Kafian : Shah Hussain

ਕਾਫ਼ੀਆਂ : ਸ਼ਾਹ ਹੁਸੈਨ

ਕਾਫ਼ੀਆਂ ਸ਼ਾਹ ਹੁਸੈਨ (51-100)

51. ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ

ਇਸ਼ਕ ਫ਼ਕੀਰਾਂ ਦਾ ਕਾਇਮ ਦਾਇਮ,
ਕਬਹੂੰ ਨ ਥੀਵੈ ਬੇਹਾ ।
ਤੈਨੂੰ ਰੱਬ ਨਾ ਭੁੱਲੀ ਦੁਆਇ ਫ਼ਕੀਰਾਂ ਦੀ ਏਹਾ ।1।ਰਹਾਉ।

ਹੋਰਨਾਂ ਨਾਲ ਹਸੰਦੀ ਖਿਡੰਦੀ,
ਸਾਹਾਂ ਥੋਂ ਘੁੰਗਟ ਕੇਹਾ ।1।

ਸ਼ਹੁ ਨਾਲ ਤੂੰ ਮੂਲ ਨ ਬੋਲੈਂ,
ਏਹ ਗੁਮਾਨ ਕਿਵੇਹਾ ।2।

ਚਾਰੇ ਨੈਣ ਗਡਾਵਡ ਹੋਏ,
ਵਿੱਚ ਵਿਚੋਲਾ ਕੇਹਾ ।3।

ਉੱਛਲ ਨਦੀਆਂ ਤਾਰੂ ਹੋਈਆਂ,
ਵਿਚ ਬਰੇਤਾ ਕੇਹਾ ।4।

ਆਪ ਖਾਨੀਂ ਹੈਂ ਦੁੱਧ ਮਲੀਦਾ,
ਸ਼ਾਹਾਂ ਨੂੰ ਟੁੱਕਰ ਬੇਹਾ ।5।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਮਰ ਜਾਣਾ ਤੇ ਮਾਣਾ ਕੇਹਾ ।6।

52. ਇਥੇ ਰਹਿਣਾ ਨਾਹੀਂ

ਇਥੇ ਰਹਿਣਾ ਨਾਹੀਂ,
ਕੋਈ ਬਾਤ ਚਲਣੁ ਦੀ ਕਰੁ ਵੋ ।ਰਹਾਉ।

ਵਡੇ ਉੱਚੇ ਮਹਿਲ ਉਸਾਰਿਓ,
ਗੋਰ ਨਿਮਾਣੀ ਘਰੁ ਵੋ ।1।

ਜਿਸ ਦੇਹੀ ਦਾ ਤੂੰ ਮਾਣ ਕਰੇਨੈਂ,
ਜਿਉਂ ਪਰਛਾਵੈ ਢਰੁ ਵੋ ।2।

ਛੋੜ ਤ੍ਰਿਖਾਈ ਪਕੜਿ ਹਲੀਮੀ,
ਭੈ ਸਾਹਿਬ ਥੀਂ ਡਰੁ ਵੋ ।3।

ਕਹੈ ਹੁਸੈਨ ਹਯਾਤੀ ਲੋੜੇਂ
ਤਾਂ ਮਰਨ ਥੀਂ ਅਗੇ ਮਰ ਵੋ ।4।

53. ਈਵੈਂ ਗਈ ਵਿਹਾਇ

ਈਵੈਂ ਗਈ ਵਿਹਾਇ,
ਕੋਈ ਦਮ ਯਾਦੁ ਨ ਕੀਤਾ ।ਰਹਾਉ।

ਰਹੀ ਵੁਣਾਇ ਤਣਾਇ,
ਕੋਈ ਗਜ਼ ਪਾੜ ਨ ਲੀਤਾ ।1।

ਕੋਰਾ ਗਈ ਹੰਢਾਇ,
ਕੋਈ ਰੰਗਦਾਰ ਨ ਲੀਤਾ ।2।

ਭਰਿਆ ਸਰ ਲੀਲਾਇ,
ਕੋਈ ਬੁਕ ਝੋਲ ਨ ਪੀਤਾ ।3।

ਕਹੈ ਹੁਸੈਨ ਗਦਾਇ,
ਚਲਦਿਆਂ ਵਿਦਾ ਨ ਕੀਤਾ ।4।

54. ਈਵੈਂ ਗੁਜਰੀ ਰਾਤਿ

ਈਵੈਂ ਗੁਜਰੀ ਰਾਤਿ,
ਖੇਡਣਿ ਨਾ ਥੀਆ ।ਰਹਾਉ।

ਸਭੇ ਜਾਤੀ ਵੱਡੀਆਂ,
ਨਿਮਾਣੀ ਫ਼ਕੀਰਾਂ ਦੀ ਜਾਤਿ ।1।

ਖੇਡਿ ਘਿੰਨੋ ਖਿਡਾਇ ਘਿੰਨੋ,
ਥੀ ਗਈ ਪਰਭਾਤਿ ।2।

ਖੜਾ ਪੁਕਾਰੇ ਪਾਤਣੀ
ਬੇੜਾ ਕਵਾਤ ।3।

ਸ਼ਾਹ ਹੁਸੈਨ ਦੀ ਆਜਜ਼ੀ,
ਕਾਛ (ਕਾਫ਼) ਕੁਹਾੜੇ ਵਾਤਿ ।4।

55. ਈਵੇਂ ਗੁਜਰੀ ਗਾਲੀਂ ਕਰਦਿਆਂ

ਈਵੇਂ ਗੁਜਰੀ ਗਾਲੀਂ ਕਰਦਿਆਂ,
ਕੁਛੁ ਕੀਤੋ ਨਾਹੀਂ ਸਰਦਿਆਂ ।1।ਰਹਾਉ।

ਤੂੰ ਸੁਤੋਂ ਚਾਦਰ ਤਣਿ ਕੈ,
ਤੈਂ ਅਮਲਿ ਨ ਕੀਤਿਆਂ ਜਾਣਿ ਕੈ,
ਰਸ ਰੋਸੀਂ ਲੇਖਾ ਭਰਦਿਆਂ ।1।

ਜਾਇ ਪੁਛੋ ਇਨਾ ਵਾਂਢੀਆਂ,
ਜਿਨ੍ਹਾਂ ਅੰਦਰ ਬਲਦੀ ਡਾਢੀਆਂ,
ਉਨ੍ਹਾਂ ਅਰਜ ਨ ਕੀਤੀ ਡਰਦਿਆਂ ।2।

ਕਹੈ ਹੁਸੈਨ ਸੁਣਾਇ ਕੈ,
ਪਛੁਤਾਸੀਂ ਇਥੋਂ ਜਾਇ ਕੈ,
ਕੋਈ ਸੰਗ ਨ ਸਾਥੀ ਮਰਦਿਆਂ ।3।

56. ਜਾਗ ਨ ਲਧੀਆ ਸੁਣ ਜਿੰਦੂ

ਜਾਗ ਨ ਲਧੀਆ ਸੁਣ ਜਿੰਦੂ,
ਹਭੋ ਵਿਹਾਣੀ ਰਾਤ ।ਰਹਾਉ।

ਇਸ ਦਮ ਦਾ ਵੋ ਕੀ ਭਰਵਾਸਾ,
ਰਹਿਨ ਸਰਾਂਈਂ ਰਾਤ ।1।

ਵਿਛੁੜੇ ਤਨ ਮਨ ਬਹੁੜ ਨ ਮੇਲਾ,
ਜਿਉਂ ਤਰਵਰ ਤੁੱਟੈ ਪਾਤ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਇ ਗਈ ਪਰਭਾਤ ।3।

57. ਜਾਂ ਜੀਵੈਂ ਤਾਂ ਡਰਦਾ ਰਹੁ ਵੋ

ਜਾਂ ਜੀਵੈਂ ਤਾਂ ਡਰਦਾ ਰਹੁ ਵੋ ।ਰਹਾਉ।

ਬਾਂਦਰ ਬਾਜੀ ਕਰੈ ਬਜਾਰੀ,
ਸਹਿਲ ਨਹੀਂ ਉਥੈ ਲਾਵਨ ਯਾਰੀ,
ਰਹੁ ਵੋ ਅਡਕ ਵਛੇੜ ਅਨਾੜੀ,
ਕਢਿ ਨ ਗਰਦਨ ਸਿਧਾ ਵਹੁ ਵੋ ।1।

ਨੇਹੀ ਸਿਰ ਤੇ ਨਾਉਂ ਧਰਾਵਨ,
ਬਲਦੀ ਆਤਸ਼ ਨੂੰ ਹਥਿ ਪਾਵਨ,
ਆਹੀਂ ਕੱਢਣ ਤੇ ਕੂਕ ਸੁਣਾਵਨ,
ਗਲਿ ਨ ਤੈਨੂੰ ਬਣਦੀ ਓਹੁ ਵੋ ।2।

ਦਰ ਮੈਦਾਨ ਮੁਹੱਬਤ ਜਾਤੀ,
ਸਹਿਲ ਨਹੀਂ ਉਥੇ ਪਾਵਨ ਝਾਤੀ,
ਜੈਂ ਤੇ ਬਿਰਹੁ ਵਗਾਵੈ ਕਾਤੀ,
ਮੁਢਿ ਕਲੇਜੇ ਦੇ ਅੰਦਰ ਡਹੁ ਵੋ ।3।

ਅਸਲੀ ਇਸ਼ਕ ਮਿੱਤਰਾਂ ਦਾ ਏਹਾ,
ਪਹਲੇ ਮਾਰ ਸੁਕਾਵਨ ਦੇਹਾ,
ਸਹਲ ਨਹੀਂ ਉਥੈ ਲਾਵਨ ਨੇਹਾ,
ਜੇ ਲਾਇਓ ਤਾਂ ਕਿਸੇ ਨ ਕਹੁ ਵੋ ।4।

ਤਉ ਬਾਝੂ ਸਭ ਝੂਠੀ ਬਾਜੀ,
ਕੂੜੀ ਦੁਨੀਆਂ ਫਿਰੈ ਗਮਾਜ਼ੀ,
ਨਹੂੰ ਹਕੀਕਤ ਘਿੰਨ ਮਿਜਾਜ਼ੀ,
ਦੋਵੇਂ ਗੱਲਾਂ ਸੁਟਿ ਨ ਬਹੁ ਵੋ ।5।

ਕਹੈ ਹੁਸੈਨ ਫ਼ਕੀਰ ਗਦਾਈ,
ਦਮ ਨ ਮਾਰੇ ਬੇ ਪਰਵਾਹੀ,
ਸੋ ਜਾਣੈ ਜਿਨਿ ਆਪੇ ਲਾਈ,
ਅਹੁ ਵੇਖ ਜਾਂਞੀ ਆਏ ਅਹੁ ਵੋ ।6।

58. ਜਗਿ ਮੈਂ ਜੀਵਨ ਥੋਹੜਾ ਕਉਣ ਕਰੇ ਜੰਜਾਲ

ਜਗਿ ਮੈਂ ਜੀਵਨ ਥੋਹੜਾ ਕਉਣ ਕਰੇ ਜੰਜਾਲ ।ਰਹਾਉ।

ਕੈਂਦੇ ਘੋੜੇ ਹਸਤੀ ਮੰਦਰ,
ਕੈਂਦਾ ਹੈ ਧਨ ਮਾਲ ।1।

ਕਹਾਂ ਗਏ ਮੁਲਾਂ ਕਹਾਂ ਗਏ ਕਾਜ਼ੀ,
ਕਹਾਂ ਗਏ ਕਟਕ ਹਜ਼ਾਰ ।2।

ਇਹ ਦੁਨੀਆਂ ਦਿਨ ਦੋਇ ਪਿਆਰੇ,
ਹਰ ਦਮ ਨਾਮ ਸਮਾਲ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਝੂਠਾ ਸਭ ਬਿਉਪਾਰ ।4।

59. ਜਹਾਂ ਦੇਖੋ ਤਹਾਂ ਕਪਟ ਹੈ

ਜਹਾਂ ਦੇਖੋ ਤਹਾਂ ਕਪਟ ਹੈ,
ਕਹੂੰ ਨ ਪਇਓ ਚੈਨ ।

ਦਗ਼ਾਬਾਜ਼ ਸੰਸਾਰ ਤੇ,
ਗੋਸ਼ਾ ਪਕੜਿ ਹੁਸੈਨ ।ਰਹਾਉ।

ਮਨ ਚਾਹੇ ਮਹਿਬੂਬ ਕੋ,
ਤਨ ਚਾਹੇ ਸੁਖ ਚੈਨ ।1।

ਦੋਇ ਰਾਜੇ ਕੀ ਸੀਂਧ ਮੈਂ
ਕੈਸੇ ਬਣੇ ਹੁਸੈਨ ।2।

60. ਜੇਤੀ ਜੇਤੀ ਦੁਨੀਆਂ ਰਾਮ ਜੀ

ਜੇਤੀ ਜੇਤੀ ਦੁਨੀਆਂ ਰਾਮ ਜੀ,
- ਤੇਰੇ ਕੋਲੋਂ ਮੰਗਦੀ ।ਰਹਾਉ।

ਕੂੰਡਾ ਦੇਈਂ ਸੋਟਾ ਦੇਈਂ,
ਕੋਠੀ ਦੇਈਂ ਭੰਗ ਦੀ ।

ਸਾਫ਼ੀ ਦੇਈਂ ਮਿਰਚਾਂ ਦੇਈਂ,
ਬੇ-ਮਿਨਤੀ ਦੇਈਂ ਰੰਗ ਦੀ ।

ਪੋਸਤ ਦੇਈਂ ਬਾਟੀ ਦੇਈਂ,
ਚਾਟੀ ਦੇਈਂ ਖੰਡ ਦੀ ।

ਗਿਆਨ ਦੇਈਂ ਧਿਆਨ ਦੇਈਂ,
ਮਹਿਮਾ ਸਾਧੂ ਸੰਗ ਦੀ ।

ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਇਹ ਦੁਆਇ ਮਲੰਗ ਦੀ ।

61. ਝੁਮੇ ਝੁਮ ਖੇਲਿ ਲੈ ਮੰਝ ਵੇਹੜੇ

ਝੁਮੇ ਝੁਮ ਖੇਲਿ ਲੈ ਮੰਝ ਵੇਹੜੇ,
ਜਪਦਿਆਂ ਨੂੰ ਹਰਿ ਨੇੜੇ ।1।ਰਹਾਉ।

ਵੇਹੜੇ ਦੇ ਵਿਚ ਨਦੀਆਂ ਵਗਣਿ,
ਬੇੜੇ ਲੱਖ ਹਜ਼ਾਰ,
ਕੇਤੀ ਇਸ ਵਿਚ ਡੁੱਬਦੀ ਡਿੱਠੀ,
ਕੇਤੀ ਲੰਘੀ ਪਾਰਿ ।1।

ਇਸ ਵੇਹੜੇ ਦੇ ਨੌਂ ਦਰਵਾਜ਼ੇ,
ਦਸਵੇਂ ਕੁਲਫ਼ ਚੜ੍ਹਾਈ,
ਤਿਸੁ ਦਰਵਾਜ਼ੇ ਦੀ ਮਹਿਰਮੁ ਨਾਹੀਂ,
ਜਿਤੁ ਸਹੁ ਆਵਹਿ ਜਾਈ ।2।

ਵੇਹੜੇ ਦੇ ਵਿਚਿ ਆਲਾ ਸੋਹੇ,
ਆਲੇ ਦੇ ਵਿਚ ਤਾਕੀ,
ਤਾਕੀ ਦੇ ਵਿਚਿ ਸੇਜ ਵਿਛਾਵਾਂ,
ਅਪਣੇ ਪੀਆ ਸੰਗਿ ਰਾਤੀ ।3।

ਇਸ ਵੇਹੜੇ ਵਿਚ ਮਕਨਾਂ ਹਾਥੀ,
ਸੰਗਲ ਨਾਲ ਖਹੇੜੇ,
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਜਾਗਦਿਆਂ ਕਉਣ ਛੇੜੇ ।4।

62. ਜਿੰਦੂ ਮੈਂਡੜੀਏ

ਜਿੰਦੂ ਮੈਂਡੜੀਏ,
ਤੇਰਾ ਨਲੀਆਂ ਦਾ ਵਖਤ ਵਿਹਾਣਾ ।ਰਹਾਉ ।

ਰਾਤੀਂ ਕਤੈਂ ਰਾਤੀਂ ਅਟੇਰੈਂ,
ਗੋਸ਼ੇ ਲਾਇਓ ਤਾਣਾ ।

ਇਕ ਜੁ ਤੰਦ ਅਵੱਲਾ ਪੈ ਗਇਆ,
ਸਾਹਿਬ ਮੂਲ ਨ ਭਾਣਾ ।

ਚਾਰ ਦਿਹਾੜੇ ਗੋਇਲ ਵਾਸਾ,
ਉਠ ਚੜਦਾ ਪਛੋਤਾਣਾ ।

ਚੀਰੀ ਆਈ ਢਿੱਲ ਨ ਕਰਸੀ,
ਕੀ ਰਾਜਾ ਕੀ ਰਾਣਾ ।

ਕਿਸੇ ਨਵਾਂ ਕਿਸੇ ਪੁਰਾਣਾ,
ਕਿਸੇ ਅੱਧੋਰਾਣਾ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਬਿਨ ਮਸਲਤ ਉੱਠ ਜਾਣਾ ।

63. ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ

ਜਿਨ੍ਹਾਂ ਖੜੀ ਨ ਕੀਤੀ ਮੇਰੀ ਡੋਲੜੀ,
ਅਨੀ ਹੋ ਮਾਂ ਦੋਸ ਕਹਾਰਾਂ ਨੂੰ ।ਰਹਾਉ।

ਕੋਲੋਂ ਤੈਂਡੇ ਵਾਹੀ ਲਡਿ ਲਡਿ ਚਲੇ,
ਤੈਂ ਅਜੇ ਨ ਬੱਧਾ ਭਾਰਾਂ ਨੂੰ ।1।

ਇਕ ਲਡਿ ਚਲੇ ਇਕ ਬੰਨ੍ਹ ਬੈਠੇ,
ਕਉਣ ਉਠਾਇ ਸਾਡਿਆਂ ਭਾਰਾਂ ਨੂੰ ।2।

ਸਿਰ ਤੇ ਮਉਤ ਖੜੀ ਪੁਕਾਰੇ,
ਮਨ ਲੋਚੇ ਬਾਗ਼ੁ ਬਹਾਰਾਂ ਨੂੰ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਕੋਈ ਮੁੜਿ ਸਮਝਾਵੇ ਇਨ੍ਹਾਂ ਯਾਰਾਂ ਨੂੰ ।4।

64. ਜਿਸ ਨਗਰੀ ਠਾਕੁਰ ਜਸੁ ਨਾਹੀਂ

ਜਿਸ ਨਗਰੀ ਠਾਕੁਰ ਜਸੁ ਨਾਹੀਂ,
ਸੋ ਕਾਕਰ ਕੂਕਰ ਬਸਤੀ ਹੈ ।

ਅਗਰ ਚੰਦਨ ਕੀ ਸਾਰੁ ਨ ਜਾਣੈ,
ਪਾਥਰ ਸੇਤੀ ਘਸਤੀ ਹੈ ।

ਛੈਲਾਂ ਸੇਤੀ ਘੁੰਘਟ ਕਾਢੇ,
ਬੈਲਾਂ ਸੇਤੀ ਹਸਤੀ ਹੈ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਵਾ ਸੇਰ ਕੀ ਮਸਤੀ ਹੈ ।

65. ਜਿਤੁ ਵਲਿ ਮੈਂਡਾ ਮਿੱਤਰ ਪਿਆਰਾ

ਜਿਤੁ ਵਲਿ ਮੈਂਡਾ ਮਿੱਤਰ ਪਿਆਰਾ,
ਉਥੇ ਵੰਝ ਆਖੀਂ ਮੈਂਡੀ ਆਜਜ਼ੀ ਵੋ ।ਰਹਾਉ।

ਜੋਗਣਿ ਹੋਵਾਂ ਧੂੰਹਾਂ ਪਾਂਵਾਂ,
ਤੇਰੇ ਕਾਰਣਿ ਮੈਂ ਮਰਿ ਜਾਵਾਂ,
ਤੈਂ ਮਿਲਿਆਂ ਮੇਰੀ ਤਾਜ਼ਗੀ ਵੋ ।1।

ਰਾਤੀਂ ਦਰਦੁ ਦਿਹੈਂ ਦਰਮਾਂਦੀ,
ਮਰਨ ਅਸਾਡਾ ਵਾਜਬੀ ਵੋ ।2।

ਲਿਟਾਂ ਖੋਲਿ ਗਲੇ ਵਿਚ ਪਾਈਆਂ,
ਮੈਂ ਬੈਰਾਗਣਿ ਆਦਿ ਦੀ ਵੋ ।3।

ਜੰਗਲ ਬੇਲੇ ਫਿਰਾਂ ਢੁੰਢੇਦੀ,
ਕੂਕ ਨ ਸਕਾਂ ਮਾਰੀ ਲਾਜ ਦੀ ਵੋ ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਰਾਤੀਂ ਦਿਹੇਂ ਮੈਂ ਜਾਗਦੀ ਵੋ ।5।

66. ਜੋਬਨ ਗਇਆ ਤਾਂ ਘਲਿਆ

ਜੋਬਨ ਗਇਆ ਤਾਂ ਘਲਿਆ,
ਰੱਬਾ ਤੇਰੀ ਮਿਹਰ ਨ ਜਾਵੇ ।

ਆਇਆ ਸਾਵਣਿ ਮਨ ਪਰਚਾਵਣ,
ਸਈਆਂ ਖੇਡਣਿ ਸਾਵੇਂ ।ਰਹਾਉ।

ਨੈਂ ਭੀ ਡੂੰਘੀ ਤੁਲਾ ਪੁਰਾਣਾ,
ਮਉਲਾ ਪਾਰ ਲੰਘਾਵੇ ।1।

ਇਕਨਾਂ ਵਟੀਆਂ ਪੂਣੀਆਂ,
ਇਕ ਸੂਤ ਵੁਣਾਵੇ ।2।

ਇਕ ਕੰਤਾਂ ਬਾਝ ਵਿਚਾਰੀਆਂ,
ਇਕਨਾਂ ਢੋਲ ਕਲਾਵੇ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਝੂਠੇ ਬੰਨ੍ਹਦੇ ਨੀ ਦ੍ਹਾਵੇ ।4।

67. ਕਾਈ ਬਾਤ ਚਲਣ ਦੀ ਤੂੰ ਕਰ ਵੋਏ

ਕਾਈ ਬਾਤ ਚਲਣ ਦੀ ਤੂੰ ਕਰ ਵੋਏ,
ਇਤੈ ਰਹਿਨਾ ਨਾਹੀਂ ।

ਸਾਢੇ ਤਰੈ ਹੱਥ ਮਿਲਖ ਬੰਦੇ ਦੀ,
ਗੋਰ ਨਿਮਾਣੀ ਘਰ ਵੋਏ ।ਰਹਾਉ।

ਉਚੇ ਮੰਦਰ ਸੁਨਹਿਰੀ ਛੱਜੇ,
ਵਿਚ ਰਖਾਇਆ ਦਰ ਵੋਏ ।

ਜਿਸ ਮਾਇਆ ਦਾ ਮਾਣ ਕਰੇਂਦਾ,
ਸੋ ਦੂਤਾਂ ਦਾ ਘਰ ਵੋਏ ।

ਲਿਖ ਲਿਖਿ ਪੜ੍ਹਨਾ ਮੂਲ ਨ ਗੁੜ੍ਹਨਾ,
ਭੈ ਸਾਈਂ ਦਾ ਕਰ ਵੋਏ ।

ਜਾਂ ਆਈ ਆਗਿਆ ਪ੍ਰਭੁ ਬੁਲਾਇਆ,
ਹੋਇ ਨਿਮਾਣਾ ਤੂੰ ਚਲ ਵੋਏ ।

ਆਗੈ ਸਾਹਿਬ ਲੇਖਾ ਮਾਂਗੈ,
ਤਾਂ ਤੂੰ ਭੀ ਕੁਛ ਕਰ ਵੋਏ ।

ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਮਰਣ ਤੇ ਅੱਗੇ ਮਰ ਵੋਏ ।

68. ਕਦੀ ਸਮਝ ਮੀਆਂ ਮਰਿ ਜਾਣਾ ਹੀ

ਕਦੀ ਸਮਝ ਮੀਆਂ ਮਰਿ ਜਾਣਾ ਹੀ ।
ਕੂੜੀ ਸੇਜ ਸਵੇਂ ਦਿਨ ਰਾਤੀਂ,
ਕੂੜਾ ਤੂਲ ਵਿਹਾਣਾ ਹੀ ।ਰਹਾਉ।

ਹੱਡਾਂ ਦਾ ਕਲਬੂਤ ਬਣਾਇਆ,
ਵਿਚ ਰਖਿਆ ਭੌਰ ਰਬਾਣਾ ਹੀ ।1।

ਚਾਰ ਦਿਹਾੜੇ ਗੋਇਲ ਵਾਸਾ,
ਲਦ ਚਲਿਓ ਲਬਾਣਾ ਹੀ ।2।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਸਾਈਂ ਦਾ ਰਾਹਿ ਨਿਮਾਣਾ ਹੀ ।3।

69. ਕਦੀ ਸਮਝ ਨਿਦਾਨਾ

ਕਦੀ ਸਮਝ ਨਿਦਾਨਾ,
ਘਰਿ ਕਿੱਥੇ ਈ ਸਮਝ ਨਿਦਾਨਾ ।ਰਹਾਉ।

ਆਪਿ ਕਮੀਨਾ ਤੇਰੀ ਅਕਲ ਕਮੀਨੀ,
ਕਉਣ ਕਹੈ ਤੂੰ ਦਾਨਾ ।1।

ਇਨ੍ਹੀਂ ਰਾਹੀਂ ਜਾਂਦੇ ਡਿੱਠੜੇ,
ਮੀਰ, ਮਲਕ, ਸੁਲਤਾਨਾ ।2।

ਆਪੇ ਮਾਰੇ ਤੇ ਆਪ ਜੀਵਾਲੇ,
ਅਜ਼ਰਾਈਲ ਬਹਾਨਾ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਬਿਨ ਮਸਲਤਿ ਉਠ ਜਾਣਾ ।4।

70. ਕੈ ਬਾਗੈ ਦੀ ਮੂਲੀ ਹੁਸੈਨ

ਕੈ ਬਾਗੈ ਦੀ ਮੂਲੀ ਹੁਸੈਨ,
ਤੂੰ ਕੈ ਬਾਗੈ ਦੀ ਮੂਲੀ ।ਰਹਾਉ।

ਬਾਗਾਂ ਦੇ ਵਿਚਿ ਫੁਲਿ ਅਜਾਇਬ,
ਤੂੰ ਬੀ ਇਕ ਗੰਧੂਲੀ ।1।

ਆਪਣਾ ਆਪਿ ਪਛਾਣੇ ਨਾਹੀਂ,
ਅਵਰਾ ਦੇਖਿ ਕਿਉਂ ਭੂਲੀ ।2।

ਇਸ਼ਕੇ ਦੇ ਦਰਿਆਉ ਕਰਾਹੀ,
ਮਨਸੂਰ ਕਬੂਲੀ ਸੂਲੀ ।3।

ਸ਼ਾਹ ਹੁਸੈਨ ਪਇਆ ਦਰ ਉਤੇ,
ਜੇ ਕਰਿ ਪਵੈ ਕਬੂਲੀ ।4।

71. ਕਉਣ ਕਿਸੇ ਨਾਲ ਰੁੱਸੇ

ਕਉਣ ਕਿਸੇ ਨਾਲ ਰੁੱਸੇ ।ਰਹਾਉ।

ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,
ਜੀਵਣ ਕੋਈ ਨ ਦੱਸੇ ।1।

ਸਰ ਪਰਿ ਲੱਦਣਾ ਏਸ ਜਹਾਨੋਂ,
ਰਹਿਣਾ ਨਾਹੀਂ ਕਿੱਸੇ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੇਂਦੜੀ ਰੱਸੇ ।3।

72. ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ

ਕੇੜ੍ਹੇ ਦੇਸੋਂ ਆਈਓਂ ਨੀਂ ਕੁੜੀਏ,
ਤੈਂ ਕੇਹਾ ਕੇਹਾ ਸ਼ੋਰ ਮਚਾਇਓ ਕਿਉਂ ।

ਅਪੁਨਾ ਸੂਤ ਤੈਂ ਆਪੁ ਵੰਝਾਇਆ,
ਦੋਸੁ ਜੁਲਾਹੇ ਨੂੰ ਲਾਇਓ ਕਿਉਂ ।ਰਹਾਉ।

ਤੇਰੇ ਅੱਗੇ ਅੱਗੇ ਚਰਖਾ,
ਪਿੱਛੇ ਪਿੱਛੇ ਪੀਹੜਾ,
ਕਤਨੀ ਹੈਂ ਹਾਲੁ ਭਲੇਰੇ ਕਿਉਂ ।1।

ਛੱਲੜੀਆਂ ਪੰਜ ਪਾਇ ਪਛੋਟੇ,
ਜਾਇ ਬਜਾਰ ਖਲੋਵੇਂ ਕਿਉਂ ।2।

ਨਾਲਿ ਸਰਾਫ਼ਾਂ ਦੇ ਝੇੜਾ ਤੇਰਾ,
ਲੇਖਾ ਦੇਂਦੀ ਤੂੰ ਰੋਵੇਂ ਕਿਉਂ ।3।

ਸਈਆਂ ਵਿਚ ਖਿਡੰਦੀਏ ਕੁੜੀਏ,
ਸਹੁ ਮਨਹੁ ਭੁਲਾਇਓ ਕਿਉਂ ।4।

ਰਾਹਾਂ ਦੇ ਵਿਚਿ ਅਉਖੀ ਹੋਸੇਂ,
ਇਤਨਾ ਭਾਰ ਉਠਾਇਓ ਕਿਉਂ ।5।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮਰਨਾ ਚਿਤਿ ਨ ਆਇਓ ਕਿਉਂ ।6।

73. ਕਿਆ ਕਰਸੀ ਬਾਬ ਨਿਮਾਣੀ ਦੇ

ਕਿਆ ਕਰਸੀ ਬਾਬ ਨਿਮਾਣੀ ਦੇ ।
ਨ ਅਸਾਂ ਕੱਤਿਆ ਨ ਅਸਾਂ ਤੁੰਬਿਆ,
ਕੇਹਾ ਬਖਰਾ ਤਾਣੀ ਦੇ ।ਰਹਾਉ।

ਜੰਮਦਿਆਂ ਤਿਲ ਰੋਵਣ ਲੱਗੇ,
ਯਾਦ ਪਇਓ ਨੇ ਦਿਨ ਘਾਣੀ ਦੇ ।1।

ਗੋਰ ਨਿਮਾਣੀ ਵਿਚ ਪਉਂਦੀਆਂ ਕਹੀਆਂ,
ਹੂ ਹਵਾਈਂ ਤੇਰੀਆਂ ਇਥੇ ਰਹੀਆਂ,
ਵਾਸੁ ਆਇਆ ਵਿਚ ਵਾਣੀ ਦੇ ।2।

ਕਹੈ ਹੁਸੈਨ ਫ਼ਕੀਰ ਮਉਲੇ ਦਾ,
ਆਖੇ ਸੁਖਨ ਹੱਕਾਨੀ ਦੇ ।3।

74. ਕਿਆ ਕੀਤੋ ਏਥੈ ਆਇ ਕੈ

ਕਿਆ ਕੀਤੋ ਏਥੈ ਆਇ ਕੈ,
ਕਿਆ ਕਰਸੈਂ ਉਥੇ ਜਾਇ ਕੈ ।1।ਰਹਾਉ।

ਨਾ ਤੈਂ ਤੁੰਬਣ ਤੁੰਬਿਆ,
ਨਾ ਤੈਂ ਪਿੰਞਣ ਪਿੰਞਿਆ,
ਨਾ ਲੀਤੋ ਸੂਤ ਕਤਾਇ ਕੈ ।1।

ਨਾ ਤੈਂ ਚਰਖਾ ਫੇਰਿਆ,
ਨਾ ਤੈਂ ਸੂਤੁ ਅਟੇਰਿਆ,
ਨਾ ਲੀਤੋ ਤਾਣੀ ਤਣਾਇ ਕੈ ।2।

ਨਾ ਤੈਂ ਵੇਲ ਪਿੰਜਾਇਆ,
ਨਾ ਤੈਂ ਪੱਛੀ ਪਾਇਆ,
ਨਾ ਲੀਤੋ ਦਾਜ ਰੰਗਾਇ ਕੈ ।3।

ਸ਼ਾਹ ਹੁਸੈਨ ਮੈਂ ਦਾਜ ਵਿਹੂਣੀਆਂ,
ਅਮਲਾਂ ਬਾਝਹੁ ਗੱਲਾਂ ਕੂੜੀਆਂ,
ਨਾ ਲੀਤੋ ਸ਼ਹੁ ਰੀਝਾਇ ਕੈ ।4।

75. ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ

ਕਿਤ ਗੁਣ ਲਗੇਂਗੀ ਸਹੁ ਨੂੰ ਪਿਆਰੀ ।ਰਹਾਉ।

ਅੰਦਰਿ ਤੇਰੇ ਕੂੜਾ ਵਤਿ ਗਇਓ ਹੀ,
ਮੂਲ ਨ ਦਿਤਓ ਬੁਹਾਰੀ ।1।

ਕੱਤਣੁ ਸਿੱਖ ਨੀ ਵਲੱਲੀਏ ਕੁੜੀਏ,
ਚੜ੍ਹਿਆ ਲੋੜੇਂ ਖਾਰੀ ।2।

ਤੰਦੂ ਟੁਟੀ ਅਟੇਰਨ ਭੰਨਾ,
ਚਰਖੇ ਦੀ ਕਰ ਕਾਰੀ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਮਲਾਂ ਬਾਝੁ ਖੁਆਰੀ ।4।

76. ਕਿਉਂ ਗੁਮਾਨ ਜਿੰਦੂ ਨੀ

ਕਿਉਂ ਗੁਮਾਨ ਜਿੰਦੂ ਨੀ,
ਆਖਰ ਮਾਟੀ ਸਿਉਂ ਰਲ ਜਾਣਾ ।
ਮਾਟੀ ਸਿਉਂ ਰਲਿ ਜਾਣਾ ਹੈ ਤਾਂ,
ਸਰਪਰ ਦੁਨੀਆਂ ਜਾਣਾ ।ਰਹਾਉ।

ਮੀਰ ਮਲਕੁ ਪਾਤਿਸ਼ਾਹੁ ਸ਼ਹਿਜ਼ਾਦੇ,
ਚੋਆ ਚੰਦਨ ਲਾਂਦੇ ।
ਖ਼ੁਸ਼ੀਆਂ ਵਿਚ ਰਹਿਣ ਮਤਵਾਲੇ,
ਨੰਗੀਂ ਪੈਰੀਂ ਜਾਂਦੇ ।1।

ਲਉ ਬਾਲੀ ਦਰਗਾਹ ਸਾਹਿਬ ਦੀ,
ਕਹੀ ਨ ਚਲਦਾ ਮਾਣਾ ।
ਆਪੋ ਆਪਿ ਜਬਾਬ ਪੁਛੀਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ ।2।

77. ਕੋਈ ਦਮ ਜੀਂਵਦਿਆਂ ਰੁਸ਼ਨਾਈ

ਕੋਈ ਦਮ ਜੀਂਵਦਿਆਂ ਰੁਸ਼ਨਾਈ,
ਮੁਇਆਂ ਦੀ ਖ਼ਬਰ ਨ ਕਾਈ ।ਰਹਾਉ।

ਚਹੁੰ ਜਣਿਆਂ ਰਲਿ ਡੋਲੀ ਚਾਈ,
ਸਾਹੁਰੜੈ ਪਹੁੰਚਾਈ ।

ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੂਣੀ ਆਈ ।

ਕਬਰ ਨਿਮਾਣੀ ਵਿਚ ਵੱਗਣ ਕਹੀਆਂ,
ਬੰਨ੍ਹ ਚਲਾਈਆਂ ਡਾਢੇ ਦੀਆਂ ਵਹੀਆਂ,
ਰਹੀਆਂ ਹੂਲ ਹਵਾਈ ।

ਕਹੈ ਹੁਸੈਨ ਫ਼ਕੀਰ ਰਬਾਣਾ,
ਦੁਨੀਆਂ ਛੋਡ ਜ਼ਰੂਰਤ ਜਾਣਾ,
ਰੱਬ ਡਾਹਢੇ ਕਲਮ ਵਗਾਈ ।

78. ਕੋਈ ਦਮ ਮਾਣ ਲੈ ਰੰਗ ਰਲੀਆਂ

ਕੋਈ ਦਮ ਮਾਣ ਲੈ ਰੰਗ ਰਲੀਆਂ,
ਧਨ ਜੋਬਨ ਦਾ ਮਾਣ ਨ ਕਰੀਐ,
ਬਹੁਤ ਸਿਆਣੀਆਂ ਛਲੀਆਂ ।ਰਹਾਉ।

ਜਿਨ੍ਹਾਂ ਨਾਲ ਬਾਲਪਣ ਖੇਡਿਆ,
ਸੇ ਸਈਆਂ ਉੱਠ ਚਲੀਆਂ ।1।

ਬਾਬਲ ਅੱਤਣ ਛੱਡ ਛੱਡ ਗਈਆਂ,
ਸਾਹੁਰੜੈ ਘਰ ਚਲੀਆਂ ।2।

ਇਹ ਗਲੀਆਂ ਭੀ ਸੁਪਨਾ ਥੀਸਨ,
ਬਾਬਲ ਵਾਲੀਆਂ ਗਲੀਆਂ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕਰ ਲੈ ਗਾਲੀਂ ਭਲੀਆਂ ।4।

79. ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ

ਕੁੜੇ ਜਾਂਦੀਏ ਨੀ ਤੇਰਾ ਜੋਬਨ ਕੂੜਾ,
ਫੇਰ ਨ ਹੋਸੀਆ ਰੰਗਲਾ ਚੂੜਾ ।ਰਹਾਉ।

ਵਤਿ ਨ ਹੋਸੀਆ ਅਹਿਲ ਜਵਾਨੀ,
ਹੱਸ ਲੈ ਖੇਡ ਲੈ ਨਾਲ ਦਿਲ ਜਾਨੀ,
ਮੁਹਿ ਤੇ ਪਉਸੀਆ ਖਾਕ ਦਾ ਧੂੜਾ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬ ਡਾਢੇ ਦਾ ਭਾਣਾ,
ਚਲਣਾ ਹੀ ਤਾਂ ਬੰਨ ਲੈ ਮੂੜ੍ਹਾ ।2।

80. ਲਟਕਦੀ ਲਟਕਦੀ ਨੀਂ ਮਾਏ

ਲਟਕਦੀ ਲਟਕਦੀ ਨੀਂ ਮਾਏ,
ਹਰਿ ਬੋਲੋ ਰਾਮੁ ਲਟਕਦੀ ਸਾਹੁਰੇ ਚੱਲੀ ।

ਸੱਸੁ ਨਿਣਾਣਾਂ ਦੇਵਨਿ ਤਾਅਨੇ,
ਫਿਰਦੀ ਹੈਂ ਘੁੰਘਟ ਖੁੱਲ੍ਹੀ ।

ਭੋਲੜੀ ਮਾਇ ਕਸੀਦੜੇ ਪਾਇਆ,
ਮੈਂ ਕੱਢਿ ਨ ਜਾਣਦੀ ਝੱਲੀ ।

ਬਾਬਲੁ ਦੇ ਘਰਿ ਕੁਝ ਨ ਵੱਟਿਆ,
ਤੇ ਕੁਝਿ ਨ ਖੱਟਿਆ,
ਮੇਰੇ ਹਥਿ ਨੀਂ ਅਟੇਰਨ ਛੱਲੀ ।ਰਹਾਉ।

ਨਾਲ ਜਿਨ੍ਹਾਂ ਦੇ ਅਤਣਿ ਬਹਿੰਦੀ,
ਵੇਖਦੀ ਸੁਣਦੀ ਵਾਰਤਾ ਕਹਿੰਦੀ ,
ਹੁਣਿ ਪਕੜਿ ਤਿਨਾਹਾਂ ਘੱਲੀ ।1।

ਡਾਢੇ ਦੇ ਪਿਆਦੜੇ ਨੀਂ ਆਏ,
ਆਨਿ ਕੇ ਹੱਥਿ ਉਨ੍ਹਾਂ ਤਕੜੇ ਨੀਂ ਪਾਏ,
ਮੇਰਾ ਚਾਰਾ ਕੁਝ ਨ ਚੱਲੀ ।2।

ਲਟਕਦੀ ਲਟਕਦੀ ਮੈਂ ਸੇਜਿ ਤੇ ਨੀਂ ਆਈ,
ਛੋਡਿ ਚੱਲੇ ਮੈਨੂੰ ਸੱਕੜੇ ਨੀਂ ਭਾਈ,
ਫੁੱਲ ਪਾਨ ਬੀੜਾ ਮੈਨੂੰ ਅਹਲ ਦਿਖਲਾਈ,
ਮੈਂ ਸੇਜ ਇਕੱਲੜੀ ਮੱਲੀ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਥੀਸੀ ਰੱਬੁ ਡਾਢੇ ਦਾ ਭਾਣਾ,
ਮੈਂ ਆਈ ਹਾਂ ਅੱਲ ਵਲੱਲੀ ।4।

81. ਲਿਖੀ ਲੌਹ ਕਲਮ ਦੀ ਕਾਦਰ

ਲਿਖੀ ਲੌਹ ਕਲਮ ਦੀ ਕਾਦਰ,
ਨੀਂ ਮਾਏ, ਮੋੜੁ ਜੇ ਸਕਨੀ ਹੇਂ ਮੋੜ ।ਰਹਾਉ।

ਡੋਲੀ ਪਾਇ ਲੈ ਚੱਲੇ ਖੇੜੇ,
ਨਾ ਮੈਂ ਥੇ ਉਜਰ ਨਾ ਜ਼ੋਰੁ ।
ਰਾਂਝਣ ਸਾਨੂੰ ਕੁੰਡੀਆਂ ਪਾਈਆਂ,
ਦਿਲ ਵਿਚ ਲੱਗੀਆਂ ਜ਼ੋਰੁ ।1।

ਮੱਛੀ ਵਾਂਗੂੰ ਪਈ ਤੜਫਾਂ,
ਕਾਦਰ ਦੇ ਹਥਿ ਡੋਰ ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖੇੜਿਆਂ ਦਾ ਕੂੜਾ ਸ਼ੋਰੁ ।2।

82. ਮਾਏਂ ਨੀਂ ਮੈਂ ਭਈ ਦਿਵਾਨੀ

ਮਾਏਂ ਨੀਂ ਮੈਂ ਭਈ ਦਿਵਾਨੀ,
ਦੇਖ ਜਗਤ ਮੈ ਸ਼ੋਰੁ ।
ਇਕਨਾ ਡੋਲੀ ਇਕਨਾ ਘੋੜੀ,
ਇਕੁ ਸਿਵੇ ਇਕੁ ਗੋਰ ।1।ਰਹਾਉ।

ਨੰਗੀਂ ਪੈਰੀਂ ਜਾਂਦੜੇ ਡਿਠੜੇ,
ਜਿਨ ਕੇ ਲਾਖ ਕਰੋੜ ।1।

ਇਕੁ ਸ਼ਾਹੁ ਇਕ ਦਾਲਿਦਰੀ,
ਇਕ ਸਾਧੂ ਇਕ ਚੋਰ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਭਲੇ ਅਸਾਥੋਂ ਢੋਰੁ ।3।

83. ਮਾਏਂ ਨੀਂ ਮੈਂ ਕੈਨੂੰ ਆਖਾਂ

ਮਾਏਂ ਨੀਂ ਮੈਂ ਕੈਨੂੰ ਆਖਾਂ,
ਦਰਦੁ ਵਿਛੋੜੇ ਦਾ ਹਾਲਿ ।1।ਰਹਾਉ।

ਧੂੰਆਂ ਧੁਖੇ ਮੇਰੇ ਮੁਰਸ਼ਦਿ ਵਾਲਾ,
ਜਾਂ ਫੋਲਾਂ ਤਾਂ ਲਾਲ ।1।

ਸੂਲਾਂ ਮਾਰ ਦਿਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ ।2।

ਦੁਖਾਂ ਦੀ ਰੋਟੀ ਸੂਲਾਂ ਦਾ ਸਾਲਣੁ,
ਆਹੀਂ ਦਾ ਬਾਲਣੁ ਬਾਲਿ ।3।

ਜੰਗਲਿ ਬੇਲੇ ਫਿਰਾਂ ਢੂੰਢੇਂਦੀ,
ਅਜੇ ਨ ਪਾਇਓ ਲਾਲ ।4।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸ਼ਹੁ ਮਿਲੇ ਤਾਂ ਥੀਵਾਂ ਨਿਹਾਲਿ ।5।

84. ਮਾਹੀ ਮਾਹੀ ਕੂਕਦੀ

ਮਾਹੀ ਮਾਹੀ ਕੂਕਦੀ,
ਮੈਂ ਆਪੇ ਰਾਂਝਣ ਹੋਈ ।1।ਰਹਾਉ।

ਰਾਂਝਣੁ ਰਾਂਝਣੁ ਮੈਨੂੰ ਸਭ ਕੋਈ ਆਖੋ,
ਹੀਰ ਨ ਆਖੋ ਕੋਈ ।1।

ਜਿਸੁ ਸ਼ਹੁ ਨੂੰ ਮੈਂ ਢੂੰਢਦੀ ਵੱਤਾਂ,
ਢੂੰਢ ਲਧਾ ਸ਼ਹੁ ਸੋਈ ।2।

ਕਹੈ ਹੁਸੈਨ ਸਾਧਾਂ ਦੇ ਮਿਲਿਆ,
ਨਿਕਲ ਭੋਲ ਗਇਓਈ ।3।

85. ਮੈਂ ਭੀ ਝੋਕ ਰਾਂਝਣ ਦੀ ਜਾਣਾ

ਮੈਂ ਭੀ ਝੋਕ ਰਾਂਝਣ ਦੀ ਜਾਣਾ,
ਨਾਲਿ ਮੇਰੇ ਕੋਈ ਚੱਲੇ ।ਰਹਾਉ।

ਪੈਰੀਆਂ ਪਉਂਦੀ ਮਿਨਤਾਂ ਕਰਦੀ,
ਜਾਣਾ ਤਾਂ ਪਇਆ ਇਕੱਲੇ ।1।

ਨੈਂ ਭੀ ਡੂੰਘੀ ਤੁਲ੍ਹਾ ਪੁਰਾਣਾ,
ਸ਼ੀਹਾਂ ਤਾਂ ਪੱਤਣ ਮੱਲੇ ।2।

ਜੇ ਕੋਈ ਖ਼ਬਰ ਮਿਤਰਾਂ ਦੀ ਲਿਆਵੇ,
ਮੈਂ ਹਥਿ ਦੇ ਦੇਨੀਆਂ ਛੱਲੇ ।3।

ਰਾਤੀਂ ਦਰਦ ਦਿਹੇਂ ਦਰਮਾਂਦੀ,
ਘਾਉ ਮਿਤਰਾਂ ਦੇ ਅੱਲੇ ।4।

ਰਾਂਝਾ ਯਾਰ ਤਬੀਬ ਸੁਣੀਂਦਾ,
ਮੈਂ ਤਨ ਦਰਦ ਅਵੱਲੇ ।5।

ਕਹੈ ਹੁਸੈਨ ਫ਼ਕੀਰ ਨਿਮਾਣਾ,
ਸਾਈਂ ਸੁਨੇਹੜੇ ਘੱਲੇ ।6।

86. ਮੈਂਡੇ ਸਜਣਾ ਵੇ ਮਉਲੇ ਨਾਲ ਬਣੀ

ਮੈਂਡੇ ਸਜਣਾ ਵੇ ਮਉਲੇ ਨਾਲ ਬਣੀ,
ਦੁਨੀਆਂ ਵਾਲੇ ਨੂੰ ਦੁਨੀਆਂ ਦਾ ਮਾਣਾ,
ਨੰਗਾਂ ਨੂੰ ਨੰਗ ਮਣੀ ।1।ਰਹਾਉ।

ਨ ਅਸੀਂ ਨੰਗ ਨ ਦੁਨੀਆਂ ਵਾਲੇ,
ਹਸਦੀ ਜਣੀ ਖਣੀ ।1।

ਦੁਨੀਆਂ ਛੋਡਿ ਫ਼ਕੀਰ ਥੀਆਸੇ,
ਜਾਗੀ ਪ੍ਰੇਮ ਕਣੀ ।2।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਜਾਣੈ ਆਪ ਧਣੀ ।3।

87. ਮੈਂਡੀ ਦਿਲ ਰਾਂਝਨ ਰਾਵਨ ਮੰਗੇ

ਮੈਂਡੀ ਦਿਲ ਰਾਂਝਨ ਰਾਵਨ ਮੰਗੇ ।1।ਰਹਾਉ।

ਜੰਗਲ ਬੇਲੇ ਫਿਰਾਂ ਢੂੰਢੇਂਦੀ,
ਰਾਂਝਣ ਮੇਰੇ ਸੰਗੇ ।1।

ਮੇਹੀਂ ਆਈਆਂ,
ਮੇਰਾ ਢੋਲ ਨ ਆਇਆ,
ਹੀਰਾਂ ਕੂਕੇ ਵਿਚ ਝੰਗੇ ।2।

ਰਾਤੀਂ ਦਿਹੇਂ ਫਿਰਾਂ ਵਿਚਿ ਝਲ ਦੇ,
ਪੁੜਨਿ ਬੰਬੂਲਾਂ ਦੇ ਕੰਡੇ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਰਾਂਝਣ ਮਿਲੇ ਕਿਤੇ ਢੰਗੇ ।4।

88. ਮੈਂਡੀ ਦਿਲ ਤੈਂਡੇ ਨਾਲ ਲੱਗੀ

ਮੈਂਡੀ ਦਿਲ ਤੈਂਡੇ ਨਾਲ ਲੱਗੀ ।
ਤੋੜੀ ਨਹੀਂ ਤੁਟਦੀ ਛੋੜੀ ਨਹੀਂ ਛੁਟਦੀ,
ਕਲਮ ਰਬਾਨੀ ਵੱਗੀ ।ਰਹਾਉ।

ਸਾਈਂ ਦੇ ਖਜ਼ਾਨੇ ਖੁਲ੍ਹੇ,
ਅਸੀਂ ਭੀ ਝੋਲੜੀ ਅੱਡੀ ।1।

ਕਿਚਰ ਕੁ ਬਾਲੀਂ ਮੈਂ ਅਕਲ ਦਾ ਦੀਵਾ,
ਬਿਰਹੁ ਅੰਧੇਰੜੀ ਵੱਗੀ ।2।

ਕੋਈ ਮੀਰੀ ਕੋਈ ਦੋਲੀ,
ਸ਼ਾਹ ਹੁਸੈਨ ਫੱਡੀ ।3।

89. ਮੈਂਹਡੀ ਜਾਨ ਜੋ ਰੰਗੇ ਸੋ ਰੰਗੇ

ਮੈਂਹਡੀ ਜਾਨ ਜੋ ਰੰਗੇ ਸੋ ਰੰਗੇ ।ਰਹਾਉ।

ਮਸਤਕਿ ਜਿਨ੍ਹਾਂ ਦੇ ਪਈ ਫ਼ਕੀਰੀ,
ਭਾਗ ਤਿਨਾਂ ਦੇ ਚੰਗੇ ।1।

ਸੁਰਤਿ ਦੀ ਸੂਈ ਪ੍ਰੇਮ ਦੇ ਧਾਗੇ,
ਪੇਂਵਦੁ ਲੱਗੇ ਸੱਤ ਸੰਗੇ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਖ਼ਤ ਨ ਮਿਲਦੇ ਮੰਗੇ ।3।

90. ਮੈਨੂੰ ਅੰਬੜਿ ਜੋ ਆਖਦੀ ਕਤਿ ਨੀ

ਮੈਨੂੰ ਅੰਬੜਿ ਜੋ ਆਖਦੀ ਕਤਿ ਨੀ,
ਮੈਨੂੰ ਭੋਲੀ ਜੋ ਆਖਦੀ ਕਤਿ ਨੀ ।ਰਹਾਉ।

ਮੈਂ ਨਿਜਿ ਕਤਣਿ ਨੂੰ ਸਿਖੀਆਂ,
ਮੈਨੂੰ ਲੱਗੀਆਂ ਸਾਂਗਾਂ ਤਿੱਖੀਆਂ,
ਮੈਂ ਪੱਛੀ ਨੂੰ ਮਾਰਾਂ ਲਤਿ ਨੀ ।1।

ਹੰਝੂ ਰੋਂਦਾ ਸਭ ਕੋਈ,
ਆਸ਼ਕ ਰੋਂਦੇ ਰਤਿ ਨੀ ।2।

ਕਹੈ ਸ਼ਾਹ ਹੁਸੈਨ ਸੁਣਾਇ ਕੈ,
ਇਥੇ ਫੇਰਿ ਨ ਆਵਣਾ ਵਤਿ ਨੀ ।3।

91. ਮਨ ਅਟਕਿਆ ਬੇ-ਪਰਵਾਹਿ ਨਾਲਿ

ਮਨ ਅਟਕਿਆ ਬੇ-ਪਰਵਾਹਿ ਨਾਲਿ ।
ਉਸ ਦੀਨ ਦੁਨੀ ਦੇ ਸ਼ਾਹਿ ਨਾਲਿ ।1।ਰਹਾਉ।

ਕਾਜ਼ੀ ਮੁੱਲਾਂ ਮੱਤੀ ਦੇਂਦੇ,
ਖਰੇ ਸਿਆਣੇ ਰਾਹਿ ਦਸੇਂਦੇ,
ਇਸ਼ਕ ਕੀ ਲੱਗੇ ਰਾਹਿ ਨਾਲ ।1।

ਨਦੀਓਂ ਪਾਰ ਰਾਂਝਣ ਦਾ ਠਾਣਾ,
ਕੀਤਾ ਕਉਲ ਜ਼ਰੂਰੀ ਜਾਣਾ,
ਮਿੰਨਤਾਂ ਕਰਾਂ ਮਲਾਹਿ ਨਾਲ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਰ ਮਰ ਜਾਣਾ,
ਓੜਕਿ ਕੰਮ ਅਲਾਹਿ ਨਾਲ ।3।

92. ਮੰਦੀ ਹਾਂ ਕਿ ਚੰਗੀ ਹਾਂ

ਮੰਦੀ ਹਾਂ ਕਿ ਚੰਗੀ ਹਾਂ,
ਭੀ ਸਾਹਿਬ ਤੇਰੀ ਬੰਦੀ ਹਾਂ ।ਰਹਾਉ।

ਗਹਿਲਾ ਲੋਕੁ ਜਾਣੈ ਦੇਵਾਨੀ,
ਮੈਂ ਰੰਗ ਸਾਹਿਬ ਦੇ ਰੰਗੀ ਹਾਂ ।1।

ਸਾਜਨੁ ਮੇਰਾ ਅਖੀਂ ਵਿਚਿ ਵਸਦਾ,
ਮੈਂ ਗਲੀਏਂ ਫਿਰਾਂ ਨਿਸ਼ੰਗੀ ਹਾਂ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਵਰ ਚੰਗੇ ਨਾਲ ਮੰਗੀ ਹਾਂ ।3।

93. ਮਨ ਵਾਰਨੇ ਤਉ ਪਰ ਜਾਂਵਦਾ

ਮਨ ਵਾਰਨੇ ਤਉ ਪਰ ਜਾਂਵਦਾ ।ਰਹਾਉ।

ਘੋਲ ਘੁਮਾਈ ਸਦਕੇ ਕੀਤੀ,
ਸਾਨੂੰ ਜੇ ਕੋਈ ਮਿਲੇ ਵੋ ਗਰਾਂਵ ਦਾ ।1।

ਜੈ ਘਰਿ ਆਇ ਵਸਿਆ ਮੇਰਾ ਪਿਆਰਾ,
ਓਥੈ ਦੂਜਾ ਨਹੀਂ ਸਮਾਂਵਦਾ ।2।

ਸਭ ਜਗ ਢੂੰਢਿ ਬਹੁਤੇਰਾ ਮੈਨੂੰ,
ਤੁਧ ਬਿਨੁ ਹੋਰ ਨ ਭਾਂਵਦਾ ।3।

ਕਹੈ ਹੁਸੈਨ ਪਇਆ ਦਰਿ ਤੇਰੇ,
ਸਾਈਂ ਤਾਲਬ ਤੇਰੜੇ ਨਾਂਵ ਦਾ ।4।

94. ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ

ਮਤੀਂ ਦੇਨੀ ਹਾਂ ਬਾਲਿ ਇਆਣੇ ਨੂੰ ।ਰਹਾਉ।

ਪੰਜਾਂ ਨਦੀਆਂ ਦੇ ਮੁੰਹੁ ਆਇਓ,
ਕੇਹਾ ਦੋਸੁ ਮੁਹਾਣੇ ਨੂੰ ।1।

ਦਾਰੂ ਲਾਇਆ ਲਗਦਾ ਨਾਹੀਂ,
ਪੁਛਨੀ ਹਾਂ ਵੈਦ ਸਿਆਣੇ ਨੂੰ ।2।

ਸਿਆਹੀ ਗਈ ਸਫ਼ੈਦੀ ਆਈਆ,
ਕੀ ਰੋਂਦਾ ਵਖਤਿ ਵਿਹਾਣੇ ਨੂੰ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਕੀ ਝੁਰਨਾਂ ਹੈਂ ਰੱਬ ਦੇ ਭਾਣੇ ਨੂੰ ।4।

95. ਮਹਿਬੂਬਾਂ ਫ਼ਕੀਰਾਂ ਦਾ

ਮਹਿਬੂਬਾਂ ਫ਼ਕੀਰਾਂ ਦਾ
ਸਾਂਈਂ ਨਿਗਹਵਾਨ,
ਜਾਹਰ ਬਾਤਨ ਇਕ ਕਰਿ ਜਾਣਨਿ,
ਸਭ ਮੁਸ਼ਕਲ ਥੀਆ ਅਸਾਨ ।1।ਰਹਾਉ।

ਸ਼ਾਦੀ ਗ਼ਮੀ ਨ ਦਿਲ ਤੇ ਆਨਣਿ,
ਸਦਾ ਰਹਿਣ ਮਸਤਾਨ ।1।

ਕਹੈ ਹੁਸੈਨ ਥਿਰ ਸਚੇ ਸੇਈ,
ਹੋਰ ਫ਼ਾਨੀ ਕੁਲ ਜਹਾਨ ।2।

96. ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ

ਮੇਰੇ ਸਾਹਿਬਾ ਮੈਂ ਤੇਰੀ ਹੋ ਮੁਕੀ ਆਂ ।ਰਹਾਉ ।

ਮਨਹੁ ਨਾ ਵਿਸਾਰੀਂ ਤੂੰ ਮੈਨੂੰ ਮੇਰੇ ਸਾਹਿਬਾ,
ਹਰਿ ਗਲੋਂ ਮੈਂ ਚੁਕੀ ਆਂ ।1।

ਅਉਗੁਣਿਆਰੀ ਨੂੰ ਕੋ ਗੁਣੁ ਨਾਹੀਂ,
ਬਖਸਿ ਕਰੇਂ ਤਾਂ ਮੈਂ ਛੁਟੀ ਆਂ ।2।

ਜਿਉਂ ਭਾਵੇ ਤਿਉਂ ਰਾਖ ਪਿਆਰਿਆ,
ਦਾਵਣ ਤੇਰੇ ਮੈਂ ਲੁਕੀ ਆਂ ।3।

ਜੇ ਤੂੰ ਨਜ਼ਰ ਮਿਹਰ ਦੀ ਪਾਵੇਂ,
ਚੜ੍ਹਿ ਚਉਬਾਰੇ ਮੈਂ ਸੁੱਤੀ ਆਂ ।4।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਰ ਤੇਰੇ ਦੀ ਮੈਂ ਕੁੱਤੀ ਆਂ ।5।

97. ਮੀਆਂ ਗਲ ਸੁਣੀ ਨਾ ਜਾਂਦੀ ਸੱਚੀ

ਮੀਆਂ ਗਲ ਸੁਣੀ ਨਾ ਜਾਂਦੀ ਸੱਚੀ ।
ਸੱਚੀ ਗਲਿ ਸੁਣੀਵੇ ਕਿਉਂਕਰਿ
ਕੱਚੀ ਹੱਡਾਂ ਵਿਚਿ ਰੱਚੀ ।1।ਰਹਾਉ।

ਸੱਚੀ ਗਲਿ ਸੁਣੀ ਤਿਨਾਹਾਂ,
ਚਿਣਗ ਜਿਨ੍ਹਾਂ ਤਨਿ ਮੱਚੀ ।
ਪੜਦਾ ਪਾੜ ਡਿਠੋਨੇ ਪ੍ਰੀਤਮੁ,
ਦੂਤ ਮੁਏ ਸਭੁ ਪੱਚੀ ।1।

ਜ਼ਹਰੀ ਨਾਗ ਫਿਰਨਿ ਵਿਚ ਗਲੀਏਂ,
ਜੇਹੜੀ ਸਹੁ ਲੜਿ ਲੱਗੀ ਸੋ ਬੱਚੀ ।
ਕਹੈ ਹੁਸੈਨ ਸੁਹਾਗਨਿ ਸਾਈ,
ਜੋ ਗਲ ਥੀਂ ਵਾਂਦੀ ਨੱਚੀ ।2।

98. ਮਿਤਰਾਂ ਦੀ ਮਿਜਮਾਨੀ ਕਾਰਨ

ਮਿਤਰਾਂ ਦੀ ਮਿਜਮਾਨੀ ਕਾਰਨ,
ਦਿਲ ਦਾ ਲੋਹੂ ਛਾਣੀਦਾ ।ਰਹਾਉ।

ਕਾਢ ਕਲੇਜਾ ਕੀਤਾ ਬੇਰੇ,
ਸੋ ਭੀ ਨਾਹੀਂ ਲਾਇਕ ਤੇਰੇ,
ਹੋਰ ਤੁਫ਼ੀਕ ਨਹੀਂ ਕੁਛ ਮੇਰੇ,
ਇਕ ਕਟੋਰਾ ਪਾਣੀ ਦਾ ।1।

ਸੇਜ ਸੁਤੀ ਨੈਣੀਂ ਨੀਂਦ ਨ ਆਵੈ,
ਜ਼ਾਲਮ ਬਿਰਹੋਂ ਆਣ ਸਤਾਵੈ,
ਲਿਖਾਂ ਕਿਤਾਬ ਭੇਜਾਂ ਦਰ ਤੇਰੈ,
ਦਿਲ ਦਾ ਹਰਫ ਪਛਾਣੀਦਾ ।2।

ਰਾਤੀਂ ਦਰਦ ਦਿਹੈਂ ਦਰਮਾਤੀ,
ਹੁਣ ਨੈਣਾਂ ਦੀ ਲਾਈਆ ਕਾਤੀ,
ਕਦੀਂ ਤੇ ਮੁੜ ਕੇ ਪਾਵਹੁ ਝਾਤੀ,
ਦੇਖੋ ਹਾਲ ਨਿਮਾਣੀ ਦਾ ।3।

ਜਿਉਂ ਭਾਵੈ ਤਿਉਂ ਕਰੈ ਪਿਆਰਾ,
ਇਨ੍ਹਾਂ ਲਗਆਂ ਦਾ ਪੰਥ ਨਿਆਰਾ,
ਰਾਤੀਂ ਦਿਹੈ ਧਿਆਨ ਤੁਹਾਰਾ,
ਜਿਉਂ ਭਾਵੈ ਤਿਉਂ ਤਾਰੀਦਾ ।4।

ਤੇਰੇ ਕਾਰਣ ਮੈਂ ਫਿਰਾਂ ਅਜ਼ਾਦੀ,
ਜੰਗਲ ਢੂੰਡਿਆ ਮੈਂ ਪੈਰ ਪਿਆਦੀ,
ਰੋ ਰੋ ਨੈਣ ਕਰਨ ਫਰਯਾਦੀ,
ਕੇਹਾ ਦੋਸ਼ ਨਿਮਾਣੀ ਦਾ ।5।

ਦੁਖਾਂ ਸੂਲਾਂ ਰਲ ਕੀਤਾ ਏਕਾ,
ਨ ਕੋਈ ਸਹੁਰਾ ਨ ਕੋਈ ਪੇਕਾ,
ਆਸ ਰਹੀ ਹੁਣ ਤੇਰੀ ਏਕਾ,
ਪੱਲਾ ਪਕੜ ਇਆਣੀ ਦਾ ।6।

ਕਹੈ ਹੁਸੈਨ ਫ਼ਕੀਰ ਕਰਾਰੀ,
ਦਰਦਵੰਦਾਂ ਦੀ ਰੀਤ ਨਿਆਰੀ,
ਏਹਾ ਵੇਦਨ ਮੈਂ ਤਨ ਭਾਰੀ,
ਅੱਗੈ ਸੱਚ ਪਛਾਣੀਦਾ ।7।

99. ਮਿੱਤਰਾਂ ਦੀ ਮਿਜਮਾਨੀਂ ਖ਼ਾਤਰ

ਮਿੱਤਰਾਂ ਦੀ ਮਿਜਮਾਨੀਂ ਖ਼ਾਤਰ,
ਦਿਲ ਦਾ ਲਹੂ ਛਾਣੀਦਾ ।1।ਰਹਾਉ।

ਕੱਢਿ ਕਲੇਜਾ ਕੀਤਮ ਬੇਰੇ,
ਸੋ ਭੀ ਲਾਇਕ ਨਾਹੀਂ ਤੇਰੇ,
ਹੋਰ ਤਉਫ਼ੀਕੁ ਨਹੀਂ ਕਿਛੁ ਮੇਰੇ,
ਪੀਉ ਕਟੋਰਾ ਪਾਣੀ ਦਾ ।1।

ਮਿੱਤਰਾਂ ਲਿਖ ਕਿਤਾਬਤ ਭੇਜੀ,
ਲੱਗਾ ਬਾਣ ਫਿਰਾਂ ਤੜਫੇਂਦੀ,
ਤਨ ਵਿਚਿ ਤਾਕਤ ਰਹੀ ਨ ਮੂਲੇ,
ਰੋ ਰੋ ਹਰਫ਼ ਪਛਾਣੀਦਾ ।2।

ਤਨ ਮਨ ਅਪੁਣਾ ਪੁਰਜ਼ੇ ਕੀਤਾ,
ਤੈਨੂੰ ਮਿਹਰ ਨ ਆਈਆ ਮੀਤਾ,
ਅਸਾਨੂੰ ਹੋਰ ਉਜ਼ਰ ਨ ਕੋਈ,
ਚਾਰਾ ਕਿਆ ਨਿਮਾਣੀ ਦਾ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਤੈ ਬਾਝਹੁ ਕੋਈ ਹੋਰ ਨ ਜਾਣਾ,
ਤੂੰ ਹੀ ਦਾਨਾ ਤੂੰ ਹੀ ਬੀਨਾ,
ਤੂੰਹੇਂ ਤਾਣਿ ਨਿਤਾਣੀ ਦਾ ।4।

100. ਮੁਸ਼ਕਲ ਘਾਟ ਫ਼ਕੀਰੀ ਦਾ ਵੋ

ਮੁਸ਼ਕਲ ਘਾਟ ਫ਼ਕੀਰੀ ਦਾ ਵੋ,
ਪਾਇ ਕੁਠਾਲੀ ਦੁਰਮਤਿ ਗਾਲੀ,
ਕਰਮ ਜਗਾਇ ਸ਼ਰੀਰੀ ਦਾ ਵੋ ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,
ਰਾਹਿ ਪਕੜੋ ਸ਼ੀਰੀਂ ਦਾ ਵੋ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦਫ਼ਤਰ ਪਾੜੋ ਮੀਰੀ ਦਾ ਵੋ ।2।

  • Next......(101-166)
  • Previous......(1-50)
  • ਮੁੱਖ ਪੰਨਾ :ਕਾਫ਼ੀਆਂ, ਸ਼ਾਹ ਹੁਸੈਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ