Kafian : Khwaja Ghulam Farid

ਕਾਫ਼ੀਆਂ : ਖ਼ਵਾਜਾ ਗ਼ੁਲਾਮ ਫ਼ਰੀਦ

51. ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ

ਦਰਦ ਅੰਦਰ ਦੀ ਪੀੜ ਡਾਢਾ ਸਖਤ ਸਤਾਇਆ ।
ਹਿਜਰ ਫ਼ਿਰਾਕ ਦੇ ਤੀਰ ਦਿਲ ਨੂੰ ਮਾਰ ਮੁੰਝਾਇਆ ।
ਇਸ਼ਕ ਹੇ ਡੁਖੜੇ ਦਿਲ ਦੀ ਸ਼ਾਦੀ ।ਇਸ਼ਕ ਹੈ ਰਹਬਰ ਮੁਰਸ਼ਦ ਹਾਦੀ ।
ਇਸ਼ਕ ਹੈ ਸਾਡਾ ਪੀਰ ।ਜੈ ਕੁਲ ਰਾਜ਼ ਸੁਝਾਇਆ ।
ਏ ਦਿਲ ਮੁਠੜੀ ਗੰਦੜੀ ਮੰਦੜੀ ।ਜਾਮਣ ਲਾਦੀ ਬਿਰਹੋਂ ਦੀ ਬੰਦੜੀ ।
ਅਜ਼ਲੋਂ ਤਾਂਘ ਦਾ ਤੀਰ ।ਜਾਨੀ ਜੋੜ ਚੁੰਭਾਇਆ ।
ਨਾਜ਼ ਤਬੱਸਮ ਗੁਝੜੇ ਹਾਸੇ ।ਚਾਲੇ ਪੇਚ ਫਰੇਬ ਦਿਲਾਸੇ ।
ਹੁਸਨ ਦੇ ਚਾਰ ਅਮੀਰ ।ਜਿਨ੍ਹਾਂ ਚੌ ਗੁਠ ਨਵਾਇਆ ।
ਵੁਠੜੀ ਪਾਲੀ ਸਦਾ ਮਤਵਾਲੀ ।ਮੀਂਹ ਵਸਰਾਂਦ ਤੇ ਵਾਲੀ ਆਲੀ ।
ਰੱਹੀ ਰਸ਼ਕ ਮਲੇਰ ।ਵੈਦਾ ਬਖਤ ਵਲਾਇਆ ।
ਥੀਆਂ ਸਰ ਸਬਜ਼ ਫ਼ਰੀਦ ਦੀਆਂ ਝੋਕਾਂ ।ਸਹਿਜੋਂ ਖ਼ੁਨਕੀ ਚਾਈ ਸੋਕਾਂ ।
ਨਣਦ ਨਾ ਮਾਓ ਖੀਰ ।ਮੂਲਾ ਮਾੜ ਵਸਾਇਆ ।

52. ਦਰਦ ਪਏ ਵਲ ਪੇਟੇ

ਦਰਦ ਪਏ ਵਲ ਪੇਟੇ ।ਡਿੱਤੜੇ ਯਾਰ ਰੰਝੇਟੇ ।
ਮੈੰ ਬੈਠੀਂ ਗਈ ਉਮਰ ਨ ਆਏ ।ਲਾਂਵੀਂ ਲਹਨ ਦੇ ਨੇਟੇ ।
ਹੱਥੜੀਂ ਪੈਰੀਂ ਗ਼ਮ ਦੇ ਗਾਨੇ ।ਸਰ ਸੂਲਾਂ ਦੇ ਰੇਟੇ ।
ਸੰਗੀ ਸੁਰਤੀਂ ਲਗੜੇ ਝੇੜੇ ।ਸਕੜੀਂ ਸੌਹਰੀਂ ਫੇਟੇ ।
ਸਾਂਵਲ ਆਵੇ ਆ ਗਲ ਲਾਵੇ ।ਸਹਿਜੋਂ ਸੇਹਜੀਂ ਲੇਟੇ ।
ਦਿੱਲੜੇ ਸੌ ਸੌ ਜ਼ਖਮ ਕਲੱਲੜੇ ।ਸੀਨੇ ਸਖ਼ਤ ਚਪੇਟੇ ।
ਯਾਰ ਫ਼ਰੀਦ ਸੰਭਾਲਮ ਜੈਂਦੀਂ ।ਰੱਬ ਡੁੱਖ ਡੁੱਖੜੇ ਮੇਟੇ ।

53. ਦਰਸਨ ਬਿਨ ਅੱਖੀਆਂ ਤਰਸ ਰਹੀਆਂ

ਦਰਸਨ ਬਿਨ ਅੱਖੀਆਂ ਤਰਸ ਰਹੀਆਂ ।
ਸੈ ਸੂਲ ਸਹਾਂ ਸਿਕ ਸਾਂਗ ਸਿਵਾ ।ਸੁਖ ਸੜ ਗਏ ਖੁਸ਼ੀਆਂ ਰਾਖ ਥੀਆ ।
ਜੀ ਜਲਦਾ ਸੀਨੇ ਅੱਗ ਲਗੀ ।ਦਿਲ ਬੇਕਬ ਹਜੜੂੰ ਢਲਕ ਪਈਆਂ ।
ਬਠ ਸੇਝ ਸੜੀ ਬਠ ਤੂਲ ਤੱਤੀ ।ਗਈਆ ਸੇਂਗੀਆਂ ਸੁਰਤੀਆਂ ਵਿਸਰੀਆਂ ।
ਗਲ ਕੋਝੇ ਕਾਂਟੇ ਖ਼ਾਰ ਚੁਭਨ ।ਥਈ ਚੋਲੀ ਸਾਲੂ ਸਹੰਸ ਧਈਆਂ ।
ਕਈ ਲਹਰ ਲੁੜ੍ਹੇ ਕਈ ਰੋਹ ਰੁਲੇ ।ਕਈ ਫਿਰਦੇ ਬੂਟੇ ਬੇਟੇ ਲਈਆਂ ।
ਦਿਨ ਬੀਤ ਗਏ ਸੁਧ ਬਿਸਰ ਗਈ ।ਸਾਜਨ ਨੇ ਬੁਰਾਈਆਂ ਜੋੜਕੀਆਂ ।
ਹੈ ਨਾਜ਼ ਨਹੀਂ ਐਰਾਜ ਮੰਢੂ ।ਰੱਖ ਆਸ ਨ ਥੀ ਗ਼ਮ ਵਾਸ ਮੀਆਂ ।
ਬਿਨ ਯਾਰ ਫ਼ਰੀਦ ਨ ਈਦ ਡਿੱਠਮ ।ਖਿਲ ਖੇਡਾਂ ਸਾਰੀਆਂ ਵਿਸਰ ਗਈਆਂ ।

54. ਦਸਤੋਂ ਪੀਰ ਮੁਗਾਂ ਦੇ

ਦਸਤੋਂ ਪੀਰ ਮੁਗਾਂ ਦੇ ।ਪੀਤਮ ਇਸ਼ਕ ਦਾ ਜਾਮ ।
ਵਹਦਤ ਕੀਤਾ ਗਲਬਾ ।ਭੁਲ ਗਿਆ ਕੁਫਰ ਇਸਲਾਮ ।
ਗੁਜ਼ਰੇ ਫਰਜ਼ ਫਰੀਜੇ ।ਸੁਨਤ ਕੋ ਭੀ ਸਲਾਮ ।
ਕਸ਼ਫ ਹਕੀਕੀ ਆਏ ।ਗਏ ਅਜਗਾਸ ਅਹਿਲਾਮ ।
ਵਹਦਤ ਜਾਤੀ ਸਭ ਦਾ ।ਹੈ ਆਗਾਜ ਇੰਜਾਮ ।
ਤਿਖੜੀ ਤੇਗ਼ ਨਫੀ ਦੀ ।ਗੈਰ ਕੀਤਾ ਕਤਲਾਮ ।
ਬਾਝੋਂ ਸ਼ੁਗਲ ਹਕੀਕੀ ।ਬਿਲ ਕੁਲ ਕੂੜ ਕਮਾਮ ।
ਕਰ ਤੋਬਾ ਅਗਿਆਰੋਂ ।ਪਠੜੇ ਬਿਰਹੋਂ ਪਿਆਮ ।
ਤੁਰਤ ਫ਼ਰੀਦ ਫ਼ਰੀਦੋਂ ।ਥੀ ਆਜ਼ਾਦ ਤਮਾਮ ।

55. ਡੇਹਾਂ ਰਾਤੀ ਸੰਝ ਸਥਾਹੀਂ

ਡੇਹਾਂ ਰਾਤੀ ਸੰਝ ਸਥਾਹੀਂ ।ਕਨੜੀਂ ਕਾਣ੍ਹ ਬਜਾਵਮ ਬੀਂਨ ।
ਕੁਦਸੀ ਬੰਸੀ ਅਨਹਦ ਅਜ਼ੋਲ ।ਰਾਂਝਨ ਫੂਕ ਸੁਣਾਵਮ ਫ਼ਜਲੋਂ ।
ਰੱਖ ਰੱਖ ਵਹਦਤ ਦੀ ਆਈਨ ।
ਅਸਨੀਨੀਅਤ ਦੀ ਗਈ ਇੱਲਤ ।ਔਜ ਥਈ ਸਭ ਹਨਫੀ ਮਿੱਲਤ ।
ਸੀਨ ਬਲਾਲ ਦਾ ਬੇਸ਼ਕ ਸ਼ੀਨ ।
ਜੋ ਹੈ ਮਰਦ ਮੁਹੱਕਕ ਮੋਕਨ ।ਉਸ ਦਾ ਥੀਆ ਸ਼ੈਤਾਨ ਭੀ ਮੋਮਨ ।
ਮਿਲਲ ਨਹਲ ਕੁਲ ਕੱਯਮ ਦੀਨ ।
ਦਿੱਲੜੀ ਗੈਰੈਂ ਵੈਰੋਂ ਖਾਲੀ ।ਸਦਰ ਸਦੂਰ ਵਲਾਇਤ ਵਾਲੀ ।
ਰਾਸਖ ਮਾਲਕ ਮੁਲਕ ਯਕੀਨ ।
ਮੀਸਾਕਂੋ ਤਾ ਰੋਜ਼ ਹਸ਼ਰ ਦੇ ।ਜੂਦੋ ਜੂਦ ਨਸਾਰ ਫ਼ੱਕਰ ਦੇ ।
ਦੌਲਤ ਸੁਹਬਤ ਫ਼ਖਰੁਦੀਨ ।
ਜ਼ੁਲਮ ਜਹਾਲਤ ਥੀਵਮ ਪਰੇਰੇ ।ਕੀਤੇ ਅਦਲ ਅਦਾਲਤ ਦੇਰੇ ।
ਆਈ ਤਮਕੀਨ ਤੇ ਗਈ ਤਲਵੀਨ ।
ਭੱਠ ਘਤ ਏ ਤਲਬੀਸ ਇਬਲੀਸੀ ।ਏ ਦਿਲ ਸਿਖ ਤਦਰੀਸ ਇਦਰੀਸੀ ।
ਥੀ ਵਾਰਸ ਫਾਰਾਨ ਤੇ ਸੀਨ ।
ਸੌ ਸੌ ਹਮਦ ਤੇ ਲੱਖ ਸ਼ੁਕਰਾਨੇ ।ਯਾਰ ਫ਼ਰੀਦ ਲਧੋਸੇ ਖ਼ਾਨੇ ।
ਗਈ ਤਸ਼ਵੀਸ਼ ਤੇ ਆਈ ਤਸਕੀਨ ।

56. ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ

ਡੇਂਹ ਰਾਤ ਡੁੱਖ਼ਾਂ ਵਿੱਚ ਜਾਲਾਂ ।ਵੰਜੀਆਂ ਖੂਸ਼ੀਆਂ ਗ਼ਮ ਬੈਠੀ ਪਾਲਾਂ ।
ਯਾਰ ਪੁਨਲ ਗਿਆ ਸ਼ਹਿਰ ਡੂੰ ।ਥੀ ਰਾਹੀ ਰੋਹੀ ਥਲ ਬਰ ਡੂੰ ।
ਬੇਵਾਹੀ ਕਿਉਂ ਆਕਰ ਆਕਰ ਘਰ ਡੂੰ ।ਜੁਖ ਜੁਖ ਉਮਰਾਂ ਗਾਲਾਂ ।
ਡੇਵਨ ਡੋਡੇ ਸੂਲ ਸਹੇਲੀਆਂ ।ਬਦ ਤੀਨਤ ਪੁੱਠੜੀਆਂ ਤੇ ਦਿਲ ਮੈਲੀਆਂ ।
ਸੁੰਜਬਰ ਸਾਰੇ ਸੇਹਨ ਹਵੇਲੀਆਂ ।ਸਿਰ ਸਾੜਾਂ ਜੀ ਜਾਲਾਂ ।
ਪੀਤ ਪਰੀਂਦੀ ਰੋਜ਼ ਸਵਾਈ ।ਵਿਸਰੇ ਖਵੇਸ਼ ਕਬੀਲੇ ਭਾਈ ।
ਸਟ ਕਰ ਵੀਰਣ ਭੈਣੀ ਮਾਈ ।ਸਾਂਵਲ ਤੈਨੂੰ ਭਾਲਾਂ ।
ਯਾਰ ਨ ਪਾਂਵਾਂ ਪਈ ਕੁਰਲਾਵਾਂ ।ਸੁਹੇ ਸੇਝ ਨੂੰ ਭਾ ਭੜਕਾਵਾਂ ।
ਪਿੱਟ ਪਿੱਟ ਰੋ ਰੋ ਬਾਰ ਉਠਾਵਾਂ ।ਵੈਣ ਕਰਾਂ ਰੋਹ ਡਾਲਾਂ ।
ਲਗੜੀ ਜੁੜ ਕਰ ਚੋਟ ਅੰਦਰ ਵਿੱਚ ।ਆਇਮ ਡੋੜੇ ਜ਼ੁਲਮ ਕਹਿਰ ਵਿੱਚ ।
ਛਡ ਕਰ ਕਲ੍ਹੜੀ ਰੋਹ ਡੂੰਗਰ ਵਿਚ ।ਹੋਤ ਨ ਲਹਮ ਸੰਭਾਲਾਂ ।
ਯਾਰ ਫ਼ਰੀਦ ਨ ਲਹਿੰਦਾ ਸਾਰਾ ।ਸਹਿੰਦੀ ਸਾੜੇ ਸੂਲ ਹਜ਼ਾਰਾਂ ।
ਰੱਤ ਰੋ ਰੋ ਕਰ ਰਾਤ ਗੁਜ਼ਾਰਾਂ ।ਡੁੱਖ਼ ਡੁਖਦੀਂ ਡੇਂਹ ਢਾਲਾਂ ।

57. ਡੇਂਹ ਰਾਤੀਂ ਇਸ਼ਕ ਸਤਾਵੇ

ਡੇਂਹ ਰਾਤੀਂ ਇਸ਼ਕ ਸਤਾਵੇ ।ਜ਼ਰ ਘਰ ਵਰ ਰੋਗ ਵਧਾਵੇ ।
ਥਲ ਰੇਖਾਂ ਝਰ ਬਰ ਦੇਰੇ ।ਹਰ ਭਿਟ ਭਿਟ ਨਾਲ ਬਸੇਰੇ ।
ਸਰ ਸੂਲਾ ਛਕਦੇ ਸਿਹਰੇ ।ਗਲ ਹਿਜਰ ਦਾ ਹਾਰ ਸਹਾਵੇ ।
ਦਿਲ ਲੁਟ ਗਿਆ ਜੋਗੀ ਰਾਵਲ ।ਸੈ ਪੂਰ ਡੁਖਾਂ ਦੇ ਪਲ ਪਲ ।
ਹਰ ਵਕਤ ਕਹਾਂ ਹੱਥ ਮਲ ਮਲ ।ਮੁੱਠਾਂ ਨੇੜਾ ਕੋਈ ਨ ਲਾਵੇ ।
ਰੋਹ ਕੋਝੇ ਕਾਲੀਆਂ ਧਾਰਾਂ ।ਪੌਂ ਚੁਭਨ ਬਬੂਲ ਹਜ਼ਾਰਾਂ ।
ਸਰ ਕਹਿਰ ਕਲੂਰ ਦੀਆਂ ਮਾਰਾਂ ।ਡੁੱਖ ਹਰ ਵੇਲ੍ਹੇ ਤਨ ਤਾਵੇ ।
ਦਿਲ ਦੂਦ ਗ਼ਮਾਂ ਦੇ ਦੁੱਖ ਦੇ ।ਜੀ ਹਰ ਵੇਲ੍ਹੇ ਪਿਆ ਜੁਖਦੇ ।
ਗਏ ਗੁਜ਼ਰ ਡਿਹਾੜੇ ਸੁਖ ਦੇ ।ਮੋਈ ਜਿੰਦੜੀ ਸੋਜ਼ ਨਿਭਾਵੇ ।
ਹੈ ਦਰਦ ਅਵੱਲੜਾ ਪੁੱਠੜਾ ।ਕਿਉਂ ਪੇਸ਼ ਪਿਉਮ ਏ ਕੁੱਠੜਾ ।
ਕੁਝ ਘਟੇ ਨ ਗਾਟੇ ਤਰੁੱਟੜਾ ।ਹੱਥੋਂ ਮਰਹਮ ਜ਼ਖ਼ਮ ਫਟਾਵੇ ।
ਜਿਨ ਰਾਖਸ ਸੁੰਜੜੀਆਂ ਜਾਹੀਂ ।ਰਿੱਛ ਬਾਂਦਰ ਬੂਜ਼ ਬਲਾਈਂ ।
ਥਏ ਸਾਥੀ ਸੰਜ ਸਬਾਹੀਂ ।ਮੁੱਠੀ ਔਖੀ ਉੱਮਰ ਵਿਹਾਵੇ ।
ਆਏ ਪੇਸ਼ ਫ਼ਰੀਦ ਗਪਾਟੇ ।ਅੰਗ ਤਰੁਟਨ ਤੇ ਸਰ ਫਾਟੇ ।
ਲੱਖ ਰੋੜਾਂ ਸਹੰਸ ਚਕਾਟੇ ।ਤੱਤੀ ਬੇਵਸ ਥੀ ਕੁਰਲਾਵੇ ।

58. ਡੇਸ ਸੁਹਾ ਸਾਂਵਲ ਅਜ ਕਲ

ਡੇਸ ਸੁਹਾ ਸਾਂਵਲ ਅਜ ਕਲ ।ਨਾ ਤਾਵੇਸਾਈਂ ਮਰ ਜਲ ਗਲ ।
ਵਹਟ ਮੇਂ ਵਸਦਾ ਮੈਂਧੜਾ ।ਸ਼ਹਿਰ ਲੋਦਰਵੇ ਮੋਮਲ ।
ਕਨੜੀਂ ਖਾਵਨ ਸੇਂਗੀਆਂ ।ਕਰ ਕਰ ਕੂੜੀ ਕਲ ਕਲ ।
ਤੌਂ ਬਿਨ ਨਜ਼ਰਮ ਓਪਰੀਆਂ ।ਤੋੜੀਂ ਸਾਧਾਂ ਸੋਮਲ ।
ਸੜ ਗਈ ਸੇਝ ਸੁਹਾਗੜੀ ।ਫਾਟੇ ਫਾਟੇ ਡੋੜੇ ਮਲ ਮਲ ।
ਸੁਰਖੀ ਲਹਿ ਗਈ ਵਹਿ ਗਏ ।ਰੋ ਰੋ ਸੁਰਮੇ ਕਾਜਲ ।
ਸਿਕ ਸਿਰ ਮਾਰਮ ਸਾਂਗਰਾਂ ।ਤਾਘਾਂ ਤਾਨੁਮ ਵਲ ਵਲ ।
ਸੂਲ ਅੰਦੋਹ ਅੰਦੇਸੜੇ ।ਮਲ ਮਲ ਆਵਨ ਪਲ ਪਲ ।
ਭੈਣੀਂ, ਦਾਈਆਂ ਡਰਾਨੜੀਆਂ ।ਅਮੜੀ, ਵੀਰਨ, ਬਾਬਲ ।
ਕੌਨ ਹੈ ਦਰਦ ਫਰੀਦ ਦਾ ।ਤੌਂ ਬਿਨ ਦਾਰੂ ਦਰਮਲ ।

59. ਢੋਲਣ ਤੈਡੀ ਸਿਕ ਢੇਰ ਹਮ

ਢੋਲਣ ਤੈਡੀ ਸਿਕ ਢੇਰ ਹਮ ।ਤਾਘਾਂ ਘਣੀਆਂ ਚਾਹੀਂ ਬਹੂੰ ।
ਖਪ ਖਪ ਕਰਾਂ ਆਹੀਂ ਬਹੂੰ ।ਤਪ ਤਪ ਉੱਠਨ ਭਾਈਂ ਬਹੂੰ ।
ਖਸੀ ਦਿਲ ਮਹੀਂ ਦੇ ਚਾਕ ਹੈ ।ਜੀਅੜਾ ਸਦਾ ਗ਼ਮਨਾਕ ਹੈ ।
ਤਨ ਚੂਰ ਸੀਨਾ ਚਾਕ ਹੈ ।ਸਰ ਧੂੜ ਮੂੰਹ ਪਾਹੀਂ ਬਹੂੰ ।
ਲਗਾ ਸਖਤ ਡੁੱਖੜਾ ਰੋਗ ਹੈ ।ਬੇ ਪੀਰ ਦਿਲ ਨੂੰ ਜੋਗ ਹੈ ।
ਤੱਤੀ ਪਈ ਭੋਗੇਂਦੀ ਭੋਗ ਹੈ ।ਰੋ ਰੋ ਕਰੇ ਧਾਈਂ ਬਹੂੰ ।
ਮਾਹੀ ਪੁਨਲ ਦਿੱਲੜੀ ਲੁੱਟੀ ।ਦਿਲ ਲੁੱਟ ਕੇ ਥੀਆ ਰਾਹੀ ਪੁੱਠੀ ।
ਰੁਲ ਰੁਲ ਥੱਕੀ ਫਿਰ ਫਿਰ ਹੁੱਟੀ ।ਬੂਟੇ ਲਈਆਂ ਕਾਹੀਂ ਬਹੂੰ ।
ਜਡਾਂ ਦਿਲ ਨੂੰ ਤੈਡੀ ਚਾਹ ਥਈ ।ਸੱਟ ਸੇਝ ਥਲ ਦੇ ਰਾਹ ਥਈ ।
ਸੁੰਜਬਰ ਕਲ੍ਹੀ ਬੇ ਵਾਹ ਥਈ ।ਛੱਡ ਆਸਰੈ ਵਾਹੀਂ ਬਹੂੰ ।
ਗੁਜਰੀ ਫ਼ਰੀਦ ਆਖ਼ਰ ਉਮਰ ।ਆਈ ਨ ਦਿਲਬਰ ਦੀ ਖ਼ਬਰ ।
ਢੂੰਢਾਂ ਜੰਗਲ ਝਰ ਬਰ ਬਹਰ ।ਤਕ ਤਕ ਰਹਾਂ ਰਾਹੀਂ ਬਹੂੰ ।

60. ਦਿਲ ਦਮ ਦਮ ਦਰਦੋਂ ਮਾਂਦੀ ਹੈ

ਦਿਲ ਦਮ ਦਮ ਦਰਦੋਂ ਮਾਂਦੀ ਹੈ ।ਸਿਕ ਡਿੱਠੜੀਂ ਬਾਝ ਨ ਲਹਿੰਦੀ ਹੈ ।
ਹਿਜਰ ਦੀਆਂ ਗੁਜ਼ਰੀਆਂ ਡੁੱਖੀਆਂ ਰਾਤੀਂ ।ਮਾ ਪਿਉ ਖਵੇਸ਼ ਨ ਪੁੱਛਦੀਂ ਬਾਤੀਂ ।
ਸੇਂਗੀਆਂ ਸੁਰਤੀਆਂ ਲਹਿਨ ਨ ਤਾਤੀਂ ।ਮੁੱਠੜੀ ਪਈ ਤੜਫਾਂਦੀ ਹੈ ।
ਚਾਕ ਮਹੀਂਦਾ ਮਨ ਨੂੰ ਭਾਨੜਾਂ ।ਭੁਲ ਗਿਆ ਸਾਰਾ ਰਾਜ਼ ਬਬਾਂਨੜਾਂ ।
ਘੋਲਾਂ ਸੇਜ ਤੇ ਤੋਲ ਵਹਾਨੜਾਂ ।ਬੇਟ ਦੀ ਰੀਤ ਸੁਹਾਂਦੀ ਹੈ ।
ਰਾਂਝਨ ਜੋਗੀ ਮੇਰਾ ਮੀਤਾ ।ਦਿਲ ਨੂੰ ਜਿਸਨੇ ਜਾਦ ਕੀਤਾ ।
ਇਸ਼ਕ ਤਹੀਂਦਾ ਲੂੰ ਲੂੰ ਸੀਤਾ ।ਰਗ ਰਗ ਮੂਲ ਨ ਵਾਂਦੀ ਹੈ ।
ਭਾਣਾ ਯਾਰ ਦਾ ਮਨ ਮਾਨੜਾਂ ।ਸਾੜਾਂ ਝੰਗ ਤੇ ਸ਼ਹਿਰ ਮਘਿਆਨੜਾਂ ।
ਪਾ ਮਸਕੀਨੀ ਸੱਟਸਾਂ ਮਾਨੜਾਂ ।ਜਿੰਦੜੀ ਝੋਕ ਗ਼ਮਾਂ ਦੀ ਹੈ ।
ਗੁਜ਼ਰਿਆ ਵੇਲ੍ਹਾ ਹੱਸਣ ਖਿਲਣ ਦਾ ।ਆਇਆ ਵਕਤ ਫ਼ਰੀਦ ਚਲਣ ਦਾ ।
ਔਖਾ ਪੈਂਡਾ ਦੋਸਤ ਮਿਲਣ ਦਾ ।ਜਾਨ ਲਬਾਂ ਤੇ ਆਂਦੀ ਹੈ ।

61. ਦਿਲ ਦਰਦੋਂ ਹੁਣ ਹਾਰੀ ਵੋ ਯਾਰ

ਦਿਲ ਦਰਦੋਂ ਹੁਣ ਹਾਰੀ ਵੋ ਯਾਰ ।ਵਲ ਕਰੀਂ ਹਾ ਕਾਰੀ ਵੋ ਯਾਰ।
ਜ਼ੁਲਫ ਸਿਆਹ ਥੀ ਨਾਗ ਵਿਰਾਧੇ ।ਡੰਗ ਮਰੇਂਦੇ ਕਾਰੀ ਵੋ ਯਾਰ ।
ਲੂੰ ਲੂੰ ਸੀੜ੍ਹਾਂ ਜਾਰੀ ਵੋ ਯਾਰ ।
ਸਾਂਵਲ ਆਵੀਂ ਨਾ ਤਰਸਾਵੀਂ ।ਮੌਸਮ ਚੇਤਰ ਬਹਾਰੀ ਵੋ ਯਾਰ ।
ਘਰ ਘਰ ਥਈ ਗੁਲਜ਼ਾਰੀ ਵੋ ਯਾਰ ।
ਯਾਰੀ ਲਾ ਕਰ ਯਾਦ ਨ ਕੀਤੋ ।ਜਿੰਦੜੀ ਮੁਫਤ ਅਜ਼ਾਰੀ ਵੋ ਯਾਰ ।
ਡਿਠੜੀ ਤੈਡੜੀ ਯਾਰੀ ਵੋ ਯਾਰ ।
ਸਟ ਕਰ ਕਲ੍ਹੜੀ ਤੇ ਬੇ ਵਾਹੀ ।ਕੀਤੋ ਕੇਚ ਤਿਆਰੀ ਵੋ ਯਾਰ ।
ਹੈ ਹੈ ਬੇ ਨਰਵਾਰੀ ਵੋ ਯਾਰ ।
ਸ਼ਾਹ ਬਿਰਹੋਂ ਦੇ ਡਿਤਰਮ ਔਹਦਾ ।ਗਾਲ੍ਹੀਂ ਦੀ ਸਰਦਾਰੀ ਵੋ ਯਾਰ ।
ਖਲਅਤ ਸ਼ਹਿਰ ਖਵਾਰੀ ਵੋ ਯਾਰ ।
ਸਿਕ ਮਹੀਂਵਾਲ ਦੀ ਲੋੜ ਲੁੜਾਇਮ ।ਮੈਂ ਮੁਠੜੀ ਮਨਤਾਰੀ ਵੋ ਯਾਰ ।
ਕੋਝੀ ਰਾਤ ਅੰਧਾਰੀ ਵੋ ਯਾਰ ।
ਡੇ ਕਰ ਦਲਬੇ ਕੂੜ ਦਿਲਾਸੇ ।ਲੁਟ ਨੀਤੋ ਦਿਲ ਸਾਰੀ ਵੋ ਯਾਰ ।
ਮੈਂ ਵਾਰੀ ਲਖ ਵਾਰੀ ਵੋ ਯਾਰ ।
ਥਲ ਬਰ ਰੋਹੀ ਰੋਹੀਂ ਰਾਵੀਂ ।ਰੁਲਦੀ ਡੁਖੜੀ ਮਾਰੀ ਵੋ ਯਾਰ ।
ਬਾਰ ਬਿਰਹੋਂ ਸਿਰ ਬਾਰੀ ਵੋ ਯਾਰ ।
ਯਾਰ ਫ਼ਰੀਦ ਨ ਆਇਮ ਵੇੜ੍ਹੇ ।ਹਰ ਦਮ ਮੂੰਝ ਮੂੰਝਾਰੀ ਵੋ ਯਾਰ ।
ਰੋਂਦੀਂ ਉਮਰ ਗੁਜ਼ਾਰੀ ਵੋ ਯਾਰ ।

62. ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ

ਦਿਲੇ ਦਾਰਮ ਬਸੇ ਆਵਾਰਾ ਤਬੇ ਵਹਸ਼ਤ ਆਰਾਏ ।
ਬਿਰਹੋਂ ਬਾਰੇ ਬਰੋਚਲ ਦੇ ਬੀਆਬਾਂ ਦਸ਼ਤ ਰੁਲਵਾਏ ।
ਕੇਹਾਂ ਗਮ ਦੀਆਂ ਬਾਤੀਂ ਡੁੱਖੀ ਹੈ ਦਿਲ ਡੇਹਾਂ ਰਾਤੀਂ ।
ਖ਼ੁਦਾ ਰਾ ਹਾਲੇ ਜ਼ਾਰਮ ਬੀਂ ਕਿ ਦਸਤੇਮ ਵ ਬੇ ਪਾਏ ।
ਬਮਾ ਤਾਲਿਆ ਸ਼ੁਦਾ ਪੁਰ ਕੀ ਨਜ਼ਾਰਮ ਬੇ ਦਿਲੋ ਗ਼ਮਗੀਂ ।
ਨ ਪੈਂਦਾ ਯਾਰ ਹੈ ਝਾਤੀ ਅਜਣ ਡੁੱਖੜੇ ਨ ਪਾਦਾਏ ।
ਸਜਨ ਵਸ ਰਸ ਡਖਾਂਇਮ ਚਸ ਸੁਰੀਝੀਂ ਪੇਕੜੀਂ ਬਸ ਬਸ ।
ਦਿਲ ਦੀਵਾਨਾ ਬਾਹਰ ਕਸ ਨ ਦਾਰਦ ਹੇਚ ਪਰਵਾਏ ।
ਹਮੇਸ਼ਾ ਮੂੰਝ ਵਾਧੀ ਹੈ ਸੁੰਜੀ ਸਖ਼ਤੀ ਜ਼ਿਆਦੀ ਹੈ ।
ਸਦਾ ਸੂਲਾਂ ਦੀ ਸ਼ਾਦੀ ਹੈ ਮੈਂ ਅਪਨੇ ਬਖ਼ਤ ਅਜ਼ਮਾਏ ।
ਡੇਹਾਂ ਡੋੜੀ ਖਰਾਬੀ ਹੈ ਕਲਕ ਹੈ ਇਜ਼ਤਰਾਬੀ ਹੈ ।
ਨਮਾਸਾਂ ਜੀ ਅਜ਼ਾਬੀ ਹੈ ਨ ਆਪ ਆਏ ਨ ਬੁਲਵਾਏ ।
ਜ਼ੇ ਇਸ਼ਕ ਆਰਜ਼ ਰੰਗੀਂ ਚੂ ਲਾਲਾ ਦਾਗ਼ਹਾ ਦੇਰੀਨ ।
ਕੀਤੀਆਂ ਹਨ ਦਿਲ ਅੰਦਰ ਜਾਹੀਂ ਕਡੀਂ ਰੱਬ ਯਾਰ ਮਲਵਾਏ ।
ਬਗ਼ੈਰ ਅਜ਼ ਮਨ ਕਿਰਾ ਸ਼ਾਇਦ ਫ਼ਰੀਦ ਈਂ ਮਰਮਰਾ ਬਾਇਦ ।
ਡੁਖੇ ਪੈਂਦੇ ਤੇ ਡੁੱਖ਼ ਬੇਹਦ ਮਮੀਂ ਰਾਖਸ ਤੇ ਰਿੱਛ ਸਾਏ ।

63. ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ

ਦਿਲੀਆਂ ਤੇ ਦੀਦਾਂ ਸੋਹਣਾ ਤੈਡੜੇ ਦੇਰੇ ।ਹਰਦਮ ਵੱਸੀਂ ਪੀਆਂ ਤੂੰ ਸਾਡੜੇ ਨੇੜੇ ।
ਸੰਗੀਆਂ ਸੁਰਤੀਆਂ ਹਕ ਹਮਸਾਏ ।ਗਿਲੜੇ ਕਰਨ ਵੇਖ ਵੇ ।
ਮਾਂ ਪਿਉ ਵੀਰਨ ਭੈਣ ਭਣੀਜੀਆਂ ।ਜੁੜ ਜੁੜ ਲਾਂਵਿਨ ਝੇੜੇ ।
ਜਗਤਾਂ ਮਾਰਨ ਪੇਕੇ ਪਤਣੇ ।ਹਾਸੇ ਕਰਨ ਸੋਰੀਜੇ ।
ਉੱਠਦੀਂ ਬਹਿੰਦੀਂ ਟੁਰਦੀਂ ਫਿਰਦੀਂ ।ਸੱਸ ਨਨਾਣ ਕਹੇੜੇ ।
ਚੂਚਕ ਚਾਕ ਤੈਡਾ ਤੂੰ ਮਾਲਕ ।ਸਰ ਸਰ ਵਾਹ ਦਾ ਵਾਰਸ ।
ਮੰਝੀਆਂ ਤੈਡੀਆਂ ਝੋਕਾਂ ਤੈਡੀਆਂ ।ਕੂੜੇ ਛੋੜ ਬਖੇੜੇ ।
ਕੌਨ ਹੈ ਕਾਜ਼ੀ ਰਿਸ਼ਵਤ ਰਾਜੀ ।ਕੌਨ ਸਿਆਲ ਦੇ ਖੇੜੇ ।
ਬਾਝ ਖ਼ੁਦਾ ਦੇ ਝਗੜੇ ਝੇੜੇ ।ਸਾਡੇ ਕੌਨ ਨਬੇੜੇ ।
ਡੂੰ ਡਹੇਂਦੇ ਨਾਹਕ ਦਾਵੇ ।ਓੜਕ ਨਾਹਕ ਥੀਂਦੇ ।
ਰਾਂਝਨ ਤੇ ਮੈਂ ਹੱਸ ਰੱਸ ਵੱਸੂੰ ।ਸੜ ਸੜ ਮਰਸਨ ਖੇੜੇ ।
ਜੋ ਜੋ ਲੇਖ ਮੱਥੇ ਦੇ ਆਹੇ ।ਆਖ਼ਰ ਵਹਾ ਮਿਲਿaੁਸੇ ।
ਜਿੰਦੜੀ ਛੁੱਟਣ ਫ਼ਰੀਦ ਹੈ ਮੁਸ਼ਕਲ ।ਵੇੜਿਆਂ ਇਸ਼ਕ ਅਵੈੜੇ ।

64. ਦਿਲ ਇਸ਼ਕ ਮਚਾਈ ਅੱਗ ਸਾਈਂ

ਦਿਲ ਇਸ਼ਕ ਮਚਾਈ ਅੱਗ ਸਾਈਂ ।ਡੁੱਖ਼ ਸੋਜ਼ ਰਚਿਆ ਰਗ ਰਗ ਸਾਈਂ ।
ਘਰ ਘਰ ਮਿਲ ਗਏ ਹੋਕੇ ।ਕਿਬਲਾ ਯਾਰ ਦੀ ਝੋਕੇ ।
ਈ ਜਗ ਤੇ ਊਂ ਜਗ ਸਾਈਂ ।
ਦਿਲਬਰ ਦੂਰ ਸਿਧਾਨੜਾਂ ।ਸਾੜਾਂ ਤੂਲ ਵਿਹਾਨੜਾਂ ।
ਜੀਵਾਂ ਕੈਂਦੇ ਲਗ ਸਾਈਂ ।
ਹੋਰ ਨਹੀਂ ਕਈ ਬਾਕੀ ।ਏਹਾ ਜ਼ਾਤ ਸਿਫ਼ਾਤੀ ।
ਹਾਂ ਦਿਲਦਾਰ ਦਾ ਸਗ ਸਾਈਂ ।
ਮਨ ਮੁੰਝਾ ਤੱਨ ਟੁੰਡੇ ।ਲਿੰਗ ਮੈਲੇ ਸਿਰ ਭੋਂਡੇ ।
ਸੂਲ ਆਵਣ ਕਰ ਵੱਗ ਸਾਈਂ ।
ਬਿਰਹੋਂ ਰੂਹ ਹਯਾਤੀ ।ਗ਼ਮ ਹੈ ਬੇਲੀ ਸਾਥੀ ।
ਦਰਦਾਂ ਦੀ ਹਮ ਤੱਗ ਸਾਈਂ ।
ਹਾਲ ਫ਼ਰੀਦ ਖਵਾਰੇ ।ਦਿਲੜੀ ਜ਼ਾਰ ਨਜ਼ਾਰੇ ।
ਕੀਤਮ ਹਿਜਰ ਅਲੱਗ਼ ਸਾਈਂ ।

65. ਦਿਲ ਮਸਤ ਮਹਵ ਖਿਆਲ ਹੈ

ਦਿਲ ਮਸਤ ਮਹਵ ਖਿਆਲ ਹੈ ।ਸਰੇ ਮੁ ਤਫ਼ਾਵਤ ਨ ਸਹੂੰ ।
ਏ ਖ਼ਿਆਲ ਐਨ ਵਸਾਲ ਹੈ ।ਤੇ ਕਮਾਲ ਹੈ ਨ ਕਿ ਹੈ ਜਨੂੰ ।
ਅਸਲ ਅਲ-ਅਸੂਲ ਸ਼ਿਹਦਤੁਨ ।ਹਮਾ ਸੂ ਬਸੂ ਹਮਾ ਕੂ ਬਕੂ ।
ਚਿਹ ਸ਼ਹੂਦ ਐ ਬਐਨਹੀ ।ਨਹੀਂ ਫੁਰਸਤ ਇਤਨੀ ਕਿ ਦਮ ਭਰੂੰ ।
ਜੋ ਮਕਾਨ ਥਾ ਬਨ ਗਿਆ ਲਾ ਮਕਾਨ ।ਜੋ ਨਿਸ਼ਾਨ ਥਾ ਹੋ ਗਿਆ ਬੇਨਿਸ਼ਾਨ ।
ਸਦਾ ਇਸਮ ਵ ਰਸਮ ਜ਼ਮਨ ਦਵਾਂ ।ਅੱਲਾ ਅਪਨੇ ਆਪ ਕੋ ਕਿਆ ਕਹੂੰ ।
ਨ ਅਯਾਨ ਹੈ ਨ ਨਿਹਾਂ ਹੈ ।ਨ ਬਿਆਨ ਹੈ ਨ ਧਿਆਨ ਹੈ ।
ਨ ਰਹਾ ਇਹ ਜਿਸਮ ਨ ਜਾਨ ਹੈ ।ਕੇਹਾਂ ਡੋਸ ਹੋਸ਼ ਹਵਾਸ ਕੂੰ ।
ਸ਼ੁਦ ਅਕਸ ਦਰ ਅਕਸ ਈਂ ਬਨਾ ।ਕਿ ਫ਼ਨਾ ਬੱਕਾ ਹੈ ਬੱਕਾ ਫ਼ਨਾ ।
ਬਾਕੀ ਨਮਾਨਦ ਬਜੁਜ਼ ਅਨਾ ।ਕੱਥ ਓਤੇ ਤੂੰ ਕੱਥ ਹਾਂ ਤੇ ਹੂੰ ।
ਕਡੀਂ ਸ਼ੋਰ ਦੇ ਸਤਵਾਤ ਹਨ ।ਕਡੀਂ ਜ਼ੋਰ ਦੇ ਸ਼ਤਹਾਤ ਹਨ ।
ਕਈ ਕਿਸਮ ਦੇ ਬਕਵਾਤ ਹਨ ।ਸਤੂਨ ਦੇ ਬਤੂਨ ਬਤੂਨ ਦੇ ਸਤੂਨ ।
ਉੱਠ ਗਈ ਫ਼ਰੀਦ ਹਵਸ ਮੁੰਢੋ ।ਨ ਰਹਾ ਹਈ ਵਸ ਹਿਕ ਖ਼ਸ਼ ਮੁੰਢੋ ।
ਕਸੇ ਕਸ ਹੋ ਕਸ ਨਾਕਸ ਮੁਢੋ ।ਚੁੱਪ ਚਾਪ ਫੇਲ ਫ਼ਸਾਦ ਤੋਂ ।

66. ਦਿਲ ਨੂੰ ਮਾਰ ਮੁੰਝਾਇਮ

ਦਿਲ ਨੂੰ ਮਾਰ ਮੁੰਝਾਇਮ ।ਨਿੱਤ ਦੇ ਦਰਦ ਅੰਦੇਸ਼ੇ ।
ਵਸ ਨੇੜੇ ਚਾਕ ਮਹੀਂਦਾ ।ਤੌਂ ਬਾਝ ਏ ਹਾਲ ਸੁੰਜੀਦਾ ।
ਜ਼ਖਮੀ ਸੀਨੇ ਚਿਕਦੇ ਰੇਸ਼ੇ ।
ਡੁਖ ਡੁਹੇਲੀਆਂ ਡੋੜ ਡੁੜਾਪੇ ।ਸੈ ਸਾੜੇ ਲੱਖ ਸੂਲ ਸੜਾਪੇ ।
ਵੈਣ ਸਿਆਪੇ ਸਾਡੇ ਪੇਸ਼ੇ ।
ਏ ਗਮਜ਼ੇ ਨਾਜ਼ ਨਿਹੋਰੇ ।ਏ ਇਸ਼ਵੇ ਜ਼ੋਰੇਂ ਤੇਰੇ ।
ਸਰ ਸਾਂਗਾਂ ਤਨ ਮਨ ਤੇਸ਼ੇ ।
ਬੱਠ ਬਿਰਹੋਂ ਬਰਾਬਰ ਵੈਰੀ ।ਚਾ ਕੀਤੁਸ ਕੋਲੇ ਕੀਰੀ ।
ਜ਼ੁਲਮੀਂ ਮਜ਼ਹਬ ਕਾਖ਼ ਕੇਸ਼ੇ ।
ਕਿਆ ਧਾਂ ਫ਼ਰੀਦ ਸੁਨਾਵਾਂ ।ਕਿਆ ਰੋ ਰੋ ਜਗਤ ਰੋਆਵਾਂ ।
ਮਸਤਕ ਲਿੱਖੜੀ ਆਈ ਪੇਸ਼ੇ ।

67. ਦਿੱਲੜੀ ਦਰਦੋਂ ਟੋਟੇ ਟੋਟੇ

ਦਿੱਲੜੀ ਦਰਦੋਂ ਟੋਟੇ ਟੋਟੇ ।ਪੁਰਜ਼ੇ ਪੁਰਜ਼ੇ ਜ਼ੱਰੇ ਵੋ ਜ਼ੱਰੇ ।
ਇਸ਼ਰੇ ਗ਼ਮਜ਼ੇ ਨਾਜ਼ ਨਹੋਰੇ ।ਨਖਰੇ ਟੱਖਰੇ ਜ਼ੋਰੇ ਤੋਰੇ ।
ਖ਼ੂਨ ਕਰੇਂਦੇ ਜ਼ਰੇ ਵੋ ਜ਼ਰੇ ।
ਆਪੇ ਅਪਣਾਂ ਸੋਹਾਂ ਕੀਤੋ ।ਆਪੇ ਅਪਨੀ ਜਾਤੇ ਨੀਤੋ ।
ਹੁਣ ਕਿਉਂ ਥੀਂਬੀਂ ਪਰੇ ਵੋ ਪਰੇ ।
ਗੂੜ੍ਹੇ ਨੈਨ ਤੇ ਜ਼ੁਲਫਾਂ ਕਾਲੀਆਂ ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀਆਂ ।
ਜੈਂ ਬਿਨ ਮੂਲ ਨ ਸਰੇ ਵੋ ਸਰੇ ।
ਪਲਪਲ ਤੀਰ ਨਿਗਾਹ ਦੇ ਫੱਲੜੇ ।ਵਲਵਲ ਪੇਚ ਜ਼ੁਲਫ ਦੇ ਵੱਲੜੇ ।
ਬੇ ਵੱਸ ਕੇਂਵੀਂ ਕਰੇ ਵੋ ਕਰੇ ।
ਮੂੰਝ ਮੁੰਝਾਰੀ ਦਰਦ ਅੰਦੇਸ਼ੇ ।ਡੇਹਾਂ ਰਾਤ ਫ਼ਰੀਦ ਦੇ ਪੇਸ਼ੇ ।
ਹਿਜਰੋਂ ਜਿੰਦੜੀ ਡਰੇ ਵੋ ਡਰੇ ।

68. ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ

ਦਿੱਲੜੀ ਨਮਾਣੀ ਕੂੰ ਰੋਜ਼ ਮੁੰਝਾਰੀ ।ਛੱਡ ਗਿਆ ਢੋਲਾ ਯਾਰ ਆਜ਼ਾਰੀ ।
ਇਸ਼ਕ ਨਹੀਂ ਕਈ ਭਾਹ ਗ਼ਜ਼ਬ ਦੀ ।ਸੜਦੀ ਜਲਦੀ ਜਾਨ ਵਿਚਾਰੀ ।
ਆਸ਼ਕ ਫਿਰਦੇ ਮਸਤ ਮਵਾਲੀ ।ਸਰ ਕੁਰਬਾਨ ਕਰਨ ਲਖ ਵਾਰੀ ।
ਦਰਦ ਅੰਦੋਹ ਤੇ ਸੂਲ ਹਜ਼ਾਰਾਂ ।ਲਾ ਕਰ ਯਾਰੀ ਯਾਰ ਵਿਸਾਰੀ ।
ਸੈਦ ਕਰੇਂਦੇ ਮੁਰਗ ਦਿਲੇਂਦੇ ।ਨਾਜ਼ੋ ਅਦਾ ਹਿਨ ਬਾਜ਼ ਸ਼ਿਕਾਰੀ ।
ਚਸ਼ਮਾਂ ਸ਼ੋਖ ਬਹਾਦਰ ਜੰਗੀ ।ਪਲਕਾਂ ਧਰਦੀਆਂ ਦਸਤ ਕਟਾਰੀ ।
ਜਿੰਦ ਫ਼ਰੀਦ ਬਚੇ ਹੁਣ ਕੇਂਵੇਂ ।ਨੈਨਾਂ ਖ਼ਦੰਗ ਚਲਾਈ ਕਾਰੀ ।

69. ਦਿਨ ਰੈਨ ਦਿਲ ਹੈਰਾਨ ਹੈ

ਦਿਨ ਰੈਨ ਦਿਲ ਹੈਰਾਨ ਹੈ ।ਆਸਾਇਸ਼ ਨ ਪਾਇਮ ਹਿੱਕ ਘੜੀ ।
ਸਰ ਟੁੱਕੜੇ ਟੁੱਕੜੇ ਹੋ ਗਿਆ ।ਤਨ ਮਨ ਜਲਿਆ ਲੂੰ ਲੂੰ ਸੜੀ ।
ਦਰਿਆ ਬਿਰਹੋਂ ਦਾ ਤਾਰ ਹੈ ।ਹਰ ਮੌਜ ਆਦਮ ਖਵਾਰ ਹੈ ।
ਨ ਪਾਰ ਨ ਉਰਵਾਰ ਹੈ ।ਔਖੀ ਅੜਾਹੀਂ ਆ ਅੜੀ ।
ਏਹਾ ਹੈ ਹਕੀਕਤ ਹਾਲ ਦੀ ।ਸਾਰੀ ਉੱਮਰ ਰਹੀ ਭਾਲਦੀ ।
ਕਈ ਕਲ ਨ ਪਈ ਮਹੀਂਵਾਲ ਦੀ ।ਬੇਵੱਸ ਤੱਤੀ ਲਹਿਰੀਂ ਲੁੜ੍ਹੀ ।
ਸਾਥੀ ਪੁੱਨਲ ਛੱਡ ਗਿਉਂ ਪਰੇ ।ਜੈਂ ਬਾਝ ਹਿਕ ਪਲ ਨ ਸਰੇ ।
ਫਿਰ ਫਿਰ ਡੂੰਗਰ ਘਾਟੀਆਂ ਦੱਰੇ ।ਸਿਕ ਸਾਥ ਵੰਜ ਭੋਇ ਵਿੱਚ ਵੜੀ ।
ਹੁਣ ਇਸ਼ਕ ਆਦਲ ਮੂੰ ਪਿਆ ।ਹੋਸ਼ੋ ਹੁਨਰ ਜ਼ਾਇਆ ਥਿਆ ।
ਸਬ ਮਹਵ ਮਨਸੀ ਹੋ ਗਿਆ ।ਜੋ ਕੁੱਝ ਸਿਖੀ ਜੋ ਕੁਝ ਪੜ੍ਹੀ ।
ਥਈ ਦਿਲ ਫ਼ਰੀਦ ਆਗਾਹ ਹੈ ।ਹਰ ਜਾ ਜਲੂਸੇ ਸ਼ਾਹ ਹੈ ।
ਬਾਦਲ ਮੂੰ ਜ਼ਾਹਰ ਮਾਹ ਹੈ ।ਜਬ ਝੱੜ ਗਈ ਮਨ ਕੀ ਝੜੀ ।

70. ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ

ਡਿੱਠਾ ਇਸ਼ਕ ਅਯਾਂ ਤਾ ਬਾਜ਼ਾਰ ਗਲੀ ।ਸਭੋ ਰਮਜ਼ ਖ਼ਫੀ ਹੁਣ ਥੀਵਮ ਜੱਲੀ ।
ਸਭ ਜਲਵਾ ਨੂਰ ਜ਼ਹੂਰ ਡਿੱਸੇ ।ਯਾ ਐਮਨ ਤੇ ਯਾ ਤੂਰ ਡਿੱਸੇ ।
ਗਈ ਗ਼ਬਿਤ ਐਨ ਹਜੂਰ ਡਿੱਸੇ ।ਦਿਲ ਵੰਜ ਦਿਲਬਰ ਦੇ ਸਾਥ ਰਲੀ ।
ਹੈ ਕਸ਼ਫ਼ ਕਮਾਲ ਦੀ ਬਾਤ ਅਜਬ ।ਹੈ ਵਜਦ ਤੇ ਹਾਲ ਦੀ ਘਾਤ ਅਜਬ ।
ਹੈ ਵਸਲ ਵਸਾਲ ਦੀ ਰਾਤ ਅਜਬ ।ਮੁੱਠੀ ਗੈਰ ਦੀ ਜ਼ਾਤ ਸਿਫ਼ਾਤ ਜਲੀ ।
ਕਡੀਂ ਤੈਰ ਅਰੂਜ਼ ਦਾ ਹਾਲ ਬਣੇ ।ਕਡੀਂ ਸੈਰ ਨਜ਼ੂਲ ਦੀ ਚਾਲ ਬਣੇ ।
ਜੋ ਹਿਜਰ ਹੈ ਆਨ ਵਸਾਲ ਬਣੇ ।ਸਾਰੇ ਸੂਲ ਸੜੇ ਸਾਰੀ ਮੂੰਝ ਟਲੀ ।
ਜਲ ਖ਼ਾਕ ਤੇ ਖੋਟ-ਖਪੋਟ ਗ਼ੁਮਾਂ ।ਗੁਮ ਹੋ ਗਿਆ ਗ਼ੈਰ ਦਾ ਨਾਮ ਨਿਸ਼ਾਨ ।
ਥਿਆ ਨੂਰ ਵਜੂਦ ਸਹੂਦ ਅਯਾਂ ।ਘਰ ਬਾਰ ਗਲੀ ਬਾਜ਼ਾਰ ਮਿਲੀ ।
ਜਥਾਂ ਭਾਲ ਡੱੇਖ਼ਾਂ ਤਥੇ ਰਾਜ਼ ਡਿੱਸੇ ।ਸਭ ਹੁਸਨ ਦੇ ਨਾਜ਼ ਨਵਾਜ਼ ਡਿੱਸੇ ।
ਸਭ ਸੋਜ਼ ਫ਼ਰੀਦ ਨੂੰ ਸਾਜ਼ ਡਿੱਸੇ ।ਹਮਾ ਓਸਤ ਸੁਝਾਈ ਰੀਤ ਭਲੀ ।

71. ਡਿੱਠੜੀ ਯਾਰ ਭਲਾਈ

ਡਿੱਠੜੀ ਯਾਰ ਭਲਾਈ ।ਹਿੱਕ ਤਿਲ ਤਰਸ ਨ ਆਇਓ ।
ਪਾ ਗਲਵਾੜੀ ਸੁਤੜੋਂ ।ਵੈਦੀਂ ਨਾ ਮੁਕਲਾਇਓ ।
ਸਹਿਜੋ ਕੋਲ ਬੁਲ੍ਹਾ ਕੇ ।ਕਿਉਂ ਜਾਨੀ ਦਿਲ ਚਾਇਓ ।
ਹੈ ਹੈ ਯਾਰ ਬਰੋਚਲ ।ਕੈਂ ਮੈ ਤੂੰ ਭਰਮਾਇਓ ।
ਜੇ ਹਾਵੀ ਇਹ ਨੀਅਤ ।ਕਿਉਂ ਵਤ ਯਾਰੀ ਲਾਇਓ ।
ਜਾਨ ਫ਼ਰੀਦ ਨਿਕੱਮੜੀ ।ਮੁਫ਼ਤ ਡੁੱਖਾਂ ਵਿੱਚ ਪਾਇਓ ।

72. ਡੁਖਾਂ ਸੂਲਾ ਕੀਤਮ ਕੱਕੇ ਸਾਈਂ

ਡੁਖਾਂ ਸੂਲਾ ਕੀਤਮ ਕੱਕੇ ਸਾਈਂ ।ਹੁਣ ਮੌਤ ਭਲੀ ਬੇ ਸ਼ੱਕ ਸਾਈਂ ।
ਪੁਨਲ ਕੇਚ ਸਿਧਾਇਮ ।ਵਲਦੀ ਖ਼ਬਰ ਨ ਆਇਮ ।
ਰਹੀਆਂ ਰਾਹੀ ਤੱਕ ਸਾਈਂ ।
ਘੋਲਾ ਭੈੜੀ ਘਿਲ ਕੂੰ ।ਪੌਵਨ ਤੱਤੀ ਦੇ ਦਿਲ ਕੂੰ ।
ਸੌ ਸੌ ਪੂਰ ਤੇ ਜਕ ਸਾਈਂ ।
ਆਏ ਸਖ਼ਤ ਕਰੂਪ ਕਸ਼ਾਲੇ ।ਕੌਨ ਬੰਦੀ ਦੇ ਟਾਲੇ ।
ਜੋ ਲਿਖਿਆ ਮਸਤਕ ਸਾਈਂ ।
ਡੁਖੜੇ ਦਰਦ ਡੁਖੇਂਦੇ ।ਜਾਨ ਜਿਗਰ ਵਿੱਚ ਪੈਂਦੇ ।
ਸੌ ਚੂੰਢੀ ਲੱਖ ਚੱਕ ਸਾਈਂ ।
ਭਾਗ ਸੁਹਾਗ ਗਿਓ ਸੇ ।ਯਾਰ ਦਿਲੋਂ ਵਿਸਰਿਓ ਸੇ ।
ਪੱਕ ਸਾਈਂ ਹਿਮ ਪੱਕ ਸਾਈਂ ।
ਹਿਜਰ ਫ਼ਰੀਦ ਉਜਾੜੇਮ ।ਸੋਜ਼ ਅੰਦਰ ਦੇ ਸਾੜੇਮ ।
ਦਿਲੜੀ ਹਮ ਚੱਕਮੱਕ ਸਾਈਂ ।

73. ਡੁਖ ਢੇਰ ਸੁਖ ਦਾ ਵੈਰ ਹੈ

ਡੁਖ ਢੇਰ ਸੁਖ ਦਾ ਵੈਰ ਹੈ ।ਰੀੜਾਂ ਘਣੀਆਂ ਪੀੜਾਂ ਬਹੂੰ ।
ਰਤ ਰੋ ਹੰਜੂ ਨੀਰਾਂ ਵਹਿਨ ।ਨੱਕ-ਸੀੜ੍ਹ ਤੇ ਸੀੜ੍ਹਾ ਬਹੂੰ ।
ਜੁਖ ਜੁਖ ਕਰਾ ਧਾਈਂ ਬਹੂੰ ।ਡੁਖ ਡੁਖ ਕੱਢਾਂ ਆਹੀਂ ਬਹੂੰ ।
ਦੁੱਖ ਦੁੱਖ ਉਠਨ ਭਾਈਂ ਬਹੂੰ ।ਉਕ ਚੁੱਕ ਪਈਆਂ ਧੀਰਾ ਬਹੂੰ ।
ਸਰ ਭੋਂਡਾ ਚੜਿਆ ਖ਼ਾਕ ਹੈ ।ਮੂੰਹ ਧੂੜ ਸੀਨਾ ਚਾਕ ਹੈ ।
ਚੂਚਕ ਥੀਆ ਹੁਣ ਚਾਕ ਹੈ ।ਮੁੱਠੀ ਝੋਕ ਦਿਲ ਵੀਰਾਨ ਬਹੂੰ ।
ਸਭ ਲੋਕ ਕਰਦਾ ਟੋਕ ਹਿਮ ।ਲਗੀ ਦਿਲ ਨਿਆਰੜੀ ਨੋਕ ਹਿਮ ।
ਡਿੱਤੀ ਬਿਰਹੋਂ ਡਾਢੀ ਚੋਕ ਹਿਮ ।ਚੁੱਟੀ ਦਰਦ ਦੇ ਤੀਰਾਂ ਬਹੂੰ ।
ਬੇ ਪੀਰ ਦਿਲ ਦੀਆਂ ਚਾਲੀਆਂ ।ਸਭ ਹਨ ਉਪੱਠੀਆਂ ਗਾਲ੍ਹੀਆਂ ।
ਪੀਤਮ ਨ ਪੀਤਾਂ ਪਾਲੀਆਂ ।ਰੋ ਰੋ ਕਰੇ ਰੀੜਾਂ ਬਹੂੰ ।
ਕਲ੍ਹੀ ਮੈਂ ਨਮਹੀਂ ਏਹੀਂ ਜੋਲਦੀ ।ਫਿਰੇ ਲੱਖ ਫ਼ਰੀਦ ਏਹੀਂ ਤੋਲਦੀ ।
ਦਿਲ ਬੋੜਦੀ ਦਿਲ ਰੋਲਦੀ ।ਸੋਹਣੀਆਂ ਸੱਸੀਆਂ ਹੀਰਾਂ ਬਹੂੰ ।

74. ਡੁਖੇ ਡੇਂਹ ਫੁਰਕਤ ਦੇ ਨਿਭਨ

ਡੁਖੇ ਡੇਂਹ ਫੁਰਕਤ ਦੇ ਨਿਭਨ ।ਮੁੱਠੇ ਨੈਨ ਰੋ ਰੋ ਰੱਤ ਥੀਵਨ ।
ਸਾਥੀ ਪੁਨਲ ਗਿਆ ਦੂਰ ਹੈ ।ਸਰ ਦਰਦ ਕਹਿਰ ਕਲੂਰ ਹੈ ।
ਤਨ ਚੂਰ ਮਨ ਰੰਜੂਰ ਹੈ ।ਸ਼ਾਲਾ ਸਜਨ ਕੋਲੇ ਵਸਨ ।
ਮਾਹੀ ਮਿੱਠਲ ਗਿਉਂ ਰੋਲ ਵੇ ।ਵਾਹ ਢੋਲ ਤੈਂਡੜੇ ਬੋਲ ਵੇ ।
ਡੇਖਾਂ ਹੈ ਕੈਂਦੇ ਕੋਲ ਵੇ ।ਦਿਲ ਢਾਂਢ ਦਰਦਾਂ ਦੇ ਬਲਨ ।
ਦਿੱਲੜੀ ਤਪੇ ਸੀਨਾ ਜਲੇ ।ਜੀਅੜਾ ਡੁਖੇ ਜਿੰਦੜੀ ਗਲੇ ।
ਹੱਡ ਚੱਮ ਸੜੇ ਲੂੰ ਲੂੰ ਤਲੇ ।ਅੱਖੀਆਂ ਡੁਖਨ ਦੀਦਾਂ ਸਿਕਨ ।
ਮੂਨਸ ਤੇ ਨਾ ਗਮਖਵਾਰ ਹੈ ।ਚੌਗੁੱਠ ਸਖ਼ਤ ਉਜਾੜ ਹੈ ।
ਪਲਪਲ ਗਮਾਂ ਦੀ ਧਾੜ ਹੈ ।ਮੁਸ਼ਕਲ ਨਿਭਾਵਾਂ ਰਾਤ ਦਿਨ ।
ਡਿੱਠੜੇ ਸਵਾ ਕਿਕਰ ਰਹੂੰ ।ਸੁੰਜ ਬਰ ਫ਼ਿਰੂੰ ਡੁਖ਼ੜੇ ਸਹੂੰ ।
ਜਥ ਰਿੱਛ ਘਣੇ ਰਾਖਸ ਬਹੂੰ ।ਬਾਂਦਰ ਬਲਾਈਂ ਭੂਤ ਜਿਨ ।
ਸੱਯਦ ਫ਼ਰੀਦ ਸਹਸੀ ਸਭੇ ।ਮਾਹੀ ਪਿੱਛੇ ਰਾਹੀ ਥੀਏ ।
ਯਾ ਵੰਜ ਮਿਲੇ ਯਾ ਰੁਲ ਮੋਏ ।ਗਏ ਹਿਨ ਡੁੱਖਾਂ ਨੂੰ ਸਾਥ ਘਿਨ ।

75. ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ

ਡੁੱਖੇ ਇਸ਼ਕ ਦੇ ਡੁੱਖੜੇ ਘਾਟੇ ਨੈਂ ।ਸਰ ਫੱਟੜਾ ਤਰੁਟੜੇ ਗਾਟੇ ਨੈਂ ।
ਮੈਂ ਜਾਤ ਸੋਹਣਾ ਯਾਰ ਪੁਨਲ ।ਰਹਿਸੀ ਕੋਲ ਨ ਵੈਸੀ ਕੇਚ ਡੂੰ ਵਲ ।
ਹੁਣ ਵਲਵਲ ਪੂਰ ਪੌਵਨ ਪਲਪਲ ।ਅੱਖੀਂ ਨੀਰ ਹੰਜੂ ਫਰਵਾਟੇ ਨੈਂ ।
ਸੁੰਜ ਸੇਝ ਅਤੇ ਗੁਲ ਖ਼ਾਰ ਥੀਏ ।ਧਈਆਂ ਹਾਰ ਹਮੇਲਾਂ ਮਾਰ ਥੀਏ ।
ਜਿੰਦ ਜੋਖੋਂ ਤਾਰ ਵ ਤਾਰ ਥੀਏ ।ਮੁੱਠੀ ਦਿੱਲੜੀ ਕਿਰਮ ਗਘਾਟੇ ਨੈਂ ।
ਬੁਰਾ ਬਿਰਹੋਂ ਬੁਰੀ ਬੀਮਾਰੀ ਹੈ ।ਡੁੱਖ ਪੈਰ ਤੇ ਨਾਲਾ ਜਾਰੀ ਹੈ ।
ਢੋਲੇ ਬਾਝ ਨ ਹਰਗਿਜ਼ ਕਾਰੀ ਹੈ ।ਕੂੜੇ ਸਰਬਤ ਘੋਟੇ ਚਾਟੇ ਨੈਂ ।
ਬਦੂੰ ਬਾਂਦਰ ਬੂਜ਼ ਅਦਾਈਂ ਹਨ ।ਗਡ ਗੈਂਡੇ ਗੁਰਗ ਬਲਾਈਂ ਹਨ ।
ਥਲ ਮਾਰੂ ਔਖੀਆਂ ਜਾਹੀਂ ਹਨ ।ਸਰੜਾਟੇ ਸਖ਼ਤ ਚਕਾਟੇ ਨੈਂ ।
ਬਠ ਵਾਲੀ ਵਾਲੀਆਂ ਬੂਲ ਤਤੇ ।ਆਏ ਪੇਸ਼ ਤੱਤੀ ਦੇ ਸੂਲ ਤੱਤੇ ।
ਪੈਰੀ ਚੁਭਨ ਹਜ਼ਾਰ ਬਬੂਲ ਤੱਤੇ ।ਹਿਕ ਰੀਤ ਤੱਤੀ ਥਿਆਭਾਟੇ ਨੈਂ ।
ਆਈ ਰੋਹਾਂ ਜਬਲਾਂ ਜਾਲ ਮੇਰੀ ।ਮੱਮੀਂ ਡੈਣੀਂ ਲਹਨ ਸੰਭਾਲ ਮੇਰੀ ।
ਰਿੱਛ ਰਾਖਸ ਰੱਖਦੇ ਭਾਲ ਮੇਰੀ ।ਡੇਂਹ ਗਤ ਫ਼ਰੀਦ ਗਪਾਟੈ ਨੈਂ ।

76. ਡੁਖੀ ਦਿੱਲੜੀ ਦਰਦੀਂ ਮਾਰੀ

ਡੁਖੀ ਦਿੱਲੜੀ ਦਰਦੀਂ ਮਾਰੀ ।ਹਰ ਵੇਲ੍ਹੇ ਆਜ਼ਾਰੀ ।
ਸੋਜ਼ ਅੰਦਰ ਵਿੱਚ ਸੂਲ ਜਿਗਰ ਵਿੱਚ ।ਆਇਮ ਬਰੋਚ ਰੋਹ ਡੂੰਗਰ ਵਿੱਚ ।
ਸਖ਼ਤ ਸਫ਼ਰ ਵਿੱਚ ਜੁਲਮ ਕਹਿਰ ਵਿੱਚ ।ਹੋਤ ਨ ਕੀਤਮ ਕਾਰੀ ।
ਦਾਰ ਮਦਾਰਾਂ ਸੁੰਜੜੀਆਂ ਬਾਰਾਂ ।ਪੱਰਬਤ ਧਾਰਾਂ ਗ਼ਮ ਦੀਆਂ ਮਾਰਾਂ ।
ਪਰਮ ਪੁਕਾਰਾਂ ਜਿੰਦੜੀ ਵਾਰਾਂ ।ਯਾਰ ਵਿਸਾਰੀ ਯਾਰੀ ।
ਸ਼ਾਨ ਸ਼ਰਮ ਗਿਆ ਭੀਮ ਭਰਮ ਗਿਆ ।ਦੀਨ ਜਰਮ ਗਿਆ ਦੈਰ ਧਰਮ ਗਿਆ ।
ਲੁਤਫ਼ ਕਰਮ ਗਿਆ ਨੇਕ ਰਹਿਮ ਗਿਆ ।ਲਗੜੀ ਸ਼ਹਿਰ ਖਵਾਰੀ ।
ਔਖੀਆਂ ਘਾਟੀਆਂ ਲੱਖ ਲੱਖ ਘਾਟੇ ।ਖੁੜਬਣ ਭਾਟੇ ਸਹੰਸ ਗਪਾਟੇ ।
ਤੱਤੜੀ ਵਾਲੀ ਡੁੱਖੜੇ ਘਾਟੇ ।ਕਰ ਕਰ ਪੀਤ ਪਿਆਰੀ ।
ਨੇਂਹ ਨਿਭਾਇਆ ਰੋਜ਼ ਸਿਵਾਇਆ ।ਪੋਰ ਪਰਾਇਆ ਮੁਫ਼ਤ ਅਜ਼ਾਇਆ ।
ਦੀਦ ਮੁਸਾਇਆ ਜ਼ੁਲਫ ਅੜਾਇਆ ।ਘੱਤ ਘੱਤ ਪੇਚ ਦੀ ਗਾਰੀ ।
ਸਾੜਿਨ ਛਾਤੀ ਮਾਰਨ ਕਾਤੀ ।ਸੋਜ਼ ਹੈ ਸਾਥੀ ਰੋਗ ਹੈ ਭਾਤੀ ।
ਹਿਜਰ ਦੀ ਝਾਤੀ ਖਿਸਮ ਹਯਾਤੀ ।ਪਲ ਪਲ ਮੌਤ ਤਿਆਰੀ ।
ਦਰਦ ਫ਼ਰੀਦ ਜਦੀਦ ਜਦੀਦੇ ।ਈਦ ਬਈਦੇ ਬਖ਼ਤ ਅਨੀਦੇ ।
ਸ਼ੌਕ ਸ਼ਦੀਦੇ ਮੂੰਝ ਮਜ਼ੀਦੇ ।ਬਾਰ ਬਿਰਹੋਂ ਸਰ ਬਾਰੀ ।

77. ਡੁਖੜੇ ਪੁਖੜੇ ਆਇਮ

ਡੁਖੜੇ ਪੁਖੜੇ ਆਇਮ ।ਖੁਸ਼ੀਆਂ ਭਾਵਨੜੂੰ ਰਹੀਆਂ ।
ਚਾਂਦੜੀਆਂ ਰਾਤੀਂ ਬਿਰਹੋ ਬਰਾਤੀਂ ।ਸਈਆਂ ਖੇਡਣ ਗਈਆਂ ।
ਰੁਤ ਸਾਵਨ ਦੀ ਮੀਂਹ ਬਰਸਾਤੀਂ ।ਰਲ ਮਿਲ ਧਾਵਨ ਪਈਆਂ ।
ਸਦਕੇ ਕੀਤਾ ਨਾਲ ਨ ਨੀਤਾ ।ਪਕੜ ਨ ਖੇੜਾ ਬਈਆਂ ।
ਰੋਜ਼ ਅਜ਼ਲ ਦਾ ਵਾਰਸ ਸਾਡਾ ।ਤੂੰ ਹੈ ਰਾਂਝਨ ਸਾਈਆਂ ।
ਵਿਸਰਿਅਮ ਸਾਰਾ ਰਾਜ ਬਬਾਣਾ ।ਵਿਸਰੀਆਂ ਸੇਗੀਆਂ ਸਈਆਂ ।
ਸਕੜੇ ਸੌਹਰੇ ਖਵੇਸ਼ ਕਬੀਲੇ ।ਸਟ ਕਰ ਤੈਂਡੜੀ ਥਈਆਂ ।
ਸੇਗੀਆਂ ਸਰਤੀਆਂ ਸ਼ਹਿਰ ਸੁਹਾਵਨ ।ਮੈਂ ਵੱਤ ਬੂਟੇ ਲਈਆਂ ।
ਇਸ਼ਕ ਫ਼ਰੀਦ ਕੂੰ ਖਲਅਤ ਡਿੱਤੜੀ ।ਮੂੰਹ ਸਿਰ ਭੁੱਸੜ ਛਈਆਂ ।

78. ਡੁਖੜੀਂ ਕਾਰਣ ਜਾਈ ਹਮ

ਡੁਖੜੀਂ ਕਾਰਣ ਜਾਈ ਹਮ ।ਸੂਲੀਂ ਸਾਂਗ ਸਮਾਈ ਹਮ ।
ਦਰਦ ਅੰਦੇਸ਼ੇ ਸਕੜੇ ਸੌਰੇ ।ਬਿਆ ਨਾ ਭੈਣ ਤੇ ਭਾਈ ਹਮ ।
ਗਹਲੀ ਕਮਲੀ ਸੂੰਜੜੀ ਧੁਰ ਦੀ ।ਹਿਕ ਗ਼ਮ ਦੀ ਸਧਰਾਈ ਹਮ ।
ਜਾਵਣ ਲਾਦੀ ਪੰਡ ਬਲਾ ਦੀ ।ਚੁਮ ਸਿਰ ਅੱਖੀਆਂ ਚਾਈ ਹਮ ।
ਰਾਹਤ ਵੇਂਦੀਂ ਵਿਦਾ ਨਾ ਕੀਤਮ ।ਮਈ ਹਮ ਪਰ ਮਤਰਾਈ ਹਮ ।
ਪੀੜ ਪੁਰਾਣੀ ਅਮੜੀ ਸਕੜੀ ।ਮੂੰਝ ਮੰਝਾਰੀ ਦਾਈ ਹਮ ।
ਸਖ਼ਤੀ ਤੇ ਬਦ ਬਖ਼ਤੀ ਤੱਤੜੀ ।ਹਾਲ ਵੰਡਾਓ ਹਮਸਾਈ ਹਮ ।
ਬੇ ਠਾਈ ਦੀ ਚੋਲੀ ਚੁਨੜੀ ।ਪਾਈ ਹਮ ਪਾ ਠਮਕਾਈ ਹਮ ।
ਸਿਰ ਤੇ ਛਤੜੇ ਚੋਟੀਆਂ ਮੱਥੜੇ ।ਤੈਂ ਸੰਗ ਦਿੱਲੜੀ ਲਾਈ ਹਮ ।
ਹੂ ਹੂ ਫਕੜੀ ਸ਼ਹਿਰ ਖਵਾਰੀ ।ਚਾਤੀ ਫ਼ਖਰ ਵਡਾਈ ਹਮ ।
ਕਿਵੇਂ ਯਾਰ ਫ਼ਰੀਦ ਵਸਾਰਾਂ ।ਜੈ ਕੀਤੇ ਇਥ ਆਈ ਹਮ ।

79. ਡੁੱਖ ਸੀਨੇ ਤੇ ਮੂੰਗ ਡਾਲੇ

ਡੁੱਖ ਸੀਨੇ ਤੇ ਮੂੰਗ ਡਾਲੇ ।ਸਿੱਕ ਤੱਡੀ ਤੱਡੀ ਤੇਲ ਡਖਾਲੇ ।
ਗ਼ਮ ਦਰਦ ਅਲਮ ਬਦ ਨੀਤੇ ।ਪਏ ਸਾੜਨ ਸੋਜ਼ ਪਲੀਤੇ ।
ਥਏ ਮੈਂ ਮੁੱਠੜੀ ਦੇ ਕੀਤੇ ।ਸਬ ਰਾਣੀ ਖਾਂ ਦੇ ਸਾਲੇ ।
ਕਈ ਡੇਂਹ ਨਾ ਰਲ ਗੁਜ਼ਰਿਉ ਨੇ ।ਸਾਰੀ ਆਸ ਉਮੀਦ ਵੰਜਿਉਂ ਨੇ ।
ਹੈ ਖ਼ਬਰ ਨਹੀਂ ਕਿਆ ਥਿਉ ਨੇ ।ਥਏ ਪੇਚੀ ਕੇਚ ਉਬਾਹਲੇ ।
ਹਮ ਸੰਗਤੀ ਸਾਰੇ ਖੋਟੇ ।ਖਚ ਬਾਜ਼ ਉਪੱਠੜੇ ਡੋਟੇ ।
ਰਲ ਮਿਲ ਬੇ ਦਰਦ ਕਲ੍ਹੋਟੇ ।ਪਏ ਕਰਨ ਖ਼ਿਲਾਂ ਹਾਂ ਕਾਲੇ ।
ਤੱਤੀ ਸੋਜ਼ ਅੰਦੋਹ ਵਚਾਲੇ ।ਸੈ ਵਾਕੇ ਫ਼ਾਕੇ ਘਾਲੇ ।
ਨਿੱਤ ਰੋਹ ਪੱਥਰ ਪੜਤਾਲੇ ।ਹੱਥੀ ਲਫਾਂ ਪੇਰੀਂ ਛਾਲੇ ।
ਕਰ ਸਬਰ ਫ਼ਰੀਦ ਨਿਭੇਸਾਂ ।ਪਈ ਸੂਲੀ ਸਾਂਗ ਜਲੇਸਾਂ ।
ਦਮ ਜੈਂਦੀਂ ਤਈ ਪੁਕਰੇਸਾਂ ।ਮਤਾਂ ਕਾਦਰ ਸਖ਼ਤੀ ਟਾਲੇ ।

80. ਡੁਖ ਥੀਏ ਬਾਂਹ ਬੇਲੀ ਵੋ ਯਾਰ

ਡੁਖ ਥੀਏ ਬਾਂਹ ਬੇਲੀ ਵੋ ਯਾਰ ।ਹਥੀ ਅਇਮ ਅਕੇਲੀ ਵੋ ਯਾਰ ।
ਤੌਂ ਬਿਨ ਡੇਵਮ ਕੌਨ ਦਿਲਾਸੇ ।ਥੀ ਨਾ ਸਾਂਵਲ ਆਸੇ ਪਾਸੇ ।
ਮਾਣੀਂ ਅੰਗਨ ਹਵੇਲੀ ਵੋ ਯਾਰ ।
ਆਲੀ ਅਦਨੀ ਜੋ ਜਗ ਜੀਵੇ ।ਮੈਂ ਵਾਂਗਨ ਪਈ ਕਈ ਨ ਥੀਵੇ ।
ਡੁਖੜੀ ! ਵਾਢੀ !! ਵ੍ਹੇਲੀ!!! ਵੋ ਯਾਰ ।
ਨਾ ਮਾਹੀ ਨਾ ਮੰਝੀਆਂ ਡਿਸਦੀਆਂ ।ਅੱਖੀਆਂ ਵਿਸਦੀਆਂ ਦਿਲੜੀਆਂ ਫਸਦੀਆਂ ।
ਜਿੰਦੜੀ ਥੀ ਭਾਂ ਬੇਲੀ ਵੋ ਯਾਰ ।
ਸੌਂ ਹੈ ਨਾਜ਼ ਨਿਗਾਹ ਦੀ ਮੈਕੂੰ ।ਜੇ ਤੈਂ ਵਲ ਨ ਡੇਖਾਂ ਤੈਕੂੰ ।
ਰਹਿਸਾਂ ਮੈਲ ਕੁਚੈਲੀ ਵੋ ਯਾਰ ।
ਕਿਥ ਓ ਆਸਾਂ ਕਿਥ ਓ ਮਾਣੇ ।ਨਾ ਮਾਹੀ ਨਾ ਰਾਜ ਬਬਾਣੇ ।
ਜੈਸਾਂ ਡੁਖ ਡੁਹੇਲੀ ਵੋ ਯਾਰ ।
ਭਾਗ ਸੁਹਾਗ ਸੁੰਜੀ ਤੂੰ ਰੁਠੜੇ ।ਹਾਰ, ਹਮੇਲਾਂ ਗਾਨੇ ਤਰੁਟੜੇ ।
ਟੋਟੇ ਬਾਂਹ ਚੁੜੇਲੀ ਵੋ ਯਾਰ ।
ਹਿਕ ਮੈਂ ਦਰਦ ਅੰਦੋਹ ਵਿਚਾਲੇ ।ਪਈ ਸਭ ਨਾਜ਼ ਨਵਾਜ਼ੀਂ ਜਾਲੇ ।
ਤਰੈ ਸੌ ਸੱਠ ਸਹੇਲੀ ਵੋ ਯਾਰ ।
ਬਾਝੋਂ ਯਾਰ ਫ਼ਰੀਦ ਦਾ ਹੀਲਾ ।ਕਜੜਾ, ਕੋਝਾ, ਤੇ ਰੰਗ ਪੀਲਾ ।
ਸੇਂਧ ਧੜੀ ਥਈ ਮੈਲੀ ਵੋ ਯਾਰ ।

81. ਏ ਇਸ਼ਕ ਨਹੀਂ ਸਰ ਰੋਹ ਹੈ

ਏ ਇਸ਼ਕ ਨਹੀਂ ਸਰ ਰੋਹ ਹੈ ।ਡੁੱਖੀਂ ਸੂਲੀਂ ਦਾ ਅੰਬੋਹ ਹੈ ।
ਨ ਤੂਲ੍ਹ ਟਾਂਗ ਸੰਦਾਰੀ ।ਮੈਂ ਮਨ ਤਾਰੀ ਤੇ ਨੈਂ ਬਾਰੀ ।
ਮੀਂਹ ਬੂਰੀ ਰਾਤ ਅੰਧਾਰੀ ।ਬਿਆ ਖਾਸ ਮਹੀਨਾ ਪੋ ਹੈ ।
ਥੀ ਯਾਰ ਰਖੇ ਹਮ ਰਾਜ਼ੀ ।ਹੈ ਕੂੜੀ ਹੀਲਾ ਸਾਜ਼ੀ ।
ਹੈ ਪੇਚ ਅਤੇ ਠੱਗ ਬਾਜ਼ੀ ।ਏ ਲੁਤਫ਼ ਨਹੀਂ ਕੋਈ ਦਰੋ ਹੈ ।
ਪਈਆਂ ਖੋਜ਼ ਪੁੱਨਲ ਦੀਆਂ ਖ਼ਬਰਾਂ ।ਗਈਆਂ ਰੋਗ ਅੰਦਰ ਦੀਆਂ ਡਮਰਾਂ ।
ਜੱਡਾਂ ਆਸ਼ਕਾਂ ਬੱਧੀਆਂ ਕਮਰਾਂ ।ਥਈ ਦਿਲੀ ਢਾਈ ਕੋ ਹੈ ।
ਰੋ ਰਿੰਗ ਰਿੰਗ ਕਹਿਮ ਕਰੇਹਲ ।ਬੱਠ ਡੁੱਖ ਸੁਖ਼ ਰੱਜ ਬੁਖ ਦੀ ਗ਼ਲ ।
ਦਮ ਜੈਂਦੀ ਤੋੜੀ ਗੇਹਲ ।ਜਥ ਜੋਹ ਜਤਨ ਦੀ ਤਹੋ ਹੈ ।
ਨਾ ਯਾਰ ਫ਼ਰੀਦ ਮਿਲਿਉ ਸੇ ।ਨਾ ਦਰਦੀਂ ਵਾਂਦ ਡਿੱਤੋ ਸੇ ।
ਪੰਧ ਕਰ ਕਰ ਹੁੱਟ ਪਿਉ ਸੇ ।ਸੰਧ ਸੰਧ ਦੀ ਨਿਖਤੀ ਮੋਹੈ ।

82. ਏ ਰੀਤ ਸਿਖੀ ਹਈ ਕੈਂ ਕਨੋਂ

ਏ ਰੀਤ ਸਿਖੀ ਹਈ ਕੈਂ ਕਨੋਂ ।ਢੋਲਾ ਲੁਕ ਛੁੱਪ ਬਹਿੰਦੀਂ ਮੈਂ ਕਨੋਂ ।
ਜੁੜ ਤੇਗ਼ ਬਿਰਹੋਂ ਦੀ ਮਾਰ ਗਿਉਂ ।ਖਸ ਸਬਰ ਆਰਾਮ ਕਰਾਰ ਗਿਉਂ ।
ਕਿਉਂ ਝੋਕ ਲਡਾ ਲੰਘ ਪਾਰ ਗਿਉਂ ।ਕੋਈ ਪੁਛਨ ਵਾਲਾ ਹਮ ਤੈਂ ਕਨੋਂ ।
ਡੇਹਾਂ ਡੋੜੇ ਡੁੱਖੜੇ ਪੌਂਦੀਆਂ ।ਰੱਤੈ ਰੋ ਰੋ ਰਾਤ ਨਿਭਾਉਂਦੀਆਂ ।
ਕਰ ਵੈਣ ਡੋਹਾਗ ਸੁਹਾਉਂਦੀਆਂ ।ਵੰਜ ਹਾਲ ਘਿਨੋ ਹਮਸਾਈਂ ਕਨੋਂ ।
ਜੈਂਦੇ ਨਾਲ ਮੁਹੱਬਤ ਜਕੜੀ ਹੈ ।ਲਗੀ ਸ਼ਹਿਰ ਮਲਾਮਤ ਫਕੜੀ ਹੈ ।
ਦਿਲ ਮਿਨਹੜੋਂ ਸਿਠੜੋਂ ਤਕੜੀ ਹੈ ।ਨਿਸੇ ਡਰਦੇ ਮਿਹਨੀਂ ਕਨੋਂ ।
ਐ ਰੋਹੀ ਯਾਰ ਮਲਾਵੜੀ ਵੇ ।ਸ਼ਾਲਾ ਹੋਵੇ ਹਰਦਮ ਸਾਵੜੀ ਵੇ ।
ਵੰਜ ਪੀਸੂੰ ਲਸੜੀ ਗਾਉੜੀ ਵੇ ।ਘਿਨ ਅਪਨੇ ਸੋਹਣੇ ਸੈਂ ਕਨੋਂ ।
ਗ਼ਮ ਦਰਦ ਫ਼ਰਾਕ ਦੀ ਰੋਲੜੀਆਂ ।ਗਈਆਂ ਨਾਜ਼ ਨਵਾਜ਼ ਦੀਆਂ ਟੋਲੜੀਆਂ ।
ਥਈ ਗਹਲੀ ਕਮਲੀ ਭੋਲੜੀਆਂ ।ਧਕ ਮਾਰ ਝੱਲਾਂ ਜੈਂ ਤੈਂ ਕਨੋਂ ।
ਦਿਲ ਝਰ ਜੰਗਲ ਦੀ ਬਾਂਦੀ ਹੈ ।ਜਥਾਂ ਝੋਕ ਮੈਂਡੇ ਮਿੱਤਰਾਂ ਦੀ ਹੈ ।
ਬੂ ਸਿਦਕ ਵਫਾ ਦੀ ਆਂਦੀ ਹੈ ।ਇਨਹੀਂ ਸਾਵੀਂ ਸਨੇਹੜੀਂ ਲੈਂ ਕਨੋਂ ।
ਕੁਝ ਯਾਦ ਨਿਹਾਲੀ ਤੂਲ ਨਹੀਂ ।ਕੋਈ ਸੰਗਤੀ ਬਾਝੋਂ ਸੂਲ ਨਹੀਂ ।
ਤੁੜ ਪਾਰ ਵੰਜਣ ਦਾ ਮੂਲ ਨਹੀਂ ।ਹੈਂ ਨੈਨਾਂ ਦੀ ਬਾਰੀ ਨੈਨ ਕਨੋਂ ।
ਬਿਨ ਯਾਰ ਫ਼ਰੀਦ ਨ ਜੀਵਾਂ ਮੈਂ ।ਕਿਉਂ ਏਝੀਂ ਔਖੀ ਥੀਵਾਂ ਮੈਂ ।
ਨੂਰ ਹਰ ਪਿਆਲਾ ਪੀਵਾਂ ਮੈਂ ।ਛੁਪ ਪੌਸਾਂ ਸੂਲੀਂ ਸੈਂ ਕਨੋਂ ।

83. ਗ਼ਮਜ਼ੇ ਕਰਦੇ ਜੰਗ

ਗ਼ਮਜ਼ੇ ਕਰਦੇ ਜੰਗ ।ਲੜਦੇ ਮੂਲ ਨ ਅੜਦੇ ।
ਨੇਜ਼ੇ ਤੀਰ ਤਫੰਗ ।ਕਹਿਰੀ ਨਾਜ਼ ਨਜ਼ਰ ਦੇ ।
ਜ਼ੁਲਫ ਹੈ ਬਸ਼ੀਰ ਅਬਰੂ ਬਿਛੂਏ ।ਮਾਰਨ ਡੰਗ ਨਸੰਗ ।
ਚਿਕਦੇ ਜ਼ਖਮ ਜਿਗਰ ਦੇ ।
ਸਾਂਵਲ ਦੀ ਹੈ ਤਰਜ਼ ਅਨੋਖੀ ।ਤਨ ਨਾਜ਼ਕ ਦਿਲ ਸੰਗ ।
ਜ਼ਰਾ ਮਿਹਰ ਨ ਕਰਦੇ ।
ਬਿਰਹੋ ਅਸਾਂ ਵਲ ਖ਼ਲਅਤ ਭੇਜੀ ।ਸਾਵਾ ਪੀਲਾ ਰੰਗ ।
ਸੌ ਸੌ ਸੂਲ ਅੰਦਰ ਦੇ ।
ਇਸ਼ਕ ਵੰਜਾਇਮ ਸਰਮ ਭਰਮ ਕੂੰ ।ਗਿਆ ਨਾਮੂਸ ਤੇ ਨੰਗ ।
ਗੁਜ਼ਰੇ ਵਕਤ ਸਬਰ ਦੇ ।
ਹਾਲ ਫ਼ਰੀਦ ਦਾ ਡੁੱਖ਼ ਡੁਹੇਲਾ ।ਦਿੱਲੜੀ ਕੀਤੁਸ ਤੰਗ ।
ਨਾ ਜੀਂਦੇ ਨਾ ਮਰਦੇ ।

84. ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ

ਘਾਟੇ ਇਸ਼ਕ ਦੇ ਘਾਟੇ ਜਾਤੇ ਮੈਂ ।ਤਾ ਭੀ ਚੁੱਮ ਸਰ ਅੱਖੀਆਂ ਚਾਤੇ ਮੈਂ ।
ਖੋਟਾ ਨੇਂਹ ਅਨੋਖ਼ਾ ਵੈਰੀ ਹੈ ।ਮੂੰਹ ਧੂੜ ਮਿੱਟੀ ਸਿਰ ਕੇਰੀ ਹੈ ।
ਡੁੱਖਾਂ ਸੂਲਾਂ ਦਿਲੜੀ ਘੇਰੀ ਹੈ ।ਪਲੂ ਸੂਲ ਕੁਪੱਤੜੇ ਪਾਤੇ ਮੈਂ ।
ਸਜੀ ਰਾਤ ਸੁੰਜੀ ਤੜਫਾਂਦੀ ਹੈ ।ਤੱਤੀ ਤੂਲ ਸੋਤੀਂ ਅੱਗ ਲਾਂਦੀ ਹੈ ।
ਡੂਖੀ ਡੁਸਕ ਡੁਸਕ ਕੁਰਲਾਂਦੀ ਹੈ ।ਬੁਰੇ ਬਿਰਹੋਂ ਦੇ ਸਾਹ ਸੁੰਜਾਤੇ ਮੈਂ ।
ਬੇਵਾਹੀ ਵਾਹ! ਵਾਹ!! ਵਾਹ!!! ਮੇਰੀ ।ਹੈ ਹੂ! ਹੂ!! ਇਜ਼ਤ ਜਾਹ ਮੇਰੀ ।
ਸੁੰਜਵਾਹ ਹੈ ਤਕੀਆ ਗਾਹ ਮੇਰੀ ।ਪਾਤੀ ਪੀਤ ਤੋਂ ਇਹਾ ਬਰਾਤੇ ਮੈਂ ।
ਲਗੀ ਤਾਂਗ ਪੁਨਲ ਦੀ ਸਾਂਗ ਜੁਡਾਂ ।ਭੱਨਾ ਚੂੜਾ ਉੱਜੜੀ ਮਾਂਘ ਤੁਡਾਂ ।
ਅੱਲਾ ਥਸਿਮ ਵਸਲ ਦਾ ਸਾਂਗ ਕਡਾਂ ।ਸਿਹਰੇ ਸਾੜ ਸਟੇ ਗਹਿਣੇ ਲਾਥੇ ਮੈਂ ।
ਨਾ ਬਾਝ ਹੈ ਬਾਝ ਖ਼ਵਾਰੀ ਦੇ ।ਇਹ ਹਾਲ ਤੁਸਾਡੜੀ ਯਾਰੀ ਦੇ ।
ਡੁਖੇ ਗੁਜ਼ਰਨ ਡੇਂਹ ਅਜ਼ਾਰੀ ਦੇ ।ਮੁੱਠੇ ਨੈਨ ਕੁਲਲੜੇ ਲਾਤੇ ਮੈਂ ।
ਗਲ ਜ਼ੁਲਫ ਦਾ ਪੇਚ ਪਿਉਮ ।ਹੱਥ ਹੋਤ ਦੇ ਦਿੱਲੜੀ ਵੇਚ ਡਿਤਮ ।
ਸਟ ਸੇਝ ਫ਼ਰੀਦ ਬਈਦ ਥਿਉਮ ।ਵੈਸਾਂ ਕੇਚ ਨ ਰਰਿਸਾਂ ਜਾਤੇ ਮੈਂ ।

85. ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ

ਗੂੜ੍ਹੀਆਂ ਅੱਖੀਆਂ ਸਦਾ ਮਤਵਾਲੀਆਂ ।ਰੱਤ ਪੀਵਣ ਕਾਣ ਉਭਾਲੀਆਂ ।
ਤਨ ਮਨ ਬੰਨ੍ਹ ਬੰਨ੍ਹ ਕੈਦ ਕਰੇਂਦੀਆਂ ।ਰਗ ਰਗ ਵਗ ਵਗ ਪੇਚ ਅੜੇਂਦੀਆਂ ।
ਇਹ ਜ਼ੁਲਫਾਂ ਦਿੱਲੜੀ ਕਾਲੀਆਂ ।
ਜਾਨ ਜਿਗਰ ਵਿੱਚ ਪਾਵਿਨ ਦਾਮਾਂ ।ਇਸਵੇ ਗ਼ਮਜ਼ੇ ਨਾਜ਼ ਖ਼ਰਾਮਾ ।
ਵਾਹ ਨਾਜ਼ਕ ਰੇਡਾਂ ਚਾਲੀਆਂ ।
ਕਰਨ ਨ ਟਾਲੇ ਮੋਹਨ ਮਾਲੇ ।ਬੇਂਸਰ ਬੋਲ ਅਤੇ ਕਟਮਾਲੇ ।
ਕਿਆ ਫੁਲਵਾਲੇ ਕਿਆ ਵਾਲੀਆਂ ।
ਸਾੜਿਮ ਦਿਲੜੀ ਡੁੱਖੜੀਂ ਕੁੱਠੜੀ ।ਜਿੰਦੜੀ ਲੁੱਟੜੀ ਸੁੱਖੜੀਂ ਖੁਟਰੀ ।
ਬਿਆਂ ਅੱਖੀਆਂ ਦਰਦੋਂ ਆਲੀਆਂ ।
ਘੋਲੇ ਕੂਚੇ ਸ਼ਹਿਰ ਬਜ਼ਾਰਾਂ ।ਸੋਹਿਨ ਫ਼ਰੀਦ ਨੂੰ ਉੱਜੜੀਆਂ ਬਾਰਾਂ ।
ਡਿੱਤੀਆਂ ਬਿਰਹੋਂ ਮੁਲਕ ਨਕਾਲੀਆਂ ।

86. ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ

ਗੁਜ਼ਰ ਗਈ ਗੁਜ਼ਰਾਨ ਗ਼ਮ ਦੇ ਸਾਂਗ ਰਲਿਓਸੇ ।
ਡਿੱਠੜਾ ਜਮਲ ਜਹਾਂ ਨ ਕੁੱਝ ਪਲੜੇ ਪਿਉ ਸੇ ।
ਵੈਂਦੀ ਯਾਰ ਨ ਖੜ ਮੁਕਲਾਇਆ ।ਕੇਚੋਂ ਕੋਈ ਪੈਗ਼ਾਮ ਨ ਆਇਆ ।
ਜਿੰਦੜੀ ਦਾ ਜਜਮਾਨ ।ਗਲ ਦਾ ਗੇੜ ਥਿਓ ਸੇ ।
ਨਾ ਮਾਹੀ ਨ ਰਿੰਗ ਮਹੀਂਦੀ ।ਝੋਕ ਉਜਾੜ ਡਿੱਸਮ ਤੇਂਹ ਡੇਂਹ ਦੀ ।
ਬੇਲਾ ਥਿਆ ਵੀਰਾਨ ।ਥੀ ਬੇ ਆਸ ਰੁਲਿਓਸੇ ।
ਲਾਂਵੀ ਲੇਂਹਦੀ ਪਿਉਮ ਵਿਛੋੜਾ ।ਖਾਰੇ ਚੜ੍ਹਦੀ ਆਇਉਮ ਧੋੜਾ ।
ਮਹਿੰਦੀ ਸੁਰਖੀ ਬਾਨ ।ਨੀਲਾ ਰੰਗ ਵਟਿਓ ਸੇ ।
ਵੈਣ ਸਿਆਪੇ ਮਾਤਮ ਗਾਹਣੇ ।ਡੁੱਖ ਡੁਹਾਗ ਦੇ ਭੋਲ ਵਿਹਾਣੇ ।
ਸੂਲਾਂ ਦਾ ਸਾਮਾਨ ।ਅਜ਼ਲੋਂ ਡਾਜ ਢਇਓਸੇ ।
ਛੋਟੀ ਉੱਮਰ ਰੰਡੇਪਾ ਆਇਮ ।ਖੋਟੀ ਕਿਸਮਤ ਖੋਟ ਕਮਾਇਮ ।
ਡੁੱਜਾ ਏ ਇਰਮਾਨ ।ਵੇਂਦੀਂ ਨ ਮੁਕਲਿਓਸੇ ।
ਜੈਂਦੀ ਤਈਂ ਏ ਦਰਦ ਨਿਭੇਸਾਂ ।ਮਰਦੀਂ ਦਾਗ਼ ਕਬਰ ਵਿੱਚ ਨੇਸਾ ।
ਪਿੱਟ ਪਿੱਟ ਥਿਆ ਖ਼ਫ਼ਕਾਨ ।ਰੋ ਰੋ ਖ਼ਲਕ ਰੌਵਿਓ ਸੇ ।
ਜੈਂ ਬਿਨ ਹਿੱਕ ਪਲ ਮੂਲ ਨ ਵਿਸੇ ।ਬਾਕੀ ਕਰਨੇ ਆਏ ਕਿਸੇ ।
ਵਹ ਤਕਦੀਰ ਦਾ ਸ਼ਾਨ ।ਕਿਆ ਹਾ ਕਿਆ ਥੀ ਗਿਓਸੇ ।
ਕਰ ਕਰ ਯਾਦ ਫ਼ਰੀਦ ਸੱਜਣ ਕੂੰ ।ਲਾ ਗਲ ਰੋਵਾਂ ਹਿੱਕ ਹਿੱਕ ਵਣ ਕੂੰ ।
ਜਾਨ ਜਿਗਰ ਵਿੱਚ ਕਾਨ ।ਜਾਨੀ ਜੋੜ ਮਰਿਓ ਸੇ ।

87. ਗੁਜ਼ਰਿਆ ਵਕਤ ਗੁੰਧਾਵਣ ਧੜੀਆਂ

ਗੁਜ਼ਰਿਆ ਵਕਤ ਗੁੰਧਾਵਣ ਧੜੀਆਂ ।ਵਿਸਰਿਆ ਹਾਰ ਸਿੰਗਾਰ ਅਸਾਹਾਂ ।
ਰੋਗ ਕਰੂਪ ਕਸ਼ਾਲੇ ਹਰ ਦਮ ।ਦਰਦੋਂ ਨਾਲਾ ਜ਼ਾਰ ਅਸਾਹਾਂ ।
ਸੁਰਮਾ ਪਾਵਣ ਸੁਰਖ਼ੀ ਲਾਵਣ ।ਬੇਂਸਰ ਬੋਲ ਤੇ ਮਾਂਘ ਬਣਾਵਣ ।
ਸਹਿਜੋਂ ਫੁਲੋਂ ਸਿਹਰੇ ਪਾਵਣ ।ਸਭ ਕੁਝ ਥਇਆ ਬੇਕਾਰ ਅਸਾਹਾਂ ।
ਤਨ ਮਨ ਚੁੱਭੜੀ ਸਾਗ ਗ਼ਮਾਂ ਦੀ ।ਜਾਨ ਜਿਗਰ ਵਿੱਚ ਚੂਕ ਡੁੱਖਾ ਦੀ ।
ਦਿੱਲੜੀ ਸੂਲੀ ਕੀਤੀ ਮਾਂਦੀ ।ਸੀਨੇ ਸੌ ਸੌ ਖ਼ਾਰ ਅਸਾਹਾਂ ।
ਹੱਸਣ ਖਿਲਣ ਕੁਝ ਯਾਦ ਨ ਆਵੇ ।ਰੋਂਦੀ ਖਪਦੀ ਉੱਮਰ ਨਭਾਵੇ ।
ਜਿੰਦ ਜੁਖ ਜੁਖ ਲੱਖ ਰੰਜ ਉਠਾਵੇ ।ਡੁੱਖੜੇ ਤਾਰੋ ਤਾਰ ਅਸਾਹਾਂ ।
ਪੀਤ ਪੁਨਲ ਦੀ ਰਗ ਰਗ ਘੇਰਿਮ ।ਯਾਰ ਅਗ਼ਯਾਰ ਕਨੂੰ ਮੂੰਹ ਫੇਰਿਮ ।
ਝੂਰ ਝੁਗਟੇ ਜੁੜ ਜੁੜ ਵੇੜਿਮ ।ਛੁੱਟ ਗਿਆ ਕੁਲ ਕੰਮ ਕਾਰ ਅਸਾਹਾਂ ।
ਯਾਰ ਫ਼ਰੀਦ ਨ ਆਇਮ ਵੇੜੇ ।ਟੋਕਾਂ ਕਰਦੇ ਖੇੜੇ ਭੇੜੇ ।
ਸੋਹਣੇ ਕੀਤੇ ਸਖ਼ਤ ਨਖੇੜੇ ।ਤੂਲ ਤੱਤੀ ਦਾਰ ਅਸਾਹਾਂ ।

88. ਗਿਆ ਰੋਲ ਰਾਵਲ ਵਿੱਚ ਰੋਹ ਰਾਵੇ

ਗਿਆ ਰੋਲ ਰਾਵਲ ਵਿੱਚ ਰੋਹ ਰਾਵੇ ।ਨਾ ਯਾਰ ਮਿਲਦਾ ਨਾ ਮੌਤ ਆਵੇ ।
ਆਤਣ ਕਤੇਂਦੀ ਸੰਗੀਆਂ ਸਤਾਵਨ ।ਜੁਗਤਾਂ ਮਰੇਂਦੀਆਂ ਬੋਲੀਆਂ ਸੁਣਾਵਨ ।
ਕਈ ਕੇਸ ਕਰਦੀਆਂ ਕਈ ਨੋਕ ਲਾਵਨ ।ਜੀਅੜਾ ਹਮੇਸ਼ਾ ਸਦਮੇ ਉਠਾਵੇ ।
ਭੈਣੀ ਨ ਭਾਵਾਂ ਅੱਮੜੀ ਅਲਾਵੇ ।ਪੇਕੇ ਸੋਰ੍ਹੇ ਜੇ ਹਰ ਕੋਈ ਡਖਾਵੇ ।
ਜਾਨੀ ਅਵੈੜਾ ਫੇਰਾ ਨ ਪਾਵੇ ।ਹਿੱਕ ਸੇਝ ਸਾੜਨੇ ਬਿਆਂ ਤੋਲ ਤਾਵੇ ।
ਡੁਖੜੇ ਸੱਸੀ ਨੂੰ ਡੇਹੋਂ ਡੇਂਹ ਸਵਾਏ ।ਜੈਂ ਡੇਂਹ ਬਰੋਚਲ ਘਰ ਡੁ ਸਿਧਾਏ ।
ਮੁੰਝੀ ਮੁੰਝਾਏ ਸੂਲੀਂ ਸਤਾਏ ।ਕਾਦਰ ਕਡਾਹੀਂ ਵਿਛੜੇ ਮਲਾਵੇ ।
ਮੁੱਠੜੀ ਅਕੇਲੀ ਸਾਂਵਲ ਨ ਬੇਲੀ ।ਅਲਭਲ ਨ ਕਰਦੀ ਸਰ ਤੇ ਸਹੇਲੀ ।
ਨਜ਼ਰੇ ਹਵੇਲੀ ਸੁੰਜੜੀ ਡੁਹੇਲੀ ।ਮਾਰੂ ਥਲਾਂ ਦੀ ਵਾਲੀ ਸਹਾਵੇ ।
ਕਿਸਮਤ ਫ਼ਰੀਦਾ ਡਿੱਤੜੀ ਨ ਵਾਰੀ ।ਅਸਲੋਂ ਪੁੱਨਲ ਕੀਤਮ ਨ ਕਾਰੀ ।
ਕੇਡੇ ਵੰਜੇ ਦਰਦਾਂ ਦੀ ਮਾਰੀ ।ਰੋ ਰੋ ਨਿਭਾਈ ਜਗ ਨੂੰ ਰੋਵਾਵੇ ।

89. ਹੈ ਅਰਬ ਸ਼ਰੀਫ ਸਧਾਈ

ਹੈ ਅਰਬ ਸ਼ਰੀਫ ਸਧਾਈ ।ਬੂ ਸਿੰਧ ਪੰਜਾਬ ਦੀ ਆਈ ।
ਬਿਨ ਅਰਬ ਇਹ ਅੱਖੀਆਂ ਰੋਵਨ ।ਰੋ ਹਾਰ ਹੰਜੂੰ ਦੇ ਪੋਵਨ ।
ਕਰ ਨੀਰੇ ਮੁੱਖੜਾ ਧੋਵਨ ।ਦਿਲ ਦਰਦੀਂ ਚੋਟ ਚਖਾਈ ।
ਏ ਪਹਿਲੀ ਮੰਜ਼ਿਲ ਹੱਦੇ ।ਥਈ ਸ਼ਹਿਰ ਮੁਬਾਰਕ ਜੱਦੇ ।
ਕੁਲ੍ਹਾ ਬਹਿਰ ਦੀ ਸ਼ੱਦੇ ਮੱਦੇ ।ਅੱਜ ਅਨਦ ਵੈਦੀ ਮੁਕਲਾਈ ।
ਕਰ ਸਈ ਤਵਾਫ ਜ਼ਿਆਰਤ ।ਲਹਿ ਲੁਤਫ਼ੋ ਅਫ਼ੂ ਇਸ਼ਾਰਤ ।
ਘਿਨ ਇਸ਼ਕੋਂ ਜ਼ੌਕ ਬਸ਼ਾਰਤ ।ਵੱਲ ਵਤਨੇ ਵਾਗ ਵਲਾਈ ।
ਕਿਉਂ ਗਾਨੇ ਗਹਿਣੇ ਪਾਵਾਂ ।ਕਿਉਂ ਸੁਰਖ਼ੀਆਂ ਮੈਂਦੀਆਂ ਲਾਵਾਂ ।
ਕਿਉਂ ਕੱਜਲਾ ਧਾਰ ਬਣਾਵਾਂ ।ਹੈ ਥੀਵਸ ਨਸੀਬ ਜੁਦਾਈ ।
ਕੁਲ ਸਿਹਰੇ ਹਾਰ ਕਮਾਣੇ ।ਕੁਲ ਨਾਜ਼ ਨਵਾਜ਼ ਵਿਹਾਣੇ ।
ਗਏ ਜੋਸ਼ ਜਵਾਨੀ ਮਾਣੇ ।ਗਿਆ ਧਜ ਵਿੱਚ ਫ਼ਖਰ ਵਡਾਈ ।
ਤੋਂ ਬਾਝੋਂ ਸਾਂਵਲ ਘਰ ਵਿੱਚ ।ਹਾਂ ਬੇਸ਼ਕ ਸਖ਼ਤ ਸਫ਼ਰ ਵਿੱਚ ।
ਥਲ ਮਾਰੂ ਸੁੰਜੜੇ ਬਰ ਵਿੱਚ ।ਹਿਮ ਸਖ਼ਤੀ ਰੋਜ਼ ਸਵਾਈ ।
ਗਈ ਆਸ ਫ਼ਰੀਦ ਨ ਪੁਨੜੀ ।ਜੀ ਜਲਿਆ ਦਿਲੜੀ ਭੁੱਨੜੀ ।
ਸਰ ਸੋਜ਼ ਫ਼ਰਾਕ ਦੀ ਚੁਨੜੀ ।ਗਲ ਦਰਦੋਂ ਚੋਲੀ ਪਾਈ ।

90. ਹੈ! ਹੈ!! ਯਾਰ ਬਰੋਚਲ

ਹੈ! ਹੈ!! ਯਾਰ ਬਰੋਚਲ ।ਹਿਕ ਤਿਲ ਤਰਸ ਨ ਕੀਤਾ ।
ਕਰਕੇ ਸਖਤ ਨਿਮਾਣੀ । ਅਪਨੇ ਨਾਲ ਨ ਨੀਤਾ ।
ਹਿਜਰ ਪਿਆਲਾ ਅਜ਼ਲੋਂ ।ਮੈਂ ਮੁਠੜੀ ਲੋਪੀਤਾ ।
ਜੈਂ ਡਿਂਹ ਸਜਨ ਸਿਧਾਏ ।ਡੁਖੇ ਆਇਆ ਸੁਖ ਬੀਤਾ ।
ਸੂਲ ਕੁਲੱਲੜਾ ਕੋਝਾ ।ਲੂੰ ਲੂੰ ਰਗ ਰਗ ਸੀਤਾ ।
ਅਸਲੋਂ ਮਹਜ ਵਿਸਾਰਿਉਸ ।ਲਾ ਕਰ ਪਰਮ ਪਲੀਤਾ ।
ਰੋਹ ਫ਼ਰੀਦ ਲਤਾੜਾਂ ।ਸ਼ਾਲਾ ਖਾਵਿਮ ਚੀਤਾ ।

91. ਹੈ ਇਸ਼ਕ ਦਾ ਜਲਵਾ ਹਰ ਹਰ ਜਾ

ਹੈ ਇਸ਼ਕ ਦਾ ਜਲਵਾ ਹਰ ਹਰ ਜਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਖ਼ੁਦ ਆਸ਼ਕ ਖ਼ੁਦ ਮਾਸ਼ੂਕ ਬਣਿਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਖ਼ੁਦ ਬੁਲਬੁਲ ਤੇ ਪਰਵਾਨਾ ਹੈ ।ਗੁਲ ਸ਼ਮਾ ਉਤੇ ਦੀਵਾਨਾ ਹੈ ।
ਥੀ ਚਾਂਦ ਚਕੋਰ ਨੂੰ ਮੋਹ ਲਿਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਕਡੀਂ ਮੂਸਾ ਥੀ ਮੀਕਾਤ ਚੜ੍ਹੇ ।ਵਲ ਵਾਅਜ਼ ਕਰੇ ਤੌਰੇਤ ਪੜ੍ਹੇ ।
ਕਡੀਂ ਈਸਾ ਯਾਹਾ ਜ਼ਿਕਰੀਆ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਕਥੇ ਸ਼ਾਦ ਕਥੇ ਦਿਲ ਤੰਗ ਡਿੱਸੇ ।ਕਥੇ ਸੁਲ੍ਹਾ ਡਿਸੇ ਕਥੇ ਜੰਗ ਡਿੱਸੇ ।
ਥੀਆ ਸ਼ਾਨ ਜਲਾਲ ਜਮਾਲ ਅਦਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਕਿਥੇ ਰਾਜ਼ ਅਨਲ ਹੱਕ ਫਾਸ਼ ਥੀਆ ।ਕਥੇ ਸੁਬਹਾਨੀ ਦਾ ਵਰਦ ਪੜ੍ਹਿਆ ।
ਕਿਥੇ ਇਨੀ ਅਬਦ ਰਸੂਲ ਕਿਹਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਹਿਨ ਹਸਤੀ ਦੇ ਨੈਰੰਗ ਅਜਬ ।ਹਿਨ ਹੁਸਨ ਅਜ਼ਲ ਦੇ ਢੰਗ ਅਜਬ ।
ਬੇ ਰੰਗ ਬਹਰ ਹਰ ਰੰਗ ਅਜਬ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਹੈ ਮਹਿਜ ਮੁਕਾਮ ਤਹੌਯਰ ਦਾ ।ਬੱਠ ਹੀਲਾ ਦਰ ਕੇਵਤ ਫ਼ਕਰ ਦਾ ।
ਹੈਨ ਡੂੰਘੜੇ ਡੋਂਹ ਡੂੰ ਹੱਥ ਨ ਪਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਤਕਦੀਸ ਕਥਾਂ ਤਨਜ਼ੀਹ ਕਥਾਂ ।ਤਕਲੀਦ ਅਤੇ ਤਸ਼ਬੀਹ ਕਥਾਂ ।
ਹੈ ਹੈਰਤ ਸਿਖ਼ ਤਸਲੀਮ ਵ ਰਜ਼ਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਥਈ aੁੱਮਰ ਤਲਫ਼ ਬਰਬਾਦ ਸਭੋ ।ਹਯਾਤ ਸਭੋ ਫਰਿਆਦ ਸਭੋ ।
ਮਰ ਮਰ ਦੇ ਤਈਂ ਨ ਪਿਉਮ ਸਮਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।
ਹੈ ਪੀਤ ਫ਼ਰੀਦ ਦੀ ਰੀਤ ਅਜਬ ।ਹੈ ਦਰਦ ਤੇ ਸੋਜ਼ ਦੀ ਗੀਤ ਅਜਬ ।
ਸੁਣ ਸਮਝੋ ਸਾਰੇ ਅਹਿਲੇ ਸਫਾ ।ਸੁਬਹਾਨ ਅੱਲਾ ! ਸੁਬਹਾਨ ਅੱਲਾ !! ।

92. ਹੈ ਸਦਕੇ ਘੋਲੇ ਯਾਰ ਤੋਂ

ਹੈ ਸਦਕੇ ਘੋਲੇ ਯਾਰ ਤੋਂ ।ਇਹੋ ਜੇੜਾ ਨੇਹ ਨਿੱਪਨਾਂ ।
ਸ਼ਾਲਾ ਹੁਸਨ ਜਵਾਨੀ ਮਾਣੇ ।ਮੁੱਠੜੀ ਦਿਲ ਦਾ ਵੱਨਾਂ ।
ਥਲ ਤੈਡੇ ਚਤਰਾਗ ਵੀ ਤੈਡੇ ।ਮੁਲਕ ਮਲੇਰ ਦਾ ਬੱਨਾਂ ।
ਡੁਖ ਦਾ ਹਾਲ ਨਾ ਥੀਵਮ ਪੂਰਾ ।ਚਿੱਤਰਾਂ ਸੌ ਸੌ ਪੱਨਾਂ ।
ਜੀ ਤੂੰ ਆਵੇਂ ਤਨ ਮਨ ਡੇਸਾਂ ।ਪੀਰਾ ਪਰਮ ਦਾ ਛੱਨਾ ।
ਬੈਅਤ ਕਰਕੇ ਇਸ਼ਕ ਕਢਾਇਮ ।ਇਲਮੋ ਅਮਲ ਤੋਂ ਬੱਨਾਂ ।
ਸੋਹਣੇ ਦੇ ਵਿੱਚ ਵਸਫ਼ ਵਫ਼ਾ ਦੀ ।ਇਹ ਗਾਲ੍ਹ ਨ ਮੰਨਾਂ ।
ਬਿਰਹੋਂ ਫ਼ਰੀਦ ਥੀਵਸੇ ਸਾਥੀ ।ਸਬ ਸ਼ੈ ਤੋਂ ਜੀ ਭੱਨਾਂ ।

93. ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ

ਹਰ ਦਿਲ ਜੋ ਦਿਲਦਾਰ ! ਯਾਰ ਮਹੰਜੁ ।ਸੋਹਣੀਆਂ ਜੋ ਸਰਦਾਰ ! ਯਾਰ ਮਹੰਜੁ ।
ਕਥ ਮੁਲਾ ਕਥ ਆਮਿਰ ਨਾਹੀਂ ।ਕਥ ਮਨਸੂਰ ਦੇ ਦਾਰ ! ਯਾਰ ਮਹੰਜੁ ।
ਆਪ ਛੁਪਾਏ ਰਾਜ ਹਕੀਕੀ ।ਆਪ ਕਰੇ ਇਜ਼ਹਾਰ ! ਯਾਰ ਮਹੰਜੁ ।
ਕਿਥ ਬੁਲਬੁਲ ਕਿਥ ਗੁਲ ਜੀ ਸੂਰਤ ।ਬਰਗ ਕਿਥਾਂ ਕਿੱਥ ਖਾਰ ! ਯਾਰ ਮਹੰਜੁ ।
ਕਿਥ ਸੁਰਖੀ ਕਿਥ ਨਾਜ਼ ਨਜਾਕਤ ।ਕਿਥ ਕੱਜਲਾ ਕਿਥ ਧਾਰ ! ਯਾਰ ਮਹੰਜੁ ।
ਕਥ ਢੋਲਕ ਤੇ ਕਥ ਤਾਨ ਤੁਗਨਾ ।ਕਿਥ ਸੂਫ਼ੀ ਕਥ ਸਰਸ਼ਾਰ ! ਯਾਰ ਮਹੰਜੁ ।
ਕਿਥ ਆਬਦ ਤੇ ਕਿਥ ਨਫਲ ਦੋਗਾਨਾ ।ਕਿਥ ਕੈਫੀ ਮੈ ਖਵਾਰ ! ਯਾਰ ਮਹੰਜੁ ।
ਕਥ ਆਸ਼ਕ ਕਥ ਦਰਦ ਕਸ਼ਾਲੇ ।ਕਥ ਦਿਲਬਰ ਗ਼ਮਖਵਾਰ ! ਯਾਰ ਮਹੰਜੁ ।
ਯਾਰ ਫ਼ਰੀਦ ਨਹੀਂ ਵਿੱਚ ਪਰਦੇ ।ਖ਼ੁਦ ਪਰਦਾ ਹੈ ਯਾਰ ! ਯਾਰ ਮਹੰਜੁ ।

94. ਹਰ ਜਾ ਜ਼ਾਤ ਪੁੱਨਲ ਹੈ

ਹਰ ਜਾ ਜ਼ਾਤ ਪੁੱਨਲ ਹੈ ।ਸੂਫ਼ੀ ਸਮਝ ਸੰਜਾਣ ।
ਲੈਸਾ ਕਮਿਸਲਾ ਸ਼ੈ ਉਨ ।ਸਬ ਸ਼ੈ ਉਸ ਨੂੰ ਜਾਣ ।
ਯਬੱਕਾ ਵਜਾਹੂ ਰਬੱਕਾ ।ਬਾਕੀ ਕੁਲ ਸ਼ੈ ਫਾਨ ।
ਲਾ ਯਹਤਾਜ ਸਿਵ ਅੱਲਾ ।ਹੈ ਫ਼ਕਰ ਦਾ ਸ਼ਾਨ ।
ਲਾ ਮੌਜੂਦ ਸਿਵ ਅੱਲਾ ।ਸਾਡਾ ਦੀਨ ਈਮਾਨ ।
ਹੱਕ ਬਾਝੋਂ ਬਿਉ ਬਾਤਲ ।ਧਿਆਨ ਰਖੀਂ ਹਰ ਆਨ ।
ਇਲਮ ਫ਼ਰੀਦ ਹੈ ਹਾਜਬ ।ਬੇ ਸ਼ਕ ਬੇ ਇਰਫ਼ਾਨ ।

95. ਹਰ ਜਾ ਜ਼ਾਤ ਪੁੱਨਲ ਜੀ

ਹਰ ਜਾ ਜ਼ਾਤ ਪੁੱਨਲ ਜੀ ।ਆਸ਼ਕ ਜਾਣ ਯਕੀਨ ।
ਹਰ ਸੂਰਤ ਵਿੱਚ ਯਾਰ ਦਾ ਜਲਵਾ ।ਕਿਆ ਅਸਮਾਨ ਜ਼ਮੀਨ ।
ਅਹਿਦ ਆਹਾ ਬਣ ਅਹਿਮਦ ਆਇਆ ।ਮੋਹੇਸ ਚੀਨ ਮਚੀਨ ।
ਹਾਕਮ ਹੋ ਕਰ ਹੁਕਮ ਚਲਾਵੇ ।ਆਪ ਬਣੇ ਮਸਕੀਨ ।
ਆਪ ਕਰੇ ਬਹਿ ਵਾਅਜ਼ ਨਸੀਹਤ ।ਆਪ ਬਜਾਏ ਬੀਨ ।
ਜੇ ਚਾਹੇਂ ਤੂੰ ਯਾਰ ਦਾ ਮੇਲਾ ।ਸੱਟ ਕਾਵਿੜ ਬਠ ਕੀਨ ।
ਜ਼ਾਹਦ ਕੂੰ ਜਾ ਖਬਰ ਸੁਣਾਉ ।ਇਸ਼ਕ ਅਸਾਡਾ ਦੀਨ ।
ਪੀਰ ਮਗ਼ਾ ਹਿੱਕ ਰਮਜ਼ ਸੁਝਾਈ ।ਸਾਜਨ ਸਮਝ ਕਰੀਨ ।
ਗ਼ਾਫ਼ਲ ਨ ਥੀ ਯਾਰ ਥੋ ਹਿਕਦਮ ।ਹਰ ਜਾ ਸਹਿ ਹਰ ਹੀਨ ।
ਦਿਲ ਫ਼ਰੀਦ ਦੇ ਲੁਟਨ ਕੀਤੇ ।ਬਨਿਆ ਫ਼ਖ਼ਰੁਦੀਨ ।

96. ਹਰ ਸੂਰਤ ਵਿਚ ਆਵੇ ਯਾਰ

ਹਰ ਸੂਰਤ ਵਿਚ ਆਵੇ ਯਾਰ ।ਕਰ ਕੇ ਨਾਜ਼ ਅਦਾ ਲਖ ਵਾਰ ।
ਹੁਸਨ ਮਲਾਹਤ ਬਿਰਹੋ ਬਛਾਏ ।ਰਮਜ਼ ਨਜ਼ਾਕਤ ਭਾ ਭੜਕਾਏ ।
ਇਸ਼ਵਾ ਗ਼ਮਜ਼ਾ ਤੀਰ ਚਲਾਏ ।ਬੇਬਿਲ ਫਿਰਦੇ ਜ਼ਾਰ ਨਜ਼ਾਰ ।
ਸੋਹਣੀਆਂ ਤਰਜ਼ਾਂ ਮੋਹਣੀਆਂ ਗਾਲ੍ਹੀ ।ਦਿਲੜੀ ਖੂਬ ਉਜਾੜਿਨ ਚਾਂਲੀਂ ।
ਹੋਸ਼ ਕਰਾਰ ਭੁਲਾਵਨ ਭਾਲੀਂ ।ਪਲਕਾਂ ਕਰਦੀਆਂ ਖੂਨ ਹਜ਼ਾਰ ।
ਹਿਕ ਜਾ ਰੂਪ ਸਿੰਗਾਰ ਡਿਖਾਵੇ ।ਹਿਕ ਜਾ ਆਸ਼ਕ ਬਣ ਬਣ ਆਵੇ ।
ਹਰ ਮਜ਼ਹਰ ਵਿਚ ਆਪ ਸਮਾਵੇ ।ਆਪਣਾ ਆਪ ਕਰੇ ਦੀਦਾਰ ।
ਕਡੀਂ ਸ਼ਹਾਨਾ ਹੁਕਮ ਚਲਾਵੇ ।ਕਡੀਂ ਗਦਾ ਮਸਕੀਨ ਸਡਾਵੇ ।
ਉਸਦਾ ਭੇਤ ਕੋਈ ਨ ਪਾਵੇ ।ਸਬ ਬਦ ਮਸਤ ਫਿਰਨ ਸਰਸ਼ਾਰ ।
ਫ਼ਖਰ ਜਹਾਨ ਕਬੂਲ ਕਿਤੋਸੇ ।ਵਾਕਫ ਕੁਲ ਇਸਰਾਰ ਥਿਉਸੇ ।
ਹਰ ਜਾ ਨੂਰ ਜਮਾਲ ਡਿਠੋਸੇ ।ਮਖਫੀ ਰਾਜ਼ ਥੀਏ ਇਜ਼ਹਾਰ ।
ਯਾਰ ਫਰੀਦ ਅਯਾਂ ਬਿਆਨੇ ।ਨਹੁਨ ਅਕਰਬ ਵਿਚ ਫੁਰਕਾਨੇ ।
ਏਹੋ ਅਕੀਦਾ ਦੀਨ ਈਮਾਨੇ ।ਤੋੜੇ ਪਕੜ ਚੜ੍ਹਾਵਨ ਦਾਰ ।

97. ਹਰ ਸੂਰਤ ਵਿੱਚ ਦੀਦਾਰ ਡਿੱਠਮ

ਹਰ ਸੂਰਤ ਵਿੱਚ ਦੀਦਾਰ ਡਿੱਠਮ ।ਕੁਲ ਯਾਰ ਅਗ਼ਿਯਾਰ ਨੂੰ ਯਾਰ ਡਿੱਠਮ ।
ਕਿੱਥ ਜੌਹਰ ਤੇ ਕਿੱਥ ਅਰਜ ਡਿੱਠਮ ।ਕੱਥ ਸੁਨਤ ਨਫ਼ਲ ਤੇ ਫ਼ਰਜ਼ ਡਿੱਠਮ ।
ਕਿੱਥ ਸਿਹਤ ਡਿੱਠਮ ਕੱਥ ਮਰਜ਼ ਡਿੱਠਮ ।ਕੱਥ ਚੁਸਤ ਅਤੇ ਬੀਮਾਰ ਡਿੱਠਮ ।
ਕਿੱਥ ਬਤਨ ਜ਼ਹੂਰ ਡਿੱਠਮ ।ਕਿੱਥ ਜ਼ਾਹਦ ਤੇ ਮਖਮੂਰ ਡਿੱਠਮ ।
ਕਿੱਥ ਮੁਲਾਂ ਤੇ ਮਨਸੂਰ ਡਿੱਠਮ ।ਕੱਥ ਚੋਬ ਰਸਨ ਤੇ ਦਾਰ ਡਿੱਠਮ ।
ਐ ਮਜ਼ਹਬ ਪਾਕ ਨਬੀਆਂ ਦਾ ।ਐ ਮਸ਼ਰਬ ਸਾਫ਼ ਸਫੀਆਂ ਦਾ ।
ਐ ਰਸ਼ਦ ਇਰਸ਼ਾਦ ਵਲੀਆਂ ਦਾ ।ਆਯਾਤ ਡਿੱਠਮ ਅੱਖਬਾਰ ਡਿੱਠਮ ।
ਕਿੱਥ ਫੁਲ ਗੁਲ ਬਾਗ਼ ਬਹਾਰ ਡਿੱਠਮ ।ਕਿੱਥ ਬੁਲਬੁਲ ਜ਼ਾਰ ਨਜ਼ਾਰ ਡਿੱਠਮ ।
ਕਿੱਥ ਖ਼ਸ ਖਾਸ਼ਾਕ ਤੇ ਖ਼ਾਰ ਡਿੱਠਮ ।ਹਿੱਕ ਨੂਰ ਦੇ ਸਭ ਇਤਵਾਰ ਡਿੱਠਮ ।
ਕਿੱਥ ਬਰਮ ਨਰਾਇਨ ਨਰੰਜਨ ਹੈ ।ਕੱਥ ਰਾਮ ਕਨੀਆ ਲਛਮਨ ਹੈ ।
ਕਿੱਥ ਬੇਦ ਬਿਆਸ ਬ੍ਰਹਮਨ ਹੈ ।ਕੱਥ ਰਾਜਸ ਤੇ ਔਤਾਰ ਡਿੱਠਮ ।
ਇਰਵਾਹ ਨਫੁਸ ਅਕੂਲ ਡਿੱਠਮ ।ਇਨਸਾਨ ਜ਼ਲੂਮ ਜਹੂਮ ਡਿੱਠਮ ।
ਮਾਕੂਲ ਡਿੱਠਮ ਮਨਕੂਲ ਡਿੱਠਮ ।ਇਕਰਾਰ ਡਿੱਠਮ ਇਨਕਾਰ ਡਿੱਠਮ ।
ਕੱਥ ਮੰਤਕ ਨਹਵ ਤੇ ਸਰਫ ਡਿੱਠਮ ।ਕੱਥ ਇਸਮ ਤੇ ਫੇਅਲ ਤੇ ਹਰਫ਼ ਡਿੱਠਮ ।
ਹਿੱਕ ਮਾਨੇ ਹਰ ਹਰ ਤਰਫ਼ ਡਿੱਠਮ ।ਚੌਗੁੱਠ ਡਿੱਠਮ ਚੌਧਾਰ ਡਿੱਠਮ ।
ਸਬ ਆਲਾ ਆਲਾ ਸ਼ਾਨ ਡਿੱਠਮ ।ਹਸਨੈਨ ਤੇ ਸ਼ਾਹ ਮਰਦਾ ਡਿੱਠਮ ।
ਬੂ ਬਕਰ ਉਮਰ ਉਸਮਾਨ ਡਿੱਠਮ ।ਵੁਹ ਪਾਕ ਨਬੀ ਮੁਖ਼ਤਾਰ ਡਿੱਠਮ ।
ਕੱਥ ਸ਼ਾਹ ਨਜ਼ਾਮੁਦੀਨ ਡਿੱਠਮ ।ਕੱਥ ਫ਼ਰਦ ਫਰੀਦੁਦੀਨ ਡਿੱਠਮ ।
ਕੱਥ ਕੁਤਬ ਮਈਨੁਦੀਨ ਡਿੱਠਮ ।ਕੱਥ ਫ਼ਖਰ ਜਹਾਂ ਦਿਲਦਾਰ ਡਿੱਠਮ ।

98. ਹਸਨ ਕਬਾਹ ਸਬ ਮੁਜ਼ਹਰ ਜ਼ਾਤੀ

ਹਸਨ ਕਬਾਹ ਸਬ ਮੁਜ਼ਹਰ ਜ਼ਾਤੀ ।ਹਰ ਰੰਗ ਮੇ ਬੇਰੰਗ ਪਿਆਰਾ ।
ਨਾਹਨੁ ਅਕਰਬੁ ਰਾਜ਼ ਅਨੋਖਾ ।ਹੈ 'ਵਾਹੁ ਮਅਕਮੁ' ਮਿਲਿਆ ਹੋਕਾ ।
ਸਮਝ ਸੁਜਾਣੋ ਆਲਮ ਲੋਗਾ ।ਹੈ ਹਰ ਰੂਪ ਮੇ ਐਨ ਨਜ਼ਾਰਾ ।
'ਵਫੀ ਅਨਫਸਿਕੁਮ' ਸੱਰੇਇਲਾਹੀ ।'ਲੋ ਦੁਲੀਤੱਸ' ਫ਼ਾਸ਼ ਗਵਾਹੀ ।
ਹਰ ਸੂਰਤ ਵਿਚ ਰਾਂਝਣ ਮਾਹੀ ।ਕੀਤਾ ਨਾਜ਼ ਦਾ ਢੰਗ ਨਿਆਰਾ ।
ਹੁਸਨ ਅਜ਼ਲ ਦੀ ਚਾਲ ਅਜੀਬੇ ।ਤਰ੍ਹਾਂ ਲਤੀਫੇ ਤਰਜ਼ ਗ਼ਰੀਬੇ ।
ਆਪ ਹੀ ਆਸ਼ਕ ਆਪ ਰਕੀਬੇ ।ਥੀ ਦਿਲਬਰ ਜਗ ਮੋਹਿਸ ਸਾਰਾ ।
ਕਥ ਮਤਰਥ ਕਥ ਤਾਨ ਤਰਾਨੇ ।ਕਥ ਆਬਦ ਕਥ ਨਫ਼ਲ ਦੋਗਾਨੇ ।
ਕਥ ਸੂਫ਼ੀ ਸਰਮਸਤ ਯਗਾਨੇ ।ਕਥ ਰਿੰਦਾਂ ਮੇ ਕਰੇ ਅਵਤਾਰਾ ।
ਕਿਆ ਅਫ਼ਲਾਕ ਅਕੂਲ ਅਨਾਸਰ ।ਕਿਆ ਮੁਤੱਕਲਮ ਗ਼ਾਇਬ ਹਾਜ਼ਰ ।
ਸਬ ਜਾ ਨੂਰ ਹਕੀਕੀ ਜ਼ਾਹਰ ।ਕੌਣ ਫ਼ਰੀਦ ਗਰੀਬ ਵਿਚਾਰਾ ।

99. ਹਿੱਕ ਦਮ ਹਿਜਰ ਨ ਸਹਿੰਦੀ ਹੈ

ਹਿੱਕ ਦਮ ਹਿਜਰ ਨ ਸਹਿੰਦੀ ਹੈ ।ਦਿਲ ਦਿਲਬਰ ਕਾਰਣ ਮਾਂਦੀ ਹੈ ।
ਸੋਜ਼ ਗੁਦਾਜ਼ ਤੂਲ ਵਿਛਾਵਾਂ ।ਡੁੱਖ ਡੁਹਾਗ ਦੀ ਸੇਝ ਸੁਹਾਵਾਂ ।
ਹਾਰ ਗ਼ਮਾਂ ਦਾ ਗਲ ਵਿੱਚ ਪਾਵਾਂ ।ਦਰਦ ਦੀ ਬਾਂਹ ਸਿਰਾਂਦੀ ਹੈ ।
ਮਾਹੀ ਬੇ ਪਰਵਾਹ ਮਿਲਿਉਸੇ ।ਪੱਲੜੇ ਸੋਜ਼ ਫ਼ਰਾਕ ਪਿਉ ਸੇ ।
ਹਾਲ ਕਨੂੰ ਬੇ ਹਾਲ ਥਿਉਸੇ ।ਜਿੰਦੜੀ ਝੋਕ ਗ਼ਮਾਂ ਦੀ ਹੈ ।
ਡੇਹ ਨਿਭਾਵਾਂ ਸੜਦੀਂ ਜਲਦੀਂ ।ਰਾਤ ਵੰਜਾਵਾਂ ਜਲਦੀ ਗਲਦੀ ।
ਸਾਰੀ ਉਮਰ ਗਈ ਹੱਥ ਮਲਦੀਂ ।ਹੈ ਹੈ ਮੌਤ ਨ ਆਂਦੀ ਹੈ ।
ਸੋਹਣੇ ਕੀਤੀ ਕੇਚ ਤਿਆਰੀ ।ਆਇਆ ਬਾਰ ਬਿਰਹੋਂ ਸਰ ਬਾਰੀ ।
ਸੰਗੀਆਂ ਸੁਰਤੀਆਂ ਕਰਨ ਨ ਕਾਰੀ ।ਬੇ ਵੱਸ ਪਈ ਕੁਰਲਾਂਦੀ ਹੈ ।
ਯਾਦ ਕਰੇਸਾਂ ਯਾਰ ਦੀਆਂ ਗਾਲੀ ।ਸੋਹਣੀਆਂ ਰਮਜ਼ਾਂ ਮੋਹਣੀਆਂ ਚਾਲੀ ।
ਤੂਣੀ ਮੇਹਣੀਂ ਡੇਵਮ ਸਿਆਲੀਂ ।ਤਾਂਗ ਫ਼ਰੀਦ ਨ ਜਾਂਦੀ ਹੈ ।

100. ਹਿੱਕ ਹੈ ਹਿੱਕ ਹਿੱਕ ਹੈ

ਹਿੱਕ ਹੈ ਹਿੱਕ ਹਿੱਕ ਹੈ ।ਹਿੱਕ ਦੀ ਦਮ ਦਮ ਸਿੱਕ ਹੈ ।
ਹਿੱਕ ਦੇ ਹਰ ਹਰ ਜਾ ਵਿੱਚ ਦੇਰੇ ।ਕਿਆ ਉੱਚ ਹੈ ਕਿਆ ਝਿੱਕ ਹੈ ।
ਹਿੱਕ ਹੈ ਜ਼ਾਹਰ ਹਿੱਕ ਹੈ ਬਾਤਨ ।ਬਿਆ ਸਬ ਕੁਝ ਹਾਲਿਕ ਹੈ ।
ਮਿਕਨਾਤੀਸ ਤੇ ਲੋਹੇ ਵਾਗਣ ।ਹੂੰ ਡੋ ਦਿਲ ਦੀ ਛਿੱਕ ਹੈ ।
ਜਿਹੜਾ ਹਿੱਕ ਕੂੰ ਡੂੰ ਕਰ ਜਾਣੇ ।ਓ ਕਾਫ਼ਰ ਮੁਸ਼ਰਕ ਹੈ ।
ਮਤਲਬ ਡਾਢਾ ਸਖ਼ਤ ਨਜ਼ੀਕੀ ।ਪਰ ਰਾਹ ਤੇ ਚਿਲ ਚਿੱਕ ਹੈ ।
ਸਾਡੇ ਸਰ ਸਰ ਵਾਹ ਦਾ ਸਾਰਾ ।ਫਖਰ ਪੀਆ ਮਾਲਿਕ ਹੈ ।
ਦਰਦ ਦਾ ਬਾਰ ਉਠਾ ਨਾ ਸਗਦੀ ।ਦਿਲ ਸ਼ੋਦੀ ਨਿਕ ਤਰਿਕ ਹੈ ।
ਰੋਜ਼ ਅਜ਼ਲ ਦੀ ਦਿੱਲੜੀ ਮੈਂਡੀ ।ਰਾਹ ਹੱਕ ਦੀ ਸਾਲਿਕ ਹੈ ।
ਜਿੰਦ ਦੇ ਨਾਲ ਖ਼ਿਆਲ ਖ਼ੁਦਾਈ ।ਕਿਆ ਪੂਰਾ ਗਿਆ ਬਿਕ ਹੈ ।
ਯਾਰ ਫ਼ਰੀਦ ਸੰਜਾਨਣ ਕੀਤੇ ।ਏ ਨੁਸਖਾ ਹਿੱਕ ਟਿੱਕ ਹੈ ।

  • Next......(101-150)
  • Previous......(1-50)
  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ