Toofanan Di God Vich : Jasmer Singh Bala

ਤੂਫ਼ਾਨਾਂ ਦੀ ਗੋਦ ਵਿਚ (ਕਾਵਿ ਸੰਗ੍ਰਹਿ) : ਜਸਮੇਰ ਸਿੰਘ ਬਾਲਾ




ਆਲ੍ਹਣਾ

ਲਾਊਂ ਵੋਹ ਤਿਨਕੇ ਕਹਾਂ ਸੇ ਆਸ਼ੀਆਨੇ ਕੇ ਲੀਏ। ਬਿਜਲੀਆਂ ਬੇਤਾਬ ਹੋਂ ਜਿਨ ਕੋ ਜਲਾਨੇ ਕੇ ਲੀਏ। -ਡਾਕਟਰ ਇਕਬਾਲ ਮੈਂ ਬੀਆਬਾਨਾਂ, ਪਹਾੜਾਂ, ਜੰਗਲਾਂ ਵਿਚ ਉਮਰ ਕੱਟੀ ਹੈ, ਪਰ ਆਸ਼ੀਆਂ-ਸਾਜ਼ੀ ਸਦਾ ਹੀ ਮੇਰੀ ਕਮਜ਼ੋਰੀ ਰਹੀ ! ਵਣ ਦੇ ਰਾਖੇ ਨੂੰ ਡਰਾਵਾ ਦੇ, ਖੁਸ਼ਾਮਦ ਕਰ ਕੇ, ਵੱਢੀ ਤਾਰ ਕੇ, ਤਿਣਕਿਆਂ ਦੀ ਰਾਸ ਜੁੜ ਜਾਂਦੀ ਰਹੀ ਕੁਝ ਚਿਰ ਤੋਂ ਬਾਅਦ। ਹਿੰਮਤਾਂ ਦੀ ਮਿਹਰ ਸਦਕਾ ਆਲ੍ਹਣਾ ਬਣਦਾ ਰਿਹਾ। ਹੋਣੀਆਂ ਦੇ ਕਹਿਰ ਹੇਠਾਂ ਜੋ ਸਦਾ ਸੜਦਾ ਰਿਹਾ। ਫੇਰ ਮੇਰੇ ਆਲ੍ਹਣੇ ਵਿਚ ਇੱਲ ਦਾ ਇੱਕ ਖੰਭ ਡਿੱਗਾ ਹੈ। ਮੇਰਾ ਮੱਥਾ ਠਣਕਿਆ ਹੈ, ਫੇਰ ਬਦਸ਼ਗਨੀ ਹੋਈ। ਸੁਪਨਿਆਂ ਦੇ ਬੋਟ ਚਹਿਕੇ ਆਸ਼ੀਆਂ ਵਿਚ ਚਾਰ ਰੋਜ਼, ਫਿਰ ਕੋਈ ਫਨੀਅਰ ਮੇਰੇ ਬਾਲਾਂ ਨੂੰ ਡਸ ਕੇ ਤੁਰ ਗਿਆ। ਰੋਜ਼ ਵਰਮੀ ਚੋਂ ਕਿਸੇ ਫੁੰਕਾਰ ਦੀ ਆਵਾਜ਼ ਆਉਂਦੀ ਹੈ। ਮੈਨੂੰ ਭਲਾ ਕੀ ਖ਼ੌਫ ਹੈ? ਇਕ ਜੱਟ ਹਾਂ, ਫੌਜੀ ਹਾਂ, ਇੱਕ ਸ਼ਾਇਰ ਹਾਂ ਮੈਂ। ਮੇਰੀ ਦੁਨੀਆਂ ਮੇਰੀ ਮਰਜ਼ੀ ਦੀ ਮੁਥਾਜ ! ਆਸ਼ੀਆਂ ਕੀ? ਮੈਂ ਸ੍ਰਿਸ਼ਟੀ ਸਿਰਜ ਸਕਦਾਂ। ਆਸ਼ੀਆਂ ਬਣਦਾ ਰਿਹਾ ਹੈ, ਆਸ਼ੀਆਂ ਫਿਰ ਬਣ ਰਿਹਾ ਹੈ, ਆਸ਼ੀਆਂ ਬਣਕੇ ਰਹੇਗਾ।

ਸੁਗੰਧੀਆਂ ਦਾ ਸਫ਼ਰ

(1) “ਠਹਿਰ ਜਾ ਕੁਝ ਚਿਰ”, ਬਹਾਰਾਂ ਨੇ ਕਿਹਾ “ਤਿਤਲੀਆਂ ਤੋਂ ਸਿੱਖ ਜੋਬਨ ਚੂਸਣਾ... ਰੀਝ ਵਿਚ ਰੰਗੀਜਿਆ ਹੈ ਪੋਟਾ ਪੋਟਾ ਜਿਸਮ ਦਾ... ਅੱਖ ਵਿਚ ਸੂਰਜ ਤੇ ਖੰਭਾਂ 'ਤੇ ਸਿਤਾਰੇ ਜੜੇ ਨੇ ਆਤਮਾ ਦੇ, ਬਦਨ ਦੇ ਕਣ ਕਣ ਕਥੁਰੀ ਘੋਲ ਲੈ.... ਤੂੰ ਬਹਾਰਾਂ ਛੱਡ ਕੇ ਐਵੇਂ ਨਾ ਜਾ, ਤਿਤਲੀਆਂ ਨੂੰ ਤੱਕ ਲੈ... ਚਾਰ ਹੀ ਦਿਨ ਨੇ ਬਹਾਰਾਂ ਤੇ ਬਸੰਤੀ ਰੰਗ ਵੀ... ਰੂਪ-ਰੰਗਾਂ ਤੋਂ, ਸੁਗੰਧੀ ਤੋਂ, ਬਹਾਰਾਂ ਤੋਂ ਨੇ ਜਿਹੜੇ ਬੇਖ਼ਬਰ..... ਭਟਕਦੇ ਹੁੰਦੇ ਨੇ ਪੱਤਝੜ ਵਿਚ ਘਾ ਦੀ ਤਿੜ ਲਈ .... ਸੋਨਿਆ ਹਿਰਨਾਂ ! ਤੂੰ ਕਸਤੂਰੀ ਲਈ ਹੈ ਭਟਕਣਾ.... ਖੋਦ ਕੇ ਖੰਡਰ ਨੂੰ ਸ਼ਾਇਦ ਲੱਭ ਸਕਦੇ ਹੋ ਖਜ਼ਾਨੇ.. ਸੰਦਲੀ ਪੌਣਾਂ ਦੇ ਬੁੱਲੇ ਨ ਕਦੇ ਪਰ ਪਰਤਦੇ.... ਕੱਲਰਾਂ ਵਿਚ ਫੁੱਲ ਉੱਗਣ ਨ ਬਰੇਤੇ ਬੰਜਰਾਂ ਵਿਚ ਇਕ ਕਲੀ। (2) ਸੁਪਨਿਆਂ ਦਾ ਸੱਚ ਡੰਡਾ ਥੋਹਰ ਹੈ, ਦੁੱਧ ਕੌੜਾ, ਕੰਡਿਆਂ ਦਾ ਜ਼ੋਰ ਹੈ। (3) ਸਮੇਂ ਦੇ ਸੁਕਰਾਤ ਨੂੰ । ਜ਼ਹਿਰ ਦੀ ਕੋਈ ਥੁੜ ਨਹੀਂ, ਜਾਬਰਾਂ ਦੀ ਜਿੱਤ ਤੇ ਜੈਕਾਰਿਆਂ ਦਾ ਸ਼ੋਰ ਹੈ। ਚੱਟਣਾ ਹੈ ਸ਼ਹਿਦ ਕਿ ਮਹੁਰਾ ਇਹ ਨਿਰਣਾ ਹੋਰ ਹੈ। ਰਾਤ ਦੀ ਰਾਣੀ ਲੁਟਾਂਦੀ ਜੋ ਰਹੀ, ਅਜੇ ਤੱਕ ਤਾਂ ਉਸ ਨਸ਼ੇ ਦੀ ਲੋਰ ਹੈ। (4) ਮੈਂ ਕਦੋਂ ਕਲੀਆਂ ਨੂੰ ਕੀਤਾ ਸ਼ਰਮਸਾਰ? ਤੇ ਕਦੋਂ ਹੁਸਨਾਂ ਨੂੰ ਕੀਤਾ ਸੋਗਵਾਰ? ਤਿਤਲੀਆਂ ਦੇ ਰੰਗ ਵੀ ਪਰਸੇ, ਉਸ਼ਾ ਦੀ ਕਿਰਨ ਵੀ। ਤਾਰਿਆਂ ਦੀ ਰੀਝ ਨੂੰ ਵੀ ਅੱਖੀਆਂ ਨੇ ਚੁੰਮਿਆ, ਚੰਨ ਦੀ ਸੱਗੀ ਕਿਸੇ ਦੇ ਸਿਰ ਧਰੀ। ਬੁੱਕ ਭਰ ਭਰ ਸ਼ੇਅਰ ਵੰਡੇ ਮੱਸਿਆ ਦੀ ਰਾਤ ਵਿੱਚ। ਇਕ ਫ਼ਕੀਰੀ ਸ਼ਾਨ ਨੂੰ ਹੀ ਸਮਝਿਆ ਸੀ ਜ਼ਿੰਦਗੀ। ਪੂੰਜੀਆਂ ਦੀ ਰਾਸ ਨ ਜੋੜੀ ਏਹੋ ਬੱਸ ਭੁੱਲਿਆ। ਗੰਢ ਬੰਨ੍ਹ ਸਕਿਆ, ਫ਼ਜ਼ਾਵਾਂ ਨੂੰ ਨ ਖ਼ੁਸ਼ਬੂ ਨੂੰ ਕਦੇ। ਮੈਂ ਸਮੇਂ ਦੀ ਤੱਕੜੀ ਤੋਲੇ ਨ ਸੁਆਦ, ਇੱਕ ਪਲ ਜੱਨਤ ਨਿਹਾਰੀ, ਦੂਸਰੇ ਪਲ ਦੋਜ਼ਖਾਂ ਨੂੰ ਝਾਗਿਆ। (5) “ਹਮ ਆਦਮੀ ਹਾਂ ਇਕ ਦਮੀ”, ਪਰ ਦੈਂਤ ਭੁੱਖਣ ਵਾਲੜੇ। ਤਿਤਲੀ ਮੇਰਾ ਆਦਰਸ਼ ਨ, ਸੂਰਜ ਮੇਰੇ ਰਥ ਦਾ ਧਵਜ ਹੈ। (6) ਤਿਤਲੀਆਂ ਦਾ ਰੰਗ, ਛਿਣ ਦੀ ਤਾਜ਼ਗੀ। ਫ਼ਤਹਿਗੜ੍ਹ ਸਾਹਿਬ ਦੀ ਲੋਅ ਇਕ ਬਿਰਦ, ਅਬਦੀ ਜ਼ਿੰਦਗੀ। ਉਦੈ ਨਨਕਾਣੇ ਤੋਂ ਧਾਰਾ ‘ਆਸ’ ਦੀ ਮਾਛੀਵਾੜੇ ਕਰਬਲਾ ਦੇ ਕਹਿਰ ਵਿਚ ਸ਼ਾਂਤੀ ਸ਼ਾਮਾਂ ਨੂੰ ਦੇਵੇ ਕੋਈ ਧੁਨ ‘ਰਹਿਰਾਸ’ ਦੀ। ਦੁੱਖ, ਸੁੱਖ, ਵਿਛੋੜੇ ਆ ਟਿਕਣ 'ਅਨੰਦ' ਵਿਚ। ਊਸ਼ਾ ਦੀ ਅਜ਼ਲੀ ਕਿਰਨ ਚਮਕੌਰ ਤੋਂ ਸਦ ਲਿਸ਼ਕਦੀ। ਅੰਮ੍ਰਿਤਸਰੋਂ ਪੌਣਾਂ ਅਗੰਮੀ ਜਦ ਤੁਰਨ ਮੁਕਤਸਰ ਦੀ ਬੂੰਦ ਸੋਖੇ ਉਮਰ ਭਰ ਦੀ ਤਸ਼ਨਿਗੀ। ‘ਜ਼ਫ਼ਰਨਾਮੇ' ਦੀ ਕਲਾ ਪੁੱਜੇ ਆਕਾਸ਼ਾਂ ਤੋਂ ਪਰੇ, ਜਾਬਰਾਂ ਦੀ ਰੂਹ ਸਿਸਕਦੀ ਕੰਬਦੀ। ਜੁਗੋ ਜੁਗ ਰਹਿਣੀ ਹੈ ਇਸਦੀ ਲਹਿਰ ਬਹਿਰ, ਸਤਿਗੁਰਾਂ ਦੇ ਚਰਨ ਛੁਹ ਕੇ ਤੁਰੀ ਜੋ ਸਤਲੁਜ ਨਦੀ।

ਵਾਅਦਾ

ਅਪਣੇ ਪਿੰਡ ਦੇ ਟੇਸ਼ਣ ਤੋਂ ਮੈਂ ਦੂਰ ਦੁਰਾਡੀ ਮੰਜ਼ਿਲ ਲਈ ਜਦ ਗੱਡੀ ਪਕੜੀ, ਭਰੀਆਂ ਜ਼ੁਲਫ਼ਾਂ ਕਾਲੇ ਧੂੰਏਂ ਵਿਚ ਖੋ ਗਈਆਂ: ਸੋਚ ਦੀ ਧਾਰਾ ਮੋੜਨ ਦੇ ਲਈ, ਭੁੱਲੇ ਵਿੱਸਰੇ ਯਾਰਾਂ ਦੀ ਬੇ-ਮਿਹਰੀ ਚੇਤੇ ਕੀਤੀ। ਰਾਹੀਂ ਵਾਟੀਂ, ਪਾਨ-ਚੱਬਦੇ, ਮਰੀਅਲ-ਮੂੰਹੇਂ ਲੋਕਾਂ ਦੀ ਕਿਸਮਤ 'ਤੇ ਹਮਦਰਦੀ ਪ੍ਰਗਟਾਵਣ ਖ਼ਾਤਿਰ ਦਿਲ ਚੋਂ ਚੀਸ ਜੇਹੀ ਇਕ ਪੈਦਾ ਕੀਤੀ। ਫਿਰ ਕੁਝ ਚਿਰ ਲਈ ਗੁੰਮ ਗਿਆ ਮੈਂ ਉਸ ਪਰਦੇਸੀ ਰਾਹਾਂ ਵਿਚ। ਸੌ ਕੋਹਾਂ ਤੱਕ ਫੈਲੇ ਥਲ ਵਿਚ ਅਪਣੇ ਦੋ ਪੈਰਾਂ ਤੇ ਤੁਰ ਕੇ ਇਕ ਪਗਡੰਡੀ ਦੀ ਨੀਂਹ ਰੱਖੀ। ਪਰ ਮੇਰੇ ਤੱਕਦੇ ਤੱਕਦੇ ਹੀ ਇਕ ਹਵਾ ਦਾ ਬੁੱਲਾ ਆਇਆ, ਪੈਰ-ਚਿੰਨ੍ਹਾਂ ਨੂੰ ਚੂਸ ਕੇ ਤੁਰਿਆ। ਥੱਕੇ ਪੈਰੀਂ, ਇਕ ਨਿਰਮਲ ਜਲ ਨਦੀ ਦੇ ਕੰਢੇ, ਅਪਣੇ ਡੌਲੇ ਅਜ਼ਮਾਵਣ ਦੀ ਕੋਸ਼ਿਸ਼ ਕੀਤੀ। ਪਰ ਜਦ ਬੇੜੀ ਮੰਜ਼ਿਲ ਦੀ ਥਾਂ, ਬੰਗਲਾ ਖਾੜੀ ਦੇ ਵੱਲ ਵੱਧੀ। ਬੇੜੀ ਬੋੜ ਕੇ, ਚੱਪੂ ਸੁੱਟ ਕੇ, ਹਫ਼ਦਾ ਹਫ਼ਦਾ, ਡੁਬਦਾ ਤਰਦਾ, ਜਾਨ ਬਚਾ ਕੇ, ਸੀਸ ਤਲੀ ਤੇ ਰੱਖ ਮਸਾਂ ਕੰਢੇ ਤੇ ਆਇਆ। ਬਰਫ਼ਾਂ ਪਾਥੋਂ ਨਿੱਘ ਮੰਗਿਆ। ਮਾਰੂਥਲ ਤੋਂ ਠੰਡਕ ਚਾਹੀ। ਵੈਰੀ, ਮੱਛਰਾਂ ਤੇ ਜੋਕਾਂ ਤੇ, ਰਕਤ-ਦਾਨ ਦੀ ਬਰਖਾ ਕੀਤੀ। ਅਪਣੀ ਸੌਂਹ ਦੀ ਲੱਜਾ ਖਾਤਿਰ, ਫ਼ਰਜ਼-ਪੂਰਤੀ ਦੇ ਚੱਕਰ ਵਿਚ, ਮੇਰੇ ਦਰ ਉੱਤੋਂ ਆ ਆ ਕੇ, ਨਿੱਤ ਸੌ ਨਾਗੇ, ਮੀਜ਼ੋ ਤੇ ਲੱਦਾਖੀ, ਸੰਗਤ ਤੇ ਕੁਝ ਨਫ਼ਰਤ ਦੇ ਗਏ। ‘ਰਾਸ਼ਨ’ ਅਤੇ ‘ਹਿਫ਼ਾਜ਼ਤ ਲੈ ਗਏ। ਪਰ ਧੀਰਜ ਰੱਖ ਮੇਰੀ ਰਾਣੀ ! ਯਾਦਾਂ ਧੁੰਦਲਾਵਣ ਤੋਂ ਪਹਿਲਾਂ ਕਾਲਾ ਬਕਸਾ, ਰੰਮ ਦੀ ਪੇਟੀ, ਲਾਲ-ਕੱਪੜੀਏ ਕੁਲੀ ਦੇ ਸਿਰ ਰੱਖ, ਖੜਖੜ ਕਰਦੀ ਵਰਦੀ ਪਾਕੇ, ਹੱਥ ਵਿਚ ਕੇਨ ਹਿਲਾਉਂਦਾ ਹੋਇਆ, ਛੇਤੀ ਹੀ ਛੁੱਟੀ ਆਵਾਂਗਾ। ਰੇਲ ਗੱਡੀਆਂ ਸਭ ਮੁੜ ਘਿੜਕੇ, ਅਪਣੇ ਟੇਸ਼ਨ ਨੂੰ ਫ਼ਿਰ ਪਰਤਣ।

ਮਰੀਚਕਾ

ਸੁਪਨਿਆਂ ਦੀ ਰਾਣੀਏਂ! ਵਾਸਤਵ ਸੰਸਾਰ ਵਿਚ, ਇੱਕ ਮੁੰਡੇ ਨੂੰ ਕੁੜੀ ਤੇ ਕੀ ਗਿਲਾ? ਪਿਆਰ ਦੀ ਹਰ ਫ਼ਸਲ ਦੀ ਪੱਤਝੜ ਦੇ ਵਿਚ, ਸ਼ਹਿਰ ਦੀ ਹਰ ਇੱਕ ਕੁੜੀ ਚੁਗਦੀ ਫਿਰੇ, ਸ਼ੋਖ ਤੇ ਰੰਗੀਨ ਸੁਪਨੇ, ਇਕ ਸਿਲੇਹਾਰਨ ਦੇ ਵਾਂਗ। ਮੈਂ ‘ਪੁਨੀਤਾ’ ਸੋਚਦਾਂ ਤੇਰੇ ਲਈ, ਕਿਉਂ ਕੋਈ ਸੁਪਨਾ ਸਿਰਜ ਸਕਿਆ ਨਹੀਂ? ਸੁਰਤਿ ਤੇਰੀ ਕੀਲ ਕਿਉਂ ਸਕਿਆ ਨਹੀਂ? ਸ਼ੈਦ ਮੇਰੀ ਬੇਬਸੀ- 'ਕਿ ਮੇਰੇ ਖੇਤਾਂ 'ਚ ਤਿੱਖੀ ਮਹਿਕ ਨ। 'ਕਿ ਮੇਰੇ ਘਰ ਵਿੱਚ ਗੂਹੜੇ ਰੰਗ ਨ। ਹਾਂ, ਬਹੁਤ ਹੀ ਸਾਦਾ ਹੈ ਸਾਡੀ ਸਰ੍ਹੋਂ ਦੇ ਫੁੱਲਾਂ ਦਾ ਰੰਗ। ਹਾਂ, ਬਹੁਤ ਹੀ ਮੱਧਮ ਹੈ ਸਾਡੇ ਧਾਨ ਦੇ ਖੇਤਾਂ ਦੀ ਮਹਿਕ । ਤੂੰ ਜਿਨ੍ਹਾਂ ਫੁੱਲਾਂ ਤੇ ਡੁੱਲ੍ਹੇਂ, ਵਿੱਛ ਜਾਏਂ, ਨਾਉਂ ਤੱਕ ਉਨ੍ਹਾਂ ਦੇ ਤੋਂ ਵੀ ਮੈਂ ਵਾਕਿਫ਼ ਨਹੀਂ। ਕੱਦ ਸਾਡਾ ਹੈ ਸਿਰਫ਼ ਆਦਮ ਦਾ ਕੱਦ, ਹਾਂ, ਅਜੇ ਨਾਇਕ ਬਣਨ ਜੋਗੇ ਨਹੀਂ। ਕਹਿਣ ਨੂੰ ਤਾਂ ਹਰ ਨਵੇਂ ਆਸ਼ਿਕ ਦੇ ਹਰ ਸੁਪਨੇ ਦਾ ਪਿੰਡ ਕਾਰਬੂਜ਼ੇਰ ਦੀ ਵਚਿੱਤਰ ਕਲਪਨਾ ਦਾ ਸ਼ਹਿਰ ਹੈ। ਪਰ ਮੇਰੇ ਕੰਨ ਵਿਚ ਮਿਰਜ਼ੇ ਨੇ ਕਿਹਾ, “ ਤੂੰ ਚਾਹੇ ਅਜ਼ਮਾ ਲਈਂ, ਰੁਪ ਦੇ ਸਨਮੁਖ ਤੇਰੀ ਹਰ ਆਰਜ਼ੂ ਸਾਦਾ ਮਿਲੇਗੀ। ਪੱਥਰਾਂ ਚੋਂ ਬੁੱਤ ਸਿਰਜਣ ਵਾਲਿਆਂ ਨੇ ਕਦੇ ਨ ਸੋਚਿਆ ਕਿ ਹਰਿਕ ਬੁੱਤ ਦੀ ਨਜ਼ਰ ਚਿਲਕੋਰ ਹੈ। ਲੱਭਦੇ ਫਿਰਦੇ ਬਹਾਨੇ ਜੀਣ ਦੇ, ਇਹ ਸੱਭੇ ਆਸ਼ਿਕ, ਕਵੀ ਤੇ ਕਲਾਕਾਰ, ਸੋਚਦੇ ਨੇ ਕਿ ਚਿਲਕ ਚੋਂ ਲਿਸ਼ਕ ਪੈਦਾ ਹੋਏਗੀ। ਪਰ ਅਸਾਨੂੰ ਇਕ ਕੌੜੇ ਪਾਨ ਜੇਹਾ ਤਜਰੁਬਾ, ਕਿ ਉਹਦੀ ਚਿਲਕੋਰ ਕਾਇਮ ਹੀ ਰਹੇ, ਕਿ ਉਹਦੀ ਚਿਲਕੋਰ ਦਿਲ ਵਿਚ ਤੀਰ ਬਣ ਕੇ ਖੁੱਭ ਜਾਏ। ਇਹ ਕੋਈ ਸ਼ਿਕਵਾ ਨਹੀਂ। ਇਕ ਮੁਜਰਿਮ ਨੂੰ ਕਿਸੇ ਮੁਜਰਿਮ ਤੇ ਕਾਹਦਾ ਗਿਲਾ ਹੈ ? ਪਿਆਰ ਦੀ ਹੀਰਾ-ਕਣੀ ਤਿੜਕਣ ਤੋਂ ਪਹਿਲਾਂ ਕਲਪਨਾਂ ਦੀ ਅੱਖ ਦਾ ਰੰਗੀਨ ਸੁਪਨਾ ਤਿੜਕਦਾ। ਤੂੰ ਭਵਿਸ਼ ਬਾਰੇ ਦਿਸੇਂ ਕੁਝ ਫਿਕਰਮੰਦ ? ਇੰਝ ਤਾਂ ਕਮਲੀ ਨ ਬਣ ! ਪਿਆਰ ਦਾ ਰਿਸ਼ਤਾ ਅਚਾਨਕ ਤੋੜਕੇ, ਇਕ ਨਵੀਂ ਆਗੋਸ਼ ਵਿਚ ਰਚਣਾ ਜ਼ਰਾ ਮੁਸ਼ਕਿਲ ਨਹੀਂ। ਹਰ ਕੁੜੀ ਦੇ ਪਾਸ ਇਤਨੀ ਯੋਗਤਾ। ਕਿਸੇ ਦੀ ਛਾਤੀ 'ਚ ਸਿਰ ਨੂੰ ਖੋਭ ਦੇਣਾ, ਤੇ ਉਹਦੀ ਗਰਦਨ 'ਚ ਬਾਹਾਂ ਵਲਣੀਆਂ, ਇਹ ਅਦਾ ਦਿਲਕਸ਼ ਹੀ ਦਿਲਕਸ਼ ਹੈ ਜਦੋਂ ਦੁਹਰਾ ਦਏਂ। ਇਸ ਅਦਾ ਤੇ ਹਰ ਮਰਦ ਆਪਾ ਨਿਛਾਵਰ ਕਰ ਸਕੇ। ਕਹਿਰ ਤਾਂ ਏਹੋ ਹੈ ਬਸ : ਹਰ ਨਵਾਂ ਨਾਵਲ ਮੁਹੱਬਤ ਦਾ ਕਰੇ ਤਾਜ਼ਾ ਐਲਾਨ, ਹਰ ਨਵੀਂ ਪਿਕਚਰ ਨਵਾਂ ਇਕ ਰਾਹ ਵੀ ਉਹਨੂੰ ਦੱਸ ਦਏ। ਫੇਰ ਵੀ ਕਵਿਤਾ 'ਚ ਉਹੋ ਪੁਰਾਣਾ ਦਰਦ ਹੈ, ਤੇ ਗੀਤ ਮੇਰਾ ਇਕ ਨਿਆਣੇ ਬਾਲ ਵਾਂਗੂ ਬਿਲਕ ਪਏ । ਤੂੰ ਸਮਝਦੀ ਹੈਂ ਕਿ ਮੇਰੇ ਗੀਤ ਵੀ ਹਥਿਆਰ ਹਨ ! ਪਰ ਗੀਤ ਕੋਈ ਤੈਮੂਰ ਦੀ ਤਲਵਾਰ ਨ, ਗੀਤ ਤਾਂ ਸ਼ਿਬਲੀ ਤੋਂ ਡਿਗਿਆ ਫੁੱਲ ਹੈ ! ਇਹ ਨਹੀਂ ਕਿ ਮੇਰੀਆਂ ਬਾਹਾਂ 'ਚ ਜਾਤੀ ਬਲ ਨਹੀਂ, ਜੇ ਮੈਂ ਚਾਹਾਂ ਮੇਰੇ ਵੀ ਹੱਥਾਂ ਚੋਂ ਸ਼ੁਅਲੇ ਬਿਖਰ ਜਾਣ, ਤੇ ਤੇਰੇ ਸੰਧੂਰ ਵਿਚ ਧੂਏਂ ਹੀ ਧੂਏਂ ਉਭਰ ਆਣ ! ਪਰ ਨਿਆਂ ਅਗਿਆਨ ਉੱਤੇ ਤਰਸ ਖਾ ਕੇ ਸੋਚਦਾ। ਇਹ ਵੀ ਕਾਹਦਾ ਨਾਇਕਤਵ ? ਇਸ ਲਈ ਐ ਸੁਪਨਿਆਂ ਦੀ ਰਾਣੀਏ ! ਇਕ ਮੁੰਡੇ ਨੂੰ ਕੁੜੀ ਤੇ ਕੀ ਗਿਲਾ ?

ਹਿਜਰ ਦੀ ਰਾਤ

ਸੁਣਦੇ ਰਹੇ - ਔਖੀ ਨਹੀਂ ਹੈ ਕੱਟਣੀ ਹਿਜਰਾਂ ਦੀ ਰਾਤ। ਤੇ ਟੁੱਟਣ ਨੇਹਾਂ ਦਾ ਵੀ, ਹਲਕਾ ਜੇਹਾ ਹੀ ਹਾਦਸਾ। ਜ਼ਿੰਦਗੀ ਦੇ, ਸਮੇਂ ਦੇ ਤੂਫਾਨ ਵਿਚ, ਕੀ ਹੋਇਆ ਜੇ । ਟਿਮਟਿਮਾਂਦਾ ਦੀਪ ਕੋਈ ਬੁਝ ਜਾਏ । ਟੋਲ੍ਹ ਕੇ ਯਾਰਾਂ ਦੀ ਟੋਲੀ, ਖੋਲ੍ਹ ਕੇ ਦਿਲ ਹੱਸ ਲਓ। ਲੱਭ ਲਓ ਕੋਈ ਇੱਕ ਭੇਤੀ ਜਾਨ ਦਾ। ਹਲਕਾ ਕਰੋ ਦਿਲ ਦਾ ਗ਼ੁਬਾਰ, ਕਰਦੇ ਫਿਰੋ, ਜ਼ਿੰਦਗੀ ਦੀ ਤੋਰ ਦਾ ਨਿੱਤ ਅਧਿਐਨ, ਰਾਜਨੀਤੀ ਦੀ ਅਵਸਥਾ ਤੇ ਨਜ਼ਰ, ਕੁਝ ਫਲਸਫੇ ਦੇ ਸਿਧਾਂਤਾਂ ਦੀ ਮਾਮੂਲੀ ਗੱਲਬਾਤ, ਕੁਝ ਕੁ ਮਾਨਵ-ਪੀੜ ਲਈ ਹਮਦਰਦ ਬੋਲ, ਗਲਪ, ਕਵਿਤਾ ਦੀ ਨਵੀਂ ਧਾਰਾ ਦਾ ਜ਼ਿਕਰ, ਜ਼ਿੰਦਗੀ ਵਿਚ ਪਿਆਰ ਦੇ ਜਜ਼ਬੇ ਦੀ ਥਾਂ, ਫੇਰ ਇਕ ਮੌਲਿਕ ਜੇਹੇ ਅਨੁਭਵ ਦੀ ਗੱਲ। ਕੱਢ ਚੁਕਦੇ ਹਨ ਜਦੋਂ ਦਿਲ ਦੀ ਭੜਾਸ, ਇਕ ਬੇਸੁਆਦਾ ਤੱਤ ਹੁੰਦਾ ਹੈ ਹਰਿਕ ਦੀ ਜੀਭ 'ਤੇ। ਥੱਕ-ਟੁੱਟੇ ਫੇਰ ਕਮਰੇ ਵਿਚ ਮੁੜੋ, ਕਰਦੇ ਰਹੋ ਇਹ ਕਲਪਨਾ ਕਿ - ਉਮਰ ਦੇ ਜਗਰਾਤਿਆਂ ਦਾ ਸਾਥ ਕਿਹੜਾ ਦਏਗਾ ? ਬਹੁਤ ਚਿਰ ਤੋਂ ਸੁਣ ਰਹੇ। ਔਖੀ ਨਹੀਂ ਕੁਝ ਕੱਟਣੀ ਹਿਜਰਾਂ ਦੀ ਰਾਤ।

ਫੁੱਲਾਂ ਦੇ ਬੀਜ

ਬੜੀ ਦੇਰ ਹੋਈ, ਪਰ ਅਜੇ ਕੱਲ੍ਹ ਦੀ ਗੱਲ ਲਗਦੀ ਹੈ, ਤੂੰ ਕਿ ਜਦ ਚੋਰੀ ਛਿਪੇ, ਮੇਰੇ ਵਿਹੜੇ ਦੇ ਵਿਚ, ਫੁੱਲਾਂ ਦੇ ਬੀਜ ਬੀਜੇ ਸਨ। ਤੇਰੇ ਹੱਥਾਂ 'ਚ ਜਾਦੂ ਹੈ, ਤੇਰੇ ਪੋਟੇ ਕਰਾਮਾਤੀ, ਤੂੰ ਪੱਥਰੀਲੀ ਜ਼ਮੀਂ ਵਿਚ ਕਿਸ ਤਰ੍ਹਾਂ ਕਿਆਰੀ ਬਣਾ ਲੀਤੀ? ਕਿਵੇਂ ਭੋਂ ਨਰਮ ਕਰ ਸੱਕੀ? ਮੇਰੇ ਵਿਹੜੇ ਦੇ ਵਿੱਚ ਬਰਸਾਤ ਵੀ ਸੀ ਔੜ ਦੇ ਵਾਂਗੂੰ। ਕਦੇ ਸਾਵਣ ਮਹੀਨੇ ਘਾ ਦੀ ਤਿੜ ਨਹੀਂ ਫੁੱਟੀ। ਏਸ ਬੰਜਰ ਨੂੰ, ਬਸੂਟੇ, ਥੁਹਰ ਅੱਕਾਂ ਦੀ ਹੀ ਬਖ਼ਸ਼ਿਸ਼ ਹੈ। ਇਸ ਧਰਤੀ 'ਚ ਫੁੱਲ ਖਿੜਨਾ, ਹੈ, ਕਪਲਵਸਤੂ 'ਚ ਗੌਤਮ ਦਾ ਜਨਮ ਲੈਣਾ। ਅਰਬ ਮਾਰੂਥਲਾਂ ਵਿਚ ਫਿਰ ਮੁਹੰਮਦ ਜਨਮਿਆ ਕੋਈ। ਪਹਿਲਾ ਫੁੱਲ ਮੇਰੇ ਵਲ ਅਜਨਬੀ ਨਜ਼ਰਾਂ ਤੋਂ ਵਿਹੰਦਾ ਹੈ, ਇਦ੍ਹੀ ਅੱਖ ਵਿਚ ਸ਼ੰਕਾ ਹੈ, ਕਿ ਮੈਂ ਇਹਨੂੰ, ਕਿਸੇ ਜੂੜੇ ਤੇ ਲਟਕਾ ਕੇ ਕੋਈ ਈਸਾ ਬਣਾਉਣਾ ਹੈ। ਨਜ਼ਰ ਲਈ ਫੁੱਲ ਦਿਲਕਸ਼ ਹਨ। ਪਰ ਮੈਂ ਇਕ, ਪੇਂਡੂ ਤੇ ਸ਼ਰਮਾਕਲ ਜੇਹਾ ਬੰਦਾ, ਇਸ ਬਿਪਰਦਾ ਹੁਸਨ ਨੂੰ ਮਾਣਨ ਤੋਂ ਸ਼ਰਮਾਵਾਂ। ਜੇ ਫੁੱਲ ਛੇੜਾਂ ਤਾਂ ਰੂਹ ਵੀ ਬਿਜੱਲਈ ਕੰਬਣ ਤੋਂ ਥੱਰਾਵੇ। ਇਹ ਕੋਈ ਮੇਨਕਾ ਮੇਰੀ ਸਮਾਧੀ ਭੰਗ ਕਰਨੇ ਦਾ ਇਰਾਦਾ ਕਰਕੇ ਆਈ ਹੈ। ਸੁਹਜ -ਹੀਣੀ, ਅੱਖ ਮੇਰੀ ਮੋਤੀਏ ਮਾਰੀ, ਤੇਰੇ ਫੁੱਲਾਂ ਦੇ ਸਨਮੁਖ ਹੋਣ ਦੀ ਹਿੰਮਤ ਨਹੀਂ ਇਸਨੂੰ । ਮੈਂ ਇਕ ਪੈਕੇਟ ਬਣਾ ਕੇ ਇਹ ਤੇਰੇ ਵੱਲ ਘੱਲ ਦਿੱਤੇ ਹਨ। ਤੂੰ ਮੁਰਝਾਏ ਹੋਏ ਫੁੱਲਾਂ ਦੀ ਹਰ ਪੱਤੀ ਮਸਲ ਦੇਵੀਂ। ਜੇ ਜੀਅ ਕੀਤਾ ਤਾਂ ਪੁਸਤਕ ਵਿਚ ਇਨ੍ਹਾਂ ਨੂੰ ਸਾਂਭ ਕੇ ਰੱਖੀਂ। ਇਨ੍ਹਾਂ ਫੁੱਲਾਂ ਨੂੰ ਤੇਰੇ ਪੋਟਿਆਂ ਦੀ ਛੁਹ ਦੀ ਹਸਰਤ ਹੈ। ਮੇਰੇ ਵਿਹੜੇ, ਜਿਨ੍ਹਾਂ ਫੁੱਲਾਂ ਦੇ ਤੂੰ ਕੁਝ ਬੀਜ ਬੀਜੇ ਸਨ।

ਇਸ਼ਤਿਹਾਰ

ਮੈਂ ਕਦੇ ਦੇਂਦਾ ਨਹੀਂ ਹਾਂ ਦਿਲ ਦੇ ਗ਼ਮ ਦਾ ਇਸ਼ਤਿਹਾਰ, ਤੇ ਤੇਰੇ ਇਸ ਸੱਭਿਤਾ ਦੇ ਸ਼ਹਿਰ ਵਿਚ, ਗ਼ਮ ਦਾ ਕੋਈ ਗਾਹਕ ਨਹੀਂ । ਤੇਰੀ ਖ਼ਰੀਦਾਰੀ ਦਾ ਵੀ ਖੁੱਲ੍ਹਿਆ ਭਰਮ, ਜਿਹਨੂੰ ਕੋਈ ਹੰਝੂ, ਕੋਈ ਹਉਕਾ ਕਦੇ ਪੋਹਿਆ ਨਹੀਂ। ਹਰ ਕੋਈ ਜੀਂਦਾ ਸਿਰਫ਼ ਅਪਣੇ ਲਈ, ਹਰ ਕੋਈ ਆਪਣੀ ਲਗਨ ਵਿਚ ਲੀਨ ਹੈ। ਖ਼ਤ ਤੇਰੇ ਉਂਝ ਉਚਰਦੇ ਹਰ ਸ਼ੁਭ ਸਵੇਰ: “ ਤੂੰ ਹੈਂ ਮੇਰੀ ਜ਼ਿੰਦਗੀ ਦਾ ਚਾਨਣਾ, .... ਤੇਰੀ ਮੁਹੱਬਤ ਦਾ ਮੇਰੇ ਸਾਹ ਸਾਹ ਦੇ ਵਿੱਚੋਂ ਗੁਜ਼ਰ ਹੈ, .... ਮੈਂ ਤੇਰੇ ਦਿਨ ਰਾਤ ਸੁਪਨੇ ਦੇਖਦੀ .... ਬੋਲਦੇ ਨੇ ਕਾਂ ਬਨੇਰੇ ਤੇ ਸਿਰਫ਼ ਤੇਰੇ ਲਈ.... ਪਰ ਚੰਨ ਮੇਰੇ ਮੈਂ ਬੜੀ ਮਜਬੂਰ ਹਾਂ,.... ਤੂੰ ਆਪ ਹੀ ਦੱਸ ਕੀ ਕਰਾਂ ? ਮਾਂ ਮੇਰੀ ਦਾ ਪਾਗਲਾਂ ਵਰਗਾ ਹੈ ਹਾਲ.... ਤੇ ਪਿਉ ਮੇਰਾ ਮੰਜੇ ਤੇ ਗਿਰਿਆ ਹੋ ਨਿਢਾਲ, ਹੁਣ ਕੌਣ ਜਾਣੇ ਕੀ ਹੋ ਜਾਏਗਾ ਕਿਸੇ ਪਲ ? ਚਲ ਕੀ ਹੋਇਆ ਜੇ ਕੋਈ ਲੈ ਜਾਊ ਸਰੀਰ ! ਦਿਲ ਮੇਰੇ ਦਾ ਓਪਰਾ ਕੋਈ ਮਰਦ ਨਾ ਹੁਣ ਹੱਕਦਾਰ।" ਜੀਅ ਕਰੇ ਕਿ ਦੇ ਦਿਆਂ ਤੈਨੂੰ ਜੁਆਬ: “ ਐ ਮੇਰੀ ਰਾਣੀ ! ਮੈਂ ਅਕਸਰ ਦੇਖਿਆ, ਆਤਮਾ ਵੀ ਨਾਲ ਲੈ ਜਾਂਦੇ ਸਰੀਰ, ਤੇ ਜਦ ਕਿਸੇ ਦੇ ਬਾਲ ਕੁੱਖੋਂ ਉੱਗ ਪੈਣ, ਫਿਰ ਕਦੇ ਨ ਕੁਸਕਦੀ ਇਸ਼ਕੀ ਜ਼ਮੀਰ।" ਫ਼ੇਰ ਲਿਖ ਦੇਂਦੀ ਹੈਂ ਤੂੰ, ਜਦ ਕਦੇ ਮੁੜ ਜਾਗਦੀ ਤੇਰੀ ਵਫ਼ਾ। “ਮੈਂ ਇਹ ਸੁਣਦੀ ਹਾਂ ਤੂੰ ਨਸ਼ਿਆਂ ਵਿਚ ਖੁਰਦਾ ਜਾ ਰਿਹੈਂ,... ਪੈ ਕੁਰਾਹੀਂ ਰੋਲ ਨ ਰੋਸ਼ਨ ਦਿਮਾਗ... ਤੂੰ ਕੋਈ ਨਾਜ਼ੁਕ ਸਹਾਰਾ ਟੋਲ਼ ਲੈ... ਕਰ ਹੀ ਦੇ ਤੂੰ ਹੁਣ ਕਿਸੇ ਨੂੰ ਭਾਗਵਾਨ।” ਪਰ ਇਹ ਨਵਾਂ ਨੁਸਖ਼ਾ ਤੇਰਾ ਬਣਨਾ ਕੋਈ ਅਕਸੀਰ ਨ, ਮੇਰੇ ਦਿਲ ਦਾ ਵੇਧ ਜੇ ਹੋਇਆ ਨਾਸੂਰ। ਤੇਰੀ ਹਮਦਰਦੀ ਤੇ ਸੂਖਮ ਮਸ਼ਵਰਾ, ਸਹੁੰ ਤੇਰੀ, ਮੈਂ ਨਹੀਂ ਕਰਦਾ ਕਬੂਲ। ਪਰਖਣੀ ਚਾਹੁੰਦਾ ਹਾਂ ਮੈਂ ਹੁਣ ਇਸ਼ਕ ਦੀ ਕੁੱਲ ਅਸਲੀਅਤ, ਜੋ ਝੱਟ ਬਲੇ ਤੇ ਝਬ ਬੁਝੇ ਮੈਂ ਕੋਈ ਜੁਗਨੂੰ ਨਹੀਂ। ਨ ਮੇਰੀ ਆਦਤਕਿ ਧੁੱਖ ਧੁੱਖ ਕੇ ਸੁਲਗਦਾ ਹੀ ਰਹਾਂ। ਮੇਰੀ ਅਭਿਲਾਸ਼ਾ ਹੈ ਕੇਰਾਂ- ਭੜਕ ਉੱਠੇ ਬਣ ਕੇ ਸ਼ੁਅਲਾ ਇਹ ਮੇਰਾ ਜੀਵਨ ਅਣੂੰ, ਫ਼ੇਰ ਇਹ ਚਾਹੇ ਅਚਾਨਕ ਬੁਝ ਜਾਏ, ਨਾ ਹੋਰ ਕੋਈ ਲਾਲਸਾ। ਪਰ ਕੀ ਤਅੱਲੁਕ ਹੈ ਤੇਰਾ ਹੁਣ ਮੇਰੀਆਂ ਗੱਲਾਂ ਦੇ ਨਾਲ ? ਇਹ ਤਾਂ ਸ਼ਾਇਦ ਬਣ ਗਏ ਹਨ ਮੇਰੇ ਨਿੱਜੀ ਮਾਮਲੇ। ਸੋਚਦਾਂ, ਕਿ ਕੀ ਦਿਆਂ ਤੇਰੇ ਨਵੇਂ ਖ਼ਤ ਦਾ ਜੁਆਬ ? ਤੇਰੀ ਖੁਸ਼ੀ ਖ਼ਾਤਿਰ ਏਹੋ ਜਚਦਾ ਹੈ ਜੇ ਮੈਂ ਲਿਖ ਦਿਆਂ “ਮੈਂ ਪੀੜ ਵਿੱਚੋਂ ਪੀੜ ਨ ਸੱਕਾਂ ਸਿਆਣ, ਇਸ ਲਈ ਹੁਣ ਜ਼ਿੰਦਗੀ ਮੇਰੀ 'ਚ ਕੋਈ ਗ਼ਮ ਨਹੀਂ। ਮੇਰੇ ਦਿਲ ਸਾਗਰ ਦੇ ਪਾਣੀ ਸ਼ਾਂਤ ਹਨ, ਮੁੱਦਤਾਂ ਤੋਂ ਲਹਿਰ ਤਕ ਉੱਠੀ ਨਹੀਂ, ਮੇਰੇ ਅੰਬਰ ਤੇ ਜਦੋਂ ਕੋਈ ਚੰਨ ਹੀ ਹੁਣ ਨ ਰਿਹਾ।" ਹੋਰ ਹੁਣ ਕਹਿਣਾ ਵੀ ਕੀ ? ਮੈਂ ਕਦੇ ਦੇਂਦਾ ਨਹੀਂ ਹਾਂ, ਦਿਲ ਦੇ ਗ਼ਮ ਦਾ ਇਸ਼ਤਿਹਾਰ।

ਸ਼ਾਮ ਦੇ ਜੰਗਲ ਵਿੱਚ

ਸ਼ਾਮ ਦੇ ਜੰਗਲ 'ਚ ਦਿਲ ਨੂੰ ਤੌਖਲਾ, ਟੁੱਟ ਨਾ ਜਾਵੇ ਕਿਤੇ, ਕਲਪਨਾ ਦਾ, ਦਰਦ ਦਾ, ਤੇ ਸੁਪਨਿਆਂ ਦਾ ਸਿਲਸਿਲਾ। ਰੁਕ ਨ ਜਾਏ ਗ਼ਮਾਂ ਦਾ ਉੱਤਮ ਵਪਾਰ । ਸੁੰਦਰਾਂ ਪੁੱਛੇ - “ ਤੂੰ ਮੂੰਹੋਂ ਮੰਗ ਜੋ ਵੀ ਮੰਗਣਾ" ? ਪਰ ਇਸ਼ਕ ਪੂਰਨ ਦਾ ਚਿਤਰ ਹੋਣੀ ਨੇ ਕੀਕਣ ਸਿਰਜਿਆ! ਸੱਖਣੇ ਨੇ ਦਿਲ, ਜਿਗਰ, ਤੇ ਨੈਣ ਸਭ ਕਾਸੇ ਦੇ ਵਾਂਗ। ਚਾਣਚੱਕ, ਮਹਿਲਾਂ ਤੇ ਹੱਸ, ਕਾਸਾ ਪਟਕ ਕੇ ਤੁਰ ਪਿਆ । ਤੇ ਰੰਝੇਟੇ ਨੂੰ ਸਲੇਟੀ ਨੇ ਕਿਹਾ - “ਲੈ, ਤੇਰੀ ਖ਼ਾਤਿਰ ਮੈਂ ਕੁਰਬਾਨੀ ਦੇ ਰਾਹ ਤੇ ਤੁਰੀ ਹਾਂ।” ਜੱਟ ਜੋਗੀ ਸੁਣ ਕੇ ਝੱਟ ਕੁਰਲਾ ਪਿਆ- “ਇਸ਼ਕ ਤੇਰੀ ਲੋੜ ਨਹੀਂ? ਮੇਰੀ ਮਜਬੂਰੀ ਹੈ ਬੱਸ? ਮੈਂ ਅਪਾਹਜ ਤਾਂ ਨਹੀਂ ਕਿ ਕੋਈ ਕੁਰਬਾਨੀ ਕਰੇ ? ਜ਼ਿੰਦਗੀ ਅੱਜ ਸਾਧ ਦੇ ਡੇਰੇ ਦੇ ਵਾਂਗੂ ਬਣੀ ਹੈ, ਜੇ ਲਾਟ ਸੁਲਫੇ ਦੀ ਨਹੀਂ ਤਾਂ ਕੋਈ ਰਾਹ ਦਿਸਦਾ ਨਹੀਂ। ਸ਼ਾਮ ਦੇ ਜੰਗਲ 'ਚ ਪਾਂਧੀ ਸੋਚਦਾ, ਉਮਰ ਦੇ ਭਖਦੇ ਦੁਪਹਿਰੇ ਸਮੇਂ ਨੇ, ਉਹਦੀ ਝੋਲੀ ਪਾਈ ਹੈ। ਜ਼ਿੰਦਗੀ ਦੀ ਸ਼ਾਮ ਇਹ ਕਿੰਨੀ ਉਦਾਸ ! ਉਂਝ ਤਾਂ ਪਿਛਲੇ ਦਿਨਾਂ ਤੋਂ ਰੋਜ਼ ਹੀ, ਉਹ ਕਤਲ ਕਰ ਦੇਂਦਾ ਸੀ ਹਰ ਗਮਗੀਨ ਸ਼ਾਮ, ਆਪਣੇ ਹੱਥੀਂ ਬਣਾਈ ਵਿਸ ਦੇ ਨਾਲ। ਪਰ ਏਸ ਦਾ ਕੀ ਫਾਇਦਾ ? ਦਰਦ ਆਵਾਗੌਣ ਹੈ, ਤਾਹੀਉਂ ਉਸਦੀ ਦੂਸਰੀ ਹਰ ਇਕ ਸਵੇਰ, ਤੜਪ ਕੇ ਹੈ ਜਾਗਦੀ ਤੇ ਉੱਠਦੀ ਹੋ ਕੇ ਨਿਢਾਲ। ਪਰਖਿਆ ਹੈ ਹਰ ਨਸ਼ੇ ਦਾ ਕੀਮੀਆ, ਜੋ ਉਮਰ ਦੀ ਕੁੱਲ ਕੁੜੱਤਣ ਚੂਸ ਲਏ, ਨ ਜ਼ਿੰਦਗੀ ਦੇ ਪਾਸ ਉਹ ਕੌੜਾ ਨਸ਼ਾ । ਨਿੰਮ ਸਾਡੇ ਘਰ 'ਚ ਹੈ ਧੁੱਪ ਦਾ ਇਲਾਜ, ਨਿੰਮ ਸਾਡੇ, ਮੌਸਮੀਂ ਦੁੱਖ ਦਾ ਇਲਾਜ, ਇਹ ਕੁੜੱਤਣ ਜ਼ਿੰਦਗੀ ਦੇ ਅੰਗ ਸੰਗ, ਨਿੰਮ ਸਾਡੀ ਵੇਦਨਾ ਦੀ ਸਖੀ ਹੈ। ਰਾਤ ਭਰ ਜਾਗੇਗੀ ਤੇਰੀ ਵੇਦਨਾ, ਰਾਤ ਭਰ ਅੱਖਾਂ 'ਚ ਨੀਂਦਰ ਰੁਲੇਗੀ, ਰਾਤ ਭਰ ਸਾਹੀਂ ਚਿਤਾ ਇਕ ਜਲੇਗੀ, ਇਹ ਰਾਤ ਬੈਠੇਗੀ ਸਿਰਹਾਣੇ ਲਾਸ਼ ਦੇ।

ਇੱਕ ਜਾਣੀ-ਪਛਾਣੀ ਸੜਕ ਤੇ

(1) ਜਦ ਤੂੰ ਮੈਨੂੰ, ਮਿਲਣ ਲਈ ਇਕ ਖ਼ਤ ਲਿਖਿਆ ਸੀ। ਮੈਂ ਤੁਰਿਆ ਇਸ ਸੜਕ ਦੇ ਉੱਤੇ ਨੇਰ੍ਹੀ ਵਾਂਗੂੰ, ਰੋਕ ਨ ਸੱਕੇ ਜਿਸਨੂੰ ਸਹਿਰਾ, ਸਾਗਰ, ਜੰਗਲ, ਪਰਬਤ । ਜਿਉਂ ਪਰਬਤ 'ਚੋਂ ਝਰਨਾ ਫੁੱਟੇ, ਸਿੱਧਾ ਮਾਨ ਸਰੋਵਰ ਤੋਂ ਤੁਰਿਆ ਮੈਂ ਸਤਲੁਜ ਬਣਕੇ। ਤੇਰੀ ਧਰਤੀ ਅੰਦਰ, ਤੁਪਕਾ-ਤੁਪਕਾ, ਸਿੰਮ-ਸਿੰਮ ਕੇ ਰਚਣ ਦੀ ਖ਼ਾਤਿਰ। ਤੇ ਤੂੰ ਸਾਗਰ ਜਿੱਡੇ ਦਿਲ ਵਾਲੀ ਨੇ, ਮੇਰੀ ਲਹਿਰ ਲਹਿਰ ਨੂੰ ਠਾਹਰ ਦਿੱਤੀ। ਫਿਰ ਤੂੰ ਬੋਲੀ: “ਤੂੰ ਆਇਆ ਹੈਂ ਮੇਰੇ ਵਿਹੜੇ ਲੱਖ ਬਹਾਰਾਂ ਲੈ ਕੇ। ਸੌਂ ਜਾ ਕੇ ਮੇਰੇ ਸੀਨੇ ਉੱਤੇ ਸੰਗ ਖੁਸ਼ਬੋਈਆਂ, ਇਸ ਬੂਟੇ ਦੀ ਕਲੀ ਕਲੀ ਤੇ ਹੱਕ ਤੇਰਾ ਹੈ। ਪਰ ਪਹਿਲਾਂ ਚਲ ਬਾਬਾ ਫ਼ਰੀਦ ਦੀ ਦਰਗਾਹ 'ਤੇ ਜਾ, ਇਕ ਦੂਜੇ ਨੂੰ ਮੰਗ ਲਈਏ ਉਮਰਾ ਖ਼ਾਤਿਰ।" ਇੰਦਰ ਦੇਵ ਵਾਂਗ ਮੈਂ ਸੁਰਗ-ਪੁਰੀ ਦਾ ਵਾਲੀ ਬਣਿਆ। (2) ਬਿਨਾਂ ਬੁਲਾਏ ਅੱਜ ਮੈਂ ਫਿਰ ਇਸ ਸੜਕ ਤੇ ਤੁਰਿਆ, ਤੋਰ ਮੇਰੀ ਫਿਰ ਤੇਜ਼ ਖ਼ਿ਼ਆਲਾਂ ਵਾਂਗੂੰ, ਦਿਲ ਮੇਰੇ ਵਿਚ ਕਾਹਲੀ ਆਸ਼ਿਕ ਦੇ ਦਿਲ ਵਰਗੀ । ਪਰ ਮੈਂ ਤੇਰੇ ਘਰ ਦੀ ਥਾਵੇਂ ਗੋਲੀ ਦੀ ਸੇਧੇ ਤੁਰਿਆ ਹਾਂ। ਖ਼ਬਰ ਆਈ ਹੈ- ਸੀਮਾ ਪਾਰੋਂ ਇਕ ਨੇਰ੍ਹੀ, ਇਕ ਹੜ੍ਹ ਆਉਣਾ ਹੈ। ਰਣ-ਖੇਤਰ ਵਿਚ ਕੌਰੋ-ਪਾਂਡੋ ਫ਼ੇਰ ਇਕੱਤਰ ਹੋ ਚੁੱਕੇ ਹਨ। ਅੱਜ ਮੈਂ ਇਕ ਤਿਨਕੇ ਦੇ ਵਾਂਗੂ, ਇਸ ਹੜ੍ਹ ਨੂੰ ਤਰ ਕੇ ਜਾਣਾ ਹੈ। ਅੱਜ ਮੈਂ ਇਕ ਪੱਥਰ ਦੇ ਵਾਂਗਰ, ਇਸ ਨੇਰ੍ਹੀ ਵਿੱਚ, ਉੱਡਣ ਤੋਂ ਨਾਬਰ ਹਾਂ। ਜੇ ਮੈਂ ਦਲਦਲ ਵਿੱਚ ਨ ਖੋਇਆ। ਨ ਕਬਰਾਂ ਦਾ ਪੱਥਰ ਬਣਿਆ। ਕੀ ਤੂੰ ਮੈਨੂੰ ਮਿਲਣ ਲਈ ਫ਼ਿਰ ਖ਼ਤ ਲਿੱਖੇਂਗੀ ? (ਅਗਸਤ 1965 : ਖੇਮਕਰਨ : ਭਾਰਤ-ਪਾਕਿਸਤਾਨ ਜੁੱਧ ਵਿਚ ਸ਼ਾਮਿਲ ਹੋਣ ਲਈ ਜਾਂਦੇ ਹੋਏ)

ਜਾਣ ਵਾਲੇ ਨੂੰ

ਜਾਣ ਵਾਲਿਆ ! ਦੱਸ ਜ਼ਰਾ ਤੂੰ! ਕਿਹੜਾ ਮੁੰਹ ਲੈ ਕੇ ਹੁਣ ਘਰ ਜਾਵੇਂਗਾ ? ਨਿੱਕਲਦਾ ਸੈਂ ਜਿਸ ਘਰ ਤੋਂ ਤੂੰ ਸਿਰ ਤੇ ਬੰਨ੍ਹ ਬਸੰਤੀ ਚੀਰੇ, ਝੰਡੇ ਵਾਂਗ ਲਹਿਰਦਾ ਸ਼ਮ੍ਹਲਾ, ਤੇੜ ਚਾਦਰਾ ਖੜ ਖੜ ਕਰਦਾ, ਨਸ਼ੇ-ਵਿਗੁੱਚੀ ਸੱਦ ਮਿਰਜ਼ੇ ਦੀ ਬੁੱਲ੍ਹੀਂ ਨਿੱਤ ਕਲੋਲਾਂ ਕਰਦੀ। ਓਸੇ ਘਰ ਵੱਲ ਫਿਰ ਮੰਹ ਕੀਤਾ ਸਿਰ ਬੰਨ੍ਹੀ ਪੱਗ ਫਿੱਕੀ ਫਿੱਸੀ ਪਾਟੀ ਬੁਸ਼ਰਟ, ਪੈਂਟ ਫਟੀਚਰ, ਥਿੜ੍ਹੀਆਂ ਲੱਤਾਂ ਦੇ ਪੈਰਾਂ ਵਿਚ ਠਿੱਬੀ ਜੁੱਤੀ ਦੀਆਂ ਅੱਡੀਆਂ ਨੇ ਘਸੀਆਂ ਘਸੀਆਂ, ਜੋ ਪਾਨ ਦੀ ਪੱਤੀ ਦਾ ਠੁੰਮ੍ਹਣਾ ਲੈ ਮਸਾਂ ਮਸਾਂ ਬਸ ਸਿਰਕ ਰਹੀਆਂ ਹਨ। ਬੀਤੇ ਦੇ ਜੋ, ਦੈਂਤ ਸੁਲਾ ਦਿੱਤੇ ਸੀ ਦਿਲ ਦੀਆਂ ਨ੍ਹੇਰੀਆਂ ਗਾਰਾਂ ਅੰਦਰ, ਮਾਰ ਪਲਾਕੀ, ਤੇਰੇ ਮੋਢੇ ਚੜ੍ਹ ਬੈਠੇ ਨੇ ‘ਮੁਨਕਰ’ ਅਤੇ ‘ਨਕੀਰ’ ਦੇ ਵਾਂਗੂ। ਦਿਲ ਦਾ ਖੋਟ ਤੇਰੇ ਹੱਡਾਂ ਵਿਚ ਪਾਰਾ ਬਣ ਕੇ ਰਚ ਚੁੱਕਾ ਹੈ। ਤੇਰੀ ਪਤਨੀ, ਜੂਠੇ ਹੋਠਾਂ ਤੋਂ ਪਹਿਚਾਣ ਲਵੇਗੀ ਚੋਰੀ ਦੇ ਨਜਾਇਜ਼ ਚੁੰਮਣ। ਤੇ ਬੱਚੀ ਤੇਰੀ, ਜੋ ਮਾਂ ਦਾ ਦੁੱਧ ਚੁੰਘਣ ਦੀ ਥਾਂ ਤੇਰੀ ਹਿੱਕੋਂ ਲਾਡ ਚੂਸ ਕੇ ਪਲੀ ਪੁੰਗਰੀ, ਇਤਨੀ ਵੀ ਨਾਦਾਨ ਨਹੀਂ ਕਿ, ਝੂਠੇ ਮੋਹ ਨੂੰ ਸਿਆਣ ਨ ਸੱਕੇ। ਨਿੱਜ ਧਰੋਹ ਦੇ ਜਾਲ 'ਚ ਵਲਿਆ ਕਿੱਧਰ ਨੂੰ ਰੁੜ੍ਹਿਆ ਜਾਂਦਾ ਹੈਂ ? ਚਾਤੁਰ ਦੁਨੀਆਂ ਨੇ ਤੇਰੀ ਹੁਣ ਕੁੱਲ ਹਕੀਕਤ ਜਾਣ ਲਈ ਹੈ। ਤਖ਼ਤ ਹਜ਼ਾਰੇ ਦੇ ਘਰ ਘਰ ਵਿਚ, ਤੇਰੀ ਹੁਣ ਬਦਖੋਹੀ ਹੁੰਦੀ। ੲਕ ਰੰਡੀ ਦੀ ਸ਼ੁਹਰਤ ਵਾਂਗੂ ਤੇਰਾ ਨਾਮ ਨਸ਼ਰ ਜੱਗ ਹੋਇਆ। ਜਾਣ ਵਾਲਿਆ ਮੌਜਮ ਦੇ ਪਿੰਡ, ਕਿਹੜਾ ਮੂੰਹ ਲੈ ਕੇ ਜਾਵੇਂਗਾ ?

ਸੀਜ਼-ਫ਼ਾਇਰ

ਸੁਣਿਆ ਹੈ, ਸੰਘਰਸ਼ ਸ਼ਾਂਤ ਹੈ ਪਰ ਕੋਈ ਸੰਘਰਸ਼ ਕਦੇ ਮੁੱਕਦਾ ਵੀ ਹੈ ? - ਟੀ. ਐਸ. ਐਲੀਅਟ (1) ਸੁਲਹ ਦਾ ਝੰਡਾ ਮੈਦਾਨੇ-ਜੰਗ ਵਿਚ ਉੱਚਾ ਹੋਇਆ। ਪਾਰ ਖੰਦਕ ਚੋਂ ਕੋਈ ਚਿਹਰਾ ਉੱਭਰਕੇ ਮੁਸਕਰਾਇਆ। ਹੱਥ ਵਿਚ ਬੰਦੂਕ ਦੀ ਥਾਵੇਂ ਲਿਆ ਚਿੱਟਾ ਰੁਮਾਲ, ਕੱਲ੍ਹ ਦੇ ਦੁਸ਼ਮਣ ਨੂੰ ਮੈਂ ਯਾਰਾਂ ਦੇ ਵਾਂਗੂ ਮਿਲ ਪਿਆ। (2) ਖੇਤ ਦਾ ਮਾਲਿਕ ਵੀ ਆਇਆ ਪਾਉਣ ਫੇਰਾ ਪੈਲੀਆਂ - "ਕਦੋਂ ਤੱਕ ਉੱਠਣਗੀਆਂ ਫੌਜਾਂ ਇਹ ਮੇਰੇ ਖੇਤ ਚੋਂ? ਇਹ ਸੋਚ ਕੇ, ਹਾੜ੍ਹੀ ਦੀ ਰੁੱਤ, ਸਉਣੀ ਦੀਆਂ, ਅਣ-ਵੱਢੀਆਂ ਫ਼ਸਲਾਂ ਨੂੰ ਤੱਕ ਕੇ ਮੁੜ ਗਿਆ। (3) ਜੰਗ-ਮਿੱਧੇ ਪਿੰਡ ਨੂੰ ਲੋਕਾਂ ਦੇ ਟੋਲੇ ਆ ਰਹੇ, ਕਿਸਮਤਾਂ ਵਾਲੇ ਹੀ ਕੁਝ ਇਕ ਕੋਠਿਆਂ ਤੇ ਛੱਤ ਹੈ, ਜਿਨਿ ਘਰੀਂ ਦੀਵਾਰ ਹੈ। ਉਹ ਵੀ ਤਾਂ ਬਦਕਿਸਮਤ ਨਹੀਂ। ਦੂਰ ਤੋਂ ਟੱਲੀ ਦੀ ਇੱਕ ਟੁਣਕਾਰ ਕੰਨੀਂ ਪੈ ਰਹੀ। ਫਿਰ ਪੁਰਾਣੇ ਖੇਤ ਵਿਚ ਜੁੱਤਣ ਲਈ ਆਇਆ ਹੈ ਬੈਲ। ਇਕ ਪੜ੍ਹਾਕੂ ਆਖਦਾ ਧੰਨਵਾਦ ਦੇ ਅਹਿਸਾਸ ਨਾਲ, “ਸਾਡਿਆਂ ਖੇਤਾਂ 'ਚ ਫੌਜੀ ਮਰ ਗਏ ਸਾਡਿਆਂ ਖੇਤਾਂ ਲਈ।" ਮੈਂ ਕਿਹਾ - “ਪਰ ਫੇਰ ਵੀ ਤੂੰ ਉੱਜੜਿਆ, ਸਰਕਾਰ ਦੇ ਰਾਸ਼ਨ ਤੇ ਤੇਰੀ ਗੁਜ਼ਰ ਹੈ। ਤੇ ਜਾਨਸਨ ਦੀ ਮਿਹਰਬਾਨੀ ਹੈ ਜਿਨ੍ਹੇ ਭੇਜੀ ਹੈ ਕਣਕ”। (4) ਗੁਰਦੁਆਰੇ ਚੋਂ ਭਾਈ ਨੇ ਸਿਗਰਟੀ ਟੁਕੜੇ ਸੁਟਾ ਕੇ ਧੂਪ ਬਾਲੀ। ਜ਼ਿੰਦਗੀ ਫਿਰ ਜੀਣ ਦੇ ਕੁਝ ਕੁਝ ਇਰਾਦੇ ਕਰ ਰਹੀ। ਇਕ ਸੁੰਦਰ ਇਸਤਰੀ, ਬਾਬੇ ਦੇ ਦਰ ਤੇ ਆਈ ਹੈ, ਪੁੱਛਣ ਲਈ - “ਦੱਸ ਸਤਿਗੁਰੂ ! ਇਕ ਖੇਤ ਨੇ, ਇਕ ਪਿੰਡ, ਤੇ ਗੁਮਨਾਮ ਫੌਜੀ ਦੀ ਜ਼ਨਾਨੀ ਨੇ, ਕਦੇ ਕੀ ਖੱਟਿਆ ਹੈ ਜੰਗ ਚੋਂ? ” (5) ਸ਼ਾਮ ਦੇ ਇਸ ਘੁਸਮੁਸੇ ਵਿਚ, ਯਾਦ ਤੜਪੀ ਦਿਲੇ ਚੋਂ। ਚੰਨ ਨੇ ਹੌਲੇ ਜੇਹੇ ਮੈਨੂੰ ਕਿਹਾ, “ਉਹ ਅਜੇ ਵੀ, ਤੇ ਸਦਾ ਲਈ, ਹੈ ਤੇਰੀ ਹੀ ਬੇਖ਼ਬਰ। ਮੈਂ ਤੁਹਾਡੇ ਪਿਆਰ ਦਾ ਅਜ਼ਲੀ ਗੁਆਹ ਹਾਂ। ਤੂੰ ਜਦ ਹਨੇਰੀ ਰਾਤ ਦੇ ਸੀਨੇ 'ਚ ਖ਼ੰਜਰ ਖੋਭਦਾ, ਉਹ ਮੁਸਕਰਾਂਦੀ, ਖ਼ਿਆਲ ਤੇਰੇ ਵਿਚ, ਮੇਰੇ ਪ੍ਰਕਾਸ਼ ਵਿਚ। ਪਰ ਜੰਗ ਦੇ ਬੱਦਲ ਤੇਰੇ ਸਿਰ ਤੇ ਅਜੇ ਵੀ ਘਿਰੇ ਨੇ। ਤੂੰ ਵਹਾ ਤਾਜ਼ਾ ਲਹੂ ਦੀ ਬੂੰਦ ਬੂੰਦ ਇਸ ਖੇਤ ਵਿਚ। ਏਸ ਥਾਂ ਤੇ ਲਾਲ ਪੱਥਰ ਵਿਚ ਤੇਰਾ ਨਾਉਂ ਖੁਦੇਗਾ। ਹੰਝੂਆਂ ਦਾ ਬੀਜ ਬੀਜੇਗੀ ਉਹ ਏਸੇ ਧਰਤ ਵਿਚ । ਪੁੱਤ ਤੇਰਾ ਏਸ ਥਾਂ ਤੇ ਆਕੇ ਸਜਦਾ ਕਰੇਗਾ।" ਫਿਰ ਚੰਨ ਦਾ ਮੂੰਹ ਭੂਕ ਪੀਲਾ ਹੋ ਗਿਆ, ਤੇ ਸੁਲਹ ਦਾ ਝੰਡਾ ਮੈਦਾਨੇ ਜੰਗ ਵਿਚ ਉੱਚਾ ਹੋਇਆ। (ਪਹਿਲੀ ਜਨਵਰੀ, 1966 -ਖੇਮਕਰਨ ਸੈਕਟਰ)

ਇਹ ਰਾਤ ਕੈਸੀ ਰਾਤ ਹੈ?

ਸ਼ਾਇਦ ਫੁੱਲ ਸਚਮੁੱਚ ਹੀ ਖਿੜਨਾ ਚਾਹੁੰਦੇ ਹਨ । ਤੇ ਨਜ਼ਰ ਟਿਕਣ ਲਈ ਸੰਜੀਦਾ ਹੈ । -ਡਬਲਿਯੂ. ਐਚ. ਆਡੇਨ ਇਹ ਰਾਤ ਕੈਸੀ ਰਾਤ ਹੈ? ਨ ਹਿਜਰ ਦੀ ਅਗਨੀ ਧੁਖੇ, ਨ ਯਾਦ ਦੀ ਮਹਿਫ਼ਿਲ ਸਜੇ। ਸਾਰੀ ਦੀ ਸਾਰੀ ਕਲਪਨਾ, ਬੈਠੀ ਹੈ ਸੁਰਤਾਂ ਜੋੜ ਕੇ। ਪਰ ਸੋਚ ਦੇ ਲੰਗਾਰ ਨੂੰ, ਸੁਪਨੇ ਦੀ ਟਾਕੀ ਨ ਜੁੜੇ! ਇਹ ਨਜ਼ਰ ਹੈ ਕਿਸਮਤ ਜਲੀ, ਜਿਸ ਨੂੰ ਰੰਗੀਨੀ ਨ ਸਰੀ । ਨ ਰੀਝ ਦੇ ਸੂਹੇ ਗੁਲਾਬ, ਨ ਆਸ ਦਾ ਚੰਬਾ ਖਿਲੇ ! ਇਹ ਕਲਪਨਾ ਕੀ ਕਲਪਨਾ? ਜੀਵਨ ਦੇ ਸਨਮੁਖ ਹੋਏ ਨ, ਮੌਤ ਵਲ ਤੁਰ ਨ ਸਕੇ। ਪਾਟੇ ਪੁਰਾਣੇ ਕੱਪੜੇ ਅੰਗਾਂ ਤੇ ਚਿਪਕਾਈ ਫਿਰੇ। ਦੁਨੀਆਂ ਕਹੇ ਨਿਰਲੱਜ ਇਹ, ਨੰਗੇਜ਼ ਦੀ ਪਰਦਰਸ਼ਨੀ ਕਰਦੀ ਫਿਰੇ। ਨਿੱਤ ਨਵੇਂ ਆਰੋਪ ਦੇ ਖਾਂਦੇ ਨੇ ਇਸਨੂੰ ਤੌਖ਼ਲੇ। ਫੇਰ ਵੀ ਤੇਜ਼ਾਬ ਭਿੱਜੇ ਵਾਕ ਇਹ ਇਕ ਮੂਕ ਦਿਲ ਵਿਚ ਜਰ ਲਵੇ। ਇਹ ਸੋਚ ਕੈਸੀ ਸੋਚ ਹੈ? ਸਾਰੇ ਜਹਾਂ ਦਾ ਫਲਸਫਾ, ਸਾਰੀ ਅਕਲ ਦਾ ਫੈਸਲਾ, ਹੋਂਟ ਦੀ ਇਕ ਕੰਬਣੀ ਵਿਚ ਖੋਰ ਦਏ। ਹੋਸ਼ਾਂ ਦਾ ਦਾਤਾ ਆਦਮੀ, ਡੀਕ ਕੇ ਗੰਨੇ ਦਾ ਰਸ, ਦਿਲ ਦੀ ਚਿਖਾ ਤੇ ਹੱਸ ਪਏ। ਇਹ ਰੀਝ ਕੈਸੀ ਰੀਝ ਹੈ? ਦੁਨੀਆਂ ਦੀ ਹਰ ਇਕ ਸੜਕ ਤੋਂ ਇੱਕੋ ਹੀ ਨੁਕਤੇ ਵੱਲ ਮੁੜੇ, ਚਿਰਕਾਲ ਤਕ ਤੁਰਦੀ ਰਹੇ, ਪਰ ਇਕ ਭਾਵੁਕ ਸਿਖਰ ਤੇ ਦਾਮਨ ਝਟਕ ਕੇ ਤੁਰ ਪਏ। ਪਰ ਦਿਲ ਅਸਾਡਾ ਬਲੀ ਹੈ, ਇੱਕੋ ਹੀ ਜਲ ਦੇ ਵਹਿਣ ਵਿਚ, ਵੀਹ ਬੇੜੀਆਂ ਤੇ ਪਗ ਧਰੇ, ਤੂਫਾਨ ਕੰਨੀ ਸ਼ੂਕਦੇ, ਲਹਿਰਾਂ ਦੇ ਬਾਜ਼ੂ ਜਲ ਭਰੇ, ਦਰਿਆ ਦੇ ਪਾਣੀ ਕੰਬਦੇ, ਇਹ ਫੇਰ ਵੀ ਭਿੱਜ ਨ ਸਕੇ, ਇਹ ਫੇਰ ਵੀ ਡੁੱਬ ਨ ਸਕੇ ਇਹ ਸਦਾ ਤਰਦਾ ਰਹੇ। ਬਾਰੀ ਚੋਂ ਚੰਦਾ ਉੱਗਿਆ, ਮੈਂ ਨੀਝ ਲਾ ਕੇ ਦੇਖਿਆ, ਸੂਰਤ ਉਹਦੀ ਪਰ ਦਿੱਸੀ ਨ, ਜਿਸਨੂੰ ਮੈਂ ਆਖਾਂ ਪੁੰਨਿਆਂ। ਇਕ ਰਾਜ਼ ਹੈ ਦਿਲ ਤੋਂ ਪਰੇ, ਅਕਲ ਤੋਂ ਤੇ ਸੋਚ ਤੋਂ, ਭੇਤ ਜੋ ਖੁੱਲ੍ਹ ਨ ਸਕੇ । ਕਿਉਂ ਹਨੇਰੀ ਰਾਤ ਨੂੰ ਬਲ ਪਏ ਉਹਦਾ ਖ਼ਿਆਲ ? ਕਿਉਂ ਰਾਤ ਮੱਘਣ ਲਗ ਪਏ ? ਉਹ ਰਾਤ ਕੈਸੀ ਰਾਤ ਹੈ ?

ਨਵਾਂ ਸਾਲ

ਯਾਦ ਤੇਰੀ ਦੇ ਸਫਰ ਤੇ ਤੁਰਿਆਂ ਰਾਤ ਦੇ ਅੱਧ-ਵਿਚਕਾਰ ਮੇਰੀ ਵਫਾ ਦੇ ਮੂਕ ਸੁਆਲਾਂ ਰਾਹ ਵਿਚ ਲਿਆ ਖਲ੍ਹਾਰ। ਦੱਸ ਤੇਰੀ ਕਿਸਮਤ ਵਿਚ ਕਿਸਨੇ ਲਿੱਖੀ ਗਰਦਿਸ਼ ਤੋਰ ? ਦੱਸ ਤੇਰੇ ਪੈਰਾਂ ਵਿਚ ਸਿਮਟੀ ਕਿੰਨੀ ਸ਼ਕਤੀ ਹੋਰ ? ਦੱਸ ਤੇਰੀ ਅੱਖ ਵਿੱਚੋਂ ਕਿਰ ਕੇ ਕਿੰਨੇ ਬਲੇ ਚਿਰਾਗ ? ਗਿਣ ਕੇ ਦੱਸੀਂ ਦਿਲ ਤੇਰੇ ਤੇ ਕਿੰਨੇ ਪੈ ਗਏ ਦਾਗ਼ ? ਕਿਉਂ ਉਸਨੂੰ ਅੱਜ ਬੇਹਾ ਲੱਗੇ ਚਾਨਣ ਦਾ ਵਰਦਾਨ ? ਕਿਉਂ ਉਸਨੂੰ ਅੱਜ ਭੁੱਲਦੀ ਜਾਂਦੀ ਚੁੰਮਣ ਜੇਹੀ ਪਛਾਣ ? ਏਸ ਰਾਤ ਦੀ ਕੁੱਖੋਂ ਹੋਣਾਂ ਨਵਾਂ ਸੁਲਘਦਾ ਸਾਲ, ਤੂੰ ਤੁਰਿਆ ਬਸ ਰਾਹਾਂ ਉਤੇ ਹੰਝੂ ਚਾਰ ਹੰਗਾਲ। ਲੈ ਜਾ ਸਜਨੀ ਸਾਥੋਂ ਸੂਹਾ ਗ਼ਮ ਦਾ ਫੁੱਲ ਗੁਲਾਬ। ਸਾਲ ਤਾਂ ਕੀ ਇਕ ਉਮਰ ਲਈ ਲੈ ਸਰਘੀ ਵਰਗੀ ਆਬ !

ਬੇਘਰੇ

ਇੱਕ ਮੁੱਦਤ ਬੀਤ ਚੁੱਕੀ ਹੈ, ਏਸ ਘਰ ਕੋਈ ਨਿੱਘੀ ਕਿਰਨ ਨ ਥਰਕੀ ਕਦੇ, ਮੈਂ ਫਿਰ ਪੁਰੇ ਦੀ ਰਾਤ ਦੇ ਕੱਕਰ ਜਰੇ। ਫਿਰ ਮੇਰੇ ਕਮਰੇ ਚੋਂ ਤੇਰੀ ਯਾਦ ਦੀ ਨਿੱਘ ਤੁਰ ਗਈ, ਫੇਰ ਸੁੰਨੀ ਸੜਕ ਤੇ ਜਜ਼ਬੇ ਮੇਰੇ ਬੇਘਰ ਤੁਰੇ ।

1962 ਦੀ ਦੀਵਾਲੀ

ਕੁਝ ਅਜਬ ਸੂਰਤ ਲੈ ਕੇ ਆਈ ਹੈ ਦੀਵਾਲੀ ਏਸ ਸਾਲ, ਦੇਸ਼, ਘਰ ਤੇ ਦਿਲ ਸੱਭੇ ਵੀਰਾਨ ਹਨ। ਸ਼ਹਿਰ ਦੇ ਹਰ ਮੋੜ ਤੇ, ਪਿੰਡ ਦੀ ਹਰ ਗਲੀ ਵਿਚ, ਇਕ ਚੀਨੀ ਵਾਹਰ ਦੇ ਚਰਚੇ ਛਿੜੇ। ਤੇ ਉਨ੍ਹਾਂ ਸਭ ਘਰਾਂ ਵਿਚ ਕੁਹਰਾਮ ਹੈ, ਪੁੱਤ ਜਿਨ੍ਹਾਂ ਦੇ ਪਰਬਤੀਂ ਜਾ ਜੂਝਦੇ। ਤੇ ਅਸਾਡੇ ਘਰ 'ਚ ਕੋਈ ਚੁੱਪ ਦਾ ਤੂਫ਼ਾਨ ਹੈ, ਡਾਕੀਏ ਦੀ ਬਿੜਕ ਤੋਂ ਡਰ ਲੱਗ ਰਿਹਾ, ਕਿ ਕਿਤੇ ਉਹ ਖ਼ਤ ਦੀ ਥਾਵੇਂ ਤਾਰ ਨਾ ਕੱਢ ਕੇ ਦਵੇ। ਪਰ ਮੇਰੇ ਦਿਲ ਵਿਚ ਅਲੱਗ ਕੁਹਰਾਮ ਹੈ, ਜਿਸਦਾ ਮੇਰੇ ਦੇਸ ਤੇ ਘਰ ਨੂੰ ਨ ਕੋਈ ਤੌਖਲਾ। ਤੂੰ ਜਿਹੜੇ ਤੁਹਫ਼ੇ ਨੇ ਘੱਲੇ ਰੀਝ ਨਾਲ, ਸਾਂਭ ਰੱਖੇ ਨੇ ਤੇਰੇ ਖ਼ਤ ਤੇ ਤੇਰੀ ਤਸਵੀਰ ਵਾਂਗ। ਪਰ ਤੂੰ ਆਪਣੇ ਆਉਣ ਦੀ ਸਾਰੀ ਕਹਾਣੀ ਪੀ ਗਈ। ਪਿਆਰ ਨੂੰ ਉਪਹਾਰ ਮਿਲਦਾ ਉਸ ਘੜੀ, ਜਦ ਕਿਸੇ ਦੀ ਆਤਮਾ ਤੱਤਾਂ ਦੁਆਰਾ ਸਿੰਮਦੀ। ਤੇ ਤੂੰ ਮੇਰੇ ਜੀਵਨ ਚੋਂ ਏਦਾਂ ਜਲ-ਬੁਝੀ, ਇੱਕ ਨਿਆਣੇ ਬਾਲ ਦੇ ਹੱਥੋਂ ਗਿਰੇ ਜਿਉਂ ਫੁਲਝੜੀ। ਫੇਰ ਅੱਜ ਸੁਪਨੇ ਸਮਾ ਜਾ ਲਕਸ਼ਮੀ! ਆ ਕਿ ਲੈ ਜਾ ਇਕ ਤਾਜ਼ਾ ਪ੍ਰਣ ਦੀ ਰਿਸ਼ਵਤ ਨਵੀਂ। ਆ ਕਿ ਦੇ ਜਾ ਜ਼ਿੰਦਗੀ ਨੂੰ ਹੋਰ ਇਕ ਲਾਰਾ ਜੇਹਾ। ਆ ਕਿ ਆਪਾਂ ਉਮਰ ਦੀ ਇਸ ਰਾਤ ਜੂਆ ਖੇਡੀਏ ! ਮਨ ਤੋਂ ਸੁੱਟੇਂ ਗੋਰੀਏ ਜੇ ਚਾਰ ਕਣੀਆਂ ਕੁਆਰਪਣ ? ਤਾਂ ਏਸ ਦਾਉ ਤੇ ਲਾ ਦਿਆਂ ਮੈਂ ਆਪਣੀ ਹਰ ਸੰਭਾਵਨਾ। ਜਦ ਕਿਸੇ ਦੇ ਨਾਲ ਜੁੜ ਬੈਠੇ ਦਰੋਪਦ ਪੁੱਤਰੀ, ਫੇਰ ਚੌਦਾਂ ਸਾਲ ਦਾ ਬਨਵਾਸ ਤਾਂ ਕੁਝ ਵੀ ਨਹੀਂ। ਲੋਕ ਕਹਿੰਦੇ ਨੇ ਤੇਰੇ ਘਰ ਵਿਚ ਰਤਾ ਨ ਰੌਸ਼ਨੀ। ਤੇਰੇ ਦਰ ਤੇ ਬਾਲਿਆ ਸੀ ਜਿੰਦ ਦਾ ਰੌਸ਼ਨ-ਚਿਰਾਗ, ਰਾਹ ਤੇਰੇ ਕੇਹੋ ਜੇਹੇ ਜਿਹੜੇ ਰਤਾ ਲਿਸ਼ਕੇ ਨਹੀਂ? ਇਹ ਦੀਵਾਲੀ ਵੀ ਹੁਣ ਈਕਣ ਬੁੱਝ ਚੁਕੀ, ਅੱਜ ਕੱਲ੍ਹ ਠਰਦੀ ਹੈ ਜਿਉਂ ਹੀਰਾਂ ਦੀ ਪ੍ਰੀਤ। ਪਰ ਨਾੜ ਦੀ ਬੱਤੀ ਅਜੇ ਵੀ ਖੂਨ ਦਿਲ ਚੋਂ ਚੂਸਦੀ, ਸ਼ੁੁਕਰ ਹੈ ਕਿ ਅਜੇ ਤਕ ਅੱਖਾਂ ਦੇ ਦੀਵੇ ਬਲ ਰਹੇ।

ਰਾਹਗੁਜ਼ਰ

ਰਾਹਗੁਜ਼ਰ, ਜੋ ਤੇਰੇ ਸ਼ਹਿਰ ਨੂੰ ਜਾਂਦੀ ਹੈ, ਰਾਹਗੁਜ਼ਰ, ਜੋ ਤੇਰੇ ਘਰ ਨੂੰ ਮੁੜਦੀ ਹੈ, ਰਾਹਗੁਜ਼ਰ, ਤੇਰਾ ਦਿਲ ਜਿਦ੍ਹੀ ਮੰਜ਼ਿਲ, ਉਸੇ ਰਾਹਗੁਜ਼ਰ ਤੇ ਖੋ ਗਿਆ ਹਾਂ ਮੈਂ। ਤੇਰੀ ਜੁਆਨੀ, ਢਲ ਰਿਹਾ ਸੂਰਜ, ਤੇਰਾ ਰੂਪ ਪੁੰਨਿਆਂ ਦੇ ਚੰਨ ਘਟਣਾ ਹੈ, ਤੇਰੀ ਰਿਸ਼ਮ, ਤੇਰੀ ਲੋਅ ਦੀ ਸਾਇਤ ਕਿੰਨੀ ਹੈ? ਬਾਰ ਬਾਰ ਇਹੋ ਬਾਤ ਸੋਚਦਾ ਹਾਂ ਮੈਂ। ਹਜ਼ਾਰ ਬਾਰ ਜ਼ਮਾਨੇ ਨੇ ਕਹਿਕਹੇ ਮਾਰੇ, ਹਜ਼ਾਰ ਬਾਰ ਜ਼ਮਾਨੇ ਨੇ ਅੱਥਰੂ ਪੂੰਝੇ, ਹਜ਼ਾਰ ਬਾਰ ਜ਼ਮਾਨੇ ਨੇ ਮੱਤ ਦਿੱਤੀ ਹੈ, ਹਰ ਬਾਰ ਇਸੇ ਰਾਹ ਤੇ ਤੁਰ ਪਿਆ ਹਾਂ ਮੈਂ। ਜਦ ਪੈਰ ਰਾਹਾਂ ਨੂੰ ਬੋਝ ਜਾਪੇ ਹਨ, ਜਦ ‘ਸ਼ੌਕ’ ‘ਮੰਜ਼ਿਲ’ ਨੂੰ ਸਿਤਮ ਲੱਗਾ ਹੈ, ਹੋਸ਼ ਹੁੰਦੇ ਬੇਹੋਸ਼ ਮੈਂ ਬਣਿਆ, ਨ੍ਹੇਰ-ਜੰਗਲ 'ਚ ਭੁੱਲ ਗਿਆ ਹਾਂ ਮੈਂ। ਤੈਨੂੰ ਜਦ ਵੀ ‘ਵਫਾ ਦੀ ਯਾਦ ਆਈ, ਤੂੰ ਜਦੋਂ ਵੀ ਆਵਾਜ਼ ਮਾਰੀ ਹੈ, ਆਸਮਾਨਾਂ ਤੋਂ ਮੇਘ ਬਣ ਆਇਆ, ਤੇਰੇ ਪੈਰਾਂ 'ਚ ਬਰਸਿਆ ਹਾਂ ਮੈਂ। ਲੋਕ ਕਹਿੰਦੇ ਨੇ ਹਿੱਲ ਗਈ ਮੰਜ਼ਿਲ, ਲੋਕ ਆਖਣ ਬਦਲ ਗਿਆ ‘ਮਰਕਜ਼, ਤੂੰ ਰਾਹਗੁਜ਼ਰ, ਤੂੰ ਹੀ ਮੰਜ਼ਿਲ, ਤੂੰ ਹੀ ਮਰਕਜ਼, ਤੇਰੀ ਬਖ਼ਸ਼ਿਸ਼ ਕਿ ਜੀਅ ਰਿਹਾ ਹਾਂ ਮੈਂ।

ਘਰ ਵਾਪਸੀ

ਜਿਵੇਂ ਕੋਈ ਤੱਪਦਿਕ ਦਾ ਰੋਗੀ, ਸਾਹ ਸਾਹ ਲਈ ਖੰਘੂਰਾ ਮਾਰੇ, ਜਾਂ ਕੋਈ ਉਮਰ ਕੈਦ ਦੇ ਪਿੱਛੋਂ ਜੇਲ੍ਹ ਤੋਂ ਬਾਹਰ ਆ ਪਛਤਾਏ। ਧੁੱਪਾਂ ਨਜ਼ਰ ਧੁਆਂਖੀ ਮੇਰੀ, ਮੁਹ ਰਿਸ਼ਮਾਂ ਲੈ ਕਰੋ ਟਕੋਰਾਂ, ਯਾਦਾਂ ਦਾ ਚਾਨਣ ਚੁਭਿਆ ਹੈ, ਅੱਖਾਂ ਵਿਚ ਛਾਲੇ ਭਰ ਆਏ । ਜੀਅ ਕਰਦਾ ਅੱਸੂ ਦੇ ਖੇਤੀਂ, ਕੇਰ ਦਿਆਂ ਅੱਖਾਂ ਚੋਂ ਦਾਣੇ, ਗ਼ਮ ਦੀ ਫ਼ਸਲ ਬਰੂ ਦੇ ਬੂਟੇ, ਵੱਢੇ ਪਰ ਨ ਝੋਲੀ ਪਾਏ। ਯਾਰ ਰਿਹਾ ਮੇਰਾ ਦੂਜੇ ਬੰਨੇ, ਚੱਪੂ ਸਾਂਭ ਲਏ ਤੁਫਾਨਾਂ, ਬੇੜੀ ਗਰਕ ਹੋਈ ਮੰਝਧਾਰੀ, ਸਾਹਿਲ ਹੀ ਖ਼ੁਦ ਚੁੱਕ ਲਿਆਏ । ਵਿੱਦਿਆ ਦਾ ਅੱਖਰ ਨ ਪੜ੍ਹਿਆ, ਤਿਤਲੀ ਫੜ ਦੀਵਾਨਾ ਬਣਿਆ, ਜਾਂ ਤਿਤਲੀ ਹੱਥਾਂ ਚੋਂ ਤਿਲਕੀ, ਨਸ਼ਿਆਂ ਦੇ ਵਿਚ ਹੋਸ਼ ਗਵਾਏ। ਰੋਜ਼ੀ ਦੇ ਆਹਰ ਵਿਚ ਤੁਰਿਆ, ਪਲਕਾਂ ਤੇ ਹੰਝੂ ਲੈ ਮੁੜਿਆ, ਕਾਇਰ ਸਾਂ ਮਰ ਗਲ ਨ ਸਕਿਆ, ਨ ਪਰਦੇਸੀਂ ਹੱਡ ਜਲਾਏ। ਯਾਰ ਮੇਰਾ ਚੰਦਨ ਦਾ ਬੂਟਾ, ਮਹਿਕਾਂ ਪੀਵੇ ਫਨੀਅਰ ਬਖ਼ਸ਼ੇ, ਯਾਰ ਮੇਰਾ ਪੁੰਨਿਆਂ ਦਾ ਚਾਨਣ, ਮੱਸਿਆ ਵਿਚ ਨਿੱਘਰਦਾ ਜਾਏ। ਕਿਸੇ ਘਰੋਗੀ ਚਿੰਤਾ ਦੀ ਥਾਂ, ਬੇਫ਼ਿਕਰੀ ਦੀ ਚੱਦਰ ਤਾਣੋ, ਅਰਜ਼ ਕਰੋ ਜੇ ਨੀਂਦਰ ਆਵੇ, ਤਾਂ ਸੁਪਨਾ ਨ ਆ ਚਿਚਲਾਏ। ਰਲ ਮਿਲਕੇ ਸਭ ਸੇਵ ਗੁਜ਼ਾਰੋ, ਤਨ ਤੇ ਮਨ ਨੂੰ ਸ਼ਕਤੀ ਬਖ਼ਸ਼ੋ, ਮੈਂ ਮੁੜ ਸਫ਼ਰ ਤੇ ਤੁਰ ਸਕਦਾ ਹਾਂ, ਜਦ ਵੀ ਕੋਈ ਡਗਰ ਬੁਲਾਏ। ਏਸ ਘੜੀ ਤਾਂ ਹੰਭ ਗਿਆ ਹਾਂ, ਪਰ ਮੈਂ ਜਿਸ ਮਿੱਟੀ ਤੋਂ ਬਣਿਆਂ, ਉਹ ਮਿੱਟੀ ਕੁਝ ਕਣ ਵਾਲੀ ਹੈ, ਕਰੜੇ ਹੁੰਦੇ ਕਣਕ ਦੇ ਜਾਏ। ....ਇੰਝ ਅਸੀਂ ਆਪਣੇ ਘਰ ਆਏ ।

ਕੁਝ ਪਲ

ਇੱਕ ਪਲ ਤੇਰਾ ਤਸੱਵਰ, ਕੂੰਦੀਆਂ ਕੁਝ ਬਿਜਲੀਆਂ। ਦੁਸਰੇ ਪਲ ਦਿਲ ਦੇ ਅੰਦਰ ਨ੍ਹੇਰ ਕੁੰਦਰਾਂ ਲਿਸ਼ਕੀਆਂ। ਇੱਕ ਪਲ ਮੈਂ ਤੇਰੇ ਨੈਣਾਂ ਛੇੜੀਆਂ ਚਿੰਗਾਰੀਆਂ, ਦੂਸਰੇ ਪਲ ਚਾਰ ਅੱਖਾਂ ਲੱਖ ਕਿਰਨਾਂ ਭਿੜ ਗਈਆਂ। ਇੱਕ ਪਲ ਕੋਈ ਹੌਸਲਾ ਬੁੱਲ੍ਹਾਂ ਤੇ ਆਕੇ ਬੋਲਿਆ, ਦੂਸਰੇ ਪਲ ਹੱਥ ਨੇ ਹੱਥਾਂ ਤੇ ਜਾਦੂ ਕਰ ਦਿੱਤਾ। ਫੇਰ ਆਈ ਜ਼ਿੰਦਗੀ ਵਿਚ ਇਕ ਸੁਲੱਖਣੀ ਉਹ ਘੜੀ, ਜਿਸ ਘੜੀ ਵਿਚ ਤਸ਼ਨਿਗੀ ਨੂੰ ਸ਼ਾਂਤ ਕਰਦੀ ਤਸ਼ਨਿਗੀ। ਭਾਲਦੀ ਜਦ ਜ਼ਿੰਦਗੀ, ਮਾਰੂਥਲਾਂ, ਵੀਰਾਨੀਆਂ, ਲੋਕਾਂ ਦੀਆਂ ਨਜ਼ਰਾਂ ਜਦੋਂ ਸੰਗ ਤੁਰਦੀਆਂ ਪਰਛਾਈਆਂ। ਜਦ ਕੋਈ ਕਮਰੇ ਦਾ ਕੋਨਾ ਸ਼ੌਕ ਨੂੰ ਨ ਸਾਂਭਦਾ, ਫੇਰ ਕੋਨਾ ਸੜਕ ਦਾ ਬਣਦਾ ਹੈ ਹੁਜਰਾ ਹਰਮ ਦਾ। ਤੂੰ ਮੇਰੇ ਮੱਥੇ ਚੋਂ ਕੇਰਾਂ ਸੂਤ ਸੂਲਾਂ ਲੀਤੀਆਂ, ਮੈਂ ਤੇਰੇ ਪਿੰਡੇ ਨੂੰ ਲਾਕੇ ਡੀਕ ਮਹਿਕਾਂ ਪੀਤੀਆਂ। ਚਹੁੰ-ਦਿਸ਼ਾਈ ਮਹਿਕ ਖਿੰਡੀ ਖ਼ਲਕ ਸਮਝੀ ਵਾਸ਼ਨਾ, ਨ੍ਹੇਰਿਆਂ ਦੇ ਜੀਵ-ਜੰਤੂ ਜਰ ਨ ਸੱਕੇ ਚਾਨਣਾ। ਇਕ ਕੁਲੱਖਣੀ ਘੜੀ ਨੂੰ ਸੀ ਬਿੰਬ ਤੇਰਾ ਤਿੜਕਿਆ, ਹਰ ਤੇਰਾ ਵਿਸ਼ਵਾਸ, ਤੇ ਹਰ ਇਕ ਵਾਹਦਾ ਭੁਰ ਗਿਆ। ਰਾਹਗੁਜ਼ਰ ਤਾਂ ਸਾਫ਼ ਹੈ ਪਰ ਲੜਖੜਾਂਦੇ ਨੇ ਕਦਮ, ਬਣ ਗਿਆ ਹੈ ਕਿਸੇ ਦੇ ਵਹਿਮਾਂ ਦਾ ਡਰ, ਪ੍ਰੀਤਾਂ ਦਾ ਗ਼ਮ। ਮੈਂ ਤੇਰੇ ਬੇਅੰਤ ਨੇੜੇ ਹਾਂ ਤੇ ਤੈਥੋਂ ਦੂਰ ਵੀ, ਮੈਨੂੰ ਤੈਥੋਂ ਲੱਖ ਸ਼ਿਕਵੇ, ਹਾਂ ਬੜਾ ਮਸ਼ਕੂਰ ਵੀ। ਪੈਰ ਤੇ ਮੰਜ਼ਿਲ ਵਿਚਾਲੇ ਮਿਟਣੀਆਂ ਕਦ ਦੂਰੀਆਂ? ਅੱਜ ਮੈਨੂੰ ਸਾਹ ਲੈਣੇ ਹਨ ਸਿਰਫ਼ ਮਜਬੂਰੀਆਂ।

ਤੂੰ ਤੇ ਮੈਂ

ਤੂੰ ਤੇ ਮੈਂ। ਇਕ ਖੁਸ਼ੀ ਦੀ ਭਾਲ ਵਿਚ ਘਰ ਤੋਂ ਤੁਰੇ। ਤੇਰੇ ਘਰ ਚੋਂ ਨਾਲ ਤੇਰੇ ਲੁਕ ਕੇ ਆਏ, ‘ਸਹਿਮ’, ‘ਸੰਸੇ’, ‘ਤੌਖਲੇ’, ‘ਮਾਸੂਮ ਇਰਾਦੇ'। ਰੀਝ ਦੀ ਇਕ ਚਿਣਗ ਵੀ ਪਰ ਆ ਗਈ ਸੀ ਨਾਲੋ ਨਾਲ। ਤੇ ਮੈਂ, ਜਨਮ-ਜਨਮਾਂਤਰ ਦਾ ਵਿਉਗੀ, ਸ਼ੀਸ਼-ਮਹਿਲਾਂ ਨੂੰ ਚਿਣਨ ਦੀ ਰੀਝ ਵਿਚ ਰੁੱਝਿਆ ਰਿਹਾ। ਤੂੰ ਹਿਜਰ ਦੇ ਵਾਹਣ ਟੱਪਦੀ ਹੀ ਰਹੀ। ਸ਼ਰਬਤੀ ਗੱਲ੍ਹਾਂ ਤੇ ਤਾਂਬਾ ਚੜ੍ਹ ਗਿਆ। ਸੁਹਲ ਪੈਰੀਂ ਵੀਹ ਬਿਆਈਆਂ ਤਿੜ ਗਈਆਂ। ਤੇਰਾ ਸੁਆਗਤ ਕਰਨ ਨੂੰ, ਮੈਂ ਹਰ ਵਿਰੋਧੀ ਹਵਾ ਨੂੰ, ਬਰਫ਼ਾਨੀ ਪਹਾੜਾਂ, ਜੰਗਲਾਂ ਨੂੰ ਕਰ ਕੇ ਆਇਆ ਸ਼ਰਮਸਾਰ। ਇਕ ਦੁਰਾਹੇ ਤੇ ਪਹੁੰਚ ਕੇ, ਦੋ ਵਿਦੇਸ਼ਾਂ ਤੋਂ ਆ ਰਸਤੇ ਮਿਲ ਗਏ, ਮੇਰਾ ਘਰ ਹੀ ਬਣ ਗਿਆ ਫਿਰ ਤੇਰਾ ਘਰ। ਪਰ ਇਹ ਅਸਾਡੇ ਸਫਰ ਦਾ ਅੰਤਿਮ ਪੜਾ ਨ, ਹਿਜਰ ਦਾ ਸਹਿਰਾ ਅਜੇ ਸਾਰਾ ਪਿਆ ਹੈ ਗਾਹੁਣ ਨੂੰ। ਸੁਪਨਿਆਂ ਦੀ ਰਾਣੀਏ! ਸੁਪਨਿਆਂ ਤੇ, ਹੋਰ ਕੁਝ ਚਿਰ ਗੁਜ਼ਰ ਕਰਨੀ ਪਏਗੀ। ਸੁਹਲ ਕੁੜੀਏ, ਕੂਲੇ ਪੈਰਾਂ ਵਾਲੀਏ! ਮੈਂ ਰਾਹ ਦੇ ਕੰਡੇ ਚੁਗਣ ਵਿਚ ਮਗਨ ਹਾਂ। ਮਿਲ ਹੀ ਬੈਠਾਂਗੇ ਕਦੇ ਤਾਂ ਸਦਾ ਲਈ, ਤੂੰ ਤੇ ਮੈਂ।

ਪਰਦੇਸਣ

ਮੈਂ ਅਣਚਾਹੇ ਜੇਹੇ, ਤੇਰੇ ਸ਼ਹਿਰੋਂ, ਤੇਰੇ ਘਰ ਤੋਂ ਤੁਰੀ ਸਾਂ। ਤੇਰੇ ਲੋਕਾਂ, ਤੇਰੇ ਸੱਕਿਆਂ ਦੀ ਨਜ਼ਰੋਂ ਬਚਣ ਲਈ, ਜੋ ਮੇਰੇ-ਤੇਰੇ ਪਿਆਰ ਨੂੰ ਸਮਝਣ ਦੀ ਥਾਂ, ਫ਼ਤਵੇ ਜਾਰੀ ਕਰਨ ਵਿਚ ਹੀ ਮਗਨ ਸਨ। ਤੂੰ ਧੁਆਂਖੀ ਨਜ਼ਰ ਲੈ, ਬਾਹਰਲੇ ਫਾਟਕ ਤੇ ਪੁੱਜ, ਅਲਵਿਦਾਅ ਹੀ ਬੱਸ ਕਹੀ, ਵਾਪਿਸ ਮੁੜਨ ਨੂੰ ਨ ਕਿਹਾ। ਏਸ ਬੇਲੋੜੀ ਦੇਹੀ ਦਾ ਬੋਝ ਚੁੱਕ, ਮੈਂ ਆਪਣੇ ਪੈਰਾਂ ਤੇ ਤੁਰ ਕੇ ਆ ਗਈ। ਮੈਂ ਅਣਚਾਹੇ ਤੇਰੇ ਦੇਸੋਂ ਤੁਰੀ, ਤੇਰੇ ਵਾਹਦੇ ਤੇ ਗੁਜ਼ਰ ਨ ਹੋ ਸਕੀ। ਮੀਸਣਾ ਬਣ ਕੇ ਕਿਹਾ ਤੂੰ, “ਰਾਣੀਏ ! ਹਰ ਮੁਹੱਬਤ ਦੀ ਵਿਆਹ ਮੰਜ਼ਿਲ ਨਹੀਂ।” ਫਿਰ ਅਚਾਨਕ ਤੇਰਿਆਂ ਸ਼ਬਦਾਂ ਦੇ ਮਤਲਬ ਬਦਲ ਗਏ । ‘ਸਾਰਤਰ’ ਤੇ ‘ਸਾਇਮਨ’ ਜੇਹਾ ਸਾਥ ਮੰਗਣ ਵਾਲਿਆ ! ਤੂੰ ਕਿਹਾ “ਇਸ ਸ਼ਹਿਰ ਵਿਚ, ‘ਪਿਆਰ’, ‘ਬਦਮਾਸ਼ੀ' ਦਾ ਮਤਲਬ ਇੱਕ ਹੈ। ਮੈਂ ਲੜਖੜਾ ਕੇ ਤੁਰ ਗਈ ਤੇ ਦੂਰ ਤੱਕ, ਬੁੱਤ ਤੇਰਾ ਤਕਦੀ ਗਈ, (ਤੂੰ ਕਿਸੇ ਮਿੱਤਰ ਦੀ ਸ਼ਾਦੀ ਵਿਚ ਜਾਣਾ ਸੀ ਜ਼ਰੂਰ।) ‘ਤੂੰ' ਤਾਂ ‘ਤੂੰ', ਮੈਂ ਦੇਸ਼ ਤੇਰਾ ਛੱਡ ਦਿੱਤਾ। ਹਾਂ, ਅੱਜ ਮੈਨੂੰ ਪਤਾ ਹੈ- "ਪਿਆਰ’ ‘ਬਦਮਾਸ਼ੀ' ਦਾ ਮਤਲਬ ਇੱਕ ਹੈ"।

ਚਾਨਣ ਦੀ ਲੋਅ

ਪਈ ਨ ਸੀ ਜਦ ਅਜੇ, ਜੀਵਨ ਤੇ ਕੋਈ ਨੈਣ-ਕਿਰਨ। ਜ਼ਿੰਦਗੀ ਕੁਝ ਜਾਪਦੀ ਸੀ ਇਸ ਤਰ੍ਹਾਂ- ਇਕ ਕੈਨਵਸ ਨੂੰ ਜਿਵੇਂ ਕੋਈ ਬੁਰਸ਼-ਛੋਹ ਹੀ ਨ ਮਿਲੇ, ਮੈਲ ਦਾ ਕੋਈ ਨਕਸ਼ ਜਿਸ ਤੇ ਖ਼ੁਦ-ਬ-ਖ਼ੁਦ ਉੱਕਰ ਜਾਏ। ਇਕ ਗਲੇ ਦਾ ਸੋਜ਼ ਜੀਕਣ, ਗੀਤ ਬਣ ਵਹਿ ਨ ਸਕੇ। ਜਾਂ ਕਵੀ ਦੀ ਕਲਪਨਾ (ਜੋ) ਪੁਸਤਕ ਦੇ ਸੁੱਕੇ ਪੰਨਿਆਂ ਤਕ ਵੀ ਸਫ਼ਰ ਨ ਕਰ ਸਕੇ। ਜਿਉਂ ਬਾਲ ਦੀ ਤਖ਼ਤੀ 'ਤੇ ਵਾਹੇ ਨ ਕੋਈ ਅੱਖਰ ਦੀ ਰੇਖ, ਉਹਦੀ ਸਿਰਜਣ ਸ਼ਕਤਿ ਜੀਕਣ ਗੀਟਿਆਂ ਵਿਚ ਖੋ ਜਾਏ । ਮਾਂਝੀ ਬਿਨਾ, ਚੱਪੂ ਬਿਨਾਂ, ਬੇੜੀ ਜਿਉਂ ਭਰ ਸਾਗਰ ਤਰੇ। ਹਰ ਲਹਿਰ ਪਲ ਪਲ ਵਿਚ ਜ੍ਹਿਨੂੰ ਤੂਫ਼ਾਨ ਨੂਹ ਦਾ ਬਣ ਜਾਏ। ਦਿਲ ਦੀ ਧਰਤੀ ਦਾ ਉਹ ਸਾਰਾ ਕੁਆਰਾਪਣ ਇਕ ਖ਼ੁਦ-ਰੌ ਵਨਸਪਤੀ ਸੀ, ਇਕ ਪਰਬਤ ਭਾਰ ਸੀ। ਰਾਮ ਛੋਹ ਨੂੰ ਮਰਮਰੀ ਪਿੰਡਾ ਅਹੱਲਿਆ ਦਾ ਜੁੱਗਾਂ ਤਕ ਤਰਸਿਆ। ਚਾਨਣ ਤਾਂ ਸੀ ਇਕ ਬੇਪਨਾਹ, ਇਕ ਕਿਰਨ ਵੀ ਨ ਆਪਣੀ। ਇਸ ਲੜੀ ਇਹ ਕਿਦ੍ਹੇ ਨੈਣਾਂ ਚੋਂ ਸੂਰਜ ਉੱਗ ਪਏ ? ਅੱਜ ਗਲ ਗਲ ਤੀਕ ਚਾਨਣ ਜੋ ਮੇਰੇ ਸਾਹਾਂ 'ਚ ਹੈ ! ਅੱਜ ਕਿਸ ਦੀ ਜ਼ੁਲਫ਼ ਦੀ, ਅੱਖਾਂ ਚ ਭਿੰਨੀ ਮਹਿਕ ਹੈ?

ਇਕ ਹਾਦਿਸਾ-ਇਕ ਫ਼ੈਸਲਾ

ਇਕ ਹਾਦਸਾ ਸੀ, ਬੱਸ ਵਿਚ, ਕੱਲ੍ਹ ਤੂੰ ਅਚਾਨਕ ਮਿਲ ਗਈ। ਬੀਤੇ ਸਮੇਂ ਦਾ ਪਾਸ ਹੋਏਗਾ, ਜੋ ਲਾਗੇ ਬਹਿ ਗਈ। ਕੁਝ ਜਿਸਮ ਤੇਰਾ ਸਿਮਟਿਆ, ਕੁਝ ਜਿਸਮ ਮੈਂ ਖੁਦ ਬੋਚਿਆ। ਆਤਮਾ ਦਾ ਸਾਕ ਸੀ ਆਪਾਂ ਚਿਰਾਂ ਦਾ ਤੋੜਿਆ, ਤੇ ਸੀਟ ਤੇ ਵਾਕਿਫ਼ ਸਰੀਰਾਂ ਦੇ ਵਿਚਾਲੇ, ਵਿੱਥ ਸੀ ਇਕ ਤਰਸਦੀ। ਤੂੰ ਵੀ ਰਸਮੀ ਤੌਰ ਤੇ ਹੀ ਪੁੱਛਿਆ, “ ਕੀ ਹਾਲ ਹੈ? ਮੈਂ ਵੀ ਦਿੱਤਾ ਸੀ ਜ਼ਰਾ ਸੰਕੋਚਵਾਂ ਇਸਦਾ ਜੁਆਬ। ਪਰ ਮੇਰੇ-ਤੇਰੇ ਜਜ਼ਬਿਆਂ ਦਾ ਵੀ ਤਾਂ ਇਕ ਸੰਸਾਰ ਸੀ। ਸਨ ਜਿਦ੍ਹੇ ਵਿਚ ਸੰਘਰਸ਼ ਛਿੜ ਜਾਵਣ ਦੇ ਸਾਨੂੰ ਤੌਖਲੇ। ਤੂੰ ਤਾਂ ਸੁਰ ਛਾਤੀ ਦੀ ਧੜਕਣ ਕਰ ਲਈ ਕੋਸ਼ਿਸ਼ ਦੇ ਨਾਲ, ਪਰ ਮੇਰੇ ਦਿਲ ਦੇ ਕਿਸੇ ਕੋਨੇ ਚੋਂ ਹਉਕਾ ਫੁੱਟਿਆ। ਇਕ ਭਾਵੀ ਵੇਗ ਵਿਚ ਦਿਲ ਫੇਰ ਮੁੜ ਵਲਿਆ ਗਿਆ, ਤੇ ਮੇਰਾ ਬੌਧਿਕ ਵਤੀਰਾ ਪਾਣੀ-ਪਾਣੀ ਹੋ ਗਿਆ। ਫਿਰ ਸਮਿਰਤੀ ਵਿਚ ਜਾਗੀ ਉਹ ਘੜੀ, ਜਦ ਤੇਰੇ ਪੋਲੇ ਜੇਹੇ ਖ਼ਤਾਂ ਤੋਂ ਹੋਕੇ ਕਹਿਰਵਾਨ, ਯਾਦ ਹੈ? ਤੈਨੂੰ ਕਿਹਾ ਸੀ ਮੈਂ ਬੜੇ ਵਿਸ਼ਵਾਸ ਨਾਲ, “ਪਿਆਰ ਦਾ ਸੰਕਲਪ ਮੇਰਾ ਉੱਚਾ, ਸੁੱਚਾ ਤੇ ਮਹਾਨ, ਤੇ ਮੇਰਾ ਆਦਰਸ਼ ਕਿ ਜੀਵਾਂ ਵਿਚਾਰਾਂ ਆਸਰੇ, ਤੇ ਤੂੰ ਮੇਰੇ ਆਦਰਸ਼ ਦੀ ਹਾਣੀ ਕਦੇ ਵੀ ਨ ਬਣੇਂ, ਤੂੰ ਜੋ ਉਪਭਾਵੁਕ ਜੇਹੀ ਜਿੱਲ੍ਹਣ ਦੇ ਵਿਚ ਖੁੱਭੀ ਰਹੇਂ"। ਇਕ ਮਨ ਦੇ ਵੇਗ ਵਿਚ ਜੋ ਨ ਸੀ ਕਹਿਣਾ ਕਹਿ ਗਿਆ, ਤੇ ਪਿਆਰ ਦੇ ਨਾਜ਼ੁਕ ਬਦਨ ਤੇ ਕੋਈ ਪਰਦਾ ਨਾ ਰਿਹਾ। ਫਿਰ ਨੀਝ ਲਾ ਕੇ ਮੈਂ ਤੇਰੇ ਚਿਹਰੇ ਦੇ ਵੱਲ ਤਕਦਾ ਰਿਹਾ। ਕੌਣ ਆਖੇ ਮੇਰੀ ਹਸਰਤ ਕੀ ਸੀ ਓਥੇ ਭਾਲਦੀ? ਮੇਰੀ ਜ਼ੁਬਾਂ ਫਿਰ ਰੁਕ ਗਈ ਤੇ ਨਜ਼ਰ ਤੇਰੀ ਝੁਕ ਗਈ। ਓਸ ਪਲ ਦੀ ਬੇਬਸੀ ਅੰਦਰ ਜੋ ਮੂੰਹੋਂ ਨਿੱਕਲੇ, ਉਹ ਸ਼ਬਦ ਸਾਰੇ ਦੇ ਸਾਰੇ ਹੀ ਮੈਂ ਵਾਪਿਸ ਲੈ ਲਏ । ਅੱਜ ਮੇਰੇ ਭਾਵਾਂ ਤੋਂ ਹੈ ਬੁੱਧੀ ਦਾ ਅੰਕੁਸ਼ ਟੁੱਟਿਆ। ਭੁਰ ਚੁੱਕੇ ਹਨ ਓਸ ਪਲ ਦੀ ਸੋਚ ਦੇ ਕਾਠੇ ਖ਼ਿਆਲ। ਮੈਂ ਕੋਈ ਸਾਧੂ ਨਹੀਂ ਜੋ ਦਿਲ ਚੋਂ ਜਜ਼ਬੇ ਕੱਢ ਦਿਆਂ! ਤੇ ਤੂੰ ਕਿ ਜਿਹੜੀ, ਚਾਰ ਖ਼ਤ ਤੇ ਇਕ ਵਾਅਦਾ ਮੋੜ ਲੈਣਾ ਚਾਹ ਰਹੀ ! ਮੈਂ ਨਹੀਂ ਹੁਣ ਮੋੜਦਾ ਤੇਰੇ ਪ੍ਰਣ। ਭਿੱਜੀਆਂ ਪਲਕਾਂ ਮੇਰੇ ਵਲ ਨ ਉਠਾ, ਤੂੰ ਹਮਦਰਦੀ ਦੀ ਪਾਤਰ ਨਹੀਂ ਹੁਣ ।" ਇਸ ਲਈ ਮੈਂ ਇਸ ਘੜੀ, ਤੂੰ ਤੇ ਭਵਿਸ਼ ਤੇਰੇ ਵਿਚਾਲੇ ਆ ਗਿਆਂ।

ਅੱਸੂ ਪੁੰਨਿਆਂ

ਅੱਸੂ ਦੇ ਵਾਹਣੀ ਉੱਘਲਾਂਦੀ, ਕੁਆਰੀ ਤੇ ਅਣਛੋਹ ਜੇਹੀ ਪੁੰਨਿਆਂ। ਨੰਗ ਮੁਨੰਗੇ ਪੈਰੀਂ ਲਿਪਟੇ। ਬੁੱਲ੍ਹਾਂ ਤੋਂ ‘ਜੀਉ-ਆਇਆਂ' ਆਖਣ, ਸੌ ਸੁੱਤੀਆਂ ਮੁਸਕਾਣਾਂ। ਰਾਤ ਹੈ ਜੁਲਫਾਂ ਵਰਗੀ ਖੁੱਲ੍ਹੀ, ਅੱਖ ਅੰਬਰੀ ਨਸ਼ੇ-ਵਿਗੁੱਤੀ, ਖੇਤਾਂ ਦੀ ਜਰਨੈਲੀ ਸੜਕੇ, ਕਿਸੇ ਕੁੜੀ ਦਾ ਕਾਸਿਦ ਆਏ, ਚਿਰਾਂ ਤੋਂ ਜਿਸਦਾ ਖ਼ਤ ਨਹੀਂ ਆਇਆ। ਦੂਰ-ਦੱਖਣੀ ਨੁੱਕਰ-ਸ਼ਹਿਰੇ, ਮੇਰੀ ਵੀ ਪੁੰਨਿਆਂ ਰਹਿੰਦੀ ਹੈ। ਉਹ ਪੁੰਨਿਆਂ ਇਕ-ਸ਼ਹਿਰ 'ਚ ਜੰਮੀ, ਉਹ ਪੁੰਨਿਆਂ ਪਰਦੇਸੀਂ ਨਿੱਖਰੀ, ਉਹ ਪੁੰਨਿਆਂ ਵਿੱਦਿਆ ਵਿਚ ਨ੍ਹਾਤੀ, ਉਹ ਪੁੰਨਿਆਂ ਸੱਭਿਤਾ ਨੇ ਮਾਂਜੀ, ਉਹ ਪੁੰਨਿਆਂ ਯੁੱਗਾਂ ਦੀ ਹਾਣੀ। ਜਸਦੇ ਗੋਰੇ ਹੱਥ ਦੀ ਖ਼ਾਤਿਰ, ਉਸਦੇ ਪਿਉ ਦੀ ਸੋਚ ਤੇ ਨਿਸਦਿਨ, ਜਗਮਗ ਕਰਦੇ ਹੱਥਾਂ ਦੇ ਪਰਛਾਵੇਂ ਪੈਂਦੇ। ਤੇ ਮੈਂ, ਉਹਦੇ ਨੈਣਾਂ ਦਾ ਆਸ਼ਿਕ, ਉਸਦੇ ਯੋਗ ਬਣਨ ਦੀ ਥਾਵੇਂ, ਖੇਤਾਂ ਅੰਦਰ ਠੇਡੇ ਖਾਵਾਂ ਤੇ ਜਟਕੀ ਜੇਹੀ ਸੋਚ ਹੀ ਸੋਚਾਂ ਕਿ- ‘ਜੋ ਪੁੰਨਿਆਂ ਅੱਸੂ ਦੀ ਧੀ ਹੈ, ਸਾਡੇ ਹੱਕ ਵਿਚ ਬੁਰੀ ਨਹੀਂ ਹੈ, ਜਿਸਦੇ ਪਹਿਰੇ, ਵਿਹੜੇ ਅੰਦਰ, ਚਮਕ ਰਹੇ ਹਨ, ਸੋਨ-ਸੁਨਹਿਰੀ ਮੱਕੀ ਦਾਣੇ। ਇਹ ਪੁੰਨਿਆਂ ਮੈਨੂੰ ਇੰਝ ਲੱਗੇ, ਜਿਉਂ ਪਿੰਡ ਦੇ ਬਖ਼ਤਾਵਰ ਘਰ ਦੇ , ਰਾਂਝੇ ਪੁੱਤਰ ਦੀ ਝੋਲੀ ਵਿਚ, ਚੂਚਕ ਪੌਂਡ ਸ਼ਗਨ ਦਾ ਪਾਏ । ਇਹ ਪੁੰਨਿਆਂ ਹੀਰਾਂ ਦੀ ਮੇਲਣ, ਇਹ ਪੁੰਨਿਆਂ ਮੌਸਮ ਸੰਜੋਗਣ, ਮੇਰੇ ਨਾਉਂ ਕਣਕਾਂ ਦਾ ਖ਼ਤ ਹੈ, ਜਿਸ ਵਿਚ ਮੇਲ ਘੜੀ ਨਿਸ਼ਚਿਤ ਹੈ। ਹਰ ਇਕ ਸਿਆੜ ਦੇ ਵਿੱਚ ਬਿਖਰੇ ਹਨ, ਚਾਨਣ ਦੇ ਚਿੱਟੇ ਦੁੱਧ ਅੱਖਰ। ਖੂਹ ਤੋਂ ਰਾਤ ਦੀ ਰਾਣੀ ਪਾਸੋਂ ਇੱਕ ਹਵਾ ਦਾ ਬੁੱਲਾ ਆਇਆ। ਮੇਰੀ ਸੁੱਤੀ ਪੁੰਨਿਆਂ ਨੂੰ ਜਿਉਂ ਆਏ ਮਧੁਰ ਸੁਹਾਗ ਦਾ ਸੁਪਨਾ। ਪੁੰਨਿਆਂ ਮਹਿਕਾਂ ਡੀਕ ਰਹੀ ਹੈ। ਔਹ ! ਕੀ ਡੌਲ ਤੇ ਚਮਕ ਰਿਹਾ ਹੈ? ਯਾਰ ਦੇ ਗ਼ਮ ਜਿੱਡਾ ਕੱਦ ਜਿਸਦਾ। ਸ਼ਾਇਦ ਅੱਗ ਲਗਾਵਣ ਖ਼ਾਤਿਰ ਢੇਰ ਬਰੁ ਦਾ 'ਕੱਠਾ ਕੀਤਾ। ਪਰ ਮੇਰੇ ਪੈਰੀਂ ਕੀ ਹੋਇਆ ? ਦਿਲ ਨੂੰ ਕਾਂਬਾ ਝੂਣ ਗਿਆ ਹੈ। ਇਹ ਨ ਕੋਈ ਸੱਪ ਪਿਲਚਿਆਂ, ਪੈਰੀਂ ਚਰ੍ਹੀ ਡੱਕਾ ਆਇਆ। ਮੈਂ ਐਵੇਂ ਹੀ ਤ੍ਰਭਕ ਗਿਆ ਸਾਂ, ਦਿਲ ਵਿਚ ਕੋਈ ਡਰ ਛੁਪਿਆ ਹੈ। ਨੰਗੇ ਪੈਰੀਂ ਰਾਤ ਨੂੰ ਗਾਹੁਣਾ- ਜਿਉਂ ਕੋਈ ਪੇਂਡੂ ਪੜ੍ਹਨ ਦੀ ਥਾਵੇਂ- ਇਕ ਸ਼ਹਿਰਨ ਤੋਂ ਵਾਹਦੇ ਮੰਗੇ। ਪਰ, ਡਰ ਦੀ ਕੋਈ ਗੱਲ ਨਹੀਂ ਹੈ, ਹੁੰਦੇ ਹੀ ਨੇ ਖੇਤਾਂ ਅੰਦਰ ਫਨੀਅਰ ਕਾਲੇ, ਤੇ ਜੱਟ ਖੇਤੀ ਨਿਸ-ਦਿਨ ਜਾਏ। ਕਾਲਾ ਨਾਗ ਕੌਡੀਆਂ ਵਾਲਾ ਕਾਮੇ ਦੀ ਛੱਤਣ ਵੀ ਰਹਿੰਦਾ, ਘਰ ਛੱਡ ਕੇ ਉਹ ਕਿੱਧਰ ਜਾਏ ? ਸਾਡੇ ਘਰ ਵੀ ਛੜੀ-ਛਮਾਹੀਂ, ਇਕ ਨਾਗਣ ਆ ਗੇੜਾ ਮਾਰੇ। ਉਹਦੇ ਡੰਗ, ਉਹਦੇ ਫੁੰਕਾਰੇ ਸਾਡੇ ਜੀਵਨ ਦਾ ਹਿੱਸਾ ਹਨ। ਜਿੰਨਾ ਚਿਰ ਫ਼ਸਲਾਂ ਦੀ ਜੜ੍ਹ ਵਿਚ ਪੁੰਨਿਆਂ ਦਾ ਘੀ ਰਚ ਸਕਦਾ ਹੈ, ਉੱਨਾਂ ਚਿਰ ਸਾਨੂੰ ਕੀ ਡਰ ਹੈ? ਜਦ ਚਾਹੀਏ ਸਾਡੇ ਖੇਤਾਂ ਵਿਚ ਰੂਪ ਦਾ ਸੂਰਜ ਉੱਗ ਸਕਦਾ ਹੈ, ਤੇ ਜਿਸ ਵਿਹੜੇ ਰੂਪ ਵਿਚਰਦਾ, ਉਸ ਵਿਹੜੇ ਵਿਚ ਕੁਦਰਤ ਰਾਣੀ ਆਪੇ ਭੇਜੇ ਚਾਨਣ ਛਿੱਟਾਂ। ਜੀਅ ਕਰਦੈ, ਅੱਜ ਉਸਨੂੰ ਆਖਾਂ, ਉਹ ਜੋ ਇਕ ਕਮਰੇ ਦੇ ਕੋਨੇ, ਗਲ ਗਲ ਗਹਿਰੀ ਨੀਂਦ 'ਚ ਗੁੰਮੀ, ਸ਼ਾਇਦ ਦੂਰੋਂ ਦੇਖ ਨ ਸੱਕੇ, ਸਾਡੇ ਘਰ ਵੀ ਚੰਨ ਦਾ ਟੁਕੜਾ। ਕਿਤੇ ਭਲਾ ਉਹ ਫਿਰੇ ਸਮਝਦੀ ਮੈਨੂੰ ਗਲ ਦਾ ਸੱਪ ਅਧਮੋਆ, ਜਿਸਨੂੰ ਉਹ ਲਾਹ ਸੁੱਟ ਨ ਸੱਕੇ। ਨ ਮੈਂ ਉਹ ਵਿਰਮੀ ਦਾ ਗੁੱਗਾ, ਜੋ ਆਪਣੀ ਥਾਂ ਕਦੇ ਨ ਛੱਡੇ, ਇਕ ਉਮਰਾ ਤੱਕ। ਜਿਸ ਉਮਰਾ ਵਿਚ ਤਿਊੜੀ ਧਾਰਨ, ਵੀਹ ਮੁਟਿਆਰਾਂ। ਉਹ ਮੈਥੋਂ ਕੁਝ ਕੁਝ ਡਰਦੀ ਹੈ, ਸ਼ਾਇਦ ਉਸਨੂੰ ਖ਼ਬਰ ਨਹੀਂ ਹੈ, ਜੇਕਰ ਕੋਈ ਕੀਲ ਸਕੇ ਤਾਂ, ਸ਼ੇਸ਼-ਨਾਗ ਵੀ ਬਣਦਾ ਨੇਤੀ। ਮੈਂ ਹਾਂ ਉਹ ਧਰਤੀ ਦਾ ਬੇਟਾ, ਜਿਸਦੇ ਵੀਰੇ, ਨ੍ਹੇਰੀ ਰਾਤ 'ਚ ਮੂੰਢਾ ਸਿੰਜਣ ਲੱਗੇ, ਸੌ ਸੱਪਾਂ ਦੀਆਂ ਸਿਰੀਆਂ ਨੱਪਣ। ਰਾਤ ਬਹੁਤ ਹੀ ਬੀਤ ਚੁਕੀ ਹੈ, ਐ ਦਿਲ, ਹੁਣ ਘਰ ਨੂੰ ਮੁੜ ਚਲੀਏ । ਅੰਬਰ-ਪੁੰਨਿਆਂ ਪੌਂਡ ਸ਼ਗਨ ਦਾ, ਯਾਦ ਦੀ ਪੁੰਨਿਆਂ ਫਨੀਅਰ ਕਾਲਾ, ਸੁਪਨ-ਪੁੰਨਿਆਂ ਨੀਂਦ ਵਿਗੁੱਤੀ, ਉਹਦੀ ਨੀਂਦਰ ਤਿੜਕ ਨ ਜਾਏ। ਉਂਝ ਤਾਂ ਇਹ ਇਕ ਵਹਿਮ ਪੁਰਾਣਾ, ਪਰ ਮੈਨੂੰ ਵਿਸ਼ਵਾਸ ਜੇਹਾ ਹੈ ‘ਸੱਚੀ ਯਾਦ ਨਿਰਾ ਨਿਸ਼ਤਰ ਹੈ'।

ਲੇਟ-ਨਾਈਟ

ਮਣ ਮਣ ਭਾਰੀਆਂ ਡਿੰਘਾਂ ਪੁੱਟਦਾ, ਜਦ ਕੱਲ੍ਹ ਰਾਤੀਂ ਘਰ ਨੂੰ ਮੁੜਿਆ। ‘ਚੱਕੀ' ਤੇ ਲੋਹੇ ਦਾ ਪੁਲ ਵੀ ਕਿਸੇ ਪੀੜ ਵਿਚ ਚੁਰਮੁਰ ਹੋਇਆ। ਐਮ. ਐਚ. ਬਿਲਡਿੰਗ ਦੈਤ ਵਾਂਗਰਾਂ ਮੂੰਹ-ਖੋਲ੍ਹੀਂ ਖਾਵਣ ਨੂੰ ਆਈ। ਅੰਬਰ ਤਾਰੇ ਅੱਖਾਂ ਦੇ ਵਿਚ ਭੰਬਰ ਤਾਰੇ ਬਣ ਬਣ ਨੱਚੇ। ਬਰਫਾਂ ਕੱਜੇ ਪੀਰ-ਪੰਜਾਲੋਂ ਵਾ ਦੇ ਬੁੱਲੇ, ਤਲਵਾਰਾਂ ਲੈ ਚੀਰਨ ਆਏ। ਪੁਲਸਰਾਤ ਦਾ ਬਿਖੜਾ ਪੈਂਡਾ ਹੀ ਨ ਮੁੱਕਣ ਦੇ ਵਿਚ ਆਇਆ। ਪਿੱਪਲ ਦੇ ਉੱਲੂ ਨੇ ਰੱਬ ਤੋਂ ਸ਼ਹਿਰ ਉਜਾੜੇ ਦੀ ਮੰਗ ਕੀਤੀ। ਮੋੜ ਵਾਲੇ ਘਰ ਬਿੱਲੀ ਰੋਈ ਜਿਉਂ ਕੋਈ ਵਿਧਵਾ ਵੈਣ-ਵਿਗੱਚੀ। ਕਾਲੇ ਸੋਗੀ ਵੇਸ ਚ ਲਿਪਟੇ ਘਰ ਨੇ ‘ਚੁੱਪ’ ਜੀਉ-ਆਇਆਂ ਆਖੀ। ਹਰ ਬੂਟੇ ਦੇ ਪਿੱਛੇ ਤੇਰਾ ਬੁੱਤ ਝਲਕਦਾ ਨਜ਼ਰੀਂ ਆਇਆ। ਤੇਰੇ ਬਿਨ ਇਸ ਸ਼ਹਿਰ 'ਚ ਯਾਰਾ, ਕੱਲ੍ਹ ਮੈਂ ਕਿਸ ਸੂਰਤ ਸਾਂ ਵੜਿਆ!

ਸੁਗੰਧੀ-ਪਰਵੇਸ਼

ਅੱਜ ਮੈਂ ਵਰ੍ਹਿਆਂ ਦੀ ਖ਼ਾਮੋਸ਼ੀ ਇਕ ਪਲ ਦੇ ਹੋਟਾਂ ਚੋਂ ਤੋੜੀ। ਤਖ਼ਤ-ਹਜ਼ਾਰੇ ਵੱਲ ਪਿੱਠ ਕਰਕੇ, ਫਿਰ ਮੈਂ ਝੰਗ ਸਿਆਲੀਂ ਆਇਆ। ਦੂਰ ਉਜਾੜੀ ਦਲਦਲ ਭੋਂ ਚੋਂ, ਮਸਾਂ ਮਸਾਂ ਬਚ ਨਿੱਕਲਿਆ ਹਾਂ। ਅੱਜ ਤੇਰੀ ਸਰਦਲ ਦੇ ਉੱਤੇ, ਪੈਰ ਝਾੜ ਕੇ ਪਰੇ ਵਗਾਹੀ, ਗਰਦ ਪੁਰਾਣੇ ਸਭ ਮੋਹਾਂ ਦੀ। ਇਕ ਬੇਤਾਬੀ ਪੈਰੀਂ ਕੰਬੀ, ਸੋਚ ਸੋਚ ਕੁਝ ਅੰਗ ਅਲਏ। ਸੋਚਾਂ ਦੇ ਸੂਹੇ ਅੰਬਰ ਤੋਂ, ਬਿਜਲੀ ਵਾਂਗ ਲਿਸ਼ਕਦੇ ਗੁਜ਼ਰੇ, ਸਹਿਮੇ ਹੋਏ ਮਾਸੂਮ ਇਰਾਦੇ। ਸ਼ਾਮ ਸੰਜੋਗਣ ਤੇਰੇ ਘਰ ਦੀ, ਅੱਜ ਮੈਨੂੰ ‘ਜੀਉ-ਆਇਆਂ' ਆਖੇ, ਟਹਿਕ ਪਿਆ ਹੈ ਆਸ ਦਾ ਚਿਹਰਾ। ਬੱਦਲ ਨੇ ਜਿਉਂ ਰੁਮਕ ਕੇ ਆਏ, ਚੇਤ ਦੀਆਂ ਲਵੀਆਂ ਕਣਕਾਂ ਤੇ। ਦਿਲੀ-ਨਿਮੰਤ੍ਰਣ ਵਰਗੀ, ਤੇਰੇ ਨੈਣੀਂ ਕਿਰਨ ਇਕ ਮੁਸਕਾਉਂਦੀ ਹੈ। ਤੇਜ਼ ਹੋ ਗਈ ਖੂੰਨ ਦੀ ਹਰਕਤ, ਇਕ ਧੌਂਕਣੀ ਸਾਹੀਂ ਚਲਦੀ, ਢਲ ਢਲ ਜਾਂਦੇ ਬੋਲੀਂ ਜਜ਼ਬੇ , ਮੂਕ ਜ਼ੁਬਾਂ ਖੁੱਲ੍ਹਣ ਲੱਗੀ ਹੈ। ਸਹਿਮ ਜੇਹਾ ਹੈ ਕਿ ਮੇਰਾ ਹੱਥ ਅੱਗੇ ਵੱਧ ਕੇ, ਕਿਤੇ ਹਵਾ ਵਿਚ ਲਰਜ਼ ਨ ਜਾਏ। ਆਪਣੇ ਘਰ ਦੇ ਇਸ ਕੋਨੇ ਚੋਂ, ਤੂੰ ਬਿਨ ਬੋਲੇ ਚਲੀ ਨ ਜਾੲਂੇ। ਤੇ ਫਿਰ ਧਰਤੀ, ਨਿੱਘਰ ਜਾਣ ਲਈ ਵੀ, ਪਾੜ ਨ ਦੇਵੇ। ਆਸ਼ਿਕ ਨੂੰ ਇਨਕਾਰ ਕਿਸੇ ਦਾ, ਚਹੁੰ-ਜੁੱਗਾਂ ਦਾ ਮਿਹਣਾ ਹੁੰਦਾ, ਧੁਰੋਂ ਮਿਲੀ ਫਿਟਕਾਰ ਦੇ ਵਾਂਗੂੰ। ਪਰ ਏਸ ਕ੍ਰਾਂਤੀ-ਕਾਰੀ ਪਲ ਵਿਚ, ਤੂੰ ਗੁੰਮ-ਸੁੰਮ ਤੇ ਸਾਹ-ਸਤ ਹੀਣੀ। ਜਿਉਂ ਕੋਈ ਥੱਕਾ ਟੁੱਟਾ ਪਾਂਧੀ, ਪੱਸਰ ਰਹੀਆਂ ਤਿਰਕਾਲਾਂ ਵੇਲੇ, ਵੱਧਦੇ ਇਕ ਝੱਖੜ ਨੂੰ ਦੇਖੇ ! ਤੂੰ ਕੀ ਸੋਚ ਕੇ ਸਾਂਭ ਲਿਆ ਹੈ। ਉੱਲਰਿਆ ਹੱਥ ਹਵਾ ਵਿਚ ਮੇਰਾ ? ਕਉਂ ਸਿਰ ਤੇਰਾ ਮੇਰੇ ਮੋਢੇ ਤੇ ਆ ਟਿਕਿਆ ? ਮੈਂ ਜੋ ਦਿਲ ਦੀ ਭਟਕਣ ਖਾਤਿਰ, ਕੋਈ ਟਿਕਾਅ ਲੱਭਣ ਆਇਆ ਸਾਂ ! ਅੱਜ ਮੈਂ ਵਰ੍ਹਿਆਂ ਦੀ ਖ਼ਾਮੋਸ਼ੀ ਇਕ ਪਲ ਦੇ ਹੋਟਾਂ ਚੋਂ ਤੋੜੀ।

ਗੁਮਸ਼ੁਦਗੀ

(1) ‘ਰਾਮ ਮੂਰਤੀ ਸਣ ਹੱਥਕੜੀਆਂ ਭੱਜ ਗਿਆ ਹੈ। ਪੁਲਿਸ ਆਖਦੀ ! ‘ਛਾਲ ਮਾਰ ਕੇ ਵਿੱਚ ਬਿਆਸੇ ਕੁੱਦ ਗਿਆ ਹੈ' ਕਹਿਣ ਆਈ. ਜੀ. ! ‘ਐਡੇ ਵੱਡੇ ਅਫ਼ਸਰ ਦੀ ਤਸਦੀਕ ਮਾਮੂਲੀ ਗੱਲ ਨਹੀਂ' ਸਰਕਾਰੀ ਬੋਲੀ ! 'ਨਕਸਲੀਆਂ ਬੰਗਾਲ ਪੰਜਾਬੇ ਅੱਤ ਚੁੱਕੀ' ਦਰਬਾਰੀ ਬੋਲੀ ‘ਬੂਝਾ ਸਿੰਘ ਤੇ ਰਾਮ ਮੂਰਤੀ* ਪੁਲਿਸ ਤਸ਼ੱਦਦ ਨੇ ਕੋਹੇ ਹਨ' ਲੋਕੀਂ ਆਖਣ ! 'ਪੁਲਿਸ ਸਿਆਸਤ ਭਾਈਵਾਲੀ ਕੋਈ ਚੰਗਾ ਸ਼ਗਨ ਨਹੀਂ' ਅਖ਼ਬਾਰਾਂ ਕੂਕਣ ! ‘ਦਹਿਸ਼ਤ-ਗਰਦੀ ਸਰਕਾਰਾਂ ਦਾ ਧਰਮ ਨਹੀਂ ਹੈ' ਧਰਮੀ ਸੋਚਣ ! ਧਰਮੀ, ਸ਼ਹਿਰੀ, ਬੁੱਧੀਜੀਵੀ, ਕੀ ਕੀ ਸੋਚਣ ? ਸਮਝ ਨ ਆਏ ! (2) ਜੋ ਸੱਪਾਂ ਨੂੰ ਦੁੱਧ ਚਾਰਦੇ, ਸੱਪ ਉਨ੍ਹਾਂ ਨੂੰ ਡੰਗ ਮਾਰਦੇ, ਮਰ ਚੁੱਕੇ ਨੇ ਕਈ ਮਾਂਦਰੀ। ਖੇਤੀਂ ਜਦ ਪੌਣਾਂ ਬੀਜੋਗੇ, ਉੱਗਣ 'ਵਾ-ਵਰੋਲੇ, ਝੱਖੜ । ਖੇਲ੍ਹ ਜੋ ਤਲਵਾਰਾਂ ਦਾ ਖੇਲ੍ਹਣ, ਅਪਣੀ ਗਰਦਨ ਬੋਚ ਕੇ ਰੱਖਣ। ਕੋਈ ਸਿਆਣਾ ਵਗਦੇ ਪਾਣੀ ਦੀ ਨੀਂਹ ਉੱਤੇ ਮਹਿਲ-ਉਸਾਰੀ ਦੇ ਨਕਸ਼ੇ ਨੂੰ ਰੋਜ਼ ਨਿਹਾਰੇ। ਕਿਸੇ ਨੇ ਕੰਧ ਉਸਾਰਨ ਖ਼ਾਤਿਰ, ਰੇਤ ਦਾ ਪਰਬਤ ਢੋ ਕੇ ਆਂਦਾ। ਪਲ ਛਿਣ ਅੰਦਰ ਖੁਰ ਭੁਰ ਜਾਵਣ ਮਹਿਲ, ਦੀਵਾਰਾਂ। ਕਿੰਗ ਕੈਨਿਊਟ ਨੇ ਸਾਗਰ ਕੰਢੇ, ਹੱਥ ਚੁੱਕ ਕੇ, ਲਹਿਰਾਂ ਨੂੰ, ਰੁੱਕ ਜਾਵਣ ਦਾ ਹੁਕਮ ਸੁਣਾਇਆ। ਪਰ, ਕਾਂਗ ਸਮੇਂ ਦੀ ਉੱਭਰ ਆਈ ਰਾਜਾ ਜੀ ਨੂੰ ਹੂੰਝ ਕੇ ਲੈ ਗਈ। ਰਾਜ ਤਾਜ ਨੂੰ ਧੁਰ ਅੰਦਰ ਦਾ ਖੌਫ਼ ਡਰਾਏ, ਕੀ ਰਾਮ ਮੂਰਤੀ, ਸਣ ਹੱਥਕੜੀਆਂ ਭੱਜ ਗਿਆ ਸੀ? *ਨਕਸਲੀ ਲਹਿਰ ਦੇ ਪੰਜਾਬੀ ਖਾੜਕੂ

ਅਰਜ਼ੋਈ

ਸੁਣ ਤੂੰ ਬਾਜ਼ਾਂ ਵਾਲਿਆ ! ਸੁਣ ਸਾਡੀ ਇੱਕ ਅਰਦਾਸ। ਕਿਉਂ ਬਿਪਰਨ ਰਾਹ ਤੇ ਤੁਰੇ ਹਾਂ ? ਸਾਡੇ ਬੰਜਰ ਕਿਉਂ ਅਹਿਸਾਸ ? ਅੰਮ੍ਰਿਤਸਰ ਨੂੰ ਚੱਲੀਏ, ਜਦ ਕਰਨ ਲਈ ਇਸ਼ਨਾਨ । ਕਿਉਂ ਅੰਮਿਤ ਆਏ ਰਾਸ ਨ ? ਸਾਡੇ ਅੰਗ ਅੰਗ ਕਿਉਂ ਸ਼ਰਮਾਣ ? ਕਦ ਕੁਰਬਾਨੀ ਰਾਹ ਤੇ ਅਸੀਂ ਘਰ ਤੋਂ ਤੁਰੇ ਨਿਰਾਸ ? ਪਰ ਖਿਦਰਾਣੇ ਢਾਬ ਤੇ, ਸਾਡੀ ਲਾਵਾਰਿਸ ਹੈ ਲਾਸ਼। ਜਦ ਕੁੱਪ-ਰਹੀੜੇ, ਖੈਬਰੀਂ, ਰਣ ਤੱਤਾ ਤੇ ਘਮਸਾਣ, ਅਸੀਂ ਕਦੋਂ ਸਿਸੀਫਸ ਬਣੇ ਨ, ਅਸੀਂ ਕਦ ਬੈਠੇ ਪਛਤਾਣ ? ਕਿਉਂ ਜਜ਼ਬੇ ਖੁੰਢੇ ਹੋ ਰਹੇ ? ਕਉਂ ਠਰਦੇ ਨੇ ਅਹਿਸਾਸ ? ਸਿਰ ਹਾਜ਼ਰ ਹੈ ਤਲੀ ਤੇ ਤੂੰ ਮੋੜ ਮੇਰਾ ਵਿਸ਼ਵਾਸ।

ਗ਼ਜ਼ਲ

ਇਹ ਸਰੀਰਾਂ ਦੀ ਜ਼ਮੀਂ ਤੋਂ ਇਕ ਸ਼ਿਕਾਇਤ ਨਹੀਂ ਹੁਣ, ਇਹ ਕਿਸੇ ਦੀ ਆਤਮਾ ਦਾ ਆਸਮਾਂ ਤੇ ਗਿਲਾ ਹੈ। ਬਿਜਲੀਆਂ ਦੇ ਦੌਰ ਵਿਚ ਵੀ ਫੁੱਲ ਖਿੜ ਸਕਦੇ ਸਦਾ, ਇਹ ਕਫ਼ਸ ਦੇ ਵਾਸੀਆਂ ਨੂੰ ਮਾਲੀਆਂ ਤੇ ਗਿਲਾ ਹੈ। ਤੂੰ ਕਹੈਂ, “ਤੂਫ਼ਾਨ ਵਿੱਚ ਲਹਿਰਾਂ ਵਸੀਲੇ ਮੇਲ ਦੇ,” ਜੋ ਕਿਨਾਰੀਂ ਡੋਬਦਾ ਉਸ ਬਾਦਬਾਂ ਤੇ ਗਿਲਾ ਹੈ। ਤੂੰ ਕਹੇਂ ਕਿ “ਮੌਤ ਤਾਂ ਆਖ਼ਿਰ ਵਸਲ ਦਾ ਮੀਲ ਹੈ,” ਪਰ ਕਬਰ ਦੇ ਫੁੱਲ ਨੂੰ ਵੀ ਤਾਂ ਖ਼ਿਜ਼ਾਂ ਤੇ ਗਿਲਾ ਹੈ। ਅਪਣੀ ਵਾਰੀ ਪੂਰਨਾ ਤਾਂ ਪੁੰਨਿਆਂ ਦਾ ਫਰਜ਼ ਹੈ, ਕਿਉਂ ਮਹੀਨੇ ਸਾਲ ਰਾਤਾਂ ਕਾਲੀਆਂ ਤੇ ਗਿਲਾ ਹੈ। ਕੰਡਿਆਂ ਦੀ ਦਾਬ ਵਿਚ ਹੀ ਫੁੱਲ ਨੇ ਖਿੜਦੇ ਸਦਾ, ਥੁੜ-ਦਿਲੀ ਇਕ ਕਲੀ ਨੂੰ ਬੱਸ ਮਾਲੀਆਂ ਤੇ ਗਿਲਾ ਹੈ। ਤੂੰ ਕਹੇਂ ਕਿ “ਸੱਚ, ਸੁੱਚਮ ਤੇ ਵਸਾਹ" ਹੀ ਸ਼ਰਤ ਹੈ, 'ਪਰ' ਉਮਰ ਭਰ ਦੇ ਹਿਜਰ ਦੀ ਇਕ ਦਾਸਤਾਂ ਤੇ ਗਿਲਾ ਹੈ। ਕਹੇਂ ਤੂੰ ਕਿ “ਹਾਰ ਜਰ ਲੈਣਾ ਇਸ਼ਕ ਦਾ ਧਰਮ ਹੈ,” ਸਾਨੂੰ ਸਬਰ ਦੀ ਹੱਦ ਦੇ ਇਸ ਇਮਤਿਹਾਂ ਤੇ ਗਿਲਾ ਹੈ। ‘ਚੀਖ਼’ ਤੇ ਤਾਂ ਰੂਪ ਨੂੰ ਸ਼ਿਕਵੇ ਸਦਾ ਹੀ ਰਹੇ ਨੇ, ਯਾਦ ਕਰ ਕਿ ਕਿਸੇ ਨੂੰ ਖ਼ਾਮੋਸ਼ੀਆਂ ਤੇ ਗਿਲਾ ਹੈ। ਇਹ ਤੇਰੀ ਨਾਰਾਜ਼ਗੀ, “ਕਿਉਂ ਨਸ਼ਰ ਹੈ ਮੇਰਾ ਜਨੂੰ?” ਪਰ ਜਨੂੰ ਨੂੰ ਹੋਸ਼ ਦੇ ਕਰੜੇ ਨਿਆਂ ਤੇ ਗਿਲਾ ਹੈ। ਜੋ ਮੇਰੇ ਮੱਥੇ ਤੇ ਕਾਲੇ ਲੇਖ ਆ ਕੇ ਵਾਹ ਗਈ, ਹਾਂ ਤੇਰੇ ‘ਜਸਮੇਰ’ ਨੂੰ ਉਸ ਪੁੰਨਿਆਂ ਤੇ ਗਿਲਾ ਹੈ।

ਗ਼ਜ਼ਲ

ਜਿਸ ਪੜਾ 'ਤੇ ਹਮਸਫ਼ਰ, ਪੈਰ ਤੇਰੇ ਰੁਕ ਗਏ। ਉਸ ਜਗ੍ਹਾ ਤੋਂ ਮੰਜ਼ਿਲਾਂ ਦੇ ਘਟ ਸਕੇ ਨ ਫ਼ਾਸਲੇ। ਉਹ ਸ਼ਮ੍ਹਾਂ ਦਾ ਰੂਪ ਸੀ ਜੋ ਪਾਸ ਅਪਣੇ ਲੈ ਗਿਆ, ਇਹ ਹੈ ਪਰਵਾਨੇ ਦੀ ਹੋਣੀ ਖੰਭ ਜਿਸ ਦੇ ਸੜ ਗਏ । ਕੋਲ ਤੇਰੇ ਗੁਲਬਦਨ, ਰੰਗ ਹੈ, ਖੁਸ਼ਬੋ ਵੀ ਹੈ, ਤੂੰ ਮੇਰੀ ਝੋਲੀ 'ਚ ਖਿੜ ਕੇ, ਬੁੱਕ ਸ਼ੁਅਲੇ ਪਾ ਦਿੱਤੇ। ਤੈਨੂੰ ਸੂਰਜ ਸਮਝ ਕੇ ਇਕ ਕਿਰਨ ਤੈਥੋਂ ਮੰਗ ਲਈ, ਤੂੰ ਮੇਰੇ ਮੱਥੇ ਤੇ ਕਾਲੇ ਲੇਖ ਕੀਵੇਂ ਉੱਕਰੇ? “ਓਸ ਪਲ" ਤੇਰਾ ਤਸੱਵਰ, ਨਜ਼ਰ ਵਿਚ ਗੁਲਸ਼ਨ ਖਿੜੇ, “ਏਸ ਪਲ" ਇਸ ਦਿਲ ਦੇ ਅੰਦਰ ਲੱਖ ਕੰਡੇ ਪੁੜ ਗਏ। ਮੇਰੀ ਦੁਨੀਆਂ ਤੇ ਕੇਹੀ ਅੱਜ ਘੋਰਦੀ ਬਦਲੋਟੜੀ, ਆਸਮਾਂ ਤੇ ਚੰਨ ਹੈ, ਧਰਤੀ ਤੇ ਨ੍ਹੇਰੇ ਪੱਸਰੇ। ਆਸ਼ਿਕ ਨਹੀਂ, ਕਾਇਰ ਹੈ ਜੋ, ਗਸ਼ ਖਾ ਅਚਾਨਕ ਗਿਰ ਪਏ, ਮੀਤ ਉਹ ਜੋ ਹੋਸ਼ ਖ਼ਾਤਿਰ ਸੂਲੀਆਂ ਤੇ ਚੜ੍ਹ ਜਾਏ। ਪਿਆਰ ਦਾ ਕੋਈ ਹਾਦਿਸਾ ਵੀ ਹਾਰ ਨ ਹਥਿਆਰ ਹੈ, ਮੈਂ ਦਿਲ ਚੋਂ ਕੰਡੇ ਚੁੱਗ ਲਏ, ਮੈਂ ਸਾਰੇ ਸ਼ੋਅਲੇ ਪੀ ਲਏ।

ਗ਼ਜ਼ਲ

ਨ ਗ਼ਮ 'ਚ ਕੋਈ ਦਮਕ ਹੈ, ਨ ਹੌਕਿਆਂ ਵਿਚ ਅਸਰ ਹੈ। ਇਹ ਨੇਰ੍ਹਿਆਂ ਦਾ ਫ਼ੈਜ਼ ਹੈ ਕਿ ਰੌਸ਼ਨੀ ਦੀ ਕਦਰ ਹੈ। ਧਰੂ ਤੋਂ ਵੀ ਪਾਰ ਦਾ ਤਾਰਾ ਅਸਾਡਾ ਮੀਤ ਹੈ, ਧਰਤੀ ਤੇ ਸਾਡੇ ਪੈਰ ਨੇ ਅਰਸ਼ਾਂ ਤੇ ਸਾਡੀ ਨਜ਼ਰ ਹੈ। ਉਮਰ ਵਾਲੀ ਸ਼ਾਖ ਜੰਮੇ ਫੁੱਲ ਕਾਲਾ ਮੌਤ ਦਾ, ਦੇਰ ਕਾਹਦੀ ਦੇਰ ਹੈ? ਇੰਨਾ ਕ ਸਾਨੂੰ ਸਬਰ ਹੈ! ਜੋ ਵਫ਼ਾ ਦੇ ਮੋੜ ਤੇ ਮਿਲਦਾ ਹੈ ਸਭ ਨੂੰ ਪਿਆਰ ਵਿਚ, ਉਸ ਹਾਦਿਸੇ ਦਾ ਖੌਫ਼ ਕੀ? ਸਾਨੂੰ ਉਹਦੀ ਵੀ ਖ਼ਬਰ ਹੈ। ਕੁਝ ਸਮਾਂ ਪਾ ਕੇ ਜਿਸਮ ਦੀ ਟਾਹਣ ਬੰਜਰ ਹੋ ਜਾਏ, ਸਾਂਭ ਲੈ ਇਸਨੂੰ ਜੁਆਨੀ ਹੈ, ਇਹ ਲਿਫਦੀ ਲਗਰ ਹੈ। ਰਸਤੇ ਕਦੇ ਨ ਸਾਂਭਦੇ ਕੋਈ ਪੈੜ ਵੀ ਰਾਹਗੀਰ ਦੀ, ‘ਮੁਮਤਾਜ਼' ਲਈ ਤਾਂ ਤਾਜ ਹੈ ਪਰ ਕਬਰ ਆਖ਼ਿਰ ਕਬਰ ਹੈ। ਸਾਹਾਂ ਦੀ ਖੁਸ਼ਬੂ ਗੁੰਮ ਗਈ, ਅੰਗਾਂ ਦੀ ਹਰਕਤ ਹਿੱਸ ਗਈ, ਓ ਨਜ਼ਰ ਦੇ ਸੂਰਜਾ ! ਕਿੱਥੇ ਕੁ ਤੇਰੀ ਫਜਰ ਹੈ?

ਗ਼ਜ਼ਲ

“ਕਿਸ ਨਜ਼ਰ ਦਾ ਨੂਰ ਹਾਂ ਮੈਂ, ਕਿਸ ਦਿਲੇ ਕਰਾਰ ਹਾਂ?" * ਤਨ ਤੇ ਮਨ ਅਗਨ ਭਰੀ, ਮੈਂ ਜਲ ਰਿਹਾ ਚਿਨਾਰ ਹਾਂ। ਦੂਸਰੇ ਦੇ ਆਲ੍ਹਣੇ ਨੂੰ, ਘਰ ਮੇਰਾ ਕਹੀ ਗਿਆ, ਮੈਂ ਬਾਗ਼ਬਾਂ ਦੇ ਤਰਸ ਦਾ ਬੁਰੀ ਤਰ੍ਹਾਂ ਸ਼ਿਕਾਰ ਹਾਂ। ਏਸ ਨੂੰ ਸਜਾਉਣ ਦਾ ਕਰੇ ਕੋਈ ਖ਼ਿਆਲ ਕਿਉਂ? ਜਲ ਰਿਹਾ ਮਕਾਨ ਹਾਂ, ਮੈਂ ਗਿਰ ਰਹੀ ਦੀਵਾਰ ਹਾਂ। ਸੋਜ਼ ਮੇਰੀ ਕੈਫ਼ੀਅਤ ਤੇ ਤੜਪਣਾ ਮੇਰਾ ਸੁਭਾਅ, ਮੈਂ ਜ਼ਿੰਦਗੀ ਦੇ ਕਾਲਜੇ 'ਚ ਸੁਲਘਦਾ ਸ਼ਰਾਰ ਹਾਂ। (*ਬਹਾਦੁਰ ਸ਼ਾਹ 'ਜ਼ਫ਼ਰ')

ਗ਼ਜ਼ਲ

ਅਗਲੀ ਰੁੱਤੇ ਫੁੱਲ ਜੇ ਖਿੜਨੇ ਹੋਏ ਤਾਂ ਕਿੰਜ ਖਿੜਨਗੇ? ਏਸ ਮਹਿਫ਼ਿਲ ਜਾਮ ਜੇ ਸਾਬਤ ਰਹੇ ਤਾਂ ਕਿੰਜ ਭਿੜਨਗੇ? ਤੁਰ ਕੇ ਕੂਲੇ ਰਸਤਿਆਂ ਤੇ ਪੈਰ ਜੋ ਅਲਸਾ ਗਏ, ਫੇਰ ਔਝੜ ਡੰਡੀਆਂ ਤੇ ਪੁਲਮ ਦੇ ਕੀਵੇਂ ਤੁਰਨਗੇ? ਉਮਰ ਤੋਂ ਜੋ ਜ਼ਖ਼ਮ ਪਾਏ ਉਹ ਸਮੇਂ ਨੇ ਮੇਲ ਦਿੱਤੇ, ਸਮੇਂ ਤੋਂ ਸੱਜਰੇ ਮਿਲੇ ਜੋ ਜ਼ਖ਼ਮ ਉਹ ਕੀਵੇਂ ਭਰਨਗੇ? ਚਿਰ ਵਿਛੁੰਨੇ ਮੀਤ ਨੂੰ ਤਾਂ ਪ੍ਰੀਤ ਹਿੱਕ ਉੱਤੇ ਬਿਠਾਂਦੀ, ਰੋਜ਼ ਦੇ ਮਹਿਮਾਨ ਦਾ ਨਿੱਤ ਯਾਰ ਆਦਰ ਕੀ ਕਰਨਗੇ? ਜਦ ਬਹਾਰਾਂ ਚੋਂ ਰੁਮਕਦੇ ਸਾਂ ਤਾਂ ਖ਼ੁਸ਼ਬੂ ਰਕਸ ਕਰਦੀ ਸੀ, ਹੁਣ ਖ਼ਿਜ਼ਾਂ ਜਰ ਕੇ ਮੁੜੇ ਹਾਂ, ਘਰ 'ਚ ਕੰਡੇ ਹੀ ਚੁਭਣਗੇ।

ਗ਼ਜ਼ਲ

ਕਹਿਰ ਵਿਚ ਲਗਦਾ ਹੈ ਆਇਆ ਆਸਮਾਂ, ਸ਼ੈਦ ਹੋਵੇਗਾ ਨਵਾਂ ਕੋਈ ਇਮਤਿਹਾਂ। ਮੈਂ ਜਿਦ੍ਹੇ ਵੱਲ ਦੂਰ ਤੋਂ ਉਡ ਕੇ ਗਿਆ, ਦੇਖਿਆ ਤਾਂ ਜਲ ਰਿਹਾ ਸੀ ਆਸ਼ੀਆਂ। ਮੈਂ ਨਵੇਂ ਘਰ ਦੀ ਉਸਾਰੀ ਕਰ ਲਈ, ਕੀ ਅਜੇ ਤੱਕ ਸੌਂ ਰਹੀਆਂ ਨੇ ਬਿਜਲੀਆਂ? ਓਸ ਬੁਤ ਨੂੰ ਬੇਵਫ਼ਾ ਆਖਣ ਤੋਂ ਪਹਿਲਾਂ, ਕਾਸ਼ ਸੜ ਜਾਂਦੀ ਮੇਰੀ ਜ਼ਾਲਿਮ ਜ਼ੁਬਾਂ । (ਨਾਸਿਰ ਕਾਜ਼ਮੀ ਦੀ ਗ਼ਜ਼ਲ ਤੇ ਆਧਾਰਿਤ)

1999 ਈਸਵੀ ਦੀ ਵੈਸਾਖੀ

ਖਾਲਸਾ ਮੇਰੋ ਰੂਪ ਹੈ ਖਾਸ। ਖਾਲਸੇ ਮਹਿ ਹਉ ਕਰੋ ਨਿਵਾਸ। -ਸਰਬ ਲੋਹ ਗ੍ਰੰਥ ਖ਼ਾਲਸੇ ਦਾ ਰੂਪ-ਧਾਰੀ ਬੰਦਿਆ ! ਕਿਸ ਹਨੇਰੇ ਕੂਪ ਖੂਹ ਵਿਚ ਤੂੰ ਲੁਕਾ ਕੇ ਰੱਖਿਆ ਰੋਹ ਦਾ ਤੁਫ਼ਾਨ? ਕਿਸ ਬਰੇਤੇ ਜਜ਼ਬ ਹੋਏ ਨੇ ਅੰਮ੍ਰਿਤ ਦੇ ਸੈਲਾਬ? ਕਿਹੜੀ ਸਰਕਸ ਤੋਂ ਚੁਰਾਈ ਗਿੱਦੜ ਦੀ ਖੱਲ ? ਰੀਝ ਦਾ ਦਾਮਨ ਤੇਰਾ ਕਿੰਨਾ ਵਿਸ਼ਾਲ ? ਮੁਕਤ ਭੈ ਤੋਂ ਅਜੇ ਵੀ ਤੇਰੇ ਸੁਆਸ ? ਸੀਸ ਧਰ ਕੇ ਤਲੀ ਤੇ ਫਿਰ ਮੇਰੇ ਦਰ ਤੇ ਆਏਂਗਾ ? ਛੱਡ ਦਿੱਤੇ ਹਨ ਕਿ ਨਾਂਹ ਬੇਦਾਅਵੇ ਲਿੱਖਣ ਵਾਲੇ ਸਭੇ ਅਰਜ਼ੀ ਨਵੀਸ ? ਬਣ ਸਕੇਂਗਾ ਸੰਗਤਾਂ ਦੀ ਰੇਣੁਕਾ ? ਸੂਚ ਤਨ-ਮਨ ਕਰ ਤੁਸੀਂ ਆਨੰਦ ਪੁਰ ! ਛੱਡ ਦੇਈਂ ਲੁਪਤ, ਪਰਗਟ ਲਾਲਸਾ। ਅਰਦਾਸ ਵਿਚ ਵਿਸ਼ਵਾਸ, ਭਰਵਾਸਾ, ਸਿਦਕ, ਬੇਝਿਜਕ ਐਲਾਨ ਕਰ ਏਧਰ ਤੁਰੀਂ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਤਜ ਕੇ ਤੁਰੀਂ। ਗੱਜ ਕੇ ਆਖੀਂ, ਕਿ ਹੁਣ- “ਕੋਈ ਆਕੀ ਨ ਰਹੇ। ਹੁਣ ਹਲੇਮੀ ਰਾਜ ਹੋ ਕੇ ਰਹੇਗਾ।” ਤੇ ਤੇਰਾ ਹੈ ਯੁੱਧ ਬੋਲਾ - “ਜੋ ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।"

ਪੱਤਝੜ ਦਾ ਸ਼ਾਇਰ

ਬਹਾਰਾਂ ਵਾਲਿਓ ! ਮੈਂ ਹੁਣ ਪੱਤਝੜ ਦਾ ਸ਼ਾਇਰ ਹਾਂ। ਪੀਰੇ -ਮੈਕਦਾ ! ਮੈਂ ਮੋਮਿਨ ਹਾਂ। ਮੀਰੇ -ਰਾਹਜ਼ਨਾਂ ! ਮੇਰੀ ਜੇਬ ਖਾਲੀ ਹੈ। ਮੇਰੀ ਮਾਲਾ ਦੇ । ਮੋਤੀ ਬਿੱਖਰ ਗਏ, ਕੁਝ ਗਲੀ ਦੇ ਮੁੰਡਿਆਂ ਨੇ ਬੋਚ ਲਏ, ਕੁਝ ਨਾਲੀ 'ਚ ਗੁਲ ਹੋ ਗਏ, ਕੁਝ ਭੁੱਬਲ 'ਚ ਖੋ ਗਏ। ਪੰਖੇਰੂਆਂ 'ਚ ਸ਼ਾਮਿਲ ਨੇ ਮੌਰਾਂ ਤੇ ਖੰਭ ਉੱਗੇ ਹਨ, ਉਡਾਰੀ ਦੇ ਜੋਸ਼ ਤੋਂ ਸੱਖਣੇ? ਜਾਂ ਕਿ ਪੰਛੀ ਉੱਡਣਾ ਭੁੱਲ ਗਏ ਨੇ ! ਹੀਰ ਲਾਵਾਂ ਦੇ ਸੂਟ ਦੇ ਕਫ਼ਨ ਵਿਚ ਲਿਪਟੀ ਤੁਰੀ ਫਿਰਦੀ ਹੈ। ਪਲਾਸਟਿਕ ਮੁਸਕਾਣ ਬੁੱਲਾਂ ਤੇ ਸਜਾ ਨਾਟਕ ਰਚੇ, ਤੇ ਰਾਂਝਾ ਬੇਪਛਾਣ ਲਾਸ਼ਾਂ 'ਚ ਸੜੇ ਮੁੰਡਿਆਂ ਵਿਚ ਗੁਆਚਾ ਅੰਕੜਾ। ਬਰਾਤੀਆਂ ਦੇ ਪਿੱਤਲੀਏ ਵਾਜੇ ਦੀਆਂ ਧੁਨਾਂ ਚੋਂ ਸੁਰਾਂ ਗਾਇਬ ਹਨ। ਕਾਗਜ਼ ਦੇ ਫੁੱਲ ਘਰ ਦੀ ਖਿੜਕੀ ਦੀ ਨੁਮਾਇਸ਼, ਕਫ਼ਨ ਤੇ ਰੱਖੀ ਖੁਸ਼ਕ ਫੁੱਲ ਮਾਲਾ, ਕਾਗਜ਼ੀ ਬੁੱਕੇ, ਕਾਗਜ਼ੀ ਗੁਲਦਸਤੇ, ਗੁਰ-ਸਰੂਪ ਦੀ ਭੇਟਾ ਵੀ ਕਾਗ਼ਜ਼ੀ ਜ਼ੀਨਤ। ਚਾਰ ਚੁਫੇਰੇ, ਬਹਾਰ ਦਾ ਪੈਨਟੋਮਾਇਮ ! ਪਰ ਪਤੱਝੜਾਂ ਪਿੱਛੋਂ ਵੀ ਆਏਗਾ ਕੋਈ ਦੂਸਰਾ ਮੌਸਮ । ਇਸ ਘੜੀ ਮੈਂ, ਜੋ ਅਸਲੀਅਤ ਦਾ ਸ਼ਾਇਰ ਹਾਂ, ਪੱਤਝੜਾਂ ਦਾ ਰਕਸ ਦੇਖਾਂਗਾ।

ਇੱਕ ਰਾਤ

ਉਮਰਾ ਜਿਸ ਦੀ ਭਾਲ 'ਚ ਬੀਤੀ, ਓਹੋ ਰਾਤ, ਸੁੰਨਸਾਨ ਜੇਹੀ ਹੈ। ਅੱਜ ਰਾਤ ਨੇ ਗਹਿਰੇ ਸਾਏ । ਹੁਣ ਜਾਗਣ ਨੂੰ ਜੀਅ ਨੀਂ ਕਰਦਾ, ਅੱਜ ਰਾਤ ਦਿਲ ਬੁਝ ਚੁੱਕਾ ਹੈ ਅੱਜ ਰਾਤ ਕਿਉਂ ਨੀਂਦਰ ਆਏ ? “ਅੰਬਰ ਸੱਪ ਕੌਡੀਆਂ ਵਾਲਾ" ਢੇਰ ਚਿਰਾਂ ਦਾ ਜ਼ਖ਼ਮ ਪੁਰਾਣਾ, ਮਾਰ ਫੁੰਕਾਰਾ ਡੰਗ ਗਿਆ ਹੈ, ਮੁੜ ਮੁੜ ਦਾਮਨਿ ਚਮਕ ਡਰਾਏ। ਅੱਜ ਰਾਤ ਕਿੰਝ ਨੀਂਦਰ ਆਏ ? ਅੱਜ ਰਾਤ ਇਹ ਚਾਨਣ ਹੋਇਆ, ਭੁੱਖਿਆਂ ਭੁੱਖ ਕਦੇ ਨ ਉਤਰੇ, ਸਾਗਰ ਜਜ਼ਬ ਕਰਨ ਪਿੱਛੋਂ ਵੀ, ਲੋਕੀਂ ਰੱਖਣ ਬੁੱਲ੍ਹ ਤਿਹਾਏ । ਅੱਜ ਕਿਸਨੂੰ ਫਿਰ ਨੀਂਦਰ ਆਏ ? ਅੱਜ ਰਾਤ ਕੁਝ ਅਜਬ ਜੇਹੀ ਹੈ, ਸਾਕ ਸਮੀਕਰਣ ਬਦਲੇ ਬਦਲੇ, ਅੱਜ ਰਾਤ ਮੇਰੇ ਆਪਣਿਆਂ ਨੂੰ, ਹੋਰ ਆਪਣੇ ਯਾਦ ਨੇ ਆਏ, ਅੱਜ ਰਾਤ ਨ ਨੀਂਦਰ ਆਏ।

ਅਰਦਾਸ

ਨਵੀਂ ਡਗਰ ਤੇ ਹੈ ਹੁਣ ਜ਼ਿੰਦਗੀ ਦਾ ਸਫ਼ਰ। ਪਹੁ-ਫੁਟਾਲੇ ਦੀ ਸੂਹੀ ਬਰਾਤ, ਤੇ ਸੋਗਵਾਰਾਂ ਦੀ ਸੁਰਮਈ ਸੈਨਾ ਵਿਚਾਲੇ ਹੁਸਨੋ-ਇਸ਼ਕ ਦੀ 'ਉਠਾਲਾ’ ਰਸਮ। ‘ਗਾਜ਼ੀ’ ਤੇ ‘ਪ੍ਰਿਥਵੀ ਅਗਨਿ-ਬਾਣ ਮੇਰੇ ਸਿਰ ਤੋਂ ਸ਼ੂਕਦੇ ਗੁਜ਼ਰੇ। ਮੁੰਨਾ-ਭਾਓ ਤੇ ਜੈਸਲਮੇਰ ਵਿਚਾਲੇ, ਜੁਆਲਾਮੁਖੀ ਦੀ ਐਟਮੀ ਥਰਥੱਰਾਹਟ, ਚਗਾਈ ਪਰਬਤੀਂ ਉਹਦੀ ਪ੍ਰਤਿਧੁਨੀ। ਕਾਲਿੰਦਰੀ, ਹਿਮਾਲਾ ਦੀ ਅੰਮ੍ਰਿਤਧਾਰਾ ਹੋਈ ਦਿੱਲੀ ਦਾ ਗੰਦਾ ਨਾਲਾ, ਗੰਗੋਤਰੀ ਦਾ ਆਬੇ ਹਯਾਤ ਹੁਗਲੀ ਵਿੱਚ ਤੇਜ਼ਾਬ ਦਾ ਸਾਗਰ। ਕੈਮਰਿਆਂ ਵਿੱਚ ਕੈਦ, ਜਾਂ ਕੈਨਵਸਾਂ ਤੇ ਲਟਕਦੇ ਸੁੰਦਰ ਫੁੱਲ, ਬੂਟੇ, ਦਰਖ਼ਤ। ਜਮਨਾ ਤੱਟ ਤੇ ਗੋਪੀਆਂ ਦੀ ਥਾਂ ਬਾਲ - ਵਿਧਵਾਵਾਂ ਨੂੰ ਖੁੱਲ੍ਹੀ ਉਮਰ ਕੈਦ। ਪਬਲਿਸਿਟੀ ਇਸ਼ਤਿਹਾਰਾਂ 'ਚ ਨਗਨ ਨੁਮਾਇਸ਼ ਲਈ 'ਦੇਵੀਆਂ' ਦੀ ਬਿਹਬਲ ਦੌੜ। ਰੋਜ਼ ਟੀ. ਵੀ. 'ਤੇ ਦਰੋਪਦੀ ਦਾ ਚੀਰ-ਹਰਣ। ਬਾਲ ਵੇਸਵਾਵਾਂ ਦਾ ਉਮਡਦਾ ਸਾਗਰ। ਸੇਜ ਦੀ ਪਾਕੀਜ਼ਗੀ ਵੱਲ ਸਰਕਦੇ ਏਡਜ਼ ਦੇ ਜਰਾਸੀਮ। ਆਰੀਆਵਰਤ ਦੇ ਚਾਲ੍ਹੀ ਕਰੋੜ ਖੁੱਲ੍ਹੇ ਆਸਮਾਨ ਹੇਠ ਭੁੱਖੇ ਵਸਦੇ। ਦੁਰਗੰਧ ਪਿੰਡ ਦੀ ਫਿਰਨੀ ਤੇ, ਕਸ਼ੀਦੇ ਵਾਲੇ ਰੁਮਾਲ ਨਾਲ ਨੱਕ ਢੱਕ ਕੇ ਤੁਰੇ ਆਸ਼ਿਕ ਸ਼ਾਇਰ। ਖੋ ਗਈ ਪੰਜਾਬੀਅਤ ਪੰਜਾਬ ਚੋਂ, ਯੋਰਪ, ਅਮਰੀਕਾ ਵਿੱਚ ਸਰਗਰਮ ਪੰਜਾਬੀਅਤ ਦੀ ਤਲਾਸ਼। ਸਿੱਖ ਸਿੱਖਾਂ 'ਚੋਂ ਸਿੱਖੀ ਨੂੰ ਢੂੰਡਦੇ ਫਿਰਦੇ। ਖੋ ਚੁਕੇ ਹਾਂ ਡਗਰ, ਸੰਤੁਲਨ ਦੀ ਤਲਾਸ਼ ਵਿਚ ਭਟਕੇ । ਰੀਝ ਜੀਵਨ ਦੀ ਹੈ ਕੁਝ ਸੋਚ ਦਾ ਅਹਿਸਾਸ ਹੈ। ਮਾਨਵ ਰਿਦੇ ਦੇ ਦੇਵ ਤੋਂ ਕੋਈ ਆਸ ਹੈ। ਸਿੱਖ ਦੀ ਅਰਦਾਸ ਦਾ ਧਰਵਾਸ ਹੈ।

ਪੁਨੀਤ ਦਾ ਜਨਮ ਦਿਨ

‘‘ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ" - ਗੁਰੂ ਨਾਨਕ ਦੇਵ ਸੁਲਗਦੇ ਸੀ ਦਿਨ ਅਕਾਰਥ, ਹੋਈ ਸੀ ਹਰ ਰਾਤ ਬੰਜਰ, ਟਾਹਣ ਉਮਰਾ ਦੀ ਕਟੀ, ਲਰਜ਼ਦੇ ਅੰਬਰ ਤੋਂ ਖੰਜਰ। ਧਨ ਨਹੀਂ, ਸੁਖ ਮਨ ਨਹੀਂ, ਮੰਦਰ ਛੁਟੇ, ਛਾਂ ਸਿਰ ਤੋਂ ਹਟੀ, ਭਟਕਦੇ ਪਗ ਵਾਹਣ ਮ੍ਰਿਗਛਲ, ਨਿਰਬੂੰਦ ਬੁੱਲ੍ਹ, ਆਸ਼ਾ ਤੁਟੀ। ਹੋਣੀ ਦਾ ਕੋਪ, ਵੈਰੀ ਦਾ ਰੋਹ, ਤਨ ਦੀ ਲੱਜਾ, ਮਨ ਵਿਦੇਸੀ ਹੋ ਰਿਹਾ। ਵੈਦ ਦੀ ਉਂਗਲ ਸੀ ਘਾਤਕ, ਮਾਨਵੀ ਅੱਖ ਦਾ, ਤਰਸ ਵੀ ਕੋਹ ਰਿਹਾ। ਸੂਰਜ-ਕਿਰਨ ਹਰ ਅਗਨ ਬਾਣ, ਤਨ ਵਿੰਨ੍ਹ ਮਨ ਕੋਂਹਦੀ ਰਹੀ ਨਾਗ-ਵਣ ਦੀ ਭੂਤ ਨਗਰੀ, ਵਾਯੂ ਵਿਲਕ ਰੋਂਦੀ ਰਹੀ। ਮਾਛੀਵਾੜੇ ਦਾ ਮੁਸਾਫ਼ਿਰ, ਤਜ ਕੇ ਆਇਆ ਸੀ ਅਟਾਰੀ, ਕੇਸਗੜ੍ਹ, ਸੀ ਰੋਕਦੀ ਸਰਸੇ ਦੀ ਛਲ, ਨੈਣੋ ਵਰ੍ਹੇ ਕੀਰਤਪੁਰੀ, ਆਨੰਦਗੜ੍ਹ। ਕੰਧ ਸਰਹੰਦੀ ਦਿਸੇ ਪਾਵਨ-ਪਵਿੱਤ, ਲਟ ਲਟ ਜਗੇ, ਚਮਕੌਰ ਦੀ ਨੂਰੀ ਸਿਖ਼ਰ। ਆਯੋਧਨ, ਕਤਲ-ਸਰ ਦੂਜਿਆਂ, ਸਾਡੇ ਲਈ ਸਦ ਮੁਕਤਸਰ। ਸੌ ਕੁਹਾੜੇ ਖਪ ਗਏ, ਪੇੜ ਠਾਢੋ, ਨਵ ਕੌਂਪਲਾਂ ਦਾ ਸ਼ੋਰ ਹੈ। “ਰਾਤ ਮੁੱਕੇਗੀ", ਨਿਸ਼ਾਚਰ ਬਦਹਵਾਸ, ਉੱਚ ਹਿਮਾਲਾ ਤੇ ਉਸ਼ਾ ਦਾ ਸ਼ੋਰ ਹੈ। ਚੰਨ ਦਾ ਮੁਖੜਾ ਸਰੋਵਰ ’ਤੇ ਤਰੇ, ਰੁਮਕ ਪੌਣਾਂ ਥਰਕਦਾ ਤੇਰਾ ਖ਼ਿਆਲ, ਹੰਝੁ ਸੁੱਕੀ ਅੱਖ ਥੀਂ, ਕਮਲ ਉਪਜਾਉਂਦਾ ਮੁਸਕਰਾਉਂਦਾ ਮਹਿਕਦਾ ਤੇਰਾ ਖ਼ਿਆਲ। ਹਾਰ ਹੁੱਟੇ ਮੂਰਛਤ ਨੂੰ, ਹੰਭ ਮੁੱਕੇ ਭਾਂਜ ਖਾਧੇ ਜੀਵ ਨੂੰ, ਸੰਜੀਵਨੀ ਸਮ ਜਿੰਦ ਪਾਉਂਦਾ, ਚੜ੍ਹਦੀ ਕਲਾ ਨੂੰ ਧਿਆਉਂਦਾ ਤੇਰਾ ਖ਼ਿਆਲ। ਅੱਜ ਹੈ ‘ਪਹਿਲੀ ਅਗਸਤ', “ਖ਼ੁਸ਼ ਰਹੋ !” ਕਹਿ, ਗੁਣਗੁਣਾਉਂਦਾ ਤੇਰਾ ਖ਼ਿਆਲ। ਈਦ, ਦੀਵਾਲੀ, ਕ੍ਰਿਸਮਿਸ, ਬੁੱਧ-ਪੂਨਮ ਹੈ ਇਹੋ। ਸਾਉਣ! ਸਾਨੂੰ ਭਾਉਂਦਾ ਤੇਰਾ ਖ਼ਿਆਲ। ਮਿਲਟਰੀ ਹਸਪਤਾਲ, ਪੂਨਾ 1 ਅਗਸਤ, 1992

ਮੇਰੀ ਧਰਤੀ-ਮੇਰੇ ਲੋਕ

ਮੇਰੇ ਲੋਕਾਂ ਨੂੰ- ਸੱਚ ਨਾਲ ਮੋਹ ਨਹੀਂ। ਕਪਟ ਵਿਰੁੱਧ ਰੋਹ ਨਹੀਂ। ਇਤਿਹਾਸ ਦੀ ਆਦਤ ਨਹੀਂ। ਮਿਥਿਹਾਸ ਦੀ ਹੈ ਲਾਲਸਾ। ਕਹਿੰਦੇ ਨੇ - ‘ਤਾਜ ਮੰਦਰ ਸੀ', ‘ਕੁਤਬ ਲਾਠ, ਛੱਤਰੀ-ਗਰਵ ਦਾ ਸ਼ਿਵ ਲਿੰਗ ਹੈ', ‘ਰਾਈਟ ਭਰਾਵਾਂ ਨੇ ਉੜਨ ਖਟੋਲੇ ਦੀ ਨਕਲ ਕੀਤੀ ਹੈ', ‘ਮਿਜ਼ਾਈਲੀ - ਬੰਬ ਸਨ ਅਰਜੁਣ ਦੇ ਅਗਨਿ ਬਾਣ' । ਬੁੜਬੁੜਾ ਰਹੇ ਨੇ ਸੁਪਨਿਆਂ ਦੇ ਸੌਦਾਗਰ। ਅਜੰਤਾ, ਐਲੋਰਾ ਦੀ ਸਮਝ ਨਹੀਂ, ਯਾਦ ਨਹੀਂ ਕੁਰੁਖੇਤਰ 'ਚ ਅਰਜਣ ਨੂੰ ਵੰਗਾਰ, ਬੇਈਂ ਕੰਢੇ ਸਾਖਸ਼ਾਤ ਖ਼ੁਦਾ ਦੀ ਸੂਰਤ ਅਸ਼ੋਕ ਦੇ ਸ਼ਿਲਾਲੇਖ, ਪੱਥਰੀਲੇ ਗੁਲਾਬ, ਪੱਤਝੜ ਦੇ ਸਿਤਮ ਤੋਂ ਬੇਨਿਆਜ਼। ਸਾਗਰ ਚੋਂ ਉੱਲਰੀ ਮਹਾਂਬਲੀਪੁਰਮ ਦੀ ਗੰਦਮੀ ਮੂਰਤਿ। ਵਿੱਸਰਿਆ ਗੌਤਮ ਲੁੰਬਿਨੀ ਦਾ, ਨੈਪਾਲ ਦਾ ਨਾਨਕ। ਭੁੱਲ ਗਏ ਦਸ਼ਮੇਸ਼, ਮਹਾਂਵੀਰ ਦੀ ਗੱਲ। ਚੜ੍ਹਿਆ ਮੇਰੇ ਲੋਕਾਂ ਨੂੰ ਐਟਮੀ ਸੁੱਖੇ ਦਾ ਝੱਲ। ਪੋਖਰਨ ਤੋਂ ਹੱਸਦੇ ਆਂਦੇ ਨੇ। ਦਲਦਲਾਂ ਵਿਚ ਧਸਦੇ ਜਾਂਦੇ ਨੇ। ਅੱਜ ਮੰਚਨ ਵਾਸਤੇ ਗਾਂਧੀ ਸਿਰਫ਼ ਮਕਤੂਲ ਹੈ। ਗੌਡਸੇ ਹੀ ਹੁਣ ਸਥਾਪਿਤ ਵਰਗ ਵਿਚ ਮਕਬੂਲ ਹੈ। ਸਤਿਗੁਰੂ ਸੁਮੱਤ ਬਖਸੀਂ ਮੇਰੇ ਲੋਕਾਂ ਨੂੰ !

ਲਾਪਤਾ

ਮਾਰਚ ਸਤ੍ਹਰਾਂ ਆਇਆ, ਆ ਕੇ ਗੁਜ਼ਰ ਗਿਆ। ਲੋਕੋ ! ਮੀਤ ਪਿਆਰਾ, ਮੇਰਾ ਕਿੱਧਰ ਗਿਆ? ਜਗਮਗ ਚਾਨਣ ਹੋਸੀ ਮੇਰੀ ਪੁੰਨੀ ਵਿੱਚ, ਕੀ ਹੋਇਆ ਜੇ ਤੇਰੇ ਰੂਪ ਦਾ ਦਰਿਆ ਉਤਰ ਗਿਆ। ਹੀਰੇ ਵਰਗਾ ਪੱਕਾ ਜਿਗਰਾ ਜਿਹਦਾ ਸੀ, ਪਲ ਵਿਚ ਚੀਣਾ ਚੀਣਾ ਹੋ ਕੇ ਬਿਖਰ ਗਿਆ। ਲੁੱਕਣ-ਮੀਟੀ ਸਾਡੀ ਅਜ਼ਲੋਂ ਮਿੱਥੀ ਹੈ, ਚੰਨ ਚਮਕਿਆ ਤਾਂ ਸੂਰਜ ਸੀ ਨਿਘਰ ਗਿਆ। ਜੰਗ ਜੂਝ ਕੇ ਸਾਹ ਲੈਣ ਲਈ ਬੈਠੇ ਸਾਂ, ਵੈਰੀ ਹੱਸਣ “ਦੇਖੋ ਮੂਰਾ ਸੁਧਰ ਗਿਆ"। ਕੱਚੇ ਤੇ ਵੀ ਬੋਲ ਨਿਭਾਇਆ ਸੁਹਣੀ ਨੇ, ਜਟ ਯਮ੍ਹਲਾ ਕੰਢੇ ਤੇ ਬੈਠਾ ਮੁਕਰ ਗਿਆ। ਨਿਸ ਦਿਨ ਏਥੇ ਨੀਂਦ ਨਹੀਂ ਉਹ ਆਉਂਦੀ ਹੈ, ਕਿਹੜੀ ਤੋਰੇ ਦੇਖੋ ਸਾਡਾ ਹਿਜਰ ਗਿਆ ! ਖੇਤੀ ਵਾਹਣੀ ਸ਼ੇਅਰ ਕੁਕਦਾ ਫਿਰਦਾ ਸੀ। ਚੁੱਪ ਚੁਪੀਤੇ ‘ਬਾਲਾ' ਕਿੱਥੇ ਗੁਜ਼ਰ ਗਿਆ ?

ਸਫ਼ੀਰ

(ਅਨਾਹਤ ਨੂੰ) “ ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ।” - ਗੁਰੂ ਨਾਨਕ ਦੇਵ ਜਹਾਜ਼ ਉੜ ਗਿਆ ਲੈਕੇ ਚਮਨ ਵਾਟਿਕਾ ਸਾਰੀ। ਸੂਰਜੀ ਰੌਕਿਟ ਦੇ ਮੂਹਰੇ ਕਿਰਨਾਂ ਦਾ ਤਾਂਡਵ ਨਾਚ ਸੀ। ਊਸ਼ਾ ਨਿਸ਼ਾ ਚਰਖੇ ਤੇ ਤੰਦ ਪਾਵਣ ਉਦਾਸ ਯਾਦਾਂ ਦੀ। ਮੈਂ ਕਿਹਾ :- “ਹੰਝੂ ਪੂੰਝੋ, ਮੁਸਕਰਾਓ, ਰਾਗਣੀ ਛੇੜੋ। ਐ ਨਵੇਂ ਯੁੱਗ ਦੇ ਬਾਸ਼ਿੰਦੋ! ਕਬਰ ਵਿਚ ਕਿਪਲਿੰਗ ਬਹੁਤ ਬੇਚੈਨ ਹੈ। ਮੁੱਕ ਗਈ ਹੈ ਪੂਰਬ ਤੇ ਪੱਛਮ ਦੀ ਵਿੱਥ, ਹੁਣ ਵਿਸ਼ਵ ਸਾਰਾ ਇਕ ਨਗਰੀ ਹੈ।" ਯੁਜੀਨ! ਔਰੇਗਨ ਦੇ ਦਿਲ!! ਅਮਰੀਕਾ ਦੇ ਲਿਸ਼ਕਦੇ ਤਾਰੇ !!! ਓਸ਼ੋ, ਸਾਡੇ ਸਮੇਂ ਦਾ ਪੂਰਨ ਸਿੰਘ, ਮੇਰੇ ਦੇਸ਼ ਦਾ ਦੀਵਾਨਾ, ਇਕ ਫੱਕਰ, ਫਲਸਫੀ ਧੁਰੰਤਰ ਫ਼ਕੀਰ ਤਕੀਏ ਦਾ, ਅਲਬੇਲਾ ਆਸ਼ਕ, ਹੁਸਨ ਦਾ ਸ਼ੈਦਾਈ, ਕਾਮ ਦੀ ਗੰਗ ਨਿਰਮਲ ਇਕ , ਤੇਰੇ ਸੂਬੇ ਗਿਆ ਸੀ, ਜਿਊਂ ਜੱਟ ਜਾਏ ਸਹੁਰਿਆਂ ਨੂੰ ਲੈਣ ਮੁਕਲਾਵਾ। ਕੋਈ ਬਦਲੋਟੀ ਤੇਰੇ ਅੰਬਰ ਤੋਂ ਬਰਸੀ, ਫੁੱਲਾਂ ਦੇ ਨਗਰ ! ਸੁਣਿਐ- ਕਿ ਤੇਰੀ ਧਰਤੀ ਨੂੰ , ਅਬਰੇ-ਬਾਰਾਂ ਦੇ ਮੋਤੀ ਰਾਸ ਨਾ ਆਏ। ਪੁਹ ਨ ਸਕੀ ਸੁਲਫ਼ੇ ਦੀ ਲਾਟ, ਸਹਿ ਨ ਸੱਕੀ ਮੜਕ ਬਾਵੇ ਦੀ। ਅਮਰੀਕਾ! ਦਿਸ ਰਹੀ ਤੈਨੂੰ ਮੇਰੇ ਤੇ ਤੇਰੇ ਵਿਚਕਾਰ ਸੱਤ ਸਾਗਰਾਂ ਦੀ ਵਿੱਥ, ਜੋ ਨਜ਼ਰ ਨ ਆਈ ਗਦਰੀ ਬਾਬਿਆਂ, ਹਰਦਿਆਲ ਐਮ.ਏ. ਤੇ ਵਿਵੇਕਾਨੰਦ ਸੁਆਮੀ ਨੂੰ। ਤੈਥੋਂ ਸਭ ਸੰਤੁਸ਼ਟ। ਮੋੜ ਘੱਤਿਆ ਤੂੰ ਮੇਰਾ ਪੂਰਨ, ਭੀੜ ਲਏ ਬੂਹੇ, ਦਰ-ਬ-ਦਰ ਫ਼ਿਰਿਆ ਆ ਕੇ ਮੇਰਾ ਸਾਧ, ਤੇਰੇ ਮਹਿਲਾਂ ਤੋਂ, ਮੈਂ ਓਸ਼ੋ ਉਪਰੰਤ ਵੀ ਪਰ ਸਾਕ ਨ ਤੋੜੇ। ਸੁਣਿਐ ਕਿ ਤੇਰੇ ਵਿਹੜੇ 'ਚ ਬਰਕਤ ਹੈ, ਤੇਰੇ ਖੇਤਾਂ ਚੋਂ ਰਸ ਚੋਂਦਾ, ਤੇਰੇ ਫੁੱਲਾਂ ’ਚ ਖ਼ੁਸ਼ਬੂ ਹੈ, ਤੇ ਇਸ ਤੋਂ ਵੀ ਵੱਧ, ਤੇਰੇ ਮਰਦਾਂ ’ਚ ਮਾਨਵਤਾ, ਤੇਰੀਆਂ ਮੇਮਾਂ ’ਚ ਮਮਤਾ ਹੈ। ਸੁਨਹਿਰੇ ਵਾਲ, ਨੀਲੇ ਅੰਬਰੀ ਨੈਣਾਂ ਦੀ ਅਨਹਤ ਰੌਸ਼ਨੀ ਵਾਲੇ, ਤੇਰੇ ਬਾਲਾਂ ’ਚ ਕੋਮਲ ਤਾਜ਼ਗੀ, ਮਾਸੂਮੀਅਤ ਦੀ ਝਲਕ ਨੂਰੀ ਹੈ। ਬਾਸਮਤੀ ਦੀ ਪੌਧ ਮੈਂ ਘੱਲੀ ਹੈ ਤੇਰੇ ਖੇਤਾਂ ਨੂੰ। ਤੂੰ ਜਾਣੀਂ! ਮੁਸ਼ਕ ਕਸਤੂਰੀ, ਹੁਸਨ ਦੀ ਪੋਟਲੀ ਭੇਜੀ। ਨਵੀਂ ਦੁਨੀਆਂ ਦੇ ਮਰਕਜ਼ ! ਮੈਂ ਉਹਦੇ ਨਾਲ ਤੋਰੇ ਨੇ ਕੋਲੰਬਸ । ਉਹ ਤੇਰੀ ਆਤਮਾ ਤੇ ਵਿਸ਼ਵ ਦੀ ਧੁਰ ਖੋਜ ਖ਼ਾਤਿਰ ਨੇ ਤੁਰੇ ਦੇਸੋਂ, ਕਿ ਜਿਸਦਾ ਕੁਆਰਪਣ ਤੇਰੇ ਜੰਗਲ, ਪਹਾੜਾਂ, ਝਰਨਿਆਂ, ਮਾਰੂਥਲਾਂ ਚੋਂ ਸੈਨਤਾਂ ਮਾਰੇ। ਤੈਨੂੰ ਮੁਬਾਰਿਕ ਹੈ- ਤੇਰੀ ਸਭ ਹੁਸੀਂ ਧਰਤੀ, ਰੌਸ਼ਨੀ ਦੇ ਸ਼ਹਿਰ ਤੇਰੇ, ਖੋਜ ਮੰਦਰ, ਮਹਾਂ ਵਿਦਿਆਲੇ, ਰਸ ਭਰੇ ਸਦਾ ਬਹਾਰ ਫ਼ਲ, ਮੁਸਕਰਾਉਂਦੇ ਫੁੱਲ। ਜੀਂਦੇ ਰਹਿਣ- ਤੇਰੇ ਚੁਲਬੁਲੇ ਬਾਲ ਸੰਗੀਤ ਦੇ ਝਰਨੇ, ਡੀਕ ਲਾ ਕੇ ਪੀਣ ਚਾਂਦਨੀ ਦੀ ਆਬਸ਼ਾਰ, ਮਾਂ ਦੇ ਸੁੱਚੇ ਦੁੱਧ ਦੀ ਧਾਰ। ਯਾਦ ਰਹੇ! ਇਕ ਸੂਹੀ ਕਿਰਨ, ਕੂਲੀ ਰਿਸ਼ਮ ਤੇਰੇ ਪਾਸ ਮੇਰੀ ਅਮਾਨਤ ਹੈ। ਤੂੰ ਉਸ ਮਹਿਕ ਦੀ ਤੋਰ ਨੂੰ ਤੱਕੀਂ, ਉਹਦੇ ਨੈਣਾਂ ਦੇ ਰਕਸ ਤੇ ਝੂਮੀਂ। ਇਹ ਤੈਨੂੰ ਇਕ ਬਰਕਤ ਇਕ ਤੁਹਫ਼ਾ ਹੈ। (ਨਵੀਂ ਦਿੱਲੀ ਏਅਰਪੋਰਟ, 27 ਅਪ੍ਰੈਲ, 1997)

ਅਲਪ ਸੁੱਖ

ਸ਼ੀਸ਼ਿਆਂ ਦੇ ਅਕਸ ਉੱਤੇ ਸੋਚ ਦਾ ਦਾਰੋਮਦਾਰ, ਸ਼ੀਸ਼ਿਆਂ ਦਾ ਤਿੜਕ ਜਾਣਾ ਸੰਕਟਾਂ ਦਾ ਕਾਲ ਹੈ। ਸੁਪਨਿਆਂ ਦੀ ਸਾਬਕਾ ਸਹੀ ਵਰੇਸ ਅੱਜ ਦੀ ਚੱਟਾਨ ਉੱਤੇ ਟੁੱਟ ਧਾਰਾ ਬਿਖਰਦੀ। ਮੁੱਕ ਗਏ ਦੁਖ, ਜੋ ਜਰੇ ਹਨ ਜਾ ਚੁਕੇ। ਜਜ਼ਬ ਹੋ ਜਾਣੇ ਨੇ ਸੁਖ, ਜੋ ਸਹੇ ਨੇ ਜਾ ਰਹੇ। ਮਨ ਦੇ ਸੁਪਨੇ, ਮੇਰੇ ਨਿਸ਼ਚਿਤ ਅਤੀਤ, ਵਿਦਰੋਹੀ ਵਰਤਮਾਨ, ਤੇ ਅਨਿਸਚਿਤ ਭਵਿੱਖ ਦੇ ਸੁਪਨੇ। ਕੱਟ ਵੱਢ ਭਾਸ਼ਾ ਤੇ ਸੱਭਿਆਚਾਰ ਦੀ, ਉਰਦੂ ਜ਼ਿਬਹ ਕਿਧਰੇ ਪੰਜਾਬੀ ਦੀ ਬਲੀ ਕਿਧਰੇ, ਚੀਰਦੇ ਧਰਤੀ ਦੇ ਪੱਟ, ਜਰਾਸੰਧੀ ਅੰਦਾਜ਼ ਵਿਚ । ਮਕਤੂਲ ਦੇ ਖੂਨ ਦੀ ਹਰ ਬੂੰਦ ਹੋਲੀ ਦਾ ਰੰਗ, ਦਬੈਲ ਕਲਚਰ ਦਾ ਹਰ ਸ਼ਬਦ ਵਿਦਰੋਹ ਦੀ ਆਵਾਜ਼। ਮੇਰੇ ਗੀਤ, ਮੇਰੀ ਪਕੇਰੀ ਉਮਰ ਦੇ ਫਲ। ਮੇਰੇ ਬੋਲ, ਮੇਰੇ ਪੰਥ ਦੀ ਅਰਦਾਸ। ਫੁੱਟ ਜਾਣੇ ਬੁਲਬੁਲੇ, ਟੁੱਟ ਜੁ ਸਾਹਾਂ ਦੀ ਤੰਦ, ਭੁਰ ਜਾਣ, ਮੁੜ ਜਾਣ, ਪਰ ਮਰਦੇ ਨਹੀਂ ਇਕ ਕੌਮ ਦੇ ਸੁਪਨੇ, ਨ ਵਿੱਸਰੇ ਬੀਤੇ ਦੀ ਯਾਦ !

ਅਸੁਖਾਵਾਂ ਮੌਸਮ

ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ ॥ -ਗੁਰੂ ਨਾਨਕ ਦੇਵ ਕੱਲ੍ਹ ਤੀਕ ਜਿਹੜੇ ਲੋਕ ਸੀ ਬੇ ਯਾਰੋ-ਮਦਦਗਾਰ ਬਣ ਬੈਠੇ ਉਹੀ ਲੋਕ ਨੇ ਹੁਣ ਵਕਤ ਦੀ ਸਰਕਾਰ। ਰਾਜੀਵ, ਰਬੀਰੋ ਤੇ ਤੇਰੀ ਟੇਕ, ਤੇ ਮੇਰੀ, ਬਾਣੀ ਗੁਰੂ ਨਾਨਕ, ਗੁਰੂ ਗੋਬਿੰਦ ਦੀ ਤਲਵਾਰ। ਬੁੱਢੇ ਨੇ, ਭਾਵੇਂ ਕੈਦ ਨੇ, ਕਮਜ਼ੋਰ ਨੇ, ਫਿਰ ਵੀ, ਸ਼ੇਰਾਂ 'ਚ ਸਦਾ ਹੋਏਗਾ ਸ਼ੇਰਾਂ ਦਾ ਸ਼ੁਮਾਰ । ਪੈਰਾਂ 'ਚ ਭੱਈਆਂ ਦੇ ਜੀਹਨੂੰ ਰੋਲ ਰਹੇ ਹੋ, ਤੌਕੀਰ ਦੇ ਕਾਬਿਲ ਹੈ ਸਦਾ ਸਿੱਖ ਦੀ ਦਸਤਾਰ। ਵਹਿਮ ਹੈ ਤੇਰਾ ਕਿ ਇਹ ਜੰਗਾਲ ਗਈ ਹੈ, ਜਬਰ ਤੇ ਉੱਠੇਗੀ ਸਦਾ ਪੰਥ ਦੀ ਤਲਵਾਰ। ਜੋ ਖੇਤਾਂ 'ਚ ਤੁਰੇ ਫਿਰਦੇ ਸੀ ਰੱਖ ਸੀਸ ਤਲੀ 'ਤੇ, ਅਨਪੜ੍ਹ ਸੀ ਤੇ ਭਾਵੁਕ ਸੀ, ਨ ਸਨ ਕੌਮ ਦੇ ਗ਼ੱਦਾਰ। ਟੀਚੇ ਮੇਰੀ ਕੌਮ ਦੇ ਗੁਰ ਸ਼ਬਦ 'ਚ ਨਿਸ਼ਚਿਤ, ਪਾਬੰਦ ਨ ਕਰ ਸੱਕੋਗੇ ਚਿਰੀਂ ਰੱਦੇ ਹੋਏ ਮੱਯਾਰ।

ਨਗਾਰਾ

ਜਦ ਨਗਾਰੇ ਦੀ ਚੋਟ ਬੋਦੀ ਹੈ ਤਾਂ ਹਥਿਆਰ ਕੌਣ ਚੁੱਕੇਗਾ ? -ਹਜ਼ਰਤ ਮੁਹੰਮਦ ਮੈਂ ਕੋਈ ਨਲਵਾ ਜਾਂ ਅਟਾਰੀਵਾਲਾ ਨਹੀਂ। ਮੇਰੀ ਤੇਗ਼ ਲਰਜ਼ਣ ਨਾਲ, ਸ਼ੇਰ ਕੋਈ ਦਿਲ ਫੇਲ੍ਹ ਹੋ ਕੇ ਨਹੀਂ ਮਰਿਆ। ਤੇ ਕਿਸੇ ਜਿੰਦਾਂ ਦੇ ਮਿਹਣੇ ਤੋਂ ਮੈਂ ਮਿਆਨ ਘਰ ਰੱਖ, ਸਭਰਾਵਾਂ ਨੂੰ ਨਹੀਂ ਤੁਰਿਆ। ਮੈਂ “ਪਾਕ’ ਦਰਬਾਰ ਦਾ ਅਹਿਲਕਾਰ ਨਹੀਂ, ਮੈਂ ਦਿੱਲੀ ਦਾ ਲਹਿਣੇਦਾਰ ਨਹੀਂ, ਮਾਤਾ ਸਾਹਿਬ ਕੌਰ ਦਾ ਗੁਮਨਾਮ ਪੁੱਤਰ ਹਾਂ। ਨਗਾਰਾ ਨਿਰੰਤਰ ਡਗਡਗਾਂਦਾ ਹੈ, ਸ਼ਿਵਾਲਿਕ ਦੀ ਖੱਲ ਨੂੰ ਧੱਫ਼ੇ ਮਾਰ ਰਹੇ ਹਨ ਦੱਖਣ ਦੇ ਖਰੂਦੀ ਝੋਂਕੇ। ਸ਼ਹਿਨਾਈਆਂ ਸਹਿਮ ਗਈਆਂ ਹਨ, ਬਿਗਲ ਚੀਕ ਚੀਕ ਕੇ ਭੌਂਕ ਰਹੇ ਨੇ “ਲਾਸਟ ਪੋਸਟ। ਨਗਾਰਾ ਲਲਕਾਰ ਰਿਹਾ:- “ਹੈ ਕੋਈ ਮਾਈ ਦਾ ਲਾਲ? ਕੋਈ ਨਿੱਤਰੂ ? ਕਿਲਿਆਂ, ਚੁਬਾਰਿਆਂ, ਝੁੱਗੀਆਂ ਚੋਂ ਸਾਂ ਸਾਂ ਦੀ 'ਵਾਜ ਮੁੜਦੀ ਹੈ। ਪਿਤਰਾਂ ਨੇ ਕਿਹਾ ਇਹ ਆਨੰਦਪਰੀ ਨਹੀਂ, ਬੇਚਿਰਾਗ਼ ਨਗਰੀ ਹੈ। ਪੰਜ ਪਿਆਰੇ ਵਿਸਾਰ ਚੁੱਕੇ ਹੋ ਹੁਣ ਨਗਾਰੇ ਦਾ ਜੁਆਬ ਕੌਣ ਦੇਊ।” ਜੱਟੀਆਂ ਨੇ ਦੁੱਧ ਤੇ ਪੁੱਤ ਢੋਲ ਵਾਲਿਆਂ ਨੂੰ ਵੇਚ ਦਿੱਤੇ ਹਨ, ਭੁੱਲ ਗਏ ਨੇ ਪੁੱਤ ਜਿਨ੍ਹਾਂ ਦੇ ਦਸ-ਨਹੁੰਆਂ ਦੀ ਕਿਰਤ, ਮਾਈ ਭਾਗੋ ਉਦਾਸ ਬੈਠੀ ਹੈ। ਡੁੱਬ ਤਰ ਲੰਘ ਗਏ ਝਨਾਂ 'ਚ ਬਹੁਤ ਜੁਆਨ। ਪੀਲੀਭੀਤ ਦੇ ਸੱਪਾਂ ਸੀਹਾਂ ਦਾ ਸਿਰ ਫਿਹਣ ਵਾਲੇ ਹੁਣ ਪੀ. ਏ. ਸੀ. ਨੇ ਫੁੰਡ ਸੁੱਟੇ ਹਨ। ਦੁਆਬੀਏ ਦੂਲੇ ਕੈਨੇਡਾ, ਅਮਰੀਕਾ ਵਿਚ ਸਕੀਰੀਆਂ ਦਾ ਮੁੱਲ ਤਾਰ ਰਹੇ ਹਨ। ਮਲਵੱਈ ਮੁੰਡੇ ਦੁਬਈ, ਕਵੈਤ ਦੀ ਭੱਠੀ ਵਿਚ ਸੜ ਭੁੱਜ ਰਹੇ ਮੱਕੀ ਦੇ ਦਾਣੇ। ਸੱਖਣੇ ਹਨ ਵਿਹੜੇ, ਦਲ੍ਹਾਨ ਅੱਧਖੜ ਔਰਤਾਂ ਤੇ ਬੁੱਢੇ ਬਜ਼ੁਰਗਾਂ ਦੇ ਬਾਵਜੂਦ। ਵਰਤ ਰਿਹਾ ਹੈ ਨਿੱਤ ਪਿੰਡਾਂ ਵਿਚ ਕੈਪਸੂਲਾਂ ਦਾ ਪਰਸ਼ਾਦ । ਬੁਲਾ ਰਹੇ ਨੇ ਮੰਡ, ਸਰਸਰਾ ਰਹੇ ਨੇ ਕਮਾਦ। ਮੈਂ ਤਾਂ ਕੋਈ ਜੰਗਜੂ ਜੋਧਾ ਨਹੀਂ। ਜੁਆਨ ਇਨਕਲਾਬੀ ਨਹੀਂ। ਪਰ ਨਗਾਰੇ ਦੀ ਚੋਟ ਮੇਰੇ ਕੰਨਾਂ ਨੇ ਵੀ ਸੁਣੀ ਤਾਂ ਹੈ! ਜ਼ਰਾ ਠਹਿਰੋ ! ਮੈਂ ਪੈਰ ਦਾ ਕੰਡਾ ਕੱਢਕੇ ਹੁਣੇ ਆਇਆ। ਮੈਂ ਹਵੇਲੀ ਵਿਚ ਮਿਆਨ ਦੀ ਨਿਸ਼ਾਨੀ ਨਹੀਂ ਰੱਖਣੀ। ਮੇਰੇ ਪਾਸ ਜੰਗਾਲੀ ਤਲਵਾਰ ਤੇ ਇਕ ਸਲੰਘਾ ਹੈ। ਕੌਮ ਦੇ ਨਾਮ ਸੰਦੇਸ਼ ! ਮਾਈਆਂ ਨੂੰ ਕਹੋ- ਦੁੱਧ ਪੁੱਤ ਵੇਚਣੇ ਬੰਦ ਕਰਨ ਕੁੜੀਆਂ ਚਿੜੀਆਂ ਨੂੰ ਮੇਰੀ ਅਸੀਸ ! ਉਹ ਸਪੁੱਤੀਆਂ ਤੇ ਸੱਤ ਭਰਾਈਆਂ ਹੋਣ ! ਜ਼ਰੂਰਤ ਹੈ ਹੁਣ ਜੂੜਿਆਂ ਤੇ ਪੱਗਾਂ ਦੀ। ਕਿਉਂ ਜੋ ਵਿਹੜੇ ਸੱਖਣੇ ਹਨ, ਤੇ ਨਗਾਰਾ ਫੌਹਾਂ ਤੇ ਥਹਿਚਲ ਹੈ।

ਗਰੀਟਿੰਗ ਕਾਰਡ

(ਜਗਦੀਪ ਨੂੰ) ਦਲਦਲ 'ਚ ਖੁੱਭਿਆ ਯਾਤਰੂ, ਕਰਨ ਦੇ ਕਾਬਲ ਨਹੀਂ, ਮੰਜ਼ਿਲਾਂ ਦੀ ਦਿਸ਼ਾ ਦਾ, ਹਾਸੇ, ਖੁਸ਼ੀ, ਸੁੱਖ ਦਾ ਹਿਸਾਬ । ਕੀ ਆਖਣਾ ? ਤੂੰ ਜਾਣਦੀ, ਇਹ ਵਸੀਅਤ ਹੀ ਸਹੀ, ਜੀਅ ਕਰੇ ਜਦ, ਪੜ੍ਹ ਲਈਂ, ਖੁੱਲ੍ਹੀ ਪਈ ਰੂਹ ਦੀ ਕਿਤਾਬ। ਜੇ ਅਸੀਸਾਂ ਫੁੱਲ ਨੇ, ਤਾਂ ਗਲਿਸਤਾਂ ਤੇਰਾ ਹੀ ਹੈ। ਜੇ ਅਰਦਾਸਾਂ ਫ਼ਲਣ, ਤਾਂ ਆਸਮਾਂ ਤੇਰਾ ਹੀ ਹੈ। ਕੁਰਬਾਨ ਮੌਸਿਮ, ਬਾਗ਼ਬਾਂ, ਇਹ ਆਸ਼ੀਆਂ ਤੇਰਾ ਹੀ ਹੈ। ਮੱਸਿਆ ਦੀ ਰਾਤ ਦੇ ਤਾਰੇ, ਤੇਰੀ ਲੋਅ ਬੇਹਿਸਾਬ । ਸ਼ਾਜ਼ੋ-ਨਾਦਿਰ ਜੋ ਕਿਤੇ ਪੂਰਾ ਹੋਏ, ਤੂੰ ਹੈਂ ਉਹ ਸ਼ਾਇਰ ਦਾ ਖ਼੍ਵਾਬ। ਨੂਰ ਦੀ ਛਹਿਬਰ, ਅਬਰ ਤੂੰ ਵਰ੍ਹ ਰਿਹਾ, ਗੁਣ ਦਾ ਸ਼ਬਾਬ, ਪੈਰ ‘ਅੰਮ੍ਰਿਤਸਰ’ ਦੀ ਪਰਕਰਮਾ ਕਰਨ, ਧੁਰ ਅਜ਼ਲ ਤੋਂ ਪਾ ਲਿਆ ਹੈ ਤੂੰ ਸੁਆਬ । ਬੇਫ਼ਿਕਰ ਖੁਸ਼ਬੂ ਪਸਾਰਨ ਹਰ ਤਰਫ਼, ਸਦ ਬਹਾਰੀ ਸਤਲੁਜੀ ਸੂਹੇ ਗੁਲਾਬ। ਇਕ ਵਿਗਿਆਨੀ ਨੂੰ ਚੈਲੇਂਜ ਕਵੀ ਦਾ, ਕਰਕੇ ਦੱਸੇ ਉਹ ਤੇਰੇ ਗੁਣ ਦਾ ਹਿਸਾਬ ।

ਲਾਵਾਰਿਸ ਲਾਸ਼

ਹਠੁ ਕਰਿ ਮਰੈ ਨ ਲੇਖੈ ਪਾਵੈ। - ਗੁਰੂ ਨਾਨਕ ਦੇਵ (ਸ. ਜਸਵੰਤ ਸਿੰਘ ਖਾਲੜਾ ਦੀ ਯਾਦ ਨੂੰ ਸਮਰਪਿਤ, ਜੋ ਲਾਵਾਰਿਸ ਲਾਸ਼ਾਂ ਨੂੰ ਟੋਲਦਾ ਹੋਇਆ ਖ਼ੁਦ ਹੀ ਇੱਕ ਲਾਵਾਰਿਸ ਲਾਸ਼ ਹੋ ਗਿਆ।) ਕਿਸੇ ਨੇ ਧੋਖਾ ਨ ਕੀਤਾ। ਨ ਹੀ ਕੋਈ ਵਿਕਿਆ ਹੈ। ਕੋਈ ਬਦਸ਼ਗਨੀ ਨ ਹੋਈ। ਨ ਹੀ ਹੋਣੀ ਤੇ ਗਿਲਾ। ਦੁਨੀਆਂ ਤੇ ਸ਼ਿਕਵਾ ਕੋਈ ਨ ਨ ਖ਼ਤਾ ਹਾਲਾਤ ਦੀ। ਠੀਕ ਆਂਹਦੇ ਹੋ:- ਬਹੁ ਗਿਣਤੀ ਸ਼ਾਵਨਵਾਦ ? ਮੁਖ਼ਬਰਾਂ ਦਾ ਕਮੀਨਾਪਣ ? ਜਾਬਰਾਂ ਦਾ ਜਬਰ ? ਜ਼ਾਲਿਮਾਂ ਦਾ ਜ਼ੁਲਮ ? ਪਰ ਇਹ ਸਭ ਤਾਂ ਚਲਦਾ ਹੈ। ਇਸ ਵਿੱਚ । ਕੀ ਨਵੀਂ ਗੱਲ ਹੈ ? ਮੇਰੇ ਹਮਨਵਾ ਦੇ ਬੋਲ ਬੋਦੇ ਸਨ। ਮੇਰੇ ਹਮਸੁਖਨ ਦੇ ਗੀਤ ਫਿੱਕੇ ਸਨ। ਮੇਰੇ ਹਮਖ਼ਿਆਲ ਦੀ ਸੋਚ ਬੰਜਰ ਸੀ। ਮੇਰੇ ਹਮਦਮ ਦੇ ਪੈਰ ਥਿੜਕੇ ਸਨ। ਸੀ ਮੇਰੇ ਹਮਰਾਜ਼ ਤੇ ਜੱਲਾਦ ਦੀ ਸਾਂਝ। ਸੀ ਮੇਰੇ ਹਮਪਰਵਾਜ਼ ਤੇ ਸੱਯਦ ਦੀ ਸਾਂਝ। ਭੱਜਣ ਨੂੰ ਸੀ ਵੱਖਰੇ ਵਾਹਣ। ਨ ਮਿਲਿਆ ਸਾਵਾਂ ਮੈਦਾਨ। ਧੁੰਦਲੇ ਹੋਸ਼ੋ ਹਵਾਸ। ਅਸਪਸ਼ਟ ਕਿਆਸ। ਭੁਲੇਖਿਆਂ ਦਾ ਸ਼ਿਕਾਰ। ਭਰੋਸਿਆਂ 'ਚ ਗਰਿਫ਼ਤਾਰ। ਸੁਪਨਿਆਂ ਦਾ ਪਰਸਤਾਰ। ਖਪਤਕਾਰੀ ਦੇ ਯੁੱਗ ਅੰਦਰ ਆਦਰਸ਼ਾਂ ਦਾ ਤਲਬਗਾਰ ! ਕੋਈ ਧੱਕਾ ਨ ਕੋਈ ਧੋਖਾ ਹੈ, ਮੈਂ ਆਪ ਦੁਸ਼ਮਣ ਆਪਣਾ। ਮੇਰੇ ਵੈਰੀ ਨੇ ਗ਼ਲਤ ਅੰਦਾਜ਼ੇ। ਸਦਾ ਸਤਿ ਸਤਿਗੁਰੂ ਨਾਨਕ, “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ"।

ਦਸਤਾਵੇਜ਼

ਸੁਲਹੀ ਤੇ ਨਾਰਾਇਣ ਰਾਖੁ -ਗੁਰੂ ਅਰਜਨ ਦੇਵ ਇਹ ਜ਼ਖ਼ਮ ਦਸਤਾਵੇਜ਼ ਹਨ। ਹੁਣੇ ਹੁਣੇ ਇਨ੍ਹਾਂ ਦੀ ਲੋਅ ਵੱਲ ਇਕ ਭੰਬਟ ਲਪਕਿਆ ਸੀ। ਇਨ੍ਹਾਂ ਦੀ ਚੰਨ ਸੂਰਤ ਲਈ ਚਕਵੀ ਦੇ ਬੋਲ । ਹਵਾ ਵਿਚ ਲਟਕੇ ਨੇ। ਇਹ ਮੋਹ, ਮਮਤਾ, ਸਿਦਕ ਤੇ ਵਫ਼ਾ ਦੇ ਅੱਖਰ ਹਨ। “ਨਵੇਂ ਯੁੱਗ ਦੇ ਬਿੰਬ ਬਦਲ ਗਏ ਹਨ।" ਰਾਂਝੇ ਨੇ ਕਿਹਾ :- “ਚਰਾਗਾਹਾਂ ਸਿਮਟ ਗਈਆਂ ਹਨ, ਤੂੰ ਆਪਣੇ ਕੰਨ ਸਾਬਤ ਰੱਖ।” ਤੇ ਮਿਰਜ਼ਾ ਯਾਰ ਮੋਢਾ ਹਿਲਾ ਕੇ ਕਹਿੰਦਾ ਹੈ:- “ਟ੍ਰੈਕਸ਼ਨ ਤੇ ਟੰਗੀ ਟੰਗ ਤੇਰੀ, ਲਗਦਾ ਹੈ ਜਿਵੇਂ ਜੰਡ ਹੇਠ ਮੇਰੀ ਕਮਾਨ ਟੁੱਟੀ ਹੈ। ਵੀਰ ਸ਼ਮੀਰ ਦੇ ਗੁੰਡਿਆਂ ਦੇ ਕੋਹੇ ਇਤਿਹਾਸ ਨੂੰ ਯਾਦ ਨਹੀਂ ਕੋਈ ਕਿੱਸਾ। ਮਸਨਵੀ ਜਾਂ ਕਸੀਦਾ ਨਹੀਂ, ਇਹ ਜ਼ਖ਼ਮ ਦਸਤਾਵੇਜ਼ ਹਨ। ਇਹ ਕਿਸੇ ਜੁਗ ਪਲਟਾਊ ਸਵੇਰ ਦਾ ਪਰਚਮ ਨਹੀਂ, ਨ ਨਵੀਂ ਨਸਲ ਦਾ ਐਲਾਨ ਨਾਮਾ ਨੇ। ਇਨ੍ਹਾਂ ਦੀ ਲਾਲ ਜੀਭ ਜਬਰ ਦੇ ਖ਼ਿਲਾਫ ਪਰੋਟੈਸਟ ਹੈ, ਚੇਤਾਵਨੀ ਤੇ ਯਾਦ ਦਹਾਨੀ ਵੀ। ਸੱਯਾਦ ਹੱਸਦਾ ਹੈ:- “ਮੈਂ ਇਹਨੂੰ ਫੁੰਡ ਦਿੱਤਾ ਹੈ। ਦੇਖੋ, ਚੁਰਸਤੇ ਚੁਫ਼ਾਲ ਗਿਰਿਆ ਹੈ, ਇਸਨੂੰ ਕੋਈ ਰਾਹ ਨਹੀਂ ਦਿਸਦਾ।" ਚਿਤਵ ਤਾਂ ਸਕਦਾ ਹਾਂ। ਮੈਂ ਸਮੇਂ ਦੀ ਸਰਹੱਦ ਦੇ ਦੁਮੇਲ ਤੇ ਟਿਕਿਆ। ਮੇਰੇ ਹੋਸ਼ੋ-ਹਵਾਸ ਕਾਇਮ ਨੇ। ਵਿਸ਼ਵਾਸ ਜੀਂਦਾ ਹੈ। ਮੈਨੂੰ ਤਬੀਬ ਤੇ ਭਰੋਸਾ ਹੈ। ‘ਚੌਪਈ’ ਮੇਰੀ ਮੱਲ੍ਹਮ ਹੈ। ਮੇਰੀਆਂ ਅੱਖਾਂ ਨੇ ਦੇਖੀ ਹੈ ਨਨਕਾਣੇ ਦੀ ਲੋਅ । ਮਿਜ਼ਾਜ ਪੁਰਸੀ ਨੂੰ ਪੁੱਜੇ ਯਾਰ ਕਹਿੰਦੇ ਹਨ:- “ਹਨੇਰ ਟਲਿਆ ਹੈ, ਉਸ਼ਾ ਜਾਗੇਗੀ। ਤੈਥੋਂ ਦਾਤੇ ਨੇ ਅਜੇ ਕੰਮ ਲੈਣਾ ਹੈ।" ਰਕੀਬਾਂ ਨੂੰ ਤਸੱਲੀ ਹੈ ਕਿ :- "ਇਦ੍ਹੇ ਮੱਥੇ ਦਾ ਨੂਰ । ਸ਼ਾਮ ਦੀ ਅੰਤਮ ਕਰਨ ਦੀ ਪਿਲੱਤਣ ਹੈ"। “ਦਾਣਾ ਤਿੜਕ ਕੇ ਭੱਠੀ ਤੋਂ ਬਾਹਰ ਡਿਗਦਾ ਹੈ"[ ਪਰ ਮੈਂ ਕਦੇ 'ਸੋਭਾ' ਜਾਂ ‘ਨਿੰਦਾ’ ਦੀ ਧੁੰਦ ਵਿਚ ਰਾਹ ਨਹੀਂ ਖੋਂਦਾ। ਨ ਮੈਂ ਮੱਥੇ ਤੇ ਲਹੂ ਦਾ ਟਿੱਕਾ ਲਗਾ ਕੇ ਸ਼ਹੀਦਾਂ ਦੀ ਲਾਈਨ 'ਚ ਲਗਦਾ ਹਾਂ। ਮੈਂ ਸ਼ੁਹਦਿਆਂ, ਫੁਕਰਿਆਂ, ਟੁੱਕੜ ਬੋਚਾਂ ਤੇ ਕੈਟਾਂ ਦੇ ਚੈਲੇਂਜ ਕਬੂਲ ਨਹੀਂ ਕਰਦਾ। ਮੇਰੇ ਜ਼ਖ਼ਮ ਕਿਸੇ ਦੇ ਏਜੰਟ ਨਹੀਂ, ਇਹ ਜ਼ਖ਼ਮ ਪਬਲਿਸਿਟੀ ਸਟੰਟ ਨਹੀਂ, ਇਹ ਜ਼ਖ਼ਮ ਵੋਟ ਫਰੰਟ ਨਹੀਂ। ਇਹਨਾਂ ਦੀ ਜ਼ੁਬਾਨ ਗੂੰਗੀ ਹੈ। ਇਹ ਮਘਦੇ ਚੰਗਿਆੜੇ ਹਨ। ਸਮੇਂ ਸਿਰ ਬੋਲਣਗੇ, ਸੁੱਤੇ ਜੁਆਲਾਮੁੱਖੀ। ਇਹ ਜ਼ਖ਼ਮ ਦਸਤਾਵੇਜ਼ ਹਨ। ਪੀ. ਜੀ. ਆਈ ਚੰਡੀਗੜ੍ਹ, 14 ਅਕਤੂਬਰ 1991)

ਜੇਰੇ

ਕਾਇਆ ਕਪੜੁ ਟੁਕੁ ਟੁਕ ਹੋਸੀ -ਗੁਰੂ ਨਾਨਕ ਦੇਵ ਸਾਗਰ ਜੇਹੇ ਵਿਸ਼ਾਲ ਮੇਰੇ ਯਾਰਾਂ ਦੇ ਦਿਲ। ਰੁੜ੍ਹ ਗਏ ਬੇੜੀਆਂ ਦੇ ਪੂਰ, ਉੱਠੀ ਨ ਕੋਈ ਹੂਕ, ਯਾਦ ਨ ਕੀਤਾ ਉਨ੍ਹਾਂ ਨੂੰ ਕਦੇ, ਜਿਨ੍ਹਾਂ ਦੇ ਜੋਬਨ, ਜੀਵਨ, ਦਿਲ-ਜਾਨ, ਦਿਲ-ਦਿਮਾਗ਼, ਇਨ੍ਹਾਂ ਯਾਰਾਂ ਨੂੰ ਸਮਰਪਤ ਸਨ। ਸਾਗਰ ਜੇਹੇ ਵਿਸ਼ਾਲ, ਮਾਵਾਂ ਦੇ ਜਿਗਰੇ। ਜਿਨ੍ਹਾਂ ਦੇ ਲਾਲ, ਖ਼ੂੰਨ ਤੇ ਤੁਪਕੇ, ਮਾਸ ਦੇ ਟੁਕੜੇ, ਗ਼ਰਕ ਹੋਏ ਕਾਮ, ਕ੍ਰੋਧ, ਲੋਭ, ਦੰਭ ਤੇ ਹੰਕਾਰ ਦੀਆਂ ਗਾਰਾਂ ਵਿਚ । ਗਈ ਨ ਕੁੜਮਾਂ ਦੇ ਘਰ ਥਾਣੇ ਨੂੰ ਲੈ ਕੇ ਮਕਾਣ, ਨ ਘੜਾ ਫੋੜਿਆ ਫੁਹੜੀ ਤੁਰਨ ਤੇ ਟੋਭੇ ਤੋਂ ਪਾਰ, ਹਿੱਕ ਨ ਪਿੱਟੀ, ਵਾਲ ਨ ਖੋਹੇ। ਨ ਪਾਏ ਕੀਰਨੇ, ਨ ਕਰਵਾਇਆ ‘ਖੰਡ ਪਾਠ' ਕਮਾਲ ਨੇ ਦੇਵ ਕੱਦ ਮਾਸ਼ੂਕਾਂ ਦੇ ਸਬਰ ! ਜਿਨ੍ਹਾਂ ਕੀਤੀ ਸੀ, ਜਿੰਦ ਜਾਨ ਵਾਰਨ ਦੀ, ਥਲਾਂ ਵਿਚ ਰੁਲਣ, ਕੱਚੇ 'ਤੇ ਤਰਨ, ਤੇ ਚੂਰੀ ਵਾਂਗ ਮਹੁਰਾ ਖਾਣ ਦੀ ਗੱਲ। ਵਸਾ ਲਏ ਘਰ, ਅੱਖ ਨ ਆਈ ਭਰ, ਧੂਏਂ ਦੇ ਪੱਜ, ਜਾਂ ਨਿੱਕੇ ਮੋਏ ਵੀਰ ਦੀ ਯਾਦ ਦੇ ਬਹਾਨੇ। ਪਰਬਤਾਂ ਵਰਗੇ ਬਾਪੂਆਂ ਦੇ ਜੇਰੇ। ਜਿਨ੍ਹਾਂ ਦੇ ਸਾਹਮਣੇ ਲੈ ਗਏ, ‘ਸਿੰਘ’ ਪੁੱਤ ਨੂੰ ਏ.ਕੇ. ਸੰਤਾਲੀ ਨਾਲ, ਹੌਲੀ ਹੌਲੀ ਵੱਧੇ, ਰੁਕੇ ਸੁਣ ਕੇ ਤੜ ਤੜ ਗੋਲੀ ਦੀ ਆਵਾਜ਼। ਧੰਨ ਨੇ ਵੀਰਾਂ ਦੇ ਸਬਰ। ਜਿਨ੍ਹਾਂ ਦਾ ਰਿਹਾ ਨਾ ਦਸਤੂਰ, “ਖ਼ੂੰਨ ਦਾ ਬਦਲਾ ਖੂੰਨ" ! ਲੋਹੜਾ ਏ ਲੋਕੋ ਗੋਰੀ ਦਾ ਸਬਰ ! ਲੱਭਣ ਗਈ ਨ ਖ਼ਸਮ ਦਾ ਸਿਵਾ, ਖੋਲ੍ਹ ਕੇ ਬਾਵਰੀਆਂ। ਅਸੀਂ ਡਾਰਵਿਨ ਦੇ ਸੁਪਨੇ ਦੀ ਮੂਰਤ। ਅਸੀਂ ਕਾਫ਼ਕਾ ਦੇ ਬੇਬਸ ਪਾਤਰ। ਅਸੀਂ ਆਰੀਆਂ ਹੱਥੋਂ ਉੱਜੜੇ ਆਦਿ-ਵਾਸੀ। ਸਾਡਾ ਇਖਲਾਕ ! ਅਸੀਂ ਮੁਗਲਾਂ ਅੱਗੇ ਗਉਆਂ ਦੀ ਦੀਵਾਰ ਉਸਾਰਦੇ ਸੋਮਨਾਥ ਦੇ ਪੰਡਿਤ। ਧੰਨ ਨੇ ‘ਇਨਸਾਫ’, ‘ਕਾਨੂੰਨ’, ‘ਰਾਜੇ', ਜੋ ਲਾ ਕਾਨੂੰਨੀ ਦੇ ਵਹਿਸ਼ੀ ਨਾਚ ਵਿਚ ਨਾਰਮਲ ਫ਼ਿਰਦੇ। ਸਾਗਰਾਂ ਜਿੱਡੇ ਵਿਸ਼ਾਲ ਦਿਲ ! ਮਾਂ, ਪਿਉ, ਭਾਈ, ਭੈਣਾਂ ਦੇ। ਨਾਰਾਂ, ਮਾਸ਼ੂਕਾਂ ਦੇ ਜੇਰੇ।

ਮੌਸਮ

ਮੌਸਮਾਂ ਦੀ ਅਜਬ ਫ਼ਿਤਰਤ ਹੈ ! ਸੰਜੋਗ, ਵਿਜੋਗ ਉਪਜਾਉਂਦੇ ਰਹਿਣ। ਹਰਸ਼, ਸੋਗ ਉਕਸਾਉਂਦੇ ਰਹਿਣ। ਸੁਹਣਿਆਂ ਅੱਗੇ ਵੀ ਦਰਪਨ ਰੱਖਦੇ ਝੁਰੜੀਆਂ ਸਾਹਵੇਂ ਇਹ ਸ਼ੀਸ਼ਾ ਆ ਟਿਕਾਵਣ ਮਲਕੜੇ । ਥੀਣ ਤੇ ਬਿਨਸਣ ਦਾ ਸਾਰਾ ਸਿਲਸਿਲਾ, ਹਸਤਿ ਮੂਹਰੇ ਪਰਖ ਦੀ ਤਾਜ਼ਾ ਘੜੀ, ਪਲ ਪਲ ਦੇ ਪਰਿਵਰਤਨ ਦੁਆਰਾ ਜਿੰਦ ਨੂੰ ਦੇਂਦੇ ਨਵੀਂ ਨਿੱਤ ਕਸਵੱਟੀ। ਇਨ੍ਹਾਂ ਮੌਸਮਾਂ ਦੀ ਅਜਬ ਫ਼ਿ਼ਤਰਤ ਹੈ ! ਮੇਰਿਆਂ ਖੇਤਾਂ 'ਚੋਂ ਵੀ ਕਾਂਗਰਸ ਘਾ ਤੇ ਕੁਸੰਭੇ ਨੂੰ ਉਡਾ ਕੇ ਕੱਲ੍ਹ ਹਨੇਰੀ ਲੈ ਗਈ। ਤੇਰੇ ਸ਼ਹਿਰੋਂ, ਹੜ੍ਹ ਦੇ ਪਾਣੀ, ਰੋੜ੍ਹ ਲੈ ਗਏ ਸਾਲ ਭਰ ਦੀ ਗੰਦਗੀ । ਜੇਠ ਦੇ ਦਿਨ ਨੇ ਤਪੇ ਕੁਝ ਇਸ ਤਰ੍ਹਾਂ, ਜਿਉਂ ਕਿਸੇ ਜਾਬਰ ਦਾ ਦਿਲ, ਪਛਤਾਵੇ ਮਸੋਸ਼ੀ ਨਾਲ, ਛਿਣ ਭਰ ਵਿਚ ਪਾਣੀ ਹੋ ਜਾਏ । ਭਾਦੋਂ ਦੇ ਵੱਟ- ਜਿਉਂ ਝੁਲਸ ਜਾਏ ਪਾਪਾਂ ਦੀ ਜੰਵ । ਪੋਹ ਦੇ ਪਾਲੇ ਦੀ ਲਹਿਰ, ਚੀਰ ਗਈ, ਬੇਕਿਰਕ ਮਾਣਸ ਦੀ ਰੂਹ, ਹਿਟਲਰੀ ਫ਼ੌਜਾਂ ਜਿਵੇਂ, ਪੂਰਬੀ ਵੱਖੀ ਦੇ ਬਰਫ਼ੀਲੇ ਕਹਿਰ ਵਿਚ ਦੱਬ ਗਈਆਂ। ਮੌਸਮਾਂ ਦਾ ਅਜਬ ਕਰਿਸ਼ਮਾ ਹੈ। ਇਹ ਖਿੜਾ ਦੇਂਦੇ ਨੇ ਰੀਝਾਂ ਦੇ ਚਮਨ। ਲਹਿਲਹਾਂਦੇ ਹਨ, ਬਸੰਤੀ ਸਰ੍ਹੋਂ, ਤੇ ਸੂਰਜਮੁਖੀ ਦੇ ਕੇਸਰੀ ਝੰਡੇ, ਇੱਕ ਅੱਖ ਦੇ ਫੋਰ ਵਿਚ। ਰਾਤ ਦੀ ਰਾਣੀ ਦੀ ਖ਼ੁਸ਼ਬੂ-ਲਹਿਰ ਤੇ, ਤੈਰਦਾ ਆਉਂਦਾ ਹੈ, ਟੁਕੜਾ ਚੰਨ ਦਾ। ਨ੍ਹੇੇਰੀਆਂ ਰਾਤਾਂ 'ਚ ਖੰਡਾ ਲਿਸ਼ਕਦਾ। ਮੌਸਮਾਂ ਦੀ ਖੂਬ ਫ਼ਿਤਰਤ ਹੈ। ਹੋਣ ਫ਼ਿ਼ਰ ਸੁਪਨੇ ਸੁਆਹ, ਕਰਦੀ ਹੋਈ ਜੀਵਨ ਤਬਾਹ, ਸ਼ੂਕਦੀ ਜਾਂਦੀ ਹੈ ਨਾਗਣ ਕਾਲੀ ਬੋਲੀ ਰਾਤ ਨੂੰ। ਤੂੰ ਸੁਣੇ ਹੀ ਹੋਣਗੇ ਵਿਲਕਦੇ ਡੈਣਾਂ ਦੇ ਵੈਣ, ਹਾੜ ਦੀ ਇੱਕ ਰਾਤ ਨੂੰ। ਤੱਕੇ ਸੀ, ਜਿਉਂ ਬਾਬੇ ਫ਼ਰੀਦ, “ਚੇਤਿ ਡਉ ਸਾਵਣਿ ਬਿਜੁਲੀਆਂ"। ਮੌਸਮਾਂ ਦਾ ਅਜਬ ਬਦਲਾ ਹੈ। ਪੱਤਝੜਾਂ ਲਾਈ ਕਚਹਿਰੀ ਜਿੰਦ ਦੀ ਹਰ ਟਾਹਣ ਤੇ, ਕੌਂਪਲਾਂ ਦੇ ਨਾਲ ਕੰਡੇ ਭੁਰ ਗਏ । ਅੱਕ, ਬਸੂਟੇ, ਥੋਹਰ ਦਾ ਮਿਟਿਆ ਨਿਸ਼ਾਂ। ਦਾਵਾਨਲ ਫਿਰ ਵਰਤਿਆ, ਮਹਾਂ ਪਰਲੋਂ, 'ਆਈਸ ਏਜ’। ਮੌਸਮਾਂ, ਗਿਣ ਗਿਣ ਕੇ ਬਦਲੇ ਲੈ ਗਏ। ਪਰ ਸਾਡੇ ਸਦਾ ਟੁੱਟਦੇ ਰਹੇ ਵੈਸਾਖ ਦੇ ਸੁਪਨੇ, ਤਿੰਨ ਸਦੀਆਂ ਵਿਚ ਵੀ ਤਾਬੀਰ ਨ ਹੋਈ। ਮੇਰੀ ਕਣਕ 'ਤੇ ਤਾਂ ਸੁੱਕੀ ਅਹਿਣ ਪੈਂਦੀ ਹੈ। ਤੂਫਾਨ ਤੋਂ ਪਹਿਲਾਂ ਤੇ ਪੁਰੇ ਤੋਂ ਬਾਅਦ ਵਾ ਵਰੋਲੇ, ਬੋਦੀ ਜਿਨ੍ਹਾਂ ਦੀ ਅੰਬਰ ਹਿਲਾਉਣ। ਮੌਸਮ ਨੇ ਏਥੇ ਬੇਕਿਰਕ ਤੇ ਬੇਲਿਹਾਜ਼। ਮੌਸਮੋ ! ਦੱਸੋ ਜ਼ਰਾ। ਕਦ ਬਹਾਰੇ-ਜਾਂ-ਫ਼ਜ਼ਾ ਮੁਸਕਾਏਗੀ? ਤੇ ਕਦ ਸੋਹਣਗੀਆਂ, “ਪਿਰ ਗਲਿ ਬਾਹੁੜੀਆਂ"?

ਪੱਥਰੀਲੀ ਡਗਰ

“ਪੱਥਰਾਂ ਦੀ ਕੋਈ ਹੈਸੀਅਤ ਨਹੀਂ"! ਕੌਣ ਕਹਿੰਦੈ ਪੱਥਰਾਂ ਦੀ ਕੋਈ ਹੈਸੀਅਤ ਨਹੀਂ? ਇਕ ਪੱਥਰੀਲੀ ਡਗਰ ਤੇ ਤੁਰ ਰਿਹਾ ਇਤਿਹਾਸ ਹੈ। ਮਜਨੂੰ ਤੇ ਸੁੱਟਣ ਨੂੰ ਤਾਂ ਪੱਥਰ ਹਰ ਕਿਸੇ ਦੇ ਪਾਸ ਹੈ। ਬੁਝ ਚੁੱਕੇ ਸੂਰਜ ਦਾ ਕੀ ਹੈ ਤਾਪਮਾਨ? ਭਖਦੇ ਦੁਪਹਿਰੇ ਰਿਸ਼ਮ ਦੀ ਕੀ ਰਾਸ ਹੈ? ਸੁੱਕੀਆਂ ਨਦੀਆਂ 'ਚ ਕਸ਼ਤੀ ਖੇਵਣਾ, ਕੀ ਬੋੜਨਾ? ਇਕ ਮਾਂਝੀ ਨੂੰ ਤਾਂ ਕੇਵਲ ਡੌਲਿਆਂ ਤੋਂ ਆਸ ਹੈ? ਝੱਖੜ, ਤੂਫਾਨਾਂ, ਹੜ੍ਹਾਂ ਤੋਂ ਹੋ ਸੁਰਖਰੂ, ਤੇਰੀ ਵਫ਼ਾ ਦੇ ਵਾਹਣ ਵਿਚ ਇਹ ਜ਼ਿੰਦਗੀ ਬੇ ਆਸ ਹੈ। ਵਿਰਮੀਆਂ, ਗ਼ਾਰਾਂ ਤੇ ਘਰਾਂ ਵਿੱਚ ਵਿੱਚਰੇ ਹਾਂ ਸਦਾ, ਪੱਥਰਾਂ ਦੇ ਡੰਗ ਦਾ ਸਾਨੂੰ ਖਰਾ ਅਹਿਸਾਸ ਹੈ। ਪੱਥਰਾਂ ਦੀ ਠੋਸ ਅਸਲੀਅਤ ਹੈ ਵੀਰ, ਜੱਟ ਧੰਨੇ ਨੂੰ ਤਾਂ ਆਖ਼ਿਰ ਪੱਥਰਾਂ ਦਾ ਪਾਸ ਹੈ। ਖੁਰ ਗਿਆ, ਖਿੰਡ ਪੁੰਡ ਗਿਆ ਸੀ ਸ਼ੰਕਿਆਂ ਦੇ ਭੰਵਰ ਵਿਚ ਫ਼ੇਰ ਸਤਿਗੁਰ ਦੀ ਉਸੀ ‘ਬਾਲੇ' ਨੂੰ ਨਿੱਤ ਸ਼ਾਬਾਸ਼ ਹੈ।

ਮਾਛੀਵਾੜਾ

ਹੁਣ ਮੈਂ ਕਿਸੇ ਨੂੰ ਖ਼ਤ ਨਹੀਂ ਲਿਖਣਾ। ਹੁਣ ਮੈਂ ਕਿਸੇ ਨੂੰ ਕੁਝ ਨਹੀਂ ਕਹਿਣਾ। ਆਪਾਂ ਕਿਸੇ ਦਾ ਕਰਜ਼ ਨੀਂ ਦੇਣਾ। ਸਾਥੋਂ ਕਿਸੇ ਨੇ ਹੁਣ ਕੀ ਲੈਣਾ? ਜਨਮ ਪੱਤਰੀ ਪਾਟ ਗਈ ਹੈ, ਪਾਂਧੇ ਦਾ ਅਹਿਸਾਨ ਕੀ ਲੈਣਾ? ਉਮਰ-ਪਟਾ ਕਿਸ ਨੇ ਲਿਖਵਾਇਆ? ਏਸ ਸਰਾਂ ਇਕ ਰਾਤ ਹੀ ਰਹਿਣਾ। ਤੂੰ ਕੀ ਦਿੱਤਾ? ਮੈਂ ਕੀ ਲਿੱਤਾ? ਿ ਗਣਤੀ ਮਿਣਤੀ ਵਿਚ ਨੀਂ ਪੈਣਾ। ਮੇਰੇ ਕੋਲ ਦੇਣ ਨੂੰ ਕੀ ਹੈ? ਤੂੰ ਹੁਣ ਸਦ-ਅਤ੍ਰਿਪਤ ਹੀ ਰਹਿਣਾ। ‘ਸਰੱਸਵਤੀ’ ਮੇਰਾ ਨਾ ਮਿਟ ਜਾਣਾ, ਤੂੰ ‘ਗੰਗਾ' ਅੰਤਾਂ ਤਕ ਵਹਿਣਾ। ‘ਤੇਰੇ ਲਈ ਕੁਝ ਕਰ ਨ ਸਕਿਆ’, ਜਾ ਮੇਰੀ ‘ਪੁੰਨੀ’ ਨੂੰ ਕਹਿਣਾ। ਮਾਛੀਵਾੜੇ ਦੇਖ ਕੇ ਆਉਣਾ, 'ਨਾਗ ਨਿਵਾਸਾਂ' ਦਾ ਕਿੰਝ ਰਹਿਣਾ ! ‘ਸੂਲ ਸੁਰਾਹੀ ਖੰਜਰ ਪਿਆਲਾ’ ਤੇਰਾ ਖ਼ਤ ਰੱਤ ਪੀਂਦਾ ਰਹਿਣਾ। ਜੇ ਸੱਚਮੁਚ ਨ ਕਦੇ ਨਿਖੁੱਟੇ । ਤਾਂ ਇਹ ਪਿਆਰ ਸਦੀਵੀ ਗਹਿਣਾ। ‘ਤੁਧ ਬਿਨ ਰੋਗ ਰਜਾਈਆਂ ਦਾ ਓਢਣ' ਕਲਗੀਧਰ ਦਾ ਏਹੋ ਕਹਿਣਾ।

ਅਰਜੁਣ ਨੂੰ

(1) ਅੱਜ ਕੱਲ੍ਹ ਤੇਰੇ, ਸੋਨ ਸੁਨਹਿਰੀ ਦਿਨ ਹਨ। ਹੁਣ ਤੇਰੇ ਪੱਬ ਧਰਤੀ ਤੇ ਨ ਟਿਕਣ ਭਰਾਵਾ ! ਨਾਰੇ ਜੋੜ ਕੇ, ਰੱਥ ਤੇ ਚੜ੍ਹ ਕੇ, ਤੂੰ ਮੁਕਲਾਵਾ ਲੈਣ ਹੋ ਜਾਣਾ। ਤੇਰੇ ਵਾਸਤੇ ਧਰਤੀ ਵਿਹੜਾ ਤੰਗ ਤੇ ਸੌੜਾ। ਜਾਂਦਾ ਜਾਂਦਾ ਮੇਰੇ ਕੋਲੋਂ ਰੌਕੇਟ ਦੇ ਖੰਭ ਲੈਂਦਾ ਜਾਈਂ। ਚੰਨ ਦਾ ਤਮਗ਼ਾ ਹੋਏ ਮੁਬਾਰਿਕ, ਬੋਦੀ ਵਾਲੇ ਤਾਰੇ ਦਾ ਲੜ, ਤੇਰੀ ਪੱਗ ਦਾ ਪਰਚਮ ਹੋਣਾ। ਏਸ ਅੰਬਰੀ ਪੰਧ ਦੇ ਬਾਰੇ, ਸੱਥਾਂ ਅੰਦਰ ਹੋਰ ਹੀ ਚਰਚੇ । ਤੇਰੀ ਭਾਬੀ ਕਹਿੰਦੀ ਫਿਰਦੀ, “ਇਹ ਅਸਮਾਨ ਨੂੰ ਟਾਕੀ ਲਾਉ।" ਤੇਰਾ ਕੋਈ ਰਕੀਬ ਨ ਹਾਸਿਦ ਯਾਰ ਹਾਂ ਮੈਂ ਤਾਂ। ਦੱਸ ਭਲਾ ਕਿਉਂ ਇਹ ਵਰਤਾਰਾ? ਤੂੰ ਜਦ ਅਰਸ਼ਾਂ ਦੇ ਵੱਲ ਉਲਰਨ ਦੇ ਲਈ, ਪਰ ਕੁਝ ਤੋਲੇਂ, ਅਰਸ਼, ਤੇਰੀ ਉਂਗਲ ਦੀ ਹਰਕਤ ਤੋਂ ਕਿਉਂ ਕੰਬੇ? (2) ਅੱਜ ਦੇ ਅਰਜੁਣ ਸਾਰਥੀਆਂ ਨੂੰ ਦੇਂਦੇ ਭਾਸ਼ਣ, ਤੈਨੂੰ ਉਂਝ ਵੀ ਖ਼ਿਜ਼ਰ ਦੀ ਕੋਈ ਲੋੜ ਨਹੀਂ ਹੈ। ਜਾਣੀ-ਜਾਣ ਗਿਆਨ ਸਭ ਤੈਨੂੰ, ਤੇਰੇ ਰੱਥ ਨੂੰ ਜੁੜੇ ਇਕੱਤਰ ਸੌ ਅਸੁ, ਤੇਰੀ ਗਤੀ, ਤੇ ਮੰਜ਼ਿਲ ਦੇ, ਉਹ ਸਭ ਭੇਤੀ, ਲੋੜ ਹੈ ਬੱਸ ਟਿਚਕਾਰੀ ਦੀ ਹੀ। ਤੈਨੂੰ ਕੋਈ ਸੰਸਾ ਨਹੀਉਂ ਜਿਸਨੇ ਵੀਹਾਂ, ਅਲਕ ਵਹਿੜਿਆਂ ਨੂੰ ਹਾਲੀ ਕੱਢਿਆ ਹੈ। (3) ਪਰ, ਮਹਾਂਭਾਰਤ ਦੇ ਪਿੱਛੋਂ ਰੋਮ ਰੋਮ ਵਿਭੂਤੀ ਲਾਕੇ ਵੱਲ ਹਿਮਾਲੇ ਜਾਂਦਾ ਹੋਇਆ, ਮਿਲ ਕੇ ਜਾਈਂ। ਬੀਤੇ ਸਮਿਆਂ ਵਾਂਗੂੰ, ਪਿੱਪਲ ਹੇਠਾਂ, ਇੱਕ ਦੂਜੇ ਨੂੰ, ਮਨ ਦੀ ਬਿਰਥਾ ਫਿਰ ਆਖਾਂਗੇ।

ਮਜਨੂੰ

ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ । -ਗੁਰੂ ਨਾਨਕ ਦੇਵ ਇੱਕ ਖ਼ਾਸ ਪਲ ਵਿਚ ਉਭਰਦਾ ਹੁੰਦਾ ਹੈ। ਇੱਕ ਦਿਲ ਦਾ ਜਨੂੰਨ, ਬਹੁਤ ਹੀ ਸੰਖੇਪ ਹੁੰਦੀ ਹੈ । ਉਹ ਵਹਿਸ਼ਤ ਦੀ ਘੜੀ। ਜੇ ਕੋਈ ਚਾਹੇ ਤਾਂ ਕਰ ਲਏ ਖ਼ਾਸ ਪਲ ਨੂੰ ਮੁਖ਼ਤਸਰ, ‘ਸਾਰ' ਚੱਬੇ, ਮੁਲਤਵੀ ਕਰਕੇ ਜਨੂਨੀ ਪਲਾਂ ਨੂੰ। ਜਾਂ ਨਜ਼ਰ ਅੰਦਾਜ਼ ਕਰ ਸਕਦੀ ਹੈ ਇਸਨੂੰ ਮਸਲਹਤ, ਹੱਡ ਵਿਚ ਪਾਰਾ ਰਚਾ ਲਏ ਇੱਕ ਖ਼ੁਸ਼ ਫ਼ਹਿਮੀ ਲਈ। ਇੱਕ ਜ਼ਿੰਦਗੀ ਦੇ ਮੋੜ ਤੇ ਜੀਂਦੇ ਨੇ ਸਭ ਆਪਣੇ ਲਈ। ਇਹ ਦਰਸ ਦੇਂਦੇ ਅਜ਼ਲ ਤੋਂ ਦੋ ਦਿਲਾਂ ਦੇ ਹਾਦਿਸੇ। ਉਹਨੂੰ ਖੁਸ਼ੀ ਕਿ ਚਹੁੰ ਦਿਸ਼ਾਈਂ ਰੌਸ਼ਨੀ ਦੀ ਰੁੱਤ ਹੈ। ਸਾਨੂੰ ਸੰਸਾ ਦਿਲ 'ਚ ਕੋਈ ਰੋਜ਼ ਸ਼ੁਅਲਾ ਭੜਕ ਪਏ। ਮਾਰੂਥਲਾਂ, ਕਬਰਾਂ 'ਚ ਮੁੱਕਣ ਇਹ ਜਨੂੰ ਦੇ ਸਿਲਸਿਲੇ।

ਖੁੰਦਕ

ਮੈਂ ਤੇ ਮੇਰਾ ਯਾਰ, ਉਮਰ ਭਰ ਸਾਥ ਰਹੇ ਸਾਂ। ਮੈਂ ਤੇ ਮੇਰਾ ਯਾਰ, ਚਿਰਾਂ ਤੋਂ ਬਾਅਦ ਮਿਲੇ ਹਾਂ। ਆਂਢ-ਗੁਆਂਢੇ ਜੰਮੇ, ਪਲੇ ਤੇ ਵੱਡੇ ਹੋਏ, ਸਾਡੇ ਵਿਹੜੇ ਦੀ ਜਾਮਣ ਤੇ ਓਹਨਾਂ ਦੀ ਬੇਰੀ ਦੇ ਹਾਣੀ। ਕੌਡੀ ਬਾਡੀ, ਸੌਂਚੀ ਪੱਕੀ, ਮਿਲ ਕੇ ਖੇਡੇ, ਮਿਲ ਜੁਲ ਕੇ ਹੀ ਡੰਗਰ ਚਾਰੇ, ਹਲਟ ਗੇੜਦੇ, ਫਲ਼ੇ ਚਲਾਉਂਦੇ, ਧੜਾਂ ਉੜਾਉਂਦੇ ਯਾਰੀ ਪਾਲੀ। ਗੌਣ, ਦੁਸਹਿਰੇ, ਮੇਲੇ ਗੇਲੇ, ਇਸ਼ਕ ਮੁਸ਼ਕ ਦੀ ਪੇਂਡੂ ਚਰਚਾ, ਬੇਰਸ, ਬੇਰੰਗ, ਜੀਵਨ ਵਿਚ ਇਕ ਸਤਰੰਗੀ ਸਿਰਜਣ ਦੀ ਗਾਥਾ। ਤੇ ਕੱਤਕ ਦੀ ਕੂਲੀ ਰੁੱਤੇ, ਟੋਭੇ ਦੇ ਖਾਕੀ ਪਾਣੀ ਤੇ, ਕੌਲ ਡੋਡੀਆਂ ਵਾਂਗ ਉੱਭਰੇ। ਦੋਹਾਂ ਵਿਚਾਲੇ, ਅੱਲ੍ਹੜ ਕੁੜੀਆਂ, ਬਾਂਕੀਆਂ ਨਾਰਾਂ ਦੇ ਸਭ ਭੇਤ ਸਮੋਈ ਰੱਖੇ। ਫਿਰ ਛਵ੍ਹੀਆਂ ਦਾ ਮੌਸਮ ਆਇਆ। ਅਣਸੁਲਝਾਈ ਰੜਕ ਜੇਹੀ ਕੋਈ ਖਟਕ ਰਹੀ ਹੈ, ਮੇਰੀ ਹਿੱਕ ਵਿਚ ਅਣਕੱਢੇ ਕੁਝ, ਗੋਲੀ ਦੇ ਛੱਰ੍ਹਿਆਂ ਦੀ, ੲਕ ਚੁਭਣ ਜੇਹੀ ਹੈ। ਕਈ ਕਰੋੜ ਹਮਾਤੜ ਜਗ ਵਿਚ ਕਰਨ ਕਲੋਲਾਂ, ਅਰਬਾਂ ਏਥੇ ਜੂਨ ਹੰਢਾਵਣ, ਧਰਤ ਦਾ ਆਂਗਣ ਤੰਗ ਨ ਏਨਾ! ਪਰ ਉਹਦੇ ਸੰਕੇਤ-ਬਿੰਦੁ ਕੁਝ ਅੱਡਰੇ ਵੱਖਰੇ, ਕਿ, “ਇਕ ਜੰਗਲ ਵਿਚ, ਦੋ ਸ਼ੇਰਾਂ ਦਾ ਰਾਜ ਨ ਹੁੰਦਾ ਹੈ" ਕਿ “ਹਰ ਜੂਹ ਵਿਚ ਸਾਨ੍ਹ ਝੋਟਿਆਂ ਅਪਣੀ ਅਪਣੀ ਧੌਂਸ ਜਮਾਉਣੀ।” ਮੰਨਿਆਂ ਸ਼ੇਰ, ਸਾਨ੍ਹ ਤੇ ਝੋਟੇ ਜੰਗਲ ਵਿਚ, ਦੁਨੀਆਂ ਵਿਚ ਰਹਿੰਦੇ, ਪਰ ਅੱਜ ਦੇ ਮਾਨਵ, ਕੌਮ, ਕਬੀਲੇ, ਜੰਗਲ ਤੋਂ ਕੁਝ ਬਾਹਰ ਪੁੱਜੇ। ਮੈਂ ਤੇ ਮੇਰਾ ਯਾਰ ਜਾਣਦੇ ਪਰ ਬੇਬਸ ਹਾਂ। ਸਾਡੇ ਅੰਦਰ ਧੁਰ-ਆਤਮ ਵਿਚ ਜੰਗਲ-ਕਲਚਰ ਜਾਗ ਰਿਹਾ ਹੈ।

ਗ਼ਜ਼ਲ-ਨੁਮਾ

( ਫ਼ੈਜ਼' ਤੋਂ ਪ੍ਰਭਾਵਿਤ) ਵਰ੍ਹਦੀ ਰਹੀ ਸਾਉਣ ਪਿੱਛੋਂ ਅੰਬਰ ਦੀ ਅੱਖ, ਅਰਸ਼ ਦੀ ਹੂਰ ਮੋਮਿਨ ਨੂੰ ਰੱਜ ਕੇ ਰੋਈ। ਆਪਣੇ ਵੱਲ ਖਿਚਦੀ ਰਹੀ ਇਲਜ਼ਾਮ ਦੇ ਤੀਰ, ਮੇਰੀ ਦੁਸ਼ਮਣ ਏਹੋ ਰੂਹ ਦੀ ਰੋਸ਼ਨੀ ਹੋਈ। ਕਿਉਂ ਦਿਲਾਂ ਦੇ ਨ੍ਹੇਰੇ ਵਿਚ ਸਿਮਟ ਕੇ ਬੈਠੇ ਹੋ? ਬੁਝ ਗਏ ਜੇ ਦੀਪ ਘਰ ਜਲਾ ਲਓ ਕੋਈ। ਸਾਡੇ ਆਖ ਕੇ ਆਏ ਸੀ “ਬਾਲੇ ਨੂੰ ਕਤਲ ਕਰਨਾ ਹੈ" ਨਜ਼ਰ ਝੁਕਾ ਰਿਹਾ ਕੋਈ, ਖੰਜਰ ਛੁਪਾ ਰਿਹਾ ਕੋਈ। (14 ਅਕਤੂਬਰ, 1991)

ਨਾਗਾਲੈਂਡ

ਅੱਧ-ਅਗਸਤ ਜੋ ਅੱਧੀ ਰਾਤੀਂ, ਦਿੱਲੀ ਵਿਚ ਆਜ਼ਾਦੀ ਆਈ, ਇੱਕ ਦਿਨ ਪਹਿਲਾਂ ਸ਼ਹਿਰ ਲਾਹੌਰੇ ਨਵਾਂ ਦੇਸ਼ ਸੀ ਹੋਂਦ 'ਚ ਆਇਆ, ਮੁਸਲਿਮ, ਸਿੱਖ ਤੇ ਹਿੰਦੂ ਘਰ ਛੱਡ, ਨਵੇਂ ਦੇਸ਼ ਨੂੰ ਭੱਜਣ ਲੱਗੇ, ਬੰਗ-ਪੰਜਾਬ ਦੇ ਹੋਏ ਟੋਟੇ। ਬਾਕੀ ਸਾਰੇ ਭਾਰਤ ਵਾਸੀ, ਨਵੀਂ ਉਸ਼ਾ ਨੇ ਛੇੜ ਜਗਾਏ। ਸਾਡੇ ਦੇਸ਼ ਦੇ ਇਕ ਕੋਨੇ ਤੋਂ, ਫੀਨੇ ਨੱਕ, ਮੀਚੀਆਂ ਅੱਖਾਂ ਵਾਲੇ ਕੁਝ ਬਾਗ਼ੀ ਉੱਠ ਬੋਲੇ। “ਅਸੀਂ ਨ ਕੋਈ ਭਾਰਤ ਵਾਸੀ, ਸਾਡਾ ਦੇਸ਼ ਆਜ਼ਾਦ ਨ ਹੋਇਆ।" ਤੇ ਕੁਝ ਪਿੱਛੋਂ ਫੈਜ਼ ਬੋਲਿਆ- “ਨਿਜਾਤੇ ਦੀਦਾ-ਓ-ਦਿਲ ਕੀ ਘੜੀ ਨਹੀਂ ਆਈ, ਚਲੇ ਚਲੋ ਕਿ ਮੰਜ਼ਿਲ ਅਭੀ ਨਹੀਂ ਆਈ।" ਤੇ ਪਲਟਣ ਮੇਰੀ ਉੱਤਰ-ਪੂਰਬ ਨੂੰ ਉੱਠ ਚੱਲੀ। ਬਾਗ਼ੀ-ਨਾਗੇ, ਤੀਰ-ਕਮਾਨ ਤੇ ਭਾਲੇ ਚੁੱਕ ਕੇ ਜੰਗਲ ਵਿਚ ਜਾ, ਲੁੱਕਣ-ਮੀਟੀ ਖੇਡਣ ਲੱਗੇ। "ਭਾਲੇ", “ ਖੁੱਖਰੀ”, “ਦਾਹ' ਆਦਿਕ ਸਭ, ਬਣ ਗਏ ਮੇਰੇ ਡਰਾਇੰਗ ਰੂਮ ਦੀ ਜ਼ੀਨਤ । ਹੱਥ ਬੰਦੂਕਾਂ ਲੈ ਸਾਨੂੰ ਹੀ ਉਹ ਜੰਗਲੀ ਫਿਰ ਫੁੰਡਣ ਲੱਗੇ। ਆਜ਼ਾਦੀ ਦੀ, ਅੱਧ ਸਦੀ ਦੇ, ਜਸ਼ਨਾਂ ਪਿੱਛੋਂ ਵੀ ਨਾਗੇ ਨੇ ਬਾਗ਼ੀ ਹੁਣ ਤੱਕ।

“ਤੈਂ ਕੀ ਦਰਦੁ ਨ ਆਇਆ”

(ਪੋਸਟ ਕਮਾਂਡਰਾਂ ਦੀ ਚਾਰਜ ਬਦਲੀ : ਪੁਣਛ ਦੇ ਹੀਰੋ, ਸਵ: ਬ੍ਰਿਗੇਡੀਅਰ ਪ੍ਰੀਤਮ ਸਿੰਘ ਨੂੰ ਸਮਰਪਤ) ਔਹ ! ਡੋਡਾ ਚੋਟੀ ਕੋਲ ਜ ਪੇੜਾਂ ਦਾ ਵੱਡਾ ਝੁੰਡ ਹੈ। ਓਥੇ ਵਸਦਾ ਪੁਣਛ ਬੌਡਰ ਦਾ ਪੁਰਾਣਾ ਖੁੰਢ ਹੈ। ਮਾਲਕੀ ਉਹਦੀ 'ਚ ਝਰਨਾ ਖੱਡ ਤੇ ਸਾਰਾ ਪਹਾੜ। ਪੈਂਹਟ ਕ੍ਹੱਤਰ ਜੰਗ ਵੀ ਓਸ ਨੂੰ ਸੱਕੇ ਨ ਰਾੜ੍ਹ। ਆਂਹਦੇ ਸੰਤਾਲੀ ਵਿਚ ਕੋਈ ਕਾਰਨਾਮਾ ਕਰ ਗਿਆ। ਫ਼ੌਜ ਸਾਡੀ ਨਾਲ ਇਹ ਗੁੱਜਰ ਸੀ ਆ ਕੇ ਖੜ੍ਹ ਗਿਆ। ਫਿਰ ਕਬਾਇਲੀ ਧਾੜਵੀ ਟੋਲਾ ਅਚਾਨਕ ਡਰ ਗਿਆ। ਤੇ ਪ੍ਰੀਤਮ ਸਿੰਘ ਸਾਹਿਬ ਝੰਡਾ ਉੱਚਾ ਕਰ ਗਿਆ। ਕਾਇਮ, ਉਸ ਦਮ ਤੋਂ ਹੈ ਇਸਦੀ ਆਣ ਬਾਣ। ਹੋਰ ਸਭ ਉੱਜੜ ਗਏ ਪਰ ਵੱਸ ਰਿਹਾ ਨੂਰਾ ਸ਼ਤਾਨ। ਇਹਦੀ ਹਰ ਹਰਕਤ ਰਹੇ ਦੂਰਬੀਨ ਦੇ ਹੇਠ। ਚੁਸਤੀ ਕਰੇ ਤਾਂ ਚਾਹੀਏ ਇਹ ਸੰਗੀਨ ਦੇ ਹੇਠ। ਔਹ ਢਲਾਨਾਂ ਤੋਂ ਪਰੇ ਆਪ ਹੀ ਕੁੱਤਾ ਭਜਾਇਆ। ਮੋੜਨ ਲਈ ਮੁੰਡਾ ਗਿਆ ਜੋ ਓਧਰੋਂ ਪੈਗ਼ਾਮ ਲਿਆਇਆ। ਕਿਰਨ ਨਾਲੇ ਰਾਹੀਂ ਆਇਆ ਬੰਦਾ ਏਹਦਾ ਰਿਸ਼ਤੇਦਾਰ। ਸੂਹੀਏ ਸਰੀਹਨ ਪਾਲਦਾ ਇਹ ਦੇਸ਼ ਦਾ ਪੱਕਾ ਗ਼ੱਦਾਰ। ਲੂਣ ਖਾਂਦਾ ਭਾਰਤੀ ਬੁੱਢਾ, ਖ਼ਬੀਸ, ਬਾਤੂਨੀ। ਲਾਲ ਦਾਹੜੀ ਵਾਂਗ ਇਸਦੀ ਚਾਲ ਹਰ ਹੁੰਦੀ ਹੈ ਖੂੰਨੀ। ਕੁਫ਼ਰ ਦਾ ਹੈ ਇਹ ਪੈਗ਼ੰਬਰ ਫ਼ਰੇਬ ਦਾ ਜਾਣੋ ਫ਼ਰਿਸ਼ਤਾ। ‘ਇੰਟ’ ਸ਼ੱਕੀ ਹੈ ਕਿ ਏਹਦਾ ਆਈ. ਐਸ. ਆਈ. ਨਾਲ ਰਿਸ਼ਤਾ। ਵੇਖਣ ਨੂੰ ਮਰੀਅਲ ਜਾਪਦਾ ਭਾਵੇਂ ਇਹ ਬੁੱਢਾ ਪੋਸਤੀ। ਹਾਈ ਕਮਾਂਡਰ ਨਾਲ ਪਰ ਹੁੰਦੀ ਹੈ ਇਸ ਦੀ ਦੋਸਤੀ। ਹੈ ਸ਼ਕਲ ਤੋਂ ਮੋਮਿਨ ਮਾਸੂਮ, ਪਰ, ਮੱਕਾਰ ਹੈ, ਫੌਲਾਦ ਹੈ। ਸੂਲਾਂ ਦੀ ਤਿੱਖੀ ਨੋਕ ਹੈ ਇਹ ਸੱਪ ਦੀ ਔਲਾਦ ਹੈ। ਆਪਣੀ ਹੱਦ ਵਿਚ ਜਦ ਕੋਈ ਸਮਗਲਰ ਆਏਗਾ। ਖ਼ਬਰ ਝੱਟ ‘ਡਿਵ’ ਤੱਕ ਇਹੋ ਚੁੱਪ ਚਾਪ ਹੀ ਪਹੁੰਚਾਏਗਾ। ਦੇਸ਼ ਵਾਸੀ ਆਪਣਾ ਪਰ ਵੈਰੀਆਂ ਦਾ ਖੂੰਨ ਹੈ। ਸੋਚਿਆ ਜਾਏ ਤਾਂ ਨੂਰੇ ਦੀ ਵੀ ਕਾਹਦੀ ਜੂਨ ਹੈ ? ਘਰ ਨ ਟੱਬਰ, ਪੇੜ, ਡੰਗਰ ਉਹਦਾ ਕੁਝ ਅਪਣਾ ਨਹੀਂ। ਦੋ ਕੌਮਾਂ ਦਾ ਖਹਿ ਬਿੰਦੂ ਹੈ ਨੂਰੇ ਦਾ ਨਿੱਜ-ਸੁਪਨਾ ਨਹੀਂ। ਜ਼ੈਨਾ, ਧੀ ਉਹਦੀ ਪਰੀ ਫੌਜ ਦੀ ਅੱਖਾਂ ਦੀ ਜੋਤੀ ਹੱਥ ਮਲਦੇ ਜੁਆਨ ਰਹਿ ਗਏ, ਲੈ ਗਿਆ ਪਾਕੀ ਬਲੋਚੀ। ਜੈਕ ਰੈਫ਼ਲ ਦਾ ਮੁਹੰਮਦ ਉਹਦੀ ਨੂੰਹ ਨੂੰ ਕੱਢ ਤੁਰਿਆ। ਪੁੱਤ ਨਮੋਸ਼ੀ ਨਾਲ ਹਾਜੀ ਪੀਰ ’ਤੋਂ ਜਾ ਕੁੱਦ ਮਰਿਆ। ਹੋ ਗਿਆ ਨੂਰਾ ਡਉਰਾ ਬਉਰਾ ਮਹੁਰਾ ਚੱਟ ਬੇਗਮ ਵੀ ਮਰ ਗਈ। ਫੌਜਾਂ ਖਾ ਗਈਆਂ ਛੇਲੇ ਲੇਲੇ ਉਹਦੀ ਦੁਨੀਆਂ ਟੁੱਟ ਬਿਖ਼ਰ ਗਈ। ਘਰ ਉਹਦਾ ਹੁਣ ਭੂਤ ਬੰਗਲਾ ਕੋਈ ਆਦਮ ਜੀਵ ਨ ਬਹਿੰਦਾ। ਫਿਰ ਵੀ ਕੋਠਾ ਹੈ ਦਿਨ ਰਾਤੀ ਦੋ ਫੌਜਾਂ ਦੀ ਨਜ਼ਰ 'ਚ ਰਹਿੰਦਾ। ਇਹ ਕੋਠਾ ਝਗੜੇ ਦਾ ਕੇਂਦਰ ਹੈ ਫੌਜਾਂ ਦੇ ਭਿੜਨ ਦਾ ਕਾਰਣ। ਅਣੂ ਬੰਬ ਬਰਖਾ ਦਾ ਬਾਇਸ ਤੀਜੀ ਜੰਗ ਦੇ ਛਿੜਨ ਦਾ ਕਾਰਣ। ਧਰਤੀ ਦੀ ਵੰਡ ਹੋਣ ਦੇ ਪਿੱਛੋਂ ਇਸ 'ਤੇ ਕਿਸੇ ਵਿਸਾਹ ਨੀਂ ਕੀਤਾ। ਅੱਲ੍ਹਾ ਤਾਅਲਾ ਤੂੰ ਕਿਸ ਕਾਰਣ ਹੈ ਨੂਰੇ ਨਾਲ ਨਿਆਂ ਨੀ ਕੀਤਾ?

ਮੇਰੇ ਭੋਗ ਤੇ

(1) ਮੇਰੇ ਭੋਗ ਤੇ ਕੋਈ ਭਾਸ਼ਣ ਨੀਂ ਕਰਨਾ, ਕਿਉਂਕਿ ਲੀਡਰਾਂ ਨੂੰ ਝੂਠੀ ਸਿਫ਼ਤ ਦੀ ਆਦਤ ਹੈ ਤੇ ਮਜਬੂਰੀ ਵੀ ਸ਼ਾਇਦ। ਮੇਰੇ ਲਈ ‘ਕੀਰਤਨ ਸੋਹਲਾ' ਹੀ ਕਾਫੀ ਹੈ, ਜਾਂ, ਬਾਬੇ ਸੁੰਦਰ ਦੀ ਸੱਦ। ਮੇਰੀ ਸੋਚ ਸਾਂਭਣ, ਸੰਵਾਰਨ ਵਾਸਤੇ, “ਚੇਅਰ" ਸਥਾਪਤ ਨਾ ਕਰਨਾ, ਕਿਸੇ ਵਿਸ਼ਵ-ਵਿੱਦਿਆਲੇ। ਨਾ ਹੀ ਕਰਨਾ ਕਿਸੇ ਲਾਇਬਰੇਰੀ, ਸਕੂਲ, ਕਾਲਜ, ਯਾਦਗਾਰੀ ਹਾਲ ਦਾ ਨਾਮਕਰਣ। (2) ਸੱਭੇ ਬੋਰਡ ਉਤਰ ਜਾਂਦੇ ਹਨ। ਸਭ ਨਾਮ ਵਿੱਸਰ ਜਾਂਦੇ ਹਨ। ਜਿਵੇਂ ਮਾਰੂਥਲਾਂ ਵਿਚ ਜੋਧਿਆਂ ਦੀਆਂ ਪੈੜਾਂ ਦੇ ਨਿਸ਼ਾਨ, ਜਿਵੇਂ “ਬੀਚ" 'ਤੇ ਬਗਲਗੀਰ ਪ੍ਰੇਮੀਆਂ ਦੀ ਪੈਰ-ਛਾਪ। ਯਾਦਗਾਰਾਂ, ਤੇ ਕਬਰਾਂ ਦੇ ਪੱਥਰ ਬੇਮਾਅਨੀ। (3) ਸ਼ੁਹਰਤ ਦੀ ਭੁੱਖ, ਸੋਭਾ ਦੀ ਹਿਰਸ, ਮਸ਼ਹੂਰੀ ਦੇ ਜਰਾਸੀਮ, ਮੈਨੂੰ ਵੀ ਚੰਬੜੇ ਰਹੇ। ਪਰ ਇਹ ਤਾਂ ਜਿਉਂਦਿਆਂ ਦੀ ਜ਼ਰੂਰਤ ਹੈ, ਕਬਰ ਦਾ ਸਰ ਜਾਂਦਾ ਜੰਗਲੀ ਫੁੱਲਾਂ ਦੇ ਨਾਲ, ਆਪੇ ਉੱਗ ਪੈਂਦੇ ਬਰਸਾਤ 'ਚ ਘਾਹ। ਦੇਖੀ ਹੈ, ਹਰ ਪ੍ਰਸੰਸਕ ਮਗਰ ਨਿੰਦਕਾਂ ਦੀ ਕਤਾਰ। “ਹਰ ਪ੍ਰਸੰਸਕ ਆਪ ਨਿੰਦਕ ਹੈ।" ਜੋ ਹੁਣ ਕੱਪੜੇ ਨਹੀਂ ਧੋਦਾ, ਗੰਦ ਢੋਂਦਾ ਹੈ। ਕਸੀਦਾ-ਗੋਈ ਜਾਂ ਮਰਸੀਆ-ਖੁਆਨੀ ਇੱਕ ਸਿੱਕੇ ਦੇ ਦੋ ਪਾਸੇ ਹਨ। ਤੇ ਮੈਂ, ਘੋੜ ਸਵਾਰ, ਸਾਰਥੀ ਜਾਂ ਤੀਰ ਅੰਦਾਜ਼ ਨਹੀਂ, ਫ਼ਾਈਟਰ ਪਾਈਲਟ, ਸਬਮੇਰੀਨ ਕਮਾਂਡਰ, ਐਸਟਰੋਨਾਟ ਨਹੀਂ, ਇਨਫੈਂਟਰੀ ਦਾ ਪੈਦਲ ਸਿਪਾਹੀ ਹਾਂ ਬੱਸ। (4) ਮੈਂ ਕੋਈ ਸਿਧਾਂਤ ਨੂੰ ਘੜਿਆ। ਨ ਉਸ ਸਿਧਾਂਤ ਲਈ ਲੜਿਆ। ਅਜੋਕੇ ਸਿਧਾਂਤਕਾਰ, ਬੁੱਧੀਜੀਵੀ, ਸੰਘਰਸ਼-ਸ਼ੀਲ, ਜ਼ਿੰਦਾ-ਸ਼ਹੀਦ, ਮੇਰੀ ਸਮਝ ਤੋਂ ਬਾਹਰ ਨੇ। ਹਉਮੈ ਦੀ ਗੰਧ ਨਾਲ ਭਰਿਸ਼ਟੇ ਲੋਕ ! ਕਹਿੰਦੇ ਜੋ ਵਿਸ਼ਵਾਸ ਨਾਲ- “ਅਸੀਂ ਫ਼ਲਾਣੇ ਦੀ ਸੋਚ ਤੇ ਪਹਿਰਾ ਦਿਆਂਗੇ।” ਜਗ ਹਸਾਈ ਹੋਈ ਉਨ੍ਹਾਂ ਪਹਿਰੇਦਾਰਾਂ ਦੀ, ਹਿਰਸ ਤੇ ਹਵਸ ਦੇ ਸ਼ਿਕਾਰ, ਵੱਡੀਆਂ ਕਿਰਪਾਨਾਂ, ਚੋਗਿਆਂ ਤੇ ਗੋਲ ਪੱਗਾਂ ਵਾਲੇ। ਪਿੱਤਲਈ ਮਿਆਨਾਂ ਵਿਚ ਜੰਗਾਲੀਆਂ ਤਲਵਾਰਾਂ। ਤੇ, ਟਿੱਬੇ ਦੇ ਦੂਸਰੇ ਪਾਸੇ ਕਾਲੀਆਂ ਪੋਚੀਆਂ ਦਾਹੜੀਆਂ ਤੇ । ਖੱਦਰ ਦੀ ਫੁਲਬਹਿਰੀ। ਮੇਰੀ ਪੱਗ ਤੇ ਨ ਦੇਖੋਗੇ ਸਿਧਾਂਤ ਦਾ ਸ਼ਮ੍ਹਲਾ, ਨਾ ਮੋਢੇ 'ਤੇ ਪਹਿਰੇਦਾਰੀ ਦੀ ਡਾਂਗ, ਨ ਸੰਘਰਸ਼-ਸ਼ੀਲਾਂ ਦੀ ਡਾਰ ਤੋਂ, ਨਿੱਖੜੀ ਕੂੰਜ ਦੀ ਫਿਜ਼ਾਵਾਂ ਵਿੰਨ੍ਹਦੀ ਚੀਕ। ਮੈਂ ਨ ਇਤਿਹਾਸ ਦੇ ਸੁਨਹਿਰੀ ਬਾਬ ਦਾ ਫੁੱਟ ਨੋਟ। ਨ ਕਿਸੇ ਦਿਮਾਗੀ ਕਨਸੈਨਟਰੇਸ਼ਨ ਕੈਂਪ ਦਾ ਕੁਮੇਦਾਨ। ਨ ਕਿਸੇ ਨਵੇਂ ਨੁਰਨ-ਬਰਗ ਕੇਸ ਦਾ ਇਸ਼ਤਿਹਾਰੀ ਮੁਲਜ਼ਮ। ਮੇਰੇ ਸਿਰ ਦਾ ਕੋਈ ਮੁੱਲ ਨਾ ਰੱਖਿਆ ਕਿਸੇ ਮੀਰ ਮੰਨੂੰ ਨੇ। ਭਵਿੱਖ ਤੇ ਅਤੀਤ ਦੇ ਜਬਰ ਤੋਂ ਸਹਿਮਿਆ ਪੰਛੀ, ਵਰਤਮਾਨ ਦੇ ਹਮ-ਕਿਨਾਰ ਹਾਂ ਮੈਂ ਤਾਂ। (5) ਕੱਦ ਸਾਡਾ ਅਜੇ ਕੁਝ ਬੌਣਾ ਜੇਹਾ। ਅਜੇ ਤਾਂ ਘਰ ਘਰ ਸੰਭੋਗ ਦਾ ਮੌਸਮ । ਚਾਹੇ ਅਣਚਾਹੇ ਗਰਭਦਾਨ ਦੇ ਤੁਹਫ਼ੇ । ਸ਼ੁਕਰ ਹੈ ਜੋ ਉਪਜਾਉ ਅਜੇ ਪੰਜਾਬਣ ਦੀ ਕੁੱਖ । ਭਾਵੀ ਸ਼ਹੀਦਾਂ ਨੂੰ ‘ਖ਼ੁਸ਼ ਆਮਦੀਦ; ਨਿਰੰਤਰ ਹੋ ਰਹੀ। ਅਣਖੀਲੀ ਤੇ ਆਪਾਵਾਰੂ ਹੈ ਸਿੱਖੀ ਦੀ ਤਾਰੀਖ਼ । ਜਦ ਜੀਅ ਕਰੇ ਗਰਮਾ ਸਕੇ, ਫੇਰ ਕਰਬਾਨੀ ਦਾ ਖੂੰਨ, ‘ਅਰਦਾਸ’ ਲਈ ਨਵੀਨ ਸ਼ਹੀਦੀਆਂ ਦਾ ਯੋਗਦਾਨ। ਹਾਲਾਤ ਤੇਰੇ ਪੱਖ ਵਿਚ ਨੇ ਨਾਅਰੇਬਾਜ਼ ! ਬੇਫ਼ਿਕਰ ਉੱਚਾ ਕਰੀ ਜਾ ਤਾਪਮਾਨ। ਜਾਂ-ਨਿਸਾਰਾਂ ਦੀ ਫ਼ਸਲ ਤੱਯਾਰ ਹੈ। ਪੋਖਰਨ ਵਿਚ ਨੇ ਪਟਾਖੇ ਚਲ ਰਹੇ। ਮਘ ਰਹੀ ਭੱਠੀ ਪਰਾਗਾ ਪਾਉਣ ਲਈ, ਆਓ ਕੋਈ ਵਾਲੰਟੀਅਰ ! ਕੋਈ ਮਾਤਮ ਦੀ ਜ਼ਰੂਰਤ ਨ ਰਹੂ, ਭੋਗ ਹੁਣ ਜ਼ਾਤੀ ਨਹੀਂ, ਬਹੁ-ਜਮਾਤੀ ਹੋਣਗੇ।

ਸਾਥ ਅਸਾਡਾ

(ਇਕ ਮਿੱਤਰ ਦੀ ਪੁਸਤਕ ਭੇਟਾ 'ਤੇ) ਹੱਸਣ, ਨੱਚਣ, ਲੋਰ ਦੇ ਸੁਪਨੇ, ਰੂਪ ਨਗਰ ਦੇ ਚੋਰ ਦੇ ਸੁਪਨੇ, ਕਵਿਤਾ ਪੜ੍ਹਨ ਗਾਉਣ ਦੀ ਇੱਛਾ, ਸਮਝਣ ਕੁਝ ਸਮਝਾਉਣ ਦੀ ਇੱਛਾ, ਮੁਕਟ ਮੁਖੌਟੇ ਭੰਨੇ ਸਾੜੇ, ਪਰਦਾ-ਨਸ਼ੀਂ ਦੇ ਨਕਸ਼ ਉਘਾੜੇ, ਡੇਰੇ ਮੱਠ ਸਜਾਉਣ ਦਾ ਕਿੱਸਾ, ਢਾਹ ਕੇ ਥੇਹ ਬਣਾਉਣ ਦਾ ਕਿੱਸਾ, ਰਮਜ਼ਾਂ ਵਿੱਚ ਮੁਸਕਾਣ ਦੀ ਲੋਚਾ, ਮਹਿਫ਼ਲ 'ਤੇ ਛਾ ਜਾਣ ਦੀ ਲੋਚਾ, ਆਪਾ ਵਾਰਨ ਦੀ ਅਭਿਲਾਸ਼ਾ, ਜਿੱਤਕੇ ਫ਼ਿਰ ਹਾਰਨ ਦੀ ਗਾਥਾ, ਤੇਜ਼ ਤੁਰੇ, ਪੁੱਜੇ, ਤੇ ਪੱਛੜੇ, ਵਿੱਛੜ, ਮਿਲੇ, ਤੇ ਮਿਲਕੇ ਵਿੱਛੜੇ, ਸਾਹ-ਰਾਗਣੀਆਂ ਦੇ ਸਰ ਜੋੜੇ, ਥੁੜ-ਨਾਗਣੀਆਂ ਦੇ ਦੰਦ ਤੋੜੇ, ਜਿਸਮਾਂ ਦੇ ਉਰਵਾਰ ਨ ਮੇਲੇ, ਡੁਗਡੁਗੀਆਂ ਦੇ ਖੇਲ ਨ ਖੇਲੇ, ਨੰਗੇ ਧੜ ਮੈਦਾਨ 'ਚ ਆਏ, ਰਉਣ ਰੜੇ ਮੈਦਾਨ ਗਿਰਾਏ, ਕਫ਼ਨ ਸਜਾਕੇ ਮੰਚ ਤੇ ਆਏ, ਸੀਸ ਤਲੀ ਰੱਖ ਡੰਕ ਵਜਾਏ, ਹਾਥ ਅਸਾਂ ਦੀ ਮਿੱਤਰ ਜਾਨਣ, ਸਾਥ ਜਿਨ੍ਹਾਂ ਦਾ ਚਾਨਣ ਚਾਨਣ !

ਮੈਨੀਫੈਸਟੋ

(ਖਾਲਸਾ ਪੰਥ ਦੀ ਤੀਜੀ ਸਾਜਨਾ ਸ਼ਤਾਬਦੀ ਨੂੰ ਸਮਰਪਤ) ਹਰ ਨਜ਼ਰ ਦਾ ਅਪਣਾ ਵਿਸ਼ਵ ਦਰਸ਼ਨ ਹੈ। ਹਰ ਦਿਲ ਖੁਦ ਅਪਣਾ ਕਮਾਂਡਰ-ਇਨ-ਚੀਫ਼। ਹਰ ਆਤਮਾ ਇਕ ਜੱਗ-ਅਦਾਲਤ ਹੈ। ਹਰ ਧਰਮ ਦੇ ਵਿਲੱਖਣ ਦਰਸ਼ਨ ਸਿਧਾਂਤ। ਹਰ ਕੌਮ ਦੇ ਸੁਤੰਤਰ ਸੁਪਨੇ ਹਨ। ਹਰ ਮਨ ਇਕ ਕੌਮੀਅਤ ਦਾ ਪ੍ਰਤੀਕ। ਮੇਰੀ ਸੜਕ ਦੇ ਮੀਲ ਪੱਥਰ ਨਨਕਾਣੇ ਤੋਂ ਨਾਂਦੇੜ ਤੱਕ ਫੈਲੇ। ਤਪਦੀਆਂ ਤਵੀਆਂ, ਦਗਦੀਆਂ ਦੇਗਾਂ, ਚਰਖੜੀਆਂ, ਉਸ ਮੰਜ਼ਿਲ ਦੇ ਮੁਕਾਮ। ਜਮਰੋਦ, ਲੋਹ, ਦਰਬੁਕ, ਕਾਂਗੜੇ ਦੇ ਮਿਸਮਾਰ ਕਿਲਿਆਂ 'ਤੇ, ਲਾਲ ਕਿਲੇ ਦੀ ਦਰਸ਼ਨੀ ਡਿਉਢੀ 'ਤੇ ਮੇਰੇ ਕਦਮਾਂ ਦੀ ਮੋਹਰ। ਪੱਖਪਾਤੀ ਇਤਿਹਾਸ ਸਾਜ਼ੀ ਤੋਂ ਕੁਝ ਚਿਰ ਮਗਰੋਂ ਕਰੇਗਾ ਨਿਰਪੱਖ ਇਤਿਹਾਸਕਾਰ, ਮੇਰੀ ਕੌਮ ਦੇ ਮਾਨਵ-ਇਤਿਹਾਸ ਵਿਚ, ਯੋਗਦਾਨ ਦਾ ਲੇਖਾ ਜੋਖਾ। ਅਜੇ ਤਾਂ ਸਿੰਧ, ਸਤਲੁਜ, ਗੰਗਾ, ਜਮੁਨਾ, ਗੋਦਾਵਰੀ ਦੇ ਪਾਣੀਆਂ ਦੀਆਂ ਲਹਿਰਾਂ ਤੇ ਪਏ ਸਿੰਘਾਂ ਦੇ ਘੋੜਿਆਂ ਦੇ ਅਕਸ਼ਾਂ 'ਤੇ ਬਣ ਰਹੀ ਹੈ ਇਕ ਡੌਕੂਮੈਂਟਰੀ ਫਿਲਮ। ਬੋਚ ਲਈ ਬਾਬੇ ਨੇ ਸ੍ਰਿਸ਼ਟੀ ਬਲਦੀ, ਹੋਈ ਠੰਡ ਠਾਰ, ਲਾਈ ਹਿੱਕ ਨਾਲ, ਸੁਖ ਦੀ ਸਾਹ ਲਈ ਧਉਲੇ ਨੇ। ਜ਼ਰਾ ਉਡੀਕੇ ਇਤਿਹਾਸ, ਟਿਕੇ ਲੜਖੜਾਂਦਾ ਗਲੋਬ, ਮੇਰੇ ਨਾਨਕ, ਮੇਰੇ ਗੋਬਿੰਦ ਦੀ ਕਲਾ ਦੇ ਵਰਤਣ ਨੰ। ਪੁਰਾਣੇ ਤੇ ਨਵੇਂ ਨਾਦਰਾਂ, ਅਬਦਾਲੀਆਂ ਤੋਂ ਸਾਵਧਾਨ ਰਿਹਾ, ਸਾਵਧਾਨ ਹਾਂ ਮੈਂ। ਸਭ ਪ੍ਰਾਚੀਨ ਤੇ ਆਧੁਨਿਕ ਫਾਸ਼ੀਆਂ ਨੂੰ ਮੇਰਾ ਸਥਾਈ ਚੈਲੇਂਜ ‘ਜਪੁਜੀ ਮੇਰਾ ਮੰਗਲਾਚਰਣ, ਸ੍ਰੀ ਗੁਰੁ ਗ੍ਰੰਥ ਸਹਿਬ ਮੇਰਾ ਸੰਵਿਧਾਨ, “ਆਸਾ ਦੀ ਵਾਰ" ਦੇ ਹੁਕਮ ਮੇਰੇ ਡਾਇਰੇਕਟਿਵ ਪ੍ਰਿੰਸੀਪਲ, “ਚੌਪਈ’ ਮੇਰੀ ਰਾਮ ਕਾਰ, “ਰਹਿਰਾਸ ਮੇਰਾ ਏਕਾਂਤਵਾਸ, “ਕੀਰਤਨ ਸੋਹਿਲਾ' ਮੇਰਾ ਲਾਸਟ ਪੋਸਟ। “ਸਿਰੁ ਬੇਚਿਓ ਸਤਿਗੁਰ ਆਗੇ" ਮਹਾਨ ਮੈਨੀਫੈਸਟੋ ਜੋ ਪਰਗਟ ਕੀਤਾ ਕਲਗੀਧਰ ਦਸਮੇਸ਼ ਪਾਤਸ਼ਾਹ ਨੇ ਸ੍ਰੀ ਕੇਸਗੜ੍ਹ ਸਾਹਿਬ ਦੀ ਚੋਟੀ ਤੋਂ। ਲਿਖੁਤਮ- ਜਸਮੇਰ ਸਿੰਘ ਬਾਲਾ

  • ਮੁੱਖ ਪੰਨਾ : ਕਾਵਿ ਰਚਨਾਵਾਂ, ਜਸਮੇਰ ਸਿੰਘ ਬਾਲਾ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ