Baranmah : Kishan Singh Arif

ਬਾਰਾਂਮਾਹ : ਕਿਸ਼ਨ ਸਿੰਘ ਆਰਿਫ਼

1. ਬਾਰਾਂਮਾਹ

ਚੇਤਰ ਚੋਰਾਂ ਚਿਤ ਚੁਰਾਇਓ, ਚਸ਼ਮਾਂ ਚੋਟ ਚਲਾ ਕੇ
ਚਿਖਿਆ ਚਾੜ੍ਹ ਚਕੋਰਾਂ ਚੰਦਾ, ਚਲਿਓਂ ਚੈਨ ਚੁਰਾ ਕੇ
ਚੂੜਾ ਚੌਂਕ ਚੂਰ ਚਿਟ-ਚੋਲੀ, ਚੀਰਾਂ ਚੁੰਨੀ ਚਾ ਕੇ
ਕਿਸ਼ਨ ਸਿੰਘ ਚਲ ਚਾਲ ਚੰਗੇਰੀ, ਚਾਹ ਚੱਛ ਚਮਕਾ ਕੇ ।੧।

ਵਿਚ ਵਿਸਾਖੀ ਵਰਤੀ ਵੇਦਨ, ਵਰ ਵਿਣੁ ਵਿੱਖ ਵਿਚਾਰਾਂ
ਵਲ ਵਲ ਵੇਖਾਂ ਵਾਲੀ ਵਲੋਂ, ਵੇਸ ਵਪਾਰ ਵਿਹਾਰਾਂ
ਵਰਜਣ ਵੀਰ ਵਲੱਲੀ ਵੱਤਾਂ, ਵਾਦ ਵਿਵਾਦ ਵਿਸਾਰਾਂ
ਕਿਸ਼ਨ ਸਿੰਘ ਵਲ ਵੈਲੁ ਕਵੱਲੀ, ਵਾਰ ਵਾਰ ਵਤ ਵਾਰਾਂ ।੨।

ਜੇਠ ਜਿਗਰ ਜੀਅ ਜੋਬਨ ਜਲਿਆ, ਜਲੀਏ ਜਿੰਦ ਜੁਵਾਨੀ
ਜਲ ਜਲ ਜਾਨ ਜਲਾਇਆ ਜਾਮਾ, ਜਲ ਜਾਨੀ ਜਲ ਜਾਨੀ
ਜਪ ਜਪਨੀ ਜੋਹੇ ਜਗ ਜੇਤੇ, ਜੋਗੀ ਜਤੀ ਜਹਾਨੀਂ
ਕਿਸ਼ਨ ਸਿੰਘ ਜਾਵੇ ਜਿਸ ਜਾਗਾ, ਜੁੜ ਜੋਗਨ ਜਲ ਜਾਨੀ ।੩।

ਹਾੜ੍ਹ ਹੇਰ ਹੀਰਾ ਹਿਕ ਹਾਰਿਆ, ਹਰ ਹਰ ਹੋਈ ਹਲਦੀ
ਹਿੰਮਤ ਹੋਸ਼ ਹਵਾ ਹੋ ਹਲੀ, ਹਿਰਦਿਉਂ ਹਲ ਦੀ ਹਲਦੀ
ਹੌਲੀ ਹੌਲੀ ਹੂਲਾਂ ਹਲਣ, ਹਾਲ ਹਕੀਕਤ ਹਲਦੀ
ਕਿਸਨ ਸਿੰਘ ਹੌਂ ਹਾਜ਼ਰ ਹੋਵਾਂ, ਹੁਰਮਤ ਹੋਏ ਹਕਲ ਦੀ ।੪।

ਸਾਵਣ ਸਾਈਂ ਸਾਹਿਬ ਸੂਰਤ, ਸੋਹਣਾ ਸੁੰਦਰ ਸਾਰਾ
ਸਿਫ਼ਤ ਸਨਾਇ ਸੁਨਾਵਣ ਸਾਰੇ, ਸਾਜੇ ਸਭ ਸੰਸਾਰਾ
ਸਾਧੂ ਸੰਤ ਸਦਾ ਸਚ ਸਿਮਰਨ, ਸਾਸ ਸਾਸ ਸਚਿਆਰਾ
ਕਿਸ਼ਨ ਸਿੰਘ ਸੋ ਸਰਬ ਸ਼ਬਦ ਸੁਣ, ਸੁਤੇ ਸਿਧ ਸਮ ਸਾਰਾ ।੫।

ਭਾਦੋਂ ਭੌਰਾ ਭੂਲਾ ਭਰਮੇ, ਭਰਮ ਭਰਮ ਭਰਮਾਵੇ
ਭੋਗੀ ਭੋਗੇ ਭੋਗ ਭਲੇਰੇ, ਭਟਕ ਭਟਕ ਭਟਕਾਵੇ
ਭਲਾ ਭਲਾ ਭਗਵਾਨ ਭਗਤ ਭਣ, ਭੌਂਦੂ ਭਲਾ ਨ ਭਾਵੇ
ਕਿਸ਼ਨ ਸਿੰਘ ਭਰਮਾਵਣ ਭੈੜੇ, ਭਾਰਜ ਭਰਤਾ ਭਾਵੇ ।੬।

ਅਸੂ ਆਪ ਆਪ ਇਹ ਆਪੇ, ਅਜਲ ਅਖੰਡ ਅਬਨਾਸ਼ੀ
ਏਕ ਅਨੇਕ ਅਲੇਖ ਅਸੰਗੀ, ਇਸਥਿਤ ਈਸ ਅਕਾਸ਼ੀ
ਉਚਨ ਊਚ ਅਕਾਗਰ ਐਸਾ, ਅਮਰ ਅਚਰ ਅਬਿਨਾਸ਼ੀ
ਕਿਸ਼ਨ ਸਿੰਘ ਇਹ ਉਹ ਅਬ ਏਕੋ, ਓਅੰ ਅਸ ਅਭਿਆਸੀ ।੭।

ਕਤਕ ਕੰਚਨ ਕੰਕਨ ਕੁੰਡਲ, ਕਚ ਕਹੁ ਕਾਚ ਕਟੋਰਾ
ਕਾਨ੍ਹ ਕਹਾਵੇ ਕਿਸ਼ਨ ਕਲੋਲੀ, ਕਮਲਾ ਕੰਤ ਕਿਸ਼ੋਰਾ
ਕਾਰਨ ਕੁਲ ਕਰੀਮ ਕਮਾਲੀ, ਕਰਤਾ ਕਹਿਨ ਕਰੋਰਾ
ਕਿਸ਼ਨ ਸਿੰਘ ਕਿਰਪਾਲੂ ਕਾਦਰ, ਕਰਨਹਾਰ ਕਹੁ ਕੋਰਾ ।੮।

ਮਘਰ ਮੌਲਾ ਮੌਜੀ ਮੋਰਾ, ਮਾਲਕ ਮੁਲਕ ਮਕਾਨਾ
ਮੇਹਰ ਮੁਹਬਤ ਮੋ ਮੈਂ ਮਿਲਿਆ, ਮਨ ਮੋਹਨ ਮਸਤਾਨਾ
ਮੋਰ ਮੁਕਟ ਮੁਰਲੀ ਮੁਖ ਮਾਹੀਂ, ਮੋ ਮਨ ਮਾਂਹਿ ਮਿਲਾਨਾ
ਕਿਸ਼ਨ ਸਿੰਘ ਮਤ ਮਾਰੇ ਮਨਮੁਖ, ਮਾਰਗ ਮੁਕਤ ਮੁਸਾਨਾ ।੯।

ਪੋਹ ਪਰਮੇਸਰ ਪੂਰਨ ਪਰਗਟ, ਪ੍ਰੀਤਮ ਪਰਮ ਪਿਆਰਾ
ਪੀਆ ਪਰੇਮੀ ਪਿਆਸਿਆਂ ਪਾਣੀ, ਪਾਂਧੀ ਪਾਇ ਪੁਕਾਰਾ
ਪੀਰਾਂ ਪੀਰ ਪਸਾਰੀ ਪੂਰਾ, ਪਲਕ ਪਸਾਰੁ ਪਸਾਰਾ
ਕਿਸ਼ਨ ਸਿੰਘ ਪਰਤੀਤ ਪਰੀਤ ਕਰ, ਪਾਇਓ ਪਰ ਪਦ ਪਾਰਾ ।੧੦।

ਮਾਘ ਮੋਈ ਮੈਂ ਮਿਲਿਆ ਮਾਹੀ, ਮਮ ਮੇਰੀ ਮੈਂ ਮਾਰੀ
ਮਰਨਾ ਮੇਰਾ ਮਿਟਿਆ ਮਾਏ, ਮਿਲੀ ਮੁਰਾਰ ਮਝਾਰੀ
ਮਕੇ ਮਾਂਹ ਮਸੀਤ ਮਕੱਬਰ, ਮਧੁ ਮਾਤੀ ਮਤਵਾਰੀ
ਕਿਸ਼ਨ ਸਿੰਘ ਮੈਂ ਮੇਲ ਮਿਲਾਇਆ, ਮੌਲਾ ਮਸਤ ਮੁਰਾਰੀ ।੧੧।

ਫਾਗਨ ਫੇਰ ਫਲੀ ਫੁਲ ਫਲੀਆਂ, ਫਲ ਫੈਲੇ ਫੁਲਵਾਰੀ
ਫਿਰ ਫਿਰ ਫੇਰ ਫੇਰ ਫੱਟ ਫੋਲਾਂ, ਫੋਲੀ ਫਿਰ ਫੁਲਕਾਰੀ
ਫੂਟ ਫੂਟ ਫਾਟਨ ਫਿਰ ਫਲੀਆਂ, ਫੌਜ ਫ਼ਕੀਰਾਂ ਫਾਰੀ
ਕਿਸ਼ਨ ਸਿੰਘ ਫਿਰ ਫਿਰ ਫੁਜਦਾਰਾਂ, ਫਾਰੀ ਫਿਕਰ ਫਕਾਰੀ ।੧੨।

2. ਬਾਰਾਂਮਾਹ-ਵੈਰਾਗ

ਚੇਤ੍ਰ ਚਿਤ ਡੋਲੇ ਵਿਚ ਡੋਲੇ ਮੇਰਾ, ਬਾਝ ਪੀਆ ਦੇ ਗਲਦੀ ਖ਼ਬਰ ਨ ਗੱਲ ਦੀ
ਨਾਲ ਹਿਜਰ ਦੇ ਮੈਂ ਨਿਤ ਜਲਦੀ, ਜੈਸੇ ਮਛਲੀ ਜਲ ਦੀ ਜਲ ਬਿਨ ਜਲਦੀ
ਵਾਂਙ ਨਦੀ ਦੇ ਦੀਦੇ ਵਗਦੇ, ਬਿਨ ਬੇੜੀ ਮੈਂ ਠਲ੍ਹਦੀ ਮੂਲ ਨ ਠਲਦੀ
ਕਿਸ਼ਨ ਸਿੰਘ ਮੈਂ ਢੂੰਢਾਂ ਤੈਨੂੰ, ਖ਼ਬਰ ਮਿਲੇ ਜੇ ਝਲ ਦੀ ਨ ਦੁਖ ਝਲਦੀ ।੧।

ਵਿਸਾਖ ਵਿਸਾਰਿਆ ਕੰਤ ਨੇ ਮੈਨੂੰ, ਕੂੰਜਾਂ ਪਾ ਲਏ ਮੋੜੇ ਵਾਗ ਨ ਮੋੜੇ
ਬਾਝ ਪੀਆ ਦੇ ਕੁਝ ਨਹੀਂ ਸੁਝਦਾ, ਲਾਹ ਸੁਟਦੀ ਮੈਂ ਤੋੜੇ ਜਿਸ ਦੇ ਤੋੜੇ
ਜਲ ਬਲ ਕੇ ਮੈਂ ਕੋਲੇ ਹੋਵਾਂ, ਦੇਖ ਲੋਕਾਂ ਦੇ ਜੋੜੇ ਆਪ ਨ ਜੋੜੇ
ਕਿਸ਼ਨ ਸਿੰਘ ਨਿਤ ਸੁਕਦੀ ਜਾਂਦੀ, ਦੁਖਦੇ ਦਿਲ ਦੇ ਫੋੜੇ ਵੈਦ ਨ ਫੋੜੇ ।੨।

ਜੇਠ ਜੁਆਨੀ ਜਾਇ ਬੀਤਦੀ, ਦਿਲਬਰ ਦਿਲੋਂ ਭੁਲਾਇਆ ਨ ਭੁਲ ਆਇਆ
ਮੈਨੂੰ ਸੁਟ ਕੇ ਅੱਗ ਬ੍ਰਿਹੋਂ ਵਿਚ, ਚਾਂਦੀ ਵਾਂਙ ਗਲਾਇਆ ਨ ਗਲ ਲਾਇਆ
ਓਸੇ ਵੇਲੇ ਨੂੰ ਨਿਤ ਮੈਂ ਰੋਵਾਂ, ਰੁੱਸਿਆ ਨਾਹਿ ਮਨਾਇਆ ਇਹ ਮਨ ਆਇਆ
ਕਿਸ਼ਨ ਸਿੰਘ ਹੁਣ ਵਸ ਨ ਚਲਦਾ, ਮੈਂ ਸੀ ਚਿਤ ਚੁਰਾਇਆ ਤਾਂ ਚਿਰ ਲਾਇਆ ।੩।

ਹਾੜ ਹੁਲਾਸੇ ਕੇਹੜੇ ਜੀਵਾਂ, ਸੋਹਣਾ ਨ ਦਿਸ ਆਵੇ ਨ ਦਸ ਆਵੇ
ਮੰਜੀ ਤੇ ਮਨ ਜੀ ਨਾ ਲਗਦਾ, ਵਢ ਵਢ ਖਾਂਦੇ ਪਾਵੇ ਖ਼ਬਰ ਨ ਪਾਵੇ
ਦਿਨ ਤਪਦੇ ਮੈਂ ਢੂੰਡਨ ਨਿਕਲੀ, ਗਰਮੀ ਖ਼ੂਬ ਤਪਾਵੇ ਤੇ ਤਪ ਆਵੇ
ਕਿਸ਼ਨ ਸਿੰਘਾ ਆ ਮਿਲ ਜਾ ਮੈਨੂੰ, ਬਿਰਹੋਂ ਜਾਨ ਜਲਾਵੇ ਨ ਜਲ ਆਵੇ ।੪।

ਸਾਵਣ ਸਾਂਗ ਬਿਰਹੋਂ ਦੀ ਲਾਈਆ, ਸੀਨਾ ਮੇਰਾ ਹੱਲੇ ਮੂਲ ਨ ਹੱਲੇ
ਦਰਦੀ ਹੋ ਕੇ ਦਰਦ ਦੇ ਗਿਆ, ਦੁਖ ਬਥੇਰੇ ਝੱਲੇ ਜੇ ਹੁਣ ਝੱਲੇ
ਪੀਆ ਜੇ ਆਨ ਦਖਾਲੀ ਦੇਵੇ, ਦੁਖੜੇ ਸਾਰੇ ਟਲੇ ਫੇਰ ਨ ਟਲੇ
ਕਿਸ਼ਨ ਸਿੰਘਾ ਫੇਰ ਕਦੇ ਨ ਛੋਡਾਂ, ਆਇ ਵੜੇ ਜੇ ਫਲੇ ਫਲ ਫੁਲ ਫਲੇ ।੫।

ਭਾਦਰੋਂ ਭਾਇ ਬਿਰਹੁੰ ਦੀ ਜ਼ਾਲਮ, ਜਾਂਦੀ ਜਾਲ ਹੈ ਜਲਦੀ ਆ ਮਿਲ ਜਲਦੀ
ਤੇਰੇ ਬਾਝ ਬੇਹੋਸ਼ ਪਈ ਹਾਂ, ਖ਼ਬਰ ਨਹੀਂ ਹੈ ਪਲ ਦੀ ਦੁਖ ਵਿਚ ਪਲਦੀ
ਸੁੱਕ ਤਬੀਤ ਹੋਈ ਵਿਚ ਦੁਖ ਦੇ, ਸੰਗ ਜੇ ਤੇਰਾ ਮਲਦੀ ਤਾਂ ਮੈਂ ਮਲਦੀ
ਕਿਸ਼ਨ ਸਿੰਘਾ ਰੰਗ ਨਾਲ ਵਿਛੋੜੇ, ਪੀਲਾ ਹੋ ਗਿਆ ਹਲਦੀ ਕਿਤੇ ਨ ਹਲਦੀ ।੬।

ਅੱਸੂ ਆਸ ਨਿਰਾਸ਼ ਨ ਕਰਕੇ, ਮੈਨੂੰ ਨਾਂਹ ਜਲਾਈਂ ਮੂਈ ਜਲਾਈਂ
ਘੱਤ ਸ਼ਤਾਬੀ ਮੋੜਾ ਜਾਨੀ, ਮੁਖੜਾ ਆਨ ਦਿਖਾਈਂ ਨਾਂਹ ਦੁਖਾਈਂ
ਬਾਝ ਤੇਰੇ ਦੀਦਾਰ ਦੇ ਮਰਦੀ, ਕੇਰਾਂ ਆਨ ਬਲਾਈਂ ਜਾਣ ਬਲਾਈਂ
ਕਿਸ਼ਨ ਸਿੰਘਾ ਮੈਂ ਤਰਲੇ ਕਰਦੀ, ਮੈਨੂੰ ਸੰਗਹਲਾਈਂ ਨਾਂਹ ਰੁਲਾਈਂ ।੭।

ਕੱਤਕ ਕੰਤਾ ! ਤੇਰੇ ਬਾਝੋਂ, ਮੈਂ ਹਾਂ ਦੁਖੜੇ ਭਰਦੀ ਦਮ ਨ ਭਰਦੀ
ਜੇਕਰ ਆਣ ਦਿਖਾਈ ਦੇਵੇਂ, ਮੈਂ ਹੋ ਜਾਵਾਂ ਬਰਦੀ ਤੁਝ ਦਿਲਬਰ ਦੀ
ਹਾੜੇ ਕਢਦੀ ਹਾੜ ਬੀਤਿਆ, ਨੇੜੇ ਆ ਗਈ ਸਰਦੀ ਘੜੀ ਨ ਸਰਦੀ
ਕਿਸ਼ਨ ਸਿੰਘਾ ! ਹੁਣ ਰਹਿਮ ਕਰੀਂ ਤੂੰ, ਬਾਂਦੀ ਤੇਰੇ ਦਰ ਦੀ ਹੋ ਜਾ ਦਰਦੀ ।੮।

ਮੱਘਰ ਮੋੜ ਮੁਹਾਰਾਂ ਸਾਈਆਂ, ਤੈਂ ਫੇਰਾ ਨ ਪਾਇਆ ਫੇਰਾ ਪਾਇਆ
ਜਾਨ ਲਬਾਂ ਤੇ ਆਈ ਮੇਰੇ, ਤੈਂ ਮੁਖ ਨ ਦਿਖਲਾਇਆ ਏਹ ਦੁਖ ਲਾਇਆ
ਤਿੰਨ ਮਹੀਨੇ ਬਾਕੀ ਰਹਿ ਗਏ, ਅਜੇ ਨ ਮੂੰਹ ਭਵਾਇਆ ਮੂੰਹ ਭਵਾਇਆ
ਕਿਸ਼ਨ ਸਿੰਘਾ ਹੁਣ ਤਾਂ ਮੈਂ ਬਚਦੀ, ਜੇ ਦਿਲਬਰ ਦਿਲ ਆਇਆ ਦਿਲ ਬਰ ਆਇਆ ।੯।

ਪੋਹ ਮਹੀਨੇ ਬਾਝ ਪੀਆ ਦੇ, ਪੁਛਦਾ ਨ ਕੋਈ ਹਾਲੀ ਹੋਈ ਬਿਹਾਲੀ
ਜੇਕਰ ਪੀਆ ਪਿਆਰਾ ਆਵੇ, ਹੋਵਾਂ ਮੈਂ ਮਤਵਾਲੀ ਤੇ ਮਤ ਵਾਲੀ
ਮੁਖ ਤੋਂ ਜ਼ਰਦੀ ਦੂਰ ਮੈਂ ਕਰਦੀ, ਚੜ੍ਹਦੀ ਆਣਕੇ ਲਾਲੀ ਲਾਲਾਂ ਵਾਲੀ
ਕਿਸ਼ਨ ਸਿੰਘਾ ਮੈਂ ਖ਼ੁਸ਼ੀ ਮਨਾ ਕੇ, ਨਜ਼ਰਾਂ ਦੇਵਾਂ ਡਾਲੀ ਫੁਲ ਦੀ ਡਾਲੀ ।੧੦।

ਮਾਘ ਮਾਹੀ ਦਿਨ ਰਾਤ ਮੈਂ ਸਾਰੀ, ਗਿਣਦੀ ਹਾਂ ਨਿਤ ਤਾਰੇ ਕਦੇ ਤਾਂ ਤਾਰੇ
ਦੁਖਾਂ ਆਣ ਸਤਾਇਆ ਮੈਨੂੰ, ਘੇਰੇ ਪਾਸੇ ਸਾਰੇ ਲਈ ਨ ਸਾਰੇ
ਨਾਲ ਵਿਛੋੜੇ ਪਿੰਜਰ ਹੋ ਗਈ, ਚੀਰੀ ਦੁਖ ਦੇ ਆਰੇ ਕਦੀ ਤਾਂ ਆ ਰੇ
ਕਿਸ਼ਨ ਸਿੰਘਾ ਹੁਣ ਆਣ ਨਿਕਾਲੀਂ, ਪਈ ਸਮੁੰਦਰ ਖਾਰੇ, ਹੱਡ ਨੇ ਖਾਰੇ ।੧੧।

ਫਾਗਨ ਫਾਗ ਤਿਨ੍ਹਾਂ ਦਾ ਦੁਸ਼ਮਨ, ਕੰਤ ਨਹੀਂ ਹੈ ਕੋਲੇ ਹੋਈਆਂ ਕੋਲੇ
ਸੁਣ ਕੇ ਸ਼ੋਰ ਸੁਹਾਗਣਿ ਸੰਦਾ, ਕੰਨ ਹੋ ਜਾਂਦੇ ਬੋਲੇ ਮੂੰਹੋਂ ਬੋਲੇ
ਦੇਖ ਨ ਸਕਦੀਆਂ ਰੰਗ ਤਮਾਸ਼ੇ, ਜਿਉਂ ਅੱਖੀਆਂ ਵਿਚ ਫੋਲੇ ਦਰਦਾਂ ਫੋਲੇ
ਕਿਸ਼ਨ ਸਿੰਘ ਮੈਂ ਅਰਜ਼ਾਂ ਕਰਦੀ, ਚਾੜ੍ਹ ਅਸਾਨੂੰ ਤੋਲੇ ਲੈ ਬਿਨ ਤੋਲੇ ।੧੨।

ਲੌਂਦ ਲਗਾ ਇਹ ਵੈਰੀ ਮੈਨੂੰ, ਸਾਲ ਅਜੇ ਨ ਮੁਕਦਾ ਨ ਦਮ ਮੁਕਦਾ
ਮੁਕੇ ਸਾਲ ਤੇ ਝੇੜਾ ਚੁਕੇ, ਤਨ ਜਾਂਦਾ ਹੈ ਸੁਕਦਾ ਨੀਰ ਨ ਸੁਕਦਾ
ਜਾਨ ਮੇਰੀ ਹੈ ਭਾਰੀ ਹੋ ਗਈ, ਮਲਕੁਲ ਮੌਤ ਭੀ ਲੁਕਦਾ ਭੇਦ ਨ ਲੁਕਦਾ
ਕਿਸ਼ਨ ਸਿੰਘਾ ਲੜ ਲਗ ਪੀਆ ਦੇ, ਚਾਰੋਂ ਤਰਫੋਂ ਚੁਕਦਾ ਫੇਰ ਨ ਚੁਕਦਾ ।੧੩।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਕਿਸ਼ਨ ਸਿੰਘ ਆਰਿਫ਼
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ