Hazrat Muhammad (S) : Noor Muhammad Noor
ਹਜ਼ਰਤ ਮੁਹੰਮਦ (ਸ.) (ਇਤਿਹਾਸ ਨਿਰਮਾਤਾ) : ਨੂਰ ਮੁਹੰਮਦ ਨੂਰ
61. ਹਾਜੀਆਂ ਵਿਚ ਇਸਲਾਮ ਦਾ ਪਰਚਾਰ
ਮੱਕਾ ਸ਼ਹਿਰ ਦੇ ਨੇੜੇ ਤੇੜੇ ਜ਼ੁਲ ਮਿਜ਼ਾਰ, ਦੁਮਾਤੁਲ ਜਿੰਦਲ ਅਤੇ ਅਕਾਜ਼ ਅਜਿਹੀਆਂ ਇਤਿਹਾਸਕ ਬਸਤੀਆਂ ਸਨ ਜਿੱਥੇ ਹਰ ਸਾਲ ਖੇਤਰੀ ਸੱਭਿਆਚਾਰ ਨਾਲ ਸਬੰਧਤ ਮੇਲੇ ਲੱਗਿਆ ਕਰਦੇ ਸਨ।ਇਨ੍ਹਾਂ ਮੇਲਿਆਂ ਵਿਚ ਆਉਣ ਵਾਲੇ ਜ਼ਿਆਦਾ ਲੋਕ ਬੱਦੂ ਕਬੀਲਿਆਂ ਨਾਲ ਸਬੰਧਤ ਹੁੰਦੇ ਸਨ।ਹਜ਼ਰਤ ਮੁਹੰਮਦ (ਸ.) ਅਪਣੇ ਕਿਸੇ ਸਹਾਬੀ ਨੂੰ ਨਾਲ ਲੈ ਕੇ ਇਨ੍ਹਾਂ ਮੇਲਿਆਂ ਵਿਚ ਚਲੇ ਜਾਂਦੇ ਅਤੇ ਲੋਕਾਂ ਨੂੰ ਅਪਣੇ ਨਬੀ ਹੋਣ ਬਾਰੇ ਦੱਸ ਕੇ ਇਸਲਾਮ ਕਬੂਲ ਕਰਨ ਲਈ ਆਖਦੇ ਪਰ ਇਸ ਦਾਅਵਤ ਵਿਚ ਉਨ੍ਹਾਂ ਨੂੰ ਸਦਾ ਅਸਫਲਤਾ ਦਾ ਮੂੰਹ ਹੀ ਦੇਖਣਾ ਪੈਂਦਾ। ਤਾਇਫ਼ ਦੀ ਅਸਫਲ ਯਾਤਰਾ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਮੇਲਿਆਂ ਤੋਂ ਛੁੱਟ ਅਰਬ ਦੇ ਦੂਰ-ਦਰਾਜ ਤੋਂ ਹੱਜ ਲਈ ਆਏੇ ਲੋਕਾਂ ਵਿਚ ਵੀ ਇਸਲਾਮ ਦਾ ਪਰਚਾਰ ਕਰਨ ਦਾ ਫ਼ੈਸਾ ਕੀਤਾ।ਇਰਾਨ, ਇਰਾਕ ਅਤੇ ਯਮਨ ਆਦਿ ਤੋਂ ਆਏ ਲੋਕ ਸ਼ਹਿਰ ਵਿਚ ਹੱਜ ਦੀਆਂ ਰਸਮਾਂ ਤੋਂ ਵਿਹਲੇ ਹੋ ਕੇ ਸ਼ਹਿਰ ਤੋਂ ਬਾਹਰ ਅਪਣੇ ਤੰਬੂਆਂ ਵਿਚ ਚਲੇ ਜਾਂਦੇ ਅਤੇ ਕਈ ਕਈ ਦਿਨ ਉੱਥੇ ਠਹਿਰਦੇ। ਆਪ ਉਨ੍ਹਾਂ ਦੇ ਤੰਬੂਆਂ ਵਿਚ ਇਕ ਇਕ ਕਰਕੇ ਜਾਂਦੇ।ਉਨ੍ਹਾਂ ਨੂੰ ਨਬੀ ਦੇ ਤੌਰ ਤੇ ਅਪਣੀ ਪਛਾਣ ਕਰਵਾਉਂਦੇ ਅਤੇ ਇਸਲਾਮ ਕਬੂਲ ਕਰਨ ਲਈ ਆਖਦੇ।ਆਪ ਇਰਾਨ ਅਤੇ ਰੋਮ ਤੋਂ ਆਉਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਬਾਦਸ਼ਾਹਾਂ ਦੁਆਰਾ ਕੀਤੇ ਜਾਂਦੇ ਅੱਤਿਆਚਾਰਾਂ ਬਾਰੇ ਦੱਸਦੇ ਅਤੇ ਭਵਿੱਖਬਾਣੀ ਕਰਦੇ ਕਿ ਛੇਤੀ ਹੀ ਇਹ ਬਾਦਸ਼ਾਹੀਆਂ ਖ਼ਤਮ ਹੋਣ ਵਾਲੀਆਂ ਹਨ।ਆਪ ਅਰਬ ਦੇ ਕਬੀਲਿਆਂ ਨੂੰ ਇਸਲਾਮ ਦੇ ਪਰਚਾਰ ਵਿਚ ਸਹਿਯੋਗ ਦੇਣ ਲਈ ਵੀ ਆਖਦੇ। ਆਪ ਜਿੰਨੇ ਵੀ ਅਰਬ ਦੇ ਕਬੀਲੇ ਹੱਜ ਲਈ ਆਉਂਦੇ ਉਨ੍ਹਾਂ ਦੀ ਸ਼ਨਾਖ਼ਤ ਪਤਾ ਕਰਦੇ ਅਤੇ ਉਨ੍ਹਾਂ ਨੂੰ ਇਸਲਾਮ ਦੀ ਦਾਅਵਤ ਦਿੰਦੇ।ਇਬਨੇ ਇਸਹਾਕ ਲਿਖਦੇ ਹਨ ਕਿ ਇਕ ਦਿਨ ਆਪ ਬਨੂ ਹਨੀਫ਼ਾ ਦੇ ਡੇਰੇ ਉੱਤੇ ਗਏ ਅਤੇ ਉੱਥੇ ਠਹਿਰੇ ਹੋਏ ਲੋਕਾਂ ਨੂੰ ਇਸਲਾਮ ਦੀ ਦਾਅਵਤ ਦਿੱਤੀ।ਪਰ ਅੱਗੋਂ ਅਜਿਹਾ ਜਵਾਬ ਮਿਲਿਆ ਜਿਸ ਨੂੰ ਕਿਤਾਬ ਦੇ ਪੰਨਿਆਂ ਉੱਤੇ ਲਿਖਣਾ ਸੰਭਵ ਹੀ ਨਹੀਂ। ਇਕ ਦਿਨ ਆਪ ਆਮਿਰ ਬਿਨ ਸਾਸਅਰ ਕਬੀਲੇ ਦੇ ਹਾਜੀਆਂ ਨੂੰ ਮਿਲਣ ਗਏ ਅਤੇ ਅਪਣੇ ਆਪ ਨੂੰ ਨਬੀ ਦੱਸ ਕੇ ਉਨ੍ਹਾਂ ਨੂੰ ਇਸਲਾਮ ਦੀ ਦਾਅਵਤ ਦਿੱਤੀ। ਆਪ ਦੀ ਬਾਤ ਦੇ ਜਵਾਬ ਵਿਚ ਕਬੀਲੇ ਵਾਲਿਆਂ ਦਾ ਇਕ ਆਦਮੀ ਕਹਿਣ ਲੱਗਿਆ, ਰੱਬ ਦੀ ਸਹੁੰ ਜੇ ਮੈਂ ਕੁਰੈਸ਼ ਦੇ ਇਸ ਜਵਾਨ ਨੂੰ ਅਪਣੇ ਨਾਲ ਰਲਾ ਲਵਾਂ ਤਾਂ ਸਾਰੇ ਅਰਬ ਨੂੰ ਖਾ ਜਾਵਾਂ"।ਫੇਰ ਉਹ ਹਜ਼ਰਤ ਮੁਹੰਮਦ (ਸ.) ਨੂੰ ਪੁੱਛਣ ਲੱਗਿਆ,"ਜੇ ਅਸੀਂ ਤੁਹਾਡਾ ਦੀਨ ਸਵੀਕਾਰ ਕਰ ਲਈਏ ਅਤੇ ਦੁਨੀਆਂ ਦੀ ਹਕੂਮਤ ਸਾਡੇ ਹੱਥ ਵਿਚ ਆ ਜਾਵੇ ਤਾਂ ਕੀ ਤੁਹਾਡੇ ਬਾਅਦ ਇਹ ਹਕੂਮਤ ਸਾਡੇ ਹੱਥਾਂ ਵਿਚ ਹੋਵੇਗੀ"।ਆਪ ਨੇ ਕਿਹਾ, "ਹਕੂਮਤ ਦਾ ਫ਼ੈਸਲਾ ਰੱਬ ਨੇ ਕਰਨਾ ਹੈ ਇਹ ਉਸ ਦੀ ਮਰਜ਼ੀ ਉੱਤੇ ਨਿਰਭਰ ਹੈ ਉਹ ਜਿਸ ਨੂੰ ਚਾਹੇ ਦੇ ਦੇਵੇ।ਆਪ ਦੀ ਗੱਲ ਸੁਣ ਕੇ ਉਹ ਬੋਲਿਆ, "ਵਾਹ ਜੀ ਵਾਹ! ਤੁਹਾਡੀ ਰੱਖਿਆ ਲਈ ਸਾਡੀ ਛਾਤੀ ਅਰਬ ਵਾਲਿਆਂ ਦੇ ਤੀਰਾਂ ਦੇ ਸਾਹਮਣੇ ਰਹੇ ਅਤੇ ਜਦੋਂ ਤੁਸੀਂ ਜਿੱਤ ਜਾਵੋ ਤਾਂ ਸਰਦਾਰੀ ਕਿਸੇ ਹੋਰ ਦੇ ਹੱਥ ਚਲੀ ਜਾਵੇ।ਸਾਨੂੰ ਤੁਹਾਡੇ ਦੀਨ ਦੀ ਲੋੜ ਨਹੀਂ"। ਜਦੋਂ ਬਨੂ ਆਮਿਰ ਕਬੀਲੇ ਦੇ ਲੋਕ ਅਪਣੇ ਕਬੀਲੇ ਵਿਚ ਵਾਪਸ ਗਏ ਅਤੇ ਉਨ੍ਹਾਂ ਨੇ ਇਕ ਬਜ਼ੁਰਗ ਆਦਮੀ ਜਿਹੜਾ ਬੁਢਾਪੇ ਦੇ ਕਾਰਨ ਹੱਜ ਉੱਤੇ ਨਹੀਂ ਆ ਸਕਿਆ ਸੀ, ਨੂੰ ਹਜ਼ਰਤ ਮੁਹੰਮਦ (ਸ.) ਨਾਲ ਹੋਈ ਗੱਲ-ਬਾਤ ਸੁਣਾਉਂਦਿਆਂ ਦੱਸਿਆ ਕਿ ਸਾਡੇ ਕੋਲ ਕੁਰੈਸ਼ ਕਬੀਲੇ ਦੇ ਬਨੂ ਅਬਦੁਲ ਮੁਤਲਿਬ ਦਾ ਇਕ ਜਵਾਨ ਆਇਆ ਸੀ ਜਿਹੜਾ ਆਖ਼ਦਾ ਸੀ ਕਿ ਮੈਂ ਨਬੀ ਹਾਂ।ਉਸ ਨੇ ਸਾਨੂੰ ਆਖਿਆ ਸੀ ਕਿ ਤੁਸੀਂ ਮੇਰੀ ਰੱਖਿਆ ਕਰੋ, ਮੇਰਾ ਸਾਥ ਦਿਓ ਅਤੇ ਮੈਨੂੰ ਅਪਣੇ ਇਲਾਕੇ ਵਿਚ ਲੈ ਚੱਲੋ।ਪਰ ਅਸੀਂ ਉਸ ਦੀਆਂ ਗੱਲਾਂ ਉੱਤੇ ਧਿਆਨ ਨਹੀਂ ਦਿੱਤਾ।ਬੁੱਢੇ ਆਦਮੀ ਨੇ ਮੱਥੇ ਉੱਤੇ ਹੱਥ ਮਾਰਦਿਆਂ ਆਖਿਆ, "ਬਨੂ ਆਮਿਰ ਵਾਲਿਓ ਤੁਸੀਂ ਇਹ ਕੀ ਕੀਤਾ।ਕੀ ਉਸ ਨੂੰ ਹੁਣ ਲੱਭਿਆ ਜਾ ਸਕਦਾ ਹੈ।ਰੱਬ ਦੀ ਕਸਮ, ਕਿਸੇ ਇਸਮਾਇਲੀ (ਹਜ਼ਰਤ ਇਸਮਾਈਲ ਦੀ ਔਲਾਦ) ਨੇ ਹੁਣ ਤੱਕ ਕਦੇ ਨਬੁੱਵਤ ਦਾ ਝੂਠਾ ਦਾਅਵਾ ਨਹੀਂ ਕੀਤਾ।ਤੁਹਾਡੀ ਅਕਲ ਕਿੱਥੇ ਚਲੀ ਗਈ ਸੀ"। ਇਸ ਪਰਚਾਰ ਲਈ ਜਿਹੜੇ ਲੋਕਾਂ ਨੂੰ ਆਪ ਮਿਲਦੇ ਉਨ੍ਹਾਂ ਵਿਚ ਅਰਬ ਦੇ ਹਰ ਸ਼ਹਿਰ ਅਤੇ ਹਰ ਕਬੀਲੇ ਦੇ ਲੋਕ ਸ਼ਾਮਲ ਹੁੰਦੇ।ਇਨ੍ਹਾਂ ਕਬੀਲਿਆਂ ਤੋਂ ਆਉਣ ਵਾਲੇ ਲੋਕ ਇਸਲਾਮ ਨੂੰ ਸੱਚਾ ਧਰਮ ਤਾਂ ਸਵੀਕਾਰ ਕਰਦੇ ਪਰ ਇਸਲਾਮ ਨੂੰ ਕਬੂਲ ਕਰਨ ਨੂੰ ਅਸਵੀਕਾਰ ਕਰ ਦਿੰਦੇ।ਇਸ ਦਾ ਕਾਰਨ ਉਹ ਅਪਣੇ ਕਬੀਲਿਆਂ ਦੀ ਵਿਰੋਧਤਾ ਦੱਸਦੇ।ਦੂਸਰਾ ਮੱਕੇ ਵਾਲੇ ਵੀ ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਦੀਆਂ ਗੱਲਾਂ ਤੋਂ ਦੂਰ ਰਹਿਣ ਲਈ ਆਖਦੇ ਰਹਿੰਦੇ ਸਨ। ਇਬਨੇ ਇਸਹਾਕ ਲਿਖਦੇ ਨੇ ਕਿ ਕੁਰੈਸ਼ ਦੀ ਧਰਮ ਪ੍ਰਚਾਰ ਕਮੇਟੀ ਦਾ ਮੁਖੀ, ਹਜ਼ਰਤ ਮੁਹੰਮਦ (ਸ.) ਦਾ ਚਾਚਾ ਅਬੂ ਲਹਿਬ, ਹੱਜ ਦੇ ਦਿਨਾਂ ਵਿਚ ਅਪਣੇ ਸਾਥੀਆਂ ਨਾਲ ਇਕ ਰੱਬੀ ਸੇਵਕ ਦੇ ਰੂਪ ਵਿਚ ਹਜ਼ਰਤ ਮੁਹੰਮਦ (ਸ.) ਦੇ ਪਿੱਛੇ ਲੱਗਿਆ ਰਹਿੰਦਾ ਅਤੇ ਨਬੀ ਜਦੋਂ ਕਿਸੇ ਕਬੀਲੇ ਨਾਲ ਅਪਣੀ ਗੱਲ ਪੂਰੀ ਕਰਕੇ ਅੱਗੇ ਤੁਰਦੇ ਤਾਂ ਝੱਟ ਉਸ ਕਬੀਲੇ ਦੇ ਤੰਬੂ ਵਿਚ ਪਹੁੰਚ ਜਾਂਦਾ ਅਤੇ ਆਖਦਾ, "ਲੋਕੋ ਇਹ ਵਿਅਕਤੀ ਪਾਗਲ ਹੈ।ਇਸ ਦੀ ਗੱਲ ਦਾ ਵਿਸ਼ਵਾਸ਼ ਨਾ ਕਰੋ।ਇਹ ਤੁਹਾਨੂੰ ਅਪਣੇ ਖ਼ੁਦਾਵਾਂ ਦੀ ਪੂਜਾ ਤੋਂ ਹਟਾਉਣਾ ਚਾਹੁੰਦਾ ਹੈ"।
62. ਮੱਕੇ ਤੋਂ ਬਾਹਰ ਇਸਲਾਮ
ਜਿਸ ਤਰ੍ਹਾਂ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਪਵਿੱਤਰ ਸ਼ਹਿਰ ਹੋਣ ਦੇ ਨਾਤੇ ਅਰਬ ਅਤੇ ਅਰਬ ਦੇ ਨੇੜਲੇ ਮੁਲਕਾਂ ਤੋਂ ਹਰ ਸਾਲ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਹੱਜ ਕਰਨ ਲਈ ਮੱਕੇ ਆਇਆ ਕਰਦੇ ਸਨ।ਹਜ਼ਰਤ ਮੁਹੰਮਦ (ਸ.) ਬਾਹਰ ਤੋਂ ਆਉਣ ਵਾਲੇ ਹਾਜੀਆਂ ਕੋਲ ਜਾਂਦੇ ਅਤੇ ਇਸਲਾਮ ਕਬੂਲ ਕਰਨ ਦੀ ਦਾਅਵਤ ਦਿੰਦੇ।ਭਾਵੇਂ ਇਨ੍ਹਾਂ ਕੋਲ ਜਾਣ ਨਾਲ ਆਪ ਨੂੰ ਮਾਯੂਸੀ ਹੀ ਹੁੰਦੀ ਪਰ ਉਨ੍ਹਾਂ ਵਿਚ ਇੱਕਾ-ਦੁੱਕਾ ਲੋਕ ਅਜਿਹੇ ਵੀ ਮਿਲਦੇ ਜਿਹੜੇ ਆਪ ਦੀਆਂ ਸਿੱਖਿਆਵਾਂ ਨੂੰ ਧਿਆਨ ਨਾਲ ਸੁਣਦੇ ਅਤੇ ਆਪ ਉੱਤੇ ਈਮਾਲ ਲੈ ਆਉਂਦੇ।ਇਨ੍ਹਾਂ ਵਿੱਚੋਂ ਕਈਆਂ ਨੇ ਇਸਲਾਮੀ ਇਤਿਹਾਸ ਵਿਚ ਅਪਣਾ ਨਾਂ ਕਮਾਇਆ। ਸੁਵੈਦ ਪੁੱਤਰ ਸਾਮਤ ਚੰਗੀ ਸੂਝ ਰੱਖਣ ਵਾਲੇ ਯਸਰਬ ਦੇ ਵਸਨੀਕ ਸਨ। ਸ਼ਾਇਰ ਸਨ ਅਤੇ ਅਦਬੀ ਹਲਕਿਆਂ ਵਿਚ ਚੰਗੀ ਜਾਣ-ਪਛਾਣ ਰੱਖਣ ਕਰਕੇ ਉਨ੍ਹਾਂ ਦੀ ਕੌਮ ਨੇ ਉਨ੍ਹਾਂ ਨੂੰ 'ਕਾਮਿਲ' ਦਾ ਖ਼ਿਤਾਬ ਦਿੱਤਾ ਹੋਇਆ ਸੀ।ਆਪ ਜਦੋਂ ਹੱਜ ਕਰਨ ਲਈ ਮੱਕੇ ਆਏ ਤਾਂ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਨੂੰ ਇਸਲਾਮ ਦੀ ਦਾਅਵਤ ਦਿੱਤੀ।ਉਹ ਆਪ ਨੂੰ ਆਖਣ ਲੱਗੇ ਕਿ ਤੁਹਾਡੇ ਕੋਲ ਜੋ ਕੁਝ ਹੈ ਉਹ ਅਜਿਹਾ ਹੀ ਹੈ ਜਿਹੋ ਜਿਹਾ ਮੇਰੇ ਕੋਲ ਹੈ।ਆਪ ਨੂੰ ਜਦੋਂ ਉਸ ਨੇ ਅਪਣਾ ਕਲਾਮ ਸੁਣਾਇਆ ਤਾਂ ਆਪ ਨੇ ਉਸ ਦੀ ਤਾਰੀਫ਼ ਕੀਤੀ ਅਤੇ ਆਖਿਆ ਕਿ ਇਹ ਬਹੁਤ ਚੰਗਾ ਹੈ ਪਰ ਮੇਰੇ ਕੋਲ ਜਿਹੜਾ ਕਲਾਮ ਹੈ ਉਹ ਇਸ ਤੋਂ ਵੀ ਚੰਗਾ ਹੈ।ਉਹ ਕੁਰਆਨ ਹੈ ਜਿਹੜਾ ਰੱਬ ਨੇ ਮੇਰੇ ਉੱਤੇ ਨਾਜ਼ਲ ਕੀਤਾ ਹੈ।ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਕੁਰਆਨ ਦੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਅਤੇ ਇਸਲਾਮ ਦੀ ਦਾਅਵਤ ਦਿੱਤੀ।ਉਸ ਨੇ ਖ਼ੁਸ਼ੀ ਨਾਲ ਇਸਲਾਮ ਕਬੂਲ ਕਰਦਿਆਂ ਆਖਿਆ,"ਇਹ ਤਾਂ ਬਹੁਤ ਹੀ ਚੰਗਾ ਕਲਾਮ ਹੈ"।ਤਾਰੀਖ਼ੇ ਇਸਲਾਮ ਦਾ ਲੇਖਕ ਅਕਬਰ ਸ਼ਾਹ ਨਜ਼ੀਬਾਬਾਦੀ ਸਫ਼ਾ ੧੨੫ ਉੱਤੇ ਲਿਖਦਾ ਹੈ ਕਿ ਇਸਲਾਮ ਕਬੂਲ ਕਰਨ ਤੋਂ ਬਾਅਦ ਉਹ ਯਸਰਬ ਚਲਿਆ ਗਿਆ ਜਿੱਥੇ ਬੁਆਸ ਦੀ ਜੰਗ ਵਿਚ ਲੜਦਾ ਸ਼ਹੀਦ ਹੋ ਗਿਆ"।ਇਹ ਘਟਨਾ ਨਬੁੱਵਤ ਤੋਂ ਗਿਆਰਾਂ ਸਾਲ ਬਾਅਦ ਦੀ ਹੈ ਪਰ 'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਇਸ ਨੂੰ ਨਬੁੱਵਤ ਤੋਂ ਅੱਠ ਸਾਲ ਬਾਅਦ ਦੀ ਲਿਖਦੇ ਹਨ। ਇਯਾਸ ਬਿਨ ਮੁਆਜ਼ ਵੀ ਯਸਰਬ ਦਾ ਰਹਿਣ ਵਾਲਾ ਸੀ।ਬੁਆਸ ਦੀ ਜੰਗ ਛਿੜ ਜਾਣ ਤੋਂ ਪਹਿਲਾਂ ਜਦੋਂ ਕਬੀਲਾ ਔਸ ਦਾ ਇਕ ਡੈਲੀਗੇਟ ਕਬੀਲਾ ਖ਼ਜਰਜ ਦੇ ਵਿਰੁੱਧ ਕੁਰੈਸ਼ ਨਾਲ ਸਮਝੌਤਾ ਕਰਨ ਲਈ ਮੱਕੇ ਆਇਆ ਤਾਂ ਇਯਾਸ ਵੀ ਉਸ ਵਫ਼ਤ ਵਿਚ ਸ਼ਾਮਿਲ ਸੀ।ਉਸ ਸਮੇਂ ਯਸਰਬ ਵਿਖੇ ਕਬੀਲਾ ਔਸ ਅਤੇ ਕਬੀਲਾ ਖ਼ਜਰਜ ਵਿਚ ਵਿਰੋਧਤਾ ਦੀ ਅੱਗ ਭੜਕ ਰਹੀ ਸੀ ਅਤੇ ਦੋਵੇਂ ਪਾਸੇ ਅਪਣੀ ਤਾਕਤ ਨੂੰ ਮਜਬੂਤ ਕਰਨ ਲਈ ਅਰਬ ਦੇ ਦੂਜੇ ਕਬੀਲਿਆਂ ਨਾਲ ਸਮਝੌਤੇ ਕਰ ਰਹੇ ਸਨ।ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਮਦੀਨੇ ਤੋਂ ਵਫ਼ਦ ਆਉਣ ਦੀ ਖ਼ਬਰ ਮਿਲੀ ਤਾਂ ਆਪ ਵੀ ਉਸ ਨੂੰ ਮਿਲਣ ਚਲੇ ਗਏ।ਜਦੋਂ ਆਪ ਨੇ ਕਬੀਲੇ ਵਾਲਿਆਂ ਨੂੰ ਇਸਲਾਮ ਦੀ ਦਾਅਵਤ ਦਿੱਤੀ ਅਤੇ ਕੁਰਆਨ ਸ਼ਰੀਫ਼ ਪੜ੍ਹ ਕੇ ਸੁਣਾਇਆ ਤਾਂ ਇਯਾਸ ਬਿਨ ਮੁਆਜ਼ ਮੁਸਲਮਾਨ ਹੋਣ ਲਈ ਰਾਜ਼ੀ ਹੋ ਗਿਆ ਪਰ ਵਫ਼ਦ ਦੇ ਸਰਦਾਰ ਨੇ ਉਸ ਨੂੰ ਘੂਰਦਿਆਂ ਆਖਿਆ ਕਿ ਉਹ ਜਿਸ ਮਕਸਦ ਲਈ ਆਇਆ ਹੈ ਪਹਿਲਾਂ ਉਹ ਗੱਲ ਹੀ ਕਰੇ।ਇਸ ਵਫ਼ਦ ਨਾਲ ਮੱਕੇ ਵਾਲਿਆਂ ਦਾ ਸਮਝੌਤਾ ਨਾ ਹੋ ਸਕਿਆ ਅਤੇ ਉਹ ਵਾਪਸ ਮਦੀਨੇ ਚਲਿਆ ਗਿਆ।'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਮਦੀਨੇ ਪੁਹੰਚਣ ਤੋਂ ਕੁਝ ਦੇਰ ਬਾਅਦ ਇਯਾਸ ਦੀ ਮੌਤ ਹੋ ਗਈ।ਮੌਤ ਦੇ ਸਮੇਂ ਉਨ੍ਹਾਂ ਦੇ ਮੂੰਹੋਂ ਨਿਕਲੇ ਸ਼ਬਦਾਂ ਤੋਂ ਜ਼ਾਹਰ ਸੀ ਕਿ ਉਹ ਇਸਲਾਮ ਲੈ ਆਏ ਹਨ"। ਅਬੂਜ਼ਰ ਗ਼ੱਫ਼ਾਰੀ ਯਸਰਬ ਦੇ ਰਹਿਣ ਵਾਲੇ ਸਨ।ਜਦੋਂ ਸੁਵੈਦ ਪੁੱਤਰ ਸਾਮਤ ਅਤੇ ਇਯਾਸ ਬਿਨ ਮੁਆਜ਼ ਨੇ ਮਦੀਨੇ ਜਾ ਕੇ ਹਜ਼ਰਤ ਮੁਹੰਮਦ (ਸ.) ਦਾ ਜ਼ਿਕਰ ਕੀਤਾ ਅਤੇ ਇਹ ਖ਼ਬਰ ਅਬੂਜ਼ਰ ਗ਼ੱਫ਼ਾਰੀ ਤੱਕ ਅੱਪੜੀ ਤਾਂ ਉਹ ਇਸਲਾਮ ਬਾਰੇ ਜਾਨਣ ਲਈ ਬੇਚੈਨ ਹੋ ਗਿਆ।ਇਬਨੇ ਅੱਬਾਸ ਅਬੂਜ਼ਰ, ਗ਼ੱਫ਼ਾਰੀ ਦੀ ਜ਼ੁਬਾਨੀ ਸੁਣਿਆ ਬਿਆਨ ਲਿਖਦੇ ਨੇ,"ਮੈਂ ਕਬੀਲਾ ਗ਼ੱਫ਼ਾਰ ਦਾ ਇਕ ਆਦਮੀ ਸਾਂ।ਮੈਨੂੰ ਖ਼ਬਰ ਮਿਲੀ ਕਿ ਮੱਕੇ ਵਿਚ ਇਕ ਆਦਮੀ ਰਹਿੰਦਾ ਹੈ ਜਿਹੜਾ ਅਪਣੇ ਆਪ ਨੂੰ ਨਬੀ ਕਹਿੰਦਾ ਹੈ।ਮੈਂ ਅਪਣੇ ਛੋਟੇ ਭਰਾ ਨੂੰ ਆਖਿਆ ਕਿ ਮੱਕੇ ਜਾ ਕੇ ਉਸ ਆਦਮੀ ਬਾਰੇ ਜਾਣਕਾਰੀ ਲੈ ਕੇ ਆਉ ਜਿਹੜਾ ਅਪਣੇ ਆਪ ਨੂੰ ਨਬੀ ਆਖਦਾ ਹੈ।ਉਸ ਨੇ ਵਾਪਸ ਆ ਕੇ ਦੱਸਿਆ ਕਿ ਮੈਂ ਇਕ ਅਜਿਹੇ ਆਦਮੀ ਨੂੰ ਦੇਖਿਆ ਹੈ ਜਿਹੜਾ ਭਲਾਈ ਦਾ ਹੁਕਮ ਦਿੰਦਾ ਹੈ ਅਤੇ ਬੁਰਾਈ ਤੋਂ ਦੂਰ ਰਹਿਣ ਲਈ ਆਖਦਾ ਹੈ।ਮੈਨੂੰ ਭਰਾ ਦੀ ਗੱਲ ਤੋਂ ਪੂਰਾ ਭਰੋਸਾ ਨਾ ਹੋਇਆ ਅਤੇ ਮੈਂ ਆਪ ਸਫ਼ਰ ਦੀ ਤਿਆਰੀ ਕਰਕੇ ਮੱਕੇ ਵੱਲ ਤੁਰ ਪਿਆ। ਮੱਕੇ ਪਹੁੰਚ ਕੇ ਮੈਂ ਡਰਦਾ ਰਿਹਾ ਅਤੇ ਹਜ਼ਰਤ ਮੁਹੰਮਦ (ਸ.) ਬਾਰੇ ਕਿਸੇ ਤੋਂ ਨਾ ਪੁੱਛਿਆ।ਮੈਂ ਜ਼ਮਜ਼ਮ ਦਾ ਪਾਣੀ ਪੀਂਦਾ ਅਤੇ ਮਸਜਿਦ ਹਰਾਮ ਵਿਚ ਪਿਆ ਰਹਿੰਦਾ।ਇਕ ਦਿਨ ਹਜ਼ਰਤ ਅਲੀ (ਰਜ਼ੀ.) ਨਾਲ ਮੁਲਾਕਾਤ ਹੋ ਗਈ ਅਤੇ ਉਹ ਮੈਨੂੰ ਹਜ਼ਰਤ ਮੁਹੰਮਦ (ਸ.) ਦੇ ਕੋਲ ਲੈ ਗਏ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਮੈਨੂੰ ਕੁਰਆਨ ਸ਼ਰੀਫ਼ ਦੀ ਤਿਲਾਵਤ ਸੁਣਾਈ ਤਾਂ ਮੈਂ ਤੁਰੰਤ ਮੁਸਲਮਾਨ ਹੋ ਗਿਆ।ਉਨਾਂ ਨੇ ਮੈਨੂੰ ਚੁੱਪ-ਚਾਪ ਰਹਿਣ ਅਤੇ ਅਪਣੇ ਕਬੀਲੇ ਵਿਚ ਜਾ ਕੇ ਇਸਲਾਮ ਦਾ ਪ੍ਰਚਾਰ ਕਰਨ ਦੀ ਹਦਾਇਤ ਕੀਤੀ ਪਰ ਮੈਂ ਖ਼ਾਨਾ ਕਾਅਬਾ ਵਿਚ ਗਿਆ ਅਤੇ ਸ਼ਰੇਆਮ ਅਪਣੇ ਮੁਸਲਮਾਨ ਹੋਣ ਦਾ ਐਲਾਨ ਕਰ ਦਿੱਤਾ। ਮੇਰੇ ਐਲਾਨ ਕਰਦਿਆਂ ਹੀ ਕੁਰੈਸ਼ ਦੇ ਲੋਕ ਮੇਰੇ ਉੱਤੇ ਟੁੱਟ ਪਏ ਅਤੇ ਮੈਨੂੰ ਐਨਾ ਮਾਰਿਆ ਕਿ ਮਰਨ ਦੇ ਕਰੀਬ ਕਰ ਦਿੱਤਾ।ਅਚਾਨਕ ਉੱਥੇ ਹਜ਼ਰਤ ਅੱਬਾਸ ਆ ਪਹੁੰਚੇ ਅਤੇ ਉਨ੍ਹਾਂ ਨੇ ਮੇਰਾ ਬਚਾਉ ਕਰਨ ਲਈ ਕੁਰੈਸ਼ ਵਾਲਿਆਂ ਨੂੰ ਕਿਹਾ ਕਿ ਤੁਸੀਂ ਗ਼ੱਫ਼ਾਰ ਕਬੀਲੇ ਦੇ ਆਦਮੀ ਨੂੰ ਮਾਰ ਰਹੇ ਹੋ।ਤੁਹਾਡੇ ਵਪਾਰ ਦਾ ਰਾਸਤਾ ਗ਼ੱਫ਼ਾਰ ਕਬੀਲੇ ਵਿੱਚੋਂ ਹੋ ਕੇ ਲੰਘਦਾ ਹੈ ਜੇ ਇਸ ਨੂੰ ਕੁਝ ਹੋ ਗਿਆ ਤਾਂ ਗ਼ੱਫ਼ਾਰ ਕਬੀਲੇ ਵਾਲੇ ਤੁਹਾਡਾ ਵਪਾਰਕ ਰਾਸਤਾ ਬੰਦ ਕਰ ਦੇਣਗੇ।ਹਜ਼ਰਤ ਅੱਬਾਸ ਦੇ ਸਮਝਾਉਣ ਉੱਤੇ ਕੁਰੈਸ਼ ਦੇ ਲੋਕ ਮੈਨੂੰ ਛੱਡ ਕੇ ਚਲੇ ਗਏ"। ਤੂਫ਼ੈਲ ਪੁੱਤਰ ਅਮਰੂ ਦੁਸ ਕਬੀਲੇ ਦੇ ਸਰਦਾਰ ਸਨ।ਉਨ੍ਹਾਂ ਦਾ ਕਬੀਲਾ ਯਮਨ ਦੇ ਇੱਜ਼ਤਦਾਰ ਕਬੀਲਿਆਂ ਵਿਚ ਗਿਣਿਆ ਜਾਂਦਾ ਸੀ।ਨਬੁੱਵਤ ਦੇ ਗਿਆਰ੍ਹਵੇਂ ਸਾਲ ਜਦੋਂ ਉਹ ਹੱਜ ਕਰਨ ਲਈ ਮੱਕੇ ਆਏ ਤਾਂ ਮੱਕੇ ਵਾਲਿਆਂ ਨੇ ਉਸ ਦਾ ਨਿੱਘਾ ਸਵਾਗਤ ਕਰਦਿਆਂ ਆਖਿਆ, "ਐ ਤੂਫ਼ੈਲ! ਤੁਸੀਂ ਸਾਡੇ ਸ਼ਹਿਰ ਵਿਚ ਮਹਿਮਾਨ ਬਣ ਕੇ ਆਏ ਹੋ ਪਰ ਇਹ ਆਦਮੀ ਜਿਹੜਾ ਆਪੇ ਨੂੰ ਨਬੀ ਕਹਿੰਦਾ ਹੈ ਇਸ ਨੇ ਸਾਨੂੰ ਮੁਸੀਬਤਾਂ ਵਿਚ ਫਸਾ ਰੱਖਿਆ ਹੈ।ਸਾਡਾ ਏਕਾ ਖ਼ਤਮ ਕਰ ਦਿੱਤਾ ਹੈ।ਇਸ ਦੀ ਕਹੀ ਗੱਲ ਜਾਦੂ ਜਿਹਾ ਅਸਰ ਕਰਦੀ ਹੈ।ਪਿਉ-ਪੁੱਤਰ ਅਤੇ ਭਾਈ ਭਾਈ ਵਿਚ ਪਾੜਾ ਪਾ ਦਿੰਦਾ ਹੈ।ਸਾਨੂੰ ਡਰ ਹੈ ਕਿ ਉਹ ਤੁਹਾਨੂੰ ਵੀ ਅਪਣੀਆਂ ਚਿਕਨੀਆਂ ਗੱਲਾਂ ਵਿਚ ਫਸਾ ਨਾ ਲਵੇ।ਇਸ ਲਈ ਚੰਗਾ ਹੈ ਤੁਸੀਂ ਉਸ ਤੋਂ ਦੂਰ ਹੀ ਰਹਵੋ। ਕੁਰੈਸ਼ ਦੀਆਂ ਗੱਲਾਂ ਦਾ ਤੂਫ਼ੈਲ ਉੱਤੇ ਚੰਗਾ ਅਸਰ ਹੋਇਆ ਅਤੇ ਉਸ ਨੇ ਮੁਹੰਮਦ (ਸ.) ਤੋਂ ਦੂਰ ਹੀ ਰਹਿਣ ਦਾ ਫ਼ੈਸਲਾ ਕੀਤਾ।ਪਰ ਉਸ ਦੇ ਮਨ ਵਿਚ ਹਜ਼ਰਤ ਮੁਹੰਮਦ (ਸ.) ਬਾਰੇ ਜਾਨਣ ਦੀ ਇੱਛਾ ਪੈਦਾ ਹੋ ਗਈ।ਉਸ ਨੇ ਸੋਚਿਆ ਕਿ ਹਜ਼ਰਤ ਮੁਹੰਮਦ (ਸ.) ਨੂੰ ਮਿਲਣਾ ਜ਼ਰੂਰ ਚਾਹੀਦਾ ਹੈ ਜੇ ਉਸ ਦੀ ਗੱਲ ਚੰਗੀ ਹੋਈ ਤਾਂ ਕਬੂਲ ਕਰ ਲਵਾਂਗਾ ਅਤੇ ਜੇ ਮਨ ਨੂੰ ਚੰਗੀ ਨਾ ਲੱਗੀ ਤਾਂ ਛੱਡ ਦੇਵਾਂਗਾ। ਜਦੋਂ ਮੁਹੰਮਦ (ਸ.) ਨੇ ਉਸ ਨੂੰ ਕੁਰਆਨ ਦੀਆਂ ਕੁਝ ਆਇਤਾਂ ਸੁਣਾਈਆਂ ਤਾਂ ਉਹ ਐਨਾ ਪ੍ਰਭਾਵਤ ਹੋਇਆ ਕਿ ਤੁਰੰਤ ਮੁਸਲਮਾਨ ਹੋ ਗਿਆ।ਉਸ ਨੇ ਅਪਣੇ ਕਬੀਲੇ ਵਿਚ ਜਾ ਕੇ ਐਨੀ ਮਿਹਨਤ ਕੀਤੀ ਕਿ ਜਦੋਂ ਉਹ ਅਗਲੇ ਸਾਲ ਮੱਕੇ ਪਹੁੰਚਿਆ ਤਾਂ ਉਸ ਨਾਲ ਉਸ ਦੇ ਕਬੀਲੇ ਦੇ ਅੱਸੀ ਟੱਬਰ ਸਨ।ਇਬਨੇ ਹਸ਼ਾਮ ਦੇ ਲਿਖੇ ਅਨੁਸਾਰ ਹਜ਼ਰਤ ਤੂਫ਼ੈਲ ਨੇ ਇਸਲਾਮ ਦੇ ਫ਼ੈਲਾਅ ਲਈ ਬਹੁਤ ਮਿਹਨਤ ਕੀਤੀ ਅਤੇ ਕਰੀਮਾਮਾਹ ਦੀ ਜੰਗ ਵਿਚ ਸ਼ਹੀਦੀ ਪ੍ਰਾਪਤ ਕੀਤੀ। ਜ਼ਮਾਦ ਅਜ਼ਦੀ ਯਮਨ ਦੇ ਵਸਨੀਕ ਸਨ।ਝਾੜ-ਫੂਕ ਅਤੇ ਜਾਦੂ ਟੂਣਾ ਉਨ੍ਹਾਂ ਦਾ ਮੁੱਖ ਕਿੱਤਾ ਸੀ।ਜਦੋਂ ਉਹ ਮੱਕੇ ਆਏ ਤਾਂ ਉੱਥੋਂ ਦੇ ਲੋਕਾਂ ਦੇ ਮੂਹੋਂ ਸੁਣਿਆ ਕਿ ਮੁਹੰਮਦ (ਸ.) ਪਾਗਲ ਹੈ।ਆਪ ਇਹ ਸੋਚ ਕੇ ਮੁਹੰਮਦ (ਸ.) ਨੂੰ ਮਿਲਣ ਚਲੇ ਗਏ ਕਿ ਸ਼ਾਇਦ ਰੱਬ ਮੇਰੇ ਹੱਥੋਂ ਹੀ ਉਨ੍ਹਾਂ ਨੂੰ ਠੀਕ ਕਰ ਦੇਵੇ।ਹਜ਼ਰਤ ਮੁਹੰਮਦ (ਸ.) ਨਾਲ ਮੁਲਾਕਾਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਕਹਿਣ ਲੱਗੇ ਕਿ ਮੈਂ ਜਾਦੂ-ਟੂਣੇ ਅਤੇ ਝਾੜ-ਫੂਕ ਦਾ ਕੰਮ ਕਰਦਾ ਹਾਂ।ਪਤਾ ਲੱਗਿਆ ਹੈ ਕਿ ਤੁਹਾਨੂੰ ਇਸ ਦੀ ਜ਼ਰੂਰਤ ਹੈ। ਹਜ਼ਰਤ ਮੁਹੰਮਦ (ਸ.) ਨੇ ਜ਼ਮਾਦ ਦੀ ਗੱਲ ਗ਼ੌਰ ਨਾਲ ਸੁਣੀ ਅਤੇ ਕੁਰਆਨ ਸ਼ਰੀਫ਼ ਦੀਆਂ ਕੁਝ ਆਇਤਾਂ ਪੜ੍ਹ ਕੇ ਸੁਣਾਈਆਂ ਜਿਨ੍ਹਾਂ ਦਾ ਅਰਥ ਸੀ, "ਯਕੀਨਨ ਸਾਰੀ ਤਾਰੀਫ਼ ਅੱਲਾਹ ਦੇ ਵਾਸਤੇ ਹੈ।ਅਸੀਂ ਉਸ ਦੀ ਤਾਰੀਫ਼ ਕਰਦੇ ਹਾਂ ਅਤੇ ਉਸ ਤੋਂ ਹੀ ਸਹਾਇਤਾ ਚਾਹੁੰਦੇ ਹਾਂ।ਜਿਸ ਨੂੰ ਰੱਬ ਹਦਾਇਤ ਦੇ ਦੇਵੇ ਉਸ ਨੂੰ ਕੋਈ ਗੁਮਰਾਹ ਨਹੀਂ ਕਰ ਸਕਦਾ ਅਤੇ ਜਿਸ ਨੂੰ ਰੱਬ ਭਟਕਾ ਦੇਵੇ ਉਸ ਨੂੰ ਕੋਈ ਹਦਾਇਤ ਨਹੀਂ ਦੇ ਸਕਦਾ।ਮੈਂ ਸ਼ਹਾਦਤ ਦਿੰਦਾ ਹਾਂ ਕਿ ਅੱਲਾਹ ਦੇ ਸਿਵਾ ਕੋਈ ਮਾਅਬੂਦ (ਬੰਦਗੀ ਯੋਗ) ਨਹੀਂ।ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ ਨਹੀਂ ਅਤੇ ਮੈਂ ਸ਼ਹਾਦਤ ਦਿੰਦਾ ਹਾਂ ਕਿ ਮੁਹੰਮਦ (ਸ.) ਉਸ ਦੇ ਬੰਦੇ ਅਤੇ ਰਸੂਲ ਹਨ"। ਜ਼ਮਾਦ ਨੇ ਹਜ਼ਰਤ ਮੁਹੰਮਦ (ਸ.) ਨੂੰ ਕਹਿ ਕੇ ਤਿੰਨ ਵਾਰ ਉਨ੍ਹਾਂ ਵੱਲੋਂ ਸੁਣਾਈਆਂ ਕੁਰਆਨ ਸ਼ਰੀਫ਼ ਦੀਆਂ ਆਇਤਾਂ ਦੁਬਾਰਾ ਸੁਣੀਆਂ ਅਤੇ ਕਹਿਣ ਲੱਗਿਆ, "ਮੈਂ ਕਾਹਨਾਂ, ਜਾਦੂਗਰਾਂ ਅਤੇ ਸ਼ਾਇਰਾਂ ਦੀਆਂ ਵਥੇਰੀਆਂ ਗੱਲਾਂ ਸੁਣੀਆਂ ਹਨ ਪਰ ਆਪ ਦੇ ਮੂੰਹੋਂ ਨਿਕਲੇ ਕਲਾਮ ਵਰਗੇ ਸ਼ਬਦ ਕਿਧਰੇ ਨਹੀਂ ਸੁਣੇ।ਇਹ ਤਾਂ ਸਮੁੰਦਰ ਦੀ ਅਥਾਹ ਡੂੰਘਾਈ ਤੱਕ ਪਹੁੰਚਿਆ ਹੋਇਆ ਕਲਾਮ ਹੈ"।ਉਸ ਨੇ ਮੁਹੰਮਦ (ਸ.) ਦੇ ਹੱਥ ਉੱਤੇ ਅਪਣਾ ਹੱਥ ਬੈਤ ਕਰਨ ਲਈ ਧਰਿਆ ਅਤੇ ਮੁਸਲਮਾਨ ਹੋ ਗਿਆ।
63. ਯਸਰਬ ਵਿਚ ਇਸਲਾਮ
ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਦਸ ਸਾਲ ਹੋ ਗਏ ਸਨ।ਪਰ ਅਜੇ ਤੱਕ ਮੁਸਲਮਾਨਾਂ ਦੀ ਗਿਣਤੀ ਸੈਂਕੜਿਆਂ ਵਿਚ ਹੀ ਸੀ।ਸਨ ੬੨੧ ਈਸਵੀ ਵਿਚ ਨਬੁੱਵਤ ਦੇ ਗਿਆਰ੍ਹਵੇਂ ਸਾਲ ਹੱਜ ਤੇ ਆਏ ਲੋਕਾਂ ਨੂੰ ਇਸਲਾਮ ਦਾ ਸੁਨੇਹਾ ਦੇਣ ਲਈ ਆਪ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਅਤੇ ਹਜ਼ਰਤ ਅਲੀ (ਰਜ਼ੀ.) ਨੂੰ ਨਾਲ ਲੈ ਕੇ ਮਿਨਾ ਦੇ ਮੈਦਾਨ ਵਿਚ ਜਾ ਅੱਪੜੇ ਜਿੱਥੇ ਅਕਬਾ ਦੀ ਘਾਟੀ ਵਿਚ ਆਪ ਦੀ ਮੁਲਾਕਾਤ ਯਸਰਬ ਤੋਂ ਹੱਜ ਲਈ ਆਏ ਛੇ ਆਦਮੀਆਂ ਨਾਲ ਹੋਈ।ਉਸ ਸਮੇਂ ਯਸਰਬ ਵਿਚ ਦੋ ਬੜੇ ਕਬੀਲੇ ਆਬਾਦ ਸਨ ਜਿਨ੍ਹਾਂ ਦੇ ਨਾਂ 'ਔਸ' ਅਤੇ 'ਖ਼ਜ਼ਰਜ' ਸਨ। ਯਸਰਬ ਸ਼ਹਿਰ ਵਿਚ ਦੂਜੀ ਵੱਡੀ ਆਬਾਦੀ ਯਹੂਦੀਆਂ ਦੀ ਸੀ ਜਿਹੜੇ ਮਦੀਨੇ ਦੇ ਜੱਦੀ ਖੇਤੀ ਪੇਸ਼ਾ ਲੋਕਾਂ ਨੂੰ ਸੂਦ ਉੱਤੇ ਕਰਜ਼ਾ ਦਿਆ ਕਰਦੇ ਸਨ।ਇਨ੍ਹਾਂ ਦੀ ਆਪਸੀ ਖਹਿਬਾਜ਼ੀ ਵੀ ਸਿਖ਼ਰਾਂ ਉੱਤੇ ਸੀ।ਇਹ ਯਹੂਦੀ ਹਜ਼ਰਤ ਮੂਸਾ (ਅਲੈ.) ਦੀ ਉੱਮਤ ਵਿੱਚੋਂ ਸਨ ਜਿਹੜੇ 'ਤੌਰੈਤ' ਅਤੇ 'ਅੰਜੀਲ' ਦੀਆਂ ਸਿੱਖਿਆਵਾਂ ਅਨੁਸਾਰ ਯਸਰਬ ਦੇ ਲੋਕਾਂ ਨੂੰ ਦੱਸਿਆ ਕਰਦੇ ਸਨ ਕਿ ਦੁਨੀਆ ਉੱਤੇ ਛੇਤੀ ਹੀ ਇਕ ਆਖ਼ਰੀ ਨਬੀ ਆਉਣ ਵਾਲਾ ਹੈ।ਇਬਨੇ ਹੱਸ਼ਾਮ ਅਨੁਸਾਰ ਉਹ ਮਦੀਨੇ ਵਾਲਿਆਂ ਨੂੰ ਇਹ ਆਖ ਕੇ ਡਰਾਇਆ ਕਰਦੇ ਸਨ ਕਿ ਜਿਹੜਾ ਨਵਾਂ ਨਬੀ ਆਵੇਗਾ ਅਸੀਂ ਉਸ ਦੇ ਪੈਰੋਕਾਰ ਬਣ ਕੇ ਤੁਹਾਨੂੰ ਕਤਲ ਕਰ ਦਿਆਂਗੇ। ਜਿਵੇਂ ਉੱਪਰ ਲਿਖਿਆ ਗਿਆ ਹੈ ਕਿ ਹਜ਼ਰਤ ਮੁਹੰਮਦ (ਸ.) ਦੀ ਮੁਲਾਕਾਤ ਮਦੀਨੇ ਤੋਂ ਹੱਜ ਲਈ ਆਏ ਛੇ ਆਦਮੀਆਂ ਨਾਲ ਮਿਨਾ ਦੇ ਮੈਦਾਨ ਵਿਚ ਹੋਈ। 'ਅਲਰਹੀਕੁਲ ਮੁਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਜਦੋਂ,"ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦੇ ਕੋਲ ਪਹੁੰਚ ਕੇ ਪੁੱਛਿਆ ਕਿ ਉਹ ਕੌਣ ਹਨ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਕਬੀਲਾ ਖ਼ਜ਼ਰਜ ਨਾਲ ਸਬੰਧ ਰੱਖਦੇ ਹਨ"।ਆਪ ਨੇ ਫ਼ਰਮਾਇਆ' "ਭਾਵ ਯਹੂਦੀਆਂ ਦੇ ਦੁਸ਼ਮਣ"।ਉਨ੍ਹਾਂ ਵੱਲੋਂ ਹਾਂ ਵਿਚ ਜਵਾਬ ਸੁਣ ਕੇ ਆਪ ਨੇ ਉਨ੍ਹਾਂ ਨੂੰ ਬੈਠ ਕੇ ਬਾਤ ਕਰਨ ਲਈ ਆਖਿਆ।ਜਦੋਂ ਉਹ ਸੁਨਣ ਲਈ ਰਾਜ਼ੀ ਹੋ ਗਏ ਤਾਂ ਆਪ ਨੇ ਕੁਰਆਨ ਸ਼ਰੀਫ਼ ਦੀਆਂ ਆਇਤਾਂ ਪੜ੍ਹ ਕੇ ਸੁਣਾਈਆਂ ਅਤੇ ਇਸਲਾਮ ਦੀ ਹਕੀਕਤ ਨੂੰ ਬਿਆਨ ਕਰਦਿਆਂ ਮੁਸਲਮਾਨ ਬਨਣ ਦੀ ਦਾਅਵਤ ਦਿੱਤੀ। ਕੁਝ ਦੇਰ ਉਨ੍ਹਾਂ ਨੇ ਇਸ ਗੱਲ ਤੇ ਵਿਚਾਰ ਵਟਾਂਦਰਾ ਕੀਤਾ ਕਿ ਇਹ ਤਾਂ ਉਹੋ ਹੀ ਨਬੀ ਹੈ ਜਿਸ ਬਾਰੇ ਯਹੂਦੀ ਭਵਿੱਖ-ਬਾਣੀ ਕਰਕੇ ਸਾਨੂੰ ਡਰਾਇਆ ਕਰਦੇ ਸਨ।ਕਿਉਂ ਨਾ ਅਸੀਂ ਯਹੂਦੀਆਂ ਤੋਂ ਪਹਿਲਾਂ ਇਸਲਾਮ ਕਬੂਲ ਕਰ ਲਈਏ।ਇਸ ਤੋਂ ਬਾਅਦ ਉਨ੍ਹਾਂ ਨੇ ਆਪ ਦੀ ਦਾਅਵਤ ਕਬੂਲ ਕਰ ਲਈ ਅਤੇ ਮੁਸਲਮਾਨ ਹੋ ਗਏ।ਇਨ੍ਹਾਂ ਦੀ ਗਿਣਤੀ ਛੇ ਸੀ। ਜਿਸ ਸਮੇਂ ਇਹ ਲੋਕ ਹੱਜ ਲਈ ਆਏ ਸਨ ਉਸ ਸਮੇਂ ਮਦੀਨਾ ਵਿਖੇ ਕਬੀਲਿਆਂ ਵਿਚ ਜੰਗ ਹੋ ਕੇ ਹਟੀ ਸੀ ਜਿਸ ਨੇ ਮਦੀਨੇ ਵਾਲਿਆਂ ਦੀ ਆਰਥਕ ਹਾਲਤ ਨੂੰ ਚੂਰ ਚੂਰ ਕਰਕੇ ਰੱਖ ਦਿੱਤਾ ਸੀ।ਉਹ ਆਸ ਲਾਈ ਬੈਠੇ ਸਨ ਕਿ ਆਪ ਦੀ ਸੰਗਤ ਜੰਗ ਨੂੰ ਖ਼ਤਮ ਕਰਨ ਦਾ ਕਾਰਣ ਬਣ ਸਕਦੀ ਹੈ।ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਦੱਸਿਆ ਕਿ ਅਸੀਂ ਅਪਣੀ ਕੌਮ ਨੂੰ ਖ਼ਾਨਾ-ਜੰਗੀ ਵਿਚ ਛੱਡ ਕੇ ਆਏ ਹਾਂ।ਹੋ ਸਕਦਾ ਹੈ ਆਪ ਦੀ ਸੰਗਤ ਵਿਚ ਰਹਿ ਕੇ ਇਹ ਦੁਸ਼ਮਣੀ ਖ਼ਤਮ ਹੋ ਜਾਵੇ।ਅਸੀਂ ਅਪਣੀ ਕੌਮ ਵਿਚ ਜਾ ਕੇ ਆਪ ਦੇ ਦੀਨ ਦੀ ਤਬਲੀਗ਼ ਕਰਾਂਗੇ।ਜੇ ਉਨ੍ਹਾਂ ਨੇ ਕਬੂਲ ਕਰ ਲਿਆ ਤਾਂ ਤੁਹਾਡੇ ਨਾਲੋਂ ਵੱਧ ਅਰਬ ਵਿਚ ਕੋਈ ਇੱਜ਼ਤਦਾਰ ਆਦਮੀ ਨਹੀਂ ਹੋਵੇਗਾ। ਅਗਲੇ ਸਾਲ ਜਦੋਂ ਹੱਜ ਦਾ ਮੌਸਮ ਆਇਆ ਤਾਂ ਬਾਰਾਂ ਆਦਮੀਆਂ ਨੇ ਇਸਲਾਮ ਕਬੂਲ ਕੀਤਾ।ਆਪ ਨੇ ਉਨ੍ਹਾਂ ਦੀ ਮੰਗ ਉੱਤੇ ਇਕ ਮੁਸਲਮਾਨ ਮਸਅਬ ਬਿਨ ਉਮੈਰ ਨੂੰ ਉਨ੍ਹਾਂ ਦੇ ਨਾਲ ਯਸਰਬ ਭੇਜ ਦਿੱਤਾ ਤਾਂ ਜੋ ਉਨ੍ਹਾਂ ਨੂੰ ਇਸਲਾਮ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਜਾ ਸਕੇ।ਹਜ਼ਰਤ ਮਸਅਬ ਦੀਆਂ ਕੋਸ਼ਿਸ਼ਾਂ ਨਾਲ ਯਸਰਤ ਦੇ ਬਹੁਤ ਸਾਰੇ ਲੋਕ ਮੁਸਲਮਾਨ ਹੋ ਗਏ ਜਿਨ੍ਹਾਂ ਵਿਚ ਕਈ ਵੱਡੇ ਸਰਦਾਰ ਵੀ ਸ਼ਾਮਲ ਸਨ। ਨਬੁੱਵਤ ਦੇ ਤੇਰ੍ਹਵੇਂ ਸਾਲ ਜਦੋਂ ਯਸਰਬ ਤੋਂ ਹੱਜ ਕਰਨ ਲਈ ਲੋਕ ਆਏ ਤਾਂ ਉਨ੍ਹਾਂ ਵਿਚ ੭੫ ਮੁਸਲਮਾਨ ਸ਼ਾਮਲ ਸਨ।ਹਜ਼ਰਤ ਮੁਹੰਮਦ (ਸ.) ਨੇ ਰਾਤ ਦੇ ਸਮੇਂ ਅਕਬਾ ਦੀ ਘਾਟੀ ਵਿਚ ਜਾ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ।ਬਾਕੀ ਗੱਲਾਂ ਤੋਂ ਇਲਾਵਾ ਉਨ੍ਹਾਂ ਨੇ ਮੁਹੰਮਦ (ਸ.) ਨੂੰ ਇਹ ਵੀ ਦਾਅਵਤ ਦਿੱਤੀ ਕਿ ਉਹ ਮੱਕਾ ਨੂੰ ਛੱਡ ਕੇ ਯਸਰਬ ਆ ਜਾਣ ਜਿੱਥੇ ਉਨ੍ਹਾਂ ਨੂੰ ਹਰ ਤਰੀਕੇ ਨਾਲ ਸੁਰੱਖਿਆ ਦਿੱਤੀ ਜਾਵੇਗੀ।ਉਨ੍ਹਾਂ ਦੀਆਂ ਗੱਲਾਂ ਵਿਚ ਖ਼ਲੂਸ ਦੇਖ ਕੇ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਜਾਣ ਦਾ ਇਰਾਦਾ ਕਰਦਿਆਂ ਆਖਿਆ, "ਤਾਂ ਫਿਰ ਮੇਰਾ ਮਰਨਾ-ਜੀਨਾ ਵੀ ਤੁਹਾਡੇ ਨਾਲ ਹੀ ਹੋਵੇਗਾ"।ਆਪ ਨੂੰ ਯਸਰਬ ਬੁਲਾਉਣ ਵਾਲੇ ਅਤੇ ਮਦਦ ਕਰਨ ਵਾਲੇ ਲੋਕਾਂ ਨੂੰ 'ਅਨਸਾਰ' ਕਿਹਾ ਜਾਂਦਾ ਹੈ ਜਿਸ ਦੇ ਅਰਥ ਸਹਾਇਤਾ ਕਰਨ ਵਾਲਾ ਤੋਂ ਲਏ ਜਾਂਦੇ ਹਨ। ਮੁਸਲਮਾਨਾਂ ਨੂੰ ਇਸਲਾਮ ਦੀਆਂ ਸਿੱਖਿਆਵਾਂ ਤੋਂ ਜਾਣੂ ਕਰਵਾਉਣ ਲਈ ਗਏ ਹਜ਼ਰਤ ਮਸਅਬ ਨੇ ਹਜ਼ਰਤ ਅਸਦ ਪੁੱਤਰ ਜਰਾਹ ਦੇ ਘਰ ਨੂੰ ਅਪਣੀ ਰਿਹਾਇਸ਼ ਬਣਾਇਆ ਅਤੇ ਜੋਸ਼ ਨਾਲ ਯਸਰਬ ਦੇ ਲੋਕਾਂ ਵਿਚ ਇਸਲਾਮ ਦਾ ਪਰਚਾਰ ਕਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਨੂੰ ਯਸਰਬ ਦੇ ਲੋਕ 'ਮੁਕੱਰੀ' ਆਖਣ ਲੱਗੇ ਜਿਸ ਦੇ ਅਰਥ 'ਉਸਤਾਦ' ਤੋਂ ਲਏ ਜਾਂਦੇ ਹਨ।
64. ਕੁਰੈਸ਼ ਲਈ ਖ਼ਤਰੇ ਦੀ ਘੰਟੀ
ਮਦੀਨੇ ਦੇ ਮੁਸਲਮਾਨਾਂ ਨੇ ਹੱਜ ਦੇ ਸਮੇਂ ਜਦੋਂ ਅਕਬਾ ਦੇ ਸਥਾਨ ਉੱਤੇ ਹਜ਼ਰਤ ਮੁਹੰਮਦ (ਸ.) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਾਥੀਆਂ ਸਮੇਤ ਮਦੀਨੇ ਆ ਕੇ ਰਹਿਣ ਦੀ ਪੇਸ਼ਕਸ਼ ਕੀਤੀ ਤਾਂ ਕੁਰੈਸ਼ ਵਾਲਿਆਂ ਨੇ ਇਸ ਨੂੰ ਅਪਣੇ ਅਤੇ ਸਮੁੱਚੇ ਅਰਬ ਲਈ ਵੰਗਾਰ ਸਮਝਿਆ। ਇਸ ਪੇਸ਼ਕਸ ਨੂੰ ਸੁਣ ਕੇ ਮਦੀਨੇ ਦੇ ਹਾਜੀਆਂ ਵਿਚ ਸ਼ਾਮਲ ਇਕ ਬਜ਼ੁਰਗ ਅੱਬਾਸ ਬਿਨ ਉਬਾਦਾ ਨੇ ਕਿਹਾ, "ਮਦੀਨੇ ਵਾਲਿਓ! ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਸੱਪ ਦੀ ਖੱਡ ਵਿਚ ਹੱਥ ਪਾ ਰਹੇ ਹੋ। ਤੁਸੀਂ ਇਨ੍ਹਾਂ ਨੂੰ ਮਦੀਨੇ ਸੱਦ ਕੇ ਸਾਰੀ ਦੁਨੀਆ ਨਾਲ ਲੜਾਈ ਮੁੱਲ ਲੈ ਰਹੇ ਹੋ।ਜੇ ਤੁਹਾਡੇ ਮਨ ਵਿਚ ਕੋਈ ਅਜਿਹਾ ਵਿਚਾਰ ਹੋਵੇ ਕਿ ਕਿਸੇ ਖ਼ਤਰੇ ਸਮੇਂ ਮੌਤ ਤੋਂ ਡਰਦਿਆਂ ਜਾਂ ਆਪੇ ਨੂੰ ਤਬਾਹੀ ਤੋਂ ਬਚਾਉਣ ਲਈ ਤੁਸੀਂ ਹਜ਼ਰਤ ਮੁਹੰਮਦ (ਸ.) ਨੂੰ ਵੈਰੀਆਂ ਦੇ ਹਵਾਲੇ ਕਰ ਦਿਉਗੇ ਤਾਂ ਉਸ ਤੋਂ ਚੰਗਾ ਹੈ ਕਿ ਅੱਜ ਹੀ ਇਨ੍ਹਾਂ ਨੂੰ ਏਥੇ ਛੱਡ ਦਿਓ ਨਹੀਂ ਤਾਂ ਦੁਨੀਆ ਅਤੇ ਆਖ਼ਰਤ ਵਿਚ ਖੱਜਲ-ਖ਼ੁਆਰ ਹੋਵੋਗੇ।ਜੇ ਤੁਸੀਂ ਸਮਝਦੇ ਹੋ ਕਿ ਜਿਹੜਾ ਬਚਨ ਇਨ੍ਹਾਂ ਨੂੰ ਦੇ ਰਹੇ ਹੋ ਉਸ ਨੂੰ ਮੌਤ ਦੇ ਡਰ ਦੇ ਬਾਵਜੂਦ ਨਿਭਾਉਗੇ ਤਾਂ ਇਨ੍ਹਾਂ ਦਾ ਹੱਥ ਫੜ ਲਵੋ।ਰੱਬ ਦੀ ਸਹੁੰ ਇਸ ਵਿਚ ਦੁਨੀਆ ਅਤੇ ਆਖ਼ਰਤ ਦੋਹਾਂ ਦੀ ਭਲਾਈ ਹੈ"। ਜਿੱਥੇ ਹਜ਼ਰਤ ਮੁਹੰਮਦ (ਸ.) ਨੂੰ ਮੁਸਲਮਾਨਾਂ ਸਮੇਤ ਮਦੀਨੇ ਵਿਚ ਵਸ ਜਾਣ ਨਾਲ ਬੇਡਰ ਅਤੇ ਬੇਖ਼ੌਫ਼ ਹੋ ਕੇ ਰਹਿਣ ਲਈ ਠਿਕਾਣਾ ਮਿਲ ਜਾਣਾ ਸੀ ਅਤੇ ਉਹ ਅਪਣੀ ਸ਼ਕਤੀ ਨੂੰ ਵਧਾਉਣ ਦਾ ਚੰਗਾ ਉਪਰਾਲਾ ਕਰ ਸਕਦੇ ਸਨ ਉੱਥੇ ਮੱਕੇ ਦੇ ਕੁਰੈਸ਼ ਵਾਲਿਆਂ ਲਈ ਇਹ ਖ਼ਤਰੇ ਦੀ ਘੰਟੀ ਵੱਜ ਗਈ ਸੀ।ਉਨ੍ਹਾਂ ਦੇ ਸਿਰ ਤੇ ਇਕ ਖ਼ਤਰਾ ਹੋਰ ਮੰਡਲਾ ਰਿਹਾ ਸੀ ਜਿਸ ਨਾਲ ਉਨ੍ਹਾਂ ਦਾ ਵਪਾਰ ਸਬੰਧਤ ਸੀ। ਅਸਲ ਵਿਚ ਮੱਕੇ ਵਾਲਿਆਂ ਦੀ ਆਰਥਕਤਾ ਯਮਨ ਅਤੇ ਸੀਰੀਆ ਨਾਲ ਕੀਤੇ ਜਾਣ ਵਾਲੇ ਵਪਾਰ ਉੱਤੇ ਨਿਰਭਰ ਸੀ।ਲਾਲ ਸਾਗਰ ਦੇ ਤੱਟ ਦੇ ਨਾਲ ਨਾਲ ਜਿਸ ਰਸਤਿਉਂ ਉਹ ਸੀਰੀਆ ਅਤੇ ਯਮਨ ਨੂੰ ਜਾਂਦੇ ਸਨ ਮਦੀਨਾ ਉਸੇ ਰਸਤੇ ਉੱਤੇ ਸਥਿਤ ਸੀ।ਹੁਣ ਕੁਰੈਸ਼ ਵਾਲਿਆਂ ਲਈ ਜ਼ਰੂਰੀ ਹੋ ਗਿਆ ਸੀ ਕਿ ਉਹ ਅਪਣੇ ਵਪਾਰ ਨੂੰ ਸਾਬਤ ਰੱਖਣ ਲਈ ਜਾਂ ਮੁਸਲਮਾਨਾਂ ਨਾਲ ਸੁਲਾਹ ਕਰ ਲੈਣ ਜਾਂ ਉਨ੍ਹਾਂ ਨੂੰ ਲੜਾਈ ਵਿਚ ਖ਼ਤਮ ਕਰ ਦੇਣ।
65. ਮੁਸਲਮਾਨਾਂ ਦੇ ਮਦੀਨੇ ਵੱਲ ਚਾਲੇ
ਜਿਵੇਂ ਪਿਛਲੇ ਪੰਨਿਆਂ ਉੱਤੇ ਲਿਖਿਆ ਜਾ ਚੁੱਕਿਆ ਹੈ ਹਜ਼ਰਤ ਮੁਸਅਬ ਨੂੰ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਲੋਕਾਂ ਨੂੰ ਇਸਲਾਮ ਦੀ ਸਿੱਖਿਆ ਦੇਣ ਲਈ ਭੇਜਿਆ ਸੀ।ਹਜ਼ਰਤ ਮਸਅਬ ਦੀਆਂ ਕੋਸ਼ਿਸ਼ਾਂ ਨਾਲ ਜਦੋਂ ਮਦੀਨੇ ਦੇ ਲੋਕ ਚੌਖੀ ਗਿਣਤੀ ਵਿਚ ਮੁਸਲਮਾਨ ਹੋ ਗਏ ਤਾਂ ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਵੀ ਮਦੀਨੇ ਆਉਣ ਦੀ ਦਾਅਵਤ ਦੇ ਦਿੱਤੀ।ਮਦੀਨੇ ਵਾਲਿਆਂ ਦੀ ਖੁੱਲ੍ਹ-ਦਿਲੀ ਨੂੰ ਕਬੂਲ ਕਰਦਿਆਂ ਹਜ਼ਰਤ ਮੁਹੰਮਦ (ਸ.) ਨੇ ਮੁਸਲਮਾਨਾਂ ਨੂੰ ਆਗਿਆ ਦੇ ਦਿੱਤੀ ਕਿ ਉਹ ਜੇ ਚਾਹੁਣ ਤਾਂ ਮਦੀਨੇ ਵੱਲ ਹਿਜਰਤ ਕਰ ਜਾਣ। ਹਿਜਰਤ ਕਰ ਜਾਣ ਦਾ ਭਾਵ ਸੀ ਕਿ ਅਪਣਾ ਘਰ-ਬਾਰ, ਮਾਲ-ਦੌਲਤ, ਰਿਸ਼ਤੇਦਾਰਾਂ ਨੂੰ ਛੱਡ ਕੇ ਅਪਣੀ ਜਾਨ ਅਤੇ ਈਮਾਨ ਦੇ ਬਚਾਉ ਲਈ ਮਦੀਨੇ ਚਲੇ ਜਾਇਆ ਜਾਵੇ।ਉਨ੍ਹਾਂ ਨੇ ਮੁਸਲਮਾਨਾਂ ਨੂੰ ਇਹ ਵੀ ਸਮਝਾਇਆ ਕਿ ਸਿਰਫ਼ ਮੱਕਾ ਦੇ ਛੱਡ ਜਾਣ ਨੂੰ ਹੀ ਖ਼ਤਰਾ ਟਲ ਗਿਆ ਨਾ ਸਮਝਿਆ ਜਾਵੇ ਸਗੋਂ ਰਸਤੇ ਵਿਚ ਵੀ ਇਸ ਦਾ ਖ਼ਿਆਲ ਰੱਖਿਆ ਜਾਵੇ।ਮੱਕੇ ਵਾਲੇ ਤੁਹਾਨੂੰ ਕਿਤੇ ਵੀ ਨੁਕਸਾਨ ਪਹੁੰਚਾ ਸਕਦੇ ਹਨ।ਮਦੀਨੇ ਨੂੰ ਵੀ ਪੂਰਾ ਸੁਰੱਖਿਅਤ ਨਾ ਸਮਝਿਆ ਜਾਵੇ ਉੱਥੇ ਪਹੁੰਚ ਕੇ ਵੀ ਕਈ ਮਸਲੇ ਪੈਦਾ ਹੋ ਸਕਦੇ ਹਨ। ਹਜ਼ਰਤ ਮੁਹੰਮਦ (ਸ.) ਦੀ ਆਗਿਆ ਮਿਲ ਜਾਣ ਤੋਂ ਬਾਅਦ ਮੁਸਲਮਾਨਾਂ ਨੇ ਮਦੀਨੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।ਜਦੋਂ ਕੁਰੈਸ਼ ਵਾਲਿਆਂ ਦੇ ਕੰਨਾਂ ਤੱਕ ਇਸ ਦੀ ਭਿਣਕ ਗਈ ਤਾਂ ਉਨ੍ਹਾਂ ਨੇ ਵੀ ਰੁਕਾਵਟਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਇਸ ਗੱਲ ਨੂੰ ਉਹ ਵੀ ਚੰਗੀ ਤਰ੍ਹਾਂ ਜਾਣਦੇ ਸਨ ਕਿ ਮੁਸਲਮਾਨਾਂ ਦਾ ਮਦੀਨੇ ਪਹੁੰਚਣਾ ਉਨ੍ਹਾਂ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ। ਸਭ ਤੋਂ ਪਹਿਲਾਂ ਇਕ ਸਹਾਬੀ ਹਜ਼ਰਤ ਅਬੂ ਸਲਮਾਹ ਨੇ ਮੱਕਾ ਛੱਡ ਕੇ ਮਦੀਨੇ ਜਾਣ ਦਾ ਇਰਾਦਾ ਕੀਤਾ।ਜਦੋਂ ਉਹ ਅਪਣੀ ਬੀਵੀ ਅਤੇ ਬੱਚੇ ਨੂੰ ਲੈ ਕੇ ਤੁਰਨ ਲੱਗਿਆ ਤਾਂ ਉਸ ਦੇ ਸਹੁਰਿਆਂ ਅਤੇ ਪੇਕਿਆਂ ਦੇ ਲੋਕ ਇਕੱਠੇ ਹੋ ਗਏ।ਸਹੁਰਿਆਂ ਨੇ ਇਹ ਕਹਿ ਕੇ ਉਸ ਦੀ ਬੀਵੀ ਖੋਹ ਲਈ ਕਿ ਅਸੀਂ ਅਪਣੀ ਧੀ ਨੂੰ ਬੇਘਰ ਨਹੀਂ ਭਟਕਣ ਦੇਵਾਂਗੇ।ਦੂਜੇ ਪਾਸੇ ਅਬੂ ਸਲਮਾਹ ਦੇ ਪੁੱਤਰ ਨੂੰ ਉਸ ਦੇ ਭਰਾਵਾਂ ਨੇ ਉਸ ਦੀ ਬੀਵੀ ਤੋਂ ਇਹ ਆਖ ਕੇ ਖੋਹ ਲਿਆ ਕਿ ਜਦੋਂ ਤੁਹਾਡੀ ਧੀ ਸਾਡੇ ਭਰਾ ਨਾਲ ਨਹੀਂ ਜਾਂਦੀ, ਅਸੀਂ ਕਿਉਂ ਅਪਣੇ ਭਤੀਜੇ ਨੂੰ ਤੁਹਾਡੇ ਕੋਲ ਰਹਿਣ ਦਈਏ।ਇਸ ਤਰ੍ਹਾਂ ਹਜ਼ਰਤ ਅਬੂ ਸੋਲਮਾਹ ਇਕੱਲੇ ਮਦੀਨੇ ਚਲੇ ਗਏ।ਉਸ ਦੀ ਬੀਵੀ ਹਜ਼ਰਤ ਉੱਮੇ ਸਲਮਾਹ ਨੂੰ ਉਸ ਦੇ ਸਹੁਰੇ ਲੈ ਗਏ ਅਤੇ ਉਸ ਦੇ ਪੁੱਤਰ ਨੂੰ ਉਸ ਦੇ ਭਰਾ। 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਹਜ਼ਰਤ ਉੱਮੇ ਸਲਮਾਹ ਪਤੀ ਅਤੇ ਪੁੱਤਰ ਦੀ ਜੁਦਾਈ ਵਿਚ ਸਵੇਰੇ ਉਠਦਿਆਂ ਹੀ ਉਸ ਥਾਂ ਪਹੁੰਚ ਜਾਂਦੀ ਜਿੱਥੇ ਉਨ੍ਹਾਂ ਨੂੰ ਵਿਛੋੜਿਆ ਗਿਆ ਸੀ ਅਤੇ ਸ਼ਾਮ ਤੱਕ ਰੋਂਦੀ ਰਹਿੰਦੀ।ਇਸੇ ਹਾਲਤ ਵਿਚ ਰੋਂਦਿਆਂ ਕੁਰਲਾਉਂਦਿਆਂ ਉਸ ਨੂੰ ਇਕ ਸਾਲ ਬੀਤ ਗਿਆ।ਆਖ਼ਰ ਘਰ ਦੇ ਇਕ ਬਜ਼ੁਰਗ ਨੂੰ ਤਰਸ ਆ ਗਿਆ ਅਤੇ ਉਹ ਕਹਿਣ ਲੱਗਿਆ ਕਿ ਤੁਸੀਂ ਇਸ ਨੂੰ ਜਾਣ ਕਿਉਂ ਨਹੀਂ ਦਿੰਦੇ।ਇਸ ਵਿਚਾਰੀ ਨੂੰ ਬੇਮਤਲਬ ਇਸ ਦੇ ਪਤੀ ਅਤੇ ਪੁੱਤਰ ਤੋਂ ਕਿਉਂ ਵੱਖ ਕਰ ਰੱਖਿਆ ਹੈ। ਪੇਕੇ ਪਰਿਵਾਰ ਵੱਲੋਂ ਮਦੀਨੇ ਜਾਣ ਦੀ ਆਗਿਆ ਮਿਲ ਜਾਣ ਤੋਂ ਬਾਅਦ ਹਜ਼ਰਤ ਉੱਮੇ ਸਲਮਾਹ ਨੇ ਅਪਣੇ ਪੁੱਤਰ ਨੂੰ ਸਹੁਰੇ ਪਰਿਵਾਰ ਤੋਂ ਵਾਪਸ ਲਿਆ ਅਤੇ ਬਿਨਾ ਕਿਸੇ ਦੇ ਸਹਾਰੇ ਇਕੱਲੀ ਹੀ ਤਿੰਨ ਸੌ ਮੀਲ ਦਾ ਸਫ਼ਰ ਤੈਅ ਕਰਨ ਲਈ ਮਦੀਨੇ ਵੱਲ ਤੁਰ ਪਈ।ਅਬੂ ਹੱਸ਼ਾਮ ਲਿਖਦਾ ਹੈ ਕਿ ਜਦੋਂ ਉਹ ਤਨਇਮ ਨਾਂ ਦੇ ਸਥਾਨ ਤੇ ਪਹੁੰਚੀ ਤਾਂ ਉਸ ਨੂੰ ਮਦੀਨੇ ਤੋਂ ਵਾਪਸ ਪਰਤ ਰਿਹਾ ਹਜ਼ਰਤ ਉਸਮਾਨ ਪੁੱਤਰ ਅਬੀ ਤਲਹਾ ਮਿਲ ਗਿਆ।ਉਸ ਨੇ ਉੱਮੇ ਸਲਮਾਹ ਤੋਂ ਸਾਰੀ ਕਹਾਣੀ ਸੁਣੀ ਤਾਂ ਉਹ ਉਸ ਨੂੰ ਮਦੀਨੇ ਪਹੁਚਾਉਣ ਲਈ ਵਾਪਸ ਮੁੜ ਪਿਆ ਅਤੇ ਮਦੀਨੇ ਵਿਚ ਕਬਾਅ ਨਾਂ ਦੀ ਬਸਤੀ ਨੇੜੇ ਛੱਡ ਕੇ ਇਹ ਕਹਿੰਦਿਆਂ ਮੁੜ ਗਿਆ ਕਿ ਤੇਰਾ ਪਤੀ ਇਸ ਸਾਹਮਣੀ ਬਸਤੀ ਵਿਚ ਰਹਿੰਦਾ ਹੈ। ਇਕ ਹੋਰ ਸਹਾਬੀ ਹਜ਼ਰਤ ਸੁਹੈਬ ਜਦੋਂ ਮੱਕੇ ਤੋਂ ਮਦੀਨੇ ਵੱਲ ਹਿਜਰਤ ਕਰਨ ਲਈ ਤਿਆਰ ਹੋਇਆ ਤਾਂ ਮੱਕੇ ਦੇ ਮੁਸ਼ਰਿਕਾਂ ਨੇ ਉਸ ਦਾ ਰਾਸਤਾ ਰੋਕ ਲਿਆ ਅਤੇ ਕਹਿਣ ਲੱਗੇ, "ਜਦੋਂ ਤੂੰ ਆਇਆ ਸੀ ਉਸ ਸਮੇਂ ਖ਼ਾਲੀ ਹੱਥ ਸੀ।ਇਹ ਜਿਹੜਾ ਮਾਲ ਇਕੱਠਾ ਕਰਕੇ ਤੁਰਨ ਲੱਗਿਆ ਏਂ ਇਹ ਮੱਕੇ ਵਿਚ ਆ ਕੇ ਹੀ ਇਕੱਠਾ ਕੀਤਾ ਹੈ ਇਸ ਲਈ ਇਸ ਮਾਲ ਨੂੰ ਅਸੀਂ ਮੱਕੇ ਤੋਂ ਬਾਹਰ ਨਹੀਂ ਜਾਣ ਦਿਆਂਗੇ"।ਜਦੋਂ ਹਜ਼ਰਤ ਸੁਹੈਬ ਨੇ ਪੁੱਛਿਆ ਕਿ ਜੇ ਇਹ ਮਾਲ ਮੈਂ ਇੱਥੇ ਹੀ ਛੱਡ ਜਾਵਾਂ ਫਿਰ ਤੁਸੀਂ ਮੈਨੂੰ ਜਾਣ ਦਿਉਗੇ"।ਕੁਰੈਸ਼ ਦੇ ਮੁਸ਼ਰਿਕ ਕਹਿਣ ਲੱਗੇ, "ਹਾਂ, ਫਿਰ ਤੂੰ ਜਾ ਸਕਦਾ ਏਂ"।ਹਜ਼ਰਤ ਸੁਹੈਬ ਸਾਰਾ ਮਾਲ ਉਨ੍ਹਾਂ ਦੇ ਹਵਾਲੇ ਕਰਦਿਆਂ ਕਹਿਣ ਲੱਗੇ, "ਚੱਕੋ, ਮੇਰਾ ਮਾਲ ਤੁਹਾਡੇ ਹਵਾਲੇ"।ਉਨ੍ਹਾਂ ਨੇ ਸਾਰਾ ਮਾਲ ਉੱਥੇ ਹੀ ਛੱਡਿਆ ਅਤੇ ਤੁਰ ਪਏ।ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਕਹਿਣ ਲੱਗੇ "ਸੁਹੈਬ ਨੇ ਬਹੁਤ ਨਫ਼ਾ ਕਮਾ ਲਿਆ ਹੈ"। ਹਜ਼ਰਤ ਉਮਰ ਪੁੱਤਰ ਖ਼ੱਤਾਬ, ਅੱਯਾਸ਼ ਪੁੱਤਰ ਅਬੀ ਰਬੀਆ ਅਤੇ ਹੱਸਾਮ ਬਿਨ ਆਸ ਨੇ ਮਿਲ ਕੇ ਇਕ ਸਥਾਨ ਮਿੱਥ ਲਿਆ ਅਤੇ ਫ਼ੈਸਾ ਕੀਤਾ ਕਿ ਕੱਲ ਸਵੇਰੇ ਉਸ ਸਥਾਨ ਤੇ ਇਕੱਠੇ ਹੋਵਾਂਗੇ ਅਤੇ ਫਿਰ ਮਦੀਨੇ ਵੱਲ ਹਿਜਰਤ ਕਰ ਜਾਵਾਂਗੇ।ਹਜ਼ਰਤ ਉਮਰ ਅਤੇ ਹਜ਼ਰਤ ਅੱਯਾਸ ਤਾਂ ਮਿੱਥੇ ਸਥਾਨ ਤੇ ਪਹੁੰਚ ਗਏ ਪਰ ਹੱਸ਼ਾਮ ਨੂੰ ਮੁਸ਼ਰਿਕਾਂ ਨੇ ਕੈਦ ਕਰ ਲਿਆ। ਜਦੋਂ ਹਜ਼ਰਤ ਉਮਰ ਅਤੇ ਅੱਯਾਸ ਮਦੀਨੇ ਪਹੁੰਚ ਕੇ ਕੁਬਾ ਨਾਂ ਦੇ ਸਥਾਨ ਤੇ ਠਹਿਰੇ ਤਾਂ ਉਨ੍ਹਾਂ ਦੇ ਪਿੱਛੇ ਹੀ ਮੱਕੇ ਤੋਂ ਅਬੂ ਜਹਿਲ ਅਤੇ ਹਾਰਸ਼ ਪਹੁੰਚ ਗਏ ਅਤੇ ਦੋਵੇਂ ਅੱਯਾਸ ਨੂੰ ਕਹਿਣ ਲੱਗੇ ਕਿ ਤੇਰੀ ਮਾਂ ਨੇ ਫ਼ੈਸਲਾ ਕੀਤਾ ਹੈ ਕਿ ਜਦੋਂ ਤੱਕ ਤੈਨੂੰ ਨਹੀਂ ਦੇਖੇਗੀ ਉਦੋਂ ਤੱਕ ਉਹ ਨਾ ਕੰਘੀ ਕਰੇਗੀ ਅਤੇ ਨਾ ਧੁੱਪਿਉਂ ਛਾਵੇਂ ਜਾਵੇਗੀ। ਮਾਂ ਦਾ ਫ਼ੈਸਲਾ ਸੁਣ ਕੇ ਹਜ਼ਰਤ ਅੱਯਾਸ ਪਸੀਜ ਗਏ।ਭਾਵੇਂ ਹਜ਼ਰਤ ਉਮਰ ਨੇ ਉਸ ਨੂੰ ਬਹੁਤ ਸਮਝਾਇਆ ਕਿ ਇਹ ਲੋਕ ਤੇਰੇ ਨਾਲ ਸਾਜ਼ਿਸ਼ ਕਰ ਰਹੇ ਹਨ ਪਰ ਉਹ ਨਾ ਸਮਝਿਆ ਅਤੇ ਵਾਪਸ ਜਾਣ ਲਈ ਤਿਆਰ ਹੋ ਗਿਆ।ਰਸਤੇ ਵਿਚ ਚੱਲਦਿਆਂ ਅਬੂ ਜਹਿਲ ਅਤੇ ਹਾਰਸ ਨੇ ਉਸ ਨੂੰ ਰੱਸੀਆਂ ਨਾਲ ਬੰਨ੍ਹ ਲਿਆ ਅਤੇ ਮੱਕੇ ਲੈ ਗਏ।ਉਨ੍ਹਾਂ ਨੇ ਮੱਕੇ ਵਾਲਿਆਂ ਨੂੰ ਇਕੱਠੇ ਕਰਕੇ ਹਜ਼ਰਤ ਹੱਸ਼ਾਮ ਵੱਲ ਇਸ਼ਾਰਾ ਕਰਦਿਆਂ ਆਖਿਆ,"ਮੱਕੇ ਦੇ ਲੋਕੋ ਤੁਸੀਂ ਵੀ ਅਪਣੇ ਬੇਵਕੂਫ਼ਾਂ ਨਾਲ ਅਜਿਹਾ ਹੀ ਸਲੂਕ ਕਰੋ ਜਿਹੋ ਜਿਹਾ ਅਸੀਂ ਅਪਣੇ ਬੇਵਕੂਫ਼ ਨਾਲ ਕੀਤਾ ਹੈ"। ਹਜ਼ਰਤ ਹੱਸ਼ਾਮ ਅਤੇ ਹਜ਼ਰਤ ਅੱਯਾਸ ਨੂੰ ਮੱਕੇ ਦੇ ਮੁਸ਼ਰਿਕਾਂ ਨੇ ਇਕ ਬਿਨਾ ਛੱਤ ਵਾਲੇ ਘਰ ਵਿਚ ਕੈਦ ਕਰ ਦਿੱਤਾ।ਜਦੋਂ ਹਜ਼ਰਤ ਮੁਹੰਮਦ (ਸ.) ਹਿਜਰਤ ਕਰਕੇ ਮਦੀਨੇ ਚਲੇ ਗਏ ਅਤੇ ਮੁਸਲਮਾਨਾਂ ਦੀ ਸਥਿਤੀ ਕੁਝ ਮਜ਼ਬੂਤ ਹੋਈ ਤਾਂ ਆਪ ਨੇ ਹਜ਼ਰਤ ਵਲੀਦ ਨੂੰ ਇਨ੍ਹਾਂ ਦੋਹਾਂ ਨੂੰ ਛੁਡਾਉਣ ਲਈ ਭੇਜਿਆ।ਉਹ ਖ਼ੁਫ਼ੀਆ ਤੌਰ ਤੇ ਮੱਕੇ ਗਏ ਅਤੇ ਖਾਣਾ ਪਕਾਉਣ ਵਾਲੀ ਮਾਈ ਦੀ ਸਹਾਇਤਾ ਨਾਲ ਉਸ ਘਰ ਦੀ ਨਿਸ਼ਾਨਦੇਹੀ ਕਰਨ ਵਿਚ ਕਾਮਿਯਾਬ ਹੋ ਗਏ ਜਿੱਥੇ ਇਹ ਦੋਵੇ ਕੈਦ ਸਨ। ਰਾਤ ਦੇ ਸਮੇਂ ਹਜ਼ਰਤ ਵਲੀਦ ਕੈਦ ਖ਼ਾਨੇ ਦੀ ਕੰਧ ਟੱਪ ਕੇ ਦੋਵਾਂ ਸਹਾਬੀਆਂ ਨੂੰ ਆਜ਼ਾਦ ਕਰਵਾਉਣ ਵਿਚ ਸਫ਼ਲ ਹੋ ਗਏ ਅਤੇ ਅਪਣੀ ਤੇਜ਼-ਤਰਾਰ ਊਂਠਣੀ ਉੱਤੇ ਬਿਠਾ ਕੇ ਮਦੀਨੇ ਪਹੁੰਚ ਗਏ।ਇਹ ਹਜ਼ਰਤ ਵਲੀਦ ਉਹੋ ਹੀ ਸਨ ਜਿਨ੍ਹਾਂ ਦੇ ਪੁੱਤਰ ਖ਼ਾਲਿਦ ਨੇ ਇਸਲਾਮੀ ਲਸ਼ਕਰ ਦਾ ਸਿਪਾਹ ਸਾਲਾਰ ਬਣ ਕੇ ਵੱਡੀਆਂ ਵੱਡੀਆਂ ਲੜਾਈਆਂ ਜਿੱਤੀਆਂ। ਉਪਰੋਕਤ ਉਦਾਹਰਣਾਂ ਤੋਂ ਸਾਫ਼ ਨਜ਼ਰ ਆ ਜਾਂਦਾ ਹੈ ਕਿ ਹਿਜਰਤ ਕਰਕੇ ਮਦੀਨੇ ਵੱਲ ਜਾਣ ਵਾਲਿਆਂ ਨਾਲ ਮੱਕੇ ਦੇ ਕੁਰੈਸ਼ ਵਾਲੇ ਕਿਹੋ ਜਿਹਾ ਸਲੂਕ ਕਰਦੇ ਸਨ ਪਰ ਫਿਰ ਵੀ ਮੁਸਲਮਾਨ ਗੁਪਤ ਰਸਤਿਆਂ ਰਾਹੀਂ ਮਦੀਨੇ ਪਹੁੰਚ ਗਏ।ਇਕ ਸਮਾਂ ਅਜਿਹਾ ਵੀ ਆਇਆ ਜਦੋਂ ਹਜ਼ਰਤ ਮੁਹੰਮਦ (ਸ.) ਅਤੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਤੋਂ ਸਿਵਾ ਉਹ ਮੁਸਲਮਾਨ ਹੀ ਮੱਕੇ ਵਿਚ ਰਹਿ ਗਏ ਜਿਨ੍ਹਾਂ ਨੂੰ ਕੁਰੈਸ਼ ਵਾਲਿਆਂ ਨੇ ਕੈਦ ਕਰਕੇ ਰੱਖਿਆ ਹੋਇਆ ਸੀ।ਜਦੋਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੇ ਹਿਜਰਤ ਕਰਕੇ ਜਾਣ ਬਾਰੇ ਹਜ਼ਰਤ ਮੁਹੰਮਦ (ਸ.) ਨੂੰ ਦੱਸਿਆ ਤਾਂ ਉਨ੍ਹਾਂ ਨੇ ਉਸ ਨੂੰ ਰੋਕਦਿਆਂ ਆਖਿਆ ਕਿ ਕੁਝ ਦਿਨ ਹੋਰ ਠਹਿਰੋ ਸ਼ਾਇਦ ਮੈਨੂੰ ਵੀ ਰੱਬ ਵੱਲੋਂ ਇਜਾਜ਼ਤ ਮਿਲ ਜਾਵੇ, ਫੇਰ ਇਕੱਠੇ ਹੀ ਚੱਲਾਂਗੇ।
66. ਕਤਲ ਕਰਨ ਦਾ ਫ਼ੈਸਲਾ
ਜਦੋਂ ਕੁਰੈਸ਼ ਵਾਲਿਆਂ ਨੂੰ ਪਤਾ ਲੱਗਿਆ ਕਿ ਮੁਸਲਮਾਨਾਂ ਨੇ ਅਪਣਾ ਸਾਮਾਨ ਬੰਨ੍ਹ ਕੇ ਮਦੀਨੇ ਵਲ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਕੁਝ ਕਾਫ਼ਲਿਆਂ ਦੀ ਸ਼ਕਲ ਵਿਚ ਮਦੀਨੇ ਪਹੁੰਚ ਵੀ ਗਏ ਹਨ ਤਾਂ ਉਨ੍ਹਾਂ ਨੂੰ ਖ਼ਤਰਾ ਮਹਿਸੂਸ ਹੋਣ ਲੱਗਿਆ।ਕਿਉਂ ਜੋ ਉਨ੍ਹਾਂ ਦੇ ਸਤਾਏ ਮੁਸਲਮਾਨ ਮਦੀਨੇ ਦੀ ਆਜ਼ਾਦ ਹਵਾ ਵਿਚ ਰਹਿ ਕੇ ਉਨ੍ਹਾਂ ਲਈ ਮੁਸੀਬਤ ਬਣ ਸਕਦੇ ਹਨ।ਉਹ ਇਹ ਵੀ ਜਾਣਦੇ ਸਨ ਕਿ ਹਜ਼ਰਤ ਮੁਹੰਮਦ (ਸ.) ਦੀ ਸ਼ਖਸ਼ੀਅਤ ਵਿਚ ਬੇਹੱਦ ਤਾਕਤ ਅਤੇ ਅਗਾਂਹ ਵਧੂ ਜਜ਼ਬਾ ਮੌਜੂਦ ਹੈ ਅਤੇ ਉਨ੍ਹਾਂ ਦੇ ਸਹਾਬੀਆਂ ਵਿਚ ਇਸਲਾਮ ਅਤੇ ਇਸਲਾਮ ਦੀ ਸਿੱਖਿਆ ਉੱਤੇ ਕੁਰਬਾਨ ਹੋਣ ਦੀ ਹਿੰਮਤ ਹੈ।ਇਸ ਤੋਂ ਵੱਖ ਕਬੀਲਾ ਔਸ ਅਤੇ ਕਬੀਲਾ ਖ਼ਜ਼ਰਜ ਦੇ ਮੁਸਲਮਾਨ ਬਣੇ ਲੋਕਾਂ ਵਿਚ ਵੀ ਤਾਕਤ ਅਤੇ ਜੰਗੀ ਮੁਹਾਰਤ ਮੌਜੂਦ ਹੈ ਜਿਸ ਦਾ ਸਬੂਤ 'ਮੁਆਸ' ਦੀ ਲੰਬਾ ਸਮਾਂ ਲੜੀ ਜਾਣ ਵਾਲੀ ਜੰਗ ਸਾਹਮਣੇ ਸੀ। ਮੱਕੇ ਦੇ ਮੁਸ਼ਰਿਕਾਂ ਨੂੰ ਇਸ ਗੱਲ ਦਾ ਵੀ ਭਲੀ-ਭਾਂਤ ਗਿਆਨ ਸੀ ਕਿ ਮੱਕੇ ਤੋਂ ਸ਼ਾਮ ਤੱਕ ਵਪਾਰ ਕਰਨ ਲਈ ਜਿਹੜਾ ਰਸਤਾ ਜਾਂਦਾ ਹੈ ਉਸ ਉੱਤੋਂ ਦੀ ਜਾਣ ਲਈ ਯਸਰਬ ਹੋ ਕੇ ਹੀ ਲੰਘਣਾ ਪੈਂਦਾ ਹੈ।ਇਕ ਅੰਦਾਜ਼ੇ ਅਨੁਸਾਰ ਉਸ ਸਮੇਂ ਸ਼ਾਮ ਨਾਲ ਮੱਕੇ ਵਾਲਿਆਂ ਦਾ ਸਾਲਾਨਾ ਵਪਾਰ ਢਾਈ ਲੱਖ ਦੀਨਾਰ ਦੇ ਕਰੀਬ ਸੀ ਅਤੇ ਤਾਇਫ਼ ਜਿਹੇ ਨੇੜਲੇ ਸ਼ਹਿਰਾ ਦੀ ਵਪਾਰਕ ਆਮਦਨ ਇਸ ਤੋਂ ਵੱਖ ਸੀ।ਪਰ ਇਹ ਵਪਾਰ ਉਦੋਂ ਹੀ ਸੰਭਵ ਸੀ ਜੇ ਮੱਕੇ ਤੋਂ ਸ਼ਾਮ ਤੱਕ ਦਾ ਰਾਸਤਾ ਸ਼ਾਂਤੀ ਵਾਲਾ ਹੋਵੇ। ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਹੁਣ ਤੱਕ ਕੁਰੈਸ਼ ਦਾ ਵਪਾਰ ਇਸ ਲਈ ਨਫ਼ੇ ਵਿਚ ਸੀ ਕਿ ਉਨ੍ਹਾਂ ਦੇ ਵਪਾਰਕ ਕਾਫ਼ਲਿਆਂ ਨੂੰ ਲੁੱਟ-ਕਸੁਟ ਦਾ ਖ਼ਤਰਾ ਨਹੀਂ ਸੀ ਹੁੰਦਾ ਕਿਉਂ ਜੋ ਸਾਰੇ ਕਬੀਲਿਆਂ ਦੇ ਲੋਕਾਂ ਨੇ ਹੱਜ ਕਰਨ ਲਈ ਮੱਕੇ ਜਾਣਾ ਹੁੰਦਾ ਸੀ।ਪਰ ਹੁਣ ਮਦੀਨੇ ਪਹੁੰਚੇ ਉਨ੍ਹਾਂ ਦੇ ਸਤਾਏ ਹੋਏ ਮੁਸਲਮਾਨਾਂ ਤੋਂ ਕਿਵੇਂ ਭਲਾਈ ਦੀ ਆਸ ਕੀਤੀ ਜਾ ਸਕਦੀ ਸੀ ਜਿਨ੍ਹਾਂ ਨੂੰ ਉਨ੍ਹਾਂ ਨੇ ਘਰ-ਬਾਰ ਛੱਡਣ ਲਈ ਮਜਬੂਰ ਕਰ ਦਿੱਤਾ ਸੀ। ਉਪਰੋਕਤ ਗੱਲਾਂ ਬਾਰੇ ਗੌਹ ਨਾਲ ਸੋਚਦਿਆਂ ਮੁਸ਼ਰਿਕਾਂ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਯਸਰਬ ਵਿਚ ਮੁਸਲਮਾਨਾਂ ਦੇ ਤਾਕਤਵਰ ਹੋਣ ਨਾਲ ਮੱਕੇ ਵਾਲਿਆਂ ਨੂੰ ਕਿੰਨੇ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਜਦੋਂ ਉਨ੍ਹਾਂ ਨੇ ਇਸ ਬਾਰੇ ਲੰਬੀ ਸੋਚ-ਵਿਚਾਰ ਕੀਤੀ ਤਾਂ ਇਸ ਸਿੱਟੇ ਉੱਤੇ ਪਹੁੰਚੇ ਕਿ ਇਨ੍ਹਾਂ ਖ਼ਤਰਿਆਂ ਦੀ ਜੜ ਹਜ਼ਰਤ ਮੁਹੰਮਦ (ਸ.) ਹੀ ਹਨ।ਇਸ ਗੰਭੀਰ ਸਥਿਤੀ ਉੱਤੇ ਵਿਚਾਰ ਕਰਨ ਲਈ ਉਨ੍ਹਾਂ ਨੇ ਨਬੁੱਵਤ ਦੇ ਚੌਧਵੇਂ ਸਾਲ ੧੨ ਸਤੰਬਰ ਸਨ ੬੨੨ ਈਸਵੀ ਨੂੰ ਜੁਮੇਰਾਤ (ਵੀਰਵਾਰ) ਦੇ ਦਿਨ ਮੱਕੇ ਦੀ ਪਾਰਲੀਮੈਂਟ 'ਦਾਰੁਲ ਨਦਵਾ' ਵਿਖੇ ਇਤਿਹਾਸ ਦਾ ਸਭ ਤੋਂ ਖ਼ਤਰਨਾਕ ਇਕੱਠ ਕੀਤਾ ਜਿਸ ਵਿਚ ਕੁਰੈਸ਼ ਨਾਲ ਸਬੰਧਤ ਸੱਤ ਕਬੀਲਿਆਂ ਦੇ ਚੁਣੇ ਹੋਏ ਸਰਦਾਰਾਂ ਨੇ ਭਾਗ ਲਿਆ।ਇਸ ਇਕੱਠ ਦਾ ਮਕਸਦ ਇਸਲਾਮ ਦੇ ਪੁੰਗਰਦੇ ਪੌਦੇ ਨੂੰ ਜੜ ਤੋਂ ਹੀ ਖ਼ਤਮ ਕਰਨਾ ਸੀ। ਜਦੋਂ ਸਾਰੇ ਸਰਦਾਰ ਅਤੇ ਉਨ੍ਹਾਂ ਦੇ ਸਹਾਇਕ ਤਮਾਸ਼ਬੀਨਾਂ ਸਮੇਤ 'ਦਾਰੁਲ ਨਦਵਾ' ਵਿਚ ਇਕੱਠੇ ਹੋ ਗਏ ਤਾਂ ਅਸਲੀ ਮਕਸਦ ਤੇ ਆਉਂਦਿਆਂ ਗੱਲ-ਬਾਤ ਸ਼ੁਰੂ ਕੀਤੀ ਗਈ।ਹਰ ਸਰਦਾਰ ਨੇ ਅਪਣੇ ਅਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਕੀਤੇ। ਕਈ ਸਰਦਾਰਾਂ ਦੀ ਤਜਵੀਜ਼ ਉੱਤੇ ਫ਼ੈਸਾ ਕੀਤਾ ਗਿਆ ਕਿ ਹਜ਼ਰਤ ਮੁਹੰਮਦ (ਸ.) ਨੂੰ ਮੱਕੇ ਵਿੱਚੋਂ ਕੱਢ ਦਿੱਤਾ ਜਾਵੇ।ਉਹ ਕਿੱਥੇ ਜਾਂਦਾ ਹੈ ਅਤੇ ਕਿੱਥੇ ਰਹਿੰਦਾ ਹੈ ਇਸ ਨਾਲ ਸਾਨੂੰ ਕੋਈ ਮਤਲਬ ਨਹੀਂ।ਅੱਖੋਂ ਉਹਲੇ ਪਹਾੜ ਉਹਲੇ। ਸਾਡਾ ਮਾਮਲਾ ਠੀਕ ਹੋ ਜਾਵੇਗਾ ਅਤੇ ਸਾਡੇ ਕਬੀਲਿਆਂ ਵਿਚ ਭਾਈਚਾਰਕ ਸਾਂਝ ਫੇਰ ਪੈਦਾ ਹੋ ਜਾਵੇਗੀ।ਪਰ ਅਬੂ ਜਹਿਲ ਅਤੇ ਉਸ ਦੇ ਗਰੁੱਪ ਨਾਲ ਸਬੰਧਤ ਸਰਦਾਰਾਂ ਨੇ ਇਸ ਮਤੇ ਨੂੰ ਠੁਕਰਾਉਂਦਿਆਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਮੁਹੰਮਦ (ਸ.) ਦੇ ਮਿੱਠੇ ਬੋਲਾਂ ਵਿਚ ਲੋਕਾਂ ਨੂੰ ਅਪਣਾ ਬਣਾਉਣ ਦੀ ਤਾਕਤ ਹੈ।ਜੇ ਅਸੀਂ ਉਸ ਨੂੰ ਮੱਕੇ ਵਿੱਚੋਂ ਕੱਢ ਦਿੰਦੇ ਹਾਂ ਤਾਂ ਇਸ ਦਾ ਭਾਵ ਉਹ ਕਿਸੇ ਕਬੀਲੇ ਨਾਲ ਰਲ ਕੇ ਤਾਕਤਵਰ ਹੋ ਸਕਦਾ ਹੈ ਅਤੇ ਕੁਰੈਸ਼ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਬਾਅਦ ਬਨੀ ਅਸਦ ਪੁੱਤਰ ਅਬਦੁਲ ਅਜ਼ੀਜ਼ੀ ਕਬੀਲੇ ਦੇ ਸਰਦਾਰ ਅਬੁਲ ਬਖ਼ਤਰੀ ਪੁੱਤਰ ਹੱਸ਼ਾਮ ਨੇ ਤਜਵੀਜ਼ ਪੇਸ਼ ਕੀਤੀ ਕਿ ਮੁਹੰਮਦ (ਸ.) ਨੂੰ ਬੇੜੀਆਂ ਵਿਚ ਜਕੜ ਕੇ ਇਕ ਲੋਹੇ ਦੇ ਪਿੰਜਰੇ ਵਿਚ ਬੰਦ ਕਰ ਦਿੱਤਾ ਜਾਵੇ।ਇਸ ਪਿੰਜਰੇ ਨੂੰ ਕਿਸੇ ਕਮਰੇ ਵਿਚ ਬੰਦ ਕਰਕੇ ਬਾਹਰੋਂ ਜਿੰਦਰਾ ਮਾਰ ਦਿੱਤਾ ਜਾਵੇ ਅਤੇ ਫ਼ੇਰ ਉਸ ਦੀ ਮੌਤ ਦਾ ਤਮਾਸ਼ਾ ਦੇਖਿਆ ਜਾਵੇ, ਜਿਵੇਂ ਇਸ ਤੋਂ ਪਹਿਲਾਂ ਹੋ ਚੁਕੇ ਸ਼ਾਇਰਾਂ ਜ਼ੁਬੇਰ ਅਤੇ ਨਾਬਗ਼ਾ ਦਾ ਦੇਖਿਆ ਜਾ ਚੁੱਕਿਆ ਹੈ।ਪਰ ਇਸ ਤਜਵੀਜ਼ ਨੂੰ ਵੀ ਨਾਮਨਜ਼ੂਰ ਕਰ ਦਿੱਤਾ ਗਿਆ।ਇਸ ਤਜਵੀਜ਼ ਦੇ ਖ਼ਿਲਾਫ਼ ਬੋਲਣ ਵਾਲਿਆਂ ਦਾ ਕਹਿਣਾ ਸੀ ਕਿ ਮੁਸਲਮਾਨ ਸਾਡੀ ਪਹੁੰਚ ਤੋਂ ਦੂਰ ਯਸਰਬ ਵਿਚ ਚਲੇ ਗਏ ਹਨ ਅਤੇ ਉਹ ਕਿਸੇ ਸਮੇਂ ਵੀ ਮਦੀਨੇ ਦੇ ਅਨਸਾਰੀਆਂ ਨੂੰ ਨਾਲ ਲੈ ਕੇ ਮੁਹੰਮਦ (ਸ.) ਨੂੰ ਛੁਡਾਉਣ ਲਈ ਹਮਲਾ ਕਰ ਸਕਦੇ ਹਨ ਅਤੇ ਸਾਡਾ ਵਪਾਰਕ ਰਸਤਾ ਰੋਕ ਕੇ ਸਾਨੂੰ ਮੁਹੰਮਦ (ਸ.) ਨੂੰ ਛੱਡਣ ਲਈ ਮਜਬੂਰ ਕਰ ਸਕਦੇ ਹਨ। ਉਪ੍ਰੋਕਤ ਦੋਵੇਂ ਤਜਵੀਜ਼ਾ ਨੂੰ ਫ਼ੇਲ ਕਰਨ ਤੋਂ ਬਾਅਦ ਮੁਸਲਮਾਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਅਬੂ ਜਹਿਲ ਨੇ ਅਪਣੇ ਵਿਚਾਰ ਪੇਸ਼ ਕਰਨੇ ਸ਼ੁਰੂ ਕੀਤੇ।ਉਹ ਕਹਿਣ ਲੱਗਿਆ ਕਿ ਮੇਰੀ ਵੀ ਇਕ ਰਾਏ ਹੈ ਜਿਸ ਉੱਤੇ ਤੁਸੀਂ ਲੋਕ ਅਜੇ ਤੱਕ ਨਹੀਂ ਪਹੁੰਚੇ।ਉਹ ਰਾਏ ਇਹ ਹੈ ਕਿ ਅਸੀਂ ਹਰ ਕਬੀਲੇ ਦਾ ਇਕ ਇਕ ਬੰਦਾ ਚੁਣ ਲਈਏ ਅਤੇ ਸਾਰਿਆਂ ਦੇ ਹੱਥ ਵਿਚ ਤੇਜ਼ ਤਲਵਾਰਾਂ ਦੇ ਕੇ ਇੱਕੋ ਸਮੇਂ ਸਾਰਿਆਂ ਦੇ ਵਾਰ ਨਾਲ ਮੁਹੰਮਦ (ਸ.) ਦਾ ਕਤਲ ਕਰ ਦਈਏ।ਇਸ ਤਰ੍ਹਾਂ ਕਰਨ ਨਾਲ ਸਾਡਾ ਇਸ ਬੰਦੇ ਤੋਂ ਪਿੱਛਾ ਛੁਟ ਜਾਵੇਗਾ ਅਤੇ ਇਸ ਦੀ ਜ਼ਿੰਮੇਵਾਰੀ ਕਿਸੇ ਇਕ ਦੀ ਥਾਂ ਸਾਰੇ ਕਬੀਲਿਆਂ ਦੀ ਬਣ ਜਾਵੇਗੀ।ਸਿੱਟੇ ਵਜੋਂ ਬਨੂ ਅਬਦੇ ਮੁਨਾਫ਼ ਕਬੀਲੇ ਵਾਲੇ ਸਾਰੇ ਕਬੀਲਿਆਂ ਨਾਲ ਜੰਗ ਨਾ ਲੜ ਸਕਣਗੇ।ਉਹ ਖ਼ੂਨ ਬਹਾ ਲੈਣ ਲਈ ਰਾਜ਼ੀ ਹੋ ਜਾਣਗੇ ਅਤੇ ਅਸੀਂ ਬਲੱਡ ਮਨੀ ਦੇ ਕੇ ਮੁਕਤ ਹੋ ਜਾਵਾਂਗੇ।ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਦਾਰੁਲ ਨਦਵਾ ਦੇ ਪਤਵੰਤਿਆਂ ਨੇ ਸਾਰੇ ਕਬੀਲਿਆਂ ਦੇ ਗਿਆਰਾਂ ਬੰਦਿਆਂ ਨੂੰ ਸਮਾਂ ਅਤੇ ਸੀਮਾ ਨਿਸਚਤ ਕਰਕੇ ਜ਼ਿੰਮੇਵਾਰੀ ਸੋਂਪ ਦਿੱਤੀ। ਕਤਲ ਦੀ ਨਾਪਾਕ ਕੋਸ਼ਿਸ਼ ਨੂੰ ਨੇਪਰੇ ਚਾੜ੍ਹਨ ਲਈ ਕੁਰੈਸ਼ ਦੇ ਜਿਹੜੇ ਗਿਆਰਾਂ ਬੰਦਿਆਂ ਦੀ ਡਿਉਟੀ ਲਗਾਈ ਗਈ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ; ੧ ਅਬੂ ਜਹਿਲ ਪੁੱਤਰ ਹੱਸ਼ਾਮ ੨ ਹਕਮ ਪੁੱਤਰ ਆਸ ੩ ਉਕਬਾ ਬਿਨ ਅਬੀ ਮੁਈਤ ੪ ਨਜ਼ਰ ਪੁੱਤਰ ਹਾਰਸ ੫ ਉਮੱਈਆ ਪੁੱਤਰ ਖ਼ਲਫ਼ ੬ ਜ਼ਮੀਆ ਪੁਤਰ ਅਲ ਅਸਵਦ ੭ ਤੋਈਮਾ ਪੁੱਤਰ ਅਦੀ ੮ ਅਬੂ ਲਹਿਬ ੯ ਉੱਬੀ ਬਿਨ ਖ਼ਲਫ਼ ੧੦ ਨਬੀਹ ਪੁੱਤਰ ਅਲਹੱਜਾਜ ੧੧ ਮੁਨੱਬਾ ਪੁੱਤਰ ਅਲਹੱਜਾਜ ਇਤਿਹਾਸਕਾਰ ਇਬਨੇ ਹੱਸ਼ਾਮ ਲਿਖਦੇ ਹਨ ਕਿ ਜਦੋਂ ਰਾਤ ਹੋਈ ਤਾਂ ਇਹ ਲੋਕ ਘਾਤ ਲਾ ਕੇ ਨਬੀ ਦੇ ਦਰਵਾਜ਼ੇ ਅੱਗੇ ਬੈਠ ਗਏ ਅਤੇ ਉਨਾਂ ਦੇ ਸੌਂ ਜਾਣ ਦੀ ਉਡੀਕ ਕਰਨ ਲੱਗੇ।
67. ਮਦੀਨੇ ਦਾ ਇਤਿਹਾਸ
ਜਦੋਂ ਯਮਨ ਉੱਤੇ ਰੋਮ ਦੇ ਇਸਾਈਆਂ ਨੇ ਕਬਜ਼ਾ ਕਰ ਲਿਆ ਤਾਂ ਉੱਥੋਂ ਦੀ ਵਸਨੀਕ 'ਸਬਾ' ਨਾਂ ਦੀ ਇਕ ਕੌਮ ਯਮਨ ਵਿੱਚੋਂ ਭੱਜਣ ਲਈ ਮਜਬੂਰ ਹੋ ਗਈ।ਇਸ ਕੌਮ ਦਾ ਇਕ ਸਰਦਾਰ ਅਮਰੂ ਪੁੱਤਰ ਆਮਿਰ ਅਪਣੇ ਕਬੀਲੇ ਨੂੰ ਲੈ ਕੇ ਉਤਰੀ ਅਰਬ ਵਿਚ ਰਹਿਣ ਲੱਗਿਆ।ਇਸ ਕਬੀਲੇ ਦੇ ਮੋਢੀ ਅਮਰੂ ਦੀ ਔਲਾਦ ਬਾਰੇ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਲਿਖਦੇ ਹਨ, "ਅਮਰੂ ਦੇ ਇਕ ਪੁੱਤਰ ਜਫ਼ਨਾ ਦੀ ਔਲਾਦ ਨੇ ਸ਼ਾਮ ਵਿਚ ਗ਼ੁੱਸਾਨ ਦੇ ਨਾਂ ਉੱਤੇ ਮਸ਼ਹੂਰੀ ਖੱਟੀ।ਉਸ ਦਾ ਦੂਜਾ ਪੁੱਤਰ 'ਤਹਾਮਾ' ਦੇ ਇਲਾਕੇ ਵਿਚ ਰਹਿਣ ਲੱਗਿਆ।ਜਿਸ ਦੀ ਔਲਾਦ ਖ਼ਿਜ਼ਾਅ ਦੇ ਨਾਂ ਨਾਲ ਮਸ਼ਹੂਰ ਹੋਈ।ਅਮਰੂ ਦੇ ਤੀਜੇ ਪੁੱਤਰ ਸਾਲਬਾ ਦੀ ਪਤਨੀ ਕੀਲਾ ਦੀ ਕੁੱਖੋਂ ਦੋ ਪੁਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਨਾਂ ਔਸ ਅਤੇ ਖ਼ਜ਼ਰਜ ਸਨ।ਇਨ੍ਹਾਂ ਦੋਵਾਂ ਭਰਾਵਾਂ ਨੇ ਮਿਲ ਕੇ ਯਸਰਬ ਸ਼ਹਿਰ ਦੀ ਨੀਂਹ ਰੱਖੀ ਅਤੇ ਇਨ੍ਹਾਂ ਦੇ ਨਾਂ ਉੱਤੇ ਹੀ ਯਸਰਬ ਦੇ ਦੋ ਕਬੀਲੇ ਬਨੀ ਔਸ ਅਤੇ ਬਨੀ ਖ਼ਜ਼ਰਜ ਮਸ਼ਹੂਰ ਹੋਏ"। ਜਦੋਂ ਮੱਕੇ ਵਿਚ ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਅੱਠ ਸਾਲ ਹੋ ਗਏ ਸਨ ਅਤੇ ਮੱਕੇ ਵਾਲੇ ਆਪ ਅਤੇ ਆਪ ਦੇ ਸਾਥੀਆਂ ਉੱਤੇ ਜ਼ੁਲਮ ਕਰ ਰਹੇ ਸਨ ਉਸ ਸਮੇਂ ਯਸਰਬ ਵਿਚ ਵੀ ਬਨੀ ਔਸ ਅਤੇ ਬਨੀ ਖ਼ਜ਼ਰਜ ਵਿਚ ਜੰਗ ਹੋ ਰਹੀ ਸੀ।ਇਸ ਜੰਗ ਬਾਰੇ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੧੫੮ ਉੱਤੇ ਲਿਖਦਾ ਹੈ, "ਯਸਰਬ ਜਿਹੜਾ ਅੱਗੇ ਚੱਲ ਕੇ ਮਦੀਨਾ ਬਣਿਆ ਵਿਚ ਨਬੁੱਵਤ ਦੇ ਅੱਠਵੇਂ ਸਾਲ ਖ਼ੂਨਰੇਜ਼ ਜੰਗ ਹੋਈ।ਇਹ ਜੰਗ ਬੁਆਸ ਦੇ ਸਥਾਨ ਉੱਤੇ ਕਬੀਲਾ ਔਸ ਅਤੇ ਕਬੀਲਾ ਖ਼ਜ਼ਰਜ ਦੇ ਵਿਚਕਾਰ ਲੜੀ ਗਈ।ਇਸ ਲੜਾਈ ਵਿਚ ਦੋਵੇਂ ਕਬੀਲਿਆਂ ਦੇ ਵੱਡੇ ਵੱਡੇ ਸਰਦਾਰ ਮਾਰੇ ਗਏ।ਇਸ ਵਿਚ ਯਹੂਦੀ ਕਬੀਲੇ ਬਨੀ ਕਰੀਜ਼ਾ ਅਤੇ ਬਨੀ ਨਜ਼ੀਰ ਨੇ ਕਬੀਲਾ ਔਸ ਦਾ ਸਾਥ ਦਿੱਤਾ। ਬੁਆਸ ਨਾਂ ਦੇ ਜਿਸ ਸਥਾਨ ਤੇ ਇਹ ਲੜਾਈ ਹੋਈ ਉਹ ਯਹੂਦੀ ਕਬੀਲੇ ਬਨੂ ਕਰੀਜ਼ਾ ਦਾ ਇਲਾਕਾ ਸੀ।ਲੜਾਈ ਵਿਚ ਔਸ ਕਬੀਲੇ ਦਾ ਸਰਦਾਰ ਹਜ਼ੀਰੁਲ ਕਤਾਤਬ ਮਾਰਿਆ ਗਿਆ।ਦੂਜੇ ਪਾਸੇ ਕਬੀਲਾ ਖ਼ਜ਼ਰਜ ਦਾ ਸਰਦਾਰ ਅਮਰੂ ਪੁੱਤਰ ਨੇਅਮਾਨ ਵੀ ਜਦੋਂ ਜੰਗ ਵਿਚ ਮਾਰਿਆ ਗਿਆ ਤਾਂ ਔਸ ਕਬੀਲੇ ਦੇ ਲੋਕਾਂ ਨੇ ਖ਼ਜ਼ਰਜ ਦੇ ਲੋਕਾਂ ਨੂੰ ਚੁਣ ਚੁਣ ਕੇ ਮਾਰਨਾ ਸ਼ੁਰੂ ਕਰ ਦਿੱਤਾ।ਉਨ੍ਹਾਂ ਦੇ ਬਾਗ਼ਾਂ ਅਤੇ ਹੋਰ ਜਾਇਦਾਦਾਂ ਨੂੰ ਅੱਗਾਂ ਲਾ ਦਿੱਤੀਆਂ।ਇਸ ਲੜਾਈ ਵਿਚ ਅਬਦੁੱਲ੍ਹਾ ਪੁੱਤਰ ਉਬੀ ਅਪਣੇ ਕਬੀਲੇ ਨਾਲ ਚੁਪ-ਚਾਪ ਬੈਠਾ ਤਮਾਸਾ ਦੇਖਦਾ ਰਿਹਾ ਅਤੇ ਉਸ ਨੇ ਕਿਸੇ ਕਬੀਲੇ ਦਾ ਵੀ ਸਾਥ ਨਾ ਦਿੱਤਾ।ਨੌ ਸਾਲ ਤੱਕ ਚੱਲੀ ਇਸ ਲੜਾਈ ਨੇ ਦੋਵੇਂ ਕਬੀਲਿਆਂ ਦੀ ਕਮਰ ਤੋੜ ਦਿੱਤੀ ਅਤੇ ਸੁਲਾਹ ਲਈ ਵਿਚੋਲੇ ਦੀ ਭਾਲ ਕਰਨ ਲੱਗੇ।ਅਬਦੁੱਲਾ ਪੁਤਰ ਉਬੀ ਨੂੰ ਮੌਕਾ ਮਿਲ ਗਿਆ ਅਤੇ ਅਪਣੀ ਸਰਦਾਰੀ ਦੀ ਸ਼ਰਤ ਉੱਤੇ ਦੋਵਾਂ ਕਬੀਲਿਆਂ ਵਿਚ ਸਮਝੌਤਾ ਕਰਵਾ ਦਿੱਤਾ। ਦੋਵਾਂ ਕਬੀਲਿਆਂ ਦੀ ਇਸ ਜੰਗ ਵਿਚ ਦੋਵੇਂ ਯਹੂਦੀ ਕਬੀਲੇ ਬਨੀ ਕਰੀਜ਼ਾ ਅਤੇ ਬਨੀ ਨਜ਼ੀਰ ਅਪਣੀਆਂ ਸ਼ਾਤਰ ਚਾਲਾਂ ਨਾਲ ਲੜਾਈ ਨੂੰ ਹਵਾ ਦਿੰਦੇ ਰਹੇ। ਉਸ ਸਮੇਂ ਯਸਰਬ ਤੋਂ ਸ਼ਾਮ ਤੱਕ ਜਾਣ ਵਾਲੇ ਮੁੱਖ ਮਾਰਗ ਉੱਤੇ ਯਹੂਦੀਆਂ ਦੇ ਵੀਹ ਦੇ ਕਰੀਬ ਕਬੀਲੇ ਆਬਾਦ ਸਨ ਜਿਹੜੇ ਅਪਣੇ ਏਕੇ ਕਾਰਨ ਤਾਕਤਵਰ ਬਣੇ ਬੈਠੇ ਸਨ।ਵਪਾਰ ਉੱਤੇ ਇਨ੍ਹਾਂ ਦਾ ਪੂਰਾ ਕਬਜ਼ਾ ਸੀ।ਮਦੀਨੇ ਦੇ ਗ਼ੈਰ ਯਹੂਦੀ ਲੋਕਾਂ ਉੱਤੇ ਇਨ੍ਹਾਂ ਦਾ ਐਨਾ ਪ੍ਰਭਾਵ ਸੀ ਕਿ ਜੇ ਕਿਸੇ ਦੇ ਔਲਾਦ ਨਾ ਹੁੰਦੀ ਤਾਂ ਉਹ ਅਜਿਹੀਆਂ ਦੁਆਵਾਂ ਮੰਗਦਾ ਸੀ ਕਿ ਜੇ ਉਸ ਦੇ ਘਰ ਪੁੱਤਰ ਹੋਇਆ ਤਾਂ ਉਹ ਉਸ ਨੂੰ ਯਹੂਦੀ ਬਣਾ ਦੇਵੇਗਾ। ਯਹੂਦੀ ਲੋਕ ਅਹਿਲੇ ਕਿਤਾਬ ਸਨ ਅਤੇ ਤੌਰੈਤ ਦੀਆਂ ਸਿੱਖਿਆਵਾਂ ਅਨੁਸਾਰ ਉਹ ਮਦੀਨੇ ਦੇ ਲੋਕਾਂ ਨੂੰ ਡਰਾਇਆ ਕਰਦੇ ਸਨ ਕਿ ਛੇਤੀ ਹੀ ਇਕ ਨਬੀ ਆਉਣ ਵਾਲਾ ਹੈ ਜਿਹੜਾ ਆਖ਼ਰੀ ਨਬੀ ਹੋਵੇਗਾ ਅਤੇ ਅਸੀਂ ਉਸ ਦੇ ਪੈਰੋਕਾਰ ਬਣ ਕੇ ਤੁਹਾਨੂੰ ਕਤਲ ਕਰ ਦਿਆਂਗੇ। ਜਿਵੇਂ ਉੱਪਰ ਲਿਖਿਆ ਗਿਆ ਹੈ ਕਿ ਅਬਦੁੱਲਾ ਪੁੱਤਰ ਉਬੀ ਨੇ ਦੋਵਾਂ ਕਬੀਲਿਆਂ ਵਿਚ ਇਸ ਸ਼ਰਤ ਉੱਤੇ ਸੁਲਾਹ ਕਰਵਾ ਦਿੱਤੀ ਕਿ ਦੋਵੇਂ ਉਸ ਨੂੰ ਅਪਣਾ ਬਾਦਸ਼ਾਹ ਮੰਨ ਲੈਣਗੇ।ਇਸ ਸਮਝੌਤੇ ਅਨੁਸਾਰ ਉਸ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।ਉਸ ਦੇ ਵਾਸਤੇ ਹੀਰਿਆਂ ਦਾ ਤਾਜ ਤਿਆਰ ਕਰ ਲਿਆ ਗਿਆ।ਐਨ ਆਖ਼ਰੀ ਸਮੇਂ ਉੱਤੇ ਖ਼ਜ਼ਰਜ ਅਤੇ ਔਸ ਦੇ ਕੁਝ ਲੋਕ ਮਦੀਨੇ ਜਾ ਕੇ ਮੁਸਲਮਾਨ ਹੋ ਗਏ ਅਤੇ ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਮਦੀਨੇ ਸੱਦ ਲਿਆ।ਹਜ਼ਰਤ ਮੁਹੰਮਦ (ਸ.) ਦੇ ਮਦੀਨੇ ਆ ਜਾਣ ਨਾਲ ਅਬਦੁੱਲਾ ਪੁੱਤਰ ਉਬੀ ਦੀ ਤਾਜਪੋਸ਼ੀ ਦੀਆਂ ਤਿਆਰੀਆਂ ਉੱਤੇ ਪਾਣੀ ਫਿਰ ਗਿਆ।ਭਾਵੇਂ ਬਦਰ ਦੀ ਲੜਾਈ ਤੋਂ ਬਾਅਦ ਉਹ ਮੁਸਲਮਾਨ ਬਣ ਗਿਆ ਪਰ ਅਪਣੇ ਦਿਲ ਵਿੱਚੋਂ ਈਰਖਾ ਨੂੰ ਕੱਢ ਨਾ ਸਕਿਆ ਅਤੇ ਜਦੋਂ ਵੀ ਮੌਕਾ ਮਿਲਿਆ ਮੁਨਾਫ਼ਕਾਂ ਵਾਲੀਆਂ ਚਾਲਾਂ ਚਲਦਾ ਰਿਹਾ।
68. ਮਦੀਨੇ ਵੱਲ ਹਿਜਰਤ
ਪੁਰਾਣੇ ਨਬੀਆਂ ਦੇ ਸਮੇਂ ਤੋਂ ਇਹੋ ਹੁੰਦਾ ਆਇਆ ਹੈ ਕਿ ਰੱਬ ਜਦੋਂ ਕਿਸੇ ਕੌਮ ਵਿਚ ਅਪਣਾ ਨਬੀ ਭੇਜਦਾ ਹੈ ਤਾਂ ਇਕ ਨਿਸ਼ਚਿਤ ਸਮੇਂ ਤੱਕ ਉਸ ਕੌਮ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਅਪਣੇ ਜੀਵਨ-ਢੰਗ ਨੂੰ ਸੁਧਾਰ ਕੇ ਨਬੀ ਦੇ ਉਪਦੇਸ਼ਾਂ ਨੂੰ ਮੰਨੇ ਅਤੇ ਉਸ ਦੇ ਦੱਸੇ ਰਸਤੇ ਉੱਤੇ ਚੱਲੇ।ਕੁਝ ਸਿਆਣੇ ਲੋਕ ਨਬੀ ਦੇ ਦਰਸਾਏ ਰਸਤੇ ਨੂੰ ਪਰਵਾਨ ਕਰ ਲੈਂਦੇ ਹਨ ਪਰ ਕੁਝ ਲੋਕ ਲਕੀਰ ਦੇ ਫ਼ਕੀਰ ਹੁੰਦੇ ਹਨ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਪਿਉ ਦਾਦਿਆਂ ਵੱਲੋਂ ਦਰਸਾਏ ਰਸਤਿਆਂ ਨੂੰ ਤਿਆਗ ਕੇ ਕਿਸੇ ਹੋਰ ਦੇ ਦਰਸਾਏ ਹੋਏ ਰਸਤੇ ਉੱਤੇ ਚੱਲਿਆ ਜਾਵੇ।ਅਜਿਹੇ ਲੋਕ ਇਕੱਠੇ ਹੋ ਕੇ ਨਬੀ ਦਾ ਵਿਰੋਧ ਕਰਨ ਲੱਗ ਜਾਂਦੇ ਹਨ ਅਤੇ ਜਦੋਂ ਇਹ ਵਿਰੋਧ ਹਿੰਸਕ ਰੂਪ ਧਾਰਨ ਕਰ ਜਾਂਦਾ ਹੈ ਤਾਂ ਰੱਬ ਅਪਣੇ ਬੰਦਿਆਂ ਨੂੰ ਕਿਸੇ ਹੋਰ ਸਥਾਨ ਉੱਤੇ ਜਾਣ ਦੀ ਇਜਾਜ਼ਤ ਦੇ ਦਿੰਦਾ ਹੈ।ਇਕ ਸ਼ਹਿਰ ਨੂੰ ਛੱਡ ਕੇ ਦੂਜੇ ਸ਼ਹਿਰ ਵਿਚ ਆਬਾਦ ਹੋਣ ਨੂੰ ਅਰਬੀ ਭਾਸ਼ਾ ਵਿਚ ਹਿਜਰਤ ਕਿਹਾ ਜਾਂਦਾ ਹੈ। ਯਸਰਬ ਦੇ ਮੁਸਲਮਾਨਾਂ ਨਾਲ ਹੋਈ ਭਰੋਸੇ ਭਰੀ ਮੁਲਾਕਾਤ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਮੁਸਲਮਾਨਾਂ ਨੂੰ ਯਸਰਬ ਵਲ ਹਿਜਰਤ ਕਰਨ ਦੀ ਆਗਿਆ ਦੇ ਦਿੱਤੀ। ਇਸ ਤਰ੍ਹਾਂ ਬਹੁਗਿਣਤੀ ਮੁਸ਼ਰਿਕਾਂ (ਰੱਬ ਨੂੰ ਨਾਂ ਮੰਨਣ ਵਾਲੇ) ਦੇ ਸਤਾਏ ਹੋਏ ਮੁਸਲਮਾਨ ਮੱਕੇ ਨੂੰ ਛੱਡ ਕੇ ਯਸਰਬ ਵਲ ਹਿਜਰਤ ਕਰਨ ਲੱਗੇ। ਮੁਸਲਮਾਨਾਂ ਨੂੰ ਇਸ ਤਰ੍ਹਾਂ ਯਸਰਬ ਵਲ ਜਾਂਦਾ ਦੇਖ ਕੇ ਕੁਰੈਸ਼ ਦੇ ਸਰਦਾਰਾਂ ਨੂੰ ਯਕੀਨ ਹੋ ਗਿਆ ਕਿ ਹੁਣ ਹਜ਼ਰਤ ਮੁਹੰਮਦ (ਸ.) ਵੀ ਇੱਥੋਂ ਜਾਣ ਦੀ ਕੋਸ਼ਿਸ਼ ਕਰਨਗੇ।'ਦਾਰੁਲ ਨਦਵਾ' ਵਿਚ ਪਾਸ ਕੀਤੇ ਮਤੇ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਨੇ ਮੁਹੰਮਦ (ਸ.) ਦੇ ਘਰ ਦੀ ਘੇਰਾਬੰਦੀ ਕਰ ਲਈ।ਦੂਜੇ ਪਾਸੇ ਰੱਬ ਵੱਲੋਂ ਆਪ ਨੂੰ ਕਤਲ ਦੇ ਮਤੇ ਵਾਲੀ ਰਾਤ ਤੋਂ ਇਕ ਦਿਨ ਪਹਿਲਾਂ ਹਿਜਰਤ ਦੀ ਇਜਾਜ਼ਤ ਮਿਲ ਗਈ।ਆਪ ਨੇ ਹਜ਼ਰਤ ਅਲੀ (ਰਜ਼ੀ.) ਨੂੰ ਇਹ ਸਮਝਾ ਕੇ ਅਪਣੇ ਬਿਸਤਰ ਉੱਤੇ ਸੁਲਾ ਦਿੱਤਾ ਕਿ ਉਹ ਮੇਰੇ ਕੋਲ ਰੱਖੀਆਂ ਲੋਕਾਂ ਦੀਆਂ ਅਮਾਨਤਾਂ ਵਾਪਸ ਕਰਕੇ ਯਸਰਬ ਆ ਜਾਵੇ।ਆਪ ਨੇ ਅਪਣਾ ਘਰ ਛੱਡਿਆ ਅਤੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਘਰ ਚਲੇ ਗਏ ਜਿੱਥੇ ਉਹ ਪਹਿਲਾਂ ਹੀ ਸਫ਼ਰ ਦਾ ਪ੍ਰਬੰਧ ਕਰਕੇ ਆਪ ਦੀ ਉਡੀਕ ਕਰ ਰਹੇ ਸਨ।ਮੱਕਾ ਨੂੰ ਛੱਡਣ ਤੋਂ ਪਹਿਲਾਂ ਖ਼ਾਨਾ ਕਾਅਬਾ ਵੱਲ ਮੂੰਹ ਕਰਕੇ ਆਪ ਆਖਣ ਲੱਗੇ, "ਐ ਮੱਕਾ! ਰੱਬ ਦੀ ਸਹੁੰ ਤੂੰ ਮੈਨੂੰ ਰੱਬ ਦੀ ਧਰਤੀ ਉੱਤੇ ਸਭ ਤੋਂ ਵੱਧ ਪਿਆਰਾ ਏਂ।ਜੇ ਕਰ ਤੇਰੇ ਵਾਸੀ ਮੈਨੂੰ ਇੱਥੋਂ ਬਾਹਰ ਨਾ ਕੱਢਦੇ ਤਾਂ ਮੈਂ ਕਦੇ ਵੀ ਤੈਨੂੰ ਛੱਡ ਕੇ ਨਾ ਜਾਂਦਾ"। 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਮੁਹੰਮਦ ਸ਼ਫ਼ੀ-ਉਰ-ਰਹਿਮਾਨ ਲਿਖਦਾ ਹੈ,"ਨਬੁੱਵਤ ਦੇ ਚੌਧਵੇਂ ਸਾਲ ੧੨-੧੩ ਸਤੰਬਰ ਸਨ ੬੨੨ ਈਸਵੀ ਦੀ ਦਰਮਿਆਨੀ ਰਾਤ ਨੂੰ ਹਜ਼ਰਤ ਮੁਹੰਮਦ (ਸ.) ਅਪਣੇ ਸਭ ਤੋਂ ਵੱਧ ਭਰੋਸੇਯੋਗ ਸਾਥੀ ਅਬੂ ਬਕਰ ਸਿੱਦੀਕ (ਰਜ਼ੀ.) ਦੇ ਘਰ ਚਲੇ ਗਏ ਜਿੱਥੇ ਉਹ ਪਹਿਲਾਂ ਹੀ ਸਫ਼ਰ ਦੀ ਤਿਆਰੀ ਕਰੀ ਬੈਠੇ ਸਨ।ਉੱਥੋਂ ਆਪ ਉਨ੍ਹਾਂ ਨੂੰ ਨਾਲ ਲੈ ਕੇ ਘਰ ਦੇ ਪਿਛਲੇ ਦਰਵਾਜ਼ੇ ਵਿੱਚੋਂ ਦੀ ਨਿਕਲ ਕੇ ਰਾਤ ਦੇ ਹਨੇਰੇ ਵਿਚ ਸਫ਼ਰ ਲਈ ਤੁਰ ਪਏ ਤਾਂ ਜੋ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਸੁਰੱਖਿਅਤ ਸਥਾਨ ਉੱਤੇ ਪੁੱਜਿਆ ਜਾ ਸਕੇ"। ਜਦੋਂ ਹਜ਼ਰਤ ਮੁਹੰਮਦ (ਸ.) ਦੇ ਘਰ ਦੀ ਘੇਰਾਬੰਦੀ ਕਰੀਂ ਬੈਠੇ ਕੁਰੈਸ਼ ਵਾਲਿਆਂ ਨੂੰ ਕਿਸੇ ਨੇ ਦੱਸਿਆ ਕਿ ਮੁਹੰਮਦ (ਸ.) ਤਾਂ ਤੁਹਾਡੀ ਘੇਰਾਬੰਦੀ ਤੋਂ ਨਿਕਲ ਗਏ ਹਨ ਤਾਂ ਉਨ੍ਹਾਂ ਨੇ ਬੂਹੇ ਦੀਆਂ ਝੀਥਾਂ ਵਿੱਚੋਂ ਝਾਕ ਕੇ ਦੇਖਿਆ ਬਿਸਤਰ ਉੱਤੇ ਰਾਤ ਤੋਂ ਜਿਹੜਾ ਬੰਦਾ ਪਿਆ ਸੀ ਉਹ ਮੌਜੂਦ ਸੀ ਪਰ ਜਦੋਂ ਸਵੇਰ ਦੇ ਸਮੇਂ ਹਜ਼ਰਤ ਅਲੀ (ਰਜ਼ੀ.) ਬਿਸਤਰ ਤੋਂ ਉੱਠ ਕੇ ਬਾਹਰ ਨਿਕਲੇ ਤਾਂ ਮੁਸ਼ਰਿਕਾਂ ਨੂੰ ਪਤਾ ਚੱਲਿਆ ਕਿ ਹਜ਼ਰਤ ਮੁਹੰਮਦ (ਸ.) ਬਚ ਕੇ ਨਿਕਲ ਗਏ ਹਨ।ਜਦੋਂ ਮੁਸ਼ਰਕਾਂ ਨੇ ਹਜ਼ਰਤ ਅਲੀ (ਰਜ਼ੀ.) ਤੋਂ ਹਜ਼ਰਤ ਮੁਹੰਮਦ (ਸ.) ਬਾਰੇ ਪੁੱਛਿਆ ਤਾਂ ਉਨਾਂ ਨੇ ਇਹ ਕਹਿ ਕੇ ਤੁਰਨ ਦੀ ਕੋਸ਼ਿਸ਼ ਕੀਤੀ ਕਿ ਮੈਨੂੰ ਪਤਾ ਨਹੀਂ।ਪਰ ਅਪਣੇ ਮਕਸਦ ਵਿਚ ਅਸਫ਼ਲ ਹੋਏ ਮੁਸ਼ਰਿਕਾਂ ਨੇ ਉਨ੍ਹਾਂ ਨੂੰ ਫੜ ਲਿਆ ਅਤੇ ਖਿੱਚ-ਧੂ ਕਰਨੀ ਸ਼ੁਰੂ ਕਰ ਦਿੱਤੀ।ਉਹ ਹਜ਼ਰਤ ਅਲੀ (ਰਜ਼ੀ.) ਨੂੰ ਫੜ ਕੇ ਖ਼ਾਨਾ ਕਾਅਬਾ ਵਿਚ ਲੈ ਗਏ ਜਿੱਥੇ ਉਨ੍ਹਾਂ ਨੂੰ ਕਾਫ਼ੀ ਦੇਰ ਬੰਦੀ ਬਣਾਈ ਰੱਖਿਆ। ਹਜ਼ਰਤ ਅਲੀ (ਰਜ਼ੀ.) ਨੂੰ ਖ਼ਾਨਾ ਕਾਅਬਾ ਵਿਚ ਬੰਦੀ ਬਣਾਉਣ ਤੋਂ ਬਾਅਦ ਕੁਰੈਸ਼ ਦੀ ਇਸ ਭੀੜ ਨੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਘਰ ਦਾ ਦਰਵਾਜ਼ਾ ਜਾ ਖੜਕਾਇਆ।ਜਦੋਂ ਹਜ਼ਰਤ ਅਬੂ ਬਕਰ (ਰਜ਼ੀ.) ਦੀ ਧੀ ਹਜ਼ਰਤ ਅਸਮਾ ਨੇ ਦਰਵਾਜ਼ਾ ਖੋਲ੍ਹ ਕੇ ਉਨ੍ਹਾਂ ਨੂੰ ਅਬੂ ਬਕਰ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ ਤਾਂ ਅਬੂ ਜਹਿਲ ਨੇ ਉਸ ਦੇ ਮੂੰਹ ਤੇ ਐਨਾ ਜ਼ੋਰ ਨਾਲ ਥੱਪੜ ਮਾਰਿਆ ਕਿ ਉਸ ਦੇ ਕੰਨ ਦੀ ਬਾਲੀ ਨਿਕਲ ਕੇ ਦੂਰ ਜਾ ਡਿਗੀ। ਹਜ਼ਰਤ ਮੁਹੰਮਦ (ਸ.) ਮੱਕੇ ਤੋਂ ਬਾਹਰ ਨਿਕਲੇ ਅਤੇ ਦੱਖਣ ਵੱਲ ਤਿੰਨ ਮੀਲ ਦੀ ਦੂਰੀ ਤੇ ਸੌਰ ਨਾਂ ਦੇ ਪਹਾੜ ਦੀ ਗੁਫ਼ਾ ਵਿਚ ਛੁਪ ਗਏ।ਉਹ ਉੱਥੇ ਕਿੰਨੇ ਦਿਨ ਠਹਿਰੇ ਇਸ ਬਾਰੇ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਮੁਹੰਮਦ ਸ਼ਫ਼ੀ-ਉਰ- ਰਹਿਮਾਨ ਮੁਬਾਰਕਪੁਰੀ ਲਿਖਦਾ ਹੈ,"ਇਥੇ ਹਜ਼ਰਤ ਮੁਹੰਮਦ (ਸ.) ਅਤੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੇ ਤਿੰਨ ਰਾਤਾਂ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਛੁਪ ਕੇ ਗੁਜ਼ਾਰੀਆਂ।ਇਸ ਸਮੇਂ ਅਬੂ ਬਕਰ ਸਿੱਦੀਕ (ਰਜ਼ੀ.) ਦੇ ਪੁੱਤਰ ਅਬਦੁੱਲਾ ਵੀ ਰਾਤ ਦੇ ਸਮੇਂ ਆਪ ਦੇ ਕੋਲ ਆ ਜਾਂਦੇ ਅਤੇ ਸਵੇਰ ਹੋਣ ਤੋਂ ਪਹਿਲਾਂ ਚਲੇ ਜਾਂਦੇ।ਉਹ ਜਿਹੜੀਆਂ ਗੱਲਾਂ ਕੁਰੈਸ਼ ਵਾਲਿਆਂ ਦੀਆਂ ਸੁਣਦੇ ਰਾਤ ਨੂੰ ਆ ਕੇ ਆਪ ਨੂੰ ਦੱਸ ਦਿੰਦੇ"। ਘੇਰਾਬੰਦੀ ਅਸਫ਼ਲ ਹੋ ਜਾਣ ਤੋਂ ਬਾਅਦ ਕੁਰੈਸ਼ ਵਾਲਿਆਂ ਨੇ ਆਪ ਦੀ ਭਾਲ ਵਿਚ ਹਰ ਪਾਸੇ ਅਪਣੇ ਆਦਮੀ ਭੇਜੇ ਜਿਨ੍ਹਾਂ ਵਿੱਚੋਂ ਕੁਝ ਪਹਾੜ ਦੀ ਉਸ ਗੁਫ਼ਾ ਦੇ ਨੇੜੇ ਤੱਕ ਵੀ ਪਹੁੰਚ ਗਏ ਜਿੱਥੇ ਹਜ਼ਰਤ ਮੁਹੰਮਦ (ਸ.) ਛੁਪੇ ਹੋਏ ਸਨ ਪਰ ਅੰਦਰ ਵੜ ਕੇ ਦੇਖਣ ਦੀ ਥਾਂ ਐਧਰ-ਉਧਰ ਦੇਖ ਕੇ ਵਾਪਸ ਚਲੇ ਗਏ। ਆਪ ਤਿੰਨ ਦਿਨਾਂ ਤੱਕ ਪਹਾੜ ਦੀ ਇਸ ਗੁਫ਼ਾ ਵਿਚ ਛੁਪੇ ਰਹੇ।ਇਸ ਸਮੇਂ ਵਿਚ ਹਜ਼ਰਤ ਅਬੂ ਬਕਰ (ਰਜ਼ੀ.) ਦੇ ਗ਼ੁਲਾਮ ਆਮਿਰ ਬਿਨ ਫ਼ੁਹੇਰਾ ਗੁਫ਼ਾ ਦੇ ਨੇੜੇ ਬੱਕਰੀਆਂ ਚਰਾਉਂਦੇ ਰਹੇ ਅਤੇ ਹਰ ਸ਼ਾਮ ਬੱਕਰੀਆਂ ਦਾ ਤਾਜ਼ਾ ਦੁੱਧ ਆਪ ਨੂੰ ਦਿੰਦੇ ਰਹੇ।ਹਜ਼ਰਤ ਅਬੂ ਬਕਰ (ਰਜ਼ੀ.) ਦੀ ਵੱਡੀ ਧੀ ਅਸਮਾ ਆਪ ਨੂੰ ਹਰ ਰੋਜ਼ ਖਾਣਾ ਪਹੁੰਚਾਉਂਦੀ ਰਹੀ।ਤਿੰਨ ਦਿਨਾਂ ਤੋਂ ਬਾਅਦ ਆਪ ਦੋਵੇਂ ਗੁਫ਼ਾ ਵਿੱਚੋਂ ਨਿਕਲੇ ਅਤੇ ਆਮਿਰ ਬਿਨ ਫ਼ੁਹੇਰਾ ਨੂੰ ਨਾਲ ਲੈ ਕੇ ਊਠਣੀਆਂ ਉੱਤੇ ਸਵਾਰ ਹੋ ਕੇ ਯਸਰਬ ਵੱਲ ਚੱਲ ਪਏ। ਦੂਜੇ ਪਾਸੇ ਮੁਸ਼ਰਿਕ ਵੀ ਟਿਕ ਕੇ ਬੈਠਣ ਵਾਲੇ ਨਹੀਂ ਸਨ ਉਨ੍ਹਾਂ ਨੇ ਦਾਰੁਲ ਨਦਵਾ ਵਿਚ ਇਕੱਠ ਕਰਕੇ ਐਲਾਨ ਕੀਤਾ ਕਿ ਹਜ਼ਰਤ ਮੁਹੰਮਦ (ਸ.) ਜਾਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਫੜ ਕੇ ਲਿਆਉਣ ਵਾਲੇ ਨੂੰ ਹਰ ਇਕ ਦੇ ਬਦਲੇ ਸੌ ਊਂਠ ਇਨਾਮ ਵਿਚ ਦਿੱਤੇ ਜਾਣਗੇ।ਉਨ੍ਹਾਂ ਨੇ ਮੱਕੇ ਤੋਂ ਬਾਹਰ ਨਿਕਲਣ ਵਾਲੇ ਸਾਰੇ ਰਸਤਿਆਂ ਉੱਤੇ ਪਹਿਰੇ ਬਿਠਾ ਦਿੱਤੇ।ਕੁਝ ਲੋਕਾਂ ਨੇ ਇਨਾਮ ਦੇ ਲਾਲਚ ਵਿਚ ਆਪ ਦਾ ਪਿੱਛਾ ਵੀ ਕੀਤਾ ਅਤੇ ਗੁਫ਼ਾ ਦੇ ਮੂੰਹ ਤੱਕ ਵੀ ਪਹੁੰਚੇ ਪਰ ਆਪ ਰੱਬ ਦੀ ਰਖਵਾਲੀ ਅਧੀਨ ਬਚ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਤਿੰਨ ਦਿਨ ਭੱਜ-ਨੱਠ ਕਰਨ ਤੋਂ ਬਾਅਦ ਜਦੋਂ ਕੁਰੈਸ਼ ਦੇ ਜਵਾਨ ਹਜ਼ਰਤ ਮੁਹੰਮਦ (ਸ.) ਨੂੰ ਲੱਭਣ ਵਿਚ ਅਸਫਲ ਰਹੇ ਅਤੇ ਉਨ੍ਹਾਂ ਦੇ ਹੌਸਲੇ ਟੁੱਟ ਗਏ ਤਾਂ ਹਜ਼ਰਤ ਮੁਹੰਮਦ (ਸ.) ਨੇ ਸਫ਼ਰ ਸ਼ੁਰੂ ਕਰਨ ਦਾ ਫ਼ੈਸਾ ਕੀਤਾ।ਉਨ੍ਹਾਂ ਨੂੰ ਗੁਪਤ ਰਸਤਿਆਂ ਰਾਹੀਂ ਚੱਲ ਕੇ ਮਦੀਨੇ ਪਹੁੰਚਦਾ ਕਰਨ ਲਈ ਪਹਿਲਾਂ ਹੀ ਅਬਦੁੱਲਾ ਪੁੱਤਰ ਅਰੀਕਤ ਨਾਲ ਕਰਾਇਆ ਤਹਿ ਕਰ ਲਿਆ ਹੋਇਆ ਸੀ।ਅਬਦੁੱਲਾ ਭਾਵੇਂ ਮੁਸਲਮਾਨ ਨਹੀਂ ਹੋਇਆ ਸੀ ਪਰ ਭਰੋਸੇਯੋਗ ਆਦਮੀ ਸੀ।੧੬ ਸਤੰਬਰ ੬੨੨ ਈਸਵੀ ਦੀ ਰਾਤ ਨੂੰ ਅਬਦੁੱਲਾ ਦੋ ਸਵਾਰੀਆਂ ਲੈ ਕੇ ਗੁਫ਼ਾ ਦੇ ਮੂੰਹ ਕੋਲ ਪਹੁੰਚ ਗਿਆ ਅਤੇ ਚਾਰ ਬੰਦਿਆਂ ਦਾ ਇਹ ਨਿੱਕਾ ਜਿਹਾ ਕਾਫ਼ਲਾ ਗੁਪਤ ਰਸਤਿਆਂ ਰਾਹੀਂ ਮਦੀਨੇ ਵੱਲ ਚੱਲ ਪਿਆ।
69. ਸਫ਼ਰ ਦੀਆਂ ਹੋਰ ਘਟਨਾਵਾਂ
'ਸਹੀ ਬੁਖ਼ਾਰੀ' ਵਿਚ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਅਸੀਂ ਲੋਕ ਪਹਾੜ ਦੀ ਖੱਡ ਵਿੱਚੋਂ ਨਿਕਲ ਕੇ ਸਾਰੀ ਰਾਤ ਅਤੇ ਅਗਲੇ ਦਿਨ ਦੁਪਹਿਰ ਤੱਕ ਚਲਦੇ ਰਹੇ।ਜਦੋਂ ਤੇਜ਼ ਧੁੱਪ ਵਿਚ ਭੀੜ ਘਟ ਗਈ ਅਤੇ ਰਾਹੀਆਂ ਤੋਂ ਰਸਤਾ ਖ਼ਾਲੀ ਦਿਖਾਈ ਦੇਣ ਲੱਗਿਆ ਤਾਂ ਅਸੀਂ ਸਵਾਰੀਆਂ ਤੋਂ ਉੱਤਰ ਕੇ ਇਕ ਉੱਚੀ ਚਟਾਨ ਦੀ ਛਾਂ ਹੇਠ ਬੈਠ ਗਏ।ਮੈਂ ਅਪਣੇ ਹੱਥੀਂ ਹਜ਼ਰਤ ਮੁਹੰਮਦ (ਸ.) ਦੇ ਲਈ ਥਾਂ ਦੀ ਸਫ਼ਾਈ ਕੀਤੀ।ਕੱਪੜਾ ਵਿਛਾ ਕੇ ਉਨ੍ਹਾਂ ਨੂੰ ਸੌਂ ਜਾਣ ਲਈ ਆਖਿਆ ਅਤੇ ਆਪ ਨਿਗਰਾਨੀ ਲਈ ਜਾਗਦਾ ਰਿਹਾ। ਮੈਂ ਦੇਖਿਆ ਕਿ ਇਕ ਆਜੜੀ ਬਕਰੀਆਂ ਦਾ ਈਜੜ ਲਈ ਚਟਾਨ ਦੀ ਛਾਂ ਵੱਲ ਆ ਰਿਹਾ ਸੀ।ਜਦੋਂ ਮੈਂ ਉਸ ਨੂੰ ਪੁੱਛਿਆ ਕਿ ਉਹ ਕਿਸ ਦਾ ਆਦਮੀ ਹੈ ਤਾਂ ਉਸ ਨੇ ਮੱਕੇ ਦੇ ਕਿਸੇ ਆਦਮੀ ਦਾ ਨਾਂ ਲਿਆ।ਜਦੋਂ ਉਹਦੀਆਂ ਗੱਲਾਂ ਤੋਂ ਭਰੋਸਾ ਹੋ ਗਿਆ ਕਿ ਉਹ ਸਾਡੇ ਬਾਰੇ ਕੁਝ ਨਹੀਂ ਜਾਣਦਾ ਅਤੇ ਸਿਰਫ਼ ਰਾਹੀ ਹੀ ਸਮਝਦਾ ਹੈ ਤਾਂ ਮੈਂ ਉਸ ਤੋਂ ਕੁਝ ਦੁੱਧ ਮੰਗਿਆ।ਦੁੱਧ ਲੈਣ ਤੋਂ ਬਾਅਦ ਮੈਂ ਚੰਗਾ ਨਾ ਸਮਝਿਆ ਕਿ ਹਜ਼ਰਤ ਮੁਹੰਮਦ (ਸ.) ਨੂੰ ਜਗਾਇਆ ਜਾਵੇ ਇਸ ਲਈ ਉਨ੍ਹਾਂ ਦੇ ਜਾਗਣ ਦੀ ਉਡੀਕ ਕਰਨ ਲੱਗਿਆ।ਜਦ ਉਹ ਨੀਂਦ ਤੋਂ ਜਾਗੇ ਮੈਂ ਉਨ੍ਹਾਂ ਨੂੰ ਦੁੱਧ ਪੀਣ ਲਈ ਪੇਸ਼ ਕੀਤਾ ਅਤੇ ਉਨ੍ਹਾਂ ਦੇ ਦੁੱਧ ਪੀਂਦਿਆਂ ਹੀ ਅਸੀਂ ਅਗਲੇ ਸਫ਼ਰ ਲਈ ਤੁਰ ਪਏ। ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਉਮਰ ਵਿਚ ਹਜ਼ਰਤ ਮੁਹੰਮਦ (ਸ.) ਤੋਂ ਵੱਡੇ ਸਨ ਅਤੇ ਉਨ੍ਹਾਂ ਦੇ ਚਿਹਰੇ ਤੋਂ ਬੁਢਾਪਾ ਨਜ਼ਰ ਆਉਂਦਾ ਸੀ ਜਦੋਂ ਕਿ ਹਜ਼ਰਤ ਮੁਹੰਮਦ (ਸ.) ਅਜੇ ਜਵਾਨ ਸਨ।ਹਿਜਰਤ ਦੇ ਇਸ ਸਫ਼ਰ ਵਿਚ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਉਠਣੀ ਉੱਤੇ ਹਜ਼ਰਤ ਮੁਹੰਮਦ (ਸ.) ਦੇ ਪਿੱਛੇ ਬੈਠੇ ਸਨ।ਜਦੋਂ ਰਾਸਤੇ ਵਿਚ ਕੋਈ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਤੋਂ ਪੁੱਛਦਾ ਕਿ ਉਨ੍ਹਾਂ ਦੇ ਅੱਗੇ ਕਿਹੜਾ ਆਦਮੀ ਬੈਠਾ ਹੈ ਤਾਂ ਉਹ ਦੂਹਰੇ ਅਰਥਾਂ ਵਾਲਾ ਉੱਤਰ ਦਿੰਦੇ, "ਇਹ ਆਦਮੀ ਮੈਨੂੰ ਰਾਸਤਾ ਦੱਸਣ ਵਾਲਾ ਹੈ"। ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੱਸਦੇ ਹਨ ਕਿ ਸਫ਼ਰ ਵਿਚ ਚਲਦੇ ਚਲਦੇ ਅਸੀਂ ਮਾਅਬਦ ਖ਼ੁਜ਼ਾਈਆ ਦੇ ਤੰਬੂ ਕੋਲ ਪਹੁੰਚੇ।ਇਹ ਇਕ ਸਖ਼ੀ ਔਰਤ ਸੀ ਜਿਹੜੀ ਚੰਗੇ ਵਕਤਾਂ ਵਿਚ ਰਾਹੀਆਂ ਦੀ ਰੋਟੀ-ਪਾਣੀ ਨਾਲ ਸੇਵਾ ਕਰਿਆ ਕਰਦੀ ਸੀ ਪਰ ਇਲਾਕੇ ਵਿਚ ਪਏ ਕਾਲ ਨੇ ਉਸ ਨੂੰ ਬੇਵਸ ਕਰ ਛੱਡਿਆ ਸੀ। ਜਦੋਂ ਉਸ ਨੂੰ ਘਰ ਵਿਚ ਕੁਝ ਖਾਣ ਪੀਣ ਦਾ ਸਾਮਾਨ ਹੋਣ ਬਾਰੇ ਪੁੱਛਿਆ ਗਿਆ ਤਾਂ ਉਹ ਕਹਿਣ ਲੱਗੀ,"ਜੇ ਘਰ ਵਿਚ ਕੁਝ ਹੁੰਦਾ ਤਾਂ ਤੁਹਾਡੀ ਸੇਵਾ ਨਾ ਕਰਦੀ" ਘਰ ਵਿਚ ਇੱਕੋ-ਇਕ ਬੱਕਰੀ ਬਾਰੇ ਉੇਸ ਨੇ ਦੱਸਿਆ ਕਿ ਇਹ ਬੀਮਾਰ ਹੋਣ ਕਰਕੇ ਇਜੜ ਨਾਲ ਬਾਹਰ ਨਹੀਂ ਗਈ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਪੁੱਛਿਆ ਕਿ ਕੀ ਇਹ ਦੁੱਧ ਦੇਵੇਗੀ ਤਾਂ ਮਾਅਬਦ ਖ਼ੁਜ਼ਾਈਆ ਆਖਣ ਲੱਗੀ ਕਿ ਜੇ ਇਹ ਦੁੱਧ ਦੇਣ ਜੋਗੀ ਹੁੰਦੀ ਤਾਂ ਇਜੜ ਨਾਲ ਨਾ ਚਲੀ ਜਾਂਦੀ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਉਸ ਤੋਂ ਬੱਕਰੀ ਦਾ ਦੁੱਧ ਚੋਣ ਦੀ ਆਗਿਆ ਮੰਗੀ ਤਾਂ ਉਹ ਕਹਿਣ ਲੱਗੀ,"ਮੇਰੇ ਮਾਂ-ਬਾਪ ਤੁਹਾਡੇ ਤੇ ਕੁਰਬਾਨ, ਜੇ ਇਹ ਤੁਹਾਨੂੰ ਦੁੱਧ ਦਿੰਦੀ ਹੈ ਤਾਂ ਜ਼ਰੂਰ ਚੋ ਲਵੋ"।ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਹਵਾਲੇ ਨਾਲ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਜਦੋਂ ਹਜ਼ਰਤ ਮੁਹੰਮਦ (ਸ.) ਨੇ ਬੱਕਰੀ ਦੇ ਥਣਾਂ ਨੂੰ ਹੱਥ ਲਾਇਆ ਤਾਂ ਉਹ ਲੱਤਾਂ ਪਸਾਰ ਕੇ ਖਲੋ ਗਈ ਅਤੇ ਆਪ ਨੇ ਲੋੜ ਅਨੁਸਾਰ ਦੁੱਧ ਪ੍ਰਾਪਤ ਕਰਕੇ ਪੀਤਾ ਅਤੇ ਅਗਲੇ ਸਫ਼ਰ ਲਈ ਚਾਲੇ ਪਾ ਦਿੱਤੇ। ਹਿਜ਼ਰਤ ਦੇ ਇਸ ਸਫ਼ਰ ਸਮੇਂ ਕੁਰੈਸ਼ ਵੱਲੋਂ ਐਲਾਨ ਕੀਤੇ ਇਨਾਮ ਦੇ ਲਾਲਚ ਵਿਚ ਆਏ ਸੁਰਾਕਾ ਬਿਨ ਮਾਲਿਕ ਨੇ ਆਪ ਦਾ ਪਿੱਛਾ ਕਰਨਾ ਚਾਹਿਆ।ਇਸ ਘਟਨਾ ਬਾਰੇ ਮੁਸਲਮਾਨ ਬਣ ਜਾਣ ਤੋਂ ਬਾਅਦ ਸੁਰਾਕਾ ਨੇ ਆਪ ਦੱਸਿਆ ਸੀ ਕਿ, "ਜਦੋਂ ਮੈਂ ਪਿੱਛਾ ਕਰਦਾ ਹਜ਼ਰਤ ਮੁਹੰਮਦ (ਸ.) ਦੇ ਬਹੁਤ ਨੇੜੇ ਪਹੁੰਚ ਗਿਆ ਤਾਂ ਮੇਰਾ ਘੋੜਾ ਅਚਾਨਕ ਫ਼ਿਸਲ ਗਿਆ ਅਤੇ ਮੈਂ ਘੋੜੇ ਸਮੇਤ ਜ਼ਮੀਨ ਉੱਤੇ ਜਾ ਡਿਗਿਆ।ਦੁਬਾਰਾ ਫੇਰ ਜਦੋਂ ਉੱਠ ਕੇ ਨੇੜੇ ਪਹੁੰਚਿਆ ਤਾਂ ਘੋੜੇ ਦੇ ਦੋਵੇਂ ਪੈਰ ਗੋਡਿਆਂ ਤੱਕ ਧਰਤੀ ਵਿਚ ਧਸ ਗਏ ਜਿਹੜੇ ਘੋੜੇ ਦੇ ਜ਼ੋਰ ਲਾਉਣ ਉੱਤੇ ਵੀ ਨਾ ਨਿਕਲੇ।ਮੈਂ ਸਾਰੀ ਬਾਤ ਸਮਝ ਗਿਆ ਅਤੇ ਹਜ਼ਰਤ ਮੁਹੰਮਦ (ਸ.) ਤੋਂ ਮੁਆਫ਼ੀ ਲੈਣ ਲਈ ਆਖ ਕੇ ਉਨ੍ਹਾਂ ਦੇ ਕੋਲ ਗਿਆ।ਮੈਂ ਉਨ੍ਹਾਂ ਨੂੰ ਖਾਣਾ ਅਤੇ ਹਥਿਆਰ ਦੇਣ ਦੀ ਵੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਨੇ ਇਨਕਾਰ ਕਰਦਿਆਂ ਸਿਰਫ਼ ਇਹੋ ਕਿਹਾ ਕਿ ਸਾਡੀ ਇਸ ਮੁਲਾਕਾਤ ਨੂੰ ਕੁਝ ਦਿਨ ਛੁਪਾ ਕੇ ਰੱਖਾਂ।ਮੈਂ ਉਨ੍ਹਾਂ ਨੂੰ ਮੁਆਫ਼ੀ ਨਾਮਾ ਲਿਖ ਕੇ ਦੇਣ ਲਈ ਕਿਹਾ ਜਿਸ ਪਰ ਹਜ਼ਰਤ ਮੁਹੰਮਦ (ਸ.) ਨੇ ਆਮਿਰ ਬਿਨ ਫ਼ੁਹੇਰਾ ਨੂੰ ਹੁਕਮ ਦਿੱਤਾ ਕਿ ਇਸ ਨੂੰ ਲਿਖ ਕੇ ਦੇ ਦਿੱਤਾ ਜਾਵੇ ਅਤੇ ਉਸ ਨੇ ਮੈਨੂੰ ਚਮੜੇ ਦੇ ਇਕ ਟੁਕੜੇ ਉੱਤੇ ਲਿਖ ਕੇ ਦੇ ਦਿੱਤਾ"। ਜਦੋਂ ਸੁਰਾਕਾ ਬਿਨ ਮਲਿਕ ਵਾਪਸ ਮੁੜਿਆ ਤਾਂ ਰਸਤੇ ਵਿਚ ਉਸ ਨੂੰ ਕੁਝ ਲੋਕ ਮੁਹੰਮਦ (ਸ.) ਦੀ ਭਾਲ ਵਿਚ ਜਾਂਦੇ ਮਿਲੇ ਪਰ ਸਰਾਕਾ ਨੇ ਇਹ ਕਹਿ ਕੇ ਸਭ ਨੂੰ ਵਾਪਸ ਮੋੜ ਲਿਆ ਕਿ ਇਸ ਪਾਸੇ ਕੋਈ ਵੀ ਨਹੀਂ ਹੈ ਮੈਂ ਦੂਰ ਤੱਕ ਦੇਖ ਆਇਆ ਹਾਂ। ਇਕ ਹੋਰ ਥਾਂ ਉੱਤੇ ਬਨੀ ਕੁਬਰੇਦਾ ਮਿਲੇ ਜਿਹੜੇ ਅਪਣੇ ਕਬੀਲੇ ਦੇ ਸਰਦਾਰ ਸਨ ਅਤੇ ਆਪ ਦੀ ਭਾਲ ਵਿਚ ਸਨ।ਜਦੋਂ ਉਨ੍ਹਾਂ ਦਾ ਹਜ਼ਰਤ ਮੁਹੰਮਦ (ਸ.) ਨਾਲ ਸਾਹਮਣਾ ਹੋਇਆ ਤਾਂ ਉਹ ਦਿਲੋਂ ਹੀ ਹਾਰ ਬੈਠੇ ਅਤੇ ਅਪਣੇ ਕਬੀਲੇ ਦੇ ਸੱਤਰ ਦੇ ਕਰੀਬ ਬੰਦਿਆਂ ਸਮੇਤ ਮੁਸਲਮਾਨ ਬਣ ਗਏ।
70. ਯਸਰਬ ਦਾ ਮਦੀਨਾ ਬਨਣਾ
ਅੱਠ ਦਿਨ ਦਾ ਸਫ਼ਰ ਕਰਨ ਤੋਂ ਬਾਅਦ ਆਪ 'ਕੁਬਾ' ਨਾਂ ਦੇ ਪਿੰਡ ਵਿਚ ਪਹੁੰਚੇ ਜਿਹੜਾ ਯਸਰਬ ਸ਼ਹਿਰ ਤੋਂ ਤਿੰਨ ਮੀਲ ਦੀ ਦੂਰੀ ਉੱਤੇ ਸੀ।'ਅਲਰਹੀਕੁਲ ਮਖ਼ਤੂਮ' ਦਾ ਲੇਖਕ ਮੁਹੰਮਦ ਸ਼ਫ਼ੀ-ਉਰ-ਰਹਿਮਾਨ ਮੁਬਾਰਕਪੁਰੀ ਲਿਖਦਾ ਹੈ, "ਨਬੁੱਵਤ ਦੇ ਚੌਧਵੇਂ ਸਾਲ ਸਨ ੧ ਹਿਜਰੀ ਮੁਤਾਬਕ ੨੩ ਸਤੰਬਰ ੬੨੨ ਈਸਵੀ ਨੂੰ ਹਜ਼ਰਤ ਮੁਹੰਮਦ (ਸ.) 'ਕੁਬਾ' ਪਹੁੰਚੇ।ਮਦੀਨੇ ਦੇ ਮੁਸਲਮਾਨਾਂ ਨੇ ਆਪ ਦਾ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਵੱਲ ਤੁਰਨ ਬਾਰੇ ਸੁਣ ਲਿਆ ਸੀ ਇਸ ਲਈ ਉਹ ਸਵੇਰੇ ਘਰੋਂ ਨਿਕਲ ਜਾਂਦੇ ਅਤੇ ਸ਼ਾਮ ਤੱਕ ਰਸਤਿਆਂ ਵਿਚ ਖਲੋ ਕੇ ਆਪ ਦੀ ਉਡੀਕ ਕਰਦੇ ਰਹਿਦੇ"।ਇਕ ਦਿਨ ਜਦੋਂ ਮੁਸਲਮਾਨ ਵਾਪਸ ਪਰਤ ਚੁੱਕੇ ਸਨ ਤਾਂ ਇਕ ਯਹੂਦੀ ਕਿਸੇ ਜ਼ਰੂਰਤ ਲਈ ਪਹਾੜੀ ਉੱਤੇ ਚੜ੍ਹਿਆ ਅਤੇ ਸਫ਼ੈਦ ਕੱਪੜਿਆਂ ਵਿਚ ਹਜ਼ਰਤ ਮੁਹੰਮਦ (ਸ.) ਅਤੇ ਉਨ੍ਹਾਂ ਦੇ ਸਾਥੀਆਂ ਨੂੰ ਦੇਖ ਕੇ ਉੱਚੀ ਆਵਾਜ਼ ਵਿਚ ਬੋਲਿਆ, "ਯਸਰਬ ਦੇ ਲੋਕੋ ਉਹ ਆ ਰਿਹਾ ਹੈ, ਤੁਹਾਡਾ ਨਸੀਬ, ਜਿਸ ਦੀ ਤੁਸੀਂ ਉਡੀਕ ਕਰ ਰਹੇ ਹੋ"।ਸਹੀ ਬੁਖ਼ਾਰੀ ਵਿਚ ਲਿਖਿਆ ਮਿਲਦਾ ਹੈ ਕਿ ਯਹੂਦੀ ਦੀ ਆਵਾਜ਼ ਸੁਣਦਿਆਂ ਹੀ ਮੁਸਲਮਾਨ ਹਥਿਆਰਾਂ ਵੱਲ ਭੱਜ ਲਏ ਅਤੇ ਦੇਖਦੇ ਹੀ ਦੇਖਦੇ ਪਿੰਡੇ ਉੱਤੇ ਹਥਿਆਰ ਸਜਾ ਕੇ ਰਸਤੇ ਦੇ ਦੋਵੇਂ ਪਾਸੇ ਹਜ਼ਰਤ ਮੁਹੰਮਦ (ਸ.) ਦੇ ਸਵਾਗਤ ਲਈ ਖੜ੍ਹੇ ਹੋ ਗਏ। ਕੁਬਾ ਵਿਖੇ ਅਨਸਾਰ ਕਬੀਲੇ ਦੀ ਔਸ ਸਾਖ਼ ਦੇ ਲੋਕ ਕਈ ਦਿਨਾਂ ਤੋਂ ਆਪ ਦੇ ਆਉਣ ਦੀ ਉਡੀਕ ਕਰ ਰਹੇ ਸਨ।ਇਥੇ ਪਹੁੰਚ ਕੇ ਆਪ ਨੇ ਇਸ ਪਿੰਡ ਦੇ ਸਰਦਾਰ ਕਲਸੂਮ ਬਿਨ ਹਦਮ ਦੇ ਘਰ ਠਹਿਰਾਉ ਕੀਤਾ ਜਿੱਥੇ ਹਜ਼ਰਤ ਅਲੀ (ਰਜ਼ੀ.) ਵੀ ਮੱਕੇ ਵਿਖੇ ਲੋਕਾਂ ਦੀਆਂ ਅਮਾਨਤਾਂ ਵਾਪਸ ਕਰਕੇ ਆਪ ਦੇ ਕੋਲ ਆ ਪਹੁੰਚੇ।ਇਥੇ ਠਹਿਰਾਉ ਦੌਰਾਨ ਆਪ ਨੇ 'ਕੁਬਾ' ਨਾਂ ਦੀ ਅਪਣੀ ਨਬੁੱਵਤ ਦੀ ਪਹਿਲੀ ਮਸੀਤ ਬਣਵਾਈ ਅਤੇ ਕੁਝ ਦਿਨ ਇਥੇ ਠਹਿਰਣ ਤੋਂ ਬਾਅਦ ਸ਼ੁੱਕਰਵਾਰ ਦੇ ਦਿਨ ਸਵੇਰ ਦੇ ਸਮੇਂ ਯਸਰਬ ਲਈ ਚੱਲ ਪਏ। ਯਸਰਬ ਦੇ ਮੁਸਲਮਾਨ ਯਹੂਦੀਆਂ ਤੋਂ ਉਨ੍ਹਾਂ ਦੀ ਧਾਰਮਿਕ ਕਿਤਾਬ ਤੌਰੈਤ ਵਿਚ ਲਿੱਖੀ ਇਹ ਗੱਲ ਸੁਣਦੇ ਰਹਿੰਦੇ ਸਨ ਕਿ ਦੁਨੀਆ ਉੱਤੇ ਆਖ਼ਰੀ ਨਬੀ ਆਉਣ ਵਾਲਾ ਹੈ ਇਸੇ ਲਈ ਉਹ ਮੱਕੇ ਤੋਂ ਤਿੰਨ ਸੌ ਮੀਲ ਦੀ ਦੂਰੀ ਉੱਤੇ ਰਹਿੰਦਿਆਂ ਵੀ ਹਜ਼ਰਤ ਮੁਹੰਮਦ (ਸ.) ਨੂੰ ਮੱਕੇ ਵਾਲਿਆਂ ਤੋਂ ਪਹਿਲਾਂ ਨਬੀ ਸਵੀਕਾਰ ਕਰ ਚੁੱਕੇ ਸਨ ਅਤੇ ਮੱਕੇ ਨਾਲੋਂ ਮੁਸਲਮਾਨਾਂ ਦੀ ਗਿਣਤੀ ਮਦੀਨੇ ਵਿਚ ਵਧ ਗਈ ਸੀ।ਜਦੋਂ ਉਨ੍ਹਾਂ ਨੂੰ ਆਪ ਦੇ ਮਦੀਨੇ ਆਉਣ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪ ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ।ਜਦੋਂ ਆਪ ਕੁਬਾ ਤੋਂ ਚੱਲ ਕੇ ਬਨੂ ਸਾਲਮ ਦੇ ਮੁਹੱਲੇ ਵਿਚ ਪਹੁੰਚੇ ਤਾਂ ਜੁਮੇ ਦੀ ਨਮਾਜ਼ ਦਾ ਸਮਾਂ ਹੋ ਚੁੱਕਿਆ ਸੀ।ਆਪ ਨੇ ਊਠ ਤੋਂ ਉੱਤਰ ਕੇ ਲੋਕਾਂ ਨੂੰ ਸੰਬੋਧਨ ਕੀਤਾ ਅਤੇ ਜੁਮੇ ਦੀ ਨਮਾਜ਼ ਪੜ੍ਹਾਈ।ਨਮਾਜ਼ ਤੋਂ ਬਾਅਦ ਆਪ ਯਸਰਬ ਸ਼ਹਿਰ ਵਿਚ ਦਾਖ਼ਲ ਹੋਏ ਜਿੱਥੇ ਲੋਕ ਰਸਤੇ ਦੇ ਦੋਵੇਂ ਪਾਸੇ ਕਤਾਰਾਂ ਬੰਨ੍ਹ ਕੇ ਆਪ ਦੇ ਆਉਣ ਦੀ ਉਡੀਕ ਕਰ ਰਹੇ ਸਨ। ਯਸਰਬ ਸ਼ਹਿਰ ਦਾ ਹਰ ਵਾਸੀ ਆਪ ਨੂੰ ਅਪਣੇ ਘਰ ਠਹਿਰਾਉਣਾ ਚਾਹੁੰਦਾ ਸੀ।ਲੋਕ ਆਪ ਦੀ ਊਂਠਣੀ ਨੂੰ ਰੋਕ ਕੇ ਆਪ ਨੂੰ ਅਪਣੇ ਘਰ ਠਹਿਰਣ ਲਈ ਆਖਦੇ।ਲੋਕਾਂ ਦੀ ਮਹਿਮਾਨ ਨਵਾਜ਼ੀ ਨੂੰ ਦੇਖਦਿਆਂ ਆਪ ਨੇ ਊਂਠਣੀ ਦੀਆਂ ਵਾਗਾਂ ਢਿੱਲੀਆਂ ਛੱਡ ਦਿੱਤੀਆਂ ਅਤੇ ਆਖਿਆ,"ਇਹ ਜਿਸ ਘਰ ਅੱਗੇ ਜਾ ਕੇ ਰੁਕ ਜਾਵੇਗੀ ਉੱਥੇ ਹੀ ਮੇਰਾ ਠਿਕਾਣਾ ਹੋਵੇਗਾ"।ਊਂਠਣੀ ਤੁਰਦੀ ਤੁਰਦੀ ਅਬੂ ਅਯੂਬ ਦੇ ਘਰ ਦੇ ਸਾਹਮਣੇ ਰੁਕ ਗਈ।ਅਬੂ ਅੱਯੂਬ ਨੇ ਖ਼ੁਸ਼ੀ ਦਾ ਪ੍ਰਗਟਾਵਾਂ ਕਰਦਿਆਂ ਆਪ ਦਾ ਸਾਮਾਨ ਅਪਣੇ ਘਰ ਅੰਦਰ ਰੱਖ ਲਿਆ ਅਤੇ ਆਪ ਨੂੰ ਅਪਣਾ ਮਹਿਮਾਨ ਬਣਾ ਲਿਆ। ਆਪ ਦੇ ਇਥੇ ਪਹੁੰਚਣ ਨਾਲ ਯਸਰਬ ਨੂੰ ਮਦੀਨਾ ਕਿਹਾ ਜਾਣ ਲੱਗਿਆ ਜਿਸ ਦੇ ਅਰਥ 'ਨਬੀ ਦਾ ਸ਼ਹਿਰ' ਲਿਆ ਜਾਂਦਾ ਹੈ।
71. ਹਿਜਰੀ ਸਾਲ ਦਾ ਆਰੰਭ
ਜਿਵੇਂ ਪਹਿਲਾਂ ਲਿਖਿਆ ਜਾ ਚੁੱਕਿਆ ਹੈ ਕਿ ਜੀਵਨ ਦੀ ਸੁਰੱਖਿਆ ਲਈ ਅਪਣੇ ਜੱਦੀ ਸ਼ਹਿਰ ਜਾਂ ਮੁਲਕ ਨੂੰ ਛੱਡ ਕੇ ਕਿਸੇ ਦੂਜੇ ਸ਼ਹਿਰ ਜਾਂ ਮੁਲਕ ਵਿਚ ਵਸੇਬਾ ਕਰਨ ਨੂੰ ਹਿਜਰਤ ਕਿਹਾ ਜਾਂਦਾ ਹੈ।ਆਮ ਆਦਮੀ ਇਸ ਤਾਰੀਖ਼ ਨੂੰ ਲਿਖ ਕੇ ਨਹੀਂ ਰੱਖਦਾ ਪਰ ਜੇ ਹਿਜਰਤ ਕਰਨ ਵਾਲਾ ਕੋਈ ਖ਼ਾਸ ਵਿਅਕਤੀ ਹੋਵੇ ਤਾਂ ਇਹ ਸਾਲ ਉਸ ਦੀਆਂ ਅਗਲੀਆਂ ਨਸਲਾਂ ਲਈ ਇਤਿਹਾਸਕ ਬਣ ਜਾਂਦਾ ਹੈ। ਮੱਕੇ ਵਿਚ ਮੁਸ਼ਰਿਕਾਂ ਦੇ ਸਤਾਏ ਹਜ਼ਰਤ ਮੁਹੰਮਦ (ਸ.) ਨੂੰ ਜਿਸ ਸਾਲ ਘਰ-ਬਾਰ ਛੱਡ ਕੇ ਮਦੀਨੇ ਜਾਣਾ ਪਿਆ ਉਸ ਸਾਲ ਤੋਂ ਹਿਜਰੀ ਸਨ ਅਰੰਭ ਹੁੰਦਾ ਹੈ। ਹਿਜਰੀ ਸਨ ਦੇ ਆਰੰਭ ਬਾਰੇ ਪ੍ਰਸਿੱਧ ਸੁਤੰਤਰਤਾ ਸੈਨਾਨੀ ਅਤੇ ਮੁਸਲਿਮ ਵਿਦਵਾਨ ਮੌਲਾਨਾ ਅਬੁੱਲ ਕਲਾਮ ਆਜ਼ਾਦ ਲਿਖਦੇ ਹਨ,"ਇਹ ਸੰਸਾਰ ਦੀਆਂ ਦੂਜੀਆਂ ਕੌਮਾਂ ਦੀਆਂ ਯਾਦਗਾਰਾਂ ਵਾਂਗ ਸ਼ਕਤੀ ਅਤੇ ਜਿੱਤ ਦਾ ਚਿੰਨ ਨਹੀਂ ਸਗੋਂ ਕਮਜ਼ੋਰ ਦੀ ਫ਼ਤਿਹ ਦਾ ਚਿੰਨ ਹੈ।ਇਹ ਕਾਰਨਾਂ ਅਤੇ ਸਾਧਨਾਂ ਦੀ ਬਹੁਤਾਤ ਦੀ ਯਾਦ ਨਹੀਂ ਸਗੋਂ ਨਿਰ-ਸਾਧਨ ਲੋਕਾਂ ਦੀ ਸਫ਼ਲਤਾ ਦੀ ਯਾਦ ਹੈ।ਇਹ ਮੱਕੇ ਉੱਤੇ ਜਿੱਤ ਦੀ ਯਾਦਗਾਰ ਨਹੀਂ ਜਿਸ ਨੂੰ ਤਲਵਾਰਾਂ ਦੀ ਚਮਕ ਨੇ ਫ਼ਤੇਹ ਕੀਤਾ।ਇਹ ਮਦੀਨੇ ਦੀ ਚੜ੍ਹਾਈ ਦਾ ਚਿੰਨ ਹੈ ਜਿਸ ਨੂੰ ਤਲਵਾਰਾਂ ਦੀ ਚਮਕ ਨੇ ਨਹੀਂ ਸਗੋਂ ਇਕ ਨਿਰਧਨ ਅਤੇ ਸਾਧਨ-ਰਹਿਤ ਮਨੁੱਖ ਦੀ ਆਤਮਾ ਨੇ ਫਤੇਹ ਕੀਤਾ।ਤੁਸੀਂ ਬਦਰ ਦੀ ਸੈਨਿਕ ਜਿੱਤ ਅਤੇ ਮੱਕੇ ਵਿਚ ਹਥਿਆਰਬੰਦ ਸੈਨਿਕ ਦਾਖ਼ਲੇ ਦੀ ਸ਼ਾਨੋ-ਸ਼ੌਕਤ ਨੂੰ ਸਦਾ ਚੇਤੇ ਰੱਖਿਆ ਹੈ।ਪਰ ਮਦੀਨੇ ਦੀ ਹਥਿਆਰ ਰਹਿਤ ਫ਼ਤੇਹ ਭੁਲਾ ਦਿੱਤੀ।ਜਦੋਂ ਕਿ ਇਸਲਾਮੀ ਇਤਿਹਾਸ ਦੀਆਂ ਆਉਣ ਵਾਲੀਆਂ ਸਾਰੀਆਂ ਜਿੱਤਾਂ ਇਸ ਅਰੰਭਕ ਜਿੱਤ ਵਿਚ ਇਕ ਬੀਜ ਵਾਂਗ ਛੁਪੀਆਂ ਹੋਈਆਂ ਹਨ"। ਇਸਲਾਮ ਦੇ ਆਉਣ ਤੋਂ ਪਹਿਲੇ ਸਮਿਆਂ ਤੋਂ ਹੀ ਅਰਬ ਦੇ ਲੋਕ ਮੁਹੱਰਮ ਦੇ ਮਹੀਨੇ ਤੋਂ ਅਪਣੇ ਨਵੇਂ ਸਾਲ ਦਾ ਅਰੰਭ ਕਰਿਆ ਕਰਦੇ ਸਨ।ਹਜ਼ਰਤ ਮਹੁੰਮਦ (ਸ.) ਨੇ ਭਾਵੇਂ ਅਰਬੀ ਮਹੀਨੇ ਰਬੀਉਲ ਅੱਵਲ ਵਿਚ ਹਿਜਰਤ ਕੀਤੀ ਸੀ।ਪਰ ਅਰਬ ਦੇ ਦਸਤੂਰ ਨੂੰ ਕਾਇਮ ਰੱਖਦਿਆਂ ਹਿਜਰੀ ਸਨ ਦਾ ਅਰੰਭ ਮੁਹੱਰਮ ਦੇ ਮਹੀਨੇ ਤੋਂ ਹੀ ਸ਼ੁਰੂ ਕੀਤਾ ਗਿਆ ਜਦੋਂ ਕਿ ਹਿਜਰਤ ਦਾ ਮਹੀਨਾ ਰਬੀਉਲ ਅੱਵਲ ਅਰਬ ਦਾ ਤੀਜਾ ਮਹੀਨਾ ਹੁੰਦਾ ਹੈ।ਹਿਜਰੀ ਸਨ ਦੇ ਮਹੀਨਿਆਂ ਦਾ ਆਰੰਭ ਚੰਦ ਨਾਲ ਸਬੰਧ ਰੱਖਦਾ ਹੈ।ਜਿਸ ਦਿਨ ਸ਼ਾਮ ਨੂੰ ਆਕਾਸ਼ ਉੱਤੇ ਚੰਦ ਦਿਖਾਈ ਦਿੰਦਾ ਹੈ ਉਸ ਦਿਨ ਤੋਂ ਅਗਲੀ ਸਵੇਰ ਨੂੰ ਹਿਜਰੀ ਮਹੀਨੇ ਦੀ ਪਹਿਲੀ ਤਾਰੀਖ਼ ਹੁੰਦੀ ਹੈ। ਇਸਲਾਮ ਦੇ ਦੂਜੇ ਖ਼ਲੀਫ਼ਾ ਹਜ਼ਰਤ ਉਮਰ (ਰਜ਼ੀ.) ਦੇ ਸਮੇਂ ਆਪ ਦੇ ਮੱਕੇ ਤੋਂ ਮਦੀਨੇ ਵੱਲ ਹਿਜਰਤ ਕਰਨ ਨੂੰ ਆਧਾਰ ਬਣਾ ਕੇ ਇਸਲਾਮੀ ਜਗਤ ਦੇ ਹਿਜਰੀ ਸਾਲ ਦਾ ਬਾਕਾਇਦਾ ਆਰੰਭ ਕੀਤਾ ਗਿਆ।
72. ਹਿਜਰਤ ਦੇ ਸਮੇਂ ਮਦੀਨੇ ਦੀ ਹਾਲਤ
ਹਜ਼ਰਤ ਮੁਹੰਮਦ (ਸ.) ਦੇ ਹਿਜਰਤ ਕਰਨ ਦਾ ਭਾਵ ਸਿਰਫ਼ ਇਹ ਨਹੀਂ ਸੀ ਕਿ ਅਪਣੀ ਜਾਨ ਦੇ ਬਚਾਅ ਲਈ ਘਰ-ਬਾਰ ਨੂੰ ਤਿਆਗ ਕੇ ਕਿਸੇ ਹੋਰ ਸਥਾਨ ਨੂੰ ਰਿਹਾਇਸ਼ ਬਣਾ ਲਿਆ ਜਾਵੇ ਅਤੇ ਜ਼ਾਲਮਾਂ ਦੇ ਜ਼ੁਲਮ ਦਾ ਨਿਸ਼ਾਨਾ ਬਨਣ ਤੋਂ ਛੁਟਕਾਰਾ ਪਾ ਲਿਆ ਜਾਵੇ ਸਗੋਂ ਇਸ ਦਾ ਭਾਵ ਇਹ ਵੀ ਸੀ ਕਿ ਇਕ ਨਵੇਂ ਸਥਾਨ ਉੱਤੇ ਰੱਬ ਦੇ ਹੁਕਮਾਂ ਅਨੁਸਾਰ ਨਵੇਂ ਸਮਾਜ ਦੀ ਉਸਾਰੀ ਕੀਤੀ ਜਾਵੇ। ਇਸੇ ਲਈ ਹਜ਼ਰਤ ਮੁਹੰਮਦ (ਸ.) ਵੱਲੋਂ ਹਰ ਮੁਸਲਮਾਨ ਨੂੰ ਕਹਿ ਦਿੱਤਾ ਗਿਆ ਸੀ ਕਿ ਉਹ ਮਦੀਨੇ ਪਹੁੰਚ ਕੇ ਇਸ ਨਵੇਂ ਸਮਾਜ ਦੀ ਉਸਾਰੀ ਵਿਚ ਅਪਣਾ ਹਿੱਸਾ ਪਾਵੇ ਅਤੇ ਇਸ ਨੂੰ ਮਜਬੂਤ ਬਣਾਉਣ ਲਈ ਅਪਣੀਆਂ ਕੋਸ਼ਿਸ਼ਾਂ ਸ਼ੁਰੂ ਕਰੇ। ਇਸ ਵਿਚ ਕੋਈ ਸ਼ੱਕ ਦੀ ਗ਼ੁੰਜਾਇਸ਼ ਨਹੀਂ ਕਿ ਹਜ਼ਰਤ ਮੁਹੰਮਦ (ਸ.) ਹੀ ਇਸ ਨਵੇਂ ਸਮਾਜ ਦੀ ਉਸਾਰੀ ਦੇ ਸਰਦਾਰ ਸਨ ਅਤੇ ਉਨ੍ਹਾਂ ਦੀ ਰਹਿਨੁਮਾਈ ਹੇਠ ਹੀ ਇਸ ਨਵੀਂ ਸਮਾਜ ਰੂਪੀ ਇਮਾਰਤ ਦੀ ਨੀਂਹ ਰੱਖੀ ਗਈ ਸੀ।ਮਦੀਨੇ ਵਿਚ ਰਹਿੰਦਿਆਂ ਹਜ਼ਰਤ ਮੁਹੰਮਦ (ਸ.) ਦਾ ਵਾਸਤਾ ਤਿੰਨ ਕੌਮਾਂ ਨਾਲ ਸੀ ਜਿਨ੍ਹਾਂ ਦੀ ਹਾਲਤ, ਰਹਿਣੀ-ਬਹਿਣੀ, ਰਸਮੋਂ-ਰਿਵਾਜ ਇਕ ਦੂਸਰੇ ਤੋਂ ਵੱਖਰੇ ਸਨ ਅਤੇ ਤਿੰਨਾਂ ਦੇ ਮਸਲੇ ਅਤੇ ਚੁਣੌਤੀਆਂ ਵੱਖ ਵੱਖ ਸਨ। ੧ ਪਹਿਲੀ ਸ਼੍ਰੇਣੀ ਵਿਚ ਹਜ਼ਰਤ ਮੁਹੰਮਦ (ਸ.) ਦੇ ਉਹ ਸਾਥੀ ਸਨ ਜਿਹੜੇ ਮੁਸਲਮਾਨ ਹੋ ਗਏ ਸਨ ਅਤੇ ਮੱਕੇ ਵਿਖੇ ਅਪਣੇ ਘਰ-ਬਾਰ ਛੱਡ ਕੇ ਆਪ ਦੇ ਨਾਲ ਮਦੀਨੇ ਪਹੁੰਚ ਗਏ ਸਨ। ੨ ਦੂਜੀ ਸ਼੍ਰੇਣੀ ਵਿਚ ਮਦੀਨੇ ਦੇ ਜੱਦੀ ਲੋਕ ਸਨ ਜਿਹੜੇ ਅਪਣੇ ਕਬੀਲਿਆਂ ਦੀਆਂ ਰਸਮਾਂ ਅਨੁਸਾਰ ਜੀਵਨ ਬਤੀਤ ਕਰ ਰਹੇ ਸਨ।ਇਹ ਲੋਕ ਅਜੇ ਸਾਰੇ ਦੇ ਸਾਰੇ ਮੁਸਲਮਾਨ ਨਹੀਂ ਹੋਏ ਸਨ। ੩ ਮਦੀਨੇ ਵਿਚ ਵਸਣ ਵਾਲੀ ਤੀਜੀ ਕੌਮ ਯਹੂਦੀਆਂ ਦੀ ਸੀ ਜਿਹੜੀ ਰੋਮ ਵਿਚ ਇਸਾਈ ਰਾਜ ਦੀ ਚੜ੍ਹਤ ਹੋਣ ਸਮੇਂ, ਉਨ੍ਹਾਂ ਦੀ ਮਾਰ ਤੋਂ ਡਰਦੀ ਅਰਬ ਦੇ ਸ਼ਹਿਰੀ ਇਲਾਕਿਆਂ ਵਿਚ ਆ ਕੇ ਆਬਾਦ ਹੋ ਗਈ ਸੀ। ੧ ਪਹਿਲੀ ਸ਼੍ਰੇਣੀ ਵਿਚ ਹਜ਼ਰਤ ਮੁਹੰਮਦ (ਸ.) ਦੇ ਉਹ ਸਾਥੀ ਸਨ ਜਿਹੜੇ ਮੱਕੇ ਅਤੇ ਮਦੀਨੇ ਵਿਖੇ ਮੁਸਲਮਾਨ ਹੋ ਗਏ ਸਨ।ਮੱਕੇ ਵਾਲੇ ਆਪ ਦੀ ਆਗਿਆ ਨਾਲ ਘਰ-ਬਾਰ ਤਿਆਗ ਕੇ ਮਦੀਨੇ ਪਹੁੰਚ ਗਏ ਸਨ।ਭਾਵੇਂ ਇਹ ਇਕ ਧਰਮ ਦੇ ਅਨੁਆਈ ਸਨ ਪਰ ਇਨ੍ਹਾਂ ਦਾ ਰਹਿਣ-ਸਹਿਣ ਮੱਕੇ ਅਤੇ ਮਦੀਨੇ ਦੇ ਰੀਤੀ ਰਿਵਾਜਾਂ ਵਿਚ ਵੰਡਿਆ ਹੋਇਆ ਸੀ।ਆਰਥਕ ਪੱਖੋਂ ਮੱਕੇ ਤੋਂ ਆਉਣ ਵਾਲੇ ਲੋਕ ਕਮਜ਼ੋਰ ਸਨ ਅਤੇ ਬਹੁਤੇ ਅਖ਼ਤਿਆਰਾਂ ਦੇ ਮਾਲਕ ਨਹੀਂ ਸਨ।ਪਰ ਮਦੀਨੇ ਪਹੁੰਚਣ ਤੋਂ ਬਾਅਦ ਇਹ ਲੋਕ ਮਦੀਨੇ ਦੇ ਮੁਸਲਮਾਨਾਂ ਨਾਲ ਰਲ ਕੇ ਆਪੇ ਨੂੰ ਕਮਜ਼ੋਰ ਸਮਝਣੋਂ ਹਟ ਗਏ ਸਨ। ਸਮੇਂ ਦਾ ਤਕਾਜ਼ਾ ਵੀ ਇਹੋ ਸੀ ਕਿ ਦੋਵੇਂ ਸ਼ਹਿਰਾਂ ਦੇ ਲੋਕ ਆਰਥਕ, ਸਮਾਜਕ ਅਤੇ ਸਿਆਸੀ ਹਾਲਤ ਦਾ ਸਾਹਮਣਾ ਕਰਨ ਅਤੇ ਲੀਹੋਂ ਲੱਥੀ ਜ਼ਿੰਦਗੀ ਦੀ ਗੱਡੀ ਨੂੰ ਲੀਹ ਉੱਤੇ ਲਿਆਉਣ ਦੇ ਯਤਨ ਕਰਨ।ਉਹ ਜਿਸ ਸਮਾਜ ਦੀ ਉਸਾਰੀ ਕਰਨ ਉਸ ਦੀ ਪਛਾਣ ਵੱਖਰੀ ਹੋਵੇ।ਉਸ ਦਾ ਰਹਿਨੁਮਾ ਅਜਿਹਾ ਹੋਵੇ ਜਿਹੜਾ ਉਨ੍ਹਾਂ ਦੇ ਤੇਰਾਂ ਸਾਲ ਤੱਕ ਝੱਲੇ ਦੁਖਾਂ ਨੂੰ ਭੁਲਾ ਦੇਵੇ।ਦੂਸਰੀ ਵੱਡੀ ਗੱਲ ਇਹ ਸੀ ਕਿ ਇਸ ਸਮਾਜ ਦੀ ਉਸਾਰੀ ਲਈ ਪੁਰਾਣੇ ਚਲੇ ਆ ਰਹੇ ਕਾਨੂੰਨ ਤਾਂ ਚਾਲੂ ਰੱਖੇ ਨਹੀਂ ਜਾ ਸਕਦੇ ਸਨ ਸਗੋਂ ਇਸ ਦੀ ਉਸਾਰੀ ਲਈ ਤਾਂ ਰੱਬੀ ਕਾਨੂੰਨ ਲਾਗੂ ਹੋਣੇ ਸਨ ਜਿਨ੍ਹਾਂ ਨੂੰ ਲਾਗੂ ਕਰਨ ਲਈ ਰੱਬ ਨੇ ਹਜ਼ਰਤ ਮੁਹੰਮਦ (ਸ.) ਜਿਹਾ ਰਹਿਬਰ ਭੇਜਿਆ ਸੀ।ਤੀਸਰੇ ਇਹ ਕਿ ਇਸ ਤਰ੍ਹਾਂ ਦੇ ਸਮਾਜਕ ਢਾਂਚੇ ਦੀ ਉਸਾਰੀ ਇਕ-ਦੋ ਦਿਨਾਂ ਵਿਚ ਤਾਂ ਹੋ ਨਹੀਂ ਸਕਦੀ ਸੀ ਸਗੋਂ ਇਸ ਨੂੰ ਉਸਾਰਨ ਲਈ ਲੰਬੇ ਸਮੇਂ ਦੀ ਜ਼ਰੂਰਤ ਸੀ। ਜਿੱਥੋਂ ਤੱਕ ਕਾਨੂੰਨ ਬਣਾਉਣ ਦਾ ਸਬੰਧ ਸੀ ਉਸ ਦੀ ਨਿਗਰਾਨੀ ਹਜ਼ਰਤ ਮੁਹੰਮਦ (ਸ.) ਦੁਆਰਾ ਰੱਬ ਆਪ ਕਰ ਰਿਹਾ ਸੀ ਅਤੇ ਅਪਣੇ ਨਾਇਬ ਹਜ਼ਰਤ ਮੁਹੰਮਦ (ਸ.) ਉੱਤੇ ਵਹੀ ਭੇਜ ਕੇ ਰਸਤਾ ਵਿਖਾ ਰਿਹਾ ਸੀ।ਸਹਾਬੀ ਵੀ ਇਸ ਉਸਾਰੀ ਵਿਚ ਹਜ਼ਰਤ ਮੁਹੰਮਦ (ਸ.) ਦੇ ਨਾਲ ਸਨ ਅਤੇ ਉਨ੍ਹਾਂ ਦਾ ਹਰ ਹੁਕਮ ਮੰਨਣ ਲਈ ਹਰ ਪਲ ਤਿਆਰ ਰਹਿੰਦੇ ਸਨ। ਮੁਸਲਮਾਨਾਂ ਵਿਚ ਵੀ ਦੋ ਕਿਸਮ ਦੇ ਲੋਕ ਸਨ।ਇਕ ਉਹ ਅਨਸਾਰੀ ਸਨ ਜਿਹੜੇ ਮਦੀਨੇ ਦੇ ਵਾਸੀ ਸਨ।ਉਹ ਆਪ ਅਪਣੀ ਜ਼ਮੀਨ, ਅਪਣੇ ਘਰ ਅਤੇ ਅਪਣੇ ਕਾਰੋਬਾਰ ਦੇ ਮਾਲਕ ਸਨ ਅਤੇ ਅਪਣੇ ਪਰਿਵਾਰ ਨਾਲ ਆਰਾਮ ਭਰੀ ਜ਼ਿੰਦਗੀ ਬਤੀਤ ਕਰ ਰਹੇ ਸਨ।ਦੂਜੇ ਪਾਸੇ ਉਹ ਮਹਾਜਰ ਲੋਕ ਸਨ ਜਿਹੜੇ ਅਪਣਾ ਘਰ-ਬਾਰ ਲੁਟਾਉਣ ਤੋਂ ਬਾਅਦ ਧੱਕੇ-ਧੌਲੇ ਖਾਂਦੇ ਮਦੀਨੇ ਪਹੁੰਚੇ ਸਨ।ਇਨ੍ਹਾਂ ਦਾ ਕੋਈ ਘਰ-ਦਰ ਨਹੀਂ ਸੀ ਜਿੱਥੇ ਰਹਿ ਕੇ ਇਹ ਲੋਕ ਜ਼ਿੰਦਗੀ ਦੇ ਕੁਝ ਪਲ ਬਿਤਾ ਸਕਣ।ਇਨ੍ਹਾਂ ਦੀ ਗਿਣਤੀ ਵੀ ਘੱਟ ਨਹੀਂ ਸੀ ਅਤੇ ਉਸ ਵਿਚ ਨਿੱਤ ਦਿਨ ਵਾਧਾ ਹੁੰਦਾ ਜਾ ਰਿਹਾ ਸੀ ਕਿਉਂ ਜੋ ਹਜ਼ਰਤ ਮੁਹੰਮਦ (ਸ.) ਵੱਲੋਂ ਐਲਾਨ ਕਰ ਦਿੱਤਾ ਗਿਆ ਸੀ ਕਿ ਜਿਹੜਾ ਕੋਈ ਰੱਬ ਅਤੇ ਉਸ ਦੇ ਨਬੀ ਉੱਤੇ ਵਿਸ਼ਵਾਸ਼ ਰੱਖਦਾ ਹੈ ਉਹ ਮਦੀਨੇ ਪਹੁੰਚ ਜਾਵੇ।ਉਸ ਸਮੇਂ ਮਦੀਨਾ ਕੋਈ ਵੱਡਾ ਵਪਾਰਕ ਕੇਂਦਰ ਵੀ ਨਹੀਂ ਸੀ ਜਿੱਥੇ ਦੌਲਤ ਦੀ ਚਹਿਲ-ਪਹਿਲ ਹੋਵੇ।ਅਚਾਨਕ ਆ ਪਏ ਬੋਝ ਨਾਲ ਮਦੀਨੇ ਦੀ ਆਰਥਕ ਸਥਿੱਤੀ ਡਾਵਾਂਡੋਲ ਹੋ ਗਈ ਅਤੇ ਇਸਲਾਮ ਦੀਆਂ ਵਿਰੋਧੀ ਤਾਕਤਾਂ ਨੇ ਵੀ ਮਦੀਨੇ ਦਾ ਆਰਥਕ ਬਾਈਕਾਟ ਕਰਕੇ ਮੁਸ਼ਕਿਲਾਂ ਵਧਾ ਦਿੱਤੀਆਂ। ੨ ਦੂਜੀ ਸ਼੍ਰੇਣੀ ਵਿਚ ਮਦੀਨੇ ਦੇ ਉਹ ਲੋਕ ਸ਼ਾਮਲ ਸਨ ਜਿਹੜੇ ਅਜੇ ਮੁਸਲਮਾਨ ਨਹੀਂ ਹੋਏ ਸਨ।ਇਨ੍ਹਾਂ ਨੂੰ ਮੁਸਲਮਾਨਾਂ ਉੱਤੇ ਕੋਈ ਸੁਪਰਮੇਸੀ ਪ੍ਰਾਪਤ ਨਹੀਂ ਸੀ। ਇਨ੍ਹਾਂ ਵਿੱਚੋਂ ਕੁਝ ਲੋਕ ਅਜੇ ਦੋਚਿੱਤੀ ਵਿਚ ਸਨ ਅਤੇ ਅਪਣੇ ਜੱਦੀ ਧਰਮ ਨੂੰ ਛੱਡਣ ਵਿਚ ਝਿਜਕ ਮਹਿਸੂਸ ਕਰ ਰਹੇ ਸਨ ਪਰ ਮੁਸਲਮਾਨਾਂ ਦੇ ਖ਼ਿਲਾਫ਼ ਮਨ ਵਿਚ ਵਿਰੋਧੀ ਭਾਵ ਨਹੀਂ ਰੱਖਦੇ ਸਨ ਅਤੇ ਹੋਲੀ ਹੋਲੀ ਮੁਸਲਮਾਨ ਹੋ ਰਹੇ ਸਨ।ਇਸ ਦੇ ਉਲਟ ਕੁਝ ਮੁਸ਼ਰਿਕ ਅਜਿਹੇ ਵੀ ਸਨ ਜਿਨ੍ਹਾਂ ਦੇ ਦਿਲਾਂ ਵਿਚ ਮੁਸਲਮਾਨਾਂ ਦੇ ਖ਼ਿਲਾਫ਼ ਦੁਸ਼ਮਣੀ ਦੀ ਅੱਗ ਭੜਕ ਰਹੀ ਸੀ ਪਰ ਸ਼ਰੇਆਮ ਵਿਰੋਧਤਾ ਕਰਨ ਤੋਂ ਡਰਦੇ ਸਨ ਅਤੇ ਵਿਖਾਵੇ ਲਈ ਮੁਸਲਮਾਨਾਂ ਨਾਲ ਚੰਗਾ ਸਲੂਕ ਕਰਨ ਲਈ ਮਜਬੂਰ ਸਨ।ਇਨ੍ਹਾਂ ਲੋਕਾਂ ਦਾ ਨੇਤਾ ਅਬਦੁੱਲਾ ਪੁੱਤਰ ਉਬੀ ਸੀ। ਅਬਦੁੱਲਾ ਪੁੱਤਰ ਉਬੀ ਮਦੀਨੇ ਦਾ ਉਹ ਆਦਮੀ ਸੀ ਜਿਸ ਨੂੰ ਮਦੀਨੇ ਦੇ ਕਬੀਲਿਆਂ ਵਿਚ ਹੋਣ ਵਾਲੀ ਬੁਆਸ ਦੀ ਲੜਾਈ ਦੇ ਖ਼ਾਤਮੇ ਤੇ ਕਬੀਲਾ ਖ਼ਜ਼ਰਜ ਅਤੇ ਕਬੀਲਾ ਔਸ ਨੇ ਆਪਣਾ ਸਰਦਾਰ ਮੰਨ ਲਿਆ ਸੀ।ਉਸ ਨੂੰ ਬਾਦਸ਼ਾਹ ਬਣਾਉਣ ਲਈ ਹੀਰਿਆਂ ਦਾ ਤਾਜ ਤਿਆਰ ਕੀਤਾ ਜਾ ਰਿਹਾ ਸੀ।ਇਹ ਆਦਮੀ ਬਾਦਸ਼ਾਹ ਬਨਣ ਹੀ ਵਾਲਾ ਸੀ ਕਿ ਹਜ਼ਰਤ ਮੁਹੰਮਦ (ਸ.) ਮਦੀਨੇ ਪਹੁੰਚ ਗਏ ਅਤੇ ਲੋਕਾਂ ਦਾ ਰੁਖ ਉਨ੍ਹਾਂ ਵਲ ਹੋ ਗਿਆ।ਉਸ ਨੂੰ ਦਿਲੋਂ ਹਜ਼ਰਤ ਮੁਹੰਮਦ (ਸ.) ਨਾਲ ਇਹੋ ਦੁਸ਼ਮਣੀ ਸੀ ਕਿ ਇਨ੍ਹਾਂ ਨੇ ਮੇਰੀ ਬਾਦਸ਼ਾਹੀ ਖੋਹ ਲਈ ਹੈ। ਅਬਦੁੱਲਾ ਪੁੱਤਰ ਉਬੀ ਦੇ ਦਿਲ ਵਿਚ ਵਿਰੋਧਤਾ ਦੀ ਅੱਗ ਭੜਕ ਰਹੀ ਸੀ ਪਰ ਜਦੋਂ ਬਦਰ ਦੀ ਜੰਗ ਵਿਚ ਮੁਸਲਮਾਨਾਂ ਦੀ ਜਿੱਤ ਹੋਈ ਤਾਂ ਆਪੇ ਨੂੰ ਵਿਰੋਧਤਾ ਵਿਚ ਕਾਮਯਾਬ ਨਾ ਹੁੰਦਾ ਦੇਖ ਕੇ ਉਸ ਨੇ ਵੀ ਇਸਲਾਮ ਕਬੂਲ ਕਰ ਲਿਆ। ਬਾਹਰੀ ਤੌਰ ਤੇ ਮੁਸਲਮਾਨ ਹੋਣ ਦੇ ਬਾਵਜੂਦ ਉਹ ਦਿਲ ਵਿੱਚੋਂ ਨਫ਼ਰਤ ਦੀ ਅੱਗ ਬੁਝਾ ਨਾ ਸਕਿਆ।ਇਸ ਕਾਜ ਵਿਚ ਉਹ ਅਮੀਰ ਲੋਕ ਵੀ ਉਸ ਦੇ ਸਾਥੀ ਸਨ ਜਿਹੜੇ ਉਸ ਦੀ ਬਾਦਸ਼ਾਹੀ ਦਾ ਐਲਾਨ ਹੋਣ ਉੱਤੇ ਵੱਡੀਆਂ ਵਜ਼ੀਰੀਆਂ ਪ੍ਰਾਪਤ ਕਰਨ ਦੀ ਆਸ ਲਾਈ ਬੈਠੇ ਸਨ।ਇਹ ਲੋਕ ਉੱਤੋਂ ਤਾਂ ਮੁਸਲਮਾਨ ਹੋ ਗਏ ਸਨ ਪਰ ਜਦੋਂ ਮੁਸਲਮਾਨਾਂ ਉੱਤੇ ਕੋਈ ਬਾਹਰੀ ਮੁਸੀਬਤ ਆਉਂਦੀ ਤਾਂ ਪਿੱਠ ਵਿਚ ਛੁਰਾ ਮਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ। ੩ ਤੀਜੀ ਧਿਰ ਦੇ ਯਹੂਦੀ ਲੋਕ ਹਜ਼ਰਤ ਇਬਰਾਹੀਮ (ਅਲੈ.) ਅਤੇ ਹਜ਼ਰਤ ਮੂਸਾ (ਅਲੈ.) ਦੀ ਕੌਮ ਵਿੱਚੋਂ ਸਨ ਜਿਹੜੇ ਹਜ਼ਰਤ ਈਸਾ (ਅਲੈ.) ਦੇ ਪੈਰੋਕਾਰ ਇਸਾਈਆਂ ਦੀ ਕੁੱਟ-ਮਾਰ ਦੇ ਭੰਨੇ ਹੋਏ ਇਸਰਾਈਲ ਨੂੰ ਛੱਡ ਕੇ ਅਰਬ ਦੇ ਇਲਾਕਿਆਂ ਵਿਚ ਆਬਾਦ ਹੋ ਗਏ ਸਨ।ਸਦੀਆਂ ਤੋਂ ਅਰਬ ਦੇ ਇਲਾਕਿਆਂ ਵਿਚ ਰਹਿਣ ਕਰਕੇ ਇਨ੍ਹਾਂ ਦੀ ਜ਼ੁਬਾਨ ਵੀ ਅਰਬੀ ਹੋ ਗਈ ਸੀ।ਇਨ੍ਹਾਂ ਦੇ ਕਬੀਲਿਆਂ ਅਤੇ ਬੰਦਿਆਂ ਦੇ ਨਾਂ ਵੀ ਅਰਬੀਆਂ ਵਰਗੇ ਹੀ ਹੋ ਗਏ ਸਨ।ਇਨ੍ਹਾਂ ਲੋਕਾਂ ਨੇ ਅਰਬ ਦੇ ਜੱਦੀ ਬਾਸ਼ਿੰਦਿਆਂ ਨਾਲ ਰਿਸ਼ਤੇਦਾਰੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ।ਪਰ ਇੰਨਾ ਕੁਝ ਕਰਨ ਦੇ ਬਾਵਜੂਦ ਯਹੂਦੀ ਅਪਣੇ ਆਪ ਨੂੰ ਮਦੀਨੇ ਦੇ ਵਾਸੀਆਂ ਤੋਂ ਉੱਤਮ ਸਮਝਦੇ ਸਨ।ਉਹ ਅਪਣੀ ਕੌਮੀ ਪਹਿਚਾਣ ਇਸਰਾਈਲੀ ਜਾਂ ਯਹੂਦੀ ਹੋਣ ਉੱਤੇ ਫ਼ਖ਼ਰ ਮਹਿਸੂਸ ਕਰਦੇ ਸਨ ਪਰ ਯਹੂਦੀ ਧਰਮ ਦੀਆਂ ਸਿੱਖਿਆਵਾਂ ਨੂੰ ਭੁਲਾ ਚੁੱਕੇ ਸਨ। ਯਹੂਦੀ ਵਪਾਰੀ ਲੋਕ ਸਨ ਅਤੇ ਪੈਸਾ ਕਮਾਉਣ ਵਿਚ ਚੰਗੀ ਮੁਹਾਰਤ ਰੱਖਦੇ ਸਨ।ਅਨਾਜ, ਖਜੂਰ, ਸ਼ਰਾਬ ਅਤੇ ਕੱਪੜੇ ਦਾ ਵਪਾਰ ਸਾਰੇ ਦਾ ਸਾਰਾ ਉਨ੍ਹਾਂ ਦੇ ਹੱਥਾਂ ਵਿਚ ਸੀ।ਇਹ ਲੋਕ ਅਨਾਜ, ਸ਼ਰਾਬ ਅਤੇ ਕੱਪੜਾ ਬਾਹਰੋਂ ਮੰਗਵਾਉਂਦੇ ਸਨ ਅਤੇ ਖਜੂਰ ਬਾਹਰ ਭੇਜਦੇ ਸਨ।ਉਹ ਵਪਾਰ ਵਿਚ ਐਨੇ ਮਾਹਰ ਸਨ ਕਿ ਹਰ ਸੌਦੇ ਵਿਚ ਅਰਬ ਦੇ ਲੋਕਾਂ ਨਾਲੋਂ ਤਿਗਨੀ ਕਮਾਈ ਕਰਦੇ ਸਨ। ਯਹੂਦੀਆਂ ਦਾ ਦੂਜਾ ਵੱਡਾ ਕਿੱਤਾ ਵਿਆਜ਼ ਉੱਤੇ ਪੈਸਾ ਦੇਣਾ ਸੀ।ਉਹ ਅਰਬ ਦੇ ਘੁਮੰਡੀ ਸਰਦਾਰਾਂ ਨੂੰ ਵੱਡੀਆਂ ਵੱਡੀਆਂ ਰਕਮਾਂ ਦਿੰਦੇ ਜਿਹੜੀਆਂ ਉਹ ਝੂਠੀ ਸ਼ੁਹਰਤ ਲਈ ਫ਼ਜ਼ੂਲ ਖ਼ਰਚੀਆਂ ਵਿਚ ਖ਼ਤਮ ਕਰ ਦਿੰਦੇ ਅਤੇ ਕਰਜ਼ਾ ਵਾਪਸ ਨਾ ਮਿਲਣ ਦੀ ਸੂਰਤ ਵਿਚ ਯਹੂਦੀ ਉਨ੍ਹਾਂ ਦੀਆਂ ਜ਼ਮੀਨਾਂ ਅਤੇ ਬਾਗ਼ਾਂ ਉੱਤੇ ਕਬਜ਼ਾ ਕਰ ਲੈਂਦੇ। ਯਹੂਦੀ ਸ਼ਾਜ਼ਿਸ਼ਾਂ ਘੜਨ ਦੇ ਮਾਹਰ ਸਨ।ਉਹ ਬੜੀ ਚਾਲਾਕੀ ਨਾਲ ਅਰਬ ਦੇ ਕਬੀਲਿਆਂ ਵਿਚ ਲੜਾਈਆਂ ਕਰਵਾ ਕੇ ਅਪਣੇ ਵਪਾਰ ਨੂੰ ਪ੍ਰਫੁੱਲਤ ਕਰਦੇ ਰਹਿੰਦੇ ਸਨ।ਜਦੋਂ ਲੜਾਈ ਠੰਡੀ ਪੈ ਜਾਂਦੀ ਤਾਂ ਕਮਜ਼ੋਰ ਧਿਰ ਦੀ ਪੈਸੇ ਨਾਲ ਸਹਾਇਤਾ ਕਰਦੇ, ਭਾਵੇਂ ਇਹ ਸਹਾਇਤਾ ਮੁਫ਼ਤ ਹੀ ਕਿਉਂ ਨਾ ਕਰਨੀ ਪੈਂਦੀ।ਇਸ ਸਾਰੇ ਸਮੇਂ ਵਿਚ ਉਹ ਯਹੂਦੀਆਂ ਦਾ ਬਚਾਉ ਕਰਦੇ ਰਹਿੰਦੇ।ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਮਦੀਨੇ ਪਹੁੰਚੇ ਉਸ ਸਮੇਂ ਉੱਥੇ ਯਹੂਦੀਆਂ ਦੇ ਤਿੰਨ ਮਸ਼ਹੂਰ ਕਬੀਲੇ ਆਬਾਦ ਸਨ ਜਿਨ੍ਹਾਂ ਦੇ ਨਾਂ ਬਨੂ ਕੈਨਕਾਅ, ਬਨੂ ਨਜ਼ੀਰ ਅਤੇ ਬਨੂ ਕਰੀਜ਼ਾ ਸਨ।ਲੰਬੇ ਸਮੇਂ ਤੋਂ ਇਹ ਤਿੰਨੋਂ ਕਬੀਲੇ ਮਦੀਨੇ ਦੇ ਔਸ ਅਤੇ ਖ਼ਜ਼ਰਜ ਕਬੀਲਿਆਂ ਵਿਚ ਲੜਾਈ ਕਰਵਾਉਂਦੇ ਆ ਰਹੇ ਸਨ। ਯਹੂਦੀ ਨਸਲ ਦੇ ਇਹ ਲੋਕ ਜਾਣਦੇ ਸਨ ਕਿ ਉਨ੍ਹਾਂ ਦੀ ਧਾਰਮਿਕ ਕਿਤਾਬ ਤੌਰੈਤ ਅਨੁਸਾਰ ਇਸਲਾਮ ਇਕ ਸੱਚਾ ਧਰਮ ਹੈ ਪਰ ਫੇਰ ਵੀ ਮੁਸਲਮਾਨਾਂ ਨਾਲ ਈਰਖਾ ਰੱਖਦੇ ਸਨ।ਉਨ੍ਹਾਂ ਨੂੰ ਰੱਬ ਨਾਲ ਸ਼ਿਕਾਇਤ ਸੀ ਕਿ ਪੈਗ਼ੰਬਰ ਨੂੰ ਉਨ੍ਹਾਂ ਦੀ ਨਸਲ ਨੂੰ ਛੱਡ ਕੇ ਅਰਬਾਂ ਵਿਚ ਕਿਉਂ ਪੈਦਾ ਕੀਤਾ ਗਿਆ ਹੈ।ਦੂਜੇ ਇਸਲਾਮ ਦਾ ਪਰਚਾਰ ਮੇਲ-ਮਿਲਾਪ ਕਰਵਾਉਣ ਵਾਲਾ ਪਰਚਾਰ ਸੀ।ਜਿਸ ਵਿਚ ਸੂਦ ਸਮੇਤ ਹਰਾਮ ਖਾਣ ਉੱਤੇ ਪਾਬੰਦੀ ਸੀ ਪਰ ਯਹੂਦੀਆਂ ਦਾ ਕਿੱਤਾ ਹੀ ਸੂਦ ਉੱਤੇ ਨਿਰਭਰ ਕਰਦਾ ਸੀ।ਉਨ੍ਹਾਂ ਦੇ ਦਿਲਾਂ ਵਿਚ ਡਰ ਪੈਦਾ ਹੁੰਦਾ ਜਾ ਰਿਹਾ ਸੀ ਕਿ ਜੇ ਮੁਸਲਮਾਨ ਤਾਕਤ ਫੜ ਗਏ ਤਾਂ ਉਨ੍ਹਾਂ ਦੀ ਪਾੜੋ ਅਤੇ ਰਾਜ ਕਰੋ ਵਾਲੀ ਨੀਤੀ ਡਾਵਾਂਡੋਲ ਹੋ ਜਾਵੇਗੀ।ਉਨ੍ਹਾਂ ਨੂੰ ਇਹ ਵੀ ਡਰ ਸੀ ਕਿ ਇਸਲਾਮ ਦੇ ਝੰਡੇ ਥੱਲੇ ਇਕੱਠੇ ਹੋ ਕੇ ਮੁਸਲਮਾਨ ਉਨ੍ਹਾਂ ਤੋਂ ਸੂਦ ਦੀਆਂ ਬੇਹਿਸਾਬ ਪ੍ਰਾਪਤ ਕੀਤੀਆਂ ਰਕਮਾਂ ਵਾਪਸ ਲੈਣ ਦੀ ਮੰਗ ਨਾ ਕਰ ਲੈਣ ਅਤੇ ਤਾਕਤ ਵਿਚ ਆ ਕੇ ਉਹ ਜ਼ਮੀਨਾਂ ਅਤੇ ਬਾਗ਼ ਵਾਪਸ ਨਾ ਖੋਹ ਲੈਣ ਜਿਨ੍ਹਾਂ ਨੂੰ ਉਨ੍ਹਾਂ ਨੇ ਵਿਆਜ਼ ਬਦਲੇ ਮਦੀਨੇ ਦੇ ਲੋਕਾਂ ਤੋਂ ਖੋਹਿਆ ਸੀ। ਜਦ ਤੋਂ ਯਹੂਦੀਆਂ ਨੂੰ ਇਸ ਗੱਲ ਦੀ ਸੂਹ ਮਿਲ ਗਈ ਸੀ ਕਿ ਮੁਸਲਮਾਨ ਮਦੀਨੇ ਪਹੁੰਚ ਰਹੇ ਹਨ ਉਸੇ ਸਮੇਂ ਤੋਂ ਉਨ੍ਹਾਂ ਦੇ ਦਿਲਾਂ ਵਿਚ ਇਸਲਾਮ ਪ੍ਰਤੀ ਘਿਰਣਾ ਪੈਦਾ ਹੋਣੀ ਸ਼ੁਰੂ ਹੋ ਗਈ ਸੀ।ਨਫ਼ਰਤ ਦਾ ਅੰਦਾਜ਼ਾ ਇਬਨੇ ਇਸਹਾਕ ਦੇ ਉਸ ਬਿਆਨ ਤੋਂ ਲਾਇਆ ਜਾ ਸਕਦਾ ਹੈ ਜਿਹੜਾ ਉਨ੍ਹਾਂ ਨੇ ਹਜ਼ਰਤ ਸਫ਼ੀਆ (ਰਜ਼ੀ.) ਪੁੱਤਰੀ ਹਈ ਦੇ ਹਵਾਲੇ ਨਾਲ ਲਿਖਿਆ ਹੈ। ਹਜ਼ਰਤ ਸਫ਼ੀਆ ਹਜ਼ਰਤ ਮੁਹੰਮਦ (ਸ.) ਦੀਆਂ ਪਤਨੀਆਂ ਵਿੱਚੋਂ ਇਕ ਸੀ।ਇਹ ਪਹਿਲਾਂ ਯਹੂਦੀ ਮਜ਼ਹਬ ਨਾਲ ਸਬੰਧ ਰੱਖਦੀ ਸੀ ਅਤੇ ਯਹੂਦੀ ਕਬੀਲਾ ਬਨੂ ਨਜ਼ੀਰ ਦੇ ਸਰਦਾਰ ਹਈ ਦੀ ਪੁਤਰੀ ਸੀ।ਯਹੂਦੀਆਂ ਨਾਲ ਹੋਈ ਖ਼ੈਬਰ ਦੀ ਜੰਗ ਵਿਚ ਮੁਸਲਮਾਨਾਂ ਦੇ ਹੱਥੋਂ ਆਪ ਦੇ ਪਤੀ ਦੀ ਮੌਤ ਹੋ ਗਈ ਸੀ ਅਤੇ ਆਪ ਇਸਲਾਮ ਕਬੂਲ ਕਰਕੇ ਹਜ਼ਰਤ ਮੁਹੰਮਦ (ਸ.) ਦੀਆਂ ਪਿਆਰੀਆਂ ਪਤਨੀਆਂ ਵਿਚ ਸ਼ਾਮਿਲ ਹੋ ਗਈ ਸੀ।ਹਜ਼ਰਤ ਸਫ਼ੀਆ ਦੱਸਦੇ ਨੇ ਕਿ ਮੈਂ ਅਪਣੇ ਪਿਤਾ ਅਤੇ ਚਾਚਾ ਅਬੂ ਯਾਸਰ ਦੀ ਸਭ ਤੋਂ ਪਿਆਰੀ ਔਲਾਦ ਸਾਂ।ਜਦੋਂ ਹਜ਼ਰਤ ਮੁਹੰਮਦ (ਸ.) ਮਦੀਨੇ ਆ ਕੇ ਅਮਰੂ ਪੁੱਤਰ ਔਫ਼ ਦੇ ਘਰ ਠਹਿਰੇ ਤਾਂ ਮੇਰੇ ਚਾਚਾ ਅਤੇ ਮੇਰੇ ਪਿਤਾ ਸਵੇਰ ਦੇ ਸਮੇਂ ਉਨ੍ਹਾਂ ਨੂੰ ਮਿਲਣ ਚਲੇ ਗਏ ਅਤੇ ਦੇਰ ਰਾਤ ਥੱਕੇ ਹਾਰੇ ਘਰ ਪਹੁੰਚੇ।ਮੈਂ ਆਦਤ ਅਨੁਸਾਰ ਉਨ੍ਹਾਂ ਵੱਲ ਭੱਜ ਕੇ ਗਈ ਪਰ ਉਹ ਮੈਨੂੰ ਅਣਗੌਲਿਆ ਕਰਕੇ ਅਗਾਂਹ ਤੁਰ ਗਏ।ਜਦੋਂ ਮੈਂ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਾਂ ਮੇਰੇ ਚਾਚਾ ਜੀ ਮੇਰੇ ਪਿਤਾ ਜੀ ਨੂੰ ਪੁੱਛ ਰਹੇ ਸਨ। "ਕੀ ਇਹ ਉਹੋ ਹੀ ਆਦਮੀ ਹੈ ਜੋ ਪੈਗ਼ੰਬਰ ਅਖਵਾਉਂਦਾ ਹੈ"? ਪਿਤਾ ਜੀ ਕਹਿਣ ਲੱਗੇ, "ਹਾਂ"। "ਤੁਸੀਂ ਇਸ ਨੂੰ ਸਹੀ ਤਰ੍ਹਾਂ ਪਛਾਣਦੇ ਓ" ਚਾਚਾ ਜੀ ਨੇ ਫੇਰ ਪੁੱਛਿਆ। "ਹਾਂ" ਪਿਤਾ ਜੀ ਦਾ ਉੱਤਰ ਸੀ। "ਹੁਣ ਅੱਗੇ ਲਈ ਇਨ੍ਹਾਂ ਬਾਰੇ ਤੁਹਾਡੀ ਕੀ ਮਰਜ਼ੀ ਹੈ?" ਚਾਚਾ ਜੀ ਪੁੱਛਣ ਲੱਗੇ। "ਦੁਸ਼ਮਣੀ" ਰੱਬ ਦੀ ਸੌਂਹ ਜਦ ਤੱਕ ਜਿਉਂਦਾ ਰਹੂੰਗਾ, ਵਿਰੋਧਤਾ ਕਰਦਾ ਰਹੂੰਗਾ"।ਅੱਬਾ ਜੀ ਦਾ ਉੱਤਰ ਸੀ। ਇਸਲਾਮ ਨਾਲ ਯਹੂਦੀਆਂ ਦੀ ਦੁਸ਼ਮਣੀ ਦੀ ਇਕ ਹੋਰ ਮਿਸਾਲ 'ਸਹੀ ਬੁਖ਼ਾਰੀ' ਵਿਚ ਮਿਲਦੀ ਹੈ ਜਿੱਥੇ ਹਜ਼ਰਤ ਅਬਦੁੱਲਾ ਬਿਨ ਸਾਮ ਦੇ ਮੁਸਲਮਾਨ ਹੋਣ ਬਾਰੇ ਲਿਖਿਆ ਗਿਆ ਹੈ।ਲੇਖਕ ਲਿਖਦਾ ਹੈ ਕਿ ਹਜ਼ਰਤ ਅਬਦੁੱਲਾ ਪ੍ਰਸਿੱਧ ਯਹੂਦੀ ਵਿਦਵਾਨ ਸਨ।ਜਦੋਂ ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਦੇ ਮਦੀਨਾ ਪਹੁੰਚਣ ਦੀ ਖ਼ਬਰ ਮਿਲੀ ਤਾਂ ਉਹ ਆਪ ਨੂੰ ਮਿਲਣ ਲਈ ਹਾਜ਼ਰ ਹੋਏ।ਉਸ ਨੇ ਆਪ ਨੂੰ ਕੁਝ ਅਜਿਹੇ ਸਵਾਲ ਪੁੱਛੇ ਜਿਨ੍ਹਾਂ ਦੇ ਜਵਾਬ ਸਿਰਫ਼ ਨਬੀ ਹੀ ਦੇ ਸਕਦਾ ਸੀ।ਉਪ੍ਰੋਕਤ ਕਿਤਾਬ ਵਿਚ ਲਿਖਿਆ ਮਿਲਦਾ ਹੈ ਕਿ ਆਪ ਦੇ ਮੂੰਹੋਂ ਸਹੀ ਉੱਤਰ ਸੁਣ ਕੇ ਉਹ ਉੱਥੇ ਹੀ ਮੁਸਲਮਾਨ ਹੋ ਗਿਆ ਅਤੇ ਹਜ਼ਰਤ ਮੁਹੰਮਦ (ਸ.) ਨੂੰ ਦੱਸਣ ਲੱਗਿਆ ਕਿ ਯਹੂਦੀ ਇਕ ਇਲਜ਼ਾਮ-ਤਰਾਸ਼ ਕੌਮ ਹੈ।ਜਦ ਉਨ੍ਹਾਂ ਨੂੰ ਮੇਰੇ ਮੁਸਲਮਾਨ ਹੋਣ ਬਾਰੇ ਖ਼ਬਰ ਮਿਲੇਗੀ ਤਾਂ ਉਹ ਮੇਰੇ ਉੱਤੇ ਇਲਜ਼ਾਮ-ਤਰਾਸ਼ੀਆਂ ਕਰਨੀਆਂ ਸ਼ੁਰੂ ਕਰ ਦੇਣਗੇ।ਗੱਲ ਦੀ ਸੱਚਾਈ ਨੂੰ ਪਰਖਣ ਲਈ ਹਜ਼ਰਤ ਮੁਹੰਮਦ (ਸ.) ਨੇ ਯਹੂਦੀਆਂ ਨੂੰ ਬੁਲਾ ਲਿਆ।ਜਦੋਂ ਉਹ ਆਏ ਤਾਂ ਹਜ਼ਰਤ ਅਬਦੁੱਲਾ ਘਰ ਵਿਚ ਛੁਪ ਗਏ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਤੋਂ ਪੁੱਛਿਆ, "ਤੁਹਾਡੇ ਅੰਦਰ ਅਬਦੁੱਲਾ ਪੁੱਤਰ ਸਾਮ ਕਿਹੋ ਜਿਹੇ ਆਦਮੀ ਹਨ ? ਤਾਂ ਉਹ ਆਖਣ ਲੱਗੇ ਕਿ, "ਉਹ ਸਾਡੇ ਸਭ ਤੋਂ ਵੱਡੇ ਵਿਦਵਾਨ ਹਨ ਅਤੇ ਸਭ ਤੋਂ ਵੱਡੇ ਆਲਮ ਦੇ ਪੁੱਤਰ ਹਨ"। ਹਜ਼ਰਤ ਮੁਹੰਮਦ (ਸ.) ਨੇ ਜਦ ਉਨ੍ਹਾਂ ਤੋਂ ਪੁੱਛਿਆ,"ਜੇ ਉਹ ਮੁਸਲਮਾਨ ਹੋ ਜਾਣ ਤਾਂ ਕੀ ਕਹੋਗੇ"।ਉਹ ਇਕ ਦਮ ਬੋਲ ਪਏ,"ਰੱਬ ਉਨ੍ਹਾਂ ਨੂੰ ਇਸ ਧਰਮ ਤੋਂ ਬਚਾ ਕੇ ਰੱਖੇ"।ਜਦੋਂ ਹਜ਼ਰਤ ਅਬਦੁੱਲਾ ਨੇ ਬਾਹਰ ਨਿਕਲ ਕੇ ਅਪਣੇ ਮੁਸਲਮਾਨ ਹੋਣ ਬਾਰੇ ਉਨ੍ਹਾਂ ਨੂੰ ਦੱਸਿਆ ਤਾਂ ਉਹ ਉਸ ਦੀਆਂ ਬੁਰਾਈਆਂ ਕਰਨ ਲੱਗੇ ਕਿ ਇਹ ਸਾਡਾ ਸਭ ਤੋਂ ਬੁਰਾ ਆਦਮੀ ਹੈ ਅਤੇ ਸਭ ਤੋਂ ਬੁਰੇ ਆਦਮੀ ਦਾ ਪੁੱਤਰ ਹੈ।ਜਦੋਂ ਹਜ਼ਰਤ ਅਬਦੁੱਲਾ ਨੇ ਹਜ਼ਰਤ ਮੁਹੰਮਦ (ਸ.) ਦੇ ਸੱਚਾ ਨਬੀ ਹੋਣ ਬਾਰੇ ਦੱਸਿਆ ਤਾਂ ਉਹ ਇਹ ਕਹਿ ਕੇ ਤੁਰ ਗਏ ਕਿ ਤੂੰ ਝੂਠ ਬੋਲਦਾ ਏਂ।ਇਹ ਪਹਿਲਾ ਤਜਰਬਾ ਸੀ ਜਿਹੜਾ ਹਜ਼ਰਤ ਮੁਹੰਮਦ (ਸ.) ਨੂੰ ਯਹੂਦੀਆਂ ਬਾਰੇ ਪ੍ਰਾਪਤ ਹੋਇਆ। ਮਦੀਨੇ ਦੇ ਅੰਦਰ ਦਰਸਾਈ ਉਪ੍ਰੋਕਤ ਅੰਦਰੂਨੀ ਹਾਲਤ ਤੋਂ ਬਿਨਾ ਮਦੀਨੇ ਤੋਂ ਬਾਹਰਲੇ ਲੋਕ ਵੀ ਕਈ ਕਿਸਮ ਦੀਆਂ ਸ਼ਾਜ਼ਿਸ਼ਾਂ ਘੜਦੇ ਰਹਿੰਦੇ ਸਨ।ਮਦੀਨੇ ਤੋਂ ਬਾਹਰ ਮੁਸਲਮਾਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਕੁਰੈਸ਼ ਵਾਲੇ ਸਨ ਜਿਹੜੇ ਮੱਕੇ ਵਿਚ ਤੇਰਾਂ ਸਾਲ ਤੱਕ ਮੁਸਲਮਾਨਾਂ ਉੱਤੇ ਜ਼ੁਲਮ ਕਰਦੇ ਰਹੇ ਸਨ।ਹਿਜਰਤ ਕਰਨ ਤੋਂ ਬਾਅਦ ਮੁਸਲਮਾਨਾਂ ਦੀਆਂ ਜ਼ਮੀਨਾਂ, ਘਰ-ਬਾਰ ਅਤੇ ਕਾਰੋਬਾਰ ਤਾਂ ਉਹ ਪਹਿਲਾਂ ਹੀ ਹੜੱਪ ਚੁੱਕੇ ਸਨ।ਮੱਕੇ ਵਿਚ ਖ਼ਾਨਾ ਕਾਅਬਾ ਦੇ ਮੁਤਵੱਲੀ ਹੋਣ ਦੇ ਨਾਤੇ ਉਨ੍ਹਾਂ ਨੇ ਹੱਜ ਤੇ ਆਉਣ ਵਾਲੇ ਲੋਕਾਂ ਨੂੰ ਮੁਸਲਮਾਨਾਂ ਦੇ ਖ਼ਿਲਾਫ਼ ਭੜਕਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਹੁਣ ਮੱਕੇ ਤੋਂ ਬਾਹਰ ਰਹਿੰਦੇ ਅਰਬੀ ਕਬੀਲਿਆਂ ਨੂੰ ਮੁਸਲਮਾਨਾਂ ਦਾ ਸੋਸਲ ਅਤੇ ਆਰਥਕ ਬਾਈਕਾਟ ਕਰਨ ਦਾ ਸੱਦਾ ਦੇ ਰਹੇ ਸਨ।ਅਰਬ ਦੇ ਵਪਾਰੀਆਂ ਨੇ ਮਦੀਨੇ ਦੇ ਲੋਕਾਂ ਨਾਲ ਵਪਾਰਕ ਸਬੰਧ ਤੋੜ ਲਏ ਸਨ ਜਿਸ ਨਾਲ ਮਦੀਨੇ ਦੀ ਆਰਥਿਕ ਹਾਲਤ ਵਿਗੜ ਗਈ ਸੀ। ਦੂਜੇ ਪਾਸੇ ਮੁਸਲਮਾਨ ਵੀ ਅਪਣੀ ਸਥਿਤੀ ਨੂੰ ਮਜ਼ਬੂਤ ਕਰਕੇ ਲਾਮਬੰਦ ਹੋ ਰਹੇ ਸਨ ਅਤੇ ਮੱਕੇ ਦੇ ਉਨ੍ਹਾਂ ਲੋਕਾਂ ਦੀਆਂ ਚਾਲਾਂ ਦਾ ਮੁਕਾਬਲਾ ਕਰਨ ਲਈ ਤਿਆਰੀਆਂ ਵਿਚ ਰੁਝ ਗਏ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਮੱਕੇ ਤੋਂ ਬਾਹਰ ਕੱਢ ਕੇ ਉਨ੍ਹਾਂ ਦੇ ਘਰ-ਬਾਰ ਅਤੇ ਜਾਇਦਾਦਾਂ ਉੱਤੇ ਕਬਜ਼ਾ ਕਰ ਲਿਆ ਸੀ।
73. ਮਸਜਿਦ ਨਬਵੀ ਦੀ ਉਸਾਰੀ
ਮਦੀਨੇ ਵਿਚ ਕੁਝ ਦਿਨ ਆਰਾਮ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਮਸਜਿਦ ਬਣਾਉਣ ਦਾ ਇਰਾਦਾ ਕੀਤਾ ਅਤੇ ਮਸਜਿਦ ਬਣਾਉਣ ਲਈ ਉਸੇ ਥਾਂ ਦੀ ਚੋਣ ਕੀਤੀ ਗਈ ਜਿਸ ਥਾਂ ਤੇ ਮਦੀਨੇ ਵਿਚ ਦਾਖ਼ਲ ਹੋਣ ਸਮੇਂ ਆਪ ਦੀ ਊਂਠਨੀ ਰੁਕੀ ਸੀ।ਥਾਂ ਦੀ ਮਾਲਕੀ ਬਾਰੇ ਪੁੱਛਣ ਤੇ ਪਤਾ ਚੱਲਿਆ ਕਿ ਇਹ ਥਾਂ ਦੋ ਯਤੀਮ ਬੱਚਿਆਂ ਸਹਿਲ ਅਤੇ ਸੁਹੇਲ ਦੀ ਹੈ ਜਿਹੜੇ ਮੁਆਜ਼ ਬਿਨ ਅਫ਼ਰਾ ਦੀ ਸਰਪ੍ਰਸਤੀ ਅਧੀਨ ਪਲ ਰਹੇ ਸਨ।ਹਜ਼ਰਤ ਮੁਹੰਮਦ (ਸ.) ਨੇ ਜਦੋਂ ਮਸਜਿਦ ਲਈ ਇਹ ਜਗਾ ਖ਼ਰੀਦਣ ਦੀ ਗੱਲ ਕੀਤੀ ਤਾਂ ਮਾਲਕਾਂ ਨੇ ਬਿਨਾ ਕੀਮਤ ਥਾਂ ਦੇਣ ਦੀ ਪੇਸ਼ਕਸ ਕਰ ਦਿੱਤੀ ਪਰ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ।ਆਖ਼ਰਕਾਰ ਦਸ ਦੀਨਾਰ ਦੀ ਕੀਮਤ ਦੇ ਕੇ ਇਹ ਥਾਂ ਮਸਜਿਦ ਲਈ ਖ਼ਰੀਦ ਲਈ ਗਈ। ਅਕਤੂਬਰ ੬੨੨ ਈਸਵੀ ਨੂੰ ਮਸਜਿਦ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ।ਤਲਕ ਬਿਨ ਅਲੀ ਨੇ ਇੱਟਾਂ ਚਿਨਣ ਲਈ ਗਾਰਾ ਤਿਆਰ ਕੀਤਾ।ਜਦੋਂ ਹਜ਼ਰਤ ਮੁਹੰਮਦ (ਸ.) ਦੇ ਸਹਾਬੀ ਇੱਟਾਂ ਚੁੱਕ ਕੇ ਲਿਆ ਰਹੇ ਸਨ ਤਾਂ ਆਪ ਵੀ ਉਨ੍ਹਾਂ ਦੇ ਨਾਲ ਬਰਾਬਰ ਇੱਟਾਂ ਚੁੱਕਣ ਲੱਗੇ ਹੋਏ ਸਨ।ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਲਿਖਦੇ ਹਨ ਕਿ ਇੱਟਾਂ ਅਤੇ ਗਾਰਾ ਚੁੱਕ ਕੇ ਆਪ ਨੇ ਨਾ ਸਿਰਫ਼ ਮਿਹਨਤ ਅਤੇ ਮਜ਼ਦੂਰੀ ਦੇ ਪੇਸ਼ੇ ਨੂੰ ਇੱਜ਼ਤ ਬਖ਼ਸ਼ੀ ਸਗੋਂ ਊਚ-ਨੀਚ ਦੇ ਫ਼ਰਕ ਨੂੰ ਵੀ ਮਿਟਾਇਆ।ਉਨ੍ਹਾਂ ਨੇ ਸਿਰਫ਼ ਨੀਂਹ-ਪੱਥਰ ਰੱਖ ਕੇ ਹੀ ਵਾਹਵਾ ਨਹੀਂ ਖੱਟੀ ਸਗੋਂ ਜਿੰਨੀ ਦੇਰ ਮਸਜਿਦ ਬਣਦੀ ਰਹੀ ਆਪ ਵੀ ਬਣਾਉਣ ਵਾਲਿਆਂ ਦੇ ਨਾਲ ਲੱਗੇ ਰਹੇ। ਉਸਾਰੀ ਸਮੇਂ ਇਹ ਮਸਜਿਦ ਸਿਰਫ਼ ਡੇਢ ਸੌ ਫ਼ੁੱਟ ਲੰਬੀ ਅਤੇ ਡੇਢ ਸੌ ਫ਼ੁੱਟ ਚੌੜੀ ਸੀ।ਮੁਸਲਮਾਨਾਂ ਦੀ ਗਿਣਤੀ ਵਧਣ ਨਾਲ ਇਹ ਮਸਜਿਦ ਛੋਟੀ ਰਹਿ ਗਈ। ਸਨ ੭ ਹਿਜਰੀ ਵਿਚ ਯਹੂਦੀਆਂ ਨਾਲ ਹੋਈ ਖ਼ੈਬਰ ਦੀ ਜੰਗ ਨੂੰ ਜਿੱਤਣ ਤੋਂ ਬਾਅਦ ਆਪ ਨੇ ਇਸ ਮਸਜਿਦ ਦੇ ਖੇਤਰ ਨੂੰ ਵਧਾਉਣ ਦਾ ਫ਼ੈਸਲਾ ਕੀਤਾ।ਇਸ ਵਾਰ ਵੀ ਆਪ ਨੇ ਦੂਸਰੇ ਸਹਾਬੀਆਂ ਨਾਲ ਮਿਲ ਕੇ ਇੱਟਾਂ ਢੋਈਆਂ ਅਤੇ ਗਾਰਾ ਚੁੱਕਿਆ। ਇਸ ਮਸਜਿਦ ਦੀਆਂ ਕੰਧਾਂ ਕੱਚੀਆਂ ਇੱਟਾਂ ਦੀਆਂ ਬਣੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਖਜੂਰ ਦੇ ਪੱਤਿਆਂ ਦੀ ਛੱਤ ਪਾਈ ਹੋਈ ਸੀ।ਇਸ ਮਸੀਤ ਦਾ ਕਿਬਲਾ ਬੈਤੁਲਮੁਕੱਦਸ ਵੱਲ ਰੱਖਿਆ ਗਿਆ ਸੀ ਕਿਉਂ ਜੋ ਉਸ ਸਮੇਂ ਤੱਕ ਖ਼ਾਨਾ ਕਾਅਬਾ ਕੁਰੈਸ਼ ਵਾਲਿਆਂ ਦੇ ਅਧੀਨ ਸੀ ਅਤੇ ਉਸ ਵਿਚ ਉਨ੍ਹਾਂ ਨੇ ਪੂਜਾ ਲਈ ਬੁੱਤ ਰੱਖੇ ਹੋਏ ਸਨ।ਮਸਜਿਦ ਦਾ ਫ਼ਰਸ਼ ਕੱਚਾ ਸੀ ਜਦੋਂ ਮੀਂਹ ਪੈਂਦਾ ਤਾਂ ਇਸ ਦੇ ਵਿਹੜੇ ਵਿਚ ਚਿੱਕੜ ਹੋ ਜਾਂਦਾ।ਚਿੱਕੜ ਤੋਂ ਤੰਗ ਆਏ ਮੁਸਲਮਾਨਾਂ ਨੇ ਪਹਾੜ ਤੋਂ ਪੱਥਰ ਢੋਅ ਕੇ ਫ਼ਰਸ਼ ਵੀ ਪੱਥਰ ਦਾ ਬਣਾ ਲਿਆ।ਮਸਜਿਦ ਨਬਵੀ ਸਿਰਫ਼ ਨਮਾਜ਼ ਪੜ੍ਹਨ ਵਾਸਤੇ ਹੀ ਨਹੀਂ ਸੀ ਸਗੋਂ ਇਹ ਇਕ ਤਰ੍ਹਾਂ ਦੀ ਇਸਲਾਮਿਕ ਯੂਨੀਵਰਸਿਟੀ ਸੀ। ਮਸਜਿਦ ਦੇ ਵਿਹੜੇ ਵਿਚ ਉੱਤਰ ਵਾਲੇ ਪਾਸੇ ਇਕ ਚਬੂਤਰਾ ਬਣਾਇਆ ਗਿਆ ਜਿਸ ਉੱਤੇ ਉਹ ਲੋਕ ਰਾਤਾਂ ਕੱਟਦੇ ਸਨ ਜਿਹੜੇ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਆਏ ਸਨ ਅਤੇ ਜਿਨ੍ਹਾਂ ਦੇ ਰਹਿਣ ਦਾ ਅਜੇ ਕੋਈ ਬੰਦੋਬਸਤ ਨਹੀਂ ਹੋਇਆ ਸੀ।ਦਿਨ ਦੇ ਸਮੇਂ ਇਸ ਚਬੂਤਰੇ ਉੱਤੇ ਇਸਲਾਮੀ ਵਿਦਿਆ ਪੜ੍ਹਾਈ ਜਾਂਦੀ ਸੀ। ਖਾਣੇ ਦਾ ਸਮਾਂ ਹੁੰਦਾ ਤਾਂ ਮਦੀਨੇ ਦੇ ਅਨਸਾਰੀ ਅਪਣੀ ਹੈਸੀਅਤ ਅਨੁਸਾਰ ਮੁਹਾਜਰਾਂ ਨੂੰ ਅਪਣੇ ਘਰ ਲੈ ਜਾਂਦੇ।ਜਦੋਂ ਸਦਕੇ ਜਾਂ ਪੁੰਨ-ਦਾਨ ਦੀ ਕੋਈ ਖਾਣ ਵਾਲੀ ਚੀਜ਼ ਆ ਜਾਂਦੀ ਤਾਂ ਸਾਰਿਆਂ ਵਿਚ ਵੰਡ ਦਿੱਤੀ ਜਾਂਦੀ। ਸ਼ੁਰੂ ਸ਼ੁਰੂ ਵਿਚ ਇਸ ਚਬੂਤਰੇ ਉੱਤੇ ਇਸਲਾਮੀ ਵਿਦਿਆ ਦੀ ਸਿੱਖਿਆ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਸੱਤਰ ਜਾਂ ਅੱਸੀ ਦੇ ਵਿਚਕਾਰ ਸੀ।ਸਵੇਰੇ ਸ਼ਾਮ ਪੜ੍ਹਨ ਤੋਂ ਵਿਹਲੇ ਹੋ ਕੇ ਇਹ ਵਿਦਿਆਰਥੀ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਇਨ੍ਹਾਂ ਵਿੱਚੋਂ ਕੁਝ ਜੰਗਲ ਵਿੱਚੋਂ ਲੱਕੜੀਆਂ ਕੱਟ ਕੇ ਲਿਆਉਂਦੇ ਸਨ।ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਵਿਚ ਇਥੋਂ ਪੜ੍ਹਾਈ ਕਰਕੇ ਵਿਹਲੇ ਹੋਣ ਵਾਲਿਆਂ ਦੀ ਗਿਣਤੀ ੯੦੦ ਕਹੀ ਜਾਂਦੀ ਹੈ।ਮਦੀਨੇ ਤੋਂ ਬਾਹਰ ਦੂਰ-ਦਰਾਜ਼ ਦੇ ਅਰਬ ਇਲਾਕਿਆਂ ਵਿਚ ਇਸਲਾਮ ਦੇ ਫ਼ੈਲਣ ਤੋਂ ਬਾਅਦ ਇਸੇ ਚਬੂਤਰੇ ਉੱਤੇ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਧਾਰਮਿਕ ਸਿਖਿਆ ਦੇਣ ਲਈ ਉੱਥੇ ਭੇਜਿਆ ਜਾਂਦਾ ਸੀ। ਮਸਜਿਦ ਦੇ ਨੇੜੇ ਹੀ ਆਪ ਨੇ ਅਪਣੀਆਂ ਪਤਨੀਆਂ ਵਾਸਤੇ ਕੁਝ ਹੁਜਰੇ (ਕਮਰੇ) ਬਣਵਾਏ ਜਿਨ੍ਹਾਂ ਦੀ ਲੰਬਾਈ ਦਸ ਹੱਥ ਅਤੇ ਚੌੜਾਈ ਛੇ ਹੱਥ ਸੀ।ਇਨ੍ਹਾਂ ਹੁਜਰਿਆਂ ਦੀ ਛੱਤ ਖਜੂਰ ਦੀਆਂ ਟਾਹਣੀਆਂ ਅਤੇ ਪੱਤਿਆਂ ਦੀ ਬਣੀ ਹੋਈ ਸੀ।ਇਨ੍ਹਾਂ ਛੱਤਾਂ ਦੀ ਉਚਾਈ ਬਸ ਐਨੀ ਹੀ ਸੀ ਕਿ ਖੜ੍ਹੇ ਆਦਮੀ ਦਾ ਹੱਥ ਛੱਤ ਨੂੰ ਲੱਗ ਜਾਂਦਾ ਸੀ।ਹੁਜਰਿਆਂ ਦੇ ਦਰਵਾਜ਼ਿਆਂ ਉੱਤੇ ਟਾਟ ਜਾਂ ਕੰਬਲ ਦੇ ਪਰਦੇ ਲੱਗੇ ਹੋਏ ਸਨ।ਆਪ ਸੱਤ ਮਹੀਨਿਆਂ ਤੱਕ ਅਬੂ ਅਯੂਬ ਦੇ ਘਰ ਰਹੇ ਅਤੇ ਫੇਰ ਇਨ੍ਹਾਂ ਹੁਜਰਿਆਂ ਵਿਚ ਆ ਗਏ। ਮਸਜਿਦ ਨਬਵੀ ਵਿਚ ਮੁੱਦਤਾਂ ਤੋਂ ਲੜਦੇ ਆ ਰਹੇ ਕਬੀਲਿਆਂ ਦੇ ਲੋਕ ਆਪਸ ਵਿਚ ਮਿਲ ਕੇ ਬਹਿੰਦੇ ਸਨ।ਇਹ ਇਕ ਕਿਸਮ ਨਾਲ ਨਿੱਕੇ ਜਿਹੇ ਇਸ ਇਸਲਾਮੀ ਮੁਲਕ ਦਾ ਹੈਡਕੁਆਰਟਰ ਸੀ ਜਿੱਥੇ ਬੈਠ ਕੇ ਸਾਰੇ ਰਾਜਨੀਤਕ ਫ਼ੈਸਲੇ ਲਏ ਜਾਂਦੇ ਸਨ ਅਤੇ ਫ਼ੌਜੀ ਕਾਰਵਾਈਆਂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਸਨ।ਇਸ ਤੋਂ ਮੁਲਕ ਦੀ ਪਾਰਲੀਮੈਂਟ ਦਾ ਕੰਮ ਵੀ ਲਿਆ ਜਾਂਦਾ ਸੀ ਜਿੱਥੇ ਬੈਠ ਕੇ ਭਵਿੱਖ ਵਿਚ ਪੇਸ਼ ਆਉਣ ਵਾਲੀਆਂ ਚੁਣੌਤੀਆਂ ਲਈ ਮਸ਼ਵਰੇ ਕੀਤੇ ਜਾਂਦੇ ਸਨ ਅਤੇ ਉਨ੍ਹਾਂ ਨਾਲ ਟੱਕਰ ਲੈਣ ਲਈ ਸਕੀਮਾਂ ਬਣਾਈਆਂ ਜਾਂਦੀਆਂ ਸਨ।
74. ਭਾਈਚਾਰਕ ਸਾਂਝ
ਮੱਕੇ ਤੋਂ ਹਿਜਰਤ ਕਰਕੇ ਮਦੀਨੇ ਪਹੁੰਚੇ ਮੁਸਲਮਾਨਾਂ ਨੂੰ ਮੁਹਾਜਰ ਕਿਹਾ ਜਾਂਦਾ ਸੀ।ਅਪਣਾ ਘਰ-ਬਾਰ ਤਿਆਗ ਕੇ ਆਉਣ ਵਾਲੇ ਇਨ੍ਹਾਂ ਮੁਸਲਮਾਨਾਂ ਕੋਲ ਕੋਈ ਸਾਮਾਨ ਨਹੀਂ ਸੀ।ਉਹ ਬੇਸਾਮਾਨ ਸਨ ਅਤੇ ਅਪਣੇ ਭਰੇ-ਭਰਾਏ ਘਰ-ਬਾਰ ਛੱਡ ਕੇ ਆਏ ਸਨ।ਭਾਵੇਂ ਇਨ੍ਹਾਂ ਵਿੱਚੋਂ ਬਹੁਤ ਸਾਰੇ ਖਾਂਦੇ-ਪੀਂਦੇ ਅਤੇ ਤਕੜੇ ਘਰਾਂ ਨਾਲ ਸਬੰਧ ਰੱਖਣ ਵਾਲੇ ਸਨ ਪਰ ਉਨ੍ਹਾਂ ਨੂੰ ਵੀ ਚੋਰੀ-ਛੁਪੇ ਭੱਜਣ ਲੱਗਿਆਂ ਘਰੋਂ ਸਾਮਾਨ ਚੁੱਕਣ ਦੀ ਹਿੰਮਤ ਨਹੀਂ ਸੀ ਹੋਈ।ਇਹ ਸਾਰੇ ਮੁਹਾਜਰ ਮਦੀਨੇ ਵਿਚ ਪਹਿਲਾਂ ਤੋਂ ਵਸਦੇ ਅਨਸਾਰੀ ਮੁਸਲਮਾਨਾਂ ਦੇ ਮਹਿਮਾਨ ਸਨ ਪਰ ਹਜ਼ਰਤ ਮੁਹੰਮਦ (ਸ.) ਨੂੰ ਇਨ੍ਹਾਂ ਦੀ ਪੱਕੀ ਰਿਹਾਇਸ਼ ਦੀ ਲੋੜ ਮਹਿਸੂਸ ਹੋ ਰਹੀ ਸੀ।ਦੂਸਰੇ ਮੁਹਾਜਰ ਲੋਕ ਵਿਹਲਾ ਰਹਿਣ ਨੂੰ ਵੀ ਚੰਗਾ ਨਹੀਂ ਸਮਝਦੇ ਸਨ ਅਤੇ ਅਪਣੇ ਹੱਥਾਂ ਨਾਲ ਕਮਾ ਕੇ ਖਾਣਾ ਚਾਹੁੰਦੇ ਸਨ। ਮਸਜਿਦ ਨਬਵੀ ਦੀ ਉਸਾਰੀ ਮੁਕੰਮਲ ਕਰ ਲੈਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਇਕ ਦਿਨ ਮੁਸਲਮਾਨ ਅਨਸਾਰੀਆਂ ਨੂੰ ਮਸਜਿਦ ਵਿਚ ਸੱਦਿਆ ਅਤੇ ਕਿਹਾ ਕਿ ਇਹ ਮੁਹਾਜਰ ਤੁਹਾਡੇ ਭਰਾ ਹਨ।ਆਪ ਨੇ ਇਕ ਬੰਦਾ ਅਨਸਾਰੀਆਂ ਦਾ ਅਤੇ ਇਕ ਮੁਹਾਜਰ ਨੂੰ ਬੁਲਾ ਕੇ ਆਖਿਆ ਕਿ ਅੱਜ ਤੋਂ ਤੁਸੀਂ ਦੋਵੇਂ ਭਰਾ ਹੋ।ਇਸੇ ਤਰ੍ਹਾਂ ਉਨ੍ਹਾਂ ਨੇ ਸਾਰੇ ਮੁਹਾਜਰਾਂ ਨੂੰ ਇਕ ਇਕ ਕਰਕੇ ਅਨਸਾਰੀਆਂ ਦਾ ਭਰਾ ਬਣਾ ਦਿੱਤਾ ਅਤੇ ਉਨ੍ਹਾਂ ਦੇ ਘਰਾਂ ਵਿਚ ਭੇਜ ਦਿੱਤਾ।ਮੁਹੰਮਦ ਅਬਦੁਲ ਹਈ ਲਿਖਦਾ ਹੈ ਕਿ,"ਅਨਸਾਰ ਮੁਹਾਜਰਾਂ ਨੂੰ ਅਪਣੇ ਘਰ ਲੈ ਗਏ।ਉਨ੍ਹਾਂ ਨੇ ਅਪਣੀਆਂ ਜਾਇਦਾਦਾਂ ਦਾ ਲੇਖਾ-ਜੋਖਾ ਮੁਹਾਜਰਾਂ ਦੇ ਸਾਹਮਣੇ ਰੱਖ ਦਿੱਤਾ ਅਤੇ ਕਿਹਾ ਇਨ੍ਹਾਂ ਵਿਚ ਅੱਧ ਤੁਹਾਡਾ ਹੈ।ਇਸ ਤਰ੍ਹਾਂ ਮੁਹਾਜਰਾਂ ਦੀ ਇੱਛਾ ਅਨੁਸਾਰ ਘਰ ਦੀ ਹਰ ਚੀਜ਼ ਵੰਡੀ ਗਈ ਅਤੇ ਉਹ ਘਰਾਂ ਵਾਲੇ ਹੋ ਗਏ।ਬਹੁਤ ਸਾਰੇ ਮੁਹਾਜਰਾਂ ਨੇ ਪੁਰਾਣਾ ਕਿੱਤਾ ਵਪਾਰ ਫ਼ੇਰ ਸ਼ੁਰੂ ਕਰ ਲਿਆ।ਉਨ੍ਹਾਂ ਵਿੱਚੋਂ ਕਈਆਂ ਨੇ ਦੁਕਾਨਾਂ ਖੋਲ੍ਹ ਲਈਆਂ।ਭਾਵ ਇਹ ਕਿ ਮੁਹਾਜਰਾਂ ਦੇ ਮੁੜ ਵਸੇਬੇ ਦਾ ਕਾਰਜ ਪੂਰਾ ਹੋ ਗਿਆ"। ਪਰ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਲਿਖਦਾ ਹੈ ਕਿ ਭਾਈਚਾਰਕ ਸਾਂਝ ਲਈ ਕੀਤਾ ਜਾਣ ਵਾਲਾ ਮੁਹਾਜਰਾਂ ਅਤੇ ਅਨਸਾਰੀਆਂ ਦਾ ਇਹ ਇਕੱਠ ਮਸਜਿਦ ਵਿਚ ਨਹੀਂ ਸਗੋਂ ਸਨ ੧ ਹਿਜਰੀ ਦੇ ਪੰਜਵੇਂ ਮਹੀਨੇ ਹਜ਼ਰਤ ਅਨਸ ਬਿਨ ਮਾਲਿਕ ਦੇ ਘਰ ਹੋਇਆ ਸੀ ਜਿਸ ਵਿਚ ਪੰਜਾਹ ਮਹਾਜਰਾਂ ਅਤੇ ਐਨੇ ਹੀ ਅਨਸਾਰੀਆਂ ਨੂੰ ਸੱਦਿਆ ਗਿਆ ਸੀ। ਇਸ ਭਾਈਚਾਰਕ ਸਾਂਝ ਨੂੰ ਦਰਸਾਉਣ ਵਾਲੀਆਂ ਕਈ ਉਦਾਹਰਣਾਂ ਮਿਲਦੀਆਂ ਹਨ।ਇਕ ਵਾਰ ਅਨਸਾਰੀਆਂ ਨੇ ਇਕੱਠੇ ਹੋ ਕੇ ਹਜ਼ਰਤ ਮੁਹੰਮਦ (ਸ.) ਨੂੰ ਕਿਹਾ ਕਿ ਤੁਸੀਂ ਸਾਡੇ ਅਤੇ ਸਾਡੇ ਭਾਈ ਮੁਹਾਜਰਾਂ ਦੇ ਵਿਚਕਾਰ ਸਾਡੇ ਖਜੂਰ ਦੇ ਬਾਗ਼ ਵੰਡ ਦਿਓ ਪਰ ਆਪ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ।ਜਦੋਂ ਅਨਸਾਰੀਆਂ ਨੇ ਕਿਹਾ ਕਿ ਇਹ (ਮੁਹਾਜਰ) ਬਾਗ਼ਾਂ ਵਿਚ ਸਾਡੇ ਨਾਲ ਕੰਮ ਕਰਵਾ ਦਿਆ ਕਰਨ ਫਲ ਪੱਕਣ ਉੱਤੇ ਅਸੀਂ ਇਨ੍ਹਾਂ ਨੂੰ ਹਿੱਸਾ ਦੇ ਦਿਆ ਕਰਾਂਗੇ ਤਾਂ ਆਪ ਨੇ ਕਿਹਾ ਇਹ ਠੀਕ ਹੈ। ਇਸ ਭਾਈਚਾਰਕ ਸਾਂਝ ਦੀ ਇਕ ਹੋਰ ਉਦਾਹਰਣ ਹਜ਼ਰਤ ਸਾਅਦ ਬਿਨ ਰਬੀਅ ਦਾ ਕਿੱਸਾ ਹੈ।ਮੁਫ਼ਤੀ ਫ਼ਜ਼ੈਲੁਰ ਰਹਿਮਾਨ ਲਿਖਦੇ ਹਨ ਕਿ ਹਜ਼ਰਤ ਸਾਅਦ ਬਿਨ ਰਬੀਅ ਅਪਣੇ ਹਿੱਸੇ ਆਏ ਮੁਹਾਜਰ ਭਾਈ ਹਜ਼ਰਤ ਰਹਿਮਾਨ ਬਿਨ ਔਫ਼ ਨੂੰ ਬਨੂ ਹਾਰਸਾ ਦੇ ਮੁਹੱਲੇ ਵਿਚ ਅਪਣੇ ਘਰ ਲਿਆਏ ਅਤੇ ਖਾਣਾ ਖਾਣ ਤੋਂ ਬਾਅਦ ਅਬਦੁਲ ਰਹਿਮਾਨ ਨੂੰ ਕਹਿਣ ਲੱਗੇ ਕਿ ਮੈਂ ਅਪਣਾ ਘਰ, ਅਪਣਾ ਬਾਗ਼ ਅਤੇ ਮਾਲ ਦੌਲਤ ਦਾ ਅੱਧਾ ਹਿੱਸਾ ਤੁਹਾਡੇ ਨਾਂ ਕਰਦਾ ਹਾਂ।ਮੇਰੀਆਂ ਦੋ ਪਤਨੀਆਂ ਹਨ ਉਨ੍ਹਾਂ ਵਿੱਚੋਂ ਜਿਹੜੀ ਤੁਹਾਨੂੰ ਪਸੰਦ ਹੈ ਉਸ ਨੂੰ ਤਲਾਕ ਦੇ ਦਿੰਦਾ ਹਾਂ ਤਾਂ ਜੋ ਇੱਦਤ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਤੁਸੀਂ ਉਸ ਨਾਲ ਵਿਆਹ ਕਰ ਲਵੋ।ਪਰ ਹਜ਼ਰਤ ਰਹਿਮਾਨ ਕਹਿਣ ਲੱਗੇ ਮੇਰੇ ਭਾਈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਮੁਬਾਰਕ।ਮੈਨੂੰ ਸਿਰਫ਼ ਇਹ ਦੱਸ ਦਿਉ ਕਿ ਬਾਜ਼ਾਰ ਕਿੱਧਰ ਹੈ।ਉਨ੍ਹਾਂ ਨੇ ਅਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਅਪਣੀ ਮਿਹਨਤ ਸਦਕਾ ਮਦੀਨੇ ਦੇ ਧਨਾਡ ਵਿਅਕਤੀਆਂ ਵਿਚ ਸ਼ਾਮਿਲ ਹੋ ਗਏ। ਇਤਿਹਾਸਕਾਰ ਲਿਖਦੇ ਹਨ ਕਿ ਭਾਈਚਾਰਕ ਸਾਂਝ ਦਾ ਇਹ ਕਦਮ ਹਜ਼ਰਤ ਮੁਹੰਮਦ (ਸ.) ਦੀ ਦੂਰਅੰਦੇਸ਼ ਅਤੇ ਇੰਤਜ਼ਾਮੀ ਸੋਚ ਦਾ ਸ਼ਾਹਕਾਰ ਸੀ ਜਿਸ ਨਾਲ ਸੈਂਕੜੇ ਬੇਰੋਜ਼ਗਾਰ ਮੁਹਾਜਰਾਂ ਦਾ ਮਸਲਾ ਇਕ ਹੀ ਦਿਨ ਵਿਚ ਹੱਲ ਹੋ ਗਿਆ। ਆਪ ਦੀ ਇਸ ਇੰਤਜ਼ਾਮੀ ਸੋਚ ਦਾ ਮਦੀਨੇ ਦੇ ਸਮਾਜਿਕ ਅਤੇ ਆਰਥਕ ਖੇਤਰ ਉੱਤੇ ਚੰਗਾ ਅਸਰ ਪਿਆ।ਕਿਉਂ ਜੋ ਇਸ ਤੋਂ ਪਹਿਲਾਂ ਮਦੀਨੇ ਦੇ ਅਨਸਾਰੀ ਖੇਤੀਬਾੜੀ ਕਰਦੇ ਸਨ ਅਤੇ ਵਪਾਰ ਉੱਤੇ ਯਹੂਦੀਆਂ ਦਾ ਪੂਰਾ ਕਬਜ਼ਾ ਸੀ।ਵਪਾਰ ਉੱਤੇ ਉਨ੍ਹਾਂ ਦਾ ਕਬਜ਼ਾ ਹੋਣ ਕਰਕੇ ਉਹ ਅਨਸਾਰੀਆਂ ਦੀ ਆਰਥਕ ਕਮਜ਼ੋਰੀ ਦਾ ਪੂਰਾ ਲਾਹਾ ਲੈਂਦੇ ਸਨ।ਫ਼ਸਲ ਬੀਜਣ ਸਮੇਂ ਜਦੋਂ ਅਨਸਾਰੀਆਂ ਨੂੰ ਪੈਸੇ ਦੀ ਲੋੜ ਹੁੰਦੀ ਤਾਂ ਯਹੂਦੀ ਉਨ੍ਹਾਂ ਨੂੰ ਵਿਆਜ਼ ਉੱਤੇ ਕਰਜ਼ਾ ਦੇ ਦਿੰਦੇ।ਅਨਸਾਰੀ ਚੱਕਰ ਵਿਧੀ ਵਿਆਜ਼ ਦੇ ਚੱਕਰ ਵਿਚ ਅਜਿਹੇ ਉਲਝਦੇ ਕਿ ਯਹੂਦੀਆਂ ਦੇ ਚੁੰਗਲ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਅਤੇ ਅਪਣੀਆਂ ਪੱਕੀਆਂ ਫ਼ਸਲਾਂ ਉਨ੍ਹਾਂ ਨੂੰ ਸਸਤੇ ਭਾਅ ਵੇਚਣ ਲਈ ਮਜਬੂਰ ਹੋ ਜਾਂਦੇ। ਪਰ ਮੁਹਾਜਰ ਵਪਾਰੀ ਲੋਕ ਸਨ।ਮੱਕੇ ਵਿਖੇ ਉਹ ਵਪਾਰ ਦਾ ਧੰਦਾ ਛੱਡ ਕੇ ਆਏ ਸਨ।ਇਸ ਲਈ ਉਹ ਵਪਾਰਕ ਸੂਝ ਪੱਖੋਂ ਯਹੂਦੀਆਂ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਸਨ।ਮੁਹਾਜਰਾਂ ਦੇ ਇਸ ਧੰਦੇ ਨੂੰ ਅਪਣਾਉਣ ਨਾਲ ਯਹੂਦੀਆਂ ਦੀ ਵਪਾਰ ਉੱਤੋਂ ਮਨੋਪਲੀ ਖ਼ਤਮ ਹੋਣ ਲੱਗੀ ਅਤੇ ਅਨਸਾਰੀ ਵਿਆਜ਼ ਦੇ ਬੋਝ ਹੇਠੋਂ ਨਿਕਲਣ ਲੱਗੇ। ਜਦੋਂ ਹਜ਼ਰਤ ਮੁਹੰਮਦ (ਸ.) ਨੇ 'ਬਹਿਰੀਨ' ਫ਼ਤੇਹ ਕੀਤਾ ਤਾਂ ਆਪ ਨੇ ਅਨਸਾਰੀਆਂ ਨੂੰ ਸੱਦ ਕੇ ਉਨ੍ਹਾਂ ਦੇ ਨਾਂ ਜ਼ਮੀਨਾਂ ਅਲਾਟ ਕਰਨੀਆਂ ਚਾਹੀਆਂ ਪਰ ਉਨ੍ਹਾਂ ਨੇ ਇਸ ਸ਼ਰਤ ਉੱਤੇ ਜ਼ਮੀਨਾਂ ਲੈਣੀਆਂ ਸਵਿਕਾਰ ਕੀਤੀਆਂ ਕਿ ਪਹਿਲਾਂ ਸਾਡੇ ਬਰਾਬਰ ਮੁਹਾਜਰਾਂ ਨੂੰ ਵੀ ਜ਼ਮੀਨਾ ਅਲਾਟ ਕੀਤੀਆਂ ਜਾਣ।ਅਨਸਾਰੀਆਂ ਦੇ ਅਜਿਹੇ ਅਹਿਸਾਨਾਂ ਨੂੰ ਦੇਖ ਕੇ ਇਕ ਦਿਨ ਮੁਹਾਜਰ ਹਜ਼ਰਤ ਮੁਹੰਮਦ (ਸ.) ਨੂੰ ਕਹਿਣ ਲੱਗੇ ਕਿ ਨਿੱਤ ਦਿਨ ਸਾਡੇ ਉੱਤੇ ਅਹਿਸਾਨ ਕਰਕੇ ਸਾਰਾ ਸਵਾਬ ਅਨਸਾਰੀ ਲੈ ਜਾਣਗੇ ਅਤੇ ਅਸੀਂ ਰੱਬ ਦੇ ਦਰਬਾਰ ਵਿਚ ਸਵਾਬ ਤੋਂ ਵਾਂਝੇ ਰਹਿ ਜਾਵਾਂਗੇ। ਉਨ੍ਹਾਂ ਦੇ ਤੌਖਲੇ ਨੂੰ ਮਿਟਾਉਣ ਲਈ ਆਪ ਨੇ ਮੁਹਾਜਰਾਂ ਨੂੰ ਫ਼ਰਮਾਇਆ "ਤੁਸੀਂ ਉਨ੍ਹਾਂ ਦੇ ਹੱਕ ਵਿਚ ਭਲਾਈ ਦੀ ਦੁਆ ਕਰਦੇ ਰਿਹਾ ਕਰੋ।ਤੁਹਾਡੇ ਲਈ ਇਹੋ ਉਸ ਤੋਂ ਵੱਧ ਹੈ"। ਉਪ੍ਰੋਕਤ ਉਦਾਹਰਣ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਨਸਾਰੀਆਂ ਨੇ ਕਿਵੇਂ ਵਧ-ਚੜ੍ਹ ਕੇ ਮਹਾਜਰਾਂ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਅਪਣੇ ਬਰਾਬਰ ਕਰਨ ਲਈ ਮਾਲ-ਦੌਲਤ ਦੀਆਂ ਕਿੰਨੀਆਂ ਕੁਰਬਾਨੀਆਂ ਦਿੱਤੀਆਂ।ਮੁਹਾਜਰਾਂ ਨੇ ਵੀ ਉਨ੍ਹਾਂ ਦੀਆਂ ਮਿਹਰਬਾਨੀਆਂ ਦਾ ਗ਼ਲਤ ਫ਼ਾਇਦਾ ਨਹੀਂ ਚੁੱਕਿਆ ਸਗੋਂ ਉਨ੍ਹਾਂ ਕੋਲੋਂ ਉਨਾ ਮਾਲ ਹੀ ਪ੍ਰਾਪਤ ਕੀਤਾ ਜਿਸ ਨਾਲ ਉਨ੍ਹਾਂ ਦੀ ਟੁੱਟੀ-ਫੁੱਟੀ ਆਰਥਕ ਹਾਲਤ ਅਪਣੇ ਪੈਰਾਂ ਉੱਤੇ ਖੜ੍ਹੀ ਹੋ ਸਕੇ।ਇਹ ਭਾਈਚਾਰਕ ਸਾਂਝ ਮੁਸਲਮਾਨਾਂ ਦੀਆਂ ਬਹੁਤ ਸਾਰੀਆਂ ਮੁਸੀਬਤਾਂ ਦਾ ਹੱਲ ਸਾਬਤ ਹੋਈ। ਇਬਨੇ ਹੱਸ਼ਾਮ ਲਿਖਦਾ ਹੈ ਕਿ ਹਜ਼ਰਤ ਮੁਹੰਮਦ (ਸ.) ਦੀ ਦਰਸਾਈ ਭਾਈਚਾਰਕ ਸਾਂਝ ਨਾਲ ਮਦੀਨੇ ਦੇ ਅੰਦਰ ਇਕ ਅਜਿਹੇ ਸਮਾਜ ਦੀ ਉਸਾਰੀ ਹੋਂਦ ਵਿਚ ਆਈ ਜਿਸ ਨੂੰ ਮੁਸਲਿਮ ਇਤਿਹਾਸ ਦੀ ਸਭ ਤੋਂ ਮਹੱਤਵਪੂਰਨ ਘਟਨਾ ਆਖਿਆ ਜਾਂਦਾ ਹੈ।ਇਸ ਭਾਈਚਾਰਕ ਸਾਂਝ ਨਾਲ ਸਮਾਜ ਵਿਚ ਵਿਚਰ ਰਹੇ ਨਵੇਂ ਧਰਮ ਦੇ ਉਨ੍ਹਾਂ ਲੋਕਾਂ ਨੂੰ ਸੁਖ ਦਾ ਸਾਹ ਮਿਲਿਆ ਜਿਹੜੇ ਚਿਰ ਤੋਂ ਜ਼ੁਲਮਾਂ ਦੀ ਚੱਕੀ ਵਿਚ ਪਿਸਦੇ ਚਲੇ ਆ ਰਹੇ ਸਨ।ਇਸ ਸਮਾਜ ਨੇ ਏਕੇ ਦੇ ਜ਼ੋਰ ਉੱਤੇ ਦੁਨੀਆਂ ਦੀ ਹਰ ਚੁਣੌਤੀ ਦਾ ਮੁਕਾਬਲਾ ਕਰਕੇ ਇਕ ਲੰਬੇ ਚੌੜੇ ਇਸਲਾਮੀ ਰਾਜ ਦੀ ਸਥਾਪਨਾ ਕੀਤੀ।
75. ਕੁਰੈਸ਼ ਦੀ ਸਾਜ਼ਿਸ਼ ਅਤੇ ਜਵਾਬੀ ਕਾਰਵਾਈ
ਜਦੋਂ ਮੁਸਲਮਾਨ ਮੱਕਾ ਛੱਡ ਕੇ ਮਦੀਨੇ ਵੱਲ ਹਿਜਰਤ ਕਰਨ ਲੱਗੇ ਤਾਂ ਕੁਰੈਸ਼ ਵਾਲਿਆਂ ਨੇ ਉਨ੍ਹਾਂ ਨੂੰ ਹਰ ਕਿਸਮ ਦੀਆਂ ਤਕਲੀਫ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।ਉਨ੍ਹਾਂ ਦੇ ਹੱਥਾਂ ਵਿੱਚੋਂ ਉਨ੍ਹਾਂ ਦਾ ਮਾਲ-ਦੌਲਤ ਖੋਹ ਲਿਆ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਜਾਇਦਾਦਾਂ ਉੱਤੇ ਕਬਜ਼ਾ ਕਰ ਲਿਆ।ਪਰ ਜਦੋਂ ਮੁਸਲਮਾਨ ਸਭ ਕੁਝ ਛੱਡ ਕੇ ਮਦੀਨੇ ਪਹੁੰਚਣ ਵਿਚ ਕਾਮਯਾਬ ਹੋ ਗਏ ਤਾਂ ਉਨ੍ਹਾਂ ਨੂੰ ਮੁਸਲਮਾਨਾਂ ਦੇ ਬਚ ਕੇ ਚਲੇ ਜਾਣ ਦਾ ਦੁੱਖ ਸਤਾਉਣ ਲੱਗਿਆ।ਉਨ੍ਹਾਂ ਨੇ ਅਬਦੁੱਲਾ ਪੁੱਤਰ ਉਬੀ ਨੂੰ ਧਮਕੀ ਭਰਿਆ ਪੱਤਰ ਲਿਖਿਆ। ਜਿਵੇਂ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਅਬਦੁੱਲਾ ਪੁਤਰ ਉਬੀ ਮਦੀਨੇ ਦਾ ਇਕ ਦੌਲਤਮੰਦ ਸਰਦਾਰ ਸੀ ਜਿਸ ਨੂੰ ਮਦੀਨੇ ਵਾਲੇ ਅਪਣਾ ਰਾਜਾ ਬਣਾਉਣ ਦੀ ਤਿਆਰੀ ਕਰ ਚੁੱਕੇ ਸਨ ਅਤੇ ਤਾਜ ਵੀ ਬਣਵਾ ਲਿਆ ਗਿਆ ਸੀ ਪਰ ਜਦੋਂ ਮਦੀਨੇ ਦੇ ਲੋਕ ਮੁਸਲਮਾਨ ਹੋਣ ਲੱਗੇ ਅਤੇ ਹਜ਼ਰਤ ਮੁਹੰਮਦ (ਸ.) ਸਾਥੀਆਂ ਸਮੇਤ ਹਿਜਰਤ ਕਰਕੇ ਮਦੀਨੇ ਪਹੁੰਚ ਗਏ ਤਾਂ ਉਸ ਦੇ ਬਾਦਸ਼ਾਹ ਬਨਣ ਦੀਆਂ ਵਿੱਢੀਆਂ ਸਾਰੀਆਂ ਵਿਉਂਤਾਂ ਖਟਾਈ ਵਿਚ ਪੈ ਗਈਆਂ।ਇਸ ਸਥਿਤੀ ਦਾ ਲਾਹਾ ਲੈਂਦਿਆ ਮੱਕੇ ਦੇ ਮੁਸ਼ਰਕਾਂ ਨੇ ਉਸ ਨੂੰ ਪੱਤਰ ਲਿਖਿਆ, "ਤੁਸੀਂ ਸਾਡੇ ਬੰਦੇ ਨੂੰ ਅਪਣੀ ਸ਼ਰਨ ਵਿਚ ਰੱਖਿਆ ਹੈ।ਅਸੀਂ ਰੱਬ ਦੀ ਸਹੁੰ ਖਾ ਕੇ ਆਖਦੇ ਹਾਂ ਕਿ ਜਾਂ ਤਾਂ ਤੁਸੀਂ ਉਸ ਨੂੰ ਮਾਰ ਦਿਉ ਜਾਂ ਆਪ ਲੜ ਕੇ ਉਸ ਨੂੰ ਮਦੀਨੇ ਤੋਂ ਬਾਹਰ ਕੱਢ ਦਿਓ ਨਹੀਂ ਫੇਰ ਅਸੀਂ ਤੁਹਾਡੇ ਉੱਤੇ ਚੜ੍ਹਾਈ ਕਰਕੇ ਤੁਹਾਡੇ ਆਦਮੀਆਂ ਨੂੰ ਮਾਰ ਦਿਆਂਗੇ ਅਤੇ ਤੁਹਾਡੀਆਂ ਔਰਤਾਂ ਨੂੰ ਲੌਂਡੀਆਂ ਬਣਾ ਲਵਾਂਗੇ"।ਇਸ ਚਿੱਠੀ ਦਾ ਅਸਰ ਕਬੂਲਦਿਆਂ ਅਬਦੁੱਲਾ ਪੁਤਰ ਉਬੀ ਮੁਸਲਮਾਨਾਂ ਨਾਲ ਲੜਨ ਲਈ ਤਿਆਰ ਹੋ ਗਿਆ ਜਿਸ ਦਾ ਜ਼ਿਕਰ ਕਰਦਿਆਂ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ, "ਇਸ ਪੱਤਰ ਦੇ ਮਿਲਦਿਆਂ ਹੀ ਅਬਦੁੱਲਾ ਪੁੱਤਰ ਉਬੀ ਅਪਣੇ ਮੱਕੇ ਵਸਦੇ ਸਾਥੀਆਂ ਦਾ ਹੁਕਮ ਮੰਨਣ ਲਈ ਉੱਠ ਖੜ੍ਹਾ ਹੋਇਆ ਅਤੇ ਅਪਣੇ ਸਾਥੀਆਂ ਨਾਲ ਮਸ਼ਵਰਾ ਕਰਨ ਤੋਂ ਬਾਅਦ ਲੜਾਈ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ"। ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਇਸ ਖ਼ਤ ਦੀ ਸੂਹ ਮਿਲੀ ਤਾਂ ਉਹ ਅਬਦੁੱਲਾ ਪੁੱਤਰ ਉਬੀ ਦੇ ਕੋਲ ਗਏ ਅਤੇ ਉਸ ਨੂੰ ਸਮਝਾਇਆ ਕਿ ਕੀ ਤੂੰ ਕੁਰੈਸ਼ ਦੇ ਕਹਿਣ ਉੱਤੇ ਅਪਣੇ ਪੁੱਤਰਾਂ ਅਤੇ ਭਰਾਵਾਂ ਨਾਲ ਲੜੇਂਗਾ।ਮੁਸਲਮਾਨ ਹੋਣ ਵਾਲੇ ਅਨਸਾਰ ਮਦੀਨੇ ਦੇ ਰਹਿਣ ਵਾਲੇ ਤੇਰੇ ਅਪਣੇ ਸਕੇ ਸਬੰਧੀ ਹੀ ਤਾਂ ਹਨ।ਜੇ ਕੁਰੈਸ਼ ਵਾਲੇ ਤੇਰੇ ਉੱਤੇ ਹਮਲਾ ਕਰਦੇ ਹਨ ਤਾਂ ਮੁਸਲਮਾਨ ਵੀ ਤਾਂ ਤੇਰੀ ਸਹਾਇਤਾ ਲਈ ਤਿਆਰ ਹਨ।ਅਬਦੁੱਲਾ ਨੂੰ ਕੁੱਝ ਗੱਲ ਸਮਝ ਆ ਗਈ ਅਤੇ ਉਹ ਨਾ ਚਾਹੁੰਦਿਆਂ ਵੀ ਚੁੱਪ ਕਰ ਗਿਆ। ਅਬਦੁੱਲਾ ਪੁੱਤਰ ਅਬੀ ਉੱਤੇ ਧਮਕੀ ਦਾ ਅਸਰ ਨਾ ਹੁੰਦਾ ਦੇਖ ਕੇ ਕੁਰੈਸ਼ ਵਾਲਿਆਂ ਨੇ ਮੁਸਲਮਾਨਾਂ ਲਈ ਕਾਅਬੇ ਦਾ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਹੁਕਮ ਲਾਗੂ ਕਰ ਦਿੱਤਾ ਕਿ ਮੁਸਲਮਾਨਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਨੂੰ ਹੱਜ ਕਰਨ ਲਈ ਕਾਅਬੇ ਵਿਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਕੁਰੈਸ਼ ਦੇ ਇਸ ਐਲਾਨ ਤੋਂ ਬਾਅਦ ਜਦੋਂ ਮਦੀਨੇ ਦਾ ਇਕ ਅਮੀਰ ਮੁਸਲਮਾਨ ਸਅਦ ਪੁੱਤਰ ਮੁਆਜ਼ ਉਮਰਾ ਕਰਨ ਲਈ ਮੱਕੇ ਗਿਆ ਤਾਂ ਹਰਮ ਦੇ ਦਰਵਾਜ਼ੇ ਉੱਤੇ ਰੋਕ ਕੇ ਉਸ ਨੂੰ ਅਬੂ ਜਹਿਲ ਆਖਣ ਲੱਗਿਆ, "ਜਦੋਂ ਤੁਸੀਂ ਸਾਡੇ ਦੁਸ਼ਮਣਾਂ ਨੂੰ ਮਦੀਨੇ ਵਿਚ ਸ਼ਰਨ ਦਿੱਤੀ ਹੋਈ ਹੈ ਤਾਂ ਅਸੀਂ ਤੁਹਾਨੂੰ ਕਿਉਂ ਆਰਾਮ ਨਾਲ ਹੱਜ ਕਰਨ ਦਈਏ।ਜੇ ਤੁਸੀਂ ਉਮੱਯਾ ਪੁੱਤਰ ਖ਼ਲਫ਼ ਦੇ ਪ੍ਰਾਹੁਣੇ ਨਾ ਹੁੰਦੇ ਤਾਂ ਇੱਥੋਂ ਮੁੜ ਕੇ ਜਿਉਂਦੇ ਨਹੀਂ ਜਾ ਸਕਦੇ ਸੀ"।ਅਬੂ ਜਹਿਲ ਦੀ ਗੱਲ ਸੁਣ ਕੇ ਸਾਅਦ ਪੁੱਤਰ ਮੁਆਜ਼ ਆਖਣ ਲੱਗੇ, "ਰੱਬ ਦੀ ਸਹੁੰ ਜੇ ਤੁਸੀਂ ਮੈਨੂੰ ਤਵਾਫ਼ ਕਰਨ ਤੋਂ ਰੋਕਿਆ ਤਾਂ ਮੈਂ ਤੁਹਾਨੂੰ ਉਸ ਚੀਜ਼ ਤੋਂ ਰੋਕ ਦਿਆਂਗਾ ਜਿਹੜੀ ਤੁਹਾਨੂੰ ਇਸ ਤੋਂ ਵੀ ਵੱਧ ਪਿਆਰੀ ਹੈ।ਭਾਵ ਮਦੀਨੇ ਦੇ ਨੇੜਿਉਂ ਲੰਘਦਾ ਸੀਰੀਆ ਨੂੰ ਜਾਣ ਵਾਲਾ ਤੁਹਾਡਾ ਵਪਾਰਕ ਰਸਤਾ"।ਇਹ ਸਾਅਦ ਬਿਨ ਮੁਆਜ਼ ਵੱਲੋਂ ਸ਼ਰੇਆਮ ਧਮਕੀ ਸੀ ਕਿ ਜੇ ਕੁਰੈਸ਼ ਨੇ ਕੋਈ ਸ਼ਰਾਰਤ ਕੀਤੀ ਤਾਂ ਮੁਸਲਮਾਨ ਉਨ੍ਹਾਂ ਦਾ ਵਪਾਰਕ ਰਸਤਾ ਬੰਦ ਕਰ ਦੇਣਗੇ। ਮੁਸਲਮਾਨਾਂ ਨੂੰ ਢਾਅ ਲਾਉਣ ਲਈ ਕੁਰੈਸ਼ ਵਾਲੇ ਜਿਹੜੀਆਂ ਚਾਲਾਂ ਚੱਲ ਰਹੇ ਸਨ ਮੁਸਲਮਾਨਾਂ ਨੂੰ ਉਸ ਦਾ ਤੋੜ ਮਿਲ ਗਿਆ ਸੀ।ਕੁਰੈਸ਼ ਵਾਲਿਆਂ ਨੂੰ ਸਿੱਧਾ ਰੱਖਣ ਲਈ ਮੁਸਲਮਾਨਾਂ ਕੋਲ ਇਸ ਤੋਂ ਚੰਗਾ ਹੋਰ ਕੋਈ ਹੱਲ ਨਹੀਂ ਸੀ ਕਿ ਉਹ ਮੱਕੇ ਵਾਲਿਆਂ ਦੇ ਸ਼ਾਮ ਅਤੇ ਯਮਨ ਨੂੰ ਜਾਂਦੇ ਰਸਤੇ ਉੱਤੇ ਕਬਜ਼ਾ ਕਰ ਲੈਣ। ਹਜ਼ਰਤ ਮੁਹੰਮਦ (ਸ.) ਨੇ ਪਹਿਲਾਂ ਇਸ ਰਸਤੇ ਦੇ ਨੇੜੇ ਆਬਾਦ ਯਹੂਦੀ ਬਸਤੀਆਂ ਨਾਲ ਸੰਧੀਆਂ ਕੀਤੀਆਂ ਅਤੇ ਫੇਰ ਕੁਰੈਸ਼ ਵਾਲਿਆਂ ਨੂੰ ਧਮਕਾਉਣ ਲਈ ਮੁਸਲਮਾਨਾਂ ਦੇ ਛੋਟੇ ਛੋਟੇ ਛਾਪਾਮਾਰ ਦਸਤੇ ਰਸਤੇ ਉੱਤੇ ਨਿਯੁਕਤ ਕਰ ਦਿੱਤੇ।ਇਨ੍ਹਾਂ ਦਸਤਿਆਂ ਨੇ ਨਾ ਕਿਸੇ ਨੂੰ ਰੋਕਿਆ ਅਤੇ ਨਾ ਹੀ ਕਦੇ ਖ਼ੂਨ-ਖ਼ਰਾਬਾ ਕੀਤਾ ਪਰ ਕੁਰੈਸ਼ ਵਾਲਿਆਂ ਨੂੰ ਕੰਨ ਜ਼ਰੂਰ ਹੋ ਗਏ ਕਿ ਹੁਣ ਸ਼ਰਾਰਤ ਕਰਨ ਉੱਤੇ ਉਨ੍ਹਾਂ ਦੇ ਵਪਾਰ ਦੀ ਖ਼ੈਰ ਨਹੀਂ। ਅਬਦੁੱਲਾ ਪੁੱਤਰ ਉਬੀ ਨੂੰ ਦਿੱਤੀ ਧਮਕੀ ਫੇਲ੍ਹ ਹੋ ਜਾਣ ਤੋਂ ਬਾਅਦ ਕੁਰੈਸ਼ ਨੇ ਮੁਸਲਮਾਨ ਮੁਹਾਜਰਾਂ ਨੂੰ ਧਮਕੀ ਦਿੱਤੀ ਕਿ ਤੁਸੀਂ ਇਹ ਨਾ ਸਮਝੋ ਕਿ ਬਚ ਕੇ ਨਿਕਲ ਗਏ ਓ ਅਸੀਂ ਮਦੀਨੇ ਪਹੁੰਚ ਕੇ ਵੀ ਤੁਹਾਡਾ ਕੰਮ ਕਰ ਦਿਆਂਗੇ। ਕੁਰੈਸ਼ ਦੇ ਧਮਕੀ ਭਰੇ ਸੁਨੇਹੇ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਬਣ ਰਹੀ ਸਥਿਤੀ ਦੀ ਗੰਭੀਰਤਾ ਨੂੰ ਤਾੜ ਗਏ ਸਨ।ਉਨ੍ਹਾਂ ਨੇ ਸਹਾਬੀਆਂ ਦੀਆਂ ਡਿਉਟੀਆਂ ਲਾ ਦਿੱਤੀਆਂ ਜਿਹੜੇ ਸਾਰੀ ਰਾਤ ਜਾਗ ਕੇ ਪਹਿਰਾ ਦਿੰਦੇ ਸਨ।ਆਪ ਦੀ ਪਤਨੀ ਹਜ਼ਰਤ ਆਇਸ਼ਾ (ਰਜ਼ੀ.) ਦੱਸਦੇ ਨੇ ਕਿ ਰਾਤ ਨੂੰ ਹਜ਼ਰਤ ਮੁਹੰਮਦ (ਸ.) ਦੀ ਸੁਰੱਖਿਆ ਲਈ ਪਹਿਰਾ ਦਿੱਤਾ ਜਾਂਦਾ ਸੀ।ਇਹ ਪਹਿਰਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਰੱਬ ਦਾ ਹੁਕਮ ਨਾ ਆ ਗਿਆ।ਜਦੋਂ ਰੱਬ ਵੱਲੋਂ ਵਹੀ ਨਾਜ਼ਲ ਹੋ ਗਈ ਕਿ "ਅੱਲਾਹ ਨੇ ਆਪ ਨੂੰ ਦੁਸ਼ਮਣਾਂ ਤੋਂ ਮਹਿਫ਼ੂਜ਼ ਕਰ ਲਿਆ" ਤਾਂ ਹਜ਼ਰਤ ਮੁਹੰਮਦ (ਸ.) ਨੇ ਪਹਿਰਾ ਲਗਵਾਉਣਾ ਬੰਦ ਕਰ ਦਿੱਤਾ। 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਮਦੀਨੇ ਵਿਖੇ ਰਹਿ ਰਹੇ ਮੁਸਲਮਾਨਾਂ ਨੂੰ ਧਮਕੀਆਂ ਦਾ ਜਵਾਬ ਦੇਣ ਲਈ ਰੱਬ ਵੱਲੋਂ ਦੁਸ਼ਮਣਾਂ ਨਾਲ ਨਿਪਟਣ ਲਈ ਜੰਗ ਦੀ ਆਗਿਆ ਦੇ ਦਿੱਤੀ ਗਈ ਪਰ ਇਹ ਜੰਗ ਫ਼ਰਜ਼ (ਜ਼ਰੂਰੀ) ਨਹੀਂ ਕੀਤੀ ਗਈ ਸੀ ਸਗੋਂ ਆਖਿਆ ਗਿਆ ਕਿ ਜੇ ਇਹ ਟਾਲੀ ਜਾ ਸਕਦੀ ਹੈ ਤਾਂ ਟਾਲ ਦਿੱਤੀ ਜਾਵੇ। ਰੱਬ ਵੱਲੋਂ ਮੁਸਲਮਾਨਾਂ ਨੂੰ ਜੰਗ ਦੀ ਆਗਿਆ ਮਿਲ ਜਾਣ ਪਿੱਛੋਂ ਹੋਰ ਹਦਾਇਤਾਂ ਵੀ ਮਿਲੀਆਂ ਕਿ ਜੰਗ ਸ਼ਬਦ ਨੂੰ ਸਿਰਫ਼ ਲੜਾਈ ਲਈ ਹੀ ਨਾ ਸਮਝਿਆ ਜਾਵੇ ਸਗੋਂ ਜੰਗ ਨੂੰ ਬੁਰਾਈ ਦੇ ਖ਼ਾਤਮੇ ਅਤੇ ਭਲਾਈ ਦੀ ਬਿਹਤਰੀ ਲਈ ਵੀ ਲੜਿਆ ਜਾਵੇ।ਇਸ ਨੂੰ ਨਮਾਜ਼ ਕਾਇਮ ਕਰਨ ਅਤੇ ਜ਼ਕਾਤ ਦੇਣ ਲਈ ਵੀ ਲੜਿਆ ਜਾਵੇ। ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਰੱਬ ਵੱਲੋਂ ਮਿਲੀ ਲੜਾਈ ਦੀ ਆਗਿਆ ਕੁਰੈਸ਼ ਦੀਆਂ ਧਮਕੀਆਂ ਨੂੰ ਮੁੱਖ ਰੱਖ ਕੇ ਦਿੱਤੀ ਗਈ ਸੀ ਕਿਉਂ ਜੋ ਉਸ ਸਮੇਂ ਕੁਰੈਸ਼ ਹੀ ਮੁਸਲਮਾਨਾਂ ਦੀ ਇੱਕੋ-ਇਕ ਦੁਸ਼ਮਣ ਸ਼ਕਤੀ ਸੀ।ਇਸ ਲਈ ਸਮੇਂ ਦੀ ਜ਼ਰੂਰਤ ਸੀ ਕਿ ਕੁਰੈਸ਼ ਵਾਲਿਆਂ ਦਾ ਆਰਥਕ ਨੁਕਸਾਨ ਕਰਨ ਲਈ ਉਪਰਾਲੇ ਕੀਤੇ ਜਾਣ ਅਤੇ ਮਦੀਨੇ ਦੇ ਨੇੜਿਉਂ ਲੰਘਣ ਵਾਲੇ ਉਨ੍ਹਾਂ ਦੇ ਵਪਾਰਕ ਰਸਤਿਆਂ ਉੱਤੇ ਰੋਕਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਾਣ। ਉਪ੍ਰੋਕਤ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਮੁਸਲਮਾਨਾਂ ਨੇ ਮੱਕੇ ਤੋਂ ਸ਼ਾਮ ਵਲ ਜਾਣ ਵਾਲੇ ਰਸਤੇ ਉੱਤੇ ਆਬਾਦ ਕਬੀਲਿਆਂ ਨਾਲ ਜੰਗ ਨਾ ਕਰਨ ਦੇ ਸਮਝੌਤੇ ਕਰ ਲਏ ਅਤੇ ਰਸਤੇ ਉੱਤੇ ਨਿਗਰਾਨੀ ਲਈ ਫ਼ੌਜੀ ਟੁਕੜੀਆਂ ਨਿਯੁਕਤ ਕਰ ਦਿੱਤੀਆਂ। ਇਸ ਤੋਂ ਇਲਾਵਾ ਮਦੀਨੇ ਤੋਂ ਦੂਰ-ਦਰਾਜ਼ ਦੇ ਇਲਾਕਿਆਂ ਵਿਚ ਫ਼ੌਜੀ ਟੁਕੜੀਆਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਦੁਸ਼ਮਣ ਸ਼ਕਤੀਆਂ ਨੂੰ ਮੁਸਲਮਾਨਾਂ ਦੀ ਹੋਂਦ ਦਾ ਅਹਿਸਾਸ ਕਰਵਾਇਆ ਜਾ ਸਕੇ।
76. ਮੁਸਲਮਾਨਾਂ ਦੀਆਂ ਫ਼ੌਜੀ ਗਤੀਵਿਧੀਆਂ
ਹਜ਼ਰਤ ਮੁਹੰਮਦ (ਸ.) ਨੂੰ ਰੱਬ ਵੱਲੋਂ ਜੰਗ ਦੀ ਆਗਿਆ ਮਿਲ ਜਾਣ ਨਾਲ ਮੁਸਲਮਾਨਾਂ ਨੇ ਅਪਣੀ ਫ਼ੌਜੀ ਤਾਕਤ ਨੂੰ ਵਧਾਉਣਾ ਸ਼ੁਰੂ ਕਰ ਦਿੱਤਾ।ਕਿਉਂਜੋ ਮੁਸਲਮਾਨਾਂ ਲਈ ਇਹ ਜ਼ਰੂਰੀ ਹੋ ਗਿਆ ਸੀ ਕਿ ਅਰਬ ਦੇ ਵਾਸੀਆਂ ਨੂੰ ਫ਼ੌਜੀ ਤਾਕਤ ਦਾ ਵਿਖਾਵਾ ਕਰਕੇ ਡਰਾਇਆ ਜਾਵੇ ਅਤੇ ਉਨ੍ਹਾਂ ਨੂੰ ਦਰਸਾ ਦਿੱਤਾ ਜਾਵੇ ਕਿ ਹੁਣ ਮੁਸਲਮਾਨ ਕਮਜ਼ੋਰ ਨਹੀਂ ਰਹੇ।ਹੁਣ ਉਨ੍ਹਾਂ ਨੇ ਮਦੀਨੇ ਦੇ ਨੇੜਲੇ ਰਸਤਿਆਂ ਉੱਤੇ ਆਮ ਤੌਰ ਤੇ ਅਤੇ ਮੱਕੇ ਦੇ ਵਪਾਰਕ ਰਸਤਿਆਂ ਉੱਤੇ ਖ਼ਾਸ ਤੌਰ ਤੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਸੀ। ਉਪ੍ਰੋਕਤ ਮਕਸਦ ਦੀ ਪੂਰਤੀ ਲਈ ਹਜ਼ਰਤ ਮੁਹੰਮਦ (ਸ.) ਨੇ ਫ਼ੈਸਲਾ ਕੀਤਾ ਕਿ ਮਦੀਨੇ ਦੇ ਨੇੜਲੇ ਰਸਤਿਆਂ ਉੱਤੇ ਚੌਕਸੀ ਰੱਖਣ ਲਈ ਫ਼ੌਜੀ ਟੁਕੜੀਆਂ ਨਿਯੁਕਤ ਕੀਤੀਆਂ ਜਾਣ ਅਤੇ ਇਨ੍ਹਾਂ ਰਸਤਿਆਂ ਦੇ ਨੇੜੇ ਵਸਦੇ ਕਬੀਲਿਆਂ ਅਤੇ ਬੱਦੂਆਂ ਨਾਲ ਸਮਝੌਤੇ ਕਰ ਲਏ ਜਾਣ।ਮੱਕੇ ਤੋਂ ਸ਼ਾਮ ਅਤੇ ਹੋਰ ਮੁਲਕਾਂ ਵੱਲ ਜਾਂਦੇ ਰਸਤਿਆਂ ਉੱਤੇ ਫ਼ੌਜੀ ਟੁਕੜੀਆਂ ਭੇਜ ਕੇ ਕੁਰੈਸ਼ ਵਾਲਿਆਂ ਨੂੰ ਡਰਾਇਆ ਜਾਵੇ ਤਾਂ ਜੋ ਉਹ ਅਪਣੇ ਵਪਾਰ ਨੂੰ ਖ਼ਤਰੇ ਵਿਚ ਦੇਖ ਕੇ ਸਮਝੌਤਾ ਕਰਨ ਲਈ ਮਜਬੂਰ ਹੋ ਜਾਣ ਅਤੇ ਮੱਕੇ ਵਿਚ ਵਸਦੇ ਗ਼ਰੀਬ ਮੁਸਲਮਾਨਾਂ ਉੱਤੇ ਸਖ਼ਤੀਆਂ ਕਰਨ ਤੋਂ ਰੁਕ ਜਾਣ।ਇਸ ਮਕਸਦ ਦੀ ਪੂਰਤੀ ਲਈ ਕਈ ਮੁਹਿੰਮਾਂ ਵਿੱਢੀਆਂ ਗਈਆਂ। ਮਾਰਚ ੬੨੩ ਈਸਵੀ ਵਿੱਚ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਹਮਜ਼ਾ ਪੁੱਤਰ ਅਬਦੁਲ ਮੁਤਲਿਬ ਦੀ ਕਮਾਨ ਹੇਠ ਤੀਹ ਫ਼ੌਜੀਆਂ ਦੀ ਇਕ ਟੁਕੜੀ ਸ਼ਾਮ ਤੋਂ ਮੱਕੇ ਨੂੰ ਆਉਣ ਵਾਲੇ ਰਸਤੇ ਵੱਲ ਭੇਜੀ।ਇਸ ਟੁਕੜੀ ਦਾ ਕੰਮ ਸ਼ਾਮ ਤੋਂ ਮੱਕੇ ਵੱਲ ਆ ਰਹੇ ਉਸ ਵਪਾਰਕ ਕਾਫ਼ਲੇ ਦਾ ਪਤਾ ਕਰਨਾ ਸੀ ਜਿਹੜਾ ਅਬੂ ਸੁਫ਼ਿਆਨ ਦੀ ਕਮਾਨ ਹੇਠ ਮੱਕੇ ਵਲ ਜਾ ਰਿਹਾ ਸੀ।ਜਦੋਂ ਇਹ ਟੁਕੜੀ ਸਮੁੰਦਰ ਦੇ ਕੰਢੇ ਗ਼ੀਸ ਦੇ ਸਥਾਨ ਤੇ ਪਹੁੰਚੀ ਤਾਂ ਕੁਰੈਸ਼ ਦੇ ਕਾਫ਼ਲੇ ਦਾ ਸਾਹਮਣਾ ਹੋ ਗਿਆ।ਦੋਵੇਂ ਧਿਰਾਂ ਜੰਗ ਲਈ ਤਿਆਰ ਹੋ ਗਈਆਂ ਪਰ ਕਬੀਲਾ ਜੁਹੀਨਾ ਦੇ ਸਰਦਾਰ ਮਜਦੀ ਪੁੱਤਰ ਅਮਰੂ ਨੇ ਭੱਜ-ਨੱਠ ਕਰਕੇ ਲੜਾਈ ਨੂੰ ਟਾਲ ਦਿੱਤਾ। ਅਪਰੈਲ ੬੨੩ ਈਸਵੀ ਨੂੰ ਹਜ਼ਰਤ ਮੁਹੰਮਦ (ਸ.) ਨੇ ਉਬੈਦਾ ਬਿਨ ਹਾਰਸ ਨੂੰ ੬੦ ਮੁਸਲਮਾਨ ਫ਼ੌਜੀਆਂ ਦੀ ਇਕ ਟੁਕੜੀ ਦੇ ਕੇ ਰਾਬਗ਼ ਦੀ ਵਾਦੀ ਵੱਲ ਭੇਜਿਆ ਜਿੱਥੇ ਇਨ੍ਹਾਂ ਦਾ ਅਬੂ ਸੁਫ਼ਿਆਨ ਦੀ ਫ਼ੌਜੀ ਟੁਕੜੀ ਨਾਲ ਸਾਹਮਣਾ ਹੋ ਗਿਆ।ਦੋਵੇਂ ਪਾਸਿਆਂ ਤੋਂ ਇਕ-ਦੂਜੇ ਉੱਤੇ ਤੀਰ ਚਲਾਏ ਗਏ ਪਰ ਜੰਗ ਤੱਕ ਨੌਬਤ ਨਾ ਅੱਪੜੀ।ਇਸ ਮੁਹਿੰਮ ਵਿਚ ਮੱਕੇ ਤੋਂ ਅਬੂ ਸੁਫ਼ਿਆਨ ਦੇ ਲਸ਼ਕਰ ਵਿਚ ਰਲ ਕੇ ਆਏ ਦੋ ਮੁਸਲਮਾਨ ਇਸਲਾਮੀ ਲਸ਼ਕਰ ਨਾਲ ਆ ਮਿਲੇ। ਮਈ ੬੨੩ ਈਸਵੀ ਨੂੰ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਸਾਅਦ ਪੁੱਤਰ ਅਬੀ ਵਿਕਾਸ ਦੀ ਕਮਾਨ ਹੇਠ ਬੀਹ ਆਦਮੀਆਂ ਦੀ ਇਕ ਪੈਦਲ ਟੁਕੜੀ ਕੁਰੈਸ਼ ਦੇ ਵਪਾਰਕ ਕਾਫ਼ਲੇ ਦੀ ਟੋਹ ਲੈਣ ਲਈ ਭੇਜੀ।ਇਸ ਟੁਕੜੀ ਨੂੰ ਹੁਕਮ ਦਿੱਤਾ ਗਿਆ ਸੀ ਕਿ 'ਖ਼ਰਾਰ' ਦੇ ਇਲਾਕੇ ਤੋਂ ਅੱਗੇ ਨਾ ਜਾਇਆ ਜਾਵੇ।ਪੰਜ ਦਿਨ ਦਾ ਸਫ਼ਰ ਕਰਨ ਤੋਂ ਬਾਅਦ ਜਦੋਂ ਇਹ ਟੁਕੜੀ ਖ਼ਰਾਰ ਪਹੁੰਚੀ ਤਾਂ ਪਤਾ ਲੱਗਿਆ ਕਿ ਕੁਰੈਸ਼ ਦਾ ਕਾਫ਼ਲਾ ਇਕ ਦਿਨ ਪਹਿਲਾਂ ਲੰਘ ਚੁੱਕਿਆ ਹੈ। ਅਗਸਤ ੬੨੩ ਨੂੰ ਮਦੀਨੇ ਵਿਖੇ ਹਜ਼ਰਤ ਸਾਅਦ ਪੁੱਤਰ ਅਬਾਦਾ ਨੂੰ ਅਪਣਾ ਜਾਂਨਸ਼ੀਨ ਨਿਯੁਕਤ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਸੱਤਰ ਫ਼ੌਜੀਆਂ ਦੀ ਇਕ ਟੁਕੜੀ ਲੈ ਕੇ ਕੁਰੈਸ਼ ਦੇ ਵਪਾਰਕ ਕਾਫ਼ਲੇ ਦਾ ਰਾਸਤਾ ਰੋਕਣ ਲਈ ਵੱਦਾਨ ਤੱਕ ਪਹੁੰਚੇ ਪਰ ਕੁਰੈਸ਼ ਦੇ ਕਾਫ਼ਲੇ ਨਾਲ ਟਾਕਰਾ ਨਾ ਹੋਇਆ।ਇਸ ਮੁਹਿੰਮ ਸਮੇਂ ਹਜ਼ਰਤ ਮੁਹੰਮਦ (ਸ.) ਨੇ ਬਨੂ ਜ਼ਮਰਾ ਦੇ ਸਰਦਾਰ ਅਮਰੂ ਬਿਨ ਮਖ਼ਸ਼ੀ ਨਾਲ ਸਮਝੌਤਾ ਕੀਤਾ।ਇਸਲਾਮੀ ਇਤਿਹਾਸ ਦੀ ਇਹ ਪਹਿਲੀ ਮੁਹਿੰਮ ਸੀ ਜਿਸ ਵਿਚ ਹਜ਼ਰਤ ਮੁਹੰਮਦ (ਸ.) ਫ਼ੌਜੀ ਟੁਕੜੀ ਲੈ ਕੇ ਆਪ ਮਦੀਨੇ ਤੋਂ ਬਾਹਰ ਗਏ। ਸਤੰਬਰ ੬੨੩ ਈਸਵੀ ਵਿਚ ਹਜ਼ਰਤ ਮੁਹੰਮਦ (ਸ.) ਨੂੰ ਸੂਹ ਮਿਲੀ ਕਿ ਉਮੱਈਆ ਪੁੱਤਰ ਖ਼ਲਫ਼ ਦੀ ਕਮਾਨ ਹੇਠ ਕੁਰੈਸ਼ ਦਾ ਇਕ ਵਪਾਰਕ ਕਾਫ਼ਲਾ ਆ ਰਿਹਾ ਹੈ ਜਿਸ ਵਿਚ ਇਕ ਸੌ ਆਦਮੀ ਅਤੇ ਢਾਈ ਸੌ ਉਠ ਹਨ।ਆਪ ਨੇ ਹਜ਼ਰਤ ਸਈਦ ਪੁਤਰ ਮੁਆਜ ਨੂੰ ਮਦੀਨੇ ਵਿਚ ਅਪਣਾ ਉਤਰ ਅਧਿਕਾਰੀ ਨਿਯੁਕਤ ਕੀਤਾ ਅਤੇ ਦੋ ਸੌ ਸਹਾਬੀਆਂ ਦੀ ਇਕ ਫ਼ੌਜੀ ਟੁਕੜੀ ਲੈ ਕੇ ਬੁਆਜ਼ ਦੇ ਸਥਾਨ ਤੱਕ ਚਲੇ ਗਏ ਪਰ ਕੁਰੈਸ਼ ਦੇ ਕਿਸੇ ਕਾਫ਼ਲੇ ਨਾਲ ਟਾਕਰਾ ਨਾ ਹੋਇਆ। ਸਤੰਬਰ ੬੨੩ ਈਸਵੀ ਨੂੰ ਕਰਜ਼ ਬਿਨ ਜਾਬਰ ਫ਼ਹਿਰੀ ਨੇ ਮੁਸ਼ਰਿਕਾਂ ਦੀ ਇਕ ਛੋਟੀ ਜਿਹੀ ਟੁਕੜੀ ਦੇ ਨਾਲ ਮਦੀਨੇ ਦੀ ਇਕ ਚਰਾਂਦ ਉੱਤੇ ਛਾਪਾ ਮਾਰਿਆ ਅਤੇ ਮਦੀਨੇ ਵਾਲਿਆਂ ਦੇ ਬਹੁਤ ਸਾਰੇ ਜਾਨਵਰ ਹੱਕ ਕੇ ਲੈ ਗਿਆ।ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਇਸ ਦੀ ਖ਼ਬਰ ਮਿਲੀ ਤਾਂ ਉਹ ਸੱਤਰ ਸਹਾਬੀਆਂ ਦੀ ਇਕ ਟੁਕੜੀ ਲੈ ਕੇ ਧਾੜਵੀਆਂ ਦਾ ਪਿੱਛਾ ਕਰਦੇ ਬਦਰ ਤੋਂ ਅੱਗੇ ਸਫ਼ਵਾਨ ਦੀ ਘਾਟੀ ਤੱਕ ਗਏ ਪਰ ਧਾੜਵੀਆਂ ਨੂੰ ਫੜ ਨਾ ਸਕੇ।ਇਸ ਮੁਹਿੰਮ ਨੂੰ ਬਦਰ ਦੀ ਪਹਿਲੀ ਲੜਾਈ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦਸੰਬਰ ੬੨੩ ਈਸਵੀ ਨੂੰ ਹਜ਼ਰਤ ਮੁਹੰਮਦ (ਸ.) ਨੂੰ ਸੂਹ ਮਿਲੀ ਕਿ ਕੁਰੈਸ਼ ਦਾ ਇਕ ਕਾਫ਼ਲਾ ਵਪਾਰਕ ਸਾਮਾਨ ਲੈ ਕੇ ਸ਼ਾਮ ਜਾ ਰਿਹਾ ਹੈ।ਆਪ ਡੇਢ ਸੌ ਸਹਾਬੀਆਂ ਦੀ ਇਕ ਫ਼ੌਜੀ ਟੁਕੜੀ ਨਾਲ ਇਸ ਕਾਫ਼ਲੇ ਨੂੰ ਘੇਰਣ ਲਈ ਜ਼ਿਲ ਅਸ਼ਰਾ ਤੱਕ ਗਏ ਪਰ ਆਪ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਕਾਫ਼ਲਾ ਸ਼ਾਮ ਵੱਲ ਲੰਘ ਚੁੱਕਿਆ ਸੀ।ਇਹ ਉਹੋ ਹੀ ਕਾਫ਼ਲਾ ਸੀ ਜਿਸ ਦੀ ਸ਼ਾਮ ਤੋਂ ਵਾਪਸੀ ਸਮੇਂ ਬਦਰ ਦੀ ਜੰਗ ਪੇਸ਼ ਆਈ। ਜਨਵਰੀ ੬੨੪ ਈਸਵੀ ਨੂੰ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਅਬਦੁੱਲਾ ਪੁਤਰ ਹਜਸ਼ ਦੀ ਸਰਦਾਰੀ ਹੇਠ ਇਕ ਗੁਪਤ ਪੱਤਰ ਦੇ ਕੇ ਬਾਰਾਂ ਸਹਾਬੀਆਂ ਦੀ ਇਕ ਟੁਕੜੀ ਕਿਸੇ ਗੁਪਤ ਸਥਾਨ ਵੱਲ ਭੇਜੀ ਅਤੇ ਹੁਕਮ ਦਿੱਤਾ ਕਿ ਦੋ ਦਿਨ ਤੋਂ ਬਾਅਦ ਇਸ ਪੱਤਰ ਨੂੰ ਖੋਲ੍ਹ ਕੇ ਇਸ ਵਿਚ ਲਿਖੀਆਂ ਹਦਾਇਤਾਂ ਉੱਤੇ ਅਮਲ ਕੀਤਾ ਜਾਵੇ।ਦੋ ਦਿਨ ਤੋਂ ਬਾਅਦ ਜਦੋਂ ਪੱਤਰ ਖੋਲ਼ਿਆ ਗਿਆ ਤਾਂ ਉਸ ਉੱਤੇ ਲਿਖਿਆ ਸੀ ਕਿ ਮੱਕਾ ਅਤੇ ਤਾਇਫ਼ ਦੇ ਵਿਚਕਾਰ ਨਖ਼ਲਾ ਦੇ ਸਥਾਨ ਤੇ ਰੁਕ ਕੇ ਕੁਰੈਸ਼ ਦੇ ਕਿਸੇ ਕਾਫ਼ਲੇ ਦੀ ਉਡੀਕ ਕਰੋ।ਹਜ਼ਰਤ ਅਬਦੁੱਲਾ ਨੇ ਪੱਤਰ ਪੜ੍ਹਨ ਤੋਂ ਬਾਅਦ ਸਾਥੀ ਸਹਾਬੀਆਂ ਨੂੰ ਇਸ ਖ਼ਤਰਨਾਕ ਮੁਹਿੰਮ ਦੀ ਜਾਣਕਾਰੀ ਦਿੱਤੀ ਅਤੇ ਆਖਿਆ ਕਿ ਜੇ ਕੋਈ ਅਪਣੀ ਜਾਨ ਨੂੰ ਖ਼ਤਰੇ ਵਿਚ ਨਹੀਂ ਪਾਉਣੀ ਚਾਹੁੰਦਾ ਉਹ ਵਾਪਸ ਜਾ ਸਕਦਾ ਹੈ।ਪਰ ਸਾਰੇ ਸਾਥੀਆਂ ਨੇ ਸਾਥ ਦੇਣ ਲਈ ਰਜ਼ਾਮੰਦੀ ਦੇ ਦਿੱਤੀ। ਹਜ਼ਰਤ ਅਬਦੁੱਲਾ ਪੁੱਤਰ ਹਜਸ਼ ਲੰਬਾ ਸਫ਼ਰ ਤਹਿ ਕਰਕੇ ਨਖ਼ਲਾ ਪਹੁੰਚੇ ਜਿੱਥੇ ਉਨ੍ਹਾਂ ਨੂੰ ਕੁਰੈਸ਼ ਦਾ ਇਕ ਕਾਫ਼ਲਾ ਮਿਲ ਗਿਆ ਜਿਹੜਾ ਚਮੜਾ, ਕਿਸਮਿਸ ਅਤੇ ਵਪਾਰ ਦਾ ਦੂਜਾ ਸਮਾਨ ਲੈ ਕੇ ਜਾ ਰਿਹਾ ਸੀ।ਇਸ ਕਾਫ਼ਲੇ ਵਿਚ ਅਬਦੁੱਲਾ ਪੁੱਤਰ ਮੁਗ਼ੈਰਾ ਦੇ ਦੋ ਪੁੱਤਰ ਉਸਮਾਨ ਅਤੇ ਨੋਫ਼ਲ ਤੋਂ ਇਲਾਵਾ ਅਮਰੂ ਪੁੱਤਰ ਹਜ਼ਰਮੀ ਅਤੇ ਹਕੀਮ ਪੁੱਤਰ ਕੇਸਾਨ ਵੀ ਸ਼ਾਮਲ ਸਨ।ਮੁਸਲਮਾਨਾਂ ਨੇ ਸਲਾਹ ਕੀਤੀ ਕਿ ਕੀ ਕੀਤਾ ਜਾਵੇ।ਅੱਜ ਪਵਿੱਤਰ ਮਹੀਨੇ ਦਾ ਆਖ਼ਰੀ ਦਿਨ ਹੈ ਜੇ ਲੜਾਈ ਕਰਦੇ ਹਾਂ ਤਾਂ ਮਹੀਨੇ ਦੀ ਬੇਅਦਬੀ ਅਤੇ ਸਾਡੀ ਬਦਨਾਮੀ ਹੁੰਦੀ ਹੈ ਅਤੇ ਜੇ ਰਾਤ ਮੁੱਕਣ ਦੀ ਉਡੀਕ ਕਰਦੇ ਹਾਂ ਤਾਂ ਇਹ ਕਾਫ਼ਲਾ ਸਾਡੀ ਹੱਦ ਵਿੱਚੋਂ ਨਿਕਲ ਕੇ ਮੱਕੇ ਦੀ ਹੱਦ ਵਿਚ ਸਾਡੀ ਪਹੁੰਚ ਤੋਂ ਬਾਹਰ ਚਲਿਆ ਜਾਵੇਗਾ। ਹਮਲਾ ਕਰਨ ਲਈ ਸਭ ਦੀ ਰਾਏ ਬਣ ਜਾਣ ਤੋਂ ਬਾਅਦ ਇਕ ਮੁਸਲਮਾਨ ਨੇ ਅਮਰੂ ਪੁੱਤਰ ਹਜ਼ਰਮੀ ਨੂੰ ਤੀਰ ਮਾਰ ਕੇ ਢੇਰ ਕਰ ਦਿੱਤਾ, ਉਸਮਾਨ ਅਤੇ ਹਕੀਮ ਨੂੰ ਤਜਾਰਤੀ ਮਾਲ ਸਮੇਤ ਫੜ ਲਿਆ।ਜਦੋਂ ਅਬਦੁੱਲਾ ਨੇ ਮਦੀਨੇ ਪਰਤ ਕੇ ਇਹ ਖ਼ਬਰ ਦਿੱਤੀ ਅਤੇ ਜ਼ਬਤ ਕੀਤਾ ਮਾਲ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਪੇਸ਼ ਕੀਤਾ ਤਾਂ ਹਜ਼ਰਤ ਮੁਹੰਮਦ (ਸ.) ਨੇ ਵਪਾਰਕ ਕਾਫ਼ਲੇ ਦਾ ਲੁੱਟਿਆ ਮਾਲ ਲੈਣ ਤੋਂ ਇਨਕਾਰ ਕਰਦਿਆਂ ਆਖਿਆ, "ਮੈਂ ਤੁਹਾਨੂੰ ਇਸ ਦੀ ਇਜਾਜ਼ਤ ਤਾਂ ਨਹੀਂ ਸੀ ਦਿੱਤੀ"।ਕਿਉਂ ਜੋ ਇਸ ਘਟਨਾ ਵਿਚ ਮਰਨ ਵਾਲਾ ਅਤੇ ਫੜੇ ਜਾਣ ਵਾਲੇ ਦੋਵੇਂ ਬੰਦੇ ਕੁਰੈਸ਼ ਦੇ ਪਤਵੰਤੇ ਪਰਿਵਾਰਾਂ ਨਾਲ ਸਬੰਧਤ ਸਨ ਇਸ ਲਈ ਕੁਰੈਸ਼ ਨੂੰ ਇਹ ਪਰਾਪੇਗੰਡਾ ਕਰਨ ਦਾ ਮੌਕਾ ਮਿਲ ਗਿਆ ਕਿ ਮੁਸਲਮਾਨਾਂ ਨੇ ਲੜਾਈ ਲਈ ਰੱਬ ਦੇ ਪਵਿੱਤਰ ਮਹੀਨੇ ਦੀ ਮਹਾਨਤਾ ਦਾ ਖ਼ਿਆਲ ਨਹੀਂ ਰੱਖਿਆ।
77. ਯਹੂਦੀਆਂ ਨਾਲ ਸਮਝੌਤਾ
ਭਾਈਚਾਰਕ ਸਾਂਝ ਬਣਾਉਣ ਤੋਂ ਬਾਅਦ ਜਦੋਂ ਹਜ਼ਰਤ ਮੁਹੰਮਦ (ਸ.) ਨੇ ਨਵੇਂ ਬਣਾਏ ਇਸਲਾਮੀ ਰਾਜ ਦੀ ਬੁਨਿਆਦ ਪੱਕੀ ਕਰ ਲਈ, ਤਾਂ ਉਨ੍ਹਾਂ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਇਸਲਾਮ ਦੀਆਂ ਦੁਸ਼ਮਣ ਤਾਕਤਾਂ ਨਾਲ ਨਿਪਟਣ ਲਈ ਨੇੜੇ ਰਹਿੰਦੇ ਗ਼ੈਰ ਮੁਸਲਮਾਨਾਂ ਦੇ ਨਾਲ ਵੀ ਚੰਗੇ ਸਬੰਧ ਸਥਾਪਤ ਕਰਨ ਨੂੰ ਜ਼ਰੂਰੀ ਸਮਝਿਆ। ਉਸ ਸਮੇਂ ਮਦੀਨਾ ਸ਼ਹਿਰ ਦੇ ਅੰਦਰ ਅਤੇ ਆਲੇ-ਦੁਆਲੇ ਯਹੂਦੀ ਬਸਤੀਆਂ ਆਬਾਦ ਸਨ।ਇਨ੍ਹਾਂ ਨੂੰ ਇਸਲਾਮ ਦੀ ਦਾਅਵਤ ਦੇਣ ਦੇ ਨਾਲ ਨਾਲ ਇਸ ਚੀਜ਼ ਦੀ ਵੀ ਜ਼ਰੂਰਤ ਸੀ ਕਿ ਉਨ੍ਹਾਂ ਨਾਲ ਰਾਜਨੀਤਿਕ ਸਮਝੌਤੇ ਵੀ ਕਰ ਲਏ ਜਾਣ ਤਾਂ ਜੋ ਬਾਹਰੀ ਸ਼ਕਤੀਆਂ ਖ਼ਾਸ ਤੌਰ ਤੇ ਮੱਕੇ ਦੇ ਕੁਰੈਸ਼ ਵਾਲੇ ਕਦੇ ਵੀ ਨਹੀਂ ਚਾਹੁਣਗੇ ਕਿ ਮੁਸਲਮਾਨ ਮਦੀਨੇ ਵਿਚ ਅਪਣੀ ਜਥੇਬੰਦੀ ਨੂੰ ਤਕੜਾ ਕਰਕੇ ਉਨ੍ਹਾਂ ਲਈ ਸਿਰਦਰਦੀ ਬਣ ਜਾਣ।ਅਪਣੇ ਮਕਸਦ ਨੂੰ ਨੇਪਰੇ ਚਾੜ੍ਹਨ ਲਈ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਵਿਚ ਵਸਦੇ ਯਹੂਦੀਆਂ ਨਾਲ ਸੁਖਾਵੇਂ ਸਬੰਧ ਬਣਾਉਣ ਦਾ ਨਿਸ਼ਚਾ ਕੀਤਾ ਤਾਂ ਜੋ ਮੱਕੇ ਦੇ ਕੁਰੈਸ਼ੀਆਂ ਨਾਲ ਕਿਸੇ ਕਿਸਮ ਦੀ ਲੜਾਈ ਸਮੇਂ ਪਤਾ ਲੱਗ ਸਕੇ ਕਿ ਮਦੀਨੇ ਦੇ ਯਹੂਦੀ ਮੁਸਲਮਾਨਾਂ ਦੀ ਹਮਾਇਤ ਕਰਨਗੇ ਜਾਂ ਮੱਕੇ ਦੇ ਕੁਰੈਸ਼ ਵਾਲਿਆਂ ਦੀ।ਹਜ਼ਰਤ ਮੁਹੰਮਦ (ਸ.) ਦੇ ਕਹਿਣ ਤੇ ਮਦੀਨੇ ਤੋਂ ਬਾਹਰ ਲਾਲ ਸਾਗਰ ਵਲ ਵਸਦੀਆਂ ਯਹੂਦੀ ਬਸਤੀਆਂ ਨੇ ਬਾਹਰੀ ਹਮਲਾਵਰਾਂ ਨਾਲ ਲੜਨ ਸਮੇਂ ਨਿਰਪੱਖ ਰਹਿਣ ਦਾ ਸਮਝੌਤਾ ਕੀਤਾ ਪਰ ਮਦੀਨੇ ਦੇ ਨੇੜਲੇ ਕਬੀਲਿਆਂ ਨੇ ਮੁਸਲਮਾਨਾਂ ਨਾਲ ਰਲ ਕੇ ਬਾਹਰੀ ਹਮਲਾਵਰਾਂ ਦਾ ਮੁਕਾਬਲਾ ਕਰਨ ਦਾ ਸਮਝੌਤਾ ਕਰਨ ਨੂੰ ਪਹਿਲ ਦਿੱਤੀ। ਮਦੀਨੇ ਸ਼ਹਿਰ ਦੇ ਅੰਦਰ ਵੀ ਯਹੂਦੀ ਬਹੁਤ ਵੱਡੀ ਗਿਣਤੀ ਵਿਚ ਰਹਿੰਦੇ ਸਨ ਅਤੇ ਉਨ੍ਹਾਂ ਦੀਆਂ ਵੱਖਰੀਆਂ ਬਸਤੀਆਂ ਆਬਾਦ ਸਨ।ਇਹ ਲੋਕ ਬਹੁਤ ਅਮੀਰ ਸਨ ਅਤੇ ਮਦੀਨੇ ਦੇ ਲੋਕਾਂ ਵਿਚ ਚੰਗਾ ਰਸੂਖ਼ ਰੱਖਦੇ ਸਨ।ਆਪ ਨੇ ਮਦੀਨੇ ਵਿਚ ਠਿਕਾਨਾ ਬਣਾਉਣ ਤੋਂ ਬਾਅਦ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਇਨ੍ਹਾਂ ਲੋਕਾਂ ਨਾਲ ਸਮਝੌਤਾ ਕਰਨਾ ਚੰਗਾ ਸਮਝਿਆ ਤਾਂ ਜੋ ਯਹੂਦੀ ਬਾਹਰਲੇ ਦੁਸ਼ਮਣਾਂ ਨਾਲ ਮਿਲ ਕੇ ਮਦੀਨੇ ਵਿਚ ਕੋਈ ਬਦਅਮਨੀ ਪੈਦਾ ਨਾਂ ਕਰਨ।ਉਨ੍ਹਾਂ ਨਾਲ ਜਿਹੜਾ ਸਮਝੌਤਾ ਹੋਇਆ ਉਸ ਦੀਆਂ ਸ਼ਰਤਾਂ ਵਿਚ ਲਿਖਿਆ ਗਿਆ ਸੀ; ਔਫ਼ ਕਬੀਲੇ ਦੇ ਯਹੂਦੀ ਮੁਸਲਮਾਨਾਂ ਦੇ ਨਾਲ ਮਿਲ ਕੇ ਇਕ ਹੀ ਉੱਮਤ (ਕੌਮ) ਵਾਂਗ ਰਹਿਣਗੇ।ਯਹੂਦੀ ਅਪਣੇ ਧਰਮ ਉੱਤੇ ਅਮਲ ਕਰਨਗੇ ਅਤੇ ਮੁਸਲਮਾਨ ਅਪਣੇ ਧਰਮ ਉੱਤੇ।ਔਫ਼ ਕਬੀਲੇ ਤੋਂ ਬਿਨਾ ਮਦੀਨੇ ਵਿਚ ਰਹਿਣ ਵਾਲੇ ਦੂਸਰੇ ਯਹੂਦੀਆਂ ਉੱਤੇ ਵੀ ਇਹ ਸਮਝੌਤਾ ਲਾਗੂ ਹੋਵੇਗਾ। ਤੀਜੀ ਧਿਰ ਨਾਲ ਲੜਾਈ ਸਮੇਂ ਯਹੂਦੀ ਅਪਣੇ ਖ਼ਰਚ ਦੇ ਜ਼ਿੰਮੇਵਾਰ ਹੋਣਗੇ ਅਤੇ ਮੁਸਲਮਾਨ ਅਪਣੇ ਖ਼ਰਚ ਦੇ।ਜਿਹੜੀ ਵੀ ਕੋਈ ਬਾਹਰੀ ਤਾਕਤ ਇਸ ਸਮਝੋਤੇ ਦੇ ਭਾਈਵਾਲਾਂ ਨਾਲ ਜੰਗ ਕਰੇਗੀ ਉਸ ਨਾਲ ਦੋਵੇਂ ਮਿਲ ਕੇ ਲੜਨਗੇ।ਇਸ ਸਮਝੋਤੇ ਦੀਆਂ ਦੋਹਾਂ ਧਿਰਾਂ ਦੇ ਆਪਸੀ ਸਬੰਧ ਇਕ ਦੂਜੇ ਦੀ ਭਲਾਈ, ਇਕ ਦੂਜੇ ਦਾ ਫ਼ਾਇਦਾ ਕਰਨ ਲਈ ਹੋਣਗੇ, ਬੁਰਾ ਕਰਨ ਲਈ ਨਹੀਂ। ਕੋਈ ਆਦਮੀ ਅਪਣੇ ਸਾਥੀਆਂ ਕਰਕੇ ਮੁਜਰਮ ਨਹੀਂ ਹੋਵੇਗਾ।ਮਜ਼ਲੂਮ ਅਤੇ ਬੇਸਹਾਰਾ ਸ਼ਹਿਰੀਆਂ ਦੀ ਸਹਾਇਤਾ ਕੀਤੀ ਜਾਵੇਗੀ।ਜਦੋਂ ਤੱਕ ਕਿਸੇ ਤੀਜੇ ਦੁਸ਼ਮਣ ਨਾਲ ਜੰਗ ਲੱਗੀ ਰਹੇਗੀ ਦੋਵੇਂ ਮਿਲ ਕੇ ਖ਼ਰਚ ਚੁੱਕਣਗੇ ਅਤੇ ਇਸ ਸਮਝੋਤੇ ਵਿਚ ਸ਼ਾਮਲ ਲੋਕਾਂ ਵਿਰੁੱਧ ਮਦੀਨੇ ਵਿਚ ਖ਼ੂਨ-ਖ਼ਰਾਬਾ ਨਹੀਂ ਹੋਵੇਗਾ।ਜੇ ਦੋਵਾਂ ਵਿਚ ਝਗੜਾ ਹੋ ਜਾਵੇ ਅਤੇ ਫ਼ਸਾਦ ਦਾ ਡਰ ਪੈਦਾ ਹੋ ਜਾਵੇ ਤਾਂ ਫ਼ੈਸਲਾ ਹਜ਼ਰਤ ਮੁਹੰਮਦ (ਸ.) ਕਰਨਗੇ। ਕੁਰੈਸ਼ ਅਤੇ ਉਸ ਦੇ ਸਾਥੀਆਂ ਨੂੰ ਸ਼ਰਨ ਨਹੀਂ ਦਿੱਤੀ ਜਾਵੇਗੀ ਅਤੇ ਜੇ ਉਹ ਮਦੀਨੇ ਉੱਤੇ ਹਮਲਾ ਕਰਣਗੇ ਤਾਂ ਦੋਵੇਂ ਧਿਰਾਂ ਮਿਲ ਕੇ ਬਚਾਅ ਲਈ ਮੁਕਾਬਲਾ ਕਰਣਗੀਆਂ। ਇਸ ਸਮਝੌਤੇ ਦੇ ਲਾਗੂ ਹੋ ਜਾਣ ਨਾਲ ਮਦੀਨਾ ਅਤੇ ਉਸ ਦੇ ਨੇੜਲੇ ਇਲਾਕਿਆਂ ਦੀ ਅਮਲੀ ਤੌਰ ਤੇ ਇਕ ਨਿੱਕੀ ਜਿਹੀ ਹਕੂਮਤ ਕਾਇਮ ਹੋ ਗਈ ਜਿਸ ਦੀ ਰਾਜਧਾਨੀ ਮਦੀਨਾ ਸੀ ਅਤੇ ਜਿਸ ਦੇ ਹਾਕਮ ਹਜ਼ਰਤ ਮੁਹੰਮਦ (ਸ.) ਸਨ।
78. ਬਦਰ ਦੀ ਲੜਾਈ
ਮੱਕੇ ਦੇ ਕੁਰੈਸ਼ ਵਾਲਿਆਂ ਵੱਲੋਂ ਮੁਸਲਮਾਨਾਂ ਦੇ ਖ਼ਿਲਾਫ਼ ਘੜੀਆਂ ਜਾਂਦੀਆਂ ਨਿੱਤ ਦਿਨ ਦੀਆਂ ਨਵੀਆਂ ਸਾਜ਼ਿਸ਼ਾਂ ਨੂੰ ਦੇਖਦਿਆਂ ਹਜ਼ਰਤ ਮੁਹੰਮਦ (ਸ.) ਵੀ ਮਹਿਸੂਸ ਕਰਨ ਲੱਗ ਪਏ ਸਨ ਕਿ ਹੁਣ ਕੁਰੈਸ਼ ਵਾਲਿਆਂ ਦੇ ਭੈੜੇ ਇਰਾਦਿਆਂ ਦਾ ਪੂਰੀ ਤਿਆਰੀ ਨਾਲ ਟਾਕਰਾ ਕੀਤਾ ਜਾਵੇ ਅਤੇ ਜੇ ਅਜਿਹਾ ਨਾ ਕੀਤਾ ਗਿਆ ਤਾਂ ਮੁਸਲਮਾਨਾਂ ਦਾ ਅਪਣੇ ਇਰਾਦਿਆਂ ਨੂੰ ਨੇਪਰੇ ਚਾੜ੍ਹਣਾ ਮੁਸ਼ਕਿਲ ਹੋ ਜਾਵੇਗਾ।ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਇਰਾਦਿਆਂ ਦਾ ਸਦਾ ਲਈ ਗਲ ਘੁੱਟਿਆ ਜਾਵੇ।ਅਜੇ ਮੁਸਲਮਾਨਾਂ ਨੂੰ ਅਪਣਾ ਘਰ-ਬਾਰ ਛੱਡ ਕੇ ਮਦੀਨੇ ਆਇਆਂ ਨੂੰ ਦੋ ਸਾਲ ਵੀ ਨਹੀਂ ਸਨ ਹੋਏ।ਅਨਸਾਰੀਆਂ ਨੂੰ ਲੜਾਈ ਦਾ ਕੋਈ ਤਜਰਬਾ ਨਹੀਂ ਸੀ।ਯਹੂਦੀਆਂ ਨਾਲ ਭਾਵੇਂ ਸੁਲਾਹ ਹੋ ਗਈ ਸੀ ਪਰ ਉਨ੍ਹਾਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਸੀ।ਅਜਿਹੇ ਨਾਜ਼ੁਕ ਸਮੇਂ ਵਿਚ ਇਹ ਵੀ ਜ਼ਰੂਰੀ ਸੀ ਕਿ ਕੁਰੈਸ਼ ਵਾਲਿਆਂ ਨੂੰ ਸਬਕ ਸਿਖਾਉਣ ਲਈ ਅਪਣੀ ਹੋਂਦ ਦਾ ਅਹਿਸਾਸ ਕਰਵਾਇਆ ਜਾਵੇ।ਸੋ ਆਪ ਨੇ ਕੁਰੈਸ਼ ਨਾਲ ਲੜਾਈ ਲੜਨ ਦਾ ਫ਼ੈਸਾ ਕਰ ਲਿਆ। ਲੜਾਈ ਦਾ ਨਿਰਣਾ ਲੈਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਮੁਹਾਜਰਾਂ ਅਤੇ ਅਨਸਾਰੀਆਂ ਨੂੰ ਇਕੱਠਾ ਕੀਤਾ ਅਤੇ ਪੂਰੇ ਚੌਗਿਰਦੇ ਦੀ ਹਾਲਤ ਉਨ੍ਹਾਂ ਦੇ ਸਾਹਮਣੇ ਰੱਖ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਉੱਤਰ ਵੱਲੋਂ ਕੁਰੈਸ਼ ਵਾਲਿਆਂ ਦਾ ਵਪਾਰਕ ਕਾਫ਼ਲਾ ਆ ਰਿਹਾ ਹੈ ਅਤੇ ਦੂਜੇ ਪਾਸੇ ਦੱਖਣ ਵੱਲੋਂ ਕੁਰੈਸ਼ ਦੀ ਫ਼ੌਜ ਆ ਰਹੀ ਹੈ।ਹੁਣ ਤੁਸੀਂ ਦੱਸੋ ਤੁਸੀਂ ਕਿਸ ਦੇ ਟਾਕਰੇ ਤੇ ਜਾਣਾ ਚਾਹੁੰਦੇ ਹੋ? ਹਜ਼ਰਤ ਮੁਹੰਮਦ (ਸ.) ਦੀ ਗੱਲ ਦੇ ਜਵਾਬ ਵਿਚ ਬਹੁਤੇ ਸਾਥੀਆਂ ਦਾ ਉੱਤਰ ਸੀ ਕਿ ਕਾਫ਼ਲੇ ਨੂੰ ਰੋਕਿਆ ਜਾਵੇ।ਪਰ ਹਜ਼ਰਤ ਮੁਹੰਮਦ (ਸ.) ਤਾਂ ਕੁਝ ਹੋਰ ਹੀ ਚਾਹੁੰਦੇ ਸਨ ਜਦੋਂ ਉਨ੍ਹਾਂ ਨੇ ਦੁਬਾਰਾ ਪ੍ਰਸ਼ਨ ਦੁਹਰਾਇਆ ਤਾਂ ਸਹਾਬੀਆਂ ਨੇ ਉਨ੍ਹਾਂ ਦੀ ਗੱਲ ਨੂੰ ਸਮਝਦਿਆਂ ਸਰਬ-ਸੰਮਤੀ ਨਾਲ ਆਪ ਨੂੰ ਅਧਿਕਾਰ ਦੇ ਦਿੱਤਾ ਕਿ ਜੋ ਤੁਹਾਡੀ ਮਰਜ਼ੀ ਉਹ ਅਸਾਡੀ ਮਰਜ਼ੀ। ਅਨਸਾਰੀਆਂ ਅਤੇ ਮੁਹਾਜਰਾਂ ਨਾਲ ਲੰਬੀ ਸੋਚ-ਵਿਚਾਰ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਕਾਫ਼ਲੇ ਦੀ ਥਾਂ ਕੁਰੈਸ਼ ਵਾਲਿਆਂ ਦੇ ਲਸ਼ਕਰ ਦਾ ਟਾਕਰਾ ਕੀਤਾ ਜਾਵੇ।ਮੁਸਲਮਾਨਾਂ ਦਾ ਇਹ ਕੋਈ ਸਾਧਾਰਣ ਨਿਰਣਾ ਨਹੀਂ ਸੀ।ਉਹ ਜਾਣਦੇ ਸਨ ਕਿ ਕੁਰੈਸ਼ ਵਾਲਿਆਂ ਦੀ ਫ਼ੌਜ ਮੁਸਲਮਾਨਾਂ ਦੇ ਟਾਕਰੇ ਬਹੁਤ ਜ਼ਿਆਦਾ ਹੈ।ਲੜਾਈ ਕਰਨ ਵਾਲੇ ਮੁਸਲਮਾਨਾਂ ਦੀ ਗਿਣਤੀ ਤਿੰਨ ਸੌ ਤੋਂ ਵੱਧ ਨਹੀਂ ਹੈ ਅਤੇ ਉਨ੍ਹਾਂ ਕੋਲ ਨਾ ਵਧੀਆ ਜੰਗੀ ਸਾਮਾਨ ਹੈ ਅਤੇ ਨਾ ਜੰਗੀ ਮੁਹਾਰਤ।ਇਸ ਲਈ ਕੁਝ ਬੰਦਿਆਂ ਨੂੰ ਛੱਡ ਕੇ ਬਾਕੀਆਂ ਦੇ ਮਨ ਵਿਚ ਵਿਚਾਰ ਪੈਦਾ ਹੋ ਰਹੇ ਸਨ ਕਿ ਜਾਣ ਬੁੱਝ ਕੇ ਮੌਤ ਦੇ ਮੂੰਹ ਵਿਚ ਜਾਇਆ ਜਾ ਰਿਹਾ ਹੈ।ਪਰ ਹਜ਼ਰਤ ਮੁਹੰਮਦ (ਸ.) ਨੇ ਲੜਾਈ ਦਾ ਪ੍ਰਣਾਮ ਅਣਗੌਲਿਆ ਕਰਦਿਆਂ ਚਾਲੇ ਪਾ ਦਿੱਤੇ। ਭਾਵੇਂ ਹਿਜਰਤ ਕਰਕੇ ਮਦੀਨੇ ਜਾਣ ਤੋਂ ਬਾਅਦ ਮੁਸਲਮਾਨ ਸੁਰੱਖਿਅਤ ਹੋ ਗਏ ਸਨ ਪਰ ਮੱਕੇ ਵਿਚ ਬੈਠੇ ਕੁਰੈਸ਼ ਦੇ ਲੋਕਾਂ ਨੂੰ ਉਨ੍ਹਾਂ ਦਾ ਬਚ ਕੇ ਨਿਕਲ ਜਾਣਾ ਅਤੇ ਅਪਣੇ ਇਰਾਦਿਆਂ ਵਿਚ ਵਧਣਾ-ਫੁਲਣਾ ਭਾਉਂਦਾ ਨਹੀਂ ਸੀ।ਉਹ ਸਦਾ ਬਹਾਨੇ ਦੀ ਭਾਲ ਵਿਚ ਰਹਿੰਦੇ ਸਨ ਕਿ ਕਿਵੇਂ ਇਸ ਵਧਦੇ-ਫੁਲਦੇ ਧਰਮ ਨੂੰ ਕੁਚਲਿਆ ਜਾਵੇ।ਭਾਵੇਂ ਉਨ੍ਹਾਂ ਦੇ ਹੱਥ ਸਿੱਧੇ ਤੌਰ ਤੇ ਮੁਸਲਮਾਨਾਂ ਤੱਕ ਨਹੀਂ ਸਨ ਅੱਪੜਦੇ ਪਰ ਉਹ ਅਸਿੱਧੇ ਤੌਰ ਤੇ ਮਦੀਨੇ ਵਿਚ ਵਸਦੇ ਯਹੂਦੀਆਂ ਅਤੇ ਮੁਨਾਫ਼ਕਾਂ ਨੂੰ ਉਕਸਾਉਂਦੇ ਰਹਿੰਦੇ ਸਨ।ਉਨ੍ਹਾਂ ਨੇ ਯਹੂਦੀਆਂ ਨੂੰ ਸੁਨੇਹਾ ਭੇਜਿਆ ਕਿ ਮੁਸਲਮਾਨਾਂ ਨੂੰ ਮਦੀਨੇ ਵਿੱਚੋਂ ਕੱਢ ਦਿਉ ਪਰ ਚੌਕਸ ਮੁਸਲਮਾਨ ਪਹਿਲਾਂ ਹੀ ਯਹੂਦੀਆਂ ਨਾਲ ਸਮਝੌਤਾ ਕਰ ਚੁੱਕੇ ਸਨ ਇਸ ਲਈ ਯਹੂਦੀ ਉਨ੍ਹਾਂ ਦੀਆਂ ਚਾਲਾਂ ਵਿਚ ਨਾ ਆਏ। ਹਜ਼ਰਤ ਮੁਹੰਮਦ (ਸ.) ਨੂੰ ਖ਼ਬਰਾਂ ਮਿਲਦੀਆਂ ਰਹਿੰਦੀਆਂ ਸਨ ਕਿ ਕੁਰੈਸ਼ ਵਾਲੇ ਮਦੀਨਾ ਉੱਤੇ ਹਮਲਾ ਕਰ ਸਕਦੇ ਹਨ ਇਸ ਲਈ ਉਹ ਮੁਸਲਮਾਨਾਂ ਦੀਆਂ ਛੋਟੀਆਂ ਛੋਟੀਆਂ ਟੁਕੜੀਆਂ ਮਦੀਨੇ ਦੇ ਆਲੇ-ਦੁਆਲੇ ਸਰਹੱਦਾਂ ਉੱਤੇ ਰਖਵਾਲੀ ਵਜੋਂ ਭੇਜਦੇ ਰਹਿੰਦੇ ਸਨ।ਦੂਸੇ ਉਹ ਅਜਿਹਾ ਇਸ ਲਈ ਕਰਦੇ ਸਨ ਕਿ ਮੱਕੇ ਵਾਲਿਆਂ ਨੂੰ ਦਰਸਾਇਆ ਜਾ ਸਕੇ ਕਿ ਮੁਸਲਮਾਨ ਉਨ੍ਹਾਂ ਦੇ ਸ਼ਾਮ ਜਾਣ ਵਾਲੇ ਵਪਾਰਕ ਕਾਫ਼ਲਿਆਂ ਨੂੰ ਵੀ ਰੋਕ ਸਕਦੇ ਹਨ।ਚੌਕਸੀ ਦੇ ਹੁੰਦਿਆਂ ਵੀ ਮੱਕੇ ਦਾ ਇਕ ਸਰਦਾਰ ਕੁਰਜ਼ ਬਿਨ ਜਾਵਰ ਮਦੀਨੇ ਦੀ ਇਕ ਚਰਾਂਦ ਉੱਤੇ ਹਮਲਾ ਕਰਕੇ ਮੁਸਲਮਾਨਾਂ ਦੇ ਊਂਠ ਅਤੇ ਦੂਸਰੇ ਦੁੱਧ ਦੇਣ ਵਾਲੇ ਪਸ਼ੂ ਖੋਹ ਕੇ ਲੈ ਗਿਆ।ਇਸ ਘਟਨਾ ਤੋਂ ਕੁਝ ਮਹੀਨਿਆਂ ਬਾਅਦ ਮੁਸਲਮਾਨਾਂ ਦੀ ਇਕ ਫ਼ੌਜੀ ਟੁਕੜੀ ਨਾਲ ਕੁਰੈਸ਼ ਦੇ ਇਕ ਕਾਫ਼ਲੇ ਦੀ ਝੜੱਪ ਹੋ ਗਈ, ਜਿਸ ਵਿਚ ਕੁਰੈਸ਼ ਦਾ ਇਕ ਆਦਮੀ ਮਾਰਿਆ ਗਿਆ ਅਤੇ ਦੋ ਫੜ ਲਏ ਗਏ। ਇਸ ਝੜੱਪ ਤੋਂ ਬਾਅਦ ਕੁਰੈਸ਼ ਵਾਲਿਆਂ ਨੇ ਜੰਗ ਦਾ ਸਾਮਾਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।ਸਨ ੨ ਹਿਜਰੀ ਮੁਤਾਬਕ ਮਾਰਚ ੬੨੩ ਈਸਵੀ ਨੂੰ ਕੁਰੈਸ਼ ਦਾ ਇਕ ਵੱਡਾ ਵਪਾਰਕ ਕਾਫ਼ਲਾ ਜਿਸ ਕੋਲ ਪੰਜਾਹ ਹਜ਼ਾਰ ਅਸ਼ਰਫ਼ੀ ਦਾ ਮਾਲ ਸੀ ਸ਼ਾਮ ਤੋਂ ਮੱਕੇ ਨੂੰ ਪਰਤਦੇ ਸਮੇਂ ਉਸ ਇਲਾਕੇ ਵਿਚ ਪਹੁੰਚਿਆ ਜਿਹੜਾ ਮਦੀਨੇ ਦੇ ਅਧਿਕਾਰ ਖੇਤਰ ਅਧੀਨ ਸੀ।ਕਾਫ਼ਲੇ ਦੇ ਸਰਦਾਰ ਅਬੂ ਸੁਫ਼ਿਆਨ ਨੂੰ ਡਰ ਸੀ ਕਿ ਮੁਸਲਮਾਨ ਹਮਲਾ ਨਾ ਕਰ ਦੇਣ ਇਸ ਲਈ ਉਸ ਨੇ ਇਕ ਤੇਜ਼ ਰਫ਼ਤਾਰ ਸਵਾਰ ਦਮਦਮੂ ਪੁੱਤਰ ਅਮਰੂ ਗ਼ੱਫ਼ਾਰੀ ਨੂੰ ਮੱਕੇ ਘੱਲਿਆ ਤਾਂ ਜੋ ਸਹਾਇਤਾ ਲਈ ਜਾ ਸਕੇ।ਦਮਦਮੂ ਪੁੱਤਰ ਅਮਰੂ ਗ਼ੱਫ਼ਾਰੀ ਦੇ ਮੱਕੇ ਪਹੁੰਚਣ ਦਾ ਜ਼ਿਕਰ ਕਰਦਿਆਂ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸਫ਼ਾ ੨੮੧ ਉੱਤੇ ਲਿਖਦਾ ਹੈ; "ਕੁਰੈਸ਼ ਦੇ ਵਪਾਰਕ ਕਾਫ਼ਲੇ ਦੇ ਸਰਦਾਰ ਅਬੂ ਸੁਫ਼ਿਆਨ ਨੂੰ ਪਤਾ ਸੀ ਕਿ ਮਦੀਨੇ ਦੇ ਨੇੜਿਉਂ ਲੰਘ ਕੇ ਮੱਕੇ ਜਾਣ ਦਾ ਰਾਸਤਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ ਇਸ ਲਈ ਉਸ ਨੂੰ ਰਸਤੇ ਵਿਚ ਜਿਹੜੇ ਕਾਫ਼ਲੇ ਮਿਲਦੇ ਸਨ ਉਹ ਉਨ੍ਹਾਂ ਤੋਂ ਰਸਤੇ ਦੀ ਹਾਲਤ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਰਹਿੰਦਾ ਸੀ।ਜਦੋਂ ਉਸ ਨੂੰ ਪੱਕ ਹੋ ਗਿਆ ਕਿ ਹਜ਼ਰਤ ਮੁਹੰਮਦ (ਸ.) ਨੇ ਕੁਰੈਸ਼ ਦੇ ਇਸ ਵਪਾਰਕ ਕਾਫ਼ਲੇ ਉੱਤੇ ਹਮਲਾ ਕਰਨ ਦਾ ਹੁਕਮ ਦੇ ਦਿੱਤਾ ਹੈ ਤਾਂ ਉਸ ਨੇ ਦਮਦਮੂ ਪੁੱਤਰ ਅਮਰੂ ਗ਼ੱਫ਼ਾਰੀ ਨੂੰ ਮੱਕੇ ਘੱਲਿਆ ਤਾਂ ਜੋ ਕਾਫ਼ਲੇ ਦੀ ਸੁਰੱਖਿਆ ਲਈ ਸਹਾਇਤਾ ਲਈ ਜਾ ਸਕੇ।ਉਹ ਅਰਬ ਦੇ ਦਸਤੂਰ ਅਨੁਸਾਰ ਅਪਣਾ ਕੁੜਤਾ ਫਾੜ ਕੇ ਅਤੇ ਊਠ ਉੱਤੇ ਜੰਗ ਦੇ ਖ਼ਤਰੇ ਦੀਆਂ ਨਿਸ਼ਾਨੀਆਂ ਦਰਸਾਉਂਦਾ ਹੋਇਆ ਮੱਕੇ ਦੇ ਬਾਜ਼ਾਰਾਂ ਵਿੱਚ ਘੁੰਮਿਆ ਅਤੇ ਊਂਠ ਉੱਤੇ ਖੜ੍ਹਾ ਹੋ ਕੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਦੱਸਿਆ ਕਿ ਕੁਰੈਸ਼ ਵਾਲਿਓ ਜਿਹੜਾ ਤੁਹਾਡਾ ਮਾਲ ਅਬੂ ਸੁਫ਼ਿਆਨ ਲੈ ਕੇ ਆ ਰਹੇ ਹਨ ਉਸ ਉੱਤੇ ਮੁਹੰਮਦ (ਸ.) ਅਤੇ ਉਸ ਦੇ ਸਾਥੀ ਲੁੱਟਣ ਲਈ ਧਾਵਾ ਬੋਲਣ ਵਾਲੇ ਹਨ।ਮੈਨੂੰ ਯਕੀਨ ਨਹੀਂ ਕਿ ਤੁਸੀਂ ਅਪਣਾ ਮਾਲ ਪ੍ਰਾਪਤ ਕਰ ਸਕੋਗੇ"। ਅਬੂ ਸੁਫ਼ਿਆਨ ਦਾ ਸੁਨੇਹਾ ਮੱਕੇ ਪਹੁੰਚਦਿਆਂ ਹੀ ਕੁਰੈਸ਼ ਵਾਲਿਆਂ ਨੇ ਮੱਕੇ ਵਿਚ ਐਲਾਨ ਕਰ ਦਿੱਤਾ ਕਿ ਮੁਸਲਮਾਨਾਂ ਨੇ ਉਨ੍ਹਾਂ ਦਾ ਕਾਫ਼ਲਾ ਲੁੱਟ ਲਿਆ ਹੈ। ਸੁਨੇਹਾ ਮਿਲਦਿਆਂ ਹੀ ਮੱਕੇ ਦੇ ਇਕ ਹਜ਼ਾਰ ਸਵਾਰ ਜੰਗੀ ਸਾਮਾਨ ਨਾਲ ਲੈਸ ਹੋ ਕੇ ਲੜਾਈ ਲਈ ਤਿਆਰ ਹੋ ਗਏ।ਇਨ੍ਹਾਂ ਸਵਾਰਾਂ ਵਿਚ ਦੋ ਤਰ੍ਹਾਂ ਦੇ ਲੋਕ ਸਨ।ਇਕ ਉਹ ਸਨ ਜਿਹੜੇ ਆਪ ਜੰਗ ਲਈ ਤਿਆਰ ਹੋ ਕੇ ਜਾ ਰਹੇ ਸਨ ਅਤੇ ਦੂਜੇ ਉਹ ਲੋਕ ਸਨ ਜਿਹੜੇ ਅਪਣੀ ਥਾਂ ਕਿਸੇ ਦੂਜੇ ਨੂੰ ਕੀਮਤ ਦੇ ਕੇ ਭੇਜ ਰਹੇ ਸਨ।ਇਨ੍ਹਾਂ ਲੋਕਾਂ ਵਿਚ ਅਬੂ ਲਹਿਬ ਤੋਂ ਬਿਨਾ ਕੁਰੈਸ਼ ਦੇ ਸਾਰੇ ਵੱਡੇ ਲੋਕ ਸ਼ਾਮਲ ਸਨ।ਇਸ ਜੰਗ ਵਿਚ ਬਨੂ ਅਦੀ ਕਬੀਲੇ ਨੇ ਕੁਰੈਸ਼ ਦਾ ਸਾਥ ਨਹੀਂ ਦਿੱਤਾ ਸੀ। ਇਸ ਫ਼ੌਜੀ ਟੁਕੜੀ ਦੀ ਗਿਣਤੀ ਬਾਰੇ ਵੱਖ ਵੱਖ ਲੇਖਕਾਂ ਦੀਆਂ ਵੱਖ ਵੱਖ ਦਲੀਲਾਂ ਹਨ।ਆਮ ਕਿਤਾਬਾਂ ਵਿਚ ਲੇਖਕ ਇਸ ਦੀ ਗਿਣਤੀ ਇਕ ਹਜ਼ਾਰ ਦੱਸਦੇ ਹਨ ਪਰ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਮੱਕੇ ਤੋਂ ਚੱਲਣ ਵਾਲੀ ਇਸ ਫ਼ੌਜ ਦੀ ਗਿਣਤੀ ਤੇਰਾਂ ਸੌ ਸੀ ਜਿਸ ਦੇ ਕੋਲ ਇਕ ਸੌ ਘੌੜੇ ਅਤੇ ਅਣਗਿਣਤ ਊਂਠ ਸਨ।ਇਸ ਫ਼ੌਜ ਦਾ ਸਰਦਾਰ ਅਬੂ ਜਹਿਲ ਬਿਨ ਹੱਸ਼ਾਮ ਸੀ।ਕੁਰੈਸ਼ ਦੇ ਨੌ ਸਰਦਾਰ ਇਸ ਨੂੰ ਖ਼ੁਰਾਕ ਸਪਲਾਈ ਕਰਨ ਦੇ ਜ਼ਿੰਮੇਵਾਰ ਸਨ।ਫ਼ੌਜ ਦੀ ਖ਼ੁਰਾਕ ਲਈ ਹਰ ਰੋਜ਼ ਨੌਂ ਜਾਂ ਦਸ ਊਂਠ ਕੱਟੇ ਜਾਂਦੇ ਸਨ"। ਅਬੂ ਸੁਫ਼ਿਆਨ ਦੀ ਸਰਦਾਰੀ ਅਧੀਨ ਸ਼ਾਮ ਤੋਂ ਆਉਣ ਵਾਲਾ ਕਾਫ਼ਲਾ ਜਿਸ ਦੀ ਸੁਰੱਖਿਆ ਲਈ ਲੜਾਈ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ, ਰਸਤਾ ਬਦਲ ਕੇ ਲੰਘ ਗਿਆ।ਜਿਸ ਬਾਰੇ ਉਪ੍ਰੋਕਤ ਲੇਖਕ ਲਿਖਦਾ ਹੈ ਕਿ ਅਬੂ ਸੁਫ਼ਿਆਨ ਸ਼ਾਮ ਤੋਂ ਵਾਪਸ ਪਰਤਦਿਆਂ ਬੜਾ ਚੌਕੰਨਾ ਸੀ।ਉਹ ਰਸਤੇ ਵਿਚ ਆਉਣ ਜਾਣ ਵਾਲਿਆਂ ਤੋਂ ਮੁਸਲਮਾਨਾਂ ਦੇ ਕਾਫ਼ਲੇ ਬਾਰੇ ਜਾਣਕਾਰੀ ਪ੍ਰਾਪਤ ਕਰਦਾ ਜਾ ਰਿਹਾ ਸੀ।ਜਦੋਂ ਉਹ ਬਦਰ ਦੇ ਨੇੜੇ ਪਹੁੰਚਿਆ ਤਾਂ ਮਦੀਨੇ ਦੀ ਫ਼ੌਜ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਮਜਦੀ ਪੁੱਤਰ ਅਮਰੂ ਨੂੰ ਮਿਲਿਆ।ਮਜਦੀ ਨੇ ਉਸ ਨੂੰ ਦੱਸਿਆ ਕਿ ਮਦੀਨੇ ਦੀ ਫ਼ੌਜ ਦਾ ਤਾਂ ਉਸ ਨੂੰ ਪਤਾ ਨਹੀਂ ਪਰ ਦੋ ਆਦਮੀ ਆਏ ਸਨ ਜਿਹੜੇ ਟਿੱਲੇ ਦੀ ਓਟ ਵਿਚ ਅਪਣੇ ਊਂਠਾਂ ਨੂੰ ਛੱਡ ਕੇ ਚਸ਼ਮੇ ਤੋਂ ਪਾਣੀ ਦੀਆਂ ਮਸ਼ਕਾਂ ਭਰ ਕੇ ਮੁੜ ਗਏ ਹਨ।ਅਬੂ ਸੁਫ਼ਿਆਨ ਝੱਟ ਊਂਠਾਂ ਦੇ ਬੈਠਣ ਵਾਲੀ ਥਾਂ ਤੇ ਪਹੁੰਚਿਆ ਅਤੇ ਇਕ ਊਂਠ ਦੀ ਲਿੱਦ ਤੋੜ ਕੇ ਵੇਖਣ ਲੱਗਿਆ।ਜਦੋਂ ਉਸ ਨੂੰ ਲਿੱਦ ਵਿੱਚ ਖਜੂਰ ਦੀ ਗਿਟਕ ਦਿਖਾਈ ਦਿੱਤੀ ਤਾਂ ਉਹ ਝੱਟ ਸਮਝ ਗਿਆ ਕਿ ਦੋਵੇਂ ਆਦਮੀ ਮਦੀਨੇ ਦੇ ਹੀ ਹੋਣਗੇ ਕਿਉਂ ਜੋ ਅਜਿਹੀ ਖ਼ੁਰਾਕ ਮਦੀਨੇ ਦੇ ਊਂਠਾਂ ਨੂੰ ਹੀ ਖਵਾਈ ਜਾਂਦੀ ਹੈ।ਉਹ ਅਪਣੇ ਕਾਫ਼ਲੇ ਕੋਲ ਗਿਆ ਅਤੇ ਉਸ ਦਾ ਰੁਖ ਸਮੁੰਦਰ ਦੇ ਕੰਢੇ ਵਲ ਮੋੜ ਕੇ ਬਦਰ ਨੂੰ ਜਾਣ ਵਾਲੇ ਰਾਸਤੇ ਨੂੰ ਖੱਬੇ ਹੱਥ ਛੱਡ ਦਿੱਤਾ।ਇਸ ਤਰ੍ਹਾਂ ਉਸ ਨੇ ਕਾਫ਼ਲੇ ਨੂੰ ਇਸਲਾਮੀ ਫ਼ੌਜ ਤੋਂ ਬਚਾ ਲਿਆ ਅਤੇ ਮੱਕੇ ਵੱਲ ਖ਼ਬਰ ਭੇਜ ਦਿੱਤੀ ਕਿ ਕਾਫ਼ਲਾ ਬਚ ਨਿਕਲਿਆ ਹੈ।ਉਸ ਨੇ ਕੁਰੈਸ਼ ਦੀ ਫ਼ੌਜ ਨੂੰ ਵੀ ਵਾਪਸ ਜਾਣ ਲਈ ਸੁਨੇਹਾ ਭੇਜ ਦਿੱਤਾ ਜਿਹੜੀ ਉਸ ਸਮੇਂ ਜਹਫ਼ਾ ਦੇ ਸਥਾਨ ਉੱਤੇ ਠਹਿਰੀ ਹੋਈ ਸੀ। ਜਦੋਂ ਫ਼ੌਜ ਨੂੰ ਵਾਪਸ ਲੈ ਕੇ ਜਾਣ ਲਈ ਅਬੂ ਜਹਿਲ ਉੱਤੇ ਦਬਾਅ ਪਾਇਆ ਗਿਆ ਤਾਂ ਉਹ ਘੁਮੰਢ ਵਿਚ ਆ ਕੇ ਆਖਣ ਲੱਗਿਆ ਕਿ ਅਸੀਂ ਵਾਪਸ ਨਹੀਂ ਸਗੋਂ ਬਦਰ ਦੇ ਮੈਦਾਨ ਵਿਚ ਜਾਵਾਂਗੇ।ਕੁਝ ਦਿਨ ਮੌਜ ਮਸਤੀ ਕਰਾਂਗੇ।ਰੰਡੀਆਂ ਨਚਾਵਾਂਗੇ, ਸ਼ਰਾਬ ਪੀ ਕੇ ਜਸ਼ਨ ਮਨਾਵਾਂਗੇ।ਉਸ ਸਮੇਂ ਵਾਪਸ ਜਾਵਾਂਗੇ ਜਦੋਂ ਅਰਬ ਵਿਚ ਸਾਡੀ ਬਹਾਦਰੀ ਦੀ ਧਾਕ ਬੈਠ ਜਾਵੇਗੀ।ਬਨੀ ਜ਼ੋਹਰਾ ਕਬੀਲੇ ਦੇ ਸਰਦਾਰ ਅਖ਼ਨਸ ਬਿਨ ਸ਼ਰੀਕ ਨੇ ਉਸ ਨੂੰ ਵਾਪਸ ਜਾਣ ਦਾ ਮਸ਼ਵਰਾ ਦਿੱਤਾ ਪਰ ਜਦੋਂ ਅਬੂ ਜਹਿਲ ਨੇ ਉਸ ਦੀ ਸਲਾਹ ਮੰਨਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਅਪਣੇ ਤਿੰਨ ਸੌ ਸਾਥੀਆਂ ਸਮੇਤ ਵਾਪਸ ਪਰਤ ਗਿਆ। ਬਨੂ ਜ਼ੋਹਰਾ ਤੋਂ ਬਾਅਦ ਅਬੂ ਜਹਿਲ ਦੇ ਕਬੀਲੇ ਬਨੂ ਹੱਸ਼ਾਮ ਨੇ ਵੀ ਵਾਪਸ ਜਾਣ ਦੀ ਸਲਾਹ ਦਿੱਤੀ ਪਰ ਅਬੂ ਜਹਿਲ ਨੇ ਉਸ ਨੂੰ ਸਖ਼ਤੀ ਨਾਲ ਡਾਂਟ ਦਿੱਤਾ। ਉਸ ਨੇ ਸਫ਼ਰ ਜਾਰੀ ਰੱਖਿਆ ਅਤੇ ਬਦਰ ਦੇ ਨੇੜੇ ਪਹੁੰਚ ਕੇ ਇਕ ਟਿੱਬੇ ਦੇ ਪਿੱਛੇ ਡੇਰੇ ਲਾ ਲਏ।ਇਸ ਸਮੇਂ ਉਸ ਦੀ ਫ਼ੌਜ ਦੀ ਗਿਣਤੀ ਇਕ ਹਜ਼ਾਰ ਦੇ ਕਰੀਬ ਸੀ। ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਕੁਰੈਸ਼ ਦੀ ਫ਼ੌਜ ਦੀ ਤਿਆਰੀ ਬਾਰੇ ਪਤਾ ਲੱਗਿਆ ਤਾਂ ਇਹ ਸਮਝਣ ਵਿਚ ਦੇਰ ਨਾ ਲੱਗੀ ਕਿ ਹੁਣ ਖ਼ੂਨੀ ਟਕਰਾਉ ਹੋ ਕੇ ਹੀ ਰਹੇਗਾ।ਜੇ ਮੁਸਲਮਾਨ ਕੁਰੈਸ਼ ਦੀ ਫ਼ੌਜ ਨੂੰ ਮਨਮਰਜ਼ੀਆਂ ਕਰਨ ਤੋਂ ਨਹੀਂ ਰੋਕਦੇ ਤਾਂ ਪੂਰੇ ਅਰਬ ਵਿਚ ਉਸ ਦੀ ਧਾਕ ਬੈਠ ਜਾਵੇਗੀ ਅਤੇ ਨਵੇਂ ਬਣੇ ਮੁਸਲਮਾਨਾਂ ਦੇ ਹੌਸਲੇ ਟੁੱਟ ਜਾਣਗੇ।ਦੂਸਰੇ ਇਸ ਬਾਤ ਦੀ ਵੀ ਕੀ ਗਰੰਟੀ ਸੀ ਕਿ ਜੇ ਕੁਰੈਸ਼ ਦੀ ਫ਼ੌਜ ਨੂੰ ਨਾ ਰੋਕਿਆ ਗਿਆ ਤਾਂ ਉਹ ਮਦੀਨੇ ਉੱਤੇ ਹਮਲਾ ਨਹੀਂ ਕਰੇਗੀ। ਉਪ੍ਰੋਕਤ ਸਥਿਤੀ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਹਜ਼ਰਤ ਮੁਹੰਮਦ (ਸ.) ਨੇ ਅਪਣੇ ਸਰਦਾਰਾਂ ਅਤੇ ਆਮ ਫ਼ੌਜੀਆਂ ਦੀ ਮੀਟਿੰਗ ਬੁਲਾਈ ਜਿਸ ਵਿਚ ਮੌਕੇ ਦੀ ਸਥਿਤੀ ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਇਸ ਮੀਟਿੰਗ ਵਿਚ ਜੰਗ ਦਾ ਨਾਂ ਸੁਣ ਕੇ ਮੁਸਲਮਾਨ ਫ਼ੌਜ ਦਾ ਇਕ ਗਰੁੱਪ ਘਬਰਾ ਗਿਆ ਜਿਨ੍ਹਾਂ ਨੂੰ ਸੰਬੋਧਤ ਕਰਦਿਆਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਅਤੇ ਹਜ਼ਰਤ ਉਮਰ (ਰਜ਼ੀ.) ਨੇ ਹੱਕ ਅਤੇ ਸੱਚ ਲਈ ਲੜਣ ਦਾ ਭਾਸ਼ਨ ਦਿੱਤਾ।ਇਨ੍ਹਾਂ ਤੋਂ ਬਾਅਦ ਹਜ਼ਰਤ ਮਕਦਾਦ ਬਿਨ ਅਮਰੂ ਨੇ ਹੌਸਲਾ ਦਿਖਾਉਂਦਿਆਂ ਹਜ਼ਰਤ ਮੁਹੰਮਦ (ਸ.) ਨੂੰ ਆਖਿਆ, "ਤੁਸੀਂ ਜੋ ਠੀਕ ਸਮਝਦੇ ਹੋ ਉਹ ਕਰੋ।ਅਸੀਂ ਤੁਹਾਡੇ ਨਾਲ ਹਾਂ।ਰੱਬ ਦੀ ਸਹੁੰ ਅਸੀਂ ਤੁਹਾਨੂੰ ਉਹ ਗੱਲ ਨਹੀਂ ਕਹਾਂਗੇ ਜਿਹੜੀ ਬਨੀ ਇਸਰਾਈਲ (ਹਜ਼ਰਤ ਮੂਸਾ ਦੀ ਕੌਮ) ਨੇ ਹਜ਼ਰਤ ਮੂਸਾ (ਅਲੈ.) ਨੂੰ ਕਹੀ ਸੀ ਕਿ ਤੁਸੀਂ ਅਤੇ ਤੁਹਾਡਾ ਰੱਬ ਜਾ ਕੇ ਲੜੋ, ਅਸੀਂ ਇੱਥੇ ਬੈਠੇ ਹਾਂ।ਸਗੋਂ ਅਸੀਂ ਤਾਂ ਇਹ ਕਹਾਂਗੇ ਕਿ ਤੁਹਾਡੇ ਅਤੇ ਤੁਹਾਡੇ ਰੱਬ ਦੇ ਹੁਕਮ ਅਨੁਸਾਰ ਅਸੀਂ ਲੜਨ ਨੂੰ ਤਿਆਰ ਹਾਂ"। ਉਪ੍ਰੋਕਤ ਬਿਆਨ ਦੇਣ ਵਾਲੇ ਫ਼ੌਜ ਦੇ ਕਮਾਂਡਰ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਪਹੁੰਚੇ ਮੁਹਾਜਰਾਂ ਵਿੱਚੋਂ ਸਨ।ਨਾਲ ਹੀ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਵਾਸੀ ਜਿਹੜੇ ਫ਼ੌਜ ਵਿਚ ਬਹੁਗਿਣਤੀ ਵਿਚ ਸਨ ਤੋਂ ਵੀ ਸਲਾਹ ਮੰਗੀ। ਅਨਸਾਰੀਆਂ ਨੇ ਅਪਣੀ ਸਲਾਹ ਦਿੰਦਿਆਂ ਆਖਿਆ,"ਅਸੀਂ ਤਾਂ ਆਪ ਉੱਤੇ ਈਮਾਨ ਲਿਆਏ ਹਾਂ।ਇਹ ਤੁਹਾਡੇ ਉੱਤੇ ਨਿਰਭਰ ਹੈ ਕਿ ਤੁਸੀਂ ਸਾਥੋਂ ਕੀ ਕੰਮ ਲੈਣਾ ਚਾਹੁੰਦੇ ਹੋ।ਰੱਬ ਦੀ ਸਹੁੰ ਜੇ ਤੁਸੀਂ ਸਾਨੂੰ ਸਮੁੰਦਰ ਵਿਚ ਵੀ ਛਾਲ ਮਾਰਣ ਲਈ ਕਹੋਗੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ"।ਹਜ਼ਰਤ ਸਈਦ ਦੀ ਗੱਲ ਸੁਣ ਕੇ ਹਜ਼ਰਤ ਮੁਹੰਮਦ (ਸ.) ਦੇ ਮੁੱਖ ਉੱਤੇ ਖ਼ੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਦੀ ਫ਼ੌਜ ਨੇ ਬਾਕੀ ਰਹਿੰਦਾ ਪਹਾੜੀ ਸਫ਼ਰ ਤਹਿ ਕਰਕੇ ਬਦਰ ਦੇ ਮੈਦਾਨ ਵਿਚ ਜਾ ਡੇਰੇ ਲਾਏ। ਉਸੇ ਦਿਨ ਸ਼ਾਮ ਦੇ ਸਮੇਂ ਹਜ਼ਰਤ ਮੁਹੰਮਦ (ਸ.) ਨੇ ਕੁਰੈਸ਼ ਦੀ ਫ਼ੌਜੀ ਤਾਕਤ ਦਾ ਪਤਾ ਲਾਉਣ ਲਈ ਅਲੀ ਬਿਨ ਅਬੀ ਤਾਲਿਬ, ਜ਼ੁਬੈਰ ਬਿਨ ਅੱਵਾਮ ਅਤੇ ਸਈਦ ਬਿਨ ਅਬੀ ਵਕਾਸ ਨੂੰ ਕੁਝ ਸਹਾਬੀਆਂ ਦੇ ਨਾਲ ਭੇਜਿਆ।ਜਦੋਂ ਇਹ ਲੋਕ ਬਦਰ ਦੇ ਸਥਾਨ ਤੇ ਪਹੁੰਚੇ ਤਾਂ ਉਨ੍ਹਾਂ ਨੂੰ ਕੁਰੈਸ਼ ਦੇ ਦੋ ਗ਼ੁਲਾਮ ਪਾਣੀ ਭਰਨ ਲਈ ਆਏ ਮਿਲ ਗਏ।ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਜ਼ਰਤ ਮੁਹੰਮਦ (ਸ.) ਦੇ ਕੋਲ ਲਿਆਂਦਾ ਗਿਆ।ਹਜ਼ਰਤ ਮੁਹੰਮਦ (ਸ.) ਦੇ ਪੁੱਛਣ ਉੱਤੇ ਉਨ੍ਹਾਂ ਨੇ ਦੱਸਿਆ ਕਿ ਕੁਰੈਸ਼ ਦੀ ਫ਼ੌਜ ਦੀ ਗਿਣਤੀ ਤਾਂ ਸਾਨੂੰ ਪਤਾ ਨਹੀਂ ਪਰ ਐਨਾ ਪਤਾ ਹੈ ਕਿ ਹਰ ਰੋਜ਼ ਫ਼ੌਜ ਦੇ ਖਾਣ ਲਈ ਨੌਂ ਜਾਂ ਦਸ ਊਂਠਾਂ ਨੂੰ ਜ਼ਿਬ੍ਹਾ (ਕਤਲ) ਕੀਤਾ ਜਾਂਦਾ ਹੈ।ਜਦੋਂ ਉਨ੍ਹਾਂ ਨੂੰ ਫ਼ੌਜ ਦੇ ਨਾਲ ਆਉਣ ਵਾਲੇ ਮੱਕੇ ਦੇ ਸਰਦਾਰਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਅਬੂ ਜਹਿਲ ਸਮੇਤ ਸਾਰੇ ਸਰਦਾਰਾਂ ਦੇ ਨਾਂ ਗਿਣ ਦਿੱਤੇ। ਮਦੀਨੇ ਤੋਂ ਅੱਸੀ ਮੀਲ ਦੱਖਣ ਵੱਲ ਮੱਕੇ ਵਾਲਿਆਂ ਦੀ ਇਸ ਫ਼ੌਜੀ ਟੁਕੜੀ ਦਾ ਸਾਹਮਣਾ ਇਸਲਾਮੀ ਫ਼ੌਜ ਨਾਲ ਹੋਇਆ।ਕੁਰੈਸ਼ ਦੀ ਫ਼ੌਜ ਵਿਚ ਸੱਤ ਸੌ ਊਠ, ਸੌ ਘੋੜੇ ਅਤੇ ਮੱਕੇ ਦੇ ਬੜੇ ਬੜੇ ਸਰਦਾਰ ਅਤੇ ਨਾਮੀ ਪਹਿਲਵਾਨ ਸ਼ਾਮਲ ਸਨ।ਦੂਜੇ ਪਾਸੇ ਮੁਸਲਮਾਨਾਂ ਦੀ ਗਿਣਤੀ ਤਿੰਨ ਸੌ ਤੇਰਾਂ ਸੀ ਜਿਨ੍ਹਾਂ ਕੋਲ ਸੱਤਰ ਊਂਠ ਅਤੇ ਤਿੰਨ ਘੋੜੇ ਸਨ।ਇਨ੍ਹਾਂ ਵਿਚ ਬਹੁਤਿਆਂ ਕੋਲ ਚੰਗੇ ਹਥਿਆਰ ਵੀ ਨਹੀਂ ਸਨ।ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਹਜ਼ਰਤ ਮੁਹੰਮਦ (ਸ.) ਨੇ ਰੱਬ ਅੱਗੇ ਹੱਥ ਅੱਡ ਕੇ ਦੁਆ ਮੰਗੀ, "ਯਾ ਅੱਲਾ! ਜੇ ਇਹ ਥੋੜੇ ਜਿਹੇ ਮੁਸਲਮਾਨ ਜਿਹੜੇ ਮੇਰੇ ਨਾਲ ਹਨ ਮਾਰੇ ਗਏ ਤਾਂ ਫ਼ੇਰ ਕਿਆਮਤ ਤੱਕ ਤੇਰੀ ਇਬਾਦਤ ਕਰਨ ਵਾਲਾ ਕੋਈ ਵੀ ਨਾ ਰਹੇਗਾ।ਤੂੰ ਮੇਰੇ ਨਾਲ ਮੇਰੀ ਸੁਰੱਖਿਆ ਦੇ ਕੀਤੇ ਵਾਅਦੇ ਨੂੰ ਪੂਰਾ ਕਰ"। ਹਜ਼ਰਤ ਮੁਹੰਮਦ (ਸ.) ਵੱਲੋਂ ਕੀਤੀ ਦੁਆ ਦਾ ਅਸਰ ਇਹ ਹੋਇਆ ਕਿ ਰੱਬ ਵੱਲੋਂ ਫ਼ਰਿਸ਼ਤਿਆਂ ਨੂੰ ਮੁਸਲਮਾਨਾਂ ਦੀ ਸਹਾਇਤਾ ਕਰਨ ਲਈ ਭੇਜਿਆ ਗਿਆ। ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਕਈ ਥਾਵਾਂ ਉੱਤੇ ਮਿਲਦਾ ਹੈ।ਜਿਸ ਦਾ ਪੰਜਾਬੀ ਤਰਜਮਾ ਇੰਜ ਹੈ; "ਜਦੋਂ ਤੁਸੀਂ ਰੱਬ ਅੱਗੇ ਫ਼ਰਿਆਦ ਕਰਦੇ ਸੀ ਤਾਂ ਉਸ ਨੇ ਤੁਹਾਡੀ ਦੁਆ ਕਬੂਲ ਕਰ ਲਈ ਅਤੇ ਕਿਹਾ ਕਿ ਤਸੱਲੀ ਰੱਖੋ ਮੈਂ ਹਜ਼ਾਰ ਫ਼ਰਿਸ਼ਤਿਆਂ ਨਾਲ ਜਿਹੜੇ ਇਕ ਦੂਜੇ ਦੇ ਪਿੱਛੇ ਆਉਂਦੇ ਰਹਿਣਗੇ ਤੁਹਾਡੀ ਸਹਾਇਤਾ ਕਰਾਂਗਾ"। "ਅਤੇ ਰੱਬ ਨੇ ਬਦਰ ਦੀ ਜੰਗ ਵਿਚ ਤੁਹਾਡੀ ਸਹਾਇਤਾ ਕੀਤੀ ਅਤੇ ਤੁਸੀਂ ਉਸ ਸਮੇਂ ਬੇਸਰੋ-ਸਾਮਾਨ ਸੀ"। ਕਿਉਂ ਜੋ ਮੁਸਲਮਾਨ ਵੀ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਆਏ ਸਨ ਇਸ ਲਈ ਮੱਕੇ ਦੀ ਫ਼ੌਜ ਵਿਚ ਉਨ੍ਹਾਂ ਦੇ ਸਕੇ ਸਬੰਧੀ ਵੀ ਲੜਨ ਲਈ ਉਨ੍ਹਾਂ ਦੇ ਸਾਹਮਣੇ ਤਿਆਰ ਖੜ੍ਹੇ ਸਨ।ਜਿਨ੍ਹਾਂ ਵਿਚ ਉਤਬਾ ਬਿਨ ਰਬੀਆ ਕੁਰੈਸ਼ ਦੀ ਫ਼ੌਜ ਵੱਲੋਂ ਲੜ ਰਿਹਾ ਸੀ ਅਤੇ ਉਸ ਦੇ ਮੁਕਾਬਲੇ ਉਸ ਦਾ ਪੁੱਤਰ ਅਬੂ ਹੁਜ਼ੈਫ਼ਾ ਬਿਨ ਉਤਬਾ ਮੁਸਲਮਾਨ ਫ਼ੌਜ ਵਿਚ ਸ਼ਾਮਲ ਸੀ।ਅਬਦੁਲ ਰਹਿਮਾਨ ਬਿਨ ਅਬੂ ਬਕਰ ਕੁਰੈਸ਼ ਵਾਲਿਆਂ ਦਾ ਸਾਥੀ ਸੀ ਜਦੋਂ ਕਿ ਉਸ ਦਾ ਪਿਤਾ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਮੁਸਲਮਾਨ ਫ਼ੌਜ ਵਿਚ ਖੜ੍ਹੇ ਸਨ।ਅਬਦੁੱਲਾ ਬਿਨ ਜਿਰਾਹ ਕੁਰੈਸ਼ ਦਾ ਸਾਥੀ ਸੀ ਅਤੇ ਉਸ ਦਾ ਪੁੱਤਰ ਹਜ਼ਰਤ ਅਬੂ ਅਬੈਦਾ ਬਿਨ ਜਿਰਾਹ ਹਜ਼ਰਤ ਮੁਹੰਮਦ (ਸ.) ਦਾ ਸਾਥੀ ਸੀ।ਅੱਬਾਸ ਬਿਨ ਅਬਦੁਲ ਮੁਤਲਿਬ ਕੁਰੈਸ਼ ਦਾ ਸਾਥੀ ਸੀ ਅਤੇ ਉਸ ਦਾ ਭਰਾ ਹਜ਼ਰਤ ਹਮਜ਼ਾ ਬਿਨ ਅਬਦੁਲ ਮੁਤਲਿਬ ਮੁਹੰਮਦ (ਸ.) ਦਾ। ਵਲੀਦ ਬਿਨ ਉਤਬਾ ਕੁਰੈਸ਼ ਦਾ ਸਾਥੀ ਸੀ ਅਤੇ ਉਸ ਦਾ ਭਰਾ ਅਬੂ ਹੁਜ਼ੈਫ਼ਾ ਬਿਨ ਉਤਬਾ ਹਜ਼ਰਤ ਮੁਹੰਮਦ (ਸ.) ਦੀ ਫ਼ੌਜ ਵਿਚ ਖੜ੍ਹਾ ਸੀ।ਇਸੇ ਤਰ੍ਹਾਂ ਕਈ ਹੋਰ ਅਜਿਹੇ ਮੁਸਲਮਾਨ ਲੜਾਈ ਦੇ ਮੈਦਾਨ ਵਿਚ ਤਿਆਰ ਖੜ੍ਹੇ ਸਨ ਜਿਨ੍ਹਾਂ ਦੇ ਭਾਈ ਭਤੀਜੇ ਅਤੇ ਹੋਰ ਸਕੇ ਸਬੰਧੀ ਮੱਕੇ ਵਾਲਿਆਂ ਦੀ ਫ਼ੌਜ ਵਿਚ ਉਨ੍ਹਾਂ ਨਾਲ ਮੁਕਾਬਲਾ ਕਰਨ ਲਈ ਆਏ ਸਨ।ਵਰਨਣ ਯੋਗ ਹੈ ਕਿ ਇਸ ਲੜਾਈ ਵਿਚ ਅਬੁਲਆਸ ਬਿਨ ਰਬੀਆ ਵੀ ਕੁਰੈਸ਼ ਵਾਲਿਆਂ ਵੱਲੋਂ ਅਪਣੇ ਸਹੁਰੇ ਹਜ਼ਰਤ ਮੁਹੰਮਦ (ਸ.) ਦੇ ਵਿਰੁੱਧ ਲੜਨ ਲਈ ਆਇਆ ਸੀ। ਪੁਰਾਣੇ ਸਮਿਆਂ ਵਿਚ ਲੜਾਈ ਦਾ ਦਸਤੂਰ ਸੀ ਕਿ ਦੋਵਾਂ ਫ਼ੌਜਾਂ ਦੇ ਸਭ ਤੋਂ ਬਹਾਦਰ ਆਖੇ ਜਾਣ ਵਾਲੇ ਸੂਰਮੇਂ ਇਕ ਦੂਜੇ ਨਾਲ ਇਕੱਲਿਆਂ ਭਿੜਦੇ ਸਨ ਅਤੇ ਉਨ੍ਹਾਂ ਦੇ ਮਰਨ ਤੋਂ ਬਾਅਦ ਆਮ ਲੜਾਈ ਸ਼ੁਰੂ ਹੁੰਦੀ ਸੀ।ਮੱਕੇ ਵਾਲਿਆਂ ਦੀ ਤਰਫ਼ੋਂ ਫ਼ੌਜ ਦਾ ਇਕ ਸਰਦਾਰ ਉਤਬਾ ਅਪਣੇ ਭਾਈ ਸ਼ੈਬਾ ਅਤੇ ਪੁੱਤਰ ਵਲੀਦ ਨੂੰ ਨਾਲ ਲੈ ਕੇ ਮੈਦਾਨ ਵਿਚ ਨਿਤਰਿਆ।ਮਦੀਨੇ ਵਾਲਿਆਂ ਦੀ ਤਰਫ਼ੋਂ ਜਦੋਂ ਤਿੰਨ ਅਨਸਾਰੀ ਅੱਗੇ ਵਧੇ ਤਾਂ ਉਤਬਾ ਕਹਿਣ ਲੱਗਿਆ, "ਐ ਮੁਹੰਮਦ ! ਇਹ ਲੋਕ ਸਾਡੇ ਜੋੜ ਦੇ ਨਹੀਂ ਹਨ ਤੂੰ ਸਾਡੀ ਕੌਮ ਦੇ ਲੋਕ ਸਾਡੇ ਮੁਕਾਬਲੇ ਲਈ ਭੇਜ"।ਹੁਣ ਹਜ਼ਰਤ ਮੁਹੰਮਦ (ਸ.) ਦੇ ਹੁਕਮ ਉੱਤੇ ਹਜ਼ਰਤ ਹਮਜ਼ਾ (ਰਜ਼ੀ.), ਹਜ਼ਰਤ ਅਲੀ (ਰਜ਼ੀ.) ਅਤੇ ਹਜ਼ਰਤ ਉਬੈਦਾ (ਰਜ਼ੀ.) ਬਿਨ ਹਾਰਸ਼ ਮੈਦਾਨ ਵਿਚ ਨਿੱਤਰੇ।ਲੜਾਈ ਸ਼ੁਰੂ ਹੋਈ ਤਾਂ ਹਜ਼ਰਤ ਹਮਜ਼ਾ ਨੇ ਉਤਵਾ ਨੂੰ ਅਤੇ ਹਜ਼ਰਤ ਅਲੀ ਨੇ ਵਲੀਦ ਨੂੰ ਮਾਰ ਮੁਕਾਇਆ ਪਰ ਹਜ਼ਰਤ ਉਬੈਦਾ ਸ਼ੀਬਾ ਦੇ ਹੱਥੋਂ ਜ਼ਖ਼ਮੀ ਹੋ ਗਏ।ਹਜ਼ਰਤ ਅਲੀ ਨੇ ਅੱਗੇ ਹੋ ਕੇ ਸ਼ੀਬਾ ਨੂੰ ਵੀ ਮਾਰ ਮੁਕਾਇਆ ਅਤੇ ਜ਼ਖ਼ਮੀ ਉਬੈਦਾ ਨੂੰ ਚੁੱਕ ਕੇ ਵਾਪਸ ਚਲੇ ਗਏ। ਹੁਣ ਆਮ ਲੜਾਈ ਸ਼ੁਰੂ ਹੋਈ ਅਤੇ ਮਦੀਨੇ ਵਾਲਿਆਂ ਨੇ ਬਹਾਦਰੀ ਨਾਲ ਲੜਦਿਆਂ ਮੱਕੇ ਵਾਲਿਆਂ ਦੀ ਅਪਣੇ ਨਾਲੋਂ ਤਿੱਗਣੀ ਤੋਂ ਵੀ ਵੱਧ ਫ਼ੌਜ ਨੂੰ ਹਰਾ ਦਿੱਤਾ।ਮੱਕੇ ਦੀ ਫ਼ੌਜ ਦੇ ਸਰਦਾਰ ਅਬੂ ਜਿਹਲ ਨੂੰ ਦੋ ਅਨਸਾਰੀ ਜਵਾਨਾਂ ਨੇ ਲੱਭ ਕੇ ਕਤਲ ਕਰ ਦਿੱਤਾ ਕਿਉਂ ਜੋ ਉਹ ਸੁਣਿਆ ਕਰਦੇ ਸਨ ਕਿ ਇਹ ਹਜ਼ਰਤ ਮੁਹੰਮਦ (ਸ.) ਨੂੰ ਸਭ ਤੋਂ ਵੱਧ ਸਤਾਉਂਦਾ ਅਤੇ ਬੁਰਾ-ਭਲਾ ਕਿਹਾ ਕਰਦਾ ਸੀ।ਇਸ ਜੰਗ ਵਿਚ ਮੱਕੇ ਵਾਲਿਆਂ ਦੇ ਸੱਤਰ ਆਦਮੀ ਮਾਰੇ ਗਏ ਅਤੇ ਸੱਤਰ ਹੀ ਕੈਦ ਕਰ ਲਏ ਗਏ ਜਿਨ੍ਹਾਂ ਵਿਚ ਕੁਰੈਸ਼ ਦੇ ਵੱਡੇ ਵੱਡੇ ਸਰਦਾਰ ਅਤੇ ਇੱਜ਼ਤਦਾਰ ਆਦਮੀ ਵੀ ਸ਼ਾਮਲ ਸਨ।ਇਸ ਲੜਾਈ ਵਿਚ ਚੌਦਾਂ ਮੁਸਲਮਾਨ ਸ਼ਹੀਦ ਹੋਏ ਜਿਨ੍ਹਾਂ ਵਿਚ ਛੇ ਮੁਹਾਜਰ ਅਤੇ ਅੱਠ ਅਨਸਾਰੀ ਸਨ।
79. ਕੈਦੀਆਂ ਨਾਲ ਸਲੂਕ
ਬਦਰ ਦੀ ਜੰਗ ਵਿਚ ਜਿੱਤਣ ਤੋਂ ਬਾਅਦ ਜਦੋਂ ਮੁਸਲਮਾਨ ਕੈਦੀਆਂ ਨੂੰ ਲੈ ਕੇ ਮਦੀਨੇ ਪਹੁੰਚੇ ਤਾਂ ਕੈਦੀਆਂ ਦੀ ਸਾਂਭ-ਸੰਭਾਲ ਉਨ੍ਹਾਂ ਲਈ ਮੁਸੀਬਤ ਬਣ ਗਈ। ਕਿਉਂ ਜੋ ਉਸ ਸਮੇਂ ਮਦੀਨੇ ਵਿਚ ਕੋਈ ਜੇਲ੍ਹ ਨਹੀਂ ਸੀ।ਹਜ਼ਰਤ ਮੁਹੰਮਦ (ਸ.) ਨੇ ਜਦੋਂ ਮੁਖ ਸਹਾਬੀਆਂ ਨੂੰ ਬੁਲਾ ਕੇ ਮਸ਼ਵਰਾ ਕੀਤਾ ਤਾਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਕਹਿਣ ਲੱਗੇ ਕਿ ਇਹ ਲੋਕ ਸਾਡੇ ਹੀ ਕਬੀਲੇ ਦੇ ਹਨ।ਇਨ੍ਹਾਂ ਵਿਚ ਕੋਈ ਸਾਡਾ ਚਚੇਰਾ ਭਰਾ ਹੈ ਅਤੇ ਕੋਈ ਭਰਾ ਦਾ ਪੁੱਤਰ।ਮੇਰੀ ਸਲਾਹ ਇਹ ਹੈ ਕਿ ਤੁਸੀਂ ਇਨ੍ਹਾਂ ਤੋਂ ਫ਼ਿਦੀਆ (ਜੰਗੀ ਤਾਵਾਨ) ਲੈ ਕੇ ਛੱਡ ਦਿਓ।ਇਸ ਤਰ੍ਹਾਂ ਜਿਹੜਾ ਕੁਝ ਇਨ੍ਹਾਂ ਤੋਂ ਮਿਲੇਗਾ ਉਹ ਮੁਸ਼ਰਿਕਾਂ ਦੇ ਖ਼ਿਲਾਫ਼ ਜੰਗ ਵਿਚ ਕੰਮ ਆਵੇਗਾ।ਹੋ ਸਕਦਾ ਹੈ ਰੱਬ ਇਨ੍ਹਾਂ ਨੂੰ ਹਦਾਇਤ ਦੇ ਦੇਵੇ ਅਤੇ ਇਹ ਇਸਲਾਮ ਕਬੂਲ ਕਰਕੇ ਸਾਡਾ ਸਾਥ ਦੇਣਾ ਸ਼ੁਰੂ ਕਰ ਦੇਣ। ਜਦੋਂ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਉਮਰ (ਰਜ਼ੀ.) ਤੋਂ ਕੈਦੀਆਂ ਬਾਰੇ ਸਲਾਹ ਮੰਗੀ ਤਾਂ ਉਹ ਕਹਿਣ ਲੱਗੇ ਕਿ ਮੇਰੀ ਰਾਏ ਇਹ ਹੈ ਕਿ ਮੇਰੇ ਰਿਸ਼ਤੇਦਾਰ ਨੂੰ ਮੇਰੇ ਹਵਾਲੇ ਕੀਤਾ ਜਾਵੇ ਅਤੇ ਅਕੀਲ ਬਿਨ ਅਬੀ ਤਾਲਿਬ ਨੂੰ ਹਜ਼ਰਤ ਅਲੀ (ਰਜ਼ੀ.) ਦੇ ਹਵਾਲੇ ਕੀਤਾ ਜਾਵੇ।ਇਸੇ ਤਰ੍ਹਾਂ ਹਜ਼ਰਤ ਹਮਜ਼ਾ (ਰਜ਼ੀ.) ਦੇ ਭਰਾ ਨੂੰ ਉਸ ਦੇ ਹਵਾਲੇ ਕੀਤਾ ਜਾਵੇ ਤਾਂ ਜੋ ਅਸੀਂ ਉਨ੍ਹਾਂ ਨੂੰ ਕਤਲ ਕਰਕੇ ਰੱਬ ਨੂੰ ਦਰਸਾ ਸਕੀਏ ਕਿ ਮੁਸ਼ਰਿਕਾਂ ਲਈ ਸਾਡੇ ਦਿਲ ਵਿਚ ਕੋਈ ਥਾਂ ਨਹੀਂ ਭਾਵੇਂ ਉਹ ਸਾਡੇ ਸਕੇ ਭਰਾ ਹੀ ਕਿਉਂ ਨਾ ਹੋਣ।ਪਰ ਮੁਹੰਮਦ (ਸ.) ਨੇ ਉਨ੍ਹਾਂ ਦੀ ਰਾਏ ਠੁਕਰਾ ਦਿੱਤੀ। ਹਜ਼ਰਤ ਉਮਰ (ਰਜ਼ੀ.) ਦੱਸਦੇ ਨੇ ਕਿ ਅਗਲੇ ਦਿਨ ਜਦੋਂ ਮੈਂ ਹਜ਼ਰਤ ਮੁਹੰਮਦ (ਸ.) ਕੋਲ ਗਿਆ ਤਾਂ ਉਹ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਨਾਲ ਬੈਠੇ ਰੋ ਰਹੇ ਸਨ।ਮੇਰੇ ਪੁੱਛਣ ਉੱਤੇ ਉਨ੍ਹਾਂ ਨੇ ਆਖਿਆ ਕਿ ਕਿਸੇ ਨਬੀ ਲਈ ਇਹ ਜ਼ਰੂਰੀ ਨਹੀਂ ਕਿ ਉਸ ਦੇ ਕੋਲ ਕੋਈ ਕੈਦੀ ਹੋਵੇ ਭਾਵੇਂ ਉਹ ਕਿੰਨੀ ਵੀ ਖ਼ੂਨ-ਖ਼ਰਾਬਾ ਕਰਕੇ ਕਿਉਂ ਨਾ ਕੈਦ ਹੋਇਆ ਹੋਵੇ।ਤੁਸੀਂ ਲੋਕ ਦੁਨੀਆ ਦਾ ਸਾਮਾਨ ਲੋੜਦੇ ਹੋ ਅਤੇ ਰੱਬ ਆਖ਼ਰਤ ਦਾ ਸਾਮਾਨ ਇਕੱਠਾ ਕਰਨ ਨੂੰ ਆਖਦਾ ਹੈ।ਅਜੇ ਆਪ ਕੈਦੀਆਂ ਬਾਰੇ ਫ਼ੈਸਲਾ ਕਰਨ ਬਾਰੇ ਦੋਚਿੱਤੀ ਵਿਚ ਹੀ ਸਨ ਕਿ ਰੱਬ ਵੱਲੋਂ ਆਪ ਨੂੰ ਸੇਧ ਮਿਲ ਗਈ ਕਿ ਮੁਸ਼ਰਿਕ ਕੈਦੀਆਂ ਨੂੰ ਤੁਸੀਂ ਮੁਆਫ਼ ਵੀ ਕਰ ਸਕਦੇ ਹੋ ਅਤੇ ਫ਼ਿਦੀਆ ਲੈ ਕੇ ਛੱਡ ਵੀ ਸਕਦੇ ਹੋ। ਰੱਬ ਵੱਲੋਂ ਜੰਗੀ ਕੈਦੀਆਂ ਬਾਰੇ ਸੇਧ ਮਿਲ ਜਾਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਕੈਦੀਆਂ ਨੂੰ ਫ਼ਿਦੀਆ ਲੈ ਕੇ ਛੱਡਣ ਦਾ ਫ਼ੈਸਲਾ ਕੀਤਾ।ਇਹ ਫ਼ਿਦੀਆ ਕੈਦੀਆਂ ਦੀ ਮਾਲੀ ਸਥਿਤੀ ਅਨੁਸਾਰ ਚਾਰ ਹਜ਼ਾਰ ਦਰਹਮ ਤੋਂ ਲੈ ਕੇ ਇਕ ਹਜ਼ਾਰ ਦਰਹਮ ਤੱਕ ਰੱਖਿਆ ਗਿਆ।ਭਾਵੇਂ ਇਨ੍ਹਾਂ ਕੈਦੀਆਂ ਵਿਚ ਅਜਿਹੇ ਜੰਗੀ ਕੈਦੀ ਵੀ ਸਨ ਜਿਨ੍ਹਾਂ ਦੇ ਜ਼ੁਲਮ ਬਹੁਤ ਸੰਗੀਨ ਸਨ ਅਤੇ ਜਿਨ੍ਹਾਂ ਨੂੰ ਅੱਜ ਦਾ ਕਾਨੂੰਨ ਵੀ ਮੌਤ ਜਾਂ ਉਮਰ ਕੈਦ ਤੋਂ ਘੱਟ ਸਜ਼ਾ ਨਹੀਂ ਦਿੰਦਾ ਪਰ ਹਜ਼ਰਤ ਮੁਹੰਮਦ (ਸ.) ਨੇ ਸਿਰਫ਼ ਫ਼ਿਦੀਆ ਲੈ ਕੇ ਸਭ ਨੂੰ ਮੁਆਫ਼ ਕਰ ਦਿੱਤਾ।ਮੱਕੇ ਦੇ ਕੈਦੀ ਪੜ੍ਹੇ-ਲਿਖੇ ਸਨ ਇਸ ਲਈ ਜਿਹੜੇ ਫ਼ਿਦੀਆ ਦੇਣ ਤੋਂ ਅਸਮਰਥ ਸਨ ਉਨ੍ਹਾਂ ਨੂੰ ਸਜ਼ਾ ਦਿੱਤੀ ਗਈ ਕਿ ਉਹ ਦਸ ਦਸ ਮੁਸਲਮਾਨਾਂ ਨੂੰ ਪੜ੍ਹਨਾ-ਲਿਖਣਾ ਸਿਖਾਉਣ ਅਤੇ ਜਦੋਂ ਮੁਸਲਮਾਨ ਪੜ੍ਹਣਾ ਸਿਖ ਜਾਣਗੇ ਤਾਂ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ। ਕੈਦੀਆਂ ਵਿਚ ਕਈ ਅਜਿਹੇ ਕੈਦੀ ਵੀ ਸਨ ਜਿਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਦੀ ਸਲਾਹ ਨਾਲ ਬਿਨਾ ਫ਼ਿਦੀਆ ਲਏ ਹੀ ਆਜ਼ਾਦ ਕਰ ਦਿੱਤਾ।ਇਨ੍ਹਾਂ ਕੈਦੀਆਂ ਵਿਚ ਆਪ ਦਾ ਜਵਾਈ ਅਬੁਲਆਸ ਵੀ ਸੀ।ਹਜ਼ਰਤ ਮੁਹੰਮਦ (ਸ.) ਦੀ ਪੁਤਰੀ ਜ਼ੈਨਬ ਨੇ ਅਬੁਲਆਸ ਨੂੰ ਛੁਡਾਉਣ ਲਈ ਮੱਕੇ ਤੋਂ ਫ਼ਿਦੀਆ ਵਜੋਂ ਜਿਹੜਾ ਮਾਲ ਭੇਜਿਆ ਉਸ ਵਿਚ ਇਕ ਅਜਿਹਾ ਹਾਰ ਵੀ ਸੀ ਜਿਹੜਾ ਹਜ਼ਰਤ ਖ਼ਦੀਜਾ (ਰਜ਼ੀ.) ਪਹਿਨਿਆ ਕਰਦੀ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਇਹ ਹਾਰ ਹਜ਼ਰਤ ਮੁਹੰਮਦ (ਸ.) ਨੇ ਸਹੁਰੇ ਘਰ ਭੇਜਣ ਲੱਗਿਆਂ ਬੀਬੀ ਜ਼ੈਨਬ ਨੂੰ ਦੇ ਦਿੱਤਾ ਸੀ।ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਦੀ ਸਾਹ ਨਾਲ ਅਬੁਲਆਸ ਨੂੰ ਇਸ ਸ਼ਰਤ ਉੱਤੇ ਛੱਡ ਦਿੱਤਾ ਕਿ ਉਹ ਬੀਬੀ ਜ਼ੈਨਬ ਦੇ ਰਾਹ ਵਿਚ ਅੜਿੱਕਾ ਨਹੀਂ ਬਨਣਗੇ ਕਿਉਂ ਜੋ ਉਹ ਪਹਿਲਾਂ ਤੋਂ ਹੀ ਮੁਸਲਮਾਨ ਹੋ ਚੁਕੀ ਸੀ। ਅਬੁਲਆਸ ਨੇ ਮੱਕੇ ਜਾ ਕੇ ਬੀਬੀ ਜ਼ੈਨਬ ਨੂੰ ਹਿਜਰਤ ਕਰਨ ਲਈ ਆਜ਼ਾਦ ਕਰ ਦਿੱਤਾ ਅਤੇ ਉਹ ਮਦੀਨੇ ਪਹੁੰਚ ਗਈ। ਕੈਦੀਆਂ ਵਿਚ ਸੁਹੇਲ ਬਿਨ ਅਮਰੂ ਨਾਂ ਦਾ ਇਕ ਅਜਿਹਾ ਕੈਦੀ ਸੀ ਜਿਹੜਾ ਚੰਗਾ ਬੁਲਾਰਾ ਸੀ ਅਤੇ ਮੁਸਲਮਾਨਾਂ ਦੇ ਖ਼ਿਲਾਫ਼ ਭੱਦੇ ਬਿਆਨ ਦਿਆ ਕਰਦਾ ਸੀ।ਹਜ਼ਰਤ ਉਮਰ (ਰਜ਼ੀ.) ਨੇ ਉਸ ਬਾਰੇ ਸਲਾਹ ਦਿੱਤੀ ਕਿ ਇਸ ਦੇ ਦੋ ਦੰਦ ਤੋੜ ਦਿੱਤੇ ਜਾਣ ਤਾਂ ਜੋ ਉਹ ਅੱਗੇ ਤੋਂ ਮੁਸਲਮਾਨਾਂ ਦੇ ਵਿਰੁੱਧ ਸੁਰੀਲੀ ਆਵਾਜ਼ ਵਿਚ ਭਾਸ਼ਨ ਨਾ ਦੇ ਸਕੇ।ਪਰ ਹਜ਼ਰਤ ਮੁਹੰਮਦ (ਸ.) ਨੇ ਉਸ ਦੀ ਸਲਾਹ ਰੱਦ ਕਰ ਦਿੱਤੀ ਕਿਉਂ ਜੋ ਇਹ ਇਸਲਾਮੀ ਸਿਖਿਆ ਦੇ ਵਿਰੁੱਧ ਸੀ।ਅਬੂ ਸੁਫ਼ਿਆਨ ਦਾ ਪੁੱਤਰ ਅਮਰੂ ਵੀ ਜੰਗੀ ਕੈਦੀਆਂ ਵਿਚ ਸੀ।ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਹਜ਼ਰਤ ਸਈਦ ਦੇ ਬਦਲੇ ਛੱਡ ਦਿੱਤਾ ਜਿਸ ਨੂੰ ਅਬੂ ਸੁਫ਼ਿਆਨ ਨੇ ਹੱਜ ਕਰਨ ਗਏ ਨੂੰ ਕੈਦ ਕਰ ਲਿਆ ਸੀ। ਇਹ ਤਾਂ ਪਹਿਲਾਂ ਵੀ ਲਿਖਿਆ ਜਾ ਚੁੱਕਿਆ ਹੈ ਕਿ ਮਦੀਨੇ ਵਿਚ ਕੈਦੀਆਂ ਨੂੰ ਰੱਖਣ ਲਈ ਕੋਈ ਜੇਲ੍ਹ ਨਹੀਂ ਸੀ।ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਦੀ ਸਲਾਹ ਨਾਲ ਜਿਹੜੇ ਕੈਦੀ ਫ਼ਿਦੀਆ ਨਹੀਂ ਦੇ ਸਕਦੇ ਸਨ ਉਨ੍ਹਾਂ ਨੂੰ ਕੈਦ ਰੱਖਣ ਲਈ ਅਨਸਾਰੀਆਂ ਦੇ ਘਰਾਂ ਵਿਚ ਵੰਡ ਦਿੱਤਾ।
80. ਬਨੂ ਕੈਨਕਾਹ ਦੀ ਲੜਾਈ
ਮਦੀਨੇ ਦੇ ਅੰਦਰ ਯਹੂਦੀਆਂ ਦੇ ਤਿੰਨ ਕਬੀਲੇ ਆਬਾਦ ਸਨ।ਜਿਨ੍ਹਾਂ ਦੇ ਨਾਂ ਬਨੂ ਨਜ਼ੀਰ, ਬਨੂ ਕੈਨਕਾਹ ਅਤੇ ਬਨੂ ਕੁਰੈਜ਼ਾ ਸਨ।ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਆਉਣ ਤੋਂ ਬਾਅਦ ਯਹੂਦੀਆਂ ਨਾਲ ਜਿਹੜਾ ਸਮਝੌਤਾ ਕੀਤਾ ਸੀ ਉਹ ਉਸ ਉੱਤੇ ਪੂਰਾ ਉਤਰਦੇ ਰਹੇ।ਉਨ੍ਹਾਂ ਦੀ ਮੁਸਲਮਾਨਾਂ ਨੂੰ ਤਾੜਨਾ ਸੀ ਕਿ ਕੋਈ ਅਜਿਹਾ ਕਦਮ ਨਾ ਚੁੱਕਿਆ ਜਾਵੇ ਜਿਸ ਨਾਲ ਸਮਝੋਤੇ ਦੀ ਉਲੰਘਣਾ ਹੋਵੇ।ਯਹੂਦੀ ਵੀ ਉਪਰੋਂ ਸਮਝੋਤੇ ਦੀ ਪਾਲਣਾ ਕਰਨ ਦੇ ਹੱਕ ਵਿਚ ਬੋਲਦੇ ਸਨ ਪਰ ਅੰਦਰੋਂ ਪਲਟਦੇ ਦਿਖਾਈ ਦੇ ਰਹੇ ਸਨ।ਉਨ੍ਹਾਂ ਨੇ ਆਦਤ ਅਨੁਸਾਰ ਅੱਯਾਰੀਆਂ, ਗ਼ੱਦਾਰੀਆਂ ਅਤੇ ਮੱਕਾਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਜਦੋਂ ਯਹੂਦੀਆਂ ਨੇ ਦੇਖਿਆ ਕਿ ਬਦਰ ਦੀ ਲੜਾਈ ਵਿਚ ਮੁਸਲਮਾਨ ਘੱਟ ਗਿਣਤੀ ਵਿਚ ਹੁੰਦਿਆਂ ਵੀ ਜਿੱਤ ਗਏ ਹਨ ਤਾਂ ਉਹ ਸੜ-ਭੁਜ ਗਏ।ਉਨ੍ਹਾਂ ਦਾ ਖ਼ਿਆਲ ਸੀ ਕਿ ਮੁਸਲਮਾਨ ਬਦਰ ਦੀ ਜੰਗ ਵਿਚ ਮਾਰੇ ਜਾਣਗੇ ਅਤੇ ਬਾਕੀ ਬਚਦਿਆਂ ਨਾਲ ਮਦੀਨੇ ਵਿਚ ਅਸੀਂ ਨਿਬੜ ਲਵਾਂਗੇ।ਪਰ ਨਤੀਜਾ ਉਨ੍ਹਾਂ ਦੀ ਆਸ ਦੇ ਉਲਟ ਨਿਕਲਿਆ।ਅਪਣੇ ਮਨਸੂਬਿਆਂ ਵਿਚ ਕਾਮਿਆਬ ਨਾ ਹੋਏ ਯਹੂਦੀਆਂ ਨੇ ਖੁੱਲਮ-ਖੁੱਲ੍ਹਾ ਬਗ਼ਾਵਤ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਂਜ ਤਾਂ ਮਦੀਨੇ ਦੇ ਅੰਦਰ ਯਹੂਦੀਆਂ ਦੇ ਤਿੰਨ ਕਬੀਲੇ ਆਬਾਦ ਸਨ ਪਰ ਬਨੂ ਕੈਨਕਾਹ ਦਾ ਕਬੀਲਾ ਸਭ ਤੋਂ ਵੱਧ ਮੁਸਲਮਾਨਾਂ ਦਾ ਦੁਸ਼ਮਣ ਬਣਦਾ ਜਾ ਰਿਹਾ ਸੀ।ਇਸ ਕਬੀਲੇ ਦੇ ਲੋਕ ਮਦੀਨੇ ਦੇ ਅੰਦਰ ਦੀਆਂ ਖ਼ਬਰਾਂ ਮੱਕੇ ਵਿਚ ਕੁਰੈਸ਼ ਵਾਲਿਆਂ ਨੂੰ ਭੇਜਦੇ ਰਹਿੰਦੇ ਸਨ।ਕਿੱਤੇ ਵਜੋਂ ਇਹ ਲੋਕ ਸੁਨਿਆਰ, ਲੁਹਾਰ ਅਤੇ ਭਾਂਡੇ ਬਣਾਉਣ ਦਾ ਕੰਮ ਕਰਦੇ ਸਨ ਜਿਸ ਕਰਕੇ ਹਥਿਆਰ ਬਣਾਉਣਾ ਵੀ ਇਨ੍ਹਾਂ ਦੇ ਕਿੱਤੇ ਵਿਚ ਸ਼ਾਮਲ ਸੀ।ਇਸ ਕਬੀਲੇ ਦੇ ਕੋਲ ਅਜਿਹੇ ਸੱਤ ਸੌ ਹਥਿਆਰਬੰਦ ਜੋਸ਼ੀਲੇ ਜਵਾਨ ਸਨ ਜਿਹੜੇ ਫ਼ੌਜੀ ਮੁਹਾਰਤ ਵੀ ਰੱਖਦੇ ਸਨ।ਇਸੇ ਤਾਕਤ ਦੇ ਘੁਮੰਡ ਵਿਚ ਇਹ ਮੁਸਲਮਾਨਾਂ ਦੇ ਨਾਲ ਕੀਤੇ ਸਮਝੋਤੇ ਦੀ ਖ਼ਿਲਾਫ਼-ਵਰਜ਼ੀ ਕਰਦੇ ਰਹਿੰਦੇ ਸਨ।ਯਹੂਦੀਆਂ ਨਾਲ ਤੁਰੰਤ ਲੜਾਈ ਦਾ ਕਾਰਨ ਇਕ ਮੁਸਲਮਾਨ ਔਰਤ ਨੂੰ ਯਹੂਦੀ ਦੁਕਾਨਦਾਰ ਵੱਲੋ ਬੇਪਰਦਾ ਕਰਨਾ ਸੀ। ਮੁਸਲਮਾਨ ਔਰਤ ਨਾਲ ਵਾਪਰੀ ਘਟਨਾ ਨੂੰ ਬਿਆਨ ਕਰਦਿਆਂ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਸਫ਼ਾ ੧੯੯ ਉੱਤੇ ਲਿਖਦਾ ਹੈ, "ਇਕ ਮੁਸਲਮਾਨ ਔਰਤ ਦੁੱਧ ਵੇਚਣ ਲਈ ਯਹੂਦੀਆਂ ਦੇ ਮੁਹੱਲੇ ਵਿਚ ਗਈ ਅਤੇ ਵਾਪਸੀ ਦੇ ਸਮੇਂ ਇਕ ਯਹੂਦੀ ਸੁਨਿਆਰੇ ਦੀ ਦੁਕਾਨ ਉੱਤੇ ਕੋਈ ਜ਼ੇਵਰ ਖ਼ਰੀਦਣ ਲਈ ਰੁਕ ਗਈ।ਦੁਕਾਨ ਉੱਤੇ ਬੈਠੇ ਯਹੂਦੀਆਂ ਨੇ ਉਸ ਨੂੰ ਮੁਖ ਉੱਤੋਂ ਪਰਦਾ ਹਟਾਉਣ ਲਈ ਆਖਿਆ ਪਰ ਔਰਤ ਨੇ ਪਰਦਾ ਹਟਾਉਣ ਤੋਂ ਇਨਕਾਰ ਕਰ ਦਿੱਤਾ।ਜਦੋਂ ਉਹ ਜ਼ੇਵਰ ਦੇਖਣ ਵਿਚ ਰੁਝੀ ਹੋਈ ਸੀ ਤਾਂ ਇਕ ਯਹੂਦੀ ਨੇ ਉਸ ਦੇ ਕਪੜੇ ਨੂੰ ਪਿੱਛੇ ਕਿਸੇ ਚੀਜ਼ ਨਾਲ ਬੰਨ੍ਹ ਦਿੱਤਾ।ਬੇਧਿਆਨੀ ਵਿਚ ਜਦੋਂ ਉਹ ਉੱਠਣ ਲੱਗੀ ਤਾਂ ਉਸ ਦਾ ਕਪੜਾ ਮੂੰਹ ਤੋਂ ਲਹਿ ਗਿਆ ਜਿਸ ਨੂੰ ਦੇਖ ਕੇ ਯਹੂਦੀਆਂ ਨੇ ਊੱਚੀ ਊੱਚੀ ਹਸਣਾ ਸ਼ੁਰੂ ਕਰ ਦਿੱਤਾ"। "ਜਦੋਂ ਮੁਸਲਮਾਨ ਔਰਤ ਨੇ ਰੌਲਾ ਪਾਇਆ ਤਾਂ ਨੇੜਿਉਂ ਲੰਘਦਾ ਇਕ ਮੁਸਲਮਾਨ ਉਸ ਦੀ ਸਹਾਇਤਾ ਲਈ ਪਹੁੰਚ ਗਿਆ ਅਤੇ ਹੱਥੋ-ਪਾਈ ਵਿਚ ਯਹੂਦੀ ਸੁਨਿਆਰਾ ਮਾਰਿਆ ਗਿਆ।ਨੇੜੇ ਬੈਠੇ ਯਹੂਦੀਆਂ ਨੇ ਮੁਸਲਮਾਨ ਨੂੰ ਸ਼ਹੀਦ ਕਰ ਦਿੱਤਾ।ਸਿੱਟੇ ਵਜੋਂ ਸ਼ਹਿਰ ਵਿਚ ਯਹੂਦੀਆਂ ਅਤੇ ਮੁਸਲਮਾਨਾਂ ਵਿਚ ਫ਼ਸਾਦ ਭੜਕ ਪਿਆ"। ਜਦੋਂ ਮੁਸਲਮਾਨ ਬਦਰ ਦੀ ਜੰਗ ਤੋਂ ਵਿਹਲੇ ਹੋ ਕੇ ਮਦੀਨੇ ਪਹੁੰਚੇ ਤਾਂ ਉਨ੍ਹਾਂ ਨੂੰ ਇਸ ਘਟਨਾ ਦੀ ਖ਼ਬਰ ਮਿਲੀ।ਹਜ਼ਰਤ ਮੁਹੰਮਦ (ਸ.) ਨੇ ਜਦੋਂ ਯਹੂਦੀਆਂ ਤੋਂ ਇਸ ਘਟਨਾ ਬਾਰੇ ਜਾਨਣਾ ਚਾਹਿਆ ਤਾਂ ਉਹ ਆਕੜ ਗਏ ਅਤੇ "ਸਾਨੂੰ ਕੁਰੈਸ਼ ਵਰਗੇ ਨਾ ਸਮਝੋ" ਜਿਹੀਆਂ ਧਮਕੀਆਂ ਦੇਣ ਲੱਗੇ।ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਨੂੰ ਰਸਤੇ ਉੱਤੇ ਨਾ ਆਉਂਦਾ ਦੇਖ ਕੇ ਉਨ੍ਹਾਂ ਦੇ ਕਿਲੇ ਦੀ ਘੇਰਾ-ਬੰਦੀ ਕਰ ਲਈ ਪਰ ਯਹੂਦੀ ਡਰ ਗਏ ਅਤੇ ਸੁਲਾਹ ਲਈ ਰਾਜ਼ੀ ਹੋ ਗਏ। ਮਦੀਨੇ ਦੇ ਜਿਹੜੇ ਲੋਕ ਸੁਲਾਹ ਲਈ ਹਜ਼ਰਤ ਮੁਹੰਮਦ (ਸ.) ਦੇ ਕੋਲ ਆਏ ਉਨ੍ਹਾਂ ਵਿਚ ਅਬਾਦਾ ਪੁੱਤਰ ਸਾਮਤ ਵੀ ਸ਼ਾਮਲ ਸੀ ਜਿਹੜਾ ਅਜੇ ਨਵਾਂ ਨਵਾਂ ਮੁਸਲਮਾਨ ਹੋਇਆ ਸੀ।ਹਜ਼ਰਤ ਮੁਹੰਮਦ (ਸ.) ਨੇ ਅਬਾਦਾ ਨੂੰ ਫ਼ੈਸਲਾ ਕਰਨ ਦਾ ਅਖ਼ਤਿਆਰ ਦੇ ਦਿੱਤਾ।ਸਿੱਟੇ ਵਜੋਂ ਅਬਾਦਾ ਦੇ ਦਿੱਤੇ ਫ਼ੈਸਲੇ ਅਨੁਸਾਰ ਯਹੂਦੀਆਂ ਨੂੰ ਮਦੀਨਾ ਛੱਡ ਕੇ ਜਾਣ ਲਈ ਕਹਿ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਜੰਗੀ ਸਾਮਾਨ ਤੋਂ ਇਲਾਵਾ ਅਪਣਾ ਸਾਰਾ ਘਰੇਲੂ ਸਾਮਾਨ ਨਾਲ ਲੈ ਜਾ ਸਕਦੇ ਹਨ।ਇਹ ਲੋਕ ਅਪਣਾ ਸਾਮਾਨ ਊਂਠਾਂ ਉੱਤੇ ਲੱਦ ਕੇ ਸ਼ਾਮ ਵਲ ਚਲੇ ਗਏ ਅਤੇ ਅਬਾਦਾ ਬਿਨ ਸਾਮਤ ਇਨ੍ਹਾਂ ਨੂੰ ਮਦੀਨੇ ਤੋਂ ਬਾਹਰ ਜ਼ਬਾਬ ਪਹਾੜ ਦੇ ਨੇੜੇ ਛੱਡ ਕੇ ਵਾਪਸ ਆ ਗਏ।
81. ਸਵੈਕ ਦੀ ਲੜਾਈ
ਬਦਰ ਦੀ ਸ਼ਰਮਨਾਕ ਹਾਰ ਤੋਂ ਬਾਅਦ ਕੁਰੈਸ਼ ਦੇ ਸਰਦਾਰ ਅਬੂ ਸੁਫ਼ਿਆਨ ਨੇ ਕਸਮ ਖਾਧੀ ਕਿ ਜਦੋਂ ਤੱਕ ਮਦੀਨੇ ਉੱਤੇ ਹਮਲਾ ਕਰਕੇ ਮੁਸਲਮਾਨਾਂ ਨੂੰ ਖ਼ਤਮ ਨਾ ਕਰ ਦਵਾਂ ਉਦੋਂ ਤੱਕ ਗੁਸਲੇ-ਜਨਾਬਤ (ਇਕ ਵਿਸ਼ੇਸ਼ ਇਸ਼ਨਾਨ) ਨਾ ਕਰਾਂਗਾ।ਇਸ ਲਕਸ਼ ਦੀ ਪੂਰਤੀ ਲਈ ਉਸ ਨੇ ਮੱਕੇ ਦੀ ਫ਼ੌਜ ਲੈ ਕੇ ਮਦੀਨੇ ਤੋਂ ਬਾਰਾਂ ਮੀਲ ਦੀ ਦੂਰੀ ਤੇ ਕਜ਼ਾਕ ਦੀ ਘਾਟੀ ਵਿੱਚ ਤੀਬ ਨਾਂ ਦੇ ਪਹਾੜ ਦੀ ਢਲਾਨ ਨੇੜੇ ਜਾ ਡੇਰੇ ਲਾਏ। ਉਹ ਅਪਣੀ ਫ਼ੌਜ ਨੂੰ ਉੱਥੇ ਛੱਡ ਕੇ ਕੁਝ ਸਾਥੀਆਂ ਦੇ ਨਾਲ ਵਪਾਰੀਆਂ ਦੇ ਭੇਸ ਵਿਚ ਮਦੀਨੇ ਗਿਆ ਅਤੇ ਯਹੂਦੀ ਕਬੀਲੇ ਦੇ ਸਰਦਾਰ ਹਈ ਪੁੱਤਰ ਅਖ਼ਤਬ ਦਾ ਦਰਵਾਜ਼ਾ ਖੜਕਾਇਆ ਪਰ ਉਸ ਨੇ ਮੁਸਲਮਾਨਾਂ ਨਾਲ ਕੀਤੇ ਸਮਝੋਤੇ ਅਨੁਸਾਰ ਦਰਵਾਜ਼ਾ ਖੋਲ੍ਹਣ ਤੋਂ ਨਾਂਹ ਕਰ ਦਿੱਤੀ।ਫੇਰ ਉਹ ਬਨੀ ਨਜ਼ੀਰ ਯਹੂਦੀ ਕਬੀਲੇ ਦੇ ਸਰਦਾਰ ਅਸਲਮ ਪੁੱਤਰ ਮਸ਼ਕਮ ਕੋਲ ਗਿਆ ਜਿਸ ਨੇ ਮਦੀਨੇ ਉੱਤੇ ਹਮਲੇ ਸਮੇਂ ਉਸ ਦਾ ਸਾਥ ਦੇਣ ਦਾ ਵਾਅਦਾ ਕੀਤਾ। ਵਾਪਸ ਪਰਤਦਿਆਂ ਮਦੀਨੇ ਤੋਂ ਤਿੰਨ ਮੀਲ ਦੀ ਦੂਰੀ ਤੇ ਅਬੂ ਸੁਫ਼ਿਆਨ ਨੇ ਖੇਤਾਂ ਵਿਚ ਕੰਮ ਕਰਦੇ ਇਕ ਮੁਸਲਮਾਨ ਅਨਸਾਰੀ ਮਾਅਬਦ ਪੁੱਤਰ ਅਮਰੂ ਅਤੇ ਉਸ ਦੇ ਇਕ ਕਰਿੰਦੇ ਨੂੰ ਕਤਲ ਕਰ ਦਿੱਤਾ।ਉਸ ਦਾ ਘਰ ਜਲਾ ਦਿੱਤਾ, ਖੇਤੀ ਤਬਾਹ ਕਰ ਦਿੱਤੀ, ਖਜੂਰ ਦੇ ਦਰਖ਼ਤ ਵੱਢ ਦਿੱਤੇ।ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਇਸ ਘਟਨਾ ਦੀ ਖ਼ਬਰ ਪਹੁੰਚੀ ਤਾਂ ਆਪ ਨੇ ਬਸ਼ੀਰ ਪੁੱਤਰ ਅਬਦੁਲ ਮਨਜ਼ਰ ਨੂੰ ਮਦੀਨੇ ਵਿਚ ਅਪਣਾ ਨਾਇਬ ਨਿਯੁਕਤ ਕੀਤਾ ਅਤੇ ਦੋ ਸੌ ਫ਼ੌਜੀਆਂ ਨੂੰ ਲੈ ਕੇ ਅਬੂ ਸੁਫ਼ਿਆਨ ਦਾ ਪਿੱਛਾ ਕਰਨ ਲਈ ਚੱਲ ਪਏ। ਅਬੂ ਸੁਫ਼ਿਆਨ ਇਸ ਹੌਸਲੇ ਨਾਲ ਹਮਲਾ ਕਰਨ ਨਿਕਲਿਆ ਸੀ ਕਿ ਬਨੂ ਕੈਨਕਾਹ ਦੀ ਘਟਨਾ ਤੋਂ ਬਾਅਦ ਮਦੀਨੇ ਵਿਚ ਬਾਕੀ ਰਹਿੰਦੇ ਦੋਵੇਂ ਯਹੂਦੀ ਕਬੀਲੇ ਉਸ ਦਾ ਸਾਥ ਦੇਣਗੇ ਅਤੇ ਮੁਸਲਮਾਨਾਂ ਨੂੰ ਅੰਦਰ ਅਤੇ ਬਾਹਰ ਦੋਵਾਂ ਪਾਸਿਆਂ ਤੋਂ ਲੜਾਈ ਵਿਚ ਉਲਝਾ ਲਿਆ ਜਾਵੇਗਾ।ਪਰ ਯਹੂਦੀ ਆਗੂ ਹਈ ਬਿਨ ਅਖ਼ਤਬ ਦੇ ਕੋਰੇ ਜਵਾਬ ਤੋਂ ਬਾਅਦ ਉਹ ਮਾਯੂਸ ਹੋ ਗਿਆ ਅਤੇ ਵਾਪਸ ਜਾਂਦਾ ਹੋਇਆ ਗੁੱਸੇ ਵਿਚ ਵਾਦੀ ਅਰੀਜ਼ ਦੇ ਮੁਸਲਮਾਨਾਂ ਨਾਲ ਛੇੜ-ਛਾੜ ਕਰ ਬੈਠਿਆ। ਹਜ਼ਰਤ ਮੁਹੰਮਦ (ਸ.) ਦੇ ਆਉਣ ਦੀ ਖ਼ਬਰ ਸੁਣ ਕੇ ਅਬੂ ਸੁਫ਼ਿਆਨ ਭੱਜ ਨਿਕਲਿਆ ਅਤੇ ਰਸਤੇ ਵਿਚ ਬੋਝ ਹਲਕਾ ਕਰਨ ਲਈ ਜੰਗ ਦੇ ਦਿਨਾਂ ਵਿਚ ਖਾਣ ਲਈ ਲਿਆਂਦੇ ਸੱਤੂਆਂ ਦੇ ਥੈਲੇ ਪਿੱਛੇ ਸੁੱਟ ਗਿਆ।ਕਿਉਂ ਜੋ ਅਰਬੀ ਵਿਚ ਸੱਤੂਆਂ ਨੂੰ 'ਸਵੈਕ' ਕਿਹਾ ਜਾਂਦਾ ਹੈ ਇਸ ਲਈ ਇਸ ਘਟਨਾ ਦਾ ਨਾਂ ਸਵੈਕ ਦੀ ਲੜਾਈ ਪੈ ਗਿਆ।
82. ਉਹਦ ਦੀ ਲੜਾਈ
ਬਦਰ ਦੀ ਲੜਾਈ ਵਿਚ ਭਾਵੇਂ ਮੁਸਲਮਾਨਾਂ ਨੂੰ ਜਿੱਤ ਪ੍ਰਾਪਤ ਹੋ ਗਈ ਸੀ ਪਰ ਇਸ ਜਿੱਤ ਨਾਲ ਕੁਰੈਸ਼ ਦੀ ਫ਼ੌਜ ਦਾ ਮੁੱਠੀ ਭਰ ਮੁਸਲਮਾਨਾਂ ਦੇ ਹੱਥੋਂ ਹਾਰ ਜਾਣ ਉੱਤੇ ਸਮੁੱਚਾ ਅਰਬ ਜਗਤ ਚੁਕੰਨਾ ਹੋ ਗਿਆ ਸੀ।ਲੋਕ ਤਾਂ ਪਹਿਲਾਂ ਹੀ ਇਸ ਨਵੇਂ ਧਰਮ ਦੇ ਖ਼ਿਲਾਫ਼ ਸਨ ਪਰ ਜਿਨ੍ਹਾਂ ਦੇ ਰਿਸ਼ਤੇਦਾਰ ਇਸ ਲੜਾਈ ਵਿਚ ਮਾਰੇ ਗਏ ਸਨ ਉਹ ਬਦਲੇ ਦੀ ਅੱਗ ਵਿਚ ਸੜ ਰਹੇ ਸਨ।ਅਰਬ ਦੇ ਕਬੀਲੇ ਤਾਂ ਇਕ ਬੰਦੇ ਦੇ ਖ਼ੂਨ ਦੇ ਬਦਲੇ ਲਈ ਸਦੀਆਂ ਤੱਕ ਦੁਸ਼ਮਣੀਆਂ ਰੱਖਦੇ ਸਨ ਪਰ ਇਸ ਲੜਾਈ ਵਿਚ ਤਾਂ ਸੱਤਰ ਬੰਦੇ ਮਾਰੇ ਗਏ ਸਨ।ਯਹੂਦੀਆਂ ਦੇ ਉਹ ਕਬੀਲੇ ਜਿਨ੍ਹਾਂ ਨਾਲ ਅਮਨ ਕਾਇਮ ਰੱਖਣ ਲਈ ਸੰਧੀਆਂ ਹੋ ਚੁੱਕੀਆਂ ਸਨ ਉਹ ਵੀ ਅਪਣੇ ਵਾਅਦਿਆਂ ਤੋਂ ਮੁਕਰਦੇ ਜਾ ਰਹੇ ਸਨ।ਬਨੀ ਨਜ਼ੀਰ ਕਬੀਲੇ ਦਾ ਯਹੂਦੀ ਸਰਦਾਰ ਤਾਂ ਖੁੱਲਮ-ਖੁੱਲ੍ਹਾ ਕੁਰੈਸ਼ ਵਾਲਿਆਂ ਦੀ ਹਮਾਇਤ ਉੱਤੇ ਆ ਗਿਆ ਸੀ।ਉਸ ਦੀ ਦਲ-ਬਦਲੀ ਨੂੰ ਦੇਖਦਿਆਂ ਹਜ਼ਰਤ ਮੁਹੰਮਦ (ਸ.) ਨੇ ਅੰਦਾਜ਼ਾ ਲਾ ਲਿਆ ਸੀ ਕਿ ਯਹੂਦੀਆਂ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਕੁਰੈਸ਼ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਹਜ਼ਰਤ ਮੁਹੰਮਦ (ਸ.) ਨੇ ਦੋ ਬੰਦੇ ਮੱਕੇ ਭੇਜੇ ਜਿਨ੍ਹਾਂ ਨੇ ਰਸਤੇ ਵਿੱਚੋਂ ਹੀ ਵਾਪਸ ਆ ਕੇ ਦੱਸਿਆ ਕਿ ਕੁਰੈਸ਼ ਦੀ ਫ਼ੌਜ ਤਾਂ ਮਦੀਨੇ ਦੀ ਹੱਦ ਅੰਦਰ ਦਾਖ਼ਲ ਹੋ ਚੁੱਕੀ ਹੈ ਅਤੇ ਉਸ ਨੇ ਮਦੀਨੇ ਦੇ ਨੇੜੇ ਇਕ ਚਰਾਂਦ ਉੱਤੇ ਕਬਜ਼ਾ ਵੀ ਕਰ ਲਿਆ ਹੈ।ਮੱਕੇ ਵਾਲਿਆਂ ਦੀ ਚੜ੍ਹਾਈ ਦੀ ਖ਼ਬਰ ਮਿਲਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਸਾਥੀਆਂ ਨੂੰ ਇਕੱਠੇ ਕੀਤਾ ਅਤੇ ਉਨ੍ਹਾਂ ਨਾਲ ਮਸ਼ਵਰਾ ਕੀਤਾ ਕਿ ਮੱਕੇ ਦੀ ਫ਼ੌਜ ਦਾ ਟਾਕਰਾ ਮਦੀਨੇ ਵਿਚ ਰਹਿ ਕੇ ਕੀਤਾ ਜਾਵੇ ਜਾਂ ਮਦੀਨੇ ਤੋਂ ਬਾਹਰ ਨਿਕਲ ਕੇ।ਕੁਝ ਲੋਕਾਂ ਦਾ ਖ਼ਿਆਲ ਸੀ ਕਿ ਮਦੀਨੇ ਵਿਚ ਰਹਿ ਕੇ ਹੀ ਲੜਿਆ ਜਾਵੇ ਪਰ ਕੁਝ ਜੋਸ਼ੀਲੇ ਨੌਜਵਾਨ ਜਿਨ੍ਹਾਂ ਨੂੰ ਬਦਰ ਦੀ ਲੜਾਈ ਵਿਚ ਲੜਨ ਦਾ ਸ਼ੁਭਾਗ ਨਹੀਂ ਸੀ ਪ੍ਰਾਪਤ ਹੋਇਆ ਚਾਹੁੰਦੇ ਸਨ ਕਿ ਸ਼ਹਿਰ ਤੋਂ ਬਾਹਰ ਨਿਕਲ ਕੇ ਮੈਦਾਨ ਵਿਚ ਲੜਿਆ ਜਾਵੇ।ਨੌਜਵਾਨਾਂ ਦੀ ਜ਼ਿੱਦ ਨੂੰ ਸਵੀਕਾਰ ਕਰਦਿਆਂ ਹਜ਼ਰਤ ਮੁਹੰਮਦ (ਸ.) ਨੇ ਫ਼ੈਸਲਾ ਕੀਤਾ ਕਿ ਮਦੀਨੇ ਤੋਂ ਬਾਹਰ ਨਿਕਲ ਕੇ ਲੜਿਆ ਜਾਵੇਗਾ। ਹਜ਼ਰਤ ਮੁਹੰਮਦ (ਸ.) ਨੇ ਜੁਮੇ ਦੀ ਨਮਾਜ਼ ਪੜ੍ਹਨ ਤੋਂ ਬਾਅਦ ਇਕ ਹਜ਼ਾਰ ਜੰਗਜੂਆਂ ਨਾਲ ਮਦੀਨੇ ਤੋਂ ਚਾਲੇ ਪਾਏ।ਇਨ੍ਹਾਂ ਵਿਚ ਅਬਦੁੱਲਾ ਪੁੱਤਰ ਉਬੀ ਵੀ ਸ਼ਾਮਲ ਸੀ ਜਿਹੜਾ ਵਿਖਾਵੇ ਲਈ ਭਾਵੇਂ ਮੁਸਲਮਾਨ ਹੋ ਗਿਆ ਸੀ ਪਰ ਅੰਦਰੋਂ ਅਜੇ ਵੀ ਮੁਨਾਫ਼ਕ ਹੀ ਸੀ।ਉਹ ਅਪਣੇ ਜਿਹੇ ਹੋਰ ਮੁਨਾਫ਼ਕਾਂ ਨੂੰ ਲੈ ਕੇ ਪਹਿਲਾਂ ਤਾਂ ਇਸਲਾਮੀ ਫ਼ੌਜ ਦੇ ਨਾਲ ਤੁਰ ਪਿਆ ਪਰ ਮਦੀਨੇ ਤੋਂ ਬਾਹਰ ਨਿਕਲ ਕੇ ਅਪਣੇ ਤਿੰਨ ਸੌ ਸਾਥੀਆਂ ਨੂੰ ਲੈ ਕੇ ਮੁਸਲਮਾਨ ਫ਼ੌਜ ਦਾ ਸਾਥ ਛੱਡ ਕੇ ਵਾਪਸ ਪਰਤ ਗਿਆ।ਹੁਣ ਹਜ਼ਰਤ ਮੁਹੰਮਦ (ਸ.) ਦੀ ਫ਼ੌਜ ਦੀ ਗਿਣਤੀ ਸੱਤ ਸੌ ਰਹਿ ਗਈ ਸੀ।ਭਾਵੇਂ ਅਜਿਹੇ ਮੌਕੇ ਉੱਤੇ ਅਬਦੁੱਲਾ ਬਿਨ ਉਬੀ ਦੀ ਚਾਲ ਫ਼ੌਜ ਦਾ ਹੌਸਲਾ ਡੇਗਣ ਵਾਲੀ ਸੀ ਪਰ ਇਕ ਰੱਬ ਉੱਤੇ ਈਮਾਨ ਰੱਖਣ ਵਾਲੇ ਮੁਸਲਮਾਨ ਜਿਹੜੇ ਜਿੱਤ ਅਤੇ ਹਾਰ ਨੂੰ ਰੱਬ ਦੇ ਹੱਥ ਮੰਨਦੇ ਸਨ ਜ਼ਰਾ ਵੀ ਨਾ ਘਬਰਾਏ ਅਤੇ ਰੱਬ ਦੇ ਭਰੋਸੇ ਮੈਦਾਨ ਵਿਚ ਡਟ ਗਏ। ਇਹ ਹਿਜਰਤ ਦਾ ਤੀਸਰਾ ਸਾਲ ਸੀ ਜਦੋਂ ਕੁਰੈਸ਼ ਦੇ ਸਰਦਾਰ ਅਬੂ ਸੁਫ਼ਿਆਨ ਨੇ ਮੱਕਾ ਦੇ ਤਿੰਨ ਹਜ਼ਾਰ ਸਿਪਾਹੀਆਂ ਨੂੰ ਨਾਲ ਲੈ ਕੇ ਮਦੀਨੇ ਉੱਤੇ ਹਮਲਾ ਕਰਨ ਲਈ ਚਾਲੇ ਪਾਏ।ਇਸ ਫ਼ੌਜ ਦੇ ਨਾਲ ਅਬੂ ਸੁਫ਼ਿਆਨ ਦੀ ਪਤਨੀ 'ਹਿੰਦਾ' ਅਤੇ ਚੌਦਾਂ ਹੋਰ ਔਰਤਾਂ ਵੀ ਸਨ ਜਿਹੜੀਆਂ ਜੁਝਾਰੂ ਗੀਤ ਗਾ ਕੇ ਅਪਣੀ ਫ਼ੌਜ ਨੂੰ ਹੌਸਲਾ ਦੇ ਰਹੀਆਂ ਸਨ।ਇਸ ਫ਼ੌਜ ਨੇ ਮਦੀਨੇ ਤੋਂ ਤਿੰਨ ਮੀਲ ਦੀ ਦੂਰੀ ਉੱਤੇ 'ਉਹਦ' ਪਹਾੜ ਦੇ ਨੇੜੇ ਪੜਾਉ ਕੀਤਾ।ਅਬਦੁੱਲਾ ਬਿਨ ਉੱਬੀ ਦੇ ਵਾਪਸ ਚਲੇ ਜਾਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਦੀ ਫ਼ੌਜ ਵਿਚ ਸਿਰਫ਼ ਸੱਤ ਸੌ ਸਿਪਾਹੀ ਸਨ।ਆਪ ਨੇ ਫ਼ੌਜ ਨੂੰ ਇਸ ਢੰਗ ਨਾਲ ਮੈਦਾਨ ਵਿਚ ਉਤਾਰਿਆ ਕਿ ਫ਼ੌਜ ਦੇ ਪਿਛਲੇ ਪਾਸੇ ਉਹਦ ਪਹਾੜ ਸੀ ਅਤੇ ਅੱਗੇ ਦੁਸ਼ਮਣ ਦੀ ਫ਼ੌਜ।ਇਸ ਪਹਾੜ ਵਿਚ ਇਕ ਦੱਰਾ ਸੀ ਆਪ ਨੇ ਪੰਜਾਹ ਤੀਰ ਚਲਾਉਣ ਵਾਲੇ ਇਸ ਉੱਤੇ ਖੜ੍ਹੇ ਕਰ ਦਿੱਤੇ ਤਾਂ ਜੋ ਦੁਸ਼ਮਣ ਪਿੱਛੇ ਤੋਂ ਹਮਲਾ ਨਾ ਕਰ ਸਕੇ।ਅਰਬ ਦੇ ਦਸਤੂਰ ਅਨੁਸਾਰ ਪਹਿਲਾਂ ਇਕ ਇਕ ਦੋ ਦੋ ਆਦਮੀਆਂ ਨੇ ਇਕ ਦੂਜੇ ਦਾ ਮੁਕਾਬਲਾ ਕੀਤਾ ਅਤੇ ਫੇਰ ਆਮ ਲੜਾਈ ਸ਼ੁਰੂ ਹੋ ਗਈ। ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਸਮਝੌਤੇ ਅਨੁਸਾਰ ਬਨੂ ਅਬਦੁਲਦਾਰ ਕਬੀਲੇ ਨਾਲ ਸਬੰਧਤ ਕੁਰੈਸ਼ ਦੇ ਲੋਕਾਂ ਦੀ ਮੱਕੇ ਦੀ ਫ਼ੌਜ ਦਾ ਝੰਡਾ ਉੱਚਾ ਰੱਖਣ ਦੀ ਜ਼ਿੰਮੇਵਾਰੀ ਸੀ ਪਰ ਇਸ ਕਬੀਲੇ ਨਾਲ ਸਬੰਧਤ ਝੰਡਾ ਚੁੱਕਣ ਵਾਲੇ ਸਰਦਾਰ ਇਕ ਇਕ ਕਰਕੇ ਕਤਲ ਹੁੰਦੇ ਗਏ।ਇਕ ਸਮਾਂ ਅਜਿਹਾ ਵੀ ਆਇਆ ਕਿ ਸਫ਼ਵਾਬ ਦੀ ਮੌਤ ਤੋਂ ਬਾਅਦ ਝੰਡੇ ਨੂੰ ਉੱਚਾ ਰੱਖਣ ਵਾਲਾ ਇਸ ਕਬੀਲੇ ਦਾ ਕੋਈ ਵੀ ਸਿਪਾਹੀ ਜਿਉਂਦਾ ਨਾ ਰਿਹਾ।ਮਦੀਨੇ ਦੀ ਫ਼ੌਜ ਨੇ ਅਪਣੇ ਤੋਂ ਚੌਗਣੀ ਮੱਕੇ ਦੀ ਫ਼ੌਜ ਉੱਤੇ ਅਜਿਹੇ ਹਮਲੇ ਕੀਤੇ ਕਿ ਉਸ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ। ਇਬਨੇ ਇਸਹਾਕ ਦੇ ਹਵਾਲੇ ਨਾਲ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ "ਅੱਲਾਹ ਨੇ ਮੁਸਲਮਾਨਾਂ ਉੱਤੇ ਅਪਣੀ ਸਹਾਇਤਾ ਭੇਜ ਕੇ ਅਪਣਾ ਵਾਅਦਾ ਪੂਰਾ ਕੀਤਾ।ਮੁਸਲਮਾਨਾਂ ਨੇ ਤਲਵਾਰਾਂ ਨਾਲ ਮੁਸ਼ਰਿਕਾਂ ਦੀ ਅਜਿਹੀ ਕਟਾਈ ਕੀਤੀ ਕਿ ਉਹ ਲੜਾਈ ਦਾ ਮੈਦਾਨ ਛੱਡ ਕੇ ਭੱਜਣ ਲੱਗੇ।ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਨ੍ਹਾਂ ਦੀ ਹਾਰ ਹੋ ਰਹੀ ਹੈ।ਮੁਸਲਮਾਨ ਤਲਵਾਰਾਂ ਚਲਾਉਂਦੇ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਉਨ੍ਹਾਂ ਦਾ ਛੱਡਿਆ ਮਾਲ ਸਮੇਟ ਰਹੇ ਸਨ। ਭਾਵੇਂ ਹਜ਼ਰਤ ਮੁਹੰਮਦ (ਸ.) ਨੇ ਤੀਰ ਚਲਾਉਣ ਵਾਲੇ ਨਿਸ਼ਾਨਚੀਆਂ ਨੂੰ ਹੁਕਮ ਦਿੱਤਾ ਸੀ ਕਿ ਲੜਾਈ ਵਿਚ ਜਿੱਤ ਹੋਵੇ ਜਾਂ ਹਾਰ ਉਹ ਦੱਰੇ ਦੀ ਨਿਗਰਾਨੀ ਛੱਡ ਕੇ ਥੱਲੇ ਨਾ ਆਉਣ ਪਰ ਕੁਰੈਸ਼ ਦੀ ਫ਼ੌਜ ਨੂੰ ਪਿੱਛੇ ਹਟਦੀ ਦੇਖ ਕੇ ਉਹ ਵੀ ਲਾਲਚ ਵਿਚ ਆ ਗਏ ਅਤੇ ਕੁਰੈਸ਼ੀਆਂ ਦਾ ਛੱਡਿਆ ਮਾਲ ਇਕੱਠਾ ਕਰਨ ਲਈ ਮੋਰਚਾ ਛੱਡ ਕੇ ਥੱਲੇ ਉਤਰ ਆਏ।ਦੱਰੇ ਨੂੰ ਖ਼ਾਲੀ ਦੇਖ ਕੇ ਮੱਕੇ ਦੀ ਫ਼ੌਜ ਦੇ ਇਕ ਘੋੜ ਸਵਾਰ ਦਸਤੇ ਨੇ ਪਿਛਲੇ ਪਾਸੇ ਤੋਂ ਮਦੀਨੇ ਦੀ ਫ਼ੌਜ ਉੱਤੇ ਹਮਲਾ ਕਰ ਦਿੱਤਾ ਅਤੇ ਮਦੀਨੇ ਦੇ ਉਨ੍ਹਾਂ ਅਨੇਕਾਂ ਸਿਪਾਹੀਆਂ ਨੂੰ ਸੰਭਲਨ ਤੋਂ ਪਹਿਲਾਂ ਹੀ ਸ਼ਹੀਦ ਕਰ ਦਿੱਤਾ ਜਿਹੜੇ ਭੱਜ ਰਹੀ ਮੱਕੇ ਦੀ ਫ਼ੌਜ ਦਾ ਸਾਮਾਨ ਇਕੱਠਾ ਕਰ ਰਹੇ ਸਨ।ਮੱਕੇ ਦੀ ਅੱਗੇ ਲੱਗੀ ਫ਼ੌਜ ਵੀ ਪਿਛੇ ਮੁੜ ਕੇ ਤਲਵਾਰਾਂ ਚਲਾਉਣ ਲੱਗੀ। ਮੁਸਲਮਾਨ ਦੋ ਪਾਸਿਆਂ ਤੋਂ ਘਿਰ ਗਏ।ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਅਪਣੇ ਵਿਚਕਾਰ ਕਰ ਲਿਆ ਅਤੇ ਪਿਛਲੇ ਪੈਰੀਂ ਹਟਦੇ ਹੋਏੇ ਪਹਾੜ ਦੀ ਚੋਟੀ ਉੱਤੇ ਜਾ ਚੜ੍ਹੇ।ਜਦੋਂ ਪਿੱਛਾ ਕਰਦੀ ਮੱਕੇ ਦੀ ਫ਼ੌਜ ਨੇ ਪਹਾੜੀ ਉੱਤੇ ਚੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਉਪਰੋਂ ਮਦੀਨੇ ਦੇ ਸਿਪਾਹੀਆਂ ਨੇ ਵੱਡੇ ਵੱਡੇ ਪੱਥਰ ਸੁੱਟ ਕੇ ਉਨ੍ਹਾਂ ਨੂੰ ਰੋਕ ਦਿੱਤਾ।ਮੱਕੇ ਵਾਲਿਆਂ ਨੇ ਮੁਸਲਮਾਨਾਂ ਦਾ ਐਨਾ ਨੁਕਸਾਨ ਹੀ ਕਾਫ਼ੀ ਸਮਝਿਆ ਅਤੇ ਉਹ ਵਾਪਸ ਪਰਤ ਗਏ।ਜੰਗ ਦੀ ਇਸ ਸਥਿਤੀ ਦਾ ਜ਼ਿਕਰ ਕਰਦਿਆਂ 'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਲਿਖਦੇ ਹਨ; "ਜੰਗ ਦੇ ਇਸ ਦੌਰ ਵਿਚ ਅਚਾਨਕ ਇਹ ਅਫ਼ਵਾਹ ਉਡ ਗਈ ਕਿ ਹਜ਼ਰਤ ਮੁਹੰਮਦ (ਸ.) ਸ਼ਹੀਦ ਹੋ ਗਏ ਹਨ।ਇਸ ਖ਼ਬਰ ਨਾਲ ਹਾਰ ਰਹੀ ਇਸਲਾਮੀ ਫ਼ੌਜ ਦਾ ਰਿਹਾ-ਖਿਹਾ ਹੌਸਲਾ ਵੀ ਟੁੱਟ ਗਿਆ।ਇਸ ਸਮੇਂ ਹਜ਼ਰਤ ਮੁਹੰਮਦ (ਸ.) ਦੁਆਲੇ ਸਿਰਫ਼ ਦਸ ਜਾਂ ਬਾਰਾਂ ਸਹਾਬੀ ਰਹਿ ਗਏ ਸਨ ਅਤੇ ਹਜ਼ਰਤ ਮੁਹੰਮਦ (ਸ.) ਆਪ ਵੀ ਜ਼ਖ਼ਮੀ ਹੋ ਗਏ ਸਨ।ਹਾਰ ਨੂੰ ਮੰਨਣ ਵਿਚ ਕੋਈ ਕਸਰ ਬਾਕੀ ਨਾ ਰਹੀ ਸੀ ਕਿ ਅਚਾਨਕ ਮੁਸਲਮਾਨ ਸਿਪਾਹੀਆਂ ਨੂੰ ਖ਼ਬਰ ਮਿਲ ਗਈ ਕਿ ਹਜ਼ਰਤ ਮੁਹੰਮਦ (ਸ.) ਜਿਉਂਦੇ ਹਨ।ਉਹ ਹਰ ਪਾਸਿਉਂ ਚੱਲ ਕੇ ਆਪ ਦੇ ਚਾਰੋ ਪਾਸੇ ਇਕੱਠੇ ਹੋ ਗਏ ਅਤੇ ਆਪ ਨੂੰ ਅਪਣੇ ਘੇਰੇ ਵਿਚ ਲੈ ਕੇ ਬਿਸਲਾਮਤ ਪਹਾੜੀ ਉੱਤੇ ਚੜ੍ਹਨ ਲੱਗੇ"। ਅੱਗੇ ਜਾ ਕੇ ਮੁਫ਼ਤੀ ਸਾਹਿਬ ਹੋਰ ਲਿਖਦੇ ਹਨ ਕਿ ਇਹ ਗੱਲ ਅਜੇ ਤੱਕ ਬੁਝਾਰਤ ਬਣੀ ਹੋਈ ਹੈ ਕਿ ਆਖ਼ਰ ਉਹ ਕਿਹੜੀ ਸ਼ਕਤੀ ਸੀ ਜਿਸ ਨੇ ਜਿੱਤ ਵੱਲ ਵਧਦੀ ਹੋਈ ਮੱਕੇ ਦੀ ਫ਼ੌਜ ਨੂੰ ਪਿਛਾਂਹ ਮੋੜ ਦਿੱਤਾ।ਕਿਉਂਕਿ ਉਸ ਸਮੇਂ ਮੁਸਲਮਾਨ ਐਨੇ ਘਬਰਾ ਗਏ ਸਨ ਕਿ ਉਨ੍ਹਾਂ ਦਾ ਇਕੱਠੇ ਹੋ ਕੇ ਮੁੜ ਜੰਗ ਕਰਨਾ ਮੁਸ਼ਕਿਲ ਲੱਗ ਰਿਹਾ ਸੀ।ਇਸ ਸਮੇਂ ਜੇ ਕੁਰੈਸ਼ ਵਾਲੇ ਅਪਣੀ ਜਿੱਤ ਨੂੰ ਅੰਤ ਤੱਕ ਪਹੁੰਚਾਉਣਾ ਚਾਹੁੰਦੇ ਤਾਂ ਉਨ੍ਹਾਂ ਲਈ ਕੋਈ ਮੁਸ਼ਕਿਲ ਕੰਮ ਨਹੀਂ ਸੀ।ਪਰ ਪਤਾ ਨਹੀਂ ਕਿਉਂ ਉਹ ਅਪਣੇ ਆਪ ਪਿਛਾਂਹ ਮੁੜ ਗਏ। ਇਸ ਲੜਾਈ ਵਿਚ ਸੱਤਰ ਮੁਸਲਮਾਨ ਸ਼ਹੀਦ ਹੋਏ ਜਿਨ੍ਹਾਂ ਵਿਚ ੬੬ ਅਨਸਾਰੀ ਅਤੇ ੪ ਮੁਹਾਜਰ ਸ਼ਾਮਲ ਸਨ।ਸ਼ਹੀਦ ਹੋਣ ਵਾਲਿਆਂ ਵਿਚ ਹਜ਼ਰਤ ਮੁਹੰਮਦ (ਸ.) ਦੇ ਚਾਚਾ ਹਜ਼ਰਤ ਹਮਜ਼ਾ (ਰਜ਼ੀ.) ਵੀ ਸਨ।ਇਨ੍ਹਾਂ ਸ਼ਹੀਦ ਹੋਣ ਵਾਲਿਆਂ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਇੰਜ ਆਇਆ ਹੈ; "ਜੋ ਲੋਕ ਅੱਲਾਹ ਦੀ ਰਾਹ ਵਿਚ ਕਤਲ ਹੋਏ ਹਨ ਉਨ੍ਹਾਂ ਨੂੰ ਮੁਰਦਾ ਨਾ ਸਮਝੋ।ਉਹ ਤਾਂ ਹਕੀਕਤ ਵਿਚ ਜਿਉਂਦੇ ਹਨ।ਅਪਣੇ ਰੱਬ ਦੇ ਕੋਲ ਰਿਜ਼ਕ ਪਾ ਰਹੇ ਹਨ।ਅਤੇ ਸੰਤੁਸ਼ਟ ਹਨ ਕਿ ਜਿਹੜੇ ਈਮਾਨ ਵਾਲੇ ਉਨ੍ਹਾਂ ਦੇ ਪਿੱਛੇ ਰਹਿ ਗਏ ਹਨ ਅਤੇ ਅਜੇ ਉੱਥੇ ਨਹੀਂ ਪਹੁੰਚੇ ਹਨ ਉਨ੍ਹਾਂ ਲਈ ਵੀ ਕਿਸੇ ਡਰ ਅਤੇ ਗ਼ਮ ਦਾ ਮੌਕਾ ਨਹੀਂ ਹੈ"। ਦੂਜੇ ਪਾਸੇ ਕੁਰੈਸ਼ ਦੀ ਫ਼ੌਜ ਦੇ ਮਰਨ ਵਾਲਿਆਂ ਦੀ ਗਿਣਤੀ ਵੱਖ ਵੱਖ ਕਹੀ ਜਾਂਦੀ ਹੈ।ਇਬਨੇ ਇਸਹਾਕ ਦਾ ਕਹਿਣਾ ਹੈ ਕਿ ਕੁਰੈਸ਼ ਦੇ ਮਰਨ ਵਾਲੇ ਫ਼ੌਜੀਆਂ ਦੀ ਗਿਣਤੀ ੨੨ ਸੀ ਪਰ ਕਈ ਹੋਰ ਵਸੀਲਿਆਂ ਤੋਂ ਜਿਹੜੇ ਹਵਾਲੇ ਮਿਲਦੇ ਹਨ ਉਨ੍ਹਾਂ ਅਨੁਸਾਰ ਕੁਰੈਸ਼ ਦੀ ਫ਼ੌਜ ਦੇ ਮਰਨ ਵਾਲੇ ਸਿਪਾਹੀਆਂ ਦੀ ਗਿਣਤੀ ੩੭ ਬਣਦੀ ਹੈ ਜਿਸ ਨੂੰ ਠੀਕ ਵੀ ਮੰਨਿਆ ਜਾਂਦਾ ਹੈ। ਜਦੋਂ ਮੱਕੇ ਦੀ ਫ਼ੌਜ ਜੰਗ ਦੇ ਮੈਦਾਨ ਤੋਂ ਦੂਰ ਚਲੀ ਗਈ ਤਾਂ ਉਸ ਨੂੰ ਹੋਸ਼ ਆਈ ਕਿ ਉਹ ਜਿੱਤੀ ਹੋਈ ਲੜਾਈ ਨੂੰ ਇਕ ਪਾਸਾ ਕੀਤੇ ਬਿਨਾ ਅੱਧ ਵਿਚਾਲੇ ਛੱਡ ਆਈ ਹੈ।ਪਛਤਾਵੇ ਦੀ ਇਸ ਸੂਰਤ ਵਿਚ ਉਸ ਦੇ ਸਰਦਾਰਾਂ ਨੇ ਇਕੱਠੇ ਹੋ ਕੇ ਦੁਬਾਰਾ ਹਮਲਾ ਕਰਨ ਦੀ ਵਿਉਂਤ ਬਣਾਈ ਪਰ ਹਿੰਮਤ ਨਾ ਕਰ ਸਕੇ ਅਤੇ ਮੱਕੇ ਵੱਲ ਵਾਪਸ ਚਲੇ ਗਏ।ਦੂਜੇ ਪਾਸੇ ਹਜ਼ਰਤ ਮੁਹੰਮਦ (ਸ.) ਨੂੰ ਵੀ ਡਰ ਸੀ ਕਿ ਮੱਕੇ ਵਾਲੇ ਦੁਬਾਰਾ ਹਮਲਾ ਕਰ ਸਕਦੇ ਹਨ।ਜੰਗ ਤੋਂ ਦੂਜੇ ਦਿਨ ਉਨ੍ਹਾਂ ਨੇ ਮੁਸਲਮਾਨਾਂ ਨੂੰ ਮੱਕੇ ਦੀ ਫ਼ੌਜ ਦਾ ਪਿੱਛਾ ਕਰਨ ਲਈ ਆਖਿਆ।ਇਸ ਨਾਜ਼ੁਕ ਘੜੀ ਵਿਚ ਵੀ ਮੁਸਲਮਾਨ ਆਪ ਦੇ ਨਾਲ ਹਮਰਾਉਲ ਅਸਦ ਨਾਂ ਦੇ ਸਥਾਨ ਤੱਕ ਗਏ ਅਤੇ ਕੁਰੈਸ਼ ਦੀ ਫ਼ੌਜ ਨਾ ਦਿਸਣ ਦੀ ਸੂਰਤ ਵਿਚ ਮਦੀਨੇ ਪਰਤ ਆਏ। ਹਜ਼ਰਤ ਮੁਹੰਮਦ (ਸ.) ਨੂੰ ਵੀ ਇਸ ਲੜਾਈ ਵਿਚ ਸੱਟਾਂ ਲੱਗੀਆਂ ਸਨ।ਅਬੂ ਸੁਫ਼ਿਆਨ ਦੀ ਪਤਨੀ ਹਿੰਦਾ ਜਿਸ ਦਾ ਪਿਉ ਅਤੇ ਭਰਾ ਬਦਰ ਦੀ ਲੜਾਈ ਵਿਚ ਹਜ਼ਰਤ ਹਮਜ਼ਾ (ਰਜ਼ੀ.) ਦੇ ਹੱਥੋਂ ਮਾਰੇ ਗਏ ਸਨ ਨੇ ਬਦਲੇ ਦੀ ਅੱਗ ਨੂੰ ਠੰਢਾ ਕਰਨ ਲਈ ਹਜ਼ਰਤ ਹਮਜ਼ਾ (ਰਜ਼ੀ.) ਦੀ ਲਾਸ਼ ਦੇ ਨੱਕ ਅਤੇ ਕੰਨ ਕੱਟ ਲਏ।ਉਸ ਨੇ ਉਨ੍ਹਾਂ ਦੀ ਛਾਤੀ ਚੀਰ ਕੇ ਕਲੇਜੇ ਨੂੰ ਵੀ ਕੱਚਾ ਹੀ ਚੱਬਿਆ।ਹਜ਼ਰਤ ਮੁਹੰਮਦ (ਸ.) ਨੇ ਸ਼ਹੀਦ ਹੋਣ ਵਾਲੇ ਸਿਪਾਹੀਆਂ ਨੂੰ ਉਹਦ ਪਹਾੜ ਦੇ ਨੇੜੇ ਹੀ ਦਫ਼ਨਾ ਦਿੱਤਾ।
83. ਕਿਬਲਾ ਦਾ ਰੁਖ ਬਦਲਣਾ
ਮੁੱਢਲੇ ਸਮੇਂ ਤੋਂ ਜਦੋਂ ਤੋਂ ਸਾਹਿਬੇ-ਕਿਤਾਬ ਪੈਗ਼ੰਬਰ ਸੰਸਾਰ ਤੇ ਆਏ ਸਨ ਉਦੋਂ ਤੋਂ ਹੀ ਫ਼ਲਸਤੀਨ ਵਿਚ ਸਥਿਤ ਬੈਤੁਲ ਮੁਕੱਦਸ ਨੂੰ ਕਿਬਲਾ ਹੋਣ ਦਾ ਦਰਜਾ ਪ੍ਰਾਪਤ ਸੀ।ਯਹੂਦੀ ਅਤੇ ਮੁਸਲਮਾਨ ਉਸੇ ਵਲ ਮੂੰਹ ਕਰਕੇ ਨਮਾਜ਼ ਪੜ੍ਹਦੇ ਸਨ। ਮਸਜਿਦ ਨਬਵੀ ਦਾ ਰੁਖ ਵੀ ਬੈਤੁਲ ਮੁਕੱਦਸ ਵਲ ਹੀ ਬਣਾਇਆ ਗਿਆ ਸੀ।ਸਨ ੨ ਹਿਜਰੀ ਵਿਚ ਜਦੋਂ ਨਮਾਜ਼ ਪੜ੍ਹਾਉਣ ਲਈ ਹਜ਼ਰਤ ਮੁਹੰਮਦ (ਸ.) ਤਿਆਰ ਹੋ ਰਹੇ ਸਨ ਤਾਂ ਉਨ੍ਹਾਂ ਨੇ ਇਕ ਦਮ ਰੁਖ ਬਦਲ ਲਿਆ ਅਤੇ ਬੈਤੁਲ ਮੁਕੱਦਸ ਦੀ ਥਾਂ ਮੱਕੇ ਵਿਚ ਸਥਿਤ ਖ਼ਾਨਾ ਕਾਅਬਾ ਵੱਲ ਮੂੰਹ ਕਰਕੇ ਨਮਾਜ਼ ਪੜ੍ਹਾਉਣ ਲੱਗੇ।ਜਦੋਂ ਨਮਾਜ਼ ਤੋਂ ਬਾਅਦ ਮੁਸਲਮਾਨਾਂ ਨੇ ਕਾਅਬੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਾਉਣ ਦਾ ਕਾਰਣ ਪੁੱਛਿਆ ਤਾਂ ਆਪ ਨੇ ਦੱਸਿਆ ਕਿ ਰੱਬ ਵੱਲੋਂ 'ਵਹੀ' ਰਾਹੀਂ ਹੁਕਮ ਆਇਆ ਸੀ ਕਿ ਕਾਅਬੇ ਵਲ ਮੂੰਹ ਕਰਕੇ ਨਮਾਜ਼ ਪੜ੍ਹਿਆ ਕਰੋ। ਇਹ ਘਟਨਾ ਇਸਲਾਮੀ ਇਤਿਹਾਸ ਦੀ ਅਹਿਮ ਘਟਨਾ ਹੈ ਇਸ ਦਾ ਜ਼ਿਕਰ ਖ਼ੁਦ ਰੱਬ ਨੇ ਕੁਰਆਨ ਵਿਚ ਇਨ੍ਹਾਂ ਸ਼ਬਦਾਂ ਰਾਹੀਂ ਕੀਤਾ ਹੈ; "ਅਸੀਂ ਜਿਹੜਾ ਕਾਅਬੇ ਨੂੰ ਤੁਹਾਡਾ ਕਿਬਲਾ ਬਣਾ ਦਿੱਤਾ ਤਾਂ ਜੋ ਪਤਾ ਚੱਲ ਜਾਵੇ ਕਿ ਕੌਣ ਪੈਗ਼ੰਬਰ ਦਾ ਪੈਰੋਕਾਰ ਹੈ ਅਤੇ ਕੌਣ ਪਿੱਛੇ ਪਰਤ ਜਾਣ ਵਾਲਾ ਹੈ"। ਇਸ ਵਹੀ ਦਾ ਭਾਵ ਰੱਬ ਵੱਲੋਂ ਸਾਫ਼ ਐਲਾਨ ਸੀ ਕਿ ਹੁਣ ਤੱਕ ਸੰਸਾਰ ਦੀ ਧਾਰਮਿਕ ਅਗਵਾਈ ਦਾ ਜਿਹੜਾ ਕਾਰਜ ਯਹੂਦੀਆਂ ਨੂੰ ਸੋਂਪਿਆ ਹੋਇਆ ਸੀ ਉਹ ਉਨ੍ਹਾਂ ਤੋਂ ਵਾਪਸ ਲਿਆ ਜਾ ਰਿਹਾ ਹੈ ਕਿਉਂ ਜੋ ਉਨ੍ਹਾਂ ਨੇ ਉਸ ਦਾ ਬਣਦਾ ਹੱਕ ਪੂਰਾ ਨਹੀਂ ਕੀਤਾ।ਉਨ੍ਹਾਂ ਦੀ ਥਾਂ ਹੁਣ ਇਹ ਸੇਵਾ ਮੁਸਲਮਾਨਾਂ ਨੂੰ ਦਿੱਤੀ ਜਾ ਰਹੀ ਹੈ।ਹੁਣ ਇਸ ਦਾ ਹੱਕ ਪੂਰਾ ਕਰਨਾ ਮੁਸਲਮਾਨਾਂ ਦੀ ਜ਼ਿੰਮੇਵਾਰੀ ਹੈ। ਕਿਬਲੇ ਦਾ ਰੁਖ ਬਦਲਣ ਦੇ ਕਾਰਨ ਬਾਰੇ ਸਯਦ ਅਬੁਲ ਆਲਾ ਮੌਦੂਦੀ ਲਿਖਦੇ ਹਨ ਕਿ, "ਕਿਬਲੇ ਦੇ ਬਦਲਣ ਦਾ ਉਦੇਸ਼ ਇਹ ਵੇਖਣਾ ਸੀ ਕਿ ਉਹ ਕਿਹੜੇ ਲੋਕ ਹਨ ਜਿਹੜੇ ਅਜੇ ਵੀ ਇਸਲਾਮ ਪ੍ਰਤੀ ਦਿਲ ਵਿਚ ਤਅੱਸੁਬ ਰੱਖਦੇ ਹਨ ਅਤੇ ਉਹ ਕਿਹੜੇ ਹਨ ਜਿਹੜੇ ਆਜ਼ਾਦੀ ਨਾਲ ਅਸਲੀਅਤ ਉੱਤੇ ਪਹਿਰਾ ਦਿੰਦੇ ਹਨ।ਇਕ ਪਾਸੇ ਅਰਬ ਵਾਲਿਆਂ ਦੀ ਸੋਚ ਸੀ ਕਿ ਅਪਣੇ ਕਾਅਬੇ ਨੂੰ ਛੱਡ ਕੇ ਉਹ ਬੈਤੁਲ ਮੁਕੱਦਸ ਵੱਲ ਮੂੰਹ ਕਰਕੇ ਕਿਉਂ ਇਬਾਦਤ ਕਰਨ ਅਤੇ ਦੂਜੇ ਪਾਸੇ ਬਨੀ ਇਸਰਾਈਲ ਇਸ ਘੁਮੰਡ ਵਿਚ ਸਨ ਕਿ ਬੈਤੁਲ ਮੁਕੱਦਸ ਉੱਤਮ ਹੈ ਅਤੇ ਅਪਣੇ ਕਿਬਲੇ ਨੂੰ ਛੱਡ ਕੇ ਉਹ ਕਿਸੇ ਦੂਜੇ ਕਿਬਲੇ ਵੱਲ ਮੂੰਹ ਕਰਕੇ ਕਿਉਂ ਨਮਾਜ਼ ਪੜ੍ਹਨ"। ਇਸ ਘਟਨਾ ਦਾ ਇਕ ਫ਼ਾਇਦਾ ਇਹ ਹੋਇਆ ਕਿ ਉਨ੍ਹਾਂ ਲੋਕਾਂ ਦਾ ਭੇਦ ਖੁੱਲ੍ਹ ਗਿਆ ਜਿਹੜੇ ਦਿਲੋਂ ਮੁਸਲਮਾਨ ਨਹੀਂ ਸਨ।ਜਿਵੇਂ ਯਹੂਦੀ ਸ਼ੁਰੂ ਤੋਂ ਹੀ ਬੈਤੁਲ ਮੁਕੱਦਸ ਵੱਲ ਮੂੰਹ ਕਰਕੇ ਨਮਾਜ਼ ਪੜ੍ਹਦੇ ਸਨ ਅਤੇ ਮੁਸਲਮਾਨਾਂ ਵਿਚ ਰਲਣ ਨਾਲ ਵੀ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਸੀ ਪਿਆ ਕਿਉਂ ਜੋ ਉਨ੍ਹਾਂ ਦਾ ਤਾਂ ਕਾਅਬਾ ਹੀ ਸ਼ੁਰੂ ਤੋਂ ਬੈਤੁਲ ਮੁਕੱਦਸ ਸੀ।ਪਰ ਜਦੋਂ ਉਨ੍ਹਾਂ ਨੂੰ ਮੱਕੇ ਵੱਲ ਮੂੰਹ ਕਰਕੇ ਨਮਾਜ਼ ਪੜ੍ਹਨੀ ਪਈ ਤਾਂ ਉਨ੍ਹਾਂ ਦੇ ਇਰਾਦੇ ਜ਼ਾਹਰ ਹੋ ਗਏ ਅਤੇ ਉਹ ਨਮਾਜ਼ ਪੜ੍ਹਨ ਸਮੇਂ ਆਨਾ-ਕਾਨੀ ਕਰਨ ਲੱਗੇ। ਇਸ ਨਾਜ਼ੁਕ ਸਮੇਂ ਵਿਚ ਮੁਸਲਮਾਨਾਂ ਦਾ ਵਾਸਤਾ ਜਿਹੜੇ ਅੰਦਰੂਨੀ ਦੁਸ਼ਮਣਾਂ ਨਾਲ ਪੈ ਰਿਹਾ ਸੀ ਉਨ੍ਹਾਂ ਵਿਚ ਮੁਨਾਫ਼ਕ ਵੀ ਸਨ।ਇਹ ਅਜਿਹੇ ਲੋਕ ਸਨ ਜਿਹੜੇ ਇਸਲਾਮ ਨੂੰ ਸੱਚਾ ਸਮਝ ਕੇ ਮੁਸਲਮਾਨ ਤਾਂ ਹੋ ਗਏ ਸਨ ਪਰ ਸੰਸਾਰਕ ਬੰਧਨਾਂ ਨੂੰ ਨਹੀਂ ਤਿਆਗ ਸਕੇ ਸਨ।ਕਾਰੋਬਾਰ ਜਾਂ ਰਿਸ਼ਤੇਦਾਰੀਆਂ ਉਨ੍ਹਾਂ ਲਈ ਦਿਲੋਂ ਮੁਸਲਮਾਨ ਹੋਣ ਵਿਚ ਅੜਿੱਕਾ ਬਣ ਰਹੀਆਂ ਸਨ।ਕਈਆਂ ਦੇ ਵਡੇਰੇ ਮੁਸਲਮਾਨ ਬਣ ਗਏ ਸਨ ਇਸ ਲਈ ਉਹ ਉਨ੍ਹਾਂ ਤੋਂ ਡਰਦਿਆਂ ਜਾਂ ਆਰਥਕ ਜ਼ਰੂਰਤਾਂ ਕਰਕੇ ਮੁਸਲਮਾਨ ਅਖਵਾਉਣ ਲਈ ਮਜਬੂਰ ਸਨ।ਕੁਝ ਅਜਿਹੇ ਮੌਕਾ ਪ੍ਰਸਤ ਲੋਕ ਵੀ ਸ਼ਾਮਲ ਹੋ ਗਏ ਸਨ ਜਿਹੜੇ ਮੁਸਲਮਾਨਾਂ ਅਤੇ ਮੁਸ਼ਰਕਾਂ ਦੋਵਾਂ ਨਾਲ ਦੋਸਤੀ ਰੱਖਣੀ ਚਾਹੁੰਦੇ ਸਨ।ਇਨ੍ਹਾਂ ਲੋਕਾਂ ਦੀ ਸੋਚ ਇੱਥੇ ਹੀ ਖੜ੍ਹੀ ਸੀ ਕਿ ਜੇ ਮੁਸਲਮਾਨ ਭਾਰੂ ਹੋ ਗਏ ਤਾਂ ਇਨ੍ਹਾਂ ਨਾਲ ਪੱਕੇ ਰਲ ਜਾਵਾਂਗੇ ਅਤੇ ਜੇ ਵਿਰੋਧੀ ਜਿੱਤ ਗਏ ਤਾਂ ਉਸ ਪਾਸੇ ਮਿਲ ਜਾਵਾਂਗੇ।
84. ਧੋਖੇਬਾਜ਼ੀਆਂ
ਉਹਦ ਦੀ ਲੜਾਈ ਤੋਂ ਕੁਝ ਸਮਾਂ ਬਾਅਦ ਅਰਬ ਦੇ ਦੋ ਕਬੀਲਿਆਂ, ਕਬੀਲਾ ਅਜ਼ਲ ਅਤੇ ਕਬੀਲਾ ਕਾਰਾ ਦੇ ਕੁਝ ਲੋਕ ਹਜ਼ਰਤ ਮੁਹੰਮਦ (ਸ.) ਦੇ ਕੋਲ ਆਏ ਅਤੇ ਆਪ ਨੂੰ ਮਿਲ ਕੇ ਕਹਿਣ ਲੱਗੇ ਕਿ ਸਾਡੇ ਕਬੀਲਿਆਂ ਨੇ ਇਸਲਾਮ ਕਬੂਲ ਕਰ ਲਿਆ ਹੈ ਤੁਸੀਂ ਕੁਝ ਮੁਸਲਮਾਨਾਂ ਨੂੰ ਸਾਡੇ ਨਾਲ ਭੇਜ ਦਿਓ ਤਾਂ ਜੋ ਲੋਕਾਂ ਨੂੰ ਇਸਲਾਮ ਦੀ ਸਿੱਖਿਆ ਦਿੱਤੀ ਜਾ ਸਕੇ।ਆਪ ਨੇ ਦਸ ਸਹਾਬੀ ਉਨ੍ਹਾਂ ਦੇ ਨਾਲ ਤੋਰ ਦਿੱਤੇ।ਜਦੋਂ ਇਹ ਲੋਕ 'ਰਜੀਅ' ਦੇ ਸਥਾਨ ਤੇ ਅੱਪੜੇ ਤਾਂ ਲਹਿਯਾਨ ਕਬੀਲੇ ਦੇ ਹਥਿਆਰਬੰਦ ਲੋਕਾਂ ਨੇ ਘੇਰਾ ਪਾ ਕੇ ਅੱਠ ਨੂੰ ਸ਼ਹੀਦ ਕਰ ਦਿੱਤਾ ਅਤੇ ਬਾਕੀ ਦੋ ਨੂੰ ਮੱਕਾ ਲਿਜਾ ਕੇ ਕੁਰੈਸ਼ ਦੇ ਹੱਥ ਵੇਚ ਦਿੱਤਾ। ਮੱਕਾ ਵਿਖੇ ਵੇਚੇ ਜਾਣ ਵਾਲੇ ਦੋ ਮੁਸਲਮਾਨਾਂ ਵਿਚ ਇਕ ਦਾ ਨਾਂ ਹਜ਼ਰਤ ਖ਼ੁਬੈਬ ਬਿਨ ਅਦੀ ਸੀ ਅਤੇ ਦੂਸਰੇ ਦਾ ਨਾਂ ਜ਼ੈਦ ਬਿਨ ਦਸਨਾ।ਹਜ਼ਰਤ ਖ਼ੁਬੈਬ ਨੂੰ ਹਾਰਸ ਬਿਨ ਆਮਿਰ ਦੀ ਧੀ ਨੇ ਸੌ ਊਂਠਾਂ ਬਦਲੇ ਖ਼ਰੀਦ ਲਿਆ ਕਿਉਂ ਜੋ ਉਹ ਅਪਣੇ ਬਾਪ ਦਾ ਬਦਲਾ ਲੈਣਾ ਚਾਹੁੰਦੀ ਸੀ ਜਿਸ ਨੂੰ ਖ਼ੁਬੈਬ ਬਿਨ ਅੱਦੀ ਨੇ ਉਹਦ ਦੀ ਜੰਗ ਵਿਚ ਕਤਲ ਕਰ ਦਿੱਤਾ ਸੀ।ਕੁਰੈਸ਼ ਵਾਲਿਆਂ ਨੇ ਇਨ੍ਹਾਂ ਦੋਹਾਂ ਨੂੰ ਕੁਝ ਦੇਰ ਮੱਕੇ ਵਿਖੇ ਕੈਦ ਰੱਖਣ ਤੋਂ ਬਾਅਦ ਮੱਕੇ ਤੋਂ ਬਾਹਰ ਲਿਜਾ ਕੇ ਤਕਲੀਫ਼ਾਂ ਦਿੱਤੀਆਂ ਅਤੇ ਸੂਲੀ ਉੱਤੇ ਚਾੜ੍ਹ ਦਿੱਤਾ। ਸਨ ੪ ਹਿਜਰੀ ਵਿਚ ਮੁਸਲਮਾਨਾਂ ਨੂੰ ਇਕ ਹੋਰ ਜ਼ਬਰਦਸਤ ਹਾਦਸਾ ਪੇਸ਼ ਆਇਆ।ਨਜਦ ਦੇ ਕਬੀਲੇ ਦਾ ਇਕ ਸਰਦਾਰ ਅਬੂ ਬਰਾ ਆਮਿਰ ਬਿਨ ਮਾਲਿਕ ਬਿਨ ਜਾਅਫ਼ਰ ਮਦੀਨੇ ਆਇਆ ਅਤੇ ਹਜ਼ਰਤ ਮੁਹੰਮਦ (ਸ.) ਨੂੰ ਮਿਲ ਕੇ ਕਹਿਣ ਲੱਗਿਆ ਕਿ ਜੇ ਆਪ ਅਪਣੇ ਸਹਾਬੀਆਂ ਦੀ ਇਕ ਜਮਾਤ ਮੇਰੇ ਨਾਲ ਭੇਜ ਦੇਵੋ ਤਾਂ ਮੈਨੂੰ ਉਮੀਦ ਹੈ ਕਿ ਮੇਰੇ ਇਲਾਕੇ ਦੇ ਕਈ ਕਬੀਲੇ ਇਸਲਾਮ ਕਬੂਲ ਕਰ ਲੈਣਗੇ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਮੁਸਲਮਾਨਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਚਿੰਤਾ ਪ੍ਰਗਟ ਕੀਤੀ ਤਾਂ ਅਬੂ ਬਰਾਅ ਆਮਿਰ ਬਿਨ ਮਾਲਿਕ ਨੇ ਸੁਰੱਖਿਆ ਦੀ ਜੁਮੇਵਾਰੀ ਅਪਣੇ ਸਿਰ ਲੈ ਲਈ ਅਤੇ ਆਪ ਉਸ ਨਾਲ ਸਹਾਬੀਆਂ ਨੂੰ ਭੇਜਣ ਲਈ ਰਾਜ਼ੀ ਹੋ ਗਏ। ਅਰਬ ਦੇ ਕਬੀਲਿਆਂ ਦਾ ਦਸਤੂਰ ਸੀ ਕਿ ਜੇ ਕੋਈ ਕਿਸੇ ਦੀ ਹਿਫ਼ਾਜ਼ਤ ਦੀ ਜ਼ਿੰਮੇਵਾਰੀ ਲੈਂਦਾ ਹੈ ਤਾਂ ਉਹ ਉਸ ਵਿਚ ਬਦ ਅਹਿਦੀ ਨਹੀਂ ਕਰਦਾ ਸਗੋਂ ਜ਼ਿੰਮੇਵਾਰੀ ਲੈਣ ਵਾਲਾ ਪੂਰੀ ਤਰ੍ਹਾਂ ਹਿਫ਼ਾਜ਼ਤ ਕਰਨ ਦਾ ਜ਼ਿੰਮੇਵਾਰ ਹੁੰਦਾ ਹੈ।ਹਜ਼ਰਤ ਮੁਹੰਮਦ (ਸ.) ਨੇ ਸੱਤਰ ਸਹਾਬੀਆਂ ਦੀ ਇਕ ਟੋਲੀ ਹਜ਼ਰਤ ਮਨਜ਼ਰ ਦੀ ਸਰਦਾਰੀ ਅਧੀਨ ਉਸ ਦੇ ਨਾਲ ਭੇਜ ਦਿੱਤੀ।ਅਬੂ ਬਰਾਅ ਆਮਿਰ ਦੇ ਭਤੀਜੇ ਆਮਿਰ ਬਿਨ ਤੂਫ਼ੈਲ ਬਿਨ ਮਾਲਿਕ ਨੇ ਧੋਖੇ ਨਾਲ ਸਾਰੇ ਨਿਹੱਥੇ ਸਹਾਬੀਆਂ ਨੂੰ ਸ਼ਹੀਦ ਕਰ ਦਿੱਤਾ।ਇਕ ਸਹਾਬੀ ਹਜ਼ਰਤ ਕਾਅਬ ਬਿਨ ਜ਼ੈਦ ਜਿਸ ਨੂੰ ਲਾਸ਼ਾਂ ਦੇ ਢੇਰ ਵਿਚ ਮਰਿਆ ਸਮਝ ਕੇ ਛੱਡ ਦਿੱਤਾ ਗਿਆ ਸੀ ਜ਼ਖ਼ਮੀ ਹਾਲਤ ਵਿਚ ਕਿਸੇ ਤਰ੍ਹਾਂ ਮਦੀਨੇ ਪਹੁੰਚਣ ਵਿਚ ਕਾਮਿਯਾਬ ਹੋ ਗਿਆ ਅਤੇ ਘਟਨਾ ਦੀ ਜਾਣਕਾਰੀ ਦਿੱਤੀ। ਅਬੂ ਬਰਾਅ ਬਿਨ ਆਮਿਰ ਇਸ ਘਟਨਾ ਤੋਂ ਬਾਅਦ ਐਨੇ ਸ਼ਰਮਿੰਦਾ ਹੋਏ ਕਿ ਕੁਝ ਦਿਨ ਬਾਅਦ ਮਰ ਗਏ।ਅਬੂ ਬਰਾਅ ਦੇ ਪੁੱਤਰ ਰਬੀਆ ਨੇ ਇਸ ਖ਼ੂਨ ਦਾ ਬਦਲਾ ਲੈਣਾ ਚਾਹਿਆ ਪਰ ਕਾਮਿਯਾਬ ਨਾ ਹੋ ਸਕਿਆ। ਇਕ ਦਿਨ ਯਹੂਦੀਆਂ ਦੇ ਕਬੀਲੇ ਬਨੀ ਨਜ਼ੀਰ ਦੇ ਆਦਮੀਆਂ ਨੇ ਹਜ਼ਰਤ ਮੁਹੰਮਦ (ਸ.) ਉੱਤੇ ਪਹਾੜ ਤੋਂ ਪੱਥਰ ਸੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਸਹੀ ਸਮੇਂ ਉੱਤੇ ਰੱਬ ਵੱਲੋਂ ਆਪ ਨੂੰ ਖ਼ਬਰਦਾਰ ਕੀਤੇ ਜਾਣ ਨਾਲ ਬਚਾਅ ਹੋ ਗਿਆ।ਇਹ ਹਫ਼ਤੇ ਦਾ ਦਿਨ ਸੀ।ਇਸ ਦਿਨ ਯਹੂਦੀ ਧਰਮ ਵਿਚ ਖ਼ੂਨ ਵਹਾਉਣਾ ਉਂਜ ਵੀ ਜ਼ੁਲਮ ਹੈ। ਯਹੂਦੀਆਂ ਵੱਲੋਂ ਸਮਝੌਤੇ ਦੀ ਉਲੰਘਣਾ, ਅਤੇ ਧੋਖਾ ਦਹੀ ਦੇ ਜੁਰਮ ਵਿਚ ਮੁਸਲਮਾਨਾਂ ਨੇ ਉਨ੍ਹਾਂ ਦੇ ਕਿਲ੍ਹੇ ਦੀ ਘੇਰਾ-ਬੰਦੀ ਕਰ ਲਈ।ਵੀਹ ਦਿਨ ਦੀ ਘੇਰਾ-ਬੰਦੀ ਤੋਂ ਬਾਅਦ ਯਹੂਦੀ ਸੁਲਾਹ ਕਰਨ ਲਈ ਰਾਜ਼ੀ ਹੋ ਗਏ।ਸੁਲਾਹ ਦੀਆਂ ਸ਼ਰਤਾਂ ਵਿਚ ਲਿਖਿਆ ਸੀ ਕਿ ਅਸਲੇ ਨੂੰ ਛੱਡ ਕੇ ਯਹੂਦੀਆਂ ਨੂੰ ਬਾਕੀ ਸਾਮਾਨ ਲੈ ਕੇ ਜਾਣ ਦੀ ਇਜਾਜ਼ਤ ਇਸ ਸ਼ਰਤ ਉੱਤੇ ਦਿੱਤੀ ਜਾਂਦੀ ਹੈ ਕਿ ਤਿੰਨ ਆਦਮੀ ਇਕ ਊਂਠ ਉੱਤੇ ਜਿੰਨਾ ਸਾਮਾਨ ਲੱਦ ਕੇ ਲੈ ਜਾ ਸਕਦੇ ਹਨ ਲੈ ਜਾਣ।ਇਹ ਯਹੂਦੀ ਕੁਝ ਖ਼ੈਬਰ ਵਿਚ ਅਤੇ ਕੁਝ ਸ਼ਾਮ ਵਿਚ ਜਾ ਕੇ ਆਬਾਦ ਹੋ ਗਏ।
85. ਬਦਰ ਦੀ ਦੂਜੀ ਲੜਾਈ
ਬਦਰ ਦੀ ਪਹਿਲੀ ਲੜਾਈ ਵਿਚ ਹਾਰ ਜਾਣ ਤੋਂ ਬਾਅਦ ਮੈਦਾਨ ਛੱਡ ਕੇ ਭੱਜੇ ਜਾਂਦੇ ਕੁਰੈਸ਼ ਦੇ ਸਰਦਾਰ ਅਬੂ ਸੁਫ਼ਿਆਨ ਨੇ ਅਗਲੇ ਸਾਲ ਬਦਰ ਦੇ ਮੈਦਾਨ ਵਿਚ ਮੁੜ ਜੰਗ ਲੜਨ ਦਾ ਚੈਲਿੰਜ ਕੀਤਾ ਸੀ ਅਤੇ ਉਸ ਦੇ ਚੈਲਿੰਜ ਨੂੰ ਹਜ਼ਰਤ ਮੁਹੰਮਦ (ਸ.) ਦੀ ਤਰਫ਼ ਤੋਂ ਹਜ਼ਰਤ ਉਮਰ (ਰਜ਼ੀ.) ਨੇ ਕਬੂਲ ਕਰ ਲਿਆ ਸੀ। ਬਦਰ ਦੀ ਲੜਾਈ ਨੂੰ ਇਕ ਸਾਲ ਹੋ ਚੱਲਿਆ ਸੀ ਪਰ ਅਬੂ ਸੁਫ਼ਿਆਨ ਦੀ ਹਿੰਮਤ ਜਵਾਬ ਦੇ ਗਈ ਸੀ ਕਿਉਂ ਜੋ ਇਸ ਸਾਲ ਮੱਕੇ ਵਿਚ ਕਾਲ ਪੈ ਗਿਆ ਸੀ ਜਿਸ ਨਾਲ ਮੱਕੇ ਵਾਲਿਆਂ ਦੀ ਆਰਥਿਕ ਸਥਿਤੀ ਡਾਵਾਂਡੋਲ ਹੋ ਗਈ ਸੀ ਅਤੇ ਉਹ ਨਹੀਂ ਸਨ ਚਾਹੁੰਦੇ ਕਿ ਮੰਦੇ ਦੇ ਇਨ੍ਹਾਂ ਦਿਨਾਂ ਵਿਚ ਲੜਾਈ ਕਰ ਕੇ ਹੋਰ ਆਰਥਿਕ ਬੋਝ ਝੱਲਿਆ ਜਾਵੇ। ਅਪਣਾ ਪਾਸਾ ਬਚਾਉਂਦਿਆਂ ਅਬੂ ਸੁਫ਼ਿਆਨ ਨੇ ਖ਼ੁਫ਼ੀਆ ਤੌਰ ਤੇ ਇਕ ਆਦਮੀ ਨੂੰ ਮਦੀਨੇ ਭੇਜਿਆ ਜਿਸ ਨੇ ਮਦੀਨੇ ਦੇ ਮੁਨਾਫ਼ਕਾਂ ਤੱਕ ਪਹੁੰਚ ਕਰਕੇ ਉਨ੍ਹਾਂ ਦੀ ਸਹਾਇਤਾ ਨਾਲ ਮੁਸਲਮਾਨਾਂ ਵਿਚ ਇਹ ਖ਼ਬਰ ਫੈਲਾ ਦਿੱਤੀ ਕਿ ਇਸ ਵਾਰ ਕੁਰੈਸ਼ ਵਾਲਿਆਂ ਨੇ ਬੜੀ ਭਾਰੀ ਤਿਆਰੀ ਕੀਤੀ ਹੈ।ਉਨ੍ਹਾਂ ਨੇ ਐਨਾ ਵੱਡਾ ਲਸ਼ਕਰ ਤਿਆਰ ਕਰ ਲਿਆ ਹੈ ਜਿਸ ਦਾ ਮੁਕਾਬਲਾ ਸਾਰੇ ਅਰਬ ਵਿਚ ਕੋਈ ਵੀ ਨਹੀਂ ਕਰ ਸਕਦਾ।ਅਜਿਹੀਆਂ ਖ਼ਬਰਾਂ ਫੈਲਾ ਕੇ ਅਬੂ ਸੁਫ਼ਿਆਨ ਚਾਹੁੰਦਾ ਸੀ ਕਿ ਮੁਸਲਮਾਨ ਡਰ ਜਾਣ ਅਤੇ ਮੁਕਾਬਲੇ ਉੱਤੇ ਨਾ ਆਉਣ ਜਿਸ ਨਾਲ ਉਸ ਦੀ ਇੱਜ਼ਤ ਬਚ ਜਾਵੇ। ਸਨ ੪ ਹਿਜਰੀ ਵਿਚ ਹਜ਼ਰਤ ਮੁਹੰਮਦ (ਸ.) ਨੇ ਅਬਦੁੱਲਾ ਬਿਨ ਰਬਾਅ ਨੂੰ ਮਦੀਨੇ ਵਿਖੇ ਅਪਣਾ ਨਾਇਬ ਨਿਯੁਕਤ ਕੀਤਾ ਅਤੇ ੧੫੦੦ ਜਾਂਬਾਜ਼ ਮੁਸਲਮਾਨਾਂ ਦੀ ਫ਼ੌਜ ਲੈ ਕੇ ਬਦਰ ਵੱਲ ਚੱਲ ਪਏ।ਅਬੂ ਸੁਫ਼ਿਆਨ ਵੀ ੨੦੦੦ ਫ਼ੌਜੀਆਂ ਦਾ ਲਸ਼ਕਰ ਲੈ ਕੇ ਮੱਕੇ ਤੋਂ ਚੱਲਿਆ ਅਤੇ ਮੱਰਾ ਜ਼ੋਹਰਾਨ ਦੇ ਸਥਾਨ ਤੇ ਮਜਨਾ ਦੇ ਚਸ਼ਮੇ ਉੱਤੇ ਆ ਕੇ ਰੁਕ ਗਿਆ।ਉਹ ਦਿਲੋਂ ਲੜਾਈ ਲਈ ਤਿਆਰ ਨਹੀਂ ਸੀ ਇਸ ਲਈ ਉਸ ਨੇ ਅਪਣੇ ਸਾਥੀਆਂ ਨੂੰ ਇਹ ਕਹਿ ਕੇ ਵਾਪਸ ਮੁੜ ਜਾਣ ਦਾ ਹੁਕਮ ਦਿੱਤਾ ਕਿ ਇਸ ਸਾਲ ਲੜਨਾ ਠੀਕ ਨਹੀਂ ਜਾਪਦਾ ਅਗਲੇ ਸਾਲ ਦੇਖਾਂਗੇ। ਅਬੂ ਸੁਫ਼ਿਆਨ ਦੇ ਵਾਪਸ ਚਲੇ ਜਾਣ ਨਾਲ ਉਹਦ ਦੀ ਲੜਾਈ ਵੇਲੇ ਤੋਂ ਡਰੇ ਹੋਏ ਮੁਸਲਮਾਨਾਂ ਨੂੰ ਹੌਸਲਾ ਮਿਲ ਗਿਆ।ਦੂਸਰੇ ਮੁਸਲਮਾਨਾਂ ਨੂੰ ਸ਼ਾਮ ਤੋਂ ਆਉਂਦੇ ਅਜਿਹੇ ਵਪਾਰਕ ਕਾਫ਼ਲੇ ਮਿਲੇ ਜਿਨ੍ਹਾਂ ਨਾਲ ਲੈਣ-ਦੇਣ ਕਰਕੇ ਉਨ੍ਹਾਂ ਨੂੰ ਚੌਖਾ ਲਾਭ ਪ੍ਰਾਪਤ ਹੋਇਆ।
86. ਦੋ ਹੋਰ ਲੜਾਈਆਂ
ਸਨ ਚਾਰ ਹਿਜਰੀ ਵਿਚ ਕਈ ਛੋਟੀਆਂ ਛੋਟੀਆਂ ਲੜਾਈਆਂ ਵੀ ਹੋਈਆਂ ਜਿਨ੍ਹਾਂ ਨਾਲ ਮੁਸਲਮਾਨਾਂ ਦੀ ਸਥਿਤੀ ਸ਼ੁਧਰਣ ਵਿਚ ਚੌਖਾ ਵਾਧਾ ਹੋਇਆ।
ਮੁਰੀਸੀਹ ਦੀ ਲੜਾਈ
ਹਿਜਰਤ ਤੋਂ ਪੰਜ ਸਾਲ ਬਾਅਦ ਆਪ ਨੂੰ ਖ਼ਬਰ ਮਿਲੀ ਕਿ ਮੁਰੀਸੀਹ ਨਾਂ ਦੇ ਚਸ਼ਮੇ ਦੇ ਨੇੜੇ ਵਸਦੇ ਕਬੀਲੇ ਖ਼ਿਜ਼ਾ ਦੀ ਇਕ ਸ਼ਾਖ਼ ਬਨੂ ਮੁਸਤਲਿਕ ਦਾ ਸਰਦਾਰ ਹਾਰਸ ਪੁੱਤਰ ਅਬੀ ਜ਼ਰਾਰ ਮਦੀਨੇ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ।ਆਪ ਮੁਸਲਮਾਨਾਂ ਦੀ ਇਕ ਫ਼ੌਜ ਲੈ ਕੇ ਬਨੂ ਮੁਸਤਲਿਕ ਕਬੀਲੇ ਦੀ ਆਬਾਦੀ ਵਿਚ ਜਾ ਪਹੁੰਚੇ।ਕਬੀਲੇ ਵਾਲਿਆਂ ਨੇ ਮੁਕਾਬਲਾ ਕੀਤਾ ਪਰ ਹਾਰ ਗਏ।ਉਨ੍ਹਾਂ ਦੇ ਗਿਆਰਾਂ ਆਦਮੀ ਮਾਰੇ ਗਏ ਅਤੇ ਛੇ ਸੌ ਦੇ ਕਰੀਬ ਕੈਦ ਹੋਏ।ਕੈਦੀਆਂ ਵਿਚ ਹਾਰਸ ਦੀ ਧੀ ਜੁਬੈਰੀਆ ਵੀ ਸ਼ਾਮਲ ਸੀ।ਜਦੋਂ ਆਪ ਨੇ ਉਸ ਨੂੰ ਕੈਦ ਵਿੱਚੋਂ ਆਜ਼ਾਦ ਕਰ ਦਿੱਤਾ ਤਾਂ ਉਹ ਮੁਸਲਮਾਨ ਹੋ ਗਈ ਅਤੇ ਆਪ ਨੇ ਉਸ ਦੀ ਰਜ਼ਾਮੰਦੀ ਨਾਲ ਨਿਕਾਹ ਕਰ ਲਿਆ।ਨਿਕਾਹ ਤੋਂ ਬਾਅਦ ਜੁਬੇਰੀਆ ਦੇ ਕਹਿਣ ਉੱਤੇ ਆਪ ਨੇ ਸਾਰੇ ਕੈਦੀਆਂ ਨੂੰ ਰਿਹਾ ਕਰ ਦਿੱਤਾ।
ਨਜਦ ਦੀ ਲੜਾਈ
ਹਿਜਰਤ ਦੇ ਤੀਸਰੇ ਸਾਲ ਮਦੀਨੇ ਵਿਚ ਖ਼ਬਰ ਪਹੁੰਚੀ ਕਿ ਨਜਦ ਦੇ ਇਲਾਕੇ ਵਿਚ ਆਬਾਦ ਬਨੀ ਗ਼ਤਫ਼ਾਨ ਲੜਾਕੂ ਕਬੀਲੇ ਦੇ ਲੋਕ ਮਦੀਨੇ ਉੱਤੇ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ।ਖ਼ਬਰ ਮਿਲਦਿਆਂ ਹੀ ਹਜ਼ਰਤ ਮੁਹੰਮਦ (ਸ.) ਨੇ ਉਸਮਾਨ ਪੁੱਤਰ ਅੱਫ਼ਾਨ ਨੂੰ ਮਦੀਨੇ ਵਿਖੇ ਅਪਣਾ ਨਾਇਬ ਨਿਯੁਕਤ ਕੀਤਾ ਅਤੇ ਚਾਰ ਸੌ ਸਵਾਰਾਂ ਦੀ ਇਕ ਫ਼ੌਜੀ ਟੁਕੜੀ ਨਾਲ ਨਜਦ ਵਲ ਚਾਲੇ ਪਾ ਲਏ। ਮੁਸਲਮਾਨਾਂ ਦੀ ਫ਼ੌਜ ਬਾਰੇ ਸੁਣਦਿਆਂ ਹੀ ਗ਼ਤਫ਼ਾਨ ਕਬੀਲੇ ਦੇ ਲੋਕ ਪਹਾੜਾਂ ਵਿਚ ਛੁਪ ਗਏ।ਹਜ਼ਰਤ ਮੁਹੰਮਦ (ਸ.) ਪੂਰਾ ਇਕ ਮਹੀਨਾ ਉੱਥੇ ਡੇਰਾ ਲਾ ਕੇ ਬੈਠੇ ਰਹੇ ਤਾਂ ਜੋ ਨਜਦ ਦੇ ਇਲਾਕੇ ਵਿਚ ਆਬਾਦ ਦੂਸਰੇ ਕਬੀਲਿਆਂ ਨੂੰ ਵੀ ਮੁਸਲਮਾਨਾਂ ਦੀ ਤਾਕਤ ਦਾ ਅੰਦਾਜ਼ਾ ਹੋ ਜਾਵੇ। ਇਸੇ ਸਾਲ ਕਬੀਲਾ ਬਨੀ ਸਲੀਮ ਉੱਤੇ ਵੀ ਮੁਹੰਮਦ (ਸ.) ਨੇ ਤਿੰਨ ਸੌ ਫ਼ੌਜੀਆਂ ਨੂੰ ਲੈ ਕੇ ਚੜ੍ਹਾਈ ਕੀਤੀ ਪਰ ਉਹ ਲੋਕ ਆਪ ਦੇ ਆਉਣ ਦੀ ਖ਼ਬਰ ਸੁਣਦਿਆ ਹੀ ਭੱਜ ਗਏ।ਇਸੇ ਸਾਲ ੪ ਨਵੰਬਰ ਸਨ ੬੨੫ ਈਸਵੀ ਨੂੰ 'ਸਰਯਾ' ਦਾ ਸਾਕਾ ਹੋਇਆ ਜਿਸ ਵਿਚ ਮੁਸਲਮਾਨਾਂ ਦੀ ਫ਼ੌਜੀ ਟੁਕੜੀ ਹੱਥੋਂ ਕੁਰੈਸ਼ ਦੇ ਵਪਾਰਕ ਕਾਫ਼ਲੇ ਦਾ ਭਾਰੀ ਨੁਕਸਾਨ ਹੋਇਆ।
87. ਖੰਦਕ ਦੀ ਲੜਾਈ
ਮੱਕੇ ਦੇ ਕੁਰੈਸ਼ ਅਤੇ ਅਰਬ ਦੇ ਦੂਸਰੇ ਕਬੀਲੇ ਸਮਝ ਗਏ ਸਨ ਕਿ ਮਦੀਨੇ ਵਿਚ ਜਿਹੜੀ ਇਸਲਾਮ ਦੇ ਨਾਂ ਉੱਤੇ ਨਵੀਂ ਸ਼ਕਤੀ ਉਭਰ ਰਹੀ ਹੈ ਉਸ ਦਾ ਮੁਕਾਬਲਾ ਕਰਨਾ ਕਿਸੇ ਇੱਕੇ-ਦੁੱਕੇ ਕਬੀਲੇ ਦੇ ਵਸ ਦੀ ਬਾਤ ਨਹੀਂ।ਇਸ ਸ਼ਕਤੀ ਨੂੰ ਸਾਰੇ ਕਬੀਲਿਆਂ ਵੱਲੋਂ ਮਿਲ ਕੇ ਹੀ ਰੋਕਿਆ ਜਾ ਸਕਦਾ ਹੈ।ਹਿਜਰਤ ਦੇ ਪੰਜਵੇਂ ਸਾਲ ਮੁਸਲਮਾਨਾਂ ਵੱਲੋਂ ਮਦੀਨੇ ਵਿੱਚੋਂ ਕੱਢੇ ਬਨੂ ਨਜ਼ੀਰ ਅਤੇ ਬਨੂ ਕੈਨਕਾਹ ਦੇ ਯਹੂਦੀ ਕਬੀਲਿਆ ਨੇ ਮਦੀਨੇ ਵਿੱਚੋਂ ਕੱਢੇ ਗਏੇ ਤੀਜੇ ਯਹੂਦੀ ਕਬੀਲੇ 'ਗ਼ਤਫ਼ਾਨ' ਅਤੇ ਉਸ ਨਾਲ ਸਬੰਧਤ ਛੋਟੇ ਛੋਟੇ ਯਹੂਦੀ ਕਬੀਲਿਆਂ ਨਾਲ ਮਿਲ ਕੇ ਮਦੀਨੇ ਉੱਤੇ ਹਮਲਾ ਕਰਨ ਦੀ ਤਿਆਰੀ ਕੀਤੀ।ਮੌਕੇ ਦਾ ਲਾਹਾ ਲੈਂਦਿਆਂ ਉਨ੍ਹਾਂ ਨੇ ਮੁਸਲਮਾਨਾਂ ਦੇ ਦੁਸ਼ਮਣ ਅਰਬ ਦੇ ਹੋਰ ਕਬੀਲਿਆਂ ਨੂੰ ਵੀ ਸੱਦ ਲਿਆ।ਉਨ੍ਹਾਂ ਦੇ ਸੱਦੇ ਉੱਤੇ ਮੱਕੇ ਦੇ ਕੁਰੈਸ਼ ਕਬੀਲੇ ਦਾ ਸਰਦਾਰ ਅਬੂ ਸੁਫ਼ਿਆਨ ਵੀ ਅਪਣੀ ਫ਼ੌਜ ਲੈ ਕੇ ਉਨ੍ਹਾਂ ਦੇ ਨਾਲ ਆ ਮਿਲਿਆ।ਖ਼ੰਦਕ ਦੀ ਇਹ ਲੜਾਈ ਸਨ ੫ ਹਿਜਰੀ ਮੁਤਾਬਕ ੬੨੭-੨੮ ਈਸਵੀ ਵਿਚਕਾਰ ਹੋਈ। ਸਨ ੫ ਹਿਜਰੀ ਵਿਚ ਜਦੋਂ ਅਰਬ ਦੇ ਯਹੂਦੀ ਕਬੀਲੇ ਅਤੇ ਮੱਕੇ ਦੇ ਕੁਰੈਸ਼ ਇਕੱਠੇ ਹੋ ਗਏ ਤਾਂ ਉਨ੍ਹਾਂ ਨੇ ਮਦੀਨੇ ਦੇ ਅੰਦਰ ਰਹਿ ਰਹੇ ਯਹੂਦੀ ਕਬੀਲੇ ਬਨੀ ਕਰੀਜ਼ਾ ਨੂੰ ਵੀ ਅਪਣੇ ਨਾਲ ਰਲਾਉਣ ਦਾ ਉਪਰਾਲਾ ਕਰਨਾ ਸ਼ੁਰੂ ਕਰ ਦਿੱਤਾ। ਕਿਉਂ ਜੋ ਬਨੀ ਕਰੀਜ਼ਾ ਦਾ ਮੁਸਲਮਾਨਾਂ ਨਾਲ ਬਾਹਰੀ ਹਮਲੇ ਸਮੇਂ ਮਿਲ ਕੇ ਮੁਕਾਬਲਾ ਕਰਨ ਦਾ ਸਮਝੌਤਾ ਹੋ ਚੁੱਕਿਆ ਸੀ ਇਸ ਲਈ ਸਾਂਝੀ ਫ਼ੌਜ ਦੇ ਹਮਲਾਵਰ ਨਹੀਂ ਸਨ ਚਾਹੁੰਦੇ ਕਿ ਬਨੀ ਕਰੀਜ਼ਾ ਦੇ ਯਹੂਦੀ ਲੜਾਈ ਵਿਚ ਮੁਸਲਮਾਨਾਂ ਦਾ ਸਾਥ ਦੇਣ। ਦੁਸ਼ਮਣ ਦੀ ਸਾਂਝੀ ਫ਼ੌਜ ਦੇ ਸਰਦਾਰਾਂ ਨੇ ਬਨੀ ਨਜ਼ੀਰ ਦੇ ਸਰਦਾਰ ਹਈ ਬਿਨ ਅਖ਼ਤਬ ਨੂੰ ਬਨੀ ਕਰੀਜ਼ਾ ਦੇ ਸਰਦਾਰ ਕੋਲ ਭੇਜਿਆ ਤਾਂ ਜੋ ਉਸ ਨੂੰ ਮੁਸਲਮਾਨਾਂ ਨਾਲ ਹੋਇਆ ਸਮਝੌਤਾ ਤੋੜ ਕੇ ਸਾਂਝੇ ਮੁਹਾਜ਼ ਦੀ ਫ਼ੌਜ ਵਿਚ ਸ਼ਾਮਲ ਕੀਤਾ ਜਾ ਸਕੇ।ਪਹਿਲਾਂ ਤਾਂ ਬਨੂ ਕਰੀਜ਼ਾ ਦੇ ਸਰਦਾਰ ਨੇ ਨਾਂਹ ਕਰ ਦਿੱਤੀ ਪਰ ਜਦੋਂ ਉਸ ਨੂੰ ਪ੍ਰੇਰਿਆ ਗਿਆ ਕਿ ਸਾਰੇ ਅਰਬ ਦੇ ਯਹੂਦੀ ਕਬੀਲੇ ਅਤੇ ਕੁਰੈਸ਼ ਦੇ ਸਾਥੀ ਕਬੀਲੇ ਰਲਕੇ ਮੁਸਲਮਾਨਾਂ ਨੂੰ ਖ਼ਤਮ ਕਰਨ ਆਏ ਹਨ ਤਾਂ ਉਸ ਦੀ ਯਹੂਦੀ ਜ਼ਹਿਣੀਅਤ ਸਮਝੌਤਾ ਤੋੜਨ ਲਈ ਰਜ਼ਾਮੰਦ ਹੋ ਗਈ। ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਬਨੀ ਕਰੀਜ਼ਾ ਵੱਲੋਂ ਗ਼ੱਦਾਰੀ ਕੀਤੇ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸਾਅਦ ਬਿਨ ਅਬਾਦਾ, ਸਾਅਦ ਬਿਨ ਮੁਆਜ਼, ਅਬਦੁੱਲਾ ਬਿਨ ਰਵਾਹਾ ਅਤੇ ਖ਼ਵਾਤ ਬਿਨ ਜ਼ੁਬੈਰ ਨੂੰ ਬਨੂ ਕਰੀਜ਼ਾ ਦੇ ਸਰਦਾਰ ਕੋਲ ਭੇਜਿਆ।ਆਪ ਨੇ ਜਾਣ ਵਾਲੇ ਸਹਾਬੀਆਂ ਨੂੰ ਹਦਾਇਤ ਕੀਤੀ ਜੇ ਇਹ ਖ਼ਬਰ ਸੱਚੀ ਹੋਈ ਤਾਂ ਇਸ਼ਾਰੇ ਨਾਲ ਮੈਨੂੰ ਸਮਝਾ ਦੇਣਾ ਤਾਂ ਜੋ ਮੁਸਲਮਾਨ ਇਹ ਖ਼ਬਰ ਸੁਣ ਕੇ ਹੌਸਲਾ ਨਾ ਹਾਰ ਦੇਣ।ਜਦੋਂ ਇਨ੍ਹਾਂ ਸਹਾਬੀਆਂ ਨੇ ਬਨੂ ਕਰੀਜ਼ਾ ਨੂੰ ਮੁਸਲਮਾਨਾਂ ਨਾਲ ਹੋਇਆ ਸਮਝੌਤਾ ਯਾਦ ਕਰਵਾਇਆ ਤਾਂ ਉਹ ਸਾਫ਼ ਮੁਕਰ ਗਏ।ਸਹਾਬੀਆਂ ਨੇ ਰਾਜ਼ਦਾਰੀ ਨਾਲ ਇਹ ਖ਼ਬਰ ਹਜ਼ਰਤ ਮੁਹੰਮਦ (ਸ.) ਨੂੰ ਜਾ ਸੁਣਾਈ। ਪਰ ਸਾਂਝੇ ਮੁਹਾਜ਼ ਵਾਲੇ ਵੀ ਚੁਕੰਨੇ ਸਨ ਉਨ੍ਹਾਂ ਨੇ ਇਹ ਖ਼ਬਰ ਸਾਰੇ ਮਦੀਨੇ ਵਿਚ ਆਮ ਕਰ ਦਿੱਤੀ ਕਿ ਬਨੂ ਕਰੀਜ਼ਾ ਦੇ ਯਹੂਦੀ ਸਮਝੌਤਾ ਤੋੜ ਕੇ ਸਾਂਝੇ ਮੁਹਾਜ਼ ਵਿਚ ਸ਼ਾਮਲ ਹੋ ਗਏ ਹਨ।ਇਸ ਖ਼ਬਰ ਨੂੰ ਸੁਣ ਕੇ ਮਦੀਨੇ ਦੇ ਮੁਸਲਮਾਨ ਘਬਰਾ ਗਏ ਕਿਉਂ ਜੋ ਹੁਣ ਉਨ੍ਹਾਂ ਨੂੰ ਦੋ ਪਾਸਿਆਂ ਤੋਂ ਖ਼ਤਰਾ ਪੈਦਾ ਹੋ ਗਿਆ ਸੀ।ਬਾਹਰੋਂ ਕੁਰੈਸ਼ ਅਤੇ ਯਹੂਦੀ ਮਿਲ ਕੇ ਹਮਲਾ ਕਰਨ ਲਈ ਪੁੱਜ ਗਏ ਸਨ ਅਤੇ ਅੰਦਰੋਂ ਯਹੂਦੀ ਸਮਝੌਤਾ ਤੋੜ ਕੇ ਲੜਾਈ ਲਈ ਤਿਆਰ ਹੋ ਗਏ ਸਨ। ਮਦੀਨੇ ਦੀ ਅਜਿਹੀ ਸਥਿਤੀ ਦੇਖ ਕੇ ਮੁਨਾਫ਼ਿਕਾਂ ਨੂੰ ਮੌਕਾ ਮਿਲ ਗਿਆ ਅਤੇ ਉਨ੍ਹਾਂ ਨੇ ਮੁਸਲਮਾਨਾਂ ਦੇ ਹੌਸਲੇ ਤੋੜਨ ਲਈ ਨਵੇਂ ਨਵੇਂ ਹਥਕੰਡੇ ਅਪਣਾਉਣੇ ਸ਼ੁਰੂ ਕਰ ਦਿੱਤੇ।ਇਕ ਮੁਨਾਫ਼ਿਕ ਕਹਿਣ ਲੱਗਿਆ ਕਿ ਸਾਡੇ ਨਾਲ ਮੁਹੰਮਦ (ਸ.) ਵਾਅਦੇ ਤਾਂ ਕੈਸਰੋ ਕਿਸਰਾ ਨੂੰ ਫ਼ਤਹਿ ਕਰਨ ਦੇ ਕਰ ਰਿਹਾ ਸੀ ਪਰ ਹੁਣ ਹਾਲ ਇਹ ਹੈ ਕਿ ਅਸੀਂ ਜੰਗਲ-ਪਾਣੀ ਵੀ ਨਹੀਂ ਜਾ ਸਕਦੇ।ਜੰਗ ਵਿਚ ਸ਼ਾਮਿਲ ਕੁਝ ਫ਼ੌਜੀਆਂ ਨੇ ਇਹ ਕਹਿ ਕੇ ਘਰ ਜਾਣ ਦੀ ਆਗਿਆ ਮੰਗੀ ਕਿ ਹੁਣ ਤਾਂ ਸਾਡੇ ਘਰਾਂ ਨੂੰ ਹੀ ਖ਼ਤਰਾ ਹੋ ਗਿਆ ਹੈ ਅਸੀਂ ਅਪਣੇ ਬੀਵੀ ਬੱਚਿਆਂ ਦੀ ਸੰਭਾਲ ਕਰੀਏ ਕਿ ਜੰਗ ਲੜੀਏ।ਇੱਥੋਂ ਤੱਕ ਮੁਨਾਫ਼ਿਕਾਂ ਨੇ ਗੱਲਾਂ ਕਹਿਣੀਆਂ ਸ਼ੁਰੂ ਕਰ ਦਿੱਤੀਆਂ ਕਿ ਸਾਂਝੇ ਮੁਹਾਜ਼ ਨਾਲ ਸਮਝੌਤਾ ਕਰ ਲਿਆ ਜਾਵੇ ਅਤੇ ਹਜ਼ਰਤ ਮੁਹੰਮਦ (ਸ.) ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇ।ਇਸ ਪ੍ਰਸਥਿਤੀ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਕਈ ਥਾਵਾਂ ਤੇ ਆਇਆ ਹੈ; "ਜਦ ਉਹ ਉੱਪਰ ਅਤੇ ਥੱਲੇ ਤੋਂ ਤੁਹਾਡੇ ਉੱਤੇ ਚੜ੍ਹ ਆਏ, ਜਦ ਡਰ ਦੇ ਮਾਰੇ ਅੱਖਾਂ ਪਥਰਾ ਗਈਆਂ, ਕਲੇਜੇ ਮੂੰਹ ਨੂੰ ਆ ਗਏ ਅਤੇ ਤੁਸੀਂ ਲੋਕ ਅੱਲਾਹ ਦੇ ਬਾਰੇ ਕਈ ਤਰ੍ਹਾਂ ਤਰ੍ਹਾਂ ਦੇ ਗੁਮਾਨ ਕਰਨ ਲੱਗੇ।ਉਸ ਸਮੇਂ ਈਮਾਨ ਲਿਆਉਣ ਵਾਲੇ ਤਾਂ ਅਜ਼ਮਾਏ ਗਏ ਅਤੇ ਬੁਰੀ ਤਰ੍ਹਾਂ ਹਿਲਾ ਮਾਰੇ ਗਏ"। ਕੁਝ ਹੋਰ ਥਾਵਾਂ ਉੱਤੇ ਵੀ ਇਸ ਪ੍ਰਸਥਿਤੀ ਦਾ ਜ਼ਿਕਰ ਮਿਲਦਾ ਹੈ; "ਯਾਦ ਕਰੋ ਉਹ ਵੇਲਾ ਜਦ ਮੁਨਾਫ਼ਿਕ ਅਤੇ ਉਹ ਸਾਰੇ ਲੋਕ ਜਿਨ੍ਹਾਂ ਦੇ ਦਿਲਾਂ ਵਿਚ ਰੋਗ ਸੀ ਸਾਫ਼ ਸਾਫ਼ ਕਹਿ ਰਹੇ ਸਨ ਕਿ ਅੱਲਾਹ ਅਤੇ ਉਸ ਦੇ ਰਸੂਲ ਨੇ ਜਿਹੜੇ ਵਾਅਦੇ ਸਾਡੇ ਨਾਲ ਕੀਤੇ ਸਨ ਉਹ ਫ਼ਰੇਬ ਤੋਂ ਸਿਵਾ ਕੁਝ ਨਹੀਂ ਸਨ"। "ਜਦ ਉਨ੍ਹਾਂ ਦਾ ਇਕ ਫ਼ਰੀਕ ਇਹ ਕਹਿ ਕੇ ਨਬੀ (ਸ.) ਤੋਂ ਆਗਿਆ ਮੰਗ ਰਿਹਾ ਸੀ ਕਿ ਸਾਡੇ ਘਰ ਖ਼ਤਰੇ ਵਿਚ ਹਨ।ਹਾਲਾਂਕੇ ਉਹ ਖ਼ਤਰੇ ਵਿਚ ਨਹੀਂ ਸਨ।ਦਰਅਸਲ ਉਹ (ਜੰਗ ਦੇ ਮੁਹਾਜ਼ ਤੋਂ) ਭੱਜਣਾ ਚਾਹੁੰਦੇ ਸਨ"। ਬਨੂ ਕਰੀਜ਼ਾ ਦੇ ਸਮਝੌਤਾ ਤੋੜਨ ਨਾਲ ਜਿਹੜਾ ਖ਼ਤਰਾ ਪੈਦਾ ਹੋ ਗਿਆ ਸੀ ਉਸ ਦਾ ਤੋੜ ਕਰਨਾ ਹਜ਼ਰਤ ਮੁਹੰਮਦ (ਸ.) ਦੀ ਜ਼ਿੰਮੇਵਾਰੀ ਸੀ।'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਲਿਖਦੇ ਹਨ, "ਮੁਹੰਮਦ (ਸ.) ਨੇ ਦੂਜੇ ਕਬੀਲੇ ਬਨੂ ਗ਼ਤਫ਼ਾਨ ਨਾਲ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਬਨੂ ਗ਼ਤਫ਼ਾਨ ਨੂੰ ਮਨਾਉਣ ਲਈ ਜਿਹੜੀਆਂ ਰਿਆਇਤਾਂ ਦੇਣੀਆਂ ਚਾਹੀਆਂ ਉਨ੍ਹਾਂ ਨੂੰ ਸਹਾਬੀਆਂ ਨੇ ਨਾਮਨਜ਼ੂਰ ਕਰਨ ਦੀ ਬੇਨਤੀ ਕਰ ਦਿੱਤੀ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਨੂੰ ਸਮਝਾਉਣਾ ਚਾਹਿਆ ਕਿ ਇਹ ਸਭ ਕੁਝ ਮੈਂ ਤੁਹਾਡੇ ਲਈ ਕਰ ਰਿਹਾ ਹਾਂ ਤਾਂ ਉਨ੍ਹਾਂ ਨੇ ਆਖਿਆ ਕਿ ਅਸੀਂ ਨਹੀਂ ਚਾਹੁੰਦੇ ਤੁਸੀਂ ਸਾਡੇ ਲਈ ਨੀਵੇਂ ਹੋ ਕੇ ਅਜਿਹਾ ਸਮਝੌਤਾ ਕਰੋਂ।ਅਜਿਹਾ ਸਮਝੌਤਾ ਤਾਂ ਅਸੀਂ ਯਹੂਦੀਆਂ ਨਾਲ ਉਦੋਂ ਵੀ ਨਹੀਂ ਕੀਤਾ ਜਦੋਂ ਅਸੀਂ ਮੁਸਲਮਾਨ ਨਹੀਂ ਬਣੇ ਸਾਂ।ਹੁਣ ਤਾਂ ਸਾਡੇ ਨਾਲ ਅੱਲਾਹ ਅਤੇ ਉਸ ਦਾ ਰਸੂਲ ਹਨ।ਅਸੀਂ ਇਸ ਦਾ ਫ਼ੈਸਾ ਜੰਗ ਵਿਚ ਹੀ ਕਰਾਂਗੇ"। ਹਜ਼ਰਤ ਮੁਹੰਮਦ (ਸ.) ਵੱਲੋਂ ਜੰਗ ਲਈ ਜੋੜ-ਤੋੜ ਕਰਨ ਦੀਆਂ ਕੋਸ਼ਿਸ਼ਾਂ ਚੱਲ ਹੀ ਰਹੀਆਂ ਸਨ ਕਿ ਬਨੂ ਗ਼ਤਫ਼ਾਨ ਕਬੀਲੇ ਦੀ ਇਕ ਸ਼ਾਖ਼ ਅਸ਼ਜਾਹ ਦਾ ਇਕ ਯਹੂਦੀ ਨਈਮ ਬਿਨ ਮਸਊਦ ਮੁਸਲਮਾਨ ਬਣ ਕੇ ਹਜ਼ਰਤ ਮੁਹੰਮਦ (ਸ.) ਦੇ ਕੋਲ ਆਇਆ ਅਤੇ ਕਹਿਣ ਲੱਗਿਆ ਕਿ ਅਜੇ ਤੱਕ ਮੇਰੇ ਮੁਸਲਮਾਨ ਹੋਣ ਦਾ ਕਿਸੇ ਨੂੰ ਵੀ ਪਤਾ ਨਹੀਂ।ਇਸ ਸਮੇਂ ਤੁਸੀਂ ਮੇਰੇ ਤੋਂ ਜਿਹੜੀ ਵੀ ਸੇਵਾ ਲੈਣੀ ਚਾਹੋ ਮੈਂ ਦੇਣ ਨੂੰ ਤਿਆਰ ਹਾਂ। ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਆਖਿਆ, "ਤੁਸੀਂ ਜਾ ਕੇ ਦੁਸ਼ਮਣਾਂ ਵਿਚ ਫੁੱਟ ਪਾਉਣ ਦੀ ਕੋਸ਼ਿਸ਼ ਕਰੋ"। ਨਈਮ ਬਿਨ ਮਸਊਦ ਅਪਣੇ ਮੇਲ ਜੋਲ ਵਾਲੇ ਬਨੂ ਕਰੀਜ਼ਾ ਕਬੀਲੇ ਦੇ ਕੋਲ ਗਏ ਅਤੇ ਕਹਿਣ ਲੱਗੇ, "ਕੁਰੈਸ਼ ਅਤੇ ਗ਼ਤਫ਼ਾਨ ਵਾਲੇ ਜੇ ਲੰਬੀ ਘੇਰਾਬੰਦੀ ਤੋਂ ਤੰਗ ਆ ਕੇ ਵਾਪਸ ਚਲੇ ਗਏ ਤਾਂ ਉਨ੍ਹਾਂ ਦਾ ਕੁਝ ਨਹੀਂ ਵਿਗੜੇਗਾ ਪਰ ਤੁਸੀਂ ਮੁਸਲਮਾਨਾਂ ਦੇ ਨਾਲ ਇਸੇ ਥਾਂ ਤੇ ਰਹਿਣਾ ਹੈ।ਜੇ ਉਹ ਚਲੇ ਗਏ ਤਾਂ ਤੁਹਾਡਾ ਕੀ ਬਣੇਗਾ।ਤੁਹਾਡੇ ਲਈ ਮੇਰੀ ਇਹ ਸਾਹ ਹੈ ਕਿ ਤੁਸੀਂ ਲੜਾਈ ਵਿਚ ਉਸ ਸਮੇਂ ਤੱਕ ਹਿੱਸਾ ਨਾ ਲਵੋ ਜਦੋਂ ਤੱਕ ਬਾਹਰੋਂ ਆਏ ਹਮਲਾਵਰਾਂ ਦੇ ਕੁਝ ਆਦਮੀ ਤੁਹਾਡੇ ਪਾਸ ਜ਼ਮਾਨਤ ਵਜੋਂ ਨਾ ਭੇਜ ਦਿੱਤੇ ਜਾਣ"।ਨਈਮ ਬਿਨ ਮਸਊਦ ਦੀ ਇਹ ਗੱਲ ਬਨੀ ਕਰੀਜ਼ਾ ਵਾਲਿਆਂ ਨੂੰ ਚੰਗੀ ਲੱਗੀ ਅਤੇ ਉਨ੍ਹਾਂ ਨੇ ਬਾਹਰੋਂ ਆਉਣ ਵਾਲੇ ਹਮਲਾਵਰਾਂ ਦਾ ਸਾਥ ਦੇਣ ਲਈ ਜ਼ਮਾਨਤ ਵਜੋਂ ਆਦਮੀ ਮੰਗਣ ਦਾ ਫ਼ੈਸਲਾ ਕਰ ਲਿਆ। ਬਨੂ ਕਰੀਜ਼ਾ ਨੂੰ ਮਿਲਣ ਤੋਂ ਬਾਅਦ ਨਈਮ ਬਿਨ ਮਸਊਦ ਕੁਰੈਸ਼ ਅਤੇ ਗ਼ਤਫ਼ਾਨ ਦੇ ਸਰਦਾਰਾਂ ਕੋਲ ਗਏ ਅਤੇ ਉਨ੍ਹਾਂ ਨੂੰ ਕਹਿਣ ਲੱਗੇ ਕਿ ਬਨੂ ਕਰੀਜ਼ਾ ਵਾਲੇ ਕੁਝ ਢਿੱਲੇ ਪੈਂਦੇ ਦਿਖਾਈ ਦੇ ਰਹੇ ਹਨ।ਹੋ ਸਕਦਾ ਹੈ ਕਿ ਉਹ ਤੁਹਾਡੇ ਕੋਲੋਂ ਜ਼ਮਾਨਤ ਦੇ ਤੌਰ ਤੇ ਕੁਝ ਆਦਮੀ ਮੰਗਣ ਅਤੇ ਉਨ੍ਹਾਂ ਨੂੰ ਮੁਹੰਮਦ (ਸ.) ਦੇ ਹਵਾਲੇ ਕਰਕੇ ਆਪ ਮੁਸਲਮਾਨਾਂ ਦੇ ਵਫ਼ਾਦਾਰ ਬਣ ਜਾਣ।ਮੇਰੀ ਤੁਹਾਨੂੰ ਬੇਨਤੀ ਹੈ ਕਿ ਉਨ੍ਹਾਂ ਤੋਂ ਹੁਸ਼ਿਆਰ ਰਹੀਉ। ਨਈਮ ਬਿਨ ਮਸਊਦ ਦੀ ਗੱਲ ਸੁਣ ਕੇ ਸਾਂਝੇ ਮੋਰਚੇ ਦੇ ਸਰਦਾਰ ਹਿੱਲ ਗਏ ਅਤੇ ਉਨ੍ਹਾਂ ਨੇ ਬਨੀ ਕਰੀਜ਼ਾ ਦੇ ਸਰਦਾਰਾਂ ਨੂੰ ਸੁਨੇਹਾ ਭੇਜਿਆ ਕਿ ਕੱਲ੍ਹ ਨੂੰ ਤੁਸੀਂ ਅੰਦਰੋਂ ਹਮਲਾ ਕਰ ਦਿਉ ਅਤੇ ਅਸੀਂ ਬਾਹਰੋਂ ਹਮਲਾ ਕਰ ਦਿਆਂਗੇ ਪਰ ਬਨੀ ਕਰੀਜ਼ਾ ਨੇ ਜਵਾਬ ਵਿਚ ਕਹਿ ਭੇਜਿਆ ਕਿ ਜਦੋਂ ਤੱਕ ਤੁਸੀਂ ਅਪਣੇ ਕੁਝ ਮੁਖ ਆਦਮੀ ਜ਼ਮਾਨਤ ਦੇ ਤੌਰ ਤੇ ਸਾਡੇ ਹਵਾਲੇ ਨਹੀਂ ਕਰਦੇ ਅਸੀਂ ਹਮਲਾ ਨਹੀਂ ਕਰਾਂਗੇ। ਬਨੂ ਕਰੀਜ਼ਾ ਦੇ ਜਵਾਬ ਤੋਂ ਸਾਂਝੇ ਮੋਰਚੇ ਦੇ ਸਰਦਾਰਾਂ ਨੂੰ ਯਕੀਨ ਹੋ ਗਿਆ ਕਿ ਨਈਮ ਬਿਨ ਮਸਊਦ ਸੱਚ ਹੀ ਆਖ ਰਿਹਾ ਸੀ।ਉਨ੍ਹਾਂ ਨੇ ਜ਼ਮਾਨਤੀਏ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਂਝੇ ਮੋਰਚੇ ਵਿਚ ਫੁੱਟ ਪੈ ਗਈ। ਦੁਸ਼ਮਣਾਂ ਦੀ ਵੱਡੀ ਫ਼ੌਜ ਨੂੰ ਦੇਖ ਕੇ ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਨਾਲ ਸਲਾਹ ਕਰਕੇ ਫ਼ੈਸਲਾ ਕੀਤਾ ਕਿ ਸ਼ਹਿਰ ਦੇ ਅੰਦਰ ਰਹਿ ਕੇ ਹੀ ਲੜਾਈ ਲੜੀ ਜਾਵੇ।ਮਦੀਨੇ ਦੇ ਤਿੰਨ ਪਾਸੇ ਬਾਗ਼ ਅਤੇ ਊੱਚੀਆਂ ਇਮਾਰਤਾਂ ਸਨ ਅਤੇ ਇਕ ਪਾਸੇ ਖੁੱਲ੍ਹਾ ਮੈਦਾਨ ਸੀ।ਮੈਦਾਨ ਵਾਲੇ ਪਾਸੇ ਆਪ ਨੇ ਹਜ਼ਰਤ ਸੁਲੇਮਾਨ ਫ਼ਾਰਸੀ ਦੀ ਸਲਾਹ ਨਾਲ ਡੂੰਘੀ ਖਾਈ ਖੁਦਵਾ ਦਿੱਤੀ।ਯਹੂਦੀਆਂ ਅਤੇ ਕੁਰੈਸ਼ ਵਾਲਿਆਂ ਦੀ ਸਾਂਝੀ ਫ਼ੌਜ ਨੇ ਵੀਹ ਦਿਨ ਤੱਕ ਮਦੀਨੇ ਨੂੰ ਘੇਰਾ ਪਾਈ ਰੱਖਿਆ।ਇਸ ਦੌਰਾਨ ਉਨ੍ਹਾਂ ਨੇ ਜਦ ਵੀ ਖਾਈ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਮੁਸਲਮਾਨ ਫ਼ੌਜ ਨੇ ਤੀਰਾਂ ਅਤੇ ਪੱਥਰਾਂ ਨਾਲ ਉਨ੍ਹਾਂ ਨੂੰ ਪਿੱਛੇ ਪਰਤਣ ਲਈ ਮਜਬੂਰ ਕਰ ਦਿੱਤਾ। ਇਸ ਲੜਾਈ ਬਾਰੇ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸਫ਼ਾ ੪੧੭ ਉੱਤੇ ਲਿਖਦਾ ਹੈ, "ਯਹੂਦੀ ਫ਼ੌਜੀ ਤਾਂ ਤੀਰਾਂ ਦੀ ਲਪੇਟ ਵਿਚ ਆਉਣ ਤੋਂ ਬਚਨ ਲੱਗੇ ਪਰ ਕੁਰੈਸ਼ ਦੀ ਫ਼ੌਜ ਦੇ ਕੁਝ ਜੋਸ਼ੀਲੇ ਜਵਾਨ ਜਿਨ੍ਹਾਂ ਵਿਚ ਅਮਰੂ ਬਿਨ ਅਬਦੂ, ਅਕਰਮ ਬਿਨ ਅਬੂ ਜਹਿਲ ਅਤੇ ਜ਼ਰਾਰ ਬਿਨ ਖ਼ੱਤਾਬ ਸ਼ਾਮਲ ਸਨ ਇਕ ਤੰਗ ਥਾਂ ਤੋਂ ਖੰਦਕ ਨੂੰ ਪਾਰ ਕਰਨ ਵਿਚ ਕਾਮਿਯਾਬ ਹੋ ਗਏ।ਜਿਸ ਨੂੰ ਦੇਖ ਕੇ ਹਜ਼ਰਤ ਅਲੀ (ਰਜ਼ੀ.) ਅਤੇ ਉਨ੍ਹਾਂ ਦੇ ਸਾਥੀਆਂ ਨੇ ਖਾਈ ਦੇ ਉਸ ਹਿੱਸੇ ਉੱਤੇ ਕਬਜ਼ਾ ਕਰ ਲਿਆ ਜਿੱਥੋਂ ਕੁਰੈਸ਼ ਵਾਲਿਆਂ ਨੇ ਘੋੜੇ ਪਾਰ ਲੰਘਾਏ ਸਨ।ਵਾਪਸੀ ਦਾ ਰਸਤਾ ਬੰਦ ਹੋਇਆ ਦੇਖ ਕੇ ਅਮਰੂ ਬਿਨ ਅਬਦੂ ਨੇ ਹਜ਼ਰਤ ਅਲੀ (ਰਜ਼ੀ.) ਨੂੰ ਲਲਕਾਰਿਆ। ਹਜ਼ਰਤ ਅਲੀ (ਰਜ਼ੀ.) ਨਾਲ ਆਹਮਣੇ-ਸਾਹਮਣੇ ਲੜਦਿਆਂ ਅਮਰੂ ਬਿਨ ਅਬਦੂ ਮਾਰਿਆ ਗਿਆ ਅਤੇ ਉਸ ਦੇ ਸਾਥੀ ਬਚ ਕੇ ਭੱਜ ਗਏ"। ਯਹੂਦੀਆਂ ਅਤੇ ਕੁਰੈਸ਼ ਵਾਲਿਆਂ ਵੱਲੋਂ ਮਦੀਨੇ ਨੂੰ ਪਾਇਆ ਘੇਰਾ ਜਿੰਨਾ ਲੰਬਾ ਹੁੰਦਾ ਜਾ ਰਿਹਾ ਸੀ ਉਨ੍ਹਾ ਹੀ ਉਨ੍ਹਾਂ ਦਾ ਹੌਸਲਾ ਟੁਟਦਾ ਜਾ ਰਿਹਾ ਸੀ।ਇਸੇ ਸਮੇਂ ਕੁਝ ਅਜਿਹੀਆਂ ਕੁਦਰਤੀ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਵੇਖ ਕੇ ਸਾਂਝੀ ਫ਼ੌਜ ਦੇ ਸਰਦਾਰਾਂ ਦਾ ਇਕ-ਦੂਜੇ ਤੋਂ ਵਿਸ਼ਵਾਸ਼ ਉੱਠਣ ਲੱਗਿਆ।ਕਹਿਰ ਦੀ ਠੰਡ ਵਿਚ ਦਸ ਹਜ਼ਾਰ ਫ਼ੌਜੀਆਂ ਦੇ ਰਾਸ਼ਨ-ਪਾਣੀ ਦਾ ਪ੍ਰਬੰਧ ਕਰਨਾ ਹਮਲਾਵਰਾਂ ਲਈ ਆਸਾਨ ਕੰਮ ਨਹੀਂ ਸੀ।ਇਸੇ ਸਮੇਂ ਅਚਾਨਕ ਅਜਿਹਾ ਕਹਿਰ ਭਰਿਆ ਕੁਦਰਤੀ ਤੂਫ਼ਾਨ ਆਇਆ ਜਿਸ ਨਾਲ ਕੁਰੈਸ਼ ਦੀ ਫ਼ੌਜ ਦੇ ਤੰਬੂ ਉਖੜ ਗਏ।ਰੱਬ ਵੱਲੋਂ ਆਏ ਇਸ ਕਹਿਰ ਨਾਲ ਸਾਰਾ ਇੰਤਜ਼ਾਮ ਖੇਰੂੰ ਖੇਰੂੰ ਹੋ ਗਿਆ।ਕੁਰੈਸ਼ ਅਤੇ ਯਹੂਦੀਆਂ ਦੀ ਸਾਂਝੀ ਫ਼ੌਜ ਅਜਿਹੀ ਸਥਿਤੀ ਦਾ ਮੁਕਾਬਲਾ ਨਾ ਕਰ ਸਕੀ।ਉਨ੍ਹਾਂ ਵਿਚ ਇਕ ਦੂਜੇ ਪ੍ਰਤੀ ਗ਼ਲਤ ਫ਼ਹਿਮੀਆਂ ਪੈਦਾ ਹੋ ਗਈਆਂ ਅਤੇ ਉਨ੍ਹਾਂ ਦਾ ਏਕਾ ਟੁੱਟ ਗਿਆ। ਏਕੇ ਦੇ ਟੁੱਟਣ ਬਾਰੇ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਲਿਖਦਾ ਹੈ, "ਘੇਰਾ ਬੰਦੀ ਨੂੰ ਪੰਝੀ ਦਿਨ ਤੋਂ ਵੱਧ ਸਮਾਂ ਬੀਤ ਗਿਆ।ਸਰਦੀ ਦਾ ਮੌਸਮ ਹੋਣ ਕਰਕੇ ਐਨੇ ਵੱਡੇ ਲਸ਼ਕਰ ਦੇ ਊਂਠਾਂ ਅਤੇ ਘੋੜਿਆਂ ਲਈ ਖ਼ੁਰਾਕ ਅਤੇ ਚਾਰੇ ਦੀ ਘਾਟ ਮਹਿਸੂਸ ਹੋਣ ਲੱਗੀ।ਅੰਦਰੂਨੀ ਫੁੱਟ ਪੈ ਜਾਣ ਨਾਲ ਘੇਰਾ ਪਾਈਂ ਬੈਠੇ ਫ਼ੌਜੀਆਂ ਦਾ ਹੌਸਲਾ ਟੁੱਟ ਗਿਆ"।ਪਹਿਲਾਂ ਯਹੂਦੀ ਅਪਣੀ ਫ਼ੌਜ ਲੈ ਕੇ ਵਾਪਸ ਚਲੇ ਗਏ ਅਤੇ ਫੇਰ ਕੁਰੈਸ਼ ਵਾਲਿਆਂ ਨੇ ਵੀ ਅਪਣਾ ਘੇਰਾ ਸਮੇਟ ਕੇ ਵਾਪਸ ਜਾਣਾ ਹੀ ਚੰਗਾ ਸਮਝਿਆ। ਭਾਵੇਂ ਇਸ ਜੰਗ ਵਿਚ ਬਹੁਤਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਨੂੰ ਇਸਲਾਮੀ ਇਤਿਹਾਸ ਦੀਆਂ ਮੁੱਖ ਜੰਗਾਂ ਵਿਚ ਗਿਣਿਆ ਜਾਂਦਾ ਹੈ।ਕਿਉਂ ਜੋ ਇਸ ਜੰਗ ਵਿਚ ਅਰਬ ਦੀਆਂ ਦੋ ਮਹਾਨ ਸ਼ਕਤੀਆਂ ਯਹੂਦੀ ਅਤੇ ਕੁਰੈਸ਼ ਮਿਲ ਕੇ ਵੀ ਮੁਸਲਮਾਨਾਂ ਨੂੰ ਹਰਾਉਣ ਵਿਚ ਅਸਫ਼ਲ ਰਹੇ ਸਨ ਇਸ ਲਈ ਆਉਣ ਵਾਲੇ ਸਮੇਂ ਵਿਚ ਉਹ ਦੁਬਾਰਾ ਮਦੀਨੇ ਉੱਤੇ ਹਮਲਾ ਕਰਨ ਦੀ ਹਿੰਮਤ ਨਾ ਕਰ ਸਕੇ। ਇਸ ਜੰਗ ਦੇ ਖ਼ਤਮ ਹੋ ਜਾਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਕਿਹਾ ਸੀ,"ਹੁਣ ਅਸੀਂ ਉਨ੍ਹਾਂ ਉੱਤੇ ਚੜ੍ਹਾਈ ਕਰਾਂਗੇ।ਉਹ ਸਾਡੇ ਉੱਤੇ ਚੜ੍ਹਾਈ ਨਹੀਂ ਕਰਨਗੇ, ਸਗੋਂ ਹੁਣ ਸਾਡਾ ਲਸ਼ਕਰ ਉਨ੍ਹਾਂ ਵੱਲ ਜਾਵੇਗਾ"।
88. ਬਨੂ ਕਰੀਜ਼ਾ ਦੀ ਘੇਰਾਬੰਦੀ
ਜਦੋਂ ਅਰਬ ਦੇ ਯਹੂਦੀ ਅਤੇ ਉਨ੍ਹਾਂ ਦੇ ਸਾਥੀ ਕੁਰੈਸ਼ ਵਾਲੇ ਅਰਬ ਦੇ ਦੂਜੇ ਕਬੀਲਿਆਂ ਨਾਲ ਰਲ ਕੇ ਮਦੀਨੇ ਦੀ ਬਾਹਰੋਂ ਘੇਰਾਬੰਦੀ ਕਰੀਂ ਬੈਠੇ ਸਨ ਉਸ ਸਮੇਂ ਮਦੀਨੇ ਦੇ ਅੰਦਰ ਵਸਦੇ ਯਹੂਦੀ ਕਬੀਲੇ ਬਨੂ ਕਰੀਜ਼ਾ ਦੇ ਲੋਕਾਂ ਨੇ ਵੀ ਉਨ੍ਹਾਂ ਨਾਲ ਸਾਜ਼-ਬਾਜ਼ ਕਰਕੇ ਮਦੀਨੇ ਦੇ ਅੰਦਰੋਂ ਮੁਸਲਮਾਨਾਂ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।ਭਾਵੇਂ ਹਜ਼ਰਤ ਮੁਹੰਮਦ (ਸ.) ਨੇ ਬਾਹਰਲੇ ਹਮਲਾਵਰਾਂ ਨਾਲ ਲੜਨ ਲਈ ਇਨ੍ਹਾਂ ਨਾਲ ਸਮਝੌਤਾ ਕੀਤਾ ਹੋਇਆ ਸੀ ਪਰ ਇਹ ਲੋਕ ਸਮਝੌਤੇ ਨੂੰ ਤੋੜ ਕੇ ਕੁਰੈਸ਼ ਅਤੇ ਉਸ ਦੇ ਸਾਥੀ ਯਹੂਦੀਆਂ ਨਾਲ ਮਿਲ ਗਏ ਸਨ।ਘੇਰਾਬੰਦੀ ਸਮੇਂ ਹਜ਼ਰਤ ਮੁਹੰਮਦ (ਸ.) ਨੇ ਕੁਝ ਸਹਾਬੀ ਭੇਜ ਕੇ ਇਨ੍ਹਾਂ ਨੂੰ ਸਮਝੌਤੇ ਦੀ ਉਲੰਘਣਾ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਸੀ ਪਰ ਇਹ ਲੋਕ ਬਾਜ਼ ਨਹੀਂ ਆਏ ਸਨ ਅਤੇ ਸਾਂਝੇ ਹਮਲਾਵਰਾਂ ਨਾਲ ਮਿਲ ਕੇ ਅੰਦਰੋਂ ਹਮਲਾ ਕਰਨ ਨੂੰ ਤਿਆਰ ਹੋ ਗਏ ਸਨ। 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਲਿਖਦਾ ਹੈ, "ਖੰਦਕ ਦੀ ਲੜਾਈ ਦੇ ਸੁੱਖੀ-ਸਾਂਦੀ ਖ਼ਤਮ ਹੋ ਜਾਣ ਤੋਂ ਬਾਅਦ ਜਦੋਂ ਹਜ਼ਰਤ ਮੁਹੰਮਦ (ਸ.) ਘਰ ਪਹੁੰਚੇ ਅਤੇ ਹਥਿਆਰ ਉਤਾਰਨ ਲੱਗੇ ਤਾਂ ਹਜ਼ਰਤ ਜਿਬਰਾਈਲ (ਅਲੈ.) ਨੇ ਆ ਕੇ ਰੱਬ ਦਾ ਹੁਕਮ ਸੁਣਾਇਆ ਕਿ ਅਜੇ ਬਨੀ ਕਰੀਜ਼ਾ ਦਾ ਮਾਮਲਾ ਬਾਕੀ ਹੈ।ਉਸ ਨਾਲ ਵੀ ਇਸੇ ਸਮੇਂ ਨਿਪਟ ਲੈਣਾ ਚਾਹੀਦਾ ਹੈ।ਹਜ਼ਰਤ ਜਿਬਰਾਈਲ ਦੇ ਮੂੰਹੋਂ ਰੱਬੀ ਹੁਕਮ ਸੁਣਦਿਆਂ ਹੀ ਹਜ਼ਰਤ ਮੁਹੰਮਦ (ਸ.) ਨੇ ਹੁਕਮ ਸੁਣਾਇਆ ਕਿ ਜਿਹੜਾ ਵੀ ਆਦਮੀ ਮੇਰਾ ਵਫ਼ਾਦਾਰ ਹੋਵੇ ਉਹ ਅਸਰ ਦੀ ਨਮਾਜ਼ ਉਸ ਸਮੇਂ ਤੱਕ ਨਾ ਪੜ੍ਹੇ ਜਦੋਂ ਤੱਕ ਬਨੀ ਕਰੀਜ਼ਾ ਦੇ ਦਰਵਾਜ਼ੇ ਤੇ ਨਾ ਪਹੁੰਚ ਜਾਵੇ"। ਉਪਰੋਕਤ ਐਲਾਨ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਅਲੀ (ਰਜ਼ੀ.) ਨੂੰ ਇਕ ਫ਼ੌਜੀ ਟੁਕੜੀ ਦੇ ਕੇ ਬਨੀ ਕਰੀਜ਼ਾ ਵਲ ਭੇਜਿਆ।ਜਦੋਂ ਇਹ ਟੁਕੜੀ ਉੱਥੇ ਪਹੁੰਚੀ ਤਾਂ ਯਹੂਦੀਆਂ ਨੇ ਛੱਤਾਂ ਉੱਤੇ ਚੜ੍ਹ ਕੇ ਉਨ੍ਹਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਟਾਂ ਮਾਰਨ ਲੱਗੇ।ਪਰ ਇਹ ਗਾਲਾਂ ਉਨ੍ਹਾਂ ਨੂੰ ਉਸ ਮਹਾਨ ਗ਼ਲਤੀ ਤੋਂ ਕਿਵੇਂ ਬਚਾ ਸਕਦੀਆਂ ਸਨ ਜਿਹੜੀ ਉਨ੍ਹਾਂ ਨੇ ਲੜਾਈ ਵੇਲੇ ਵਾਅਦਾ ਖ਼ਿਲਾਫ਼ੀ ਕਰਕੇ ਮੁੱਲ ਲੈ ਲਈ ਸੀ ਅਤੇ ਪੂਰੀ ਮੁਸਲਮਾਨ ਅਬਾਦੀ ਨੂੰ ਖ਼ਤਰੇ ਵਿਚ ਪਾ ਦਿੱਤਾ ਸੀ। ਹਜ਼ਰਤ ਅਲੀ (ਰਜ਼ੀ.) ਦੀ ਫ਼ੌਜੀ ਟੁਕੜੀ ਦੇਖ ਕੇ ਉਹ ਸਮਝ ਰਹੇ ਸਨ ਕਿ ਇਹ ਐਵੇਂ ਹੀ ਧਮਕਾਉਣ ਲਈ ਚੱਕਰ ਲਾਉਣ ਆ ਗਏ ਹਨ ਪਰ ਜਦੋਂ ਹਜ਼ਰਤ ਮੁਹੰਮਦ (ਸ.) ਦੀ ਸਰਦਾਰੀ ਹੇਠ ਪੂਰੇ ਦੇ ਪੂਰੇ ਇਸਲਾਮੀ ਲਸ਼ਕਰ ਨੇ ਜਾ ਕੇ ਘੇਰਾਬੰਦੀ ਕਰ ਲਈ ਤਦ ਉਹ ਸਮਝੇ ਕਿ ਕੀ ਹੋਣ ਵਾਲਾ ਹੈ। ਜਦੋਂ ਘੇਰਾ ਬੰਦੀ ਨੂੰ ਤਿੰਨ ਹਫ਼ਤੇ ਲੰਘ ਗਏ ਤਾਂ ਯਹੂਦੀਆਂ ਨੇ ਸਮਝੌਤੇ ਲਈ ਹੱਥ-ਪੈਰ ਮਾਰਣੇ ਸ਼ੁਰੂ ਕਰ ਦਿੱਤੇ।ਉਨ੍ਹਾਂ ਨੇ ਇਸ ਸ਼ਰਤ ਉੱਤੇ ਅਪਣੇ ਆਪ ਨੂੰ ਹਜ਼ਰਤ ਮੁਹੰਮਦ (ਸ.) ਦੇ ਹਵਾਲੇ ਕਰ ਦਿੱਤਾ ਕਿ ਕਬੀਲਾ ਔਸ ਦੇ ਸਰਦਾਰ ਸਈਦ ਬਿਨ ਮੁਆਜ਼ ਜਿਹੜਾ ਫ਼ੈਸਲਾ ਕਰਨਗੇ ਉਹ ਉਨ੍ਹਾਂ ਨੂੰ ਮਨਜ਼ੂਰ ਹੋਵੇਗਾ। ਜਾਹਲੀਅਤ ਦੇ ਜ਼ਮਾਨੇ ਵਿਚ ਯਹੂਦੀ ਅਤੇ ਕਬੀਲਾ ਔਸ ਸਾਥੀ ਰਹੇ ਸਨ।ਇਸ ਲਈ ਉਨ੍ਹਾਂ ਨੂੰ ਉਮੀਦ ਸੀ ਸਈਦ ਬਿਨ ਮੁਆਜ਼ ਉਨ੍ਹਾਂ ਨਾਲ ਨਰਮੀ ਵਾਲਾ ਵਿਵਹਾਰ ਕਰਨਗੇ ਅਤੇ ਪਹਿਲੇ ਯਹੂਦੀ ਕਬੀਲਿਆਂ, ਬਨੀ ਕੈਨਕਾਹ ਅਤੇ ਬਨੀ ਨਜ਼ੀਰ ਵਾਂਗ ਉਨ੍ਹਾਂ ਨੂੰ ਸਾਮਾਨ ਸਮੇਤ ਨਿਕਲ ਜਾਣ ਦੀ ਆਗਿਆ ਦੇ ਦਿੱਤੀ ਜਾਵੇਗੀ।ਕਬੀਲਾ ਔਸ ਦੇ ਲੋਕ ਵੀ ਸਈਦ ਬਿਨ ਮੁਆਜ਼ ਤੋਂ ਇਹੋ ਆਸ ਲਾਈ ਬੈਠੇ ਸਨ ਕਿ ਬਨੀ ਕਰੀਜ਼ਾ ਦੇ ਲੋਕਾਂ ਨਾਲ ਨਰਮੀ ਵਰਤੀ ਜਾਵੇਗੀ। ਸਈਦ ਬਿਨ ਮੁਆਜ਼ ਦੇਖ ਚੁੱਕੇ ਸਨ ਕਿ ਪਹਿਲਾਂ ਜਿਹੜੇ ਦੋ ਯਹੂਦੀ ਕਬੀਲਿਆਂ ਨੂੰ ਮਦੀਨੇ ਵਿੱਚੋਂ ਕੱਢਣ ਲਈ ਨਰਮੀ ਵਰਤੀ ਗਈ ਸੀ ਉਹ ਅਰਬ ਦੇ ਕਈ ਕਬੀਲਿਆਂ ਅਤੇ ਕੁਰੈਸ਼ ਵਾਲਿਆਂ ਨੂੰ ਨਾਲ ਲੈ ਕੇ ਮਦੀਨੇ ਉੱਤੇ ਚੜ੍ਹ ਆਏ ਸਨ ਅਤੇ ਬਨੀ ਕਰੀਜ਼ਾ ਵਾਲੇ ਵੀ ਸਮਝੌਤੇ ਦੀਆਂ ਧੱਜੀਆਂ ਉੜਾ ਕੇ ਉਨ੍ਹਾਂ ਦੇ ਨਾਲ ਰਲ ਗਏ ਸਨ।ਜੇ ਹੁਣ ਫੇਰ ਬਨੀ ਕਰੀਜ਼ਾ ਵਾਲਿਆਂ ਨੂੰ ਵੀ ਉਨ੍ਹਾਂ ਵਾਂਗ ਬਿਨਾ ਨੁਕਸਾਨ ਜਾਣ ਦੇ ਦਿੱਤਾ ਗਿਆ ਤਾਂ ਇਕ ਧਿਰ ਹੋਰ ਦੁਸ਼ਮਣਾਂ ਦਾ ਸਾਥ ਦੇਣ ਵਾਲੀ ਪੈਦਾ ਕਰ ਲਈ ਜਾਵੇਗੀ।ਸਮੇਂ ਦੇ ਹਿਸਾਬ ਨਾਲ ਚੰਗਾ ਏਹੋ ਹੈ ਕਿ ਤੀਜੀ ਧਿਰ ਨੂੰ ਅਜਿਹਾ ਕਰਨ ਜੋਗਾ ਹੀ ਨਾ ਛੱਡਿਆਂ ਜਾਵੇ।ਇਸ ਲਈ ਸਈਦ ਬਿਨ ਮੁਆਜ਼ ਨੇ ਫ਼ੈਸਲਾ ਦਿੱਤਾ ਕਿ ਸਾਰੇ ਯਹੂਦੀ ਮਰਦਾਂ ਨੂੰ ਕਤਲ ਕਰ ਦਿੱਤਾ ਜਾਵੇ।ਉਨ੍ਹਾਂ ਦੀਆਂ ਔਰਤਾਂ ਅਤੇ ਬੱਚਿਆਂ ਨੂੰ ਗ਼ੁਲਾਮ ਬਣਾ ਲਿਆ ਜਾਵੇ ਅਤੇ ਉਨ੍ਹਾਂ ਦੀ ਜਾਇਦਾਦ ਮੁਸਲਮਾਨਾਂ ਵਿਚ ਵੰਡ ਦਿੱਤੀ ਜਾਵੇ। 'ਤਫ਼ਹੀਮੁਲ ਕੁਰਆਨ' ਦਾ ਲੇਖਕ ਲਿਖਦਾ ਹੈ ਕਿ ਜਦੋਂ ਮੁਸਲਮਾਨ ਬਨੀ ਕਰੀਜ਼ਾ ਦੀਆਂ ਗੜ੍ਹੀਆਂ ਵਿਚ ਦਾਖ਼ਲ ਹੋਏ ਤਾਂ ਉਹ ਦੇਖ ਕੇ ਹੈਰਾਨ ਰਹਿ ਗਏ ਕਿ ਯਹੂਦੀਆਂ ਨੇ ਜੰਗ ਵਿਚ ਹਿੱਸਾ ਲੈਣ ਲਈ ਪੰਦਰਾ ਸੌ ਤਲਵਾਰਾਂ, ਦੋ ਹਜ਼ਾਰ ਨੇਜ਼ੇ ਅਤੇ ਪੰਦਰਾ ਸੌ ਢਾਲਾਂ ਜਮ੍ਹਾਂ ਕਰ ਰੱਖੀਆਂ ਸਨ।ਇਹ ਸਾਰਾ ਜੰਗੀ ਸਾਮਾਨ ਉਸ ਸਮੇਂ ਵਰਤਿਆ ਜਾਣਾ ਸੀ ਜਦੋਂ ਬਾਹਰਲੇ ਹਮਲਾਵਰ ਖੰਦਕ ਨੂੰ ਪਾਰ ਕਰਕੇ ਹਮਲਾ ਕਰ ਦਿੰਦੇ ਅਤੇ ਅੰਦਰਲੇ ਯਹੂਦੀ ਪਿੱਛੇ ਤੋਂ ਹਮਲਾ ਕਰਨ ਲਈ ਇਸ ਸਾਮਾਨ ਦੀ ਵਰਤੋਂ ਕਰਦੇ।ਇਸ ਜੰਗੀ ਤਿਆਰੀ ਨੂੰ ਦੇਖ ਕੇ ਹੀ ਲੋਕਾਂ ਨੇ ਸਈਦ ਦੇ ਫ਼ੈਸੇ ਦੀ ਬਹੁਤੀ ਨੁਕਤਾ-ਚੀਨੀ ਨਹੀਂ ਕੀਤੀ।
89. ਹੁਦੈਬੀਆ ਦਾ ਸਮਝੌਤਾ
ਇਕ ਦਿਨ ਹਜ਼ਰਤ ਮੁਹੰਮਦ (ਸ.) ਨੇ ਸੁਪਨੇ ਵਿਚ ਵੇਖਿਆ ਕਿ ਉਹ ਅਪਣੇ ਸਹਾਬੀਆਂ ਨੂੰ ਲੈ ਕੇ ਉਮਰਾ ਕਰਨ ਲਈ ਮੱਕੇ ਚਲੇ ਗਏ ਹਨ ਅਤੇ ਖ਼ਾਨਾ ਕਾਅਬਾ ਵਿਖੇ ਤਵਾਫ਼ ਕਰ ਰਹੇ ਹਨ।ਪੈਗ਼ੰਬਰ ਨੂੰ ਆਇਆ ਸੁਪਨਾ ਵਹੀ ਹੀ ਸਮਝਿਆ ਜਾਂਦਾ ਸੀ।ਅਸਲ ਵਿਚ ਇਹ ਸੁਪਨਾ ਰੱਬ ਵੱਲੋਂ ਹਜ਼ਰਤ ਮੁਹੰਮਦ (ਸ.) ਲਈ ਇਸ਼ਾਰਾ ਸੀ ਕਿ ਉਹ ਅਪਣੇ ਪੈਰੋਕਾਰਾਂ ਨੂੰ ਲੈ ਕੇ ਹੱਜ ਕਰਨ ਲਈ ਜਾਣ ਅਤੇ ਉਨ੍ਹਾਂ ਨੂੰ ਹੱਜ ਕਰਨ ਦਾ ਇਸਲਾਮੀ ਤਰੀਕਾ ਸਮਝਾਉਣ।ਇਹ ਘਟਨਾ ੬ ਹਿਜਰੀ ਮੁਤਾਬਕ ਸਨ ੬੨੭-੨੮ ਈਸਵੀ ਦੀ ਹੈ। ਜ਼ਾਹਰੀ ਤੌਰ ਤੇ ਦੇਖਿਆ ਜਾਵੇ ਤਾਂ ਹੱਜ ਕਰਨ ਲਈ ਜਾਣਾ ਸੌਖਾ ਕੰਮ ਨਹੀਂ ਸੀ ਕਿਉਂ ਜੋ ਮੱਕਾ ਅਜੇ ਤੱਕ ਮੁਸਲਮਾਨਾਂ ਦੇ ਦੁਸ਼ਮਣ ਕੁਰੈਸ਼ ਦੇ ਕਬਜ਼ੇ ਵਿਚ ਸੀ ਅਤੇ ਖ਼ਾਨਾ ਕਾਅਬਾ ਦੇ ਮੁਤਵੱਲੀ ਉਹ ਲੋਕ ਸਨ ਜਿਨ੍ਹਾਂ ਨੇ ਫ਼ਰਮਾਨ ਜਾਰੀ ਕਰਕੇ ਖ਼ਾਨਾ ਕਾਅਬਾ ਵਿਚ ਮੁਸਲਮਾਨਾਂ ਦੇ ਆਉਣ ਉੱਤੇ ਪਾਬੰਦੀ ਲਾਈ ਹੋਈ ਸੀ।ਇਸ ਗੱਲ ਦੀ ਕਿਵੇਂ ਗਰੰਟੀ ਦਿੱਤੀ ਜਾ ਸਕਦੀ ਸੀ ਕਿ ਉਹ ਲੋਕ ਮੁਸਲਮਾਨਾਂ ਨੂੰ ਹੱਜ ਕਰਨ ਦੀ ਆਗਿਆ ਦੇ ਦੇਣਗੇ।ਉਮਰਾ ਤੇ ਜਾਣ ਸਮੇਂ ਅਹਿਰਾਮ ਬੰਨਣ ਦੇ ਨਾਲ ਹਥਿਆਰ ਸਜਾ ਕੇ ਜਾਣਾ ਲੜਾਈ ਨੂੰ ਦਾਅਵਤ ਦੇਣ ਦੇ ਬਰਾਬਰ ਸੀ ਅਤੇ ਬਿਨਾ ਹਥਿਆਰ ਜਾਣਾ ਅਪਣੇ ਆਪ ਨੂੰ ਮੌਤ ਦੇ ਮੂੰਹ ਵਿਚ ਪਾਉਣ ਦੇ ਬਰਾਬਰ। ਪਰ ਪੈਗ਼ੰਬਰ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਦਾ ਰੱਬ ਉਸ ਨੂੰ ਜੋ ਵੀ ਹੁਕਮ ਦੇਵੇ ਉਸ ਉੱਤੇ ਫੁੱਲ ਚੜ੍ਹਾਏ ਜਾਣ ਭਾਵੇਂ ਇਹ ਹੁਕਮ ਸੁਪਨੇ ਰਾਹੀਂ ਮਿਲਿਆ ਹੋਵੇ ਜਾਂ ਵਹੀ ਰਾਹੀਂ।ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਨੂੰ ਬੁਲਾਇਆ ਅਤੇ ਸੁਪਨੇ ਨੂੰ ਦੁਹਰਾਉਂਦਿਆਂ ਹੱਜ ਉੱਤੇ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ।ਆਪ ਨੇ ਮਦੀਨੇ ਦੇ ਨੇੜੇ-ਤੇੜੇ ਦੇ ਸਾਰੇ ਕਬੀਲਿਆਂ ਵਿਚ ਐਲਾਨ ਕਰਵਾ ਦਿੱਤਾ ਕਿ ਜਿਸ ਨੇ ਉਮਰਾ ਕਰਨ ਲਈ ਮੱਕੇ ਜਾਣਾ ਹੋਵੇ ਉਹ ਤੁਰੰਤ ਮਦੀਨੇ ਪਹੁੰਚ ਜਾਵੇ।ਆਪ ਦਾ ਐਲਾਨ ਸੁਣ ਕੇ ਦੀਨ ਦੇ ਕੱਚੇ ਲੋਕਾਂ ਦੇ ਦਿਲਾਂ ਵਿਚ ਇਹ ਖ਼ਿਆਲ ਆਇਆ ਕਿ ਜਾਣ ਬੁੱਝ ਕੇ ਮੌਤ ਦੇ ਮੂੰਹ ਵਿਚ ਜਾਇਆ ਜਾ ਰਿਹਾ ਹੈ ਪਰ ਈਮਾਨ ਦੇ ਪੱਕੇ ਮੁਸਲਮਾਨ ਧੜਾਧੜ ਆਪ ਦੇ ਕੋਲ ਪਹੁੰਚਣੇ ਸ਼ੁਰੂ ਹੋ ਗਏ। ਭਾਵੇਂ ਅਰਬ ਦੇ ਕਬੀਲੇ ਸਾਰਾ ਸਾਲ ਇਕ-ਦੂਜੇ ਨਾਲ ਲੜਦੇ ਰਹਿੰਦੇ ਸਨ ਪਰ ਹੱਜ ਦੇ ਦਿਨਾਂ ਵਿਚ ਚਾਰ ਮਹੀਨਿਆਂ ਲਈ ਉਹ ਲੜਣਾ-ਝਗੜਣਾ ਬੰਦ ਕਰ ਦਿੰਦੇ ਸਨ ਤਾਂ ਜੋ ਹੱਜ ਤੇ ਆਉਣ ਵਾਲੇ ਯਾਤਰੀ ਔਖ ਮਹਿਸੂਸ ਨਾ ਕਰਨ।ਸੋ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਗਏ ਮੁਸਲਮਾਨਾਂ ਨੇ ਵੀ ਹੱਜ ਕਰਨ ਦਾ ਇਰਾਦਾ ਕੀਤਾ।ਖ਼ਾਨਾ ਕਾਅਬਾ ਰੱਬ ਦਾ ਘਰ ਸੀ ਜਿਸ ਨੂੰ ਹਜ਼ਰਤ ਇਬਰਾਹੀਮ (ਅਲੈ.) ਅਤੇ ਉਸ ਦੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਨੇ ਰੱਬ ਦੇ ਹੁਕਮ ਨਾਲ ਵਸਾਇਆ ਸੀ ਪਰ ਮੁਸਲਮਾਨਾਂ ਨੂੰ ਇੱਥੋਂ ਨਿਕਲਿਆਂ ਛੇ ਸਾਲ ਹੋ ਗਏ ਸਨ।ਦੂਜੇ ਇਸਲਾਮ ਦੇ ਮੌਲਿਕ ਕਾਰਜ਼ਾਂ ਵਿਚ ਹੱਜ ਵੀ ਜ਼ਰੂਰੀ ਸੀ।ਇਸ ਲਈ ਮੁਸਲਮਾਨਾਂ ਦੀ ਦਿਲੋਂ ਇੱਛਾ ਸੀ ਕਿ ਉਹ ਕਾਅਬੇ ਦੀ ਜ਼ਿਆਰਤ ਕਰਨ। ਹਿਜਰਤ ਦੇ ਛੇਵੇਂ ਸਾਲ ਜ਼ਿੱਲ-ਹਿੱਜਾ ਦੇ ਮਹੀਨੇ ਹਜ਼ਰਤ ਮੁਹੰਮਦ (ਸ.) ਚੌਦਾਂ ਸੌ ਮੁਸਲਮਾਨਾਂ ਨੂੰ ਨਾਲ ਲੈ ਕੇ ਮੱਕਾ ਵਿਚ ਸਥਿਤ ਖ਼ਾਨਾ ਕਾਅਬਾ ਦੀ ਸ਼ਾਂਤਮਈ ਜ਼ਿਆਰਤ ਲਈ ਚੱਲੇ।ਪਰ ਜਦੋਂ ਇਸ ਦੀ ਖ਼ਬਰ ਮੱਕਾ ਦੇ ਕੁਰੈਸ਼ ਤੱਕ ਅੱਪੜੀ ਤਾਂ ਉਨ੍ਹਾਂ ਨੇ ਮੁਸਲਮਾਨਾਂ ਨੂੰ ਹਰ ਹੀਲੇ ਮੱਕੇ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ।ਕੁਰੈਸ਼ ਦੇ ਜਵਾਨ ਮੁਸਲਮਾਨਾਂ ਨੂੰ ਰੋਕਣ ਲਈ ਮੱਕੇ ਤੋਂ ਬਾਹਰ ਰਸਤਾ ਰੋਕ ਕੇ ਬੈਠ ਗਏ।ਇਨ੍ਹਾਂ ਰਸਤਾ ਰੋਕਣ ਵਾਲਿਆਂ ਵਿਚ ਖ਼ਾਲਿਦ ਬਿਨ ਵਲੀਦ ਸਭ ਤੋਂ ਅੱਗੇ ਸੀ।ਹਜ਼ਰਤ ਮੁਹੰਮਦ (ਸ.) ਨੂੰ ਅਪਣੇ ਭੇਜੇ ਸੂਹੀਆਂ ਤੋਂ ਖ਼ਬਰ ਮਿਲੀ ਕਿ ਖ਼ਾਲਿਦ ਬਿਨ ਵਲੀਦ ਦੋ ਸੌ ਆਦਮੀਆਂ ਨੂੰ ਲੈ ਕੇ ਕੁਰਾ-ਤੁਲ-ਗਸੀਮ ਵਿਖੇ ਲੜਨ ਲਈ ਤਿਆਰ ਬੈਠਾ ਹੈ।ਕੁਰਾ-ਤੁਲ-ਗੁਸੀਮ ਮਦੀਨੇ ਤੋਂ ਮੱਕੇ ਜਾਣ ਵਾਲੇ ਮੁੱਖ ਮਾਰਗ ਉੱਤੇ ਸਥਿੱਤ ਹੈ।ਹਜ਼ਰਤ ਮੁਹੰਮਦ (ਸ.) ਉਸ ਦੇ ਇਰਾਦੇ ਨੂੰ ਭਾਂਪਦਿਆਂ ਰਸਤਾ ਬਦਲ ਕੇ ਤੰਗ ਘਾਟੀਆਂ ਤੋਂ ਹੁੰਦੇ ਹੋਏ ਮੱਕੇ ਤੋਂ ਕੁਝ ਮੀਲ ਦੀ ਦੂਰੀ ਤੇ ਸਥਿਤ 'ਹੁਦੈਬੀਆ' ਨਾਂ ਦੇ ਸਥਾਨ ਤੇ ਪਹੁੰਚ ਕੇ ਠਹਿਰ ਗਏ ਅਤੇ ਕੁਰੈਸ਼ ਨੂੰ ਸੁਨੇਹਾ ਭੇਜਿਆ ਕਿ ਅਸੀਂ ਲੜਨ ਲਈ ਨਹੀਂ ਆਏ ਸਿਰਫ਼ ਕਾਅਬੇ ਦੀ ਜ਼ਿਆਰਤ ਕਰਨ ਆਏ ਹਾਂ। ਹਜ਼ਰਤ ਮੁਹੰਮਦ (ਸ.) ਦੇ ਮੱਕੇ ਪਹੁੰਚਣ ਨਾਲ ਕੁਰੈਸ਼ ਦੇ ਲੋਕ ਵਿਪਤਾ ਵਿਚ ਫਸ ਗਏ।ਜੀ-ਕਾਅਦਾ ਦਾ ਮਹੀਨਾ ਉਨ੍ਹਾਂ ਪਵਿੱਤਰ ਮਹੀਨਿਆਂ ਵਿੱਚੋਂ ਇਕ ਸੀ ਜਿਨ੍ਹਾਂ ਵਿਚ ਅਰਬ ਦੇ ਲੋਕ ਲੜਣ-ਭਿੜਣ ਨੂੰ ਬੁਰਾ ਸਮਝਦੇ ਸਨ।ਇਸ ਮਹੀਨੇ ਜਿਹੜੇ ਲੋਕ ਅਹਿਰਾਮ ਬੰਨ੍ਹ ਕੇ ਅਤੇ ਕੁਰਬਾਨੀ ਦੇ ਪਸ਼ੂ ਲੈ ਕੇ ਮੱਕੇ ਵੱਲ ਆਉਂਦੇ ਸਨ ਉਨ੍ਹਾਂ ਨੂੰ ਰੋਕਣਾ ਸਖ਼ਤ ਮਨ੍ਹਾ ਸੀ।ਇਸ ਲਈ ਕੁਰੈਸ਼ ਵਾਲੇ ਇਸ ਉਲਝਣ ਵਿਚ ਫਸ ਗਏ ਕਿ ਜੇ ਕਾਫ਼ਲੇ ਨੂੰ ਤਾਕਤ ਨਾਲ ਰੋਕਦੇ ਹਾਂ ਤਾਂ ਸਾਰੇ ਅਰਬ ਵਿਚ ਸ਼ੋਰ ਮੱਚ ਜਾਵੇਗਾ ਕਿ ਇਹ ਜ਼ਿਆਦਤੀ ਹੈ ਅਤੇ ਲੋਕ ਇਹ ਵੀ ਸਮਝਣ ਲੱਗ ਜਾਣਗੇ ਕਿ ਅਸੀਂ ਕਾਅਬੇ ਦੇ ਮਾਲਕ ਬਣ ਬੈਠੇ ਹਾਂ।ਪਰ ਜੇ ਐਨੇ ਵੱਡੇ ਕਾਫ਼ਲੇ ਦੇ ਨਾਲ ਹਜ਼ਰਤ ਮੁਹੰਮਦ (ਸ.) ਨੂੰ ਸ਼ਹਿਰ ਵਿਚ ਦਾਖ਼ਲ ਹੋਣ ਦੀ ਆਗਿਆ ਦਿੰਦੇ ਹਾਂ ਲੋਕ ਕਹਿਣਗੇ ਕਿ ਅਸੀਂ ਡਰ ਗਏ ਹਾਂ। ਇਕ ਪਾਸੇ ਤਾਂ ਹਜ਼ਰਤ ਮਹੁੰਮਦ (ਸ.) ਅਤੇ ਕੁਰੈਸ਼ ਵਾਲਿਆਂ ਵਿਚਕਾਰ ਸਮਝੌਤਾ ਕਰਵਾਉਣ ਲਈ ਵਿਚੋਲਿਆਂ ਦੀ ਗੱਲ-ਬਾਤ ਚੱਲ ਰਹੀ ਸੀ ਅਤੇ ਦੂਜੇ ਪਾਸੇ ਕੁਰੈਸ਼ ਵਾਲੇ ਪੂਰੀ ਵਾਹ ਲਾ ਰਹੇ ਸਨ ਕਿ ਕਿਸੇ ਨਾ ਕਿਸੇ ਤਰੀਕੇ ਲੜਾਈ ਰੁਕ ਜਾਵੇ।ਉਨ੍ਹਾਂ ਨੇ ਹੁੱਲਿਸ ਬਿਨ ਅਲਕਆ ਨੂੰ ਹਜ਼ਰਤ ਮੁਹੰਮਦ (ਸ.) ਕੋਲ ਭੇਜਿਆ ਤਾਂ ਜੋ ਉਹ ਮੁਹੰਮਦ (ਸ.) ਨੂੰ ਵਾਪਸ ਭੇਜਣ ਲਈ ਰਾਜ਼ੀ ਕਰ ਲਵੇ। ਉਨ੍ਹਾਂ ਦੀ ਸੋਚ ਸੀ ਕਿ ਜਦ ਮੁਹੰਮਦ (ਸ.) ਉਸ ਦੀ ਬਾਤ ਨਹੀਂ ਮੰਨੇਗਾ ਅਤੇ ਉਹ ਨਾਰਾਜ਼ ਹੋ ਕੇ ਵਾਪਸ ਪਰਤ ਆਵੇਗਾ ਤਾਂ ਸਥਿਤੀ ਸਾਡੇ ਹੱਕ ਵਿਚ ਬਦਲ ਜਾਵੇਗੀ ਪਰ ਹੁਲਿੱਸ ਬਿਨ ਅਲਕਾਅ ਨੇ ਜਦੋਂ ਹਜ਼ਰਤ ਮੁਹੰਮਦ (ਸ.) ਅਤੇ ਉਸ ਦੇ ਸਾਥੀਆਂ ਨੂੰ ਅਹਿਰਾਮ ਵਿਚ ਦੇਖਿਆ ਅਤੇ ਕੁਰਬਾਨੀ ਦੇ ਜਾਨਵਰ ਵੀ ਨਾਲ ਦੇਖੇ ਤਾਂ ਉਹ ਸਮਝ ਗਿਆ ਕਿ ਇਹ ਲੋਕ ਲੜਣ ਲਈ ਨਹੀਂ ਸਗੋਂ ਹੱਜ ਲਈ ਆਏ ਹਨ।ਉਹ ਹਜ਼ਰਤ ਮੁਹੰਮਦ (ਸ.) ਨਾਲ ਬਿਨਾ ਗੱਲ ਬਾਤ ਕੀਤਿਆਂ ਹੀ ਪਰਤ ਗਿਆ ਅਤੇ ਕੁਰੈਸ਼ ਵਾਲਿਆਂ ਨੂੰ ਸਾਫ਼ ਸਾਫ਼ ਆਖ ਦਿੱਤਾ ਕਿ ਉਹ ਲੋਕ ਹੱਜ ਲਈ ਆਏ ਹਨ ਅਤੇ ਜੇ ਤੁਸੀਂ ਉਨ੍ਹਾਂ ਨੂੰ ਰੋਕੋਗੇ ਤਾਂ ਮੇਰਾ ਕਬੀਲਾ ਤੁਹਾਡਾ ਸਾਥ ਨਹੀਂ ਦੇਵੇਗਾ। ਹੁੱਲਿਸ ਬਿਨ ਅਲਕਾਅ ਤੋਂ ਬਾਅਦ ਮੱਕੇ ਵਾਲਿਆਂ ਨੇ ਉਰਵਾ ਬਿਨ ਮਸਊਦ ਨੂੰ ਕੁਰੈਸ਼ ਦੀ ਤਰਫ਼ੋਂ ਗੱਲ-ਬਾਤ ਲਈ ਭੇਜਿਆ।ਉਸ ਨੇ ਹਜ਼ਰਤ ਮੁਹੰਮਦ (ਸ.) ਨੂੰ ਬਹੁਤ ਸਾਰੀਆਂ ਐਧਰ-ਉਧਰ ਦੀਆਂ ਗੱਲਾਂ ਸਮਝਾ ਕੇ ਵਾਪਸ ਭੇਜਣ ਦੀ ਕੋਸ਼ਿਸ਼ ਕੀਤੀ ਪਰ ਆਪ ਨੇ ਉਸ ਨੂੰ ਵੀ ਉਹੋ ਹੀ ਗੱਲ ਕਹੀ ਜਿਹੜੀ ਪਹਿਲਾਂ ਕੁਰੈਸ਼ ਨੂੰ ਸੁਨੇਹੇ ਵਿਚ ਕਹਿ ਚੁੱਕੇ ਸਨ।ਉਰਵਾ ਹਜ਼ਰਤ ਮੁਹੰਮਦ (ਸ.) ਦੀ ਸ਼ਖ਼ਸ਼ੀਅਤ ਤੋਂ ਐਨਾ ਪ੍ਰਭਾਵਤ ਹੋਇਆ ਕਿ ਉਸ ਨੇ ਕੁਰੈਸ਼ ਨੂੰ ਮੁਸਲਮਾਨਾਂ ਨਾਲ ਸੁਲ੍ਹਾ ਕਰਨ ਦੀ ਸਲਾਹ ਦਿੱਤੀ ਪਰ ਕੁਰੈਸ਼ ਵਾਲਿਆਂ ਨੇ ਉਰਵਾ ਦੀ ਗੱਲ ਠੁਕਰਾ ਦਿੱਤੀ। ਆਖ਼ਰਕਾਰ ਹਜ਼ਰਤ ਮੁਹੰਮਦ (ਸ.) ਨੇ ਅਪਣੇ ਇਕ ਸਹਾਬੀ ਹਜ਼ਰਤ ਉਸਮਾਨ (ਰਜ਼ੀ.) ਨੂੰ ਕੁਰੈਸ਼ ਦੇ ਸਰਦਾਰਾਂ ਕੋਲ ਭੇਜਿਆ ਪਰ ਉਨ੍ਹਾਂ ਨੇ ਉਸ ਨੂੰ ਵਾਪਸ ਨਾ ਆਉਣ ਦਿੱਤਾ ਅਤੇ ਅਪਣੇ ਕੋਲ ਰੋਕ ਲਿਆ ਜਿਸ ਨਾਲ ਖ਼ਬਰ ਫ਼ੈਲ ਗਈ ਕਿ ਹਜ਼ਰਤ ਉਸਮਾਨ (ਰਜ਼ੀ.) ਨੂੰ ਸ਼ਹੀਦ ਕਰ ਦਿੱਤਾ ਗਿਆ ਹੈ।ਇਸ ਖ਼ਬਰ ਨੂੰ ਸੁਣ ਕੇ ਹਜ਼ਰਤ ਮੁਹੰਮਦ (ਸ.) ਕਹਿਣ ਲੱਗੇ ਕਿ ਹੁਣ ਤਾਂ ਉਸਮਾਨ ਦੇ ਖ਼ੂਨ ਦਾ ਬਦਲਾ ਲੈਣਾ ਹੀ ਪਵੇਗਾ।ਆਪ ਇਕ ਕਿੱਕਰ ਦੇ ਦਰਖ਼ਤ ਹੇਠਾਂ ਬਹਿ ਗਏ ਅਤੇ ਵੱਡੇ ਸਰਦਾਰਾਂ ਨੂੰ ਬੁਲਾ ਕੇ ਇਸ ਫ਼ੈਸਲੇ ਉੱਤੇ ਮੋਹਰ ਲਗਵਾਈ ਕਿ ਅਸੀਂ ਮਰ ਜਾਵਾਂਗੇ ਪਰ ਹਜ਼ਰਤ ਉਸਮਾਨ (ਰਜ਼ੀ.) ਦੇ ਖ਼ੂਨ ਦਾ ਬਦਲਾ ਲਏ ਬਿਨਾ ਵਾਪਸ ਨਹੀਂ ਜਾਵਾਂਗੇ।ਮੁਸਲਮਾਨ ਲੜਨ ਲਈ ਤਿਆਰ ਹੋ ਗਏ ਪਰ ਹਜ਼ਰਤ ਉਸਮਾਨ (ਰਜ਼ੀ.) ਦੀ ਸ਼ਹੀਦੀ ਦੀ ਖ਼ਬਰ ਗ਼ਲਤ ਨਿਕਲੀ। ਹਜ਼ਰਤ ਉਸਮਾਨ (ਰਜ਼ੀ.) ਦੇ ਕਤਲ ਵਾਲੀ ਅਫ਼ਵਾਹ ਤੋਂ ਬਾਅਦ ਜਦੋਂ ਕੁਰੈਸ਼ ਵਾਲਿਆਂ ਨੂੰ ਮੁਸਲਮਾਨਾਂ ਦੇ ਲੜਾਈ ਲਈ ਤਿਆਰ ਹੋ ਜਾਣ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਸੁਹੈਲ ਬਿਨ ਆਮਿਰ ਨੂੰ ਦੂਤ ਬਣਾ ਕੇ ਮੁਸਲਮਾਨਾਂ ਨਾਲ ਸੁਲਾਹ ਦੀ ਗੱਲ-ਬਾਤ ਕਰਨ ਲਈ ਦੁਬਾਰਾ ਭੇਜਿਆ।ਲੰਬਾ ਸਮਾਂ ਗੱਲ-ਬਾਤ ਕਰਨ ਤੋਂ ਬਾਅਦ ਸਮਝੌਤਾ ਹੋ ਗਿਆ। ਹੁਦੈਬੀਆ ਦੇ ਸਮਝੋਤੇ ਦੀਆਂ ਸ਼ਰਤਾਂ ਲਿਖਣ ਲਈ ਹਜ਼ਰਤ ਅਲੀ (ਰਜ਼ੀ.) ਨੂੰ ਬੁਲਾਇਆ ਗਿਆ।ਜਦੋਂ ਸਮਝੌਤਾ ਲਿਖਿਆ ਜਾ ਰਿਹਾ ਸੀ ਤਾਂ ਕੁਰੈਸ਼ ਵਾਲਿਆਂ ਵੱਲੋਂ 'ਅੱਲਾਹ ਦਾ ਰਸੂਲ' ਲਿਖਣ ਉੱਤੇ ਇਤਰਾਜ਼ ਜਿਤਾਇਆ ਗਿਆ। ਸਮਝੋਤੇ ਨੂੰ ਟੁੱਟਣ ਤੋਂ ਰੋਕਣ ਲਈ ਹਜ਼ਰਤ ਮੁਹੰਮਦ (ਸ.) ਨੇ ਆਪ ਅਪਣੇ ਹੱਥਾਂ ਨਾਲ ਇਤਰਾਜ਼ ਵਾਲੇ ਸ਼ਬਦਾਂ ਨੂੰ ਕੱਟ ਦਿੱਤਾ ਅਤੇ ਸਮਝੌਤਾ ਨੇਪਰੇ ਚੜ੍ਹ ਗਿਆ। ਜਦੋਂ ਸਹਾਬੀਆਂ ਨੇ ਆਪ ਤੋਂ ਅਜਿਹਾ ਕਰਨ ਬਾਰੇ ਪੁੱਛਿਆ ਤਾਂ ਆਪ ਨੇ ਫ਼ਰਮਾਇਆ, "ਇਹ ਨਹੀਂ ਮੰਨਦੇ ਤਾਂ ਕੀ ਹੋਇਆ ਪਰ ਮੈਂ ਅੱਲਾਹ ਦੀ ਸਹੁੰ ਅੱਲਾਹ ਦਾ ਰਸੂਲ ਹੀ ਹਾਂ"।ਸੁਲਾਹ ਦੀਆਂ ਸ਼ਰਤਾਂ ਹੇਠ ਲਿਖੇ ਅਨੁਸਾਰ ਸਨ; ੧. ਮੁਸਲਮਾਨ ਇਸ ਸਾਲ ਵਾਪਸ ਚਲੇ ਜਾਣ ਅਤੇ ਅਗਲੇ ਸਾਲ ਸਿਰਫ਼ ਤਿੰਨ ਦਿਨ ਲਈ ਆਉਣ ਪਰ ਉਨ੍ਹਾਂ ਕੋਲ ਮਿਆਨ ਵਿਚ ਪਾਈ ਤਲਵਾਰ ਤੋਂ ਵੱਖਰਾ ਹੋਰ ਕੋਈ ਹਥਿਆਰ ਨਾ ਹੋਵੇ। ੨. ਜੇ ਕੁਰੈਸ਼ ਦਾ ਕੋਈ ਆਦਮੀ ਮੁਸਲਮਾਨ ਹੋ ਕੇ ਮਦੀਨੇ ਜਾਵੇ ਤਾਂ ਉਸ ਨੂੰ ਵਾਪਸ ਕਰ ਦਿੱਤਾ ਜਾਵੇ ਅਤੇ ਜੇ ਕੋਈ ਮੁਸਲਮਾਨ ਮਦੀਨਾ ਛੱਡ ਕੇ ਮੱਕੇ ਆ ਜਾਵੇ ਤਾਂ ਉਸ ਨੂੰ ਵਾਪਸ ਨਹੀਂ ਕੀਤਾ ਜਾਵੇਗਾ। ੩. ਅਰਬ ਦੇ ਕਬੀਲਿਆਂ ਨੂੰ ਅਖ਼ਤਿਆਰ ਹੋਵੇਗਾ ਕਿ ਮੁਸਲਮਾਨ ਜਾਂ ਕੁਰੈਸ਼ ਜਿਸ ਨਾਲ ਵੀ ਮਰਜ਼ੀ ਹੋਵੇ ਸਮਝੌਤਾ ਕਰ ਸਕਦੇ ਹਨ। ੪. ਇਹ ਸੰਧੀ ਦਸ ਸਾਲਾਂ ਤੱਕ ਲਾਗੂ ਰਹੇਗੀ। ਜਦੋਂ ਸਮਝੌਤੇ ਦੀਆਂ ਸ਼ਰਤਾਂ ਲਿਖੀਆਂ ਜਾ ਰਹੀਆਂ ਸਨ ਤਾਂ ਮੁਸਲਮਾਨਾਂ ਵਿਚ ਹਰ ਆਦਮੀ ਨੂੰ ਇਹ ਇਤਰਾਜ਼ ਸੀ ਅਤੇ ਉਹ ਜਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹਜ਼ਰਤ ਮੁਹੰਮਦ (ਸ.) ਨੀਵੇਂ ਹੋ ਕੇ ਇਹ ਸਮਝੌਤਾ ਕਿਉਂ ਕਰ ਰਹੇ ਹਨ।ਦੂਸਰੇ ਸਹਾਬੀਆਂ ਦੇ ਪੁੱਛਣ ਉੱਤੇ ਇਕ ਵਾਰ ਤਾਂ ਹਜ਼ਰਤ ਉਮਰ (ਰਜ਼ੀ.) ਗੁੱਸੇ ਵਿਚ ਆ ਕੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਤੋਂ ਇਹ ਸਵਾਲ ਵੀ ਪੁੱਛ ਬੈਠੇ ਕਿ ਕੀ ਹਜ਼ਰਤ ਮੁਹੰਮਦ (ਸ.) ਰੱਬ ਵੱਲੋਂ ਭੇਜੇ ਨਬੀ ਨਹੀਂ ਹਨ? ਕੀ ਅਸੀਂ ਮੁਸਲਮਾਨ ਨਹੀਂ ਹਾਂ ਅਤੇ ਕੀ ਇਹ ਲੋਕ ਮੁਸ਼ਰਿਕ ਨਹੀਂ ਹਨ? ਪਰ ਹਜ਼ਰਤ ਅਬੂ ਬਕਰ (ਰਜ਼ੀ.) ਨੇ ਉਸ ਨੂੰ ਠਰੰਮੇ ਵਿਚ ਰਹਿਣ ਲਈ ਕਹਿ ਕੇ ਚੁੱਪ ਕਰਵਾ ਦਿੱਤਾ। ਸੁਲਾਹ ਦੀ ਇਸ ਸੰਧੀ ਵਿਚ ਮੁਸਲਮਾਨਾਂ ਨੂੰ ਦੋ ਗੱਲਾਂ ਸਭ ਤੋਂ ਵੱਧ ਚੁਭ ਰਹੀਆਂ ਸਨ ਜਿਨ੍ਹਾਂ ਵਿਚ ਇਕ ਸ਼ਰਤ ਇਹ ਸੀ ਕਿ ਜੇ ਮੱਕੇ ਤੋਂ ਭੱਜ ਕੇ ਆਉਣ ਵਾਲਾ ਕੋਈ ਆਦਮੀ ਮਦੀਨੇ ਪਹੁੰਚ ਜਾਵੇ ਤਾਂ ਮਦੀਨੇ ਵਾਲੇ ਉਸ ਨੂੰ ਵਾਪਸ ਕਰ ਦੇਣਗੇ ਪਰ ਜੇ ਮਦੀਨੇ ਵਾਲਾ ਮੱਕੇ ਭੱਜ ਜਾਵੇ ਤਾਂ ਮੱਕੇ ਵਾਲੇ ਉਸ ਨੂੰ ਵਾਪਸ ਨਹੀਂ ਕਰਨਗੇ।ਆਪ ਨੇ ਲੋਕਾਂ ਨੂੰ ਸਮਝਾਇਆ ਕਿ ਜਿਹੜਾ ਮਦੀਨੇ ਵਾਲਾ ਆਦਮੀ ਭੱਜ ਹੀ ਜਾਵੇ ਉਹ ਸਾਡੇ ਕਿਸ ਕੰਮ ਦਾ ਅਤੇ ਜੇ ਮੱਕੇ ਵਾਲੇ ਨੂੰ ਵਾਪਸ ਵੀ ਕਰਨਾ ਪੈ ਜਾਵੇ ਤਾਂ ਰੱਬ ਕਿਸੇ ਹੋਰ ਤਰੀਕੇ ਉਸ ਦੀ ਵਾਪਸੀ ਕਰਵਾ ਦੇਵੇਗਾ।ਦੂਸਰੀ ਸ਼ਰਤ ਜਿਹੜੀ ਖਟਕ ਰਹੀ ਸੀ ਉਹ ਬਿਨਾ ਤਵਾਫ਼ ਮੱਕੇ ਤੋਂ ਵਾਪਸ ਜਾਣ ਦੀ ਸੀ।ਆਪ ਨੇ ਲੋਕਾਂ ਨੂੰ ਸਮਝਾਇਆ ਕਿ ਸੁਪਨੇ ਵਿਚ ਇਸੇ ਸਾਲ ਤਾਂ ਹੱਜ ਕਰਨ ਨੂੰ ਨਹੀਂ ਆਖਿਆ ਗਿਆ ਸੀ।ਇਸ ਸਾਲ ਨਹੀਂ ਹੋ ਸਕਿਆ ਤਾਂ ਅਗਲੇ ਸਾਲ ਸਈ।ਕੁਰੈਸ਼ ਨੇ ਮੁਸਲਮਾਨਾਂ ਦੀ ਹੋਂਦ ਨੂੰ ਤਾਂ ਸਵੀਕਾਰ ਕਰ ਹੀ ਲਿਆ ਹੈ। ਇਹ ਸ਼ਰਤਾਂ ਭਾਵੇ ਮੁਸਲਮਾਨਾਂ ਦੇ ਵਿਰੁਧ ਜਾਂਦੀਆਂ ਸਨ ਪਰ ਉਹ ਇਨ੍ਹਾਂ ਨੂੰ ਅਪਣੀ ਜਿੱਤ ਸਮਝਦੇ ਸਨ ਕਿਉਂ ਜੋ ਕੁਰੈਸ਼ ਨੇ ਉਨ੍ਹਾਂ ਦੇ ਰਾਹ ਦਾ ਰੋੜਾ ਨਾ ਬਨਣ ਦਾ ਵਾਅਦਾ ਕਰ ਲਿਆ ਸੀ।ਅਜੇ ਇਹ ਸ਼ਰਤਾਂ ਲਿਖੀਆਂ ਹੀ ਜਾ ਰਹੀਆਂ ਸਨ ਕਿ ਸੁਹੈਲ ਦਾ ਪੁੱਤਰ ਅਬੂ ਜੰਦਲ ਕਿਸੇ ਤਰ੍ਹਾਂ ਮੱਕੇ ਦੇ ਕੁਰੈਸ਼ ਦੀ ਕੈਦ ਵਿੱਚੋਂ ਭੱਜ ਕੇ ਬੇੜੀਆਂ ਸਮੇਤ ਹਜ਼ਰਤ ਮੁਹੰਮਦ (ਸ.) ਕੋਲ ਆਇਆ ਅਤੇ ਸਾਰੇ ਮੁਸਲਮਾਨਾਂ ਦੇ ਸਾਹਮਣੇ ਦੱਸਿਆ ਕਿ ਸਿਰਫ਼ ਮੁਸਲਮਾਨ ਹੋਣ ਕਰਕੇ ਉਸ ਨੂੰ ਇਹ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ।ਉਸ ਨੇ ਇਹ ਵੀ ਤਰਲਾ ਕੀਤਾ ਕਿ ਮੈਨੂੰ ਇਨ੍ਹਾਂ ਦੇ ਪੰਜੇ ਵਿੱਚੋਂ ਛੁਡਾ ਕੇ ਲੈ ਚੱਲੋ।ਪਰ ਮੁਹੰਮਦ (ਸ.) ਨੇ ਮੁਸਲਮਾਨਾਂ ਨੂੰ ਕਿਹਾ ਕਿ ਸੁਲਾਹ ਦੀ ਸੰਧੀ ਅਨੁਸਾਰ ਤੁਸੀਂ ਇਸ ਨੂੰ ਨਾਲ ਨਹੀਂ ਲਿਜਾ ਸਕਦੇ। ਮੌਕੇ ਅਨੁਸਾਰ ਮੁਸਲਮਾਨਾਂ ਲਈ ਇਸ ਸਥਿੱਤੀ ਨਾਲ ਨਿਪਟਣਾ ਔਖਾ ਕੰਮ ਸੀ।ਅਬੂ ਜੰਦਲ ਉੱਤੇ ਜ਼ੁਲਮ ਇਸ ਲਈ ਹੋ ਰਹੇ ਸਨ ਕਿ ਉਹ ਮੁਸਲਮਾਨ ਹੋ ਚੁੱਕਿਆ ਸੀ ਪਰ ਸਮਝੋਤੇ ਅਨੁਸਾਰ ਮੁਸਲਮਾਨ ਉਸ ਨੂੰ ਨਾਲ ਨਹੀਂ ਲਿਜਾ ਸਕਦੇ ਸਨ।ਹਜ਼ਰਤ ਉਮਰ (ਰਜ਼ੀ.) ਹਜ਼ਰਤ ਮੁਹੰਮਦ (ਸ.) ਨੂੰ ਕਹਿਣ ਲੱਗੇ ਕਿ ਜੇ ਤੁਸੀਂ ਸੱਚੇ ਪੈਗ਼ੰਬਰ ਹੋ ਤਾਂ ਇਹ ਨੀਵਾਂਪਣ ਕਿਉਂ ਦਿਖਾ ਰਹੇ ਹੋ? ਪਰ ਹਜ਼ਰਤ ਮੁਹੰਮਦ (ਸ.) ਨੇ ਆਖਿਆ ਕਿ ਮੈਂ ਰੱਬ ਦਾ ਪੈਗ਼ੰਬਰ ਹਾਂ।ਉਸ ਦੇ ਹੁਕਮਾਂ ਦੀ ਉਲੰਘਣਾ ਨਹੀਂ ਕਰ ਸਕਦਾ।ਉਨ੍ਹਾਂ ਨੇ ਅਬੂ ਜੰਦਲ ਦੇ ਮਾਮਲੇ ਵਿਚ ਦਖ਼ਲ ਅੰਦਾਜ਼ੀ ਨਾ ਕਰਕੇ ਪਹਿਲਾਂ ਸੰਧੀ ਨੂੰ ਸਿਰੇ ਚੜ੍ਹਾਇਆ ਅਤੇ ਫੇਰ ਅਬੂ ਜੰਦਲ ਨੂੰ ਆਖਣ ਲੱਗੇ, "ਅਬੂ ਜੰਦਲ ਸਬਰ ਤੋਂ ਕੰਮ ਲੈ।ਰੱਬ ਤੇਰੇ ਅਤੇ ਦੂਜੇ ਦੁਖੀਆਂ ਲਈ ਛੇਤੀ ਹੀ ਕੋਈ ਰਾਹ ਕੱਢਣ ਵਾਲਾ ਹੈ।ਹੁਣ ਸੰਧੀ ਹੋ ਚੁੱਕੀ ਹੈ ਅਸੀਂ ਇਨ੍ਹਾਂ ਨਾਲ ਕੀਤੇ ਵਾਅਦੇ ਤੋੜ ਨਹੀਂ ਸਕਦੇ"।ਅਬੂ ਜੰਦਲ ਨੂੰ ਬੇੜੀਆਂ ਸਮੇਤ ਵਾਪਸ ਜਾਣਾ ਪਿਆ। ਸਮਝੌਤਾ ਹੋ ਜਾਣ ਤੋਂ ਬਾਅਦ ਕੁਝ ਮੁਸਲਮਾਨ ਔਰਤਾਂ ਆਪ ਦੇ ਕੋਲ ਆਈਆਂ ਅਤੇ ਆਪ ਦੇ ਨਾਲ ਮਦੀਨੇ ਜਾਣ ਦੀ ਆਗਿਆ ਮੰਗਣ ਲੱਗੀਆਂ।ਜਦੋਂ ਸਹਾਬੀਆਂ ਨੇ ਆਪ ਨੂੰ ਇਨ੍ਹਾਂ ਔਰਤਾਂ ਨੂੰ ਵਾਪਸ ਭੇਜਣ ਲਈ ਸਮਝੌਤੇ ਦੀ ਸ਼ਰਤ ਯਾਦ ਕਰਵਾਈ ਤਾਂ ਆਪ ਨੇ ਕਿਹਾ, "ਸਮਝੌਤੇ ਦੀਆਂ ਸ਼ਰਤਾਂ ਵਿਚ ਲਿਖਿਆ ਹੋਇਆ ਹੈ ਕਿ ਜੇ ਸਾਡਾ ਆਦਮੀ ਤੁਹਾਡੇ ਕੋਲ ਮਦੀਨੇ ਪਹੁੰਚ ਜਾਵੇ ਤਾਂ ਤੁਸੀਂ ਉਸ ਨੂੰ ਵਾਪਸ ਕਰ ਦੇਵੋਗੇ ਭਾਵੇਂ ਉਹ ਮੁਸਲਮਾਨ ਹੀ ਕਿਉਂ ਨਾ ਹੋਵੇ"।ਆਪ ਦੇ ਕਹਿਣ ਦਾ ਭਾਵ ਸੀ ਕਿ ਸਮਝੌਤਾ ਸਿਰਫ਼ ਆਦਮੀਆ ਬਾਰੇ ਹੈ ਔਰਤਾਂ ਬਾਰੇ ਨਹੀਂ। ਜਦੋਂ ਹਜ਼ਰਤ ਮੁਹੰਮਦ (ਸ.) ਹੁਦੈਵੀਆ ਦੀ ਸੁਲਾਹ ਤੋਂ ਬਾਅਦ ਮਦੀਨੇ ਪਹੁੰਚੇ ਤਾਂ ਅਬੂ ਬਸੀਰ ਨਾਂ ਦਾ ਇਕ ਮੁਸਲਮਾਨ ਕੁਰੈਸ਼ ਵਾਲਿਆਂ ਦੀ ਕੈਦ ਵਿੱਚੋਂ ਛੁੱਟ ਕੇ ਮਦੀਨੇ ਪਹੁੰਚ ਗਿਆ ਪਰ ਸੁਲਾਹ ਦੀਆਂ ਸ਼ਰਤਾਂ ਅਨੁਸਾਰ ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਮੱਕੇ ਤੋਂ ਉਸ ਦਾ ਪਿੱਛਾ ਕਰਦੇ ਆਏ ਕੁਰੈਸ਼ ਵਾਲਿਆਂ ਦੇ ਹਵਾਲੇ ਕਰ ਦਿੱਤਾ।ਜਦੋਂ ਉਹ ਉਸ ਨੂੰ ਮੱਕੇ ਵੱਲ ਲਈ ਜਾ ਰਹੇ ਸਨ ਤਾਂ ਅਬੂ ਬਸ਼ੀਰ ਨੇ ਉਨ੍ਹਾਂ ਦੀ ਤਲਵਾਰ ਖੋਹ ਕੇ ਇਕ ਆਦਮੀ ਨੂੰ ਕਤਲ ਕਰ ਦਿੱਤਾ ਅਤੇ ਦੂਜਾ ਉਸ ਨੂੰ ਛੱਡ ਕੇ ਹਜ਼ਰਤ ਮੁਹੰਮਦ (ਸ.) ਕੋਲ ਮਦੀਨੇ ਭੱਜ ਆਇਆ।ਉਹ ਅਜੇ ਹਜ਼ਰਤ ਮੁਹੰਮਦ (ਸ.) ਨੂੰ ਅਪਣੀ ਵਿੱਥਿਆ ਸੁਣਾਉਣ ਹੀ ਲੱਗਿਆ ਸੀ ਕਿ ਬਸੀਰ ਵੀ ਉੱਥੇ ਪਹੁੰਚ ਗਿਆ। ਹਜ਼ਰਤ ਮੁਹੰਮਦ (ਸ.) ਉਸ ਨੂੰ ਦੇਖ ਕੇ ਕਹਿਣ ਲੱਗੇ, "ਰੱਬ ਇਸ ਦੀ ਮਾਂ ਦਾ ਭਲਾ ਕਰੇ! ਇਸ ਨੂੰ ਜੇ ਹੋਰ ਸਾਥੀ ਮਿਲ ਗਏ ਤਾਂ ਇਹ ਜੰਗ ਦੀ ਅੱਗ ਭੜਕਾ ਦੇਵੇਗਾ।ਹਜ਼ਰਤ ਮੁਹੰਮਦ (ਸ.) ਦੀ ਗੱਲ ਸੁਣ ਕੇ ਅਬੂ ਬਸੀਰ ਡਰ ਗਿਆ।ਉਸ ਨੂੰ ਇਸ ਗੱਲ ਦੀ ਘਬਰਾਹਟ ਸਤਾਉਣ ਲੱਗੀ ਕਿ ਕਿਤੇ ਹਜ਼ਰਤ ਮੁਹੰਮਦ (ਸ.) ਉਸ ਨੂੰ ਫੇਰ ਕੁਰੈਸ਼ ਵਾਲਿਆਂ ਦੇ ਹਵਾਲੇ ਨਾ ਕਰ ਦੇਣ।ਉਹ ਮਦੀਨੇ ਰਹਿਣ ਦੀ ਥਾਂ ਸਮੁੰਦਰ ਦੇ ਕੰਢੇ ਪਹੁੰਚ ਗਿਆ।ਅਬੂ ਜੰਦਲ ਬਿਨ ਸੁਹੈਲ ਵੀ ਕੁਰੈਸ਼ ਦੀ ਕੈਦ ਵਿੱਚੋਂ ਨਿਕਲ ਕੇ ਉਸ ਨੂੰ ਜਾ ਮਿਲਿਆ।ਇਸ ਤਰ੍ਹਾਂ ਵਧਦਾ ਵਧਦਾ ਬਾਗ਼ੀ ਮੁਸਲਮਾਨਾਂ ਦਾ ਇਹ ਗਰੁੱਪ ਤਕੜਾ ਜੁੱਟ ਬਣ ਗਿਆ ਅਤੇ ਮੱਕੇ ਵਾਲਿਆਂ ਦੇ ਸ਼ਾਮ ਨੂੰ ਜਾਣ ਵਾਲੇ ਵਪਾਰਕ ਕਾਫ਼ਲਿਆਂ ਨਾਲ ਛੇੜ-ਛਾੜ ਕਰਨ ਲੱਗਿਆ।ਤੰਗ ਆਏ ਕੁਰੈਸ਼ ਵਾਲਿਆਂ ਨੇ ਮੁਹੰਮਦ (ਸ.) ਨੂੰ ਬੇਨਤੀ ਕੀਤੀ ਕਿ ਸਮਝੌਤੇ ਦੀ ਹਵਾਲਗੀ ਵਾਲੀ ਸ਼ਰਤ ਨੂੰ ਖ਼ਾਰਜ ਕਰਕੇ ਅਬੂ ਬਸੀਰ ਅਤੇ ਉਸ ਦੇ ਸਾਥੀਆਂ ਨੂੰ ਮਦੀਨੇ ਆਉਣ ਦੀ ਇਜਾਜ਼ਤ ਦੇ ਦਿੱਤੀ ਜਾਵੇ।ਇਸ ਤਰ੍ਹਾਂ ਉਨ੍ਹਾਂ ਸਾਰੇ ਗ਼ਰੀਬ ਮੁਸਲਮਾਨਾਂ ਦਾ ਮਸਲਾ ਹੱਲ ਹੋ ਗਿਆ ਜਿਹੜੇ ਕੁਰੈਸ਼ ਨਾਲ ਕੀਤੇ ਸਮਝੌਤੇ ਦੀਆਂ ਧਾਰਾਵਾਂ ਅਨੁਸਾਰ ਕੁਰੈਸ਼ ਦੀਆਂ ਤਕਲੀਫ਼ਾਂ ਝੱਲਣ ਨੂੰ ਮਜਬੂਰ ਸਨ। ਇਸ ਸਮਝੌਤੇ ਤੋਂ ਬਾਅਦ ਵੱਡੀ ਘਟਨਾ ਇਹ ਵਾਪਰੀ ਕਿ ਕੁਰੈਸ਼ ਦੇ ਤਿੰਨ ਮੁੱਖ ਸਰਦਾਰ ਅਮਰੂ ਬਿਨ ਆਸ, ਖ਼ਾਲਿਦ ਬਿਨ ਵਲੀਦ ਅਤੇ ਉਸਮਾਨ ਬਿਨ ਤਲਹਾ ਮੁਸਲਮਾਨ ਹੋ ਗਏ।ਜਦੋਂ ਇਹ ਲੋਕ ਮਦੀਨੇ ਪਹੁੰਚੇ ਤਾਂ ਹਜ਼ਰਤ ਮੁਹੰਮਦ (ਸ.) ਨੇ ਕਿਹਾ, "ਮੱਕਾ ਨੇ ਅਪਣੇ ਜ਼ਿਗਰ ਦੇ ਟੁਕੜਿਆਂ ਨੂੰ ਸਾਡੇ ਹਵਾਲੇ ਕਰ ਦਿੱਤਾ ਹੈ"।
90. ਗਵਾਂਢੀ ਬਾਦਸ਼ਾਹਾਂ ਨੂੰ ਇਸਲਾਮ ਦਾ ਸੰਦੇਸ਼
ਮੱਕੇ ਵਾਲਿਆਂ ਨਾਲ ਹੁਦੈਬੀਆ ਦੀ ਸੁਲਾਹ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਇਸਲਾਮ ਦੇ ਪ੍ਰਚਾਰ ਅਤੇ ਇਸ ਨੂੰ ਦੂਜੇ ਮੁਲਕਾਂ ਵਿਚ ਫੈਲਾਉਣ ਲਈ ਧਿਆਨ ਦੇਣਾ ਸ਼ੁਰੂ ਕੀਤਾ।ਇਕ ਦਿਨ ਆਪ ਨੇ ਸਹਾਬੀਆਂ ਨੂੰ ਇਕੱਠਾ ਕੀਤਾ ਅਤੇ ਫ਼ਰਮਾਇਆ,"ਹੇ ਲੋਕੋ ! ਰੱਬ ਸੱਚੇ ਨੇ ਮੈਨੂੰ ਸਾਰੀ ਦੁਨੀਆ ਲਈ ਰਹਿਮਤ ਬਣਾ ਕੇ ਭੇਜਿਆ ਹੈ ਅਤੇ ਇਹ ਰਹਿਮਤ ਦਾ ਸੰਦੇਸ਼ ਸਾਰੀ ਦੁਨੀਆ ਲਈ ਹੈ।ਦੇਖੋ ਹਜ਼ਰਤ ਈਸਾ (ਅਲੈ.) ਵਾਂਗੂੰ ਭੇਦ-ਭਾਵ ਨਾ ਰੱਖੀਉ।ਜਾਉ ਮੇਰਾ ਸੰਦੇਸ਼ ਸਾਰੇ ਜਗਤ ਵਿਚ ਪਹੁੰਚਾ ਦਿਉ"।ਇਸੇ ਸਾਲ ਸਨ ੬ ਹਿਜਰੀ ਮੁਤਾਬਕ ੬੨੮-੨੯ ਈਸਵੀ ਨੂੰ ਆਪ ਨੇ ਪੜੋਸੀ ਮੁਲਕਾਂ ਦੇ ਬਾਦਸ਼ਾਹਾਂ ਨੂੰ ਪੱਤਰ ਭੇਜੇ ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਇਸਲਾਮ ਦਾ ਸੰਦੇਸ਼ ਦਿੱਤਾ ਗਿਆ ਸੀ।ਇਹ ਪੱਤਰ ਲੈ ਕੇ ਆਪ ਦੇ ਨਿਯੁਕਤ ਕੀਤੇ ਸਹਾਬੀ ਵੱਖ ਵੱਖ ਮੁਲਕਾਂ ਵਿਚ ਗਏ।ਜਿਨ੍ਹਾਂ ਦਾ ਵੇਰਵਾ ਕਈ ਕਿਤਾਬਾਂ ਵਿਚ ਮਿਲਦਾ ਹੈ।
ਇਰਾਨ
ਉਸ ਸਮੇਂ ਇਰਾਨ ਦਾ ਬਾਦਸ਼ਾਹ ਖ਼ੁਸਰੋ ਪ੍ਰਵੇਜ਼ ਸੀ ਜਿਸ ਨੂੰ ਕਿਸਰਾ ਕਿਹਾ ਜਾਂਦਾ ਸੀ।ਆਪ ਨੇ ਉਸ ਕੋਲ ਹਜ਼ਰਤ ਅਬਦੁੱਲਾ ਬਿਨ ਹੁਜ਼ੈਫ਼ਾ ਨੂੰ ਪੱਤਰ ਦੇ ਕੇ ਭੇਜਿਆ।ਇਸ ਪੱਤਰ ਵਿਚ ਲਿਖਿਆ ਸੀ, "ਸ਼ੁਰੂ ਕਰਦਾ ਹਾਂ ਅੱਲਾਹ ਦੇ ਨਾਂ ਨਾਲ ਜਿਹੜਾ ਬਹੁਤ ਹੀ ਰਹਿਮਾਨ ਅਤੇ ਰਹੀਮ (ਦਿਆਲੂ ਅਤੇ ਕਿਰਪਾਲੂ) ਹੈ।ਅੱਲਾਹ ਦੇ ਰਸੂਲ ਮੁਹੰਮਦ (ਸ.) ਵੱਲੋਂ ਇਰਾਨ ਦੇ ਬਾਦਸ਼ਾਹ ਕਿਸਰਾ ਨੂੰ ਸਲਾਮ ਹੋਵੇ ਉਸ ਬੰਦੇ ਤੇ ਜਿਹੜਾ ਹਦਾਇਤ ਨੂੰ ਸਵੀਕਾਰ ਕਰਨ ਵਾਲਾ ਹੋਵੇ।ਅੱਲਾਹ ਅਤੇ ਉਸ ਦੇ ਰਸੂਲ ਤੇ ਈਮਾਨ ਲਿਆਵੇ ਅਤੇ ਇਹ ਗਵਾਹੀ ਦੇਵੇ ਕਿ ਰੱਬ ਤੋਂ ਬਿਨਾ ਕੋਈ ਦੂਸਰਾ ਹੋਰ ਇਬਾਦਤ ਦੇ ਲਾਇਕ ਨਹੀਂ ਹੈ।ਅਤੇ ਇਹ ਕਿ ਮੈਂ ਰੱਬ ਵੱਲੋਂ ਭੇਜਿਆ ਹੋਇਆ ਪੈਗ਼ੰਬਰ ਹਾਂ ਤਾਂ ਜੋ ਹਰ ਪਰਾਣੀ ਨੂੰ ਰੱਬ ਦਾ ਹੁਕਮ ਨਾ ਮੰਨਣ ਦੇ ਭੈੜੇ ਨਤੀਜਿਆਂ ਤੋਂ ਬਚਾਵਾਂ।ਤੁਸੀਂ ਵੀ ਅੱਲਾਹ ਦੀ ਆਗਿਆਕਾਰੀ ਅਤੇ ਅਧੀਨਗੀ ਸਵੀਕਾਰ ਕਰ ਲਵੋ ਤਾਂ ਸਲਾਮਤ ਰਹੋਗੇ।ਨਹੀਂ ਤਾਂ ਅੱਗ ਦੀ ਪੂਜਾ ਕਰਨ ਵਾਲਿਆਂ ਦੇ ਸਾਰੇ ਅਪਰਾਧਾਂ ਦਾ ਪਾਪ ਵੀ ਤੁਹਾਡੇ ਸਿਰ ਹੋਵੇਗਾ"। ਖ਼ੁਸਰੋ ਪ੍ਰਵੇਜ਼ ਠਾਠ-ਬਾਠ ਨਾਲ ਰਹਿਣ ਵਾਲਾ ਹੈਂਕੜਬਾਜ਼ ਬਾਦਸ਼ਾਹ ਸੀ।ਉਹ ਪੱਤਰ ਨੂੰ ਪੜ੍ਹਦਿਆਂ ਹੀ ਅੱਗ-ਬਗੋਲਾ ਹੋ ਗਿਆ ਅਤੇ ਬੋਲਿਆ, "ਮੇਰੇ ਅਧੀਨ ਹੋ ਕੇ ਵੀ ਮੈਨੂੰ ਇੰਜ ਲਿਖਦਾ ਹੈ"।ਉਸ ਨੇ ਇਹ ਕਹਿ ਕੇ ਪੱਤਰ ਫਾੜ ਦਿੱਤਾ ਅਤੇ ਯਮਨ ਦੇ ਰਾਜਪਾਲ ਨੂੰ ਹੁਕਮ ਦਿੱਤਾ ਕਿ ਨਬੀ ਹੋਣ ਦੇ ਇਸ ਦਾਅਵੇਦਾਰ ਨੂੰ ਫੜ ਕੇ ਸਾਡੇ ਸਾਹਮਣੇ ਹਾਜ਼ਰ ਕੀਤਾ ਜਾਵੇ।ਯਮਨ ਦੇ ਰਾਜਪਾਲ ਨੇ ਦੋ ਬੰਦਿਆਂ ਨੂੰ ਭੇਜਿਆ ਕਿ ਉਹ ਆਪ ਨੂੰ ਗ੍ਰਿਫ਼ਤਾਰ ਕਰਕੇ ਇਰਾਨ ਦੇ ਦਰਬਾਰ ਵਿਚ ਪੇਸ਼ ਕਰਨ।ਇਸੇ ਸਮੇਂ ਖ਼ੁਸਰੋ ਪ੍ਰਵੇਜ਼ ਨੂੰ ਉਸ ਦੇ ਪੁੱਤਰ ਨੇ ਕਤਲ ਕਰ ਦਿੱਤਾ ਅਤੇ ਆਪ ਬਾਦਸ਼ਾਹ ਬਣ ਬੈਠਿਆ।ਹਜ਼ਰਤ ਮੁਹੰਮਦ (ਸ.) ਜੀਵਨ ਤੇ ਸੰਦੇਸ਼ ਦਾ ਕਰਤਾ ਮੁਹੰਮਦ ਅਬਦੁਲ ਹੱਈ ਲਿਖਦਾ ਹੈ, "ਜਦੋਂ ਰਾਜਪਾਲ ਦੇ ਬੰਦੇ ਹਜ਼ਰਤ ਮੁਹੰਮਦ (ਸ.) ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੂੰ ਖ਼ੁਸਰੋ ਪ੍ਰਵੇਜ਼ ਦੇ ਕਤਲ ਹੋਣ ਦਾ ਪਤਾ ਨਹੀਂ ਸੀ ਪਰ ਹਜ਼ਰਤ ਮੁਹੰਮਦ (ਸ.) ਨੂੰ ਰੱਬ ਦੇ ਆਦੇਸ਼ ਅਨੁਸਾਰ ਇਸ ਦੀ ਜਾਣਕਾਰੀ ਪ੍ਰਾਪਤ ਹੋ ਗਈ ਸੀ।ਆਪ ਨੇ ਉਨ੍ਹਾਂ ਬੰਦਿਆਂ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਅਤੇ ਫ਼ਰਮਾਇਆ ਕਿ ਤੁਸੀਂ ਵਾਪਸ ਜਾਉ ਅਤੇ ਰਾਜਪਾਲ ਨੂੰ ਆਖੋ ਕਿ ਇਸਲਾਮੀ ਰਾਜ ਖ਼ੁਸਰੋ ਦੀ ਰਾਜਧਾਨੀ ਤੀਕ ਪਹੁੰਚੇਗਾ"।
ਰੋਮ
ਰੋਮ ਦਾ ਬਾਦਸ਼ਾਹ ਜਿਸ ਨੂੰ ਕੈਸਰ ਜਾਂ ਹਰਕੁਲ ਕਿਹਾ ਜਾਂਦਾ ਸੀ ਦੇ ਕੋਲ ਦਹੀਆ ਬਿਨ ਖ਼ਲੀਫ਼ਾ ਕਲਬੀ ਨੂੰ ਖ਼ਤ ਦੇ ਕੇ ਭੇਜਿਆ ਗਿਆ।ਕੈਸਰ ਉਸ ਸਮੇਂ ਬੈਤੁਲ ਮੁਕੱਦਸ ਆਇਆ ਹੋਇਆ ਸੀ।ਖ਼ਤ ਪੜ੍ਹਨ ਤੋਂ ਬਾਅਦ ਉਸ ਨੇ ਹੁਕਮ ਦਿੱਤਾ ਕਿ ਅਰਬ ਦਾ ਕੋਈ ਵੀ ਵਪਾਰੀ ਜਿਹੜਾ ਮੇਰੇ ਮੁਲਕ ਵਿਚ ਆਇਆ ਹੋਵੇ ਉਸ ਨੂੰ ਦਰਬਾਰ ਵਿਚ ਬੁਲਾਇਆ ਜਾਵੇ।ਸਬੱਬ ਨਾਲ ਉਨ੍ਹਾਂ ਦਿਨਾਂ ਵਿਚ ਕੁਰੈਸ਼ ਦੇ ਸਰਦਾਰ ਅਬੂ ਸੁਫ਼ਿਆਨ ਗ਼ਾਜ਼ਾ ਗਏ ਹੋਏ ਸਨ।ਕੈਸਰ ਦੇ ਮੁਲਾਜ਼ਮਾਂ ਨੇ ਉਸ ਨੂੰ ਬੈਤੁਲ ਮੁਕੱਦਸ ਲਿਜਾ ਕੇ ਦਰਬਾਰ ਵਿਚ ਪੇਸ਼ ਕਰ ਦਿੱਤਾ।ਕੈਸਰ ਨੇ ਹਜ਼ਰਤ ਮੁਹੰਮਦ (ਸ.) ਦੇ ਬਾਰੇ ਉਸ ਤੋਂ ਬਹੁਤ ਸਾਰੇ ਸਵਾਲ ਪੁੱਛੇ।ਭਾਵੇਂ ਅਬੂ ਸੁਫ਼ਿਆਨ ਅਜੇ ਤੱਕ ਇਸਲਾਮ ਨਹੀਂ ਲਿਆਇਆ ਸੀ ਪਰ ਉਹ ਹਜ਼ਰਤ ਮੁਹੰਮਦ (ਸ.) ਦੇ ਭੇਜੇ ਦੂਤ ਦੇ ਸਾਹਮਣੇ ਝੂਠ ਨਾ ਬੋਲ ਸਕਿਆ।ਉਸ ਨੇ ਕੈਸਰ ਨੂੰ ਮੁਹੰਮਦ (ਸ.) ਬਾਰੇ ਸਭ ਕੁਝ ਸੱਚ ਸੱਚ ਆਖ ਦਿੱਤਾ। ਜਦੋਂ ਕੈਸਰ ਨੇ ਅਬੂ ਸੁਫ਼ਿਆਨ ਦੇ ਮੂੰਹੋਂ ਹਜ਼ਰਤ ਮੁਹੰਮਦ (ਸ.) ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕਰ ਲਈ ਤਾਂ ਉਹ ਕਹਿਣ ਲੱਗਿਆ, "ਜਿਹੜਾ ਕੁਝ ਤੁਸੀਂ ਦੱਸਿਆ ਹੈ ਜੇ ਉਹ ਸਹੀ ਹੈ ਤਾਂ ਉਹ ਆਦਮੀ ਬਹੁਤ ਛੇਤੀ ਮੇਰੇ ਬੈਠਣ ਦੀ ਥਾਂ ਦਾ ਮਾਲਕ ਬਣ ਜਾਵੇਗਾ।ਮੈਂ ਜਾਣਦਾ ਸਾਂ ਕਿ ਨਬੀ ਆਉਣ ਵਾਲਾ ਹੈ ਪਰ ਮੈਨੂੰ ਇਹ ਪਤਾ ਨਹੀਂ ਸੀ ਕਿ ਉਹ ਤੁਹਾਡੇ ਵਿੱਚੋਂ ਹੋਵੇਗਾ।ਜੇ ਮੈਨੂੰ ਉਨ੍ਹਾਂ ਬਾਰੇ ਪਤਾ ਹੁੰਦਾ ਤਾਂ ਮੈਂ ਆਪ ਮਿਲਣ ਜਾਂਦਾ ਅਤੇ ਜੇ ਉਨ੍ਹਾਂ ਦੇ ਕੋਲ ਹੁੰਦਾ ਤਾਂ ਉਨ੍ਹਾਂ ਦੇ ਦੋਵੇਂ ਪੈਰ ਧੋਂਦਾ"। ਕੈਸਰ ਨੇ ਕੁਝ ਮਜਬੂਰੀਆਂ ਦੱਸਦਿਆਂ ਇਸਲਾਮ ਤਾਂ ਕਬੂਲ ਨਾ ਕੀਤਾ ਪਰ ਸਫ਼ੀਰ ਨੂੰ ਬੜੇ ਸਨਮਾਨ ਨਾਲ ਕੀਮਤੀ ਤੋਹਫ਼ੇ ਦੇ ਕੇ ਵਾਪਸ ਭੇਜਿਆ।ਜਦੋਂ ਹਜ਼ਰਤ ਦਹੀਆ ਕਲਬੀ ਵਾਪਸ ਜਾ ਰਹੇ ਸਨ ਤਾਂ ਰਸਤੇ ਵਿਚ ਕਬੀਲਾ ਜਜ਼ਾਮ ਦੇ ਕੁਝ ਲੋਕਾਂ ਨੇ ਉਸ ਨੂੰ ਲੁੱਟ ਲਿਆ।ਹਜ਼ਰਤ ਦਹੀਆ ਮਦੀਨੇ ਪਹੁੰਚ ਕੇ ਘਰ ਦੀ ਥਾਂ ਸਿੱਧੇ ਹਜ਼ਰਤ ਮੁਹੰਮਦ (ਸ.) ਦੇ ਕੋਲ ਪਹੁੰਚੇ ਅਤੇ ਕੈਸਰ ਨਾਲ ਹੋਈ ਗੱਲ-ਬਾਤ ਤੋਂ ਬਾਅਦ ਕਬੀਲਾ ਜਜ਼ਾਮ ਦੇ ਲੁਟੇਰਿਆਂ ਬਾਰੇ ਸ਼ਿਕਾਇਤ ਕੀਤੀ। ਹਜ਼ਰਤ ਮਹੁੰਮਦ (ਸ.) ਨੇ ਹਜ਼ਰਤ ਜ਼ੈਦ ਬਿਨ ਹਾਰਸ ਦੀ ਕਮਾਨ ਹੇਠ ਕਬੀਲਾ ਜਜ਼ਾਮ ਨੂੰ ਸਬਕ ਸਿਖਾਉਣ ਲਈ ਪੰਜ ਸੌ ਸਹਾਬੀਆਂ ਦੀ ਫ਼ੌਜ ਭੇਜੀ ਜਿਸ ਨੇ ਜਾਂਦਿਆਂ ਹੀ ਕਬੀਲੇ ਉੱਤੇ ਅਚਾਨਕ ਹਮਲਾ ਕਰ ਦਿੱਤਾ।ਲੜਾਈ ਵਿਚ ਕਬੀਲੇ ਦੇ ਬਹੁਤ ਸਾਰੇ ਆਦਮੀ ਮਾਰੇ ਗਏ।ਬਾਕੀ ਬਚਦਿਆਂ ਨੂੰ ਗ੍ਰਿਫ਼ਤਾਰ ਕਰਕੇ ਮਦੀਨੇ ਲਿਜਾਇਆ ਗਿਆ।ਜਦੋਂ ਕਬੀਲੇ ਦੇ ਇਕ ਆਦਮੀ ਨੇ ਹਜ਼ਰਤ ਮੁਹੰਮਦ (ਸ.) ਨੂੰ ਕਬੀਲੇ ਨਾਲ ਚਲੇ ਆ ਰਹੇ ਪੁਰਾਣੇ ਸਮਝੌਤੇ ਦਾ ਵਾਸਤਾ ਦੇ ਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਤਾਂ ਸਾਰਿਆਂ ਨੂੰ ਛੱਡ ਦਿੱਤਾ ਗਿਆ।ਇਹ ਘਟਨਾ ਹੁਦੈਵੀਆ ਦੇ ਸਮਝੌਤੇ ਤੋਂ ਬਾਅਦ ਦੀ ਕਹੀ ਜਾਂਦੀ ਹੈ।
ਮਿਸਰ
ਮਿਸਰ ਦੇ ਬਾਦਸ਼ਾਹ ਮਕੂਕਸ ਦੇ ਕੋਲ ਹਜ਼ਰਤ ਹਾਤਿਬ ਪੁਤਰ ਅਬੀ ਬਲਤਆ ਨੂੰ ਭੇਜਿਆ ਗਿਆ।ਖ਼ਤ ਵਿਚ ਮਿਸਰ ਅਤੇ ਸਕੰਦਰੀਆ ਦੇ ਬਾਦਸ਼ਾਹ ਨੂੰ ਸੰਬੋਧਤ ਕਰਕੇ ਹਜ਼ਰਤ ਮੁਹੰਮਦ (ਸ.) ਵੱਲੋਂ ਲਿਖਿਆ ਗਿਆ ਸੀ, "ਮੈਂ ਤੁਹਾਨੂੰ ਅੱਲਾਹ ਦੇ ਦੀਨ ਦੀ ਦਾਅਵਤ ਦਿੰਦਾ ਹਾਂ।ਇਸਲਾਮ ਲੈ ਆਓ ਸਾਮਤ ਰਹੋਗੇ।ਐ ਅਹਿਲੇ ਕਿਬਤ (ਮਿਸਰ ਦੇ ਵਾਸੀ) ! ਇਕ ਐਸੀ ਗੱਲ ਦੀ ਤਰਫ਼ ਆਓ ਜਿਹੜੀ ਸਾਡੇ ਅਤੇ ਤੁਹਾਡੇ ਵਿਚਕਾਰ ਸਾਂਝੀ ਹੈ।ਅਸੀਂ ਅੱਲ੍ਹਾ ਤੋਂ ਬਿਨਾ ਕਿਸੇ ਦੀ ਇਬਾਦਤ ਨਾ ਕਰੀਏ ਅਤੇ ਉਸ ਦਾ ਕਿਸੇ ਨੂੰ ਸ਼ਰੀਕ ਨਾ ਬਣਾਈਏ"।ਮਕੂਕਸ ਨੇ ਖ਼ਤ ਤੋਂ ਬਿਨਾ ਸਫ਼ੀਰ ਨਾਲ ਹੋਰ ਵੀ ਗੱਲ-ਬਾਤ ਕੀਤੀ ਅਤੇ ਕਹਿਣ ਲੱਗਿਆ,"ਮੈਂ ਨਬੀ ਦੀਆਂ ਸਾਰੀਆਂ ਗੱਲਾਂ ਉੱਤੇ ਗ਼ੌਰ ਕੀਤਾ ਹੈ ਉਹ ਕੋਈ ਬੁਰੀ ਬਾਤ ਨਹੀਂ ਕਹਿੰਦਾ। ਉਹ ਨਾ ਜਾਦੂਗਰ ਹੈ ਅਤੇ ਨਾ ਕਾਹਨ ਸਗੋਂ ਉਸ ਕੋਲ ਨਬੀ ਵਾਲੀਆਂ ਸਾਰੀਆਂ ਨਿਸ਼ਾਨੀਆਂ ਮੌਜੂਦ ਹਨ।ਇਸਲਾਮ ਕਬੂਲ ਕਰਨ ਬਾਰੇ ਮੈਂ ਗ਼ੌਰ ਕਰੂੰਗਾ"। ਭਾਵੇਂ ਉਸ ਨੇ ਇਸਲਾਮ ਕਬੂਲ ਨਾ ਕੀਤਾ ਪਰ ਹਜ਼ਰਤ ਹਾਤਿਬ ਦਾ ਬੜਾ ਮਾਨ-ਸਨਮਾਨ ਕੀਤਾ ਅਤੇ ਬਹੁਤ ਸਾਰੇ ਕੀਮਤੀ ਤੋਹਫ਼ੇ ਦੇ ਕੇ ਵਾਪਸ ਭੇਜਿਆ।
ਹਬਸ਼ਾ
ਹਬਸ਼ਾ ਦੇ ਬਾਦਸ਼ਾਹ ਨੱਜਾਸ਼ੀ ਕੋਲ ਹਜ਼ਰਤ ਅਮਰੂ ਬਿਨ ਉਮੱਈਆ ਹਜ਼ਰਤ ਮੁਹੰਮਦ (ਸ.) ਦਾ ਖ਼ਤ ਲੈ ਕੇ ਗਏ।ਉਹ ਪਹਿਲਾਂ ਹੀ ਇਸਲਾਮ ਕਬੂਲ ਕਰ ਚੁੱਕਿਆ ਸੀ ਅਤੇ ਉਸ ਨੇ ਔਖੇ ਸਮੇਂ ਹਿਜਰਤ ਕਰਕੇ ਗਏ ਮੁਸਲਮਾਨਾਂ ਦੀ ਕੁਰੈਸ਼ ਦੀ ਵਿਰੋਧਤਾ ਦੇ ਬਾਵਜੂਦ ਸਾਂਭ-ਸੰਭਾਲ ਵੀ ਕੀਤੀ ਸੀ।ਉਸ ਨੇ ਅਮਰੂ ਬਿਨ ਉਮੱਈਆਂ ਦੀ ਚੰਗੀ ਸੇਵਾ ਕੀਤੀ ਅਤੇ ਇੱਜ਼ਤ ਮਾਨ ਨਾਲ ਹਜ਼ਰਤ ਮੁਹੰਮਦ (ਸ.) ਦੇ ਲਈ ਤੋਹਫ਼ੇ ਦੇ ਕੇ ਵਿਦਾ ਕੀਤਾ।
ਬਹਿਰੀਨ
ਉਸ ਸਮੇਂ ਬਹਿਰੀਨ ਦਾ ਬਾਦਸ਼ਾਹ ਮਨਜ਼ਰ ਬਿਨ ਸਾਵੀ ਸੀ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਗਵਾਂਢੀ ਮੁਲਕਾਂ ਦੇ ਬਾਦਸ਼ਾਹਾਂ ਨੂੰ ਖ਼ਤ ਲਿਖੇ ਤਾਂ ਇਕ ਖ਼ਤ ਹਜ਼ਰਤ ਅਲਾਅ ਬਿਨ ਅਲਹੁਜਰੀ ਦੇ ਹੱਥ ਭੇਜ ਕੇ ਉਸ ਨੂੰ ਵੀ ਇਸਲਾਮ ਕਬੂਲ ਕਰਨ ਦੀ ਦਾਅਵਤ ਦਿੱਤੀ।ਉਸ ਨੇ ਹਜ਼ਰਤ ਅਲਾਅ ਬਿਨ ਅਲਹੁਜਰੀ ਦੀ ਚੰਗੀ ਆਉ ਭਗਤ ਕੀਤੀ ਅਤੇ ਹਜ਼ਰਤ ਮੁਹੰਮਦ (ਸ.) ਦਾ ਖ਼ਤ ਬਹਿਰੀਨ ਵਾਲਿਆਂ ਨੂੰ ਪੜ੍ਹ ਕੇ ਸੁਣਾਇਆ।ਖ਼ਤ ਦਾ ਮਜ਼ਮੂਨ ਸੁਣ ਕੇ ਕੁਝ ਲੋਕਾਂ ਨੇ ਇਸਲਾਮ ਕਬੂਲ ਕਰ ਲਿਆ ਅਤੇ ਕੁਝ ਲੋਕਾਂ ਨੇ ਕੋਈ ਧਿਆਨ ਨਾ ਦਿੱਤਾ। ਉਸ ਨੇ ਹਜ਼ਰਤ ਮੁਹੰਮਦ (ਸ.) ਨੂੰ ਖ਼ਤ ਲਿਖ ਕੇ ਪੁੱਛਿਆ ਕਿ ਮੇਰੇ ਮੁਲਕ ਵਿਚ ਜਿਹੜੇ ਯਹੂਦੀ ਅਤੇ ਮਜੂਸ਼ੀ ਰਹਿੰਦੇ ਹਨ ਉਨ੍ਹਾਂ ਦਾ ਕੀ ਕੀਤਾ ਜਾਵੇ।ਆਪ ਨੇ ਉਸ ਨੂੰ ਪਰਜਾ ਬਾਰੇ ਇਸਲਾਮ ਦੀਆਂ ਸਿੱਖਿਆਵਾਂ ਲਿਖ ਕੇ ਘੱਲੀਆਂ ਅਤੇ ਆਖਿਆ ਕਿ ਮੁਸਲਮਾਨ ਜਿਸ ਹਾਲ ਵਿਚ ਹਨ ਉਨ੍ਹਾਂ ਨੂੰ ਉਸੇ ਤਰ੍ਹਾਂ ਛੱਡ ਦਿਉ। ਯਹੂਦੀਆਂ ਅਤੇ ਮਜੂਸ਼ੀਆਂ ਉੱਤੇ ਜਜ਼ੀਆ ਲਾਗੂ ਕਰ ਦੇਵੋ।
ਯਮਾਮਾ
ਹਜ਼ਰਤ ਮੁਹੰਮਦ (ਸ.) ਨੇ ਜਿਸ ਸਮੇਂ ਅਰਬ ਦੇ ਦੂਸਰੇ ਬਾਦਸ਼ਾਹਾਂ ਨੂੰ ਖ਼ਤ ਲਿਖੇ ਉਸ ਸਮੇਂ ਯਮਾਮਾ ਦਾ ਹਾਕਮ ਹੂਜ਼ਾ ਬਿਨ ਅਲੀ ਸੀ।ਆਪ ਨੇ ਹਜ਼ਰਤ ਸੈਤ ਬਿਨ ਅਮਰੂ ਆਮਰੀ ਨੂੰ ਇਸਲਾਮ ਦੀ ਦਾਅਵਤ ਦੇਣ ਲਈ ਇਕ ਖ਼ਤ ਦੇ ਕੇ ਉਸ ਦੇ ਪਾਸ ਭੇਜਿਆ।ਉਸ ਨੇ ਹਜ਼ਰਤ ਸੈਤ ਦੀ ਚੰਗੀ ਆਉ ਭਗਤ ਕੀਤੀ ਅਤੇ ਖ਼ਤ ਦੀ ਇਬਾਰਤ ਸੁਨਣ ਤੋਂ ਬਾਅਦ ਚਲਾਕੀ ਨਾਲ ਦਰਮਿਆਨੀ ਕਿਸਮ ਦਾ ਜਵਾਬ ਦੇ ਕੇ ਹਜ਼ਰਤ ਸੈਤ ਨੂੰ ਟਾਲ ਦਿੱਤਾ। ਉਹ ਹਜ਼ਰਤ ਸੈਤ ਨੂੰ ਆਖਣ ਲੱਗਿਆ ਕਿ ਇਸਲਾਮ ਬਹੁਤ ਵਧੀਆ ਧਰਮ ਹੈ ਪਰ ਇਸ ਸਮੇਂ ਅਰਬ ਦੇ ਮੁਲਕਾਂ ਉੱਤੇ ਮੇਰੀ ਧੌਂਸ ਬੈਠੀ ਹੋਈ ਹੈ।ਇਸਲਾਮ ਕਬੂਲ ਕਰਨ ਤੋਂ ਬਿਨਾ ਹਜ਼ਰਤ ਮੁਹੰਮਦ (ਸ.) ਮੈਥੋਂ ਜਿਹੜੀ ਵੀ ਸਹਾਇਤਾ ਲੈਣੀ ਚਾਹੁਣ ਮੈਂ ਦੇਣ ਲਈ ਤਿਆਰ ਹਾਂ। ਜਦੋਂ ਹਜ਼ਰਤ ਸੈਤ ਨੇ ਹੂਜ਼ਾ ਬਿਨ ਅਲੀ ਨਾਲ ਹੋਈ ਗੱਲ-ਬਾਤ ਬਾਰੇ ਹਜ਼ਰਤ ਮੁਹੰਮਦ (ਸ.) ਨੂੰ ਵਿਸਥਾਰ ਨਾਲ ਦੱਸਿਆ ਤਾਂ ਆਪ ਨੇ ਆਖਿਆ, "ਰੱਬ ਦੀ ਕਸਮ ਜੇ ਉਹ ਜ਼ਮੀਨ ਦੇ ਇਕ ਟੁਕੜੇ ਦੀ ਵੀ ਮੈਥੋਂ ਮੰਗ ਕਰੇਗਾ ਤਾਂ ਮੈਂ ਉਸ ਨੂੰ ਨਹੀਂ ਦੇਵਾਂਗਾ।ਉਹ ਆਪ ਵੀ ਤਬਾਹ ਹੋਵੇਗਾ ਅਤੇ ਜੋ ਕੁਝ ਉਸ ਦੇ ਕੋਲ ਹੈ ਉਸ ਨੂੰ ਵੀ ਤਬਾਹ ਕਰੇਗਾ।ਜਦੋਂ ਨੇੜੇ ਬੈਠੇ ਸਹਾਬੀਆਂ ਨੇ ਆਪ ਤੋਂ ਪੁੱਛਿਆ ਕਿ ਉਸ ਨੂੰ ਕੌਣ ਤਬਾਹ ਕਰੇਗਾ ਤਾਂ ਆਪ ਨੇ ਫ਼ਰਮਾਇਆ, "ਤੁਸੀਂ ਲੋਕ"
ਦਮਿਸ਼ਕ
ਉਸ ਸਮੇਂ ਦਮਿਸ਼ਕ ਦਾ ਬਾਦਸ਼ਾਹ ਹਾਰਸ ਬਿਨ ਅਬੀ ਸ਼ਮਰ ਗ਼ੁੱਸਾਨੀ ਸੀ। ਹਜ਼ਰਤ ਮੁਹੰਮਦ (ਸ.) ਨੇ ਕਬੀਲਾ ਅਸਦ ਬਿਨ ਖ਼ਜ਼ੀਮਾ ਨਾਲ ਸਬੰਧ ਰੱਖਣ ਵਾਲੇ ਇਕ ਸਹਾਬੀ ਸ਼ੁਜਾਅ ਬਿਨ ਵਹਿਬ ਦੇ ਹੱਥ ਉਸ ਨੂੰ ਖ਼ਤ ਭੇਜਿਆ ਜਿਸ ਵਿਚ ਉਸ ਨੂੰ ਇਸਲਾਮ ਦਾ ਪੈਰੋਕਾਰ ਬਨਣ ਲਈ ਆਖਿਆ ਗਿਆ ਸੀ।ਖ਼ਤ ਦਾ ਮਜ਼ਮੂਨ ਪੜ੍ਹਨ ਤੋਂ ਬਾਅਦ ਉਸ ਨੇ ਗੁੱਸੇ ਹੁੰਦਿਆਂ ਆਖਿਆ,"ਮੈਥੋਂ ਮੇਰੀ ਬਾਦਸ਼ਾਹਤ ਕੌਣ ਖੋਹ ਸਕਦਾ ਹੈ।ਮੈਂ ਤਾਂ ਆਪ ਮਦੀਨੇ ਉੱਤੇ ਹਮਲਾ ਕਰਨ ਬਾਰੇ ਸੋਚ ਰਿਹਾ ਹਾਂ"। ਹਾਰਸ ਬਿਨ ਅਬੀ ਨੇ ਹਜ਼ਰਤ ਮੁਹੰਮਦ (ਸ.) ਦੀ ਦਾਅਵਤ ਠੁਕਰਾ ਦਿੱਤੀ ਅਤੇ ਸ਼ੁਜਾਅ ਬਿਨ ਵਹਿਬ ਨੂੰ ਖ਼ਾਲੀ ਹੱਥ ਮੋੜ ਦਿੱਤਾ।
ਅੱਮਾਨ
ਹਜ਼ਰਤ ਮੁਹੰਮਦ (ਸ.) ਨੇ ਇਸਲਾਮ ਦੀ ਦਾਅਵਤ ਕਬੂਲ ਕਰਨ ਲਈ ਹਜ਼ਰਤ ਉਮਰੂ ਬਿਨ ਅਲਆਸ ਨੂੰ ਦੂਤ ਬਣਾ ਕੇ ਇਕ ਖ਼ਤ ਅਮਾਨ ਦੇ ਬਾਦਸ਼ਾਹ ਭਰਾਵਾਂ ਜੈਫ਼ਰ ਅਤੇ ਅਬਦ ਪੁੱਤਰ ਜਲੰਦੀ ਕੋਲ ਭੇਜਿਆ।ਇਸ ਖ਼ਤ ਵਿਚ ਉਨ੍ਹਾਂ ਨੂੰ ਮੁਸਲਮਾਨਾਂ ਦੀ ਤਾਕਤ ਦਰਸਾ ਕੇ ਡਰਾਇਆ ਗਿਆ ਸੀ।ਹਜ਼ਰਤ ਮੁਹੰਮਦ (ਸ.) ਵੱਲੋਂ ਕਿਸੇ ਹੁਕਮਰਾਨ ਨੂੰ ਸਖ਼ਤੀ ਨਾਲ ਲਿਖਿਆ ਇਹ ਪਹਿਲਾ ਖ਼ਤ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਜੇ ਤੁਸੀਂ ਇਸਲਾਮ ਦੇ ਪੈਰੋਕਾਰ ਨਹੀਂ ਬਣੋਗੇ ਤਾਂ ਤੁਹਾਡੀ ਹਕੂਮਤ ਖੋਹ ਲਈ ਜਾਵੇਗੀ ਅਤੇ ਜੇ ਈਮਾਨ ਲੈ ਆਉਗੇ ਤਾਂ ਤੁਹਾਡੀ ਹਕੂਮਤ ਬਹਾਲ ਰੱਖੀ ਜਾਵੇਗੀ। ਇਸ ਖ਼ਤ ਨੂੰ ਪੜ੍ਹਨ ਤੋਂ ਬਾਅਦ ਦੋਵੇਂ ਬਾਦਸ਼ਾਹ ਭਰਾਵਾਂ ਨੇ ਹਜ਼ਰਤ ਅਮਰੂ ਬਿਨ ਅਲਆਸ ਨੂੰ ਵਾਪਸ ਜਾਣ ਤੋਂ ਰੋਕ ਲਿਆ ਅਤੇ ਤਿੰਨ ਦਿਨ ਤੱਕ ਸਲਾਹ-ਮਸ਼ਵਰਾ ਕਰਦੇ ਰਹੇ।ਉਨ੍ਹਾਂ ਨੇ ਅਰਬ ਦੇ ਦੂਜੇ ਬਾਦਸ਼ਾਹਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੰਬੀ ਸੋਚ-ਵਿਚਾਰ ਤੋਂ ਬਾਅਦ ਇਸਲਾਮ ਕਬੂਲ ਕਰ ਲਿਆ। ਹਜ਼ਰਤ ਮੁਹੰਮਦ (ਸ.) ਵੱਲੋ ਲਿਖੇ ਪੱਤਰਾਂ ਉੱਤੇ ਟਿਪਣੀ ਕਰਦਿਆਂ ਅਲਰਹੀਕੁਲ ਮਖ਼ਤੂਮ ਦਾ ਲੇਖਕ ਲਿਖਦਾ ਹੈ,"ਆਪ ਨੇ ਜਿਹੜੇ ਪੜੌਸੀ ਮੁਲਕਾਂ ਦੇ ਹਾਕਮਾਂ ਨੂੰ ਪੱਤਰ ਲਿਖੇ।ਉਨ੍ਹਾਂ ਵਿੱਚੋਂ ਕਈਆਂ ਨੇ ਇਸਲਾਮ ਕਬੂਲ ਕਰ ਲਿਆ ਅਤੇ ਕਈਆਂ ਨੇ ਬੇਰੁਖ਼ੀ ਨਾਲ ਜਵਾਬ ਦੇ ਦਿੱਤਾ।ਪਰ ਇਨ੍ਹਾਂ ਖ਼ਤਾਂ ਦਾ ਲਾਭ ਇਹ ਹੋਇਆ ਕਿ ਇਸਲਾਮ ਨਾ ਲਿਆਉਣ ਵਾਲਿਆਂ ਦਾ ਧਿਆਨ ਇਸ ਪਾਸੇ ਜ਼ਰੂਰ ਮੁੜ ਪਿਆ।ਉਹ ਇਸ ਤੋਂ ਡਰ ਕੇ ਰਹਿਣ ਲੱਗੇ ਅਤੇ ਇਸਲਾਮ ਉਨ੍ਹਾਂ ਲਈ ਜਾਣੀ-ਪਹਿਚਾਣੀ ਚੀਜ਼ ਬਣ ਗਿਆ"।
91. ਖ਼ੈਬਰ ਦੀ ਲੜਾਈ
ਹੱਜਾਜ ਇਲਾਕੇ ਦੇ ਉੱਤਰ ਵਾਲੇ ਪਾਸੇ ਮਦੀਨੇ ਤੋਂ ਤਕਰੀਬਨ ਦੋ ਸੌ ਮੀਲ ਦੀ ਦੂਰੀ ਉੱਤੇ ਖ਼ੈਬਰ ਦੇ ਸਥਾਨ ਨੂੰ ਯਹੂਦੀਆਂ ਨੇ ਮੁਸਲਮਾਨਾਂ ਦੇ ਖ਼ਿਲਾਫ਼ ਸ਼ਾਜ਼ਿਸ਼ਾਂ ਦਾ ਗੜ੍ਹ ਬਣਾਇਆ ਹੋਇਆ ਸੀ, ਜਿੱਥੇ ਉਨ੍ਹਾਂ ਨੇ ਅਪਣੀ ਰਿਹਾਇਸ਼ ਲਈ ਦਸ ਕਿਲ੍ਹੇ ਬਣਾਏ ਹੋਏ ਸਨ।ਇਨ੍ਹਾਂ ਕਿਲ੍ਹਿਆਂ ਵਿਚ ਸ਼ਹਿਰੀ ਆਬਾਦੀ ਤੋਂ ਇਲਾਵਾ ਜੰਗੀ ਸਾਮਾਨ ਨਾਲ ਭਰਪੂਰ ਬੀਹ ਹਜ਼ਾਰ ਯਹੂਦੀ ਫ਼ੌਜ ਵੀ ਰਹਿੰਦੀ ਸੀ।ਮਦੀਨੇ ਵਿੱਚੋਂ ਕੱਢੇ ਹੋਏ ਬਨੂ ਨਜ਼ੀਰ ਦੇ ਯਹੂਦੀ ਵੀ ਇੱਥੇ ਹੀ ਆਬਾਦ ਸਨ ਜਿਹੜੇ ਮੁਸਲਮਾਨਾਂ ਤੋਂ ਬਦਲਾ ਲੈਣ ਲਈ ਨਿੱਤ ਦਿਨ ਨਵੀਆਂ ਸ਼ਾਜ਼ਿਸ਼ਾਂ ਘੜਦੇ ਰਹਿੰਦੇ ਸਨ। ਖ਼ੈਬਰ ਦੇ ਯਹੂਦੀਆਂ ਦੀਆਂ ਸ਼ਰਾਰਤਾਂ ਦਾ ਜ਼ਿਕਰ ਕਰਦਿਆਂ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸਫ਼ਾ ੪੯੭ ਉੱਤੇ ਲਿਖਦਾ ਹੈ, "ਉਹ ਖ਼ੈਬਰ ਦੇ ਵਸਨੀਕ ਹੀ ਸਨ ਜਿਹੜੇ ਖੰਦਕ ਦੀ ਲੜਾਈ ਸਮੇਂ ਮੁਸ਼ਰਿਕਾਂ ਦੇ ਸਾਰੇ ਗਰੁੱਪਾਂ ਨੂੰ ਮੁਸਲਮਾਨਾਂ ਉੱਤੇ ਚੜ੍ਹਾ ਲਿਆਏ ਸਨ।ਇਨ੍ਹਾਂ ਨੇ ਹੀ ਬਨੂ ਕਰੀਜ਼ਾ ਕਬੀਲੇ ਨੂੰ ਲੜਾਈ ਲਈ ਉਕਸਾਇਆ ਸੀ।ਇਨ੍ਹਾਂ ਨੇ ਇਸਲਾਮੀ ਸਮਾਜ ਦੇ ਵਿਰੁੱਧ ਮੁਨਾਫ਼ਕਾਂ ਨੂੰ ਲਾਮਬੰਦ ਕੀਤਾ ਸੀ।ਇਨ੍ਹਾਂ ਨੇ ਹੀ ਬਨੂ ਗ਼ਤਫ਼ਾਨ ਅਤੇ ਮਦੀਨੇ ਦੇ ਚਾਰੇ ਪਾਸੇ ਰਹਿੰਦੇ ਬੱਦੂਆਂ ਨੂੰ ਮੁਸਲਮਾਨਾਂ ਨਾਲ ਖਹਿਬਾਜ਼ੀਆਂ ਕਰਦੇ ਰਹਿਣ ਲਈ ਕਿਹਾ ਸੀ।ਇਹ ਲੋਕ ਆਪ ਵੀ ਜੰਗ ਦੀ ਤਿਆਰੀ ਕਰ ਰਹੇ ਸਨ।ਇਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਸ਼ਹੀਦ ਕਰਨ ਦਾ ਪ੍ਰੋਗਰਾਮ ਵੀ ਉਲੀਕਿਆ ਹੋਇਆ ਸੀ"। ਮੁਸਲਮਾਨਾਂ ਦੇ ਖ਼ਿਲਾਫ਼ ਇਨ੍ਹਾਂ ਯਹੂਦੀਆਂ ਦੀਆਂ ਸ਼ਾਜ਼ਿਸ਼ਾਂ ਬਾਰੇ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਲਿਖਦਾ ਹੈ, "ਖੰਦਕ ਦੀ ਜੰਗ ਸਮੇਂ ਕੁਰੈਸ਼ ਅਤੇ ਅਰਬ ਦੇ ਦੂਜੇ ਕਬੀਲਿਆਂ ਨੂੰ ਮਦੀਨੇ ਉੱਤੇ ਚੜ੍ਹਾਈ ਕਰਨ ਲਈ ਉਕਸਾਉਣ ਵਾਲੇ ਖ਼ੈਬਰ ਦੇ ਯਹੂਦੀ ਹੀ ਸਨ।ਇਨ੍ਹਾਂ ਨੇ ਮੁਸਲਮਾਨਾਂ ਦੇ ਵਿਰੁੱਧ ਜੰਗ ਵਿਚ ਹਿੱਸਾ ਲੈਣ ਲਈ ਆਉਣ ਵਾਲੇ ਕਬੀਲਿਆਂ ਲਈ ਅਪਣੀਆਂ ਥੈਲੀਆਂ ਦੇ ਮੂੰਹ ਖੋਲ੍ਹ ਦਿੱਤੇ ਸਨ। ਮੁਸਲਮਾਨਾਂ ਦੇ ਹਿਜਰਤ ਕਰਕੇ ਮਦੀਨੇ ਆਉਣ ਤੋਂ ਪਹਿਲਾਂ ਇਹੋ ਯਹੂਦੀ ਮਦੀਨੇ ਦੀ ਜਾਨ ਸਮਝੇ ਜਾਂਦੇ ਸਨ"। ਹੁਦੈਬੀਆ ਦੀ ਸੁਲਾਹ ਤੋਂ ਬਾਅਦ ਯਹੂਦੀ ਸਮਝਦੇ ਸਨ ਕਿ ਅਪਣੀ ਕਮਜ਼ੋਰੀ ਨੂੰ ਛੁਪਾਉਣ ਲਈ ਮੁਸਲਮਾਨਾਂ ਨੇ ਅਜਿਹਾ ਸਮਝੌਤਾ ਕੀਤਾ ਹੈ।ਖ਼ੈਬਰ ਦੇ ਨੇੜੇ ਹੀ ਇਕ ਹੋਰ ਜੰਗਜੂ ਅਤੇ ਤਾਕਤਵਰ ਕਬੀਲਾ ਗ਼ਤਫ਼ਾਨ ਆਬਾਦ ਸੀ। ਯਹੂਦੀਆਂ ਨੇ ਗ਼ਤਫ਼ਾਨ ਦੇ ਨਾਲ ਮਿਲ ਕੇ ਮੁਸਲਮਾਨਾਂ ਉੱਤੇ ਚੜ੍ਹਾਈ ਕਰਕੇ ਮਦੀਨੇ ਦੀ ਇਟ ਨਾਲ ਇੱਟ ਵਜਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਦੂਜੇ ਪਾਸੇ ਅਪਣੇ ਸਭ ਤੋਂ ਵੱਡੇ ਦੁਸ਼ਮਨ ਕੁਰੈਸ਼ ਨਾਲ ਸਮਝੌਤਾ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਵੀ ਚਾਹੁੰਦੇ ਸਨ ਕਿ ਜਿੰਨਾ ਛੇਤੀ ਹੋ ਸਕੇ ਨਿੱਤ ਨਵੇਂ ਫ਼ਿਤਨੇ ਖੜ੍ਹੇ ਕਰਨ ਵਾਲੇ ਯਹੂਦੀਆਂ ਨਾਲ ਵੀ ਲਗਦੇ ਹੱਥ ਨਿਪਟ ਲਿਆ ਜਾਵੇ ਤਾਂ ਜੋ ਹਰ ਪਾਸੇ ਤੋਂ ਵਿਹਲੇ ਹੋ ਕੇ ਮੁਸਲਮਾਨ ਸਕੂਨ ਨਾਲ ਜ਼ਿੰਦਗੀ ਬਤੀਤ ਕਰਨੀ ਸ਼ੁਰੂ ਕਰ ਦੇਣ ਅਤੇ ਇਸਲਾਮ ਦੇ ਫ਼ੈਲਾਅ ਦਾ ਰਾਸਤਾ ਪੱਧਰਾ ਹੋ ਜਾਵੇ। ਖ਼ੈਬਰ ਉੱਤੇ ਹਮਲਾ ਕਰਨ ਲਈ ਮੁਸਲਮਾਨਾਂ ਦੀ ਤਿਆਰੀ ਨੂੰ ਦੇਖਦਿਆਂ ਮਸ਼ਹੂਰ ਮੁਨਾਫ਼ਿਕ ਅਬਦੁੱਲਾ ਬਿਨ ਉਬੀ ਨੇ ਯਹੂਦੀਆਂ ਨੂੰ ਸੁਨੇਹਾ ਭੇਜਿਆ ਕਿ ਮੁਸਲਮਾਨ ਖ਼ੈਬਰ ਉੱਤੇ ਹਮਲਾ ਕਰਨ ਲਈ ਆ ਰਹੇ ਹਨ।ਹੁਸ਼ਿਆਰੀ ਨਾਲ ਤਿਆਰੀ ਕਰ ਲਵੋ।ਡਰਨ ਦੀ ਲੋੜ ਨਹੀਂ ਕਿਉਂ ਜੋ ਤੁਹਾਡੀ ਗਿਣਤੀ ਵੱਧ ਅਤੇ ਤੁਹਾਡਾ ਸਾਮਾਨ ਮੁਸਲਮਾਨਾਂ ਨਾਲੋਂ ਵਧੀਆ ਹੈ।ਮੁਹੰਮਦ (ਸ.) ਦੇ ਸਾਥੀ ਤੁਹਾਡੇ ਨਾਲੋਂ ਘੱਟ ਹਨ ਅਤੇ ਉਨ੍ਹਾਂ ਕੋਲ ਸਾਮਾਨ ਵੀ ਤੁਹਾਡੇ ਨਾਲੋਂ ਘਟੀਆ ਹੈ।ਅਬਦੁੱਲਾ ਬਿਨ ਉਬੀ ਦਾ ਸੁਨੇਹਾ ਮਿਲਣ ਤੋਂ ਬਾਅਦ ਯਹੂਦੀਆਂ ਨੇ ਅਪਣੇ ਦੋਸਤ ਕਬੀਲਾ ਬਨੂ ਗ਼ਤਫ਼ਾਨ ਅਤੇ ਦੂਜੇ ਕਬੀਲਿਆਂ ਨੂੰ ਸਹਾਇਤਾ ਲਈ ਸੁਨੇਹੇ ਘੱਲ ਦਿੱਤੇ।ਉਨ੍ਹਾਂ ਨੇ ਸਹਾਇਤਾ ਕਰਨ ਵਾਲਿਆਂ ਨੂੰ ਇਹ ਵੀ ਲਾਲਚ ਦਿੱਤਾ ਕਿ ਜਿੱਤ ਤੋਂ ਬਾਅਦ ਖ਼ੈਬਰ ਵਿਚ ਹੋਣ ਵਾਲੀ ਖੇਤੀ ਦੀ ਅੱਧੀ ਪੈਦਾਵਾਰ ਉਨ੍ਹਾਂ ਨੂੰ ਦੇ ਦਿੱਤੀ ਜਾਵੇਗੀ। ਹੁਦੈਬੀਆ ਦੇ ਸਮਝੌਤੇ ਤੋਂ ਬਾਅਦ ਮਦੀਨੇ ਆ ਕੇ ਹਜ਼ਰਤ ਮੁਹੰਮਦ (ਸ.) ਨੇ ਦੋ ਮਹੀਨਿਆਂ ਦੇ ਕਰੀਬ ਆਰਾਮ ਕੀਤਾ ਅਤੇ ਚੌਦਾਂ ਸੌ ਸਿਪਾਹੀਆਂ ਨੂੰ ਨਾਲ ਲੈ ਕੇ ਖ਼ੈਬਰ ਉੱਤੇ ਚੜ੍ਹਾਈ ਕਰਨ ਲਈ ਤੁਰ ਪਏ ਜਦੋਂ ਕਿ ਕਈ ਕਿਤਾਬਾਂ ਵਿਚ ਇਹ ਗਿਣਤੀ ਸੋਲਾਂ ਸੌ ਵੀ ਕਹੀ ਗਈ ਹੈ। ਸਨ ੭ ਹਿਜਰੀ ਮੁਤਾਬਕ ੬੨੮-੬੨੯ ਈਸਵੀ ਨੂੰ ਮੁਸਲਮਾਨ ਫ਼ੌਜ ਨੇ ਖ਼ੈਬਰ ਪੁੱਜਦਿਆਂ ਹੀ ਬਿਨਾ ਦੇਰ ਕੀਤਿਆਂ ਖ਼ੈਬਰ ਦੇ ਮੁੱਖ ਕਿਲੇ ਨੂੰ ਘੇਰਾ ਪਾ ਲਿਆ। ਯਹੂਦੀਆਂ ਨੇ ਕਿਲ੍ਹੇ ਤੋਂ ਬਾਹਰ ਨਿਕਲ ਕੇ ਲੜਨ ਦੀ ਕੋਸ਼ਿਸ਼ ਕੀਤੀ ਪਰ ਘਮਸਾਨ ਦੀ ਜੰਗ ਵਿਚ ਉਨ੍ਹਾਂ ਦਾ ਸਰਦਾਰ ਸਾਮ ਬਿਨ ਮਸ਼ਕਮ ਮਾਰਿਆ ਗਿਆ ਅਤੇ ਯਹੂਦੀਆਂ ਨੇ ਕਿਲ੍ਹਾ ਬੰਦ ਹੋ ਕੇ ਲੜਨਾ ਸ਼ੁਰੂ ਕਰ ਦਿੱਤਾ ਪਰ ਹਾਰਸ ਬਿਨ ਅਬੀ ਜ਼ੈਨਬ ਦੀ ਕਮਾਨ ਹੇਠ ਲੜ ਰਹੇ ਕਬੀਲਾ ਖ਼ਜ਼ਰਜ ਦੇ ਅਨਸਾਰੀਆਂ ਨੇ ਅਜਿਹਾ ਹੱਲਾ ਬੋਲਿਆ ਕਿ ਯਹੂਦੀਆਂ ਨੂੰ ਕਿਲਾ ਬੰਦ ਹੀ ਨਾ ਕਰਨ ਦਿੱਤਾ ਅਤੇ ਕੁਝ ਘੰਟਿਆਂ ਦੀ ਲੜਾਈ ਤੋਂ ਬਾਅਦ ਕਿਲਾ ਫ਼ਤਹਿ ਹੋ ਗਿਆ। ਕੁਝ ਦਿਨਾਂ ਦੀ ਲੜਾਈ ਤੋਂ ਬਾਅਦ 'ਕਮੂਸ' ਨਾਂ ਦੇ ਕਿਲ੍ਹੇ ਤੋਂ ਬਿਨਾਂ ਇਸਲਾਮੀ ਫ਼ੌਜ ਨੇ ਸਾਰੇ ਕਿਲਿਆਂ ਨੂੰ ਫ਼ਤਹਿ ਕਰ ਲਿਆ।ਕਮੂਸ ਦੇ ਇਸ ਕਿਲ੍ਹੇ ਦੇ ਸਰਦਾਰ ਦਾ ਨਾਂ ਮਰਹਬ ਸੀ ਜਿਹੜਾ ਤਕੜਾ ਲੜਾਕੂ ਅਤੇ ਲੜਾਈ ਦੀਆਂ ਬਾਰੀਕੀਆਂ ਤੋਂ ਜਾਣੂ ਸੀ।ਇਸ ਕਿਲ੍ਹੇ ਨੂੰ ਫ਼ਤਹਿ ਕਰਨ ਲਈ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਅਲੀ (ਰਜ਼ੀ.) ਨੂੰ ਕਮਾਂਡਰ ਨਿਯੁਕਤ ਕਰਕੇ ਭੇਜਿਆ।ਹਜ਼ਰਤ ਅਲੀ (ਰਜ਼ੀ.) ਦੇ ਕਿਲੇ ਦੇ ਨੇੜੇ ਪਹੁੰਚਦਿਆ ਹੀ ਯਹੂਦੀ ਸਰਦਾਰ ਜਿਸ ਦਾ ਨਾਂ ਮਰਹਬ ਸੀ, ਸਾਹਮਣੇ ਆ ਖਲੋਇਆ।ਫ਼ੌਜ ਦੇ ਦੋਵਾਂ ਸਰਦਾਰਾਂ ਵਿਚ ਸਿੱਧੀ ਲੜਾਈ ਹੋਈ ਜਿਸ ਵਿਚ 'ਮਰਹਬ' ਮਾਰਿਆ ਗਿਆ। ਮਰਹਬ ਦੀ ਮੌਤ ਤੋਂ ਬਾਅਦ ਉਸ ਦਾ ਭਰਾ ਯਾਸਰ ਜ਼ਖ਼ਮੀ ਨਾਗ ਵਾਂਗ ਫੁੰਕਾਰੇ ਮਾਰਦਾ ਹੋਇਆ ਮੈਦਾਨ ਵਿਚ ਨਿਤਰਿਆ।ਮੁਸਲਮਾਨ ਫ਼ੌਜ ਵਿੱਚੋਂ ਉਸ ਦਾ ਮੁਕਾਬਲਾ ਕਰਨ ਲਈ ਹਜ਼ਰਤ ਜ਼ੁਬੈਰ ਬਿਨ ਅਵਾਮ ਅੱਗੇ ਵਧੇ ਅਤੇ ਅੱਖ ਝਪਕਣ ਦੀ ਦੇਰ ਵਿਚ ਦੋਵੇਂ ਤਲਵਾਰ ਦੇ ਧਨੀ ਯੌਧੇ ਇਕ ਦੂਸਰੇ ਉੱਤੇ ਟੁੱਟ ਪਏ।ਆਹਮਣੇ -ਸਾਹਮਣੇ ਦੀ ਇਸ ਲੜਾਈ ਵਿਚ ਯਾਸਰ ਮਾਰਿਆ ਗਿਆ।ਯਾਸਰ ਦੇ ਗਿਰਦਿਆਂ ਹੀ ਦੋਵੇਂ ਫ਼ੌਜਾ ਮੈਦਾਨ ਵਿਚ ਇਕ ਦੂਜੇ ਤੇ ਟੁੱਟ ਪਈਆਂ।ਇਥੇ ਵੀ ਯਹੂਦੀ ਫ਼ੌਜ ਪਿੱਛੇ ਹਟਦੀ ਹਟਦੀ ਕਿਲੇ ਵਿਚ ਬੰਦ ਹੋਣ ਲੱਗੀ। ਇਸ ਕਿਲ੍ਹੇ ਦਾ ਦਰਵਾਜ਼ਾ ਪੱਥਰ ਦਾ ਬਣਿਆ ਹੋਇਆ ਸੀ।ਹਜ਼ਰਤ ਅਲੀ (ਰਜ਼ੀ.) ਨੇ 'ਕਮੂਸ' ਦੀ ਫ਼ੌਜ ਨੂੰ ਪਿੱਛੇ ਧੱਕਦਿਆਂ ਕਿਲੇ ਦਾ ਦਰਵਾਜ਼ਾ ਤੋੜ ਦਿੱਤਾ ਅਤੇ ਮੁਸਲਮਾਨ ਫ਼ੌਜ ਕਿਲ੍ਹੇ ਵਿਚ ਦਾਖ਼ਲ ਹੋ ਗਈ।ਯਹੂਦੀ ਫ਼ੌਜ ਨੇ ਕਿਲੇ ਦੇ ਅੰਦਰ ਕੁਝ ਚਿਰ ਲਈ ਮੁਕਾਬਲਾ ਕੀਤਾ ਅਤੇ ਫਿਰ ਹਥਿਆਰ ਸੁਟ ਦਿੱਤੇ।ਜਿੱਤ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਕੁਝ ਦਿਨ ਕਿਲੇ ਵਿਚ ਹੀ ਰੁਕੇ ਰਹੇ। ਮੁਸਲਮਾਨਾਂ ਦੇ ਹੱਥੋਂ ਹਾਰ ਜਾਣ ਤੋਂ ਬਾਅਦ ਯਹੂਦੀਆਂ ਨੇ ਬੇਨਤੀ ਕੀਤੀ ਕਿ ਜਿਹੜੀਆਂ ਜ਼ਮੀਨਾਂ ਉਨ੍ਹਾਂ ਦੇ ਕਬਜ਼ੇ ਹੇਠ ਹਨ ਜੇ ਉਨ੍ਹਾਂ ਦੇ ਕੋਲ ਹੀ ਰਹਿਣ ਦਿੱਤੀਆਂ ਜਾਣ ਤਾਂ ਉਹ ਮੁਸਲਮਾਨਾਂ ਨੂੰ ਅੱਧੀ ਪੈਦਾਵਾਰ ਦਿੰਦੇ ਰਹਿਣਗੇ।ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦੀ ਇਹ ਬੇਨਤੀ ਪ੍ਰਵਾਨ ਕਰ ਲਈ।ਆਉਣ ਵਾਲੇ ਸਮੇਂ ਵਿਚ ਮੁਸਲਮਾਨ ਹਾਕਮਾਂ ਨੇ ਜਿਸ ਢੰਗ ਨਾਲ ਅੱਧੀ ਪੈਦਾਵਾਰ ਵਸੂਲਣ ਲਈ ਚੰਗਾ ਵਿਵਹਾਰ ਕੀਤਾ ਉਸ ਨੇ ਹੌਲੀ ਹੌਲੀ ਯਹੂਦੀਆਂ ਦੇ ਮਨਾਂ ਨੂੰ ਜਿੱਤ ਲਿਆ। ਮੁਸਲਮਾਨ ਅਧਿਕਾਰੀ ਪੈਦਾਵਾਰ ਦੇ ਦੋ ਹਿੱਸੇ ਕਰਕੇ ਢੇਰੀਆਂ ਲਾ ਦਿੰਦੇ।ਇਹ ਵਾਹੀਕਾਰਾਂ ਦੀ ਮਰਜ਼ੀ ਉੱਤੇ ਨਿਰਭਰ ਸੀ ਕਿ ਉਹ ਜਿਹੜੀ ਢੇਰੀ ਚਾਹੁਣ ਪਹਿਲਾਂ ਚੁੱਕ ਲੈਣ। ਖ਼ੈਬਰ ਦੀ ਲੜਾਈ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਮੁਸਲਮਾਨਾਂ ਨੂੰ ਵੀ ਹਬਸ਼ਾ ਤੋਂ ਮਦੀਨੇ ਸੱਦ ਲਿਆ ਜਿਹੜੇ ਮੱਕੇ ਵਿਚ ਰਹਿਣ ਸਮੇਂ ਕੁਰੈਸ਼ ਵਾਲਿਆਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਹਿਜਰਤ ਕਰ ਗਏ ਸਨ।
92. ਮੋਤਾ ਦੀ ਲੜਾਈ
ਮੱਕੇ ਦੇ ਕੁਰੈਸ਼ ਨਾਲ ਹੁਦੈਬੀਆ ਦੀ ਸੁਲਾਹ ਕਰਨ ਪਿੱਛੋਂ ਹਜ਼ਰਤ ਮੁਹੰਮਦ (ਸ.) ਨੇ ਅਰਬ ਦੇ ਨੇੜੇ-ਤੇੜੇ ਵਸਦੇ ਗੁਆਂਢੀ ਮੁਲਕਾਂ ਦੇ ਬਾਦਸ਼ਾਹਾਂ ਨੂੰ ਇਸਲਾਮ ਵਲ ਆਉਣ ਲਈ ਜਿਹੜੇ ਪੱਤਰ ਲਿਖੇ ਸਨ ਉਨ੍ਹਾਂ ਵਿਚ ਇਕ ਪੱਤਰ ਹਾਰਸ ਬਿਨ ਉਮੈਰ ਅਜ਼ਦੀ ਦੇ ਹੱਥ ਬਸਰਾ ਦੇ ਈਸਾਈ ਬਾਦਸ਼ਾਹ ਨੂੰ ਵੀ ਭੇਜਿਆ ਸੀ।ਜਦੋਂ ਹਾਰਸ ਬਿਨ ਉਮੈਰ ਅਜ਼ਦੀ ਖ਼ਤ ਦੇ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿਚ ਬਲਕਾ ਦੇ ਗਵਰਨਰ ਸ਼ੁਰਜੀਲ ਪੁੱਤਰ ਅਮਰੂ ਗੱਸਾਨੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਕਰ ਦਿੱਤਾ। ਦੂਤ ਨੂੰ ਕਤਲ ਕਰਨ ਦੇ ਜੁਰਮ ਵਜੋਂ ਹਜ਼ਰਤ ਮੁਹੰਮਦ (ਸ.) ਨੇ ਅਪਣੇ ਮੂੰਹ ਬੋਲੇ ਪੁੱਤਰ ਜ਼ੈਦ ਬਿਨ ਹਾਰਸ ਨੂੰ ਤਿੰਨ ਹਜ਼ਾਰ ਫ਼ੌਜ ਦੇ ਕੇ ਕਾਤਲਾਂ ਨੂੰ ਸਜ਼ਾ ਦੇਣ ਲਈ ਤੋਰਿਆ ਅਤੇ ਨਸੀਹਤ ਕੀਤੀ ਕਿ ਜੇ ਜ਼ੈਦ ਸ਼ਹੀਦ ਹੋ ਜਾਵੇ ਤਾਂ ਜਾਫ਼ਰ ਬਿਨ ਅਬੀ ਤਾਲਿਬ ਫ਼ੌਜ ਦੇ ਸਰਦਾਰ ਹੋਣਗੇ।ਜੇ ਉਹ ਵੀ ਸ਼ਹੀਦ ਹੋ ਜਾਣ ਤਾਂ ਅਬਦੁੱਲਾ ਬਿਨ ਰਵਾਹਾ ਸਰਦਾਰ ਹੋਣਗੇ।ਆਪ ਨੇ ਫ਼ੌਜ ਨੂੰ ਨਸੀਹਤ ਕੀਤੀ ਕਿ ਬਲਕਾਅ ਪਹੁੰਚ ਕੇ ਉੱਥੋਂ ਦੀ ਆਬਾਦੀ ਨੂੰ ਇਸਲਾਮ ਦੀ ਦਾਅਵਤ ਦਿਉ।ਜੇ ਉਹ ਇਸਲਾਮ ਕਬੂਲ ਕਰ ਲੈਣ ਤਾਂ ਚੰਗਾ, ਨਹੀਂ ਤਾਂ ਉਨ੍ਹਾਂ ਨਾਲ ਲੜਾਈ ਕਰੋ।ਘੁਮੰਡ ਨਾ ਕਰਨਾ।ਬੱਚਿਆਂ ਬੁੱਢਿਆਂ ਅਤੇ ਔਰਤਾਂ ਉੱਤੇ ਹੱਥ ਨਹੀਂ ਚੁਕਣਾ।ਕਿਸੇ ਗਿਰਜੇ ਦੇ ਪਾਦਰੀ ਨੂੰ ਕਤਲ ਨਹੀਂ ਕਰਨਾ।ਖਜੂਰ ਅਤੇ ਦੂਜੇ ਦਰਖ਼ਤਾਂ ਨੂੰ ਨਹੀਂ ਕੱਟਣਾ ਅਤੇ ਕਿਸੇ ਇਮਾਰਤ ਨੂੰ ਢੈ-ਢੇਰੀ ਨਹੀਂ ਕਰਨਾ। ਸ਼ੁਰਜੀਲ ਨੂੰ ਪਤਾ ਚੱਲਿਆ ਤਾਂ ਉਸ ਨੇ ਮੁਸਲਮਾਨ ਫ਼ੌਜ ਦੇ ਮੁਕਾਬਲੇ ਲਈ ਵੱਡੀ ਫ਼ੌਜ ਤਿਆਰ ਕਰ ਲਈ।ਇਤਿਹਾਸਕਾਰ ਇਸ ਫ਼ੌਜ ਦੀ ਗਿਣਤੀ ਇਕ ਲੱਖ ਦੇ ਕਰੀਬ ਆਖਦੇ ਹਨ।ਇਸ ਤੋਂ ਬਿਨਾ ਨੇੜੇ ਤੇੜੇ ਦੇ ਉਨ੍ਹਾਂ ਕਬੀਲਿਆਂ ਦੀ ਫ਼ੌਜ ਵੱਖਰੀ ਸੀ ਜਿਹੜੇ ਰੋਮ ਦੇ ਅਧੀਨ ਸਨ।ਰੋਮ ਦਾ ਬਾਦਸ਼ਾਹ ਆਪ ਵੀ ਫ਼ੌਜ ਲੈ ਕੇ ਸ਼ੁਰਜੀਲ ਦੀ ਸਹਾਇਤਾ ਲਈ ਆ ਪਹੁੰਚਿਆ।ਮੁਲਕ ਸ਼ਾਮ ਦੇ ਇਕ ਸਥਾਨ ਮੌਤਾ ਦੇ ਨੇੜੇ ਦੋਵਾਂ ਫ਼ੌਜਾਂ ਦਾ ਮੁਕਾਬਲਾ ਹੋਇਆ।ਰੋਮੀਆਂ ਦੀ ਵੱਡੀ ਫ਼ੌਜ ਦਾ ਮੁਕਾਬਲਾ ਕਰਦੇ ਹਜ਼ਰਤ ਮੁਹੰਮਦ (ਸ.) ਵੱਲੋਂ ਥਾਪੇ ਫ਼ੌਜ ਦੇ ਤਿੰਨੋਂ ਸਰਦਾਰ ਵਾਰੀ ਵਾਰੀ ਸ਼ਹੀਦ ਹੋ ਗਏ।ਤਿੰਨਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਰਤ ਖ਼ਾਲਿਦ ਬਿਨ ਵਲੀਦ ਨੇ ਝੰਡਾ ਅਪਣੇ ਹੱਥ ਵਿਚ ਲਿਆ ਅਤੇ ਬਹਾਦਰੀ ਨਾਲ ਲੜਦੇ ਹੋਏ ਮੁਸਲਿਮ ਫ਼ੌਜ ਨੂੰ ਰੋਮੀਆਂ ਦੇ ਘੇਰੇ ਵਿੱਚੋਂ ਬਾਹਰ ਕੱਢ ਲਿਆਏ।'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਇਹ ਖ਼ਾਲਿਦ ਪੁੱਤਰ ਵਲੀਦ ਦੀ ਹੁਸ਼ਿਆਰੀ ਹੀ ਸੀ ਕਿ ਉਹ ਅਪਣੇ ਤਰੀਕੇ ਨਾਲ ਮੁਸਲਮਾਨ ਫ਼ੌਜ ਨੂੰ ਬਚਾਉਣ ਵਿਚ ਸਫ਼ਲ ਹੋ ਗਏ।ਦੂਜੇ ਦਿਨ ਜਦੋਂ ਦੋਹਾਂ ਫ਼ੌਜਾਂ ਦਾ ਸਾਹਮਣਾ ਹੋਇਆ ਤਾਂ ਝੜਪਾਂ ਦੇ ਦਰਮਿਆਨ ਇਸਲਾਮੀਂ ਫ਼ੌਜ ਦੇ ਕਮਾਂਡਰ ਖ਼ਾਲਿਦ ਨੇ ਅਪਣੀ ਫ਼ੌਜ ਦਾ ਇੰਤਜ਼ਾਮ ਠੀਕ ਰੱਖਦੇ ਹੋਏ ਮੁਸਲਮਾਨ ਫ਼ੌਜ ਨੂੰ ਹੌਲੀ ਹੌਲੀ ਪਿੱਛੇ ਹਟਾਉਣਾ ਸ਼ੁਰੂ ਕਰ ਦਿੱਤਾ।ਸਾਹਮਣੇ ਲੜ ਰਹੀ ਰੋਮੀ ਫ਼ੌਜ ਨੇ ਇਸ ਲਈ ਪਿੱਛਾ ਨਾ ਕੀਤਾ ਕਿ ਮੁਸਲਮਾਨ ਫ਼ੌਜ ਉਨ੍ਹਾਂ ਨੂੰ ਧੋਖਾ ਦੇ ਰਹੀ ਹੈ ਅਤੇ ਕੋਈ ਚਾਲ ਚੱਲ ਕੇ ਉਨ੍ਹਾਂ ਨੂੰ ਰੇਗਿਸਤਾਨ ਵਿਚ ਲਿਜਾਣਾ ਚਾਹੁੰਦੀ ਹੈ।ਇਸ ਚਾਲ ਦਾ ਸਿੱਟਾ ਇਹ ਨਿਕਲਿਆ ਕਿ ਰੋਮੀ ਫ਼ੌਜ ਅਪਣੇ ਇਲਾਕੇ ਵਿਚ ਵਾਪਸ ਚਲੀ ਗਈ ਅਤੇ ਮੁਸਲਮਾਨ ਫ਼ੌਜ ਦਾ ਪਿੱਛਾ ਨਾ ਕੀਤਾ।ਸਿੱਟੇ ਵਜੋਂ ਮੁਸਲਿਮ ਫ਼ੌਜ ਵੀ ਮਦੀਨੇ ਨੂੰ ਵਾਪਸ ਚਲੀ ਗਈ। ਇਸ ਲੜਾਈ ਵਿਚ ਬਾਰਾਂ ਮੁਸਲਮਾਨ ਸ਼ਹੀਦ ਹੋਏ ਪਰ ਇਸ ਦਾ ਪੂਰਾ ਪਤਾ ਨਹੀਂ ਲੱਗ ਸਕਿਆ ਕਿ ਇਸਾਈ ਫ਼ੌਜ ਦੇ ਕਿੰਨੇ ਲੋਕ ਮਾਰੇ ਗਏ।ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਇਕੱਲੇ ਹਜ਼ਰਤ ਖ਼ਾਲਿਦ ਬਿਨ ਵਲੀਦ ਦੇ ਹੱਥੋਂ ਨੌ ਤਲਵਾਰਾਂ ਟੁੱਟੀਆਂ ਤਾਂ ਉਨ੍ਹਾਂ ਨਾਲ ਫ਼ੌਜੀ ਵੀ ਤਾਂ ਮਾਰੇ ਹੀ ਗਏ ਹੋਣਗੇ।ਇਸੇ ਲਈ ਇਤਿਹਾਸਕਾਰ ਇਸਾਈ ਫ਼ੌਜ ਦੇ ਮਰਨ ਵਾਲੇ ਫ਼ੌਜੀਆਂ ਦੀ ਗਿਣਤੀ ਕਈ ਗੁਣਾ ਵੱਧ ਦੱਸਦੇ ਹਨ। ਭਾਵੇਂ ਮੁਸਲਮਾਨ ਇਸ ਲੜਾਈ ਰਾਹੀਂ ਅਪਣੇ ਕਤਲ ਹੋਏ ਦੂਤ ਦਾ ਬਦਲਾ ਲੈਣ ਵਿਚ ਕਾਮਿਯਾਬ ਨਾ ਹੋਏ ਪਰ ਇਸ ਲੜਾਈ ਨੇ ਉਨ੍ਹਾਂ ਦੀ ਸ਼ੁਹਰਤ ਵਿਚ ਚੌਖਾ ਵਾਧਾ ਕੀਤਾ।ਉਸ ਸਮੇਂ ਰੋਮ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਸੀ।ਐਨੀ ਵੱਡੀ ਤਾਕਤ ਨਾਲ ਲੜਾਈ ਕਰਨੀ ਅਤੇ ਸਾਫ਼ ਬਚ ਕੇ ਨਿਕਲ ਆਉਣਾ ਵੀ ਕਿਸੇ ਵੱਡੀ ਪ੍ਰਾਪਤੀ ਤੋਂ ਘੱਟ ਨਹੀਂ ਸੀ।ਮੁਸਲਮਾਨਾਂ ਦੀ ਇਸ ਬਹਾਦਰੀ ਤੋਂ ਪ੍ਰਭਾਵਤ ਹੋ ਕੇ ਬਨੂ ਸਲਮ, ਅਸ਼ਜਾਅ, ਗ਼ਤਫ਼ਾਨ, ਜ਼ਿਬਿਆਨ ਅਤੇ ਫ਼ਜ਼ਾਰਾ ਜਿਹੇ ਅਰਬ ਦੇ ਕਈ ਕਬੀਲੇ ਮੁਸਲਮਾਨ ਹੋ ਗਏ।ਮੁਸਲਮਾਨਾਂ ਦੀ ਰੋਮੀਆਂ ਨਾਲ ਇਹ ਪਹਿਲੀ ਟੱਕਰ ਸੀ।ਇਸ ਤੋਂ ਬਾਅਦ ਮੁਸਲਮਾਨ ਉਦੋਂ ਤੱਕ ਲੜਾਈਆਂ ਲੜਦੇ ਰਹੇ ਜਦੋਂ ਤੱਕ ਉਹ ਰੋਮ ਦੇ ਅਧੀਨ ਅਰਬ ਇਲਾਕਿਆਂ ਉੱਤੇ ਕਬਜ਼ਾ ਕਰਨ ਵਿਚ ਸਫ਼ਲ ਨਾ ਹੋ ਗਏ। ਜਿਵੇਂ ਪਹਿਲਾਂ ਲਿਖਿਆ ਗਿਆ ਹੈ ਕਿ ਇਕੱਲੇ ਖ਼ਾਲਿਦ ਬਿਨ ਵਲੀਦ ਦੇ ਹੱਥੋਂ ਇਸ ਲੜਾਈ ਵਿਚ ਨੌ ਤਲਵਾਰਾਂ ਟੁੱਟੀਆਂ।ਹਜ਼ਰਤ ਮੁਹੰਮਦ (ਸ.) ਨੇ ਇਨ੍ਹਾਂ ਨੂੰ ਸੈਫ਼ੁੱਲਾ ਦਾ ਖ਼ਿਤਾਬ ਦਿੱਤਾ ਜਿਸ ਦੇ ਅਰਥ ਰੱਬ ਦੀ ਤਲਵਾਰ ਦੇ ਹਨ।
93. ਮੱਕੇ ਦੀ ਫ਼ਤੇਹ
ਜਿਹੜੀ ਸੰਧੀ ਮੁਸਲਮਾਨਾਂ ਅਤੇ ਮੱਕਾ ਦੇ ਕੁਰੈਸ਼ ਵਾਲਿਆਂ ਵਿਚਕਾਰ ਹੁਦੈਬੀਆ ਦੇ ਸਥਾਨ ਉੱਤੇ ਹੋਈ ਸੀ ਉਸ ਵਿਚ ਇਹ ਵੀ ਲਿਖਿਆ ਗਿਆ ਸੀ ਕਿ ਅਰਬ ਦੇ ਜਿਹੜੇ ਕਬੀਲੇ ਕੁਰੈਸ਼ ਦੇ ਦੋਸਤ ਬਨਣਾ ਚਾਹੁਣ ਉਹ ਕੁਰੈਸ਼ ਨਾਲ ਸੰਧੀ ਕਰ ਦਕਦੇ ਹਨ ਅਤੇ ਜਿਹੜੇ ਕਬੀਲੇ ਮੁਸਲਮਾਨਾਂ ਨਾਲ ਦੋਸਤੀ ਕਰਨਾ ਚਾਹੁਣ ਉਹ ਮੁਸਲਮਾਨਾਂ ਨਾਲ ਸੰਧੀ ਕਰ ਸਕਦੇ ਹਨ।ਜਿਵੇਂ ਕੁਰੈਸ਼ ਅਤੇ ਮੁਸਲਮਾਨ ਦਸ ਸਾਲ ਤੱਕ ਇਕ ਦੂਜੇ ਨਾਲ ਨਹੀਂ ਲੜਨਗੇ ਇਸੇ ਤਰ੍ਹਾਂ ਉਨ੍ਹਾਂ ਦੇ ਦੋਸਤ ਕਬੀਲੇ ਵੀ ਆਪਸ ਵਿਚ ਨਹੀਂ ਲੜਨਗੇ। ਇਸ ਸੰਧੀ ਦੀਆਂ ਸ਼ਰਤਾਂ ਅਨੁਸਾਰ ਅਰਬ ਦਾ ਖ਼ਿਜ਼ਾਅ ਕਬੀਲਾ ਮੁਸਲਮਾਨਾਂ ਦਾ ਦੋਸਤ ਬਣ ਗਿਆ ਅਤੇ ਇਕ ਦੂਸਰਾ ਕਬੀਲਾ ਬਕਰ ਕੁਰੈਸ਼ ਦਾ ਸਾਥੀ ਬਣ ਗਿਆ।ਪੁਰਾਣੀ ਚਲੀ ਆ ਰਹੀ ਦੁਸ਼ਮਣੀ ਕਰਕੇ ਇਕ ਦਿਨ ਕਬੀਲਾ ਬਕਰ ਨੇ ਕਬੀਲਾ ਖ਼ਿਜ਼ਾਅ ਉੱਤੇ ਹਮਲਾ ਕਰਕੇ ਬੇਰਹਿਮੀ ਨਾਲ ਔਰਤਾਂ ਅਤੇ ਬੱਚਿਆਂ ਨੂੰ ਕਤਲ ਕਰ ਦਿੱਤਾ।ਇਸ ਲੜਾਈ ਵਿਚ ਕੁਰੈਸ਼ ਕਬੀਲੇ ਨੇ ਬਨੂ ਬਕਰ ਦੀ ਸ਼ਰੇਆਮ ਸਹਾਇਤਾ ਕੀਤੀ।ਖ਼ਾਨਾ ਕਾਅਬਾ ਵਿਚ ਮਾਰ-ਧਾੜ ਹਰਾਮ ਸੀ ਪਰ ਕਬੀਲਾ ਬਕਰ ਦੇ ਲੋਕਾਂ ਨੇ ਕੁਰੈਸ਼ ਵਾਲਿਆਂ ਦੀ ਸ਼ਹਿ ਉੱਤੇ ਖ਼ਾਨਾ ਕਾਅਬਾ ਵਿਚ ਜਾਨ ਬਚਾਉਣ ਲਈ ਛੁਪੇ ਕਬੀਲਾ ਖ਼ਿਜ਼ਾਅ ਦੇ ਲੋਕਾਂ ਨੂੰ ਅੰਦਰ ਜਾ ਕੇ ਕਤਲ ਕਰ ਦਿੱਤਾ।ਬਨੂ ਖ਼ਿਜ਼ਾਅ ਦੇ ਕੁਝ ਆਦਮੀ ਮਦੀਨੇ ਪਹੁੰਚੇ ਅਤੇ ਉਨ੍ਹਾਂ ਨੇ ਬਨੂ ਬਕਰ ਅਤੇ ਕੁਰੈਸ਼ ਦੀਆਂ ਵਧੀਕੀਆਂ ਦੇ ਖ਼ਿਲਾਫ਼ ਹਜ਼ਰਤ ਮੁਹੰਮਦ (ਸ.) ਕੋਲ ਸ਼ਿਕਾਇਤ ਕੀਤੀ। ਕਬੀਲਾ ਖ਼ਿਜ਼ਾਅ ਦੀ ਬਿਪਤਾ ਦਾ ਹਾਲ ਸੁਣ ਕੇ ਹਜ਼ਰਤ ਮੁਹੰਮਦ (ਸ.) ਬਹੁਤ ਦੁਖੀ ਹੋਏ ਅਤੇ ਉਨ੍ਹਾਂ ਨੇ ਕੁਰੈਸ਼ ਵਾਲਿਆਂ ਕੋਲ ਦੂਤ ਭੇਜ ਕੇ ਮੰਗ ਕੀਤੀ ਕਿ ਬਨੂ ਖ਼ਿਜ਼ਾਅ ਦੇ ਮਾਰੇ ਗਏ ਲੋਕਾਂ ਦੇ ਖ਼ੂਨ ਦਾ ਬਦਲਾ ਦਿਓ ਜਾਂ ਬਨੂ ਬਕਰ ਦਾ ਸਾਥ ਛੱਡ ਦਿਓ।ਜੇ ਇਹ ਦੋਵੇਂ ਸ਼ਰਤਾਂ ਮਨਜ਼ੂਰ ਨਹੀਂ ਤਾਂ ਸਾਡਾ ਐਲਾਨ ਸਮਝੋ ਕਿ ਹੁਦੈਬੀਆ ਦਾ ਸਮਝੌਤਾ ਖ਼ਤਮ ਹੋ ਗਿਆ ਹੈ।ਕੁਰੈਸ਼ ਦੇ ਜ਼ੋਸ਼ੀਲੇ ਜਵਾਨਾਂ ਨੇ ਪਹਿਲੀਆਂ ਦੋਵੇਂ ਸ਼ਰਤਾਂ ਠੁਕਰਾ ਦਿੱਤੀਆਂ ਅਤੇ ਤੀਸਰੀ ਸ਼ਰਤ ਮਨਜ਼ੂਰ ਕਰ ਲਈ।ਦੂਤ ਦੇ ਮਦੀਨਾ ਪਰਤ ਜਾਣ ਤੋਂ ਬਾਅਦ ਜਦੋਂ ਉਨ੍ਹਾਂ ਨੇ ਹਕੀਕਤ ਸਮਝੀ ਤਾਂ ਅਪਣੇ ਸਰਦਾਰ ਅਬੂ ਸੁਫ਼ਿਆਨ ਨੂੰ ਹੁਦੈਬੀਆ ਦਾ ਸਮਝੌਤਾ ਲਾਗੂ ਰੱਖਣ ਲਈ ਮਦੀਨੇ ਭੇਜਿਆ ਪਰ ਉਹ ਮੁਹੰਮਦ (ਸ.) ਨੂੰ ਰਾਜ਼ੀ ਨਾ ਕਰ ਸਕਿਆ। ਅਬੂ ਸੁਫ਼ਿਆਨ ਦੀ ਮਦੀਨੇ ਵਿਖੇ ਹੋਈ ਖ਼ੁਆਰੀ ਬਾਰੇ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸਫ਼ਾ ੫੩੯ ਉੱਤੇ ਲਿਖਦਾ ਹੈ, "ਅਬੂ ਸੁਫ਼ਿਆਨ ਮਦੀਨੇ ਪਹੁੰਚ ਕੇ ਅਪਣੀ ਧੀ ਉੱਮੁਲ ਮੋਮੀਨੀਨ ਹਜ਼ਰਤ ਉੱਮੇ ਹਬੀਬਾ (ਰਜ਼ੀ.) ਦੇ ਘਰ ਚਲਿਆ ਗਿਆ।ਉੱਮੇ ਹਬੀਬਾ (ਰਜ਼ੀ.) ਨੇ ਮੁਸਲਮਾਨ ਬਨਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨਾਲ ਸ਼ਾਦੀ ਕਰ ਲਈ ਸੀ।ਜਦੋਂ ਅਬੂ ਸੁਫ਼ਿਆਨ ਹਜ਼ਰਤ ਮੁਹੰਮਦ (ਸ.) ਦੇ ਬਿਸਤਰ ਉੱਤੇ ਬੈਠਣ ਲੱਗਿਆ ਤਾਂ ਉੱਮੇ ਹਬੀਬਾ (ਰਜ਼ੀ.) ਨੇ ਬਿਸਤਰ ਲਪੇਟ ਕੇ ਪਰ੍ਹਾਂ ਕਰ ਦਿੱਤਾ।ਜਦੋਂ ਅਬੂ ਸੁਫ਼ਿਆਨ ਨੇ ਪੁੱਛਿਆ ਕਿ ਕੀ ਮੈਂ ਇਸ ਬਿਸਤਰ ਉੱਤੇ ਬੈਠਣ ਦੇ ਕਾਬਲ ਵੀ ਨਹੀਂ ਤਾਂ ਉਹ ਕਹਿਣ ਲੱਗੀ, "ਇਹ ਹਜ਼ਰਤ ਮੁਹੰਮਦ (ਸ.) ਦਾ ਬਿਸਤਰ ਹੈ ਅਤੇ ਤੁਸੀਂ ਨਾਪਾਕ ਮੁਸ਼ਰਿਕ ਹੋ"।ਉਸ ਤੋਂ ਬਾਅਦ ਅਬੂ ਸੁਫ਼ਿਆਨ ਹਜ਼ਰਤ ਮੁਹੰਮਦ (ਸ.) ਦੇ ਕੋਲ ਗਿਆ ਪਰ ਉਨ੍ਹਾਂ ਨੇ ਉਸ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਉਹ ਹਜ਼ਰਤ ਉਮਰ ਬਿਨ ਖ਼ੱਤਾਬ ਦੇ ਕੋਲ ਵੀ ਗਿਆ ਪਰ ਕਿਸੇ ਨੇ ਵੀ ਉਸ ਨਾਲ ਬਾਤ ਕਰਨੀ ਚੰਗੀ ਨਾ ਸਮਝੀ"। ਹਜ਼ਰਤ ਮੁਹੰਮਦ (ਸ.) ਨੇ ਮੁਸਲਮਾਨਾਂ ਨੂੰ ਚੁੱਪ-ਚਾਪ ਰਹਿ ਕੇ ਲੜਾਈ ਦੀ ਤਿਆਰੀ ਦਾ ਹੁਕਮ ਦਿੱਤਾ।ਮੈਅਮਾਰੇ ਇਨਸਾਨੀਅਤ ਦੇ ਲੇਖਕ ਅਨੁਸਾਰ ਰਮਜ਼ਾਨ ਦੇ ਮਹੀਨੇ, ਸਨ ੮ ਹਿਜਰੀ ਮੁਤਾਬਕ ੬੨੯-੩੦ ਈਸਵੀ ਨੂੰ ਆਪ ਨੇ ਦਸ ਹਜ਼ਾਰ ਮੁਸਲਮਾਨਾਂ ਦੀ ਫ਼ੌਜ ਲੈ ਕੇ ਮੱਕੇ ਉੱਤੇ ਚੜ੍ਹਾਈ ਕਰ ਦਿੱਤੀ।ਜਦੋਂ ਮੱਕੇ ਵਾਲਿਆਂ ਨੂੰ ਇਸ ਦੀ ਖ਼ਬਰ ਮਿਲੀ ਤਾਂ ਅਬੂ ਸੁਫ਼ਿਆਨ ਇਸਲਾਮੀ ਫ਼ੌਜ ਦੀ ਟੋਹ ਲੈਣ ਲਈ ਮੱਕੇ ਤੋਂ ਬਾਹਰ ਨਿਕਲਿਆ ਅਤੇ ਫ਼ੌਜ ਦੇ ਨੇੜੇ ਪਹੁੰਚ ਗਿਆ ਪਰ ਕੁਝ ਮੁਸਲਮਾਨ ਫ਼ੌਜੀਆਂ ਨੇ ਪਛਾਣ ਲਿਆ ਅਤੇ ਫ਼ੜ ਕੇ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਪੇਸ਼ ਕਰ ਦਿੱਤਾ। ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਪੇਸ਼ ਕੀਤਾ ਜਾਣ ਵਾਲਾ ਕੁਰੈਸ਼ ਦਾ ਸਰਦਾਰ ਉਹੋ ਹੀ ਅਬੂ ਸੁਫ਼ਿਆਨ ਸੀ ਜਿਸ ਨੇ ਮੁਸਲਮਾਨਾਂ ਨੂੰ ਸਭ ਤੋਂ ਵੱਧ ਤਕਲੀਫ਼ਾਂ ਦਿੱਤੀਆਂ ਸਨ ਅਤੇ ਹਜ਼ਰਤ ਮੁਹੰਮਦ (ਸ.) ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ ਪਰ ਅੱਜ ਉਨ੍ਹਾਂ ਦੇ ਸਾਹਮਣੇ ਸਿਰ ਝੁਕਾਈ ਖੜ੍ਹਾ ਸੀ।ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਮੁਆਫ਼ ਕਰਦਿਆਂ ਵਾਪਸ ਭੇਜ ਦਿੱਤਾ ਅਤੇ ਕਿਹਾ, "ਮੱਕੇ ਜਾ ਕੇ ਮੇਰੀ ਤਰਫ਼ ਤੋਂ ਐਲਾਨ ਕਰ ਦੇਵੋ ਕਿ ਜਿਹੜਾ ਬੰਦਾ ਅਬੂ ਸੁਫ਼ਿਆਨ ਜਾਂ ਖ਼ਾਨਾ ਕਾਅਬਾ ਵਿਚ ਪਨਾਹ ਲਵੇਗਾ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇਗਾ। ਜਿਹੜਾ ਬੰਦਾ ਘਰ ਦਾ ਦਰਵਾਜ਼ਾ ਬੰਦ ਕਰਕੇ ਅੰਦਰ ਬੈਠ ਜਾਵੇਗਾ ਉਸ ਨੂੰ ਵੀ ਮੁਆਫ਼ ਕਰ ਦਿੱਤਾ ਜਾਵੇਗਾ"।ਅਬੂ ਸੁਫ਼ਿਆਨ ਨੇ ਮੱਕਾ ਵਾਲਿਆਂ ਨੂੰ ਇਕੱਠਾ ਕਰਕੇ ਆਪ ਦਾ ਸੁਨੇਹਾ ਦੇ ਦਿੱਤਾ। ਜਦੋਂ ਹਜ਼ਰਤ ਮੁਹੰਮਦ (ਸ.) ਮੱਕੇ ਵਿਚ ਦਾਖ਼ਲ ਹੋਏ ਤਾਂ ਆਪ ਦੀ ਫ਼ੌਜ ਨੇ ਚਿੱਟੇ ਰੰਗ ਦਾ ਝੰਡਾ ਉੱਚਾ ਕੀਤਾ ਹੋਇਆ ਸੀ।ਆਪ ਨੇ ਅਪਣੇ ਸਿਰ ਉੱਤੇ ਲੋਹੇ ਦਾ ਟੋਪ ਪਾਇਆ ਹੋਇਆ ਸੀ ਜਿਸ ਉੱਤੇ ਕਾਲੇ ਰੰਗ ਦਾ ਅਮਾਮਾ ਬੰਨ੍ਹਿਆ ਹੋਇਆ ਸੀ।ਆਪ ਊੱਚੀ ਆਵਾਜ਼ ਵਿਚ ਸੂਰਤ ਫ਼ਤਹਿ ਦਾ ਉਚਾਰਨ ਕਰਦੇ ਜਾ ਰਹੇ ਸਨ ਅਤੇ ਰੱਬ ਦੀ ਹਜ਼ੂਰੀ ਵਿਚ ਇਸ ਕਦਰ ਨਿਮਰਤਾ ਵਿਚ ਲੀਨ ਸਨ ਕਿ ਜਿਸ ਉਠ ਉੱਤੇ ਸਵਾਰ ਸਨ ਆਪ ਦਾ ਚਿਹਰਾ ਉਸ ਦੀ ਪਿੱਠ ਨਾਲ ਲਗਦਾ ਜਾ ਰਿਹਾ ਸੀ। ਜਦੋਂ ਮੁਸਲਮਾਨ ਮੱਕੇ ਵਿਚ ਦਾਖ਼ਲ ਹੋਏ ਤਾਂ ਕੁਰੈਸ਼ ਦੇ ਕੁਝ ਜੋਸ਼ੀਲੇ ਜਵਾਨਾਂ ਦੇ ਗਰੁੱਪ ਨੇ ਮੁਸਲਮਾਨਾਂ ਨੂੰ ਰੋਕਨਾ ਚਾਹਿਆ ਅਤੇ ਦੋ ਮੁਸਲਮਾਨਾਂ ਨੂੰ ਸ਼ਹੀਦ ਕਰ ਦਿੱਤਾ ਪਰ ਜਦੋਂ ਮੁਸਲਮਾਨਾਂ ਨੇ ਤਲਵਾਰਾਂ ਕੱਢੀਆਂ ਤਾਂ ਤੇਰਾ ਦੇ ਕਰੀਬ ਲਾਸ਼ਾਂ ਛੱਡ ਕੇ ਭੱਜ ਗਏ।ਮੱਕੇ ਵਿਚ ਦਾਖ਼ਲ ਹੋਣ ਤੋਂ ਬਾਅਦ ਆਪ ਸਿੱਧੇ ਖ਼ਾਨਾ ਕਾਅਬਾ ਵਿਚ ਪਹੁੰਚੇ।ਖ਼ਾਨਾ ਕਾਅਬਾ ਦੇ ਦੁਆਲੇ ਸੱਤ ਚੱਕਰ ਲਾਉਣ ਤੋਂ ਬਾਅਦ ਆਪ ਅੰਦਰ ਦਾਖ਼ਲ ਹੋਏ ਅਤੇ ਅੰਦਰ ਪਏ ਸਾਰੇ ਬੁੱਤਾਂ ਨੂੰ ਤੋੜ ਕੇ ਬਾਹਰ ਸੁੱਟ ਦਿੱਤਾ।ਕੰਧਾਂ ਉੱਤੇ ਬਣੀਆਂ ਨਬੀਆਂ ਦੀਆਂ ਤਸਵੀਰਾਂ ਸਾਫ਼ ਕਰਵਾਈਆਂ ਅਤੇ ਸ਼ੁਕਰਾਨੇ ਦੀ ਦੋ ਰਕਾਅਤ ਨਮਾਜ਼ ਪੜ੍ਹੀ।ਨਮਾਜ਼ ਤੋਂ ਵਿਹਲੇ ਹੋ ਕੇ ਆਪ ਨੇ ਕੁਰੈਸ਼ ਵਾਲਿਆਂ ਨੂੰ ਸੱਦ ਬੁਲਾਇਆ ਜਦੋਂ ਉਹ ਹਾਜ਼ਰ ਹੋਏ ਤਾਂ ਆਪ ਨੇ ਉਨ੍ਹਾਂ ਦੇ ਸਾਹਮਣੇ ਭਾਸ਼ਨ ਦਿੱਤਾ ਅਤੇ ਆਖਿਆ, ਤੁਸੀਂ ਕੀ ਸਮਝਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਸਲੂਕ ਕਰਨ ਵਾਲਾ ਹਾਂ"? ਉਨ੍ਹਾਂ ਨੇ ਜਿਹੜਾ ਭਾਸ਼ਨ ਦਿੱਤਾ ਉਸ ਦੇ ਕੁਝ ਅੰਸ਼ ਕਿਤਾਬਾਂ ਵਿਚ ਇਉਂ ਮਿਲਦੇ ਹਨ; ਹਜ਼ਰਤ ਮੁਹੰਮਦ (ਸ.) ਅਪਣੇ ਭਾਸ਼ਨ ਵਿਚ ਕੁਰੈਸ਼ ਵਾਲਿਆਂ ਨੂੰ ਸੰਬੋਧਨ ਕਰਕੇ ਆਖਣ ਲੱਗੇ, "ਰੱਬ ਤੋਂ ਛੁੱਟ ਕੋਈ ਹੋਰ ਪੂਜਣ ਯੌਗ ਨਹੀਂ ਹੈ।ਉਸ ਦਾ ਕੋਈ ਭਾਈਵਾਲ ਨਹੀਂ।ਉਸ ਨੇ ਅਪਣਾ ਬਚਨ ਪੂਰਾ ਕਰਨ ਲਈ ਅਪਣੇ ਬੰਦੇ ਦੀ ਸਹਾਇਤਾ ਕੀਤੀ।ਅੱਜ ਤੁਹਾਡੇ ਸਾਰੇ ਤਕੱਬਰ, ਸਾਰੀਆਂ ਪੁਰਾਣੀਆਂ ਹੱਤਿਆਵਾਂ ਅਤੇ ਖ਼ੂਨ ਦੇ ਬਦਲੇ ਖ਼ਤਮ ਕੀਤੇ ਜਾਂਦੇ ਹਨ ਹੁਣ ਕਾਅਬੇ ਵਿਚ ਹਾਜੀਆਂ ਨੂੰ ਪਾਣੀ ਪਿਲਾਉਣ ਅਤੇ ਕਾਅਬੇ ਦੀ ਦੇਖ-ਰੇਖ ਮੁਸਲਮਾਨਾਂ ਦੇ ਹੱਥਾਂ ਵਿਚ ਹੋਵੇਗੀ"। ਹਜ਼ਰਤ ਮੁਹੰਮਦ (ਸ.) ਲੋਕਾਂ ਨੂੰ ਸੰਬੋਧਤ ਕਰਕੇ ਫੇਰ ਕਹਿਣ ਲੱਗੇ,"ਕੁਰੈਸ਼ ਦੇ ਲੋਕੋ ਕੀ ਤੁਹਾਨੂੰ ਪਤਾ ਹੈ ਅੱਜ ਮੈਂ ਤੁਹਾਡੇ ਨਾਲ ਕੀ ਸਲੂਕ ਕਰਨ ਵਾਲਾ ਹਾਂ"।ਲੋਕ ਕਹਿਣ ਲੱਗੇ ਤੁਸੀਂ ਸਾਡੇ ਕਰੀਮ (ਕਰਮ ਕਰਨ ਵਾਲਾ) ਭਾਈ ਹੋ ਅਤੇ ਕਰੀਮ ਬਾਪ ਦੇ ਪੁੱਤਰ ਹੋ"।ਆਪ ਕਹਿਣ ਲੱਗੇ, "ਮੈਂ ਤੁਹਾਨੂੰ ਉਹੋ ਗੱਲ ਆਖ ਰਿਹਾ ਹਾਂ ਜਿਹੜੀ ਹਜ਼ਰਤ ਯੂਸਫ਼ (ਅਲੈ.) ਨੇ ਅਪਣੇ ਭਾਈਆਂ ਨੂੰ ਆਖੀ ਸੀ। ਅੱਜ ਕਿਸੇ ਨਾਲ ਕੋਈ ਬਦਲਾ ਲਊ ਭਾਵਨਾ ਨਹੀਂ ਵਰਤੀ ਜਾਵੇਗੀ।ਜਾਉ ਤੁਹਾਨੂੰ ਸਭ ਨੂੰ ਮੁਆਫ਼ ਕੀਤਾ"। ਜਦੋਂ ਹਜ਼ਰਤ ਅਲੀ (ਰਜ਼ੀ.) ਨੇ ਆਪ ਤੋਂ ਖ਼ਾਨਾ ਕਾਅਬਾ ਦੀ ਚਾਬੀ ਬਾਰੇ ਪੁੱਛਿਆ ਤਾਂ ਆਪ ਨੇ ਹਜ਼ਰਤ ਉਸਮਾਨ ਬਿਨ ਤਲਹਾ ਨੂੰ ਬੁਲਾਇਆ ਅਤੇ ਚਾਬੀ ਉਸ ਦੇ ਹਵਾਲੇ ਕਰਦਿਆਂ ਆਖਿਆ, "ਇਸ ਨੂੰ ਹਮੇਸ਼ਾ ਹਮੇਸ਼ਾ ਲਈ ਅਪਣੇ ਪਾਸ ਰੱਖੋ।ਤੁਹਾਡੇ ਕੋਲੋਂ ਇਸ ਚਾਬੀ ਨੂੰ ਉਹੋ ਹੀ ਖੋਹਵੇਗਾ ਜਿਹੜਾ ਜ਼ਾਲਮ ਹੋਵੇਗਾ।ਐ ਉਸਮਾਨ! ਰੱਬ ਨੇ ਤੁਹਾਨੂੰ ਅਪਣੇ ਘਰ ਦਾ ਅਮੀਨ ਬਣਾਇਆ ਹੈ ਸੋ ਇਸ ਬੈਤੁੱਲਾਹ ਤੋਂ ਤੁਹਾਨੂੰ ਜੋ ਕੁਝ ਮਿਲੇ ਉਸ ਨੂੰ ਮਾਰੂਫ਼ (ਕਿਫ਼ਾਯਤ) ਨਾਲ ਵਰਤਣਾ"। ਇਸ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਬਿਲਾਲ ਨੂੰ ਕਾਅਬੇ ਦੀ ਛੱਤ ਉੱਤੇ ਚੜ੍ਹ ਕੇ ਅਜ਼ਾਨ ਦੇਣ ਦਾ ਹੁਕਮ ਦਿੱਤਾ।ਆਪ ਨੇ ਨੌ ਅਜਿਹੇ ਲੋਕਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਜਿਹੜੇ ਹੁਣ ਤੱਕ ਮੁਆਫ਼ੀ ਮੰਗਣ ਲਈ ਹਾਜ਼ਰ ਨਹੀਂ ਹੋਏ ਸਨ।ਜਿਨ੍ਹਾਂ ਨੇ ਮੁਸਲਮਾਨਾਂ ਨੂੰ ਸਭ ਤੋਂ ਵੱਧ ਸਤਾਇਆ ਸੀ ਅਤੇ ਮੁਆਫ਼ੀ ਦੇ ਹੱਕਦਾਰ ਵੀ ਨਹੀਂ ਸਨ।ਪਰ ਇਨ੍ਹਾਂ ਵਿੱਚੋਂ ਵੀ ਕਈਆਂ ਨੇ ਮੁਆਫ਼ੀ ਮੰਗ ਕੇ ਇਸਲਾਮ ਕਬੂਲ ਕਰ ਲਿਆ ਅਤੇ ਚੰਗੇ ਮੁਸਲਮਾਨ ਸਾਬਤ ਹੋਏ। ਮੱਕੇ ਦੀ ਫ਼ਤਹਿ ਤੋਂ ਦੂਸਰੇ ਦਿਨ ਹਜ਼ਰਤ ਮੁਹੰਮਦ (ਸ.) ਨੇ ਲੋਕਾਂ ਨੂੰ ਫੇਰ ਭਾਸ਼ਨ ਦਿੱਤਾ।ਰੱਬ ਦੀ ਵਡਿਆਈ ਦਰਸਾਉਣ ਤੋਂ ਬਾਅਦ ਆਪ ਨੇ ਲੋਕਾਂ ਨੂੰ ਸੰਬੋਧਤ ਕਰਕੇ ਆਖਿਆ, "ਲੋਕੋ! ਰੱਬ ਨੇ ਜਿਸ ਦਿਨ ਦੁਨੀਆ ਨੂੰ ਆਬਾਦ ਕੀਤਾ ਉਸੇ ਦਿਨ ਮੱਕੇ ਨੂੰ ਹਰਾਮ (ਪਵਿੱਤਰ ਸ਼ਹਿਰ) ਐਲਾਨਿਆ।ਇਸ ਲਈ ਇਹ ਰੱਬ ਦੇ ਐਲਾਨੇ ਅਨੁਸਾਰ ਕਿਆਮਤ ਤੱਕ ਹੁਰਮਤ (ਪਵਿੱਤਰਤਾ) ਵਾਲਾ ਸ਼ਹਿਰ ਰਹੇਗਾ।ਕੋਈ ਆਦਮੀ ਜਿਹੜਾ ਆਖ਼ਰਤ ਉੱਤੇ ਯਕੀਨ ਰੱਖਦਾ ਹੈ ਉਸ ਲਈ ਠੀਕ ਨਹੀਂ ਕਿ ਉਹ ਮੱਕੇ ਵਿਚ ਖ਼ੂਨ ਬਹਾਏ ਜਾਂ ਏਥੋਂ ਦਾ ਕੋਈ ਦਰਖ਼ਤ ਕੱਟੇ।ਜੇ ਕੋਈ ਆਦਮੀ ਇਹ ਕਹੇ ਕਿ ਹਜ਼ਰਤ ਮੁਹੰਮਦ (ਸ.) ਨੇ ਇਥੇ ਆਪ ਜੰਗ ਕੀਤੀ ਹੈ ਤਾਂ ਉਸ ਨੂੰ ਆਖ ਦੇਵੋ ਕਿ ਅੱਲਾਹ ਨੇ ਇਸਲਾਮ ਦੀ ਜੜ ਪੱਕੀ ਕਰਨ ਲਈ ਹਜ਼ਰਤ ਮੁਹੰਮਦ (ਸ.) ਨੂੰ ਇਸ ਦੀ ਆਗਿਆ ਦਿੱਤੀ ਸੀ ਜਿਹੜੀ ਕੁਝ ਸਮੇਂ ਲਈ ਸੀ। ਪਰ ਤੁਹਾਨੂੰ ਇਸ ਦੀ ਆਗਿਆ ਬਿਲਕੁਲ ਨਹੀਂ।ਹੁਣ ਇਸ ਦੀ ਹੁਰਮਤ ਪਲਟ ਆਈ ਹੈ।ਜਿਹੜੇ ਲੋਕ ਇਥੇ ਹਾਜ਼ਰ ਨਹੀਂ ਹਨ, ਹਾਜ਼ਰ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਇਸ ਗੱਲ ਨੂੰ ਉਨ੍ਹਾਂ ਤੱਕ ਪਹੁੰਚਾ ਦੇਣ। ਮੱਕਾ ਫ਼ਤਹਿ ਹੋਣ ਤੋਂ ਬਾਅਦ ਮਦੀਨੇ ਦੇ ਅਨਸਾਰੀਆਂ ਨੂੰ ਯਾਦ ਆਇਆ ਕਿ ਮੱਕਾ ਹੀ ਹਜ਼ਰਤ ਮੁਹੰਮਦ (ਸ.) ਦੀ ਜਨਮ ਭੂਮੀ ਹੈ।ਆਪ ਏਥੇ ਹੀ ਪੈਦਾ ਹੋਏ ਸਨ ਅਤੇ ਇਹੋ ਆਪ ਦਾ ਸ਼ਹਿਰ ਹੈ ਤਾਂ ਉਹ ਆਪਸ ਵਿਚ ਗੱਲ-ਬਾਤ ਕਰਨ ਲੱਗੇ ਕਿ ਸ਼ਾਇਦ ਰਸੂਲ ਹੁਣ ਮਦੀਨੇ ਨੂੰ ਵਾਪਸ ਨਾ ਜਾਣ।ਜਦੋਂ ਹਜ਼ਰਤ ਮੁਹੰਮਦ (ਸ.) ਦੇ ਕੰਨਾ ਵਿਚ ਇਹ ਬਾਤ ਪਈ ਤਾਂ ਆਪ ਆਖਣ ਲੱਗੇ,"ਰੱਬ ਦੀ ਪਨਾਹ, ਹੁਣ ਮੇਰੀ ਜ਼ਿੰਦਗੀ ਅਤੇ ਮੌਤ ਤੁਹਾਡੇ (ਮਦੀਨੇ ਵਾਲਿਆਂ ਦੇ) ਨਾਲ ਹੈ"। ਮੱਕੇ ਦੀ ਫ਼ਤਹਿ ਤੋਂ ਬਾਅਦ ਜਦੋਂ ਕੁਰੈਸ਼ ਵਾਲਿਆਂ ਨੂੰ ਪੱਕ ਹੋ ਗਿਆ ਕਿ ਹੁਣ ਇਸਲਾਮ ਕਬੂਲ ਕਰਨ ਤੋਂ ਬਿਨਾ ਕੋਈ ਚਾਰਾ ਨਹੀਂ ਤਾਂ ਉਨ੍ਹਾਂ ਨੇ ਬੈਅਤ (ਵਫ਼ਾਦਾਰੀ ਦਾ ਹਲਫ਼) ਲਈ ਇਕ ਇਕ ਕਰਕੇ ਆਪ ਦੇ ਸਾਹਮਣੇ ਆਉਣਾ ਸ਼ੁਰੂ ਕਰ ਦਿੱਤਾ।ਲੋਕ ਆ ਕੇ ਬੈਅਤ ਕਰਦੇ ਗਏ।ਆਪ ਉਨ੍ਹਾਂ ਨੂੰ ਅਮਾਨ (ਸ਼ਰਨ) ਦਿੰਦੇ ਰਹੇ ਅਤੇ ਉਨ੍ਹਾਂ ਦੀਆਂ ਕੁਤਾਹੀਆਂ ਮੁਆਫ਼ ਕਰਦੇ ਰਹੇ। ਆਦਮੀਆਂ ਦੀ ਬੈਅਤ ਤੋਂ ਬਾਅਦ ਔਰਤਾਂ ਦੀ ਬੈਅਤ ਸ਼ੁਰੂ ਹੋਈ।ਜਦੋਂ ਅਬੂ ਸੁਫ਼ਿਆਨ ਦੀ ਬੀਵੀ ਹਿੰਦਾ ਭੇਸ ਬਦਲ ਕੇ ਬੈਅਤ ਲਈ ਆਈ ਤਾਂ ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਆਖਿਆ ਕਿ "ਮੈਂ ਤੇਰੇ ਨਾਲ ਇਸ ਸ਼ਰਤ ਉੱਤੇ ਬੈਅਤ ਕਰੂੰਗਾ ਕਿ ਤੂੰ ਰੱਬ ਤੋਂ ਸਿਵਾ ਕਿਸੇ ਹੋਰ ਨੂੰ ਉਸ ਦਾ ਸ਼ਰੀਕ ਨਹੀਂ ਮੰਨੇਗੀ, ਚੋਰੀ ਨਹੀਂ ਕਰੇਂਗੀ"।ਆਪ ਦੀ ਬਾਤ ਸੁਣ ਕੇ ਉਹ ਕਹਿਣ ਲੱਗੀ, "ਜੇ ਮੈਂ ਅਬੂ ਸੁਫ਼ਿਆਨ ਦੇ ਮਾਲ ਵਿੱਚੋਂ ਕੁਝ ਲੈ ਲਵਾਂ ਤਾਂ" ਅਜੇ ਉਸ ਦੇ ਬੋਲ ਅਧੂਰੇ ਹੀ ਸਨ ਕਿ ਉੱਥੇ ਬੈਠਾ ਅਬੂ ਸੁਫ਼ਿਆਨ ਬੋਲ ਪਿਆ, "ਮੇਰੇ ਮਾਲ ਵਿੱਚੋਂ ਜੋ ਕੁਝ ਤੂੰ ਲੈਣਾ ਚਾਹਵੇਂ ਲੈ ਲਵੀਂ, ਮੇਰੀ ਆਗਿਆ ਹੈ"। 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਅਬੂ ਸੁਫ਼ਿਆਨ ਦੀ ਬਾਤ ਸੁਨਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਸਮਝ ਗਏ ਕਿ ਇਹ ਉਸ ਦੀ ਪਤਨੀ ਹਿੰਦਾ ਹੈ।ਉਨ੍ਹਾਂ ਨੇ ਉਸ ਤੋਂ ਪੁੱਛਿਆ "ਤੂੰ ਹਿੰਦਾ ਹੈਂ"।ਹਿੰਦਾ ਨੇ ਹਾਂ ਵਿਚ ਸਿਰ ਹਿਲਾਇਆ ਅਤੇ ਕਹਿਣ ਲੱਗੀ, "ਐ ਅੱਲਾਹ ਦੇ ਨਬੀ ਜੋ ਕੁਝ ਬੀਤ ਚੁੱਕਿਆ ਹੈ ਉਸ ਨੂੰ ਮੁਆਫ਼ ਕਰ ਦਿਉ"।ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਮੁਆਫ਼ ਕਰ ਦਿੱਤਾ।ਇਥੇ ਇਹ ਗੱਲ ਵਰਨਣ ਯੋਗ ਹੈ ਕਿ ਹਿੰਦਾ ਹਜ਼ਰਤ ਮੁਹੰਮਦ (ਸ.) ਦੇ ਸਭ ਤੋਂ ਵੱਡੇ ਦੁਸ਼ਮਣ ਅਬੂ ਸੁਫ਼ਿਆਨ ਦੀ ਪਤਨੀ ਸੀ।ਨਬੁੱਵਤ ਦੇ ਦਿਨਾਂ ਵਿਚ ਇਸ ਨੇ ਹਜ਼ਰਤ ਮੁਹੰਮਦ (ਸ.) ਨੂੰ ਬਹੁਤ ਸਤਾਇਆ ਸੀ।ਉਹਦ ਦੀ ਜੰਗ ਵਿਚ ਇਸ ਨੇ ਹਜ਼ਰਤ ਮੁਹੰਮਦ (ਸ.) ਦੇ ਸ਼ਹੀਦ ਹੋਏ ਚਾਚੇ ਹਜ਼ਰਤ ਹਮਜ਼ਾ (ਰਜ਼ੀ.) ਦੀ ਲਾਸ਼ ਦੇ ਨੱਕ ਅਤੇ ਕੰਨ ਕੱਟ ਲਏ ਸਨ ਅਤੇ ਉਨ੍ਹਾਂ ਦੀ ਛਾਤੀ ਚੀਰ ਕੇ ਉਨ੍ਹਾਂ ਦੇ ਕਲੇਜੇ ਨੂੰ ਕੱਚਾ ਚਬਾਇਆ ਸੀ।ਪਰ ਦੁਨੀਆਂ ਉੱਤੇ ਰਹਿਮਤ ਬਣ ਕੇ ਆਉਣ ਵਾਲੇ ਹਜ਼ਰਤ ਮੁਹੰਮਦ (ਸ.) ਨੇ ਉਸ ਦੀਆਂ ਸਾਰੀਆਂ ਘਿਨਾਉਣੀਆਂ ਹਰਕਤਾਂ ਨੂੰ ਮੁਆਫ਼ ਕਰ ਦਿੱਤਾ। ਮੱਕਾ ਵਿਖੇ ਹਜ਼ਰਤ ਮੁਹੰਮਦ (ਸ.) ਉੱਨੀ ਦਿਨ ਰਹੇ।ਇਨ੍ਹਾਂ ਦਿਨਾਂ ਵਿਚ ਆਪ ਨੇ ਮੱਕੇ ਦੇ ਨੇੜੇ ਤੇੜੇ ਦੇ ਸਾਰੇ ਕਸਬਿਆਂ ਅਤੇ ਕਬੀਲਿਆਂ ਵਿਚ ਸਹਾਬੀਆਂ ਨੂੰ ਭੇਜ ਕੇ ਉੱਥੇ ਸਥਿਤ ਬੁੱਤਾਂ ਨੂੰ ਤੁੜਵਾ ਦਿੱਤਾ।ਆਪ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਬੰਦਾ ਰੱਬ ਅਤੇ ਉਸ ਦੇ ਰਸੂਲ ਉੱਤੇ ਯਕੀਨ ਰੱਖਦਾ ਹੈ ਉਹ ਅਪਣੇ ਘਰ ਵਿਚ ਬੁੱਤ ਨਾ ਰੱਖੇ। ਮੱਕੇ ਦੀ ਜਿੱਤ ਹਜ਼ਰਤ ਮੁਹੰਮਦ (ਸ.) ਦੇ ਜੀਵਨ ਦੀ ਉਹ ਜਿੱਤ ਸੀ ਜਿਹੜੀ ਆਪ ਦੀ ਇਸਲਾਮ ਨੂੰ ਫ਼ੈਲਾਉਣ ਦੇ ਉਸ ਮਕਸਦ ਦੀ ਨੁਮਾਇੰਦਗੀ ਕਰਦੀ ਸੀ ਜਿਹੜਾ ਆਪ ਨੇ ੨੧ ਸਾਲਾਂ ਦੀ ਮੁਸ਼ਕਿਲਾਂ ਭਰੀ ਜ਼ਿੰਦਗੀ ਤੋਂ ਬਾਅਦ ਪ੍ਰਾਪਤ ਕੀਤਾ ਸੀ।ਇਸ ਜਿੱਤ ਤੋਂ ਬਾਅਦ ਅਰਬ ਦੇ ਪੜੌਸੀ ਮੁਲਕਾਂ ਅਤੇ ਕਬੀਲਿਆਂ ਵਿਚ ਉਸੇ ਇਸਲਾਮ ਨੂੰ ਕਬੂਲ ਕਰਨ ਦੀ ਦੌੜ ਲੱਗ ਗਈ ਸੀ ਜਿਸ ਨੂੰ ਉਹ ਹੁਣ ਤੱਕ ਅਣਗੌਲਿਆ ਕਰਦੇ ਆ ਰਹੇ ਸਨ।
94. ਹੁਨੈਨ ਦੀ ਲੜਾਈ
ਹਜ਼ਰਤ ਮੁਹੰਮਦ (ਸ.) ਦੀ ਦਿਆਲੂ ਸ਼ਖ਼ਸ਼ੀਅਤ ਅਤੇ ਮਿੱਠੇ ਬੋਲਾਂ ਸਦਕਾ ਲੋਕ ਧੜਾ-ਧੜ ਮੁਸਲਮਾਨ ਹੋਣ ਲੱਗੇ ਅਤੇ ਦੂਜੇ ਪਾਸੇ ਮੱਕੇ ਉੱਤੇ ਮੁਸਲਮਾਨਾਂ ਦੀ ਜਿੱਤ ਦਾ ਪ੍ਰਭਾਵ ਦੂਜੇ ਕਬੀਲਿਆਂ ਉੱਤੇ ਵੀ ਪਿਆ।ਹੁਣ ਉਨ੍ਹਾਂ ਨੂੰ ਵੀ ਸਮਝ ਆ ਗਈ ਕਿ ਇਸਲਾਮ ਦਾ ਸੱਦਾ ਦੇਣ ਵਾਲਾ ਬਾਦਸ਼ਾਹੀ ਜਾਂ ਦੌਲਤ ਦਾ ਭੁੱਖਾ ਨਹੀਂ ਸਗੋਂ ਰੱਬ ਵੱਲੋਂ ਭੇਜਿਆ ਸੱਚਾ ਪੈਗ਼ੰਬਰ ਹੈ ਅਤੇ ਉਸ ਦਾ ਸੁਨੇਹਾ ਲੋਕਾਂ ਤੱਕ ਪਹੁਚਾਉਣ ਆਇਆ ਹੈ।ਮੱਕੇ ਦੀ ਜਿੱਤ ਦੇ ਤੁਰੰਤ ਬਾਅਦ ਹਰ ਪਾਸਿਉਂ ਵੱਖ ਵੱਖ ਕਬੀਲਿਆਂ ਦੇ ਵਫ਼ਦ ਹਜ਼ਰਤ ਮੁਹੰਮਦ (ਸ.) ਦੇ ਕੋਲ ਆ ਕੇ ਮੁਸਲਮਾਨ ਹੋਣ ਲੱਗੇ।ਪਰ ਜਿਹੜੇ ਕਬੀਲੇ ਇਸਲਾਮ ਦੀ ਇਸ ਚੜ੍ਹਤ ਨੂੰ ਅਪਣੇ ਲਈ ਖ਼ਤਰਾ ਸਮਝਦੇ ਸਨ ਉਨ੍ਹਾਂ ਵਿਚ ਹਵਾਜ਼ਨ ਅਤੇ ਸ਼ਕੀਫ਼ ਕਬੀਲੇ ਸਭ ਤੋਂ ਅੱਗੇ ਸਨ।ਇਹ ਲੜਾਕੂ ਕਬੀਲੇ ਸਮਝਦੇ ਸਨ ਕਿ ਮੱਕੇ ਦੀ ਜਿੱਤ ਪਿੱਛੋਂ ਹੁਣ ਮੁਸਲਮਾਨ ਉਨ੍ਹਾਂ ਉੱਤੇ ਹੀ ਚੜ੍ਹਾਈ ਕਰਨਗੇ।ਉਨ੍ਹਾਂ ਨੇ ਅਪਣੇ ਇਕ ਸਰਦਾਰ ਮਾਲਿਕ ਬਿਨ ਔਫ਼ ਨਜ਼ਰੀ ਨੂੰ ਅਪਣਾ ਰਾਜਾ ਨਿਯੁਕਤ ਕੀਤਾ ਅਤੇ ਭਰਵਾਂ ਇਕੱਠ ਕਰਕੇ ਫ਼ੈਸਲਾ ਕੀਤਾ ਕਿ ਪੂਰੀ ਤਿਆਰੀ ਨਾਲ ਮੁਸਲਮਾਨਾਂ ਉੱਤੇ ਹਮਲਾ ਕਰ ਦਿੱਤਾ ਜਾਵੇ। ਪ੍ਰਸਿੱਧ ਇਤਿਹਾਸਕਾਰ ਇਬਨੇ ਹਿਸ਼ਾਮ ਦਾ ਕਹਿਣਾ ਹੈ ਕਿ ਜਦੋਂ ਮਾਲਿਕ ਬਿਨ ਔਫ਼ ਹਮਲਾ ਕਰਨ ਲਈ ਤੁਰਿਆ ਤਾਂ ਉਸ ਨੇ ਕਬੀਲੇ ਦੀਆਂ ਔਰਤਾਂ ਬੱਚਿਆਂ ਅਤੇ ਪਸ਼ੂਆਂ ਨੂੰ ਵੀ ਨਾਲ ਲੈ ਲਿਆ ਤਾਂ ਜੋ ਜੰਗ ਤੇ ਜਾਣ ਵਾਲੇ ਸਿਪਾਹੀਆਂ ਨੂੰ ਘਰ ਦਾ ਫ਼ਿਕਰ ਨਾ ਰਹੇ ਦੂਜੇ ਉਹ ਜੰਗ ਵਿਚ ਲੜਨ ਲੱਗਿਆਂ ਢਿੱਲ ਨਾ ਵਿਖਾਉਣ ਕਿਉਂ ਜੋ ਹਾਰ ਜਾਣ ਦੀ ਸੂਰਤ ਵਿਚ ਉਨ੍ਹਾਂ ਦੀਆਂ ਔਰਤਾਂ ਅਤੇ ਪਸ਼ੂਆਂ ਵਿੱਚੋਂ ਉਨ੍ਹਾਂ ਦੇ ਹੱਥ ਕੁਝ ਵੀ ਬਾਕੀ ਨਹੀਂ ਰਹਿਣਾ ਸੀ। 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਮੱਕੇ ਅਤੇ ਤਾਇਫ਼ ਦੇ ਵਿਚਕਾਰ ਮੱਕੇ ਤੋਂ ਤਕਰੀਬਨ ਪੰਜਾਹ ਮੀਲ ਦੀ ਦੂਰੀ ਤੇ ਇਕ ਘਾਟੀ ਦਾ ਨਾਂ ਹੁਨੈਨ ਹੈ।ਇਸ ਥਾਂ ਉੱਤੇ ਹਵਾਜ਼ਨ ਅਤੇ ਸਕੀਫ਼ ਦੇ ਵੱਡੇ ਵੱਡੇ ਕਬੀਲੇ ਆਬਾਦ ਸਨ।ਮੁਸਲਮਾਨਾਂ ਦੀ ਚੜ੍ਹਤ ਅਤੇ ਮੱਕੇ ਉੱਤੇ ਕਬਜ਼ੇ ਨੂੰ ਦੇਖ ਕੇ ਇਨ੍ਹਾਂ ਦੋਹਾਂ ਨੇ ਮਿਲ ਕੇ ਮੁਸਲਮਾਨਾਂ ਨਾਲ ਲੜਾਈ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ।ਹਜ਼ਰਤ ਮੁਹੰਮਦ (ਸ.) ਦੀ ਫ਼ੌਜ ਤਾਂ ਪਹਿਲਾਂ ਹੀ ਤਿਆਰ ਹੋ ਕੇ ਮੱਕੇ ਆਈ ਹੋਈ ਸੀ। ਉਨ੍ਹਾਂ ਨੇ ਕੁਝ ਫ਼ੌਜ ਮੱਕੇ ਤੋਂ ਵੀ ਭਰਤੀ ਕੀਤੀ ਅਤੇ ਤਿਆਰੀ ਨੂੰ ਆਖ਼ਰੀ ਸ਼ਕਲ ਦੇਣ ਲੱਗੇ।ਹੁਣ ਆਪ ਦੀ ਫ਼ੌਜ ਵਿਚ ਦਸ ਹਜ਼ਾਰ ਉਹ ਫ਼ੌਜੀ ਸਨ ਜਿਹੜੇ ਆਪ ਦੇ ਨਾਲ ਮੱਕਾ ਫ਼ਤੇਹ ਕਰਨ ਲਈ ਮਦੀਨੇ ਤੋਂ ਆਏ ਸਨ ਅਤੇ ਦੋ ਹਜ਼ਾਰ ਫ਼ੌਜੀ ਉਹ ਸਨ ਜਿਹੜੇ ਮੱਕੇ ਵਿੱਚੋਂ ਰਲੇ ਸਨ।ਕਈ ਕਿਤਾਬਾਂ ਵਿਚ ਕੁਰਆਨ ਦਾ ਹਵਾਲਾ ਦੇ ਕੇ ਲਿਖਿਆ ਮਿਲਦਾ ਹੈ ਕਿ ਮੁਸਲਮਾਨਾਂ ਵੱਲੋਂ ਪਹਿਲੀ ਵਾਰ ਅਜਿਹੀ ਫ਼ੌਜ ਤਿਆਰ ਕੀਤੀ ਗਈ ਸੀ ਅਤੇ ਇਸ ਦੀ ਤਾਕਤ ਭਰੀ ਦਿੱਖ ਨੂੰ ਦੇਖ ਕੇ ਕਈ ਫ਼ੌਜੀ ਘੁਮੰਡ ਵਿਚ ਆ ਕੇ ਬੋਲ ਵੀ ਪਏ ਸਨ ਕਿ ਅੱਜ ਸਾਨੂੰ ਕੌਣ ਹਰਾ ਸਕਦਾ ਹੈ? ਜਦੋਂ ਇਹ ਫ਼ੌਜ ਹੁਨੈਨ ਦੀ ਵਾਦੀ ਵਿਚ ਪਹੁੰਚੀ ਤਾਂ ਘਾਤ ਲਾ ਕੇ ਪਹਾੜ ਉੱਤੇ ਬੈਠੇ ਦੁਸ਼ਮਣ ਦੀ ਫ਼ੌਜ ਦੇ ਸਿਪਾਹੀਆਂ ਨੇ ਦੋਵਾਂ ਪਾਸਿਆਂ ਤੋਂ ਤੀਰਾਂ ਦੀ ਵਰਖਾ ਸ਼ੁਰੂ ਕਰ ਦਿੱਤੀ।ਇਸਲਾਮੀ ਫ਼ੌਜ ਵਿਚ ਮੱਕਾ ਦੇ ਦੋ ਹਜ਼ਾਰ ਅਜਿਹੇ ਫ਼ੌਜੀ ਵੀ ਸ਼ਾਮਿਲ ਸਨ ਜਿਹੜੇ ਅਜੇ ਨਵੇਂ ਨਵੇਂ ਮੁਸਲਮਾਨ ਬਣੇ ਸਨ।ਤੀਰਾਂ ਦੀ ਵਰਖਾ ਨੂੰ ਦੇਖ ਕੇ ਉਹ ਪਿਛਾਂਹ ਵਲ ਭੱਜ ਲਏ ਜਿਸ ਨਾਲ ਸਾਰੀ ਫ਼ੌਜ ਵਿਚ ਹਫ਼ੜਾ-ਦਫ਼ੜੀ ਫ਼ੈਲ ਗਈ ਅਤੇ ਹਜ਼ਰਤ ਮੁਹੰਮਦ (ਸ.) ਕੁਝ ਸਾਥੀਆਂ ਨਾਲ ਖੜ੍ਹੇ ਰਹਿ ਗਏ।ਉਨ੍ਹਾਂ ਨੇ ਉੱਚੀ ਆਵਾਜ਼ ਰੱਖਣ ਵਾਲੇ ਹਜ਼ਰਤ ਅੱਬਾਸ ਨੂੰ ਮੁਸਲਮਾਨਾਂ ਨੂੰ ਰੁਕ ਜਾਣ ਲਈ ਕਿਹਾ।ਇਸ ਆਵਾਜ਼ ਨੂੰ ਸੁਨਣ ਨਾਲ ਭੱਜੇ ਜਾਂਦੇ ਫ਼ੌਜੀ ਰੁਕ ਗਏ।ਇਸ ਲੜਾਈ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਸੂਰਤ ਤੌਬਾ ਦੀ ਆਇਤ ੨੫-੨੬ ਵਿਚ ਆਇਆ ਹੈ।ਜਿੱਥੇ ਰੱਬ ਨੇ ਮੁਸਲਮਾਨਾਂ ਨੂੰ ਘੁਮੰਢ ਵਿਚ ਨਾ ਆਉਣ ਦੀ ਤਾਕੀਦ ਕਰਦਿਆਂ ਕਿਹਾ ਹੈ; "ਹੁਨੈਨ ਦਾ ਦਿਹਾੜਾ ਚੇਤੇ ਕਰੋ ਜਦੋਂ ਤੁਹਾਨੂੰ ਅਪਣੀ ਵੱਧ ਗਿਣਤੀ ਉੱਤੇ ਘੁਮੰਡ ਸੀ ਪਰ ਉਹ ਤੁਹਾਡੇ ਕਿਸੇ ਕੰਮ ਨਾ ਆਈ ਅਤੇ ਧਰਤੀ ਐਨੀ ਵਿਸ਼ਾਲ ਹੁੰਦਿਆਂ ਵੀ ਤੁਹਾਡੇ ਲਈ ਸੌੜੀ ਹੋ ਗਈ।ਤੁਸੀਂ ਪਿੱਠ ਵਿਖਾ ਕੇ ਨੱਸਣ ਲੱਗ ਪਏ।ਫੇਰ ਅੱਲਾਹ ਨੇ ਅਪਣੇ ਪੈਗ਼ੰਬਰ ਅਤੇ ਮੁਸਲਮਾਨਾਂ ਦੇ ਦਿਲਾਂ ਤੇ ਨਿਡਰਤਾ, ਤਸੱਲੀ ਅਤੇ ਧੀਰਜ ਦਾ ਵਰਦਾਨ ਕੀਤਾ ਅਤੇ ਨਾ ਦਿਸਣ ਵਾਲੀਆਂ ਫ਼ੌਜਾਂ ਭੇਜੀਆਂ ਅਤੇ ਕਾਫ਼ਰਾਂ ਨੂੰ ਦੰਡ ਦਿੱਤਾ।ਕਾਫ਼ਰਾਂ ਦੀ ਇਹੀ ਸਜ਼ਾ ਹੈ"। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਭੱਜੇ ਜਾਂਦੇ ਮੁਸਲਮਾਨ ਫ਼ੌਜੀਆਂ ਨੂੰ ਰੋਕਣ ਲਈ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਅੱਬਾਸ ਨੂੰ ਕਿਹਾ ਕਿ ਉਹ ਉੱਚੀ ਆਵਾਜ਼ ਮਾਰ ਕੇ ਇਨ੍ਹਾਂ ਨੂੰ ਰੋਕਣ।ਹਜ਼ਰਤ ਅੱਬਾਸ ਦੀ ਆਵਾਜ਼ ਸੁਣ ਕੇ ਭੱਜੀ ਜਾਂਦੀ ਮੁਸਲਮਾਨ ਫ਼ੌਜ ਰੁਕ ਗਈ ਅਤੇ ਹਜ਼ਰਤ ਮੁਹੰਮਦ (ਸ.) ਦੇ ਜ਼ੋਸ਼ੀਲੇ ਸ਼ੇਅਰ ਸੁਣ ਕੇ ਦੁਸ਼ਮਣਾਂ ਉੱਤੇ ਟੁੱਟ ਪਈ।ਦੁਸ਼ਮਣਾਂ ਦੇ ਪੈਰ ਉਖੜ ਗਏ ਅਤੇ ਉਹ ਜੰਗ ਦੇ ਮੈਦਾਨ ਵਿੱਚੋਂ ਤਿੰਨ ਪਾਸਿਆਂ ਨੂੰ ਭੱਜ ਲਏ।ਇਨ੍ਹਾਂ ਵਿੱਚੋਂ ਇਕ ਗਰੁੱਪ ਨਖ਼ਲਾ ਵੱਲ ਭੱਜ ਲਿਆ ਅਤੇ ਦੂਸਰਾ ਔਤਾਸ ਵੱਲ।ਤੀਸਰਾ ਗਰੁੱਪ ਤਾਇਫ਼ ਵੱਲ ਹੋ ਨਿਕਲਿਆ ਜਿਸ ਦਾ ਮੁਸਲਮਾਨ ਫ਼ੌਜ ਨੇ ਹਜ਼ਰਤ ਮੁਹੰਮਦ (ਸ.) ਦੀ ਸਰਦਾਰੀ ਅਧੀਨ ਪਿੱਛਾ ਕੀਤਾ।ਹਜ਼ਰਤ ਮੁਹੰਮਦ (ਸ.) ਨੇ ਦੂਜੇ ਦੋਹਾਂ ਗਰੁੱਪਾਂ ਦਾ ਪਿੱਛਾ ਕਰਨ ਲਈ ਅਪਣੇ ਸਰਦਾਰਾਂ ਨੂੰ ਭੇਜਿਆ ਜਿਹੜੇ ਦੁਸ਼ਮਣਾਂ ਦਾ ਦੂਰ ਤੱਕ ਪਿੱਛਾ ਕਰਨ ਤੋਂ ਬਾਅਦ ਵਾਪਸ ਪਰਤ ਆਏ। ਕਿਉਂ ਜੋ ਲੜਾਈ ਲਈ ਤੁਰਨ ਤੋਂ ਪਹਿਲਾਂ ਮਾਲਿਕ ਬਿਨ ਔਫ਼ ਔਰਤਾਂ ਅਤੇ ਪਸ਼ੂਆਂ ਨੂੰ ਵੀ ਨਾਲ ਲੈ ਆਇਆ ਸੀ ਇਸ ਲਈ ਜਿੱਤ ਤੋਂ ਬਾਅਦ ਮੁਸਲਮਾਨ ਫ਼ੌਜ ਨੂੰ ਜਿਹੜਾ ਮਾਲੇ-ਗ਼ਨੀਮਤ ਹੱਥ ਆਇਆ ਉਸ ਵਿਚ ਛੇ ਹਜ਼ਾਰ ਕੈਦੀ, ਚੌਬੀ ਹਜ਼ਾਰ ਊਂਠ, ਚਾਲੀ ਹਜ਼ਾਰ ਤੋਂ ਵੱਧ ਬੱਕਰੀਆਂ ਇਕ ਲੱਖ ਚਾਲੀ ਹਜ਼ਾਰ ਦਰਹਮ ਦੇ ਮੁਲ ਦੀ ਚਾਂਦੀ ਸ਼ਾਮਿਲ ਸੀ।ਹਜ਼ਰਤ ਮੁਹੰਮਦ (ਸ.) ਨੇ ਸਾਰਾ ਮਾਲ ਜਮ੍ਹਾ ਕਰਕੇ ਮਸਊਦ ਬਿਨ ਗ਼ੱਫ਼ਾਰੀ ਨੂੰ ਉਸ ਦਾ ਨਿਗਰਾਨ ਨਿਯੁਕਤ ਕੀਤਾ ਅਤੇ ਆਪ ਤਾਇਫ਼ ਵੱਲ ਭੱਜਣ ਵਾਲੀ ਫ਼ੌਜ ਦਾ ਪਿੱਛਾ ਕਰਨ ਲਈ ਚੱਲ ਪਏ। ਇਹ ਫ਼ੌਜ ਤਾਇਫ਼ ਪਹੁੰਚ ਕੇ ਕਿਲ੍ਹੇ ਵਿਚ ਬੰਦ ਹੋ ਗਈ।ਆਪ ਨੇ ਪਿੱਛੇ ਰੁਕ ਕੇ ਪਹਿਲਾਂ ਹਜ਼ਰਤ ਖ਼ਾਲਿਦ ਬਿਨ ਵਲੀਦ ਨੂੰ ਕਿਲ੍ਹੇ ਉੱਤੇ ਹਮਲਾ ਕਰਨ ਲਈ ਭੇਜਿਆ ਅਤੇ ਬਾਅਦ ਵਿਚ ਆਪ ਵੀ ਉੱਥੇ ਪਹੁੰਚ ਕੇ ਕਿਲੇ ਦੀ ਘੇਰਾਬੰਦੀ ਕਰ ਲਈ।ਵੀਹ ਦਿਨ ਤੱਕ ਇਹ ਘੇਰਾ ਜਾਰੀ ਰਿਹਾ।ਆਖ਼ਰ ਇਹ ਸੋਚ ਕੇ ਕਿ ਹੁਣ ਦੁਸ਼ਮਣ ਦੀ ਤਾਕਤ ਖ਼ਤਮ ਹੋ ਚੁਕੀ ਹੈ ਮੁਹੰਮਦ (ਸ.) ਨੇ ਇਸ ਦੁਆ ਨਾਲ ਘੇਰਾ ਚੁੱਕ ਲਿਆ ਕਿ ਰੱਬ ਇਨ੍ਹਾਂ ਨੂੰ ਅਕਲ ਬਖ਼ਸ਼ੇ ਅਤੇ ਮੇਰੇ ਕੋਲ ਭੇਜੇ। ਇਸ ਲੜਾਈ ਵਿਚ ਆਪ ਨੂੰ ਦੁੱਧ ਪਿਲਾਉਣ ਵਾਲੀ ਬੀਬੀ ਹਲੀਮਾ ਦੀ ਪੁਤਰੀ ਆਪ ਦੀ ਰਜਾਈ ਭੈਣ ਬੀਬੀ ਸ਼ੀਮਾ ਵੀ ਕੈਦ ਕਰਕੇ ਆਪ ਦੇ ਸਾਹਮਣੇ ਲਿਆਂਦੀ ਗਈ।ਇਹ ਉਹੀ ਸ਼ੀਮਾਂ ਸੀ ਜਿਹੜੀ ਛੋਟੇ ਹੁੰਦਿਆਂ ਹਜ਼ਰਤ ਮੁਹੰਮਦ (ਸ.) ਨੂੰ ਖਿਡਾਇਆ ਕਰਦੀ ਸੀ।ਜਦੋਂ ਉਹ ਅਪਣਾ ਰਿਸ਼ਤਾ ਦੱਸਣ ਲਈ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਆਈ ਤਾਂ ਮੁਹੰਮਦ (ਸ.) ਨੇ ਉਸ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ।ਪਰ ਜਦੋਂ ਸ਼ੀਮਾਂ ਨੇ ਅਪਣੇ ਮੌਢੇ ਤੋਂ ਕੱਪੜਾ ਪਰ੍ਹਾਂ ਹਟਾ ਕੇ ਹਜ਼ਰਤ ਮੁਹੰਮਦ (ਸ.) ਦੀ ਬਚਪਨ ਵਿਚ ਕਿਸੇ ਗੱਲੋਂ ਖਿਝ ਕੇ ਵੱਢੀ ਦੰਦੀ ਦਾ ਨਿਸ਼ਾਨ ਦਿਖਾਇਆ ਤਾਂ ਉਨ੍ਹਾਂ ਨੂੰ ਇਕ ਦਮ ਬਚਪਨ ਯਾਦ ਆ ਗਿਆ ਅਤੇ ਉਹ ਕਿੰਨਾ ਹੀ ਚਿਰ ਮਨ ਵਿਚ ਯਾਦਾਂ ਦੁਹਰਾਉਂਦੇ ਰਹੇ।ਉਨ੍ਹਾਂ ਨੇ ਮੋਢੇ ਉੱਤੋਂ ਅਪਣੀ ਚਾਦਰ ਲਾਹ ਕੇ ਧਰਤੀ ਉੱਤੇ ਵਿਛਾਈ ਅਤੇ ਵੱਡੀ ਭੈਣ ਸ਼ੀਮਾ ਨੂੰ ਉਸ ਉੱਤੇ ਬਿਠਾਇਆ।ਜਦ ਉਹ ਬੈਠ ਗਈ ਤਾਂ ਕਹਿਣ ਲੱਗੇ ਕਿ ਜੇ ਉਹ ਚਾਹੇ ਤਾਂ ਅਪਣੇ ਭਾਈ ਦੇ ਘਰ ਭੈਣ ਦੇ ਤੌਰ ਤੇ ਰਹਿ ਸਕਦੀ ਹੈ।ਪਰ ਸ਼ੀਮਾ ਨੇ ਵਾਪਸ ਜਾਣ ਨੂੰ ਪਹਿਲ ਦਿੱਤੀ।ਫਿਰ ਆਪ ਨੇ ਭਾਈ ਦੇ ਘਰ ਆਈ ਭੈਣ ਲਈ ਬਹੁਤ ਸਾਰੇ ਤੋਹਫ਼ਿਆਂ ਦਾ ਇੰਤਜ਼ਾਮ ਕੀਤਾ ਜਿਨ੍ਹਾਂ ਵਿਚ ਊਂਠ, ਬੱਕਰੀਆਂ ਅਤੇ ਨਕਦੀ ਵੀ ਸ਼ਾਮਲ ਸੀ।ਆਪ ਨੇ ਅਪਣੀ ਭੈਣ ਨੂੰ ਵਿਦਾ ਕਰਨ ਲੱਗਿਆਂ ਉਸ ਦੀ ਸ਼ਿਫ਼ਾਰਸ਼ ਉੱਤੇ ਉਨ੍ਹਾਂ ਸਾਰੇ ਕੈਦੀਆਂ ਨੂੰ ਵੀ ਆਜ਼ਾਦ ਕਰ ਦਿੱਤਾ ਜਿਹੜੇ ਉਸ ਨਾਲ ਕੈਦ ਹੋ ਕੇ ਆਏ ਸਨ।
95. ਤਬੂਕ ਉੱਤੇ ਚੜ੍ਹਾਈ
ਮੱਕੇ ਉੱਤੇ ਫ਼ਤਹਿ ਪ੍ਰਾਪਤ ਕੀਤਿਆਂ ਨੌ ਮਹੀਨੇ ਲੰਘ ਗਏ ਸਨ।ਸ਼ਾਮ ਦੇ ਕੁਝ ਮੁਸਲਮਾਨ ਵਪਾਰੀ ਜਦੋਂ ਅਪਣਾ ਮਾਲ ਵੇਚਣ ਲਈ ਮਦੀਨੇ ਆਏ ਤਾਂ ਉਨ੍ਹਾਂ ਤੋਂ ਪਤਾ ਚੱਲਿਆ ਕਿ ਰੋਮ ਦਾ ਈਸਾਈ ਬਾਦਸ਼ਾਹ ਅਰਬ ਉੱਤੇ ਚੜ੍ਹਾਈ ਕਰਨ ਦੀਆਂ ਤਿਆਰੀਆਂ ਕਰ ਰਿਹਾ ਹੈ ਅਤੇ ਅਰਬ ਦੇ ਕੁਝ ਈਸਾਈ ਕਬੀਲੇ ਵੀ ਉਸ ਦਾ ਸਾਥ ਦੇਣ ਲਈ ਲੜਾਈ ਦੀ ਤਿਆਰੀ ਕਰ ਰਹੇ ਹਨ।ਜਦੋਂ ਹਜ਼ਰਤ ਮੁਹੰਮਦ (ਸ.) ਤੱਕ ਇਹ ਖ਼ਬਰ ਪਹੁੰਚੀ ਤਾਂ ਆਪ ਨੇ ਸਹਾਬੀਆਂ ਦੀ ਸਲਾਹ ਨਾਲ ਫ਼ੈਸਲਾ ਕੀਤਾ ਕਿ ਰੋਮ ਦੇ ਬਾਦਸ਼ਾਹ ਨੂੰ ਅਰਬ ਵਿਚ ਦਾਖ਼ਲ ਨਾ ਹੋਣ ਦਿੱਤਾ ਜਾਵੇ ਅਤੇ ਸ਼ਾਮ ਵਿਚ ਹੀ ਉਸ ਨਾਲ ਮੁਕਾਬਲਾ ਕੀਤਾ ਜਾਵੇ।ਆਪ ਨੇ ਅਰਬ ਦੇ ਸਾਰੇ ਮੁਸਲਮਾਨ ਕਬੀਲਿਆਂ ਨੂੰ ਹੁਕਮ ਭੇਜਿਆ ਕਿ ਰੋਮ ਦੇ ਕੈਸਰ ਬਾਦਸ਼ਾਹ ਦਾ ਮੁਕਾਬਲਾ ਕਰਨ ਲਈ ਛੇਤੀ ਤੋਂ ਛੇਤੀ ਮਦੀਨੇ ਪੁੱਜੋ ਅਤੇ ਮਦੀਨੇ ਦੇ ਮੁਸਲਮਾਨਾਂ ਨੂੰ ਵੀ ਲੜਾਈ ਦੀ ਤਿਆਰੀ ਕਰਨ ਦਾ ਹੁਕਮ ਦਿੱਤਾ। ਜਦੋਂ ਲੜਾਈ ਦੀਆਂ ਤਿਆਰੀਆਂ ਹੋ ਰਹੀਆਂ ਸਨ ਉਸ ਸਮੇਂ ਮੀਂਹ ਨਾ ਪੈਣ ਕਰਕੇ ਗਰਮੀ ਨਾਲ ਲੋਕਾਂ ਦਾ ਬੁਰਾ ਹਾਲ ਸੀ।ਫ਼ਸਲਾਂ ਪੱਕ ਗਈਆਂ ਸਨ ਅਤੇ ਇਹ ਵੀ ਡਰ ਸੀ ਕਿ ਜੇ ਇਨ੍ਹਾਂ ਦੀ ਸਮੇਂ ਸਿਰ ਕਟਾਈ ਨਾ ਕੀਤੀ ਗਈ ਤਾਂ ਇਹ ਖੜ੍ਹੀਆਂ ਹੀ ਝੜ ਜਾਣਗੀਆਂ।ਕਾਲ ਪੈ ਸਕਦਾ ਹੈ।ਪਰ ਮੁਸਲਮਾਨਾਂ ਲਈ ਮੁਹੰਮਦ (ਸ.) ਦਾ ਹੁਕਮ ਹਰ ਫ਼ਿਕਰ ਤੋਂ ਉੱਤੇ ਸੀ।ਉਨ੍ਹਾਂ ਦਾ ਸੁਨੇਹਾ ਪੁੱਜਦਿਆਂ ਹੀ ਮਦੀਨੇ ਤੋਂ ਬਾਹਰ ਰਹਿੰਦੇ ਅਰਬੀ ਕਬੀਲਿਆਂ ਦੇ ਮੁਸਲਮਾਨ ਮਦੀਨੇ ਪੁਜਣੇ ਸ਼ੁਰੂ ਹੋ ਗਏ।ਦੇਖਦੇ ਹੀ ਦੇਖਦੇ ਕੁਝ ਦਿਨਾਂ ਵਿਚ ਕਬੀਲਿਆਂ ਦੇ ਲੋਕਾਂ ਦੀ ਵੱਡੀ ਫ਼ੌਜ ਤਿਆਰ ਹੋ ਗਈ। ਐਨੇ ਵੱਡੇ ਲਸ਼ਕਰ ਦੀ ਸਵਾਰੀ ਅਤੇ ਜੰਗੀ ਸਾਮਾਨ ਦੀ ਘਾਟ ਨੂੰ ਦੇਖਦਿਆਂ ਹਜ਼ਰਤ ਮੁਹੰਮਦ (ਸ.) ਨੇ ਮਦੀਨੇ ਦੇ ਲੋਕਾਂ ਨੂੰ ਦਿਲ ਖੋਲ੍ਹ ਕੇ ਮਾਲ-ਦੌਲਤ ਅਤੇ ਸਾਮਾਨ ਦਾਨ ਵਜੋਂ ਦੇਣ ਲਈ ਪ੍ਰੇਰਿਆ।ਦੇਖਦੇ ਹੀ ਦੇਖਦੇ ਸਹਾਬੀਆਂ ਨੇ ਸਮਾਨ ਦੇ ਢੇਰ ਲਾ ਦਿੱਤੇ।ਔਰਤਾਂ ਨੇ ਗਹਿਣੇ ਉਤਾਰ ਕੇ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਰੱਖ ਦਿੱਤੇ।ਲੜਾਈ ਲਈ ਸਹਾਇਤਾ ਕਰਨ ਵਾਲਿਆਂ ਦਾ ਜ਼ਿਕਰ ਕਰਦਿਆਂ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ,"ਹਜ਼ਰਤ ਉਸਮਾਨ ਬਿਨ ਅੱਫ਼ਾਨ ਨੇ ਸ਼ਾਮ ਭੇਜਣ ਲਈ ਇਕ ਵਪਾਰਕ ਕਾਫ਼ਲਾ ਤਿਆਰ ਕੀਤਾ ਸੀ ਜਿਸ ਵਿਚ ਦੋ ਸੌ ਊਂਠ ਅਤੇ ਉਨੱਤੀ ਕਿਲੋ ਚਾਂਦੀ ਸੀ।ਉਨ੍ਹਾਂ ਨੇ ਸਾਰੇ ਦਾ ਸਾਰਾ ਮਾਲ ਜੰਗੀ ਖ਼ਰਚ ਲਈ ਦਾਨ ਕਰ ਦਿੱਤਾ।ਇਸ ਤੋਂ ਇਲਾਵਾ ਇਕ ਹਜ਼ਾਰ ਦੀਨਾਰ ਅਤੇ ਸਾਢੇ ਪੰਜ ਕਿਲੋ ਸੋਨਾ ਘਰ ਤੋਂ ਹੋਰ ਲਿਆ ਦਿੱਤਾ।ਜੰਗ ਲਈ ਤੁਰਨ ਦੇ ਦਿਨ ਤੱਕ ਉਨ੍ਹਾਂ ਇਕੱਲਿਆਂ ਨੇ ਐਨੀ ਸਹਾਇਤਾ ਜਮ੍ਹਾਂ ਕਰ ਦਿੱਤੀ ਕਿ ਉਸ ਦੀ ਗਿਣਤੀ ਨਕਦੀ ਤੋਂ ਇਲਾਵਾ ਨੌ ਸੌ ਉਠ ਅਤੇ ਇਕ ਸੌ ਘੌੜੇ ਹੋ ਗਈ"। ਅੱਗੇ ਚੱਲ ਕੇ ਉਹ ਹੋਰ ਲਿਖਦੇ ਹਨ,"ਹਜ਼ਰਤ ਅਬਦੁਰ ਰਹਿਮਾਨ ਬਿਨ ਔਫ਼ ਸਾਢੇ ਉਨੱਤੀ ਕਿਲੋ ਚਾਂਦੀ ਲੈ ਆਏ।ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੇ ਘਰ ਦਾ ਸਾਰਾ ਮਾਲ ਪੇਸ਼ ਕਰ ਦਿੱਤਾ।ਉਨ੍ਹਾਂ ਵੱਲੋਂ ਦਿੱਤੇ ਦਾਨ ਦੀ ਗਿਣਤੀ ਚਾਰ ਹਜ਼ਾਰ ਦਰਹਮ ਸੀ।ਹਜ਼ਰਤ ਉਮਰ (ਰਜ਼ੀ.) ਨੇ ਅਪਣੀ ਅੱਧੀ ਪੁੰਜੀ ਖ਼ੈਰਾਤ ਕਰ ਦਿੱਤੀ। ਹਜ਼ਰਤ ਅਸਾਮਾ ਬਿਨ ਅਦੀ ਸਾਢੇ ਤੇਰਾਂ ਟਨ ਖਜੂਰਾਂ ਲੈ ਆਏ।ਭਾਵ ਹਜ਼ਰਤ ਮੁਹੰਮਦ (ਸ.) ਦੇ ਹਰ ਸਹਾਬੀ ਨੇ ਅਪਣੀ ਹੈਸੀਅਤ ਅਨੁਸਾਰ ਦਾਨ ਦਿੱਤਾ।ਇਸ ਕਾਜ ਵਿਚ ਔਰਤਾਂ ਵੀ ਪਿੱਛੇ ਨਾ ਰਹੀਆਂ, ਉਨ੍ਹਾਂ ਨੇ ਵੀ ਅਪਣੇ ਹਾਰ, ਬਾਜ਼ੂਬੰਦ, ਪਾਜ਼ੇਬਾਂ, ਕੰਨਾਂ ਦੀਆਂ ਬਾਲੀਆਂ ਅਤੇ ਅੰਗੂਠੀਆਂ ਲਾਹ ਕੇ ਹਜ਼ਰਤ ਮੁਹੰਮਦ (ਸ.) ਦੀ ਖ਼ਿਦਮਤ ਵਿਚ ਭੇਜ ਦਿੱਤੀਆਂ।ਸਹਾਬੀਆਂ ਦੀ ਸਹਾਇਤਾ ਨਾਲ ਤਿਆਰ ਕੀਤੀ ਤੀਹ ਹਜ਼ਾਰ ਫ਼ੌਜ ਲੈ ਕੇ ਹਜ਼ਰਤ ਮੁਹੰਮਦ (ਸ.) ਮਦੀਨੇ ਤੋਂ ਚੱਲੇ ਅਤੇ ਸਖ਼ਤ ਗਰਮੀ ਦੇ ਹੁੰਦਿਆਂ ਅਰਬ ਦੇ ਰੇਗਿਸਤਾਨ ਨੂੰ ਪਾਰ ਕਰਕੇ ਤਬੂਕ ਪਹੁੰਚੇ"। ਹਜ਼ਰਤ ਮੁਹੰਮਦ (ਸ.) ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਇਸਾਈ ਹਕੂਮਤ ਰੋਮ ਦੇ ਖ਼ਿਲਾਫ਼ ਕੀਤੀ ਚੜ੍ਹਾਈ ਦਾ ਜ਼ਿਕਰ ਵੱਖ ਵੱਖ ਵਿਦਵਾਨ ਅਪਣੇ ਅਪਣੇ ਹਿਸਾਬ ਨਾਲ ਲਿਖਦੇ ਹਨ।'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਸਫ਼ਾ ੩੧੨ ਉੱਤੇ ਲਿਖਦੇ ਹਨ, "ਰਜਬ ਦੇ ਮਹੀਨੇ ਸਨ ੯ ਹਿਜਰੀ ਨੂੰ ਹਜ਼ਰਤ ਮੁਹੰਮਦ (ਸ.) ਨੇ ਤੀਹ ਹਜ਼ਾਰ ਫ਼ੌਜ ਦੇ ਨਾਲ ਸ਼ਾਮ ਵੱਲ ਚਾਲੇ ਪਾਏ।ਇਸ ਫ਼ੌਜ ਵਿਚ ਦਸ ਹਜ਼ਾਰ ਸਵਾਰ ਸਨ ਅਤੇ ਬਾਕੀ ਪੈਦਲ।ਊਂਠਾਂ ਦੀ ਐਨੀ ਕਮੀ ਸੀ ਕਿ ਇਕ ਇਕ ਊਂਠ ਤਿੰਨ ਤਿੰਨ ਜੰਗਜੂਆਂ ਦੇ ਹਿੱਸੇ ਆਉਂਦਾ ਸੀ ਅਤੇ ਉਹ ਵਾਰੀ ਵਾਰੀ ਇਸ ਤੇ ਸਵਾਰ ਹੋ ਰਹੇ ਸਨ।ਗਰਮੀ ਪੂਰੇ ਜੋਬਨ ਉੱਤੇ ਹੋਣ ਕਰਕੇ ਪਾਣੀ ਦੀ ਕਮੀ ਮਹਿਸੂਸ ਹੋ ਰਹੀ ਸੀ।ਜਿਸ ਸਬਰ ਦਾ ਸਬੂਤ ਮੁਸਲਮਾਨ ਫ਼ੌਜ ਨੇ ਦਿੱਤਾ ਇਸ ਦਾ ਫਲ ਉਸ ਨੂੰ ਸ਼ਾਮ ਪਹੁੰਚਣ ਤੋਂ ਪਹਿਲਾਂ ਹੀ ਮਿਲ ਗਿਆ।ਕਿਉਂਜੋ ਰੋਮ ਦੇ ਕੈਸਰ ਨੇ ਅਪਣੀਆਂ ਫ਼ੌਜਾਂ ਪਹਿਲਾਂ ਹੀ ਸਰਹੱਦ ਤੋਂ ਪਿੱਛੇ ਹਟਾ ਲਈਆਂ ਸਨ।ਇੰਜ ਜਾਪਦਾ ਸੀ ਜਿਵੇਂ ਇਸਾਈਆਂ ਦੀ ਜੰਗੀ ਤਿਆਰੀ ਦੀ ਖ਼ਬਰ ਹੀ ਗ਼ਲਤ ਹੋਵੇ"। ਪਰ ਇਤਿਹਾਸਕਾਰ ਲਿਖਦੇ ਹਨ ਕਿ ਮਦੀਨੇ ਵਿਖੇ ਇਸਾਈਆਂ ਦੀ ਜੰਗੀ ਤਿਆਰੀ ਦੀ ਖ਼ਬਰ ਗ਼ਲਤ ਨਹੀਂ ਸੀ।ਰੋਮ ਦੇ ਕੈਸਰ ਨੇ ਫ਼ੌਜ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ ਪਰ ਹਜ਼ਰਤ ਮੁਹੰਮਦ (ਸ.) ਉਸ ਦੀਆਂ ਤਿਆਰੀਆਂ ਤੋਂ ਪਹਿਲਾਂ ਹੀ ਉਸ ਦੀ ਸਰਹੱਦ ਉੱਤੇ ਜਾ ਪਹੁੰਚੇ।ਕਿਉਂ ਜੋ ਕੈਸਰ ਦੀਆਂ ਫ਼ੌਜਾਂ ਜੰਗ ਲਈ ਪੂਰੀ ਤਿਆਰੀ ਵਿਚ ਨਹੀਂ ਸਨ ਇਸ ਲਈ ਉਨ੍ਹਾਂ ਨੇ ਮੁਕਾਬਲਾ ਕਰਨ ਦੀ ਥਾਂ ਪਿੱਛੇ ਹਟਣਾ ਹੀ ਚੰਗਾ ਸਮਝਿਆ।ਉਂਜ ਵੀ ਮੋਤਾ ਦੀ ਜੰਗ ਵਿਚ ਉਸ ਦੀ ਇਕ ਲੱਖ ਫ਼ੌਜ ਉਸ ਤਿੰਨ ਹਜ਼ਾਰ ਮੁਸਲਮਾਨ ਫ਼ੌਜ ਦਾ ਮੁਕਾਬਲਾ ਕਰਕੇ ਦੇਖ ਚੁੱਕੀ ਸੀ ਜਿਸ ਦੀ ਵਾਗਡੋਰ ਇਕ ਸਹਾਬੀ ਦੇ ਹੱਥ ਸੀ।ਹੁਣ ਤਾਂ ਤੀਹ ਹਜ਼ਾਰ ਫ਼ੌਜ ਸਰਹੱਦ ਉੱਤੇ ਪਹੁੰਚ ਚੁੱਕੀ ਸੀ ਜਿਸ ਦੀ ਵਾਗਡੋਰ ਸਿੱਧੀ ਹਜ਼ਰਤ ਮੁਹੰਮਦ (ਸ.) ਦੇ ਹੱਥ ਵਿਚ ਸੀ। ਮੁਸਲਮਾਨਾਂ ਦੀ ਵੱਡੀ ਫ਼ੌਜ ਨੂੰ ਦੇਖ ਕੇ ਆਪ ਦੇ ਮੁਕਾਬਲੇ ਉੱਤੇ ਕੋਈ ਈਸਾਈ ਫ਼ੌਜ ਨਾ ਆਈ।ਸਿਰਫ਼ ਨੇੜੇ-ਤੇੜੇ ਦੇ ਕਬੀਲਿਆਂ ਦੇ ਕੁਝ ਈਸਾਈ ਹਾਕਮ ਹਾਜ਼ਰ ਹੋਏ ਅਤੇ ਆਪ ਨਾਲ ਅਧੀਨਗੀ ਦਾ ਵਾਅਦਾ ਕਰਕੇ ਅਤੇ ਖ਼ਰਾਜ ਦੇਣਾ ਸਵੀਕਾਰ ਕਰਕੇ ਚਲੇ ਗਏ।ਤਬੂਕ ਦੇ ਨੇੜੇ ਦੀ ਇਕ ਰਿਆਸਤ ਦਾ ਈਸਾਈ ਹਾਕਮ ਅਕੀਦਰ ਰੋਮ ਦੇ ਬਾਦਸ਼ਾਹ ਦਾ ਅਨੁਯਾਈ ਸੀ।ਮੁਹੰਮਦ (ਸ.) ਨੇ ਖ਼ਾਲਿਦ ਬਿਨ ਵਲੀਦ ਨੂੰ ਚਾਰ ਸੌ ਫ਼ੌਜ ਦੇ ਕੇ ਉਸ ਉੱਤੇ ਚੜ੍ਹਾਈ ਕਰਨ ਲਈ ਭੇਜਿਆ। ਮੁਕਾਬਲੇ ਵਿਚ ਮੁਸਲਮਾਨਾਂ ਦੀ ਜਿੱਤ ਹੋਈ ਅਤੇ ਅਕੀਦਰ ਨੂੰ ਗ੍ਰਿਫ਼ਤਾਰ ਕਰਕੇ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਪੇਸ਼ ਕੀਤਾ ਗਿਆ।ਮੁਹੰਮਦ (ਸ.) ਨੇ ਉਸ ਨੂੰ ਕੁਝ ਸ਼ਰਤਾਂ ਤਹਿਤ ਮੁਆਫ਼ੀ ਦੇ ਦਿੱਤੀ ਅਤੇ ਆਪ ਵੀਹ ਦਿਨ ਤੱਕ ਤਬੂਕ ਵਿਚ ਰੁਕਣ ਤੋਂ ਬਾਅਦ ਵਾਪਸ ਮਦੀਨੇ ਆ ਗਏ। ਇਹ ਹਜ਼ਰਤ ਮੁਹੰਮਦ (ਸ.) ਦੇ ਜੀਵਨ ਦੀ ਆਖ਼ਰੀ ਲੜਾਈ ਸੀ ਜਿਸ ਵਿਚ ਉਹ ਆਪ ਸ਼ਾਮਲ ਹੋਏ। ਰੋਮ ਦੀਆਂ ਇਸਾਈ ਫ਼ੌਜਾਂ ਦੇ ਇਸ ਤਰ੍ਹਾਂ ਸਰਹੱਦ ਤੋਂ ਪਿੱਛੇ ਹਟ ਜਾਣ ਨਾਲ ਮੁਸਲਮਾਨਾਂ ਨੂੰ ਜਿਹੜੀ ਇਖ਼ਲਾਕੀ ਫ਼ਤਹਿ ਮਿਲੀ ਹਜ਼ਰਤ ਮੁਹੰਮਦ (ਸ.) ਨੇ ਇਸ ਨੂੰ ਹੀ ਕਾਫ਼ੀ ਸਮਝਦਿਆਂ।ਉਨ੍ਹਾਂ ਨੇ ਤਬੂਕ ਤੋਂ ਬਾਅਦ ਸ਼ਾਮ ਦੀ ਸਰਹੱਦ ਪਾਰ ਕਰਕੇ ਅੱਗੇ ਜਾਣ ਨੂੰ ਚੰਗਾ ਨਾ ਸਮਝਿਆ ਅਤੇ ਇਸ ਫ਼ਤਹਿ ਦਾ ਸਿਆਸੀ ਲਾਹਾ ਲੈਣ ਨੂੰ ਪਹਿਲ ਦਿੱਤੀ।ਆਪ ਨੇ ਉੱਥੇ ਵੀਹ ਦਿਨ ਠਹਿਰਾਉ ਕੀਤਾ ਅਤੇ ਇਸ ਠਹਿਰਾਉ ਦੌਰਾਨ ਸ਼ਾਮ ਦੀਆਂ ਛੋਟੀਆਂ ਛੋਟੀਆਂ ਰਿਆਸਤਾਂ ਜਿਹੜੀਆਂ ਰੋਮ ਦੀ ਹਕੂਮਤ ਦੇ ਅਧੀਨ ਸਨ ਉਨ੍ਹਾਂ ਨੂੰ ਫ਼ੌਜੀ ਦਬਾਉ ਨਾਲ ਅਪਣੇ ਅਧੀਨ ਕਰਕੇ ਖ਼ਰਾਜ ਦੇਣ ਲਈ ਮਜਬੂਰ ਕਰ ਦਿੱਤਾ।ਇਨ੍ਹਾਂ ਰਿਆਸਤਾਂ ਦੇ ਮਦੀਨੇ ਦੀ ਸਰਦਾਰੀ ਮੰਨਣ ਨਾਲ ਇਸਲਾਮੀ ਹਕੂਮਤ ਦੀਆਂ ਸਰਹੱਦਾਂ ਰੋਮ ਦੀਆਂ ਸਰਹੱਦਾਂ ਨਾਲ ਜਾ ਟਕਰਾਈਆਂ। ਜਿਹੜੇ ਕਬੀਲਿਆਂ ਨੂੰ ਰੋਮ ਦਾ ਕੈਸਰ ਮੁਸਲਮਾਨਾਂ ਨਾਲ ਟਕਰਾਉਣ ਲਈ ਵਰਤਦਾ ਆ ਰਿਹਾ ਸੀ ਹੁਣ ਉਹ ਮੁਸਲਮਾਨਾਂ ਦੇ ਸਾਥੀ ਬਣ ਗਏ ਸਨ।ਇਸ ਫ਼ੌਜੀ ਚੜ੍ਹਾਈ ਦਾ ਸਭ ਤੋਂ ਵੱਡਾ ਲਾਭ ਇਹ ਹੋਇਆ ਕਿ ਇਸਲਾਮੀ ਹਕੂਮਤ ਨੂੰ ਰੋਮੀਆਂ ਨਾਲ ਲੰਬੀਆਂ ਲੜਾਈਆਂ ਸ਼ੁਰੂ ਕਰਨ ਤੋਂ ਪਹਿਲਾਂ ਅਰਬ ਦੇ ਪੂਰੇ ਖਿੱਤੇ ਉੱਤੇ ਅਪਣੀ ਹਕੂਮਤ ਮਜ਼ਬੂਤ ਕਰਨ ਦਾ ਮੌਕਾ ਮਿਲ ਗਿਆ। ਤਬੂਕ ਦੀ ਇਸ ਨਾ ਲੜੀ ਜਾਣ ਵਾਲੀ ਜੰਗ ਨੇ ਅਰਬ ਦੇ ਉਨ੍ਹਾਂ ਲੋਕਾਂ ਦੀ ਕਮਰ ਤੋੜ ਕੇ ਰੱਖ ਦਿੱਤੀ ਜਿਹੜੇ ਜਾਹਲੀਅਤ ਦੇ ਦੌਰ ਨੂੰ ਮੁੜ ਬਹਾਲ ਕਰਨ ਦੀ ਉਮੀਦ ਲਾਈ ਬੈਠੇ ਸਨ।ਹੁਣ ਉਨ੍ਹਾਂ ਦੇ ਕੋਲ ਇਸਲਾਮ ਨੂੰ ਸਵੀਕਾਰ ਕਰਨ ਤੋਂ ਬਿਨਾ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ ਸੀ।ਇਨ੍ਹਾਂ ਵਿੱਚੋਂ ਜਿਹੜੇ ਅਜੇ ਵੀ ਦੋਗਲੀ ਨੀਤੀ ਅਪਣਾਉਂਦੇ ਆ ਰਹੇ ਸਨ ਉਨ੍ਹਾਂ ਦੀਆਂ ਅਗਲੀਆਂ ਨਸਲਾਂ ਇਸਲਾਮ ਵਿਚ ਪੂਰੀਆਂ ਦੀਆਂ ਪੂਰੀਆਂ ਜਜ਼ਬ ਹੋ ਗਈਆਂ ਸਨ।
96. ਜਜ਼ੀਆ ਟੈਕਸ
ਮਾਲ ਅਤੇ ਦੌਲਤ ਬਾਰੇ ਇਸਲਾਮ ਦਾ ਬੁਨਿਆਦੀ ਅਸੂਲ ਹੈ ਕਿ ਦੌਲਤ ਦਾ ਵਹਾਉ ਅਮੀਰ ਵਿਅਕਤੀਆਂ ਤੋਂ ਗ਼ਰੀਬ ਵਿਅਕਤੀਆਂ ਵੱਲ ਹੁੰਦਾ ਰਹੇ ਤਾਂ ਜੋ ਸਮਾਜ ਵਿਚ ਬਰਾਬਰਤਾ ਆਵੇ ਅਤੇ ਕੋਈ ਇਨਸਾਨ ਭੁੱਖਾ ਨਾ ਰਹੇ।ਇਸ ਵੰਡ ਨੂੰ ਸਹੀ ਰੱਖਣ ਲਈ ਇਸਲਾਮ ਵਿਚ ਕਈ ਕਿਸਮ ਦੇ ਸਦਕੇ ਲਾਜ਼ਮੀ ਕੀਤੇ ਗਏ ਹਨ ਜਿਨ੍ਹਾਂ ਵਿਚ ਸਭ ਤੋਂ ਵੱਧ ਅਤੇ ਜ਼ਰੂਰੀ ਜ਼ਕਾਤ ਹੈ।ਜ਼ਕਾਤ ਦੀ ਮਿਕਦਾਰ ਹਰ ਦੌਲਤਮੰਦ ਮੁਸਲਮਾਨ ਉੱਤੇ ਢਾਈ ਪ੍ਰਤੀਸ਼ਤ ਸਾਲਾਨਾ ਹੁੰਦੀ ਹੈ। ਇਸ ਮਾਮਲੇ ਵਿਚ ਇਸਲਾਮ ਵਿਚ ਬੜੀ ਖੁਲ੍ਹ-ਦਿਲੀ ਮਿਲਦੀ ਹੈ।ਜਿਹੜੇ ਮੁਸਲਮਾਨ ਜ਼ਕਾਨ ਦੇਣ ਦੇ ਫ਼ਰਜ਼ ਨੂੰ ਕਬੂਲ ਕਰਨ ਤੋਂ ਇਨਕਾਰ ਕਰਦੇ ਹਨ ਉਨ੍ਹਾਂ ਦੇ ਖ਼ਿਲਾਫ਼ ਕੋਈ ਬਦਲਾ ਲਊ ਕਾਰਰਵਾਈ ਨਹੀਂ ਕੀਤੀ ਜਾਂਦੀ ਸਗੋਂ ਇਸਲਾਮ ਉਨ੍ਹਾਂ ਨੂੰ ਵੀ ਇਨਸਾਨੀ ਬਰਾਦਰੀ ਦਾ ਮੈਂਬਰ ਹੋਣ ਦੇ ਨਾਤੇ ਕਾਨੂੰਨੀ ਆਜ਼ਾਦੀ ਨੂੰ ਬਹਾਲ ਰੱਖਦਿਆਂ ਉਨ੍ਹਾਂ ਲਈ ਉਹ ਸਾਰੀਆਂ ਸਮਾਜੀ ਅਤੇ ਸ਼ਹਿਰੀ ਸਹੂਲਤਾਂ ਬਹਾਲ ਰੱਖਦਾ ਹੈ ਜਿਹੜੀਆਂ ਜ਼ੁਕਾਤ ਦੇਣ ਵਾਲਿਆਂ ਨੂੰ ਮਿਲਦੀਆਂ ਹਨ।ਇਸ ਤੋਂ ਇਲਾਵਾ ਅਜਿਹੇ ਲੋਕਾਂ ਨੂੰ ਕਿਸੇ ਦੂਸਰੇ ਮੁਲਕ ਨਾਲ ਜੰਗ ਹੋਣ ਦੀ ਸੂਰਤ ਵਿਚ ਫ਼ੌਜੀ ਡਿਉਟੀ ਤੋਂ ਵੱਖ ਰੱਖਿਆ ਜਾਂਦਾ ਹੈ ਭਾਵ ਉਨ੍ਹਾਂ ਨੂੰ ਫ਼ੌਜੀ ਡਿਉਟੀ ਨਹੀਂ ਦੇਣੀ ਪੈਂਦੀ। ਜਜ਼ੀਆ ਕੀ ਹੈ ਇਸ ਬਾਰੇ 'ਕਿਤਾਬੁਲ ਖ਼ਰਾਜ' ਵਿਚ ਸਫ਼ਾ ੭੦ ਉੱਤੇ ਕਾਜ਼ੀ ਅਬੂ ਯੂਸਫ਼ ਲਿਖਦੇ ਹਨ ਇਸਲਾਮੀ ਹਕੂਮਤ ਦੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਮੁਸਲਮਾਨ ਅਪਣੇ ਅਕੀਦੇ ਅਨੁਸਾਰ ਜ਼ਕਾਤ ਅਤੇ ਦੂਸਰੇ ਸਦਕੇ ਅਦਾ ਕਰਦੇ ਹਨ।ਉਨ੍ਹਾਂ ਦੇ ਮੁਕਾਬਲੇ ਵਿਚ ਦੂਸਰੇ ਧਰਮਾਂ ਦੇ ਬੰਦੇ ਜਿਹੜੇ ਮੁਸਲਮਾਨਾਂ ਦੇ ਬਰਾਬਰ ਸ਼ਹਿਰੀ ਸਹੂਲਤਾਂ ਦਾ ਲਾਹਾ ਲੈਂਦੇ ਹਨ ਉਨ੍ਹਾਂ ਉੱਤੇ ਜ਼ਕਾਤ ਦੀ ਅਦਾਇਗੀ ਲਾਗੂ ਨਹੀਂ ਹੁੰਦੀ।ਉਨ੍ਹਾਂ ਸ਼ਹਿਰੀਆਂ ਉੱਤੇ ਇਕ ਟੈਕਸ ਲਾਗੂ ਕੀਤਾ ਜਾਂਦਾ ਹੈ ਜਿਸ ਨੂੰ ਜਜ਼ੀਆ ਕਿਹਾ ਜਾਂਦਾ ਹੈ।ਜਿਹੜਾ ਗ਼ੈਰ ਮੁਸਲਮਾਨ ਦਸ ਹਜ਼ਾਰ ਦਰਹਮ ਦਾ ਮਾਲਕ ਹੋਵੇ ਉਸ ਨੂੰ ੪੮ ਦਰਹਮ ਸਾਲਾਨਾ ਜਜ਼ੀਆ ਟੈਕਸ ਦੇਣਾ ਪੈਂਦਾ ਹੈ। ਹਿੰਦੁਸਤਾਨੀ ਭਾਸ਼ਾ ਵਿਚ ਅਸੀਂ ਕਹਿ ਸਕਦੇ ਹਾਂ ਕਿ ਦਸ ਹਜ਼ਾਰ ਰੁਪਈਆਂ ਉੱਤੇ ੪੮ ਰੁਪਈਏ।ਜੇ ਉਸ ਕੋਲ ਦਸ ਹਜ਼ਾਰ ਰੁਪਈਏ ਤੋਂ ਵੱਧ ਦਾ ਮਾਲ ਵੀ ਹੋਵੇ ਤਦ ਵੀ ਉਸ ਨੂੰ ੪੮ ਰੁਪਈਏ ਹੀ ਦੇਣੇ ਪੈਣਗੇ ਵਾਧਾ ਨਹੀਂ ਹੋਵੇਗਾ।ਜਜ਼ੀਏ ਟੈਕਸ ਤੋਂ ਔਰਤਾਂ, ਬੁੱਢੇ, ਬੱਚੇ, ਗ਼ਰੀਬ, ਅਪਾਹਜ, ਸਰਕਾਰੀ ਮੁਲਾਜ਼ਮ ਅਤੇ ਧਾਰਮਿਕ ਪ੍ਰੋਹਿਤਾਂ ਨੂੰ ਮੁਕਤ ਰੱਖਿਆ ਜਾਂਦਾ ਹੈ।ਜੰਗ ਵਿਚ ਮੁਸਲਮਾਨ ਫ਼ੌਜ ਨਾਲ ਰਲ ਕੇ ਡਿਉਟੀ ਦੇਣ ਵਾਲੇ ਗ਼ੈਰ ਮੁਸਲਮਾਨਾਂ ਨੂੰ ਵੀ ਜਜ਼ੀਆ ਨਹੀਂ ਦੇਣਾ ਪੈਂਦਾ। ਇਸ ਦੇ ਮੁਕਾਬਲੇ ਜੇ ਇਕ ਮੁਸਲਮਾਨ ਦਸ ਹਜ਼ਾਰ ਦਰਹਮ ਦਾ ਮਾਲਕ ਹੈ ਤਾਂ ਉਸ ਨੂੰ ਢਾਈ ਪ੍ਰਤੀਸ਼ਤ ਭਾਵ ਢਾਈ ਸੌ ਦਰਹਮ ਸਾਲਾਨਾ ਜ਼ਕਾਤ ਦੇਣੀ ਪਵੇਗੀ। ਭਾਵ ਹਿੰਦੁਸਤਾਨੀ ਕਰੰਸੀ ਵਿਚ ਦਸ ਹਜ਼ਾਰ ਰੁਪਈਏ ਉੱਤੇ ਢਾਈ ਸੌ ਰੁਪਈਏ।ਜੇ ਉਸ ਕੋਲ ਦਸ ਹਜ਼ਾਰ ਤੋਂ ਵੱਧ ਹੈ ਤਾਂ ਉਸ ਨੂੰ ਉਸ ਦੇ ਹਿਸਾਬ ਨਾਲ ਹੀ ਜ਼ਕਾਤ ਦੇਣੀ ਪਵੇਗੀ।ਭਾਵ ਜੇ ਉਸ ਦੇ ਕੋਲ ਇਕ ਲੱਖ ਰੁਪਈਆ ਹੈ ਤਾਂ ਉਸ ਨੂੰ ਢਾਈ ਹਜ਼ਾਰ ਰੁਪਈਆ ਦੇਣਾ ਪਵੇਗਾ। ਸੋਚਣ ਵਾਲੀ ਗੱਲ ਇਹ ਹੈ ਕਿ ਕੀ ਗ਼ੈਰ ਮੁਸਲਮਾਨਾਂ ਉੱਤੇ ਲੱਗਿਆ ਟੈਕਸ ਮੁਸਲਮਾਨਾਂ ਤੋਂ ਵੱਧ ਹੈ ਜਾਂ ਘੱਟ।
97. ਕਬੀਲਿਆਂ ਦਾ ਮੁਸਲਮਾਨ ਬਨਣਾ
ਇਤਿਹਾਸ ਪੜ੍ਹਦਿਆਂ ਪਤਾ ਲਗਦਾ ਹੈ ਕਿ ਧਰਮ ਪ੍ਰੀਵਰਤਨ ਦੇ ਦੋ ਮੁੱਖ ਕਾਰਨ ਹੁੰਦੇ ਹਨ।ਜਿਨ੍ਹਾਂ ਵਿੱਚੋਂ ਪਹਿਲਾ ਕਾਰਨ ਨਵੇਂ ਧਰਮ ਦੀਆਂ ਚੰਗਿਆਈਆਂ ਹੁੰਦੀਆਂ ਹਨ।ਅਰਬ ਵਿਚ ਇਸਲਾਮ ਦੇ ਆ ਜਾਣ ਨਾਲ ਸਭ ਤੋਂ ਪਹਿਲਾਂ ਉਹ ਲੋਕ ਮੁਸਲਮਾਨ ਹੋਏ ਜਿਹੜੇ ਹਜ਼ਰਤ ਮੁਹੰਮਦ (ਸ.) ਦੇ ਨੇੜਲੇ ਸਾਥੀ ਸਨ ਕਿਉਂ ਜੋ ਉਹ ਹਜ਼ਰਤ ਮੁਹੰਮਦ (ਸ.) ਦੀ ਸ਼ਖ਼ਸ਼ੀਅਤ ਤੋਂ ਵੀ ਵਾਕਿਫ਼ ਸਨ ਅਤੇ ਉਨ੍ਹਾਂ ਦੇ ਨੇੜੇ ਰਹਿਣ ਕਰਕੇ ਇਸਲਾਮ ਦੀਆਂ ਸੱਚਾਈਆਂ ਨੂੰ ਵੀ ਛੇਤੀ ਪਛਾਣ ਗਏ ਸਨ। ਧਰਮ ਪ੍ਰੀਵਰਤਨ ਦਾ ਦੂਜਾ ਕਾਰਨ ਲੋਭ, ਲਾਲਚ, ਡਰ ਅਤੇ ਮਤਲਬ-ਪ੍ਰਸਤੀਆਂ ਹੁੰਦੀਆਂ ਹਨ।ਜਿੰਨਾਂ ਚਿਰ ਕੋਈ ਧਰਮ ਕਮਜ਼ੋਰ ਹੁੰਦਾ ਹੈ ਉਨ੍ਹੀ ਦੇਰ ਤੱਕ ਉਸ ਨੂੰ ਦਬਾਇਆ ਜਾਂਦਾ ਹੈ ਪਰ ਜਦੋਂ ਉਹ ਤਾਕਤ ਫੜ ਜਾਂਦਾ ਹੈ ਅਤੇ ਉਸ ਨੂੰ ਸਰਕਾਰੀ ਸਰਪ੍ਰਸਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਸਰਕਾਰੀ ਦਰਬਾਰ ਵਿਚ ਉੱਚੀਆਂ ਪਦਵੀਆਂ ਪ੍ਰਾਪਤ ਕਰਨ ਲਈ, ਦੁਸ਼ਮਣੀ ਰੱਖਣ ਵਾਲੇ ਲੋਕ ਵੀ ਇਸ ਧਰਮ ਪ੍ਰਤੀ ਮੁਹਾਂਦਰਾ ਬਦਲ ਲੈਂਦੇ ਹਨ।ਇਹੋ ਕੁਝ ਇਸਲਾਮ ਨਾਲ ਹੋਇਆ।ਇਸ ਦੇ ਤਾਕਤ ਫੜਦਿਆਂ ਹੀ ਅਰਬ ਦੇ ਸਾਰੇ ਕਬੀਲਿਆਂ ਨੇ ਇਸ ਪਾਸੇ ਵਲ ਮੁਹਾਰਾਂ ਮੋੜ ਲਈਆਂ।ਇਹ ਝੂਠ ਹੈ ਕਿ ਤਲਵਾਰ ਦੇ ਜ਼ੋਰ ਨਾਲ ਧਰਮ ਪ੍ਰੀਵਰਤਨ ਕਰਵਾਇਆ ਜਾ ਸਕਦਾ ਹੈ। ਹੁਨੈਨ ਉੱਤੇ ਮੁਸਲਮਾਨਾਂ ਦੀ ਜਿੱਤ ਤੋਂ ਬਾਅਦ ਅਤੇ ਖ਼ਾਨਾ ਕਾਅਬਾ ਉੱਤੇ ਇਸਲਾਮੀ ਝੰਡਾ ਲਹਿਰਾਉਣ ਤੋਂ ਬਾਅਦ ਸਾਰੇ ਅਰਬ ਉੱਤੇ ਇਸਲਾਮ ਦਾ ਰੋਅਬ ਛਾ ਗਿਆ ਸੀ।ਇਕ ਇਕ ਕਰਕੇ ਅਰਬ ਦੇ ਸਾਰੇ ਕਬੀਲਿਆਂ ਨੇ ਇਸਲਾਮ ਦੇ ਅੱਗੇ ਸਿਰ ਝੁਕਾਉਣਾ ਸ਼ੁਰੂ ਕਰ ਦਿੱਤਾ।ਸਨ ੯ ਹਿਜਰੀ ਵਿਚ ਅਰਬ ਦੇ ਕਬੀਲਿਆਂ ਦੇ ਐਨੇ ਡੈਲੀਗੇਟ ਇਸਲਾਮ ਕਬੂਲ ਕਰਨ ਅਤੇ ਹਜ਼ਰਤ ਮੁਹੰਮਦ (ਸ.) ਦੀ ਅਧੀਨਗੀ ਸਵੀਕਾਰ ਕਰਨ ਲਈ ਆਏ ਕਿ ਇਸ ਸਾਲ ਦਾ ਨਾਂ ਹੀ 'ਆਮੁਲ ਵਫ਼ੂਦ' ਭਾਵ ਡੈਲੀਗੇਟਾਂ ਦਾ ਸਾਲ ਪੈ ਗਿਆ। ਯਹੂਦੀ ਜਿਹੜੇ ਇਸਲਾਮ ਕਬੂਲ ਕਰਨਾ ਨਹੀਂ ਸਨ ਚਾਹੁੰਦੇ ਉਨ੍ਹਾਂ ਲਈ ਵੀ ਅਰਬ ਵਿਚ ਰਹਿਣ ਲਈ ਇਸਲਾਮ ਕਬੂਲ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਨਾ ਰਿਹਾ।ਜਦੋਂ ਸਾਰੇ ਅਰਬ ਉੱਤੇ ਹਜ਼ਰਤ ਮੁਹੰਮਦ (ਸ.) ਦੀ ਹਕੂਮਤ ਕਾਇਮ ਹੋ ਗਈ ਤਾਂ ਆਪ ਨੇ ਹਰ ਇਲਾਕੇ ਉੱਤੇ ਅਪਣੇ ਹਾਕਮ ਨਿਯੁਕਤ ਕੀਤੇ।ਹਾਕਮਾਂ ਦੀ ਨਿਯੁਕਤੀ ਤੋਂ ਬਾਅਦ ਆਪ ਨੇ ਸਖ਼ਤੀ ਨਾਲ ਬੁਰਾਈਆਂ ਨੂੰ ਖ਼ਤਮ ਕਰਨ ਲਈ ਇਸਲਾਮੀ ਕਾਨੂੰਨ ਲਾਗੂ ਕਰਨ ਦਾ ਹੁਕਮ ਦਿੱਤਾ।
98. ਆਖ਼ਰੀ ਹੱਜ
ਹੱਜ ਸਨ ੬ ਹਿਜਰੀ ਵਿਚ ਮੁਸਲਮਾਨਾਂ ਉੱਤੇ ਫ਼ਰਜ਼ ਹੋਇਆ ਪਰ ਕਈ ਥਾਵਾਂ ਉੱਤੇ ਸਨ ੯ ਹਿਜਰੀ ਵਿਚ ਫ਼ਰਜ਼ ਹੋਇਆ ਲਿਖਿਆ ਮਿਲਦਾ ਹੈ।ਵਰਨਣ ਯੋਗ ਹੈ ਕਿ ਜਦੋਂ ਵੀ ਕੋਈ ਇਸਲਾਮੀ ਹੁਕਮਨਾਮਾ ਮੁਸਲਮਾਨਾਂ ਉੱਤੇ ਫ਼ਰਜ਼ ਹੋਇਆ ਤਾਂ ਸਭ ਤੋਂ ਪਹਿਲਾਂ ਉਸ ਉੱਤੇ ਹਜ਼ਰਤ ਮੁਹੰਮਦ (ਸ.) ਨੇ ਆਪ ਅਮਲ ਕੀਤਾ ਅਤੇ ਉਸ ਤੋਂ ਬਾਅਦ ਅਪਣੇ ਪੈਰੋਕਾਰਾਂ ਨੂੰ ਅਮਲ ਕਰਨ ਲਈ ਪ੍ਰੇਰਿਆ। ਨਮਾਜ਼ ਫ਼ਰਜ਼ ਹੋਈ ਤਾਂ ਸਭ ਤੋਂ ਪਹਿਲਾਂ ਆਪ ਨੇ ਪੜ੍ਹੀ ਅਤੇ ਫੇਰ ਲੋਕਾਂ ਨੂੰ ਪੜ੍ਹਨ ਲਈ ਆਖਿਆ।ਰੋਜ਼ਾ ਫ਼ਰਜ਼ ਹੋਇਆ ਤਾਂ ਸਭ ਤੋਂ ਪਹਿਲਾਂ ਆਪ ਨੇ ਰੋਜ਼ਾ ਰੱਖਿਆ।ਪਰ ਜਦੋਂ ਹੱਜ ਫ਼ਰਜ਼ ਹੋਇਆ ਤਾਂ ਆਪ ਸਭ ਤੋਂ ਪਹਿਲਾਂ ਹੱਜ ਕਰਨ ਲਈ ਨਹੀਂ ਗਏ। ਆਪ ਸਭ ਤੋਂ ਪਹਿਲੇ ਹਾਜੀ ਕਿਉਂ ਨਹੀਂ ਬਣੇ ਇਸ ਦਾ ਜ਼ਿਕਰ ਕਰਦਿਆਂ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਲਿਖਦੇ ਹਨ,"ਮੱਕਾ ਜਿੱਥੇ ਹੱਜ ਕਰਨ ਜਾਣਾ ਸੀ ਅਜੇ ਤੱਕ ਇਸਲਾਮੀ ਕਾਨੂੰਨ ਦੀ ਅਧੀਨਗੀ ਵਿਚ ਨਹੀਂ ਆਇਆ ਸੀ।ਭਾਵੇਂ ਸਨ ੮ ਹਿਜਰੀ ਵਿਚ ਮੱਕਾ ਫ਼ਤਹਿ ਹੋ ਗਿਆ ਸੀ ਪਰ ਅਜੇ ਤੱਕ ਸ਼ਿਰਕ ਤੋਂ ਪੂਰੀ ਤਰ੍ਹਾਂ ਪਾਕ ਨਹੀਂ ਹੋਇਆ ਸੀ"। ਸਨ ੯ ਹਿਜਰੀ ਵਿਚ ਆਪ ਨੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਹਾਜੀਆਂ ਦਾ ਅਮੀਰ ਬਣਾ ਕੇ ਹੱਜ ਕਰਨ ਲਈ ਭੇਜਿਆ।ਆਪ ਨੇ ਹਜ਼ਰਤ ਅਬੂ ਬਕਰ (ਰਜ਼ੀ.) ਨੂੰ ਇਹ ਐਲਾਨ ਕਰਨ ਦਾ ਵੀ ਹੁਕਮ ਦਿੱਤਾ ਕਿ ਅਗਲੇ ਸਾਲ ਤੋਂ ਕੋਈ ਵੀ ਮੁਸ਼ਰਿਕ ਹਰਮ ਸ਼ਰੀਫ਼ ਦੀ ਹੱਦ ਵਿਚ ਦਾਖ਼ਲ ਨਹੀਂ ਹੋਵੇਗਾ।ਖ਼ਾਨਾ ਕਾਅਬਾ ਵਿਚ ਨੰਗੇ ਹੋ ਕੇ ਤਵਾਫ਼ ਨਹੀਂ ਕੀਤਾ ਜਾਵੇਗਾ।ਅਗਲੇ ਸਾਲ ੧੦ ਹਿਜਰੀ ਨੂੰ ਆਪ ਹੱਜ ਲਈ ਗਏ।ਇਸ ਤਰ੍ਹਾਂ ਸਨ ੯ ਹਿਜਰੀ ਨੂੰ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਹੱਜ ਕਰਨ ਲਈ ਭੇਜਣਾ ਇਕ ਤਰ੍ਹਾਂ ਨਾਲ ਹੱਜ ਕਰਨ ਦੇ ਤਰੀਕੇ ਦੀ ਭੂਮਿਕਾ ਸੀ।ਸਨ ੧੦ ਹਿਜਰੀ ਵਿਚ ਜਿਹੜਾ ਪਹਿਲਾ ਹੱਜ ਆਪ ਨੇ ਕੀਤਾ ਉਹ ਆਪ ਦਾ ਆਖ਼ਰੀ ਹੱਜ ਵੀ ਸੀ। ਮੱਕਾ ਛੱਡ ਕੇ ਮਦੀਨੇ ਜਾਣ ਤੋਂ ਨੌ ਸਾਲ ਬਾਅਦ ਸਨ ੧੦ ਹਿਜਰੀ ਨੂੰ ਹਜ਼ਰਤ ਮੁਹੰਮਦ (ਸ.) ਨੇ ਆਪ ਹੱਜ ਲਈ ਮੱਕੇ ਜਾਣ ਦਾ ਐਲਾਨ ਕੀਤਾ।ਉਨ੍ਹਾਂ ਦੇ ਐਲਾਨ ਨੂੰ ਸੁਣਦਿਆਂ ਹੀ ਅਰਬ ਦੇ ਕੋਨੇ ਕੋਨੇ ਤੋਂ ਮੁਸਲਮਾਨ ਮਦੀਨੇ ਪੁੱਜਣੇ ਸ਼ੁਰੂ ਹੋ ਗਏ।ਇਨ੍ਹਾਂ ਮੁਸਲਮਾਨਾਂ ਵਿਚ ਦੂਰ-ਦਰਾਜ਼ ਤੋਂ ਆਉਣ ਵਾਲੇ ਬਹੁਤ ਸਾਰੇ ਅਜਿਹੇ ਲੋਕ ਵੀ ਸਨ ਜਿਨ੍ਹਾਂ ਨੇ ਅਜੇ ਤੱਕ ਆਪ ਨੂੰ ਦੇਖਿਆ ਵੀ ਨਹੀਂ ਸੀ।ਹਰ ਮੁਸਲਮਾਨ ਦੀ ਦਿਲੀ ਚਾਹਤ ਸੀ ਕਿ ਉਹ ਆਪ ਦੀ ਸੰਗਤ ਵਿਚ ਹੱਜ ਕਰਨ ਲਈ ਜਾਵੇ।ਸਨ ਦਸ ਹਿਜਰੀ ਵਿਚ ਆਪ ਮੁਸਲਮਾਨਾਂ ਨੂੰ ਨਾਲ ਲੈ ਕੇ ਮਦੀਨੇ ਤੋਂ ਚੱਲੇ ਅਤੇ ਛੇ ਮੀਲ ਦੇ ਫ਼ਾਸਲੇ ਤੇ ਜ਼ੁਲਹਲੀਫ਼ਾ ਦੇ ਸਥਾਨ ਤੇ ਰਾਤ ਗੁਜ਼ਾਰੀ।ਹੱਜ ਕਰਨ ਲਈ ਆਪ ਦੇ ਨਾਲ ਜਾਣ ਵਾਲੇ ਮੁਸਲਮਾਨਾਂ ਦੀ ਗਿਣਤੀ ਇਕ ਤੋਂ ਡੇਢ ਲੱਖ ਦੇ ਵਿਚਕਾਰ ਕਹੀ ਜਾਂਦੀ ਹੈ।ਮਸ਼ਹੂਰ ਸਹਾਬੀ ਹਜ਼ਰਤ ਜਾਬਰ ਬਿਨ ਅਬਦੁੱਲਾ ਨੇ ਆਪ ਦੇ ਕਾਫ਼ਲੇ ਦਾ ਅੱਖੀਂ ਡਿੱਠਾ ਹਾਲ ਲਿਖਿਆ ਹੈ ਜਿਸ ਨੂੰ ਸਭ ਤੋਂ ਵੱਧ ਪ੍ਰਮਾਣਿਤ ਮੰਨਿਆ ਜਾਂਦਾ ਹੈ। ਇੱਥੇ ਹਜ਼ਰਤ ਜਾਬਰ ਬਿਨ ਅਬਦੁੱਲਾ ਬਾਰੇ ਵੀ ਦੱਸਣਾ ਜ਼ਰੂਰੀ ਹੈ।ਹਜ਼ਰਤ ਜਾਬਰ ਦੇ ਪਿਤਾ ਹਜ਼ਰਤ ਅਬਦੁੱਲਾ ਅਕਬਾ ਦੀ ਬੈਅਤ ਸਮੇਂ ਮਦੀਨੇ ਵਾਲਿਆਂ ਦੇ ਵਫ਼ਦ ਵਿਚ ਮੌਜੂਦ ਸਨ।ਉਨ੍ਹਾਂ ਦੇ ਪੁੱਤਰ ਹਜ਼ਰਤ ਜਾਬਰ ਨੂੰ ਹਦੀਸ ਲਿਖਣ ਵਾਲੇ ਮੁੱਖ ਲਿਖਾਰੀਆਂ ਵਿਚ ਗਿਣਿਆ ਜਾਂਦਾ ਹੈ।ਉਹ ਮਸਜਿਦ ਨਬਵੀ ਵਿਚ ਪੜ੍ਹਾਇਆ ਕਰਦੇ ਹਨ।ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਦੇ ਨੇੜੇ ਰਹਿਣ ਦਾ ਬਹੁਤ ਸਮਾਂ ਮਿਲਦਾ ਰਹਿੰਦਾ ਸੀ।ਇਸ ਲਈ ਉਨ੍ਹਾਂ ਦੇ ਨਾਂ ਨਾਲ ਦੋ ਹਜ਼ਾਰ ਪੰਜ ਸੌ ਚਾਲੀ ਹਦੀਸਾਂ ਜੁੜੀਆਂ ਹੋਈਆਂ ਹਨ ਜਿਹੜੀਆਂ ਉਨ੍ਹਾਂ ਨੇ ਜਮ੍ਹਾ ਕੀਤੀਆਂ।ਆਖ਼ਰੀ ਉਮਰ ਵਿਚ ਉਨ੍ਹਾਂ ਦੀਆਂ ਅੱਖਾਂ ਦੀ ਨਿਗਾਹ ਜਾਂਦੀ ਰਹੀ ਸੀ।ਉਨ੍ਹਾਂ ਦੀ ਵਫ਼ਾਤ ਸਨ ੭੦ ਹਿਜਰੀ ਤੋਂ ਬਾਅਦ ਹੋਈ।ਕਿਉਂ ਜੋ ਉਹ ਉਸ ਸਮੇਂ ਦੇ ਇਸਲਾਮੀ ਖ਼ਲੀਫ਼ਾ ਹੱਜਾਜ ਬਿਨ ਯੂਸਫ਼ ਦੇ ਕੰਮਾਂ ਨੂੰ ਚੰਗਾ ਨਹੀਂ ਸਮਝਦੇ ਸਨ ਇਸ ਲਈ ਮਰਨ ਤੋਂ ਪਹਿਲਾਂ ਉਨ੍ਹਾਂ ਨੇ ਵਸੀਅਤ ਕੀਤੀ ਸੀ ਕਿ ਖ਼ਲੀਫ਼ਾ ਹੱਜਾਜ ਬਿਨ ਯੂਸਫ਼ ਉਸ ਦੇ ਜਨਾਜ਼ੇ ਦੀ ਨਮਾਜ਼ ਨਾ ਪੜ੍ਹਾਵੇ।ਮਸਜਿਦ ਨਬਵੀ ਵਿਚ ਉਸਤਾਦ ਵਜੋਂ ਪੜ੍ਹਾਉਂਦਿਆਂ ਹੋਣ ਕਰਕੇ ਜਿਹੜੀਆਂ ਹਦੀਸਾਂ ਉਨ੍ਹਾਂ ਨੇ ਲਿਖੀਆਂ ਉਹ ਇਸਲਾਮੀ ਅਦਬ ਦਾ ਸਰਮਾਇਆ ਕਹੀਆਂ ਜਾਂਦੀਆਂ ਹਨ। ਹਜ਼ਰਤ ਮੁਹੰਮਦ (ਸ.) ਦੇ ਹੱਜ ਲਈ ਤੁਰਨ ਬਾਰੇ ਜਾਬਰ ਬਿਨ ਅਬਦੁੱਲਾ ਲਿਖਦੇ ਹਨ,"ਹਜ਼ਰਤ ਮੁਹੰਮਦ (ਸ.) ਮਦੀਨਾ ਵਿਖੇ ਨੌ ਸਾਲ ਰਹੇ ਪਰ ਹੱਜ ਨਹੀਂ ਕੀਤਾ।ਦਸਵੇਂ ਸਾਲ ਆਪ ਨੇ ਐਲਾਨ ਕੀਤਾ ਕਿ ਉਹ ਹੱਜ ਲਈ ਜਾ ਰਹੇ ਹਨ ਜਿਸ ਨੂੰ ਸੁਣ ਕੇ ਅਣਗਿਣਤ ਲੋਕ ਉਨ੍ਹਾਂ ਦੇ ਨਾਲ ਜਾਣ ਲਈ ਮਦੀਨੇ ਪਹੁੰਚਣੇ ਸ਼ੁਰੂ ਹੋ ਗਏ। ਉਹ ਲਿਖਦੇ ਹਨ ਕਿ ਮੈਂ ਵੀ ਮੁਹੰਮਦ (ਸ.) ਨਾਲ ਹੱਜ ਲਈ ਰਵਾਨਾ ਹੋਇਆ।ਅਸੀਂ ਜ਼ੁਲਹਲੀਫ਼ਾ ਪਹੁੰਚੇ ਜਿੱਥੇ ਹਜ਼ਰਤ ਅਬੂ ਬਕਰ (ਰਜ਼ੀ.) ਦੀ ਪਤਨੀ ਅਸਮਾ ਪੁਤਰੀ ਉਮੈਸ ਦੇ ਘਰ ਠਹਿਰੇ।ਜਦੋਂ ਮੁਹੰਮਦ (ਸ.) ਨੂੰ ਪੁੱਛਿਆ ਗਿਆ ਕਿ ਹੁਣ ਕੀ ਕਰਨਾ ਹੈ ਤਾਂ ਉਨ੍ਹਾਂ ਨੇ ਦੱਸਿਆ ਕਿ ਗ਼ੁਸਲ (ਨਹਾਉਣਾ) ਕਰਕੇ ਅਹਿਰਾਮ ਪਹਿਣ ਲਵੋ।ਜ਼ੁਲਹਲੀਫ਼ਾ ਦੀ ਮਸੀਤ ਵਿਚ ਆਪ ਨੇ ਨਮਾਜ਼ ਪੜ੍ਹਾਈ ਅਤੇ ਅਪਣੀ ਊਂਠਣੀ "ਕਸਵਾ" ਉੱਤੇ ਬੈਠ ਕੇ ਊਚੀ ਆਵਾਜ਼ ਵਿਚ ਆਖਿਆ, "ਐ ਅੱਲਾਹ ! ਅਸੀਂ ਤੁਹਾਡੇ ਸਾਮ੍ਹਣੇ ਹਾਜ਼ਰ ਹਾਂ, ਹਾਜ਼ਰ ਹਾਂ।ਐ ਅੱਲਾਹ ਤੇਰਾ ਕੋਈ ਸ਼ਰੀਕ ਨਹੀਂ।ਸਾਰੀਆਂ ਤਾਰੀਫ਼ਾਂ ਤੇਰੇ ਵਾਸਤੇ ਹੀ ਹਨ।ਮੁਲਕ ਤੇਰਾ ਹੈ ਨੇਅਮਤਾਂ ਤੇਰੀਆਂ ਹਨ।ਤੇਰਾ ਕੋਈ ਸ਼ਰੀਕ ਨਹੀਂ ਹੈ"। ਰਸਤੇ ਵਿਚ ਚਲਦੇ ਚਲਦੇ ਹੋਰ ਲੋਕ ਵੀ ਆਪ ਦੇ ਕਾਫ਼ਲੇ ਵਿਚ ਮਿਲਦੇ ਗਏ।ਮੱਕਾ ਪਹੁੰਚਦੇ ਪਹੁੰਚਦੇ ਲੋਕਾਂ ਦਾ ਐਨਾ ਵੱਡਾ ਇਕੱਠ ਹੋ ਗਿਆ ਸੀ ਕਿ ਜਿਸ ਪਾਸੇ ਵੀ ਨਜ਼ਰ ਜਾਂਦੀ ਸੀ ਲੋਕਾਂ ਦੇ ਸਿਰ ਹੀ ਸਿਰ ਨਜ਼ਰ ਆਉਂਦੇ ਸਨ।ਨੌ ਦਿਨ ਬਾਅਦ ਖ਼ਾਨਾ ਕਾਅਬਾ ਨੂੰ ਦੇਖਦਿਆਂ ਹੀ ਊਂਠਣੀ ਉੱਤੋਂ ਥੱਲੇ ਉਤਰ ਕੇ ਆਖਣ ਲੱਗੇ, "ਐ ਅੱਲਾਹ! ਇਸ ਘਰ ਨੂੰ ਇੱਜ਼ਤ ਅਤੇ ਬਜ਼ੁਰਗੀ ਅਤਾ ਕਰ"। ਜਦੋਂ ਅਸੀਂ ਬੈਤੁੱਲਾ ਸ਼ਰੀਫ਼ ਪਹੁੰਚੇ ਤਾਂ ਆਪ ਨੇ ਹਜਰੇ ਅਸਵਦ ਨੂੰ ਚੁੰਮਿਆ ਅਤੇ ਤਵਾਫ਼ ਦੇ ਸੱਤ ਚੱਕਰ ਲਾਏ।ਇਸ ਤੋਂ ਬਾਅਦ ਆਪ ਮੁਕਾਮੇ ਇਬਰਾਹੀਮ ਪਹੁੰਚੇ ਅਤੇ ਦੋ ਰਕਾਅਤ ਨਮਾਜ਼ ਅਦਾ ਕੀਤੀ।ਹਜਰੇ ਅਸਵਦ ਨੂੰ ਦੁਬਾਰਾ ਚੁੰਮਣ ਤੋਂ ਬਾਅਦ ਆਪ ਬਾਬੇ ਸਫ਼ਾ ਤੋਂ ਨਿਕਲ ਕੇ ਬਾਬੇ ਜਬਲ ਵੱਲ ਆਏ ਜਿੱਥੇ ਆਪ ਨੇ ਕੁਝ ਆਇਤਾਂ ਦੀ ਤਿਲਾਵਤ ਕੀਤੀ।ਇਸ ਤੋਂ ਬਾਅਦ ਮੁਕਾਮੇ ਇਬਰਾਹੀਮ ਦੇ ਸਥਾਨ ਤੇ ਦੋ ਰਕਾਅਤ ਨਮਾਜ਼ ਪੜ੍ਹੀ ਅਤੇ 'ਸਫ਼ਾ' ਦੀ ਪਹਾੜੀ ਉੱਤੇ ਚੜ੍ਹ ਕੇ ਹਾਜੀਆਂ ਨੂੰ ਸੰਬੋਧਨ ਕਰਨ ਲੱਗੇ। ਆਪ ਨੇ ਫ਼ਰਮਾਇਆ, "ਅੱਲਾਹ ਤੋਂ ਬਿਨਾ ਕੋਈ ਹੋਰ ਇਬਾਦਤ ਦੇ ਕਾਬਲ ਨਹੀਂ।ਉਸ ਦਾ ਕੋਈ ਸ਼ਰੀਕ ਨਹੀਂ।ਉਸ ਦੀ ਹੀ ਬਾਦਸ਼ਾਹੀ ਹੈ ਅਤੇ ਸਾਰੀਆਂ ਤਾਰੀਫ਼ਾਂ ਉਸ ਦੇ ਵਾਸਤੇ ਹੀ ਹਨ।ਉਹ ਹੀ ਮਾਰਦਾ ਹੈ ਅਤੇ ਉਹ ਹੀ ਜਿਉਂਦਾ ਕਰਦਾ ਹੈ।ਉਹ ਹਰ ਚੀਜ਼ ਤੋਂ ਉੱਤਮ ਹੈ।ਉਸ ਤੋਂ ਬਿਨਾ ਹੋਰ ਕੋਈ ਇਬਾਦਤ ਦੇ ਯੋਗ ਨਹੀਂ।ਉਸ ਨੇ ਅਪਣਾ ਵਾਅਦਾ ਪੂਰਾ ਕੀਤਾ।ਅਪਣੇ ਬੰਦੇ (ਹਜ਼ਰਤ ਮੁਹੰਮਦ) ਦੀ ਸਹਾਇਤਾ ਕੀਤੀ ਅਤੇ ਸਾਰੇ ਜਥਿਆਂ ਨੂੰ ਤੋੜ ਦਿੱਤਾ"। ਫੇਰ ਆਪ ਸਫ਼ਾ ਨਾਂ ਦੀ ਪਹਾੜੀ ਉੱਤੇ ਚੜ੍ਹ ਗਏ ਅਤੇ ਬੈਤੁੱਲਾਹ ਸ਼ਰੀਫ਼ ਵੱਲ ਤੱਕ ਕੇ ਰੱਬ ਦੀ ਵਡਿਆਈ ਵਿਚ ਕੁਝ ਆਇਤਾਂ ਪੜ੍ਹੀਆਂ।ਫੇਰ ਆਪ ਸਫ਼ਾ ਦੀ ਪਹਾੜੀ ਤੋਂ ਥੱਲੇ ਉਤਰੇ ਅਤੇ ਤੇਜ਼ੀ ਨਾਲ ਚਲਦੇ ਹੋਏ ਮਰਵਾ ਦੀ ਪਹਾੜੀ ਉੱਤੇ ਪਹੁੰਚੇ।ਇਸ ਤਰ੍ਹਾਂ ਸਫ਼ਾ ਅਤੇ ਮਰਵਾ ਦੀਆਂ ਪਹਾੜੀਆਂ ਵਿਚਕਾਰ ਆਪ ਨੇ ਸੱਤ ਚੱਕਰ ਕੱਟੇ।ਇੱਥੇ ਹੀ ਹਜ਼ਰਤ ਅਲੀ (ਰਜ਼ੀ.) ਵੀ, ਜਿਹੜੇ ਯਮਨ ਗਏ ਹੋਏ ਸਨ ਆਪ ਦੇ ਨਾਲ ਆ ਮਿਲੇ।
99. ਆਖ਼ਰੀ ਭਾਸ਼ਨ
ਅੱਠ ਜ਼ਿੱਲ-ਹਿੱਜਾ (ਇਸਲਾਮੀ ਮਹੀਨੇ ਦਾ ਨਾਂ) ਨੂੰ ਵੀਰਵਾਰ ਦੇ ਦਿਨ ਮੁਹੰਮਦ (ਸ.) ਹੱਜ ਕਰਨ ਆਏ ਸਾਰੇ ਮੁਸਲਮਾਨਾਂ ਦੇ ਨਾਲ ਮਿਨਾ ਦੇ ਮੈਦਾਨ ਵਿਚ ਪਹੁੰਚੇ।ਅਗਲੇ ਦਿਨ ਸ਼ੁਕਰਵਾਰ ਨੂੰ ਸਵੇਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਸਾਰੇ ਹਾਜੀ ਅਰਫ਼ਾਤ ਦੇ ਮੈਦਾਨ ਵਿਚ ਜਮ੍ਹਾ ਹੋਏ ਜਿਨ੍ਹਾਂ ਦੀ ਗਿਣਤੀ ਡੇਢ ਲੱਖ ਦੇ ਕਰੀਬ ਦੱਸੀ ਜਾਦੀਂ ਹੈ।ਦੁਪਹਿਰ ਦੀ ਨਮਾਜ਼ ਪੜ੍ਹਨ ਤੋਂ ਬਾਅਦ ਆਪ ਉਠਣੀ ਉੱਤੇ ਸਵਾਰ ਹੋਏ ਅਤੇ ਹੱਜ ਦਾ ਉਹ ਤਾਰੀਖ਼ੀ ਭਾਸ਼ਨ ਦਿੱਤਾ ਜਿਸ ਦਾ ਹਰ ਸ਼ਬਦ ਇਨਸਾਨਾਂ ਨੂੰ ਕਿਆਮਤ ਤੱਕ ਹਦਾਇਤ ਅਤੇ ਭਲਾਈ ਕਰਨ ਦਾ ਤਰੀਕਾ ਸਿਖਾਉਂਦਾ ਰਹੇਗਾ। ਹਜ਼ਰਤ ਮੁਹੰਮਦ (ਸ.) ਨੇ ਹੱਜ ਕਰਨ ਆਏ ਲੋਕਾਂ ਨੂੰ ਭਾਸ਼ਣ ਦਿੰਦਿਆਂ ਆਖਿਆ, "ਐ ਲੋਕੋ! ਮੇਰੀਆਂ ਗੱਲਾਂ ਧਿਆਨ ਨਾਲ ਸੁਣੋ।ਸ਼ਾਇਦ ਮੈਂ ਇਸ ਥਾਂ ਉੱਤੇ ਫੇਰ ਕਦੇ ਤੁਹਾਨੂੰ ਨਾ ਮਿਲ ਸਕਾਂ"। "ਲੋਕੋ ! ਜਿਸ ਤਰ੍ਹਾਂ ਤੁਸੀਂ ਹੱਜ ਦੇ ਇਸ ਦਿਨ, ਇਸ ਮਹੀਨੇ ਅਤੇ ਇਸ ਸਥਾਨ ਦੀ ਇੱਜ਼ਤ ਕਰਦੇ ਹੋ ਉਸੇ ਤਰ੍ਹਾਂ ਇਕ ਦੂਸਰੇ ਦੇ ਮਾਲ, ਜਾਨ ਅਤੇ ਆਬਰੂ ਦੀ ਇੱਜ਼ਤ ਕਰੋ।ਦੂਜਿਆਂ ਦੇ ਮਾਲ ਨੂੰ ਅਪਣੇ ਉੱਤੇ ਹਰਾਮ ਸਮਝੋ।ਅੱਲਾਹ ਤੁਹਾਡੇ ਹਰ ਇਕ ਕੰਮ ਦਾ ਹਿਸਾਬ ਲਵੇਗਾ।ਖ਼ਬਰਦਾਰ, ਮੇਰੇ ਪਿੱਛੋਂ ਸੱਚਾਈ ਦੇ ਰਸਤੇ ਉੱਤੋਂ ਇਸ ਤਰ੍ਹਾਂ ਭਟਕ ਨਾ ਜਾਈਉ ਕਿ ਇਕ ਦੂਸਰੇ ਦਾ ਖ਼ੂਨ ਵਹਾਉਣ ਲੱਗ ਜਾਵੋ।ਔਰਤਾਂ ਦੇ ਨਾਲ ਨਰਮੀ ਅਤੇ ਸ਼ਫ਼ਕਤ (ਹਮਦਰਦੀ) ਨਾਲ ਪੇਸ਼ ਆਈਉ। ਗ਼ੁਲਾਮਾਂ ਦੇ ਨਾਲ ਚੰਗਾ ਸਲੂਕ ਕਰੀਉ।ਜਿਹੜਾ ਕੁਝ ਤੁਸੀਂ ਆਪ ਖਾਵੋ ਉਹੋ ਕੁਝ ਉਨ੍ਹਾਂ ਨੂੰ ਖਵਾਈਉ।ਜਿਹੋ ਜਿਹਾ ਆਪ ਪਹਿਨੋ ਉਹੋ ਜਿਹਾ ਹੀ ਉਨ੍ਹਾਂ ਨੂੰ ਪਹਿਣਾਉਣਾ ਅਤੇ ਉਨ੍ਹਾਂ ਤੋਂ ਜੇ ਕੋਈ ਗ਼ਲਤੀ ਹੋ ਜਾਵੇ ਤਾਂ ਮੁਆਫ਼ ਕਰ ਦਈਉ। ਹਰ ਮੁਸਲਮਾਨ ਦੂਸਰੇ ਮੁਸਲਮਾਨ ਦਾ ਭਾਈ ਹੈ ਅਤੇ ਸਾਰੇ ਮੁਸਲਮਾਨ ਆਪਸ ਵਿਚ ਭਾਈ ਭਾਈ ਹਨ"। ਆਪ ਨੇ ਆਖਿਆ, "ਯਾਦ ਰੱਖੋ 'ਅਰਬ' ਦਾ ਰਹਿਣ ਵਾਲਾ 'ਅਜਮ' ਦੇ ਰਹਿਣ ਵਾਲੇ ਤੋਂ ਅਤੇ 'ਅਜਮ' ਦਾ ਰਹਿਣ ਵਾਲਾ 'ਅਰਬ' ਦੇ ਰਹਿਣ ਵਾਲੇ ਤੋਂ ਵੱਡਾ ਨਹੀਂ ਅਤੇ ਨਾ ਹੀ ਕੋਈ ਗੋਰਾ ਕਿਸੇ ਕਾਲੇ ਤੋਂ ਅਤੇ ਕੋਈ ਕਾਲਾ ਕਿਸੇ ਗੋਰੇ ਤੋਂ ਵਧੀਆ ਹੈ।ਸਾਰੇ ਬੰਦੇ ਆਦਮ ਦੀ ਸੰਤਾਨ ਹਨ ਜਿਸ ਨੂੰ ਮਿੱਟੀ ਤੋਂ ਬਣਾਇਆ ਗਿਆ ਸੀ।ਤੁਹਾਡੇ ਵਿੱਚੋਂ ਸਭ ਤੋਂ ਵੱਧ ਇੱਜ਼ਤ ਵਾਲਾ ਉਹ ਬੰਦਾ ਹੈ ਜਿਹੜਾ ਰੱਬ ਤੋਂ ਵੱਧ ਡਰਨ ਵਾਲਾ ਅਤੇ ਪਰਹੇਜ਼ਗਾਰ ਹੈ।ਰੱਬ ਨੇ ਜਾਹਲੀਅਤ ਦੀਆਂ ਸਾਰੀਆਂ ਰਸਮਾਂ ਨੂੰ ਮੇਰੇ ਰਾਹੀਂ ਮਿਟਾ ਦਿੱਤਾ ਹੈ।ਉਹ ਸਾਰੇ ਖ਼ੂਨ ਜਿਹੜੇ ਜਾਹਲੀਅਤ ਦੇ ਜ਼ਮਾਨੇ ਵਿਚ ਹੋਏ ਸਨ ਅੱਜ ਉਨ੍ਹਾਂ ਦਾ ਬਦਲਾ ਖ਼ਤਮ ਕੀਤਾ ਜਾਂਦਾ ਹੈ।ਸਭ ਤੋਂ ਪਹਿਲਾਂ ਮੈਂ ਅਪਣੇ ਖ਼ਾਨਦਾਨ ਦੇ ਮਰਨ ਵਾਲੇ ਰਬੀਆ ਪੁੱਤਰ ਹਾਰਸ ਦਾ ਖ਼ੂਨ ਮੁਆਫ਼ ਕਰਦਾ ਹਾਂ।ਅੱਜ ਤੋਂ ਸੂਦ ਦੀਆਂ ਰਕਮਾਂ ਮਿਟਾਈਆਂ ਜਾਂਦੀਆਂ ਹਨ।ਮੇਰੇ ਖ਼ਾਨਦਾਨ ਨੇ ਲੋਕਾਂ ਤੋਂ ਜਿਹੜਾ ਸੂਦ ਲੈਣਾ ਹੈ ਸਭ ਤੋਂ ਪਹਿਲਾਂ ਮੈਂ ਉਸ ਨੂੰ ਮਿਟਾਉਂਦਾ ਹਾਂ।ਐ ਲੋਕੋ ! ਮੈਂ ਤੁਹਾਡੇ ਵਿਚਕਾਰ ਅੱਲਾਹ ਦੀ ਕਿਤਾਬ ਛੱਡ ਕੇ ਜਾ ਰਿਹਾ ਹਾਂ ਜੇ ਤੁਸੀਂ ਇਸ ਉੱਤੇ ਅਮਲ ਕਰੋਗੇ ਤਾਂ ਕਦੇ ਵੀ ਕੁਰਾਹੇ ਨਹੀਂ ਪਵੋਗੇ।ਲ਼ੋਕੋ ! ਜਿਹੜਾ ਕੰਮ ਕਰੋ ਸੱਚੇ ਦਿਲ ਦੇ ਨਾਲ ਕਰੋ।ਇਕ ਦੂਜੇ ਦਾ ਭਲਾ ਸੋਚੋ।ਆਪਸ ਵਿਚ ਮੇਲ-ਜੋਲ ਅਤੇ ਇਤਫ਼ਾਕ ਰੱਖੋ"। ਭਾਸ਼ਨ ਖ਼ਤਮ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਲੋਕਾਂ ਦੇ ਇਕੱਠ ਨੂੰ ਪੁੱਛਿਆ, "ਜਦੋਂ ਰੱਬ ਤੁਹਾਡੇ ਤੋਂ ਮੇਰੇ ਬਾਰੇ ਪੁੱਛੇਗਾ ਤਾਂ ਤੁਸੀਂ ਕੀ ਜਵਾਬ ਦਵੋਗੇ"? ਸਾਰਾ ਇਕੱਠ ਇਕਸਾਰ ਆਵਾਜ਼ ਵਿਚ ਬੋਲਿਆ, "ਅਸੀਂ ਕਹਾਂਗੇ ਕਿ ਆਪ ਨੇ ਰੱਬ ਦਾ ਪੈਗ਼ਾਮ ਸਾਡੇ ਤਾਈ ਪੁਚਾ ਦਿੱਤਾ ਹੈ ਅਤੇ ਅਪਣਾ ਫ਼ਰਜ਼ ਅਦਾ ਕਰ ਦਿੱਤਾ ਹੈ"।ਲੋਕਾਂ ਦਾ ਜਵਾਬ ਸੁਨਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਅਸਮਾਨ ਵੱਲ ਉਂਗਲ ਚੁੱਕੀ ਅਤੇ ਤਿੰਨ ਵਾਰ ਆਖਿਆ, "ਐ ਅੱਲਾਹ! ਗਵਾਹ ਰਹਿਣਾ"। ਇਸ ਤੋਂ ਬਾਅਦ ਆਪ ਨੇ ਲੋਕਾਂ ਨੂੰ ਸੰਬੋਧਤ ਕਰਕੇ ਆਖਿਆ, "ਜਿਹੜੇ ਲੋਕ ਇੱਥੇ ਮੌਜੂਦ ਹਨ ਉਹ ਉਨ੍ਹਾਂ ਤੱਕ ਮੇਰਾ ਸੁਨੇਹਾ ਪਹੁੰਚਾ ਦੇਣ ਜਿਹੜੇ ਇੱਥੇ ਮੌਜੂਦ ਨਹੀਂ ਹਨ"। ਭਾਸ਼ਣ ਖ਼ਤਮ ਕਰਨ ਤੋਂ ਬਾਅਦ ਆਪ ਮਿਨਾ ਦੇ ਮੈਦਾਨ ਵਿਚ ਗਏ ਅਤੇ ਅਪਣੇ ਹੱਥ ਨਾਲ ਕਰੁਬਾਨੀਆਂ ਕੀਤੀਆਂ।ਆਪ ਨੇ ਹਰ ਕੁਰਬਾਨੀ ਵਿੱਚੋਂ ਕੁਝ ਗੋਸ਼ਤ ਲਿਆ।ਉਸ ਨੂੰ ਪਕਾ ਕੇ ਖਾਧਾ ਅਤੇ ਸ਼ੋਰਵਾ ਪੀਤਾ। ਕੁਰਬਾਨੀ ਤੋਂ ਵਿਹਲੇ ਹੋ ਕੇ ਆਪ ਬੈਤੁੱਲਾ ਸ਼ਰੀਫ਼ ਚਲੇ ਗਏ, ਜਿੱਥੇ ਆਪ ਨੇ ਖ਼ਾਨੇ ਕਾਅਬੇ ਦਾ ਤਵਾਫ਼ ਕੀਤਾ ਅਤੇ ਜ਼ੋਹਰ ਦੀ ਨਮਾਜ਼ ਪੜ੍ਹੀ। ਇੱਥੋਂ ਵਿਹਲੇ ਹੋ ਕੇ ਆਪ ਜ਼ਮਜ਼ਮ ਦੇ ਚਸ਼ਮੇ ਉੱਤੇ ਗਏ ਜਿੱਥੇ ਬਨੀ ਅਬਦੁਲ ਮੁਤਲਿਬ ਦੇ ਖ਼ਾਨਦਾਨ ਨਾਲ ਸਬੰਧਤ ਲੋਕ ਜ਼ਮਜ਼ਮ ਪਿਲਾ ਰਹੇ ਸਨ। ਆਪ ਹੇ ਉਨ੍ਹਾਂ ਨੂੰ ਆਖ਼ਿਆ,"ਐ ਬਨੀ ਅਬਦੁਲ ਮੁਤਲਿਬ!ਪਾਣੀ ਕੱਢੋ"।ਆਪ ਨੇ ਇਹ ਵੀ ਕਿਹਾ, "ਜੇ ਮੈਨੂੰ ਇਹ ਡਰ ਨਾ ਹੁੰਦਾ ਕਿ ਮੇਰੇ ਏਥੇ ਹੋਣ ਨਾਲ ਲੋਕ ਭੀੜ ਕਰ ਲੈਣਗੇ ਤਾਂ ਮੈਂ ਵੀ ਤੁਹਾਡੇ ਨਾਲ ਮਿਲ ਕੇ ਪਾਣੀ ਪਿਲਾਉਂਦਾ"।ਆਪ ਦੇ ਲਈ ਇਕ ਡੋਲ ਪਾਣੀ ਕੱਢਿਆ ਗਿਆ ਜਿਸ ਵਿੱਚੋਂ ਆਪ ਨੇ ਕੁਝ ਪਾਣੀ ਪੀਤਾ। ਹੱਜ ਦੇ ਸਾਰੇ ਹੁਕਮ ਪੂਰੇ ਕਰਨ ਤੋਂ ਬਾਅਦ ਆਪ ਮਦੀਨੇ ਚਲੇ ਗਏ।
100. ਆਖ਼ਰੀ ਫ਼ੌਜੀ ਮੁਹਿੰਮ
ਰੋਮ ਦੀ ਇਸਾਈ ਹਕੂਮਤ ਅਤੇ ਉਸ ਦੇ ਨੇੜੇ ਤੇੜੇ ਵਸਦੇ ਯਹੂਦੀ ਨਹੀਂ ਸਨ ਚਾਹੁੰਦੇ ਕਿ ਉਹ ਇਸਲਾਮੀ ਹਕੂਮਤ ਦੀ ਹੋਂਦ ਨੂੰ ਸਵੀਕਾਰ ਕਰਨ।ਇਸ ਲਈ ਉਹ ਇਸ ਦੇ ਖ਼ਾਤਮੇ ਲਈ ਭੰਨਾ-ਘੜਤਾਂ ਵਿਚ ਲੱਗੇ ਰਹਿੰਦੇ ਸਨ।ਉਹ ਇਹ ਵੀ ਨਹੀਂ ਸਨ ਚਾਹੁੰਦੇ ਕਿ ਉਨ੍ਹਾਂ ਦੇ ਕਬਜ਼ੇ ਹੇਠਲੇ ਇਲਕਿਆਂ ਵਿਚ ਰਹਿਣ ਵਾਲਾ ਕੋਈ ਬੰਦਾ ਇਸਲਾਮ ਦਾ ਪੈਰੋਕਾਰ ਬਣੇ।ਮੁਸਲਮਾਨ ਹੋਣ ਵਾਲਿਆਂ ਉੱਤੇ ਉਹ ਸਖ਼ਤੀਆਂ ਵਰਤਦੇ ਸਨ। ਰੋਮੀਆਂ ਦੇ ਇਸਲਾਮ ਵਿਰੋਧੀ ਘੁਮੰਡ ਨੂੰ ਤੋੜਨ ਲਈ ਹਜ਼ਰਤ ਮੁਹੰਮਦ (ਸ.) ਨੇ ਸਨ ੧੦ ਹਿਜਰੀ ਵਿਚ ਫ਼ੌਜ ਦੀ ਤਿਆਰੀ ਦਾ ਹੁਕਮ ਦਿੱਤਾ ਅਤੇ ਇਕ ਨੌਜਵਾਨ ਹਜ਼ਰਤ ਅਸਾਮਾ ਬਿਨ ਜ਼ੈਦ ਬਿਨ ਹਾਰਸ ਨੂੰ ਉਸ ਦਾ ਸਰਦਾਰ ਨਿਯੁਕਤ ਕੀਤਾ।ਆਪ ਨੇ ਹਜ਼ਰਤ ਅਸਾਮਾ (ਰਜ਼ੀ.) ਨੂੰ ਹੁਕਮ ਦਿੱਤਾ ਕਿ ਬਲਕਾਅ ਦਾ ਇਲਾਕਾ ਅਤੇ ਰੋਮੀ ਹਕੂਮਤ ਦੇ ਅਧੀਨ ਫ਼ਲਸਤੀਨ ਦੇ ਇਲਾਕਿਆਂ ਨੂੰ ਮੁਸਲਮਾਨ ਫ਼ੌਜ ਦੇ ਸਵਾਰਾਂ ਦੇ ਪੈਰਾਂ ਥੱਲੇ ਦਰੜ ਆਉ ਤਾਂ ਜੋ ਰੋਮੀਆਂ ਨੂੰ ਪਤਾ ਲੱਗ ਜਾਵੇ ਕਿ ਜਿਹੜੇ ਮੁਸਲਮਾਨ ਕਬੀਲਿਆਂ ਨੂੰ ਅਤੇ ਇੱਕਾ-ਦੁੱਕਾ ਮੁਸਲਮਾਨਾਂ ਨੂੰ ਉਨ੍ਹਾਂ ਦੇ ਰਾਜ ਵਿਚ ਤਕਲੀਫ਼ਾਂ ਝੱਲਣੀਆਂ ਪੈ ਰਹੀਆਂ ਹਨ, ਉਨ੍ਹਾਂ ਮੁਸਲਮਾਨਾਂ ਦੇ ਵਾਰਸ ਜਿਉਂਦੇ ਹਨ ਅਤੇ ਉਹ ਕਦੇ ਵੀ ਇਨ੍ਹਾਂ ਦੀ ਰਖਵਾਲੀ ਲਈ ਤੁਹਾਡੀਆਂ ਸਰਹੱਦਾਂ ਨੂੰ ਪਾਰ ਕਰ ਸਕਦੇ ਹਨ।ਇਸ ਲਸ਼ਕਰ ਦੀ ਤਿਆਰੀ ਬਾਰੇ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੩੨੯ ਉੱਤੇ ਲਿਖਦਾ ਹੈ, "ਸਨ ੧੧ ਹਿਜਰੀ ਨੂੰ ਸਫ਼ਰ ਦੇ ਮਹੀਨੇ ਦੀ ੨੬ ਤਾਰੀਖ਼ ਨੂੰ ਜਦੋਂ ਆਪ ਨੂੰ ਬੁਖ਼ਾਰ ਤੋਂ ਕੁਝ ਰਾਹਤ ਮਿਲੀ ਤਾਂ ਆਪ ਨੇ ਸ਼ਾਮ ਅਤੇ ਫ਼ਲਸਤੀਨ ਦੀਆਂ ਸਰਹੱਦਾਂ ਦੀਆਂ ਖ਼ਬਰਾਂ ਸੁਣ ਕੇ ਹਜ਼ਰਤ ਅਸਾਮਾ ਦੀ ਸਰਦਾਰੀ ਹੇਠ ਫ਼ਲਸਤੀਨ ਦੇ ਇਲਾਕੇ ਬਲਕਾਅ ਅਤੇ ਦਾਰੂਮ ਵਿਚ ਭੇਜਣ ਲਈ ਫ਼ੌਜ ਦੀ ਤਿਆਰੀ ਦਾ ਹੁਕਮ ਦਿੱਤਾ।ਹਜ਼ਰਤ ਅਸਾਮਾ ਦੀ ਉਮਰ ਉਸ ਸਮੇਂ ੧੮ ਸਾਲ ਸੀ ਜਿਸ ਦੇ ਅਧੀਨ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਅਤੇ ਹਜ਼ਰਤ ਉਮਰ (ਰਜ਼ੀ.) ਤੋਂ ਇਲਾਵਾ ਉੱਚ ਰੁਤਬੇ ਵਾਲੇ ਅਨਸਾਰੀਆਂ ਨਾਲ ਸਬੰਧਤ ਸਹਾਬੀ ਵੀ ਸਨ।ਹਜ਼ਰਤ ਅਲੀ (ਰਜ਼ੀ.) ਅਤੇ ਹਜ਼ਰਤ ਅੱਬਾਸ (ਰਜ਼ੀ.) ਨੂੰ ਆਪ ਨੇ ਅਪਣੀ ਤੀਮਾਰਦਾਰੀ (ਸੇਵਾ) ਲਈ ਹਜ਼ਰਤ ਅਸਾਮਾ ਦੀ ਇਜਾਜ਼ਤ ਨਾਲ ਰੋਕ ਲਿਆ ਸੀ।ਆਪ ਨੇ ਅਪਣੇ ਹੱਥਾਂ ਨਾਲ ਫ਼ੌਜ ਦਾ ਝੰਡਾ ਠੀਕ ਕਰਕੇ ਹਜ਼ਰਤ ਅਸਾਮਾ ਨੂੰ ਫੜਾਇਆ। ਇਸਲਾਮੀ ਫ਼ੌਜ ਦੇ ਛੋਟੀ ਉਮਰ ਦੇ ਕਮਾਂਡਰ ਦੀ ਨਿਯੁਕਤੀ ਉੱਤੇ ਕੁਝ ਲੋਕਾਂ ਵੱਲੋਂ ਕਿੰਤੂ-ਪ੍ਰੰਤੂ ਕੀਤਾ ਗਿਆ ਅਤੇ ਇਸ ਮੁਹਿੰਮ ਵਿਚ ਸ਼ਾਮਲ ਹੋਣ ਲਈ ਜਾਣ-ਬੁੱਝ ਕੇ ਦੇਰੀ ਕੀਤੀ ਗਈ।ਸਹੀ ਬੁਖ਼ਾਰੀ ਵਿਚ ਲਿਖਿਆ ਮਿਲਦਾ ਹੈ ਕਿ, "ਹਜ਼ਰਤ ਮੁਹੰਮਦ (ਸ.) ਨੂੰ ਜਦੋਂ ਲੋਕਾਂ ਦੀ ਇਸ ਗੱਲ ਦਾ ਪਤਾ ਲੱਗਿਆ ਤਾਂ ਆਪ ਨੇ ਉੱਚ ਦਰਜਾ ਪ੍ਰਾਪਤ ਸਹਾਬੀਆਂ ਨੂੰ ਬੁਲਾ ਕੇ ਆਖਿਆ ਕਿ ਤੁਸੀਂ ਜਿਸ ਆਦਮੀ ਦੀ ਸਿਪਾਹ-ਸਾਲਾਰੀ ਉੱਤੇ ਤਾਅਨਾ ਦੇ ਰਹੇ ਹੋ ਪਹਿਲਾਂ ਉਸ ਦੇ ਬਾਪ ਦੀ ਸਿਪਾਹ-ਸਾਲਾਰੀ ਉੱਤੇ ਵੀ ਨਘੋਚਾਂ ਕੱਢ ਚੁੱਕੇ ਹੋ, ਜਦੋਂ ਕਿ ਉਹ ਇਸ ਅਹੁਦੇ ਦੇ ਕਾਬਿਲ ਸੀ ਅਤੇ ਮੇਰੇ ਮਹਿਬੂਬ ਲੋਕਾਂ ਵਿੱਚੋਂ ਸੀ।ਅਸਾਮਾ ਵੀ ਉਸ ਤੋਂ ਬਾਅਦ ਮੇਰੇ ਪਿਆਰੇ ਅਤੇ ਬਹਾਦਰ ਲੋਕਾਂ ਵਿੱਚੋਂ ਇਕ ਹੈ"। ਇਕ ਆਜ਼ਾਦ ਕੀਤੇ ਹੋਏ ਗ਼ੁਲਾਮ ਦੇ ਪੁੱਤਰ ਹਜ਼ਰਤ ਅਸਾਮਾ ਨੂੰ ਸਰਦਾਰੀ ਦੇ ਕੇ ਵੱਡੇ ਵੱਡੇ ਸਹਾਬੀਆਂ ਨੂੰ ਉਸ ਦੇ ਅਧੀਨ ਤੋਰਨ ਦਾ ਆਪ ਦਾ ਮਕਸਦ ਮੁਸਲਮਾਨਾਂ ਵਿੱਚੋਂ ਊਚ-ਨੀਚ ਦਾ ਫ਼ਰਕ ਮਿਟਾਉਣਾ ਸੀ।ਆਪ ਵੱਲੋਂ ਅਜਿਹਾ ਕਰਕੇ ਗ਼ੁਲਾਮ ਅਤੇ ਮਾਲਿਕ ਦੇ ਫ਼ਰਕ ਨੂੰ ਖ਼ਤਮ ਕਰਨਾ ਸੀ।ਆਪ ਦਾ ਕਥਨ ਸੀ ਕਿ ਮੁਸਲਮਾਨ ਅਪਣੇ ਖ਼ਾਨਦਾਨ ਤੋਂ ਨਹੀਂ ਸਗੋਂ ਅਪਣੇ ਕੰਮ ਤੋਂ ਪਛਾਣਿਆ ਜਾਣਾ ਚਾਹੀਦਾ ਹੈ। ਆਪ ਵੱਲੋਂ ਕੀਤੀ ਝਾੜ-ਝੰਬ ਤੋਂ ਬਾਅਦ ਲੋਕ ਹਜ਼ਰਤ ਅਸਾਮਾ ਦੀ ਸਰਦਾਰੀ ਅਧੀਨ ਇਕੱਠੇ ਹੋ ਗਏ ਅਤੇ ਇਹ ਲਸ਼ਕਰ ਮਦੀਨੇ ਤੋਂ ਬਾਹਰ ਤਿੰਨ ਮੀਲ ਦੀ ਦੂਰੀ ਤੇ 'ਜਰਫ਼' ਦੇ ਸਥਾਨ ਤੱਕ ਚਲਿਆ ਗਿਆ।ਪਰ ਹਜ਼ਰਤ ਮੁਹੰਮਦ (ਸ.) ਦੀ ਬਿਮਾਰੀ ਦੀ ਖ਼ਬਰ ਮਿਲਣ ਕਰਕੇ ਅੱਗੇ ਨਾ ਤੁਰਿਆ ਅਤੇ ਰੱਬ ਦੇ ਫ਼ੈਸੇ ਦੀ ਉਡੀਕ ਵਿਚ ਠਹਿਰਣ ਲਈ ਮਜਬੂਰ ਹੋ ਗਿਆ।ਸਵੇਰ ਦੇ ਸਮੇਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਅਤੇ ਹਜ਼ਰਤ ਉਮਰ (ਰਜ਼ੀ.) ਫ਼ੌਜ ਦੇ ਸਰਦਾਰ ਹਜ਼ਰਤ ਅਸਾਮਾ ਦੀ ਆਗਿਆ ਨਾਲ ਹਜ਼ਰਤ ਮੁਹੰਮਦ (ਸ.) ਦੀ ਖ਼ਬਰ ਲੈਣ ਲਈ ਮਦੀਨੇ ਆਉਂਦੇ ਅਤੇ ਸ਼ਾਮ ਨੂੰ ਵਾਪਸ ਚਲੇ ਜਾਂਦੇ। ਆਖ਼ਰਕਾਰ ਰੱਬ ਦਾ ਫ਼ੈਸਲਾ ਇਹ ਹੋਇਆ ਕਿ ਇਹ ਲਸ਼ਕਰ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੀ ਖ਼ਿਲਾਫ਼ਤ ਦੀ ਪਹਿਲੀ ਫ਼ੌਜੀ ਮੁਹਿਮ ਦੇ ਨਾਂ ਨਾਲ ਜਾਣਿਆ ਜਾਣ ਲੱਗਿਆ।
101. ਵਫ਼ਾਤ
"ਜਦੋਂ ਰੱਬ ਦੀ ਸਹਾਇਤਾ ਨਾਲ ਫ਼ੈਸਾਕੁਨ ਫ਼ਤਹਿ ਮਿਲ ਜਾਵੇ ਅਤੇ ਐ ਨਬੀ ਤੁਸੀਂ ਦੇਖ ਲਵੋ ਕਿ ਲੋਕ ਫ਼ੌਜ ਦਰ ਫ਼ੌਜ ਅੱਲਾਹ ਦੇ ਦੀਨ ਵਿਚ ਦਾਖ਼ਲ ਹੋ ਰਹੇ ਹੋਣ ਤਾਂ ਅਪਣੇ ਰੱਬ ਦੀ ਤਾਰੀਫ਼ ਦੇ ਨਾਲ ਉਸ ਦੀ ਤਸਵੀਹ ਕਰੋ ਅਤੇ ਉਸ ਤੋਂ ਮਗ਼ਫ਼ਰਤ ਦੀ ਦੁਆ ਮੰਗੋ।ਬੇਸ਼ੱਕ ਉਹ ਬੜਾ ਤੋਬਾ ਕਬੂਲ ਕਰਨ ਵਾਲਾ ਹੈ"। ਹਜ਼ਰਤ ਅਬਦੁੱਲਾ ਬਿਨ ਉਮਰ ਦੇ ਕਥਨ ਅਨੁਸਾਰ ਕੁਰਆਨ ਸ਼ਰੀਫ਼ ਦੀ ਸੂਰਤ ਅਲ ਨਸਰ ਜਿਸ ਦੇ ਅਰਥ ਉੱਪਰ ਦਿੱਤੇ ਗਏ ਹਨ ਆਖ਼ਰੀ ਹੱਜ ਦੇ ਸਮੇਂ ਮਿਨਾ ਦੇ ਸਥਾਨ ਉੱਤੇ ਨਾਜ਼ਲ ਹੋਈ।ਇਸ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਅਪਣੀ ਊਂਠਣੀ ਉੱਤੇ ਬੈਠ ਕੇ ਭਾਸ਼ਣ ਦਿੱਤਾ।ਇਬਨੇ ਅੱਬਾਸ ਆਖਦੇ ਹਨ ਕਿ ਇਸ ਸੂਰਤ ਦੇ ਨਾਜ਼ਲ ਹੋਣ ਤੋਂ ਬਾਅਦ ਆਪ ਸਮਝ ਗਏ ਸਨ ਕਿ ਰੱਬ ਨੇ ਆਪ ਨੂੰ ਦੁਨੀਆ ਤੋਂ ਵਿਦਾ ਹੋਣ ਦੀ ਇਤਲਾਹ ਦੇ ਦਿੱਤੀ ਹੈ। ਹਜ਼ਰਤ ਮੁਹੰਮਦ (ਸ.) ਦੀ ਪਤਨੀ ਉਮੇ ਹਬੀਬਾ ਆਖਦੇ ਨੇ ਕਿ ਜਦੋਂ ਇਹ ਸੂਰਤ ਨਾਜ਼ਲ ਹੋਈ ਤਾਂ ਹਜ਼ਰਤ ਮੁਹੰਮਦ (ਸ.) ਨੇ ਫ਼ਰਮਾਇਆ ਕਿ ਇਸ ਸਾਲ ਮੇਰਾ ਇੰਤਕਾਲ ਹੋਣ ਵਾਲਾ ਹੈ।ਆਪ ਦੇ ਮੂਹੋਂ ਇਹ ਸੁਣ ਕੇ ਜਦੋਂ ਆਪ ਦੀ ਪਿਆਰੀ ਧੀ ਹਜ਼ਰਤ ਫ਼ਾਤਮਾ ਰੋਣ ਲੱਗ ਗਈ ਤਾਂ ਆਪ ਨੇ ਫ਼ਰਮਾਇਆ,"ਮੇਰੇ ਖ਼ਾਨਦਾਨ ਵਿੱਚੋਂ ਸਭ ਤੋਂ ਪਹਿਲਾਂ ਤੂੰ ਹੀ ਮੈਨੂੰ ਆ ਕੇ ਮਿਲੇਂਗੀ"।ਆਪ ਦੇ ਮੂਹੋਂ ਇਹ ਸੁਣ ਕੇ ਉਹ ਹਸ ਪਈ। ਜਿਸ ਕੰਮ ਲਈ ਆਪ ਨੂੰ ਧਰਤੀ ਉੱਤੇ ਭੇਜਿਆ ਗਿਆ ਸੀ ਉਹ ਪੂਰਾ ਹੋ ਗਿਆ ਸੀ।ਪੂਰੇ ਅਰਬ ਉੱਤੇ ਇਸਲਾਮ ਦਾ ਰਾਜ ਸਥਾਪਤ ਹੋ ਗਿਆ ਸੀ ਅਤੇ ਹੁਣ ਕੋਈ ਤਾਕਤ ਇਸ ਨਾਲ ਟੱਕਰ ਲੈਣ ਦੇ ਕਾਬਲ ਨਹੀਂ ਰਹੀ ਸੀ।ਆਪ ਨੇ ੨੩ ਸਾਲ ਦੇ ਨਿੱਕੇ ਜਿੰਨੇ ਸਮੇਂ ਵਿਚ ਲਗਨ ਅਤੇ ਮਿਹਨਤ ਨਾਲ ਜਾਹਲੀਅਤ ਵਿਚ ਡੁੱਬੀ ਹੋਈ ਪੂਰੀ ਕੌਮ ਦੇ ਅਕੀਦੇ, ਆਦਤਾਂ, ਅਖ਼ਲਾਕ, ਤਹਿਜ਼ੀਬ ਅਤੇ ਸਿਆਸੀ ਹਾਲਤ ਨੂੰ ਬਦਲ ਕੇ ਇਸ ਕਾਬਲ ਬਣਾ ਦਿੱਤਾ ਸੀ ਕਿ ਉਹ ਵਿਰੋਧੀਆਂ ਨੂੰ ਮਸਲ ਕੇ ਦੁਨੀਆ ਉੱਤੇ ਰਾਜ ਕਰੇ। ਸੋਚਣ ਵਾਲੀ ਗੱਲ ਇਹ ਹੈ ਕਿ ਇਕ ਨਬੀ ਅਤੇ ਇਕ ਦੁਨੀਆਦਾਰ ਰਹਿਨੁਮਾ ਵਿਚ ਕਿੰਨਾ ਫ਼ਰਕ ਹੁੰਦਾ ਹੈ।ਐਨਾ ਵੱਡਾ ਕਾਰਨਾਮਾ ਅੰਜਾਮ ਦੇਣ ਤੋਂ ਬਾਅਦ ਵੀ ਨਬੀ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਅਪਣੀ ਕਾਮਿਯਾਬੀ ਉੱਤੇ ਰੱਬ ਦਾ ਸ਼ੁਕਰ ਅਦਾ ਕਰੇ।ਉਸ ਤੋਂ ਮੁਆਫ਼ੀ ਲਈ ਦੁਆ ਮੰਗੇ ਕਿ ਜਿਹੜੀ ਜ਼ਿੰਮੇਵਾਰੀ ਉਸ ਨੂੰ ਦਿੱਤੀ ਗਈ ਸੀ ਜੇ ਉਸ ਵਿਚ ਕੋਈ ਕੋਤਾਹੀ ਰਹਿ ਗਈ ਹੋਵੇ ਤਾਂ ਉਸ ਨੂੰ ਮੁਆਫ਼ ਕਰ ਦਿੱਤਾ ਜਾਵੇ। ਆਖ਼ਰੀ ਹੱਜ ਕਰਨ ਤੋਂ ਬਾਅਦ ਸਨ ੧੧ ਹਿਜਰੀ ਨੂੰ ਸਫ਼ਰ ਦੇ ਮਹੀਨੇ ਦੀ ੧੮-੧੯ ਤਾਰੀਖ਼ ਦੀ ਵਿਚਕਾਰਲੀ ਰਾਤ ਨੂੰ ਹਜ਼ਰਤ ਮੁਹੰਮਦ (ਸ.) ਅੱਧੀ ਰਾਤ ਦੇ ਸਮੇਂ ਮਦੀਨਾ ਦੇ ਕਬਰਸਤਾਨ 'ਜੰਨਤੁਲਬਕੀਅ' ਵਿਚ ਗਏ ਅਤੇ ਉੱਥੇ ਦਫ਼ਨਾਏ ਹੋਏ ਮੁਸਲਮਾਨਾਂ ਦੇ ਹੱਕ ਵਿਚ ਦੁਆ ਕੀਤੀ।ਘਰ ਵਾਪਸ ਆਏ ਤਾਂ ਆਪ ਨੂੰ ਬੁਖ਼ਾਰ ਚੜ੍ਹ ਗਿਆ।ਜਦੋਂ ਬੁਖ਼ਾਰ ਨੂੰ ਚੜ੍ਹਦਿਆਂ ਪੰਜ ਦਿਨ ਲੰਘ ਗਏ ਤਾਂ ਆਪ ਨੇ ਅਪਣੀਆਂ ਸਾਰੀਆਂ ਪਤਨੀਆਂ ਨੂੰ ਬੁਲਾ ਕੇ ਉਨ੍ਹਾਂ ਤੋਂ ਆਗਿਆ ਲਈ ਅਤੇ ਹਜ਼ਰਤ ਆਇਸ਼ਾ ਦੇ ਹੁਜਰੇ ਵਿਚ ਚਲੇ ਗਏ। ਬੀਮਾਰੀ ਦੀ ਹਾਲਤ ਵਿਚ ਵੀ ਆਪ ਪੰਜੇ ਵਕਤ ਮਸਜਿਦ ਵਿਚ ਆ ਕੇ ਨਮਾਜ਼ ਪੜ੍ਹਾਉਂਦੇ ਰਹੇ।ਜਦੋਂ ਕਮਜ਼ੋਰੀ ਹੱਦ ਤੋਂ ਜ਼ਿਆਦਾ ਵਧ ਗਈ ਅਤੇ ਤੁਰਣਾ-ਫਿਰਣਾ ਔਖਾ ਹੋ ਗਿਆ ਤਾਂ ਆਪ ਨੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਨਮਾਜ਼ ਪੜ੍ਹਾਉਣ ਲਈ ਆਖਿਆ।ਉਹ ਕਈ ਦਿਨ ਨਮਾਜ਼ ਪੜ੍ਹਾਉਂਦੇ ਰਹੇ।ਜਦੋਂ ਸਿਹਤ ਕੁਝ ਠੀਕ ਹੋਈ ਤਾਂ ਇਕ ਦਿਨ ਆਪ ਹਜ਼ਰਤ ਅਲੀ (ਰਜ਼ੀ.) ਅਤੇ ਹਜ਼ਰਤ ਅੱਬਾਸ (ਰਜ਼ੀ.) ਦੇ ਸਹਾਰੇ ਮਸਜਿਦ ਵਿਚ ਤਸ਼ਰੀਫ਼ ਲੈ ਗਏ।ਉਸ ਸਮੇਂ ਹਜ਼ਰਤ ਅਬੂ ਬਕਰ (ਰਜ਼ੀ.) ਨਮਾਜ਼ ਪੜ੍ਹਾਉਣ ਦੀ ਤਿਆਰੀ ਕਰ ਰਹੇ ਸਨ।ਆਪ ਦੇ ਆਉਣ ਦਾ ਪਤਾ ਲਗਦਿਆਂ ਹੀ ਉਨ੍ਹਾਂ ਨੇ ਪਿੱਛੇ ਆਉਣਾ ਚਾਹਿਆ ਪਰ ਆਪ ਨੇ ਉਨ੍ਹਾਂ ਨੂੰ ਇਸ਼ਾਰੇ ਨਾਲ ਰੋਕ ਦਿੱਤਾ।ਆਪ ਨੇ ਉਨ੍ਹਾਂ ਦੇ ਪਿੱਛੇ ਨਮਾਜ਼ ਪੜ੍ਹੀ ਅਤੇ ਛੋਟਾ ਜਿਹਾ ਭਾਸ਼ਨ ਦਿੱਤਾ। ਇਸ ਭਾਸ਼ਨ ਵਿਚ ਆਪ ਨੇ ਫ਼ਰਮਾਇਆ, "ਅੱਲਾਹ ਨੇ ਅਪਣੇ ਹਰ ਬੰਦੇ ਨੂੰ ਅਖ਼ਤਿਆਰ ਦਿੱਤਾ ਹੈ ਕਿ ਚਾਹੇ ਉਹ ਦੁਨੀਆਂ ਦੀਆਂ ਨਿਅਮਤਾਂ ਨੂੰ ਕਬੂਲ ਕਰੇ ਅਤੇ ਜਾਂ ਅੱਲਾਹ ਦੇ ਪਾਸ ਜਿਹੜੀਆਂ ਨਿਅਮਤਾਂ ਮਿਲਣ ਵਾਲੀਆਂ ਹਨ ਉਨ੍ਹਾਂ ਨੂੰ ਕਬੂਲ ਕਰੇ।ਇਸ ਬੰਦੇ (ਮੈਂ) ਅੱਲਾਹ ਦੇ ਕੋਲ ਜਾ ਕੇ ਮਿਲਣ ਵਾਲੀਆਂ ਨਿਅਮਤਾਂ ਨੂੰ ਕਬੂਲ ਕੀਤਾ ਹੈ।ਦੇਖੋ ਤੁਸੀਂ ਮੇਰਾ ਨਾਂ ਲੈ ਕੇ ਕਿਸੇ ਚੀਜ਼ ਨੂੰ ਹਰਾਮ ਜਾਂ ਹਲਾਲ ਨਾ ਕਹੀਉ।ਜਿਹੜੀ ਚੀਜ਼ ਅੱਲਾਹ ਨੇ ਹਲਾਲ ਕੀਤੀ ਹੈ ਉਹ ਹਰਾਮ ਵੀ ਕੀਤੀ ਹੈ।ਮੇਰੇ ਪਿੱਛੋਂ ਆਮ ਮੁਸਲਮਾਨ ਬਹੁਤ ਵਧ ਜਾਣਗੇ ਪਰ ਅਨਸਾਰ ਘਟ ਜਾਣਗੇ। ਮੁਹਾਜਰੀਨ ਲੋਕੋ! ਅਨਸਾਰ ਨਾਲ ਚੰਗਾ ਸਲੂਕ ਕਰੀਉ।ਇਹ ਲੋਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਮੇਰੀ ਸਹਾਇਤਾ ਕਰਦੇ ਰਹੇ ਹਨ।ਮੇਰੇ ਟੱਬਰ ਦੀ ਇੱਜ਼ਤ ਦਾ ਵੀ ਖ਼ਿਆਲ ਰੱਖੀਉ"।ਇਸ ਤੋਂ ਬਾਅਦ ਆਪ ਅਪਣੇ ਹੁਜਰੇ ਵਿਚ ਚਲੇ ਗਏ। ਹਜ਼ਰਤ ਮੁਹੰਮਦ (ਸ.) ਬੀਮਾਰੀ ਦੀ ਹਾਲਤ ਵਿਚ ਇਕ ਦਿਨ ਕਹਿਣ ਲੱਗੇ, "ਯਹੂਦ ਅਤੇ ਨਸਾਰਾ ਪਰ ਰੱਬ ਦੀ ਲਾਅਨਤ ਹੋਵੇ ਇਨ੍ਹਾਂ ਨੇ ਅਪਣੇ ਪੈਗ਼ੰਬਰਾਂ ਦੀਆਂ ਕਬਰਾਂ ਨੂ ਇਬਾਦਤ ਘਰ (ਪੂਜਾ ਦਾ ਸਥਾਨ) ਬਣਾ ਲਿਆ ਹੈ"। ਇਕ ਦਿਨ ਆਪ ਇਕੱਠੇ ਹੋਏ ਲੋਕਾਂ ਨੂੰ ਕਹਿਣ ਲੱਗੇ, "ਜੇ ਮੇਰੇ ਸਿਰ ਕਿਸੇ ਦਾ ਕਰਜ਼ਾ ਹੈ ਅਤੇ ਜੇ ਮੈਂ ਕਿਸੇ ਦੀ ਜਾਨ, ਮਾਲ ਜਾਂ ਇੱਜ਼ਤ ਨੂੰ ਸਦਮਾ ਪਹੁੰਚਾਇਆ ਹੈ ਤਾਂ ਮੇਰੀ ਜਾਨ, ਮਾਲ ਅਤੇ ਇੱਜ਼ਤ ਹਾਜ਼ਰ ਹੈ ਉਹ ਮੈਥੋਂ ਇਸ ਦੁਨੀਆ ਵਿਚ ਹੀ ਬਦਲਾ ਲੈ ਸਕਦਾ ਹੈ"। ਬੀਮਾਰੀ ਹਰ ਰੋਜ਼ ਕਦੇ ਵਧਦੀ ਅਤੇ ਕਦੇ ਘਟਦੀ ਗਈ।ਆਖ਼ਰੀ ਦਿਨ ਸਵੇਰ ਦੇ ਸਮੇਂ ਸਿਹਤ ਠੀਕ ਲੱਗ ਰਹੀ ਸੀ।ਆਪ ਨੇ ਹੁਜਰੇ ਦਾ ਪਰਦਾ ਚੁੱਕ ਕੇ ਦੇਖਿਆ ਲੋਕ ਨਮਾਜ਼ ਪੜ੍ਹਨ ਲਈ ਸਫ਼ਾਂ ਬੰਨ੍ਹ ਕੇ ਖੜ੍ਹੇ ਹੋ ਗਏ ਸਨ।ਆਪ ਬਹੁਤ ਖ਼ੁਸ਼ ਹੋਏ।ਵਿੜਕ ਪੈਂਣ ਤੇ ਲੋਕਾਂ ਨੇ ਸਮਝਿਆ ਆਪ ਮਸਜਿਦ ਵਿਚ ਆਉਣਾ ਚਾਹੁੰਦੇ ਹਨ।ਉਹ ਖ਼ੁਸ਼ ਹੋ ਰਹੇ ਸਨ ਪਰ ਆਪ ਨੇ ਉਨ੍ਹਾਂ ਨੂੰ ਨਮਾਜ਼ ਪੜ੍ਹਨ ਵਿਚ ਲੱਗੇ ਰਹਿਣ ਦਾ ਇਸ਼ਾਰਾ ਕੀਤਾ ਅਤੇ ਹੁਜਰੇ ਦਾ ਪਰਦਾ ਗਿਰਾ ਦਿੱਤਾ। ਹਜ਼ਰਤ ਮੁਹੰਮਦ (ਸ.) ਦੇ ਆਖ਼ਰੀ ਪਲਾਂ ਦਾ ਜ਼ਿਕਰ ਕਰਦਿਆਂ 'ਹਮਾਰੇ ਰਸੂਲੇ ਪਾਕ' ਦਾ ਲੇਖਕ ਤਾਲਿਬ ਅਲਹਾਸ਼ਮੀ ਲਿਖਦਾ ਹੈ," ਜਿਉਂ ਜਿਉਂ ਦਿਨ ਚੜ੍ਹਦਾ ਗਿਆ ਹਜ਼ਰਤ ਮੁਹੰਮਦ (ਸ.) ਦੀ ਤਬੀਅਤ ਖ਼ਰਾਬ ਹੁੰਦੀ ਗਈ।ਦਿਨ ਦੇ ਤੀਜੇ ਪਹਿਰ ਜਦੋਂ ਬੇਚੈਨੀ ਬਹੁਤ ਵਧ ਗਈ ਤਾਂ ਲੋਕਾਂ ਨੇ ਆਪ ਨੂੰ ਇਹ ਕਹਿੰਦੇ ਸੁਣਿਆ, "ਨਮਾਜ਼! ਨਮਾਜ਼--- ਗ਼ੁਲਾਮਾਂ ਦੇ ਨਾਲ ਚੰਗਾ ਵਰਤਾਉ---।ਇਸ ਤੋਂ ਪਿੱਛੋਂ ਛੇਤੀ ਹੀ ਆਪ ਨੇ ਹੱਥ ਦੀ ਉਂਗਲੀ ਚੁੱਕੀ ਅਤੇ ਤਿੰਨ ਵਾਰ ਆਖਿਆ, "ਬਸ ਹੁਣ ਸਭ ਤੋਂ ਵੱਡੇ ਸਾਥੀ ਦੇ ਕੋਲ"।ਐਨਾ ਕਹਿੰਦਿਆਂ ਹੀ ਆਪ ਦੀ ਪਾਕ ਰੂਹ ਆਪ ਦੇ ਸਭ ਤੋਂ ਵੱਡੇ ਸਾਥੀ (ਅੱਲਾਹ) ਦੇ ਕੋਲ ਚਲੀ ਗਈ।ਇਹ ਪੀਰ (ਸੋਮਵਾਰ) ਦਾ ਦਿਨ ਸੀ ਅਤੇ ਰਬੀਉਲ ਅੱਵਲ ਸਨ ੧੧ ਹਿਜਰੀ ਦੀ ੧੨ ਤਾਰੀਖ਼ ਸੀ।ਇਸ ਸਮੇਂ ਆਪ ਦੀ ਉਮਰ ੬੩ ਸਾਲ ਦੀ ਸੀ"। ਹਜ਼ਰਤ ਮੁਹੰਮਦ (ਸ.) ਦੇ ਕਫ਼ਨ-ਦਫ਼ਨ ਦੀਆਂ ਆਖ਼ਰੀ ਰਸਮਾਂ ਅਦਾ ਕਰਨ ਲਈ ਤਿਆਰੀਆਂ ਸ਼ੁਰੂ ਕੀਤੀਆਂ ਗਈਆਂ।ਆਪ ਨੂੰ ਗ਼ੁਸਲ ਦੇਣ ਲਈ ਅਲੀ ਬਿਨ ਅਬੂ ਤਾਲਿਬ, ਅੱਬਾਸ ਬਿਨ ਅਬਦੁਲ ਮੁਤਲਿਬ, ਫ਼ਜ਼ਲ ਬਿਨ ਅੱਬਾਸ, ਕੁਸਮ ਬਿਨ ਅੱਬਾਸ, ਅਸਾਮਾ ਬਿਨ ਜ਼ੈਦ ਅਤੇ ਸਕਰਾਨ ਨੂੰ ਨਿਯੁਕਤ ਕੀਤਾ ਗਿਆ।ਗ਼ੁਸਲ ਦੇਣ ਸਮੇਂ ਇਕ ਮਸਲਾ ਇਹ ਪੇਸ਼ ਆਇਆ ਕਿ ਕੀ ਗ਼ੁਸਲ ਦੇਣ ਲਈ ਆਪ ਦੇ ਕਪੜੇ ਉਤਾਰੇ ਜਾਣ ਜਾਂ ਨਾ ਉਤਾਰੇ ਜਾਣ।ਅਜੇ ਇਹ ਸੋਚ-ਵਿਚਾਰ ਹੋ ਹੀ ਰਹੀ ਸੀ ਕਿ ਕਿਸੇ ਗ਼ੈਬੀ ਆਵਾਜ਼ ਦੇ ਇਸ਼ਾਰੇ ਉੱਤੇ ਕਪੜਿਆਂ ਸਮੇਤ ਗ਼ੁਸਲ ਦੇਣ ਦਾ ਫ਼ੈਸਲਾ ਕੀਤਾ ਗਿਆ।ਹਜ਼ਰਤ ਅਲੀ ਆਪ ਨੂੰ ਗ਼ੁਸਲ ਦੇਣ ਲੱਗੇ। ਅਸਾਮਾ ਅਤੇ ਸਫ਼ਰਾਨ ਨੇ ਪਾਣੀ ਪਾਇਆ।ਅੱਬਾਸ ਅਤੇ ਉਸ ਦੇ ਦੋਵੇਂ ਪੁੱਤਰਾਂ ਨੇ ਪਾਸਾ ਬਦਲਿਆ।ਆਪ ਨੂੰ ਤਿੰਨ ਸਫ਼ੈਦ ਕੱਪੜਿਆਂ ਵਿਚ ਕਫ਼ਨਾਇਆ ਗਿਆ। ਜਨਾਜ਼ੇ ਦੀ ਨਮਾਜ਼ ਤੋਂ ਪਹਿਲਾਂ ਸੋਚ-ਵਿਚਾਰ ਕੀਤੀ ਗਈ ਕਿ ਆਪ ਨੂੰ ਕਿਸ ਥਾਂ ਉੱਤੇ ਦਫ਼ਨਾਇਆ ਜਾਵੇ।ਇਸ ਮਸਲੇ ਨੂੰ ਸੁਲਝਾਉਣ ਲਈ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਆਖਣ ਲੱਗੇ ਕਿ ਮੈਂ ਹਜ਼ਰਤ ਮੁਹੰਮਦ (ਸ.) ਦੀ ਜ਼ੁਬਾਨੀ ਸੁਣਿਆ ਹੈ ਕਿ ਹਰ ਨਬੀ ਨੂੰ ਉੱਥੇ ਹੀ ਦਫ਼ਨ ਕੀਤਾ ਗਿਆ ਜਿੱਥੇ ਉਸ ਨੇ ਆਖ਼ਰੀ ਸਾਹ ਲਿਆ।ਹਜ਼ਰਤ ਅਬੂ ਬਕਰ (ਰਜ਼ੀ.) ਦੀ ਗੱਲ ਮੰਨਦਿਆਂ ਹਜ਼ਰਤ ਆਇਸ਼ਾ ਦੇ ਹੁਜਰੇ ਵਿਚ ਉਸੇ ਥਾਂ ਆਪ ਦੀ ਕਬਰ ਤਿਆਰ ਕੀਤੀ ਗਈ ਜਿਸ ਥਾਂ ਆਪ ਦਾ ਇੰਤਕਾਲ ਹੋਇਆ ਸੀ।ਕਮਰੇ ਵਿਚ ਥਾਂ ਦੀ ਕਮੀ ਹੋਣ ਕਰਕੇ ਜਨਾਜ਼ੇ ਦੀ ਨਮਾਜ਼ ਵੀ ਕਈ ਸਿਫ਼ਟਾਂ ਵਿਚ ਪੂਰੀ ਕੀਤੀ ਗਈ।ਜਿਸ ਨੂੰ ਪਹਿਲਾਂ ਆਦਮੀਆਂ ਨੇ, ਫੇਰ ਔਰਤਾਂ ਨੇ ਅਤੇ ਬਾਅਦ ਵਿਚ ਬੱਚਿਆਂ ਨੇ ਪੜ੍ਹਿਆ। 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੩੩੧ ਉੱਤੇ ਲਿਖਦਾ ਹੈ ਕਿ ਬੁੱਧਵਾਰ ਦੀ ਰਾਤ ਨੂੰ ਆਪ ਨੂੰ ਕਬਰ ਵਿਚ ਉਤਾਰਿਆ ਗਿਆ।ਹਜ਼ਰਤ ਸ਼ਫ਼ਰਾਨ ਨੇ ਨਜਰਾਨ ਦਾ ਬਣਿਆ ਖੇਸ ਜਿਸ ਨੂੰ ਆਪ ਉੱਪਰ ਲਿਆ ਕਰਦੇ ਸਨ ਇਸ ਲਈ ਆਪ ਦੀ ਕਬਰ ਵਿਚ ਵਿਛਾ ਦਿੱਤਾ ਕਿ ਕੋਈ ਦੂਸਰਾ ਇਸ ਨੂੰ ਇਸਤਮਾਲ ਨਾ ਕਰੇ।ਪਰ ਬਾਅਦ ਵਿਚ ਇਸ ਨੂੰ ਇਹ ਸੋਚ ਕੇ ਬਾਹਰ ਕੱਢ ਲਿਆ ਗਿਆ ਕਿ ਕਫ਼ਨ ਤੋਂ ਬਿਨਾ ਕੋਈ ਹੋਰ ਕਪੜਾ ਕਬਰ ਵਿਚ ਨਹੀਂ ਰੱਖਣਾ ਚਾਹੀਦਾ।ਇਸ ਨਾਲ ਉੱਮਤ ਵਿਚ ਕੋਈ ਬਿੱਦਤ ਸ਼ੁਰੂ ਹੋ ਸਕਦੀ ਹੈ।ਹਜ਼ਰਤ ਅਲੀ, ਕੁਸਮ, ਫ਼ਜ਼ਲ, ਸ਼ਫ਼ਰਾਨ ਨੇ ਆਪ ਨੂੰ ਕਬਰ ਵਿਚ ਉਤਾਰਿਆ।ਇਸੇ ਦੌਰਾਨ ਔਸ ਬਿਨ ਖ਼ੁਲੀ ਅਨਸਾਰੀ ਨੇ ਕਬਰ ਵਿਚ ਉਤਰਣ ਦੀ ਇਜਾਜ਼ਤ ਚਾਹੀ ਜਿਹੜੀ ਦੇ ਦਿੱਤੀ ਗਈ।ਲਹਿਦ ਨੂੰ ਕੱਚੀਆਂ ਇੱਟਾਂ ਚਿਣ ਕੇ ਬੰਦ ਕੀਤਾ ਗਿਆ ਅਤੇ ਮਿੱਟੀ ਪਾ ਕੇ ਜ਼ਮੀਨ ਤੋਂ ਇਕ ਹੱਥ ਉੱਚੀ ਕਬਰ ਬਣਾ ਦਿੱਤੀ ਗਈ।ਹਜ਼ਰਤ ਬਿਲਾਲ ਨੇ ਪਾਣੀ ਦੀ ਇਕ ਮਸ਼ਕ ਕਬਰ ਉੱਤੇ ਛਿੜਕ ਦਿੱਤੀ ਤਾਂ ਜੋ ਮਿੱਟੀ ਦਬ ਜਾਵੇ। ਦਫ਼ਨ ਤੋਂ ਵਿਹਲੇ ਹੋ ਕੇ ਜਦੋਂ ਕੁਝ ਸਹਾਬੀ ਅਫ਼ਸੋਸ ਜਤਾਉਣ ਲਈ ਆਪ ਦੀ ਧੀ ਹਜ਼ਰਤ ਫ਼ਾਤਮਾਂ ਕੋਲ ਗਏ ਤਾਂ ਉਹ ਰੋਣ ਦੀ ਹਾਲਤ ਵਿਚ ਹਜ਼ਰਤ ਮੁਹੰਮਦ (ਸ.) ਦੇ ਨੌਕਰ ਨੂੰ ਕਹਿਣ ਲੱਗੀ, "ਅਨਸ ਰਸੂਲੁੱਲਾਹ ਨੂੰ ਮਿੱਟੀ ਦੇ ਹੇਠ ਦਬਾਉਣ ਲਈ ਤੁਹਾਡਾ ਦਿਲ ਕਿਵੇਂ ਮੰਨ ਗਿਆ"। ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਸੱਚਾਈ, ਈਮਾਨਦਾਰੀ ਅਤੇ ਅਸੂਲ ਪ੍ਰਸਤੀ ਉੱਤੇ ਅਧਾਰਤ ਇਕ ਮਿਸਾਲੀ ਜ਼ਿੰਦਗੀ ਸੀ।ਦਰਵੇਸ਼ੀ ਉਨ੍ਹਾਂ ਦੀ ਰਗ ਰਗ ਵਿਚ ਕੁੱਟ ਕੇ ਭਰੀ ਹੋਈ ਸੀ।ਉਹ ਸਾਰੀ ਦੁਨੀਆ ਵਾਸਤੇ ਰਹਿਮਤ ਦਾ ਪੈਗ਼ਾਮ ਲੈ ਕੇ ਆਏ।ਉਨ੍ਹਾਂ ਨੇ ਜਿਹੜੀਆਂ ਸਿੱਖਿਆਵਾਂ ਦਿੱਤੀਆਂ ਪਹਿਲਾਂ ਉਨ੍ਹਾਂ ਉੱਤੇ ਆਪ ਅਮਲ ਕੀਤਾ ਅਤੇ ਫੇਰ ਲੋਕਾਂ ਨੂੰ ਉਨ੍ਹਾਂ ਉੱਤੇ ਅਮਲ ਕਰਨ ਲਈ ਪ੍ਰੇਰਿਆ। ਪੂਰੇ ਅਰਬ ਉੱਤੇ ਅਧਿਕਾਰ ਕਰਨ ਤੋਂ ਬਾਅਦ ਵੀ ਆਪ ਨੇ ਕਦੇ ਬਾਦਸ਼ਾਹਾਂ ਵਾਲਾ ਰਹਿਣ-ਸਹਿਣ ਅਤੇ ਤਰੀਕਾ ਅਖ਼ਤਿਆਰ ਨਹੀਂ ਕੀਤਾ।ਸਦਾ ਸਾਦਗੀ ਵਿਚ ਹੀ ਰਹਿਣਾ ਪਸੰਦ ਕੀਤਾ।ਨਾ ਆਪ ਨੇ ਅਪਣੇ ਰਹਿਣ ਲਈ ਕੋਈ ਮਹਿਲ ਬਣਵਾਇਆ ਅਤੇ ਨਾ ਬਾਦਸ਼ਾਹਾਂ ਵਾਂਗ ਤਾਜ ਪਹਿਣਿਆ।ਨਾ ਆਪ ਤਖ਼ਤ ਉੱਤੇ ਬੈਠੇ ਅਤੇ ਨਾਂ ਹੀ ਸੇਵਾਦਾਰਾਂ ਦੀ ਕੋਈ ਫ਼ੌਜ ਭਰਤੀ ਕੀਤੀ।ਮਸਜਿਦ ਨਬਵੀ ਦੇ ਹੁਜਰਿਆਂ ਵਿੱਚੋਂ ਹੀ ਨਮਾਜ਼ ਪੜ੍ਹਨ ਵਾਲੀ ਖਜੂਰ ਦੀ ਸਫ਼ ਉੱਤੇ ਬੈਠ ਕੇ ਕੌਮ ਨੂੰ ਆਦੇਸ਼ ਦਿੰਦੇ ਰਹੇ ਅਤੇ ਸਰਕਾਰ ਚਲਾਉਂਦੇ ਰਹੇ।
102. ਉਤਰ-ਅਧਿਕਾਰੀ ਦੀ ਚੋਣ
ਹਜ਼ਰਤ ਮੁਹੰਮਦ ਸਾਹਿਬ ਦੀ ਵਫ਼ਾਤ ਦਾ ਸਮਾਂ ਮੁਸਲਮਾਨਾਂ ਲਈ ਇਸ ਹੱਦ ਤੱਕ ਦੁਖਦਾਈ ਸੀ ਕਿ ਵੱਡੇ ਵੱਡੇ ਸਹਾਬੀ ਅਪਣਾ ਦਿਮਾਗ਼ੀ ਤਵਾਜ਼ਨ ਖੋ ਬੈਠੇ ਸਨ।ਹਜ਼ਰਤ ਉਮਰ (ਰਜ਼ੀ.) ਬਾਰੇ ਲਿਖਿਆ ਮਿਲਦਾ ਹੈ ਕਿ ਜਦੋਂ ਉਨ੍ਹਾਂ ਤੱਕ ਇਹ ਖ਼ਬਰ ਪਹੁੰਚੀ ਕਿ ਹਜ਼ਰਤ ਮੁਹੰਮਦ (ਸ.) ਵਫ਼ਾਤ ਪਾ ਗਏ ਹਨ ਤਾਂ ਉਨ੍ਹਾਂ ਨੇ ਮਿਆਨ ਵਿੱਚੋਂ ਤਲਵਾਰ ਬਾਹਰ ਕੱਢਦਿਆਂ ਆਖਿਆ ਕਿ "ਜਿਸ ਨੇ ਵੀ ਇਹ ਗੱਲ ਆਖੀ ਕਿ ਹਜ਼ਰਤ ਮੁਹੰਮਦ (ਸ.) ਵਫ਼ਾਤ ਪਾ ਗਏ ਹਨ ਉਸ ਦੀ ਗਰਦਨ ਉਡਾ ਦੇਵਾਂਗਾ"। ਜਦੋਂ ਇਹ ਖ਼ਬਰ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਤੱਕ ਪਹੁੰਚੀ ਤਾਂ ਉਹ ਭੱਜੇ ਆਏ ਅਤੇ ਆਉਂਦਿਆਂ ਹੀ ਹਜ਼ਰਤ ਮੁਹੰਮਦ (ਸ.) ਦੇ ਮੁੱਖ ਤੋਂ ਚਾਦਰ ਹਟਾ ਕੇ ਮੱਥੇ ਨੂੰ ਚੁੰਮਿਆ।ਉਨ੍ਹਾਂ ਨੇ ਅਪਣੇ ਅੱਥਰੂ ਪੂੰਝਦਿਆਂ ਸਹਾਬੀਆਂ ਨੂੰ ਸੰਬੋਧਨ ਕਰਕੇ ਜਿਹੜਾ ਭਾਸ਼ਨ ਦਿੱਤਾ ਉਸ ਨੂੰ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੩੩੪ ਉੱਤੇ ਲਿਖਦਾ ਹੈ, "ਜਿਹੜਾ ਆਦਮੀ ਹਜ਼ਰਤ ਮੁਹੰਮਦ (ਸ.) ਦੀ ਇਬਾਦਤ ਕਰਦਾ ਸੀ ਉਹ ਜਾਣ ਲਵੇ ਕਿ ਹਜ਼ਰਤ ਮੁਹੰਮਦ (ਸ.) ਦਾ ਇੰਤਕਾਲ ਹੋ ਗਿਆ ਹੈ ਅਤੇ ਜਿਹੜਾ ਅੱਲਾਹ ਦੀ ਇਬਾਦਤ ਕਰਦਾ ਸੀ ਉਹ ਜਾਣ ਲਵੇ ਕਿ ਅੱਲਾਹ ਜਿਉਂਦਾ ਹੈ।ਉਸ ਨੂੰ ਕਦੇ ਮੌਤ ਨਹੀਂ ਆਵੇਗੀ"। ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੇ ਲੋਕਾਂ ਨੂੰ ਆਖਿਆ, "ਰੱਬ ਸੱਚਾ ਆਖਦਾ ਹੈ ਕਿ ਮੁਹੰਮਦ (ਸ.) ਬਸ ਇਕ ਰਸੂਲ ਹਨ।ਉਨ੍ਹਾਂ ਤੋਂ ਪਹਿਲਾਂ ਵੀ ਰਸੂਲ ਆ ਚੁਕੇ ਹਨ।ਜੇ ਉਹ ਇੰਤਕਾਲ ਕਰ ਜਾਣ ਜਾਂ ਉਨ੍ਹਾਂ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਕੀ ਤੁਸੀਂ ਪਲਟ ਜਾਵੋਗੇ"।ਇਬਨੇ ਅੱਬਾਸ ਲਿਖਦੇ ਹਨ ਕਿ ਇੰਜ ਜਾਪਦਾ ਸੀ ਜਿਵੇਂ ਅਬੂ ਬਕਰ ਸਿੱਦੀਕ (ਰਜ਼ੀ.) ਦੇ ਮੂਹੋਂ ਨਿਕਲੀਆਂ ਕੁਰਆਨ ਦੀਆਂ ਆਇਤਾਂ ਇਸੇ ਸਮੇਂ ਲਈ ਉਤਰੀਆਂ ਹੋਣ।ਉਨ੍ਹਾਂ ਦੇ ਭਾਸ਼ਨ ਤੋਂ ਬਾਅਦ ਲੋਕ ਸ਼ਾਂਤ ਹੋ ਗਏ। ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਲਈ ਹਜ਼ਰਤ ਮੁਹੰਮਦ (ਸ.) ਦੀ ਵਫ਼ਾਤ ਤੋਂ ਬਾਅਦ ਸਭ ਤੋਂ ਵੱਡਾ ਮਸਲਾ ਉਨ੍ਹਾਂ ਦੇ ਉਤਰ ਅਧਿਕਾਰੀ ਦੀ ਚੋਣ ਦਾ ਸੀ।ਕੁਝ ਅਜਿਹੇ ਮਸਲੇ ਹੁੰਦੇ ਹਨ ਜਿਨ੍ਹਾਂ ਦਾ ਸਬੰਧ ਨਬੀ ਨਾਲ ਹੁੰਦਾ ਹੈ ਅਤੇ ਉਹ ਉਸ ਦੀ ਮੌਤ ਦੇ ਨਾਲ ਹੀ ਖ਼ਤਮ ਹੋ ਜਾਂਦੇ ਹਨ।ਸਭ ਜਾਣਦੇ ਸਨ ਕਿ ਹਜ਼ਰਤ ਮੁਹੰਮਦ (ਸ.) ਆਖ਼ਰੀ ਨਬੀ ਸਨ ਇਸ ਲਈ ਨਬੁੱਵਤ ਦਾ ਮਸਲਾ ਤਾਂ ਉਨ੍ਹਾਂ ਦੇ ਨਾਲ ਹੀ ਸਮਾਪਤ ਹੋ ਗਿਆ ਸੀ ਪਰ ਰੱਬ ਦੇ ਜਿਹੜੇ ਕੰਮ ਉਸ ਦੇ ਭੇਜੇ ਰਸੂਲ ਦੇ ਰਾਹੀਂ ਆਏ ਹਨ ਜਾਂ ਕਾਇਮ ਕੀਤੇ ਗਏ ਹਨ ਉਨ੍ਹਾਂ ਨੂੰ ਕਾਇਮ ਰੱਖਣ ਦੇ ਲਈ ਕਿਸੇ ਖ਼ਲੀਫ਼ਾ ਭਾਵ ਉੱਤਰ ਅਧਿਕਾਰੀ ਦੀ ਜ਼ਰੂਰਤ ਸੀ। ਜੇ ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਦਾ ਇਕ ਇਕ ਪਲ ਸਾਮ੍ਹਣੇ ਰੱਖੀਏ ਤਾਂ ਪਤਾ ਚਲਦਾ ਹੈ ਕਿ ਆਪ ਨੇ ਇਸਲਾਮ ਦੇ ਅਸੂਲਾਂ ਦੀ ਦਾਅਵਤ ਅਤੇ ਤਬਲੀਗ਼ ਬੇਲਾਗ ਤਰੀਕੇ ਨਾਲ ਕੀਤੀ ਅਤੇ ਸਮਾਜਿਕ ਮਾਹੌਲ ਉੱਤੇ ਗਹਿਰੀ ਨਿਗਾਹ ਰੱਖੀ।ਜੇ ਅਰਬ ਦੇ ਉਸ ਸਮੇਂ ਦੀ ਸਥਿਤੀ ਨੂੰ ਵੇਖੀਏ ਤਾਂ ਕੁਰੈਸ਼ ਦਾ ਕਬੀਲਾ ਅਪਣੇ ਵਡੇਰਿਆਂ ਤੋਂ ਲੈ ਕੇ ਹੁਣ ਤੱਕ ਮੱਕੇ ਦੇ ਸਮਾਜ ਦੀ ਅਗਵਾਈ ਕਰਦਾ ਆ ਰਿਹਾ ਸੀ ਅਤੇ ਅਜੇ ਵੀ ਇਸ ਕਬੀਲੇ ਵਿਚ ਅਗਵਾਈ ਕਰਨ ਦੀ ਸਮਰਥਾ ਮੌਜੂਦ ਸੀ।ਇਸ ਲਈ ਜ਼ਰੂਰੀ ਸੀ ਕਿ ਇਸਲਾਮੀ ਹਕੂਮਤ ਨੂੰ ਚਲਾਉਣ ਦਾ ਕੰਮ ਕਾਜ ਇਸ ਦੇ ਸਪੁਰਦ ਹੀ ਕੀਤਾ ਜਾਵੇ।ਇਹ ਸਮੇਂ ਦੀ ਜ਼ਰੂਰਤ ਵੀ ਸੀ। ਕੋਈ ਸਮਾਂ ਸੀ ਜਦੋਂ ਅਰਬ ਦੀ ਅਗਵਾਈ ਕਰਨ ਦਾ ਕੰਮ ਯਮਨ ਦੇ ਕਬੀਲੇ "ਹਮੇਰ" ਦਾ ਹੁੰਦਾ ਸੀ।ਪਰ ਹੌਲੀ ਹੋਲੀ ਉਸ ਦੀਆਂ ਸਲਾਹੀਅਤਾਂ ਘਟਦੀਆਂ ਗਈਆਂ ਅਤੇ ਇਹ ਕੰਮ ਕੁਰੈਸ਼ ਦੇ ਹੱਥ ਆ ਗਿਆ।ਹਜ਼ਰਤ ਮੁਹੰਮਦ (ਸ.) ਨੇ ਵੀ ਕਿਹਾ ਸੀ, "ਪਹਿਲਾਂ ਅਰਬ ਦੀ ਸਰਦਾਰੀ ਹਮੇਰ ਵਾਲਿਆਂ ਦੇ ਕੋਲ ਸੀ।ਫੇਰ ਅੱਲਾਹ ਨੇ ਉਨ੍ਹਾਂ ਤੋਂ ਖੋਹ ਕੇ ਕੁਰੈਸ਼ ਨੂੰ ਦੇ ਦਿੱਤੀ"।ਕਾਬਲੀਅਤ ਦੇ ਲਿਹਾਜ਼ ਨਾਲ ਇਹ ਗੱਲ ਕਿਸੇ ਤਰ੍ਹਾਂ ਵੀ ਇਸਲਾਮੀ ਕਾਨੂੰਨ ਦੇ ਖ਼ਿਲਾਫ਼ ਨਹੀਂ ਸੀ ਅਤੇ ਪੂਰੇ ਅਰਬ ਨੂੰ ਇਕੱਠਾ ਰੱਖਣ ਦੇ ਲਈ ਇਨਸਾਫ਼ ਦਾ ਤਕਾਜ਼ਾ ਵੀ ਇਹੋ ਸੀ ਕਿ ਅਰਬ ਦੀ ਸਰਦਾਰੀ ਕੁਰੈਸ਼ ਨੂੰ ਹੀ ਦੇ ਦਿੱਤੀ ਜਾਵੇ। ਉਪਰੋਕਤ ਗੱਲਾਂ ਦਾ ਧਿਆਨ ਰੱਖਦਿਆਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੇ ਇਕੱਠ ਵਿਚ ਮੌਜੂਦ ਹਜ਼ਰਤ ਉਮਰ (ਰਜ਼ੀ.) ਅਤੇ ਹਜ਼ਰਤ ਅਬੂ ਉਬੈਦਾ (ਰਜ਼ੀ.) ਦਾ ਹੱਥ ਫੜ ਕੇ ਉੱਪਰ ਕਰਦਿਆਂ ਅਨਸਾਰੀਆਂ ਨੂੰ ਆਖਿਆ ਕਿ ਤੁਹਾਡੀਆਂ ਬੇਮਿਸਾਲ ਕੁਰਬਾਨੀਆਂ ਅਤੇ ਬੇਸ਼ੁਮਾਰ ਫ਼ਜ਼ੀਲਤਾਂ ਦੇ ਬਾਵਜੂਦ ਮੇਰੀ ਰਾਏ ਇਹ ਹੈ ਕਿ ਤੁਸੀਂ ਇਨ੍ਹਾਂ ਦੋਵਾਂ ਵਿੱਚੋਂ ਜਿਸ ਨੂੰ ਵੀ ਚਾਹਵੋ ਅਪਣਾ ਖ਼ਲੀਫ਼ਾ ਨਿਯੁਕਤ ਕਰ ਲਵੋ।ਪਰ ਹਜ਼ਰਤ ਉਮਰ (ਰਜ਼ੀ.) ਨੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦਾ ਹੱਥ ਫੜ ਕੇ ਉੱਪਰ ਕਰਦਿਆਂ ਆਖਿਆ, ਇਸ ਪਦਵੀ ਲਈ ਤੁਹਾਡੇ ਤੋਂ ਚੰਗਾ ਹੋਰ ਕੌਣ ਹੋ ਸਕਦਾ ਹੈ।ਸਭ ਤੋਂ ਪਹਿਲਾਂ ਹਜ਼ਰਤ ਉਮਰ (ਰਜ਼ੀ.) ਨੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਖ਼ਲੀਫ਼ਾ ਮੰਨਦਿਆਂ ਉਨ੍ਹਾਂ ਦੇ ਹੱਥ ਉੱਤੇ ਬੈਅਤ ਕੀਤੀ ਅਤੇ ਉਸ ਤੋਂ ਬਾਅਦ ਸਾਰੇ ਹਾਜ਼ਰ ਲੋਕ ਬੈਅਤ ਕਰਨ ਲੱਗੇ।ਅਗਲੇ ਦਿਨ ਜਦੋਂ ਨਮਾਜ਼ ਲਈ ਸਹਾਬੀ ਮਸਜਿਦ ਵਿਚ ਇਕੱਠੇ ਹੋਏ ਤਾਂ ਆਮ ਬੈਅਤ ਕੀਤੀ ਗਈ ਭਾਵ ਸਰਬਸੰਮਤੀ ਨਾਲ ਸਭ ਨੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਹਜ਼ਰਤ ਮੁਹੰਮਦ (ਸ.) ਦਾ ਉਤਰ ਅਧਿਕਾਰੀ ਸਵੀਕਾਰ ਕਰ ਲਿਆ। ਹਜ਼ਰਤ ਸਈਦ ਬਿਨ ਜ਼ੈਦ, ਹਜ਼ਰਤ ਮੁਹੰਮਦ (ਸ.) ਦੀ ਵਫ਼ਾਤ ਤੋਂ ਬਾਅਦ ਉਨ੍ਹਾਂ ਦਾ ਉੱਤਰ ਅਧਿਕਾਰੀ ਚੁਨਣ ਦੀਆਂ ਘਟਨਾਵਾਂ ਵਿੱਚੋਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਆਖਦੇ ਹਨ, "ਅਲੀ ਬਿਨ ਅਬੂ ਤਾਲਿਬ ਅਪਣੇ ਘਰ ਵਿਚ ਸਨ।ਉਨ੍ਹਾਂ ਨੂੰ ਕਿਸੇ ਨੇ ਜਾ ਕੇ ਖ਼ਬਰ ਦਿੱਤੀ ਕਿ ਅਬੂ ਬਕਰ ਸਿੱਦੀਕ (ਰਜ਼ੀ.) ਬੈਅਤ ਲੈਣ ਲਈ ਬੈਠੇ ਹਨ।ਇਹ ਸੁਣ ਕੇ ਉਨ੍ਹਾਂ ਨੇ ਚਾਦਰ ਉੱਪਰ ਲਈ ਅਤੇ ਚੱਲ ਪਏ।ਉਨ੍ਹਾਂ ਨੇ ਐਨੀ ਦੇਰ ਕਰਨੀ ਵੀ ਪਸੰਦ ਨਾ ਕੀਤੀ ਕਿ ਕਪੜੇ ਪਹਿਣ ਲੈਣ। ਉਨ੍ਹਾਂ ਨੇ ਪਹਿਲਾਂ ਜਾ ਕੇ ਬੈਅਤ ਕੀਤੀ ਫੇਰ ਘਰ ਤੋਂ ਕਪੜੇ ਮੰਗਵਾਏ ਅਤੇ ਪਹਿਣ ਕੇ ਮਹਿਫ਼ਲ ਵਿਚ ਬੈਠੇ"।
103. ਹਜ਼ਰਤ ਮੁਹੰਮਦ (ਸ.) ਇਕ ਮਹਾਨ ਜਰਨੈਲ
ਇਸਲਾਮ ਬੁਨਿਆਦੀ ਤੌਰ ਉੱਤੇ ਇਕ ਇਸਲਾਹੀ ਭਾਵ ਬਦਲਾਉ ਲਿਆਉਣ ਵਾਲੀ ਤਹਿਰੀਕ ਹੈ ਜਿਸ ਵਿਚ ਹਜ਼ਰਤ ਮੁਹੰਮਦ (ਸ.) ਨੇ ਲੋਕਾਂ ਨੂੰ ਇਸਲਾਮ ਧਰਮ ਅਪਣਾਉਣ ਦੀ ਪ੍ਰੇਰਣਾ ਦਿੱਤੀ ਤਾਂ ਜੋ ਜਿਹੜੇ ਲੋਕ ਇਕ ਰੱਬ ਦੀ ਇਬਾਦਤ ਛੱਡ ਕੇ ਰਾਹੋਂ ਭਟਕ ਗਏ ਹਨ ਉਹ ਸਿੱਧੇ ਰਸਤੇ ਉੱਤੇ ਆ ਜਾਣ।ਸਿਕੰਦਰ, ਨੈਪੋਲੀਅਨ ਅਤੇ ਹਿਟਲਰ ਜਿਹੇ ਦੁਨੀਆ ਦੇ ਵੱਡੇ ਵੱਡੇ ਬਾਦਸ਼ਾਹਾਂ ਨੇ ਮੁਲਕਾਂ ਦੇ ਮੁਲਕ ਫ਼ਤਹਿ ਕੀਤੇ ਤਾਂ ਜੋ ਦੁਨੀਆਂ ਨੂੰ ਅਪਣਾ ਵਡੱਪਣ ਵਿਖਾ ਸਕਣ ਪਰ ਹਜ਼ਰਤ ਮੁਹੰਮਦ (ਸ.) ਨੇ ਬਾਦਸ਼ਾਹੀ ਲਈ ਮੁਲਕਾਂ ਦੀ ਪ੍ਰਾਪਤੀ ਜਾਂ ਵਡੱਪਣ ਵਿਖਾਉਣ ਲਈ ਖ਼ੂਨ ਨਹੀਂ ਡੋਲ੍ਹਿਆ ਸਗੋਂ ਹੱਕ ਅਤੇ ਸੱਚ ਦੀ ਦਾਅਵਤ ਦੇਣ ਲਈ ਲੜਾਈਆਂ ਲੜੀਆਂ।ਜਿਹੜੇ ਲੋਕਾਂ ਨੇ ਹੱਕ ਦੀ ਆਵਾਜ਼ ਨੂੰ ਦਬਾਉਣ ਲਈ ਆਪ ਦੇ ਰਾਹ ਵਿਚ ਰੋੜੇ ਅਟਕਾਏ ਅਤੇ ਅਟਕਲਾਂ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਆਪ ਨੇ ਵੀ ਉਨ੍ਹਾਂ ਨਾਲ ਨਿਪਟਣ ਲਈ ਉਨ੍ਹਾਂ ਵਾਲਾ ਹੀ ਤਰੀਕਾ ਅਪਣਾਇਆ। ਇਸਲਾਮ ਅਪਣੇ ਮੰਨਣ ਵਾਲਿਆਂ ਨੂੰ ਹੁਕਮ ਦਿੰਦਾ ਹੈ ਕਿ ਅਪਣੇ ਮਜ਼ਹਬ ਦੇ ਅਸੂਲਾਂ ਨੂੰ ਦੂਜਿਆਂ ਤੱਕ ਵੀ ਅਪੜਾਉ।ਪੈਗ਼ੰਬਰੀ ਦੇ ਮੁਢਲੇ ਦਿਨਾਂ ਵਿਚ ਹਜ਼ਰਤ ਮੁਹੰਮਦ (ਸ.) ਨੇ ਲੁਕ-ਛੁਕ ਕੇ ਲੋਕਾਂ ਨੂੰ ਇਸਲਾਮ ਦੀ ਦਾਅਵਤ ਦਿੱਤੀ ਪਰ ਜਦੋਂ ਆਪ ਤੱਕ ਰੱਬੀ ਹੁਕਮ ਪਹੁੰਚ ਗਿਆ ਕਿ, "ਐ ਮੁਹੰਮਦ! ਐ ਚਾਦਰ ਓਡ ਕੇ ਸੌਣ ਵਾਲੇ, ਉੱਠ ਅਤੇ ਸ਼ਰੇਆਮ ਇਸਲਾਮ ਦਾ ਪ੍ਰਚਾਰ ਕਰ" ਤਾਂ ਆਪ ਨੇ ਅਪਣੇ ਚੌਗਿਰਦੇ ਵਿਚ ਵਸਦੇ ਲੋਕਾਂ ਵਿਚ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਮੱਕੇ ਦੇ ਲੋਕਾਂ ਵੱਲੋਂ ਆਪ ਨੂੰ ਸਾਦਿਕ ਅਤੇ ਅਮੀਨ ਮੰਨਣ ਦੇ ਬਾਵਜੂਦ ਆਪ ਦੀ ਵਿਰੋਧਤਾ ਸ਼ੁਰੂ ਕਰ ਦਿੱਤੀ ਗਈ।ਜਦੋਂ ਵਿਰੋਧਤਾ ਕਰਨ ਵਾਲੇ ਆਪ ਦੇ ਚਾਚੇ ਅਬੂ ਤਾਲਿਬ ਕੋਲ ਰੋਸ ਪ੍ਰਗਟ ਕਰਨ ਅਤੇ ਲਾਲਚ ਦੇਣ ਆਏ ਤਾਂ ਆਪ ਨੇ ਕੋਰਾ ਜਵਾਬ ਦਿੰਦਿਆਂ ਆਖਿਆ ਕਿ ਚਾਚਾ ਜੀ ਜੇ ਇਹ ਲੋਕ ਮੇਰੇ ਇਕ ਹੱਥ ਉੱਤੇ ਚੰਦ ਅਤੇ ਦੂਸਰੇ ਉੱਤੇ ਸੂਰਜ ਵੀ ਲਿਆ ਕੇ ਰੱਖ ਦੇਣ ਤਾਂ ਵੀ ਮੈਂ ਅਪਣੇ ਦੀਨ ਤੋਂ ਪਿੱਛਾਂਹ ਨਹੀਂ ਹਟਾਂਗਾ।ਭਤੀਜੇ ਦੀ ਦ੍ਰਿੜਤਾ ਦੇਖ ਕੇ ਚਾਚੇ ਨੇ ਕਿਹਾ, "ਭਤੀਜੇ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਹਾਂ ਅਤੇ ਜੇ ਮੈਨੂੰ ਤੇਰੇ ਕੰਮ ਲਈ ਲੜਾਈ ਵੀ ਲੜਨੀ ਪਈ ਤਾਂ ਮੈਂ ਪਿੱਛੇ ਨਹੀਂ ਹਟਾਂਗਾ"।ਆਪ ਆਖਿਆ ਕਰਦੇ ਸਨ ਕਿ ਅਪਣੀ ਸੱਚੀ ਗੱਲ ਨੂੰ ਮਨਵਾਉਣ ਲਈ, ਸੱਚ ਦੀ ਰਖਵਾਲੀ ਲਈ ਜਾਂ ਦੁਸ਼ਮਣ ਦੇ ਹਮਲੇ ਤੋਂ ਆਪੇ ਨੂੰ ਬਚਾਉਣ ਲਈ ਜੰਗ ਵੀ ਲੜਨੀ ਪੈ ਜਾਂਦੀ ਹੈ। ਅਰਬ ਵਿਚ ਜੰਗ ਲਈ 'ਹਰਬ' ਦਾ ਸ਼ਬਦ ਵਰਤਿਆ ਜਾਂਦਾ ਹੈ ਜਿਸ ਦੇ ਅਰਥ ਹਨ ਅਪਣੀ ਅਣਖ ਨੂੰ ਕਾਇਮ ਰੱਖਣ ਲਈ ਮੁਕਾਬਲਾ ਕਰਨਾ।ਭਾਵ ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਜੰਗ ਅਪਣੀ ਅਣਖ ਨੂੰ ਕਾਇਮ ਰੱਖਣ ਲਈ, ਬਦਲਾ ਲੈਣ ਲਈ, ਅਪਣੀ ਬਹਾਦਰੀ ਦਾ ਰੋਅਬ ਪਾਉਣ ਲਈ, ਦੌਲਤ ਲੁੱਟਣ ਲਈ, ਜ਼ਮੀਨ ਤੇ ਕਬਜ਼ਾ ਕਰਨ ਲਈ ਜਾਂ ਅਜਿਹੀਆਂ ਹੋਰ ਖ਼ਾਹਸ਼ਾਂ ਪੂਰੀਆਂ ਕਰਨ ਲਈ ਲੜੀ ਜਾਂਦੀ ਸੀ।ਪਰ ਆਪ ਨੇ ਇਨ੍ਹਾਂ ਸਾਰੀਆਂ ਲੜਾਈਆਂ ਦੀ ਥਾਂ ਹੱਕ-ਸੱਚ ਲਈ ਲੜਨ ਵਾਲੀ ਜੰਗ ਨੂੰ ਜਹਾਦ ਦਾ ਨਾਂ ਦਿੱਤਾ।ਜਹਾਦ ਦੇ ਅਰਥ ਕੋਸ਼ਿਸ਼ ਕਰਨ ਦੇ ਹਨ।ਉਨ੍ਹਾਂ ਨੇ ਜਿਹੜੇ ਮਕਸਦ ਲਈ ਜੰਗਾਂ ਲੜੀਆਂ ਉਨ੍ਹਾਂ ਵਿੱਚੋਂ ਇਕ ਮਕਸਦ ਇਸਲਾਮ ਨੂੰ ਫੈਲਾਉਣਾ ਅਤੇ ਉਸ ਦੀ ਰਖਵਾਲੀ ਕਰਨਾ ਵੀ ਸੀ। ਪ੍ਰਸਿੱਧ ਇਸਲਾਮੀ ਵਿਦਵਾਨ ਮੌਲਵੀ ਸ਼ਿਵਲੀ ਨਿਅਮਾਨ ਆਖਦੇ ਨੇ ਕਿ "ਜਹਾਦ ਕਰਦਿਆਂ ਹਜ਼ਰਤ ਮੁਹੰਮਦ (ਸ.) ਦੇ ਹੱਥ ਵਿਚ ਤਲਵਾਰ ਹੁੰਦੀ ਸੀ ਅਤੇ ਜਿਸਮ ਉੱਤੇ ਜ਼ੱਰਾ ਬਕਤਰ।ਜਦੋਂ ਜੰਗ ਜਾਰੀ ਹੁੰਦੀ ਤਾਂ ਹਜ਼ਰਤ ਮੁਹੰਮਦ (ਸ.) ਰੱਬ ਕੋਲੋਂ ਜਿੱਤ ਲਈ ਦੁਆਵਾਂ ਮੰਗਦੇ ਅਤੇ ਜਦੋਂ ਜਿੱਤ ਹੁੰਦੀ ਤਾਂ ਰੱਬ ਦੀ ਦਰਗਾਹ ਵਿਚ ਸਿਜਦਾ ਕਰਦੇ।ਜਦੋਂ ਜੰਗ ਦੇ ਚੱਲਦਿਆਂ ਨਮਾਜ਼ ਦਾ ਵੇਲਾ ਹੋ ਜਾਂਦਾ ਤਾਂ ਹਜ਼ਰਤ ਮੁਹੰਮਦ (ਸ.) ਅਤੇ ਉਨ੍ਹਾਂ ਦੇ ਸਾਥੀ ਵਾਰੀ ਵਾਰੀ ਨਮਾਜ਼ ਪੜ੍ਹਦੇ।ਜਦੋਂ ਚੜ੍ਹਾਈ ਚੜ੍ਹਦੇ ਤਾਂ ਅੱਲਾਹੂ ਅਕਬਰ ਦੀ ਆਵਾਜ਼ ਆਉਂਦੀ ਅਤੇ ਜਦੋਂ ਉਤਰਾਈ ਉਤਰਦੇ ਤਾਂ ਸੁਬਹਾਨਅੱਲਾਹ ਆਖਦੇ।ਕਿਉਂ ਜੋ ਹਜ਼ਰਤ ਮੁਹੰਮਦ (ਸ.) ਇਸਲਾਮੀ ਰਹਿਨੁਮਾ ਸਨ।ਨੈਪੋਲੀਆ ਬੋਨਾਪਾਰਟ ਜਾਂ ਹਿਟਲਰ ਵਾਂਗ ਜੰਗਜੂ ਨਹੀਂ ਸਨ ਇਸ ਲਈ ਜੇ ਉਨ੍ਹਾਂ ਦੀਆਂ ਲੜੀਆਂ ਜੰਗਾਂ ਦਾ ਹਿਸਾਬ ਲਾਈਏ ਤਾਂ ਨੁਕਸਾਨ ਘੱਟ ਤੋਂ ਘੱਟ ਅਤੇ ਫ਼ਾਇਦੇ ਵੱਧ ਤੋਂ ਵੱਧ ਨਜ਼ਰ ਆਉਂਦੇ ਹਨ।ਉਨ੍ਹਾਂ ਵੱਲੋਂ ਬਹੁਤੀਆਂ ਜੰਗਾਂ ਇਸ ਹਿਸਾਬ ਨਾਲ ਲੜੀਆਂ ਗਈਆਂ ਕਿ ਘੱਟ ਤੋਂ ਘੱਟ ਤਾਕਤ ਦੀ ਵਰਤੋਂ ਨਾਲ ਲੋੜੀਦੇ ਨਤੀਜੇ ਹਾਸਲ ਕਰ ਲਏ ਜਾਣ।ਤਾਰੀਖ਼ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਦੁਨੀਆਂ ਨੂੰ ਫ਼ਤਹਿ ਕਰਨ ਵਾਲਿਆਂ ਨੇ ਬੇਹੱਦ ਖ਼ੂਨ ਬਹਾਇਆ ਪਰ ਹਜ਼ਰਤ ਮੁਹੰਮਦ (ਸ.) ਬਾਰੇ ਲਿਖਦਿਆਂ ਇਤਿਹਾਸਕਾਰ ਆਖਦੇ ਹਨ ਕਿ ਉਹ ਅਜਿਹੇ ਜਰਨੈਲ ਸਨ ਜਿਨ੍ਹਾਂ ਨੇ ਦਸ ਸਾਲ ਜੰਗਾਂ ਲੜ ਕੇ ਦਸ ਲੱਖ ਮੁਰੱਬਾ ਮੀਲ ਦੀ ਇਸਲਾਮੀ ਹਕੂਮਤ ਕਾਇਮ ਕੀਤੀ ਅਤੇ ਇਸ ਪੂਰੇ ਸਮੇਂ ਵਿਚ ਸ਼ਹੀਦ ਹੋਣ ਵਾਲੇ ਮੁਸਲਮਾਨ ਅਤੇ ਵੈਰੀ ਫ਼ੌਜੀਆਂ ਦੀ ਗਿਣਤੀ ਕ੍ਰਮਵਾਰ ੨੫੫ ਤੇ ੭੫੯ ਦੇ ਵਿਚਕਾਰ ਸੀ ਅਤੇ ਜੰਗੀ ਕੈਦੀਆਂ ਦੀ ਗਿਣਤੀ ੬੫੬੪ ਸੀ"।ਇਕ ਹੋਰ ਇਸਲਾਮੀ ਵਿਦਵਾਨ ਮੌਲਵੀ ਮੌਦੂਦੀ ਲਿਖਦੇ ਹਨ ਕਿ, "ਹਜ਼ਰਤ ਮੁਹੰਮਦ (ਸ.) ਦੇ ਸਮੇਂ ਲੜੀਆਂ ਜਾਣ ਵਾਲੀਆਂ ਸਾਰੀਆਂ ਲੜਾਈਆਂ ਵਿਚ ਡੇੜ ਹਜ਼ਾਰ ਤੋਂ ਵੱਧ ਬੰਦੇ ਨਹੀਂ ਮਾਰੇ ਗਏ"।ਇਨ੍ਹਾਂ ਸਬੂਤਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਹਾਂ ਕਿ ਹਜ਼ਰਤ ਮੁਹੰਮਦ (ਸ.) ਨੇ ਘੱਟ ਤੋਂ ਘੱਟ ਨੁਕਸਾਨ ਨਾਲ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤੇ। ਹਜ਼ਰਤ ਮੁਹੰਮਦ (ਸ.) ਰੱਬ ਉੱਤੇ ਭਰੋਸਾ ਕਰਕੇ ਲੜਨ ਵਾਲੇ ਜਰਨੈਲ ਸਨ।ਉਨ੍ਹਾਂ ਨੂੰ ਰੱਬ ਉੱਤੇ ਐਨਾ ਭਰੋਸਾ ਹੁੰਦਾ ਸੀ ਕਿ ਉਹ ਸਲਾਹਕਾਰਾਂ ਦੀ ਸਲਾਹ ਨੂੰ ਰੱਦ ਕਰਕੇ ਖ਼ਤਰਨਾਕ ਥਾਵਾਂ ਉੱਤੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਦੇ ਸਨ।ਆਪ ਬਚਪਨ ਤੋਂ ਹੀ ਬਹਾਦਰ, ਦਲੇਰ ਅਤੇ ਬੇਡਰ ਸਨ।ਇਸਲਾਮੀ ਕਿਤਾਬਾਂ ਵਿਚ ਲਿਖਿਆ ਮਿਲਦਾ ਹੈ ਕਿ ਜਦੋਂ ਆਪ ਮੱਕੇ ਤੋਂ ਹਿਜਰਤ ਕਰਕੇ ਮਦੀਨੇ ਚਲੇ ਗਏ ਤਾਂ ਇਕ ਰਾਤ ਨੂੰ ਸ਼ਹਿਰ ਦੇ ਲੋਕ ਸ਼ਹਿਰ ਤੋਂ ਬਾਹਰ ਰੌਲਾ ਪੈਂਦਾ ਸੁਣ ਕੇ ਡਰ ਗਏ ਕਿ ਸ਼ਾਇਦ ਕੋਈ ਹਮਲਾਵਰ ਆ ਗਏ ਹਨ।ਆਪ ਨੇ ਹਥਿਆਰ ਚੁੱਕੇ ਅਤੇ ਘੌੜੇ ਉੱਤੇ ਚੜ੍ਹ ਕੇ ਰੌਲਾ ਪੈਣ ਵਾਲੇ ਸਥਾਨ ਤੱਕ ਗਏ ਅਤੇ ਵਾਪਸ ਆ ਕੇ ਲੋਕਾਂ ਨੂੰ ਤਸੱਲੀ ਦੇ ਕੇ ਆਖਣ ਲੱਗੇ ਕਿ ਘਬਰਾਉਣ ਦੀ ਲੋੜ ਨਹੀਂ ਇਕ ਪੁਰਅਮਨ ਕਾਫ਼ਲਾ ਸ਼ਹਿਰ ਤੋਂ ਬਾਹਰ ਆ ਕੇ ਰੁਕਿਆ ਹੈ।ਭਾਵੇਂ ਹਜ਼ਰਤ ਅਲੀ ਨੂੰ ਸ਼ੇਰੇ ਖ਼ੁਦਾ ਆਖਿਆ ਜਾਂਦਾ ਹੈ ਪਰ ਉਹ ਆਖਦੇ ਹਨ ਕਿ ਜਦੋਂ ਘਮਸਾਨ ਦੀ ਲੜਾਈ ਹੁੰਦੀ ਸੀ ਤਾਂ ਅਸੀਂ ਹਜ਼ਰਤ ਮੁਹੰਮਦ (ਸ.) ਦੀ ਓਟ ਵਿਚ ਹੋ ਜਾਇਆ ਕਰਦੇ ਸਾਂ ਅਤੇ ਉਹ ਜੰਗ ਵਿਚ ਸਦਾ ਸਾਥੋਂ ਅੱਗੇ ਰਹਿੰਦੇ ਸਨ। ਇਕ ਹੋਰ ਸਮੇਂ ਹਜ਼ਰਤ ਅਲੀ (ਰਜ਼ੀ) ਆਖਦੇ ਹਨ ਕਿ ਸਾਰਿਆਂ ਵਿੱਚੋਂ ਬਹਾਦਰ ਉਸ ਨੂੰ ਗਿਣਿਆ ਜਾਂਦਾ ਸੀ ਜਿਹੜਾ ਲੜਾਈ ਵਿਚ ਹਜ਼ਰਤ ਮੁਹੰਮਦ (ਸ.) ਦੇ ਮੋਢੇ ਨਾਲ ਮੋਢਾ ਜੋੜ ਕੇ ਲੜਦਾ ਸੀ ਕਿਉਂਜੋ ਉਹ ਹਮੇਸ਼ਾ ਵੈਰੀ ਨਾਲ ਨੇੜੇ ਹੋ ਕੇ ਲੜਦੇ ਸਨ।ਜਦੋਂ ਲੜਾਈ ਮੁਸਲਮਾਨਾਂ ਉੱਤੇ ਥੱਪ ਦਿੱਤੀ ਜਾਂਦੀ ਤਾਂ ਹਜ਼ਰਤ ਮੁਹੰਮਦ (ਸ.) ਨੇ ਕਦੇ ਲੜਾਈ ਤੋਂ ਮੂੰਹ ਨਹੀਂ ਮੋੜਿਆ।ਹੱਕ ਅਤੇ ਸੱਚ ਲਈ ਲੜੀ ਜਾਣ ਵਾਲੀ ਬਦਰ ਦੀ ਲੜਾਈ ਵਿਚ ਆਪ ਨੇ ੩੧੩ ਮੁਸਲਮਾਨ ਸਿਪਾਹੀਆਂ ਨਾਲ ਇਕ ਹਜ਼ਾਰ ਦੀ ਗਿਣਤੀ ਵਾਲੀ ਕੁਰੈਸ਼ ਦੀ ਫ਼ੌਜ ਦਾ ਮੁਕਾਬਲਾ ਕਰਕੇ ਜਿੱਤ ਪ੍ਰਾਪਤ ਕੀਤੀ।ਉਹਦ ਦੀ ਜੰਗ ਦੇ ਸਮੇਂ ਆਪ ਦੇ ਦੁਸ਼ਮਨਾਂ ਨੇ ਇਸ ਲਈ ਖ਼ਬਰ ਫੈਲਾ ਦਿੱਤੀ ਕਿ ਹਜ਼ਰਤ ਮੁਹੰਮਦ (ਸ.) ਸ਼ਹੀਦ ਹੋ ਗਏ ਹਨ ਤਾਂ ਜੋ ਲੜ ਰਹੇ ਮੁਸਲਮਾਨਾਂ ਦਾ ਹੌਸਲਾ ਟੁੱਟ ਜਾਵੇ ਪਰ ਜਦੋਂ ਆਪ ਟੋਏ ਵਿੱਚੋਂ ਬਾਹਰ ਨਿੱਕਲ ਕੇ ਦੁਸ਼ਮਨਾਂ ਦੇ ਮੁਕਾਬਲੇ ਉੱਤੇ ਆਏ ਤਾਂ ਮੁਸਲਮਾਨ ਫ਼ੌਜ ਨੇ ਆਪ ਦੇ ਨੇੜੇ ਇਕੱਠੇ ਹੋ ਕੇ ਅਜਿਹਾ ਹਮਲਾ ਕੀਤਾ ਕਿ ਦੁਸ਼ਮਨ ਦੇ ਪੈਰ ਉਖੜ ਗਏ। ਆਪ ਦੇ ਸਾਥੀ ਸਹਾਬੀਆਂ ਵਿੱਚੋਂ ਹਜ਼ਰਤ ਅਨਸ ਦੱਸਦੇ ਨੇ ਕਿ ਆਪ ਸਾਰੇ ਲੋਕਾਂ ਨਾਲੋਂ ਬਹਾਦਰ ਅਤੇ ਉੱਚ ਦਰਜਾ ਰੱਖਣ ਵਾਲੇ ਜਰਨੈਲ ਸਨ।ਜੰਗ ਵਿਚ ਆਪ ਸਾਰੇ ਫ਼ੌਜੀਆਂ ਤੋਂ ਅੱਗੇ ਹੋ ਕੇ ਦੁਸ਼ਮਣ ਉੱਤੇ ਵਾਰ ਕਰਕੇ ਜੰਗ ਸ਼ੁਰੂ ਕਰਦੇ ਸਨ। ਹੁਨੈਣ ਦੀ ਲੜਾਈ ਵਿਚ ਜਦੋਂ ਦੁਸ਼ਮਣ ਫ਼ੌਜਾਂ ਨੇ ਆਪ ਉੱਤੇ ਤੀਰਾਂ ਦੀ ਝੜੀ ਲਾ ਦਿੱਤੀ ਤਾਂ ਮੁਸਲਮਾਨ ਫ਼ੌਜ ਨੂੰ ਪਿੱਛੇ ਹਟਣਾ ਪਿਆ।ਇਸ ਲੜਾਈ ਵਿਚ ਆਪ ਦੇ ਸਾਥੀਆਂ ਨੇ ਅੱਗੇ ਹੋ ਕੇ ਛਾਤੀਆਂ ਉੱਤੇ ਤੀਰ ਰੋਕੇ ਪਰ ਆਪ ਨੂੰ ਆਂਚ ਨਾ ਆਉਣ ਦਿੱਤੀ।ਹਜ਼ਰਤ ਮੁਹੰਮਦ (ਸ.) ਸਿਪਾਹ ਸਾਲਾਰ ਹੀ ਨਹੀਂ ਸਨ ਸਗੋਂ ਅਪਣੇ ਸਾਥੀਆਂ ਦੇ ਮਹਿਬੂਬ ਦੋਸਤ ਵੀ ਸਨ।ਇਕ ਸਫਲ ਕਮਾਂਡਰ ਉਸ ਨੂੰ ਹੀ ਆਖਿਆ ਜਾਂਦਾ ਹੈ ਜਿਸ ਨੂੰ ਅਪਣੇ ਸਾਥੀਆਂ ਉੱਤੇ ਪੂਰਾ ਭਰੋਸਾ ਹੋਵੇ ਅਤੇ ਸਿਪਾਹੀ ਵੀ ਅਪਣੇ ਲੀਡਰ ਦੇ ਹਰ ਹੁਕਮ ਦੀ ਅੱਗੇ ਹੋ ਕੇ ਪਾਲਣਾ ਕਰਨ।ਹਜ਼ਰਤ ਮੁਹੰਮਦ (ਸ.) ਦੇ ਸਿਪਾਹੀ ਉਨ੍ਹਾਂ ਦੇ ਇਸ ਹੱਦ ਤੱਕ ਸ਼ੁਭਚਿੰਤਕ ਸਨ ਕਿ ਫ਼ੌਜ ਵਿਚ ਕੋਈ ਇਹ ਖ਼ਿਆਲ ਵੀ ਨਹੀਂ ਕਰ ਸਕਦਾ ਸੀ ਕਿ ਉਹ ਅਪਣੀ ਜਾਨ ਬਚਾ ਲਵੇ ਅਤੇ ਹਜ਼ਰਤ ਮੁਹੰਮਦ (ਸ.) ਨੂੰ ਕੋਈ ਸੱਟ ਲੱਗੇ।ਹੁਦੈਬੀਆ ਦੇ ਸਮਝੌਤੇ ਵੇਲੇ ਉਰਵਾ ਕੁਰੈਸ਼ ਦਾ ਦੂਤ ਬਣ ਕੇ ਆਇਆ ਸੀ।ਸਮਝੌਤੇ ਤੋਂ ਬਾਅਦ ਉਸ ਨੇ ਵਾਪਸ ਜਾ ਕੇ ਕੁਰੈਸ਼ ਵਾਲਿਆਂ ਨੂੰ ਆਖਿਆ,"ਮੈਂ ਕੈਸਰੋ ਕਿਸਰਾ ਅਤੇ ਨਜਾਸ਼ੀ ਦੇ ਦਰਬਾਰ ਦੇਖੇ ਹਨ ਪਰ ਜਿੰਨੀ ਅਕੀਦਤ (ਸ਼ਰਧਾ) ਹਜ਼ਰਤ ਮੁਹੰਮਦ (ਸ.) ਦੇ ਸਾਥੀਆਂ ਨੂੰ ਉਨ੍ਹਾਂ ਨਾਲ ਹੈ ਮੈਂ ਅਜਿਹੀ ਮੁਹੱਬਤ ਹੋਰ ਕਿਧਰੇ ਵੀ ਨਹੀਂ ਦੇਖੀ। ਇਕ ਚੰਗੇ ਜਰਨੈਲ ਵਿਚ ਇਹ ਗੁਣ ਹੋਣਾ ਵੀ ਜ਼ਰੂਰੀ ਹੈ ਕਿ ਉਹ ਅਪਣੇ ਅਧੀਨ ਫ਼ੌਜ ਦੇ ਸਿਪਾਹੀਆਂ ਦਾ ਆਇਡੀਅਲ ਹੋਵੇ।ਉਹ ਸਿਰਫ਼ ਹੁਕਮ ਦੇਣ ਵਾਲਾ ਹੀ ਨਾ ਹੋਵੇ ਸਗੋਂ ਸਭ ਨੂੰ ਹਸ ਕੇ ਮਿਲੇ ਅਤੇ ਉਨ੍ਹਾਂ ਦੇ ਦੁਖ-ਸੁਖ ਵਿਚ ਕੰਮ ਆਵੇ।ਹਜ਼ਰਤ ਮੁਹੰਮਦ (ਸ.) ਨੂੰ ਅਪਣੇ ਸਿਪਾਹੀਆਂ ਨਾਲ ਅੰਤਾਂ ਦੀ ਮੁਹੱਬਤ ਸੀ।ਉਹ ਸਿਪਾਹੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਸਨ।ਖੰਦਕ ਦੀ ਲੜਾਈ ਵਿਚ ਸਹਾਬੀਆਂ ਦੇ ਰੋਕਣ ਦੇ ਬਾਵਜੂਦ ਵੀ ਆਪ ਨੇ ਉਨ੍ਹਾਂ ਨਾਲ ਰਲ ਕੇ ਅਪਣੇ ਹਿੱਸੇ ਦੀ ਖਾਈ ਆਪ ਪੁੱਟੀ।ਤਬੂਕ ਦੀ ਲੜਾਈ ਸਮੇਂ ਆਪ ਦੀ ਫ਼ੌਜ ਕੋਲ ਸਵਾਰੀ ਕਰਨ ਲਈ ਊਂਠ ਘੱਟ ਸਨ।ਤਿੰਨ ਤਿੰਨ ਫ਼ੌਜੀਆਂ ਦੇ ਹਿੱਸੇ ਇਕ ਊਂਠ ਆਉਂਦਾ ਸੀ।ਦੂਰ ਦਾ ਸਫ਼ਰ ਕਰਦਿਆਂ ਆਪ ਅਪਣੀ ਵਾਰੀ ਆਉਣ ਤੇ ਊਂਠ ਦੀ ਸਵਾਰੀ ਕਰਦੇ ਅਤੇ ਵਾਰੀ ਖ਼ਤਮ ਹੁੰਦਿਆਂ ਹੀ ਦੂਜਿਆਂ ਨਾਲ ਪੈਦਲ ਤੁਰ ਪੈਂਦੇ। ਜੇ ਅੱਜ ਤੋਂ ਪੰਦਰਾਂ ਸੌ ਸਾਲ ਪਹਿਲਾਂ ਦੁਨੀਆ ਵਿਚ ਹੋਣ ਵਾਲੀਆਂ ਲੜਾਈਆਂ ਬਾਰੇ ਗ਼ੌਰ ਨਾਲ ਦੇਖੀਏ ਤਾਂ ਪਤਾ ਲਗਦਾ ਹੈ ਕਿ ਇਹ ਜੰਗਾਂ ਬਗ਼ੈਰ ਕਿਸੇ ਕਾਨੂੰਨ ਦੇ ਲੜੀਆਂ ਜਾਂਦੀਆਂ ਸਨ।ਹੁਕਮਰਾਨ ਬਿਨਾ ਸੋਚੇ ਸਮਝੇ ਖ਼ੂਨ ਦੀ ਹੋਲੀ ਖੇਡ ਕੇ ਦੂਸਰੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਸਨ।ਇਤਿਹਾਸ ਵਿਚ ਕਈ ਅਜਿਹੇ ਵੇਲੇ ਵੀ ਦੇਖਣ ਨੂੰ ਮਿਲੇ ਹਨ ਕਿ ਉਹ ਵਿਰੋਧੀਆਂ ਦੇ ਸਿਰਾਂ ਦੇ ਮੀਨਾਰ ਤੱਕ ਬਣਾ ਲਿਆ ਕਰਦੇ ਸਨ।ਔਰਤਾਂ ਦੀ ਇੱਜ਼ਤ ਨਾਲ ਖੇਡਣਾ ਸਿਪਾਹੀਆਂ ਲਈ ਸ਼ੁਗ਼ਲ ਹੁੰਦਾ ਸੀ।ਬੱਚਿਆਂ ਅਤੇ ਬੁੱਢਿਆਂ ਨੂੰ ਕਤਲ ਕਰਨਾ ਅਤੇ ਬਸਤੀਆਂ ਉਜਾੜਣੀਆਂ ਆਮ ਜਿਹੀ ਗੱਲ ਸਮਝੀ ਜਾਂਦੀ ਸੀ।ਪਰ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਅਸੂਲਾਂ ਉੱਤੇ ਚੱਲ ਕੇ ਲੜਾਈਆਂ ਲੜੀਆਂ ਜਿਹੜੇ ਕੁਰਆਨ ਸ਼ਰੀਫ਼ ਦੀ ਸ਼ਕਲ ਵਿਚ ਰੱਬ ਨੇ ਆਪ ਦੇ ਰਾਹੀਂ ਲੋਕਾਂ ਤੱਕ ਅੱਪੜਦੇ ਕੀਤੇ।ਆਪ ਨੇ ਅਪਣੇ ਕਮਾਂਡਰਾਂ ਨੂੰ ਹੁਕਮ ਦਿੱਤਾ ਕਿ ਜਦੋਂ ਵੀ ਹਮਲਾ ਕਰਨਾ ਪਵੇ ਤਾਂ ਬੁੱਢਿਆਂ, ਔਰਤਾਂ ਅਤੇ ਬੱਚਿਆਂ ਨੂੰ ਕਤਲ ਨਾ ਕਰੋ।ਦਰਖ਼ਤਾਂ ਨੂੰ ਬਿਨਾ ਵਜ੍ਹਾਹ ਨਾ ਕੱਟੋ ਅਤੇ ਜ਼ਰੂਰਤ ਤੋਂ ਵੱਧ ਜਾਨਵਰਾਂ ਨੂੰ ਜਿਬਾਹ ਨਾ ਕਰੋ।ਇਸਲਾਮ ਤੋਂ ਪਹਿਲਾਂ ਅਰਬ ਦੇ ਕਬੀਲਿਆਂ ਵਿਚ ਦਸਤੂਰ ਸੀ ਕਿ ਜਦੋਂ ਦੁਸ਼ਮਨ ਨੂੰ ਕੈਦੀ ਬਣਾ ਲਿਆ ਜਾਂਦਾ ਤਾਂ ਉਸ ਨੂੰ ਦਰਖ਼ਤਾਂ ਨਾਲ ਬੰਨ੍ਹ ਕੇ ਤੀਰਾਂ ਨਾਲ ਮਾਰ ਦਿੱਤਾ ਜਾਂਦਾ ਸੀ।ਦੁਸ਼ਮਨ ਦੀਆਂ ਲਾਸ਼ਾਂ ਦੇ ਅੰਗ ਕੱਟ ਦਿੱਤੇ ਜਾਂਦੇ ਸਨ ਅਤੇ ਦੂਤਾਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ ਪਰ ਆਪ ਨੇ ਅਪਣੇ ਸਿਪਾਹੀਆਂ ਨੂੰ ਅਜਿਹਾ ਕਰਨ ਤੋਂ ਸਖ਼ਤੀ ਨਾਲ ਰੋਕਿਆ। ਜਿਹੜੇ ਅਸੂਲਾਂ ਨਾਲ ਹਜ਼ਰਤ ਮੁਹੰਮਦ (ਸ.) ਨੇ ਜੰਗਾਂ ਲੜੀਆਂ ਉਨ੍ਹਾਂ ਨੂੰ ਅੱਜ ਦੇ ਯੁਗ ਵਿਚ ਵੀ ਮਿਸਾਲ ਵਜੋਂ ਪੇਸ਼ ਕੀਤਾ ਜਾ ਸਕਦਾ ਹੈ।ਆਪ ਦਾ ਕਹਿਣਾ ਸੀ ਕਿ ਨਾ ਹੱਕ ਖ਼ੂਨ ਨਾ ਵਗਾਇਆ ਜਾਵੇ।ਆਪ ਇਲਾਕੇ ਹੀ ਨਹੀਂ ਜਿੱਤਦੇ ਸਨ ਸਗੋਂ ਚੰਗੇ ਵਿਵਹਾਰ ਸਦਕਾ ਲੋਕਾਂ ਦੇ ਦਿਲ ਵੀ ਜਿੱਤ ਲਿਆ ਕਰਦੇ ਸਨ।ਭਾਵੇਂ ਉਨ੍ਹਾਂ ਕੋਲ ਕੋਈ ਸਿਖਲਾਈ ਪ੍ਰਾਪਤ ਫ਼ੌਜ ਨਹੀਂ ਸੀ ਪਰ ਜੇ ਉਨ੍ਹਾਂ ਦੀਆਂ ਜਿੱਤੀਆਂ ਜੰਗਾਂ ਵੱਲ ਵੇਖੀਏ ਤਾਂ ਅਕਲ ਹੈਰਾਨ ਰਹਿ ਜਾਂਦੀ ਹੈ ਕਿ ਵੱਡੀਆਂ ਵੱਡੀਆਂ ਫ਼ੌਜਾਂ ਰੱਖਣ ਵਾਲੇ ਜਰਨੈਲ ਵੀ ਐਨੇ ਚੰਗੇ ਨਤੀਜੇ ਨਹੀਂ ਪ੍ਰਾਪਤ ਕਰ ਸਕੇ ਜਿੰਨੇ ਹਜ਼ਰਤ ਮੁਹੰਮਦ (ਸ.) ਨੇ ਕਰ ਕੇ ਵਿਖਾਏ।ਉਨ੍ਹਾਂ ਨੇ ਦੁਨੀਆਂ ਦੀਆਂ ਦੋ ਵੱਡੀਆਂ ਤਾਕਤਾਂ ਰੋਮ ਅਤੇ ਇਰਾਨ ਨਾਲ ਡਟ ਕੇ ਮੁਕਾਬਲਾ ਕੀਤਾ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਇਕ ਚੰਗੇ ਜਰਨੈਲ ਵਿਚ ਇਹ ਵੀ ਗੁਣ ਹੁੰਦਾ ਹੈ ਕਿ ਉਸ ਦੇ ਅਧੀਨ ਫ਼ੌਜ ਚੰਗੇ ਇਖ਼ਲਾਕ ਵਾਲੀ ਹੋਵੇ।ਆਪ ਨੇ ਅਪਣੇ ਸਾਥੀਆਂ ਨੂੰ ਇਖ਼ਲਾਕੀ ਤਰਬੀਅਤ ਦੇ ਨਾਲ ਨਾਲ ਚੰਗੇ ਆਚਾਰ-ਵਿਵਹਾਰ ਅਪਣਾਉਣ ਅਤੇ ਮੁਸੀਬਤ ਵੇਲੇ ਸਬਰ ਤੋਂ ਕੰਮ ਲੈਣ ਦੀ ਸਿੱਖਿਆ ਦਿੱਤੀ।ਤਬੂਕ ਦੀ ਲੜਾਈ ਵਿਚ ਆਪ ਦੀ ਫ਼ੌਜ ਕੋਲ ਖ਼ੁਰਾਕ ਦੀ ਘਾਟ ਹੋ ਗਈ ਪਰ ਆਪ ਦੀਆਂ ਸਿੱਖਿਆਵਾਂ ਤੇ ਚੱਲਣ ਵਾਲੇ ਫ਼ੌਜੀ ਸਿਰਫ਼ ਖ਼ਜੂਰਾਂ ਖਾ ਕੇ ਹੀ ਗੁਜ਼ਾਰਾ ਕਰਦੇ ਰਹੇ। ਇਹ ਵੀ ਇਕ ਚੰਗੇ ਜਰਨੈਲ ਦਾ ਗੁਣ ਹੁੰਦਾ ਹੈ ਕਿ ਉਸ ਨੂੰ ਉਨ੍ਹਾਂ ਇਲਾਕਿਆਂ ਦੀ ਭੂਗੋਲਿਕ ਸਥਿੱਤੀ ਦਾ ਗਿਆਨ ਹੋਵੇ ਜਿਨ੍ਹਾਂ ਇਲਾਕਿਆਂ ਵਿਚ ਉਹ ਜੰਗ ਲੜਨ ਲਈ ਜਾ ਰਿਹਾ ਹੈ।ਹਜ਼ਰਤ ਮੁਹੰਮਦ (ਸ.) ਹਮਲਾ ਕਰਨ ਤੋਂ ਪਹਿਲਾਂ ਉਨ੍ਹਾਂ ਇਲਾਕਿਆਂ ਬਾਰੇ ਸੂਹੀਏ ਭੇਜ ਕੇ ਜਾਣਕਾਰੀ ਪ੍ਰਾਪਤ ਕਰਦੇ ਅਤੇ ਫੇਰ ਫ਼ੌਜਾਂ ਨੂੰ ਚੜ੍ਹਾਈ ਕਰਨ ਦਾ ਹੁਕਮ ਦਿੰਦੇ। ਇਕ ਚੰਗੇ ਕਮਾਂਡਰ ਵਿਚ ਇਹ ਖ਼ੂਬੀ ਵੀ ਹੋਣੀ ਚਾਹੀਦੀ ਹੈ ਕਿ ਉਹ ਅਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਢੁਕਵੀ ਅਤੇ ਸੁਰੱਖਿਅਤ ਥਾਂ ਦੀ ਚੋਣ ਕਰੇ। ਬਦਰ ਦੀ ਲੜਾਈ ਵਿਚ ਹਜ਼ਰਤ ਮੁਹੰਮਦ (ਸ.) ਨੇ ਉੱਚੀ ਥਾਂ ਦੀ ਚੋਣ ਕੀਤੀ। ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਬਰਸਾਤ ਸ਼ੁਰੂ ਹੋ ਗਈ ਜਿਸ ਨਾਲ ਦੁਸ਼ਮਣ ਦੀਆਂ ਫ਼ੌਜਾਂ ਵਾਲੀ ਥਾਂ ਤੇ ਪਾਣੀ ਭਰ ਗਿਆ।ਦੂਜੇ ਲੜਾਈ ਦੇ ਸਮੇਂ ਸੂਰਜ ਦੀ ਚਮਕ ਕੁਰੈਸ਼ ਦੇ ਫ਼ੌਜੀਆਂ ਦੀਆਂ ਅੱਖਾਂ ਵਿਚ ਪੈਣ ਲੱਗੀ ਜਿਸ ਨਾਲ ਉਨ੍ਹਾਂ ਨੂੰ ਮੁਕਾਬਲਾ ਕਰਨ ਵਿਚ ਔਖਿਆਈ ਆਉਣੀ ਸ਼ੁਰੂ ਹੋ ਗਈ।ਉਹਦ ਦੀ ਲੜਾਈ ਵਿਚ ਆਪ ਨੇ ਪਹਾੜ ਨੂੰ ਅਪਣੀ ਫ਼ੌਜ ਦੇ ਪਿਛਲੇ ਪਾਸੇ ਰੱਖ ਕੇ ਸਫ਼ਬੰਦੀ ਕੀਤੀ।ਖੰਦਕ ਦੀ ਲੜਾਈ ਵਿਚ ਹਜ਼ਰਤ ਸੁਲੇਮਾਨ ਫ਼ਾਰਸੀ ਦੀ ਸਲਾਹ ਨਾਲ ਮਦੀਨੇ ਸ਼ਹਿਰ ਦੇ ਦੁਆਲੇ ਖਾਈ ਪੁੱਟ ਕੇ ਇਰਾਨੀ ਤਰੀਕੇ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ ਅਤੇ ਦੁਸ਼ਮਣਾਂ ਨੂੰ ਘੇਰਾਬੰਦੀ ਚੁੱਕ ਕੇ ਪਰਤਣਾ ਪਿਆ। ਚੰਗੇ ਜਰਨੈਲ ਦੀ ਇਹ ਵੀ ਇਕ ਖ਼ੂਬੀ ਹੁੰਦੀ ਹੈ ਕਿ ਉਹ ਜੰਗੀ ਮਨਸੂਬਿਆਂ ਨੂੰ ਕਿਸੇ ਨਾਲ ਸਾਂਝਾ ਨਾ ਕਰੇ ਸਗੋਂ ਢੁਕਵੇਂ ਵੇਲੇ ਤੱਕ ਗੁਪਤ ਰੱਖੇ।ਹਜ਼ਰਤ ਮੁਹੰਮਦ (ਸ.) ਜੰਗੀ ਮਨਸੂਬਿਆਂ ਨੂੰ ਹਮੇਸ਼ਾ ਗੁਪਤ ਰੱਖਿਆ ਕਰਦੇ ਸਨ ਅਤੇ ਢੁਕਵੇਂ ਸਮੇਂ ਤੇ ਜਦੋਂ ਉਨ੍ਹਾਂ ਉੱਤੇ ਅਮਲ ਕਰਦੇ ਤਾਂ ਦੁਸ਼ਮਨ ਆਪ ਦੀਆਂ ਜੰਗੀ ਚਾਲਾਂ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ।ਬਦਰ ਦੀ ਜੰਗ ਵਿਚ ਜਦੋਂ ਆਪ ਮਦੀਨੇ ਤੋਂ ਜੰਗ ਦਾ ਇਰਾਦਾ ਕਰਕੇ ਚੱਲੇ ਤਾਂ ਕਿਸੇ ਸਾਥੀ ਨੂੰ ਇਸ ਦਾ ਪਤਾ ਨਹੀਂ ਸੀ ਕਿ ਅਸੀਂ ਜੰਗ ਕਰਨ ਜਾ ਰਹੇ ਹਾਂ ਸਗੋਂ ਬਹੁਤਿਆਂ ਦਾ ਖ਼ਿਆਲ ਸੀ ਕਿ ਕੁਰੈਸ਼ ਦੇ ਵਪਾਰਕ ਕਾਫ਼ਲੇ ਨੂੰ ਲੁੱਟਣ ਜਾ ਰਹੇ ਹਾਂ ਜਿਹੜਾ ਸ਼ਾਮ ਤੋਂ ਵਪਾਰਕ ਮਾਲ ਲੈ ਕੇ ਮੱਕੇ ਵਲ ਜਾ ਰਿਹਾ ਹੈ।ਆਪ ਆਖਿਆ ਕਰਦੇ ਸਨ, "ਜੰਗ ਇਕ ਗੁੱਝੀ ਚਾਲ ਏ ਅਤੇ ਭੇਦ ਭਰੀ ਮਨਸੂਬਾਬੰਦੀ ਏ"।ਆਪ ਜਦੋਂ ਦਸ ਹਜ਼ਾਰ ਮੁਸਲਮਾਨਾਂ ਦੀ ਫ਼ੌਜ ਲੈ ਕੇ ਮੱਕੇ ਉੱਤੇ ਹਮਲਾ ਕਰਨ ਲਈ ਗਏ ਤਾਂ ਮੱਕੇ ਵਾਲਿਆਂ ਨੂੰ ਇਸ ਦੀ ਖ਼ਬਰ ਨਹੀਂ ਹੋਣ ਦਿੱਤੀ।ਜਦੋਂ ਕੁਰੈਸ਼ ਦਾ ਸਰਦਾਰ ਅਬੂ ਸੁਫ਼ਿਆਨ ਅਪਣੇ ਇਲਾਕੇ ਵਿਚ ਗਸ਼ਤ ਕਰਨ ਲਈ ਨਿਕਲਿਆ ਤਾਂ ਉਹ ਮੁਹੰਮਦ (ਸ.) ਦੇ ਫ਼ੌਜੀਆਂ ਦੇ ਹੱਥੋਂ ਫੜਿਆ ਗਿਆ।ਕਮਾਂਡਰ ਦੇ ਫੜੇ ਜਾਣ ਪਾਰੋਂ ਉਸ ਦੀ ਫ਼ੌਜ ਦਾ ਹੌਸਲਾ ਟੁੱਟ ਗਿਆ ਅਤੇ ਬਿਨਾ ਲੜਿਆਂ ਹੀ ਮੱਕਾ ਫ਼ਤਹਿ ਹੋ ਗਿਆ। ਛਾਪਾਮਾਰ ਕਮਾਂਡੋ ਹਰ ਫ਼ੌਜ ਦੀ ਜ਼ਿੰਦ-ਜਾਨ ਹੁੰਦੇ ਹਨ।ਹਜ਼ਰਤ ਮੁਹੰਮਦ (ਸ.) ਨੇ ਅੱਜ ਤੋਂ ਸਾਢੇ ਚੌਦਾਂ ਸੌ ਸਾਲ ਪਹਿਲਾਂ ਅਪਣੀ ਫ਼ੌਜ ਵਿਚ ਛਾਪਾਮਾਰ ਦਸਤੇ ਤਿਆਰ ਕੀਤੇ।ਮਦੀਨਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਵਿਚ ਬਣਾਏ ਕਿਲਿਆਂ ਵਿਚ ਰਹਿੰਦਿਆਂ ਜਦੋਂ ਯਹੂਦੀ ਕੁਰੈਸ਼ ਨਾਲ ਮਿਲ ਕੇ ਸ਼ਾਜ਼ਿਸ਼ਾਂ ਕਰਨੋ ਨਾ ਹਟੇ ਤਾਂ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦੇ ਸਰਦਾਰ ਕਾਅਬ ਬਿਨ ਅਸ਼ਰਫ਼ ਨੂੰ ਛਾਪਾਮਾਰ ਤਰੀਕਾ ਵਰਤ ਕੇ ਮਰਵਾ ਦਿੱਤਾ।ਇਹ ਬੰਦਾ ਅਰਬੀ ਭਾਸ਼ਾ ਦਾ ਸ਼ਾਇਰ ਸੀ ਅਤੇ ਸ਼ਾਇਰੀ ਵਿਚ ਮੁਸਲਮਾਨ ਔਰਤਾਂ ਦੇ ਨਾਂ ਲਿਖ ਲਿਖ ਕੇ ਉਨ੍ਹਾਂ ਨੂੰ ਬਦਨਾਮ ਕਰਦਾ ਰਹਿੰਦਾ ਸੀ।ਰੋਕਣ ਦੇ ਬਾਵਜ਼ੂਦ ਜਦੋਂ ਉਹ ਭੈੜੀਆਂ ਹਰਕਤਾਂ ਤੋਂ ਨਾ ਰੁਕਿਆ ਤਾਂ ਹਜ਼ਰਤ ਮੁਹੰਮਦ (ਸ.) ਦੇ ਹੁਕਮ ਨਾਲ ਇਕ ਦਿਨ ਆਪ ਦੇ ਕੁਝ ਕਮਾਂਡੂਆਂ ਨੇ ਉਸ ਨੂੰ ਛਾਪਾ ਮਾਰ ਕੇ ਘਰੋਂ ਬਾਹਰ ਕੱਢਿਆ ਅਤੇ ਸ਼ਹਿਰ ਤੋਂ ਬਾਹਰ ਲਿਜਾ ਕੇ ਕਤਲ ਕਰ ਦਿੱਤਾ।ਇਸੇ ਤਰ੍ਹਾਂ ਇਕ ਹੋਰ ਯਹੂਦੀ ਸਰਦਾਰ ਸਾਮ ਪੁੱਤਰ ਅਬਿਲ ਹਕੀਕ ਨੂੰ ਸ਼ੋਧਣ ਲਈ ਵੀ ਇਹੋ ਤਰੀਕਾ ਵਰਤਿਆ ਗਿਆ। ਜੰਗ ਕਰਨ ਜਾਂ ਜੰਗ ਨੂੰ ਰੋਕਣ ਲਈ ਕਈ ਤਰ੍ਹਾਂ ਦੇ ਸਮਝੌਤੇ ਕੀਤੇ ਜਾਂਦੇ ਹਨ।ਕਈ ਵਾਰ ਇਹ ਸਮਝੌਤੇ ਕੂਟਨੀਤਕ ਚਾਲਾਂ ਰਾਹੀਂ ਅਪਣੇ ਗਰੁੱਪ ਨੂੰ ਤਕੜਾ ਕਰਨ ਲਈ ਵੀ ਕੀਤੇ ਜਾਂਦੇ ਹਨ।ਹਜ਼ਰਤ ਮੁਹੰਮਦ (ਸ.) ਨੇ ਮੱਕੇ ਤੋਂ ਬਾਹਰ ਰਹਿੰਦੇ ਕਬੀਲਿਆਂ ਨਾਲ ਸਮਝੌਤੇ ਕਰਕੇ ਉਨ੍ਹਾਂ ਨੂੰ ਮੱਕੇ ਦੇ ਕੁਰੈਸ਼ ਵਾਲਿਆਂ ਤੋਂ ਦੂਰ ਕਰਕੇ ਅਪਣੀ ਤਾਕਤ ਨੂੰ ਮਜ਼ਬੂਤ ਕੀਤਾ ਅਤੇ ਸਦਾ ਸਮਝੌਤਿਆਂ ਦੀ ਪਾਲਣਾ ਕੀਤੀ।ਆਪ ਨੇ ਹੁਦੈਬੀਆ ਵਿਖੇ ਕੁਝ ਕਬੀਲਿਆਂ ਨਾਲ ਸੰਕਟ ਸਮੇਂ ਇਕ ਦੂਜੇ ਦੀ ਸਹਾਇਤਾ ਕਰਨ ਦਾ ਸਮਝੌਤਾ ਕੀਤਾ ਪਰ ਜਦੋਂ ਮੱਕੇ ਵਾਲਿਆਂ ਨੇ ਉਨ੍ਹਾਂ ਉੱਤੇ ਹਮਲਾ ਕਰਕੇ ਲੁੱਟਮਾਰ ਕੀਤੀ ਤਾਂ ਆਪ ਨੂੰ ਮੱਕੇ ਉੱਤੇ ਹਮਲਾ ਕਰਨ ਦਾ ਬਹਾਨਾ ਮਿਲ ਗਿਆ।ਆਪ ਨੇ ਕਦੇ ਕਿਸੇ ਨਾਲ ਕੀਤਾ ਸਮਝੌਤਾ ਨਹੀਂ ਤੋੜਿਆ ਪਰ ਸਮਝੌਤਾ ਤੋੜਨ ਵਾਲਿਆਂ ਨੂੰ ਰੱਜ ਕੇ ਸਜ਼ਾ ਦਿੱਤੀ। ਹਜ਼ਰਤ ਮੁਹੰਮਦ (ਸ.) ਨੇ ਜੰਗੀ ਕੈਦੀਆਂ ਨਾਲ ਸਦਾ ਚੰਗਾ ਸਲੂਕ ਕੀਤਾ ਅਤੇ ਅਪਣੇ ਪੈਰੋਕਾਰਾਂ ਨੂੰ ਵੀ ਉਸ ਉੱਤੇ ਅਮਲ ਕਰਨ ਦੀ ਸਿੱਖਿਆ ਦਿੱਤੀ।ਉਨ੍ਹਾਂ ਨੇ ਮੱਕੇ ਨੂੰ ਫ਼ਤਹਿ ਕਰਨ ਤੋਂ ਬਾਅਦ ਦਰਿਆਦਿਲੀ ਦਾ ਸਬੂਤ ਦਿੰਦਿਆਂ ਮੱਕੇ ਵਾਸੀਆਂ ਨੂੰ ਮੁਆਫ਼ ਕਰ ਦਿੱਤਾ।ਜਦੋਂ ਮੱਕੇ ਦੇ ਅਜਿਹੇ ਲੋਕਾਂ ਨੂੰ ਕੈਦ ਕਰਕੇ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਨ੍ਹਾਂ ਨੇ ਆਪ ਨੂੰ ਮੱਕੇ ਰਹਿਣ ਸਮੇਂ ਤੰਗ ਕੀਤਾ ਸੀ, ਰਸਤੇ ਵਿਚ ਜਾਂਦਿਆਂ ਆਪ ਉੱਤੇ ਕੂੜਾ ਸੁੱਟਿਆ ਸੀ, ਨਮਾਜ਼ ਪੜ੍ਹਨ ਸਮੇਂ ਆਪ ਦੇ ਉੱਤੇ ਉਠ ਦੀ ਓਝੜੀ ਸੁੱਟੀ ਸੀ, ਆਪ ਦੇ ਘਰ ਚੁੱਲ੍ਹੇ ਉੱਤੇ ਰੱਖੀ ਹਾਂਡੀ ਵਿਚ ਗੰਦ ਸੁੱਟਿਆ ਸੀ, ਤਾਂ ਆਪ ਨੇ ਸਭ ਨੂੰ ਮੁਆਫ਼ ਕਰ ਦਿੱਤਾ।ਆਪ ਵੱਲੋਂ ਉਨ੍ਹਾਂ ਨੂੰ ਬਿਨਾ ਸ਼ਰਤ ਮੁਆਫ਼ ਕਰਨ ਦਾ ਸਿੱਟਾ ਇਹ ਨਿਕਲਿਆ ਕਿ ਇਹ ਸਾਰੇ ਲੋਕ ਆਪ ਦੇ ਪੈਰੋਕਾਰ ਬਣ ਗਏ।ਬਦਰ ਦੀ ਲੜਾਈ ਵਿਚ ਜਿਹੜੇ ਸੱਤਰ ਲੋਕਾਂ ਨੂੰ ਕੈਦੀ ਬਣਾ ਕੇ ਮਦੀਨੇ ਲਿਜਾਇਆ ਗਿਆ ਉਨ੍ਹਾਂ ਨੂੰ ਰੱਖਣ ਲਈ ਸਹਾਬੀ ਫ਼ੌਜੀਆਂ ਵਿਚ ਵੰਡ ਦਿੱਤਾ ਕਿਉਂ ਜੋ ਉਸ ਸਮੇਂ ਮਦੀਨੇ ਵਿਚ ਕੋਈ ਜੇਲ੍ਹ ਜਾਂ ਕੈਦਖ਼ਾਨਾ ਨਹੀਂ ਸੀ।ਇਨ੍ਹਾਂ ਕੈਦੀਆਂ ਦੀ ਹੋਣੀ ਬਾਰੇ ਜਦੋਂ ਹਜ਼ਰਤ ਮੁਹੰਮਦ (ਸ.) ਨੇ ਸਾਥੀਆਂ ਤੋਂ ਸਾਹ ਲਈ ਤਾਂ ਹਜ਼ਰਤ ਉਮਰ (ਰਜ਼ੀ.) ਦਾ ਕਹਿਣਾ ਸੀ ਕਿ ਇਨ੍ਹਾਂ ਨੂੰ ਕਤਲ ਕਰ ਦੇਣਾ ਚਾਹੀਦਾ ਹੈ ਪਰ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੀ ਸਲਾਹ ਮੰਨ ਕੇ ਆਪ ਨੇ ਸਭ ਨੂੰ ਜੁਰਮਾਨਾ ਲੈ ਕੇ ਛੱਡ ਦਿੱਤਾ।ਇਨ੍ਹਾਂ ਕੈਦੀਆਂ ਵਿੱਚੋਂ ਇਕ ਕੈਦੀ ਦਾ ਕਹਿਣਾ ਹੈ ਕਿ ਮੈਨੂੰ ਅਨਸਾਰ ਦੇ ਜਿਹੜੇ ਘਰ ਵਿਚ ਕੈਦ ਕੀਤਾ ਗਿਆ ਉਸ ਘਰ ਦੇ ਲੋਕਾਂ ਨੇ ਮੇਰੇ ਨਾਲ ਐਨਾ ਚੰਗਾ ਸਲੂਕ ਕੀਤਾ ਕਿ ਉਹ ਆਪ ਖਜੂਰਾਂ ਖਾ ਕੇ ਗੁਜ਼ਾਰਾ ਕਰਦੇ ਪਰ ਮੈਨੂੰ ਖਾਣ ਲਈ ਰੋਟੀ ਦਿੰਦੇ। ਇਕ ਚੰਗੇ ਜਰਨੈਲ ਵਿਚ ਇਹ ਵੀ ਖ਼ੂਬੀ ਹੁੰਦੀ ਹੈ ਕਿ ਉਹ ਜੱਗ ਨੂੰ ਪੈਦਾ ਕਰਨ ਵਾਲੇ ਰੱਬ ਉੱਤੇ ਭਰੋਸਾ ਕਰਕੇ ਹਥਿਆਰ ਚੁੱਕਦਾ ਹੈ।ਹਜ਼ਰਤ ਮੁਹੰਮਦ (ਸ.) ਵੀ ਸਦਾ ਰੱਬ ਉੱਤੇ ਭਰੋਸਾ ਕਰਕੇ ਲੜਾਈ ਵਿਚ ਕੁੱਦਿਆ ਕਰਦੇ ਸਨ।ਉਹ ਅਪਣੇ ਸਾਥੀ ਫ਼ੌਜੀਆਂ ਨੂੰ ਵੀ ਇਹੋ ਸਿੱਖਿਆ ਦਿਆ ਕਰਦੇ ਸਨ ਕਿ ਰੱਬ ਉੱਤੇ ਭਰੋਸਾ ਰੱਖੋ ਦੁਸ਼ਮਣ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕੇਗਾ।ਉਨ੍ਹਾਂ ਨੇ ਰੱਬ ਤੇ ਭਰੋਸਾ ਰੱਖਣ ਦੇ ਸਹਾਰੇ ਬਹੁਤ ਥੋੜੇ ਸਾਥੀਆਂ ਨਾਲ ਵੱਡੀਆਂ ਵੱਡੀਆਂ ਜੰਗਾਂ ਜਿੱਤੀਆਂ। ਬਦਰ ਦੀ ਲੜਾਈ ਵਿਚ ਉਨ੍ਹਾਂ ਨੇ ਸਿਰਫ਼ ੩੧੩ ਸਾਥੀਆਂ ਦੀ ਸਹਾਇਤਾ ਨਾਲ ਕੁਰੈਸ਼ ਦੀ ਤਿਗਣੀ ਤੋਂ ਵੀ ਵੱਧ ਫ਼ੌਜ ਨੂੰ ਹਰਾਇਆ।ਹਜ਼ਰਤ ਮੁਹੰਮਦ (ਸ.) ਦਾ ਪੱਕਾ ਯਕੀਨ ਸੀ ਕਿ ਰੱਬ ਉੱਤੇ ਭਰੋਸਾ ਕਰਕੇ ਚੱਲੋ ਸਾਰੀਆਂ ਔਖਿਆਈਆਂ ਆਪੇ ਦੂਰ ਹੋ ਜਾਣਗੀਆਂ।
104. ਹਜ਼ਰਤ ਮੁਹੰਮਦ (ਸ.) ਦੀ ਔਲਾਦ
ਇਸਲਾਮ ਨਾਲ ਸਬੰਧਤ ਸਾਰੇ ਇਤਿਹਾਸਕਾਰ ਇਸ ਰਾਏ ਨਾਲ ਇਕਮੱਤ ਹਨ ਕਿ ਹਜ਼ਰਤ ਮੁਹੰਮਦ (ਸ.) ਦੇ ਸੱਤ ਬੱਚੇ ਸਨ ਜਿਨ੍ਹਾਂ ਵਿਚ ਤਿੰਨ ਪੁੱਤਰ ਅਤੇ ਚਾਰ ਧੀਆਂ ਸਨ।ਪੁਤਰਾਂ ਦੇ ਨਾਂ ਹਜ਼ਰਤ ਕਾਸਮ, ਹਜ਼ਰਤ ਅਬਦੁੱਲਾ ਅਤੇ ਹਜ਼ਰਤ ਇਬਰਾਹੀਮ ਸਨ ਅਤੇ ਧੀਆਂ ਦੇ ਨਾਂ ਹਜ਼ਰਤ ਜ਼ੈਨਬ, ਹਜ਼ਰਤ ਰੁਕੱਯਾ, ਹਜ਼ਰਤ ਉੱਮੇ ਕਲਸੂਮ ਅਤੇ ਹਜ਼ਰਤ ਫ਼ਾਤਮਾ ਸਨ।ਉਨ੍ਹਾਂ ਦੇ ਛੇ ਬੱਚੇ ਹਜ਼ਰਤ ਖ਼ਦੀਜਾ ਦੀ ਕੁੱਖੋਂ ਪੈਦਾ ਹੋਏ ਅਤੇ ਇਕ ਪੁੱਤਰ ਹਜ਼ਰਤ ਇਬਰਾਹੀਮ, ਹਜ਼ਰਤ ਮਾਰੀਆ ਕਿਬਤੀਆ ਦੀ ਕੁੱਖੋਂ ਪੈਦਾ ਹੋਇਆ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਗਵਾਂਢੀ ਬਾਦਸ਼ਾਹਾਂ ਦੇ ਨਾਂ ਇਸਲਾਮ ਦਾ ਸੰਦੇਸ਼ ਭੇਜਿਆ ਸੀ ਉਸ ਸਮੇਂ ਮਿਸਰ ਦੇ ਬਾਦਸ਼ਾਹ ਮਕੂਕਸ ਨੇ ਬਹੁਤ ਸਾਰੇ ਤੋਹਫ਼ਿਆਂ ਦੇ ਨਾਲ ਹਜ਼ਰਤ ਮਾਰੀਆ ਕਿਬਤੀਆ ਨੂੰ ਵੀ ਹਜ਼ਰਤ ਮੁਹੰਮਦ (ਸ.) ਦੀ ਖ਼ਿਦਮਤ ਵਿਚ ਭੇਜਿਆ ਸੀ। ਮਦੀਨੇ ਆਉਣ ਤੋਂ ਪਹਿਲਾਂ ਹੀ ਇਹ ਰਸਤੇ ਵਿਚ ਮੁਸਲਮਾਨ ਹੋ ਗਈ ਸੀ ਅਤੇ ਹਜ਼ਰਤ ਮੁਹੰਮਦ (ਸ.) ਨੇ ਉਸ ਨਾਲ ਨਿਕਾਹ ਕਰ ਲਿਆ ਸੀ।
ਹਜ਼ਰਤ ਕਾਸਮ (ਰਜ਼ੀ.)
ਹਜ਼ਰਤ ਕਾਸਮ ਹਜ਼ਰਤ ਮੁਹੰਮਦ (ਸ.) ਦੇ ਸਭ ਤੋਂ ਵੱਡੇ ਪੁੱਤਰ ਸਨ।ਇਨ੍ਹਾਂ ਦਾ ਜਨਮ ਨਬੁੱਵਤ ਭਾਵ ਹਜ਼ਰਤ ਮੁਹੰਮਦ (ਸ.) ਦੇ ਨਬੀ ਬਨਣ ਤੋਂ ਪਹਿਲਾਂ ਹੋਇਆ।ਹਜ਼ਰਤ ਕਾਸਮ ਦੀ ਉਮਰ ਬਾਰੇ ਇਸਲਾਮੀ ਵਿਦਵਾਨਾਂ ਵਿਚ ਮਤ-ਭੇਦ ਹਨ।ਕਈ ਵਿਦਵਾਨਾਂ ਦਾ ਖ਼ਿਆਲ ਹੈ ਕਿ ਜਦੋਂ ਉਨ੍ਹਾਂ ਦੀ ਵਫ਼ਾਤ ਹੋਈ ਤਾਂ ਉਸ ਸਮੇਂ ਉਹ ਦੋ ਮਹੀਨਿਆਂ ਦੇ ਸਨ ਅਤੇ ਕਈਆਂ ਦਾ ਮੱਤ ਹੈ ਕਿ ਉਹ ਸਤਾਰਾਂ ਮਹੀਨਿਆਂ ਦੇ ਸਨ।ਪਰ ਵਿਦਵਾਨਾਂ ਵੱਲੋਂ ਪਹਿਲੀ ਨਾਲੋਂ ਦੂਸਰੀ ਰਾਏ ਨੂੰ ਸਹੀ ਮੰਨਿਆ ਜਾਂਦਾ ਹੈ।ਹਜ਼ਰਤ ਮੁਹੰਮਦ (ਸ.) ਦੀ ਔਲਾਦ ਵਿਚ ਸਭ ਤੋਂ ਪਹਿਲਾਂ ਆਪ ਦੀ ਹੀ ਵਫ਼ਾਤ ਹੋਈ।
ਹਜ਼ਰਤ ਅਬਦੁੱਲਾ (ਰਜ਼ੀ.)
ਹਜ਼ਰਤ ਅਬਦੁੱਲਾ ਨੂੰ ਤਈਅਬ ਜਾਂ ਤਾਹਰ ਵੀ ਆਖਿਆ ਜਾਂਦਾ ਸੀ।ਉਨ੍ਹਾਂ ਦਾ ਜਨਮ ਮੱਕਾ ਵਿਖੇ ਨਬੁੱਵਤ ਤੋਂ ਬਾਅਦ ਹਜ਼ਰਤ ਖ਼ਦੀਜਾ (ਰਜ਼ੀ.) ਦੀ ਕੁੱਖੋਂ ਹੋਇਆ।ਇਹ ਵੀ ਛੋਟੀ ਉਮਰ ਵਿਚ ਹੀ ਵਫ਼ਾਤ ਪਾ ਗਏ ਸਨ।ਕਿਹਾ ਜਾਂਦਾ ਹੈ ਕਿ ਜਦੋਂ ਕੁਰੈਸ਼ ਦੇ ਸਰਦਾਰ ਆਸ ਬਿਨ ਵਾਇਲ ਨੂੰ ਇਨ੍ਹਾਂ ਦੀ ਵਫ਼ਾਤ ਦੀ ਖ਼ਬਰ ਪਹੁੰਚੀ ਤਾਂ ਉਹ ਕੁਰੈਸ਼ ਦੇ ਦੂਜੇ ਸਰਦਾਰਾਂ ਕੋਲ ਗਿਆ ਅਤੇ ਉਨ੍ਹਾਂ ਨੂੰ ਖ਼ੁਸ਼ਖ਼ਬਰੀ ਸੁਣਾਈ ਕਿ ਮੁਹੰਮਦ (ਸ.) ਦਾ ਦੂਜਾ ਪੁੱਤਰ ਵੀ ਵਫ਼ਾਤ ਪਾ ਗਿਆ ਹੈ ਅਤੇ ਉਹ ਔਲਾਦ-ਵਿਹੂਣਾ ਹੋ ਗਿਆ ਹੈ।
ਹਜ਼ਰਤ ਇਬਰਾਹੀਮ (ਰਜ਼ੀ.)
ਇਨ੍ਹਾਂ ਦਾ ਜਨਮ ਮਦੀਨਾ ਵਿਖੇ ਸਨ ਅੱਠ ਹਿਜਰੀ ਵਿਚ ਹਜ਼ਰਤ ਮਾਰੀਆ ਕਿਬਤੀਆ ਦੀ ਕੁੱਖੋਂ ਹੋਇਆ।ਜਨੇਪੇ ਸਮੇਂ ਹਜ਼ਰਤ ਅਬੂ ਰਾਫ਼ਾਅ ਦੀ ਪਤਨੀ ਸਮਾਂ ਨੇ ਦਾਈ ਦੀ ਜ਼ਿੰਮੇਵਾਰੀ ਨਿਭਾਈ।ਜਦੋਂ ਅਬੂ ਰਾਫ਼ਾਅ ਨੇ ਹਜ਼ਰਤ ਇਬਰਾਹੀਮ ਦੇ ਜਨਮ ਦੀ ਖ਼ੁਸ਼ਖ਼ਬਰੀ ਹਜ਼ਰਤ ਮੁਹੰਮਦ (ਸ.) ਨੂੰ ਸੁਣਾਈ ਤਾਂ ਉਨ੍ਹਾਂ ਨੇ ਖ਼ੁਸ਼ ਹੋ ਕੇ ਉਸ ਨੂੰ ਇਕ ਗ਼ੁਲਾਮ ਤੋਹਫ਼ੇ ਵਜੋਂ ਭੇਂਟ ਕੀਤਾ।ਹਜ਼ਰਤ ਇਬਰਾਹੀਮ ਦਾ ਅਕੀਕਾ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਅਬੂ ਸੈਫ਼ ਆਹੰਗਰ ਦੀ ਪਤਨੀ ਉੱਮੇ ਸੈਫ਼ ਨੂੰ ਬੱਚੇ ਨੂੰ ਦੁੱਧ ਪਿਲਾਉਣ ਲਈ ਚੁਣਿਆ ਅਤੇ ਉਹ ਹਜ਼ਰਤ ਇਬਰਾਹੀਮ ਨੂੰ ਅਪਣੇ ਘਰ ਲੈ ਗਈ।ਹਜ਼ਰਤ ਮੁਹੰਮਦ (ਸ.) ਜਦੋਂ ਵੀ ਵਕਤ ਮਿਲਦਾ ਉੱਮੇ ਸੈਫ਼ ਦੇ ਘਰ ਬੱਚੇ ਨੂੰ ਦੇਖਣ ਜਾਂਦੇ ਰਹਿੰਦੇ ਸਨ। ਪ੍ਰਸਿੱਧ ਸਹਾਬੀ ਹਜ਼ਰਤ ਜਾਬਰ ਲਿਖਦੇ ਨੇ ਕਿ ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਹਜ਼ਰਤ ਇਬਰਾਹੀਮ ਦੇ ਬੀਮਾਰ ਹੋਣ ਦਾ ਪਤਾ ਲੱਗਿਆ ਤਾਂ ਉਹ ਹਜ਼ਰਤ ਅਬਦੁਲ ਰਹਿਮਾਨ ਬਿਨ ਔਫ਼ ਨੂੰ ਨਾਲ ਲੈ ਕੇ ਅਬੂ ਸੈਫ਼ ਦੇ ਘਰ ਚਲੇ ਗਏ।ਜਦੋਂ ਉਨ੍ਹਾਂ ਨੇ ਹਜ਼ਰਤ ਇਬਰਾਹੀਮ ਨੂੰ ਦੇਖਿਆ ਤਾਂ ਉਹ ਜ਼ਿੰਦਗੀ ਦੇ ਆਖ਼ਰੀ ਪਲਾਂ ਵਿਚ ਸਨ।ਹਜ਼ਰਤ ਮੁਹੰਮਦ (ਸ.) ਨੇ ਬੱਚੇ ਨੂੰ ਅਪਣੀ ਗੋਦੀ ਵਿਚ ਪਾ ਲਿਆ ਅਤੇ ਇਹ ਕਹਿ ਕੇ ਅੱਥਰੂਆਂ ਨਾਲ ਰੋਣ ਲੱਗ ਗਏ ਕਿ "ਐ ਇਬਰਾਹੀਮ! ਮੈਂ ਤੇਰੀ ਜੁਦਾਈ ਵਿਚ ਗ਼ਮਗ਼ੀਨ ਹਾਂ।ਮੇਰੀਆਂ ਅੱਖਾਂ ਰੋ ਰਹੀਆਂ ਹਨ ਅਤੇ ਦਿਲ ਜਲ ਰਿਹਾ ਹੈ"। ਇਕ ਸਹਾਬੀ ਇਬਨੇ ਦਾਊਦ ਦੇ ਲਿਖਣ ਅਨੁਸਾਰ ਵਫ਼ਾਤ ਦੇ ਸਮੇਂ ਹਜ਼ਰਤ ਇਬਰਾਹੀਮ ਦੀ ਉਮਰ ਦੋ ਮਹੀਨੇ ਦਸ ਦਿਨ ਸੀ।ਕੁਝ ਹੋਰ ਵਿਦਵਾਨਾਂ ਦਾ ਕਥਨ ਹੈ ਕਿ ਵਫ਼ਾਤ ਦੇ ਸਮੇਂ ਹਜ਼ਰਤ ਇਬਰਾਹੀਮ ਸੋਲਾ ਮਹੀਨੇ ਅੱਠ ਦਿਨ ਦੇ ਸਨ। ਉਨ੍ਹਾਂ ਨੂੰ ਜੰਨਤੁਲ ਬਕੀਅ ਕਬਰਸਤਾਨ ਵਿਚ ਦਫ਼ਨਾਇਆ ਗਿਆ ਅਤੇ ਦਫ਼ਨਾਉਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦੀ ਕਬਰ ਉੱਤੇ ਪਾਣੀ ਛਿੜਕਿਆ। ਇਸਲਾਮ ਦੇ ਹੋਂਦ ਵਿਚ ਆਉਣ ਤੋਂ ਬਾਅਦ ਇਹ ਪਹਿਲੀ ਕਬਰ ਸੀ ਜਿਸ ਉੱਤੇ ਪਾਣੀ ਛਿੜਕਿਆ ਗਿਆ ਸੀ।ਲਾਸ਼ ਨੂੰ ਦਫ਼ਨਾਉਣ ਤੋਂ ਬਾਅਦ ਕਬਰ ਉੱਤੇ ਪਾਣੀ ਛਿੜਕਣ ਦੀ ਇਹ ਸੁੰਨਤ ਹੁਣ ਵੀ ਮੁਸਲਮਾਨਾਂ ਵਿਚ ਪ੍ਰਚੱਲਤ ਹੈ। ਹਜ਼ਰਤ ਇਬਰਾਹੀਮ ਦੀ ਮੌਤ ਦੇ ਦਿਨ ਸੂਰਜ ਨੂੰ ਗ੍ਰਹਿਣ ਲੱਗਿਆ ਸੀ ਜਿਸ ਨੂੰ ਦੇਖ ਕੇ ਲੋਕ ਕਹਿਣ ਲੱਗੇ ਕਿ ਹਜ਼ਰਤ ਇਬਰਾਹੀਮ ਦੀ ਮੌਤ ਦੇ ਅਫ਼ਸੋਸ ਵਿਚ ਸੂਰਜ ਨੂੰ ਗ੍ਰਹਿਣ ਲੱਗਿਆ ਹੈ।ਇਸ ਅਫ਼ਵਾਹ ਦਾ ਜਦੋਂ ਹਜ਼ਰਤ ਮੁਹੰਮਦ (ਸ.) ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਲੋਕਾਂ ਨੂੰ ਸਮਝਾਇਆ ਕਿ ਸੂਰਜ ਅਤੇ ਚੰਦ ਰੱਬ ਦੀਆਂ ਨਿਸ਼ਾਨੀਆਂ ਹਨ।ਇਨ੍ਹਾਂ ਦਾ ਕਿਸੇ ਦੇ ਮਰਨ ਜਾਂ ਜਿਉਣ ਨਾਲ ਕੋਈ ਸਬੰਧ ਨਹੀਂ ਅਤੇ ਨਾ ਹੀ ਅਫ਼ਸੋਸ ਵਿਚ ਗ੍ਰਹਿਣ ਲਗਦਾ ਹੈ।
ਹਜ਼ਰਤ ਜ਼ੈਨਬ (ਰਜ਼ੀ.)
ਹਜ਼ਰਤ ਮੁਹੰਮਦ (ਸ.) ਦੀ ਸਭ ਤੋਂ ਵੱਡੀ ਪੁਤਰੀ ਦਾ ਨਾਂ ਹਜ਼ਰਤ ਜ਼ੈਨਬ (ਰਜ਼ੀ.) ਸੀ।ਆਪ ਦੇ ਜਨਮ ਬਾਰੇ ਮੌਲਵੀ ਅਮਜਦ ਅਲੀ ਕਾਦਰੀ ਮੁਹੰਮਦ ਅਰਬੀ ਨੰਬਰ ਦੇ ਸਫ਼ਾ ੪੮੨ ਉੱਤੇ ਲਿਖਦੇ ਹਨ ਕਿ ਇਨ੍ਹਾਂ ਦਾ ਜਨਮ ਹਾਥੀਆਂ ਦੇ ਨਾਂ ਨਾਲ ਜਾਣੇ ਜਾਂਦੇ ਸਾਲ ਵਿਚ, ਨਬੁੱਵਤ ਤੋਂ ਤੀਹ ਸਾਲ ਪਹਿਲਾਂ ਹਜ਼ਰਤ ਖ਼ਦੀਜਾ (ਰਜ਼ੀ.) ਦੀ ਕੁੱਖੋਂ ਹੋਇਆ।ਇਨ੍ਹਾਂ ਦਾ ਨਿਕਾਹ ਇਨ੍ਹਾਂ ਦੀ ਮਾਸੀ ਦੇ ਪੁੱਤਰ ਅਬੁਲ ਆਸ ਬਿਨ ਰਬੀਆ ਨਾਲ ਹੋਇਆ।ਹਜ਼ਰਤ ਜ਼ੈਨਬ (ਰਜ਼ੀ.) ਨਬੁੱਵਤ ਤੋਂ ਬਾਅਦ ਮੁਸਲਮਾਨ ਹੋ ਗਈ ਸੀ ਅਤੇ ਉਸ ਦਾ ਪਤੀ ਅਪਣੇ ਪੁਰਾਣੇ ਧਰਮ ਉੱਤੇ ਕਾਇਮ ਰਿਹਾ। ਬਦਰ ਦੀ ਲੜਾਈ ਜਿਹੜੀ ਹਜ਼ਰਤ ਮੁਹੰਮਦ (ਸ.) ਅਤੇ ਮੱਕੇ ਦੇ ਕੁਰੈਸ਼ ਵਾਲਿਆਂ ਵਿਚ ਹੋਈ ਸੀ ਉਸ ਵਿਚ ਹਜ਼ਰਤ ਜ਼ੈਨਬ (ਰਜ਼ੀ.) ਦਾ ਪਤੀ ਅਬੁਲ ਆਸ ਵੀ ਮੁਸਲਮਾਨਾਂ ਦੇ ਵਿਰੁੱਧ ਲੜਨ ਲਈ ਕੁਰੈਸ਼ ਦੀ ਫ਼ੌਜ ਵਿਚ ਸ਼ਾਮਲ ਹੋ ਕੇ ਆਇਆ ਸੀ ਅਤੇ ਕੁਰੈਸ਼ ਦੇ ਹਾਰ ਜਾਣ ਤੋਂ ਬਾਅਦ ਕੈਦ ਹੋ ਗਿਆ ਸੀ। ਇਸਲਾਮੀ ਇਤਿਹਾਸਕਾਰ ਲਿਖਦੇ ਹਨ,"ਕੈਦੀਆਂ ਵਿਚ ਕਈ ਅਜਿਹੇ ਕੈਦੀ ਵੀ ਸਨ ਜਿਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਦੀ ਸਲਾਹ ਨਾਲ ਬਿਨਾ ਜੁਰਮਾਨਾ ਲਏ ਹੀ ਆਜ਼ਾਦ ਕਰ ਦਿੱਤਾ ਸੀ।ਇਨ੍ਹਾਂ ਕੈਦੀਆਂ ਵਿਚ ਆਪ ਦਾ ਜਵਾਈ ਅਬੁਲ ਆਸ ਵੀ ਸ਼ਾਮਲ ਸੀ।ਹਜ਼ਰਤ ਮੁਹੰਮਦ (ਸ.) ਦੀ ਪੁਤਰੀ ਹਜ਼ਰਤ ਜ਼ੈਨਬ (ਰਜ਼ੀ.) ਨੇ ਅਬੁਲ ਆਸ ਨੂੰ ਛੁਡਾਉਣ ਲਈ ਮੱਕੇ ਤੋਂ ਜੁਰਮਾਨੇ ਵਜੋਂ ਜਿਹੜਾ ਮਾਲ ਭੇਜਿਆ ਸੀ ਉਸ ਵਿਚ ਇਕ ਅਜਿਹਾ ਹਾਰ ਵੀ ਸੀ ਜਿਹੜਾ ਹਜ਼ਰਤ ਖ਼ਦੀਜਾ (ਰਜ਼ੀ.) ਪਹਿਨਿਆ ਕਰਦੇ ਸਨ ਅਤੇ ਉਨ੍ਹਾਂ ਦੀ ਵਫ਼ਾਤ ਤੋਂ ਬਾਅਦ ਇਹ ਹਾਰ ਹਜ਼ਰਤ ਮੁਹੰਮਦ (ਸ.) ਨੇ ਸਹੁਰੇ ਘਰ ਭੇਜਣ ਲੱਗਿਆਂ ਹਜ਼ਰਤ ਜ਼ੈਨਬ (ਰਜ਼ੀ.) ਨੂੰ ਦੇ ਦਿੱਤਾ ਸੀ।ਹਜ਼ਰਤ ਮੁਹੰਮਦ (ਸ.) ਨੇ ਸਹਾਬੀਆਂ ਦੀ ਸਲਾਹ ਨਾਲ ਅਬੁਲ ਆਸ ਨੂੰ ਇਸ ਸ਼ਰਤ ਉੱਤੇ ਛੱਡ ਦਿੱਤਾ ਸੀ ਕਿ ਉਹ ਬੀਬੀ ਜ਼ੈਨਬ (ਰਜ਼ੀ.) ਦੇ ਰਾਹ ਵਿਚ ਅੜਿੱਕਾ ਨਹੀਂ ਬਨਣਗੇ ਕਿਉਂ ਜੋ ਉਹ ਪਹਿਲਾਂ ਤੋਂ ਹੀ ਮੁਸਲਮਾਨ ਹੋ ਚੁਕੀ ਸੀ"।ਅਬੁਲ ਆਸ ਨੇ ਮੱਕੇ ਜਾ ਕੇ ਬੀਬੀ ਜ਼ੈਨਬ (ਰਜ਼ੀ.) ਨੂੰ ਹਿਜਰਤ ਕਰਨ ਲਈ ਆਜ਼ਾਦ ਕਰ ਦਿੱਤਾ ਅਤੇ ਉਹ ਮਦੀਨੇ ਪਹੁੰਚ ਗਈ। ਉਨ੍ਹਾਂ ਦੇ ਮਦੀਨੇ ਪੁੱਜ ਜਾਣ ਤੋਂ ਕੁਝ ਸਮਾਂ ਬਾਅਦ ਅਬੁਲ ਆਸ ਵੀ ਇਸਲਾਮ ਕਬੂਲ ਕਰਕੇ ਮਦੀਨੇ ਪਹੁੰਚ ਗਏ ਸਨ।ਕਿਤਾਬਾਂ ਵਿਚ ਹਜ਼ਰਤ ਜ਼ੈਨਬ ਦੀ ਕੁੱਖੋਂ ਹਜ਼ਰਤ ਅਬੁਲ ਆਸ ਦੇ ਦੋ ਬੱਚਿਆਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿਚ ਲੜਕੇ ਦਾ ਨਾਂ ਅਲੀ ਪੁੱਤਰ ਅਬੁਲ ਆਸ ਸੀ ਅਤੇ ਲੜਕੀ ਦਾ ਨਾਂ ਅਮਾਮਾ ਪੁਤਰੀ ਅਬੁਲ ਆਸ ਸੀ।ਹਜ਼ਰਤ ਜ਼ੈਨਬ (ਰਜ਼ੀ.) ਦੀ ਵਫ਼ਾਤ ਸਨ ਅੱਠ ਹਿਜਰੀ ਵਿਚ ਹੋਈ।ਹਜ਼ਰਤ ਮੁਹੰਮਦ (ਸ.) ਨੇ ਆਪ ਉਨ੍ਹਾਂ ਦਾ ਜਨਾਜ਼ਾ ਪੜ੍ਹਾਇਆ।
ਹਜ਼ਰਤ ਰੁਕੱਯਾ (ਰਜ਼ੀ.)
ਹਜ਼ਰਤ ਰੁਕੱਯਾ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੀ ਦੂਸਰੀ ਪੁਤਰੀ ਸੀ। ਇਨ੍ਹਾਂ ਦਾ ਜਨਮ ਹਿਜਰਤ ਤੋਂ ਤੀਹ ਸਾਲ ਪਹਿਲਾਂ ਹਜ਼ਰਤ ਖ਼ਦੀਜਾ (ਰਜ਼ੀ.) ਦੀ ਕੁੱਖੋਂ ਹੋਇਆ।ਇਨ੍ਹਾਂ ਦਾ ਨਿਕਾਹ ਨਬੁੱਵਤ ਤੋਂ ਪਹਿਲਾਂ ਇਸਲਾਮ ਦੇ ਹੋਣ ਵਾਲੇ ਤੀਸਰੇ ਖ਼ਲੀਫ਼ਾ ਹਜ਼ਰਤ ਉਸਮਾਨ (ਰਜ਼ੀ.) ਨਾਲ ਹੋਇਆ।ਨਬੁੱਵਤ ਤੋਂ ਬਾਅਦ ਇਹ ਦੋਵੇਂ ਮੁਸਲਮਾਨ ਹੋ ਗਏ।ਹਿਜਰਤ ਸਮੇਂ ਇਹ ਵੀ ਅਪਣੇ ਪਤੀ ਨਾਲ ਮਦੀਨੇ ਚਲੇ ਗਏ ਸਨ। ਜਦੋਂ ਬਦਰ ਦੀ ਜੰਗ ਹੋਈ ਉਸ ਸਮੇਂ ਹਜ਼ਰਤ ਰੁਕੱਯਾ (ਰਜ਼ੀ.) ਦੀ ਤਬੀਅਤ ਠੀਕ ਨਹੀਂ ਸੀ।ਹਜ਼ਰਤ ਮੁਹੰਮਦ (ਸ.) ਨੇ ਉਸ ਦੇ ਪਤੀ ਹਜ਼ਰਤ ਉਸਮਾਨ (ਰਜ਼ੀ.) ਨੂੰ ਕਿਹਾ ਕਿ ਉਹ ਘਰ ਵਿਚ ਹੀ ਰਹਿ ਕੇ ਹਜ਼ਰਤ ਰੁਕੱਯਾ (ਰਜ਼ੀ.) ਦੀ ਦੇਖ-ਭਾਲ ਕਰੇ ਇਸ ਨਾਲ ਉਸ ਨੂੰ ਜਹਾਦ ਉੱਤੇ ਜਾਣ ਨਾਲੋਂ ਵੱਧ ਸਵਾਬ ਮਿਲੇਗਾ।ਹਜ਼ਰਤ ਮੁਹੰਮਦ (ਸ.) ਦਾ ਕਿਹਾ ਮੰਨਦਿਆਂ ਹਜ਼ਰਤ ਉਸਮਾਨ (ਰਜ਼ੀ.) ਘਰ ਰਹਿ ਕੇ ਹਜ਼ਰਤ ਰੁਕੱਯਾ (ਰਜ਼ੀ.) ਦੀ ਦੇਖ-ਭਾਲ ਕਰਦੇ ਰਹੇ। ਹਜ਼ਰਤ ਮੁਹੰਮਦ (ਸ.) ਦੇ ਜੰਗ ਤੋਂ ਵਾਪਸ ਮਦੀਨੇ ਪਹੁੰਚਣ ਤੋਂ ਪਹਿਲਾਂ ਹੀ ਹਜ਼ਰਤ ਰੁਕੱਯਾ (ਰਜ਼ੀ.) ਦੀ ਵਫ਼ਾਤ ਹੋ ਗਈ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਜੰਗ ਵਿਚ ਪ੍ਰਾਪਤ ਹੋਇਆ ਮਾਲ ਜੰਗ ਜਿੱਤ ਕੇ ਆਉਣ ਵਾਲੇ ਸਹਾਬੀਆਂ ਵਿਚ ਵੰਡਿਆ ਤਾਂ ਹਜ਼ਰਤ ਉਸਮਾਨ (ਰਜ਼ੀ.) ਨੂੰ ਵੀ ਗ਼ਾਜ਼ੀ ਦਾ ਦਰਜਾ ਦੇ ਕੇ ਬਰਾਬਰ ਹਿੱਸਾ ਦਿੱਤਾ ਗਿਆ।
ਹਜ਼ਰਤ ਉੱਮੇ ਕਲਸੂਮ (ਰਜ਼ੀ.)
ਹਜ਼ਰਤ ਉੱਮੇ ਕਲਸੂਮ (ਰਜ਼ੀ.) ਦਾ ਜਨਮ ਵੀ ਹਜ਼ਰਤ ਖ਼ਦੀਜਾ (ਰਜ਼ੀ.) ਦੀ ਕੁੱਖੋਂ ਹੀ ਹੋਇਆ।ਇਹ ਹਜ਼ਰਤ ਮੁਹੰਮਦ (ਸ.) ਦੀ ਤੀਸਰੀ ਪੁਤਰੀ ਸਨ।ਹਜ਼ਰਤ ਰੁਕੱਯਾ (ਰਜ਼ੀ.) ਦੀ ਵਫ਼ਾਤ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਸਨ ੩ ਹਿਜਰੀ ਵਿਚ ਇਨ੍ਹਾਂ ਦਾ ਨਿਕਾਹ ਹਜ਼ਰਤ ਉਸਮਾਨ (ਰਜ਼ੀ.) ਨਾਲ ਕਰ ਦਿੱਤਾ ਸੀ।ਇਸ ਤਰ੍ਹਾਂ ਹਜ਼ਰਤ ਉਸਮਾਨ (ਰਜ਼ੀ.) ਨੂੰ ਹਜ਼ਰਤ ਮੁਹੰਮਦ (ਸ.) ਦੀਆਂ ਦੋ ਪੁਤਰੀਆਂ ਨਾਲ ਨਿਕਾਹ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਨ ੯ ਹਿਜਰੀ ਵਿਚ ਕੁਝ ਸਮਾਂ ਬੀਮਾਰ ਰਹਿਣ ਤੋਂ ਬਾਅਦ ਆਪ ਦੀ ਵਫ਼ਾਤ ਹੋ ਗਈ।ਹਜ਼ਰਤ ਉੱਮੇ ਕਲਸੂਮ (ਰਜ਼ੀ.) ਦੀ ਵਫ਼ਾਤ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਉਸਮਾਨ (ਰਜ਼ੀ.) ਨੂੰ ਕਿਹਾ ਸੀ ਕਿ ਜੇ ਮੇਰੇ ਕੋਈ ਹੋਰ ਤੀਸਰੀ ਬੇਟੀ ਹੁੰਦੀ ਤਾਂ ਮੈਂ ਉਸ ਦਾ ਨਿਕਾਹ ਵੀ ਤੇਰੇ ਨਾਲ ਕਰ ਦਿੰਦਾ।
ਹਜ਼ਰਤ ਫ਼ਾਤਮਾ (ਰਜ਼ੀ.)
ਹਜ਼ਰਤ ਫ਼ਾਤਮਾ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੀ ਚੌਥੀ ਪੁਤਰੀ ਸਨ। ਇਨ੍ਹਾਂ ਦਾ ਜਨਮ ਵੀ ਹਜ਼ਰਤ ਖ਼ਦੀਜਾ (ਰਜ਼ੀ.) ਦੀ ਕੁੱਖੋਂ ਨਬੁੱਵਤ ਤੋਂ ਪੰਜ ਸਾਲ ਪਹਿਲਾਂ ਹੋਇਆ।ਹਜ਼ਰਤ ਫ਼ਾਤਮਾ (ਰਜ਼ੀ.) ਭਾਵੇਂ ਉਮਰ ਵਿਚ ਸਾਰੀਆਂ ਭੈਣਾਂ ਤੋਂ ਛੋਟੇ ਸਨ ਪਰ ਮਰਤਬੇ ਵਿਚ ਸਭ ਤੋਂ ਵੱਡੇ ਸਨ। ਹਜ਼ਰਤ ਫ਼ਾਤਮਾਂ (ਰਜ਼ੀ.) ਦੀ ਸ਼ਕਲ-ਸੂਰਤ ਹਜ਼ਰਤ ਮੁਹੰਮਦ (ਸ.) ਨਾਲ ਮੇਲ ਖਾਂਦੀ ਸੀ।ਇਨ੍ਹਾਂ ਵਿਚ ਵਿਦਵਤਾ ਕੁੱਟ ਕੁੱਟ ਕੇ ਭਰੀ ਹੋਈ ਸੀ।ਹਜ਼ਰਤ ਮੁਹੰਮਦ (ਸ.) ਇਨ੍ਹਾਂ ਨੂੰ ਪਿਆਰ ਕਰਨ ਦੇ ਨਾਲ ਨਾਲ ਇਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ।ਜਦੋਂ ਵੀ ਹਜ਼ਰਤ ਫ਼ਾਤਮਾ (ਰਜ਼ੀ.) ਆਪ ਨੂੰ ਮਿਲਣ ਲਈ ਆਉਂਦੇ ਤਾਂ ਆਪ ਉੱਠ ਕੇ ਖੜ੍ਹੇ ਹੋ ਜਾਂਦੇ।ਆਪ ਪਿਆਰ ਨਾਲ ਉਸ ਦਾ ਹੱਥ ਫੜ ਲੈਂਦੇ, ਮੱਥਾ ਚੁੰਮਦੇ ਅਤੇ ਅਪਣੀ ਥਾਂ ਉਸ ਨੂੰ ਬੈਠਣ ਲਈ ਆਖਦੇ।ਇਸੇ ਤਰ੍ਹਾਂ ਜਦੋਂ ਆਪ ਹਜ਼ਰਤ ਫ਼ਾਤਮਾ (ਰਜ਼ੀ.) ਦੇ ਘਰ ਜਾਂਦੇ ਤਾਂ ਉਹ ਹਜ਼ਰਤ ਮੁਹੰਮਦ (ਸ.) ਦਾ ਹੱਥ ਫੜ ਕੇ ਉਨ੍ਹਾਂ ਨੂੰ ਸਤਿਕਾਰ ਨਾਲ ਬਿਠਾਉਂਦੇ। ਹਜ਼ਰਤ ਫ਼ਾਤਮਾ (ਰਜ਼ੀ.) ਦੀ ਕੁੱਖੋਂ ਤਿੰਨ ਪੁੱਤਰ ਅਤੇ ਤਿੰਨ ਧੀਆਂ ਨੇ ਜਨਮ ਲਿਆ।ਪੁਤਰਾਂ ਦੇ ਨਾਂ ਹਜ਼ਰਤ ਹਸਨ, ਹਜ਼ਰਤ ਹੁਸੈਨ ਅਤੇ ਹਜ਼ਰਤ ਮੁਹਸਨ ਸਨ ਅਤੇ ਉਨ੍ਹਾਂ ਦੀਆਂ ਧੀਆਂ ਦੇ ਨਾਂ ਹਜ਼ਰਤ ਜ਼ੈਨਬ, ਹਜ਼ਰਤ ਉੱਮੇ ਕਲਸੂਮ ਅਤੇ ਹਜ਼ਰਤ ਰੁਕੱਯਾ ਸਨ।ਹਜ਼ਰਤ ਫ਼ਾਤਮਾ (ਰਜ਼ੀ.) ਬਾਰੇ ਹਜ਼ਰਤ ਮੁਹੰਮਦ (ਸ.) ਕਿਹਾ ਕਰਦੇ ਸਨ ਕਿ ਫ਼ਾਤਮਾ (ਰਜ਼ੀ.) ਮੇਰੇ ਜਿਗਰ ਦਾ ਟੁਕੜਾ ਹੈ ਜਿਸ ਨੇ ਇਸ ਨੂੰ ਸਤਾਇਆ ਉਸ ਨੇ ਮੈਨੂੰ ਸਤਾਇਆ।ਜਿਸ ਨੇ ਇਸ ਨਾਲ ਈਰਖ਼ਾ ਰੱਖੀ ਉਸ ਨੇ ਮੇਰੇ ਨਾਲ ਈਰਖ਼ਾ ਰੱਖੀ।ਹਜ਼ਰਤ ਫ਼ਾਤਮਾ (ਰਜ਼ੀ.) ਦੀ ਵਫ਼ਾਤ ਰਮਜ਼ਾਨ ਦੇ ਮਹੀਨੇ ਦੀ ਤਿੰਨ ਤਾਰੀਖ਼ ਨੂੰ ਹਜ਼ਰਤ ਮੁਹੰਮਦ (ਸ.) ਦੀ ਵਫ਼ਾਤ ਤੋਂ ਛੇ ਮਹੀਨੇ ਬਾਅਦ ਹੋਈ। ਹਜ਼ਰਤ ਫ਼ਾਤਮਾਂ (ਰਜ਼ੀ.) ਨੂੰ ਜੰਨਤੁਲਬਕੀਅ ਕਬਰਸਤਾਨ ਵਿਚ ਰਾਤ ਦੇ ਸਮੇਂ ਦਫ਼ਨਾਇਆ ਗਿਆ ਜਿੱਥੇ ਹਜ਼ਰਤ ਮੁਹੰਮਦ (ਸ.) ਨਾਲ ਸਬੰਧਤ ਬਾਕੀ ਟੱਬਰ ਦੇ ਜੀਆਂ ਦੀਆਂ ਕਬਰਾਂ ਹਨ।ਉਨ੍ਹਾਂ ਨੂੰ ਦਫ਼ਨਾਉਣ ਤੋਂ ਬਾਅਦ ਹਜ਼ਰਤ ਅਲੀ (ਰਜ਼ੀ.) ਨੇ ਦੱਸਿਆ ਕਿ ਹਜ਼ਰਤ ਫ਼ਾਤਮਾਂ (ਰਜ਼ੀ.) ਨੇ ਮੈਨੂੰ ਵਸੀਅਤ ਕੀਤੀ ਸੀ ਕਿ ਮੈਨੂੰ ਰਾਤ ਦੇ ਸਮੇਂ ਦਫ਼ਨਾਇਆ ਜਾਵੇ ਤਾਂ ਜੋ ਮੈਂ ਗ਼ੈਰ ਮਹਿਰਮਾਂ ਦੀ ਨਜ਼ਰ ਤੋਂ ਮਹਿਫ਼ੂਜ਼ ਰਹਾਂ।
105. ਹਜ਼ਰਤ ਮੁਹੰਮਦ (ਸ.) ਦੀਆਂ ਪਤਨੀਆਂ
ਸਾਰੇ ਇਸਲਾਮੀ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਹਜ਼ਰਤ ਮੁਹੰਮਦ (ਸ.) ਦੀਆਂ ਪਤਨੀਆਂ ਦੀ ਗਿਣਤੀ ਬਾਰਾਂ ਸੀ ਜਿਨ੍ਹਾਂ ਵਿੱਚੋਂ ਸਿਰਫ਼ ਇਕ ਪਤਨੀ ਅਜਿਹੀ ਸੀ ਜਿਹੜੀ ਵਿਆਹ ਦੇ ਸਮੇਂ ਕੰਵਾਰੀ ਸੀ ਅਤੇ ਬਾਕੀ ਸਾਰੀਆਂ ਉਹ ਸਨ ਜਿਨ੍ਹਾਂ ਦੇ ਪਤੀ ਇਸਲਾਮ ਲਈ ਲੜਦੇ ਹੋਏ ਸ਼ਹੀਦ ਹੋ ਗਏ ਸਨ ਜਾਂ ਉਹ ਕਿਸੇ ਹੋਰ ਕੁਦਰਤੀ ਮੌਤ ਕਰਕੇ ਵਿਧਵਾ ਹੋ ਗਈਆਂ ਸਨ।ਇਕ ਪਤਨੀ ਅਜਿਹੀ ਸੀ ਜਿਹੜੀ ਅਪਣੇ ਮੁਸਲਮਾਨ ਪਤੀ ਨਾਲ ਹਿਜਰਤ ਕਰਕੇ ਹਬਸ਼ਾ ਚਲੀ ਗਈ ਸੀ ਪਰ ਉੱਥੇ ਜਾ ਕੇ ਉਸ ਦਾ ਪਤੀ ਇਸਾਈ ਬਣ ਕੇ ਕੁਝ ਸਮੇਂ ਬਾਅਦ ਮਰ ਗਿਆ ਸੀ।ਕੁਝ ਅਜਿਹੀਆਂ ਵੀ ਸਨ ਜਿਹੜੀਆਂ ਦੂਜੇ ਕਬੀਲਿਆਂ ਦੇ ਸਰਦਾਰਾਂ ਦੀਆਂ ਪਤਨੀਆਂ ਸਨ ਪਰ ਮੁਸਲਮਾਨਾਂ ਨਾਲ ਹੋਈਆਂ ਲੜਾਈਆਂ ਵਿਚ ਉਨ੍ਹਾਂ ਦੇ ਪਤੀ ਮਾਰੇ ਗਏ ਸਨ।ਪਤੀਆਂ ਦੇ ਮਾਰੇ ਜਾਣ ਤੋਂ ਬਾਅਦ ਇਹ ਮੁਸਲਮਾਨ ਹੋ ਗਈਆਂ ਸਨ। ਕਈ ਗ਼ੈਰ ਮੁਸਲਿਮ ਵਿਦਵਾਨਾਂ ਵੱਲੋਂ ਹਜ਼ਰਤ ਮੁਹੰਮਦ (ਸ.) ਦੀਆਂ ਪਤਨੀਆਂ ਦੀ ਗਿਣਤੀ ਨੂੰ ਆਧਾਰ ਬਣਾ ਕੇ ਆਲੋਚਨਾ ਕੀਤੀ ਜਾਂਦੀ ਹੈ ਪਰ ਉਹ ਇਹ ਨਹੀਂ ਸਮਝਦੇ ਕਿ ਜੇ ਇਸਲਾਮ ਨੇ ਇੱਕ ਤੋਂ ਵੱਧ ਪਤਨੀਆਂ ਦੀ ਆਗਿਆ ਦਿੱਤੀ ਹੈ ਤਾਂ ਉਨ੍ਹਾਂ ਦੇ ਅਧਿਕਾਰ ਵੀ ਦੱਸੇ ਹਨ ਅਤੇ ਪਤਨੀਆਂ ਪ੍ਰਤੀ ਵਿਆਹ ਕਰਵਾਉਣ ਵਾਲੇ ਵਿਅਕਤੀ ਦੀਆਂ ਜ਼ਿੰਮੇਵਾਰੀਆਂ ਵੀ ਨਿਰਧਾਰਤ ਕੀਤੀਆਂ ਹਨ। ਇਕ ਤੋਂ ਵੱਧ ਪਤਨੀਆਂ ਰੱਖਣ ਵਾਲੇ ਵਿਅਕਤੀ ਉੱਤੇ ਇਸਲਾਮ ਦੀ ਸਭ ਤੋਂ ਪਹਿਲੀ ਸ਼ਰਤ ਇਹ ਹੈ ਕਿ ਉਹ ਸਾਰੀਆਂ ਪਤਨੀਆਂ ਨਾਲ ਇੱਕੋ ਜਿਹਾ ਵਿਵਹਾਰ ਕਰੇ।ਹਜ਼ਰਤ ਮੁਹੰਮਦ (ਸ.) ਨੇ ਅਪਣੀਆਂ ਸਾਰੀਆਂ ਪਤਨੀਆਂ ਲਈ ਵੱਖ ਵੱਖ ਹੁਜਰੇ ਬਣਾਏ ਹੋਏ ਸਨ ਅਤੇ ਹਰ ਪਤਨੀ ਲਈ ਇਕ ਇਕ ਦਿਨ ਸਮਰਪਿਤ ਕੀਤਾ ਹੋਇਆ ਸੀ।ਭਾਵੇਂ ਉਨ੍ਹਾਂ ਦੀਆਂ ਪਤਨੀਆਂ ਦਾ ਪਿਛੋਕੜ ਉੱਚ ਘਰਾਣਿਆਂ ਨਾਲ ਸਬੰਧਤ ਸੀ ਪਰ ਇਸਲਾਮੀ ਅਸੂਲਾਂ ਦਾ ਖ਼ਿਆਲ ਰੱਖਦਿਆਂ ਉਹ ਸਾਦਾ ਜੀਵਨ ਬਤੀਤ ਕਰਦੀਆਂ ਸਨ ਅਤੇ ਦੁਨਿਆਵੀ ਬਣਾਉ-ਸ਼ਿੰਗਾਰ ਤੋਂ ਦੂਰ ਰਹਿੰਦੀਆਂ ਸਨ। ਹਜ਼ਰਤ ਮੁਹੰਮਦ (ਸ.) ਦੇ ਗ੍ਰਿਹਸਤੀ ਜੀਵਨ ਦੀ ਅਲੋਚਨਾ ਕਰਨ ਵਾਲਿਆਂ ਦੇ ਵਿਚਾਰਾਂ ਦਾ ਵਿਰੋਧ ਕਰਦਿਆਂ ‘Encyclopedia Of Islam’ ਦੇ ਇਕ ਅੰਗਰੇਜ਼ ਲੇਖਕ ਫ਼ਰਾਨਜ਼ ਬੋਹਲ ਲਿਖਦੇ ਹਨ, "ਅੱਜ-ਕਲ ਦੇ ਕਈ ਲੇਖਕਾਂ ਦੀਆਂ ਲਿਖਤਾਂ ਵਿਚ ਵੇਖਣ ਨੂੰ ਮਿਲਦਾ ਹੈ ਕਿ ਉਹ ਹਜ਼ਰਤ ਮੁਹੰਮਦ (ਸ.) ਦੇ ਗ੍ਰਹਿਸਤੀ ਜੀਵਨ ਨੂੰ ਜ਼ਰੂਰਤ ਤੋਂ ਵੱਧ ਆਲੋਚਨਾ ਦਾ ਵਿਸ਼ਾ ਬਣਾਉਂਦੇ ਹਨ ਅਤੇ ਉਨ੍ਹਾਂ ਦੀ ਹਕੀਕੀ ਦੀਨੀ ਬੁਲੰਦੀ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ।ਜੇ ਉਨ੍ਹਾਂ ਉੱਤੇ ਹਵਸ (ਕਾਮਵਾਸ਼ਨਾ) ਭਾਰੀ ਹੁੰਦੀ ਅਤੇ ਉਹ ਦੁਨੀਆਦਾਰੀ ਦੇ ਮਾਮਲਿਆਂ ਵੱਲ ਆਕਰਸਿਤ ਹੁੰਦੇ, ਕਾਮਿਆਬੀ ਦੇ ਅਸੂਲਾਂ ਤੋਂ ਜਾਣੂ ਨਾ ਹੁੰਦੇ ਤਾਂ ਇਸਲਾਮ ਨੂੰ ਜਿਹੜੀ ਤਾਕਤ ਉਨ੍ਹਾਂ ਦੀ ਜ਼ਿੰਦਗੀ ਵਿਚ ਪ੍ਰਾਪਤ ਹੋਈ ਅਤੇ ਜਿਹੜਾ ਉਨ੍ਹਾਂ ਦੀ ਵਫ਼ਾਤ ਤੋਂ ਬਾਅਦ ਵੀ ਫਲਦਾ-ਫੁਲਦਾ ਰਿਹਾ ਉਸ ਦੀ ਰੌਸ਼ਨੀ ਵਿਚ ਆਲੋਚਕਾਂ ਨੂੰ ਉਨ੍ਹਾਂ ਦੀ ਕਾਮਯਾਬੀ ਬਿਨਾ ਕਿਸੇ ਹਿਚਕਚਾਹਟ ਦੇ ਤਸੀਮ ਤਾਂ ਕਰਨੀ ਹੀ ਪਵੇਗੀ"। ਹਜ਼ਦਤ ਮੁਹੰਮਦ (ਸ.) ਜਿਸ ਤਰ੍ਹਾਂ ਆਦਮੀਆਂ ਨੂੰ ਇਕੱਠਾ ਕਰਕੇ ਖੁੱਲ੍ਹੇਆਮ ਇਸਲਾਮੀ ਸਿੱਖਿਆ ਦਿੰਦੇ ਸਨ ਉਸ ਤਰ੍ਹਾਂ ਇਸਤਰੀਆਂ ਨੂੰ ਇਸਲਾਮੀ ਅਸੂਲਾਂ ਅਨੁਸਾਰ ਇਕੱਠਾ ਨਹੀਂ ਕਰ ਸਕਦੇ ਸਨ।ਪਹਿਲਾਂ ਉਹ ਘਰ ਵਿਚ ਅਪਣੀਆਂ ਪਤਨੀਆਂ ਨੂੰ ਸਿੱਖਿਆ ਦਿੰਦੇ ਸਨ ਅਤੇ ਫੇਰ ਉਹ ਦੂਜੀਆਂ ਇਸਤਰੀਆਂ ਨੂੰ ਇਸਲਾਮੀ ਅਸੂਲਾਂ ਉੱਤੇ ਚੱਲਣ ਦਾ ਸਬਕ ਦਿੰਦੀਆਂ ਸਨ।ਜ਼ਿਆਦਾ ਪਤਨੀਆਂ ਰੱਖਣ ਦਾ ਸਭ ਤੋਂ ਵੱਡਾ ਕਾਰਨ ਇਹ ਵੀ ਸੀ ਕਿ ਲੋੜ ਅਨੁਸਾਰ ਮੁਸਲਮਾਨ ਇਸਤਰੀਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿੱਤੀ ਜਾ ਸਕੇ। 'ਹਜ਼ਰਤ ਮੁਹੰਮਦ ਜੀਵਨ ਅਤੇ ਸਿੱਖਿਆ' ਦਾ ਲੇਖਕ ਲਿਖਦਾ ਹੈ ਕਿ ਜੇ ਹਜ਼ਰਤ ਮੁਹੰਮਦ (ਸ.) ਦੇ ੬੩ ਸਾਲ ਦੇ ਜੀਵਨ ਉੱਤੇ ਝਾਤ ਮਾਰੀਏ ਤਾਂ ਪਹਿਲੇ ੨੫ ਸਾਲ ਦਾ ਸਮਾਂ ਹੈਰਾਨੀ ਭਰੇ ਉੱਚ ਆਚਰਣ ਨਾਲ ਬਤੀਤ ਕੀਤਾ ਨਜ਼ਰ ਆਉਂਦਾ ਹੈ ਜਿਸ ਵਿਚ ਉਨ੍ਹਾਂ ਨੇ ਕਿਸੇ ਇਸਤਰੀ ਵੱਲ ਅੱਖ ਚੁੱਕਣ ਦੀ ਹਿੰਮਤ ਵੀ ਨਹੀਂ ਕੀਤੀ।ਅਗਲੇ ੨੫ ਸਾਲ ਤੋਂ ੫੦ ਸਾਲ ਦਾ ਸਮਾਂ ਉਨ੍ਹਾਂ ਨੇ ਇਕ ਅਜਿਹੀ ਇਸਤਰੀ ਨਾਲ ਬਿਤਾਇਆ ਹੈ ਜਿਹੜੀ ਉਨ੍ਹਾਂ ਦੀ ਉਮਰ ਨਾਲੋਂ ੧੫ ਸਾਲ ਵੱਡੀ ਸੀ ਅਤੇ ਪਹਿਲਾਂ ਦੋ ਪਤੀਆਂ ਵੱਲੋਂ ਵਿਧਵਾ ਹੋ ਚੁੱਕੀ ਸੀ।ਹਜ਼ਰਤ ਮੁਹੰਮਦ (ਸ.) ਨੇ ਉਸ ਦੇ ਜਿਉਂਦਿਆਂ ਕਿਸੇ ਦੂਜੀ ਇਸਤਰੀ ਨਾਲ ਵਿਆਹ ਨਹੀਂ ਕਰਵਾਇਆ। ਹਜ਼ਰਤ ਮੁਹੰਮਦ (ਸ.) ਨੇ ਜਿੰਨੇ ਵੀ ਵਿਆਹ ਕੀਤੇ ਉਹ ੫੦ ਤੋਂ ੫੯ ਸਾਲ ਦੀ ਉਮਰ ਵਿਚ ਕੀਤੇ।ਇਨ੍ਹਾਂ ਵਿਆਹਾਂ ਦਾ ਵੱਡਾ ਕਾਰਨ ਰਾਜਨੀਤਕ ਅਤੇ ਰਾਸ਼ਟਰੀ ਏਕਤਾ ਸੀ।ਉਨ੍ਹਾਂ ਦੀਆਂ ਸਾਰੀਆਂ ਪਤਨੀਆਂ ਅਰਬ ਦੇ ਵੱਖ ਵੱਖ ਕਬੀਲਿਆਂ ਨਾਲ ਸਬੰਧਤ ਸਨ।ਅਰਬ ਦੇ ਰੀਤੀ-ਰਿਵਾਜ਼ਾਂ ਅਨੁਸਾਰ ਨਿਕਾਹ ਹੋਣ ਤੋਂ ਬਾਅਦ ਉਨ੍ਹਾਂ ਕਬੀਲਿਆਂ ਨੇ ਹਜ਼ਰਤ ਮੁਹੰਮਦ (ਸ.) ਨਾਲ ਦੁਸ਼ਮਣੀ ਘਟਾ ਦਿੱਤੀ ਸੀ ਜਿਹੜੇ ਕਬੀਲਿਆਂ ਦੀਆਂ ਇਹ ਧੀਆਂ ਸਨ। ਹਜ਼ਰਤ ਮੁਹੰਮਦ (ਸ.) ਦੀਆਂ ਇਨ੍ਹਾਂ ਪਤਨੀਆਂ ਵਿੱਚੋਂ ਛੇ ਅਜਿਹੀਆਂ ਸਨ ਜਿਹੜੀਆਂ ਕੁਰੈਸ਼ ਦੇ ਕਬੀਲੇ ਨਾਲ ਸਬੰਧ ਰੱਖਦੀਆਂ ਸਨ ਅਤੇ ਚਾਰ ਅਰਬ ਦੇ ਦੂਜੇ ਕਬੀਲਿਆਂ ਨਾਲ ਸਬੰਧ ਤਾਂ ਰੱਖਦੀਆਂ ਸਨ ਪਰ ਕੁਰੈਸ਼ੀ ਨਹੀਂ ਸਨ।ਉਨ੍ਹਾਂ ਦੀਆਂ ਦੋ ਪਤਨੀਆਂ ਯਹੂਦੀ ਨਸਲ ਨਾਲ ਸਬੰਧ ਰੱਖਦੀਆਂ ਸਨ ਜਿਨ੍ਹਾਂ ਨੇ ਆਪ ਦੇ ਨਾਲ ਨਿਕਾਹ ਕਰਨ ਤੋਂ ਪਹਿਲਾਂ ਇਸਲਾਮ ਕਬੂਲ ਕਰ ਲਿਆ ਸੀ। ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਦੀ ਵਫ਼ਾਤ ਹੋਈ ਉਸ ਸਮੇਂ ਉਨ੍ਹਾਂ ਦੀਆਂ ਨੌਂ ਪਤਨੀਆਂ ਜਿਉਂਦੀਆਂ ਸਨ ਅਤੇ ਤਿੰਨ ਪਤਨੀਆਂ ਹਜ਼ਰਤ ਖ਼ਦੀਜਾ (ਰਜ਼ੀ.) ਹਜ਼ਰਤ ਰਿਹਾਨਾ (ਰਜ਼ੀ.) ਅਤੇ ਹਜ਼ਰਤ ਸੌਦਾ (ਰਜ਼ੀ.) ਵਫ਼ਾਤ ਪਾ ਚੁੱਕੀਆਂ ਸਨ।
੧ ਹਜ਼ਰਤ ਖ਼ਦੀਜਾ (ਰਜ਼ੀ.)
ਹਜ਼ਰਤ ਖ਼ਦੀਜਾ (ਰਜ਼ੀ.) ਦੇ ਪਿਤਾ ਦਾ ਨਾਂ ਖ਼ੁਵੈਲਦ ਪੁੱਤਰ ਅਸਦ ਸੀ।ਉਹ ਹਜ਼ਰਤ ਮੁਹੰਮਦ (ਸ.) ਦੀ ਸਭ ਤੋਂ ਪਹਿਲੀ ਪਤਨੀ ਸਨ।ਉਨ੍ਹਾਂ ਦਾ ਪਹਿਲਾ ਨਿਕਾਹ ਅਬੂ ਹਾਲਾ ਤਮੀਮੀ ਬਿਨ ਜ਼ਰਾਰ ਨਾਲ ਹੋਇਆ ਸੀ।ਅਬੂ ਹਾਲਾ ਦੀ ਮੌਤ ਤੋਂ ਬਾਅਦ ਹਜ਼ਰਤ ਖ਼ਦੀਜਾ (ਰਜ਼ੀ.) ਦਾ ਦੂਜੀ ਵਾਰ ਅਤੀਕ ਬਿਨ ਆਇਦ ਮਖ਼ਜ਼ੂਮੀ ਨਾਲ ਨਿਕਾਹ ਹੋਇਆ ਪਰ ਉਹ ਵੀ ਬਹੁਤੀ ਉਮਰ ਜਿਉਂਦਾ ਨਾ ਰਿਹਾ। ਅਤੀਕ ਬਿਨ ਆਇਦ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਨਿਕਾਹ ਨਬੀ ਬਨਣ ਤੋਂ ਪੰਦਰਾਂ ਸਾਲ ਪਹਿਲਾਂ, ਹਜ਼ਰਤ ਮੁਹੰਮਦ (ਸ.) ਨਾਲ ਹੋਇਆ।ਜਿਸ ਸਮੇਂ ਇਹ ਨਿਕਾਹ ਹੋਇਆ ਉਸ ਸਮੇਂ ਹਜ਼ਰਤ ਖ਼ਦੀਜਾ (ਰਜ਼ੀ.) ਦੀ ਉਮਰ ਚਾਲੀ ਸਾਲ ਸੀ ਅਤੇ ਹਜ਼ਰਤ ਮੁਹੰਮਦ (ਸ.) ਪੰਝੀ ਸਾਲ ਦੇ ਸਨ। ਵਿਆਹ ਤੋਂ ਪਹਿਲਾਂ ਹਜ਼ਰਤ ਖ਼ਦੀਜਾ (ਰਜ਼ੀ.) ਨੂੰ ਤਾਹਿਰਾ ਕਿਹਾ ਜਾਂਦਾ ਸੀ ਜਿਸ ਦੇ ਅਰਥ ਪਵਿੱਤਰ ਦੇ ਹਨ।ਹਜ਼ਰਤ ਮੁਹੰਮਦ (ਸ.) ਨਾਲ ਨਿਕਾਹ ਤੋਂ ਬਾਅਦ ਹਜ਼ਰਤ ਖ਼ਦੀਜਾ (ਰਜ਼ੀ.) ਚੰਗੀ ਸਹਾਇਕ ਅਤੇ ਵਫ਼ਾਦਾਰ ਪਤਨੀ ਸਾਬਤ ਹੋਈ।ਵਿਆਹ ਤੋਂ ਪਹਿਲਾਂ ਉਸ ਦੀ ਗਿਣਤੀ ਅਰਬ ਦੇ ਉਨ੍ਹਾਂ ਧਨਾਡ ਵਪਾਰੀਆਂ ਵਿਚ ਕੀਤੀ ਜਾਂਦੀ ਸੀ ਜਿਹੜੇ ਪੈਸਾ ਖ਼ਰਚ ਕੇ ਦੂਜੇ ਮੁਲਕਾਂ ਨਾਲ ਵਪਾਰ ਕਰਦੇ ਸਨ ਪਰ ਵਿਆਹ ਤੋਂ ਬਾਅਦ ਉਨ੍ਹਾਂ ਨੇ ਅਪਣਾ ਸਾਰਾ ਧਨ ਇਸਲਾਮ ਦੀ ਪ੍ਰਫੁੱਲਤਾ ਲਈ ਹਜ਼ਰਤ ਮੁਹੰਮਦ (ਸ.) ਅੱਗੇ ਢੇਰ ਕਰ ਦਿੱਤਾ। ਹਜ਼ਰਤ ਮੁਹੰਮਦ (ਸ.) ਦੀ ਔਲਾਦ ਵਿਚ ਹਜ਼ਰਤ ਇਬਰਾਹੀਮ ਤੋਂ ਇਲਾਵਾ ਬਾਕੀ ਚਾਰ ਪੁੱਤਰੀਆਂ ਅਤੇ ਦੋ ਪੁੱਤਰ ਹਜ਼ਰਤ ਖ਼ਦੀਜਾ ਦੀ ਕੁੱਖੋਂ ਹੀ ਪੈਦਾ ਹੋਏ ਸਨ।ਦੋਵੇਂ ਪੁੱਤਰ ਕਾਸਿਮ ਅਤੇ ਅਬਦੁੱਲਾ ਬਚਪਨ ਵਿਚ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਜ਼ੈਨਬ, ਰੁਕੱਯਾ, ਉੱਮੇ ਕਲਸੂਮ ਅਤੇ ਫ਼ਾਤਿਮਾਂ ਚਾਰੇ ਧੀਆਂ ਜਿਉਂਦੀਆਂ ਰਹੀਆਂ।ਉਨ੍ਹਾਂ ਦੀਆਂ ਇਨ੍ਹਾਂ ਚਾਰੇ ਪਿਆਰੀਆਂ ਧੀਆਂ ਨੇ ਇਸਲਾਮ ਦੇ ਅਰੰਭ ਵਿਚ ਤਕਲੀਫ਼ਾਂ ਵੀ ਝੱਲੀਆਂ ਅਤੇ ਇਸਲਾਮ ਦੀ ਚੜ੍ਹਤ ਦਾ ਸਮਾਂ ਵੀ ਅੱਖੀਂ ਦੇਖਿਆ।ਇਨ੍ਹਾਂ ਦੀਆਂ ਵੱਡੀਆਂ ਤਿੰਨ ਧੀਆਂ ਉਨ੍ਹਾਂ ਦੀ ਜ਼ਿੰਦਗੀ ਵਿਚ ਹੀ ਰੱਬ ਨੂੰ ਪਿਆਰੀਆਂ ਹੋ ਗਈਆਂ ਅਤੇ ਚੌਥੀ ਧੀ ਬੀਬੀ ਫ਼ਾਤਮਾ ਦੀ ਵਫ਼ਾਤ ਆਪ ਦੀ ਵਫ਼ਾਤ ਤੋਂ ਛੇ ਮਹੀਨੇ ਬਾਅਦ ਹੋਈ। ਜਿੰਨੀ ਦੇਰ ਤੱਕ ਹਜ਼ਰਤ ਖ਼ਦੀਜਾ (ਰਜ਼ੀ.) ਜਿਉਂਦੇ ਰਹੇ ਹਜ਼ਰਤ ਮੁਹੰਮਦ (ਸ.) ਨੇ ਹੋਰ ਕਿਸੇ ਦੂਜੀ ਔਰਤ ਨਾਲ ਵਿਆਹ ਨਹੀਂ ਕੀਤਾ।ਹਜ਼ਰਤ ਖ਼ਦੀਜਾ (ਰਜ਼ੀ.) ਔਰਤਾਂ ਵਿਚ ਮੁਸਲਮਾਨ ਹੋਣ ਵਾਲੀ ਪਹਿਲੀ ਔਰਤ ਸਨ।ਹਜ਼ਰਤ ਮੁਹੰਮਦ (ਸ.) ਦੇ ਮੱਕੇ ਤੋਂ ਮਦੀਨੇ ਹਿਜਰਤ ਕਰ ਜਾਣ ਤੋਂ ਤਿੰਨ ਸਾਲ ਪਹਿਲਾਂ ਆਪ ਦੀ ਮੌਤ ਹੋਈ।ਉਨ੍ਹਾਂ ਦੀ ਵਫ਼ਾਤ ਸਮੇਂ ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਦਸ ਸਾਲ ਬੀਤ ਚੁੱਕੇ ਸਨ।ਮੌਲਵੀ ਅਮਜਦ ਅਲੀ ਕਾਦਰੀ 'ਮੁਹੰਮਦ ਅਰਬੀ' ਨੰਬਰ ਦੇ ਸਫ਼ਾ ੪੭੮ ਉੱਤੇ ਲਿਖਦੇ ਹਨ ਕਿ ਮੌਤ ਸਮੇਂ ਹਜ਼ਰਤ ਖ਼ਦੀਜਾ (ਰਜ਼ੀ.) ਦੀ ਉਮਰ ਪੈਂਹਟ ਸਾਲ ਦੇ ਨੇੜੇ ਸੀ ਉਨ੍ਹਾਂ ਦਾ ਹਜ਼ਰਤ ਮੁਹੰਮਦ (ਸ.) ਨਾਲ ਵਿਆਹੀ ਜ਼ਿੰਦਗੀ ਦਾ ਪੰਝੀ ਸਾਲ ਦਾ ਸਾਥ ਰਿਹਾ। ਹਜ਼ਰਤ ਖ਼ਦੀਜਾ ਬਾਰੇ ਹਜ਼ਰਤ ਮੁਹੰਮਦ (ਸ.) ਕਿਹਾ ਕਰਦੇ ਸਨ, 'ਜਿਸ ਸਮੇਂ ਲੋਕਾਂ ਨੇ ਮੇਰੀ ਵਿਰੋਧਤਾ ਕੀਤੀ ਉਸ ਸਮੇਂ ਉਹ ਮੇਰੇ ਉੱਤੇ ਈਮਾਨ ਲਿਆਈ।ਜਿਸ ਸਮੇਂ ਲੋਕਾਂ ਨੇ ਮੈਨੂੰ ਝੂਠਾ ਆਖਿਆ ਉਸ ਸਮੇਂ ਉਸ ਨੇ ਮੇਰੀ ਸੱਚਾਈ ਦੀ ਪ੍ਰੌੜਤਾ ਕੀਤੀ।ਜਿਸ ਸਮੇਂ ਲੋਕਾਂ ਨੇ ਮੈਨੂੰ ਧਨ-ਦੌਲਤ ਤੋਂ ਵੱਖ ਕੀਤਾ ਉਸ ਸਮੇਂ ਉਨ੍ਹਾਂ ਨੇ ਮੈਨੂੰ ਅਪਣੇ ਧਨ ਵਿਚ ਹਿੱਸੇਦਾਰ ਬਣਾਇਆ।ਰੱਬ ਨੇ ਮੈਨੂੰ ਉਸ ਤੋਂ ਔਲਾਦ ਦਿੱਤੀ ਅਤੇ ਦੂਸਰੀਆਂ ਪਤਨੀਆਂ ਤੋਂ ਕੋਈ ਔਲਾਦ ਨਾ ਦਿੱਤੀ'।
੨ ਹਜ਼ਰਤ ਸੌਦਾ (ਰਜ਼ੀ.)
ਹਜ਼ਰਤ ਮੁਹੰਮਦ (ਸ.) ਨਾਲ ਵਿਆਹ ਤੋਂ ਪਹਿਲਾਂ ਹਜ਼ਰਤ ਸੌਦਾ ਅਪਣੇ ਚਾਚੇ ਦੇ ਪੁੱਤਰ ਸਕਰਾਨ ਬਿਨ ਅਮਰੂ ਨਾਲ ਵਿਆਹੀ ਹੋਈ ਸੀ।ਉਸ ਦੇ ਪਿਤਾ ਦਾ ਨਾਂ ਜ਼ਮੀਆ ਬਿਨ ਕੈਸ ਸੀ।ਹਜ਼ਰਤ ਮੁਹੰਮਦ (ਸ.) ਦੇ ਨਬੀ ਬਨਣ ਤੋਂ ਬਾਅਦ ਛੇਤੀ ਹੀ ਦੋਵੇਂ ਮੀਆਂ ਬੀਵੀ ਮੁਸਲਮਾਨ ਹੋ ਗਏ ਸਨ।ਹਬਸ਼ਾ ਦੀ ਪਹਿਲੀ ਹਿਜਰਤ ਸਮੇਂ ਇਹ ਦੋਵੇਂ ਹਿਜਰਤ ਕਰਕੇ ਹਬਸ਼ਾ ਚਲੇ ਗਏ ਸਨ।ਹਬਸ਼ਾ ਵਿਖੇ ਰਹਿੰਦਿਆਂ ਜਦੋਂ ਸਕਰਾਨ ਦੀ ਮੌਤ ਹੋ ਗਈ ਤਾਂ ਹਜ਼ਰਤ ਸੌਦਾ (ਰਜ਼ੀ.) ਮੱਕੇ ਵਾਪਸ ਆ ਗਈ।ਹਜ਼ਰਤ ਖ਼ਦੀਜਾ (ਰਜ਼ੀ.) ਦੀ ਵਫ਼ਾਤ ਤੋਂ ਬਾਅਦ ਜਦੋਂ ਹਜ਼ਰਤ ਮੁਹੰਮਦ (ਸ.) ਘਰ ਦੀਆਂ ਜ਼ਿਮੇਵਾਰੀਆਂ ਵਿਚ ਘਿਰ ਗਏ ਤਾਂ ਇਕ ਸਹਾਬੀ ਔਰਤ ਦੀ ਪ੍ਰੇਰਨਾ ਸਦਕਾ ਹਜ਼ਰਤ ਮੁਹੰਮਦ (ਸ.) ਨੇ ਸਨ ੧੦ ਨਬਵੀ ਵਿਚ ਉਸ ਨਾਲ ਨਿਕਾਹ ਕਰ ਲਿਆ।ਨਿਕਾਹ ਤੋਂ ਬਾਅਦ ਹਜ਼ਰਤ ਸੌਦਾ (ਰਜ਼ੀ.) ਨੇ ਤੁਰੰਤ ਆਪ ਦੇ ਘਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ। ਆਪ ਦਾ ਨਾਂ ਮੱਕੇ ਤੋਂ ਮਦੀਨੇ ਵੱਲ ਹਿਜਰਤ ਕਰਨ ਵਾਲਿਆਂ ਵਿਚ ਵੀ ਸ਼ਾਮਲ ਹੈ।ਮਦੀਨੇ ਵਿਖੇ ਰਹਿੰਦਿਆਂ ਕਿਸੇ ਗੱਲੋਂ ਜਦੋਂ ਹਜ਼ਰਤ ਮਹੰਮਦ (ਸ.) ਨੇ ਹਜ਼ਰਤ ਸੌਦਾ (ਰਜ਼ੀ.) ਨੂੰ ਤਲਾਕ ਦੇਣ ਦਾ ਮਨ ਬਣਾਇਆ ਅਤੇ ਉਸ ਦੀ ਰਜ਼ਾਮੰਦੀ ਲੈਣੀ ਚਾਹੀ ਤਾਂ ਉਸ ਨੇ ਬੇਨਤੀ ਕੀਤੀ ਕਿ ਤੁਸੀਂ ਮੈਨੂੰ ਤਲਾਕ ਨਾ ਦਿਉ ਮੈਂ ਅਪਣੀ ਬਾਰੀ ਦਾ ਦਿਨ ਹਜ਼ਰਤ ਆਇਸ਼ਾ (ਰਜ਼ੀ.) ਨੂੰ ਦੇ ਦਿੰਦੀ ਹਾਂ।ਬਸ ਮੇਰੀ ਐਨੀ ਹੀ ਖ਼ਾਹਿਸ਼ ਹੈ ਕਿ ਮੈਂ ਕਿਆਮਤ ਦੇ ਦਿਨ ਆਪ ਦੀਆਂ ਪਤਨੀਆਂ ਵਿਚ ਸ਼ਾਮਿਲ ਹੋਵਾਂ। ਹਜ਼ਰਤ ਮੁਹੰਮਦ ਜੀਵਨ ਅਤੇ ਸਿਖਿਆਵਾਂ ਦਾ ਲੇਖਕ ਲਿਖਦਾ ਹੈ, "ਬੀਬੀ ਸੌਦਾ ਉੱਚ ਦਰਜੇ ਦੀ ਆਗਿਆਕਾਰ, ਦਾਨੀ ਅਤੇ ਬਲੀਦਾਨੀ ਇਸਤਰੀ ਸਨ।ਉਹ ਉਮਰ ਦੇ ਉਸ ਹਿੱਸੇ ਵਿਚ ਸਨ ਜਦੋਂ ਗ੍ਰਹਿਸਤੀ ਇੱਛਾ ਬਾਕੀ ਨਹੀਂ ਰਹਿੰਦੀ।ਇਸ ਲਈ ਨਿਕਾਹ ਤੋਂ ਕੁਝ ਸਾਲਾਂ ਬਾਅਦ ਉਨ੍ਹਾਂ ਨੇ ਅਪਣੇ ਗ੍ਰਹਿਸਤੀ ਜੀਵਨ ਵਾਲੇ ਅਧਿਕਾਰ ਹਜ਼ਰਤ ਆਇਸ਼ਾ (ਰਜ਼ੀ.) ਨੂੰ ਦੇ ਦਿੱਤੇ ਅਤੇ ਆਪ ਸਿਰਫ਼ ਹਜ਼ਰਤ ਮੁਹੰਮਦ (ਸ.) ਦੀ ਪਤਨੀ ਹੁੰਦਿਆਂ ਹੀ ਸਵਰਗਵਾਸ ਹੋਣ ਨੂੰ ਚੰਗਾ ਸਮਝਿਆ। ਬੀਬੀ ਸੌਦਾ (ਰਜ਼ੀ.) ਦੀ ਵਫ਼ਾਤ ੨੨ ਹਿਜਰੀ ਵਿਚ ਹੋਈ"।
੩ ਹਜ਼ਰਤ ਆਇਸ਼ਾ (ਰਜ਼ੀ.)
ਹਜ਼ਰਤ ਆਇਸ਼ਾ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੇ ਨੇੜਲੇ ਸਾਥੀ ਅਤੇ ਇਸਲਾਮ ਦੇ ਪਹਿਲੇ ਖ਼ਲੀਫ਼ਾ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੀ ਪੁਤਰੀ ਸੀ।ਉਨ੍ਹਾਂ ਦੀ ਮਾਂ ਦਾ ਨਾਂ ਉੱਮੇ ਰੋਮਾਨ ਸੀ।ਆਪ ਦਾ ਨਿਕਾਹ ਹਿਜਰਤ ਤੋਂ ਤਿੰਨ ਸਾਲ ਪਹਿਲਾਂ ਮੱਕਾ ਵਿਖੇ ਹੋਇਆ ਅਤੇ ਹਿਜਰਤ ਤੋਂ ਦੋ ਸਾਲ ਬਾਅਦ ਆਪ ਪਿਤਾ ਦੇ ਘਰੋਂ ਰੁਖ਼ਸਤ ਹੋ ਕੇ ਹਜ਼ਰਤ ਮੁਹੰਮਦ (ਸ.) ਦੇ ਘਰ ਪਹੁੰਚੀ।ਹਜ਼ਰਤ ਮੁਹੰਮਦ (ਸ.) ਦੀਆਂ ਸਾਰੀਆਂ ਪਤਨੀਆਂ ਵਿਚ ਹਜ਼ਰਤ ਆਇਸ਼ਾ (ਰਜ਼ੀ.) ਹੀ ਉਨ੍ਹਾਂ ਦੀ ਅਜਿਹੀ ਪਤਨੀ ਸੀ ਜਿਹੜੀ ਵਿਆਹ ਸਮੇਂ ਕੰਵਾਰੀ ਸੀ। ਹਜ਼ਰਤ ਆਇਸ਼ਾ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੀ ਸਭ ਤੋਂ ਵੱਧ ਪਿਆਰੀ ਪਤਨੀ ਸੀ।ਹਜ਼ਰਤ ਮੁਹੰਮਦ (ਸ.) ਨੂੰ ਉਨ੍ਹਾਂ ਨਾਲ ਉਨ੍ਹਾਂ ਦੀ ਜਵਾਨੀ, ਸੁੰਦਰਤਾ ਅਤੇ ਵਿਦਵਤਾ ਕਰਕੇ ਖ਼ਾਸ ਪਿਆਰ ਸੀ।ਉਨ੍ਹਾਂ ਬਾਰੇ ਹਜ਼ਰਤ ਮੁਹੰਮਦ (ਸ.) ਕਿਹਾ ਕਰਦੇ ਸਨ, "ਆਦਮੀਆਂ ਵਿਚ ਤਾਂ ਬਹੁਤ ਸਾਰੇ ਲੋਕ ਸੰਪੂਰਨਤਾ ਦੇ ਸਥਾਨ ਤੱਕ ਪਹੁੰਚੇ ਪਰ ਔਰਤਾਂ ਵਿਚ ਮਰੀਅਮ ਪੁਤਰੀ ਇਮਰਾਨ ਅਤੇ ਆਸੀਆ ਪਤਨੀ ਫ਼ਿਰਔਨ ਹੀ ਪੁੱਜ ਸਕੀਆਂ।ਪਰ ਆਇਸ਼ਾ ਨੂੰ ਸਾਰੀਆਂ ਇਸਤਰੀਆਂ ਉੱਤੇ ਅਜਿਹੀ ਮਹਾਨਤਾ ਪ੍ਰਾਪਤ ਹੈ ਜਿਵੇ 'ਸੁਰੀਦ' (ਅਰਬ ਦਾ ਸੁਆਦੀ ਭੋਜਨ) ਨੂੰ ਸਭ ਖਾਣਿਆਂ ਉੱਤੇ"। ਹਜ਼ਰਤ ਆਇਸ਼ਾ (ਰਜ਼ੀ.) ਇਬਾਦਤਗੁਜ਼ਾਰ ਅਤੇ ਦਾਨੀ ਇਸਤਰੀ ਸੀ।ਉਹ ਹਰ ਸਾਲ ਹੱਜ ਕਰਨ ਲਈ ਜਾਇਆ ਕਰਦੀ ਸੀ।ਉਸ ਨੂੰ ਗ਼ੁਲਾਮਾਂ ਨੂੰ ਆਜ਼ਾਦ ਕਰਵਾਉਣ ਦਾ ਬਹੁਤ ਸ਼ੌਕ ਸੀ।ਉਹ ਗ਼ੁਲਾਮਾਂ ਦੇ ਮਾਲਕਾਂ ਨੂੰ ਉਨ੍ਹਾਂ ਦੀ ਕੀਮਤ ਅਦਾ ਕਰਦੀ ਅਤੇ ਆਜ਼ਾਦ ਕਰ ਦਿੰਦੀ।ਉਹ ਇਸਲਾਮ ਦੇ ਚਾਰੇ ਖ਼ਲੀਫ਼ਿਆਂ ਦੇ ਰਾਜ ਸਮੇਂ ਜਿਉਂਦੀ ਰਹੀ।ਉਹ ਧਰਮ ਦੇ ਗੰਭੀਰ ਮਸਲਿਆਂ ਉੱਤੇ ਫ਼ਤਵੇ ਵੀ ਦਿਆ ਕਰਦੀ ਸੀ।ਉਹ ਕੁਰਆਨ ਸ਼ਰੀਫ਼ ਦੀ ਚੰਗੀ ਵਿਆਖਿਆਕਾਰ ਸੀ ਅਤੇ ਉਸ ਨੂੰ ਹਦੀਸ ਉੱਤੇ ਭਾਸ਼ਨ ਦੇਣ ਵਿਚ ਕਮਾਲ ਹਾਸਲ ਸੀ। ਆਪ ਦੀ ਵਫ਼ਾਤ ਹਜ਼ਰਤ ਅਮੀਰ ਮੁਆਵੀਆ ਦੇ ਦੌਰ ਵਿਚ ਸਨ ੫੮ ਹਿਜਰੀ ਵਿਚ ਰਮਜ਼ਾਨ ਦੇ ਮਹੀਨੇ ਦੀ ੧੭ ਤਾਰੀਖ਼ ਨੂੰ ਹੋਈ।ਵਫ਼ਾਤ ਦੇ ਸਮੇਂ ਮੌਲਾਨਾ ਅਮਜਦ ਅਲੀ ਕਾਦਰੀ ਅਨੁਸਾਰ ਉਨ੍ਹਾਂ ਦੀ ਉਮਰ ੬੬ ਸਾਲ ਸੀ ਪਰ ਹਜ਼ਰਤ ਮੁਹੰਮਦ ਜੀਵਨ ਅਤੇ ਸਿੱਖਿਆਵਾਂ ਦਾ ਲੇਖਕ ਵਫ਼ਾਤ ਸਮੇਂ ਉਨ੍ਹਾਂ ਦੀ ਉਮਰ ੫੭ ਸਾਲ ਲਿਖਦਾ ਹੈ।ਉਨ੍ਹਾਂ ਦੇ ਜ਼ਨਾਜੇ ਦੀ ਨਮਾਜ਼ ਹਜ਼ਰਤ ਮੁਹੰਮਦ (ਸ.) ਦੇ ਪਿਆਰੇ ਸਹਾਬੀ ਹਜ਼ਰਤ ਅਬੂ ਹਰੈਰਾ (ਰਜ਼ੀ.) ਨੇ ਪੜ੍ਹਾਈ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਵਸੀਅਤ ਅਨੁਸਾਰ ਜੰਨਤੁਲ ਬਕੀਅ ਕਬਰਸਤਾਨ ਵਿਚ ਦਫ਼ਨਾਇਆ ਗਿਆ।
੪ ਹਜ਼ਰਤ ਹਫ਼ਸਾ (ਰਜ਼ੀ.)
ਹਜ਼ਰਤ ਹਫ਼ਸਾ ਹਜ਼ਰਤ ਉਮਰ ਫ਼ਾਰੂਕ (ਰਜ਼ੀ.) ਦੀ ਪੁਤਰੀ ਸੀ।ਇਨ੍ਹਾਂ ਦਾ ਪਹਿਲਾ ਵਿਆਹ ਖ਼ੁਨੈਸ ਬਿਨ ਹਜ਼ੈਫ਼ਾ ਨਾਲ ਹੋਇਆ ਸੀ।ਉਹਦ ਦੀ ਜੰਗ ਵਿਚ ਹਜ਼ਰਤ ਖ਼ੁਨੈਸ ਬਿਨ ਹਜ਼ੈਫ਼ਾ ਸ਼ਹੀਦ ਹੋ ਗਏ ਤਾਂ ਇਨ੍ਹਾਂ ਦੇ ਪਿਤਾ ਹਜ਼ਰਤ ਉਮਰ (ਰਜ਼ੀ.) ਨੇ ਇਨ੍ਹਾਂ ਦਾ ਨਿਕਾਹ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਨਾਲ ਕਰਨਾ ਚਾਹਿਆ ਪਰ ਉਨ੍ਹਾਂ ਦੇ ਨਾਂਹ ਕਰ ਦੇਣ ਤੋਂ ਬਾਅਦ ਸਨ ੩ ਹਿਜਰੀ ਵਿਚ ਹਜ਼ਰਤ ਮੁਹੰਮਦ (ਸ.) ਨੇ ਇਨ੍ਹਾਂ ਨਾਲ ਨਿਕਾਹ ਕਰ ਲਿਆ।ਨਿਕਾਹ ਦੇ ਸਮੇਂ ਇਨ੍ਹਾਂ ਦੀ ਉਮਰ ੨੧ ਸਾਲ ਦੀ ਸੀ।ਹਜ਼ਰਤ ਹਫ਼ਸਾ (ਰਜ਼ੀ.) ਇਸਲਾਮ ਲਿਆਉਣ ਵਾਲੇ ਮੁਢਲੇ ਮੁਸਲਮਾਨਾਂ ਵਿੱਚੋਂ ਸਨ। ੬੬ ਸਾਲ ਦੀ ਉਮਰ ਵਿਚ ਆਪ ਇਸ ਦੁਨੀਆਂ ਨੂੰ ਸਦਾ ਲਈ ਛੱਡ ਗਏ।ਆਪ ਦੀ ਵਫ਼ਾਤ ਦੇ ਸਨ ਬਾਰੇ ਵਿਦਵਾਨਾਂ ਵਿਚ ਵਿਵਾਦ ਹੈ।ਮੌਲਵੀ ਅਮਜਦ ਅਲੀ ਕਾਦਰੀ ਆਪ ਦੀ ਮੌਤ ਦਾ ਸਨ ੪੫ ਹਿਜਰੀ ਲਿਖਦੇ ਹਨ।ਜਦੋਂ ਕਿ ਹਜ਼ਰਤ ਮੁਹੰਮਦ (ਸ.) ਦਾ ਜੀਵਨ ਅਤੇ ਸਿਖਿਆਵਾਂ ਦਾ ਲੇਖਕ ਆਪ ਦੀ ਵਫ਼ਾਤ ਦਾ ਸਨ ੪੧ ਹਿਜਰੀ ਲਿਖਦਾ ਹੈ। ਹਜ਼ਰਤ ਹਫ਼ਸਾ ਨੇਕ ਔਰਤਾਂ ਵਿੱਚੋਂ ਸਨ।ਉਹ ਦਿਨ ਦੇ ਸਮੇਂ ਰੋਜ਼ਾ ਰੱਖਦੀ ਅਤੇ ਸਾਰੀ ਰਾਤ ਇਬਾਦਤ ਵਿਚ ਗੁਜ਼ਾਰ ਦਿੰਦੀ।ਉਸ ਨੇ ਅਪਣੇ ਭਰਾ ਅਬਦੁੱਲਾ ਬਿਨ ਉਮਰ ਨੂੰ ਵਸੀਅਤ ਕਰ ਦਿੱਤੀ ਹੋਈ ਸੀ ਕਿ ਮੇਰੀ ਮੌਤ ਤੋਂ ਬਾਅਦ ਮੇਰਾ ਐਨਾ ਮਾਲ ਰੱਬ ਦੇ ਰਾਹ ਵਿਚ ਖ਼ੈਰਾਤ ਕਰ ਦਿੱਤਾ ਜਾਵੇ।
੫ ਹਜ਼ਰਤ ਜ਼ੈਨਬ (ਰਜ਼ੀ.) ਪੁਤਰੀ ਖ਼ਜ਼ੀਮਾ
ਹਜ਼ਰਤ ਜ਼ੈਨਬ, ਖ਼ਜ਼ੀਮਾ ਹਲਾਲੀਆ ਬਿਨ ਹਾਰਸ ਦੀ ਪੁੱਤਰੀ ਸੀ।ਇਸਲਾਮ ਦੇ ਆਉਣ ਤੋਂ ਪਹਿਲਾਂ ਵੀ ਇਹ ਬਹੁਤ ਨੇਕ ਸੁਭਾਅ ਦੀ ਇਸਤਰੀ ਸੀ।ਗ਼ਰੀਬਾਂ ਅਤੇ ਫ਼ਕੀਰਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕਰਿਆ ਕਰਦੀ ਸੀ ਅਤੇ ਇਨ੍ਹਾਂ ਗੁਣਾਂ ਕਰਕੇ ਲੋਕਾਂ ਵਿਚ ਉੱਮੁਲ ਮਸਾਕੀਨ (ਨਿਆਸਰਿਆਂ ਦੀ ਮਾਂ) ਦੇ ਨਾਂ ਨਾਲ ਬੁਲਾਈ ਜਾਂਦੀ ਸੀ। ਇਨ੍ਹਾਂ ਦਾ ਪਹਿਲਾ ਨਿਕਾਹ ਮੌਲਵੀ ਅਮਜਦ ਅਲੀ ਕਾਦਰੀ ਦੇ ਲਿਖੇ ਅਨੁਸਾਰ ਅਬਦੁੱਲਾ ਪੁੱਤਰ ਹੱਜਸ ਨਾਲ ਹੋਇਆ ਸੀ ਪਰ ਹਜ਼ਰਤ ਮੁਹੰਮਦ ਜੀਵਨ ਅਤੇ ਸਿੱਖਿਆਵਾਂ ਦਾ ਲੇਖਕ ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਇਨ੍ਹਾਂ ਦੇ ਤਿੰਨ ਵਿਆਹ ਹੋਏ ਲਿਖਦਾ ਹੈ।ਉਸ ਅਨੁਸਾਰ ਇਨ੍ਹਾਂ ਦਾ ਪਹਿਲਾ ਵਿਆਹ ਤੁਫ਼ੈਲ ਪੁੱਤਰ ਹਾਰਸ ਨਾਲ ਹੋਇਆ ਸੀ।ਉਸ ਦੀ ਮੌਤ ਤੋਂ ਬਾਅਦ ਦੂਜਾ ਵਿਆਹ ਅਬੈਦਾ ਪੁੱਤਰ ਹਾਰਸ ਨਾਲ ਹੋਇਆ।ਅਬੈਦਾ ਦੀ ਮੌਤ ਤੋਂ ਬਾਅਦ ਤੀਜਾ ਵਿਆਹ ਅਬਦੁੱਲਾ ਪੁੱਤਰ ਹੱਜਸ ਨਾਲ ਹੋਇਆ।ਤੁਫ਼ੈਲ ਅਤੇ ਅਬੈਦਾ ਹਜ਼ਰਤ ਮੁਹੰਮਦ (ਸ.) ਦੇ ਚਚੇਰੇ ਭਰਾ ਸਨ ਅਤੇ ਅਬਦੁੱਲਾ ਪੁੱਤਰ ਹਾਰਸ ਉਨ੍ਹਾਂ ਦੀ ਭੂਆ ਦਾ ਪੁੱਤਰ ਭਰਾ ਸੀ।ਜਦੋਂ ਅਬਦੁੱਲਾ ਪੁਤਰ ਹੱਜਸ ਉਹਦ ਦੀ ਲੜਾਈ ਵਿਚ ਹਜ਼ਰਤ ਮੁਹੰਮਦ (ਸ.) ਦਾ ਸਾਥ ਦਿੰਦਿਆਂ ਸ਼ਹੀਦ ਹੋ ਗਿਆ ਤਾਂ ਨਿਆਸਰਾ ਹੋਈ ਬੀਬੀ ਜ਼ੈਨਬ ਨਾਲ ਹਜ਼ਰਤ ਮੁਹੰਮਦ (ਸ.) ਨੇ ਨਿਕਾਹ ਕਰ ਲਿਆ। ਨਿਕਾਹ ਤੋਂ ਬਾਅਦ ਹਜ਼ਰਤ ਜ਼ੈਨਬ ਸਿਰਫ਼ ਦੋ-ਤਿੰਨ ਮਹੀਨੇ ਹੀ ਜਿਉਂਦੀ ਰਹੀ ਅਤੇ ਸਨ ੪ ਹਿਜਰੀ ਵਿਚ ਇਸ ਦੀ ਮੌਤ ਹੋ ਗਈ।ਇਸ ਦੇ ਜਨਾਜ਼ੇ ਦੀ ਨਮਾਜ਼ ਹਜ਼ਰਤ ਮੁਹੰਮਦ (ਸ.) ਨੇ ਆਪ ਪੜ੍ਹਾਈ।
੬ ਹਜ਼ਰਤ ਜ਼ੈਨਬ (ਰਜ਼ੀ.) ਪੁਤਰੀ ਜੈਹਸ਼
ਹਜ਼ਰਤ ਜ਼ੈਨਬ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੀ ਭੂਆ ਉੱਮੀਆ ਪੁਤਰੀ ਅਬਦੁਲ ਮੁਤਲਿਬ ਦੀ ਧੀ ਸੀ।ਮੁਸਲਮਾਨਾਂ ਵਿੱਚੋਂ ਊਚ-ਨੀਚ ਦਾ ਫ਼ਰਕ ਮਿਟਾaੁਣ ਲਈ ਹਜ਼ਰਤ ਮੁਹੰਮਦ (ਸ.) ਨੇ ਉਸ ਦਾ ਵਿਆਹ ਅਪਣੇ ਆਜ਼ਾਦ ਕੀਤੇ ਹੋਏ ਗ਼ੁਲਾਮ ਅਤੇ ਗ਼ੁਲਾਮਾਂ ਵਿਚ ਸਭ ਤੋਂ ਪਹਿਲਾਂ ਮੁਸਲਮਾਨ ਹੋਣ ਵਾਲੇ ਜ਼ੈਦ ਬਿਨ ਹਾਰਸ ਨਾਲ ਕਰ ਦਿੱਤਾ ਸੀ।ਇਸ ਰਿਸ਼ਤੇ ਨੂੰ ਦਿਲੋਂ ਨਾ ਚਾਹੁੰਦੇ ਹੋਏ ਵੀ ਭਾਵੇਂ ਬੀਬੀ ਜ਼ੈਨਬ ਦੇ ਮਾਪਿਆਂ ਨੇ ਸਵੀਕਾਰ ਕਰ ਲਿਆ ਸੀ ਪਰ ਬੀਬੀ ਜ਼ੈਨਬ (ਰਜ਼ੀ.) ਦੀ ਹਜ਼ਰਤ ਜ਼ੈਦ (ਰਜ਼ੀ.) ਨਾਲ ਬਹੁਤੀ ਦੇਰ ਤੱਕ ਨਿਭ ਨਾ ਸਕੀ ਇਸ ਲਈ ਉਸ ਨੇ ਹਜ਼ਰਤ ਜ਼ੈਨਬ (ਰਜ਼ੀ.) ਨੂੰ ਤਲਾਕ ਦੇ ਦਿੱਤੀ।ਤਲਾਕ ਤੋਂ ਬਾਅਦ ਹਜ਼ਰਤ ਜਿਬਰਾਈਲ ਵੱਲੋਂ ਵਹੀ ਦੁਆਰਾ ਆਏ ਰੱਬੀ ਹੁਕਮ ਨੂੰ ਮੰਨਦਿਆਂ ਸਨ ੫ ਹਿਜਰੀ ਵਿਚ ਹਜ਼ਰਤ ਮੁਹੰਮਦ (ਸ.) ਨੇ ਉਸ ਨਾਲ ਨਿਕਾਹ ਕਰ ਲਿਆ। ਹਜ਼ਰਤ ਜ਼ੈਨਬ (ਰਜ਼ੀ.) ਦਾਨੀ ਸੁਭਾਅ ਦੀ ਮਾਲਕ ਸੀ।ਅਪਣੀਆਂ ਪਤਨੀਆਂ ਬਾਰੇ ਬਿਆਨ ਕਰਦਿਆਂ ਇਕ ਵਾਰ ਹਜ਼ਰਤ ਮੁਹੰਮਦ (ਸ.) ਨੇ ਕਿਹਾ ਸੀ, "ਮੇਰੀਆਂ ਪਤਨੀਆਂ ਵਿੱਚੋਂ ਸਭ ਤੋਂ ਪਹਿਲਾਂ ਜੰਨਤ ਵਿਚ ਉਹ ਪਤਨੀ ਮੈਨੂੰ ਮਿਲੇਗੀ ਜਿਸ ਦੇ ਹੱਥ ਲੰਬੇ ਹੋਣਗੇ"।ਜਦੋਂ ਉਨ੍ਹਾਂ ਤੋਂ ਸਹਾਬੀਆਂ ਨੇ ਹੱਥ ਲੰਬੇ ਦਾ ਭਾਵ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਕਿਹਾ, "ਜਿਹੜੀ ਸਭ ਤੋਂ ਵੱਧ ਸਖ਼ੀ ਅਤੇ ਦਾਨੀ ਹੋਵੇਗੀ"। ਮੌਲਵੀ ਅਮਜਦ ਅਲੀ ਕਾਦਰੀ ਲਿਖਦੇ ਹਨ ਕਿ ਬੀਬੀ ਜ਼ੈਨਬ (ਰਜ਼ੀ.) ਨਾਲ ਹਜ਼ਰਤ ਮੁਹੰਮਦ (ਸ.) ਦੇ ਨਿਕਾਹ ਦਾ ਮਾਮਲਾ ਵੀ ਦਿਲਚਸਪ ਹੈ।ਸਹੀ ਬੁਖ਼ਾਰੀ ਵਿਚ ਲਿਖਿਆ ਮਿਲਦਾ ਹੈ ਕਿ ਜਦੋਂ ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਨਿਕਾਹ ਲਈ ਸੁਨੇਹਾ ਭੇਜਿਆ ਤਾਂ ਉਸ ਨੇ ਜਵਾਬ ਦਿੱਤਾ ਕਿ ਮੈਂ ਅਪਣੇ ਰੱਬ ਕੋਲੋਂ ਪੁੱਛ ਕੇ ਜਵਾਬ ਦੇਵਾਂਗੀ।ਇਸ ਤੋਂ ਬਾਅਦ ਉਸ ਨੇ ਵਜ਼ੂ ਕਰਕੇ ਨਮਾਜ਼ ਪੜ੍ਹਣੀ ਸ਼ੁਰੂ ਕਰ ਦਿੱਤੀ।ਸਿਟੇ ਵਜੋਂ ਹਜ਼ਰਤ ਜਿਬਰਾਈਲ ਨੇ ਹਜ਼ਰਤ ਮੁਹੰਮਦ (ਸ.) ਨੂੰ ਵਹੀ ਰਾਹੀਂ ਇਤਲਾਹ ਦਿੱਤੀ ਕਿ ਰੱਬ ਨੇ ਤੁਹਾਡਾ ਨਿਕਾਹ ਹਜ਼ਰਤ ਜ਼ੈਨਬ (ਰਜ਼ੀ.) ਨਾਲ ਕਰ ਦਿੱਤਾ ਹੈ।ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਆਇਆ ਹੈ। ਹਜ਼ਰਤ ਜ਼ੈਨਬ (ਰਜ਼ੀ.) ਅਪਣੀ ਇਸ ਖ਼ੂਬੀ ਉੱਤੇ ਫ਼ਖ਼ਰ ਕਰਦਿਆਂ ਹਜ਼ਰਤ ਮੁਹੰਮਦ (ਸ.) ਦੀਆਂ ਦੂਜੀਆਂ ਪਤਨੀਆਂ ਨੂੰ ਕਿਹਾ ਕਰਦੀ ਸੀ ਕਿ "ਤੁਹਾਡਾ ਨਿਕਾਹ ਤੁਹਾਡੇ ਮਾਪਿਆਂ ਨੇ ਕੀਤਾ ਹੈ ਅਤੇ ਮੇਰਾ ਨਿਕਾਹ ਰੱਬ ਨੇ ਕੀਤਾ ਹੈ"। ਉਪਰੋਕਤ ਲੇਖਕ ਇਹ ਵੀ ਲਿਖਦਾ ਹੈ ਕਿ ਔਰਤਾਂ ਲਈ ਪਰਦੇ ਦਾ ਰਿਵਾਜ਼ ਹਜ਼ਰਤ ਜ਼ੈਨਬ (ਰਜ਼ੀ.) ਦੇ ਨਿਕਾਹ ਸਮੇਂ ਹੀ ਲਾਗੂ ਹੋਇਆ ਸੀ। ਹਜ਼ਰਤ ਜ਼ੈਨਬ (ਰਜ਼ੀ.) ਬੜੀ ਨਰਮ ਦਿਲ, ਹੁਨਰਮੰਦ ਅਤੇ ਹੱਥੀਂ ਕੰਮ ਕਰਨ ਵਾਲੀ ਔਰਤ ਸੀ।ਉਹ ਅਪਣੀ ਸਾਰੀ ਦੀ ਸਾਰੀ ਕਮਾਈ ਗ਼ਰੀਬਾਂ ਅਤੇ ਲੋੜਮੰਦਾਂ ਨੂੰ ਦਾਨ ਕਰ ਦਿਆ ਕਰਦੀ ਸੀ।ਹਜ਼ਰਤ ਮੁਹੰਮਦ (ਸ.) ਦੀ ਸਭ ਤੋਂ ਪਿਆਰੀ ਪਤਨੀ ਹਜ਼ਰਤ ਆਇਸ਼ਾ ਆਖਦੇ ਹਨ ਕਿ 'ਮੈਂ ਹਜ਼ਰਤ ਜ਼ੈਨਬ (ਰਜ਼ੀ.) ਤੋਂ ਚੰਗੀ ਕੋਈ ਹੋਰ ਔਰਤ ਨਹੀਂ ਵੇਖੀ।ਉਹ ਰੱਬ ਤੋਂ ਡਰਨ ਵਾਲੀ, ਪੱਕੀ ਦੀਨਦਾਰ, ਧਰਮੀ, ਕਹਿਣੀ ਅਤੇ ਕਰਨੀ ਦੀ ਪੱਕੀ, ਵਾਅਦੇ ਦੀ ਸੁੱਚੀ ਅਤੇ ਸੱਚੀ, ਖ਼ੈਰਾਤ ਕਰਨ ਵਾਲੀ, ਰਿਸ਼ਤੇਦਾਰਾਂ ਨਾਲ ਚੰਗਾ ਸਲੂਕ ਕਰਨ ਵਾਲੀ ਔਰਤ ਸੀ"। ਉਸ ਦੀ ਵਫ਼ਾਤ ਮਦੀਨੇ ਵਿਖੇ ਸਨ ੨੦ ਜਾਂ ੨੧ ਹਿਜਰੀ ਨੂੰ ਹਜ਼ਰਤ ਉਮਰ (ਰਜ਼ੀ.) ਦੀ ਖ਼ਿਲਾਫ਼ਤ ਸਮੇਂ ਹੋਈ।ਹਜ਼ਰਤ ਉਮਰ ਫ਼ਾਰੂਕ ਨੇ ਹੀ ਉਨ੍ਹਾਂ ਦੇ ਜਨਾਜ਼ੇ ਦੀ ਨਮਾਜ਼ ਪੜ੍ਹਾਈ।ਵਫ਼ਾਤ ਸਮੇਂ ਉਨ੍ਹਾਂ ਦੀ ਉਮਰ ੫੬ ਸਾਲ ਦੇ ਨੇੜੇ-ਤੇੜੇ ਸੀ।
੭ ਹਜ਼ਰਤ ਉੱਮੇ ਸਲਮਾ (ਰਜ਼ੀ.)
ਆਪ ਦਾ ਪਹਿਲਾ ਨਾਂ ਹਿੰਦਾ ਪੁੱਤਰੀ ਅਬੂ ਉਮੱਯਾ ਮਖ਼ਜ਼ੂਮੀ ਅਤੇ ਮਾਂ ਦਾ ਨਾਂ ਆਤਿਕਾ ਪੁਤਰੀ ਆਮਿਰ ਬਿਨ ਰਬੀਆ ਸੀ।ਇਨ੍ਹਾਂ ਦਾ ਪਹਿਲਾ ਨਿਕਾਹ ਅਬੂ ਸਲਮਾ ਅਬਦੁੱਲਾ ਬਿਨ ਅਬਦੁਲ ਅਸਦ ਦੇ ਨਾਲ ਹੋਇਆ ਸੀ।ਜਿਹੜੇ ਹਜ਼ਰਤ ਮੁਹੰਮਦ (ਸ.) ਦੀ ਭੂਆ ਦੇ ਪੁੱਤਰ ਸਨ।ਉਨ੍ਹਾਂ ਦੇ ਪਤੀ ਅਬੂ ਸਲਮਾ ਉਹਦ ਦੀ ਜੰਗ ਵਿਚ ਲੜਦਿਆਂ ਜ਼ਖ਼ਮੀ ਹੋ ਗਏ ਸਨ ਅਤੇ ਇਨ੍ਹਾਂ ਜ਼ਖ਼ਮਾਂ ਕਰਕੇ ਹੀ ਸਨ ੪ ਹਿਜਰੀ ਵਿਚ ਉਨ੍ਹਾਂ ਦੀ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਹਜ਼ਰਤ ਸਲਮਾ (ਰਜ਼ੀ.) ਬੇਸਹਾਰਗੀ ਦੇ ਸਮੇਂ ਰੱਬ ਅੱਗੇ ਅਪਣੇ ਮੁੜ ਵਸੇਬੇ ਲਈ ਦੁਆ ਕਰਿਆ ਕਰਦੀ ਸੀ।ਜਦੋਂ ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਨਿਕਾਹ ਲਈ ਸੁਨੇਹਾ ਭੇਜਿਆ ਤਾਂ ਉਹ ਰੱਬ ਦਾ ਸ਼ੁਕਰ ਕਰਦਿਆਂ ਕਹਿਣ ਲੱਗੀ ਕਿ ਮੈਂ ਵੱਡੀ ਉਮਰ ਦੀ ਔਰਤ ਹਾਂ ਅਤੇ ਮੇਰੇ ਨਾਲ ਮੇਰੇ ਯਤੀਮ ਬੱਚੇ ਵੀ ਹਨ।ਉਸ ਦੀਆਂ ਉਪਰੋਕਤ ਮਜਬੂਰੀਆਂ ਨੂੰ ਕਬੂਲ ਕਰਦਿਆਂ ਹਜ਼ਰਤ ਮੁਹੰਮਦ (ਸ.) ਨੇ ਸਨ ੪ ਹਿਜਰੀ ਵਿਚ ਉਸ ਨਾਲ ਨਿਕਾਹ ਕਰ ਲਿਆ। ਹਜ਼ਰਤ ਉੱਮੇ ਸਲਮਾ (ਰਜ਼ੀ.) ਇਸਲਾਮ ਦੇ ਮੁਢਲੇ ਦਿਨਾਂ ਵਿਚ ਹੀ ਮੁਸਲਮਾਨ ਹੋ ਗਏ ਸਨ।ਜਦੋਂ ਕੁਰੈਸ਼ ਦੇ ਸਤਾਏ ਹੋਏ ਮੁਸਲਮਾਨ ਹਬਸ਼ਾ ਵੱਲ ਹਿਜਰਤ ਕਰਕੇ ਗਏ ਤਾਂ ਆਪ ਵੀ ਉਨ੍ਹਾਂ ਦੇ ਨਾਲ ਸਨ ਪਰ ਛੇਤੀ ਹੀ ਆਪ ਮੱਕੇ ਵਾਪਸ ਆ ਗਏ ਸਨ।ਆਪ ਨੇ ਮੱਕੇ ਤੋਂ ਮਦੀਨੇ ਹਿਜਰਤ ਕਰਕੇ ਜਾਣ ਸਮੇਂ ਸਭ ਤੋਂ ਵੱਧ ਤਕਲੀਫ਼ਾਂ ਝੱਲੀਆਂ।ਹਜ਼ਰਤ ਮੁਹੰਮਦ (ਸ.) ਜੀਵਨ ਅਤੇ ਸਿੱਖਿਆਵਾਂ ਦਾ ਲੇਖਕ ਲਿਖਦਾ ਹੈ, "ਜਦੋਂ ਹਜ਼ਰਤ ਅਬੂ ਸਲਮਾ ਨੇ ਮੱਕਾ ਛੱਡ ਕੇ ਮਦੀਨੇ ਜਾਣ ਦਾ ਇਰਾਦਾ ਕੀਤਾ ਅਤੇ ਅਪਣੀ ਪਤਨੀ ਅਤੇ ਬੱਚੇ ਨੂੰ ਲੈ ਕੇ ਤੁਰਨ ਲੱਗਿਆ ਤਾਂ ਉਸ ਦੇ ਸਹੁਰਿਆਂ ਅਤੇ ਪੇਕਿਆਂ ਦੇ ਲੋਕ ਇਕੱਠੇ ਹੋ ਗਏ।ਸਹੁਰਿਆਂ ਨੇ ਇਹ ਕਹਿ ਕੇ ਉਸ ਦੀ ਪਤਨੀ ਖੋਹ ਲਈ ਕਿ ਅਸੀਂ ਅਪਣੀ ਧੀ ਨੂੰ ਬੇਘਰ ਨਹੀਂ ਭਟਕਣ ਦੇਵਾਂਗੇ।ਦੂਜੇ ਪਾਸੇ ਅਬੂ ਸਲਮਾ ਦੇ ਪੁੱਤਰ ਨੂੰ ਉਸ ਦੇ ਭਰਾਵਾਂ ਨੇ ਉਸ ਦੀ ਪਤਨੀ ਤੋਂ ਇਹ ਆਖ ਕੇ ਖੋਹ ਲਿਆ ਕਿ ਜਦੋਂ ਤੁਹਾਡੀ ਧੀ ਸਾਡੇ ਭਰਾ ਨਾਲ ਨਹੀਂ ਜਾਂਦੀ ਤਾਂ ਅਸੀਂ ਕਿਉਂ ਅਪਣੇ ਭਤੀਜੇ ਨੂੰ ਤੁਹਾਡੇ ਕੋਲ ਰਹਿਣ ਦਈਏ।ਇਸ ਤਰ੍ਹਾਂ ਹਜ਼ਰਤ ਅਬੂ ਸਲਮਾ ਇਕੱਲੇ ਹੀ ਮਦੀਨੇ ਚਲੇ ਗਏ।ਉਸ ਦੀ ਬੀਵੀ ਹਜ਼ਰਤ ਉੱਮੇ ਸਲਮਾ (ਰਜ਼ੀ.) ਨੂੰ ਉਸ ਦੇ ਸਹੁਰੇ ਲੈ ਗਏ ਅਤੇ ਉਸ ਦੇ ਪੁੱਤਰ ਨੂੰ ਉਸ ਦੇ ਚਾਚੇ"। 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਹਜ਼ਰਤ ਉੱਮੇ ਸਲਮਾ (ਰਜ਼ੀ.) ਪਤੀ ਅਤੇ ਪੁੱਤਰ ਦੀ ਜੁਦਾਈ ਵਿਚ ਸਵੇਰੇ ਉਠਦਿਆਂ ਹੀ ਉਸ ਥਾਂ ਪਹੁੰਚ ਜਾਂਦੀ ਜਿੱਥੇ ਉਨ੍ਹਾਂ ਨੂੰ ਵਿਛੋੜਿਆ ਗਿਆ ਸੀ ਅਤੇ ਸ਼ਾਮ ਤੱਕ ਰੋਂਦੀ ਰਹਿੰਦੀ।ਇਸੇ ਹਾਲਤ ਵਿਚ ਰੋਂਦਿਆਂ ਕੁਰਲਾਉਂਦਿਆਂ ਉਸ ਨੂੰ ਇਕ ਸਾਲ ਬੀਤ ਗਿਆ।ਆਖ਼ਰ ਘਰ ਦੇ ਇਕ ਬਜ਼ੁਰਗ ਨੂੰ ਤਰਸ ਆ ਗਿਆ ਅਤੇ ਉਹ ਕਹਿਣ ਲੱਗਿਆ ਕਿ ਤੁਸੀਂ ਇਸ ਨੂੰ ਜਾਣ ਕਿਉਂ ਨਹੀਂ ਦਿੰਦੇ।ਇਸ ਵਿਚਾਰੀ ਨੂੰ ਬੇਮਤਲਬ ਇਸ ਦੇ ਪਤੀ ਅਤੇ ਪੁੱਤਰ ਤੋਂ ਕਿਉਂ ਵੱਖ ਕਰ ਰੱਖਿਆ ਹੈ। ਪੇਕੇ ਪਰਿਵਾਰ ਵੱਲੋਂ ਮਦੀਨੇ ਜਾਣ ਦੀ ਆਗਿਆ ਮਿਲ ਜਾਣ ਤੋਂ ਬਾਅਦ ਹਜ਼ਰਤ ਉੱਮੇ ਸਲਮਾ (ਰਜ਼ੀ.) ਨੇ ਅਪਣੇ ਪੁੱਤਰ ਨੂੰ ਸਹੁਰੇ ਪਰਿਵਾਰ ਤੋਂ ਵਾਪਸ ਲਿਆ ਅਤੇ ਬਿਨਾ ਕਿਸੇ ਦੇ ਸਹਾਰੇ ਇਕੱਲੀ ਹੀ ਤਿੰਨ ਸੌ ਮੀਲ ਦਾ ਸਫ਼ਰ ਤੈਹ ਕਰਨ ਲਈ ਮਦੀਨੇ ਵੱਲ ਤੁਰ ਪਈ।ਇਬਨੇ ਹੱਸ਼ਾਮ ਲਿਖਦਾ ਹੈ ਕਿ ਜਦੋਂ ਉਹ ਤਨੁਈਅਮ ਨਾਂ ਦੇ ਸਥਾਨ ਤੇ ਪਹੁੰਚੀ ਤਾਂ ਉਸ ਨੂੰ ਮਦੀਨੇ ਤੋਂ ਵਾਪਸ ਪਰਤ ਰਿਹਾ ਹਜ਼ਰਤ ਉਸਮਾਨ ਪੁੱਤਰ ਅਬੀ ਤਲਹਾ ਮਿਲ ਗਿਆ।ਜਦੋਂ ਉਸ ਨੇ ਉੱਮੇ ਸਲਮਾ ਤੋਂ ਸਾਰੀ ਕਹਾਣੀ ਸੁਣੀ ਤਾਂ ਉਹ ਉਸ ਨੂੰ ਮਦੀਨੇ ਪਹੁੰਚਾਉਣ ਲਈ ਵਾਪਸ ਮੁੜ ਪਿਆ ਅਤੇ ਮਦੀਨੇ ਵਿਚ ਕੁਬਾ ਨਾਂ ਦੀ ਬਸਤੀ ਨੇੜੇ ਛੱਡ ਕੇ ਇਹ ਕਹਿੰਦਿਆਂ ਮੁੜ ਗਿਆ ਕਿ ਤੇਰਾ ਪਤੀ ਇਸ ਸਾਹਮਣੀ ਬਸਤੀ ਵਿਚ ਰਹਿੰਦਾ ਹੈ। ਉਸ ਦੀ ਮੌਤ ਸਨ ੬੨ ਹਿਜਰੀ ਵਿਚ ਯਜ਼ੀਦ ਬਿਨ ਮੁਆਵੀਆ ਦੀ ਹਕੂਮਤ ਸਮੇਂ ਹੋਈ।ਉਸ ਨੇ ਹਜ਼ਰਤ ਮੁਹੰਮਦ (ਸ.) ਦਾ ਸਾਰੀਆਂ ਪਤਨੀਆਂ ਤੋਂ ਵੱਧ ਵਿਆਹੀ ਜ਼ਿੰਦਗੀ ਦਾ ਸਾਥ ਦਿੱਤਾ।
੮ ਹਜ਼ਰਤ ਜੁਵੈਰੀਆ (ਰਜ਼ੀ.)
ਇਨਾਂ ਦਾ ਪਹਿਲਾ ਨਾਂ ਬੱਰਾ ਸੀ ਅਤੇ ਇਹ ਇਕ ਯਹੂਦੀ ਖ਼ਾਨਦਾਨ ਨਾਲ ਸਬੰਧ ਰੱਖਦੇ ਸਨ।ਇਨ੍ਹਾਂ ਦੇ ਪਿਤਾ ਹਾਰਸ ਬਿਨ ਅਬੂ ਦਰਾਰ ਮੁਸਤਲਕ ਕਬੀਲੇ ਦੇ ਮੁਖੀ ਸਨ।ਮਰੀਸੀਹ ਦੀ ਲੜਾਈ ਜਿਹੜੀ ਸਨ ੫ ਹਿਜਰੀ ਦੇ ਆਖ਼ਰ ਅਤੇ ੬ ਹਿਜਰੀ ਦੇ ਸ਼ੁਰੂ ਵਿਚ ਹੋਈ ਸੀ, ਵਿਚ ਜਿੱਤ ਜਾਣ ਤੋਂ ਬਾਅਦ ਇਹ ਕੈਦ ਹੋ ਕੇ ਮੁਸਲਮਾਨਾਂ ਦੇ ਕਬਜ਼ੇ ਵਿਚ ਆ ਗਏ ਸਨ ਅਤੇ ਜਦੋਂ ਲੜਾਈ ਵਿਚ ਪ੍ਰਾਪਤ ਹੋਏ ਮਾਲ ਅਤੇ ਕੈਦੀਆਂ ਦੀ ਵੰਡ ਕੀਤੀ ਗਈ ਤਾਂ ਇਹ ਸਾਬਤ ਬਿਨ ਕੈਸ ਦੇ ਹਿੱਸੇ ਵਿਚ ਚਲੇ ਗਏ ਸਨ।ਜਦੋਂ ਸਾਬਤ ਬਿਨ ਕੈਸ ਨੇ ਇਨ੍ਹਾਂ ਨੂੰ ਇਕ ਵਿਸ਼ੇਸ਼ ਕੀਮਤ ਉੱਤੇ ਆਜ਼ਾਦ ਕਰਨ ਦੀ ਗੱਲ ਕੀਤੀ ਤਾਂ ਇਹ ਹਜ਼ਰਤ ਮੁਹੰਮਦ (ਸ.) ਕੋਲ ਆਏ ਅਤੇ ਸਾਬਤ ਬਿਨ ਕੈਸ ਨੂੰ ਉਸ ਦੀ ਮੰਗੀ ਕੀਮਤ ਦੇਣ ਲਈ ਸਹਾਇਤਾ ਦੀ ਮੰਗ ਕੀਤੀ। ਹਜ਼ਰਤ ਮੁਹੰਮਦ (ਸ.) ਵੱਲੋਂ ਕੀਮਤ ਦੇ ਦੇਣ ਤੋਂ ਬਾਅਦ ਇਹ ਆਜ਼ਾਦ ਹੋ ਕੇ ਮੁਸਲਮਾਨ ਹੋ ਗਈ ਅਤੇ ਹਜ਼ਰਤ ਮੁਹੰਮਦ (ਸ.) ਨਾਲ ਨਿਕਾਹ ਕਰ ਲਿਆ। ਨਿਕਾਹ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਇਸ ਦਾ ਨਾਂ ਬਦਲ ਕੇ ਜੁਬੈਰੀਆ ਰੱਖ ਲਿਆ ਸੀ। ਜਦੋਂ ਸਹਾਬੀਆਂ ਤੱਕ ਇਸ ਰਿਸ਼ਤੇ ਦੀ ਗੱਲ ਪਹੁੰਚੀ ਤਾਂ ਉਨ੍ਹਾਂ ਨੇ ਹਜ਼ਰਤ ਜੁਬੈਰੀਆ ਨਾਲ ਸਬੰਧਤ ਅਪਣੇ ਅਧੀਨ ਮੁਸਤਲਕ ਕਬੀਲੇ ਦੇ ਸਾਰੇ ਯਹੂਦੀ ਕੈਦੀਆਂ ਨੂੰ ਇਹ ਕਹਿ ਕੇ ਰਿਹਾ ਕਰ ਦਿੱਤਾ ਕਿ ਇਹ ਹਜ਼ਰਤ ਮੁਹੰਮਦ (ਸ.) ਦੇ ਰਿਸ਼ਤੇਦਾਰ ਹਨ।ਇਨ੍ਹਾਂ ਕੈਦੀਆਂ ਦੀ ਰਿਹਾਈ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਦੀ ਪਤਨੀ ਹਜ਼ਰਤ ਆਇਸ਼ਾ ਨੇ ਕਿਹਾ ਸੀ, "ਮੈਂ ਕਿਸੇ ਅਜਿਹੀ ਹੋਰ ਇਸਤਰੀ ਨੂੰ ਨਹੀਂ ਜਾਣਦੀ ਜਿਹੜੀ ਅਪਣੀ ਕੌਮ ਲਈ ਜੁਬੈਰੀਆ ਤੋਂ ਵਧ ਕੇ ਲਾਭਦਾਇਕ ਸਾਬਤ ਹੋਈ ਹੋਵੇ"। ਹਜ਼ਰਤ ਮੁਹੰਮਦ (ਸ.) ਦੇ ਨਾਲ ਨਿਕਾਹ ਹੋ ਜਾਣ ਤੋਂ ਬਾਅਦ ਆਪ ਦੱਸਿਆ ਕਰਦੀ ਸੀ ਕਿ ਅਪਣੇ ਕਬੀਲੇ ਵਿਚ ਰਹਿਣ ਸਮੇਂ ਮੈਂ ਸੁਪਨਾ ਵੇਖਿਆ ਸੀ ਕਿ ਮਦੀਨੇ ਵਾਲੇ ਪਾਸੇ ਤੋਂ ਇਕ ਚੰਦ ਅਪਣੀਆਂ ਕਿਰਨਾਂ ਵਿਖੇਰਦਾ ਹੋਇਆ ਮੇਰੇ ਵੱਲ ਆਇਆ ਅਤੇ ਮੇਰੀ ਗੋਦ ਵਿਚ ਉੱਤਰ ਗਿਆ।ਮੈਂ ਆਪ ਹੀ ਇਸ ਸੁਪਨੇ ਦੀ ਵਿਆਖਿਆ ਕਰਦੀ ਰਹੀ ਅਤੇ ਕਿਸੇ ਨੂੰ ਵੀ ਇਸ ਬਾਰੇ ਨਹੀਂ ਦੱਸਿਆ।ਹਜ਼ਰਤ ਮੁਹੰਮਦ (ਸ.) ਨਾਲ ਨਿਕਾਹ ਹੋ ਜਾਣ ਤੋਂ ਬਾਅਦ ਪਤਾ ਲੱਗਿਆ ਕਿ ਮੇਰੇ ਉਸ ਸੁਪਨੇ ਦੀ ਵਿਆਖਿਆ ਕੀ ਸੀ। ਆਪ ਦੀ ਵਫ਼ਾਤ ੬੫ ਸਾਲ ਦੀ ਉਮਰ ਵਿਚ ਸਨ ੫੫ ਹਿਜਰੀ ਵਿਚ ਹੋਈ।ਆਪ ਦੇ ਜਨਾਜ਼ੇ ਦੀ ਨਮਾਜ਼ ਹਜ਼ਰਤ ਮਰਵਾਨ ਨੇ ਪੜ੍ਹਾਈ ਜਿਹੜੇ ਉਸ ਸਮੇਂ ਅਮੀਰ ਮੁਆਵੀਆ ਵੱਲੋਂ ਮਦੀਨੇ ਦੇ ਹਾਕਮ ਨਿਯੁਕਤ ਕੀਤੇ ਹੋਏ ਸਨ।
੯ ਹਜ਼ਰਤ ਉੱਮੇ ਹਬੀਬਾ (ਰਜ਼ੀ.)
ਇਨ੍ਹਾਂ ਦਾ ਅਸਲ ਨਾਂ ਕਰਮਿਲਾ ਸੀ।ਇਹ ਇਸਲਾਮ ਦੇ ਕੱਟੜ ਦੁਸ਼ਮਨ ਅਬੂ ਸੁਫ਼ਿਆਨ ਦੀ ਧੀ ਸੀ।ਇਨ੍ਹਾਂ ਦਾ ਪਹਿਲਾ ਨਿਕਾਹ ਅਬੈਦੁੱਲਾ ਪੁੱਤਰ ਹੁੱਜਸ਼ ਨਾਲ ਹੋਇਆ ਸੀ।ਦੋਵੇਂ ਪਤੀ-ਪਤਨੀ ਇਸਲਾਮ ਦੇ ਪਹਿਲੇ ਦੌਰ ਵਿਚ ਹੀ ਮੁਸਲਮਾਨ ਹੋ ਗਏ ਸਨ। ਜਦੋਂ ਮੱਕੇ ਦੇ ਮੁਸ਼ਰਕਾਂ ਵੱਲੋਂ ਮੁਸਲਮਾਨਾਂ ਨੂੰ ਸਤਾਇਆ ਜਾਣ ਲੱਗਿਆ ਤਾਂ ਇਹ ਦੋਵੇਂ ਹਜ਼ਰਤ ਮੁਹੰਮਦ (ਸ.) ਦੀ ਆਗਿਆ ਨਾਲ ਹਬਸ਼ਾ ਚਲੇ ਗਏ।ਹਬਸ਼ਾ ਵਿਚ ਸੁਖ ਦਾ ਜੀਵਨ ਬਤੀਤ ਕਰਦਿਆਂ ਇਨ੍ਹਾਂ ਦੇ ਪਤੀ ਅਬੈਦੁੱਲਾ ਉੱਤੇ ਇਸਾਈਅਤ ਭਾਰੂ ਹੋ ਗਈ ਅਤੇ ਉਹ ਇਸਾਈ ਬਣ ਗਏ।ਇਸਾਈ ਬਨਣ ਤੋਂ ਕੁਝ ਸਮਾਂ ਬਾਅਦ ਅਬੈਦੁੱਲਾ ਦੀ ਉੱਥੇ ਹੀ ਮੌਤ ਹੋ ਗਈ ਅਤੇ ਹਜ਼ਰਤ ਹਬੀਬਾ ਬੇਸਹਾਰਾ ਹੋ ਗਈ ਪਰ ਇਸਲਾਮ ਉੱਤੇ ਕਾਇਮ ਰਹੀ। ਹਜ਼ਰਤ ਮੁਹੰਮਦ (ਸ.) ਨਾਲ ਨਿਕਾਹ ਤੋਂ ਬਾਅਦ ਹਜ਼ਰਤ ਹਬੀਬਾ (ਰਜ਼ੀ.) ਨੇ ਦੱਸਿਆ ਕਿ, "ਅਪਣੀ ਬੇਸਹਾਰਗੀ ਦੇ ਦਿਨਾਂ ਵਿਚ ਉਨ੍ਹਾਂ ਨੇ ਸੁਪਨਾ ਦੇਖਿਆ ਕਿ ਕੋਈ ਉਸ ਨੂੰ 'ਉੱਮੁਲ ਮੋਮੇਨੀਨ' ਕਹਿ ਕੇ ਬੁਲਾ ਰਿਹਾ ਹੈ।ਮੈਂ ਸਮਝ ਗਈ ਕਿ ਹਜ਼ਰਤ ਮੁਹੰਮਦ (ਸ.) ਮੇਰੇ ਨਾਲ ਨਿਕਾਹ ਕਰਨ ਵਾਲੇ ਹਨ"। ਸੁਫ਼ਨੇ ਦੇ ਕੁਝ ਦਿਨਾਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਅਮਰੂ ਬਿਨ ਉਮੱਯਾ ਜ਼ਮਰੀ ਨੂੰ ਸੁਨੇਹਾ ਦੇ ਕੇ ਨੱਜਾਸ਼ੀ ਦੇ ਦਰਬਾਰ ਵਿਚ ਹਬਸ਼ਾ ਭੇਜਿਆ ਤਾਂ ਜੋ ਉਸ ਦੀ ਸਹਾਇਤਾ ਨਾਲ ਹਜ਼ਰਤ ਹਬੀਬਾ (ਰਜ਼ੀ.) ਦਾ ਨਿਕਾਹ ਹਜ਼ਰਤ ਮੁਹੰਮਦ (ਸ.) ਨਾਲ ਪੜ੍ਹਾਇਆ ਜਾ ਸਕੇ।ਨੱਜਾਸ਼ੀ ਵੱਲੋਂ ਸੁਨੇਹਾ ਮਿਲ ਜਾਣ ਉੱਤੇ ਹਜ਼ਰਤ ਹਬੀਬਾ (ਰਜ਼ੀ.) ਨੇ ਖ਼ਾਲਿਦ ਬਿਨ ਸਈਦ ਨੂੰ ਅਪਣਾ ਵਕੀਲ ਨਿਯੁਕਤ ਕੀਤਾ ਅਤੇ ਮੱਕੇ ਤੋਂ ਹਿਜਰਤ ਕਰਕੇ ਗਏ ਸਾਰੇ ਮੁਸਲਮਾਨਾਂ ਨੂੰ ਨਿਕਾਹ ਦੇ ਇਸ ਪਵਿੱਤਰ ਮੌਕੇ ਇਕੱਠਾ ਕਰ ਲਿਆ।ਹਬਸ਼ਾ ਦੇ ਬਾਦਸ਼ਾਹ ਨੱਜਾਸ਼ੀ ਨੇ ਹਜ਼ਰਤ ਮੁਹੰਮਦ (ਸ.) ਦੀ ਗ਼ੈਰਹਾਜ਼ਰੀ ਵਿਚ ਨਿਕਾਹ ਪੜ੍ਹਾਇਆ ਅਤੇ ਮਹਿਰ ਦੀ ਰਕਮ ਵੀ ਅਪਣੇ ਕੋਲੋਂ ਹੀ ਦਿੱਤੀ।ਨਿਕਾਹ ਤੋਂ ਬਾਅਦ ਨੱਜਾਸ਼ੀ ਨੇ ਹਜ਼ਰਤ ਉੱਮੇ ਹਬੀਬਾ (ਰਜ਼ੀ.) ਨੂੰ ਢੇਰ ਸਾਰੇ ਤੋਹਫ਼ੇ ਦੇ ਕੇ ਸ਼ਰਜੇਲ ਬਿਨ ਹੁਸਨਾ ਨਾਲ ਮਦੀਨੇ ਭੇਜ ਦਿੱਤਾ। ਹਜ਼ਰਤ ਹਬੀਬਾ (ਰਜ਼ੀ.) ਪੱਕੀ ਸੱਚੀ ਅਤੇ ਕੱਟੜ ਮੁਸਲਮਾਨ ਸੀ।ਉਹ ਹਜ਼ਰਤ ਮੁਹੰਮਦ (ਸ.) ਦਾ ਬੇਹੱਦ ਸਤਿਕਾਰ ਕਰਦੀ ਸੀ।ਉਨ੍ਹਾਂ ਦਾ ਪਿਤਾ ਅਬੂ ਸੁਫ਼ਿਆਨ ਜਦੋਂ ਟੁੱਟ ਰਹੀ ਹੁਦੈਬੀਆ ਦੀ ਸੰਧੀ ਨੂੰ ਨਵਿਆਉਣ ਲਈ ਮਦੀਨੇ ਆਇਆ ਤਾਂ ਉਹ ਅਪਣੀ ਧੀ ਉੱਮੇ ਹਬੀਬਾ (ਰਜ਼ੀ.) ਨੂੰ ਮਿਲਣ ਲਈ ਹਜ਼ਰਤ ਮੁਹੰਮਦ (ਸ.) ਦੇ ਘਰ ਚਲਿਆ ਗਿਆ।ਜਦੋਂ ਉਹ ਬਿਸਤਰ ਉੱਤੇ ਬੈਠਣ ਲੱਗਿਆ ਤਾਂ ਉੱਮੇ ਹਬੀਬਾ (ਰਜ਼ੀ.) ਨੇ ਇਹ ਆਖ ਕੇ ਬਿਸਤਰ ਇਕੱਠਾ ਕਰਦਿਆਂ ਉਸ ਨੂੰ ਬਿਸਤਰ ਉੱਤੇ ਬੈਠਣ ਤੋਂ ਰੋਕ ਦਿੱਤਾ ਕਿ "ਇਹ ਬਿਸਤਰ ਅੱਲਾਹ ਦੇ ਰਸੂਲ ਦਾ ਹੈ ਅਤੇ ਤੁਸੀਂ ਮੁਸਲਮਾਨ ਨਹੀਂ ਹੋ।ਇਸ ਲਈ ਇਸ ਉੱਤੇ ਨਹੀਂ ਬੈਠ ਸਕਦੇ"। ਸਨ ੪੪ ਹਿਜਰੀ ਵਿਚ ਜਦੋਂ ਮਦੀਨਾ ਵਿਖੇ ਉਨ੍ਹਾਂ ਦੀ ਵਫ਼ਾਤ ਹੋਈ ਉਸ ਸਮੇਂ ਉਨ੍ਹਾਂ ਦੀ ਉਮਰ ੭੫ ਸਾਲ ਦੇ ਕਰੀਬ ਸੀ।
੧੦ ਹਜ਼ਰਤ ਸਫ਼ੀਆ (ਰਜ਼ੀ.)
ਹਜ਼ਰਤ ਸਫ਼ੀਆ ਖ਼ੈਬਰ ਦੇ ਯਹੂਦੀ ਸਰਦਾਰ ਹਈ ਪੁੱਤਰ ਅਖ਼ਤਬ ਦੀ ਧੀ ਸੀ ਜਿਸ ਦਾ ਅਸਲ ਨਾਂ ਜ਼ੈਨਬ ਸੀ।ਉਸ ਦੇ ਕਬੀਲੇ ਦਾ ਪਿਛੋਕੜ ਹਜ਼ਰਤ ਮੂਸਾ (ਅਲੈ.) ਦੇ ਭਰਾ ਹਜ਼ਰਤ ਹਾਰੂਨ (ਅਲੈ.) ਨਾਲ ਜਾ ਮਿਲਦਾ ਹੈ।ਹਜ਼ਰਤ ਸਫ਼ੀਆ (ਰਜ਼ੀ.) ਦਾ ਪਹਿਲਾ ਵਿਆਹ ਸੱਲਾਮ ਪੁੱਤਰ ਮਸ਼ਕਮ ਨਾਲ ਹੋਇਆ ਕਿਹਾ ਜਾਂਦਾ ਹੈ।ਸੱਲਾਮ ਦੀ ਮੌਤ ਤੋਂ ਬਾਅਦ ਉਸ ਦਾ ਦੂਜਾ ਵਿਆਹ ਕਨਾਨਾ ਪੁੱਤਰ ਹਬੀਲ ਕਲੀਲ ਨਾਲ ਹੋਇਆ।ਕਨਾਨਾ ਖ਼ੈਬਰ ਦੀ ਲੜਾਈ ਵਿਚ ਮਾਰਿਆ ਗਿਆ ਅਤੇ ਹਜ਼ਰਤ ਸਫ਼ੀਆ (ਰਜ਼ੀ.) ਨੂੰ ਮੁਸਲਮਾਨ ਫ਼ੌਜ ਨੇ ਕੈਦੀ ਬਣਾ ਲਿਆ। ਜਦੋਂ ਜੰਗ ਵਿੱਚ ਪ੍ਰਾਪਤ ਹੋਏ ਮਾਲ-ਦੌਲਤ ਅਤੇ ਕੈਦੀਆਂ ਨੂੰ ਵੰਡਿਆ ਗਿਆ ਤਾਂ ਹਜ਼ਰਤ ਸਫ਼ੀਆ (ਰਜ਼ੀ.) ਵਜੀਹ ਕਲਬੀ ਦੇ ਹਿੱਸੇ ਵਿਚ ਆ ਗਈ ਪਰ ਉਸ ਦੇ ਖ਼ਾਨਦਾਨੀ ਪਿਛੋਕੜ ਨੂੰ ਵੇਖਦਿਆਂ ਜਦੋਂ ਕੁਝ ਸਹਾਬੀਆਂ ਨੇ ਇਤਰਾਜ਼ ਕੀਤਾ ਤਾਂ ਹਜ਼ਰਤ ਮੁਹੰਮਦ (ਸ.) ਨੇ ਇਸ ਨੂੰ ਆਜ਼ਾਦ ਕਰ ਦਿੱਤਾ।ਕੈਦ ਵਿੱਚੋਂ ਆਜ਼ਾਦੀ ਮਿਲਣ ਤੋਂ ਬਾਅਦ ਹਜ਼ਰਤ ਸਫ਼ੀਆ (ਰਜ਼ੀ.) ਮੁਸਲਮਾਨ ਹੋ ਗਈ ਅਤੇ ਹਜ਼ਰਤ ਮੁਹੰਮਦ (ਸ.) ਨਾਲ ਨਿਕਾਹ ਕਰ ਲਿਆ। ਮੌਲਵੀ ਅਮਜਦ ਅਲੀ ਲਿਖਦਾ ਹੈ ਕਿ ਇਕ ਵਾਰ ਜਦੋਂ ਹਜ਼ਰਤ ਮੁਹੰਮਦ (ਸ.) ਹਜ਼ਰਤ ਸਫ਼ੀਆ (ਰਜ਼ੀ.) ਦੇ ਹੁਜਰੇ ਵਿਚ ਗਏ ਤਾਂ ਉਹ ਰੋ ਰਹੀ ਸੀ।ਆਪ ਨੇ ਜਦੋਂ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਹ ਆਖਣ ਲੱਗੀ ਕਿ ਅੱਜ ਮੇਰੇ ਕੋਲ ਆਇਸ਼ਾ (ਰਜ਼ੀ.) ਅਤੇ ਹਫ਼ਸਾ (ਰਜ਼ੀ.) ਆਈਆਂ ਸਨ।ਉਹ ਮੈਨੂੰ ਤਾਅਨਾ ਦੇ ਰਹੀਆਂ ਸਨ ਕਿ ਅਸੀਂ ਤੈਥੋਂ ਉੱਤਮ ਹਾਂ।ਸਾਡੇ ਖ਼ਾਨਦਾਨ ਦਾ ਪਿਛੋਕੜ ਹਜ਼ਰਤ ਮੁਹੰਮਦ (ਸ.) ਦੇ ਪਿਛੋਕੜ ਨਾਲ ਜਾ ਮਿਲਦਾ ਹੈ।ਹਜ਼ਰਤ ਮੁਹੰਮਦ (ਸ.) ਨੇ ਉਸ ਦੀ ਦਿਲਜੋਈ ਕਰਦਿਆਂ ਆਖਿਆ, "ਤੂੰ ਉਨ੍ਹਾਂ ਨੂੰ ਇਹ ਕਿਉਂ ਨਹੀਂ ਆਖਿਆ ਕਿ ਮੇਰੇ ਪਿਤਾ ਹਜ਼ਰਤ ਹਾਰੂਨ (ਅਲੈ.) ਅਤੇ ਚਾਚਾ ਹਜ਼ਰਤ ਮੂਸਾ (ਅਲੈ) ਹਨ।ਇਸ ਲਈ ਤੁਸੀਂ ਮੈਥੋਂ ਉੱਤਮ ਕਿਵੇਂ ਹੋ ਸਕਦੀਆਂ ਹੋ"। ਹਜ਼ਰਤ ਸਫ਼ੀਆ (ਰਜ਼ੀ.) ਸੁੰਦਰ, ਇਬਾਦਤਗੁਜ਼ਾਰ ਅਤੇ ਬੁੱਧੀ ਜੀਵੀ ਇਸਤਰੀ ਸੀ।ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਮੁਸਲਮਾਨ ਹੋ ਜਾਣ ਤੋਂ ਬਾਅਦ ਵੀ ਅਪਣੇ ਯਹੂਦੀ ਰਿਸ਼ਤੇਦਾਰਾਂ ਦਾ ਬਹੁਤ ਖ਼ਿਆਲ ਕਰਿਆ ਕਰਦੀ ਸੀ ਅਤੇ ਸਮੇਂ ਸਮੇਂ ਸਿਰ ਉਨ੍ਹਾਂ ਦੀ ਮਾਲੀ ਸਹਾਇਤਾ ਕਰਦੀ ਰਹਿੰਦੀ ਸੀ।ਹਜ਼ਰਤ ਉਮਰ (ਰਜ਼ੀ.) ਦੀ ਖ਼ਿਲਾਫ਼ਤ ਸਮੇਂ ਘਰ ਦੀ ਇਕ ਨੌਕਰਾਨੀ ਨੇ ਹਜ਼ਰਤ ਉਮਰ (ਰਜ਼ੀ.) ਕੋਲ ਇਸ ਦੀ ਸ਼ਿਕਾਇਤ ਵੀ ਕੀਤੀ ਸੀ।ਕਿਉਂ ਜੋ ਇਸਲਾਮ ਰਿਸ਼ਤੇਦਾਰਾਂ ਨਾਲ ਚੰਗੇ ਵਰਤਾਉ ਦੀ ਸਿੱਖਿਆ ਦਿੰਦਾ ਹੈ ਇਸ ਲਈ ਹਜ਼ਰਤ ਉਮਰ (ਰਜ਼ੀ.) ਵੀ ਉਨ੍ਹਾਂ ਨੂੰ ਕੁਝ ਨਾ ਆਖ ਸਕੇ। ਜਦੋਂ ਬਾਗ਼ੀਆਂ ਨੇ ਇਸਲਾਮੀ ਖ਼ਲੀਫ਼ਾ ਹਜ਼ਰਤ ਉਸਮਾਨ (ਰਜ਼ੀ.) ਦੀ ਘੇਰਾਬੰਦੀ ਕੀਤੀ ਤਾਂ ਹਜ਼ਰਤ ਸਫ਼ੀਆ (ਰਜ਼ੀ.) ਨੇ ਉਨ੍ਹਾਂ ਦੀ ਡਟਵੀਂ ਸਹਾਇਤਾ ਕੀਤੀ ਪਰ ਉਨ੍ਹਾਂ ਨੂੰ ਬਚਾ ਨਾ ਸਕੀ।ਇਨ੍ਹਾਂ ਦੀ ਵਫ਼ਾਤ ਸਨ ੫੦ ਹਿਜਰੀ ਵਿਚ ਹੋਈ।ਵਫ਼ਾਤ ਸਮੇਂ ਇਨ੍ਹਾਂ ਦੀ ਉਮਰ ੬੦ ਸਾਲ ਦੇ ਕਰੀਬ ਸੀ।
੧੧ ਹਜ਼ਰਤ ਰਿਹਾਨਾ (ਰਜਿ.)
ਹਜ਼ਰਤ ਰਿਹਾਨਾ (ਰਜ਼ੀ.) ਸ਼ਮਊਨ ਬਿਨ ਜ਼ੈਦ ਦੀ ਪੁਤਰੀ ਸਨ।ਕਈ ਲਿਖਾਰੀਆਂ ਨੇ ਇਨ੍ਹਾਂ ਦੇ ਪਿਤਾ ਦਾ ਨਾਂ ਜ਼ੈਦ ਬਿਨ ਅਮਰੂ ਬਿਨ ਖ਼ਫ਼ਾਨਾ ਬਿਨ ਸਮਊਨ ਲਿਖਿਆ ਹੈ।ਕਈ ਇਤਿਹਾਸਕਾਰ ਇਨ੍ਹਾਂ ਨੂੰ ਯਹੂਦੀ ਕਬੀਲੇ ਬਨੀ ਕਰੀਜ਼ਾ ਨਾਲ ਸਬੰਧਤ ਲਿਖਦੇ ਹਨ ਅਤੇ ਕਈ ਬਨੂੰ ਨਜ਼ੀਰ ਯਹੂਦੀ ਕਬੀਲੇ ਨਾਲ।ਇਨ੍ਹਾਂ ਦਾ ਪਹਿਲਾ ਨਿਕਾਹ ਬਨੂ ਕਰੀਜ਼ਾ ਦੇ ਇਕ ਆਦਮੀ ਹੁਕਮ ਨਾਲ ਹੋਇਆ ਸੀ ਜਿਹੜਾ ਬਨੂੰ ਕਰੀਜ਼ਾ ਦੀ ਮੁਸਲਮਾਨਾਂ ਨਾਲ ਹੋਈ ਲੜਾਈ ਵਿਚ ਮਾਰਿਆ ਗਿਆ ਸੀ। ਜਦੋਂ ਹਜ਼ਰਤ ਰਿਹਾਨਾ (ਰਜ਼ੀ.) ਕੈਦ ਹੋ ਕੇ ਆਏ ਤਾਂ ਇਨ੍ਹਾਂ ਨੂੰ ਉੱਮੁਲ ਮਨਜ਼ਰ ਪੁੱਤਰੀ ਕੈਸ ਦੇ ਘਰ ਰੱਖਿਆ ਗਿਆ।ਇਹ ਕੱਟੜ ਯਹੂਦੀ ਸਨ ਅਤੇ ਅਪਣੇ ਧਰਮ ਉੱਤੇ ਹੀ ਰਹਿਣ ਨੂੰ ਪਹਿਲ ਦਿੰਦੇ ਸਨ।ਇਹ ਕਈ ਵਾਰ ਰਿਹਾਈ ਦੀ ਮੰਗ ਕਰ ਚੁੱਕੇ ਸਨ ਜਿਹੜੀ ਨਾਮਨਜ਼ੂਰ ਕਰ ਦਿੱਤੀ ਗਈ ਸੀ।ਇਕ ਵਾਰ ਜਦੋਂ ਇਨ੍ਹਾਂ ਨੇ ਰਿਹਾਈ ਦੀ ਮੰਗ ਕੀਤੀ ਤਾਂ ਹਜ਼ਰਤ ਮੁਹੰਮਦ (ਸ.) ਨੇ ਆਖਿਆ ਕਿ ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਤਾਂ ਮੈਂ ਤੁਹਾਨੂੰ ਅਪਣੀਆਂ ਪਤਨੀਆਂ ਵਿਚ ਸ਼ਾਮਲ ਕਰ ਲਵਾਂਗਾ।ਉਹ ਕੁਝ ਦਿਨਾਂ ਬਾਅਦ ਮੁਸਲਮਾਨ ਹੋ ਗਈ ਅਤੇ ਹਜ਼ੂਰ ਨੇ ਉਸ ਨੂੰ ਨਿਕਾਹ ਕਰਕੇ ਅਪਣੀਆਂ ਪਤਨੀਆਂ ਵਿਚ ਸ਼ਾਮਲ ਕਰ ਲਿਆ। ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ 'ਮੈਅਮਾਰੇ ਇਨਸਾਨੀਅਤ' ਦੇ ਸਫ਼ਾ ੨੪੧ ਉੱਤੇ ਲਿਖਦੇ ਹਨ, "ਪਰ ਸਹੀ ਇਹ ਹੈ ਕਿ ਉਨ੍ਹਾਂ ਨੂੰ ਆਜ਼ਾਦ ਕਰ ਦਿੱਤਾ ਗਿਆ।ਰਿਹਾਈ ਤੋਂ ਬਾਅਦ ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨਾਲ ਨਿਕਾਹ ਕਰ ਲਿਆ।ਪ੍ਰਸਿੱਧ ਇਸਲਾਮੀ ਵਿਦਵਾਨ ਇਬਨੇ ਸਾਅਦ ਅਤੇ ਹਾਫ਼ਿਜ਼ ਇਬਨੇ ਹੁਜਰ ਵੀ ਇਹੋ ਲਿਖਦੇ ਹਨ"। ਇਹ ਪਰਦੇ ਵਿਚ ਰਹਿੰਦੇ ਸਨ ਅਤੇ ਅਪਣੀ ਬਾਰੀ ਦੇ ਪੂਰੇ ਹੱਕਦਾਰ ਸਨ।ਹਜ਼ਰਤ ਰਿਹਾਨਾ ਅਤੇ ਹਜ਼ਰਤ ਜਵੈਰੀਆ ਦੇ ਨਿਕਾਹ ਦਾ ਸਨ ਅਤੇ ਸਮਾਂ ਇਕ ਹੀ ਸੀ।ਉਹ ਬਹੁਤ ਖ਼ੂਬਸੂਰਤ ਸਨ।ਨਿਕਾਹ ਦੇ ਸਮੇਂ ਇਨ੍ਹਾਂ ਦੀ ਉਮਰ ਵੀਹ ਸਾਲ ਦੇ ਨੇੜੇ ਤੇੜੇ ਸੀ। ਇਨ੍ਹਾਂ ਦੀ ਵਫ਼ਾਤ ਹਜ਼ਰਤ ਮੁਹੰਮਦ (ਸ.) ਦੀ ਵਫ਼ਾਤ ਤੋਂ ਕੁਝ ਮਹੀਨੇ ਪਹਿਲਾਂ ਹੋਈ।ਹਜ਼ਰਤ ਮੁਹੰਮਦ (ਸ.) ਨੇ ਇਨ੍ਹਾਂ ਦਾ ਜਨਾਜ਼ਾ ਆਪ ਪੜ੍ਹਾਇਆ ਅਤੇ ਇਨ੍ਹਾਂ ਨੂੰ ਜੰਨਤੁਲ ਬਕੀਹ ਕਬਰਸਤਾਨ ਵਿਚ ਦਫ਼ਨ ਕੀਤਾ ਗਿਆ।
੧੨ ਜ਼ਹਰਤ ਮੈਮੂਨਾ (ਰਜ਼ੀ.)
ਹਜ਼ਰਤ ਮੈਮੂਨਾ (ਰਜ਼ੀ.) ਹਾਰਸ ਹਲਾਲੀਆ ਆਮਰੀਆ ਬਿਨ ਹਜ਼ਨ ਦੀ ਪੁੱਤਰੀ ਸੀ।ਇਨ੍ਹਾਂ ਦਾ ਪਹਿਲਾ ਨਾਂ ਬੱਰਾ ਸੀ ਜਿਹੜਾ ਹਜ਼ਰਤ ਮੁਹੰਮਦ (ਸ.) ਨੇ ਨਿਕਾਹ ਦੇ ਸਮੇਂ ਬਦਲ ਦਿੱਤਾ ਸੀ।ਹਜ਼ਰਤ ਮੁਹੰਮਦ (ਸ.) ਦੀ ਦੂਜੀ ਪਤਨੀ ਜ਼ੈਨਬ (ਰਜ਼ੀ.) ਪੁਤਰੀ ਖ਼ਜ਼ੀਮਾ ਵੀ ਰਿਸ਼ਤੇਦਾਰੀ ਵਿੱਚੋਂ ਇਨ੍ਹਾਂ ਦੀ ਭੈਣ ਸੀ।ਇਨ੍ਹਾਂ ਦੋਵਾਂ ਦੀ ਮਾਂ ਹਿੰਦ ਪੁਤਰੀ ਔਫ਼ ਕਬੀਲਾ ਹਮੀਰ ਨਾਲ ਸਬੰਧ ਰੱਖਦੀ ਸੀ। ਮੌਲਵੀ ਅਮਜਦ ਅਲੀ ਕਾਦਰੀ ਅਨੁਸਾਰ ਇਸਲਾਮ ਦੇ ਆਉਣ ਤੋਂ ਪਹਿਲਾਂ ਹਜ਼ਰਤ ਮੈਮੂਨਾ (ਰਜ਼ੀ.) ਮਕਸੂਦ ਬਿਨ ਅਮਰੂ ਸਕਫ਼ਾ ਨਾਲ ਵਿਆਹੀ ਹੋਈ ਸੀ ਪਰ ਹਜ਼ਰਤ ਮੁਹੰਮਦ ਜੀਵਨ ਅਤੇ ਸੰਦੇਸ਼ ਦਾ ਲੇਖਕ ਲਿਖਦਾ ਹੈ ਕਿ ਉਨ੍ਹਾਂ ਦਾ ਪਹਿਲਾ ਵਿਆਹ ਹਵੈਤਬ ਪੁੱਤਰ ਅਬਦੁੱਲਾ ਨਾਲ ਹੋਇਆ ਸੀ।ਪਹਿਲੇ ਵਿਆਹ ਸਮੇਂ ਉਸ ਦੀ ਅਪਣੇ ਪਤੀ ਨਾਲ ਬਹੁਤੀ ਦੇਰ ਨਿਭ ਨਾ ਸਕੀ ਅਤੇ ਦੋਹਾਂ ਵਿਚ ਤਲਾਕ ਹੋ ਗਈ।ਉਨ੍ਹਾਂ ਦਾ ਦੂਜਾ ਵਿਆਹ ਅਬੂ-ਰਹਿਮ ਪੁੱਤਰ ਅਬਦੁਲ ਊਜ਼ਾ ਨਾਲ ਹੋਇਆ। ਅਬੂ ਰਹਿਮ ਦੀ ਮੌਤ ਤੋਂ ਬਾਅਦ ਸਨ ੫ ਹਿਜਰੀ ਵਿਚ ਹਜ਼ਰਤ ਅੱਬਾਸ (ਰਜ਼ੀ.) ਦੇ ਕਹਿਣ ਉੱਤੇ ਹਜ਼ਰਤ ਮੁਹੰਮਦ (ਸ.) ਨੇ ਕੁਰੈਸ਼ ਕਬੀਲੇ ਦੀ ਇਸ ਧੀ ਹਜ਼ਰਤ ਮੈਮੂਨਾ (ਰਜ਼ੀ.) ਨਾਲ ਨਿਕਾਹ ਕਰ ਲਿਆ।ਨਿਕਾਹ ਸਮੇਂ ਮਹਿਰ ਦੀ ਰਕਮ ਹਜ਼ਰਤ ਅੱਬਾਸ (ਰਜ਼ੀ.) ਨੇ ਹੀ ਅਦਾ ਕੀਤੀ।ਇਸ ਨਿਕਾਹ ਦਾ ਲਾਭ ਇਹ ਹੋਇਆ ਕਿ ਕੁਰੈਸ਼ ਦੇ ਬਹੁਤ ਸਾਰੇ ਲੋਕਾਂ ਨੇ ਆਪ ਨਾਲ ਦੁਸ਼ਮਨੀ ਘਟਾ ਦਿੱਤੀ। ਹਜ਼ਰਤ ਮੈਮੂਨਾ (ਰਜ਼ੀ.) ਸੂਝਵਾਨ ਅਤੇ ਆਗਿਆਕਾਰ ਪਤਨੀ ਸੀ।ਉਸ ਦੀ ਵਫ਼ਾਤ ਸਨ ੫੧ ਹਿਜਰੀ ਵਿਚ ਮੱਕੇ ਤੋਂ ਦਸ ਮੀਲ ਦੇ ਫ਼ਾਸਲੇ ਤੇ ਮੁਸਰਫ਼ ਨਾਂ ਦੇ ਉਸੇ ਸਥਾਨ ਤੇ ਹੋਈ ਜਿਸ ਸਥਾਨ ਤੇ ਆਪ ਦਾ ਨਿਕਾਹ ਹੋਇਆ ਸੀ ਅਤੇ ਉੱਥੇ ਹੀ ਆਪ ਨੂੰ ਦਫ਼ਨਾਇਆ ਗਿਆ।ਵਫ਼ਾਤ ਸਮੇਂ ਉਨ੍ਹਾਂ ਦੀ ਉਮਰ ੮੦ ਸਾਲ ਦੇ ਕਰੀਬ ਸੀ।ਹਜ਼ਰਤ ਅੱਬਾਸ (ਰਜ਼ੀ.) ਨੇ ਉਨ੍ਹਾਂ ਦੇ ਜਨਾਜ਼ੇ ਦੀ ਨਮਾਜ਼ ਪੜ੍ਹਾਈ। ਹਜ਼ਰਤ ਮੈਮੂਨਾ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੀ ਆਖ਼ਰੀ ਪਤਨੀ ਸੀ।ਇਸ ਨਾਲ ਨਿਕਾਹ ਕਰਨ ਤੋਂ ਬਾਅਦ ਉਨ੍ਹਾਂ ਨੇ ਹੋਰ ਕਿਸੇ ਬੀਵੀ ਨਾਲ ਨਿਕਾਹ ਨਹੀਂ ਕਰਵਾਇਆ।
106. ਹਜ਼ਰਤ ਮੁਹੰਮਦ (ਸ.) ਗ਼ੈਰ ਮੁਸਲਮਾਨਾਂ ਦੀ ਨਜ਼ਰ ਵਿਚ
ਉਹ ਕਿਹੜਾ ਵਿਦਵਾਨ ਹੈ ਜਿਸ ਨੇ ਅਪਣੀਆਂ ਲਿਖਤਾਂ ਵਿਚ ਹਜ਼ਰਤ ਮੁਹੰਮਦ (ਸ.) ਦੇ ਆਦਰ ਵਿਚ ਅਕੀਦਤ ਦੇ ਫੁੱਲ ਭੇਂਟ ਕਰਨ ਨੂੰ ਅਪਣੇ ਲਈ ਫ਼ਖ਼ਰ ਨਾ ਸਮਝਿਆ ਹੋਵੇ।ਹਜ਼ਰਤ ਮੁਹੰਮਦ (ਸ.) ਦੀਆਂ ਸਿੱਖਿਆਵਾਂ ਤੋਂ ਪ੍ਰਭਾਵਤ ਹੋ ਕੇ ਇਸਲਾਮ ਕਬੂਲ ਕਰਨ ਵਾਲਿਆਂ ਨੇ ਤਾਂ ਉਨ੍ਹਾਂ ਦੇ ਵਡੱਪਣ ਉੱਤੇ ਤਨ, ਮਨ ਅਤੇ ਧਨ ਨਿਸਾਵਰ ਕਰਨ ਨੂੰ ਅਪਣਾ ਸੁਭਾਗ ਸਮਝਣਾ ਹੀ ਸੀ ਪਰ ਇਕ ਵੱਡੀ ਗਿਣਤੀ ਉਨ੍ਹਾਂ ਲੋਕਾਂ ਦੀ ਵੀ ਹੈ ਜਿਨ੍ਹਾਂ ਨੇ ਇਸਲਾਮ ਦੇ ਪੈਰੋਕਾਰ ਨਾ ਹੁੰਦਿਆਂ ਵੀ ਹਜ਼ਰਤ ਮੁਹੰਮਦ (ਸ.) ਦੀ ਤਾਰੀਫ਼ ਵਿਚ ਲਿਖ ਕੇ ਸ਼ਰਧਾ ਦੇ ਫੁਲ ਭੇਂਟ ਕੀਤੇ ਹਨ।ਇਨ੍ਹਾਂ ਲੇਖਕਾਂ ਵਿਚ ਸ਼ਾਇਰ, ਵਿਦਵਾਨ, ਅਤੇ ਸਿਆਸਤਦਾਨ ਸਭ ਸ਼ਾਮਲ ਹਨ।ਪਿਛਲੇ ਚੌਦਾਂ ਸੌ ਸਾਲ ਵਿਚ ਇਨ੍ਹਾਂ ਵਿਦਵਾਨਾਂ ਨੇ ਹਜ਼ਰਤ ਮੁਹੰਮਦ (ਸ.) ਦੀ ਸ਼ਾਨ ਵਿਚ ਜਿੰਨਾ ਲਿਖਿਆ ਹੈ ਉਸ ਨੂੰ ਇਕੱਠਾ ਕਰਨਾ ਅਸੰਭਵ ਹੈ। ਹਜ਼ਰਤ ਮੁਹੰਮਦ (ਸ.) ਦੀ ਸ਼ਾਨ ਵਿਚ ਲਿਖਣ ਵਾਲੇ ਇਹ ਵਿਦਵਾਨ ਕਿਸੇ ਇਕ ਭਾਸ਼ਾ ਦੇ ਨਹੀਂ ਸਗੋਂ ਦੁਨੀਆਂ ਦੀ ਹਰ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਭਾਸ਼ਾ ਨਾਲ ਸਬੰਧ ਰੱਖਣ ਵਾਲੇ ਹਨ।ਉਨ੍ਹਾਂ ਬਾਰੇ ਅਰਬੀ, ਫ਼ਾਰਸੀ, ਉਰਦੂ ਵਿਚ ਤਾਂ ਲਿਖਿਆ ਹੀ ਜਾਣਾ ਸੀ, ਹਿੰਦੀ, ਅੰਗਰੇਜ਼ੀ, ਫ਼ਰੈਂਚ, ਜਰਮਨ, ਰੂਸੀ, ਚੀਨੀ, ਜਾਪਾਨੀ, ਇੰਡੋਨੇਸ਼ੀ, ਮਲਾਈ, ਤਾਮਿਲ, ਤੈਲਗੂ, ਬੰਗਾਲੀ, ਪੰਜਾਬੀ ਆਦਿ ਦੁਨੀਆ ਦੀਆਂ ਸਾਰੀਆਂ ਜ਼ੁਬਾਨਾਂ ਦੇ ਵਿਦਵਾਵਾਂ ਨੇ ਲਿਖ ਕੇ ਸ਼ਰਧਾ ਦੇ ਫੁੱਲ ਭੇਂਟ ਕਰਨ ਨੂੰ ਅਪਣਾ ਸੁਭਾਗ ਸਮਝਿਆ ਹੈ। ਜਿੱਥੇ ਸ਼ਾਇਰੀ ਵਿਚ ਵੱਡੇ ਤੋਂ ਵੱਡੇ ਮੁਸਲਮਾਨ ਸ਼ਾਇਰਾਂ ਨੇ ਨਾਅਤਾਂ ਲਿਖ ਕੇ ਇਨ੍ਹਾਂ ਨੂੰ ਵਡਿਆਇਆ ਹੈ ਉੱਥੇ ਭਗਤ ਕਬੀਰ ਜਿਹੇ ਉਚ ਪਾਏ ਦੇ ਭਗਤਾਂ ਨੇ ਵੀ ਅਪਣੀ ਬਾਣੀ ਵਿਚ ਇਨ੍ਹਾਂ ਦਾ ਜ਼ਿਕਰ ਕਰਨ ਨੂੰ ਅਪਣਾ ਸੁਭਾਗ ਸਮਝਿਆ ਹੈ। ਉਰਦੂ ਅਤੇ ਫ਼ਾਰਸੀ ਦੇ ਵੱਡੇ ਤੋਂ ਵੱਡੇ ਹਿੰਦੂ ਧਰਮ ਨਾਲ ਸਬੰਧ ਰੱਖਣ ਵਾਲੇ ਸ਼ਾਇਰਾਂ ਜਿਵੇਂ ਰਘੂਪਤੀ ਸਹਾਏ, ਫ਼ਿਰਾਕ ਗੋਰਖ਼ਪੁਰੀ, ਮੁਨਸ਼ੀ ਸੁਖਦੇਵ ਪ੍ਰਸ਼ਾਦ ਬਿਸਮਿਲ, ਠਾਕੁਰ ਬੂਆ ਸਿੰਘ ਅਸੀਮ, ਪ੍ਰੋਫ਼ੈਸਰ ਤ੍ਰਿਲੋਕ ਚੰਦ ਮਹਿਰੂਮ, ਜਗਨ ਨਾਥ ਆਜ਼ਾਦ, ਪੰਡਤ ਲੱਭੂ ਰਾਮ ਜੋਸ਼ ਮਲਸਿਆਨੀ, ਪੰਡਤ ਅਨੰਦ ਮੋਹਨ ਗੁਲਜ਼ਾਰ, ਮੁਨਸ਼ੀ ਵਿਸ਼ੇਸ਼ਵਾ ਪ੍ਰਸ਼ਾਦ ਮੁਨੱਵਰ ਲਖਨਵੀ, ਮੁਨਸ਼ੀ ਨੌਬਤ ਰਾਏ ਨਜ਼ਰ ਲਖਨਵੀ, ਸਰਦਾਰ ਪੰਛੀ ਲੁਧਿਆਣਵੀ ਆਦਿ ਨੇ ਵੀ ਅਪਣੀ ਸ਼ਾਇਰੀ ਵਿਚ ਇਨ੍ਹਾਂ ਪ੍ਰਤੀ ਅਕੀਦਤ ਦੇ ਫੁੱਲ ਭੇਂਟ ਕੀਤੇ ਹਨ। ਸ਼ਾਇਰੀ ਤੋਂ ਬਿਨਾ ਜਿਹੜੇ ਵਿਦਵਾਨਾਂ ਨੇ ਅਪਣੀਆਂ ਲਿਖਤਾਂ ਵਿਚ ਹਜ਼ਰਤ ਮੁਹੰਮਦ (ਸ.) ਨੂੰ ਵਡਿਆਇਆ ਹੈ ਉਨ੍ਹਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ ਪਰ ਇਸ ਲੇਖ ਵਿਚ ਸਿਰਫ਼ ਯੂਰਪ ਅਤੇ ਹਿੰਦੁਸਤਾਨ ਦੇ ਕੁਝ ਲੇਖਕਾਂ ਦੇ ਵਿਚਾਰ ਹੀ ਪੇਸ਼ ਕੀਤੇ ਜਾ ਰਹੇ ਹਨ ਜਿਨ੍ਹਾਂ ਦਾ ਜ਼ਿਕਰ 'ਮੁਹੰਮਦ (ਸ.) ਅਰਬੀ ਨੰਬਰ' ਵਿਚ ਇਸ ਤਰ੍ਹਾਂ ਕੀਤਾ ਗਿਆ ਹੈ: ਹਿੰਦੁਸਤਾਨ ਦੇ ਦਰਵੇਸ਼ ਸਿਆਸਤਦਾਨ ਅਤੇ ਆਜ਼ਾਦੀ ਘੁਲਾਟੀਏ ਮੋਹਨ ਦਾਸ ਕਰਮਚੰਦ ਗਾਂਧੀ ਜੀ ਆਖਦੇ ਹਨ," ਜਿਸ ਸਮੇਂ ਪੱਛਮ ਦੇ ਲੋਕ ਘੋਰ ਹਨੇਰੇ ਵਿਚ ਫਸੇ ਹੋਏ ਸਨ ਉਸ ਸਮੇਂ ਅਰਬ ਦੇ ਅਸਮਾਨ ਉੱਤੇ ਇਕ ਚਮਕਦਾਰ ਸਿਤਾਰਾ ਚੜ੍ਹਿਆ ਅਤੇ ਸਾਰੀ ਭਟਕਦੀ ਦੁਨੀਆ ਨੂੰ ਆਰਾਮ ਅਤੇ ਰੌਸ਼ਨੀ ਬਖ਼ਸ਼ੀ।ਮੈਂ ਪੂਰੇ ਯਕੀਨ ਅਤੇ ਸ਼ੌਕ ਦੇ ਨਾਲ ਕਹਿ ਸਕਦਾ ਹਾਂ ਕਿ ਇਸਲਾਮ ਨੇ ਤਲਵਾਰ ਦੇ ਜ਼ੋਰ ਨਾਲ ਉਚਾਈਆਂ ਨੂੰ ਨਹੀਂ ਛੂਹਿਆ ਸਗੋਂ ਇਸ ਦਾ ਕਾਰਨ ਹਜ਼ਰਤ ਮੁਹੰਮਦ (ਸ.) ਦਾ ਵਿਵਹਾਰ, ਅਪਣੇ ਆਪ ਉੱਤੇ ਕਾਬੂ, ਵਾਅਦੇ ਉੱਤੇ ਪੂਰਾ ਉਤਰਨਾ, ਗ਼ੁਲਾਮਾਂ ਅਤੇ ਦੋਸਤਾਂ ਨੂੰ ਬਰਾਬਰ ਸਤਿਕਾਰ ਦੇਣ ਦੀ ਜੁੱਅਰਤ ਅਤੇ ਆਪੇ ਉੱਤੇ ਪੂਰਨ ਵਿਸ਼ਵਾਸ਼ ਜਿਹੇ ਗੁਣਾਂ ਦਾ ਹੋਣਾ ਸੀ"। ਪ੍ਰਸਿੱਧ ਹਿੰਦੂ ਵਿਦਵਾਨ ਸਵਾਮੀ ਵਿਵੇਕਾਨੰਦ ਜੀ ‘The Great Teacher Of The World’ ਵਿਚ ਲਿਖਦੇ ਹਨ ਕਿ ਬਰਾਬਰੀ ਦਾ ਸਬਕ ਦੇਣ ਵਾਲੇ ਹਜ਼ਰਤ ਮੁਹੰਮਦ (ਸ.) ਦੁਨੀਆ ਉੱਤੇ ਆਏ।ਤੁਸੀਂ ਪੁੱਛੋਗੇ ਕਿ ਕੀ ਉਨ੍ਹਾਂ ਦਾ ਧਰਮ ਚੰਗਾ ਹੈ? ਜੇ ਉਨ੍ਹਾਂ ਦਾ ਧਰਮ ਚੰਗਾ ਨਾ ਹੁੰਦਾ ਤਾਂ ਉਹ ਜਿਉਂਦਾ ਕਿਵੇਂ ਰਹਿੰਦਾ।ਸਿਰਫ਼ ਚੰਗੇ ਅਤੇ ਨੇਕ ਬੰਦਿਆਂ ਨੂੰ ਹੀ ਲੰਬੀ ਜ਼ਿੰਦਗੀ ਮਿਲਦੀ ਹੈ।ਬੁਰੇ ਬੰਦੇ ਦੀ ਜ਼ਿੰਦਗੀ ਕਦੇ ਲੰਬੀ ਨਹੀਂ ਹੁੰਦੀ।ਨੇਕ ਆਦਮੀ ਇਸ ਲਈ ਮਿਸਾਲੀ ਹੁੰਦਾ ਹੈ ਕਿ ਉਸ ਵਿਚ ਪਾਕੀਜ਼ਗੀ ਅਤੇ ਸੱਚਾਈ ਦਾ ਜਜ਼ਬਾ ਛੁਪਿਆ ਹੁੰਦਾ ਹੈ।ਇਸਲਾਮ ਵਿਚ ਜੇ ਚੰਗਿਆਈ ਨਾ ਹੁੰਦੀ ਤਾਂ ਉਹ ਇਕ ਦਿਨ ਵੀ ਜਿਉਂਦਾ ਨਾ ਰਹਿੰਦਾ।ਇਸ ਧਰਮ ਵਿਚ ਬੇਸ਼ੁਮਾਰ ਖ਼ੂਬੀਆਂ ਹਨ।ਹਜ਼ਰਤ ਮੁਹੰਮਦ (ਸ.) ਭਾਈਚਾਰਕ ਸਾਂਝ ਅਤੇ ਇਨਸਾਨੀ ਬਰਾਬਰਤਾ ਦਾ ਝੰਡਾ ਉੱਚਾ ਕਰਨ ਵਾਲੇ ਨਬੀ ਸਨ"। ਅੰਗਰੇਜ਼ ਸਰਕਾਰ ਦੀਆਂ ਲਾਠੀਆਂ ਦਾ ਸ਼ਿਕਾਰ ਹੋਣ ਵਾਲੇ ਪੰਜਾਬ ਦੇ ਪ੍ਰਸਿੱਧ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਜੀ ਹਜ਼ਰਤ ਮੁਹੰਮਦ (ਸ.) ਪ੍ਰਤੀ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਲਿਖਦੇ ਹਨ,"ਜਿਸ ਸਮੇਂ ਭਾਰਤ ਵਿਚ ਮਜ਼ਹਬੀ ਕਮਜ਼ੋਰੀ ਅਪਣੇ ਪੈਰ ਪਸਾਰ ਰਹੀ ਸੀ ਉਸ ਸਮੇਂ ਅਰਬ ਦੇ ਰੇਗਸਤਾਨ ਵਿਚ ਇਕ ਮਹਾਨ ਪੁਰਸ਼ ਅਜੀਬੋ-ਗ਼ਰੀਬ ਵਾਹਦਾਨੀਅਤ (ਇਕ ਰੱਬ ਦੀ ਇਬਾਦਤ) ਦੀ ਤਾਲੀਮ ਦੇ ਰਿਹਾ ਸੀ"।ਇਸੇ ਤਰ੍ਹਾਂ ਬੁੱਧ ਧਰਮ ਦੇ ਵੱਡੇ ਪੇਸ਼ਵਾ ਮਾਂਗ ਤੂੰਗ ਆਖਦੇ ਨੇ "ਹਜ਼ਰਤ ਮੁਹੰਮਦ (ਸ.) ਦਾ ਪੈਦਾ ਹੋਣਾ ਪੂਰੀ ਦੁਨੀਆ ਉੱਤੇ ਰਹਿਮਤ ਸੀ।ਅਸੀਂ ਬੋਧੀ ਲੋਕ ਹਜ਼ਰਤ ਮੁਹੰਮਦ (ਸ.) ਨਾਲ ਮੁਹੱਬਤ ਕਰਦੇ ਹਾਂ ਅਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਾਂ"। ਦੁਨੀਆ ਦਾ ਸਰਵਉੱਚ ਇਨਾਮ 'ਨੋਬਲ ਪੁਰਸ਼ਕਾਰ' ਪ੍ਰਾਪਤ ਕਰਨ ਵਾਲੇ ਬੰਗਾਲੀ ਲੇਖਕ ਡਾਕਟਰ ਰਾਬਿੰਦਰ ਨਾਥ ਟੈਗੋਰ ਲਿਖਦੇ ਹਨ,"ਇਸਲਾਮ ਦੁਨੀਆ ਦੇ ਧਰਮਾਂ ਵਿਚ ਸਭ ਤੋਂ ਵੱਡਾ ਧਰਮ ਹੈ।ਨਬੀ-ਏ-ਆਜ਼ਮ (ਹਜ਼ਰਤ ਮੁਹੰਮਦ) ਦਾ ਸੁਨੇਹਾ ਸਾਰੀ ਦੁਨੀਆ ਦੇ ਵਾਸਤੇ ਸਰਾਸਰ ਰਹਿਮਤ ਹੈ।ਦੁਨੀਆ ਨੂੰ ਇਸੇ ਸੁਨੇਹੇ ਨਾਲ ਅਮਨ ਅਤੇ ਸਕੂਨ ਮਿਲ ਸਕਦਾ ਹੈ"। ਅੰਗਰੇਜ਼ੀ ਜ਼ੁਬਾਨ ਦੀ ਮਸ਼ਹੂਰ ਹਿੰਦੁਸਤਾਨੀ ਸ਼ਾਇਰਾ ਮਿਸਜ਼ ਸਰੋਜਨੀ ਨਾਇਡੂ ਲਿਖਦੀ ਹੈ, "ਮੇਰੇ ਮਜ਼ਹਬ ਦੀ ਬੁਨਿਆਦ ਇਲਹਾਮੀ (ਅਸਮਾਨੀ) ਕਿਤਾਬ ਉੱਤੇ ਨਹੀਂ ਹੈ ਪਰ ਮੈਂ ਆਪ ਉਸ ਭਾਈਬੰਦੀ ਨੂੰ ਮੰਨਣ ਦਾ ਇਕਰਾਰ ਕਰਦੀ ਹਾਂ ਜਿਹੜੀ ਹਜ਼ਰਤ ਮੁਹੰਮਦ (ਸ.) ਦੀ ਪਾਕ ਅਤੇ ਪਾਕੀਜ਼ਾ ਤਾਲੀਮ ਦਾ ਨਤੀਜਾ ਹੈ"। ਪ੍ਰਸਿੱਧ ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਆਖਦੇ ਹਨ,"ਜਦੋਂ ਮੈਨੂੰ ਕੋਈ ਆਖਦਾ ਹੈ ਕਿ ਹਜ਼ਰਤ ਮੁਹੰਮਦ (ਸ.) ਨੇ ਤਲਵਾਰ ਦੇ ਜ਼ੋਰ ਨਾਲ ਇਸਲਾਮ ਨੂੰ ਫੈਲਾਇਆ ਹੈ ਤਾਂ ਮੈਨੂੰ ਉਸ ਦੀ ਅਗਿਆਨਤਾ ਉੱਤੇ ਹਾਸਾ ਆਉਂਦਾ ਹੈ"। ਭਗਤ ਰਾਓ ਸਿੰਘ ਐਡਵੋਕੇਟ ਲਿਖਦੇ ਹਨ, "ਗੁਰੂ ਨਾਨਕ ਦੇਵ ਜੀ, ਹਜ਼ਰਤ ਮੂਸਾ ਅਤੇ ਹਜ਼ਰਤ ਈਸਾ ਸਾਰੇ ਰੂਹਾਨੀ ਬਾਦਸ਼ਾਹ ਸਨ ਅਤੇ ਮੈਂ ਕਹਿੰਦਾ ਹਾਂ ਕਿ ਇਨ੍ਹਾਂ ਵਿਚ ਇਕ ਰੂਹਾਨੀ ਸ਼ਹਿਨਸ਼ਾਹ ਸਨ ਜਿਨ੍ਹਾਂ ਦਾ ਪਵਿੱਤਰ ਨਾਂ ਹਜ਼ਰਤ ਮੁਹੰਮਦ (ਸ.) ਸੀ। ਪੰਡਤ ਬਿਹਾਰੀ ਲਾਲ ਸ਼ਾਸਤਰੀ ਲਿਖਦੇ ਹਨ,"ਹਜ਼ਰਤ ਮੁਹੰਮਦ (ਸ.) ਨੇ ਮਜ਼ਹਬੀ ਕੰਮ ਨੂੰ ਇਖ਼ਲਾਕ, ਰੱਬੀ ਭਰੋਸੇ ਅਤੇ ਸੋਸਲ ਰੀਫ਼ਾਰਮਰ ਦੇ ਤੌਰ ਤੇ ਅਤੇ ਰਾਜਨੀਤਕ ਕੰਮ ਨੂੰ ਤਲਵਾਰ ਦੇ ਜ਼ੋਰ ਨਾਲ ਪੂਰਾ ਕੀਤਾ।ਅਸੀਂ ਜਿਸ ਹੱਦ ਤੱਕ ਉਨ੍ਹਾਂ ਦੇ ਜੀਵਨ ਉੱਤੇ ਗ਼ੌਰ ਕੀਤਾ ਹੈ ਉਨ੍ਹਾਂ ਨੂੰ ਮਹਾਂਪੁਰਸ਼, ਦੇਸ਼ ਭਗਤ ਅਤੇ ਸੰਸਾਰ ਦਾ ਸਤਿਕਾਰੀ ਪਾਇਆ ਹੈ।ਉਨ੍ਹਾਂ ਵਿਚ ਦੋ ਗੁਣ ਬੜੇ ਮਹਾਨ ਸਨ, ਈਸ਼ਵਰ ਉੱਤੇ ਵਿਸ਼ਵਾਸ਼ ਅਤੇ ਸੰਗਠਤਾ"। ਅਪਣੇ ਇਕ ਲੇਖ 'ਇਕ ਨਬੀ ਇਕ ਇਨਸਾਨ' ਵਿਚ ਪੰਡਤ ਸਾਈਂ ਗੋਬਿੰਦ ਰਾਮ ਹਜ਼ਰਤ ਮੁਹੰਮਦ (ਸ.) ਦੀ ਜ਼ਾਤੀ ਜ਼ਿੰਦਗੀ ਉੱਤੇ ਅਪਣੇ ਖ਼ਿਆਲ ਪੇਸ਼ ਕਰਦੇ ਹੋਏ ਆਖ਼ਰ ਵਿਚ ਲਿਖਦੇ ਹਨ, "ਮੁਕਦੀ ਗੱਲ ਇਹ ਕਿ ਹਜ਼ਰਤ ਮੁਹੰਮਦ (ਸ.) ਇਕ ਬਹੁਤ ਵੱਡੇ ਇਨਸਾਨ ਅਤੇ ਇਕ ਬਹੁਤ ਵੱਡੇ ਮਜ਼ਹਬ ਦੇ ਬਾਨੀ ਹਨ ਜਿਨ੍ਹਾਂ ਦੀ ਜ਼ਿੰਦਗੀ ਦਾ ਹਰ ਪਹਿਲੂ, ਹਰ ਇਨਸਾਨ ਲਈ ਭਾਵੇਂ ਉਸ ਦਾ ਸਬੰਧ ਕਿਸੇ ਵੀ ਧਰਮ ਨਾਲ ਹੋਵੇ, ਰੌਸ਼ਨੀ ਦਾ ਮੀਨਾਰ ਹੈ"। ਇਕ ਸਿੱਖ ਵਿਦਵਾਨ ਸਰਦਾਰ ਗੁਰੂਦੱਤ ਸਿੰਘ ਦਾਰਾ ਅਪਣੀ ਕਿਤਾਬ 'ਰਸੂਲੇ ਅਰਬੀ' ਵਿਚ ਲਿਖਦੇ ਹਨ, "ਯਾ ਮੁਹੰਮਦ (ਸ.) ਸੁਣਦੇ ਹਾਂ ਜਿਸ ਇਨਸਾਨ ਨੇ ਤੈਨੂੰ ਦੇਖਿਆ ਉਸ ਦਾ ਦਿਲ ਤੇਰੀ ਨਜ਼ਰ ਹੋ ਗਿਆ।ਜਿਹੜੀ ਅੱਖ ਨੇ ਇਕ ਵਾਰ ਸ਼ੌਕ ਭਰੀਆਂ ਨਿਗਾਹਾਂ ਨਾਲ ਦੇਖਿਆ ਉਹ ਨਿਗਾਹ ਕਿਸੇ ਹੋਰ ਦੀ ਨਾ ਰਹੀ।ਕਹਿੰਦੇ ਹਨ ਤੇਰੀ ਸੂਰਤ ਬਹੁਤ ਮੋਹਨੀ ਸੀ ਅਤੇ ਤੇਰਾ ਰੂਪ ਅਨੂਪ ਸੀ।ਤੇਰੀ ਅੱਖ ਜਾਦੂ ਸੀ ਅਤੇ ਤੇਰਾ ਕਲਾਮ, ਕਲਾਮੇ ਕੁਰਆਨ ਸੀ।ਐ ਦਿਲਦਾਰੇ ਅਰਬ! ਸੁਣਦੇ ਹਾਂ ਤੇਰੀ ਪ੍ਰੀਤ ਦੀ ਜੋਤ ਜਿਹੜੇ ਮਨ ਵਿਚ ਜਗੀ ਉਹ ਬੁਝਾਉਣ ਉੱਤੇ ਵੀ ਨਾ ਬੁਝੀ"। ਇਕ ਹੋਰ ਸਿੱਖ ਵਿਦਵਾਨ ਸਰਦਾਰ ਦੀਵਾਨ ਸਿੰਘ ਮਫ਼ਤੂਨ ਅਪਣੇ ਇਕ ਮਜ਼ਮੂਨ, 'ਗ਼ਰੀਬੀ ਅਤੇ ਕਲਮਾਤੁਲ ਹੱਕ' ਵਿਚ ਲਿਖਦੇ ਹਨ, "ਮੈਂ ਇਕ ਸਿੱਖ ਖ਼ਾਨਦਾਨ ਵਿਚ ਪੈਦਾ ਹੋਇਆ ਹਾਂ ਅਤੇ ਨਸਲ ਦੇ ਲਿਹਾਜ਼ ਨਾਲ ਮੈਨੂੰ ਸਿੱਖ ਹੀ ਸਮਝਿਆ ਜਾਣਾ ਚਾਹੀਦਾ ਹੈ।ਪਰ ਅਪਣੇ ਜ਼ਾਤੀ ਖ਼ਿਆਲਾਂ ਪਾਰੋਂ ਮੈਂ ਹਜ਼ਰਤ ਈਸਾ ਮਸੀਹ ਅਤੇ ਇਸਲਾਮ ਦੇ ਪੈਗ਼ੰਬਰ ਹਜ਼ਰਤ ਮੁਹੰਮਦ (ਸ.) ਦਾ ਉਨਾ ਹੀ ਭਗਤ ਹਾਂ ਜਿੰਨਾ ਕੋਈ ਇਸਾਈ ਜਾਂ ਮੁਸਲਮਾਨ ਹੋ ਸਕਦਾ ਹੈ"। ਹਿੰਦੁਸਤਾਨੀ ਵਿਦਵਾਨਾਂ ਤੋਂ ਇਲਾਵਾ ਪੱਛਮ ਦੇ ਇਸਾਈ ਅਤੇ ਯਹੂਦੀ ਵਿਦਵਾਨਾਂ ਨੇ ਵੀ ਅਪਣੇ ਵਿਚਾਰਾਂ ਵਿਚ ਮੁਹੰਮਦ (ਸ.) ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਹਨ: ਅੰਗਰੇਜ਼ ਵਿਦਵਾਨ ਜਾਨ ਵਿਲੀਅਮ ਡਰੇਪਰਾ 'ਤਾਰੀਖ਼ੇ ਜ਼ਹਿਣੀ ਇਰਤਕਾਅ ਯੋਰਪ' ਵਿਚ ਲਿਖਦੇ ਹਨ, "ਹਜ਼ਰਤ ਮੁਹੰਮਦ (ਸ.) ਮੱਕਾ ਵਿਖੇ ਪੈਦਾ ਹੋਏ। ਇਨਸਾਨੀ ਨਸਲ ਉੱਤੇ ਜਿੰਨਾ ਅਸਰ ਉਨ੍ਹਾਂ ਨੇ ਪਾਇਆ ਉਨਾ ਕਿਸੇ ਹੋਰ ਨੇ ਨਹੀਂ ਪਾਇਆ।ਉਨ੍ਹਾਂ ਦੇ ਅੰਦਰ ਉਹ ਗੁਣ ਮੌਜੂਦ ਸਨ ਜਿਨ੍ਹਾਂ ਨਾਲ ਹਕੂਮਤਾਂ ਦੀਆਂ ਤਕਦੀਰਾਂ ਬਦਲ ਜਾਂਦੀਆਂ ਹਨ।ਉਨ੍ਹਾਂ ਨੇ ਅਪਣੇ ਪੈਰੋਕਾਰਾਂ ਦੀ ਆਰਥਕ ਹਾਲਤ ਅਤੇ ਮਾਨਸਕਤਾ ਨੂੰ ਸਬਰ ਕਰਨ, ਰੋਜ਼ੇ ਰੱਖਣ ਅਤੇ ਨਮਾਜ਼ ਨਾਲ ਸੰਵਾਰਿਆ। ਉਨ੍ਹਾਂ ਨੇ ਜ਼ਕਾਤ ਦਾ ਨਿਜ਼ਾਮ ਕਾਇਮ ਕੀਤਾ ਅਤੇ ਸ਼ਰਾਫ਼ਤ ਨਾਲ ਜ਼ਿੰਦਗੀ ਜਿਉਣ ਦੇ ਗੁਣ ਦੱਸੇ।ਉਹ ਸੱਚਮੁਚ ਰੱਬ ਦੇ ਰਸੂਲ ਸਨ।ਉਨ੍ਹਾਂ ਦੀ ਪਵਿੱਤਰ ਜ਼ਿੰਦਗੀ ਵਿਚ ਇਨਸਾਨੀ ਜ਼ਿੰਦਗੀ ਜਿਉਣ ਦੀਆਂ ਸਾਰੀਆਂ ਖ਼ੂਬੀਆਂ ਮੌਜੂਦ ਸਨ।ਇਕ ਇਨਸਾਨ, ਇਕ ਬਾਪ, ਇਕ ਪਤੀ, ਇਕ ਦੋਸਤ, ਇਕ ਵਪਾਰੀ, ਇਕ ਦੂਰ ਅੰਦੇਸ਼, ਇਕ ਹਾਕਮ ਅਤੇ ਇਕ ਸਿਪਾਹ ਸਾਲਾਰ, ਭਾਵ ਜ਼ਿੰਦਗੀ ਦੇ ਹਰ ਖੇਤਰ ਵਿਚ ਆਪ ਦੀ ਜ਼ਿੰਦਗੀ ਮਿਸਾਲੀ, ਮਿਆਰੀ ਅਤੇ ਅਜ਼ੀਮ ਜ਼ਿੰਦਗੀ ਸੀ"। ਕੁਰਆਨ ਸ਼ਰੀਫ਼ ਦਾ ਅੰਗਰੇਜ਼ੀ ਵਿਚ ਤਰਜਮਾ ਕਰਨ ਤੋਂ ਪਹਿਲਾਂ ਮੁਖ ਬੰਦ ਵਿਚ ਐਮ. ਐਮ. ਪਾਲ ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਬਾਰੇ ਅਪਣੇ ਵਿਚਾਰ ਪੇਸ਼ ਕਰਦਿਆਂ ਲਿਖਦੇ ਹਨ, "ਦੂਸਰੇ ਪੈਗ਼ੰਬਰਾਂ ਦੇ ਉਲਟ ਜਿਨ੍ਹਾਂ ਦੀ ਅਸਲ ਤਸਵੀਰ ਅਕੀਦਤਮੰਦੀ ਦੀ ਅਣਹੋਂਦ ਕਰਕੇ ਸਾਥੋਂ ਛੁਪੀ ਹੋਈ ਹੈ, ਮੁਹੰਮਦ ਇਕ ਰੋਸ਼ਨ ਅਤੇ ਤਾਰੀਖ਼ੀ ਕਿਰਦਾਰ ਹਨ ਜਿਨ੍ਹਾਂ ਦੇ ਜ਼ਿੰਦਗੀ ਜਿਉਣ ਦੇ ਢੰਗ ਦੀ ਪੂਰੀ ਜਾਣਕਾਰੀ ਉਨ੍ਹਾਂ ਦੇ ਸਾਥੀਆਂ ਨੇ ਸਾਡੇ ਲਈ ਲਿਖ ਰੱਖੀ ਹੈ।ਹਜ਼ਰਤ ਮੁਹੰਮਦ ਅਜ਼ੀਮ ਉਸਤਾਦ ਸਨ।ਉਨ੍ਹਾਂ ਦੀ ਤਾਲੀਮ ਕੁਝ ਕੁ ਚੀਜ਼ਾਂ ਤੱਕ ਸੀਮਤ ਨਹੀਂ ਸੀ ਸਗੋਂ ਉਨ੍ਹਾਂ ਦੀ ਤਾਲੀਮ ਦਾ ਦਾਇਰਾ ਬਹੁਤ ਵਿਸ਼ਾਲ ਸੀ ਜਿਸ ਵਿਚ ਜ਼ਿੰਦਗੀ ਦੇ ਹਰ ਖੇਤਰ ਲਈ ਹਦਾਇਤ ਦਰਜ ਹੈ। ਹੰਗਰੀ ਦੇ ਪ੍ਰੋਫ਼ੈਸਰ ਜਰਮੈਂਸ ‘Glories Of Islam’ ਵਿਚ ਲਿਖਦੇ ਹਨ, "ਇਸਲਾਮ ਦੀ ਇਖ਼ਲਾਕੀ ਸਿਖਿਆ ਵਿਚ ਬਹੁਤ ਤਾਕਤ ਹੈ ਅਤੇ ਉਹ ਮੁਸਲਮਾਨਾਂ ਨੂੰ ਮੁੜ ਤੋਂ ਜਿਉਂਦਾ ਕਰ ਸਕਦੀ ਹੈ।ਇਸਲਾਮ ਦੇ ਪੈਗ਼ੰਬਰ ਹਜ਼ਰਤ ਮੁਹੰਮਦ (ਸ.) ਨੇ ਇਬਾਦਤ ਤੋਂ ਇਲਾਵਾ ਉੱਠਣ-ਬੈਠਣ, ਖਾਣ-ਪੀਣ ਇੱਥੋਂ ਤੱਕ ਕਿ ਪਾਖ਼ਾਨਾ ਜਾਣ ਲਈ ਵੀ ਅਸੂਲ ਬਣਾਏ ਅਤੇ ਪੈਰੋਕਾਰਾਂ ਨੂੰ ਸਿਖਾਏ।ਇਸਲਾਮ ਨੇ ਛੋਟਿਆਂ ਨਾਲ ਪਿਆਰ ਅਤੇ ਵੱਡਿਆਂ ਦਾ ਆਦਰ ਕਰਨ ਦਾ ਹੁਕਮ ਦਿੱਤਾ ਅਤੇ ਗ਼ੈਰ ਮੁਸਲਮਾਨਾਂ ਨਾਲ ਚੰਗਾ ਸਲੂਕ ਕਰਨ ਦੀਆਂ ਅਮਲੀ ਮਿਸਾਲਾਂ ਪੇਸ਼ ਕੀਤੀਆਂ। ‘The Feature Of Islam’ ਵਿਚ ਸਰ ਵਿਲੀਅਮ ਬਗੰਟ ਲਿਖਦਾ ਹੈ, "ਇਸਲਾਮ ਦੇ ਕੋਲ ਆਦਮ ਦੀ ਔਲਾਦ ਨੂੰ ਦੇਣ ਲਈ ਐਨਾ ਕੁਝ ਹੈ ਕਿ ਉਹ ਆਖ਼ਰ ਵਿਚ ਸਾਰੀ ਦੁਨੀਆਂ ਨੂੰ ਅਪਣਾ ਬਣਾ ਲਵੇਗਾ" ਇਕ ਪ੍ਰਸਿੱਧ ਪਾਦਰੀ ਫ਼ਾਦਰ ਡੇਰਕ ਮਕੇਟਾ ਹਜ਼ਰਤ ਮੁਹੰਮਦ (ਸ.) ਦੀ ਅਜ਼ਮਤ ਨੂੰ ਸਵੀਕਾਰ ਕਰਦਿਆਂ ਲਿਖਦੇ ਹਨ,"ਇਸਲਾਮ ਦੇ ਬਾਨੀ ਹਜ਼ਰਤ ਮੁਹੰਮਦ (ਸ.) ਗ਼ੈਰ ਮੁਸਲਮਾਨਾਂ ਨਾਲ ਚੰਗਾ ਸਲੂਕ ਕਰਦੇ ਸਨ।ਉਹ ਇਕ ਸਹਾਬੀ ਅਬੂ ਬਸਰਾ ਗ਼ੱਫ਼ਾਰੀ ਦੇ ਬਿਆਨ ਨੂੰ ਕੋਡ ਕਰਦਿਆਂ ਆਖਦੇ ਹਨ ਕਿ ਜਦੋਂ ਉਹ ਗ਼ੈਰ ਮੁਸਲਮਾਨ ਸਨ ਤਾਂ ਮਦੀਨੇ ਵਿਖੇ ਆਪ ਦੇ ਘਰ ਰਹਿੰਦੇ ਸਨ।ਇਕ ਦਿਨ ਰਾਤ ਦੇ ਸਮੇਂ ਉਹ ਆਪ ਦੀਆਂ ਸਾਰੀਆਂ ਬਕਰੀਆਂ ਦਾ ਦੁੱਧ ਪੀ ਗਏ।ਆਪ ਦਾ ਸਾਰਾ ਘਰ ਭੁੱਖਾ ਰਿਹਾ ਪਰ ਆਪ ਨੇ ਉਸ ਨੂੰ ਕੁਝ ਨਾ ਕਿਹਾ"। ਆਪ ਦੀ ਜ਼ਿੰਦਗੀ ਵਿਚ ਅਜਿਹੀਆਂ ਕਈ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਆਪ ਇਕ ਸਿਪਾਹੀ, ਇਕ ਸਿਪਾਹ ਸਾਲਾਰ, ਇਕ ਪਤੀ, ਇਕ ਜੱਜ, ਇਕ ਹਾਕਮ, ਭਾਵ ਹਰ ਹੈਸ਼ੀਅਤ ਵਿਚ ਇਕ ਮਿਸਾਲੀ ਇਨਸਾਨ ਸਨ। ਇਕ ਮਹਾਨ ਬੁੱਧੀਜੀਵੀ ਡਾਕਟਰ ਗੁਸਤਾਫ਼ ਲਿਖਦੇ ਹਨ,"ਮੁਹੰਮਦ (ਸ.) ਅਪਣੀ ਕੌਮ ਵਿਚ ਰੌਸ਼ਨ ਮਿਸਾਲ ਸਨ।ਉਨ੍ਹਾਂ ਦਾ ਕਿਰਦਾਰ ਬੇਲਾਗ਼ ਅਤੇ ਪਾਕ-ਸਾਫ਼ ਸੀ।ਪਹਿਰਾਵੇ ਅਤੇ ਖ਼ੁਰਾਕ ਵਿਚ ਅਨੋਖੀ ਸਾਦਗੀ ਸੀ।ਮਿਜਾਜ਼ ਵਿਚ ਐਨੀ ਹਲੀਮੀ ਸੀ ਕਿ ਅਪਣੇ ਸਾਥੀਆਂ ਦਾ ਤਾਰੀਫ਼ ਕਰਨਾ ਵੀ ਕਬੂਲ ਨਹੀਂ ਕਰਦੇ ਸਨ।ਉਹ ਅਪਣੇ ਗ਼ੁਲਾਮ, ਜਿਸ ਨੂੰ ਉਨ੍ਹਾਂ ਨੇ ਅਪਣਾ ਪੁੱਤਰ ਬਣਾ ਰੱਖਿਆ ਸੀ ਤੋਂ ਵੀ ਕੋਈ ਅਜਿਹਾ ਕੰਮ ਨਹੀਂ ਲੈਂਦੇ ਸਨ ਜਿਸ ਨੂੰ ਉਹ ਖ਼ੁਦ ਕਰ ਸਕਦੇ ਹੋਣ। ਆਪ ਐਨੇ ਰਹਿਮ ਦਿਲ ਸਨ ਕਿ ਤਾਕਤ ਵਿਚ ਆ ਕੇ ਆਪ ਨੇ ਉਨ੍ਹਾਂ ਲੋਕਾਂ ਤੋਂ ਵੀ ਬਦਲਾ ਨਹੀਂ ਲਿਆ ਜਿਨ੍ਹਾਂ ਨੇ ਆਪ ਨੂੰ ਪੱਥਰ ਮਾਰੇ ਸਨ, ਆਪ ਉੱਤੇ ਗੰਦਗੀ ਸੁੱਟੀ ਸੀ, ਆਪ ਦਾ ਬਾਈਕਾਟ ਕੀਤਾ ਸੀ ਅਤੇ ਆਪ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ ਸੀ"। ਫ਼ਰਾਂਸੀਸੀ ਜਰਨੈਲ ਨੈਪੋਲੀਅਨ ਬੋਨਾਪਾਰਟ ਆਪ ਨੂੰ ਉੱਚ ਦਰਜੇ ਦਾ ਉਸਤਾਦ ਮੰਨਦਿਆਂ ਲਿਖਦੇ ਹਨ, "ਹਜ਼ਰਤ ਮੁਹੰਮਦ (ਸ.) ਦੀ ਵਿਦਿਆ ਨਾਲ ਇਹ ਸਭ ਕੁਝ ਪੰਦਰਾਂ ਸਾਲ ਦੇ ਵਿਚ ਹੀ ਹੋ ਗਿਆ ਜਦੋਂ ਕਿ ਪੰਦਰਾ ਸੌ ਸਾਲ ਵਿਚ ਵੀ ਹਜ਼ਰਤ ਮੂਸਾ ਅਤੇ ਹਜ਼ਰਤ ਈਸਾ ਅਪਣੀਆਂ ਉੱਮਤਾਂ ਨੂੰ ਸਹੀ ਰਸਤੇ ਉੱਤੇ ਲਿਆਉਣ ਵਿਚ ਕਾਮਿਆਬ ਨਾ ਹੋ ਸਕੇ।ਹਜ਼ਰਤ ਮੁਹੰਮਦ (ਸ.) ਅਜ਼ੀਮ ਇਨਸਾਨ ਸਨ"। ਪ੍ਰਸਿੱਧ ਇਸਾਈ ਲੇਖਕ ਬਿਸਵਾਰਥ ਸਮਿਥ ਅਪਣੀ ਕਿਤਾਬ ‘Muhammad And Muhammadanism’ ਵਿਚ ਲਿਖਦੇ ਹਨ, "ਇਹ ਦੁਨੀਆ ਦੀ ਵੱਡੀ ਖ਼ੁਸ਼ਨਸੀਬੀ ਹੈ ਕਿ ਹਜ਼ਰਤ ਮੁਹੰਮਦ (ਸ.) ਇੱਕੋ ਸਮੇਂ ਇਕ ਕੌਮ, ਇਕ ਹਕੂਮਤ ਅਤੇ ਇਕ ਮਜ਼ਹਬ ਦੇ ਬਾਨੀ ਸਨ"। ਜਾਰਜ ਬਰਨਾਰਡ ਸ਼ਾਹ ਲਿਖਦੇ ਹਨ, "ਮੈਂ ਇਨ੍ਹਾਂ ਗੱਲਾਂ ਦੀ ਧਿਆਨ ਨਾਲ ਘੋਖ-ਪੜਤਾਲ ਅਤੇ ਨਰੀਖਨ ਕਰਕੇ ਇਸ ਸਿੱਟੇ ਉੱਤੇ ਪਹੁੰਚਿਆ ਹਾਂ ਕਿ ਹਜ਼ਰਤ ਮੁਹੰਮਦ (ਸ.) ਇਕ ਅਜ਼ੀਮ ਹਸਤੀ ਹੋਣ ਦੇ ਨਾਲ ਨਾਲ ਇਨਸਾਨੀਅਤ ਦੇ ਮੁਕਤੀ-ਦਾਤਾ ਵੀ ਸਨ"। 'Hero and the Heroship' ਦਾ ਅੰਗਰੇਜ਼ ਲੇਖਕ ਸਰ ਤਾਮਿਸ ਕਾਰਲਾਇਲ ਲਿਖਦਾ ਹੈ, "ਹਜ਼ਰਤ ਮੁਹੰਮਦ (ਸ) ਦੀ ਅਗਵਾਈ ਵਿਚ ਇਸ ਜ਼ਮੀਨ (ਅਰਬ) ਦੀ ਰੇਤ ਬਾਰੂਦ ਸਾਬਤ ਹੋਈ ਜਿਸ ਨੇ ਦਿੱਲੀ ਤੋਂ ਗ਼ਰਨਾਤਾ ਤੱਕ ਦੇ ਅਸਮਾਨਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ"।ਇਕ ਹੋਰ ਇਸਾਈ ਲੇਖਕ ਮੇਜਰ ਆਰਥਰ ਮੋਰੰਡ ਲਿਖਦਾ ਹੈ,"ਉਹ ਸਿਰਫ਼ ਹਰਮਨ ਪਿਆਰੇ ਰਹਿਨੁਮਾ ਹੀ ਨਹੀਂ ਸਨ ਸਗੋਂ ਦੁਨੀਆ ਦੇ ਪੈਦਾ ਹੋਣ ਤੋਂ ਲੈ ਕੇ ਹੁਣ ਤੱਕ ਜਿੰਨੇ ਵੀ ਸੱਚੇ ਤੋਂ ਸੱਚੇ ਪੈਗ਼ੰਬਰ ਪੈਦਾ ਹੋਏ ਉਨ੍ਹਾਂ ਸਾਰਿਆਂ ਤੋਂ ਵੱਧ ਊਚੇ ਰੁਤਬੇ ਦੇ ਮਾਲਕ ਸਨ"। ਕਰਨਲ ਸਾਈਕਸ ਲਿਖਦੇ ਹਨ,"ਕੋਈ ਵੀ ਆਦਮੀ ਹਜ਼ਰਤ ਮੁਹੰਮਦ (ਸ.) ਦੀ ਨੇਕ-ਨੀਅਤੀ, ਸਾਦਗੀ ਅਤੇ ਰਹਿਮ-ਦਿਲੀ ਦਾ ਇਕਰਾਰ ਕੀਤੇ ਬਿਨਾ ਨਹੀਂ ਰਹਿ ਸਕਦਾ"।ਇਸੇ ਤਰ੍ਹਾਂ ਕੋਂਟ ਟਾਲਸਟਾਈ ਲਿਖਦਾ ਹੈ, "ਹਜ਼ਰਤ ਮੁਹੰਮਦ ਨੇ ਇਨਸਾਨੀ ਖ਼ੂਨ ਬਹਾਉਣ ਤੋਂ ਮਨ੍ਹਾ ਕੀਤਾ ਅਤੇ ਅਜਾਈ ਖ਼ੂਨ ਬਹਾਉਣ ਦੀ ਥਾਂ ਮੇਲ-ਜੋਲ ਅਤੇ ਤਰੱਕੀ ਦੇ ਰਾਹਾਂ ਉੱਤੇ ਚੱਲਣ ਦੀ ਤਾਕੀਦ ਕੀਤੀ।ਇਹ ਇਕ ਅਜਿਹਾ ਉੱਤਮ ਕੰਮ ਹੈ ਜਿਸ ਨੂੰ ਉਹ ਆਦਮੀ ਹੀ ਨੇਪਰੇ ਚਾੜ੍ਹ ਸਕਦਾ ਹੈ ਜਿਸ ਦੇ ਨਾਲ ਕੋਈ ਖ਼ੁਫ਼ੀਆ ਤਾਕਤ ਹੋਵੇ।ਅਜਿਹਾ ਇਨਸਾਨ ਸਤਿਕਾਰ ਦਾ ਹੱਕਦਾਰ ਹੁੰਦਾ ਹੈ"। ਮਸ਼ਹੂਰ ਲੇਖਕ ਮਿਸਜ਼ ਐਨੀ ਬੇਸੈਂਟ ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਉੱਤੇ ਤਬਸਰਾ ਕਰਦਿਆਂ ਲਿਖਦੇ ਹਨ, "ਪੈਗ਼ੰਬਰ ਬਨਣ ਤੋਂ ਪਹਿਲਾਂ ਵੀ ਹਜ਼ਰਤ ਮੁਹੰਮਦ (ਸ.) ਹਨੇਰੇ ਵਿਚ ਰੌਸ਼ਨੀ ਦੇ ਮੀਨਾਰ ਵਾਂਗ ਚਮਕਦੇ ਹੋਏ ਦਿਖਾਈ ਦਿੰਦੇ ਹਨ।ਉਨ੍ਹਾਂ ਦੀ ਜ਼ਿੰਦਗੀ ਐਨੀ ਸੱਚੀ ਅਤੇ ਐਨੀ ਸ਼ਰਾਫ਼ਤ ਭਰੀ ਨਜ਼ਰ ਆਉਂਦੀ ਹੈ ਕਿ ਅਸੀਂ ਬਹੁਤ ਛੇਤੀ ਸਮਝ ਜਾਂਦੇ ਹਾਂ ਕਿ ਰੱਬ ਨੇ ਹਨੇਰ-ਗਰਦੀ ਦੇ ਦੌਰ ਵਿਚ ਜ਼ਿੰਦਗੀ ਬਤੀਤ ਕਰਨ ਵਾਲੇ ਲੋਕਾਂ ਵਿਚ ਇਨ੍ਹਾਂ ਨੂੰ ਕਿਉਂ ਪੈਦਾ ਕੀਤਾ।ਉਹ ਕਿਹੜਾ ਨਾਂ ਸੀ ਜਿਸ ਨਾਲ ਅਰਬ ਦੇ ਆਦਮੀ, ਔਰਤਾਂ ਅਤੇ ਬੱਚੇ ਆਪ ਨੂੰ ਬੁਲਾਇਆ ਕਰਦੇ ਸਨ? ਉਹ ਨਾਂ ਸੀ 'ਅਮੀਨ ਅਤੇ ਸਾਦਿਕ' (ਈਮਾਨਦਾਰ ਅਤੇ ਸੱਚਾ)"। ਪੂਰਬੀ ਜ਼ੁਬਾਨਾਂ ਦੇ ਮਸ਼ਹੂਰ ਲੇਖਕ ਜਾਰਜ ਰੀਵਾਰੀ ਹਜ਼ਰਤ ਮੁਹੰਮਦ (ਸ.) ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਲਿਖਦੇ ਹਨ, "ਮੁਹੰਮਦ ਇਕ ਅਜ਼ੀਮ ਰੁਤਬੇ ਵਾਲੇ ਪੈਗ਼ੰਬਰ ਹੀ ਨਹੀਂ ਸਨ ਜਿਨ੍ਹਾਂ ਨੇ ਇਸ ਦੁਨੀਆ ਦੀ ਰੂਹਾਨੀ ਤਸਕੀਨ ਦਾ ਸਾਮਾਨ ਕੀਤਾ ਸਗੋਂ ਉਹ ਇਕ ਅਜਿਹੇ ਸਮਾਜ ਸੁਧਾਰਕ, ਅੰਤਰ ਰਾਸ਼ਟਰੀ ਇਨਕਲਾਬ ਦੇ ਬਾਨੀ ਅਤੇ ਉਸਤਾਦ ਸਨ ਜਿਨ੍ਹਾਂ ਦੀ ਮਿਸਾਲ ਤਾਰੀਖ਼ ਨੇ ਕਦੇ ਨਹੀਂ ਦੇਖੀ"। ਐਮ. ਏ. ਜੀ. ਲਿਯੂਨਾਰਡ ਅਪਣੀ ਕਿਤਾਬ 'ਇਸਲਾਮ ਅਤੇ ਰੂਹਾਨੀ ਕਿਰਦਾਰ' ਵਿਚ ਲਿਖਦੇ ਹਨ, "ਹਜ਼ਰਤ ਮੁਹੰਮਦ ਉੱਚ ਦਰਜੇ ਦੇ ਸਾਦਿਕ ਅਤੇ ਅਮੀਨ ਇਨਸਾਨ ਸਨ।ਉਹ ਇਕ ਅਜ਼ੀਮ ਮੁਲਕ ਦੇ ਨਿਰਮਾਤਾ, ਅਜ਼ੀਮ ਜੇਤੂ, ਇਸ ਤੋਂ ਵੀ ਵੱਧ ਇਕ ਅਜ਼ੀਮ ਮਜ਼ਹਬ ਦੇ ਬਾਨੀ ਅਤੇ ਰਾਹਦਸੇਰਾ ਸਨ।ਉਹ ਉੱਮਤ ਲਈ ਰਹੀਮ, ਅਪਣੇ ਆਪ ਉੱਤੇ ਮਿਹਰਬਾਨ ਅਤੇ ਅਪਣੇ ਰੱਬ ਦੇ ਸੱਚੇ ਸ਼ਰਧਾਲੂ ਸਨ।ਉਨ੍ਹਾਂ ਨੇ ਅਪਣੇ ਪੈਰੋਕਾਰਾਂ ਨੂੰ ਘੁੱਪ ਹਨੇਰੇ ਵਿੱਚੋਂ ਕੱਢ ਕੇ ਸੱਚਾਈ ਦੀਆਂ ਰੋਸ਼ਨ ਚੋਟੀਆਂ ਉੱਤੇ ਪਹੁੰਚਾਇਆ"। ‘Muhammad And Muhammadanism’ ਦਾ ਲੇਖਕ ਅਰਬਾਸ ਸਮਿੱਥ ਲਿਖਦਾ ਹੈ, "ਉਹ ਰੇਗਸਤਾਨ ਵਿਚ ਚਰਵਾਹੇ, ਸ਼ਾਮ ਵਿਚ ਵਪਾਰੀ, ਮਦੀਨੇ ਵਿਚ ਮੁਹਾਜਰ ਅਤੇ ਗ਼ਾਰੇ ਹਿਰਾ ਵਿਚ ਖੋਜ ਕਰਨ ਵਾਲੇ ਸਨ।ਬੁਤ ਪ੍ਰਸਤੀ ਦੀ ਪੂਰੀ ਦੁਨੀਆ ਦੇ ਮੁਕਾਬਲੇ ਇਕੱਲੇ ਤੌਹੀਦ ਦੇ ਅਨੁਯਾਈ ਸਨ।ਉਹ ਅਨੋਖੇ ਜੇਤੂ ਸਨ।ਦੁਨੀਆ ਦੇ ਇਤਿਹਾਸ ਵਿਚ ਸਿਰਫ਼ ਉਹ ਹੀ ਇਕੱਲੇ ਇਸ ਸ਼ਾਨ ਦੇ ਇਨਸਾਨ ਦਿਖਾਈ ਦਿੰਦੇ ਹਨ ਜਿਹੜੇ ਇੱਕੋ ਸਮੇਂ ਇਕ ਉੱਮਤ, ਇਕ ਹਕੂਮਤ ਅਤੇ ਇਕ ਮਜ਼ਹਬ ਦੇ ਬਾਨੀ ਸਨ।ਉਨ੍ਹਾਂ ਦੀ ਜ਼ਿੰਦਗੀ ਵਿਚ ਕਈ ਇਨਕਲਾਬ ਆਏ ਪਰ ਉਨ੍ਹਾਂ ਦੀਆਂ ਆਦਤਾਂ ਅਤੇ ਰਹਿਣ-ਸਹਿਣ ਵਿਚ ਕੋਈ ਫ਼ਰਕ ਨਜ਼ਰ ਨਾ ਆਇਆ।ਹਾਲਾਤ ਬਦਲ ਗਏ ਪਰ ਉਹ ਨਾ ਬਦਲੇ"। ‘Muhammad And Rising Of Islam’ ਦਾ ਲੇਖਕ ਪ੍ਰੋਫ਼ੈਸਰ ਮਾਰਗੋਲਥ ਲਿਖਦਾ ਹੈ, "ਹਜ਼ਰਤ ਮੁਹੰਮਦ ਦੀ ਜੀਵਨੀ ਤੇ ਲਿਖਣ ਵਾਲਿਆਂ ਦੀ ਇਕ ਲੰਬੀ ਲੜੀ ਹੈ।ਜਿਸ ਨੂੰ ਖ਼ਤਮ ਕਰਨਾ ਨਾਮੁਮਕਿਨ ਹੈ ਪਰ ਇਨ੍ਹਾਂ ਵਿਚ ਥਾਂ ਮਿਲ ਜਾਣੀ ਫ਼ਖ਼ਰ ਦੀ ਗੱਲ ਹੈ।ਇਹ ਇਕ ਅਟੱਲ ਸੱਚਾਈ ਹੈ ਕਿ ਉਨ੍ਹਾਂ ਦੀ ਸਿੱਖਿਆ ਅਤੇ ਤਬਲੀਗ਼ੀ ਦਾਅਵਤ ਤੋਂ ਉਹ ਨਤੀਜੇ ਨਿਕਲੇ ਹਨ ਜਿਸ ਦਾ ਦਸਵਾਂ ਹਿੱਸਾ ਵੀ ਕਿਸੇ ਵਿਦਵਾਨ, ਕਿਸੇ ਦੂਰਅੰਦੇਸ਼ ਅਤੇ ਮਜ਼ਹਬੀ ਪੇਸ਼ਵਾ ਦੇ ਹਿੱਸੇ ਵਿਚ ਨਹੀਂ ਆਇਆ"। ਹਮਿਲਟਨ ਗੱਬ ਅਪਣੀ ਕਿਤਾਬ ‘Muhammadanism’ ਵਿਚ ਹਜ਼ਰਤ ਮੁਹੰਮਦ (ਸ.) ਦੀ ਇਖ਼ਲਾਕੀ ਵਡੱਤਣ ਅਤੇ ਪੁਰ ਅਸਰ ਸ਼ਖ਼ਸ਼ੀਅਤ ਦਾ ਜ਼ਿਕਰ ਕਰਦਿਆਂ ਲਿਖਦਾ ਹੈ, "ਸਾਡੇ ਨੇੜੇ ਇਹ ਗੱਲ ਲੁਕੀ-ਛਿਪੀ ਨਹੀਂ ਕਿ ਜਿਸ ਤਰ੍ਹਾਂ ਸਹਾਬੀਆਂ ਨੇ ਅਪਣੇ ਇਰਾਦੇ ਅਤੇ ਜਜ਼ਬੇ ਹਜ਼ਰਤ ਮੁਹੰਮਦ (ਸ.) ਦੀ ਮਰਜ਼ੀ ਦੇ ਅਧੀਨ ਕਰ ਦਿੱਤੇ ਸਨ ਉਸ ਦਾ ਵੱਡਾ ਕਾਰਨ ਉਨ੍ਹਾਂ ਦੀ ਸ਼ਖ਼ਸ਼ੀਅਤ ਦਾ ਅਸਰ ਸੀ।ਜੇ ਇਹ ਅਸਰ ਨਾ ਹੁੰਦਾ ਤਾਂ ਉਹ ਹਜ਼ਰਤ ਮੁਹੰਮਦ (ਸ.) ਦੇ ਦਾਅਵਿਆਂ ਨੂੰ ਕਦੇ ਅਹਿਮੀਅਤ ਨਾ ਦਿੰਦੇ"। ਮਿੰਟਗੁਮਰੀ ਵਾਟ ਹਜ਼ਰਤ ਮੁਹੰਮਦ (ਸ.) ਦੀਆਂ ਕਾਮਿਆਬੀਆਂ ਬਾਰੇ ਲਿਖਦੇ ਹਨ, "ਮੁਹੰਮਦ (ਸ.) ਦੀ ਜ਼ਿੰਦਗੀ ਅਤੇ ਇਸਲਾਮ ਦੀ ਮੁਢਲੀ ਤਾਰੀਖ਼ ਉੱਤੇ ਜਿੰਨਾ ਧਿਆਨ ਮਾਰਦੇ ਹਾਂ ਉਨਾ ਹੀ ਉਨ੍ਹਾਂ ਦੀਆਂ ਕਾਮਿਆਬੀਆਂ ਉੱਤੇ ਹੈਰਾਨੀ ਹੁੰਦੀ ਹੈ।ਜੇ ਇਹ ਕਿਹਾ ਜਾਵੇ ਕਿ ਸਮੇਂ ਦੇ ਹਾਲਾਤ ਅਨੂਕੂਲ ਸਨ ਅਤੇ ਉਨ੍ਹਾਂ ਨੇ ਆਪ ਨੂੰ ਉਹ ਮੌਕੇ ਪ੍ਰਦਾਨ ਕੀਤੇ ਜਿਹੜੇ ਬਹੁਤ ਘੱਟ ਮਸ਼ਹੂਰ ਲੋਕਾਂ ਨੂੰ ਪ੍ਰਦਾਨ ਹੁੰਦੇ ਹਨ।ਇਹ ਉਨ੍ਹਾਂ ਦੀ ਹਿਕਮਤ, ਸਿਆਸਤ ਅਤੇ ਪ੍ਰਬੰਧਕੀ ਖ਼ੂਬੀਆਂ ਦਾ ਹੀ ਕਮਾਲ ਹੈ ਕਿ ਇਨਸਾਨੀ ਤਾਰੀਖ਼ ਨੂੰ ਇਕ ਮੁੱਖ ਅਧਿਆਏ ਮਿਲ ਗਿਆ। ਵਿਲੀਅਮ ਮੈਕਨੀਲ ਨੇ ‘The Rise Of The West’ ਦੇ ਨਾਂ ਉੱਤੇ ਦੁਨੀਆ ਦਾ ਜਿਹੜਾ ਇਤਿਹਾਸ ਲਿਖਿਆ ਹੈ ਉਸ ਵਿਚ ਉਹ ਹਜ਼ਰਤ ਮੁਹੰਮਦ (ਸ.) ਦੀ ਅਜ਼ੀਮ ਇਨਕਲਾਬੀ ਤਹਿਰੀਕ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਲਿਖਦਾ ਹੈ, "ਆਪ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਵੀ ਨਬੀ ਨੂੰ ਐਨੀ ਛੇਤੀ ਅਤੇ ਐਨੀ ਵੱਡੀ ਕਾਮਿਆਬੀ ਨਸੀਬ ਨਹੀਂ ਹੋਈ ਅਤੇ ਨਾ ਹੀ ਕਿਸੇ ਇਕ ਇਨਸਾਨ ਦੇ ਕਾਰਨਾਮਿਆਂ ਨਾਲ ਦੁਨੀਆ ਦੇ ਇਤਿਹਾਸ ਦਾ ਰੁਖ ਐਨੀ ਤੇਜ਼ ਰਫ਼ਤਾਰੀ ਅਤੇ ਐਨੇ ਇਨਕਲਾਬੀ ਢੰਗ ਨਾਲ ਬਦਲਿਆ ਹੈ।ਅਪਣੇ ਰੱਬੀ ਕਲਾਮ, ਅਪਣੀ ਮਿਸਾਲੀ ਜ਼ਾਤੀ ਜ਼ਿੰਦਗੀ, ਅਤੇ ਪ੍ਰਬੰਧਕੀ ਢਾਂਚੇ ਦੀ ਉਸਾਰੀ ਨਾਲ ਹਜ਼ਰਤ ਮੁਹੰਮਦ (ਸ.) ਨੇ ਇਕ ਮੁਮਤਾਜ ਅਤੇ ਨਵੀਂ ਤਰਜ਼ ਦੀ ਜ਼ਿੰਦਗੀ ਦੀ ਬੁਨਿਆਦ ਰੱਖੀ।ਜਿਸ ਨੇ ਦੋ ਸਦੀਆਂ ਦੇ ਥੋੜੇ ਜਿਹੇ ਸਮੇਂ ਅੰਦਰ ਇਨਸਾਨੀ ਨਸਲ ਦੇ ਬਹੁਤ ਵੱਡੇ ਹਿੱਸੇ ਨੂੰ ਅਪਣਾ ਪੈਰੋਕਾਰ ਬਣਾ ਲਿਆ।ਅੱਜ ਦੀ ਤਾਰੀਖ਼ ਵਿਚ ਦੁਨੀਆ ਦਾ ਸੱਤਵਾਂ ਹਿੱਸਾ ਉਨ੍ਹਾਂ ਦਾ ਪੈਰੋਕਾਰ ਹੈ"। ਸਰ ਫ਼ਿਲਪ ਗਬਜ਼ ‘Glory Of Muhammad’ ਵਿਚ ਇਸ ਗੱਲ ਨੂੰ ਸਵੀਕਾਰ ਕਰਦੇ ਹਨ ਕਿ ਹਜ਼ਰਤ ਮੁਹੰਮਦ (ਸ.) ਨੇ ਇਨਸਾਨੀਅਤ ਦੀ ਤਰੱਕੀ ਲਈ ਅਜ਼ੀਮ ਕਾਰਨਾਮਾ ਕਰਕੇ ਵਿਖਾਇਆ ਹੈ।ਉਹ ਲਿਖਦੇ ਹਨ,"ਇਸਲਾਮ ਜਿਹੜਾ ਹਜ਼ਰਤ ਮੁਹੰਮਦ (ਸ.) ਦਾ ਦੀਨ ਅਖਵਾਉਂਦਾ ਹੈ ਉਸ ਨੇ ਇਨਸਾਨੀ ਸੱਭਿਅਤਾ ਅਤੇ ਸਦਾਚਾਰ ਦੀ ਤਰੱਕੀ ਦੀ ਪ੍ਰਫੁੱਲਤਾ ਲਈ ਉਨ੍ਹਾਂ ਸਾਰੇ ਮਜ਼ਹਬਾਂ ਤੋਂ ਵੱਧ ਕੰਮ ਕੀਤਾ ਹੈ ਜਿਹੜੇ ਦੁਨੀਆ ਦੇ ਮੁੱਢ ਤੋਂ ਲੈ ਕੇ ਅੱਜ ਤੱਕ ਇਸ ਦੀ ਰੂਹ ਨੂੰ ਗਰਮਾਉਣ ਦਾ ਸਬੱਬ ਬਣੇ ਹਨ"। ਪੂਰਬੀ ਦੇਸ਼ਾਂ ਦੀਆਂ ਜ਼ੁਬਾਨਾਂ ਦਾ ਮਾਹਰ ਅੰਗਰੇਜ਼ ਵਿਦਵਾਨ ਹਰਸ਼ ਫ਼ੀਲਡ ਅਪਣੀ ਰਚਨਾ 'ਨਵੀਂ ਤਹਿਕੀਕ' ਵਿਚ ਲਿਖਦਾ ਹੈ, "ਦੁਨੀਆ ਦੀ ਕਿਸੇ ਵੀ ਕੌਮ ਨੇ ਐਨੀ ਛੇਤੀ ਤਹਿਜ਼ੀਬ ਪ੍ਰਾਪਤ ਨਹੀਂ ਕੀਤੀ ਜਿੰਨੀ ਛੇਤੀ ਅਰਬਾਂ ਨੇ ਇਸਲਾਮ ਦੀ ਬਦੌਲਤ ਹਾਸ ਕੀਤੀ ਹੈ।ਇਸ ਸੱਭਿਅਤਾ ਦੇ ਪਿੱਛੇ ਹਜ਼ਰਤ ਮੁਹੰਮਦ (ਸ.) ਦੀਆਂ ਉਹ ਨਿੱਜੀ ਖ਼ੂਬੀਆਂ ਕੰਮ ਕਰ ਰਹੀਆਂ ਸਨ ਜਿਨ੍ਹਾਂ ਨੇ ਅਣਗਿਣਤ ਇਨਸਾਨਾਂ ਨੂੰ ਸੱਚਾਈ ਵਿਚ ਪ੍ਰਪੱਕ ਬਣਾ ਦਿੱਤਾ ਅਤੇ ਇਕ ਸ਼ਾਨਦਾਰ ਸੱਭਿਆਚਾਰ ਦੀ ਬੁਨਿਆਦ ਰੱਖੀ"। ਪੂਰਬੀ ਦੇਸਾਂ ਦੀਆਂ ਜ਼ੁਬਾਨਾਂ ਦੇ ਇਕ ਹੋਰ ਮਸ਼ਹੂਰ ਲੇਖਕ ਹਟੀ ਹਜ਼ਰਤ ਮੁਹੰਮਦ (ਸ.) ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਲਿਖਦੇ ਹਨ,"ਇਤਿਹਾਸ ਵਿਚ ਇਹ ਪਹਿਲੀ ਕੋਸ਼ਿਸ਼ ਕੀਤੀ ਗਈ ਸੀ ਕਿ ਲੋਕਾਂ ਨੂੰ ਲੜਨ-ਝਗੜਨ ਦੀ ਥਾਂ ਧਰਮ ਦੇ ਨਾਂ ਤੇ ਇਕ ਪਲੇਟਫ਼ਾਰਮ ਉੱਤੇ ਇਕੱਠਾ ਕੀਤਾ ਗਿਆ ਅਤੇ ਅਜਿਹੀ ਹਕੂਮਤ ਦੀ ਬੁਨਿਆਦ ਰੱਖੀ ਗਈ ਜਿਸ ਦਾ ਮੁੱਖ ਹਾਕਮ ਅੱਲਾਹ ਸੀ।ਮੁਹੰਮਦ (ਸ.) ਨੇ ਰੂਹਾਨੀ ਫ਼ਰਜ਼ਾਂ ਤੋਂ ਇਲਾਵਾ ਅਜਿਹੇ ਫ਼ਰਜ਼ਾਂ ਨੂੰ ਵੀ ਨੇਪਰੇ ਚਾੜ੍ਹਿਆ ਜਿਸ ਨਾਲ ਲੋਕ ਕਬਾਇਲੀ ਰਿਸ਼ਤਿਆਂ ਅਤੇ ਇਲਾਕਿਆਂ ਦੀ ਵੰਡ ਨੂੰ ਭੁਲਾ ਕੇ ਸਹੀ ਅਰਥਾਂ ਵਿਚ ਭਾਈ ਭਾਈ ਬਣ ਗਏ"। ਡਾਕਟਰ ਸਟੀਫ਼ਨ ਲਿਖਦੇ ਹਨ, "ਇਸਲਾਮ ਦੇ ਪੈਗ਼ੰਬਰ ਉਸ ਮੁਲਕ ਵਿਚ ਪੈਦਾ ਹੋਏ ਜਿੱਥੇ ਸਿਆਸਤ, ਸੰਗਠਤ ਵਿਸ਼ਵਾਸ਼ ਅਤੇ ਸਾਫ਼-ਸੁਥਰੇ ਇਖ਼ਲਾਕ ਬਾਰੇ ਕੋਈ ਜਾਣਦਾ ਵੀ ਨਹੀਂ ਸੀ।ਉਨ੍ਹਾਂ ਨੇ ਅਪਣੀ ਜ਼ਹਾਨਤ ਨਾਲ ਇੱਕੋ ਸਮੇਂ ਸਿਆਸੀ ਹਾਲਤ ਅਤੇ ਇਖ਼ਲਾਕੀ ਜ਼ਾਬਤੇ ਨੂੰ ਦਰੁਸਤ ਕਰ ਦਿੱਤਾ।ਉਨ੍ਹਾਂ ਨੇ ਅਰਬਾਂ ਨੂੰ ਵੱਖ ਵੱਖ ਕਬੀਲਿਆਂ ਦੀ ਥਾਂ ਇਕ ਕੌਮ ਬਣਾ ਦਿੱਤਾ।ਵੱਖ ਵੱਖ ਦੇਵਤਿਆਂ ਦੀ ਥਾਂ ਇਕ ਖ਼ੁਦਾ ਦੀ ਬੰਦਗੀ ਅਤੇ ਈਮਾਨ ਦੀ ਸਿੱਖਿਆ ਦਿੱਤੀ।ਉਨ੍ਹਾਂ ਨੇ ਜਹਾਲਤ ਦੇ ਸਮੇਂ ਦੀਆਂ ਸਾਰੀਆਂ ਰਸਮਾਂ ਨੂੰ ਜੜ ਤੋਂ ਉਖੇੜ ਕੇ ਸੁੱਟ ਦਿੱਤਾ।ਜਿਉਂ ਜਿਉਂ ਇਸਲਾਮ ਅਰਬ ਦੀ ਧਰਤੀ ਤੋਂ ਬਾਹਰ ਪੈਰ ਪਸਾਰਦਾ ਗਿਆ, ਕਈ ਜੰਗਲੀ ਕੌਮਾਂ ਇਸ ਨੂੰ ਸਵੀਕਾਰ ਕਰਦੀਆਂ ਗਈਆਂ।ਇਸਲਾਮ ਮਨੁੱਖਤਾ ਦੇ ਵਾਸਤੇ ਬਰਕਤ ਦਾ ਸੋਮਾ, ਹਨੇਰੇ ਤੋਂ ਰੌਸ਼ਨੀ ਅਤੇ ਸ਼ੈਤਾਨ ਤੋਂ ਖ਼ੁਦਾ ਵੱਲ ਆਉਣ ਦਾ ਰਾਹ ਦਸੇਰਾ ਹੈ"। ਇਕ ਮਹਾਨ ਇਸਾਈ ਵਿਦਵਾਨ ਜੈਰੀ ਐਡੀ ਹਜ਼ਰਤ ਮੁਹੰਮਦ (ਸ.) ਦੇ ਸਹਾਬੀਆਂ ਦਾ ਜ਼ਿਕਰ ਕਰਦਿਆਂ ਲਿਖਦੇ ਹਨ,"ਮੈਨੂੰ ਇਸ ਗਲ ਨੇ ਸਦਾ ਹੈਰਤ ਵਿਚ ਪਾਈ ਰੱਖਿਆ ਹੈ ਕਿ ਮੁੱਠੀ ਭਰ ਮੁਸਲਮਾਨ ਜਿਨ੍ਹਾਂ ਦਾ ਹੈਡਕੁਆਰਟਰ ਇਸ ਤਰ੍ਹਾਂ ਦਾ ਸੀ ਕਿ ਜਦੋਂ ਬਰਸਾਤ ਹੁੰਦੀ ਸੀ ਤਾਂ ਖਜੂਰ ਦੇ ਪੱਤਿਆਂ ਦੀ ਛੱਤ ਚੋਣ ਲੱਗ ਜਾਂਦੀ ਸੀ ਅਤੇ ਮਿੱਟੀ ਦਾ ਫ਼ਰਸ਼ ਗਾਰਾ ਬਣ ਜਾਂਦਾ।ਇਸ ਗਾਰੇ ਉੱਤੇ ਹੀ ਰੱਬ ਨੂੰ ਸਿਜਦਾ ਕਰਨ ਵਾਲੇ ਕੁਝ ਸਿਪਾਹੀ ਜਿਨ੍ਹਾਂ ਦੀਆਂ ਤਲਵਾਰਾਂ ਜੰਗ ਲੱਗੀਆਂ ਹੁੰਦੀਆਂ ਸਨ ਅਤੇ ਜਿਨ੍ਹਾਂ ਦੇ ਕੋਲ ਸਵਾਰੀ ਲਈ ਕੋਈ ਜਾਨਵਰ ਵੀ ਨਹੀਂ ਹੁੰਦਾ ਸੀ, ਇਸ ਕੱਚੀ ਮਸੀਤ ਵਿਚ ਬੈਠ ਕੇ ਜਦੋਂ ਰੋਮ ਅਤੇ ਇਰਾਨ ਉੱਤੇ ਜਿੱਤ ਪ੍ਰਾਪਤ ਕਰਨ ਦੇ ਮਸ਼ਵਰੇ ਕਰਦੇ ਸਨ ਤਾਂ ਉਹ ਉਸ ਨੂੰ ਕਿਵੇ ਮੁਕੰਮਲ ਕਰ ਲਿਆ ਕਰਦੇ ਸਨ"। ਪ੍ਰੋਫ਼ੈਸਰ ਸੈਡਿਯੂ ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਉੱਤੇ ਰੌਸ਼ਨੀ ਪਾਉਂਦਿਆਂ ਲਿਖਦੇ ਹਨ, "ਇਨਸਾਫ਼ ਦੇ ਮਾਮਲੇ ਵਿਚ ਦੂਰ ਅਤੇ ਨੇੜ ਵਾਲੇ, ਅਪਣੇ ਅਤੇ ਪਰਾਏ ਮੁਹੰਮਦ (ਸ.) ਦੇ ਨਜ਼ਦੀਕ ਬਰਾਬਰ ਸਨ।ਉਹ ਕਿਸੇ ਨੂੰ ਬੁਢਾਪਾ ਜਾਂ ਕਮਜ਼ੋਰ ਕਰਕੇ ਘਟੀਆ ਨਹੀਂ ਸਮਝਦੇ ਸਨ।ਉਹ ਕਿਸੇ ਤਕੜੇ ਜਾਂ ਬਾਦਸ਼ਾਹ ਨੂੰ ਬਾਦਸ਼ਾਹੀ ਕਰਕੇ ਬੜਾ ਨਹੀਂ ਸਮਝਦੇ ਸਨ।ਸਭ ਨਾਲ ਮੁਹੱਬਤ ਕਰਦੇ ਸਨ ਅਤੇ ਦੁਸ਼ਮਨ ਨੂੰ ਵੀ ਖਿੜੇ ਮੱਥੇ ਮਿਲਦੇ ਸਨ"। ‘Muhammad And Encyclopedia Of Social Science’ ਦੇ ਲੇਖਕ ਜੋਜ਼ਫ਼ ਸ਼ਾਖ਼ਟ ਹਜ਼ਰਤ ਮੁਹੰਮਦ (ਸ.) ਦੀਆਂ ਕਾਮਿਯਾਬੀਆਂ ਦਾ ਜ਼ਿਕਰ ਕਰਦਿਆਂ ਲਿਖਦੇ ਹਨ,"ਮੁਹੰਮਦ (ਸ.) ਨੂੰ ਅਪਣੇ ਨਬੀ ਹੋਣ ਉੱਤੇ ਪੱਕਾ ਯਕੀਨ ਸੀ।ਉਹ ਹਰ ਸ਼ੱਕ-ਸ਼ੁਬ੍ਹਾ ਤੋਂ ਉੱਪਰ ਸਨ।ਉਨ੍ਹਾਂ ਦੀ ਸ਼ਖ਼ਸ਼ੀਅਤ ਦਾ ਜਿਹੜਾ ਪਾਸਾ ਜ਼ੋਰ-ਸ਼ੋਰ ਨਾਲ ਸਾਹਮਣੇ ਆਇਆ ਉਹ ਉਨ੍ਹਾਂ ਦਾ ਦੀਨੀ ਜਜ਼ਬਾ ਸੀ।ਜਦੋਂ ਇਸ ਜਜ਼ਬੇ ਦਾ ਮੇਲ ਉਨ੍ਹਾਂ ਦੀਆਂ ਸਿਆਸੀ ਖ਼ੂਬੀਆਂ ਨਾਲ ਹੋਇਆ ਤਾਂ ਆਪ ਦੀ ਰਸਾਲਤ (ਨਬੀ ਬਨਣਾ) ਦੁਨੀਆ ਵਿਚ ਹੀ ਕਾਮਿਆਬ ਹੋ ਗਈ।ਮੱਕਾ ਵਿਖੇ ਉਨ੍ਹਾਂ ਦਾ ਸਬਰ ਅਤੇ ਮਦੀਨਾ ਵਿਖੇ ਉਨ੍ਹਾਂ ਦੇ ਦੂਰਅੰਦੇਸ਼ ਮਨਸੂਬੇ ਉਨ੍ਹਾਂ ਦੀ ਉਸ ਮਿਹਨਤ ਦਾ ਨਤੀਜਾ ਸਨ ਜਿਸ ਲਈ ਉਹ ਸਾਰੀ ਉਮਰ ਕੋਸ਼ਿਸ਼ ਕਰਦੇ ਰਹੇ।ਉਨ੍ਹਾਂ ਦੀ ਵਿਲੱਖਣ ਸ਼ਖ਼ਸ਼ੀਅਤ ਨੇ ਉਨ੍ਹਾਂ ਦੀ ਕਾਮਿਯਾਬੀ ਦੇ ਰਸਤੇ ਪੱਧਰੇ ਕੀਤੇ ਅਤੇ ਉਹ ਸੰਸਾਰ ਉੱਤੇ ਅਪਣੀ ਅਮਿਟ ਛਾਪ ਛੱਡ ਗਏ"। ਪੱਛਮੀ ਵਿਦਵਾਨਾਂ ਦਾ ਇਹ ਵਿਚਾਰ ਕਿ ਇਸਲਾਮ ਤਲਵਾਰ ਦੇ ਜ਼ੋਰ ਨਾਲ ਫੈਲਿਆ ਹੈ ਦੀ ਵਿਰੋਧਤਾ ਕਰਦਿਆਂ ਰਾਬਰਟ ਐਲ ਗਲਕ ਲਿਖਦੇ ਹਨ,"ਆਮ ਤੌਰ ਦੇ ਪੱਛਮੀ ਵਿਦਵਾਨ ਆਖਦੇ ਹਨ ਕਿ ਇਸਲਾਮ ਤਲਵਾਰ ਦੇ ਜ਼ੋਰ ਨਾਲ ਫ਼ੈਲਿਆ ਹੈ ਅਤੇ ਉਹ ਅਰਬ ਦੀ ਤਸਵੀਰ ਬਣਾਉਂਦਿਆਂ ਇਕ ਹੱਥ ਵਿਚ ਤਲਵਾਰ ਅਤੇ ਦੂਸਰੇ ਵਿਚ ਕੁਰਆਨ ਸ਼ਰੀਫ਼ ਵਿਖਾਉਂਦੇ ਹਨ।ਪਰ ਮੈਂ ਕਹਿੰਦਾ ਹਾਂ ਇਹ ਉਨ੍ਹਾਂ ਦੀ ਗ਼ਲਤ ਫ਼ਹਿਮੀ ਹੈ।ਕਿਉਂ ਜੋ ਇਸ ਮਾਮਲੇ ਵਿਚ ਮੁਜਰਮ ਮੁਸਲਮਾਨ ਨਹੀਂ ਸਗੋਂ ਇਸਾਈ ਹਨ।ਇਹ ਆਖਣਾ ਕਿ ਮੁਸਲਮਾਨਾਂ ਦੀਆਂ ਦੂਸਰੇ ਗ਼ੈਰ ਮੁਸਲਮਾਨਾਂ ਨਾਲ ਜੰਗਾਂ ਮਜ਼ਹਬੀ ਸਨ ਅਤੇ ਦੂਜੇ ਧਰਮਾਂ ਨੂੰ ਦਬਾਉਣ ਲਈ ਲੜੀਆਂ ਗਈਆਂ ਹਨ ਗ਼ਲਤ ਵੀ ਹੈ ਅਤੇ ਬਹਿਸ ਕਰਨ ਦੇ ਕਾਬਲ ਵੀ ਨਹੀਂ"। ਦੁਨੀਆ ਦੀਆਂ ਬਹੁਤ ਸਾਰੀਆਂ ਜ਼ੁਬਾਨਾਂ ਦੇ ਮਾਹਰ ਖ਼ਾਸ ਤੌਰ ਤੇ ਪੂਰਬੀ ਜ਼ੁਬਾਨਾਂ ਦੇ ਵਿਦਵਾਨ ਸਵੀਡਨ ਦੇ ਟੋਰ ਆਂਦਰੇ ਅਪਣੀ ਕਿਤਾਬ 'ਮੁਹੰਮਦ' ਵਿਚ ਲਿਖਦੇ ਹਨ, "ਪੈਗ਼ੰਬਰੀ ਦੇ ਪਹਿਲੇ ਸਾਲਾਂ ਵਿਚ ਜਦੋਂ ਇਸਲਾਮ ਯਹੂਦੀਆਂ ਲਈ ਰਸਤੇ ਦਾ ਰੋੜਾ ਸੀ ਅਤੇ ਅਰਬ ਦੇ ਮੁਸ਼ਰਕਾਂ ਵਿਚ ਸਿਰਫ਼ ਇਕ ਹਮਾਕਤ ਸੀ ਉਸ ਸਮੇਂ ਜਿਹੜੇ ਲੋਕਾਂ ਨੇ ਹਜ਼ਰਤ ਮੁਹੰਮਦ (ਸ.) ਦੇ ਸ਼ੰਦੇਸ਼ ਨੂੰ ਸਵੀਕਾਰ ਕੀਤਾ ਉਨ੍ਹਾਂ ਵਿਚ ਚੰਗੀਆਂ ਖ਼ੂਬੀਆਂ ਦੇ ਮਾਲਕ ਲੋਕ ਵੀ ਸਨ।ਹਜ਼ਰਤ ਮੁਹੰਮਦ (ਸ.) ਦੀ ਨਿੱਜੀ ਜ਼ਿੰਦਗੀ ਦਾ ਇਹ ਪਾਠ ਜਿਸ ਵਿਚ ਇਨ੍ਹਾਂ ਸਹਾਬੀਆਂ ਦਾ ਜ਼ਿਕਰ ਮਿਲਦਾ ਹੈ ਅਹਿਮੀਅਤ ਰੱਖਦਾ ਹੈ। ਹਜ਼ਰਤ ਮੁਹੰਮਦ (ਸ.) ਦੀਆਂ ਸਿਆਸੀ ਅਤੇ ਤਾਰੀਖ਼ੀ ਕਾਮਿਯਾਬੀਆਂ ਦਾ ਜ਼ਿਕਰ ਕਰਦੇ ਹੋਏ ਬਰਨਾਡ ਲੋਈਸ ਲਿਖਦੇ ਹਨ,"ਉਹ ਬਹੁਤ ਵੱਡੀਆਂ ਕਾਮਿਯਾਬੀਆਂ ਪ੍ਰਾਪਤ ਕਰ ਚੁੱਕੇ ਸਨ।ਪੱਛਮੀ ਅਰਬ ਦੇ ਅਨਪੜ੍ਹਾਂ ਲਈ ਉਹ ਇਕ ਨਵਾਂ ਦੀਨ ਲੈ ਕੇ ਆਏ ਸਨ ਜਿਹੜਾ ਅਪਣੇ ਤੌਹੀਦ ਦੇ ਮਤੇ ਅਤੇ ਇਖ਼ਲਾਕੀ ਖ਼ੂਬੀਆਂ ਕਰਕੇ ਜਾਹਲੀਅਤ ਦੇ ਉਨ੍ਹਾਂ ਮਜ਼ਹਬਾਂ ਤੋਂ ਬਹੁਤ ਉੱਚਾ ਸੀ ਜਿਨ੍ਹਾਂ ਦੀ ਥਾਂ ਇਹ ਦੀਨ ਆਇਆ ਸੀ।ਹਜ਼ਰਤ ਮੁਹੰਮਦ (ਸ.) ਨੇ ਇਸ ਦੀਨ ਨੂੰ ਉਹ ਅਸਮਾਨੀ ਕਿਤਾਬ ਦਿੱਤੀ ਜਿਹੜੀ ਬਾਅਦ ਦੀਆਂ ਸਦੀਆਂ ਵਿਚ ਕਰੋੜਾਂ ਮੁਸਲਮਾਨਾਂ ਦੇ ਇਖ਼ਲਾਕ ਦੀ ਰਹਿਬਰ ਬਣੀ।ਪਰ ਆਪ ਦੀ ਕਾਮਿਯਾਬੀ ਸਿਰਫ਼ ਇਹੋ ਨਹੀਂ ਸੀ ਸਗੋਂ ਆਪ ਨੇ ਅਪਣੀ ਜ਼ਿੰਦਗੀ ਵਿਚ ਹੀ ਇਕ ਕੌਮ ਅਤੇ ਇਕ ਰਾਜ ਸਥਾਪਤ ਕਰ ਦਿੱਤਾ ਜਿਹੜਾ ਹਰ ਲਿਹਾਜ਼ ਨਾਲ ਮੁਕੰਮਲ ਵੀ ਸੀ ਅਤੇ ਤਾਕਤਵਰ ਵੀ"। ਹਜ਼ਰਤ ਮੁਹੰਮਦ (ਸ.) ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਜਾਰਜ ਸੈਲ ਲਿਖਦੇ ਹਨ,"ਹਜ਼ਰਤ ਮੁਹੰਮਦ (ਸ.) ਕੁਦਰਤੀ ਖ਼ੂਬੀਆਂ ਨਾਲ ਪਰਭੂਰ ਸਨ।ਉਹ ਸੂਰਤ ਵੱਲੋਂ ਬੇਹੱਦ ਹੁਸੀਨ, ਸੋਚਾਂ ਵਿਚ ਦੂਰ ਅੰਦੇਸ਼, ਦਾਨਸ਼ਮੰਦ, ਅਤੇ ਉੱਚਾ ਇਖ਼ਲਾਕ ਰੱਖਣ ਵਾਲੇ ਇਨਸਾਨ ਸਨ।ਗ਼ਰੀਬਾਂ ਦੇ ਹਮਦਰਦ, ਦੁਸ਼ਮਨਾਂ ਲਈ ਰਹਿਮ ਦਿਲ ਅਤੇ ਰੱਬ ਦੀ ਬੰਦਗੀ ਵਿਚ ਮਸ਼ਗ਼ੂਲ ਰਹਿਣ ਵਾਲੇ ਸਨ"।
107. ਔਖੇ ਸ਼ਬਦਾਂ ਦੇ ਅਰਥ
ਮੁਤਵੱਲੀ : ਸਾਂਭ-ਸੰਭਾਲ ਕਰਨ ਵਾਲਾ
ਰਿਸਾਲਤ : ਪੈਗ਼ੰਬਰੀ
ਨਬੁੱਵਤ : ਪੈਗ਼ੰਬਰੀ
ਨਬੀ : ਰੱਬ ਵੱਲੋਂ ਭੇਜਿਆ ਗਿਆ ਪੈਗ਼ੰਬਰ
ਕੁਰੈਸ਼ : ਮੱਕੇ ਦਾ ਉੱਚਾ ਅਤੇ ਇੱਜ਼ਤਦਾਰ ਘਰਾਣਾ
ਬਿਨ : ਪੁੱਤਰ
ਬਿਨਤ : ਪੁੱਤਰੀ
ਖ਼ਾਨਾ ਕਾਅਬਾ : ਮੱਕਾ ਵਿਖੇ ਵਰਗ ਆਕਾਰ ਬਣਿਆ
ਹੋਇਆ ਰੱਬ ਦਾ ਘਰ
ਬੈਤੁਲ ਮੁਕੱਦਸ : ਯੁਰੋਸ਼ਲਮ ਵਿਖੇ ਪਵਿੱਤਰ ਰੱਬ ਦਾ ਘਰ
ਮਿਅਰਾਜ : ਅਸਮਾਨੀ ਯਾਤਰਾ
ਯਹੂਦੀ : ਹਜ਼ਰਤ ਮੂਸਾ ਦੇ ਪੈਰੋਕਾਰ
ਹਜ਼ਰਤ : ਸਤਿਕਾਰਤ ਸ਼ਬਦ, ਸ਼੍ਰੀ ਮਾਨ
ਰਜਾਈ ਭਾਈ : ਇੱਕੋ ਮਾਂ ਦਾ ਦੁਧ ਪੀਣ ਵਾਲੇ ਭਰਾ
ਸਹਾਬੀ : ਹਜ਼ਰਤ ਮੁਹੰਮਦ (ਸ.) ਦੇ ਮੁਸਲਮਾਨ
ਸਾਥੀ ਜਿਨ੍ਹਾਂ ਨੇ ਉਨ੍ਹਾਂ ਨੂੰ ਅੱਖੀਂ ਵੇਖਿਆ
ਮੁਹਾਜਿਰ : ਮੱਕਾ ਛੱਡ ਕੇ ਮਦੀਨੇ ਜਾਣ ਵਾਲੇ
ਅਨਸਾਰ : ਮੱਕਾ ਛੱਡ ਕੇ ਗਏੇ ਲੋਕਾਂ ਦੀ ਸਾਂਭ-
ਸੰਭਾਲ ਕਰਨ ਵਾਲੇ ਮਦੀਨੇ ਦੇ ਲੋਕ
ਜਾਹਲੀਅਤ ਦਾ ਸਮਾਂ : ਅਨਪੜ੍ਹਤਾ ਦਾ ਦੌਰ
ਉੰਮੀ : ਅਨਪੜ੍ਹ, ਜਿਸ ਨੇ ਕਿਸੇ ਮਨੁੱਖ ਤੋਂ
ਨਾ ਪੜ੍ਹਿਆ ਹੋਵੇ
ਹੱਜਾਜ਼ : ਅਰਬ ਦਾ ਪੁਰਾਣਾ ਨਾਂ
ਤੌਹੀਦ : ਇਕ ਈਸ਼ਵਰਵਾਦ, ਇੱਕੋ ਇਕ
ਰੱਬ ਨੂੰ ਮੰਨਣਾ
ਹਰਬ : ਅਣਖ ਲਈ ਮੁਕਾਬਲਾ ਜਾਂ ਲੜਾਈ
ਝਗੜਾ ਕਰਨਾ
ਜਿਹਾਦ : ਧਰਮਯੁੱਧ, ਧਰਮ ਲਈ ਹਥਿਆਰ ਚੁੱਕਣਾ
ਗ਼ਜ਼ਵਾ : ਉਹ ਲੜਾਈ ਜਿਸ ਵਿਚ ਹਜ਼ਰਤ
ਮੁਹੰਮਦ (ਸ.) ਆਪ ਲੜੇ ਹੋਣ
ਤਵਾਫ਼ : ਮੱਕਾ ਵਿਖੇ ਵਰਗ ਆਕਾਰ ਬਣੇ ਖ਼ਾਨਾ
ਕਾਅਬਾ ਦੁਆਲੇ ਚੱਕਰ ਲਾਉਣਾ
ਫ਼ਿਰਔਨ : ਮਿਸਰ ਦੇ ਬਾਦਸ਼ਾਹਾਂ ਦਾ ਲਕਬ
ਅਲੈ. = (ਅਲੈਹਿੱਸਲਾਮ) : ਉਸ 'ਤੇ ਸਲਾਮਤੀ ਹੋਵੇ
ਸ. =(ਸੱਲੱਲਾਹੁ ਅਲੈਹਿ ਵਸੱਲਮ) : ਸਲਾਮ ਅਤੇ ਦਰੂਦ ਹੋਵੇ ਉਹਨਾਂ 'ਤੇ
ਰਜ਼ੀ. =(ਰਜ਼ੀਅੱਲਾਹ ਅਨਹੁ) : ਅੱਲਾਹ ਉਹਨਾਂ ਤੋਂ ਰਾਜ਼ੀ ਹੋਵੇ