ਕਿਸ਼ਨ ਸਿੰਘ ਆਰਿਫ਼ (1836-1904) ਉਨ੍ਹੀਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬੀ ਦਾ ਪ੍ਰਸਿੱਧ ਕਵੀ ਹੋਇਆ ਹੈ। ਇਸ ਦਾ ਜਨਮ 1836 ਈ. ਵਿਚ ਅੰਮ੍ਰਿਤਸਰ ਵਿਚ ਹੋਇਆ।
ਇਸ ਨੇ ਬਹੁਤਾ ਸਮਾਂ ਉਥੇ ਹੀ ਗੁਜ਼ਾਰਿਆ ਅਤੇ ਕਿਤਾਬਾਂ ਲਿਖਣ, ਛਪਵਾਉਣ ਤੇ ਵੇਚਣ ਦਾ ਕੰਮ ਕਰਦਾ ਰਿਹਾ। ਇਸ ਉੱਤੇ ਸੰਤ ਗੁਲਾਬ ਦਾਸ ਦਾ ਕਾਫ਼ੀ ਪ੍ਰਭਾਵ ਹੈ ;
ਅੰਮ੍ਰਿਤਸਰ ਵਿਚ ਕਿਸ਼ਨ ਸਿੰਘ, ਬੇਚਤ-ਰਹਿਤ ਕਿਤਾਬ
ਸੁਤ ਨਾਰਾਇਣ ਸਿੰਘ ਕੋ, ਸਤਿਗੁਰ ਦਾਸ ਗੁਲਾਬ (ਪੂਰਨ ਭਗਤ)
ਇਸ ਦੀਆਂ ਰਚਨਾਵਾਂ ਦੀ ਗਿਣਤੀ ਲਗਭਗ 26 ਹੈ, ਪਰ ਮੁੱਖ ਇਸ ਛੇ ਹਨ- ਹੀਰ ਰਾਂਝਾ, ਸ਼ੀਰੀਂ ਫ਼ਰਹਾਦ, ਪੂਰਨ ਭਗਤ, ਭਰਥਰੀ ਹਰੀ, ਰਾਜਾ ਰਸਾਲੂ ਤੇ ਦੁੱਲਾ-ਭੱਟੀ।
ਇਸ ਤੋਂ ਇਲਾਵਾ ਵੀਹ ਹੋਰ ਫੁਟਕਲ ਰਚਨਾਵਾਂ ਹਨ- ਕਾਫ਼ੀਆਂ, ਕੋਰੜੇ, ਖਟਪਦੇ, ਕੁੰਡਲੀਏ ਅਰਫ਼ ਕ੍ਰਿਸ਼ਟ ਕਟਾਰ ਬਿਬੇਕਾ ਬਾਣ, ਸਰਬੰਗ, ਗਿਆਨ ਚਰਖਾ, ਜੀਵ ਸਿਆਪਾ,
ਰਾਜਨੀਤੀ, ਕਸੀਦਾ ਆਰਫ਼, ਕਾਰ ਸਰੋਵਰ, ਬਾਰਾਂਮਾਹ, ਸੀਹਰਫ਼ੀ, ਸਤਵਾਰਾ, ਪੈਂਤੀ ਅੱਖਰੀ, ਹੋਲੀਆਂ, ਸਤੀ ਸ਼ਿੰਗਾਰ, ਹਰੀ ਅਸਤੋਤਰ, ਬੁਝਾਰਤਾਂ, ਪੋਥੀ ਸੁਧਰਮ ਆਦਿ।
ਸੰਨ 1889 ਦੇ ਕਰੀਬ ਰਚੀ ਗਈ ਇਸਦੀ 'ਹੀਰ' ਮਸ਼ਹੂਰ ਹੈ। ਇਹ ਕਲੀਆਂ ਵਿਚ ਹੈ। ਵਾਰਿਸ ਦਾ ਕਿੱਸਾ ਇਸਦੀ ਆਧਾਰ ਸ਼ਿਲਾ ਹੈ। ਇਸ ਨੇ ਸ਼ੀਰੀਂ ਫ਼ਰਹਾਦ 1873 ਈ.
ਵਿਚ ਰਚੀ। ਇਸ ਵਿਚ ਬੈਂਤ ਛੰਦ ਵਰਤਿਆ ਹੈ, ਸਿਰਲੇਖ ਵਧੇਰੇ ਫ਼ਾਰਸੀ ਦੇ ਹਨ। ਪੂਰਨ ਭਗਤ ਤੇ ਰਾਜਾ ਰਸਾਲੂ ਵੀ ਬੈਂਤਾਂ ਵਿਚ ਹਨ। ਦੁੱਲਾ ਭੱਟੀ ਵਿਚ ਕੋਰੜਾ ਛੰਦ ਵਰਤਿਆ ਹੈ।
ਕਿਸ਼ਨ ਸਿੰਘ ਦੀ ਕਵਿਤਾ ਵਿਚ ਜਜ਼ਬਾਤ ਘੱਟ, ਸਚਾਈਆਂ, ਸਿਧਾਂਤ, ਸਿਆਣਿਆਂ ਦੇ ਕੱਢੇ ਤੱਤ ਥਾਂ-ਪੁਰ-ਥਾਂ ਹਨ। ਕਈ ਥਾਂਵਾਂ ਤੇ ਸੰਤ-ਮਤ ਦੀ ਸਿੱਖਿਆ, ਤਿਆਗ, ਨਾਸ਼ਮਾਨਤਾ ਤੇ
ਜ਼ੋਰ ਦਿੱਤਾ ਹੈ। ਵੈਰਾਗ, ਬਹਾਦਰੀ, ਸਤ, ਧਰਮ, ਨੇਕੀ, ਇਸਤਰੀ ਦੀ ਬੁਰਾਈ, ਚੋਰੀ-ਠੱਗੀ, ਧੋਖਾ-ਚੁਗਲੀ ਦੀ ਨਿਖੇਧੀ ਕੀਤੀ ਹੈ।
ਇਸ ਦੀ ਕਵਿਤਾ ਵਿਚ ਰਵਾਨੀ ਤੇ ਸਰਲਤਾ ਹੈ। ਇਹ ਇਕੋ ਗੱਲ ਕਹਿਣ ਲਈ ਕਈ ਦ੍ਰਿਸ਼ਟਾਂਤ ਵਰਤ ਜਾਂਦਾ ਹੈ। ਇਸ ਦੀ ਬੋਲੀ ਠੇਠ ਪੰਜਾਬੀ ਹੈ।
ਲੇਖਕ : ਪਿਆਰਾ ਸਿੰਘ ਪਦਮ.