Kafian : Baba Bullhe Shah
ਕਾਫ਼ੀਆਂ : ਬਾਬਾ ਬੁੱਲ੍ਹੇ ਸ਼ਾਹ
ਕਾਫ਼ੀਆਂ ਬਾਬਾ ਬੁੱਲ੍ਹੇ ਸ਼ਾਹ (51-100)
51. ਇਸ਼ਕ ਦੀ ਨਵੀਓਂ ਨਵੀਂ ਬਹਾਰ
ਜਾਂ ਮੈਂ ਸਬਕ ਇਸ਼ਕ ਦਾ ਪੜ੍ਹਿਆ, ਮਸਜਦ ਕੋਲੋਂ ਜੀਉੜਾ ਡਰਿਆ,
ਡੇਰੇ ਜਾ ਠਾਕਰ ਦੇ ਵੜਿਆ, ਜਿੱਥੇ ਵੱਜਦੇ ਨਾਦ ਹਜ਼ਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਜਾਂ ਮੈਂ ਰਮਜ਼ ਇਸ਼ਕ ਦੀ ਪਾਈ, ਮੈਨਾ ਤੋਤਾ ਮਾਰ ਗਵਾਈ,
ਅੰਦਰ ਬਾਹਰ ਹੋਈ ਸਫ਼ਾਈ, ਜਿਤ ਵੱਲ ਵੇਖਾਂ ਯਾਰੋ ਯਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਹੀਰ ਰਾਂਝੇ ਦੇ ਹੋ ਗਏ ਮੇਲੇ, ਭੁੱਲੀ ਹੀਰ ਢੂੰਡੇਦੀ ਬੇਲੇ,
ਰਾਂਝਾ ਯਾਰ ਬੁੱਕਲ ਵਿਚ ਖੇਲੇ, ਮੈਨੂੰ ਸੁਧ ਰਹੀ ਨਾ ਸਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਬੇਦ ਕੁਰਾਨਾਂ ਪੜ੍ਹ ਪੜ੍ਹ ਥੱਕੇ, ਸੱਜਦੇ ਕਰਦਿਆਂ ਘੱਸ ਗਏ ਮੱਥੇ,
ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਇਆ ਤਿਸ ਨੂਰ ਅਨਵਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਫੂਕ ਮੁਸੱਲਾ ਭੰਨ ਸੁੱਟ ਲੋਟਾ, ਨਾ ਫੜ ਤਸਬੀ ਕਾਸਾ ਸੋਟਾ,
ਆਸ਼ਕ ਕਹਿੰਦੇ ਦੇ ਦੇ ਹੋਕਾ, ਤਰਕ ਹਲਾਲੋਂ ਖਾਹ ਮੁਰਦਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਉਮਰ ਗਵਾਈ ਵਿਚ ਮਸੀਤੀ, ਅੰਦਰ ਭਰਿਆ ਨਾਲ ਪਲੀਤੀ,
ਕਦੇ ਨਮਾਜ਼ ਤੌਹੀਦ ਨਾ ਕੀਤੀ, ਹੁਣ ਕੀ ਕਰਨਾ ਏਂ ਸ਼ੋਰ ਪੁਕਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
ਇਸ਼ਕ ਭੁਲਾਇਆ ਸਜਦਾ ਤੇਰਾ, ਹੁਣ ਕਿਉਂ ਐਵੇਂ ਪਾਵੇਂ ਝੇੜਾ,
ਬੁੱਲ੍ਹਾ ਹੁੰਦਾ ਚੁੱਪ ਬਥੇਰਾ, ਇਸ਼ਕ ਕਰੇਂਦਾ ਮਾਰੋ ਮਾਰ ।
ਇਸ਼ਕ ਦੀ ਨਵੀਓਂ ਨਵੀਂ ਬਹਾਰ ।
52. ਇਸ਼ਕ ਹਕੀਕੀ ਨੇ ਮੁੱਠੀ ਕੁੜੇ
ਇਸ਼ਕ ਹਕੀਕੀ ਨੇ ਮੁੱਠੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਮਾਪਿਆਂ ਦੇ ਘਰ ਬਾਲ ਇਞਾਣੀ, ਪੀਤ ਲਗਾ ਲੁੱਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਮਨਤਕ ਮਅਨੇ ਕੰਨਜ਼ ਕਦੂਰੀ, ਮੈਂ ਪੜ੍ਹ ਪੜ੍ਹ ਇਲਮ ਵਗੁੱਚੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਨਮਾਜ਼ ਰੋਜ਼ਾ ਓਹਨਾਂ ਕੀ ਕਰਨਾ, ਜਿਨ੍ਹਾਂ ਪ੍ਰੇਮ ਸੁਰਾਹੀ ਲੁੱਟੀ ਕੁੜੇ,
ਮੈਨੂੰ ਦੱਸੋ ਪੀਆ ਦਾ ਦੇਸ ।
ਬੁੱਲ੍ਹਾ ਸ਼ੌਹ ਦੀ ਮਜਲਸ ਬਹਿ ਕੇ, ਸਭ ਕਰਨੀ ਮੇਰੀ ਛੁੱਟੀ ਕੁੜੇ ,
ਮੈਨੂੰ ਦੱਸੋ ਪੀਆ ਦਾ ਦੇਸ ।
53. ਇਸ ਨੇਹੁੰ ਦੀ ਉਲਟੀ ਚਾਲ
ਸਾਬਿਰ ਨੇ ਜਦ ਨੇਹੁੰ ਲਗਾਇਆ, ਦੇਖ ਪੀਆ ਨੇ ਕੀ ਦਿਖਲਾਇਆ,
ਰਗ ਰਗ ਅੰਦਰ ਕਿਰਮ ਚਲਾਇਆ, ਜ਼ੋਰਾਵਰ ਦੀ ਗੱਲ ਮੁਹਾਲ,
ਇਸ ਨੇਹੁੰ ਦੀ ਉਲਟੀ ਚਾਲ ।
ਜ਼ਕਰੀਆ ਨੇ ਜਦ ਪਾਇਆ ਕਹਾਰਾ, ਜਿਸ ਦਮ ਵਜਿਆ ਇਸ਼ਕ ਨੱਗਾਰਾ,
ਧਰਿਆ ਸਿਰ ਤੇ ਤਿੱਖਾ ਆਰਾ, ਕੀਤਾ ਅੱਡ ਜਵਾਲ,
ਇਸ ਨੇਹੁੰ ਦੀ ਉਲਟੀ ਚਾਲ ।
ਜਦੋਂ ਯਹੀਏ ਨੇ ਪਾਈ ਝਾਤੀ, ਰਮਜ਼ ਇਸ਼ਕ ਦੀ ਲਾਈ ਕਾਤੀ,
ਜਲਵਾ ਦਿੱਤਾ ਆਪਣਾ ਜ਼ਾਤੀ, ਤਨ ਖੰਜਰ ਕੀਤਾ ਲਾਲ,
ਇਸ ਨੇਹੁੰ ਦੀ ਉਲਟੀ ਚਾਲ ।
ਆਪ ਇਸ਼ਾਰਾ ਅੱਖ ਦਾ ਕੀਤਾ, ਤਾਂ ਮਧੁਵਾ ਮਨਸੂਰ ਨੇ ਪੀਤਾ,
ਸੂਲੀ ਚੜ੍ਹ ਕੇ ਦਰਸ਼ਨ ਲੀਤਾ, ਹੋਇਆ ਇਸ਼ਕ ਕਮਾਲ,
ਇਸ ਨੇਹੁੰ ਦੀ ਉਲਟੀ ਚਾਲ ।
ਸੁਲੇਮਾਨ ਨੂੰ ਇਸ਼ਕ ਜੋ ਆਇਆ, ਮੁੰਦਰਾ ਹੱਥੋਂ ਚਾ ਗਵਾਇਆ,
ਤਖ਼ਤ ਨਾ ਪਰੀਆਂ ਦਾ ਫਿਰ ਆਇਆ, ਭੱਠ ਝੋਕੇ ਪਿਆ ਬੇਹਾਲ,
ਇਸ ਨੇਹੁੰ ਦੀ ਉਲਟੀ ਚਾਲ ।
ਬੁੱਲ੍ਹੇ ਸ਼ਾਹ ਹੁਣ ਚੁੱਪ ਚੰਗੇਰੀ, ਨਾ ਕਰ ਏਥੇ ਐਡ ਦਲੇਰੀ,
ਗੱਲ ਨਾ ਬਣਦੀ ਤੇਰੀ ਮੇਰੀ, ਛੱਡ ਦੇ ਸਾਰੇ ਵਹਿਮ ਖ਼ਿਆਲ,
ਇਸ ਨੇਹੁੰ ਦੀ ਉਲਟੀ ਚਾਲ ।
54. ਜਿਚਰ ਨਾ ਇਸ਼ਕ ਮਜਾਜ਼ੀ ਲਾਗੇ
ਜਿਚਰ ਨਾ ਇਸ਼ਕ ਮਜਾਜ਼ੀ ਲਾਗੇ ।
ਸੂਈ ਸੀਵੇ ਨਾ ਬਿਨ ਧਾਗੇ ।
ਇਸ਼ਕ ਮਜਾਜ਼ੀ ਦਾਤਾ ਹੈ ।
ਜਿਸ ਪਿੱਛੇ ਮਸਤ ਹੋ ਜਾਤਾ ਹੈ ।
ਇਸ਼ਕ ਜਿਨ੍ਹਾਂ ਦੀ ਹੱਡੀਂ ਪੈਂਦਾ,
ਸੋਈ ਨਿਰਜੀਵਤ ਮਰ ਜਾਂਦਾ,
ਇਸ਼ਕ ਪਿਤਾ ਤੇ ਮਾਤਾ ਹੈ,
ਜਿਸ ਪਿੱਛੇ ਮਸਤ ਹੋ ਜਾਤਾ ਹੈ ।
ਆਸ਼ਕ ਦਾ ਤਨ ਸੁੱਕਦਾ ਜਾਏ,
ਮੈਂ ਖੜੀ ਚੰਦ ਪਿਰ ਕੇ ਸਾਏ,
ਵੇਖ ਮਸ਼ੂਕਾਂ ਖਿੜ ਖਿੜ ਹਾਸੇ,
ਇਸ਼ਕ ਬੇਤਾਲ ਪੜ੍ਹਾਤਾ ਹੈ ।
ਜਿਸ ਤੇ ਇਸ਼ਕ ਇਹ ਆਇਆ ਹੈ,
ਉਹ ਬੇਬਸ ਕਰ ਦਿਖਲਾਇਆ ਹੈ,
ਨਸ਼ਾ ਰੋਮ ਰੋਮ ਮੇਂ ਆਇਆ ਹੈ,
ਇਸ ਵਿਚ ਨਾ ਰੱਤੀ ਉਹਲਾ ਹੈ,
ਹਰ ਤਰਫ ਦਸੇਂਦਾ ਮੌਲਾ ਹੈ,
ਬੁੱਲ੍ਹਾ ਆਸ਼ਕ ਵੀ ਹੁਣ ਤਰਦਾ ਹੈ,
ਜਿਸ ਫਿਕਰ ਪੀਆ ਦੇ ਘਰ ਦਾ ਹੈ,
ਰੱਬ ਮਿਲਦਾ ਵੇਖ ਉਚਰਦਾ ਹੈ ।
ਮਨ ਅੰਦਰ ਹੋਇਆ ਝਾਤਾ ਹੈ ।
ਜਿਸ ਪਿੱਛੇ ਮਸਤ ਹੋ ਜਾਤਾ ਹੈ ।
55. ਜਿੰਦ ਕੁੜਿਕੀ ਦੇ ਮੂੰਹ ਆਈ
ਆਪੇ ਹੈਂ ਤੂੰ ਲਹਿਮਕਾ ਲਹਿਮੀ, ਆਪੇ ਹੈਂ ਤੂੰ ਨਿਆਰਾ,
ਗੱਲਾਂ ਸੁਣ ਤੇਰੀਆਂ, ਮੇਰਾ ਅਕਲ ਗਿਆ ਉੱਡ ਸਾਰਾ,
ਸ਼ਰੀਅਤ ਤੋਂ ਬੇਸ਼ਰੀਅਤ ਕਰਕੇ, ਭਲੀ ਖੁੱਭਣ ਵਿਚ ਪਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਜ਼ੱਰਾ ਇਸ਼ਕ ਤੁਸਾਡਾ ਦਿਸਦਾ, ਪਰਬਤ ਕੋਲੋਂ ਭਾਰਾ,
ਇਕ ਘੜੀ ਦੇ ਵੇਖਣ ਕਾਰਨ, ਚੁੱਕ ਲਿਆ ਜੱਗ ਸਾਰਾ,
ਕੀਤੀ ਮਿਹਨਤ ਮਿਲਦੀ ਨਾਹੀਂ, ਹੁਣ ਕੀ ਕਰੇ ਲੁਕਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਵਾ-ਵੇਲਾ ਕੀ ਕਰਨਾ, ਜਿੰਦ ਜੁ ਸਾੜੇ ਸੁ ਸਾੜੇ,
ਸੁੱਖਾਂ ਦਾ ਇਕ ਪੂਲਾ ਨਾਹੀਂ, ਦੁੱਖਾਂ ਦੇ ਖਲਵਾੜੇ,
ਹੋਣੀ ਸੀ ਜੁ ਉਸ ਦਿਨ ਹੋਈ, ਹੁਣ ਕੀ ਕਰੀਏ ਭਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਸਲਾਹ ਨਾ ਮੰਨਦਾ ਵਾਤ (ਨਾ) ਪੁੱਛਦਾ, ਆਖ ਵੇਖਾਂ ਕੀ ਕਰਦਾ,
ਕੱਲ੍ਹ ਮੈਂ ਕਮਲੀ ਤੇ (ਅੱਜ) ਉਹ ਕਮਲਾ, ਹੁਣ ਕਿਉਂ ਮੈਥੋਂ ਡਰਦਾ,
ਉਹਲੇ ਬਹਿ ਕੇ ਰਮਜ਼ ਚਲਾਈ, ਦਿਲ ਨੂੰ ਚੋਟ ਲਗਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਸੀਨੇ ਬਾਣ ਧੰਦਾਲਾ ਗਲ ਵਿਚ, ਇਸ ਹਾਲਤ ਵਿਚ ਜਾਲਾਂ,
ਚਾ ਚਾ ਸਿਰ ਭੋਏਂ ਤੇ ਮਾਰਾਂ, ਰੋ ਰੋ ਯਾਰ ਸੰਭਾਲਾਂ,
ਅੱਗੇ ਵੀ ਸਈਆਂ ਨੇ ਨੇਹੁੰ ਲਗਾਇਆ, ਕੇ ਮੈਂ ਹੀ ਪ੍ਰੀਤ ਲਗਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਜੱਗ ਵਿਚ ਰੋਸ਼ਨ ਨਾਂ ਤੁਸਾਡਾ, ਆਸ਼ਕ ਤੋਂ ਕਿਉਂ ਨੱਸਦੇ ਹੋ,
ਵੱਸੋ ਰਸੋ ਵਿਚ ਬੁੱਕਲ ਦੇ, ਆਪਣਾ ਭੇਤ ਨਾ ਦਸਦੇ ਹੋ,
ਵਿਚੋਕੜੇ ਵਿਚਕਾਰੋਂ ਫੜਕੇ, ਮੈਂ ਕਰ ਉਲਟੀ ਲਟਕਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਅੰਦਰ ਵਾਲਿਆ ਬਾਹਰ ਆਵੀਂ, ਬਾਹੋਂ ਪਕੜ ਖਲੋਵਾਂ,
ਜ਼ਾਹਰਾ ਮੈਥੋਂ ਲੁੱਕਣ ਛਿਪਣ, ਬਾਤਨ ਕੋਲੇ ਹੋਵਾਂ,
ਐਸੇ ਬਾਤਨ ਫਟੀ ਜੁਲੈਖਾਂ, ਮੈਂ ਬਾਤਨ ਬਿਰਲਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਆਖਣੀਆਂ ਸੀ ਆਖ ਸੁਣਾਈਆਂ, ਮਚਲਾ ਸੁਣਦਾ ਨਾਹੀਂ,
ਹੱਥ ਮਰੋੜਾਂ ਫਾਟਾਂ ਤਲੀਆਂ, ਰੋਵਾਂ ਢਾਹੀਂ ਢਾਹੀਂ,
ਲੈਣੇ ਥੀਂ ਮੁੜ ਦੇਣਾ ਆਇਆ, ਇਹ ਤੇਰੀ ਭਲਿਆਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਇਕ ਇਕ ਲਹਿਰ ਅਜੇਹੀ ਆਵੇ, ਨਹੀਂ ਦੱਸਣੀਆਂ ਸੋ ਦੱਸਾਂ,
ਸੱਚ ਆਖਾਂ ਤਾਂ ਸੂਲੀ ਫਾਹਾ, ਝੂਠ ਕਹਾਂ ਤਾਂ ਵੱਸਾਂ,
ਐਸੀ ਨਾਜ਼ਕ ਬਾਤ ਕਿਉਂ ਆਖਾਂ, ਕਹਿੰਦਿਆਂ ਹੋਵੇ ਪਰਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਵਹੀ ਵਸੀਲਾ ਪਾਕਾਂ ਦਾ, ਤੁਸੀਂ ਆਪੇ ਸਾਡੇ ਹੋਵੋ,
ਜਾਗਦਿਆਂ ਸੰਗ ਸਾਡੇ ਜਾਗੋ, ਸਵਾਂ ਤਾਂ ਨਾਲੇ ਸੌਂਵੋ,
ਜਿਸਨੇ ਤੈਂ ਸੰਗ ਪ੍ਰੀਤ ਲਗਾਈ, ਕਿਹੜੇ ਸੁੱਖ ਸੁਵਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਐਸੀਆਂ ਲੀਕਾਂ ਲਾਈਆਂ ਮੈਨੂੰ, ਹੋਰ ਕਈ ਘਰ ਗਾਲੇ,
ਉਪਰਵਾਰੋਂ ਪਾਵੇਂ ਝਾਤੀ, ਵਤੇਂ ਫਿਰੇ ਦੁਆਲੇ,
ਲੁੱਕਣ ਛਿਪਣ ਤੇ ਛਲ ਜਾਵਣ, ਇਹ ਤੇਰੀ ਵਡਿਆਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਤੇਰਾ ਮੇਰਾ ਨਿਆਉਂ ਨਬੇੜੇ, ਰੂਮੋਂ ਕਾਜ਼ੀ ਆਵੇ,
ਖੋਲ੍ਹ ਕਿਤਾਬਾਂ ਕਰੇ ਤਸੱਲੀ, ਦੋਹਾਂ ਇਕ ਬਤਾਵੇ,
ਭਰਮਿਆ ਕਾਜ਼ੀ ਮੇਰੇ ਉੱਤੇ, ਮੈਂ ਕਾਜ਼ੀ ਭਰਮਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
ਬੁੱਲ੍ਹਾ ਸ਼ੌਹ ਤੂੰ ਕੇਹਾ ਜੇਹਾ ਹੁਣ, ਤੂੰ ਕਿਹਾ ਮੈਂ ਕਹੀ,
ਤੈਨੂੰ ਜੋ ਮੈਂ ਢੂੰਡਣ ਲੱਗੀ, ਮੈਂ ਭੀ ਆਪ ਨਾ ਰਹੀ,
ਪਾਇਆ ਜ਼ਾਹਰ ਬਾਤਨ ਤੈਨੂੰ, ਬਾਤਨ ਅੰਦਰ ਰੁਸ਼ਨਾਈ ।
ਜਿੰਦ ਕੁੜਿਕੀ ਦੇ ਮੂੰਹ ਆਈ ।
56. ਜਿਸ ਤਨ ਲੱਗਿਆ ਇਸ਼ਕ ਕਮਾਲ
ਜਿਸ ਤਨ ਲੱਗਿਆ ਇਸ਼ਕ ਕਮਾਲ ।
ਨਾਚੇ ਬੇਸੁਰ ਤੇ ਬੇਤਾਲ ।
ਦਰਦਮੰਦਾਂ ਨੂੰ ਕੋਈ ਨਾ ਛੇੜੇ, ਆਪੇ ਆਪਣਾ ਦੁੱਖ ਸਹੇੜੇ,
ਜੰਮਣਾ ਜਿਊਣਾ ਮੂਲ ਹੁਗੇੜੇ, ਆਪਣਾ ਬੂਝੇ ਆਪ ਖ਼ਿਆਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
ਜਿਸ ਨੇ ਵੇਸ ਇਸ਼ਕ ਦਾ ਕੀਤਾ, ਧੁਰ ਦਰਬਾਰੋਂ ਫ਼ਤਵਾ ਲੀਤਾ,
ਜਦੋਂ ਹਜ਼ੂਰੋਂ ਪਿਆਲਾ ਪੀਤਾ, ਕੁੱਝ ਨਾ ਰਿਹਾ ਜਵਾਬ ਸਵਾਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
ਜਿਸ ਦੇ ਅੰਦਰ ਵਸਿਆ ਯਾਰ, ਉਠਿਆ ਯਾਰੋ ਯਾਰ ਪੁਕਾਰ,
ਨਾ ਉਹ ਚਾਹੇ ਰਾਗ ਨਾ ਤਾਰ, ਐਵੇਂ ਬੈਠਾ ਖੇਡੇ ਹਾਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
ਬੁੱਲ੍ਹਾ ਸ਼ੌਹ ਨਗਰ ਸੱਚ ਪਾਇਆ, ਝੂਠਾ ਰੌਲਾ ਸਭ ਮੁਕਾਇਆ,
ਸੱਚਿਆਂ ਕਾਰਨ ਸੱਚ ਸੁਣਾਇਆ, ਪਾਇਆ ਉਸ ਦਾ ਪਾਕ ਜਮਾਲ ।
ਜਿਸ ਤਨ ਲੱਗਿਆ ਇਸ਼ਕ ਕਮਾਲ ।
57. ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ
ਆਹਦ ਵਿਚੋਂ ਅਹਿਮਦ ਹੋਇਆ, ਵਿਚੋਂ ਮੀਮ ਨਿਕਾਲੀ ਓ ਯਾਰ ।
ਦਰਮੁਆਨੀ ਦੀ ਧੂਮ ਮਚੀ ਹੈ, ਨੈਣਾਂ ਤੋਂ ਘੁੰਡ ਉਠਾਲੀ ਓ ਯਾਰ ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ ।
ਸੂਰਾਏਯਾਸੀਨ ਮਜ਼ਮੱਲ ਵਾਲਾ, ਬਦਲਾ ਗਰਜ ਸੰਭਾਲੀ ਓ ਯਾਰ ।
ਜ਼ੁਲਫ ਸਿਆਹ ਦੇ ਵਿਚ ਯਦ ਬੈਜ਼ਾ, ਦੇ ਚਮਕਾਰ ਵਿਖਾਲੀ ਓ ਯਾਰ ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ ।
ਮੂਤੂ-ਕਬਲਾ-ਅੰਤਾ-ਮੂਤੂ ਹੋਇਆ, ਮੋਇਆਂ ਨੂੰ ਮਾਰ ਜਵਾਲੀ ਓ ਯਾਰ ।
ਬੁੱਲ੍ਹਾ ਸ਼ੌਹ ਮੇਰੇ ਘਰ ਆਇਆ, ਕਰ ਕਰ ਨਾਚ ਵਖਾਲੀ ਓ ਯਾਰ ।
ਜੋ ਰੰਗ ਰੰਗਿਆ ਗੂੜ੍ਹਾ ਰੰਗਿਆ, ਮੁਰਸ਼ਦ ਵਾਲੀ ਲਾਲੀ ਓ ਯਾਰ ।
58. ਕਦੀ ਆ ਮਿਲ ਬਿਰਹੋਂ ਸਤਾਈ ਨੂੰ
ਇਸ਼ਕ ਲੱਗੇ ਤਾਂ ਹੈ ਹੈ ਕੂਕੇਂ,
ਤੂੰ ਕੀ ਜਾਣੇ ਪੀੜ ਪਰਾਈ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਜੇ ਕੋਈ ਇਸ਼ਕ ਵਿਹਾਜਿਆ ਲੋੜੇ,
ਸਿਰ ਦੇਵੇ ਪਹਿਲੇ ਸਾਈਂ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਅਮਲਾਂ ਵਾਲੀਆਂ ਲੰਘ ਲੰਘ ਗਈਆਂ,
ਸਾਡੀਆਂ ਲੱਜਾਂ ਮਾਹੀ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਗ਼ਮ ਦੇ ਵਹਿਣ ਸਿਤਮ ਦੀਆਂ ਕਾਂਗਾਂ,
ਕਿਸੇ ਕਅਰ ਕੱਪਰ ਵਿਚ ਪਾਈ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
ਮਾਂ ਪਿਉ ਛੱਡ ਸਈਆਂ ਮੈਂ ਭੁੱਲੀਆਂ,
ਬਲਿਹਾਰੀ ਰਾਮ ਦੁਹਾਈ ਨੂੰ ।
ਕਦੀ ਆ ਮਿਲ ਬਿਰਹੋਂ ਸਤਾਈ ਨੂੰ ।
59. ਕਦੀ ਆ ਮਿਲ ਯਾਰ ਪਿਆਰਿਆ
ਕਦੀ ਆ ਮਿਲ ਯਾਰ ਪਿਆਰਿਆ ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।
ਚੜ੍ਹ ਬਾਗੀਂ ਕੋਇਲ ਕੂਕਦੀ,
ਨਿਤ ਸੋਜ਼-ਇ-ਅਲਮ ਦੇ ਫੂਕਦੀ,
ਮੈਨੂੰ ਤਤੜੀ ਕੋ ਸ਼ਾਮ ਵਿਸਾਰਿਆ ।
ਕਦੀ ਆ ਮਿਲ ਯਾਰ ਪਿਆਰਿਆ ।
ਬੁੱਲ੍ਹਾ ਸ਼ਹੁ ਕਦੀ ਘਰ ਆਵਸੀ,
ਮੇਰੀ ਬਲਦੀ ਭਾ ਬੁਝਾਵਸੀ,
ਉਹਦੀ ਵਾਟਾਂ ਤੋਂ ਸਿਰ ਵਾਰਿਆ ।
ਕਦੀ ਆ ਮਿਲ ਯਾਰ ਪਿਆਰਿਆ ।
ਤੇਰੀਆਂ ਵਾਟਾਂ ਤੋਂ ਸਿਰ ਵਾਰਿਆ ।
60. ਕਦੀ ਆਪਣੀ ਆਖ ਬੁਲਾਉਗੇ
ਮੈਂ ਬੇਗੁਣ ਕਿਆ ਗੁਣ ਕੀਆ ਹੈ, ਤਨ ਪੀਆ ਹੈ ਮਨ ਪੀਆ ਹੈ,
ਉਹ ਪੀਆ ਸੁ ਮੋਰਾ ਜੀਆ ਹੈ, ਪੀਆ ਪੀਆ ਸੇ ਰਲ ਜਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਫ਼ਾਨੀ ਆਪ ਕੋ ਦੂਰ ਕਰਾਂ, ਤੈਂ ਬਾਕੀ ਆਪ ਹਜ਼ੂਰ ਕਰਾਂ,
ਜੇ ਅਜ਼ਹਾਰ ਵਾਂਗ ਮਨਸੂਰ ਕਰਾਂ, ਖੜ ਸੂਲੀ ਪਕੜ ਚੜ੍ਹਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਜਾਗੀ ਸਭ ਸੋਇਆ ਹੈ, ਖੁੱਲ੍ਹੀ ਪਲਕ ਤੇ ਉਠ ਕੇ ਰੋਇਆ ਹੈ,
ਜੁਜ਼ ਮਸਤੀ ਕਾਮ ਨਾ ਹੋਇਆ ਹੈ, ਕਦੀ ਮਸਤ ਅਲੱਸਤ ਬਣਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਜਦੋਂ ਅਨਹਦ ਬਣ ਦੋ ਨੈਣ ਧਰੇ, ਅੱਗੇ ਸਿਰ ਬਿਨ ਧੜ ਕੇ ਲਾਖ ਪੜੇ,
ਉੱਛਲ ਰੰਗਣ ਦੇ ਦਰਿਆ ਚੜ੍ਹੇ, ਮੇਰੇ ਲਹੂ ਦੀ ਨਦੀ ਵਗਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਕਿਸੇ ਆਸ਼ਕ ਨਾ ਸੁੱਖ ਸੋਣਾ ਏ, ਅਸਾਂ ਰੋ ਰੋ ਕੇ ਮੁੱਖ ਧੋਣਾ ਏ,
ਇਹ ਜਾਦੂ ਹੈ ਕਿ ਟੂਣਾ ਏ, ਇਸ ਰੋਗ ਦਾ ਭੋਗ ਬਣਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਕਹੋ ਕਿਆ ਸਿਰ ਇਸ਼ਕ ਬਿਚਾਰੇਗਾ, ਫਿਰ ਕਿਆ ਬੀਸੀ ਨਿਰਵਾਰੇਗਾ,
ਜਥ ਦਾਰ ਉੱਪਰ ਸਿਰ ਵਾਰੇਗਾ, ਤਬ ਪਿੱਛੋਂ ਢੋਲ ਵਜਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਂ ਆਪਣਾ ਮਨ ਕਬਾਬ ਕੀਆ, ਆਂਖੋਂ ਕਾ ਅਰਕ ਸ਼ਰਾਬ ਕੀਆ,
ਰਗ ਤਾਰਾਂ ਹੱਡ ਕਬਾਬ ਕੀਆ, ਕਿਆਮਤ ਕਿਆ ਨਾਮ ਬੁਲਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਸ਼ਕਰੰਜੀ ਕੋ ਕਿਆ ਕੀਜੀਏਗਾ, ਮਨ ਭਾਣਾ ਸੌਦਾ ਲੀਜੀਏਗਾ,
ਇਹ ਦੀਨ ਦੁਨੀ ਕਿਸ ਦੀ ਜੀਏਗਾ, ਮੁਝੇ ਆਪਣਾ ਦਰਸ ਬਤਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਮੈਨੂੰ ਆਣ ਨਜ਼ਾਰੇ ਤਾਇਆ ਹੈ, ਦੋ ਨੈਣਾਂ ਬਰਖਾ ਲਾਇਆ ਹੈ,
ਬਣ ਰੋਜ਼ ਇਨਾਇਤ ਆਇਆ ਹੈ, ਐਵੇਂ ਆਪਣਾ ਆਪ ਜਿਤਾਉਗੇ ।
ਕਦੀ ਆਪਣੀ ਆਖ ਬੁਲਾਉਗੇ ।
ਬੁੱਲ੍ਹਾ ਸ਼ਹੁ ਨੂੰ ਵੇਖਣ ਜਾਉਗੇ, ਇਨ੍ਹਾਂ ਅੱਖੀਆਂ ਨੂੰ ਸਮਝਾਉਗੇ,
ਦੀਦਾਰ ਤਦਾਹੀਂ ਪਾਉਗੇ, ਬਣ ਸ਼ਾਹ ਇਨਾਇਤ ਘਰ ਆਉਗੇ ।
ਕਦੀ ਆਪਣੀ ਆਖ ਬੁਲਾਉਗੇ ।
61. ਕਦੀ ਮੋੜ ਮੁਹਾਰਾਂ ਢੋਲਿਆ
ਕਦੀ ਮੋੜ ਮੁਹਾਰਾਂ ਢੋਲਿਆ ।
ਤੇਰੀਆਂ ਵਾਟਾਂ ਤੋਂ ਸਿਰ ਘੋਲਿਆ ।
ਮੈਂ ਨ੍ਹਾਤੀ ਧੋਤੀ ਰਹਿ ਗਈ, ਕੋਈ ਗੰਢ ਸੱਜਨ ਦਿਲ ਬਹਿ ਗਈ,
ਕੋਈ ਸੁਖ਼ਨ ਅਵੱਲਾ ਬੋਲਿਆ, ਕਦੀ ਮੋੜ ਮੁਹਾਰਾਂ ਢੋਲਿਆ ।
ਬੁੱਲ੍ਹਾ ਸ਼ਹੁ ਕਦੀ ਘਰ ਆਵਸੀ, ਮੇਰੀ ਬਲਦੀ ਭਾ ਬੁਝਾਵਸੀ,
ਜੀਹਦੇ ਦੁੱਖਾਂ ਨੇ ਮੂੰਹ ਖੋਲ੍ਹਿਆ, ਕਦੀ ਮੋੜ ਮੁਹਾਰਾਂ ਢੋਲਿਆ ।
62. ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ
ਤੇਲ ਤਿਲਾਂ ਦੇ ਲੱਡੂ ਨੇ, ਜਲੇਬੀ ਪਕੜ ਮੰਗਾਈ,
ਡਰਦੇ ਨੱਠੇ ਕੰਦ ਸ਼ਕਰ ਤੋਂ, ਮਿਸਰੀ ਨਾਲ ਲੜਾਈ,
ਕਾਂ ਲਗੜ ਨੂੰ ਮਾਰਨ ਲੱਗੇ, ਗੋਚੇਂ ਦੀ ਗੱਲ੍ਹ ਲਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਹੋ ਫਰਿਆਦੀ ਲੱਖਪਤੀਆਂ ਨੇ, ਲੂਣ ਤੇ ਦਸਤਕ ਲਾਈ,
ਗੁਲਗਲਿਆਂ ਮਨਸੂਬਾ ਬੱਧਾ, ਪਾਪੜ ਚੋਟ ਚਲਾਈ,
ਭੇਡਾਂ ਮਾਰ ਪਲੰਗ ਖਪਾਏ, ਗੁਰਗਾਂ ਬੁਰਾ ਅਹਿਵਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਗੁੜ ਦੇ ਲੱਡੂ ਗੁੱਸੇ ਹੋ ਕੇ, ਪੇੜਿਆਂ ਤੇ ਫਰਿਆਦੀ,
ਬਰਫ਼ੀ ਨੂੰ ਕਹੇ ਦਾਲ ਚਨੇ ਦੀ, ਤੂੰ ਹੈਂ ਮੇਰੀ ਬਾਂਦੀ,
ਚੜ੍ਹ ਸਹੇ ਸ਼ੀਹਣੀਆਂ ਤੇ ਨੱਚਣ ਲੱਗੇ, ਵੱਡੀ ਪਈ ਧਮਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਸ਼ਕਰ ਖੰਡ ਕਹੇ ਮਿਸਰੀ ਨੂੰ, ਮੇਰੀ ਵੇਖ ਸਫ਼ਾਈ,
ਚਿੜਵੇ ਚਨੇ ਇਹ ਕਰਨ ਲੱਗੇ, ਬਦਾਨੇ ਨਾਲ ਲੜਾਈ,
ਚੂਹਿਆਂ ਕੰਨ ਬਿੱਲੀ ਦੇ ਕੁਤਰੇ, ਹੋ ਹੋ ਕੇ ਖੁਸ਼ਹਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
ਬੁੱਲ੍ਹਾ ਸ਼ਹੁ ਹੁਣ ਕਿਆ ਬਤਾਵੇ, ਜੋ ਦਿਸੇ ਸੋ ਲੜਦਾ,
ਲੱਤ ਬਲੱਤੀ, ਗੁੱਤ ਬਗੁੱਤੀ, ਕੋਈ ਨਹੀਂ ਹੱਥ ਫੜਦਾ,
ਵੇਖੋ ਕੇਹੀ ਕਿਆਮਤ ਆਈ, ਆਇਆ ਖਰ ਦੱਜਾਲ ।
ਕਪੂਰੀ ਰੇਵੜੀ ਕਿਉਂ ਕਰ ਲੜੇ ਪਤਾਸੇ ਨਾਲ ।
63. ਕਰ ਕੱਤਣ ਵੱਲ ਧਿਆਨ ਕੁੜੇ
ਨਿਤ ਮੱਤੀਂ ਦੇਂਦੀ ਮਾਂ ਧੀਆ, ਕਿਉਂ ਫਿਰਨੀ ਏਂ ਐਵੇਂ ਆ ਧੀਆ,
ਨੀ ਸ਼ਰਮ ਹਯਾ ਨਾ ਗਵਾ ਧੀਆ, ਤੂੰ ਕਦੀ ਤਾਂ ਸਮਝ ਨਦਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਚਰਖ਼ਾ ਮੁਫਤ ਤੇਰੇ ਹੱਥ ਆਇਆ, ਪੱਲਿਉਂ ਨਹੀਂਉਂ ਖੋਲ੍ਹ ਗਵਾਇਆ,
ਨਹੀਉਂ ਕਦਰ ਮਿਹਨਤ ਦਾ ਪਾਇਆ, ਜਦ ਹੋਇਆ ਕੰਮ ਆਸਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਚਰਖ਼ਾ ਬਣਿਆ ਖ਼ਾਤਰ ਤੇਰੀ, ਖੇਡਣ ਦੀ ਕਰ ਹਿਰਸ ਥੁਰੇੜੀ,
ਹੋਣਾ ਨਹੀਉਂ ਹੋਰ ਵਡੇਰੀ, ਮਤ ਕਰ ਕੋਈ ਅਗਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਚਰਖ਼ਾ ਤੇਰਾ ਰੰਗ ਰੰਗੀਲਾ, ਰੀਸ ਕਰੇਂਦਾ ਸਭ ਕਬੀਲਾ,
ਚਲਦੇ ਚਾਰੇ ਕਰ ਲੈ ਹੀਲਾ, ਹੋ ਘਰ ਦੇ ਵਿਚ ਆਵਾਦਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਇਸ ਚਰਖ਼ੇ ਦੀ ਕੀਮਤ ਭਾਰੀ, ਤੂੰ ਕੀ ਜਾਣੇ ਕਦਰ ਗਵਾਰੀ,
ਉੱਚੀ ਨਜ਼ਰ ਫਿਰੇਂ ਹੰਕਾਰੀ, ਵਿਚ ਆਪਣੇ ਸ਼ਾਨ ਗੁਮਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਮੈਂ ਕੂਕਾਂ ਕਰ ਖਲੀਆਂ ਬਾਹੀਂ, ਨਾ ਹੋ ਗ਼ਾਫ਼ਲ ਸਮਝ ਕਦਾਈਂ,
ਐਸਾ ਚਰਖ਼ਾ ਘੜਨਾ ਨਾਹੀਂ. ਫੇਰ ਕਿਸੇ ਤਰਖਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਇਹ ਚਰਖ਼ਾ ਤੂੰ ਕਿਉਂ ਗਵਾਯਾ, ਕਿਉਂ ਤੂੰ ਖੇਹ ਦੇ ਵਿਚ ਰੁਲਾਯਾ,
ਜਦ ਦਾ ਹੱਥ ਤੇਰੇ ਵਿਚ ਆਯਾ, ਤੂੰ ਕਦੇ ਨਾ ਡਾਹਿਆ ਆਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਨਿੱਤ ਮਤੀਂ ਦਿਆਂ ਵਲੱਲੀ ਨੂੰ, ਇਸ ਭੋਲੀ ਕਮਲੀ ਝੱਲੀ ਨੂੰ,
ਜਦ ਪਵੇਗਾ ਵਖ਼ਤ ਇਕੱਲੀ ਨੂੰ, ਤਦ ਹਾਏ ਹਾਏ ਕਰਸੀ ਜਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਮੁਢੋਂ ਦੀ ਤੂੰ ਰਿਜ਼ਕ ਵਿਹੂਣੀ, ਗੋਹੜਿਉਂ ਨਾ ਤੂੰ ਕੱਤੀ ਪੂਣੀ,
ਹੁਣ ਕਿਉਂ ਫਿਰਨੀ ਏਂ ਨਿੰਮੋਝੂਣੀ, ਕਿਸ ਦਾ ਕਰੇਂ ਗੁਮਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਨਾ ਤੱਕਲਾ ਰਾਸ ਕਰਾਵੇਂ ਤੂੰ, ਨਾ ਬਾਇੜ ਮਾਲ੍ਹ ਪਵਾਵੇਂ ਤੂੰ,
ਕਿਉਂ ਘੜੀ ਮੁੜੀ ਚਰਖ਼ਾ ਚਾਵੇਂ ਤੂੰ, ਤੂੰ ਕਰਨੀ ਏਂ ਆਪਣਾ ਜ਼ਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਡਿੰਗਾ ਤੱਕਲਾ ਰਾਸ ਕਰਾ ਲੈ, ਨਾਲ ਸ਼ਤਾਬੀ ਬਾਇੜ ਪਵਾ ਲੈ,
ਜਿਉਂ ਕਰ ਵਗੇ ਤਿਵੇਂ ਵਗਾ ਲੈ, ਮਤ ਕਰ ਕੋਈ ਅਗਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਅੱਜ ਘਰ ਵਿਚ ਨਵੀਂ ਕਪਾਹ ਕੁੜੇ, ਤੂੰ ਝਬ ਝਬ ਵੇਲਣਾ ਡਾਹ ਕੁੜੇ,
ਰੂੰ ਵੇਲ ਪਿੰਜਾਵਣ ਜਾਹ ਕੁੜੇ, ਮੁੜ ਕੱਲ੍ਹ ਨਾ ਤੇਰਾ ਜਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਰੂੰ ਪੰਜਾ ਲਿਆਵੇਂਗੀ, ਸਈਆਂ ਵਿਚ ਪੂਣੀਆਂ ਪਾਵੇਂਗੀ,
ਮੁੜ ਆਪ ਹੀ ਪਈ ਭਾਵੇਂਗੀ, ਵਿਚ ਸਾਰੇ ਜੱਗ ਜਹਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੇਰੇ ਨਾਲ ਦੀਆਂ ਸਭ ਸਈਆਂ ਨੇ, ਕੱਤ ਪੂਣੀਆਂ ਸਭਨਾ ਲਈਆਂ ਨੇ,
ਤੈਨੂੰ ਬੈਠੀ ਨੂੰ ਪਿਛੋਂ ਪਈਆਂ ਨੇ, ਕਿਉਂ ਬੈਠੀ ਏਂ ਹੁਣ ਹੈਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਦੀਵਾ ਆਪਣੇ ਪਾਸ ਜਗਾਵੀਂ, ਕੱਤ ਕੱਤ ਸੂਤ ਭੜੋਲੀ ਪਾਵੀਂ,
ਅੱਖੀਂ ਵਿਚੋਂ ਰਾਤ ਲੰਘਾਵੀਂ, ਔਖੀ ਕਰਕੇ ਜਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਰਾਜ ਪੇਕਾ ਦਿਨ ਚਾਰ ਕੁੜੇ, ਨਾ ਖੇਡੋ ਖੇਡ ਗੁਜ਼ਾਰ ਕੁੜੇ,
ਨਾ ਹੋ ਵਿਹਲੀ ਕਰ ਕਾਰ ਕੁੜੇ, ਘਰ ਬਾਰ ਨਾ ਕਰ ਵੀਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੂੰ ਸੁਤਿਆਂ ਰੈਣ ਗੁਜ਼ਾਰ ਨਹੀਂ, ਮੁੜ ਆਉਣਾ ਦੂਜੀ ਵਾਰ ਨਹੀਂ,
ਫਿਰ ਬਹਿਣਾ ਏਸ ਭੰਡਾਰ ਨਹੀਂ, ਵਿਚ ਇਕੋ ਜੇਡੇ ਹਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਤੂੰ ਸਦਾ ਨਾ ਪੇਕੇ ਰਹਿਣਾ ਏਂ, ਨਾ ਪਾਸ ਅੰਬੜੀ ਦੇ ਬਹਿਣਾ ਏਂ,
ਭਾ ਅੰਤ ਵਿਛੋੜਾ ਸਹਿਣਾ ਏਂ, ਵੱਸ ਪਏਂਗੀ ਸੱਸ ਨਨਾਣ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਕੱਤ ਲੈ ਨੀ ਕੁਝ ਕਤਾ ਲੈ ਨੀ, ਹੁਣ ਤਾਣੀ ਤੰਦ ਉਣਾ ਲੈ ਨੀ,
ਤੂੰ ਆਪਣਾ ਦਾਜ ਰੰਗਾ ਲੈ ਨੀ, ਤੂੰ ਤਦ ਹੋਵੇਂ ਪਰਧਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਘਰ ਬੇਗਾਨੇ ਜਾਵੇਂਗੀ, ਮੁੜ ਵੱਤ ਨਾ ਓਥੋਂ ਆਵੇਂਗੀ,
ਓਥੇ ਜਾ ਕੇ ਪਛੋਤਾਵੇਂਗੀ, ਕੁਝ ਅਗਦੋਂ ਕਰ ਸਮਿਆਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਅੱਜ ਐਡਾ ਤੇਰਾ ਕੰਮ ਕੁੜੇ, ਕਿਉਂ ਹੋਈ ਏਂ ਬੇ-ਗ਼ਮ ਕੁੜੇ ,
ਕੀਕਰ ਲੈਣਾ ਉਸ ਦੰਮ ਕੁੜੇ, ਜਦ ਘਰ ਆਏ ਮਹਿਮਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਜਦ ਸਭ ਸਈਆਂ ਟੁਰ ਜਾਣਗੀਆਂ, ਫਿਰ ਓਥੇ ਮੂਲ ਨਾ ਆਉਣਗੀਆਂ,
ਆ ਚਰਖ਼ੇ ਮੂਲ ਨਾ ਡਾਹੁਣਗੀਆਂ, ਤੇਰਾ ਤ੍ਰਿੰਞਣ ਪਿਆ ਵੀਰਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਕਰ ਮਾਣ ਨਾ ਹੁਸਨ ਜਵਾਨੀ ਦਾ, ਪਰਦੇਸ ਨਾ ਰਹਿਣ ਸੈਲਾਨੀ ਦਾ,
ਕੋਈ ਦੁਨੀਆਂ ਝੂਠੀ ਫ਼ਾਨੀ ਦਾ, ਨਾ ਰਹਿਸੀ ਨਾਮ ਨਿਸ਼ਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
ਇਕ ਔਖਾ ਵੇਲਾ ਆਵੇਗਾ, ਸਭ ਸਾਕ ਸੈਣ ਭੱਜ ਜਾਵੇਗਾ,
ਕਰ ਮਦਤ ਪਾਰ ਲੰਘਾਵੇਗਾ, ਉਹ ਬੁੱਲ੍ਹੇ ਦਾ ਸੁਲਤਾਨ ਕੁੜੇ ।
ਕਰ ਕੱਤਣ ਵੱਲ ਧਿਆਨ ਕੁੜੇ ।
64. ਕੱਤ ਕੁੜੇ ਨਾ ਵੱਤ ਕੁੜੇ
ਕੱਤ ਕੁੜੇ ਨਾ ਵੱਤ ਕੁੜੇ ।
ਛੱਲੀ ਲਾਹ ਭੜੋਲੇ ਘੱਤ ਕੁੜੇ ।
ਜੇ ਪੂਣੀ ਪੂਣੀ ਕੱਤੇਂਗੀ, ਤਾਂ ਨੰਗੀ ਮੂਲ ਨਾ ਵੱਤੇਂਗੀ,
ਸੈ ਵਰ੍ਹਿਆਂ ਦੇ ਜੇ ਕੱਤੇਂਗੀ, ਤਾਂ ਕਾਗ ਮਾਰੇਗਾ ਝਟ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਵਿਚ ਗਫ਼ਲਤ ਜੇ ਤੈਂ ਦਿਨ ਜਾਲੇ, ਕੱਤ ਕੇ ਕੁਝ ਨਾ ਲਿਉ ਸੰਭਾਲੇ.
ਬਾਝੋਂ ਗੁਣ ਸ਼ਹੁ ਆਪਣੇ ਨਾਲੇ, ਤੇਰੀ ਕਿਉਂ ਕਰ ਹੋਸੀ ਗੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਮਾਂ ਪਿਓ ਤੇਰੇ ਗੰਢੀਂ ਪਾਈਆਂ, ਅਜੇ ਨਾ ਤੈਨੂੰ ਸੁਰਤਾਂ ਆਈਆਂ,
ਦਿਨ ਥੋੜੇ ਤੇ ਚਾਅ ਮਕਾਈਆਂ, ਨਾ ਆਸੇਂ ਪੇਕੇ ਵੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਜੇ ਦਾਜ ਵਿਹੂਣੀ ਜਾਵੇਂਗੀ, ਤਾਂ ਕਿਸੇ ਭਲੀ ਨਾ ਭਾਵੇਂਗੀ,
ਓਥੇ ਸ਼ਹੁ ਨੂੰ ਕਿਵੇਂ ਰੀਝਾਵੇਂਗੀ, ਕੁਝ ਲੈ ਫ਼ਕਰਾਂ ਦੀ ਮੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਤੇਰੇ ਨਾਲ ਦੀਆਂ ਦਾਜ ਰੰਗਾਏ ਨੀ, ਓਹਨਾਂ ਸੂਹੇ ਸਾਲੂ ਪਾਏ ਨੀ,
ਤੂੰ ਪੈਰ ਉਲਟੇ ਕਿਉਂ ਚਾਏ ਨੀ, ਜਾ ਓਥੇ ਲੱਗੀ ਤੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
ਬੁੱਲ੍ਹਾ ਸ਼ਹੁ ਘਰ ਆਪਣੇ ਆਵੇ, ਚੂੜਾ ਬੀੜਾ ਸਭ ਸੁਹਾਵੇ,
ਗੁਣ ਹੋਸੀ ਤਾਂ ਗਲੇ ਲਗਾਵੇ, ਨਹੀਂ ਰੋਸੇਂ ਨੈਣੀਂ ਰੱਤ ਕੁੜੇ ।
ਕੱਤ ਕੁੜੇ ਨਾ ਵੱਤ ਕੁੜੇ ।
65. ਕੌਣ ਆਇਆ ਪਹਿਨ ਲਿਬਾਸ ਕੁੜੇ
ਕੌਣ ਆਇਆ ਪਹਿਨ ਲਿਬਾਸ ਕੁੜੇ ।
ਤੁਸੀਂ ਪੁੱਛੋ ਨਾਲ ਇਖ਼ਲਾਸ ਕੁੜੇ ।
ਹੱਥ ਖੂੰਡੀ ਕੰਬਲ ਕਾਲਾ, ਅੱਖੀਆਂ ਵਿਚ ਵਸੇ ਉਜਾਲਾ,
ਚਾਕ ਨਹੀਂ ਕੋਈ ਹੈ ਮਤਵਾਲਾ, ਪੁੱਛੋ ਬਿਠਾ ਕੇ ਪਾਸ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
ਚਾਕਰ ਚਾਕ ਨਾ ਇਸ ਨੂੰ ਆਖੋ, ਇਹ ਨਾ ਖਾਲੀ ਗੁੱਝੜੀ ਘਾਤੋਂ,
ਵਿਛੜਿਆ ਹੋਇਆ ਪਹਿਲੀ ਰਾਤੋਂ, ਆਇਆ ਕਰਨ ਤਲਾਸ਼ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
ਨਾ ਇਹ ਚਾਕਰ ਚਾਕ ਕਹੀ ਦਾ, ਨਾ ਇਸ ਜ਼ੱਰਾ ਸ਼ੌਕ ਮਹੀਂ ਦਾ,
ਨਾ ਮੁਸ਼ਤਾਕ ਹੈ ਦੁੱਧ ਦਹੀਂ ਦਾ, ਨਾ ਉਸ ਭੁੱਖ ਪਿਆਸ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
ਬੁੱਲ੍ਹਾ ਸ਼ਹੁ ਲੁਕ ਬੈਠਾ ਓਹਲੇ, ਦੱਸੇ ਭੇਤ ਨਾ ਮੁੱਖ ਸੇ ਬੋਲੇ,
ਬਾਬਲ ਵਰ ਖੇੜਿਆਂ ਤੋਂ ਟੋਲੇ, ਵਰ ਮਾਂਹਢਾ ਮਹਿੰਡੇ ਪਾਸ ਕੁੜੇ ।
ਕੌਣ ਆਇਆ ਪਹਿਨ ਲਿਬਾਸ ਕੁੜੇ ।
66. ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ
ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ ।
ਨੇੜੇ ਵੱਸੇਂ ਥਾਂ ਨਾ ਦੱਸੇਂ
ਢੂੰਡਾਂ ਕਿਤ ਵੱਲ ਜਾਹੀਂ,
ਆਪੇ ਝਾਤੀ ਪਾਈ ਅਹਿਮਦ
ਵੇਖਾਂ ਤਾਂ ਮੁੜ ਨਾਹੀਂ ।
ਆਖ ਗਿਉਂ ਮੁੜ ਆਇਉਂ ਨਹੀਂ
ਸੀਨੇ ਦੇ ਵਿਚ ਭੜਕਣ ਭਾਹੀਂ,
ਇਕਸੇ ਘਰ ਵਿਚ ਵਸਦੀਆਂ ਰਸਦੀਆਂ
ਕਿਤ ਵੱਲ ਕੂਕ ਸੁਣਾਈਂ ।
ਪਾਂਧੀ ਜਾ, ਮੇਰਾ ਦੇਹ ਸੁਨੇਹਾ
ਦਿਲ ਦੇ ਉਹਲੇ ਲੁਕਦਾ ਕੇਹਾ,
ਨਾਮ ਅੱਲਾਹ ਦੇ ਨਾ ਹੋ ਵੈਰੀ
ਮੁੱਖ ਵੇਖਣ ਨੂੰ ਨਾ ਤਰਸਾਈਂ ।
ਬੁੱਲ੍ਹਾ ਸ਼ਹੁ ਕੀ ਲਾਇਆ ਮੈਨੂੰ
ਰਾਤ ਅੱਧੀ ਹੈ ਤੇਰੀ ਮਹਿਮਾ,
ਔਝੜ ਬੇਲੇ ਸਭ ਕੋਈ ਡਰਦਾ
ਸੋ ਢੂੰਡਾਂ ਮੈਂ ਚਾਈਂ ਚਾਈਂ ।
ਕੇਹੇ ਲਾਰੇ ਦੇਨਾ ਏਂ ਸਾਨੂੰ ਦੋ ਘੜੀਆਂ ਮਿਲ ਜਾਈਂ ।
67.ਖ਼ਾਕੀ ਖ਼ਾਕ ਸਿਉਂ ਰਲ ਜਾਣਾ
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ
ਕੁਛ ਨਹੀਂ ਜ਼ੋਰ ਧਿਙਾਣਾ ।
ਗਏ ਸੋ ਗਏ ਫੇਰ ਨਹੀਂ ਆਏ, ਮੇਰੇ ਜਾਨੀ ਮੀਤ ਪਿਆਰੇ,
ਮੇਰੇ ਬਾਝੋਂ ਰਹਿੰਦੇ ਨਾਹੀਂ, ਹੁਣ ਕਿਉਂ ਅਸਾਂ ਵਿਸਾਰੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ ।
ਚਿਤ ਪਿਆਰ ਨਾ ਜਾਏ ਸਾਥੋਂ, ਉੱਭੇ ਸਾਹ ਨਾ ਰਹਿੰਦੇ,
ਅਸੀਂ ਮੋਇਆਂ ਦੇ ਪਰਲੇ ਪਾਰ, ਜਿਊਂਦਿਆਂ ਦੇ ਵਿਚ ਬਹਿੰਦੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ ।
ਓਥੇ ਮਗਰ ਪਿਆਦੇ ਲੱਗੇ, ਤਾਂ ਅਸੀਂ ਏਥੇ ਆਏ,
ਏਥੇ ਸਾਨੂੰ ਰਹਿਣ ਨਾ ਮਿਲਦਾ, ਅੱਗੇ ਕਿਤ ਵਲ ਧਾਏ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ ।
ਬੁੱਲ੍ਹਾ ਏਥੇ ਰਹਿਣ ਨਾ ਮਿਲਦਾ, ਰੋਂਦੇ ਪਿਟਦੇ ਚੱਲੇ,
ਇਕੋ ਨਾਮ ਓਸੇ ਦਾ ਖ਼ਰਚੀ, ਪੈਸਾ ਹੋਰ ਨਾ ਪੱਲੇ,
ਖ਼ਾਕੀ ਖ਼ਾਕ ਸੂੰ (ਸਿਉਂ) ਰਲ ਜਾਣਾ
ਨਾ ਕਰ ਜ਼ੋਰ ਧਿਙਾਣਾ ।
68. ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ ।
ਏਸ ਵਿਹੜੇ ਵਿਚ ਆਲਾ ਸੋਂਹਦਾ, ਆਲੇ ਦੇ ਵਿਚ ਤਾਕੀ
ਤਾਕੀ ਦੇ ਵਿਚ ਸੇਜ ਵਿਛਾਵਾਂ, ਨਾਲ ਪੀਆ ਸੰਗ ਰਾਤੀ
ਏਸ ਵਿਹੜੇ ਦੇ ਨੌਂ ਦਰਵਾਜ਼ੇ, ਦਸਵਾਂ ਗੁਪਤ ਰਖਾਤੀ
ਓਸ ਗਲੀ ਦੀ ਮੈਂ ਸਾਰ ਨਾ ਜਾਨਾਂ, ਜਹਾਂ ਆਵੇ ਪੀਆ ਜਾਤੀ ।
ਏਸ ਵਿਹੜੇ ਵਿਚ ਆਲਾ ਸੋਂਹਦਾ, ਆਲੇ ਦੇ ਵਿਚ ਤਾਕੀ
ਆਪਣੇ ਪੀਆ ਨੂੰ ਯਾਦ ਕਰੇਸਾਂ, ਚਰਖ਼ੇ ਦੇ ਹਰ ਫੇਰੇ
ਏਸ ਵਿਹੜੇ ਵਿਚ ਮਕਨਾ ਹਾਥੀ, ਸੰਗਲ ਨਾਲ ਕਹੇੜੇ
ਬੁੱਲ੍ਹੇ ਸ਼ਾਹ ਫ਼ਕੀਰ ਸਾਈਂ ਦਾ, ਜਾਗਦਿਆਂ ਕੂੰ ਛੇੜੇ ।
ਖੇਡ ਲੈ ਵਿਚ ਵਿਹੜੇ ਘੁੰਮੀ ਘੁੰਮ ।
69. ਕੀ ਬੇਦਰਦਾਂ ਸੰਗ ਯਾਰੀ
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ ।
ਸਾਨੂੰ ਗਏ ਬੇਦਰਦੀ ਚੱਡ ਕੇ, ਹਿਜਰੇ ਸਾਂਗ ਸੀਨੇ ਵਿਚ ਗੱਡ ਕੇ,
ਜਿਸਮੋਂ ਜਿੰਦ ਨੂੰ ਲੈ ਗਏ ਕੱਢ ਕੇ, ਇਹ ਗੱਲ ਕਰ ਗਏ ਹੈਂਸਿਆਰੀ ।
ਕੀ ਬੇਦਰਦਾਂ ਸੰਗ ਯਾਰੀ,
ਬੇਦਰਦਾਂ ਦਾ ਕੀ ਭਰਵਾਸਾ, ਖੌਫ਼ ਨਹੀਂ ਦਿਲ ਅੰਦਰ ਮਾਸਾ,
ਚਿੜੀਆਂ ਮੌਤ ਗਵਾਰਾਂ ਹਾਸਾ, ਮਗਰੋਂ ਹੱਸ ਹੱਸ ਤਾੜੀ ਮਾਰੀ ।
ਕੀ ਬੇਦਰਦਾਂ ਸੰਗ ਯਾਰੀ,
ਆਵਣ ਕਹਿ ਗਏ ਫੇਰ ਨਾ ਆਏ, ਆਵਣ ਦੇ ਸਭ ਕੌਲ ਭੁਲਾਏ,
ਮੈਂ ਭੁੱਲੀ ਭੁੱਲ ਨੈਣ ਲਗਾਏ, ਕੇਹੇ ਮਿਲੇ ਸਾਨੂੰ ਠੱਗ ਬਪਾਰੀ ।
ਕੀ ਬੇਦਰਦਾਂ ਸੰਗ ਯਾਰੀ,
ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ (ਕੀਤਾ) ਜ਼ਹਿਰ ਪਿਆਲਾ ਪੀਤਾ,
ਨਾ ਕੁਝ ਨਫ਼ਾ ਨਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਭਾਰੀ ।
ਕੀ ਬੇਦਰਦਾਂ ਸੰਗ ਯਾਰੀ,
ਰੋਵਣ ਅੱਖੀਆਂ ਜ਼ਾਰੋ ਜ਼ਾਰੀ ।
70. ਕੀਹਨੂੰ ਲਾ-ਮਕਾਨੀ ਦੱਸਦੇ ਹੋ
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ ।
ਕੁਨਫਯੀਕੂਨ ਤੈਂ ਆਪ ਕਹਾਆ, ਤੈਂ ਬਾਝੋਂ ਹੋਰ ਕਿਹੜਾ ਆਇਆ,
ਇਸ਼ਕੋਂ ਸਭ ਜ਼ਹੂਰ ਬਣਾਇਆ, ਆਸ਼ਕ ਹੋ ਕੇ ਵੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਪੁੱਛੋ ਆਦਮ ਕਿਸ ਨੇ ਆਂਦਾ ਏ, ਕਿਥੋਂ ਆਇਆ ਕਿੱਥੇ ਜਾਂਦਾ ਏ,
ਓਥੇ ਕਿਸ ਦਾ ਤੈਨੂੰ ਲਾਂਹਜਾ ਏ, ਓਥੇ ਖਾ ਦਾਣਾ ਉਠ ਨੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਆਪੇ ਸੁਣੇ ਤੇ ਆਪ ਸੁਣਾਵੇਂ, ਆਪੇ ਗਾਵੇਂ ਆਪ ਬਜਾਵੇਂ,
ਹੱਕੋਂ ਕੌਲ ਸਰੋਦ ਸੁਣਾਵੇਂ, ਕਿਤੇ ਜਾਹਲ ਹੋ ਕੇ ਨੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੇਰੀ ਵਹਦਤ ਤੂਏਂ ਪੁਚਾਵੇਂ, ਅਨਲਹੱਕ ਦੀ ਤਾਰ ਮਿਲਾਵੇਂ,
ਸੂਲੀ ਤੇ ਮਨਸੂਰ ਚੜ੍ਹਾਵੇਂ, ਓਥੇ ਕੋਲ ਖਲੋ ਕੇ ਹੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਜਿਵੇਂ ਸਿਕੰਦਰ ਤਰਫ ਨੌਸ਼ਾਬਾਂ, ਹੋ ਰਸੂਲ ਲੈ ਆਇਆ ਕਿਤਾਬਾਂ,
ਯੂਸਫ਼ ਹੋ ਕੇ ਅੰਦਰ ਖੁਆਬਾਂ, ਜ਼ੁਲੈਖਾਂ ਦਾ ਦਿਲ ਖੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਕਿਤੇ ਰੂਮੀ ਹੋ ਕਿਤੇ ਜ਼ੰਗੀ ਹੋ, ਕਿਤੇ ਟੋਪੀ ਪੋਸ਼ ਫ਼ਰੰਗੀ ਹੋ,
ਕਿਤੇ ਮੈ-ਖ਼ਾਨੇ ਵਿਚ ਭੰਗੀ ਹੋ, ਕਿਤੇ ਮਿਹਰ ਮਹਿਰੀ ਬਣ ਵਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਬੁੱਲ੍ਹਾ ਸ਼ਹੁ ਇਨਾਇਤ ਆਰਫ਼ ਹੈ, ਉਹ ਦਿਲ ਮੇਰੇ ਦਾ ਵਾਰਸ ਹੈ,
ਮੈਂ ਲੋਹਾ ਤੇ ਉਹ ਪਾਰਸ ਹੈ, ਤੁਸੀਂ ਓਸੇ ਦੇ ਸੰਗ ਖੱਸਦੇ ਹੋ ।
ਕੀਹਨੂੰ ਲਾ-ਮਕਾਨੀ ਦੱਸਦੇ ਹੋ ।
ਤੁਸੀਂ ਹਰ ਰੰਗ ਦੇ ਵਿਚ ਵੱਸਦੇ ਹੋ ।
71. ਕੀ ਜਾਣਾਂ ਮੈਂ ਕੋਈ
ਕੀ ਜਾਣਾਂ ਮੈਂ ਕੋਈ,
ਵੇ ਅੜਿਆ,
ਕੀ ਜਾਣਾਂ ਮੈਂ ਕੋਈ ।
ਜੋ ਕੋਈ ਅੰਦਰ ਬੋਲੇ ਚਾਲੇ ਜ਼ਾਤ ਅਸਾਡੀ ਹੋਈ,
ਜਿਸ ਦੇ ਨਾਲ ਮੈਂ ਨੇਹੁੰ ਲਗਾਇਆ ਉਹੋ ਜਿਹੀ ਹੋਈ ।
ਕੀ ਜਾਣਾਂ ਮੈਂ ਕੋਈ ।
ਚਿੱਟੀ ਚਾਦਰ ਲਾਹ ਸੁੱਟ ਕੁੜੀਏ ਪਹਿਨ ਫਕੀਰਾਂ ਦੀ ਲੋਈ,
ਚਿੱਟੀ ਚਾਦਰ ਨੂੰ ਦਾਗ਼ ਲੱਗੇਗਾ ਲੋਈ ਨੂੰ ਦਾਗ਼ ਨਾ ਕੋਈ ।
ਕੀ ਜਾਣਾਂ ਮੈਂ ਕੋਈ ।
ਅਲਫ਼ ਪਛਾਤਾ ਬੇ ਪਛਾਤੀ ਤੇ ਤਲਾਵਤ ਹੋਈ,
ਸੀਨ ਪਛਾਤਾ ਸ਼ੀਨ ਪਛਾਤਾ ਸਾਦਕ ਸਾਬਰ ਹੋਈ ।
ਕੀ ਜਾਣਾਂ ਮੈਂ ਕੋਈ ।
ਕੂ ਕੂ ਕਰਦੀ ਕੁਮਰੀ ਆਹੀ ਗਲ ਵਿਚ ਤੌਕ ਪਿਉਈ,
ਬਸ ਨਾ ਕਰਦੀ ਕੂ ਕੂ ਕੋਲੋਂ ਕੂ ਕੂ ਅੰਦਰ ਮੋਈ ।
ਕੀ ਜਾਣਾਂ ਮੈਂ ਕੋਈ ।
ਜੋ ਕੁਝ ਕਰਸੀ ਅੱਲ੍ਹਾ ਭਾਣਾ ਕਿਆ ਕੁਝ ਕਰਸੀ ਕੋਈ,
ਜੋ ਕੁਝ ਲੇਖ ਮੱਥੇ ਦਾ ਲਿਖਿਆ ਮੈਂ ਉਸ ਤੇ ਸ਼ਾਕਰ ਹੋਈ ।
ਕੀ ਜਾਣਾਂ ਮੈਂ ਕੋਈ ।
ਆਸ਼ਕ ਬਕਰੀ ਮਾਸ਼ੂਕ ਕਸਾਈ ਮੈਂ ਮੈਂ ਕਰਦੀ ਕੋਹੀ,
ਜਿਉਂ ਜਿਉਂ ਮੈਂ ਮੈਂ ਬਹੁਤਾ ਕਰਦੀ ਤਿਉਂ ਤਿਉਂ ਮੋਈ ਮੋਈ ।
ਕੀ ਜਾਣਾਂ ਮੈਂ ਕੋਈ ।
ਬੁੱਲ੍ਹਾ ਸ਼ਹੁ ਇਨਾਇਤ ਕਰ ਕੇ ਸ਼ੌਕ ਸ਼ਰਾਬ ਦਿਤੋਈ,
ਭਲਾ ਹੋਇਆ ਅਸੀਂ ਦੂਰੋਂ ਛੁੱਟੇ ਨੇੜੇ ਆਨ ਲੱਧੋਈ ।
ਕੀ ਜਾਣਾਂ ਮੈਂ ਕੋਈ,
ਵੇ ਅੜਿਆ,
ਕੀ ਜਾਣਾਂ ਮੈਂ ਕੋਈ ।
72. ਕੀ ਕਰਦਾ ਬੇਪਰਵਾਹੀ ਜੇ
ਕੀ ਕਰਦਾ ਬੇਪਰਵਾਹੀ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਕੁੰਨ ਕਿਹਾ ਫ਼ਯੀਕੂਨ ਕਹਾਇਆ, ਬਾਤਨ ਜ਼ਾਹਰ ਦੇ ਵਲ ਆਇਆ,
ਬੇਚੂਨੀ ਦਾ ਚੂਨ ਬਣਾਇਆ, ਬਿਖੜੀ ਖੇਡ ਮਚਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਸਿਰ ਮਖ਼ਫ਼ੀ ਦਾ ਜਿਸ ਦੰਮ ਬੋਲਾ, ਘੁੰਘਟ ਅਪਨੇ ਮੂੰਹ ਸੇ ਖੋਲਾ,
ਹੁਣ ਕਿਉਂ ਕਰਦਾ ਸਾਥੋਂ ਓਹਲਾ, ਸਭ ਵਿਚ ਹਕੀਕਤ ਆਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਕਰਮੰਨਾ ਬਨੀ ਆਦਮ ਕਿਹਾ, ਕੋਈ ਨਾ ਕੀਤਾ ਤੇਰੇ ਜਿਹਾ,
ਸ਼ਾਨ ਬਜ਼ੁਰਗੀ ਦੇ ਸੰਗ ਇਹਾ, ਡਫੜੀ ਖੂਬ ਵਜਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਆਪੇ ਬੇਪਰਵਾਹੀਆਂ ਕਰਦੇ, ਆਪਣੇ ਆਪ ਸੇ ਆਪੇ ਡਰਦੇ,
ਰਿਹਾ ਸਮਾਂ ਵਿਚ ਹਰ ਹਰ ਘਰ ਦੇ, ਭੁੱਲੀ ਫਿਰੇ ਲੋਕਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਚੇਟਕ ਲਾ ਦੀਵਾਨਾ ਹੋਇਆ, ਲੈਲਾ ਬਣ ਕੇ ਮਜਨੂੰ ਮੋਇਆ,
ਆਪੇ ਰੋਇਆ ਆਪੇ ਧੋਇਆ, ਕਹੀ ਕੀਤੀ ਆਸ਼ਨਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
ਆਪੇ ਹੈਂ ਤੂੰ ਸਾਜਨ ਸਈਆਂ, ਅਕਲ ਦਲੀਲਾਂ ਸਭ ਉਠ ਗਈਆਂ,
ਬੁੱਲ੍ਹਾ ਸ਼ਾਹ ਨੇ ਖੁਸ਼ੀਆਂ ਲਈਆਂ, ਹੁਣ ਕਰਦਾ ਕਿਉਂ ਜੁਦਾਈ ਜੇ ।
ਕੀ ਕਰਦਾ ਬੇਪਰਵਾਹੀ ਜੇ ।
73. ਕੀ ਕਰਦਾ ਨੀ ਕੀ ਕਰਦਾ ਨੀ
ਕੀ ਕਰਦਾ ਨੀ ਕੀ ਕਰਦਾ ਨੀ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਇਕਸੇ ਘਰ ਵਿਚ ਵੱਸਦਿਆ ਰੱਸਦਿਆਂ, ਨਹੀਂ ਹੁੰਦਾ ਵਿਚ ਪਰਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਵਿਚ ਮਸੀਤ ਨਿਮਾਜ਼ ਗੁਜ਼ਾਰੇ, ਬੁੱਤਖ਼ਾਨੇ ਜਾ ਵੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਆਪ ਇੱਕੋ ਕਈ ਲੱਖ ਘਰਾਂ ਦੇ, ਮਾਲਕ ਸਭ ਘਰ ਘਰ ਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਜਿਤ ਵੱਲ ਵੇਖਾਂ ਉੱਤ ਵੱਲ ਓਹੋ, ਹਰ ਦੀ ਸੰਗਤ ਕਰਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਮੂਸਾ ਤੇ ਫਰਔਨ ਬਣਾ ਕੇ, ਦੋ ਹੋ ਕੇ ਕਿਉਂ ਲੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਹਾਜ਼ਰ ਨਾਜ਼ਰ ਉਹੋ ਹਰ ਥਾਂ, ਚੂਚਕ ਕਿਸ ਨੂੰ ਖੜਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਐਸੀ ਨਾਜ਼ੁਕ ਬਾਤ ਕਿਉਂ ਕਹਿੰਦਾ, ਨਾ ਕਹਿ ਸਕਦਾ ਨਾ ਜਰਦਾ ।
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
ਬੁੱਲ੍ਹਾ ਸ਼ਹੁ ਦਾ ਇਸ਼ਕ ਬਘੇਲਾ, ਰੱਤ ਪੀਂਦਾ ਗੋਸ਼ਤ ਚਰਦਾ ।
ਕੀ ਕਰਦਾ ਨੀ ਕੀ ਕਰਦਾ ਨੀ,
ਕੋਈ ਪੁੱਛੋ ਖਾਂ ਦਿਲਬਰ ਕੀ ਕਰਦਾ ।
74. ਕਿਉਂ ਇਸ਼ਕ ਅਸਾਂ ਤੇ ਆਇਆ ਏ
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਤੂੰ ਆਇਆ ਹੈ ਮੈਂ ਪਾਇਆ ਏ ।
ਇਬਰਾਹੀਮ ਚਾ ਚਿਖ਼ਾ ਸੁਟਾਇਉ, ਜ਼ਕਰੀਏ ਸਿਰ ਕਲਵੱਤਰ ਧਰਾਇਉ,
ਯੂਸਫ਼ ਹੱਟੋ ਹੱਟ ਵਿਕਾਇਉ, ਕਹੁ ਸਾਨੂੰ ਕੀ ਲਿਆਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਸ਼ੇਖ ਸੁਨਆਨੋਂ ਖ਼ੂਕ ਚਰਾਇਉ, ਸ਼ਮਸ ਦੀ ਖੱਲ ਉਲਟ ਲੁਹਾਇਉ,
ਸੂਲੀ ਤੇ ਮਨਸੂਰ ਚੜ੍ਹਾਇਉ, ਕਰ ਹੱਥ ਹੁਣ ਮੈਂ ਵਲ ਧਾਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਜਿਸ ਘਰ ਵਿਚ ਤੇਰਾ ਫੇਰ ਹੋਇਆ, ਸੋ ਜਲ ਬਲ ਕੋਇਲਾ ਢੇਰ ਹੋਇਆ,
ਜਦ ਰਾਖ਼ ਉੱਡੀ ਤਦ ਸੇਰ ਹੋਇਆ, ਕਹੁ ਕਿਸ ਗੱਲ ਦਾ ਸਧਰਾਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਬੁੱਲ੍ਹਾ ਸ਼ਹੁ ਦੇ ਕਾਰਨ ਕਰੀਏ, ਤਨ ਭੱਠੀ ਮਨ ਅਹਿਰਣ ਕਰੀਏ,
ਪ੍ਰੇਮ ਹਥੌੜਾ ਮਾਰਨ ਕਰੀਏ, ਦਿਲ ਲੋਹਾ ਅੱਗ ਪੰਘਰਾਇਆ ਏ ।
ਕਿਉਂ ਇਸ਼ਕ ਅਸਾਂ ਤੇ ਆਇਆ ਏ ।
ਤੂੰ ਆਇਆ ਹੈ ਮੈਂ ਪਾਇਆ ਏ ।
75. ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ ।
ਲਾਤੱਤਹੱਰਕ ਖੁਦ ਲਿਖਿਓ ਈ, ਕਿਸ ਨੂੰ ਦੇਨਾ ਏਂ ਫਾਹੀ ।
ਸ਼ਰ੍ਹਾ ਤੇ ਅਹਿਲ ਕੁਰਾਨ ਭੀ ਆਹੇ, ਅਸੀਂ ਅੱਗੇ ਸੱਦੇ ਆਈ ।
ਅਲਸਤੁਬਰੱਬੁਕਮ ਵਾਰਦ ਹੋਯਾ, ਕਾਲੂਬਲਾ ਧੁੰਮ ਪਾਈ ।
ਕੁਨਫਯੀਕੂਨ ਅਵਾਜ਼ਾ ਹੋਯਾ, ਤਦਾਂ ਅਸਾਂ ਭੀ ਕੋਲੋਂ ਆਹੀ ।
ਲੱਜ਼ਤ ਮਾਰ ਦੀਵਾਨੀ ਕੀਤੀ ਨਹੀਂ ਜਾਤੀ ਅਸਲੀ ਆਹੀ ।
ਕਿਉਂ ਲੜਨਾ ਹੈਂ ਕਿਉਂ ਲੜਨਾ ਹੈਂ ਗ਼ੈਰ ਗੁਨਾਹੀ ।
76. ਕਿਉਂ ਓਹਲੇ ਬਹਿ ਬਹਿ ਝਾਕੀ ਦਾ
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਇਹ ਪਰਦਾ ਕਿਸ ਤੋਂ ਰਾਖੀ ਦਾ ।
ਕਾਰਨ ਪੀਤ ਮੀਤ ਬਣ ਆਇਆ, ਮੀਮ ਦਾ ਘੁੰਘਟ ਮੁੱਖ ਪਰ ਪਾਇਆ,
ਅਹਿਦ ਤੇ ਅਹਿਮਦ ਨਾਮ ਧਰਾਇਆ, ਸਿਰ ਛਤਰ ਝੁੱਲੇ ਲੌਲਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਸੀਂ ਆਪੇ ਆਪ ਹੀ ਸਾਰੇ ਹੋ, ਕਿਉਂ ਕਹਿੰਦੇ ਅਸੀਂ ਨਿਆਰੇ ਹੋ,
ਆਏ ਆਪਣੇ ਆਪ ਨੱਜ਼ਾਰੇ ਹੋ, ਵਿਚ ਬਰਜੱਖ ਰਖਿਆ ਖਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਧ ਬਾਝੋਂ ਦੂਸਰਾ ਕਿਹੜਾ ਹੈ, ਕਿਉਂ ਪਾਇਆ ਉਲਟਾ ਝੇੜਾ ਹੈ,
ਇਹ ਡਿਠਾ ਬੜਾ ਅੰਧੇਰਾ ਹੈ, ਹੁਣ ਆਪ ਨੂੰ ਆਪੇ ਆਖੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਕਿਤੇ ਰੂਮੀ ਹੋ ਕਿਤੇ ਸ਼ਾਮੀ ਹੋ, ਕਿਤੇ ਸਾਹਿਬ ਕਿਤੇ ਗੁਲਾਮੀ ਹੋ,
ਤੁਸੀਂ ਆਪਣੇ ਆਪ ਤਮਾਮੀ ਹੋ, ਕਹੋ ਖੋਟਾ ਖਰਾ ਸੌ ਲਾਖੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਜਿਸ ਤਨ ਵਿਚ ਇਸ਼ਕ ਦਾ ਜੋਸ਼ ਹੋਇਆ, ਉਹ ਬੇਖ਼ੁਦ ਹੋ ਬੇਹੋਸ਼ ਹੋਇਆ,
ਉਹ ਕਿਉਂ ਕਰ ਰਹੇ ਖਾਮੋਸ਼ ਹੋਇਆ, ਜਿਸ ਪਿਆਲਾ ਪੀਤਾ ਸਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਤੁਸੀਂ ਆਪ ਅਸਾਂ ਨੂੰ ਧਾਏ ਜੀ, ਕਦ ਰਹਿੰਦੇ ਛੁਪੇ ਛੁਪਾਏ ਜੀ,
ਤੁਸੀਂ ਸ਼ਾਹ 'ਇਨਾਇਤ' ਬਣ ਆਏ ਜੀ, ਹੁਣ ਲਾ ਲਾ ਨੈਣ ਝਮਾਕੀ ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
ਬੱਲ੍ਹਾ ਸ਼ਾਹ ਤਨ ਭਾ ਦੀ ਭੱਠੀ ਕਰ, ਅੱਗ ਬਾਲ ਹੱਡਾਂ ਤਨ ਮਾਟੀ ਕਰ,
ਇਹ ਸ਼ੌਕ ਮੁਹਬਤ ਬਾਟੀ ਕਰ, ਇਹ ਮਧੂਵਾ ਇਸ ਬਿਧ ਚਾਖੀ (ਝਾਕੀ) ਦਾ ।
ਕਿਉਂ ਓਹਲੇ ਬਹਿ ਬਹਿ ਝਾਕੀ ਦਾ ।
77. ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ
ਮੈਂ ਢੋਲਣ ਵਿਚ ਫ਼ਰਕ ਨਾ ਕੋਈ ਏਨੁਮਾ ਫ਼ੁਰਮਾਇਆ ਈ ।
ਆਓ ਸਜਣ ਗਲ ਲੱਗ ਸੌਵਾਂ ਮੈਂ ਹੁਣ ਘੁੰਘਟ ਪਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
ਤਨ ਸਾਬਰ ਦੇ ਕੀੜੇ ਪਾਏ ਜੋ ਚੜ੍ਹਿਆ ਸੋ ਪਾਇਆ ਈ ।
ਮਨਸੂਰ ਕੋਲੋਂ ਕੁਝ ਜ਼ਾਹਰ ਹੋਇਆ ਸੂਲੀ ਪਕੜ ਚੜ੍ਹਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
ਦੱਸੋ ਨੁਕਤਾ ਜ਼ਾਤ ਇਲਾਹੀ ਸੱਜਦਾ ਕਿਸ ਕਰਾਇਆ ਈ ।
ਬੁੱਲ੍ਹਾ ਸ਼ਹੁ ਦਾ ਹੁਕਮ ਨਾ ਮੰਨਿਆ ਸ਼ੈਤਾਨ ਖ਼ਵਾਰ ਕਰਾਇਆ ਈ ।
ਲਣਤਰਾਨੀ ਦੱਸ ਕੇ ਜਾਨੀ ਹੁਣ ਕਿਉਂ ਮੁੱਖ ਛੁਪਾਇਆ ਈ ?
78. ਮਾਟੀ ਕੁਦਮ ਕਰੇਂਦੀ ਯਾਰ
ਮਾਟੀ ਜੋੜਾ ਮਾਟੀ ਘੋੜਾ, ਮਾਟੀ ਦਾ ਅਸਵਾਰ,
ਮਾਟੀ ਮਾਟੀ ਨੂੰ ਦੌੜਾਏ, ਮਾਟੀ ਦਾ ਖੜਕਾਰ,
ਮਾਟੀ ਕੁਦਮ ਕਰੇਂਦੀ ਯਾਰ ।
ਮਾਟੀ ਮਾਟੀ ਨੂੰ ਮਾਰਨ ਲੱਗੀ, ਮਾਟੀ ਦੇ ਹਥਿਆਰ,
ਜਿਸ ਮਾਟੀ ਪਰ ਬਹੁਤੀ ਮਾਟੀ, ਤਿਸ ਮਾਟੀ ਹੰਕਾਰ,
ਮਾਟੀ ਕੁਦਮ ਕਰੇਂਦੀ ਯਾਰ ।
ਮਾਟੀ ਬਾਗ਼ ਬਗੀਚਾ ਮਾਟੀ, ਮਾਟੀ ਦੀ ਗੁਲਜ਼ਾਰ,
ਮਾਟੀ ਮਾਟੀ ਨੂੰ ਵੇਖਣ ਆਈ, ਮਾਟੀ ਦੀ ਏ ਬਹਾਰ ।
ਮਾਟੀ ਕੁਦਮ ਕਰੇਂਦੀ ਯਾਰ ।
ਹੱਸ ਖੇਡ ਮੁੜ ਮਾਟੀ ਹੋਈ, ਮਾਟੀ ਪਾਓਂ ਪਸਾਰ,
ਬੁਲ੍ਹਾ ਇਹ ਬੁਝਾਰਤ ਬੁੱਝੇਂ, ਲਾਹ ਸਿਰੋਂ ਭੋਏਂ ਮਾਰ(ਭਾਰ),
ਮਾਟੀ ਕੁਦਮ ਕਰੇਂਦੀ ਯਾਰ ।
79. ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ
ਲੋਕਾਂ ਦੇ ਭਾਣੇ ਚਾਕ ਚਕੇਟਾ, ਸਾਡਾ ਰੱਬ ਗ਼ਫ਼ੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
ਮਿਲਣ ਦੀ ਖ਼ਾਤਰ ਚਸ਼ਮਾਂ, ਬਹਿੰਦੀਆਂ ਸੀ ਨਿਤ ਝੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
ਉੱਠ ਗਈ ਹਿਜਰ ਜੁਦਾਈ ਜਿਗਰੋਂ, ਜ਼ਾਹਰ ਦਿਸਦਾ ਨੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
ਬੁੱਲ੍ਹਾ ਰਮਜ਼ ਸਮਝ ਦੀ ਪਾਈਆ, ਨਾ ਨੇੜੇ ਨਾ ਦੂਰ ।
ਮਾਹੀ ਵੇ ਤੈਂ ਮਿਲਿਆਂ ਸਭ ਦੁੱਖ ਹੋਵਣ ਦੂਰ ।
80. ਮੈਂ ਬੇ-ਕੈਦ ਮੈਂ ਬੇ-ਕੈਦ
ਮੈਂ ਬੇ-ਕੈਦ ਮੈਂ ਬੇ-ਕੈਦ ।
ਨਾ ਰੋਗੀ ਨਾ ਵੈਦ ।
ਨਾ ਮੈਂ ਮੋਮਨ ਨਾ ਮੈਂ ਕਾਫਰ,
ਨਾ ਸਈਯੇਦ ਨਾ ਸੈਦ ।
ਚੌਦੀਂ ਤਬਕੀਂ ਸੀਰ ਅਸਾਡਾ,
ਕਿਤੇ ਨਾ ਹੁੰਦਾ ਕੈਦ ।
ਖ਼ਰਾਬਾਤ ਮੈਂ ਜਾਲ ਅਸਾਡੀ,
ਨਾ ਸ਼ੋਭਾ ਨਾ ਐਬ ।
ਬੁੱਲ੍ਹਾ ਸ਼ਹੁ ਦੀ ਜ਼ਾਤ ਕੀ ਪੁਛਨੈਂ,
ਨਾ ਪੈਦਾ ਨਾ ਪੈਦ ।
81. ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ
ਪੈਰੋਂ ਨੰਗੀ ਸਿਰੋਂ ਝੰਡੋਲੀ ਸੁਨੇਹਾ ਆਇਆ ਪਾਰੋਂ,
ਤੜਬਰਾਟ ਕੁਝ ਬਣਦਾ ਨਾਹੀਂ ਕੀ ਲੈਸਾਂ ਸੰਸਾਰੋਂ,
ਮੈਂ ਪਕੜਾਂ ਛਜਨੀ (ਛਜਲੀ) ਹਿਰਸ ਉਡਾਵਾਂ ਛੱਟਾ ਮਾਲਗੁਜ਼ਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਹਿੰਦੂ ਤੁਰਕ ਨਾ ਹੁੰਦੇ ਐਸੇ ਦੋ ਜਰਮੇ ਤਰੈ ਜਰਮੇ,
ਹਰਾਮ ਹਲਾਲ ਪਛਾਤਾ ਨਾਹੀਂ ਅਸੀਂ ਦੋਹਾਂ ਤੇ ਨਹੀਂ ਭਰਮੇ,
ਗੁਰੂ ਪੀਰ ਦੀ ਪਰਖ ਅਸਾਂਨੂੰ ਸਭਨਾਂ ਤੋਂ ਸਿਰ ਵਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
ਘੁੰਡੀ ਮੁੰਡੀ ਦਾ ਬੁਹਲ ਬਹਾਇਆ ਬਖਰਾ ਲਿਆ ਦੀਦਾਰੋਂ,
ਘੁੰਡ ਮੁੱਖ ਪੀਆ ਤੋਂ ਲਾਹਿਆ ਸ਼ਰਮ ਰਹੀਂ ਦਰਬਾਰੋਂ,
ਬੁੱਲ੍ਹਾ ਸ਼ਹੁ ਦੇ ਹੋ ਕੇ ਰਹੀਏ ਛੁੱਟ ਗਏ ਕਾਰ ਬਗਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੇ ਦਰਬਾਰੋਂ ।
82. ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਧਿਆਨ ਕੀ ਛੱਜਲੀ ਗਿਆਨ ਕਾ ਕੂੜਾ ਕਾਮ ਕ੍ਰੋਧ ਨਿੱਤ ਝਾੜੂੰ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਕਾਜ਼ੀ ਜਾਣੇ ਹਾਕਮ ਜਾਣੇ ਫਾਰਗ-ਖ਼ਤੀ ਬੇਗਾਰੋਂ,
ਦਿਨੇ ਰਾਤ ਮੈਂ ਏਹੋ ਮੰਗਦੀ ਦੂਰ ਨਾ ਕਰ ਦਰਬਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
ਤੁੱਧ ਬਾਝੋਂ ਮੇਰਾ ਹੋਰ ਨਾ ਕੋਈ ਕੈਂ ਵੱਲ ਕਰੂੰ ਪੁਕਾਰੋਂ,
ਬੁੱਲ੍ਹਾ ਸ਼ਹੁ ਇਨਾਇਤ ਕਰਕੇ ਬਖਰਾ ਮਿਲੇ ਦੀਦਾਰੋਂ,
ਮੈਂ ਚੂਹਰੇਟੜੀ ਆ ਸੱਚੇ ਸਾਹਿਬ ਦੀ ਸਰਕਾਰੋਂ ।
83. ਮੈਂ ਗੱਲ ਓਥੇ ਦੀ ਕਰਦਾ ਹਾਂ
ਮੈਂ ਗੱਲ ਓਥੇ ਦੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾਲ ਰੂਹਾਂ ਦੇ ਲਾਰਾ ਲਾਇਆ, ਤੁਸੀਂ ਚਲੋ ਮੈਂ ਨਾਲੇ ਆਇਆ,
ਏਥੇ ਪਰਦਾ ਚਾ ਬਣਾਇਆ, ਮੈਂ ਭਰਮ ਭੁਲਾਇਆ ਫਿਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾਲ ਹਾਕਮ ਦੇ ਖੇਲ ਅਸਾਡੀ, ਜੇ ਮੈਂ ਮੀਰੀ ਤਾਂ ਮੈਂ ਫਾਡੀ,
ਧਰੀ ਧਰਾਈ ਪੂੰਜੀ ਤੁਹਾਡੀ, ਮੈਂ ਅਗਲਾ ਲੇਖਾ ਭਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਦੇ ਪੂੰਜੀ ਮੂਰਖ ਝੁੰਜਲਾਇਆ, ਮਗਰ ਚੋਰਾਂ ਦੇ ਪੈੜਾ ਲਾਇਆ,
ਚੋਰਾਂ ਦੀ ਮੈਂ ਪੈੜ ਲਿਆਇਆ, ਹਰ ਸ਼ਬ ਧਾੜੇ ਧੜਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਨਾ ਨਾਲ ਮੇਰੇ ਉਹ ਰੱਸਦਾ ਏ, ਨਾ ਮਿੰਨਤ ਕੀਤੀ ਸੱਜਦਾ ਏ,
ਜਾਂ ਮੁੜ ਬੈਠਾਂ ਤਾਂ ਭੱਜਦਾ ਏ, ਮੁੜ ਮਿੰਨਤਜ਼ਾਰੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਕੀ ਸੁੱਖ ਪਾਇਆ ਮੈਂ ਆਣ ਇਥੇ, ਨਾ ਮੰਜ਼ਲ ਨਾ ਡੇਰੇ ਜਿੱਥੇ,
ਘੰਟਾ ਕੂਚ ਸੁਣਾਵਾਂ ਕਿੱਥੇ, ਨਿੱਤ ਊਠ ਕਚਾਵੇ ਕੜਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
ਬੁੱਲ੍ਹੇ ਸ਼ਾਹ ਬੇਅੰਤ ਡੂੰਘਾਈ, ਦੋ ਜਗ ਬੀਚ ਨਾ ਲੱਗਦੀ ਕਾਈ,
ਉਰਾਰ ਪਾਰ ਦ ਖ਼ਬਰ ਨਾ ਕਾਈ, ਮੈਂ ਬੇ ਸਿਰ ਪੈਰੀਂ ਤਰਦਾ ਹਾਂ ।
ਮੈਂ ਗੱਲ ਓਥੇ ਦੀ ਕਰਦਾ ਹਾਂ ।
ਪਰ ਗੱਲ ਕਰਦਾ ਵੀ ਡਰਦਾ ਹਾਂ ।
84. ਮੈਂ ਕੁਸੁੰਬੜਾ ਚੁਣ ਚੁਣ ਹਾਰੀ
ਏਸ ਕੁਸੁੰਬੇ ਦੇ ਕੰਡੇ ਭਲੇਰੇ ਅੜ ਅੜ ਚੁੰਨੜੀ ਪਾੜੀ ।
ਏਸ ਕੁਸੁੰਬੇ ਦਾ ਹਾਕਮ ਕਰੜਾ ਜ਼ਾਲਮ ਏ ਪਟਵਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਏਸ ਕੁਸੁੰਬੇ ਦੇ ਚਾਰ ਮੁਕੱਦਮ ਮੁਆਮਲਾ ਮੰਗਦੇ ਭਾਰੀ ।
ਹੋਰਨਾਂ ਚੁਗਿਆ ਫੂਹਿਆ-ਫੂਹਿਆ ਮੈਂ ਭਰ ਲਈ ਪਟਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਚੁੱਗ ਚੁੱਗ ਕੇ ਮੈਂ ਢੇਰੀ ਕੀਤਾ ਲੱਥੇ ਆਣ ਬਪਾਰੀ ।
ਔਖੀ ਘਾਟੀ ਮੁਸ਼ਕਲ ਪੈਂਡਾ ਸਿਰ ਪਰ ਗੱਠੜੀ ਭਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਅਮਲਾਂ ਵਾਲੀਆਂ ਸਭ ਲੰਘ ਗਈਆਂ ਰਹਿ ਗਈ ਔਗੁਣਹਾਰੀ ।
ਸਾਰੀ ਉਮਰਾ ਖੇਡ ਗਵਾਈ ਓੜਕ ਬਾਜ਼ੀ ਹਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਅਲੱਸਤ ਕਿਹਾ ਜਦ ਅੱਖੀਆਂ ਲਾਈਆਂ ਹੁਣ ਕਿਉਂ ਯਾਰ ਵਿਸਾਰੀ ।
ਇੱਕੋ ਘਰ ਵਿਚ ਵਸਦੀਆਂ ਰਸਦੀਆਂ ਹੁਣ ਕਿਉਂ ਰਹੀ ਨਯਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
ਮੈਂ ਕਮੀਨੀ ਕੁਚੱਜੀ ਕੋਹਜੀ ਬੇਗੁਣ ਕੌਣ ਵਿਚਾਰੀ ।
ਬੁੱਲ੍ਹਾ ਸ਼ੌਹ ਦੇ ਲਾਇਕ ਨਾਹੀਂ ਸ਼ਾਹ ਇਨਾਇਤ ਤਾਰੀ ।
ਮੈਂ ਕੁਸੁੰਬੜਾ ਚੁਣ ਚੁਣ ਹਾਰੀ ।
85. ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਲੋਕੀਂ ਸੱਜਦਾ ਕਾਅਬੇ ਨੂੰ ਕਰਦੇ ਸਾਡਾ ਸੱਜਦਾ ਯਾਰ ਪਿਆਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਅਉਗਣ ਵੇਖ ਨਾ ਭੁੱਲ ਮੀਆਂ ਰਾਂਝਾ ਯਾਦ ਕਰੀਂ ਏਸ ਕਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਮੈਂ ਮਨਤਾਰੂ ਤਰਨ ਨਾ ਜਾਣਾਂ ਸ਼ਰਮ ਪਈ ਤੁੱਧ ਤਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਤੇਰਾ ਸਾਨੀ ਕੋਈ ਨਹੀਂ ਮਿਲਿਆ ਢੂੰਡ ਲਿਆ ਜੱਗ ਸਾਰੇ ਨੂੰ ।
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
ਬੁੱਲ੍ਹਾ ਸ਼ਹੁ ਦੀ ਪ੍ਰੀਤ ਅਨੋਖੀ ਤਾਰੇ ਅਉਗਣਹਾਰੇ ਨੂੰ ।
ਮੈਂ ਕਿਉਂ ਕਰ ਜਾਵਾਂ ਕਾਅਬੇ ਨੂੰ,
ਦਿਲ ਲੋਚੇ ਤਖ਼ਤ ਹਜ਼ਾਰੇ ਨੂੰ ।
86. ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਕੋਈ ਮੁਨਸੱਫ ਹੋ ਨਿਰਵਾਰੇ ਤਾਂ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
ਆਲਮ-ਫਾਜ਼ਲ ਮੇਰੇ ਭਾਈ ਪਾ ਪੜ੍ਹਿਆਂ ਮੇਰੀ ਅਕਲ ਗਵਾਈ,
ਦੇ ਇਸ਼ਕ ਦੇ ਹੁਲਾਰੇ ਮੈਂ ਦੱਸਨਾਂ ਹਾਂ,
ਮੈਂ ਪਾ ਪੜ੍ਹਿਆਂ ਤੋਂ ਨੱਸਨਾ ਹਾਂ ।
87. ਮੈਂ ਪਾਇਆ ਏ ਮੈਂ ਪਾਇਆ ਏ
ਮੈਂ ਪਾਇਆ ਏ ਮੈਂ ਪਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਤਰਕ ਕਿਤਾਬਾਂ ਪੜ੍ਹਤੇ ਹੋ, ਕਹੂੰ ਭਗਤ ਹਿੰਦੂ ਜਪ ਕਰਤੇ ਹੋ,
ਕਹੂੰ ਗੋਰਕੰਡੀ ਵਿਚ ਪੜਤੇ ਹੋ, ਹਰ ਘਰ ਘਰ ਲਾਡ ਲਡਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਿਤੇ ਵੈਰੀ ਹੋ ਕਿਤੇ ਬੇਲੀ ਹੋ, ਕਿਤੇ ਆਪ ਗੁਰੂ ਕਿਤੇ ਚੇਲੀ ਹੋ,
ਕਿਤੇ ਮਜਨੂ ਹੋ ਕਿਤੇ ਲੇਲੀ ਹੋ, ਹਰ ਘਟ ਘਟ ਬੀਚ ਸਮਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਗਾਫ਼ਲ ਕਹੂੰ ਨਮਾਜ਼ੀ ਹੋ, ਕਹੂੰ ਮਿੰਬਰ ਤੇ ਬਹਿ ਕਾਜ਼ੀ ਹੋ,
ਕਹੂੰ ਤੇਗ਼ ਬਹਾਦੁਰ ਗ਼ਾਜ਼ੀ ਹੋ, ਕਹੂੰ ਆਪਣਾ ਪੰਥ ਬਣਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਕਹੂੰ ਮਸਜਦ ਦਾ ਵਰਤਾਰਾ ਏ, ਕਹੂੰ ਬਣਿਆ ਠਾਕੁਰਦੁਆਰਾ ਏ,
ਕਹੂੰ ਬੈਰਾਗੀ ਜਟ ਧਾਰਾ ਏ, ਕਹੂੰ ਸ਼ੈਖਨ ਬਣ ਬਣ ਆਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
ਬੁੱਲ੍ਹਾ ਸ਼ਹੁ ਦਾ ਮੈਂ ਮੁਹਤਾਜ ਹੋਇਆ, ਮਹਾਰਾਜ ਮਿਲੇ ਮੇਰਾ ਕਾਜ ਹੋਇਆ,
ਮੁਝੇ ਪੀਆ ਕਾ ਦਰਸ ਮਿਅਰਾਜ ਹੋਇਆ, ਲੱਗਾ ਇਸ਼ਕ ਤਾਂ ਇਹ ਗੁਣ ਗਾਇਆ ਏ ।
ਮੈਂ ਪਾਇਆ ਏ ਮੈਂ ਪਾਇਆ ਏ ।
ਤੈਂ ਆਪ ਸਰੂਪ ਵਟਾਇਆ ਏ ।
88. ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ
ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਭੁੱਲੇ ਰਹੇ ਨਾਮ ਨਾ ਜਪਿਆ, ਗ਼ਫਲਤ ਅੰਦਰ ਯਾਰ ਹੈ ਛਪਿਆ,
ਉਹ ਸਿਧ ਪੁਰਖਾ ਤੇਰੇ ਅੰਦਰ ਵਸਿਆ, ਲਗੀਆਂ ਨਫ਼ਸ ਦੀਆਂ ਚਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਜਪ ਲੈ ਨਾ ਹੋ ਭੋਲੀ ਭਾਲੀ, ਮਤ ਤੂੰ ਸਾਏਂ ਮੁੱਖ ਮੁਕਾਲੀ,
ਉਲਟੀ ਪ੍ਰੇਮ ਨਗਰ ਦੀ ਚਾਲੀ, ਭੜਕਣ ਇਸ਼ਕ ਦੀਆਂ ਲਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਭੋਲੀ ਨਾ ਹੋ, ਹੋ ਸਿਆਣੀ, ਇਸ਼ਕ ਨੂਰ ਦਾ ਭਰ ਲੈ ਪਾਣੀ,
ਇਸ ਦੁਨੀਆਂ ਦੀ ਛੋੜ ਕਹਾਣੀ, ਇਹ ਯਾਰ ਮਿਲਣ ਦੀਆਂ ਘਾਤਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
ਬੁੱਲ੍ਹਾ ਰੱਬ ਬਣ ਬੈਠੋਂ ਆਪੇ, ਤਦ ਦੁਨੀਆਂ ਦੇ ਪਏ ਸਿਆਪੇ,
ਦੂਤੀ ਵਿਹੜਾ, ਦੁਸ਼ਮਨ ਮਾਪੇ, ਸਭ ਕੜਕ ਪਈਆਂ ਆਫਾਤਾਂ ਨੀ ।
ਮੈਂ ਪੁੱਛਾਂ ਸ਼ਹੁ ਦੀਆਂ ਵਾਟਾਂ ਨੀ ।
ਕੋਈ ਕਰੇ ਅਸਾਂ ਨਾਲ ਬਾਤਾਂ ਨੀ ।
89. ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ ।
ਰਾਤੀਂ ਨੀਂਦ ਨਾ ਦਿਨ ਸੁੱਖ ਸੁੱਤੀ ਅੱਖੀਂ ਪਲਟਿਆ ਨੀਰ ।
ਛਵੀਆਂ (ਤੋਪਾਂ) ਤੇ ਤਲਵਾਰਾਂ ਕੋਲੋਂ ਇਸ਼ਕ ਦੇ ਤਿੱਖੇ ਤੀਰ ।
ਇਸ਼ਕੇ ਜੇਡ ਨਾ ਜ਼ਾਲਮ ਕੋਈ ਇਹ ਜ਼ਹਿਮਤ ਬੇਪੀਰ ।
ਇਕ ਪਲ ਸਾਇਤ ਆਰਾਮ ਨਾ ਆਵੇ ਬੁਰੀ ਬ੍ਰਿਹੋਂ ਦੀ ਪੀੜ ।
ਬੁੱਲ੍ਹਾ ਸ਼ਹੁ ਜੇ ਕਰੇ ਅਨਾਇਤ ਦੁੱਖ ਹੋਵਣ ਤਗ਼ਈਰ ।
ਮੈਨੂੰ ਛੱਡ ਗਏ ਆਪ ਲੱਦ ਗਏ ਮੈਂ ਵਿਚ ਕੀ ਤਕਸੀਰ ।
90. ਮੈਨੂੰ ਦਰਦ ਅਵੱਲੜੇ ਦੀ ਪੀੜ
ਮੈਨੂੰ ਦਰਦ ਅਵੱਲੜੇ ਦੀ ਪੀੜ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਆ ਮੀਆਂ ਰਾਂਝਾ ਦੇ ਦੇ ਨਜ਼ਾਰਾ ਮੁਆਫ਼ ਕਰੀਂ ਤਕਸੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਤਖ਼ਤ ਹਜ਼ਾਰਿਉਂ ਰਾਂਝਾ ਟੁਰਿਆ ਹੀਰ ਨਿਮਾਣੀ ਦਾ ਪੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
ਹੋਰਨਾਂ ਦੇ ਨੌਸ਼ਹੁ ਆਵੇ ਜਾਵੇ ਕੀ ਬੁੱਲ੍ਹੇ ਵਿਚ ਤਕਸੀਰ ।
ਮੈਨੂੰ ਦਰਦ ਅਵੱਲੜੇ ਦੀ ਪੀੜ ।
91. ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ
ਮੈਂ ਜੋ ਤੈਨੂੰ ਆਖਿਆ ਕੋਈ ਘੱਲ ਸੁਨੇਹੜਾ ।
ਚਸ਼ਮਾਂ ਸੇਜ ਵਿਛਾਈਆਂ ਦਿਲ ਕੀਤਾ ਡੇਰਾ ।
ਲਟਕ ਚਲੇਂਦਾ ਆਂਵਦਾ ਸ਼ਾਹ ਇਨਾਇਤ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਉਹ ਅਜਿਹਾ ਕੌਣ ਹੈ ਜਾ ਆਖੇ ਜਿਹੜਾ ।
ਮੈਂ ਵਿਚ ਕੀ ਤਕਸੀਰ ਹੈ ਮੈਂ ਬਰਦਾ ਤੇਰਾ ।
ਤੈਂ ਬਾਝੋਂ ਮੇਰਾ ਕੌਣ ਹੈ ਦਿਲ ਢਾ ਨਾ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਦਸਤ ਕੰਗਣ ਬਾਹੀਂ ਚੂੜੀਆਂ ਗਲ ਨੌਰੰਗ ਚੋਲਾ ।
ਮਾਹੀ ਮੈਨੂੰ ਕਰ ਗਿਆ ਕੋਈ ਰਾਵਲ ਰੌਲਾ ।
ਜਲ ਥਲ ਆਹੀਂ ਮਾਰਦੀਆਂ ਦਿਲ ਪੱਥਰ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਕਿਆ ਤੇਰੀ ਮਾਂਗ ਸੰਧੂਰ ਭਰੀ ਸੋਹੇ ਰਤੜਾ ਚੋਲਾ ।
ਪਈ ਵਾਂਗ ਸਮੀਂ ਮੈਂ ਕੂਕਦੀ ਕਰ ਢੋਲਾ ਢੋਲਾ ।
ਅਣਗਿਣਵੇਂ ਸੂਲਾਂ ਪਾ ਲਿਆ ਸੂਲਾਂ ਦਾ ਖੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮੈਂ ਜਾਤਾ ਦੁੱਖ ਘਰ ਆਪਣੇ ਦੁੱਖ ਪੈ ਘਰ ਕਈਆਂ ।
ਜਿਹਾ ਸਿਰ ਸਿਰ ਭਾਂਬੜ ਭੜਕਿਆ ਸਭ ਟੱਪਦੀਆਂ ਗਈਆਂ ।
ਹੁਣ ਆਣ ਪਈ ਸਿਰ ਆਪਣੇ ਸਭ ਚੁੱਕ ਗਿਆ ਝੇੜਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਜਿਹੜੀਆਂ ਸਾਹਵਰੇ ਮੱਤੀਆਂ ਸੋਈ ਪੇਕੇ ਹੋਵਣ ।
ਸ਼ਹੁ ਜਿਨ੍ਹਾਂ ਦੇ ਕਾਇਲ ਏ ਚੜ੍ਹ ਸੇਜੇ ਸੋਵਣ ।
ਜਿਸ ਘਰ ਕੌਂਤ ਨਾ ਬੋਲਿਆ ਸੋਈ ਖਾਲੀ ਵੇੜ੍ਹਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮੈਂ ਢੂੰਡ ਸ਼ਹਿਰ ਭਾਲਿਆ ਘੱਲਾਂ ਕਾਸਦ ਕਿਹੜਾ ।
ਹੁਣ ਚੜ੍ਹੀਆਂ ਡੋਲੀ ਪ੍ਰੇਮ ਦੀ ਦਿਲ ਧੜਕੇ ਮੇਰਾ ।
ਦਿਲਦਾਰ ਮੁਹੰਮਦ ਆਰਬੀ ਹੱਥ ਪਕੜੀਂ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਪਹਿਲੀ ਪਉੜੀ ਉਤਰੀ ਪੁਲ-ਸਰਾਤੇ ਡੇਰਾ ।
ਹਾਜੀ ਮੱਕੇ ਜਾਹੁਣ ਮੈਂ ਮੁੱਖ ਵੇਖਾਂ ਤੇਰਾ ।
ਆ ਇਨਾਇਤ ਕਾਦਰੀ ਦਿਲ ਚਾਹੇ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਪਹਿਲੀ ਰਾਤ ਹੈ ਸਾਲ ਦੀ ਦਿਲ ਖੌਫ਼ੇ ਮੇਰਾ ।
ਡੂੰਘੀ ਗੋਰ ਕਢੇਂਦਿਆ ਹੋਇਆ ਲਹਿਦੋਂ ਡੇਰਾ ।
ਪਹਿਲਾ ਬੰਦ ਖੋਲ੍ਹਦਿਆਂ ਮੂੰਹ ਕਾਅਬੇ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਮਿਲੀ ਹੈ ਬਾਂਗ ਰਸੂਲ ਦੀ ਫੁੱਲ ਖਿੜਿਆ ਮੇਰਾ ।
ਸਦਾ ਹੋਇਆ ਮੈਂ ਹਾਜ਼ਰੀ ਹਾਂ ਹਾਜ਼ਰ ਤੇਰਾ ।
ਹਰ ਪਲ ਤੇਰੀ ਹਾਜ਼ਰੀ ਇਹੋ ਸਜਦਾ ਮੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
ਬੁੱਲ੍ਹਾ ਭੜਕਣ ਸ਼ਹੁ ਲਈ ਸੀਨੇ ਵਿਚ ਭਾਹੀਂ ।
ਔਖਾ ਪੈਂਡਾ ਪ੍ਰੇਮ ਦਾ ਸੋ ਘਟਦਾ ਨਾਹੀਂ ।
ਪੈ ਧੱਕੇ ਦਿਲ ਵਿਚ ਝੇੜ ਦੇ ਸਿਰ ਧਾਈਂ ਬੇਰਾ ।
ਮੈਂ ਉਡੀਕਾਂ ਕਰ ਰਹੀ ਕਦੀ ਆ ਕਰ ਫੇਰਾ ।
92. ਮੈਨੂੰ ਇਸ਼ਕ ਹੁਲਾਰੇ ਦੇਂਦਾ
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਮੂੰਹ ਚੜ੍ਹਿਆ ਯਾਰ ਬੁਲੇਂਦਾ ।
ਕੀ ਪੁੱਛਦਾ ਹੈਂ ਕੀ ਜ਼ਾਤ ਸੱਫ਼ਾਤ ਮੇਰੀ, ਉਹੋ ਆਦਮ ਵਾਲੀ ਜ਼ਾਤ ਮੇਰੀ,
ਨਹੁਨ-ਅਕਰਬ ਦੇ ਵਿਚ ਘਾਤ ਮੇਰੀ, ਵਿਚ ਰੱਬ ਦਾ ਸਿਰ ਝੁਲੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਕਿਤੇ ਸ਼ੀਆ ਤੇ ਕਿਤੇ ਸੁੰਨੀ ਏ, ਕਿਤੇ ਜਟਾਧਾਰੀ ਕਿਤੇ ਮੁੰਨੀ ਏ,
ਮੇਰੀ ਸਭ ਸੇ ਫ਼ਾਰਗ ਕੁੰਨੀ ਏ, ਜੋ ਕਹਾਂ ਸੋ ਯਾਰ ਮਨੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਬੁੱਲ੍ਹਾ ਦੂਰੋਂ ਚਲ ਕੇ ਆਇਆ ਜੀ, ਉਹਦੀ ਸੂਰਤ ਨੇ ਭਰਮਾਇਆ ਜੀ,
ਓਸੇ ਪਾਕ ਜਮਾਲ ਵਿਖਾਇਆ ਜੀ, ਉਹ ਹਿੱਕ ਦਮ ਨਾ ਭੁਲੇਂਦਾ ।
ਮੈਨੂੰ ਇਸ਼ਕ ਹੁਲਾਰੇ ਦੇਂਦਾ ।
ਮੂੰਹ ਚੜ੍ਹਿਆ ਯਾਰ ਬੁਲੇਂਦਾ ।
93. ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ
ਮੈਨੂੰ ਕੀ ਹੋਇਆ ਕਿਉਂ ਮੈਨੂੰ ਕਮਲੀ ਕਹਿੰਦੀ ਹੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਮੈਂ ਵਿਚ ਵੇਖਾਂ ਤਾਂ ਮੈਂ ਨਹੀਂ ਹੁੰਦੀ ਮੈਂ ਵਿਚ ਦਿਸਨਾ ਏਂ ਮੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਸਿਰ ਤੋਂ ਪੈਰ ਤੀਕਰ ਵੀ ਤੂੰ ਹੈਂ ਅੰਦਰ ਬਾਹਰ ਹੈਂ ਤੂੰ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਛੁੱਟ ਪਈ ਉਰਾਰੋਂ ਪਾਰੋਂ ਨਾ ਬੇੜੀ ਨਾ ਨੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਮਨਸੂਰ ਪਿਆਰੇ ਕਿਹਾ ਅਨਲਹੱਕ ਕਹੋ ਕਹਾਇਆ ਕੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
ਬੁੱਲ੍ਹਾ ਸ਼ਹੁ ਓਸੇ ਦਾ ਆਸ਼ਕ ਆਪਣਾ ਆਪ ਵੰਜਾਇਆ ਤੈਂ ।
ਮੈਨੂੰ ਕੀ ਹੋਇਆ ਹੁਣ ਮੈਥੋਂ ਗਈ ਗਵਾਤੀ ਮੈਂ ।
94. ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ ।
ਮੈਂ ਕੁਬੜੀ ਮੈਂ ਡੁਬੜੀ ਹੋਈਆਂ,
ਮੇਰੇ ਸਭ ਦੁੱਖੜੇ ਬਤਲਾਵੀਂ ਵੇ ।
ਪਾਂਧੀਆ ਹੋ ।
ਖੁਲ੍ਹੀਆਂ ਲਿਟਾਂ ਗਲ ਦਸਤ ਪਰਾਂਦਾ,
ਇਹ ਗੱਲ ਆਖੀਂ ਨਾ ਸ਼ਰਮਾਵੀਂ ਵੇ ।
ਪਾਂਧੀਆ ਹੋ ।
ਇੱਕ ਲੱਖ ਦੇਂਦੀ ਮੈਂ ਦੋ ਲੱਖ ਦੇਸਾਂ,
ਮੈਨੂੰ ਪਿਆਰਾ ਆਣ ਮਿਲਾਵੀਂ ਵੇ ।
ਪਾਂਧੀਆ ਹੋ ।
ਯਾਰਾਂ ਲਿਖ ਕਿਤਾਬਤ ਭੇਜੀ,
ਕਿਤੇ ਗੋਸ਼ੇ ਬਹਿ ਸਮਝਾਵੀਂ ਵੇ ।
ਪਾਂਧੀਆ ਹੋ ।
ਬੁੱਲ੍ਹਾ ਸ਼ਹੁ ਦੀਆਂ ਮੁੜਨ ਮੁਹਾਰਾਂ,
ਲਿਖ ਪੱਤੀਆਂ ਤੂੰ ਝਬ ਪਾਵੀਂ ਵੇ ।
ਮੈਨੂੰ ਸੁੱਖ ਦਾ ਸੁਨੇਹੜਾ ਤੂੰ ਝਬ ਲਿਆਵੀਂ ਵੇ,
ਪਾਂਧੀਆ ਹੋ ।
95. ਮੈਂ ਵਿਚ ਮੈਂ ਨਾ ਰਹਿ ਗਈ ਰਾਈ
ਮੈਂ ਵਿਚ ਮੈਂ ਨਾ ਰਹਿ ਗਈ ਰਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਜਦ ਵਸਲ ਵਸਾਲ ਬਣਾਏਗਾ, ਤਦ ਗੁੰਗੇ ਦਾ ਗੁੜ ਖਾਏਗਾ,
ਸਿਰ ਪੈਰ ਨਾ ਆਪਣਾ ਪਾਏਗਾ, ਮੈਂ ਇਹ ਹੋਰ ਨਾ ਕਿਸੇ ਬਣਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਹੋਏ ਨੈਣ ਨੈਣਾਂ ਦੇ ਬਰਦੇ, ਦਰਸ਼ਨ ਸੈ ਕੋਹਾਂ ਤੋਂ ਕਰਦੇ,
ਪੱਲ ਪੱਲ ਦੌੜਨ ਮਾਰੇ ਡਰਦੇ, ਤੈਂ ਕੋਈ ਲਾਲਚ ਘਤ ਭਰਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਹੁਣ ਅਸਾਂ ਵਹਦਤ ਵਿਚ ਘਰ ਪਾਇਆ, ਵਾਸਾ ਹੈਰਤ ਦੇ ਸੰਗ ਆਇਆ,
ਜੀਵਨ ਜੰਮਣ ਮਰਨ ਵੰਜਾਇਆ, ਆਪਣੀ ਸੁੱਧ ਬੁੱਧ ਰਹੀ ਨਾ ਕਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਮੈਂ ਜਾਤਾ ਸੀ ਇਸ਼ਕ ਸੁਖਾਲਾ, ਚਹੁੰ ਨਦੀਆਂ ਦਾ ਵਹਿਣ ਉਜਾਲਾ,
ਕਦੀ ਤੇ ਅੱਗ ਭੜਕੇ ਕਦੀ ਪਾਲਾ, ਨਿੱਤ ਬਿਰਹੋਂ ਅੱਗ ਲਗਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਡਿਹੋਂ ਡਿਹੋਂ ਇਸ਼ਕ ਨੱਕਾਰੇ ਵੱਜਦੇ, ਆਸ਼ਕ ਵੇਖ ਉਤੇ ਵੱਲ ਭੱਜਦੇ,
ਤੜ ਤੜ ਤਿੜਕ ਗਏ ਲੜ ਲੱਜਦੇ, ਲੱਗ ਗਿਆ ਨਿਹੁੰ ਤਾਂ ਸ਼ਰਮ ਸਿਧਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਪਿਆਰੇ ਬੱਸ ਕਰ ਬਹੁਤੀ ਹੋਈ, ਤੇਰਾ ਇਸ਼ਕ ਮੇਰੀ ਦਿਲਜੋਈ,
ਤੈਂ ਬਿਨ ਮੇਰਾ ਸੱਕਾ ਨਾ ਕੋਈ, ਅੰਮਾਂ ਬਾਬਲ ਭੈਣ ਨਾ ਭਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਕਦੀ ਜਾ ਅਸਮਾਨੀ ਬਹਿੰਦੇ ਹੋ, ਕਦੀ ਇਸ ਜੱਗ ਦਾ ਦੁੱਖ ਸਹਿੰਦੇ ਹੋ,
ਕਦੀ ਪੀਰੇਮੁਗ਼ਾਂ ਬਣ ਬਹਿੰਦੇ ਹੋ, ਮੈਂ ਤਾਂ ਇਕਸੇ ਨਾਚ ਨਚਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੇਰੇ ਹਿਜਰੇ ਵਿਚ ਮੇਰਾ ਹੁਜਰਾ ਏ, ਦੁੱਖ ਡਾਢਾ ਮੈਂ ਪਰ ਗੁਜ਼ਰਾ ਏ,
ਕਦੇ ਹੋ ਮਾਇਲ ਮੇਰਾ ਮੁਜਰਾ ਏ, ਮੈਂ ਤੈਥੋਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਤੁਧ ਕਾਰਨ ਮੈਂ ਐਸਾ ਹੋਇਆ, ਤੂੰ ਦਰਵਾਜ਼ੇ ਬੰਦ ਕਰ ਸੋਇਆ,
ਦਰ ਦਸਵੇਂ ਤੇ ਆਣ ਖਲੋਇਆ, ਕਦੇ ਮੰਨ ਮੇਰੀ ਆਸ਼ਨਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
ਬੁੱਲ੍ਹਾ ਸ਼ਹੁ ਮੈਂ ਤੇਰੇ ਵਾਰੇ ਹਾਂ, ਮੁੱਖ ਵੇਖਣ ਦੇ ਵਣਜਾਰੇ ਹਾਂ,
ਕੁਝ ਅਸੀਂ ਵੀ ਤੈਨੂੰ ਪਿਆਰੇ ਹਾਂ, ਕਿ ਮੈਂ ਐਵੇਂ ਘੋਲ ਘੁਮਾਈ ।
ਜਬ ਕੀ ਪੀਆ ਸੰਗ ਪੀਤ ਲਗਾਈ ।
96. ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ
ਮੈਂ ਵੈਸਾਂ ਨਾ ਰਹਿਸਾਂ ਹੋੜੇ, ਕੌਣ ਕੋਈ ਮੈਂ ਜਾਂਦੀ ਨੂੰ ਮੋੜੇ,
ਮੈਨੂੰ ਮੁੜਨਾ ਹੋਇਆ ਮੁਹਾਲ, ਸਿਰ ਤੇ ਮਿਹਣਾ ਚਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਹੀਂ ਇਹ ਦਿਲ ਦਾ ਮੀਤਾ, ਭੁੱਲ ਗਈ ਮੈਂ ਪਿਆਰ ਕਿਉਂ ਕੀਤਾ,
ਮੈਨੂੰ ਰਹੀ ਨਾ ਕੁਝ ਸੰਭਾਲ, ਉਸ ਦੇ ਦਰਸ਼ਨ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਮੈਨੂੰ ਕਹੀਆਂ ਲਾਈਆਂ, ਹੈਨ ਕਲੇਜੇ ਕੁੰਡੀਆਂ ਪਾਈਆਂ,
ਇਸ਼ਕ ਦਾ ਪਾਇਆ ਜਾਲ, ਮਿੱਠੀ ਬਾਤ ਸੁਣਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮੈਂ ਜੋਗੀ ਨੂੰ ਖ਼ੂਬ ਪਛਾਤਾ, ਲੋਕਾਂ ਮੈਨੂੰ ਕਮਲੀ ਜਾਤਾ,
ਲੁੱਟੀ ਝੰਗ ਸਿਆਲ, ਕੰਨੀਂ ਮੁੰਦਰਾਂ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੇ ਜੋਗੀ ਘਰ ਆਵੇ ਮੇਰੇ, ਮੁੱਕ ਜਾਵਣ ਸਭ ਝਗੜੇ ਝੇੜੇ,
ਲਾ ਸੀਨੇ ਦੇ ਨਾਲ, ਲੱਖ ਲੱਖ ਸ਼ਗਨ ਮਨਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮਾਏ ਨੀ ਇੱਕ ਜੋਗੀ ਆਇਆ, ਦਰ ਸਾਡੇ ਉਸ ਧੂੰਆਂ ਪਾਇਆ,
ਮੰਗਦਾ ਹੀਰ ਸਿਆਲ, ਬੈਠਾ ਭੇਸ ਵਟਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਤਅਨੇ ਨਾ ਦੇ ਫੁੱਫੀ ਤਾਈ, ਏਥੇ ਜੋਗੀ ਨੂੰ ਕਿਸਮਤ ਲਿਆਈ,
ਹੁਣ ਹੋਇਆ ਫ਼ਜ਼ਲ ਕਮਾਲ, ਆਇਆ ਹੈ ਜੋਗ ਸਿਧਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਮਾਹੀ ਨਹੀਂ ਕੋਈ ਨੂਰ ਇਲਾਹੀ, ਅਨਹਦ ਦੀ ਜਿਸ ਮੁਰਲੀ ਵਾਹੀ,
ਮੁਠੀਓ ਸੂ ਹੀਰ ਸਿਆਲ, ਡਾਢੇ ਕਾਮਣ ਪਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਲੱਖਾਂ ਗਏ ਹਜ਼ਾਰਾਂ ਆਏ, ਉਸ ਦੇ ਭੇਤ ਕਿਸੇ ਨਾ ਪਾਏ,
ਗੱਲਾਂ ਤਾਂ ਮੂਸੇ ਨਾਲ, ਪਰ ਕੋਹ ਤੂਰ ਚੜ੍ਹਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਅਬਦਹੂ ਰਸੂਲ ਕਹਾਇਆ, ਵਿਚ ਮਿਅਰਾਜ ਬੁੱਰਾਕ ਮੰਗਾਇਆ,
ਜਿਬਰਾਈਲ ਪਕੜ ਲੈ ਆਇਆ, ਹਰਾਂ ਮੰਗਲ ਗਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਦੇ ਸੁਣੋ ਅਖਾੜੇ, ਹਸਨ ਹੁਸੈਨ ਨਬੀ ਦੇ ਪਿਆਰੇ,
ਮਾਰਿਓ ਸੂ ਵਿਚ ਜੱਦਾਲ, ਪਾਣੀ ਬਿਨ ਤਰਸਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਏਸ ਜੋਗੀ ਦੀ ਸੁਣੋ ਕਹਾਣੀ, ਸੋਹਣੀ ਡੁੱਬੀ ਡੂੰਘੇ ਪਾਣੀ,
ਫਿਰ ਰਲਿਆ ਮਹੀਂਵਾਲ, ਸਾਰਾ ਰਖ਼ਤ ਲੁਟਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਡਾਂਵਾਂ ਡੋਲੀ ਲੈ ਚੱਲੇ ਖੇੜੇ, ਮੁੱਢ ਕਦੀਮੀਂ ਦੁਸ਼ਮਨ ਜਿਹੜੇ,
ਰਾਂਝਾ ਤਾਂ ਹੋਇਆ ਨਾਲ, ਸਿਰ 'ਤੇ ਟਮਕ ਧਰਾ ਸਜਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਹੀਂ ਕੋਈ ਦੂਜਾ ਸਾਇਆ, ਭਰ ਭਰ ਪਿਆਲਾ ਜ਼ੌਕ ਪਿਲਾਇਆ,
ਮੈਂ ਪੀ ਪੀ ਹੋਈ ਨਿਹਾਲ, ਅੰਗ ਭਬੂਤ ਰਮਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਜੋਗੀ ਨਾਲ ਕਰੇਂਦੇ ਝੇੜੇ, ਕੇਹੇ ਪਾ ਬੈਠੇ ਕਾਜ਼ੀ ਝੇੜੇ (ਭੈੜੇ),
ਵਿਚ ਕੈਦੋਂ ਪਾਈ ਮੁਕਾਲ, ਕੂੜਾ ਬਰਾ ਲਗਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
ਬੁੱਲ੍ਹਾ ਮੈਂ ਜੋਗੀ ਨਾਲ ਵਿਆਹੀ, ਲੋਕਾਂ ਕਮਲਿਆਂ ਖ਼ਬਰ ਨਾ ਕਾਈ,
ਮੈਂ ਜੋਗੀ ਦਾ ਮਾਲ, ਪੰਜੇ ਪੀਰ ਮਨਾ ਕੇ,
ਮੈਂ ਵੈਸਾਂ ਜੋਗੀ ਦੇ ਨਾਲ, ਮੱਥੇ ਤਿਲਕ ਲਗਾ ਕੇ ।
97. ਮਨ ਅਟਕਿਉ ਸ਼ਾਮ ਸੁੰਦਰ ਸੋਂ
ਕਹੂੰ ਵੇਖੂੰ ਬਾਹਮਣ ਕਹੂੰ ਸੇਖਾ,
ਆਪ ਆਪ ਕਰਨ ਸਭ ਲੇਖਾ,
ਕਿਆ ਕਿਆ ਖੋਲਿਆ ਹੁਨਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਸੂਝ ਪੜੀ ਤਬ ਰਾਮ ਦੁਹਾਈ,
ਹਮ ਤੁਮ ਏਕ ਨਾ ਦੂਜਾ ਕਾਈ,
ਇਸ ਪ੍ਰੇਮ ਨਗਰ ਕੇ ਘਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਪੰਡਿਤ ਕੌਣ ਕਿਤ ਲਿਖ ਸੁਣਾਏ,
ਨਾ ਕਹੀਂ ਆਏ ਨਾ ਕਹੀਂ ਜਾਏ,
ਜੈਸੇ ਗੁਰ ਕਾ ਕੰਗਣ ਕਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
ਬੁੱਲ੍ਹਾ ਸ਼ਹੁ ਦੀ ਪੈਰੀਂ ਪੜੀਏ,
ਸੀਸ ਕਾਟ ਕਰ ਆਗੇ ਧਰੀਏ,
ਹੁਣ ਮੈਂ ਹਰ ਦੇਖਾ ਹਰ ਹਰ ਸੋਂ ।
ਮਨ ਅਟਕਿਉ ਸ਼ਾਮ ਸੁੰਦਰ ਸੋਂ ।
98. ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ
ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।
ਇਸ਼ਕ ਸ਼ਰ੍ਹਾ ਦੀ ਲੱਗ ਗਈ ਬਾਜ਼ੀ, ਖੇਡਾਂ ਮੈਂ ਦਾਓ ਲਗਾ ਕੇ ।
ਮਾਰਨ ਬੋਲੀ ਤੇ ਬੋਲੀ ਨਾ ਬੋਲਾਂ, ਸੁਣਾਂ ਨਾ ਕੰਨ ਲਾ ਕੇ ।
ਵਿਹੜੇ ਵਿਚ ਸ਼ੈਤਾਨ ਨਚੇਂਦਾ, ਉਸ ਨੂੰ ਰੱਖ ਸਮਝਾ ਕੇ ।
ਤੋੜ ਸ਼ਰ੍ਹਾ ਨੂੰ ਜਿੱਤ ਲਈ ਬਾਜ਼ੀ, ਫਿਰਦੀ ਨੱਕ ਵਢਾ ਕੇ ।
ਮੈਂ ਵੇ ਅੰਜਾਣੀ ਖੇਡ ਵਿਗੁੱਚੀਆਂ, ਖੇਡਾਂ ਮੈਂ ਆਕੇ ਬਾਕੇ ।
ਇਹ ਖੇਡਾਂ ਹੁਣ ਲਗਦੀਆਂ ਝੇਡਾਂ, ਘਰ ਪੀਆ ਦੇ ਆ ਕੇ ।
ਸਈਆਂ ਨਾਲ ਮੈਂ ਪਾਵਾਂ ਗਿੱਧਾ, ਦਿਲਬਰ ਲੁੱਕ ਲੁੱਕ ਝਾਕੇ ।
ਪੁੱਛੋ ਨੀ ਇਹ ਕਿਉਂ ਸ਼ਰਮਾਂਦਾ, ਜਾਂਦਾ ਨਾ ਭੇਤ ਬਤਾ ਕੇ ।
ਕਾਫਰ ਕਾਫਰ ਆਖਣ ਤੈਨੂੰ, ਸਾਰੇ ਲੋਕ ਸੁਣਾ ਕੇ ।
ਮੋਮਨ ਕਾਫਰ ਮੈਨੂੰ ਦੋਵੇਂ ਨਾ ਦਿਸਦੇ, ਵਹਦਤ ਦੇ ਵਿਚ ਜਾ ਕੇ ।
ਚੋਲੀ ਚੁੰਨੀ ਤੇ ਫੁਕਿਆ ਝੱਗਾ, ਧੂਣੀ ਸ਼ਿਰਕ ਜਲਾ ਕੇ ।
ਵਾਰਿਆ ਕੁਫਰ ਵੱਡਾ ਮੈਂ ਦਿਲ ਥੀਂ, ਤਲੀ ਤੇ ਸੀਸ ਟਿਕਾ ਕੇ ।
ਮੈਂ ਵਡਭਾਗੀ ਮਾਰਿਆ ਖਾਵਿੰਦ, ਹੱਥੀਂ ਜ਼ਹਿਰ ਪਿਲਾ ਕੇ ।
ਵਸਲ ਕਰਾਂ ਮੈਂ ਨਾਲ ਸੱਜਣ ਦੇ, ਸ਼ਰਮ ਹਯਾ ਗਵਾ ਕੇ ।
ਵਿਚ ਚਮਨ ਮੈਂ ਪਲੰਘ ਵਿਛਾਇਆ, ਯਾਰ ਸੁੱਤੀ ਗਲ ਲਾ ਕੇ ।
ਸਿਰ ਦੇਹੀ ਨਾਲ ਮਿਲ ਗਈ ਸਿਰ ਦੇਹੀ, ਬੁੱਲ੍ਹਾ ਸ਼ਹੁ ਨੂੰ ਪਾ ਕੇ ।
ਮਾਏ ! ਨਾ ਮੁੜਦਾ ਇਸ਼ਕ ਦੀਵਾਨਾ, ਸ਼ਹੁ ਨਾਲ ਪਰੀਤਾਂ ਲਾ ਕੇ ।
99. ਮੇਰਾ ਰਾਂਝਾ ਹੁਣ ਕੋਈ ਹੋਰ
ਮੇਰਾ ਰਾਂਝਾ ਹੁਣ ਕੋਈ ਹੋਰ ।
ਤਖਤ ਮੁਨੱਵਰ ਬਾਂਗਾਂ ਮਿਲੀਆਂ,
ਤਾਂ ਸੁਣੀਆਂ ਤਖਤ ਲਾਹੌਰ ।
ਇਸ਼ਕ ਮਾਰੇ ਐਵੇਂ ਫਿਰਦੇ,
ਜਿਵੇਂ ਜੰਗਲ ਵਿਚ ਢੋਰ ।
ਰਾਂਝਾ ਤਖਤ ਹਜ਼ਾਰੇ ਦਾ ਸਾਈਂ,
ਹੁਣ ਓਥੋਂ ਹੋਇਆ ਚੋਰ ।
ਬੁੱਲ੍ਹਾ ਸ਼ਾਹ ਅਸੀਂ ਮਰਨਾ ਨਾਹੀਂ,
ਕਬਰ ਪਾਇ ਕੋਈ ਹੋਰ ।
ਮੇਰਾ ਰਾਂਝਾ ਹੁਣ ਕੋਈ ਹੋਰ ।
100. ਮੇਰੇ ਘਰ ਆਇਆ ਪੀਆ ਹਮਾਰਾ
ਵਾਹ ਵਾਹ ਵਾਹਦਤ ਕੀਨਾ ਸ਼ੋਰ, ਅਨਹਦ ਬਾਂਸਰੀ ਦੀ ਘੰਗੋਰ,
ਅਸਾਂ ਹੁਣ ਪਾਇਆ ਤਖਤ ਲਾਹੌਰ, ਮੇਰੇ ਘਰ ਆਇਆ ਪੀਆ ਹਮਾਰਾ ।
ਜਲ ਗਏ ਮੇਰੇ ਖੋਟ ਨਿਖੋਟ, ਲਗ ਗਈ ਪ੍ਰੇਮ ਸੱਚੇ ਦੀ ਚੋਟ,
ਹੁਣ ਸਾਨੂੰ ਓਸ ਖਸਮ ਦੀ ਓਟ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਕਿਆ ਕੰਨੇਂ ਸਾਲ ਵਸਾਲ, ਲਗ ਗਿਆ ਮਸਤ ਪਿਆਲਾ ਹਾਥ,
ਹੁਣ ਮੇਰੀ ਭੁੱਲ ਗਈ ਜ਼ਾਤ ਸੱਫਾਤ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਕਿਆ ਕੀਨੇ ਬੀਸ ਪਚਾਸ, ਪ੍ਰੀਤਮ ਪਾਈ ਅਸਾਂ ਵਲ ਝਾਤ,
ਹੁਣ ਸਾਨੂੰ ਸਭ ਜੱਗ ਦਿਸਦਾ ਲਾਲ, ਮੇਰੇ ਘਰ ਆਇਆ ਪੀਆ ਹਮਾਰਾ ।
ਹੁਣ ਸਾਨੂੰ ਆਸ ਦੀ ਫ਼ਾਸ਼, ਬੁੱਲ੍ਹਾ ਸ਼ਹੁ ਆਇਆ ਹਮਰੇ ਪਾਸ,
ਸਾਈਂ ਪੁਚਾਈ ਸਾਡੀ ਆਸ, ਮੇਰੇ ਘਰ ਆਇਆ ਪੀਆ ਹਮਾਰਾ ।