Kafian : Khwaja Ghulam Farid

ਕਾਫ਼ੀਆਂ : ਖ਼ਵਾਜਾ ਗ਼ੁਲਾਮ ਫ਼ਰੀਦ

151. ਮੈਕੂੰ ਕਲ੍ਹੜਾ ਛੋੜ ਤੇ

ਮੈਕੂੰ ਕਲ੍ਹੜਾ ਛੋੜ ਤੇ ।ਵੈਂਦੀ ਕੈਂਦੇ ਸਾਂਗ ।
ਕਤਰਾ ਮਹੇਜ ਕਕੇਸ ਨ ਆਇਓ ।ਲਾਇਓ ਹਿਜਰ ਦੀ ਸਾਂਗ ।
ਥਲ ਮਾਰੂ ਦਾ ਪੈਂਡਾ ਸਾਰਾ ।ਥੀਸਮ ਹਿਕ ਪਲ੍ਹਾਂਗ ।
ਜੇ ਤੈਂ ਨਾਸੀ ਦਿਲ ਵਿਚ ਸਾਹਿਮ ।ਰਹਸਮ ਤੈਡੜੀ ਤਾਂਗ ।
ਜਾਵਣ ਲਾਦੀ ਬਿਰਹੋਂ ਸਣਾਇਮ ।ਕੱਨੀਂ ਡੁਖਾਂਦੀ ਬਾਂਗ ।
ਸਦਕੇ ਕੀਤੇ ਹੈਂ ਨੇਂਹ ਕੋਲਹੂੰ ।ਖਾਵਮ ਕਾਲੜਾ ਨਾਂਗ ।
ਛੋਟੇ ਵਕਤ ਕਵਾਰੇ ਵੇਲੇ ।ਲਗਰਮ ਤੈਡੜਾ ਦਾਂਗ ।
ਮੈਂ ਹਾਂ ਕੇੜ੍ਹੇ ਬਾਗ ਦੀ ਮੂਲੀ ।ਕਈ ਰਲ ਮੋਏ ਮੈਂ ਵਾਂਗ ।
ਘੁਮਰ ਘੇਰ ਫਰੀਦ ਕਪਰਦੇ ।ਨ ਤਿੜ ਰਿਸਮ ਨ ਟਾਂਗ ।

152. ਮੈਂ ਤਾਂ ਤੈਕੂੰ ਮਿਨਤਾਂ ਕਰਦੀ

ਮੈਂ ਤਾਂ ਤੈਕੂੰ ਮਿਨਤਾਂ ਕਰਦੀ ।ਸਾਂਵਲ ਅਸਾਂ ਵਲ ਭਾਲ ।
ਵਾਹ ਗਮਜ਼ੇ ਵਾਹ ਨਾਜ਼ ਚਬੋਲੇ ।ਵਾਹ ਨਖਰੇ ਵਾਹ ਤਿਲਕ ਤਿਲੋਲੇ ।
ਵਾਹ ਜ਼ੁਲਫਾ ਵਾਹ ਖ਼ਾਲ ।
ਥੀ ਕਰ ਦਾਮ ਦਿਲੀਂ ਨੂੰ ਵੰਗਨ ।ਥੀ ਕਰ ਨਾਂਗ ਜਿਗਰ ਨੂੰ ਡੰਗਨ ।
ਅਤਰੋਂ ਭਿਨੜੇ ਵਾਲ ।
ਜੈਂ ਡੇਂਹ ਯਾਰ ਅਸਾਂ ਤੋਂ ਰੁਠੜੇ ।ਬਨ ਪਏ ਡੋਰੇ ਮਲਮਲ ਪੁਠੜੇ ।
ਜਰ ਜਰ ਜਰ ਬੋਘ ਤੇ ਆਲ ।
ਭਾਵਿਨ ਮੂਲ ਨ ਬਾਝ ਸਜਨ ਦੇ ।ਕਪੜੇ ਨਾਜ਼ਕ ਵਨੜੋ ਵਨੜ ਦੇ ।
ਜ਼ੇਵਰ ਆਲੋ ਆਲ ।
ਦਰਦ ਫਰਾਕ ਦੀ ਚਾਲ ਅਸਾਡੀ ।ਸੁੰਜਰੀ ਬਟੜੀਂ ਜਾਲ ਅਸਾਡੀ ।
ਬੇ ਵਾਹੀ ਦਾ ਹਾਲ ।
ਇਤਨਾ ਜ਼ੁਲਮ ਮੁਨਾਸਬ ਨਹੀਂ ।ਰੋ ਰੋ ਪਿੱਟ ਪਿੱਟ ਕਰ ਕਰ ਧਾਈਂ ।
ਗੁਜ਼ਰ ਗਏ ਸੈ ਸਾਲ ।
ਯਾਰ ਫਰੀਦ ਨਾ ਰੁਲਾ ਡੇਸਮ ।ਓੜਕ ਸਡ ਕਰ ਕੋਲ ਬਲ੍ਹੇਸਮ ।
ਹੈ ਸੋਹਣਾ ਲਜਪਾਲ ।

153. ਮਾਰੂ ਮਿਠਲ ਵਲ ਮੁਖੜਾ ਛੁਪਾਇਆ

ਮਾਰੂ ਮਿਠਲ ਵਲ ਮੁਖੜਾ ਛੁਪਾਇਆ ।ਡੁਖੜੀਂ ਡੁਖਾਇਆ ਦਰਦੀ ਮੁੰਝਾਇਆ ।
ਤਾਂਘੀ ਤਪਾਇਆ ਮੁੰਝੀ ਮੁਸਾਇਆ ।ਸੂਲੀ ਸਤਾਇਆ ਨੇੜ੍ਹੇ ਹਰਾਇਆ ।
ਆਤਣ ਨ ਭਾਵਾਂ ਸੰਗੀਨ ਰੋਵਾਇਆ ।ਧੋਤੀ ਦਾ ਵੇੜਾ ਢੋਲਣ ਪਰਾਇਆ ।
ਸੋਜੜੀ ਸੱਸੀ ਨੂੰ ਜਲਬੀ ਰੁਲਾਇਆ ।ਹੈ ਹੈ ਪੁਨਲ ਵਲ ਫੇਰਾ ਨ ਪਾਇਆ ।
ਪੂਰੀ ਪਰਾਈ ਦਿਲੜੀ ਨੂੰ ਤਾਇਆ ।ਪੀੜੀ ਪੁਰਾਣੀ ਮੁਖੜਾ ਵੰਜਾਇਆ ।
ਖ਼ੁਸ਼ੀਆਂ ਵਿਹਾਣੀਆਂ ਸਾਂਵਲ ਸਿਧਾਇਆ ।ਗਲ ਗਿਆ ਫਰੀਦਾ ਜੋਬਨ ਅਜਾਇਆ ।

154. ਮਤਾਂ ਮਨ ਮਾਂਦਾ ਥੀਵੇ

ਮਤਾਂ ਮਨ ਮਾਂਦਾ ਥੀਵੇ ।ਪੁਨਲ ਨਾ ਥੀ ਧਾਰ ।
ਸਾਂਵਣ ਡੇਂਹ ਸੁਹਾਗ ਦੇ ।ਹਰਦਮ ਮੇਂਘ ਮਲ੍ਹਾਰ ।
ਰਲ ਕਰ ਸਾਥ ਗੁਜ਼ਾਰੂੰ ।ਜੋਭਨ ਦੇ ਦਿਨ ਚਾਰ ।
ਮੌਤ ਸੁਣੇਂਦੀ ਸਵਲੀ ।ਵੰਜਣਾ ਵਾਰੋ ਵਾਰ ।
ਚੇਤਰ ਬਹਾਰ ਸੁਹਾਊਂ ।ਕਰ ਕੇ ਹਾਰ ਸਿੰਗਾਰ ।
ਪਲਹਰ ਪਾਨੀ ਪੀਊਂ ।ਥੀਆ ਥਲ ਬਾਗ ਬਹਾਰ ।
ਖ਼ੁਸ਼ ਥੀ ਨੇਂਹ ਨਿਭਾਵਨ ।ਰੁਸ ਨਾ ਸਾਂਵਲ ਯਾਰ ।
ਤੌਂ ਬਿਨ ਜੀਵਣ ਔਖਾ ।ਡੁਖੜੇ ਤਾਰੋ ਤਾਰ ।
ਯਾਰ ਫ਼ਰੀਦ ਨ ਵਿਸਰੇ ।ਦਿਲ ਕੀਤਮ ਲਾਚਾਰ ।

155. ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ

ਮੈਡਾ ਇਸ਼ਕ ਵੀ ਤੂੰ ਮੈਡਾ ਯਾਰ ਵੀ ਤੂੰ ।ਮੈਡਾ ਦੀਨ ਵੀ ਤੂੰ ਈਮਾਨ ਵੀ ਤੂੰ ।
ਮੈਡਾ ਜਿਸਮ ਵੀ ਤੂੰ ਮੈਡਾ ਰੂਹ ਵੀ ਤੂੰ ।ਮੈਡਾ ਕਲਬ ਵੀ ਤੂੰ ਜਿੰਦ ਜਾਨ ਵੀ ਤੂੰ ।
ਮੈਡਾ ਕਾਅਬਾ ਕਿਬਲਾ ਮਸਜਦ ਮੰਦਰ ।ਮਸਹਫ ਤੇ ਕੁਰਾਨ ਵੀ ਤੂੰ ।
ਮੈਡੇ ਫ਼ਰਜ਼ ਫ਼ਰੀਜ਼ੇ ਹੱਜ ਜ਼ਕਵਾਤਾਂ ।ਸੌਮ ਸੁਲਵਾਤ ਇਜਾਨ ਵੀ ਤੂੰ ।
ਮੈਡੀ ਜੁਹਦ ਇਬਾਦਤ ਤਾਇਤ ਤੱਕਵਾ ।ਇਲਮ ਵੀ ਤੂੰ ਇਰਫ਼ਾਨ ਵੀ ਤੂੰ ।
ਮੈਡਾ ਜ਼ਿਕਰ ਵੀ ਤੂੰ ਮੈਡਾ ਫ਼ਿਕਰ ਵੀ ਤੂੰ ।ਮੈਡਾ ਜ਼ੌਕ ਵੀ ਤੂੰ ਵਜਦਾਨ ਵੀ ਤੂੰ ।
ਮੈਡਾ ਸਾਂਵਲ ਮਿੱਠੜਾ ਸ਼ਾਮ ਸਲੋਨਾ ।ਮਨ ਮੋਹਨ ਜਾਨਾਨ ਵੀ ਤੂੰ ।
ਮੈਡਾ ਮੁਰਸ਼ਦ ਹਾਦੀ ਪੀਰ ਤਰੀਕਤ ।ਸ਼ੇਖ਼ ਹਕਾਇਕਦਾਨ ਵੀ ਤੂੰ ।
ਮੈਡਾ ਆਸ ਉਮੀਦ ਤੇ ਖੱਟਿਆ ਵਟਿਆ ।ਤੱਕੀਆ ਮਾਣ ਤੇ ਤਰਾਣ ਵੀ ਤੂੰ ।
ਮੈਡਾ ਧਰਮ ਵੀ ਤੂੰ ਮੈਡਾ ਭਰਮ ਵੀ ਤੂੰ ।ਮੈਡਾ ਸ਼ਰਮ ਵੀ ਤੂੰ ਮੈਡਾ ਸ਼ਾਨ ਵੀ ਤੂੰ ।
ਮੈਡਾ ਡੁੱਖ ਸੁੱਖ ਰੋਵਣ ਖਿਲਣ ਵੀ ਤੂੰ ।ਮੈਡਾ ਦਰਦ ਵੀ ਤੂੰ ਦਿਰਮਾਨ ਵੀ ਤੂੰ ।
ਮੈਡਾ ਖ਼ੁਸ਼ੀਆਂ ਦਾ ਅਸਬਾਬ ਵੀ ਤੂੰ ।ਮੈਡੇ ਸੂਲਾ ਦਾ ਸਾਮਾਨ ਵੀ ਤੂੰ ।
ਮੈਡਾ ਹੁਸਨ ਤੇ ਭਾਗ ਸੁਹਾਗ ਵੀ ਤੂੰ ।ਮੈਡਾ ਬਖ਼ਤ ਤੇ ਨਾਮੋ ਨਿਸ਼ਾਨ ਵੀ ਤੂੰ ।
ਮੈਡਾ ਦੇਖਣ ਭਾਲਣ ਜਾਚਣ ਜੂਚਣ ।ਸਮਝਨ ਜਾਣ ਸੰਜਾਣ ਵੀ ਤੂੰ ।
ਮੈਡੇ ਠੰਡੜੇ ਸਾਹ ਤੇ ਮੂੰਝ ਮੁੰਝਾਰੀ ।ਹੰਜਣੂ ਦੇ ਤੂਫ਼ਾਨ ਵੀ ਤੂੰ ।
ਮੈਡੇ ਤਿਲਕ ਤਲੋਲੇ ਸੇਧਾਂ ਮਾਂਗਾਂ ।ਨਾਜ਼ ਨਿਹੋਰੇ ਤਾਣ ਵੀ ਤੂੰ ।
ਮੈਡੀ ਮਹਿੰਦੀ ਕੱਜਲ ਮਸਾਗ ਵੀ ਤੂੰ ।ਮੈਡੀ ਸੁਰਖ਼ੀ ਬੀੜਾ ਪਾਨ ਵੀ ਤੂੰ ।
ਮੈਡਾ ਵਹਸ਼ਤ ਜੋਸ਼ ਜਨੂੰਨ ਵੀ ਤੂੰ ।ਮੈਡਾ ਗਿਰੀਆ ਆਹੋ ਫ਼ਗਾਨ ਵੀ ਤੂੰ ।
ਮੈਡਾ ਸ਼ਿਆਰ ਅਰੂਜ ਕਵਾਫ਼ੀ ਤੂੰ ।ਮੈਡਾ ਬਹਿਰ ਵੀ ਤੂੰ ਔਜ਼ਾਨ ਵੀ ਤੂੰ ।
ਮੈਡਾ ਅੱਵਲ ਆਖ਼ਰ ਅੰਦਰ ਬਾਹਰ ।ਜ਼ਾਹਰ ਤੇ ਪਿਨਹਾਨ ਵੀ ਤੂੰ ।
ਮੈਡਾ ਬਾਦਲ ਬਰਖਾ ਖਿਮਣੀਆਂ ਗਾਜਾਂ ।ਬਾਰਸ਼ ਤੇ ਬਾਰਾਨ ਵੀ ਤੂੰ ।
ਮੈਡਾ ਮੁਲਕ ਮਲੇਰ ਤੇ ਮਾਰੂ ਥੱਲੜਾ ।ਰੋਹੀ ਚੋਲਸਤਾਨ ਵੀ ਤੂੰ ।
ਜੇ ਯਾਰ ਫ਼ਰੀਦ ਕਬੂਲ ਕਰੇ ।ਸਰਕਾਰ ਵੀ ਤੂੰ ਸੁਲਤਾਨ ਵੀ ਤੂੰ ।
ਨਾਤਾਂ ਕਿਹਤਰ ਕਮਤਰ ਅਹਕਰ ਅਦਨਾ ।ਲਾਸ਼ੈ ਲਾ ਇਮਕਾਨ ਵੀ ਤੂੰ ।

156. ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ

ਮੈਡਾ ਯਾਰ ਗਿਆ ਪਰਦੇਸ ਡੋਂ ਵੇ ਮੀਆਂ ।ਗਾਨੇ ਗਹਿਣੇ ਕੇਂਵੇਂ ਪਾਵਾਂ ੜੀ ਪਾਵਾਂ ।
ਸਾੜਾਂ ਸੇਂਧ ਤੇ ਮਾਂਘ ਉਜਾੜਾਂ ।ਬੋਡੀ ਨੂੰ ਅੱਗ ਲਾਵਾਂ ੜੀ ਲਾਵਾਂ ।
ਬੱਠ ਕਜਲਾ ਬੱਠ ਸੁਰਖੀਆਂ ਮਹਿੰਦੀਆਂ ।ਸੂਲੀਂ ਸਾਂਗ ਨਿਭਾਵਾਂ ੜੀ ਨਿਭਾਵਾਂ ।
ਸਜੜੀ ਰਾਤ ਕਰਾਂ ਫ਼ਰਿਆਦਾਂ ।ਡੇਹਾਂ ਵੈਣ ਵਲਾਵਾਂ ੜੀ ਵਲਾਵਾਂ ।
ਕਕੜੇ ਕੰਡਰੇ ਫ਼ਰਸ਼ ਵਿਛਾ ਕਰ ।ਡੁੱਖ ਦੀ ਸੇਝ ਸੁਹਾਵਾਂ ੜੀ ਸੁਹਾਵਾਂ ।
ਮੁਲਕ ਮਲ੍ਹੇਰ ਨ ਵੁਠੜਮ ਹੈ ਹੈ ।ਰੋ ਰੋ ਸਿੰਧ ਡੋਂ ਆਵਾਂ ੜੀ ਆਵਾਂ ।
ਭੇਨਣੀਂ ਵੀਰ ਥਏ ਸਭ ਵੈਰੀ ।ਅੱਮੜੀ ਮੂਲ ਨ ਭਾਵਾਂ ੜੀ ਭਾਵਾਂ ।
ਬਾਝੋਂ ਯਾਰ ਫ਼ਰੀਦ ਹਮੇਸ਼ਾ ।ਰੱਤ ਰੋਵਾਂ ਗ਼ਮ ਖਾਵਾਂ ੜੀ ਖਾਵਾਂ ।

157. ਰਥ ਧੀਮੀਂ ਧੀਮੀਂ ਟੋਰ

ਰਥ ਧੀਮੀਂ ਧੀਮੀਂ ਟੋਰ ।
ਮੈਂਡਾ ਦਸਤਾ ਨਰਮ ਕਰੂਰ ਦਾ ।ਮਤਾਂ ਵੰਗੀਂ ਲਗਮ ਟਕੋਰ ।
ਰਥ ਤੇ ਬਹਿੰਦੀ ਵੜਰਾ ਨ ਸਹਿਦੀ ।ਹਿਮ ਤਬਾਅ ਕਮਜ਼ੋਰ ।
ਰੋਜ਼ ਅਜ਼ਲ ਦੀ ਪਾਇਮ ਗਲ ਵਿਚ ।ਬਿਰਹੋਂ ਤੈਂਡੇ ਦੀ ਡੋਰ ।
ਸ਼ਾਲਾ ਮੋਲ੍ਹ ਸਲਾਮਤ ਨੇਵਾਂ ।ਰਾਹ ਵਿਚ ਲੜਦਿਨ ਚੋਰ ।
ਜੇਕਰ ਰਥ ਬੈਠੀਂ ਥਕ ਪੌਸਾਂ ।ਘੋੜਾ ਘਨਸਾਂ ਬੋਰ ।
ਸੌਖਾ, ਤੇਜ਼, ਲਗਾਮ ਦਾ ਕੂਲਾ ।ਨਾ ਔਖਾ ਸਰ ਜ਼ੋਰ ।
ਰਾਂਝਨ ਤੇ ਮੈਂ ਜੋੜ ਕੂੰ ਜੋੜੂੰ ।ਜੋੜ ਜੋੜੇਂਦਾ ਜੋੜ ।
ਸਿਕ ਤੇ ਤਲਬ ਮਿਲਣ ਦੀ ਸੀਨੇ ।ਰੋਜ਼ ਨਵਾਂ ਹਿਮ ਸ਼ੋਰ ।
ਪੰਧ ਅੜਾਂਗੇ ਦਿਲੜੀ ਤਾਂਘੇ ।ਜਲਦ ਪਚਾਵੀਂ ਤੋੜ ।
ਮੈਂ ਤੇ ਯਾਰ ਫ਼ਰੀਦ ਮਣੇਸੂੰ ।ਰਲ ਮਿਲ ਸ਼ਹਿਰ ਭੰਭੋਰ

158. ਮੈਂਡਾ ਮਿੱਠੜਾ ਮਾਂਹਣੂ ਕਾਕ ਜਾ

ਮੈਂਡਾ ਮਿੱਠੜਾ ਮਾਂਹਣੂ ਕਾਕ ਜਾ ।ਸ਼ਾਲਾ ਰਾਣਾ ਇੰਦਮ ਰਾਤ ।
ਤੈਡੀ ਸਿਕ ਦੇ ਕਾਣ ਸੁਤੀਹਮ ।ਸੋਮਲ ਕੂੰ ਘਿਨ ਸਾਂਤ ।
ਫੇਰ ਸੁਹਾਈ ਜੈਦੀਂ ਮਾੜੀਆਂ ।ਤੋੜੀਂ ਡੇਹੇ ਛੇ ਸਾਤ ।
ਸੱਚ ਡੱਸ ਜੋ ਕੁਝ ਕੀਤੀ ਏਹਾਂ ।ਮਾੜਦੀ ਹਈ ਮਰਜਾਤ ।
ਕਾਕ ਕੰਧਨ ਤੇ ਰਲ ਮਿਲ ਮਾਣੂੰ ।ਸਾਵਣ ਦੀ ਬਰਸਾਤ ।
ਕਹੀਂ ਵਟੜੀ ਵੈਹ ਗਿਉਹਾਂ ।ਤੇ ਵਲ ਨ ਪਾਇਓ ਝਾਤ ।
ਗ਼ਮ ਦਾ ਹਾਲ ਸੁਣਾਵਾਂ ਕਿਵੇਂ ।ਸੌ ਡੁਖ ਤੇ ਹਿੱਕ ਵਾਤ ।
ਕਾਂਗਲ ਖੰਡ ਦੀਆਂ ਚੂਰੀਆਂ ਡੇਸਾਂ ।ਕਰ ਕੋਈ ਮਿਲਣ ਦੀ ਬਾਤ ।
ਪੀਤ ਪੱਠੇ ਨਿਤ ਦਰਦ ਕਸਾਲੇ ।ਵਾਹ ਡਾਤੇ ਦੀ ਡਾਤ ।
ਡੇਂਹ ਬਣੇ ਰੋ ਰਾਤੀਂ ਕੀਤੁਮ ।ਰਾਤੀਂ ਕਈ ਪ੍ਰਭਾਤ ।
ਮੁੰਝ ਸਲਾਲ ਫ਼ਰੀਦ ਮਿਲਿਓਸੇ ।ਅਜ਼ਲੋ ਬਿਰਹੋ ਬਰਾਤ ।

159. ਮਿਲ ਮਹੀਂਵਾਲਾ ਮਿਲ ਮਹੀਂਵਾਲਾ

(ਇਹ ਕਾਫ਼ੀ ਮਹੀਂਵਾਲ ਦੀ ਆਸ਼ਕ ਸੋਹਣੀ ਦੀ ਜ਼ਬਾਨੀ ਬਿਆਨੀ ਗਈ ਹੈ)
ਮਿਲ ਮਹੀਂਵਾਲਾ ਮਿਲ ਮਹੀਂਵਾਲਾ ।ਹਰ ਦਿਲ ਮੇਂ ਹੈ ਤੈਡੜੀ ਭਾਲ ।
ਰੋਜ ਅਜਲ ਦੀ ਸਖਤੀ ਮਾਰੀ ਡਿਤੜੀ ਮੂਲ ਨ ਕਿਸਮਤ ਵਾਰੀ ।
ਮਾ ਪਿਉ ਵੀਰ ਨ ਲਹਮ ਸੰਭਾਲ ।
ਫਿਕਰ ਫਰਾਕ ਤੇ ਮੂੰਝ ਮੰਝਾਰੀ ।ਯਾਰੀ ਲਾ ਕੇ ਮੁੱਠੜੀ ਹਾਰੀ ।
ਡਿਸਦਮ ਵਸਲ ਵਸਾਲ ਮੁਹਾਲ ।
ਰੋਂਦੀ ਰੜਦੀ ਕੂਕਾਂ ਕਰਦੀ ।ਆਹੀਂ ਭਰਦੀ ਜੁਖ ਜੁਖ ਮਰਦੀ ।
ਇਸ਼ਕ ਅਵਲੜਾ ਜੀ ਜੰਜਾਲ ।
ਜ਼ੋਰੇ ਤੌਰੇ ਹੁਸਨ ਦੇ ਮਾਣੇ ।ਸਾਰੇ ਸਿੰਗ਼ਾਰ ਵਹਾਣੇ ।
ਆਈ ਓੜਕ ਸੂਲਾਂ ਜ਼ਾਲ ।
ਨਾਜ਼ ਨਜ਼ਾਕਤ ਨੋਕ ਨਖਰੇ ।ਸਹਿਜੋਂ ਸੁਖ ਸੁਹਾਗ ਦੇ ਬਖਰੇ ।
ਸਾਡੇ ਖੋਪੜੇ ਕੋਝੜਾ ਹਾਲ ।
ਖਵੇਸ਼ ਕਬੀਲਾ ਦੁਸਮਨ ਸਾਰਾ ।ਹਰ ਕੋਈ ਮਾਰਮ ਜਾਣ ਵਚਾਰਾ ।
ਬਿਰਹੋਂ ਅਵੈੜਾ ਉਲਟੀ ਚਾਲ ।
ਵੇੜੇ ਯਾਰ ਫਰੀਦ ਨ ਆਇਆ ।ਗਲ ਗਿਆ ਜੋਭਨ ਮੁਫਤ ਅਜਾਇਆ ।
ਡਿਠੜੇ ਡੰਦ ਤੇ ਚਿਟੜੇ ਵਾਲ ।

160. ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ

ਮੁਸਾਗ ਮਲੇਂਦੀ ਦਾ ਗੁਜਰ ਗਿਆ ਡੇਂਹ ਸਾਰਾ ।
ਸ਼ਿੰਗਾਰ ਕਰੇਂਦੀ ਦਾ ਗੁਜਰ ਗਿਆ ਡੇਂਹ ਸਾਰਾ ।
ਕਜਲਾ ਪਾਇਮ ਸੁਰਖੀ ਲਾਇਮ ।ਕੀਤਮ ਯਾਰ ਵਸਾਰਾ ।
ਕਾਗ ਉਡੇਂਦੀ ਉਮਰ ਵਿਹਾਣੀ ।ਆਇਆ ਨ ਯਾਰ ਪਿਆਰਾ ।
ਰੋਹ ਡੂੰਗਰ ਤੇ ਜੰਗਲ ਬੇਲਾ ।ਰੋਲਿਅਮ ਸ਼ੌਕ ਆਵਾਰਾ ।
ਹਿਕਦਮ ਐਸ਼ ਦੀ ਸੇਜ ਨ ਮਾਨੜਿਮ ।ਬਖ਼ਤ ਨ ਡਿਤੜਮ ਵਾਰਾ ।
ਪੜ੍ਹ ਬਿਸਮੱਲਾ ਘੋਲਿਅਮ ਸਰਕੂੰ ।ਚਾਤਮ ਇਸ਼ਕ ਅਜਾਰਾ ।
ਰਾਂਝਨ ਮੈਂਡਾ ਮੈਂ ਰਾਂਝਣ ਦੀ ।ਰੋਜ਼ ਅਜ਼ਲ ਦਾ ਕਾਰਾ ।
ਹਿਜਰ ਫਰੀਦਾ ਲੰਬੀ ਲਾਈ ।ਜਲ ਗਿਓਮ ਮੁਫ਼ਤ ਵਿਚਾਰਾ ।

161. ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ

ਮੁੱਠੜੀ ਦਿੱਲੜੀ ਡੁੱਖੜੀਂ ਕੁੱਠੜੀ ।ਹੈ ਨਾਜ਼ ਅਦਾ ਦੀ ਲੁੱਟੜੀ ।
ਹਨ ਜ਼ਖਮ ਜਿਗਰ ਦੇ ਆਲੇ ।ਦਿਲ ਪੁਰਜ਼ੇ ਅੱਖੀਆਂ ਨਾਲੇ ।
ਸੈ ਸੀਨੇ ਪੌਨ ਉਬਾਲੇ ।ਜਿੰਦ ਹਾਰ ਹੁਟੀ ਮੈਂ ਮੁੱਠੜੀ ।
ਤੱਤੇ ਦਰਦ ਅੰਦੋਹ ਅਵੈੜੇ ।ਲਾਈ ਦਿੱਲੜੀ ਝੋਕਾਂ ਦੇਰੇ ।
ਹੁਣ ਹਜ਼ਰਤ ਇਸ਼ਕ ਨਵੇੜੇ ।ਡਿੱਤੀ ਪੀੜ ਪੁਰਾਣੀ ਪੁੱਠੜੀ ।
ਸਰ ਛਤੜੇ ਨੇਂਹ ਲਿਉ ਸੇ ।ਸਬ ਸ਼ਰਮ ਸ਼ਉਰ ਗੰਵਿਉ ਸੇ ।
ਦਿਲ ਢੋਲੇ ਯਾਰ ਲਿਉਸੇ ।ਸੱਸ ਮਾਰਮ ਅੱਮੜੀ ਰੁੱਠੜੀ ।
ਮਿਲ ਮਾਹੀ ਆਰੋ ਯਾਰੋਂ ।ਥੀ ਫ਼ਾਰਗ਼ ਕੁਲ ਕੰਮ ਕਾਰੋਂ ।
ਰਲ ਰਾਵਲ ਡਾਕਾਂ ਚਾਰੋਂ ।ਹੈ ਅੱਜ ਕਲ ਰੋਹੀ ਵੁੱਠੜੀ ।
ਥੀ ਖੀਰੂ ਖ਼ੀਰ ਚਰੇਸਾਂ ।ਅੱਖੀਂ ਨਾਲ ਉਗ੍ਹਾੜ ਬਣੇਸਾਂ ।
ਪਾਹ ਪਲਕਾਂ ਨਾਲ ਬੁੜ੍ਹੇਸਾਂ ।ਘਰ ਬਾਰੋਂ ਸੰਗਤ ਤਰੁੱਟੜੀ ।
ਥੀਆਂ ਸੁੰਜ ਬਰ ਸਿਹਨ ਹਵੇਲੀਆਂ ।ਗਈਆਂ ਸੰਗੀਆਂ ਵਿੱਸਰ ਸਹੇਲੀਆਂ ।
ਅਲਬੇਲੀਆਂ ਬਾਂਹ ਚੁੜੇਲੀਆਂ ।ਮਾ ਭੈਣ ਕਨੂੰ ਦਿਲ ਛੁੱਟੜੀ ।
ਗਿਆ ਚੇਤਰ ਫ਼ਰੀਦ ਅਜਾਇਆ ।ਘਰ ਸਾਂਵਲ ਯਾਰ ਨ ਆਇਆ ।
ਸਰ ਸੂਲੀਂ ਸਖ਼ਤ ਸਤਾਇਆ ।ਥਈ ਦੁਸ਼ਮਣ ਕਿਸਮਤ ਖੁੱਟੜੀ ।

162. ਨਾਮ ਅੱਲਾ ਦੇ ਪਾਂਧਿੜਾ

ਨਾਮ ਅੱਲਾ ਦੇ ਪਾਂਧਿੜਾ ।ਮੈਂਡਾ ਲੈ ਸਨੇਹੜਾ ਜਾ ।
ਆਖੀਂ ਬਠ ਘਤ ਦਰੋਹ ਪ੍ਰੀਤ ਕੂੰ ।ਯਾਰ ਨ ਵਟੜਾ ਲਾ ।
ਜੀਵੇਂ ਜਿਵੇਂ ਕੰਡ ਡੇ ਗਿਆਹੀਂ ।ਓਵੇਂ ਮੂੰਹ ਡੇ ਆ ।
ਹੈ ਹੈ ਜ਼ਾਲਮ ਨੀਯੱਤ ਮੁਰਾਦੀ ।ਥੋਲੇ ਖੋਟ ਕਮਾ ।
ਚਾਲੀਂ ਪੇਚ ਫਰੇਬੀ ਵਾਲੀ ।ਢੋਲਣ ਰੀਤ ਵਟਾ ।
ਕਰਕੇ ਸੰਗਤ ਸਾਂਗ ਬੇਗਾਨੇ ।ਬੈਠੂੰ ਮਨ ਪਰਚਾ ।
ਬਿਆ ਹੈ ਕੋਣ ਕਹੇਂਦਾ ਤੂੰ ਹੀ ।ਸਾਡੇ ਬਾਰ ਉਠਾ ।
ਸੱਸ ਨੈਣਾਨਾਂ ਮਾਰਿਮ ਤਾਅਨੇ ।ਮਿਹਣੇ ਡਿਓਮ ਮਾ ।
ਆ ਕਰ ਮਾਹੀ ਦੀਦੀਂ ਦੇਰੇ ।ਦਿਲ ਵਿਚ ਝੋਕਾਂ ਲਾ ।
ਨਾ ਕੱਢ ਗਾਲੀਂ ਨਾ ਦੇ ਮੰਦੜੇ ।ਵਾਤੋਂ ਸਮਝ ਅਲਾ ।
ਯਾਰੀ ਲਾਇਓ ਲਾ ਨ ਜਾਤੋ ।ਮਹਿਜ਼ ਨ ਆਇਓ ਡਾ ।
ਝੋਰ ਝੁਰਾਣੇ ਜਿੰਦ ਦਾ ਜੋਖੋਂ ।ਡਿਤੜਸ ਮਾਸ ਸੋਕਾ ।
ਡਿਠੜੇ ਬਾਝੋਂ ਕਿਉਂ ਜਤਰਾਂ ।ਬਿਰਹੋਂ ਲਗਾ ਹੱਡ ਤਾ ।
ਸਖੜੀ ਨਾ ਡੇ ਯਾਰ ਉਲਾਂਭੇ ।ਕਰ ਕੁਝ ਕਾਣ ਹਯਾ ।
ਸੋਹਣੀ ਨਾਲ ਨਿਭਾਵੇ ਹਰ ਕੋਈ ।ਕੋਝੀ ਨਾਲ ਨਿਭਾ ।
ਜਲਦੀ ਆਵੀਂ ਨਾ ਚਿਰ ਲਾਵੀਂ ।ਸਾਹ ਤੇ ਨਹਮ ਵਿਸਾ ।
ਡੇ ਕਰ ਸਾਡੀ ਬਾਂਹ ਸਰ੍ਹਾਂਦੀ ।ਸੂਹੇ ਸੇਝ ਸੁਹਾ ।
ਤੈ ਕਨ ਸਾਂਵਲ ਦਿਲੜੀ ਆਪੇ ।ਆਵੇਸਚਮ ਸਰ ਚਾ ।
ਬੇ ਠਾਈ ਗੁਜਰਾਨ ਨ ਭਲੀ ।ਬਠ ਪਿਆ ਕੂੜ ਨਿਭਾ ।
ਚਾੜ੍ਹੀ ਤੋੜ ਨ ਰਾਹ ਵਿਚ ਰੋਲੀਂ ।ਰਖਣਾ ਯਾਦ ਵਫਾ ।
ਅੰਗਨ ਫ਼ਰੀਦ ਦੇ ਭੂਰਲ ਜਾਨੀ ।ਸਹਿਜੋਂ ਆ ਪੌਂ ਪਾ ।

163. ਨੈਨਾਂ ਨਹੀਂ ਰਹਿੰਦੇ ਹਟਕੇ

ਨੈਨਾਂ ਨਹੀਂ ਰਹਿੰਦੇ ਹਟਕੇ ।
ਨੈਨ ਨੈਨਾਂ ਸਾਂ ਅੜਦੇ ਲੜਦੇ ।ਲਾਕਰ ਨਾਜ਼ ਦੇ ਲਟਕੇ ।
ਗਲੜੀਂ ਕੂਚੀਂ ਸ਼ਹਿਰ ਬਜ਼ਾਰਾਂ ।ਲਗੜੇ ਨੇਂਹ ਦੇ ਚਟਕੇ ।
ਨਾਜ਼ ਨਹੋਰੇ ਨੋਕਾਂ ਨਖ਼ਰੇ ।ਲਾਂਵਨ ਬਿਰਹੋਂ ਦੇ ਕਟਕੇ ।
ਮੇਹਣੀਂ ਸਿੱਠੜੀਂ ਤਾਨੇ ਤਬਰੇ ।ਘਡੜੇ ਲੋਕਾਂ ਬਟਕੇ ।
ਸਹਿਸਾਂ ਟੋਕਾਂ ਵੈਸਾਂ ਝੋਕਾਂ ।ਖਵੇਸ਼ ਕਬੀਲੇ ਸਟਕੇ ।
ਯਾਰ ਬਿਨਾਂ ਫੂਕ ਅੱਗ ਅੜੇਸਾਂ ।ਹਾਰ ਹਮੇਲਾਂ ਪਟਕੇ ।
ਡੁੱਖੜੇ ਸਹਿੰਦੇ ਨੈਨ ਨ ਰਹਿੰਦੇ ।ਬੇ ਵਸ ਥੀਂਕਰ ਅਟਕੇ ।
ਨੇੜੇ ਬਾਝ ਫ਼ਰੀਦ ਨ ਭਾਵੇ ।ਭਟ ਘਤ ਕੂੜੇ ਖਟਕੇ ।

164. ਨੈਨ ਨਰਾਲੇ ਨੀਰ

ਨੈਨ ਨਰਾਲੇ ਨੀਰ ।ਨਿੱਖੜੇ ਨੂਰ ਨਜ਼ਰ ਦੇ ।
ਸਾੜਨ ਸੂਲ ਸਰੀਰ ।ਸਾਗੀ ਸੋਜ਼ ਸਕਰ ਦੇ ।
ਖੁਤੜੇ ਬਿਰਹੋਂ ਕਟਾਰੀ ਕੁੱਠੜੇ ।ਨਾਜ਼ ਨਹੋਰੇ ਨਖ਼ਰੇ ਮੁੱਠੜੇ ।
ਚੂਚਕ ਚਕਮਕ ਵੀਰ ।ਵੈਰੀ ਵਲ ਵਲ ਘਰ ਦੇ ।
ਸੇਝ ਸੁਹਾਗ ਦੀ ਸੜ ਗਈ ਸਾਰੀ ।ਡੋਹੜੇ ਡੁੱਖ ਡੁਹਾਗ ਡਹਾੜੀ ।
ਤੱਕ ਤੱਕ ਮਾਰਨ ਤੀਰ ।ਜ਼ਹਿਰੀ ਜ਼ੋਰ ਜ਼ਬਰ ਦੇ ।
ਪੋਰ ਪੁੱਨਲੜੇਦੇ ਪਲ ਪਲ ਦੇ ।ਜਿਦੜੀ ਜੁਖਦੀ ਜੀਅੜਾ ਜਲਦੇ ।
ਪੀਤ ਪੁਰਾਣੀ ਪੀੜ ।ਵੈਰੀ ਦਰਦ ਅੰਦਰ ਦੇ ।
ਸੱਟ ਕਰ ਸਜਣ ਸਧਾਇਉਂ ਸੋਹਣਾ ।ਮੁਲਕ ਮਲ੍ਹੇਰ ਮਿਲਿਉ ਮਨ ਮੋਹਣਾ ।
ਚੁੜ੍ਹ ਚੁੜ੍ਹ ਚਕਦੇ ਚੀਰ ।ਜਾਰੀ ਜਰਹ ਜਿਗਰ ਦੇ ।
ਸਾਂਗ ਸੁੰਜੀ ਨੂੰ ਸਿਕ ਸਾਂਵਲ ਦੀ ।ਮੰਝ ਮੁੱਠੀ ਨੂੰ ਮੂਹ ਮਿਠਲ ਦੀ ।
ਹਾਰ ਹੁੱਟੀ ਹੁਣ ਹੀਰ ।ਹੋਸ ਗਏ ਹੋਸ਼ ਹੁਨਰ ਦੇ ।
ਨੇਂਹ ਨਵਾਂ ਨਿੱਤ ਨਾਲਾ ਜ਼ਾਰੀ ।ਫ਼ਿਕਰ ਫ਼ਰਾਕ ਫ਼ਰੀਦ ਦੀ ਯਾਰੀ ।
ਰਗ ਰਗ ਰੋਗ ਦੀ ਰੀਰ ।ਰੋਦੀਂ ਰੂਹ ਉਬਰ ਦੇ ।

165. ਨਾ ਕਰ ਬੇ ਪਰਵਾਹੀ ਵੋ ਯਾਰ

ਨਾ ਕਰ ਬੇ ਪਰਵਾਹੀ ਵੋ ਯਾਰ ।ਮਿਲ ਸਾਵਲ ਮਾਹੀ ਵੋ ਯਾਰ ।
ਬਠ ਪਿਆ ਰੰਗ ਪੁਰ ਦਾ ਪਰਨੀਵਣਾ ।ਤੌਂ ਬਿਨ ਜੀਵਣ ਡੁਖੜਾ ਥੀਵਣ ।
ਸਮਝਾਂ ਮੌਤ ਵਿਸਾਹੀਂ ਵੋ ਯਾਰ ।
ਬਾਝੋਂ ਤੈਂਡੇ ਬਾਝ ਅਜਾਈ ।ਅਮੜੀ ਬਾਬਲ ਭੈਣੀਂ ਭਾਈ ।
ਫਿਰਦੀ ਦਿਲ ਤੋਂ ਲਾਹੀ ਵੋ ਯਾਰ ।
ਕਿਵੇਂ ਪੇਕੀਂ ਪਤਣੀ ਵਲਦੀ ।ਤੋੜ ਅਸਲ ਦੀ ਰੋਜ਼ ਅਜ਼ਲ ਦੀ ।
ਹੀਰ ਰਾਂਝਨ ਦੀ ਆਹੀ ਵੋ ਯਾਰ ।
ਚਾਈ ਜਾਈ ਇਸ਼ਕ ਧਨਵਾਈ ।ਪੀਤ ਸਿਵਾ ਪਈ ਰੀਤ ਨਾ ਕਾਈ ।
ਬੇ ਵਾਹੀ ਬੇ ਠਾਈ ਵੋ ਯਾਰ ।
ਵਿਸਰਿਆ ਰੰਗ ਮਹਲ ਚਚਕਾਣਾ ।ਝੰਗ ਸਿਆਲੀਂ ਤੇ ਮਘਿਆਣਾ ।
ਲਾਇਓ ਕੈਬਰ ਜਾਹੀ ਵੋ ਯਾਰ ।
ਧੂੜ ਮਹੀਂ ਦੀ ਨੂਰ ਅਖੀਂ ਦਾ ।ਪਾਹ ਹੰਬਾਹ ਹੈ ਮਾਣ ਮਹੀਂ ਦਾ ।
ਡੇਵਮ ਹਾਲ ਗਵਾਹੀ ਵੋ ਯਾਰ ।
ਸਹਿਜੋਂ ਸੁਰਖੀ ਮੈਂਦੀ ਲੈਸਾਂ ।ਕਜਲ੍ਹਾ ਪੀਸਾਂ ਮਾਂਗ ਬਣੇਸਾਂ ।
ਜੋ ਥੀਓਂ ਮੈ ਡੋ ਰਾਹੀ ਵੋ ਯਾਰ ।
ਆਪੇ ਤਖਤ ਹਜ਼ਾਰੋਂ ਆਇਆ ।ਹੀਰੇ ਕਾਰਣ ਚਾਕ ਸਡਾਇਆ ।
ਸਟ ਕਰ ਸ਼ੌਕਤ ਸ਼ਾਹੀ ਵੋ ਯਾਰ ।
ਬਿਰਹੋਂ ਫ਼ਰੀਦ ਥੀ ਉਸੇ ਸਾਥੀ ।ਜੈ ਡੇਂਹ ਰਾਵਲ ਪਾਕਰ ਝਾਤੀ ।
ਜਾਦੂ ਮੁਰਲੀ ਵਾਹੀ ਵੋ ਯਾਰ ।

166. ਨਾ ਕਰ ਕੇਚ ਵੰਜਣ ਦੀ

ਨਾ ਕਰ ਕੇਚ ਵੰਜਣ ਦੀ ।ਰਹੋ ਬਰੋਚਲ ਯਾਰ ।
ਇਸ਼ਕ ਲਾਇਓ ਸੈ ਪੁਠੜਾ ।ਭੁਲ ਗਿਆ ਕੁਲ ਕੰਮ ਯਾਰ ।
ਜਾਨ ਜਿਗਰ ਵਿਚ ਡੁਖੜੇ ।ਸੀਨੇ ਸੂਲ ਹਜ਼ਾਰ ।
ਬਾਝੋਂ ਮਾਰੂ ਮਿੱਠੜੇ ।ਬਾਰ ਡਿਸੇ ਘਰ ਬਾਰ ।
ਤੌਂ ਬਿਨ ਹੋਤ ਪਿਆਰ ।ਸੇਝ ਥਈ ਕੁਲ ਖਾਰ ।
ਰਲ ਮਿਲ ਯਾਰ ਹਮੇਸ਼ਾ ।ਮਾਣੂੰ ਚੇਤਰ ਬਹਾਰ ।
ਨੇਂਹ ਨਿਭਾਵਣ ਔਖਾ ।ਅਖੀਆਂ ਜ਼ਾਰੋ ਜ਼ਾਰ ।
ਢੋਲ ਫ਼ਰੀਦ ਦੇ ਕੋਲ੍ਹੋਂ ।ਸਾਰੀ ਉਮਰ ਗੁਜ਼ਾਰ ।

167. ਨਾਸਹ ਨਾਹੀ ਨਾਥੀ ਮਾਨਿਅ

ਨਾਸਹ ਨਾਹੀ ਨਾਥੀ ਮਾਨਿਅ ।ਇਸ਼ਕ ਅਸਾਡਾ ਦੀਨ ਈਮਾਨ ।
ਕੁਨਤੁ ਕਨਜ਼ਨ ਇਸ਼ਕ ਗਵਾਹੀ ।ਪਹਿਲੋਂ ਹੁਬ ਖ਼ੁਦ ਜ਼ਾਤ ਕੂੰ ਆਹੀ ।
ਜੈਂ ਸਾਗੇ ਥਇਆ ਜਮਲ ਜਹਾਨ ।
ਇਸ਼ਕ ਹੈ ਗੱਦੀ ਪਰਮ ਨੱਗਰ ਦਾ ।ਇਸ਼ਕ ਹੈ ਰੱਹਬਰ ਰਾਹ ਫ਼ਕਰ ਦਾ ।
ਇਸ਼ਕੋਂ ਹਾਸਲ ਹੈ ਇਰਫ਼ਾਨ ।
ਮਾਲ ਅਯਾਲ ਦੀ ਬੱਠ ਘਤ ਯਾਰੀ ।ਦੁਨੀਆਂ ਅਕਬਾ ਤੋਂ ਥੀ ਆਰੀ ।
ਬੇ ਸਾਮਾਨੀ ਹੈ ਸਾਮਾਨ ।
ਮਜ਼ਹਬ ਮਸ਼ਰਬ ਲਾ ਮਜ਼ਹਬ ਦਾ ।ਲੁਬ ਹੈ ਅਰਸ਼ ਅਰਬ ਦਾ ।
ਸ਼ਾਹਦ ਦਰਸ ਹਦੀਸ ਕੁਰਾਨ ।
ਸਿਖ ਲਿਖੱਤ ਸੱਟ ਗ਼ੈਰ ਦੀ ਇੱਲਤ ।ਇਬਨਲ ਅਰਬੀ ਦੀ ਰੱਖ ਮਿੱਲਤ ।
ਆਖਿਓਮ ਸੋਹਣੇ ਫ਼ਖਰ ਜਹਾਨ ।
ਗ਼ਾਫ਼ਲ ਸ਼ਾਗਲ ਨਾਸੀ ਜ਼ਾਕਰ ।ਸਾਲਿਹ ਤਾਲਿਹ ਮੋਮਨ ਕਾਫ਼ਰ ।
ਸਬ ਹੈ ਨੂਰ ਕਦੀਮ ਦਾ ਸ਼ਾਨ ।
ਅਹਦ ਓਹੀ ਹੈ ਅਹਿਮਦ ਓਹ ਹੈ ।ਮੀਮ ਦੇ ਓਲ੍ਹੇ ਦਿੱਲੜੀ ਮੋਹੇ ।
ਧਿਆਨ ਫ਼ਰੀਦ ਰੱਖੀਂ ਹਰ ਆਨ ।

168. ਨੇਂਹ ਅਵਲੜਾ ਔਖਾ ਲਾਇਮ

ਨੇਂਹ ਅਵਲੜਾ ਔਖਾ ਲਾਇਮ ।ਸਿੱਕ ਪਲ ਪਲ ਦੀ ਮਾਰ ਮੁੰਝਾਇਮ ।
ਪੁੱਛਦੀ ਮੁਲਾ ਬਹਮਨ ਜੋਸੀ ।ਕੇੜ੍ਹਾ ਵਕਤ ਮਿਲਣ ਦਾ ਹੋਸੀ ।
ਢੋਲ ਅਸਾਡੇ ਵੇੜ੍ਹੇ ਔਸੀ ।ਰੰਜ ਹਿਜਰ ਦੇ ਸਖ਼ਤ ਸਤਾਇਮ ।
ਰੋਹੀ ਵੁਠੜੀ ਮੇਂਘ ਮਲ੍ਹਾਰਾਂ ।ਪੋਟੇ ਪੋਟੇ ਥੀਆਂ ਗੁਲਜ਼ਾਰਾਂ ।
ਸ਼ਾਲਾ ਮੋੜਮ ਦੋਸਤ ਮੁਹਾਰਾਂ ।ਭਾਗ ਸੁਹਾਗ ਦੀ ਮੌਸਮ ਆਇਮ ।
ਅਖੀਆਂ ਰੋਵਨ ਦਿਲ ਕੂਰਲਾਵੇ ।ਦਿੱਲੜੀ ਜੁਖਦੀ ਤਨ ਤੜਫਾਵੇ ।
ਰਾਤ ਡੇਹਾਂ ਆਰਾਮ ਨ ਆਵੇ ।ਡੁੱਖ ਡੁਹਾਗ ਦੇ ਬਾਰ ਉਠਾਇਮ ।
ਇਸ਼ਕ ਅਵੈੜਾ ਪੇਸ਼ ਪਿਉ ਸੇ ।ਦਰਦ ਕਸ਼ਾਲੇ ਸੇਝ ਢਿਉਸੇ ।
ਮੂੰਝ ਮੁੰਝਾਰੀ ਹਾਰ ਤਪੋਸੇ ।ਸਹਿਜੋਂ ਡੁਖ ਡੁਹਾਗ ਸੁਹਾਇਮ ।
ਹੁਸਨ ਪਰਸਤੀ ਘਾਤ ਅਸਾਡੀ ।ਗਜ਼ ਹਰਾਇਕ ਬਾਤ ਅਸਾਡੀ ।
ਰਮਜ਼ ਹਕੀਕੀ ਝਾਤ ਅਸਾਡੀ ।ਫ਼ਖਰ ਜਹਾਂ ਏਹਾ ਰੀਤ ਸਖਾਇਮ ।
ਮਿਲਸਮ ਯਾਰ ਫ਼ਰੀਦ ਕਡਾਹੀਂ ।ਦੂਦ ਦੁਖਾਵਾਂ ਕੱਢ ਕੱਢ ਆਹੀਂ ।
ਜਾਨ ਜਿਗਰ ਤਨ ਭੜਕਨ ਭਾਈਂ ।ਸੋਜ਼ ਪੁਨਮ ਦੇ ਸਾਫ਼ ਜਲਾਇਮ ।

169. ਨੇਂਹ ਅਵਲੜੀ ਚੋਟਕ ਲਾਈ

ਨੇਂਹ ਅਵਲੜੀ ਚੋਟਕ ਲਾਈ ।ਤਨ ਮਨ ਕੀਤੁਸ ਚਕਨਾ ਚੂਰ ।
ਮਾਹੀ ਬਾਝੋਂ ਕਿਵੇਂ ਗੁਜ਼ਾਰਾਂ ।ਸੋਜ਼ ਘਨੇਰੇ ਡੁਖ ਹਜ਼ਾਰਾਂ ।
ਪੌਵਨ ਤਤੀ ਕੂੰ ਪਲ ਪਲ ਪੂਰ ।
ਸੇਝ ਸੁਤੀ ਨੈਨਾਂ ਨਿੰਦਰ ਨ ਆਂਦੀ ।ਕੀਕਰ ਗੁਜ਼ਰੇ ਰੈਨ ਡੁਖਾਂ ਦੀ ।
ਦਿਲ ਦਾ ਢੋਲਾ ਛੱਡ ਗਿਆ ਦੂਰ ।
ਪਿਟਦਿਆਂ ਖਪਦਿਆਂ ਉਮਰ ਨਿਭਾਵੇ ।ਸੋਹਣੇ ਬਾਝ ਆਰਾਮ ਨ ਆਵੇ ।
ਦਰਦ ਵਸਾਇਆ ਕਹਿਰ ਕਲੂਰ ।
ਗੁਮਰਾਹੀ ਸਬ ਜ਼ੁਹਦ ਇਬਾਦਤ ।ਸ਼ਾਹਦ ਮਸਤੀ ਐਨ ਹਦਾਇਤ ।
ਜਿਸ ਜਾ ਕੀਤਾ ਇਸ਼ਕ ਜ਼ਹੂਰ ।
ਨੂਰ ਹਕੀਕੀ ਘੁੰਘਟ ਖੋਲੇ ।ਉਠ ਗਏ ਓਲ੍ਹੇ ਭੱਜ ਪਏ ਭੋਲੇ ।
ਹਰ ਜਾ ਐਮਨ ਹਰ ਜਾ ਤੂਰ ।
ਫ਼ਖਰ ਜਹਾਂ ਹਿਕ ਰੀਤ ਸੁਝਾਈ ।ਅਰਜ਼ੀ ਥੀਆ ਯਕ ਬਾਰ ਸਮਾਈ ।
ਜ਼ੁਲਮਤ ਬਣ ਗਈ ਨੂਰ ਨੂਰ ।
ਨੀਤ ਫਰੀਦ ਨਮਾਜ਼ ਸ਼ਹੂਦੀ ।ਹਰ ਸ਼ੈ ਮੇਂ ਹੈ ਰਮਜ਼ ਵਜੂਦੀ ।
ਸਟ ਮਲਵਾਣੇ ਜੋ ਮਜ਼ਕੂਰ ।

170. ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ

ਨੇਂਹ ਲਾਇਮ ਕਾਰਣ ਸੁਖ਼ ਵੇ ਮੀਆਂ ।ਪਏ ਪੱਲੜੇ ਡੋੜੇ ਡੁੱਖ ਵੇ ਮੀਆਂ ।
ਨ ਖਵਾਹਸ਼ ਦੁਨੀਆਂ ਦੋਲਤ ਦੀ ।ਨਾ ਸ਼ਾਹੀ ਸੌਕਤ ਸੌਲਤ ਦੀ ।
ਹੈ ਹਿਕ ਦੀਦਾਰ ਬੁਖ ਵੇ ਮੀਆਂ ।
ਨਾ ਕਾਸਦ ਨਾ ਪੈਗ਼ਾਮ ਆਇਆ ।ਨਾ ਖੁਸ਼ਕ ਜਵਾਬ ਸਲਾਮ ਆਇਆ । ਗਈ ਗੁਜ਼ਰ ਉੱਮਰ ਜੁਖ ਜੁਖ ਵੇ ਮੀਆਂ ।
ਵਿੱਚ ਦਿੱਲੜੀ ਦਰਦ ਅੰਦੋਹ ਭਰੀ ।ਪਈ ਰੂੜੀ ਵਾਰੇ ਚਿਣਗ ਜ਼ਰੀ ।
ਨਿੱਤ ਸੜਮ ਤੱਤੀ ਦੁੱਖ ਦੁੱਖ ਵੇ ਮੀਆਂ ।
ਕਹੀਂ ਖਬਰ ਡੱਸਾਂ ਮੈਂ ਢਾਲਾਂ ਦੀ ।ਦਿਲ ਸੁੰਜੜੀ ਮੁੰਬੜੀ ਮੁਢ ਲਾਂਦੀ ।
ਥੋਲੇ ਗਾਲੋਂ ਵੈਂਦੀ ਡੁੱਖ਼ ਵੇ ਮੀਆਂ ।
ਹਿਉਂ ਇਸ਼ਕ ਦੇ ਮੁਲਕ ਦੇ ਮੀਰ ਅਸਾਂ ।ਪੁਸ਼ਾਕ ਹੈ ਸੌ ਸਠ ਲੀਰ ਅਸਾਂ ।
ਹੈ ਬਿਸਤਰ ਖੁਤੜੀ ਨੁਖ ਵੇ ਮੀਆਂ ।
ਇਹੋ ਖੱਟੀਆ ਇਲਮ ਹੁਨਰ ਦਾ ਹੈ ।ਕਿਉਂ ਵਿਸਰੇ ਨਕਸ਼ ਪੱਥਰ ਦਾ ਹੈ ।
ਸੋਹਣੇ ਖ਼ਾਨ ਪੁਨਲ ਦਾ ਮੁੱਖ ਵੇ ਮੀਆਂ ।
ਹੈ ਛੋਟੀ ਲਾਦੀ ਦਿਲ ਕੁਠੜੀ ।ਹੱਥੋਂ ਨਾਜ਼ ਬਰੋਚਲ ਦੀ ਮੁੱਠੜੀ ।
ਅਜਾਂ ਡਿੱਤੇ ਨ ਹਾਮਿਸ ਸੁਖ ਵੇ ਮੀਆਂ ।
ਥਲ ਮਾਰੂ ਦੇ ਵਿੱਚ ਰੋਲ ਗਿਆ ।ਆਇਆ ਸਖ਼ਤ ਡੁੱਖਾਂ ਦੇ ਵਾਤ ਜਿਆ ।
ਤਲੇ ਰੇਤ ਤੱਤੀ ਉਤੋਂ ਲੁਖ ਵੇ ਮੀਆਂ ।
ਜੈਂ ਡੇਹ ਫ਼ਰੀਦ ਤੂੰ ਯਾਰ ਰੁਠਨ ।ਪਿਟ ਰੋ ਰੋ ਕੱਟ ਕੱਟ ਪੈਰ ਮੁਠਨ ।
ਮਾਰੀ ਮੁਕ ਸੀਨੇ ਗਕ ਕੁਖ ਵੇ ਮੀਆਂ ।

171. ਨੇਂਹ ਨਿਭਾਇਆ ਸਖ਼ਤ ਬੁਰਾ ਹੈ

ਨੇਂਹ ਨਿਭਾਇਆ ਸਖ਼ਤ ਬੁਰਾ ਹੈ ।ਬਾਰ ਅਜਲ ਸਰ ਬਾਰੀ ਭਲੋ ।
ਮਾਰੂ ਮੁਹਿਬ ਮਲ੍ਹੇਰ ਸਿਧਾਇਆ ।ਵਲਦਾ ਕੋਈ ਪੈਗ਼ਾਮ ਨ ਆਇਆ ।
ਫਿਰ ਦੀ ਸ਼ਹਿਰ ਆਵਾਰੀ ਭਲੋ ।
ਕੇਚ ਗਿਆਂ ਦੀ ਖ਼ਬਰ ਨ ਆਈ ।ਰੋਂਦੀ ਗਲ ਗਈ ਉੱਮਰ ਅਜਾਈਂ ।
ਯਾਰ ਨ ਕੀਤਮ ਕਾਰੀ ਭਲੋ ।
ਡੁੱਖੜੇ ਡੁੱਖੜੇ ਆਇਮ ਪੁੱਖੜੇ ।ਤਾਡੇ ਡਿੱਠੜੇ ਟੋਭੇ ਸੁੱਕੜੇ ।
ਦਿੱਲੜੀ ਦਰਦੀਂ ਮਾਰੀ ਭਲੋ ।
ਕਕਰੇ ਕੰਡੜੇ ਰਾਹ ਜਬਲ ਦੇ ।ਔਖੇ ਪੈਂਡੇ ਮਾਰੂਥਲ ਦੇ ।
ਸੂਲੀਂ ਸਾੜੀ ਹਾਰੀ ਭਲੋ ।
ਰੇਤ ਥਲਾਂ ਦੀ ਪੈਰ ਪਚਾਲੇ ।ਝਲਕਨ ਛਲਕਨ ਲੱਖ ਲੱਖ਼ ਛਾਲੇ ।
ਪੱਲੜੇ ਪਿਉਮ ਖਵਾਰੀ ਭਲੋ ।
ਰੋਹ ਡੂੰਗਰ ਦੀਆਂ ਔਖੀਆਂ ਘਟੀਆਂ ।ਮਾਰੂ ਥਲ ਦੀਆਂ ਡੁੱਖੜੀਆਂ ਪੱਟੀਆਂ ।
ਵਹ ਵਹ ਯਾਰ ਦੀ ਯਾਰੀ ਭਲੋ ।
ਇਸ਼ਕ ਫ਼ਰੀਦ ਨ ਕੀਤਮ ਭਲਾ ।ਹੈ ਹੈ ਬਖ਼ਤ ਨ ਥੀਵਮ ਸਵੱਲਾ ।
ਵੈਦਮ ਹੋਤ ਵਸਾਰੀ ਭਲੋ ।

172. ਨੇੜ ਅਲਾਵਣ ਹਾਲ ਵੰਜਾਵਣ

ਨੇੜ ਅਲਾਵਣ ਹਾਲ ਵੰਜਾਵਣ ।ਮੁਫ਼ਤੇ ਪੂਰ ਪਰਾਏ ।
ਮੇਹਣੀਂ ਖਾਦੀ ਸਿੱਠੜੀਂ ਸਹਿੰਦੀ ।ਦਿੱਲੜੀ ਚਾ ਬਰਮਾਏ ।
ਕਰਨ ਸ਼ਕਾਇਤ ਸੇਂਗੀਆਂ ਸਈਆਂ ।ਗਿੱਲੜੇ ਹੱਕ ਹਮਸਾਏ ।
ਆਰ ਵ ਯਾਰ ਪਚਾਰ ਕਰੇਂਦੇ ।ਸਕੜੇ ਮਾਂ ਪਿਉ ਜਾਏ ।
ਵੀਰ ਨਹੇੜੇ ਅਮੜੀ ਝੇੜੇ ।ਬਾਬਲ ਨਿੱਤ ਦੜਕਾਏ ।
ਸੱਸ ਨਿਨਾਣਾਂ ਕਰਨ ਬਖੇੜੇ ।ਰੋਜ਼ ਬਰੋਜ਼ ਸਵਾਏ ।
ਬਾਂਦੀਆਂ ਬਰਦੀਆਂ ਮਹਜ਼ ਨ ਡਰਦੀਆਂ ।ਦਾਈ ਵੈਣ ਅਲਾਏ ।
ਅਸਲੋਂ ਸਿੱਧੜਾ ਮੂੰਹ ਨ ਡੇਂਦੇ ।ਮਾਮੇ ਚਾਚੇ ਤਾਏ ।
ਕਾਂਗਾ ਕਾਸਦ ਪਠ ਪਠ ਹੁੱਟੜੀ ।ਯਾਰ ਨ ਵਾਗ ਵਲਾਏ ।
ਨਾਜ਼ ਨਵਾਜ਼ ਨਿਮਾਣੇ ਸ਼ੋਦੇ ।ਹਾਰ ਸਿੰਗਾਰ ਅਜਾਏ ।
ਮਾਰੂ ਛੋੜ ਮਲ੍ਹੇਰ ਮਲ੍ਹਾਰਾਂ ।ਆਪੇ ਆ ਬੁਲਵਾਏ ।
ਰਲ ਮਿਲ ਟੋਭੇ ਤੇ ਤਿਰ ਤਾਡੇ ।ਸਾਡੋ ਨਾਲ ਵਸਾਏ ।
ਕਿਸਮਤ ਜਾਗੇ ਬਖ਼ਤ ਭੜਾਏ ।ਕਾਦਰ ਦੋਸਤ ਮਲਾਏ ।
ਸਹਿਜੋਂ ਲੇਟੇ ਤੂਲ ਨਿਹਾਲੀ ।ਸੂਹੀ ਸੇਝ ਸੁਹਾਏ ।
ਭਾਗਮ ਸਖ਼ਤੀ ਤੇ ਬਦ ਬਖ਼ਤੀ ।ਭਾਗ ਸੁਹਾਗ ਮਲ੍ਹਾਏ ।
ਸਾਂਵਲ ਬਾਂਹ ਸਿਰਾਂਦ ਿਡੇਕਰ ।ਸਾਰੀ ਰਾਤ ਨਿਭਾਏ ।
ਛੋੜ ਵੰਜਣ ਦੀ ਦੂਰ ਰਹਿਣ ਦੀ ।ਨਾ ਰੱਖ ਰਾਂਝਣ ਰਾਏ ।
ਤੌਂ ਬਿਨ ਰਾਵਲ ਜੋਗੀ ਦਿਲ ਦੇ ।ਡੁੱਖੜੇ ਕੌਣ ਮਿਟਾਏ ।
ਨਾ ਕੋਈ ਸੰਗਤੀ ਨਾ ਕੋਈ ਸਾਥੀ ।ਨਾ ਕੋਈ ਹਾਲ ਵੰਡਾਏ ।
ਸੱਚ ਹੈ ਕੌਨ ਪਰਾਏ ਡੁੱਖੜੇ ।ਅਪਣੇ ਗਲੜੇ ਪਾਏ ।
ਜਿਸ ਤਨ ਲਗੜੀ ਸੋਈ ਤਨ ਜਾਣੇ ।ਹੋਰਾਂ ਕਿਆ ਪਰਵਾਏ ।
ਅਪਣੇ ਬਾਰੇ ਆਪ ਉਠੇਸਾਂ ।ਦਿੱਲੜੀ ਨਿੱਤ ਫਰਮਾਏ ।
ਕਰ ਬੋਵਾਹੀ ਸੱਟ ਨਿੰਦਰਾਈ ।ਪੇਚੀ ਕੇਚ ਸਿਧਾਏ ।
ਸੁੰਜੜੇਦੇ ਸੁੰਜੜੇਪੇ ਕਿਆ ਕਿਆ ।ਪੇਸ਼ ਤੱਤੀ ਦੇ ਆਏ ।
ਸੁਰਖ਼ੀਂ ਮੈਂਦੀਂ ਤਿਲਕ ਤਲੌਲੀਂ ।ਫ਼ਿੱਕੜੇ ਰੰਗ ਡਿਖਾਏ ।
ਹਿੱਕ ਡੁੱਖ ਸੈ ਸੈ ਸਾਂਗ ਖੁਸ਼ੀ ਦੇ ।ਸਾਰੇ ਸਾਫ਼ ਵੰਜਾਏ ।
ਚੋਲੀ ਚੁਨੜੀ ਸੋਜ਼ੋਂ ਭੁਨੜੀ ।ਆਸ ਨ ਪੁੱਨੜੀ ਹਾਏ ।
ਇਸ਼ਕੋਂ ਮੂਲ ਨ ਫਿਰਸਾਂ ।ਤੋੜੀਂ ਮੂੰਹ ਨ ਲਾਏ ।

173. ਪਲ ਪਲ ਸੂਲ ਸਵਾਇਆ ਹੈ

ਪਲ ਪਲ ਸੂਲ ਸਵਾਇਆ ਹੈ ।ਜੀ ਮੁਫਤ ਡੁੱਖਾਂ ਵਿੱਚ ਆਇਆ ਹੈ ।
ਦੂਰ ਗਿਆ ਮਨਜ਼ੂਰ ਦਿਲੀਂ ਦਾ ।ਤਨ ਮਨ ਧਨ ਹੈ ਮਾਲ ਜਹੀਂ ਦਾ ।
ਸ਼ਾਲਾ ਢੋਲਣ ਮਿਲਮ ਚਹੀਂਦਾ ।ਦਰਦਾਂ ਸਖ਼ਤ ਸਤਾਇਆ ਹੈ ।
ਦਸ਼ਤ ਬੀਆਬਾਂ ਜਾਲ ਅਸਾਡੀ ।ਸੋਜ਼ ਅੰਦੋਹ ਦੀ ਚਾਲ ਅਸਾਡੀ ।
ਮਾਤਮ ਹਾਲ ਤੇ ਕਾਲ ਅਸਾਡੀ ।ਇਸ਼ਕ ਬਹੂੰ ਡੁੱਖ ਲਾਇਆ ਹੈ ।
ਚਾਕ ਕੀਤੇ ਦਿਲ ਚਾਕ ਮਹੀਦੇ ।ਕੌਨ ਕਲੱਲੜੇ ਜ਼ਖਮ ਕੂੰ ਸੀਂਦੇ ।
ਮਰਹਮ ਵਸਲ ਵਸਲ ਤਹੀਦੇ ।ਖੇੜਾ ਕੂੜਾ ਜਾਇਆ ਹੈ ।
ਰਾਂਝਨ ਜੋਗੀ ਮੈਂ ਜੁਗਿਆਨੀ ।ਬੇ ਜ਼ਰ ਉਸ ਦੇ ਰਾਹ ਵਕਾਣੀ ।
ਮੁੱਠੜੀ ਮਾਰੀ ਫਿਰਾਂ ਨਮਾਣੀ ।ਨਾਨ ਨਸ਼ਾਨ ਗੰਵਾਇਆ ਹੈ ।
ਬਿਰਹੋਂ ਅਲੰਬੀ ਜੂੜ ਕਰ ਲਾਈ ।ਸੜਦੀ ਬਲਦੀਂ ਫਿਰਾਂ ਲੁਕਾਈ ।
ਲੋਕ ਕਿਆ ਜਾਣੇ ਪੀੜ ਪਰਾਈ ।ਜੋ ਲਿਖਿਆ ਸੋ ਪਾਇਆ ਹੈ ।
ਛੱਡ ਗਿਆ ਰਾਂਝਨ ਸਿਰ ਦਾ ਵਾਲੀ ।ਕੀਤਸ ਹਾਲ ਕਨੂੰ ਬੇਹਾਲੀ ।
ਸਾੜਾਂ ਸੇਝ ਤੇ ਤੋਲ ਨਿਹਾਲੀ ।ਸਭ ਕੁਝ ਹਿਜਰ ਭੁਲਾਇਆ ਹੈ ।
ਦਿਲ ਨੂੰ ਲੁਟਿਆ ਇਸ਼ਕ ਮਰੇਲੇ ।ਫਿਰਦੀ ਸ਼ਹਿਰ ਤੇ ਜੰਗਲ ਬੇਲੇ ।
ਮਤਾਂ ਫ਼ਰੀਦ ਕਰੇ ਰੱਬ ਮੇਲੇ ।ਤਾਂਘ ਆਰਾਮ ਵੰਜਾਇਆ ਹੈ ।

174. ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ

ਪਰਦੇਸ ਡਿਹੋਂ ਦੀਦਾਂ ਅੜਿਆਂ ਵੇ ਯਾਰ ।ਸਾਡਿਆਂ ਵਤਨ ਕਨੂੰ ਦਿਲੀ ਸੜੀਆਂ ਵੇ ਯਾਰ ।
ਖਬਰ ਨਹੀਂ ਇਨ੍ਹਾਂ ਕਮਲਿਆਂ ਲੋਕਾਂ ।ਤੇਗ਼ਾਂ ਤੇਜ਼ ਬਿਰਹੋਂ ਦੀਆਂ ਨੋਕਾਂ ।
ਦਰਦ ਮੰਦਾਂ ਸਿਰ ਖੜੀਆਂ ਵੇ ਯਾਰ ।
ਜੇ ਤਈਂ ਮੌਤ ਕਰੇਸਮ ਟਾਲਾ ।ਡੇਖਾਂ ਨਾਲ ਅੱਖੀਂ ਦੇ ਸ਼ਾਲਾ ।
ਸ਼ਹਿਰ ਇਰਮ ਸ਼ਾਹ ਪਰੀਆਂ ਵੇ ਯਾਰ ।
ਡੇਖ ਕੇ ਚਾਲੀ ਯਾਰ ਸਜਨ ਦੀਆਂ ।ਨਾਜ਼ ਖਰਾਮਾਂ ਮਨਮੋਹਨ ਦੀਆਂ ।
ਕਬਕਾਂ ਰੋਹੀ ਵੜੀਆਂ ਵੇ ਯਾਰ ।
ਮੈਂ ਜੇਹੀਆਂ ਤੈਂਡੀਆਂ ਸੌ (ਸਠ) ਸਹੇਲੀਆਂ ।ਨਾਜ਼ ਪਨੁਨੀਆਂ ਰਾਜ ਗੇਹਲੀਆਂ ।
ਥੀਆਂ ਦੀਵਾਨੀਆਂ ਚਰੀਆਂ ਵੇ ਯਾਰ ।
ਕਿਸਨੀ ਚਾਇਮ ਨੇਹੜਾ ਲਾਇਮ ।ਜਿੰਦੜੀ ਮੁਫ਼ਤ ਫ਼ਰੀਦ ਗਵਾਇਮ ।
ਨਿਭ ਗਈਆਂ ਸੁਖ ਦੀਆਂ ਘੜੀਆਂ ਵੇ ਯਾਰ ।

175. ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ

ਪਰਦੇਸੀ ਯਾਰਾ ਵਾ ਪੂਰਬ ਦੀ ਘੁਲੇ ।
ਸਾਵਨ ਮੀਂਹ ਬਰਸਾਤ ਦੀ ਵਾਰੀ ।ਫੋਰਾ ਫੁਲੀ ਖਿਪ ਫੁਲੇ ।
ਗਾਜਾਂ ਗਜਕਨ ਬਿਜਲੀਆਂ ਲਿਸ਼ਕਨ ।ਜ਼ੌਕੋਂ ਦਿੱਲੜੀ ਚੁਲੇ ।
ਧਾਮਣ ਕਤਰਣ ਸਣ੍ਹ ਤੇ ਸਹਿਜੋਂ ।ਛਤਰ ਸੁਹਾਗ ਦਾ ਝੁਲੇ ।
ਜੇ ਤੈਂ ਪਾਣੀ ਪਲ੍ਹੜਨ ਖੁਟਸੀ ।ਕੌਨ ਭਲਾ ਸਿੰਧ ਜੁਲੇ ।
ਰੋਜ਼ ਬਰੋਜ਼ ਫ਼ਰੀਦ ਹੈ ਲੱਜ਼ਤ ।ਤਬਾ ਡੇਂਹੋਂ ਡੇਂਹ ਖੁਲੇ ।

176. ਪਟੀ ਪੀਤ ਦੇ ਪੰਧ ਪਰੇਰੇ

ਪਟੀ ਪੀਤ ਦੇ ਪੰਧ ਪਰੇਰੇ ।ਬੁਰੇ ਬਿਰਹੋਂ ਦੇ ਬਾਰ ਬਰੇਰੇ ।
ਜਾਣੇ ਮੂਲ ਨ ਜਾਣੇ ।ਭਾਣੇ ਯਾਰ ਦੇ ਮਨ ਨੂੰ ਭਾਣੇ ।
ਗਾਨੇ ਗਹਿਣੇ ਮੇਵੇ ਖਾਣੇ ।ਵਿੱਸਰੇ ਤੋਲ ਵਹਾਣੇ ।
ਰਾਜ ਬਬਾਣੇ ਹੁਸਨ ਦੇ ਮਾਣੇ ।ਗੁਜ਼ਰੇ ਭਾਗ ਭਲੇਰੇ ।
ਟੋਲ ਖੁਸ਼ੀ ਦੇ ਰੋਲ ਡਿੱਤੇ ।ਵੋਹ ਸੂਲਾਂ ਲਾਈ ਕਾਨੀ ।
ਢੋਲ ਨ ਨੀਤਮ ਕੋਲ ਮੁੱਠੀ ।ਗਿਆ ਜੋਬਨ ਜੋਸ਼ ਜਵਾਨੀ ।
ਹਾਰ ਸ਼ਿੰਗਾਰ ਨ ਖੜ ਮੁਕਲਾਇਆ ।ਤਰੁੱਟੜੇ ਫੁਲੋਂ ਸਿਹਰੇ ।
ਬਾਦਲ ਕਾਲੇ ਪੂਰਬ ਵਾਲੇ ।ਨਾਲੇ ਬਾਦ ਸ਼ਮਾਲੇ ।
ਬਾਰਸ਼ ਨਾਲੇ ਵਕਤ ਸੁਖਾਲੇ ।ਮੌਸਮ ਰੂਪ ਡਖਾਲੇ ।
ਸੋਜ਼ ਉਗਾਲੇ ਪੌਨ ਉਬਾਲੇ ।ਯਾਰ ਨਹੀਂ ਹੈ ਵੇੜ੍ਹੇ ।
ਚੇਤਰ ਬਹਾਰਾਂ ਖੇਤਰ ਹਜ਼ਾਰਾਂ ।ਟੋਭੇ ਤਾਰ ਮਤਾਰਾਂ ।
ਗੁਲ ਗੁਲਫ਼ਾਰਾਂ ਲੱਖ ਲਲ੍ਹਕਾਰਾਂ ।ਕਨੜੀ ਪਵਨ ਤਵਾਰਾਂ ।
ਝੌਪੜ ਸਾੜਾਂ ਝੋਕ ਉਜਾੜਾਂ ।ਦੋਸਤ ਨ ਵਸਦਾ ਨੇੜੇ ।
ਤਾਂਘਾਂ ਯਾਰ ਦੀਆਂ ਸਾਗਾ ।ਕੱਨੜੀਂ ਬਿਰਹੋਂ ਸੁਣਾਈਆਂ ਬਾਂਗਾਂ ।
ਕੱਜੜੇ ਵਾਲ ਤੇ ਉੱਜੜੀਆਂ ਮਾਘਾਂ ।ਲਿਖਦੀ ਹਿਜਰ ਦੇ ਕਾਂਗਾਂ ।
ਕਰਦੀ ਚਾਂਗਾਂ ਸੁਝਨ ਨ ਤਾਂਗਾਂ ।ਸੁਖ ਦੇ ਬੁਡ ਗਏ ਬੇੜੇ ।
ਰਾਹ ਜਬਲ ਦੇ ਮਾਰੂ ਥਲ ਦੇ ।ਸਾਂਗ ਕਸਾਂਗ ਅਜ਼ਲ ਦੇ ।
ਆਵਨ ਯਾਦ ਪੁੱਨਲ ਦੇ ਰਲੜੇ ।ਪੂਰ ਪਵਨ ਪਲਪਲ ਦੇ ।
ਡੁੱਖੜੇ ਵਲਵਲ ਪੁੱਖੜੇ ਢਲਦੇ ।ਦਰਦ ਅੰਦੋਹ ਘਨੇੜੇ ।
ਵੇਸ ਵਟੇਸਾਂ ਦੇਸ ਛੁੜੇਸਾਂ ।ਜੋਗਨ ਥੀ ਗੁਜ਼ਰੇਸਾਂ ।
ਖ਼ਾਕ ਰਮੇਸਾਂ ਧੂਨੜੀ ਲੇਸਾਂ ।ਨਾਜ਼ਕ ਨੇਂਹ ਨਿਭੇਸਾਂ ।
ਸ਼ਰਮ ਲੋੜ੍ਹੇਸਾਂ ਭਰਮ ਪੁੜੇਸਾਂ ।ਕੀਜੋ ਖਿਲਸਨ ਖੇੜੇ ।
ਨੋਕ ਗ਼ਮਾਂ ਦੀ ਚੋਕ ਡੁੱਖਾਂ ਦੀ ।ਦਮ ਦਮ ਦਿਲ ਦਰਮਾਂਦੀ ।
ਰਾਤ ਡੇਹਾਂ ਤੜਫਾਂਦੀ ।ਕੁੱਠੜੀ ਮਿਹਣੀ ਸਿੱਠੜੀਂ ਖਾਂਦੀ ।
ਸੇਝ ਨ ਭਾਂਦੀ ਪਈ ਕੁਰਲਾਂਦੀ ।ਮੁੱਠੜੀ ਇਸ਼ਕ ਅਵੈੜੇ ।
ਦਿੱਲੜੀ ਹਰਮਲ ਅੱਖ਼ੀਆਂ ਪਲਪਲ ।ਪੈਰੀਂ ਛਲ ਛਲ ਛਾਲੇ ।
ਨਰਮਲ ਦਰਦ ਅੰਦਰ ਦੇ ਦਰਮਲ ।ਡਿੱਤੜੇ ਰੋਗ ਕਸਾਲੇ ।
ਜਲਬਲ ਤੇ ਹੱਥ ਮਲਮਲ ਕੂਕਾਂ ।ਜ਼ਖਮ ਪਏ ਵਿੱਚ ਜ਼ੇਰੇ ।
ਲਾਲੀ ਲਿਵੇ ਤੇ ਕਾਂਗਾਂ ਬੋਲੇ ।ਥੀਵਾਂ ਓਲੇ ਘੋਲੇ ।
ਮੁਰਗ ਮਮੋਲੇ ਕਰਨ ਚਬੋਲੇ ।ਨਾ ਡੇ ਰਾਵਲ ਰੋਲੇ ।
ਸਾਰੇ ਸੌਣ ਸ਼ਗੂਨ ਸ਼ਮੋਲੇ ।ਦਰ ਵੇੜ੍ਹੇ ਬੱਠ ਝੇੜੇ ।
ਕਿਆ ਦੂਰੀ ਮਹਜੂਰੀ ਓੜਕ ।ਵੰਜਣਾਂ ਝੋਕ ਜ਼ਰੂਰੀ ।
ਪੂਰੀ ਨੇਸਾਂ ਸਿੱਕ ਸਾਵਲ ਦੀ ।ਹਮ ਈਮਾਨ ਦੀ ਮੋੜੀ ।
ਪੂਰੇ ਝੋਰੈ ਖ਼ਾਕ ਪੱਟੀ ਦੀ ।ਕਰਸਮ ਕੇਚ ਕੇਚ ਵਹੇੜੇ ।
ਅਗ ਲਾਈ ਭੜਕਾਈ ਰੰਗਤ ।ਚਸ਼ਮਾਂ ਚੋਲ ਚਲਾਈ ।
ਦੀਦਾਂ ਕਰਨ ਲੜਾਈ ।ਰਮਜ਼ਾਂ ਜੜ ਕਰ ਚਾਟ ਚਖਾਈ ।
ਬੇਵਾਹੀ ਦੇ ਨਾਲ ਅਜਾਂਈ ।ਗ਼ਮਜ਼ੇ ਰਖਨ ਬਖੇੜੇ ।
ਅੱਲਾ ਰਾਸੀ ਮਾ ਨਾ ਮਾਸੀ ।ਸ਼ਹਿਰ ਭੰਭੋਰ ਦੀ ਵਾਸੀ ।
ਤਰਹ ਉੱਦਾਸੀ ਸਖ਼ਤ ਪਿਆਸੀ ।ਬਦਨ ਭਭੂਤ ਸਨਾਸੀ ।
ਖੋਸਾ ਫਾਸੀ ਥੀ ਬੇ ਆਸੀ ।ਪਲਪਲ ਮੌਤ ਕਹੇੜੇ ।
ਜੰਗਲ ਬੇਲੇ ਸੀਹ ਮਰੇਲੇ ।ਡੋੜੇ ਡੁੱਖ ਡੁਹੇਲੇ ।
ਕਪੜੇ ਮੈਲ ਕੁਚੇਲੇ ।ਨਿਭ ਗਏ ਹੱਸਣ ਖਿਲਣ ਦੇ ਵੇਲ੍ਹੇ ।
ਵੇਲ੍ਹੇ ਮੇਲੇ ਕਰ ਅਲਬੇਲੇ ।ਆਵਸ ਹੋਤ ਉਰੇਰੇ ।
ਪੰਧ ਅੜਾਗੇ ਦਿੱਲੜੀ ਤਾਂਘੇ ।ਔਖੇ ਵਸਲ ਦੇ ਸਾਂਘੇ ।
ਮਿਲਣ ਮਰਾਂਗੇ ਕੋਝੇ ਲਾਂਘੇ ।ਚੋਲਾ ਬੋਛਨ ਘਾਂਗੇ ।
ਜੋਹ ਜਤਨ ਦੇ ਡਿੱਸਮ ਨ ਚਾਗੇ ।ਨ ਖਾਰੇ ਨ ਛੇੜੇ ।
ਤੀਰ ਜਿਗਰ ਵਿੱਚ ਪੀੜ ਅੰਦਰ ਵਿੱਚ ।ਨੀਰਾ ਨੀਰ ਵਹੀਰਾਂ ।
ਪੀਰ ਮਨਾਵਾਂ ਧੀਰ ਨ ਪਾਵਾਂ ।ਦਿਲ ਦਿਲਗੀਰ ਲਵੀਰਾਂ ।
ਮਾਰੂ ਛੋੜ ਮਲ੍ਹੇਰ ਸਿਧਾਇਆ ।ਪਏ ਤਕਦੀਰ ਨਖੇੜੇ ।
ਸਟੀਆਂ ਮਟੀਆਂ ਭਟੀਆਂ ਕੱਟੀਆਂ ।ਵਟੀਆਂ ਪਟੀਆਂ ਪਤੀਆਂ ।
ਘਟੀਆਂ ਖੁਸ਼ੀਆਂ ਪਾੜੂੰ ਪਟੀਆਂ ।ਹਟੀਆਂ ਸੁਖ ਦੀਆਂ ਰਤੀਆਂ ।
ਮੁੱਠੀਆਂ ਤੇਗ਼ ਬਿਰਹੋਂ ਦੀਆਂ ਕੁੱਠੀਆਂ ।ਲੋਟੀਆਂ ਨਾਜ਼ ਨਵੇਰਾਂ ।
ਦਰਦ ਜਦੀਦ ਮਜੀਦ ਹਮੇਸ਼ਾਂ ।ਰੀਤ ਪਰੀਤ ਸਵਾਈ ।
ਪੀਤ ਪਰਮ ਦੇ ਗੀਤ ਸਿਖਾਇਮ ।ਨੀਤ ਅਸਾਂ ਸਰ ਚਾਈ ।
ਈਦ ਫ਼ਰੀਦ ਬਈਦ ਸੁਣਿਉਸੇ ।ਗ਼ਮ ਕੀਤੇ ਦਿਲ ਦੇਰੇ ।

177. ਪਏ ਡੁਖ ਗਲ ਵਿਚ ਜਮਦੇ ਯਾਰ

ਪਏ ਡੁਖ ਗਲ ਵਿਚ ਜਮਦੇ ਯਾਰ ।ਨਾ ਰਹਿ ਗਿਓ ਸੈ ਕਹੀਂ ਕੰਮ ਵੇ ਯਾਰ ।
ਬਾਗ਼ ਬਹਾਰ ਉਜਾੜ ਕੀਤੋ ਸੈ ।ਹਾਰ ਸ਼ਿੰਗਾਰ ਵਸਾਰ ਡਿਤੋਂ ਸੈ ।
ਦੌਲਤ ਦੁਨੀਆਂ ਦਾਰ ਥੀਓ ਸੈ ।ਨੌਕਰ ਤੈਂਡੜੇ ਦਮ ਦੇ ਯਾਰ ।
ਸ਼ਰਮ ਸ਼ਊ੍ਰਰ ਅਸਾਂ ਤੋਂ ਰੁਠੜੇ ।ਨੰਗ ਨਮੂਜ਼ ਦੇ ਸਾਂਗੇ ਤਰੁਟੜੇ ।
ਘੋਲੇ ਸਦਕੇ ਕੀਤੇ ਮੁਠੜੇ ।ਆਸਰੇ ਭੀਮ ਭਰਮ ਦੇ ਯਾਰ ।
ਹਿਕ ਵੇਲ੍ਹੇ ਅਹਰਾਮ ਹਰਮ ਦੇ ।ਹਿਕ ਵੇਲ੍ਹੇ ਜ਼ਨਾਰ ਧਰਮ ਦੇ ।
ਨਾ ਪਾeੰਦ ਹੂੰ ਦੀਨ ਜੜਮ ਦੇ ।ਬੰਦੜੇ ਇਸ਼ਕ ਦੇ ਗ਼ਮ ਦੇ ਯਾਰ ।
ਡੋਖੇ ਚਾਲ ਅਨੋਖੀ ਪੁਠੜੀ ।ਕਈ ਵੰਜ ਪਹੁੰਤੀ, ਕਈ ਮਰਹੁਟੜੀ ।
ਨਾਜ਼ ਤੈਂਡੇ ਦੀ ਰਾਂਦ ਨ ਖੁਟੜੀ ।ਗੁਜਰੇ ਦਹ ਆਦਮ ਦੇ ਯਾਰ ।
ਲਾਣੇ ਫੋਗ ਅਸਾਡੇ ਮਾਣੇ ।ਟਿਬੋੜੇ,ਭਿਟੜੇ,ਡਹਰ ਟਕਾਣੇ ।
ਡਿਸਦੇ ਸੁਕੜੇ ਖੇਤਰ ਕਮਾਣੇ ।ਸਾਗੀ ਬਾਗ਼ ਇਰਮ ਦੇ ਯਾਰ ।
ਯਾਰ ਫ਼ਰੀਦ ਮਿਲਮ ਘਰ ਅੰਦਰ ।ਪਾਂਵਾਂ ਭਾਗ ਸੁਹਾਗੋਂ ਜ਼ੇਵਰ ।
ਖਾਵਨ ਸਹਿਜੋਂ ਬੋਲੇ ਬੇਂਸਰ ।ਲਚਕੇ ਕਲ ਸਰਸਮ ਦੇ ਯਾਰ ।

178. ਪੀੜ ਪੁਰਾਣੀ ਬੇਸ਼ਮ ਕੀਤਾ

ਪੀੜ ਪੁਰਾਣੀ ਬੇਸ਼ਮ ਕੀਤਾ ।ਨਾਲ ਨ ਨੀਤਮ ਸਾਂਵਲ ਯਾਰ ।
ਪੁਨਲ ਯਾਰ ਕੂੰ ਚਾ ਭਰਮਾਇਓ ਨੇ ।ਜ਼ੋਰਾ ਜ਼ੋਰੀ ਪਕੜ ਨੀਤੋ ਨੇ ।
ਪੌਨੇ ਸ਼ਾਲਾ ਰਬ ਦੀ ਮਾਰ ।
ਪੈਰ ਹਵਾੜਾਂ ਖੋਜ ਨ ਪਾਵਾਂ ।ਰੋ ਰੋ ਕਰੜ ਕੰਡਾ ਗਲ ਲਾਵਾਂ ।
ਨੈਨ ਸਿਕੇ ਤੇ ਜ਼ਾਰ ਨਜ਼ਾਰ ।
ਥੀ ਰਾਹੀ ਥਲ ਮਾਰੂ ਜੁਲਸਾਂ ।ਲਾਂਡੀ ਤੇ ਲਸ ਬੇਲਾਂ ਰੁਲਸਾਂ ।
ਸੁੰਜ ਬਰ ਬਾਰ, ਕੀਤਮ ਘਰ ਬਾਰ ।
ਪਾਣੀ ਮੂਲ ਨ ਮਿਠੜੇ ਖਾਰੇ ।ਨਾ ਕੁਝ ਪਲੜੇ ਨਾ ਕੋਈ ਚਾਰੇ ।
ਨਾਰਹ ਡਿਸਦਮ ਸੁਤਰ ਸਵਾਰ ।
ਵਿਸਰੀਆਂ ਰੰਗ ਰੰਗੇਲੀਆਂ ਜਾਈਂ ।ਬਾਗ਼ ਬਗੁਚੜੇ ਠਡਰੀਆਂ ਛਾਈਂ ।
ਸਿਹਰੇ ਗਾਨੇ ਘਣੇ ਯਾਰ ।
ਨਾਜ਼ਕ ਸ਼ੌਖ ਮਜ਼ਾਜ ਨਿਗਾਹ ਅਨੋਹਾਂ ।ਯਾਰੀ ਲਾ ਕਰ ਥੀਓ ਅਣਸੁਹਾਂ ।
ਕੇਡੇ ਗਲ ਗਏ ਕੌਲ ਕਰਾਰ ।
ਕਰਮ ਤਤੀ ਦੇ ਨਾ ਡੁਖ ਮਿਟੜੇ ।ਕਰਮ ਨ ਕੀਤਮ ਮਾਰੂ ਮਿਠੜੇ ।
ਜਿਤੜੀ ਬਾਜ਼ੀ ਡਿਤਰਸ਼ ਹਾਰ ।
ਕੇਚ ਡੁ ਤਣਸਾਂ ਜੇ ਤੈਂ ਜੈਸਾਂ ।ਜੇ ਵਲ ਵਲਸਾਂ ਕਾਫ਼ਰ ਥੀਸਾਂ ।
ਗਲ ਵਿਚ ਪਾਇਮ ਪਰੀਤ ਮਹਾਰ ।
ਔਖੀਆਂ ਘਾਟੀਆਂ ਗਾਟੀਆਂ ਚਾਟੀਆਂ ।ਲਾਹੀਆਂ ਚਾੜ੍ਹੀਆਂ ਸਭ ਅਠ ਕਾਠੀਆਂ ।
ਸਜੜੋ ਖਬੜੋ ਸੌ ਸੌ ਗ਼ਾਰ ।
ਬਠ ਪਿਆ ਭੁਟੜੇ ਵਾਹਣ ਦਾ ਜੋਮਾਂ ।ਸ਼ਹਿਰ ਭੰਬੋਰ ਵੀ ਕੂੜ ਨਿਕਮਾਂ ।
ਕੀਚ ਹਈ ਵਤਨ ਹਕੀਕੀ ਵਾਰ ।
ਯਾਰ ਫ਼ਰੀਦ ਨ ਕੀਤਮ ਗੋਲੀ ।ਸੁਰਖੀ ਡਿਸਮ ਬੰਦੂਕ ਦੀ ਗੋਲੀ ।ਧਾਰ ਕਜਲ ਦੀ ਥਈ ਤਲਵਾਰ ।

179. ਪਿਰੀ ਅਜ ਨ ਗਿਉਸੇ ਕਲ ਹੀ ਸਹੀ

ਪਿਰੀ ਅਜ ਨ ਗਿਉਸੇ ਕਲ ਹੀ ਸਹੀ ।ਇਹੋ ਵਤਨ ਬੇਗਾਨਾ ਕੂੜਾ ਕੂੜ ਟਿਕਾਨਾ ।
ਰੰਗ ਗੁਲ ਫੁਲ ਡੇਖ ਕੇ ਭੁਲ ਨ ਬਹੀਂ ।ਸਿੱਧੇ ਰਾਹੋਂ ਸਾਲਿਕ ਰੂਲ ਨ ਬਹੀਂ ।
ਏਹੀਂ ਜਗ ਦੀ ਜਗਮਗ਼ ਸਮਝ ਬਹਾਨਾ ।
ਏ ਨੱਗਰੀ ਮੁਲਕ ਪਰਾਇਆ ਹੈ ।ਅੱਥ ਆਸਰਾ ਰੱਖਣ ਅਜਾਇਆ ਹੈ ।
ਮੁਢੋਂ ਰਹਿਣ ਨ ਡੇਂਦੇ ਕਰਿਨ ਰਵਾਨਾ ।
ਥੀ ਗ਼ਾਫ਼ਲ ਅਸਲੋਂ ਹਿੱਕ ਨ ਘੜੀ ।ਹੁਣ ਹੱਥ ਹੱਥ ਮਲ ਮਲ ਪਰਤਾਬ ਜ਼ਰੀ ।
ਮਾਝੁ ਮੌਤ ਨੇ ਭੇਜਿਆ ਲਿਖ ਪਰਵਾਨਾ ।
ਬੱਠ ਦੁਨੀਆਂ ਫ਼ਾਨੀ ਦੇਸ ਇਹੋ ।ਸਭ ਮਕਰ ਫਰੇਬ ਦਾ ਵੇਸ ਏਹੋ ।
ਕਿਆ ਨਾਜ਼ ਨਹੋਰੇ ਤਾਨ ਤੁਰਾਨਾ ।
ਕਰ ਤੋਬਾ ਇਸਤਗਫ਼ਾਰ ਸਦਾ ।ਰੱਖ ਬਿਦਅਤ ਸ਼ਰਕੋ ਆਰ ਸਦਾ ।
ਥੀ ਮਹਜ਼ ਮਵਾਹਦ ਸਾਫ਼ ਯਗਾਨਾ ।
ਰੱਬ ਬਾਝ ਫ਼ਰੀਦ ਨੂੰ ਆਸ ਨਹੀਂ ।ਏਹਾ aੁੱਮਰ ਸਭੋ ਹਿਕ ਪਾਸ ਨਹੀਂ ।
ਕਹੀਂ ਨਾਲ ਨ ਚਾੜੇ ਤੋੜ ਜ਼ਮਾਨਾ ।

180. ਪਿਆ ਇਸ਼ਕ ਅਸਾਡੀ ਆਨ ਸੰਗਤ

ਪਿਆ ਇਸ਼ਕ ਅਸਾਡੀ ਆਨ ਸੰਗਤ ।ਗਈ ਸ਼ਦਮਦ ਜ਼ੇਰ ਜਬਰ ਦੀ ਭੱਤ ।
ਸਭਿ ਵਿਸਰੇ ਇਲਮ ਅਲੂਮ ਅਸਾਂ ।ਕੁਲ ਭੁਲ ਗਏ ਰਸਮ ਰਸੂਮ ਅਸਾਂ ।
ਹੈ ਬਾਕੀ ਦਰਦ ਦੀ ਧੂਮ ਅਸਾਂ ।ਪਏ ਬਿਰਹੋਂ ਦੀ ਯਾਦ ਰਹਿਉਸੇ ਗਤ ।
ਇਨ੍ਹਾਂ ਜੂਠਿਆਂ ਗੈਰਾਂ ਵੈਰੀਆਂ ਤੋਂ ।ਇਨ੍ਹਾਂ ਕੂੜਿਆਂ ਖੇੜਿਆਂ ਭੈੜੀਆਂ ਤੋਂ ।
ਇਨ੍ਹਾਂ ਕੋਝਿਆਂ ਗੇੜਿਆਂ ਪੇੜਿਆਂ ਤੋਂ ।ਹਰ ਵੇਲ੍ਹੇ ਯਾਰ ਬਿਨਮ ਡਤਪਤ ।
ਕਰ ਸਬਰ ਤੇ ਸ਼ੁਕਰ ਸ਼ਕਾਇਤ ਤੇ ।ਰਖ ਆਸ ਉਮੀਦ ਇਨਾਇਤ ਤੇ ।
ਪਏ ਫਖ਼ਰ ਦੀ ਫ਼ਕਰ ਵਲਾਇਤ ਤੇ ।ਡੇਂਹ ਰਾਤੀਂ ਦਿਲੜੀ ਡਿਓਮ ਮਤ ।
ਮੁਠੀ ਗਿਲੜੀ ਸ਼ਹਿਰ ਵਿਖੋਹੀ ਦੀ ।ਤੱਤੀ ਮੁਲਕ ਮਲਾਮਤ ਡੋਹੀ ਦੀ ।
ਸੁੰਜੀ ਰੋਹੀ ਰਾਵੇ ਰੋਹੀਂ ਦੀ ।ਡਿਤੀ ਖਲਅਤ ਯਾਰ ਬਰੋਚਲ ਜਤ ।
ਨਿਤ ਖਾਵਾਂ ਡੁਖੜੀਂ ਤੂੰ ਮੁਕ ਲਤ ।ਹਾਂ! ਆਖਣ ਨੇੜਾ ਲੈਸੀਂ ਵਤ ।
ਕਡੀਂ ਵੋਏ ਤੋਏ ਤੇ ਕਡੀਂ ਕਰਨ ਹਟ ਹਟ ।ਡੇ ਡਰ ਕੇ ਖੂਬ ਨਪੀੜਨ ਸਤ ।
ਸਟ ਕਲ੍ਹੜੀ ਯਾਰ ਫਰੀਦ ਗਿਆ ।ਇਹੋ ਹਾਲ ਨਮਾਣੀ ਨਾਲ ਥੀਆ।
ਫਰਿਆਦ ਕਰਾਂ ਕਰ ਯਾਦ ਪੀਆ ।ਹੱਥ ਮਲ ਮਲ ਬੈਠੀ ਰੋਵਾਂ ਰੱਤ ।

181. ਪੁਨਲ ਛਡ ਕੇ ਨੀਚ ਸਿਧਾਇਓਂ

ਪੁਨਲ ਛਡ ਕੇ ਨੀਚ ਸਿਧਾਇਓਂ ।ਦਿਲੜੀ ਨਮਾਣੀ ਹੈ ਜ਼ਾਰ ਨਜ਼ਾਰ ।
ਯਾਸ ਪਿਆਸ ਨਸੀਬ ਅਸਾਡੇ ।ਨਾ ਕੋਈ ਟੋਭੇ ਨਾ ਕਈ ਤਾਡੇ ।
ਨਾ ਰਾਹ ਡਿਸਦਮ ਕਰਹੂੰ ਕਤਾਰ ।
ਦਰਦ ਘਨੇਰੇ ਡੁਖ ਹਜ਼ਾਰਾਂ ।ਸੂਲ ਤਤੀ ਕੂੰ ਤਾਰ ਮਤਾਰਾਂ ।
ਬਿਰਹੋਂ ਬਛੇਂਦਾ ਰੋਜ਼ ਆਜ਼ਾਰ ।
ਸਟ ਕਰ ਸ਼ਾਹੀ ਥੀਸਾਂ ਬਾਂਦੀ ।ਠੀਕ ਸੋਹੇਸਾਂ ਰੀਤ ਗ਼ਮਾਂ ਦੀ ।
ਕੀਜੋ ਕਰਸਮ ਲੋਗ ਵਿਆਰ ।
ਸੇਝ ਨ ਭਾਵਿਮ ਪਈ ਤੜਫ਼ਾਵਾਂ ।ਤਾਰੇ ਗਿਨ ਗਿਨ ਰਾਤ ਨਿਭਾਵਾਂ ।
ਨ ਕੋਈ ਸਾਥੀ ਨ ਗ਼ਮ ਖਵਾਰ ।
ਮਾਂ ਪਿਓ ਵੈਰੀ ਮੂਲ ਨ ਭਾਂਦੇ ।ਮੇਣੇ ਡੇਵਮ ਬਰਦੇ ਬਾਂਦੇ ।
ਸੈਗੀਆਂ ਸੁਰਤੀਆਂ ਕਰਦੇ ਆਰ ।
ਜੈਂ ਤਨ ਲਗੜੀ ਸੋਈ ਤਨ ਜਾਣੇ ।ਗੈਰ ਫ਼ਰੀਦ ਨ ਰਮਜ਼ ਪਛਾਣੇ ।
ਜਾਣਮ ਸੋਹਣਾਂ ਦਿਲਬਰ ਯਾਰ ।

182. ਪੁਨਲ ਥੀਵੀਂ ਪਾਂਧੀ ਯਾਰਾ

ਪੁਨਲ ਥੀਵੀਂ ਪਾਂਧੀ ਯਾਰਾ ।ਛੱਡ ਕੇ ਕਲ੍ਹੜੀ ਬਰ ਵਿਚ ।
ਹਰ ਦਮ ਵਤਾਂ ਦਰਮਾਦੀ ਯਾਰਾ ।ਸੈ ਸੈ ਰੋਗ ਅੰਦਰ ਵਿਚ ।
ਪੀਤ ਨ ਪਾਲੀ ਸਰ ਦੇ ਵਾਲੀ ।ਤੂਲ ਨਿਹਾਲੀ ਰੋਲੇਸ ਖਾਲੀ ।
ਦਿਲ ਦਰਦੋਂ ਕੁਰਲਾਂਦੀ ਯਾਰਾ ।ਮੂੰਹ ਪਲੜੁ ਘਰ ਘਰ ਵਿਚ ।
ਰਖਦੀ ਆਸ ਉਮੀਦ ਹਜਾਰਾਂ ।ਆਖਰ ਹਿਕ ਡੈਂਹ ਮੋੜ ਮਹਾਰਾਂ ।
ਹੋਤ ਥੀਸਮ ਆ ਕਾਂਧੀ ਯਾਰਾ ।ਨੇਸਮ ਤੋੜ ਕਬਰ ਵਿਚ ।
ਸੂਲ ਦੇ ਸਿਹਰੇ ਸੋਜ਼ ਦੇ ਗਾਨੇ ।ਮੁੰਝ ਦੇ ਹਾਰ ਡੁਖਾਂ ਦੇ ਗਹਿਣੇ ।
ਦਰਦੀ ਬਾਂਹ ਸਰਹਾਂਦੀ ਯਾਰਾ ।ਵਸਦੀ ਯਾਸ ਨਗਰ ਵਿਚ ।
ਨੇਂਹ ਅਵੈੜਾ, ਦੁਸ਼ਮਨ ਵੈੜ੍ਹਾ ।ਮਾ ਪਿਉ ਰਖਮ ਬਖੇੜਾ ਝੇੜਾ ।
ਕਿਆ ਬਰਦੀ ਕਿਆ ਬਾਦੀ ਯਾਰਾ ।ਕਰਦੀਆਂ ਟੋਕ ਟਬਰ ਵਿਚ ।
ਮਾਰੂ ਥਲ ਦੇ ਡੁਖੜੇ ਘਾਟੇ ।ਗੱਪ ਖਡ ਖੁੜਬਣ ਖੋਬ ਗਪਾਟੇ ।
ਗਤ ਡੇਹਾਂ ਤੜਫਾਂਦੀ ਯਾਰਾ ।ਰੁਲਦੀ ਰੋਹ ਡੁੰਗਰ ਵਿਚ ।
ਬਿਰਹੋਂ ਬਲਾਈਂ ਸੰਝ ਸਬਾਹੀਂ ।ਦਮ ਦਮ ਆਹੀਂ ਨਿਕਲਨ ਧਾਈਂ ।
ਸੇਝ ਫਰੀਦ ਨ ਭਾਂਦੀ ਯਾਰ ।ਲਗੜੀ ਚੋਟ ਅੰਦਰ ਵਿਚ ।

183. ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ

ਪੂਰਬ ਲਿਲਹਾਵੇ ਤੇ ਪਤਾਲੋਂ ਪਾਣੀ ਆਵੇ ।
ਪੀਘਾਂ ਵਨੜੋ ਵੱਨੜ ਦੀਆਂ ।ਮਛਲੈ ਪੀਲੇ ਗੂੜ੍ਹੇ ਸਾਵੇ ।
ਬਦਲੇ ਦਰਦੋਂ ਰੋਵਨ ।ਬਿਜਲੀ ਅੱਖ ਮਾਰੇ ਮੁਸਕਾਵੇ ।
ਰੋਹੀ ਰੰਗ ਰੰਗੀਲੀ ।ਚਕ ਖਿਪ ਹਾਰ ਹਮੇਲਾਂ ਪਾਵੇ ।
ਬੂਟੇ ਬੂਟੇ ਘੁੰਡ ਸੁਹਾਗੋਂ ।ਗੀਤ ਪਰਮ ਦੇ ਗਾਵੇ ।
ਕੇਸਰ ਭਿੱਨੜੀ ਚੋਲੀ ਚੁੱਨੜੀ ।ਵਲ ਵਲ ਮੀਂਹ ਪੁਸਾਵੇ ।
ਪੂਰਬ ਮਾੜ ਦਖਨ ਦੇ ਬਾਦਲ ।ਕੋਈ ਆਵੇ ਕੋਈ ਜਾਵੇ ।
ਸਾਵਨ ਮੇਂਘ ਮਲ੍ਹਾਰਾਂ ।ਸਹਿਜੋਂ ਥਲੜੀਂ ਮਾਲ ਨ ਮਾਵੇ ।
ਪੀਸੂੰ ਪਾਣੀ ਧਾਰੋ ਧਾਰੀ ।ਡੇਸੂੰ ਝੋਕ ਤਰਾਵੇ ।
ਵੁੱਠਵੇ ਪਾਲੇ ਥਏ ਖ਼ੁਸਹਾਲੇ ।ਮਾਲ ਮਵੈਸ਼ੀ ਗਾਵੇ ।
ਸਭ ਕਈ ਪਾਕਰ ਚੂੜੇ ਬੀੜੇ ।ਬਹ ਮਟੀਆ ਘਬਕਾਵੇ ।
ਸੋਹਣੀ ਕੋਝੀ ਗਹਿਣੇ ਗੱਠੜੇ ।ਪਾਵੇ ਪਾ ਠੁਮਕਾਵੇ ।
ਸੇਂਧ ਮਾਂਘਾਂ ਤਿਲਕ ਤਲੋਲੇ ।ਕੱਜਲ ਮੁਸਾਗ ਸੁਹਾਵੇ ।
ਰਸ਼ਕ ਖੁਈਦ ਡਿੱਸੇ ਸਿਣ੍ਹ ਧਾਮਣ ।ਥਏ ਚੌਗੁੱਠ ਪਲਾਵੇ ।
ਨਨਦ ਨ ਮਾਵਨ ਖੀਰ ਗਈਦੇ ।ਪੁਰ ਥਏ ਝਾਬ ਡੁਹਾਵੇ ।
ਕੂੰਜਾਂ ਕਰਕਨ ਮੋਰ ਚੰਘਾਰੇ ।ਕੋਇਲ ਕੂਕ ਸੁਨਾਵੇ ।
ਆਵਨ ਰਲੜੇ ਯਾਦ ਸਜਨ ਦੇ ।ਜੁਲਮੀਂ ਬਿਰਹੋਂ ਸਤਾਵੇ ।
ਸੋਹਣੀ ਮੌਸਮ ਸੋਹਣੀਆਂ ਮੁੱਦਤਾਂ ।ਸੋਹਣਾਂ ਆਨ ਮਲ੍ਹਾਵੇ ।
ਬਾਕੀ ਉੱਮਰ ਫ਼ਰੀਦ ਦੀ ਸ਼ਾਲਾ ।ਸਾਂਵਲ ਸਾਂਗ ਵਹਾਵੇ ।

184. ਪੁਰਾਣੀ ਪੀੜ ਪਈ ਗਲ ਦੀ

ਪੁਰਾਣੀ ਪੀੜ ਪਈ ਗਲ ਦੀ ।ਨਾ ਗਲਦੀ ਦਾਲ ਦਰਮਲ ਦੀ ।
ਸਦਾ ਜਲਦੀ ਤੇ ਹੱਥ ਮਲਦੀ ।ਅਜ਼ਲ ਦੀ ਤਾਂਗ ਪਲਪਲ ਦੀ ।
ਵਤਾ ਰੋਲਦੀ ਪੱਟੀ ਥਲ ਦੀ ।ਨ ਟਲਦੀ ਸਿਕ ਬਰੋਚਲ ਦੀ ।
ਸੜੇਂਦੀ ਸੇਝ ਬਖਮਲ ਦੀ ।ਤਲੇਂਦੀ ਤੂਲ ਨਰਮਲ ਦੀ ।
ਸੁੰਜੀ ਨੂੰ ਸਾਂਗ ਸਾਵਲ ਦੀ ।ਅਜ਼ਲ ਦੀ ਹੈ ਨ ਅੱਜਕਲ ਦੀ ।
ਡੁੱਖਾਂ ਡੁਖੜੇ ਡਿੱਤੇ ਡਾਢੇ ।ਹਡਾਂ ਦਾ ਮਾਸ ਗ਼ਮ ਖਾਧੇ ।
ਹਮੇਸ਼ਾ ਦਰਦ ਹਿਨ ਵਾਧੇ ।ਪੁੱਨਲ ਵਲਦੀਂ ਕਰੀਂ ਜਲਦੀ ।
ਅਵੈੜਾ ਇਸ਼ਕ ਪਿਆ ਝੋਲੀ ।ਲਵੀਰਾਂ ਹੈ ਚੁੱਨੀ ਚੋਲੀ ।
ਨ ਜਮਦੀਂ ਵਕਤ ਮਾ ਘੋਲੀ ।ਡਿੱਤੀ ਗੋਲੀ ਹਲਾਹਲ ਦੀ ।
ਸਜਨ ਰੁਠੜਾ ਤੇ ਮੁਖ ਮੁੱਠੜਾ ।ਖੁਸ਼ੀ ਦਾ ਸਾਂਗ ਸਭ ਤਰੁੱਟੜਾ ।
ਨਾ ਡੁੱਖ ਖੁਟੜਾ ਨ ਜੀ ਛੁੱਟੜਾ ।ਅਪੁਠੜੀ ਮੂੰਝ ਵਲ ਵਲਦੀ ।
ਸੜੇਂਦਾ ਸੋਜ਼ ਛਾਤੀ ਹੈ ।ਮਰੇਂਦਾ ਰੋਗ ਕਾਤੀ ਹੈ ।
ਨਾ ਪੈਂਦਾਂ ਯਾਰ ਝਾਤੀ ਹੈ ।ਕਰਾਂ ਕਿਆ ਕੁੱਝ ਨਹੀਂ ਚਲਦੀ ।
ਡੁੱਖੀ ਦਾ ਦਰਦ ਦੇਰੀ ਹੈ ।ਮੁੱਠੀ ਦੀ ਮਾਂ ਅਵੈੜੀ ਹੈ ।
ਤੱਤੀ ਦਾ ਵੀਰ ਵੈਰੀ ਹੈ ।ਸਿਰੋਂ ਸਖ਼ਤੀ ਨਹੀਂ ਢਲਦੀ ।
ਫ਼ਰੀਦ ਆਇਆ ਨ ਮਾਹੀ ਹੈ ।ਡਿੱਤੀ ਸੂਲਾਂ ਨ ਸਾਹੀ ਹੈ ।
ਜਿਗਰ ਵਿੱਚ ਜਰਹ ਜਾਹੀ ਹੈ ।ਲੱਗੀ ਜੜ੍ਹ ਨੋਕ ਰਾਵਲ ਦੀ ।

185. ਪੁਰ ਵਹਸ਼ਤ ਸੁੰਜੜੀ ਰੋਹੀ

ਪੁਰ ਵਹਸ਼ਤ ਸੁੰਜੜੀ ਰੋਹੀ ।ਏ ਦਿਲ ਦੀਵਾਨੀ ਮੋਹੀ ।
ਵਾਹ ਯਾਰ ਪੁੱਨਲ ਮਨ ਭਾਂਦਾ ।ਵਾ ਦਾਰੂੰ ਦਰਦ ਦਿਲਾਂ ਦਾ ।
ਹਾਂ ਬਰਦਾ ਤੈਡੜੇ ਨਾਂ ਦਾ ।ਚੁੱਮ ਚਾਤਮ ਤੈਡੜੀ ਡੋਹੀ ।
ਵੰਜ ਆਖੀਂ ਕਾਸਦ ਭੱਲੜਾ ।ਹੈ ਸਾਵਣ ਸਖ਼ਤ ਅਵੱਲੜਾ ।
ਮਿਲ ਯਾਰ ਥਲਾਂ ਵਿੱਚ ਕੱਲ੍ਹੜਾ ।ਹਈ ਕਸਮ ਖ਼ੁਦਾ ਦੀ ਦਰੋਹੀ ।
ਥੀ ਰਾਹੀ ਬਰ ਡੂੰ ਜੁਲਸਾਂ ।ਵਲ ਰਾਹੋਂ ਮੂਲ ਨ ਵਲਸਾਂ ।
ਵੰਜ ਸਾਥ ਪਰੀਂ ਦੇ ਰਲਸਾਂ ।ਵਿੱਚ ਰੋਹੀ ਕਰਸੂੰ ਬੋਹੀ ।
ਬੱਠ ਤੂੰ ਬਨ ਚੇਂਤਰ ਬਹਾਰਾਂ ।ਸਿਰ ਸੂਲ ਆਵਿਨ ਕਰ ਵਾਰਾਂ ।
ਦਿਲ ਡੁੱਖੜੇ ਦਰਦ ਹਜ਼ਾਰਾ ।ਅੰਦੋਹ ਕਰਨ ਅੰਬੋਹੀ ।
ਕਿਆ ਜ਼ੇਵਰ ਹਾਰ ਚੰਬੇਲੀ ।ਕਿਆ ਫਲੋਂ ਸੇਝ ਸਹੇਲੀ ।
ਥੀਆ ਇਸ਼ਕ ਫ਼ਰੀਦ ਆ ਬੇਲੀ ।ਸਭ ਭੁੱਲ ਗਏ ਏਹੀ ਓਹੀ ।

186. ਕਸਮ ਖ਼ੁਦਾ ਦੀ ਕਸਮ ਨਬੀ ਦੀ

ਕਸਮ ਖ਼ੁਦਾ ਦੀ ਕਸਮ ਨਬੀ ਦੀ ।ਇਸ਼ਕ ਹੈ ਚੀਜ਼ ਲਜ਼ੀਜ਼ ਅਜੀਬ ।
ਨਫਸੀ ਖ਼ਲਤ ਹੈ ਤੂਣੇ ਗ਼ਾਲਿਬ ।ਪਰ ਮਾਯੂਸ ਨ ਥੀਵੀਂ ਤਾਲਬ ।
ਪੀਰ-ਏ-ਮਗ਼ਾਂ ਹੈ ਖਾਸ ਤਬੀਬ ।
ਲੱਖ ਲੱਖ ਸੂਲ ਹਾਜਾਰਾਂ ਡੁਖੜੇ ।ਸੌ ਸੌ ਸ਼ੁਕਰ ਜ਼ੋ ਆਇਮ ਪੁਖੜੇ ।
ਬੇਸ਼ਕ ਜਰਬ ਹਬੀਬ ਜ਼ਬੀਬ ।
ਉਮਰ ਨਿਭਾਇਮ ਸੜਦੀਂ ਦੁਖਦੀਂ ।ਤਪਦੀਂ ਖਪਦੀਂ ਡੁਖਦੀਂ, ਜੁਖਦੀਂ ।
ਪਲੜੇ ਪੈਇਮ ਨਸੀਬ ਯਸੀਬ ।
ਥੀ ਅਣ ਸੂਹਾਂ ਮੂੰਹ ਨ ਲਾਵੇ ।ਜੇ ਲੁਕ ਡੇਖਾਂ ਘੁੰਗਟ ਪਾਵੇ ।
ਤੂਣੇ ਵਸ ਦਮ ਸਖ਼ਤ ਕਰੀਬ ।
ਹਰਦਮ ਉਸਦੀ ਪਿਆਸ ਅਸੀਸੇ ।ਮੈਂ ਲੋਹਾ ਓ ਮਿਕਨਾ ਤੀਸੇ ।
ਇਨਅਲਕਲਬ ਇਬੰਯੂ ਨੇਯੀਬ ।
ਸੱਰ ਮਕਤੂਮ ਮੁਇੱਮਾ ਜੱਈਅਦ ।ਦੁਨੀਆਂ ਤੂੰ ਖੁਦ ਚੁਣਿਆ ਸੱਯਦ ।
ਜੌਕ ਨਮਾਜ਼ ਨਸਾ ਤੇ ਤਯੀਬ ।
ਮੈਂ ਮਸਕੀਨ ਫ਼ਰੀਦ ਨਮਾਣਾ ।ਧੂਤਾ ਪਾੜਾ ਯਾਰ ਅਯਾਣਾ ।
ਸੌ ਸੌ ਵੇੜ੍ਹੇ ਵਸ ਰਕੀਬ ।

187. ਰਾਂਝਣ ਅੰਗ ਲਗਾਇਆ ਹੈ

ਰਾਂਝਣ ਅੰਗ ਲਗਾਇਆ ਹੈ ।ਸਬ ਗੈਰ ਦਾ ਵਹਿਮ ਭੁਲਾਇਆ ਹੈ ।
ਰਾਂਝਣ ਮੇਰਾ ਨੂਰ ਇਲਾਹੀ ।ਮਜ਼ਹਰ ਜ਼ਾਤ ਸਿਫ਼ਾਤ ਕਮਾਹੀ ।
ਸਰ ਲੌ ਲਾਕ ਕਲੰਗੀ ਪਾਈ ।'ਤਾਹਾ' ਚੱਤਰ ਝੁਲਾਇਆ ਹੈ ।
ਰਾਂਝਣ ਮੈਡੇ ਵੇਹੜੇ ਆਇਆ ।ਖੇੜੀਂ ਭੈੜੀਂ ਸ਼ੋਰ ਮਚਾਇਆ ।
ਆਇਆ ਵਲਦਾ ਨਹੀਂ ਵਲਾਇਆ ।ਬੇ ਸ਼ਕ ਬਖ਼ਤ ਭੜਾਇਆ ਹੈ ।
ਮਾਹੀ ਮੈਂ ਵਲ ਪਾਈ ਝਾਤੀ ।ਪਾਕਰ ਝਾਤੀ ਲਾਇਸ ਛਾਤੀ ।
ਹਰ ਵੇਲ੍ਹੇ ਹਰ ਜਾ ਹੈ ਸਾਥੀ ।ਲੂੰ ਲੂੰ ਵਿੱਚ ਸਮਾਇਆ ਹੈ ।
ਹੁਸਨ ਰਾਂਝਣ ਦੀਆਂ ਧੁੱਮਾਂ ਪਈਆਂ ।ਖੇਡਣ ਆਈਆਂ ਸੰਗੀਆਂ ਸਈਆਂ ।
ਹੀਰ ਦਾ ਬੋਛਣ ਧਈਆਂ ਧਈਆਂ ।ਡੇਖੋ ਕਿਆ ਰੰਗ ਲਾਇਆ ਹੈ ।
ਫ਼ਖਰ ਪੀਆ ਤੋਂ ਬਲ ਬਲ ਜਾਵਾਂ ।ਜੈਂਦੇ ਨਾਲ ਮੈਂ ਲਧੀਆਂ ਲਾਵਾਂ ।
ਇਸ ਦੀ ਹੋ ਕਰ ਕਿਉਂ ਗ਼ਮ ਖਾਵਾਂ ।ਸਬ ਕੁਝ ਯਾਰ ਸੁਝਾਇਆ ਹੈ ।
ਯਾਰ ਫ਼ਰੀਦ ਨਹੀਂ ਮਸਤੂਰੇ ।ਹਰ ਜਾ ਉਸ ਦਾ ਐਨ ਜ਼ਹੂਰੇ ।
ਜ਼ੁਲਮਤ ਭੀ ਸਭ ਨੂਰ ਹਜੂਰੇ ।ਇਸਮ ਫ਼ਕਤ ਬਿਆ ਆਇਆ ਹੈ ।

188. ਰਾਂਝਣ ਮਾਹੀ ਤਖ਼ਤ ਹਜ਼ਾਰੋਂ

ਰਾਂਝਣ ਮਾਹੀ ਤਖ਼ਤ ਹਜ਼ਾਰੋਂ ।ਮੈਂ ਕਾਰਨ ਇੱਥ ਆਏ ।
ਸੂਹੀ ਸੇਝ ਤੇ ਸਾਂਵਲ ਸਹਿਜੋਂ ।ਸਿੱਕਦੀ ਕੂੰ ਗਲ ਲਾਏ ।
ਡੁੱਖੜੇ ਖਾ ਖਾ ਯਾਰ ਲੱਧੋ ਸੇ ।ਡੁੱਖੜੇ ਥੀਵਮ ਸਜਾਏ ।
ਈਂ ਜੇਂਹੇਂ ਹਿੱਕ ਹਿੱਕ ਡੁਖ ਤੋਂ ।ਸੈ ਸੈ ਸੁਖੜੇ ਘੋਲ ਘੁਮਾਏ ।
ਬਖਤੀਂ ਭਾਗ ਸੁਹਾਗੀਂ ਸੁਘੜੀਂ ।ਮੈਂ ਵਲ ਮੂੰਹ ਵਲਾਏ ।
ਰਾਤੋਂ ਰਾਤ ਨਸੋਕੜ ਡੁਖੜੇ ।ਕਾਲੇ ਰੋਹ ਸਿਧਾਏ ।
ਸੇਧਾਂ ਮਾਘਾਂ ਸਰ ਚੜ੍ਹ ਬੋਲਣ ।ਵਾਲੀਂ ਸੌ ਵਲ ਪਾਏ ।
ਗਾਨੇ ਨਾਜ਼ ਨਵਾਜ਼ ਦੇ ਗਾਹਣੇ ।ਪਾਏ ਪਾ ਠੁੱਮਕਾਏ ।
ਹਿਜਰ ਫ਼ਰਾਕ ਨਸਾਹਾ ਥੀ ਹਿੱਕ ।ਚਾਏ ਸਹੰਸ ਲੁੜ੍ਹਾਏ ।
ਪਾ ਕੱਜਲਾ ਲਾ ਸੁਰਖੀ ਦਿੱਲੜੀ ।ਡੇਖੇ ਤੇ ਮੁਸਕਾਏ ।
ਮੁਦਤਾਂ ਪਿੱਛੇ ਸ਼ਾਮ ਸਲੋਣੇ ।ਝੋਕ ਨੂੰ ਆਨ ਵਸਾਏ ।
ਸੌ ਸੌ ਹਮਦ ਤੇ ਲੱਖ ਸ਼ੁਕਰਾਨੇ ।ਮੂਲਾ ਮਾੜ ਵਸਾਏ ।
ਸਾਂਵਲ ਸੁਹਣਾ ਸਾਵਣ ਬਦਰਾ ।ਸਾਡੇ ਆਨ ਮਲ੍ਹਾਏ ।
ਡੇਵਣ ਵਧਾਈਆਂ ਸੰਗੀਆਂ ਸਈਆਂ ।ਰਲ ਵੱਸਦੇ ਹਮਸਾਏ ।
ਗੁੱਝੜੇ ਰਾਜ਼ ਫ਼ਕਰ ਦੇ ਸਾਰੇ ।ਫ਼ਖ਼ਰੁਦੀਨ ਸੁਝਾਏ ।
ਹਾਲ ਮੁਕਾਮ ਦੀ ਰਤਕ ਫਤਕ ।ਸਬ ਸ਼ਰਹੀਂ ਕਰ ਫਰਮਾਏ ।
ਯਾਰੀਆਂ ਬਾਸ਼ੀਆਂ ਰਲੜੇ ਵਾਰੀਆਂ ।ਵੱਸ ਵਸੇਬ ਵਹਾਏ ।
ਪੂਇਮ ਫ਼ਰੀਦ ਬਿਰਹੋਂ ਦੇ ਪੰਧੜੇ ।ਪੈ ਧੰਦੜੇ ਮੁਕਲਾਏ ।

189. ਰੱਤ ਰੋਦੀਂ ਉਮਰ ਨਭੇਸਾਂ

ਰੱਤ ਰੋਦੀਂ ਉਮਰ ਨਭੇਸਾਂ ।ਇਹੋ ਦਾਗ਼ ਕਬਰ ਵਿੱਚ ਨੇਸਾਂ ।
ਲਗਾ ਤੀਰ ਜਗਰ ਵਿੱਚ ਕਾਰੀ ।ਥੀਆ ਖ਼ੂਨ ਅੱਖ਼ੀਂ ਤੋਂ ਜਾਰੀ ।
ਮੈਂ ਮੁੱਠੜੀ ਡੁੱਖੜੀ ਮਾਰੀ ।ਹੈ ਇਕੇਂਦੇ ਸਾਂਗ ਜਲੇਸਾਂ ।
ਇੱਥ ਰਹਿਣ ਨ ਡੇਂਦੀਆਂ ਪੀੜਾਂ ।ਥੱਏ ਨੀਰ ਹੰਝੂ ਨੱਕ ਸੀੜਾਂ ।
ਡੇਂਹ ਰਾਤ ਡੁੱਖਾਂ ਦੀਆਂ ਭੀੜਾਂ ।ਹੁਣ ਮੌਤ ਦਾ ਮੁਲਕ ਵੱਸੇਸਾਂ ।
ਸੜ ਸਵਣੀ ਦੀ ਗਈ ਮਹਿੰਦੀ ।ਥੱਈ ਕੰਡੜੇ ਸੇਝ ਫਲੇਂਦੀ ।
ਤੱਤੀ ਕਿਸਮਤ ਰੌਧੇ ਡੇਂਦੀ ।ਮੈਂ ਮੁੱਠੜੀ ਕੈਡੇ ਵੇਸਾਂ ।
ਖਿਲ ਖੇਡਦੇ ਵਕਤ ਵਿਹਾਣੇ ।ਬੱਠ ਪਹਿਲੋਂ ਤੂਲ ਵਿਹਾਣੇ ।
ਭਨ ਹਾਰ ਹਮੇਲਾਂ ਗਾਹਣੇ ।ਭੱਨ ਚੂੜਾ ਅੱਗ ਅੜੇਸਾਂ ।
ਹੱਡ ਜਾਲੇ ਤੱਤੜੀ ਆਹੀਂ ।ਤਨ ਗਾਲੇ ਠੰਡੜੀਂ ਸਾਹੀ ।
ਮੈਂ ਵੈਸਾਂ ਯਾਰ ਦੇ ਰਾਹੀਂ ।ਵੰਜ ਕੱਚ ਫ਼ਰੀਦ ਮਣੇਸਾਂ ।

190. ਰਤ ਰੋ ਸਿਰ ਪਾਰ ਰੁੰਗੋਂਦੀਆਂ

ਰਤ ਰੋ ਸਿਰ ਪਾਰ ਰੁੰਗੋਂਦੀਆਂ ।ਬੁਰੇ ਬਿਰਹੌਂ ਦੇ ਸਗਨ ਸੁਹੌਂਦੀਆਂ ।
ਸਭ ਸੰਗੀਆਂ ਸੁਰਤੀਆਂ ਭਾਗ ਲੱਧਾ ।ਸਰ ਗੋਡੜੇ ਕੰਥ ਸੁਹਾਗ ਲੱਧਾ ।
ਮੈਂ ਮੁੱਠੜੀ ਮੁਫ਼ਤ ਡੁਹਾਗ ਲੱਧਾ ।ਡੁੱਖੇ ਡੁੱਖਵੇ ਬਾਰ ਉਠੌਂਦੀਆਂ ।
ਕਹੀਂ ਸੁਰਖੀ ਕਜਲਾ ਧਾਰ ਠਹੇ ।ਕਹੀਂ ਚੂੜਾ ਹਾਰ ਸ਼ਿੰਗਾਰ ਠਹੇ ।
ਕਹੀਂ ਨੂਰੀ ਠੁਮਕਾਰ ਠਹੇ ।ਮੈਂ ਕਿਜੜੇ ਸਾਗ ਰਸੌਂਦੀਆਂ ।
ਕਹੀਂ ਜੋਬਨ ਜੋਸ਼ ਬਹਾਰ ਸੋਹੇ ।ਕਹੀਂ ਟੋਲ ਖੁਸ਼ੀ ਦੇ ਤਾਰ ਸੋਹੇ ।
ਕਹੀਂ ਬਾਂਹ ਸਰਾਂਦੀ ਯਾਰ ਸੋਹੇ ।ਹਿਕ ਮੈਂ ਰੋਂਦੀ ਗ਼ਮ ਖਾ ਔਦੀਆਂ ।
ਹਿਕੋ ਜੇਡੀਆਂ ਬੈਂਸਰ ਬੋਲ ਛਕੇ ।ਸਹਿਜੋਂ ਸੇਝ ਨਿਹਾਲੀ ਤੋਲ ਛਕੇ ।
ਮੈਂ ਮੋਈ ਨੂੰ ਕੋਝਾ ਸੂਲ ਛਕੇ ।ਮੂੰਹ ਪਲੜੂ ਘਰ ਘਰ ਪੌਦੀਆਂ ।
ਸੋਹਣਾ ਯਾਰ ਫ਼ਰੀਦ ਨਾ ਭਾਔਦੀਆਂ ।ਸੂਹੀ ਸੇਝ ਸੁੰਜੀ ਅੱਗ ਲਾਔਦੀਆਂ ।
ਤੜਫਾਂਦੀ ਰਾਤ ਨਿਭਾਔਦੀਆਂ ।ਰੋ ਬੋਛਣ ਪਾਦ ਪੌਸਾਔਦੀਆਂ ।

191. ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ)

ਰੋਹੀ ਲਗੜੀ ਹੇ(ਹੈ) ਸਾਵਣੀ(ਸਾਉਣੀ) ।ਤੁਰਤ ਵਲਾ ਹੋਤ ਮੁਹਾਰਾਂ ।
ਖਿਮਣੀਆਂ ਖਿਮਨ ਰੰਗੀਲੜੀਆਂ ।ਰਿੱਮ ਝਿੱਮ ਬਾਰਸ਼ ਬਾਰਾਂ ।
ਸਾਰੇ ਸਗਨ ਸੁਹਾਗੜੇ ।ਯਾਰ ਮਿਲਮ ਆ ਯਾਰਾਂ ।
ਬਦਲੇ ਗੂੜੇ ਸਾਂਵਰੇ ।ਵਿੱਚ ਬਰਸਾਤ ਦੀਆਂ ਧਾਰਾਂ ।
ਕਰ ਧਦਕਾਰੇ ਗਾਜੜਾ ਗਾਜੜਾਂ ।ਗਾਵਨ ਬਿਰਹੋਂ ਦੀਆਂ ਵਾਰਾਂ ।
ਮਾਰੂ ਵਾਲੀਆਂ ਖ਼ਾਰੜੇ ।ਸੁੰਜੜੇ ਥਲੜੇ ਬਾਰਾਂ ।
ਕਾਰਨ ਮੁੱਠੜੀ ਮਾਰਵੀ ।ਗੁਲ ਗੁਲਜ਼ਾਰ ਬਹਾਰਾਂ ।
ਕਾਰਨ ਮਿੱਠੜੇ ਯਾਰ ਦੇ ।ਗੁਲ ਗੁਲਜ਼ਾਰ ਬਹਾਰਾਂ ।
ਸਖ਼ਤੀਆਂ ਸੂਲ ਸੜਾਪੜੇ ।ਸਹਿੰਦੜੀ ਸਾਰੀਆਂ ਮਾਰਾਂ ।
ਸ਼ਾਂਲਾ ਭਟੜੀ ਰੇਹੜੀ ।ਤੋਂ ਸੰਗ ਡਾਗਾਂ ਚਾਰਾਂ ।
ਸਜਨ ਸੁੰਜੀ ਦਾ ਕੋਈ ਨਹੀਂ ।ਦੁਸ਼ਮਣ ਸਹੰਸ ਹਜ਼ਾਰਾਂ ।
ਡੋੜੈ ਡੋਹ ਡੋਰਾਪੜੇ ।ਗਿਲੜੇ ਕਰਨ ਪਚਾਰਾਂ ।
ਉੱਠੀ ਉੱਠੀ ਨਿੰਦਰੋਂ ਰੋਂਦੜੀ ।ਸੈ ਸੈ ਸੁਫਨੇ ਗਾਰ੍ਹਾਂ ।
ਸੁਣ ਸੁਣ ਹੱਸ ਹੱਸ ਸੇਂਗੀਆਂ ।ਉਲਟਾ ਕਰਨ ਤਵਾਰਾਂ ।
ਟਿੱਬੜੇ ਡਹਰ ਸਲਾਬੜੇ ।ਟੋਭੇ ਤਾਰਮਤਾਰਾਂ ।
ਛੇੜਨ ਛੇੜੂ ਛਾਗੜਾਂ ।ਨਾਜ਼ੂ ਕਰਨ ਤਵਾਰਾ ।
ਮਕਲਵਾਦਾ ਸਵਾਦ ਡੋ ।ਰੋ ਰੋ ਵਾਟ ਨਿਹਾਰਾਂ ।
ਡਿੱਸਦਾ ਯਾਰ ਪਰੌਭਰਾ ।ਬੈਠੀ ਕਾਂਗ ਉਡਾਰਾਂ ।
ਕੱਕੜੇ ਮੱਕੜੇ ਢਾਂਡਲੇ ।ਕਿਣ ਮਿਨ ਮੀਂਹ ਫੌਗਾਰਾਂ ।
ਤਰਫਾਂ ਮਰਖਾਂ ਫੋਗੜੇ ।ਲਾਣੀ ਲਾਈਆਂ ਖ਼ਾਰਾਂ ।
ਪੂਰਬ ਹੀਲਾਂ ਭਾਂਵੜੀਆਂ ।ਠੱਡੜੀਆਂ ਮੇਂਘ ਮਲ੍ਹਾਰਾਂ ।
ਕੋਇਲ ਅਗ਼ਨ ਪਪੀਹੜੇ ।ਦਰਦੋਂ ਕੱਢਣ ਪੁਕਾਰਾਂ ।
ਸੋਹਣਾ ਅਰਬੀ ਸਾਂਵਰਾ ।ਆ ਲਹੋ ਸਾਡੀਆਂ ਸਾਰਾਂ ।
ਤੈਡੇ ਬਾਝ ਫ਼ਰੀਦ ਨੂੰ ।ਡੁੱਖੜੇ ਤਾਰ ਵ ਤਾਰਾਂ ।

192. ਰੋਹੀ ਵੁਠੜੀ ਟੋਭਾ ਤਾਰ ਵੇ

ਰੋਹੀ ਵੁਠੜੀ ਟੋਭਾ ਤਾਰ ਵੇ ।ਆ ਮਿਲ ਤੋਂ ਸੀਂਗਾ ਯਾਰ ਵੇ ।
ਥਏ ਥਲੇੜ ਬਾਗ਼ ਬਹਾਰ ਵੇ ।ਚੌ ਧਾਰ ਗੁਲ ਗੁਲਜ਼ਾਰ ਵੇ ।
ਕਥੇ ਚਣਕੀ ਦੇ ਛਣਕਾਰ ਵੇ ।ਕਥੇ ਮੱਟੀਆਂ ਦੇ ਘੁਬਕਾਰ ਵੇ ।
ਡੇਂਹ ਰਾਤ ਮੇਂਘ ਮਲ੍ਹਾਰ ਵੇ ।ਵਿੱਚ ਪੱਖੀਆਂ ਦੇ ਚੁਹੰਕਾਰ ਵੇ ।
ਕਥੇ ਗਾਜ ਦੇ ਧੁਦਕਾਰ ਵੇ ।ਕਥੇ ਖ਼ਮਣੀ ਦੇ ਲਸ਼ਕਾਰ ਵੇ ।
ਪਏ ਠਹਿੰਦੇ ਹਾਰ ਸ਼ਿੰਗਾਰ ਵੇ ।ਸੁਰਖੀ ਤੇ ਕੱਜਲਾ ਧਾਰ ਵੇ ।
ਆਏ ਸੁਖ ਸੁਹਾਗ ਦੇ ਵਾਰ ਵੇ ।ਗਏ ਡੁੱਖ ਵੀ ਆਰ ਵੇ ਪਾਰ ਵੇ ।
ਸੰਗੀਆਂ ਵੱਸਨ ਘਰ ਬਾਰ ਵੇ ।ਲਾ ਗਲ ਸੋਮ ਹਨ ਦਿਲਦਾਰ ਵੇ ।
ਹਿੱਕ ਮੈਂ ਰੁਲੀ ਅਵਾਸਾਰ ਵੇ ।ਡੁੱਖ ਸੂਲ ਨਾਲ ਵਪਾਰ ਵੇ ।
ਤੌਂ ਬਿਨ ਫ਼ਰੀਦ ਖਵਾਰ ਵੇ ।ਰੱਤ ਹੰਜੜੂ ਰੋਵਣ ਕਾਰ ਵੇ ।
ਵਲ ਜਲਦ ਮੋੜ ਮੁਹਾਰ ਵੇ ।ਨਾ ਤਾਂ ਮਰਵੇਸਾਂ ਵਾਰ ਵਾਰ ਵੇ ।

193. ਰੋਂਦੇ (ਰੋਦੀਂ) ਉੱਮਰ ਨਿਭਾਈ

ਰੋਂਦੇ (ਰੋਦੀਂ) ਉੱਮਰ ਨਿਭਾਈ ।ਯਾਰ ਦੀ ਖ਼ਬਰ ਨ ਕਾਈ ।
ਭਾਗ ਸੁਹਾਗ ਸੰਗਾਰ ਵੰਜਾਇਮ ।ਦਿਲੋਂ ਵਿਸਾਰਿਆ ਮਾਹੀ ।
ਦੂਰ ਗਿਆ ਵਲ ਆਇਆ ਨਾਹੀਂ ।ਮਰਸਾਂ ਖਾ ਕਰ ਫਾਈ ।
ਇਸ਼ਕ ਨਹੀਂ ਹੈ ਨਾਜ਼ ਗ਼ਜ਼ਬ ਦੀ ।ਚੜੰਗ ਚੁਵਾਂਤੀ ਲਾਈ ।
ਜੋਬਨ ਸਾਰਾ ਰੂਪ ਗੰਵਾਇਮ ।ਦਰਦੀਂ ਮਾਰ ਮੁਸਾਈ ।
ਫ਼ਖਰੁਦੀਨ ਮਿੱਠਲ ਦੇ ਇਸ਼ਕੋ ।ਦਮ ਦਮ ਪੀੜ ਸਵਾਈ ।
ਯਾਰ ਫ਼ਰੀਦ ਨ ਪਾਇਮ ਫੇਰਾ ।ਗਲ ਗਿਉਮ ਮੁਫ਼ਤ ਅਜਾਈ ।

194. ਰੋਂਦੀ ਸੰਜ ਸਬਾਹੀਂ

ਰੋਂਦੀ ਸੰਜ ਸਬਾਹੀਂ ।
ਪੁੱਨਲ ਆਵਮ ਆ ਗਲ ਲਾਵਮ ।ਪੋਮ ਕਬੂਲ ਦੁਆਈਂ ।
ਯਾਰ ਬਰੋਚਲ ਫੇਰ ਨ ਆਇਆ ।ਉਚੜੀਆਂ ਝੋਕਾਂ ਜਾਹੀਂ ।
ਮਾਰੂ ਥਲ ਦੇ ਡੁੱਖੜੇ ਪੈਂਡੇ ।ਸਹੰਸ ਹਜ਼ਾਰ ਬਲਾਈਂ ।
ਬਾਝ ਮਿੱਠਲ ਦੇ ਬਾਝਨ ਕਾਈ ।ਸੂਝਿਮ ਨ ਹਰਗਿਜ਼ ਵਾਹੀ ।
ਰੋਜ਼ ਅਜ਼ਲ ਦੀ ਈਂ ਜਗ ਊਂ ਜਗ ।ਮੈਂ ਬਾਂਦੀ ਤੂੰ ਸਾਈਂ ।
ਸਾਝਾ ਬੇਵਰ ਜ਼ੇਵਰ ਤਰੇਵਰ ।ਬੈਠਾਂ ਬੇਸਰ ਬਾਹੀਂ ।
ਕੇਚੀ ਪੇਚੀ ਦੇ ਹੱਥ ਵੇਚੀ ।ਜਿੰਦੜੀ ਸੱਤੜੇ ਪਾਈਂ ।
ਉਮਰ ਵਿਹਾਣੀ ਕਾਂਗ ਉਡੇਂਦੀ ।ਥਕੜੀ ਤੱਕ ਤੱਕ ਰਾਹੀਂ ।
ਕਰ ਕਰ ਯਾਦ ਸਜਨ ਦੇ ਰਲੜੇ ।ਨਿਕਲਨ ਲੱਖ ਲੱਖ ਆਹੀਂ ।
ਢੋਲਣ ਕਾਰਨ ਜਾਵਣ ਲਾਦੀਆਂ ।ਲਗੜੀਆਂ ਦਿਲ ਨੂੰ ਚਾਹੀਂ ।
ਅੰਗਨ ਫ਼ਰੀਦ ਦੇ ਆ ਅਲਬੇਲਾ ।ਕਰ ਕਰ ਨਾਜ ਅਦਾਈਂ ।

195. ਰੋਦੀਂ ਉੱਮਰ ਗੁਜ਼ਾਰ ਡਿਤੋ ਸੇ

ਰੋਦੀਂ ਉੱਮਰ ਗੁਜ਼ਾਰ ਡਿਤੋ ਸੇ ।ਯਾਰ ਪੁੱਨਲ ਦੀ ਕਲ ਨ ਪਿaੁ ਸੇ ।
ਲਾਈ ਦਿੱਲੜੀ ਚੋਟ ਅੰਦਰ ਦੀ ।ਵਿਸਰੀ ਸੇਝ ਰੰਗੀਲੀ ਘਰ ਦੀ ।
ਰੁਲਦੀ ਰੇਤ ਤੱਤੀ ਥਲ ਬਰ ਦੀ ।ਓੜਕ ਮੌਤ ਨਸੀਬ ਥਿਉਸੇ ।
ਪੇਚ ਪਿਆ ਵਲ ਕੇਚ ਸ਼ਹਿਰ ਦਾ ।ਮੁਸ਼ਕਲ ਪੈਂਡਾ ਰੋਹ ਡੂੰਗਰ ਦਾ ।
ਮਾਇਆ ਪਹਿਰਾ ਸਖ਼ਤ ਪਹਿਰ ਦਾ ।ਰੁਲਦੇ ਫਿਰਦੇ ਮਰ ਭੁਰ ਗਿਉਸੇ ।
ਰਲ ਮਿਲ ਡੁੱਖੜੇ ਆਏ ਪੱਖੜੇ ।ਉਜੜੀਆਂ, ਖੁਸੀਆਂ ਨਿਭ ਗਏ ਸੁਖੜੇ ।
ਗਾਨੇ ਗਹਿਣੇ ਸਿਹਰੇ ਸਕੜੇ ।ਸੁੰਜੜੇ ਗ਼ਮ ਦੇ ਸਾਂਗ ਰਲਿਓਸੇ ।
ਔਖੀਆਂ ਘਾਟੀਆਂ ਡੂੰਗਰ ਕਾਲੇ ।ਤੱਤੜੇ ਬੱਟੜੀ ਪੈਰ ਪਜਾਲੇ ।
ਡੁਖ ਖਾ ਖਾ ਸੁੰਜਵਾਹ ਵਚਾਲੇ ।ਥੀ ਬੇਵਾਹ ਡੁਹਾਗ ਛਕਿਉਸੇ ।
ਰਖਸਾਂ ਦਮ ਦਮ ਨਾਲ ਸੰਭਾਲੇ ।ਸਹਿਜਾਂ ਰੋਗ ਕਰੂਪ ਕਸ਼ਾਲੇ ।
ਭਾਲੇ ਯਾਰ ਫ਼ਰੀਦ ਨ ਭਾਲੇ ।ਜੈ ਜ਼ੋਰੇ ਜਿੰਦ ਜਾਨ ਲੁਟਿਉਸੇ ।

196. ਸਬ ਸਰ ਇਸਰਾਰ ਕਦਮ ਦਾ ਹੈ

ਸਬ ਸਰ ਇਸਰਾਰ ਕਦਮ ਦਾ ਹੈ ।ਇਥ ਦਖਲ ਨ ਮਹਜ਼ ਅਦਮ ਦਾ ਹੈ ।
ਦਿੱਲੜੀ ਸੁਘੜ ਸੁੰਜਾਣ ਸਿਆਣੀ ।ਆਖੇ ਹਰਦਮ ਸਮੰਝ ਬਿਲਿਆਣੀ ।
ਮਜ਼ਹਰ ਜ਼ਾਤ ਹਮਦ ਦਾ ਜਾਣੀ ।ਤੋਣੇ ਰੂਪ ਸਨਮ ਦਾ ਹੈ ।
ਜੋ ਹੈ ਨਫ਼ਸ ਮੁਕੱਦਮ ਤਾਹਰ ।ਅਲਵੀ ਸਫ਼ਲੀ ਦਾ ਹੈ ਮਾਹਰ ।
ਕੁੱਲ ਦਾ ਮਜ਼ਹਰ ਕੁੱਲ ਦਾ ਜ਼ਾਹਰ ।ਵਾਲੀ ਅਰਬ ਅਜਮ ਦਾ ਹੈ।
ਜਿਸ ਨੂੰ ਜ਼ੋਕੇ ਖਿਆਲ ਮੁੱਹੀਆ ।ਇਸ ਨੂੰ ਕਾਲ ਤੇ ਹਾਲ ਮੁੱਹੀਆ ।
ਗੁਲਸ਼ਨ ਜਸ਼ਨ ਜਮਾਲ ਮੁੱਹੀਆ ।ਵਾਰਿਸ ਬਾਗ਼ ਇਰਮ ਦਾ ਹੈ ।
ਬਿਉਲਾ ਯਾਨੀ ਤੇ ਨਾਦਾਨੀ ।ਦਿਲ ਦਿਲਦਾਰ ਤੇ ਦਿਲ ਦਾ ਜਾਨੀ ।
ਦਿਲ ਇਖ਼ਲਾਸ ਤੇ ਸਬਾ-ਮਸਾਨੀ ।ਮਬਦਾ ਦਮ ਕਦਮ ਦਾ ਹੈ ।
ਦੇਖ਼ੋ ਸ਼ੌਕਤ ਸ਼ਾਨ ਪਸਾਰਾ ।ਮਹਵ ਗਰਦਸ਼ ਸਬਾ ਸਿਆਰਾ ।
ਮਰਕਜ਼ ਦੂਰ ਮਹੀਤ ਦਾ ਸਾਰਾ ।ਨੁਕਤਾ ਦਿਲ ਆਰਾਮ ਦਾ ਹੈ ।
ਸੀਨਾ ਸਾਫ਼ ਸ਼ਫ਼ਾ ਬੇ ਕੀਨਾ ।ਨੂਰ ਹਕੀਕੀ ਦਾ ਆਈਨਾ ।
ਦਿੱਲੜੀ ਖ਼ਾਲਸ ਪਾਕ ਨਗੀਨਾ ।ਨਕਸ਼ਾ ਬੈਤ ਹਰਮ ਦਾ ਹੈ ।
ਖ਼ਾਸ ਫ਼ਰੀਦ ਗੁਲਾਮ ਫ਼ਖਰ ਦਾ ।ਬਾਂਦਾ ਬਰਦਾ ਇਸ ਦੇ ਦਰ ਦਾ ।
ਬੱਠ ਪਿਆ ਆਸਰਾ ਇਲਮੋ ਹੁਨਰ ਦਾ ।ਤਕੀਆ ਦੋਸਤ ਦੇ ਦਮ ਦਾ ਹੈ ।

197. ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ

ਸਬ ਸੂਰਤ ਵਿੱਚ ਵਸਦਾ ਢੋਲਾ ਮਾਹੀ ।ਦਿਲ ਅਸਾਡੀ ਖੱਸਦਾ ਢੋਲ੍ਹਾ ਮਾਹੀ ।
ਰੰਗ ਬਰੰਗੀ ਇਸ ਦੇ ਦੇਰੇ ।ਆਪੇ ਰਾਂਝਾ ਹੀਰ ਤੇ ਖੇੜੇ ।
ਲੁਕ ਛੁਪ ਭੇਦ ਨ ਡੱਸਦਾ ਢੋਲ੍ਹਾ ਮਾਹੀ ।
ਆਪ ਹੈ ਹਿਜਰ ਤੇ ਆਪ ਹੈ ਮੇਲਾ ।ਆਪ ਹੈ ਕੈਸ ਤੇ ਆਪ ਹੈ ਲੇਲਾ ।
ਆਪ ਆਵਾਜ਼ ਜਰਸ ਦਾ ਢੋਲਾ ਮਾਹੀ ।
ਆਪ ਹੈ ਮੁਤਰਬ ਮਜਲਸ ਕਾਫ਼ੀ ।ਆਪ ਮਵਾਹਦ ਸੂਫ਼ੀ ਸਾਫ਼ੀ ।
ਮੁਨਕਰ ਹੋਕਰ ਹੱਸਦਾ ਢੋਲ੍ਹਾ ਮਾਹੀ ।
ਰਾਵਲ ਯਾਰ ਬਰੋਚਲ ਸਾਂਵਲ ।ਆਕਰ ਹਰ ਹਰ ਆਨ ਅਸਾਂ ਵਲ ।
ਦਿਲ ਖੱਸ ਖਸ ਦਿਲ ਨਸਦਾ ਢੋਲ੍ਹਾ ਮਾਹੀ ।
ਬਤਨ ਬਤੂਨ ਤੋਂ ਜਾਹਰ ਹੋਇਆ ।ਅਰਬੀ ਥੀ ਕਰ ਮੁਲਕ ਨੂੰ ਮੋਇਆ ।
ਰਸਮ ਰਸਾਲਤ ਰਸਦਾ ਢੋਲ੍ਹਾ ਮਾਹੀ ।
ਦਿਲ ਨੂੰ ਤਾਂਘਾਂ ਲੱਖ ਲੱਖ ਚਾਹੀਂ ।ਨਿਕਲਨ ਆਹੀਂ ਸੁਝਨ ਨਵਾਹੀਂ ।
ਹੰਜੜੂੰ ਮੀਹ ਬਰਸਦਾ ਢੋਲ੍ਹਾ ਮਾਹੀ ।
ਯਾਰ ਫ਼ਰੀਦ ਨ ਵਿਸਰਮ ਸ਼ਾਲਾ ।ਓੜਕ ਲਹਸੀ ਆਪ ਸੰਭਾਲਾ ।
ਮੈਂ ਬੇਵਸ ਬੇਕਸ ਦਾ ਢੋਲ੍ਹਾ ਮਾਹੀ ।

198. ਸਬ ਸੂਰਤ ਵਿੱਚ ਜ਼ਾਤ ਸੰਜਾਣੀ

ਸਬ ਸੂਰਤ ਵਿੱਚ ਜ਼ਾਤ ਸੰਜਾਣੀ ।ਹੱਕ ਬਾਝੋਂ ਬਿਉ ਗ਼ੈਰ ਨ ਜਾਣੀ ।
ਨ ਕੋਈ ਆਦਮ ਨ ਕੋਈ ਸ਼ੈਤਾਨ ।ਬਣ ਗਈ ਏ ਕੁੱਲ ਕੂੜ ਕਹਾਣੀ ।
ਬਾਝ ਖ਼ੁਦਾ ਦੇ ਮਹਜ਼ ਖ਼ਿਆਲੇ ।ਦਿਲ ਨ ਕਰ ਗੈਰੀਅਤ ਹਾਣੀ ।
ਮਤਲਬ ਵਹਦਤ ਹੈ ਹਰ ਚਾਲੋਂ ।ਸਿੱਕ ਨ ਰਖ ਬਣੇ ਪਾਸੇ ਤਾਣੀ ।
ਜਾਂਵਣ ਲਾਂਦੀ ਦਿਲ ਦਾ ਨਾਓਂ ।ਇਸਨੀਨਤ ਮੂਲ ਨ ਭਾਣੀ ।
ਸੋਹਣਾ ਕੋਝਾ ਸਿਰਫ ਬਹਾਨਾ ।ਹਿਕੜੌ ਹਈ ਦਿਲ ਸਮੰਝ ਸੰਜਾਣੀ ।
ਰੋਜ਼ ਅਜ਼ਲ ਦੀ ਯਾਰ ਪੁੱਨਲ ਦੀ ।ਪਈ ਗਲ ਸਾਡੇ ਪੀਤ ਪੁਰਾਣੀ ।
ਯਾਰ ਫ਼ਰੀਦ ਮਿਲਿਉਸੇ ਜੇਂਦੀਂ ।ਸੋਹਣੀ ਸਾਰੀ ਉਮਰ ਵਿਹਾਣੀ ।

199. ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ

ਸਾਡਾ ਦੋਸਤ ਦਿਲੀਂ ਦਾ ਨੂਰ ਮੁਹੰਮਦ ਖਵਾਜਾ ।
ਢੋਲਾ ਯਾਰ ਚਾਹੇਂਦਾ ਨੂਰ ਮੁਹੰਮਦ ਖਵਾਜਾ ।
ਸਾਰੀ ਸਾਡੀ ਸ਼ਰਮ ਭਰਮ ਦਾ ।ਤੈਂਡੇ ਗਲ ਵਿਚ ਲਾਜਾ ।
ਅਰਬ ਵੀ ਤੈਂਡੀ, ਅਜਮ ਵੀ ਤੈਂਡੀ ।ਸਿੰਧ ਪੰਜਾਬ ਦਾ ਰਾਜਾ ।
ਜ਼ਮੀਨ ਜ਼ਮਨ ਵਿਚ ਵਜਦਾ ਗਜਦਾ ।ਫੈਜ਼ ਤੈਂਡੇ ਦਾ ਵਾਜਾ ।
ਕਦਮ ਤੈਂਡੇ ਵਿਚ ਨੌ ਮਣ ਭਾਗਮ ।ਅੰਗਣ ਮੇਰੇ ਪੈਨ ਪਾਜਾ ।
ਦਿਲਬਰ ਜਾਨੀ ਯੂਸਫ਼ ਸਾਨੀ ।ਮੋਹਨ ਮੁਖ ਡਖਲਾਜਾ ।
ਨੱਸਾ ਸ਼ਹਿਰ ਮਹਾਰ ਦਾ ਬਨੜਾ ।ਸਿੱਕਦੀ ਕੂੰ ਗਲ ਲਾਜਾ ।
ਨੈਣ ਫ਼ਰੀਦ ਦੇ ਦਰਸ ਪਿਆਸੇ ।ਆਜਾ ਨਾ ਤਰਸਾ ਜਾ ।

200. ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ

ਸਦਾ ਜੀਅ ਪਜਲੇ ਦਿਲ ਜਲੇ ਵੋ ਯਾਰ ।ਲਗੀਆਂ ਦਿਲਾਂ ਨੂੰ ਕੌਨ ਝੱਲੇ ਵੋ ਯਾਰ ।
ਡਿਸਮ ਨ ਰਾਵਲ ਗਝਨ ਸਾਈਂ ।ਰੰਗਪੁਰ ਸਾਰਾ ਉਜੜੀਆਂ ਜਾਈਂ ।
ਕੋਝੇ ਕਹਿਰ ਕੁਲਲੇ ਵੋ ਯਾਰ ।
ਦਰਦ, ਅੰਦੋਹ ਤੇ ਸੂਲ ਹਜ਼ਾਰਾਂ ।ਸੈ ਸੈ ਸੂਲ ਕਲੂਰ ਦੀਆਂ ਮਾਰਾਂ ।
ਜਿੰਦ ਜੁਖ ਜੁਖ ਪਈ ਗਲੇ ਵੋ ਯਾਰ ।
ਰਾਤੀਂ ਡੇਂਹਾਂ ਮੂੰਝ ਮੁੰਝਾਰੀ ।ਛੱਡ ਗਿਆ ਢੋਲਾ ਯਾਰ ਆਜ਼ਾਰੀ ।
ਨਿਭ ਗਏ ਸੁਖ ਦੇ ਰਲੇ ਵੋ ਯਾਰ ।
ਰਲ ਮਿਲ ਸੇਂਗੀਆਂ ਮਾਰੂੰ ਢਾਲਾ ।ਮੰਗੂੰ ਦੁਆਈ ਮੈਂ ਵਲ ਸ਼ਾਲਾ ।
ਹੋਤ ਪੁਨਲ ਵਲ ਵੱਲੇ ਵੋ ਯਾਰ ।
ਯਾਰ ਨ ਆਵੇ ਸੇਜ ਨ ਭਾਵੇ ।ਵੇੜ੍ਹਾ ਖਾਵੇ, ਘਰ ਅੱਗ ਲਾਵੇ ।
ਗੁਜ਼ਰੇ ਵਕਤ ਸਵੱਲੇ ਵੋ ਯਾਰ ।
ਰਾਂਝਨ ਮਾਹੀ ਮੁਰਲੀ ਵਾਹੀ ।ਪਰੇਮ ਜੜੀ ਜੜ ਲਾਇਸ ਜਾਹੀ ।
ਡਖ ਡੁਖੜੇ ਪਏ ਪੱਲੇ ਵੋ ਯਾਰ ।
ਆਤਿਸ਼ ਇਸ਼ਕ ਰੰਝੇਟੇ ਵਾਲੀ ।ਹੋਸ਼ ਫਿਕਰ ਦੀ ਪਾੜ ਪਜਾਲੀ ।
ਢਾਂਢ ਅੰਦਰ ਵਿਚ ਬੱਲੇ ਵੋ ਯਾਰ ।
ਆਤਣ, ਅੰਗਨ ਹਵੇਲੀਆਂ, ਜਾਹੀਂ ।ਖਵਾਜਾ ਜਾਨ ਡੇਵਮ ਕਥਾਹੀਂ ।
ਕੋਈ ਜਾ ਮੈਕੂੰ ਨ ਝੱਲੇ ਵੋ ਯਾਰ ।
ਖ਼ੇਡਣ ਕੁਡਨ ਫਰੀਦ ਗਿਓ ਸੈ ।ਪੰਡ ਮਲਾਮਤ ਮੁਫਤ ਚਤੋਸੈ ।
ਡਿਠੜੇ ਇਸ਼ਕ ਦੇ ਭੱਲੇ ਵੋ ਯਾਰ ।

  • Next......(201-273)
  • Previous......(101-150)
  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ