Dheean De Geet : Jasmer Singh Bala

ਧੀਆਂ ਦੇ ਗੀਤ (ਕਾਵਿ ਸੰਗ੍ਰਹਿ) : ਜਸਮੇਰ ਸਿੰਘ ਬਾਲਾਸੁਗ਼ਾਤ

1. ਬ੍ਰੱਜ-ਭੂਮੀ ਦਾ ਨਜ਼ਾਰਾ ਅਲੋਕਾਰ, ਮੇਲ੍ਹਦੀ ਜਾਂਦੀ ਸਦੀਵੀ-ਸੁੰਦਰੀ ਜਮਨਾ ਨਦੀ, ਗੋਪੀਆਂ ਦੇ ਕਾਫ਼ਲੇ- ਮਹਿਕਦੇ ਤੇ ਟਹਿਕਦੇ, ਸੌ ਵ੍ਰਿੰਦਾਵਣ। ਕਾਨ੍ਹ ਦੇ ਦਰਬਾਰ ਵੱਲ ਸਭਨਾਂ ਵਹੀਰਾਂ ਘੱਤੀਆਂ, ਸੁੱਚਿਆਂ ਰੰਗਾਂ ਦੇ ਉੱਜਲ ਯਾਤਰੂ ਜਾਗਦੇ ਜਿਉਂਦੇ ਮਸੀਹਾ ਵੱਲ ਵਗੇ। ਖ਼ੁਸ਼ਬੂ ਹਵਾ ਦੀ ਜ਼ੁਲਫ਼ ’ਤੇ ਬੈਠੀ ਪਲਾਕੀ ਮਾਰ ਕੇ। ਮਥਰਾ ਪਤੀ ਨੂੰ ਹੋ ਰਹੀ ਇਉਂ ਵੰਦਨਾ- ਸਭ ਕਵੀ ਵਰ, ਤੱਪੇ-ਰਿਖੀਸਰ, ਰਾਜਗਾਨ, ਰਾਣੀਆਂ, ਪਟਰਾਣੀਆਂ ਸੋਲਾਂ ਹਜ਼ਾਰ, ਬੀਰ-ਜੋਧੇ, ਭੂਪ, ਸਭ ਰਾਜੇ ਨਰੇਸ਼, ਤਲਵਾਰਾਂ ਝੁਕਾ ਕੇ ਸਿਰ ਨਿਵਾ ਕੇ ਖੜੇ ਹਨ। ਸਾਂਵਲਾ ਸੂਰਜ ਦਮਕਦਾ ਲਿਸ਼ਕਦਾ, ਹਰ ਨਜ਼ਰ ਨੂੰ ਨੂਰ ਬਖ਼ਸ਼ੇ ਆਪਣੇ ਦਰਬਾਰ ਵਿਚ। ਨਜ਼ਰਾਂ, ਨਿਆਜ਼ਾਂ, ਭੇਂਟ ਤੁਹਫ਼ੇ ਆ ਰਹੇ, ਮੋਤੀਆਂ ਦੇ ਥਾਲ ਪਟਰਾਣੀ ਫੜੇ, ਫੁੱਲ, ਗਜਰੇ ਸਾਂਭ ਰਾਧਾ ਨੇ ਲਏ, ਇੰਦਰ ਨੂੰ ਲੱਜਾ ਆ ਰਹੀ ਸ਼ਯਾਮ ਦੇ ਦਰਬਾਰ ਦੀ ਇਸ ਸ਼ਾਨ ਤੋਂ, ਹਾਰ ਮੰਨੀ ਦੂਸਰੀ ਵਾਰੀ ਯਸ਼ੋਧਾ ਲਾਲ ਤੋਂ। ਪਰੇ ਇਕ ਪੰਡਤ ਸੀ ਕੁਝ ਦੁਬਲਾ ਜੇਹਾ, ਤੇੜ ਧੋਤੀ ਬੰਨ੍ਹੀ ਧੁੰਦਲਾਈ ਜੇਹੀ, ਖ਼ੀਸੇ ਚੋਂ ਬੁਚਕੀ ਕੱਢ ਕੇ ਕਾਨ੍ਹ ਨੂੰ ਭਾਬੀ ਦਾ ਦੇ ਕੇ ਵਾਸਤਾ ਸੱਤੂਆਂ ਦੀ ਭੇਂਟ ਕਰਨਾ ਚਾਹੁੰਦਾ; ਦੋ ਜਹਾਨਾਂ ਦੇ ਪੈਗੰਬਰ ਸ਼ਾਹਾਂ, ਸ਼ਹਿਨਸ਼ਾਹਾਂ ਦੇ ਉਸ ਸਮਰਾਟ ਨੂੰ। 2. ਇੰਝ ਨੇ ਤੇਰੇ ਹਜ਼ੂਰ ਇਹ ਮੇਰੇ ਗੀਤਾਂ ਦੇ ਬੋਲ। ਰੰਗ ਬਰੰਗੇ ਫੁੱਲ ਕੁਝ ਕੰਡੇ ਵੀ ਨੇ, ਦਾਜ ਏਹੋ ਬਾਬਲੇ ਦਾ।

ਸਤਲੁਜ ਦੀ ਬੇਟੀ

1. ਅੰਮ੍ਰਿਤ ਵੇਲੇ ਪਰਬਤ, ਮੈਦਾਨਾਂ, ਖੇਤਾਂ ਵਿੱਚ ਤੇ ਘਰ ਮੇਰੇ, ਸਹਿਜ ਸੁਭਾਏ, ਚੁਪਕੇ ਚੁਪਕੇ, ਕਣੀ ਕਣੀ ਦੀ ਰਹਿਮਤ ਬਰਸੀ ਕੱਤਕ ਦੀ ਵਡਭਾਗੀ ਰੁੱਤੇ। ਦਾਤਾ! ਤੇਰੀ ਬਖ਼ਸ਼ਿਸ਼ ਕੁਦਰਤ, ਕੁੱਲ ਦੁਨੀਆਂ ਤੇ ‘ਇਸ ਜੀਅ’ ’ਤੇ। ਨਿੰਮੀ ਨਿੰਮੀ ਲੋਅ ਨਿਕਸੀ ਹੈ ਊੁਸ਼ਾ ਨੇ ਅੰਗੜਾਈਆਂ ਲਈਆਂ ਛੇਤੀ ਹੀ ਹੁਣ ਦਿਨ ਚੜ੍ਹਨਾ ਹੈ। ਇਸ ਮਾਣਸ ਦੇ ਦਿਲ ਵੀ ਪੁੰਗਰੀ ਹੈ ਜਲ-ਵੰਦਨਾ ਦੀ ਅਭਿਲਾਸ਼ਾ ! ਮੋਢੇ ਪਰਨਾ, ਤੇੜ ਕਛਹਿਰਾ, ਸਤਲੁਜ ਜੀ ਦੇ ਰਾਹ 'ਤੇ ਤੁਰਿਆ। ਕਲਗੀਧਰ ਦੇ ਪੈਰ ਚੁੰਮ ਕੇ, ਰੋਪੜ ਵੱਲ ਤੁਰ-ਤੁਰ ਕੇ ਆਉਂਦੇ ਸੂਖਮ ਜਲ ਪਰੀਆਂ ਦੇ ਟੋਲੇ। ਕੂਲੀ ਕੂਲੀ ਪੌਣ ਸੁਗੰਧੀ ਵੀ ਓਸੇ ਸਾਹਿਬ ਨੇ ਰੁਮਕਾਈ। ਸਾਂਭ ਅੰਜੁਲੀ, ਮੂੰਹ ਸਿਰ ਉੱਤੋਂ ਪੂਰਬ, ਪੱਛਮ ਮੁੜ ਮੁੜ ਵਾਰੀ ਸੱਜਰਾ ਸੁਹਣਾ ਦਿਨ ਚੜ੍ਹਿਆ ਹੈ ਜੀਵਨ ਦੀ ਲੋਅ ਪਸਰਨ ਲੱਗੀ ਚਾਰ ਚੁਫ਼ੇਰੇ, ਵੀਹਵੀਂ ਸਦੀ ਦੇ ਸਾਰੇ ਮਾਣਸ ਆਪਣੇ ਆਪਣੇ ਕੰਮੀਂ ਲੱਗੇ। ਜੁਗਾਂ ਜੁਗਾਂ ਦੀ ਖੇਲ ਚਲਤਿ ਹੈ, ਤਿਣਕਾ ਤਿਣਕਾ ਨਿਕਸ ਬਿਗਸ ਕੇ ਧਰਤੀ, ਦਰਿਆ, ਜੰਗਲ ਹੋਏ, ਪਰਬਤ ਉੱਗੇ, ਸਾਗਰ ਲਹਿਰੇ, ਅਣੂ ਅਣੂ ਤੋਂ ਖ਼ਲਕਤ ਉਪਜੀ, ਅੰਡਜ, ਜੇਰਜ, ਸੇਤਜ, ਉੱਤਭੁਜ ਸਾਰੇ। 2. ਭੋਂ ਪੰਜਾਬ ਦੀ ਪਿਆਸੀ ਪਿਆਸੀ, ਬੂੰਦ ਬੂੰਦ ਪਾਣੀ ਨੂੰ ਤਰਸੀ, ਮੱਕੀ, ਚਰ੍ਹੀ ਨੇ ਸਾਡੇ ਖੇਤੋਂ ਅੰਬਰ ਵੱਲ ਅਰਦਾਸੇ ਕੀਤੇ। ਸਤਿਗੁਰ ਜੀ ਨੇ ਮੇਰੇ ਘਰ ਵੀ “ਪੁੰਨ’ ਦਾਤ ਦੀ ਕਿਰਪਾ ਕੀਤੀ। ਇਹ ਉਮਰਾ ਦਾ ਜਾਦੂ, ਕੋਈ ਬੁੱਝ ਨਾ ਸੱਕੇ, ਕਹਿ ਨਾ ਸੱਕੇ! (“ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ')*। ਪਰ ਮੈਂ ਜਾਣਾਂ ਸਾਡੇ ਖੇਤੀਂ ਮੱਕੀ, ਚਰ੍ਹੀ ਦੇ ਟੂਸੇ ਫੁੱਟੇ, ਸਿੱਟੇ ਨਿੱਸਰੇ । ਮੇਰੇ ਬਾਬੇ ਦੇ ਬਾਗ਼ੀਂ ਵੀ ਲੱਗਿਆ ਇਕ ਜਾਮੁਣ ਦਾ ਬੂਟਾ। ਮੇਰੇ ਘਰ ਕੰਨਿਆਂ ਦੀ ਬਖ਼ਸ਼ਿਸ਼ । ਫੇਰ ਅਚਾਨਕ ਫ਼ਸਲਾਂ ਪੱਕੀਆਂ, ਅੰਬੀਆਂ ਟਪਕਣ, ਜਾਮੁਣ ਦੁਆਲੇ ਰਾਗ ਅਲਾਪਣ ਸ਼ਹਿਦ ਮੱਖੀਆਂ। ਸੌ ਸੁਗਾਤਾਂ ਵਰਗੀ, ਨਿੱਕੀ ਜਿੰਦ ਇਹ ਵਧਦੀ ਵਧਦੀ ਸਰੂ ਹੋਏਗੀ। ਪਤਾ ਨਹੀਂ ਕਿੰਝ ਸਜ ਧਜ ਹੋਈ- ਪੈਰੀਂ ਝਾਂਜਰ, ਸਿਰ ਸੱਗੀ ਫੁੱਲ, ਲੌਂਗ ਨੱਕ ਵਿੱਚ, ਵਾਲੀਂ ਪਾਸਾ, ਨਵੇਂ ਸਮੇਂ ਦੀ ਵਿੱਦਿਆ ਦੇ ਚਾਨਣ ਵਿੱਚ ਲਿਸ਼ਕੀ, ਸੱਭਿਤਾ ਦੇ ਵਿਹੜੇ ਵਿੱਚ ਮੌਲੀ। ਅਪਣਾ ਆਪਾ ਬੋਚ ਕੇ ਰੱਖੀਂ! ਤਾਣ ਵੀ ਹੋਵੇ, ਮਾਣ ਵੀ ਹੋਵੇ, ਕਦਰਾਂ ਦਾ ਅਨੁਮਾਨ ਵੀ ਹੋਵੇ, ਅੱਖਾਂ ਵਿੱਚ ਪਹਿਚਾਣ ਵੀ ਹੋਵੇ, ਮੋਹ ਮੁਹੱਬਤ ਸ਼ਾਨ ਵੀ ਹੋਵੇ, ਤੇ, ਜੀਵਨ ਦੀ ਗੁਜ਼ਰਾਨ ਵੀ ਹੋਵੇ। ‘ਪੁੰਨੀਂ ਸਗਵੀਂ ਪੂਰਨਮਾਸ਼ੀ, ਗਊ ਦਾਨ ਹੁੰਦੇ ਹੋਵਣਗੇ, ਕੋਈ ਇਹ ਪੁੰਨ ਦਾ ਦਾਨ ਨਹੀਂ ਹੈ, ਕਿਸੇ ਦੀ ਇਹ ਜਾਇਦਾਦ ਨਹੀਂ ਹੈ, ਭੁੱਖੇ ਘਰ ਲਈ ਦਾਜ ਨਹੀਂ ਹੈ, ਮੇਰੀ ਧੀ ਹੈ ਆਪਣੀ ਮਾਲਕ, ਮੇਰੀ ਧੀ ਕੋਈ ਵਸਤੁ ਨਹੀਂ ਹੈ। ਇਹ ਧੀਓ ਸਮਿਆਂ ਦੀ ਹਾਣੀ, ਸੱਚ ਮੁੱਚ ਰਾਣੀ ਮਹਾਰਾਣੀ। ਇਹ ਖ਼ੁਸ਼ਬੂ ਦੀ ਲਹਿਰ ਤੁਰੀ ਹੈ, ਪੌਣ ਦੇ ਲੜ ’ਤੇ ਉਡਦੀ ਜਾਣੀ, ਇਸਨੇ ਖ਼ੁਦ ਹੀ ਮੰਜ਼ਿਲ ਚੁਣਨੀ। ਇਹ ਮੇਰੀ ਸਤਲੁਜ ਦੀ ਬੇਟੀ। 1 ਅਗਸਤ, 1973 ਰੋਪੜ * ਗੁਰੂ ਨਾਨਕ ਦੇਵ

ਸ਼ੈਰੀ ਦੀਆਂ ਅੱਖਾਂ ਦੇ ਪ੍ਰਥਮ ਦਰਸ਼ਨ

ਤੇਰੀਆਂ ਮਾਸੂਮ ਅੱਖਾਂ ਵਿਚ ਮੈਂ ਜਦੋਂ ਸੀ ਤੱਕਿਆ, ਪਹਿਲੀ ਵਾਰ, ਸੌ ਪੁਲਾੜਾਂ ਪਾਰ ਤੋਂ ਆਏ, ਕਿਸੇ ਘੁੱਗੀ ਦੇ ਨੈਣ, ਚੁੱਪ-ਚਾਪ, ਬਿਟ-ਬਿਟ ਤੱਕਦੇ ਮਾਸੂਮ ਬੋਟ, ਇੱਕ ਗਹਿਰਾਈ, ਜਿਦ੍ਹੀ ਕੋਈ ਥਾਹ ਨਹੀਂ, ਸ਼ਾਂਤੀ, ਜੋ ਤਾਂਘਦੇ ਨਿੰਬਲ ਅਕਾਸ਼, ਤਾਜ਼ਗੀ, ਜੋ ਢੂੰਡਦੀ ਕੂਲੀ ਸਵੇਰ, ਚੱਪ ਜਿਸ ਤੋਂ ਜਨਮਦੇ ਸੈਆਂ ਸੁਆਲ । ਖੌਫ਼ ਸੀ ਕਿ ਸਹਿਮ, ਜਾਂ ਹੈਰਾਨਗੀ, ਵੀਰਾਨਗੀ! ਇਕ ਭਰੋਸੇ ਦੀ ਤਲਬ ਜਾਂ ਰਮਜ਼ ਸੀ ਵਿਸ਼ਵਾਸ ਦੀ ? ਡਗਮਗਾਈ ਹੋਏਂਗੀ ਤੂੰ ਦੇਖ ਕੇ ਮੇਰੀਆਂ ਅੱਖਾਂ ਦੀ, ਅਬਤਰ ਬੇਬਸੀ, ਇਕ ਨਾਕਾਫ਼ੀ ਖ਼ੁਸ਼ੀ, ਤੇਰੀ ਆਮਦ ’ਤੇ, ਕੋਈ ਗੂੰਜੇ ਨਾ ਨਾਦ, ਕੋਈ ਸ਼ਹਿਨਾਈ ਨ ਰਾਗ। ਪਰ ਮੇਰਾ ਵਿਸ਼ਵਾਸ ਸੀ, ਤੇਰੀਆਂ ਅੱਖਾਂ ’ਚ ਚਾਨਣ ਹੈ ਇਲਾਹੀ ਨੂਰ ਹੈ। ਤੂੰ ਮੇਰੇ ਵਿਸ਼ਵਾਸ ਦੀ, ਰੀਝਾਂ ਦੀ ਦੇਵੀ ਬਣੇਂਗੀ, ਤੇਰੀਆਂ ਅੱਖਾਂ 'ਚ ਕੋਹ-ਏ-ਤੂਰ* ਹੈ। (*ਕੋਹ-ਏ-ਤੂਰ’ ਜਾਂ ਕੋਹ-ਏ-ਸੀਨ ਇਕ ਪਰਸਿੱਧ ਪਹਾੜ ਦਾ ਨਾਮ ਹੈ ਜੋਅਰਬ ਦੇ ਉੱਤਰ ਪੱਛਮ ਵਿੱਚ ਸਥਿਤ ਹੈ। ਇਸ ਪਹਾੜ ਉੱਤੇ ਹਜ਼ਰਤ ਮੂਸਾ (moses) ਅੱਲਾਹ ਨਾਲ ਹਮਕਲਾਮ (ਸਨਮੁਖ, ਸੰਬੋਧਕ) ਹੋਏ ਸੀ।)

ਧੀ ਦੇ ਪਿਓ ਨੂੰ ਮਾਂ ਦਾ ਤੋਹਫ਼ਾ

1. ਤੇਰੇ ਬੁੱਲ੍ਹਾਂ 'ਤੇ ਜੋ ਵਾਕ ਨਾ ਬਣਿਆ, ਤੇਰੇ ਦਿਲ ਦਾ ਭੇਦ ਨਾ ਖੁੱਲ੍ਹਾ, ਮਨ ਅੰਤਰ ਦੀ ਪੀੜ ਨ ਨਿਕਸੀ, ਮਨ ਤੇਰੇ ਨੇ ਬਾਤ ਨ ਪਾਈ। ਪਰ ਮੈਂ ਧੁਰ ਅੰਦਰ ਝਾਕ ਲਿਆ ਸੀ। ਹੁਣ ਤੇਰੀ ਰੀਝ ਨੂੰ ਬੂਰ ਪਿਆ ਹੈ, ਆਸ ਤੇਰੀ ਦੀ ਕਰੂੰਬਲ ਫੁੱਟੀ, ਲੈ ਤਨ ਮਨ ਦੀ ਭੇਂਟ ਹੈ ਹਾਜ਼ਰ, ਤੂੰ ਅੱਜ ਭਾਗਾਂ ਵਾਲਾ ਹੋਇਆ। 2. ਪਿੰਡੇ 'ਤੇ ਕੁਝ ਰਿੰਮ-ਝਿੰਮ ਰਿੰਮ-ਝਿੰਮ, ਰਹਿਮਤ ਦੀ ਬਰਖ਼ਾ ਹੈ ਹੋਈ, ਮੇਰੇ ਹੱਥ ਅੱਜ ਹਰੇ ਭਰੇ ਨੇ , ਹਰ ਪਾਸੇ ਹਰਿਆਵਲ ਦਿੱਸੇ, ਬਾਹਾਂ ਵਿੱਚੋਂ ਸਰ-ਸਰ ਹੋਈ ਉਂਗਲਾਂ 'ਚੋਂ ਕੋਈ ਬੂਟ ਪੁੰਗਰਿਆ, ਮੇਰੀ ਤਲੀ 'ਤੇ ਬਿਰਖ਼ ਪਸਰਿਆ, ਏਸ ਹਿੱਕ ਦੀ ਧਰਤ 'ਤੇ ਉੱਗਿਆ, ਇਹਦੀ ਜੜ੍ਹ ਮੇਰੀ ਕੁੱਖ ਅੰਦਰ, ਮੇਰੀਆਂ ਨਾੜਾਂ ਇਹਦੀਆਂ ਲਗਰਾਂ, ਖੇਤ ਵੜ੍ਹੀ ਹੈ ਬੂੰਦ ਅੰਮ੍ਰਿਤੀ, ਇਸ ਬੂਟੇ ਦੇ ਪੱਤੇ ਪੱਤੇ ਮੋਤੀ ਡਲ੍ਹਕਣ, ਸਾਡਾ ਲਗਨ ਅਡੰਬਰ ਬਣਿਆ। ਹੁਣ ਜੀਵਨ ਹੈ ਸਫ਼ਲਾ-ਸੁਫ਼ਲਾ, ਏਹ ਦਾਤੇ ਤੋਂ ਦਾਤ ਮਿਲੀ ਹੈ। 3. ਐ ਮੇਰੇ ਜੀਵਨ ਸਾਥੀ ਸੁਣ ! ਤੇਰੇ ਦਰ, ਘਰ, ਕੁਲ, ਵਿਰਸੇ ਨੂੰ, ਇੱਕ ਸਰਬੋਤਮ ਵਰ ਮਿਲਿਆ ਹੈ, ਧੰਨ ਹੋਈ ਹੁਣ ਮੇਰੀ ਆਰਜਾ, ਇਹ ਤੇਰੇ ’ਤੇ ਅਹਿਸਾਨ ਨਹੀਂ ਹੈ, ਪਰ ਉਮਰਾ ਦਾ ਵਰਦਾਨ ਏਹੀ ਹੈ, ਹੁਣ ਤੇਰੀ ਪੱਗ ਦਾ ਸ਼ਮ੍ਹਲਾ ਉੱਚਾ, ਤੇਰੇ ਘਰ ਲੱਖਮੀਂ ਦੀ ਦੌਲਤ, ਤੇਰੇ ਘਰ ਕੰਜਕ ਦੀ ਬਰਕਤ ਮੇਰੇ ਹੱਥ ਵਿੱਚ ਬਿਰਖ਼ ਸਮਾਇਆ, ਪਵਿਤ, ਪੁਨੀਤ, ਪਾਵਨ, ਸੁੱਚ, ਸੂਖ਼ਮ, ਸੰਤ ਜਨਾਂ, ਸੁਰਜਨੁ ਦੀ ਮੇਲਣ, “ਏਹ ਤੀਨੋ ਲੋਗਨ ਕੀ ਪਿਆਰੀ।"* ਮੈਲ ਨਹੀਂ ਇਸ ਅੰਦਰ ਕੋਈ, ਇਹ ਅੰਮ੍ਰਿਤ ਨੇ ਖ਼ਾਸ ਨਿਖ਼ਾਰੀ। ਇਹ ਤੈਨੂੰ ਹੈ ਮੇਰਾ ਤੁਹਫ਼ਾ । * ਭਗਤ ਕਬੀਰ ਜੀ ਦੀ ਪੰਕਤੀ

ਸ਼ੇਅਰ ਮੇਰੇ, ਸ਼ਗਨ ਤੇਰੇ

‘ਸ਼ੇਅਰ' ਇਹ ਤੇਰੇ ਲਈ, ਇਹ ਮੇਰੇ ਕੱਚੇ ਖ਼ਿਆਲ, ਜ਼ਿੰਦਗੀ ਦੇ ਇਹ ‘ਉਬਾਲ', ਉਮਰ ਨੇ ਕੀਤੇ ਸੁਆਲ, ਮਨ ਮਚਲਦੀ ਆਸ, ਕਿ ਬਲਦੀ ਮਸ਼ਾਲ, ‘ਹੌਸਲਾ’ ਤੂੰ ਬੇਮਿਸਾਲ, “ਆਸਰਾ' ਤੂੰ ਲਾਮਿਸਾਲ। ਹਰ ਸਮੇਂ ਤੇਰਾ ਕਰਮ। ਅੱਖ ਦੇ ਹੰਝੂ ਕਿ ਕਿਰਦਾ ਖ਼ੂਨ ਹੈ! ਸੋਚ ਠਹਿਰੀ ਹੈ, ਜਾਂ ਭੁਰਦੇ ਹੱਡਾਂ ਦਾ ‘ਜ਼ੁਆਲ'* । ਮੈਂ ਪਿਆਸਾ, ਟੁੱਟਿਆ, ਮਾਰੂਥਲਾਂ ਵਿਚ ਭਟਕਦਾਂ, ਆਸਮਾਂ ਦੀ ਗੋਦ ਤੋਂ ਬੋਦੀ ਦਾ ਤਾਰਾ ਬਿਖਰਿਆ। ਜੰਗਲਾਂ 'ਚੋਂ ਲੱਭਦਾਂ, ਮੈਂ ਇੱਕ ਟੋਟਾ ਸੜਕ ਦਾ। ਬੇਸਹਾਰਾ, ਤਾਰਿਆਂ ਤੋਂ ਹੀ ਹੁੰਗਾਰੇ ਭਾਲਦਾਂ। ਤੇਰੀ ਸੂਰਤ ਮੇਰੇ ਕਣ-ਕਣ ਵਿਚ ਪਰ ਵੱਸੇ ਸਦਾ, ਅੱਖ ਮੀਚਣ ਸਾਰ ਉੱਭਰੇ ਇਕ ਸਤਰੰਗੀ ਲਹਿਰ, ਧੀ ਏਂ ਤੂੰ, ਕਿ ਹੈਂ ਬਹਾਰਾਂ ਦੀ ਖ਼ਬਰ ! ਜਿਊਣ-ਜੋਗੀ, ਤੂੰ ਬਹਾਰਾਂ ਦਾ ਵਜੂਦ, ‘ਗਾਲਿਬ’ ਦੀ ਉੱਤਮ ਗ਼ਜ਼ਲ ਦੀ ਸੂਖ਼ਮ ਬਹਿਰ। *ਨਿਘਾਰ (Decline)

ਸ਼ੈਰੀ ਦੇ ਪਹਿਲੇ ਬੋਲ

ਜਦ ਤੂੰ ਮਾਂ ਦੀ ਗੋਦ 'ਚੋਂ ਪਹਿਲੀ ਵਾਰੀ ਮੁਸਕਰਾਈ ਬਾਂਸੁਰੀ ਦੇ ਗਲੇ ਤੋਂ, ਪਹਿਲੀ ਸੂਰ ਜਿਉਂ ਸਰਸਰਾਈ। ਤਾਰ ਦੀ ਰਗ ਤੋਂ ਤਰੱਨੁਮ ਦਾ ਸਫ਼ਰ, ਤੂੰ ਤਾਂ ਸਾਰੀ ਜ਼ਿੰਦਗੀ ਦੇ ਸਾਜ਼, ਸੁਰ, ਸਰਗਮ ਬਣੀ ਇੱਕ ਬੋਲ ਤੇਰਾ । ਅਰਬਦਾਂ ਤੇ ਨਰਬਦਾਂ ਤੋਂ ਪਾਰ ਹੈ। ਪਹਿਲਾਂ ਪਰਵ੍ਰਦਗਾਰ ਨੇ, 'ਹਰਫ਼ੇ-ਕੁਨ-ਫੈਕੂੰ'* ਕਿਹਾ। ਹੁਣ ਫ਼ੋਨ ਉੱਤੇ ਜਦ ਵੀ ਤੂੰ “ਹੈਲੋ’ ਕਹੇਂ ਉਗਮਦੇ ਨੇ ਸੌ ਸਰੋਦੀ-ਸੋਜ਼, ਅਨਹਦ ਰਾਗ ਸ਼ਹਿਨਾਈ ਦੀ ਗੂੰਜ। *(‘ਕੁਨ ਫ਼ਨਕਾਨ’ ਜਾਂ ‘ਕੁਨ ਫਯਕੂਨ- ਸ਼੍ਰਿਸ਼ਟੀ ਦੇ ਰਚਣ ਸਮੇਂ ਅੱਲਾਹ ਨੇ ਜੋ ਜੋ ਚੀਜ਼ ਪੈਦਾ ਕਰਨੀ ਸੀ, ਉਸ ਨੇ ਫ਼ਰਮਾਇਆ ‘ਕੁਨ’ ਅਰਥਾਤ 'ਹੋ ਜਾ', ਤੇ ‘ਫ਼ਕਾਂ’ ਜਾਂ ‘ਫਯਕੂਨ’ ‘ਹੋ ਗਈ, ਭਾਵ ਹੋਂਦ ਵਿਚ ਆ ਗਈ, ਸਾਰੀ ਸ੍ਰਿਸ਼ਟੀ ਦੀ ਰਚਨਾ।)

ਪੁੰਨੀ ਦਾ ਪਹਿਲਾ ਜਨਮ ਦਿਨ

1. ਜਨਮ-ਜਨਮਾਂਤਰ ਦੀ ਗਾਥਾ ’ਤੇ ਮੇਰਾ ਵਿਸ਼ਵਾਸ ਨਹੀਂ, ਫੇਰ ਮਾਣਸ ਜੂਨ ਵਿਚ ਆਵਣ ਦੀ ਇੱਛਾ-ਆਸ ਨਹੀਂ, ਕਰਮਾਂ-ਧਰਮਾਂ, ਹਸਤ ਰੇਖਾਵਾਂ ਦਾ ਵੀ ਧਰਵਾਸ ਨਹੀਂ, ਨੇਕੀਆਂ, ਬਦੀਆਂ, ਸਰਾਪਾਂ, ਹੋਣੀਆਂ ਦਾ ਪਾਸ ਨਹੀਂ। ਨ ਹੀ ਮੈਨੂੰ ਪ੍ਰਾਪਤੀ ਦੀ ਕੋਈ ਵੱਡੀ ਆਸ ਹੈ, ਬਹੁਤ ਪੀਂਦੇ ਰਹਿਣ ਦੀ ਵੀ ਰੀਝ ਨ ਕੋਈ ਖ਼ਾਸ ਹੈ। 2. ਕੁਝ ਅਚੰਭੇ ਜ਼ਿੰਦਗੀ ਵਿਚ ਇਸ ਤਰ੍ਹਾਂ ਨੇ ਵਾਪਰੇ, ਜਦ ਬੈਠ ਝੂਲੇ ’ਤੇ ਗਿਆ ਮੁੰਹ-ਝਾਖਰੇ, ਇਕ ਫ਼ਰਿਸ਼ਤਾ ਸੀ ਜਾਂ ਬਦਲੋਟੀ ਕੋਈ ਟਕਰਾ ਗਈ, ਤੂੰ ਨ ਆਉਣਾ ਸੀ ਅਚਾਨਕ ਯਾਦ ਤੇਰੀ ਆ ਗਈ। 3. ਭੂਰੇ ਕਾਲੇ ਵਾਲ ਤੇਰੇ ਅੰਬਰਾਂ 'ਤੇ ਛਾ ਗਏ, ਉਮਰਾਂ ਦੇ ਸੋਕੇ ਮੁਕ ਗਏ, ਦਿਨ ਫੇਰ ਚੰਗੇ ਆ ਗਏ। ਕਿਸ ਨਵੇਂ ਸਾਗਰ ਤੋਂ ਕੂਲੀ ਪੌਣ ਏਥੇ ਆਈ ਹੈ ? ਤਪਦੇ ਥਲ ’ਤੇ, ਮੁੜ ਕੋਈ, ਬੱਦਲੀ ਜੇਹੀ ਜੋ ਛਾਈ ਹੈ, ਮਿਹਰ ਦੀ ਬਰਖਾ, ਤੇ ਦਿਲ ਦਾ ਚੈਨ ਸੁਖ ਲੈ ਆਈ ਹੈ। ਚਰ੍ਹੀ ਨਿਸਰੇਗੀ, ਕਮਾਦੀ ਆਗ ਸਰਸਰ ਕਰਨਗੇ, ਜੀਰੀਆਂ ਦੇ ਨੇਫ਼ਿਆਂ ਵਿਚ ਹਿਰਨ ਖ਼ੁਸ਼ਬੂ ਭਰਨਗੇ, ਉੱਗਣ, ਵਧਣ, ਫੁੱਲਣ ਦਾ ਮੌਸਮ ਘਰੋ-ਘਰ ਛਾ ਜਾਏਗਾ, ਇਕ ਹਰੀ ਹੁਰਾਂ ਪਰੀ ਦਾ ਰਾਜ ਛੇਤੀ ਛਾਏਗਾ। ਵੇਲ ਬੂਟੇ, ਖੇਤ ਵਿਹੜੇ ਸਭ ਹਰੇ ਹੋ ਜਾਣਗੇ, ਕੁਕੇਗੀ ਕੋਇਲ ਅੰਬ ’ਤੇ ਹੁਣ ਮੋਰ ਪੈਲਾਂ ਪਾਣਗੇ, ਗੁਣਗੁਣਾਂਦਾ ਭੌਰ ਫੁੱਲਾਂ ਹਸਦਿਆਂ ਵੱਲ ਜਾਏਗਾ, ਅਰਸ਼ ਦਾ ਚੰਨ ਦੇਖਕੇ ਤੈਨੂੰ ਬੜਾ ਸ਼ਰਮਾਏਗਾ। 4. ਜ਼ਿੰਦਗੀ ਦਾ ਸਾਜ਼, ਮੇਰੀ ਰੂਹ ਦੀ ਤੂੰ ਆਵਾਜ਼ ਹੈਂ, ਉਮਰ ਭਰ ਦੀ ਰਾਸ, ਮੇਰਾ ਮਾਣ, ਮੇਰਾ ਨਾਜ਼ ਹੈਂ। ਸਾਵਣ ਦੀ ਜਾਈ ‘ਪੁੰਨਿਆਂ' ਤੂੰ ਝਰਨਿਆਂ ਦਾ ਗੀਤ ਹੈਂ, ਰੂਹ ਦੀ ਰੌਣਕ, ਰੰਗ ਜੀਅ ਦਾ, ਤੂੰ ਦਿਲੇ ਦਾ ਮੀਤ ਹੈਂ। ਖੁਸ਼ੀ ਦੀ ਛਹਿਬਰ ਹੈਂ ਤੂੰ, ਹੈਂ ਆਸ ਦੀ ਤੂੰ ਆਬਸ਼ਾਰ, ਹਿੰਮਤ ਹਰਿਕ ਦਾ, ਸੋਚ ਦਾ, ਤੇਰੇ ਤੇ ਸਭ ਦਾਰੋ-ਮਦਾਰ। ਸ਼ਬਦ ਜਿਸਨੂੰ ਪਕੜ ਨ ਸੱਕਣ, ਤੂੰ ਹੈਂ ਐਸਾ ਖ਼ਿਆਲ, ਤੂੰ ਸਮੂਹਕ ਮੋਹ, ਸਰੀਹਨ ਸੱਚ, ਨ ਤੇਰੀ ਮਿਸਾਲ। ਜੁਗੋ ਜੁਗ ਜੀਂਦੀ ਰਹੇਂ ਸਾਡੀ ਏਹੋ ਅਰਦਾਸ ਹੈ। ਲੰਬੇ ਸਮੇਂ ਤਕ ਜੱਗ ਨੂੰ ਪੁੰਨੀਂ ਤੋਂ ਵੱਡੀ ਆਸ ਹੈ। ਪਹਿਲੀ ਅਗਸਤ, 1974, ਹਾਸ਼ੀਮਾਰਾ, ਪੱਛਮੀ ਬੰਗਾਲ।

ਤੇਰੀ ਪਰਿਭਾਸ਼ਾ

ਸੋਚਦਾ ਹਾਂ ਅਨਿਕ ਵਾਰ ਤੇਰੀ ਕੀ ਪਹਿਚਾਣ ਹੈ ? 'ਫੁੱਲ’ ਦੀ ਮੂਰਤ ਦਾ ਕੈਸਾ ਰੂਪ ਹੈ ? ‘ਪੌਣ' ਦੀ ਸਰਸਰ ਦੀ ਕੈਸੀ ਜਿੰਦ ਹੈ ? ‘ਨੂਰ’ ਦੀ ਡਲ੍ਹਕਣ ਦੀ ਕੈਸੀ ਛਬੀ ਹੈ ? 'ਕਿਰਨ' ਦੀ ਜਗਮਗ ਜੇਹੀ ਕੀ ਗਤੀ ਹੈ ? ‘ਰਿਸ਼ਮ’ ਦੀ ਕੈਸੀ ਨਿਮਰ ਮੁਸਕਾਣ ਹੈ ? ‘ਸਮੇਂ' ਦੀ ਕਿੰਝ ਥਰਥਰਾਂਦੀ ਤੋਰ ਹੈ ? 'ਰਕਸ’ ਦੀ ਕੀ ਕਪਕਪਾਂਦੀ ਅਦਾ ਹੈ ? ‘ਉਮਰ' ਦਾ ਕੀ ਚਰਮਰਾਂਦਾ ਰਾਜ਼ ਹੈ ? ‘ਪੁੰਨ’ ਦੀ ਇਹ ਲਹਿਲਹਾਂਦੀ ਰੁੱਤ ਹੈ। ‘ਪੁੰਨ' ਦੀ ਇਹ ਮੁਸਕਰਾਂਦੀ ਰਮਜ਼ ਹੈ। ‘ਪੁੰਨਿਆਂ' ਦੀ ਲੋਅ, ਮਹਿਕ ਹੈ ਜ਼ਿੰਦਗੀ। ਜ਼ਿੰਦਗੀ ਦੀ, ਕੁਝ ਉਮਰ ਦੀ, ਸਮਝ ਮੈਨੂੰ ਆ ਰਹੀ। ਕੁਦਰਤ ਜੋ ‘ਸੋਝੀ’ ਦੇ ਰਹੀ, ਫ਼ਿਤਰਤ ਉਹ ‘ਸੋਝੀ' ਪਾ ਰਹੀ।

ਮੈਂ ਕਿੰਝ ਤੈਨੂੰ ਦੱਸਾਂ ?

ਮੈਂ ਦੂਰ ਪਰਬਤੋਂ ਆਇਆ, ਤੇਰੇ ਲਈ ਡੌਲ ਲਿਆਇਆ। ਤੂੰ ਖਿੜ ਖਿੜ ਕੇ ਹੱਸੀ, ਤੇ ਮੁੜ ਮੁੜ ਕੇ ਪੁੱਛੇਂ, ਕਿਉਂ ਐਨੇ ਚਿਰ ਪਿੱਛੋਂ ਆਇਆ ? ਪਾਪਾ ਤਾਂ ਹੋਰਾਂ ਦੇ ਸਭ, ਨਿੱਤ ਘਰਾਂ ਨੂੰ ਆਉਂਦੇ ? ਕੌਣ ਤੈਨੂੰ ਸਮਝਾਏ ! ਮੈਂ ਕਿਉਂ ਗੁੰਮ ਹੋ ਜਾਵਾਂ ? ਮੈਂ ਕਿਸ ਦੁਨੀਆਂ ਤੋਂ ਆਇਆ ? ਇਕ ਥਕੇਵਾਂ ਲੈ ਕੇ, ਮੈਂ ਜਿਸ ਦੁਨੀਆਂ ਤੋਂ ਆਇਆ, ਹਾਸੇ ਦੀਆਂ ਕਲੀਆਂ ਭਰ ਦੇ, ਮੈਂ ਖ਼ਾਲੀ ਝੋਲੀ ਲਿਆਇਆ। ਮੇਰਾ ਹਿਰਦਾ ਨਿੱਘਾ ਕਰਦੇ, ਮੈਂ ਚਿਣਗ ਲੈਣ ਨੂੰ ਆਇਆ, ਉੱਥੇ ਠੰਡੀਆਂ ਤੂਫ਼ਾਨੀਂ ’ਵਾਵਾਂ, ਬਰਫ਼ ਦੇ ਘਰ ਤੋਂ ਆਇਆ, ਮੈਂ ‘ਸਿਆਚਿਨ' ਕੋਲੋਂ ਆਇਆ। ਓਧਰ ਹੀ ਮੁੜ ਕੇ ਜਾਣਾ, ਜਿੱਥੇ ਬਰਫ਼ਾਂ ਦਾ ਸਰਮਾਇਆ। ਤੇਰੇ ਖੇਡਣ ਦੇ ਇਹ ਦਿਨ ਹਨ, ਇਹ ਬੇਫ਼ਿਕਰੀ ਦੀ ਉਮਰਾ, ਤੂੰ ਤੋਤਲੀਆਂ ਗੱਲਾਂ ਹੀ, ਅਜੇ ਬੋਲਦੀ ਜਾਈਂ, ਮੈਂ ਸੁਣ ਸੁਣ ਨਾ ਥੱਕਾਂ ਏਹੋ ਮੇਰਾ ਸਰਮਾਇਆ!

ਬੀਤੇ ਦੀ ਬਾਤ

ਇਹ ਦੁਨੀਆਂ ਰੋਜ਼ ਕੁਝ ਕਹਿੰਦੀ, ਇਹ ਦੁਨੀਆਂ ਬੋਲਦੀ ਰਹਿੰਦੀ। ਨਵੀਂ ਨਿਤ ‘ਬਾਤ ਕਰਦੀ ਹੈ, ਨਵਾਂ ਇਤਿਹਾਸ ਘੜਦੀ ਹੈ, ਕਿਸੇ ਨੂੰ ਮਾਰਦੀ ਮਰਦੀ, ਕਿਸੇ ਦੇ ਵੈਣ ਪਾਉਂਦੀ ਹੈ, ਕਿਸੇ ਨੂੰ ਸੁਰਖ਼ਰੂ ਕਰਦੀ, ਨਵੇਂ ਯੋਧੇ ਬਣਾਉਂਦੀ ਹੈ, ਕਦੇ ਇਹ ਰਸ਼ਕ1 ਕਰਦੀ ਹੈ, ਕਦੇ ਖਿੱਲੀ ਉੜਾਉਂਦੀ ਹੈ, ਕਦੇ ਇਹ ਸ਼ਗਨ ਦੇਂਦੀ ਹੈ, ਕਦੇ ਅਰਥੀ ਉਠਾਉਂਦੀ ਹੈ। ਇਹ ਖ਼ਲਕਤ ਜੱਜ ਬਣ ਬਹਿੰਦੀ, ਬੜੇ ਫ਼ਤਵੇ ਸੁਣਾਉਂਦੀ ਹੈ, ਬੜੇ ਕਿੱਸੇ ਬਣਾਉਂਦੀ ਹੈ, ਬੜੇ ਔਗਣ ਗਿਣਾਉਂਦੀ ਹੈ, ਬੜੇ ਨਿਸ਼ਤਰ ਚਭਾਉਂਦੀ ਹੈ, ਇਹ ਕੋਹਲੂ- ਗੇੜ ਦੁਨੀਆਂ ਹੈ, ਇਹ ਬੀਤੇ ਪਲ ’ਚ ਸੌਂਦੀ ਹੈ। ਤੂੰ ਆਪਣੀ ਆਪ ਖ਼ਾਲਿਕ2 ਹੈਂ, ਨਾ ਤੈਨੂੰ ਇਹ ਸੁਖਾਏਗੀ, ਤੇਰੇ ਵਰਗੇ ਸਮੁੰਦਰ ਨੂੰ, ਨ ਚੂਲੀ ਰਾਸ ਆਏਗੀ। ਤੂੰ ਖ਼ੁਸ਼ਬੂ ਹੈਂ; ਤੂੰ ਚਾਨਣ ਹੈਂ, ਇਹ ਕੀ ਸ਼ੀਸ਼ਾ ਦਿਖਾਏਗੀ ? ਤੂੰ ਆਵਿਸ਼ਕਾਰ ਦੀ ਮੂਰਤ, ਤੇਰਾ ਉੱਚਾ ਟਿਕਾਣਾ ਹੈ, ਤੂੰ ਇਤਿਹਾਸਾਂ ਨੂੰ ਘੜਨਾ ਹੈ, ਤੂੰ ਵਹਿਮਾਂ ਨੂੰ ਮਿਟਾਣਾ ਹੈ। 1. ਈਰਖਾ 2. ਸਿਰਜਨਹਾਰਾ

ਸ਼ੈਰੀ ਨੂੰ

ਏਸ ਸ਼ਹਿਰ ਦੀ ਗੱਲ ਕੀ ਦੱਸਾਂ ? ਏਸ ਨਗਰ ਦੀ ਬਾਤ ਕੀ ਪਾਵਾਂ ? ਕੌਣ, ਕਿ ਜਿਸ ਦੇ ਜਾਣ ਤੋਂ ਪਿੱਛੋਂ ? ਸੀਤਲ ਪੌਣਾਂ ਮਰ ਮੁਕ ਗਈਆਂ, ਪਸ਼ੂ-ਪੰਖੇਰੂ, ਬੂੰਦ-ਬੂੰਦ ਪਾਣੀ ਨੂੰ ਤਰਸੇ, ਧਰਤ ਦੇ ਪੈਰੀਂ ਤਿੜਨ ਬਿਆਈਆਂ। ਘਾਹ ਦੀਆਂ ਤਿੜਾਂ ਕਿ ਬਾਣ ਮੁੰਜ ਦਾ ? ਰੁੱਖ ? ਕਿਸੇ ਨੇ ਸੜਕਾਂ ਲਾਗੇ, ਵੱਡੇ ਸੁੱਕੇ ਝੰਡੇ ਗੱਡੇ। ਵਿਹੜੇ ਵਿਚ, ਬਗੀਚੀ ਅੰਦਰ, ਲੱਭ-ਲੱਭ ਥੱਕਾਂ, ਇਕ ਕਲੀ ਪਰ ਨਜ਼ਰ ਨ ਆਏ, ਜੇ ਆ ਜਾਵੇ ! ਦਿਨ-ਰਾਤੀਂ ਫ਼ਿਰ ਸਾਗਰ ਵੱਲੋਂ ਰੁਕੀਆਂ ਪੌਣਾਂ ਰੁਮਕ ਕੇ ਆਵਣ, ਤ੍ਰਾਹ ਤ੍ਰਾਹ ਕਰਦੀ ਧਰਤੀ ਹੱਸੇ, ਟਾਹਣਾਂ ਤੋਂ ਕੋਈ ਲਗਰ ਤਾਂ ਫੁੱਟੇ, ਖੇਤਾਂ ਵਿਚ ਕੋਈ ਬੀਜ ਤਾਂ ਮੌਲੇ, ਭੁੱਲੀ ਵਿਸਰੀ ਜਾਚ ਜੀਣ ਦੀ, ਸ਼ਾਇਦ, ਸਾਨੂੰ ਵੀ, ਮੁੜ ਆਵੇ। (ਓ.ਟੀ.ਐਸ., ਮਦਰਾਸ (ਹੁਣ ਓ.ਟੀ.ਏ ਚੇਨੈਈ) 21 ਮਈ, 1976)

ਆਰਜ਼ੂ

ਗੁੱਡੀਆਂ ਪਟੋਲੇ ਸਾਂਭਦੀ ਫਿਰਦੀ ਸੀ ਜੋ, ਗੀਟਿਆਂ ਵਿਚ ਉਲਝਦੀ ਗਿਰਦੀ ਸੀ ਜੋ, ਮੇਰੀ ਨਿੱਕੀ ਬਾਲੜੀ, ਅੱਜ ਉਹ ਮੁਟਿਆਰ ਹੈ। ਜਾਂ ਅੱਖ ਸੁਪਨੇ ਤੋਂ ਖੁੱਲ੍ਹੀ, ਇਹ ਕਿਸ ਪਿਕਚਰ ਦਾ ਮੋਸ਼ਨ1 ਹੈ ? ਊਸ਼ਾ ਦਾ ਦਿਵਸ ਬਣ ਜਾਣਾ, ਕਲੀ ਦਾ ਫੁੱਲ ਹੋ ਜਾਣਾ, ਕਣਕ ਬੂਟੇ ਨੂੰ ਬੱਲੀ, ਗੰਨਿਆਂ ਨੂੰ ਰਸ ਦਾ ਮਿਲ ਜਾਣਾ, ਲਹਿਰ ਦਾ ਤੱਟ ਤੇ ਹਮਲਾ, ਪੌਣ ਦੇ ਵਾਹਨ ਚੜ੍ਹੀ ਇਕ ਬੂੰਦ ਦਾ, ਰਕਸ ਕਰਨਾ ਫਰਸ਼ ਤੋਂ ਅਰਸ਼ ਤਕ, ਬੱਦਲਾਂ ਦੇ ਹਮਸਫ਼ਰ ਹੋਣਾ, ਅਣੂ ਦਾ ਹੋਂਦ ਬਣ ਜਾਣਾ। ਲਿਸ਼ਕੀ ਹੈ ਕੋਈ ਪੰਖੜੀ, ਫੁੱਲਾਂ ਦੇ ਪਰਿਵਾਰ ਵਿੱਚ ਨਗਰ ਉੱਤੇ ਤਿਤਲੀਆਂ ਦੀ ਡਾਰ ਹੈ। ਪੂਰਬੀ ਚਾਨਣ ਦੇ ਹੜ੍ਹ ਦਾ, ਪੱਛਮੀ ਮੱਸਿਆ ਨੂੰ ਪੂਨਮ ਦਾਨ ਹੈ। ਕਾਲੇ ਕਦੀਮੀ ਕਾਰਗਿਲ ਦੇ ਪੱਥਰੋਂ, ਬਰਫ਼ਾਂ ਦੇ ਤੋਦੇ ਪਿਘਲ ਕੇ ਸਿੰਧੂ ਬਣੇ, ਪੌਣ ਕਸਤੂਰੀ ਦੀ ਬੁਚਕੀ ਲੈ ਉੜੀ। ਇਕ ਜਾਦੂ ਹੈ ਮੇਰੀ ਚੁੰਨੀ ਦਾ ਦਮ, ਮੇਰੀਆਂ ਅੱਖਾਂ ਦੀ ਲੋਅ, ਇਕ ਬਿਜਲੀ ਲਰਜ਼ਦੀ, ਬਾਜ਼ ਸੂਰਜ ਦੇ ਕਿਲੇ ’ਤੇ ਝਪਟਿਆ, ਇਹ ਮੇਰੇ ਹੱਥਾਂ ਦੀ ਗੁੜੀਆ, ਹੋਰ ਦੀ ਕੁਝ ਹੋਰ ਹੋ ਗਈ, ਉਹਨੂੰ ਉੜਣ ਦੀ ਰੀਝ ਹੈ, ਉਹ ਸਫ਼ਰ ਵਿੱਚ ਦੂਰ ਦੇ ਪੈਂਡੇ ਤੁਰੇਗੀ। ਮੈਂ ਕਿ ਜੰਗਲ ਵਿਚ ਬੈਠਾ ਸੋਚਦਾਂ, ਕਿ ਉਹ ‘ਕੁਝ' ਬਣੇ ; ਮੈਂ ਜੋ ਬਣ ਸਕਿਆ ਨਹੀਂ, ਉਹ ਸੁੱਖ ਸਹੇ, ਮੈਂ ਜੋ ਜਰ ਸਕਿਆ ਨਹੀਂ। ਪਰ ਉਹ ਮੇਰੀ ਹਸਤੀ, ਮੇਰੀ ਕਾਲਖ ਨੂੰ ਪਿੱਛੇ ਛੱਡ ਕੇ, ਏਥੋਂ ‘ਤੁਰੇ', ਸੂਰਜਾਂ ਦੇ ਵੱਲ ਜੋ ਰਾਹੀ ਤੁਰਨ, 'ਪਰਛਾਵੇਂ' ਉਨ੍ਹਾਂ ਦੇ ਰਾਹਬਰ ਬਣਦੇ ਨਹੀਂ। ਐਵਰਸਟ ਦੀ ਸਿਖਰ ਦੇ ਪਰਬਤ ਆਰੋਹੀ ਕਦੇ ਵੀ ਹੋਰਨਾਂ ਦੀ ਪੈੜ ’ਤੇ ਪੈਰ ਮੁੜ ਧਰਦੇ ਨਹੀਂ। ਮੀਜ਼ੋਰਾਮ, 1986 1ਚਲ-ਚਿਤਰ/ਚਲਤ ਚਿਤਰ

ਪੁੰਨ-ਸਫ਼ਰ

ਮੇਰੀ ਮੰਜ਼ਿਲ ਖ਼ੁਸ਼ਕ ਬੇਰੰਗੀ, ਤੇਰੀ ਯਾਦ ਰੀਝਾਵਣ ਖ਼ਾਤਿਰ, ਏਥੋਂ ਓਥੋਂ ਕਰ ਲੈਂਦਾ ਹਾਂ ਨਿਕ ਸੁਕ 'ਕੱਠੇ। ਸੁਬਹ ਦਾ ਸੂਰਜ, ਪੁੰਨਿਆ ਦਾ ਚੰਨ, ਅੰਬਰ ਭਰ ਤੋਂ ਖਿੱਤੀਆਂ ਤਾਰੇ, ਵੇਲਾਂ ਗਜਰੇ, ਰੁੱਖ ਸਰੂ-ਕੱਦ, ਫੁੱਲ-ਗੁਲਦਸਤੇ, ਕੁਝ ਤਸਵੀਰਾਂ ਤੇਰੇ ਬੁਤ ਦੁਆਲੇ ਰੱਖ ਦੇਂਦਾ ਹਾਂ। ਪਲ ਭਰ ਲਈ ਰੂਹ ਖੁਸ਼ ਹੋ ਜਾਂਦੀ, ਯਾਦਾਂ ਦੇ ਇਸ ਝੁਰਮਟ ਅੰਦਰ, ਤੂੰ ਸੱਜ ਜਾਂਦੀ, ਮੈਂ ਜੀਅ ਪੈਂਦਾ। ਮੈਂ ਇਸ ਸਫ਼ਰ ’ਤੇ ਮੁੜ ਮੁੜ ਤੁਰਨਾ, ਹੋਰ ਕੋਈ ਹੀਲਾ ਨੀ ਬਣਨਾ, ਤੇਰੇ ਬਿਨ ਕੋਈ ਗੱਲ ਨ ਸੁਣਦਾ, ਤੂੰ ਸਦਾ ਸਨਮੁਖ ਸੰਬੋਧਨ, ਤੇਰੀ ਯਾਦ ਦਾ ਸਫ਼ਰ ਸੁਖਾਵਾਂ, ਤੂੰ ਹੀ ਮੇਰੀ ਸੈਨਿਕ ਜੇਹੀ ਸਾਥੀ। ਜੁੱਗੋ ਜੁੱਗ ਮੁਸਾਫ਼ਿਰ ਸੈਨਿਕ ਕੁਝ ਯਾਦਾਂ ਲੈ ਕੇ ਤੁਰਦੇ ਰਹਿੰਦੇ ਆਸਾਂ ਤੇ ਰੀਝਾਂ ਦੀ ਸ਼ਕਤੀ ਮੰਜ਼ਿਲ ਦੇ ਵੱਲ ਸੈਨਤ ਕਰਦੀ।

ਤੂੰ ਤਾਂ ਬਹੁਤ ਪੁੱਛਦੀ ਰਹਿੰਦੀ

ਮੈਂ ਦੂਰ ਪਰਬਤੋਂ ਆਇਆ, ਤੇਰੇ ਲਈ ਕੁਝ ਨੀਂ ਲਿਆਇਆ। ਫਿਰ ਵੀ ਤੂੰ ਖਿੜ-ਖਿੜ ਹੱਸੀ, ਤੂੰ ਨੱਚੀ ਚਾਈਂ ਚਾਈਂ, ਤੇਰੀ ਖ਼ੁਸ਼ੀ ਨ ਸਾਂਭੀ ਜਾਏ, ਤੂੰ ਬੋਲੇ ਜਾਂ ਫਿਰ ਗਾਏਂ ! ਤੂੰ ਬਹੁਤ ਬੋਲਦੀ ਜਾਂਦੀ, ਮੈਂ ਮੁੜ-ਮੁੜ ਤੈਨੂੰ ਤੱਕਾਂ, ਚੁੱਕ-ਚੁੱਕ ਨ ਥੱਕਾਂ, ਤੂੰ ਪੁੱਛੇ ਕਿੱਥੋਂ ਆਏ ? ਭਲਾ ਕੌਣ ਤੈਨੂੰ ਸਮਝਾਏ, ਪਿਉ ਤੇਰਾ ਸੈਨਿਕ ਬੰਦਾ, ਜੋ ਮੀਜ਼ੋਰਾਮੋਂ ਆਇਆ। ਜਿੱਥੇ ਮੀਜ਼ੋਆਂ ਦੰਗਲ ਲਾਇਆ, ਅਸੀਂ ‘ਐਂਬੁਸ਼’ ਕਿਤੇ ਲਗਾਇਆ, ਮੈਂ ਤੈਨੂੰ ਕੀ ਦੱਸਾਂ ? ਇਕ ਸਾਥੀ ਨੇ ਕਿੰਝ ਮੈਨੂੰ, ਜ਼ਖ਼ਮੀ ਹੋ ਕਿਵੇਂ ਬਚਾਇਆ ? ਦੋ ਹਫ਼ਤੇ ਦੀ ਛੁੱਟੀ, ਮੰਗ ਚੁੰਗ ਕੇ ਲਿਆਇਆ। ਰਾਹ ਰੋਕੇ ਜ਼ਿੰਮੇਦਾਰੀ, ਮਸੀਂ ਮਸੀਂ ਘਰ ਆਇਆ। ਤੇਰੀ ਮੰਮੀ ਨੇ ਮੁੜ ਮੁੜ ਕੇ, ਬਹੁਤ ਚਿੱਠੀਆਂ ਪਾਈਆਂ, ਦੁੱਖ ਸੁੱਖ ਆਪਣੇ ਫੋਲੇ, ਫਿਰ ਤੇਰੀਆਂ ਬਾਤਾਂ ਪਾਈਆਂ, ਮੈਂ ਤੇਰੇ ਲਈ ਆਇਆ, ਬੱਸ ਤੇਰੇ ਲਈ ਹੀ ਆਇਆ, ਉੱਥੇ ਕੋਈ ਬਜ਼ਾਰ ਨਹੀਂ ਹੈ। ਕੋਈ ਨ ਡੌਲ ਲਿਆਇਆ। ਚੱਲ ਤਿੱਤਲੀ-ਘਰ ਚੱਲੀਏ, ਲੰਚ ਉਸੇ ਥਾਂ ਖਾਈਏ, ਫੇਰ ਨੇਕ ਚੰਦ ਦੇ ਬਾਗ਼ੀਂ ਕੁਝ ਚਿਰ ਤੁਰ ਫਿਰ ਆਈਏ। ਸੁਖਨਾਂ ’ਤੇ ਬੋਟਿੰਗ ਕਰੀਏ, ਛੱਤਬੀੜ ਫਿਰ ਜਾਈਏ, ਉੱਥੇ ਹਾਥੀ, ਸ਼ੇਰ ਤੇ ਚੀਤੇ, ਜੋ ਸਭ ਅਮਲਾਂ ਦੇ ਜਾਏ। ਮਾਣਸ ਖਾਣੇ, ਲਹੂ ਦੇ ਪਿਆਸੇ, ਸਭ ਪਿੱਛੇ ਛੱਡ ਕੇ ਆਇਆ, ਖੁੱਖਰੀ, ਦਾਹ ਤੇ ਤਲਵਾਰਾਂ, ਇਹ ਨਾ ‘ਡੌਲ’ ਖਿਡਾਉਣੇ, ਤੈਨੂੰ ਕੀ ਕੀ ਦੱਸਾਂ, ਤੇਰੇ ਲਈ ਬਹੁਤ ਡਰਾਉਣੇ। ਕਿਉਂ ਫ਼ੌਜੀ, ਬਾਗ਼ੀ ਲੜਦੇ, ਤੈਨੂੰ ਕੀ ਸਮਝਾਵਾਂ ? ਤੈਨੂੰ ਕਿੱਸੇ ਕੀ ਦੁਹਰਾਉਣੇ, ਉੱਥੇ ਬਹੁਤ ਡਰਾਊ ਰਾਤਾਂ, ਤੂੰ ਸੁਣਨਾ ਚਾਹੇ ਬਾਤਾਂ। ਉੱਥੇ ਚੜ੍ਹਦੀਆਂ ਨਹੀਂ ਬਰਾਤਾਂ, ਬੇਕਫ਼ਨ ਰੁਲਦੀਆਂ ਲਾਸ਼ਾਂ, ਨ ਮੁੰਡੇ ਭੰਗੜੇ ਪਾਵਣ, ਨ ਕੋਈ ਡੋਲੀ ਤੋਰੇ, ਨ ਕੁੜੀਆਂ ਕਿੱਕਲੀ ਪਾਵਣ। ਉਸ ਜੰਗਲ ’ਤੇ ਮੌਤ ਦਾ ਸਾਇਆ, ਉਸ ਜੰਗਲ ਦੇ ਚੱਪੇ ਚੱਪੇ ਕਬਰਾਂ ਦਾ ਸਿਰਨਾਵਾਂ, ਮੈਂ ਅਪਣੇ ਘਰ ਆ ਤੋੜਨ ਵਣ ਦੀ ਖ਼ਾਮੋਸ਼ੀ ਲਿਆਇਆ। ਅਵਚੇਤਨ ਵਿਚ ਜੋ ਸ਼ਾਮਲ, ਸ਼ਬਦਾਂ ਦਾ ਬਹੁਤ ਤਿਹਾਇਆ। ਉਸ ਥਾਂ ਦੀ ਗੱਲ ਨ ਛੇੜਾਂ, ਦੱਸ ਕਿਹੜੀਆਂ ਬਾਤਾਂ ਪਾਵਾਂ ! ਮੈਂ ਜੰਗਲਾਂ ਦਾ ਖੋਜੀ, ਮੈਂ ਤੇਰੇ ਸ਼ਹਿਰ ਦਾ ਪਿਆਸਾ, ਉਹ ਜੰਗਲ ਸ਼ੋਰ ਸ਼ੋਰੀਲੇ, ਮੈਨੂੰ ਚੰਡੀਗੜ੍ਹ ਤੋਂ ਆਸਾਂ। ਕੋਈ ਆਸ ਲੈਣ ਨੂੰ ਆਇਆ, ਕੁਝ ਹੋਸ਼ ਲੈਣ ਨੂੰ ਆਇਆ, ਮੈਂ ਤੇਰੀ ਖ਼ਾਤਿਰ ਆਇਆ, ਕੁਝ ਤੈਥੋਂ ਲੈਣ ਨੂੰ ਆਇਆ। ਮੀਜ਼ੋਰਾਮ, ਦਸੰਬਰ 1986

ਪੁਨੀਤ ਨੂੰ

ਇਸ ਹੱਥ ਨੇ ਕੁਝ ਫੁੱਲ ਫਰੋਲੇ, ਪੋਟੇ ਪੋਟੇ ਲਾਲੀ ਰਲ ਗਈ, ਉਂਗਲਾਂ ਨੇ ‘ਕੁਝ' ਐਸਾ ਛੂਹਿਆ, ਮਿੱਠਤ ਕਣ ਕਣ ਅੰਦਰ ਘੁਲ ਗਈ ਨਸ ਨਸ ਅੰਦਰ ਰਸ ਨਸ਼ਿਆਇਆ। ਬਿਨ ਮੰਗੇ ਬਿਨ ਸੱਦੇ ਆਏ, ਸੈਆਂ ਖ਼ੁਸ਼ੀਆਂ ਦੇ ਪੁੰਨ ਢੋਏ, ਤੇਰੇ ਇਹ ਵਿਸਮਾਦ ਦੇ ਪਲ ਹਨ, ਇਹ ਪਲ ਨ ਹੁਣ ਜਾਣ ਲੁਕੋਏ। ਦਿਲ ਦੀ ਸੂਰਤ, ਆਸ ਦੀ ਮੂਰਤ, ਜੁੱਗ ਜੁੱਗ ਜੀਵੇਂ ਖ਼ੁਸ਼ੀ ਮਨਾਏਂ, ਐ ਰੰਗ, ਰਸ, ਖ਼ੁਸ਼ਬੂ ਦੀ ਜਾਈਏ ! ਤੇਰੇ ਪਿੱਛੇ ਰਹਿ ਗਿਆ ਜਿਹੜਾ, ਉਹ ਹਰ ਫੁੱਲ ਹੁਣ ਸੁੱਕਦਾ ਜਾਏ। 11 ਜੁਲਾਈ 2000

ਗੁਆਚੀਆਂ ਨਸਲਾਂ

ਅੱਕ ਚੋਣ, ਗ੍ਰਭ ਟੈਸਟ ਕਰਾਉਣ ਵਰਗੇ, ਮਾੜੇ ਕੰਮਾਂ ਤੋਂ ਤੋਬਾ ਕਰ ਚੁੱਕੇ ਹਾਂ ਹੁਣ। ਧੀਆਂ ਮਾਰੀਆਂ, ‘ਨਾਨਕ' ਦੇ ਹੁਕਮ ਭੁੱਲੇ, ਬਹੁਤ ਮੌਤ ਸਰਾਪਾਂ ਦੀ ਮਰ ਚੁੱਕੇ ਹਾਂ ਹੁਣ। ਧੀਆਂ ਮਾਰ ਕੁਦੇਸਣਾਂ ਮੁੱਲ ਲਿਆਕੇ, ਕੁਲੋ ਕੁਲ ਮਿਲਗੋਭੜੀ ਕਰ ਚੁੱਕੇ ਹਾਂ ਹੁਣ। ਧੀਆਂ ਮੋੜ ਲਿਆਉਣ ’ਤੇ ਨਾਮ ਖੱਟੇ , ‘ਧੀ-ਮਾਰ’ ਦਾ ਨਾਮ ਸਿਰ ਧਰ ਚੁੱਕੇ ਹਾਂ ਹੁਣ। ਪੁੱਤਰ ਵਿਹਲੜ ਨਸ਼ੇੜੀ ਨੇ ਕਰੇ ਬਹੁਤੇ, ਕਿਰਤ ਧੀਆਂ ਦੇ ਦਾਜ ਧਰ ਚੁੱਕੇ ਹਾਂ ਹੁਣ। ‘ਮੈਰਿਟ ਲਿਸਟਾਂ' ’ਚ ਮੁੰਡੇ ਨ ਨਜ਼ਰ ਆਵਣ, ਆਖਣ ਸਭ ‘ਸਿਲੈਕਸ਼ਨਾਂ' ਹਰ ਚੁੱਕੇ ਹਾਂ ਹੁਣ। ਵਿਰਸਾ ਬੇਰੜਾ ਹੈ ਅਗਲੀ ਨਸਲ ਪੱਲੇ, ਨੂੰਹ ਬੁੱਢੀ ਵਲੈਤਣ ਕਰ ਚੁੱਕੇ ਹਾਂ ਹੁਣ। ਬਖ਼ਸ਼ਣਹਾਰ ਗੁਨਾਹਾਂ ਦਾ ਸਤਿਗੁਰਾ ਤੂੰ, ਇਕਬਾਲ ਸਭ ਜੁਰਮਾਂ ਦਾ ਕਰ ਚੁੱਕੇ ਹਾਂ ਹੁਣ। ਵੰਡ ਛਕਣ ਦੀ ਦਾਤ ਭੁਲਾ ਬੈਠੇ, ਸਾਡੇ ਪੁੱਤਾਂ ਨੂੰ ਕਿਰਤ ਦਾ ਦਾਨ ਦੇਵੀਂ, ਸਾਰੇ ਆਸ, ਵਿਸ਼ਵਾਸ ਨਿਰਵਾਸ ਹੋਏ, ਅਗਲੀ ਨਸਲ ਨੂੰ ਨਾਮ ਨਿਧਾਨ ਦੇਵੀਂ। ਗੁਰੂ ਪਾਤਸ਼ਾਹ ਅਰਜ਼ ਗੁਜ਼ਾਰਦੇ ਹਾਂ, ਮਾਫ਼ੀ ਆਪਣੇ ਪੰਥ ਨੂੰ ਆਣ ਦੇਵੀਂ। ਦਸਵੇਂ ਪਾਤਸ਼ਾਹ! ਚਿੱਠੀ ਹੈ ਲਿਖੀ ਥੋਨੂੰ, ਬੇਦਾਵਾ ਪਾੜਨੇ ਨੂੰ, ਬਾਬਾ ਫੜ ਲਈਂ ਹੁਣ। ਅਸੀਂ ਹੁਕਮ ਅਦੂਲੀ ਨਾ ਕਰਾਂਗੇ ਫ਼ਿਰ, ਕਿਰਪਾ ਕਰੀਂ ਤੇ ਪੰਥ ਵਿੱਚ ਧਰ ਲਈਂ ਹੁਣ। ਬਾਜਾਂ ਵਾਲਿਆ ਅਰਜ਼ ਫ਼ਿਰ ਤੇਰੇ ਦਰ 'ਤੇ, ਮਿਹਰ ਕਰੀਂ ਸਾਡਾ ਖ਼ਤ ਪੜ੍ਹ ਲਈਂ ਹੁਣ। ਨੜੀ ਮਾਰ ਵੀ ਸਾਂ, ਕੁੜੀ ਮਾਰ ਵੀ ਸਾਂ, ਪੰਥ ਵਿਚ ਸ਼ਾਮਿਲ ਫਿਰ ਕਰ ਲਈਂ ਹੁਣ।

ਫੇਰ ਪੁੰਨੀ ਨੇ ਕਿਹਾ

ਸੀ ਪਰੇਸ਼ਾਂ ਸਭ ਖ਼ਿਆਲ ਹੋਸ਼ੋ ਹਵਾਸ, ਕਿੰਝ ਹੋ ਗਿਆ ? ਕੁਝ ਕਰ ਨੀਂ ਸਕਦਾ, ਬੜਾ ਮਜਬੂਰ ਹਾਂ, ਜਰ ਹੀ ਸਕਣਾ ਪਏਗਾ। ਪਰੇਸ਼ਾਨੀ ਬੜੀ, ਪਤਨੀ ਮਸੋਸੀ, ਧੀ ਕੁਆਰੀ, ਘਰ ਅਜੇ ਬਣਿਆ ਨਹੀਂ। ਹੋਸ਼ ਵੇਲੇ ਸੋਚ ’ਤੇ ਫ਼ਿਕਰਾਂ ਦਾ ਝੁਰਮਟ, ਸੌਣ ਸਮੇਂ ਗਿਰਝਾਂ ਦਾ ਹਮਲਾ, ਦਰਦੀ ਮਿਲਣ ਤਾਂ ਮਸ਼ਵਰੇ ਦਾ ਸ਼ੋਰ ਸੀ; ਸੋਚਦੇ ਸਭ “ਟੁੱਟ ਚੁੱਕਾ ਹੈ ਇਹ ਬੰਦਾ” “ਫਿਰ ਕਦੇ ਉੱਠਦਾ ਨਹੀਂ", ਅਪਣੇ ਬੇਗਾਨੇ ਸੋਚਦੇ। ਹੌਸਲੇ, ਹਮਦਰਦੀਆਂ, ਪਿੱਠ ਥਾਪੜੇ, ਕੁਝ ਬਣਾਵਟ ਤੇ ਕੁਝ ਨਾਦਾਨੀ ਵੀ ਸੀ, ਵੀਰਾਨੀ ਚੁਫ਼ੇਰੇ ਪੱਸਰੀ, ਕੋਈ ਹੈਰਾਨੀ ਨਾ ਸੀ। ਮੇਰੀ ਧੀ ਨੇ ਕੂਕ ਕੇ ਸਭ ਨੂੰ ਕਿਹਾ, “ਮੇਰਾ ਪਾਪਾ ਮਰਦ ਹੈ, ਇੱਕ ਸ਼ੇਰ ਦਿਲ, ਗਿੱਦੜਾਂ, ਕੁੱਤਿਆਂ ਤੇ ਕਾਂਵਾਂ ਤੋਂ ਇਹਨੂੰ ਕੀ ਖੌਫ਼ ਹੈ ? ਉੱਠੇਗਾ ਸ਼ੁਅਲਾ ਚਿਣਗ ’ਚੋਂ, ਫੇਰ ਚਮਕੇਗਾ ਸਵੇਰਾ ਵੇਖਣਾ, ਇੰਝ ਪੁੰਨੀ ਨੇ ਕਿਹਾ- ਮੇਰੀ ਬੇਟੀ ਠੀਕ ਸੀ। ਫ਼ਿਰ ਇਰਾਦੇ ਜਾਗ ਪਏ, ਕੋਈ ਪਰੇਸ਼ਾਨੀ ਨਾ ਸੀ। ਆਈ. ਐਨ. ਐਸ. ਅਸ਼ਵਨੀ, ਬੰਬਈ, 1993

ਪੁਨੀਤ ਦਾ ਜਨਮ ਦਿਨ

‘‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ" - ਗੁਰੂ ਨਾਨਕ ਦੇਵ ਸੁਲਗਦੇ ਸੀ ਦਿਨ ਅਕਾਰਥ, ਹੋਈ ਸੀ ਹਰ ਰਾਤ ਬੰਜਰ, ਟਾਹਣ ਉਮਰਾ ਦੀ ਕਟੀ, ਲਰਜ਼ਦੇ ਅੰਬਰ ਤੋਂ ਖੰਜਰ। ਧਨ ਨਹੀਂ, ਸੁਖ ਮਨ ਨਹੀਂ, ਮੰਦਰ ਛੁਟੇ, ਛਾਂ ਸਿਰ ਤੋਂ ਹਟੀ, ਭਟਕਦੇ ਪਗ ਵਾਹਣ ਮ੍ਰਿਗਛਲ, ਨਿਰਬੂੰਦ ਬੁੱਲ੍ਹ, ਆਸ਼ਾ ਤੁਟੀ। ਹੋਣੀ ਦਾ ਕੋਪ, ਵੈਰੀ ਦਾ ਰੋਹ, ਤਨ ਦੀ ਲੱਜਾ, ਮਨ ਵਿਦੇਸੀ ਹੋ ਰਿਹਾ। ਵੈਦ ਦੀ ਉਂਗਲ ਸੀ ਘਾਤਕ, ਮਾਨਵੀ ਅੱਖ ਦਾ, ਤਰਸ ਵੀ ਕੋਹ ਰਿਹਾ। ਸੂਰਜ-ਕਿਰਨ ਹਰ ਅਗਨ ਬਾਣ, ਤਨ ਵਿੰਨ੍ਹ ਮਨ ਕੋਂਹਦੀ ਰਹੀ ਨਾਗ-ਵਣ ਦੀ ਭੂਤ ਨਗਰੀ, ਵਾਯੂ ਵਿਲਕ ਰੋਂਦੀ ਰਹੀ। ਮਾਛੀਵਾੜੇ ਦਾ ਮੁਸਾਫ਼ਿਰ, ਤਜ ਕੇ ਆਇਆ ਸੀ ਅਟਾਰੀ, ਕੇਸਗੜ੍ਹ, ਸੀ ਰੋਕਦੀ ਸਰਸੇ ਦੀ ਛਲ, ਨੈਣੋ ਵਰ੍ਹੇ ਕੀਰਤਪੁਰੀ, ਆਨੰਦਗੜ੍ਹ। ਕੰਧ ਸਰਹੰਦੀ ਦਿਸੇ ਪਾਵਨ-ਪਵਿੱਤ, ਲਟ ਲਟ ਜਗੇ, ਚਮਕੌਰ ਦੀ ਨੂਰੀ ਸਿਖ਼ਰ। ਆਯੋਧਨ, ਕਤਲ-ਸਰ ਦੂਜਿਆਂ, ਸਾਡੇ ਲਈ ਸਦ ਮੁਕਤਸਰ। ਸੌ ਕੁਹਾੜੇ ਖਪ ਗਏ, ਪੇੜ ਠਾਢੋ, ਨਵ ਕੌਂਪਲਾਂ ਦਾ ਸ਼ੋਰ ਹੈ। “ਰਾਤ ਮੁੱਕੇਗੀ", ਨਿਸ਼ਾਚਰ ਬਦਹਵਾਸ, ਉੱਚ ਹਿਮਾਲਾ ਤੇ ਉਸ਼ਾ ਦਾ ਸ਼ੋਰ ਹੈ। ਚੰਨ ਦਾ ਮੁਖੜਾ ਸਰੋਵਰ ’ਤੇ ਤਰੇ, ਰੁਮਕ ਪੌਣਾਂ ਥਰਕਦਾ ਤੇਰਾ ਖ਼ਿਆਲ, ਹੰਝੁ ਸੁੱਕੀ ਅੱਖ ਥੀਂ, ਕਮਲ ਉਪਜਾਉਂਦਾ ਮੁਸਕਰਾਉਂਦਾ ਮਹਿਕਦਾ ਤੇਰਾ ਖ਼ਿਆਲ। ਹਾਰ ਹੁੱਟੇ ਮੂਰਛਤ ਨੂੰ, ਹੰਭ ਮੁੱਕੇ ਭਾਂਜ ਖਾਧੇ ਜੀਵ ਨੂੰ, ਸੰਜੀਵਨੀ ਸਮ ਜਿੰਦ ਪਾਉਂਦਾ, ਚੜ੍ਹਦੀ ਕਲਾ ਨੂੰ ਧਿਆਉਂਦਾ ਤੇਰਾ ਖ਼ਿਆਲ। ਅੱਜ ਹੈ ‘ਪਹਿਲੀ ਅਗਸਤ', “ਖ਼ੁਸ਼ ਰਹੋ !” ਕਹਿ, ਗੁਣਗੁਣਾਉਂਦਾ ਤੇਰਾ ਖ਼ਿਆਲ। ਈਦ, ਦੀਵਾਲੀ, ਕ੍ਰਿਸਮਿਸ, ਬੁੱਧ-ਪੂਨਮ ਹੈ ਇਹੋ। ਸਾਉਣ! ਸਾਨੂੰ ਭਾਉਂਦਾ ਤੇਰਾ ਖ਼ਿਆਲ। ਮਿਲਟਰੀ ਹਸਪਤਾਲ, ਪੂਨਾ ਪਹਿਲੀ ਅਗਸਤ, 1992

ਤੇਰੀ ਸ਼ਾਦੀ

ਸਭ ਸਾਕ ਸੰਬੰਧੀ ਆਏ ਨੇ, ਤੁਹਫ਼ੇ ਤੇ ਸੂਟ ਲਿਆਏ ਨੇ, ਕਿਸੇ ਖ਼ਾਸ ਅੰਗੂਠੀ ਦਿੱਤੀ ਹੈ, ਕੋਈ ਸੈਂਟ ਜੜਾਊ ਲਿਆਈ ਹੈ। ਦਾਦੀ ਸੱਗੀ ਫੁੱਲ ਘੜਾਇਆ ਹੈ, ਨਾਨੀ ਪਾਸਾ ਲਿਸ਼ਕਾਇਆ ਹੈ। ਬੈਂਡ ਪਲਟਣੋਂ ਆਇਆ ਹੈ, ਜਿਸ ਸੁਹਣਾ ਸਮਾਂ ਬਣਾਇਆ ਹੈ। ਤੇਰਾ ਵਰ ਸ਼ਗਨਾਂ ਸੰਗ ਆਇਆ ਹੈ, ਘਰ ਮੁੱਦਤ ਬਾਅਦ ਸਜਾਇਆ ਹੈ, ਤੂੰ ਗਹਿਣੇ ਗੱਟੇ ਕੀ ਕਰਨੇ ? ਰੱਬ ਦਿੱਤਾ ਰੂਪ ਸਵਾਇਆ ਹੈ, ਤੇਰਾ ਅੰਗ ਅੰਗ ਰੁਸ਼ਨਾਇਆ ਹੈ। ਔਹ ਖੌਰੂ ਕਿਸ ਨੇ ਪਾਇਆ ਹੈ! ਇਹ ਮੇਲ ਨਾਨਕਾ ਆਇਆ ਹੈ। ਸਭ ਮਿੱਤਰ ਬੇਲੀ ਆਏ ਨੇ, ਕੁਝ ਔਖੇ, ਕੁਝ ਮੁਸਕਾਏ ਨੇ, ਇਹ ਚਾਰ ਘੜੀ ਦਾ ਮੇਲਾ ਹੈ, ਕੁਝ ਰੌਣਕ ਕੁਝ ‘ਵਾਵੇਲਾ* ਹੈ। ਸਭ ਰੰਗ ਬਰੰਗੀ ਢਾਣੀ ਹੈ, ਤੇਰੇ ਬਾਪੂ ਦੀ ਮਿਜ਼ਬਾਨੀ ਹੈ ? ਵੀਰਾ ਹਸ ਹਸ ਦੱਸਦਾ ਹੈ, ਤੋਰਨ ਤੋਂ ਰਤਾ ਤ੍ਰਬਕਦਾ ਹੈ। ਤੇਰੀ ਮਾਂ ਨੂੰ ਕਰ ਨਮਸਕਾਰ ਰਹੇ, ਪਰ ਤੇਰੇ ਨਕਸ਼ ਨਿਹਾਰ ਰਹੇ, ਜੋ ਸਾਕ ਸਕੀਰੀ ਭਾਲੀ ਹੈ, ਉਹ ਘਰੀਂ ਮੁੜਨ ਨੂੰ ਕਾਹਲੀ ਹੈ, ਜੋ ਰੌਣਕ ਸੱਜ ਧੱਜ ਲਿਆਏ ਸੀ, ਸਭ ਮਿਲਣ ਗਿਲਣ ਨੂੰ ਆਏ ਸੀ। ਇਕ ਮੇਰਾ ਸੁਨੇਹਾ ਲੈਂਦੀ ਜਾ, ਤੂੰ ਅੱਜ ਵਾਂਗ ਲਿਸ਼ਕੌਣਾ ਹੈਂ, ਤੂੰ ਵਿੱਚ ਦੁਨੀਂ ਦੇ ਗੁੰਮਣਾ ਨਹੀਂ, ਤੂੰ ਆਪਾ ਸਦਾ ਬਚਾਉਣਾ ਹੈ। ਤੂੰ ਆਪਣੀ ਸ਼ਰਤ 'ਤੇ ਜੀਣਾ ਹੈ, ਅਣਖ ਨੂੰ ਸਦਾ ਬਚਾਉਣਾ ਹੈ। * ਵਾਵੇਲਾ - ਰੌਲਾ ਗੌਲਾ

ਪੁਨੀਤ ਨੂੰ ਵਿਦਾਇਗੀ

ਧੀ ਮੇਰੀ, ਮੈਥੋਂ ਵਿਦਾਅ ਹੋ ਕੇ ਤੁਰੀ। ਧੀ ਜੋ ਮੇਰੀ ਆਬਰੂ, ਧੀ ਸੀ ਮੇਰੀ ਆਰਜ਼ੂ, ਜਿੰਦ ਮੇਰੀ, ਜੁਸਤਜੂ। ਉਹਨੂੰ ਇਹ ਅਹਿਸਾਸ ਸੀ, ਮੇਰੀ ਓਹੋ ਹੈ ਜ਼ਿੰਦਗੀ, ਇਸ ਨਜ਼ਰ ਦੀ ਤਾਜ਼ਗੀ, ਸੁੱਚ, ਸੱਚ, ਰੂਹ ਸਾਦਗੀ॥ ਉਹ ਵਿਦਾਅ ਹੋਈ ਤੇ ਇਕ ਤੂਫ਼ਾਨ ਪਿੱਛੋਂ, ਉਮਰ ਦੀ ਇਹ ਟਾਹਣ ਸੁੱਕੀ, ਬਿਰਖ ’ਤੇ ਲਟਕੀ ਰਹੀ, 'ਵਾ ਵਰੋਲੇ', ਹਾੜ੍ਹ ਦੇ ਵਾਹਣਾਂ ’ਤੇ ਝਾਂਜਾ ਫਿਰ ਗਿਆ, ਆਸ ਦੀ ਪੱਤੀ ਕੋਈ ਸਾਹੀਂ ਕਿਤੇ ਅਟਕੀ ਰਹੀ, ਅੰਬਰਾਂ ਤੋਂ ਹਾਣ ਉਹਦਾ ਆ ਖਲੋਤਾ ਨਾਲ-ਨਾਲ। ਤੇ ਧੀ ਮੇਰੀ ਮੈਥੋਂ ਵਿਦਾਅ ਹੋ ਕੇ ਤੁਰੀ, ਤੋਰਿਆ ਮੈਂ ਉਹਨੂੰ ਫ਼ਿਰ ਦੇ ਕੇ ਅਸੀਸ, ਹੋਰ ਉਸਨੂੰ ਦੇਣ ਨੂੰ ਕੁਝ ਵੀ ਨ ਸੀ, ਤੋਰਿਆ ਬੱਸ ਧੀ ਨੂੰ ਮੈਂ ਦੇ ਕੇ ਅਸੀਸ। ਹਰਫ਼ ਗੂੰਗੇ, ਮੂੰਹ ਤੇ ਤਾਲਾ ਵੱਟ ਕੇ ਬੈਠੇ ਰਹੇ, ਹੋਰ ਸ਼ਾਇਦ ਕਹਿਣ ਨੂੰ ਤੇ ਸੁਣਨ ਨੂੰ ਕੁਝ ਵੀ ਨ ਸੀ। ਬੱਦਲ ਉਮਡ ਕੇ ਅੱਖ ਦੇ ਧੁੰਦਲਾ ਗਏ, ਪਰਦਾ ਬਣੇ, ਹਾਂ ! ਹੁਣ ਵੇਖਣ, ਸੁਣਨ ਨੂੰ ਕੁਝ ਵੀ ਨ ਸੀ। ਉਹ ਸੁਭੱਰ ਸਰਵਰ ’ਚ ਤਰਦਾ ਹੰਸ ਹੈ, ਇਸ ਵਾਦੀ 'ਚ ਉਸ ਲਈ ਨਗ਼ਮਾ ਨਾ ਸੀ। ਜੇ ਉਹ ਹੱਸੇ ਤਾਂ ਫੁੱਲ ਖਿੜਨ, ਤਾਰੇ ਝਰਨ, ਬੁੱਲ੍ਹ ਫ਼ਰਕਣ, ਚਸ਼ਮਾ ਵਗੇ, ਦਰਿਆ ਵਹੇ, ਸਾਗਰ ਭਰੇ, ਉਹ ਤੁਰੇ ਪੌਣਾਂ ਚੱਲਣ, ਮੌਸਮ ਸਜੇ, ਉਹਦੇ ਪਬ ਇਸ ਧਰਤ ’ਤੇ, ਰੁਕੇ ਰਹਿਣ! ਫ਼ਬਦਾ ਨ ਸੀ। ਕੋਈ ਕਲਾ ਸਿਰਜਣ ਨੂੰ ਐਥੇ, ਉਹ ਜ਼ਰਾ ਮਾਇਲ* ਨ ਸੀ। ਕਿਉਂ ਮੇਰੀ ਚੁੰਨੀ ਤੁਰੀ! ਅਹਿਸਾਸ ਹੈ, ਇਹ ਧਰਤ ਉਸਦੇ ਕਦਮ, ਚੁੰਮਣ ਦੇ ਹੁਣ ਕਾਬਿਲ ਨ ਸੀ। (24.11.99) *ਮਾਇਲ- ਰੁਚਿਤ, ਇਛੁਕ

"ਅੱਜ ਦੀ ਰਾਤ ਨਾ ਤੋਰ ਬਾਬਲ"

ਨਵੀਂ ਜ਼ਿੰਦਗੀ ਦੀ ਨਵੀਂ ਤਰਜ਼ ਆਹੀ, ਮੋਹ ਪਿਆਰ ਦੇ ਹੋਰ ਦਸਤੂਰ ਨੇ ਹੁਣ। ਤੂੰ ਨਾ ਕਿਹਾ ‘ਰੱਖ ਅੱਜ ਦੀ ਰਾਤ ਬਾਬਲ', ਬਾਬਲ ਵੀ ਨਾ ਰਤਾ ਮਜਬਰ ਨੇ ਹਣ। ਕੁੜੀ ਘਰੇ ਨਾ ਦਿੱਸਦੀ ਬੋਝ ਅੱਜ ਕੱਲ੍ਹ, ਧੀਆਂ ਨਾਲ ਘਰ ਭਰੇ ਭਰਪੂਰ ਨੇ ਹੁਣ। ਭਾਵੇਂ ਪੁੱਤ ਨਾ ਬਾਪ ਦੀ ਧਿਰ ਬਣਦੇ, ਧੀ ਕੋਲ ਇਹ ਜਿਉਂਦੇ ਸ਼ਊਰ1 ਨੇ ਹੁਣ। ਬਿਰਧ ਮਾਪਿਆਂ ਸਾਥ ਦੀ ਤਲਬ ਰਹਿੰਦੀ, ਧੀਆਂ ਪਾਸ ਇਹ ਵਸਫ਼ ਜ਼ਹੂਰ2 ਨੇ ਹੁਣ। ਪੁੱਤ ਰੱਬ ਦੀ ਦਾਤ ਤਾਂ ਹੈਨ ਹੁਣ ਵੀ, ਪਿਓ ਪੁੱਤ ਦੀ ਮਿਲਖ ਜ਼ਰੂਰ ਨੇ ਹੁਣ। ‘ਚਿੱਟੇ’ ਵਾਸਤੇ ਬਾਪ ਨੂੰ ਕੋਹ ਦਿੰਦੇ, ਕਈ ਥਾਵਾਂ ਦੇ ਕਿੱਸੇ ਮਸ਼ਹੂਰ ਨੇ ਹੁਣ। ਅੱਜ ਨਵੇਂ ਤਕਾਜ਼ੇ ਨੇ ਜੱਗ ਵਾਲੇ, ਨਕਸ਼, ਅਰਥ ਤੇ ਤੱਥ ਮਸਤੂਰ3 ਨੇ ਹੁਣ। ਤੈਨੂੰ ਹੱਸ ਕੇ ਵਿਹੜਿਉਂ ਵਿਦਾਅ ਕੀਤਾ, ਤੈਨੂੰ ਰੱਜ ਕੇ ਘੁੱਟਿਆ ਤੱਕਿਆ ਨਾ। ਚੌਲ ਵਾਰ ਤੂੰ ਪਿਛਾਂਹ ਨੂੰ ਰਸਮ ਕੀਤੀ, ਤੇਰਾ ਰਿਜ਼ਕ ਪਕੀਂੇ ਕਦੇ ਮੁੱਕਿਆ ਨਾ। ਸ਼ੌਕ ਕਾਇਮ ਨੇ ਮਾਂਵਾਂ ਦੇ ਦਾਜ ਵਾਲੇ, ਵਰੀ ਲੈਣ ’ਤੇ ਰਿਸ਼ਤਾ ਇਹ ਟੁੱਟਿਆ ਨਾ। ਧੀ ਸ਼ਾਨ, ਈਮਾਨ ਤੇ ਮਾਣ ਸਾਡੀ, ਉਮਰਾਂ ਨਾਲ ਵੀ ਬਿਰਖ ਇਹ ਸੁੱਕਿਆ ਨਾ। ਘੁੱਟ ਭਰ ਲਵੀਂ ਜਦੋਂ ਵੀ ਜੀਅ ਚਾਹੇ, ਚਸ਼ਮਾ ਚਾਵਾਂ ਮਲ੍ਹਾਰਾਂ ਦਾ ਸੁੱਕਿਆ ਨਾ। ਚਾਰ ਰੋਜ਼ ਦੀ ਰਾਸ ਹੈ ਜ਼ਿੰਦਗੀ ਦੀ, ਭਲਾ ਅਸਾਂ ਵੀ ਤੈਨੂੰ ਵਿਸਾਰਨਾ ਈ ? ਤੇਰੀ ਦੀਦ ਜਦ ਕਦੇ ਨਸੀਬ ਹੋਵੇ, ਪਾਣੀ ਮੋਹਾਂ ਦਾ ਸਿਰੇ ਤੋਂ ਵਾਰਨਾ ਈ। ਕਸੌਲੀ 03 ਮਈ 2016 1. ਗੁਣ 2. ਪਰਗਟ, ਪਰਤੱਖ 3. ਛੁਪੇ ਹੋਏ

ਵਕਤੇ-ਸਫ਼ਰ

ਜਦ ਤੂੰ ਏਥੋਂ ਤੁਰੀ ਸੀ, ਤਾਂ ਸਰਦੀਆਂ ਦਾ ‘ਕਹਿਰ' ਸੀ, ਜਦ ਤੂੰ ਏਥੋਂ ਉੜੀ ਸੀ ਤਾਂ ਧੁੰਦ ਸੀ ਤੇ ‘ਗਹਿਰ' ਸੀ, ਜਦ ਤੂੰ ਏਥੋਂ ਗਈ ਸੀ ਤਾਂ ਨ੍ਹੇਰਿਆਂ ਦਾ ਰਾਜ ਸੀ, ਜਦ ਤੂੰ ਏਥੇ ਨਹੀਂ ਸੀ ਤਾਂ ਪੱਤਝੜਾਂ ਦੀ ‘ਵਾਜ ਸੀ, ਛੁਪ ਗਏ ਹਾਸੇ ਕਿਤੇ, ਮੁਸਕਰਾਹਟ ਖੋ ਗਈ, ਹੌਕਿਆਂ ਦਾ ਜ਼ੋਰ ਸੀ ਤੇ ਹਸਰਤਾਂ ਦੇ ਸਾਜ਼ ਸੀ। ਤੂੰ ਗਈ ਤਾਂ ਸੋਚਿਆ ਕਿ ਜ਼ਿੰਦਗੀ ਰੁਕ ਜਾਏਗੀ, ਤੂੰ ਤੁਰੀ ਤਾਂ ਖੌਫ਼ ਸੀ, ਆਸ਼ਾ ਕਲੀ ਸੁਕ ਜਾਏਗੀ, ਆਰਜੂ ਦੀ ਸ਼ਾਖ਼ ਗ਼ਮ ਦੇ ਬੋਝ ਤੋਂ ਝੁਕ ਜਾਏਗੀ, ਤੇਰੇ ਪਿੱਛੋਂ, ਤੌਖਲਾ ਸੀ, ਉਮਰ ਹੀ ਮੁਕ ਜਾਏਗੀ। ਪਰ ਦਿਨ ਗੁਜ਼ਰਦੇ ਹੀ ਰਹੇ, ਤੇ ਦਿਲ ਧੜਕਦਾ ਵੀ ਰਿਹਾ, ਨੀਂਦ ਵੀ ਆਉਂਦੀ ਰਹੀ, ਤੇ ਸਾਹ ਸਰਕਦਾ ਵੀ ਰਿਹਾ। ਫਿਰ ਅੰਧ-ਰਾਹਾਂ 'ਤੇ ਸਿਤਾਰੇ, ਤੂੰ ਵਿਛਾਦੀ ਹੀ ਰਹੀ, ਰੱਕੜਾਂ ਨੂੰ, ਪੱਤਝੜਾਂ ਨੂੰ, ਤੂੰ ਸਜਾਂਦੀ ਹੀ ਰਹੀ, ਯਾਦ ਵਿਚ ਤੇਰੀ, ਮੁਹੱਬਤ ਲਹਿਲਹਾਂਦੀ ਹੀ ਰਹੀ, ਜ਼ਿੰਦਗੀ ਬੁਝਦੀ ਨਹੀਂ, ਇਹ ਟਿਮਟਮਾਂਦੀ ਹੀ ਰਹੀ।

ਸੁਨੇਹਾ

ਇਸ ਗੁਜ਼ਰਦੀ ਰਾਤ ਨੂੰ ਆਖੋ ਜ਼ਰਾ, ਜਦ ਇਹ ਡੈਲੇਸ ਜਾਏਗੀ, ਅਗਲੀ ਸਵੇਰ, ਮੇਰੀ ਸੁੱਤੀ ‘ਪੁੰਨੜੀ' ਦੇ ਕੰਨ ਵਿਚ ਜਾ ਕੇ ਕਹੇ, ਉਹ ਤਾਰਿਆਂ ਦੀ ਨਬਜ਼ ਤੋਂ ਪਹਿਚਾਣ ਲਏ, ਯਾਦ ਦੀ ਆਵਾਜ਼ ਨੂੰ, ਅਰਦਾਸ ਦੀ ਪਰਵਾਜ਼ ਨੂੰ। ਸੈਂਕੜੇ ਕਾਰਜ ਨਿਭਾਂਦੀ ਰਾਤ ਨੂੰ, ਕਾਲੀਆਂ ਜ਼ੁਲਫ਼ਾਂ ਸਜਾਂਦੀ ਰਾਤ ਨੂੰ, ਫੁੱਲ ਚੁੰਮ ਚੁੰਮ ਕੇ ਜਗਾਂਦੀ ਰਾਤ ਨੂੰ, ਓਸ ਦੇ ਮੋਤੀ ਲੁਟਾਂਦੀ ਰਾਤ ਨੂੰ, ਸਾਗਰਾਂ ਤੋਂ ਮੇਲ੍ਹਦੀ ਤੇ ਸਰਸਰਾਂਦੀ ਰਾਤ ਨੂੰ, ਇੱਕ ਪੱਲੂ ਨਾਲ ਸੌ ਦੀਵੇ ਬੁਝਾਂਦੀ ਰਾਤ ਨੂੰ, ਬੱਦਲੀਂ ਤਾਰੇ ਸਜਾਂਦੀ ਰਾਤ ਨੂੰ। ਮੇਰੀ ਸੁੱਤੀ ਧੀ ਨੂੰ ਲੋਰੀ ਦੇਣ ਵੇਲੇ, ਉਹਦੀ ਨੀਂਦਰ ਵਿਚ ਸੁਪਨੇ ਭਰ ਦਵੇ, ਉਹਦਾ ਮੱਥਾ ਚੁੰਮ ਕੇ ਰੁਸ਼ਨਾ ਦਵੇ, ਸੁੱਖ ਦੀ ਦੌਲਤ ਨਾਮ ਉਸਦੇ ਕਰ ਦਵੇ।

ਪੁੰਨੀ ਦਾ ਫ਼ੋਨ

ਤੇਰੀਆਂ ਯਾਦਾਂ ਦੇ ਮਹਿਲਾਂ ਦੇ, ਖੋਲ੍ਹੇ ਕੱਲ੍ਹ ਬੂਹੇ, ਝੀਤ ਝਰੋਖੇ, ਪੌਣਾਂ ਆਈਆਂ, ਓਸ ਨਿਹਾਰੀ, ਹੁੰਮਸ ਘਟਿਆ। ਕਿਰਨਾਂ ਨੇ ਆ ਝੁਰਮਟ ਪਾਇਆ, ਕੂੰਜਾਂ ਕੁੜੀਆਂ ਪੀਘਾਂ ਪਾਈਆਂ, ਗੁੱਡੀਆਂ, ਖੇਡ-ਖਿਡਾਉਣੇ ਹਿੱਲੇ, ਚੂੰ-ਚੂੰ ਕਰਦੀਆਂ ਚਿੜੀਆਂ ਆਈਆਂ। ਅੰਬਰ, ਤੇ ਅੱਖੀਆਂ ਨੇ ਮਿਲਕੇ, ਰਿਮ ਝਿਮ ਰੁਣ ਝੁਣ ਛਹਿਬਰ ਲਾਈ, ਸੂਰਜ ਬੱਦਲਾਂ ਤੋਂ ਓਹਲੇ ਹੋ, ਝੁਕ ਕੇ ਝਾਤੀ ਮਾਰਨ ਆਇਆ। ਪਰ- ਤੇਰੇ ਬਿਨ ਹੀ ਤੀਆਂ ਤੁਰੀਆਂ, ਖੀਰਾਂ ਪੂੜੇ ਯਾਦ ਨ ਆਏ । ਕੌਣ ਸੰਧਾਰਾ ਲੈ ਕੇ ਜਾਏ ? ਫ਼ੋਨ ਤੇਰੇ ਨੇ ਯਾਦ ਦਿਲਾਈ, ਹੁਣ ਤੀਆਂ ਦੀ ਰੁੱਤ ਆਈ। ( 01 ਅਗਸਤ 2000)

ਰਚਨਾ

ਮੈਂ ਬਿਨ ਸੋਚੇ ਰਚਿਆ ਸੀ, ਇੱਕ ਸੋਹਣਾ ਸੰਸਾਰ ਧੀਏ। ਅਣੂ ਦੇ ਸਫ਼ਰ ’ਚ ਜਾਈ ਗਈ, ਇੱਕ ‘ਕਲਚਰ' ਵਿੱਚ ਟਿਕਾਈ ਗਈ, ਰੀਝਾਂ ਨਾਲ ਸਜਾਈ ਗਈ, ਵਿੱਦਿਆ ਵਿੱਚ ਰੁਸ਼ਨਾਈ ਗਈ, ਸੁਪਨੇ ਸੰਗ ਮਹਿਕਾਈ ਗਈ। ਫਿਰ ਸ਼ੈਦ ਕਿਤੇ ਬਹਿਕਾਈ ਗਈ, ਤੇਰੀ ਰੀਝ ਰੁਚੀ ਪਰਣਾਈ ਗਈ। ਇੱਕ ਵਿਹੜੇ ਵਿੱਚ ਤੂੰ ਬਿਰਖ ਬਣੀ, ਬਿਰਖ ਕਿ ਜਿਸ ਦੀ ਛਾਉਂ ਘਣੀ । ਉਸ ਬਿਰਖ ਨੂੰ ਫੁੱਲ ਵੀ ਲੱਗਦੇ ਨੇ, ਉਸ ਬਿਰਖ ਨੂੰ ਫ਼ਲ ਵੀ ਪੈਂਦੇ ਨੇ, ਉਸ ਵਿਹੜੇ ਦਾ ਸ਼ਿੰਗਾਰ ਹੈਂ ਹੁਣ, ਉਸ ਘਰ ਦੀ ਦੀਵਾਰ ਹੈਂ ਹੁਣ, ਸੁਪਨਿਆਂ ਵਿੱਚ ਸਰਸ਼ਾਰ ਹੈਂ ਹੁਣ। ਕਈ ਸੰਦੇਸ਼ੇ ਆਉਂਦੇ ਨੇ, ਪਲ ਭਰ ਲਈ ਜੀਅ ਪਰਚਾਉਂਦੇ ਨੇ, ਫਿਰ ਗੁੜ੍ਹੀ ਨੀਂਦ ’ਚ ਫਸਦੇ ਨੇ, ਸਾਨੂੰ ਫ਼ਿਕਰ ਅੰਦੇਸ਼ੇ ਡੱਸਦੇ ਨੇ। ਤੂੰ ਦਿਨੇਂ ਟਟਹਿਣੇ ਫੜਦੀ ਹੈਂ, ਥੱਕ ਟੁੱਟ ਘਰ ਵੜਦੀ ਹੈਂ, ਤੂੰ ਕਿਸ ਦੁਨੀਆਂ ਵਿੱਚ ਰਹਿੰਦੀ ਹੈਂ ? ਕੁਝ ਸੁਣਦੀ ਨਾ ਕੁਝ ਕਹਿੰਦੀ ਹੈਂ। ਅੰਬਰੀਂ ਹੁਣ ਵੀ ਸਰਘੀ ਹੈ, ਧੀ ਤੇਰੀ ਤੇਰੇ ਵਰਗੀ ਹੈ, “ਨਾਨੂੰ ਨਾਨੂੰ’ ਕਰਦੀ ਹੈ, ਪਿਆਰ ’ਚ ਜੀਉਂਦੀ ਮਰਦੀ ਹੈ। ਮੈਨੂੰ ਤਾਂ ਅਪਣਾ ਫ਼ਲ ਮਿਲਿਆ। ਕੁਦਰਤ ਵੱਲ ਕਿਉਂ ਪਿੱਠ ਕਰ ਲਈ ? ਤੇਰੇ ਫੁੱਲ ਗੁਆਚ ਗਏ ਕਿਧਰੇ ! ਤੂੰ ਫੁੱਲਾਂ ਦੀ ਹਾਣੀ ਏਂ, ਉਹ ਫੁੱਲ ਪਹਿਚਾਣ ਲਈਂ ਕਿਧਰੇ ।

ਵਿਦਾਇਗੀ ਪਿੱਛੋਂ

ਤੈਨੂੰ ਵਿਦਾਅ ਜਦੋਂ ਕਰ ਆਏ । ਬਿਨ ਪੈਰੀਂ ਆਪਣੇ ਘਰ ਆਏ। ਪੱਛਮ ਵਿੱਚ ਸੂਰਜ ਓਦਰਿਆ, ਕੱਲ -ਮ-ਕੱਲਾ ਘਰ ਵੀ ਡਰਾਏ , ਧਰਤੀ ਨੀਂਦਰ ਵਿੱਚ ਬਰੜਾਏ। ਅੱਖਾਂ ਵਿੱਚ ਕੋਈ ਹੰਝੁ ਨਾ ਨੀਂਦਾਂ, ਸੌਣ ਦਾ ਵੇਲਾ ਲੰਘਦਾ ਜਾਏ। ਅਰਸ਼ੀਂ ਰਤਾ ਨ ਬੱਦਲਵਾਈ, ਕਿਉਂ ‘ਦਾਮਨਿ ਫਿਰ ਚਮਕ ਡਰਾਏ’ ? ਜਸ ਧਰਤੀ 'ਤੇ ਸਾਵਣ ਵਰਸੇ, ਉਸ ਖੇਤੀ ਨੂੰ ਔੜ ਡਰਾਏ। ਅਗਲੇ ਦਿਨ ਸੂਰਜ ਨਾ ਰੁਕਿਆ, ਜੀਵਨ ਜੀ ਹਰਕਤ ਵਿੱਚ ਆਏ । ਖੁੱਲ੍ਹੀ ਅਲਮਾਰੀ, ਕਮਰਾ ਖਾਲੀ, ਕਿਸੇ ਕੋਨੇ ਤੋਂ 'ਵਾਜ ਨਾ ਆਏ। ਪੁੱਤ ਜਾਵੇ ਤਾਂ ਦਿਲ ਨਾ ਧੜਕੇ, ਧੀ ਤੋਰੋ ਸਭ ਕੁਝ ਰੁਕ ਜਾਏ। ਜਿਸ ਧਰਤੀ 'ਤੇ ਪੁੱਜ ਗਈ ਏਂ, ਉਸ ਧਰਤੀ ਤੋਂ ਖੁਸ਼ਬੂ ਆਏ। ਬਾਪੂ ਕਮਲਾ ਹੋਇਆ ਫਿਰਦਾ, ਇਸਨੇ ਕੋਈ ਲਾਲ ਗੁਆਏ! ਤੈਨੂੰ ਵਿਦਾਅ ਜਦੋਂ ਕਰ ਆਏ ਬਿਨ ਪੈਰੀਂ ਆਪਣੇ ਘਰ ਆਏ।

ਅੰਦੇਸ਼ਾ ਤੇ ਸੰਦੇਸ਼ਾ

1. ਤੂੰ ਕੁਝ ਬਣੇਂ, ਜੋ ਮੈਂ ਬਣ ਨਹੀਂ ਸਕਿਆ, ਉਹ ਸੁਖ ਸਹੇਂ, ਜੋ ਮੈਂ ਪਾ ਨਹੀਂ ਸਕਿਆ, ਖ਼ੁਦਾ ਕਰੇ ਨ ਲਏਂ ਵਿਰਸੇ 'ਤੋਂ, ਈਰਖ਼ਾਲੂ ਨਜ਼ਰਾਂ ਦੀ ਫੁਲਬਹਿਰੀ, ਤੰਗ ਦਿਲਾਂ ਦਾ ਸੱਨਾਟਾ, ਨਾ ਨਫ਼ਰਤ ਨਕਾਰੂ ਸੋਚ ਦੀ, ਸਾਰੇ ਲੌਂਗੋਵਾਲ ਨੂੰ ਟਿੱਚ ਜਾਨਣ ਦਾ ਵਹਿਮ ਕਾਤਲਾਨਾ ਖ਼ੁਦਗਰਜ਼ੀ। ਏਹ ਰੋਗ ਸਾਰੇ ਦਾਗ਼ ਨੇ ਹੁੰਦੇ ਹਮੇਸ਼ਾ ਸਮੇਂ ਦੇ ਓਹਨਾਂ ਲਈ, ਜੋ ਕਿਰਤ ਕਰਨਾ, ਵੰਡ ਛਕਣਾ ਭੁੱਲ ਗਏ, ਹੋ ਕੇ ਬਜ਼ਾਰੂ ਰੁਲ ਗਏ। 2. ਕਿਸੇ ਨੂੰ ਨਸੀਹਤ ਦੇਣਾ ਸਦਾ ਸੌਖਾ ਹੈ। 'ਨਾਸਹਿ'1 ਸਿਆਣੇ ਨਹੀਂ ‘ਬੋਰ’ ਹੁੰਦੇ ਹਨ। ਕਿਸੇ ਦੀ ਰੂਹ ਵਿੱਚ ਸਮਾ ਕੇ ਸੋਚਣਾ 'ਔਖਾ' ਹੈ। ਦਿਲਾਂ ਵਿਚ ਖੋ ਕੇ ਰਚਣ ਵਾਲੇ ਹੋਰ ਹੁੰਦੇ ਹਨ। ਮੈਂ ਕੋਈ ‘ਨਾਸਹਿ, ਨਹੀਂ, ਉਸਤਾਦ ਨਹੀਂ, ਵਿਹਲਾ ਨਹੀਂ। ਅੱਜ ਕੱਲ੍ਹ ਆਖਣ ਸੁਣਨ ਦਾ, ਕੋਈ ਤੁਕ2 ਨਹੀਂ, ਵੇਲਾ ਨਹੀਂ। ਬਾਪ ਨੂੰ ਹੋਵਣ ਨਸੀਹਤ ਦੇਣ ਦੇ ਸਭ ਇਖ਼ਤਿਆਰ3, ਬਾਪ ਘਰ ਦੀ ਕੰਧ ’ਤੇ ਲੱਗੇ ਅਕਲ ਦੇ ਇਸ਼ਤਿਹਾਰ। 3. ਕਹਿਣ ਨੂੰ ਤਾਂ ਕਹਿ ਰਿਹਾਂ, ਸੁਣਨੇ ਨੂੰ ਵੀ ਮੈਂ ਤਿਆਰ ਹਾਂ। ਸਮੇਂ ਦੀ ਦੌੜ ਵਿੱਚ ਪੱਛੜ ਗਿਆ- ਥੱਕਾ ਹਾਂ, ਫਿਰ ਤੁਰਨ ਨੂੰ ਤਿਆਰ ਹਾਂ। ਸਾਰੇ ਅੰਦੇਸ਼ੇ ਲੱਥ ਗਏ, ਸੋਧ ਲਏ ਬੋਦੇ ਵਿਚਾਰ, ਮਨ ਸਮੇਂ ਦੇ ਤੁੱਲ ਕਰਨ ਨੂੰ ਹੁਣ ਤਿਆਰ ਹਾਂ। ਆਸਾਂ ਅਸੀਸਾਂ ਹੀ ਸਿਰਫ਼ ਮੈਂ ਦੇ ਦਵਾਂ, ਕਿੰਝ ਹੋਵਣਗੇ ਤੇਰੇ ਹਾਲਾਤ ਕੀ ਜਾਣਾ! ਨਾਸਬੂਰੀ ਦਿਲ ਦੀ, ਮਜਬੂਰੀ ਜ਼ਮਾਨੇ ਦੀ ਤੇਰੇ ਅਗਲੇ ਦਿਨ ਤੇ ਰਾਤ ਕੀ ਜਾਣਾ! ਜੇ ਚੁਰਸਤੇ 'ਤੇ ਕਦਮ ਰੁੱਕ ਜਾਣ ਤਾਂ, ਸੰਭਾਵਨਾਂ ਦੇ ਫੁੱਲ ਜੇ ਸੁੱਕ ਜਾਣ ਤਾਂ, ਪਾਪਾ ਦੀ ਉਂਗਲ ਫੜ ਲਈਂ, ਨਾਲ ਤੇਰੇ ਫਿਰ ਖੜਨ ਨੂੰ ਤਿਆਰ ਹਾਂ। 1. ਉਪਦੇਸ਼ਕ 2. ਸਾਰਥਕਤਾ 3. ਅਧਿਕਾਰ

ਤੂੰ ਹੋਰ ਸੀ, ਕੁਝ ਹੋਰ ਹੋ ਗਈ

ਤੂੰ ਹੋਰ ਸੀ, ਕੁਝ ਹੋਰ ਹੋ ਗਈ। ਇੱਕ ਕੋਮਲ ਕਲੀ ਕਠੋਰ ਹੋ ਗਈ। ਜਿਸਦੇ ਸੀ ਚਾਰ ਚੁਫੇਰੇ ਚਾਨਣ, ਉਹ ਕੈਸੀ ਚਿਲਕੋਰ ਹੋ ਗਈ ? ਸਾਰੇ ਜੱਗ ਦੇ ਨੇੜੇ ਵੱਸਦੀ, ਅਪਣੇ ਆਪ ਤੋਂ ਦੂਰ ਹੋ ਗਈ ? ਸਭ ਦੁਨੀਆਂ ਤੋਂ ਬੇਪਰਵਾਹੀ, ਕਿਸ ਸੋਚੋਂ ਮਜਬੂਰ ਹੋ ਗਈ ? ਕਿੱਥੇ ਸਾਬਤਕਦਮੀਂ ਥਿੜਕੀ ਕੈਸੀ ਡਗਮਗ ਤੋਰ ਹੋ ਗਈ ? ਖ਼ਲਕਤ ਨੂੰ ਨਿੱਤ ਚੈਲੇਂਜ ਕਰਦੀ ਪਿੱਛਲੀ ਸਫ਼ ਵਿਚ ਟੋਰ ਹੋ ਗਈ। ਬਹੁਤ ਦਿਲਾਂ ਵਿਚ ਨੀਂਦੀ ਥੀਂਦੀ, ਆਪਣੇ ਆਪ ਤੋਂ ਦੂਰ ਹੋ ਗਈ, ਤੂੰ ਹੋਰ ਸੀ, ਕੁਝ ਹੋਰ ਹੋ ਗਈ। ਇੱਕ ਕੋਮਲ ਕਲੀ ਕਠੋਰ ਹੋ ਗਈ।

ਸਫ਼ੀਰ1

* (ਅਨਾਹਤ ਨੂੰ) “ ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ।” - ਗੁਰੂ ਨਾਨਕ ਦੇਵ ਉੜ ਗਿਆ ਲੈਕੇ ਜਹਾਜ਼ ਚਮਨ ਤੇ ਵਾਟਿਕਾ ਸਾਰੀ। ਸੂਰਜੀ ਰੌਕਿਟ ਦੇ ਮੂਹਰੇ ਕਿਰਨਾਂ ਦਾ ਤਾਂਡਵ ਨਾਚ ਸੀ। ਊਸ਼ਾ ਨਿਸ਼ਾ ਚਰਖੇ ਤੇ ਪਾਵਣ ਤੰਦ ਉਦਾਸ ਯਾਦਾਂ ਦੀ। ਮੈਂ ਕਿਹਾ :- “ਹੰਝੂ ਪੂੰਝੋ, ਮੁਸਕਰਾਓ, ਰਾਗਣੀ ਛੇੜੋ। ਐ ਨਵੇਂ ਯੁੱਗ ਦੇ ਬਾਸ਼ਿੰਦੋ! ਕਬਰ ਵਿਚ ਕਿਪਲਿੰਗ ਬਹੁਤ ਬੇਚੈਨ ਹੈ। ਮੁੱਕ ਗਈ ਹੈ ਪੂਰਬ ਤੇ ਪੱਛਮ ਦੀ ਵਿੱਥ, ਹੁਣ ਵਿਸ਼ਵ ਸਾਰਾ ਇਕ ਨਗਰੀ ਹੈ। ਯੁਜੀਨ! ਔਰੇਗਨ ਦੇ ਦਿਲ!! ਅਮਰੀਕਾ ਦੇ ਲਿਸ਼ਕਦੇ ਤਾਰੇ !!! ਓਸ਼ੋ, ਸਾਡੇ ਸਮੇਂ ਦਾ ਪੂਰਨ ਸਿੰਘ, ਮੇਰੇ ਦੇਸ਼ ਦਾ ਦੀਵਾਨਾ, ਇਕ ਫੱਕਰ, ਫਲਸਫੀ ਧੁਰੰਤਰ ਫ਼ਕੀਰ ਤਕੀਏ ਦਾ, ਅਲਬੇਲਾ ਆਸ਼ਕ, ਹੁਸਨ ਦਾ ਸ਼ੈਦਾਈ, ਕਾਮ ਦੀ ਇਕ ਗੰਗ ਨਿਰਮਲ, ਤੇਰੇ ਸੂਬੇ ਗਿਆ ਸੀ, ਜਿਊਂ ਜੱਟ ਜਾਏ ਸਹੁਰਿਆਂ ਨੂੰ ਲੈਣ ਮੁਕਲਾਵਾ। ਕੋਈ ਬਦਲੋਟੀ ਤੇਰੇ ਅੰਬਰ ਤੋਂ ਬਰਸੀ, ਫੁੱਲਾਂ ਦੇ ਨਗਰ ! ਸੁਣਿਐ- ਕਿ ਤੇਰੀ ਧਰਤੀ ਨੂੰ , ਅਬਰੇ-ਬਾਰਾਂ2 ਦੇ ਮੋਤੀ ਰਾਸ ਨਾ ਆਏ। ਪੁਹ ਨ ਸਕੀ ਸੁਲਫ਼ੇ ਦੀ ਲਾਟ, ਸਹਿ ਨ ਸੱਕੀ ਮੜਕ ਬਾਵੇ ਦੀ। ਅਮਰੀਕਾ! ਦਿਸ ਰਹੀ ਤੈਨੂੰ ਮੇਰੇ ਤੇ ਤੇਰੇ ਵਿਚਕਾਰ ਸੱਤ ਸਾਗਰਾਂ ਦੀ ਵਿੱਥ, ਜੋ ਨਜ਼ਰ ਨ ਆਈ ਹਰਦਿਆਲ ਐਮ.ਏ. ਤੇ ਵਿਵੇਕਾਨੰਦ ਸੁਆਮੀ ਨੂੰ। ਤੈਥੋਂ ਸਭ ਸੰਤੁਸ਼ਟ ਸਨ। ਮੋੜ ਘੱਤਿਆ ਤੂੰ ਮੇਰਾ ਪੂਰਨ, ਭੀੜ ਲਏ ਬੂਹੇ, ਦਰ-ਬ-ਦਰ ਫ਼ਿਰਿਆ ਆ ਕੇ ਮੇਰਾ ਸਾਧ, ਤੇਰੇ ਮਹਿਲਾਂ ਤੋਂ, ਮੇਰਾ ਪੂਰਨ ਭਗਤ। ਮੈਂ ਓਸ਼ੋ ਉਪਰੰਤ ਵੀ ਪਰ ਸਾਕ ਨ ਤੋੜੇ। ਸੁਣਿਐ ਕਿ ਤੇਰੇ ਵਿਹੜੇ 'ਚ ਬਰਕਤ ਹੈ, ਤੇਰੇ ਖੇਤਾਂ ਚੋਂ ਰਸ ਚੋਂਦਾ, ਤੇਰੇ ਫੁੱਲਾਂ ’ਚ ਖ਼ੁਸ਼ਬੂ ਹੈ, ਤੇ ਇਸ ਤੋਂ ਵੀ ਵੱਧ, ਤੇਰੇ ਮਰਦਾਂ ’ਚ ਮਾਨਵਤਾ, ਤੇਰੀਆਂ ਮੇਮਾਂ ’ਚ ਮਮਤਾ ਹੈ। ਸੁਨਹਿਰੇ ਵਾਲ, ਨੀਲੇ ਅੰਬਰੀ ਨੈਣਾਂ ਦੀ ਅਨਹਤ ਰੌਸ਼ਨੀ ਵਾਲੇ, ਤੇਰੇ ਬਾਲਾਂ ’ਚ ਕੋਮਲ ਤਾਜ਼ਗੀ, ਮਾਸੂਮੀਅਤ ਦੀ ਝਲਕ ਨੂਰੀ ਹੈ। ਬਾਸਮਤੀ ਦੀ ਪੌਧ ਮੈਂ ਘੱਲੀ ਹੈ ਤੇਰੇ ਖੇਤਾਂ ਨੂੰ। ਤੂੰ ਜਾਣੀਂ! ਮੁਸ਼ਕ ਕਸਤੂਰੀ, ਹੁਸਨ ਦੀ ਪੋਟਲੀ ਭੇਜੀ। ਨਵੀਂ ਦੁਨੀਆਂ ਦੇ ਮਰਕਜ਼ ! ਮੈਂ ਉਹਦੇ ਨਾਲ ਤੋਰੇ ਨੇ ਕੋਲੰਬਸ । ਉਹ ਤੇਰੀ ਆਤਮਾ ਤੇ ਵਿਸ਼ਵ ਦੀ ਧੁਰ ਖੋਜ ਖ਼ਾਤਿਰ ਨੇ ਤੁਰੇ ਦੇਸੋਂ, ਕਿ ਜਿਸਦਾ ਕੁਆਰਪਣ ਤੇਰੇ ਜੰਗਲ, ਪਹਾੜਾਂ, ਝਰਨਿਆਂ, ਮਾਰੂਥਲਾਂ ਚੋਂ ਸੈਨਤਾਂ ਮਾਰੇ। ਤੈਨੂੰ ਮੁਬਾਰਿਕ ਹੈ- ਤੇਰੀ ਸਭ ਹੁਸੀਂ ਧਰਤੀ, ਰੌਸ਼ਨੀ ਦੇ ਸ਼ਹਿਰ ਤੇਰੇ, ਖੋਜ ਮੰਦਰ, ਮਹਾਂ ਵਿਦਿਆਲੇ, ਰਸ ਭਰੇ ਸਦਾ ਬਹਾਰ ਫ਼ਲ, ਮੁਸਕਰਾਉਂਦੇ ਫੁੱਲ। ਜੀਂਦੇ ਰਹਿਣ- ਤੇਰੇ ਚੁਲਬੁਲੇ ਬਾਲ ਸੰਗੀਤ ਦੇ ਝਰਨੇ, ਡੀਕ ਲਾ ਕੇ ਪੀਣ ਚਾਂਦਨੀ ਦੀ ਆਬਸ਼ਾਰ, ਮਾਂ ਦੇ ਸੁੱਚੇ ਦੁੱਧ ਦੀ ਧਾਰ। ਯਾਦ ਰਹੇ! ਇਕ ਸੂਹੀ ਕਿਰਨ, ਕੂਲੀ ਰਿਸ਼ਮ ਤੇਰੇ ਪਾਸ ਮੇਰੀ ਅਮਾਨਤ ਹੈ। ਤੂੰ ਉਸ ਮਹਿਕ ਦੀ ਤੋਰ ਨੂੰ ਤੱਕੀਂ, ਉਹਦੇ ਨੈਣਾਂ ਦੇ ਰਕਸ ਤੇ ਝੂਮੀਂ। ਇਹ ਤੈਨੂੰ ਇਕ ਬਰਕਤ ਇਕ ਤੁਹਫ਼ਾ ਹੈ। ਨਵੀਂ ਦਿੱਲੀ ਏਅਰਪੋਰਟ, 27 ਅਪ੍ਰੈਲ, 1997) 1. ਦੂਤ 2. ਮੀਂਹ ਬਰਸਾਉਣ ਵਾਲੇ ਬੱਦਲ * ਇਹ ਕਵਿਤਾ ਮੇਰੇ ਕਾਵਿ ਸੰਗ੍ਰਹਿ ‘ਤੁਫ਼ਾਨਾਂ ਦੀ ਗੋਦ ਵਿਚ' (1998) ਵਿਚ ਪਹਿਲਾਂ ਵੀ ਛਪ ਚੁੱਕੀ ਹੈ। ਜ.ਸ.ਬ.

ਗਰੀਟਿੰਗ ਕਾਰਡ

(ਜਗਦੀਪ ਨੂੰ) ਦਲਦਲ 'ਚ ਖੁੱਭਿਆ ਯਾਤਰੂ, ਕਰਨ ਦੇ ਕਾਬਲ ਨਹੀਂ, ਮੰਜ਼ਿਲਾਂ ਦੀ ਦਿਸ਼ਾ ਦਾ, ਹਾਸੇ, ਖੁਸ਼ੀ, ਸੁੱਖ ਦਾ ਹਿਸਾਬ । ਕੀ ਆਖਣਾ ? ਤੂੰ ਜਾਣਦੀ, ਇਹ ਵਸੀਅਤ ਹੀ ਸਹੀ, ਜੀਅ ਕਰੇ ਜਦ, ਪੜ੍ਹ ਲਈਂ, ਖੁੱਲ੍ਹੀ ਪਈ ਰੂਹ ਦੀ ਕਿਤਾਬ। ਜੇ ਅਸੀਸਾਂ ਫੁੱਲ ਨੇ, ਤਾਂ ਗਲਿਸਤਾਂ ਤੇਰਾ ਹੀ ਹੈ। ਜੇ ਅਰਦਾਸਾਂ ਫ਼ਲਣ, ਤਾਂ ਆਸਮਾਂ ਤੇਰਾ ਹੀ ਹੈ। ਕੁਰਬਾਨ ਮੌਸਿਮ, ਬਾਗ਼ਬਾਂ, ਇਹ ਆਸ਼ੀਆਂ ਤੇਰਾ ਹੀ ਹੈ। ਤੇਰੀ ਲੋਅ ਹੈ ਬੇਹਿਸਾਬ, ਮੱਸਿਆ ਦੀ ਰਾਤ ਦੇ ਤਾਰੇ ਜਗੇ ਸ਼ਾਜ਼ੋ-ਨਾਦਿਰ1 ਜੋ ਕਿਤੇ ਪੂਰਾ ਹੋਏ, ਤੂੰ ਹੈਂ ਉਹ ਸ਼ਾਇਰ ਦਾ ਖ਼੍ਵਾਬ। ਨੂਰ ਦੀ ਛਹਿਬਰ, ਅੰਬਰੋਂ ਵਰ੍ਹੇ, ਗੁਣ ਦਾ ਸ਼ਬਾਬ, ਪੈਰ ‘ਅੰਮ੍ਰਿਤਸਰ’ ਦੀ ਪਰਕਰਮਾ ਕਰਨ, ਧੁਰ ਅਜ਼ਲ ਤੋਂ ਪਾ ਲਿਆ ਹੈ ਤੂੰ ਸੁਆਬ2 । ਬੇਫ਼ਿਕਰ ਖੁਸ਼ਬੂ ਪਸਾਰਨ ਹਰ ਤਰਫ਼, ਸਦ ਬਹਾਰੀ ਸਤਲੁਜੀ ਸੂਹੇ ਗੁਲਾਬ। ਇਸਦੀ ਖ਼ੁਸ਼ਬੂ ਬੇਮਿਸਾਲ, ਏਹ ਨਹੀਂ ਫੁੱਲ ਕਾਗਜ਼ੀ, ਇਹਦੀ ਆਭਾ ਲਾਜਵਾਬ, ਜੋ ਸਾਜਿਆ ਕੰਨਿਆ ਨੇ ਖ਼੍ਵਾਬ। ਇਕ ਵਿਗਿਆਨੀ ਨੂੰ ਚੈਲੇਂਜ ਕਵੀ ਦਾ, ਕਰਕੇ ਦੱਸੇ ਉਹ ਤੇਰੇ ਗੁਣ ਦਾ ਹਿਸਾਬ । (ਮੁਹਾਲੀ, 20 ਅਕਤੂਬਰ 1993) 1. ਕਦੇ-ਕਦੇ ਹੀ 2. ਪੁੰਨ *ਇਹ ਕਵਿਤਾ ਵੀ ਪੁਸਤਕ ‘ਤੁਫ਼ਾਨਾਂ ਦੀ ਗੋਦ ਵਿਚ' ਛਪੀ ਸੀ । ਜ.ਸ.ਬ.

ਰੁਬਾਈਆਂ

1. ਰੂਪ ਰੂਪ ਦਾ ਜਦੋਂ ਹੋਏ ਪ੍ਰਕਾਸ਼, ਤੇ ਪ੍ਰੀਤ ਦਾ ਆਤਮ ਬਿਗਾਸ, ਪੱਥਰਾਂ `ਚੋਂ ਰੁਮਕੇ ਜਲ ਧਾਰਾ, ਕਲੀ ਦਾ ਥਰਥਰਾਉਂਦਾ ਅਹਿਸਾਸ । 2. ਪ੍ਰੀਤ ਸਹਿਜ ਪ੍ਰੀਤ ਦਾ ਆਗਾਜ਼1 , ਕੋਮਲ ਸੁਰ, ਖ਼ਾਸ ਅੰਦਾਜ਼, ਕੁਦਰਤੀ ਜਲਵਾ, ਨੂਰੀ ਆਸ਼ੀਰਵਾਦ, ਹੋਂਦ ਦੇ ਭੇਦ, ਉਤਪੱਤੀ ਦੇ ਰਾਜ਼। 3. ਜ਼ਿੰਦਗੀ ਸੱਤ ਘਾਟਾਂ ਦੇ ਪਾਣੀ ਪੀ ਕੇ, ਬੁਝੇ ਰਤਾ ਨਾ ਤਨ ਦੀ ਪਿਆਸ, ਮਿੱਤਰ ਬੇਲੀ ਹੱਸ ਤੁਰ ਜਾਂਦੇ, ਸਾਥ ਨ ਕੋਈ ਆਏ ਰਾਸ। ਉਮਰਾਂ ਦੇ ਮਾਰੂਥਲ ਵਿਚ, ਮ੍ਰਿਗ ਹਰਕਾਈਆਂ ਮਾਰ ਕੇ ਨੱਸਣ, ਨਾਫ਼ੇ ਦੀ ਗੁੱਝੀ ਕਸਤੂਰੀ, ਜ਼ਿੰਦਗੀ ਕਿਸ ਨੂੰ ਆਈ ਰਾਸ! 4. ਸਿੱਖੀ ਹਸਨ ਅਬਦਾਲ ਤੇ ਨਾਨਕ ਝੀਰੇ, ਫੁੱਟੇ ਚਸ਼ਮੇ ਕਦੇ ਨ ਸੁੱਕੇ, ਅਨੰਦਪੁਰੀ, ਪਾਉਂਟੇ, ਨੰਦੇੜੋਂ, ਚਲਦੇ ਪਾਣੀ ਕਦੇ ਨ ਰੁਕੇ। ਛੇੜ-ਛਾੜ ਜਾਂ ਕਰੋ ਮਸ਼ਕਰੀ, ਟੌਅਰ ਪੱਗ ਦੀ ਕਾਇਮ ਦਾਇਮ, ਵੈਸਾਖੀ ਦੀ ਪੌਧ ਦੇ ਬੂਟੇ, ਸੁੱਕੇ ਨਹੀਂ ਤੇ ਕਦੇ ਨ ਮੁੱਕੇ। 1. ਆਰੰਭ

ਰੁਬਾਈਆਂ

1. ਜੋਬਨ ਜਗਿਆ, ਰੀਝਾਂ ਸਜੀਆਂ, ਰੰਗ ਬਰੰਗੇ ਸੁਪਨੇ ਮੌਲੇ, ਲੂੰ ਲੂੰ ਤਨ ਮਨ ਭਰੀ ਸੁਗੰਧੀ, ਕਲੀਆਂ ਨੇ ਝਟਪਟ ਬੁੱਲ੍ਹ ਖੋਲ੍ਹੇ, ਏਧਰ ਨਿੰਮ੍ਹੇ ਬੁੱਲ੍ਹ ਮੁਸਕਾਏ, ਓਧਰ ਜ਼ੁਲਫ਼ਾਂ ਫੁੱਲ ਸਜਾਏ, ਓਦਰਿਆ ਦਿਨ ਹਾੜ੍ਹ ਦਾ ਚੜ੍ਹਿਆ, ਮਨ ਰੋਏ, ਤਨ ਡੋਲੇ। 2. ਦਿਲ ਕਰਦੇ ਨੇ ਸੀਨਾ ਜ਼ੋਰੀ, ਅੱਖਾਂ ਖੋਲ੍ਹ ਸਬੂਹੀ ਤੋਰੀ, ਹੋਂਟਾਂ ਨੂੰ ਨ ਸ਼ਬਦ ਅਹੁੜਦੇ, ਨੈਣੀਂ ਤੇਜ਼ ਜੋਤ ਲਿਸ਼ਕੋਰੀ, ਕੱਪੜੇ ਖੜ ਖੜ ਪੈਂਠ ਦਿਖੌਂਦੇ, ਮੋਟਰ ਸਾਈਕਲ ਸ਼ੋਰ ਮਚਾਉਂਦੇ, ਜਦੋਂ ਤਰੰਗਾਂ ਨੈਣੀਂ ਲਿਸ਼ਕਣ, ਫਿਰ ਮੁਕਦੀ ਹੈ ਚੋਰ ਛੁਪੋਰੀ। 3. ਸਮਿਆਂ ਦੇ ਤਪਦੇ ਸੇਕ ਵਿਚ, ਜਦ ਵੀ ਟਿਕਾਣੇ ਨਾ ਮਿਲੇ, ਮੁੜਿਓ ਪੁਰਾਣੇ ਘਰਾਂ ਨੂੰ ਜੇ ਆਸ਼ਿਆਨੇ ਨਾ ਮਿਲੇ, ਪਤਾ ਨਹੀਂ ਕਿਸ ਧੁਨ ਵਿਚ ਤੁਰੇ, ਘਰ ਤੋਂ ਕੋਲੰਬਸ ਬਣਨ ਨੂੰ , ਜਾਂ ਵੇਗਾਂ ਦੇ ਪਾਣੀ ਸੁੱਕ ਗਏ ਫਿਰ ਬੂਹੇ ਪੁਰਾਣੇ ਨਾ ਮਿਲੇ।

ਗ਼ਜ਼ਲ

ਜੋ ਜੁੱਗਾਂ ਦੀ ਸ਼ਾਨ ਰਹੇ ਨੇ , ਹੋਏ ਹੜੱਪਾ ਖੰਡਰ ਖੋਲੇ । ਜਿਹੜੀ ਅਦਬ-ਅਦਾਬੀ ਮਹਿਫ਼ਲ, ਉਸ ਮਹਿਫ਼ਲ ਵਿੱਚ ਪਗ ਧਰ ਹੌਲੇ। 'ਲੂਸੀ'1 ਵਾਂਗੂ ਗੁੰਮ ਨ ਹੋਵੇ , ਤੇਰੀ ਮਾਂ ਨੂੰ ਚਿੰਤ ਮਧੋਲੇ । ਜਾਗੋ ਤਾਕੀ ਖੋਲ ਕੇ ਦੇਖੋ, ਸੂਰਜ ਦੇਵ ਪੀਤਾਂਬਰ ਚੋਲੇ । ਚੰਨ ਦੀ ਚਾਂਦੀ ਬਿਖਰੇ ਚਮਕੇ , ਲੋਹਾ ਕੋਲੇ , ਨੇਰ੍ਹੇ ਓਹਲੇ। "ਪਹਿਰੇ ਪਟੰਬਰ ਕਰਿ ਅਡੰਬਰ, ਆਪਣਾ ਪਿੜੁ" ਮੱਲ-ਨਾਨਕ ਬੋਲੇ। ਮੇਰੀ ‘ਪੁੰਨੀ’ ਅਰਸ਼ੋਂ ਉੱਤਰੀ, ਕਈਆਂ ਪੈਰੀਂ ਫੁੱਲ ਫ਼ਰੋਲੇ। ਇਸ਼ਟ ਦਰੋਂ ਜਿਹੜੇ ਪਗ ਭਟਕੇ , ‘ਸਰ ਸਰ’2 ! ਜਲੇ ਹੂਰਾਂ ਦੇ ਟੋਲੇ। ਸੱਜਣ ਬੋਲੇ ਸੀਤਲ ਸੂਖ਼ਮ, ਦੁਰਜਨ ਦਾਗੇ ਤਪਦੇ ਗੋਲੇ । ਜੇ ਮਰਿਆਦਾ ਭੰਗ ਹੋਏ ਤਾਂ , ‘ਪੁੰਨੀ' ਝੱਟ ਕੜਕ ਕੇ ਬੋਲੇ । ਅਸੀਂ ਤਾਂ ਚੋਗਾ ਪਾਉਂਦੇ ਭੁੱਲੇ , ਬੋਟਾਂ ਖੰਭ ਅਸਮਾਨੀ ਖੋਲ੍ਹੇ । ਜਿਨ੍ਹੀਂ ਨੈਣੀਂ ਰਹਿਮਤ ਵੱਸੇ , ਨੈਣ ਉਹ ਹੀ ਸ਼ਿਵਜੀ ਖੋਲ੍ਹੇ । ਕੁੱਲੀਆਂ ਖੂੰਜੇ ਲਾਲ ਡੱਲ੍ਹਕਦੇ , ਮੂਰਖ ਜਾ ਉੱਚੇ ਦਰ ਟੋਲ੍ਹੇ । ਆਲੇ ਭੋਲੇ ਸੂਖ਼ਮ ਸੂਖ਼ਮ, ਘੁੱਗੀ ਦੇ ਦੋ ਨੈਣ ਮਮੋਲੇ । ‘ਵਾਰਿਸ` ਦੇ ਰੰਗ ਸਗਵੇਂ ਸੂਹੇ , ਬਉਰਾ ਕਤਲ ਬਾਜ਼ਾਰੀਂ ਟੋਲ੍ਹੇ । ਜੋ ਮੰਜ਼ਿਲ ਦੇ ਵੱਲ ਨਾ ਜਾਵਣ, ਉਹ ਰਾਹ ਵੀ ਮੈਂ ਬਹੁਤ ਫਰੋਲੇ। ਸ਼ਹੁ ਦਰਿਆ ਹੈ ਅੰਨ੍ਹਾ ਗਹਿਰਾ, ਪੈਰ ਧਰੀਂ ਤੂੰ ਹੌਲੇ ਹੌਲੇ । ਸਾਂਭ ਲੈ ਝੱਟ ਪੱਟ ਪਿਆਰ ਦੀ ਦੌਲਤ, ਕਦੇ ਕਦੇ ਦਰ ਕਿਸਮਤ ਖੋਲ੍ਹੇ । 'ਏ ਸੀ.' ਲਾ ਕੇ ਸੁਪਨੇ ਲੈਂਦੇ , ਹਾੜ੍ਹ ਦੇ ਦੇਖਣ ! ਵਾ-ਵਰੋਲੇ । ਖ਼ਲਕਤ ਮੱਥੇ ਮੇਟ ਲਕੀਰਾਂ, ਚੜ੍ਹੇ ਵਪਾਰੀ ਉੜਨ ਖਟੋਲੇ । ਖਿੰਡੇ ਪੁੰਡੇ ਤਾਰਿਆਂ ਵਿੱਚੋਂ ਇੱਕ ਕੁੜੀ ਕੁਝ ਸੁਪਨੇ ਟੋਲ੍ਹੇ । ਇੱਕ ਬਾਲੜੀ ਨਾਰ ਬਣ ਰਹੀ, ਨਵੇਂ ਇਰਾਦੇ ਮਨ ਵਿੱਚ ਬੋਲੇ । ਧੀਆਂ ਨੇ ਫਿਰ ਮਾਂ ਬਣਨਾ ਹੈ , ਸਹਿਣ ਜੀਵਨ ਦੇ ਰੋਲ ਘਚੋਲੇ । ਤਿੱਤਰ ਬਿੱਤਰ ਵੀ ਹੋ ਜਾਂਦੇ , ਕੁਝ ਸੁਪਨੇ ਬਣ 'ਵਾ-ਵਰੋਲੇ । ਕੁੜੀਓ ਚਿੜੀਓ ਝੋਲੀਆਂ ਭਰ ਲਉ, ਸ਼ਾਇਰ ਨੇ ਕੁਝ ਮੋਤੀ ਰੋਲੇ । ('ਫ਼ਿਰਾਕ` ਗੋਰਖ਼ਪੁਰੀ ਦੀ ਗ਼ਜ਼ਲ ਦੀ ਬਹਿਰ ਵਿਚ) 1. ਲੂਸੀ ਗਰੇ’ (Lucy Gray) ਕਵੀ ਵਰਡਜ਼ਵਰਥ ਦੀ ਇਕ ਕਵਿਤਾ ਦੀ ਕੁੜੀ 2. ਬਾਦ-ਏ-ਸਰਸਰ - ਦੋਜ਼ਖ ਦੀ ਗਰਮ ਹਵਾ।

ਗ਼ਜ਼ਲ

ਕਾਮਨਾ ਦੇ ਸਫ਼ਰ 'ਤੇ ਜਿਹੜੇ ਵੀ ਫ਼ਰਜ਼ਾਨੇ1 ਗਏ। ਇਸ ਤਰ੍ਹਾਂ ਬਦਲੇ ਸਮੇਂ ਨੇ ਫਿਰ ਨ ਪਹਿਚਾਣੇ ਗਏ। ਨਾ ਗਿਲਾ ਨਾ ਫ਼ਿਕਰ, ਜੇ ਫੁਰਸਤ ਦੇ ਅਫ਼ਸਾਨੇ ਗਏ, ਅੱਜ ਗੁਲਸ਼ਨ ਜੇ ਗਏ, ਤਾਂ ਕੱਲ੍ਹ ਵੀਰਾਨੇ ਗਏ। ਹਰ ਜੁਰਮ ਦੀ ਪੈੜ ਨੱਪੀ ਲੈ ਗਏ ਦਰਬਾਰ ਤੱਕ, ਪਰ ਕਚਹਿਰੀ ਸਾਹਮਣੇ ਮੁਲਜ਼ਿਮ ਹੀ ਗਰਦਾਨੇ ਗਏ। ਜਦ ਕੋਈ ਅਪਣੇ ਆਪ ਤੋਂ ਹੋਏ ਖ਼ਫ਼ਾ ਤੇ ਬੇਖ਼ਬਰ, ਪੈਰ ਘਰ ਮੁੜਦੇ ਨਹੀਂ ਉਹ ਸਿਰਫ਼ ਮੈਖ਼ਾਨੇ ਗਏ। ਉਹ ਸੋਧ ਅਰਦਾਸੇ ਗਏ ਘੋੜੇ ਅਟਕ ਵਿਚ ਠੇਲ੍ਹ ਕੇ, ਮੌਤ ਤੋਂ ਸੀ ਬੇਨਿਆਜ਼2, ਐਸੇ ਵੀ ਦੀਵਾਨੇ ਗਏ। ਲਾਸ਼ ਚੱਪੜਚਿੜੀ ਵਿਚ ਰੁਲ ਗਈ ਵਜ਼ੀਰ ਖ਼ਾਨ ਦੀ, ਬੰਦਾ ਬਹਾਦਰ ਨਾਲ ਦੇ ਬਾਬੇ ਨੇ ਸਨਮਾਨੇ ਗਏ । ਤੂੰ ਕਦੇ ਕਰਨੀ ਨਹੀਂ ਆਸ਼ਾ ਸੁਖ਼ਾਲੀ ਜਿੱਤ ਦੀ, ਪੰਧ ਔਖੇ ਝਾਗੇ ਜਿਨ੍ਹਾਂ ਉਹਨਾਂ ਨੂੰ ਨਜ਼ਰਾਨੇ ਗਏ। 1. ਸੋਚਵਾਨ 2. ਬੇਫ਼ਿਕਰ

ਗ਼ਜ਼ਲ

ਜਿਸ ਦੇ ਦਿਲ ਨੂੰ ਦਰਦ ਤੇ ਮੋਹ ਦੇ ਖ਼ਜ਼ਾਨੇ ਮਿਲੇ ਹਨ, ਉਹ ਸਮੇਂ ਦੀ ਪਰਖ਼ ਵਿੱਚ ਕਮਲੇ ਦੀਵਾਨੇ ਮਿਲੇ ਹਨ। ਕਲਪਨਾ ਨੇ ਨਿੰਮ ਕੇ ਜਾਏ ਜਿਹੜੇ ਸੁਪਨੇ ਜਵਾਨ, ਦਹਿਸ਼ਤ ਨਗਰ ਦੀ ਖ਼ਬਰ ਹੈ ਉਹ ਬੇਪਛਾਣੇ ਮਿਲੇ ਹਨ। ਜ਼ਿੰਦਗੀ ਦੇ ਸੋਗ ਵਿਚ ਜਦ ਵੀ ਅਸੀਂ ਸੱਥਰ ਵਿਛਾਏ, ਰਸਮੀ ਗੱਲਾਂ ਕਰਨ ਨੂੰ ਮਿੱਤਰ ਪੁਰਾਣੇ ਮਿਲੇ ਹਨ। ਅਪਣੇ ਦਰ ਘਰ ਤੋਂ ਦੁਰਾਡੇ, ਬੇਘਰੇ ਹੋਏ ਜਦੋਂ, ਸੁਰਮਈ ਛੱਤਰੀ ਮਿਲੀ ਕੁਝ ਆਸ਼ੀਆਨੇ ਮਿਲੇ ਹਨ। ਦਿਲ ਦੀ ਗੱਲ ਛੇੜਨ ਨੂੰ ਮਹਿਰਮ ਕੋਈ ਮਿਲਦੇ ਹੀ ਨਹੀਂ, ਮਿਲਣ ਨੂੰ ਤਾਂ ਉਂਝ ਬੜੇ ਅਪਣੇ ਬੇਗਾਨੇ ਮਿਲੇ ਹਨ। ਖੋਹ ਖੁਹਾ ਕੇ ਆਪਣੇ ਸਾਰੇ ਅਸਾਸੇ ਆਸਰੇ, ਖਿੜ ਖਿੜ ਸਦਾ ਹੱਸਦੇ ਰਹੇ, ਐਸੇ ਦੀਵਾਨੇ ਮਿਲੇ ਹਨ। ਬੇ ਪਛਾਣੇ ਤੇ ਬੇਗਾਨੇ ਦੁਖ ਵੰਡਾਵਣ ਆਏ ਸਨ, ਪੱਗ ਵਟਾ ਸੰਗ ਮਰਨ ਵਾਲੇ, ਪਰ ਨ ਸਿਆਣੇ ਮਿਲੇ ਹਨ। ਧੀ ਤੁਰੀ ਤਾਂ ਘਰ ਕਿਵੇਂ, ਸੱਖ਼ਣਾਂ ਤੇ ਖਾਲੀ ਦਿੱਸਿਆ, ਸ਼ੁਕਰ ਹੈ ਬਚਪਨ ਦੇ ਖ਼ਤ, ਮੂਰਤ ਪੁਰਾਣੇ ਮਿਲੇ ਹਨ।

ਕਿਉਂ ਤੇਰੇ ਸੁਪਨੇ ਦੇਖਾਂ ?*

1. ਜਦ ਬਰਖਾ ਛੱਤ ’ਤੇ ਬਰਸੇ, ਮੈਂ ਤੇਰੇ ਸੁਪਨੇ ਦੇਖਾਂ, ਜਦ ਬਰਫ਼ ਗਿਰੇ ਪਰਬਤ ’ਤੇ, ਮੈਂ ਤੇਰੇ ਸੁਪਨੇ ਦੇਖਾਂ, ਜੇ ਸ਼ੋਰ ਮਚਾਏ ਪੰਛੀ, ਮੈਂ ਤੇਰੇ ਸੁਪਨੇ ਦੇਖਾਂ, ਆਏ ਤੇ ਉਡ ਜਾਏ, ਮੈਂ ਤੇਰੇ ਸੁਪਨੇ ਦੇਖਾਂ, ਬਾਂਸਾਂ ਦੇ ਪੱਤੇ ਲਿਸ਼ਕਣ, ਮੈਂ ਤੇਰੇ ਸੁਪਨੇ ਦੇਖਾਂ, ਸ਼ਬਨਮ ਦੇ ਮੋਤੀ ਚਮਕਣ, ਮੈਂ ਤੇਰੇ ਸੁਪਨੇ ਦੇਖਾਂ। 2. ਸੀਖਾਂ ਨਜ਼ਰ ਨ ਆਵਣ , ਜਦ ਤੇਰੇ ਸੁਪਨੇ ਦੇਖਾਂ, ਦਿਨ ਅਮਨ ਦੇ ਮੂੰਹ ਦਿਖਾਵਣ, ਜਦ ਤੇਰੇ ਸੁਪਨੇ ਦੇਖਾਂ, ਕਾਮੇਂ ਮਾਲਕ ਬਣ ਜਾਵਣ, ਜਦ ਤੇਰੇ ਸੁਪਨੇ ਦੇਖਾਂ, ਜਾਬਰ ਹਥਿਆਰ ਛਪਾਵਣ, ਜਦ ਤੇਰੇ ਸੁਪਨੇ ਦੇਖਾਂ, ਜੇਲ੍ਹਾਂ ਸੌਖੀਆਂ ਹੋ ਜਾਵਣ, ਜਦ ਤੇਰੇ ਸੁਪਨੇ ਦੇਖਾਂ। 3. ਤੂੰ ਧੀ ਹੈਂ, ਪਰੀ ਕਿ ਦੇਵੀ ? ਦੱਸ ਮੈਨੂੰ ਕੀ ਹੋਇਆ ਹੈ ? ਦੱਸ ਭਲਾ ਕਿਉਂ ਹਰ ਪਲ, ਮੈਂ ਤੇਰੇ ਸੁਪਨੇ ਦੇਖਾਂ ? *ਫ਼ੈਜ਼ ਅਹਿਮਦ 'ਫ਼ੈਜ਼' (ਪੰਜਾਬ ਦੇ ਉਰਦ ਕਵੀ) ਦੀ ਪੁਸਤਕ ‘ਸਰੇ - ਵਾਦੀਏ - ਸੈਨਾ ਦੀ ਕਵਿਤਾ 'ਤੇ ਆਧਾਰਿਤ

ਰੱਬ ਇਹ ਨ ਕਰੇ

ਰੱਬ ਇਹ ਨ ਕਰੇ ਤੂੰ ਉਦਾਸ ਵੀ ਹੋਵੇਂ, ਸੁੱਖ ਦੀ ਨੀਂਦ ਤੈਨੂੰ ਹਰਾਮ ਹੋ ਜਾਏ, ਜੀਵਨ ਬਿਖੁ ਦਾ ਜਾਮ ਹੋ ਜਾਏ, ਰੂਹ ਤੇਰੀ ਕਦੇ ਗ਼ਮਨਾਕ ਵੀ ਹੋਵੇ, ਸਮੇਂ ਤੋਂ ਪਹਿਲਾਂ ਉਮਰ ਦੀ ਸ਼ਾਮ ਹੋ ਜਾਏ। ਆਸ ਖੋਏ, ਦਿਲ ਬੇਤਾਬ ਹੋ ਜਾਏ, ਪਾਰਾ-ਦਿਲ ਨੈਣਾਂ 'ਚ ਆਬ ਹੋ ਜਾਏ, ਸੁਪਨਾ ਬਸੰਤੀ ਪੱਤਝੜ ਦਾ ਖ਼੍ਵਾਬ ਹੋ ਜਾਏ, ਜਲ ਦਾ ਚਸ਼ਮਾ ਥਲ ਦਾ ਸਰਾਬ1 ਹੋ ਜਾਏ। ਜੀਵਨ ਦੇ ਦਿਨ ਸਾਰੇ ਇਕੋ ਜਿਹੇ ਨ ਹੋਵਣ, ਜੋ ਬਣਦੇ ਮੀਤ ਪਿਆਰੇ, ਇਕੋ ਜਿਹੇ ਨ ਹੋਵਣ, ਸੁੱਖ ਵਿਚ ਜੋ ਜੁੜ-ਜੁੜ ਬੈਠਣ, ਦੁਖ ਵਿਚ ਨ ਨੇੜੇ ਆਵਣ, ਜੋ ਵਿਚ ਬਰਾਤਾਂ ਨੱਚਣ, ਨ ਨਾਲ ਜਨਾਜ਼ੇ ਜਾਵਣ। ਜੋ ਦੇਖ ਕੇ ਤਿਉੜੀ ਪਾਵਣ, ਤੂੰ ਓਹਨਾਂ ਵੱਲ ਨ ਜਾਈਂ, ਜੇ ਰਾਹ ਵਿਚ ਆਉਣ ਦੀਵਾਰਾਂ, ਨਾ ਤੋੜਨ ਤੋਂ ਘਬਰਾਈਂ। ਮੇਰੀ ਮਾਣੋ ਤੇਰਾ ਦਮਖ਼ਮ ਸਦਾ ਕਾਇਮ ਰਹੇ, ਜੀਣ ਥੀਣ ਦਾ ਸ਼ੁਦਾਅ ਤੇਰਾ ਸਦਾ ਦਾਇਮ2 ਰਹੇ। *ਫ਼ੈਜ਼ ਅਹਿਮਦ ‘ਫ਼ੈਜ਼’ ਦੀ ਪੁਸਤਕ “ਨਕਸ਼ੇ ਫ਼ਰਿਆਦੀ’ ਵਿੱਚੋਂ ਇਕ ਕਵਿਤਾ 'ਤੇ ਆਧਾਰਿਤ; 1. ਮ੍ਰਿਗਛਲ (Mirage) 2. ਚਿਰਜੀਵੀ

ਸੋਚਦਾ ਹਾਂ

ਸੋਚਦਾ ਹਾਂ ਬਹੁਤ ਸਾਦਾ ਤੇ ਮਾਸੂਮ ਹੈ ਉਹ, ਉਹ ਅਜੇ ਪਿਆਰ ਦੀ ਵਾਕਫ਼ ਨ ਬਣੇ। ਚਿਣਗ ਉਹਨੂੰ ਮੁਹੱਬਤ ਦੀ ਅਜੇ ਛੋਹ ਨ ਸਕੇ, ਮੁਹੱਬਤ ਜੋ ਸੋਜ਼ ਵੀ ਹੈ, ਉਲਫ਼ਤ ਜੋ ਸਾਜ਼ ਵੀ ਹੈ, ਜਿਸ ’ਚ ਤਪਸ਼ ਵੀ ਹੈ, ਗੁਦਾਜ਼1 ਵੀ ਹੈ, ਜੀਵਨ ਦੀ ਰਮਜ਼ ਵੀ ਹੈ ਆਬ ਵੀ ਹੈ। ਪਰ! ਪਿਆਰ ਦਾ ਸ਼ੁਅਲਾ, ਜਦ ਮਚਲ ਜਾਂਦਾ ਹੈ, ਦਾਵਾਨਲ ਹੈ, ਜੋ ਸਭੇ ਫੁੱਲ, ਪੇੜ ਨਿਗਲ ਜਾਂਦਾ ਹੈ। ਮੁਹੱਬਤ ਦੀ ਭਲਾ ਤਾਬ ਉਹ ਝੱਲੇਗੀ ਕਿਵੇ ! ਆਪ ਤਾਂ ਉਹ ਅਹਿਸਾਸ ਦੇ ਸੇਕ ਤੋਂ ਜਲ ਜਾਏਗੀ, ਹੋਰਾਂ ਨੂੰ ਇਸ ਅੰਜਾਮ ਤੋਂ ਤੜਪਾਏਗੀ। ਸੋਚਦਾ ਹਾਂ ਮੁਹੱਬਤ ਹੈ ਜੁਆਨੀ ਦੀ ਨਿਰੀ ਪਤਝੜ, ਉਸਨੇ ਦੇਖੇ ਨ ਅਜੇ ਬਾਗ਼ ਬਹਾਰਾਂ ਤੋਂ ਬਿਨਾਂ, ਰੁਲ ਜਾਏ ਨਾ ਖ਼ੁਸ਼ਕ ਤੇ ਬੇਰੂਹ ਬਾਜ਼ਾਰੀਂ ਰੰਗ ਰਾਗ ਬਿਨਾਂ, ਚਾਵਾਂ ਤੇ ਮਲ੍ਹਾਰਾਂ ਤੋਂ ਬਿਨਾਂ। ਮਿਰਗ ਕਸਤੂਰੀ ਜੋ ਜੂਹਾਂ ਦੀ ਸੁਗੰਧੀ ਹੈ ਅਜੇ, ਉਹਨੂੰ ਸ਼ਹਿਰਾਂ 'ਚ ਦਿਸ਼ਾਹੀਣ ਭਟਕਣਾਂ ਨ ਪਏ, ਲੜਨਾ ਨਾ ਪਏ, ਆਬਰੂ ਦੀ ਹਿਫ਼ਾਜ਼ਤ ਦਾ ਮਹਾਂ-ਯੁੱਧ, ਆਸ਼ਾ ਤੇ ਨਿਰਾਸ਼ਾ ਦੇ ਤਰਾਜ਼ੂ ’ਤੇ ਲਟਕਣਾ ਨ ਪਏ। ਲੂਹ ਸੁੱਟੇਗੀ ਉਹਨੂੰ ਬਿਰਹਾ ਦੀ ਅਗਨ, ਸਮਿਆਂ ਦੀ ਤਪਸ਼, ਬੇਵਫ਼ਾਈ ਦਾ ਅਜ਼ਾਬ, ਸੋਚਦਾ ਹਾਂ ਉਹ ਅਜੇ ਪਿਆਰ ਦੀ ਵਾਕਫ਼ ਨ ਬਣੇ ਖਿੜਿਆ ਹੀ ਰਹੇ ਗੁਲਸ਼ਨ ਦਾ ਤਰੋ-ਤਾਜ਼ਾ ਗੁਲਾਬ । ਸੋਚਦਾ ਹਾਂ, ਬਹੁਤ ਸਾਦਾ ਤੇ ਮਾਸੂਮ ਹੈ ਉਹ ! ਉਰਦੂ ਕਵੀ ਨੂੰਨ ਮੀਮ ‘ਰਾਸ਼ਿਦ ਦੀ ਕਵਿਤਾ 'ਤੇ ਆਧਾਰਿਤ ਜੋ ਉਸਨੇ ਦੂਜੇ ਵਿਸ਼ਵ ਯੁੱਧ ਦੌਰਾਨ ਲਿਖੀ, ਜਦੋਂ ਉਸ ਨੇ ਰੁਲਦੀਆਂ ਲਾਸ਼ਾਂ, ਤੜਪਦੀਆਂ ਤੇ ਖੁਆਰ ਹੁੰਦੀਆਂ ਕੁੜੀਆਂ ਨੂੰ ਤੱਕਿਆ ਸੀ। (ਪੁਸਤਕ ‘ਮਾ-ਵਰਾ’ ਤੋਂ) 1. ਸਹਾਨਭੂਤੀ, ਹਮਦਰਦੀ

‘ਪਾਸ ਓਵਰ’ ਦੇ ਦਿਨ ਜੰਮੀ ਕੁੜੀ

ਖੁਰਮਾਨੀਆਂ ਦੇ ਢੇਰ ਵਿੱਚ, ਇੱਕ ਖੁਰਮਾਨੀ ਰਲੀ ਰੂਪ ਓਹਾ, ਰੰਗ ਓਹਾ ਇੱਕ ਖੁਰਮਾਨੀ ਜਿਹਾ- ਇੱਕ ਨਵੀਂ ਹਸਤੀ ਸਣੇ, ਆਪਣੇ ਹੀ ਖ਼ੱਦੋ ਖ਼ਾਲ1, ਬੀਜ ਅਗਲੀ ਰੁੱਤ ਦਾ, ਅੱਜ ਦੇ ਦਿਨ ਲਾਲ ਲੱਭਾ ਭੁੱਲ ਮੈਂ ਸਕਦਾ ਨਹੀਂ, ਤੂੰ ਤਾਂ ਸ਼ਾਇਦ ਭੁੱਲ ਜਾਵੇਂ! ਅਗਲਾ ਜੋ ਵੀ ਸਾਹ ਤੂੰ ਲੈਣਾ ਪੌਣਾਂ ਦਾ ਲੰਮਾ ਜਾਮ ਪੀਵੀਂ ਜਸ਼ਨ ਹੋਵੇ ਜਾਂ ਕਿ ਨਾ, ਇਸ ਦਾ ਨਾ ਕੋਈ ਫ਼ਰਕ ਸਮਝੀਂ, ‘ਈਦ, ਕ੍ਰਿਸਮਸ, ਦੀਵਾਲੀ, ਵਿਸਾਖੀ', ਸਭੇ ਦਿਨ ਇੱਕੋ ਜੇਹੇ ਚੜ੍ਹਦੇ। ਅੱਜ ਨਵਾਂ ਇੱਕ ਬਾਲ ਆਇਆ, ਉਹ ਨਾ ਜਾਣੇ ਤਿੱਥ ਤਿਉਹਾਰਾਂ। ਪਰ ਉਸ ਕਦੇ ਵੀ ਥਾਹ ਨਾ ਪਾਉਣੀ, ਮੇਰੇ ਦਿਲ ਦੀ ਖ਼ਾਸ ਖ਼ੁਸ਼ੀ ਦੀ। ਖੁਰਮਾਨੀ ਦੇ ਰਸ ਦੀ ਦੌਲਤ ਏਸ ਕੁੜੀ ਦੇ ਪੱਲੇ ਪਾਈ। ਇਜ਼ਰਾਈਲੀ ਨੀਲ ਦੀ ਵਾਦੀ, ਜਾਂ ਸਿੰਧ ਦਰਿਆ ਦੀ ਉੱਚੀ ਘਾਟੀ ਲੇਹ, ਨੀਮੂ ਦੇ ਸੁੰਦਰ ਬਾਗ਼ੀਂ ਉੱਗਣ ਸਦਾ ਖੁਰਮਾਨੀ ਬੂਟੇ। ਮਾਨਸ ਦਾ ਇਹ ਫ਼ਲ ਖੁਰਮਾਨੀ, ਬੀਜ ਖਿਲਾਰੇ ਮਿੱਠਤ ਬਖ਼ਸ਼ੇ । ਜਦ ਵੀ ਕੋਈ ਕੁੜੀ ਜੰਮਦੀ ਜਿੱਥੇ ਵੀ ਖੁਰਮਾਨੀ ਮੌਲੇ । ਹੋਂਦ ਨਵੀਂ ਇਕ ਪਰਗਟ ਹੁੰਦੀ। ਖੁਰਮਾਨੀ ਦੇ ਢੇਰ 'ਚ ਹੁਣ ਇਕ ਖੁਰਮਾਨੀ ਹੋਰ ਰਲੀ। ਕਵੀ ਨਾਨ ਕੋਹੇਨ ( Nan Cohen....... - 1968), ਦੀ ਅੰਗਰੇਜ਼ੀ ਕਵਿਤਾ 'ਤੇ ਆਧਾਰਿਤ।“ਪਾਸਓਵਰ" (Passover) 'ਯਹੂਦੀ ਸਰਕਾਰੀ ਜਸ਼ਨ ਦਾ ਦਿਨ', ਜਦੋਂ ਪ੍ਰਾਚੀਨ ਕਾਲ ਦੇ ਯਹੂਦੀਆਂ ਨੇ ਮਿਸਰ (Egypt) ਦੀ ਗ਼ੁਲਾਮੀ ਤੋਂ ਛੁਟਕਾਰਾ ਪਾਇਆ। 1. ਨੈਣ ਨਕਸ਼

ਪ੍ਰਤਿ ਧੁਨਿ (ਬਾਜ਼ੇ-ਗਸ਼ਤ)

ਮੇਰੇ ਜੀਅੜੇ, ਕੁਝ ਨਹੀਂ ਖੁਸਦਾ ਤੇ ਕੁਝ ਵੀ ਖੋ ਸਕਦਾ ਨਹੀਂ, ਕੋਈ ਸ਼ੈਅ ਸਦੀਵੀ ਗੁੰਮ ਨਹੀਂ ਹੁੰਦੀ, ਬਸ ਹੌਸਲੇ ਹੀ ਹਾਰਦੇ। ਅਣਬੋਲੇ ਸ਼ਬਦ ਵੀ ਨਸ਼ਟ ਨਹੀਂ ਹੁੰਦੇ, ਸੁਣੇ ਜਾਂਦੇ ਸਮਾਂ ਆਵਣ ’ਤੇ ਅੰਬਰ ਤੱਕ ਅੰਬਰ ਤੋਂ ਵੀ ਪਰੇ , ਸੰਗੀਤ ਦੀ ਝਰੀਟ ਪੈਂਦੀ ਹੈ, ਵੈਣਾਂ ਦੇ ਕਾਰੀ ਜ਼ਖ਼ਮ ਲੱਗਦੇ ਨੇ , ਚੁੱਪ ਸਦਾ ਕਾਇਮ ਰਹਿੰਦੀ ਹੈ, ਪਰਤਵੀਂ ਆਵਾਜ਼ ਹਰ ਥਾਂ ਥਰਕਦੀ ਫਿਰਦੀ, ਖੁੱਲ੍ਹੀਆਂ ਬਾਵਰੀਆਂ। ਤਰਸਦੀ ਥਰਕਦੀ ਆਵਾਜ਼, ਜੋ ਹੈ ਪ੍ਰਤਿ ਧੁਨਿ। ਇੱਕ ਪੰਛੀ ਜੋ ਪੁਕਾਰ ਦਾ ਗੁਲਾਮ ਨਹੀਂ। ਉਜ਼ਰ1 ਕੋਈ ਨਾ ਇਲਜ਼ਾਮ, ਸੱਚ ਸੁੱਚਮ ਦੀ ਖਾਮੋਸ਼ੀ। ਚੁੱਪ ਚੁੱਪ ਧੀਏ ਆਪਣੀ ਸੁਰ ਨੂੰ ਸਾਂਭ ਕੇ ਰੱਖੀਂ, ਮਨ ਦੇ ਵੇਗ ਪਰਗਟ ਕਦੇ ਨ ਕਰੀਂ, ਜ਼ੁਲਫ਼ਾਂ ਦੀ ਅਸਮਾਨੀ ਉੜਾਨ, ਨੱਪ ਲਈਂ ਬੇਸ਼ਕ, ਤਹਿ ਅਚੇਤੀ ਜਾਂ ਅਵਚੇਤਨ ਦੇ ਸੰਗ ਫੁਰਨੇ ਫੁਰਨਗੇ, ਜਾਂ ਅੰਨ੍ਹੇ ਖੂਹ ਵਿੱਚ ਸੁਪਨੇ ਚਿਲਾਵਣਗੇ, ਆ ਡਰਾਵਣ ਰਾਤਾਂ ਨੂੰ। ਅੱਜ ਤੱਕ ਕੁੜੀਆਂ ਦੀ ਹੋਣੀ ਜੁਗੋ ਜੁਗ ਐਸੀ ਰਹੀ, ਪਰ ਸੁਣ ਜ਼ਰਾ, ਕਰਵਟ ਸਮੇਂ ਨੇ ਲੈ ਲਈ ਹੈ। ‘ਪ੍ਰਤਿ ਧੁਨਿ' ਬਣ ਗੂੰਜਣੇ ਅਸਮਾਨ ਵਿਚ ਮੁੱਦਤਾਂ ਤੱਕ ਇਨਕਲਾਬੀ- ਤੇਰੇ ਬੋਲ। ਕਵੀ ਲਾਰੈਂਸ ਡਰੈਲ Lawrence Durrell, (27 ਫਰਵਰੀ, 1912-7 ਨਵੰਬਰ, 1990) ਦੀ, ਦੂਜੇ ਵਿਸ਼ਵ ਯੁੱਧ ਵਿੱਚ ਮਿਸਰ ਦੀ ਕਿਸੇ ਅਜਨਬੀ ਕੁੜੀ ਨੂੰ ਸੰਬੋਧਿਤ ਕਵਿਤਾ “Echo’ ਤੋਂ ਪ੍ਰਭਾਵਿਤ ਹੋ ਕੇ, ਜੋ ਉਸਨੇ ਆਪਣੀ ਕਾਵਿ-ਪੁਸਤਕ 'Poems’ -1935-1963 ਵਿਚ ਲਿਖੀ ਸੀ। Faber and Faber, 24 Russell Square, London. 1. Objection - ਰੋਸ

ਬੂਹੇ ਵਿਚ ਉਂਗਲਾਂ

ਇਕ ਪਲ ਦੀ ਬੇਖ਼ਬਰੀ ਮੇਰੀ, ਭੀੜਿਆ ਬੂਹਾ ਅਚਾਨਕ ਤੇ ਅਪਣੀ ਧੀ ਦੀਆਂ ਉਂਗਲਾਂ ਨੂੰ ਮੈਂ ਚਿੱਥ ਘੱਤਿਆ। ਸਾਹ ਸੁਤਿਆ ਬੱਚੀ ਨੇ, ਤਿਲਮਲਾਈ, ਚਰਮਰਾਈ ਜਿੰਦ ਸਾਰੀ ਇਕ ਦਮ, ਜਿਉਂ ਮਾਂ ਦੇ ਗਰਭ ਵਿਚ ਕੁੰਗੜੀ, ਲੂਹ-ਲੁਹਾਂਦੀ ਪੀੜ ਨੂੰ ਸੋਖਣ ਲਈ। ਤੇ ਸੋਚਿਆ ਮੈਂ ਓਸ ਪਲ ਬਿਖ਼ਰ ਜਾਵਾਂ ਹੋ ਚੀਣਾ ਚੀਣਾ, ਨਿਰਜਿੰਦ ਜਗਮਗ ਤਾਰਿਆਂ ਦੀ ਕਬਰ ਵਿਚ। ਫ਼ੇਰ ਉਸਨੇ ਲੇਰ ਮਾਰੀ, ਝੱਟ ਮੈਨੂੰ ਚਿੰਬੜੀ; ਸੁੱਧ-ਬੁੱਧ ਮੇਰੀ ਖੋ ਗਈ, ਤੀਖਣ ਜੇਹਾ ਅਹਿਸਾਸ ਹੋਇਆ- ਓਸ ਪਲ ਕਿਸ ਤਰ੍ਹਾਂ ਉਸਨੂੰ ਦੇਵਾਂ ਹੌਸਲਾ, ਢਾਰਸ, ਮਦਦ ! ਮੇਰੇ ਤੇ ਧੀ ਦੇ ਵਿਚਾਲੇ, ਸੌ ਪੁਲਾੜਾਂ ਤੋਂ ਵਧੇਰੇ ਫ਼ਾਸਲੇ। ਮੈਂ ਉਸਦੀ ਮਾਂ ਨੂੰ ਸਿਰਫ਼ ਦਿੱਤੀ ਰਕਤ ਬਿੰਦੁ ਉਸ ਨਿੰਮੀ ਤੇ ਜੰਮੀ ਕੁੱਖ਼ ਵਿਚ ਫਿਰ ਇਹ ਇਕ ਹਸਤੀ ਬਣੀ। ਕੁਝ ਵੀ ਨ ਮੋੜੇ ਓਸ ਨੂੰ ਹੁਣ ਸਾਡੇ ਵੱਲ, ਮਾਂ ਵੱਲ ਵੀ ਬਿਲਕੁਲ ਨਹੀਂ ਜੋ ਇਸਨੂੰ ਤਨ ਵਿਚ ਵਸਾ ਤੁਰਦੀ ਰਹੀ ਤੇ ਬਖ਼ਸ਼ ਦਿੱਤੇ ਰੰਗ-ਰੂਪ, ਜਿੰਦ-ਜਾਨ। ਸਮਾਂ ਸੀ ਕਿ ਜਦ ਕਦੇ ਇਹ ਵਿੱਛੜੇ .. ਮਾਂ ਦੇ ਹਉਕੇ ਧੂੰਆਂ-ਧੂੰਆਂ, ਹੰਝੂ ਲੜੀ, ਬਰਖ਼ਾ ਝੜੀ ਕੈਸੇ ਸਮੇਂ, ਕਿੰਨਾ ਪਿਆਰ ! ਸਾਡੇ ਤੇ ਬੱਚੀ ਵਿਚਾਲੇ ਇਸ ਘੜੀ ਫ਼ਾਸਲੇ ਹੀ ਫ਼ਾਸਲੇ, ਮਿਲ ਨਹੀਂ ਸਕਦੇ, ਰਲ ਨਹੀਂ ਸਕਦੇ ਅਸੀਂ। ਖਿੰਡ ਚੁੱਕੇ ਹਾਂ ਭੋਰਾ-ਭੋਰਾ ਮੁੱਠੀ ’ਚੋਂ ਕਿਰਦੀ ਰੇਤ ਵਾਂਗ, ਕੈਸੀ ਮੇਰੀ ਬੇਬਸੀ ? ਹਾਏ ਸਾਡੀ ਬੇਬਸੀ!! * ਡੈਵਿਡ ਹੌਲਬਰੁਕ (ਸਾਲ 1923-2011) ਇਕ ਬਹੁਮੁੱਖੀ ਪ੍ਰਤਿਭਾਵਾਨ ਅੰਗਰੇਜ਼ (ਬਰਤਾਨਵੀ) ਕਵੀ ਤੇ ਸਾਹਿਤਕਾਰ, ਜਿਸ ਨੇ ਦੂਸਰੇ ਵਿਸ਼ਵ ਯੁੱਧ ਦੌਰਾਨ 3-4 ਸਾਲ ਸੈਨਿਕ ਸੇਵਾ ਵੀ ਨਿਭਾਈ। ਇਹ ਕਵਿਤਾ ਉਸਦੇ ਪਹਿਲੇ ਕਾਵਿਸੰਗ੍ਰਹਿ (Imaginings) ਵਿਚੋਂ ਹੈ।

ਹਵਾ ਵਿੱਚ ਨੱਚਦੀ ਕੁੜੀ ਨੂੰ

ਨੱਚ ਲੈ ਸਾਹਿਲ ਕਿਨਾਰੇ ਤੈਨੂੰ ਭਲਾ ਕੀ ਫ਼ਿਕਰ ਹੈ, ਪੌਣ ਦੇ, ਪਾਣੀ ਦੇ ਉੱਚੇ ਸ਼ੋਰ ਦਾ, ਬੱਦਲਾਂ ਦੀ ਗਰਜ ਦਾ, ਬਿਜਲੀਆਂ ਦੀ ਲਿਸ਼ਕ ਦਾ ਜਾਂ ਹੜ੍ਹਾਂ ਦੀ ਮਾਰ ਦਾ। ਕੂੰਜ ਜੇਹੀ ਗਰਦਨ ਹਿਲਾ, ਖੋਲ੍ਹ ਦੇ ਜੁਲਫ਼ਾਂ ’ਤੇ ਝਟਕ ਮਾਰ, ਪਾਣੀ ਚੂਸਿਆ ਤੇਰਿਆਂ ਵਾਲਾਂ ਨੇ ਜੋ, ਪਾਣੀ ਅਲੂਣੇ ਸਾਗਰਾਂ ਦੇ ਪਰੇ ਸੁੱਟ, ਭੋਲੀ ਭਾਲੀ ਹੈਂ ਅਜੇ ਤਾਂ ਬਾਲੜੀ ਅਣਜਾਣ ਤੂੰ । ਤੱਪਦੇ ਥਲਾਂ ਵਿੱਚ ਪੈਰ ਸੱਸੀ ਦੇ ਕਿਵੇਂ ਲੂਹੇ ਗਏ ? ਚੂਰੀਆਂ ਦੇਂਦੀ ਸਲੇਟੀ ਨੇ, ਮਹੁਰਾ ਕਿਵੇਂ ਸੀ ਚੱਟਿਆ ? ਕੱਚੇ ਘੜੇ ’ਤੇ ਤਰਨ ਦੀ ਮਜਬੂਰੀ ਕਿਸੇ ਸੋਹਣੀ ਦੀ ਵੀ, ਜੰਡ ’ਤੇ ਤਰਕਸ਼ ਕਿਵੇਂ ਸਾਹਿਬਾਂ ਕੁੜੀ ਨੇ ਟੰਗਿਆ, ਅਗਨੀ ਪ੍ਰੀਖਿਆ ਨਾਲ ਦੇਵੀ ਤੋਂ ਸਬੂਤ ! ਧੀ ਤਾਂ ਪਾਕੀਜ਼ਾ ਸਦਾ। ਜਾਣ ਹੀ ਜਾਏਂਗੀ ਤੂੰ ਮੂਰਖਾਂ ਦੀ ਵਿਜੈ ਤੋਂ ਉਭਰਨਗੇ ਕੈਸੇ ਕਹਿਕਹੇ ? ਪਿਆਰ ਪਾਇਆ, ਫੇਰ ਖੋਇਆ, ਮੁੜ ਕੇ ਫਿਰ ਪਾਇਆ ਨਹੀਂ। ਤੂੰ ਅਜੇ ਦੇਖੀ ਨਹੀਂ ਉਸ ਅਣਜਾਣ ਕਾਮੇ ਦੀ ਮੌਤ ਜੋ ਚਰ੍ਹੀ ਦੀ ਭਰੀ ਬੰਨ੍ਹਣ ਤੋਂ ਵੀ ਪਹਿਲਾਂ ਮਰ ਗਿਆ। ਲੋੜ ਤੈਨੂੰ ਹੈ ਅਜੇ ਕੀ ਡਰਨ ਦੀ, ਸ਼ੂਕਦੀ ਮਾਰੂ ਹਵਾ ਦੇ ਖ਼ੌਫ਼ ਦੀ ? ਉਹ ਸਮਾਂ ਵੀ ਆਏਗਾ ਜਾਣ ਹੀ ਜਾਵੇਂਗੀ ਤੂੰ, ਸੁੱਕ ਵੀ ਜਾਂਦੇ, ਮਿਟ ਵੀ ਸਕਦੇ, ਤਨ ਦੇ ਜ਼ਖ਼ਮ, ਰਿਸਦੇ ਰਹਿਣ, ਕਬਰੀਂ ਸੜਨ, ਮਨ ਦੇ ਜ਼ਖ਼ਮ। ਬੇਫ਼ਿਕਰ ਹੋ ਕੇ ਇਹ ਸੋਚ ਤੂੰ ਅਗਲੇ ਸਮੇਂ 'ਤੇ ਛੱਡ ਦੇ। ਤੈਨੂੰ ਅਜੇ ਕੀ ਖ਼ੌਫ਼ ਹੈ ? ਆਇਰਲੈਂਡ ਦੇ ਮਹਾਂਕਵੀ ਵਿਲੀਅਮ ਬਟਲਰ ਯੇਟਸ (William Butler Yeats, (13 ਜੂਨ, 1865-28 ਜਨਵਰੀ, 1939) ਦੀ ਕਵਿਤਾ 'To a Child Dancing in the Wind' ’ਤੇ ਅਧਾਰਿਤ। McMillan - London

ਇੱਕ ਬਾਲੜੀ ਕੀ ਕੁਝ ਕੀਤਾ

ਅੱਲ੍ਹੜ ਕੁੜੀ ਸੋਫ਼ੇ ’ਤੇ ਲੇਟੀ, ਨਾ ਕੁਝ ਸੁਣੇ ਤੇ ਨਾ ਕੁਝ ਬੋਲੇ। ਆਪਣਾ ਜਿਸਮ ਨਿਹਾਰਨ ਲੱਗੀ, ਇੱਕ ਇੱਕ ਕਰ ਕੇ ਅੰਗ ਟਟੋਲੇ। ਪਹਿਲਾਂ ਉਸ ਸੀਨੇ ਨੂੰ ਤੱਕਿਆ, ਫਿਰ ਬਾਕੀ ਦੇ ਅੰਗ ਫਰੋਲੇ। ਬਾਂਹਾਂ, ਪੇਟ ਤੇ ਗਰਦਨ ਵੇਖੇ, ਜਿਉਂ ਕੋਈ ਦੁਖ਼ਦੀ ਫ਼ਿਨਸੀ ਟੋਲੇ। ਸੁੰਦਰ ਰੂਪ ਤੇ ਅੰਗ ਸੁਲਗਦੇ, ਜਿਨ੍ਹਾਂ ਚੀਜ਼ਾਂ ਤੋਂ ਪੈਂਦੇ ਰੌਲੇ। ਫ਼ਿਰ ਉਸ ਛਾਤੀ ਦਾ ਰੁਗ ਭਰਿਆ ਸ਼ੈਦ ਫੜਨ ਨੂੰ ਅੱਗ ਦੇ ਗੋਲੇ। ‘ਮੰਮੀ’ ਦੀ ਸ਼ਾਦੀ ਦਾ ਜੋੜਾ, ਪੇਟੀ ਵਿੱਚੋਂ ਕੱਢ ਕੇ ਫੋਲੇ, ਕਿਸੇ ਚਿੜੀ ਨੇ ਚੂੰ ਚੂੰ ਕੀਤੀ, 'ਵਿੜਕ' ਪਈ ਪਰਦੇ ਦੇ ਓਹਲੇ, ਕਿੱਥੇ ਹੈ ਬਾਬਲ ਬੇਖ਼ਬਰਾ, ਇਸਨੂੰ ਇੱਕ ਢੁੱਕਵਾਂ ਵਰ ਟੋਲੇ। ਰੌਜਰ ਮੈਗੱਫ਼ (Roger McGough, (9 ਨਵੰਬਰ, 1937-......) ਦੀ ਕਵਿਤਾ 'What a Little girl Did` ਤੋਂ ਪ੍ਰਭਾਵਿਤ। Penguin Modren Poets: 01- The Mersey Sound (Penguin Books)

ਸ਼ੀਸ਼ਾ ਹਾਂ ਮੈਂ

1. ਮੈਂ ਤਾਂ ਸ਼ੀਸ਼ਾ ਹੀ ਨਿਰਾ ਚਾਂਦੀ ਦੀ ਸੁੱਚੀ ਆਬ ਹਾਂ। ਅਕਸਾਂ ਦੇ ਰੰਗਾਂ, ਰੂਪ ਰੀਝਾਂ ਦਾ ਹਾਂ ਵੰਜਾਰਾ ਕੋਈ ਨਾ ਕੋਈ ਸੰਕਲਪ ਪਹਿਲੋਂ ਮਿੱਥਿਆ ਜਾਂ ਕੋਈ ਕਲਪਿਤ ਪਾਲਿਆ ਪਾਲਤੂ ਜੇਹਾ ਵਿਚਾਰ। ਬਦਨੀਤ, ਜ਼ਾਲਿਮ, ਈਰਖਾਲੂ ਸ਼ਖ਼ਸ ਨਾ ਕੇਵਲ ਸਰੀਹਨ ਸੱਚ ਹਾਂ। ਨਾ ਪਿਆਰਾਂ ਦੀ ਝਲਕ, ਨਾ ਨਫ਼ਰਤਾਂ ਦਾ ਜ਼ਹਿਰ ਜਾਲ , ਇਕ ਨਿੱਕਾ ਦੇਵਤਾ-ਗੋਲ ਚੌਰਸ ਸ਼ਕਲ ਤੋਂ, ਰਚਨਹਾਰੇ ਦਾ ਜਨੂੰਨ। ਅਕਸਾਂ ਦੀ ਪਾਲੀ ਆਸਥਾ, ਨਾ ਰੰਗ ਰੋਗਨ ਰੀਝ ਦੇ, ਮੇਰਾ ਕੋਈ ਖ਼ਾਸਾ ਨਹੀਂ। ਜਾਗਤ ਹੈਸੀਅਤ, ਮੇਰਾ ਕੋਈ ਪਰਛਾਵਾਂ ਨਹੀਂ, ਪੇਸ਼ ਹੈ ਇੰਨ-ਬਿੰਨ ਸੂਰਤ, ਘਾੜਤ ’ਚ ਕੋਈ ਖੋਟ ਨਾ। ਜੋ ਵੀ ਦੇਖਾਂ ਨਿਗਲ ਜਾਵਾਂ, ਬਹੁਤ ਅੱਛਾ ਹਾਜ਼ਮਾ, ਬਹੁਤਾ ਸਮਾਂ ਤੱਕਾਂ ਸ਼ਰੀਕਣ ਕੰਧ ਨੂੰ ਹੁਣ ਏਹੋ ਮੇਰਾ ਹਿੱਸਾ ਬਣੀ। ਬੱਸ “ਹਨੇਰੇ’ ਤੇ ਇਹ ‘ਚਿਹਰੇ' ਸਾਡੇ ਵਿਚਾਲੇ ਕੰਧ ਨੇ। 2. ਏਸ ਪਲ ਇਕ ਝੀਲ ਹਾਂ, ਮੇਰੇ ’ਤੇ ਇਕ ਔਰਤ ਝੁਕੀ, ਮੇਰੇ ਕੰਢੇ ਖੋਜਦੀ, ਅਪਣਾ ਅਸਲਾ ਲੱਭ ਰਹੀ, ਫੇਰ ਗ਼ਮ-ਬੱਤੀ ’ਤੇ ਝੂਠੇ ਚੰਨ ਤੋਂ ਕੋਈ ਗਵਾਹੀ ਭਾਲਦੀ, ਉਹਦੀ ਕੰਡ, ਮੇਰੇ ਆਪੇ ਵਿੱਚ ਪਰਛਾਈਂ ਜੇਹੀ, ਦੇਂਦੀ ਪਰਾਗੇ ਹੰਝੂਆਂ ਤੇ ਹਾਵਿਆਂ ਦੇ ਥਰਥਰਾਂਦੇ ਹੱਥ ਨਾਲ। ਉਹਦੀ ਮੈਂ ਮਜਬੂਰੀ ਬਣੀ, ਆਵੇ ਤੇ ਜਾਵੇ ਬਾਰ-ਬਾਰ । ਉਹ ਨੇਰ੍ਹਿਆਂ ਦਾ ਬਦਲ ਬਣਦੀ ਨਿੱਤ-ਨਿੱਤ ਮੂੰਹ ਝਾਖਰੇ। ਉਸਨੇ ਡੋਬੀ ਮੇਰੇ ਜਲ ਵਿੱਚ ਇਕ ਨਿੱਕੀ ਬਾਲੜੀ, ਨੱਢੀ ਤੇ ਇਕ ਬੁੱਢੀ ਇਸਤਰੀ। ਉਹਦੇ ਵੱਲ ਹੈ ਲਪਕਦੀ, ਦਿਨ ਪ੍ਰਤਿ ਦਿਨ, ਇਕ ਭਿਆਨਕ ਮੱਛਲੀ, ਸ਼ਾਰਕ ਜਿਹੀ। 3. ਹਰ ਇਕ ਨਿੱਕੀ ਬਾਲੜੀ ਲੋਚਦੀ ਬਣਨਾ ਹੈ ਨਿਸਦਿਨ, ਭੈਣ ਵੱਡੀ, ਸ਼ੋਖ ਦਿਲ ਭਾਬੋ ਜੇਹੀ ਨੱਢੀ ਰਕਾਨ, ਅੱਖਾਂ ਦਾ ਸੁੰਦਰ ਸੁਹਜ ਉਹਦੇ ਦਿਲ 'ਤੇ ਤਰਦਾ ਡਲ੍ਹਕਦਾ, ਸਾਮਣੇ ਦੀ ਕੰਧ ਬੇਸ਼ਕ ਹੈ ਨਿਰੀ ਨਿਰਜਿੰਦ, ਨਿਰਮੋਹੀ, ਸਥੂਲ, ਨਿਰਵੈਰ, ਨਿਰਛਲ ਤੇ ਨਿਰਭਾਵ ਵੀ ਹੈ ਨਾਲੋ-ਨਾਲ। ਸੋਚਦੀ ਹਰ ਬਾਲਿਕਾ ਕਿ ਬਣ ਸਕੇ ਉਹ ਪ੍ਰੇਮਿਕਾ ਇਕ ਨਿਰਤਕੀ ਜਾਂ ਇੰਦਰ ਸਭਾ ਦੀ ਮੇਨਕਾ। 4 . ਗਾਥਾ ਬਿਰਥਾ ਸ਼ੀਸ਼ਿਆਂ ਦੀ ਬੇਹਿਸਾਬ, ਰੁਮਕਦੀ ਪਲ ਪਲ ਨਦੀ। ਫੇਰ ਉਮਰਾਂ ਦਾ ਸਰਾਪ, ਹੋਂਵਦੀ ਕੁਹਜੀ ਕਰੂਪ, ਕਿਤੇ ਜ਼ਾਲਮ ਕਹਿਰਵਾਨ। ਪਰ ਜੋ ਕੋਈ ਵੀ ਗਾਹਕ ਆਏ ਉਸ ਤੋਂ ਮਨ-ਇੱਛਤ ਫਲ ਪਾਏ । ਤੂੰ ਕਿਹੜੇ ਵਹਿਣੀ ਵਗੇਂ ਸੋਹਣੀ ਸੁਨੱਖੀ ਬਾਲਿਕੇ ! ਆ ਮੈਂ ਤੈਨੂੰ ਕੋਈ ਬੇਟੀ, ਬਹੂ ਜਾਂ ਬੇਗਮ ਬਣਾਵਾਂ ਜੋ ਵੀ ਤੇਰੇ ਮਨ ਦੀ ਰੀਝ, ਉਹ ਹੀ ਜੀਵਨ ਸਾਜ ਲੈ, ਆ ਆਪਣੇ ਸੁਪਨੇ ਸਜਾ। 5. ਮੈਨੂੰ ਕਿਸੇ ਨਾਲ ਵੈਰ ਨਾ, ਨਾ ਲੋੜ, ਲੋਚਾ, ਈਰਖਾ ਰੱਬ ਵਰਗਾ ਸੱਚ ਅਸਲੀਅਤ ਮੇਰੀ ਜ਼ਿੰਦਗੀ ਵਿੱਚ, ਜਗ ਵਿੱਚ, ਸ਼ੀਸ਼ੇ ਦੀ ਸਭ ਨੂੰ ਲੋੜ ਹੈ। ਬੇ ਫ਼ਿਕਰ ਹਾਂ, ਇਕ ਪੱਥਰ-ਚਿੱਤ ਹਾਂ। ਪੱਥਰ ਪਿਘਲ ਸਕਦੇ ਸਦਾ ਪੁੱਛੋ ਜਾ ਧੰਨੇ ਭਗਤ ਤੋਂ। ਸਿਲਵੀਆ ਪਲਾਥ ( Sylvia Plath, (27 ਅਕਤੂਬਰ, 1932- 11 ਫਰਵਰੀ, 1963) ਦੀ ਕਵਿਤਾ ‘ਸ਼ੀਸ਼ਾ (Mirror) ’ਤੇ ਆਧਾਰਿਤ। 'Faber Book of Modern Verse' Edited by Michael Robert.

ਐਨਟਿਗਨੇ1

1. ਤੂੰ ਹਨ੍ਹੇਰੇ ਦੀ ਗੁਫ਼ਾ ਤੋਂ ਬਾਹਰ ਆ, ਤੁਰਦੀ ਰਹੀਂ ਹੁਣ, ਆ ਕੇ ਸਾਡੇ ਸਾਹਮਣੇ , ਐ ਦੋਸਤਾਨਾਂ ਰੂਪ ! ਸੁਬਕ-ਕਦਮੀ, ਸੁਹਣੀ ਸੁਹਾਣੀ, ਚਾਲ ਤੇਰੀ ਵਿੱਚ ਕੋਈ ਥਿੜਕਣ ਨਹੀਂ। ਬਣ ਜਾਈਂ ਤੂੰ ਇਕ ਦਹਿਸ਼ਤ ਖੌਫ਼ਨਾਕ, ਦਹਿਸ਼ਤ-ਗਰਦ ਟੋਲੇ ਲਈ। ਤੂੰ ਕਿਉਂ ਮੇਰੇ ਵੱਲ ਕੰਡ ਕਰਕੇ ਖਲੋਈ, ਮੈਨੂੰ ਕੁਝ ਕੁਝ ਗਿਆਨ ਹੈ, ਤੂੰ ਮੌਤ ਦੇ ਖੌਫ਼ਾਂ ਨੇ ਝੰਬੀ, ਇਸ ਤੋਂ ਪਰੇ ਵੀ ਤੈਨੂੰ ਵਧੇਰੇ ਖੌਫ਼ ਹੈ। ਸੱਖਣੀ ਸਨਮਾਨ ਤੋਂ, ਆਦਰ ਵਿਹੂਣੀ ਜ਼ਿੰਦਗੀ ਦਾ। ਪਰ ਕਦੇ ਵੀ ਤੂੰ ਇਜਾਜ਼ਤ ਦੇਈਂ ਨਾ, ਕਿ ਜਾਬਰ ਕੋਈ, ਤੁਰ ਜਾਏ ਤੇਰੀ ਇੱਜ਼ਤ ਨੂੰ ਮਧੋਲ। ਪੋਲੀ ਪੋਲੀ ਗੱਲ ਕਰਨ ਵਾਲੇ, ਰੌਲੇ-ਘਚੋਲੇ ਪਾਉਣ ਵਾਲੇ ਨੂੰ, ਤੂੰ ਕਦਾਚਿਤ ਵਿਸਰਨ ਨਾ ਦੇਈਂ, ਬੇਪਤੀ, ਸ਼ਰਮਿੰਦਗੀ। ਓਹਨਾਂ ਦੇ ਧੱਕੇ ਤੇ ਸਿਤਮਾਂ, ਸਭ ਜਬਰ ਜ਼ੁਲਮਾਂ ’ਤੇ, ਮਿੱਟੀ ਕਦੇ ਨਾ ਪੈਣ ਦੇਈਂ। ਭੁੱਲ ਜਾਵਣ, ਬਖ਼ਸ਼ ਦਿੱਤੇ ਜਾਣ ਵਾਲੇ , ਕੋਈ ਇਹ ਜ਼ਾਲਿਮ ਨਹੀਂ। 2. ਪਾਪਾਂ ਦੀ ਜੰਝ ਕਾਬਲੋਂ ਲਿਆਏ, ਚੋਰ ਉਚੱਕੇ, ਕਰ ਧਿੰਗੋਜ਼ੋਰੀ, ਓਹਨਾਂ ਪੰਜਾਬੋਂ ਨਾਰਾਂ ਖੜੀਆਂ, ਜਿਉਂ ਹੋਵਣ ਉਹ ਭੇਡ ਬੱਕਰੀਆਂ। ਫ਼ਿਰ ਨੀਲੇ ਬਾਣੇ ਵਾਲੇ ਆਏ, ਘਰਾਂ ਦੀ ਇੱਜ਼ਤ ਮੋੜ ਲਿਆਏ। ਹਰ ਮਾਂ ਨੂੰ ਕੋਈ ਘਰ ਮਿਲਿਆ, ਭੈਣਾਂ ਨੂੰ ਵਿਹੜੇ ਆਣ ਵਸਾਇਆ, ਤੇ ਧੀਆਂ ਨੇ ਢੁੱਕਵਾਂ ਵਰ ਪਾਇਆ। ਤੂੰ ਧੀ ਧਿਆਣੀ, ਖ਼ਰੀ ਸੁਆਣੀ, ਗੋਬਿੰਦ ਗੁਰੂ ਦਾ ਪੰਥ ਖ਼ਾਲਸਾ, ਸਭ ਨੂੰ ਧੀਆਂ, ਮਾਂਵਾਂ, ਭੈਣਾਂ ਜਾਣੇ। ਸਾਡੇ ਖੇਤਾਂ ਵੀ ਚਾਰ-ਚੁਫ਼ੇਰੇ, ਉੱਗ ਪਈ ਹਰ ਥਾਂ ਕੰਗਿਆਰੀ, ਇਹਨੂੰ ਜੜ੍ਹ ਤੋਂ ਪੁੱਟ ਦਿਆਂਗੇ, ਪੁੱਟ ਕੇ ਧੁੱਪੇ ਸੁੱਟ ਦਿਆਂਗੇ। 3. ਤੂੰ ਗੁਫ਼ਾ ’ਚੋਂ ਨਿਕਲੀ ਪੂਰੀ ਸੂਰੀ, ਤੇਜ ਤੇਰਾ ਨਾ ਝੱਲਿਆ ਜਾਏ । ਹੁਣ ਕਿਸ ਦੀ ਜੁਰਅੱਤ ਜੋ ਤੇਰੇ ਵੱਲ ਤੱਕੇ, ਤੇਰੇ ਵੱਲ ਕੋਈ ਉਂਗਲ ਚੁੱਕੇ ? ਬਾਰਟੋਲਟ ਬਰੈਖਟ, (10 ਫਰਵਰੀ, 1898- 14 ਅਗਸਤ, 1956) ਨੇ ਇਕ ਪੁਰਾਣੀ ਦਰਦਭਰੀ ਗਾਥਾ (ਪਰਾਚੀਨ ਯੂਨਾਨੀ ਮਹਾਂਕਾਵਿ ਦੀ ਨਾਇਕਾ ਬਾਰੇ ਜਿਸਦੇ ਰੂਪ ਦੇ ਬਖੇੜੇ ਮਹਾਂਯੁੱਧ ਦਾ ਕਾਰਣ ਬਣੇ ਸਨ) ਨੂੰ ‘Poems’ ਕਾਵਿ ਸੰਗ੍ਰਹਿ ਵਿੱਚੋਂ ਨਵੇਂ ਸ਼ਬਦ-ਸੁਹਜ ਨਾਲ ਸ਼ਿੰਗਾਰਿਆ ਸੀ ਤੇ ਮੈਂ ਉਸਨੂੰ ਖ਼ਾਲਸਈ ਰੰਗਤ ਵੀ ਦਿੱਤੀ ਹੈ। ਜ.ਸ.ਬ. 1. ਹੌਲੀ ਹੌਲੀ ਪੈਰ ਧਰਨਾ

ਲੂਸੀਆ ਦੇ ਜਨਮ ’ਤੇ

ਸਭ ਦਿਉ ਵਧਾਈਆਂ ਜੀ, ਅੱਜ ਲੂਸੀਆ ਆਈ ਹੈ। ਜੀਵ ਜਦੋਂ ਕੋਈ ਆਉਂਦਾ ਹੈ, ਜੱਗ ‘ਜੀਉ ਆਇਆਂ' ਕਹਿੰਦਾ ਹੈ। ਹੁਣ ਰੁਕੀ ਹਵਾ ਕੋਈ ਦਿਉ ਦੁਆ, ਬੱਦਲਾਂ ਦੀ ਆਵਾਜਾਈ ਹੈ। ਅੱਜ ਜੰਗਲ ਤੋਂ ਵੀ ਗੜਬੜ ਦੀ, ਕੋਈ ਅਫ਼ਵਾਹ ਆਈ ਹੈ। ਗੈਂਡੇ ਦਾ ਨੇਜ਼ਾ ਲਿਸ਼ਕ ਰਿਹਾ, ਬਾਘਾਂ ਤੇ ਬਘਿਆੜਾਂ ਦੀਆਂ, ਦਹਾੜਾਂ ਪਲ ਪਲ ਕੰਬਣੀ ਛੇੜਨ। ਚੰਨ ਦਾ ਚਿਹਰਾ, ਦਾਈ ਵਾਗੂੰ ਫ਼ਿੱਕਾ ਫ਼ਿੱਕਾ, ਦੁਰਵਾਸਾ ਰਿਸ਼ੀ ਦੇ ਪਰਨੇ ਦੇ, ਦਾਗ਼ ਚਿਹਰੇ 'ਤੇ ਉਭਰੇ ਦਿਸਦੇ। ‘ਤਾਂਤਰਾਂ’ -'ਤਾਂਤਰਾਂ' ਰਾਗ ਗਿੱਦੜ ਦੇ। ਹੱਡ ਚੱਬਣ ਦਾ ਵਿਹਲ ਬੜਾ ਹੈ, ਗੋਸ਼ਤ ਦੇ ਬਾਜ਼ਾਰ ਨੇ ਹਰ ਥਾਂ, ਜੂਠਾਂ ਦੇ ਅੰਬਾਰ ਨੇ ਹਰ ਥਾਂ, ਹੱਡੀਆਂ ਰੁਲਦੀਆਂ ਬਾਲਣ ਵਾਂਗ, ਲੱਭਦੀਆਂ ਫਿਰਨ ਸ਼ਰਾਰਾਂ ਨੂੰ। ਕੇਹੇ ਮੌਸਮ ਵਿੱਚ ਤੂੰ ਜਨਮੀ ਹੈਂ, ਸ਼ਗਨ ਸ਼ਿੰਗਾਰਾਂ ਤੋਂ ਵੀ ਵਾਂਝੀ ਕਿੱਥੇ ਲੂਸੀਏ ਆਈ ਹੈਂ! ਇਸ ਵਾਦੀ ਵਿੱਚ ਨੇ ਸਭ ਪਾਗਲ, ਤੂੰ ਮੈਨੂੰ ਜਾਨ ਤੋਂ ਪਿਆਰੀ ਹੈਂ, ਤੂੰ ਹੈਂ ਮੇਰੀ ਉਮਰ ਦਾ ਹਾਸਿਲ1 । ਬੀਤੇ ਸਮੇਂ ਨੇ ਵਿਸਰ ਚੱਲੇ, ਸ਼ਹਿਨਸ਼ਾਹੀ ਦੌਰ ਦੇ ਪਾਗਲ, ਇੱਕ ਇੱਕ ਕਰ ਕੇ ਸਭ ਮਰ ਚੱਲੇ। ਤੇਰੇ ਆਸ ਪਾਸ ਸਭ ਸ਼ੇਰ ਕਾਗ਼ਜ਼ੀ, ਤੂੰ ਝੱਟ ਇਹਨਾਂ ਨੂੰ ਘੂਰ ਦੇਈਂ, ਏਹ ਬਦਲ ਕਦੇ ਵੀ ਸਕਦੇ ਨਾ, ਇੱਕ ਘੁਰਕੀ ਨਾਲ ਕਰ ਦੂਰ ਦੇਈਂ। ਤੂੰ ਕਦੇ ਨ ਬਦਲੀਂ ਲੂਸੀ ਧੀਏ, ਸੁਣ ਮੇਰੇ ਦਿਲ ਦੀ ਇਹ ਪੁਕਾਰ, ਤੂੰ ਦੁਨੀਆਂ ਵਿੱਚ ਜੀਅ ਸਕਦੀ ਹੈਂ, ਕਰਦੀ ਰਹੀਂ ਸੱਚ ਦਾ ਵਿਵਹਾਰ । ਰਾਬਰਟ ਗਰੇਵਜ਼ (Robert Graves) ਦੀ ਕਵਿਤਾ ‘ਟੂ ਲੂਸੀਆ ਐਟ ਬਰਥ' ਤੇ ਆਧਾਰਿਤ। ਰਾਬਰਟ ਗਰੇਵਜ਼, (24 ਜੁਲਾਈ, 1895 - 7 ਦਸੰਬਰ, 1985) "To Lucia at Birth' From: 'Poems' 1938-45 Cassel & Company Ltd. London 1. ਪ੍ਰਾਪਤੀ, ਦਾਤ

ਮੇਰੀ ਧੀ ਲਈ ਅਰਦਾਸ

ਇਹ ਮੇਰੀ ਧੀ ਲਈ ਅਰਦਾਸ ਹੈ । ਫ਼ੇਰ ਕੰਨੀਂ ਪੈ ਰਿਹਾ ਦੂਰੋਂ ਹਨ੍ਹੇਰੀ ਦਾ ਇਹ ਸ਼ੋਰ, ਤੇ ਅੱਧ ਛੁਪੀ ਪੰਘੂੜੇ ਦੀ ਛੱਤਰੀ ਦੀ ਛਾਵੇਂ ਮੇਰੀ ਬੱਚੀ ਸੌਂ ਰਹੀ। ਰਾਹ ਚ ਨਾ ਕੋਈ ਰੁਕਾਵਟ ਏਸ ਦੇ, ਇੱਕ ਨੰਗੀ ਟੇਕਰੀ ਤੇ ਕੁਝ ਕੁ ਬਾਗ਼ਾਂ ਤੋਂ ਬਿਨਾਂ। ਬਿੱਫ਼ਰੀ ਅੜੀਅਲ ਜੇਹੀ, ਅੰਧ ਮਹਾਂਸਾਗਰ ਤੋਂ ਭੱਜੀ ਕਰਦੀ ਆਏ ਮਾਰੋ ਮਾਰ। ਇਕ ਘੰਟਾ ਹੋ ਗਿਆ, ਮੈਂ ਤੁਰੀਂ ਜਾਵਾਂ, ਬੁੱਲ੍ਹਾਂ 'ਤੇ ਇਕ ਅਰਦਾਸ ਨਾਲ, ਕਿਉਂ ਜੋ ਮੇਰੇ ਮਨ ’ਤੇ ਇਕ ਉਦਾਸੀ ਸ਼ਾਮ ਹੋਈ ਸੋਗਵਾਰ। ਇੱਕ ਘੰਟੇ ਤੋਂ ਮੈਂ ਤੁਰਦਾ, ਸੋਚਦਾਂ, ਅਰਦਾਸ ਕਰ ਭਉਂਦਾ ਰਿਹਾਂ, ਏਸ ਨੰਨੀ ਜਾਨ ਲਈ। ਸੁਣ ਰਿਹਾਂ, ਕੂਕਦੇ ਤੇ ਚੀਖ਼ਦੇ ਇਸ ਤੂਫ਼ਾਨੀ ਸ਼ੋਰ ਨੂੰ, ਜੋ ਮਿਨਾਰਾਂ ਨਾਲ ਟੱਕਰ ਮਾਰ ਖੌਰੂ ਪਾ ਰਿਹਾ, ਏਸ ਝੱਖੜ ਸਾਹਮਣੇ ਕੋਈ ਰੁਕਾਵਟ ਵੀ ਨਹੀਂ, ਮਨ ’ਚ ਹੈ ਹਲਚਲ ਬੜੀ, ਏਹ ਕੋਈ ਨ ਰਾਜ਼ ਹੈ, ਇੱਕ ਨਵੀਂ ਆਫ਼ਤ ਤੇ ਬਰਬਾਦੀ ਦਾ ਹੀ ਆਗਾਜ਼ ਹੈ। ਢੁੱਕਣੇ ਨੇ ਆ ਕੇ ਕੁਝ ਹੁਣ, ਔਤਰੇ ਮਨਹੂਸ ਸਾਲ, ਨੱਚਣੇ ਨੇ ਦੈਂਤ, ਆਵਣਗੇ ਤੁਫ਼ਾਨ, ਸਾਗਰ ਦੀ ਝੋਲੀ ਕੁੱਖ ਵਿੱਚ, ਪਲ ਰਿਹਾ ਰਾਖ਼ਸ਼ ਭੁਚਾਲ। ਅਰਸ਼ ਨੂੰ ਤੇ ਫ਼ਰਸ਼ ਨੂੰ ਕੁਝ ਹੋਰ ਚਿੰਤਾਵਾਂ ਵੀ ਨੇ, ਸਾਹ ਸੂਤ ਕੇ ਬੈਠੇ ਨੇ ਸਾਰੇ ਚਰ ਤੇ ਨਰ ਐਸਾ ਨਵਾਂ ਤੁਫ਼ਾਨ ਹੈ! ਪਰ ਜੇ ਇੱਕ ਸ਼ਾਇਰ ਦੀ ਧੀ ਦੀ, ਨੀਂਦ ਖੁੱਲ੍ਹ ਜਾਏ ਵੀ ਤਾਂ, ਸਮੇਂ ਦਾ, ਇਸ ਜੱਗ ਦਾ, ਧਰਤੀ ਦਾ ਕੀ ਨੁਕਸਾਨ ਹੈ! ਦੋ ਵਿਸ਼ਵ ਯੁੱਧਾਂ ਵਿਚਾਲੇ, ਜੀ ਰਹੀ, ਤੇ ਆਗਾਮੀ ਨਸਲ ਲਈ ਵੀ ਨੇ ਕੁਝ ਖ਼ਦਸ਼ੇ , ਖ਼ਿਆਲ ਬੀਤ ਚੁੱਕੀ ਨਸਲ ਦਾ ਵੀ ਤਾਂ ਸਾਨੂੰ ਗਿਆਨ ਹੈ। ਪਹਿਲਾ ਵਿਸ਼ਵ ਯੁੱਧ ‘ਕੈਸਰੀ' ਤੇ ਸ਼ਹਿਨਸ਼ਾਹੀ ਉਪਜ ਸੀ, ਹਿਟਲਰੀ ਹੈਂਕੜ ਦਾ ਜਾਇਆ ਇਹ ਨਵਾਂ ਤੁਫ਼ਾਨ ਹੈ। --- ਯੇਟਸ’ ਨੇ ਤਾਂ ਮੌਤ ਦੇ ਸਨਮੁੱਖ ਵੀ ਮਾਣੀ ਜ਼ਿੰਦਗੀ, ਮਰ ਮਰ ਕੇ ਜੀਵਨ ਜਿਉਣ ਦਾ ਨਾ ਓਸ ਨੂੰ ਅਰਮਾਨ ਹੈ। ਝੱਖੜਾਂ ਦੇ ਵਿੱਚ ਉੜ ਜਾਂਦੀ ਹੈ, ਰੁੜ੍ਹ ਜਾਂਦੀ ਹੈ ਜਿਹੜੀ ਜ਼ਿੰਦਗੀ, ਜੋ ਉਸ ਤਰਜ਼ ਤੇ ਜੀਅ ਰਿਹਾ, ਬੇਜਾਨ ਹੈ ਨਾਦਾਨ ਹੈ। ਐ ਗ਼ਮਾਂ ਦੇ ਸੇਕ ਵਿੱਚ ਸਿਸਕਦੇ ਲੋਕੋ ਸੁਣੋ ! ਮੜਕ ਵਿੱਚ ਜਿਉਂ ਕੇ ਗੁਜ਼ਾਰੀ ਜ਼ਿੰਦਗੀ ਦੀ ਸ਼ਾਨ ਹੈ। 'ਯੇਟਸ’ ਨੇ ਦੇਖੀ ਤੇ ਪਰਖੀ 'ਮੌਡ ਗੌਨ'- 'ਹੈਲਨ ਨਿਰੀ’ ‘ਵੀਨਸ ਖਰੀ', ਧਰਤੀ ਤੇ ਉੱਤਰੀ ਮੇਨਕਾ, ਉਹਦੀ ਸਮਾਧੀ ਲੈ ਉੜੀ। ਹੁਣ ਕਹੇ, 'ਮੈਂ ਸ਼ੁਦਾਈ ਬਾਵਲਾ, ਮੇਰੀ ਮੱਤ ਕਿੱਥੇ ਗਈ'! ਮੈਨੂੰ ਪਰ੍ਹੇ ਵਿੱਚ ਭੰਡ ਕੇ, ਛੱਜ ਦੇ ਵਿੱਚ ਛੰਡ ਕੇ, ਮੇਰੇ ਦਿਲ 'ਚ ਵਸਦੀ-ਰਸਦੀ, ਇੱਕ ‘ਜਾੱਨ’ ਦੇ ਘਰ ਵੱਸ ਗਈ। ‘ਆਸ਼ਿਕ ਬੜੇ ਹੁੰਦੇ ਨਾਦਾਨ', ਹੂਰਾਂ ਪਰੀ ਇਹ ਦੱਸ ਗਈ। ---- ਹੁਣ ਉਹ ਐਪਰ ਸੋਚਦਾ ਮੇਰੀ ਧੀ ਕੀ ਬਣੇਗੀ ਗੁੰਮਨਾਮ ਰੁੱਖ਼ ! ਫ਼ੁੱਲਦੀ ਤੇ ਫ਼ਲਦੀ ਹੈ ਜਿਸਦੀ ਕੁੱਖ਼, ਬੁਲਬੁਲ ਬਣਾਵੇ ਆਸ਼ੀਆਂ, ਕੂਕਣ ਤੇ ਗਾਵਣ ਕੋਇਲਾਂ, ਚੁਹਲਾਂ ਕਰ ਕਰ ਦਿਨ ਗੁਜ਼ਾਰਨ, ਲਾ ਕੇ ਉਡਾਰੀ ਫਿਰ ਮੁੜਨ, ਚਾਵਾਂ ਮਲ੍ਹਾਰਾਂ ਦੇ ਹੀ ਗੀਤ, ਮਿਲ ਕੇ ਗਾਵਣ, ਨਾ ਲੜਨ। ਉਹ ਕਲਪ ਬ੍ਰਿਖ ਇਕ ਥਾਂ ਖੜ੍ਹੇ। ਧੀ ਮੇਰੀ ਵੀ ਉਂਝ ਹੀ, ਉਮਰ ਭਰ ਵਸਦੀ ਰਹੇ, ਪਰ ਗ਼ੁਲਾਮੀ ਨ ਜਰੇ, ਧੱਕੇ ਕਿਸੇ ਦੇ ਨ ਚੜ੍ਹੇ। ਜੋ ਮੇਰੇ ਚਿਤ ਨੂੰ, ਮੇਰੇ ਦਿਲ ਨੂੰ ਸੀ ਪਿਆਰੇ, ਜੋ ਹੁਸਨ ਵੀ ਮਨ ਨੂੰ ਭਾਏ, ਉਹ ਰੂਪ ਜੋ ਮੈਂ ਨਿਖ਼ਾਰੇ ਤੇ ਸ਼ਿੰਗਾਰੇ, ਉਹ ਬੂਟ ਹਰਿਆਲੇ ਨ ਹੋਏ, ਖੁੰਢ ਜਿਊਂ ਸਾਰੇ ਸੀ ਪਾਲੇ। ਮੇਰੀ ਧੀ ਪਰ ਜਾਣ ਲਏ ਕਿ- ਨਫ਼ਰਤਾਂ ਦੀ ਫ਼ਸਲ ਹੈ ਨਿਰੀ ਜੂਏ ਦੀ ਚਾਲ। ਜੇ ਮਨ 'ਚ ਕੋਈ ਮੈਲ ਨਾ, ਫ਼ਿਰ ਟਾਹਣ ਤੋਂ ਬੁਲਬੁਲ ਨੂੰ ਕਿਤੇ ਇਹ ਡੇਗ ਦੇਵਣ, ਕੀ ਤੁਫ਼ਾਨਾਂ ਦੀ ਮਜਾਲ ? ਤੇ ਬੁੱਧੀਜੀਵੀ ਈਰਖ਼ਾ ਕੈਂਸਰ ਹੈ, ਇਕ ਸਰਤਾਨ2 ਹੈ, ਹੋਰਨਾਂ ਦੀ ਸਿਫ਼ਤ ਨਿੰਦਾ, ਸ਼ਾਪ ਹੈ ਬੁਹਤਾਨ3 ਹੈ। ਕੀ ਮੈਂ ਕਦੇ ਦੇਖੇ ਨਹੀਂ ? ਕਈ ਰੂਪ ਲੱਦੇ, ਮਾਣ, ਧਨ ਤੇ ਤਾਣ ਵਾਲੇ, ਪਰ ਇਕ ਖੋਟੀ ਸੋਚ ਖ਼ਾਤਿਰ, ਉਮਰ ਭਰ ਪਛਤਾਣ ਵਾਲੇ, ਲੁੱਟੇ ਗਏ, ਪੁੱਟੇ ਗਏ, ਹੁਸਨਾਂ 'ਤੇ ਬਹੁਤੇ ਮਾਣ ਵਾਲੇ। ਜ਼ਿੰਦਗੀ ‘ਹੈਲਨ’ ਦੀ, ਨੀਰਸ ਰਹੀ ਬੇਕਸ ਰਹੀ, ਤੇ ਇਕ ਕਮਲਾ ਮਰਦ ਸੀ ਉਸਦੀ ਮੁਸੀਬਤ ਬਣ ਗਿਆ, ਤੇ ਜੋਧੇ, ਮਹਾਂ ਸੈਨਾਨੀ ਅਤੇ ਸੁਰੇ ਅਨੇਕ, ਜਲਾਂ ਵਿਚ ਤੇ ਥਲਾਂ ਵਿਚ ਕੌਮਾਂ ਦੇ ਨਾਉਂ ਤੇ ਭਿੜ ਗਏ ਤੇ ਮਰ ਗਏ। ‘ਵੀਨਸ' ਮਹਾਂਰਾਣੀ, ਮਾਣਮੱਤੀ, ਰੂਪਵਾਨ, ਮਾਂ ਜਿਹਦੀ, ਸਾਫ਼ ਜਲ ਦੀ ਆਬਸ਼ਾਰ, ਬਾਪ ਦੇ ਸਾਏ ਵਿਹੂਣੀ ਬਣ ਗਈ, ਆਪ-ਹੁਦਰੀ ਬੇਮੁਹਾਰ, ਕੋਝੇ ਜੇਹੇ ਇਕ ਮਰਦ ਦੇ ਲੜ ਲੱਗ ਕੇ ਹੋਈ ਖੁਆਰ। ਜਾਪਦਾ ਹੈ, ਸੁਹਣੀਆਂ ਪਰੀਆਂ, ਇੰਦਰ ਸਭਾ ਦਾ ਜੋ ਸ਼ਿੰਗਾਰ, ਘਰ ’ਚ ਦੌਲਤ ਬੇ-ਹਿਸਾਬ, ਪਹਿਨਣ ਜ਼ਰੀ ਤੇ ਕੀਮਖ਼ਵਾਬ ਛੱਤੀ ਕਿਸਮ ਦੇ ਭੋਜਨਾਂ ਨੂੰ, ਲੋਰ ਦੇਂਦੀ ਹੈ ਸ਼ਰਾਬ। ਨਸ਼ਾ ਵਧਾਵਣ ਵਾਸਤੇ, ਵਿਚ ਭੰਗ ਦੀ ਬੂਟੀ ਰਲਾਣ ਹੱਸਣ ਲੱਗਣ ਤਾਂ ਘੰਟਿਆਂ ਤਕ ਹੱਸੀ ਜਾਣ। ਜੇ ਰੋਣ ਤਾਂ ਨਦੀਆਂ ਵਗਾਣ, ਦਿਲ ਚੀਰਵੇਂ ਫ਼ਿਰ ਵੈਣ ਪਾਣ। ਤੇ ਕਲਪ ਬ੍ਰਿਖ ਦੀ ਦਾਤ ਹੋ ਜਾਵੇ ਸਰਾਪ । ਜੀਅ ਕਰੇ ਮੈਂ ਧੀ ਨੂੰ ਦੇਵਾਂ ਮਸ਼ਵਰਾ; ਕਿ ਦਿਲ ਕਦੇ ਵੀ, ਤੁਹਫ਼ਿਆਂ ਦੀ ਸ਼ਕਲ ਵਿੱਚ ਮਿਲਦੇ ਨਹੀਂ। ਜਿੱਤ ਸਕੇ ਪਰ ਦਿਲਾਂ ਨੂੰ ਉਹ ਵੀ ਨਾਰੀ ਰੂਪ ਜਿਸਦਾ ਡੁੱਲ੍ਹ ਡੁੱਲ੍ਹ ਪੈਂਦਾ ਨਹੀਂ। "ਇਹ ਇਸ਼ਕ ਬਜ਼ਾਰੀਂ ਨਹੀਂ ਮਿਲਦੇ, ਪਈ ਲਭਦੀ ਫਿਰੇਂ ਦੁਕਾਨਾਂ ਤੋਂ"4 ਹਾਂ! ਧੀ ਮੇਰੀ ਸੁੰਦਰ ਬਣੇ, ਪਰ ਕੋਈ ਐਸੀ ਮਾਣ ਮੱਤੀ ਰੂਪਵੰਤੀ ਨਾਰ ਨਾ, ਕਿ ਹਰ ਅਜਨਬੀ, ਪਲ ਭਰ ਵੀ ਜਿਹੜਾ ਵੇਖ ਲਏ ਦੇਖ ਤੱਕਦਾ ਹੀ ਰਹੇ; ਜੋ ਸ਼ੀਸ਼ੇ ’ਤੇ ਹੋਵਣ 'ਮਿਹਰਵਾਨ’, ਹੋਣ ਸ਼ੀਸ਼ੇ ਦਾ ਸ਼ਿਕਾਰ ਤੌਬਾ ਤੌਬਾ ਐ ਖ਼ੁਦਾ! ਐਨਾ ਗ਼ਰੂਰ ? ਇਸ ਸ਼ਮਾਂ ’ਤੇ ਪਰਵਾਨੇ ਜਲਣ, ਗਿਰ ਗਿਰ ਮਰਨ ਫਿਰ ਬੇਸ਼ੁਮਾਰ, ਹੁਸਨ ਹੈ ਜੇ ਬੇਪਨਾਹ, ਨਾਲ ਦੌਲਤ ਬੇਇੰਤਹਾ5, ਜਾਣੋ ਮਦ ਦੋ-ਆਤਿਸ਼ਾ6 ਹੋਈ ਤਿਆਰ । ਰੰਗ ਹੋਵੇ ਰੂਪ ਹੋਵੇ, ਦਰਦ ਭਿੱਜਾ ਦਿਲ ਵੀ ਪਾਏ, ਹੋਏ ਨੈਣਾਂ ਵਿੱਚ ਖ਼ੁਮਾਰ, ਆਤਮਾ ਦੀ ਜੋਤਿ ਵੀ ਪਰ ਜਗਮਗਾਏ । ਜਿਸ ਦਿਲੇ ਵਿੱਚ ਦਯਾ ਦੀ, ਮਾਨਵੀ ਦਰਦਾਂ ਦੀ ਖ਼ੁਸ਼ਬੂ ਵਸ ਜਾਏ, ਓਸ ਸੁਹਣੀ ਨੂੰ ਮੁਹੱਬਤ ਕਰਨ ਵਾਲੇ ਮਿਲ ਹੀ ਜਾਵਣ ਬੇਸ਼ੁਮਾਰ। ਸਾਰੀ ਨਫ਼ਰਤ ਖ਼ੁਦ-ਫ਼ਰੇਬੀ, ਇਕ ਛਣਕਣਾਂ ਘੁੰਗਰੂ ਵੱਜੇ ਪੰਜੇਬੀ, ਖ਼ੁਸ਼ੀ ਤਨ ਦੀ, ਮੌਤ ਮਨ ਦੀ। ਫਿਰ ਸ਼ਾਇਦ ਉਹਦਾ ਵਰ, ਉਹਨੂੰ ਲੈ ਜਾਏ ਅਪਣੇ ਘਰ; ਜਿੱਥੇ ਮਾਣ ਮਰਿਆਦਾ ਤੇ ਰਹਿਤ ਬਹਿਤ, ਰਸਮੀ ਵਿਹਾਰ, ਹਉਮੈ ਸ਼ਿਕਾਰ, ਨਫ਼ਰਤਾਂ ਦਾ ਕਾਰੋਬਾਰ, ਰੁਲਦੇ ਬਾਜ਼ਾਰੀਂ ਸਾਜ਼ੋ-ਸ਼ਿੰਗਾਰ, ਰੀਤਾਂ ਤੇ ਰਸਮਾਂ ਦੇ ਵਪਾਰ, ਮਾਸੂਮੀਅਤ ਤੋਂ ਦਰ-ਕਿਨਾਰ7 ਰਾਣੀ ਕਰੇ ਸੋਲਾਂ ਸ਼ਿੰਗਾਰ, “ਸ਼ਾਵਾ ਵਾਹਵਾ" ਦੀ ਪੁਕਾਰ। ---- ਅਜ਼ਲਾਂ ਤੋਂ ਆਉਂਦੇ ਰਹੇ ਨੇ, ਹਸ਼ਰ ਤੱਕ, ਭੁਚਾਲ, ਹੜ੍ਹ, ਝੱਖੜ ਬਥੇਰੇ ਆਵਣਗੇ। ਮਾਪੇ ਬੱਚਿਆਂ ਲਈ ਆਪਣੇ ਇਸ਼ਟ ਧਿਆਵਣਗੇ, ਤੁਬਕ ਜਾਵਣਗੇ। ਧੀਆਂ ਸਦਾ ਉਡਾਰੂ ਹੋਵਣ, ਤੇ ਵਰ ਬਰਾਤਾਂ ਲਿਆਵਣਗੇ। ਵੈਣ ਪੈਣ ਉੱਠਣ ਜਨਾਜ਼ੇ - ਤੇ ਬਾਗੀਂ ਫੁੱਲ ਮੁਸਕਾਵਣਗੇ। ਹੁੰਦੇ ਰਹਿਣ ਸੰਸਾਰ ਯੁੱਧ, ਤਨ ਦੇ ਰੋਗ-ਅੰਬਾਰ ਯੁੱਧ, ਮਨ ਦੇ ਆਵਾਜ਼ਾਰ ਯੁੱਧ, ਹੁੰਦੇ ਸਫ਼ਲ ਬੱਸ ਪਿਆਰ ਯੁੱਧ। ਕਹਿ ਗਏ ਪੰਜਵੇਂ ਪਾਤਸ਼ਾਹ ਹੋਇ ਹਲੇਮੀ ਰਾਜੁ ਹੁਣ। 'ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰਞਾਣਦਾ॥ ਸਭ ਸੁਖਾਲੀ ਵੁਠੀਆ ਏਹੁ ਹੋਆ ਹਲੇਮੀ ਰਾਜੁ ਜੀਉ8 ॥ ਵਿਲੀਅਮ ਬਟਲਰ ਯੇਟਸ (W.B Yeats ) ਦੀ ਪ੍ਰਸਿੱਧ ਕਵਿਤਾ 'A PRAYER FOR MY DAUGHTER`, ਜੋ ਉਸ ਨੇ ਏਨ ਬਟਲਰ ਯੇਟਸ (For Anne Butler Yeats-1919) ਲਈ ਲਿਖੀ। ਇਸ ਵਿੱਚ ਭਾਵਨਾਵਾਂ ਧੀ ਲਈ ਹਨ ਪਰ ਉਸ ਦੀ ਪ੍ਰੇਮਿਕਾ ਮੌਡ ਗੌਨ (Maud Gonne), ਮਿਥਿਹਾਸਕ ਰੂਪ ਮੱਤੀ ਹੈਲਨ 'Helen’ ਤੇ ਪਿਆਰ ਦੀ ਦੇਵੀ ਵੀਨਸ ‘Venus’ ਦੇ ਥਾਂ-ਪੁਰ-ਥਾਂ ਪਰਛਾਵੇਂ ਪੈਂਦੇ ਹਨ। Edited by: A Norman Jeffares, Macmillan-1962 1. ਤੌਖ਼ਲੇ, apprehensions 2. ਲਾ-ਇਲਾਜ ਰੋਗ 3. ਕੋਰਾ ਝੂਠ 4. ਵਾਰਿਸ ਸ਼ਾਹ 5, ਅਥਾਹ 6. ਦੋ ਵਾਰ ਕਸ਼ੀਦ ਕੀਤੀ ਕੱਢੀ) ਸ਼ਰਾਬ 7. ਅਭਿੱਜ 8. ਗੁਰੂ ਅਰਜਨ ਦੇਵ- ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ-74

ਕਾਲੇ ਸਮਿਆਂ ਵਿਚ

ਕੀ ਕਲਜੁਗ ਵਿਚ ਵੀ ਗੂੰਜਣਗੇ ਗੀਤਾਂ ਦੇ ਬੋਲ ਤੇ ਸੁਰ ਸੰਗੀਤ ? ਹਾਂ, ਗੀਤ ਵੀ ਗਾਏ ਜਾਣਗੇ, ਕਾਲੇ ਸਮਿਆਂ ਦੇ ਹੀ ਗੀਤ। ਕਵੀ- ਬਰਟੋਲਟ ਬਰੈਖ਼ਟ ( 10 ਫ਼ਰਵਰੀ, 1898, 14 ਅਗਸਤ, 1956) ਪੋਇਮਜ਼ 1929-1938 ( ਭਾਗ ਦੂਜਾ) ਆਈਰੇ ਮੈਥਉਏਨ, ਲੰਦਨ

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਸਮੇਰ ਸਿੰਘ ਬਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ