Kafian : Baba Bullhe Shah

ਕਾਫ਼ੀਆਂ : ਬਾਬਾ ਬੁੱਲ੍ਹੇ ਸ਼ਾਹ

1. ਆ ਮਿਲ ਯਾਰ ਸਾਰ ਲੈ ਮੇਰੀ

ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।
ਅੰਦਰ ਖਾਬ ਵਿਛੋੜਾ ਹੋਇਆ, ਖਬਰ ਨਾ ਪੈਂਦੀ ਤੇਰੀ ।
ਸੁੰਞੇ ਬਨ ਵਿਚ ਲੁੱਟੀ ਸਾਈਆਂ, ਸੂਰ ਪਲੰਗ ਨੇ ਘੇਰੀ ।
ਇਹ ਤਾਂ ਠੱਗ ਜਗਤ ਦੇ, ਜਿਹਾ ਲਾਵਣ ਜਾਲ ਚਫੇਰੀ ।
ਕਰਮ ਸ਼ਰ੍ਹਾ ਦੇ ਧਰਮ ਬਤਾਵਣ, ਸੰਗਲ ਪਾਵਣ ਪੈਰੀਂ ।
ਜ਼ਾਤ ਮਜ਼੍ਹਬ ਇਹ ਇਸ਼ਕ ਨਾ ਪੁੱਛਦਾ, ਇਸ਼ਕ ਸ਼ਰ੍ਹਾ ਦਾ ਵੈਰੀ ।
ਨਦੀਉਂ ਪਾਰ ਮੁਲਕ ਸਜਨ ਦਾ ਲਹਵੋ-ਲਆਬ ਨੇ ਘੇਰੀ ।
ਸਤਿਗੁਰ ਬੇੜੀ ਫੜੀ ਖਲੋਤੀ ਤੈਂ ਕਿਉਂ ਲਾਈ ਆ ਦੇਰੀ ।
ਪ੍ਰੀਤਮ ਪਾਸ ਤੇ ਟੋਲਨਾ ਕਿਸ ਨੂੰ, ਭੁੱਲ ਗਿਉਂ ਸਿਖਰ ਦੁਪਹਿਰੀ ।
ਬੁੱਲ੍ਹਾ ਸ਼ਾਹ ਸ਼ੌਹ ਤੈਨੂੰ ਮਿਲਸੀ, ਦਿਲ ਨੂੰ ਦੇਹ ਦਲੇਰੀ ।
ਆ ਮਿਲ ਯਾਰ ਸਾਰ ਲੈ ਮੇਰੀ, ਮੇਰੀ ਜਾਨ ਦੁੱਖਾਂ ਨੇ ਘੇਰੀ ।

2. ਆਓ ਫ਼ਕੀਰੋ ਮੇਲੇ ਚਲੀਏ

ਆਓ ਫ਼ਕੀਰੋ ਮੇਲੇ ਚਲੀਏ, ਆਰਫ਼ ਦਾ ਸੁਣ ਵਾਜਾ ਰੇ ।
ਅਨਹਦ ਸਬਦ ਸੁਣੋ ਬਹੁ ਰੰਗੀ, ਤਜੀਏ ਭੇਖ ਪਿਆਜਾ ਰੇ ।
ਅਨਹਦ ਬਾਜਾ ਸਰਬ ਮਿਲਾਪੀ, ਨਿਰਵੈਰੀ ਸਿਰਨਾਜਾ ਰੇ ।
ਮੇਲੇ ਬਾਝੋਂ ਮੇਲਾ ਔਤਰ, ਰੁੜ੍ਹ ਗਿਆ ਮੂਲ ਵਿਆਜਾ ਰੇ ।
ਕਠਿਨ ਫ਼ਕੀਰੀ ਰਸਤਾ ਆਸ਼ਕ, ਕਾਇਮ ਕਰੋ ਮਨ ਬਾਜਾ ਰੇ ।
ਬੰਦਾ ਰੱਬ ਬ੍ਰਿਹੋਂ ਇਕ ਮਗਰ ਸੁਖ, ਬੁਲ੍ਹਾ ਪੜ ਜਹਾਨ ਬਰਾਜਾ ਰੇ ।

3. ਆਓ ਸਈਓ ਰਲ ਦਿਉ ਨੀ ਵਧਾਈ

ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।

ਅੱਜ ਤਾਂ ਰੋਜ਼ ਮੁਬਾਰਕ ਚੜ੍ਹਿਆ, ਰਾਂਝਾ ਸਾਡੇ ਵਿਹੜੇ ਵੜਿਆ,
ਹੱਥ ਖੂੰਡੀ ਮੋਢੇ ਕੰਬਲ ਧਰਿਆ, ਚਾਕਾਂ ਵਾਲੀ ਸ਼ਕਲ ਬਣਾਈ,
ਆਓ ਸਈਓ ਰਲ ਦਿਉ ਨੀ ਵਧਾਈ ।

ਮੁੱਕਟ ਗਊਆਂ ਦੇ ਵਿਚ ਰੁੱਲਦਾ, ਜੰਗਲ ਜੂਹਾਂ ਦੇ ਵਿਚ ਰੁੱਲਦਾ ।
ਹੈ ਕੋਈ ਅੱਲ੍ਹਾ ਦੇ ਵੱਲ ਭੁੱਲਦਾ, ਅਸਲ ਹਕੀਕਤ ਖ਼ਬਰ ਨਾ ਕਾਈ,
ਆਓ ਸਈਓ ਰਲ ਦਿਉ ਨੀ ਵਧਾਈ ।

ਬੁੱਲ੍ਹੇ ਸ਼ਾਹ ਇਕ ਸੌਦਾ ਕੀਤਾ, ਪੀਤਾ ਜ਼ਹਿਰ ਪਿਆਲਾ ਪੀਤਾ,
ਨਾ ਕੁਝ ਲਾਹਾ ਟੋਟਾ ਲੀਤਾ, ਦਰਦ ਦੁੱਖਾਂ ਦੀ ਗਠੜੀ ਚਾਈ,
ਆਓ ਸਈਓ ਰਲ ਦਿਉ ਨੀ ਵਧਾਈ ।
ਮੈਂ ਵਰ ਪਾਇਆ ਰਾਂਝਾ ਮਾਹੀ ।

4. ਆ ਸਜਣ ਗਲ ਲੱਗ ਅਸਾਡੇ

ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?
ਸੁੱਤਿਆਂ ਬੈਠਿਆਂ ਕੁੱਝ ਨਾ ਡਿੱਠਾ, ਜਾਗਦਿਆਂ ਸਹੁ ਪਾਇਓ ਈ ।
'ਕੁਮ-ਬ-ਇਜ਼ਨੀ' ਸ਼ਮਸ ਬੋਲੇ, ਉਲਟਾ ਕਰ ਲਟਕਾਇਓ ਈ ।
ਇਸ਼ਕਨ ਇਸ਼ਕਨ ਜੱਗ ਵਿਚ ਹੋਈਆਂ, ਦੇ ਦਿਲਾਸ ਬਿਠਾਇਓ ਈ ।
ਮੈਂ ਤੈਂ ਕਾਈ ਨਹੀਂ ਜੁਦਾਈ, ਫਿਰ ਕਿਉਂ ਆਪ ਛੁਪਾਇਓ ਈ ।
ਮੱਝੀਆਂ ਆਈਆਂ ਮਾਹੀ ਨਾ ਆਇਆ, ਫੂਕ ਬ੍ਰਿਹੋਂ ਰੁਲਾਇਓ ਈ ।
ਏਸ ਇਸ਼ਕ ਦੇ ਵੇਖੇ ਕਾਰੇ, ਯੂਸਫ਼ ਖੂਹ ਪਵਾਇਓ ਈ ।
ਵਾਂਗ ਜ਼ੁਲੈਖਾਂ ਵਿਚ ਮਿਸਰ ਦੇ, ਘੁੰਗਟ ਖੋਲ੍ਹ ਰੁਲਾਇਓ ਈ ।
ਰੱਬ-ਇ-ਅਰਾਨੀ ਮੂਸਾ ਬੋਲੇ, ਤਦ ਕੋਹ-ਤੂਰ ਜਲਾਇਓ ਈ ।
ਲਣ-ਤਰਾਨੀ ਝਿੜਕਾਂ ਵਾਲਾ, ਆਪੇ ਹੁਕਮ ਸੁਣਾਇਓ ਈ ।
ਇਸ਼ਕ ਦਿਵਾਨੇ ਕੀਤਾ ਫਾਨੀ, ਦਿਲ ਯਤੀਮ ਬਨਾਇਓ ਈ ।
ਬੁਲ੍ਹਾ ਸ਼ੌਹ ਘਰ ਵਸਿਆ ਆ ਕੇ, ਸ਼ਾਹ ਇਨਾਇਤ ਪਾਇਓ ਈ ।
ਆ ਸਜਣ ਗਲ ਲੱਗ ਅਸਾਡੇ, ਕੇਹਾ ਝੇੜਾ ਲਾਇਓ ਈ ?

5. ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ

ਅਬ ਹਮ ਗੁੰਮ ਹੂਏ, ਪ੍ਰੇਮ ਨਗਰ ਕੇ ਸ਼ਹਿਰ ।
ਆਪਣੇ ਆਪ ਨੂੰ ਸੋਧ ਰਿਹਾ ਹੂੰ, ਨਾ ਸਿਰ ਹਾਥ ਨਾ ਪੈਰ ।
ਖੁਦੀ ਖੋਈ ਅਪਨਾ ਪਦ ਚੀਤਾ, ਤਬ ਹੋਈ ਗੱਲ ਖ਼ੈਰ ।
ਲੱਥੇ ਪਗੜੇ ਪਹਿਲੇ ਘਰ ਥੀਂ, ਕੌਣ ਕਰੇ ਨਿਰਵੈਰ ?
ਬੁੱਲ੍ਹਾ ਸ਼ਹੁ ਹੈ ਦੋਹੀਂ ਜਹਾਨੀਂ, ਕੋਈ ਨਾ ਦਿਸਦਾ ਗ਼ੈਰ ।

6. ਅਬ ਕਿਉਂ ਸਾਜਨ ਚਿਰ ਲਾਇਓ ਰੇ

ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਐਸੀ ਆਈ ਮਨ ਮੇਂ ਕਾਈ,
ਦੁਖ ਸੁਖ ਸਭ ਵੰਜਾਇਓ ਰੇ,
ਹਾਰ ਸ਼ਿੰਗਾਰ ਕੋ ਆਗ ਲਗਾਉਂ,
ਘਟ ਉੱਪਰ ਢਾਂਡ ਮਚਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਸੁਣ ਕੇ ਗਿਆਨ ਕੀ ਐਸੀ ਬਾਤਾਂ,
ਨਾਮ ਨਿਸ਼ਾਨ ਸਭੀ ਅਣਘਾਤਾਂ,
ਕੋਇਲ ਵਾਂਗੂੰ ਕੂਕਾਂ ਰਾਤਾਂ,
ਤੈਂ ਅਜੇ ਵੀ ਤਰਸ ਨਾ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਗਲ ਮਿਰਗਾਨੀ ਸੀਸ ਖਪਰੀਆ,
ਭੀਖ ਮੰਗਣ ਨੂੰ ਰੋ ਰੋ ਫਿਰਿਆ,
ਜੋਗਨ ਨਾਮ ਭਿਆ ਲਿਟ ਧਰਿਆ,
ਅੰਗ ਬਿਭੂਤ ਰਮਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਇਸ਼ਕ ਮੁੱਲਾਂ ਨੇ ਬਾਂਗ ਦਿਵਾਈ,
ਉੱਠ ਬਹੁੜਨ ਗੱਲ ਵਾਜਬ ਆਈ,
ਕਰ ਕਰ ਸਿਜਦੇ ਘਰ ਵਲ ਧਾਈ,
ਮੱਥੇ ਮਹਿਰਾਬ ਟਿਕਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਪ੍ਰੇਮ ਨਗਰ ਦੇ ਉਲਟੇ ਚਾਲੇ,
ਖ਼ੂਨੀ ਨੈਣ ਹੋਏ ਖੁਸ਼ਹਾਲੇ,
ਆਪੇ ਆਪ ਫਸੇ ਵਿਚ ਜਾਲੇ,
ਫਸ ਫਸ ਆਪ ਕੁਹਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਦੁੱਖ ਬਿਰਹੋਂ ਨਾ ਹੋਣ ਪੁਰਾਣੇ,
ਜਿਸ ਤਨ ਪੀੜਾਂ ਸੋ ਤਨ ਜਾਣੇ,
ਅੰਦਰ ਝਿੜਕਾਂ ਬਾਹਰ ਤਾਅਨੇ,
ਨੇਹੁੰ ਲਗਿਆਂ ਦੁੱਖ ਪਾਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਮੈਨਾ ਮਾਲਣ ਰੋਂਦੀ ਪਕੜੀ,
ਬਿਰਹੋਂ ਪਕੜੀ ਕਰਕੇ ਤਕੜੀ,
ਇਕ ਮਰਨਾ ਦੂਜੀ ਜੱਗ ਦੀ ਫੱਕੜੀ,
ਹੁਣ ਕੌਣ ਬੰਨਾ ਬਣ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ,
ਸੋਹਣੀ ਬਣ ਤਣ ਸਭ ਕੋਈ ਆਈ,
ਵੇਖ ਕੇ ਸ਼ਾਹ ਇਨਾਇਤ ਸਾਈਂ,
ਜੀਅ ਮੇਰਾ ਭਰ ਆਇਓ ਰੇ ;
ਅਬ ਕਿਉਂ ਸਾਜਨ ਚਿਰ ਲਾਇਓ ਰੇ ?

7. ਅਬ ਲਗਨ ਲਗੀ ਕਿਹ ਕਰੀਏ

ਅਬ ਲਗਨ ਲਗੀ ਕਿਹ ਕਰੀਏ ?
ਨਾ ਜੀ ਸਕੀਏ ਤੇ ਨਾ ਮਰੀਏ ।

ਤੁਮ ਸੁਣੋ ਹਮਾਰੀ ਬੈਨਾ,
ਮੋਹੇ ਰਾਤ ਦਿਨੇ ਨਹੀਂ ਚੈਨਾ,
ਹੁਣ ਪੀ ਬਿਨ ਪਲਕ ਨਾ ਸਰੀਏ ।
ਅਬ ਲਗਨ ਲਗੀ ਕਿਹ ਕਰੀਏ ?

ਇਹ ਅਗਨ ਬਿਰਹੋਂ ਦੀ ਜਾਰੀ,
ਕੋਈ ਹਮਰੀ ਪ੍ਰੀਤ ਨਿਵਾਰੀ,
ਬਿਨ ਦਰਸ਼ਨ ਕੈਸੇ ਤਰੀਏ ?
ਅਬ ਲਗਨ ਲਗੀ ਕਿਹ ਕਰੀਏ ?

ਬੁੱਲ੍ਹੇ ਪਈ ਮੁਸੀਬਤ ਭਾਰੀ,
ਕੋਈ ਕਰੋ ਹਮਾਰੀ ਕਾਰੀ,
ਇਕ ਅਜਿਹੇ ਦੁੱਖ ਕੈਸੇ ਜਰੀਏ ?
ਅਬ ਲਗਨ ਲਗੀ ਕਿਹ ਕਰੀਏ ?

8. ਐਸਾ ਜਗਿਆ ਗਿਆਨ ਪਲੀਤਾ

ਐਸਾ ਜਗਿਆ ਗਿਆਨ ਪਲੀਤਾ ।

ਨਾ ਹਮ ਹਿੰਦੂ ਨਾ ਤੁਰਕ ਜ਼ਰੂਰੀ, ਨਾਮ ਇਸ਼ਕ ਦੀ ਹੈ ਮਨਜ਼ੂਰੀ,
ਆਸ਼ਕ ਨੇ ਵਰ ਜੀਤਾ, ਐਸਾ ਜਗਿਆ ਗਿਆਨ ਪਲੀਤਾ ।

ਵੇਖੋ ਠੱਗਾਂ ਸ਼ੋਰ ਮਚਾਇਆ, ਜੰਮਣਾ ਮਰਨਾ ਚਾ ਬਣਾਇਆ ।
ਮੂਰਖ ਭੁੱਲੇ ਰੌਲਾ ਪਾਇਆ, ਜਿਸ ਨੂੰ ਆਸ਼ਕ ਜ਼ਾਹਰ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।

ਬੁੱਲ੍ਹਾ ਆਸ਼ਕ ਦੀ ਬਾਤ ਨਿਆਰੀ, ਪ੍ਰੇਮ ਵਾਲਿਆਂ ਬੜੀ ਕਰਾਰੀ,
ਮੂਰਖ ਦੀ ਮੱਤ ਐਵੇਂ ਮਾਰੀ, ਵਾਕ ਸੁਖ਼ਨ ਚੁੱਪ ਕੀਤਾ,
ਐਸਾ ਜਗਿਆ ਗਿਆਨ ਪਲੀਤਾ ।

9. ਐਸਾ ਮਨ ਮੇਂ ਆਇਓ ਰੇ

ਐਸਾ ਮਨ ਮੇਂ ਆਇਓ ਰੇ, ਦੁੱਖ ਸੁੱਖ ਸਭ ਵੰਞਾਇਓ ਰੇ ।
ਹਾਰ ਸ਼ਿੰਗਾਰ ਕੋ ਆਗ ਲਗਾਊਂ, ਤਨ ਪਰ ਢਾਂਡ ਮਚਾਇਓ ਰੇ ।

ਸੁਣ ਕੇ ਗਿਆਨ ਕੀਆਂ ਐਸੀ ਬਾਤਾਂ, ਨਾਮ-ਨਿਸ਼ਾਨ ਤਭੀ ਅਲਘਾਤਾਂ,
ਕੋਇਲ ਵਾਂਙ ਮੈਂ ਕੂਕਾਂ ਰਾਤਾਂ, ਤੈਂ ਅਜੇ ਭੀ ਤਰਸ ਨਾ ਆਇਉ ਰੇ ।

ਗਲ ਮਿਰਗਾਨੀ ਸੀਸ ਖੱਪਰੀਆਂ, ਦਰਸ਼ਨ ਕੀ ਭੀਖ ਮੰਗਣ ਚੜ੍ਹਿਆ,
ਜੋਗਨ ਨਾਮ ਬੂਹਲਤ ਧਰਿਆ, ਅੰਗ ਬਿਭੂਤ ਰਮਾਇਉ ਰੇ ।

ਇਸ਼ਕ ਮੁੱਲਾਂ ਨੇ ਬਾਂਗ ਸੁਣਾਈ, ਇਹ ਗੱਲ ਵਾਜਬ ਆਈ,
ਕਰ ਕਰ ਸਿਦਕ ਸਿਜਦੇ ਵਲ ਧਾਈ, ਮੂੰਹ ਮਹਿਰਾਬ ਟਿਕਾਇਓ ਰੇ ।

ਪ੍ਰੇਮ ਨਗਰ ਵਾਲੇ ਉਲਟੇ ਚਾਲੇ, ਮੈਂ ਮੋਈ ਭਰ ਖੁਸ਼ੀਆਂ ਨਾਲੇ,
ਆਣ ਫਸੀ ਆਪੇ ਵਿਚ ਜਾਲੇ, ਹੱਸ ਹੱਸ ਆਪ ਕੁਹਾਇਓ ਰੇ ।

ਬੁੱਲ੍ਹਾ ਸ਼ੌਹ ਸੰਗ ਪ੍ਰੀਤ ਲਗਾਈ, ਜੀਅ ਜਾਮੇ ਦੀ ਦਿੱਤੀ ਸਾਈ,
ਮੁਰਸ਼ਦ ਸ਼ਾਹ ਅਨਾਇਤ ਸਾਈਂ, ਜਿਸ ਦਿਲ ਮੇਰਾ ਭਰਮਾਇਓ ਰੇ ।

10. ਅੱਖਾਂ ਵਿਚ ਦਿਲ ਜਾਨੀ ਪਿਆਰਿਆ

ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।

ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ ।

ਮਝੀਂ ਆਈਆਂ ਰਾਂਝਾ ਯਾਰ ਨਾ ਆਇਆ,
ਫੂਕ ਬਿਰਹੋਂ ਡੋਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।

ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ,
ਸਾਥੋਂ ਆਪ ਛੁਪਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।

ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾਂ,
ਘੁੰਗਟ ਖੋਲ੍ਹ ਰੁਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।

ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ,
ਤੇਰੇ ਇਸ਼ਕ ਨਚਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।

11. ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ

ਅਲਫ਼ ਅੱਲ੍ਹਾ ਨਾਲ ਰੱਤਾ ਦਿਲ ਮੇਰਾ,
ਮੈਨੂੰ 'ਬੇ' ਦੀ ਖ਼ਬਰ ਨਾ ਕਾਈ ।

'ਬੇ' ਪੜ੍ਹਦਿਆਂ ਮੈਨੂੰ ਸਮਝ ਨਾ ਆਵੇ,
ਲੱਜਤ ਅਲਫ਼ ਦੀ ਆਈ ।

'ਐਨਾ ਤੇ ਗੈਨਾ' ਨੂੰ ਸਮਝ ਨਾ ਜਾਣਾ,
ਗੱਲ ਅਲਫ਼ ਸਮਝਾਈ ।

ਬੁੱਲ੍ਹਿਆ ਕੌਲ ਅਲਫ਼ ਦੇ ਪੂਰੇ,
ਜਿਹੜੇ ਦਿਲ ਦੀ ਕਰਨ ਸਫਾਈ ।

12. ਅੰਮਾਂ ਬਾਬੇ ਦੀ ਭਲਿਆਈ

ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ ।
ਅੰਮਾਂ ਬਾਬਾ ਹੋਰ ਦੋ ਰਾਹਾਂ ਦੇ, ਪੁੱਤਰ ਦੀ ਵਡਿਆਈ ।
ਦਾਣੇ ਉੱਤੋਂ ਗੁੱਤ ਬਿਗੁੱਤੀ, ਘਰ ਘਰ ਪਈ ਲੜਾਈ ।
ਅਸਾਂ ਕਜ਼ੀਏ ਤਦਾਹੀਂ ਜਾਲੇ, ਜਦਾਂ ਕਣਕ ਉਨ੍ਹਾਂ ਟਰਘਾਈ ।
ਖਾਏ ਖੈਰਾਤੇਂ ਫਾਟੀਏ ਜੁੰਮਾ, ਉਲਟੀ ਦਸਤਕ ਲਾਈ ।
ਬੁੱਲ੍ਹਾ ਤੋਤੇ ਮਾਰ ਬਾਗਾਂ ਥੀਂ ਕੱਢੇ, ਉੱਲੂ ਰਹਿਣ ਉਸ ਜਾਈ ।
ਅੰਮਾਂ ਬਾਬੇ ਦੀ ਭਲਿਆਈ, ਉਹ ਹੁਣ ਕੰਮ ਅਸਾਡੇ ਆਈ ।

13. ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ

ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ ।
ਪਹਿਲੋਂ ਨੇਹੁੰ ਲਗਾਇਆ ਸੀ ਤੈਂ ਆਪੇ ਚਾਈਂ ਚਾਈਂ ।
ਮੈਂ ਲਾਇਆ ਏ ਕਿ ਤੁੱਧ ਲਾਇਆ ਏ ਆਪਣੀ ਓੜ ਨਿਭਾਈਂ ।
ਰਾਹ ਪਵਾਂ ਤਾਂ ਧਾੜੇ ਬੇਲੇ, ਜੰਗਲ ਲੱਖ ਬਲਾਈਂ ।
ਭੌਕਣ ਚੀਤੇ ਤੇ ਚਿਤਮੁਚਿੱਤੇ ਭੌਕਣ ਕਰਨ ਅਦਾਈਂ ।
ਪਾਰ ਤੇਰੇ ਜਗਤ ਤਰ ਚੜ੍ਹਿਆ ਕੰਢੇ ਲੱਖ ਬਲਾਈਂ ।
ਹੌਲ ਦਿਲੇ ਦਾ ਥਰ ਥਰ ਕੰਬਦਾ ਬੇੜਾ ਪਾਰ ਲੰਘਾਈਂ ।
ਕਰ ਲਈ ਬੰਦਗੀ ਰੱਬ ਸੱਚੇ ਦੀ ਪਵਣ ਕਬੂਲ ਦੁਆਈਂ ।
ਬੁੱਲ੍ਹੇ ਸ਼ਾਹ ਤੇ ਸ਼ਾਹਾਂ ਦਾ ਮੁੱਖੜਾ ਘੁੰਘਟ ਖੋਲ੍ਹ ਵਿਖਾਈਂ ।
ਅਪਣੇ ਸੰਗ ਰਲਾਈਂ ਪਿਆਰੇ, ਅਪਣੇ ਸੰਗ ਰਲਾਈਂ ।

14. ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ

ਬਹੁੜੀਂ ਵੇ ਤਬੀਬਾ ਮੈਂਡੀ ਜਿੰਦ ਗਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

ਇਸ਼ਕ ਡੇਰਾ ਮੇਰੇ ਅੰਦਰ ਕੀਤਾ,
ਭਰ ਕੇ ਜ਼ਹਿਰ ਪਿਆਲਾ ਮੈਂ ਪੀਤਾ,
ਝਬਦੇ ਆਵੀਂ ਵੇ ਤਬੀਬਾ ਨਹੀਂ ਤੇ ਮੈਂ ਮਰ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

ਛੁੱਪ ਗਿਆ ਸੂਰਜ ਬਾਹਰ ਰਹਿ ਗਈ ਆ ਲਾਲੀ,
ਹੋਵਾਂ ਮੈਂ ਸਦਕੇ ਮੁੜ ਜੇ ਦੇਂ ਵਿਖਾਲੀ ,
ਮੈਂ ਭੁੱਲ ਗਈਆਂ ਤੇਰੇ ਨਾਲ ਨਾ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

ਤੇਰੇ ਇਸ਼ਕ ਦੀ ਸਾਰ ਵੇ ਮੈਂ ਨਾ ਜਾਣਾਂ,
ਇਹ ਸਿਰ ਆਇਆ ਏ ਮੇਰਾ ਹੇਠ ਵਦਾਣਾਂ,
ਸੱਟ ਪਈ ਇਸ਼ਕੇ ਦੀ ਤਾਂ ਕੂਕਾਂ ਦਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

ਏਸ ਇਸ਼ਕ ਦੇ ਕੋਲੋਂ ਸਾਨੂੰ ਹਟਕ ਨਾ ਮਾਏ,
ਲਾਹੂ (ਲਾਹੌਰ) ਜਾਂਦੜੇ ਬੇੜੇ ਮੋੜ ਕੌਣ ਹਟਾਏ,
ਮੇਰੀ ਅਕਲ ਭੁੱਲੀ ਨਾਲ ਮੁਹਾਣਿਆਂ ਦੇ ਗਈਆਂ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

ਏਸ ਇਸ਼ਕ ਦੀ ਝੰਗੀ ਵਿਚ ਮੋਰ ਬੁਲੇਂਦਾ,
ਸਾਨੂੰ ਕਾਬਾ ਤੇ ਕਿਬਲਾ ਪਿਆਰਾ ਯਾਰ ਦਸੇਂਦਾ,
ਸਾਨੂੰ ਘਾਇਲ ਕਰਕੇ ਫਿਰ ਖਬਰ ਨਾ ਲਈਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

ਬੁੱਲ੍ਹਾ ਸ਼ਾਹ ਇਨਾਇਤ ਦੇ ਬਹਿ ਬੂਹੇ,
ਜਿਸ ਪਹਿਨਾਏ ਸਾਨੂੰ ਸਾਵੇ ਸੂਹੇ,
ਜਾਂ ਮੈਂ ਮਾਰੀ ਉਡਾਰੀ ਮਿਲ ਪਿਆ ਵਹੀਆ ।
ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ।

15. ਬੰਸੀ ਕਾਹਨ ਅਚਰਜ ਬਜਾਈ

ਬੰਸੀ ਵਾਲਿਆ ਚਾਕਾ ਰਾਂਝਾ, ਤੇਰਾ ਸੁਰ ਹੈ ਸਭ ਨਾਲ ਸਾਂਝਾ,
ਤੇਰੀਆਂ ਮੌਜਾਂ ਸਾਡਾ ਮਾਂਝਾ, ਸਾਡੀ ਸੁਰ ਤੈਂ ਆਪ ਮਿਲਾਈ ।
ਬੰਸੀ ਕਾਹਨ ਅਚਰਜ ਬਜਾਈ ।

ਬੰਸੀ ਵਾਲਿਆ ਕਾਹਨ ਕਹਾਵੇਂ, ਸਬ ਦਾ ਨੇਕ ਅਨੂਪ ਮਨਾਵੇਂ,
ਅੱਖੀਆਂ ਦੇ ਵਿਚ ਨਜ਼ਰ ਨਾ ਆਵੇਂ, ਕੈਸੀ ਬਿਖੜੀ ਖੇਲ ਰਚਾਈ ।
ਬੰਸੀ ਕਾਹਨ ਅਚਰਜ ਬਜਾਈ ।

ਬੰਸੀ ਸਭ ਕੋਈ ਸੁਣੇ ਸੁਣਾਵੇ, ਅਰਥ ਇਸ ਦਾ ਕੋਈ ਵਿਰਲਾ ਪਾਵੇ,
ਜੋ ਕੋਈ ਅਨਹਦ ਕੀ ਸੁਰ ਪਾਵੇ, ਸੋ ਇਸ ਬੰਸੀ ਕਾ ਸ਼ੌਦਾਈ ।
ਬੰਸੀ ਕਾਹਨ ਅਚਰਜ ਬਜਾਈ ।

ਸੁਣੀਆਂ ਬੰਸੀ ਦੀਆਂ ਘੰਗੋਰਾਂ, ਕੂਕਾਂ ਤਨ ਮਨ ਵਾਂਙੂ ਮੋਰਾਂ,
ਡਿਠੀਆਂ ਇਸ ਦੀਆਂ ਤੋੜਾਂ ਜੋੜਾਂ, ਇਕ ਸੁਰ ਦੀ ਸਭ ਕਲਾ ਉਠਾਈ ।
ਬੰਸੀ ਕਾਹਨ ਅਚਰਜ ਬਜਾਈ ।

ਇਸ ਬੰਸੀ ਦਾ ਲੰਮਾ ਲੇਖਾ, ਜਿਸ ਨੇ ਢੂੰਡਾ ਤਿਸ ਨੇ ਦੇਖਾ,
ਸ਼ਾਦੀ ਇਸ ਬੰਸੀ ਦੀ ਰੇਖਾ, ਏਸ ਵਜੂਦੋਂ ਸਿਫਤ ਉਠਾਈ ।
ਬੰਸੀ ਕਾਹਨ ਅਚਰਜ ਬਜਾਈ ।

ਇਸ ਬੰਸੀ ਦੇ ਪੰਜ ਸਤ ਤਾਰੇ, ਆਪ ਆਪਣੀ ਸੁਰ ਭਰਦੇ ਸਾਰੇ,
ਇਕ ਸੁਰ ਸਭ ਦੇ ਵਿਚ ਦਮ ਮਾਰੇ, ਸਾਡੀ ਇਸ ਨੇ ਹੋਸ਼ ਭੁਲਾਈ ।
ਬੰਸੀ ਕਾਹਨ ਅਚਰਜ ਬਜਾਈ ।

ਬੁੱਲ੍ਹਾ ਪੁੱਜ ਪਏ ਤਕਰਾਰ, ਬੂਹੇ ਆਣ ਖਲੋਤੇ ਯਾਰ,
ਰੱਖੀਂ ਕਲਮੇ ਨਾਲ ਬਿਊਪਾਰ, ਤੇਰੀ ਹਜ਼ਰਤ ਭਰੇ ਗਵਾਹੀ ।
ਬੰਸੀ ਕਾਹਨ ਅਚਰਜ ਬਜਾਈ ।

16. ਬੱਸ ਕਰ ਜੀ ਹੁਣ ਬੱਸ ਕਰ ਜੀ

ਬੱਸ ਕਰ ਜੀ ਹੁਣ ਬੱਸ ਕਰ ਜੀ,
ਇਕ ਬਾਤ ਅਸਾਂ ਨਾਲ ਹੱਸ ਕਰ ਜੀ ।

ਤੁਸੀਂ ਦਿਲ ਮੇਰੇ ਵਿਚ ਵੱਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨੱਸਦੇ ਹੋ,
ਨਾਲੇ ਘੱਤ ਜਾਦੂ ਦਿਲ ਖੱਸਦੇ ਹੋ, ਹੁਣ ਕਿਤ ਵੱਲ ਜਾਸੋ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ, ਖਿੱਦੋ ਵਾਂਙ ਖੂੰਡੀ ਨਿੱਤ ਕੁੱਟਦੇ ਸੀ,
ਗੱਲ ਕਰਦਿਆਂ ਦਾ ਗਲ ਘੁੱਟਦੇ ਸੀ, ਹੁਣ ਤੀਰ ਲਗਾਓ ਕੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਤੁਸੀਂ ਛਪਦੇ ਹੋ ਅਸਾਂ ਪਕੜੇ ਹੋ, ਅਸਾਂ ਨਾਲ ਜ਼ੁਲਫ ਦੇ ਜਕੜੇ ਹੋ,
ਤੁਸੀਂ ਅਜੇ ਛਪਣ ਨੂੰ ਤਕੜੇ ਹੋ, ਹੁਣ ਜਾਣ ਨਾ ਮਿਲਦਾ ਨੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

ਬੁੱਲ੍ਹਾ ਸ਼ੌਹ ਮੈਂ ਤੇਰੀ ਬਰਦੀ ਹਾਂ, ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ,
ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ, ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ ।
ਬੱਸ ਕਰ ਜੀ ਹੁਣ ਬੱਸ ਕਰ ਜੀ ।

17. ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ

ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।

ਔਲੀਆਂ ਮਨਸੂਰ ਕਹਾਵੇ, ਰਮਜ਼ ਅਨਲਹੱਕ ਆਪ ਬਤਾਵੇ,
ਆਪੇ ਆਪ ਨੂੰ ਸੂਲੀ ਚੜ੍ਹਾਵੇ,ਤੇ ਕੋਲ ਖਲੋਕੇ ਹੱਸਦਾ ਨੀਂ, ਢੋਲਣ ਮਾਹੀ ।

ਬੇਹੱਦ ਰਮਜ਼ਾਂ ਦਸਦਾ ਨੀਂ, ਢੋਲਣ ਮਾਹੀ ।
ਮੀਮ ਦੇ ਉਹਲੇ ਵੱਸਦਾ ਨੀਂ, ਢੋਲਣ ਮਾਹੀ ।

18. ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ

ਪਿੜੀ ਪਿਛੇ ਪਛਵਾੜੇ ਰਹਿ ਗਈ, ਹੱਥ ਵਿਚ ਰਹਿ ਗਈ ਜੁੱਟੀ,
ਅੱਗੇ ਚਰਖਾ ਪਿੱਛੇ ਪੀਹੜਾ, ਮੇਰੇ ਹੱਥੋਂ ਤੰਦ ਤਰੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।

ਦਾਜ ਜਵਾਹਰ ਅਸਾਂ ਕੀ ਕਰਨਾ, ਜਿਸ ਪ੍ਰੇਮ ਕਟਵਾਈ ਮੁੱਠੀ,
ਓਹੋ ਚੋਰ ਮੇਰਾ ਪਕੜ ਮੰਗਾਓ, ਜਿਸ ਮੇਰੀ ਜਿੰਦ ਕੁੱਠੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।

ਭਲਾ ਹੋਇਆ ਮੇਰਾ ਚਰਖਾ ਟੁੱਟਾ, ਮੇਰੀ ਜਿੰਦ ਅਜ਼ਾਬੋਂ ਛੁੱਟੀ,
ਬੁੱਲ੍ਹਾ ਸ਼ੌਹ ਨੇ ਨਾਚ ਨਚਾਏ, ਓਥੇ ਧੁੰਮ ਪਈ ਕੜ-ਕੁੱਟੀ,
ਭੈਣਾਂ ਮੈਂ ਕੱਤਦੀ ਕੱਤਦੀ ਹੁੱਟੀ ।

19. ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ

ਭਾਵੇਂ ਜਾਣ ਨਾ ਜਾਣ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।

ਤੇਰੇ ਜਿਹਾ ਮੈਨੂੰ ਹੋਰ ਨਾ ਕੋਈ ਢੂੰਡਾਂ ਜੰਗਲ ਬੇਲਾ ਰੋਹੀ,
ਢੂੰਡਾਂ ਤਾਂ ਸਾਰਾ ਜਹਾਨ ਵੇ ਵਿਹੜੇ ਆ ਵੜ ਮੇਰੇ ।

ਲੋਕਾਂ ਦੇ ਭਾਣੇ ਚਾਕ ਮਹੀਂ ਦਾ ਰਾਂਝਾ ਤਾਂ ਲੋਕਾਂ ਵਿਚ ਕਹੀਂਦਾ,
ਸਾਡਾ ਤਾਂ ਦੀਨ ਈਮਾਨ ਵੇ ਵਿਹੜੇ ਆ ਵੜ ਮੇਰੇ ।

ਮਾਪੇ ਛੋੜ ਲੱਗੀ ਲੜ ਤੇਰੇ ਸ਼ਾਹ ਇਨਾਇਤ ਸਾਈਂ ਮੇਰੇ,
ਲਾਈਆਂ ਦੀ ਲੱਜ ਪਾਲ ਵੇ ਵਿਹੜੇ ਆ ਵੜ ਮੇਰੇ ।
ਮੈਂ ਤੇਰੇ ਕੁਰਬਾਨ ਵੇ ਵਿਹੜੇ ਆ ਵੜ ਮੇਰੇ ।

20. ਭਰਵਾਸਾ ਕੀ ਆਸ਼ਨਾਈ ਦਾ

ਭਰਵਾਸਾ ਕੀ ਆਸ਼ਨਾਈ ਦਾ ।
ਡਰ ਲਗਦਾ ਬੇ-ਪਰਵਾਹੀ ਦਾ ।

ਇਬਰਾਹੀਮ ਚਿਖਾ ਵਿਚ ਪਾਇਉ, ਸੁਲੇਮਾਨ ਨੂੰ ਭੱਠ ਝੁਕਾਇਉ,
ਯੂਨਸ ਮੱਛੀ ਤੋਂ ਨਿਗਲਾਇਉ, ਫੜ ਯੂਸਫ ਮਿਸਰ ਵਿਕਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।

ਜ਼ਿਕਰੀਆ ਸਿਰ ਕਲਵੱਤਰ ਚਲਾਇਉ, ਸਾਬਰ ਦੇ ਤਨ ਕੀੜੇ ਪਾਇਉ,
ਸੁੰਨਆਂ ਗਲ ਜ਼ੱਨਾਰ ਪਵਾਇਉ,ਕਿਤੇ ਉਲਟਾ ਪੋਸ਼ ਲੁਹਾਈ ਦਾ ।
ਭਰਵਾਸਾ ਕੀ ਆਸ਼ਨਾਈ ਦਾ ।

ਪੈਗ਼ੰਬਰ ਤੇ ਨੂਰ ਉਪਾਇਉ, ਨਾਮ ਇਮਾਮ ਹੁਸੈਨ ਧਰਾਇਉ,
ਝੁਲਾ ਜਿਬਰਾਈਲ ਝੁਲਾਇਉ, ਫਿਰ ਪਿਆਸਾ ਗਲਾ ਕਟਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।

ਜਾ ਜ਼ਕਰੀਆ ਰੁੱਖ ਛੁਪਾਇਆ, ਛਪਣਾਂ ਉਸ ਦਾ ਬੁਰਾ ਮਨਾਇਆ,
ਆਰਾ ਸਿਰ ਤੇ ਚਾ ਵਗਾਇਆ, ਸਣੇ ਰੁੱਖ ਚਰਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।

ਯਹੀਹਾ ਉਸ ਦਾ ਯਾਰ ਕਹਾਇਆ, ਨਾਲ ਓਸੇ ਦੇ ਨੇਹੁੰ ਲਗਾਇਆ,
ਰਾਹ ਸ਼ਰ੍ਹਾ ਦਾ ਉੱਨ ਬਤਲਾਇਆ, ਸਿਰ ਉਸ ਦਾ ਥਾਲ ਕਟਾਈਦਾ ।
ਭਰਵਾਸਾ ਕੀ ਆਸ਼ਨਾਈ ਦਾ ।

ਬੁੱਲ੍ਹਾ ਸ਼ੌਹ ਹੁਣ ਅਸੀਂ ਸੰਞਾਤੇ ਹੈਂ, ਹਰ ਸੂਰਤ ਨਾਲ ਪਛਾਤੇ ਹੈਂ,
ਕਿਤੇ ਆਤੇ ਹੈਂ ਕਿਤੇ ਜਾਤੇ ਹੈਂ,ਹੁਣ ਮੈਥੋਂ ਭੁੱਲ ਨਾ ਜਾਈ ਦਾ ।
ਭਰਵਾਸਾ ਕੀ ਆਸ਼ਨਾਈ ਦਾ ।

21. ਬੁੱਲ੍ਹਾ ਕੀ ਜਾਣਾ ਮੈਂ ਕੌਣ

ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।

22. ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ

ਬੁੱਲ੍ਹਾ ਕੀ ਜਾਣੇ ਜ਼ਾਤ ਇਸ਼ਕ ਦੀ ਕੌਣ ।
ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ ।

ਰਾਂਝੇ ਨੂੰ ਮੈਂ ਗਾਲੀਆਂ ਦੇਵਾਂ, ਮਨ ਵਿਚ ਕਰਾਂ ਦੁਆਈਂ ।
ਮੈਂ ਤੇ ਰਾਂਝਾ ਇਕੋ ਕੋਈ, ਲੋਕਾਂ ਨੂੰ ਅਜ਼ਮਾਈਂ ।
ਜਿਸ ਬੇਲੇ ਵਿਚ ਬੇਲੀ ਦਿੱਸੇ,ਉਸ ਦੀਆਂ ਲਵਾਂ ਬਲਾਈਂ ।
ਬੁੱਲ੍ਹਾ ਸ਼ੌਹ ਨੂੰ ਪਾਸੇ ਛੱਡ ਕੇ, ਜੰਗਲ ਵੱਲ ਨਾ ਜਾਈਂ ।

ਬੁੱਲ੍ਹਾ ਕੀ ਜਾਣਾ ਜ਼ਾਤ ਇਸ਼ਕ ਦੀ ਕੌਣ ।
ਨਾ ਸੂਹਾਂ ਨਾ ਕੰਮ ਬਖੇੜੇ ਵੰਞੇ ਜਾਗਣ ਸੌਣ ।

23. ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ

ਬੁੱਲ੍ਹੇ ਨੂੰ ਸਮਝਾਵਣ ਆਈਆਂ, ਭੈਣਾਂ ਤੇ ਭਰਜਾਈਆਂ ।
ਮੰਨ ਲੈ ਬੁੱਲ੍ਹਿਆ ਸਾਡਾ ਕਹਿਣਾ, ਛੱਡ ਦੇ ਪੱਲਾ ਰਾਈਆਂ ।
ਆਲ ਨਬੀ ਔਲਾਦ ਨਬੀ ਨੂੰ, ਤੂੰ ਕੀ ਲੀਕਾਂ ਲਾਈਆਂ ।
ਜਿਹੜਾ ਸਾਨੂੰ ਸਈਅਦ ਸੱਦੇ, ਦੋਜ਼ਖ ਮਿਲਣ ਸਜਾਈਆਂ ।
ਜੋ ਕੋਈ ਸਾਨੂੰ ਰਾਈਂ ਆਖੇ, ਬਹਿਸ਼ਤੀਂ ਪੀਂਘਾਂ ਪਾਈਆਂ ।
ਰਾਈਂ ਸਾਈਂ ਸਭਨੀ ਥਾਈਂ, ਰੱਬ ਦੀਆਂ ਬੇਪਰਵਾਹੀਆਂ ।
ਸੋਹਣੀਆਂ ਪਰ੍ਹੇ ਹਟਾਈਆਂ ਨੇ ਤੇ, ਕੋਝੀਆਂ ਲੈ ਗਲ ਲਾਈਆਂ ।
ਜੇ ਤੂੰ ਲੋੜੇਂ ਬਾਗ਼ ਬਹਾਰਾਂ, ਚਾਕਰ ਹੋ ਜਾ ਰਾਈਆਂ ।
ਬੁੱਲ੍ਹਾ ਸ਼ੌਹ ਦੀ ਜ਼ਾਤ ਕੀ ਪੁੱਛਨਾ ਏਂ, ਸ਼ੱਕਰ ਹੋ ਰਜਾਈਆਂ ।

24. ਚਲੋ ਦੇਖੀਏ ਉਸ ਮਸਤਾਨੜੇ ਨੂੰ

ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਏ ਧੁੰਮ ।
ਉਹ ਤੇ ਮੈਂ ਵਹਿਦਤ ਵਿਚ ਰੰਗਦਾ ਏ,
ਨਹੀਂ ਪੁੱਛਦਾ ਜਾਤ ਦੇ ਕੀ ਹੋ ਤੁਮ ।

ਜੀਦ੍ਹਾ ਸ਼ੋਰ ਚੁਫੇਰੇ ਪੈਂਦਾ ਏ,
ਉਹ ਕੋਲ ਤੇਰੇ ਨਿੱਤ ਰਹਿੰਦਾ ਏ,
ਨਾਲੇ 'ਨਾਹਨ ਅਕਰਬ' ਕਹਿੰਦਾ ਏ,
ਨਾਲੇ ਆਖੇ 'ਵਫ਼ੀ-ਅਨਫ਼ਸ-ਕੁਮ' ।

ਛੱਡ ਝੂਠ ਭਰਮ ਦੀ ਬਸਤੀ ਨੂੰ,
ਕਰ ਇਸ਼ਕ ਦੀ ਕਾਇਮ ਮਸਤੀ ਨੂੰ,
ਗਏ ਪਹੁੰਚ ਸਜਣ ਦੀ ਹਸਤੀ ਨੂੰ,
ਜਿਹੜੇ ਹੋ ਗਏ 'ਸੁਮ-ਬੁਕਮ-ਉਮ' ।

ਨਾ ਤੇਰਾ ਏ ਨਾ ਮੇਰਾ ਏ,
ਜੱਗ ਫਾਨੀ ਝਗੜਾ ਝੇੜਾ ਏ,
ਬਿਨਾਂ ਮੁਰਸ਼ਦ ਰਹਿਬਰ ਕਿਹੜਾ ਏ,
ਪੜ੍ਹ-'ਫਾਜ਼-ਰੂਨੀ-ਅਜ਼-ਕੁਰ-ਕੁਮ' ।

ਬੁੱਲ੍ਹੇ ਸ਼ਾਹ ਇਹ ਬਾਤ ਇਸ਼ਾਰੇ ਦੀ,
ਜਿਨ੍ਹਾ ਲੱਗ ਗਈ ਤਾਂਘ ਨਜ਼ਾਰੇ ਦੀ,
ਦੱਸ ਪੈਂਦੀ ਘਰ ਵਣਜਾਰੇ ਦੀ,
ਹੈ 'ਯਦਉੱਲ੍ਹਾ-ਫ਼ੌਕਾ ਅਯਦੀਕੁਮ' ।

ਚਲੋ ਦੇਖੀਏ ਉਸ ਮਸਤਾਨੜੇ ਨੂੰ,
ਜਿਦ੍ਹੀ ਤ੍ਰਿੰਞਣਾਂ ਦੇ ਵਿਚ ਪਈ ਏ ਧੁੰਮ ।

25. ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ

ਸੱਚ ਸੁਣਦੇ ਲੋਕ ਨਾ ਸਹਿੰਦੇ ਨੀ, ਸੱਚ ਆਖੀਏ ਤਾਂ ਗਲ ਪੈਂਦੇ ਨੀ,
ਫਿਰ ਸੱਚੇ ਪਾਸ ਨਾ ਬਹਿੰਦੇ ਨੀ, ਸੱਚ ਮਿੱਠਾ ਆਸ਼ਕ ਪਿਆਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

ਸੱਚ ਸ਼ਰ੍ਹਾ ਕਰੇ ਬਰਬਾਦੀ ਏ, ਸੱਚ ਆਸ਼ਕ ਦੇ ਘਰ ਸ਼ਾਦੀ ਏ,
ਸੱਚ ਕਰਦਾ ਨਵੀਂ ਆਬਾਦੀ ਏ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

ਚੁੱਪ ਆਸ਼ਕ ਤੋਂ ਨਾ ਹੁੰਦੀ ਏ,ਜਿਸ ਆਈ ਸੱਚ ਸੁਗੰਧੀ ਏ,
ਜਿਸ ਮਾਲ੍ਹ ਸੁਹਾਗ ਦੀ ਗੁੰਦੀ ਏ, ਛੱਡ ਦੁਨੀਆਂ ਕੂੜ ਪਸਾਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

ਬੁੱਲ੍ਹਾ ਸ਼ੌਹ ਸੱਚ ਹੁਣ ਬੋਲੇ ਹੈਂ, ਸੱਚ ਸ਼ਰ੍ਹਾ ਤਰੀਕਤ ਫੋਲੇ ਹੈਂ,
ਗੱਲ ਚੌਥੇ ਪਦ ਦੀ ਖੋਲ੍ਹੇ ਹੈਂ, ਜਿਹੀ ਸ਼ਰ੍ਹਾ ਤਰੀਕਤ ਹਾਰੇ ਨੂੰ ।
ਚੁੱਪ ਕਰਕੇ ਕਰੀਂ ਗੁਜ਼ਾਰੇ ਨੂੰ ।

26. ਢੋਲਾ ਆਦਮੀ ਬਣ ਆਇਆ

ਆਪੇ ਆਹੂ ਆਪੇ ਚੀਤਾ, ਆਪੇ ਮਾਰਨ ਧਾਇਆ,
ਆਪੇ ਸਾਹਿਬ ਆਪੇ ਬਰਦਾ, ਆਪੇ ਮੁੱਲ ਵਿਕਾਇਆ,
ਢੋਲਾ ਆਦਮੀ ਬਣ ਆਇਆ ।

ਕਦੀ ਹਾਥੀ ਤੇ ਅਸਵਾਰ ਹੋਇਆ, ਕਦੀ ਠੂਠਾ ਡਾਂਗ ਭੁਵਾਇਆ,
ਕਦੀ ਰਾਵਲ ਜੋਗੀ ਭੋਗੀ ਹੋ ਕੇ, ਸਾਂਗੀ ਸਾਂਗ ਬਣਾਇਆ,
ਢੋਲਾ ਆਦਮੀ ਬਣ ਆਇਆ ।

ਬਾਜ਼ੀਗਰ ਕਿਆ ਬਾਜ਼ੀ ਖੇਲੀ, ਮੈਨੂੰ ਪੁਤਲੀ ਵਾਂਗ ਨਚਾਇਆ,
ਮੈਂ ਉਸ ਪੜਤਾਲੀ ਨਚਣਾ ਹਾਂ, ਜਿਸ ਗਤ ਮਿਤ ਯਾਰ ਲਖਾਇਆ,
ਢੋਲਾ ਆਦਮੀ ਬਣ ਆਇਆ ।

ਹਾਬੀਲ ਕਾਬੀਲ ਆਦਮ ਦੇ ਜਾਏ, ਆਦਮ ਕਿਸ ਦਾ ਜਾਇਆ,
ਬੁੱਲ੍ਹਾ ਉਨ੍ਹਾਂ ਤੋਂ ਭੀ ਅੱਗੇ ਆਹਾ, ਦਾਦਾ ਗੋਦ ਖਿਡਾਇਆ,
ਢੋਲਾ ਆਦਮੀ ਬਣ ਆਇਆ ।

ਪਾਠ-ਭੇਦ

ਮਉਲਾ ਆਦਮੀ ਬਣ ਆਇਆ
ਮਾਟੀ ਵਿਚੋਂ ਹੀਰਾ ਲੱਧਾ,
ਗੋਬਰ ਮਹਿੰ ਦੁੱਧ ਪਾਇਆ ।ਰਹਾਉ।

ਸਭੋ ਊਠ ਕਤਾਰੀਂ ਬੱਧੇ
ਧੰਨੇ ਦਾ ਵੱਗ ਚਰਾਇਆ ।
ਸਾਡੀ ਭਾਜੀ ਲੇਵੇ ਨਾਹੀਂ
ਬਿਦਰ ਦੇ ਸਾਗ ਅਘਾਇਆ ।

ਕਹੂੰ ਹਾਥੀ ਅਸਵਾਰ ਹੋਇਆ,
ਕਹੂੰ ਠੂਠਾ ਭਾਂਗ ਭੁਵਾਇਆ ।
ਕਹੂੰ ਰਾਵਲ ਜੋਗੀ ਭੋਗੀ
ਕਹੂੰ ਸਵਾਂਗੀ ਸਵਾਂਗ ਰਚਾਇਆ ।

ਆਪੇ ਆਹੂ ਆਪੇ ਚੀਤਾ
ਆਪੇ ਮਾਰਨ ਧਾਇਆ ।
ਆਪੇ ਸਾਹਿਬ ਆਪੇ ਬਰਦਾ
ਆਪੇ ਮੁੱਲ ਵਿਕਾਇਆ ।

ਬਾਜ਼ੀਗਰ ਕਿਆ ਬਾਜ਼ੀ ਖੇਲੀ
ਪੁਤਲੀ ਵਾਂਗ ਨਚਾਯਾ ।
ਮੈਂ ਉਸ ਪੜਤਾਲੀ ਨੱਚਨਾ ਹਾਂ
ਜਿਸ ਗਤ ਮਤ ਯਾਰ ਲਖਾਯਾ ।

ਹਾਬੀਲ ਕਾਬੀਲ ਆਦਮ ਦੇ ਜਾਏ
ਤੇ ਆਦਮ ਕੈਂ ਦਾ ਜਾਇਆ ?
ਬੁੱਲ੍ਹਾ ਸਭਨਾ ਥੀਂ ਅਗੈ ਆਹਾ
ਜਿਨ ਦਾਦਾ ਗੋਦਿ ਦਿਖਾਇਆ ।

27. ਦਿਲ ਲੋਚੇ ਮਾਹੀ ਯਾਰ ਨੂੰ

ਇਕ ਹੱਸ ਹੱਸ ਗੱਲ ਕਰਦੀਆਂ, ਇਕ ਰੋਂਦੀਆਂ ਧੋਂਦੀਆਂ ਮਰਦੀਆਂ,
ਕਹੋ ਫੁੱਲੀ ਬਸੰਤ ਬਹਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।

ਮੈਂ ਨ੍ਹਾਤੀ ਧੋਤੀ ਰਹਿ ਗਈ, ਇਕ ਗੰਢ ਮਾਹੀ ਦਿਲ ਬਹਿ ਗਈ,
ਭਾਹ ਲਾਈਏ ਹਾਰ ਸ਼ਿੰਗਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।

ਮੈਂ ਕਮਲੀ ਕੀਤੀ ਦੂਤੀਆਂ, ਦੁੱਖ ਘੇਰ ਚੁਫੇਰੋਂ ਲੀਤੀਆਂ,
ਘਰ ਆ ਮਾਹੀ ਦੀਦਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।

ਬੁੱਲ੍ਹਾ ਸ਼ੌਹ ਮੇਰੇ ਘਰ ਆਇਆ, ਮੈਂ ਘੁੱਟ ਰਾਂਝਣ ਗਲ ਲਾਇਆ,
ਦੁੱਖ ਗਏ ਸਮੁੰਦਰ ਪਾਰ ਨੂੰ, ਦਿਲ ਲੋਚੇ ਮਾਹੀ ਯਾਰ ਨੂੰ ।

28. ਇਹ ਅਚਰਜ ਸਾਧੋ ਕੌਣ ਕਹਾਵੇ

ਇਹ ਅਚਰਜ ਸਾਧੋ ਕੌਣ ਕਹਾਵੇ ।
ਛਿਨ ਛਿਨ ਰੂਪ ਕਿਤੋਂ ਬਣ ਆਵੇ ।

ਮੱਕਾ ਲੰਕਾ ਸਹਿਦੇਵ ਕੇ ਭੇਤ, ਦੋਊ ਕੋ ਏਕ ਬਤਾਵੇ ।
ਜਬ ਜੋਗੀ ਤੁਮ ਵਸਲ ਕਰੋਗੇ, ਬਾਂਗ ਕਹੈ ਭਾਵੇਂ ਨਾਦ ਵਜਾਵੇ ।
ਭਗਤੀ ਭਗਤ ਨਤਾਰੋ ਨਾਹੀਂ, ਭਗਤ ਸੋਈ ਜਿਹੜਾ ਮਨ ਭਾਵੇ ।
ਹਰ ਪਰਗਟ ਪਰਗਟ ਹੀ ਦੇਖੋ, ਕਿਆ ਪੰਡਤ ਫਿਰ ਬੇਦ ਸੁਨਾਵੇ ।
ਧਿਆਨ ਧਰੋ ਇਹ ਕਾਫ਼ਰ ਨਾਹੀਂ, ਕਿਆ ਹਿੰਦੂ ਕਿਆ ਤੁਰਕ ਕਹਾਵੇ ।
ਜਬ ਦੇਖੂੰ ਤਬ ਓਹੀ ਓਹੀ, ਬੁੱਲ੍ਹਾ ਸ਼ੌਹ ਹਰ ਰੰਗ ਸਮਾਵੇ ।

ਇਹ ਅਚਰਜ ਸਾਧੋ ਕੌਣ ਕਹਾਵੇ ।
ਛਿਨ ਛਿਨ ਰੂਪ ਕਿਤੋਂ ਬਣ ਆਵੇ ।

29. ਇਹ ਦੁਖ ਜਾ ਕਹੂੰ ਕਿਸ ਆਗੇ

ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ ।

ਇਕ ਮਰਨਾ ਦੂਜਾ ਜੱਗ ਦੀ ਹਾਸੀ ।
ਕਰਤ ਫਿਰਤ ਨਿੱਤ ਮੋਹੀ ਰੇ ਮੋਹੀ ।

ਕੌਣ ਕਰੇ ਮੋਹੇ ਸੇ ਦਿਲਜੋਈ ।
ਸ਼ਾਮ ਪੀਆ ਮੈਂ ਦੇਤੀ ਹੂੰ ਧਰੋਈ ।

ਦੁੱਖ ਜੱਗ ਕੇ ਮੋਹੇ ਪੂਛਣ ਆਏ ।
ਜਿਨ ਕੋ ਪੀਆ ਪਰਦੇਸ ਸਿਧਾਏ ।

ਨਾ ਪੀਆ ਜਾਏ ਨਾ ਪੀਆ ਆਏ ।
ਇਹ ਦੁੱਖ ਜਾ ਕਹੂੰ ਕਿਸ ਜਾਏ ।

ਬੁੱਲ੍ਹਾ ਸ਼ਾਹ ਘਰ ਆ ਪਿਆਰਿਆ ।
ਇਕ ਘੜੀ ਕੋ ਕਰਨ ਗੁਜ਼ਾਰਿਆ ।
ਤਨ ਮਨ ਧਨ ਜੀਆ ਤੈਂ ਪਰ ਵਾਰਿਆ ।

ਇਹ ਦੁਖ ਜਾ ਕਹੂੰ ਕਿਸ ਆਗੇ,
ਰੋਮ ਰੋਮ ਘਾ ਪ੍ਰੇਮ ਕੇ ਲਾਗੇ ।

30. ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ

ਘੁੰਘਟ ਖੋਲ੍ਹ ਮੁੱਖ ਵੇਖ ਨਾ ਮੇਰਾ,
ਐਬ ਨਿਮਾਣੀ ਦੇ ਕੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।

ਮੈਂ ਅਣਜਾਣੀ ਤੇਰਾ ਨੇਹੁੰ ਕੀ ਜਾਣਾਂ,
ਲਾਵਣ ਦਾ ਨਹੀਂ ਚੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।

ਹਾਜੀ ਲੋਕ ਮੱਕੇ ਨੂੰ ਜਾਂਦੇ,
ਸਾਡਾ ਹੈਂ ਤੂੰ ਹੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।

ਡੂੰਘੀ ਨਦੀ ਤੇ ਤੁਲਾਹ ਪੁਰਾਣਾ,
ਮਿਲਸਾਂ ਕਿਹੜੇ ਪੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।

ਬੁੱਲ੍ਹਾ ਸ਼ੌਹ ਮੈਂ ਜ਼ਾਹਰ ਡਿੱਠਾ,
ਲਾਹ ਮੂੰਹ ਤੋਂ ਲੱਜ ਓ ਯਾਰ ।
ਫ਼ਸੁਮਾ ਵਜਉਲ-ਅੱਲ੍ਹਾ ਦੱਸਨਾ ਏਂ ਅੱਜ ਓ ਯਾਰ ।

31. ਗੱਲ ਰੌਲੇ ਲੋਕਾਂ ਪਾਈ ਏ

ਗੱਲ ਰੌਲੇ ਲੋਕਾਂ ਪਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਸੱਚ ਆਖ ਮਨਾ ਕਿਉਂ ਡਰਨਾ ਏਂ, ਇਸ ਸੱਚ ਪਿੱਛੇ ਤੂੰ ਤੁਰਨਾ ਏਂ,
ਸੱਚ ਸਦਾ ਆਬਾਦੀ ਕਰਨਾ ਏਂ, ਸੱਚ ਵਸਤ ਅਚੰਭਾ ਆਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਬਾਹਮਣ ਆਣ ਜਜਮਾਨ ਡਰਾਏ, ਪਿੱਤਰ ਪੀੜ ਦੱਸ ਭਰਮ ਦੁੜਾਏ,
ਆਪੇ ਦੱਸ ਕੇ ਜਤਨ ਕਰਾਏ, ਪੂਜਾ ਸ਼ੁਰੂ ਕਰਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਪੁੱਤਰ ਤੁਸਾਂ ਦੇ ਉਪਰ ਪੀੜਾ, ਗੁੜ ਚਾਵਲ ਮਨਾਓ ਲੀੜਾ,
ਜੰਜੂ ਪਾਓ ਲਾਹੋ ਬੀੜਾ, ਚੁੱਲੀ ਤੁਰਤ ਪਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਪੀੜ ਨਹੀਂ ਐਵੇਂ ਨਿਕਲਣ ਲੱਗੀ, ਰੋਕ ਰੁਪਈਆ ਭਾਂਡੇ ਢੱਗੀ,
ਹੋਵੇ ਲਾਖੀ ਦੁਰੱਸਤ ਨਾ ਬੱਗੀ, ਬੁੱਲ੍ਹਾ ਇਹ ਬਾਤ ਬਣਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਪਿਰਥਮ ਚੰਡੀ ਮਾਤ ਬਣਾਈ, ਜਿਸ ਨੂੰ ਪੂਜੇ ਸਰਬ ਲੋਕਾਈ,
ਪਾਛੀ ਵੱਢ ਕੇ ਜੰਜ ਚੜ੍ਹਾਈ, ਡੋਲੀ ਠੁਮ ਠੁਮ ਆਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਭੁੱਲ ਖ਼ੁਦਾ ਨੂੰ ਜਾਣ ਖ਼ੁਦਾਈ, ਬੁੱਤਾਂ ਅੱਗੇ ਸੀਸ ਨਿਵਾਈ,
ਜਿਹੜੇ ਘੜ ਕੇ ਆਪ ਬਣਾਈ, ਸ਼ਰਮ ਰਤਾ ਨਾ ਆਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਵੇਖੋ ਤੁਲਸੀ ਮਾਤ ਬਣਾਈ, ਸਾਲਗਰਾਮੀ ਸੰਗ ਪਰਨਾਈ,
ਹੱਸ ਹੱਸ ਡੋਲੀ ਚਾ ਚੜ੍ਹਾਈ, ਸਾਲਾ ਸਹੁਰਾ ਬਣੇ ਜਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਧੀਆਂ ਭੈਣਾਂ ਸਭ ਵਿਆਹਵਣ, ਪਰਦੇ ਆਪਣੇ ਆਪ ਕਜਾਵਣ,
ਬੁੱਲ੍ਹਾ ਸ਼ਾਹ ਕੀ ਆਖਣ ਆਵਣ, ਨਾ ਮਾਤ ਕਿਸੇ ਵਿਆਹੀ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਸ਼ਾਹ ਰਗ ਥੀਂ ਰੱਬ ਦਿਸਦਾ ਨੇੜੇ, ਲੋਕਾਂ ਪਾਏ ਲੰਮੇ ਝੇੜੇ,
ਵਾਂ ਕੇ ਝਗੜੇ ਕੌਣ ਨਬੇੜੇ, ਭੱਜ ਭੱਜ ਉਮਰ ਗਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਬਿਰਛ ਬਾਗ਼ ਵਿਚ ਨਹੀਂ ਜੁਦਾਈ, ਬੰਦਾ ਰੱਬ ਤੀਵੀਂ ਬਣ ਆਈ,
ਪਿਛਲੇ ਸੋਤੇ ਤੇ ਖਿੜ ਆਈ, ਦੁਬਿਧਾ ਆਣ ਮਿਟਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਬੁੱਲ੍ਹਾ ਆਪੇ ਭੁੱਲ ਭੁਲਾਇਆ ਏ, ਆਪੇ ਚਿੱਲ੍ਹਿਆਂ ਵਿਚ ਦਬਾਇਆ ਏ,
ਆਪੇ ਹੋਕਾ ਦੇ ਸੁਣਾਇਆ ਏ, ਮੁਝ ਮੇਂ ਭੇਤ ਨਾ ਕਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਗਰਮ ਸਰਦ ਹੋ ਜਿਸ ਨੂੰ ਪਾਲਾ, ਹਰਕਤ ਕੀਤਾ ਚਿਹਰਾ ਕਾਲਾ,
ਤਿਸ ਨੂੰ ਆਖਣ ਜੀ ਸੁਖਾਲਾ, ਇਸ ਦੀ ਕਰੋ ਦਵਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਅੱਖੀਆਂ ਪੱਕੀਆਂ ਆਖਣ ਆਈਆਂ, ਅਲਸੀ ਸਮਝ ਕੇ ਆਉਣੀ ਮਾਈਆ,
ਆਪੇ ਭੁੱਲ ਗਈਆਂ ਹੁਣ ਸਾਈਆਂ, ਹੁਣ ਤੀਰਥ ਪਾਸ ਸੁਧਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਪੋਸਤ ਆਖੇ ਮਿਲੇ ਅਫੀਮ, ਬੰਦਾ ਭਾਲੇ ਕਾਦਰ ਕਰੀਮ,
ਨਾ ਕੋਈ ਦਿੱਸੇ ਗਿਆਨ ਹਕੀਮ, ਅਕਲ ਤੁਸਾਡੀ ਜਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

ਜੋ ਕੋਈ ਦਿਸਦਾ ਏਹੋ ਪਿਆਰਾ, ਬੁੱਲ੍ਹਾ ਆਪੇ ਵੇਖਣਹਾਰਾ,
ਆਪੇ ਬੇਦ ਕੁਰਾਨ ਪੁਕਾਰਾ, ਜੋ ਸੁਫਨੇ ਵਸਤ ਭੁਲਾਈ ਏ ।
ਗੱਲ ਰੌਲੇ ਲੋਕਾਂ ਪਾਈ ਏ ।

32. ਘੜਿਆਲੀ ਦਿਉ ਨਿਕਾਲ ਨੀ

ਘੜਿਆਲੀ ਦਿਉ ਨਿਕਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

ਘੜੀ ਘੜੀ ਘੜਿਆਲ ਬਜਾਵੇ, ਰੈਣ ਵਸਲ ਦੀ ਪਿਆ ਘਟਾਵੇ,
ਮੇਰੇ ਮਨ ਦੀ ਬਾਤ ਜੋ ਪਾਵੇ, ਹੱਥੋਂ ਚਾ ਸੁੱਟੋ ਘੜਿਆਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

ਅਨਹਦ ਵਾਜਾ ਵੱਜੇ ਸੁਹਾਨਾ, ਮੁਤਰਿਬ ਸੁਘੜਾ ਤਾਨ ਤਰਾਨਾ,
ਨਿਮਾਜ਼ ਰੋਜ਼ਾ ਭੁੱਲ ਗਿਆ ਦੁਗਾਨਾ, ਮਧ ਪਿਆਲਾ ਦੇਣ ਕਲਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

ਮੁਖ ਵੇਖਣ ਦਾ ਅਜਬ ਨਜ਼ਾਰਾ, ਦੁੱਖ ਦਿਲੇ ਦਾ ਉੱਠ ਗਿਆ ਸਾਰਾ,
ਰੈਣ ਵੱਡੀ ਕਿਆ ਕਰੇ ਪਸਾਰਾ, ਦਿਲ ਅੱਗੇ ਪਾਰੋ ਦੀਵਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

ਮੈਨੂੰ ਆਪਣੀ ਖਬਰ ਨਾ ਕਾਈ, ਕਿਆ ਜਾਨਾਂ ਮੈਂ ਕਿਤ ਵਿਆਹੀ,
ਇਹ ਗੱਲ ਕਿਉਂ ਕਰ ਛੁਪੇ ਛਪਾਈ, ਹੁਣ ਹੋਇਆ ਫਜ਼ਲ ਕਮਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

ਟੂਣੇ ਟਾਮਣ ਕਰੇ ਬਥੇਰੇ, ਮਿਹਰੇ ਆਏ ਵੱਡੇ ਵਡੇਰੇ,
ਹੁਣ ਘਰ ਆਇਆ ਜਾਨੀ ਮੇਰੇ, ਰਹਾਂ ਲੱਖ ਵਰ੍ਹੇ ਇਹਦੇ ਨਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

ਬੁਲ੍ਹਾ ਸ਼ਹੁ ਦੀ ਸੇਜ਼ ਪਿਆਰੀ, ਨੀ ਮੈਂ ਤਾਰਨਹਾਰੇ ਤਾਰੀ,
ਕਿਵੇਂ ਕਿਵੇਂ ਹੁਣ ਆਈ ਵਾਰੀ, ਹੁਣ ਵਿਛੜਨ ਹੋਇਆ ਮੁਹਾਲ ਨੀ ।
ਅੱਜ ਪੀ ਘਰ ਆਇਆ ਲਾਲ ਨੀ ।

33. ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ

ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ ।
ਆਪੇ ਮੁਰਲੀ ਆਪ ਘਨਈਆ, ਆਪੇ ਜਾਦੂਰਾਈ ।
ਆਪ ਗੋਬਰੀਆ ਆਪ ਗਡਰੀਆ, ਆਪੇ ਦੇਤ ਦਿਖਾਈ ।
ਅਨਹਦ ਦਵਾਰ ਕਾ ਆਯਾ ਗਵਰੀਆ, ਕੰਙਣ ਦਸਤ ਚੜ੍ਹਾਈ ।
ਮੂੰਡ ਮੁੰਡਾ ਮੋਹੇ ਪਰੀਤੀ ਕੋਰੇਨ ਕੰਨਾਂ ਮੈਂ ਪਾਈ ।
ਅੰਮ੍ਰਿਤ ਫਲ ਖਾ ਲਿਓ ਰੇ ਗੁਸਾਈਂ, ਥੋੜੀ ਕਰੋ ਬਫਾਈ ।
ਘਰ ਮੇਂ ਗੰਗਾ ਆਈ ਸੰਤੋ, ਘਰ ਮੇਂ ਗੰਗਾ ਆਈ ।

34. ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ

ਜ਼ੁਲਫ ਕੁੰਡਲ ਨੇ ਘੇਰਾ ਪਾਇਆ, ਬਿਸੀਅਰ ਹੋ ਕੇ ਡੰਗ ਚਲਾਇਆ,
ਵੇਖ ਅਸਾਂ ਵੱਲ ਤਰਸ ਨਾ ਆਇਆ, ਕਰ ਕੇ ਖੂਨੀ ਅੱਖੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।

ਦੋ ਨੈਣਾਂ ਦਾ ਤੀਰ ਚਲਾਇਆ, ਮੈਂ ਆਜ਼ਿਜ਼ ਦੇ ਸੀਨੇ ਲਾਇਆ,
ਘਾਇਲ ਕਰ ਕੇ ਮੁੱਖ ਛੁਪਾਇਆ, ਚੋਰੀਆਂ ਇਹ ਕਿਨ ਦੱਸੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।

ਬ੍ਰਿਹੋਂ ਕਟਾਰੀ ਤੂੰ ਕੱਸ ਕੇ ਮਾਰੀ, ਤਦ ਮੈਂ ਹੋਈ ਬੇਦਿਲ ਭਾਰੀ,
ਮੁੜ ਨਾ ਲਈ ਤੈਂ ਸਾਰ ਹਮਾਰੀ, ਪਤੀਆਂ ਤੇਰੀਆਂ ਕੱਚੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।

ਨੇਹੁੰ ਲਗਾ ਕੇ ਮਨ ਹਰ ਲੀਤਾ, ਫੇਰ ਨਾ ਆਪਣਾ ਦਰਸ਼ਨ ਦੀਤਾ,
ਜ਼ਹਿਰ ਪਿਆਲਾ ਮੈਂ ਇਹ ਪੀਤਾ, ਸਾਂ ਅਕਲੋਂ ਮੈਂ ਕੱਚੀਆਂ ਵੇ ।
ਘੁੰਘਟ ਚੁੱਕ ਓ ਸਜਣਾ, ਹੁਣ ਸ਼ਰਮਾਂ ਕਾਹਨੂੰ ਰੱਖੀਆਂ ਵੇ ।

35. ਘੁੰਘਟ ਓਹਲੇ ਨਾ ਲੁੱਕ ਸੋਹਣਿਆਂ

ਘੁੰਘਟ ਓਹਲੇ ਨਾ ਲੁੱਕ ਸੋਹਣਿਆਂ,
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।

ਜਾਨੀ ਬਾਝ ਦੀਵਾਨੀ ਹੋਈ, ਟੋਕਾਂ ਕਰਦੇ ਲੋਕ ਸਭੋਈ,
ਜੇ ਕਰ ਯਾਰ ਕਰੇ ਦਿਲਜੋਈ, ਮੈਂ ਤਾਂ ਫਰਿਆਦ ਪੁਕਾਰਦੀ ਹਾਂ ।
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।

ਮੁਫ਼ਤ ਵਿਕਾਂਦੀ ਜਾਂਦੀ ਬਾਂਦੀ, ਮਿਲ ਮਾਹੀਆ ਜਿੰਦ ਐਂਵੇਂ ਜਾਂਦੀ,
ਇਕਦਮ ਹਿਜਰ ਨਹੀਂ ਮੈਂ ਸਹਿੰਦੀ, ਮੈਂ ਬੁਲਬੁਲ ਇਸ ਗੁਲਜ਼ਾਰ ਦੀ ਹਾਂ ।
ਮੈਂ ਮੁਸ਼ਤਾਕ ਦੀਦਾਰ ਦੀ ਹਾਂ ।

36. ਗੁਰ ਜੋ ਚਾਹੇ ਸੋ ਕਰਦਾ ਏ

ਮੇਰੇ ਘਰ ਵਿਚ ਚੋਰੀ ਹੋਈ, ਸੁੱਤੀ ਰਹੀ ਨਾ ਜਾਗਿਆ ਕੋਈ,
ਮੈਂ ਗੁਰ ਫੜ ਸੋਝੀ ਹੋਈ, ਜੋ ਮਾਲ ਗਿਆ ਸੋ ਤਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।

ਪਹਿਲੇ ਮਖ਼ਫੀ ਆਪ ਖਜ਼ਾਨਾ ਸੀ, ਓਥੇ ਹੈਰਤ ਹੈਰਤਖ਼ਾਨਾ ਸੀ,
ਫਿਰ ਵਹਦਤ ਦੇ ਵਿਚ ਆਣਾ ਸੀ, ਕੁਲ ਜੁਜ਼ ਦਾ ਮੁਜਮਲ ਪਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।

ਕੁਨਫਯੀਕੂਨ ਆਵਾਜ਼ਾਂ ਦੇਂਦਾ, ਵਹਦਤ ਵਿਚੋਂ ਕਸਰਤ ਲੈਂਦਾ,
ਪਹਿਨ ਲਿਬਾਸ ਬੰਦਾ ਬਣ ਬਹਿੰਦਾ, ਕਰ ਬੰਦਗੀ ਮਸਜਦ ਵੜਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।

ਰੋਜ਼ ਮੀਸਾਕ ਅਲੱਸਤ ਸੁਣਾਵੇ, ਕਾਲੂਬਲਾ ਅਜ਼ਹਦ ਨਾ ਚਾਹਵੇ,
ਵਿਚ ਕੁਝ ਆਪਣਾ ਆਪ ਛੁਪਾਵੇ, ਉਹ ਗਿਣ ਗਿਣ ਵਸਤਾਂ ਧਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।

ਗੁਰ ਅੱਲ੍ਹਾ ਆਪ ਕਹੇਂਦਾ ਏ, ਗੁਰ ਅਲੀ ਨਬੀ ਹੋ ਬਹਿੰਦਾ ਏ,
ਘਰ ਹਰ ਦੇ ਦਿਲ ਵਿਚ ਰਹਿੰਦਾ ਏ, ਉਹ ਖਾਲੀ ਭਾਂਡੇ ਭਰਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।

ਬੁੱਲ੍ਹਾ ਸ਼ੌਹ ਨੂੰ ਘਰ ਵਿਚ ਪਾਇਆ, ਜਿਸ ਸਾਂਗੀ ਸਾਂਗ ਬਣਾਇਆ,
ਲੋਕਾਂ ਕੋਲੋਂ ਭੇਤ ਛੁਪਾਇਆ, ਉਹ ਦਰਸ ਪਰਮ ਦਾ ਪੜ੍ਹਦਾ ਏ ।
ਗੁਰ ਜੋ ਚਾਹੇ ਸੋ ਕਰਦਾ ਏ ।

37. ਹਾਜੀ ਲੋਕ ਮੱਕੇ ਨੂੰ ਜਾਂਦੇ

ਹਾਜੀ ਲੋਕ ਮੱਕੇ ਨੂੰ ਜਾਂਦੇ,
ਮੇਰਾ ਰਾਂਝਾ ਮਾਹੀ ਮੱਕਾ,
ਨੀ ਮੈਂ ਕਮਲੀ ਹਾਂ ।

ਮੈਂ ਤੇ ਮੰਗ ਰਾਂਝੇ ਦੀ ਹੋਈਆਂ,
ਮੇਰਾ ਬਾਬਲ ਕਰਦਾ ਧੱਕਾ,
ਨੀ ਮੈਂ ਕਮਲੀ ਹਾਂ ।

ਹਾਜੀ ਲੋਕ ਮੱਕੇ ਵੱਲ ਜਾਂਦੇ,
ਮੇਰੇ ਘਰ ਵਿਚ ਨੌਸ਼ੋਹ ਮੱਕਾ,
ਨੀ ਮੈਂ ਕਮਲੀ ਹਾਂ ।

ਵਿਚੇ ਹਾਜੀ ਵਿਚੇ ਗਾਜੀ,
ਵਿਚੇ ਚੋਰ ਉਚੱਕਾ,
ਨੀ ਮੈਂ ਕਮਲੀ ਹਾਂ ।

ਹਾਜੀ ਲੋਕ ਮੱਕੇ ਵੱਲ ਜਾਂਦੇ,
ਅਸਾਂ ਜਾਣਾ ਤਖ਼ਤ ਹਜ਼ਾਰੇ,
ਨੀ ਮੈਂ ਕਮਲੀ ਹਾਂ ।

ਜਿਤ ਵੱਲ ਯਾਰ ਉਤੇ ਵੱਲ ਕਅਬਾ,
ਭਾਵੇਂ ਫੋਲ ਕਿਤਾਬਾਂ ਚਾਰੇ,
ਨੀ ਮੈਂ ਕਮਲੀ ਹਾਂ ।

38. ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ

ਹੁਣ ਦਿਨ-ਚੜ੍ਹਿਆ ਕਦ ਹੋਵੇ, ਮੈਨੂੰ ਪਿਆਰਾ ਮੂੰਹ ਦਿਖਲਾਵੇ,
ਤਕਲੇ ਨੂੰ ਵਲ ਪੈ ਪੈ ਜਾਂਦੇ, ਕੌਣ ਲੁਹਾਰ ਲਿਆਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।

ਤੱਕਲਿਉਂ ਵਲ ਕੱਢ ਲੁਹਾਰਾ, ਤੰਦ ਚਲੇਂਦਾ ਨਾਹੀਂ,
ਘੜੀ ਘੜੀ ਇਹ ਝੋਲਾ ਖਾਂਦਾ, ਛੱਲੀ ਕਿਤ ਬਿਧ ਲਾਹਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।

ਪਲੀਤਾ ਨਹੀਂ ਜੇ ਬੀੜੀ ਬੰਨ੍ਹਾਂ, ਬਾਇੜ ਹੱਥ ਨਾ ਆਵੇ,
ਚਮੜਿਆਂ ਨੂੰ ਚੋਪੜ ਨਾਹੀਂ, ਮਾਹਲ ਪਈ ਬਤਲਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।

ਤ੍ਰਿੰਜਣ ਕੱਤਣ ਸੱਦਣ ਸਈਆਂ, ਬਿਰਹੋਂ ਢੋਲ ਬਜਾਵੇ,
ਤੀਲੀ ਨਹੀਂ ਜੋ ਪੂਣੀਆਂ ਵੱਟਾਂ, ਵੱਛਾ ਗੋਹੜੇ ਖਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।

ਮਾਹੀ ਛਿੜ ਗਿਆ ਨਾਲ ਮਹੀਂ ਦੇ, ਹੁਣ ਕੱਤਣ ਕਿਸ ਨੂੰ ਭਾਵੇ,
ਜਿੱਤ ਵੱਲ ਯਾਰ ਉਤੇ ਵੱਲ ਅੱਖੀਆਂ, ਮੇਰਾ ਦਿਲ ਬੇਲੇ ਵੱਲ ਧਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।

ਅਰਜ਼ ਏਹੋ ਮੈਨੂੰ ਆਣ ਮਿਲੇ ਹੁਣ, ਕੌਣ ਵਸੀਲਾ ਜਾਵੇ,
ਸੈ ਮਣਾਂ ਦਾ ਕੱਤ ਲਿਆ ਬੁੱਲ੍ਹਾ, ਸ਼ਹੁ ਮੈਨੂੰ ਗਲ ਲਾਵੇ,
ਹੱਥੀ ਢਿਲਕ ਗਈ ਮੇਰੇ ਚਰਖੇ ਦੀ, ਹੁਣ ਮੈਥੋਂ ਕੱਤਿਆ ਨਾ ਜਾਵੇ ।

39. ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ

ਗਲ ਅਲਫੀ ਸਿਰ-ਪਾ-ਬਰਹਿਨਾ, ਭਲਕੇ ਰੂਪ ਵਟਾਵੇਂਗਾ,
ਇਸ ਲਾਲਚ ਨਫ਼ਸਾਨੀ ਕੋਲੋਂ, ਓੜਕ ਮੂਨ ਮਨਾਵੇਂਗਾ,
ਘਾਟ ਜ਼ਿਕਾਤ ਮੰਗਣਗੇ ਪਿਆਦੇ, ਕਹੁ ਕੀ ਅਮਲ ਵਿਖਾਵੇਂਗਾ,
ਆਣ ਬਣੀ ਸਿਰ ਪਰ ਭਾਰੀ, ਅਗੋਂ ਕੀ ਬਤਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਹੱਕ ਪਰਾਇਆ ਜਾਤੋ ਨਾਹੀਂ, ਖਾ ਕਰ ਭਾਰ ਉਠਾਵੇਂਗਾ,
ਫੇਰ ਨਾ ਆ ਕਰ ਬਦਲਾ ਦੇਸੇਂ ਲਾਖੀ ਖੇਤ ਲੁਟਾਵੇਂਗਾ,
ਦਾਅ ਲਾ ਕੇ ਵਿਚ ਜਗ ਦੇ ਜੂਏ, ਜਿੱਤੇ ਦਮ ਹਰਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਜੈਸੀ ਕਰਨੀ ਵੈਸੀ ਭਰਨੀ, ਪ੍ਰੇਮ ਨਗਰ ਦਾ ਵਰਤਾਰਾ ਏ,
ਏਥੇ ਦੋਜ਼ਖ ਕੱਟ ਤੂੰ ਦਿਲਬਰ, ਅਗੇ ਖੁੱਲ੍ਹ ਬਹਾਰਾ ਏ,
ਕੇਸਰ ਬੀਜ ਜੋ ਕੇਸਰ ਜੰਮੇ, ਲਸ੍ਹਣ ਬੀਜ ਕੀ ਖਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਕਰੋ ਕਮਾਈ ਮੇਰੇ ਭਾਈ, ਇਹੋ ਵਕਤ ਕਮਾਵਣ ਦਾ,
ਪੌ-ਸਤਾਰਾਂ ਪੈਂਦੇ ਨੇ ਹੁਣ, ਦਾਅ ਨਾ ਬਾਜ਼ੀ ਹਾਰਨ ਦਾ,
ਉਜੜੀ ਖੇਡ ਛਪਣਗੀਆਂ ਨਰਦਾਂ, ਝਾੜੂ ਕਾਨ ਉਠਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਖਾਵੇਂ ਮਾਸ ਚਬਾਵੇਂ ਬੀੜੇ, ਅੰਗ ਪੁਸ਼ਾਕ ਲਗਾਇਆ ਈ,
ਟੇਢੀ ਪਗੜੀ ਅੱਕੜ ਚਲੇਂ, ਜੁੱਤੀ ਪੈਰ ਅੜਾਇਆ ਈ,
ਪਲਦਾ ਹੈਂ ਤੂੰ ਜਮ ਦਾ ਬਕਰਾ, ਆਪਣਾ ਆਪ ਕੁਹਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਪਲ ਦਾ ਵਾਸਾ ਵੱਸਣ ਏਥੇ, ਰਹਿਣ ਨੂੰ ਅਗੇ ਡੇਰਾ ਏ,
ਲੈ ਲੈ ਤੁਹਫੇ ਘਰ ਨੂੰ ਘੱਲੀਂ, ਇਹੋ ਵੇਲਾ ਤੇਰਾ ਏ,
ਓਥੇ ਹੱਥ ਨਾ ਲਗਦਾ ਕੁਝ ਵੀ, ਏਥੋਂ ਹੀ ਲੈ ਜਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਪੜ੍ਹ ਸਬਕ ਮੁਹੱਬਤ ਓਸੇ ਦਾ ਤੂੰ, ਬੇਮੂਜਬ ਕਿਉਂ ਡੁਬਨਾ ਏਂ,
ਪੜ੍ਹ ਪੜ੍ਹ ਕਿੱਸੇ ਮਗਜ਼ ਖਪਾਵੇਂ, ਕਿਉਂ ਖੁਭਣ ਵਿਚ ਖੁਭਣਾ ਏਂ,
ਹਰਫ਼ ਇਸ਼ਕ ਦਾ ਇੱਕੋ ਨੁਕਤਾ, ਕਾਹੇ ਕੋ ਊਠ ਲਦਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਭੁੱਖ ਮਰੇਂਦਿਆਂ ਨਾਮ ਅੱਲ੍ਹਾ ਦਾ, ਇਹੋ ਬਾਤ ਚੰਗੇਰੀ ਏ,
ਦੋਵੇਂ ਥੋਕ ਪੱਥਰ ਥੀਂ ਭਾਰੇ, ਔਖੀ ਜਿਹੀ ਇਹ ਫੇਰੀ ਏ,
ਆਣ ਬਣੀ ਜਦ ਸਿਰ ਪਰ ਭਾਰੀ, ਅੱਗੋਂ ਕੀ ਬਤਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਅੰਮਾਂ ਬਾਬਾ ਬੇਟੀ ਬੇਟਾ, ਪੁੱਛ ਵੇਖਾਂ ਕਿਉਂ ਰੋਂਦੇ ਨੀ,
ਰੰਨਾਂ ਕੰਜਕਾਂ ਭੈਣਾਂ ਭਾਈ, ਵਾਰਸ ਆਣ ਖਲੋਂਦੇ ਨੀ,
ਇਹ ਜੋ ਲੁੱਟਦੇ ਤੂੰ ਨਹੀਂ ਲੁੱਟਦਾ, ਮਰ ਕੇ ਆਪ ਲੁਟਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਇਕ ਇਕੱਲਿਆਂ ਜਾਣਾ ਈ ਤੈਂ, ਨਾਲ ਨਾ ਕੋਈ ਜਾਵੇਗਾ,
ਖਵੇਸ਼-ਕਬੀਲਾ ਰੋਂਦਾ ਪਿਟਦਾ, ਰਾਹੋਂ ਹੀ ਮੁੜ ਆਵੇਗਾ,
ਸ਼ਹਿਰੋਂ ਬਾਹਰ ਜੰਗਲ ਵਿਚ ਵਾਸੇ, ਓਥੇ ਡੇਰਾ ਪਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਕਰਾਂ ਨਸੀਹਤ ਵੱਡੀ ਜੇ ਕੋਈ, ਸੁਣ ਕਰ ਦਿਲ 'ਤੇ ਲਾਵੇਂਗਾ,
ਮੋਏ ਤਾਂ ਰੋਜ਼-ਹਸ਼ਰ ਨੂੰ ਉੱਠਣ, ਆਸ਼ਕ ਨਾ ਮਰ ਜਾਵੇਂਗਾ,
ਜੇ ਤੂੰ ਮਰੇਂ ਮਰਨ ਤੋਂ ਅੱਗੇ, ਮਰਨੇ ਦਾ ਮੁੱਲ ਪਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਜਾਂ ਰਾਹ ਸ਼ਰ੍ਹਾ ਦਾ ਪਕੜੇਂਗਾ, ਤਾਂ ਓਟ ਮੁਹੰਮਦੀ ਹੋਵੇਗਾ,
ਕਹਿੰਦੀ ਹੈ ਪਰ ਕਰਦੀ ਨਾਹੀਂ, ਇਹੋ ਖ਼ਲਕਤ ਰੋਵੇਂਗਾ,
ਹੁਣ ਸੁੱਤਿਆਂ ਤੈਨੂੰ ਕੌਣ ਜਗਾਏ, ਜਾਗਦਿਆਂ ਪਛਤਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਜੇ ਤੂੰ ਸਾਡੇ ਆਖੇ ਲੱਗੇਂ, ਤੈਨੂੰ ਤਖ਼ਤ ਬਹਾਵਾਂਗੇ,
ਜਿਸ ਨੂੰ ਸਾਰਾ ਆਲਮ ਢੂੰਡੇ, ਤੈਨੂੰ ਆਣ ਮਿਲਾਵਾਂਗੇ,
ਜ਼ੁਹਦੀ ਹੋ ਕੇ ਜ਼ੁਹਦ ਕਮਾਵੇਂ, ਲੈ ਪੀਆ ਗਲ ਲਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਐਵੇਂ ਉਮਰ ਗਵਾਈਆ ਔਗਤ, ਅਕਬਤ ਚਾ ਰੁੜ੍ਹਾਇਆ ਈ,
ਲਾਲਚ ਕਰ ਕਰ ਦੁਨੀਆਂ ਉੱਤੇ, ਮੁੱਖ ਸਫੈਦੀ ਆਇਆ ਈ,
ਅਜੇ ਵੀ ਸੁਣ ਜੇ ਤਾਇਬ ਹੋਵੇਂ, ਤਾਂ ਆਸ਼ਨਾ ਸਦਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

ਬੁੱਲ੍ਹਾ ਸ਼ੌਹ ਦੇ ਚਲਨਾ ਏਂ ਤਾਂ ਚਲ, ਕਿਹਾ ਚਿਰ ਲਾਇਆ ਈ,
ਜਿਕੋ ਧੱਕੇ ਕੀ ਕਰਨੇ, ਜਾਂ ਵਤਨੋਂ ਦਫ਼ਤਰ ਆਇਆ ਈ,
ਵਾਚੰਦਿਆਂ ਖਤ ਅਕਲ ਗਈਉ ਈ, ਰੋ ਰੋ ਹਾਲ ਵੰਜਾਵੇਂਗਾ,
ਹਿਜਾਬ ਕਰੇਂ ਦਰਵੇਸ਼ੀ ਕੋਲੋਂ, ਕਦ ਤਕ ਹੁਕਮ ਚਲਾਵੇਂਗਾ ।

40. ਹਿੰਦੂ ਨਾ ਨਹੀਂ ਮੁਸਲਮਾਨ

ਹਿੰਦੂ ਨਾ ਨਹੀਂ ਮੁਸਲਮਾਨ ।
ਬਹੀਏ ਤ੍ਰਿੰਜਣ ਤਜ ਅਭਿਮਾਨ ।

ਸੁੰਨੀ ਨਾ ਨਹੀਂ ਹਮ ਸ਼ੀਆ ।
ਸੁਲ੍ਹਾ ਕੁੱਲ ਕਾ ਮਾਰਗ ਲੀਆ ।

ਭੁੱਖੇ ਨਾ ਨਹੀਂ ਹਮ ਰੱਜੇ ।
ਨੰਗੇ ਨਾ ਨਹੀਂ ਹਮ ਕੱਜੇ ।

ਰੋਂਦੇ ਨਾ ਨਹੀਂ ਹਮ ਹੱਸਦੇ ।
ਉਜੜੇ ਨਾ ਨਹੀਂ ਹਮ ਵੱਸਦੇ ।

ਪਾਪੀ ਨਾ ਸੁਧਰਮੀ ਨਾ ।
ਪਾਪ ਪੁੰਨ ਕੀ ਰਾਹ ਨਾ ਜਾਣਾ ।

ਬੁੱਲ੍ਹਾ ਸ਼ਹੁ ਜੋ ਹਰਿ ਚਿਤ ਲਾਗੇ ।
ਹਿੰਦੂ ਤੁਰਕ ਦੂਜਨ ਤਿਆਗੇ ।

41. ਹੋਰੀ ਖੇਲੂੰਗੀ ਕਹਿ ਬਿਸਮਿਲਾਹ

ਨਾਮ ਨਬੀ ਕੀ ਰਤਨ ਚੜ੍ਹੀ ਬੂੰਦ ਪੜੀ ਅੱਲ੍ਹਾ ਅੱਲ੍ਹਾ,
ਰੰਗ ਰੰਗੀਲੀ ਓਹੀ ਖਿਲਾਵੇ, ਜੋ ਸਿੱਖੀ ਹੋਵੇ ਫਨਾਫੀ-ਅੱਲ੍ਹਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।

ਅਲਸਤੁ ਬੀਰੱਬੀਕੁਮ ਪ੍ਰੀਤਮ ਬੋਲੇ, ਸਭ ਸਖੀਆਂ ਨੇ ਘੁੰਘਟ ਖੋਲ੍ਹੇ,
ਕਾਲੂ ਬਲਾ ਹੀ ਯੂੰ ਕਰ ਬੋਲੇ, ਲਾਇਲਾਹ ਇਲਇਲਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।

ਨਾਹਨ ਅਕਰਬ ਕੀ ਬੰਸੀ ਬਜਾਈ, ਮਨ ਅਰਫ ਨਫਸਹੁ ਕੀ ਕੂਕ ਸੁਣਾਈ,
ਫਸੁਮਾਵੱਜੁ ਉਲ੍ਹਾ ਕੀ ਧੂਮ ਮਚਾਈ, ਵਿਚ ਦਰਬਾਰ ਰਸੂਲੇ ਅੱਲ੍ਹਾ,
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।

ਹਾਥ ਜੋੜ ਕਰ ਪਾਓਂ ਪੜੂੰਗੀ, ਆਜ਼ਿਜ਼ ਹੋ ਕਰ ਬੇਨਤੀ ਕਰੂੰਗੀ,
ਝਗੜਾ ਕਰ ਭਰ ਝੋਲੀ ਲੂੰਗੀ, ਨੂਰ ਮੁਹੰਮਦ ਸੱਲਉਲਾਹ ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।

ਫ਼ਜ਼ਕਰੂਨੀ ਕੀ ਹੋਰੀ ਬਨਾਊਂ, ਫ਼ਜ਼ਕਰੂਨੀ ਪੀਆ ਕੋ ਰਿਝਾਊਂ,
ਐਸੋ ਪੀਆ ਕੇ ਮੈਂ ਬਲ ਬਲ ਜਾਊਂ, ਕੈਸਾ ਪੀਆ ਸੁਬਹਾਨ ਅੱਲ੍ਹਾ ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।

ਸਿਬਗ਼ਤਉਲਾਹੈ ਕੀ ਭਰ ਪਿਚਕਾਰੀ, ਅਲਾਹ ਉਸ ਮੱਦ ਪੀ ਮੂੰਹ ਪਰ ਮਾਰੀ,
ਨੂਰ ਨਬੀ ਦਾ ਹੱਕ ਸੇ ਜਾਰੀ, ਨੂਰ ਮੁਹੰਮਦ-ਸੱਲਾ ਇੱਲਾ,
ਬੁੱਲ੍ਹਾ ਸ਼ਾਹ ਦੀ ਧੂਮ ਮਚੀ ਹੈ, ਲਾਇ-ਲਾ-ਇਲ ਇਲਾਹ ।
ਹੋਰੀ ਖੇਲੂੰਗੀ ਕਹਿ ਬਿਸਮਿਲਾਹ ।

42. ਹੁਣ ਕਿਸ ਥੀਂ ਆਪ ਛੁਪਾਈਦਾ

ਕਿਤੇ ਮੁੱਲਾਂ ਹੋ ਬੁਲੇਂਦੇ ਹੋ, ਕਿਤੇ ਸੁੰਨਤ ਫ਼ਰਜ਼ ਦਸੇਂਦੇ ਹੋ,
ਕਿਤੇ ਰਾਮ ਦੁਹਾਈ ਦੇਂਦੇ ਹੋ, ਕਿਤੇ ਮੱਥੇ ਤਿਲਕ ਲਗਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਮੈਂ ਮੇਰੀ ਹੈ ਕਿ ਤੇਰੀ ਹੈ, ਇਹ ਅੰਤ ਭਸਮ ਦੀ ਢੇਰੀ ਹੈ,
ਇਹ ਢੇਰੀ ਪੀਆ ਨੇ ਘੇਰੀ ਹੈ, ਢੇਰੀ ਨੂੰ ਨਾਚ ਨਚਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਕਿਤੇ ਬੇਸਿਰ ਚੌੜਾਂ ਪਾਓਗੇ, ਕਿਤੇ ਜੋੜ ਇਨਸਾਨ ਹੰਢਾਓਗੇ,
ਕਿਤੇ ਆਦਮ ਹਵਾ ਬਣ ਆਓਗੇ, ਕਦੀ ਮੈਥੋਂ ਵੀ ਭੁੱਲ ਜਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਬਾਹਰ ਜ਼ਾਹਰ ਡੇਰਾ ਪਾਇਉ, ਆਪੇ ਢੋਂ ਢੋਂ ਢੋਲ ਬਜਾਇਉ,
ਜਗ ਤੇ ਆਪਣਾ ਆਪ ਜਿਤਾਯੋ, ਫਿਰ ਅਬਦੁੱਲ ਦੇ ਘਰ ਧਾਈਦਾ।
ਹੁਣ ਕਿਸ ਥੀਂ ਆਪ ਛੁਪਾਈਦਾ ।

ਜੋ ਭਾਲ ਤੁਸਾਡੀ ਕਰਦਾ ਹੈ, ਮੋਇਆਂ ਤੋਂ ਅੱਗੇ ਮਰਦਾ ਹੈ,
ਉਹ ਮੋਇਆਂ ਵੀ ਤੈਥੋਂ ਡਰਦਾ ਹੈ, ਮਤ ਮੋਇਆਂ ਨੂੰ ਮਾਰ ਕੁਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਬਿੰਦਰਾਬਨ ਮੇਂ ਗਊਆਂ ਚਰਾਵੇ, ਲੰਕਾ ਚੜ੍ਹ ਕੇ ਨਾਦ ਵਜਾਵੇ,
ਮੱਕੇ ਦਾ ਬਣ ਹਾਜੀ ਆਵੇ, ਵਾਹ ਵਾਹ ਰੰਗ ਵਟਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਮਨਸੂਰ ਤੁਸਾਂ ਤੇ ਆਇਆ ਏ, ਤੁਸਾਂ ਸੂਲੀ ਪਕੜ ਚੜ੍ਹਾਇਆ ਏ,
ਮੇਰਾ ਭਾਈ ਬਾਬਲ ਜਾਇਆ ਏ, ਦਿਓ ਖੂਨ ਬਹਾ ਮੇਰੇ ਭਾਈ ਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਤੁਸੀਂ ਸਭਨੀਂ ਭੇਸੀਂ ਥੀਂਦੇ ਹੋ, ਆਪੇ ਮਦ ਆਪੇ ਪੀਂਦੇ ਹੋ,
ਮੈਨੂੰ ਹਰ ਜਾ ਤੁਸੀਂ ਦਸੀਂਦੇ ਹੋ, ਆਪੇ ਆਪ ਕੋ ਆਪ ਚੁਕਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਹੁਣ ਪਾਸ ਤੁਸਾਡੇ ਵੱਸਾਂਗੀ, ਨਾ ਬੇਦਿਲ ਹੋ ਕੇ ਨੱਸਾਂਗੀ,
ਸਭ ਭੇਤ ਤੁਸਾਡੇ ਦੱਸਾਂਗੀ, ਕਿਉਂ ਮੈਨੂੰ ਅੰਗ ਨਾ ਲਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਵਾਹ ਜਿਸ ਪਰ ਕਰਮ ਅਵੇਹਾ ਹੈ, ਤਹਿਕੀਕ ਉਹ ਵੀ ਤੈਂ ਜੇਹਾ ਹੈ,
ਸੱਚ ਸਹੀ ਰਵਾਇਤ ਏਹਾ ਹੈ, ਤੇਰੀ ਨਜ਼ਰ ਮਿਹਰ ਤਰ ਜਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਵਿਚ ਭਾਂਬੜ ਬਾਗ਼ ਲਵਾਈਦਾ, ਜਿਹੜਾ ਵਿਚੋਂ ਆਪ ਵਖਾਈਦਾ,
ਜਾਂ ਅਲਫੋਂ ਅਹਦ ਬਣਾਈਦਾ, ਤਾਂ ਬਾਤਨ ਕਿਆ ਬਤਲਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਬੇਲੀ ਅੱਲ੍ਹਾ ਵਾਲੀ ਮਾਲਕ ਹੋ, ਤੁਸੀਂ ਆਪੇ ਆਪਣੇ ਸਾਲਕ ਹੋ,
ਆਪੇ ਖ਼ਲਕਤ ਆਪ ਖ਼ਾਲਕ ਹੋ, ਆਪੇ ਅਮਰ ਮਅਰੂਫ਼ ਕਰਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਕਿਧਰੇ ਚੋਰ ਹੋ ਕਿਧਰੇ ਕਾਜ਼ੀ ਹੋ, ਕਿਤੇ ਮੰਬਰ ਤੇ ਬਹਿ ਵਾਅਜ਼ੀ ਹੋ,
ਕਿਤੇ ਤੇਗ਼ ਬਹਾਦਰ ਗ਼ਾਜ਼ੀ ਹੋ, ਆਪੇ ਆਪਣਾ ਕਟਕ ਚੜ੍ਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਆਪੇ ਯੂਸਫ਼ ਕੈਦ ਕਰਾਇਉ, ਯੂਨਸ ਮੱਛਲੀ ਤੋਂ ਨਿਗਲਾਇਉ,
ਸਾਬਰ ਕੀੜੇ ਘੱਤ ਬਹਾਇਉ, ਫੇਰ ਉਹਨਾਂ ਤਖ਼ਤ ਚੜ੍ਹਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

ਬੁੱਲ੍ਹਾ ਸ਼ੌਹ ਹੁਣ ਸਹੀ ਸਿੰਞਾਤੇ ਹੋ, ਹਰ ਸੂਰਤ ਨਾਲ ਪਛਾਤੇ ਹੋ,
ਕਿਤੇ ਆਤੇ ਹੋ ਕਿਤੇ ਜਾਤੇ ਹੋ, ਹੁਣ ਮੈਥੋਂ ਭੁੱਲ ਨਾ ਜਾਈਦਾ ।
ਹੁਣ ਕਿਸ ਥੀਂ ਆਪ ਛੁਪਾਈਦਾ ।

43. ਹੁਣ ਮੈਂ ਲਖਿਆ ਸੋਹਣਾ ਯਾਰ

ਹੁਣ ਮੈਂ ਲਖਿਆ ਸੋਹਣਾ ਯਾਰ ।
ਜਿਸ ਦੇ ਹੁਸਨ ਦਾ ਗਰਮ ਬਜ਼ਾਰ ।

ਜਦ ਅਹਿਦ ਇਕ ਇਕੱਲਾ ਸੀ, ਨਾ ਜ਼ਾਹਰ ਕੋਈ ਤਜੱਲਾ ਸੀ,
ਨਾ ਰੱਬ ਰਸੂਲ ਨਾ ਅੱਲ੍ਹਾ ਸੀ, ਨਾ ਜਬਾਰ ਤੇ ਨਾ ਕਹਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

ਬੇਚੂਨ ਵਾ ਬੇਚਗੂਨਾ ਸੀ, ਬੇਸ਼ਬੀਹ ਬੇਨਮੂਨਾ ਸੀ,
ਨਾ ਕੋਈ ਰੰਗ ਨਾ ਨਮੂਨਾ ਸੀ, ਹੁਣ ਗੂਨਾਂ-ਗੁਨ ਹਜ਼ਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

ਪਿਆਰਾ ਪਹਿਨ ਪੋਸ਼ਾਕਾਂ ਆਇਆ, ਆਦਮ ਆਪਣਾ ਨਾਮ ਧਰਾਇਆ,
ਅਹਦ ਤੇ ਬਣ ਅਹਿਮਦ ਆਇਆ, ਨਬੀਆਂ ਦਾ ਸਰਦਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

ਕੁਨ ਕਿਹਾ ਫਾਜੀਕੂਨ ਕਹਾਇਆ, ਬੇਚੂਨੀ ਸੇ ਚੂਨੀ ਬਣਾਇਆ,
ਅਹਦ ਦੇ ਵਿਚ ਮੀਮ ਰਲਾਇਆ, ਤਾਂ ਕੀਤਾ ਐਡ ਪਸਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

ਤਜੂੰ ਮਸੀਤ ਤਜੂੰ ਬੁੱਤਖਾਨਾ, ਬਰਤੀ ਰਹਾਂ ਨਾ ਰੋਜ਼ਾ ਜਾਨਾ,
ਭੁੱਲ ਗਿਆ ਵੁਜ਼ੂ ਨਮਾਜ਼ ਦੁਗਾਨਾ, ਤੈਂ ਪਰ ਜਾਨ ਕਰਾਂ ਬਲਿਹਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

ਪੀਰ ਪੈਗ਼ੰਬਰ ਇਸਦੇ ਬਰਦੇ, ਇਸ ਮਲਾਇਕ ਸਜਦੇ ਕਰਦੇ,
ਸਰ ਕਦਮਾਂ ਦੇ ਉੱਤੇ ਧਰਦੇ, ਸਭ ਤੋਂ ਵੱਡੀ ਉਹ ਸਰਕਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

ਜੋ ਕੋਈ ਉਸ ਨੂੰ ਲਖਿਆ ਚਾਹੇ, ਬਾਝ ਵਸੀਲੇ ਲਖਿਆ ਨਾ ਜਾਏ,
ਸ਼ਾਹ ਅਨਾਇਤ ਭੇਤ ਬਤਾਏ, ਤਾਂ ਖੁੱਲ੍ਹੇ ਸਭ ਇਸਰਾਰ ।
ਹੁਣ ਮੈਂ ਲਖਿਆ ਸੋਹਣਾ ਯਾਰ ।

44. ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ

ਹਾਦੀ ਮੈਨੂੰ ਸਬਕ ਪੜ੍ਹਾਇਆ, ਓਥੇ ਗ਼ੈਰ ਨਾ ਆਇਆ ਜਾਇਆ,
ਮਤਲਕ ਜ਼ਾਤ ਜਮਾਲ ਵਿਖਾਇਆ, ਵਹਦਤ ਪਾਇਆ ਸ਼ੋਰ ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ ।

ਅੱਵਲ ਹੋ ਕੇ ਲਾਮਕਾਨੀ, ਜ਼ਾਹਰ ਬਾਤਨ ਦਿਸਦਾ ਜਾਨੀ,
ਰਿਹਾ ਨਾ ਮੇਰਾ ਨਾਮ ਨਿਸ਼ਾਨੀ, ਮਿਟ ਗਿਆ ਝਗੜਾ ਸ਼ੋਰ ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ ।

ਪਿਆਰਾ ਆਪ ਜਮਾਲ ਵਿਖਾਲੇ, ਮਸਤ ਕਲੰਦਰ ਹੋਣ ਮਤਵਾਲੇ,
ਹੰਸਾਂ ਦੇ ਹੁਣ ਵੇਖ ਲੈ ਚਾਲੇ, ਬੁੱਲ੍ਹਾ ਕਾਗਾਂ ਦੀ ਹੁਣ ਗਈ ਟੋਰ ।
ਹੁਣ ਮੈਨੂੰ ਕੌਣ ਪਛਾਣੇ, ਹੁਣ ਮੈਂ ਹੋ ਗਈ ਨੀ ਕੁਝ ਹੋਰ ।

45. ਇਕ ਅਲਫ਼ ਪੜ੍ਹੋ ਛੁੱਟਕਾਰਾ ਏ

ਇਕ ਅਲਫ਼ੋਂ ਦੋ ਤਿੰਨ ਚਾਰ ਹੋਏ, ਫਿਰ ਲੱਖ ਕਰੋੜ ਹਜ਼ਾਰ ਹੋਏ,
ਫਿਰ ਉਥੋਂ ਬਾਝੋਂ ਸ਼ਮਾਰ ਹੋਏ, ਇਕ ਅਲਫ਼ ਦਾ ਨੁਕਤਾ ਨਿਆਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।

ਕਿਉਂ ਪੜ੍ਹਨਾ ਏਂ ਗੱਡ ਕਿਤਾਬਾਂ ਦੀ, ਸਿਰ ਚਾਨਾ ਏਂ ਪੰਡ ਅਜ਼ਾਬਾਂ ਦੀ,
ਹੁਣ ਹੋਇਉਂ ਸ਼ਕਲ ਜੱਲਾਦਾਂ ਦੀ, ਅੱਗੇ ਪੈਂਡਾ ਮੁਸ਼ਕਲ ਭਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।

ਬਣ ਹਾਫ਼ਜ ਹਿਫ਼ਜ ਕੁਰਾਨ ਕਰੇਂ, ਪੜ੍ਹ ਪੜ੍ਹ ਕੇ ਸਾਫ਼ ਜ਼ਬਾਨ ਕਰੇਂ,
ਫਿਰ ਨਿਆਮਤ ਵਿਚ ਧਿਆਨ ਕਰੇਂ, ਮਨ ਫਿਰਦਾ ਜਿਉਂ ਹਲਕਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।

ਬੁੱਲ੍ਹਾ ਬੀ ਬੋਹੜ ਦਾ ਬੋਇਆ ਈ, ਉਹ ਬਿਰਛ ਵੱਡਾ ਜਾ ਹੋਇਆ ਈ,
ਜਦ ਬਿਰਛ ਉਹ ਫਾਨੀ ਹੋਇਆ ਈ, ਫਿਰ ਰਹਿ ਗਿਆ ਬੀ ਅਕਾਰਾ ਏ,
ਇਕ ਅਲਫ਼ ਪੜ੍ਹੋ ਛੁੱਟਕਾਰਾ ਏ ।

46. ਇਕ ਨੁਕਤਾ ਯਾਰ ਪੜ੍ਹਾਇਆ ਏ

ਇਕ ਨੁਕਤਾ ਯਾਰ ਪੜ੍ਹਾਇਆ ਏ ।
ਇਕ ਨੁਕਤਾ ਯਾਰ ਪੜ੍ਹਾਇਆ ਏ ।

ਐਨ ਗ਼ੈਨ ਦੀ ਹਿੱਕਾ ਸੂਰਤ, ਇੱਕ ਨੁਕਤੇ ਸ਼ੋਰ ਮਚਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਸੱਸੀ ਦਾ ਦਿਲ ਲੁੱਟਣ ਕਾਰਨ, ਹੋਤ ਪੁਨੂੰ ਬਣ ਆਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

ਬੁੱਲ੍ਹਾ ਸ਼ਹੁ ਦੀ ਜ਼ਾਤ ਨਾ ਕਾਈ, ਮੈਂ ਸ਼ੌਹ ਇਨਾਇਤ ਪਾਇਆ ਏ,
ਇਕ ਨੁਕਤਾ ਯਾਰ ਪੜ੍ਹਾਇਆ ਏ ।

47. ਇਕ ਨੁੱਕਤੇ ਵਿਚ ਗੱਲ ਮੁੱਕਦੀ ਏ

ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ,
ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ,
ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।

ਐਵੇਂ ਮੱਥਾ ਜ਼ਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ,
ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ,
ਕਦੀ ਬਾਤ ਸੱਚੀ ਵੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।

ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ,
ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ,
ਕਦੀ ਬਾਤ ਸੱਚੀ ਭੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।

ਇਕ ਜੰਗਲ ਬਹਿਰੀਂ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ,
ਬੇ ਸਮਝ ਵਜੂਦ ਥਕਾਂਦੇ ਨੀ, ਘਰ ਹੋਵਣ ਹੋ ਕੇ ਮਾਂਦੇ ਨੀ,
ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।

ਫੜ ਮੁਰਸ਼ਦ ਆਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ,
ਬੇਖਾਹਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ,
ਬੁੱਲ੍ਹਾ ਬਾਤ ਸੱਚੀ ਕਦੋਂ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ ।

48. ਇਕ ਰਾਂਝਾ ਮੈਨੂੰ ਲੋੜੀਦਾ

ਕੁਨ-ਫਅਕੂਨੋਂ ਅੱਗੇ ਦੀਆਂ ਲਗੀਆਂ,
ਨੇਹੁੰ ਨਾ ਲਗੜਾ ਚੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਆਪ ਛਿੜ ਜਾਂਦਾ ਨਾਲ ਮੱਝੀਂ ਦੇ,
ਸਾਨੂੰ ਕਿਉਂ ਬੇਲਿਉਂ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਰਾਂਝੇ ਜਿਹਾ ਮੈਨੂੰ ਹੋਰ ਨਾ ਕੋਈ,
ਮਿੰਨਤਾਂ ਕਰ ਕਰ ਮੋੜੀਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਮਾਨ ਵਾਲੀਆਂ ਦੇ ਨੈਣ ਸਲੋਨੇ,
ਸੂਹਾ ਦੁਪੱਟਾ ਗੋਰੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

ਅਹਿਦ ਅਹਿਮਦ ਵਿਚ ਫਰਕ ਨਾ ਬੁੱਲ੍ਹਿਆ,
ਇਕ ਰੱਤੀ ਭੇਤ ਮਰੋੜੀ ਦਾ,
ਇਕ ਰਾਂਝਾ ਮੈਨੂੰ ਲੋੜੀਦਾ ।

49. ਇਲਮੋਂ ਬੱਸ ਕਰੀਂ ਓ ਯਾਰ

ਇਲਮ ਨਾ ਆਵੇ ਵਿਚ ਸ਼ੁਮਾਰ, ਇਕੋ ਅਲਫ਼ ਤੇਰੇ ਦਰਕਾਰ,
ਜਾਂਦੀ ਉਮਰ ਨਹੀਂ ਇਤਬਾਰ, ਇਲਮੋਂ ਬੱਸ ਕਰੀਂ ਓ ਯਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਇਲਮ ਲਗਾਵੇਂ ਢੇਰ, ਕੁਰਾਨ ਕਿਤਾਬਾਂ ਚਾਰ ਚੁਫੇਰ,
ਗਿਰਦੇ ਚਾਨਣ ਵਿਚ ਅਨ੍ਹੇਰ, ਬਾਝੋਂ ਰਾਹਬਰ ਖਬਰ ਨਾ ਸਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਸ਼ੇਖ ਮਸਾਇਖ ਹੋਇਆ, ਭਰ ਭਰ ਪੇਟ ਨੀਂਦਰ ਭਰ ਸੋਇਆ,
ਜਾਂਦੀ ਵਾਰੀ ਨੈਣ ਭਰ ਰੋਇਆ, ਡੁੱਬਾ ਵਿਚ ਉਰਾਰ ਨਾ ਪਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਸ਼ੇਖ ਮਸਾਇਮ ਕਹਾਵੇਂ, ਉਲਟੇ ਮਸਲੇ ਘਰੋਂ ਬਣਾਵੇਂ,
ਬੇ-ਅਕਲਾਂ ਨੂੰ ਲੁਟ ਲੁਟ ਖਾਵੇਂ, ਉਲਟੇ ਸਿੱਧੇ ਕਰੇਂ ਕਰਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਮੁੱਲਾਂ ਹੋਇ ਕਾਜ਼ੀ, ਅੱਲਾਹ ਇਲਮਾ ਬਾਹਝੋਂ ਰਾਜ਼ੀ,
ਹੋਏ ਹਿਰਸ ਦਿਨੋ ਦਿਨ ਤਾਜ਼ੀ, ਨਫ਼ਾ ਨੀਅਤ ਵਿਚ ਗੁਜ਼ਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਨਫ਼ਲ ਨਮਾਜ਼ ਗੁਜ਼ਾਰੇਂ, ਉੱਚੀਆਂ ਬਾਂਗਾਂ ਚਾਂਘਾਂ ਮਾਰੇਂ,
ਮੰਤਰ ਤੇ ਚੜ੍ਹ ਵਾਅਜ਼ ਪੁਕਾਰੇਂ, ਕੀਤਾ ਤੈਨੂੰ ਹਿਰਸ ਖੁਆਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਮਸਲੇ ਰੋਜ਼ ਸੁਣਾਵੇਂ, ਖਾਣਾ ਸ਼ੱਕ ਸੁਬਹੇ ਦਾ ਖਾਵੇਂ,
ਦੱਸੇਂ ਹੋਰ ਤੇ ਹੋਰ ਕਮਾਵੇਂ, ਅੰਦਰ ਖੋਟ ਬਾਹਰ ਸਚਿਆਰ ।
ਇਲਮੋਂ ਬੱਸ ਕਰੀਂ ਓ ਯਾਰ ।

ਪੜ੍ਹ ਪੜ੍ਹ ਇਲਮ ਨਜੂਮ ਵਿਚਾਰੇ, ਗਿਣਦਾ ਰਾਸਾਂ ਬੁਰਜ ਸਤਾਰੇ,
ਪੜ੍ਹੇ ਅਜ਼ੀਮਤਾਂ ਮੰਤਰ ਝਾੜੇ, ਅਬ ਜਦ ਗਿਣੇ ਤਅਵੀਜ਼ ਸ਼ੁਮਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਇਲਮੋਂ ਪਏ ਕਜ਼ੀਏ ਹੋਰ, ਅੱਖੀਂ ਵਾਲੇ ਅੰਨ੍ਹੇ ਕੋਰ,
ਫੜੇ ਸਾਧ ਤੇ ਛੱਡੇ ਚੋਰ, ਦੋਹੀਂ ਜਹਾਨੀਂ ਹੋਇਆ ਖੁਆਰ ।
ਇਲਮੋਂ ਬੱਸ ਕਰੀਂ ਓ ਯਾਰ ।

ਇਲਮੋਂ ਪਏ ਹਜ਼ਾਰਾਂ ਫਸਤੇ, ਰਾਹੀ ਅਟਕ ਰਹੇ ਵਿਚ ਰਸਤੇ,
ਮਾਰਿਆ ਹਿਜਰ ਹੋਏ ਦਿਲ ਖਸਤੇ, ਪਿਆ ਵਿਛੋੜੇ ਦਾ ਸਿਰ ਭਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਇਲਮੋਂ ਮੀਆਂ ਜੀ ਕਹਾਵੇਂ, ਤੰਬਾ ਚੁੱਕ ਚੁੱਕ ਮੰਡੀ ਜਾਵੇਂ,
ਧੇਲਾ ਲੈ ਕੇ ਛੁਰੀ ਚਲਾਵੇਂ, ਨਾਲ ਕਸਾਈਆਂ ਬਹੁਤ ਪਿਆਰ ।
ਇਲਮੋਂ ਬੱਸ ਕਰੀਂ ਓ ਯਾਰ ।

ਬਹੁਤਾ ਇਲਮ ਅਜ਼ਰਾਈਲ ਨੇ ਪੜ੍ਹਿਆ, ਝੁੱਗਾ ਤਾਂ ਓਸੇ ਦਾ ਸੜਿਆ,
ਗਲ ਵਿਚ ਤੌਕ ਲਾਹਨਤ ਦਾ ਪੜਿਆ, ਆਖ਼ਿਰ ਗਿਆ ਉਹ ਬਾਜ਼ੀ ਹਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਜਦ ਮੈਂ ਸਬਕ ਇਸ਼ਕ ਦਾ ਪੜ੍ਹਿਆ, ਦਰਿਆ ਵੇਖ ਵਹਦਤ ਦਾ ਵੜਿਆ,
ਘੁੰਮਣ ਘੇਰਾਂ ਦੇ ਵਿਚ ਅੜਿਆ, ਸ਼ਾਹ ਇਨਾਇਤ ਲਾਇਆ ਪਾਰ ।
ਇਲਮੋਂ ਬੱਸ ਕਰੀਂ ਓ ਯਾਰ ।

ਬੁੱਲ੍ਹਾ ਨਾ ਰਾਫਜ਼ੀ ਨਾ ਹੈ ਸੁੰਨੀ, ਆਲਮ ਫ਼ਾਜ਼ਲ ਨਾ ਆਲਮ ਜੁੰਨੀ,
ਇਕੋ ਪੜ੍ਹਿਆ ਇਲਮ ਲਦੁੰਨੀ, ਵਾਹਦ ਅਲਫ਼ ਮੀਮ ਦਰਕਾਰ ।
ਇਲਮੋਂ ਬੱਸ ਕਰੀਂ ਓ ਯਾਰ ।

50. ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ

ਦਿਲ ਦੀ ਵੇਦਣ ਕੋਈ ਨਾ ਜਾਣੇ, ਅੰਦਰ ਦੇਸ ਬਗਾਨੇ,
ਜਿਸ ਨੂੰ ਚਾਟ ਅਮਰ ਦੀ ਹੋਵੇ, ਸੋਈ ਅਮਰ ਪਛਾਣੇ,
ਏਸ ਇਸ਼ਕ ਦੀ ਔਖੀ ਘਾਟੀ, ਜੋ ਚੜ੍ਹਿਆ ਸੋ ਜਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।

ਆਤਸ਼ ਇਸ਼ਕ ਫ਼ਰਾਕ ਤੇਰੇ ਦੀ, ਪਲ ਵਿਚ ਸਾੜ ਵਿਖਾਈਆਂ,
ਏਸ ਇਸ਼ਕ ਦੇ ਸਾੜੇ ਕੋਲੋਂ, ਜਗ ਵਿਚ ਦਿਆਂ ਦੁਹਾਈਆਂ,
ਜਿਸ ਤਨ ਲੱਗੇ ਸੋ ਤਨ ਜਾਣੇ, ਦੂਜਾ ਕੋਈ ਨਾ ਜਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।

ਇਸ਼ਕ ਕਸਾਈ ਨੇ ਜੇਹੀ ਕੀਤੀ, ਰਹਿ ਗਈ ਖਬਰ ਨਾ ਕਾਈ,
ਇਸ਼ਕ ਚਵਾਤੀ ਲਾਈ ਛਾਤੀ, ਫੇਰ ਨਾ ਝਾਤੀ ਪਾਈ,
ਮਾਪਿਆਂ ਕੋਲੋਂ ਛੁਪ ਛੁਪ ਰੋਵਾਂ, ਕਰ ਕਰ ਲੱਖ ਬਹਾਨੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।

ਹਿਜਰ ਤੇਰੇ ਨੇ ਝੱਲੀ ਕਰਕੇ, ਕਮਲੀ ਨਾਮ ਧਰਾਇਆ,
ਸੁਮੁਨ ਬੁਕਮੁਨ ਵ ਉਮਯੁਨ ਹੋ ਕੇ, ਆਪਣਾ ਵਕਤ ਲੰਘਾਇਆ,
ਕਰ ਹੁਣ ਨਜ਼ਰ ਕਰਮ ਦੀ ਸਾਈਆਂ, ਨ ਕਰ ਜ਼ੋਰ ਧਙਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।

ਹੱਸ ਬੁਲਾਵਾਂ ਤੇਰਾ ਜਾਨੀ, ਯਾਦ ਕਰਾਂ ਹਰ ਵੇਲੇ,
ਪਲ ਪਲ ਦੇ ਵਿਚ ਦਰਦ ਜੁਦਾਈ, ਤੇਰਾ ਸ਼ਾਮ ਸਵੇਲੇ,
ਰੋ ਰੋ ਯਾਦ ਕਰਾਂ ਦਿਨ ਰਾਤੀਂ, ਪਿਛਲੇ ਵਕਤ ਵਿਹਾਣੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।

ਇਸ਼ਕ ਤੇਰਾ ਦਰਕਾਰ ਅਸਾਂ ਨੂੰ, ਹਰ ਵੇਲੇ ਹਰ ਹੀਲੇ,
ਪਾਕ ਰਸੂਲ ਮੁਹੰਮਦ ਸਾਹਿਬ, ਮੇਰੇ ਖਾਸ ਵਸੀਲੇ,
ਬੁੱਲ੍ਹੇ ਸ਼ਾਹ ਜੋ ਮਿਲੇ ਪਿਆਰਾ, ਲੱਖ ਕਰਾਂ ਸ਼ੁਕਰਾਨੇ ।
ਇਸ਼ਕ ਅਸਾਂ ਨਾਲ ਕੇਹੀ ਕੀਤੀ, ਲੋਕ ਮਰੇਂਦੇ ਤਅਨੇ ।

  • Next......(51-100)
  • ਮੁੱਖ ਪੰਨਾ : ਮੁਕੰਮਲ ਕਲਾਮ ਬਾਬਾ ਬੁੱਲ੍ਹੇ ਸ਼ਾਹ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ