Kissa Raja Rasalu : Kishan Singh Arif
ਕਿੱਸਾ ਰਾਜਾ ਰਸਾਲੂ : ਕਿਸ਼ਨ ਸਿੰਘ ਆਰਿਫ਼
ਪਹਿਲਾਂ ਨਾਮ ਲੈ ਕੇ ਗੁਰਾਂ ਪੂਰਿਆਂ ਦਾ ਕਿੱਸਾ ਰਾਜੇ ਰਸਾਲੂ ਦਾ ਗਾਈਏ ਜੀ। ਰਾਣੀ ਲੂਣਾ ਏਧਰ ਫਰਜ਼ੰਦ ਹੋਯਾ ਪੁਤ੍ਰ ਰਾਜੇ ਸਲਵਾਨ ਦਾ ਧਿਆਈਏ ਜੀ। ਬਾਰਾਂ ਬਰਸ ਰਿਹਾ ਵਿਚ ਭੋਰੇ ਦੇ ਸਾਹਿਬ ਅਕਲ ਤੇ ਸ਼ਕਲ ਜਤਾਈਏ ਜੀ। ਕਿਸ਼ਨ ਸਿੰਘ ਜਾਂ ਭੋਰਿਉਂ ਬਾਹਰ ਆਯਾ ਸਿਫਤ ਉਸਦੀ ਆਖ ਸੁਨਾਈਏ ਜੀ ॥੧॥ ਸਰੂ ਕੱਦ ਤੇ ਹੱਦਬੀਂ ਹੁਸਨ ਬਾਹਿਰ ਕੱਦ ਖਾਲ ਨਿਹਾਲ ਕਮਾਲ ਆਹਾ। ਮੱਥਾ ਮਾਹਿਤੇ ਭਵਾ ਸਿਆਹ ਚਸ਼ਮਾਂ ਸੁੰਦਰ ਸੋਹਣਾ ਖੂਬ ਜਵਾਲ ਆਹਾ। ਇਲਮ ਹੁਨਰ ਸਬ ਸਿਖ ਤਿਆਰ ਹੋਯਾ ਸ਼ਾਹ ਤਰਫ ਇਨਸਾਫ ਖਿਆਲ ਆਹਾ। ਕ੍ਰਿਸ਼ਨ ਸਿੰਘ ਸ਼ਤਰੰਜ ਤੇ ਨਰਦ ਚੌਪਟ ਬਾਜ਼ੀ ਖੇਲਨੇ ਵਿਚ ਵਿਸ਼ਾਲ ਆਹਾ ॥੨॥ ਕਦੇ ਸੈਫ ਤਲਵਾਰ ਤੇ ਫੜੀ ਬਰਛੀ ਕਦੇ ਤੀਰ ਕਮਾਨ ਚਲਾਂਵਦਾ ਸੀ। ਕਦੇ ਹੋਏ ਸਵਾਰ ਤੇ ਪਕੜ ਨੇਜ਼ਾ ਕਿੱਲਾ ਥੁਟਕੇ ਦੂਰ ਵਗਾਂਵਦਾ ਸੀ। ਕਦੇ ਪਕੜ ਬੰਦੂਕ ਨਿਸ਼ਾਨ ਕਰਦਾ ਕਦੇ ਗਤਕੇ ਫੇਰ ਵਗਾਂਵਦਾ ਸੀ। ਕਿਸ਼ਨ ਸਿੰਘ ਰਸਾਲੂ ਜਵਾਨ ਹੋਇਆ ਪੂਰਾ ਸੂਰਮਾਂ ਜ਼ੋਰ ਕਹਾਂਵਦਾ ਸੀ ॥੩॥ ਇਕ ਰੋਜ਼ ਇਕ ਨਿਆਉਂ ਸਲਵਾਨ ਕੀਤਾ ਕੈਦੀ ਕੈਦ ਕਰ ਆਪ ਸ਼ਿਕਾਰ ਗਿਆ। ਅਹਿਲਕਾਰੀ ਕੁਝ ਨਾਰਾਜ਼ ਰਹੇ ਰਾਜਾ ਉਲਟ ਵਿਚਾਰ ਵਿਚਾਰ ਗਯਾ। ਸੁਣੀ ਗੱਲ ਰਸਾਲੂ ਨੇ ਆਣ ਉਥੇ ਸਾਰਾ ਸਚ ਤੇ ਝੂਠ ਨਿਤਾਰ ਗਿਆ। ਕਿਸ਼ਨ ਸਿੰਘ ਕੈਦੀ ਕੈਦੋਂ ਕੱਢ ਦਿਤੇ ਹੋਏ ਉਨ੍ਹਾਂ ਦਾ ਦੂਰ ਆਜ਼ਾਰ ਗਿਆ ।੪। ਸੁਣੀ ਆਨ ਸਲਵਾਨ ਨੇ ਗੱਲ ਸਾਰੀ ਬੜਾ ਦਿਲ ਅੰਦਰ ਪ੍ਰੇਸ਼ਾਨ ਹੋਯਾ। ਕਹਿੰਦਾ ਕਿਵੇਂ ਰਸਾਲੂ ਨੂੰ ਕੱਢ ਦਈਏ ਨਾਲ ਵਜ਼ੀਰ ਬਿਆਨ ਹੋਇਆ। ਏਹੋ ਰਾਜੇ ਨੇ ਰਲ ਸਲਾਹ ਕੀਤੀ ਪੁਤ੍ਰ ਕੱਢਣੋਂ ਵੱਲ ਧਿਆਨ ਹੋਇਆ। ਕਿਸ਼ਨ ਸਿੰਘ ਕੀ ਰਹੇਗੀ ਪਤ ਮੇਰੀ ਜੇ ਤਾਂ ਹੁਣੇ ਇਹ ਸਾਹਿਬ ਸੁਲਤਾਨ ਹੋਇਆ ॥੫॥ ਰਾਜੇ ਇਕ ਗੋਲੀ ਤਾਈਂ ਕਿਹਾ ਚੋਰੀ ਜਦੋਂ ਆਵੇ ਜਰਾ ਧਿਆਨ ਰੱਖੀਂ। ਦੇਵੀਂ ਰੋਟੀਆਂ ਲਿਆ ਤਿੰਨ ਖਾਵਣੇ ਨੂੰ ਤੇ ਖੜਾਵਾਂ ਵੀ ਪੁਠੀਆਂ ਆਣ ਰੱਖੀਂ। ਜਿਵੇਂ ਕਿਹਾ ਰਾਜੇ ਤਿਵੇਂ ਗੋਲੀ ਕੀਤਾ ਕੰਵਰ ਆਖਦਾ ਸਾਈਂ ਈਮਾਨ ਰਖੀਂ। ਕਿਸ਼ਨ ਸਿੰਘ ਫਿਰ ਲੂਨਾਂ ਨੂੰ ਆਨ ਮਿਲਿਆ ਕਹਿੰਦਾ ਕੰਨ ਵਿਚ ਏਹ ਬਿਆਨ ਰੱਖੀਂ ॥੬॥ ਦਿਤਾ ਦੇਸ ਨਿਕਾਲੜਾ ਬਾਪ ਮੈਨੂੰ ਤੂੰ ਵੀ ਆਗਿਆ ਦੇ ਤਿਆਰ ਹਾਂ ਮੈਂ। ਲੂਨਾਂ ਆਖਿਆ ਇਹ ਕੀ ਕਹਿਰ ਹੋਇਆ ਏਸ ਦੁਖ ਕੋਲੋਂ ਬੜੀ ਜ਼ਾਰ ਹਾਂ ਮੈਂ। ਕਿਹਾ ਪੂਰਨ ਦਾ ਅੱਜ ਦਰੁਸਤ ਹੋਇਆ ਏਸ ਸਜ਼ਾ ਦੀ ਹੀ ਸਜ਼ਾਵਾਰ ਹਾਂ ਮੈਂ। ਕਿਸ਼ਨ ਸਿੰਘ ਕੀਕਰਾਂ ਤਕਦੀਰ ਅਗੇ ਸਚੇ ਰੱਬ ਦੀ ਸ਼ੁਕਰ ਗੁਜ਼ਾਰ ਹਾਂ ਮੈਂ ॥੭॥ ਵਰ ਪੂਰਨ ਦੇ ਨਾਲ ਤੂੰ ਹੋਈਉਂ ਪੈਦਾ ਪੰਧ ਕਰਨਾ ਨਾਲ ਸੰਭਾਲ ਬੇਟਾ। ਬਾਰਾਂ ਬਰਸ ਪਿਛੋਂ ਘਰੋਂ ਨਿਕਲਿਆ ਈ ਫੇਰ ਆਵਸੀ ਸੁਖਦੇ ਨਾਲ ਬੇਟਾ। ਫੇਰ ਕਰੇਗਾ ਰਾਜ ਸਮਾਜ ਜਾ ਕੇ ਬਾਰਾਂ ਬਰਸ ਪਹਿਲੇ ਦੁਖ ਝਾਲ ਬੇਟਾ। ਕਿਸ਼ਨ ਸਿੰਘ ਹੋਣੀ ਠੀਕ ਹੋਏ ਰਹਿਸੀ ਏਸ ਗਲ ਦਾ ਰੱਖ ਖਿਆਲ ਬੇਟਾ ॥੮॥ ਚਾਰ ਲਾਲ ਦਿਤੇ ਹੋਰ ਸਵਰਣ ਚਾਂਦੀ। ਕਹਿੰਦੀ ਖੈਰ ਹੁਣ ਜਾਹ ਸਿਧਾਰ ਬੇਟਾ। ਰਿਹੋਂ ਜੀਂਵਦਾ ਆਏ ਫਿਰ ਮਿਲੀਂ ਮੈਨੂੰ ਹੁਣ ਚੱਲਿਓ ਮੋਈ ਨੂੰ ਮਾਰ ਬੇਟਾ। ਖਰਚ ਬੰਨ੍ਹ ਪਲੇ ਵਕਤ ਕਟਣੇ ਨੂੰ ਅਤੇ ਹੋ ਜਾ ਤੁਰਤ ਸਵਾਰ ਬੇਟਾ। ਕਿਸ਼ਨ ਸਿੰਘ ਕੀ ਕਹਾਂ ਤੂੰ ਆਪ ਸਿਆਣਾ ਰਹੀਂ ਵਿਚ ਪ੍ਰਦੇਸ ਹੁਸ਼ਿਆਰ ਬੇਟਾ ।੯। ਕੰਵਰ ਚੱਲਿਆ ਛੱਡ ਕੇ ਸ਼ਹਿਰ ਆਪਣਾ ਕਈਆਂ ਜੰਗਲਾਂ ਨੂੰ ਗਿਆ ਚੀਰ ਲੋਕੋ। ਸ਼ੇਰ ਚਿਤਰੇ ਕਈ ਦਰਿੰਦੇ ਆਏ ਲੰਘ ਜਾਂਵਦਾ ਜੰਡ ਕਰੀਰ ਲੋਕੋ। ਅਗੇ ਬਾਹਿਰ ਕਦੇ ਨ ਨਿਕਲਿਆ ਸੀ ਨਾਜ਼ੁਕ ਬਦਨ ਤੇ ਨਰਮ ਸਰੀਰ ਲੋਕੋ। ਕਿਸ਼ਨ ਸਿੰਘ ਮੁਸੀਬਤਾਂ ਪੇਸ਼ ਆਈਆਂ ਨੈਣੀਂ ਰੋਂਦਿਆ ਜਾਵਦਾ ਨੀਰ ਲੋਕੋ ॥੧੦॥ ਏਕ ਗਾਓਂ ਮੇਂ ਜਾਏ ਆਰਾਮ ਕੀਤਾ ਦੇਸ਼ ਆਪਣੇ ਤੋਂ ਗਿਆ ਦੂਰ ਬੇਲੀ। ਘੋੜਾ ਥਕ ਰਿਹਾ ਆਪ ਅੱਕ ਰਿਹਾ ਹੋਇਆ ਚਲਦਾ ਚਲਦਾ ਚੂਰ ਬੇਲੀ। ਓਥੇ ਰਾਜ ਰਾਜੇ ਸਿਰਕੱਪ ਦਾ ਸੀ ਕੀਤਾ ਹਾਲ ਮਲੂਮ ਜ਼ਰੂਰ ਬੇਲੀ। ਕਿਸ਼ਨ ਸਿੰਘ ਜੋ ਗਿਆ ਨ ਫੇਰ ਆਇਆ ਤੂੰ ਬੀ ਜਾਹ-ਸੈਂ ਮੌਤ ਹਜ਼ੂਰ ਬੇਲੀ ॥੧੧॥ ਲੋਕਾਂ ਆਖਿਆ ਹੋਰ ਨ ਖਬਰ ਸਾਨੂੰ ਸਹਿਜੇ ਜਾਇ ਕੇ ਉਸ ਦੀ ਸਾਰ ਲਵੀਂ। ਓਸ ਦਾ ਨਾਮ ਸਿਰਕੱਪ ਮਸ਼ਹੂਰ ਸਾਰੇ ਰਾਜਾ ਹੋਵੇ ਤਾਂ ਉਸ ਨੂੰ ਮਾਰ ਲਵੀਂ। ਬਾਜ਼ੀ ਜੂਏ ਦੀ ਖੇਲੇਗਾ ਨਾਲ ਤੇਰੇ ਭਾਵੇਂ ਜਿਤ ਲਵੀਂ ਭਾਵੇਂ ਹਾਰ ਲਵੀਂ। ਕਿਸ਼ਨ ਸਿੰਘ ਪਿਛੇ ਜਾਵੀਂ ਪਾਸ ਉਸ ਦੇ ਪਹਿਲੇ ਸੋਚ ਵਿਚਾਰ ਵਿਚਾਰ ਲਵੀਂ ॥੧੨॥ ਕੰਵਰ ਚੱਲਿਆ ਤੁਰਤ ਰਵਾਨ ਹੋਕੇ ਜਾਂਦਾ ਇਕ ਜੰਗਲ ਦੀ ਵਲ ਗਿਆ। ਲਗੀ ਅੱਗ ਸੀ ਉਸ ਜੰਗਲ ਤਾਈਂ ਸਾਰਾ ਜਲਦਾ ਜਲਦਾ ਜਲ ਗਿਆ। ਆਇਆ ਇਕ ਦ੍ਰਖਤ ਦੇ ਪਾਸ ਰਾਜਾ ਉਹਵੀ ਜੜ੍ਹਾਂ ਵਲੋਂ ਕੁਛ ਬਲ ਗਿਆ। ਕਿਸ਼ਨ ਸਿੰਘ ਉਤੇ ਸੁੰਦਰ ਇਕ ਤੋਤਾ ਮਾਰੇ ਗਮ ਦੇ ਹੋਏ ਬਿਕਲ ਗਿਆ ।੧੩। ਰਾਜੇ ਆਖਿਆ ਉੱਡ ਜਾ ਤੋਤਿਆ ਓਏ ਲੱਗੀ ਅੱਗ ਦਰਖਤ ਨੂੰ ਜਲੇਂਗਾ ਤੂੰ। ਪਰਦਾਰ ਬ੍ਰਿਖਸ਼ ਤੇ ਬੈਠ ਰਿਹੋਂ ਤਾਹੀਂ ਬਚੇਂਗਾ ਜੇ ਉਡ ਚਲੇਂਗਾ ਤੂੰ। ਏਸ ਰੁਖ ਦੇ ਨਾਲ ਕੀ ਚਾਹ ਤੇਰੀ ਐਵੇਂ ਹੋਏ ਹਲਾਕ ਕਿਉਂ ਗਲੇਂਗਾ ਤੂੰ। ਕਿਸ਼ਨ ਸਿੰਘ ਆ ਜਾ ਮੇਰੇ ਹੱਥ ਉਤੇ ਖੂਬ ਖਾਇਕੇ ਚੂਰੀਆਂ ਪਲੇਂਗਾ ਤੂੰ ॥੧੪॥ ਤੋਤੇ ਕਿਹਾ ਇਹ ਰੁੱਖ ਕਦੀਮ ਦਾ ਹੈ ਏਸ ਰੁਖ ਤੇ ਮੈਂ ਪੈਦਾਵਾਰ ਹੋਇਆ। ਗੰਦਾ ਜਾਨ ਆਂਡਾ ਇਥੇ ਛੱਡ ਗਏ ਮਾਂ-ਬਾਪ ਮੈਨੂੰ ਉਡਨਹਾਰ ਹੋਇਆ। ਝੁੰਡ ਸਾਧੂਆਂ ਦਾ ਲੱਥਾ ਆਣ ਇਥੇ ਸੁਣਿਆ ਸ਼ੋਰ ਮੈਂ ਆਂਡਿਉਂ ਬਾਹਰ ਹੋਇਆ। ਕਿਸ਼ਨ ਸਿੰਘ ਮੇਰਾ ਗੋਰਖ ਨਾਥ ਗੁਰੂ ਚੇਲਾ ਉਸਦਾ ਮੈਂ ਪਰਦਾਰ ਹੋਇਆ ।੧੫। ਏਸ ਰੁਖ ਦੀ ਅੱਗ ਬੁਝਾ ਰਾਜਾ ਤੋਤੇ ਆਖਿਆ ਕੌਲ ਕਰਾਰ ਕਰਕੇ। ਮੇਰਾ ਆਖਿਆ ਮੰਨਣਾ ਹੋਏ ਰਾਜਾ ਨਹੀਂ ਮੋੜਨਾ ਵਚਨ ਇਨਕਾਰ ਕਰਕੇ। ਨਿਮਕ ਖਾਏ ਤੇਰਾ ਨਹੀਂ ਬੁਰਾ ਕਰਸਾਂ ਨੇਕੀ ਕਰਾਂਗਾ ਜਾਨ ਤਕਰਾਰ ਕਰਕੇ। ਕਿਸ਼ਨ ਸਿੰਘ ਜੇ ਤੋੜ ਨਿਭਾਵਣੀ ਹੈ ਚੱਲਾਂ ਨਾਲ ਤੇਰੇ ਪੱਕਾ ਯਾਰ ਕਰਕੇ ॥੧੬॥ ਰਾਜੇ ਆਖਿਆ ਅੱਗ ਬੁਝਾਵਨਾ ਹਾਂ ਹੋਰ ਕਹੇਂ ਜੋ ਸਭ ਕਬੂਲ ਮੈਨੂੰ। ਪਾਣੀ ਪਾਏ ਕੇ ਅੱਗ ਬੁਝਾ ਦਿਤੀ ਤੋਭੇ ਆਖਿਆ ਰਿਹਾ ਨ ਸੂਲ ਮੈਨੂੰ। ਤੋਤਾ ਰਾਜੇ ਦੇ ਹੱਥ ਤੇ ਬੈਠ ਗਿਆ ਕਹਿੰਦਾ ਦਿਲੋਂ ਨ ਜਾਵਨਾ ਭੂਲ ਮੈਨੂੰ। ਕਿਸ਼ਨ ਸਿੰਘ ਕਹਿੰਦਾ ਰਾਜਾ ਚੱਲ ਪਿਆਰੇ ਇਥੇ ਸਬਰ ਨ ਆਂਵਦਾ ਮੂਲ ਮੈਨੂੰ ।੧੭। ਰਾਜਾ ਤੋਤੇ ਨੂੰ ਪਕੜ ਸਵਾਰ ਹੋਇਆ ਇਕ ਬਾਵਲੀ ਦੇ ਹੇਠ ਆਂਵਦਾ ਈ। ਕਹਿੰਦਾ ਤੋਤੇ ਨੂੰ ਸ਼ਹਿਰ ਦੀ ਖਬਰ ਲਿਆਓ ਆਪ ਲਾਹਕੇ ਕਪੜੇ ਨਹਾਂਵਦਾ ਈ। ਇਕ ਸਿਲ ਤੇ ਲਿਖਿਆ ਦੇਖ ਲੀਤਾ ਜਦੋਂ ਧਿਆਨ ਉਹਦੀ ਵਲ ਪਾਂਵਦਾ ਈ। ਕਿਸ਼ਨ ਸਿੰਘ ਪਾਣੀ ਪੀਵੇ ਖੇਡ ਬਾਜ਼ੀ ਏਹੋ ਰਾਜਾ ਸਿਰਕਪ ਫੁਰਮਾਂਵਦਾ ਈ ।੧੮। ਰਾਜਾ ਬਾਵਲੀ ਦੇ ਵਿਚੋਂ ਬਾਹਰ ਆਯਾ ਪਾਣੀ ਪੀਵਣਾ ਜਦੋਂ ਸੁਗੰਧ ਹੋਇਆ। ਤੋਤਾ ਆਏ ਕੇ ਹੱਥ ਤੇ ਬੈਠ ਗਿਆ ਰਾਜਾ ਦੇਖਕੇ ਬਹੁਤ ਆਨੰਦ ਹੋਇਆ। ਕਹਿੰਦਾ ਹਾਲ ਹਵਾਲ ਸੁਨਾਉ ਸਾਰਾ ਮੈਂ ਤਾਂ ਬਹੁਤ ਹੀ ਆ ਫਿਕ੍ਰ-ਮੰਦ ਹੋਇਆ। ਕਿਸ਼ਨ ਸਿੰਘ ਪ੍ਰਦੇਸ ਕਲੇਸ਼ ਰਹਿੰਦਾ ਗਮ ਨਾਲ ਦੁਖੀ ਬੰਦ ੨ ਹੋਇਆ ।੧੯। ਤੋਤਾ ਆਖਦਾ ਸ਼ਹਿਰ ਨੂੰ ਚੱਲ ਰਾਜਾ ਪਹਿਲੇ ਆਵਸੀ ਇਕ ਘੜਿਆਲ ਭਾਈ। ਸਵਾ ਮਣ ਪਕਾ ਉਹਦਾ ਭਾਰ ਹੋਸੀ ਸਵਾ ਮਣ ਦੀ ਮੂੰਗਲੀ ਨਾਲ ਭਾਈ। ਅੱਵਲ ਉਹ ਘੜਿਆਲ ਬਜਾਏ ਕੇ ਜੀ ਅਗੋਂ ਰੱਖਣਾ ਪੈਰ ਸੰਭਾਲ ਭਾਈ। ਕਿਸ਼ਨ ਸਿੰਘ ਇਕ ਚੀਲ ਆ ਫਿਰੂ ਸਿਰ ਪਰ ਕਰੂ ਹਾਲ ਥੀਂ ਚਾਏ ਬੇ-ਹਾਲ ਭਾਈ ॥੨੦॥ ਉਹ ਚੀਲ ਹੈ ਰਾਜਿਆ ਕਾਲ ਜੋਗਨ ਤੀਰ ਮਾਰ ਉਹ ਨੂੰ ਥਲੇ ਸੁਟ ਜਾਵੀਂ। ਅਗੇ ਸ਼ਹਿਰ ਦੇ ਬੂਹੇ ਨੂੰ ਜੰਦਰਾ ਹੈ ਲੱਤ ਮਾਰਕੇ ਉਸਨੂੰ ਸੁਟ ਜਾਵੀਂ। ਬਾਹਰ ਲੜਕੀਆਂ ਪੀਂਘ ਝੂਟੇਂਦਿਆਂ ਨੇ ਖੰਡੇ ਨਾਲ ਲਾਸਾਂ ਸਭੇ ਕੱਟ ਜਾਵੀਂ। ਕਿਸ਼ਨ ਸਿੰਘ ਪਹਿਰੇਦਾਰ ਦੇਵ ਹੋਸੀ ਉਸਨੂੰ ਮਾਰਕੇ ਚੌੜ ਚੁਪੱਟ ਜਾਵੀਂ ।੨੧। ਕੰਵਰ ਸ਼ਹਿਰ ਦੀ ਤਰਫ ਰਵਾਨ ਹੋਇਆ ਪਹਿਲੇ ਜਾਏ ਘੜਿਆਲ ਬਜਾਇਓ ਸੂ। ਚੀਲ ਆਏ ਕੇ ਸਿਰ ਤੇ ਭੌਣ ਲੱਗੀ ਉਹਨੂੰ ਮਾਰ ਕੇ ਤੀਰ ਗਿਰਾਇਓ ਸੂ। ਲੱਤ ਮਾਰਕੇ ਜੰਦਰਾ ਤੋੜ ਦਿਤਾ ਤੇਗ ਦਿਉ ਦੇ ਸੀਸ ਚਲਾਇਉ ਸੂ। ਕਿਸ਼ਨ ਸਿੰਘ ਲਾਸਾਂ ਕਟ-ਪਟ ਵਾਲੀਆਂ ਥਲੇ ਚਾਏ ਭੰਗੂੜੇ ਨੂੰ ਡਾਇਉ ਸੂ ॥੨੨॥ ਰਾਜਾ ਸ਼ਹਿਰ ਸਿਰਕੱਪ ਦੇ ਜਾਏ ਵੜਿਆ ਪਿਆ ਸ਼ੋਰ ਸ੍ਰਕਾਰ ਦਰਬਾਰ ਸਾਈਂ। ਲਾਸਾਂ ਵਡੀਆਂ ਤੋੜਿਆ ਜੰਦਰੇ ਨੂੰ ਕੀਤੀ ਸਾਰਿਆਂ ਜਾਏ ਪੁਕਾਰ ਸਾਈਂ। ਸੁਣਕੇ ਕਿਹਾ ਸਿਰਕੱਪ ਕੁਝ ਫਿਕਰ ਨਾਹੀਂ ਖੂਬ ਲਵਾਂਗਾ ਉਸਦੀ ਸਾਰ ਸਾਈਂ। ਕਿਸ਼ਨ ਸਿੰਘ ਜੋ ਖੇਲੇਗਾ ਨਾਲ ਮੇਰੇ ਉਹਨੂੰ ਜਿਤਕੇ ਲਵਾਂਗਾ ਮਾਰ ਸਾਈਂ ॥੨੩॥ ਕੰਵਰ ਸ਼ਹਿਰਦੇ ਵਿਚ ਜਾਂ ਵੜਨ ਲੱਗਾ ਇਕ ਯਾਰ ਦੇ ਨਾਲ ਪਿਆਰ ਪਾਯਾ। ਜਿਹੜਾ ਭੇਤੀ ਰਾਜੇ ਸਿਰਕੱਪ ਦਾ ਸੀ ਕਿਸੇ ਯਾਰ ਕੋਲੋਂ ਇਸਰਾਰ ਪਾਇਆ। ਜੂਆ ਖੇਲ ਜਿਤੇ ਜਿਵੇਂ ਰਾਜਿਆਂ ਨੂੰ ਸਾਰਾ ਓਸਦਾ ਵਣਜ ਵਪਾਰ ਪਾਇਆ। ਕਿਸ਼ਨ ਸਿੰਘ ਯਾਰੀ ਕਾਰੀ ਕੰਮ ਆਵੇ ਹੋਇਆ ਕੰਮ ਸਾਰਾ, ਜਦੋਂ ਯਾਰ ਪਾਇਆ ।੨੪। ਕਿਹਾ ਯਾਰ ਨੇ ਰਾਜਿਆ ਸਮਝ ਤੈਨੂੰ ਦਸਾਂ ਹਾਲ ਸਿਰਕੱਪ ਦਾ ਫੋਲ ਕੇ ਜੀ। ਪਾਸ ਖੇਲਦਾ ਤੇ ਮਕਰ ਮੇਲਦਾ ਹੈ ਮਾਰੇ ਸੱਚਿਆਂ ਨੂੰ ਝੂਠ ਬੋਲ ਕੇ ਜੀ। ਚੂਹਾ ਇਕ ਸਿਖਾਏ ਜੀ ਰੋਲ ਕੀਤਾ ਕਰੇ ਰੋਲ ਮਾਰੇ ਰਦ ਰੋਲ ਕੇ ਜੀ। ਕਿਸ਼ਨ ਸਿੰਘ ਟੱਲੀ ਰੁਖ ਨਾਲ ਬੱਧੀ ਟੱਲੀ ਨਾਲ ਰੱਸੀ ਇਕ ਟੋਲ ਕੇ ਜੀ ॥੨੫॥ ਦਗੇ ਨਾਲ ਉਹ ਬਾਜ਼ੀਆਂ ਜਿਤਦਾ ਹੈ ਅਤੇ ਮਾਰਦਾ ਰਾਜਿਆਂ ਰਾਣਿਆਂ ਨੂੰ। ਕੈਦ ਕੀਤੇ ਪਏ ਢੋਣ ਕੂੜਾ ਨਾਹੀਂ ਦੇਂਵਦਾ ਜਾਣ ਨਿਮਾਣਿਆਂ ਨੂੰ। ਕਈ ਮਾਰ ਤਲਵਾਰ ਦੋ ਚਾਰ ਟੁਕੜੇ ਅਤੇ ਰਖਿਆ ਸਿਰ ਨਿਤਾਣਿਆਂ ਨੂੰ। ਕਿਸ਼ਨ ਸਿੰਘ ਨ ਉਸਨੂੰ ਕੋਈ ਮਿਲਿਆ ਖੇਤ ਬੀਜਦਾ ਭੁੰਨਿਆਂ ਦਾਣਿਆਂ ਨੂੰ ॥੨੬॥ ਤੈਨੂੰ ਓਸ ਦਾ ਖੂਬ ਇਲਾਜ ਦਸਾਂ ਬੱਚਾ ਬਿਲੀ ਦਾ ਲਿਆ ਇਕ ਪਾਲ ਭਾਈ। ਪਾਸਾ ਖੇਲ ਤੇ ਸਿਖਾ ਬੈਠਾਲ ਉਹਨੂੰ ਚੂਹੇ ਮਾਰਨੇ ਖੂਬ ਸਿਖਾਲ ਭਾਈ। ਜਦੋਂ ਸਿਖ ਬਿਲੀ ਖਬਰਦਾਰ ਹੋਵੇ ਫੇਰ ਖੇਲ ਸਿਰਕੱਪ ਦੇ ਨਾਲ ਭਾਈ। ਕਿਸ਼ਨ ਸਿੰਘ ਸਿਰੋ ਸਿਰ ਬਾਜ਼ੀ ਲਏ ਕੇ ਤੂੰ ਏਵੇਂ ਗੁਆਏਂਗਾ ਵਕਤ ਨ ਟਾਲ ਭਾਈ ॥੨੭॥ ਬਿਲੀ ਇਕ ਰਸਾਲੂ ਨੇ ਆਣ ਪਾਲੀ ਅਤੇ ਓਸਨੂੰ ਵਲ ਸਿਖਾਇਆ ਈ। ਚੂਹੇ ਪਕੜਨੇ ਨੂੰ ਮਿਸਲ ਸ਼ੇਰ ਹੋਈ ਪਾਸਾ ਖੇਲਕੇ ਪਾਸ ਬਿਠਾਇਆ ਈ। ਲਿਆ ਯਾਰ ਨੂੰ ਨਾਲ ਤੇ ਸਾਥ ਬਿੱਲੀ ਉਠ ਤਰਫ ਸਿਰਕੱਪ ਸਿਧਾਇਆ ਈ। ਕਿਸ਼ਨ ਸਿੰਘ ਲੈਕੇ ਮਿਲਿਆ ਦਸਤ-ਪੰਜਾ ਬੜੇ ਅਦਬ ਦੇ ਨਾਲ ਬੁਲਾਇਆ ਈ ॥੨੮। ਕਿਹਾ ਰਾਜੇ ਸਿਰਕੱਪ ਨੇ ਆਓ ਬੈਠੋ ਬੜੀ ਦਯਾ ਹੋਈ ਮਹਾਰਾਜ ਪਿਆਰੇ। ਦੂਰੋਂ ਆਏ ਕੇ ਦਰਸ ਦੀਦਾਰ ਦਿਤਾ ਸਾਡੇ ਭਾਗ ਜਾਗੇ ਸੁਤੋ ਆਜ ਪਿਆਰੇ। ਕਈਆਂ ਦਿਨਾਂ ਦੇ ਆਏ ਹੋ ਸ਼ਹਿਰ ਸਾਡੇ ਦੀਆਂ ਦਰਸ਼ਨ ਕੀਆ ਆ ਕਾਜ ਪਿਆਰੇ। ਕਿਸ਼ਨ ਸਿੰਘ ਸਿਰਕਪ ਜਿਉਂ ਬੇਰ ਕਾਠਾ ਉਤੋਂ ਨਰਮ ਵਿਚੋਂ ਸਖਤ ਪਾਜ ਪਿਆਰੇ ॥੨੯॥ ਕਿਹਾ ਰਾਜੇ ਰਸਾਲੂ ਨੇ ਦਇਆ ਤੇਰੀ ਤੇਰਾ ਆਸਰਾ ਤਕਕੇ ਆਇਆ ਮੈਂ। ਦਿਤਾ ਦੇਸ਼ ਨਿਕਾਲੜਾ ਬਾਪ ਮੈਨੂੰ ਹਾਂ ਰਾਜੇ ਸਲਵਾਨ ਦਾ ਜਾਇਆ ਮੈਂ। ਇਹ ਯਾਰ ਮਿਲਿਆ ਰਿਹਾ ਪਾਸ ਇਸਦੇ ਨਾਹੀਂ ਆਇਆ ਬਹੁਤ ਸ਼ਰਮਾਯਾ ਮੈ। ਕਿਸ਼ਨ ਸਿੰਘ ਲਾਚਾਰ ਜਦ ਯਾਰ ਕਿਹਾ ਅਜ ਆਏ ਤੇਰਾ ਦਰਸ਼ਨ ਪਾਇਆ ਮੈਂ ॥੩੦॥ ਬਾਜ਼ੀ ਖੇਡਣ ਦਾ ਬੜਾ ਸ਼ੌਕ ਮੈਨੂੰ ਤੇਰਾ ਨਾਮ ਐਸਾ ਇਜ਼ਹਾਰ ਹੋਇਆ। ਜੂਆ ਖੇਲਿਆ ਕੌਰਵਾਂ ਪਾਂਡਵਾਂ ਨੇ ਰਾਜਾ ਨਲ ਬੜਾ ਹੁਸ਼ਿਆਰ ਹੋਯਾ। ਰਾਜਨੀਤ ਵਾਲੇ ਚਾਲੇ ਜਾਣੇ ਸਾਰੇ ਜਿਹੜਾ ਵਿਚ ਜੂਏ ਖਬਰਦਾਰ ਹੋਇਆ। ਕਿਸ਼ਨ ਸਿੰਘ ਪਹਿਲੇ ਨਿਜ ਸਜਾਣ ਜੂਆ ਸਭ ਇਹ ਕਾਰ ਵਿਹਾਰ ਹੋਇਆ ।੩੧। ਚੌਪਟ ਆਏ ਵਿਛਾਇਆ ਚਾਕਰਾਂ ਨੇ ਦੋਵੇਂ ਬੈਠ ਗਏ ਬਾਜ਼ੀ ਖੇਲਣੇ ਨੂੰ। ਲਾਲ ਕੱਢ ਰਸਾਲੂ ਨੇ ਰਖ ਦਿਤਾ ਚੂਹਾ ਨਿਕਲ ਆਯਾ ਨਰਦ ਰੋਲਣੇ ਨੂੰ। ਬਾਜ਼ੀ ਲਾਈ ਪਹਿਲੀ ਕੰਵਰ ਹਾਰ ਦਿੱਤੀ ਦੂਜਾ ਲਾਲ ਧਰਿਆ ਨਰਦ ਰੋਲਣੇ ਨੂੰ। ਕਿਸ਼ਨ ਸਿੰਘ ਬਾਜ਼ੀ ਦੂਜੀ ਜਿਤ ਲੀਤੀ ਹੱਥ ਮਾਰਿਆ ਮਾਲਦੇ ਮੇਲਣੇ ਨੂੰ ।੩੨। ਬਾਜ਼ੀ ਤੀਸਰੀ ਦੀ ਜਦੋਂ ਵਾਰ ਆਈ ਪਿਆ ਦਾਓ ਰਸਾਲੂ ਦੇ ਪਾਵਣੇ ਨੂੰ। ਰੱਸੀ ਨਾਲ ਟੱਲੀ ਖੜਕਾਏ ਦਿਤੀ ਚੂਹਾ ਨਿਕਲਿਆ ਨਰਦ ਹਿਲਾਵਣੇ ਨੂੰ। ਬਿਲੀ ਛੱਡ ਰਸਾਲੂ ਨੇ ਨਰਦ ਮਾਰੀ ਚੂਹਾ ਦੌੜਿਆ ਜਾਨ ਬਚਾਵਣੇ ਨੂੰ। ਕਿਸ਼ਨ ਸਿੰਘ ਰਸਾਲੂ ਨੇ ਦਾਓ ਪਾਇਆ ਆਈਆਂ ਲੜਕੀਆਂ ਨਾਚ ਦਿਖਾਵਣੇ ਨੂੰ ।੩੩। ਸੁੰਦਰ ਸੋਹਣੀਆਂ ਮੋਹਣੀਆਂ ਵਾਂਗ ਪਰੀਆਂ ਕਿੰਗ ਮਧਰਾ ਰੰਗ ਬਜਾਏ ਰਹੀਆਂ। ਲਲਤ ਭੈਰਵੀ ਸਿੰਧਵੀ ਔਰ ਗੁਜਰੀ ਰੰਗ ਰੰਗ ਦੇ ਰਾਗ ਸੁਣਾਏ ਰਹੀਆਂ। ਲੋਟ-ਪੋਟ ਕਬੂਤਰਾਂ ਵਾਂਗ ਹੋਵਣ ਬੜੇ ਨਾਜ਼ ਅਦਾ ਸੋਂ ਗਾਏ ਰਹੀਆਂ। ਕਿਸ਼ਨ ਸਿੰਘ ਨ ਭਰਮਿਆ ਭਗਤ ਪੂਰਨ ਜਾਦੂ ਹੁਸਨ ਦੇ ਪਾਏ ਭਰਮਾਏ ਰਹੀਆਂ ॥੩੪॥ ਲਿਆ ਜਿਤ ਸਿਰਕਪ ਦਾ ਰਾਜ ਸਾਰਾ ਘੋੜੇ ਫਾਲ ਤੇ ਕੁਲ ਅਸਬਾਬ ਲੋਕੋ। ਸਣੇ ਰਾਣੀਆਂ ਮਹਿਲ ਮਕਾਨ ਜਿਤੇ ਹੋਰ ਦੌਲਤਾਂ ਬੇ-ਹਿਸਾਬ ਲੋਕੋ। ਕੜਕ ਸੀਸ ਸਿਰਕੱਪ ਨੇ ਹਾਰ ਦਿਤਾ ਉਡ ਗਈ ਚਿਹਰੇ ਉਤੋਂ ਆਬ ਲੋਕੋ। ਕਿਸ਼ਨ ਸਿੰਘ ਰਸਾਲੂ ਨੇ ਖਿੱਚ ਖੰਡਾ ਕਿਹਾ ਕਰਾਂ ਹੁਣ ਮਾਰ ਕਬਾਬ ਲੋਕੋ ॥੩੫॥ ਦਗੇ ਨਾਲ ਤੈਂ ਮਾਰਿਆ ਰਾਜਿਆਂ ਨੂੰ ਹਤਿਆਰਿਆ ਖੂਨ ਗੁਜ਼ਾਰਿਆ ਓਏ। ਰਾਜਾ ਹੋਏ ਅਨਿਆਏ ਤੇ ਲੱਕ ਬਧੋ ਧਰਮ ਕਰਮ ਤੇ ਸ਼ਰਮ ਬਿਸਾਰਿਆ ਓਏ। ਜੂਆ ਪਾਪੀਆਂ ਦਾ ਕਸਬ ਪਕੜਿਆ ਈ ਕੀਤਾ ਪਾਪ ਤੈਂ ਜਨਮ ਚ ਹਾਰਿਆ ਓਏ। ਕਿਸ਼ਨ ਸਿੰਘ ਕੀ ਜੱਗ ਤੇ ਆਏ ਲੀਤੋ ਦਿਤਾ ਦਾਨ ਨ ਨਾਮ ਚਿਤਾਰਿਆ ਓਏ ॥੩੬॥ ਕਰਾਂ ਮਾਰ ਤਲਵਾਰ ਦੋ ਚਾਰ ਟੁਕੜੇ ਮਦਦਗਾਰ ਦੇਖਾਂ ਤੇਰਾ ਕੌਣ ਹੈ ਓਏ। ਤੈਨੂੰ ਆਸਰਾ ਇਕ ਅਖੇਲ ਦਾ ਏ ਜਿਸਦੀ ਤਾਬਿਆ ਮੇਂ ਤੀਨ ਭਵਨ ਹੈ ਓਏ। ਕੇਸ ਪਕੜ ਰਸਾਲੂ ਨੇ ਮੂਹੋਂ ਕਿਹਾ ਖੰਡਾ ਮਾਰ ਵਢਾਂ ਤੇਰੀ ਧੌਣ ਹੈ ਉਏ। ਕਿਸ਼ਨ ਸਿੰਘ ਸਿਰਕਪ ਨੇ ਹੱਥ ਜੋੜੇ ਕਿਹਾ ਰੱਖ ਦੁਨੀਆਂ ਆਵਾਗੌਣ ਹੈ ਉਏ ।੩੭॥ ਆਤਰ ਹੋਏ ਸਿਰਕੱਪ ਨੇ ਅਰਜ਼ ਕੀਤੀ ਹੋਇਆ ਅੱਜ ਮੈਂ ਨਫਰ ਗੁਲਾਮ ਤੇਰਾ। ਮੈਨੂੰ ਬਖਸ਼ ਹੁਣ ਰੱਬ ਦਾ ਵਾਸਤਾ ਈ ਸਦਾ ਜਪਦਾ ਰਹਾਂਗਾ ਨਾਮ ਤੇਰਾ। ਹੁਕਮ ਕਰੇਂ ਸੋ ਮੰਨਸਾਂ ਸੀਸ ਉੱਤੇ ਹੋਇਆ ਰਾਜ ਤੇ ਦੇਸ ਤਮਾਮ ਤੇਰਾ। ਕਿਸ਼ਨ ਸਿੰਘ ਮੈਂ ਹਾਰਿਆ ਜਿਤਿਆ ਤੂੰ ਮੈਨੂੰ ਜਿਤ ਲੀਤਾ ਹੋਇਆ ਕਾਮ ਤੇਰਾ ।੩੮। ਕਿਹਾ ਰਾਜੇ ਰਸਾਲੂ ਨੇ ਬਹੁਤ ਅੱਛਾ ਜਿਹੜਾ ਨਿਮਰੇ ਤਿਨਾਂ ਨੂੰ ਮਾਰਨਾ ਕੀ। ਜਾਹ ਬਖਸ਼ ਦਿਤੀ ਹੁਨ ਜਾਨ ਤੇਰੀ ਪੈਰੀਂ ਪਿਆ ਦਾ ਸੀਸ ਉਤਾਰਨਾ ਕੀ। ਤੇਰਾ ਰਾਜ ਹੈ ਪਿਆਰਿਆ ਮੌਜ ਕਰ ਤੂੰ ਅਸਾਂ ਕਿਸੇ ਦਾ ਕੰਮ ਵਿਗਾੜਨਾ ਕੀ। ਕਿਸ਼ਨ ਸਿੰਘ ਕਰ ਜੂਏ ਦੀ ਕਸਮ ਪਹਿਲੇ ਸਾਰ ਹੋਏ ਕੇ ਜਿਤਨਾ ਹਾਰਨਾ ਕੀ ॥੩੯॥ ਕੈਦੀ ਕੈਦ ਤੋਂ ਸਭ ਆਜ਼ਾਦ ਕਰਦੇ ਘੋੜੇ ਨਿਆਮਤਾਂ ਦੇਕੇ ਨਾਲ ਭਾਈ। ਡੋਲੀ ਪਾਏ ਕੇ ਵਿਆਹ ਕੁਆਰੀਆਂ ਨੂੰ ਜਾਵਨ ਘਰਾਂ ਨੂੰ ਹੋਏ ਨਿਹਾਲ ਭਾਈ। ਜਿਹੜੇ ਮੋਏ ਸੋ ਫੂਕ ਜਲਾਏ ਦੇਹੋ ਕਿਸੇ ਮੋੜਨਾ ਕਦੇ ਨ ਕਾਲ ਭਾਈ। ਕਿਸ਼ਨ ਸਿੰਘ ਸਿਰਕੱਪ ਨੇ ਤਿਵੇਂ ਕੀਤੀ ਜਿਵੇਂ ਰਾਜੇ ਰਸਾਲੂ ਸਵਾਲ ਭਾਈ ॥੪੦॥ ਕਿਹਾ ਫੇਰ ਸਿਰਕਪ ਰਸਾਲੂ ਤਾਈਂ ਬੇਟੀ ਇਕ ਮੇਰੀ ਆਪ ਲੀਜੀਏ ਜੀ। ਧੌਲਰ ਵਖਰੇ ਪਾਏਕੇ ਰਹੋ ਓਥੇ ਕੋਈ ਰੋਜ਼ ਸਾਨੂੰ ਦਰਸ਼ਨ ਦੀਜੀਏ ਜੀ। ਕੰਵਰ ਆਖਿਆ ਰਹਾਂਗਾ ਪਾਸ ਤੇਰੇ ਐਪਰ ਇਸਤ੍ਰੀ ਕਦੀ ਨ ਕੀਜੀਏ ਜੀ। ਕਿਸ਼ਨ ਸਿੰਘ ਡਾਢੀ ਜਾਤ ਇਸਤ੍ਰੀ ਦੀ ਜਾਤ ਪਰ ਸ਼ਾਹੀਂ ਪਤੀਜੀਏ ਜੀ ॥੪੧॥ ਕਿਹਾ ਫੇਰ ਸਿਰਕੱਪ ਨੇ ਦੋਸ਼ ਨਾਹੀਂ ਚੰਗੀ ਇਸਤ੍ਰੀ ਨੇਕ ਨਿਹਾਦ ਹੋਵੇ। ਸੂਰਤ ਸੀਰਤੋਂ ਖੂਬ ਤੇ ਸ਼ਰਮਵਾਲੀ ਜਿਹਦੇ ਨਾਲ ਮਿਲਕੇ ਦਿਲਸ਼ਾਦ ਹੋਵੇ। ਪਰ ਨਾਰ ਬਦਕਾਰ ਤੋਂ ਪਰੇ ਰਹੀਏ ਬੁਰੇ ਨਾਲ ਜੋ ਮਿਲੇ ਬਰਬਾਦ ਹੋਵੇ। ਕਿਸ਼ਨ ਸਿੰਘ ਜੇ ਮਰਦ ਸਭ ਰਹਿਣ ਐਵੇਂ ਕਿਥੋਂ ਕਹੇ ਜਹਾਨ ਆਬਾਦ ਹੋਵੇ ।੪੨। ਕਿਹਾ ਫੇਰ ਰਸਾਲੂ ਨੇ ਸੁਣੀ ਰਾਜਾ ਇਹਨਾਂ ਰੰਨਾਂ ਦੇ ਕਸਬ ਕਹਾਣੀਆਂ ਨੂੰ। ਰਾਮਚੰਦ ਜਹੇ ਫਿਕਰ ਮੰਦ ਕੀਤੇ ਅਤੇ ਮਾਰਿਆ ਰਾਜਿਆਂ ਰਾਣਿਆਂ ਨੂੰ। ਰੋਜੇ ਭੋਜ ਉਤੇ ਅਸਵਾਰ ਹੋਈਆਂ ਗਿਆ ਭਰਥਰੀ ਛੋੜ ਟਿਕਾਣਿਆਂ ਨੂੰ। ਕਿਸ਼ਨ ਸਿੰਘ ਤਮਾਮ ਇਮਾਮ ਕੁਠੇ ਅਤੇ ਮਾਰਿਆ ਇਸ਼ਕ ਵਿਕਾਣਿਆਂ ਨੂੰ ॥੪੩॥ ਕਿਹਾ ਫੇਰ ਸਿਰਕੱਪ ਨੇ ਸਚ ਆਖੇਂ ਤਾਂ ਭੀ ਇਸਤ੍ਰੀ ਮਰਦ ਨੂੰ ਯੋਗ ਹੈਜੀ। ਜਗ ਜੀਵਨੇ ਦਾ ਇਹੋ ਫਲ ਕਹਿੰਦਾ ਇਕ ਨਾਮ ਸਾਹਿਬ ਦੂਜਾ ਭੋਗ ਹੈ ਜੀ। ਵਲੀ ਪੀਰ ਫਕੀਰ ਪੈਗੰਬਰਾਂ ਦਾ ਨਾਲ ਨਾ ਰੀਆ ਦੇ ਸੰਯੋਗ ਹੈ ਜੀ। ਕਿਸ਼ਨ ਸਿੰਘ ਮੇਹਰੀ ਮਰਦ ਮਿਲਤ ਜਦੋਂ ਦੂਰ ਹੋਵੇ ਤਦੋਂ ਸਾਰਾ ਵਿਯੋਗ ਹੈ ਜੀ ।੪੪। ਕੰਵਰ ਅਖਿਆ ਕਰਾਂਗਾ ਕੰਮ ਐਸਾ ਜੰਮੀ ਅਜ ਦੀ ਮਿਲੇ ਜੇ ਨਾਰ ਕੋਈ। ਕਿਹਾ ਰਾਜੇ ਸਿਰਕਪ ਨੇ ਬਹੁਤ ਚੰਗੀ ਲੜਕੀ ਅਜ ਮੇਰੇ ਪੈਦਾਵਾਰ ਹੋਈ। ਧੌਲਰ ਵੱਖਰੇ ਵਿਚ ਵਸਾਓ ਉਸਨੂੰ ਖਾਸ ਰੱਖ ਦਈਏ ਖਿਦਮਤਗਾਰ ਕੋਈ। ਕਿਸ਼ਨ ਸਿੰਘ ਦਾਈਆਂ ਮਾਈਆਂ ਪਾਸ ਰਹਿਸਣ ਤੇਰੇ ਹੁਕਮ ਦਾ ਨਹੀਂ ਇਨਕਾਰ ਕੋਈ ॥੪੫॥ ਕਿਹਾ ਰਾਜੇ ਰਸਾਲੂ ਨੇ ਬਹੁਤ ਚੰਗਾ ਧੌਲਰ ਵੱਖਰੇ ਵਿਚ ਵਸਾਵਸਾਂ ਮੈਂ। ਜਦੋਂ ਹੋਵਸੀ ਖੂਬ ਜਵਾਨ ਰਾਣੀ ਲੈਕੇ ਆਪਣੇ ਦੇਸ ਨੂੰ ਜਾਵਸਾਂ ਮੈਂ। ਬਾਰਾਂ ਬਰਸ ਇਥੋਂ ਨਹੀਂ ਜਾਵਣਾ ਹੈ ਸੋਈ ਤੁਸਾਂ ਦੇ ਪਾਸ ਲੰਘਾਵਸਾਂ ਮੈਂ। ਕਿਸ਼ਨ ਸਿੰਘ ਸਿਰਕੱਪ ਨੇ ਅਰਜ਼ ਕੀਤੀ ਤੇਰਾ ਹੁਕਮ ਬਜਾਏ ਲਿਆਵਸਾਂ ਮੈਂ ।੪੬। ਰਾਣੀ ਕੋਕਲਾਂ ਦਾਈ ਦੇ ਗੇਂਦ ਪਾਈ ਅਤੇ ਗੋਲੀਆਂ ਕੋਲ ਖਿਡਾਵਣੇ ਨੂੰ। ਸੁੰਦਰ ਤੋਤੇ ਦਾ ਪਿੰਜਰਾ ਪਾਸ ਪਾਇਆ ਅਤੇ ਨਾਲ ਮੈਨਾ ਪ੍ਰਚਾਵਣੇ ਨੂੰ। ਬਾਰਾਂ ਬਰਸ ਦੀ ਜਦੋਂ ਜਵਾਨ ਹੋਈ ਪਰੀਆਂ ਉਡ ਆਈਆਂ ਦਰਸ਼ਨ ਪਾਵਣੇ ਨੂੰ। ਕਿਸ਼ਨ ਸਿੰਘ ਕੀ ਉਸ ਦੀ ਸਿਫਤ ਕਰੀਏ ਦੇਖ ਦਿਲ ਨ ਚਾਹੁੰਦਾ ਆਵਣੇ ਨੂੰ ॥੪੭॥ ਜ਼ੁਲਫਾਂ ਨਾਗ ਕਾਲੇ ਚਿਹਰਾ ਚੰਦ ਜਿਹਾ ਸ਼ੰਮਸ ਸ਼ੇਖ ਚਸ਼ਮਾ ਨੂਰ ਦਾ ਸੀ। ਨੱਕ ਖੰਡੇ ਦੀ ਧਾਰ ਸਿਓ ਗੱਲ੍ਹਾਂ ਗਰਦਨ ਕੂੰਜ ਤੇ ਹੁਸਨ ਜ਼ਹੂਰ ਦਾ ਸੀ। ਕੱਦ ਸਰੂ ਅਤੇ ਸੀਨਾ ਸਾਫ ਸੁੰਦਰ ਚਾਲ ਫੀਲ ਦਿਲ ਮੱਸਤ ਮਖਮੂਰ ਦਾ ਸੀ। ਕਿਸ਼ਨ ਸਿੰਘ ਜੋ ਹੋਵਣਾ ਸੋਈ ਹੋਈ ਰਾਣੀ ਕੋਕਲਾਂ ਕੰਮ ਸ਼ਊਰ ਦਾ ਸੀ ।੪੮। ਇਕ ਰੋਜ਼ ਰਾਣੀ ਬਾਰੀ ਵਿਚ ਬੈਠੀ ਅਤੇ ਤਕਦੀ ਸੀ ਤਲੇ ਵਲ ਪਿਆਰੇ। ਆਇਆ ਇਕ ਰਾਜਾ ਅਸਵਾਰ ਘੋੜੇ ਹੋਡੀ ਨਾ ਮਤੇ ਖੂਬ ਸ਼ਕਲ ਪਿਆਰੇ। ਸੂਰਤ ਰਾਣੀ ਦੀ ਵੇਖ ਬੇਤਾਬ ਹੋਇਆ ਅਤੇ ਅਗਾਂ ਨ ਸਕਿਆ ਹਲ ਪਿਆਰੇ। ਕਿਸ਼ਨ ਸਿੰਘ ਕਹਿੰਦਾ ਪਾਣੀ ਪਿਆਸ ਲਗੀ ਬਿਰਹੋਂ ਨਾਲ ਗਿਆ ਜਲ ਪਿਆਰੇ ॥੪੯॥ ਦੇਖ ਕੋਕਲਾਂ ਹੋਡੀ ਨੂੰ ਦੰਗ ਹੋਈ ਕਿਹਾ ਆ ਪਿਆਰੇ ਕਿਹਾ ਆ ਪਿਆਰੇ। ਘੋੜਾ ਬੰਨਕੇ ਆ ਤੂੰ ਮਹਿਲ ਉਤੇ ਨਹੀਂ ਜਾਹ ਪਿਆਰੇ ਨਹੀਂ ਜਾਹ ਪਿਆਰੇ। ਤੇਰੇ ਇਸ਼ਕ ਦੀ ਅੱਗ ਨੇ ਸਾੜਿਆ ਮੈਂ ਸੀਨੇ ਲਾਏ ਪਿਆਰੇ ਸੀਨੇ ਲਾਏ ਪਿਆਰੇ। ਕਿਸ਼ਨ ਸਿੰਘ ਕੁਰਬਾਨ ਹੈ ਜਾਨ ਮੇਰੀ ਕਰੀਂ ਭਾ ਪਿਆਰੇ ਕਰੀਂ ਭਾ ਪਿਆਰੇ ।੫੦। ਹੋਡੀ ਬੰਨ੍ਹ ਘੋੜਾ ਗਿਆ ਮਹਿਲ ਉਤੇ ਮਿਲਿਆ ਕੋਕਲਾਂ ਨੂੰ ਹੱਸ ਹੱਸ ਕੇ ਜੀ। ਰਲ ਮਿਲ ਬੈਠੇ ਦੋਵੇਂ ਮੀਤ ਪਿਆਰੇ ਖੂਬ ਸੇਜ ਸੁਹਾਵਨੀ ਕੱਸਕੇ ਜੀ। ਸੀਨੇ ਠੰਢ ਪਈ ਦੋਹਾਂ ਪਿਆਰਿਆਂ ਦੇ ਗਿਆ ਪਰੇਮ ਵਾਲਾ ਬਦਲ ਵਸ ਕੇ ਜੀ। ਕਿਸ਼ਨ ਸਿੰਘ ਦੇਖੋ ਰਾਣੀ ਕੋਕਲਾਂ ਨੂੰ ਮੈਨਾ ਕਹਿੰਦੀ ਹੈ ਗੱਲ ਇਕ ਹੱਸਕੇ ਜੀ ॥੫੧॥ ਸੁਣੀ ਰਾਣੀਏਂ ਤੂੰ ਐਵੇਂ ਜਾਣੀਏਂ ਨੀ ਭਈਏ ਖਾਣੀਏਂ ਨੀ ਕਹਿਰ ਕਮਾਇਆ ਈ। ਲੱਜ ਵੱਢੀਆ ਪੇਕਿਆਂ ਸੌਹਰਿਆਂ ਦੀ ਮਨੁਸ਼ ਜੀਉਂਦਿਆਂ ਯਾਰ ਬਣਾਇਆ ਈ। ਜਤ ਸਤ ਗਵਾਏ ਬੇ-ਧਰਮ ਹੋਈਓਂ ਦੁੱਖ ਪਾਵਸੇਂ ਦਗਾ ਕਮਾਇਆ ਈ। ਕਿਸ਼ਨ ਸਿੰਘ ਸੁਹਾਗ ਤੇ ਭਾਗ ਵਾਲੀ ਨਾਗ ਜਾਣ ਗਲ ਵਿਚ ਪਾਯਾ ਈ ॥੫੨॥ ਰਾਣੀ ਆਖਿਆ ਮੈਨਾ ਨੂੰ ਚੁਪ ਕਰ ਨੀ ਨਹੀਂ ਮਾਰਕੇ ਜਾਨ ਗਵਾਏ ਦੇਸਾਂ। ਗਲਾ ਘੁਟਕੇ ਪੁਟਕੇ ਵਾਲ ਸਾਰੇ ਪਰੇ ਸੁੱਟ ਕੇ ਕਿਤੇ ਗਵਾਏ ਦੇਸਾਂ। ਬਿੱਲੀ ਮੈਨਾਂ ਨੂੰ ਮਾਰਕੇ ਖਾਏ ਗਈ ਰਾਜੇ ਆਂਵਦੇ ਨੂੰ ਸਮਝਾਏ ਦੇਸਾਂ। ਕਿਸ਼ਨ ਸਿੰਘ ਮੈਂ ਯਾਰ ਦੇ ਨਾਲ ਰਹਿਸਾਂ ਤੈਨੂੰ ਮਾਰ ਮੁਕਾਏ ਖਪਾਏ ਦੇਸਾਂ ॥੫੩॥ ਮੈਨਾ ਕਿਹਾ ਮੈਂ ਤੇਰੀ ਨ ਇਕ ਮੰਨਾਂ ਭਾਵੇਂ ਮਾਰ ਮੈਨੂੰ ਹੱਤਿਆਰੀਏ ਨੀ। ਰਾਜੇ ਆਂਵਦੇ ਨੂੰ ਤੇਰਾ ਹਾਲ ਦੱਸਾਂ ਜਿਹੜੇ ਕਰੇਂ ਕਾਰੇ ਕਾਰੇ-ਹਾਰੀਏ ਨੀ। ਮਰਦ ਓਪਰੇ ਨਾਲ ਨਿਹਾਲ ਹੋਈ ਸੈਂ ਵਿਭਚਾਰ ਕਰੇਂ ਵਿਭਚਾਰੀਏ ਨੀ। ਕਿਸ਼ਨ ਸਿੰਘ ਯਾਹ ਸੰਗ ਨਿਸੰਗ ਹੋਈਏਂ ਅੰਤ ਤੰਗ ਹੋਸੇਂ ਸਾਈਂ ਮਾਰੀਏ ਨੀ ॥੫੪॥ ਰਾਣੀ ਮਾਰਕੇ ਮੈਨਾ ਦੀ ਜਾਨ ਕੱਢੀ ਗਲਾ ਘੁਟ ਕੇ ਕਿਤੇ ਜਾ ਸੁੱਟਿਆ ਸੂ। ਤੋਤਾ ਆਖਦਾ ਰਾਣੀਏਂ ਭਲਾ ਕੀਤੋ ਬੋਲੀ ਆਪਣੀ ਦੀ ਖੱਟੀ ਖਟਿਆ ਸੂ। ਭੈੜੀ ਰੰਨ ਬਦਕਾਰ ਬਸ ਮੋਈ ਚੰਗੀ ਜੜ੍ਹ ਆਪਣੀ ਆਪ ਹੀ ਪਟਿਆ ਸੂ। ਕਿਸ਼ਨ ਸਿੰਘ ਮੈਂ ਮੂਲ ਨ ਬੋਲਿਆ ਹਾਂ ਤੰਦ ਮੋਹ ਵਾਲਾ ਮੈਨੂੰ ਕਟਿਆ ਸੂ ।ਪਪ। ਤੋਤਾ ਆਖਦਾ ਰਾਣੀਏਂ ਕਢ ਮੈਨੂੰ ਜ਼ਰਾ ਲਵਾਂ ਜਹਾਨ ਦੀ ਵਾਏ ਇਥੇ। ਕਈ ਸਾਲ ਹੋਏ ਵਿਚ ਪਿੰਜਰੇ ਦੇ ਮੈਨੂੰ ਛਡਿਆ ਰਾਜੇ ਨੇ ਪਾਏ ਇਥੇ। ਰਾਣੀ ਭੁਲ ਇਵੇਂ ਤੋਤਾ ਛੱਡ ਦਿਤਾ ਬੈਠ ਸੁਧ ਤੇ ਤੁਧ ਗਵਾਏ ਇਥੇ। ਕਿਸ਼ਨ ਸਿੰਘ ਕੀ ਕਿਸੇ ਨੂੰ ਦੋਸ਼ ਦੇਣਾ ਦਿਤਾ ਹੋਣੀ ਨੇ ਕੰਮ ਬਜਾਏ ਇਥੇ ॥੫੬॥ ਹੋਣੀ ਮਾਰਿਆ ਰਜਿਆਂ ਰਾਣਿਆਂ ਨੂੰ ਦੇਖੋ ਭਰਥਰੀ ਜਹੇ ਫਕੀਰ ਕੀਤੇ। ਸੁਲੇਮਾਨ ਨੂੰ ਤਖਤ ਤੋਂ ਸੁਟਿਆ ਈ ਵਲੀ ਔਲੀਆ ਪਕੜ ਦਿਲਗੀਰ ਕੀਤੇ। ਸੂਲੀ ਚਾਹੜ ਦਿਤੇ ਮਨਸੂਰ ਤਾਈਂ ਸਾਹ ਸ਼ੰਮਸ ਜਿਹੇ ਲੀਰੋ ਲੀਰ ਕੀਤੇ। ਕਿਸ਼ਨ ਸਿੰਘ ਰਾਵਨ ਜਿਹੇ ਬਲੀ ਯੋਧੇ ਰਾਮ ਚੰਦ ਨੇ ਮਾਰ ਦਿਲਗੀਰ ਕੀਤੇ ।੫੭। ਦੁੱਖ ਦੇਵਣਾ ਕਿਸੇ ਨੂੰ ਨਹੀਂ ਚੰਗਾ ਵੈਰ ਕਿਸੇ ਦੇ ਨਾਲ ਨ ਰੱਖ ਭਾਈ। ਇਕ ਕੱਖ ਦੁਖਾਵਨਾ ਭਲਾ ਨਾਹੀਂ ਮਾਰੇ ਜੋਤ ਪਵੇ ਵਿਚ ਅੱਖ ਭਾਈ। ਵੈਰ ਪਵੇ ਜੇ ਨਾਲ ਫਕੀਰ ਦੇ ਵੀ ਓਹ ਵੀ ਮਾਰ ਆਹੀਂ ਲਵੇ ਭੁੱਖ ਭਾਈ। ਕਿਸ਼ਨ ਸਿੰਘ ਤੋਤੇ ਦੇਖੋ ਜਹੀ ਕੀਤੀ ਕੀਤੀ ਮਾਰ ਕੇ ਕੱਖ ਤੋਂ ਲੱਖ ਭਾਈ ॥੫੮॥ ਤੋਤਾ ਮਹਿਲ ਤੋਂ ਉਡਿਆ ਖਾਏ ਗੁਸਾ ਅਤੇ ਪਾਸ ਰਸਾਲੂ ਦੇ ਜਾਂਵਦਾ ਈ। ਰਾਜਾ ਖੇਲਦਾ ਅਹਾ ਸ਼ਿਕਾਰ ਤਦੋਂ ਮਾਰ ਹਿਰਨ ਕਬਾਬ ਕਰਾਂਵਦਾ ਈ। ਉਹਨੂੰ ਰੋਏ ਕੇ ਦਸਿਆ ਹਾਲ ਸਾਰਾ ਰਾਜਾ ਗਜ਼ ਸੀਨੇ ਅੰਦਰ ਖਾਂਵਦਾ ਈ। ਕਿਸ਼ਨ ਸਿੰਘ ਸੁਣਾ ਤੂੰ ਤੋਤਿਆ ਓਏ ਸਾਰਾ ਹਾਲ ਰਾਜਾ ਫੁਰਮਾਂਵਦਾ ਈ ॥੫੬॥ ਤੋਤੇ ਆਖਿਆ ਕੋਕਲਾਂ ਕੱਚ ਕੀਤੋ ਇਕ ਯਾਰ ਨੂੰ ਪਾਸ ਬੁਲਾਇਆ ਸੂ। ਓਹਦੇ ਨਾਲ ਬੈਠੀ ਮੌਜਾਂ ਮਾਨਣੇ ਨੂੰ ਧਰਮ ਕਰਮ ਤੇ ਸ਼ਰਮ ਗਵਾਇਆ ਸੂ। ਏਸ ਗੱਲ ਤੋਂ ਮੈਨਾ ਨੇ ਮਨ੍ਹਾ ਕੀਤਾ ਗਲ ਘੁਟ ਕੇ ਪਾਰ ਲੰਘਾਇਆ ਸੂ। ਕਿਸ਼ਨ ਸਿੰਘ ਮੈਂ ਨਾਲ ਫਰੇਬ ਆਇਆ ਕੈਦੋਂ ਕੱਢ ਆਜ਼ਾਦ ਕਰਾਇਆ ਸੂ ॥੬੦॥ ਰਾਜੇ ਆਖਿਆ ਤੋਤਿਆ ਚਲ ਯਾਰਾ ਉਠ ਘੋੜੇ ਤੇ ਤੁਰਤ ਸਵਾਰ ਹੋਇਆ। ਮਾਰ ਘੋੜੇ ਨੂੰ ਅੱਡੀਆਂ ਬਹੁਤ ਰਾਜਾ ਤਨੋਂ ਭੌਰ ਤਾਜੀ ਬੋਲਣਹਾਰ ਹੋਇਆ। ਕਹਿੰਦਾ ਜ਼ੋਰ ਨ ਲਾ ਖਾਂ ਰਾਜਿਆ ਓਏ ਓੜਕ ਰੂਪ ਪਰ ਨਾਰ ਦਾ ਯਾਰ ਹੋਇਆ। ਕਿਸ਼ਨ ਸਿੰਘ ਜਿਸ ਇਸ਼ਕ ਦਾ ਸਰ ਲੀਤਾ ਸੋਈ ਜਾਨ ਤਲੇ ਤਲਵਾਰ ਹੋਇਆ ॥੬੧॥ ਓਧਰ ਆਇਆ ਰਸਾਲੂ ਦਰਿਆ ਕੰਢੇ ਏਧਰ ਹੋਡੀ ਵੀ ਲੰਘਕੇ ਪਾਰ ਗਿਆ। ਤੋਤੇ ਆਖਿਆ ਰਾਜਿਆ ਦੇਖ ਭਾਈ ਤੇਰੀ ਇਸਤ੍ਰੀ ਦਾ ਇਹੋ ਯਾਰ ਗਿਆ। ਕਿਹਾ ਰਾਜੇ ਰਸਾਲੂ ਨੇ ਆਓ ਏਧਰ ਆਖਾ ਕਿਉਂ ਮੇਰੇ ਘਰ ਬਾਰ ਗਿਆ। ਕਿਸ਼ਨ ਸਿੰਘ ਪਰਨਾਰ ਸਿਉਂ ਪਿਆਰ ਕਰਕੇ ਜਾਨ ਮਾਲ ਸਾਰਾ ਦੇਖੋ ਹਾਰ ਗਿਆ ॥੬੨॥ ਹੋਡੀ ਹੱਸਕੇ ਆਖਿਆ ਵਾਹ ਭਾਈ ਲੈ ਮੈਂ ਚਲਿਆ ਹਾਂ ਖਬਰਦਾਰ ਆ ਜਾ। ਤੇਰੇ ਜਿਹਾਂ ਤੋਂ ਮਾਰ ਨਾ ਖਾਵਸਾਂ ਮੈਂ ਭਾਵੇਂ ਪਕੜ ਕੇ ਢਾਲ ਤਲਵਾਰ ਆਜਾ। ਭਾਵੇਂ ਹੋ ਪਿਆਦਾ ਹੱਥ ਦੇਖ ਮੇਰੇ ਭਾਵੇਂ ਪੀੜ ਘੋੜਾ ਅਸਵਾਰ ਆਜਾ। ਕਿਸ਼ਨ ਸਿੰਘ ਲੜਨੋਂ ਨਹੀਂ ਮੂਲ ਡਰਨਾ ਲੜਨਾ ਹੋਵੇ ਤਾਂ ਬੰਨ੍ਹ ਹਥਿਆਰ ਆਜਾ ।੬੩। ਚੋਰ ਯਾਰ ਗਰੀਬ ਦਾ ਮਾਰਨਾ ਕੀ ਜਿਹੜੇ ਝਿੜਕ ਦਿਤੇ ਮਰ ਜਾਂਵਦੇ ਨੀ। ਜਿਹੜੇ ਚੋਰੀਆਂ ਯਾਰੀਆਂ ਕਰਨ ਵਾਲੇ ਸੋਈ ਜਾਨ ਆਪਣੀ ਨੂੰ ਗਵਾਂਵਦੇ ਨੀ। ਲਿਖੇ ਲੇਖ ਨਾਹੀਂ ਕੋਈ ਮੇਟ ਸਕੇ, ਲਿਖਿਆ ਅਪਣੇ ਕਰਮ ਦਾ ਪਾਂਵਦੇ ਨੀ। ਕਿਸ਼ਨ ਸਿੰਘ ਮੰਦੀ ਕੰਮੀ ਹੋਏ ਮੰਦਾ ਹੁਣ ਸਭ ਦਾ ਨਾਮ ਸੁਣਾਂਵਦੇ ਨੀ ॥੬੪॥ ਪਕੜ ਢਾਲ ਤਲਵਾਰ ਆ ਲੜਣ ਲਗੇ ਘੋੜੇ ਛੇੜ ਦੋਵੇਂ ਸੂਰਬੀਰ ਲੋਕੋ। ਕੀਤਾ ਰਾਜੇ ਰਸਾਲੂ ਨੇ ਝਪਟ ਐਸਾ ਦਿਤਾ ਸੀਸ ਹੋਡੀ ਸੰਦਾ ਚੀਰ ਲੋਕੋ। ਢਾਲ ਰੱਖ ਅੱਗੇ ਤਲਵਾਰ ਮਾਰੀ ਟੁਕੜੇ ਚਾਰ ਹੋਗਿਆ ਸਰੀਰ ਲੋਕੋ। ਕਿਸ਼ਨ ਸਿੰਘ ਜਿਉਂ ਸ਼ੇਰ ਨੂੰ ਸ਼ੇਰ ਮਾਰੇ ਤਿਵੇਂ ਮਾਰਿਆ ਮੀਰ ਨੂੰ ਮੀਰ ਲੋਕੋ ॥੬੫॥ ਮਾਰ ਹੋਡੀ ਨੂੰ ਭੁੰਨ ਕਬਾਬ ਕੀਤਾ ਰਾਜਾ ਬੰਨ੍ਹ ਪੱਲੇ ਅਸਵਾਰ ਹੋਇਆ। ਸੁੰਦਰ ਤੋਤੇ ਨੂੰ ਲਿਆ ਸੂ ਹਥ ਉਤੇ ਘਰ ਆਪਣੇ ਆ ਨਦਕਾਰ ਹੋਇਆ। ਘੋੜੇ ਛੋੜ ਗਿਆ ਪਾਸ ਕੋਕਲਾਂ ਦੇ ਗੱਲ ਪੁਛ ਸਭੇ ਖਬਰਦਾਰ ਹੋਇਆ। ਕਿਸ਼ਨ ਸਿੰਘ ਕਬਾਬ ਨਿਕਾਲ ਦਿਤਾ ਰਾਣੀ ਖਾਏ ਕਹਿੰਦੀ ਮਜੇਦਾਰ ਹੋਇਆ ॥੬੬॥ ਤੋਤੇ ਕਿਹਾ ਕਬਾਬ ਇਹ ਮਜ਼ੇ ਵਾਲੇ ਮਜ਼ੇਦਾਰ ਕਿਉਂ ਨ ਹੋਵਣ ਰਾਨੀਏ ਨੀ। ਮੈਨਾ ਮਾਰ ਰੰਡਾ ਮੈਨੂੰ ਚਾਏ ਕੀਤਾ ਤੇਰਾ ਯਾਰ ਮੋਇਆ ਭਈਆ ਖਾਣੀਏਂ ਨੀਂ। ਖਾਂਵੰਦ ਹੁੰਦਿਆਂ ਜਿਹੜੀਆਂ ਯਾਰ ਰੱਖਣ ਸੋ ਗੁਆਰ ਹੋਵਣ ਇਵੇਂ ਜਾਣੀਏਂ ਨੀ। ਕਿਸ਼ਨ ਸਿੰਘ ਹਰਾਮ ਨੂੰ ਛੱਡ ਦਿਲੋਂ ਨਾਲ ਪੀਆ ਆਪਣੇ ਮੌਜਾਂ ਮਾਣੀਏਂ ਨੀ ॥੬੭॥ ਕਿਹਾ ਕੋਕਲਾਂ ਨੇਕ ਸਨ ਕਰਮ ਤੇਰੇ ਦਗੇ ਨਾਲ ਤੂੰ ਜਾਨ ਬਚਾਏ ਗਿਓਂ। ਵੈਰ ਆਪਣਾ ਮੂਲ ਨ ਛਡਿਉ ਈ ਮੇਰੇ ਨਾਲ ਤੂੰ ਘਾਤ ਕਮਾਏ ਗਿਓਂ। ਤੇਰੀ ਇਕ ਮੈਨਾਂ ਪਿਛੇ ਦੋ ਮੋਏ ਰਾਜਾ ਆਪਣਾ ਆਪ ਬਚਾਏ ਗਿਓਂ। ਕਿਸ਼ਨ ਸਿੰਘ ਹੋਡੀ ਪਿਛੇ ਮੋਈ ਮੈਂ ਵੀ ਪੰਖੀ ਹੋਏ ਕੇ ਫੰਦ ਚਲਾਏ ਗਿਓਂ ॥੬੮॥ ਰਾਜੇ ਆਖਿਆ ਨਾਰ ਪਰ ਵਾਰ ਕਰਨਾ ਨਾਹੀਂ ਮਰਦ ਤਾਈਂ ਭਲਾ ਡਾਰੀਏ ਨੀ। ਨਹੀਂ ਮਾਰ ਤਲਵਾਰ ਕਰ ਚਾਰ ਟੁਕੜੇ ਅਗੇ ਕੁੱਤਿਆਂ ਦੇ ਹੁਣ ਡਾਰੀਏ ਨੀ। ਹੋਵੇ ਰੰਨ ਬਦਕਾਰ ਛਨਾਰ ਭੈੜੀ ਇਕੇ ਮਾਰੀਏ ਇਕੇ ਨਿਕਾਰੀਏ ਨੀ। ਕਿਸ਼ਨ ਸਿੰਘ ਕੀ ਭੁਖ ਕੀ ਦੁਖ ਆਹਾ ਵਿਭਚਾਰ ਕੀਤੇ ਵਿਭਚਾਰੀਏ ਨੀ ॥੬੯॥ ਰਾਣੀ ਕੋਕਲਾਂ ਇਕ ਕਲਾਮ ਕੀਤੀ ਕਹਿੰਦੀ ਮਾਰਿਆ ਹਾਰ ਤਕਦੀਰ ਮੈਨੂੰ । ਸੂਰਤ ਹੋਡੀ ਦੀ ਦੇਖ ਕੇ ਭੁਲ ਗਈ ਕੀਤਾ ਇਸ਼ਕ ਨੇ ਮਾਰ ਹਕੀਰ ਮੈਨੂੰ। ਮੇਰਾ ਯਾਰ ਮੋਇਆ ਮੈਂ ਭੀ ਨਾਲ ਮਰਸਾਂ ਗਿਆ ਤੀਰ ਵਿਛੋੜੇ ਦਾ ਚੀਰ ਮੈਨੂੰ। ਕਿਸ਼ਨ ਸਿੰਘ ਜੀਵਨ ਬਾਝ ਜਾਨੀਆਂ ਦੇ ਨਾਹੀਂ ਭਾਂਵਦਾ ਇਹ ਸਰੀਰ ਮੈਨੂੰ ॥੭੦॥ ਰਾਂਣੀ ਕੋਕਲਾਂ ਮਹਿਲ ਤੋਂ ਡਿਗ ਮੋਈ ਅਤੇ ਰਾਜੇ ਰਸਾਲੂ ਸੱਸਕਾਰ ਕੀਤਾ। ਧੌਲਰ ਛੱਡ ਸਿਰਕੱਪ ਦੇ ਪਾਸ ਗਿਆ ਸਾਰਾ ਹਾਲ ਆਏ ਇਜ਼ਹਾਰ ਕੀਤਾ। ਸੁਣੀ ਗੱਲ ਸਿਰਕਪ ਨੇ ਦੰਗ ਹੋਇਆ ਰੋਏ ਧੋਏ ਕੇ ਸ਼ੁਕਰ ਗੁਜ਼ਾਰ ਕੀਤਾ। ਕਿਸ਼ਨ ਸਿੰਘ ਪਿਆਰੇ ਇਹਨਾ ਨਾਰੀਆਂ ਨੇ ਕਿਸ ਕਿਸ ਨੂੰ ਨਹੀਂ ਖੁਆਰ ਕੀਤਾ ॥੭੧॥ ਮਜਨੂੰ ਲੇਲਾਂ ਦੇ ਇਸ਼ਕ ਨੇ ਗਰਦ ਕੀਤਾ ਰਾਂਝਾ ਹੀਰ ਦੇ ਮਗਰ ਫਕੀਰ ਹੋਇਆ। ਚੰਦਨ ਬਦਨ ਨੇ ਯਾਰ ਨੂੰ ਮਾਰ ਦਿਤਾ ਪੁਨੂੰ ਨਾਲ ਸੱਸੀ ਦਾ ਮਨਗੀਰ ਹੋਇਆ। ਮਿਰਜ਼ਾ ਸਾਹਿਬਾਂ ਦੇ ਪਿਛੇ ਜਲ ਮੋਇਆ ਮਹੀਂਵਾਲ ਦੇਖੋ ਗਹਿਰੇ ਨੀਰ ਖੋਇਆ। ਕਿਸ਼ਨ ਸਿੰਘ ਜਹਾਨ ਨੂੰ ਜਾਨ ਪੰਖੀ ਜਾਲੀ ਜ਼ੁਲਫ ਦੀ ਵਿਚ ਅਸੀਰ ਹੋਇਆ ॥੭੨॥ ਰੁਖਸਤ ਮੰਗਣੀ ਰਾਜੇ ਰਸਾਲੂ ਦੀ ਰਾਜੇ ਸਿਰਕਪ ਕੋਲੋਂ ਅਤੇ ਜਾਣਾ ਆਪਣੇ ਵਤਨ ਨੂੰ ਰੁਖਸਤ ਲੈ ਸਿਰਕਪ ਤੋਂ ਰਵਾਂ ਹੋਇਆ ਅਤੇ ਤੋਤੇ ਨੂੰ ਨਾਲ ਲੈ ਚਲਿਆ ਈ। ਕਹਿੰਦੇ ਹੈਨ ਫਿਰ ਸੌ ਵਿਆਹ ਕੀਤੇ ਫਤੇ ਲਈ ਜਿਸ ਦੇਸ ਨੂੰ ਹਲਿਆ ਈ। ਕਾਮ ਕੰਦਲਾਂ ਵੀ ਸੰਗਲਾ-ਦੀਪ ਵਿਚੋਂ ਆਂਦੀ ਵਿਆਹ ਜਾਂ ਪਰੇਮ ਪਥੱਲਿਆ ਈ। ਕਿਸ਼ਨ ਸਿੰਘ ਹੋਏ ਸਭੇ ਕੰਮ ਪੂਰੇ ਗੋਰਖ ਨਾਥ ਦਾ ਬੂਹਾ ਜਾ ਮਲਿਆ ਈ ॥੭੩॥ ਲਿਖਿਆ ਖਤ ਸਲਵਾਨ ਨੇ ਸਯਾਲ ਕੋਟੋਂ ਪਾਸ ਰਾਜੇ ਰਸਾਲੂ ਦੇ ਘਲਿਆ ਜੇ। ਬਾਰਾਂ ਬਰਸ ਗੁਜ਼ਰੇ ਤੈਨੂੰ ਗਿਆਂ ਘਰੋਂ ਸਾਡਾ ਜਿਗਰ ਵਿਛੋੜੇ ਨੇ ਸਲਿਆ ਜੇ। ਹੁਣ ਮਿਹਰ ਕਰਕੇ ਦਰਸ਼ਨ ਦਿਓ ਸਾਨੂੰ ਮੁਲਕ ਆਪਣਾ ਆਏ ਲੈ ਮਿਲਿਆ ਜੇ। ਕਿਸ਼ਨ ਸਿੰਘ ਇਕੋ ਪੁਤਰ ਨਿਕਲ ਗਿਆ ਦੁਖਾਂ ਨਾਲ ਸਾਡਾ ਜੀਉ ਜਲਿਆ ਜੇ ॥੭੪॥ ਓਥੋਂ ਰਾਜੇ ਰਸਾਲੂ ਨੇ ਕੂਚ ਕੀਤਾ ਘਰ ਆਪਣੇ ਆਣ ਅਬਾਦ ਹੋਇਆ। ਮਿਲਿਆ ਮਾਓਂ ਤੇ ਬਾਪ ਨੂੰ ਸ਼ਾਦ ਹੋ ਕੇ ਅਤੇ ਉਹਨਾਂ ਦਾ ਦਿਲ ਵੀ ਸ਼ਾਦ ਹੋਇਆ। ਦਿਤਾ ਰਾਜ ਰਸਾਲੂ ਨੂੰ ਸਲਵਾਨ ਰਾਜੇ ਅਤੇ ਆਪ ਅਲੱਗ ਅਜ਼ਾਦ ਹੋਇਆ। ਕਿਸ਼ਨ ਸਿੰਘ ਲਗਾ ਰਾਜਾ ਰਾਜ ਕਰਨੇ ਬੜਾ ਖੁਸ਼ੀ ਤੇ ਅਹਿਲ ਇਮਦਾਦ ਹੋਇਆ ॥੭੫॥ ਕੰਵਲ ਐਸ਼ ਬਹਾਰ ਦੇ ਵਿਚ ਰਿਹਾ ਅੰਤ ਹੋਏ ਨਿਆਈਂ ਸੁਖ ਪਾਇ ਗਿਆ। ਜਿਚਰ ਜੀਂਵਦਾ ਰਿਹਾ ਅਰਾਮ ਸ਼ੇਤੀ ਮੋਇਆਂ ਜਗ ਤੇ ਨਾਮ ਧਰਾਇ ਗਿਆ । ਦੁਨੀਆ ਖਾਬ ਖਿਆਲ ਦੀ ਖੇਲ ਸਾਰੀ ਜਿਹੜਾ ਹੋਇਆ ਸੋ ਖਾਕ ਸਮਾਇ ਗਿਆ। ਕਿਸ਼ਨ ਸਿੰਘ ਬਾਕੀ ਰਿਹਾ ਨਾਮ ਇਕੋ ਹੋਰ ਸਭ ਹੀ ਹੋ ਫਨਾਹਿ ਗਿਆ ॥੭੬॥ -ਸਮਾਪਤ-