਹੇ-ਬਾਰੀਆਂ ਪੂਰੀ ਤਰ੍ਹਾਂ ਨਹੀਂ ਸਨ ਖੁੱਲ੍ਹੇ, ਉਦੋਂ ਰਜਨੀਸ਼ ਦਾ ਨਾਂ ਸੁਣਨਾ ਵੀ ਔਖਾ ਲੱਗਦਾ ।

'ਨਾਗਮਣੀ' ਵਿੱਚ ਓਸ਼ੋ ਧਾਰਾ ਵਗਣ ਲੱਗੀ ਤਾਂ ਪਰਚਾ ਪੜ੍ਹਨਾ ਬੰਦ ਕਰ ਦਿੱਤਾ । ਜੋਤਿਸ਼ ਦੀਆਂ ਕਹਾਣੀਆਂ ਤੇ ਤਾਰਿਆਂ ਦੀਆਂ ਗੱਲਾਂ ਫਜ਼ੂਲ ਲੱਗਦੀਆਂ ।...ਬਿਨਾਂ ਪੜ੍ਹਨ ਤੋਂ ਵਿਰੋਧ ਕਰਨ ਵਿੱਚ ਮਜ਼ਾ ਆਉਂਦਾ । ਜਦੋਂ ਪੜ੍ਹ ਕੇ ਵੇਖਿਆ ਤਾਂ ਆਪਣੀ ਮੂਰਖਤਾ 'ਤੇ ਸ਼ਰਮ ਆਉਣ ਲੱਗੀ । ਪ੍ਰਸੰਗ ਤੋਂ ਬਾਹਰ ਕੋਈ ਇਕ ਅੱਧ ਫ਼ਿਕਰਾ ਲੈ ਕੇ ਓਸ਼ੋ ਨੂੰ ਮੰਦਾ ਬੋਲੀ ਜਾਣਾ । ਆਪਣੀ ਮੂਰਖਤਾ ਦੀ ਗੰਢੜੀ ਸ਼ਰੇਆਮ ਖੋਲ੍ਹੀ ਜਾਣਾ । ....ਨਕਸਲਬਾੜੀ ਲਹਿਰ ਮਗਰੋਂ ਐਮਰਜੈਂਸੀ ਲੱਗ ਕੇ ਹਟ ਗਈ । ਕੇਂਦਰ 'ਚੋਂ ਕਾਂਗਰਸ ਹਟ ਗਈ । ਮੁਰਾਰਜੀ ਭਾਈ ਐਂਡ ਪਾਰਟੀ ਆਈ ਗਈ ਹੋ ਗਈ । ਪੰਜਾਬ ਦਾ ਪੁਨਰਗਠਨ ਹੋ ਕੇ ਵੀ ਠੰਢ ਨਹੀਂ ਸੀ ਪਈ । ਮਾਹੌਲ ਤੱਤੇ ਪਾਸੇ ਮੁੜ ਰਿਹਾ ਸੀ । ਕਲਮਾਂ ਨੂੰ ਕੁਝ ਅਹੁੜ ਨਹੀਂ ਸੀ ਰਿਹਾ ।

ਜਦੋਂ ਲਿਖਿਆ ਨਾ ਜਾਏ ਉਦੋਂ ਪੜ੍ਹਨ ਲਈ ਵਕਤ ਵੱਧ ਹੁੰਦੈ । ਰੋਪੜ ਆ ਕੇ ਇੱਕਲ, ਇਕਾਂਤ ਮਿਲ ਗਈ । ਕਿਤਾਬਾਂ ਦੀ ਭਾਲ ਸ਼ੁਰੂ ਕੀਤੀ । ਵੱਖਰੀ ਕਿਸਮ ਦੀਆਂ ਕਿਤਾਬਾਂ । ਨਾਵਲ, ਕਹਾਣੀ, ਕਵਿਤਾ...ਨਹੀਂ । ਜੀਵਨੀਆਂ, ਸਵੈ-ਜੀਵਨੀਆਂ ਲੱਭ-ਲੱਭ ਪੜ੍ਹੀਆਂ । ਉਨ੍ਹਾਂ ਵਿੱਚ ਸਵਾਮੀ ਰਾਮਕ੍ਰਿਸ਼ਨ ਪਰਮਹੰਸ, ਵਿਵੇਕਾਨੰਦ ਅਤੇ ਰਾਮਤੀਰਥ ਜੀ ਦੀਆਂ ਜੀਵਨੀਆਂ ਵੀ ਹੱਥ ਲੱਗੀਆਂ । ਸੁਣੀਆਂ ਸੁਣਾਈਆਂ ਗੱਲਾਂ ਨੂੰ ਪ੍ਰਮਾਣਿਕਤਾ ਦੀ ਕਸੌਟੀ ਮਿਲ ਰਹੀ ਸੀ । ਗੀਤਾ ਤੇ ਗੀਤਾਂਜਲੀ ਦੇ ਕਈ ਅਨੁਵਾਦ ਵਾਚੇ । ਗੀਤਾ ਪ੍ਰੈੱਸ ਗੋਰਖਪੁਰ ਵਾਲਿਆਂ ਦੇ ਛਪੇ ਉਪਨਿਸ਼ਦ ਤੇ ਪੁਰਾਣ ਖਰੀਦ ਲਿਆਂਦੇ । ਵਾਰੀ-ਵਾਰੀ ਪੜ੍ਹੀ ਗਿਆ । ਇਹ ਵੱਖਰੀ ਤਰ੍ਹਾਂ ਦੇ ਦਿਨ ਸਨ । ਵਕਤ ਦਾ ਪਤਾ ਹੀ ਨਹੀਂ ਸੀ ਲੱਗਦਾ । 'ਯੋਗ ਵਸ਼ਿਸ਼ਠ' ਤਾਂ ਕਈ ਵਾਰ ਪੜ੍ਹਿਆ । ਇਸ ਦਾ ਜ਼ਿਕਰ ਸਵਾਮੀ ਰਾਮਤੀਰਥ ਨੇ ਆਪਣੀ ਡਾਇਰੀ ਵਿੱਚ ਵਾਰ-ਵਾਰ ਕੀਤਾ ਹੋਇਐ । ਗ੍ਰੰਥ ਵਿੱਚ ਰਾਮਚੰਦਰ ਨੂੰ ਸਧਾਰਨ ਮਨੁੱਖ ਵਾਂਗ ਕਮਜ਼ੋਰੀਆਂ ਸਹਿਤ, ਵਿਖਾਇਆ ਗਿਐ, ਜਿਹੋ-ਜਿਹਾ ਕੋਈ ਆਮ ਰਾਜਕਮੁਾਰ ਹੁੰਦੈ । ਮੌਜ- ਮਸਤੀ ਵਿੱਚ ਗ੍ਰਸਤ । ਗੁਰੂ ਵਸ਼ਿਸ਼ਠ ਤੋਂ ਉਹ ਪ੍ਰਸ਼ਨ ਪੁੱਛਦਾ ਹੈ । ਸਮਝ ਨਹੀਂ ਆਉਂਦੀ ਤਾਂ ਮੁੜ ਮੁੜ ਪੁੱਛਦੈ । ਇਨ੍ਹਾਂ ਸਵਾਲਾਂ ਜਵਾਬਾਂ ਵਿੱਚ ਕਥਾ ਪ੍ਰਸੰਗਾਂ ਦੁਆਰਾ ਜ਼ਿੰਦਗੀ ਅਤੇ ਬ੍ਰਹਿਮੰਡ ਦੀਆਂ ਡੂੰਘੀਆਂ ਰਮਜ਼ਾਂ ਨੂੰ ਠਰੰ੍ਹਮੇ ਨਾਲ ਸਮਝਾਇਆ ਗਿਐ । ਸਵਾਮੀ ਰਾਮ ਤੀਰਥ ਨੇ ਇਸ ਗ੍ਰੰਥ ਨੂੰ ਸਾਧਾਰਨ ਨਾਲੋਂ ਉੱਚੀ ਜਗ੍ਹਾ ਬੈਠ ਕੇ ਪੜ੍ਹਨ ਦਾ ਮਸ਼ਵਰਾ ਦਿੱਤਾ ਸੀ । ਮੈਂ ਇਸ ਨੂੰ ਆਪਣੇ ਫਲੈਟ ਦੀ ਛੱਤ 'ਤੇ ਬੈਠ ਕੇ ਪੜ੍ਹਿਆ । ਉੱਚੇ ਚੜ੍ਹ ਕੇ ਪੜ੍ਹਨ ਦਾ ਆਨੰਦ ਪਹਿਲੀ ਵਾਰ ਪਤਾ ਲੱਗਾ ।

ਇਸ ਦੌਰਾਨ ਬ੍ਰਿਜਲਾਲ ਸ਼ਾਸਤਰੀ ਹੁਰਾਂ ਦੀ ਘਰੇਲੂ ਲਾਇਬਰੇਰੀ 'ਚੋਂ ਜਿਹੜੀਆਂ ਪੁਸਤਕਾਂ ਹੱਥ ਲੱਗੀਆਂ ਉਨ੍ਹਾਂ ਵਿੱਚ ਰਜਨੀਸ਼ ਦੀਆਂ ਵੀ ਸਨ ਤਿੰਨ ਚਾਰ, ਨਿੱਕੀਆਂ ਨਿੱਕੀਆਂ । ਪੇਪਰ ਬੈਕ । 'ਕ੍ਰਾਂਤੀ ਬੀਜ' ਵਿੱਚ ਨਿੱਕੀਆਂ ਨਿੱਕੀਆਂ ਵਾਰਤਕ ਟੁਕੜੀਆਂ ਨੇ । ਡਾਇਰੀ ਦੇ ਪੰਨਿਆਂ ਵਰਗੀਆਂ । ਵਾਰਤਕ ਵਿਚ ਲਿਖੀ ਹੋਈ ਕਵਿਤਾ । ਬਸ , ਲੱਗ ਗਈ ਚਿਣਗ । ਇਕ ਪਿੱਛੋਂ ਦੂਜੀ, ਤੀਜੀ, ਚੌਥੀ.. । ਕੈਸੇਟਾਂ ਲਿਆਂਦੀਆਂ । ਚੰਡੀਗੜ੍ਹੋਂ ਨਾ ਮਿਲਿਆ ਤਾਂ ਦਿੱਲੀਓਂ ਮੰਗਵਾਈਆਂ । ਲਾਜਪਤ ਭਵਨ ਵਾਲੇ ਸਟਾਲ ਤੋਂ ਸਮੱਗਰੀ ਲਈ ਆਉਣਾ । ਪੜ੍ਹੀ ਜਾਣਾ । ਸੁਣੀ ਜਾਣਾ । ...ਨਸ਼ੇ ਵਰਗੀ ਹਾਲਤ ਸੀ । ਅਜੀਬ ਜਿਹੀ ਖਿੱਚ । ਤੜਪ । ਉਥਲ-ਪੁਥਲ । ਨਵਾਂ ਨਵਾਂ । ਚੰਗਾ ਚੰਗਾ । ...ਪੁਰਾਣੇ ਪੜ੍ਹੇ ਦੇ ਨਵੇਂ ਅਰਥ ਉਘੜਨ ਲੱਗੇ । ਨਵਾਂ ਪੜ੍ਹਨ ਦਾ ਵੱਖਰਾ ਸੁਆਦ ਆਉਣ ਲੱਗਾ । ਓਸ਼ੋ ਲਿਖਦਾ ਨਹੀਂ, ਬੋਲਦਾ ਹੈ । ਪੜ੍ਹਨ ਵੇਲੇ ਅੱਖਾਂ ਤੇ ਕੰਨ ਇਕ ਮਿਕ ਹੋ ਜਾਂਦੇ ਨੇ । ਲੱਗਾ ਜਿਵੇਂ ਹੁਣ ਤੱਕ ਭੂਮਿਕਾ ਤਿਆਰ ਹੋ ਰਹੀ ਸੀ । ਏਦੂੰ ਪਹਿਲਾਂ ਇਹ ਭਾਣਾ ਵਾਪਰ ਹੀ ਨਹੀਂ ਸੀ ਸਕਦਾ ।

ਹਮ ਸੁਖਨ ਫਹਿਮ ਹੈਾ ਗਾਲਿਬ ਕੇ ਤਰਫਦਾਰ ਨਹੀਂ । ਇਸ ਲਈ ਮੂੰਹ ਆਈ ਬਾਤ ਆਪੇ ਨਿਕਲਦੀ ਜਾ ਰਹੀ ਏ । ਅੱਜ ਓਸ਼ੋ ਨੂੰ ਕਾਫ਼ੀ ਹੱਦ ਤੱਕ ਸਵੀਕਾਰ ਕਰ ਲਿਆ ਗਿਐ । 'ਇਕ ਓਂਕਾਰ ਸਤਿਨਾਮੁ' ਸ਼ੀਰਸ਼ਕ ਹੇਠ ਜੁਪਜੀ ਸਾਹਿਬ 'ਤੇ ਕੀਤੀ ਕੁਮੈਂਟਰੀ ਕਾਰਨ ਉਹਦੀਆਂ ਕੁਝ ਹੋਰ ਕਿਤਾਬਾਂ ਨੂੰ ਵੀ ਪੰਜਾਬ ਦੀਆਂ ਲਾਇਬ੍ਰੇਰੀਆਂ ਵਿੱਚ ਦਾਖ਼ਲਾ ਮਿਲ ਗਿਐ । ਜਿਉਂ ਜਿਉਂ ਗੁਰਮੁਖੀ ਜਾਨਣ ਵਾਲੇ ਲੋਕ ਉਹਨੂੰ ਪੜ੍ਹਨਗੇ ਤਿਉਂ ਤਿਉਂ ਪੰਜਾਬੀ ਦਾ ਭਲਾ ਹੋਏਗਾ । ਪੂਰਨ ਸਿੰਘ ਦੇ ਸੁਪਨਿਆਂ ਵਾਲਾ ਖੁੱਲ੍ਹਾ ਡੁੱਲ੍ਹਾ ਪੰਜਾਬ ਉਦੈ ਹੋਏਗਾ ।

ਓਸ਼ੋ ਨੇ ਨਵਾਂ ਕੁਝ ਨਹੀਂ ਕਿਹਾ । ਪੁਰਾਣੇ ਕਹੇ ਨੂੰ ਨਵੇਂ ਮੁਹਾਵਰੇ 'ਚ ਢਾਲਿਐ । ਮੀਡੀਆ ਤੇ ਤਕਨਾਲੋਜੀ ਦੀ ਵਰਤੋਂ ਨਾਲ ਭਾਰਤ ਨੂੰ ਵਿਸ਼ਵ ਮੰਚ 'ਤੇ ਸੁਸ਼ੋਭਿਤ ਕੀਤੈ । ਜਿੰਨੀ ਉਮਰ 'ਚ ਜਿੰਨਾ ਉਹਨੇ ਬੋਲਿਐ, ਰਚਿਐ, ਓਨੀ ਉਮਰ 'ਚ ਓਨਾ ਪੜ੍ਹਿਆ ਨਹੀਂ ਜਾ ਸਕਦਾ । ਉਹ ਅਲੋਕਾਰ ਜਿਹਾ ਕਥਾਵਾਚਕ ਹੈ, ਦਾਰਸ਼ਨਿਕ ਨਹੀਂ । ਉਸ ਦੇ ਬੋਲਾਂ ਵਿੱਚ ਧਰਮ, ਰਾਜਨੀਤੀ, ਵਿਗਿਆਨ, ਕਲਾ, ਸਾਹਿਤ, ਇਤਿਹਾਸ, ਭੂਗੋਲ...ਸਭ ਇਕ ਹੋ ਜਾਂਦੇ ਨੇ । ਦੁਨੀਆ ਦੇ ਸਾਰੇ ਬੁੱਧ ਪੁਰਸ਼ ਸਾਡੀ ਸਮਝ ਵਿੱਚ ਆਉਣ ਵਾਲੀ ਭਾਸ਼ਾ ਬੋਲਦੇ ਨੇ । ਉਹ ਗੱਲ ਨੂੰ ਉਲਝਾਉਂਦਾ ਨਹੀਂ । ਸਮਝਾਉਂਦਾ ਹੈ । ਉਸ ਦੀ ਸ਼ੈਲੀ ਵਿਚ ਕਰੁਣਾ ਹੈ, ਸ਼ਬਦਾਂ ਵਿੱਚ ਰਸ ਹੈ । ਆਮ ਆਦਮੀ ਦੇ ਪੱਲੇ ਪੈਂਦੈ ।

ਓਸ਼ੋ ਨੂੰ ਪੜ੍ਹ ਕੇ ਆਪਣੇ ਨਵੇਂ ਲਿਖੇ ਜਾ ਰਹੇ ਸਾਹਿਤ ਨੂੰ ਪੜ੍ਹੀਏ ਤਾਂ ਪਤਾ ਲੱਗੇਗਾ ਕਿ ਉਹ ਕਿਸ ਕਿਸ ਲੇਖਕ ਦੀ ਰਚਨਾ ਵਿੱਚ ਹੂ-ਬ ਹੂ- ਅਵਤਰਿਤ ਹੋ ਗਿਐ । ਉਹਦੀ ਵਾਰਤਕ ਨੂੰ ਕੀਹਨੇ ਕਵਿਤਾ ਵਾਂਗ ਤੋੜ-ਮਰੋੜ ਲਿਐ ।...ਪਰ ਉਹ ਤਾਂ ਖ਼ੁਦ ਕਹਿੰਦਾ ਹੈ ਕਿ ਕੁਝ ਵੀ ਵਰਜਿਤ ਨਹੀਂ । ਸੰਸਾਰ ਨੂੰ ਮਾਣੋ ਪਰ ਪੂਰੀ ਤਰ੍ਹਾਂ ਜਾਗ ਕੇ ।

ਨਾ ਬੱਝੋ
ਨਾ ਭੱਜੋ
ਸਿਰਫ ਜਾਗੋ

ਓਸ਼ੋ ਨੂੰ ਪੜ੍ਹ ਕੇ 'ਮਰਨ' ਦੀ ਜਾਚ ਆ ਜਾਂਦੀ ਏ ਅਰਥਾਤ ਜੀਵਨ ਦੇ ਅਰਥ ਲੱਭਦੇ ਨੇ । ਉਸ ਨੂੰ ਸੁਣਨ ਲਈ ਤਿੰਨ ਤਹਿਆਂ 'ਚੋਂ ਲੰਘਣਾ ਪੈਂਦਾ ਏ:

ਮੇਰੇ ਸ਼ਬਦ 'ਕੁਛ' ਕਹਿੰਦੇ ਨੇ ।
ਮੇਰਾ ਮੌਨ 'ਬਹੁਤ ਕੁਛ' ਕਹਿੰਦਾ ਏ ।
ਮੇਰਾ ਅਸਤਿੱਤਵ 'ਸਭ ਕੁਛ' ਕਹਿੰਦਾ ਏ ।''

ਮੇਰੇ ਕਹੇ 'ਤੇ ਅੰਨ੍ਹੇਵਾਹ ਭਰੋਸਾ ਕਰਨ ਦੀ ਲੋੜ ਨਹੀਂ । ਇਹ ਮੇਰੇ ਨਿੱਜੀ ਵਿਚਾਰ ਨੇ, ਇਕੱਲੇ ਦੇ । ਤੁਸੀਂ ਆਪਣੇ ਵਿਚਾਰ ਬਣਾਇਓ । ਪਰ ਪੜ੍ਹਕੇ ।

••••••

40. ਰੰਗੇ ਹੱਥੀਂ

ਹੋਲੀਆਂ ਸ਼ੁਰੂ ਨੇ । ਪਹਿਲੀ ਅਪਰੈਲ ਨੂੰ ਮੂਰਖ ਦਿਵਸ ਵੀ ਆਉਣ ਵਾਲੈ । ਇਹ ਰੰਗ-ਬਰੰਗਾ ਮੌਸਮ ਛੇੜਖ਼ਾਨੀਆਂ ਕਰਦੈ । ਮਾਹੌਲ ਸ਼ਰਾਰਤੀ ਜਿਹਾ ਹੋਈ ਜਾਂਦੈ । ਹੱਸਣ-ਖੇਡਣ ਨੂੰ ਚਿੱਤ ਕਰਦੈ । ਮਖ਼ੌਲ ਮਖੌਲ ਵਿਚ ਖੁੱਲ੍ਹਾਂ ਲਈਆਂ ਜਾ ਸਕਦੀਆਂ ਨੇ । ਅਗਲਾ ਗੁੱਸਾ ਵੀ ਨਹੀਂ ਕਰਦਾ । ਅਜਿਹੇ ਮੌਕੇ ਗੁੱਸਾ ਕਰਨ ਵਾਲਾ ਵੀ ਮਜ਼ਾਕ ਦਾ ਪਾਤਰ ਬਣ ਜਾਂਦਾ ਏ । ਚਾਰੇ ਪਾਸੇ ਹਾਸੇ ਦਾ ਗੁਲਾਲ ਉੱਡਦਾ ਵੇਖ ਕੇ ਆਪਣਾ ਜੀਅ ਵੀ ਹੱਥ ਰੰਗਣ ਨੂੰ ਕਰਦਾ ਏ । ਦਿਲ ਮੂਹਰੇ ਅਕਲ ਹਾਰੀ ਜਾਂਦੀ ਏ । ਪਰ ...ਕੀ ਕਰਾਂ, ਦਾੜ੍ਹੀ ਦੀ ਸ਼ਰਮ ਮਾਰੀ ਜਾਂਦੀ ਏ!

ਦਾੜ੍ਹੀ ਦਾ ਮੇਰੇ ਨਾਲ ਅਜੀਬ ਰਿਸ਼ਤਾ ਏ । ਇਹ ਮੈਨੂੰ ਬਹੁਤ ਪਿਆਰੀ ਏ । ਬੜੀ ਚੰਗੀ ਲੱਗਦੀ ਏ । ਸਿਰਫ਼ ਆਪਣੀ ਨਹੀਂ, ਹੋਰਨਾਂ ਦੀ ਵੀ । ਹੋਰਨਾਂ ਦੀ ਇੱਜ਼ਤ ਕਰਦਾਂ ਪਰ, ਆਪਣੀ ਨੂੰ ਪਿਆਰ ਕਰਦਾਂ । ਮੈਨੂੰ ਲੱਗਦੈ, ਇੰਜ ਕਰਨਾ ਠੀਕ ਏ! ਦਾੜ੍ਹੀ ਇੱਜ਼ਤ ਅਤੇ ਅਕਲ ਦੀ ਪ੍ਰਤੀਕ ਏ!

ਉਮਰ ਨਾਲ ਦਾੜ੍ਹੀ ਸਭ ਨੂੰ ਆ ਜਾਂਦੀ,
ਅਕਲ ਆਦਮੀ ਨੂੰ ਬੜੀ ਬਾਅਦ ਆਵੇ ।

ਸ਼ੇਅਰ ਤਾਂ ਕਹਿ ਲਿਆ ਪਰ ਪਿੱਛੋਂ ਪਤਾ ਲੱਗਾ ਕਿ ਇਸ ਤੋਂ ਉਲਟ ਭਾਣਾ ਵੀ ਕਦੇ ਕਦਾਈਂ ਵਾਪਰ ਜਾਂਦੈ । ਉਮਰ ਨਾਲ ਅਕਲ ਤਾਂ ਲੋੜ ਨਾਲੋਂ ਵੱਧ ਆ ਜਾਂਦੀ ਐ, ਪਰ ਦਾੜ੍ਹੀ? ਜ਼ਰੂਰੀ ਨਹੀਂ ਕਿ ਆਏ ਹੀ ਆਏ । ਪਟਿਆਲੇ ਯੂਨੀਵਰਸਿਟੀ ਦੇ ਯੂਥ ਫੈਸਟੀਵਲ ਮੌਕੇ ਮਿੱਤਰ ਯਾਰ ਚਾਹ ਦੀਆਂ ਚੁਸਕੀਆਂ ਨਾਲ ਮਿਲ ਗਿਲ ਰਹੇ ਸਨ । ਅਚਾਨਕ ਡਾਇਰੈਕਟਰ ਦਲਜੀਤ ਸਿੰਘ ਨੂੰ ਕੀ ਸੁੱਝੀ? ਉਹ ਪਰਮ ਵਿਦਵਾਨ ਡਾ. ਗੁਰਭਗਤ ਸਿੰਘ ਨੂੰ ਬਾਹੋਂ ਫੜ ਕੇ ਮੇਰੇ ਵੱਲ ਨੂੰ ਆਇਆ ਤੇ ਦੂਜੇ ਹੱਥ ਨਾਲ ਮੇਰੀ ਬਾਂਹ ਫੜ ਲਈ । ਚਾਰੇ ਬਾਹਾਂ ਉੱਚੀਆਂ ਕਰਕੇ, ਹੱਸਦਾ ਹੱਸਦਾ, ਉਚੀ ਉਚੀ ਆਖਣ ਲੱਗਾ, ''ਸੁਣੋ ਬਈ ਸੁਣੋ । ਸਬੱਬ ਨਾਲ ਸਾਰੇ ਕੱਠੇ ਹੋਏ ਹਾਂ । ਅੱਜ ਇਹ ਫੈਸਲਾ ਵੀ ਹੋ ਈ ਜਾਏ'' ਸਾਰੀਆਂ ਨਜ਼ਰਾਂ ਸਵਾਲੀਆ ਚਿੰਨ੍ਹ ਬਣ ਗਈਆਂ ਤਾਂ ਉਹ ਬੋਲਿਆ, ''ਭੂਸ਼ਨ ਨੂੰ ਕਹੋ ਕਿ ਆਪਣੀ ਦਾੜ੍ਹੀ ਗੁਰਭਗਤ ਨੂੰ ਦੇ ਦਏ...ਨਹੀਂ ਤਾਂ ਉਹਦੀ ਪੱਗ ਆਪਣੇ ਸਿਰ 'ਤੇ ਰੱਖ ਲਏ ।''

ਖ਼ੈਰ, ਇਹ ਗੱਲ ਤਾਂ ਹਾਸੇ ਵਿਚ ਉਡ ਗਈ ਪਰ ਇਹ ਸੱਚ ਹੈ ਕਿ ਪਹਿਲਾਂ ਮੈਂ ਦਾੜ੍ਹੀ ਨਾਲ ਲੁਕਣ ਮੀਚੀ ਖੇਡਦਾ ਰਿਹਾ ਹਾਂ । ਕਦੇ ਰੱਖ ਲਈ, ਕਦੇ ਮੁਨਾ ਲਈ । ਸ਼ੁਰੂ ਸ਼ੁਰੂ ਵਿਚ ਇਕ ਵਾਰ ਘਰੋਂ ਚਿੱਠੀ ਆਈ ਕਿ ਕਿ ਦੀਵਾਲੀ ਕਿਵੇਂ ਮਨਾਈ । ਮੇਰਾ ਜਵਾਬ ਸੀ, ''ਲੋਕਾਂ ਦਿਵਾਲੀ ਮਨਾਈ ਮੈਂ ਦਾੜ੍ਹੀ ਮੁਨਾਈ ।'' ਬੀ.ਏ. ਦਾ ਹਿਸਟਰੀ ਦਾ ਪਰਚਾ ਦੇਂਦਿਆਂ ਪਰੀਖਿਆ ਕੇਂਦਰ ਵਿਚ ਸਿਆਹੀ ਚੂਸ ਉਤੇ 'ਹਜਾਮਤ' ਕਵਿਤਾ ਲਿਖੀ ਸੀ:

ਏਥੇ ਤਾਂ ਨਾਈਆਂ ਦੇ ਮੂੰਹ 'ਤੇ
ਰੋਜ਼ ਹਜਾਮਤ ਉੱਗ ਆਉਂਦੀ ਏ ।

ਰੱਬ ਨਾਲ ਆਢਾ ਲਾਉਣਾ ਛੱਡ ਕੇ ਮੁੜ ਰੱਖ ਲਈ । ਰੱਖਦਾ ਮੈਂ ਸਾਂ ਪਰ ਚੁੱਭਦੀ ਹੋਰਨਾਂ ਨੂੰ ਸੀ ।

ਦਫ਼ਤਰ ਵਿਚ ਸੁਪਰਡੈਂਟ ਹੁੰਦਾ ਸੀ ਨਿਰੰਜਣ ਸਿੰਘ । ਉਹ 'ਚਾਚਾ' ਕਰਕੇ ਮਸ਼ਹੂਰ ਸੀ । ਹਰ ਇਕ ਨੂੰ ਟਿੱਚਰਾਂ ਕਰਦਾ ਰਹਿੰਦਾ । ਇਕ ਦਿਨ ਨਰਾਤਾ ਰਾਮ ਦੀ ਰੇਹੜੀ 'ਤੇ ਚਾਰ ਪੰਜ ਜਣੇ ਚਾਹ ਪੀ ਰਹੇ ਸਾਂ । ਉਹ ਆਪਣੀ ਆਦਤ ਤੋਂ ਮਜਬੂਰ ਹੋ ਕੇ ਬੋਲਿਆ:

? ਇਹ ਦਾੜ੍ਹੀ ਕਿਉਂ ਰੱਖੀ ਆ
- ਰੱਖੀ ਨਹੀਂ , ਆ ਗਈ ਏ

? ਮੁਨਾ ਦੇ
- ਕਿਉਂ

? ਸ਼ਿਮਲੇ ਰਹਿੰਦਿਆਂ । ਮੇਰੇ ਮੁੰਡੇ ਨੇ ਵੀ ਰੱਖ ਲਈ ਸੀ, ਤੇਰੇ ਵਾਂਗ ।
- ਫੇਰ

? ਸਹੁੰ ਗੁਰੂ ਦੀ, ਉਹ ਤੇਰੇ ਨਾਲੋਂ ਵੀ ਭੈੜਾ ਲੱਗਦਾ ਸੀ । -ਸਾਰੇ ਜਣੇ ਠਹਾਕਾ ਮਾਰ ਕੇ ਹੱਸ ਪਏ । ਸਭ ਤੋਂ ਵੱਧ ਉਹ ਆਪ ਹੱਸਿਆ ।...ਆਪਣੀ ਚੜ੍ਹ ਮੱਚੀ ਵੇਖ ਕੇ ਉਹ ਹੋਰ ਕਹਿਣ ਲੱਗਾ, ''ਉਹ ਏਨਾ ਭੈੜਾ ਲੱਗਦਾ ਸੀ ਕਿ ਮੇਰੇ ਨਾਲ ਤੁਰਿਆ ਜਾਂਦਾ ਮੇਰਾ ਮੁੰਡਾ ਈ ਨਹੀਂ ਸੀ ਲੱਗਦਾ ।'', ''ਚਾਚਾ! ਉਂਜ ਤੈਨੂੰ ਪੱਕਾ ਪਤਾ ਏ ਕਿ ਉਹ ਤੇਰਾ ਈ ਮੁੰਡਾ ਸੀ?'' ਪਤਾ ਨਹੀਂ ਕੀਹਦੇ ਮੂੰਹੋਂ ਨਿਕਲਿਆ ।...ਹੁਣ ਖੁੱਲ੍ਹ ਕੇ ਹੱਸਣ ਦੀ ਵਾਰੀ ਮੇਰੀ ਸੀ । ਮੇਰੇ ਨਾਲ ਬਾਕੀ ਸਾਰੇ ਹੱਸ ਰਹੇ ਸਨ, ਚਾਚੇ ਤੋਂ ਸਿਵਾ ।

ਵਿਆਹ ਵੇਲੇ ਮੂੰਹ ਮੁੰਨਿਆ ਹੋਇਆ ਸੀ ਪਰ ਪਿੱਛੋਂ ਜਟਾ- ਜੂਟ ਰਹਿਣ ਲੱਗ ਪਿਆ । ਅੰਸ਼ੂ ਪੈਦਾ ਹੋਇਅ । ਵੱਡਾ ਬੇਟਾ । ਉਹਨੇ ਦਾੜ੍ਹੀ ਵਾਲੇ 'ਪਾਪਾ' ਨੂੰ ਹੀ ਵੇਖਿਆ ਸੀ । ਛਿਆਂ ਕੁ ਮਹੀਨਿਆਂ ਦਾ ਹੋਵੇਗਾ ਕਿ ਮੈਂ ਮੂੰਹ ਸਫ਼ਾਚੱਟ ਕਰਵਾ ਲਿਆ । ਨਾਲ ਦੇ ਕਮਰੇ ਵਿਚ ਗੱਲਾਂ ਕਰਦੇ ਦੀ ਆਵਾਜ਼ ਪਛਾਣ ਕੇ ਉਹ ਰਿੜ੍ਹਦਾ ਆਇਆ ਪਰ ਆਸੇ ਪਾਸੇ ਝਾਕਦਾ, ਡੱਡੋਲਿਕਾ ਜਿਹਾ ਹੋ ਕੇ, ਰੋਣ ਲੱਗ ਪਿਆ । ਉਹ ਦਾ 'ਪਾਪਾ' ਗੁਆਚ ਗਿਆ ਸੀ । ਮੈਨੂੰ ਮੁੜ ਰੱਖਣੀ ਪਈ ।

ਓਦੋਂ ਕੁ ਜਿਹੇ ਹੀ ਸੂਬਾ ਸਿੰਘ ਮਿਲਣ ਆਇਆ । ਸਵੇਰੇ ਸਵੇਰੇ । ਮੈਂ ਘਰ ਸਾਂ, ਬੱਚੇ ਨੂੰ ਸੰਭਾਲਣ ਲਈ ਮੀਆਂ ਬੀਵੀ ਵਾਰੀ ਵਾਰੀ ਛੁੱਟੀ ਲੈਂਦੇ ਸਾਂ । ਓਦਣ ਮੇਰੀ ਵਾਰੀ ਸੀ । ਸੂਬਾ ਸਿੰਘ ਟੈਕਸਟ ਬੁੱਕ ਬੋਰਡ ਦਾ ਡਾਇਰੈਕਟਰ ਹੁੰਦਾ ਸੀ । ਦਫ਼ਤਰ ਲਈ ਤਿਆਰ ਹੋ ਕੇ ਨਿਕਲਦਿਆਂ ਉਹਨੇ ਗੱਡੀ ਮੇਰੇ ਘਰ ਕੋਲ ਰੁਕਵਾ ਲਈ ਸੀ । ਅਖੇ : ਮਿਲਦਾ ਚਲਾਂ ।...ਮੈਂ ਵੀ ਸ਼ਾਇਦ ਉਹਦੀ ਇੰਤਜ਼ਾਰ ਵਿਚ ਈ ਬੈਠਾ ਸਾਂ । ਬਾਥਰੂਮ ਜਾਣਾ ਸੀ ਪਰ ਬੱਚੇ ਨੂੰ ਇੱਕਲਿਆਂ ਛੱਡ ਕੇ ਨਹੀਂ ਸਾਂ ਜਾ ਸਕਦਾ । ਆਉਂਦਿਆਂ ਨੂੰ ਈ ਸੂਬਾ ਸਿੰਘ ਨੂੰ ਫੜਾ ਕੇ ਭੱਜ ਗਿਆ ।...ਅਜੇ ਚਿਟਕਣੀ ਲਾਈ ਹੀ ਸੀ ਕਿ ਬੱਚੇ ਦੇ ਰੋਣ ਦੀ ਆਵਾਜ਼ ਆਈ । ਉਹ ਚੀਕਾਂ ਮਾਰ ਰਿਹਾ ਸੀ ਜਿਵੇਂ ਅਚਾਨਕ ਕੋਈ ਧਮੂੜੀ ਲੜ ਗਈ ਹੋਵੇ । ਮੈਂ ਕਾਹਲੀ ਕਾਹਲੀ ਕੰਮ ਮੁਕਾ ਕੇ ਬਾਹਰ ਨਿਕਲਿਆ । ਕੀ ਵੇਖਦਾਂ ਕਿ ਸੂਬਾ ਸਿੰਘ ਨੇ ਦੋਵੇਂ ਬਾਹਵਾਂ ਮੂਹਰੇ ਨੂੰ ਸਿੱਧੀਆਂ ਕਰਕੇ ਨਿਆਣੇ ਨੂੰ ਨੇਜ਼ੇ ਦੀ ਵਿੱਥ 'ਤੇ ਕੀਤਾ ਹੋਇਐ । ਉਹ ਲੱਤਾਂ ਬਾਹਵਾਂ ਮਾਰ ਕੇ ਜਾਰੋ-ਜਾਰ ਰੋਈ ਜਾਂਦੈ ਪਰ ਇਹ ਸਾਬ੍ਹ ਸਹਿਜ ਭਾਅ ਮੁਸਕਰਾ ਰਹੇ ਨੇ, ਅਖੇ : ਆਪਣੀ ਲੜਾਈ ਕੋਈ ਨਹੀਂ । ਇਹ ਮੇਰੀ ਦਾੜ੍ਹੀ ਪੁੱਟਣਾ ਚਾਹੁੰਦੈ, ਮੈਂ ਪੁੱਟਣ ਨਹੀਂ ਦੇਂਦਾ ।...ਤੈਨੂੰ ਪਤੈ ਕਿ ਪਹਿਲਾਂ ਈ ਗਿਣਤੀ ਦੇ ਵਾਲ ਨੇ । ਮਸਾਂ ਚਿਪਕਾ ਚਿਪਕਾ, ਬੰਨ੍ਹ ਬੰਨ੍ਹ ਕੇ ਰੱਖੀਦੇ ਨੇ । ਇਹ ਪੈਂਦੀ ਸੱਟੇ ਪੁੱਟਣ ਨੂੰ ਪਿਆ । ...ਤੇਰੀਆਂ ਆਦਤਾਂ ਹੁਣੇ ਤੋਂ ਸਿੱਖ ਗਿਐ । ਹੌਲੀ ਹੌਲੀ ਦਾੜ੍ਹੀ ਦੀ ਆਦਤ ਪੈ ਗਈ । ਪਿੰਡ ਵਿਚ ਵਿਸ਼ਣੂ ਮਹਾਯੱਗ ਦਸ ਦਿਨ ਹੁੰਦਾ ਰਿਹਾ ਸੀ । ਓਦੋਂ ਵੱਡੀਆਂ ਤੇ ਸੋਹਣੀਆਂ ਦਾੜ੍ਹੀਆਂ ਵਾਲੇ ਬਹੁਤ ਸਾਰੇ ਜਟਾ-ਜੂਟ ਸਾਧਾਂ ਦੇ ਦਰਸ਼ਨ ਕੀਤੇ ਸਨ । ਟੈਗੋਰ ਦੀ ਤਸਵੀਰ ਤਾਂ ਮਨ ਵਿਚ ਵੱਸੀ ਹੋਈ ਸੀ । ਕਿਸੇ ਰਸਾਲੇ ਵਿਚ ਕਾਰਟੂਨ ਵੇਖਿਆ ਸੀ, ਬਿਨਾਂ ਦਾੜ੍ਹੀ ਤੋਂ ਟੈਗੋਰ! ਕਲਾਕਾਰ ਨੇ ਦਾੜ੍ਹੀ ਉਹਦੇ ਪੈਰਾਂ ਹੇਠਾਂ ਜੜ੍ਹਾਂ ਵਾਂਗ ਰੱਖ ਦਿੱਤੀ ਸੀ । ਮਨਸ਼ਾ ਇਹ ਦੱਸਣ ਦਾ ਸੀ ਕਿ ਕਵੀ ਗੁਰੂ ਦੀ ਪੂਰੀ ਸ਼ਖ਼ਸੀਅਤ ਉਹਦੀ ਦਾੜ੍ਹੀ 'ਤੇ ਖੜ੍ਹੀ ਹੈ । ਇਹ ਸੱਚ ਵੀ ਹੈ!

ਫੇਰ ਦੇਵਿੰਦਰ ਸਤਿਆਰਥੀ ਦੇ ਚਰਚੇ ਸੁਣੇ । ਇਹ ਵੀ ਸੁਣਿਆ ਕਿ ਜਵਾਨੀ ਵੇਲੇ ਸਤਿਆਰਥੀ ਨੇ ਗੁਰੂਦੇਵ ਨਾਲ ਤਸਵੀਰ ਖਿਚਾਈ ਸੀ । ਇਕ ਦਾੜ੍ਹੀ ਚਿੱਟੀ ਸੀ, ਦੂਜੀ ਕਾਲੀ । ਸਤਿਆਰਥੀ ਨੇ ਕਿਸੇ ਰਸਾਲੇ ਨੂੰ ਛਪਣ ਲਈ ਭੇਜ ਦਿੱਤੀ । ਸੰਪਾਦਕ ਨੇ ਛਾਪ ਕੇ ਹੇਠਾਂ ਲਿਖਿਆ : ਟੈਗੋਰ, ਖਿਜ਼ਾਬ ਤੋਂ ਪਹਿਲਾਂ, ਖਿਜ਼ਾਬ ਤੋਂ ਬਾਅਦ ।...ਦਿੱਲੀ ਵਿਚ ਅਜੀਤ ਕੌਰ ਵੱਲੋਂ ਕਰਵਾਏ ਕੌਮਾਂਤਰੀ ਕਹਾਣੀ ਦਰਬਾਰ ਵਿਚ ਸਤਿਆਰਥੀ ਨੇ ਮੇਰੀ ਅਤੇ ਆਪਣੀ ਦਾੜ੍ਹੀ ਨੂੰ ਮੁੱਠੀ ਵਿਚ ਲੈ ਕੇ ਕੈਮਰੇ ਵਾਲੇ ਨੂੰ ਕਲਿੱਕ ਕਰਨ ਦਾ ਇਸ਼ਾਰਾ ਕੀਤਾ ਸੀ । ਫੋਟੋ ਖਿੱਚੀ ਗਈ ਸੀ । ਉਸ ਸੈਸ਼ਨ ਵਿਚ ਖਿੱਚੀਆਂ ਅਨੇਕਾਂ ਤਸਵੀਰਾਂ ਮਿਲ ਗਈਆਂ । ਪਰ ਉਹ ਯਾਦਗਾਰੀ ਤਸਵੀਰ ਨਹੀਂ ਲੱਭੀ ।

ਦਾੜ੍ਹੀ ਨਾਲ ਬੜੀਆਂ ਯਾਦਗਾਰੀ ਗੱਲਾਂ ਜੁੜੀਆਂ ਹੋਈਆਂ ਹਨ । ਇੱਕ ਤਾਂ ਇਹ ਕਿ ਜੇ ਕਿਸੇ ਸੱਜਣ ਮਿੱਤਰ ਨੂੰ ਮਿਲਣ ਗਿਆਂ ਉਹ ਘਰ ਨਹੀਂ ਮਿਲਿਆ ਤਾਂ ਆਪਣਾ ਅਤਾ-ਪਤਾ ਦੱਸਣ ਦੀ ਲੋੜ ਨਹੀਂ ਪਈ । ਅਗਲੇ ਨੂੰ ਆਪੇ ਪਤਾ ਲੱਗ ਜਾਂਦਾ ਕੌਣ ਆਇਆ ਸੀ ।... ਵੱਡੀ ਉਮਰੇ ਯਾਦ ਸ਼ਕਤੀ ਘਟਣ ਨਾਲ ਕਈਆਂ ਦੇ ਨਾਂ ਮੁਹਾਂਦਰੇ ਭੁੱਲ ਜਾਂਦੇ ਨੇ ਪਰ ਉਹ ਝੱਟ ਪਛਾਣ ਜਾਂਦੇ ਨੇ । ਦਾੜ੍ਹੀ ਨੇਮ ਪਲੇਟ ਵਾਂਗ ਮਦਦਗਾਰ ਬਣ ਜਾਂਦੀ ਐ । ਇੱਕ ਦਿਨ ਹਰਸ਼ਰਨ ਸਿੰਘ ਨਾਟਕਕਾਰ ਨੇ ਚਟਕਾਰਾ ਲਿਆ, ''ਯਾਰ, ਤੂੰ ਜਦੋਂ ਕਾਲਜ ਜਾਂਦੈ, ਉਦੋਂ ਵੀ ਏਦਾਂ ਈ ਜਾਨੈ? ਦਾੜ੍ਹੀ ਸਮੇਤ? ''ਨਹੀਂ ਏਦਾਂ ਬਿਲਕੁਲ ਨਹੀਂ ਜਾਂਦਾ । ਤੇਰੇ ਵਾਂਗ ਉਤਾਰ ਕੇ ਕਿੱਲੀ 'ਤੇ ਟੰਗ ਜਾਨਾਂ ।'' ਇਹੋ ਜਵਾਬ ਉਹ ਸੁਣਨਾ ਚਾਹੁੰਦਾ ਸੀ । ਜੋਗਿੰਦਰ ਕੈਰੋਂ ਰਉਂ ਵਿਚ ਸੀ, ਕਹਿੰਦਾ, ''ਯਾਰ…! ਸਾਨੂੰ ਤਾਂ ਭਲਾ ਗੁਰੂਆਂ ਦਾ ਹੁਕਮ ਐ । ਪਾਬੰਦੀ ਐ । ਤੈਨੂੰ ਤਾਂ ਕੋਈ ਪਾਬੰਦੀ ਨਹੀਂ । ਤੂੰ ਕਿਉਂ ਪੰਗਾ ਲਈ ਫਿਰਦੈਂ?U ਕੀ ਜਵਾਬ ਦੇਂਦਾ? ਉਹਦੇ ਨਾਲ ਮੈਂ ਵੀ ਹਾਸੇ ਵਿਚ ਸ਼ਾਮਲ ਹੋ ਗਿਆ ।

ਹਾਸੇ ਨਾਲ ਹਾਸਾ ਰਿਹਾ ਪਰ ਕਦੀ ਕਦੀ ਬੜੀ ਇਹਤਿਆਤ ਵਰਤਣੀ ਪੈ ਜਾਂਦੀ ਹੈ । ਬਸ ਵਿੱਚ ਬੈਠਿਆਂ ਜੇਕਰ ਨਾਲ ਦੀ ਸਵਾਰੀ ਜਨਾਨਾ ਹੋਵੇ ਤਾਂ ਦਾੜ੍ਹੀ ਕਾਬੂ 'ਚ ਰੱਖਣੀ ਪੈਂਦੀ ਐ । ਮਾੜੀ ਜਿਹੀ ਹਵਾ ਚੱਲੇ ਤਾਂ ਉਡ ਕੇ ਅਗਲੀ ਦੇ ਮੂੰਹ ਵੱਲ ਨੂੰ ਜਾਂਦੀ ਐ । ਇਸ ਸਾਵਧਾਨੀ ਦੀ ਤਾਂ ਆਪਣੀ ਪਤਨੀ ਨਾਲ ਸਫ਼ਰ ਕਰਦਿਆਂ ਵੀ ਲੋੜ ਪੈਂਦੀ ਐ । ਫੜ ਕੇ ਰੱਖੋ ਜਾਂ ਗੰਢ ਮਾਰੋ । ਡੀ.ਪੀ.ਆਈ. (ਕਾਲਜਾਂ) ਦੇ ਦਫ਼ਤਰ ਦੀ ਪਿਛਾੜੀ ਦੇਵ ਭਰਦਵਾਜ, ਅਮਰ ਗਿਰੀ ਵਗੈਰਾ ਨਾਲ ਚਾਹ ਪੀ ਰਿਹਾ ਸਾਂ । ਥੋੜ੍ਹੀ ਵਿੱਥ 'ਤੇ ਦੋ ਬੰਦੇ ਬਹਿਸਦੇ ਸੁਣੇ । ਇੱਕ ਕਹਿ ਰਿਹਾ ਸੀ ਅਸਲੀ ਐ, ਦੂਜਾ ਜ਼ੋਰ ਦਿੰਦਾ ਕਿ ਨਕਲੀ ਐ.. । ਲਾ ਲੈ ਸ਼ਰਤ.. । ਬੋਤਲ ਬੋਤਲ ਦੀ.. । ਉਨ੍ਹਾਂ ਨੂੰ ਲਾਗੇ ਸੱਦਿਆ ਕਿ ਉਹ ਕਿਉਂ ਲਗਾਤਾਰ ਮੇਰੇ ਵੱਲ ਹੀ ਦੇਖੀ ਜਾ ਰਹੇ ਸਨ । ਪੁੱਛਣ 'ਤੇ ਇੱਕ ਜਣਾ ਦੱਸਣ ਲੱਗਿਆ, ''ਵੇਖੋ ਜੀ, ਇਹ ਕਹਿੰਦੈ ਕਿ ਤੁਹਾਡੀ ਦਾੜ੍ਹੀ ਅਸਲੀ ਐ ਤੇ ਸਿਰ ਦੇ ਵਾਲ ਵੀ ਰੰਗੇ ਹੋਏ ਨਹੀਂ । ਪਰ ਮੈਂ ਕਹਿੰਨਾਂ ਕਿ ਜਾਂ ਤਾਂ ਸਿਰ ਦੇ ਵਾਲ ਰੰਗੇ ਹੋਏ ਨੇ ਜਾਂ ਦਾੜ੍ਹੀ ਨਕਲੀ ਐ । ਸਾਡੀ ਸ਼ਰਤ ਲੱਗੀ ਐ ਬੋਤਲ ਬੋਤਲ ਦੀ'' । "ਤੂੰ ਹਾਰ ਗਿਆ ਮਿੱਤਰਾ! ਵਾਲ ਅਸਲੀ ਕਾਲੇ ਨੇ ਤੇ ਦਾੜ੍ਹੀ ਅਸਲੀ ਚਿੱਟੀ ਐ… ।... ਹੁਣ ਅੱਧੀਏ ਦਾ ਹੱਕ ਤਾਂ ਸਾਡਾ ਵੀ ਬਣਦੈ ਕਿ ਨਹੀਂ?" ਭਾਰਦਵਾਜ ਦੇ ਜਵਾਬ ਨਾਲ ਉਹਦਾ ਚਿਹਰਾ ਉਤਰ ਗਿਆ । 'ਮਹਾਂ ਮੂਰਖ ਸੰਮੇਲਨ' ਅਤੇ 'ਹਾਸ ਕਵੀ ਦਰਬਾਰ' ਵਿਚ ਸ਼ਾਮਿਲ ਹੋਣ ਦਾ ਕਈ ਵਾਰ ਮੌਕਾ ਮਿਲਿਆ । ਪ੍ਰਬੰਧਕਾਂ ਜਾਂ ਸਰੋਤਿਆਂ ਦੀ ਤਾਂ ਉਹੀਓ ਲੋਕ ਜਾਣਨ ਪਰ ਮੈਨੂੰ ਸ਼ਾਮਿਲ ਹੋ ਕੇ ਕਦੇ ਮਜ਼ਾ ਨਹੀਂ ਸੀ ਆਇਆ । ਉਨ੍ਹਾਂ ਦਿਨਾਂ ਦੀ ਤਾਂ ਸਿਰਫ਼ ਇੱਕੋ ਗੱਲ ਯਾਦ ਹੈ ਕਿ ਮੰਚ ਦੇ ਸੰਚਾਲਕ ਨੇ ਸਵਾਲ ਕੀਤਾ ਸੀ, ''ਸਿਰ ਦੇ ਵਾਲ ਪਹਿਲਾਂ ਆਏ ਸਨ ਅਤੇ ਦਾੜ੍ਹੀ 18-20 ਸਾਲ ਬਾਅਦ ਆਈ । ਫਿਰ ਕੀ ਕਾਰਨ ਹੈ ਕਿ ਵਾਲ ਅਜੇ ਕਾਲੇ ਹਨ ਤੇ ਦਾੜ੍ਹੀ ਚਿੱਟੀ ਹੋਈ ਪਈ ਹੈ? ਹੋਣਾ ਉਲਟ ਚਾਹੀਦਾ ਸੀ ।" ''ਸਿਰ ਉਲਟਾ ਲੱਗਿਆ ਹੋਇਐ'' ਜਵਾਬ ਸੁਣ ਕੇ ਉਹਦੇ ਸਿਵਾ ਸਾਰੇ ਹੱਸੇ ਸਨ । ਕੁਝ ਅਨੁਭਵ ਇਸ ਤੋਂ ਵੱਖਰੇ ਵੀ ਹੋਏ ਹਨ । ਚਲੋ ਘੜੀ ਭਰ ਆਪਣੇ ਮੂੰਹ ਮੀਆਂ ਮਿੱਠੂ ਵੀ ਬਣ ਲਈਏ । ਗੁਲ ਚੌਹਾਨ ਨਾਲ ਉਹਦੇ ਸਹੁਰਿਆਂ ਵੱਲ ਜਾ ਰਹੇ ਸਾਂ ਤਾਂ ਉਹਨੇ ਦੱਸਿਆ ਕਿ ਇੱਥੇ ਅਜੀਤ ਕੌਰ ਦਾ ਘਰ ਐ । ਮੈਂ ਝਿਜਕਦਾ ਸਾਂ ਪਰ ਉਸ ਨੇ ਦਸਤਕ ਦੇ ਦਿੱਤੀ । ਅੰਦਰ ਨਿਰਪੁਮਾ ਦੱਤ ਵੀ ਸੀ । ਉਸ ਯਾਦਗਾਰੀ ਸ਼ਾਮ ਵਿਚ ਚਿੱਤਰਕਾਰ ਅਰਪਨਾ ਕੌਰ ਦੇ ਲਫਜ਼ ਸ਼ਾਮਿਲ ਨੇ । ''ਤੁਸੀਂ ਵਾਪਿਸ ਜਾਣ ਲਈ ਕਹਿ ਰਹੇ ਹੋ, ਜੇ ਦੋ ਚਾਰ ਦਿਨ ਦਿੱਲੀ ਠਹਿਰਦੇ ਤਾਂ ਮੈਂ ਪੋਰਟਰੇਟ ਬਣਾਉਣਾ ਚਾਹੁੰਦੀ ਸਾਂ । ਦਾੜ੍ਹੀ ਬਹੁਤ ਜੱਚਦੀ ਐ ।''

ਏਦਾਂ ਹੀ ਬਟਾਲੇ ਵਾਲੇ ਫੋਟੋਗ੍ਰਾਫਰ ਹਰਭਜਨ ਬਾਜਵੇ ਨੇ ਪਤਾ ਨਹੀਂ ਕਿੰਨੀਆਂ ਤਸਵੀਰਾਂ ਖਿੱਚੀਆਂ ਨੇ । ਹੁਣ ਵੀ ਜਦੋਂ ਦਾਅ ਲੱਗਦਾ ਖਿੱਚੀ ਜਾਂਦਾ । ਉਹਨੇ ਕਈ ਵਰ੍ਹੇ ਪਹਿਲਾਂ ਬੜੇ ਹੰਮੇ ਨਾਲ ਕਿਹਾ ਸੀ, ''ਵੇਖ ਭੂਸ਼ਨ! ਅੱਜ ਤੋਂ ਇਹ ਸਿਰ ਤੇਰਾ ਤੇ ਦਾੜ੍ਹੀ ਮੇਰੀ । ਸਿਰ ਦਾ ਜੋ ਮਰਜ਼ੀ ਕਰ, ਜਿੱਥੇ ਮਰਜ਼ੀ ਮਾਰ! ..ਪਰ ਅੱਜ ਤੋਂ ਬਾਅਦ ਇਸ ਦਾੜ੍ਹੀ ਦਾ ਇਕ ਵਾਲ ਵੀ ਨਹੀਂ ਵਿਗੜਨਾ ਚਾਹੀਦਾ । ਜੇ ਤੂੰ ਅਮਾਨਤ 'ਚ ਖਿਆਨਤ ਕੀਤੀ ਤਾਂ ਵੇਖ ਲਈ ਆਪੇ...ਹਾਂ ।'' ਵੇਖ ਲਉ! ਹੁਣ ਤੱਕ ਬਾਜਵੇ ਦੀ ਅਮਾਨਤ ਸਾਂਭੀ ਹੋਈ ਏ । ਪਿਛਲੀ ਹੋਲੀ 'ਤੇ ਬੜਾ ਬਚਿਆ ਕਿ ਕੋਈ ਰੰਗ ਨਾ ਸੁਟੇ । ਪਰ ਆਂਢ ਗੁਆਂਢ ਇੱਕਠਾ ਹੋ ਕੇ ਆ ਗਿਆ । ਆਦਮੀ, ਔਰਤਾਂ, ਬੱਚੇ...ਸਭ । ਸਭ ਰੰਗੇ ਹੋਏ । ਸਭਨਾਂ ਦੇ ਹੱਥਾਂ ਵਿਚ ਰੰਗ । ਉਹਨਾਂ ਦੇ ਪਿਆਰ ਅੱਗੇ ਆਤਮ-ਸਮਰਪਣ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ । ਨਿੱਸਲ ਹੋ ਕੇ ਬਹਿ ਗਿਆ । ਕਰ ਲਉ, ਜੋ ਕਰਨੈ । ਉਨ੍ਹਾਂ ਸਾਰਿਆਂ ਨੇ ਸ਼ਾਇਦ ਸਲਾਹ ਕੀਤੀ ਹੋਈ ਸੀ । ਸਭ ਦਾ ਨਿਸ਼ਾਨਾ ਮੇਰੀ ਦਾੜ੍ਹੀ ਸੀ । ਵਾਰੀ ਵਾਰੀ ਹਰ ਕੋਈ ਰੰਗ ਲਾਈ ਜਾਂਦਾ । ਬਹਾਨੇ ਨਾਲ ਦਾੜ੍ਹੀ ਹਿਲਾਈ ਜਾਂਦਾ ।...ਸੁੱਕੇ ਰੰਗਾਂ ਨਾਲ ਸਿਰ ਮੂੰਹ ਭਰ ਗਿਆ । ਅੱਖਾਂ ਮੀਚ ਕੇ ਤੇ ਬੁੱਲ ਭੀਚ ਕੇ ਸਭ ਕੁਝ ਹੋਣ ਦਿੱਤਾ । ਸੋਚਿਆ : ਇਹ ਕਰ ਲੈਣ ਮਨ ਦੀ ਮੌਜ । ਇਨ੍ਹਾਂ ਦਾ ਮਾਣ ਰਹਿ ਜਾਏਗਾ । ਸਾਬਣ ਲਾਇਆਂ ਰੰਗ ਲਹਿ ਜਾਏਗਾ ।

ਜਦੋਂ ਉਹ ਸਾਰੇ ਚਲੇ ਗਏ ਤਾਂ ਮੈਂ ਗੁਸਲਖਾਨੇ ਜਾ ਵੜਿਆ । ਟੂਟੀ ਥੱਲੇ ਸਿਰ ਦਿੱਤਾ । ਗਿੱਲੇ ਹੋ ਕੇ ਤਾਂ ਰੰਗਾਂ ਦੀ ਗੱਲ ਈ ਹੋਰ ਹੋ ਗਈ । ਸੁਣਿਆ ਹੋਇਆ ਸੀ :

ਜਿਉਂ ਜਿਉਂ ਭਿੱਜੇ ਕੰਬਲੀ,
ਤਿਉਂ ਤਿਉਂ ਭਾਰੀ ਹੋਇ । ।

ਜਿਉਂ ਜਿਉਂ ਦਾੜ੍ਹੀ ਭਿੱਜਦੀ ਗਈ । ਰੰਗ ਹੋਰ ਗੂੜ੍ਹੇ ਹੁੰਦੇ ਗਏ । ਦੁੱਧ ਚਿੱਟੀ ਦਾੜ੍ਹੀ ਇਕ ਤਰ੍ਹਾਂ ਨਾਲ ਸਤਰੰਗੀ ਪੀਂਘ ਬਣ ਗਈ । ਸਾਬਣ ਦੀ ਪੇਸ਼ ਨਾ ਗਈ । ਰੰਗ ਜਿੱਤ ਗਏ । ਦਾੜ੍ਹੀ ਨੂੰ ਲੁਕਾਇਆ ਨਹੀਂ ਸੀ ਜਾ ਸਕਦਾ । ਲੁਕਾਉਣ ਦੀ ਲੋੜ ਵੀ ਕੀ ਸੀ! ਹੋਲੀ ਨੇ ਮੈਨੂੰ ਰੰਗੇ ਹੱਥੀਂ ਫੜ੍ਹ ਲਿਆ ਸੀ ।

••••••

41. ਰੋਪੜ ਰਹਿੰਦਿਆਂ

ਰੋਪੜ ਦੀ ਅਫ਼ਸਰ ਕਾਲੋਨੀ 'ਚ ਸਰਕਾਰੀ ਕੁਆਰਟਰ ਅਲਾਟ ਹੋ ਗਿਆ । ਗਿਆਨੀ ਜ਼ੈਲ ਸਿੰਘ ਨਗਰ ਦੀ ਹੋਂਦ ਉਦੋਂ ਐਵੇਂ ਨਾਂ-ਮਾਤਰ ਹੀ ਸੀ । ਕੋਈ ਕੋਈ ਨੀਂਹ ਪੁੱਟੀ ਜਾ ਰਹੀ ਸੀ । ਟਿੱਬੇ ਢਾਹ ਕੇ ਟੋਇਆਂ ਵਿੱਚ ਮਿੱਟੀ ਸੁੱਟੀ ਜਾ ਰਹੀ ਸੀ । ਖੁੱਲ੍ਹਾ-ਡੁੱਲ੍ਹਾ ਤੇ ਹਰਿਆ-ਭਰਿਆ ਆਲਾ ਦੁਆਲਾ । ਵੱਖੀ ਵਿਚ ਨਹਿਰ ਵਗ ਰਹੀ ਸੀ । ਵੱਖਰੀ ਜਿਹੀ, ਨਵੀਂ ਨਵੀਂ ਫਿਜ਼ਾ ਚੰਗੀ ਲੱਗ ਰਹੀ ਸੀ । ...ਪ੍ਰਿੰਸੀਪਲ ਓ.ਪੀ. ਸ਼ਰਮਾ ਦੀ ਜਦੋਂ ਏਥੋਂ ਦੀ ਬਦਲੀ ਹੋਈ ਤਾਂ ਕਹਿੰਦੇ ਨੇ ਉਹਨੇ ਅੰਗਰੇਜ਼ੀ ਵਿਚ ਟਿੱਪਣੀ ਕੀਤੀ ਸੀ । ''ਮੇਰਾ ਤਬਾਦਲਾ ਉਸ ਜਗ੍ਹਾ ਹੋ ਗਿਐ, ਜਿਥੇ ਪਹੁੰਚ ਕੇ ਸਤਲੁਜ ਦਰਿਆ ਇਕ ਨਹਿਰ 'ਚ ਖੁਦਕਸ਼ੀ ਕਰ ਲੈਂਦਾ ਏ ।'' ਸ਼ੁਰੂ ਸ਼ੁਰੂ ਵਿਚ ਮੈਂ ਵੀ 'ਗਯਾਨੋਦਯ' ਵਿਚ ਛਪੇ ਹਿੰਦੀ ਗੀਤ ਦੀਆਂ ਇਹ ਸਤਰਾਂ ਗੁਣਗੁਣਾਉਂਦਾ ਰਹਿੰਦਾ ਸਾਂ ।

ਬਾਤੇਂ ਕਰਤੇ ਡਰ ਲਗਤਾ ਹੈ
ਖੁੱਲ ਕਰ ਚਲਤੇ ਡਰ ਲਗਤਾ ਹੈ
ਕਿਉਂ ਕਿ ਸ਼ਹਿਰ ਛੋਟਾ ਹੈ...

ਚੰਡੀਗੜ੍ਹ ਦੇ ਮੁਕਾਬਲੇ ਸ਼ਹਿਰ ਵਾਕਈ ਛੋਟਾ ਸੀ । ਉਧੜੀਆਂ ਜਿਹੀਆਂ ਗਲੀਆਂ । ਉਖੜਿਆ ਜਿਹਾ ਬਾਜ਼ਾਰ । ਇਹਦੇ ਇਤਿਹਾਸ ਭੂਗੋਲ ਬਾਰੇ ਮੇਰੀ ਜਾਣਕਾਰੀ ਅਧੂਰੀ ਸੀ । ਮਨ ਟਿਕਾਣੇ ਲਿਆਉਣ ਲਈ ਸ਼ਹਿਰ ਨਾਲ ਵਾਕਫੀਅਤ ਜ਼ਰੂਰੀ ਸੀ । ਪੰਜਾਬੀ ਦਾ ਲੈਕਚਰਾਰ ਨਿਰਮਲ ਸਿੰਘ ਥੋੜ੍ਹਾ ਬਹੁਤ ਵਾਕਫ਼ ਸੀ । ਉਹ ਕਾਲਜ ਵਿਚ ਕੁਲੀਗ ਸੀ ਤੇ ਕਾਲੋਨੀ 'ਚ ਵੀ ਗੁਆਂਢੀ ਬਣ ਗਿਆ । ਆਪਣੇ ਲਮਰੇਟਾ ਸਕੂਟਰ 'ਤੇ ਉਹਨੇ ਸਾਰੇ ਕੰਮ ਦੇ ਕੋਨਿਆਂ ਦਾ ਗੇੜਾ ਲੁਆ ਦਿੱਤਾ । ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਉਪਯੋਗੀ ਜਾਣਕਾਰੀ ਦੇ ਕੇ ਇਸ ਪੱਖੋਂ ਆਤਮ-ਨਿਰਭਰ ਬਣਾ ਦਿੱਤਾ । ਪਿੱਛੋਂ ਵੀ ਦੇਖਿਆ ਕਿ ਉਹ ਸ਼ਖ਼ਸ ਆਪਣੇ ਵਾਕਫ਼ਕਾਰਾਂ ਦੇ ਕੰਮ ਕਰਨ ਲਈ ਚੌਵੀ ਘੰਟੇ ਤਿਆਰ-ਬਰ-ਤਿਆਰ ਰਹਿੰਦਾ । ਉਪਯੋਗੀ ਜਾਣਕਾਰੀ ਦਾ ਉਹਦੇ ਕੋਲ ਤਾਜ਼ਾ-ਤਰੀਨ ਭੰਡਾਰ ਰਹਿੰਦਾ । ਰਿਸ਼ਤੇ ਬਣਾਉਣੇ ਤੇ ਨਿਭਾਉਣੇ ਕੋਈ ਉਹਦੇ ਕੋਲੋਂ ਸਿੱਖੇ । ਇਸੇ ਸਿਖਲਾਈ ਸਦਕਾ ਕਈ ਔਖੇ ਪੜਾਅ ਵੀ ਉਹਨੇ ਵਾਕਫ਼ੀ ਨਾਲ ਪਾਰ ਕੀਤੇ । ਬਹੁਤ ਹੇਠਲੇ ਪੱਧਰ ਤੋਂ ਤੁਰਿਆ ਹੋਣ ਕਰਕੇ ਉਹ ਸਫ਼ਰ ਦੀ ਨਬਜ਼ ਨੂੰ ਬਾਖੂਬੀ ਪਛਾਣਦਾ ਹੈ । ਸਮਾਜ ਦੇ ਹਰ ਖੇਤਰ ਵਿਚ ਕੋਈ ਨਾ ਕੋਈ ਕਾਮਯਾਬ ਬੰਦਾ ਅੱਜ ਨਿਰਮਲ ਸਿੰਘ ਨੂੰ ਜਾਣਦਾ ਹੈ ।

ਏਨਾ ਪਤਾ ਲੱਗਾ ਕਿ ਡਾ. ਤਿਵਾੜੀ, ਅਤਰ ਸਿੰਘ, ਮਨਮੋਹਨ ਸਿੰਘ ਏਸ ਕਾਲਜ 'ਚ ਪੜ੍ਹਾਉਂਦੇ ਰਹੇ ਨੇ । ਕੇਸਰ ਸਿੰਘ ਕੇਸਰ ਤੇ ਮਿੰਦਰ ਏਥੇ ਪੜ੍ਹਦੇ ਰਹੇ ਨੇ । ਅੰਮ੍ਰਿਤਾ ਪ੍ਰੀਤਮ ਤੇ ਸ਼ਿਵ ਕੁਮਾਰ ਬਟਾਲਵੀ ਵਰਗੇ ਲੋਕ ਇਥੇ ਆ ਕੇ ਨਜ਼ਮਾਂ ਪੜ੍ਹਦੇ ਰਹੇ ਨੇ ।

ਏਨੀ ਕੁ ਜਾਣਕਾਰੀ ਨਾਲ ਤੋਰਾ-ਫੇਰਾ ਸੁਖਾਲਾ ਹੋ ਗਿਆ । ਪਰ ਮਨ ਨੂੰ ਟਿਕਾਅ ਜਿਹਾ ਨਾ ਆਇਆ । ਲਿਖਣ ਦਾ ਸਿਲਸਿਲਾ ਰੁਕ ਜਿਹਾ ਗਿਆ । ਮਨ ਦੀ ਹਾਲਤ ਨੂੰ ਡਾਇਰੀ ਦੇ ਵਰਕੇ 'ਤੇ ਉਤਾਰ ਕੇ ਵੇਖਿਆ । ...ਕਲਮ ਉਤੇ ਪਰਤ-ਦਰ-ਪਰਤ ਬਰਫ਼ ਜੰਮ ਰਹੀ ਹੈ । ਤੋੜਨ ਦੀ ਕੋਸ਼ਿਸ਼ ਵਿਚ ਪੋਟੇ ਸੁੰਨ ਹੋ ਜਾਂਦੇ ਨੇ । ਮੌਜੂਦਾ ਕਲਮ ਸੰਕਟ ਬਾਰੇ ਸੋਚਦਾ ਹਾਂ ਤਾਂ ਵੱਡਾ ਪਛਤਾਵਾ ਇਹੋ ਲੱਗਦਾ ਹੈ ਕਿ ਮੈਨੂੰ ਕਿਸੇ ਵੀ ਹਾਲਤ ਵਿਚ ਲਿਖਣ ਦੀ ਬਾਕਾਇਦਗੀ ਭੰਗ ਨਹੀਂ ਸੀ ਕਰਨੀ ਚਾਹੀਦੀ । ਵਿਹਲ-ਪਸੰਦ ਹੋਣ ਨਾਲ ਬੰਦਾ ਹੱਡ-ਹਰਾਮੀ ਹੋ ਜਾਂਦਾ ਹੈ । ਅਗਲਾ ਪੜਾਅ ਹੁੰਦਾ ਏ ਮਨ ਹਰਾਮੀ ਹੁੱਜਤਾਂ ਢੇਰ । ਨਾ ਲਿਖਣ ਦਾ ਬਹਾਨਾ ਲੱਭਣ ਵਿਚ ਲਿਖਣ ਨਾਲੋਂ ਵੀ ਜ਼ਿਆਦਾ ਵਕਤ ਅਤੇ ਦਿਮਾਗ ਖਰਚ ਹੁੰਦਾ ਏ । ਇਸ ਫਜ਼ੂਲ ਖਰਚੀ ਨੂੰ ਅੱਯਾਸ਼ੀ ਦੇ ਕੰਬਲ ਨਾਲ ਢੱਕਣਾ ਪੈਂਦਾ ਏ । ਬੇਕਾਰ ਨਾਲੋਂ ਬੇਗਾਰ ਭਲੀ । ਨਾ ਲਿਖਣ ਨਾਲੋਂ ਕੁਝ ਵੀ ਲਿਖਣਾ ਬਿਹਤਰ ਹੁੰਦਾ ਏ । ਰਿਆਜ਼ ਰਵ੍ਹੇ ਤਾਂ ਬੰਦਾ ਬੇਸੁਰ-ਤਾਲ ਹੋ ਜਾਂਦਾ ਏ । ਮੈਂ ਵੀ ਹੋਇਆ ਪਿਆਂ ।... ਬਹੁਤ ਕੁਝ ਸੁਝਦਾ ਏ । ਚੰਗਾ ਵੀ ਸੁੱਝਦਾ ਏ । ਪਰ ਲਿਖਣ ਦਾ ਭੂਤ ਸਵਾਰ ਹੋਣੋਂ ਹਟ ਗਿਐ । ਇਹ ਉਪਰਾਮਤਾ ਦੇ ਬੱਦਲ ਕਿਤੇ ਵਰ੍ਹ ਜਾਣ ਤਾਂ ਮਾਹੌਲ ਸੁਖਾਵਾਂ ਹੋਏ ।

ਪਹਿਲਾਂ ਜਿਹੜੇ ਮਿੱਤਰ ਮੇਰੇ ਜ਼ਿਆਦਾ ਲਿਖਣ ਤੋਂ ਨਾਖੁਸ਼ ਸਨ, ਹੁਣ ਉਹ ਮੇਰੇ ਲਿਖਣਾ ਬੰਦ ਕਰਨ 'ਤੇ ਵੀ ਖੁਸ਼ ਨਹੀਂ ਹੋਏ । ਮਿੱਤਰ ਕਹਿੰਦੇ ਨੇ ਮੈਨੂੰ ਚੰਡੀਗੜ੍ਹ ਨਹੀਂ ਸੀ ਛੱਡਣਾ ਚਾਹੀਦਾ । ਸੂਰਜ ਛੁਪਣ ਤੋਂ ਬਾਅਦ ਇਹ ਸ਼ਹਿਰ ਸੌਂ ਜਾਂਦਾ ਏ । ਕੋਈ ਕਿਤਾਬ ਪੜ੍ਹ ਕੇ ਕਿਸੇ ਨਾਲ ਗੱਲ ਸਾਂਝੀ ਕਰਨ ਨੂੰ ਤਰਸ ਜਾਈਦਾ ਏ । ਜੇ ਗੱਲ ਗਲਤੀ ਨਾਲ ਸ਼ੁਰੂ ਕਰ ਲਈਏ ਤਾਂ 'ਸੌਰੀ, ਰੌਂਗ ਨੰਬਰ' ਆਖ ਕੇ ਸਿਲਸਿਲਾ ਕਿਸੇ ਹੋਰ ਪਾਸੇ ਘੁਮਾਉਣਾ ਪੈਂਦਾ ਏ ।...

ਬਿਨਾਂ ਗਾਲੇ ਤੋਂ ਚੱਕੀ ਘੁੰਮਦੀ ਰਹੇ ਤਾਂ ਪੁੜ ਘਸੀ ਜਾਂਦੇ ਨੇ ਆਟਾ ਨਹੀਂ ਨਿਕਲਦਾ । ਇਹੋ ਹਾਲ ਦਿਮਾਗ ਦਾ ਹੁੰਦੈ ਜਦੋਂ ਵਿਚਾਰ ਘੁੰਮੀ ਜਾਣ ਪਰ ਲਿਖਿਆ ਨਾ ਜਾਏ । ਵਿਹਲੇ ਦਿਮਾਗ ਨੂੰ ਕਿਵੇਂ ਕਾਰੇ ਲਾਇਆ ਜਾਏ? ਸੋਚ ਦੇ ਘੋੜੇ ਦੁੜਾਏ ।

ਮੁੱਲਾਂ ਦੀ ਦੌੜ ਮਸੀਤ ਤੱਕ । ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਵਿਚ ਜਾ ਵੜਿਆ । ਸੋਚਿਆ ਕਿ ਨਵੀਆਂ ਪੁਰਾਣੀਆਂ ਕਿਤਾਬਾਂ ਵੇਖੀਆਂ ਜਾਣ । ਕਿਤਾਬਾਂ ਵਾਲੀ ਥਾਂ ਕੋਈ ਕਿਤਾਬਾਂ ਦਾ ਪ੍ਰੇਮੀ ਵੀ ਮਿਲ ਸਕਦੈ । ਉਹੀਓ ਗੱਲ ਹੋਈ । ਗੋਪਾਲ ਮਿਲ ਪਿਆ । ਉਹ ਏਥੇ ਜ਼ਿਲ੍ਹਾ ਭਾਸ਼ਾ ਅਫ਼ਸਰ ਲੱਗਾ ਹੋਇਆ ਸੀ । ਅਸੀਂ ਚੰਡੀਗੜ੍ਹ ਤੋਂ ਜਾਣੂ ਸਾਂ । ਉਹ ਬਹੁਤ ਮਿਲਣਸਾਰ ਅਤੇ ਹਸਮੁੱਖ ਇਨਸਾਨ ਪਹਿਲਾਂ ਸਕੱਤਰੇਤ ਦੇ ਭਾਸ਼ਾ ਸੈਲ ਵਿਚ ਹੁੰਦਾ ਸੀ । ਸਾਹਿਤ ਦਾ ਰਸੀਆ ਅਤੇ ਵਾਰਤਾਲਾਪ ਦਾ ਸ਼ੌਕੀਨ । ਹਿੰਦੀ ਦੇ ਨਾਲ ਨਾਲ ਉਹ ਨੇ ਪੰਜਾਬੀ ਦੀ ਐੱਮ.ਏ. ਵੀ ਕੀਤੀ ਹੋਈ ਸੀ । ਦਰਅਸਲ ਸਾਡੀ ਪਹਿਲੀ ਜਾਣ ਪਛਾਣ ਐੱਮ.ਏ. ਦੇ ਇਮਤਿਹਾਨ ਵੇਲੇ ਈ ਹੋਈ ਸੀ । ਸਾਡੀ ਨਹੀਂ, ਮੇਰੀ । ਮੈਂ ਉਹਨੂੰ ਉਦੋਂ ਤੋਂ ਹੀ ਜਾਨਣ ਲੱਗ ਪਿਆ ਸਾਂ । ਪਰ ਉਹ ਮੈਨੂੰ ਨਤੀਜਾ ਨਿਕਲਣ ਤੋਂ ਪਿੱਛੋਂ ਹੀ ਜਾਨਣ ਲੱਗਾ । ਅਸੀਂ ਦੋਏਂ ਪ੍ਰਾਈਵੇਟ ਇਮਤਿਹਾਨ ਦੇਂਦੇ ਸਾਂ ਅਤੇ ਸੈਂਟਰ ਮਹਿੰਦਰਾ ਕਾਲਜ ਪਟਿਆਲਾ ਸੀ । ਪੇਪਰ ਸ਼ੁਰੂ ਹੋਣ ਤੋਂ ਅੱਧਾ ਘੰਟਾ ਪਿੱਛੋਂ ਹੀ ਗੋਪਾਲ

'ਸ਼ੀਟ...' ਕਹਿ ਕੇ ਖੜ੍ਹਾ ਹੋ ਜਾਂਦਾ । ਚੌਵੀ ਸਫ਼ਿਆਂ ਦੀ ਕਾਪੀ ਪਤਾ ਨਹੀਂ ਏਨੀ ਛੇਤੀ ਕਿਵੇਂ ਭਰ ਜਾਂਦੀ । ਮੈਂ ਤਾਂ ਉਦੋਂ ਤੱਕ ਮਸਾਂ ਅੱਠ ਕੁ ਸਫ਼ੇ ਲਿਖੇ ਹੁੰਦੇ ।... ਫੇਰ ਹਰ ਦਸ ਮਿੰਟ ਪਿੱਛੋਂ ਸ਼ੀਟ...' ਆਖ ਕੇ ਖੜ੍ਹੇ ਹੋਣ ਦਾ ਸਿਲਸਿਲਾ ਜਾਰੀ ਰਹਿੰਦਾ । ਫਾਲਤੂ ਸ਼ੀਟਾਂ ਨੂੰ ਚੰਗੀ ਤਰ੍ਹਾਂ ਨੱਥੀ ਕਰਨ ਲਈ ਉਹ ਕਿੰਨੇ ਸਾਰੇ ਧਾਗੇ ਅਗਾਉਂ ਹੀ ਲੈ ਕੇ ਆਪਣੇ ਕੋਲ ਰੱਖਦਾ । ਸਾਰਾ ਨਿਗਰਾਨ ਅਮਲਾ ਹੈਰਾਨ ਹੁੰਦਾ । ਪਹਿਲੇ ਪੇਪਰ ਵਾਲੀ ਘਟਨਾ ਪਿੱਛੋਂ ਤਾਂ ਪੰਜ ਸੱਤ ਫਾਲਤੂ ਸ਼ੀਟਾਂ ਐਡਵਾਂਸ ਹੀ ਦੇ ਦਿੱਤੀਆਂ ਜਾਂਦੀਆਂ ਰਹੀਆਂ ਤਾਂ ਕਿ ਉਹਨੂੰ ਬੈਠਕਾਂ ਨਾ ਕੱਢਣੀਆਂ ਪੈਣ ਅਤੇ ਨਿਗਰਾਨ ਨੂੰ ਦੌੜ ਨਾ ਲਾਉਣੀ ਪਵੇ ।...ਇਕ ਦੋ ਵਾਰੀ ਉਹਨੇ ਡਿਊਟੀ ਦੇ ਰਹੀ ਮੈਡਮ ਨੂੰ ਟੋਕਿਆ ਵੀ ਸੀ, ''ਮੈਡਮ! ਤੁਹਾਡੇ ਸੈਂਡਲ ਸ਼ੋਰ ਬਹੁਤ ਕਰਦੇ ਨੇ, ਠੱਕ-ਠੱਕ । ਮੈਂ ਡਿਸਟਰਬ ਹੁੰਦਾਂ ।' ਉਸ ਵਿਚਾਰੀ ਨੂੰ ਨੰਗੇ ਪੈਰੀਂ ਡਿਊਟੀ ਕਰਨੀ ਪਈ ਅਤੇ ਪਿੱਛੋਂ ਉਹ ਨੇ ਹੀਲ ਵਾਲੇ ਸੈਂਡਲ ਹੀ ਪਾਉਣੇ ਬੰਦ ਕਰ ਦਿੱਤੇ ।

ਇਸ ਵਤੀਰੇ ਕਰਕੇ ਗੋਪਾਲ ਨੂੰ ਸਾਰਾ ਸੈਂਟਰ ਜਾਣ ਗਿਆ ਸੀ । ਬਾਅਦ ਵਿੱਚ ਜਦੋਂ ਉਹਦੀ ਬਦਲੀ ਚੰਡੀਗੜ੍ਹ ਦੀ ਹੋ ਗਈ ਤਾਂ ਸਕੱਤਰੇਤ ਵਿੱਚ ਮੇਲ ਹੋਣਾ ਹੀ ਸੀ । ਹੁਣ ਉਹ ਵੀ ਮੈਨੂੰ ਜਾਣ ਗਿਆ । ਸਾਡੀ ਦੋਸਤੀ ਹੋ ਗਈ । ਉਹੀਓ ਦੋਸਤ ਗੋਪਾਲ ਰੋਪੜ ਵਿਚ ਹੋਣ ਨਾਲ ਮੈਨੂੰ ਹੌਂਸਲਾ ਜਿਹਾ ਹੋ ਗਿਆ । ਇਕ ਦਿਨ ਕਹਿਣ ਲੱਗਾ, ''ਚੱਲ ਤੈਨੂੰ ਸ਼ਾਸਤਰੀ ਜੀ ਨਾਲ ਮਿਲਾਵਾਂ ।''

? ਕਿਹੜਾ ਸ਼ਾਸਤਰੀ ਜੀ
- ਬ੍ਰਿਜ ਲਾਲ ਸ਼ਾਸਤਰੀ । ਬਜ਼ੁਰਗ ਸਾਹਿਤਕਾਰ । ਕਰੀਬ ਨੱਬੇ ਸਾਲ ਉਮਰ ਏ ਉਨ੍ਹਾਂ ਦੀ ।

? ਨਾਟਕਕਾਰ ਬ੍ਰਿਜ ਲਾਲ ਸ਼ਾਸਤਰੀ? ਉਨ੍ਹਾਂ ਦਾ ਨਾਂ ਤਾਂ ਈਸ਼ਵਰ ਚੰਦਰ ਨੰਦਾ ਦੇ ਨਾਲ ਪੰਜਾਬੀ ਨਾਟਕ ਦੇ ਮੋਢੀ ਵਜੋਂ ਲਿਆ ਜਾਂਦੈ ।
- ਹਾਂ ਹਾਂ ਉਹੀ ।

? ਉਹ ਅਜੇ ਜਿਊਂਦੇ ਨੇ?
-ਚੱਲ ਕੇ ਆਪਣੀਆਂ ਅੱਖਾਂ ਨਾਲ ਵੇਖ ਲੈ ।

ਬਹੁਤ ਹੈਰਾਨੀ ਹੋਈ । ਅੰਮ੍ਰਿਤਸਰ ਯੂਨੀਵਰਸਿਟੀ ਵੱਲੋਂ ਛਾਪੇ ਇਕ ਇਤਿਹਾਸ ਵਿੱਚ ਤਾਂ ਸ਼ਾਸਤਰੀ ਜੀ ਨੂੰ ਸੰਨ 1973 ਵਿੱਚ ਹੀ ਸੁਰਗਵਾਸੀ ਘੋਸ਼ਿਤ ਕਰ ਦਿੱਤਾ ਹੋਇਆ ਸੀ । ਹੁਣ ਪੂਰੇ ਦਹਾਕੇ ਬਾਅਦ ਵੀ ਉਹ ਮਾਤਲੋਕ ਵਿੱਚ ਕਿਵੇਂ ਵਿਚਰ ਰਹੇ ਨੇ!

ਖ਼ੈਰ, ਅਸੀਂ ਗਏ । ਪੰਜਾਬ ਨੈਸ਼ਨਲ ਬੈਂਕ ਦੇ ਨਾਲ ਲੱਗਦੀ ਗਲੀ ਦੇ ਪੁਰਾਣੇ ਜਿਹੇ ਘਰ ਵਿੱਚ ਦਾਖ਼ਲ ਹੋਏ । ਗੋਪਾਲ ਨੇ ਤੁਆਰਫ਼ ਕਰਾਇਆ । ਸਾਦਗੀ ਦੀ ਮੂਰਤ ਸ਼ਾਸਤਰੀ ਜੀ ਦਾ ਇਕ ਇਕ ਲਫਜ਼ ਮੇਰੇ ਅੰਦਰ ਨਵੀਂ ਊਰਜਾ ਪੈਦਾ ਕਰ ਰਿਹਾ ਸੀ । ਉਨ੍ਹਾਂ ਦੀ ਪਤਨੀ ਸ੍ਰੀਮਤੀ ਰਕਸ਼ਾ ਜੀ ਦੀਆਂ ਗੱਲਾਂ ਤਾਂ ਜਿਵੇਂ ਸੱਠ ਸੱਤਰ ਵਰ੍ਹੇ ਪੁਰਾਣਾ ਅਦਬੀ ਮਾਹੌਲ ਹੀ ਸਾਕਾਰ ਕਰ ਰਹੀਆਂ ਸਨ । ਏਨੀ ਜ਼ਿੰਦਾ-ਦਿਲ ਜੋੜੀ! ਏਸ ਉਮਰ ਵਿੱਚ ਵੀ ਇਹੋ ਜਿਹੀ ਯਾਦਾਸ਼ਤ! ਤੇ ਫੇਰ ਦੱਸਣ ਦੀ ਜਾਚ ਵੀ ਤੇ ਕਾਹਲੀ ਵੀ!... ਇਹ ਮੇਰੀ ਬਹੁਤ ਵੱਡੀ ਪ੍ਰਾਪਤੀ ਸੀ । ਗੋਪਾਲ ਨੇ ਮੇਰੇ ਸਿਰ ਬਹੁਤ ਵੱਡਾ ਅਹਿਸਾਨ ਕੀਤਾ ਸੀ ।

ਪਿੱਛੋਂ ਇਕ ਮੁਲਾਕਾਤ ਵਿੱਚ ਮੈਂ ਸ਼ਾਸਤਰੀ ਜੀ ਨੂੰ ਸਾਹਿਤ ਦੇ ਕਿਸੇ ਇਤਿਹਾਸ ਵਿੱਚ ਦਰਜ 1973 ਵਿੱਚ ਉਨ੍ਹਾਂ ਦੇ ਚਲਾਣੇ ਦੀ ਗੱਲ ਦੱਸੀ ਤਾਂ ਉਹ ਖੁੱਲ੍ਹ ਕੇ ਹੱਸੇ, ''ਇਹ ਤਾਂ ਉਨ੍ਹਾਂ ਮੇਰੇ ਨਾਲ ਰਿਆਇਤ ਵਰਤੀ ਹੈ । ਅਸਲ ਵਿੱਚ ਤਾਂ ਮੇਰਾ ਭੋਗ 1949 ਵਿੱਚ ਹੀ ਪੈ ਗਿਆ ਸੀ ਜਦੋਂ ਮੈਂ ਰੋਪੜ ਕਾਲਜ ਤੋਂ ਰਿਟਾਇਰ ਹੋਇਆ ਸਾਂ ।...ਤੇ ਰਿਟਾਇਰ ਹੋ ਕੇ ਪੱਕੇ ਤੌਰ 'ਤੇ ਰੋਪੜ ਵਿੱਚ ਹੀ ਟਿਕੇ ਰਹਿਣ ਦਾ ਫੈਸਲਾ ਕਰ ਲਿਆ ਸੀ ।''

ਭਾਈ ਵੀਰ ਸਿੰਘ, ਪ੍ਰੋਰ. ਪੂਰਨ ਸਿੰਘ, ਚਰਨ ਸਿੰਘ ਸ਼ਹੀਦ, ਆਈ.ਸੀ.ਨੰਦਾ ਤੇ ਧਨੀਰਾਮ ਚਾਤ੍ਰਿਕ ਵਰਗਿਆਂ ਦੇ ਜੋਟੀਦਾਰ ਬ੍ਰਿਜ ਲਾਲ ਸ਼ਾਸਤਰੀ ਵੰਡ ਤੋਂ ਪਿੱਛੋਂ ਰੋਪੜ ਆ ਲੱਗੇ । ਉਦੋਂ ਏਥੋਂ ਦੇ ਤਾਲੇ ਬਹੁਤ ਮੁਸ਼ਹੂਰ ਹੁੰਦੇ ਸਨ । ਪਰ ਪਤਾ ਨਹੀਂ ਸ਼ਾਸਤਰੀ ਜੀ ਦੀ ਮਸ਼ਹੂਰੀ ਨੂੰ ਹੀ ਤਾਲੇ ਕਿਉਂ ਵੱਜ ਗਏ! ਮੈਂ ਸੋਚੀਂ ਪੈ ਗਿਆ । ਕਲਮ ਚੱਲ ਪਈ ।

'ਪੰਜਾਬੀ ਟ੍ਰਿਬਿਊਨ' ਵਿੱਚ ਨਿੱਕਾ ਜਿਹਾ ਲੇਖ ਲਿਖਿਆ, ''ਇਤਿਹਾਸ ਕਿ ਉਪਹਾਸ?'' ਇਕ ਹੋਰ ਆਰਟੀਕਲ 'ਜਾਗਿ੍ਤੀ' ਲਈ ਲਿਖਿਆ 'ਤਿੰਨ ਸਦੀਆਂ ਦਾ ਗਵਾਹ' । ਚਰਚਾ ਸ਼ੁਰੂ ਹੋ ਗਈ । 'ਕਲਾ ਦਰਪਣ' ਵਾਲੇ ਐੱਚ ਐੱਸ ਦਿਲਗੀਰ ਨੇ ਟੈਗੋਰ ਥੀਏਟਰ ਵਿੱਚ ਸ਼ਾਸਤਰੀ ਜੀ ਦਾ ਸਨਮਾਨ ਕਰ ਦਿੱਤਾ । ਭਾਸ਼ਾ ਵਿਭਾਗ ਨੇ ਗੋਲਡ ਮੈਡਲ ਦਿੱਤਾ । ਪ੍ਰੀਤਮ ਸਿੰਘ ਹੁਰਾਂ ਅਭਿਨੰਦਨ ਗ੍ਰੰਥ ਛਾਪਿਆ 'ਪੂਰਨ ਵਾਲਾ ਸ਼ਾਸਤਰੀ' । ਸ੍ਰੀਮਤੀ ਰਕਸ਼ਾ ਜੀ ਕਹਿਣ ਲੱਗੇ, ''ਇਨ੍ਹਾਂ ਦਾ ਦੁਬਾਰਾ ਜਨਮ ਹੋਇਆ ਹੈ ।'' ਜਿਸ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਭਾਣਾ ਵਾਪਰਿਆ ਸੀ, ਇਕ ਦਿਨ ਮੈਂ ਵੇਖਿਆ ਉਸੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੇ.ਐੱਸ ਗਰੇਵਾਲ ਦੀ ਕਾਰ ਪੰਜਾਬ ਨੈਸ਼ਨਲ ਬੈਂਕ ਦੀ ਭੀੜੀ ਜਿਹੀ ਗਲੀ ਦੇ ਮੁੂਹਰੇ ਖੜ੍ਹੀ ਹੈ ਅਤੇ ਉਹ ਖ਼ੁਦ ਇਕ ਸਕਾਲਰ ਯੁਵਤੀ ਦੇ ਨਾਲ ਸ਼ਾਸਤਰੀ ਜੀ ਦੇ ਘਰ ਵਿੱਚ ਬੈਠੇ, ਪੁਰਾਣੇ ਦਸਤਾਵੇਜ਼ਾਂ ਦੀ ਮਿੱਟੀ ਝਾੜ-ਝਾੜ, ਉਤਾਰੇ ਕਰ ਰਹੇ ਹਨ ।

ਫਿਰ ਇਕ ਦਿਨ ਸਾਡੇ ਪ੍ਰਿੰਸੀਪਲ ਡਾ.ਪ੍ਰੇਮ ਸਾਗਰ ਸ਼ਾਸਤਰੀ ਨੇ ਜਲੰਧਰ ਰੇਡੀਓਂ ਤੋਂ ਰਿਕਾਰਡਿੰਗ ਕਰਵਾ ਕੇ ਆਉਣ ਉਪਰੰਤ ਸੋਹਣ ਸਿੰਘ ਮੀਸ਼ੇ ਦਾ ਸੁਨੇਹਾ ਦਿੱਤਾ ਕਿ ਰੇਡੀਓ ਵਾਲੇ ਬ੍ਰਿਜ ਲਾਲ ਸ਼ਾਸਤਰੀ ਜੀ ਨੂੰ ਇੰਟਰਵਿਊ ਕਰਨ ਆ ਰਹੇ ਨੇ । ਮੈਂ ਸੁਨੇਹਾ ਪੁਚਾ ਦਿੱਤਾ । ਮੈਂ ਮਿਥੀ ਤਰੀਕ ਪਿੱਛੋਂ ਮਿਲਿਆ ਤਾਂ ਹੱਸ ਕੇ ਕਹਿਣ ਲੱਗੇ, ''ਮੈਂ ਸਾਰਾ ਦਿਨ, ਤਿਆਰ ਹੋ ਕੇ, ਬੈਠਾ ਉਡੀਕਦਾ ਰਿਹਾ । ਮਹਿਮਾਨਾਂ ਦੀ ਆਉ ਭਗਤ ਦਾ ਇੰਤਜ਼ਾਮ ਵੀ ਕੀਤਾ ਹੋਇਆ ਸੀ ।...ਪਰ ਕੀਹਨੇ ਆਉਣਾ ਸੀ?... ਕੋਈ ਨਾ ਆਇਆ ।'' ਉਨ੍ਹਾਂ ਦੇ ਹਾਸੇ ਵਿੱਚ ਖਿਮਾ ਦਾ ਭਾਵ ਸੀ । ਅਬ ਯਹਾਂ ਕੋਈ ਨਹੀਂ...ਕੋਈ ਨਹੀਂ ਆਏਗਾ ।

ਉਨ੍ਹਾਂ ਹੋਰ ਦੱਸਿਆ ਕਿ ਭਾਸ਼ਾ ਵਿਭਾਗ ਵਾਲੇ ਕਹਿੰਦੇ ਨੇ ਕਿ ਆਪਣੀ ਆਮਦਨ ਤਿੰਨ ਸੌ ਰੁਪਏ ਮਹੀਨੇ ਤੋਂ ਘੱਟ ਦੱਸਾਂ ਤਾਂ ਮੇਰੀ ਪੈਨਸ਼ਨ ਲੱਗ ਜਾਏਗੀ । ਤੁਸੀਂ ਦੱਸੋਂ ਮੈਂ ਝੂਠ ਕਿਵੇਂ ਬੋਲਾ? ਪੈਨਸ਼ਨ ਇਨ੍ਹਾਂ ਨੇ ਲੇਖਕ ਨੂੰ ਦੇਣੀ ਏ ਕਿ ਗਰੀਬ ਗੁਰਬੇ ਨੂੰ ?... ਕੋਈ ਕੀ ਜੁਆਬ ਦੇਂਦਾ?... ਸਤਲੁਜ ਨੇ ਆਪਣੀ ਮਰਜ਼ੀ ਨਾਲ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ।

ਰੋਪੜ ਨੇ ਸ਼ਾਸਤਰੀ ਜੀ ਨੂੰ ਕੀ ਦਿੱਤਾ, ਇਹ ਤਾਂ ਪਤਾ ਨਹੀਂ ਪਰ ਉਨ੍ਹਾਂ ਨੇ ਆਪਣੀ ਵਸੀਅਤ ਵਿੱਚ ਇਥੋਂ ਵਾਲਾ ਘਰ 'ਕੇਂਦਰੀ ਲੇਖਕ ਸਭਾ' ਦੇ ਨਾਂ ਕਰ ਦਿੱਤਾ ਸੀ ਅਤੇ ਇੱਛਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਦੇ ਫੁੱਲ ਹਰਿਦੁਆਰ ਜਾ ਕੇ ਗੰਗਾ ਪ੍ਰਵਾਹੁਣ ਦੀ ਥਾਂ ਰੋਪੜ ਵਿੱਚ ਹੀ ਸਤਲੁਜ ਦੀ ਭੇਟ ਕਰ ਦਿੱਤੇ ਜਾਣ । ਉਹ ਸੰਸਕ੍ਰਿਤ ਦਾ ਵਿਦਵਾਨ ਪ੍ਰੋਫ਼ੈਸਰ ਸਾਰੀ ਉਮਰ ਪੰਜਾਬੀ ਵਿੱਚ ਲਿਖਦਾ ਰਿਹਾ ਅਤੇ ਕੂਕ ਕੂਕ ਕੇ ਕਹਿੰਦਾ ਰਿਹਾ :

ਸੁਆਦ ਸ਼ਹਿਦ ਖੰਡ ਦਾ
ਤੇ ਮਹਿਮਾ ਹੈ ਗੁਲਾਬ ਦੀ ।
ਦੋਵੇਂ ਵਿਕੇ ਜਿਦ੍ਹੇ ਉਤੋਂ
ਬੋਲੀ ਉਹ ਪੰਜਾਬ ਦੀ¨

••••••

42. ਰੂਪਨਗਰ ਦਾ ਸੁਫ਼ਨਾ

ਰੂਪਨਗਰ ਦਾ ਸੁਫ਼ਨਾ ਕਦੋਂ ਸਾਕਾਰ ਹੋਊ,
ਅਜੇ ਬੁਰਜੀਆਂ ਉਤੇ ਰੋਪੜ ਲਿਖਿਆ ਏ¨

ਰੋਪੜ ਰਹਿੰਦਿਆਂ ਜੋ ਜਾਣਿਆਂ, ਉਹਦਾ ਤੱਤਸਾਰ ਇਹ ਹੈ ਕਿ ਕਾਲਜ ਦੇ ਐਨ ਸਾਹਮਣੇ ਪ੍ਰਾਚੀਨ ਸੱਭਿਅਤਾ ਦਾ ਵੱਡਾ ਸਾਰਾ ਥੇਹ ਹੈ । ਥੇਹ ਨੂੰ ਪੁੱਟ ਕੇ ਬਹੁਤ ਕੁਝ ਕੱਢਿਆ ਗਿਆ । ਬਾਕੀ ਦਾ ਕੰਮ ਆਉਣ ਵਾਲੀਆਂ ਪੀੜ੍ਹੀਆਂ ਲਈ ਛੱਡਿਆ ਗਿਆ । ਜਦੋਂ ਵਿੰਨੀ ਮਹਾਜਨ ਇਥੇ ਡੀ.ਸੀ. ਬਣ ਕੇ ਆਈ ਸੀ, ਉਹਨੇ ਥੇਹ ਦੀ ਸਫ਼ਾਈ ਕਰਵਾ ਕੇ ਚੁਫੇਰੇ ਤਾਰ ਲਵਾਈ ਸੀ । ਆਲੇ-ਦੁਆਲੇ ਨੂੰ ਫੁੱਲ-ਬੂਟਿਆਂ ਨਾਲ ਸ਼ਿੰਗਾਰ ਕੇ ਦਰਸ਼ਨੀ ਬਣਾਇਆ ਗਿਆ । ਕਲਾਸੀਕਲ ਡਾਂਸ ਦਾ ਵਧੀਆ ਪ੍ਰੋਗਰਾਮ ਰਚਾ ਕੇ, ਹਨ੍ਹੇਰੇ ਵਿਚ ਗੁਆਚੇ ਅਤੀਤ ਨੂੰ ਕੁਝ ਵਕਤ ਲਈ ਜਗਮਗਾਇਆ ਗਿਆ । ਮੈਡਮ ਗਈ ਤਾਂ ਉਹਦੇ ਨਾਲ ਹੀ ਰੋਪੜ ਦੀ ਥੇਹ ਹੋਈ ਜੂਨ ਵਿਚ ਦੁਬਾਰਾ ਥਿਰਕਣ ਦੀ ਆਸ ਵਿਚ ਊਂਘਦਾ, ਨਾਚ ਵੀ ਗਿਆ । ਰੋਪੜ ਨੂੰ ਰੂਪਨਗਰ ਬਣਾਉਣ ਦਾ ਸੁਫ਼ਨਾ ਗੁੰਮ ਗੁਆਚ ਗਿਆ । ਥੇਹ ਉਤੇ ਡੇਰੇ ਲਾਈ ਬੈਠਾ ਇਹ ਰਾਜਧਾਨੀ ਦਾ ਸਭ ਤੋਂ ਨੇੜਲਾ ਸ਼ਹਿਰ ਏ । ਇਹਦੀ ਖੂਬਸੂਰਤੀ, ਇਹਦੀ ਵਿਸ਼ੇਸ਼ਤਾ, ਇਹਦੀ ਵਿਲੱਖਣਤਾ ਸਿਰਫ਼ ਨਹਿਰ ਏ!

ਮਹਿੰਦਰ ਸਿੰਘ ਰੰਧਾਵਾ ਨੂੰ ਇਹ ਨਹਿਰ ਬਹੁਤ ਜੱਚਦੀ ਰਹੀ । ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿਚ ਸਥਿਤ ਨਹਿਰ ਦਾ ਨਜ਼ਾਰਾ ਉਹਨੂੰ ਖਿੱਚਦਾ ਰਿਹਾ । ਦੂਰ ਦੂਰ ਤੱਕ ਦਿੱਸਦੇ ਦਰਖ਼ਤਾਂ ਦੇ ਦਿ੍ਸ਼ ਉਹਨੂੰ ਭਰਮਾਉਂਦੇ ਰਹੇ । ਇਸ ਇਲਾਕੇ ਨੂੰ ਸੈਲਾਨੀਆਂ ਲਈ ਸਥਾਈ ਸੈਰਗਾਹ ਬਣਾਉਣ ਦੇ ਉਹਨੂੰ ਸਾਵੇ ਪੀਲੇ ਸੁਫ਼ਨੇ ਆਉਂਦੇ ਰਹੇ । ਜਿਸ ਤਵੱਜੋ ਦਾ ਇਹ ਸ਼ਹਿਰ ਹੱਕਦਾਰ ਸੀ, ਇਹਨੂੰ ਉਹ ਨਾ ਮਿਲੀ । ਸੈਲ ਪੱਥਰ ਹੋਈ ਸੁੰਦਰਤਾ ਨੂੰ ਕਿਸੇ ਰੰਧਾਵੇ ਦੀ ਰਚਨਾਤਮਕ ਛੋਹ ਨਾ ਮਿਲੀ ।...ਫਿਰ ਵੀ ਗਿਆਨੀ ਜੈਲ ਸਿੰਘ ਦਾ ਚੋਣ ਹਲਕਾ ਹੋਣ ਕਰਕੇ ਉਹਨੇ ਸ਼ਹਿਰ ਵਿਚ ਆਪਣੇ ਨਾਂ ਦਾ ਨਵਾਂ ਨਗਰ ਵਸਾ ਦਿੱਤਾ । ਨਹਿਰ ਦੇ ਹੈੱਡ ਵਰਕਸ ਨੂੰ ਝੀਲ ਦਾ ਰੂਪ ਦੇ ਕੇ ਪਿੰਕੇਸ਼ੀਆ ਬਣਾ ਦਿੱਤਾ । ਕੁਦਰਤ ਦੇ ਪ੍ਰੇਮੀ ਜੋੜੇ ਇਥੇ ਅਕਸਰ ਆਉਂਦੇ ਰਹਿੰਦੇ ਨੇ । ਕਈ ਸ਼ਰ੍ਹੇਆਮ ਘੁੰਮਦਿਆਂ ਦੇ ਝਾਉਲੇ ਪੈਂਦੇ ਨੇ । ਕਹਿਣ ਵਾਲੇ ਇਹਨੂੰ ਬੋਟ ਕਲੱਬ ਵੀ ਕਹਿੰਦੇ ਨੇ । …ਪਾਣੀ ਦੀ ਵਿਸ਼ਾਲ ਤਰਲਤਾ ਨੂੰ ਮਾਣਦਿਆਂ ਬੰਦਾ ਅੰਦਰ ਵੱਲ ਨੂੰ ਖੁੱਲ੍ਹ ਜਾਂਦਾ ਏ । ਜ਼ਿੰਦਗੀ ਦੇ ਕਦਮਾਂ ਵਿਚ ਥਿਰਕਣ ਜਾਗ ਪੈਂਦੀ ਏ, ਥੇਹ ਦਾ ਚੇਤਾ ਭੁੱਲ ਜਾਂਦਾ ਏ!

ਚੇਤਾ ਆਉਂਦੈ ਜਦੋਂ ਅੰਮ੍ਰਿਤ ਵੇਲੇ ਨਹਿਰ ਦੇ ਕੰਢੇ ਕੰਢੇ ਸਫ਼ਰ ਨੂੰ ਨਿਕਲੀਦਾ ਸੀ...ਇੰਨੀ ਸ਼ਾਂਤੀ! ਇੰਨਾ ਸਕੂਨ!!! ਬਿਰਖਾਂ ਦੇ ਸਥਿਰ ਪਰਛਾਵਿਆਂ ਹੇਠਾਂ ਅਡੋਲ ਵਗਦਾ ਪਾਣੀ! ਸੋਚ ਵਿਚ ਪ੍ਰਵਾਹਿਤ ਆਨੰਦ ਦੀ ਅਨੰਤ ਧਾਰਾ! ਸਭ ਕੁਝ ਹੌਲਾ ਫੁੱਲ! ਤਰੋ-ਤਾਜ਼ਾ ਪੌਣ ਵਿਚ ਵਿਰਲੇ ਟਾਵੇਂ ਪੰਛੀਆਂ ਦੇ ਬੋਲ । ਸਭ ਅਨਮੋਲ!

ਚੇਤੇ ਆਉਂਦੀ ਏ ਬ੍ਰਿਜ ਲਾਲ ਸ਼ਾਸਤਰੀ ਹੁਰਾਂ ਦੀ ਸੁਣਾਈ ਹੋਈ ਗੱਲ । ਕਹਿੰਦੇ ''ਮੈਂ ਸਾਰੀ ਉਮਰ ਪਜਾਮੇ ਨਾਲ ਈ ਲੰਘਾਈ ਏ । ਕਦੇ ਪੈਂਟ ਨਹੀਂ ਪਾਈ । ਇਕ ਵਾਰੀ ਰਕਸ਼ਾ ਜੀ ਨੇ ਜ਼ਿੱਦ ਈ ਫੜ ਲਈ : ਅਖੇ, ਪੈਂਟ ਜ਼ਰੂਰ ਪਾਉਣੀ ਪੈਣੀ ਏ । ਉਹਨੇ ਜ਼ਬਰਦਸਤੀ ਦੋ ਸੰਵਾ ਦਿੱਤੀਆਂ । ਛੋਟੀ ਮੂਹਰੀ ਦਾ ਰਿਵਾਜ ਸੀ । ਮੈਂ ਬੁਰਾ ਫਸਿਆ । ਨਾਂਹ ਕਿਵੇਂ ਕਰਦਾ? ਮਸਾਂ ਮਨਾਇਆ ਕਿ ਸਵੇਰੇ ਸਵੇਰੇ ਮੂੰਹ ਹਨ੍ਹੇਰੇ ਸਫ਼ਰ ਵੇਲੇ ਪਾ ਕੇ ਵੇਖਾਂਗੇ । ਜੇ ਬਹੁਤੀ ਬੁਰੀ ਨਾ ਲੱਗੀ ਤਾਂ ਕਦੇ ਕਦਾਈਂ ਪਾ ਲਿਆ ਕਰਾਂਗਾ । ...ਇਕ ਦਿਨ ਬ੍ਰਹਮ ਮਹੂਰਤ ਵਿਚ ਪੈਂਟ ਥੈਲੇ ਵਿਚ ਪਾ ਕੇ ਸਫ਼ਰ ਨੂੰ ਨਿਕਲ ਗਿਆ । ਨਹਿਰ ਦੇ ਕਿਨਾਰੇ ਇਕਾਂਤ ਜਿਹੀ ਵੇਖ ਕੇ ਪਜਾਮਾ ਲਾਹ ਕੇ ਝੋਲੇ ਵਿਚ ਪਾਇਆ ਤੇ ਪੈਂਟ ਵਿਚ ਲੱਤਾਂ ਫਸਾ ਲਈਆਂ । ਬੜੀ ਮੁਸ਼ਕਲ ਨਾਲ ਖਿੱਚ-ਧੂਹ ਕਰ ਕੇ ਬਟਨ ਬੰਦੇ ਕੀਤੇ । ਹੁੱਕ ਲਗਾਈ । ...ਜਦੋਂ ਤੁਰਿਆ ਤਾਂ ਇਉਂ ਜਾਪੇ ਜਿਵੇਂ ਕਿਸੇ ਹੋਰ ਦੀਆਂ ਲੱਤਾਂ ਉਤੇ ਮੇਰਾ ਧੜ ਜੜਿਆ ਹੋਇਐ । ਤੋਰ ਬਦਲ ਗਈ । ਪੈਰ ਟਿਕਾਣੇ ਨਾ ਪੈਣ । ਘੜੀ ਮੁੜੀ ਪਿਛਾਂਹ ਮੁੜ ਕੇ ਵੇਖਾਂ ਕਿ ਕੋਈ ਵੇਖ ਤਾਂ ਨਹੀਂ ਰਿਹਾ । …...ਸ਼ੁਕਰ ਐ, ਕਿਸੇ ਨੇ ਵੇਖਿਆ ਨਹੀਂ ਸੀ । ਮੁੜ ਇਕਾਂਤ ਖੂੰਜਾ ਭਾਲ ਕੇ ਬਹਿ ਗਿਆ । ਪੈਂਟ ਦੇ ਪੌਚਿਆਂ ਵਿਚੋਂ ਲੱਤਾਂ ਬਾਹਰ ਖਿੱਚਦਿਆਂ ਸਾਹ ਫੁੱਲ ਗਿਆ । ਆਪਣਾ ਪਜਾਮਾ ਪਾ ਕੇ ਸੁਖ ਦਾ ਸਾਹ ਆਇਆ । ਪੈਂਟ ਨੂੰ ਝੋਲੇ ਵਿਚ ਪਾਇਆ । ਆਪਣੇ 'ਤੇ ਹਾਸਾ ਅਤੇ ਪੈਂਟ 'ਤੇ ਗੁੱਸਾ ਆਇਆ । ਅੱਗੇ ਪਿੱਛੇ ਵੇਖਿਆ, ਕੋਈ ਵੇਖ ਤਾਂ ਨਹੀਂ ਰਿਹਾ । ਪੈਂਟ ਸਮੇਤ ਝੋਲੇ ਦਾ ਗੋਲਾ ਜਿਹਾ ਬਣਾ ਕੇ ਨਹਿਰ ਵਿਚ ਵਗਾਹ ਮਾਰਿਆ । ਹੱਥ ਝਾੜੇ ਤੇ ਸੁਰਖਰੂ ਹੋ ਕੇ ਟਹਿਲਣ ਲੱਗਾ । ਘਰ ਆ ਕੇ ਰਕਸ਼ਾ ਜੀ ਨੂੰ ਸਾਰੀ ਵਾਰਤਾ ਦੱਸੀ । ਉਹ ਖੂਬ ਹੱਸੀ । ਦੂਜੀ ਪੈਂਟ ਦਾ ਪਤਾ ਨਹੀ, ਕੀ ਕੀਤਾ । ਮੈਨੂੰ ਨਹੀਂ ਮੁੜ ਪਾਉਣ ਲਈ ਕਿਹਾ । ਮੈਂ ਸਾਰੀ ਉਮਰ ਪਜਾਮਾ ਈ ਰਿਹਾ!"

•••

ਕਦੇ ਚਿੱਤ-ਚੇਤਾ ਵੀ ਨਹੀਂ ਸੀ ਕਿ ਰੋਪੜ ਜਾ ਕੇ ਪੱਕੇ ਤੌਰ 'ਤੇ ਰਹਿਣਾ ਪਵੇਗਾ । ਸ਼ਹਿਰ ਬਾਰੇ ਬਹੁਤਾ ਪੜ੍ਹਿਆ ਸੁਣਿਆ ਵੀ ਨਹੀਂ ਸੀ । ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਦਾ ਹਵਾਲਾ ਯਾਦ ਸੀ । ਦੂਜਾ ਰੋਪੜੀ ਤਾਲਿਆਂ ਬਾਰੇ ਅਖਾਣਾਂ ਵਾਂਗ ਪਤਾ ਸੀ । ਸੁਣਿਆ ਕਰਦੇ ਸਾਂ ਕਿ ਕਿਸੇ ਸਕੂਲ ਵਿਚ ਇੰਸਪੈਕਟਰ ਆਇਆ ਤੇ ਉਹਨੇ ਕਿਸੇ ਬੱਚੇ ਨੂੰ ਪੁੱਛਿਆ, ''ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਕਿੱਥੇ ਹੋਈ ਸੀ?'' ਮੁੰਡੇ ਨੂੰ ਚੁੱਪ ਵੇਖ ਕੇ ਮਾਸਟਰ ਨੇ ਇਸ਼ਾਰੇ ਨਾਲ ਜਵਾਬ ਦੱਸਿਆ, ''ਓਏ, ਨਹੀਂ ਆਉਂਦਾ ਤਾਂ ਰੋ ..ਪੜ!" ਮੁੰਡਾ ਇਸ਼ਾਰਾ ਸਮਝਿਆ । ਰੋਣ ਦੀ ਥਾਂ ਰੋਪੜ ਕਹਿ ਕੇ ਉਹਨੇ ਇੰਸਪੈਕਟਰ ਦੀ ਤਸੱਲੀ ਕਰਵਾ ਦਿੱਤੀ । ਮਾਸਟਰ ਦੀ ਇੱਜ਼ਤ ਵੀ ਰਹਿ ਗਈ ।

ਚੰਡੀਗੜ੍ਹ ਰਹਿੰਦਿਆਂ ਜਦੋਂ ਪਿੰਡ ਵੱਲ ਜਾਣਾ ਆਉਣਾ ਹੁੰਦਾ ਤਾਂ ਬਰਾਸਤਾ ਲੁਧਿਆਣਾ ਈ ਜਾਈਦਾ ਸੀ । ਜਦੋਂ ਬਰਾਸਤਾ ਨਵਾਂ ਸ਼ਹਿਰ ਵਾਲਾ ਰੂਟ ਖੁੱਲਿ੍ਹਆ ਤਾਂ ਰਾਹ ਵਿਚ ਰੋਪੜ ਵੀ ਆਉਂਦਾ । ਪੈਂਡਾ ਘਟ ਗਿਆ ਤੇ ਥੋੜ੍ਹਾ ਜਿਹਾ ਕਿਰਾਇਆ ਵੀ । ਰਾਹ ਵਿਚ ਹੋਣ ਕਰਕੇ ਥੋੜ੍ਹਾ ਬਹੁਤਾ ਵਾਹ ਵੀ ਪੈਣ ਲੱਗਾ । ਜ਼ਿਲ੍ਹਾ ਤਾਂ ਇਹ ਪੰਜਾਬ ਦੇ ਪੁਨਰਗਠਨ ਪਿੱਛੋਂ ਬਣਿਐ, ਪਹਿਲਾਂ ਅੰਬਾਲਾ ਜ਼ਿਲ੍ਹੇ ਵਿਚ ਪੈਂਦਾ ਸੀ । ਕੋਈ ਵਿਰਲਾ-ਟਾਵਾਂ ਬੰਦਾ ਈ ਇਸ ਸ਼ਹਿਰ ਦਾ ਨਾਂ ਲੈਂਦਾ ਸੀ । ਸਬੱਬ ਨਾਲ ਆਪਣੀ ਸੁਰਿੰਦਰ ਦੀ ਨਿਯੁਕਤੀ ਇਸ ਜ਼ਿਲ੍ਹੇ ਦੇ ਸਕੂਲਾਂ ਵਿਚ ਈ ਹੁੰਦੀ ਰਹੀ । ਸਦਰ ਮੁਕਾਮ 'ਤੇ ਜਾਣ ਦੀ ਜ਼ਰੂਰਤ ਪੈਂਦੀ ਰਹੀ । ਬੱਸਾਂ ਦੇ ਦੋ ਅੱਡੇ ਹੋ ਗਏ । ਇਕ ਸ਼ਹਿਰ ਵਾਲਾ, ਦੂਜਾ ਨਹਿਰ ਵਾਲਾ । ਇਕ ਵਾਰੀ ਸ਼ਹਿਰ ਵਾਲੇ ਪੁਰਾਣੇ ਅੱਡੇ 'ਤੇ ਮੈਂ ਤੇ ਗੁਰਦੇਵ ਚੌਹਾਨ ਚੰਡੀਗੜ੍ਹ ਆਉਣ ਲਈ ਖੜ੍ਹੇ ਸਾਂ । ਸਬੱਬੀ ਸੋਹਨ ਸਿੰਘ ਮੀਸ਼ਾ ਵੀ ਆ ਗਿਆ । ਛਿੱਟ ਛਿੱਟ ਲਾਉਣ ਦਾ ਪ੍ਰੋਗਰਾਮ ਬਣ ਗਿਆ । ਮੀਸ਼ਾ ਕਹਿੰਦਾ ''ਠਹਿਰੋ, ਪਹਿਲਾਂ ਮੈਂ ਪਤਾ ਕਰ ਲਵਾਂ ਕਿ ਨਵੇਂ ਸ਼ਹਿਰ ਨੂੰ ਬੱਸ ਕਿੱਥੋਂ ਜਾਏਗੀ?'' ਖੰਡਰ ਜਿਹੇ ਅਹਾਤੇ ਵਿਚ ਖੜ੍ਹੀਆਂ ਬੱਸਾਂ ਕੋਲ ਖੜ੍ਹੇ ਬਜ਼ੁਰਗ ਜਿਹੇ ਡਰਾਈਵਰ ਤੋਂ ਪਤਾ ਕਰਕੇ ਜਦੋਂ ਉਹ ਤਸੱਲੀ ਨਾਲ ਵਾਪਸ ਆਇਆ ਤਾਂ ਮੇਰੇ ਮੂੰਹੋਂ ਨਿਕਲਿਆ :

ਪ੍ਰਾਚੀਨ ਖੰਡਰਾਂ ਤੋਂ ਪੁੱਛਦੇ ਫਿਰਦੇ ਹਾਂ,
ਨਵੇਂ ਸ਼ਹਿਰ ਨੂੰ ਬੱਸਾਂ ਕਿੱਥੋਂ ਜਾਣਗੀਆਂ?

ਮੀਸ਼ੇ ਨੇ ਜੇਬ ਵਿਚੋਂ ਨੋਟ ਬੁੱਕ ਕੁੱਢ ਕੇ, ਹਨ੍ਹੇਰੇ ਜਿਹੇ ਵਿਚ ਹੀ ਇਹ ਤੁੱਕ ਨੋਟ ਕਰ ਲਈ ਤੇ ਫਿਰ ਹੋਇਆ ਜੋ ਹੋਣਾ ਸੀ... ਰੋਪੜ ਕਈ ਸਾਹਿਤਕ ਸਮਾਗਮਾਂ 'ਤੇ ਆਉਣ ਦਾ ਸਬੱਬ ਵੀ ਬਣਿਆ । ਉਦੋਂ ਨਿੰਦਰ ਗਿੱਲ ਇਥੇ ਹੁੰਦਾ ਸੀ ਤੇ ਪਰਮਿੰਦਰਜੀਤ ਨੰਗਲ । ਮਿੰਦਰ ਦੋਹਾਂ ਦਰਮਿਆਨ ਆਨੰਦਪੁਰ ਸਾਹਿਬ । ਮਹਿੰਦਰ ਸਿੰਘ ਬਾਗੀ ਸਾਡੇ ਵਿੰਹਦਿਆਂ ਵਿੰਹਦਿਆਂ 'ਮਿੰਦਰ' ਹੋ ਗਿਆ ਤੇ ਨੱਥਾ ਸਿੰਘ ਗਿੱਲ ਸਾਡੇ ਹੱਥਾਂ ਵਿਚ ਨਿੰਦਰ ਗਿੱਲ ਬਣ ਗਿਆ । ਰੋਪੜ ਵਿਚ ਭਰਵੇਂ ਇੱਕਠ ਹੁੰਦੇ । ਮਸਤੀ ਦੇ ਆਲਮ ਵਿਚ ਸੁਣਦੇ ਸੁਣਾਉਂਦੇ । ਪੁਰਾਣੇ ਯਾਰਾਂ ਦੋਸਤਾਂ ਨੂੰ ਮਿਲਦੇ, ਨਵੇਂ ਮਿੱਤਰ ਬਣਾਉਂਦੇ । ਖੁੱਲ੍ਹੀ ਡੁਲ੍ਹੀ ਫਿਜ਼ਾ ਵਿਚ ਵਿਚਰਦੇ, ਨਹਿਰ ਵਿਚ ਨਹਾਉਂਦੇ ।

ਕਦੇ ਕਦਾਈਂ ਆਉਣ ਅਤੇ ਪੱਕਾ ਟਿਕਾਣਾ ਬਣਾਉਣ ਵਿਚ ਬੜਾ ਫ਼ਰਕ ਹੁੰਦੈ । ਫ਼ਰਕ ਦਾ ਪਤਾ ਇਥੇ ਆ ਕੇ ਲੱਗਾ । ਸ਼ੁਰੂ ਸ਼ੁਰੂ ਵਿਚ ਉਖੜਿਆ ਰਿਹਾ । ਹੌਲੀ ਹੌਲੀ ਅਸੀਂ ਇਕ ਦੂਜੇ ਦੇ ਮੇਚ ਹੋਈ ਗਏ । ਜਗ੍ਹਾ ਬਦਲਣ ਨਾਲ ਬਹੁਤ ਕੁਝ ਬਦਲ ਜਾਂਦਾ ਏ । ਤਬਦੀਲੀ ਦਾ ਅਸਰ ਬਹੁਤ ਬਾਅਦ ਵਿਚ ਜ਼ਾਹਿਰ ਹੁੰਦਾ ਏ ।

ਸੂਬੇ ਵਿਚ ਹਿੰਸਾ ਦੀ ਹਨ੍ਹੇਰੀ ਝੁੱਲ ਰਹੀ ਸੀ । ਕੁਝ ਵੀ ਕਿਸੇ ਦੇ ਵੱਸ ਵਿਚ ਨਹੀਂ ਸੀ ਜਾਪਦਾ । ਬੇਬਸੀ ਦਾ ਆਲਮ ਸੀ । ਕਲਮਾਂ ਡੋਲ ਰਹੀਆਂ ਸਨ । ਕੁਝ ਦਾ ਕੁਝ ਬੋਲ ਰਹੀਆਂ ਸਨ । ਬੰਦਿਆਂ ਦੇ ਅੰਦਰ ਫਿਰਕੇ ਉੱਗ ਪਏ ਸਨ । ਵਿਚਾਰਧਾਰਾ ਦੇ ਮੁਖੌਟੇ ਤਿੜਕ ਰਹੇ ਸਨ । ਇਨ੍ਹੀਂ ਦਿਨੀਂ ਗੁਲਜ਼ਾਰ ਸੰਧੂ ਦੀ ਚਿੱਠੀ ਆਈ । ਉਹ 'ਪੰਜਾਬੀ ਟ੍ਰਿਬਿਊਨ ਦਾ ਐਡੀਟਰ ਆ ਲੱਗਾ ਸੀ । ਅਖ਼ਬਾਰ ਵਿਚ ਬਾਕਾਇਦਾ ਲਿਖਣ ਲਈ ਸਲਾਹ ਮਸ਼ਵਰੇ ਵਾਸਤੇ ਉਹਨੇ ਬੁਲਾਇਆ ਸੀ । ਉਹਦੀ ਹੱਲਾਸ਼ੇਰੀ ਨਾਲ 'ਕਵੀ-ਓ-ਵਾਚ' ਰੋਜ਼ਾਨਾ ਲਿਖਣ ਦਾ ਮਨ ਬਣਾਇਆ ਸੀ । ਬੈਂਤ ਛੰਦ ਵਿਚ ਚਾਰ ਸਤਰਾਂ । ਚਹੁੰ ਸਤਰਾਂ ਵਿਚ ਪੂਰੀ ਗੱਲ ਸਮੇਟਣੀ । ਪਹਿਲਾਂ ਇਹ ਕੰਮ 'ਅਜੀਤ' ਵਿਚ 'ਅੱਜ ਦੀ ਗੱਲ' ਕਾਲਮ ਰਾਹੀਂ ਸੂਬਾ ਸਿੰਘ ਕਰਦਾ ਰਿਹਾ ਸੀ ਪਰ ਉਹ ਕਦੇ ਕਦਾਈਂ ਲਿਖਦਾ ਸੀ ਤੇ ਕੁੱਲ ਮਿਲਾ ਕੇ ਉਹਨੇ ਕੁੱਲ ਪੈਂਤੀ ਚਾਲੀ ਟੁਕੜੀਆਂ ਹੀ ਲਿਖੀਆਂ ਸਨ ਜਿਹੜੀਆਂ ਕਿ ਪਿੱਛੋਂ 'ਵਿਅੰਗ ਤਰੰਗ' ਦੇ ਰੂਪ ਵਿਚ ਛਪੀਆਂ ।

ਕਾਲਮ ਸ਼ੁਰੂ ਹੋਇਆ । ਆਰਟਿਸਟ ਪ੍ਰਕਾਸ਼ ਦੇ ਬਣਾਏ ਨਿੱਕੇ ਜਿਹੇ ਸਕੈੱਚ ਵਿਚੋਂ ਵੀ ਸ਼ਕਲ ਪਛਾਣੀ ਜਾਂਦੀ ਸੀ । ਨਾਂ ਦੀ ਥਾਂ 'ਕ੍ਰਿਤਕਵੀ ਧਿਆਨਪੁਰੀ' ਛਪਦਾ । ਪਹਿਲੇ ਦਿਨ ਇਨ੍ਹਾਂ ਸਤਰਾਂ ਨਾਲ ਸ੍ਰੀਗਣੇਸ਼ ਹੋਇਆ:

ਕਵੀਓ-ਵਾਚ ਇਹ ਨਹੀਂ ਆਕਾਸ਼ਵਾਣੀ,
ਸੱਚੇ ਸੱਚ ਨਿਕਲੂ, ਨੋਟ ਕਰ ਲਿਆ ਜੇ ।
ਕਲਮਾਂ ਵਾਲਿਓ! ਵੇਲਾ ਜੇ ਬੋਲਣੇ ਦਾ,
ਚੁੱਪ ਰਹੇ ਤਾਂ ਆਪਣਾ ਸਰ ਲਿਆ ਜੇ ।
ਜਿਸ ਦੀ ਅੱਖ ਦੁਖਿਆਂ ਲਾਲੀ ਰੜਕਦੀ ਸੀ,
ਕੀਕਣ ਓਸ ਦੀ ਮੌਤ ਨੂੰ ਜਰ ਲਿਆ ਜੇ ।
ਲਿਖ ਲਿਖ ਮਰਸੀਏ ਹੁਣੇ ਤੋਂ ਧਰੀ ਜਾਵੋ,
ਲੋੜ ਸਮੇਂ ਖ਼ਾਲੀ ਥਾਵਾਂ ਭਰ ਲਿਆ ਜੇ ।

ਪਾਠਕਾਂ ਦਾ ਹੁੰਗਾਰਾ ਬਹੁਤ ਹੀ ਉਤਸ਼ਾਹਜਨਕ ਰਿਹਾ । ਬੜਾ ਪਿਆਰ ਮਿਲਿਆ । ਅਤਿਵਾਦ ਦੇ ਨਾਲ ਨਾਲ ਵਰਦੀ ਵਾਲੇ ਅਤਿਵਾਦ ਦੇ ਸਿੱਟੇ ਭੁਗਤ ਰਹੇ ਆਮ ਆਦਮੀ ਦੀ ਪੀੜ ਨੂੰ ਵਿਅੰਗਮਈ ਸ਼ੈਲੀ ਵਿਚ ਬਿਆਨ ਕੀਤਾ ਜਾਂਦਾ । ਦੁੱਖ ਦੀ ਸਾਂਝ ਹੁੰਗਾਰਾ ਬਣਦੀ । ਸਰਕਾਰੀ ਮੁਲਾਜ਼ਮ ਲਈ ਇਹ ਰਾਹ ਖ਼ਤਰੇ ਤੋਂ ਖ਼ਾਲੀ ਨਹੀਂ ਸੀ । ਸਾਡੇ ਸਾਹਮਣੇ ਵਾਲੇ ਕੁਆਰਟਰ ਵਿਚ ਇੰਟੈਲੀਜੈਂਸ ਬਿਊਰੋ ਦਾ ਇੰਸਪੈਕਟਰ ਰਹਿੰਦਾ ਸੀ । ਉਹਦੇ ਮਾਤਾ ਜੀ ਮੇਰੇ ਕਾਲਮ ਦੇ ਬਾਕਾਇਦਾ ਪਾਠਕ ਸਨ । ਇਕ ਦਿਨ ਮੇਰੀ ਪਤਨੀ ਨੂੰ ਕਹਿੰਦੇ ''ਆਹ ਜਿਹੜਾ ਕੋਈ ਹਰ ਰੋਜ਼ ਗੌਰਮਿੰਟ ਦੇ ਖਿਲਾਫ਼ ਲਿਖਦੈ, ਇਹਨੂੰ ਕੋਈ ਫੜਦਾ ਨਹੀਂ!''

''ਫੜਨਾ ਕੀਹਨੇ ਐ ਬੀ ਜੀ, ਇਹਨੂੰ ਕੋਈ ਪੜ੍ਹਦਾ ਈ ਨਹੀਂ ।'' ਸੁਰਿੰਦਰ ਤੋਂ ਓਦਣ ਉਨ੍ਹਾਂ ਨੂੰ ਪਤਾ ਲੱਗਾ ਕਿ ਲਿਖਣ ਵਾਲਾ ਸ਼ਖ਼ਸ ਉਨ੍ਹਾਂ ਦੇ ਗੁਆਂਢ ਵਿਚ ਰਹਿੰਦਾ ਏ । ਇਕ ਦਿਨ ਦੋ ਪੀਲੀਆਂ ਪੱਗਾਂ ਵਾਲੇ ਨੌਜਵਾਨ ਮੁੰਡੇ ਮੇਰੇ ਪਿੱਛੇ ਪਿੱਛੇ ਤੁਰਦੇ ਇਸ਼ਾਰਿਆਂ ਨਾਲ ਘੁਸਰ- ਮੁਸਰ ਕਰੀ ਜਾਣ, ''ਲੱਗਦਾ ਤਾਂ ਉਹੀਓ ਈ ਐ ।'' ਮੈਂ ਕਾਲਜ ਵਿਚੋਂ ਨਿਕਲ ਕੇ ਸ਼ਹਿਰ ਵੱਲ, ਬਾਜ਼ਾਰ ਜਾ ਰਿਹਾ ਸਾਂ । ਮੁੰਡਿਆਂ ਦੇ ਚਾਲੇ ਵੇਖ ਕੇ ਮੈਂ ਨੌਗਜ਼ੇ ਪੀਰ ਵਾਲੀ ਗਲੀ ਮੁੜ ਗਿਆ । ਉਹ ਵੀ ਮੁੜ ਗਏ । ਮੈਂ ਡਰਿਆ ਜਿਹਾ ਇਕ ਹੋਰ ਗਲੀ ਨੂੰ ਹੋ ਗਿਆ । ਕਦਮ ਕਾਹਲੇ ਹੋ ਗਏ । ਉਨ੍ਹਾਂ ਪਿੱਛਾ ਨਾ ਛੱਡਿਆ । ਅਖ਼ੀਰ ਭਾਣਾ ਮੰਨ ਕੇ ਰੁਕ ਗਿਆ । ਉਹ ਵੀ ਮੇਰੇ ਕੋਲ ਆ ਕੇ ਰੁਕ ਗਏ । ਸਾਹ ਉਨ੍ਹਾਂ ਨੂੰ ਵੀ ਚੜ੍ਹਿਆ ਹੋਇਆ ਸੀ :

? ਤੁਸੀਂ ਭੱਜੇ ਕਿਉਂ ਜਾਨੇ ਓ
- ਨਹੀਂ ਭੱਜ ਕੇ ਕਿੱਥੇ ਜਾਣੈ

? ਅਸੀਂ ਤਾਂ ਤੁਹਾਨੂੰ ਦੂਰੋਂ ਵੇਖ ਲਿਆ ਸੀ
- ਦੱਸੋ

? ਦੱਸਣਾ ਕੀ ਏ, ਸਾਡੀ ਸ਼ਰਤ ਲੱਗੀ ਹੋਈ ਐ
- ਕਾਹਦੀ ਸ਼ਰਤ!

? ਇਹ ਕਹਿੰਦੈ ਨਹੀਂ, ਮੈਂ ਕਹਿੰਨਾ ਉਹੀਓ ਐ
- ਦੱਸੋ, ਮੇਰੇ ਤੋਂ ਕੀ ਚਾਹੁੰਦੇ ਓ!

? ਚਾਹੁਣਾ ਕੀ ਏ, ਬਸ ਇਹ ਪਤਾ ਕਰਨੈ ਕਿ ਤੁਸੀਂ 'ਕ੍ਰਿਤਕਵੀ ਧਿਆਨਪੁਰੀ' ਹੋ ਨਾ!
- ਹਾਂ ਤਾਂ ਬਈ ਓਹੀ

? ਬਸ ਹੋਈ ਨਾ ਓਹੀ ਗੱਲ, ਜਿਹੜੀ ਮੈਂ ਕਹਿੰਦਾ ਸੀ । ਮੈਂ ਜਿੱਤ ਗਿਆ ਸ਼ਰਤ ।

ਉਨ੍ਹਾਂ ਦੋਵਾਂ ਵਿਚੋਂ ਇਕ ਜਣਾ ਜਿੱਤ ਗਿਆ ਤੇ ਦੂਜਾ ਹਾਰ ਗਿਆ । ਮੈਂ ਬਿਨਾਂ ਬਾਜ਼ਾਰ ਗਿਆਂ ਓਭੜ ਗਲੀਆਂ ਦੀਆਂ ਭੁੱਲ-ਭੁਲੱਈਆਂ ਵਿਚੋਂ ਲੰਘਦਾ, ਪਤਾ ਨਹੀਂ ਕਿਹੜੇ ਵੇਲੇ ਘਰ ਪਰਤਿਆ । ਹਾਲਤ ਕੁਝ ਇਹੋ ਜਿਹੀ ਸੀ :

ਸਾਹ ਸੂਤ ਕੇ ਬੈਠੇ ਹਾਂ ਘੁਰਨਿਆਂ ਵਿਚ,
ਹੋ ਗਈ ਜ਼ਿੰਦਗੀ ਮਰਨ ਭਰਾਂਦ ਸਾਡੀ ।
ਫਿਰਦੇ ਭੂਤਰੇ ਸਾਨ੍ਹ ਸਰਕਾਰੀਏ ਨੇ,
ਉੱਜੜ ਚਲੀ ਹੈ ਹਰੀ ਚਰਾਂਦ ਸਾਡੀ ।
ਸਾਡੀ ਖ਼ਬਰ ਦਾ ਕਿਸੇ ਨੂੰ ਫ਼ਿਕਰ ਕੀ ਏ,
ਸਾਰੇ ਜਾਣਦੇ ਨੇ ਸੁਖ-ਸਾਂਦ ਸਾਡੀ ।
ਕਿਸ ਦੇ ਮੂੰਹੋਂ ਮਹੀਨੇ ਦਾ ਨਾਂ ਸੁਣੀਏ?
ਏਹੋ ਸੋਚਦੇ ਲੰਘੀ ਸੰਗਰਾਂਦ ਸਾਡੀ¨

••••••

43. ਕੋਈ ਹੋਰ ਖੇਡ ਖੇਡੀਏ

ਚੁਰਾਸੀ ਦਾ ਦੁਸਹਿਰਾ ਲੰਘ ਗਿਐ । ਦੀਵਾਲੀ ਆਉਣ ਵਾਲੀ ਏ! ਚੰਡੀਗੜ੍ਹ ਤੋਂ ਰੋਪੜ ਸ਼ਿਫਟ ਹੋਇਆਂ ਸਾਲ ਵੀ ਨਹੀਂ ਹੋਇਆ । ਦਿਲ ਲਾਉਣ ਦੀ ਕੋਸ਼ਿਸ਼ ਵਿਚ ਹਾਂ । ਲਿਖਿਆ ਜਾਂਦਾ ਨਹੀਂ । ਗੱਲਾਂ ਕਰਨ ਨੂੰ ਮਨ ਕਰਦੈ । ਮਨ ਭਰਿਆ ਹੋਇਆ ਏ । ਛੋਟੇ ਬੇਟੇ ਨੂੰ ਕੋਲ ਬੁਲਾਉਂਦਾ ਹਾਂ । ਮਨ ਹਲਕਾ ਕਰਨਾ ਚਾਹੁੰਦਾ ਹਾਂ :

? ਅਲੀ ਬੇਟੇ! ਆ ਆਪਾਂ ਗੱਲਾਂ ਕਰੀਏ
-ਗੱਲਾਂ ਨਹੀਂ, ਬਾਤ ਸੁਣਾਉ

? ਬਾਤਾਂ ਫੇਰ ਸੁਣ ਲਈਂ, ਅੱਜ ਗੱਲਾਂ ਕਰਦੇ ਆਂ
-ਨਹੀਂ, ਪਹਿਲਾਂ ਬਾਤ

? ਚੱਲ ਆਪਾਂ ਗੱਲ-ਬਾਤ ਕਰ ਲੈਨੇ ਆਂ
-ਗੱਲ ਨਹੀਂ, ਸਿਰਫ਼ ਬਾਤ

? ਬਾਤ ਦਾ ਕੀ ਫ਼ਾਇਦਾ ਬੇਟਾ
-ਹੋਰ ਕਿਹੜੀ ਚੀਜ਼ ਦਾ ਫ਼ਾਇਦਾ ਹੁੰਦੈ, ਜ਼ਰਾ ਦੱਸੀਉ

? ਪੜ੍ਹਾਈ ਦਾ ਫ਼ਾਇਦਾ ਹੁੰਦੈ, ਸਫ਼ਰ ਦਾ ਫ਼ਾਇਦਾ ਹੁੰਦੈ, ਦੁੱਧ ਦਾ ਫ਼ਾਇਦਾ ਹੁੰਦੈ...
-ਨਈਂ ਜੀ, ਬਾਤਾਂ ਦਾ ਵੀ ਫ਼ਾਇਦਾ ਹੁੰਦੈ । ਜ਼ਰੂਰ ਹੁੰਦੈ । ਜ਼ਰੂਰ ਹੁੰਦੈ...

? ਕੀ ਫ਼ਾਇਦਾ ਹੁੰਦੈ ਪੁੱਤਰ! ਬਾਤਾਂ ਦਾ
-ਜਦੋਂ ਮੈਂ ਵੱਡਾ ਹੋਵਾਂਗਾ । ਥੋਡੇ ਜਿੱਡਾ । ਓਦੋਂ ਮੇਰਾ ਵਿਆਹ ਵੀ ਹੋਏਗਾ । ਹੋਏਗਾ ਨਾ?

? ਹੋਏਗਾ ਬੇਟਾ, ਜ਼ਰੂਰ ਹੋਏਗਾ । ਹੋਏਗਾ ਕਿਉਂ ਨਹੀਂ
-ਤੇ ਫੇਰ ਮੇਰੇ ਬੱਚੇ ਵੀ ਹੋਣਗੇ । ਮੇਰੇ ਜਿੱਡੇ ।

? ਹੋਣਗੇ
- ਤੇ ਫੇਰ ਉਨ੍ਹਾਂ ਨੂੰ ਬਾਤਾਂ ਨਈਂ ਸੁਣਾਉਣੀਆਂ ਪੈਣਗੀਆਂ? ਬਾਤਾਂ ਦਾ ਫ਼ਾਇਦਾ ਹੁੰਦੈ । ਜ਼ਰੂਰ ਹੁੰਦੈ । ਤੁਸੀਂ ਮੈਨੂੰ ਬਾਤ ਸੁਣਾਉ ।

? ਲੈ ਸੁਣ :
ਜਾਨਵਰਾਂ ਦੇ ਹਸਪਤਾਲ,
ਇਕ ਬੁੱਧੂ ਖੋਤਾ ਲਿਆਇਆ ।
ਡਾਕਦਾਰ ਨੇ ਵੇਖ ਬਿਮਾਰੀ,
ਨੁਸਖ਼ਾ ਲਿਖ ਪਕੜਾਇਆ ।...
(ਖਿਝ ਕੇ ਕੰਨਾਂ ਵਿਚ ਉਂਗਲਾਂ ਦੇ ਲੈਂਦਾ ਹੈ)
ਨਈਂ ਨਈਂ, ਇਹ ਪੋਇਮ ਏ । ਪੋਇਮ ਨਹੀਂ, ਬਾਤ ਸੁਣਾਉ, ਬਾਤ । ਮੈਂ ਕਹਿਨਾਂ ਬਾਤ...ਬਾਤ... ।

? ਚੰਗਾ, ਸੁਣ ਫਿਰ ਬਾਤ :
- ਇਕ ਸੀ ਚਿੜੀ, ਇਕ ਸੀ ਕਾਂ
ਕਾਂ ਦਾ ਨਾਂ ਸੀ, ਕਾਲੇ ਖਾਂ
ਚਿੜੀ ਦਾ ਨਾਂ ਸੀ ਚੋਗਾ ਖਾਣੀ
ਦੋਵੇਂ ਮਰ ਗਏ ਖਤਮ ਕਹਾਣੀ

(ਰੋਣ ਲੱਗ ਪੈਂਦਾ ਹੈ) ਇਹ ਵੀ ਪੋਇਮ ਏ । ਨਾਲ ਇਹ ਤਾਂ ਛੋਟੇ ਬੱਚਿਆਂ ਵਾਲੀ ਐ

? ਤੂੰ ਵੀ ਤਾਂ ਛੋਟਾ ਏਂ
- ਨਈਂ, ਮੈਂ ਛੋਟਾ ਨਈਂ । ਮੈਂ ਯੂ ਕੇ ਜੀ 'ਚ ਪੜ੍ਹਦਾਂ ।

? ਫੇਰ ਤੈਨੂੰ ਰਾਜੇ ਰਾਣੀ ਵਾਲੀ ਬਾਤ ਸੁਣਾਉਂਦਾ ਹਾਂ
- ਨ...ਈਂ...ਉਹ ਵੀ ਨਈਂ । ਬੰਦਿਆਂ ਵਾਲੀ ਬਾਤ ਸੁਣਾਉ । ਸੱਚੀ ਮੁੱਚੀ ਦੇ ਬੰਦਿਆਂ ਵਾਲੀ । ਸੱਚੀ-ਮੁੱਚੀ ਦੀ ਬਾਤ

? ਸੱਚੀ-ਮੁੱਚੀ ਦੀ ਬਾਤ?... ਬੰਦਿਆਂ ਵਾਲੀ?
- ਵਾਈ ਈ ਐਸ ...ਯੈਸ…...ਸੱਚੀ ਮੁੱਚੀ ਦੀ ਬਾਤ । ਬੰਦਿਆਂ ਵਾਲੀ । ਮੈਂ ਸੋਚੀ ਪੈ ਗਿਆਂ । ਬੱਚਾ ਕਿਹੋ ਜਿਹੀ ਬਾਤ ਦੀ ਮੰਗ ਕਰ ਰਿਹੈ ।

ਜ਼ਾਹਿਰ ਹੈ, ਇਹ ਮਹਿਜ਼ ਵਕਤ ਕਟੀ ਲਈ ਬਾਤ ਨਹੀਂ ਸੁਣਨਾ ਚਾਹੁੰਦਾ । ਪੂਰੇ ਪੰਜਾਂ ਵਰ੍ਹਿਆਂ ਦਾ ਵੀ ਨਹੀਂ ਹੋਇਆ । ਉਮਰ ਨਾਲੋਂ ਅਗਾਂਹ ਲੰਘ ਗਿਐ । ਪੰਜਾਬ ਦੇ ਹਾਲਾਤ ਈ ਐਸੇ ਨੇ । ਦਿਮਾਗ ਦੀਆਂ ਤਣਾਵਾਂ ਕੱਸੀਆਂ ਈ ਰਹਿੰਦੀਆਂ ਨੇ । ਬੱਚਾ ਕੀ ਕਰੇ! ਤਣਾਵਾਂ ਨੂੰ ਰਤਾ ਢਿੱਲਾ ਕਰਨ ਲਈ ਬੱਚੇ ਨੂੰ ਬੁਲਾਇਆ ਸੀ, ਪਰ ਲੱਗਦੈ ਕਿ ਉਹਦੀ ਹਾਲਤ ਵੀ ਮੇਰੇ ਵਰਗੀ ਏ । ਇਹਨੂੰ ਅੱਜ ਦੀ ਬਾਤ ਸੁਣਾਵਾਂ? ਪੰਜਾਬ ਦੀ ਬਾਤ ਸੁਣਾਵਾਂ? ਪਹਿਲਾਂ ਜ਼ਿੱਦ ਕਰਕੇ ਇਹ ਤਿਵਾੜੀ ਤੇ ਸੁਮੀਤ ਦੀਆਂ ਕਹਾਣੀਆਂ ਸੁਣ ਚੁਕੈ । ਯੂਨੀਵਰਸਿਟੀ ਵਾਲੇ ਤਿਵਾੜੀ ਅਤੇ ਪ੍ਰੀਤਲੜੀ ਵਾਲੇ ਸੁਮੀਤ ਨੂੰ ਇਹ ਮਿਲਿਆ ਹੋਇਐ । ਦੋਹਾਂ ਅੰਕਲਾਂ ਦੀਆਂ ਬਾਤਾਂ ਇਹਨੇ ਬੜੇ ਧਿਆਨ ਨਾਲ ਸੁਣੀਆਂ । ਸੁਣੀਆਂ ਤੇ ਚੁੱਪ ਕਰਕੇ ਸੌਂ ਗਿਆ । ਜਾਗ ਕੇ ਕੁਝ ਅਜਿਹੇ ਸਵਾਲ ਪੁੱਛੇ, ਜਿਨ੍ਹਾਂ ਦਾ ਜਵਾਬ ਦੇਣ ਲਈ ਨਾ ਮੇਰੇ ਕੋਲ ਭਾਸ਼ਾ ਸੀ, ਨਾ ਸ਼ੈਲੀ । ਮਸਲਨ :

? ਸੁਮੀਤ ਅੰਕਲ ਕੋਲ ਪਿਸਤੌਲ ਕਿਉਂ ਨਹੀਂ ਸੀ?...ਉਹ ਗਰੀਬ ਸੀ?

? ਸੁਮੀਤ ਅੰਕਲ ਦੀ ਨਵੀਂ ਸ਼ਰਟ ਬੰਦੂਕਾਂ ਵਾਲੇ ਅੰਕਲ ਕਿਉਂ ਖੋਹ ਕੇ ਲੈ ਗਏ? ਉਨ੍ਹਾਂ ਕੋਲ ਸ਼ਰਟ ਹੈ ਨਈਂ ਸੀ?

? ਸੁਮੀਤ ਅੰਕਲ ਦੀ ਆਂਟੀ (ਪਤਨੀ) ਨੂੰ ਬੰਦੂਕ ਚਲਾਉਣੀ ਆਉਂਦੀ ਏ?

? ਪਾਪਾ! ਤਿਵਾੜੀ ਅੰਕਲ ਤਾਂ ਗਰੀਬ ਨਹੀਂ ਸਨ । ਉਨ੍ਹਾਂ ਨੂੰ ਕਿਉਂ ਮਾਰ ਗਏ? ਉਨ੍ਹਾਂ ਕੋਲ ਤਾਂ ਕਾਰ ਵੀ ਹੈਗੀ ਸੀ ਨਾ?

? ਪਾਪਾ! ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਕੋਲ ਵੀ ਕਾਰ ਹੈਗੀ ਐ ਨਾ?

ਇਨ੍ਹਾਂ ਸਵਾਲਾਂ ਦੀ ਬੁਛਾੜ ਰੋਕਣ ਲਈ ਮੇਰੇ ਕੋਲ ਕੋਈ ਢਾਲ ਨਹੀਂ ਸੀ । ਪਤਾ ਨਹੀਂ ਉਹ ਵੇਲਾ ਕਿਵੇਂ ਟਾਲਿਆ । ...ਹਾਂ ਸੱਚ, ਬੇਟੇ ਨੂੰ 'ਪ੍ਰੀਤਲੜੀ' ਦਾ 'ਸੁਮੀਤ' ਅੰਕ ਫੜਾ ਦਿੱਤਾ ਸੀ । ਟਾਈਟਲ ਵੇਖ ਕੇ ਉਹਨੇ ਫੋਟੋ ਪਛਾਣ ਲਈ । ਫੋਲਾ-ਫਾਲੀ ਵਿਚ ਰੁੱਝ ਗਿਆ । ਗੁਰਮੁਖੀ ਦੇ ਹਾਲੇ ਸਿਰਫ਼ ਅੱਖਰ ਹੀ ਪਛਾਣਦਾ ਸੀ । ਹਿੰਦੀ, ਅੰਗਰੇਜ਼ੀ ਵੱਧ ਜਾਣਦਾ ਸੀ । ਜਾਪਿਆ ਜਿਵੇਂ ਨੀਝ ਲਾ ਕੇ ਕੁਝ ਪੜ੍ਹਨ ਦੀ ਕੋਸ਼ਿਸ਼ ਕਰ ਰਿਹੈ । ਅਚਾਨਕ ਮੁਖਾਤਿਬ ਹੋਇਆ, 'ਪਾਪਾ! ਜ਼ਰਾ ਪੈੱਨ ਦਈਉ ।.'..ਮੇਰੀ ਜੇਬ 'ਚੋਂ ਪੈਨ ਖਿੱਚ ਕੇ ਉਹਨੇ ਰਸਾਲੇ 'ਤੇ ਕੁਝ ਲਿਖਿਆ, 'ਪਾਪਾ! ਆਹ ਗਲਤ ਲਿਖਿਆ ਹੋਇਆ ਸੀ । ਮੈਂ ਠੀਕ ਕਰ ਦਿੱਤਾ ।' ਵੇਖਿਆ, 'ਸੁਮੀਤ ਅੰਕ' ਦੇ 'ਅੰਕ' ਅੱਗੇ ਉਹਨੇ ਹਿੰਦੀ ਦਾ ਲੱਲਾ ਪਾ ਕੇ 'ਸੁਮੀਤ ਅੰਕਲ' ਬਣਾ ਦਿੱਤਾ । ਬੱਚਾ ਖੁਸ਼ । ਮੈਂ ਹੈਰਾਨ । ਬੱਚੇ 'ਠੀਕ' ਨੂੰ 'ਹੋਰ ਠੀਕ' ਕਿਵੇਂ ਕਰ ਲੈਂਦੇ ਨੇ!

•••

ਹੁਣ ਮੈਂ ਚੌਕਸ ਹਾਂ । ਪਹਿਲਾਂ ਵਾਲੇ ਸੰਕਟ 'ਚ ਮੁੜ ਨਹੀਂ ਪੈਣਾ ਚਾਹੁੰਦਾ । ਪੈਂਤੜਾ ਬਦਲ ਲੈਨਾਂ । ਪਹਿਲਾਂ ਮੈਂ ਸੰਵਾਦ ਰਚਾਇਆ ਸੀ । ਹੁਣ ਚਾਹੁੰਨਾਂ ਕਿ ਗੱਲ ਉਹਦੇ ਵੱਲੋਂ ਸ਼ੁਰੂ ਹੋਏ । ਮੈਂ ਸਿਰਫ਼ ਹੂੰ ਹਾਂ ਕਰਾਂ :

? ਪਾਪਾ, ਤੁਸੀਂ ਬਾਤ ਸੁਣਾਉਣ ਲੱਗੇ ਸੀ
-ਹਾਂ ...ਹਾਂ ਪੁੱਤਰ

? ਸੁਣਾਉ ਫਿਰ
-ਸੁਣ...

? ਸੁਣਾਉਗੇ ਤਾਂ ਸੁਣਾਂਗਾ ।
- ਅੱਛਾ ...ਹੁੰ... ਬੇਟਾ, ਪਰਸੋਂ ਦੀਵਾਲੀ ਐ

? ਮੈਨੂੰ ਪਤੈ...ਪਹਿਲਾਂ ਦੁਸਹਿਰਾ ਵੀ ਤਾਂ ਆਇਆ ਸੀ
-ਆਹੋ, ਆਇਆ ਸੀ

? ਆਇਆ ਤਾਂ ਸੀ ਪਰ ਹੋਇਆ ਨਹੀਂ ਸੀ । ਰਾਮਲੀਲਾ ਵੀ ਨਹੀਂ ਸੀ ਹੋਈ ।
-ਆਹੋ, ਨਹੀਂ ਸੀ ਹੋਈ

? ਕਿਉਂ ਨਹੀਂ ਸੀ ਹੋਈ? ਰਾਵਣ ਨੂੰ ਵੀ ਅੱਗ ਨਹੀਂ ਸੀ ਲੱਗੀ ।
-ਅੱਗ ਤਾਂ ਸਾਰੇ ਪੰਜਾਬ ਵਿਚ ਲੱਗੀ ਹੋਈ ਐ ਪੁੱਤਰ!

? ਫੇਰ ਰਾਵਣ ਨੂੰ ਕਿਉਂ ਨਾ ਲੱਗੀ
-ਰਾਵਣ ਦੀ ਤਾਂ ਇਹ ਸਾਰੀ ਅੱਗ ਲਾਈ ਹੋਈ ਐ ਪੁੱਤਰ! ਉਹਨੂੰ ਕੌਣ ਲਾਏ!!

? ਰਾਵਣ ਜਿਊਂਦਾ ਏ ਪਾਪਾ!!
-ਆਹੋ

? ਤੇ ਹਨੂਮਾਨ?
- ਉਹ ਵੀ

? ਹਨੂਮਾਨ ਮੇਰਾ ਦੋਸਤ ਏ ਪਾਪਾ । ਉਹਨੇ ਮੈਨੂੰ ਖੰਭ ਦਿੱਤੇ ਸਨ । ਮੈਂ ਉੱਡ ਕੇ ਬੱਦਲਾਂ ਵਿਚ ਚਲਾ ਗਿਆ ।
-ਅੱਛਾ

? ਹਨੂਮਾਨ ਬੜਾ ਬਲਵਾਨ ਏ । ਉਹਦੇ ਕੋਲ ਬੜੇ ਗੈਸ ਦੇ ਸਲੰਡਰ ਨੇ
- ਹੁਣ ਤੇਰੇ ਖੰਭ ਕਿੱਥੇ ਗਏ ਪੁੱਤਰ, ਜਿਹੜੇ ਤੈਨੂੰ ਹਨੂਮਾਨ ਨੇ ਦਿੱਤੇ ਸੀ

? ਖੰਭ?... ਉਹ...ਉਹ ਮੈਂ ਚਿੜੀਆਂ ਨੂੰ ਦੇ ਦਿੱਤੇ…...ਦੀਵਾਲੀ ਹੋਇਗੀ ਪਾਪਾ?
-ਪਤਾ ਨਹੀਂ ਪੁੱਤਰ

? ਪਟਾਕੇ ਲੈ ਕੇ ਦਿਉਗੇ ਪਾਪਾ!
-ਪਤਾ ਨਈਂ ਪੁੱਤਰ!

? ਪਤਾ ਕਿਉਂ ਨਈਂ ਪਾਪਾ! ਥੋਨੂੰ ਸਭ ਪਤੈ । ਮੈਨੂੰ ਸਭ ਪਤੈ । ਤੁਸੀਂ ਦੱਸਦੇ ਨਈਂ । ਡਰਦੇ ਓ...ਮੈਂ ਦੱਸਾਂ?
-ਦੱਸ ...

? ਬੰਬ ਡਿਗਣਗੇ ਪਾਪਾ । ਗੋਲੀਆਂ ਚੱਲਣਗੀਆਂ । ਪਹਿਲਾਂ ਵੀ ਰਾਮਲੀਲਾ ਵਿਚ ਬੰਬ ਚੱਲੇ ਸਨ । ਹੁਣ ਰਾਮਲੀਲਾ ਵਾਲੇ ਡਰਦੇ ਨੇ । ਦੁਸਹਿਰੇ ਵਾਲੇ ਡਰਦੇ ਨੇ । ਦੀਵਾਲੀ ਵਾਲੇ ਡਰਦੇ ਨੇ । ਤੁਸੀਂ ਵੀ ਡਰਦੇ ਓ...
- ਡਰਦਾ ਨਈਂ ਪੁੱਤਰ! ਪਟਾਕੇ ਸਰਕਾਰ ਨੇ ਬੰਦ ਕੀਤੇ ਹੋਏ ਨੇ ।

? ਸਰਕਾਰ ਵੀ ਡਰਦੀ ਏ
- ਨਈਂ ਪੁੱਤਰ! ਸਰਕਾਰ ਕੋਲ ਪੁਲਿਸ ਐ... ਫ਼ੌਜ ਐ...

? ਪੁਲਿਸ ਵੀ ਡਰਦੀ ਐ... ਫ਼ੌਜ ਵੀ ਡਰਦੀ ਐ । ਬੱਚਾ ਨੱਚ ਰਿਹਾ ਏ । ਮੈਂ ਡਰਿਆ ਬੈਠਾ ਹਾਂ । •••

ਸਾਹਮਣਲੇ ਮੈਦਾਨ ਵਿਚ ਕਾਲੋਨੀ ਦੇ ਬੱਚੇ ਦੀਵਾਲੀ ਵਾਲੇ ਨਕਲੀ ਪਿਸਤੌਲਾਂ ਨਾਲ 'ਲੜਾਈ ਲੜਾਈ' ਖੇਡ ਰਹੇ ਨੇ :

? ਚਲੋ ਹਿੰਦੂਸਤਾਨ ਤੇ ਪਾਕਿਸਤਾਨ ਦੀ ਲੜਾਈ ਖੇਡੀਏ । ਤੁਸੀਂ ਹਿੰਦੂ ਅਸੀਂ ਮੁਸਲਮਾਨ ।
- ਅਸੀਂ ਹਿੰਦੂ ਨਹੀਂ

? ਚਲੋ ਫਿਰ ਹਿੰਦੁਸਤਾਨੀਆਂ ਤੇ ਪਾਕਿਸਤਾਨੀਆਂ ਦੀ ਲੜਾਈ ਖੇਡੀਏ ।
- ਅਸੀਂ ਹਿੰਦੁਸਤਾਨੀ ਨਹੀਂ

? ਚਲੋ ਮੁਸਲਮਾਨਾਂ ਤੇ ਭਾਰਤੀਆਂ ਦੀ ਲੜਾਈ ਖੇਡੀਏ
- ਅਸੀਂ ਭਾਰਤੀ ਨਹੀਂ

? ਚਲੋ ਮੁਸਲਮਾਨਾਂ ਤੇ ਪੰਜਾਬੀਆਂ ਦੀ ਲੜਾਈ ਖੇਡੀਏ
-ਅਸੀਂ ਪੰਜਾਬੀ ਨਹੀਂ

? ਫੇਰ ਤੁਸੀਂ ਦੱਸੋਂ ਤੁਸੀਂ ਕੌਣ ਹੋ । ਕੀ ਬਣ ਕੇ ਲੜਾਈ ਲੜਾਈ ਖੇਡਣਾ ਚਾਹੁੰਦੇ ਓ
-ਅਸੀਂ ਖਾਲਸਤਾਨੀ ਹਾਂ

? ਚੰਗਾ, ਚਲੋ ਪਾਕਿਸਤਾਨੀਆਂ ਤੇ ਖਾਲਸਤਾਨੀਆਂ ਦੀ ਲੜਾਈ ਖੇਡੀਏ...
ਨਹੀਂ, ਹਿੰਦੁਸਤਾਨੀਆਂ ਤੇ ਖਾਲਸਤਾਨੀਆਂ ਦੀ ਲੜਾਈ...

? ਇਹ ਕਿਵੇਂ ਹੋ ਸਕਦੈ । ਖ਼ਾਲਸਤਾਨ ਵੀ ਤਾਂ ਹਿੰਦੁਸਤਾਨ ਵਿਚ ਹੀ ਐ
-ਨਹੀਂ ਹਿੰਦੁਸਤਾਨ ਵਿਚ ਨਹੀਂ

? ਪੰਜਾਬ ਵਿਚ ਐ
-ਨਹੀਂ ਪੰਜਾਬ ਵਿਚ ਨਹੀਂ

? ਹੋਰ ਕਿੱਥੇ ਐ
-ਜਿੱਥੇ ਅਸੀਂ ਆਂ

? ਏਥੇ ਤਾਂ ਅਸੀਂ ਵੀ ਆਂ
-ਏਹੋ ਤਾਂ ਲੜਾਈ ਐ । ਆਉ ਲੜੀਏ ।

? ਅਸੀਂ ਨਹੀਂ ਲੜਨਾ
-ਫਿਰ ਜਾਉ ਏਥੋਂ

? ਕਿੱਥੇ ਜਾਈਏ । ਕਿਉਂ ਜਾਈਏ । ਸਾਡਾ ਘਰ ਏਥੇ ਐ । ਮਾਮਾ ਪਾਪਾ ਏਥੇ ਨੇ । ਸਕੂਲ ਏਥੇ ਐ ।
-ਫੇਰ ਆਪਾਂ ਕੋਈ ਹੋਰ ਖੇਡ ਖੇਡੀਏ ।

? ਹਾਂ...ਹਾਂ...ਕੋਈ ਹੋਰ ਖੇਡ ਖੇਡੀਏ ।…...
ਸਾਰੇ ਰਲ ਕੇ ਗਾ ਰਹੇ ਨੇ...ਨੱਚ ਰਹੇ ਨੇ...ਖੇਡ ਰਹੇ ਨੇ... । ਮੇਰਾ ਬੇਟਾ ਵੀ ਨਾਟਕ ਵਿਚ ਸ਼ਾਮਲ ਹੈ । ਹੁਣ ਤੱਕ ਸਾਹ ਸੂਤ ਕੇ ਮੈਂ ਇਹ ਨਾਟਕ ਵੇਖ ਸੁਣ ਰਿਹਾ ਸਾਂ । ਆਰੰਭ…...ਟੱਕਰ...ਸਸਪੈਂਸ...ਸੰਵਾਦ...ਸਿਖ਼ਰ…...ਤੇ ਅੰਤ । ਅਸੀਂ ਆਪਣੇ ਨਾਟਕ ਦਾ ਇਹੋ ਜਿਹਾ ਅੰਤ ਕਿਉਂ ਨਹੀਂ ਕਰ ਸਕਦੇ!

•••

ਅੰਤ ਵਿਚ ਇਕ ਟੁਕੜਾ ਸੰਵਾਦ ਹੋਰ :

? ਪਾਪਾ! ਦਿਲ ਤੇ ਦਿਮਾਗ ਦੋ ਗੱਲਾਂ ਹੁੰਦੀਆਂ ਨੇ
-ਕੀ ਬੇਟਾ (ਮੈਂ ਤ੍ਰਭਕਦਾ ਹਾਂ)

? ਭਲਾ ਦਿਲ ਤੇ ਦਿਮਾਗ ਦੋ ਗੱਲਾਂ ਹੁੰਦੀਆਂ ਨੇ
- ਨਈਂ ਬੇਟੇ...ਆਹੋ ਦੋ ਹੁੰਦੀਆਂ ਨੇ (ਮੈਂ ਉਖੜ ਗਿਆ ਹਾਂ)

? ਕੀ ਫ਼ਰਕ ਹੁੰਦੈ ਪਾਪਾ, ਦਿਲ ਤੇ ਦਿਮਾਗ 'ਚ
- ਦਿਲ ਮਹਿਸੂਸ ਕਰਦੈ । ਦਿਮਾਗ ਸੋਚਦੈ ।

? ਨਈਂ ਪਰ ਇਹ ਫ਼ਰਕ ਹੁੰਦਾ ਕੀ ਐ
- ਪੁੱਤਰ ! ਮਹਿਸੂਸ ਅਸੀਂ ਓਦੋਂ ਕਰਦੇ ਹਾਂ, ਜਦੋਂ ਪੀੜ ਸਾਨੂੰ ਹੋਵੇ, ਖੁਸ਼ੀ ਸਾਨੂੰ ਹੋਵੇ, ਜਾਂ...ਜਾਂ...

? ਜਾਂ ਜਾਂ ਕੀ ਪਾਪਾ
- ਜਾਂ ਜਦੋਂ ਅਸੀਂ ਹੱਸੀਏ, ਅਸੀਂ ਰੋਈਏ, ਅਸੀਂ...

? ਤੇ ਸੋਚਦੇ ਕਦੋਂ ਨੇ ਪਾਪਾ
- ਜਦੋਂ ਕਿਸੇ ਦੂਸਰੇ ਨੂੰ ਪੀੜ ਹੋਏ, ਦੂਸਰੇ ਨੂੰ ਖੁਸ਼ੀ ਹੋਏ, ਜਾਂ ...ਜਾਂ...

? ਜਾਂ ਜਾਂ ਕੀ ਪਾਪਾ
- ਜਾਂ ਜਦੋਂ ਕੋਈ ਦੂਸਰਾ ਹੱਸੇ, ਦੂਸਰਾ ਰੋਏ, ਦੂਸਰਾ...

? ਤਾਂ ਫਿਰ ਦਿਲ ਆਪਣੇ ਲਈ ਹੁੰਦੈ ਤੇ ਦਿਮਾਗ ਦੂਸਰਿਆਂ ਲਈ । ਇਹੋ
ਗੱਲ ਏ ਨਾ ਪਾਪਾ!
(ਚੁੱਪ)

? ਕੀ ਸੋਚਦੇ ਓ ਪਾਪਾ!
(ਚੁੱਪ)

? ਕੀ ਮਹਿਸੂਸ ਕਰਦੇ ਓ ਪਾਪਾ!
(ਲੰਬੀ ਚੁੱਪ)

••••••

44. ਡੌਗੀ ਕੀ ਰਿਟਾਇਰਮੈਂਟ

ਬਚਪਨ ਬੰਦੇ 'ਚੋਂ ਕਦੇ ਮਨਫ਼ੀ ਨਹੀਂ ਹੁੰਦਾ, ਉਮਰ 'ਚੋਂ ਸਾਲ ਮਨਫ਼ੀ ਹੋਈ ਜਾਂਦੇ ਨੇ । ਮਨਫ਼ੀ ਹੋਏ ਵਰ੍ਹਿਆਂ ਨੂੰ ਉਮਰ ਆਂਹਦੇ ਨੇ । ਕੱਚੀ ਉਮਰ ਦੀਆਂ ਹਰਕਤਾਂ ਪਕਰੌੜ੍ਹ ਹੋਣ ਤੱਕ ਨਹੀਂ ਭੁੱਲਦੀਆਂ । ਓਦੋਂ ਸ਼ੀਸ਼ਾ ਸਾਫ਼ ਹੁੰਦਾ ਏ । ਬੜਾ ਕੁਝ ਮਾਫ਼ ਹੁੰਦਾ ਏ ।

ਬਚਪਨ ਬਾਰੇ ਕੁਇੰਟਲਾਂ ਦੇ ਹਿਸਾਬ ਨਾਲ ਛਪਿਆ ਏ । ਛਪਦਾ ਰਹਿੰਦਾ ਏ । ਬੰਦਾ ਬਚਪਨ ਨੂੰ ਉਮਰ ਦਾ ਸੁਨਹਿਰੀ ਸਮਾਂ ਕਹਿੰਦਾ ਏ । ਬੇਧਿਆਨੀ 'ਚ ਗੁਜ਼ਰੇ ਬੇਪਰਵਾਹੀ ਦੇ ਦਿਨਾਂ ਨੂੰ ਮੁੜ ਜੀਣ ਥੀਣ ਲਈ ਤਰਲੇ ਲੈਂਦਾ ਏ:

ਕੋਈ ਲੌਟਾ ਦੇ ਮੇਰੇ ਬੀਤੇ ਹੂਏ ਦਿਨ ।
ਬੀਤੇ ਹੂਏ ਦਿਨ
ਮੇਰੇ ਪਿਆਰੇ ਪਿਆਰੇ ਦਿਨ ।...

ਪਤਾ ਵੀ ਹੁੰਦਾ ਏ ਕਿ ਇਹ ਮੁਮਕਿਨ ਨਹੀਂ । ਮਨ ਫੇਰ ਵੀ ਓਧਰ ਨੂੰ ਭੱਜਦੈ । ਉਨ੍ਹਾਂ ਵੇਲਿਆਂ ਦੀ ਯਾਦ ਵੀ ਰਾਹਤ ਦਿੰਦੀ ਏ :

ਆਤਾ ਹੈ ਯਾਦ ਮੁਝਕੋ
ਗੁਜ਼ਰਾ ਹੂਆ ਜ਼ਮਾਨਾ ।
ਵੋ ਝਾੜੀਆਂ ਚਮਨ ਕੀ
ਵੋ ਮੇਰਾ ਆਸ਼ਿਆਨਾ ।
ਠੰਡੀ ਹਵਾ ਕੇ ਪੀਛੇ
ਵੋ ਤਾਲੀਆਂ ਬਜਾਨਾ ।...

ਅਗਲੇ ਪੜਾਅ 'ਤੇ ਪਹੁੰਚ ਕੇ ਪਿਛਲਾ ਪੜਾਅ ਹਮੇਸ਼ਾ ਰੋਮਾਂਚਕ ਲੱਗਦੈ । ਖ਼ਤਰਿਆਂ ਦੀਆਂ ਕਹਾਣੀਆਂ ਵੀ ਰਸ ਲੈ ਲੈ ਸੁਣਾਈਦੀਆਂ ਨੇ । ਮੌਜੂਦਾ ਹਕੀਕਤਾਂ ਤੋਂ ਬਚਣ ਲਈ ਬੀਤੇ ਦੀਆਂ ਬਾਤਾਂ ਪਾਈ ਦੀਆਂ ਨੇ । ਵਰਤਮਾਨ ਨਾਲ ਮਨ ਰਾਜ਼ੀ ਹੀ ਨਹੀਂ ਹੁੰਦਾ । ਪਿਛਾਂਹ ਨੂੰ ਭੱਜਦਾ ਏ ਜਾਂ ਅਗਾਂਹ ਨੂੰ ਸੋਚਦਾ ਏ । ਪ੍ਰਾਪਤ ਨੂੰ ਉਛਾਲਦਾ ਏ, ਕੁਝ ਹੋਰ ਬੋਚਦਾ ਏ । ਇਹ ਮਾਨਣਾ ਨਹੀਂ ਜਾਣਦਾ, ਲੋਚਦਾ ਹੀ ਲੋਚਦਾ ਏ ।...ਆਖਰੀ ਪੜਾਅ 'ਤੇ ਪੁੱਜ ਕੇ ਕੋਈ ਦਰਵੇਸ਼ ਉਮਰ ਦੇ ਰਹੱਸ ਨੂੰ ਖੋਲ੍ਹਦਾ ਏ । ਹਉਕਾ ਭਰ ਕੇ ਬੋਲਦਾ ਏ :

ਅਗਲੀ ਤੋਂ ਨਾ ਪਿਛਲੀ ਤੋਂ ।
ਬਲਿਹਾਰੇ ਜਾਵਾਂ ਵਿਚਲੀ ਤੋਂ¨

ਤੁਸੀਂ ਪੁੱਛੋਗੇ : ਇਹ ਵਿਚਲੀ ਕੌਣ ਹੋਈ? ਇਹ ਤਾਂ ਭਈ ਸਭ ਦੀ ਆਪੋ ਆਪਣੀ ਹੁੰਦੀ ਐ ਤੇ ਇਹਦੀ ਪੈੜ ਵੀ ਆਪੇ ਈ ਕੱਢਣੀ ਪੈਂਦੀ ਐ । ਇਹ ਬਲਿਹਾਰੇ ਜਾਣ ਵਾਲਾ ਆਨੰਦ ਤਾਂ ਰਹੱਸ ਤੋਂ ਪਰਦਾ ਉੱਠਣ ਨਾਲ ਹੀ ਮਿਲ ਸਕਦਾ ਏ । ਪਰਦਾ ਆਪੋ-ਆਪਣਾ । ਰਹੱਸ ਆਪੋ-ਆਪਣਾ । ਆਨੰਦ ਆਪੋ-ਆਪਣਾ:

ਭਾਵੇਂ ਕਿਸੇ ਚੁਬਾਰੇ 'ਚ ਖਾਉ ਲੱਡੂ,
ਪੈੜ ਕੱਢ ਹੀ ਲੈਂਦੀਆਂ ਮੱਖੀਆਂ ਨੇ ।
ਵਿਚਲੀ ਗੱਲ ਦਾ ਜਦੋਂ ਤੋਂ ਪਤਾ ਲੱਗਾ,
ਹੱਸ ਹੱਸ ਕੇ ਟੁੱਟੀਆਂ ਵੱਖੀਆਂ ਨੇ¨

ਉਮਰ ਨੂੰ ਭੋਗਣ ਵਾਲਾ ਅਨੁਭਵ ਕਈ ਤਰ੍ਹਾਂ ਦੇ ਤੱਤ ਕੱਢਦਾ ਏ । ਹੌਲੀ ਹੌਲੀ ਸਭ ਕੁਝ ਆਪ ਮੁਹਾਰਾ ਛੁੱਟੀ ਜਾਂਦੈ, ਬੰਦਾ ਆਪ ਕਦੋਂ ਕੁਝ ਛੱਡਦਾ ਏ! ਤੀਜੀ ਅੱਖ ਉਘਾੜਦਾ ਏ । ਫੈਲਸੂਫੀਆਂ ਝਾੜਦਾ ਏ :

ਜੋ ਜਾ ਕੇ ਨਾ ਆਏ
ਵੋ ਜਵਾਨੀ ਦੇਖੀ ।
ਜੋ ਆ ਕੇ ਨਾ ਜਾਏ,
ਵੋ ਬੁੜਾਪਾ ਦੇਖਾ ।

ਇਸ ਦੇਖਾ-ਦੇਖੀ ਦੇ ਅਮਲ ਵਿਚ ਵੀ ਬ੍ਰਿਜ ਲਾਲ ਸ਼ਾਸਤਰੀ ਨੂੰ ਅਸਾਂ ਸਹਿਜ ਦੇਖਿਆ । ਉਹ ਨੱਬਿਆਂ ਨੂੰ ਟੱਪ ਕੇ ਵੀ, ਭੂਤ ਭਵਿੱਖ ਤੋਂ ਨਿਸ਼ਚਿੰਤ ਹੋ ਕੇ, ਵਰਤਮਾਨ 'ਚ ਸਥਿਤ ਸੀ । ਅੱਸੀ ਵਰ੍ਹਿਆਂ ਦੀ ਪਤਨੀ ਨਾਲ ਹੱਸ ਹੱਸ ਕਲੋਲਾਂ ਕਰਦਾ । ਮੇਰੀ ਪਤਨੀ ਨੇ ਵਿਚਲੀ ਗੱਲ ਜਾਨਣੀ ਚਾਹੀ ਤਾਂ ਸ਼ਾਸਤਰੀ ਜੀ ਬੋਲੇ :

"ਬੁਢਾਪਾ ਤੁਰਦਾ ਰਹੇ ਤਾਂ ਲੋਹਿਆ ।
ਬਹਿ ਗਿਆ ਤਾਂ ਗੋਹਿਆ ।
ਪੈ ਗਿਆ ਤਾਂ ਮੋਇਆ ।

"ਅਸੀਂ ਮਰਨ ਤੋਂ ਪਹਿਲਾਂ ਨਹੀਂ ਮਰਨਾ ਚਾਹੁੰਦੇ । ਇਸ ਲਈ ਬੁਢਾਪੇ ਦੀ ਹਕੀਕਤ ਨੂੰ ਸਵੀਕਾਰ ਕੇ ਵਰਤਮਾਨ 'ਚ ਤੁਰਦੇ ਹਾਂ ।...ਜਦੋਂ ਸਾਡਾ ਵਿਆਹ ਹੋਇਆ ਤਾਂ ਲੱਗਾ ਜਿਵੇਂ ਦੋ ਨਵੇਂ ਨਕੋਰ ਪਿੱਤਲ ਦੇ ਭਾਂਡਿਆਂ ਨੂੰ ਬੋਰੀ 'ਚ ਪਾ ਕੇ ਬੋਰੀ ਦਾ ਮੂੰਹ ਘੁੱਟ ਕੇ ਬੰਨ੍ਹ ਦਿੱਤਾ ਹੋਏ । ਸ਼ੁਰੂ ਸ਼ੁਰੂ 'ਚ ਭਾਂਡੇ ਖੜਕਦੇ ਰਹੇ । ਫੇਰ ਇਨ੍ਹਾਂ 'ਚ ਚਿੱਬ ਪੈ ਗਏ । ਹੁਣ ਚਿੱਬਾਂ 'ਚ ਚਿੱਬ ਫਸ ਗਏ ਨੇ । ਟਿਕਾਅ ਆ ਗਿਐ । ਖੜਕਦੇ ਨਹੀਂ ।'' ਉਨ੍ਹਾਂ ਦੀ ਗੱਲ ਉਨ੍ਹਾਂ ਨਾਲ । ਆਪਣੀ ਕਰੀਏ । ਬਚਪਨ ਦੀ ਤੰਦ ਫੜਨੀ ਚਾਹੀ ਸੀ, ਬੁਢਾਪੇ ਦੀ ਤਾਣੀ ਨੇ ਵਲ ਲਿਆ । ਉਮਰ ਦੀਆਂ ਵਿਰਲਾਂ ਥਾਣੀਂ ਜੁਆਨੀ ਨੇ 'ਝਾਤ' ਕੀਤਾ । ਠਹਿਰੇ ਹੋਏ ਪਾਣੀ ਹਿਲ ਗਏ । ਸਾਰੇ ਰੰਗ ਰਲਮਿਲ ਗਏ ।

ਨਾਨੀ ਯਾਦ ਆਈ । ਅਨਪੜ੍ਹ ਨਾਨੀ । ਦੋਹਤਿਆਂ ਪੋਤਿਆਂ ਨੂੰ ਖਿਡਾਉਂਦੀ ਕਿਵੇਂ ਖਿੜ ਜਾਂਦੀ । ਉਹਦੀ ਉਮਰ ਬਾਰੇ ਸੱਚ ਦੱਸੋ ਤਾਂ ਚਿੜ ਜਾਂਦੀ ।

? ਬੇਬੇ! ਤੇਰੀ ਉਮਰ ਭਲਾ ਕਿੰਨੀ ਕੁ ਹੋਏਗੀ - ਹੋਏਗੀ ਪੁੱਤ...ਹੋਏਗੀ ਪੁੱਤ...ਕੋਈ ਚਾਲੀਆਂ ਤੋਂ ਉਤੇ ਉਤੇ ਈ ਹੋਏਗੀ ।

? ਚਾਲ੍ਹੀਆਂ ਦੀ? ਚਾਲ੍ਹੀਆਂ ਤੋਂ ਉਤੇ ਤਾਂ ਮੈਂ ਹੋ ਚੱਲਿਆ
- ਹੋ ਚੱਲਿਐਂ ਤੂੰ ਚਾਲ੍ਹੀਆਂ ਤੋਂ ਉਤੇ । ਹੇਖਾਂ...ਕਿੱਡਾ ਕੁਫ਼ਰ ਤੋਲਦੈ ।...ਚਾਰ ਅੱਖਰ ਕੀ ਪੜ੍ਹ ਗਿਆ ਨੀ ਪਿਆਰੋ! ਇਹ ਤੇਰਾ ਮੁੰਡਾ, ਏਦਾ ਗੱਲਾਂ ਕਰਦੈ ਜਿੱਦਾਂ ਇਹਨੇ ਮੈਨੂੰ ਜੰਮਿਆ ਹੁੰਦੈ । ਜਾ ਕੰਮ ਕਰ ਆਪਣਾ...
ਤੇ ਉਹ ਨਿਆਣਿਆਂ ਨਾਲ ਨਿਆਣਾ ਬਣ ਜਾਂਦੀ । ਕਿਸੇ ਨੂੰ ਹੂਟੇ ਮਾਈਆਂ ਦਿੰਦੀ, ਕਿਸੇ ਨੂੰ ਬਾਹਵਾਂ 'ਚ ਟਪਾ ਟਪਾ ਕੇ ਭੰਗੜਾ ਪਵਾਉਂਦੀ :

ਆਉਣਗੀਆਂ ਵਸਾਖੀਆਂ
ਤੇ ਪੈਣਗੇ ਭੰਗੜੇ
ਭੰਗੜੇ ਪਾਉ ਭਈ ਭੰਗੜੇ ਪਾਉ...

ਨਾਨੀ ਕਲਾਨੌਰੋਂ ਆਈ ਐ । ਆਪਣੇ ਪੋਤੇ ਸ਼ਿਵਚੰਦਰ ਨੂੰ ਨਾਲ ਲਿਆਈ ਐ । ਕਲਾਨੌਰ ਸ਼ਿਵਜੀ ਦਾ ਮਸ਼ਹੂਰ ਮੰਦਰ ਹੈ । ਹੁਣ ਦਾਦੀ ਆਪਣੇ ਪੋਤੇ ਨੂੰ ਨਚਾ ਰਹੀ ਹੈ । ਨਾਲੋ ਨਾਲ ਨਰਸਰੀ ਗੀਤ ਬਣਾਈ ਜਾ ਰਹੀ ਹੈ । ਗਾਈ ਜਾ ਰਹੀ ਹੈ :

ਸ਼ਿਵ ਚੰਦਰ, ਸ਼ਿਵਾਂ ਦੇ ਅੰਦਰ
ਸ਼ਿਵਾ ਦੀਆਂ ਪੌੜੀਆਂ ।
ਸ਼ਿਵ ਚੰਦਰ...

ਫੇਰ ਉਹ ਦੋਹਤੀ ਨੂੰ ਆਪਣੇ ਕੋਲ ਬੁਲਾਉਂਦੀ ਹੈ । ਦੋਹਤਿਆਂ ਪੋਤਿਆਂ ਨੂੰ ਪਰੇ ਹਟਾਉਂਦੀ ਹੈ । ਦੋਹਤੀ ਨੂੰ ਪੁਤਲੀ ਵਾਂਗ ਘੁਮਾਉਂਦੀ ਹੈ :

ਨੱਚ ਘੁੱਗੀਏ!
ਨੀਂ ਤੈਨੂੰ ਭੱਪਾ ਦਿਆਂਗੇ ।
ਖਾਣ ਲੱਗੀ ਨੂੰ
ਧੱਕਾ ਦਿਆਂਗੇ¨

'ਬਾਲ ਦਿਵਸ' ਦੇ ਸ਼ੋਰ ਵਿਚੋਂ ਤੱਤ ਭਾਲਦਿਆਂ ਮਨ ਕਈ ਅੰਬਰ ਪਾਤਾਲ ਗਾਹ ਆਇਆ । 'ਸਾਵੇ ਪੱਤਰ' ਵਾਲੇ ਕਵੀ ਮੋਹਨ ਸਿੰਘ ਨੂੰ ਮਿਲ ਕੇ ਸਾਹ ਵਿਚ ਸਾਹ ਆਇਆ । ਕਵੀਪੁਣੇ ਦੇ ਬਚਪਨ ਵੇਲੇ ਉਹਨੇ ਬੱਚੇ ਬਾਰੇ ਲਿਖੀ ਕਵਿਤਾ ਵਿਚ ਆਖਿਆ ਸੀ :

ਬੱਚੇ ਜਿਹਾ ਨਾ ਮੇਵਾ ਡਿੱਠਾ ।
ਜਿੰਨਾ ਕੱਚਾ ਓਨਾ ਮਿੱਠਾ¨

ਬੱਚਿਆਂ ਦੀਆਂ ਮਾਸੂਮ ਬੁੱਲ੍ਹੀਆਂ ਨੂੰ ਉਹਨੇ ਕਵਿਤਾ ਦਾ ਪ੍ਰੇਰਨਾ ਸਰੋਤ ਮੰਨਿਆ :

ਕੋਮਲ ਕੋਮਲ ਨਾਜ਼ਕ ਬੁੱਲ੍ਹੀਆਂ ।
ਇਹ ਨੇ ਪਾਕ ਕਿਤਾਬਾਂ ਖੁੱਲ੍ਹੀਆਂ¨
ਜੋ ਇਨ੍ਹਾਂ ਦਾ ਪਾਠ ਨਹੀਂ ਕਰਦਾ ।
'ਮੋਹਨ' ਉਹ ਸ਼ਾਇਰ ਨਹੀਂ ਬਣਦਾ¨

ਜਦੋਂ ਬੰਦਾ ਖ਼ੁਦ ਬੱਚਾ ਹੁੰਦੈ, ਉਦੋਂ ਉਹ ਬਚਪਨ ਨੂੰ ਭੋਗ ਰਿਹਾ ਹੁੰਦੈ । ਉਸ ਵਿਚ ਗ੍ਰਸਿਆ ਹੁੰਦੈ । ਅਲੱਗ ਖੜ੍ਹ ਕੇ ਵੇਖ ਨਹੀਂ ਸਕਦਾ । ਇਹਦੇ ਲਈ ਵਿੱਥ ਦਰਕਾਰ ਏ । ਤੇ ਫੇਰ ਜਦੋਂ ਉਹਦੇ ਆਪਣੇ ਬੱਚੇ ਹੋ ਜਾਂਦੇ ਨੇ, ਉਹ ਜੱਦੋਜਹਿਦ ਵਿਚ ਹੁੰਦੈ । ਬੱਚਿਆਂ ਕੋਲ ਬਹਿਣ ਦੀ ਵਿਹਲ ਨਹੀਂ ਹੁੰਦੀ । ਹੋਰ ਹੋਰ ਕੰਮਾਂ ਨੇ ਮੱਤ ਮਾਰੀ ਹੁੰਦੀ ਐ । ਬੱਚਿਆਂ ਤੋਂ ਦੂਰ ਰਹਿਣਾ ਬੰਦੇ ਦੀ ਲਾਚਾਰੀ ਹੁੰਦੀ ਐ । ਤੇ ਜਦੋਂ ਫੇਰ ਅੱਗੋਂ ਬੱਚਿਆਂ ਦੇ ਬੱਚੇ ਹੋ ਜਾਂਦੇ ਨੇ ਤਾਂ ਬੰਦਾ ਸਿਰ ਖੁਰਕਦਾ ਏ । ਉਹਦੇ ਕੋਲ ਫੁਰਸਤ ਹੁੰਦੀ ਏ । ਉਹ ਗੱਲਾਂ ਕਰਨਾ ਚਾਹੁੰਦੈ । ਸੁਣਨਾ ਚਾਹੁੰਦੈ । ਇਹ ਮੁਕਾਮ ਪੀੜ੍ਹੀਆਂ ਦੇ ਪਾੜੇ ਨੂੰ ਮਿਟਾ ਦਿੰਦੈ । ਹਸਰਤਾਂ ਮੁਕਾ ਦਿੰਦੈ । ਵਿਚਲੀ ਪੀੜ੍ਹੀ ਨੂੰ ਸੁਰਖ਼ਰੂ ਬਣਾ ਦਿੰਦੈ ।

ਬੱਚਾ ਬੰਦੇ ਦਾ ਬਾਪ ਹੁੰਦਾ ਏ । ਇਸ ਗੱਲ ਦੀ ਸਮਝ ਦਾਦਾ ਬਣ ਕੇ ਆਈ ਹੈ । ਸੁਣਿਆ ਹੋਇਆ ਸੀ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦੈ । ਇਹ ਅਖਾਣ ਕਿਸੇ ਸੂਦਖ਼ੋਰ ਬਾਣੀਏ ਨੇ ਘੜਿਆ ਹੋਏਗਾ । ਇਸ ਦੌਲਤ ਵਿਚ ਮੂਲ ਜਾਂ ਵਿਆਜ ਵਾਲਾ ਕੋਈ ਰਿਸ਼ਤਾ ਨਹੀਂ ਹੁੰਦਾ । ਇਹ ਤਾਂ ਸਰਸਵਤੀ ਦੇ ਭੰਡਾਰ ਵਰਗੀ ਹੁੰਦੀ ਏ :

ਸਰਸਵਤੀ ਕੇ ਭੰਡਾਰ ਕੀ,
ਬੜੀ ਅਪੂਰਵ ਬਾਤ ।
ਜਿਉਂ ਜਿਉਂ ਖਰਚੇ ਤਿਉਂ ਬੜ੍ਹੇ,
ਬਿਨ ਖਰਚੇ ਘਟ ਜਾਤ¨

ਪਹਿਲੀ ਪਹਿਲੀ ਵਾਰੀ ਜਦੋਂ ਅੱਪੂ ਮੇਰੀ ਉਂਗਲ ਫੜ ਕੇ ਰੋਪੜ ਦੀ ਨਹਿਰ ਦੇ ਕੰਢੇ ਕੰਢੇ ਸਫ਼ਰ ਲਈ ਨਿਕਲਿਆ ਤਾਂ ਮੈਂ ਚੰਨ ਦੇ ਵਰਕੇ 'ਤੇ ਉਹਦਾ ਨਾਂ ਲਿਖਿਆ ਵੇਖਿਆ । ਓਦਣ ਪੂਰਨਮਾਸ਼ੀ ਸੀ । ਫੇਰ ਮੈਂ ਉਹਨੂੰ ਕਬੂਤਰ ਵਿਖਾਇਆ । ਉਹਦਾ ਨਾਂ ਦੱਸਿਆ । ਉਹ 'ਤਰ...' ਕਹਿ ਕੇ ਉਹਨੂੰ ਫੜਨ ਲਈ ਨੱਸਿਆ । ਡਿਗ ਪਿਆ । ਚੁੱਕ ਲਿਆ । ਉਹ ਕਬੂਤਰ ਵਲ ਉਲਰਿਆ । ਮੈਂ ਕਿਹਾ : ਕਹੋ 'ਕਬੂਤਰ' । ਉਹ ਕਹਿੰਦਾ : 'ਤਰ…...' । 'ਕਬੂਤਰ' । 'ਤਰ...' । ਉਹ ਪੂਰਾ ਜ਼ੋਰ ਲਾਉਂਦਾ ਪਰ ਪੂਰਾ ਕਬੂਤਰ ਨਾ ਬੋਲ ਪਾਉਂਦਾ । ਫੇਰ ਮੈਂ ਕਿਹਾ, 'ਚਲ ਆਪਾਂ ਰਲ ਕੇ ਬੋਲਦੇ ਹਾਂ । ਅੱਧਾ ਮੈਂ ਅੱਧਾ ਤੂੰ । 'ਕਬੂ...' ਬੋਲਾਂਗਾ ਮੈਂ 'ਤਰ...' ਬੋਲੀਂ ਤੂੰ । ਉਹ ਖੁਸ਼ ਹੋ ਗਿਆ । ਪਤਾ ਨਹੀਂ ਕਦੋਂ ਤੱਕ ਇਹ ਖੇਡ ਚੱਲਦੀ ਰਹੀ :

? ਕਬੂ..
- ਤਰ...
? ਕਬੂ..
- ਤਰ...

ਵਕਤ ਪਾ ਕੇ ਉਹ ਇੱਕਲਾ ਹੀ ਪੂਰਾ ਕਬੂਤਰ ਕਹਿਣਾ ਸਿੱਖ ਗਿਆ । ਹੁਣ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦਾ । ਨਜ਼ਮਾਂ ਵਰਗੀਆਂ ਗੱਲਾਂ :

ਦਾਦਾ ਜੀ! ਮੈਂਨੇ ਕਭੀ ਆਪ ਕੋ ਜਵਾਨ ਨਹੀਂ ਦੇਖਾ ।

ਦਾਦਾ ਜੀ! ਆਪ ਦਾੜ੍ਹੀ ਸੇ ਬੂੜ੍ਹੇ ਲਗਤੇ ਹੈ, ਲੇਕਿਨ ਹੈੱਡ ਸੇ ਜਵਾਨ ਹੈਂ । ਆਪ ਪਾਪਾ ਕੀ ਤਰਹ ਸ਼ੇਵ ਕਿਉਂ ਨਹੀਂ ਕਰਾ ਲੇਤੇ ।

ਦਾਦਾ ਜੀ! ਸਕੂਲ ਮੇਂ ਹਮੇਂ ਇੰਗਲਿਸ਼ ਪੜ੍ਹਾਤੇ ਹੈਂ । ਘਰ ਮੇਂ ਮਾਮਾ ਮੇਰੇ ਸਾਥ ਹਿੰਦੀ ਮੇਂ ਬਾਤ ਕਰਤੇ ਹੈਂ । ਆਪ ਕਹਿਤੇ ਹੋ ਮੇਰੀ ਮਦਰ ਟੰਗ ਪੰਜਾਬੀ ਹੈ । ਪੰਜਾਬੀ ਕੈਸੇ ਹੁਈ? ਮੇਰੀ ਮਦਰ ਤੋ ਹਿੰਦੀ ਬੋਲਤੀ ਹੈਂ ।

ਇਕ ਦਿਨ ਅੱਪੂ ਮੇਰੇ ਨਾਲ ਮਾਰਕੀਟ ਵਲ ਤੁਰਿਆ ਜਾਏ । ਸੜਕ ਕੰਢੇ ਗੱਡੇ ਹੋਏ ਖੰਭਿਆਂ ਦੀਆਂ ਤਾਰਾਂ ਉਤੇ ਪੰਛੀ ਬੈਠੇ ਸਨ । ਮੈਨੂੰ ਮੌਕਾ ਮਿਲ ਗਿਆ ਸਿੱਖਿਆ ਦੇਣ ਦਾ, ''ਦੇਖ ਬੇਟਾ! ਇਹ ਪੰਛੀ ਕਿੰਨੇ ਸ਼ੁਦਾਈ ਨੇ । ਮੂਰਖ । ਬਿਜਲੀ ਦੀਆਂ ਤਾਰਾਂ ਉਤੇ ਬੈਠੇ ਨੇ । ਇਨ੍ਹਾਂ ਨੂੰ ਪਤਾ ਈ ਨਹੀਂ ਕਿ ਇਨ੍ਹਾਂ 'ਚ ਕਰੰਟ ਹੈ । ਮੂਰਖ ਜਾਣਦੇ ਨਹੀਂ ਕਿ ਇਨ੍ਹਾਂ ਦੀ ਜਾਨ ਨੂੰ ਖ਼ਤਰਾ ਏ । ਇਨ੍ਹਾਂ ਨੂੰ ਏਥੇ ਨਹੀਂ ਸੀ ਬਹਿਣਾ ਚਾਹੀਦਾ ।'' ਮੇਰੀ ਗੱਲ ਸੁਣ ਕੇ ਬੱਚੇ ਨੇ ਮੇਰੇ ਵੱਲ ਇਸ ਤਰ੍ਹਾਂ ਵੇਖਿਆ ਜਿਵੇਂ ਮੈਂ ਸ਼ੁਦਾਈ ਹੋਵਾਂ,''ਦਾਦਾ ਜੀ, ਇਹ ਬਿਜਲੀ ਦੀਆਂ ਨਹੀਂ ਟੈਲੀਫ਼ੋਨ ਦੀਆਂ ਤਾਰਾਂ ਨੇ । ਤੁਹਾਨੂੰ ਏਨਾ ਵੀ ਨਹੀਂ ਪਤਾ?''

ਦੁਕਾਨ 'ਤੇ ਜਾ ਕੇ ਉਹਨੇ ਕਿਸੇ ਅਜਿਹੀ ਚੀਜ਼ ਲਈ ਜ਼ਿਦ ਕੀਤੀ ਜਿਸ ਦੀ ਟੀ.ਵੀ. ਤੋਂ ਲਗਾਤਾਰ ਮਸ਼ਹੂਰੀ ਆਉਂਦੀ ਸੀ ਕਿ ਇਹਦੇ ਖਾਣ ਨਾਲ ਬੰਦੇ ਵਿਚ ਸ਼ੇਰ ਵਰਗੀ ਤਾਕਤ ਆ ਜਾਂਦੀ ਹੈ । ਵਾਪਸ ਆਉਂਦਿਆਂ ਕੂੜੇ ਦਾ ਢੇਰ ਵਿਖਾ ਕੇ ਮੈਂ ਉਹਨੂੰ ਪੁੱਛਿਆ :

? ਇਹ ਕੀ ਏ, ਬੇਟਾ
- ਗੰਦ

? ਜੇ ਇਸ ਗੰਦ ਉਤੇ ਮੈਂ ਸੋਹਣਾ ਜਿਹਾ ਲਿਖ ਕੇ ਚਿਪਕਾ ਦਿਆਂ ਕਿ ਇਹ ਖੁਸ਼ਬੂ ਨਾਲ ਭਰਪੂਰ ਹੈ ਤਾਂ ਤੂੰ ਮੰਨ ਲਵੇਂਗਾ ।

- ਨਹੀਂ ਦਾਦਾ ਜੀ! ਇਹ ਤਾਂ ਫੇਰ ਵੀ ਗੰਦ ਹੀ ਰਹੇਗਾ । ਲਿਖਣ ਨਾਲ ਕੀ ਫ਼ਰਕ ਪੈਂਦਾ ਏ ।

ਮੈਂ ਹੈਰਾਨ ਸਾਂ ਕਿ ਉਹ ਗੱਲ ਨੂੰ ਕਿੰਨੀ ਛੇਤੀ ਸਮਝ ਗਿਐ ਤੇ ਸੌਖਿਆ ਮੰਨ ਵੀ ਗਿਐ । ਸਾਡੀ ਪੀੜ੍ਹੀ ਦੇ ਬੱਚੇ ਤਾਂ ਅਗਲੇ ਦੀ ਗੱਲ ਸੁਣਦੇ ਹੀ ਨਹੀਂ ਸਨ, ਮੰਨਣਾ ਤਾਂ ਦੂਰ ।

ਤੇ ਜਿੱਦਣ ਮੈਂ ਰਿਟਾਇਰ ਹੋਇਆ, ਕਾਲਜ ਵਾਲਿਆਂ ਨੇ ਰੋਪੜ ਦੇ ਬੋਟ ਕਲੱਬ 'ਚ ਵਿਦਾਇਗੀ ਸਮਾਗਮ ਕਰਵਾਇਆ । ਪਰਿਵਾਰ ਨੂੰ ਵੀ ਬੁਲਾਇਆ । ਅੱਪੂ ਵੀ ਆਇਆ । ਸਮਾਗਮ ਮਗਰੋਂ ਅਸੀਂ ਚੰਡੀਗੜ੍ਹ ਆ ਗਏ । ਅਗਲੇ ਦਿਨ ਬਾਕੀ ਸਾਰੇ ਜਣੇ ਆਪੋ ਆਪਣੇ ਕੰਮ ਚਲੇ ਗਏ । ਮੈਂ ਤੇ ਅੱਪੂ ਘਰ ਰਹਿ ਗਏ । ਉਹਨੇ ਟੀ.ਵੀ. ਦਾ ਕੋਈ ਬੱਚਿਆਂ ਵਾਲਾ ਪ੍ਰੋਰਗਰਾਮ ਲਾ ਲਿਆ । ਫਿਲਮ ਆ ਰਹੀ ਸੀ, 'ਦ ਸਿੰਗਿੰਗ ਡਾੱਗ' ਅਰਥਾਤ 'ਗਾਉਣ ਵਾਲਾ ਕੁੱਤਾ' । ਇਕ ਕੁੱਤੇ ਨੂੰ ਸ਼ਿੰਗਾਰ ਕੇ ਸਟੇਜ 'ਤੇ ਬਿਠਾਇਆ ਗਿਆ ਸੀ । ਉਹਦੇ ਮੂਹਰੇ ਮਾਈਕ ਸੀ ਤੇ ਗਲ ਵਿਚ ਫੁੱਲਾਂ ਦੇ ਹਾਰ । ਇਕ ਬੰਦੇ ਨੇ ਉਹਦੀ ਜਾਣ ਪਛਾਣ ਕਰਾਈ । ਹੋਰ ਕਈਆਂ ਨੇ ਉਹਦੀ ਸਿਫ਼ਤ ਕੀਤੀ । ਕੁੱਤਾ ਥੋੜ੍ਹੀ ਥੋੜ੍ਹੀ ਦੇਰ ਪਿੱਛੋਂ ਉਪਰ ਨੂੰ ਬੂਥੀ ਚੁੱਕ ਕੇ ਕੋਈ ਸੁਰ ਕੱਢਦਾ । ਸਾਰੇ ਜਣੇ ਤਾੜੀਆਂ ਵਜਾਉਂਦੇ । ਫ਼ੋਟੋਗਰਾਫ਼ਰ ਤਸਵੀਰਾਂ ਲੈਂਦੇ । ਅੱਪੂ ਮੇਰੇ ਗਲ ਵਿਚ ਬਾਹਵਾਂ ਪਾ ਕੇ ਬੜੇ ਲਾਡ ਨਾਲ ਪੁੱਛਦਾ, ''ਦਾਦਾ ਜੀ! ਡੌਗੀ ਕੀ ਰਿਟਾਇਰਮੈਂਟ ਹੋ ਰਹੀ ਹੈ ਕਿਆ?"

••••••

45. ਸਮੇਂ ਦਾ ਸੰਕਲਪ

ਕਈ ਦਿਨਾਂ ਤੋਂ ਪਰੇਸ਼ਾਨੀ ਵਿਚ ਸਾਂ । ਖਿਝਿਆ ਖਿਝਿਆ...ਕ੍ਰਿਝਿਆ ਕ੍ਰਿਝਿਆ । ਨਾ ਬੀਵੀ ਨਾਲ ਕੋਈ ਗੱਲ; ਨਾ ਬੱਚਿਆਂ ਨਾਲ ਲੋਰੀ-ਲੱਪਾ । ਸਭ ਕੁਝ ਬੇਕਾਰ ਲੱਗ ਰਿਹਾ ਸੀ । ਆਪਣੇ ਆਪ 'ਤੇ ਗੁੱਸਾ ਆ ਰਿਹਾ ਸੀ : 'ਉਮਰ ਦੇ ਚਾਰ ਦਹਾਕੇ ਪੂਰੇ ਕਰ ਲਏ । ਕੀਤਾ ਕੀ ਹੈ? ਏਥੋਂ ਤੀਕ ਪਹੁੰਚਦਿਆਂ ਤਾਂ ਅਗਲਿਆਂ ਨੇ ਸਿਖ਼ਰਾਂ ਛੋਹ ਲਈਆਂ ਸਨ!... ਕੋਈ ਹੱਜ ਨਹੀਂ ਜੀਣ ਦਾ । ਲਾਹਨਤ! ਬਕਵਾਸ!...' ਮੱਥੇ ਦੀ ਨਬਜ਼ ਪਛਾਣਦਿਆਂ ਬੀਵੀ ਸਵਾਲ ਕਰਦੀ ਹੈ : "ਕੁਝ ਪਤਾ ਵੀ ਲੱਗੇ, ਕਾਹਦੀ ਪਰੇਸ਼ਾਨੀ ਹੈ? ਜਿਹੜੀ ਗੱਲ ਅੰਦਰ ਦੱਬੀ ਫਿਰਦੇ ਹੋ, ਬਾਹਰ ਕੱਢੋ । ਪਲੀਜ਼, ਘਰ ਨੂੰ ਨਰਕ ਨਾ ਬਣਾਉ । ਮੇਰੇ ਵੱਲ ਨਾ ਸਹੀ, ਇਨ੍ਹਾਂ ਬੱਚਿਆਂ ਵੱਲ ਹੀ ਵੇਖੋ । ਹਰ ਵੇਲੇ ਖਾਊਂ-ਵੱਢੂੰ ਦੀ ਹਾਲਤ ਵਿਚ ਨਹੀਂ ਰਿਹਾ ਜਾਂਦਾ ਸਾਥੋਂ । ...ਹਾਂ…..."

"ਅੰਦਰਲੀ ਗੱਲ ਬਾਹਰ ਨਹੀਂ ਨਿਕਲ ਰਹੀ । ਬੱਸ ਇਹੋ ਤਕਲੀਫ ਹੈ ।" ਮੈਨੂੰ ਲੱਗਦਾ ਹੈ ਕਿ ਸਹਿਜ ਹੋਣ ਦੀ ਕੋਸ਼ਿਸ਼ ਵਿਚ ਮੈਂ ਹੋਰ ਰੁੱਖਾ ਹੋ ਗਿਆ ਹਾਂ ।

"ਮੈਨੂੰ ਪਤਾ ਹੈ, ਕਈ ਦਿਨਾਂ ਤੋਂ ਤੁਸੀਂ ਕੁਝ ਲਿਖਿਆ ਨਹੀਂ । ਅਖ਼ਬਾਰਾਂ, ਰਸਾਲਿਆਂ ਤੇ ਟੀ.ਵੀ ਵਾਲਿਆਂ ਦੀਆਂ ਚਿੱਠੀਆਂ ਆ ਰਹੀਆਂ ਹਨ । ਤੁਸੀਂ ਪਹਿਲਾਂ ਫੂਕ ਵਿਚ ਆ ਕੇ ਵਾਇਦਾ ਤਾਂ ਕਰ ਲੈਂਦੇ ਹੋ: ਅਖੇ ਮੈਂ ਦੋਂਹ ਚਹੁੰ ਦਿਨਾਂ ਤਕ ਭੇਜ ਦਿਆਂਗਾ । ਲਿਖਿਆ ਥੋਤੋਂ ਜਾਂਦਾ ਨ੍ਹੀਂ ।...ਥੋਨੂੰ ਤਾਂ ਆਏ ਗਏ ਤੋਂ ਈ ਵਿਹਲ ਨ੍ਹੀ ਮਿਲਦੀ ਜਾਂ ਫਿਰ ਆਪ ਤੁਰੇ ਰਹਿਨੇ ਓਂ । ਕਿਤੇ ਟਿਕ ਕੇ ਬੈਠੋ ਤਾਂ ਲਿਖਿਆ ਵੀ ਜਾਏ ।...ਸਾਡੇ 'ਤੇ ਔਖੇ ਹੋਣ ਦੀ ਕੋਈ ਲੋੜ ਨਈਂ । ਜੇ ਕਹਿਨੇ ਓਂ ਤਾਂ ਮੈਂ ਬੱਚਿਆਂ ਨੂੰ ਲੈ ਕੇ ਦੋ ਚਾਰ ਦਿਨਾਂ ਲਈ ਚਲੀ ਜਾਨੀ ਆਂ । ਲਿਖ ਲਉ ਤੁਸੀਂ ਜੋ ਲਿਖਣੈ ।...ਪਰ ਪਤਾ ਮੈਨੂੰ ਫੇਰ ਵੀ ਐ ਕਿ ਲਿਖ ਲੁਖ ਥੋਤੋਂ ਕੁਛ ਨੀਂ ਹੋਣਾ । ...ਆਈ ਨੂੰ ਕਹੋਗੇ : ਮੈਂ ਚਹੁੰ ਦਿਨਾਂ ਤੋਂ ਰੋਟੀ ਨਹੀਂ ਖਾਧੀ... ।" ਬੀਵੀ ਪਿਛਲੇ ਤਜਰਬੇ ਦੇ ਆਧਾਰ 'ਤੇ ਬੋਲ ਰਹੀ ਹੈ ਅਤੇ ਤਲਖ਼ ਹੋਣ ਦੀ ਹਾਲਤ ਵਿੱਚ ਵੀ ਸਹਿਜ ਹੈ ।

"ਠੀਕ ਹੈ, ਤੁਸੀਂ ਚੰਡੀਗੜ੍ਹ ਵਗੈਰਾ ਫਿਰ ਤੁਰ ਆਉ ।...ਐਤਕੀਂ ਨਹੀਂ ਉਹ ਗੱਲ ਹੁੰਦੀ ।" ਮੈਂ ਫੈਸਲਾ ਦੇਣ ਦੇ ਨਾਲ ਨਾਲ ਉਹਦਾ ਵਿਸ਼ਵਾਸ ਵੀ ਜਿੱਤਣਾ ਚਾਹ ਰਿਹਾ ਹਾਂ ।

ਬੀਵੀ ਬੱਚੇ ਜਾਣ ਲਈ ਤਿਆਰ ਹੋ ਰਹੇ ਹਨ । ਮੈਂ ਸਹਿਜ ਹੋ ਚੁੱਕਾ ਹਾਂ । ਬੱਸ, ਇਹਨਾਂ ਨੂੰ ਬੱਸੇ ਬਿਠਾਉਣਾ ਹੈ ਤੇ ਆਪ ਲਿਖਣ ਬੈਠ ਜਾਣਾ ਹੈ ।...ਬੱਚਿਆਂ ਨਾਲ ਬਚਗਾਨਾ ਹਰਕਤਾਂ ਕਰ ਰਿਹਾ ਹਾਂ । ਖੁਸ਼ ਨਜ਼ਰ ਆ ਰਿਹਾ ਹਾਂ ।

"ਪਤੈ ਥੋਡੇ ਪਾਪਾ ਕਿਉਂ ਖੁਸ਼ ਨੇ", ਬੀਵੀ ਬੱਚਿਆਂ ਨੂੰ ਪੁੱਛਦੀ ਹੈ ਤੇ ਮੇਰੇ ਵੱਲ ਹੱਸਕੇ ਵੇਖਦੀ ਹੋਈ ਜਿਵੇਂ ਕਹਿ ਰਹੀ ਹੋਵੇ :

ਥੋਡੇ ਮਨ ਦੀ ਗੱਲ ਤਾਂ ਬੱਚੇ ਵੀ ਜਾਣਦੇ ਨੇ, "ਪਾਪਾ ਇਸ ਲਈ ਖੁਸ਼ ਨੇ ਕਿਉਂਕਿ ਅਸੀਂ ਜਾ ਰਹੇ ਹਾਂ ।" ਬੱਚੇ ਮਾਣ ਨਾਲ ਜਵਾਬ ਦੇਂਦੇ ਹਨ, ਜਿਵੇਂ ਇਹ ਸਵਾਲ ਜਵਾਬ ਉਹਨਾਂ ਲਈ ਨਵਾਂ ਨਾ ਹੋਵੇ । ਉਹਨਾਂ ਦੀਆਂ ਅੱਖਾਂ ਵਿਚ ਮਾਸੂਮ ਸ਼ਰਾਰਤ ਹੈ ।

"ਆਹ ਮਹੀਨੇ ਭਰ ਦੀਆਂ 'ਖਬਾਰਾਂ ਤੇ ਰਸਾਲੇ...ਟੇਬਲ ਤੋਂ ਇਹ ਗੰਦ ਨਾਲੋ ਨਾਲ ਚੁੱਕ ਲਿਆ ਕਰੋ ।...ਬਿਸਤਰੇ ਤਹਿ ਕਰਕੇ ਰੱਖ ਦਿਆ ਜੇ...ਆਹ ਜਿਹੜਾ ਐਨਾ ਸਾਰਾ ਦੁੱਧ ਐ, ਇਹਦੀ ਦਹੀਂ ਜਮਾ ਲਿਉ, ਪਿਆ ਪਿਆ ਫਟ ਈ ਨਾ ਜਾਏ । ...ਸਫ਼ਾਈ ਵਾਲੀ ਤੋਂ ਪੋਚਾ ਚੰਗੀ ਤਰ੍ਹਾਂ ਮਰਵਾਇਉ...ਫਰਨੀਚਰ ਵਾਲਾ ਆਇਆ, ਤਾਂ ਪੈਸਾ ਬਾਅਦ ਵਿਚ ਦਈਉ ਪਹਿਲਾਂ ਪਾਲਿਸ਼ ਵਗੈਰਾ ਠੀਕ ਕਰਵਾਉਣੀ ਐ…...ਬੈਂਕ 'ਚੋਂ ਅਕਾਊਂਟ ਦਾ ਨੰਬਰ ਅੱਜ ਈ ਲੈ ਲਿਉ, ਨਵਾਂ ਖਾਤਾ ਖੁਲ੍ਹਵਾ ਕੇ, ...ਨਹੀਂ ਤੇ ਤਨਖ਼ਾਹ ਨਹੀਂ ਮਿਲਣੀ...ਅੱਜ ਸ਼ਾਮੀ ਬੱਚਿਆਂ ਦੇ ਸਕੂਲ ਵਿਚ ਪੇਰੈਂਟ ਟੀਚਰ ਐਸੋਸੀਏਸ਼ਨ ਦੀ ਮੀਟਿੰਗ ਵਿਚ ਜ਼ਰੂਰ ਜਾ ਕੇ ਆਈਉ...ਅਸੀਂ ਚੌਥੇ ਆਵਾਂਗੇ ।..." ਬੀਵੀ ਜਾਣ ਤੋਂ ਪਹਿਲਾਂ, ਤਿਆਰ ਹੁੰਦੀ ਹੋਈ, ਹਦਾਇਤਾਂ ਕਰੀ ਜਾ ਰਹੀ ਹੈ ।

"ਹੋ ਜਾਏਗਾ...ਹੋ ਜਾਏਗਾ...ਸਭ ਕੁਝ ਹੋ ਜਾਇਗਾ...ਤੂੰ ਫ਼ਿਕਰ ਨਾ ਕਰ ।" ਮੈਂ ਸਹਿਜ ਹਾਂ ।

•••

ਹੁਣ ਮੈਂ ਘਰ ਵਿਚ ਇੱਕਲਾ ਹਾਂ । ਪੂਰੇ ਤਿੰਨ ਦਿਨ ਮੇਰੇ ਸਾਹਮਣੇ ਵਿਛੇ ਪਏ ਹਨ । ਪੂਰੀ ਵਿਹਲ । ਸੰਪੂਰਨ ਸ਼ਾਂਤੀ । ਸੰਪਾਦਕਾਂ/ ਪ੍ਰੋਡਿਊਸਰਾਂ ਦੇ ਅਗਲੇ ਪਿਛਲੇ ਮਿਹਣੇ ਲਾਹ ਦਿਆਂਗਾ । ਵਕਤ ਮਿਲੇ ਤਾਂ ਹੀ ਕੋਈ ਕੁਝ ਲਿਖੇ! ਮੀਆਂ ਬੀਵੀ ਨੌਕਰੀ ਕਰਦੇ ਹੋਣ; ਬੱਚੇ ਸਕੂਲ ਜਾਂਦੇ ਹੋਣ ਤਾਂ ਸਵੇਰ ਵਿਹਲੀ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ । ਬੱਚਿਆਂ ਦੀ ਤਿਆਰੀ ਤੇ ਰਸੋਈ ਵਿਚ ਹੱਥ ਵਟਾਉ । ਉਹਨਾਂ ਨੂੰ ਤੋਰ ਕੇ ਆਪਣੀ ਤਿਆਰੀ ਵਿਚ ਜੁਟ ਜਾਉ । ਅਖ਼ਬਾਰ ਦੇਖਣੀ ਤਾਂ ਇਕ ਪਾਸੇ, ਕਈ ਵਾਰ ਰੋਟੀ ਖਾਣੀ ਵੀ ਨਸੀਬ ਨਹੀਂ ਹੁੰਦੀ । ਦੁਪਹਿਰ ਹੁੰਦੇ ਹੁੰਦੇ ਸਰੀਰ ਝਉਂ ਜਾਂਦਾ ਹੈ ਤੇ ਬੰਦਾ ਰੋਟੀ ਖਾ ਕੇ ਸੌਂ ਜਾਂਦਾ ਹੈ । ਸ਼ਾਮ ਹੀ ਸ਼ਾਮ ਹੈ ਤੁਹਾਡੇ ਕੋਲ : ਭਾਵੇਂ ਨਿਆਣਿਆਂ ਨੂੰ ਹੋਮ ਵਰਕ ਕਰਵਾਉ; ਭਾਵੇਂ ਥੋੜੀ ਦੇਰ ਕਿਸੇ ਦੇ ਜਾ ਆਉ; ਭਾਵੇਂ ਆਇਆਂ ਨੂੰ ਜੀ ਆਇਆਂ ਕਹਿ ਲਉ,... ਜਾਂ ਫਿਰ ਕੋਈ ਕਿਤਾਬ ਰਸਾਲਾ ਵਾਚ ਲਉ ।...ਕਿਸੇ ਸ਼ਾਮ ਬੈਠ ਲਿਆ ਤਾਂ ਅਗਲੇ ਦੋ ਦਿਨ ਟੁੱਟ ਭੱਜ ਤੋਂ ਛੁਟਕਾਰਾ ਨਹੀਂ ਹੁੰਦਾ । ਵਕਤ ਨੂੰ ਕੋਈ ਕਿਵੇਂ ਵਿਉਂਤੇ? ਲਿਖਣ ਲਈ ਸਮਾਂ ਕਿਵੇਂ ਕੱਢੇ?

'ਕੀ ਲਿਖ ਰਿਹੈਂ ਅੱਜ ਕੱਲ੍ਹ?
- 'ਕੁਝ ਵੀ ਨਹੀਂ ।'

'ਕਿਉਂ, ਕੀ ਗੱਲ?'
- 'ਵਕਤ ਨਹੀਂ ਮਿਲਦਾ ।'

'ਵਕਤ ਨਹੀਂ ਮਿਲਦਾ?'

ਜੇ ਅਜੇ ਵੀ ਵਕਤ ਨਹੀਂ ਮਿਲਦਾ ਤਾਂ ਹੋਰ ਕਦੋਂ ਮਿਲੇਗਾ? ਸਰਕਾਰੀ ਕਾਲਜ ਦੇ ਲੈਕਚਰਾਰ ਕੋਲ ਵਕਤ ਦੇ ਸਿਵਾ ਹੋਰ ਹੁੰਦਾ ਕੀ ਹੈ! ਵਿਹਲ ਹੀ ਵਿਹਲ ਹੈ । ਕੰਮ 'ਚੋਂ ਵਿਹਲ ਤਾਂ ਕੱਢੀ ਜਾ ਸਕਦੀ ਹੈ, ਵਿਹਲ 'ਚੋਂ ਵਿਹਲ ਕੋਈ ਕਿਵੇਂ ਕੱਢੇ!!!

ਜਦੋਂ ਚੰਡੀਗ ੜ੍ਹ ਸਾਂ ਤਾਂ ਬਹਾਨਾ ਸੀ ਕਿ ਦਫ਼ਤਰ ਵਿਚ ਅੱਠ ਘੰਟੇ ਮੱਥਾ ਮਾਰਨ ਪਿੱਛੋਂ ਬੰਦੇ ਵਿਚ ਰਹਿ ਕੀ ਜਾਂਦਾ ਹੈ?... ਨਾਲੇ ਚੰਡੀਗੜ੍ਹ ਤਾਂ ਲੇਖਕਾਂ ਦਾ ਗੜ੍ਹ ਹੈ । ਬਾਹਰੋਂ ਸੱਜਣ ਮਿੱਤਰ ਆਏ ਰਹਿੰਦੇ ਹਨ । ਕਾਫ਼ੀ ਹਾਊਸ ਹੀ ਕਿੰਨਾ ਸਾਰਾ ਵਕਤ ਚੱਟ ਜਾਂਦਾ ਹੈ । ਵੇਖੋ ਵੇਖੀ ਸ਼ਾਮ ਬਹਿਕ ਜਾਂਦੀ ਹੈ ।

ਰੋਪੜ ਆ ਕੇ ਬਹਾਨਾ ਸੀ ਕਿ ਸ਼ਹਿਰ ਨਵਾਂ ਹੈ । ਮਾਹੌਲ ਨਵਾਂ ਹੈ । ਜੜ੍ਹਾਂ ਨਹੀਂ ਲੱਗੀਆਂ । ਜੀਅ ਨਹੀਂ ਲੱਗਦਾ । ਸ਼ਹਿਰ ਛੋਟਾ ਹੈ । ਖੁਸ਼ਫਹਿਮੀ ਸੀ ਕਿ ਜ਼ਰਾ ਟਿਕ ਲਈਏ, ਸੈੱਟ ਹੋ ਲਈਏ । ਖੂਬ ਲਿਖਾਂਗਾ । ਖੂਬ ਪੜ੍ਹਾਂਗਾ ।

ਏਥੇ ਆਇਆਂ ਵੀ ਤਿੰਨ ਵਰ੍ਹੇ ਹੋ ਗਏ । ਫੇਰ ਸ਼ਿਕਾਇਤ ਸੀ :

ਮਕਾਨ ਛੋਟਾ ਹੈ । ਕਮਰੇ ਨਾਲ ਨਾਲ ਹਨ । ਘਰ 'ਚ ਘਰ ਦਾ ਰੌਲਾ ਹੈ । ਗਲੀ 'ਚ ਗਲੀ ਦਾ ਰੌਲਾ ਹੈ । ਪੜ੍ਹਨ ਲਿਖਣ ਦਾ ਮਾਹੌਲ ਨਹੀਂ ਬਣਦਾ । ਕਿਤਾਬਾਂ ਰੱਖਣ ਨੂੰ ਥਾਂ ਨਹੀਂ । ਪੂਨੀ ਸਾਹਿਬ ਨੇ ਇਹ ਸਮੱਸਿਆ ਵੀ ਹੱਲ ਕਰਵਾ ਦਿੱਤੀ । ਹੁਣ ਮਕਾਨ ਪਹਿਲਾਂ ਤੋਂ ਵੱਡਾ ਹੈ । ਖੁੱਲ੍ਹਾ ਹੈ । ਪੜ੍ਹਨ ਵਾਲਾ ਕਮਰਾ ਬਿਲਕੁਲ ਵੱਖਰਾ ਹੈ । ਕਿਸੇ ਦੀ ਕੋਈ ਦਖਲ-ਅੰਦਾਜ਼ੀ ਨਹੀਂ । ਕੋਈ ਭਾਰਾ ਕੰਮ ਨਹੀਂ : ਬੱਸ ਪੜ੍ਹਨਾ ਹੈ, ਤੇ ਲਿਖਣਾ ਹੈ ।

ਗੋਸ਼ਠੀਆਂ/ਸੈਮੀਨਾਰਾਂ 'ਤੇ ਜਾਣਾ ਛੱਡਿਆ ਹੋਇਆ ਹੈ । ਏਥੇ ਅਦਬੀ ਗੱਪ-ਸ਼ੱਪ ਵਾਲੀ 'ਕੰਪਨੀ' ਵੀ ਨਹੀਂ ।...ਇਕ ਨਿੱਕੀ ਜਿਹੀ ਹੋਰ ਉਲਝਣ ਸੀ ਕਿ ਬੀਵੀ ਨੂੰ ਸ਼ਹਿਰ ਤੋਂ ਬਾਹਰ ਪੜ੍ਹਾਉਣ ਜਾਣਾ ਪੈਂਦਾ ਹੈ । ਇਸ ਮਹੀਨੇ ਇਹ ਅੜਿੱਕਾ ਵੀ ਮੁੱਕ ਗਿਆ ।

. ... ਤੇ ਹੁਣ ਇਸ ਵੇਲੇ ਘਰ ਵਿਚ ਮੇਰੇ ਤੋਂ ਸਿਵਾ ਕੋਈ ਨਹੀਂ । ਕਿਸੇ ਦੇ ਆਉਣ ਦਾ ਭੈਮਸਾ ਵੀ ਨਹੀਂ । ਕੋਈ ਨਿੱਕਾ-ਮੋਟਾ ਬਹਾਨਾ ਵੀ ਨਹੀਂ । ਇਹ ਤਿੰਨ ਦਿਨ ਤਾਂ ਲਿਖਣਾ ਹੈ । ਬੱਸ, ਲਿਖਣਾ ਹੈ ।

•••

ਪੜ੍ਹਨ ਕਮਰੇ ਵਿਚ ਆਉਂਦਾ ਹਾਂ । ਮੇਜ਼ ਵਿਹਲਾ ਕਰਦਾ ਹਾਂ । ਟਾਈਪ ਰਾਈਟਰ ਦਾ ਕਵਰ ਉਤਾਰਦਾ ਹਾਂ । ਘੱਟਾ-ਮਿੱਟੀ ਝਾੜਦਾ ਹਾਂ । ਕਾਗਜ਼/ਕਾਰਬਨ ਥਾਂ ਸਿਰ ਰੱਖਦਾ ਹਾਂ । ਰਾਖਦਾਨੀ ਟਿਕਾਉਂਦਾ ਹਾਂ । ਸਿਗਰਟ ਸੁਲਗਾਉਂਦਾ ਹਾਂ । ...ਝੱਟ ਖ਼ਿਆਲ ਆਉਂਦਾ ਹੈ : ਟਾਈਪਰਾਈਟਰ ਵੀ ਲੇਖਕ ਲਈ ਕਿੰਨੀ ਜ਼ਰੂਰੀ ਚੀਜ਼ ਹੈ । ਕਦੇ ਇਹਦੀ ਅਣਹੋਂਦ ਵੀ ਮੇਰੇ ਲਈ ਨਾ ਲਿਖਣ ਜਾਂ ਘੱਟ ਲਿਖਣ ਦਾ ਬਹਾਨਾ ਸੀ । ਹੱਥ ਨਾਲ ਲਿਖਿਆ ਨਹੀਂ ਜਾਂਦਾ । ਫੇਰ ਨਕਲ ਕਰਨ ਅਤੇ ਸੋਧ-ਸੁਧਾਈ 'ਤੇ ਕਿੰਨਾ ਵਕਤ ਖਰਾਬ ਹੋ ਜਾਂਦਾ ਹੈ ।

ਪ੍ਰੀਤਮ ਵੀਰ ਜੀ ਯਾਨਿ ਬੀਵੀ ਦੇ ਭਾਈ ਸਾਹਿਬ ਨੇ ਇਹ ਸਮੱਸਿਆ ਵੀ ਹੱਲ ਕਰ ਦਿੱਤੀ । ਸਕੂਟਰ ਦੀ ਪੇਸ਼ਕਸ਼ ਟਾਈਪਰਾਈਟਰ ਵਿਚ ਤਬਦੀਲ ਹੋ ਗਈ । ਪੰਜ ਹਜ਼ਾਰ ਰੁਪਏ ਦੀ ਲਿਖਣ ਮਸ਼ੀਨ ਮੇਰੇ ਕਮਰੇ ਵਿਚ ਹੈ । ਛਪਣ ਦੀ ਕੋਈ ਸਮੱਸਿਆ ਨਹੀਂ । ਅਗਾਂਊਂ ਸਾਈਆਂ ਲੱਗੀਆਂ ਹੋਈਆਂ ਹਨ ।

ਵਿਹਲ ਹੈ । ਮਾਹੌਲ ਹੈ । ਮੰਗ ਹੈ । ਇੱਕਲ ਹੈ । ਟਾਈਪਰਾਈਟਰ ਹੈ... ਹੁਣ ਹੋਰ ਕੀ ਕਰਨਾ ਹੈ, ਬੱਸ ਲਿਖਣਾ ਹੀ ਤਾਂ ਹੈ...

ਫੇਰ ਲਿਖਦਾ ਕਿਉਂ ਨਹੀਂ ?

ਹੁਣੇ ਤਾਂ ਵਿਹਲ ਮਿਲੀ ਹੈ । ਤਿੰਨ ਦਿਨ ਪਏ ਹਨ । ਲਿਖਣਾ ਹੀ ਤਾਂ ਹੈ, ਹੋਰ ਕੀ ਕਰਨਾ ਹੈ!...

ਭੁੱਖ ਲੱਗ ਆਈ ਹੈ । ਦੁਪਹਿਰ ਲਈ ਰੋਟੀ ਪੱਕੀ ਪਈ ਹੈ । ਹੁਣ ਨਹੀਂ ਖਾਣੀ, ਰਾਤ ਨੂੰ ਖਾਵਾਂਗਾ । ਹੁਣ ਲਿਖਣਾ ਹੈ । ਕਿੰਨੇ ਸਾਰੇ ਟਾਪਿਕ ਹਨ । ਕਿਸੇ ਤੇ ਵੀ ਲਿਖਿਆ ਜਾ ਸਕਦਾ ਹੈ । ਸਾਰਿਆਂ 'ਤੇ ਲਿਖਣਾ ਹੈ । ਨੋਟ ਕਰਦਾ ਹਾਂ ।

ਚਾਹ ਤਾਂ ਪੀਤੀ ਜਾ ਸਕਦੀ ਹੈ! ਅਪਨਾ ਹਾਥ ਜਗਨ ਨਾਥ! ਚਾਹ ਦੀਆਂ ਚੁਸਕੀਆਂ ਨਾਲ ਸਿਗਰਟ ਦਾ ਧੂੰਆਂ । ਖਿਲਰੀਆਂ ਹੋਈਆਂ ਅਖ਼ਬਾਰਾਂ । ਅੱਜ ਦੀਆਂ ਸੁਰਖ਼ੀਆਂ ।
ਘੰਟੀ ਵੱਜਦੀ ਹੈ । ਡਾਕ ਵਾਲਾ!

ਡਾਕ ਲੇਖਕ ਦੀ ਜ਼ਿੰਦਗੀ ਦਾ ਕਿੰਨਾ ਜ਼ਰੂਰੀ ਅੰਗ ਹੈ! ਜਿਸ ਦਿਨ ਕੋਈ ਚਿੱਠੀ ਨਾ ਆਏ, ਰੋਟੀ ਸਵਾਦ ਨਹੀਂ ਲੱਗਦੀ!

ਕੁਝ ਜ਼ਰੂਰੀ ਚਿੱਠੀਆਂ ਹਨ, ਪਰ ਚਿੱਠੀਆਂ ਪੜ੍ਹਨ ਨਾਲੋਂ ਲਿਖਣਾ ਜ਼ਰੂਰੀ ਹੈ । ਅੱਜ ਡਾਕੇ ਪਾਉਣਾ ਹੈ । ਚਿੱਠੀਆਂ ਦੀ ਚਿੰਤਾ ਵੀ ਹੁਣ ਘਟ ਗਈ ਹੈ । ਪਹਿਲਾਂ ਡਾਕੀਆ ਵਿਹੜੇ 'ਚ ਵਗਾਹ ਕੇ ਸੁੱਟ ਜਾਣਾ ਹੀ ਆਪਣੀ ਕਰਤਵ-ਮੁਕਤੀ ਸਮਝਦਾ ਸੀ । ਕਈ ਵਾਰੀ ਕਿਹਾ ਕਿ ਝੀਥ ਥਾਣੀਂ ਅੰਦਰ ਕਰ ਜਾਇਆ ਕਰੇ, ਪਰ ਨਹੀਂ, ਸਰਕਾਰੀ ਡਿਊਟੀ ਵਿਚ ਭਲਾ ਉਹ ਹੇਰਾਫੇਰੀ ਕਿਵੇਂ ਕਰ ਸਕਦਾ ਸੀ? ਸੁਝਾਅ ਮਿਲਿਆ ਕਿ ਲੈਟਰ-ਬਕਸ ਲਵਾ ਲਿਆ ਜਾਏ । ਹੁਣ ਪਤਾ ਲੱਗਾ ਕਿ ਲੈਟਰ-ਬਕਸ ਵੀ ਲੇਖਕ ਦੀ ਜ਼ਿੰਦਗੀ ਲਈ ਕਿੰਨਾ ਅਹਿਮ ਹੈ! ਬੜੇ ਸ਼ੌਕ ਨਾਲ ਡੇਢ ਸੌ ਰੁਪਿਆ ਖਰਚ ਕੇ 'ਪੱਤਰ ਪੇਟੀ' ਬਣਵਾਈ, ਤਾਂਕਿ ਚਿੱਠੀਆਂ ਦੇ ਨਾਲ ਨਾਲ ਅਖ਼ਬਾਰ ਰਸਾਲੇ ਵੀ ਉਸ ਵਿਚ ਸਮਾ ਸਕਣ । ਹੁਣ ਇਸ ਪੱਖੋਂ ਵੀ ਮੈਂ ਨਿਸ਼ਚਿੰਤ ਹਾਂ ।

ਨਿਸ਼ਚਿੰਤ ਹੋਏ ਬਿਨਾਂ ਲੇਖਕ ਲਿਖ ਕਿਵੇਂ ਸਕਦਾ ਹੈ! ਹੁਣ ਮੈਂ ਲਿਖਣਾ ਹੈ ।

ਸ਼ਾਮ ਢਲ ਰਹੀ ਹੈ । ਰਾਤ ਉਤਰ ਰਹੀ ਹੈ । ਦੁਕਾਨਾਂ ਬੰਦ ਹੋਣ ਦਾ ਵੇਲਾ ਹੈ । ਰਾਤ ਲਈ ਸਿਗਰਟਾਂ ਤੇ ਸਵੇਰ ਲਈ ਡਬਲ ਰੋਟੀ । ਲਿਖਣ ਦਾ ਪੱਕਾ ਪ੍ਰਬੰਧ । ਜਾਲੀਆਂ ਦਰਵਾਜ਼ੇ ਬੰਦ ।

ਸੋਚ ਸੋਚ ਕੇ ਦਿਮਾਗ ਥੱਕ ਗਿਆ ਹੈ । ਹੁਣ ਸੌਣਾ ਚਾਹੀਦਾ ਹੈ । ਨੀਂਦ ਚੰਗੀ ਆਏ ਤਾਂ ਸੁਪਨੇ ਚੰਗੇ ਆਉਂਦੇ ਨੇ । ਲੇਖਕ ਲਈ ਸੁਪਨੇ ਕਿੰਨੇ ਜ਼ਰੂਰੀ ਹਨ!

ਕੁਝ ਲੇਖਕ ਤਾਂ ਆਪਣੇ ਸੁਪਨੇ ਹੂ-ਬ-ਹੂ ਲਿਖਦੇ ਰਹੇ ਤੇ ਮਹਾਨ ਹੋ ਗਏ । ਸੁਪਨਿਆਂ ਦੀ ਅਨੁਪਾਤ ਨਾਲ ਸੱਚੇ-ਸੁੱਚੇ ਜਜ਼ਬਾਤ ਰਲ ਕੇ ਹੀ ਲਿਖਤ ਨੂੰ ਜ਼ਿੰਦਗੀ ਬਖਸ਼ਦੇ ਹਨ ।

ਮੇਰੀ ਲਿਖਤ ਜ਼ਿੰਦਾ ਹੋਣੀ ਚਾਹੀਦੀ ਹੈ ।

ਲਿਖਣ ਤੋਂ ਪਹਿਲਾਂ ਸੌਣਾ ਚਾਹੀਦਾ ਹੈ । ਸਵੇਰੇ ਤਰੋ-ਤਾਜ਼ਾ ਉਠ ਕੇ ਹੋਰ ਕੁਝ ਨਹੀਂ ਕਰਨਾ । ਸਿਰਫ਼ ਲਿਖਣਾ ਹੀ ਤਾਂ ਹੈ!

•••

ਨੀਂਦ ਆ ਰਹੀ ਹੈ । ਟੁੱਟਵੀਂ ।
ਸੁਪਨਾ ਆ ਰਿਹਾ ਹੈ । ਟੁੱਟਵਾਂ ।
ਸੰਪਾਦਕ, ਲੇਖਕ ਤੇ ਪ੍ਰੋਫ਼ੈਸਰ ਰਲਗੱਡ ਹੋ ਗਏ ਹਨ ।

'ਲੋਅ' ਦਾ ਦਫ਼ਤਰ ਹੈ । ਭੀੜ ਹੈ । ਦੁਪਹਿਰ ਦਾ ਵੇਲਾ ਹੈ । ਅੰਤਾਂ ਦੀ ਗਰਮੀ ਹੈ । ਸਾਰੇ ਆਪੋ ਆਪਣੇ ਕੰਮ ਵਿਚ ਰੁੱਝੇ ਹੋਏ ਹਨ । ਮੈਂ ਆਪਣੇ ਕਾਲਜ ਦੇ ਕੁਲੀਗ ਪ੍ਰੋ. ਡੌਲਾ ਕੋਲ ਲੋਹੇ ਦੀ ਤਪੀ ਹੋਈ ਕੁਰਸੀ 'ਤੇ ਬੈਠਾ ਹਾਂ, ਉਹ ਹੀਟਰ ਤੇ ਚਾਹ ਦਾ ਪਾਣੀ ਰੱਖਣ ਲੱਗਾ ਪੁੱਛਦਾ ਹੈ :

'ਪੀਉਗੇ?'... 'ਨਹੀਂ, ਮੇਰੀ ਚਾਹ ਓਧਰ ਬਣ ਰਹੀ ਹੈ ।' ਮੈਂ ਨਾਂਹ ਕਰ ਦੇਂਦਾ ਹਾਂ । ਉਹ ਚਾਹ ਦੀਆਂ ਚੁਸਕੀਆਂ ਨਾਲ ਮੁੱਛਾਂ ਸਵਾਰਦਾ ਤਾਸ਼ ਵੰਡਣ ਲੱਗਦਾ ਹੈ । ਉਤੋਂ ਪ੍ਰੋਫੈਸਰ ਗੁਰਦੇਵ ਸਿੰਘ ਆ ਜਾਂਦਾ ਹੈ: 'ਗੁਰਦਿਆਲ ਸਿੰਘ ਆਇਆ ਸੀ । ਆਪਣੀ ਕਹਾਣੀ ਮੰਗਦਾ ਸੀ । ਮੈਂ ਪ੍ਰਮਿੰਦਰਜੀਤ ਨੂੰ ਨਕਲ ਕਰਨ ਡਾਹ ਆਇਆਂ । ਤੈਨੂੰ ਚਾਹ ਨਹੀਂ ਮਿਲੀ?''

'ਨਹੀਂ, ਮੈਂ ਤਾਂ ਏਧਰੋਂ ਵੀ ਨਾਂਹ ਕਰ ਦਿੱਤੀ । ਚਲੋ, ਕੋਈ ਨਹੀਂ ਪਰ ਗੁਰਦਿਆਲ ਨੇ ਕਹਾਣੀ ਦੀ ਨਕਲ ਕੀ ਕਰਨੀ ਸੀ? ਕਹਾਣੀ ਤਾਂ ਇਸ ਅੰਕ ਵਿਚ ਛਪ ਰਹੀ ਹੈ? ਨਾਲੇ ਕਹਾਣੀ ਤਾਂ ਮੈਂ ਅਜੀਤ ਕੌਰ ਕੋਲੋਂ ਲੈ ਕੇ ਆਇਆ ਸਾਂ ।' ਮੈਂ ਬੋਲ ਜਾਂਦਾ ਹਾਂ ।

'ਹੋ ਸਕਦੈ, ਗੁਰਦਿਆਲ ਦੀ ਕਹਾਣੀ ਅਜੀਤ ਕੌਰ ਨੇ ਲਿਖੀ ਹੋਵੇ । ਉਹ ਤਾਂ ਕਹਿੰਦਾ ਸੀ : ਰੋਟੀ ਵੀ ਖਾਣੀ ਐਂ । ਬੜੀ ਮੁਸ਼ਕਿਲ ਟਾਲਿਐ ।' ਗੁਰਦੇਵ ਸਿੰਘ ਨੱਕ 'ਚੋਂ ਤੇਜ਼ ਹਵਾ ਕੱਢਦਾ ਆਖ ਰਿਹਾ ਸੀ ।

'ਰੋਟੀ?... ਐਨੀ ਧੁੱਪ ਵਿਚ ਰੋਟੀ? ਹੁਣ ਭਲਾ ਉਸ ਦੀ ਕਹਾਣੀ ਦੀ ਨਕਲ ਕਰੀਏ ਕਿ ਰੋਟੀ ਪਕਾਈਏ?'' ਇਹ ਬੋਲ ਅਮਰੀਕ ਅਮਨ ਦੇ ਹਨ ।

'ਲੇਖਕ ਲਈ ਕਹਾਣੀ ਦੇ ਨਾਲ ਨਾਲ ਰੋਟੀ ਵੀ ਲਾਜ਼ਮੀ ਹੈ ।' ਮੈਂ ਬੁੜਬੁੜਾਉਂਦਾ ਹਾਂ...

...ਦੁੱਧ ਵਾਲੇ ਦੀ ਘੰਟੀ ਉਠਣ ਲਈ ਮਜਬੂਰ ਕਰਦੀ ਹੈ । ਸਰੀਰ ਵਿਚ ਜਾਨ ਨਹੀਂ । ਚਾਹ ਦਾ ਪਿਆਲਾ ਸਾਹਮਣੇ ਰੱਖ ਕੇ ਤਾਜ਼ਾ ਸੁਪਨੇ ਦਾ ਮਨੋਵਿਗਿਆਨਕ ਪਿਛੋਕੜ ਸਮਝਣ ਦੀ ਕੋਸ਼ਿਸ਼ ਕਰਦਾ ਹਾਂ । ਯਾਦ ਆਉਂਦਾ ਹੈ ਕਿ ਰਾਤ ਰੋਟੀ ਨਹੀਂ ਖਾਧੀ । ਕੱਲ ਦੁਪਹਿਰ ਦੀਆਂ, ਰਾਤ ਲਈ ਰੱਖੀਆਂ ਰੋਟੀਆਂ, ਪੋਣੇ 'ਚੋਂ ਕੱਢ ਕੇ ਕੂਕਰ ਅੱਗੇ ਸੁੱਟ ਦੇਂਦਾ ਹਾਂ । ਕੱਲ੍ਹ ਵਾਲੇ ਸਾਰੇ ਦੁੱਧ ਦੀ ਦਹੀਂ ਜਮਾ ਦੇਂਦਾ ਹਾਂ ਤੇ ਤਾਜ਼ਾ ਦੁੱਧ ਉਬਾਲ ਕੇ ਸੁਰਖ਼ਰੂ ਹੋਣ ਦੀ ਕੋਸ਼ਿਸ਼ ਕਰਦਾ ਹਾਂ । ਅੱਜ ਨਹਾਉਣਾ ਨਹੀਂ । ਲਿਖਣਾ ਹੈ । ਭੁੱਖ ਦਾ ਕੀ ਹੈ? ਜਦੋਂ ਜੀਅ ਕਰੇਗਾ ਡਬਲ ਰੋਟੀ ਦੇ ਦੋ ਪੀਸ ਖਾ ਲਵਾਂਗਾ । ਇਕ ਅੰਬ ਖਾ ਲਿਆ ਹੈ । ਦੁੱਧ ਦਾ ਗਿਲਾਸ ਪੀ ਲਿਆ ਹੈ ।

ਆਪਣੇ ਛੋਟੇ ਬੇਟੇ ਦੀ ਗੱਲ ਯਾਦ ਆ ਰਹੀ ਹੈ । ਉਹ ਰੋਟੀ ਤੋਂ ਬਹੁਤ ਚੱਲਦਾ ਹੈ । ਦੁੱਧ, ਫਲ ਤੇ ਬਿਸਕੁਟ ਵਗੈਰਾ ਛਕੀ ਜਾਂਦਾ ਹੈ, ਪਰ ਰੋਟੀ ਨੂੰ ਹਮੇਸ਼ਾ ਟਾਲਦਾ ਹੈ, ਅਖੇ : ਆਟਾ ਖਾਣਾ ਜ਼ਰੂਰੀ ਐ? ਆਟੇ 'ਚ ਕਿਹੜੀ ਤਾਕਤ ਹੁੰਦੀ ਐ? ਆਟੇ ਨੂੰ ਟਾਲਣਾ ਹੀ ਚਾਹੀਦਾ ਹੈ । ਤਾਂ ਹੀ ਲਿਖਿਆ ਜਾਏਗਾ । ਲਿਖਣਾ ਜ਼ਰੂਰੀ ਹੈ, ਆਟਾ ਨਹੀਂ ।

ਅੱਜ ਐਤਵਾਰ ਹੈ । ਚਾਰ ਅਖ਼ਬਾਰਾਂ ਦੇ ਸੰਡੇ ਐਡੀਸ਼ਨ ਵਿਹੜੇ ਵਿਚ ਪਏ ਹਨ । ਪੂਰੇ ਵੇਰਵੇ ਨਾਲ ਨਾ ਸਹੀ, ਸਰਸਰੀ ਨਜ਼ਰ ਤਾਂ ਮਾਰ ਹੀ ਲੈਣੀ ਚਾਹੀਦੀ ਹੈ ।

ਇੱਕ...ਦੋ ...ਤਿੰਨ...ਚਾਰ...
ਤਹਿ-ਦਰ-ਤਹਿ ਅਖ਼ਬਾਰ ।
ਹਲਾਕ...ਜ਼ਖਮੀ...ਰਿਹਾਈ...ਗੱਲ ਬਾਤ...ਸ਼ਹੀਦ…...
ਜ਼ਿੰਦਾਬਾਦ...ਮੁਰਦਾਬਾਦ...ਅਹਿਮਦਾਬਾਦ...

ਇਹ ਅਖ਼ਬਾਰਾਂ ਵੀ ਬਕਵਾਸ ਹਨ । ਲੇਖਕ ਦਾ ਕਿੰਨਾ ਸਮਾਂ ਡੀਕ ਜਾਂਦੀਆਂ ਹਨ । ਵਕਤ ਦਾ ਨਾਸ, ਪੈਸੇ ਦਾ ਨਾਸ...ਤੇ ਭੰਬਲਭੂਸੇ ਵਾਧੇ ਦੇ...ਇਕ ਵੀ ਕੰਮ ਦੀ ਗੱਲ ਨਹੀਂ । ਕੰਮ ਦੀਆਂ ਗੱਲਾਂ ਤਾਂ ਮੈਂ ਲਿਖਾਂਗਾ । ਪਤਾ ਲੱਗੂ ਇਹਨਾਂ ਅਖ਼ਬਾਰਾਂ ਵਾਲਿਆਂ ਨੂੰ ਕਿ ਲਿਖਤ ਕੀਹਨੂੰ ਕਹਿੰਦੇ ਨੇ! ਜੋ ਕੂੜ-ਕਬਾੜ ਆਇਆ, ਚੁੱਕ ਕੇ ਛਾਪ ਦਿੱਤਾ । ਹੁੰ... ਅਖ਼ਬਾਰਾਂ ਚੁੱਕ ਕੇ ਇਕ ਪਾਸੇ ਰੱਖ ਦੇਂਦਾ ਹਾਂ । ਪੁਰਾਣੀਆਂ ਅਖ਼ਬਾਰਾਂ ਵੀ ਲੱਗਦੇ ਹੱਥ ਚੁੱਕ ਕੇ ਸੰਭਾਲ ਦੇਂਦਾ ਹਾਂ । ਪਿਛਲੇ ਦੋ ਤਿੰਨ ਮਹੀਨਿਆਂ ਤੋਂ ਰੱਦੀ ਵਾਲਾ ਨਹੀਂ ਆਇਆ ।

ਮਕਾਨ ਬਦਲ ਲਿਐ ਨਾ!... ਆਪੇ ਆ ਜਾਏਗਾ! ਅੱਜ ਈ ਆ ਜਾਏ ਤਾਂ ਚੰਗੈ ।
ਨਾ...ਨਾ.. ਅੱਜ ਕੋਈ ਨਾ ਆਏ ।
ਅੱਜ ਤਾਂ ਮੈਂ ਲਿਖਣੈ ।

ਰਸੋਈ 'ਚ ਕੁਝ ਡਿੱਗਣ ਦਾ ਖੜਕਾ ਹੋਇਆ ਹੈ । ਬਿੱਲੀ ਦੁੱਧ ਦਾ ਪਤੀਲਾ ਡੋਲ੍ਹ ਗਈ ਹੈ । ਰਸੋਈ ਬੰਦ ਕਰਦਾ ਹਾਂ । ਫਰਸ਼ ਬਾਅਦ ਵਿਚ ਹੀ ਸਾਫ਼ ਕਰਾਂਗਾ ।...ਹੁਣ ਤਾਂ ਮੈਂ ਲਿਖਣਾ ਹੈ ।
ਆਪਣੀ ਸਥਿਤੀ ਦਾ ਅਹਿਸਾਸ ਹੁੰਦਾ ਹੈ ।

ਮੈਂ ਜੂਝ ਰਿਹਾ ਹਾਂ : ਸਵੈ ਨਾਲ, ਸੋਚਾਂ ਨਾਲ, ਸਮਕਾਲ ਨਾਲ, ਲਿਖਤ ਨਾਲ, ਭੁੱਖ ਨਾਲ, ਵਿਹਲ ਨਾਲ, ਵਕਤ ਨਾਲ... ਜੂਝਦਾ ਹੋਇਆ 'ਸ਼ਹੀਦ' ਹੋ ਜਾਵਾਂਗਾ । ਨਿੱਕੀਆਂ-ਨਿੱਕੀਆਂ ਖ਼ਬਰਾਂ, ਨਿੱਕੀਆਂ-ਮੋਟੀਆਂ ਅਖ਼ਬਾਰਾਂ ਵਿਚ ਛਪਣਗੀਆਂ ।
ਸਾਹਿਤਕ ਪਰਚੇ ਵੀ ਇਸ 'ਸਦਮੇ' ਵਿਚ ਸ਼ਰੀਕ ਹੋਣਗੇ ।
ਸਮਕਾਲ ਠਹਾਕਾ ਮਾਰਕੇ ਹੱਸੇਗਾ :

ਕੀ ਉਹ ਲੇਖਕ ਸੀ?... ਕੀ ਲਿਖਦਾ ਸੀ…?... ਲਿਖਣ ਬਾਰੇ ਲਿਖਦਾ ਸੀ?...ਹੀ...ਹੀ...ਹੀ...

ਉਹਨੂੰ ਸਾਹਿਤ ਦੇ ਕਿਹੜੇ ਖ਼ਾਨੇ ਵਿਚ ਰੱਖੀਏ?...ਨਾ ਤਿੰਨਾਂ 'ਚ, ਨਾ ਤੇਰ੍ਹਾਂ 'ਚ...

ਵਿਚਾਰਾ, ਲੇਖਕ ਬਣਨ ਦੀ ਰੀਝ ਵਿਚ ਹੀ ਸ਼ਹੀਦ ਹੋ ਗਿਆ ।
ਨਾ ਕੋਈ ਕੰਮ ਦੀ ਲਿਖਤ, ਨਾ ਕੋਈ ਕੰਮ ਦੀ ਕਿਤਾਬ ।
ਇਹੋ ਜਿਹੇ ਵੀ ਲੇਖਕ ਨੇ, ਲਾ ਲਉ ਹਿਸਾਬ ।

...ਇਸੇ ਸ਼ਹੀਦੀ ਠਹਾਕੇ ਤੋਂ ਬਚਣ ਦੀ ਖਾਤਿਰ ਤਾਂ ਮੈਂ ਲਿਖਣਾ ਚਾਹ ਰਿਹਾ ਹਾਂ । ਪਰ ਦੂਜਾ ਦਿਨ ਵੀ ਲੰਘ ਗਿਆ ਹੈ ।
ਲਿਖਿਆ ਨਹੀਂ ਜਾ ਰਿਹਾ ।

•••

ਅੱਜ ਤੇਈ ਅਪ੍ਰੈਲ ਹੈ । ਮੁਹਲਤ ਦਾ ਆਖ਼ਰੀ ਦਿਨ ਹੈ । ਦੁਪਹਿਰ ਤੋਂ ਬਾਅਦ ਬੱਚਿਆਂ ਨੇ ਆ ਜਾਣਾ ਹੈ । ਘਰ ਦੀ ਹਾਲਤ ਚਾਰ ਦਿਨ ਪਹਿਲਾਂ ਵਾਲੀ ਹੀ ਹੈ; ਪਹਿਲਾਂ ਤੋਂ ਵੀ ਮਾੜੀ । ਬੀਵੀ ਦੀਆਂ ਹਦਾਇਤਾਂ ਯਾਦ ਆਉਂਦੀਆਂ ਹਨ । ਬਿਸਤਰੇ ਤਹਿ ਕਰਕੇ ਰੱਖਦਾ ਹਾਂ । ਕੁਰਸੀਆਂ ਝਾੜਕੇ ਥਾਂ ਸਿਰ ਕਰਦਾ ਹਾਂ । ਦੁੱਧ ਵਾਲਾ ਫਰਸ਼ ਰਗੜ ਰਗੜ ਕੇ ਧੋਂਦਾ ਹਾਂ । ਨਹਾਉਂਦਾ ਹਾਂ । ਕਪੜੇ ਬਦਲਦਾ ਹਾਂ । ਦਹੀਂ ਦੀ ਲੱਸੀ ਬਣਾ ਕੇ ਪੀਂਦਾ ਹਾਂ । ਕੱਲ੍ਹ ਵਾਲੇ ਦੁੱਧ ਦੀ ਦਹੀਂ ਜਮਾਉਂਦਾ ਹਾਂ । ਬੂਟਿਆਂ ਨੂੰ ਪਾਣੀ ਦੇਂਦਾ ਹਾਂ । ਬੈਂਕ 'ਚੋਂ ਨਵਾਂ ਹਿਸਾਬ ਖੋਲ੍ਹਣ ਵਾਲਾ ਫਾਰਮ ਲੈ ਕੇ ਆਉਂਦਾ ਹਾਂ । ਬੱਚਿਆਂ ਲਈ ਫਲ ਤੇ ਰਸੋਈ ਲਈ ਸਬਜ਼ੀ ਲਿਆ ਕੇ ਰੱਖਦਾ ਹਾਂ । ਸਰੀਰ ਨੂੰ ਘੜੀਸ ਕੇ ਇਸ ਕੋਲੋਂ ਵੱਧ ਕੰਮ ਲੈਣ ਦੀ ਕੋਸ਼ਿਸ਼ ਕਰ ਰਿਹਾ ਹਾਂ । ਨਾ ਲਿਖਣ ਦਾ ਕੋਈ ਕਾਰਗਰ ਬਹਾਨਾ ਸੋਚ ਰਿਹਾ ਹਾਂ ।

ਸੰਪਾਦਕ ਦਾ ਹੁਕਮ ਹੈ ਕਿ 20 ਤਾਰੀਖ ਤੋਂ ਪਹਿਲਾਂ ਕਾਲਮ ਪੁੱਜ ਜਾਣਾ ਚਾਹੀਦਾ ਹੈ । ਅੱਜ ਤੇਈ ਹੋ ਗਈ ਹੈ । ਬੱਚੇ ਆਉਣ ਵਾਲੇ ਹਨ । ਹੁਣ ਕਿੱਥੇ ਲਿਖਿਆ ਜਾਣਾ ਹੈ ।

ਚਿੱਠੀ ਚੁੱਕਦਾ ਹਾਂ । ਸੰਪਾਦਕ ਨੂੰ ਲਿਖਦਾ ਹਾਂ: ਕੁਝ ਜਿਸਮਾਨੀ ਤੇ ਘਰੇਲੂ ਉਲਝਣਾਂ ਕਾਰਨ ਇਸ ਵਾਰ ਕਾਲਮ ਨਹੀਂ ਲਿਖਿਆ ਜਾ ਸਕਿਆ । ਅਗਲੇ ਮਹੀਨੇ ਲਈ ਪਹਿਲੇ ਹਫ਼ਤੇ ਹੀ ਭੇਜ ਦਿਆਂਗਾ । ਗੁਸਤਾਖੀ ਮੁਆਫ਼! ਕਾਲਮ ਦੀ ਥਾਂ ਚਿੱਠੀ ਡਾਕੇ ਪਾ ਕੇ ਇਕ ਮਹੀਨੇ ਲਈ ਸੁਰਖ਼ਰੂ ਹੋ ਗਿਆ ਹਾਂ ।

ਮੈਂ ਸਹਿਜ ਹਾਂ । ਸੰਕਟ ਟਲ ਗਿਆ ਹੈ ।
ਹੁਣ ਸਹਿਜ ਮਨ ਨਾਲ ਸਮੇਂ ਦੇ ਸੰਕਲਪ ਬਾਰੇ ਸੋਚਿਆ ਜਾ ਸਕਦਾ ਹੈ ।

••••••

46. ਕਿਤਾਬ ਕਦੇ ਪੂਰੀ ਨਹੀਂ ਹੁੰਦੀ

ਕਿਤਾਬਾਂ ਨਾਲ ਵਾਹ ਦੀ ਵਾਰਤਾ ਬੜੀ ਦਿਲਚਸਪ ਹੈ । ਸਭ ਤੋਂ ਪਹਿਲਾਂ ਕੋਰਸ ਦੀਆਂ ਕਿਤਾਬਾਂ ਨਾਲ ਵਾਹ ਪਿਆ । ਜਿੰਨੇ ਵਿਸ਼ੇ ਓਨੀਆਂ ਕਿਤਾਬਾਂ । ਜਮਾਤਾਂ ਤੁਰਦੀਆਂ ਗਈਆਂ । ਕਿਤਾਬਾਂ ਵਧਦੀਆਂ ਗਈਆਂ । ਸ਼ੁਰੂ ਵਾਲੀ ਉਤਸੁਕਤਾ ਮਜਬੂਰੀ ਵਿੱਚ ਬਦਲਦੀ ਗਈ । ਲਾਇਬਰੇਰੀ ਦੀਆਂ ਕਿਤਾਬਾਂ ਵੱਲ ਮਨ ਭੱਜਣ ਲੱਗਾ । ਪਾਠ ਪੁਸਤਕਾਂ ਭਾਰ ਜਾਪਣ ਲੱਗੀਆਂ ।

'' ਤੂੰ ਮੇਰੇ ਕੋਰਸ ਦੇ ਵਿੱਚ ਲੱਗੀ ਕਿਤਾਬ
ਮੈਂ ਤੇਰਾ ਵਿਦਿਆਰਥੀ ਹਾਂ
ਯਾਦ ਰੱਖ ਵਿਦਿਆਰਥੀ ਪਾਠਕ ਨਹੀਂ ਹੁੰਦਾ''

•••

ਪਾਠਕਪੁਣੇ ਵਿੱਚ ਕਿਤਾਬਾਂ ਦੀ ਸਨਕ ਸ਼ੁਰੂ ਹੋ ਗਈ । ਘਰ ਵਿੱਚ ਪਏ ਹੋਏ ਧਾਰਮਿਕ ਗਰੰਥ ਅਤੇ ਕਿੱਸੇ ਵਾਚਣੇ ਸ਼ੁਰੂ ਕੀਤੇ । ਹੱਥ ਲਿਖਤਾਂ 'ਚੋਂ ਗੁਜ਼ਰਨ ਦੀ ਕੋਸ਼ਿਸ਼ ਕੀਤੀ । ਥੋੜ੍ਹਾ ਥੋੜ੍ਹਾ ਲਿਖਣਾ ਸ਼ੁਰੂ ਹੋ ਗਿਆ । ਕਿਤਾਬਾਂ ਜਮ੍ਹਾਂ ਹੋਣ ਲੱਗੀਆਂ, ਮਰਜ਼ੀ ਦੀਆਂ ਕਿਤਾਬਾਂ :

ਲੇਖਕ ਦਾ ਕਿਰਦਾਰ ਕਿਤਾਬਾਂ ਪਿੱਛੇ ਹੈ ।
ਸਾਰਾ ਝਗੜਾ ਯਾਰ ਕਿਤਾਬਾਂ ਪਿੱਛੇ ਹੈ ।
ਬਿਨਾਂ ਕਿਤਾਬਾਂ ਤੋਂ ਕੁੱਝ ਨਜ਼ਰ ਨਹੀਂ ਆਉਂਦਾ
ਕਿੱਥੇ ਹੈ ਬੀਮਾਰ? ਕਿਤਾਬਾਂ ਪਿੱਛੇ ਹੈ ।
ਕੋਈ ਕਿਸੇ ਤੋਂ ਚਾਰ ਕਮੀਜ਼ਾਂ ਅੱਗੇ ਹੈ
ਕੋਈ ਕਿਸੇ ਤੋਂ ਚਾਰ ਕਿਤਾਬਾਂ ਪਿੱਛੇ ਹੈ
ਨਾਂ ਰੱਦੀ ਅਖ਼ਬਾਰ ਦਾ ਲੈਂਦਾ ਹੈ ਭਾਵੇਂ
ਫਿਰਦਾ ਗਲੀ ਬਜ਼ਾਰ ਕਿਤਾਬਾਂ ਪਿੱਛੇ ਹੈ ।
ਘਰਦੀ ਦਾਰੂ ਵਾਂਗ ਲੁਕਾਉਂਦੇ ਫਿਰਦੇ ਹਾਂ
ਇੰਜ ਪਈ ਸਰਕਾਰ ਕਿਤਾਬਾਂ ਪਿੱਛੇ ਹੈ
ਕੀ ਲੈਣੈ ਭੂਸ਼ਨ ਨੇ ਜੀ ਕੇ ਦੁਨੀਆ ਤੋਂ
ਚੁੱਕੀ ਫਿਰਦਾ ਭਾਰ ਕਿਤਾਬਾਂ ਪਿੱਛੇ ਹੈ ।

•••

ਮਾੜਾ ਮੋਟਾ ਲੇਖਕ ਬਣਿਆ । ਕਿਤਾਬਾਂ ਛਪੀਆਂ । ਕਿਤਾਬਾਂ ਭੇਂਟ ਹੋਈਆਂ । ਕਿਤਾਬਾਂ ਕਬਾੜੀਏ ਨੂੰ ਵੇਚੀਆਂ । ਕਿਤਾਬਾਂ ਕਬਾੜੀਏ ਤੋਂ ਖਰੀਦੀਆਂ ।

ਕਾਲਜ ਦੀ ਨੌਕਰੀ ਵੇਲੇ ਕਿਤਾਬਾਂ ਪੜ੍ਹਾਉਣ ਦਾ ਮੌਕਾ ਮਿਲਿਆ । ਉਸਤਾਦਾਂ ਨਾਲ ਵਾਹ ਪਿਆ । ਕਿਤਾਬਾਂ ਨਾਲ ਜਬਰ ਜਨਾਹ ਹੁੰਦਾ ਵੇਖਿਆ:

ਕੋਸ਼ਿਸ਼ ਕਰੀਂ ਕਿ ਪੁਸਤਕ ਤੇਰੀ
ਕੋਰਸ ਦੇ ਵਿੱਚ ਲੱਗੇ ਨਾ
ਰੂਹ ਤੇਰੀ ਤੋਂ ਸਹਿ ਨਹੀਂ ਹੋਣਾ
ਜੋ ਹਾਲਤ ਉਸਤਾਦ ਕਰਨਗੇ,

ਕਿਤਾਬਾਂ ਨੂੰ ਸੰਭਾਲਣਾ ਮੁਸ਼ਕਿਲ ਕੰਮ ਹੈ । ਇੱਕ ਵਾਰ ਸਿਓਂਕ ਲੱਗ ਗਈ । ਸਿਓਂਕੀਆਂ ਕਿਤਾਬਾਂ ਛਾਂਟ ਕੇ ਪਿੱਛਲੇ ਵਿਹੜੇ ਵਿੱਚ ਢੇਰੀ ਕੀਤੀਆਂ । ਸਾੜਨੀਆਂ ਪਈਆਂ । ਉਹ ਲਪਟਾਂ, ਸੇਕ ਧੂੰਆਂ, ਅਜੇ ਤੱਕ ਅਸਰ ਵਿਖਾ ਰਿਹਾ ਹੈ । ਇਹ ਉਹ ਦਿਨ ਸਨ ਜਦੋਂ ਪੰਜਾਬ ਦੇ ਮਾਹੌਲ ਵਿੱਚ ਵੀ ਲਪਟਾਂ, ਸੇਕ ਤੇ ਧੂੰਆਂ ਬਹੁਤ ਤੰਗ ਕਰ ਰਿਹਾ ਸੀ । ਕੁੱਝ ਬਚੀਆਂ- ਖੁਚੀਆਂ ਝਾੜ-ਝੂੜ ਕੇ ਧੁੱਪ ਵਿੱਚ ਰੱਖੀਆਂ ਹੋਈਆਂ ਸਨ । ਖ਼ੁਦ ਪਤਾ ਨਹੀਂ ਕਿੱਥੇ ਗੁੰਮ ਸਾਂ । ਤੇਜ਼ ਹਵਾ ਨਾਲ ਕਿਤਾਬਾਂ ਦੇ ਵਰਕੇ ਖੜਕ ਰਹੇ ਸਨ :

ਧੁੱਪੇ ਪਏ ਹਾਂ ਖੁੱਲ੍ਹੀ ਕਿਤਾਬ ਵਾਂਗੂੰ
ਹਵਾ ਚੱਲਦੀ ਏ, ਵਰਕੇ ਉੱਡਦੇ ਨੇ

ਬ੍ਰਿਜਲਾਲ ਸ਼ਾਸਤਰੀ ਜੀ ਨੇ ਕਿਤਾਬਾਂ ਦਿਖਾਈਆਂ ਜਿਹੜੀਆਂ ਨਿੰਮ ਦੇ ਪੱਤਿਆਂ ਦੇ ਬਾਵਜੂਦ ਖਰਾਬ ਹੋ ਰਹੀਆਂ ਸਨ । ਉਨ੍ਹਾਂ ਨੇ ਕੁੱਝ ਕਿਤਾਬਾਂ ਮੈਨੂੰ 'ਸੰਭਾਲਣ' ਲਈ ਦੇ ਦਿੱਤੀਆਂ ਜਿੰਨ੍ਹਾਂ 'ਚੋਂ ਇੱਕ ਚਰਨ ਸਿੰਘ 'ਸ਼ਹੀਦ' ਦੀ 'ਬਾਦਸ਼ਾਹੀਆਂ' ਹੈ ਜਿਹੜੀ ਅੰਗਰੇਜ਼ੀ ਵਿੱਚ ਭੇਂਟ ਕੀਤੀ ਹੋਈ ਹੈ । ਸੱਤਰ੍ਹ ਵਰ੍ਹੇ ਪਹਿਲਾਂ ਦੇ ਡੰਕ ਨਾਲ ਕੀਤੇ ਸ਼ਹੀਦ ਦੇ ਦਸਖ਼ਤ ਇਸ ਕਿਤਾਬ ਨੂੰ ਕੀਮਤੀ ਬਣਾਉਂਦੇ ਹਨ ।

•••

ਅਮ੍ਰਿਤਾ ਹੁਰਾਂ ਨੇ ਪੌੜੀਆਂ ਉਪਰਲੀ ਮਮਟੀ ਵਿੱਚ ਭੇਟਸ਼ੁਦਾ ਕਿਤਾਬਾਂ ਦਾ ਢੇਰ ਲਾਇਆ ਹੋਇਆ ਸੀ, ਉਸ ਢੇਰ 'ਚੋਂ ਮੈਂ ਵੀ ਗਾਰਗੀ, ਦੁੱਗਲ ਅਤੇ ਵਾਜਪੇਈ ਦੀਆਂ ਕੁੱਝ ਕਿਤਾਬਾਂ ਲੈ ਆਇਆ ਸਾਂ । ਅੰਮ੍ਰਿਤਾ ਹੁਰੀਂ ਉਨ੍ਹਾਂ ਨੂੰ ਰੱਦੀ 'ਚ ਵੇਚਣਾ ਨਹੀਂ ਸੀ ਚਾਹੁੰਦੇ ਅਤੇ ਸਾਂਭ ਕੇ ਰੱਖਣ ਲਈ ਜਗ੍ਹਾ ਦੀ ਘਾਟ ਸੀ ।

•••

ਕਿਤਾਬਾਂ ਦੇ ਜੰਗਲ ਵਿੱਚ ਕਲਮਾਂ ਵਾਲਿਆਂ ਨਾਲ ਵਾਹ ਪਿਆ । ਪਿਆਰੀਆਂ ਰੂਹਾਂ ਦਾ ਸਾਥ ਮਿਲਿਆ । ਅਦੁੱਤੀ ਖਜ਼ਾਨੇ ਦੀ ਚਾਬੀ ਲੱਭ ਗਈ । ਜੀਵਨ ਦਾ ਮਕਸਦ ਮਿਲ ਗਿਆ । ਕਿਤਾਬਾਂ ਦੀ ਪਛਾਣ ਹੋਣ ਲੱਗੀ । ਸਵਾਲਾਂ ਦੇ ਜਵਾਬ ਮਿਲਣ ਲੱਗੇ । ਬਿਨ ਮੰਗਿਆਂ ਮੋਤੀ ਮਿਲਣ ਲੱਗੇ । ਆਪਣੀ ਅਮੀਰੀ 'ਤੇ ਮਾਣ ਹੋਣ ਲੱਗਾ ।

ਸ਼ਿਵ ਜਦੋਂ ਚੰਡੀਗੜ੍ਹ ਛੱਡਣ ਲੱਗਾ ਤਾਂ ਕਹਿੰਦਾ : ''ਮੇਰੀਆਂ ਕਿਤਾਬਾਂ ਤੂੰ ਰੱਖ ਲੈ । ਪਹਿਲਾਂ ਜਦੋਂ ਬਟਾਲੇ ਤੋਂ ਆਇਆ ਸਾਂ ਤਾਂ ਬਹੁਤ ਸਾਰੀਆਂ ਕਿਤਾਬਾਂ ਓਥੇ ਛੱਡ ਆਇਆ ਸਾਂ । ਤਬਾਹ ਹੋ ਗਈਆਂ । ਕਿਸੇ ਨੂੰ ਕਦਰ ਹੀ ਨਹੀਂ । ਕੋਈ ਸੰਭਾਲਦਾ ਹੀ ਨਹੀਂ । ... ਹੁਣ ਚੰਡੀਗੜ੍ਹੋਂ ਜਾਵਾਂਗਾ ਤਾਂ ਪਤਾ ਨਹੀਂ ਇਹਨਾਂ ਕਿਤਾਬਾਂ ਵਿਚਾਰੀਆਂ ਦਾ ਕੀ ਬਣੇਗਾ... ਤੂੰ ਰੱਖ ਲੈ ।'' ਮੈਂ ਬੜੇ ਤਰੀਕੇ ਨਾਲ ਨਾਂਹ ਕਰ ਦਿੱਤੀ । ਆਖਿਆ ਕਿ ਤੁਹਾਡੀਆਂ ਕਿਤਾਬਾਂ ਤੁਹਾਡੇ ਕੋਲ ਹੀ ਰਹਿਣੀਆਂ ਚਾਹੀਦੀਆਂ ਨੇ । ਉਹਨੇ ਭਰੇ ਮਨ ਨਾਲ ਹਊਕਾ ਲੈ ਕੇ ਕਿਹਾ, ''ਚੱਲ ਤੇਰੀ ਮਰਜ਼ੀ । ਮੈਂ ਕਿਹੜਾ ਤੇਰੇ ਕੋਲੋਂ ਪੈਸੇ ਲੈਣੇ ਸਨ ।'' ਅਸਲ ਵਿੱਚ ਉਹ ਆਪਣੇ ਲੰਬੇ ਸਫ਼ਰ ਦੀ ਤਿਆਰੀ ਕਰ ਰਿਹਾ ਸੀ... ਨਹੀਂ ਤਾਂ ਕਿਤਾਬਾਂ ਤੋਂ ਲੇਖਕ ਕਦੇ ਵੱਖ ਹੋਣ ਦੀ ਸੋਚ ਸਕਦਾ ਹੈ ਭਲਾ!

•••

ਸਾਡੇ ਕਿਸੇ ਬਜ਼ੁਰਗ ਨੂੰ , ਕਹਿੰਦੇ ਨੇ, ਕੈਦਬਾਮੁਸ਼ੱਕਤ ਹੋਈ ਸੀ । ਕਿਤਾਬ ਲਿਖਣ ਦਾ ਹੁਕਮ ਹੋਇਆ ਸੀ । ਵਕਤ ਨੇ ਵਫ਼ਾ ਨਾ ਕੀਤੀ । ਕਿਤਾਬ ਅਧੂਰੀ ਰਹਿ ਗਈ । ਉਹ ਦਿਨ 'ਤੇ ਆਹ ਦਿਨ । ਉਹੀਓ ਸਜ਼ਾ, ਪੀੜ੍ਹੀ- ਦਰ-ਪੀੜ੍ਹੀ ਵਿਰਸੇ ਵਿੱਚ ਮਿਲਦੀ ਆ ਰਹੀ ਹੈ ।

ਸਜ਼ਾ ਕਦੇ ਪੂਰੀ ਨਹੀਂ ਹੁੰਦੀ
ਕਿਤਾਬ ਕਦੇ ਪੂਰੀ ਨਹੀਂ ਹੁੰਦੀ ।''

••••••

  • ਮੇਰੀ ਕਿਤਾਬ (ਸਵੈ-ਜੀਵਨੀ - ਭਾਗ 2) : ਭੂਸ਼ਨ ਧਿਆਨਪੁਰੀ -
  • ਮੁੱਖ ਪੰਨਾ : ਭੂਸ਼ਨ ਧਿਆਨਪੁਰੀ - ਪੰਜਾਬੀ ਕਵਿਤਾਵਾਂ ਤੇ ਵਾਰਤਕ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ