Kafian : Khwaja Ghulam Farid

ਕਾਫ਼ੀਆਂ : ਖ਼ਵਾਜਾ ਗ਼ੁਲਾਮ ਫ਼ਰੀਦ

201. ਸਾਡੇ ਨਾਲ ਸਦਾ ਤੂੰ ਵੱਸ ਪਿਆ

ਸਾਡੇ ਨਾਲ ਸਦਾ ਤੂੰ ਵੱਸ ਪਿਆ ।ਵਸ ਹੱਸ ਰੱਸ ਦਿਲ ਖੱਸ ਪਿਆ ।
ਸਿਰ ਵਿਚ ਦਰਦ, ਦਿਮਾਗ਼ ਖੁਮਾਰੀ ।ਤੁਨਲੇ ਰਤੜੇ ਹੰਜੜੂ ਜਾਰੀ ।
ਜੀੜੇ ਝੋਰਾ ਦਿਲ ਆਜ਼ਾਰੀ ।ਤਨ ਸੂਲਾਂ ਦੇ ਵਸ ਪਿਆ ।
ਬੇਪਤ ਦੀ ਬੇਪਤੜੀ ਯਾਰੀ ।ਜ਼ੁਲਮ ਅੰਧਾਰੀ ਬੇ ਨਰਵਾਰੀ ।
ਪਹਿਲੋਂ ਲੁਟ ਲਿਉ ਦਿਲ ਸਾਰੀ ।ਪਿਛੇ ਚੋਰੀ ਨਸ ਪਿਆ ।
ਹਿਜਰ ਸਵਾ ਕੋਈ ਸੂਦ ਨ ਪਾਇਮ ।ਚੋਟੀਆਂ ਖੁੱਤਮ ਹਾਲ ਵਜਾਇਮ ।
ਮਿਨਤਾਂ ਕੀਤਮ ਸੀਸ ਨਵਾਇਮ ।ਨਕ ਘਰੜੇਂਦੀ ਘੱਸ ਪਿਆ ।
ਪੇਸ਼ ਕੀਤਾ ਜੈਂ ਫ਼ਹਿਮ ਫ਼ਿਕਰ ਕੂੰ ।ਲੈਤ ਲਾਅਲ ਦੀ ਇਰਖਿਰ ਕੂੰ ।
ਕਰ ਕਰ ਸ਼ੁਕਰ ਨ ਡਿਤਰਸ ਸਿਰ ਕੂੰ ।ਇਸ਼ਕ ਦੀ ਰਾਹ ਵਿਚ ਭੱਸ ਪਿਆ ।
ਲਾਣੇ ਫੋਗ ਫ਼ਰੀਦ ਸੋ ਹੇਸਾਂ ।ਸਟ ਘਰ ਬਾਰ ਤੇ ਬਾਰ ਵਸੇਸਾਂ ।
ਕਰੜੀ ਤੇ ਵੰਜ ਝੋਕਾਂ ਲੈਸਾਂ ।ਅੱਜ ਕਲ ਟੋਭਾ ਵੱਸ ਪਿਆ ।

202. ਸਾਡੀ ਵਲ ਫੇਰ ਡੇ

ਸਾਡੀ ਵਲ ਫੇਰ ਡੇ ।ਜਿਵੇਂ ਖੱਸ ਨੀਤੀ ਕਿਉਂ ਚਾ ਕਾਬੂ ਕੀਤੀ ।
ਡੋਹ ਵਰਾਈਂ ਵੈਣ ਅਲੇਂਦੀਂ ।ਡੇਖਣ ਸੇਤੀ ਤਰੇੜੀ ਪੈਂਦੀ ।
ਡੇ ਡਰ ਕੇ ਰੱਤ ਪੀਤੀ ।
ਵੈਰ ਨ ਲ੍ਹੈਣਾ ਹਾਵੀ ਮਾਹੀ ।ਖੱਸ ਕਰ ਜ਼ੋਰੇ ਦਿਲ ਬੇਵਾਹੀ ।
ਸਾਂਗ ਡੁੱਖਾਂ ਦੇ ਸੀਤੀ ।
ਤੂਣੇ ਲਗੜੀ ਹੋ ਹੋ ਫਕੜੀ ।ਦਿੱਲੜੀ ਤੱਕੜੀ ਦਰਦੀਂ ਪਕੜੀ ।
ਤੋੜ ਪੁਚਾ ਜੋ ਨੀਤੀ ।
ਨਾਹੀਂ ਮੁੜਨ ਮਨਾਸਬ ਥੱਕ ਥੱਕ ।ਜੇ ਸਰ ਡੇਸੀਂ ਹੈ ਪੱਕ ਬੇਸ਼ੱਕ ।
ਬਿਰਹੋਂ ਦੀ ਬਾਜ਼ੀ ਜੀਤੀ ।
ਆਇਆ ਵਕਤ ਫ਼ਰੀਦ ਮਿਲਣ ਦਾ ।ਭੁਰਲ ਜਾਨੀ ਯਾਰ ਸੱਜਣ ਦਾ ।
ਰੈਨ ਗ਼ਮਾਂ ਦੀ ਬੀਤੀ ।

203. ਸੈ ਸੈ ਸੂਲ ਸਿਆਪੇ

ਸੈ ਸੈ ਸੂਲ ਸਿਆਪੇ ।ਡੁਖੜਾ ਨੇਹੜਾ ਲਾਇਮ ।
ਤੌਂ ਬਿਨ ਘਰ ਵਰ ਵੇ ।ਹਾਂ ਦਾ ਸ਼ਾੜਾ ਵੇ ।
ਸੀਨੇ ਲਖ ਲਖ ਕਾਂਪੇ ।ਵੇੜ੍ਹਾ ਖਾਵਣ ਆਇਮ।
ਪਲ ਪਲ ਦਿਲ ਨੂੰ ਵੇ ।ਪੋਰ ਪੁਨਲ ਦੇ ਵੇ ।
ਵਲ ਆਵੇ ਤਾਂ ਜਾਪੇ ।ਦਰਦੀ ਮਾਰ ਮੰਝਾਇਮ ।
ਯਾਰ ਦਿਲੇਂਦੇ ਵੇ ।ਪੀਤ ਨ ਪਾਲੀ ਵੇ ।
ਕੈਨੂੰ ਡੇਵਾਂ ਡੋੜਾਪੇ ।ਯਾਰੀ ਤਰੋੜ ਸਿਧਾਇਮ ।
ਕਿਵੇਂ ਦਿਲਦਾ ਵੇ ।ਹਾਲ ਸੁਣਾਵਾ ਵੇ ।
ਲੋਕ ਸਭੇ ਡੋਚਾਪੇ ।ਸਖਤੀ ਸਖਤ ਸਤਾਇਮ ।
ਯਾਰ ਅਵੈੜੇ ਵੇ ।ਤੋੜ ਨ ਨੀਤੀ ਵੇ ।
ਜੀ ਜੁਖ ਜੁਖ ਪਰਤਾਪੇ ।ਮੁਫਤੀ ਜਾਨ ਗੰਵਾਇਮ ।
ਸਿਕ ਸਾਜਨ ਦੀ ਵੇ ।ਰਹਿਣ ਨਾ ਡੇਂਦੀ ਵੇ ।
ਜੈਂ ਸੰਗ ਦਿਲੜੀ ਅੜਾ ।ਜੈਂਦੇ ਨਾਜ਼ ਮੁਸਾਇਮ ।
ਅੰਗਨ ਫ਼ਰੀਦ ਦੇ ਵੇ ।ਸਾਵਲ ਔਸੀ ਵੇ ।
ਕਰਮ ਕਰੇਸਮ ਆਪੇ ।ਤਾਂਘੀਂ ਆਸ ਵਧਾਇਮ।

204. ਸਖੀ ਕਰ ਲਿਉ ਹਾਰ ਸਿੰਗਾਰ ਸਖੀ

ਸਖੀ ਕਰ ਲਿਉ ਹਾਰ ਸਿੰਗਾਰ ਸਖੀ ।ਸੱਈਆਂ ਰਲ ਮਿਲ ਧੂਮ ਮਚਾਈ ।
ਗਰਜਤ ਬਦਰਾ ਲਸਕਤ ਬਿਜਲੀ ।ਰੁੱਤ ਸਾਂਵਣ ਠੀਕ ਸੁਹਾਈ ।
ਅਗਨ ਪਪੀਹੇ ਕਰਨ ਬਲਾਰੇ ।ਰਸ ਕੋਇਲ ਕੂਕ ਸੁਣਾਈ ।
ਮੁਲਕ ਮਲ੍ਹੇਰ ਵਸਾਇਮ ਮੌਲਾ ।ਸਭ ਗੁਲ ਫੁਲ ਖ਼ੁਨਕੀ ਚਾਈ ।
ਰਲ ਮਿਲ ਸੱਈਆਂ ਡੇਵਨ ਮੁਬਾਰਕ ।ਮੁਦ ਭਾਗ ਸੁਹਾਗ ਦੀ ਆਈ ।
ਮੁੱਦਤਾਂ ਪਿਛੇ ਰਾਂਝਣ ਮਿਲਿਆ ।ਰੱਬ ਉੱਜੜੀ ਝੋਕ ਵਸਾਈ ।
ਆਕਰ ਕਾਨ੍ਹ ਦਵਾਰੇ ਦਿਲ ਦੇ ।ਸੁਧ ਬੰਸੀ ਪਰਮ ਬਜਾਈ ।
ਸਮੰਜ ਫ਼ਰੀਦ ਨ ਕਰ ਦਿਲ ਮੁੰਝ ।ਕੁਲ ਲਾਜ ਪਏ ਗਲ ਪਾਈ ।

205. ਸਜਨ ਸਧਾਏ ਵੇ ਮੀਆਂ ਸਾਥ ਵਸਨ

ਸਜਨ ਸਧਾਏ ਵੇ ਮੀਆਂ ਸਾਥ ਵਸਨ ।ਸ਼ਾਲਾ ਜੀਵਨ ਮੁਹਿਬ ਮਿੱਠਲ ਮਤਵਾਰੇ ।
ਸੁੰਜ ਬਰ ਰੁਲਦੀ ਵਲਵਲ ਭੁਲਦੀ ।ਡਿੱਸਮ ਨ ਚਾਂਗੇ ਚਾਰੇ ।
ਜਲਦੀ ਗਲਦੀ ਹਥੜੇ ਮਲਦੀ ।ਛੱਡ ਗਏ ਹੋਤ ਪਿਆਰੇ ।
ਡੁੱਖਦੀ ਜੁਖਦੀ ਮਾਰੀ ਲੁਖਦੀ ।ਥੀ ਕਕੜਾਂਦ ਅੰਗਾਰੇ ।
ਮੰਗਾਂ ਦੁਆਈ ਸੰਜ ਸਬਾਹੀਂ ।ਆਵਿਮ ਵਸਲ ਦੇ ਵਾਰੇ ।
ਸੱਟ ਬੇਵਾਹੀ ਥੀ ਗਿਆ ਰਾਹੀ ।ਦਿੱਲੜੀ ਪਾਰੇ ਪਾਰੇ ।
ਛਹਿਦੀ ਝੋਕਾਂ ਸਹਿੰਦੀ ਟੋਕਾਂ ।ਕਨੜੀ ਪੌਵਿਮ ਤਵਾਰੇ ।
ਯਾਰ ਪੁੱਨਲ ਦੀ ਸਿੱਕ ਪਲ ਪਲ ਦੀ ।ਰੋਜ਼ ਅਜ਼ਲ ਦੀ ਕਾਰੇ ।
ਬਿਰਹੋਂ ਭੰਵਾਲੀ ਉਲਟੀ ਚਾਲੀ ।ਸੁਖ ਬੋੜੇ ਡੁੱਖ ਤਾਰੇ ।
ਸੋਜ਼ ਫ਼ਰੀਦ ਨੂੰ ਰੋਜ਼ ਸਵਾਇਆ ।ਲੂੰ ਲੂੰ ਲੱਖ ਚੰਗਾਰੇ ।

206. ਸਜਨ ਤੌਂ ਬਿਨ ਨ ਥੀਸਾਂ ਮੈਂ

ਸਜਨ ਤੌਂ ਬਿਨ ਨ ਥੀਸਾਂ ਮੈਂ ।ਘੜੀ ਕਿਆ ਪਲ ਨ ਜੀਸਾਂ ਮੈਂ ।
ਗਿਆ ਸੂਲਾਂ ਅੰਦਰ ਸਿਰ ਗਲ ।ਸਭੋ ਮੁਸ਼ਕਲ ਥੀਉਸੇ ਹਲ ।
ਸੱਸੀ ਸੋਹਣੀ ਅਤੇ ਮੋਮਲ ।ਉਨ੍ਹਾਂ ਵਿੱਚ ਪਈ ਗਿਣੇਸਾਂ ਮੈਂ ।
ਨਿਤੋ ਨਿਤ ਟੇਕ ਡਿਖਲਾਵੇ ।ਕਰੇ ਵਾਇਦੇ ਤੇ ਨ ਆਵੇ ।
ਜੇ ਆਏ ਆਏ ਨਾਤਾ ਖੱਟ ਖਾਵੇ ।ਨਾ ਵਲ ਸਸਤੀ ਮਨੀਸ਼ਾਂ ਮੈਂ ।
ਨ ਸੱਡ ਵੈਂਦੇ ਨ ਆਦਾ ਹੈ ।ਡੇਹੋਂ ਡੇਂਹ ਰੂਹ ਮਾਂਦਾ ਹੈ ।
ਤੱਤਾ ਜੀਵਨ ਨ ਭਾਂਦਾ ਹੈ ।ਹਲਾਹਲ ਝੋਲ ਪੀਸਾਂ ਮੈਂ ।
ਕਈ ਡੁੱਖੜੀਂ ਤੋਂ ਬਚ ਬੁਚ ਗਈਆਂ ।ਕਈ ਦਰ ਨਾਲ ਰਚ ਰੁਚ ਗਈਆਂ ।
ਕਈ ਸਿਕ ਸਾਂਗ ਮਚ ਮੁਚ ਗਈਆਂ ।ਕਰਾਂ ਕੈਂ ਨਾਲ ਰੀਸਾਂ ਮੈਂ ।
ਫ਼ਰੀਦ ਆਇਆ ਨ ਮਾਹੀ ਵਲ ।ਡਿੱਤੀ ਸੂਲਾਂ ਨ ਸਾਹੀ ਵਲ ।
ਪਿਆ ਡੁੱਖ ਡੂਰ ਫਾਹੀ ਵਲ ।ਅਝੋਂ ਅਜ ਕਲ ਹਰੀਸਾਂ ਮੈਂ ।

207. ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ

ਸਮਝ ਫਰੀਦਾ ਬਿਰਹੋਂ ਬਹੂੰ ਸਰ ਜੋਰ ।
ਅੱਖੀਆਂ ਉਬਲੀਆਂ ਦਿਲੜੀਆਂ ਉਕਲੀਆਂ ।ਸੀਨੇ ਪਏ ਸ਼ਰ ਸ਼ੋਰ ।
ਗਮਜ਼ੇ ਰਾਹਜ਼ਨ ਮੁਲਕ ਮਰੀਲੇ ।ਨਾਜ਼-ਏ-ਨਿਗਾਹ ਹੈ ਚੂਰ ।
ਲੋਰ ਸਿਰਾਂ ਵਿਚ ਡੋਰ ਕੰਨਾਂ ਵਿਚ ।ਰੋਂਦੀ ਅੱਖੀਆਂ ਕੋਰ ।
ਲਾਕਰ ਯਾਰੀ ਕਰਨ ਨ ਕਾਰੀ ।ਮਹਜ ਨ ਚਾੜ੍ਹਨ ਤੋੜ ।
ਨਾਜ਼ ਨਹੋਰੇ ਦਿਲੀਆਂ ਲੁਟ ਕਰ ।ਉਲਟਾ ਥੀਂਦੇ ਤੋਰ ।
ਸਕੜੇ ਛੁਟੜੇ ਸਾਂਗੇ ਤੁਰੁਟੜੇ ।ਇਸ਼ਕ ਪਿਆ ਗਲ ਡੋਰ ।
ਮੈਂ ਅੜ ਚੁਕੜੀ ਪੇਚ ਡੁਖਾਂ ਵਿਚ ।ਸ਼ਾਲਾ ਨ ਫਾਸਿਨ ਹੋਰ ।

208. ਸਮੰਝ, ਸੰਜਾਣੀ ਗੈਰ ਨ ਜਾਣੀ

ਸਮੰਝ, ਸੰਜਾਣੀ ਗੈਰ ਨ ਜਾਣੀ ।ਸਭ ਸੂਰਤ ਹੈ ਐਨ ਜ਼ਹੂਰ ।
ਰੱਖ ਤਸਦੀਕ ਨ ਥੀ ਅਵਾਰਾ ।ਕਾਅਬਾ, ਕਿਬਲਾ, ਦੈਰ, ਦੁਵਾਰਾ ।
ਮਸਜਦ ਮੰਦਰ, ਹਿਕੜੋ ਨੂਰ ।
ਹੁਸਨ ਅਜ਼ਲ ਥੀਆ ਫਾਸ਼ ਮੁਬੀਆਨ ।ਹਰ ਹਰ ਘਾਟੀ ਵਾਦੀ ਐਮਨ ।
ਹਰ ਹਰ ਪੱਥਰ ਹੈ ਕੋਹ ਤੂਰ ।
ਥੀਏ ਜ਼ਾਹਰ ਇਸਰਾਰ ਕਦੀਮੀ ।ਹਰ ਹਰ ਸ਼ਾਖ ਹੈ ਨਖਲ ਕਲੀਮੀ ।
ਜ਼ੇਰ, ਜਬਰ, ਚਪ, ਗਸਤ ਹਜ਼ੂਰ ।
ਵੀਰਾਨਾ ਆਬਾਦ ਡਿਸੀਜੇ ।ਜੰਗਲ ਬੇਲਾ ਸ਼ਾਦ ਡਿਸੀਜੇ ।
ਦੋਜਖ ਨਜਰਮ ਹੂਰ ਕਸੂਰ ।
ਆਰੀ ਫਿਰਦੇ ਹਜ, ਜ਼ਕਵਾਤੋਂ ।ਸੌਮ ਸਲਵਾਤੋਂ ਜ਼ਾਤ ਸਿਫਾਤੋਂ ।
ਰਿੰਦ ਅਲਸਤੋਂ ਹਨ ਮਖਮੂਰ ।
ਕਸ਼ਫ-ਏ ਹਕਾਇਕ ਮਹਜ਼ ਮਹਾਲੇ ।ਜੇ ਤੈਂ ਮੁਰਸ਼ਦ ਨਜ਼ਰ ਨ ਭਾਲੇ ।
ਬਿਉ ਕੁਲ, ਕੂੜ, ਫਰੇਬ ਤੇ ਜ਼ੂਰ ।
ਫਿਕਾ, ਉਸੂਲ, ਕਲਾਮ, ਮਆਨੀ ।ਮੰਤਕ, ਨਹਵ ਤੇ ਸਰਫ ਮਬਾਨੀ ।
ਠਪ ਰਖ ਹੈ ਤੌਹੀਦ ਗਯੂਰ ।
ਮੁਲਾ ਪੁਠੜੇ ਮਾਨੀ ਕਰਦੇ ।ਆਯਤ ਦਰਸ ਹਦੀਸ ਖਬਰ ਦੇ ।
ਸਿਰਫ ਸਦਾ ਤੇ ਥੀਏ ਮਗ਼ਰੂਰ ।
ਮੁੱਲਾਂ ਵੈਰੀ ਸਖਤ ਡਿਸੇਂਦੇ ।ਬੇਸ਼ਕ ਹਨ ਉਸਤਾਦ ਦਿਲੇਂਦੇ ।
ਇਬਨੁਲ ਅਰਬੀ ਤੇ ਮਨਸੂਰ ।
ਸ਼ਾਹਦ, ਵਾਹਦ, ਅਸਲ ਫਰਅ ਵਿਚ ।ਰਾਜ਼ ਤਰੀਕਤ ਰਸਮ ਸ਼ਰਾ ਵਿਚ ।
ਹੈ ਮਸ਼ਹੂਦ ਨਹੀਂ ਮਸਤੂਰ ।
ਬਠ ਘਤ ਰੀਤ ਰਵਸ਼ ਤਕਲੀਦੀ ।ਰਾਹ ਤਹਕੀਕੀ ਸਲਕ ਫਰੀਦੀ ।ਕਰ ਮਨਜ਼ੂਰ ਤੇ ਥੀ ਮਸਰੂਰ ।

209. ਸਾਂਵਲ ਪੁਨਲ ਵਲ ਘਰ ਡੋ ਸਧਾਇਆ

ਸਾਂਵਲ ਪੁਨਲ ਵਲ ਘਰ ਡੋ ਸਧਾਇਆ ।ਤਨ ਮੁੰਝ ਮਾਰਿਆ ਸਰ ਸੂਲ ਤਾਇਆ ।
ਡੂੰਗਰ ਡਰਾਵਨ ਦੁਖੜੇ ਸਤਾਵਨ ।ਡੈਨੜੀ ਬਲਾਈਂ ਕਰ ਟੋਲ ਆਵਨ ।
ਬਣ ਢੋਲ ਸੁਕੜੇ ਸੌੜੇ ਨ ਭਾਵਨ ।ਘਰ ਬਾਰ ਡਿਸਦਾ ਸਾਰਾ ਪਰਾਇਆ ।
ਮੁਠੜੀ ਮੋਈ ਨੂੰ ਖੁਸ਼ੀਆਂ ਨ ਫੁਲੜੀਆਂ ।ਡੋੜੇ ਡੋੜਾਪੇ ਤਾਂਘਾਂ ਅਵਲੜੀਆਂ ।
ਜਾਨੀ ਅਵੈੜਾ ਪੱਤੀਆਂ ਕਲਲੜੀਆਂ ।ਹੈ ਹੈ ਅੜਾਇਆ ਅੱਖੀਆਂ ਅਜਾਇਆ ।
ਤੋਹਫੇ ਡੁਖਾਂ ਦੇ ਗ਼ਮ ਦੀਆਂ ਸੁਗਾਤਾਂ ।ਕੀਚੇ ਸੀਸ ਡੋਆਈਆਂ ਬਰਾਤਾਂ ।
ਬਿਰਹੋ ਬਰਾਤਾਂ ਔਖੜੀਆਂ ਘਾਤਾਂ ।ਜੀੜਾ ਨਹੇੜੇ ਨੇੜਾ ਨਾ ਭਾਇਆ ।
ਗੁਜਰੇ ਵਹਾਠੜੇ ਜੋਬਨ ਦੇ ਮਾਠੜੇ ।ਸਿਹਰੇ ਕੁਮਾਠੜੇ ਉਜੜੇ ਟਿਕਾਣੇ ।
ਝੁਰਦੀ ਝੁਰਾਠੜੇ ਢੋਲਨ ਨ ਜਾਨੜੇ ।ਦਿਲੜੀ ਮੁਸਾਇਆ ਬੇ ਵਸ ਰੁਲਾਇਆ ।
ਆਸਾਂ ਉਮੀਦਾਂ ਸਾੜੀਆਂ ਤਜਾਲੀਆਂ ।ਅਸਲੋਂ ਬਰੋਚਲ ਪੀਤਾਂ ਨ ਪਾਲੀਆਂ ।
ਮਾਰੂ ਮਿਹਰ ਦੀਆਂ ਦੀਦਾਂ ਨ ਭਾਲੀਆਂ ।ਆਇਮ ਫਰੀਦਾ ਸਖਤੀ ਦਾ ਸਾਇਆ ।

210. ਸਪਾਹੀੜਾ ਨ ਮਾਰ ਨੈਣਾਂ ਦੇ ਤੀਰ

ਸਪਾਹੀੜਾ ਨ ਮਾਰ ਨੈਣਾਂ ਦੇ ਤੀਰ ।
ਪਲਪਲ ਫਲੜੇ ਚੁਭਨ ਕੁਲਲੜੇ ।ਤਨ ਮਨ ਸੀਸ ਸਰੀਰ ।
ਗੂੜੀਆਂ ਅਖੀਆਂ ਰਤ ਦੀਆਂ ਬੁਖੀਆਂ ।ਜ਼ੁਲਫ ਸਿਆਹ ਬੇ ਪੀਰ ।
ਕਜਲਾ ਜੰਗੀ, ਜ਼ਾਲਮ ਜ਼ੰਗੀ ।ਕੋਹਦਾ ਬੇ ਤਕਸੀਰ ।
ਨੇਸ਼ੇ ਡੁਖੇਂਦੇ ਰੀਸ਼ ਡੁਖੀਦੇ ।ਰਗ ਰਗ ਲਖ ਲਖ ਸੀੜ ।
ਸੇਂਗੀਆਂ ਸੁਰਤੀਆਂ ਖੇੜੇ ਵਰਤੀਆਂ ।ਵੈਰੀ ਮਾ ਪਿਓ ਵੀਰ ।
ਬਿਗੜੀਆਂ ਤਾਂਘਾਂ ਉਜੜੀਆਂ ਮਾਂਘਾਂ ।ਵਾਰੂ ਵਸਮ ਮਲ੍ਹੇਰ ।
ਯਾਰ ਕੁਰਾੜਾ ਧੂਤਾ ਪਾੜਾ ।ਕਿਆ ਕੀਜੇ ਤਦਬੀਰ ।
ਜਿੰਦੜੀ ਚੁਭਦੀ ਨੋਕ ਗ਼ਜ਼ਬ ਦੀ ।ਦਿਲ ਗ਼ਮ ਦੀ ਜਾਗੀਰ ।
ਉਮਰ ਫ਼ਰੀਦ ਨਿਭਾਇਮ ਰੋਂਦੀਂ ।ਮਥੜੇ ਦੀ ਤਹਰੀਰ ।

211. ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ

ਸਾਰੀ ਉਮਰ ਗੁਜ਼ਾਰਿਅਮ ਗੱਡ ਸਾਈਂ ।ਹੁਣ ਹੋਤ ਪੁਨਲ ਗਿਉਮ ਲੱਡ ਸਾਈਂ ।
ਨਾ ਕਲ ਯਾਰ ਸਜਨ ਦੀ ।ਨਾ ਰਹਿ ਗਈ ਜੋਹ ਜਤਨ ਦੀ ।
ਨਾ ਤਿੜ ਤਾੜੇ ਮੱਡ ਸਾਈਂ ।
ਥਲ ਮਾਰੂ ਦੀਆਂ ਪੱਟੀਆਂ ।ਡੰਗਰ ਔਖੀਆਂ ਘਟੀਆਂ ।
ਅਪੜਮ ਤੋੜ ਨ ਸੱਡ ਸਾਈਂ ।
ਸਖ਼ਤ ਅਵੈੜੇ ਪੈਂਡੇ ।ਰੜਦੇ ਰਿੱਛ ਤੇ ਗੈਂਡੇ ।
ਉੱਠ ਗਈ ਆਸ ਤੋ ਤੱਡ ਸਾਈਂ ।
ਬਾਂਦਰ ਰਾਖਸ ਘਾਟੇ ।ਖੁੜਬੁਣ ਖੂਬ ਗਬਾਟੇ ।
ਕਦਮ ਕਦਮ ਤੇ ਖੱਡ ਸਾਈਂ ।
ਦਰਦ ਫ਼ਰੀਦ ਸਤਾਵੇ ।ਅੱਗ ਲਾਵੇ ਭੁੱਨ ਖਾਵੇ ।
ਪਟ ਪਟ ਮਾਸ ਤੇ ਹੱਡ ਸਾਈਂ ।

212. ਸੱਸੀ ਕਰਹੋ ਕਤਾਰ

ਸੱਸੀ ਕਰਹੋ ਕਤਾਰ ।ਕੇਚ ਡਹੋਂ ਹਣ ਹਣ ਵੇ ।
ਝਾਗ ਜਬਲ ਥਲ ਬਾਰ ।ਨਾਲ ਪੁੱਨਲ ਬਣ ਤਣ ਵੇ ।
ਪੱਲੜੇ ਡੋਹ ਗੁਨਾਹ ਨ ਮੈਡੇ ਵੇ ।ਹੈ ਵੇ ਬਰੋਚਲ ਯਾਰ ਮੁਫ਼ਤ ਕੀਤੋ ਅਣ ਬਣ ਵੇ ।
ਹਿੱਕ ਕਲ੍ਹੜੀ ਪਈ ਪੀਤ ਕਲਲੜੀ ਵੇ ।ਰੋਵਾਂ ਜ਼ਾਰੋ ਜ਼ਾਰ ਲਾ ਗਲੜੇ ਵਣ ਵਣ ਵੇ ।
ਨੈਂ ਬਾਰੀ ਤੇ ਟਾਂਗ ਉਭਾਰੀ ਵੇ ।ਰਾਤ ਅੰਧਾਰ ਗੁਬਾਰ ਝੜ ਮੀਂਹ ਦੀ ਕਣ ਕਣ ਵੇ ।
ਕੇਡੇ ਕੱਜਲ ਮਸਾਗ ਗਿਉਸੇ ਵੇ ।ਕੇਡੇ ਹਾਰ ਸ਼ਿੰਗਾਰ ਗਹਿਣੇ ਦੀ ਘਣ ਘਣ ਵੇ ।
ਦਿੱਲੜੀ ਚੁਸਤ ਨ ਥੀਵੀਂ ਫਲੜੀ ਵੇ ।ਮਤਲਬ ਹਈ ਦੀਦਾਰ ਮੋਈਂ ਜੀਂਦੀਂ ਤਣ ਤਣ ਵੇ ।
ਰਹਿਬਰ ਸ਼ੌਕ ਸ਼ਫੀਕ ਸੁਜੇਂਦਾ ਵੇ ।ਜਲਦੀ ਮੋੜ ਮੁਹਾਰ ਪਰੀਂ ਦੂੰ ਖਣ ਖਣ ਵੇ ।
ਬਿਰਹੋਂ ਫ਼ਰੀਦ ਹੈ ਬੋਝਾ ਕੋਝਾ ਵੇ ।ਬੇਸ਼ਕ ਬਾਰੀ ਬਾਰ ਰੱਤੀ ਮਣ ਮਣ ਵੇ ।

213. ਸਟ ਸਾਂਵਲ ਸਜਨ ਸਧਾਇਆ

ਸਟ ਸਾਂਵਲ ਸਜਨ ਸਧਾਇਆ ।ਸਰ ਸੁੰਜੜੇ ਸੂਲ ਸਤਾਇਆ ।
ਤਪੜੀ ਕਲਹੜੀ ਤਪੜੀ ਮਲੜੀ ।ਸਾਂਗ ਹਿਜਰ ਦੀ ਰਲੜੀ ।
ਜਿੰਦੜੀ ਜਲੜੀ ਦਿਲੜੀ ਗਲੜੀ ।ਲਗੜੀ ਅੱਗ ਕੁਲਲੜੀ ।
ਪੀੜ ਅਵਲੱੜੀ ਨੀਅੜੇ ਘਲੜੀ ।ਪਲਪਲ ਪੂਰ ਪਰਾਇਆ ।
ਪਰਬਤ ਰੋਲੇ ਜਖੜ ਝੋਲੇ ।ਗ਼ਮ ਦੇ ਸਾਂਗ ਸੰਗੋਲੇ ।
ਸੋਜ਼ ਸਮੋਲੇ ਯਾਰਨ ਕੋਲੇ ।ਜੀੜਾ ਜਲ ਬਲ ਕੋਲੇ ।
ਸਖ਼ਤੀ ਗੋਲੇ ਸੁਝਮ ਨ ਓਲੇ ।ਦਮ ਦਮ ਰੋਗ ਸਵਾਇਆ ।
ਨੈ ਬਾਰੀ ਮਨਤਾਰੀ ਹਾਰੀ ।ਕਾਰੀ ਮੂੰਝ ਮੁੰਝਾਰੀ ।
ਦਰਦਾਂ ਮਾਰੀ ਕਰਮ ਨ ਕਾਰੀ ।ਉਲਟਾ ਤਰੋੜਮ ਯਾਰੀ ।
ਅੰਗ ਅਜ਼ਾਰੀ ਅੱਖੀਆਂ ਜਾਰੀ ।ਜੋ ਲਿਖਿਆ ਸੋ ਪਾਇਆ ।
ਡੁੰਗਰ ਕਾਲੇ ਪੈਰੀਂ ਛਾਲੇ ।ਤਤੜੀ ਵਾਕਿਆ ਘਾਲੇ ।
ਅੱਖਾਂ ਨਾਲੇ ਸੋਜ਼ ਪਜਾਲੇ ।ਜ਼ਖਮ ਜਿਗਰ ਦੇ ਆਲੇ ।
ਪ੍ਰੀਤ ਨ ਪਾਲੇ ਕਰਦੇ ਚਾਲੇ ।ਫਿਕਰ ਫਰਾਕ ਮੁੰਝਾਇਆ ।
ਖੁਸ਼ੀਆਂ ਖੱਸਦਾ ਭੇਤ ਨ ਡਸਦਾ ।ਵਲ ਵਲ ਢੋਲਣ ਨੱਸਦਾ ।
ਨੇੜੇ ਵੱਸਦਾ ਸਬ ਕੋਈ ਹੱਸਦਾ ।ਝੇੜਾ ਝਗੜਾ ਸੱਸਦਾ ।
ਡੋਰਾ ਡੁਖੜਾ ਜੀ ਬੇਵੱਸ ਦਾ ।ਦਿਲੜੀ ਮੁਫਤ ਅੜਾਇਆ ।
ਰੋਹ ਸਨੇੜੇ ਰਾਹ ਅਵੈੜੇ ।ਵੱਸਦਾ ਯਾਰ ਪਰੇੜੇ ।
ਅੰਮੜੀ ਝੇੜੇ ਵੀਰ ਨਹੇੜੇ ।ਸੱਸ ਨਣਾਨ ਕਰੇੜੇ ।
ਆ ਵੜ ਵੇੜੇ ਛੋੜ ਬਖੇੜੇ ।ਸੱਟ ਘਤ ਸ਼ੋਰ ਅਜਾਇਆ ।
ਨਿਕਲਣ ਆਂਹੀ ਸੰਝ ਸਬਾਹੀਂ ।ਬਿਰਹੋਂ ਦੁਖੇ ਦਾ ਭਾਹੀ ।
ਲਗੜੀਆਂ ਚਾਰੀਂ ਸੁਝਣ ਨ ਵਾਹੀ ।ਰੁਲਦੀ ਬੇਲੇ ਕਾਹੀਂ ।
ਸੁੰਜੜੀਆਂ ਝੋਕਾਂ ਉਜੜੀਆਂ ਜਾਹੀ ।ਯਾਰ ਫ਼ਰੀਦ ਨ ਆਇਆ ।

214. ਸਟ ਸਿਕ ਗੈਰ ਖੁਦਾ ਦੀ

ਸਟ ਸਿਕ ਗੈਰ ਖੁਦਾ ਦੀ ।ਸਬ ਸ਼ੈ ਵਹਿਮ ਖਿਆਲ ।
ਕਿਥ ਲੈਲਾ ਕਿਥ ਮਜਨੂੰ ।ਕਥ ਸੋਹਣੀ ਮਹੀਂਵਾਲ ।
ਕਿਥ ਰਾਂਝਨ ਕਿਥ ਖੇੜੇ ।ਕਿਥ ਹੈ ਹੀਰ ਸਿਆਲ ।
ਕਿਥ ਸਸੀ ਕਿਥ ਪੁਨੂੰ ।ਕਿਥ ਓ ਦਰਦ ਕਸ਼ਾਲ ।
ਕਿਥ ਸੈਫਲ ਕਿਥ ਪਰੀਆਂ ।ਕਿਥ ਓ ਹਿਜਰ ਵਸਾਲ ।
ਬਾਝੋਂ ਅਹਦ ਹਕੀਕੀ ।ਕੁਲ ਸ਼ੈ ਐਨ ਜ਼ਵਾਲ ।
ਚਾਰ ਡਿਹਾਰੇ ਚੇਤਰ ਦੇ ।ਕੁਡੇ ਬਕਰਵਾਲ ।
ਮਾ ਖਲਾ ਅੱਲਾ ਬਾਤਲ ।ਬੇਹਕ ਕੂੜ ਪਪਾਲ ।
ਯਾਰ ਫਰੀਦ ਨ ਵਿਸਰਿਮ ।ਮੁਸ਼ਕਲ ਮਹਜ਼ ਮਹਾਲ ।

215. ਸੌਣ ਸਗੂਨ ਸੁਹਾਂਦਾ ਹੈ

ਸੌਣ ਸਗੂਨ ਸੁਹਾਂਦਾ ਹੈ ।ਮਤਾਂ ਸਾਂਵਲ ਅਸਾਂ ਵਲ ਆਂਦਾ ਹੈ ।
ਫਾਲ ਵਸਾਲ ਦੀ ਕਰੇ ਚਬੋਲੇ ।ਲਾਲੀ ਲਿਵੇ ਤੇ ਕਾਂਗਾ ਬੋਲੇ ।
ਸਹਿਜੋਂ ਅੰਗ ਨ ਮਾਨੋਮ ਚੋਲੇ ।ਸੇਝ ਹੱਸੇ ਘਰ ਭਾਂਦਾ ਹੈ ।
ਸੋਜ਼ ਅੰਦੋਹ ਥਏ ਆਜ਼ਾਰੀ ।ਸੂਲ ਕਰੇਂਦੇ ਨਾਲਾ ਜ਼ਾਰੀ ।
ਹਿਜਰ ਡਹਾਗ ਨੂੰ ਮੂੰਝ ਮੁੰਝਾਰੀ ।ਦਰਦ ਅਲਮ ਗ਼ਮ ਖਾਂਦਾ ਹੈ ।
ਆਸ ਉਮੀਦ ਨਵੀਦ ਹੈ ਸ਼ਾਦੀ ।ਈਦ ਸਈਦ ਮੁਬਾਰਕਬਾਦੀ ।
ਰਾਹਤ ਹਰ ਦਮ ਵਾਧੋ ਵਾਧੀ ।ਸੁਖ ਸੁਖੜਾ ਡੁੱਖ ਮਾਂਦਾ ਹੈ ।
ਲਾਣੀ ਫੋਗ ਫੁਲਾਰੀ ਵਾਹ ਵਾਹ ! ਕੰਡੜੀ ਕਰੜ ਸਿੰਗਾਰੀ ਵਾਹ ਵਾਹ !
ਚਨੜਕੀ ਘੰਡ ਤਵਾਰੇ ਵਾਹ ਵਾਹ ! ਝੋਕਾਂ ਮਾਲ ਨ ਮਾਂਦਾ ਹੈ ।
ਗਿਆ ਫ਼ਰੀਦ ਡੁਹਾਗ ਦਾ ਵੇਲ੍ਹਾ ।ਸਿਹਨ ਸੁਹੇਲਾ ਘਰ ਅਲਬੇਲਾ ।
ਆਪੇ ਦਿਲਬਰ ਕੀਤਮ ਮੇਲਾ ।ਜੈਂ ਬਿਨ ਜੀ ਤੜਫਾਂਦਾ ਹੈ ।

216. ਸਾਵਨ ਬੂੰਦੜੀਆਂ ਝਰਲਾਵੇ

ਸਾਵਨ ਬੂੰਦੜੀਆਂ ਝਰਲਾਵੇ ।
ਕੂਕ ਕੂਕ ਪਾਪੀ ਤੇ ਪਪੀਹਾ ।ਫੂਖ ਫੂਕ ਤਨ ਆਗ ਜਗਾਵੇ ।
ਕੋਇਲ ਕੂੰਜ ਮੁਹਰਵਾ ਬੋਲੇ ।ਦਿਲ ਦੁਖਿਆਰੀ ਨੂੰ ਡੁੱਖ਼ ਤਾਵੇ ।
ਨੈਨ ਚੈਨ ਸੇ ਝਗੜਤ ਝਗੜਤ ।ਤੜਫਤ ਤੜਫਤ ਰੈਨ ਬਹਾਵੇ ।
ਛੱਤੀਆਂ ਧੜਕਤ ਜੀਅੜਾ ਲਰਜਤ ।ਤੁਜ ਬਿਨ ਕਾਰੀ ਘਟਨ ਡਰਾਵੇ ।
ਰੁਮ ਝੁਮ ਰੁਤ ਬਰਖ਼ਾ ਸੋਹੇ ।ਅੰਗ ਅੰਗ ਰਸ ਰਾਂਦ ਰਚਾਵੇ ।
ਬੀਤ ਗਏ ਦਿਨ ਰੈਨ ਡੁੱਖਾਂ ਦੇ ।ਕਹੋ ਰੀ ਪੀਆ ਕੇ ਸੇਝ ਸੁਹਾਵੇ ।
ਪੀਤਮ ਪੀਤ ਫ਼ਰੀਦ ਨ ਪਾਲੀ ।ਅੰਗ ਅੰਗ ਬਰਹਨ ਮੁਰਝਾਵੇ ।

217. ਸਾਵਣ ਮੇਂਘ ਮਲ੍ਹਾਰਾਂ

ਸਾਵਣ ਮੇਂਘ ਮਲ੍ਹਾਰਾਂ ।ਤਰਸ ਪੌਵੀ ਪੁੱਨਲ ਆ ਮੋੜ ਮਹਾਰਾਂ ।
ਹੰਜੜੂ ਹਾਰਾਂ ਵਾਟ ਨਿਹਾਰਾਂ ।ਬੈਠੀ ਕਾਂਗ ਉਡਾਰਾਂ ।
ਸੱਜੜੀਆਂ ਰਾਤੀਂ ਪਾਵਾਂ ਫਾਲਾਂ ।ਡੇਂਹਾਂ ਢਾਲੇ ਮਾਰਾਂ ।
ਤੌਂ ਬਿਨ ਕੇਚ ਸ਼ਹਿਰ ਦਾ ਵਾਲੀ ।ਔਖੀ ਉਮਰ ਗੁਜ਼ਾਰਾਂ ।
ਰੋਜ ਅਜ਼ਲ ਦੀਆਂ ਲਧਿੱਅਮ ਲਾਵਾਂ ।ਹੁਣ ਕਿਉਂ ਕਰਦੀ ਆਰਾਂ ।
ਸੁੰਜੜੀਂ ਟਿਬੜੀਂ ਦਿੱਲੜੀ ਮੋਹੀ ।ਵਿਸਰੇ ਸ਼ਹਿਰ ਬਜ਼ਾਰਾਂ ।
ਮੁਲਕ ਮਲ੍ਹੇਰ ਵਾਸਾਇਮ ਮੂਲਾ ।ਥੀਆਂ ਚੌ ਗੁੱਠ ਬਹਾਰਾਂ ।
ਥਲ ਚਤਰਾਂਗ ਡੱਸੀਜਨ ਨਦੀਆਂ ।ਰਿੱਮ ਝਿੱਮ ਲਾਸੂੰ ਤਾਰਾਂ ।
ਨੀਲੀਆਂ ਪੀਲੀਆਂ ਰੱਤੀਆਂ ਪੀਂਘਾਂ ।ਮਛਲੀ ਸਹੰਸ ਹਜ਼ਾਰਾਂ ।
ਸੁਰਖ ਕਰੇਂਹ ਤੇ ਚਿੱਟੜੀਆਂ ਬੋਟੀਆਂ ।ਸਾਵੀਆਂ ਲਾਣੀਆਂ ਖ਼ਾਰਾਂ ।
ਜੋਫੜ ਜੋਫੜ ਘੁਮਕਣ ਮੱਟੀਆਂ ।ਸੋਂਹਦੀਆਂ ਘੁੰਡ ਤਵਾਰਾਂ ।
ਗਾਈਂ ਬਕਰੀਆਂ ਭੇਡਾਂ ਚਾਂਗੈ ।ਚਰਦੇ ਜੋੜ ਕਤਾਰਾਂ ।
ਯਾਰ ਫ਼ਰੀਦ ਮਿਲਮ ਦਿਲ ਭਾਦਾ ।ਮੈਲੇ ਵੇਸ ਉਤਾਰਾਂ ।

218. ਸੀਨਾ ਮਹਜ਼ ਲਵੀਰਾਂ

ਸੀਨਾ ਮਹਜ਼ ਲਵੀਰਾਂ ।ਦਿੱਲੜੀ ਧਈਆ ਧਈਆ ।
ਰੋ ਰੋ ਉੱਜੜੀਆਂ ਅੱਖੀਆਂ ਸੁੱਜੜੀਆਂ ।ਚੋਲੀ ਚੁੱਨੜੀ ਲੀਰਾਂ ।
ਖਿਲਦੀਆਂ ਸੰਗੀਆਂ ਸਈਆਂ ।
ਇਸ਼ਕ ਬੁਰਾਈ ਜੋੜ ਕਰਾਈ ।ਲੂੰ ਲੂੰ ਲੱਖ ਲੱਖ ਪੀੜਾਂ ।
ਵੱਸ ਸੂਲੀ ਦੇ ਪਈਆਂ ।
ਦਰਦ ਅੰਦਰ ਵਿੱਚ ਸੋਜ਼ ਜਿਗ਼ਰ ਵਿੱਚ ।ਅੱਖੀਆਂ ਨੀਰ ਵਹੀਰਾਂ ।
ਮੂੰ ਸਿਰ ਭੁਸੜ ਛਈਆਂ ।
ਨੀੜੇ ਵੇੜਮ ਸਖ਼ਤ ਨਹੇੜਮ ।ਚੁੱਟੜੀ ਹਿਜਰ ਦੇ ਤੀਰਾਂ ।
ਓ ਖੁਸ਼ੀਆਂ ਕਿਨ ਗਈਆਂ ।
ਖੋਟ ਕਮਾਵਨ ਕੂੜ ਅਲਾਵਨ ।ਕੂੜੀਆਂ ਡੇਵਮ ਧੀਰਾਂ ।
ਛੱਡ ਦੇ ਸਾਵਲ ਬਈਆਂ ।
ਬਿਰਹੋਂ ਭੰਵਾਲੀ ਡੇਖ ਫ਼ਰੀਦਾ ।ਸੈ ਸੱਸੀਆਂ ਲੱਖ ਹੀਰਾਂ ।
ਰੁਲਦੀਆਂ ਬੂਟੇ ਲਈਆਂ ।

219. ਸੇਜ ਸੁਹਾਇਮ ਬੇਲੀ

ਸੇਜ ਸੁਹਾਇਮ ਬੇਲੀ ।ਸਿਕਦੀ ਬਾਂਹ ਚੂੜੇਲੀ ।
ਯਾਰ ਨ ਮਿਲਦਾ ਆਲਮ ਖਿਲਦਾ ।ਹਾਲ ਅਵੱਲੜਾ ਔਖੜੇ ਦਿਲ ਦਾ ।
ਸੁੰਜ ਬਰ ਸਿਹਨ ਹਵੇਲੀ ।
ਬੁਲਬੁਲ ਭੰਵਰੇ ਖ਼ੁਸ਼ੀਆਂ ਪਾਵਿਨ ।ਰਲ ਮਿਲ ਦੋਸਤ ਬਸੰਤ ਸੁਹਾਵਿਨ ।
ਆਈ ਰੁਤ ਅਲਬੇਲੀ ।
ਖਿੜ ਕੇ ਸੀ ਸਿਆਲੇ ਬੀਤੇ ।ਸੌਂਗੀਂ ਜੇਵਰ ਤਰੇਵਰ ਕੀਤੇ ।
ਹਿੱਕ ਮੈਂ ਮਹਜ਼ ਡੁਹੇਲੀ ।
ਪੀਤ ਪਰੀਂਦੀ ਸਿੱਕ ਮਿੱਤਰਾਂ ਦੀ ।ਸੀਨੇ ਸੌ ਸੌ ਸਾਂਗ ਡੁੱਖਾਂ ਦੀ ।
ਸੇਂਧ ਧੜੀ ਥਈ ਮੇਲੀ ।
ਕੱਜਲੇ ਬਾਦਲ ਮੀਂਹ ਬਰਸਾਤੀਂ ।ਗਾਜਾਂ ਖਮਣੀਆਂ ਕਾਲੀਆਂ ਰਾਤੀਂ ।
ਰੁਲਦੇ ਰੋਹ ਇਕੇਲੀ ।
ਨਾਜ਼ ਨਵਾਜ਼ ਦੇ ਵਕਤ ਵਿਹਾਣੇ ।ਫੁਲ ਗੁਲ ਹਾਰ ਸਿੰਗਾਰ ਕਮਾਣੇ ।
ਬਠ ਰਾਵੇਲ ਚੰਬੇਲੀ ।
ਯਾਰ ਫ਼ਰੀਦ ਨ ਆਇਮ ਵੇੜ੍ਹੇ ।ਉੱਜੜੇ ਗਾਨੇ ਗਹਿਣੇ ਸਿਹਰੇ ।
ਫਿਰਦੀ ਮੈਲ ਕੁਚੈਲੀ ।

220. ਸ਼ਹੁ(ਸ਼ਾਹ) ਰਾਂਝਾ ਅਲਬੇਲਾ

ਸ਼ਹੁ(ਸ਼ਾਹ) ਰਾਂਝਾ ਅਲਬੇਲਾ ।ਜੋਗੀ ਜਾਦੂਗਰ ਵੇ ।
ਰਾਵਲ ਬੰਸੀ ਜੋੜ ਸੁਣਾਈ ।ਵਿੱਸਰ ਗਿਉਮ ਘਰ ਵਰ ਵੇ ।
ਯਾਰ ਰੰਝੇਟੇ ਮੁਰਲੀ ਵਾਹੀ ।ਕਰ ਕਰ ਪੇਚ ਹੁਨਰ ਵੇ ।
ਅਨਹਦ ਬੀਨ ਬਜਾ ਮਨ ਮੋਹਿਸ ।ਰੁਲਦੀ ਬੂਟੇ ਝਰ ਵੇ ।
ਕੰਨੇ ਕੰਨੇ ਬੁੰਦੇ ਗਲ ਝਪ ਮਾਲ੍ਹਾਂ ।ਰਹਿੰਦੇ ਹੁਸਨ ਨਗਰ ਵੇ ।
ਤਖ਼ਤ ਹਜ਼ਾਰੋਂ(ਹਜ਼ਾਰਿਉਂ) ਰਾਂਝਣ ਆਇਆ ।ਹੀਰ ਤੱਤੀ ਦੇ ਘਰ ਵੇ ।
ਜੋਗਣ ਥੀਸਾਂ ਖ਼ਾਕ ਰਮੇਸਾਂ ।ਰੁਲਸਾਂ ਸ਼ਹਿਰ ਬਹਰ ਵੇ ।
ਮਾ ਪਿਉ ਛੋੜ ਲਗੀ ਲੱੜ ਤੈਡੇ ।ਸਾਂਵਲ ਕਾਰੀ ਕਰ ਵੇ ।
ਬਾਝ ਪਰੀਂਦੇ ਬਾਝ ਨ ਕਾਈ ।ਬੱਠ ਜ਼ੇਵਰ ਬੱਠ ਜ਼ਰ ਵੇ ।
ਇਤਨਾ ਜ਼ੁਲਮ ਮੁਨਾਸਬ ਨਾਹੀਂ ।ਰੱਬ ਕੋਲੋਂ ਕੁਝ ਡਰ ਵੇ ।
ਰਾਂਝਾ ਜੋਗੀ ਮੈਂ ਜੁਗ਼ਿਆਣੀ ।ਡਿੱਤੜੀ ਇਸ਼ਕ ਖ਼ਬਰ ਵੇ ।
ਯਾਰ ਫ਼ਰੀਦ ਨ ਵਿਸਰਮ ਹਰਗਿਜ਼ ।ਸਿੱਕਦੀ ਵੈਸਾਂ ਮਰ ਵੇ ।

221. ਸ਼ਹੁ ਰਾਂਝਾ ਅਲਬੇਲਾ

ਸ਼ਹੁ ਰਾਂਝਾ ਅਲਬੇਲਾ ।ਹੈਂ ਦਿਲੇਂਦਾ ਠੱਗ ਵੇ ।
ਤੈਂਡੇ ਤਾਨੇ ਮਿਹਣੇ ਸਿੱਠੜੀ ।ਡੇਵਮ ਸਾਰਾ ਜੱਗ ਵੇ ।
ਝੋਕ ਨ ਆਵਾਂ ਕੈਂ ਵਲ ਜਾਵਾਂ ।ਹੀਰ ਤੱਤੀ ਦੀ ਤੱਗ ਵੇ ।
ਕੇਡੇ ਹਾਰ ਸਿੰਗਾਰ ਗਿਉਸੇ ।ਕੇਡੇ ਗਏ ਝੱਗ ਮੱਗ ਵੇ ।
ਨੇੜੇ ਜੀਅੜਾ ਜੋੜ ਨਿਹੇੜੇਮ ।ਧਾਂ ਕਿਰਮ ਰਗ ਰਗ ਵੇ ।
ਸੂਲ ਅਵੱਲੜੇ ਮੂਲ ਮੁੱਠੀ ਦੇ ।ਡੁੱਖ ਆਵਨ ਕਰ ਵਗ ਵੇ ।
ਬਿਰਹੋ ਲੁੰਬੀ ਜੁੜ ਕਰ ਲਾਈ ।ਲੂੰ ਲੂੰ ਧੁੱਖਦੀ ਅੱਗ ਵੇ ।
ਰੋਂਦੀ ਖਪਦੀ ਆਤਣ ਬਹਿੰਦੀਂ ।ਥਈ ਬੀਮਾਰ ਅਲਗ ਵੇ ।
ਯਾਰ ਫ਼ਰੀਦ ਨ ਕੀਤਮ ਕਾਰੀ ।ਜੀਵਾਂ ਕੈਂਦੇ ਲਗ ਵੇ ।

222. ਸਿਖ ਰੀਤ ਰਵਸ਼ ਮਨਸੂਰੀ ਨੂੰ

ਸਿਖ ਰੀਤ ਰਵਸ਼ ਮਨਸੂਰੀ ਨੂੰ ।ਹੁਣ ਠੱਪ ਰੱਖ ਕਨਜ ਕਦੂਰੀ ਨੂੰ ।
ਜੋ ਕੋਈ ਇਸ਼ਕ ਮਦੱਰਸੇ ਆਇਆ ।ਫ਼ਿਕਾ ਅਸੂਲ ਦਾ ਫ਼ਿਕਰ ਉਠਾਇਆ ।
ਬੇਸ਼ਕ ਆਰਫ਼ ਹੋਕਰ ਪਾਇਆ ।ਰਮਜ਼ ਹਕੀਕਤ ਪੂਰੀ ਨੂੰ ।
ਜੋ ਕੋਈ ਚਾਹੇ ਇਲਮ ਹਕਾਇਕ ।ਰਾਜ਼ ਲੁਟਨੀ ਕਸ਼ਫ ਦਕਾਇਕ ।
ਥੀਵੇ ਅਪਨੇ ਆਪ ਦਾ ਸ਼ਾਇਕ ।ਸੱਟ ਨਜ਼ਦੀਕੀ ਦੂਰੀ ਨੂੰ ।
ਹਮਾ ਓਸਤ ਦੇ ਭੇਦ ਨਿਆਰੇ ।ਜਾਣਨ ਵਹਦਤ ਦੇ ਵਣਜਾਰੇ ।
ਹਰ ਹਰ ਸ਼ੈ ਵਿੱਚ ਕਰਨ ਨਜ਼ਾਰੇ ।ਅਸਰ ਤਜੱਲੀ ਤੂਰੀ ਨੂੰ ।
ਬੇਦ ਅਨੋਖੈ ਪੰਥ ਅਵੈੜੇ ।ਵੇੜੋ ਵੱਸਦੇ ਰਖਣ ਬਖੋੜੇ ।
ਹੋਰ ਨ ਕੋਈ ਆਪ ਨਬੇੜੇ ।ਆਪਣੀ ਇਕੀ ਪੂਰੀ ਨੂੰ ।
ਲੁਤਫ਼ ਅਜ਼ਲ ਦਾ ਵੇਲਾ ਆਇਆ ।ਫ਼ਖਰ ਜਹਾਂ ਗੁਰ ਗਿਆਨ ਸੁਨਾਇਆ ।
ਤਬਾ ਸਲੀਮ ਫ਼ਰੀਦ ਦੀ ਪਾਇਆ ।ਫ਼ਹਿਮ ਲੁਗਾਤ ਤਯੂਰੀ ਨੂੰ ।

223. ਸਿੱਕ ਸਾੜੇ ਦਿਲ ਤਾਂਗ ਪਜਾਲੇ

ਸਿੱਕ ਸਾੜੇ ਦਿਲ ਤਾਂਗ ਪਜਾਲੇ ।ਵਤਨ ਨ ਵਿਸਰਮ ਰਾਂਝਣ ਵਾਲੇ ।
ਹਿਜਰ ਫ਼ਰਾਕ ਦਾ ਕੋਝਾ ਕਿੱਸਾ ।ਸਾਹ ਮੁੰਝਾਏ ਤੇ ਹਾਂ ਡਾਲੇ ।
ਰਾਹ ਅਵੱਲੜੇ ਲੱਖ ਲੱਖ ਵੱਲੜੇ ।ਡੂੰਗਰ ਕਾਲੇ ਪੈਰੀਂ ਛਾਲੇ ।
ਦਿੱਲੜੀ ਜਡੜੀ ਡੁੱਖੜੀਂ ਲਡੜੀ ।ਕੇਵੇਂ ਹੋਸ਼ ਹਵਾਸ ਸੰਭਾਲੇ ।
ਜੈਦੀਂ ਡੇਖਾਂ ਝੋਕ ਸਜਨ ਦੀ ।ਕਾਦਰ ਬਾਰ ਗ਼ਮਾਂ ਦੇ ਟਾਲੇ ।
ਇਸ਼ਕ ਸੌਗਾਤਾਂ ਮੈਂ ਵਲ ਭੇਜੀਆਂ ।ਦਰਦ ਅੰਦੇਸ਼ੇ ਰੋਗ ਕਸ਼ਾਲੇ ।
ਹੈ ਸੋਹਣਿਆਂ ਦੀ ਆਦਤ ਅਸਲੋਂ ।ਕੁੜੇ ਪੇਚ ਫ਼ਰੇਬੀ ਚਾਲੇ ।
ਯਾਰ ਫ਼ਰੀਦ ਨ ਉਤਰਮ ਦਿਲ ਤੋਂ ।ਲੁਤਫੇਂ ਭਾਲੇ ਖਵਾਹ ਨ ਭਾਲੇ ।

224. ਸਿਕ ਸੂਲੀਂ ਸਾੜੀਂ ਸਾਰੀ

ਸਿਕ ਸੂਲੀਂ ਸਾੜੀਂ ਸਾਰੀ ।ਵਹ ਇਸ਼ਕ ਦੀ ਅਵਾਵਾੜੀ ।
ਦਿਲ ਜਲ ਬਲ ਕੇਰੀ ਕੋਲੇ ।ਡੁੱਖ ਰਗ ਰਗ ਸੋਜ਼ ਸਮੋਲੇ ।
ਹਿੱਕ ਸੀਨਾ ਸੌ ਸੌ ਸ਼ੁਅਲੇ ।ਹਿਨ ਬਿਰਹੋਂ ਤੇ ਦੋਜ਼ਖ ਹਾੜੀ ।
ਜੈਂ ਡੇਹ ਅੱਖੀਂ ਮੈਂ ਲਾਤੀਆਂ ।ਕੁਲ ਆਸ ਉੱਮੀਦਾਂ ਲਾਥੀਆਂ ।
ਕਿਆ ਫਤਕਨ ਜੇੜ੍ਹੀਆਂ ਫਾਤੀਆਂ ।ਬਿਆ ਹਰ ਕੋਈ ਮਾਰੇ ਤਾੜੀ ।
ਮੈਂ ਕਰਾਂ ਤੱਤੀ ਕਿਆ ਕਾਰੀ ।ਹੁਣ ਜ਼ਖਮ ਪੁੱਠੇ ਫੱਟ ਕਾਰੀ ।
ਗਲ ਕਾਤੀ ਪੇਟ ਕਟਾਰੀ ।ਸਰ ਬਰਛੀ ਤਬਰ ਕਟਾਰੀ ।
ਥਿਆ ਵੱਸ ਹੱਸ ਕੋਲੇ ਓਲੇ ।ਹੁਣ ਫੋਲ ਨ ਦਿਲ ਦੇ ਫੋਲੇ ।
ਅਥ ਪਏ ਜੂਲ੍ਹਦੇ ਭੋਲੇ ।ਗੱਠ ਸੇਵਾਂ ਡੂੰ ਹਤ ਪਾੜੀ ।
ਮਿਲ ਮੂੰਹ੍ਰੀਂ ਡੋਲੀਆਂ ਵੱਟੀਆਂ ।ਗਈ ਫ਼ਰਹਤ ਸ਼ਾਦੀਆਂ ਹਟੀਆਂ ।
ਗ਼ਮ ਖ਼ੁਸ਼ੀਆਂ ਪਾੜੋਂ ਪਟੀਆਂ ।ਡੁੱਖ ਸੁਖ ਦੀ ਬੇਖ ਉਖਾੜੀ ।
ਆਏ ਲੋਕਾਂ ਹਤ ਬਹਾਨੇ ।ਕਈ ਡੇਵਮ ਮੇਹਣੋ ਤਾਨੇ ।
ਕਈ ਮਾਰਨ ਕਾਠੀਆਂ ਕਾਨੇ ।ਹੈ ਬਿਆ ਬਿਆ ਜ਼ੁਲਮ ਡਿਹਾੜੀ ।
ਸੁਣ ਯਾਰ ਫ਼ਰੀਦ ਦੀਆਂ ਧਾਈਂ ।ਕਰ ਨਾਜ਼ ਵ ਸ਼ੋਖ ਨਿਗਾਹੀਂ ।
ਵਲ ਆਪੇ ਸਾਵਲ ਸਾਂਈਂ ।ਹੈ ਗੜਾ ਕੋਨ ਫਫਾੜੀ ।

225. ਸੋਹਣਾਂ ਨਹਨ ਅਕਰਬ ਡਿੱਸਦਾ ੜੀ

ਸੋਹਣਾਂ ਨਹਨ ਅਕਰਬ ਡਿੱਸਦਾ ੜੀ ।ਸਾਡੇ ਨਾਲ ਨ ਹੱਸ ਰਸ ਵਸਦਾ ੜੀ ।
ਕੇਨੂੰ ਡੁੱਖ ਦੀ ਗਾਲ੍ਹ ਸੁਣਾਵਾਂ ।ਕਲ੍ਹੜੀ ਸੇਝ ਸੁੱਤੀ ਤੜਫਾਵਾਂ ।
ਤਾਰੇ ਗਿਣ ਗਿਣ ਰਾਤ ਨਿਭਾਵਾਂ ।ਹੈ ਜੀ ਔਖਾ ਬੇਵੱਸਦਾ ੜੀ ।
ਯਾਰ ਪੁੱਨਲ ਡੂੰ ਦਿੱਲੜੀ ਤਾਂਗੇ ।ਔਖੇ ਲਾਂਘੇ ਰਾਹ ਅੜਾਂਗੇ ।
ਮੁਸ਼ਕਲ ਪੈਂਡਾ ਮਿਲਣ ਮਹਾਂਗੇ ।ਕੰਨੀਂ ਪੌਵਿਮ ਆਵਾਜ਼ ਜਰਸ ਦਾ ੜੀ ।
ਕੋਲੇਂ ਵੱਸਦਾ ਭੇਤ ਨ ਡੱਸਦਾ ।ਦਿੱਲੜੀ ਖੱਸਦਾ ਵਲ ਵਲ ਨੱਸਦਾ ।
ਡੇਖ ਕੇ ਹਾਲ ਏਹੀਂ ਬੇਕੱਸਦਾ ।ਕਰ ਠਾਹ ਠਾਹ ਦੁਰ ਦੂੰ ਹੱਸਦਾ ੜੀ ।
ਨਾਜ਼ਕ ਢੰਗ ਅਜਾਇਬ ਵੱਨਦਾ ।ਸਾਂਵਲ ਢੋਲੇ ਮਨ ਮੋਹਨ ਦਾ ।
ਮਾਣ ਕਰਾਂ ਕਿਆ ਯਾਰ ਸਜਣ ਦਾ ।ਓ ਦਿਲਬਰ ਹੈ ਹਰ ਕੱਸ ਦਾ ੜੀ ।
ਏ ਬੇਕਾਰ ਫ਼ਰੀਦ ਨਿਭਾਇਆ ।ਲੋਹੇ ਵਾਂਗ ਬਹੂੰ ਬੇ ਮਾਇਆ ।
ਫ਼ਖਰ ਪਏ ਦੀ ਸੁਹਬਤ ਆਇਆ ।ਥਿਆ ਹਮਸਾਇਆ ਪਾਰਸ ਦਾ ੜੀ ।

226. ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ

ਸੋਹਣੇ ਯਾਰ ਬਾਝੋਂ ਮੈਡੀ ਨਹੀਂ ਸਰਦੀ ।ਤਾਂਘ ਆਵੇ ਵਧਦੀ ਸਿਕ ਆਵੇ ਚੜ੍ਹਦੀ ।
ਕੀਤਾ ਹਿਜਰ ਤੈਡੇ ਮੈਕੂੰ ਜ਼ਾਰੋ ਜ਼ਾਰੇ ।ਦਿਲ ਪਾਰੇ ਪਾਰੇ ਸਰ ਧਾਰੋ ਧਾਰੇ ।
ਮੁੰਝ ਵਾਧੋ ਵਾਧੇ ਡੁੱਖ ਤਾਰੇ ਤਾਰੇ ।ਰੱਬ ਮੇਲੇ ਮਾਹੀ ਬੈਠੀ ਧਾਂ ਕਰਦੀ ।
ਸੋਹਣਾ ਯਾਰ ਮਾਹੀ ਕਡੀ ਪਾਵੇ ਫੇਰਾ ।ਸ਼ਾਲਾ ਪਾ ਕੇ ਫੇਰਾ ਪੁੱਛੇ ਹਾਲ ਓ ਮੇਰਾ ।
ਦਿਲ ਦਰਦਾਂ ਮਾਰੀ ਡੁੱਖਾਂ ਲਾਇਆ ਦੇਰਾ ।ਰਾਤੀਂ ਆਹੀਂ ਭਰਦੀ ਡੇਹਾਂ ਸੂਲਾਂ ਸੜਦੀ ।
ਪੁਨੂੰ ਖਾਨ ਮੇਰੇ ਕੀਤੀ ਕੇਚ ਤਿਆਰੀ ।ਮੈਂ ਮਿੱਨਤਾਂ ਕਰਦੀ ਤਰੋੜੀ ਵੈਂਦਾ ਯਾਰੀ ।
ਕਈ ਨਹੀਂ ਚਲਦੀ ਕਿਆ ਕੀਜੇ ਕਾਰੀ ।ਸਟ ਬਾਂਦੀ ਬਰਦੀ ਥੀਸਾਂ ਬਾਂਦੀ ਬਰਦੀ ।
ਰੋ ਰੋ ਫ਼ਰੀਦਾ ਫ਼ਰਿਆਦ ਕਰਸਾਂ ।ਗ਼ਮ ਬਾਝ ਉਸ ਦੇ ਬਿਆ ਸਾਹ ਨ ਭਰਸਾਂ ।
ਜਾ ਥੀਸਮ ਮੇਲਾ ਜਾ ਰੁਲਦੀ ਮਰਸਾਂ ।ਕਹੀਂ ਲਾ ਡਖਾਈ ਦਿਲ ਚੋਟ ਅੰਦਰ ਦੀ ।

227. ਸੋਹਣੇ ਯਾਰ ਪੁਨਲ ਦਾ

ਸੋਹਣੇ ਯਾਰ ਪੁਨਲ ਦਾ ।ਹਰ ਜਾ ਐਨ ਹਜੂਰ ।
ਅੱਵਲ ਆਖਰ ਜ਼ਾਹਰ ਬਾਤਨ ।ਉਸਦਾ ਜਾਣ ਜ਼ਹੂਰ ।
ਆਪ ਬਣੇ ਸੁਲਤਾਨ ਜਹਾਂ ਦਾ ।ਆਪ ਬਣੇ ਮਜ਼ਦੂਰ ।
ਥੀ ਮੁਸ਼ਤਾਕ ਫਿਰੇ ਵਿਚ ਗਮ ਦੇ ।ਵਾਸਲ ਥੀ ਮਹਜੂਰ ।
ਥੀ ਮਾਸ਼ੂਕ ਦਿਲੀਂ ਲੁਟ ਨੇਵੇਂ ।ਜਾਨ ਕਰੇ ਰੰਜੂਰ ।
ਗਲ ਲਾਂਵਣ ਵਲ ਮਾਰ ਤੜ੍ਹਾਵਣ ।ਏਹੋ ਨਹੀਂ ਦਸਤੂਰ ।
ਚਸ਼ਮਾਂ ਫ਼ਖਰੂਦੀਨ ਮਿਠਲ ਦੀਆਂ ।ਤਨ ਮਨ ਕੀਤਾ ਚੂਰ ।
ਘੋਲ ਘੋਤ ਮੈਂ ਫ਼ਖਰ ਜਹਾਂ ਤੂੰ ।ਜਨਤ ਹੂਰ ਕਸੂਰ ।
ਯਾਰ ਫਰੀਦ ਕੂੰ ਏਵੇਂ ਸਾੜਿਓ ।ਜਿਵੇਂ ਜਲਿਆ ਕੋਹ ਤੂਰ ।

228. ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ

ਸੋਹਣੀਆਂ ਰਮਜ਼ਾਂ ਤੇਰੀਆਂ ਭਾਉਂਦੀਆਂ ।ਸਾਨੂੰ ਗੁੱਝੜੀ ਚੇਟਕ ਲਾਉਂਦੀਆਂ ।
ਚਸ਼ਮਾਂ ਜਾਦੂ ਕਹਿਰ ਕਿਆਮਤ ।ਹੋਸ਼ ਹੱਵਾਸ ਭੁਲਾਉਂਦੀਆਂ ।
ਅਬਰੂ ਕੋਸ ਤੇ ਮਿਜ਼ਗਾਂ ਕੈਬਰ ।ਜ਼ੁਲਮੀਂ ਚੋਟ ਚਲਾਉਂਦੀਆਂ ।
ਚੜ੍ਹਨ ਸ਼ਿਕਾਰ ਨ ਮੁੜਦੀਆਂ ਹਰਗਿਜ਼ ।ਜ਼ੁਲਫ਼ਾਂ ਸੈਦ ਫੁਹਾਉਂਦੀਆਂ ।
ਚਾਲੀਂ ਨਾਜ਼ ਦੀਆਂ ਦਿਲ ਨੂੰ ਮੋਹਦੀਆਂ ।ਹੁਕਮੀਂ ਬਿਰਹੋਂ ਬਛਾਉਂਦੀਆਂ ।
ਤੇਗ਼ਾਂ ਤੇਜ਼ ਨਿਗਾਹ ਦੀਆਂ ਹਰ ਦਮ ।ਲਾਲ ਲਹੂ ਵਿੱਚ ਧਾਉਂਦੀਆਂ ।
ਇਸ਼ਕ ਫ਼ਰੀਦ ਕਈ ਘਰ ਗਾਲੇ ।ਸਹੰਸ ਪਈਆਂ ਤੜਫ਼ਾਉਂਦੀਆਂ ।

229. ਸੁਬਹ ਸਾਦਕ ਖਾਂ ਸਾਹਿਬੀ ਮਾਣੇ

ਸੁਬਹ ਸਾਦਕ ਖਾਂ ਸਾਹਿਬੀ ਮਾਣੇ ।ਪਾ ਸਿਹਰੇ ਗਾਨੇ ਗਹਿਣੇ ।
ਸਹਿਜੋਂ ਫੁਲੂੰ ਸੇਝ ਸੁਹਾ ਤੂੰ ।ਬਖ਼ਤ ਤੇ ਤਖ਼ਤ ਕੂੰ ਜੋੜ ਛਕਾ ਤੂੰ ।
ਆਪਣੇ ਮੁਲਕ ਕੂੰ ਆਪ ਵਸਾ ਤੂੰ ।ਪਟ ਅੰਗ੍ਰੇਜੀ ਥਾਣੇ ।
ਸੁਣ ਇਕਬਾਲ ਤੈਡਾ ਪੈ ਡਰਦੇ ।ਰਾਜੇ ਦਹਸ਼ਤ ਕਰ ਮਰਦੇ ।
ਮੀਰ ਨਵਾਬ ਥਏ ਆ ਬਰਦੇ ।ਬੇ ਜ਼ਰ ਮੁਫ਼ਤ ਵਿਕਾਣੇ ।
ਪੀਰ ਫ਼ਕੀਰ ਤੈਕੂੰ ਸਬ ਚਹਿੰਦੇ ।ਸੂਬੇਦਾਰ ਮੁਲਾਜ਼ਮ ਰਹਿੰਦੇ ।
ਗਿਰਦਾ ਗਿਰਦ ਕਚਹਿਰੀ ਬਹਿੰਦੇ ।ਅਫ਼ਲਾਤੂਨ ਸਿਆਣੇ ।
ਫੈਜ ਤੈਡੇ ਦੇ ਜਗ ਵਿੱਚ ਕਿਸੇ ।ਜ਼ਾਲਾਂ ਮਰਦ ਗਏ ਘਿਨ ਹਿਸੇ ।
ਨੀਂਗਰ ਤਕੜੇ ਬੁਢੜੇ ਲਿਸੇ ।ਨੰਢੜੇ ਬਾਲ ਅਯਾਣੇ ।
ਖ਼ੂਬ ਹੰਡਾਈਂ ਜਿੰਦ ਜਵਾਨੀ ।ਹਰ ਦਮ ਕੋਲ ਵੱਸੀਂ ਦਿਲ ਜਾਨੀ ।
ਯਾਰ ਪਿਆਰਾ ਯੂਸਫ਼ ਸਾਨੀ ।ਨਾਜ਼ ਤੈਂਡੇ ਮਨ ਭਾਣੇ ।
ਕਰੇ ਫ਼ਰੀਦ ਹਮੇਸ਼ ਦੁਆਈਂ ।ਸਾਂਵਲ ਜੀਵੇਂ ਚਰ ਜੁਗ ਤਾਈਂ ।
ਤੈਡੇ ਸਾਡਾ ਸੋਹਣਾ ਸਾਈਂ ।ਲਗੜੇ ਨੇਂਹ ਪੁਰਾਣੇ ।

230. ਸੁਖ ਸੋਮਹਣ ਸਿਧਾਇਮ

ਸੁਖ ਸੋਮਹਣ ਸਿਧਾਇਮ ।ਯਾਰ ਨ ਨੀਤਮ ਸੰਗ ਵੇ ।
ਸੇਝ ਰੰਗੀਲੀ ਸੁਟਿਅਮ ਪਸੇਲੀ ।ਧਾਂ ਕਰਮ ਅੰਗ ਅੰਗ ਵੇ ।
ਨਿਕਲਨ ਆਹੀਂ ਸੰਜ ਸਬਾਹੀ ।ਡੁੱਖੜੀਂ ਕੀਤਮ ਤੰਗ ਵੇ ।
ਸੱਜਣ ਸਧਾਏ ਵਲ ਨ ਆਏ ।ਵਾਹ ਕਾਦਰ ਦਾ ਰੰਗ ਵੇ ।
ਕੋਲ ਨ ਨੀਤਮ ਢੋਲ ਦਿਲੇਂਦੇ ।ਰੋਹੀ ਰੁਲਿਉਮ ਕੁਰੰਗ ਵੇ ।
ਟਲ੍ਹਿਅਮ ਨਾ ਸਖ਼ਤੀ ਤੇ ਬਦਬਖ਼ਤੀ ।ਗਿਆ ਨਾਮੁਸ ਤੇ ਨੰਗ ਵੇ ।
ਦਰਦ ਅਵੱਲੜੇ ਸੂਲ ਕਲੱਲੜੇ ।ਤਨ ਮਨ ਦੂਰ ਚਰੰਗ ਵੇ ।
ਰੁਲਦੀ ਥਲ ਵਿੱਚ ਯਾਰ ਨ ਵਲ ਵਿੱਚ ।ਵੱਲੜੀ ਲਗੜੀ ਜੰਗ ਵੇ ।
ਇਸ਼ਕ ਫ਼ਰੀਦ ਛਕਾ ਮੋਈਂ ਜੀਂਦੀ ।ਡੇ ਸਰ ਮੁਲ ਨ ਸੰਗ ਵੇ ।

231. ਸੁਣ ਸਮਝੜੇ ਜ਼ਾਹੇਦ ਜਾਹਦ ਤੂੰ

ਸੁਣ ਸਮਝੜੇ ਜ਼ਾਹੇਦ ਜਾਹਦ ਤੂੰ ।ਹਿਨ ਇਸ਼ਕ ਦੇ ਏ ਕਲਮਾਤ ਅਜਬ ।
ਹੈ ਗਾਲ੍ਹ ਅਜਬ ਹੈ ਹਾਲ ਅਜਬ ।ਹੈ ਚਾਲ ਅਜਬ ਹੈ ਘਾਤ ਅਜਬ ।
ਹੈ ਜ਼ੌਕ ਅਜਬ ਹੈ ਸ਼ੌਕ ਅਜਬ ।ਹੈ ਐਨ ਅਜਬ ਹੈ ਬੈਨ ਅਜਬ ।
ਹੈ ਜ਼ਿਕਰ ਅਜਬ ਹੈ ਫ਼ਿਕਰ ਅਜਬ ।ਹੈ ਨਫ਼ੀ ਅਜਬ ਅਸਬਾਤ ਅਜਬ ।
ਕੁਲ ਤਾਂਘ ਤਲਬ ਮਫਕੂਦ ਕਰਨ ।ਸਭ ਸੂਰਤ ਹੱਕ ਮਸਜੂਦ ਕਰਨ ।
ਥੀ ਬਾਜ਼ਲ ਤਰਕ ਵਜੂਦ ਕਰਨ ।ਸਕ ਸੌਮ ਸਲਵਾਤ ਜ਼ਕਵਾਤ ਅਜਬ ।
ਹਿਕਮਾਤ ਅਜਬ ਸੁਬਹਾਤ ਅਜਬ ।ਦਰਜਾਤ ਅਜਬ ਦਰਕਾਤ ਅਜਬ ।
ਆਯਾਤ ਅਜਬ ਤਾਆਤ ਅਜਬ ।ਤਾਗ਼ੂਤ ਤੇ ਲਾਤ ਮਨਾਤ ਅਜਬ ।
ਹਿਕ ਜਾਤੋਂ ਸਹੰਸ ਜ਼ਵਾਤ ਅਜਬ ।ਇਸਮਾ ਅਫਆਲ ਸਿਫਾਤ ਅਜਬ ।
ਖੁਸ਼ ਖਿਜ਼ਰ ਦੇ ਫਲਸਫਿਆਤ ਅਜਬ ।ਜ਼ੁਲਮਾਤ ਤੇ ਆਬ ਹਯਾਤ ਅਜਬ ।
ਠੱਪ ਫਿਕ ਅਸੂਲ ਅਕਾਇਦ ਨੂੰ ।ਰਖ ਮਿਲਤ ਇਬਨੁਲ ਅਰਬੀ ਦੀ ।
ਹੈ ਦਿਲੜੀ ਗੈਰੋਂ ਪਾਕ ਤੇਰੀ ।ਮਿਸਬਾਹ ਅਜਬ ਮਸਕਵਾਤ ਅਜਬ ।
ਹਰਕਾਤ ਅਜਬ, ਸੁਕਨਾਤ ਅਜਬ ।ਅਸ਼ਗ਼ਾਲ ਅਜਬ ਔਕਾਤ ਅਜਬ ।
ਔਰਾਦ ਅਜਬ ਦਾਵਾਤ ਅਜਬ ।ਸਾਆਤ ਅਜਬ ਡੇਹ ਰਾਤ ਅਜਬ ।
ਲਾ ਯਦਰਕਹੁਲ ਅਬਸਾਰ ਅਜਬ ।ਲਾਯਹਜ੍ਹਾ ਅਲਸ਼ਕਾਲ ਅਜਬ ।
ਹੈ ਬਹਿਰ ਅਜਬ ਹੈ ਲਹਿਰ ਅਜਬ ।ਹੈ ਨਹਿਰ ਅਜਬ ਕਤਰਾਤ ਅਜਬ ।
ਆਫ਼ਾਤ ਅਜਬ ਖਦਸ਼ਾਤ ਅਜਬ ।ਸਦਮਾਤ ਅਜਬ ਹਸਰਾਤ ਅਜਬ ।
ਵਾਹ ਜਜ਼ਬਭਹ ਮਿਨ ਜਜ਼ਬਾਤ ਅਜਬ ।ਰਾਹਾਤ ਅਜਬ ਲੱਜ਼ਾਤ ਅਜਬ ।
ਨਾਸੂਤ ਅਜਬ ਮਲਕੂਤ ਅਜਬ ।ਜਬਰੂਤ ਅਜਬ ਲਾਹੂਤ ਅਜਬ ।
ਤਲਬੀਸ ਅਜਬ ਤਾਨੀਸ ਅਜਬ ।ਤਕਦੀਸ ਅਜਬ ਸਤਵਾਤ ਅਜਬ ।
ਅਵਹਾਮ ਅਜਬ ਇਬਹਾਮ ਅਜਬ ।ਐਲਾਮ ਅਜਬ ਇਲਹਾਮ ਅਜਬ ।
ਹਮਜ਼ਾਤ ਅਜਬ ਖ਼ਤਰਾਤ ਅਜਬ ।ਲਮਹਾਤ ਅਜਬ ਸ਼ਤਹਾਤ ਅਜਬ ।
ਹੈ ਕੁਰਬ ਅਜਬ ਹੈ ਬੋਅਦ ਅਜਬ ।ਹੈ ਵਸਲ ਅਜਬ ਹੈ ਫਸਲ ਅਜਬ ।
ਹੈ ਕਹਿਰ ਹਿਜਾਬ ਅਕਾਬ ਅਜਬ ।ਹੈ ਲੁਤਫ ਨਜਾਤ ਸਬਾਤ ਅਜਬ ।
ਅਬਦਾਲ ਅਜਬ ਔਤਾਦ ਅਜਬ ।ਅਕਤਾਬ ਅਜਬ ਅਫਰਾਦ ਅਜਬ ।
ਤਹਕੀਕ ਅਜਬ ਤਸਦੀਕ ਅਜਬ ।ਤਕਲੀਦ ਅਦੂਲ ਸਕਾਤ ਅਜਬ ।
ਹੈ ਕਲਬ ਅਜਬ ਹੈ ਸਿੱਰ ਅਜਬ ।ਹੈ ਨਫਸ ਅਜਬ ਹੈ ਰੂਹ ਅਜਬ ।
ਹੈ ਹਰਮ ਅਜਬ ਅਹਿਰਾਮ ਅਜਬ ।ਹਜਾਜ ਅਜਬ ਇਰਫ਼ਾਤ ਅਜਬ ।
ਜਬਰੀਲ ਅਜਬ ਤਨਜੀਲ ਅਜਬ ।ਤਰਤੀਲ ਅਜਬ ਤਾਮੀਲ ਅਜਬ ।
ਹੈ ਜ਼ੁਹਰ ਅਜਬ ਤਫ਼ਸੀਰ ਅਜਬ ।ਹੈ ਬਤਨ ਤੇ ਤਾਵਾਲਤ ਅਜਬ ।
ਹੈ ਕਿਬਰ ਤੇ ਫ਼ਖਰ ਗਰੂਰ ਅਜਬ ।ਹੈ ਨਾਰ ਅਜਬ ਹੈ ਨੂਰ ਅਜਬ ।
ਹੈ ਨਖਲ ਅਜਬ ਹੈ ਤੂਰ ਅਜਬ ।ਹੈ ਮੂਸਾ ਤੇ ਮੀਕਾਤ ਅਜਬ ।
ਆਗਾਜ਼ ਅਜਬ ਅੰਜਾਮ ਅਜਬ ।ਹੈ ਸ਼ਾਮ ਅਜਬ ਪ੍ਰਭਾਤ ਅਜਬ ।
ਹੈ ਸ਼ਮਸ ਤੇ ਮਦਾਲਜੁਲ ਅਜਬ ।ਹੈ ਅਕਸ ਅਜਬ ਜ਼ੱਰਾਤ ਅਜਬ ।
ਹੈ ਤਰ੍ਹਾ ਕਿਆਮ ਕਊਦ ਅਜਬ ।ਹੈ ਵਜਾ ਰਕੂ ਸਜੂਦ ਅਜਬ ।
ਹੈ ਸ਼ਫਾਅ ਅਜਬ ਹੈ ਵਤਰ ਅਜਬ ।ਅਰਕਾਨ ਅਜਬ ਰਕਆਤ ਅਜਬ ।
ਨਫ਼ਕਾਤ ਅਜਬ ਸਦਕਾਤ ਅਜਬ ।ਖੈਰਾਤ ਅਜਬ ਹਸਨਾਤ ਅਜਬ ।
ਹੈ ਦੁਨੀਆ ਅਸਲ ਅਹਾਦ ਅਜਬ ।ਹੈ ਦੀਨ ਅਲੂਫ ਮਾਅਤ ਅਜਬ ।
ਹੈ ਦੋਜ਼ਖ ਤਬਕਾਤ ਅਜਬ ।ਹੈ ਜਨਤ ਸਬਅ ਸਿਫਾਤ ਅਜਬ ।
ਅਸੀਆਨ ਅਜਬ ਅਸਾਤ ਅਜਬ ।ਇਬਰਾਰ ਤੇ ਬਾਕੀਆਤ ਅਜਬ ।
ਵਾਲਲੀਲ ਹੈ ਰਮਜ਼ ਬਤੂਨ ਅਜਬ ।ਵਾਲਕਲਮ ਅਜਬ ਹੈ ਨੂਨ ਅਜਬ ।
ਵਾਲਤੈਨ ਤੇ ਵਾਲਜ਼ੈਤਨ ਅਜਬ ।ਵਾਲਸ਼ਮਸ਼ ਤੇ ਵਾਲਸਿਫਾਤ ਅਜਬ ।
ਮਿਨ ਈਨ ਅਲੀ ਈਂ ਅਸਤ ਅਜਬ ।ਮਾ ਅਲ ਹਾਸਲ ਫੀ ਅਲ ਬੀਨ ਅਸਤ ਅਜਬ ।
ਮਿਨ ਇਲਮ ਮਾਲੀ ਅਲ ਐਨ ਅਸਤ ਅਜਬ ।ਇਸਰਾਰ ਰਮੁਜ਼ ਨੁਕਾਤ ਅਜਬ ।
ਘਰ ਬਾਰ ਡਿਸੇ ਬਰ ਬਾਰ ਅਸਾਂ ।ਗਏ ਵਿਸਰ ਸਭੋ ਕੰਮ ਕਾਰ ਅਸਾਂ ।
ਲਾਚਾਰ ਤੇ ਜ਼ਾਰ ਨਜ਼ਾਰ ਅਸਾਂ ।ਵਾਹ ਡਿਤੜੀ ਬਿਰਹੋ ਬਰਾਤ ਅਜਬ ।
ਹਿਕ ਪਾਸੋਂ ਨਾਜ਼ ਨਵਾਜ ਅਜਬ ।ਪੈ ਪਾਸੋਂ ਇਜਜ਼ ਨਿਆਜ਼ ਅਜਬ ।
ਹੈ ਸੋਜ਼ ਅਜਬ ਹੈ ਸਾਜ਼ ਅਜਬ ।ਹੈ ਘੁੰਡ ਅਜਬ ਹੈ ਝਾਤ ਅਜਬ ।
ਵਾਹ ਆਲਮ ਹੁਸਨ ਆਬਾਦ ਅਜਬ ।ਵਿਚ ਸੋਹਣਿਆਂ ਦਾ ਬੇਦਾਦ ਅਜਬ ।
ਲੁਟੀ ਦਿਲੜੀ ਦੀ ਫਰਿਆਦ ਅਜਬ ।ਮੁਠੀਆਂ ਅਖੀਆਂ ਦੀ ਬਰਸਾਤ ਅਜਬ ।
ਹਰ ਆਨ ਅਹੱਦ ਡੋਂ ਧਿਆਨ ਧਰੋ ।ਹੈ ਬੇਸ਼ਕ ਦੀਨ ਈਮਾਨ ਇਹੋ ।
ਦਿਲ ਨਾਲ ਫ਼ਰੀਦ ਦਾ ਵਾਅਜ਼ ਸੁਣੋ ।ਸੌ ਬਾਤ ਦੀ ਹੈ ਹਿਕ ਬਾਤ ਅਜਬ ।

232. ਸੁਣ ਵੋ ਸਹੇਲੀ ਸੁਘੜ ਸਿਆਣੀ

ਸੁਣ ਵੋ ਸਹੇਲੀ ਸੁਘੜ ਸਿਆਣੀ ।ਬਿਰਹੋਂ ਦੇ ਪੰਧੜੇ ਸਖਤ ਬਈਦ ।
ਨਾ ਕਲ ਮੈਕੂੰ ਤੇਗ਼ ਕਜ਼ਾ ਦੀ ।ਨਾ ਤਕਦੀਰ ਦੇ ਤੀਰ ਦਗ਼ਾ ਦੀ ।
ਕੀਤੋਮ ਦੋਸਤ ਦੀ ਦੀਦ ਸ਼ਹੀਦ ।
ਜੇ ਡੇਂਹ ਭਲੜੇ ਮਿਤਰ ਵੀ ਭਲੜੇ ।ਕਿਸਮਤ ਜੋੜੇ ਜੋੜ ਕੁਲਲੜੇ ।
ਯਾਰ ਸ਼ਦੀਦ ਤੇ ਬਖਤ ਅਨੀਦ ।
ਰੋਵਣ ਪਿਟਣ ਕੂੰ ਸਮਝੂੰ ਸ਼ਾਦੀ ।ਸੁੰਜੀ ਬਰ ਝਰ, ਝੰਗ ਡਿਸਮ ਆਬਾਦੀ ।
ਇਸ਼ਰਾ ਮਹਰਮ ਸਾਡੜੀ ਈਦ ।
ਸੌ ਸੌ ਛਾਂਗਾਂ ਲਖ ਲਖ ਛੇੜੂ ।ਵੁਠੜੇ ਦੀ ਵੌਹ ਡੇਵਨ ਪੰਧੇੜੂ ।
ਰੋਹੀ ਥਈ ਆਬਾਦ ਜਦੀਦ ।
ਜਿੰਦ ਅਸੀਰੇ ਜੋਰ ਵ ਜਫਾ ਦੀ ।ਦਿਲੜੀ ਕੈਦੀ ਕਰਬ ਵ ਬਲਾ ਦੀ ।
ਡਿਸਮ ਰਕੀਬ ਯਜ਼ੀਦ ਪਲੀਦ ।
ਸਟ ਖਿਰਕਾ ਭਟ ਘਤ ਸਜਾਦਾ ।ਜਾਮਾ ਜਾਂ ਸੂ ਪਾਕ ਬ ਬਾਦਾ ।
ਕਰਦਮੀ ਪੀਰ ਮਗ਼ਾਂ ਤਾਕੀਦ ।
ਸਾਂਵਲ ਯਾਰ ਦੇ ਨਾਜ਼-ਏ-ਨਿਗਾਹ ਦੇ ।ਮਾਰੂ ਚਾਲ ਤੇ ਖਾਲ ਸਿਆਹ ਦੇ ।
ਥੀਵਸੇ ਮੁਫਤ ਫ਼ਰੀਦ ਖ਼ਰੀਦ ।

233. ਸੁਣ ਯਾਰ ਪੁਰਾਣੀ ਪੀੜ ਵੋ

(ਇਹ ਕਾਫ਼ੀ ਹੀਰ ਦੀ ਜ਼ਬਾਨੀ ਲਿਖੀ ਹੈ, ਜਿਹੜੀ ਰਾਂਝੇ ਦੀ ਆਸ਼ਕ ਸੀ ।)
ਸੁਣ ਯਾਰ ਪੁਰਾਣੀ ਪੀੜ ਵੋ ।ਥੀਆਂ ਅੱਖੀਆਂ ਛਲ ਗਈ ਦਿਲੜੀ ਜਲ ।
ਕਾਂਹ ਕੁਮਾਣੀਂ ਉਜੜੀਆਂ ਝੋਕਾਂ ।ਸਖਤ ਸਿਆਲੀਂ ਕਰਦੀਆਂ ਟੋਕਾ ।
ਰਹਿੰਦੀ ਦਿਲ ਦਿਲਗੀਰ ਵੋ ।ਸਰ ਦਰਦ ਉਟਲ ਪਏ ਰੋਗ ਉਛਲ ।
ਲਗੜਾ ਨੇਂਹ ਰੰਝੇਟੇ ਵਾਲਾ ।ਵਿਸਰਿਆ ਫ਼ਹਿਮ ਫ਼ਿਕਰ ਦਾ ਚਾਲਾ ।
ਹੀਰ ਗਈ ਝੰਗ ਚੀਰ ਵੋ ।ਸਟ ਸੇਝ ਪਲੰਗ ਤੇ ਰੰਗ ਮਹਲ ।
ਭੋਗੇ ਮੂਲ ਨ ਦੁਸ਼ਮਨ ਜਾਈ ।ਜੋ ਜੋ ਸਖਤੀ ਮੈਂ ਸਿਰ ਆਈ ।
ਮਾਰਮ ਮਾ ਪਿਉ ਵੀਰ ਵੋ ।ਵਲ ਸੰਗੀਆ ਸੁਰਤੀਆਂ ਲਹਮ ਨ ਕਲ ।
ਚਾਕ ਮਹੀਂਦਾ ਆ ਵੜ ਵੇਹੜੇ ।ਖੇੜੇ ਭੇੜੇ ਰਖਣ ਬਖੇੜੇ ।
ਕਪੜੇ ਲੀਰ ਕਤੀਰ ਵੋ ।ਗਿਆ ਹਾਰ ਸਿੰਗਾਰ ਮੁਸਾਗ ਕਜਲ ।
ਨਾਜ਼ਕ ਨਾਜ਼ ਨਿਗਾਹ ਸਜਨ ਦੇ ।ਇਸ਼ਵੇ ਗਮਜ਼ੇ ਮਨ ਮੋਹਨ ਦੇ ।
ਲਗੜੇ ਕਾਰੀ ਤੀਰ ਵੋ ।ਸੈ ਸੀਨੇ ਪਲ ਪਲ ਚੁਭਦੇ ਫਲ ।
ਔਖੇ ਲਾਘੇ ਰੋਹ ਹਬਲਦੇ ।ਛਲ ਛਲ ਛਾਲੇ ਪੈਰ ਪਚਲਦੇ ।
ਰੁਲਦੀ ਰਾਹ ਮਲ੍ਹੇਰ ਵੋ ।ਜਿਥ ਰਾਖਸ ਡਨੜੀ ਪੌਵਨ ਦਹਲ ।
ਸੱਸੀ ਸ਼ੋਦੀ ਪੈਰ ਪਿਆਦੀ ।ਨਾ ਤਿੜ ਤਾਡੇ ਝੋਕ ਆਬਾਦੀ ।
ਮਿਠੜੀ ਬੇ ਤਕਸੀਰ ਵੋ ।ਨਾ ਖਰਚ ਪਲੇ ਨਾ ਗੰਢ ਸਮਲ ।
ਮਾਹੀ ਬਾਝੋਂ ਸੂਲ ਕਹਿਰ ਦੇ ।ਡੇਹਾਂ ਰਾਤ ਫ਼ਰੀਦ ਨਜਰਦੇ ।
ਨੀੜਾਂ ਨੀਰ ਵਹੀਰ ਵੋ ।ਝਰ ਜੰਗਲ ਬੇਲੇ ਛਲੋ ਛਲ ।

234. ਸੁਤੜੀ ਹੋਤ ਸਿਧਾਣੇ

ਸੁਤੜੀ ਹੋਤ ਸਿਧਾਣੇ ।ਨਾਹੀਂ ਹਿਕਤਿਲ ਤਰਸ ਜਤਨ ਮੇਂ ।
ਗਏ ਕਰਹੋਂ ਕਤਾਰੀ ਬਰਡੋ ।ਥੀ ਪਾਂਧੀ ਕੇਚ ਸ਼ਹਿਰ ਡੋ ।
ਕਰ ਜ਼ੋਰ ਅਜ਼ੋਰ ਧੰਗਾਣੇ ।ਖੁਸ ਵੁਠੜੇ ਦੇਸ ਵਤਨ ਮੇਂ ।
ਤੱਤੀ ਕਲ੍ਹੜੀ ਤੇ ਨਿੰਦਰਾਈ ।ਬੇਵਾਹੀ ਮੂੰਝ ਮੁੰਝਾਈ ।
ਮੂੰਹ ਬੁਸਰਾ ਨੈਣ ਕਮਾਣੇ ।ਹੋਸ ਨ ਸਿਰ ਮੇਂ ਸੁਰਤ ਨ ਤਨ ਮੇਂ ।
ਬਠ ਬੇਦਰਦਾਂ ਦੀ ਯਾਰੀ ।ਮੈਂ ਮੁੱਠੜੀ ਲਾ ਕਰ ਹਾਰੀ ।
ਨਿੱਤ ਝੁਰਦੀ ਝੋਰ ਝੁਰਾਣੇ ।ਰਹਿੰਦੀ ਦਰਦ ਅਮਦੋਹਮਿਹਨ ਮੇਂ ।
ਆ ਆਪੇ ਯਾਰੀ ਲਾਇਸ ।ਵਲ ਵੈਂਦੀ ਨਾ ਮੁਕਲਾਇਸ ।
ਸਭ ਰਹਿ ਗਏ ਹਾਲ ਪੁਰਾਣੇ ।ਦਿਲ ਦੀ ਦਿਲ ਮੇਂ ਮਨ ਦੀ ਮਨ ਮੇਂ ।
ਡੇ ਵੀਰਨ ਡੋਹ ਡੁਰਾਪੇ ।ਰੱਖ ਆਸ ਮਿਲਣ ਦੀ ਆਪੇ ।
ਮੋਈਂ ਜੀਂਦੀ ਥਲੜੇ ਮਾਣੇ ।ਨੀਤਸ ਪੂਰੀ ਗੋਰ ਕਫ਼ਨ ਮੇਂ ।
ਗਏ ਜੋਭਨ ਜੋਸ਼ ਬਹਾਰੀ ।ਗਈ ਹਾਰ ਸ਼ਿੰਗਾਰ ਦੀ ਵਾਰੀ ।
ਥਏ ਕੱਜਲ ਮੁਸਾਗ ਨਮਾਣੇ ।ਵਾਲੀ ਵੱਟੜੀ ਸੋਹਮ ਨ ਕਨ ਮੇਂ ।
ਠੱਗ ਬਾਗ਼ ਬਹੂੰ ਦਿਲ ਕਾਲੇ ।ਸੈ ਪੇਚ ਕਰਨ ਲੱਖ ਚਾਲੇ ।
ਕਰ ਕੂੜ ਫ਼ਰੇਬ ਅਘਾਣੇ ।ਡਿੱਸਦੇ ਪੂਰਬ ਵਸਨ ਦਖਨ ਮੇਂ ।
ਸਭ ਸੰਗੀਆਂ ਮੁਲਕ ਅਮਨ ਵਿੱਚ ।ਏ ਛੋਰੀ ਬੈਤ ਹਜ਼ਨ ਵਿਚ ।
ਕਰ ਬੈਠਨ ਜਾਹ ਟਿਕਾਨੇ ।ਸੋਜ ਬਦਨ ਮੇਂ ਦੂਦ ਦਹਨ ਮੇਂ ।
ਥੀਆਂ ਖੁਸ਼ੀਆਂ ਆਸੇ ਪਾਸੇ ।ਗਏ ਵਿਸਰ ਮਜ਼ਾਖਾਂ ਹਾਸੇ ।
ਕਿਆ ਹੁਸਨ ਜਮਾਲ ਦੇ ਮਾਣੇਂ ।ਬੁੱਢੜੀ ਥੀਅਮ ਨਵੇੜੇ ਸਨ ਮੇਂ ।
ਏ ਗਮਜ਼ੇ ਨਾਜ ਨਿਹੋਰੇ ।ਏ ਖੁਸ਼ੀਆਂ ਜ਼ੇਰੇ ਤੋਰੇ ।
ਹੁਣ ਡਾਢੇ ਸਖ਼ਤ ਸਿਆਣੇ ।ਹਰ ਇਲਮ ਤੇ ਹਰ ਹਰ ਫ਼ਨ ਮੇਂ ।
ਲਾ ਨੇਹ ਫ਼ਰੀਦ ਨ ਫਿਰਸਾਂ ।ਏਹੋ ਘੇਰ ਕੁਲੱਲੜਾ ਘਿਰਸਾਂ ।
ਓ ਜਾਣੇ ਖਵਾਹ ਨ ਜਾਣੇ ।ਰਹਿਸੂੰ ਹਰ ਦਮ ਹਿਕੜੇ ਵਨ ਮੇਂ ।

235. ਤਾਂਘ ਪੁੱਨਲ ਵਲ ਤੈਂਦੀ ਹੈ

ਤਾਂਘ ਪੁੱਨਲ ਵਲ ਤੈਂਦੀ ਹੈ ।ਸਾਨੂੰ ਹਿੱਕ ਪਲ ਰਹਿਣ ਨ ਡੇਂਦੀ ਹੈ ।
ਇਸ਼ਕ ਉਜਾੜੀ ਝੋਕ ਅਮਨ ਦੀ ।ਪਾੜੋ ਬੇਖ ਪਟੀਸ ਹੱਡ ਤਨ ਦੀ ।
ਹਿੱਕ ਸਿਕ ਰਹਿ ਗਈ ਯਾਰ ਸਜਨ ਦੀ ।ਜੋ ਸਬ ਬਾਰ ਸਹੇਂਦੀ ਹੈ ।
ਮੂੰਝ ਮੁੰਝਾਰੀ ਦਰਦ ਵਿਛੋੜਾ ।ਲਿਖਿਆ ਬਾਬ ਤੱਤੀ ਦੇ ਡੋੜਾ ।
ਏ ਗ਼ਮ ਮੂਲ ਨ ਥੀਵਮ ਥੋੜਾ ।ਜਿੰਦ ਜੁਖ ਜੁਖ ਮੁਕਲੇਂਦੀ ਹੈ ।
ਤੇਗ ਤਮਾਂਚਾ ਬਾਂਕ ਕਟਾਰੀ ।ਖੰਜਰ ਪਲਕਾਂ ਤੀਰ ਸ਼ਿਕਾਰੀ ।
ਫਟ ਕੀਤੇ ਤਨ ਮਨ ਵਿੱਚ ਕਾਰੀ ।ਪੀੜ ਕਰਾਰ ਵਜੇਂਦੀ ਹੈ ।
ਦਰਦ ਅੰਦੋਹ ਹਜਾਰਾਂ ਦਿਲ ਨੂੰ ।ਡੁੱਖ ਡੇਵਨ ਲੱਖ ਮਾਰਾਂ ਦਿਲ ਨੂੰ ।
ਸੂਲਾਂ ਦੀਆਂ ਤਲਵਾਰਾਂ ਦਿਲ ਨੂੰ ।ਹਸਰਤ ਬਰਛੀ ਲੈਂਦੀ ਹੈ ।
ਮੂੰਹ ਨ ਲੈਂਦੇ ਸਕੇ ਭਾਈ ।ਮੇਹਣੀਂ ਡੇਵੇ ਮਾ ਪਿਉ ਜਾਈ ।
ਖਵੇਸ਼ ਕਬੀਲੇ ਕਰਨ ਲੜਾਈ ।ਸੱਸ ਨਨਾਣ ਮਰੇਂਦੀ ਹੈ ।
ਸ਼ੌਕ ਫ਼ਰੀਦ ਸ਼ਊਰ ਲੁੜ੍ਹਾਇਮ ।ਹਾਲ ਵੰਜਾਇਮ ਕਾਲ ਗੰਵਾਇਮ ।
ਧੂੜੀ ਪਾਇਮ ਖ਼ਾਕ ਰਮਾਇਮ ।ਦਿਲ ਸਭ ਕੋਸ਼ ਕਰੇਂਦੀ ਹੈ ।

236. ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ

ਤੱਤਾ ਇਸ਼ਕ ਬਹੂੰ ਗੁਜ਼ਰਿਉ ਸੇ ।ਏਹੋ ਕਹਿਰ ਨ ਪੇਸ਼ ਅਯੋ ਸੇ ।
ਭਾਹ ਬਿਰਹੋਂ ਦੀ ਸਾੜ ਪਜਾਲਿਆ ।ਹੱਡ ਤਨ ਕੀਤਸ ਕੇਰੀ ।
ਯਾਰ ਲੱਧੋ ਸੇ ਜਾਨੀ ਵੈਰੀ ।ਲਿਖਿਆ ਵਾਹ ਮਿਲਿਓ ਸੇ ।
ਜਾਨ ਜਿਗਰ ਤਨ ਪਾਰੇ ਪਾਰੇ ।ਸੀਨਾ ਮਹਿਜ਼ ਲਵੀਰਾਂ ।
ਲੂੰ ਲੂੰ ਰਗ ਰਗ ਵਿੱਚ ਸੌ ਸੌ ਪੀੜਾਂ ।ਹਿਜਰ ਬਰਾਤ ਢਿਉ ਸੇ ।
ਹੰਜੜੂੰ ਹਾਰਾਂ ਵਾਟ ਨਿਹਾਰਾਂ ।ਬੈਠੀ ਕਾਂਗ ਉਡਾਂਰਾਂ ।
ਜਾਨ ਜਿਗਰ ਹੈ ਜੈਂਦਾ ਦੇਰਾ ।ਤਨਹਾ ਛੋੜ ਗਿਉੇ ਸੇ ।
ਪੀਤ ਪੁਰਾਣੀ ਮਨ ਨੂੰ ਭਾਣੀ ।ਲਜ਼ਤ ਬਹੁਤ ਡਖਾਲੀ ।
ਮਿਸਲ ਸਮੰਦਰ ਆਤਸ਼ ਅੰਦਰ ।ਸੌ ਸੌ ਐਸ਼ ਲਧਿਉ ਸੇ ।
ਸੜਗਿਮ ਜਲਗਿਮ ਮਰਗਿਮ ਗਲਗਿਮ ।ਯਾਰ ਫ਼ਰੀਦ ਨ ਆਇਆ ।
ਸਿਕਦੀ ਤਪਦੀ ਮਰਦੀ ਖੱਪਦੀਂ ।ਨਾਜ਼ਕ ਨੇਹ ਨਿਭਿਉ ਸੇ ।

237. ਤੱਤੇ ਨੇਂਹ ਤੱਤੜੀ ਦੇ ਉੱਤੇ

ਤੱਤੇ ਨੇਂਹ ਤੱਤੜੀ ਦੇ ਉੱਤੇ ।ਹੈਰਾਨ ਸਾਰਾ ਲੋਕ ਹੈ ।
ਏ ਦਿਲ ਨਹੀਂ ਕਚੜੀ ਘਦੀ ।ਮਾਹੀ ਵਜਾਈ ਠੋਕ ਹੈ ।
ਚਟ ਥਈ ਜੋਬਨ ਦੀ ਤਾਰ ਵੇ ।ਗਏ ਕੰਮ, ਭੁੱਲੇ ਕੁਲ ਕਾਰ ਵੇ ।
ਤੌਂ ਬਿਨ ਤੱਤੀ ਦਾ ਯਾਰ ਵੇ ।ਜੀਵਣ ਨ ਜੀਵਣ ਭੋਗ਼ ਹੈ ।
ਓ ਅਪਣੀ ਜਾ ਤੇ ਖੁਸ਼ ਵਸਨ ।ਇਥ ਨੈਨ ਥੀ ਬੇ ਵਸ ਵਸਨ ।
ਕਿਉਭ ਲੋਕ ਨ ਮੈਂ ਤੇ ਹਸਨ ।ਮੁੱਠੜੀ ਕੂੰ ਚਾਤਾ ਬੋਕ ਹੈ ।
ਰੋ ਪਿੱਟ ਅਸਾਡੀ ਕਾਰ ਹੈ ।ਡੁੱਖ ਸੂਲ ਗਾਹਣਾਂ ਹਾਰ ਹੈ ।
ਬਰ ਬਾਰ ਚਿਟ ਘਰ ਬਾਰ ਹੈ ।ਮਾਰੂ ਥਲਾਂ ਵਿੱਚ ਝੋਕ ਹੈ ।
ਥੀਆਂ ਬਖ਼ਤ ਮੈਂ ਤੇ ਤੰਗ ਹੈ ।ਸੁਖ ਦੀ ਹਮੇਸ਼ਾਂ ਜੰਗ ਹੈ ।
ਬਿਖੜਾ ਮੁਸਾਗ ਦਾ ਰੰਗ ਹੈ ।ਉੱਜੜੀ ਸੁਹਾਗ ਦੀ ਨੋਕ ਹੈ ।
ਬੁਛੜਾ ਫ਼ਰੀਦ ਦਾ ਹਾਲ ਹੈ ।ਸਾਂਵਲ ਨ ਨੀਤਮ ਨਾਲ ਹੈ ।
ਨਜ਼ਰਮ ਵਸਾਲ ਮੁਹਾਲ ਹੈ ।ਡੁੱਖ ਦੀ ਨਵੀਂ ਨਿੱਤ ਚੂਕ ਹੈ ।

238. ਤਤੀ ਨੇਂਹ ਪੰਧ ਅੜਾਂਗੇ ਨੈਂ

ਤਤੀ ਨੇਂਹ ਪੰਧ ਅੜਾਂਗੇ ਨੈਂ ।ਡੁੱਖੇ ਡੂੰਗਰ ਔਖੇ ਲਾਂਘੇ ਨੇ ।
ਡਿੰਗੇ ਰਾਹ ਅਵੱਲੜੇ ਵਲੜੇ ਦੇ ।ਬਿਆ ਪੰਧੜੇ ਰੋਹ ਜਬਲੜੈ ਦੇ ।
ਮਤਾਂ ਸਮਝੀਂ ਮੁਫਤ ਸਹਾਗੇ ਨੇ ।
ਰੱਖ ਤਰਹ ਤਰੀਕ ਤਵੱਕਲ ਨੂੰ ।ਕਰ ਹੌਸ਼ਲਾ ਸ਼ਬਰ ਤਹਮਲ ਨੂੰ ।
ਵਲ ਵਸਲ ਵਸਾਲ ਮਹਾਗੇ ਨੇ ।
ਸੇ ਧਿੱਕੜੈ ਧੋੜੇ ਸੂਲ ਬਹੂੰ ।ਲੱਖ ਖ਼ਾਰ ਆਜ਼ਾਰ ਬਬੂਲ ਬਹੂੰ ।
ਸਭ ਸੋਹੰਦੇ ਯਾਰ ਦੇ ਲਾਂਘੈ ਨੇ ।
ਬਿਨ ਮਾਰੂ ਏ ਥਲ ਮਾਰੁ ਹੈ ।ਨ ਝੋਕ ਨਾ ਕੋਈ ਚਾਰੂ ਹੈ ।
ਨਾ ਭੇਡਾਂ ਬਕਰੀਆਂ ਚਾਂਗੇ ਨੇ ।
ਸੁੰਜਰ ਹੈ ਡਰ ਹੈ ਦੜਬੜ ਹੈ ।ਰਿੱਛ ਰਾਖਸ਼ ਮਮ ਦੀ ਗੜਬੜ ਹੈ ।
ਕਈ ਸੌ ਝਮ ਨ ਅਸਲੋਂ ਟਾਂਗੇ ਨੇ ।
ਸਿਰ ਭੌਂਦੇ ਤੇ ਰੂਹ ਫਿਰਦੇ ਹਨ ।ਦਿਲ ਡੱਖਦੇ ਤੇ ਹਾਂ ਘਿਰਦੇ ਹਨ ।
ਚਮ ਲੀਰਾਂ ਮਾਸ ਵੀ ਘਾਂਗੇ ਨੇ ।
ਗ਼ਮ ਮਿਹਨਤ ਦੀ ਦਿਲਜੌਈ ਹੈ ।ਸਿਰ ਗੱਠੜੀ ਮੋਢੇ ਲੋਈ ਹੈ ।
ਗਏ ਚੋਲੇ ਬੋਛਨ ਲਾਂਘੇ ਨੇ ।
ਘਰ ਬਾਰੋਂ ਬਿਰਹੋਂ ਬਈਦ ਕੀਤਾ ।ਕੰਮ ਕਾਰੋਂ ਫਰਦ ਫਰੀਦ ਕੀਤਾ ।
ਦਿਲ ਪਰਮ ਨਗਰ ਡੂੰ ਤਾਂਘੇ ਨੇ ।

239. ਤੱਤੀ ਰੋ ਰੋ ਵਾਟ ਨਿਹਾਰਾਂ

ਤੱਤੀ ਰੋ ਰੋ ਵਾਟ ਨਿਹਾਰਾਂ ।ਕਡੀਂ ਸਾਂਵਲ ਮੋੜ ਮੁਹਾਰਾਂ ।
ਜੈਂ ਕਾਰਣ ਸੌ ਸਖ਼ਤੀ ਝਾਗੀ ।ਫਿਰਾਂ ਡੁਹਾਗੀ ਦੇਸ ਬਰਾਗੀ ।
ਜੈਂਦੀ ਡੇਖਾਂ ਸਾਂਵਲ ਸਾਗੀ ।ਥੀਵਾਂ ਬਾਗ਼ ਬਹਾਰਾਂ ।
ਯਾਰ ਬਰੋਚਲ ਵਸਿਮ ਸਵੱਲੜਾ ।ਜੈਂਦੀ ਸਾਂਗੇ ਮਾਣੇਮ ਥੱਲੜਾ ।
ਖਾਨ ਪੁਨਲੜਾ ਨਾ ਕਰ ਕਲ੍ਹੜਾ ।ਤੌਂ ਸੰਗ ਚਾਂਗੇ ਚਾਰਾਂ ।
ਜੈਂ ਡੇਂਹ ਯਾਰ ਅਸਾਂ ਤੋਂ ਨਿਖੜੇ ।ਮਹਿੰਦੀ ਰੂਪ ਡਿਖਾਏ ਫਕੜੇ ।
ਡਿਸਦੇ ਸੁਰਖੀ ਦੇ ਰੰਗ ਬਿਖੜੇ ।ਵਿਘਰੀਆਂ ਕੱਜਲ ਦੀਆਂ ਧਾਰਾਂ ।
ਮੰਨ ਮੰਨ ਮਿੱਨਤਾਂ ਪੀਰ ਮਨਾਵਾਂ ।ਮੁਲਾ ਗੋਲ ਤਾਵੀਜ਼ ਲਿਖਾਵਾਂ ।
ਸੱਡ ਸੱਡ ਜੋਸੀ ਫ਼ਾਲਾਂ ਪਾਂਵਾਂ ।ਕਰਦੀ ਸੱਵਨ ਹਜ਼ਾਰਾਂ ।
ਖਵਾਜੇ ਪੀਰ ਦੇ ਡੇਸਾਂ ਛੱਨੇ ।ਏਹੇ ਡੇਂਹ ਅਥਾਈਂ ਭੱਨੇ ।
ਜੈਂਦੀਆਂ ਸਭ ਦਿਲ ਕੀਤੀਆਂ ਮੰਨੇ ।ਵਸਮ ਸਦਾ ਘਰ ਬਾਰਾਂ ।
ਬੰਦੜੇ ਨਾਲ ਨ ਕਰਸੀਂ ਮੰਦੜਾ ।ਤੋੜੀਂ ਕੋਝਾ ਕਮਲਾ ਗੰਦੜਾ ।
ਲਟਕ ਸੁਹਾਈਂ ਸਿਹਨ ਸੋਹੰਦੜਾ ।ਪੌਂ ਪੌਂ ਤੋਂ ਜਿੰਦ ਵਾਰਾਂ ।
ਛੋੜ ਫ਼ਰੀਦ ਨ ਯਾਰ ਦਾ ਦਾਮਨ ।ਜੈਂ ਜੀ ਕੀਤਾ ਜੁੜ ਕਰ ਕਾਮਨ ।
ਡੋਹਾਂ ਜਹਾਨੀਆਂ ਸਾਡਾ ਮਾਮਨ ।ਕਿਵੇਂ ਦਿਲੋਂ ਵਸਾਰਾਂ ।

240. ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ

ਤੌਂ ਬਾਝ ਥੇ ਸੁੰਜ ਵੇੜ੍ਹੇ ਵੋ ਯਾਰ ।ਵਲ ਵਸ ਵੋ ਸਜਨ ਅਨੇੜੇ ਵੋ ਯਾਰ ।
ਕੁਦਸੀ ਘਰ ਵਿਚ ਕੋਲ੍ਹ ਪਲ੍ਹਾਕੇ ।ਅਪਣਾ ਮਹਿਰਮ ਰਾਜ਼ ਬਣਾ ਕੇ ।
ਕੀਤੋ ਸਖਤ ਪਰੇਰੇ ਵੋ ਯਾਰ ।
ਤੂੰ ਬਿਨ ਸਾਰਾ ਮੁਲਕ ਅੰਧਾਰਾ ।ਸੀਨੇ ਤੇ ਚੜ੍ਹ ਲੇਟ ਪਿਆਰਾ ।
ਅੱਖੀਆਂ ਦੇ ਕਰ ਦੇਰੇ ਵੋ ਯਾਰ ।
ਯਾਰ ਚਹੇਂਦਾ ਚਾਕ ਮਹੀਂ ਦਾ ।ਬਾਇਸ ਸਾਡੇ ਦਰਦ ਦਿਲੇਂ ਦਾ ।
ਨਾ ਕਰ ਕੂੜੇ ਝੇੜੇ ਵੋ ਯਾਰ ।
ਜ਼ੇਵਰ, ਨੇਵਰ, ਪਾਹੀਂ,ਤਰੇਵਰ ।ਕਰਸਾਂ ਟੋਟੇ ਪੁਰਜ਼ੇ ਪੇਵਰ ।
ਪੱਟ ਪੱਟ ਸਟਸਾਂ ਸਿਹਰੇ ਵੋ ਯਾਰ ।
ਆਪ ਸੰਭਾਲੀਂ ਪਤੀਆਂ ਪਾਲੀਂ ।ਸੌ ਸੌ ਨਜ਼ਰ ਕਰਮ ਦੀ ਭਾਲੀਂ ।
ਕਰਦੀਂ ਆਪ ਬਖੇੜੇ ਵੋ ਯਾਰ ।
ਇਸ਼ਕ ਅਵਲੜਾ ਦਰਦ ਕੁਲਲੜਾ ।ਬਖਤ ਨ ਭਲੜਾ ਸੂਲ ਸਵਲੜਾ ।
ਯਾਰ ਫ਼ਰੀਦ ਆਵੇੜ੍ਹੇ ਵੋ ਯਾਰ ।

241. ਤੌਂ ਬਿਨ ਹਜਰਤ ਯਾਰ !

ਤੌਂ ਬਿਨ ਹਜਰਤ ਯਾਰ ! ਹਰ ਦਮ ਫਿਰਾਂ ਹੈਰਾਨੀ ।
ਮਾਹੀ ਬਾਝੋਂ ਸੂਲ ਘਨੇੜੇ ।ਜੀਵਣ ਹੈ ਬੇਕਾਰ ।
ਜਾਣਮ ਦਿਲ ਦਾ ਜਾਨੀ ।
ਦਿਲਬਰ ਜੇਹਾਂ ਹੋਰ ਨ ਕੋਈ ।ਖ਼ੂਬੀ ਦਾ ਸਰਦਾਰ ।
ਸੂਰਤ ਵਿੱਚ ਲਾਸਾਨੀ ।
ਪੁੱਨਲ ਛੱਡ ਕੇ ਕੇਚ ਸਿਧਾਇਆ ।ਕੀਤਸ ਜ਼ਾਰ ਨਜ਼ਾਰ ।
ਰੋ ਰੋ ਥੀਉਮ ਦੀਵਾਨੀ ।
ਇਸ਼ਕ ਅਵੈੜਾ ਪੇਸ਼ ਪਿਉ ਸੇ ।ਦਿਲ ਨੂੰ ਦਾਰ ਮਦਾਰ ।
ਤਨ ਮਨ ਸੌ ਸੌ ਕਾਨੀ ।
ਦਰਦ ਫ਼ਰੀਦ ਹੈ ਚੀਜ਼ ਮਹਾਂਗੀ ।ਥੀਂਦੇ ਵਣਜ ਵਪਾਰ ।
ਜਿੰਦੜੀ ਕਰ ਕੁਰਬਾਨੀ ।

242. ਤੌਂ ਬਿਨ ਮਹੀਂਦਾ ਚਾਕ ਵੇ

ਤੌਂ ਬਿਨ ਮਹੀਂਦਾ ਚਾਕ ਵੇ ।ਦਿੱਲੜੀ ਗ਼ਮਾਂ ਦੀ ਝੋਕ ਹੈ ।
ਜੋ ਜੋ ਖ਼ੁਸ਼ੀ ਸਰ ਸਬਜ਼ ਥਈ ।ਸਰ ਸਰ ਡੁੱਖਾਂ ਤੋਂ ਸੋਕ ਹੈ ।
ਗਈ ਰੀਤ ਭਤ ਡਿਤ ਘਤ ਮੁੰਢੋਂ ।ਆਸਲੀ ਨ ਟਿਕਸਾਂ ਅਥ ਮੁੰਢੋਂ ।
ਸਾੜੇ ਨ ਸਹਿਸਾਂ ਨਿਤ ਮੁੰਢੋਂ ।ਐ ਗਾਲ ਰੋਕ ਦੀ ਰੋਕ ਹੈ ।
ਰਲ ਮਿਲ ਤੱਤੀ ਨੂੰ ਤੈਂਦੀਆਂ ।ਰੱਖ ਵੈਰ ਵੈਣ ਅਲੇਂਦੀਆਂ ।
ਹਿੱਕੜੀਆਂ ਓਲਾਂਭੇ ਡੇਂਦੀਆਂ ।ਹਿੱਕੜੀਆਂ ਦੀ ਨੋਕ ਤੇ ਟੋਕ ਹੈ ।
ਰੋ ਰੋ ਅੱਖੀਂ ਵਿੱਚ ਪਈਆਂ ਚਰਾਂ ।ਕਲ ਮਰਦੀ ਸ਼ਾਲਾ ਅੱਜ ਮਰਾਂ ।
ਯਾਂ ਵੰਜ ਬੋਡਾਂ ਯਾ ਭੋਈ ਵੜਾਂ ।ਗਿਆ ਤਾਰ ਤਰੋੜ ਸੰਜੋਕ ਹੈ।
ਡੁੱਖ ਸੂਲ ਹਾਰ ਹੰਡੇਪੜੇ ।ਆਏ ਸਰ ਤੇ ਸਖ਼ਤ ਰੰਡੇਪੜੇ ।
ਬਦ ਬਖਤ ਜੋਫ ਬੁਢੇਪੜੇ ।ਕਿਆ ਮਿਲਿਆ ਥੋਕ ਕੂੰ ਥੋਕ ਹੈ ।
ਕਿਸਮਤ ਫ਼ਰੀਦ ਦੀ ਥਈ ਪੁਠੀ ।ਗਿਆ ਰੋਲ ਸਾਂਵਲ ਡੇ ਪੁਠੀ ।
ਚਟੜੇ ਪੱਧਰ ਤੇ ਮੈਂ ਲੁਟੀ ।ਖੁਸ਼ ਵਸਦਾ ਸਾਰਾ ਲੋਕ ਹੈ ।

243. ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ

ਤੌਂ ਬਿਨ ਮੌਤ ਭਲੀ ਵੈਂਦਮ ਸ਼ਾਲਾ ਮਿਰੀ ।
ਟਿਕਸਾਂ ਹਿੱਕ ਨ ਜ਼ਰੀ ਜੀਸਾਂ ਪਲ ਨ ਘੜੀ ।
ਪੂਰਬ ਤਰਫ਼ ਢੋਂ ਮੇਂਘ ਮਲ੍ਹਾਰ ਡਿੱਠਮ ।
ਬਿਜਲੀ ਲਸਕ ਡਿੱਤੀ ਗਜ ਗਜ ਗਾਜ ਸੁਨਿਮ ।
ਰਹਿਸਾਂ ਅਥ ਨ ਅੜੀ ਵੈਸਾਂ ਵਤਨ ਵਰੀ ।
ਕੱਨੜੀਂ ਵੋੜ ਪਿਉਮ ਰੋਹੀ ਵੁੱਠੜੀ ਦੀ ।
ਢੋਲਾ ਕਲ ਨ ਲਧੋ ਡੁੱਖੜੀ ਕੁੱਠੜੀ ਦੀ ।
ਫਾੜਿਮ ਚੋਲੀ ਚੁੱਨੀ ਰੋ ਰੋ ਥੀਵਮ ਚਰੀ ।
ਅਪਣੇ ਦੇਸ ਵੰਜਾਂ ਦਿਲ ਨੂੰ ਤਾਂਘ ਥਈ ।
ਡੇਖਾਂ ਤਾਡੇ ਟੋਭੇ ਲਾਣੇ ਖ਼ਾਰ ਬੋਈ ।
ਬਰਡੋਂ ਰਾਹੀ ਥੀਵਾਂ ਸਾੜੀਂ ਸੂਲ ਸੜੀ ।
ਓਂਗਾਂ ਪੋਂਗ ਉਠਨ ਬਦਲੀ ਕੀਤੀ ਲਸ ।
ਘਿਨ ਘਿਨ ਨਾਮ ਤੈਡਾ ਰੋਂਦੀ ਥਈ ਬੇਵਸ ।
ਸਾਵਲ ਤੈਨੂੰ ਮਿਲਾਂ ਯਾ ਸਰ ਪੌਵਮ ਮਰੀ ।
ਸੁਰਖ਼ੀ ਮਹਿੰਦੀ ਮੁਠੀ ਕੱਜਲਾ ਧਾਰ ਗਿਉਮ ।
ਨਾਜ਼ ਨਵਾਜ਼ ਭੁਲਿਆ ਹਾਰ ਸਿੰਗਾਰ ਗਿਉਮ ।
ਬੈਂਸਰ ਬੋਲ ਭੱਨਾਂ ਉੱਜੜੀ ਮਾਂਘ ਧੜੀ ।
ਖੇਡਨ ਕੋਡਣ ਗਿਆ ਸੁਖਦਾ ਟੋਲ ਗਿਉਮ ।
ਡੁਖੜੇ ਪੁਖੜੇ ਪਏ ਖੁਸ਼ੀਆਂ ਗਿਉਮ ।
ਜੁੜ ਕਰ ਰਾਵਲ ਜੋਗੀ ਲਾਈ ਪਰਮ ਜੜੀ ।
ਖਿਮਦੀ ਖਮਨ ਫ਼ਰੀਦ ਝੋਕਾਂ ਯਾਦ ਪੌਵਨ ।
ਅੱਖੀਆਂ ਨੀਰ ਹੰਜੂੰ ਕਰ ਬਰਸਾਤ ਵਸਨ ।
ਲੱਖ ਲੱਖ ਧਾਂ ਉਠਮ ਜਾਂ ਜਾਂ ਡਿੱਸਮ ਝੜੀ ।

244. ਤੈਂਡੇ ਨੈਣਾਂ ਤੀਰ ਚਲਾਇਆ

ਤੈਂਡੇ ਨੈਣਾਂ ਤੀਰ ਚਲਾਇਆ ।ਤੈਂਡੀ ਰਮਜ਼ਾਂ ਸ਼ੋਰ ਮਚਾਇਆ ।
ਅਲਮਸਤ ਹਜ਼ਾਰ ਮਰਾਇਆ ।ਲਖ ਆਸ਼ਕ ਮਾਰ ਗੰਵਾਇਆ ।
ਇਬਰਾਹੀਮ ਅੜਾਹ ਅੜਾਇਓ ।ਬਾਰ ਬਿਰਹੋਂ ਸਿਰ ਚਾਇਆ ।
ਸਾਬਰ ਦੇ ਤਨ ਕੀੜੇ ਬਛੇ ।ਮੂਸਾ ਤੂਰ ਜਲਾਇਆ ।
ਜ਼ਕਰੀਆ ਕਲਵਤਰ ਚਰਾਇਓ ।ਯਾਹਾ ਘੂਟ ਕੋਹਾਇਆ ।
ਯੂਨਸ ਪੇਟ ਮੱਛੀ ਦੇ ਪਾਇਓ ।ਨੂਹ ਤੂਫ਼ਾਨ ਲੁੜ੍ਹਾਇਆ ।
ਸ਼ਾਹ ਹਸਨ ਕੂੰ ਸ਼ਹਿਰ ਮਦੀਨੇ ।ਜ਼ਹਿਰ ਦਾ ਜਾਮ ਪਲਾਇਆ ।
ਕਰਬਲਾ ਵਿਚ ਤੇਗ ਚਲਾ ਕਰ ।ਏੜ੍ਹਾ ਕੇਸ ਕਰਾਇਆ ।
ਸ਼ਮਸ ਅਲਹਕ ਦੀ ਖੱਲ ਲਹਿਵਾਇਓ ।ਸਰਮਦ ਸਿਰ ਕਪਵਾਇਆ ।
ਸ਼ਾਹ ਮਨਸੂਰ ਚੜ੍ਹਾਇਓ ਸੂਲੀ ।ਮਸਤੀ ਸਾਂਗ ਰਸਾਇਆ ।
ਮਜਨੂ ਕਾਰਨ ਲੇਲਾ ਹੋ ਕਰ ।ਸੌ ਸੌ ਨਾਜ਼ ਡਖਾਇਆ ।
ਖ਼ੁਸਰੋ ਤੇ ਫ਼ਰਹਾਦ ਦੀ ਖ਼ਾਤਰ ।ਸ਼ੀਰੀਂ ਨਾਮ ਧਰਾਇਆ ।
ਦਰਦ ਦਾ ਬਾਰ ਉਠਾਇਆ ਹਰ ਹਕ ।ਅਪਨਾ ਵਕਤ ਨਭਾਇਆ ।
ਕਰ ਕੁਰਬਾਨ ਫ਼ਰੀਦ ਸਿਰ ਅਪਨਾ ।ਤੈਂਡੜਾ ਵਾਰਾ ਅਇਆ ।

(ਰਮਜ਼ਾਂ=ਇਸ਼ਾਰੇ, ਅੜਾਹ ਅੜਾਇਓ=ਅੱਗ ਦੇ ਢੇਰ ਵਿਚ ਫਸਾਇਆ,
ਬਛੇ=ਪੈ ਗਏ, ਤੂਰ=ਉਹ ਪਹਾੜ, ਜਿੱਥੇ ਹਜ਼ਰਤ ਮੂਸਾ ਨੇ ਰੱਬੀ ਜਲਵਾ
ਵੇਖਿਆ ਸੀ, ਕਲਵਤਰ=ਆਰਾ, ਘੂਟ=ਲਾੜਾ, ਕੋਹਾਇਆ=ਮਰਵਾਇਆ,
ਏੜ੍ਹਾ ਕੇਸ=ਏਡਾ ਹਾਦਸਾ, ਕਪਵਾਇਆ=ਕਟਵਾਇਆ, ਤੈਂਡੜਾ ਵਾਰਾ=
ਤੇਰੀ ਵਾਰੀ)

245. ਤੇਰਾ ਨੇਂਹ ਨਭੇਸਾਂ ਜ਼ੋਰੇ

ਤੇਰਾ ਨੇਂਹ ਨਭੇਸਾਂ ਜ਼ੋਰੇ ।ਸਾਨੂੰ ਹਟਕੇ ਕੌਨ ਤੇ ਹੋੜੇ ।
ਜਾਨ ਜਲੇਸਾਂ ਸੀਸ ਸੜੇਸਾਂ ।ਸਹਿਜੋਂ ਸੋਜ਼ ਸਹੇਸਾਂ ।
ਸਾਰਾ ਸ਼ਰਮ ਲੋੜ੍ਹੇਸਾਂ ।ਸਾਰੀ ਆਰ ਵਯਾਰ ਉਠੇਸਾਂ ।
ਤਨ ਮਨ ਧਨ ਸਭ ਮਿਲਕ ਸਜੰਦੇ ।ਤੂਣੇ ਕੀਜੋ ਕਿਰਮ ਵਿਛੋੜੇ ।
ਇਸ਼ਕ ਉਜਾੜਿਮ ਸੂਲਾਂ ਸਾੜਿਮ ।ਦਰਦਾਂ ਲਾਏ ਦੇਰੇ ।
ਰੋਗ ਕਰੂਪ ਕਸ਼ਾਲੇ ਹਰ ਦਮ ।ਗਾਨੇ ਗਹਿਣੇ ਸਿਹਰੇ ।
ਰਾਜ ਬਬਾਣੇ ਤੋਲ ਵਹਾਣੇ ।ਵਿੱਸਰੇ ਜੋਰੇ ਤੋਰੇ ।
ਪੇਕੇ ਟੋਕਾਂ ਕਰਮ ਸੁਰੀਜੇ ।ਮਾਰਮ ਜਗਤਾਂ ਨੋਕਾਂ ।
ਮੁੱਠੜੀ ਦਿੱਲੜੀ ਲੁੱਟੜੀ ਦਾ ।ਹੈ ਕਿਬਲਾ ਯਾਰ ਦੀਆਂ ਝੋਕਾਂ ।
ਮਾ ਪਿਉ ਖ਼ਵੇਸ਼ ਕਬੀਲਾ ਮਿਲ ਮਿਲ ।ਡੇਂਦੇ ਧਿਕੜੇ ਧੋੜੇ ।
ਚਸ਼ਮਾਂ ਜਾਦੂ ਜੋੜ ਜਗਾਏ ।ਹੋਸ਼ ਕਰਾਰ ਭੁਲਾਇਆ ।
ਡੁਖੜੇ ਪੁਖੜੇ ਆਏ ਗ਼ਮ ਹਮ ।ਦਮ ਦਮ ਨਾਲ ਸਵਾਇਆ ।
ਗਮਜ਼ੇ ਖ਼ੂਬ ਧਮੋੜੇ ਡੇਵਨ ।ਰਮਜ਼ਾਂ ਘਤਦੀਆਂ ਘੋੜੇ ।
ਯਾਰ ਫ਼ਰੀਦ ਨ ਵਿਸਰਮ ਹਰਗਿਜ਼ ।ਰੋ ਰੋ ਧਾਈਂ ਕਰਸਾਂ ।
ਜੀਂਦੀ ਮਰਦੀਂ ਔਖੀਂ ਸੌਖੀਂ ।ਸਾਹ ਮੁਹੱਬਤ ਭਰਸਾਂ ।
ਦੋਹਰੀ ਸਿਕਦੀ ਸਾਂਗ ਜਿਗਰ ਵਿੱਚ ।ਜੇ ਡੁਖ ਡੇਵਮ ਡੋੜੇ ।

246. ਤੇਰੇ ਬਿਨਾਂ ਸਾਂਵਲ ਬਹੂੰ

ਤੇਰੇ ਬਿਨਾਂ ਸਾਂਵਲ ਬਹੂੰ ।ਦਿੱਲੜੀ ਅਲੱਗ ਬੇ ਆਸ ਹੈ ।
ਜਿੰਦੜੀ ਜਲੇ ਸੀਨਾ ਸੜੇ ।ਸਰ ਚੂਰ ਹੈ ਤਨ ਨਾਸ ਹੈ ।
ਜੀੜਾ ਗ਼ਮਾਂ ਦੇ ਵਾਤ ਹੈ ।ਹੇਆਤ ਹੈ ਹੇਆਤ ਹੈ ।
ਹਿਕ ਡੁਖ ਤੱਤੀ ਦੇ ਸਾਥ ਹੈ ।ਸੁਖ਼ ਦੀ ਨ ਬੋ ਨ ਬਾਸ ਹੈ ।
ਜੈ ਡੇਂਹ ਪੁੱਨਲ ਗਿਆ ਕੇਚ ਵਲ ।ਸੱਟ ਸੇਝ ਖਟ ਰੰਗੀਨ ਮਹਲ ।
ਝਾਗ ਜਬਲ ਘਾਟੀਆਂ ਤੇ ਥਲ ।ਹਿੱਕ ਮੂੰਝ ਹੈ ਪਈ ਪਿਆਸ ਹੈ ।
ਵਿੱਸਰੇ ਨਿਹਾਲੀ ਤੂਲ ਸਬ ।ਪੋਪਾ ਤੇ ਬੇਂਸਰ ਬੋਲ ਸਬ ।
ਹੁਣ ਸੋਜ਼ ਹੈ ਯਾ ਸੂਲ ਸਬ ।ਯਾ ਦਰਦ ਹੈ ਯਾ ਯਾਸ ਹੈ ।
ਕੇਡੇ ਫ਼ਰੀਦ ਅੱਜ ਭੱਜ ਨਸੂੰ ।ਜਿਥ ਰਿੱਛ ਤੇ ਬਾਂਦਰ ਦੀ ਵਸੋਂ ।
ਡੈਣੀਂ ਮਮੀਂ ਰਾਖਸ ਬਹੂੰ ।ਸੌ ਗੌਲ ਲੱਖ ਨਸਨਾਸ ਹੈ ।

247. ਥਈ ਤਾਬਿਆ ਖ਼ਲਕਤ ਸਬ

ਥਈ ਤਾਬਿਆ ਖ਼ਲਕਤ ਸਬ ।ਤਾਂ ਵੀ ਕਿਆ ਥੀ ਪਿਆ ।
ਹਈ ਗੁਮ ਥੀਵਣ ਮਤਲਬ ।
ਤੈਂਡਾ ਰੁਸ਼ਦ ਅਰਸ਼ਾਦ ਵੀ ਤੋਨੜੇ ।ਵੰਜ ਪਹੁੰਤਾ ਅਜਬ ਅਰਥ ।
ਤਾਂ ਵੀ ਕਿਆ ਥੀ ਪਿਆ ।
ਪੜ੍ਹ ਪੜ੍ਹ ਬੇਦ ਪੁਰਾਨ ਸਹਾਇਫ ।ਪਿਆ ਸਿਖਿਓਂ ਇਲਮ ਅਦਬ ।
ਤਾਂ ਵੀ ਕਿਆ ਥੀ ਪਿਆ ।
ਸਾਰੇ ਜਗ ਤੇ ਹੁਕਮ ਚਲਾਵੇਂ ।ਪਾ ਸ਼ਾਹੀ ਦਾ ਮਨਸਬ ।
ਤਾਂ ਵੀ ਕਿਆ ਥੀ ਪਿਆ ।
ਦੁਨੀਆਂ ਦੇ ਵਿਚ ਇਜ਼ਤ ਪਾਇਓ ।ਗਿਓਂ ਅਕਬਾ ਨਾਲ ਤਰਬ ।
ਤਾਂ ਵੀ ਕਿਆ ਥੀ ਪਿਆ ।
ਸੁੱਨੀ ਪਾਕ ਤੇ ਹਨਫ਼ੀ ਮਜ਼ਹਬ ।ਰਖਿਓ ਸ਼ੁਫ਼ੀ ਦਾ ਮਸ਼ਰਬ ।
ਤਾਂ ਵੀ ਕਿਆ ਥੀ ਪਿਆ ।
ਵਿਚ ਆਸਾਰ, ਅਫ਼ਆਲ, ਸਿਫ਼ਾਤੀ ।ਜੇ ਯਾਰ ਘਦੋਹੀ ਲਭ ।
ਤਾਂ ਵੀ ਕਿਆ ਥੀ ਪਿਆ ।
ਗ਼ੌਸੀ ਕੁਤਬੀ ਪਾ ਤੂ।ਥਿਓ ਸ਼ੇਖ ਸ਼ਯੂਖ ਲਕਬ ।
ਤਾਂ ਵੀ ਕਿਆ ਥੀ ਪਿਆ ।
ਸ਼ਿਅਰ ਫ਼ਰੀਦ ਤੈਂਡਾ ਉਂਜ ਹੁਲਿਆ ।ਹਿੰਦ ਮਾੜ ਦਖਣ ਪੂਰਬ ।
ਤਾਂ ਵੀ ਕਿਆ ਥੀ ਪਿਆ ।

(ਥਈ=ਹੋ ਗਈ, ਤਾਬਿਆ=ਅਧੀਨ, ਰੁਸ਼ਦ=ਨੇਕੀ, ਅਰਸ਼ਾਦ=
ਪੀਰੀ ਮੁਰੀਦੀ, ਵੰਜ=ਜਾਣਾ, ਸਹਾਇਫ=ਅਸਮਾਨੀ ਕਿਤਾਬਾਂ,
ਮਨਸਬ=ਮਰਤਬਾ, ਅਕਬਾ=ਪ੍ਰਲੋਕ, ਤਰਬ=ਖ਼ੁਸ਼ੀ, ਆਸਾਰ=
ਨਿਸ਼ਾਨੀਆਂ, ਅਫ਼ਆਲ=ਕੰਮ, ਸਿਫ਼ਾਤੀ=ਗੁਣ, ਘਦੋਹੀ=ਲਿਆ,
ਹੁਲਿਆ=ਪ੍ਰਸਿੱਧ ਹੋਇਆ, ਮਾੜ=ਮਾਰਵਾੜ)

248. ਥੀਵਾਂ ਸਦਕੇ

ਥੀਵਾਂ ਸਦਕੇ ।ਆਇਆ ਸ਼ਹਿਰ ਮਦੀਨਾ ।
ਸੁਖ ਦੀ ਸੇਝ ਸੁਹਾਇਮ ।ਗਿਆ ਡੁੱਖ਼ੜਾ ਦੇਰੀਨਾ ।
ਨਾ ਰੋ ਦਿੱਲੜੀ ਲੁੱਟੜੀ ।ਨਾ ਡੁੱਖ ਸੁੰਜੜਾ ਸੀਨਾ ।
ਸਿਝ ਸੋਨੇ ਦਾ ਉੱਭਰਿਆ ।ਡਿੱਠੜਾ ਨੇਕ ਮਹੀਨਾ ।
ਹਰਜ ਮਅੱਲਾ ਰੌਸ਼ਨ ।ਹੈ ਨੂਰੀ ਆਈਨਾ ।
ਅਰਬ ਦੀ ਸਾਰੀ ਧਰਤੀ ।ਸੋਹਨੀ ਸਾਫ਼ ਨੱਗੀਨਾ ।
ਮਿਲਸੀ ਜੇੜ ਰਖਸੀ ।ਸਿਦਕ ਸਬੂਤ ਯਕੀਨਾ ।
ਥਇਆ ਸ਼ੈਤਾਨ ਪਸੀਲਾ ।ਮਰ ਗਿਆ ਨਫ਼ਸ ਕਮੀਨਾ ।
ਖ਼ਬਰ ਫ਼ਰੀਦ ਸੁਣਿਉ ਸੇ ।ਮਿਲਸੂੰ ਸਬ ਆਦੀਨਾ ।

249. ਟੋਭਾ ਖਟਾਡੇ ਮੁਲਕ ਮਲ੍ਹੇਰ ਤੇ

ਟੋਭਾ ਖਟਾਡੇ ਮੁਲਕ ਮਲ੍ਹੇਰ ਤੇ ।ਪੱਥਰ ਪਹਾੜ ਕੂੰ ਚੀਰ ਤੇ ।
ਮੁਲਕ ਮਲ੍ਹੇਰ ਦੀ ਨਾਜ਼ੋ ਚਾਲੀ ।ਪੂਈ ਲਾਣੀ ਦਾ ਰੁਤਬਾ ਆਲੀ ।
ਟੋਕਾਂ ਕਰਦੀ ਧੂੜੀ ਵਾਲੀ ।ਕੇਸਰ ਮੁਸ਼ਕ ਅੰਬੀਰ ਤੇ ।
ਮੰਝੀਆਂ ਰਿੰਗਸਨ ਗਾਈ ਢਿਕਸਨ ।ਭੇਡਾਂ ਬੱਕਰੀਆਂ ਚਾਗੇ ਟਿਕਸਨ ।
ਅੱਖੀਆਂ ਅੜਸਨ ਦਿੱਲੜੀਆਂ ਬਿਕਸਨ ।ਧਰਤੀ ਦੀ ਤਾਸੀਰ ਤੇ ।
ਬਿਰਹੋਂ ਦੇ ਰੋਹ ਤੇ ਜੋਹ ਬਣੇਸੂੰ ।ਝੋਕਾਂ ਜੋੜ ਸੰਜੋਕ ਛਕੇਸੂੰ ।
ਸੱਸੀ ਤੇ ਸੇ ਥੋਰੇ ਲੇਸੂੰ ।ਮੱਨਤ ਚੜੇਸੂੰ ਮਾਈ ਹੀਰ ਤੇ ।
ਬੈਤ ਕਰੇਸੂੰ ਕਲ ਥਲ ਬਰਕੂੰ ।ਸਾਘਰ ਪਰੇਮ ਤੇ ਸੁਖ ਸਾਗਰ ਕੂੰ ।
ਗੁੱਝੜੇ ਰਛਣੇ ਜੋਧਾ ਸਰ ਕੂੰ ।ਰੱਖ ਤਕੀਆ ਗੁਰ ਪੀਰ ਤੇ ।
ਜਾਂ ਜਾਂ ਵੁਠ ਦੀ ਵਹੋ ਸੁਣੇਵੇ ।ਸਿੰਧੜਂੋ ਰੂਹ ਉਚਾਕ ਡੱਸੇਵੇ ।
ਡੇਹਾਂ ਲੱਸੜੀ ਤੇ ਦਿਲ ਥੀਵੇ ।ਰਾਤੀਂ ਗਾਵੈ ਖੀਰ ਤੇ ।
ਟੋਭੇ ਬਾਝੋਂ ਮੂਲ ਨ ਠਹਿਸਾਂ ।ਨਾ ਵਕੜੇ ਨਾ ਬੰਦ ਤੇ ਬਹਿਸਾਂ ।
ਨਾ ਗਠ ਤੇ ਨਾ ਪਾੜ ਤੇ ਰਹਿਸਾਂ ।ਨਾ ਵਤ ਖੂਹ ਵਹੀਰ ਤੇ ।
ਆਪੇ ਆਕਰ ਦਿੱਲੜੀ ਲਾਤੋ ।ਹਾਲ ਮੈਡਾ ਸਬ ਸਮਝਿਉ ਜਾਤੋ ।
ਹੁਣ ਕਿਉਂ ਮੁੱਠੜੀ ਤੋਂ ਦਿਲ ਚਾਤੋ ।ਧੂਤੀਂ ਦੀ ਤਕਰੀਰ ਤੇ ।
ਇਸ਼ਕ ਫ਼ਰੀਦ ਲਿਖ਼ਿਆ ਪਰਵਾਨਾ ।ਘਰ ਬਾਰੋਂ ਥੀ ਬਾਰ ਰਵਾਨਾ ।
ਕਰ ਸਦਕੇ ਪੜ੍ਹ ਸ਼ੁਕਰਾਨਾ ।ਰਹੀਂ ਮਿੱਠੜੀ ਤਹਰੀਰ ਤੇ ।

250. ਟੋਭਾ ਖਟਾ ਡੇ ਸੋਹਣੀ ਜਾ ਤਾੜੇ

ਟੋਭਾ ਖਟਾ ਡੇ ਸੋਹਣੀ ਜਾ ਤਾੜੇ ।ਓਝਾ ਨ ਹੋਵੇ ਸਾਰੀ ਮਾੜ ਤੇ ।
ਟੋਭੇ ਬਾਝੋਂ ਮੂਲ ਨ ਰਹਿਸਾਂ ।ਨਾ ਗਠ ਤੇ ਨਾ ਪਾੜ ਤੇ ।
ਡੇਹਾਂ ਪੀਸੂੰ ਲੱਸੀਆਂ ਗਾਉਈਆਂ ।ਰਾਤੀਂ ਖ਼ੀਰ ਕੂੰ ਕਾੜ੍ਹ ਤੇ ।
ਤੌਂ ਬਿਨ ਸਾਵਲ ਅੱਗ ਅੜੇਂਸਾਂ ।ਚੋਲਾ ਬੋਛਣ ਪਾੜ ਤੇ ।
ਜੇ ਨ ਔਸੀਂ ਤੌਂ ਵਲ ਝੋਕਾਂ ।ਲਡਸੂੰ ਝੋਪੜ ਸਾੜ ਤੇ ।
ਝੋਪੜ ਜੋੜ ਬਣੇਸੂੰ ਖਿਪ ਦੇ ।ਥਲ ਦੇ ਸਾਫ਼ ਪਸਾੜ ਤੇ ।
ਗਾਈਂ ਸਹੰਸ ਸਵਾਈਆਂ ਮੋਹਣੀਆਂ ।ਡੋਭਨ ਆਨ ਉਕਾੜ ਤੇ ।
ਟੋਭਾ ਬਣਵੇਸੂੰ ਦਿਲ ਦੇ ਸਾਂਗੇ ।ਮਿੱਨਤ ਚੜੇਸੂੰ ਲਾਲੋ ਲਾੜ ਤੇ ।
ਆਵਮ ਰਾਹਤ ਚੋੜੀ ਚੋੜੀ ।ਲਾਣੇ ਫੋਗ ਦੇ ਵਾਰ ਤੇ ।
ਫਰਹ ਫ਼ਰੀਦ ਨੂੰ ਰੋਜ਼ ਸਵਾਈ ।ਸੁੰਜਬਰ ਸਖ਼ਤ ਉਜਾੜ ਤੇ ।

251. ਟੋਭ ਬਣਵਾ ਡੇ ਪਕਾ ਤੜ ਤਾੜ ਤੇ

ਟੋਭ ਬਣਵਾ ਡੇ ਪਕਾ ਤੜ ਤਾੜ ਤੇ ।ਸਿੰਧੜੋਂ ਦੂਰ ਉਤਾਰ ਤੇ ।
ਸੁਬਹ ਸਹੂਰੀਂ ਘੁਬਕਨ ਮੱਟੀਆਂ ।ਝੋਪੜ ਦੇ ਅਗਵਾੜ ਤੇ ।
ਰੋਹੀ ਰਾਵੇ ਰੋਹੀਂ ਧੁੱਮਾਂ ।ਹੂਕ ਪੌਵੇ ਵੰਜ ਮਾੜ ਤੇ ।
ਉੱਚੜੇ ਟਿੱਬੜੇ ਸੁਖ ਸਾਘਰ ਦੇ ।ਚੜ੍ਹਨਾ ਪੌਵਮ ਪਹਾੜ ਤੇ ।
ਚੌ ਤਰਫੋਂ ਵੈਹ ਪਾਣੀ ਆਵੇ ।ਸੋਹਣੇ ਸਾਫ਼ ਝਕਾੜ ਤੇ ।
ਪਾਕ ਢਰ ਵਿੱਚ ਟੋਭਾ ਮਾਰੂੰ ।ਨਾ ਝਤ ਝਾੜ ਕਜਾੜ ਤੇ ।
ਰੋਹੀ ਵਾਸ ਸਭੇ ਲਡਾਵਸਨ ।ਅਪਣੀਆਂ ਝੋਕਾਂ ਸ਼ਾੜ ਤੇ ।
ਫਲੋਢੇ ਤੇ ਮਿੱਨਤ ਲੇਸੰ ।ਥੋਰਾ ਚੜ੍ਹੇਸੂੰ ਦੀਨੇ ਲਾੜ ਤੇ ।
ਆਨ ਫ਼ਰੀਦ ਸੋ ਹੈਸਾਂ ਚੰਵਰ ।ਸ਼ਹਿਰ ਬਜ਼ਾਰ ਉਜਾੜ ਤੇ ।

252. ਤੁਮ ਬੇਸ਼ਕ ਅਸਲ ਜਹਾਨ ਕੇ ਹੋ

ਤੁਮ ਬੇਸ਼ਕ ਅਸਲ ਜਹਾਨ ਕੇ ਹੋ ।
ਨਾ ਤੁਮ ਫਰਸ਼ੀ ਨਾ ਤੁਮ ਅਰਸ਼ੀ ।ਨਾ ਫ਼ਲਕੀ ਨਾ ਅਰਜ਼ੀ ਹੋ ।
ਜ਼ਾਤ ਮੁਕੱਦਸ ਨੂਰ ਮੁਅੱਲਾ ।ਆਏ ਵਿੱਚ ਇਨਸਾਨ ਕੇ ਹੋ ।
ਰੋਤੇ ਹੋ ਕਭੀ ਹਸਤੇ ਹੋ ।ਕਥੇ ਆਸ਼ਕ ਤੇ ਮਾਸ਼ੂਕ ਬਣੋ ।
ਅਪਨਾ ਭੇਤ ਬਤਾਉ ਰੇ ।ਤੁਮ ਕੌਨ ਹੋ ਭਲਾ ਕਹਾਂ ਕੇ ਹੋ ।
ਰੂਪ ਅਨੋਖੇ ਤੌਰ ਅਵੈੜੇ ।ਨਾਜ਼ਕ ਚਾਲੀਂ ਮਨ ਮੋਹਣੀਆਂ ।
ਨਾਜ਼ ਨਜ਼ਾਕਤ ਹੁਸਨ ਮਲਾਹਤ ।ਸਾਹਿਬ ਸਭ ਸਾਮਾਨ ਕੇ ਹੋ ।
ਕਥੇ ਜਾਹਲ ਕੱਥ ਫ਼ਾਸਕ ਫ਼ਾਜਰ ।ਅਪਨਾ ਆਪ ਗਮਾਤੇ ਹੋ ।
ਕਥ ਆਰਫ ਕਥ ਅਹਿਲ ਹਕਾਇਕ ।ਵਾਕਫ਼ ਸਰ ਨਹਾ ਕੇ ਹੋ ।
ਕਿਬਲਾ, ਕਾਅਬਾ, ਮਸਜਦ, ਮੰਦਰ ।ਦੈਰ ਗਨੇਸ਼ ਸਭ ਤੁਝ ਮੇਂ ਹੈ ।
ਸੌਮ ਵ ਸਲਵਾਤ ਕੇ ਖ਼ੁਦ ਹੋ ਵਾਲੀ ।ਕਿਉਂ ਪਾਬੰਦ ਗੁਮਾਨ ਕੇ ਹੋ ।
ਗੈਰ ਤੁਮ੍ਹਾਰਾ ਮੁਹਜ ਮੁਹਾਲੇ ।ਇਸ ਜੱਗ ਮੇਂ ਅੋਰ ਇਸ ਜਰਾ ਮੇਂ ।
ਦੁਨੀਆਂ ਤੁਮ ਹੋ ਅਕਬਾ ਤੁਮ ਹੋ ।ਮਾਲਕ ਕੋਨੋ ਮਕਾਨ ਕੇ ਹੋ ।
ਵਾਅਜ਼ ਨਸੀਹਤ ਰਮਜ਼ ਫ਼ਰੀਦੀ ।ਸੋਚ ਸੰਜਾਣੋ ਦਮ ਦਮ ਸੇ ।
ਅਪਨੀ ਅਜ਼ਮਤ ਯਾਦ ਕਰੋ ।ਕਿਉਂ ਥਏ ਯੁਸਫ਼ ਜ਼ੰਦਾਨ ਕੇ ਹੋ ।

253. ਉਪਰਮ ਬੇਦ ਬਤਊਂ

ਉਪਰਮ ਬੇਦ ਬਤਊਂ ।ਮੈਂ ਅਗਿਆਨੀ ਕੋ ਗਿਆਨ ਸੁਨਾਊਂ ।
ਸੁਰਤ ਸਰੰਧ ਹਾਥ ਮੂੰ ਲੈਕਰ ।ਪਰੇਮ ਕੀ ਤਾਰ ਬਜਾਊਂ ।
ਪਾਂਚ ਸਖੀ ਮਿਲ ਰਾਮ ਦੁਵਾਰੇ ।ਸਤਗੁਰ ਕੇ ਜਸ ਗਾਊਂ ।
ਕੁੰਜ ਗਲੀ ਮੇਂ ਸ਼ਾਮ ਸੁੰਦਰ ਸੰਗ ।ਹੋਰੀ ਧੂਮ ਮਚਾਊਂ ।
ਮੀਤ ਚੀਤ ਪਚਕਾਰੀ ਮਾਰੂੰ ।ਪਰੀਤ ਗੁਲਾਲ ਉਡਾਊਂ ।
ਕਹਾਂ ਅਜੁਧਿਆ ਸਬਲ ਮਥਰਾਂ ।ਕਹਾਂ ਗੋਵਰਧਨ ਜਾਊਂ ।
ਲਛਮਨ ਰਾਮ ਕੱਨ੍ਹੀਆ ਕਲਗੀ ।ਆਪਣੇ ਆਪ ਮੂੰ ਪਾਊਂ ।
ਦੇਸੋਂ ਕਹਾਂ ਬਦੇਸ ਕੋ ਦੌੜੂੰ ।ਜੋਗ ਬਰਾਗ ਕਮਾਊਂ ।
ਸੂਰਜ ਚਾਦ ਕੋ ਸਨਮੁੱਖ ਰਾਖੂੰ ।ਸੁਨ ਸਮਾਧ ਲਗਾਊਂ ।
ਪੀਪਲ ਤੁਲਸੀ ਕਾਹੇ ਕੋ ਪੂਜੂੰ ।ਕਾਹੇ ਕੋ ਤੀਰਥ ਨ੍ਹਾਊਂ ।
ਔਰ ਸੇ ਕਾਨ ਫ਼ਰੀਦ ਨਾ ਮੇਰੋ ।ਆਤਮ ਦੇਵ ਮਨਾਊਂ ।

254. ਉਥ ਦਰਦ ਮੰਦਾ ਦੇ ਦੇਰੇ

ਉਥ ਦਰਦ ਮੰਦਾ ਦੇ ਦੇਰੇ ।ਜਥ ਕਰੜ ਕੰਡਾ ਬੋਈ ਢੇਰੇ ।
ਏਹ ਉਚੈ ਟਿੱਬੜੇ ਆਲੀ ।ਏ ਸੋਹਣੀ ਕੱਕੜੀ ਵਾਲੀ ।
ਹਿਨ ਮੁਸ਼ਤਾਕਾਂ ਦੇ ਵਾਲੀ ।ਬਿਆ ਕੌਨ ਕਦਮ ਇਥ ਫੇਰੇ ।
ਖਪ ਖ੍ਹਾਰਾਂ ਤੇ ਲਈ ਲਾਨੜੀ ।ਸਣ ਫੋਗ ਬਹੂ ਮਨ ਭਾਨੜੀ ।
ਥਲ ਟਿਬੇ ਡਹਰ ਟਕਾਨੜੀਂ ।ਹਰ ਭਿਟ ਭਿਟ ਨਾਲ ਬਸੇਰੇ ।
ਮਡ ਝੋਕਾਂ ਤੇ ਤੜ ਤਾਡੇ ।ਰਸ ਛੁੱਟੜੇ ਖੇਲਾ ਖ਼ਾਡੇ ।
ਵਾਹ ਤਕੀਆ ਗਾਹ ਅਸਾਡੇ ।ਹੁਣ ਹੋਵੇ ਕੌਨ ਨਖੇੜੇ ।
ਟਿਪ ਟੋਭੇ ਬਾਹੀਂ ਸੋਂਹਦੇ ।ਵਿੱਚ ਚਿਟਕੇ ਦਿਲ ਨੂੰ ਮੋਂਹਦੇ ।
ਜੀ ਹਰ ਵੇਲੇ ਪਿਆ ਲੋਂਹਦੇ ।ਹੈ ਹਰਦਮ ਹੋਵਨ ਨੇੜੇ ।
ਝੜ ਗਾਜਾਂ ਬਿਜਲੀਆ ਬਾਦਲ ।ਕਿਆ ਚਿੱਟੜੇ ਗੋਰੇ ਸਾਂਵਲ ।
ਸਿੱਕ ਸਾਵਲ ਕਰੇ ਉਬਾਹਲ ।ਲੱਡ ਹੋਤ ਵਸਿਮ ਆ ਵੇੜੇ ।
ਵਲ ਕੱਕੜੀਆਂ ਰੇਭੜ ਕਚਰੀਆਂ ।ਕਈ ਸਬਜ਼ ਮਤੀਰੇ ਖਖੜੀਆਂ ।
ਕਈ ਗਦਰੀਆਂ ਪੀਲੀਆਂ ਕੱਕੜੀਆਂ ।ਸ਼ਰਹੋਹੀ ਸੋਂਹਦੇ ਸਿਹਰੇ ।
ਖਸ਼ ਕਤਰਣ ਇਤਰੋਂ ਭਿੱਨੜੀ ।ਗਜ਼ਲਾਈ ਸਾਵੀ ਸਨੜੀ ।
ਖਾ ਸਾਗ ਪੋਸੀ ਦੀ ਫੁਨੜੀ ।ਨਿਭ ਵੈਂਦੇ ਵਕਤ ਸੁਖੇਰੇ ।
ਦਿਲ ਹਰ ਵੇਲੇ ਪਈ ਤਾਂਘੇ ।ਵੰਜ਼ ਡੇਖਾਂ ਮਾਲ ਦੇ ਲਾਂਘੇ ।
ਗਈਆਂ ਬਕਰੀਆਂ ਭੇਡਾਂ ਚਾਂਘੇ ।ਲੰਘ ਪੌਂਦਮ ਕਦਮ ਅਗੇਰੇ ।
ਸੁੰਜ ਵਾਹ ਅਸਾਡੀਆਂ ਝੋਕਾਂ ।ਸਣ ਕਮਲੇ ਕਰਦੇ ਟੋਕਾਂ ।
ਕੁਝ ਖ਼ਬਰ ਨਹੀਂ ਇਨਾਂ ਲੋਕਾਂ ।ਦਿਲ ਪੁਠੜੇ ਸਖ਼ਤ ਅਵੈੜੇ ।
ਬਠ ਸ਼ਹਿਰ ਬਜ਼ਾਰ ਇਮਾਰਤ ।ਬੇਵਾਹੀ ਬਿਰਹੋਂ ਬਸ਼ਾਰਤ ।
ਪਰ ਬੇਸ਼ਕ ਇਸ਼ਕ ਇਸ਼ਾਰਤ ।ਛੱਡ ਝਗੜੇ ਕੂੜੇ ਝੇੜੇ ।
ਥੀਆਂ ਰੋਹੀ ਮੇਂਘ ਮਲ੍ਹਾਰਾਂ ।ਕੁਲ ਗੁਲ ਗੁਲਜ਼ਾਰ ਬਹਾਰਾਂ ।
ਵਿੱਚ ਸੋਂਹਦੀਆਂ ਘੰਡ ਤਵਾਰਾਂ ।ਹਰ ਟੋਭੇ ਛਾਂਗਾ ਛੇੜੇ ।
ਸੋ ਕਰਰੇ ਕੰਡੜੇ ਕਾਠੀਆਂ ।ਲੱਖ ਡੂੰਗਰ ਔਖੀਆਂ ਘਾਟੀਆਂ ।
ਸਬ ਡੰਗੜੇ ਵੱਟੜੇ ਚਾਟੀਆਂ ।ਜਥ ਥੀਵਮ ਫ਼ਰੀਦ ਵਹੀਰੇ ।

255. ਵੈਂਦੀਂ ਵੱਲ ਕੇਚ ਡੋਂ

ਵੈਂਦੀਂ ਵੱਲ ਕੇਚ ਡੋਂ ।ਪੁੱਨਲ ਕੇਂਦੇ ਕਾਣ ।
ਜੈਦੀਂ ਸਾਂਵਲ ਰਲ ਮਿਲ ਮਾਣੂੰ ।ਸ਼ਹਿਰ ਭੰਭੋਰ ਸੁਹਾਣ ।
ਤੂੰ ਹੈ ਜੀਵਣ ਜੋਗਾ ਸਾਡੀ ।ਡੁੱਖੜੀ ਦਿਲ ਦਾ ਮਾਣ ।
ਨਾਜ਼ੋ ਅਦਾ ਦੀ ਜਾਨੀ ਲਾਇਓ ।ਜਾਨੀ ਜਿਗਰ ਵਿੱਚ ਕਾਣ ।
ਡਿੱਤੜੀ ਜਮਦੀਂ ਅਮੜੀ ਖੁਤੜੀ ।ਗਮ ਗੱਠੜੀ ਡੁੱਖ ਡਾਣ ।
ਈਂ ਜਗ ਊਂ ਜਗ ਮੋਈਂ ਜੀਂਦੀ ।ਹਾਂ ਤੈੱਡੜੀ ਜਾਣ ਨ ਜਾਣ ।
ਤੌਂ ਬਿਨ ਗਾਂਵਣ ਯਾਰ ਮੁੱਠੀ ਦੇ ।ਵੈਣ ਤੱਤੀ ਦੇ ਵਾਣ ।
ਜੇ ਡੇਂਹ ਭਲੜੇ ਮਿਤਰ ਵੀ ਭਲੜੇ ।ਹੈ ਮਸ਼ਹੂਰ ਅਖਾਣ ।
ਦਰਦ ਮੋਠਾ ਚਕ ਚੂੰਢੀਆਂ ਪਾਵੇ ।ਮਾਰਮ ਸੂਲ ਵਡਾਣ ।
ਲੇਲਾ ਮਜਨੂੰ ਹੀਰ ਜ਼ਲੈਖਾ ।ਸੈ ਲੁੜ੍ਹ ਗਏ ਹੈਂ ਘਾਣ ।
ਬਾਝੋਂ ਯਾਰ ਫ਼ਰੀਦ ਨਿਭਾਇਆ ।ਜੀਂਵ ਕੈਂਦੇ ਤਰਾਣ ।

256. ਵੈਸੋਂ ਸੰਝ ਸਬਾਹੀਂ

ਵੈਸੋਂ ਸੰਝ ਸਬਾਹੀਂ ।ਖ਼ਾਲੀ ਰਹਿਸਨ ਜਾਈਂ ।
ਪੱਖੀ ਪਰਦੇਸੀ ਉਭੇ ਸਰਦੇ ।ਦੋ ਦਿਨ ਦੇ ਖਲਕਾਈਂ ।
ਮੁਲਕ ਬੇਗਾਨਾ ਦੇਸ ਪਰਾਇਆ ।ਕੋਝੀਆਂ ਕੂੜ ਬਿਨਾਈਂ ।
ਨਾ ਕੋਈ ਸਾਥੀ ਨਾ ਕੋਈ ਸੰਗਤੀ ।ਕੈਨੂੰ ਦਰਦ ਸੁਨਾਈਂ ।
ਕਿਸਮਤ ਸਾਂਗੇ ਡਿੱਠਮ ਏ ਧਰਤੀ ।ਆਦਾ ਕੌਨ ਇਥਾਈਂ ।
ਹੁਸਨ ਨੱਗਰ ਡੋਂ ਥੀਵਮ ਰਵਾਨਾ ।ਯਾ ਰੱਬ ਤੋੜ ਪੁਰਾਈਂ ।
ਮੰਗਾਂ ਦੁਆਈਂ ਅੱਲਾ ਸਾਈਂ ।ਵਿੱਛੜਿਆ ਢੋਲ ਮਲਾਈਂ ।
ਇਸ਼ਕ ਫ਼ਰੀਦ ਬਹੂੰ ਡੁੱਖ ਡਿੱਤੜੇ ।ਬਿਛੀਆਂ ਬਿਰਹੋਂ ਬਲਾਈਂ ।

257. ਵਲ ਕਹੀਂ ਡੁਖੜੇ ਵੇ ਡੇਂਦੀ

ਵਲ ਕਹੀਂ ਡੁਖੜੇ ਵੇ ਡੇਂਦੀ ।ਸਾਂਵਲ ਦਿਲੜੀ ਬਰਮਾ ਗਿਉਂ ਸੋਹਣਾ ਯਾਰ ।
ਕੰਨੇ ਕੰਨੇ ਬੁੰਦੇ ਗਲ ਝਪ ਮਾਲਾ ।ਅਨਹਦ ਬੀਨ ਬਜਾ ਗਿਆ ਸੋਹਣਾ ਯਾਰ ।
ਰਾਵਲ ਜੋਗੀ ਸ਼ਾਹ ਹੁਸਨ ਦਾ ।ਪਰਮ ਜੜੀ ਜੁੜ ਲਾਗਿਓਂ ਸੋਹਣਾ ਯਾਰ ।
ਅੱਖੀਆਂ ਸਿਹਰੀ ਸਿਹਰ ਕਮਾਵਨ ।ਜਾਦੂ ਚੋਟ ਚਲਾ ਗਿਓਂ ਸੋਹਣਾ ਯਾਰ ।
ਸੋਜ਼ ਤਪਸ਼ ਮੌਜੂਦ ਹਮੇਸ਼ਾ ।ਭਾ ਬਿਰਹੋਂ ਭੜਕਾ ਗਿਓਂ ਸੋਹਣਾ ਯਾਰ ।
ਲਾ ਕਰ ਯਾਰੀ ਯਾਰ ਵਿਸਾਰਿਓ ।ਖੋਟ ਫਰੇਬ ਕਮਾ ਗਿਓਂ ਸੋਹਣਾ ਯਾਰ ।
ਕਲ੍ਹੜੀ ਛਡ ਕੇ ਕੇਚ ਸਿਧਾਇਓਂ ।ਪਰਭਤ ਰੋਹ ਰੁਲਾ ਗਿਓਂ ਸੋਹਣਾ ਯਾਰ ।
ਤੌਂ ਬਿਨ ਯਾਰ ਫ਼ਰੀਦ ਡੁਖਾਂ ਵਿਚ ।ਸੂਲੀਂ ਜਾਨ ਅੜਾ ਗਿਓਂ ਸੋਹਣਾ ਯਾਰ ।

258. ਵਲ ਵਸ ਵਸਾ ਓਹੇ ਟੋਲ ਵੇ

ਵਲ ਵਸ ਵਸਾ ਓਹੇ ਟੋਲ ਵੇ ।ਕਰ ਲਾਡ ਮਿੱਠੜਾ ਬੋਲ ਵੇ ।
ਹਰ ਵਕਤ ਸਾਂਵਲ ਢੋਲ ਵੇ ।ਪੀਆ ਹੋ ਅਸਾਡੜੇ ਕੋਲ ਵੇ ।
ਅਣ ਸੁਹੇਂਦੀ ਘੁੰਡੜੀ ਖੋਲ ਵੇ ।ਅਣ ਸੰਗ ਮੈਂ ਸੰਗ ਬੋਲ ਵੇ ।
ਅਤਹੋਂ ਨਾਜ ਦੇ ਟੁਕ ਟੋਲ ਵੇ ।ਲੱਖ ਲੱਖ ਅਲੋਲ ਮਖ਼ੌਲ ਵੇ ।
ਅਥਾਂ ਮੁੱਠੜੀ ਜਾਨ ਸੜੋਲ ਵੇ ।ਥਈ ਡੁੱਖੜੇਂਦੀ ਕਚਕੋਲ ਵੇ ।
ਕਿਆ ਡੁੱਖੜੀਂ ਲੱਧੜਮ ਗੋਲ ਵੇ ।ਥਏ ਚੂਰ ਜ਼ਿਰ੍ਹਾ ਤੇ ਖੋਲ ਵੇ ।
ਮਾਰਿਆ ਹੈ ਕਿਆ ਜੁੜ ਤੋਲ ਵੇ ।ਅਬਰੂ ਗੁਲੇਲ ਗਲੋਲ ਵੇ ।
ਪੈ ਹੋਸ ਦੇ ਵਿੱਚ ਭੋਲ ਵੇ ।ਜੀਰੇ ਅੰਦਰ ਸੌ ਪੋਲ ਵੇ ।
ਥਇਆ ਜਿਸਮ ਚੀਚੀ ਠੋਲ ਵੇ ।ਦਿਲ ਡਿੱਤੜੇ ਕਈ ਘਰ ਰੋਲ ਵੇ ।
ਜੇ ਏ ਫ਼ਰੀਦ ਦਾ ਡੌਲ ਵੇ ।ਇਹਾ ਟੋਰ ਤੇ ਏਹਾ ਜੋਲ ਵੇ ।
ਕਈ ਡੇਹ ਨ ਫੋਲਾ ਫੋਲ ਵੇ ।ਅਝੂੰ ਸ਼ਹਿਰੀਂ ਵੱਜਸਨ ਦੋਲ ਵੇ ।

259. ਵਸਲ ਹਿਜਰ ਯਕਸ

ਵਸਲ ਹਿਜਰ ਯਕਸ ।ਵਸਦਾ ਦੋਸਤ ਕਰੀਬ ਦਿਲੀਂਦੇ ।
ਅਲਵੀ ਸਿਫ਼ਲੀ ਯਾਰ ਦੀਆਂ ਝੋਕਾਂ ।ਖ਼ਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ ।
ਏ ਦਿਲ ਜਾਣ ਪਛਾਣ ।ਹਰ ਜਾ ਦੇਰੇ ਚਾਕ ਮਹੀਂ ਦੇ ।
ਡੁੱਖ ਡੁਹਾਗ ਤੇ ਬੈ ਹੁਜ਼ਨ ਮੇਂ ।ਸੁਖ ਸੁਹਾਗ ਤੇ ਮੁਲਕ ਅਮਨ ਮੇਂ ।
ਆਸ਼ਕ ਸਮੰਝ ਸੁੰਜਾਣ ।ਸਭ ਮਜ਼ਹਰ ਮੇਂ ਯਾਰ ਚਹੀਂਦੇ ।
ਚਾਕ ਬਬਾਣਾ ਮਨ ਨੂੰ ਭਾਣਾ ।ਤਨ ਮਨ ਉਸ ਦੇ ਰਾਹ ਵਿਕਾਣਾ ।
ਕਿਆ ਵਤ ਦੀਨ ਈਮਾਨ ।ਸ਼ਰਮ ਭਰਮ ਸਬ ਮਿਲਕ ਤਹੀਂਦੇ ।
ਇਸ਼ਕ ਫ਼ਰੀਦ ਤਸੱਰਫ਼ ਕੀਤਾ ।ਲਾਇਸ ਜੁੜ ਕਰ ਪਰਮ ਪਲੀਤਾ ।
ਸਬ ਸੂਰਤ ਸੁਬਹਾਨ ।ਜ਼ਾਹਰ ਅੱਖੀਆਂ ਨਾਲ ਡੱਸੀਂਦੇ ।

260. ਵਸੋ ਵੀ ਅੱਖੀਆਂ ਘਨਘੋਰਾਂ ਲਾਕੇ

ਵਸੋ ਵੀ ਅੱਖੀਆਂ ਘਨਘੋਰਾਂ ਲਾਕੇ ।
ਸਾਵਣ ਆਇਆ ਯਾਰ ਨ ਆਇਆ ।ਥਏ ਬਾਦਲ ਤੂਫ਼ਾਨ ਬਲਾ ਕੇ ।
ਆਵਣ ਕਹਿ ਗਏ ਵੱਲ ਨ ਆਏ ।ਦਿਲ ਨੂੰ ਮੁਫ਼ਤੀ ਚੋਟ ਚਲਾ ਕੇ ।
ਦਿਲ ਬਰਮਾਏ ਰਾਵਲ ਜੋਗੀ ।ਧੁਨ ਧੁਨ ਬੰਸੀ ਫੂਕ ਬਜਾ ਕੇ ।
ਇਤਨਾ ਜ਼ੁਲਮ ਮੁਨਾਸਬ ਨਾਹੀਂ ।ਪਹਿਲੋਂ ਅਪਨਾ ਯਾਰ ਬਣਾ ਕੇ ।
ਰੋਹ ਜਬਲ ਵਿੱਚ ਮਾਰੂ ਥਲ ਵਿੱਚ ।ਮਾਰੂ ਗਿਆ ਪਰਦੇਸ ਰੁਲਾ ਕੇ ।
ਮਾਰੂ ਮੁਲਕ ਮਲ੍ਹੇਰ ਦਾ ਮਾਲਕ ।ਲੱਡ ਨ ਜਾਵੀਂ ਝੋਕ ਵਸਾ ਕੇ ।
ਜੋਗਨ ਥੀਸਾਂ ਮੁਲਕ ਢੁੰਡੇਸਾਂ ।ਵੈਸਾਂ ਅੰਗ ਭੱਬੂਤ ਰਮਾ ਕੇ ।
ਅਲੜੇ ਜ਼ਖਮ ਨ ਚੂਲ ਪਪੀਹਾ ।ਸਾੜ ਨ ਕੋਇਲ ਕੂਕ ਸੁਣਾ ਕੇ ।
ਕਰਵਟੀਆਂ ਲੈ ਹੁੱਟ ਹੁੱਟ ਜਾਂਦੀ ।ਬੇਵੱਸ ਡੁੱਖੜੇ ਸੂਲ ਸੁਹਾ ਕੇ ।
ਤੁਮ ਬਿਛੜਤ ਮੋਹੇ ਚੈਨ ਨ ਆਵੇ ।ਪਾਪ ਮਟਾਉ ਅੰਗਨ ਸੁਹਾ ਕੇ ।
ਗਰਜਤ ਬਦਰਾ ਲਿਸ਼ਕਤ ਬਿਜਲੀ ।ਰਿਮ ਝਿਮ ਬਾਰਸ਼ ਜ਼ੋਰ ਘਟਾ ਕੇ ।
ਸਾਜਨ ਬਾਝ ਫ਼ਰੀਦ ਹੈ ਜੀਨਾ ।ਮੁਸ਼ਕਲ ਅੇਸੇ ਬਾਰ ਉਠਾ ਕੇ ।

261. ਵਤਨ ਬੇਗਾਨੇ ਵਲ ਨਹੀਂ ਆਵਣਾ

ਵਤਨ ਬੇਗਾਨੇ ਵਲ ਨਹੀਂ ਆਵਣਾ ।ਯਾਦ ਕੀਤਮ ਦਿਲਦਾਰ ।
ਕੋਲੇ ਰਹਿਸਾਂ ਮੂਲ ਨ ਸਹਿਸਾਂ ।ਹਿਜਰ ਦਾ ਬਾਰੀ ਬਾਰ ।
ਵਿਸਰਿਆ ਸਾਰਾ ਰਾਜ ਬਬਾਣਾ ।ਵਿਸਰ ਗਿਆ ਘਰ ਬਾਰ ।
ਭਾਣ ਮਣੇਸਾਂ ਮਾਣ ਨਭੇਸਾਂ ।ਘੋਲੇ ਆਰ ਵ ਯਾਰ ।
ਸੁਰਖੀ ਕਜਲ ਮੁਸਾਗ ਗਿਉਸੇ ।ਬਠ ਪਿਆ ਹਾਰ ਸਿੰਗਾਰ ।
ਪਾਰੋਂ ਡਿਸਦੀ ਝੋਕ ਸਜਨ ਦੀ ।ਕਿਉਂ ਰਹਿਸਾਂ ਉਰਵਾਰ ।
ਮੈਂ ਮਨਤਾਰੀ ਤੇ ਨੇਂਹ ਬਾਰੀ ।ਕਾਦਰ ਨੇਸਮ ਪਾਰ ।
ਬਠ ਪਈ ਸਿੰਧੜੀ ਕੀਤਮ ਮੂਲਾ ।ਮੁਲਕ ਮਲ੍ਹੇਰ ਮਲ੍ਹਾਰ ।
ਦੇਸ ਅਰਬ ਦਾ ਮੁਲਕ ਤਰਬਦਾ ।ਸਾਰਾ ਬਾਗ ਬਹਾਰ ।
ਰੋਹੀ ਰਾਵੇ ਰੋਹੀਂ ਰੁਲੇਸ ।ਨਸ ਗਿਆ ਕਰਹੂੰ ਕਤਾਰ ।
ਡੇਂਹ ਡੁਖਾਂ ਦਾ ਡੂੰਗਰ ਡਿਸਦਾ ।ਰਾਤ ਗਮਾਂ ਦੀ ਗ਼ਾਰ ।
ਸਾਂਵਣ ਆਇਆ ਰੋਹੀ ਵੁਠੜੀ ।ਬਾਰ ਥਈ ਗੁਲਜ਼ਾਰ ।
ਦਾਰ ਮਦਾਰ ਫਰੀਦ ਹੈ ਦਿਲ ਨੂੰ ।ਡੁਖੜੇ ਤਾਰੋ ਤਾਰ ।

262. ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ

ਵੇ ਤੂੰ ਸਾਂਵਲਾ ਨ ਮਾਰ ਨੈਨਾਂ ਦੇ ਤੀਰ ।
ਅੱਖੀਆਂ ਸ਼ਰ ਕਾਰਣ ਨਿਤ ਬੁਖੀਆਂ ।ਹਿਨ ਪਾਪੀ ਬੇ ਪੀਰ ।
ਜ਼ੁਲਫਾਂ ਮੁਸ਼ਕੀਂ ਬੰਨ੍ਹ ਬੰਨ੍ਹ ਡੇਵਨ ।ਦਿਲੜੀ ਕੂੰ ਤਅਜ਼ੀਰ ।
ਤੈਂਡੇ ਨਾਲ ਹੈ ਸਾਂਵਲ ਸੋਹਣਾ ।ਦਿਲ ਲਾਂਵਣ ਤਕਸੀਰ ।
ਨਾਜ਼ ਨਿਹੋਰੇ ਗਮਜ਼ੇ ਤੈਂਡੇ ।ਮਸਹਫ ਦੀ ਤਫ਼ਸੀਰ ।
ਕਾਕਲ ਪਣੀਆਂ ਨਾਂਗ ਵਰਾਧਾ ।ਡਿਠੜੀ ਚੜ੍ਹਮ ਸਰੀਰ ।
ਝੋਕਾਂ ਆਨ ਸਵਲੜੀਆਂ ਸੀਂਗਾ ।ਨੈਨ ਲੋੜ੍ਹੇਦੇ ਨੀਰ ।
ਪਾਹ ਹੰਬਾਹ ਉਗਾਰ ਗਈਂਦੇ ।ਮੈਂ ਲੇਖੇ ਅਕਸੀਰ ।
ਵੁਠ ਕਨੂੰ ਥਈ ਧਰਤੀ ਥਲੜੀ ।ਸਾਗੀ ਮੁਲਕ ਮਲ੍ਹੇਰ ।
ਰਲੜੇ ਸਜਨ ਸੁਹਾਵਣ ਥਲੜੇ ।ਕਾਰ, ਕਕੀ, ਕੀੜ ।
ਜੈਸਲਮੇਰ ਨਰਹਾਈ ਮਾਣੂੰ ।ਥੀ ਡੋਹੀਂ ਖੰਡ ਖੀਰ ।
ਥਲ ਚਤਰਾਂਗ ਅੰਦਰ ਮੇਂ ਸੱਸੀ ।ਬੇਲੀਂ ਬੇਟੀਂ ਹੀਰ ।
ਰੋਜ਼ ਅਜ਼ਲ ਦਾ ਤੈਂਡਾ ਸਾਡਾ ।ਮਾਲ ਮਵੈਸ਼ੀ ਸੀਰ ।
ਜਾਂਵਣ ਲਾਦਾ ਮਿਲਕ ਤੁਸਾਡਾ ।ਤਨ ਮਨ ਸੀਸ ਸਰੀਰ ।
ਕੋਝੀ ਕਮਲੀ ਤੈਡੇ ਨਾਂ ਦੀ ।ਨਾ ਕਰ ਯਾਰ ਕਰੀਰ ।
ਮੂੰਝਾਂ ਦੋਸਤ ਤੇ ਖੁਸ਼ੀਆਂ ਦੁਸ਼ਮਨ ।ਸੁਖ ਵੈਰੀ ਡੁਖ ਵੀਰ ।
ਜਾਨੀ ਜੋੜ ਚਲਇਓ ਕਾਨੀ ।ਸੰਧ ਸੰਧ ਦੇ ਵਿਚ ਪੀੜ ।
ਬਠ ਚੂਚਕ ਬਠ ਖੇੜੇ ਭੈੜੇ ।ਤੌਂ ਨਾ ਥੀ ਦਿਲਗੀਰ ।
ਡੇਹੋਂ ਡੇਂਹ ਕੋਰਾੜਾ ਥੀਵੇ ।ਵਾਹ ਸਿਕ ਦੀ ਤਾਸੀਰ ।
ਰੋ ਰੋ ਤੁਠਲੀ ਪਈਆਂ ਨਾਸੂਰਾਂ ।ਦਿਲ ਵਿਚ ਸੌ ਸੌ ਚੀਰ ।
ਉਰਿਆਨੀ ਦੀ ਖਲਅਤ ਮਿਲੜੀ ।ਸੁੰਜਬਰ ਦਾ ਜਾਗੀਰ ।
ਹੋ ਹੋ ਫਕੜੀ ਸ਼ਹਿਰ ਖਵਾਰੀ ।ਸਾਡੀ ਹੈ ਤੌਕੀਰ ।
ਗੌਸ ਕੁਤਬ ਸਬ ਤੌਂ ਤੂ ਸਦਕੇ ।ਕੌਨ ਫ਼ਰੀਦ ਫਕੀਰ ।

263. ਵਿੱਚ ਰੋਹੀ ਦੇ ਰਹਿੰਦੀਆਂ

ਵਿੱਚ ਰੋਹੀ ਦੇ ਰਹਿੰਦੀਆਂ ।ਨਾਜ਼ਕ ਨਾਜ਼ੋ ਜੱਟੀਆਂ ।
ਰਾਤੀਂ ਕਰਨ ਸ਼ਿਕਾਰ ਦਿਲੇਂ ਦੇ ।ਡੇਹਾਂ ਵਲੋੜਨ ਮੱਟੀਆਂ ।
ਗੁੱਝੜੇ ਤੀਰ ਚਲਾਵਨ ਕਾਰੀ ।ਸੈ ਸੈ ਦਿੱਲੜੀਆਂ ਫੱਟੀਆਂ ।
ਕਰ ਕਰ ਦਰਦਮੰਦਾਂ ਕੂੰ ਜ਼ਖਮੀ ।ਹੈ ਹੈ ਬਧਨ ਨ ਪੱਟੀਆਂ ।
ਛੇੜਨ ਭੇਡਾਂ ਬੱਕਰੀਆ ਗਾਈਂ ।ਲੇ ਲੇ ਗਾਬੇ ਕੱਟੀਆਂ ।
ਕਈ ਮਸਕੀਨ ਮੁਸਾਫਰ ।ਚੌੜ ਕੀਤੋ ਨੇ ਤਰੱਟੀਆਂ ।
ਧੂਈ ਦਾਰ ਫ਼ਕੀਰ ਥਿਉ ਸੇ ।ਫ਼ਖਰ ਵੱਡਾਈਆਂ ਸੱਟੀਆਂ ।
ਹਿਉਂ ਦਿਲਬਰ ਦੈ ਕੁਤੜੇ ਦਰ ਦੈ ।ਬਿਰਹੋਂ ਪਈਆਂ ਗਲ ਗੱਟੀਆਂ ।
ਮੂਝੇ ਫ਼ਰੀਦ ਮਜ਼ੀਦ ਹਮੇਸ਼ਾ ।ਅੱਜ ਕਲ੍ਹ ਖੁਸ਼ੀਆਂ ਘੱਟੀਆਂ ।

264. ਵਾਹ ! ਹਜਰਤ ਇਸ਼ਕ ਮਜਾਜ਼ੀ

ਵਾਹ ! ਹਜਰਤ ਇਸ਼ਕ ਮਜਾਜ਼ੀ ।ਸਬ ਰਾਜ ਰਮੂਜ਼ ਦੀ ਬਾਜ਼ੀ ।
ਸਭੋ ਸ਼ਾਹਦ ਅਸਲੀਂ ਜਾਣੀਂ ।ਹੈ ਵਾਹਦ ਪਰਮ ਕਹਾਣੀ ।
ਹੈ ਵਹਦਤ ਸਮੰਝ ਸੁੰਜਾਣੀ ।ਵਿੱਚ ਪਰਦੇ ਕਸਰਤ ਸਾਜ਼ੀ ।
ਕਰ ਰਫ਼ਾ ਮਲਾਲ ਕਦੂਰਤ ।ਟੁੱਕ ਸਮੰਝ ਸਜਣ ਬੇ ਸੂਰਤ ।
ਥਇਆਂ ਜ਼ਾਹਰ ਵਿੱਚ ਹਰ ਮੂਰਤ ।ਛੁੱਪ ਓਲੇ ਨੂਰ ਹਜਾਜ਼ੀ ।
ਸੁਣ ਹੁਸਨ ਅਜ਼ਲ ਦੀ ਚਾਲੀ ।ਸਬ ਨਾਜ਼ ਨਹੋਰੇ ਵਾਲੀ ।
ਕਿਥ ਖ਼ਾਲਕ ਖ਼ਲਕ ਦਾ ਵਾਲੀ ।ਕਿਥ ਆਬਦ ਰੀਤ ਨਿਆਜ਼ੀ ।
ਕਿਥ ਆਸ਼ਕ ਦਰਦ ਕਸ਼ਾਲੇ ।ਕਿਥ ਹੁਸਨ ਮਲਾਹਤ ਚਾਲੇ ।
ਥੀ ਹਰ ਸ਼ਿੰਗਾਰ ਡਖਾਲੇ ।ਖੁਸ਼ ਸੀਰਤ ਨਾਜ਼ ਨਵਾਜ਼ੀ ।
ਕਿਥ ਮੁਤਰਬ ਤੇ ਮੈਖਾਨੇ ।ਕਿਥ ਰਿੰਦੀ ਰਸਮ ਯਗਾਨੇ ।
ਕਿਥ ਸੌਮ ਸਲਵਾਤ ਅਜ਼ਾਨੇ ।ਕਿਥ ਜ਼ਾਹਦ ਨੇਕ ਨਮਾਜ਼ੀ ।
ਹੈ ਗ਼ੈਰੀਅਤ ਜ਼ੰਦੀਕੀ ।ਪਾ ਵਿਰਸਾ ਰੱਖ ਸਦੀਕੀ ।
ਕਰ ਜ਼ੁਹਦ ਜ਼ਹਾਦ ਹਕੀਕੀ ।ਬਣ ਮਰਦ ਮੁਅਲਾ ਗਾਜ਼ੀ ।
ਠੱਪ ਫ਼ਿਕਾ ਅਸੂਲ ਮਸਾਇਲ ।ਸੱਟ ਨਹਵੀ ਫ਼ੇਅਲ ਤੇ ਫ਼ਾਇਲ ।
ਬੱਠ ਇਲਮੀ ਬਹਸ ਦਲਾਇਲ ।ਹੈ ਫ਼ਕਰ ਫ਼ਕਤ ਜਾਂ ਬਾਜ਼ੀ ।
ਏ ਸਿਲਕ ਸਲੂਕ ਫ਼ਰੀਦੀ ।ਹੈ ਰੀਤ ਅਜਬ ਤੌਹੀਦੀ ।
ਪਰ ਜ਼ੌਕ ਲਜ਼ੀਜ਼ ਜਦੀਦੀ ।ਛੱਡ ਲੰਬਿੜ ਦੂਰ ਦਰਾਜ਼ੀ ।

265. ਵਾਹ ! ਵਾਹ!! ਦਿਲਬਰ ਦੀ ਯਾਰੀ

ਵਾਹ ! ਵਾਹ!! ਦਿਲਬਰ ਦੀ ਯਾਰੀ ।ਯਾਰੀ ਕਰਮ ਨ ਕਾਰੀ ।
ਥੀ ਰੁੱਖੜਾ ਰਖਮ ਬਰੀਤ ।ਨਾ ਪੁੱਛਦਾ ਹਾਲ ਹਕੀਕਤ ।
ਨਾ ਸੁਣਦਾ ਵੇਦਨ ਸਾਰੀ ।
ਮੈਂ ਮੁੱਠੜੀ ਡੁੱਖੜੀਂ ਕੁੱਠੜੀ ।ਸੈ ਤੀਰੀ ਗ਼ਮਦੀਂ ਚੁੱਟੜੀ ।
ਦਿਲ ਲੜੀ ਸੂਲਾਂ ਮਾਰੀ ।
ਨਾ ਡਿੱਠੜਮ ਮਿਠੜਾ ਮੱਖਣਾ ।ਗਿਆ ਸਾਂਵਨ ਸਾਫ਼ ਸਲੱਖਣਾ ।
ਗਈ ਮੌਸਮ ਚੇਤਰ ਬਹਾਰੀ ।
ਨਾ ਖੋਜ ਨਾ ਖੋਬ ਉਠਾਂ ਦੇ ।ਸਬ ਪਰਭਤ ਪੰਧ ਥਲਾਂ ਦੇ ।
ਦਿਲ ਰੁਲ ਰੁਲ ਰੋ ਰੋ ਹਾਰੀ ।
ਮੈਂ ਸਿੰਧਰੀ ਕੇਵੇਂ ਜਾਲਾਂ ।ਪਰਦੇਸ ਬੈਠੀ ਤਨ ਗਾਲਾਂ ।
ਥਏ ਰੋਹੀ ਡੇਂਹ ਮਲ੍ਹਾਰੀ ।
ਦਿਲ ਖੱਸਦਾ ਭੇਤ ਨ ਡਸਦਾ ।ਥੀ ਓਪਰਾ ਦੂਰੋਂ ਹੱਸਦਾ ।
ਲਾ ਹੂ ਹੂ ਸ਼ਹਿਰ ਖਵਾਰੀ ।
ਹਿੱਕ ਯਾਰ ਫ਼ਰੀਦ ਅਵੈੜਾ ।ਬਿਆ ਸੱਸ ਨਨਾਣ ਦਾ ਝੇੜਾ ।
ਪਈ ਪਲੜੇ ਮੁੰਝ ਮੁੰਝਾਰੀ ।

266. ਵਾਹ ਵਾਹ ਸੋਹਣੇ ਦਾ ਵਰਤਾਰਾ

ਵਾਹ ਵਾਹ ਸੋਹਣੇ ਦਾ ਵਰਤਾਰਾ ।ਹਰ ਸੂਰਤ ਵਿਚ ਕਰੇ ਉਤਾਰਾ ।
ਹਿਕ ਜਾ ਚਾਵੇ ਇਸ਼ਕ ਇਜਾਰਾ ।ਬਇ ਜਾ ਡੇਵੇ ਹੁਸਨ ਉਧਾਰਾ ।
ਓ ਮਾਲਕ ਮੈ ਅਦਨਾ ਸਗ ਦਾ ।ਹਰ ਸੂਰਤ ਵਿਚ ਮਿੱਠੜਾ ਲਗਦਾ ।
ਮੈ ਕਿਆ ਮੋਹ ਲੇਇਸ ਮਨ ਜਗਦਾ ।ਮਾਰੇਸ ਹਰ ਜਾ ਨਾਜ਼ ਨਕਾਰਾ ।
ਮੈਂ ਬੇ ਆਸ ਉਮੀਦ ਦਾ ਮਾਣਾ ।ਹਰ ਕਸ ਨਾਕਸ ਦੇ ਮਨ ਭਾਣਾ ।
ਦੋਸਤ ਅਵੈੜਾ ਯਾਰ ਇਆਣਾ ।ਹਰ ਇਕ ਦਿਲ ਕੂੰ ਲਗੇ ਪਿਆਰਾ ।
ਜੋ ਮੈਂ ਵਾਂਗ ਬੁਝਾਰਤ ਬੁਝਦਾ ।ਸੋ ਥੀਆ ਵਾਕਫ ਸਾਰੀ ਗੁਝ ਦਾ ।
ਹਰਗਿਜ਼ ਦਖ਼ਲ ਨਹੀਂ ਕਹੀਂ ਕੁਝਦਾ ।ਜਾਣ ਨਜ਼ਾਰਾ ਯਾਰ ਦਾ ਸਾਰਾ ।
ਚਰਣ ਗੁਰੁ ਦੇ ਸੀਸ ਨਵਾਈਂ ।ਜੋ ਆਖੇ ਚੁਮ ਅਖੀਆਂ ਚਾਈਂ ।
ਜੋਹਦ ਜਹਾਦ ਦਾ ਬਾਰ ਉਠਾਈਂ ।ਕਰਬ ਕਮਾਲ ਹੈਈ ਮਤਲਬ ਬਾਰਾ ।
ਥੀ ਗੁਰ ਪੀਰ ਦਾ ਚੇਲਾ ਸੱਚਾ ।ਨਾ ਹੋ ਕਦਮ ਹਟਾ ਕਰ ਕੱਚਾ ।
ਬਿਰਹੋ ਕੜਾਹ ਚੜਿਆ ਮੱਚ ਮੱਚਿਆ ।ਜਲ ਬਲ ਮਾਰ ਅਨਾ ਦਾ ਨਾਅਰਾ ।
ਜੋ ਕੋਈ ਰਖਸੀ ਐ ਗੁਨ ਚਾਰੇ ।ਜੋ ਰਾਤੀ ਜਗ ਜੋਗ ਜਗਾਰੇ ।
ਵੰਜ ਖੁਸ਼ ਵਸ ਸੀ ਸ਼ਾਮ ਦਵਾਰੇ ।ਰਹਿਸੀ ਜਗਤ ਸੌਂ ਨਿਆਰਾ ।
ਜਗਰਤ ਸੁਪਨਸ ਸਕੋਪਤ ਟੁਰੀਆ ।ਤੈਂਡੀ ਸੈਰ ਦੇ ਸਾਂਗੇ ਜੜਿਆ ।
ਜੈਂਦਾ ਪੀਰ ਸੰਜਾਨੋਂ ਥੁੜਿਆ ।ਫਿਰਸੀ ਥੀ ਚੌ ਗੁਠ ਆਵਾਰਾ ।
ਤੂੰ ਇਹ ਸਮਝ ਸੰਜਾਨ ਨ ਛੋੜੀਂ ।ਨਿਰਗੁਨ ਸਰਗੁਨ ਵਿਚ ਜਾ ਜੋੜੀਂ ।
ਆਪਣੇ ਆਪ ਤੂੰ ਮੂੰਹ ਨ ਮੋੜੀਂ ।ਸਬ ਹੈ ਰੂਪ ਸਰੂਪ ਤਿਹਾਰਾ ।
ਚਾਰੋਂ ਬੇਦ ਬਦਾਂਤ ਪੁਕਾਰਣ ।ਓਮ ਬ੍ਰਮ ਨਾਰਾਇਣ ਧਾਰਨ ।
ਆਤਮ ਉਤਮ ਸਰੂਪ ਸਧਾਰਨ ।ਦਵੈਤ ਫਰੀਦ ਹੈ ਜੂਠਾ ਲਹਿਰਾ ।

267. ਯਾਦ ਆਵਿਨ ਯਾਰ ਦੇ ਰਲੜੇ

ਯਾਦ ਆਵਿਨ ਯਾਰ ਦੇ ਰਲੜੇ ।ਨਿੱਤ ਪੌਵਨ ਕਰੂਪ ਕੁਲੱਲੜੇ ।
ਕਿਉਂ ਚੜ੍ਹਦੀ ਚੰਦਰੀ ਖਾਰੇ ।ਕਿਉਂ ਕਰਦੀ ਜ਼ੇਵਰ ਬਾਰੇ ।
ਜੇ ਜਾਨੀ ਹਿਜਰ ਦੇ ਵਾਰੇ ।ਏ ਨੇੜੇ ਸਖ਼ਤ ਸਵੱਲੜੇ ।
ਡੁੱਖ ਯਾਰ ਸੁਖਾਂ ਦੇ ਦੇਰਨ ।ਲਏ ਸੂਲਾਂ ਸੀਨੇ ਢੇਰਨ ।
ਮੂੰਹ ਕਾਲਾ ਨੀਲੇ ਪੈਰਿਨ ।ਵਾਹ ! ਹੋਤ ਪੁੱਨਲ ਦੇ ਭਲੜੇ ।
ਕਿਉਂ ਡੁਖੜੀ ਉੱਮਰ ਨਿਭਾਵਾਂ ।ਹਨ ਮੌਤ ਦਾ ਮੁਲਕ ਵਸਾਵਾਂ ।
ਵੰਜ ਗੋਰਸਤਾਨ ਸੁਹਾਵਾਂ ।ਬੱਠ ਜੀਵਣ ਕੂੜ ਤਸੱਲੜੇ ।
ਗਲ ਪੇਚ ਹਿਜਰ ਦੇ ਵਲੜੇ ।ਦਿਲ ਜ਼ਖਮ ਅਵੱਲੜੇ ਅੱਲੜੇ ।
ਇਹ ਨੇਂਹ ਲਾਵਣ ਦੇ ਭੱਲੜੇ ।ਪਏ ਮੈਂ ਮੁੱਠੀ ਦੇ ਪੱਲੜੇ ।
ਸਬ ਜ਼ੋਰ ਹਵਸ ਵਸ ਲਾਇਮ ।ਪਰ ਯਾਰ ਫ਼ਰੀਦ ਨ ਆਇਮ ।
ਗ਼ਮ ਦਰਦ ਅੰਦਰ ਸਰ ਪਾਇਮ ।ਕਰ ਆਪੇਂ ਗੱਲੜੇ ਗੱਲੜੇ ।

268. ਯਾਰ ਬਰੋਚਲ ਕਾਣ

ਯਾਰ ਬਰੋਚਲ ਕਾਣ ।ਰੁਲਦੀ ਰੋਹ ਡੂੰਗਰ ਵਿਚ ।
ਲਾਇਸ ਜੁੜ ਕਰ ਬਾਣ ।ਦਿਲੜੀ, ਜਾਨ, ਜਿਗਰ ਵਿਚ ।
ਸੇਂਗੀਆਂ ਸੁਰਤੀਆਂ ਕੰਥ ਰਿਝਾਇਆ ।ਅਪਨੇ ਅਪਨੇ ਢੋਲ ਕੂੰ ਪਾਇਆ ।
ਮੈਕੂੰ ਮੈਡਰੇ ਮਾਂਣ ।ਰੋਲਿਆ ਸੁੰਜੜੇ ਬਰੋਚ ।
ਯਾਰ ਨ ਪਾਵਾਂ ਬਾਰ ਉਠਾਵਾਂ ।ਨੀਰ ਵਹਾਵਾਂ ਗਾਵਣ ਗਾਵਾਂ ।
ਰੱਖ ਰੱਖ ਵੈਣ ਦੀ ਵਾਣ ।ਹਰ ਕੂਚੇ ਘਰ ਘਰ ਵਿਚ ।
ਰੇਤ ਤੱਤੀ ਪਿਆ ਡੁਖੜੇ ਘਾਟੇ ।ਖੁੜ ਬਣ ਖੋਬ ਗਪਾਟੇ ਘਾਟੇ ।
ਸੱਟ ਗਿਆ ਜਾਣ ਪਛਾਣ ।ਕਾਨੀ ਮਾਰ ਅੰਦਰ ਵਿਚ ।
ਹੁਸਨ ਹਕੀਕੀ ਨੂਰੇ ਹਜਾਜ਼ੀ ।ਖੇਡੇ ਨਾਜ਼ ਨਿਆਜ ਦੀ ਬਾਜ਼ੀ ।
ਸਿਦਕੋ ਸਮਝ ਸਿੰਜਾਣ ।ਆਇਆ ਕੋਟ ਸ਼ਹਿਰ ਵਿਚ ।
ਰਾਹ ਅਵਲੜੇ ਔਖੀਆਂ ਘਾਟੀਆਂ ।ਚੁਭਦੇ ਕਕਰੇ ਕੰਡਰੇ ਕਾਠੀਆਂ ।
ਮਾਰਮ ਸੂਲ ਵਡਾਨ ।ਆਇਮ ਜ਼ੁਲਮ ਕਹਿਰ ਵਿਚ ।
ਪਹਿਲੇ ਡੇਂਹ ਦੀ ਕਿਸਮਤ ਫੁਟੜੀ ।ਜਮਦੇ ਵੇਲੇ ਅਮੜੀ ਮੁਠੜੀ ।
ਡਿਤੜਾ ਡੁਖ ਦਾ ਡਾਣ ।ਲੋੜ੍ਹੇਸ ਬਿਰਹੋ ਬਰਵਿਚ ।
ਦਰਦ ਫ਼ਰੀਦ ਹਮੇਸ਼ਾ ਹੋਵੇ ।ਸਾਰੇ ਪਾਪ ਦੂਈ ਦੇ ਧੋਵੇ ।
ਰਹਿੰਦੀ ਤਾਂਘ ਤੇ ਤਾਣ ।ਪਹੁੰਚਾਂ ਪ੍ਰੇਮ ਨਗਰ ਵਿਚ ।

269. ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ

ਇਸ਼ਕ ਤੇ ਬਾਹਿ ਬਰੋਬਰ, ਇਸ਼ਕ ਦਾ ਤਾ ਤਖੇਰਾ ।
ਬਾਹਿ ਸੜੇਂਦੀ ਕੱਖ ਕਾਨੇ ਨੂੰ, ਇਸ਼ਕ ਸੜੇਂਦਾ ਜੇਅੜਾ ।
ਬਾਹਿਰ ਸਾਮੇ ਨਾਲ ਪਾਣੀ ਦੇ,ਇਸ਼ਕ ਦਾ ਦਾਰੂ ਕਿਹੜਾ ।
ਯਾਰ ਮੈਡੇ ਉਥੇ ਚਾਹਿ ਨਾ ਰੱਖੀਂ, ਜਿੱਥੇ ਇਸ਼ਕ ਲਾਇੰਦਾ ਡੇਰਾ ।

ਯਾਰ ਡਾਢੀ ਇਸ਼ਕ ਆਤਿਸ਼ ਲਾਈ ਹੈ ।
ਸਾਨੂੰ ਲੱਗ ਗਈ ਬੇਅਖ਼ਤਿਆਰੀ,
ਸੀਨੇ ਦੇ ਵਿਚ ਨਾ ਸਮਾਈ ਹੈ ।

ਹੁਲਹੁਲਾ ਕੇ ਇਸ਼ਕ ਜੁ ਆਇਆ ।
ਮੁਹਬਤ ਡਾਢਾ ਸ਼ੋਰ ਮਚਾਇਆ ।
ਥਾਂ ਥਾਂ ਨਾਚ ਨਚਾਈ ਹੈ ।

ਇਸ਼ਕ ਚੁਆਇਆ ਮੈਂ ਸਰ ਚਾਈ ।
ਸ਼ਰਮ ਹਯਾ ਪਹਿਲੇ ਸੱਟ ਲਿਆ ਈ ।
ਇਸ਼ਕ ਨੂੰ ਮਲਾਮਤ ਲਾਈ ਹੈ ।

ਇਸ਼ਕ ਅਵੇੜਾ ਬਹਣ ਨਾ ਦੇਂਦਾ ।
ਥੀ ਗਦਾਗਰ ਮਸਤ ਕਰੇਂਦਾ ।
ਘਟੀ ਘਟੀ ਚਾ ਮੰੰਗਾਈ ਹੈ ।

270. ਯਾਰ ਕੂੰ ਕਰ ਮਸਜੂਦ

ਯਾਰ ਕੂੰ ਕਰ ਮਸਜੂਦ ।ਛਡ ਡੇ ਬਿਉ ਮਅਬੂਦ ।
ਹਰ ਸੂਰਤ ਵਿਚ ਯਾਰ ਕੂੰ ਜਾਣੀ ।ਗੈਰ ਨਹੀਂ ਮੌਜੂਦ ।
ਸਭ ਦਾਦ ਕੂੰ ਸਮਝੀ ਵਾਹਦ ।ਕਸਰਤ ਹੈ ਮਫਕੂਦ ।
ਫਖਰੁਦੀਨ ਮਿਠਲ ਦੇ ਸ਼ੌਕੋਂ ।ਦਮ ਦਮ ਨਿਕਲਮ ਦੂਦ ।
ਵਸਲ ਫ਼ਰੀਦ ਕੂੰ ਹਾਸਲ ਹੋਇਆ ।ਜਬ ਹੋ ਗਿਆ ਨਾਬੂਦ ।

271. ਯਾਰ ਕੁਰਾੜਾ ਹਾਲ ਵੇ

ਯਾਰ ਕੁਰਾੜਾ ਹਾਲ ਵੇ ।ਸਾਨੂੰ ਮਾਰ ਨ ਤਾਅਨੇ ।
ਸਾਂਗ ਸੰਜੋਕ ਰਲਾਏ ਕਿਸਮਤ ।ਸਾਂਗੇ ਦੋਸਤ ਬਗਾਨੇ ।
ਜਾਂ ਜਾਂ ਸੂੰਹ ਬਣਾਂਵਾਂ ।ਤਾਂ ਤਾਂ ਡਿੱਸਦੇ ਦੂਰ ਟਿਕਾਨੇ ।
ਆਵਣ ਕਾਣ ਨ ਮੰਗਨੀਂ ਦਿੱਲੜੀ ।ਕੱਚੜੇ ਕਰਨ ਬਹਾਨੇ ।
ਬੇ ਦਰਦਾਂ ਦੀ ਪਰੀਤ ਨ ਭਲੀ ।ਮੁਲਾ ਮੌਤ ਕੂੰ ਆਨੇ ।
ਰੋਵਾਂ ਰੋ ਰੋ ਲੋਕ ਸੁਣਾਵਾਂ ।ਜੀ ਨ ਆਂਵਿਮ ਖਾਨੇ ।
ਕੋਈ ਆਖੇ ਮਨ ਮਚਲ ਕੂੜੀ ।ਕੋਈ ਆਖੇ ਦੀਵਾਨੇ ।
ਸੂਲੀਂ ਨਾਲ ਸੁੰਜੇਦੇ ਜਾਲੇ ।ਸੰਜ ਸਬਾਹ ਗੁਜ਼ਰਾਨੇ ।
ਆਂਵੀਂ ਦੇਰ ਨ ਲਾਂਵੀ ਮਾਹੀ ।ਜਿੰਦ ਡੂੰ ਢੈਂਦੀ ਮਹਿਮਾਨੇ ।
ਇਸ਼ਵੇ ਗ਼ਮਜ਼ੇ ਨਾਜ਼ ਨਹੋਰੇ ।ਕਿਆ ਕਿਆ ਹੁਸਨ ਦਾ ਸ਼ਾਨੇ ।
ਜੋ ਹੈ ਸ਼ਾਨ ਫ਼ਰੀਦ ਦੀ ਸਾਰੀ ।ਮਾਰਣ ਦਾ ਸਾਮਾਨੇ ।

272. ਯਾਰ ਸਪਾਹੀੜਾ ਆ ਵਸ ਮਾਡਰੋ ਕੋਲ

ਯਾਰ ਸਪਾਹੀੜਾ ਆ ਵਸ ਮਾਡਰੋ ਕੋਲ ।
ਇਕ ਲਖ ਡੇਂਦੀ ਡੋ ਲਖ ਡੇਸਾਂ ।ਹਿਕ ਵਾਰੀ ਚਾ ਬੋਲ ।
ਪਹਿਲੋਂ ਦੇ ਕਰ ਬਾਹ ਸਿਰਾਂਦੀ ।ਸਾਵਲ ਯਾਰ ਨ ਰੋਲ ।
ਨੈਂ ਸਾਂਵਣ ਦੀ ਮੈ ਮਨਤਾਰੀ ।ਸੈ ਛੋਲੀਆਂ ਲਖ ਝੋਲ ।
ਯਾਰ ਚਹੇਂਦਾ ਮਾਣ ਮਹੀਂਦਾ ।ਆਵਸ ਮਾਡਰੇ ਕੋਲ ।
ਸਾਵਲਿਆਂ ਦੇ ਨੈਨ ਸਲੋਨੜੀ ।ਕਜਲੇ ਦੇ ਟਕ ਟੋਲ ।
ਪਾਪਨ ਚਕਵੀ ਕਰ ਕਰ ਚੀਕਾਂ ।ਅਲ੍ਹੜੇ ਜ਼ਖਮ ਨ ਚੋਲ ।
ਮਰ ਮਰ ਜਾਂਦੀ ਰਸਕ ਨ ਸਹਿੰਦੀ ।ਦਿਲੜੀ ਸਖਤ ਸੜੋਲ ।
ਬੈਨੇ ਬੋਂਲੇ ਬੇਂਸਰ ਵਿਸਰੇ ।ਗਏ ਨੂਰੇ ਰਮਝੌਲ ।
ਨਖਰੇ ਨਾਜ਼ ਨਹੋਰੇ ਹਰਦਮ ।ਬਿਆ ਬਿਆ ਕਰਨ ਅਲੋਲ ।
ਔਗਨ ਹਾਰੀ ਨਾਸਕ ਕੰਮ ਦੀ ।ਸੋਹਣਾ ਐਬ ਨ ਫੋਲ ।
ਸਮਝ ਫ਼ਰੀਦ ਨ ਥੀ ਗਮਵਾਸੂ ।ਅੱਲਾ ਮਿਲੇਸਮ ਢੋਲ ।

273. ਜ਼ਾਨਤ ਫੇਲਨ ਕੁਲ ਸ਼ੈ ਬਾਤਲ

ਜ਼ਾਨਤ ਫੇਲਨ ਕੁਲ ਸ਼ੈ ਬਾਤਲ ।ਹਕ ਹੈ ਫਾਇਲ ਬਿਉ ਸਭ ਆਤਲ ।
ਜ਼ੌਕ ਵਗਈਂ ਤੌਰ ਅਕਲ ਦੇ ।ਭਟ ਘਤ ਕੂੜੀ ਬਹਿਸ ਦਲਾਇਲ ।
ਉਠਦੀਂ ਬਹਿੰਦੀਂ ਟੁਰਦੀਂ ਫਿਰਦੀਂ ।ਨ ਹੋ ਜ਼ਾਹਲ ਨ ਥੀ ਗਾਫਲ ।
ਗੈਰ ਮੁਹਾਲੇ ਵੈਰ ਖਿਆਲੇ ।ਹਰ ਹਿਕ ਡੂੰ ਰਖ ਗਫਤ ਸ਼ਾਮਲ ।
ਸਾਡਾ ਹੈ ਮਹਬੂਬ ਦਿਲੇਂਦਾ ।ਜੋ ਕੋਈ ਹੈ ਤੌਹੀਦ ਦਾ ਕਾਇਲ ।
ਇਲਮ ਹਕਾਇਕ ਦਾ ਹੈ ਲਾਇਕ ।ਨਫਸ ਮੁਜ਼ਕੀ ਮਾਦਾ ਕਾਬਲ ।
ਬਾਝ ਮੁਹਬਤ ਜਾਣ ਬਰਾਬਰ ।ਕਿਆ ਨਾਤਕ ਕਿਆ ਨਾਹਕ ਸਾਹਲ ।
ਇਬਨੁਲ ਅਰਬੀ ਦੀ ਰਖ ਮਿੱਲਤ ।ਠਪ ਰਖ ਫਿਕਾ ਅਸੂਲ ਮਸਾਇਲ ।
ਬਹਿ ਕਰ ਕਲ੍ਹੜੀਂ ਰਮਜ਼ ਸੁਝਾਈ ।ਪੀਰ ਮਕਮਲ ਆਰਫ ਕਾਮਲ ।
ਵਜ੍ਹਾ ਅੱਲਾ ਫਰੀਦ ਹੈ ਬਾਕੀ ।ਬਾਕੀ ਹਾਲਕ ਜ਼ਾਹਕ ਜ਼ਾਹਲ ।

  • Previous......(151-200)
  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ