Kafian : Khwaja Ghulam Farid

ਕਾਫ਼ੀਆਂ : ਖ਼ਵਾਜਾ ਗ਼ੁਲਾਮ ਫ਼ਰੀਦ

1. ਆ ਚੁਣੋਂ ਰਲ ਯਾਰ

ਆ ਚੁਣੋਂ ਰਲ ਯਾਰ ।ਪੀਲੂੰ ਪੱਕੀਆਂ ਨੀ ਵੇ ।
ਕਈ ਬਗੜੀਆਂ, ਕਈ ਸਾਵੀਆਂ ਪੀਲੀਆਂ ।ਕਈ ਭੂਰੀਆਂ ਕਈ ਫਿਕੜੀਆਂ ਨੀਲੀਆਂ ।
ਕਈ ਊਦੀਆਂ ਗੁਲਨਾਰ ।ਕਟੋਈਆ ਰੱਤੀਆਂ ਨੀ ਵੇ ।

ਬਾਰ ਥਈ ਹੈ ਰਸ਼ਕ ਇਰਮ ਦੀ ।ਸੁੱਕ ਸੜ ਗਈ ਜੜ੍ਹ ਡੁੱਖ ਤੇ ਗ਼ਮ ਦੀ ।
ਹਰ ਜਾ ਬਾਗ਼ ਬਹਾਰ ।ਸਾਖਾਂ ਚੱਖੀਆਂ ਨੀ ਵੇ ।

ਪੀਲੂੰ ਡੇਲਿਆਂ ਦੀਆਂ ਗੁਲਜ਼ਾਰਾ ।ਕਹੀਂ ਗੁਲ ਟੋਰੀਆਂ ਕਹੀ ਸਰ ਖਾਰੀਆਂ ।
ਕਈ ਲਾ ਬੈਠੀਆਂ ਬਾਰ ।ਭਰ ਭਰ ਪੱਛੀਆਂ ਨੀ ਵੇ ।

ਜਾਲ ਜਲੋਟੀਂ ਥਈ ਆਬਾਦੀ ।ਪਲ ਪਲ ਖ਼ੁਸ਼ੀਆਂ ਦਮ ਦਮ ਸ਼ਾਦੀ ।
ਲੋਕੀ ਸਹੰਸ ਹਜ਼ਾਰ ।ਕੁਲ ਨੇ ਪੱਖੀਆਂ ਨੀ ਵੇ ।

ਹੂਰਾਂ ਪਰੀਆਂ ਟੋਲੇ ਟੋਲੇ ।ਹੁਸਨ ਦੀਆਂ ਹੀਲਾਂ ਬਿਰਹੋਂ ਦੇ ਝੋਲੇ ।
ਰਾਤੀਂ ਠੰਡੀਆਂ ਠਾਰ ।ਗੋਇਲੀਂ ਤੱਤੀਆਂ ਨੀ ਵੇ ।

ਰਖਦੇ ਨਾਜ਼ ਹੁਸਨ ਪਰਵਰ ਵੇ ।ਅਥਰੂ ਤੇਗ਼ ਤੇ ਤੀਰ ਨਜ਼ਰ ਦੇ ।
ਤੇਜ਼ ਤਿੱਖੇ ਹਥਿਆਰ ।ਦਿਲੀਆਂ ਫਟੀਆਂ ਨੀ ਵੇ ।

ਕਈ ਡੇਵਨ ਅੱਨ ਨਾਲ ਬਰਾਬਰ ।ਕਈ ਘਿਨ ਆਵਨ ਡੇਢੇ ਕਰ ਕਰ ।
ਕਈ ਵੇਚਨ ਬਾਜ਼ਾਰ ।ਤੁਲੀਆਂ ਤੱਕੀਆਂ ਨੀ ਵੇ ।

ਕਈ ਧੁੱਪ ਵਿੱਚ ਵੀ ਚੁਣਦੀਆਂ ਰਹਿੰਦੀਆਂ ।ਕਈ ਘਿਨ ਛਾਨ ਛੰਵੇਰੇ ਬਹਿੰਦੀਆਂ ।
ਕਈ ਚੁਣ ਚੁਣ ਪਈਆਂ ਹਾਰ ।ਹੁੱਟੀਆਂ ਥਕੀਆਂ ਨੀ ਵੇ ।

ਏਡੋਂ ਇਸ਼ਵੇ ਗਮਜ਼ੇ ਨਖ਼ਰੇ ।ਓਡੂੰ ਯਾਰ ਖਰਾਇਤੀ ਬਕਰੇ ।
ਕੁੱਸਣ ਕਾਣ ਤਿਆਰ ।ਰਾਂਦਾਂ ਰੱਸੀਆਂ ਨੀ ਵੇ ।

ਪੀਲੂੰ ਚੁਣਦੀਂ ਬੋਛਣ ਲੀਰਾਂ ।ਚੋਲਾ ਵੀ ਥੀਆ ਲੀਰ ਕਤੀਰਾਂ ।
ਗਿਲੜੇ ਕਰਨ ਪਚਾਂਰ ।ਸੰਗੀਆਂ ਸਕੀਆਂ ਨੀ ਵੇ ।

ਆਈਆਂ ਪੀਲੂੰ ਚੁਣਨ ਦੇ ਸਾਂਗੇ ।ਓੜਕ ਥਈਆਂ ਫਰੀਦਣ ਵਾਂਗੇ ।
ਛੋੜ ਆਰਾਮ ਕਰਾਰ ।ਹਕੀਆਂ ਬਕੀਆਂ ਨੀ ਵੇ ।

2. ਆਹਨ ਅਲੰਦਰ ਰੋਜ਼ ਸ਼ਬ

ਆਹਨ ਅਲੰਦਰ ਰੋਜ਼ ਸ਼ਬ ।ਪਹੁੰਜੀ ਖੁਦੀ ਮੇਂ ਖੁਦ ਗ਼ਰਕ ।
ਹਾਲਤ ਨ ਸੌਮ (ਸੰਲਵਾਂਤ) ਸਲੂਤ ਦੀ ।ਖਵਾਹਸ਼ ਨ ਹਜ ਜ਼ਕਵਾਤ ਦੀ ।
ਚਾਹਤ ਨਾ ਜ਼ਾਤ ਸਿਫਾਤ ਦੀ ।ਹਿਕ ਸ਼ਾਨ ਵਹਦਤ ਜੀ ਮਰਕ ।

ਨਾ ਤਲਬ ਮੁਲਕ ਤੇ ਮਾਲ ਦੀ ।ਨਾ ਗਰਜ਼ ਜਾਹਵ ਜਲਾਲ ਦੀ ।
ਮਸਤੀ ਖੁਦਾਈ ਖਿਆਲ ਦੀ ।ਪ੍ਹੌਨੀਂ ਨ ਆਦਮ ਜਏ ਤੇ ਤਕ ।

ਤੂਣੇ ਜੋ ਦਰਿਆ ਨੋਸ਼ ਹਨ ।ਪੁਰ ਜੋਸ਼ ਥੀ ਖਾਮੋਸ਼ ਹਨ ।
ਇਸਰਾਰ ਦੇ ਸਰਪੋਸ਼ ਹਨ ।ਸਾਮਿਤ ਰਹਿਨ ਮਾਰਨ ਨ ਬਕ ।

ਆਸ਼ਕ ਅਤੇ ਮਾਸ਼ੂਕ ਹਿਨ ।ਸਾਬਕ ਅਤੇ ਮਸਬੂਕ ਹਿਨ ।
ਖੁਦ ਦੁਰ ਅਤੇ ਸੰਦੂਕ ਹਿਨ ।ਹਰ ਤੌਰ ਵਿਚ ਰਹਿੰਦੇ ਓਛਕ ।

ਮਸਕੀਨ ਅਤੇ ਮਜਲੂਮ ਹਿਨ ।ਮਹਜ਼ੂਨ ਅਤੇ ਮਗ਼ਮੂਮ ਹਿਨ ।
ਹਰ ਵਕਤ ਕਲਖ਼ਾਦੂਮ ਹਿਨ ।ਰਖਦੇ ਨ ਦਿਲ ਵਿਚ ਕਈ ਉਮਕ ।

ਜੋ ਕੁਛ ਹੈ ਜ਼ਾਹਰ ਬਰਮਲਾ ।ਜਾਨੜਾਂ ਮੈਂ ਕਿਵੇਂ ਮਾ ਸਿਵਾਂ ।
ਮੁਰਸ਼ਦ ਮਹਕੱਕ ਵਜ ਵਜਾ ।ਹਮਾ ਓਸਤ ਦਾ ਡਿਤਰਾ ਸਾਬਕ ।

ਏਹੋ ਫਿਕਰ ਹੈ ਏਹਾ ਗਾਲ੍ਹ ਹੈ ।ਏਹੋ ਵਜਦ ਹੈ ਏਹੋ ਹਾਲ ਹੈ ।
ਏਹੋ ਜ਼ੌਕ ਦਮਦਮ ਨਾਲ ਹੈ ।ਏਹੋ ਸਚ ਹੈ ਬਿਆ ਸਭ ਹੈ ਨਰਕ ।

ਬਠ ਵਹਮ ਖਤਰੇ ਦੀ ਅਦਾ ।ਡੂਝਾ ਨੋਹੀ ਹੈ ਹਿਕ ਖੁਦਾ ।
ਅੰਦਰ ਤੇ ਬਾਹਰ ਹੈ ਸਦਾ ।ਮੌਜੂਦ ਹਕ ਮੌਜੂਦ ਹਕ ।

ਤੌਂ ਬਿਨ ਫਕਤ ਬਿਆ ਕੋ ਨਹੀਂ ।ਮੰਢੂੰ ਗੈਰ ਕੀ ਅਥ ਬੋਹੀਂ ।
ਹੈ ਹਿਕ ਸਦਾ ਅਤੇ ਡੋਹੀਂ ।ਹਿਕ ਨਾਲ ਥੀ ਹਿਕ ਸਟ ਫਰਕ ।

ਅਪਣੀ ਹਕੀਕਤ ਗੋਲ ।ਬੇਕੂੰ ਨ ਅਸਲੋਂ ਫੋਲ ਤੂੰ ।
ਰਖ ਅਸਾਡਾ ਬੋਲ ਤੂੰ ।ਆਈਂ ਨ ਹਕ ਹੈ ਮਹਜ ਪਕ ।

ਪੀਕਰ ਫਰੀਦੀ ਜਾਮ ਤੂੰ ।ਥੀ ਰਿੰਦ ਮਸਤ ਮਦਾਸ ਤੂੰ ।
ਡੇਹੋਂ ਡੋਂਹ ਵਧਾ ਰਖ ਗਾਮ ਤੂੰ ।ਵਾਹ ਵਾਹ ਕਰੇ ਸਾਰੀ ਖਲਕ ।

3. ਆ ਮਿਲ ਅੱਜਕਲ ਸੋਹਣਾਂ ਸਾਈਂ

ਆ ਮਿਲ ਅੱਜਕਲ ਸੋਹਣਾਂ ਸਾਈਂ ।ਨਾ ਤਾਂ ਮੁਫ਼ਤੀ ਖੂਨ ਥੀਸਾਈਂ ।
ਤੌਂ ਬਿਨ ਮੂਲ ਨ ਸਹਿੰਦੀਆਂ ਵਾਹੀਂ ।ਸੁਣ ਦਿਲ ਨਾਲ ਤਾਂ ਗਾਲ੍ਹ ਅਖਾਈਂ ।
ਪਰਭਤ ਧਾਰਾਂ ਰੋਹ ਘਨੇੜੇ ।ਜਥ ਲਾਂਘੇ ਜਥ ਥੀਵਮ ਵਹੀਰੇ ।
ਬੇਸ਼ਕ ਦਰਦਮੰਦਾਂ ਦੇ ਦੇਰੇ ।ਜਥ ਥਲੜਾ ਜਥ ਸੁੰਜੜੀਆਂ ਜਾਂਹੀਂ ।
ਹਿਕ ਪਲ ਐਸ਼ ਨ ਪਾਇਮ ਘਰ ਵਿੱਚ ।ਗੁਜ਼ਰੀ ਸਾਰੀ ਉਮਰ ਸਫ਼ਰ ਵਿੱਚ ।
ਪੌਂਦੇ ਸੌ ਸੌ ਪੋਰ ਅੰਦਰ ਵਿੱਚ ।ਯਾਰੱਬ ਯਾਰ ਦੇ ਦੇਸ ਵਸਾਈਂ ।
ਜਾਂ ਡੇਖਾਂ ਝੱੜ ਮੀਂਹ ਕਿਣ ਮਿਣ ਕੂੰ ।ਰੋਵਾਂ ਕਰ ਕਰ ਯਾਦ ਸੱਜਨ ਕੂੰ ।
ਅੱਖੀਆਂ ਬਲਕਨ ਮੂੰਹ ਡੇਖਨ ਕੂੰ ।ਗਲ ਲਾਂਵਣ ਕੂੰ ਥਪਕਨ ਬਾਹੀਂ ।
ਵਾਟ ਨਿਹਾਰਾਂ ਕਾਂਗ ਉਡਾਰਾਂ ।ਪੰਡਤ ਜੋਸੀ ਦੇ ਕਨ ਖਾਵਾਂ ।
ਸੌ ਪੁੰਜ ਹਾਰਾਂ ਫਾਲਾਂ ਪਾਵਾਂ ।ਅਉਸੀ ਮੈਡਾ ਯਾਰ ਕਡਾਹੀਂ ।
ਮੈਂ ਬਦਨਾਂ ਕਹੀਂ ਭੀਮ ਭਰਮ ਦਾ ।ਤੂੰਹੀ ਸਾਹਿਬ ਲਾਜ ਸ਼ਰਮ ਦਾ ।
ਜ਼ੋਰ ਫ਼ਰੀਦ ਕੂੰ ਤੈਡੜੇ ਦਮ ਦਾ ।ਲਗੜੀ ਸਾਵਲ ਤੋੜ ਨਿਭਾਈਂ ।

4. ਆ ਮਿਲ ਮਾਹੀ ਮੈਂ ਮਾਂਦੀ ਹਾਂ

ਆ ਮਿਲ ਮਾਹੀ ਮੈਂ ਮਾਂਦੀ ਹਾਂ ।ਬੇ ਵੱਸ ਬਿਰਹੋਂ ਦੀ ਬਾਂਦੀ ਹਾਂ ।
ਇਸ਼ਕ ਅਵੈੜੇ ਦੁਸ਼ਮਨ ਵੇੜੇ ।ਸੱਸ ਨਨਾਣਾਂ ਕਰਿਮ ਬਖੇੜੇ ।
ਅਮੜੀ ਜੁੜ ਜੁੜ ਲਾਵਮ ਝੇੜੇ ।ਬਾਬਲੀ ਵੀਰ ਨ ਭਾਦੀ ਹਾਂ ।
ਖੇੜੇ ਭੈੜੇ ਸਖ਼ਤ ਸਤਾਵਿਨ ।ਨੇੜੇ ਵੱਸਦੇ ਮਾਰਣ ਆਵਨ ।
ਸੰਗੀਆਂ ਸੁਰਤੀਆਂ ਤੁਹਮਤ ਲਾਵਨ ।ਕਲ੍ਹੜੀ ਪਈ ਕੁਰਲਾਂਦੀ ਹਾਂ ।
ਸੇਝ ਸੜੇਂਦੀ ਲੰਬੇ ਲੇਂਦੀ ।ਗਾਨੇ ਗਹਿਨੇ ਫਲ ਨ ਪੇਂਦੀ ।
ਤੂਲ ਤਲੇਂਦੀ ਚੂੜ ਜਲੇਂਦੀ ।ਰੋਂਦੀ ਤੇ ਗ਼ਮ ਖਾਂਦੀ ਹਾਂ ।
ਡੁੱਖੜੇ ਪਾਂਵਾਂ ਨੇਂਹ ਨਿਭਾਵਾਂ ।ਤੌਂ ਬਿਨ ਕੇਨੂੰ ਕੂਕ ਸੁਨਾਵਾਂ ।
ਤੱਪਦੀਂ ਖਪਦੀਂ ਵਕਤ ਵੰਜਾਵਾਂ ।ਵਲ ਵਲ ਝੋਕਾਂ ਜਾਂਦੀ ਹਾਂ ।
ਮੂਲਾ ਝੋਕਾਂ ਫੇਰ ਵਸੇਸੀ ।ਸਾਰਾ ਰੋਗ ਅੰਦਰ ਦਾ ਵੇਸੀ ।
ਯਾਰ ਫ਼ਰੀਦ ਅੰਗਨ ਪੌਂ ਪੇਸੀ ।ਡੇਸਮ ਬਾਂਹ ਸਿਰਾਂਦੀਆਂ ।

5. ਆ ਮਿਲ ਮਾਰੂ ਮਾੜਰੋ

ਆ ਮਿਲ ਮਾਰੂ ਮਾੜਰੋ ।ਥਲ ਵਿੱਚ ਕਰਦੀਆਂ ਧਾਹਾਂ ।
ਮਾਰਾ ਹਕਲਾਂ ਕੂਕੜੀਆਂ ।ਕਰ ਕਰ ਲੰਬੜੀਆਂ ਬਾਹਾਂ ।
ਭੁਲ ਗਈਆਂ ਰਸਮਾਂ ਰੀਤੜੀਆਂ ।ਜੈਂਹ ਡੇਂਹ ਲਗੜੀਆਂ ਪੀਤਾਂ ।
ਬੱਠ ਪਏ ਖਵੇਸ਼ ਕਬੀਲੜੇ ।ਪਰ ਹਿਕ ਤੈਨੂੰ ਚਾਹਾਂ ।
ਕਿਵੇਂ ਜੀਵੇ ਜਾਲੜੇ ।ਸੁੰਜੜੀ ਹੀਰ ਸਲੇਟੀ ।
ਰਾਂਝਨ ਤਖ਼ਤ ਹਜ਼ਾਰੜੇ ।ਸੁਕੀਆਂ ਲਾਈਆਂ ਕਾਹਾਂ ।
ਮਾ ਪਿਉ ਵੀਰ ਵਸਾਰਿਉਮ ।ਰਾਵਲ ਡਿਤੜਮ ਰੁਲਾ ।
ਪਾਵਾਂ ਲੀਰੇ ਮੈਲੜੇ ।ਚਲੀ ਚੁਨੜੀ ਲਾਹਾਂ ।
ਜਾਹੀ ਚਟ ਫ਼ਰੀਦ ਨੂੰ ।ਲਾਇਓ ਲਾਡ ਖਲਾਇਓ ।
ਮੂਲ ਨ ਵਿਸਰਮ ਰੈਡਰੀਆਂ ।ਸਾਂਵਲ ਨਾਜ਼ ਨਿਗਾਹਾਂ ।

6. ਆ ਪਹੁੰਤਮ ਜੈਂਦੀ ਮੱਕੇ

ਆ ਪਹੁੰਤਮ ਜੈਂਦੀ ਮੱਕੇ ।ਏਂਹੀ ਸ਼ਹਿਰ ਮੁਬਾਰਕ ਬੱਕੇ ।
ਵਾਹ ਦੇਸ ਅਰਬ ਦਆਿਂ ਚਾਲੀਂ ।ਖੁਸ਼ ਤਰਹੇਂ ਖ਼ੂਬ ਖ਼ਸਾਲੀਂ ।
ਗਈਆਂ ਵਿੱਸਰ ਵਤਨ ਦੀਆਂ ਗਾਲ੍ਹੀਂ ।ਕਿਆ ਖਵੇਸ਼ ਕਬੀਲੇ ਸਕੇ ।
ਹੈ ਲੱਜ਼ਤ ਵਾਧੂ ਵਾਧੀ ।ਹੈ ਹਰ ਦਮ ਡੋੜੀ ਸ਼ਾਦੀ ।
ਹਰ ਵੇਲੇ ਤਾਂਘ ਜ਼ਿਆਦੀ ।ਕਈ ਹਾਰੇ ਤੇ ਕਈ ਥੱਕੇ ।
ਹਿਨ ਪੱਥਰ ਸੇਝ ਫੁਲਾਂ ਦੀ ।ਹੈ ਧੂੜੀ ਤੂਲ ਗੁਲਾਂ ਦੀ ।
ਸ਼ਬ ਬਾਦ ਸਬਾ ਮਨ ਭਾਂਦੀ ।ਤਾ ਸੁਬਹ ਝਲੇਂਦੀ ਪੱਖੇ ।
ਅਮਗੂਰ ਹਜ਼ਾਰ ਮਤੀਰਨ ।ਖ਼ਰਬੂਜ਼ੇ ਪਿੰਡ ਕਸੀਰਨ ।
ਰੁਮਾਨ ਸ਼ਗੀਰ ਕਬੀਰਨ ।ਚੁਣ ਦਾਣੇ ਮਾਰੂੰ ਫੱਕੇ ।
ਹੈ ਮੁਲਕ ਮਕੱਦਸ ਨੂਰੀ ।ਹੈ ਜੱਨਤ ਹੂਰ ਕਸੂਰੀ ।
ਬਿਨ ਆਸ਼ਕ ਪਾਕ ਹਜ਼ੂਰੀ ।ਪਿਆ ਕੌਨ ਕਦਮ ਇਥੈ ਰਖੇ ।
ਵੰਜ ਡਿਠਮ ਮਦੀਨਾ ਆਲੀ ।ਜੱਥ ਕੋਨੋ ਮਕਾਨ ਦਾ ਵਾਲੀ ।
ਹੈ ਧਰਤੀ ਐਬੋਂ ਖ਼ਾਲੀ ।ਪਿਆ ਨੂਰ ਰਸਾਲਤ ਛੱਕੇ ।
ਕਿਉਂ ਵਿਸਰਨ ਯਾਰ ਦੇ ਦੇਰੇ ।ਥੀਆ ਅੱਖੀਆਂ ਰੋ ਰੋ ਬੇਰੇ ।
ਦਮ ਜੈਂਦੀਂ ਕਰਸੂੰ ਫੇਰੇ ।ਯਾ ਲੁਦ ਬਹਿਸੂੰ ਆ ਪੱਕੇ ।
ਤੋੜੇ ਲਗਦੇ ਧਿਕੇ ਧੱਕੇ ।ਆਖ ਵਲ ਵਲ ਯਾਰ ਡੂੰ ਤੱਕੇ ।
ਤਨ ਆਗ ਮੁਹਬਤ ਬਖੇ ।ਦਿਲ ਦਰਦੋਂ ਲਜ਼ਤ ਚੱਖੇ ।
ਹੈ ਸਖ਼ਤ ਸ਼ਦੀਦ ਆਜ਼ਾਂਰੀ ।ਕਰੇ ਕੌਨ ਫ਼ਰੀਦ ਦੀ ਕਾਰੀ ।
ਥਏ ਭੁਨਲੇ ਨਾਲੇ ਜਾਰੀ ।ਦਿਲ ਸੋਜ਼ੋਂ ਭੁੱਜ ਭੁੱਜ ਪੱਕੇ ।

7. ਆਪੇ ਬਾਰ ਮੁਹਬਤ ਚਾਇਮ ੜੀ

ਆਪੇ ਬਾਰ ਮੁਹਬਤ ਚਾਇਮ ੜੀ ।ਵੰਜ ਆਪ ਕੂੰ ਆਪ ਅਵਾਇਮ ੜੀ ।
ਸਬ ਡੁੱਖਾਂ ਸੂਲਾਂ ਦੀ ਤਾਤ ਮਿਲਿਮ ।ਗ਼ਮ ਦਰਦ, ਅੰਦੋਹ, ਬਰਾਤ ਮਿਲਿਮ ।
ਭੈੜੇ ਡੁੱਖੜੀਂ ਮਾਰ ਮੁੰਝਾਇਮ ੜੀ ।
ਸੋਹਣਾ ਹੋਤ ਪੁੱਨਲ ਛੱਡ ਕੇਚ ਗਿਆ ।ਗਲ ਸੋਜ਼ ਫ਼ਰਾਕ ਦਾ ਪੇਚ ਪਿਆ ।
ਜੋ ਲਿਖਿਆ ਪੱਲੜੇ ਪਾਇਮ ੜੀ ।
ਡੁੱਖਾਂ ਥਲ ਮਾਰੂ ਆ ਪੇਸ਼ ਗਿਆ ।ਦਿਲ ਜਾਨ ਜਿਗਰ ਤਨ ਰੀਸ਼ ਗਿਆ ।
ਤੱਤੀ ਇਸ਼ਕ ਅਵੱਲੜਾ ਲਾਇਮ ।
ਮੁੰਹਜਾ ਯਾਰ ਪੁੱਨਲ ਛੱਡ ਕੇਚ ਰੁੱਠਾ ।ਸਰ ਜੁਲਮੀਂ ਨੇਂਹ ਜੋ ਮੀਹ ਵੁੱਠਾ ।
ਰੱਬ ਏੜ੍ਹੇ ਬਾਰ ਸੁਹਾਇਮ ੜੀ ।
ਹਿਕ ਵਾਰ ਫ਼ਰੀਦ ਨੂੰ ਯਾਰ ਮਿਲੇ ।ਸਿਰੋ ਪੰਡ ਹਿਜਰ ਦਾ ਬਾਰ ਟਲੇ ।
ਜੈਂਦੇ ਕਾਰਨ ਉੱਮਰ ਗੰਵਾਇਮ ੜੀ ।

8. ਆਪੇ ਕੀਤੋਈ ਯਾਰ ਵੇ

ਆਪੇ ਕੀਤੋਈ ਯਾਰ ਵੇ ।ਕਿਉਂ ਥੀ ਖੜਿਉਂ ਅਵਾਜ਼ਾਰ ਵੇ ।
ਐਵੇਂ ਨ ਹਾ ਲਾਇਕ ਪੁੱਨਲ ।ਕਲ੍ਹੜੀ ਦ ਿਵਲ ਲਧੜੋ ਨ ਕਲ ।
ਵੰਜ ਕੇਚ ਲਾਇਓ ਐਸ਼ ਗਲ ।ਮੈ ਗਲ ਮੋਈ ਵਿੱਚ ਬਾਰ ਵੇ ।
ਦਿਲੜੋਂ ਨ ਸੁੰਜੜੀ ਕੂੰ ਚਹੀਂ ।ਸਰਮੋਂ ਕੁਸ਼ਰਮੋਂ ਆ ਬਹੀਂ ।
ਸ਼ਾਲਾ ਸਦਾ ਤੂੰ ਖੁਸ਼ ਰਹੀਂ ।ਅਸਲੋਂ ਨਹੀਂ ਏ ਕਾਰ ਵੇ ।
ਜੁੜ ਜੁੜ ਲਗੀ ਆ ਸਾਂਵਣੀ ।ਮੁਦ ਮਸਤ ਮੀਂਹ ਵਸਾਵਣੀ ।
ਮੌਸਮ ਸੁਹਾਗ ਸੁਹਾਵਣੀ ।ਮੈਂ ਸਿਰ ਡੋਹਾਗ ਦਾ ਬਾਰ ਵੇ ।
ਗਈ ਮੁਫ਼ਤ ਚੇਤਰ ਬਹਾਰ ਵੀ ।ਸੁਰਖ਼ੀ ਤੇ ਕੱਜਲਾ ਧਾਰ ਵੀ ।
ਮਹਿੰਦੀ ਤੇ ਹਾਰ ਸ਼ਿੰਗਾਰ ਵੀ ।ਕਰ ਯਾਦ ਕੌਲ ਕਰਾਰ ਵੇ ।
ਮਾ ਪਿਉ ਤੱਤੀ ਤੋਂ ਦੂਰ ਹੈ ।ਡੁੱਖ ਦਰਦ ਕਹਿਰ ਕਲੂਰ ਹੈ ।
ਸਾਂਵਲ ਸਭੋ ਮਨਜ਼ੂਰ ਹੈ ।ਹਿੱਕ ਤੂੰ ਨ ਥੀ ਬੇਜ਼ਾਰ ਵੇ ।
ਆਈਆਂ ਰੁੱਤਾਂ ਮਨ ਭਾਵਣੀਆਂ ।ਲਾਲੀਆਂ ਲਿਵਨ ਤੇ ਕਾਵਣੀਆਂ ।
ਵਲ ਤਾਂਘ ਚਾਵੇ ਚਾਵਣੀਆਂ ।ਵਲ ਰਸ ਵਸੂੰ ਹਿੱਕ ਵਾਰ ਵੇ ।
ਗਿਉਂ ਰੋਲ ਮਿੱਠੜਾ ਢੋਲ ਵੇ ।ਸਾਰੇ ਭੁਲੇ ਟਕ ਟੋਲ ਵੇ ।
ਵਿਸਰੇ ਅਲੌਲ ਮਖੌਲ ਵੇ ।ਡੁੱਖ ਸੂਲ ਨਾਸੀਂ ਤਾਰ ਵੇ ।
ਦਿਲ ਸ਼ੀਂਹ ਨੇਹ ਦੇ ਵਾਤ ਹੈ ।ਹੇਯਾਤ ਡੇਹਾਂ ਰਾਤ ਹੈ ।
ਏ ਮੂੰਹ ਨ ਮਾਂਦੀ ਬਾਤ ਹੈ ।ਦਿਲ ਹਿਕ ਲੱਖ ਆਜ਼ਾਰ ਵੇ ।
ਕਿਸਮਤ ਪੁੱਠੀ ਦੀਆਂ ਗਾਲੀਆਂ ।ਮਾਰੂ ਨ ਪੀਤਾਂ ਪਾਲੀਆਂ ।
ਡੇ ਗਿਉਮ ਮੁਲਕ ਨਕਾਲੀਆਂ ।ਘਰ ਬਾਰ ਬਰ, ਘਰ ਬਾਰ ਵੇ ।
ਡੁੱਖ ਪਿਆ ਪਟੀ ਦੇ ਪੇਸ਼ ਹੈ ।ਗ਼ਮ ਸੁਬਹ ਸ਼ਾਮ ਹਮੇਸ਼ ਹੈ ।
ਦਿਲ ਜ਼ਖਮ ਜ਼ਖਮੀ ਰੀਸ਼ ਹੈ ।ਤੌਂ ਬਿਨ ਥਵਿਮ ਲਾਚਾਰ ਵੇ ।
ਬਾਬਲ ਦੀ ਸ਼ਫਕਤ ਖੁੱਟ ਗਈ ।ਮਾਂ ਮਾਰ ਮਾਰ ਕੇ ਹੁੱਟ ਗਈ ।
ਭੈਣੀਂ ਦੀ ਸੰਗਤ ਤਰੁੱਟ ਗਈ ।ਵੀਰਣ ਦਾ ਨਿੱਤ ਤੱਕਰਾਰ ਵੇ ।
ਜੇ ਤਈਂ ਨ ਡੇਖ਼ਾਂ ਵਲ ਤੈਂਕੂੰ ।ਅਸਲੋਂ ਨ ਟਿੱਕ ਰਹਿਸਾਂ ਮੁੰਢੋ ।
ਰਖਸੇਂ ਜੇ ਇਤਨੀ ਤਾਂਘ ਤੂੰ ।ਹੁਣ ਪਾਰ ਨੀਲਾ ਪਾਰ ਵੇ ।
ਹੁਣ ਹਟ ਦੀ ਕੂੜੀ ਚਜ ਗਈ ।ਨੇੜੇ ਕਨੂੰ ਦਿਲ ਰੱਜ ਗਈ ।
ਡੁਖੜੀਂ ਤੋਂ ਦਿੱਲੜੀ ਭੱਜ ਗਈ ।ਬਸ ਯਾਰ ਗਿਉ ਸੇ ਹਾਰ ਵੇ ।
ਆ ਆਪ ਕੀਤੋ ਪਿਆਰ ਵੇ ।ਚਾ ਸਿਰ ਤੇ ਡੋਹ ਹਜ਼ਾਰ ਵੇ ।
ਗਲੜੇ, ਪਚਾਰ, ਵਯਾਰ ਵੇ ।ਠਹਿੰਦੀ ਨਹੀਂ ਹੁਣ ਆਰ ਵੇ ।
ਸੁੱਤੜੀ ਕੁੰ ਕਲ੍ਹੜਾ ਛੋੜ ਗਿਉਂ ।ਵਾਗਾਂ ਵਤਨ ਤੇ ਮੋੜ ਗਿਉਂ ।
ਸੁੰਜ ਬਰ ਦੀ ਛਲ ਵਿੱਚ ਬੋੜ ਗਿਉਂ ।ਲੁੱਟ ਧਾੜ ਜ਼ੁਲਮ ਅੰਧਾਰ ਵੇ ।
ਹੈਂ ਜ਼ੁਲਮ ਤੋ ਕਰ ਬਸ ਕੈਡੀਂ ।ਰਲੜੇ ਫ਼ਰੀਦ ਦੇ ਵੱਸ ਕਡੀਂ ।
ਵੱਸ ਰੱਸ ਅਤੇ ਖਿਲ ਹੱਸ ਕਡੀਂ ।ਜੀਵਣ ਦੇ ਡੇਂਹ ਹਿਨ ਚਾਰ ਵੇ ।

9. ਆਵਣ ਦੀ ਕਰ ਕਈ ਸਾਂਵਲ

ਆਵਣ ਦੀ ਕਰ ਕਈ ਸਾਂਵਲ ।ਮੁਫਤ ਨ ਜਾਨੋਮ ਜੋਭਨ ਢਲ ।
ਸਾਂਵਣ ਵਕਤ ਸੁਹਾਚ ਦੇ ।ਰਿਮ ਝਿਮ ਬਰਸਨ ਬਾਦਲ ।
ਬਠ ਪਏ ਹਿਜਰ ਦੇ ਡੇਂਰੜੇ ।ਉਮਰ ਗੁਜਾਰੂੰ ਰਲ ਰਲ ।
ਨਾਹੀਂ ਪੀਤ ਲਜਾਵਣੀ ।ਆਂਵੀ ਰਾਣਾ ਅਜ ਕਲ ।
ਪਰਸੋਂ ਤਰਸੋਂ ਮਰ ਸੁਤੀ ।ਵਲ ਕਿਥ ਲਭਸਿਆ ਮੋਮਲ ।
ਯਾਰ ਲਡ ਆਵੀਂ ਆਵਸੀਂ ।ਬਠ ਘਤ ਰਾਜਰ ਦਾ ਥਲ ।
ਘੋਲਾਂ ਰਾਜ ਖਰਾਜ ਨੂੰ ।ਵਾਰਾਂ ਸਾਧਾਂ ਸੋਮਲ ।
ਜੀ ਕੂੰ ਚਾਹ ਮਿਲਾਪ ਦੀ ।ਦਿਲ ਕੂੰ ਤਾਂਘ ਉਤਾਵਲ ।
ਨੈਣ ਸਿਕੇਤੇ ਦਰਸ ਦੇ ।ਲਾਵਣ ਸਖਤ ਉਬਾਹਲ ।
ਮਾਰੂ ਅਖੀਆਂ ਜਾਡਰੂ ।ਨਾਜ਼ ਵ ਚਾਲੀਂ ਚੰਚਲ ।
ਸ਼ੋਖ ਨਿਗਾਹ ਮਰੇਲੜੀ ।ਜ਼ੁਲਮੀ ਜ਼ੁਲਫ ਵਲੋ ਵਲ ।
ਕਰਕ ਨ ਪਾਪਨ ਕੁੰਜੜੀ ।ਡਾਲ ਨ ਹਾਂ ਕੂੰ ਪਲ ਪਲ ।
ਕੋਇਲ ਸਾੜ ਪਜਾਲਿਆ ।ਕਰ ਕਰ ਕੂਕਾਂ ਵਲ ਵਲ ।
ਵਾਹ ਵਾਹ ਯਾਰ ਦੀ ਯਾਰੀ ।ਭਲ ਭਲ ਬਿਰਹੋਂ ਦੀ ਅਲਭਲ ।
ਜੀੜਾ ਬੇਕਲ ਅਖੜੀਆਂ ।ਬਲ ਬਲ ਦਿਲੜੀ ਹਰਮਲ ।
ਨੇਂਹ ਨਿਭਾਇਆ ਖੋਟੜਾ ।ਨਜਰੇਮ ਸੌਖਾ ਅਵਲ ।
ਆਖਰ ਓੜਕ ਥਕੜੀ ।ਮਹਜ ਮੁਇਮਾ ਲਾ ਹਲ ।
ਮਾਰੂ ਥਲ ਦੇ ਪੈਂਡੜੇ ।ਪੇਚ ਕੁਲਲੜੇ ਵਲ ਛਲ ।
ਥਕ ਥਕ ਹੁਟ ਹੁਟ ਹਾਰੜੀ ।ਹਥੜੀਂ ਪੈਰੜੀਂ ਕੜਵਲ ।
ਕਹਥੜੇ ਕਹਥੜੇ ਪਰੀਤ ਦੇ ।ਸਾਡੇ ਡੋਰੇ ਮਲ ਮਲ ।
ਊਨੀ ਲੋਈ ਲਾਜ ਦੀ ।ਅਤਲਸ ਮਸ਼ਰੂ ਮਖਮਲ ।
ਤੌਂ ਬਿਨ ਕੌਨ ਫਰੀਦ ਦੀ ।ਜਾਨੀ ਲਹਿਸਮ ਆ ਕਲ ।
ਜੇਝੀ ਤੇਝੀ ਤੈਂਡੀਆਂ ।ਗਾਲ ਨ ਮਾਹੀ ਲਾ ਗਲ ।

10. ਆਏ ਮਸਤ ਦਿਹਾੜੇ ਸਾਵਣ ਦੇ

ਆਏ ਮਸਤ ਦਿਹਾੜੇ ਸਾਵਣ ਦੇ ।ਵੋਹ ਸਾਵਣ ਦੇ ਮਾਨ ਭਾਵਣ ਦੇ ।
ਬਦਲੇ ਪੂਰਬ ਮਾੜ ਡਖਨ ਦੇ ।ਕੱਜਲੇ ਭੁਰੇ ਸੌ ਸੌ ਵਣ ਦੇ ।
ਚਾਰੇ ਤਰਫ਼ੋਂ ਜੋਰ ਪਵਣ ਦੇ ।ਸਾਰੇ ਜੋੜ ਵਸਾਵਣ ਦੇ ।
ਚਕਵੀਆਂ ਚਕਵੇ ਅਗ਼ਨ ਪਪੀਹੇ ।ਕੋਇਲ ਮੋਰ ਚਚੋਣੇ ਚੀਹੇ ।
ਸਹੰਸ ਚਕੋਰ ਚੰਡੂਰ ਬਬੀਹੇ ।ਸ਼ਾਗ਼ਲ ਗੀਤ ਸ਼ਨਾਵਣ ਦੇ ।
ਡੇਂਹਾਂ ਪੀਘਾਂ ਸਾਵੀਆਂ ਪੀਲੀਆਂ ।ਰਾਤੀਂ ਖਣਮੀਆਂ ਖ਼ਮਣ ਰੰਗੀਲੀਆਂ ।
ਗੱਜ ਗੱਜ ਗਾਜਾ ਗੱਜਨ ਰਸੀਲੀਆਂ ।ਵਕਤ ਸ਼ਿੰਗਾਰ ਸੁਹਾਵਣ ਦੇ ।
ਰੋਹੀ ਰਾਵੇ ਥੀਆ ਗੁਲਜ਼ਾਰਾਂ ।ਥਲ ਚਤਰਾਂਗ ਵੀ ਬਾਗ਼ ਬਹਾਰਾਂ ।
ਘੰਡ ਤਵਾਰਾਂ ਬਾਰਸ਼ ਬਾਰਾਂ ।ਚਰਚੇ ਧਾਵਣ ਗਾਵਣ ਦੇ ।
ਚਾਂਦਨੀ ਰਾਤ ਮਲ੍ਹਾਰੀ ਡੌਂਹ ਹੈ ।ਠੱਡੜੀਆਂ ਹੀਲਾਂ ਰਿਮ ਝਿਮ ਮੀਂਹ ਹੈ ।
ਸੋਹਣੀ ਮੌਸਮ ਲਗੜਾ ਨੇਂਹ ਹੈ ।ਗਏ ਵੇਲੇ ਗ਼ਮ ਖਾਵਣ ਦੇ ।
ਮੁਦ ਮਸਤਾਨੀ ਤੇ ਖੁਸ਼ ਦਿਨੜੇ ।ਸਾਲੂੰ ਸੂਹੇ ਕੇਸਰ ਭਿੱਨੜੇ ।
ਸਹਜੋਂ ਮੀਂਹ ਬਰਸਾਤੋਂ ਸਿਨੜੇ ।ਝਗੜੇ ਲਾਂਘੇ ਲਾਵਣ ਦੇ ।
ਵਿੰਹ ਫ਼ਰੀਦ ਆਬਾਦ ਥਿਉਸੇ ।ਮਾਲ ਮਵੈਸ਼ੀ ਸ਼ਾਦ ਥਿਉਸੇ ।
ਦਿਲ ਦਰਦੋਂ ਆਜ਼ਾਦ ਥਿਉਸੇ ।ਚੋਲੇ ਅੰਗ ਨਾ ਮਾਂਵਣ ਦੇ ।

11. ਐ ਹੁਸਨ ਹਕੀਕੀ ਨੂਰ ਅਜ਼ਲ

ਐ ਹੁਸਨ ਹਕੀਕੀ ਨੂਰ ਅਜ਼ਲ ।ਤੈਨੂੰ ਵਾਜਬ ਤੇ ਅਮਕਾਨ ਕਹੂੰ ।
ਤੈਨੂੰ ਖਾਲਕ ਜ਼ਾਤ ਕਦੀਮ ਕਹੂੰ ।ਤੈਨੂੰ ਹਾਦਸ ਖ਼ਲਕ ਜਹਾਨ ਕਹੂੰ ।
ਤੈਨੂੰ ਮੁਤਲਕ ਮਹਜ਼ ਵਜੂਦ ਕਹੂੰ ।ਤੈਨੂੰ ਇਲਮੀਆ ਅਯਾਨ ਕਹੂੰ ।
ਅਰਵਾਹ ਨਫੂਸ ਅਕੂਲ ਮਿਸਾਲ ।ਅਸ਼ਬਾਹ ਅਯਾਨ ਨਿਹਾਂ ਕਹੂੰ ।
ਤੈਨੂੰ ਐਨ ਹਕੀਕਤ ਮਾਹੀਅਤ ।ਤੈਨੂੰ ਅਰਜ ਸਿਫ਼ਤ ਤੇ ਸ਼ਾਨ ਕਹੂੰ ।
ਅਨਵਾਅ ਕਹੂੰ ਔਜ਼ਾਅ ਕਹੂੰ ।ਇਤਵਾਰ ਕਹੂੰ ਔਜ਼ਾਅ ਕਹੂੰ ।
ਤੈਨੂੰ ਅਰਸ਼ ਕਹੂੰ ਅਫ਼ਲਾਕ ਕਹੂੰ ।ਤੈਨੂੰ ਨਾਜ਼ ਨਈਮ ਜਿਨਾਂ ਕਹੂੰ ।
ਤੈਨੂੰ ਤਤ ਜਮਾਦ ਨਬਾਤ ਕਹੂੰ ।ਹੈਵਾਨ ਕਹੂੰ ਇਨਸਾਨ ਕਹੂੰ ।
ਤੈਨੂੰ ਮਸਜਦ ਮੰਦਰ ਦੈਰ ਕਹੂੰ ।ਤੈਨੂੰ ਪੋਥੀ ਤੇ ਕੁਰਾਨ ਕਹੂੰ ।
ਤਸਬੀਹ ਕਹੂੰ ਜ਼ੱਨਾਰ ਕਹੂੰ ।ਤੈਨੂੰ ਕੁਫ਼ਰ ਕਹੂੰ ਈਮਾਨ ਕਹੂੰ ।
ਤੈਨੂੰ ਬਾਦਲ ਬਰਖਾ ਗਾਜ ਕਹੂੰ ।ਤੈਨੂੰ ਬਿਜਲੀ ਤੇ ਬਾਰਾਨ ਕਹੂੰ ।
ਤੈਨੂੰ ਆਬ ਕਹੂੰ ਤੇ ਖ਼ਾਕ ਕਹੂੰ ।ਤੈਨੂੰ ਬਾਦ ਕਹੂੰ ਨੀਰਾਨ ਕਹੂੰ ।
ਤੈਨੂੰ ਦਸਰਤ ਲਛਮਨ ਰਾਮ ਕਹੂੰ ।ਤੈਨੂੰ ਸੀਤਾ ਜੀ ਜਾਨਾਨ ਕਹੂੰ ।
ਬਲਦੇਵ ਜਸੋਦਾ ਨੰਦ ਕਹੂੰ ।ਤੈਨੂੰ ਕਿਸਨ ਕਨ੍ਹੀਆ ਕਾਨ ਕਹੂੰ ।
ਤੈਨੂੰ ਬਰਮਾ ਬਿਸ਼ਨ ਗਨੇਸ਼ ਕਹੂੰ ।ਮਹਾਂਦੇਵ ਕਹੂੰ ਭਗਵਾਨ ਕਹੂੰ ।
ਤੈਨੂੰ ਗੀਤ ਗ੍ਰੰਥ ਤੇ ਬੇਦ ਕਹੂੰ ।ਤੈਨੂੰ ਗਿਆਨ ਕਹੂੰ ਅਗਿਆਨ ਕਹੂੰ ।
ਤੈਨੂੰ ਆਦਮ ਹੱਵਾ ਸ਼ੈਸ ਕਹੂੰ ।ਤੈਨੂੰ ਨੂਹ ਕਹੂੰ ਤੂਫ਼ਾਨ ਕਹੂੰ ।
ਤੈਨੂੰ ਇਬਰਾਹੀਯ ਖ਼ਲੀਲ ਕਹੂੰ ।ਤੈਨੂੰ ਮੂਸਾ ਬਿਨ ਇਮਰਾਨ ਕਹੂੰ ।
ਤੈਨੂੰ ਹਰ ਦਿਲ ਦਾ ਦਿਲਦਾਰ ਕਹੂੰ ।ਤੈਨੂੰ ਅਹਿਮਦ ਆਲੀ ਸ਼ਾਨ ਕਹੂੰ ।
ਤੈਨੂੰ ਸ਼ਾਹਦ ਮੁਲਕ ਹਜਾਜ਼ ਕਹੂੰ ।ਤੈਨੂੰ ਬਾਇਸ ਕੋਨ ਮਕਾਨ ਕਹੂੰ ।
ਤੈਨੂੰ ਨਾਜ਼ ਕਹੂੰ ਅੰਦਾਜ਼ ਕਹੂੰ ।ਤੈਨੂੰ ਹੂਰ ਪਰੀ ਗੁਲਮਾਨ ਕਹੂੰ ।
ਤੈਨੂੰ ਨੋਕ ਕਹੂੰ ਤੈਨੂੰ ਟੋਕ ਕਹੂੰ ।ਤੈਨੂੰ ਸੁਰਖੀ ਬੀੜਾ ਪਾਨ ਕਹੂੰ ।
ਤੈਨੂੰ ਤਬਲਾ ਤੇ ਤੰਬੂਰ ਕਹੂੰ ।ਤੈਨੂੰ ਢੋਲਕ ਤੇ ਸੁਰਬਾਨ ਕਹੂੰ ।
ਤੈਨੂੰ ਹੁਸਨ ਤੇ ਹਾਰ ਸ਼ਿੰਗਾਰ ਕਹੂੰ ।ਤੈਨੂੰ ਵਿਸ਼ਵਾ ਗ਼ਮਜ਼ਾ ਆਨ ਕਹੂੰ ।
ਤੈਨੂੰ ਇਸ਼ਕ ਕਹੂੰ ਤੈਨੂੰ ਇਲਮ ਕਹੂੰ ।ਤੈਨੂੰ ਵਹਿਮ ਯਕੀਨ ਗੁਮਾਨ ਕਹੂੰ ।
ਤੈਨੂੰ ਹੁਸਨ ਕੱਵੀ ਇਦਰਾਕ ਕਹੂੰ ।ਤੈਨੂੰ ਜ਼ੌਕ ਕਹੂੰ ਵਜਦਾਨ ਕਹੂੰ ।
ਤੈਨੂੰ ਸਕਰ ਕਹੂੰ ਸਕਰਾਨ ਕਹੂੰ ।ਤੈਨੂੰ ਹੈਰਤ ਤੇ ਹੈਰਾਨ ਕਹੂੰ ।
ਤਸਲੀਮ ਕਹੂੰ ਤਲਵੀਨ ਕਹੂੰ ।ਤਮਕੀਨ ਕਹੂੰ ਅਰਫਾਨ ਕਹੂੰ ।
ਤੈਨੂੰ ਸੁੰਬਲ ਸੋਸਨ ਸਰਵ ਕਹੂੰ ।ਤੈਨੂੰ ਨਰਗਸ ਨਾਫੁਰਮਾਨ ਕਹੂੰ ।
ਤੈਨੂੰ ਲਾਲ ਦਾਗ਼ ਤੇ ਬਾਗ਼ ਕਹੂੰ ।ਗੁਲਜ਼ਾਰ ਕਹੂੰ ਬੁਸਤਾਨ ਕਹੂੰ ।
ਤੈਨੂੰ ਖੰਜਰ ਤੀਰ ਤਫ਼ੰਗ ਕਹੂੰ ।ਤੈਨੂੰ ਬਰਛਾ ਬਾਂਕ ਸਨਾਨ ਕਹੂੰ ।
ਤੈਨੂੰ ਤੀਰ ਖਦੰਗ ਕਮਾਨ ਕਹੂੰ ।ਸੁਫਾਰ ਕਹੂੰ ਪੈਕਾਨ ਕਹੂੰ ।
ਬੇਰੰਗ ਕਹੂੰ ਬੇਮਿਸਲ ਕਹੂੰ ।ਬੇ ਸੂਰਤ ਹਰ ਹਰ ਆਨ ਕਹੂੰ ।
ਸਬੂਹ ਕਹੂੰ ਕਦੂਸ ਕਹੂੰ ।ਰਹਿਮਾਨ ਕਹੂੰ ਸੁਬਹਾਨ ਕਹੂੰ ।
ਕਰ ਤੋਬਾ ਤੁਰਤ ਫ਼ਰੀਦ ਸਦਾ ।ਹਰ ਸ਼ੈ ਨੂੰ ਪੁਰ ਨੁਕਸਾਨ ਕਹੂੰ ।
ਐ ਪਾਕ ਅਲਖ ਬੇ ਐਬ ਕਹੂੰ ।ਉਸੇ ਹੱਕ ਬੇ ਨਾਮ ਨਿਸ਼ਾਨ ਕਹੂੰ ।

12. ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ

ਅਜ ਬਨ ਮੂੰ ਬ੍ਰਿਜ ਰਾਜ ਬੰਸਰੀ ਬਜਾਈ ।
ਬੰਸਰੀ ਬਜਾਈ ਅਗਮ ਗੀਤ ਗਾਈ ।
ਰੱਤ ਸੁਹਾਗ ਭਾਗ ਫਾਗ ਰਾਗ ਰੰਗ ਪੀਆ ਸੰਗ ।
ਭਇਉ ਆਨੰਦ ਅਮਗ ਅਮਗ ਹਰ ਮੂੰ ਹਰਿਆਈ ।
ਕੁੰਜ ਮੋਂ ਭਲੀ ਕ੍ਰਿਸ਼ਨ ਸੇ ਖੇਲੂੰ ਹੋਰੀ ।
ਪ੍ਰੇਮ ਨੇਮ ਕੀ ਗੁਲਾਲ ਕੋ ਉੜਾਈ ।
ਐਨ ਬੈਨ ਚੈਨ ਮੇਂ ਬੈਨ ਭਇਉ ਨਹੀਂ ਬੈਨ ।
ਅਨਹਦ ਘਨਘੋਰ ਸ਼ੋਰ ਜੋਰ ਸੇ ਮਚਾਈ ।
ਸੁਨ ਮਾਂਹਿ ਸਮਾਧ ਸੁਧ ਦਾ ਲਖ ਲਾਗ ਰਹੋ ।
ਮਹਾਂ ਘਟ ਵਹਦ ਪਟ ਜੋਤ ਹੈਂ ਜਗਾਈ ।
ਕਹਾਂ ਗੰਗ ਗੋਮਤੀ ਜਮਨਾ ਅਰ ਰਾਂਮ ਗੰਗ ।
ਦਿਲ ਜਲ ਮੂੰ ਟੋਬ ਟੋਬ ਤੀਰਥ ਪਰਸਾਈ ।
ਕਾਸ਼ੀ, ਮਥੁਰਾ, ਪਰਾਗ, ਬਰਮਾ, ਬਿਸ਼ਨ ਮਹੇਸ਼ ।
ਸਬ ਹੀ ਅਪਨੂੰ ਭੇਸ ਕਿਉਂ ਪਰਦੇਸ ਜਾਈ ।
ਬਰਮ ਕੀ ਫ਼ਰੀਦ ਖੇਲ ਬਿਸਰੀ ਜਗਤ ਮੂੰ ਬੇਲ ।
ਦਰਮਟ ਕੇ ਫੂਲ ਕੋ ਫਲਾ ਕੈ ਫਲ ਖਾਈ ।

13. ਅੱਜ ਡੋੜੀ ਸਿਕ ਦੀਦਾਰ ਦੀ ਹੈ

ਅੱਜ ਡੋੜੀ ਸਿਕ ਦੀਦਾਰ ਦੀ ਹੈ ।ਮਤਾਂ ਆਈ ਨਗਰ ਦਿਲਦਾਰ ਦੀ ਹੈ।
ਅਰਜ ਮੁਕੱਦਸ ਮੁਲਕ ਅਰਬ ਦੀ ।ਹਰ ਹਰ ਵਾਦੀ ਫਰਹ ਤਰਬ ਦੀ ।
ਮਨਜ਼ਿਲ ਤਰਹ ਅਜਬ ਦੀ ।ਸਾਰੀ ਵਜਾਅ ਸ਼ਿੰਗਾਰ ਦੀ ਹੈ।
ਹਰ ਹਰ ਕਤਰਾ ਆਂਬ ਹੈ ਕੌਸਰ ।ਗਰਦੋ ਗ਼ੁਬਾਰ ਹੈ ਮੁਸ਼ਕ ਤੇ ਅੰਬਰ ।
ਕਿਰੜ ਕੰਡਾ ਸ਼ਮਸ਼ਾਦ ਸਨੂਬਰ ।ਖ਼ਾਰ ਵੀ ਸ਼ਕਲ ਬਹਾਰ ਦੀ ਹੈ ।
ਅਰਬ ਸ਼ਰੀਫ ਹੈ ਸੋਹਣੀ ਸਾਰੀ ।ਨਾਜ਼ਕ ਨਾਜ਼ੋ ਤੇ ਮਤਵਾਰੀ ।
ਥੀਵਾਂ ਵਾਰੀ ਲੱਖ ਲੱਖ ਵਾਰੀ ।ਦਾਰ ਨਬੀ ਮੁਖ਼ਤਾਰ ਦੀ ਹੈ ।
ਆਏ ਹੱਜ ਉਮਰੈ ਦੇ ਵਾਰੇ ।ਸਭ ਰਲ ਮਿਲ ਲਬੀਕ ਪੁਕਾਰੇ ।
ਜੈਂਦੀ ਡੇਖਾਂ ਰੱਬ ਨ ਮਾਰੇ ।ਵਿੱਸਰੀ ਹੁਬ ਘਰ ਬਾਰ ਦੀ ਹੈ ।
ਆਂਗਨ ਨ ਭਾਵੇ ਤੇ ਘਰ ਖਾਵੇ ।ਸਾੜੈ ਤੋਲ ਨਿਹਾਲੀ ਭਾਵੇ ।
ਕਈ ਸ਼ੈ ਅਸਲੌਂ ਮਹਜ ਭਾਵੇ ਨ ।ਸਿਕ ਹਿਕ ਸਾਵਲ ਯਾਰ ਦੀ ਹੈ ।
ਇਸ਼ਕ ਫ਼ਰੀਦ ਖ਼ਰੀਦ ਕੀਤੋਸੇ ।ਕਲ ਕਾਰੋਂ ਆਜ਼ਾਦ ਥੀਉਸੇ ।
ਸੁਰਖੀ ਸੇਂਧ ਮੁਸਾਰਾ ਗਿਉਸੇ ।ਨਾ ਕਲ ਕੱਜਲੇ ਧਾਰ ਦੀ ਹੈ ।

14. ਅੱਜ ਕਲ ਅੱਖ ਫੁਰਕਾਂਦੀ ਹੈ

ਅੱਜ ਕਲ ਅੱਖ ਫੁਰਕਾਂਦੀ ਹੈ ।ਕਈ ਖ਼ਬਰ ਵਸਾਲ ਦੀ ਆਂਦੀ ਹੈ ।
ਵਕਤ ਮਿਲਣ ਦੀ ਮੌਸਮ ਆਈ ।ਲਜ਼ਤ ਰੋਜ਼ ਬਰੋਜ਼ ਸਵਾਈ ।
ਖੁਸ਼ੀਆਂ ਕਰਦੀ ਮਾਂ ਪਿਉ ਜਾਈ ।ਕਿਆ ਬਰਦੀ ਕਿਆ ਬਾਂਦੀ ਹੈ ।
ਦਰਦੋਂ ਅਲਮ ਬਰਬਾਦ ਥਿਉਸੇ ।ਜੰਗਲ ਬੇਲਾ ਸ਼ਾਦ ਥਿਉਸੇ ।
ਵੀਰਾਨਾ ਆਬਾਦ ਥਿਉਸੇ ।ਫਰਹਤ ਮੂਲ ਨ ਜਾਂਦੀ ਹੈ ।
ਹਰ ਵੇਲੇ ਹਰ ਆਨ ਹੈ ਸ਼ਾਦੀ ।ਡੇਵਨ ਲੋਕ ਮੁਬਾਰਕਬਾਦੀ ।
ਹਰ ਆਜ਼ਾਰੋਂ ਥਈ ਆਜ਼ਾਦੀ ।ਸੂਲ ਕਨੂੰ ਦਿਲ ਵਾਂਦੀ ਹੈ ।
ਰਾਂਝਨ ਜੋਗੀ ਆਇਮ ਵੇੜ੍ਹੇ ।ਸੜਦੇ ਮਰਦੇ ਖੇੜੇ ਭੇੜੇ ।
ਹੁਣ ਵਤ ਸਾਨੂੰ ਕੌਨ ਨਖੇੜੇ ।ਪਲ ਪਲ ਬਾਹ ਸਿਰਾਂਦੀ ਹੈ ।
ਥਇਆ ਫ਼ਰੀਦ ਸੁਹਾਗ ਸਵਾਇਆ ।ਮੌਲਾ ਝੋਕ ਨੂੰ ਆਨ ਵਸਾਇਆ ।
ਰਾਂਝਣ ਮੈਡਾ ਮੈਂ ਘਰ ਆਇਆ ।ਜੈਂ ਕਾਰਣ ਦਿਲ ਮਾਂਦੀ ਹੈ ।

15. ਅੱਜ ਮਾਂਘ ਮਹੀਨੇ ਦੀ ਨਾਵੀਂ ਵੇ

ਅੱਜ ਮਾਂਘ ਮਹੀਨੇ ਦੀ ਨਾਵੀਂ ਵੇ ।ਵਲ ਆਵੀਂ ਆ ਗਲ ਲਾਂਵੀਂ ਵੇ ।
ਰੁੱਤ ਰੰਗੀਲੀ ਤੇ ਸਾਇਤ ਸੋਹਣੀ ।ਮੌਸਮ ਗੁਲ ਫੁਲ ਦੀ ਮਨ ਮੋਹਣੀ ।
ਮੁਦ ਮਸਤਾਨੀ ਡੁੱਖੜੀਂ ਕੋਹਣੀ ।ਸਾਂਵਲ ਸਿਹਨ ਸੁਹਾਵੀਂ ਵੇ ।
ਸੱਈਆਂ ਨਾਜ਼ ਨਵਾਜ਼ ਕਰੇਂਦੀਆਂ ।ਕੱਜਲਾ ਸੁਰਖ਼ੀ ਮਾਂਗ ਬਣੇਂਦੀਆਂ ।
ਚੇਤਰ ਸੁਹੇਂਦੀਆਂ ਵਰ ਗਲ ਲੇਂਦੀਆਂ ।ਮੈਂ ਘਰ ਵੀ ਪੌਂ ਪਾਵੀਂ ਵੇ ।
ਮੁੱਠੜੀ ਰੂਪ ਅਨੂਪ ਵਸਾਰੇ ।ਡੁੱਖੜੀ ਰੋਂਦੀ ਉੱਮਰ ਗੁਜ਼ਾਰੇ ।
ਸੋਹਣਾ ਡੇ ਕਰ ਕੂੜੇ ਲਾਰੇ ।ਆਂਦੀ ਨ ਮੁੜ ਜਾਵੀਂ ਵੇ ।
ਖੇੜੇ ਭੇੜੇ ਰਖਿਨ ਬਖੇੜੇ ।ਸੱਸ ਨਨਾਣਾਂ ਲਾਂਵਮ ਝੇੜੇ ।
ਚਾਕ ਮਹੀਂ ਦਾ ਆ ਵੜ ਵੇੜ੍ਹੇ ।ਤੱਤੜੀ ਨੂੰ ਨ ਤਾਵੀਂ ਵੇ ।
ਸੱਈਆਂ ਜੁਗਤਾਂ ਨੋਕਾਂ ਕਰਦੀਆਂ ।ਮਿਹਣੇ ਹਾਪ ਕਰੇਂਦੀਆਂ ਬਰਦੀਆਂ ।
ਮਿਲ ਮਾਹੀ ਹੁਣ ਭੱਟ ਘਤ ਸਰਦੀਆਂ ।ਨਾ ਧੂਤੀਂ ਲਾਜ ਲਜਾਵੀਂ ਵੇ ।
ਤੌਂ ਬਿਨ ਮੇਰਾ ਹੋਰ ਨ ਕੋਈ ।ਤਾਨੇ ਮਾਰਿਮ ਖ਼ਲਕ ਸਭੋਈ ।
ਰੋਜ਼ ਅਜ਼ਲ ਦੀ ਤੇਰੀ ਹੋਈ ।ਲਗੜੀ ਤੋੜ ਨਿਭਾਵੀਂ ਵੇ ।
ਸਾਲੂ ਭਿੱਨੜਾ ਅੱਖ਼ੀਆਂ ਨੀਰੇ ।ਚੋਲੀ ਚੁੱਨੜੀ ਲੀਰ ਕਤੀਰੇ ।
ਲੂੰ ਲੂੰ ਸੀੜ੍ਹਾਂ ਲੱਖ ਲੱਖ ਚੀਰੇ ।ਅੱਲੜੇ ਜ਼ਖ਼ਮ ਮਟਾਂਵੀ ਵੇ ।
ਨੇਂਹ ਫ਼ਰੀਦ ਫ਼ਕਰ ਦੀ ਮੂੜੀ ।ਬਾਝ ਬਿਰਹੋਂ ਦੇ ਕੁਲ ਗਲ ਕੂੜੀ ।
ਮਰਦੀ ਜੀਂਦੀ ਨੀਵੀਂ ਪੂਰੀ ।ਦਿਲ ਨੂੰ ਦਾਗ਼ ਨ ਲਾਵੀਂ ਵੇ ।

16. ਅੱਜ ਮਾਂਘ ਮਹੀਨੇ ਦੀ ਯਾਰੀ ਵੇ

ਅੱਜ ਮਾਂਘ ਮਹੀਨੇ ਦੀ ਯਾਰੀ ਵੇ ।ਕਿਉਂ ਬੈਠੀਂ ਯਾਰ ਵਸਾਰੀ ਵੇ ।
ਆਈ ਮੌਸਮ ਚੇਤਰ ਬਹਾਰਾਂ ।ਸੰਗੀਆਂ ਸੁਰਤਾਂ ਮਿਲੀਆਂ ਯਾਰਾਂ ।
ਜੋਭਨ ਲਹਿਰੀਂ ਤਾਰ ਮਤਾਰਾਂ ।ਹਿਕ ਮੈਂ ਮੁਫ਼ਤ ਅਜ਼ਾਰੀ ਵੇ ।
ਸਈਆਂ ਧਾਂਵਿਨ ਗਾਵਣ ਗਾਂਵਿਨ ।ਸਹਿਜੇ ਹਾਰ ਸ਼ਿੰਗਾਰ ਸੁਹਾਵਿਨ ।
ਮਾਂਗ ਬਣਾਵਿਨ ਧੜੀਆਂ ਗੁੰਧਾਂਵਿਨ ।ਮੈਂ ਸਿਰ ਡੁੱਖੜੇ ਬਾਰੀ ਵੇ ।
ਸੁਰਖ਼ੀ ਕੱਜਲਾ ਮੈਂਦੀ ਸੋਂਹਦੀ ।ਹਰ ਹਿਕ ਅਪਨੇ ਢੋਲ ਨੂੰ ਮੋਂਹਦੀ ।
ਮੈਂ ਮੁੱਠੜੀ ਗ਼ਮ ਲੁਟੜੀ ਲੋਂਹਦੀ ।ਕਰਦੀ ਲੱਖ ਲੱਖ ਜ਼ਾਰੀ ਵੇ ।
ਜੇਵਰ ਪਾਵਿਨ ਬੀੜੇ ਲਾਵਿਨ ।ਕੰਥ ਰਿਝਾਵਿਨ ਸੇਝ ਸੁਹਾਵਿਨ ।
ਬਾਂਹ ਸਿਰਾਂਦੀ ਵਰ ਗਲ ਲਾਵਿਨ ।ਮੈਂ ਹਿੱਕ ਸੂਲਾਂ ਮਾਰੀ ਵੇ ।
ਰੁੱਤ ਸੋਹਣੀ ਤੇ ਵਕਤ ਸੁਖੇਲੇ ।ਅੰਗਨ ਸਹੇਲੇ ਘਰ ਅਲਬੇਲੇ ।
ਮੈਕੂੰ ਵੀ ਰੱਬ ਰਾਂਝਨ ਮੇਲੇ ।ਕਿਸਮਤ ਡੇਵਮ ਵਾਰੀ ਵੇ ।
ਗੁਲ ਫੁਲ ਧਜਰਾ ਜੋੜ ਡਖਾਵਿਮ ।ਬੁਲਬੁਲ ਭੌਰੇ ਖੁਸ਼ੀਆਂ ਪਾਵਿਮ ।
ਵਲ ਵਲ ਹਸਰਤ ਮਾੜੇ ਆਵਿਮ ।ਪਲ ਪਲ ਚੁਭਿਮ ਕਟਾਰੀ ਵੇ ।
ਉੱਜੜੇ ਸਿਹਰੇ ਹਾਰ ਕੁਮਾਣੇ ।ਨਾਜ਼ ਨਵਾਜ਼ ਦੇ ਟੋਲ ਵਹਾਣੇ ।
ਗੁਜ਼ਰੇ ਸਾਰੇ ਮਾਣੇ ਤਰਾਣੇ ।ਲੱਗੜੀ ਸ਼ਹਿਰ ਖਵਾਰੀ ਵੇ ।
ਰਾਤੀਂ ਨਿੰਦਰ ਨ ਡੇਂਹ ਕਰਾਰੇ ।ਹਰ ਹਰ ਵੇਲੇ ਦਾਰ ਮਦਾਰੇ ।
ਤੋਲ ਨਿਹਾਲੀ ਡਿੱਸਦੀ ਦਾਰੇ ।ਤਤੜੀ ਓੜਕ ਹਾਰੀ ਵੇ ।
ਬਾਂਹ ਚੁੜੇਲੀ ਸਿੱਕ ਸਿੱਕ ਹੁਟੜੀ ।ਗਲ ਨ ਲਾਵੇ ਡੇਂਦਾ ਪੁਠੜੀ ।
ਪੀਤ ਕੁਲਲੜੀ ਰੀਤ ਅਪੁਠੜੀ ।ਡਿਠੜੀ ਯਾਰ ਦੀ ਯਾਰੀ ਵੇ ।
ਮਾਹੀ ਮਿੱਠੜਾ ਗਲ ਨਾ ਲਾਵਿਮ ।ਗਾਨੇ ਗਹਿਣੇ ਖਾਵਣ ਆਵਮ ।
ਬਾਸ ਗੁਲਾਂ ਦੀ ਸਾਹ ਮੁੰਝਾਵਮ ।ਸਾੜੇ ਬਾਦ ਬਹਾਰੀ ਵੇ ।
ਦਰਦ ਅੰਦੋਹ ਤੇ ਰੋਮ ਕਸ਼ਾਲੇ ।ਸੋਜ਼ ਪੱਜਾਲੇ ਅੱਖੀਆਂ ਨਾਲੇ ।
ਸ਼ਾਲਾ ਯਾਰ ਫ਼ਰੀਦ ਸੰਭਾਲੇ ।ਟਾਲਿਮ ਮੂੰਝ ਮੁੰਝਾਰੀ ਵੇ ।

17. ਅਜੋਂ ਮਾਰੂ ਮਿਲਿਓ

ਅਜੋਂ ਮਾਰੂ ਮਿਲਿਓ ।ਦਿਲ ਨਾ ਮਾਂਦੀ ਥੀ ।
ਸੂਹੇ ਸੱਜ ਕੂੰ ਸਾੜ ਤੇ ।ਵੰਜ ਮਿਤਰਾਂ ਦੀ ਥੀ ।
ਬਾਂਦੀ ਬਰਦੀ ਯਾਰ ਦੀ ।ਬਰਦੀ ਬਾਂਦੀ ਥੀ ।
ਗੈਰੋਂ ਉਲਫ਼ਤ ਯਾਰ ਦੇ ।ਦਿੱਲੜੀ ਵਾਂਦੀ ਥੀ ।
ਨੇਂਹ ਨਭੇਦੀ ਮਰ ਗਿਓਮ ।ਪੁੱਨਲ ਕਾਂਧੀ ਥੀ ।
ਤਾਂਘ ਫ਼ਰੀਦ ਨੂੰ ਆਖਦੀ ।ਬਰ ਡੋਂ ਪਾਂਧੀ ਥੀ ।

18. ਅੱਜ ਪਹਿਲੋਂ ਸੇਜ਼ ਸੜੇਂਦੀ ਹੈ

ਅੱਜ ਪਹਿਲੋਂ ਸੇਜ਼ ਸੜੇਂਦੀ ਹੈ ।ਤੱਤੀ ਤੁਲ ਸੜੀ ਚੱਕ ਪੈਂਦੀ ਹੈ ।
ਡੇਂਹ ਫ਼ਰਾਕ ਅਸਾਂ ਸਰ ਕੜਕੇ ।ਦਿੱਲੜੀ ਫ਼ੜਕੇ ਛਾਤੀ ਥੜਕੇ ।
ਸੂਲ ਨਵੀਂ ਨਿੱਤ ਡੇਵਨ ਧੜਕੇ ।ਸਖ਼ਤੀ ਸਖ਼ਤ ਸਤੇਂਦੀ ਹੈ ।
ਆਏ ਵਕਤ ਵਿਦਾ ਸੱਜਨ ਦੇ ।ਸੌਹਣੇ ਸਾਂਵਲ ਮਨ ਮੋਹਨ ਦੇ ।
ਸੁੰਜੜੇ ਸੀਨੇ ਬੈਤ ਹੁਜ਼ਨ ਦੇ ।ਦਿੱਲੜੀ ਝੋਕ ਡੁਖੇਂਦੀ ਹੈ ।
ਉਜੜੀ ਰੰਗਤ ਫਟੜੇ ਫੁਟੜੇ ।ਹਾਰ ਹਮੇਲਾਂ ਸਿਹਰੇ ਤਰੁਟੜੇ ।
ਏ ਡੁੱਖ ਕੁੱਠੜੇ ਸੁਖੜੀ ਖੁੱਟੜੇ ।ਪਲ ਪਲ ਪੀੜ ਮੁੰਝੇਂਦੀ ਹੈ ।
ਵੱਤਨ ਪਿਆਸਾਂ ਚਾਈਆਂ ਖੁਨਕੀਆਂ ।ਖੁਸ਼ੀਆਂ ਡੁੱਸਕੀਆਂ ਮੂੰਝਾਂ ਮੁਸਕੀਆਂ ।
ਸਾਨੂੰ ਡੋੜੀਆਂ ਡੋੜੀਆਂ ਖੁਸਕੀਆਂ ।ਕਿਸਮਤ ਰੁੱਖ ਬਦਲੇਂਦੀ ਹੈ ।
ਪਾਸ ਨ ਕੀਤੀ ਆਸ ਦਿਲੋਂ ਦੇ ।ਯਾਰੀ ਤਰੋੜੀ ਯਾਰ ਚਹੇਂਦੇ ।
ਮਾਣ ਵੰਜਾਇਮ ਮਾਣ ਮਹੀਂ ਦੇ ।ਜਿੰਦੜੀ ਖ਼ਤਰ ਕਰੇਂਦੀ ਹੈ ।
ਮਸਤਕ ਲਿਖੜੀ ਪੇਸ ਪਿਉ ਸੇ ।ਯਾਰ ਫ਼ਰੀਦ ਨ ਖੜ ਮੁਕਲਿਉਸੇ ।
ਬੇਦਰਦਾਂ ਦੇ ਸਾਥ ਰਲਿਉਸੇ ।ਸਬ ਕਈ ਮੇਹਣੀਂ ਡੇਂਦੀ ਹੈ ।

19. ਅੱਜ ਰੰਗ ਰੁਖ ਤੇ ਵਲਿਆ ਹੈ

ਅੱਜ ਰੰਗ ਰੁਖ ਤੇ ਵਲਿਆ ਹੈ ।ਮਤਾਂ ਮਾਹੀ ਮਾਹਣੂ ਘੱਲਿਆ ਹੈ ।
ਜੰਗਲ ਬੇਲੇ ਸਬਜ਼ੀ ਚਾਈ ।ਰੌਨਕ ਰੋਜ਼ ਬਰੋਜ਼ ਸਵਾਈ ।
ਰਲ ਮਿਲ ਸਈਆਂ ਡੇਵਨ ਵਧਾਈ ।ਰਾਂਝਨ ਲੂੰ ਲੂੰ ਰਲਿਆ ਹੈ ।
ਕਾਨ੍ਹ ਕਹੇਲੇ ਖ਼ੁਨਕੀ ਚਾਈ ।ਚਾਈ ਲਿਆਦੇ ਪੂਰ ਲਲਾਈ ।
ਗੁਲ ਫੁਲ ਕਰਦੇ ਹੁਸਨ ਨ ਮਾਹੀ ।ਸੁਖ ਮਿਲਿਆ ਡੁੱਖ ਟਲਿਆ ਹੈ ।
ਰਾਂਝਨ ਜੋਗੀ ਮੈਡਾ ਮਾਹੀ ।ਮੈਂ ਬੇਵਾਹੀ ਦਾ ਹੈ ਵਾਹੀ ।
ਰੋਜ਼ ਅਜ਼ਲ ਤੋਂ ਉਸਦੀ ਆਹੀ ।ਜੈਂ ਦਿੱਲੜੀ ਨੂੰ ਮਲਿਆ ਹੈ ।
ਢੋਲਣ ਡਿਤੀ ਬਾਂਹ ਸਿਰਾਂਦੀ ।ਸੱਸ ਨਨਾਣ ਥਈ ਦਰਮਾਂਦੀ ।
ਖੇੜੀਂ ਭੈੜੀਂ ਹਸਰਤ ਆਂਦੀ ।ਕੋਈ ਗਲਿਆ ਤੇ ਕੋਈ ਜਲਿਆ ਹੈ ।
ਮਾਹੀ ਕੀਤੇ ਝੋਕੀਂ ਦੇਰੇ ।ਥਏ ਹਨ ਮੇਰੇ ਭਾਗ ਭਲੇਰੇ ।
ਹੱਥ ਗਾਨੇ ਸਰ ਸੋਂਹਦੇ ਸਿਹਰੇ ।ਬਾਗ਼ ਖੁਸ਼ੀ ਦਾ ਫਲਿਆ ਹੈ ।
ਥੀਵਸੈ ਸੂਲ ਕਨੂੰ ਜੀਵਾਂਦਾ ।ਗੁਜਰਿਆ ਵੇਲ੍ਹਾ ਵਕਤ ਡੁੱਖਾਂ ਦਾ ।
ਯਾਰ ਫ਼ਰੀਦ ਮਿਲਿਉਮ ਦਿਲ ਭਾਂਦਾ ।ਬਖ਼ਤ ਅਸਾਂ ਵਲ ਢਲਿਆ ਹੈ ।

20. ਅੱਜ ਸਾਂਵਲੜੇ ਮੁਕਲਾਇਆ

ਅੱਜ ਸਾਂਵਲੜੇ ਮੁਕਲਾਇਆ ।ਸਰ ਬਾਰ ਡੁੱਖਾਂ ਦਾ ਚਾਇਆ ।
ਐ ਕਿਬਲਾ ਅਕਦਸ ਆਲੀ ।ਹਰ ਐਬ ਕਨੂੰ ਹੈ ਖ਼ਾਲੀ ।
ਅਬ ਅਦਬ ਅਬੀਦ ਸਵਾਲੀ ।ਜੋ ਜੋ ਮੰਗਿਆ ਸੋ ਸੋ ਪਾਇਆ ।
ਵਾਹ ! ਅਮਨ ਅੱਲਾ ਮੁਅਜ਼ਮ ।ਵਹ ਹਰਮ ਅੱਲਾ ਮਹੱਰਮ ।
ਵਾਹ ! ਬੇਤ ਅੱਲਾ ਮਕੱਰਮ ।ਰਹਿਮਤ ਦਾ ਸਰਮਾਇਆ ।
ਐ ਨੂਰ ਸਿਆਹ ਮਜੱਸਮ ।ਹੈ ਐਨ ਸਵਾਦਲ ਆਜ਼ਮ ।
ਥੀਆ ਬੇਸ਼ਕ ਆਮਨ ਬੇ ਗ਼ਮ ।ਜੋ ਹਰਮ ਇਹਾਤੇ ਆਇਆ ।
ਕਰ ਯਾਦ ਹਰੀਮ ਹਰਮ ਕੂੰ ।ਰਖ ਪੇਸ਼ ਪਰਾਣੇ ਗ਼ਮ ਕੂੰ ।
ਦਿਲ ਆਖੇ ਖਾਂਵਾਂ ਸਮ ਕੂੰ ।ਹੈ ਜੀਵਣ ਕੂੜ ਅਜਾਇਆ ।
ਹੁਣ ਵਾਗਾਂ ਵਤਨ ਵਲਾਈਆਂ ।ਲਖ ਮੂੰਝ ਮੂੰਝਾਰੀਆਂ ਆਇਆਂ ।
ਦਿਲ ਸਚੜੀਆਂ ਪਤੀਆਂ ਲਾਇਆਂ ।ਦਿਲ ਮੇਲੀਂ ਬਾਰ ਖੁਦਾਇਆ ।
ਦਿਲ ਦਿਲਬਰ ਕੀਤੇ ਸਿੱਕੇ ।ਘਰ ਸ਼ਹਿਰ ਬਾਜ਼ਾਰ ਨ ਟਿੱਕੇ ।
ਵੰਜ (ਵਨੀਹ) ਖੋਸੂੰ ਤੌਫ ਦੇ ਧਕੇ ।ਵਲ ਜੇਕਰ ਬਖਤ ਭੜਾਇਆ ।
ਬਿਨ ਯਾਰ ਫ਼ਰੀਦ ਨਜਰਸਾਂ ।ਰੱਤ ਰੋ ਰੋ ਆਹੀਂ ਕਰਸਾਂ ।
ਗ਼ਮ ਖਾ ਖਾ ਓੜਕ ਮਰਸਾਂ ।ਡੁਖ ਡੁਖਰੀਂ ਜੀੜਾ ਤਾਇਆ ।

(ਸਾਂਵਲੜੇ=ਕਾਬੇ ਦਾ ਸਾਂਵਲਾ ਰੰਗ, ਬਾਰ=ਭਾਰ, ਡੁਖਾਂ=ਦੁੱਖਾਂ,
ਅਕਦਸ=ਪਵਿਤਰ, ਅਬਦ=ਦਾਸ, ਅਬੀਦ=ਛੋਟਾ ਦਾਸ, ਅਮਨ=
ਆਰਾਮ ਘਰ, ਮੁਅਜ਼ਮ=ਮਾਣਯੋਗ, ਹਰਮ=ਘਰ, ਮਹੱਰਮ=ਆਦਰਯੋਗ,
ਸਵਾਦਲ=ਮੱਕਾ ਸ਼ਰੀਫ਼, ਆਮਨ=ਆਉਣਾ, ਹਰੀਮ=ਵਿਹੜਾ, ਸਮ=
ਜ਼ਹਿਰ, ਮੂੰਝ=ਦੁੱਖ,ਰੰਜ, ਸਿੱਕੇ=ਲਗਨ, ਖੋਸੂੰ=ਖਾਵਾਂਗੇ, ਤੌਫ=ਪ੍ਰਕਰਮਾ,
ਭੜਾਇਆ=ਮੱਦਦ ਕੀਤੀ, ਜੀੜਾ=ਜੀਅ)

21. ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ

ਅੱਜ ਸ਼ਬਰੀਆਂ ਸ਼ਗਫ਼ ਭਾਂਦੇ ਹਿਨ ।ਮਤਾਂ ਦੇਸ ਪੁਨਲ ਦੇ ਆਂਦੇ ਹਿਨ ।
ਨਾਜ਼ ਜਮਲ ਜਮੀਲ ਵਤਨ ਦੇ ।ਰਾਹੀਂ ਰਾਹੰਦੇ ਰਾਹ ਸੱਜਨ ਦੇ ।
ਹਰ ਦਮ ਹੋਵਨ ਨਾਲ ਅਮਨ ਦੇ ।ਸਾਥੀ ਦਰਦਮੰਦਾਂ ਦੇ ਹਿਨ ।
ਲਬ ਮੁਸਕਾਵਿਨ ਅੱਖੀਆਂ ਫੁਰਕਨ ।ਰਗ ਰਗ ਬੁਲਕੇ ਦਿਲਰੀਆਂ ਸੁਰਕਨ ।
ਗ਼ਮ ਗ਼ਮ ਖਾਵਿਨ ਡੁੱਖੜੇ ਕੁਰਕਨ ।ਸੂਲ ਸਿਰੋਂ ਨੱਸ ਜਾਂਦੇ ਹਿਨ ।
ਸੋਹਣੇ ਜਮਲ ਜਮੀਲ ਬਦਾਵੀ ।ਸ਼ਮਸ ਵਕਮਰ ਦੇ ਨਾਲ ਮਸਾਵੀ ।
ਸਾਰੇ ਹੁਸਨ ਜਮਾਲ ਦੇ ਹਾਵੀ ।ਸਾਡੇ ਗੋਸ਼ੇ ਹਾਂ ਦੇ ਹਿਨ ।
ਬੱਦਲੀ ਜੁੜ ਗਨਘੋਰ ਮਚਾਈ ।ਫੋਗੀ ਲਾਣੀ :ਖੁਨਕੀ ਚਾਈ ।
ਨਾਜ਼ ਕਰੇਂਦੀ ਲਾਈ ਲਾਈ ।ਆਰਫ ਇਬਰਤ ਖਾਂਦੇ ਹਿਨ ।
ਆਏ ਭਾਗ ਸੁਭਾਗ ਸਿੱਧਾਏ ।ਭਾਗੋ ਭਾਗ ਡੁਹਾਗ ਸਿੱਧਾਏ ।
ਤਨ ਮਨ ਡੁਖੜ ਝਾਗ ਸਿੱਧਾਏ ।ਜੋ ਚਾਂਹਦੇ ਸੋ ਲਹਿੰਦੇ ਹਿਨ ।
ਬੇਂਸਰ ਬੋਲੇ ਬੈਨੇ ਠੁਮਕਨ ।ਵਾਲੀਆਂ ਵਾਲੇ ਝੁਮਕੇ ਝਿਮਕਨ ।
ਕੜੀਆਂ ਨੂਰੇ ਪੈਰੀਂ ਘੁਮਕਨ ।ਜ਼ੇਵਰ ਤਰੇਵਰ ਟਹਿੰਦੇ ਹਿਨ ।
ਜ਼ੁਲਫਾਂ ਸਹਿਜੋਂ ਸੌ ਵਲ ਪਾਵਨ ।ਤਿਲਕ ਤਿਲੋਲੇ ਲਤਕੇ ਲਾਵਿਨ ।
ਸੁਰਖ਼ੀਆਂ ਕੱਜਲ ਮੁਸਾਗ ਸਹਾਵਨ ।ਹਾਰ ਸਿੰਗਾਰ ਸੁਹਾਂਦੇ ਹਿਨ ।
ਤਾਲਿਆਂ ਭਲੇ ਬਖ਼ਤ ਸਵੱਲੇ ।ਆਏ ਮਹਜ਼ ਫ਼ਰੀਦ ਦੇ ਵੱਲੇ ।
ਪਲ ਪਲ ਯਾਰ ਸਨੇਹੜੇ ਘੱਲੇ ।ਡੇਂਹ ਡੁੱਖਾਂ ਤੋਂ ਵਾਂਦੇ ਹਿਨ ।

22. ਅਜ ਵੇੜਾ ਪਿਆ ਭਾਂਦਾ ਹੈ

ਅਜ ਵੇੜਾ ਪਿਆ ਭਾਂਦਾ ਹੈ ।ਕੋਈ ਵਸਲ ਸਨੇਹੜਾ ਆਂਦਾ ਹੈ ।
ਮਿਲ ਮਿਲ ਆਏ ਬਾਦਰ ਕਾਰੇ ।ਬਿਜਲੀ ਚਮਕੇ ਮੀਂਹ ਫੰਗ਼ਾਰੇ ।
ਰਾਜ ਗਾਜ ਕਰੇ ਧਦਕਾਰੇ ।ਝੋਕ ਸਹਾਗ ਸੁਹਾਦਾ ਹੈ ।
ਟੋਭੇ ਉਛਲਨ ਮਾਲ ਨ ਮਾਵੇ ।ਰਾਤੀਂ ਯਾਰ ਅਸਾਂ ਗਲ ਲਾਵੇ ।
ਹਰ ਕਈ ਫ਼ਰਹਤ ਨਾਲ ਨਿਭਾਵੇ ।ਹਿਕ ਡੁੱਖ ਡੁੱਖ ਪਿਆ ਖਾਂਦਾ ਹੈ ।
ਕੋਇਲ ਕੂਕੇ ਮੋਰ ਚੰਘਾੜੇ ।ਅਗਨ ਪਪੀਹੇ ਕਰਨ ਬੁਲਾਰੇ ।
ਹਰ ਹਰ ਵਹਸ਼ੀ ਕਰ ਲਲਕਾਰੇ ।ਗੀਤ ਖ਼ੁਸ਼ੀ ਦੇ ਗਾਂਦਾ ਹੈ ।
ਦਸ਼ਤ ਬੀਆਬਾਨ ਡਿੱਸਨ ਬਹਾਰਾਂ ।ਬੂਟੇ ਬੂਟੇ ਸਹੰਸ ਤਵਾਰਾ ।
ਰਾਹਤ ਹੋਈ ਹੈ ਤਾਰ ਮਤਾਰਾਂ ।ਚੋਲੇ ਅੰਗ ਨ ਮਾਂਦਾ ਹੈ ।
ਚੁਣਕੇ ਕਰਦੇ ਚਿਣਕ ਸਹੇਲੀ ।ਵੇਲੇ ਆਨ ਸੰਭਾਲਿਅਮ ਬੇਲੀ ।
ਸੇਧ ਫ਼ਰੀਦ ਰੱਖਾਂ ਕਿਉਂ ਮੇਲੀ ।ਨਾਜ਼ ਨਵਾਜ਼ ਸਭਾਂਦਾ ਹੈ ।

23. ਅੱਜ ਜ਼ੇਵਰ ਪਏ ਟਹਿੰਦੇ ਹਿਨ

ਅੱਜ ਜ਼ੇਵਰ ਪਏ ਟਹਿੰਦੇ ਹਿਨ ।
ਮਤਾਂ ਡੇਂਹ ਸੁਹਾਗ ਦੇ ਆਂਦੇ ਹਿਨ ।

ਕਜਲਾ ਮਾਰੂ ਦੀਦਾਂ ਭਾਲੇ ।
ਸੁਰਖੀ ਮੁਸਕ ਮੁਸਕ ਗ਼ਮ ਟਾਲੇ ।
ਬੂਲੇ ਬੈਨੇ ਤੇ ਕਟਮਾਲੇ ।
ਸਹਿਜੋਂ ਲਚਕੇ ਖਾਂਦੇ ਹਿਨ ।

ਬਾਦ ਸਮਾਲੀ ਲੁਰਕੇ ਲੁਰਕੇ ।
ਬਾਰਸ਼ ਰਿੱਮ ਝਿੱਮ ਬੁਰਕੇ ਬੁਰਕੇ ।
ਅੱਖੀਆਂ ਫੁਰਕਨ ਲੂੰ ਲੂੰ ਮੁਰਕੇ ।
ਠਰ ਗਏ ਗੋਸ਼ੇ ਹਾਂ ਦੇ ਹਿਨ ।

ਜੀਂਦੇ ਅਰਬ ਸ਼ਰੀਫ ਡਿੱਠੋਸੇ ।
ਲੁਹਦੀਂ ਸਿਦਕੀ ਨਾ ਮਰਗਿਉਸੇ ।
ਸੋਹਣੇ ਸਾਂਵਲ ਯਾਦ ਕਿਤੋਸੇ ।
ਹਾਰ ਸ਼ਿੰਗਾਰ ਸੁਹਾਂਦੇ ਹਿਨ ।

ਸਦਕੇ ਸਦਕੇ ਵਾਰੀ ਵਾਰੀ ।
ਓਲੇ ਘੋਲੇ ਲੱਖ ਲੱਖ ਵਾਰੀ ।
ਸਰ ਕੁਰਬਾਨ ਤੇ ਜਾਨ ਨਸਾਰੀ ।
ਮਿਲਕ ਮਿੱਠੇ ਮਿਤਰਾਂ ਦੇ ਹਿਨ ।

ਵਾਦੀਆਂ ਰਾਹ ਮਦੀਨੇ ਵਾਲੀਆਂ ।
ਸਾਗੀ ਬਾਗ਼ ਬਹਿਸ਼ਤੀ ਚਾਲੀਆਂ ।
ਹਰ ਹਰ ਆਨ ਸਦਾ ਖੁਸਹਾਲੀਆਂ ।
ਸੁਖ ਸਿਹਰੇ ਡੁੱਖ ਮਾਂਦੇ ਹਿਨ ।

ਅਰਬ ਸ਼ਰੀਫ ਦੀ ਸੋਹਣੀ ਰੀਤੇ ।
ਲਾਵੇ ਦਿਲ ਨੂੰ ਪਰਮ ਪਲੀਤੇ ।
ਵਿਸਰੇ ਚਾਚੱੜ ਸਦਕੇ ਕੀਤੇ ।
ਅਸਲੋਂ ਮਹਜ਼ ਨ ਭਾਂਦੇ ਹਿਨ ।

ਹੁਸਨ ਜਮਾਲ ਦੀ ਧਰਤੀ ਆਈ ।
ਸਭ ਸ਼ੈ ਚਾਹਰੀ ਤਰਜ਼ ਡੱਖਾਈ ।
ਫ਼ਰਹਤ ਰੋਜ਼ ਫ਼ਰੀਦ ਸਵਾਈ ।
ਡੁੱਖੜੇ ਮਾਂਦੇ ਸਾਂਦੇ ਹਿਨ ।

24. ਅੱਲ ਫਾਲ ਫ਼ਰਾਕ ਡਸੇਂਦੀ ਹੈ

ਅੱਲ ਫਾਲ ਫ਼ਰਾਕ ਡਸੇਂਦੀ ਹੈ ।ਮਤਾ ਯਾਰ ਕਨੂੰ ਨਿਖੜੇਂਦੀ ਹੈ ।
ਸਖਤੀਆਂ ਵਧੀਆਂ ਸੁਖ ਥਏ ਥੋਲੇ ।ਰੰਜੋ ਅਲਮ ਗ਼ਮ ਸੋਜ਼ ਸਮੋਲੇ ।
ਚਰਖਾ ਡੁੱਖੜੀ ਰੂੰ ਰੂੰ ਬੋਲੇ ।ਤੰਦ ਡਿੰਗੀ ਵਲ ਪੈਂਦੀ ਹੈ ।
ਸੇਧਾਂ ਕੱਜੜੀਆਂ ਮੇਂਦੀਆਂ ਫਿੱਕੜੀਆਂ ।ਕਜਲੇ ਉਜੜੇ ਸੁਰਖ਼ੀਆਂ ਬਿਖੜੀਆਂ ।
ਯਾਸਾਂ ਮਿਲੀਆਂ ਆਸਾਂ ਨਿੱਖੜੀਆਂ ।ਲੂੰ ਲੂੰ ਵੈਣ ਵਲੇਂਦੀ ਹੈ ।
ਤੂਲ ਨਿਹਾਲੀਆਂ ਦਾਰ ਡਿੱਸੀਜਨ ।ਹਾਰ ਫੁਲਾਂ ਦੇ ਖ਼ਾਰ ਡਿੱਸੀਜਨ ।
ਸਿਹਨ ਹਵੇਲੀਆਂ ਬਾਰ ਡਿੱਸੀਜਨ ।ਸਬ ਸ਼ੈ ਮੁੰਝੇ ਵਧੇਦੀ ਹੈ ।
ਭਾਗ ਗਿਆ ਬਦ ਬਖ਼ਤੀ ਜਾਗੀ ।ਬਾਂਹ ਚੁੜੇਲੀ ਥੀਵਮ ਡੁਹਾਗੀ ।
ਜੈਂਦੀਂ ਡੇਖਾਂ ਸਾਵਲ ਸਾਗੀ ।ਜਿੰਦੜੀ ਮਰ ਮਰ ਵੈਂਦੀ ਹੈ ।
ਟੁੱਟੇ ਕੰਗਣ, ਕੜੀਆਂ, ਨੇਵਰ ।ਟੁੱਕੜੇ ਬੈਨੇ, ਬੋਲੇ, ਬੈਂਸਰ ।
ਕਟਮਾਲੇ ਥਏ ਨਾਂਗ ਬਰਾਬਰ ।ਚੁਹੰਬ ਕਲੀ ਚਕ ਪੈਂਦੀ ਹੈ ।
ਨਜ਼ਰ ਨ ਆਵੇ ਰਾਂਝਨ ਮਾਹੀ ।ਕੀਤੁਸ ਬੇਕਸ ਤੇ ਬੇਵਾਹੀ ।
ਮੂੰਝ ਮੁੰਝਾਰੀ ਗਲ ਦੀ ਫਾਹੀ ।ਸਬਰ ਆਰਾਮ ਵੰਜੇਂਦੀ ਹੈ ।
ਦਰਦ ਕਨੂੰ ਮੂੰਹ ਸਾਵਾ ਪੀਲਾ ।ਚੋਲਾ ਕਾਲਾ ਬੋਛਣ ਨੀਲਾ ।
ਤੌਂ ਬਿਨ ਸਾਡਾ ਕੋਝਾ ਹੀਲਾ ।ਹਰ ਕਈ ਸਖ਼ਤ ਅਲੇਂਦੀ ਹੈ ।
ਸੌਣ ਸ਼ਗੂਨ ਸਭੇ ਥਏ ਪੁੱਠੜੇ ।ਵਸਲ ਵਸਾਲ ਦੇ ਸਾਂਗੇ ਤਰੁੱਟੜੇ ।
ਨੈਨ ਨ ਭਾਏ ਰੋ ਰੋ ਹੁੱਟੜੇ ।ਦਿੱਲੜੀ ਕੇਸ ਕਰੇਦੀ ਹੈ ।
ਚੇਤਰ ਬਹਾਰ ਖ਼ਿਜ਼ਾਂ ਡਿੱਸੀਜੇ ।ਝੋਕ ਸਭੋ ਵੀਰਾਨ ਡਿੱਸੀਜੇ ।
ਨ ਕੋਈ ਇਲਮ ਨ ਬਾ ।ਰੋਹੀ ਡੈਣ ਡਰੇਂਦੀ ਹੈ ।
ਯਾਰ ਫ਼ਰੀਦ ਨ ਖੜਾ ਮੁਕਲਾਇਆ ।ਬਾਰ ਬਾਰ ਹਿਜਰ ਸਿਰ ਆਇਆ ।
ਸਿਕ ਸਾੜਿਆ ਤੇ ਤਾਂਘਾਂ ਤਾਇਆ ।ਕਿਸਮਤ ਰੋਧੇ ਡੇਂਦੀ ਹੈ ।

25. ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ

ਅਲਫ਼ ਹਿਕੋ ਹਮ ਬਸ ਵੇ ਮੀਆਂ ਜੀ ।
ਹੋਰ ਕਹਾਣੀ ਮੂਲ ਨ ਭਾਣੀ ।ਅਲਫ਼ ਗਿਉਮ ਦਿਲ ਖਸ ਵੇ ਮੀਆਂ ਜੀ ।
ਬੇ ਤੇ ਦੀ ਬਈ ਕਲ ਨ ਕਾਈ ।ਅਲਫ਼ ਕੀਤਮ ਬੇ ਵੱਸ ਵੇ ਮੀਆਂ ਜੀ ।
ਠੱਪ ਰਖ਼ ਫਿਕਾ ਅਸੂਲ ਦੇ ਮਸਲੇ ।ਬਿਰਹੋਂ ਬਾਬ ਦਾ ਡੱਸ ਵੇ ਮੀਆਂ ਜੀ ।
ਜੇ ਕਰ ਲਗੜੋ ਚਾਟ ਬਿਰਹੋਂ ਦੀ ।ਜਾਇਆ ਕੂੰ ਡੇਸੀਂ ਡੱਸ ਵੇ ਮੀਆਂ ਜੀ ।
ਜੇ ਨ ਸਬਕ ਬਿਰਹੋਂ ਦਾ ਡਿੱਤੜੇ ।ਅੱਜ ਕਲ ਵੈਸਾਂ ਨੱਸ ਵੇ ਮੀਆਂ ਜੀ ।
ਬਿਰਹੌਂ ਸਿਖ਼ੀ ਤੇ ਬਿਰਹੋਂ ਸਿਖਾਈਂ ।ਹਈ ਸਾਬਸ ਸ਼ਾਬਸ ਵੇ ਮੀਆਂ ਜੀ ।
ਜੀਂਦੀ ਹੋਈ ਹਿੱਕ ਯਾਰ ਦੇ ਰਹਿਸੂੰ ।ਵਿੱਸਰੀ ਹੋਰ ਹਵਸ ਵੇ ਮੀਆਂ ਜੀ ।
ਮੰਤਰ ਪਰੀਤ ਦਾ ਫੂਕ ਸੁਕਾਰੀ ।ਲਿੰਗੜੀ ਹਮ ਆਲਸ ਵੇ ਮੀਆਂ ਜੀ ।
ਉਲਫ਼ਤ ਜ਼ਰਦੀ ਘਰਦੀ ਵਰਦੀ ।ਨਾ ਰਹਿ ਗਈ ਹਿੱਕ ਖਸ ਵੇ ਮੀਆਂ ਜੀ ।
ਰਾਂਝਨ ਮੈਂਡਾ ਮੈਂ ਰਾਂਝਨ ਦੀ ।ਖੇੜਿਆਂ ਦੇ ਮੂੰਹ ਭੱਸ ਵੇ ਮੀਆਂ ਜੀ ।
ਸੱਟ ਘਰ ਬਾਰ ਤੇ ਬਾਰ ਵਸੇਸਾਂ ।ਬਦਲੀਂ ਕੀਤੀ ਲੱਸ ਵੇ ਮੀਆਂ ਜੀ ।
ਇਲਮ ਅਮਲ ਭੁਲ ਵੈਸੀ ਜੇਕਰ ।ਇਸ਼ਕ ਪਿਉ ਕਨ ਰਸ ਵੇ ਮੀਆਂ ਜੀ ।
ਓੜਕ ਇਸ਼ਕ ਅੰਦਰ ਜਿੰਦ ਡੇਸੂ ।ਨਾ ਸਮਝੀਂ ਖਿਲ ਹੱਸ ਵੇ ਮੀਆਂ ਜੀ ।
ਨੇਂਹ ਕਡੋਕੜਾਂ ਪਿਉਸੇ ਪੁਖੜੇ ।ਨਾ ਹਈ ਕਲਮ ਤੇ ਮੱਸ ਵੇ ਮੀਆਂ ਜੀ ।
ਨਾ ਅੱਜ ਕਲ ਦੀ ਯਾਰ ਦੇ ਵੱਲ ਦੀ ।ਰੋਜ਼ ਅਜ਼ਲ ਦੀ ਹੱਸ ਵੇ ਮੀਆਂ ਜੀ ।
ਇਸ਼ਕੋਂ ਮੂਲ ਫ਼ਰੀਦ ਨ ਫਿਰਸੂੰ ।ਰੋਜ਼ ਨਵੀਂ ਹਿਮ ਚੱਸ ਵੇ ਮੀਆਂ ਜੀ ।

26. ਅੱਲਾ ਮੇਲੇ ਵਲ ਸੰਗ ਯਾਰਾ

ਅੱਲਾ ਮੇਲੇ ਵਲ ਸੰਗ ਯਾਰਾ ।ਬਰਦੀ ਤੌਂ ਦਿਲਬਰ ਦੀ ।
ਨਾਜ਼ ਨਜ਼ਾਕਤ ਹੁਸਨ ਮਲਾਹਤ ।ਕਿਆ ਚਾਲੀਂ ਕਿਆ ਢੰਗ ਯਾਰਾ ।
ਸੋਹਣੀ ਤਰਹ ਨਜ਼ਰ ਦੀ ।
ਇਸ਼ਵੇ ਗਮਜ਼ੇ ਕਰਨ ਲੜਾਈ ।ਚਸ਼ਮਾਂ ਕਰਦੀਆਂ ਜੰਗ ਯਾਰਾ ।
ਡਾਢੇ ਜ਼ੁਲਮ ਕਹਿਰ ਦੀ ।
ਹਰ ਹਰ ਕਾਕਲ ਨਾਂਗ ਵਰਾਧਾ ।ਜ਼ੁਲਫ ਮਰੇਂਦੀ ਡੰਗ ਯਾਰਾ ।
ਲੜਦੀ ਮੂਲ ਨ ਲੜਦੀ ।
ਕਾਮਤ ਯਾਰ ਕਿਆਮਤ ਸਾਰੀ ।ਸਹੰਸ ਫ਼ਰੇਬ ਫਰੰਗ ਯਾਰਾ ।
ਕਰਦੀ ਜੋ ਜੋ ਸਰਦੀ ।
ਤੀਰ ਨਿਗਾਹ ਦਾ ਰਗ ਰਗ ਰਚਿਆ ।ਸਾਰਾ ਬਦਨ ਚੋਰੰਗ ਯਾਰਾ ।
ਲਗੜੀ ਨੋਕ ਹੁਨਰ ਦੀ ।
ਇਸ਼ਕ ਫ਼ਰੀਦ ਰੁਲਾਇਮ ਬਰੋਚ ।ਹੱਡ ਹੱਡ ਤੇ ਅੰਗ ਅੰਗ ਯਾਰਾ ।
ਨਿਖੜਿਅਮ ਕੂੰਜ ਵਲ੍ਹਰ ਦੀ ।

27. ਅਲਯੌਮ ਬਸਰ ਹਦੀਦ ਵੇ

ਅਲਯੌਮ ਬਸਰ ਹਦੀਦ ਵੇ ।ਹਰ ਵਕਤ ਯਾਰ ਤੇ ਦੀਦ ਵੇ ।
ਖੋਲ੍ਹੀ ਇਸ਼ਕ ਕਲਬ ਕਲੀਦ ਵੇ ।ਥਏ ਗੁੱਝੜੇ ਰਾਜ਼ ਪਦੀਦ ਵੇ ।
ਡੇਂਹ ਰਾਤ ਸਾਡੜੀ ਈਦ ਵੇ ।ਥਇਆ ਬੁਅਦ ਸਗ਼ਤ ਬਈਦ ਵੇ ।
ਗੈਰੋਂ ਹੈ ਕਤਾ ਬੁਰੀਦ ਵੇ ।ਹੁਟ ਖਟ ਗਈ ਤਕਲੀਦ ਵੇ ।
ਦਿਲ ਮਿਲ ਘਟੀ ਤੌਹੀਦ ਵੇ ।ਹੈ ਹਾਲ ਰੋਜ਼ ਮਜ਼ੀਦ ਵੇ ।
ਹਰ ਲਹਿਜ਼ਾ ਸ਼ੌਕ ਸ਼ਦੀਦ ਵੇ ।ਹਰ ਆਨ ਜ਼ੌਕ ਜਦੀਦ ਵੇ ।
ਅਮਾਗ ਨਫ਼ਸ਼ ਅਨੀਦ ਵੇ ।ਕਰ ਸੁਲਹ ਥਿਉਮ ਮੁਰੀਦ ਵੇ ।
ਵੋਹ ਜਜ਼ਦ ਦੀ ਤਾਈਦ ਵੇ ।ਵੋਹ ਫ਼ਕਰ ਦੀ ਤਮਹੀਦ ਵੇ ।
ਥੀ ਮਹਵ ਗੁਫ਼ਰ ਸ਼ਨੀਦ ਵੇ ।ਗਏ ਵਿੱਸਰ ਵਾਅਦ ਵਈਦ ਵੇ ।
ਰਹਿੰਦੀ ਨਹੀਂ ਤਸ਼ਦੀਦ ਵੇ ।ਕਾਵੜ ਅਤੇ ਤਹਦੀਦ ਵੇ ।
ਏਹੋ ਅਦਨੂੰ ਅਬਦ ਫ਼ਰੀਦ ਵੇ ।ਅਜ਼ਲੋਂ ਹੈ ਦੀਦ ਖ਼ਰੀਦ ਵੇ ।

28. ਅਨਹਦ ਮੁਰਲੀ ਸ਼ੋਰ ਮਚਾਇਆ

ਅਨਹਦ ਮੁਰਲੀ ਸ਼ੋਰ ਮਚਾਇਆ ।
ਗੁਰ ਨੇ ਪੂਰੇ ਬੇਦ ਬਤਾਏ ।ਅਕਲ ਫਿਕਰ ਸਭ ਫਹਿਮ ਗਮਾਏ ।
ਮਦਹੋਸ਼ੀ ਵਿਚ ਹੋਸ਼ ਸਿਖਾਏ ।ਸਾਰਾ ਸਫ਼ਰ ਅਰੂਜ ਸੁਝਾਇਆ ।
ਵਹਦਤ ਐਨ ਅਯਾਂ ਡਿਠੋ ਸੇ ।ਤਮਸ ਹਕੀਕੀ ਸਮਝ ਲਿਉ ਸੇ ।
ਮਖ਼ਫ਼ੀ ਕੁਲ ਇਜ਼ਹਾਰ ਥਿਉਸੇ ।ਹਰ ਗੁਨ ਗਿਆਨ ਦੇ ਗੀਤ ਨੂੰ ਪਾਇਆ ।
ਥੀਏ ਵਾਜ਼ਹ ਮਸ਼ਹਦ ਦਕਾਇਕ ।ਥੀਏ ਲਾਇਹ ਅਨਵਾਰ ਹਕਾਇਕ ।
ਜ਼ਾਹਰ ਗੁਝ ਸਬ ਕੁਝ ਦੇ ਲਾਇਕ ।ਕਰਬ ਤੇ ਬੋਅਦ ਦਾ ਫ਼ਰਕ ਉਠਾਇਆ ।
ਬੰਸੀ ਖ਼ੂਬ ਬਤਾਈਆਂ ਬਾਤਾਂ ।ਗੁਝੜੇ ਰਾਜ਼ ਅਨੌਖੀਆਂ ਘਾਤਾਂ ।
ਗੁਮ ਥੀਆਂ ਕੂੜੀਆਂ ਜ਼ਾਤ ਸਿਫ਼ਾਤਾਂ ।ਲਿਮਨ ਅਲਮੁਲਕ ਦਾ ਦੌਰਾ ਆਇਆ ।
ਖ਼ਮਰ ਤਹੂਰੋਂ ਪੀ ਪੈਮਾਨੇ ।ਥੀਉਸੇ ਆਸ਼ਕ ਮਸਤ ਯਗਾਨੇ ।
ਭੁਲ ਗਏ ਸੌਮ ਸਲਵਾਤ ਦੋਗਾਨੇ ।ਰਿੰਦੀ ਮਸ਼ਰਬ ਸਾਂਗ ਰਸਾਇਆ ।
ਜਾਣੇ ਕੌਣ ਗੰਵਾਰ ਮੁਕੱਲਦ ।ਵਹ ਵਹ ਰੀਤ ਮਕਦਸ ਜੱਯੀਦ ।
ਥੀ ਮੁਤਲਕ ਬੇ ਕੈਦ ਮਵਹਦ ।ਸਭ ਸੂਰਤ ਵਿਚ ਆਪ ਸਮਾਇਆ ।
ਜਬ ਹਕ ਰਮਜ਼ ਮਿਲੀ ਤੌਹੀਦੋਂ ।ਦਿਲ ਆਜ਼ਾਦ ਡਿਠਮ ਤਕਲੀਦੋਂ ।
ਥੀਕਰ ਫ਼ਰਦ ਫ਼ਰੀਦ ! ਫ਼ਰੀਦੋਂ ।ਸੱਰੀ ਰੂਹੀ ਵਾਅਜ਼ ਸੁਣਾਇਆ ।

(ਬੇਦ=ਭੇਦ, ਅਰੂਜ=ਉੱਚਤਾ, ਵਹਦਤ=ਰੱਬ ਦੀ ਏਕਤਾ, ਅਯਾਂ=
ਜ਼ਾਹਰ, ਤਮਸ=ਦੂਈ ਦਾ ਮਿਟ ਜਾਣਾ, ਮਖ਼ਫ਼ੀ=ਗੁੱਝਾ, ਵਾਜ਼ਹ=
ਜ਼ਾਹਰ, ਮਸ਼ਹਦ=ਵੇਖਣ ਵਿਚ ਆ ਜਾਣ ਵਾਲਾ, ਦਕਾਇਕ=ਭੇਤ
ਦੀਆਂ ਗੱਲਾਂ, ਲਾਇਹ=ਜ਼ਾਹਰ, ਅਨਵਾਰ=ਰੌਸ਼ਨੀ ਦੀਆਂ ਕਿਰਣਾਂ,ਚਮਕ,
ਗੁਝ=ਭੇਤ,ਰਹੱਸ, ਕਰਬ=ਨੇੜਤਾ, ਬੋਅਦ=ਦੂਰੀ, ਸਿਫ਼ਾਤਾਂ=ਸਿਫ਼ਤਾਂ,
ਲਿਮਨ ਅਲਮੁਲਕ=ਰੱਬ ਪੁੱਛੇਗਾ, 'ਅੱਜ ਮੁਲਕ ਕਿਸਦਾ ਹੈ ?' ਜਵਾਬ
ਮਿਲੇਗਾ, 'ਇਹ ਖ਼ੁਦਾ ਦਾ ਹੈ ਜੋ ਸਭਨਾਂ ਉੱਤੇ ਭਾਰੂ ਹੈ', ਖ਼ਮਰ ਤਹੂਰੋਂ=
ਸਵਰਗ ਵਿਚ ਮਿਲਣ ਵਾਲੀ ਪਵਿਤਰ ਸ਼ਰਾਬ, ਪੈਮਾਨੇ=ਪਿਆਲੇ,
ਯਗਾਨੇ=ਬੇਮਿਸਾਲ, ਸੌਮ-ਸਲਵਾਤ=ਰੋਜ਼ਾ ਤੇ ਨਮਾਜ਼, ਮਸ਼ਰਬ=
ਤਰੀਕਾ, ਗੰਵਾਰ=ਜਾਹਲ, ਅਗਿਆਨੀ, ਮੁਕੱਲਦ=ਪੈਰਵੀ ਕਰਨ
ਵਾਲਾ, ਰਮਜ਼=ਇਸ਼ਾਰਾ, ਤੌਹੀਦ=ਰੱਬੀ ਏਕਤਾ, ਤਕਲੀਦ=ਪੈਰਵੀ
ਕਰਨਾ, ਫ਼ਰਦ=ਇਕੱਲਾ, ਸੱਰੀ ਰੂਹੀ ਵਾਅਜ਼=ਮੇਰੀ ਜ਼ਮੀਰ ਤੇ ਮੇਰੀ
ਰੂਹ ਹੈ ।)

29. ਅਸਾਂ ਕਨੂੰ ਦਿਲ ਚਾਇਓ ਵੇ ਯਾਰ

ਅਸਾਂ ਕਨੂੰ ਦਿਲ ਚਾਇਓ ਵੇ ਯਾਰ ।ਜਾਪੈ ਕਿਥਾਂ ਵੰਜ ਲਾਇਓ ।
ਯਾਰ ਬਰੋਚਲ ਕੀਚ ਦਾ ਵਾਲੀ ।ਕੀਤੋ ਹਾਲ ਕਨੂੰ ਬੇਹਾਲੀ ।
ਪਰਬਤ ਰੋਹ ਰੁਲਾਇਓ ਵੇ ਯਾਰ ।
ਮੁਲਕ ਮਲ੍ਹੇਰ ਲਿਤੋ ਨੀ ਝੋਕਾ ।ਮੈਂ ਕਲ੍ਹੜੀ ਵਿਚ ਓਪਰਿਆਂ ਲੋਕਾਂ ।
ਹਿਕ ਤਿਲ ਤਰਸ ਨ ਆਇਓ ਵੇ ਯਾਰ ।
ਮੈਂ ਕਮਲੀ ਕਿਆ ਜਾਣਾ ਨੇਂਹ ਕੂੰ ।ਜ਼ੁਲਮੀ ਨਹਰ ਤੇ ਕਹਿਰ ਸ਼ੀਨਾ ਕੂੰ ।
ਆਪੇ ਦੀਦ ਅੜਾਇਓ ਵੇ ਯਾਰ ।
ਆਪੇ ਆਪਣਾ ਸੋਹਾਂ ਕੀਤੋ ।ਕਰਹੋ ਕਤਾਰਿਓ ਨਾਲ ਨ ਨੀਤੋ ।
ਕੈਂ ਧੋਤੀ ਬਰਮਾਇਓ ਵੇ ਯਾਰ ।
ਯਾਰ ਮੁਠੀ ਕੂੰ ਡਿਤੋੜ ਰੋਲਾ ।ਸਾੜਿਓ ਕੀਤੋ ਕੀਰੀ ਕੋਲਾ ।
ਤਤੜੀ ਕੂੰ ਕਿਓ ਤਾਇਓ ਵੇ ਯਾਰ ।
ਆਪੇ ਸ਼ਹਿਰ ਭੰਭੋਰ ਡੋ ਆਇਓਂ ।ਯਾਰੀ ਲਾਕਰ ਛੋੜ ਸਿਧਾਇਓਂ ।
ਮੁਫਤਾ ਕੂੜ ਕਮਾਇਓ ਵੇ ਯਾਰ ।
ਯਾਰ ਫਰੀਦ ਕਡਾਂ ਸੰਭਲੇਸੀ ।ਸਹਿਜੋ ਸਡ ਕਰ ਕੋਲ ਪਲ੍ਹੇਸੀ ।
ਜੇ ਵਤ ਬਖਤ ਭੜਾਇਓ ਵੇ ਯਾਰ ।

30. ਅਸਾਨੂੰ ਰਹਿਣ ਨ ਡੇਂਦੀ

ਅਸਾਨੂੰ ਰਹਿਣ ਨ ਡੇਂਦੀ ।ਲਗੀ ਪੁਨਲ ਦੀ ਤਾਂਗ ।
ਕਨੜੀਂ ਵਲਦੀ ਰੋਜ਼ ਅਜ਼ਲਦੀ ।ਬਿਰਹੋਂ ਸੁਣਾਈ ਬਾਂਗ ।
ਕੁਠੜੀ ਮੁਠੜੀ ਜਾਵਣ ਲਾਦੀ ।ਡੰਗੜੀ ਨੇਂਹ ਦੇ ਡਾਂਗ ।
ਦਿਲੜੀ ਦੁਸ਼ਮਨ ਸਖਤ ਸਤਾਏ ।ਸੀਨੇ ਚੁਭੜੀ ਸਾਗ ।
ਯਾਰ ਬਰੋਚਲ ਕੇਚੇ ਸਿਧਾਇਆ ।ਜਾਲਾਂ ਕੈਂਦੇ ਸਾਂਗ ।
ਮਾਰੂ ਥਲ ਦੀ ਪਟੜੀ ਲੰਮੜੀ ।ਡਿਸਮ ਫਰੀਦਨ ਟਾਂਗ ।

31. ਅਸਾਂ ਸੋ ਬਦਮਸਤ ਕਲੰਦਰ ਹੂੰ

ਅਸਾਂ ਸੋ ਬਦਮਸਤ ਕਲੰਦਰ ਹੂੰ ।ਕਡੀ ਮਸਜਦ ਹੂੰ ਕਡੀਂ ਮੰਦਰ ਹੂੰ ।
ਕਡੀਂ ਚੋਰ ਬਣੂੰ ਕਡੀਂ ਜਾਰ ਬਣੂੰ ।ਕਡੀਂ ਤੋਬਾ ਇਸਤਗਫਾਰ ਬਣੂੰ ।
ਕਡੀਂ ਜ਼ੋਹਦ ਇਬਾਦਤ ਕਾਰ ਬਣੂੰ ।ਕਡੀਂ ਫ਼ਿਸਕ ਫ਼ਜੂਰੀ ਅੰਦਰ ਹੂੰ ।
ਕਥਾਂ ਦਰਦ ਕਥਾਂ ਦਰਮਾਨ ਬਣੂੰ ।ਕਥਾਂ ਮਿਸਰ ਕਥਾਂ ਕਨਾਅਨ ਬਣੂੰ ।
ਕਥਾਂ ਕੇਂਚ ਭੰਭੋਰ ਦਾ ਸ਼ਾਨ ਬਣੂੰ ।ਕਥਾਂ ਵਾਸੀ ਸ਼ਹਿਰ ਜਲੰਧਰ ਹੂੰ ।
ਕਿਥਾਂ ਸਮੂਅ ਦੈਰ ਕਨਸ਼ਤ ਕਥਾਂ ।ਕਥੇ ਦੋਜ਼ਖ ਬਾਗ਼ ਬਹਿਸ਼ਤ ਕਥਾਂ ।
ਕਥੇ ਆਸੀ ਨੇਕ ਸਰਿਸ਼ਤ ਕਥਾਂ ।ਕਥੇ ਗੁਮਰਾਹ ਹੂੰ ਕਥੇ ਰਹਬਰ ਹੂੰ ।
ਹਿਯੂੰ ਓ ਕਲਾਸ਼ ਤੇ ਰਿੰਦ ਅਸਾਂ ।ਪਈ ਨਿਵਦੀ ਹੈ ਹਿੰਦ ਸਿੰਧ ਅਸਾਂ ।
ਹਿਯੂੰ ਬੇਸ਼ਕ ਆਰਫ਼ ਚਿੰਦ ਅਸਾਂ ।ਕੁਲ ਰਾਜ਼ ਰਮੂਜ਼ ਦੇ ਦਫਤਰ ਹੂੰ ।
ਹਨ ਨਾਜ਼ ਨਵਾਜ਼ ਦੇ ਟੋਲ ਕਡੀਂ ।ਹੈ ਮੂੰਝ ਮੁੰਝਾਰੀ ਕੋਲ ਕਡੀਂ ।
ਰੇਲ ਢੋਲ ਕਡੀਂ ਗਿਆ ਰੋਲ ਕਡੀਂ ।ਕਡੀਂ ਬਰਦਰ ਹੂੰ ਕਡੀਂ ਦਰਬਰ ਹੂੰ ।
ਵਲ ਵਾਤੋਂ ਸਮਝ ਫ਼ਰੀਦ ਅੱਲਾ ।ਕਰ ਮਹਜ਼ ਨਾ ਸ਼ਿਅਰ ਜਦੀਦ ਵਲਾ ।
ਹੈ ਚਾਲੋਂ ਹਾਲ ਪਦੀਦ ਭਲਾ ।ਤੂਣੇ ਕਿਜੋ ਸਾਰੇ ਅਬਤਰ ਹੂੰ ।

32. ਬੈਠੀ ਰੋ ਰੋ ਉਮਰ ਨਿਭਾਈਆਂ

ਬੈਠੀ ਰੋ ਰੋ ਉਮਰ ਨਿਭਾਈਆਂ ।ਸਭੇ ਖ਼ੁਸ਼ੀਆਂ ਇਸ਼ਕ ਵੰਜਾਈਆਂ ।
ਵਾਹ ਸਾਂਵਲ ਦੀ ਧਾਰ ਕੱਜਲ ਦੀ ।ਬੇ ਸ਼ਕ ਤੇਗ਼ ਅਜ਼ਲ ਦੀ ।
ਦੀਦਾਂ ਤੀਰ ਚਲਾਵਨ ਕਾਰੀ ।ਪਲਕਾਂ ਕਰਨ ਲੜਾਈਆਂ ।
ਇਸ਼ਵੇ ਗਮਜ਼ੇ ਨਾਜ਼ ਨਹੋਰੇ ।ਨਖਰੇ ਨੋਕਾਂ ਟੋਕਾਂ ।
ਹੁਸਨ ਮਲਾਹਤ ਸ਼ਕਲ ਸ਼ਬਾਹਤ ।ਸਾਰੀਆਂ ਤਰਹੇਂ ਸਿੱਧਾਈਆਂ ।
ਹੰਜੜੂ ਜਾਰੀ ਤੁਨਲੇ ਰਤੜੇ ।ਪਪਲੀਆਂ ਉਜੜੀਆਂ ਪੁਜੜੀਆਂ ।
ਲੋਕਾਂ ਲੇਖੇ ਅੱਖੀ ਆਈਆਂ ।ਜ਼ਾਲਮ ਬਿਰਹੋਂ ਚੌਂ ਭਾਈਆਂ ।
ਮੇਹਨੜੀਂ ਮਿੱਠੜੀਂ ਦਰਦ ਅੰਦੇਸ਼ੇ ।ਡੁੱਖੜੇ ਪੁਖੜੇ ਆਇਮ ।
ਦਿਲੜੀ ਸਖ਼ਤੀ ਮਿਲੜੀ ਸੁੰਜੜੀ ।ਔਖੀਆਂ ਯਾਰੀਆਂ ਲਾਈਆਂ ।
ਮੁਫ਼ਤ ਮਲਾਮਤ ਸਖ਼ਤ ਨਦਾਮਤ ।ਸ਼ਹਿਰ ਸ਼ਿਕਾਇਤ ਚਾਇਮ ।
ਵੇੜ੍ਹੇ ਯਾਰ ਫ਼ਰੀਦ ਨ ਆਇਮ ।ਮਸਤਕ ਲਿਖੀਆਂ ਪਾਈਆਂ ।

33. ਬਣ ਦਿਲਬਰ ਸ਼ਕਲ ਜਹਾਨ ਆਇਆ

ਬਣ ਦਿਲਬਰ ਸ਼ਕਲ ਜਹਾਨ ਆਇਆ ।ਹਰ ਸੂਰਤ ਐਨ ਅਯਾਨ ਆਇਆ ।
ਕਥੇ ਆਦਮ ਕਥੇ ਸ਼ੈਸ ਨਬੀ ।ਕਥੇ ਨੂਹ ਕਥਾਂ ਤੂਫ਼ਾਨ ਆਇਆ ।
ਕਥੇ ਇਬਰਾਹੀਮ ਖ਼ਲੀਲ ਨਬੀ ।ਕਥੇ ਯੂਸਫ਼ ਵਿਚ ਕਨਆਨ ਆਇਆ ।
ਕਥੇ ਈਸਾ ਤੇ ਅਲਿਆਸ ਨਬੀ ।ਕਥੇ ਲਛਮਨ ਰਾਮ ਤੇ ਕਾਨ੍ਹ ਆਇਆ ।
ਕਥੇ ਜ਼ਕਰੀਆ ਕਥੇ ਯਾਹਾ ਹੈ ।ਕਥੇ ਮੂਸਾ ਬਿਨ ਅਮਰਾਨ ਆਇਆ ।
ਬੂ ਬਕਰ ਉਮਰ ਉਸਮਾਨ ਕਥਾਂ ।ਕਥ ਅਸਦ ਅੱਲਾ ਜ਼ੀਸ਼ਾਨ ਆਇਆ ।
ਕਥੇ ਹਸਨ ਹੁਸੈਨ ਸ਼ਹੀਦ ਬਣੇ ।ਕਥੇ ਮੁਰਸ਼ਦ ਫ਼ਖਰ ਜਹਾਨ ਆਇਆ ।
ਕਥੇ ਅਹਿਮਦ ਸ਼ਾਹ ਰਸੂਲਾਂ ਦਾ ।ਮਹਬੂਬ ਸਭੇ ਮਕਬੂਲਾਂ ਦਾ ।
ਉਸਤਾਦ ਨਫੂਸ ਅਕੂਲਾਂ ਦਾ ।ਸੁਲਤਾਨਾਂ ਸਿਰ ਸੁਲਤਾਨ ਆਇਆ ।
ਤਨਜ਼ੀਲ ਕਥਾਂ, ਜਬਰੀਲ ਕਥਾਂ ।ਤੋਰੇਤ ਜ਼ਬੂਰ ਇੰਜੀਲ ਕਥਾਂ ।
ਆਯਾਤ ਕਥਾਂ ਤਰਤੀਲ ਕਥਾਂ ।ਹਕ ਬਾਤਲ ਦਾ ਫੁਰਕਾਨ ਆਇਆ ।
ਕੁੱਲ ਵਿਚ ਕੁੱਲ ਸ਼ੈ ਜ਼ਾਹਰ ਹੈ ।ਸੋਨੜ੍ਹਾ ਜ਼ਾਹਰ ਐਨ ਮਜ਼ਾਹਰ ਹੈ ।
ਕਥੇ ਨਾਜ਼ ਨਿਆਜ਼ ਦਾ ਮਾਹਰ ਹੈ ।ਕਥੇ ਦਰਦ ਕਥਾਂ ਦਰਮਾਨ ਆਇਆ ।
ਕਥੇ ਰੀਤ ਪਰੀਤ ਦਾ ਵੇਸ ਕਰੇ ।ਕਥੇ ਆਸ਼ਕ ਥੀ ਪ੍ਰਦੇਸ ਫਿਰੇ ।
ਖੁਲੇ ਗਲ ਵਿਚ ਮਾਰੂ ਕੇਸ ਧਰੇ ।ਲਿਟ ਧਾਰੀ ਥੀ ਮਸਤਾਨ ਆਇਆ ।
ਕਥੇ ਪੰਡਤ ਜੋਸੀ ਜੋਗੀ ਹੈ ।ਕਥੇ ਸਾਮੀ ਤੇ ਕਥੇ ਭੋਗੀ ਹੈ ।
ਕਥੇ ਮਿਸਰ ਬਰਾਗੀ ਰੋਗੀ ਹੈ ।ਕਥੇ ਬੇਦ ਬਿਆਸ ਗਿਆਨ ਆਇਆ ।
ਖਾਮੋਸ਼ ਫ਼ਰੀਦ ਇਸਰਾਰ ਕਨੂੰ ।ਚੁਪ ਬੇਹੁਦਾ ਗੁਫ਼ਤਾਰ ਕਨੂੰ ।
ਪਰ ਗ਼ਾਫ਼ਲ ਨਾ ਥੀ ਯਾਰ ਕਨੂੰ ।ਏਹੋ ਲਾਰੇਬੀ ਫ਼ੁਰਮਾਨ ਆਇਆ ।

(ਦਿਲਬਰ=ਪਿਆਰਾ, ਅਯਾਨ=ਜ਼ਾਹਰ, ਕਥੇ=ਕਿਤੇ, ਅਸਦ=ਖ਼ੁਦਾ
ਦਾ ਸ਼ੇਰ, ਜ਼ੀਸ਼ਾਨ=ਸ਼ਾਨ ਵਾਲਾ, ਨਫੂਸ= ਰੂਹਾਂ, ਅਕੂਲਾਂ=ਫਰਿਸ਼ਤੇ
ਤਨਜ਼ੀਲ=ਕੁਰਾਨ,ਵਹੀ, ਤਰਤੀਲ=ਸੁਰੀਲੀ ਆਵਾਜ਼ ਨਾਲ ਪੜ੍ਹਨਾ,
ਮਜ਼ਾਹਰ=ਜ਼ਾਹਰ ਹੋਣ ਦੀ ਥਾਂ, ਦਰਮਾਨ=ਇਲਾਜ, ਮਾਰੂ=ਮਾਰਨ ਵਾਲੇ,
ਸਾਮੀ=ਸਵਾਮੀ, ਭੋਗੀ=ਗ੍ਰਹਸਥੀ, ਇਸਰਾਰ=ਭੇਤ, ਲਾਰੇਬੀ=ਰੱਬ ਦਾ)

34. ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ

ਬਰੀ ਬੇਜ਼ਾਰ ਹਿਨ ਜ਼ਾਤੋਂ ਸਿਫ਼ਾਤੋਂ ।ਮਸਤ ਜਾਨਾਨੋਂ ।
ਮਹਜ਼ ਆਜ਼ਾਦ ਹਿਨ ਨਾਮੋਂ ਨਿਸ਼ਾਨੋ ।ਦੀਨ ਈਮਾਨੋਂ ।
ਛੁਟੇ ਅਕਰੋਂ ਲੰਘੇ ਫਕਰੋਂ ।ਇਬਾਦਤੋਂ ਅਤੋਂ ਫ਼ਿਕਰੋਂ ।
ਗੁਜ਼ਰ ਕਰ ਜ਼ਾਕਰੋਂ ਜ਼ਿਕਰੋਂ ।ਨਿਕਲ ਗਏ ਕੌਨ ਇਮਕਾਨੋਂ ।
ਥਈ ਦਿਲ ਦੂਰ ਅਗਯਾਰੋਂ ।ਭਰੀ ਮਾਮੂਰ ਦਿਲਦਾਰੋਂ ।
ਪਿਉਸੇ ਖ਼ਬਰ ਆਸਾਰੋਂ ।ਤੇ ਅਖ਼ਬਾਰੋਂ ਤੇ ਕੁਰਾਨੋਂ ।
ਜਿੱਡਾਂ ਡੂੰ ਤਰੀਂ ਤੂੰ ਗ਼ਾਫ਼ਲ ਹੈ ।ਤਿੱਡਾਂ ਹਿੱਕ ਨਾਲ ਵਾਸਲ ਹੈ ।
ਲੱਧਾ ਕਰਬਲੁ ਨਵਾਫ਼ਲ ਹੈ ।ਦਿਲ ਈਕਾਨੋਂ ਤੇ ਅਹਿਸਾਨੋਂ ।
ਡਿੱਤੀਆਂ ਉਸਤਾਦ ਉਸਤਾਦੀਆਂ ।ਹਮੇਸ਼ਾ ਰਾਤ ਡੇਂਹ ਸ਼ਾਦੀਆਂ ।
ਥੀਆ ਸੁੰਜਰ ਤੇ ਆਬਾਦੀਆਂ ।ਸ਼ਹੂਦੋ ਜ਼ੌਕ ਵਜਦਾਨੋਂ ।
ਜਿਥਾਂ ਖ਼ੁਦ ਕਰਬ ਹੈ ਦੂਰੀ ।ਉਥਾਂ ਕਿਆ ਵਸਲ ਮਹਜੂਰੀ ।
ਮਾਨਨੀਅਤ ਥੈਈ ਪੂਰੀ ।ਹੈ ਇਨਸਾਨੋਂ ਤੇ ਰਹਿਮਾਨੋਂ ।
ਅਜਬ ਮਸ਼ਰਬ ਤੇ ਮਿੱਲਤ ਹੈ ।ਸਭੋ ਵਸਅਤ ਨ ਕਿੱਲਤ ਹੈ ।
ਨ ਅਨੀਅਤ ਦੀ ਇਲਤ ਹੈ ।ਨ ਹੁਸਨਾਤੋਂ ਨ ਅਸਯਾਨੋਂ ।
ਫ਼ਰੀਦ ਆਈ ਹੈ ਹੂਸ਼ਿਆਰੀ ।ਪੁਖ਼ਤਗੀ ਚਿੱਤ ਅੰਦਰ ਸਾਰੀ ।
ਪਈ ਬੁੱਧ ਸੁੱਧ ਸਜੀ ਸਾਰੀ ।ਜਗਾਈ ਜੋਤ ਤਨ ਜਾਨੋਂ ।

35. ਬੱਠ ਘਤ ਕੂੜ ਨਿਕਮੜੇ

ਬੱਠ ਘਤ ਕੂੜ ਨਿਕਮੜੇ ।ਹਿਕ ਹਕ ਕੂੰ ਕਰ ਯਾਦ ।
ਥੀ ਕਰ ਗਹਿਲਾ ਰਤ ਪੂੰ ਤੇ ।ਕਰਦੀਂ ਧਾਹ ਫਰਿਆਦ ।
ਬਾਝੋਂ ਅਹਿਦ ਹਕੀਕੀ ।ਮੱਹਜ ਖ਼ਰਾਬ ਆਬਾਦ ।
ਹੁਸਨ ਮਜਾਜ਼ੀ ਕੂੜਾ ।ਹੈ ਫ਼ਾਨੀ ਬਰਬਾਦ ।
ਕਿਥ ਮਜਨੂੰ ਕਿਥ ਲੇਲਾ ।ਕਿਥ ਸ਼ੀਰੀਂ ਫ਼ਰਹਾਦ ।
ਕੁਲ ਸ਼ੈ ਗੈਰ ਖ਼ੁਦਾ ਦੀ ।ਹਾਲਕ ਬੇ ਬੁਨਿਆਦ ।
ਬਾਂਝ ਮੁਹਬਤ ਜਾਤੀ ।ਕੋਝਾ ਸ਼ੋਰ ਫਸਾਦ ।
ਮੁਰਸ਼ਦ ਫ਼ਖਰ ਜਹਾਂ ਨੇ ।ਕੀਤਮ ਏ ਇਰਸ਼ਾਦ ।
ਆਰਫ ਇਬਨਲ ਅਰਬੀ ।ਸਾਡਾ ਹੈ ਉਸਤਾਦ ।
ਸਮਝ ਫਰੀਦ ਹਮੇਸ਼ਾ ।ਰਹੋ ਗੈਰੋ ਆਜ਼ਾਦ ।

36. ਬੱਠ ਮਘਿਆਣਾ ਰਾਜ ਬਬਾਣਾ

ਬੱਠ ਮਘਿਆਣਾ ਰਾਜ ਬਬਾਣਾ ।ਵਾਹ ਭਾਣੇ ਮਨ ਭਾਣੇ ਅੱਸਾਡੇ ।
ਸਤਰ ਧੂਈਂ ਕਾਨ੍ਹ ਕਹੇਲੇ ।ਬੇਸ਼ਕ ਮਾਣੇ ਤਰਾਣੇ ਅੱਸਾਡੇ ।
ਸੁਣੋਂ ਸਹੇਲੀਆਂ ਸੇਗੀਆਂ ਸਈਆਂ ।ਬਿਰਹੋ ਡਿੱਤੀਆਂ ਡੁੱਕਤੀਂ ਹਤ ਬਈਆਂ ।
ਚੋਲਾ ਬੋਛਣ ਧਈਆਂ ਧਈਆਂ ।ਖ਼ੂਨ ਜਿਗਰ ਥਏ ਖਾਣੇ ਅੱਸਾਡੇ ।
ਹਾਰ ਹੰਜੂੰ ਦਾ ਗਲ ਵਿੱਚ ਪਾਵਾਂ ।ਸੂਲਾਂ ਦੀ ਨਿੱਤ ਸੇਝ ਸੁਹਾਵਾਂ ।
ਮਾ ਪਿਉ ਭਾਵਾਂ ਮੂਲ ਨ ਭਾਵਾਂ ।ਵੈਰੀ ਦੋਸਤ ਪੁਰਾਣੇ ਅੱਸਾਡੇ ।
ਜ਼ੁਅਫ਼ ਬਦਨ ਵਿੱਚ ਸੁਰਤ ਨ ਤਨ ਵਿੱਚ ।ਭਾ ਜਿਗਰ ਵਿੱਚ ਦੂਦ ਦਹਨ ਵਿੱਚ ।
ਦਿੱਲੜੀ ਗ਼ਰਕ ਅੰਦੋਹ ਮਿਹਨ ਵਿੱਚ ।ਰੋ ਰੋ ਨੈਣ ਕਮਾਣੇ ਅੱਸਾਡੇ ।
ਛੱਡ ਗਿਆ ਕੇਚ ਸ਼ਹਿਰ ਦਾ ਵਾਲੀ ।ਥਲ ਮਾਰੂ ਦੀ ਕੱਕੜੀ ਵਾਲੀ ।
ਕੱਕੜੇ ਕੰਡਰੇ ਤੂਲ ਨਿਹਾਲੀ ।ਡਿਲ੍ਹ ਸਿਲ੍ਹ ਪੱਥਰ ਵਹਾਣੇ ਅੱਸਾਡੇ ।
ਪੀਂਘ ਪਿੱਪਲ ਮਲਕਾਣੇ ਭੁੱਲ ਗਏ ।ਗਾਨੇ ਗਹਿਣੇ ਸਿਹਰੇ ਫੁਲ ਗਏ ।
ਘਰ ਦਰ ਜਾਹ ਟਿਕਾਣੇ ਰੁਲ ਗਏ ।ਪਿੜ ਪਏ ਯਾਰ ਅਯਾਣੇ ਅੱਸਾਡੇ ।
ਮੁਫ਼ਤ ਫ਼ਰੀਦ ਨਿਦਾਮਤ ਚਾਇਮ ।ਸਮਝ ਸੰਭਲ ਕਰ ਨੇਂਹ ਨ ਲਾਇਮ ।
ਸਾਰੀ ਪਤ ਪਰਤੀਤ ਵੰਜਾਇਮ ।ਥਿੜ ਗਏ ਅਕਲ ਸਿਆਣੇ ਅੱਸਾਡੇ ।

37. ਬੇਰੰਗ ਰਾਵਲ ਦੇ ਕੀਤੇ

ਬੇਰੰਗ ਰਾਵਲ ਦੇ ਕੀਤੇ ।ਰੋਂਦੀ ਵਤਾਂ ਰੁੜਦੀਂ ਵਤਾ ।
ਦਿਲ ਸੰਗ ਸਾਂਵਲ ਦੇ ਸਿਵਾ ।ਸੌ ਸੂਲ ਲੱਖ ਸਿਠੜੀਂ ਸਹਾਂ ।
ਸਿਕ ਸੁਖ ਸਭੋ ਸਹੀ ਸੱਚ ਖ਼ੇਸ ।ਡੁੱਖ ਰੰਜ ਵੇੜ੍ਹੇ ਵਿੱਚ ਵੱਸੇ ।
ਦੁਸ਼ਮਨ ਸੱਜਨ ਹਰ ਹਿਕ ਹਸੇ ।ਟੋਕਾਂ ਕਰਮ ਸਾਰਾ ਜਹਾਨ ।
ਕੀਤੋ ਪੁਨਲ ਵਾਹ ਵੈਰ ਵੇ ।ਵੰਜ ਕੇਚ ਲਾਇਓ ਦੇਰ ਵੇ ।
ਡੁੱਖੜੇ ਡਿੱਤੋਨੀ ਢੇਰ ਵੇ ।ਸੁੰਜ ਬਰ ਫਿਰਾਂ ਸਿਰ ਭਰ ਡਹਾਂ ।
ਦਿਲੜੀ ਗ਼ਮਾਂ ਦੀ ਭੈਣ ਹੈ ।ਸੂਲਾਂ ਡੁੱਖਾਂ ਦਾ ਵੈਣ ਹੈ ।
ਪਰਭਤ ਜਬਲ ਚਟ ਡੈਣ ਹੈ ।ਚਾੜ੍ਹਿਆ ਚੜ੍ਹਾਂ ਲਾਹਿਆ ਲਹਾਂ ।
ਸਬ ਆਸ ਹੋ ਗਈ ਯਾਸ ਹੈ ।ਹਰਦਮ ਉਦਾਸ ਹਰਾਸ ਹੈ ।
ਮੂਨਸ ਨਹੀਂ ਕੋਈ ਪਾਸ ਹੈ ।ਹੈ ਦਿਲ ਕਹਾਂ ਦਿਲਬਰ ਕਹਾਂ ।
ਆਰਦ ਫ਼ਰੀਦ ਈਂ ਇਲਤਜਾ ।ਰਹਿਮੇ ਬਹਾਲ ਬੇ ਨਵਾ ।
ਦਾਰਦ ਗਦਾ ਉਮੀਦਹਾ ।ਸਦ ਗੂਨਾ ਜ਼ ਅਲਤਾਫ ਸ਼ਹਾਂ ।

38. ਬੇਸ਼ਕ ਜਾਣਾਂ, ਬੇਸ਼ਕ ਜਾਣਾਂ

ਬੇਸ਼ਕ ਜਾਣਾਂ, ਬੇਸ਼ਕ ਜਾਣਾਂ ।ਸੋਹਨੜਿਆਂ ਕੂੰ ਹੈ ਸਖਤ ਗ਼ਰੂਰ ।
ਮੂੰਹ ਸਰ ਖਾਕ ਸ਼ਿੰਗਾਰ ਅਸਾਡੇ ।ਹੰਜੜੂ ਹਾਰਿਨ ਹਾਰ ਅਸਾਡੇ ।
ਹੋਤ ਹੈ ਕੇਚ, ਤੇ ਕੇਚ ਹੈ ਦੂਰ ।
ਯਾਰ ਨਵੀਂ ਨਿਤ ਯਾਰੀ ਲਾਵੇ ।ਕਿਵੇਂ ਸਾੜ ਸੂਲ ਸਹਾਵੇ ।
ਦਿਲੜੀ ਨਾਜ਼ਕ ਨਰਮ ਕਰੂਰ ।
ਡੇਂਹ ਤਤੀਂ ਹਡ ਮਾਸ ਕੂੰ ਚਰਦੀ ।ਰਾਤ ਨਜਰ ਦੀ ਆਹੀਂ ਕਰਦੀ ।
ਸੜ ਸੜ ਮਰਦੀ ਸੁਬਹ ਸਹੂਰ ।
ਪੜ ਬਿਸਮਿਲਾ ਡੁਖ ਚੀਸਾਂ ।ਖੁਸ਼ੀਆਂ ਕਰ ਕਰ ਝੋਲੀ ਪੈਸਾਂ ।
ਜੇ ਵਤ ਤੈਕੂੰ ਹੈ ਮਨਜੂਰ ।
ਦੂਰ ਵਸੇ ਮਨਜੂਰ ਦਿਲੇਂ ਦਾ ।ਆਵੇ ਮੌਤ ਨ ਮੇਲਾ ਥੀਂਦਾ ।
ਫ਼ਜਰੀਂ ਪੇਸ਼ੀ ਕਹਿਰ ਕਲੂਰ ।
ਉਠਦੀਂ, ਬਹਿੰਦੀਂ ਵੈਣ ਵਲਾਵਾਂ ।ਰੋਵਾਂ ਖਾਵਾਂ ਗਾਵਣ ਗਾਂਵਾਂ ।
ਹਰ ਹਰ ਰਗ ਹੈ ਤਾਰ ਤੰਬੂਰ ।
ਜੈਂ ਡੇਂਹ ਦੀਆਂ ਵਲ ਲਗੜੀਆਂ ਤਾਂਘਾਂ ।ਉਜੜੀਆਂ ਸੁਰਖੀਆਂ ਮਹਿੰਦੀਆਂ ਮਾਘਾਂ ।
ਬੋਲੇ ਬੈਨੇ ਬੇਸਰ ਚੂਰ ।
ਯਾਰ ਫ਼ਰੀਦ ਨੂੰ ਡਿਤੇੜ ਰੋਧੇ ।ਸਚੁ ਆਖਿਆ ਹਾਂ ਕਮਰ ਵ ਸ਼ੇਦੇ ।
ਬੇਦਰਦਾਂ ਨਾਲ ਨੇਂਹ ਲਾਵਣ ਕੂੜ ।

39. ਬੇ ਸੂਰਤ ਸੂਰਤ ਓਲ੍ਹੇ

ਬੇ ਸੂਰਤ ਸੂਰਤ ਓਲ੍ਹੇ ।ਕਰ ਨਾਜ਼ ਅਦਾ ਘੁੰਡ ਖੋਲ੍ਹੇ ।
ਹਰ ਹਰ ਜਾ ਵਿੱਚ ਰਾਂਝਣ ਮਾਹੀ ।ਆਇਆ ਨਾਲ ਸਫ਼ਾਤ ਕਮਾਹੀ ।
ਹਰ ਸੁਰ ਅਨਹਦ ਮੁਰਲੀ ਵਾਹੀ ।ਰਮਜ਼ ਹਕਾਇਕ ਚੋਲੇ ।
'ਵ ਫੀ ਅਨਫਸਿਕਮ' ਭੇਤ ਬਤਾਵੇ ।'ਨਹੁਨ ਅਕਰਬ' ਬੀਨ ਬਜਾਵੇ ।
'ਲੋਦ ਲੈਸਮ' ਗੀਤ ਸੁਣਾਵੇ ।ਲਫਜ਼ ਅਨਲਹਕ ਬੋਲੇ ।
ਜੋ ਕੋਈ ਦਿਲ ਡੂੰ ਧਿਆਨ ਰਖੇਸੀ ।ਸਾਰੇ ਗੁੱਝੜੇ ਰਾਜ਼ ਨੂੰ ਪੇਸੀ ।
ਅਸਨੀਨੀਤ ਕੁਲ ਉੱਠ ਵੇਸੀ ।ਭੱਜ ਪੌਸਨ ਸਭ ਭੋਲੇ ।
ਹਿੱਕ ਜਾ ਹਨ ਅਹਿਕਾਮ ਸ਼ਰੀਅਤ ।ਹਿੱਕ ਜਾ ਹਨ ਇਸਰਾਰ ਤਰੀਕਤ ।
ਥੀਵੇ ਕਿਆ ਦਰਿਆਫ਼ਤ ਹਕੀਕਤ ।ਕੌਨ ਏ ਫੋਲੇ ਫੋਲੇ ।
ਨਾ ਰੁਲ ਡੁੱਖੜੀ ਰੋਹ ਜਬਲ ਵਿੱਚ ।ਨਾ ਥੀ ਔਖੀ ਮਾਰੂ ਥਲ ਵਿੱਚ ।
ਪਹਿਲੂ ਦੋਸ਼ ਕਿਨਾਰ ਬਗਲ ਵਿੱਚ ।ਯਾਰ ਪੁੱਨਲ ਹੈ ਕੋਲੇ ।
ਫ਼ਖਰ ਜਹਾਂ ਹਿੱਕ ਰੀਤ ਸਿਖਾਈ ।ਅਸਲੋਂ ਹਾਜਤ ਰਹੀ ਨ ਕਾਈ ।
ਦਿਲ ਜੁੜ ਜੁੜ ਧੂਮ ਧਾਮ ਮਚਾਈ ।ਥਏ ਗੁਨ ਗਿਆਨ ਸਮੋਲੇ ।
ਰੰਗ ਪੁਰ ਦੇ ਹਿਨ ਪੰਥ ਨਿਆਰੇ ।ਹਿੱਕ ਨੂੰ ਬੋੜੇ ਹਿਕ ਨੂੰ ਤਾਰੇ ।
ਹਿੱਕ ਪਿਆ ਜਿਤੇ ਹਿੱਕ ਪਿਆ ਹਾਰੇ ।ਤੁਲਦੇ ਮਾਸੇ ਤੋਲੇ ।
ਫ਼ਾਸ਼ ਫ਼ਰੀਦ ਏ ਵਾਅਜ਼ ਸੁਣਾ ਤੂੰ ।ਆਲਮ ਜਾਹਲ ਸ਼ਾਹਗਦਾ ਕੂੰ ।
ਜੇ ਕੋਈ ਚਾਹੇ ਫ਼ਕਰ ਫ਼ਨਾ ਕੂੰ ।ਅਪਨੇ ਆਪ ਕੂੰ ਗੋਲੇ ।

40. ਭਾਣ ਵਸਾਇਆ ਯਾਰ ਚਹੀਂਦੇ

ਭਾਣ ਵਸਾਇਆ ਯਾਰ ਚਹੀਂਦੇ ।ਬੇਟ ਸੁਹਾਇਆ ਮਾਣ ਮਹੀਂਦੇ ।
ਅਸਲੋਂ ਮੂਲ ਨ ਵੇਸਾਂ ਰੋਹੀ ।ਕਾਨ ਕਹੇਲੇ ਦਿੱਲੜੀ ਮੋਹੀ ।
ਰਾਂਝਨ ਦੀਸਰ ਚੀਸਾਂ ਡੋਹੀ ।ਤਨ ਮਨ ਮਿਲਕ ਤਹੀਂਦੇ ।
ਗ਼ਾਈਂ ਵੇਚ ਤੇ ਮੰਝੀਆਂ ਲੇਸਾਂ ।ਨੈਂ ਚੰਦਨ ਤੇ ਝੋਕ ਬਣੇਸਾਂ ।
ਬੇਲਾ ਬੇਲੀ ਨਾਲ ਸੁਹੇਸਾਂ ।ਜੇੜਾ ਚਾਕ ਸਡੀਂਦੇ ।
ਮਾਂਗ ਢਾਲੇ ਪਾਵਾਂ ਫਾਲਾਂ ।ਸਾਰੀ ਉੱਮਰ ਤੈਡੇ ਸੰਗ ਜਾਲਾਂ ।
ਰੰਗਪੂਰ ਸਾੜਾਂ ਸਾੜ ਪਜਾਲਾਂ ।ਬੱਠ ਖੇੜੇ ਮੋਏ ਜੀਂਦੇ ।
ਜਾਂ ਜਾਂ ਕਨੜੀ ਰਿੰਗ ਸੁਣੇਦੀ ।ਜਿਦੜੀ ਸਦਕੇ ਘੋਲੇ ਥਏਂਦੀ ।
ਪਾਹ ਹੰਬਾਹ ਤੇ ਧੂੜ ਮਹੀਂਦੀ ।ਡਿੱਸਦਾ ਨੂਰ ਅੱਖੀਂ ਦੇ ।
ਹਰ ਦਮ ਯਾਰ ਦੇ ਨਾਮ ਸਡੀਵਾਂ ।ਸ਼ਾਲਾ ਨ ਬੇਵਾਹੀ ਥੀਵਾਂ ।
ਬਾਝ ਤੈਡੀ ਦੇ ਬਾਝ ਨ ਜੀਵਾਂ ।ਬਿਆ ਕੋਈ ਕੌਨ ਕਹੀਦੇ ।
ਹੀਰ ਸਲੇਟੀ ਚੂਚਕ ਬੇਟੀ ।ਨਾਜ਼ ਪਨਨੀ ਮੁਸ਼ਕ ਲਪੇਟੀ ।
ਆ ਤਕਦੀਰੋਂ ਚਾਕ ਚਕੇਟੀ ।ਹੁਣ ਡੇਖੋ ਕਿਆ ਥੀਦੇ ।
ਚਾਕੀ ਅਲੜੇ ਚਾਕ ਚਕਾਏ ।ਵਿਸਰਿਆ ਮਾ ਪਿਉ ਮਾਪਿਓ ਜਾਏ ।
ਮਾਮੇ ਚਾਚੇ ਤੇ ਹਮਸਾਏ ।ਆਣ ਸੂਹੀਂ ਨਜਰੀਂਦੇ ।
ਪਾਰ ਝਨਾਹੋਂ ਰਾਂਝਨ ਆਇਆ ।ਝੰਗ ਸਿਆਲੀਂ ਫੇਰਾ ਪਾਇਆ ।
ਹੀਰੇ ਨੂੰ ਜੁੜ ਜਾਦੂ ਲਾਇਆ ।ਕਿਵੇਂ ਛੁਪ ਛਪੀਂਦੇ ।
ਘਟੜੇ ਵਕੜੇ ਟੋਭੇ ਤਾਡੇ ।ਸਭ ਵਸ ਗਏ ਨੇੜੇ ਤਾਡੇ ।
ਆ ਵਸ ਸਾਵਲ ਕੋਲੇ ਸਾਡੇ ।ਬੱਠ ਘਤ ਦਰੋਹ ਦਿਲੀਂਦੇ ।
ਮੌਸਮ ਮਸਤ ਡਿਹਾੜੇ ਭਲੜੇ ।ਡਾਗਾਂ ਮਿਲੜੇ ਸਾਵੇ ਤਲੜੇ ।
ਭਾਗ ਸੁਹਾਗ ਫ਼ਰੀਦ ਸਵੱਲੜੇ ।ਅੱਖੀਆਂ ਨਾਲ ਡਿਸੀਂਦੇ ।

41. ਬਿਨ ਦਿਲਬਰ ਆਹੀਂ ਕਰ ਕਰ

ਬਿਨ ਦਿਲਬਰ ਆਹੀਂ ਕਰ ਕਰ ।ਕਈ ਰਾਤੀਂ ਡਿਤਮ ਸਹਰ ਕਰ ।
ਰੋਹ ਰੋਹੀ ਰਾਵੇ ਰੁਲਦੀ ।ਨਿਤ ਕਦਮ ਕਦਮ ਤੇ ਭੁਲਦੀ ।
ਕਡੀ ਥਕ ਬਹਿੰਦੀ ਜੁਲਦੀ ।ਹੁਣ ਸਾਂਵਲ ਯਾਰ ਵਹਰ ਕਰ ।
ਡੋਖੀ ਡੁਖੜੇ ਸੰਜ ਸਬਾਹੀਂ ।ਡੂੰਘੇ ਡੂੰਗਰ ਕੋਝੀਆਂ ਜਾਹੀਂ ।
ਜਿਥ ਮੱਮੀਆਂ ਗੌਲ ਬਲਾਈਂ ।ਰਿਛ ਰਾਖ਼ਸ਼ ਭਜਦੇ ਡਰ ਕਰ ।
ਬਿਨ ਆਸ਼ਕ ਅਹਿਲ ਵਫ਼ਾ ਦੇ ।ਬਿਨ ਸ਼ਾਇਕ ਜੌਕ ਲਕਾ ਦੇ ।
ਬਿਨ ਸਾਹਿਬ ਸਿਦਕ ਵ ਸਫਾ ਦੇ ।ਇਥ ਆਵੇ ਕੌਨ ਗੁਜ਼ਰ ਕਰ ।
ਲਡ ਨੀਤੋ ਝੋਕ ਪਰੇਰੇ ।ਦਿਲ ਦਰਦਾਂ ਲਾਇਮ ਦੇਰੇ ।
ਡਿਸੇ ਰੋਟੀ ਹਾਂ ਦੇ ਬੇਰੇ ।ਪੀਵਾਂ ਪਾਨੀ ਖੂਨ ਜਿਗਰ ਕਰ ।
ਥੀਏ ਕੰਡੜੇ ਤੂਲ ਨਿਹਾਲੀ ।ਘਰ ਡੇਵਮ ਡੈਨ ਡਿਖ਼ਾਲੀ ।
ਵਲ ਹੋਤ ਦਲੇਂਦਾ ਵਾਲੀ ।ਆ! ਸੀਨੇ ਸਾਡੇ ਘਰ ਕਰ ।
ਗਿਓਂ ਵੈਰੀ ਕੇਚ ਸਫ਼ਰ ਕਰ ।ਜੀ ਜਾਲਿਓ ਜ਼ੁਲਮ ਕਹਿਰ ਕਰ ।
ਜੁਖ ਜੁਖਦੀ ਵੈਸਾਂ ਮਰ ਕਰ ।ਥਲ ਮਾਰੂ ਗੋਰ ਕਬਰ ਕਰ ।
ਸੋਹਣਾ ਯਾਰ ਫ਼ਰੀਦ ਡੋਂ ਆਵੇ ।ਗਲ ਲਾਵੇ ਸੇਝ ਸਹਾਵੇ ।
ਆ ! ਉਜੜੀ ਝੋਕ ਵਸਾਵੇ ।ਠੰਡੜੀ ਆਹ ਅਸਰ ਕਰ ।

42. ਬਿੰਦਰਾ ਬਨ ਮੇਂ ਖੇਲੇ ਹੋਰੀ

ਬਿੰਦਰਾ ਬਨ ਮੇਂ ਖੇਲੇ ਹੋਰੀ ।ਸ਼ਾਮ ਦਵਾਰੇ ਮੇਰੋ ਲਾਲ ।
ਅਧਰ ਮਧਰ ਮੂੰ ਬੰਸੀ ਬਾਜੇ ।ਚੌਰਾਸੀ ਲਖ ਸਾਜ ਆਵਾਜੇ ।
ਭੂਲੀ ਕਾਇਆ ਮਾਇਆ ਮੂੜੀ ।ਸੁਨ ਕੇ ਗਿਆਨ ਅਨੋਖੇ ਖਿਆਲ ।
ਤਰਖਟ ਜਮਕਾ ਤਰਫ਼ਟ ਨਾਉਂ ।ਦੁਰਮਤ ਦਵੈਤ ਪਾਪ ਮਿਟਾਊਂ ।
ਪੀ ਕੇ ਪੈ ਸੰਗ ਪਰੇਮ ਕਟੋਰੀ ।ਨਾਚਤ ਗਾਵਤ ਰੰਗਰਸ ਤਾਲ ।
ਅਨਹਦ ਘੋਰ ਗਗਨ ਮੂੰ ਗ਼ਾਜੇ ।ਚੰਗ ਮਰਦੰਗ ਲਖੋ ਲਖ ਬਾਜੇ ।
ਲਾਗੀ ਜੋਰੀ ਸਬਦ ਟਕੋਰੇ ।ਬਰਸਤ ਗੁਰ ਪਰਤੀਤ ਗੁਲਾਲ ।
ਬ੍ਰਿਜ ਮੂੰ ਧੂਮ ਪਰੀ ਧਨ ਲਾਗੇ ।ਅਭਿਮਾਨ ਟੁਟੇ ਕੁਬੁਧਿਆ ਭਾਗੇ ।
ਬਾਂਹ ਮਰੋਰੇ ਬੰਗਰੀ ਤੋੜੇ ।ਕਵਰ ਕਨ੍ਹੀ ਚੰਚਲ ਚਾਲ ।
ਦਾਸ ਫਰੀਦ ਆਕਾਸ ਹਮਾਰਾ ।ਦੇਸ ਏਹੋ ਅਬਨਾਸ ਹਮਾਰਾ ।
ਆਤਮ ਸੂੰ ਕੀ ਲਾਗੇ ਚੋਰੀ ।ਹੂੰ ਮੈਂ ਸੰਸਾਰ ਹਤ ਪਤਾਲ ।

43. ਬਿਨ ਯਾਰ ਮਿੱਠਲ ਮੈਂ ਵੈਸਾਂ ਮਰ

ਬਿਨ ਯਾਰ ਮਿੱਠਲ ਮੈਂ ਵੈਸਾਂ ਮਰ ।ਜੈ ਬਾਝੋਂ ਹਿਕ ਪਲ ਕੋ ਨੇ ਸਰੇ ।
ਛੱਡ ਹੋਤ ਇਕੱਲੜੀ ਕੇਚ ਗਿਆ ।ਸੌ ਪੀੜ ਉੱਠੀ ਲੱਖ ਪੂਰ ਪਿਆ ।
ਪਿਟੀ ਪਿੱਟ ਪਿੱਟ ਹੁੱਟੜੀ ਸ਼ਾਮ ਸਹਰ ।ਪੱਟੀ ਪੀਤ ਦੇ ਡਿੱਸਦੇ ਪੰਧ ਪਰੇ ।
ਮਿੱਠਾ ਮਾਰੂ ਮੁਹਿਬ ਮਲ੍ਹੇਰ ਵੱਸੇ ।ਰੱਤ ਰੋਵਾਂ ਸਾਰਾ ਲੋਕ ਹੱਸੇ ।
ਥੀਸਾਂ ਬਰ ਡੋਰਾਹੀ ਸਟ ਘਰਦਰ ।ਤੋੜੇ ਯਾਰ ਕਬੂਲ ਕਰੇ ਨ ਕਰੇ ।
ਕੁੱਠੀ ਨਾਜ਼ ਨਿਗਾਹ ਅੱਵੈੜੇ ਦੀ ।ਮੁੱਠੀ ਲਜ਼ਤ ਇਸ਼ਕ ਬਖੇੜੇ ਦੀ ।
ਮੋਈ ਜੀਂਦੀ ਤਾਂ ਦਮੇ ਰੋਜ਼ੇ ਹਸ਼ਰ ।ਅਲਾ ਦਿਲ ਤੋਂ ਮੂਲ ਨਹੀਂ ਵਿੱਸਰੇ ।
ਵਾਹ ਦਿਲਬਰ ਤੈਂਡਰੀ ਯਾਰੀ ਹੈ ।ਲਗੀ ਫਕੜੀ ਸ਼ਹਿਰ ਖਵਾਰੀ ਹੈ ।
ਦਿਲ ਸੜਦੀ ਜਲਦੇ ਜਾਨ ਜਿਗਰ ।ਸਰ ਟੋਟੇ ਪੁਰਜ਼ੇ ਸਹੰਸ ਜ਼ਰੇ ।
ਸ਼ਾਲਾ ਥੀਵਮ ਵਸਲ ਦਾ ਸਾਗ ਕਡੀਂ ।ਮਿਟੇ ਲੁਟੜੀ ਦਿਲ ਦੀ ਤਾਂਗ ਕਡੀਂ ।
ਟਲੇ ਸਖ਼ਤ ਪਹਿਰ ਕਰੇ ਬਖ਼ਤ ਵਹਰ ।ਸੋਹਣਾ ਸਿਹਨ ਸੁਜੀਦੇ ਪੈਰ ਧਰੇ ।
ਆ ਆਂਗਨ ਫ਼ਰੀਦ ਦੇ ਯਾਰ ਮਿੱਠਲ ।ਸਾਰੀ ਉੱਮਰ ਗਈ ਜ਼ੂਖ ਜੁਖਦੀ ਢਲ ।
ਕਰ ਲੁਤਫ਼ ਮਿਹਰ ਬੱਠ ਜ਼ੁਲਮ ਕਹਿਰ ।ਦਿਲ ਡੁੱਖੜੀ ਠੱਡੜੇ ਸਾਹ ਭਰੇ ।

44. ਬਿਨ ਯਾਰ ਸਾਂਵਲ ਬਿਊ ਕੋ ਨਹੀਂ

ਬਿਨ ਯਾਰ ਸਾਂਵਲ ਬਿਊ ਕੋ ਨਹੀਂ ।ਹਜ਼ਾ ਜਨੂਨੁਲ-ਆਸ਼ਕੀਨ ।
ਬੇ ਓ ਨ ਆਂਸਤ ਵ ਨ ਈਂ ।ਹਜ਼ਾ ਜਨੂਨਲ-ਆਸ਼ਕੀਨ ।
ਥਲ ਬਰ ਤਤੀ ਰੁਲਦੀ ਹੈ ਕਿਉਂ ।ਸਿਧ ਵਾਟ ਤੂੰ ਭੁਲਦੀ ਹੈ ਕਿਉਂ ।
ਯਾਰ ਅਸਤ ਹਮਦਮ ਹਮਨਸ਼ੀਨ ।ਹਜ਼ਾ ਜਨੂਨਲ-ਆਸ਼ਕੀਨ ।
ਕਿਆ ਨਾਰ ਕਿਆ ਗੁਲਜ਼ਾਰ ਵੇ ।ਕਿਆ ਯਾਰ ਕਿਆ ਅਗ਼ਯਾਰ ਵੇ ।
ਓ ਰਾ ਬਦਾਨ ਓ ਰਾ ਬਬੀਨ ।ਹਜ਼ਾ ਜਨੂਨਲ-ਆਸ਼ਕੀਨ ।
ਮਜ਼ਹਬ ਵੱਜੂਦੀ ਫ਼ਰਜ਼ ਹੈ ।ਬਿਉਕਲ ਅਜ਼ਾਈ ਗਰਜ਼ ਹੈ ।
ਦੀਦੇਮ ਬਾ ਚਸ਼ਮੇ ਯਕੀਨ ।ਹਜ਼ਾ ਜਨੂਨਲ-ਆਸ਼ਕੀਨ ।
ਡੇਂਹ ਹਿਜਰ ਦੇ ਮੋਕਲਾ ਗਏ ।ਵੇਲ੍ਹੇ ਵਸਾਲ ਦੇ ਆ ਗਏ ।
ਜਾਨਮ ਬਜਾਨਾਂ ਸ਼ੁਦ ਕਰੀਂ ।ਹਜ਼ਾ ਜਨੂਨਲ-ਆਸ਼ਕੀਨ ।
ਨਹੀਂ ਕਾਲ ਬੇਸ਼ਕ ਹਾਲ ਹੈ ।ਪਲ ਪਲ ਅਸਾਡੇ ਨਾਲ ਹੈ ।
ਨਾਜ਼ਕ ਮਜ਼ਾਜ ਨਾਜ਼ਨੀਨ ।ਹਜ਼ਾ ਜਨੂਨਲ-ਆਸ਼ਕੀਨ ।
ਵਾਹ ਇਸ਼ਕ ਡਿੱਤੜੀ ਡਾਤ ਹੈ।ਥੱਈ ਰਾਤ ਸਭ ਪਰਭਾਤ ਹੈ ।
ਸ਼ੁਦ ਫ਼ਰਸ਼ ਦਿਲ ਅਰਸ਼ ਬਰੀਂ ।ਹਜ਼ਾ ਜਨੂਨਲ-ਆਸ਼ਕੀਨ ।
ਖ਼ਲਕਤ ਕੂੰ ਜੈਂਦੀ ਗੋਲਾ ਹੈ ।ਹਰਦਮ ਫ਼ਰੀਦ ਦੇ ਕੋਲ ਹੈ ।
ਸੌਰੀਦ ਪੀਰ ਫ਼ਖਰੁ ਦੀਨ ।ਹਜ਼ਾ ਜਨੂਨਲ-ਆਸ਼ਕੀਨ ।

45. ਬਿਰਹੋਂ ਪਿਉ ਸੇ ਪਖ਼ੜੇ

ਬਿਰਹੋਂ ਪਿਉ ਸੇ ਪਖ਼ੜੇ ।ਬੇਕਲ ਧੰਦੜੇ ਚੁਕੜੇ ।
ਪੀਤ ਪਰਮ ਦੀ ਚਾਸ਼ਨੀ ਚਖੜੇਮ ।ਵਿਸਰੇ ਡੁੱਖੜੇ ਪੁਖੜੇ ।
ਇਸ਼ਕ ਦੀ ਬਾਤ ਨ ਸਮਝਨ ਅਸਲੋਂ ।ਏ ਮੁਲਵਾਣੇ ਰੁਖੜੇ ।
ਅਦਨਬੀ ਰੱਬੀ ਜਬ ਹੋਇਆ ।ਸ਼ਰਾ ਮਸਾਇਲ ਮੁੱਕੜੇ ।
'ਹਮਾ ਓਸਤ' ਦਾ ਸਬਕ ਘਿਦੋਸੇ ।ਫ਼ਾਸ਼ ਥਏ ਗੁੱਝ ਲੁੱਕੜੇ ।
ਹੀਂ ਰਾਹੋਂ ਨ ਫਿਰਸਾਂ ਤੋੜੀਂ ।ਸਰ ਥੀਸਮ ਸੌ ਟੁੱਕੜੇ ।
ਮਹਜ ਫ਼ਰੀਦ ਨਹੀਂ ਕਈ ਹਾਜਤ ।ਹਿਉਂ ਹਿੱਕ ਨੇਂਹ ਦੇ ਬੁਖੜੇ ।

46. ਬੂਲਾ ਬਨੇਸਰ ਕਿਸ ਨੂੰ ਪਾਵਾਂ

ਬੂਲਾ ਬਨੇਸਰ ਕਿਸ ਨੂੰ ਪਾਵਾਂ ।ਢੋਲਣ ਕੀਤਮ ਨਾ ਮਨਜ਼ੂਰ ।
ਕਥ ਨੂੰ ਬੇਨਾਂ ਮਾਂਗ ਬਣਾਵਾਂ ।ਕਜਲਾ ਪਾਵਾਂ ਸੁਰਖੀ ਲਾਵਾਂ ।
ਯਾਰ ਤਤੀ ਦਾ ਵਸਦਾ ਦੂਰ ।
ਪ੍ਰੀਤ ਪੁਰਾਣੀ ਕਮਲਾ ਕੀਤਾ ।ਇਸ਼ਕ ਅਵਲੜਾ ਲੂੰ ਲੂੰ ਸੀਤਾ ।
ਪਵਨ ਕੁਲਲੜੇ ਪਲ ਪਲ ਪੂਰ ।
ਤਰਜ਼ ਨਿਆਜ਼ ਅਸਾਡੀ ਮੋੜੀ ।ਕਿਬਲਾ ਕਦਮੀ ਯਾਰ ਦੀ ਧੂੜੀ ।
ਹੁਸਨ ਅਜ਼ਲ ਦੀ ਚਾਲ ਗ਼ਰੂਰ ।
ਸੇਂਗੀਆਂ ਸੁਰਤੀਆਂ ਸੇਂਝ ਵਛਾਵਨ ।ਬਾਂਹ ਚੁੜੇਲੀ ਵਰ ਗਲ ਲਾਵਨ ।
ਹਿਕ ਮੈਂ ਮੁਫਤ ਰਹੀ ਮਹਜੂਰ ।
ਵਾਦੀ ਐਮਨ ਥਲ ਦੇ ਚਾਰੇ ।ਜਿਥਾਂ ਬਰੋਚਲ ਕਰ ਹੂੰ ਕਤਾਰੇ ।
ਕਕੜੇ ਬਨੜੇ ਹੁਣ ਕੋਹ ਤੂਰ ।
ਮੁਲਾਂ ਮਾਰਨ, ਸਖਤ ਸਤਾਵਨ ।ਗੁਝੜੇ ਰਾਜ਼ ਦਾ ਭੇਤ ਨ ਪਾਵਨ ।
ਬੇ ਵਸ ਸ਼ੋਦੇ ਹਨ ਮਅਜ਼ੂਰ ।
ਮਲਵਾਣੇ ਦੇ ਵਾਅਜ਼ ਨ ਭਾਣੇ ।ਬੇਸ਼ਕ ਸਾਡਾ ਦੀਨ ਈਮਾਣੇ ।
ਇਬਨੁਲਅਰਬੀ ਦੀ ਦਸਤੂਰ ।
ਆਸ਼ਕ ਮਸਤ ਮਦਾਮ ਮਲਾਮੀ ।ਕਹਿ ਸੁਬਹਾਨੀ ਬਣ ਬਸਤਾਮੀ ।
ਆਖ ਅਨੱਲਹਕ ਥੀ ਮਨਸੂਰ ।
ਹੁਸਨ ਪਰਸਤੀ ਐਨ ਇਬਾਦਤ ।ਸ਼ਾਹਦ ਮਸਤੀ ਸਰਫ ਸਆਦਤ ।
ਗੀਬਤ ਗਫਲਤ ਮਹਜ਼ ਹਜ਼ੂਰ ।
ਰੀਤ ਫ਼ਰੀਦ ਦੀ ਪੁਠੜੀ ਸਾਰੀ ।ਰਹਿੰਦਾ ਸੌਮ ਵ ਸਲਵਾਤੋਂ ਆਰੀ ।
ਰਿੰਦੀ ਮਸ਼ਰਬ ਹੈ ਮਸ਼ਹੂਰ ।

47. ਚੂੜਾ ਅਨਾਡੇ ਜੈਸਲਮੇਰ ਦਾ

ਚੂੜਾ ਅਨਾਡੇ ਜੈਸਲਮੇਰ ਦਾ ।ਸੂਹਾ ਰੰਗਾਡੇ ਖ਼ਾਸ ਅਜਮੇਰ ਦਾ ।
ਹੋਵੇ ਅਸਲੀ ਖ਼ਾਸ ਮੜੀਚਾ ।ਨਾ ਨਕਲੀ ਵਲ ਫੇਰ ਦਾ ।
ਜਲਦੀ ਆਵੇ ਨਾ ਚਿਰ ਲਾਵੇ ।ਕੰਮ ਨਹੀਂ ਅਥ ਦੇਰ ਦਾ ।
ਬਿਰਹੋਂ ਦਾ ਚੂੜਾ ਪਰੀਤ ਦਾ ਸੂਹਾ ।ਕਾਕ ਨਦੀ ਦੇ ਘੇਰ ਦਾ ।
ਬਿਛੂਆ ਬੀਕਾਨੇਰੀ ਘਿਨਸਾਂ ।ਸਜੜੇ ਖਬੜੈ ਪੈਰ ਦਾ ।
ਸਹਿਜੇ ਪੀਸਾਂ ਪਾ ਠਮਕੀਸਾਂ ।ਥੋਰਾ ਚੀਸਾਂ ਡੇਰ ਦਾ ।
ਯਾਰ ਫ਼ਰੀਦ ਮਨੇਂਦਮ ਆਖੀਏ ।ਕਿਆ ਗ਼ਮ ਪਏ ਦੇ ਵੈਰ ਦਾ ।

(ਅਨਾਡੇ=ਮੰਗਵਾ ਦੇ, ਸੂਹਾ=ਲਾਲ,ਵਿਆਹ ਦਾ ਜੋੜਾ, ਮੜੀਚਾ=
ਮਾਰਵਾੜੀ, ਵਲ=ਝੂਠਾ,ਫਰੇਬ, ਅਥ=ਇੱਥੇ, ਕਾਕ=ਇਕ ਨਦੀ,
ਘੇਰ=ਘੇਰਾ,ਸਾਟ, ਬਿਛੂਆ=ਪੈਰ ਦੀ ਉਂਗਲੀ ਦਾ ਗਹਿਣਾ, ਘਿਨਸਾਂ=
ਲਵਾਂਗੀ, ਪੀਸਾਂ=ਪਹਿਨਾਂਗੀ, ਠਮਕੀਸਾਂ=ਠੁਮਕ ਠੁਮਕ ਚਲਾਂਗੀ, ਥੋਰਾ=
ਅਹਿਸਾਨ, ਡੇਰ=ਦੇਵਰ, ਮਨੇਂਦਮ=ਮੇਰੀ ਮੰਨਦਾ ਹੈ, ਪਏ=ਦੂਜੇ)

48. ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ

ਚੂੜੇ ਬੀੜੇ ਕਿਢੇਂ ਪਾਂਵਾਂ ੜੀ ਪਾਵਾਂ ।ਮੈਡਾ ਯਾਰ ਗਿਆ ਮਲ੍ਹੇਰ ਤੇ ।
ਡੇ ਕਰ ਕੂੜੀਆਂ ਆਸ ਉੱਮੀਦਾਂ ।ਥੋਰੇ ਚਾੜ੍ਹ ਡੁੱਖਾਵਾਂ ੜੀ ਡੁੱਖਾਵਾਂ ।
ਹੈ ਡੁੱਖੜੇ ਦਿਲ ਦਿਲਗੀਰ ਤੇ ।
ਗਏ ਬਰਬਾਦ ਲੱਖੋ ਲੱਖ ਵਾਅਦੇ ।ਹੁਣ ਕਿਉਂ ਫਟਕੀ ਖ਼ਾਵਾਂ ੜੀ ਖਾਵਾਂ ।
ਖੋਟੇ ਤੋਂ ਵੈਰੀ ਬੇ ਪੀਰ ਤੇ ।
ਰਾਤ ਹਿਜਰ ਦੀ ਰੱਤੜੋਂ ਰੋਵਾਂ ।ਰੱਤੜੀਆਂ ਮਰਚਾਂ ਲਾਵਾਂ ੜੀ ਲਾਵਾਂ ।
ਤੱਤੀ ਸੌ ਮਨ ਹਿੱਕ ਹਿੱਕ ਚੀਰ ਤੇ ।
ਸਲਦੇ ਸਕਦੇ ਓਲ੍ਹੇ ਘੋਲ੍ਹੇ ।ਵਾਰੀ ਵਾਰੀ ਜਾਵਾਂ ੜੀ ਜਾਵਾਂ ।
ਮਿੱਠੀ ਕਾਸਦ ਦੀ ਤਕਰੀਰ ਤੇ ।
ਯਾਰ ਨ ਆਵੇ ਕੁੱਝ ਨ ਭਾਵੇ ।ਭੈਣੀਂ ਨੂੰ ਨਿੱਤ ਤਾਂਵਾਂ ੜੀ ਤਾਂਵਾਂ ।
ਥੀਵਾਂ ਕਾਵੜ ਮਾਂ ਪਿਉ ਵੀਰ ਤੇ ।
ਖੇੜੀਂ ਭੈੜੀਂ ਦੇ ਹੱਥ ਆਈ ।ਜੈਂ ਡੇਂਹ ਲੱਧੀਆਂ ਲਾਂਵਾਂ ੜੀ ਲਾਂਵਾਂ ।
ਡੋੜੀ ਤਰੇਉੜੀ ਸਖ਼ਤੀ ਹੀਰ ਤੇ ।
ਔਖੀਂ ਸੌਖੀ ਮੂਲ ਨ ਫਿਰਸਾਂ ।ਕਿਉਂ ਨੇਂਹ ਫ਼ਰੀਦ ਲਜਾਂਵਾਂ ੜੀ ਲਜਾਂਵਾਂ ।
ਮੁੱਠੀ ਕੁਲ ਕਮ ਰੱਖ ਤਕਦੀਰ ਤੇ ।

49. ਚੋਰੀਓਂ ਜਾਰੀਓਂ ਇਸਤਗ਼ਫਾਰ

(ਅਰਦਾਸ)
ਚੋਰੀਓਂ ਜਾਰੀਓਂ ਇਸਤਗ਼ਫਾਰ ।ਬਖਸ਼ਿਮ ਸ਼ਾਲਾ ਰੱਬ ਗੁਫਾਰ ।
ਗੰਦੜੀ ਆਦਤ ਗੰਦੜੇ ਫੇਅਲੋਂ ।ਤੋਬਾ ! ਤੋਬਾ !! ਲਖ ਲਖ ਵਾਰ ।
ਕਰ ਕਰ ਸਖਤ ਗੁਨਾਹ ਪਰਤਾਪੁਇਮ ।ਤੂੰ ਹੈਂ ਖਾਵੰਦ ਬਖਸ਼ਣ ਹਾਰ ।
ਪੀਰ ਪੈਗੰਬਰ ਤੈਡੇ ਬਾਹੀਂ ।ਤੂੰ ਮਾਲਕ ਤੂੰ ਕੁਲ ਮੁਖਤਾਰ ।
ਮੈਂ ਬਦ ਅਮਲੀ ਤੇ ਕਰ ਰਹਿਮਤ ।ਜੈਂ ਡੇਂਹ ਯਾਰ ਵੀ ਯਾਰ ਨ ਯਾਰ ।
ਔਗਨ ਹਾਰੀ ਨਾ ਕਿਹੇਂ ਕੰਮ ਦੀ ।ਕੋਝੀ ਕਮਲੀ ਬਦ ਕਿਰਦਾਰ ।
ਤੈਡਾ ਸ਼ਾਨ ਹੈ ਫਜ਼ਲ ਕਰਮ ਦਾ ।ਮੈਂ ਵਿਚ ਡੋਹ ਤੇ ਐਬ ਹਜ਼ਾਰ ।
ਆਵਨ ਯਾਦ ਗੁਨਾਹ ਪੁਰਾਣੇ ।ਪਿਟ ਪਿਟ ਰੋਵਾਂ ਜ਼ਾਰੋ ਜ਼ਾਰ ।
ਰਾਤ ਕਬਰ ਦੀ ਡੇਂਹ ਹਸ਼ਰ ਦਾ ।ਸਿਰ ਤੇ ਕੜਕਮ ਬਾਰੇ ਬਾਰ ।
ਮੈਂ ਮਸਕੀਨ ਫਰੀਦ ਹਾਂ ਤੈਡਾ ।ਤੌਂ ਬਿਨ ਕੌਣ ਉਤਾਰਿਮ ਪਾਰ ।

50. ਦਮ ਮਸਤ ਕਲੰਦਰ ਮਸਤ ਕਲੰਦਰ

ਦਮ ਮਸਤ ਕਲੰਦਰ ਮਸਤ ਕਲੰਦਰ ।ਮਸਤ ਵ ਮਸਤੀ ਅਲਸਤੀ ।
ਨਫ਼ਸ ਮੁਕੱਦਸ ਅਹਿਲ ਸ਼ਆਦਤ ।ਇਲਮ ਅਮਲ ਵਿੱਚ ਰਖਨ ਸਆਦਤ ।
ਛੱਡ ਕਰ ਵਿਰਦ ਤੇ ਜ਼ੁਹਦ ਇਬਾਦਤ ।ਨਿੱਤ ਕਰਦੇ ਵਿਰਦ ਪਰਸਤੀ ।
ਸਾਫ਼ ਮੱਬਰਾ ਗ਼ੈਰ ਖ਼ਿਆਲੋਂ ।ਪਾਕ ਅਯਾਲੋਂ ਆਲੋਂ ਮਾਲੋਂ ।
ਰਾਸਖ ਵਜਦੋਂ ਜ਼ੌਕੋ ਹਾਲੋਂ ।ਵਹ ਵਹ ਮਸਤੀਂਦੀ ਮਸਤੀ ।
ਅਜ਼ਲ ਅਬਦ ਤਕ ਜਾਨੜਨ ਵਾਕਫ਼ ।ਲਾਨਤ ਰਹਿਮਤ ਸਮਝਨ ਆਰਫ਼ ।
ਬੂਝਨ ਮਕਾਸ਼ਫ ਮਹਿਜ ਮਰਾਦਫ ।ਕਿਆ ਬਾਲਾਈ ਕਿਆ ਪਸਤੀ ।
ਜੇ ਤੂੰ ਚਾਹੇਂ ਕੁਰਬ ਹਕੀਕੀ ।ਵਿਰਸਾ ਅਲਵੀ ਤੇ ਸਦੀਕੀ ।
ਰੀਤ ਜੁਨੇਦ ਰਿਸਮ ਸ਼ਕੀਕੀ ।ਭੱਟ ਹਸਤੀ ਵੱਟ ਹਸਤੀ ।
ਸੱਟ ਸੁਹਬਤ ਰਖ ਖਲਵਤ ਅਜ਼ਲਤ ।ਮੌਤ ਇਰਾਦੀ ਤੂੰ ਪਾ ਨਜ਼ਹਤ ।
ਜੇ ਸਰ ਡੇਸੀਂ ਹਈ ਬੇ ਸ਼ੁਬਹਤ ।ਅਥ ਸੌਦਾ ਦਸਤ ਬਦਸਤੀ ।
ਸੋਜ਼ ਪਰੀਤਾ ਹਾਲ ਫ਼ਰੀਦੀ ।ਮਜ਼ਹਬ ਮਿੱਲਤ ਹਿਸ ਤੌਹੀਦੀ ।
ਮੈਲ ਕੁਚੈਲਾ ਸ਼ਕਲ ਜਰੀਦੀ ।ਖ਼ੁਸ਼ ਵੱਸਦਾ ਪਰਮ ਦੀ ਵਸਤੀ ।

  • Next......(51-100)
  • ਮੁੱਖ ਪੰਨਾ : ਕਾਵਿ ਰਚਨਾਵਾਂ, ਖ਼ਵਾਜਾ ਗ਼ੁਲਾਮ ਫ਼ਰੀਦ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ