Kafian : Shah Hussain

ਕਾਫ਼ੀਆਂ : ਸ਼ਾਹ ਹੁਸੈਨ

1. ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ

ਆਗੇ ਨੈਂ ਡੂੰਘੀ, ਮੈਂ ਕਿਤ ਗੁਣ ਲੰਘਸਾਂ ਪਾਰਿ ।ਰਹਾਉ।

ਰਾਤਿ ਅੰਨੇਰੀ ਪੰਧਿ ਦੁਰਾਡਾ,
ਸਾਥੀ ਨਹੀਓਂ ਨਾਲਿ ।1।

ਨਾਲਿ ਮਲਾਹ ਦੇ ਅਣਬਣਿ ਹੋਈ,
ਉਹ ਸਚੇ ਮੈਂ ਕੂੜਿ ਵਿਗੋਈ,
ਕੈ ਦਰਿ ਕਰੀਂ ਪੁਕਾਰ ।2।

ਸਭਨਾ ਸਈਆਂ ਸਹੁ ਰਾਵਿਆ,
ਮੈਂ ਰਹਿ ਗਈ ਬੇ ਤਕਰਾਰਿ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਰੋਨੀਆਂ ਵਖਤਿ ਗੁਜਾਰਿ ।4।

2.ਆਖਰ ਦਾ ਦਮ ਬੁਝਿ, ਵੇ ਅੜਿਆ

ਆਖਰ ਦਾ ਦਮ ਬੁਝਿ, ਵੇ ਅੜਿਆ ।ਰਹਾਉ।

ਸਾਰੀ ਉਮਰ ਵੰਞਾਇਆ ਏਵੇਂ,
ਬਾਕੀ ਰਹੀਆ ਨਾ ਕੁਝ ਵੇ ਅੜਿਆ ।1।

ਦਰਿ ਤੇ ਆਇ ਲਥੇ ਵਾਪਾਰੀ,
ਜੈਥੋਂ ਲੀਤੀਆ ਵਸਤ ਉਧਾਰੀ,
ਜਾਂ ਤਰਿ ਥੀਂਦਾ ਹੀ ਗੁਝਿ ਵੇ ਅੜਿਆ ।2॥

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੁਝ ਕੁਲੁਝਿ ਨ ਲੁਝਿ ਵੇ ਅੜਿਆ ।3।

3. ਆਖ਼ਰ ਪਛੋਤਾਵੇਂਗੀ ਕੁੜੀਏ

ਆਖ਼ਰ ਪਛੋਤਾਵੇਂਗੀ ਕੁੜੀਏ,
ਉਠਿ ਹੁਣ ਢੋਲ ਮਨਾਇ ਲੈ ਨੀਂ ।1।ਰਹਾਉ।

ਸੂਹੇ ਸਾਵੇ ਲਾਲ ਬਾਣੇ,
ਕਰਿ ਲੈ ਕੁੜੀਏ ਮਨ ਦੇ ਭਾਣੇ,
ਇਕੁ ਘੜੀ ਸ਼ਹੁ ਮੂਲ ਨ ਭਾਣੇ,
ਜਾਸਨਿ ਰੰਗ ਵਟਾਇ ।1।

ਕਿਥੇ ਨੀ ਤੇਰੇ ਨਾਲਿ ਦੇ ਹਾਣੀ,
ਕੱਲਰ ਵਿਚਿ ਸਭ ਜਾਇ ਸਮਾਣੀ,
ਕਿਥੇ ਹੀ ਤੇਰੀ ਉਹ ਜਵਾਨੀ,
ਕਿਥੇ ਤੇਰੇ ਹੁਸਨ ਹਵਾਇ ।2।

ਕਿਥੇ ਨੀ ਤੇਰੇ ਤੁਰਕੀ ਤਾਜ਼ੀ,
ਸਾਂਈਂ ਬਿਨੁ ਸਭ ਕੂੜੀ ਬਾਜ਼ੀ,
ਕਿਥੇ ਨੀ ਤੇਰਾ ਸੁਇਨਾ ਰੁਪਾ,
ਹੋਏ ਖ਼ਾਕ ਸੁਆਹਿ ।3।

ਕਿਥੇ ਨੀ ਤੇਰੇ ਮਾਣਿਕ ਮੋਤੀ,
ਅਹੁ ਜੰਜ ਤੇਰੀ ਆਇ ਖਲੋਤੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਪਉ ਸਾਂਈਂ ਦੇ ਰਾਹਿ ।4।

4. ਆਖ ਨੀਂ ਮਾਏ ਆਖ ਨੀਂ

ਆਖ ਨੀਂ ਮਾਏ ਆਖ ਨੀਂ,
ਮੇਰਾ ਹਾਲ ਸਾਈਂ ਅੱਗੇ ਆਖੁ ਨੀਂ ।1।ਰਹਾਉ।

ਪ੍ਰੇਮ ਦੇ ਧਾਗੇ ਅੰਤਰਿ ਲਾਗੇ,
ਸੂਲਾਂ ਸੇਤੀ ਮਾਸ ਨੀਂ ।1।

ਨਿਜੁ ਜਣੇਦੀਏ ਭੋਲੀਏ ਮਾਏ,
ਜਣ ਕਰਿ ਲਾਇਓ ਪਾਪੁ ਨੀਂ ।2।

ਕਹੈ ਹੁਸੈਨ ਫ਼ਕੀਰ ਨਿਮਾਣਾ,
ਜਾਣਦਾ ਮਉਲਾ ਆਪ ਨੀਂ ।3।

5. ਆਉ ਕੁੜੇ ਰਲਿ ਝੂੰਮਰ ਪਾਉ ਨੀਂ

ਆਉ ਕੁੜੇ ਰਲਿ ਝੂੰਮਰ ਪਾਉ ਨੀਂ,
ਆਉ ਕੁੜੇ ਰਲਿ ਰਾਮੁ ਧਿਆਉ ਨੀਂ ।
ਮਾਣ ਲੈ ਗਲੀਆਂ ਬਾਬਲੁ ਵਾਲੀਆਂ,
ਵਤਿ ਨ ਖੇਡਣਿ ਦੇਸੀਆ ਮਾਉ ਨੀਂ ।ਰਹਾਉ।

ਸਾਡਾ ਜੀਉ ਮਿਲਣੁ ਨੂੰ ਕਰਦਾ,
ਸੁੰਞਾ ਲੋਕ ਬਖ਼ੀਲੀ ਕਰਦਾ ।
ਸਾਨੂੰ ਮਿਲਣ ਦਾ ਪਹਿਲੜਾ ਚਾਉ ਨੀਂ ।1।

ਸਈਆਂ ਵਸਨਿ ਰੰਗਿ ਮਹਲੀਂ,
ਚਾਉ ਜਿਨਾਂ ਦੇ ਖੇਡਣਿ ਚੱਲੀ ।
ਹਥਿ ਅਟੇਰਨ ਰਹਿ ਗਈ ਛੱਲੀ,
ਦਰਿ ਮੁਕਲਾਊ ਬੈਠੇ ਆਉ ਨੀਂ ।2।

ਉੱਚੇ ਪਿੱਪਲ ਪੀਂਘਾਂ ਪਈਆਂ,
ਸਭ ਸਈਆਂ ਮਿਲ ਝੂਟਣਿ ਗਈਆਂ ।
ਆਪੋ ਆਪਣੀ ਗਈ ਲੰਘਾਉ ਨੀਂ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਰ ਮਰਿ ਜਾਣਾ ।
ਕਦੀ ਤਾਂ ਅੰਦਰਿ ਝਾਤੀ ਪਾਉ ਨੀਂ ।4।

6. ਆਪ ਨੂੰ ਪਛਾਣ ਬੰਦੇ

ਆਪ ਨੂੰ ਪਛਾਣ ਬੰਦੇ ।
ਜੇ ਤੁਧ ਆਪਣਾ ਆਪ ਪਛਾਤਾ,
ਸਾਹਿਬ ਨੂੰ ਮਿਲਣ ਆਸਾਨ ਬੰਦੇ ।ਰਹਾਉ।

ਉਚੜੀ ਮਾੜੀ ਸੁਇਨੇ ਦੀ ਸੇਜਾ,
ਹਰ ਬਿਨ ਜਾਣ ਮਸਾਣ ਬੰਦੇ ।1।

ਇੱਥੇ ਰਹਿਣ ਕਿਸੇ ਦਾ ਨਾਹੀਂ,
ਕਾਹੇ ਕੂੰ ਤਾਣਹਿ ਤਾਣ ਬੰਦੇ ।2।

ਕਹੈ ਹੁਸੈਨ ਫ਼ਕੀਰ ਰੱਬਾਣਾ,
ਫ਼ਾਨੀ ਸਭ ਜਹਾਨ ਬੰਦੇ ।3।

7. ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ

ਆਸ਼ਕ ਹੋਵੈਂ ਤਾਂ ਇਸ਼ਕ ਕਮਾਵੈਂ ।ਰਹਾਉ।

ਰਾਹ ਇਸ਼ਕ ਦਾ ਸੂਈ ਦਾ ਨੱਕਾ,
ਤਾਗਾ ਹੋਵੇ ਤਾਂ ਜਾਵੈਂ ।1।

ਬਾਹਿਰ ਪਾਕ ਅੰਦਰ ਆਲੂਦਾ,
ਕਿਆ ਤੂੰ ਸ਼ੇਖ ਕਹਾਵੈਂ ।2।

ਕਹੈ ਹੁਸੈਨ ਜੇ ਫਾਰਗ ਥੀਵੈਂ,
ਤਾਂ ਖਾਸ ਮੁਰਾਤਬਾ ਪਾਵੈਂ ।3।

8. ਅਹਿਨਿਸਿ ਵਸਿ ਰਹੀ ਦਿਲ ਮੇਰੇ

ਅਹਿਨਿਸਿ ਵਸਿ ਰਹੀ ਦਿਲ ਮੇਰੇ,
ਸੂਰਤਿ ਯਾਰੁ ਪਿਆਰੇ ਦੀ ।

ਬਾਗ਼ ਤੇਰਾ ਬਗੀਚਾ ਤੇਰਾ,
ਮੈਂ ਬੁਲਿਬੁਲਿ ਬਾਗ਼ ਤਿਹਾਰੇ ਦੀ ।ਰਹਾਉ।

ਆਪਣੇ ਸ਼ਹੁ ਨੂੰ ਆਪ ਰੀਝਾਵਾਂ,
ਹਾਜਤਿ ਨਹੀਂ ਪਸਾਰੇ ਦੀ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਥੀਵਾਂ ਖਾਕਿ ਦੁਆਰੇ ਦੀ ।2।

9. ਅਮਲਾਂ ਦੇ ਉਪਰਿ ਹੋਗ ਨਬੇੜਾ

ਅਮਲਾਂ ਦੇ ਉਪਰਿ ਹੋਗ ਨਬੇੜਾ,
ਕਿਆ ਸੂਫੀ ਕਿਆ ਭੰਗੀ ।ਰਹਾਉ।

ਜੋ ਰੱਬ ਭਾਵੈ ਸੋਈ ਥੀਸੀ,
ਸਾਈ ਬਾਤ ਹੈ ਚੰਗੀ ।1।

ਆਪੈ ਏਕ ਅਨੇਕ ਕਹਾਵੈ,
ਸਾਹਿਬ ਹੈ ਬਹੁਰੰਗੀ ।2।

ਕਹੈ ਹੁਸੈਨ ਸੁਹਾਗਨਿ ਸੋਈ,
ਜੇ ਸਹੁ ਦੇ ਰੰਗ ਰੰਗੀ ।3।

10. ਅਨੀ ਜਿੰਦੇ ਮੈਂਡੜੀਏ

ਅਨੀ ਜਿੰਦੇ ਮੈਂਡੜੀਏ,
ਤੇਰਾ ਨਲੀਆਂ ਦਾ ਵਖਤੁ ਵਿਹਾਣਾ ।1।ਰਹਾਉ।

ਰਾਤੀਂ ਕੱਤੇਂ ਦਿਹੀਂ ਅਟੇਰੇਂ,
ਗੋਡੇ ਲਾਇਓ ਤਾਣਾ ।1।

ਕੋਈ ਜੋ ਤੰਦ ਪਈ ਅਵਲੀ,
ਸਾਹਿਬ ਮੂਲ ਨ ਭਾਣਾ ।2।

ਚੀਰੀ ਆਈ ਢਿਲ ਨ ਕਾਈ,
ਕਿਆ ਰਾਜਾ ਕਿਆ ਰਾਣਾ ।3।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਡਾਢੇ ਦਾ ਰਾਹੁ ਨਿਮਾਣਾ ।4।

11. ਅਨੀ ਸਈਓ ਨੀਂ

ਅਨੀ ਸਈਓ ਨੀਂ,
ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋੜੇ ਰੁਲਦੇ,
ਹਥਿ ਵਿਚ ਰਹਿ ਗਈ ਜੁਟੀ ।1।ਰਹਾਉ।

ਸਾਰੇ ਵਰ੍ਹੇ ਵਿਚ ਛੱਲੀ ਇਕ ਕੱਤੀ,
ਕਾਗ ਮਰੇਂਦਾ ਝੁੱਟੀ ।1।

ਸੇਜੇ ਆਵਾਂ ਕੰਤ ਨ ਭਾਵਾਂ,
ਕਾਈ ਵੱਗ ਗਈ ਕਲਮੁ ਅਪੁਠੀ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭ ਦੁਨੀਆਂ ਜਾਂਦੀ ਡਿੱਠੀ ।4।

12. ਅਸਾਂ ਬਹੁੜਿ ਨਾ ਦੁਨੀਆਂ ਆਵਣਾ

ਅਸਾਂ ਬਹੁੜਿ ਨਾ ਦੁਨੀਆਂ ਆਵਣਾ ।ਰਹਾਉ।

ਸਦਾ ਨਾ ਫਲਨਿ ਤੋਰੀਆਂ
ਸਦਾ ਨਾ ਲਗਿਦੇ ਨੀ ਸਾਵਣਾ ।1।

ਸੋਈ ਕੰਮੁ ਵਿਚਾਰਿ ਕੇ ਕੀਜੀਐ ਜੀ,
ਜਾਂ ਤੇ ਅੰਤੁ ਨਹੀਂ ਪਛੁਤਾਵਣਾ ।2।

ਕਹੈ ਸ਼ਾਹ ਹੁਸੈਨ ਸੁਣਾਇ ਕੈ,
ਅਸਾਂ ਖ਼ਾਕ ਦੇ ਨਾਲ ਸਮਾਵਣਾ ।3।

13. ਅਸਾਂ ਕਿਤਕੂੰ ਸ਼ੇਖ਼ ਸਦਾਵਣਾ

ਅਸਾਂ ਕਿਤਕੂੰ ਸ਼ੇਖ਼ ਸਦਾਵਣਾ,
ਘਰਿ ਬੈਠਿਆਂ ਮੰਗਲ ਗਾਵਣਾ,
ਅਸਾਂ ਟੁਕਰ ਮੰਗਿ ਮੰਗਿ ਖਾਵਣਾ,
ਅਸਾਂ ਏਹੋ ਕੰਮ ਕਮਾਵਣਾ ।1।ਰਹਾਉ।

ਇਸ਼ਕ ਫ਼ਕੀਰਾਂ ਦੀ ਟੋਹਣੀ,
ਇਹ ਵਸਤ ਅਗੋਚਰ ਜੋਹਣੀ,
ਅਸਾਂ ਤਲਬ ਤੇਰੀ ਹੈ ਸੋਹਣੀ,
ਅਸਾਂ ਹਰ ਦੰਮ ਰੱਬ ਧਿਆਵਣਾ ।1।

ਅਸਾਂ ਹੋਰਿ ਨ ਕਿਸੇ ਆਖਣਾ,
ਅਸਾਂ ਨਾਮ ਸਾਂਈਂ ਭਾਖਣਾ,
ਇਕ ਤਕੀਆ ਤੇਰਾ ਰਾਖਣਾ,
ਅਸਾਂ ਮਨ ਅਪੁਨਾ ਸਮਝਾਵਣਾ ।2।

ਅਸਾਂ ਅੰਦਰ ਬਾਹਿਰ ਲਾਲ ਹੈ,
ਅਸਾਂ ਮੁਰਸ਼ਦਿ ਨਾਲ ਪਿਆਰ ਹੈ,
ਅਸਾਂ ਏਹੋ ਵਣਜ ਵਪਾਰ ਹੈ,
ਅਸਾਂ ਜੀਵੰਦਿਆਂ ਮਰਿ ਜਾਵਣਾ ।3।

ਕੋਈ ਮੁਰੀਦੁ ਕੋਈ ਪੀਰ ਹੈ,
ਏਹੁ ਦੁਨੀਆਂ ਸਭ ਜ਼ਹੀਰ ਹੈ ।
ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਅਸਾਂ ਰਲਮਿਲਿ ਝੁਰਮਟਿ ਪਾਵਣਾ ।4।

14. ਚੋਰ ਕਰਨ ਨਿੱਤ ਚੋਰੀਆਂ

ਚੋਰ ਕਰਨ ਨਿੱਤ ਚੋਰੀਆਂ,
ਅਮਲੀ ਨੂੰ ਅਮਲਾਂ ਦੀਆਂ ਘੋੜੀਆਂ,
ਕਾਮੀ ਨੂੰ ਚਿੰਤਾ ਕਾਮ ਦੀ,
ਅਸਾਂ ਤਲਬ ਸਾਂਈਂ ਦੇ ਨਾਮੁ ਦੀ ।1।ਰਹਾਉ।

ਪਾਤਿਸ਼ਾਹਾਂ ਨੂੰ ਪਾਤਿਸ਼ਾਹੀਆਂ,
ਸ਼ਾਹਾਂ ਨੂੰ ਉਗਰਾਹੀਆਂ,
ਮਿਹਰਾਂ ਨੂੰ ਪਿੰਡ ਗਰਾਂਵ ਦੀ ।1।

ਇਕੁ ਬਾਜੀ ਪਾਈ ਸਾਈਆਂ,
ਇਕ ਅਚਰਜ ਖੇਲ ਬਣਾਈਆਂ,
ਸਭਿ ਖੇਡ ਖੇਡ ਘਰਿ ਆਂਵਦੀ ।2।

ਲੋਕ ਕਰਨ ਲੜਾਈਆਂ,
ਸਰਮੁ ਰਖੀਂ ਤੂੰ ਸਾਈਆਂ,
ਸਭ ਮਰਿ ਮਰਿ ਖ਼ਾਕ ਸਮਾਂਵਦੀ ।3।

ਇਕ ਸ਼ਾਹੁ ਹੁਸੈਨ ਫ਼ਕੀਰ ਹੈ,
ਤੁਸੀਂ ਨ ਕੋਈ ਆਖੋ ਪੀਰ ਹੈ,
ਅਸਾਂ ਕੂੜੀ ਗੱਲ ਨ ਭਾਂਵਦੀ ।4।

15. ਅੱਤਣ ਮੈਂ ਕਿਉਂ ਆਈ ਸਾਂ

ਅੱਤਣ ਮੈਂ ਕਿਉਂ ਆਈ ਸਾਂ,
ਮੇਰੀ ਤੰਦ ਨ ਪਈਆ ਕਾਇ ।

ਆਉਂਦਿਆਂ ਉਠਿ ਖੇਡਣਿ ਲਗੀ,
ਚਰਖਾ ਛਡਿਆ ਚਾਇ ।ਰਹਾਉ।

ਕੱਤਣ ਕਾਰਣ ਗੋੜ੍ਹੇ ਆਂਦੇ,
ਗਇਆ ਬਲੇਦਾ ਖਾਇ ।1।

ਹੋਰਨਾਂ ਦੀਆਂ ਅੜੀ ਅੱਟੀਆਂ,
ਨਿਮਾਣੀ ਦੀ ਅੜੀ ਕਪਾਹਿ ।2।

ਹੋਰਨਾਂ ਕੱਤੀਆਂ ਪੰਜ ਸਤ ਪੂਣੀਆਂ,
ਮੈਂ ਕੀ ਆਖਾਂਗੀ ਜਾਇ ।3।

ਕਹੈ ਹੁਸੈਨ ਸੁਚਜੀਆਂ ਨਾਰੀ,
ਲੈਸਨ ਸਹੁ ਗਲ ਲਾਇ ।4।

16. ਬਾਬਲ ਗੰਢੀਂ ਪਾਈਆਂ

ਬਾਬਲ ਗੰਢੀਂ ਪਾਈਆਂ,
ਦਿਨ ਥੋੜੇ, ਪਾਏ,
ਦਾਜ ਵਿਹੂਨੀ ਮੈਂ ਚਲੀ,
ਮੁਕਲਾਊੜੇ ਆਏ ।1।

ਯਾ ਮਉਲਾ ਯਾ ਮਉਲਾ,
ਫਿਰ ਹੈ ਭੀ ਮਉਲਾ ।1।ਰਹਾਉ।

ਗੰਢਾਂ ਖੁਲਣਿ ਤੇਰੀਆਂ,
ਤੈਨੂੰ ਖ਼ਬਰ ਨ ਕਾਈ,
ਇਸ ਵਿਛੋੜੇ ਮਉਤ ਦੇ,
ਕੋਈ ਭੈਣ ਨ ਭਾਈ ।2।

ਆਵਹੁ ਮਿਲਹੁ ਸਹੇਲੜੀਓ,
ਮੈਂ ਚੜਨੀ ਹਾਂ ਖਾਰੇ,
ਵੱਤ ਨ ਮੇਲਾ ਹੋਸੀਆਂ,
ਹੁਣ ਏਹੋ ਵਾਰੇ ।3।

ਮਾਂ ਰੋਵੰਦੀ ਜ਼ਾਰ ਜ਼ਾਰ,
ਭੈਣ ਖਰੀ ਪੁਕਾਰੇ,
ਅਜ਼ਰਾਈਲ ਫ਼ਰੇਸ਼ਤਾ
ਲੈ ਚਲਿਆ ਵਿਚਾਰੇ ।4।

ਇਕ ਅਨ੍ਹੇਰੀ ਕੋਠੜੀ
ਦੂਜਾ ਦੀਵਾ ਨ ਬਾਤੀ,
ਬਾਹੋਂ ਪਕੜ ਜਮ ਲੈ ਚਲੇ,
ਕੋਈ ਸੰਗ ਨ ਸਾਥੀ ।5।

ਖੁਦੀ ਤਕੱਬਰੀ ਬੰਦਿਆ ਛੋਡਿ ਦੇ,
ਤੂੰ ਪਕੜ ਹਲੀਮੀ,
ਗੋਰ ਨਿਮਾਣੀ ਨੂੰ ਤੂੰ ਯਾਦਿ ਕਰਿ,
ਤੇਰਾ ਵਤਨ ਕਦੀਮੀ ।6।

ਹੱਥ ਮਰੋੜੇਂ ਸਿਰ ਧੁਣੇ,
ਵੇਲਾ ਛਲਿ ਜਾਸੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਮਿਤ੍ਰ ਹੋਇ ਉਦਾਸੀ 7।

17. ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ

ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ ।
ਬਾਝੂੰ ਸੱਜਣੁ ਮੈਨੂੰ ਹੋਰੁ ਨਹੀਂ ਸੁਝਦਾ ।ਰਹਾਉ।

ਮਨ ਤਨੂਰ ਆਂਹੀ ਦੇ ਅਲੰਬੇ,
ਸੇਜ ਚੜ੍ਹੀਦਾ ਮੈਂਡਾ ਤਨ ਮਨ ਭੁਜਦਾ ।1।

ਤਨ ਦੀਆਂ ਤਨ ਜਾਣੇ,
ਮਨ ਦੀਆਂ ਮਨ ਜਾਣੇ,
ਮਹਰਮੀ ਹੋਇ ਸੁ ਦਿਲ ਦੀਆਂ ਬੁਝਦਾ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੋਕ ਬਖੀਲਾ ਪਚਿ ਪਚਿ ਲੁਝਦਾ ।3।

18. ਬਾਲਪਣ ਖੇਡ ਲੈ ਕੁੜੀਏ ਨੀਂ

ਬਾਲਪਣ ਖੇਡ ਲੈ ਕੁੜੀਏ ਨੀਂ,
ਤੇਰਾ ਅੱਜ ਕਿ ਕਲ੍ਹ ਮੁਕਲਾਵਾ ।ਰਹਾਉ।

ਖੇਨੂੜਾ ਖਿਡੰਦੀਏ ਕੁੜੀਏ,
ਕੰਨੁ ਸੁਇਨੇ ਦਾ ਵਾਲਾ,
ਸਾਹੁਰੜੇ ਘਰਿ ਅਲਬਤ ਜਾਣਾ,
ਪੇਈਏ ਕੂੜਾ ਦਾਵਾ ।1।

ਸਾਵਣੁ ਮਾਂਹ ਸਰੰਗੜਾ ਆਇਆ,
ਦਿੱਸਨ ਸਾਵੇਂ ਤੱਲੇ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਜੁ ਆਏ ਕਲ੍ਹ ਚੱਲੇ ।2।

19. ਬੰਦੇ ਆਪ ਨੂੰ ਪਛਾਣ

ਬੰਦੇ ਆਪ ਨੂੰ ਪਛਾਣ ।
ਜੇ ਤੈਂ ਆਪਦਾ ਆਪੁ ਪਛਾਤਾ,
ਸਾਈਂ ਦਾ ਮਿਲਣ ਅਸਾਨੁ ।ਰਹਾਉ।

ਸੋਇਨੇ ਦੇ ਕੋਟੁ ਰੁਪਹਿਰੀ ਛੱਜੇ,
ਹਰਿ ਬਿਨੁ ਜਾਣਿ ਮਸਾਣੁ ।1।

ਤੇਰੇ ਸਿਰ ਤੇ ਜਮੁ ਸਾਜਸ਼ ਕਰਦਾ,
ਭਾਵੇਂ ਤੂੰ ਜਾਣ ਨ ਜਾਣ ।2।

ਸਾਢੇ ਤਿਨ ਹਥਿ ਮਿਲਖ ਤੁਸਾਡੀ,
ਏਡੇ ਤੂੰ ਤਾਣੇ ਨਾ ਤਾਣੁ ।3।

ਸੁਇਨਾ ਰੁਪਾ ਤੇ ਮਾਲੁ ਖ਼ਜ਼ੀਨਾ,
ਹੋਇ ਰਹਿਆ ਮਹਿਮਾਨੁ ।4।

ਕਹੈ ਹੁਸੈਨ ਫ਼ਕੀਰ ਨਿਮਾਣਾ,
ਛੱਡਿ ਦੇ ਖ਼ੁਦੀ ਗੁਮਾਨੁ ।5।

20. ਬੁਰੀਆਂ ਬੁਰੀਆਂ ਬੁਰੀਆਂ ਵੇ

ਬੁਰੀਆਂ ਬੁਰੀਆਂ ਬੁਰੀਆਂ ਵੇ,
ਅਸੀਂ ਬੁਰੀਆਂ ਵੇ ਲੋਕਾ ।

ਬੁਰੀਆਂ ਕੋਲ ਨ ਬਹੁ ਵੇ ।
ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਬਿਰਹੁੰ ਦੀਆਂ ਛੁਰੀਆਂ ਵੇ ਲੋਕਾ ।1।ਰਹਾਉ।

ਲਡਿ ਸੱਜਣ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰ ਕੇ ਮੁੜੀਆਂ ਵੇ ਲੋਕਾ ।1।

ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ਵੇ ਲੋਕਾ ।2।

ਸਾਝ ਪਾਤਿ ਕਾਹੂੰ ਸੋਂ ਨਾਹੀਂ,
ਸਾਂਈਂ ਖੋਜਨਿ ਅਸੀਂ ਟੁਰੀਆਂ ਵੇ ਲੋਕਾ ।3।

ਜਿਨ੍ਹਾਂ ਸਾਂਈਂ ਦਾ ਨਾਉਂ ਨ ਲੀਤਾ,
ਓੜਕ ਨੂੰ ਉਹ ਝੁਰੀਆਂ ਵੇ ਲੋਕਾ ।4।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਹਿਬੁ ਸਿਉਂ ਅਸੀਂ ਜੁੜੀਆਂ ਵੇ ਲੋਕਾ ।5।

(ਪਾਠ ਭੇਦ)

ਅਸੀਂ ਬੁਰੀਆਂ ਵੇ ਲੋਕਾ ਬੁਰੀਆਂ।
ਕੋਲ ਨ ਬਹੁ ਵੇ ਅਸੀਂ ਬੁਰੀਆਂ ।ਰਹਾਉ।

ਤੀਰਾਂ ਤੇ ਤਲਵਾਰਾਂ ਕੋਲੋਂ,
ਤਿੱਖੀਆਂ ਨੈਣਾਂ ਦੀਆਂ ਛੁਰੀਆਂ ।

ਸੱਜਣ ਅਸਾਡੇ ਪਰਦੇਸ ਸਿਧਾਣੇ,
ਅਸੀਂ ਵਿਦਿਆ ਕਰ ਕੇ ਮੁੜੀਆਂ ।

ਜੇ ਤੂੰ ਤਖ਼ਤ ਹਜ਼ਾਰੇ ਦਾ ਸਾਂਈਂ,
ਅਸੀਂ ਸਿਆਲਾਂ ਦੀਆਂ ਕੁੜੀਆਂ ।

ਕਹੈ ਹੁਸੈਨ ਫ਼ਕੀਰ ਰਬਾਣਾ,
ਲਗੀਆਂ ਮੂਲ ਨ ਮੁੜੀਆਂ ।

21. ਚਾਰੇ ਪਲੂ ਚੋਲਣੀ, ਨੈਣ ਰੋਂਦੀ ਦੇ ਭਿੰਨੇ

ਚਾਰੇ ਪਲੂ ਚੋਲਣੀ,
ਨੈਣ ਰੋਂਦੀ ਦੇ ਭਿੰਨੇ ।ਰਹਾਉ।

ਕਤਿ ਨ ਜਾਣਾ ਪੂਣੀਆਂ,
ਦੋਸ਼ ਦੇਨੀਆਂ ਮੁੰਨੇ ।1।

ਆਵਣੁ ਆਵਣੁ ਕਹਿ ਗਏ,
ਮਾਹਿ ਬਾਰਾਂ ਪੁੰਨੇ ।2।

ਇਕ ਅੰਨ੍ਹੇਰੀ ਕੋਠੜੀ,
ਦੂਜੇ ਮਿੱਤਰ ਵਿਛੁੰਨੇ ।3।

ਕਾਲੇ ਹਰਨਾ ਚਰ ਗਿਉਂ
ਸ਼ਾਹ ਹੁਸੈਨ ਦੇ ਬੰਨੇ ।4।

22. ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ

ਚੰਦੀਂ ਹਜਾਰ ਆਲਮੁ ਤੂੰ ਕੇਹੜੀਆਂ ਕੁੜੇ ।
ਚਰੇਂਦੀ ਆਈ ਲੇਲੜੇ,
ਤੁਮੇਂਦੀ ਉੱਨ ਕੁੜੇ ।ਰਹਾਉ।

ਉੱਚੀ ਘਾਟੀ ਚੜ੍ਹਦਿਆਂ,
ਤੇਰੇ ਕੰਡੇ ਪੈਰ ਪੁੜੇ ।
ਤੈਂ ਜੇਹਾ ਮੈਂ ਕੋਈ ਨ ਡਿੱਠਾ,
ਅੱਗੇ ਹੋਇ ਮੁੜੇ ।1।

ਬਿਨਾਂ ਅਮਲਾਂ ਆਦਮੀ,
ਵੈਂਦੇ ਕੱਖੁ ਲੁੜੇ ।
ਪੀਰ ਪੈਕੰਬਰ ਅਉਲੀਏ,
ਦਰਗਹ ਜਾਇ ਵੜੇ ।2।

ਸਭੇ ਪਾਣੀ ਹਾਰੀਆਂ,
ਰੰਗਾ ਰੰਗ ਘੜੇ ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਦਰਗਹ ਵੰਜ ਖੜੇ ।3।

23. ਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇ

ਚਾਰੇ ਪੱਲੇ ਚੂਨੜੀ ਨੈਣ ਰੋਂਦੀ ਦੇ ਭਿੰਨੇ ।
ਆਵਣ ਆਵਣ ਕਹਿ ਗਏ ਜਾਹੁ ਬਾਗਾਂ ਪੁੰਨੇ ।
ਕੱਤ ਨ ਜਾਣਾਂ ਪੂਣੀਆਂ ਦੋਸ਼ ਦੇਦੀ ਹਾਂ ਮੁੰਨੇ ।
ਲਿਖਣ ਹਾਰਾ ਲਿਖ ਗਇਆ ਕੀ ਹੋਂਦਾ ਰੁੰਨੇ ।
ਇਕ ਹਨੇਰੀ ਕੋਠੜੀ ਦੂਜਾ ਮਿੱਤਰ ਵਿਛੁੰਨੇ ।
ਕਾਲਿਆ ਹਰਨਾ ਚਰ ਗਇਓਂ, ਸ਼ਾਹ ਹੁਸੈਨ ਦੇ ਬੰਨੇ ।

24. ਚਰਖਾ ਮੇਰਾ ਰੰਗਲੜਾ ਰੰਗ ਲਾਲ

ਚਰਖਾ ਮੇਰਾ ਰੰਗਲੜਾ ਰੰਗ ਲਾਲੁ ।ਰਹਾਉ।

ਜੇਵਡੁ ਚਰਖਾ ਤੇਵਡੁ ਮੁੰਨੇ,
ਹੁਣ ਕਹਿ ਗਇਆ, ਬਾਰਾਂ ਪੁੰਨੇ,
ਸਾਈਂ ਕਾਰਨ ਲੋਇਨ ਰੁੰਨੇ,
ਰੋਇ ਵੰਞਾਇਆ ਹਾਲੁ ।1।

ਜੇਵਡੁ ਚਰਖਾ ਤੇਵਡੁ ਘੁਮਾਇਣ,
ਸਭੇ ਆਈਆਂ ਸੀਸ ਗੁੰਦਾਇਣ,
ਕਾਈ ਨ ਆਈਆ ਹਾਲ ਵੰਡਾਇਣ,
ਹੁਣ ਕਾਈ ਨ ਚਲਦੀ ਨਾਲੁ ।2।

ਵੱਛੇ ਖਾਧਾ ਗੋੜ੍ਹਾ ਵਾੜਾ,
ਸਭੋ ਲੜਦਾ ਵੇੜਾ ਪਾੜਾ,
ਮੈਂ ਕੀ ਫੇੜਿਆ ਵੇਹੜੇ ਦਾ ਨੀਂ,
ਸਭ ਪਈਆਂ ਮੇਰੇ ਖਿਆਲੁ 3।

ਜੇਵਡੁ ਚਰਖਾ ਤੇਵਡੁ ਪੱਛੀ,
ਮਾਪਿਆਂ ਮੇਰਿਆਂ ਸਿਰ ਤੇ ਰੱਖੀ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹਰ ਦਮ ਨਾਮ ਸਮਾਲੁ ।4।

25. ਚੂਹੜੀ ਹਾਂ ਦਰਬਾਰ ਦੀ

ਚੂਹੜੀ ਹਾਂ ਦਰਬਾਰ ਦੀ ।ਰਹਾਉ।

ਧਿਆਨ ਦੀ ਛੱਜਲੀ ਗਿਆਨ ਦਾ ਝਾੜੂ,
ਕਾਮ ਕਰੋਧ ਨਿੱਤ ਝਾੜਦੀ ।
ਕਾਜ਼ੀ ਜਾਣੇ ਸਾਨੂੰ ਹਾਕਮ,
ਜਾਣੇ, ਸਾਥੇ ਫਾਰਖਤੀ ਵੇਗਾਰ ਦੀ ।1।

ਮੱਲ ਜਾਣੇ ਅਰ ਮਹਿਤਾ ਜਾਣੈ,
ਮੈਂ ਟਹਲ ਕਰਾਂ ਸਰਕਾਰ ਦੀ ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਤਲਬ ਤੇਰੇ ਦੀਦਾਰ ਦੀ ।2।

26. ਡਾਢਾ ਬੇਪਰਵਾਹ

ਡਾਢਾ ਬੇਪਰਵਾਹ,
ਮੈੱਡੀ ਲਾਜ ਤੈਂ ਪਰ ਆਹੀ ।

ਹੱਥੀ ਮਹਿੰਦੀ ਪੈਰੀਂ ਮਹਿੰਦੀ,
ਖਾਰੇ ਚਾਇ ਬਹਾਈ ।
ਸੱਸ ਨਿਨਾਣਾਂ ਦੇਂਦੀਆਂ ਤਾਹਨੇ,
ਦਾਜ ਵਿਹੂਣੀ ਆਈ ।

ਸੁੰਨੇ ਮੁੰਨੇ ਦਾਇਮ ਰੁੰਨੇ,
ਚਰਖੈ ਜੀਉ ਖਪਾਇਆ ।
ਬੀਬੀ ਪੱਛੀ ਦਾਇਮ ਪੱਛੀ,
ਕਤਿ ਤੁੰਬ ਜਿਸ ਵਿਚ ਪਾਇਆ ।

ਭਉਂਦਿਆਂ ਚੌਂਦਿਆਂ ਛੱਲੀ ਕੀਤੀ,
ਕਾਜ ਪਾਇਆ ਲੈ ਜਾਇਆ ।

ਰਾਤ ਅੰਧੇਰੀ ਗਲੀਂਏਂ ਚਿੱਕੜ,
ਮਿਲਿਆ ਯਾਰ ਸਿਪਾਹੀ ।
ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਇਹ ਗੱਲ ਸੁਝਦੀ ਆਹੀ ।

27. ਦਰਦ ਵਿਛੋੜੇ ਦਾ ਹਾਲ

ਦਰਦ ਵਿਛੋੜੇ ਦਾ ਹਾਲ,
ਨੀ ਮੈਂ ਕੈਨੂੰ ਆਖਾਂ ।

ਸੂਲਾਂ ਮਾਰ ਦੀਵਾਨੀ ਕੀਤੀ,
ਬਿਰਹੁੰ ਪਇਆ ਸਾਡੇ ਖ਼ਿਆਲ,
ਨੀ ਮੈਂ ਕੈਨੂੰ ਆਖਾਂ ।

ਸੂਲਾਂ ਦੀ ਰੋਟੀ ਦੁਖਾਂ ਦਾ ਲਾਵਣ,
ਹੱਡਾਂ ਦਾ ਬਾਲਣ ਬਾਲ,
ਨੀ ਮੈਂ ਕੈਨੂੰ ਆਖਾਂ ।

ਜੰਗਲ ਜੰਗਲ ਫਿਰਾਂ ਢੂੰਢੇਂਦੀ,
ਅਜੇ ਨ ਮਿਲਿਆ ਮਹੀਂਵਾਲ,
ਨੀ ਮੈਂ ਕੈਨੂੰ ਆਖਾਂ ।

ਰਾਂਝਣ ਰਾਂਝਣ ਫਿਰਾਂ ਢੂੰਢੇਂਦੀ,
ਰਾਂਝਣ ਮੇਰੇ ਨਾਲ,
ਨੀ ਮੈਂ ਕੈਨੂੰ ਆਖਾਂ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਵੇਖ ਨਿਮਾਣਿਆਂ ਦਾ ਹਾਲ,
ਨੀ ਮੈਂ ਕੈਨੂੰ ਆਖਾਂ ।

28. ਡੇਖ ਨ ਮੈਂਡੇ ਅਵਗੁਣ ਡਾਹੂੰ

ਡੇਖ ਨ ਮੈਂਡੇ ਅਵਗੁਣ ਡਾਹੂੰ,
ਤੇਰਾ ਨਾਮੁ ਸੱਤਾਰੀ ਦਾ ।ਰਹਾਉ।

ਤੂੰ ਸੁਲਤਾਨ ਸਭੋ ਕਿਛੁ ਸਰਦਾ,
ਮਾਲਮ ਹੈ ਤੈਨੂੰ ਹਾਲ ਜਿਗਰ ਦਾ,
ਤਉ ਕੋਲੋਂ ਕਛੁ ਨਾਹੀਂ ਪੜਦਾ,
ਫੋਲਿ ਨ ਐਬ ਵਿਚਾਰੀ ਦਾ ।1।

ਤੂੰ ਹੀ ਆਕਲ ਤੂੰ ਹੀ ਦਾਨਾ,
ਤੂੰ ਹੀ ਮੇਰਾ ਕਰਿ ਖਸਮਾਨਾ,
ਜੋ ਕਿਛੁ ਦਿਲ ਮੇਰੇ ਵਿਚ ਗੁਜ਼ਰੇ,
ਤੂੰ ਮਹਰਮ ਗੱਲ ਸਾਰੀ ਦਾ ।2।

ਤੂੰਹੇ ਦਾਤਾ ਤੂੰਹੇ ਭੁਗਤਾ,
ਸਭ ਕਿਛੁ ਦੇਂਦਾ ਮੂਲ ਨ ਚੁੱਕਦਾ,
ਤੂੰ ਦਰਿਆਉ ਮਿਹਰ ਦਾ ਵਹਿੰਦਾ,
ਮਾਂਗਨਿ ਕੁਰਬ ਭਿਖਾਰੀ ਦਾ ।3।

ਏਹੁ ਅਰਜ ਹੁਸੈਨ ਸੁਣਾਵੈ,
ਤੇਰਾ ਕੀਤਾ ਮੈਂ ਮਨ ਭਾਵੈ,
ਦੂਖ ਦਰਦ ਕਿਛੁ ਨੇੜਿ ਨ ਆਵੈ,
ਹਰ ਦਮ ਸ਼ੁਕਰ ਗੁਜ਼ਾਰੀ ਦਾ ।4।

29. ਦਿਲ ਦਰਦਾਂ ਕੀਤੀ ਪੂਰੀ

ਦਿਲ ਦਰਦਾਂ ਕੀਤੀ ਪੂਰੀ,
ਦਿਲ ਦਰਦਾਂ ਕੀਤੀ ਪੂਰੀ ।ਰਹਾਉ।

ਲਖਿ ਕਰੋੜ ਜਿਹਨਾਂ ਦੇ ਜੜਿਆ,
ਸੋ ਭੀ ਝੂਰੀ ਝੂਰੀ ।1।

ਭੱਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਭੂਰੀ ।2।

ਸਾਧਿ ਸੰਗਤਿ ਦੇ ਓਲ੍ਹੇ ਰਹਿੰਦੇ,
ਬੁੱਧ ਤਿਨਾਂ ਦੀ ਸੂਰੀ ।3।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਖ਼ਲਕਤ ਗਈ ਅਧੂਰੀ ।4।

30. ਦਿਨ ਚਾਰਿ ਚਉਗਾਨ ਮੈਂ ਖੇਲ, ਖੜੀ

ਦਿਨ ਚਾਰਿ ਚਉਗਾਨ ਮੈਂ ਖੇਲ, ਖੜੀ,
ਦੇਖਾਂ ਕਉਣ ਜੀਤੈ ਬਾਜੀ ਕਉਣ ਹਾਰੈ ।

ਘੋੜਾ ਕਉਣ ਕਾ ਚਾਕਿ ਚਾਲਾਕਿ ਚਾਲੇ,
ਦੇਖਾਂ ਹਾਥਿ ਹਿੰਮਤਿ ਕਰਿ ਕਉਣ ਡਾਰੈ ।ਰਹਾਉ।

ਇਸੁ ਜੀਉ ਪਰਿ ਬਾਜੀਆ ਆਨ ਪੜੀ,
ਦੇਖਾਂ ਗੋਇ ਮੈਦਾਨ ਮੈਂ ਕਉਣ ਮਾਰੈ ।1।

ਹਾਇ ਹਾਇ ਜਹਾਨਿ ਪੁਕਾਰਤਾ ਹੈ,
ਸਮਝਿ ਖੇਲ ਬਾਜੀ ਸ਼ਾਹੁ ਹੁਸੈਨ ਪਿਆਰੇ ।2।

31. ਦਿਹੁੰ ਲਥਾ ਹੀ ਹਰਟ ਨ ਗੇੜ ਨੀਂ

ਦਿਹੁੰ ਲਥਾ ਹੀ ਹਰਟ ਨ ਗੇੜ ਨੀਂ ।1।ਰਹਾਉ।

ਸਈਆਂ ਨਾਲਿ ਘਰਿ ਵੰਞ ਸਵੇਰੇ,
ਕੂੜੇ ਝੇੜੁ ਨ ਝੇੜਿ ਨੀਂ ।1।

ਇਕਨਾ ਭਰਿਆ ਇਕ ਭਰ ਗਈਆਂ,
ਇਕਨਾ ਨੂੰ ਭਈ ਅਵੇਰ ਨੀਂ ।2।

ਪਿਛੋਂ ਦੀ ਪਛੁਤਾਸੇਂ ਕੁੜੀਏ,
ਜਦੂੰ ਪਉਸੀਆ ਘੁੰਮਣ ਘੇਰ ਨੀਂ ।3।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਇਥੇ ਵਤਿ ਨਹੀਂ ਆਵਣਾ ਫੇਰਿ ਨੀਂ ।4।

32. ਦਿਨ ਲਥੜਾ ਹਰਟ ਨ ਗੇੜ ਮੁਈਏ

ਦਿਨ ਲਥੜਾ ਹਰਟ ਨ ਗੇੜ ਮੁਈਏ ।

ਇਕ ਭਰ ਆਈਆਂ ਇਕ ਭਰ ਚਲੀਆਂ ।
ਇਕਨਾ ਲਾਈ ਡੇਰ ਮੁਈਏ ।

ਤੁਝੇ ਬਿਗਾਨੀ ਕਿਆ ਪੜੀ,
ਤੂੰ ਆਪਣੀ ਆਪ ਨਿਬੇੜ ਮੁਈਏ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਆਵਣ ਨ ਦੂਜੀ ਵੇਰ ਮੁਈਏ ।

33. ਦੁਨੀਆਂ ਜੀਵਣ ਚਾਰ ਦਿਹਾੜੇ

ਦੁਨੀਆਂ ਜੀਵਣ ਚਾਰ ਦਿਹਾੜੇ,
ਕਉਣ ਕਿਸ ਨਾਲ ਰੁੱਸੇ ।ਰਹਾਉ।

ਜਿਹ ਵੱਲ ਵੰਜਾਂ ਮਉਤ ਤਿਤੇ ਵੱਲ,
ਜੀਵਨ ਕੋਈ ਨ ਦੱਸੇ ।1।

ਸਰ ਪਰ ਲੱਦਣਾ ਏਸ ਜਹਾਨੋਂ,
ਰਹਿਣਾ ਨਾਹੀਂ ਕਿੱਸੇ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਉਤ ਵਟੈਂਦੜੀ ਰੱਸੇ ।3।

34. ਦੁਨੀਆਂ ਤਾਲਬ ਮਤਲਬ ਦੀ ਵੋ

ਦੁਨੀਆਂ ਤਾਲਬ ਮਤਲਬ ਦੀ ਵੋ,
ਸਚੁ ਸੁਣ ਵੋ ਫ਼ਕੀਰਾ ।ਰਹਾਉ।

ਮਤਲਬ ਆਵੈ ਮਤਲਬ ਜਾਵੈ,
ਮਤਲਬ ਪੂਜੇ ਗੁਰ ਪੀਰਾ ।1।

ਮਤਲਬ ਪਹਨਾਵੈ, ਮਤਲਬ ਖਿਲਾਵੈ,
ਮਤਲਬ ਪਿਲਾਵੈ ਨੀਰਾ ।2।

ਕਹੈ ਹੁਸੈਨ ਜਿਨ ਮਤਲਬ ਛੋਡਿਆ,
ਸੋ ਮੀਰਨ ਸਿਰ ਮੀਰਾ ।3।

35. ਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾ

ਦੁਨੀਆਂ ਤੋਂ ਮਰ ਜਾਵਣਾ, ਵਤ ਨ ਆਵਣਾ,
ਜੋ ਕਿਛੁ ਕੀਤੋ ਬੁਰਾ ਭਲਾ ਵੋ,
ਕੀਤਾ ਆਪਣਾ ਪਾਵਣਾ ।ਰਹਾਉ।

ਆਦਮੀਓਂ ਫਿਰ ਮੁਰਦਾ ਕੀਤਾ,
ਮਿਤਰ ਪਿਆਰਿਆ ਤੇਰਾ ਚੋਲਾ ਸੀਤਾ,
ਗੋਰ ਮੰਜ਼ਲ ਪਹੁੰਚਾਵਣਾ ।1।

ਚਾਰ ਦਿਹਾੜੇ ਗੋਇਲ ਵਾਸਾ,
ਕਿਆ ਜਾਣਾ ਕਿਤ ਢੁਲਸੀ ਵੋ ਪਾਸਾ,
ਬਾਲਕ ਮਨ ਪਰਚਾਵਣਾ ।2।

ਚਹੁੰ ਜਣਿਆਂ ਮਿਲ ਝੋਲਮ ਝੋਲੀ,
ਕੰਧੇ ਉਠਾਇ ਲੀਤਾ ਡੰਡਾ ਡੋਲੀ,
ਜੰਗਲ ਜਾਇ ਵਸਾਵਣਾ ।3।

ਕਹੈ ਹੁਸੈਨ ਫ਼ਕੀਰ ਰਬਾਣਾ,
ਕੂੜ ਕੜਾਵਾ ਕਰਦਾ ਈ ਮਾਣਾ,
ਖਾਕੂ ਦੇ ਵਿਚ ਸਮਾਵਣਾ ।4।

36. ਗਾਹਕੁ ਵੈਂਦਾ ਹੀ ਕੁਝਿ ਵਟਿ ਲੈ

ਗਾਹਕੁ ਵੈਂਦਾ ਹੀ ਕੁਝਿ ਵਟਿ ਲੈ ।
ਆਇਆ ਗਾਹਕੁ ਮੂਲ ਨ ਮੋੜੇਂ,
ਟਕਾ ਪੰਜਾਹਾ ਘੱਟ ਲੈ ।ਰਹਾਉ।

ਪੇਈਅੜੇ ਦਿਨਿ ਚਾਰ ਦਿਹਾੜੇ,
ਹਰਿ ਵਲਿ ਝਾਤੀ ਘਤਿ ਲੈ ।1।

ਬਾਬਲਿ ਦੇ ਘਰਿ ਦਾਜ ਵਿਹੂਣੀ,
ਦੜਿ ਬੜਿ ਪੂੰਣੀ ਕਤਿ ਲੈ ।2।

ਹੋਰਨਾ ਨਾਲ ਉਧਾਰ ਕਰੇਂਦੀ,
ਸਾਥਹੁ ਭੀ ਕੁਝ ਹਥਿ ਲੈ ।3।

ਕਹੈ ਹੁਸੈਨ ਫ਼ਕੀਰ ਨਿਮਾਣਾ,
ਇਹਿ ਸ਼ਾਹਾਂ ਦੀ ਮਤਿ ਲੈ ।4।

37. ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ

ਗਲਿ ਵੋ ਕੀਤੀ ਸਾਡੇ ਖ਼ਿਆਲੁ ਪਈ,
ਗਲ ਪਈ ਵੋ ਨਿਬਾਹੀ ਲੋੜੀਏ ।ਰਹਾਉ।

ਸ਼ਮ੍ਹਾਂ ਦੇ ਪਰਵਾਨੇ ਵਾਂਗੂੰ,
ਜਲਦਿਆਂ ਅੰਗਿ ਨ ਮੋੜੀਏ ।1।

ਹਾਥੀ ਇਸ਼ਕ ਮਹਾਵਤ ਰਾਂਝਾ,
ਅੰਕਸੁ ਦੇ ਦੇ ਹੋੜੀਏ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੱਗੀ ਪ੍ਰੀਤ ਨ ਤੋੜੀਏ ।3।

38. ਘੜੀ ਇਕੁ ਦੇ ਮਿਜਮਾਨੁ ਮੁਸਾਫਰ

ਘੜੀ ਇਕੁ ਦੇ ਮਿਜਮਾਨੁ ਮੁਸਾਫਰ,
ਪਈਆਂ ਤਾਂ ਰਹਿਣ ਸਰਾਈਂ ।

ਕੋਟਾਂ ਦੇ ਸਿਕਦਾਰ ਸੁਣੀਦੇ,
ਅੱਖੀ ਦਿਸਦੇ ਨਾਹੀਂ ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੋਈ ਕਹੀਂ ਦਾ ਨਾਹੀਂ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰਿ ਦਮ ਸਾਈਂ ਸਾਈਂ ।2।

39. ਘਰਿ ਸੋਹਣਿ ਸਹੀਆਂ ਏਤੜੀਆਂ

ਘਰਿ ਸੋਹਣਿ ਸਹੀਆਂ ਏਤੜੀਆਂ,
ਹੋੜੀਆਂ ਹਟਕੀਆਂ ਰਹਿਣ ਨ ਮੂਲੇ,
ਡੂੰਘੇ ਚਿੱਕੜ ਲੇਟੜੀਆਂ ।ਰਹਾਉ।

ਕਾਈਆਂ ਭੁੱਖੀਆਂ ਕਾਈ ਤਿਹਾਈ,
ਕਾਇ ਜਗੰਦੀਆਂ ਕਾਇ ਨਿੰਦਰਾਈ,
ਕਈਆਂ ਸਖੀਆਂ ਚੁੰਦ ਮਚਾਈ,
ਪੰਜਾਂ ਬੇੜੀ ਵਹਿਣ ਲੁੜ੍ਹਾਈ,
ਸਭਿ ਘਰਿ ਦੀਆਂ ਮੰਝ ਭੇਤੜੀਆਂ ।1।

ਪੰਜੇ ਸਖੀਆਂ ਇਕੋ ਜੇਹੀਆਂ,
ਹੁਕਮ ਸੰਜੋਗ ਇਕੱਠੀਆਂ ਹੋਈਆਂ,
ਜੋ ਪੰਜਾਂ ਨੂੰ ਧਾਗਾ ਪਾਏ,
ਸਾ ਸਭਰਾਈ ਕੰਤੁ ਰੀਝਾਏ,
ਕਹੈ ਹੁਸੈਨ ਬਿਸ਼ਰਮੀਂ ਸਈਂਆਂ,
ਆਇ ਪਵਨਿ ਅਚੇਤੜੀਆਂ ।2।

40. ਘੋਲੀ ਵੰਞਾਂ ਸਾਂਈਂ ਤੈਥੋਂ

ਘੋਲੀ ਵੰਞਾਂ ਸਾਂਈਂ ਤੈਥੋਂ,
ਹਾਲੁ ਅਸਾਡੇ ਦੇ ਮਹਿਰਮ ਸੱਜਣਾ ।

ਕਦੀ ਤਾਂ ਦਰਸ ਦਿਖਾਲਿ ਪਿਆਰਿਆ,
ਸਦਾ ਸੁਹਾਰਾ ਪੜਦੇ ਕੱਜਣਾ ।ਰਹਾਉ।

ਏਹੋ ਮੰਗਿ ਲੀਤੀ ਤਉ ਕੋਲੋਂ,
ਪਲਿ ਪਲਿ ਬਢੇ ਤੁਸਾਂ ਵਲਿ ਲੱਗਣਾ ।1।

ਕਹੈ ਹੁਸੈਨ ਫ਼ਕੀਰ ਨਿਮਾਣਾ,
ਹਰ ਦਮ ਨਾਮ ਤੁਸਾਡੇ ਰੱਜਣਾ ।2।

41. ਘੁੰਮ ਚਰਖੜਿਆ ਘੁੰਮ (ਵੇ)

ਘੁੰਮ ਚਰਖੜਿਆ ਘੁੰਮ (ਵੇ),
ਤੇਰੀ ਕੱਤਣ ਵਾਲੀ ਜੀਵੇ,
ਨਲੀਆਂ ਵੱਟਣਿ ਵਾਲੀ ਜੀਵੇ ।ਰਹਾਉ।

ਬੁੱਢਾ ਹੋਇਓਂ ਸ਼ਾਹ ਹੁਸੈਨਾ,
ਦੰਦੀਂ ਝੇਰਾਂ ਪਈਆਂ,
ਉਠਿ ਸਵੇਰੇ ਢੂੰਡਣਿ ਲਗੋਂ,
ਸੰਝਿ ਦੀਆਂ ਜੋ ਗਈਆਂ ।1।

ਹਰ ਦਮ ਨਾਮ ਸਮਾਲ ਸਾਈਂ ਦਾ,
ਤਾਂ ਤੂੰ ਇਸਥਿਰ ਥੀਵੇਂ,
ਪੰਜਾਂ ਨਦੀਆਂ ਦੇ ਮੂੰਹ ਆਇਆ,
ਕਿਤ ਗੁਣ ਚਾਇਆ ਜੀਵੇਂ ।2।

ਚਰਖਾ ਬੋਲੇ ਸਾਈਂ ਸਾਈਂ,
ਬਾਇੜ ਬੋਲੇ ਤੂੰ,
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੈਂ ਨਾਹੀਂ ਸਭ ਤੂੰ ।3।

42. ਗੋਇਲੜਾ ਦਿਨ ਚਾਰਿ

ਗੋਇਲੜਾ ਦਿਨ ਚਾਰਿ,
ਕੁੜੇ ਸਈਆਂ ਖੇਡਣਿ ਆਈਆਂ ਨੀ ।ਰਹਾਉ।

ਭੋਲੀ ਮਾਉ ਨ ਖੇਡਣਿ ਦੇਈ,
ਹੰਝੂ ਦਰਦ ਰੁਆਈਆਂ ਨੀ ।
ਚੰਦ ਕੇ ਚਾਂਦਨ ਸਈਆਂ ਖੇਡਣਿ,
ਗਾਫ਼ਲ ਤਿਮਰ ਰਹਾਈਆਂ ਨੀ ।1।

ਸਾਹੁਰੜੇ ਘਰ ਅਲਬਿਤ ਜਾਣਾ,
ਜਾਣਨ ਸੇ ਸਭਰਾਈਆਂ ਨੀ ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜਿਨਾਂ ਚਾਈਆਂ ਸੋ ਤੋੜ ਨਿਭਾਈਆਂ ਨੀ ।2।

43. ਹੱਸਣ ਖੇਡਣੁ ਭਾਇ ਅਸਾਡੇ

ਹੱਸਣ ਖੇਡਣੁ ਭਾਇ ਅਸਾਡੇ,
ਦਿੱਤਾ ਜੀ ਰੱਬ ਆਪਿ ਅਸਾਨੋਂ ।

ਇਕ ਰੋਂਦੇ ਰੋਂਦੇ ਰੋਇ ਗਏ,
ਇਕ ਹਸਿ ਰਸਿ ਲੈ ਗਏ ਗੋਇ ਮੈਦਾਨੋਂ ।ਰਹਾਉ।

ਛੋਡਿ ਤਕੱਬਰੀ ਪਕੜਿ ਹਲੀਮੀ,
ਕੀ ਵਟਿਓ ਇਸ ਖ਼ੁਦੀ ਗੁਮਾਨੋਂ ।1।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਹੀ ਸਲਾਮਤਿ ਚਲੇ ਜਹਾਨੋਂ ।2।

44. ਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰ

ਹਉਂ ਮਤੀਂ ਦੇਂਦੀ ਹਾਂ ਬਾਲ ਇਆਣੇ ਨੂੰ ।
ਦਾਰੂ ਲਾਇਆ ਲਗਦਾ ਨਾਹੀਂ,
ਪੁਛ ਪੁਛ ਰਹੀ ਸਿਆਣੇ ਨੂੰ ।ਰਹਾਉ ।

ਸਿਆਹੀ ਗਈ ਸਪੇਦੀ ਆਈ,
ਰੋਨੀਂ ਹਾਂ ਵਖਤ ਵਿਹਾਣੇ ਨੂੰ ।

ਪੰਜਾਂ ਨਦੀਆਂ ਦੇ ਮੂੰਹ ਆਈ,
ਕੇਹਾ ਦੋਸ ਮੁਹਾਣੇ ਨੂੰ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਕੀ ਕਰੀਏ ਰਬ ਦੇ ਭਾਣੇ ਨੂੰ ।

45. ਹੁਣਿ ਤਣਿ ਦੇਸਾਂ ਤੇਰਾ ਤਾਣਾ

ਹੁਣਿ ਤਣਿ ਦੇਸਾਂ ਤੇਰਾ ਤਾਣਾ,
ਮੇਰੀ ਜਿੰਦੁੜੀਏ ਨੀਂ ।
ਸਾਹਿਬ ਜਾਦੜੀਏ ਨੀਂ ।
ਸਰਪਰ ਜਾਵਣੀਏਂ ਨੀਂ ।
ਘੁੰਮ ਨ ਆਵਣੀਏਂ ਨੀਂ ।
ਹੁਣਿ ਤਣਿ ਦੇਸਾਂ ਤੇਰਾ ਤਾਣਾ ।

ਕੱਤਦਿਆਂ ਕੱਤਦਿਆਂ ਉਮਰਿ ਵਿਹਾਈ,
ਨਿਕਲਿਆ ਸੂਤ ਪੁਰਾਣਾ ।
ਖੱਡੀ ਦੇ ਵਿਚ ਜਲਾਹੀ ਫਾਥੀ,
ਨਲੀਆਂ ਦਾ ਵਖਤੁ ਵਿਹਾਣਾ ।ਰਹਾਉ।

ਤਾਣੇ ਪੇਟੇ ਇਕੋ ਸੂਤਰਿ,
ਦੁਤੀਆ ਭਾਉ ਨ ਜਾਣਾ ।
ਚਉਂਸੀ ਪੈਂਸੀ ਛਡਿ ਕਰਾਹੀ,
ਹਜ਼ਾਰੀਂ ਰੱਛ ਪਛਾਣਾ ।1।

ਤਾਣਾ ਆਂਦਾ ਬਾਣਾ ਆਂਦਾ,
ਆਂਦਾ ਚਰਖਾ ਪੁਰਾਣਾ ।
ਆਖਣ ਦੀ ਕਿਛੁ ਹਾਜਤਿ ਨਾਹੀਂ,
ਜੋ ਜਾਣੇ ਸੋ ਜਾਣਾ ।2।

ਧਰਨਿ ਅਕਾਸ਼ ਵਿਚਿ ਵਿਥੁ ਚੱਪੇ ਦੀ,
ਤਹਾਂ ਸ਼ਾਹਾਂ ਦਾ ਤਾਣਾ ।
ਸਭ ਦੀਸੇ ਸ਼ੀਸ਼ੇ ਦਾ ਮੰਦਰਿ,
ਵਿਚਿ ਸ਼ਾਹ ਹੁਸੈਨ ਨਿਮਾਣਾ ।3।

46. ਹੁਸੈਨੂੰ ਕਿਸ ਬਾਗ਼ੇ ਦੀ ਮੂਲੀ

ਹੁਸੈਨੂੰ ਕਿਸ ਬਾਗ਼ੇ ਦੀ ਮੂਲੀ ।

ਬਾਗਾਂ ਦੇ ਵਿਚਿ ਚੰਬਾ ਮਰੂਆ,
ਮੈਂ ਭਿ ਵਿਚਿ ਗੰਧੂਲੀ ।

ਕੂੜੀ ਦੁਨੀਆਂ ਕੂੜਾ ਮਾਣਾ,
ਦੁਨੀਆਂ ਫਿਰਦੀ ਫੁਲੀ ।

ਛੋਡ ਤਕੱਬਰ ਪਕੜ ਹਲੀਮੀ,
ਸ਼ਾਹ ਹੁਸੈਨ ਪਾਇ ਸਮਝੂਲੀ ।

47. ਇਕੁ ਅਰਜ਼ ਨਿਮਾਣਿਆਂ ਦੀ

ਇਕੁ ਅਰਜ਼ ਨਿਮਾਣਿਆਂ ਦੀ,
ਸੁਣਿ ਜਿੰਦੂ ਨੀਂ ।

ਸੁਰਤਿ ਦਾ ਤਾਣਾ,
ਨਿਰਤਿ ਦਾ ਬਾਣਾ,
ਹਰਿ ਹਰਿ ਪੇਟਾ
ਵੁਣਿ ਜਿੰਦੂ ਨੀਂ ।ਰਹਾਉ।

ਕਾਹੇ ਕੋ ਝੁਰੈਂ ਤੇ ਝਖਿ ਮਾਰੈਂ,
ਰਾਮ ਭਜਨੁ ਬਿਨੁ ਬਾਜੀ ਹਾਰੈਂ,
ਬੀਜਿਆ ਹੀ ਸੋ ਲੁਣਿ ਜਿੰਦੂ ਨੀਂ ।1।

ਕਾਹੇ ਗਰਬਹਿੰ ਦੇਖ ਜੁਆਨੀ,
ਤੈਂ ਜੇਹੀਆਂ ਕਈਆਂ ਖਾਨ ਖਵਾਨੀ,
ਕਾਲਿ ਲਈਆਂ ਸਭੁ ਚੁਣਿ ਜਿੰਦੂ ਨੀਂ ।2।

ਕਹੈ ਹੁਸੈਨ ਫ਼ਕੀਰ ਗਦਾਈ,
ਪੱਛੀ ਪੂਣੀ ਦੇਹਿ ਲੁਟਾਈ,
ਸ਼ਹੁ ਨੂੰ ਮਿਲਨੀ ਹੈਂ ਹੁਣ ਜਿੰਦੂ ਨੀਂ ।3।

48. ਇਕ ਦਿਨ ਤੈਨੂੰ ਸੁਪਨਾ ਭੀ ਹੋਸਨ

ਇਕ ਦਿਨ ਤੈਨੂੰ ਸੁਪਨਾ ਭੀ ਹੋਸਨ
ਗਲੀਆਂ ਬਾਬਲ ਵਾਲੀਆਂ ।

ਉੱਡ ਗਏ ਭੌਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ ।

ਜੰਗਲ ਢੂੰਡਿਆ ਮੈਂ ਬੇਲਾ ਢੂੰਡਿਆ,
ਬੂਟਾ ਬੂਟਾ ਕਰ ਭਾਲੀਆਂ ।

ਕੱਤਣ ਬੈਠੀਆਂ ਵਤਿ ਵਤਿ ਗਈਆਂ,
ਜਿਉਂ ਜਿਉਂ ਖਸਮ ਸਮਾਲੀਆਂ ।

ਸੇਈ ਰਾਤੀਂ ਲੇਖੈ ਪਈਆਂ,
ਜਿਕੇ ਨਾਲ ਮਿੱਤਰਾਂ ਦੇ ਜਾਲੀਆਂ ।

ਜਿਤ ਤਨ ਲੱਗੀ ਸੋਈ ਤਨ ਜਾਣੈ,
ਹੋਰ ਗੱਲਾਂ ਕਰਨ ਸੁਖਾਲੀਆਂ ।

ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਬਿਰਹੋਂ ਤੁਸਾਡੇ ਜਾਲੀਆਂ ।

49. ਇਕ ਦਿਨ ਤੈਨੂੰ ਸੁਪਨਾ ਥੀਸਨਿ

ਇਕ ਦਿਨ ਤੈਨੂੰ ਸੁਪਨਾ ਥੀਸਨਿ,
ਗਲੀਆਂ ਬਾਬਲ ਵਾਲੀਆਂ ਵੋ ।ਰਹਾਉ।

ਉਡਿ ਗਏ ਭਉਰ ਫੁੱਲਾਂ ਦੇ ਕੋਲੋਂ,
ਸਣ ਪੱਤਰਾਂ ਸਣ ਡਾਲੀਆਂ ।1।

ਜਿਤੁ ਤਨਿ ਲੱਗੀ ਸੋਈ ਤਨਿ ਜਾਣੇ,
ਹੋਰ ਗੱਲਾਂ ਕਰਨ ਸੁਖਾਲੀਆਂ ।2।

ਰਹੁ ਵੇ ਕਾਜੀ ਦਿਲ ਨਹੀਓਂ ਰਾਜੀ,
ਗੱਲਾਂ ਹੋਈਆਂ ਤਾਂ ਹੋਵਣ ਵਾਲੀਆਂ ।3।

ਸੇਈ ਰਾਤੀਂ ਲੇਖੇ ਪਉਸਨਿ,
ਜੋ ਨਾਲ ਸਾਹਿਬ ਦੇ ਜਾਲੀਆਂ ।4।

ਨਾਉਂ ਹੁਸੈਨਾ ਤੇ ਜਾਤ ਜੁਲਾਹਾ,
ਗਾਲੀਆਂ ਦੇਂਦੀਆਂ ਤਾਣੀਆਂ ਵਾਲੀਆਂ ।5।

50. ਇਕਿ ਦੁਇ ਤਿਨ ਚਾਰਿ ਪੰਜ

ਇਕਿ ਦੁਇ ਤਿਨ ਚਾਰਿ ਪੰਜ,
ਛਿਇ ਸਤਿ ਅਸੀਂ ਅਠਿ ਨਉਂ ।ਰਹਾਉ।

ਚਰਖਾ ਚਾਇ ਸਭੇ ਘਰ ਗਈਆਂ,
ਰਹੀ ਇਕੇਲੀ ਇਕਿ ਹਉਂ ।1।

ਜੇਹਾ ਰੇਜਾ ਠੋਕਿ ਵੁਣਾਇਓ,
ਤੇਹੀ ਚਾਦਰ ਤਾਣਿ ਸਉਂ ।2।

ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਇ ਲੱਗੀ ਹੁਣ ਛਕਿ ਪਉਂ ।3।

  • Next......(51-100)
  • ਮੁੱਖ ਪੰਨਾ :ਕਾਫ਼ੀਆਂ, ਸ਼ਾਹ ਹੁਸੈਨ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ