Kafian : Shah Hussain
ਕਾਫ਼ੀਆਂ : ਸ਼ਾਹ ਹੁਸੈਨ
ਕਾਫ਼ੀਆਂ ਸ਼ਾਹ ਹੁਸੈਨ (101-166)
101. ਨਾਲ ਸਜਣ ਦੇ ਰਹੀਏ
ਨਾਲ ਸਜਣ ਦੇ ਰਹੀਏ ।
ਝਿੜਕਾਂ ਝੰਬਾਂ ਤੇ ਤਕਸੀਰਾਂ,
ਸੋ ਭੀ ਸਿਰ ਤੇ ਸਹੀਏ ।
ਜੇ ਸਿਰ ਕੱਟ ਲੈਣ ਧੜ ਨਾਲੋਂ,
ਤਾਂ ਭੀ ਆਹ ਨ ਕਹੀਏ ।
ਚੰਦਨ ਰੁੱਖ ਲਗਾ ਵਿਚ ਵੇਹੜੇ,
ਜ਼ੋਰ ਧਿਙਾਣੇ ਖਹੀਏ ।
ਮਰਣ ਮੂਲ ਤੇ ਜੀਵਣ ਲਾਹਾ,
ਦਿਲਗੀਰੀ ਕਿਉਂ ਰਹੀਏ ।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਰੱਬ ਦਾ ਦਿੱਤਾ ਸਹੀਏ ।
102. ਨੀ ਅਸੀਂ ਆਉ ਖਿਡਾਹਾਂ ਲੁੱਡੀ
ਨੀ ਅਸੀਂ ਆਉ ਖਿਡਾਹਾਂ ਲੁੱਡੀ ।ਰਹਾਉ।
ਨਉ ਤਾਰੁ ਡੋਰੁ ਗੁੱਡੀ ਦੀ,
ਅਸੀਂ ਲੈ ਕਰ ਹਾਂ ਉੱਡੀ ।1।
ਸਾਜਨ ਦੇ ਹੱਥ ਡੋਰ ਅਸਾਡੀ,
ਮੈਂ ਸਾਜਨ ਦੀ ਗੁੱਡੀ ।2।
ਇਸੁ ਵੇਲੇ ਨੂੰ ਪਛੋਤਾਸੇਂ,
ਜਾਇ ਪਉਸੇਂ ਵਿਚ ਖੁੱਡੀ ।3।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਸਭੁ ਦੁਨੀਆਂ ਜਾਂਦੀ ਬੁੱਡੀ ।4।
103. ਨੀਂ ਗੇੜਿ ਗਿੜੰਦੀਏ
ਨੀਂ ਗੇੜਿ ਗਿੜੰਦੀਏ,
ਗੜੀਦਾ ਗਿੜਦਾ ਗੁੰਮਾ ।ਰਹਾਉ।
ਪੰਜਾਂ ਨੂੰ ਕਿਉਂ ਝੁਰਦਾ ਭੰਉਦੂ,
ਇਕਸੇ ਪਾਈਆਂ ਧੁੰਮਾ ।
ਜੋ ਫ਼ਲ ਮੀਠੇ ਚਿਣ ਚੁਣਿ ਖਾਧਿਓ,
ਆਹਿਓ ਕਉੜਾ ਤੁੰਮਾ ।1।
ਅਉਖੀ ਘਾਟੀ ਬਿਖੜਾ ਪੈਂਡਾ,
ਰਾਹਿ ਫ਼ਕੀਰਾਂ ਦਾ ਲੰਮਾ ।
ਸਾਰੀ ਉਮਰਿ ਵੰਞਾਈਆ ਈਂਵੈ,
ਕਰਿ ਕਰਿ ਕੂੜੇ ਕੰਮਾਂ ।2।
ਜਿਸੁ ਧਨੁ ਤੂੰ ਗਰਬ ਕਰੇਨੈਂ,
ਸੋ ਨਾਲਿ ਨ ਚਲਸਨ ਦੰਮਾਂ ।
ਲੱਖ਼ਾਂ ਤੇ ਕਰੋੜਾਂ ਵਾਲੇ,
ਸੇ ਪਉਸਣ ਵਸਿ ਜੰਮਾਂ 3।
ਆਉਂਦਿਆਂ ਥੋਂ ਸਦਿ ਬਲਿਹਾਰੀ,
ਜਾਉਂਦਿਆਂ ਥੋਂ ਘੁੰਮਾਂ ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਪੈਰ ਸਾਹਾਂ ਦੇ ਚੁੰਮਾਂ ।4।
104. ਨੀ ਮਾਏ ਸਾਨੂੰ ਖੇਡਣੁ ਦੇਇ
ਨੀ ਮਾਏ ਸਾਨੂੰ ਖੇਡਣੁ ਦੇਇ,
ਮੇਰਾ ਵਤਿ ਖੇਡਣਿ ਕਉਣ ਆਸੀ ।ਰਹਾਉ।
ਇਕੁ ਕੀੜੀ ਬਿਆ ਦਰਸ ਭਲੇਰਾ,
ਥਰ ਹਰਿ ਕੰਪੇ ਕੋਈ ਇਹ ਜੀਆ ਮੇਰਾ,
ਸਹੁ ਗੁਣਵੰਤਾ ਬਿਆ ਰੂਪ ਚੰਗੇਰਾ,
ਅੰਗਿ ਲਾਵੈ ਕਿ ਮੂਲ ਨ ਲਾਸੀ ।1।
ਇਹ ਜਗ ਝੂਠਾ ਦੁਨੀਆਂ ਫ਼ਾਨੀ,
ਈਵੈਂ ਗਈ ਮੇਰੀ ਅਹਿਲ ਜੁਆਨੀ,
ਗਫ਼ਲਤਿ ਨਾਲਿ ਮੇਰੀ ਉਮਰ ਵਿਹਾਨੀ,
ਜੋ ਲਿਖਿਆ ਸੋਈ ਹੋਸੀ ।2।
ਸ਼ਾਹ ਹੁਸੈਨ ਫ਼ਕੀਰ ਰੱਬਾਣਾ,
ਸੋ ਹੋਸੀ ਜੋ ਰੱਬ ਦਾ ਭਾਣਾ,
ਓੜਕ ਇਥੋਂ ਉਥੇ ਜਾਣਾ,
ਇਸ ਵੇਲੇ ਨੂੰ ਪਛੋਤਾਸੀ ।3।
105. ਨੀਂ ਮਾਏ, ਮੈਨੂੰ ਖੇੜਿਆਂ ਦੀ ਗੱਲਿ ਨ ਆਖਿ
ਨੀਂ ਮਾਏ, ਮੈਨੂੰ ਖੇੜਿਆਂ ਦੀ
ਗੱਲਿ ਨ ਆਖਿ ।ਰਹਾਉ।
ਰਾਂਝਣ ਮੈਂਹਡਾ ਮੈਂ ਰਾਂਝਣ ਦੀ,
ਖੇੜਿਆਂ ਨੂੰ ਕੂੜੀ ਝਾਕੁ ।1।
ਲੋਕੁ ਜਾਣੈ ਹੀਰ ਕਮਲੀ ਹੋਈ,
ਹੀਰੇ ਦਾ ਵਰ ਚਾਕੁ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜਾਣਦਾ ਮਉਲਾ ਆਪੁ ।3।
106. ਨਿਮਾਣਿਆਂ ਦੀ ਰੱਬਾ ਰੱਬਾ ਹੋਈ
ਨਿਮਾਣਿਆਂ ਦੀ ਰੱਬਾ ਰੱਬਾ ਹੋਈ ।1।ਰਹਾਉ।
ਭਠਿ ਪਈ ਤੇਰੀ ਚਿੱਟੀ ਚਾਦਰ,
ਚੰਗੀ ਫ਼ਕੀਰਾਂ ਦੀ ਲੋਈ ।1।
ਦਰਗਾਹਿ ਵਿਚ ਸੁਹਾਗਣ ਸੋਈ,
ਜੋ ਜੋ ਖੁਲਿ ਖੁਲਿ ਨੱਚ ਖਲੋਈ ।2।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਤਾਂ ਦਰਿ ਲਹਸੇਂ ਢੋਈ ।3।
107. ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ
ਨੀ ਸਈਓ ਅਸੀਂ ਨੈਣਾਂ ਦੇ ਆਖੇ ਲੱਗੇ ।
ਜਿਨ੍ਹਾਂ ਪਾਕ ਨਿਗਾਹਾਂ ਹੋਈਆਂ,
ਸੇ ਕਹੀਂ ਨ ਜਾਂਦੇ ਠੱਗੇ ।ਰਹਾਉ ।
ਕਾਲੇ ਪਟ ਨ ਚੜ੍ਹੈ ਸਫੈਦੀ,
ਕਾਗੁ ਨ ਥੀਂਦੇ ਬੱਗੇ ।1।
ਸ਼ਾਹ ਹੁਸੈਨ ਸ਼ਹਾਦਤ ਪਾਇਨ,
ਜੋ ਮਰਨ ਮਿੱਤਰਾਂ ਦੇ ਅੱਗੇ ।2।
108. ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ
ਨੀ ਸਈਓ ਮੈਨੂੰ ਢੋਲ ਮਿਲੇ ਤਾਂ ਜਾਪੈ ।
ਬਿਰਹੁ ਬਲਾਇ ਘੱਤੀ ਤਨ ਅੰਦਰ,
ਮੈਂ ਆਪੇ ਹੋਈ ਆਪੈ ।ਰਹਾਉ ।
ਬਾਲਪਣਾ ਮੈਂ ਖੇਲ ਗਵਾਇਆ,
ਜੋਬਨ ਮਾਣ ਬਿਆਪੈ ।
ਸਹੁ ਰਾਵਣ ਦੀ ਰੀਤ ਨ ਜਾਣੀ,
ਇਸ ਸੁੰਞੇ ਤਰਨਾਪੈ ।1।
ਇਸ਼ਕ ਵਿਛੋੜੇ ਦੀ ਬਾਲੀ ਢਾਢੀ,
ਹਰ ਦਮ ਮੈਨੂੰ ਤਾਪੈ ।
ਹਿਕਸ ਕਹੀਂ ਨਾਲ ਦਾਦ ਨ ਦਿੱਤੀ,
ਇਕ ਸੁੰਞੇ ਤਰਨਾਪੈ ।2।
ਸਿਕਣ ਦੂਰ ਨ ਥੀਵੇ ਦਿਲ ਤੋਂ,
ਵੇਖਣ ਨੂੰ ਮਨ ਤਾਪੈ ।
ਕਹੈ ਹੁਸੈਨ ਸੁਹਾਗਣਿ ਸਾਈ,
ਜਾਂ ਸਹੁ ਆਪ ਸਿੰਞਾਪੈ ।3।
109. ਨੀ ਤੈਨੂੰ ਰੱਬ ਨ ਭੁੱਲੀ
ਨੀ ਤੈਨੂੰ ਰੱਬ ਨ ਭੁੱਲੀ,
ਦੁਆਇ ਫ਼ਕੀਰਾਂ ਦੀ ਏਹਾ ।
ਰੱਬ ਨ ਭੁੱਲੀ ਹੋਰ ਸਭ ਭੁੱਲੀ,
ਰੱਬ ਨ ਭੁੱਲਨਿ ਜੇਹਾ ।ਰਹਾਉ।
ਆਇਆਂ ਕੁੜਮਾਂ ਨੂੰ ਕੁੱਟੇਂ ਮਲੀਦਾ,
ਫ਼ਕਰਾਂ ਨੂੰ ਟੁੱਕਰ ਬੇਹਾ ।1।
ਸੁਇਨਾ ਰੁਪਾ ਸਭੁ ਛਲ ਵੈਸੀ,
ਇਸ਼ਕ ਨ ਲਗਦਾ ਲੇਹਾ ।2।
ਹੋਰਨਾਂ ਨਾਲ ਹਸੰਦੀ ਖਿਡੰਦੀ,
ਤੈਨੂੰ ਸਹੁ ਨਾਲ ਘੁੰਘਟਿ ਕੇਹਾ ।3।
ਚਾਰੇ ਨੈਣ ਗਡਾ ਵਡ ਹੋਇ,
ਵਿਚ ਵਚੋਲਾ ਕੇਹਾ ।4।
ਇਸ਼ਕ ਚਉਬਾਰੇ ਪਾਈਓ ਝਾਤੀ,
ਹੁਣ ਤੈਨੂੰ ਗ਼ਮ ਕੇਹਾ ।5।
ਆਈਏ ਦੀ ਸਹੁੰ ਬਾਬਲੇ ਦੀ ਸਹੁੰ,
ਗਲ ਚੰਗੇਰੜੀ ਏਹਾ ।6।
ਜਿਸ ਜੋਬਨ ਦਾ ਤੂੰ ਮਾਣ ਕਰੇਂਦੀ,
ਸੋ ਜਲਿ ਬਲਿ ਥੀਸੀ ਖੇਹਾ ।7।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮਰਣਾ ਤਾਂ ਮਾਣਾ ਕੇਹਾ ।8।
110. ਓਥੇ ਹੋਰ ਨ ਕਾਇ ਕਬੂਲ ਮੀਆਂ
ਓਥੇ ਹੋਰ ਨ ਕਾਇ ਕਬੂਲ ਮੀਆਂ,
ਗਲਿ ਨੇਂਹੁ ਦੀ ।1।ਰਹਾਉ।
ਇਕ ਲਾਇ ਬਿਭੂਤ ਬਹਿਨ ਲਾਇ ਤਾੜੀ,
ਇਕ ਨੰਗੇ ਫਿਰਦੇ ਵਿਚ ਉਜਾੜੀਂ,
ਕੋਈ ਦਰਦ ਨ ਛਾਤੀ ਤੇਂਹ ਦੀ ।1।
ਇਕ ਰਾਤੀਂ ਜਾਗਿਨ ਜ਼ਿਕਰ ਕਰੇਂਦੇ,
ਇਕ ਸਰਦੇ ਫ਼ਿਰਦੇ ਭੁਖ ਮਰੇਂਦੇ,
ਜਾਇ ਨਹੀਂ ਉਥੇ ਕੇਂਹ ਦੀ ।2।
ਇਕ ਪੜ੍ਹਦੇ ਨੀ ਹਰਫ਼ ਕੁਰਾਨਾਂ,
ਇਕ ਮਸਲੇ ਕਰਦੇ ਨਾਲ ਜ਼ਬਾਨਾਂ,
ਇਹ ਗਲਿ ਨ ਹਾਸੀ ਹੇਂਹ ਦੀ ।3।
ਕਾਮਲ ਦੇ ਦਰਵਾਜ਼ੇ ਜਾਵੈਂ,
ਖ਼ੈਰੁ ਨੇਹੁੰ ਦਾ ਮੰਗਿ ਲਿਆਵੈਂ,
ਤਾਂ ਖ਼ਬਰ ਪਵੀ ਤਿਸ ਥੇਂਹ ਦੀ ।4।
ਕਹੈ ਹੁਸੈਨ ਫ਼ਕੀਰ ਗਦਾਈ,
ਲੱਖਾਂ ਦੀ ਗਲਿ ਏਹਾ ਆਹੀ,
ਤਲਬੁ ਨੇਹੀਂ ਨੂੰ ਨੇਂਹ ਦੀ ।5।
111. ਪਾਂਧੀਆ ਵੋ ਗੰਢ ਸੁੰਞੜੀ
ਪਾਂਧੀਆ ਵੋ ਗੰਢ ਸੁੰਞੜੀ,
ਛਡਿ ਕੇ ਨ ਸਉਂ ।1।ਰਹਾਉ।
ਪਿੰਡ ਸਭੋਈ ਚੋਰੀਂ ਭਰਿਆ,
ਛੁਟੇ ਚੀਰ ਨ ਚੁੰਨੜੀ ।1।
ਧੁਰ ਝਗੜੇਂਦਿਆਂ ਲਾਜ਼ਮ ਥੀਸੇਂ,
ਫਿਰ ਕਰਿ ਸਮਝ ਇਥੁੰਨੜੀ ।2।
ਸਭਨੀਂ ਛੇਰੀਂ ਪਾਣੀ ਵਹਿੰਦਾ,
ਅਜ ਕਲ ਭਜੇ ਤੇਰੀ ਕੁੰਨੜੀ ।3।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਤੇਰੀ ਵਹਿੰਦੀ ਉਮਰ ਵਿਹੂੰਨੜੀ ।4।
112. ਪਾਵੇਂਗਾ ਦੀਦਾਰੁ ਸਾਹਬੁ ਦਾ
ਪਾਵੇਂਗਾ ਦੀਦਾਰੁ ਸਾਹਬੁ ਦਾ,
ਫ਼ਕੀਰਾ ਹੋਰ ਭੀ ਨੀਵਾਂ ਹੋਇ ।1।ਰਹਾਉ।
ਟੋਪੀ ਮੈਲੀ ਸਾਬਣੁ ਥੋੜਾ,
ਬਹਿ ਕਿਨਾਰੇ ਧੋਇ ।1।
ਮੀਣੀ ਢੱਗੀ ਨਾਮ ਸਾਂਈਂ ਦਾ,
ਅੰਦਰਿ ਬਹਿ ਕਰਿ ਚੋਇ ।2।
ਉਛਲ ਨਦੀਆਂ ਤਾਰੂ ਹੋਈਆਂ,
ਮੈਂ ਕੰਢੇ ਰਹੀ ਖਲੋਇ ।4।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਹੋਣੀ ਹੋਇ ਸੋ ਹੋਇ ।5।
113. ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ
ਪਿਆਰੇ ਬਿਨ ਰਾਤੀਂ ਹੋਈਆਂ ਵੱਡੀਆਂ ।
ਰਾਂਝਾ ਜੋਗ਼ੀ ਮੈਂ ਜੁਗਿਆਣੀ,
ਕਮਲੀ ਕਰਿ ਕਰਿ ਸੱਡੀਆਂ ।ਰਹਾਉ।
ਮਾਸ ਝਰੇ ਝਰਿ ਪਿੰਜਰੁ ਹੋਇਆ,
ਕਰਕਨ ਲਗੀਆਂ ਹੱਡੀਆਂ ।1।
ਮੈਂ ਇਆਣੀ ਨੇਹੁੰ ਕੀ ਜਾਣਾ,
ਬਿਰਹੁ ਤਨਾਵਾਂ ਗੱਡੀਆਂ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਵਣੁ ਤੇਰੇ ਮੈਂ ਲੱਗੀਆਂ ।3।
114. ਪਿਆਰੇ ਲਾਲ ਕਿਆ ਭਰਵਾਸਾ ਦਮ ਦਾ
ਪਿਆਰੇ ਲਾਲ ਕਿਆ ਭਰਵਾਸਾ ਦਮ ਦਾ ।ਰਹਾਉ।
ਉਡਿਆ ਭੌਰ ਥੀਆ ਪਰਦੇਸੀ
ਅੱਗੇ ਰਾਹ ਅਗੰਮ ਦਾ ।
ਕੂੜੀ ਦੁਨੀਆਂ ਕੂੜ ਪਸਾਰਾ
ਜਿਉਂ ਮੋਤੀ ਸ਼ਬਨਮ ਦਾ ।1।
ਜਿਨ੍ਹਾਂ ਮੇਰਾ ਸਹੁ ਰੀਝਾਇਆ
ਤਿਨ੍ਹਾਂ ਨਹੀਂ ਭਉ ਜੰਮ ਦਾ ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਛੱਡ ਸਰੀਰ ਭਸਮ ਦਾ ।2।
115. ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ
ਪੋਥੀ ਖੋਲ੍ਹਿ ਦਿਖਾ ਭਾਈ ਬਾਮਣਾ,
ਪਿਆਰਾ ਕਦ ਵੋ ਮਿਲਸੀ ਸਾਮਣਾ ।1।ਰਹਾਉ।
ਬਣ ਕਾਹੇ ਬੇਲਾ ਸਭ ਫੁਲਿਆ,
ਦਰਦ ਮਾਹੀ ਦਾ ਦਰਿ ਦਰਿ ਹੁਲਿਆ,
ਝੁਕਿ ਰਹੀਆਂ ਨੀ ਇਸ਼ਕ ਪਲਾਮਣਾ ।1।
ਦੇਖੋ ਕੇਡੇ ਮੈਂ ਪੈੜੇ ਪਾੜਦੀ,
ਮੈਂ ਲੰਘਦੀ ਤੇ ਨਾਗ ਲਤਾੜਦੀ ।
ਸੁੱਤਿਆਂ ਸ਼ੀਹਾਂ ਨੂੰ ਨਿੱਤ ਉਲਾਂਘਣਾ ।2।
ਮੇਰੀ ਜਿੰਦ ਉਤੇ ਵਲਿ ਹੋ ਰਹੀ,
ਮੈਨੂੰ ਰੋਗ ਨਾ ਹੁੰਦਾ ਕੋ ਸਹੀ,
ਨਿਤਿ ਉਠ ਬੇਲੇ ਵਲਿ ਤਰਾਂਘਣਾ ।3।
ਨਿੱਤ ਸ਼ਾਹ ਹੁਸੈਨ ਪੁਕਾਰਿਦਾ,
ਸਾਂਈਂ ਤਲਬ ਤੇਰੇ ਦਰਬਾਰ ਦਾ,
ਇਕੁ ਟੁਕ ਅਸਾਂ ਵਲਿ ਝਾਕਣਾ ।4।
116. ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ
ਰਾਤੀਂ ਸਵੇਂ ਦਿਹੇਂ ਫਿਰਦੀ ਤੂੰ ਵੱਤੇ,
ਤੇਰਾ ਖੇਡਣਿ ਨਾਲ ਬਪਾਰ, ਜਿੰਦੂ,
ਕਦੀ ਉਠ ਰਾਮ ਰਾਮ ਸਮਾਰ, ਜਿੰਦੂ ।ਰਹਾਉ।
ਸਾਹੁਰੜੇ ਘਰ ਅਲਬਿਤ ਜਾਣਾ,
ਪੇਈਅੜੇ ਦਿਨ ਚਾਰ, ਜਿੰਦੂ ।1।
ਅਜਿ ਤੇਰੇ ਮੁਕਲਾਊ ਆਇ,
ਰਹੀਏ ਨ ਕੋਇ ਬਿਚਾਰ, ਜਿੰਦੂ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਵਣ ਏਹੀ ਵਾਰ, ਜਿੰਦੂ ।3।
117. ਰੱਬਾ ਮੇਰੇ ਅਉਗੁਣ ਚਿਤਿ ਨ ਧਰੀਂ
ਰੱਬਾ ਮੇਰੇ ਅਉਗੁਣ ਚਿਤਿ ਨ ਧਰੀਂ ।ਰਹਾਉ।
ਅਉਗੁਣਿਆਰੀ ਨੂੰ ਕੋ ਗੁਣ ਨਾਹੀਂ,
ਲੂੰ ਲੂੰ ਐਬ ਭਰੀ ।1।
ਜਿਉਂ ਭਾਵੈ ਤਿਉਂ ਰਾਖਿ ਪਿਆਰਿਆ,
ਮੈਂ ਤੇਰੇ ਦੁਆਰੈ ਪਰੀ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਅਦਲੋਂ ਫ਼ਜਲੁ ਕਰੀਂ ।3।
118. ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ
ਰੱਬਾ ਮੇਰੇ ਗੋਡੇ ਦੇ ਹੇਠਿ ਪਿਰੋਟੜਾ,
ਮੈਂ ਕੱਤਨੀ ਹਾਂ ਚਾਈਂ ਚਾਈਂ ।ਰਹਾਉ।
ਤਨ ਤੰਬੂਰ ਰਗਾਂ ਦੀਆਂ ਤਾਰਾਂ,
ਮੈਂ ਜਪਨੀ ਹਾਂ ਸਾਂਈਂ ਸਾਂਈਂ ।1।
ਦਿਲ ਮੇਰੇ ਵਿਚਿ ਏਹੋ ਗੁਜਰੀ,
ਮੈਂ ਸਚੇ ਸੋਂ ਨੇਹੁੰ ਲਾਈਂ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਮੇਰੀ ਲਗੜੀ ਤੋੜੁ ਨਿਬਾਹੀਂ ।3।
119. ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ
ਰੱਬਾ ਮੇਰੇ ਹਾਲ ਦਾ ਮਹਿਰਮੁ ਤੂੰ ।ਰਹਾਉ।
ਅੰਦਰਿ ਤੂੰ ਹੈਂ ਬਾਹਰ ਤੂੰ ਹੈਂ,
ਰੋਮਿ ਰੋਮਿ ਵਿਚਿ ਤੂੰ ।1।
ਤੂੰ ਹੈਂ ਤੂੰ ਹੈਂ ਬਾਣਾ,
ਸਭ ਕਿਛ ਮੇਰਾ ਤੂੰ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਮੈਂ ਨਾਹੀਂ ਸਭ ਤੂੰ ।3।
120. ਰੱਬਾ ਵੇ ਮੈਂ ਨਲੀ ਛਿਪਾਈ
ਰੱਬਾ ਵੇ ਮੈਂ ਨਲੀ ਛਿਪਾਈ,
ਤੂੰ ਬਖਸਣਿ ਹਾਰਾ ਸਾਂਈਂ ।ਰਹਾਉ।
ਹੱਥੀਂ ਮੇਰੇ ਮੁੰਦਰੀ,
ਮੈਂ ਕੰਮ ਕਿਉਂ ਕਰਿ ਕਰੀਂ ।
ਪੈਰੀਂ ਮੇਰੇ ਲਾਲ ਜੁੱਤੀ,
ਮੈਂ ਤਾਣਾ ਕਿਉਂ ਕਰਿ ਤਣੀ,
ਚੁੱਲ੍ਹੇ ਪਿਛੇ ਪੰਜ ਕਸੋਰੇ,
ਮਾਲੁ ਕਿਉਂ ਕਰਿ ਭਰੀਂ ।1।
ਅੰਦਰਿ ਬੋਲਣਿ ਮੁਰਗ਼ੀਆਂ,
ਤੇ ਬਾਹਰ ਬੋਲਨਿ ਮੋਰੁ ।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਤਾਣੀ ਨੂੰ ਲੈ ਗਏ ਚੋਰੁ, ਜੋਰਾ ਜੋਰੁ ।2।
121. ਰਹੀਏ ਵੋ ਨਾਲ ਸਜਨ ਦੇ, ਰਹੀਏ ਵੋ
ਰਹੀਏ ਵੋ ਨਾਲ ਸਜਨ ਦੇ, ਰਹੀਏ ਵੋ ।ਰਹਾਉ।
ਲੱਖ ਲੱਖ ਬਦੀਆਂ ਤੇ ਸਉ ਤਾਹਨੇ,
ਸਭੋ ਸਿਰ ਤੇ ਸਹੀਏ ਵੋ ।1।
ਤੋੜੇ ਸਿਰ ਵੰਞੇ ਧੜ ਨਾਲੋਂ,
ਤਾਂ ਭੀ ਹਾਲ ਨ ਕਹੀਏ ਵੋ ।2।
ਸੁਖ਼ਨ ਜਿਨ੍ਹਾਂ ਦਾ ਹੋਵੈ ਦਾਰੂ,
ਹਾਲ ਉਥਾਈਂ ਕਹੀਏ ਵੋ ।3।
ਚੰਦਨ ਰੁਖ ਲਗਾ ਵਿਚ ਵੇਹੜੇ,
ਜੋਰ ਧਿਙਾਣੇ ਖਹੀਏ ਵੋ ।4।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਜੀਵੰਦਿਆਂ ਮਰ ਰਹੀਏ ਵੋ ।5।
122. ਰੋਂਦਾ ਮੂਲ ਨ ਸੌਂਦਾ ਹੀ
ਰੋਂਦਾ ਮੂਲ ਨ ਸੌਂਦਾ ਹੀ ।
ਜਿਸ ਤਨ ਦਰਦਾਂ ਦੀ ਆਹ,
ਸੋਈ ਤਨ ਰੋਂਦਾ ਹੀ ।
ਕਨਿਆਰੀ ਦੀ ਸੇਜੈ ਉੱਪਰ,
ਸੁਖੀਆ ਕੋਈ ਨ ਸੌਂਦਾ ਹੀ ।
ਚਾਰੇ ਪੱਲੇ ਮੇਰੇ ਚਿੱਕੜ ਬੁਡੇ,
ਕੇਹੜਾ ਮਲ ਮਲ ਧੋਂਦਾ ਹੀ ।
ਦਰਦਾਂ ਦਾ ਦਾਰੂ ਤੇਰੇ ਅੰਦਰ ਵਸਦਾ,
ਕੋਈ ਸੰਤ ਤਬੀਬ ਮਿਲੌਂਦਾ ਹੀ ।
ਕਹੈ ਹੁਸੈਨ ਫ਼ਕੀਰ ਰਬਾਣਾ,
ਜੋ ਲਿਖਿਆ ਸੋਈ ਹੋਂਦਾ ਹੀ ।
123. ਸਾਜਨ ਰੁਠੜਾ ਜਾਂਦਾ ਵੇ
ਸਾਜਨ ਰੁਠੜਾ ਜਾਂਦਾ ਵੇ,
ਮੈਂ ਭੁਲੀਆਂ ਵੇ ਲੋਕਾ ।
ਸਾਜਨ ਮੈਂਡਾ ਵੇ,
ਮੈਂ ਸਾਜਨਿ ਦੀ,
ਸਾਜਨ ਕਾਰਨ ਮੈਂ ਜੁਲੀਆਂ ਵੇ ਲੋਕਾ ।1।ਰਹਾਉ।
ਜੇ ਕੋਈ ਸਾਜਨ ਆਣਿ ਮਿਲਾਵੇ,
ਬੰਦੀ ਤਿਸ ਦੀ ਅਨਮੁਲੀਆਂ ਵੇ ਲੋਕਾ ।1।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਂਈਂ ਮਿਲੇ ਤਾਂ ਮੈਂ ਫੁੱਲੀਆਂ ਵੇ ਲੋਕਾ ।2।
124. ਸਾਜਨ ਤੁਮਰੇ ਰੋਸੜੇ
ਸਾਜਨ ਤੁਮਰੇ ਰੋਸੜੇ,
ਮੋਹੁ ਆਦਰੁ ਕਰੈ ਨ ਕੋਇ ।
ਦੁਰਿ ਦੁਰਿ ਕਰਨਿ ਸਹੇਲੀਆਂ,
ਮੈਂ ਤੁਰ ਤੁਰ ਤਾਕਉ ਤੋਹਿ ।1।ਰਹਾਉ।
125. ਸਾਲੂ ਸਹਿਜ ਹੰਢਾਇ ਲੈ ਨੀਂ
ਸਾਲੂ ਸਹਿਜ ਹੰਢਾਇ ਲੈ ਨੀਂ,
ਤੂੰ ਸਾਲੂ ਸਹਿਜ ਹੰਢਾਇ ਲੈ ਨੀਂ ।ਰਹਾਉ।
ਸਾਲੂ ਮੇਰਾ ਕੀਮਤੀ,
ਕੋਈ ਦੇਖਣ ਆਈਆਂ ਤਰੀਮਤੀਂ,
ਗਈਂ ਸਭ ਸਲਾਹਿ ।1।
ਸਾਲੂ ਪਾਇਆ ਟੰਙਣੇ,
ਗਵਾਂਢਣ ਆਈ ਮੰਗਣੇ,
ਦਿੱਤਾ ਕਹੀ ਨ ਜਾਹਿ ।2।
ਸਾਲੂ ਧੁਰ ਕਸ਼ਮੀਰ ਦਾ,
ਕੋਈ ਆਇਆ ਬਰਫ਼ਾਂ ਚੀਰਦਾ,
ਜਾਣਾ ਕਰ ਕੇ ਰਾਹਿ ।3।
ਸਾਲੂ ਧੁਰ ਗੁਜਰਾਤ ਦਾ ,
ਕੋਈ ਮੈਂ ਭਉ ਪਹਿਲੀ ਰਾਤ ਦਾ,
ਕਿਤੇ ਢੰਗ ਬਿਹਾਇ ।4।
ਸਾਲੂ ਧੁਰ ਮੁਲਤਾਨ ਦਾ,
ਕੋਈ ਰੱਬ ਦਿਲਾਂ ਦੀਆਂ ਜਾਣਦਾ,
ਸੁਤੀ ਸਹੁ ਗਲ ਲਾਇ ।5।
ਸਾਲੂ ਮੇਰਾ ਆਲ ਦਾ,
ਕੋਈ ਮਹਿਰਮੁ ਨਾਹੀਂ ਹਾਲ ਦਾ,
ਕਿਸ ਪੈ ਆਖਾਂ ਜਾਇ ।6।
ਸਾਲੂ ਭੋਛਣ ਜੋੜਿਆ,
ਕੋਈ ਥੀਸੀ ਰੱਬ ਦਾ ਲੋੜਿਆ,
ਹੋਰ ਨ ਕੀਤਾ ਜਾਇ ।7।
ਸਭੇ ਸਾਲੂ ਵਾਲੀਆਂ,
ਕੋਈ ਇਕ ਬਿਰਖ ਦੀਆਂ ਡਾਲੀਆਂ,
ਤੇਰੇ ਤੁਲ ਨ ਕਾਇ ।8।
ਸਾਲੂ ਦਾ ਰੰਗ ਜਾਵਣਾ,
ਕੋਈ ਫੇਰ ਨਾ ਇਸ ਜੱਗ ਆਵਣਾ,
ਚਲੇ ਘੁੰਮ ਘੁੰਮਾਇ ।9।
ਸਾਲੂ ਮੇਰਾ ਉਣੀਦਾ,
ਕੋਈ ਸ਼ਾਮੁ ਬਿੰਦ੍ਰਾਬਨ ਸੁਣੀਦਾ,
ਜਾਣਾ ਬਿਖੜੇ ਰਾਹਿ ।10।
ਕਹੈ ਹੁਸੈਨ ਗਦਾਈਆ,
ਕੋਈ ਰਾਤ ਜੰਗਲ ਵਿਚ ਆਈਆ,
ਰੱਬ ਡਾਢਾ ਬੇਪਰਵਾਹਿ ।11।
126. ਸਭ ਸਖੀਆਂ ਗੁਣਵੰਤੀਆਂ
ਸਭ ਸਖੀਆਂ ਗੁਣਵੰਤੀਆਂ,
ਵੇ ਮੈਂ ਅਵਗੁਣਿਆਰੀ ।ਰਹਾਉ।
ਭੈ ਸਾਹਿਬ ਦੇ ਪਰਬਤ ਡਰਦੇ,
ਵੇ ਮੈਂ ਕੌਣ ਵਿਚਾਰੀ ।1।
ਜਿਸ ਗਲ ਨੂੰ ਸਹੁ ਭਜਿਆ ਈ ਵੋ,
ਸੋ ਮੈਂ ਬਾਤ ਬਿਸਾਰੀ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਛੁੱਟਾ ਜੇ ਮਿਹਰ ਕਰੇ ਸੱਤਾਰੀ ।3।
127. ਸਭ ਵਲ ਛਡ ਕੇ ਤੂੰ ਇਕੋ ਵਲ ਹੋਇ
ਸਭ ਵਲ ਛਡ ਕੇ ਤੂੰ ਇਕੋ ਵਲ ਹੋਇ ।
ਵਲ ਵਲ ਦੇ ਵਿਚ ਕਈ ਵਲ ਪੈਂਦੇ,
ਇਕ ਦਿਨ ਦੇਸੀਂ ਰੋਇ ।ਰਹਾਉ।
ਔਖੀ ਘਾਟੀ ਬਿਖੜਾ ਪੈਂਡਾ,
ਹੁਣ ਹੀ ਸਮਝਿ ਖਲੋਇ ।
ਛੋੜਿ ਤਕਬਰ ਪਕੜ ਹਲੀਮੀ,
ਪਵੀ ਤਡਾਹੀਂ ਸੋਇ ।
ਕੜਕਿਨ ਕਪੜ ਸਹੁ ਦਰਿਆਵਾਂ,
ਥੀਉ ਮੁਹਾਣਾ ਬੇੜੀ ਢੋਇ ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਜੋ ਹੋਣੀ ਸੋ ਹੋਇ ।
128. ਸਾਧਾਂ ਦੀ ਮੈਂ ਗੋਲੀ ਹੋਸਾਂ
ਸਾਧਾਂ ਦੀ ਮੈਂ ਗੋਲੀ ਹੋਸਾਂ,
ਗੋਲੀਆਂ ਦੇ ਕਰਮ ਕਰੇਸਾਂ ।
ਚਉਂਕਾ ਫੇਰੀਂ ਮੈਂ ਦੇਈਂ ਬੁਹਾਰੀ,
ਜੂਠੇ ਬਾਸਨ ਧੋਸਾਂ ।ਰਹਾਉ।
ਪਿੱਪਲ ਪਤਿ ਚੁਣੇਂਦੀ ਵੱਤਾ,
ਲੋਕ ਜਾਣੇ ਦੇਵਾਨੀ ।
ਗਹਿਲਾ ਲੋਕ ਨ ਹਾਲ ਦਾ ਮਹਰਮੁ,
ਮੈਨੂੰ ਬਿਰਹੁੰ ਲਗਾਈ ਕਾਨੀਂ ।1।
ਲੋਕਾਂ ਸੁਣਿਆ ਦੇਸਾਂ ਸੁਣਿਆ,
ਹੀਰ ਬੈਰਾਗਨਿ ਹੋਈ ।
ਇਕੁ ਸੁਣੇਂਦਾ ਲੱਖ ਸੁਣੇ,
ਮੇਰਾ ਕਹਾਂ ਕਰੈਗਾ ਕੋਈ ।2।
ਸਾਵਲ ਦੀ ਮੈਂ ਬਾਂਦੀ ਬਰਦੀ,
ਸਾਵਲ ਮੈਂਹਡਾ ਸਾਂਈਂ ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਾਂਈਂ ਸਿੱਕਦੀ ਨੂੰ ਦਰਸੁ ਦਿਖਾਈਂ ।3।
129. ਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂ
ਸਦਕੇ ਮੈਂ ਵੰਞਾ ਉਨ੍ਹਾਂ ਰਾਹਾਂ ਤੋਂ,
ਜਿਨਿ ਰਾਹੀਂ ਸੋ ਸਹੁ ਆਇਆ ਹੀ ।1।ਰਹਾਉ।
ਪੱਛੀ ਸਟ ਸੱਤਾਂ ਭਰੜਾਂਦੀ,
ਕੱਤਣਿ ਤੋਂ ਚਿਤਿ ਚਾਇਆ ਹੀ ।1।
ਦਿਲਿ ਵਿਚਿ ਚਿਣਗ ਉਠੀ ਹੀਰੇ ਦੀ,
ਰਾਂਝਣ ਤਖ਼ਤਿ ਹਜ਼ਾਰਿਓਂ ਪਾਇਆ ਹੀ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਮਉਲੇ ਦੋਸਤਿ ਮਿਲਾਇਆ ਹੀ ।3।
130. ਸਾਂਈਂ ਬੇਪਰਵਾਹਿ ਮੈਂਡੀ
ਸਾਂਈਂ ਬੇਪਰਵਾਹਿ ਮੈਂਡੀ,
ਲਾਜ ਤੌ ਪਰਿ ਆਈ,
ਚਹੁੰ ਜਣਿਆਂ ਮੇਰੀ ਡੋਲੀ ਚੁੱਕੀ,
ਸਾਹੁਰੜੇ ਪਹੁੰਚਾਈ ।1।ਰਹਾਉ।
ਤੰਦੁ ਤੁਟੀ ਅਟੇਰਨੁ ਭੰਨਾ,
ਤਕੁਲੜੇ ਵਲ ਪਾਇਆ,
ਭਉਂਦਿਆਂ ਝਉਂਦਿਆਂ ਛੱਲੀ ਕੱਤੀ,
ਕਾਗੁ ਪਇਆ ਲੈ ਜਾਇਆ ।1।
ਰਾਤਿ ਅੰਧੇਰੀ ਗਲੀਏਂ ਚਿੱਕੜੁ,
ਮਿਲਿਆ ਯਾਰ ਸਿਪਾਹੀ,
ਕਹੈ ਹੁਸੈਨ ਫ਼ਕੀਰ ਨਿਮਾਣਾ,
ਇਹ ਗੱਲ ਸੁਝਦੀ ਆਹੀ ।2।
131. ਸਾਈਂ ਜਿਨਾਂਦੜੇ ਵੱਲ, ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ
ਸਾਈਂ ਜਿਨਾਂਦੜੇ ਵੱਲ,
ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ ।ਰਹਾਉ।
ਸੇਈ ਭਲੀਆਂ ਜੋ ਰੱਬੁ ਵੱਲ ਆਈਆਂ,
ਜਿਨ੍ਹਾਂ ਨੂੰ ਇਸ਼ਕ ਚਰੋਕਾ, ਵੇ ਲੋਕਾ ।1।
ਇਸ਼ਕੇ ਦੀ ਸਿਰ ਖਾਰੀ ਚਾਈਆ,
ਦਰ ਦਰ ਦੇਨੀਆਂ ਹੋਕਾ, ਵੇ ਲੋਕਾ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਲੱਧਾ ਹੀ ਪ੍ਰੇਮ ਝਰੋਖਾ, ਵੇ ਲੋਕਾ ।3।
ਸਾਈਂ ਜਿਨਾਂਦੜੇ ਵੱਲ,
ਤਿਨਾਂ ਨੂੰ ਗ਼ਮ ਕੈਂਦਾ, ਵੇ ਲੋਕਾ,
ਹੋ ਮੈਂ ਵਾਰੀ ਗ਼ਮ ਕੈਂਦਾ, ਵੇ ਲੋਕਾ ।4।
132. ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ
ਸਾਈਂ ਸਾਈਂ ਕਰੇਂਦਿਆਂ ਮਾਂ ਪਿਓ ਹੁੜੇਂਦਿਆਂ,
ਕੋਈ ਨੇਹੁੜਾ ਲਾਇਓ ।
ਵਲ ਘਰਿ ਵੰਞਣ ਕੇਹਾ ਵੇ ਮਾਹੀਆ ।ਰਹਾਉ।
ਹੀਰੇ ਨੂੰ ਇਸ਼ਕ ਚਰੋਕਾ ਆਹਾ,
ਜਾਂ ਆਹੀ ਦੁਧਿ ਵਾਤੀ ।
ਵਿਚਿ ਪੰਘੂੜੇ ਦੇ ਪਈ ਤੜੱਫੇ,
ਵੇਦਨ ਰਤੀ ਨ ਜਾਤੀ ।
ਬਿਰਹੁ ਕਸਾਈ ਤਨ ਅੰਤਰਿ ਵੜਿਆ,
ਘਿੰਨ ਕੁਹਾਵੀ ਕਾਤੀ ।
ਸੈਆਂ ਵਰ੍ਹਿਆਂ ਦੀ ਜਹਮਤਿ ਜਾਵੈ,
ਜੇ ਰਾਂਝਣ ਪਾਵੈ ਝਾਤੀ ।1।
ਛਿਲਤ ਪੁੜੀ ਤਨ ਰਾਂਝਣ ਵਾਲੀ,
ਮਹਰਮ ਹੋਇ ਸੋਈ ਪੁੱਟੇ ।
ਲਖ ਲਖ ਸੂਈਆਂ ਤੇ ਲਖ ਨਹੇਰਨੁ,
ਲਖ ਜੰਬੂਰਾਂ ਦੇ ਤੁੱਟੇ ।
ਲਖ ਲਖ ਮੁੱਲਾਂ ਤੇ ਲਖ ਕਾਜੀ,
ਲਖਿ ਇਲਮ ਪੜਿ ਪੜਿ ਹੁਟੇ ।
ਜੇ ਟੁਕ ਰਾਂਝਣ ਦਰਸ ਦਿਖਾਵੈ,
ਤਾਂ ਹੀਰ ਅਜ਼ਾਬੋਂ ਛੁਟੇ ।2।
ਸ਼ਾਹ ਹੁਸੈਨ ਫ਼ਕੀਰ ਸੁਣਾਵੈ,
ਰਾਂਝੇ ਬਾਝੋਂ ਬਿਰਹੁੰ ਸਤਾਵੈ,
ਜੇ ਮਿਲਸਾਂ ਤਾਂ ਸਾਂਤ ਆਵੈ ।3।
133. ਸਾਈਂ ਤੋਂ ਮੈਂ ਵਾਰੀਆਂ ਵੋ
ਸਾਈਂ ਤੋਂ ਮੈਂ ਵਾਰੀਆਂ ਵੋ,
ਵਾਰੀਆਂ ਵੋ, ਵਾਰ ਡਾਰੀਆਂ ਵੋ ।
ਚੁੱਪ ਕਰਾਂ ਤਾਂ ਦੇਵਨਿ ਤਾਅਨੇ,
ਜਾਂ ਬੋਲਾਂ ਤਾਂ ਮਾਰੀਆਂ ਵੋ ।ਰਹਾਉ।
ਇਕਨਾ ਖੰਨੀ ਨੂੰ ਤਰਸਾਵੇਂ,
ਇੱਕ ਵੰਡਿ ਵੰਡਿ ਦੇਂਦੇ ਨੇ ਸਾਰੀਆਂ ਵੋ ।1।
ਇਕਨਾ ਢੋਲਿ ਕਲਾਵੇ ਨੀ ਸਈਓ,
ਇਕ ਕੰਤਾਂ ਦੇ ਬਾਝ ਬਿਚਾਰੀਆਂ ਵੋ ।2।
ਅਉਗੁਣਿਆਰੀ ਨੂੰ ਕੋ ਗੁਣਿ ਨਾਹੀਂ,
ਨਿਤਿ ਉਠਿ ਕਰਦੀ ਜ਼ਾਰੀਆਂ ਵੋ ।3।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਫਜ਼ਲ ਕਰੈਂ ਤਾਂ ਤਾਰੀਆਂ ਵੋ ।4।
134. ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ
ਸਈਓ ਮੇਰਾ ਮਾਹੀ ਤਾਂ ਆਣਿ ਮਿਲਾਵੋ,
ਕਾਹਲਿ ਹੋਈਆਂ ਘਣੀ ।1।ਰਹਾਉ।
ਬਾਬਲ ਕੋਲੋਂ ਦਾਜ ਨਾ ਮੰਗਦੀ,
ਮਾਉਂ ਨ ਮੰਗਦੀ ਮਾਲੋਂ ।
ਇਕੋ ਰਾਂਝਣਿ ਪਲਿ ਪਲਿ ਮੰਗਦੀ,
ਛੁੱਟੇ ਹੀਰ ਜੰਜਾਲੋਂ ।1।
ਰੋਂਦੀ ਪਕੜ ਬੈਠਾਈ ਖਾਰੇ,
ਜ਼ੋਰੀ ਦਿਤੀਓ ਲਾਵਾਂ ।
ਖੂੰਨੀ ਖੇੜੇ ਦੇ ਗਲਿ ਬੱਧੀ,
ਕੂਕਾਂ ਤੇ ਕੁਰਲਾਵਾਂ ।2।
ਕਰੰਗ ਸਬਰ ਰਾਂਝਣ ਦੀ ਸੇਵਾ,
ਹੀਰ ਸੁਪਨੇ ਮਿਲਿ ਮਿਲਿ ਆਵੇ 3।
ਰਾਤੀਂ ਭੀ ਕਾਲੀਂ ਤੇ ਮੇਹੀਂ ਭੀ ਕਾਲੀਆਂ,
ਚਰਿਆ ਲੋੜਨਿ ਬੇਲੇ ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਵਿਛੁੜਿਆਂ ਰੱਬ ਮੇਲੇ 4।
135. ਸਜਣ ਬਿਨ ਰਾਤੀਂ ਹੋਈਆਂ ਵੱਡੀਆਂ
ਸਜਣ ਬਿਨ ਰਾਤੀਂ ਹੋਈਆਂ ਵੱਡੀਆਂ ।
ਮਾਸ ਝੜੇ ਝੜ ਪਿੰਜਰ ਹੋਇਆ,
ਕਣ ਕਣ ਹੋਈਆਂ ਹੱਡੀਆਂ ।
ਇਸ਼ਕ ਛਪਾਇਆ ਛਪਦਾ ਨਾਹੀਂ,
ਬਿਰਹੋਂ ਤਣਾਵਾਂ ਗੱਡੀਆਂ ।
ਰਾਂਝਾ ਜੋਗੀ ਮੈਂ ਜੁਗਿਆਣੀ,
ਕਮਲੀ ਕਰ ਕਰ ਸੱਦੀਆਂ ।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਦਾਮਨ ਤੇਰੇ ਲੱਗੀਆਂ ।
136. ਸੱਜਣ ਦੇ ਗਲ ਬਾਂਹ ਅਸਾਡੀ
ਸੱਜਣ ਦੇ ਗਲ ਬਾਂਹ ਅਸਾਡੀ,
ਕਿਉਂ ਕਰ ਆਖਾਂ ਛੱਡ ਵੇ ਅੜਿਆ ।
ਪੋਸਤੀਆਂ ਦੇ ਪੋਸਤ ਵਾਂਗੂੰ,
ਅਮਲ ਪਇਆ ਅਸਾਡੇ ਹੱਡ ਵੇ ਅੜਿਆ ।
ਰਾਮ ਨਾਮ ਦੇ ਸਿਮਰਨ ਬਾਝੋਂ,
ਜੀਵਣ ਦਾ ਕੀ ਹੱਜ ਵੇ ਅੜਿਆ ।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਸਾਹਿਬ ਦੇ ਲੜ ਲੱਗ ਵੇ ਅੜਿਆ ।
137. ਸਜਣ ਦੇ ਹਥਿ ਬਾਂਹ ਅਸਾਡੀ, ਕਿਉਂ ਕਰਿ ਆਖਾਂ ਛਡਿ ਵੇ ਅੜਿਆ
ਸਜਣ ਦੇ ਹਥਿ ਬਾਂਹ ਅਸਾਡੀ,
ਕਿਉਂ ਕਰਿ ਆਖਾਂ ਛਡਿ ਵੇ ਅੜਿਆ ।ਰਹਾਉ।
ਰਾਤ ਅੰਧੇਰੀ ਬੱਦਲ ਕਣੀਆਂ,
ਬਾਝ ਵਕੀਲਾਂ ਮੁਸ਼ਕਲ ਬਣੀਆਂ,
ਡਾਢੇ ਕੀਤਾ ਸਡਿ ਵੇ ਅੜਿਆ ।1।
ਇਸ਼ਕ ਮੁਹੱਬਤ ਸੇਈ ਜਾਣਨਿ,
ਪਈ ਜਿਨਾਂ ਦੇ ਹੱਡ ਵੇ ਅੜਿਆ ।2।
ਕੱਲਰਿ ਖੱਟ ਨ ਖੂਹੜੀ,
ਚੀਨਾ ਰੇਤਿ ਨਾ ਗੱਡਿ ਵੇ ਅੜਿਆ ।3।
ਨਿਤਿ ਭਰੇਨਾ ਏਂ ਛਟੀਆਂ,
ਇਕ ਦਿਨ ਜਾਸੇਂ ਛਡਿ ਵੇ ਅੜਿਆ ।4।
ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਣ ਨੈਣਾਂ ਨਾਲਿ ਗਡਿ ਵੇ ਅੜਿਆ ।5।
138. ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ
ਸੱਜਣਾ, ਅਸੀਂ ਮੋਰੀਓਂ ਲੰਘ ਪਇਆਸੇ ।
ਭਲਾ ਹੋਇਆ ਗੁੜ ਮੱਖੀਆਂ ਖਾਧਾ,
ਅਸੀਂ ਭਿਣ ਭਿਣਾਟੋਂ ਛੁਟਿਆਸੇ ।ਰਹਾਉ।
ਢੰਡ ਪੁਰਾਣੀ ਕੁੱਤਿਆਂ ਲੱਕੀ,
ਅਸੀਂ ਸਰਵਰ ਮਾਹਿ ਧੋਤਿਆਸੇ ।1।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅਸੀਂ ਟੱਪਣ ਟੱਪ ਨਿਕਲਿਆਸੇ ।2।
139. ਸੱਜਣਾ ਬੋਲਣ ਦੀ ਜਾਇ ਨਾਹੀਂ
ਸੱਜਣਾ ਬੋਲਣ ਦੀ ਜਾਇ ਨਾਹੀਂ ।
ਅੰਦਰ ਬਾਹਰ ਇੱਕਾ ਸਾਂਈਂ,
ਕਿਸ ਨੂੰ ਆਖ ਸੁਣਾਈਂ ।
ਇੱਕੋ ਦਿਲਬਰ ਸਭ ਘਟਿ ਰਵਿਆ,
ਦੂਜਾ ਨਹੀਂ ਕਦਾਈਂ ।
ਕਹੈ ਹੁਸੈਨ ਫ਼ਕੀਰ ਨਿਮਾਣਾ,
ਸਤਿਗੁਰ ਤੋਂ ਬਲਿ ਜਾਈਂ ।
140. ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ
ਸਮਝ ਨਿਦਾਨੜੀਏ, ਤੇਰਾ ਵੈਂਦਾ ਵਖਤ ਵਿਹਾਂਦਾ ।ਰਹਾਉ।
ਇਹਿ ਦੁਨੀਆਂ ਦੂਹਿ ਚਾਰਿ ਦਿਹਾੜੇ,
ਦੇਖਦਿਆਂ ਲਦ ਜਾਂਦਾ ।1।
ਦਉਲਤਿ ਦੁਨੀਆਂ ਮਾਲੁ ਖਜ਼ੀਨਾ,
ਸੰਿਗ ਨ ਕੋਈ ਲੈ ਜਾਂਦਾ ।2।
ਮਾਤ ਪਿਤਾ ਭਾਈ ਸੁਤ ਬਨਿਤਾ,
ਨਾਲਿ ਨ ਕੋਈ ਜਾਂਦਾ ।3।
ਕਹੈ ਹੁਸੈਨ ਫ਼ਕੀਰ ਨਿਮਾਣਾ,
ਬਾਕੀ ਨਾਮ ਸਾਈਂ ਦਾ ਰਹਿੰਦਾ ।4।
141. ਸਾਰਾ ਜਗਿ ਜਾਣਦਾ
ਸਾਰਾ ਜਗਿ ਜਾਣਦਾ,
ਸਾਈਂ ਤੇਰੇ ਮਿਲਣ ਦੀ ਆਸ ਵੋ ।
ਮੇਰੇ ਮਨੁ ਮੁਰਾਦਿ ਏਹੋ ਸਾਈਆਂ,
ਸਦਾ ਰਹਾਂ ਤੇਰੇ ਪਾਸਿ ਵੋ ।ਰਹਾਉ।
ਦਰਸ਼ਨ ਦੇਹੁ ਦਇਆ ਕਰਿ ਮੋ ਕਉਂ,
ਸਿਮਰਾਂ ਮੈਂ ਸਾਸ ਗਿਰਾਸ ਵੋ ।1।
ਕਹੈ ਹੁਸੈਨ ਫ਼ਕੀਰ ਨਿਮਾਣਾ,
ਤੂੰ ਸਾਹਿਬ ਮੈਂ ਦਾਸ ਵੋ ।2।
142. ਸੁਣ ਤੋ ਨੀਂ ਕਾਲ ਮਰੇਂਦਾ ਈ
ਸੁਣ ਤੋ ਨੀਂ ਕਾਲ ਮਰੇਂਦਾ ਈ,
ਹਰਿ ਭਜਿ ਲੈ ਗਾਹਕ ਵੈਂਦਾ ਈ ।ਰਹਾਉ।
ਡੂੰਘੇ ਜਲ ਵਿਚਿ ਮਛੁਲੀ ਵੱਸਦੀ,
ਭੈ ਸਾਹਿਬ ਦਾ ਮਨ ਨਹੀਂ ਰੱਖਦੀ,
ਉਸ ਮੱਛਲੀ ਨੂੰ ਜਾਲ ਢੂੰਢੇਂਦਾ ਈ ।1।
ਮੀਰ ਮਲਕੁ ਪਾਤਿਸ਼ਾਹੁ ਸ਼ਾਹਜ਼ਾਦੇ,
ਝੁਲਦੇ ਨੇਜ਼ੇ ਵੱਜਦੇ ਵਾਜੇ,
ਵਿਚ ਘੜੀ ਫਨਾਹਿ ਕਰੇਂਦਾ ਈ ।2।
ਕੋਠੇ ਮਮਟੁ ਤੇ ਚਉਬਾਰੇ,
ਵਸਿ ਵਸਿ ਗਏ ਕਈ ਲੋਕੁ ਵਿਚਾਰੇ,
ਇਕ ਪਲਕੁ ਨ ਰਹਿਣੇ ਦੇਂਦਾ ਈ ।3।
ਚਿੜੀ ਜਿੰਦੜੀ ਕਾਲਿ ਸਿਚਾਣਾ,
ਨਿਸਦਿਨ ਬੈਠਾ ਲਾਇ ਧਿਆਨਾ,
ਉਹ ਅਜਿ ਕਲਿ ਤੈਨੂੰ ਫਸੇਂਦਾ ਈ ।4।
ਕਹੈ ਹੁਸੈਨ ਫ਼ਕੀਰ ਨਿਮਾਣਾ,
ਦੁਨੀਆਂ ਛੋਡਿ ਆਖ਼ਿਰ ਮਰ ਜਾਣਾ,
ਨਰੁ ਕੂੜਾ ਮਾਨ ਕਰੇਂਦਾ ਈ ।5।
143. ਸੁਰਤਿ ਕਾ ਤਾਣਾ ਨਿਰਤ ਕਾ ਬਾਣਾ
ਸੁਰਤਿ ਕਾ ਤਾਣਾ ਨਿਰਤ ਕਾ ਬਾਣਾ,
ਸੱਚ ਕਾ ਕੱਪੜਾ ਵੁਣ ਜਿੰਦੇ ਨੀ ।
ਕਾਹੇ ਕੂੰ ਝੁਰੇਂ ਤੇ ਝਖ ਮਾਰੇਂ,
ਰਾਮ ਨਾਮ ਬਿਨ ਬਾਜੀ ਹਾਰੇਂ,
ਜੋ ਬੀਜਿਆ ਸੋ ਲੁਣ ਜਿੰਦੇ ਨੀ ।
ਖ਼ਾਨ ਖ਼ਵੀਨੀ ਤੇ ਸੁਲਤਾਨੀ,
ਕਾਲ ਲਈਆਂ ਸਭ ਚੁਣ ਜਿੰਦੇ ਨੀ ।
ਸ਼ਾਹ ਹੁਸੈਨ ਫ਼ਕੀਰ ਗਦਾਈ,
ਪੱਛੀ ਪੂਣੀ ਸਭ ਲੁਟਾਈ,
ਸ਼ਾਹੁ ਨੂੰ ਮਿਲਿਆ ਲੋੜੇਂ ਹੁਣ ਜਿੰਦੇ ਨੀ ।
144. ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ
ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ ।
ਸਭ ਸਈਆਂ ਗੁਣਵੰਤੀਆਂ
ਤਾਰੀਂ ਸਾਈਂ ਰੱਬਾ ਵੇ ਮੈਂ ਔਗੁਣਿਆਰੀ ।
ਭੇਜੀ ਸੀ ਜਿਸ ਬਾਤ ਨੋ ਪਿਆਰੀ ਰੀ,
ਸਾਈ ਬਾਤ ਵਿਸਾਰੀ ।
ਸਲ ਮਿਲ ਸਈਆਂ ਦਾਜ ਰੰਗਾਇਆ ਪਿਆਰੀ ਰੀ,
ਮੈਂ ਰਹੀ ਕੁਆਰੀ ।
ਅੰਗਣ ਕੂੜਾ ਵਤ ਗਇਆ,
ਮੁੜ ਦੇਹਿ ਬਹਾਰੀ ।
ਭੈ ਸਾਈਂ ਦੇ ਪਰਬਤ ਡਰਦੇ,
ਮੈਂ ਕਵਣ ਵਿਚਾਰੀ ।
ਕਹੈ ਹੁਸੈਨ ਸਹੇਲੀਓ,
ਅਮਲਾਂ ਬਾਝ ਖ਼ੁਆਰੀ ।
145. ਤੇਰੇ ਸਹੁ ਰਾਵਣ ਦੀ ਵੇਰਾ
ਤੇਰੇ ਸਹੁ ਰਾਵਣ ਦੀ ਵੇਰਾ,
ਸੁਤੀ ਹੈਂ ਤਾਂ ਜਾਗ,
ਮੋਢੇ ਤੇਰੇ ਦੋਇ ਜਣੇ,
ਲਿਖਦੇ ਨੀ ਆਬ ਸਵਾਬ ।1।ਰਹਾਉ।
ਇਹ ਵੇਲਾ ਨ ਲਹਿਸੇਂ ਕੁੜੀਏ,
ਥੀਸੇਂ ਤੂੰ ਬਹੁਤ ਖ਼ਰਾਬ ।1।
ਕਹੈ ਹੁਸੈਨ ਸ਼ਹੁ ਲੇਖਾ ਪੁੱਛਸੀ,
ਦੇਸੇਂ ਤੂੰ ਕਵਣੁ ਜਬਾਬ ।2।
146. ਥੋਹੜੀ ਰਹਿ ਗਈਓ ਰਾਤੜੀ
ਥੋਹੜੀ ਰਹਿ ਗਈਓ ਰਾਤੜੀ,
ਸਹੁ ਰਾਵਿਓ ਨਾਹੀਂ ।
ਧੰਨ ਸੋਈ ਸੁਹਾਗਣੀ,
ਜਿਨ ਪੀਆ ਗਲਿ ਬਾਹੀਂ ।ਰਹਾਉ।
ਇਕ ਅੰਨ੍ਹੇਰੀ ਕੋਠੜੀ,
ਦੂਜਾ ਦੀਵਾ ਨ ਬਾਤੀ ।
ਬਾਂਹੁ ਪਕੜਿ ਜਮੁ ਲੈ ਚਲੇ,
ਕੋਈ ਸੰਗਿ ਨ ਸਾਥੀ ।1।
ਸੁਤੀ ਰਹੀ ਕੁਲਖਣੀ,
ਜਾਗੀ ਵਡਿ ਭਾਗੀ ।
ਜਾਗਨਿ ਕੀ ਬਿਧਿ ਸੋ ਲਹੈ,
ਜਿਸ ਅੰਤਰ ਲਾਗੀ ।2।
ਕਹੈ ਹੁਸੈਨ ਸਹੇਲੀਓ,
ਸਹੁ ਕਿਤ ਬਿਧਿ ਪਈਐ ।
ਕਰ ਸਾਹਿਬ ਦੀ ਬੰਦਗੀ,
ਰੈਣ ਜਾਗ੍ਰਤਿ ਰਹੀਐ ।3।
147. ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ
ਤਿਨਾ ਗ਼ਮ ਕੇਹਾ ਸਾਈਂ ਜਿਨ੍ਹਾਂ ਦੇ ਵੱਲਿ ।ਰਹਾਉ।
ਸੋਹਣੀ ਸੂਰਤਿ ਦਿਲਬਰ ਵਾਲੀ,
ਰਹੀ ਅੱਖੀਂ ਵਿਚਿ ਗੱਲਿ ।1।
ਇਕੁ ਪਲ ਸਜਣ ਜੁਦਾ ਨ ਥੀਵੈ,
ਬੈਠਾ ਅੰਦਰ ਮਲਿ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਚਲਣਾ ਅੱਜੁ ਕਿ ਕੱਲ ।3।
148. ਤੂੰ ਆਹੋ ਕੱਤ ਵਲੱਲੀ
ਤੂੰ ਆਹੋ ਕੱਤ ਵਲੱਲੀ,
ਨੀ ਕੁੜੀਏ ਤੂੰ ਆਹੋ ਕੱਤ ਵਲੱਲੀ ।ਰਹਾਉ।
ਸਾਰੀ ਉਮਰ ਗਵਾਈਆ ਈਵੈਂ,
ਪੱਛੀ ਨ ਘੱਤੀਆ ਛੱਲੀ ।1।
ਗਲੀਆਂ ਵਿਚ ਫਿਰੇ ਲਟਕੰਦੀ,
ਇਹ ਗਲਿ ਨਾਹੀਉਂ ਭੱਲੀ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਦਾਜ ਵਿਹੂਣੀ ਚੱਲੀ ।3।
149. ਤੁਝੈ ਗੋਰਿ ਬੁਲਾਵੈ ਘਰਿ ਆਉ ਰੇ
ਤੁਝੈ ਗੋਰਿ ਬੁਲਾਵੈ ਘਰਿ ਆਉ ਰੇ ।
ਜੋ ਆਵੈ ਸੋ ਰਹਣ ਨ ਪਾਵੈ,
ਕਿਆ ਮੀਰ ਮਲਕੁ ਉਮਰਾਉ ਰੇ ।ਰਹਾਉ।
ਹਰ ਦਮ ਨਾਮੁ ਸਮਾਲਿ ਸਾਈਂ ਦਾ,
ਇਹ ਅਉਸਰ ਇਹ ਦਾਉ ਰੇ ।1।
ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖ਼ਰ ਖ਼ਾਕ ਸਮਾਉ ਰੇ ।2।
150. ਟੁਕ ਬੂਝ ਮਨ ਮੇਂ ਕਉਣ ਹੈ
ਟੁਕ ਬੂਝ ਮਨ ਮੇਂ ਕਉਣ ਹੈ,
ਸਭ ਦੇਖੁ ਆਵਾਗਉਣ ਹੈ ।
ਮਨ ਅਉਰ ਹੈ ਤਨ ਅਉਰ ਹੈ,
ਮਨ ਕਾ ਵਸੀਲਾ ਪਉਣ ਹੈ ।ਰਹਾਉ।
ਬੰਦਾ ਬਣਾਇਆ ਜਾਪ ਕੋ,
ਤੂੰ ਕੇਹਾ ਲੁਭਾਣਾ ਪਾਪ ਕੋ,
ਤੈਂ ਸਹੀ ਕੀ ਕੀਆ ਆਪ ਕੋ ।1।
ਇਕ ਸ਼ਾਹ ਹੁਸੈਨ ਫ਼ਕੀਰ ਹੈ,
ਤੁਸੀਂ ਨ ਆਖੋ ਪੀਰ ਹੈ,
ਜਗ ਚਲਤਾ ਦੇਖਿ ਵਹੀਰ ਹੈ ।2।
151. ਟੁਕ ਬੂਝ ਸਮਝ ਦਿਲ ਕੌਨ ਹੈ
ਟੁਕ ਬੂਝ ਸਮਝ ਦਿਲ ਕੌਨ ਹੈ ।
ਮਨ ਕਾ ਵਸੀਲਾ ਪੌਨ ਹੈ ।
ਬੰਦਾ ਬਨਾਇਆ ਜਾਪ ਕੋ ।
ਤੂੰ ਕਿਆ ਭੁਲਾਵੈਂ ਪਾਪ ਕੋ ।
ਮਨ ਔਰ ਹੈ ਮੁਖ ਔਰ ਹੈ ।
ਦੁਨੀਆਂ ਆਵਾਗਉਨ ਹੈ ।
ਸ਼ਾਹੁ ਹੁਸੈਨ ਫ਼ਕੀਰ ਹੈ ।
ਜਗ ਚਲਤਾ ਦੇਖ ਵਹੀਰ ਹੈ ।
152. ਤੁਸੀਂ ਬਈ ਨ ਭੁੱਲੋ
ਤੁਸੀਂ ਬਈ ਨ ਭੁੱਲੋ,
ਕਾਇ ਜੇ ਮੈਂ ਭੁਲੀਆਂ ।
ਪ੍ਰੇਮ ਪਿਆਲਾ ਸਤਿਗੁਰ ਵਾਲਾ,
ਪੀਵਤਿ ਹੀ ਮੈਂ ਝੁਲੀਆਂ ।1।ਰਹਾਉ।
ਲੋਕ ਲਾਜਿ ਕੁਲ ਕੀ ਮਿਰਜਾਦਾ,
ਡਾਲਿ ਸੱਜਣ ਵਲਿ ਚੁਲੀਆਂ ।1।
ਕਹੈ ਹੁਸੈਨ ਫ਼ਕੀਰ ਸਾਂਈਂ ਦਾ,
ਨਾਮੁ ਤੇਰੇ ਮੈਂ ਹੁਲੀਆਂ ।2।
153. ਤੁਸੀਂ ਮਤਿ ਕੋਈ ਕਰੋ ਗੁਮਾਨ
ਤੁਸੀਂ ਮਤਿ ਕੋਈ ਕਰੋ ਗੁਮਾਨ,
ਜੋਬਨ ਧਨ ਠੱਗੁ ਹੈ ।1।ਰਹਾਉ।
ਹੰਸਾਂ ਦੇ ਭੁਲਾਵੇ ਭੁਲੀ,
ਝੋਲੀ ਲੀਤਾ ਬੱਗ ਹੈ ।1।
ਪੱਬਣ ਪੱਤ੍ਰ ਉਪਰਿ ਮੌਤ,
ਤਿਵਹੀਂ ਸਾਰਾ ਜੱਗ ਹੈ ।2।
ਨਿੰਦਿਆ ਧ੍ਰੋਹ ਬਖੀਲੀ ਚੁਗਲੀ,
ਨਿੱਤ ਕਰਦਾ ਫਿਰਦਾ ਠੱਗ ਹੈ ।3।
ਕਹੈ ਹੁਸੈਨ ਸੇਈ ਜੱਗ ਆਏ,
ਜਿਨ੍ਹਾਂ ਪਛਾਤਾ ਰੱਬ ਹੈ ।4।
154. ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ
ਤੁਸੀਂ ਰਲ ਮਿਲਿ ਦੇਹੁ ਮੁਮਾਰਖਾਂ,
ਮੇਰਾ ਸੋਹਣਾ ਸਜਣ ਘਰਿ ਆਇਆ ਹੀ ।1।ਰਹਾਉ।
ਜਿਸ ਸਜਣ ਨੂੰ ਮੈਂ ਢੂੰਢੇਦੀ ਵਤਾਂ,
ਸੋ ਸਜਣ ਮੈਂ ਪਾਇਆ ਹੀ ।1।
ਵੇਹੜਾ ਤਾਂ ਅੰਙਣੁ ਮੇਰਾ,
ਭਇਆ ਸੁਹਾਵਣਾ,
ਮਾਥੇ ਨੂਰ ਸੁਹਾਇਆ ਹੀ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਮੁਰਸ਼ਦ ਦੋਸਤ ਮਿਲਾਇਆ ਹੀ ।3।
155. ਵਾਹੋ ਬਣਦੀ ਹੈ ਗਲ
ਵਾਹੋ ਬਣਦੀ ਹੈ ਗਲ,
ਸਜਣ ਨਾਲਿ ਮੇਲਾ ਕਰੀਐ ।
ਪਾਰਿ ਖੜਾ ਮਿਤਰ ਰਾਂਝਣ,
ਸਾਰੇ ਬਾਹਲੀਐ ਨੈਂ ਤਰੀਐ ।ਰਹਾਉ।
ਭਉ ਸਾਗਰੁ ਬਿਖ਼ੜਾ ਅਤਿ ਭਾਰੀ,
ਸਾਧਾਂ ਦੇ ਲੇੜੇ ਚੜੀਐ ।1।
ਸਾਈਂ ਕਾਰਨਿ ਜੋਗਨਿ ਹੋਵਾਂ,
ਕਰੀਐ ਜੋ ਕਿਛੁ ਸਰੀਐ ।2।
ਲੱਖ ਟੱਕਾ ਮੈਂ ਸਰੀਨੀ ਦੇਵਾਂ,
ਜੇ ਸਹੁ ਪਿਆਰਾ ਵਰੀਐ ।3।
ਮਿਲਿਆ ਯਾਰ ਹੋਈ ਰੁਸਨਾਈ,
ਦਮ ਸੁਕਰਾਨੇ ਦਾ ਭਰੀਐ ।4।
ਕਹੈ ਹੁਸੈਨ ਹਯਾਤੀ ਲੋੜੈਂ,
ਤਾਂ ਜੀਂਵਦਿਆਂ ਹੀ ਮਰੀਐ ।5।
156. ਵਾਰੇ ਵਾਰੇ ਜਾਨੀ ਹਾਂ ਘੋਲੀਆਂ(ਘੋਲੀ ਆਹੀ) ਨੀਂ
ਵਾਰੇ ਵਾਰੇ ਜਾਨੀ ਹਾਂ ਘੋਲੀਆਂ(ਘੋਲੀ ਆਹੀ) ਨੀਂ ।ਰਹਾਉ।
ਜਿਸ ਸਾਜਨ ਦਾ ਦੇਵਉ ਤੁਸੀਂ ਮੇਹਣਾ,
ਤਿਸ ਸਾਜਨ ਦੀ ਮੈਂ ਗੋਲੀ ਆਹੀ ਨੀਂ ।1।
ਅਚਾਚੇਤੀ ਭੋਲਿ ਭੁਲਾਵੇ,
ਬਾਬਲ ਦੇ ਘਰ ਭੋਲੀ ਆਹੀ ਨੀਂ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਤੁਧੁ ਬਾਝਉ ਕੋਈ ਹੋਰ ਨ ਜਾਣਾ,
ਖ਼ਾਕ ਪੈਰਾਂ ਦੀ ਮੈਂ ਰੋਲੀ ਆਹੀ ਨੀਂ ।3।
157. ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁ
ਵਾਰੀ ਵੋ ਦੇਖ ਨਿਮਾਣਿਆਂ ਦਾ ਹਾਲੁ,
ਕਦਾਵੀ ਵੋ ਮਿਹਰ ਪਵੀ ।ਰਹਾਉ।
ਰਾਤੀਂ ਦਰਦ ਦਿਹੇਂ ਦਰਮਾਂਦੀ,
ਬਿਰਹੁ ਭਛਾਇਅੜ ਸੀਂਹ ।1।
ਰੋ ਰੋ ਨੈਣ ਭਰੇਨੀ ਹਾਂ ਝੋਲੀ,
ਜਿਉਂ ਸਾਵਣਦੜੋ ਮੀਂਹੁ ।2।
ਗਲ ਵਿਚ ਪੱਲੂ ਮੈਂਡਾ ਦਸਤ ਪੈਰਾਂ ਤੇ,
ਕਦੀ ਤਾਂ ਅਸਾਡੜਾ ਥੀਉ ।3।
ਸਿਰ ਸਦਕੇ ਕੁਰਬਾਨੀ ਕੀਤੀ,
ਘੋਲ ਘੁਮਾਂਦੀ ਹਾਂ ਜੀਉ ।4।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਹੋਰ ਭਰੋਸਾ ਨਹੀਂ ਕਹੀ ਦਾ,
ਆਨ ਮਿਲਾਅੜੋ ਪੀਉ ।5।
158. ਵੋ ਗੁਮਾਨੀਆਂ, ਦਮ ਗਨੀਮਤ ਜਾਣ
ਵੋ ਗੁਮਾਨੀਆਂ, ਦਮ ਗਨੀਮਤ ਜਾਣ ।ਰਹਾਉ।
ਕਿਆ ਲੈ ਆਇਆ ਕਿਆ ਲੈ ਜਾਸੈਂ,
ਫਾਨੀ ਕੁਲ ਜਹਾਨ ।1।
ਚਾਰ ਦਿਹਾੜੈ ਗੋਇਲ ਵਾਸਾ,
ਇਸ ਜੀਵਨ ਦਾ ਕੀ ਭਰਵਾਸਾ,
ਨਾ ਕਰਿ ਇਤਨਾ ਮਾਣ ।2।
ਕਹੈ ਹੁਸੈਨ ਫ਼ਕੀਰ ਨਿਮਾਣਾ,
ਆਖ਼ਰ ਖ਼ਾਕ ਸਮਾਣ ।3।
159. ਵੋ ਕੀ ਆਕੜਿ ਆਕੜਿ ਚਲਣਾ
ਵੋ ਕੀ ਆਕੜਿ ਆਕੜਿ ਚਲਣਾ ।ਰਹਾਉ।
ਖਾਇ ਖੁਰਾਕਾਂ ਤੇ ਪਹਿਣ ਪੁਸ਼ਾਕਾਂ,
ਕੀ ਜਮ ਦਾ ਬਕਰਾ ਪਲਣਾ ।2।
ਸਾਢੇ ਤਿੰਨ ਹਥਿ ਮਿਲਕੁ ਤੁਸਾਡਾ,
ਕਿਉਂ ਜੂਹ ਪਰਾਈ ਮੱਲਣਾ ।2।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਅੰਤ ਖਾਕ ਵਿਚ ਰਲਣਾ ।3।
160. ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ
ਵੋ ਯਾਰੁ ਜਿਨ੍ਹਾਂ ਨੂੰ ਇਸ਼ਕ ਤਿਨਾਂ ਕੱਤਣ ਕੇਹਾ,
ਅਲਬੇਲੀ ਕਿਉਂ ਕੱਤੇ ।ਰਹਾਉ।
ਲੱਗਾ ਇਸ਼ਕ ਚੁੱਕੀ ਮਸਲਾਹਤ,
ਬਿਸਰੀਆਂ ਪੰਜੇ ਸੱਤੇ ।1।
ਘਾਇਲੁ ਮਾਇਲੁ ਫਿਰੈ ਦਿਵਾਨੀ,
ਚਰਖੇ ਤੰਦ ਨ ਘੱਤੇ ।2।
ਮੇਰੀ ਤੇ ਮਾਹੀ ਦੀ ਪਰੀਤਿ ਚਰੋਕੀ,
ਜਾਂ ਸਿਰੀ ਆਹੇ ਨ ਛੱਤੇ ।3।
ਕਹੈ ਹੁਸੈਨ ਫ਼ਕੀਰ ਨਿਮਾਣਾ,
ਨੈਨ ਸਾਈਂ ਨਾਲਿ ਰੱਤੇ ।4।
161. ਵੱਤ ਨ ਆਵਣਾ ਭੋਲੜੀ ਮਾਉ
ਵੱਤ ਨ ਆਵਣਾ ਭੋਲੜੀ ਮਾਉ,
ਏਹੋ ਵਾਰੀ ਤੇ ਏਹੋ ਦਾਉ ।
ਭਲਾ ਕਰੈਂ ਤਾਂ ਭਜਿ ਲੈ ਨਾਉਂ ।ਰਹਾਉ।
ਜਾਂ ਕੁਆਰੀ ਤਾਂ ਚਾਉ ਘਣਾ,
ਪੁਤ ਪਰਾਏ ਦੇ ਵਸਿ ਪਵਾਂ,
ਕਿਆ ਜਾਣਾ ਕੇਹੀ ਘੁੱਲੇ ਵਾਉ ।1।
ਸੋ ਖੇਡਣੁ ਜਿਨ੍ਹਾਂ ਭਾਗੁ ਮਥੂਰੇ,
ਖੇਡਦਿਆਂ ਲਹਿ ਜਾਨ ਵਿਸੂਰੇ,
ਖੇਡ ਖਿਡੰਦੜੀ ਦਾ ਲਥਾ ਚਾਉ ।2।
ਚਉਪੜਿ ਦੇ ਖਾਨੇ ਚਉਰਾਸੀ,
ਜੋ ਪੁੱਗੇ ਸੇ ਚੋਟ ਨ ਖਾਸੀ,
ਕਿਆ ਜਾਣਾ ਕਿਆ ਪਉਸੀ ਦਾਉ ।3।
ਸਾਚੀ ਸਾਖੀ ਕਹੈ ਹੁਸੈਨਾ,
ਜਾਂ ਜੀਵੇਂ ਤਾਹੀਂ ਸੁਖ ਚੈਨਾ,
ਫੇਰ ਨ ਲਹਿਸੀਆ ਪਛੋਤਾਉ ।4।
162. ਵੱਤ ਨ ਦੁਨੀਆਂ ਆਵਣ
ਵੱਤ ਨ ਦੁਨੀਆਂ ਆਵਣ ।
ਸਦਾ ਨ ਫੁਲੇ ਤੋਰੀਆ,
ਸਦਾ ਨ ਲੱਗੇ ਸਾਵਣ ।ਰਹਾਉ।
ਏਹ ਜੋਬਨ ਤੇਰਾ ਚਾਰ ਦਿਹਾੜੇ,
ਕਾਹੇ ਕੂੰ ਝੂਠ ਕਮਾਵਣ ।
ਪੇਵਕੜੈ ਦਿਨ ਚਾਰ ਦਿਹਾੜੇ,
ਅਲਬਤ ਸਹੁਰੇ ਜਾਵਣ ।
ਸ਼ਾਹ ਹੁਸੈਨ ਫ਼ਕੀਰ ਸਾਂਈਂ ਦਾ,
ਜੰਗਲ ਜਾਇ ਸਮਾਵਣ ।
163. ਵੇਲਾ ਸਿਮਰਣ ਦਾ ਨੀ, ਉੱਠੀ ਰਾਮੁ ਧਿਆਇ
ਵੇਲਾ ਸਿਮਰਣ ਦਾ ਨੀ,
ਉੱਠੀ ਰਾਮੁ ਧਿਆਇ ।ਰਹਾਉ।
ਹੱਥ ਮਲੇ ਮਲ ਪਛੋਤਾਸੀਂ,
ਜਦੁ ਵੈਸੀਆ ਵਖਤ ਵਿਹਾਇ ।੧।
ਇਸ ਤਿੜੇ ਤੋਂ ਭਰ ਭਰ ਗਈਆਂ,
ਤੂੰ ਆਪਣੀ ਵਾਰ ਲੰਘਾਇ ।੨।
ਇਕਨਾ ਭਰਿਆ ਇਕ ਭਰ ਗਈਆਂ,
ਇਕ ਘਰੇ ਇਕ ਰਾਹਿ ।੩।
ਕਹੈ ਹੁਸੈਨ ਫ਼ਕੀਰ ਸਾਈਂ ਦਾ,
ਆਤਣ ਫੇਰਾ ਪਾਇ ।੪।
164. ਯਾ ਦਿਲਬਰ ਯਾ ਸਿਰ ਕਰ ਪਿਆਰਾ
ਯਾ ਦਿਲਬਰ ਯਾ ਸਿਰ ਕਰ ਪਿਆਰਾ ।
ਜੇ ਤੂੰ ਹੈਂ ਮੁਸ਼ਤਾਕ ਯਗਾਨਾ ।
ਸਿਰ ਦੇਵਣ ਦਾ ਛੋਡ ਬਹਾਨਾ ।
ਦੇ ਦੇ ਲਾਲ ਲਬਾਂ ਦੇ ਲਾਰੇ ।
ਸੂਲੀ ਉਪਰ ਚੜ੍ਹ ਲੈ ਹੁਲਾਰੇ ।
ਜਿਨ੍ਹਾਂ ਸਚ ਤਿਨ੍ਹਾਂ ਲਬ ਨਹੀਂ ਪਿਆਰੇ ।
ਸਚੋ ਸਚ ਫਿਰ ਸਾਚ ਨਿਹਾਰੇ ।
ਸ਼ਾਹ ਹੁਸੈਨ ਜਿਨ੍ਹਾਂ ਸੱਚ ਪਛਾਤਾ ।
ਕਾਮਲ ਇਸ਼ਕ ਤਿਨ੍ਹਾਂ ਦਾ ਜਾਤਾ ।
ਆਇ ਮਿਲਿਆ ਤਿਨ੍ਹਾਂ ਪਿਆਰਾ ।
165. ਕੋਈ ਦਿਨ ਮਾਣ ਲੈ ਮੁਸਾਫ਼ਰ ਚਲੇ ਨੀ
ਕੋਈ ਦਿਨ ਮਾਣ ਲੈ ਮੁਸਾਫ਼ਰ ਚਲੇ ਨੀ ।
ਇਨ੍ਹਾਂ ਮੁਸਾਫ਼ਰਾਂ ਦੀ ਬਾਣ ਭਲੇਰੀ,
ਅਜ ਆਏ ਕਲ ਵੱਲੇ ਨੀ ।
ਔਝੜ ਝੰਗ ਬਲਾਈਂ ਬੇਲੇ,
ਵਿਛੁੜਿਆਂ ਰੱਬ ਸਾਹਿਬ ਮੇਲੇ,
ਸ਼ੀਹਾਂ ਪੱਤਣ ਮੱਲੇ ਨੀ ।
ਸਾਹੁਰੜੇ ਮੁਕਲਾਊ ਆਏ,
ਚਾਰਾ ਕੁਝ ਨਾ ਚਲੇ ਨੀ ।
ਸ਼ਾਹ ਹੁਸੈਨ ਫ਼ਕੀਰ ਸਾਈਂ ਦਾ,
ਖ਼ਰਚ ਬੰਨ੍ਹ ਲੈ ਪੱਲੇ ਨੀ ।
166. ਪੁਰ ਤਕਸੀਰ ਭਰੀ ਮੈਂ ਆਈ
ਪੁਰ ਤਕਸੀਰ ਭਰੀ ਮੈਂ ਆਈ,
ਤੈਨੂੰ ਬਣਦੀ ਇਹ ਗੱਲ ਨਾਹੀਂ ।
ਅਸਾਂ ਉਮੈਦ ਮਿਲਣ ਦੀ ਆਹੀ,
ਕਿਆ ਦਿਲ ਮਾਰ ਸਹਿਕਾਇਆ ਹੀ ।
ਆਵਣ ਕਿਉਂ ਛੱਡਿਓ ਈ ਸਾਈਂ,
ਸਾਥੋਂ ਕੀ ਚਿਤ ਚਾਇਆ ਹੀ ?
ਕਜ ਪੜਦਾ ਮੇਰਾ ਫੋਲ ਨਾ ਫੋਲਣ,
ਤੂੰ ਸਰਪੋਸ਼ ਖ਼ਾਕ ਦਾ ਓਲਣ;
ਮੈਂ ਤੋਲੀ ਦਾ ਫਿਰ ਕੀ ਤੋਲਣ ?
ਨਾਉਂ ਸਚਿਆਰ ਸਦਾਇਆ ਹੀ ।
ਤੈਂ ਜਿਹਾ ਕੋਈ ਹੋਰ ਨਾ ਮੈਨੂੰ,
ਮੈਂ ਜੇਹੀਆਂ ਲੱਖ ਸਾਹਿਬ ਤੈਨੂੰ;
ਹੋਰ ਵਕੀਲ ਘੱਤਾਂ ਵਿਚ ਕੈਨੂੰ ?
ਤੂੰ ਜੋ ਰੋਸਾ ਪਾਇਆ ਹੀ ।
ਤੂੰ ਸਾਹਿਬ ਮੈਂ ਤੈਂਢੀ ਆਹੀ,
ਜੇ ਕੋ ਪੁੱਛੇ ਤਾਂ ਦਿਆਂ ਉਗਾਹੀ;
ਹੁਣ ਕੀ ਕਰਨਾ ਬੇਪਰਵਾਹੀ,
ਮੈਂ ਤੇਰੇ ਨਾਉਂ ਧਰਾਇਆ ਹੀ ।