Col. Jasmer Singh Bala
ਕਰਨਲ ਜਸਮੇਰ ਸਿੰਘ ਬਾਲਾ
ਕਰਨਲ ਜਸਮੇਰ ਸਿੰਘ ਬਾਲਾ ਬਹੁਤ ਬੁਲੰਦ ਮੁਰਾਤਬੇ ਵਾਲੇ ਸ਼ਾਇਰ ਹਨ ਜਿਨ੍ਹਾਂ ਨੇ ਸਹਿਜ ਤੋਰ ਤੁਰਦਿਆਂ ਕਲਮ ਨਾਲ ਮੁਹੱਬਤ ਕੀਤੀ ਹੈ। ਇਸੇ ਮੁਹੱਬਤ ਚੋਂ ਹੀ ਉਨ੍ਹਾਂ ਦੀ ਕਵਿਤਾ ਫੁੱਟੀ ਤੇ ਪ੍ਰਵਾਨ ਚੜ੍ਹੀ।
ਗੌਰਮਿੰਟ ਕਾਲਿਜ ਰੋਪੜ ਚ ਬੀਏ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਐੱਮ ਏ ਪੰਜਾਬੀ (1961)ਕਰਨ ਉਪਰੰਤ ਪੀ ਐੱਚ ਡੀ ਆਰੰਭੀ ਪਰ ਭਾਰਤੀ ਸੈਨਾ ਵਿੱਚ ਕਮਿਸ਼ਨ ਮਿਲਣ ਕਾਰਨ ਖੋਜ ਕਾਰਜ ਅਧੂਰਾ ਰਹਿ ਗਿਆ।
ਪੰਜਾਬੀ ਲੇਖਕ ਡਾਃ ਗੁਰਭਗਤ ਸਿੰਘ, ਡਾਃ ਕੇਸਰ ਸਿੰਘ ਕੇਸਰ, ਪ੍ਰੋਃ ਹਰਿੰਦਰ ਮਹਿਬੂਬ, ਉਜਾਗਰ ਸਿੰਘ ਕੰਵਲ ਤੇ ਸਿਰਜਕਾਂ ਦੇ ਵਿਸ਼ਾਲ ਕਾਫ਼ਲੇ ਨਾਲ ਤੁਰਿਆ ਇਹ ਸ਼ਾਇਰ ਸਿਰਫ਼ ਦੋ ਕਾਵਿ ਕਿਤਾਬਾਂ ਤੂਫ਼ਾਨਾਂ ਦੀ ਗੋਦ ਵਿਚ ਅਤੇ ਧੀਆਂ ਦੇ ਗੀਤ ਦਾ ਸਿਰਜਕ ਹੈ।
ਰੋਪੜ ਜ਼ਿਲ੍ਹੇ ਦੇ ਪਿੰਡ ਸੰਤਪੁਰ ਚੁਪਕੀ ਚ ਪਿਤਾ ਸਃ ਜਾਗੀਰ ਸਿੰਘ ਦੇ ਘਰ ਮਾਤਾ ਬਲਦੇਵ ਕੌਰ ਦੀ ਕੁਖੋਂ ਪਹਿਲੀ ਫਰਵਰੀ 1939 ਨੂੰ ਜਨਮੇ ਜਸਮੇਰ ਸਿੰਘ ਨੂੰ ਸ਼ਿਵਾਲਕ ਦੀਆਂ ਪਹਾੜੀਆਂ ਦੇ ਮੁੱਢ ਨੇ ਅੰਬਾਂ ਦੀ ਮਹਿਕ ਛਾਵੇਂ ਪਾਲ਼ਿਆ ਹੈ।
ਵਰਤਮਾਨ ਸਮੇਂ ਮੋਹਾਲੀ ਵੱਸਦੇ ਕਰਨਲ ਜਸਮੇਰ ਸਿੰਘ ਬਾਲਾ 2008 ਤੇਂ ਲਗਾਤਾਰ ਸਿੱਖ ਐਜੂਕੇਸ਼ਨਲ ਸੋਸਾਇਟੀ ਦੇ ਆਨਰੇਰੀ ਸਕੱਤਰ ਹਨ। ਗੁਰੂ ਗੋਬਿੰਦ ਸਿੰਘ ਕਾਲਿਜ ਤੇ ਹੋਰ ਵਿਦਿਅਕ ਅਦਾਰੇ ਚੰਡੀਗੜ੍ਹ, ਸਿੱਖ ਨੈਸ਼ਨਲ ਕਾਲਿਜ ਬੰਗਾ ਤੇ ਸਿੱਖ ਨੈਸ਼ਨਲ ਕਾਲਿਜ
ਕਾਦੀਆਂ ਦਾ ਸਮੁੱਚਾ ਪ੍ਰਬੰਧ ਚਲਾਉਣ ਤੋਂ ਇਲਾਵਾ ਆਪ ਰਾਜਨੀਤੀ ਵਿੱਚ ਵੀ ਸੈਨਾ ਤੋਂ ਸੇਵਾ ਮੁਕਤੀ ਉਪਰੰਤ ਚੋਖੇ ਸਰਗਰਮ ਰਹੇ ਹਨ।
ਸਾਲ 2013 ਵਿੱਚ ਆਪ ਨੇ ਚੋਣਵੇਂ ਉਰਦੂ ਮੁਸ਼ਾਇਰਿਆਂ ਦੀ ਸ਼ਾਇਰੀ ਨੂੰ ਉਰਦੂ ਮੁਸ਼ਾਇਰੇ ਨਾਮ ਹੇਠ ਸੰਪਾਦਿਤ ਕੀਤਾ।
ਆਪ ਨੇ ਸਿੱਖ ਐਜੂਕੇਸ਼ਨਲ ਸੋਸਾਇਟੀ ਨੈਰੇਟਿਵ ਐਂਡ ਪਿਕਟੋਰੀਅਲ ਹਿਸਟਰੀ ਅਤੇ ਫਰੈਗਰੈਂਟ ਰੀਕੋਲੈਕਸ਼ਨਜ਼ ਆਫ ਗਿਆਨੀ ਜ਼ੈਲ ਸਿੰਘ ਨਾਮੀ ਅੰਗਰੇਜ਼ੀ ਪੁਸਤਕਾਂ ਵੀ ਲਿਖੀਆਂ ਹਨ। ਉਨ੍ਹਾਂ ਦਾ ਕਥਨ ਸੁਣਾ ਕੇ ਗੱਲ ਮੁਕਾਵਾਂਗਾ।
ਮੇਰੀ ਧੀ ਹੈ ਆਪਣੀ ਮਾਲਕ,
ਮੇਰੀ ਧੀ ਕੋਈ ਵਸਤੂ ਨਹੀਂ ਹੈ।
ਵੱਡੇ ਵੀਰ ਦੀ ਸਾਹਿੱਤ ਸਿਰਜਣਾ ਨੂੰ ਸਲਾਮ। - ਗੁਰਭਜਨ ਗਿੱਲ
ਤੂਫ਼ਾਨਾਂ ਦੀ ਗੋਦ ਵਿਚ : ਜਸਮੇਰ ਸਿੰਘ ਬਾਲਾ
ਧੀਆਂ ਦੇ ਗੀਤ : ਜਸਮੇਰ ਸਿੰਘ ਬਾਲਾ