Hazrat Muhammad (S) : Noor Muhammad Noor

ਹਜ਼ਰਤ ਮੁਹੰਮਦ (ਸ.) (ਇਤਿਹਾਸ ਨਿਰਮਾਤਾ) : ਨੂਰ ਮੁਹੰਮਦ ਨੂਰ

1. ਇਸਲਾਮ ਅਤੇ ਪੈਗ਼ੰਬਰ

ਇਸਲਾਮ ਕੀ ਹੈ ਅਤੇ ਇਸ ਦੇ ਅਰਥ ਕੀ ਹਨ? ਇਸ ਨੂੰ ਸੰਖੇਪ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ, "ਅਪਣੇ ਆਪ ਨੂੰ ਰੱਬ ਦੇ ਸਾਹਮਣੇ ਝੁਕਾ ਦੇਣਾ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨਾ ਇਸਲਾਮ ਹੈ"।ਉਰਦੂ ਲੁਗ਼ਤ ਵਿਚ ਵੀ ਰੱਬ ਦੀ ਆਗਿਆਕਾਰੀ ਨੂੰ ਇਸਲਾਮ ਅਤੇ ਇਸਲਾਮ ਦੇ ਅਸੂਲਾਂ ਤੇ ਚੱਲਣ ਵਾਲਿਆਂ ਨੂੰ ਮੁਸਲਮਾਨ ਕਿਹਾ ਜਾਂਦਾ ਹੈ।
ਪੈਗ਼ੰਬਰ ਤੋਂ ਭਾਵ ਉਸ ਬੰਦੇ ਤੋਂ ਲਿਆ ਜਾਂਦਾ ਹੈ ਜਿਹੜਾ ਰੱਬ ਦਾ ਪੈਗ਼ਾਮ (ਹੁਕਮ) ਲੋਕਾਂ ਤੱਕ ਪਹੁੰਚਾਵੇ, ਰੱਬ ਦੀਆਂ ਭੇਜੀਆਂ ਹਦਾਇਤਾਂ ਲੋਕਾਂ ਨੂੰ ਦੱਸੇ ਅਤੇ ਸਮਝਾਵੇ।ਕੁਰਆਨ ਸ਼ਰੀਫ਼ ਵਿਚ ਲਿਖਿਆ ਮਿਲਦਾ ਹੈ ਕਿ ਰੱਬ ਨੇ ਹਰ ਮੁਲਕ ਅਤੇ ਹਰ ਕੌਮ ਵਿਚ ਅਪਣੇ ਪੈਗ਼ੰਬਰ ਭੇਜੇ ਤਾਂ ਜੋ ਲੋਕਾਂ ਨੂੰ ਸਿੱਧਾ ਰਸਤਾ ਵਿਖਾਇਆ ਜਾ ਸਕੇ ਅਤੇ ਭਟਕੇ ਹੋਏ ਲੋਕਾਂ ਨੂੰ ਸੱਚਾਈ ਦੇ ਰਸਤੇ ਉੱਤੇ ਤੋਰਿਆ ਜਾ ਸਕੇ।
ਕੁਰਆਨ ਸ਼ਰੀਫ਼ ਅਨੁਸਾਰ ਦੁਨੀਆ ਤੇ ਆਉਣ ਵਾਲੇ ਪਹਿਲੇ ਇਨਸਾਨ ਦਾ ਨਾਂ ਹਜ਼ਰਤ ਆਦਮ (ਅਲੈ.) ਸੀ।ਉਹ ਪੈਗ਼ੰਬਰ ਵੀ ਸਨ।ਇਸ ਤੋਂ ਬਾਅਦ ਦੁਨੀਆਂ ਤੇ ਹਜ਼ਾਰਾਂ ਪੈਗ਼ੰਬਰ ਵੱਖ ਵੱਖ ਮੁਲਕਾਂ ਅਤੇ ਵੱਖ ਵੱਖ ਕੌਮਾਂ ਵਿਚ ਆਉਂਦੇ ਰਹੇ।ਕਈ ਪੈਗ਼ੰਬਰਾਂ ਨੂੰ ਉਨ੍ਹਾਂ ਦੀਆਂ ਕੌਮਾਂ ਨੇ ਮੰਨਿਆ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੇ ਚੱਲਣ ਨੂੰ ਸਵੀਕਾਰਿਆ ਪਰ ਬਹੁ-ਗਿਣਤੀ ਲੋਕਾਂ ਨੇ ਉਨ੍ਹਾਂ ਦੀ ਵਿਰੋਧਤਾ ਕੀਤੀ ਅਤੇ ਉਨ੍ਹਾਂ ਦੇ ਪਿੱਛੇ ਚੱਲਣ ਦੀ ਥਾਂ ਉਨ੍ਹਾਂ ਨੂੰ ਸੱਚੇ ਮਾਰਗ ਤੇ ਚੱਲਣ ਤੋਂ ਰੋਕਿਆ।ਜਿਹੜੇ ਲੋਕਾਂ ਨੇ ਉਨ੍ਹਾਂ ਪੈਗ਼ੰਬਰਾਂ ਉੱਤੇ ਵਿਸ਼ਵਾਸ਼ ਵੀ ਕੀਤਾ, ਸਮਾਂ ਪਾ ਕੇ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਵਿਚ ਕੁਰੀਤੀਆਂ ਪੈਦਾ ਹੁੰਦੀਆਂ ਗਈਆਂ ਅਤੇ ਇਨ੍ਹਾਂ ਕੁਰੀਤੀਆਂ ਨੂੰ ਸੁਧਾਰਣ ਵਾਸਤੇ ਰੱਬ ਹੋਰ ਨਬੀ ਭੇਜਦਾ ਰਿਹਾ।ਇਸ ਤਰ੍ਹਾਂ ਹਜ਼ਰਤ ਆਦਮ (ਅਲੈ.) ਤੋਂ ਹਜ਼ਰਤ ਮੁਹੰਮਦ (ਸ.) ਤੱਕ ਨਬੀਆਂ ਦੇ ਆਉਣ ਦਾ ਇਹ ਸਿਲਸਲਾ ਚਲਦਾ ਰਿਹਾ।ਇਨ੍ਹਾਂ ਵਿੱਚੋਂ ਕਈ ਨਬੀ ਬਹੁਤ ਮਸ਼ਹੂਰ ਹੋਏ।
ਭਾਵੇਂ ਮੇਰੀ ਇਸ ਕਿਤਾਬ ਦਾ ਵਿਸ਼ਾ ਸਿਰਫ਼ ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ ਤੱਕ ਹੀ ਸੀਮਤ ਹੈ ਪਰ ਫਿਰ ਵੀ ਮੈਂ ਥੋੜੇ ਸ਼ਬਦਾਂ ਵਿਚ ਇਹ ਦੱਸਣਾ ਚਾਹੁੰਦਾ ਹਾਂ ਕਿ ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਹੋਣ ਵਾਲੇ ਪੈਗ਼ੰਬਰ ਵੀ ਇਸੇ ਸਿਲਸਲੇ ਦੀ ਇਕ ਕੜੀ ਸਨ ਅਤੇ ਇਨ੍ਹਾਂ ਸਾਰਿਆਂ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਦਰਸਾ ਕੇ ਰੱਬ ਵੱਲੋਂ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਹਿਲਾਂ ਹੋ ਚੁੱਕੇ ਪੈਗ਼ੰਬਰਾਂ ਨੇ ਵੀ ਅਪਣੀਆਂ ਕੌਮਾਂ ਨੂੰ ਰਸਤੇ ਤੇ ਲਿਆਉਣ ਲਈ ਹੰਭਲੇ ਮਾਰੇ ਸਨ ਪਰ ਸਦੀਆਂ ਬੀਤ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਕੌਮਾਂ ਉਨ੍ਹਾਂ ਵੱਲੋਂ ਦਰਸਾਏ ਸੱਚਾਈ ਦੇ ਰਸਤੇ ਤੋਂ ਫਿਰਦੀਆਂ ਰਹੀਆਂ।
ਮੁਸਲਮਾਨ ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਹੋ ਚੁੱਕੇ ਨਬੀਆਂ ਨੂੰ ਵੀ ਸੱਚੇ ਨਬੀ ਮੰਨਦੇ ਹਨ।ਇਹੋ ਕਾਰਨ ਹੈ ਕਿ ਜਿਹੜੇ ਖ਼ਾਨਾ ਕਾਅਬਾ ਨੂੰ ਯਹੂਦੀਆਂ ਦੇ ਪੈਗ਼ੰਬਰ ਹਜ਼ਰਤ ਇਬਰਾਹੀਮ (ਅਲੈ.) ਨੇ ਰੱਬ ਦੇ ਹੁਕਮ ਤੇ ਅਪਣੀ ਉੱਮਤ ਵਾਸਤੇ ਹੱਜ ਕਰਨ ਲਈ ਬਣਾਇਆ ਸੀ ਮੁਸਲਮਾਨ ਹੁਣ ਵੀ ਉਸ ਦੀ ਸਾਂਭ-ਸੰਭਾਲ ਕਰਦੇ ਹਨ।ਉੱਥੇ ਹੀ ਹੱਜ ਕਰਨ ਜਾਂਦੇ ਹਨ।ਓਸੇ ਤਰ੍ਹਾਂ 'ਸਫ਼ਾ' ਅਤੇ 'ਮਰਵਾ' ਦੀਆਂ ਪਹਾੜੀਆਂ ਤੇ ਚੱਕਰ ਲਾਉਂਦੇ ਹਨ ਜਿਸ ਤਰ੍ਹਾਂ ਹਜ਼ਰਤ ਇਬਰਾਹੀਮ (ਅਲੈ.) ਦੀ ਪਤਨੀ ਬੀਬੀ ਹਾਜ਼ਰਾ ਨੇ ਪਾਣੀ ਦੀ ਭਾਲ ਵਿਚ ਲਾਏ ਸਨ।
ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਬਹੁਤ ਸਾਰੇ ਨਬੀ ਆਏ । ਕਈ ਵਾਰ ਤਾਂ ਇੰਜ ਵੀ ਹੋਇਆ ਕਿ ਇਕ ਤੋਂ ਵੱਧ ਨਬੀ ਵੀ ਇੱਕੋ ਸਮੇਂ ਹੋਏ ਪਰ ਉਹ ਸਾਰੇ ਕੁਝ ਸਮੇਂ ਲਈ ਹੀ ਹੋਏ।ਕਈ ਨਬੀਆਂ ਦੀਆਂ ਕੌਮਾਂ ਨੇ ਅਪਣੇ ਨਬੀਆਂ ਨੂੰ ਆਪ ਹੀ ਖ਼ਤਮ ਕਰ ਦਿੱਤਾ ਅਤੇ ਕਈ ਨਬੀਆਂ ਨੇ ਕੌਮਾਂ ਨੂੰ ਰਸਤੇ ਤੇ ਨਾ ਆਉਂਦੀਆਂ ਦੇਖ ਕੇ ਦੁਰ-ਅਸੀਸ ਦਿੱਤੀ ਜਿਸ ਨਾਲ ਭਿਆਨਕ ਅਜ਼ਾਬ ਆਏ ਅਤੇ ਉਨ੍ਹਾਂ ਕੌਮਾਂ ਦੀ ਹੋਂਦ ਹੀ ਮਿਟ ਗਈ।ਪਰ ਹਜ਼ਰਤ ਮੁਹੰਮਦ (ਸ.) ਕਿਉਂ ਜੋ ਆਖ਼ਰੀ ਨਬੀ ਸਨ ਅਤੇ ਕਿਆਮਤ ਤੱਕ ਹੋਰ ਕੋਈ ਨਬੀ ਨਹੀਂ ਆਉਣ ਵਾਲਾ, ਇਸ ਲਈ ਰੱਬ ਦੇ ਹੁਕਮਾਂ ਅਨੁਸਾਰ ਨਾ ਹਜ਼ਰਤ ਮੁਹੰਮਦ (ਸ.) ਨੇ ਅਪਣੀ ਕੌਮ ਦੇ ਹੱਕ ਵਿਚ ਦੁਰ-ਅਸੀਸ ਦਿੱਤੀ ਅਤੇ ਨਾ ਹੀ ਉਨ੍ਹਾਂ ਦੀ ਕੌਮ ਤੇ ਕੋਈ ਅਜ਼ਾਬ ਆਇਆ ਅਤੇ ਨਾ ਹੀ ਕਿਆਮਤ ਤੱਕ ਆਵੇਗਾ।
ਹਥਲੀ ਕਿਤਾਬ ਵਿਚ ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਹੋਣ ਵਾਲੇ ਕੁਝ ਮਸ਼ਹੂਰ ਨਬੀਆਂ ਦਾ ਇਸ ਲਈ ਜ਼ਿਕਰ ਕੀਤਾ ਗਿਆ ਹੈ ਤਾਂ ਜੋ ਪਹਿਲਾਂ ਹੋ ਚੁੱਕੇ ਧਰਮਾਂ ਦਾ ਇਸਲਾਮ ਨਾਲ ਸਬੰਧ ਦਰਸਾਇਆ ਜਾ ਸਕੇ।
ਆਖ਼ਰੀ ਸਫ਼ੇ ਤੇ ਕਿਤਾਬ ਵਿਚ ਆਏ ਅਰਬੀ ਬੋਲੀ ਦੇ ਅਤੇ ਕੁਝ ਹੋਰ ਔਖੇ ਸ਼ਬਦਾਂ ਦੇ ਅਰਥ ਦਿੱਤੇ ਗਏ ਹਨ ਪਾਠਕਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਉਹ ਕਿਤਾਬ ਨੂੰ ਪੜ੍ਹਣਾ ਸ਼ੁਰੂ ਕਰਨ ਤੋਂ ਪਹਿਲਾਂ ਇਨ੍ਹਾਂ ਸ਼ਬਦਾਂ ਦੇ ਅਰਥ ਸਮਝ ਲੈਣ ਤਾਂ ਜੋ ਪੜ੍ਹਨ ਲੱਗਿਆਂ ਉਨ੍ਹਾਂ ਨੂੰ ਸਮਝਣ ਵਿਚ ਕਠਨਾਈਆਂ ਦਰਪੇਸ਼ ਨਾ ਆਉਣ।

2. ਹਜ਼ਰਤ ਆਦਮ (ਅਲੈ.)

'ਕਸਸੁਲ ਅੰਬੀਆ' ਦਾ ਲੇਖਕ ਮੌਲਵੀ ਗ਼ੁਲਾਮ ਨਬੀ ਲਿਖਦਾ ਹੈ ਕਿ ਦੁਨੀਆ ਉੱਤੇ ਆਉਣ ਵਾਲੇ ਸਭ ਤੋਂ ਪਹਿਲੇ ਇਨਸਾਨ ਅਤੇ ਪਹਿਲੇ ਪੈਗ਼ੰਬਰ ਹਜ਼ਰਤ ਆਦਮ (ਅਲੈ.) ਸਨ।ਰੱਬ ਨੇ ਉਨ੍ਹਾਂ ਨੂੰ ਹੁਕਮ-ਅਦੂਲੀ ਦੀ ਸਜ਼ਾ ਦੇਣ ਲਈ ਜੰਨਤ ਵਿੱਚੋ ਕੱਢ ਕੇ ਧਰਤੀ ਉੱਤੇ ਭੇਜਣ ਦਾ ਫ਼ੈਸਲਾ ਕੀਤਾ।ਇਹ ਹੁਕਮ-ਅਦੂਲੀ ਕੀ ਸੀ? ਇਸ ਬਾਰੇ ਲਿਖਿਆ ਮਿਲਦਾ ਹੈ ਕਿ ਹਜ਼ਰਤ ਆਦਮ (ਅਲੈ.) ਅਤੇ ਉਨ੍ਹਾਂ ਦੀ ਪਤਨੀ ਹੱਵਾ ਜੰਨਤ (ਸਵਰਗ) ਵਿਚ ਰਹਿੰਦੇ ਸਨ।ਉਨ੍ਹਾਂ ਨੂੰ ਕਿਸੇ ਖ਼ਾਸ ਫਲ ਤੋਂ ਦੂਰ ਰਹਿਣ ਲਈ ਆਖਿਆ ਗਿਆ ਸੀ ਪਰ ਸ਼ੈਤਾਨ ਦੇ ਭਕਾਵੇ ਵਿਚ ਆ ਕੇ ਹੱਵਾ ਨੇ ਹਜ਼ਰਤ ਆਦਮ (ਅਲੈ.) ਨੂੰ ਮਜਬੂਰ ਕਰ ਦਿੱਤਾ ਕਿ ਉਹ ਇਸ ਬੂਟੇ ਦੇ ਫਲ ਦਾ ਸੁਅਦ ਚੱਖ ਕੇ ਦੇਖੇ।ਹੱਵਾ ਦੀਆਂ ਗੱਲਾਂ ਵਿਚ ਆ ਕੇ ਹਜ਼ਰਤ ਆਦਮ (ਅਲੈ.) ਅਜਿਹਾ ਕਰਕੇ ਰੱਬ ਦੀ ਹੁਕਮ-ਅਦੂਲੀ ਕਰ ਬੈਠੇ।ਸਿੱਟੇ ਵਜੋਂ ਰੱਬ ਨੇ ਨਾਰਾਜ਼ ਹੋ ਕੇ ਉਨ੍ਹਾਂ ਨੂੰ ਧਰਤੀ ਉੱਤੇ ਭੇਜ ਦਿੱਤਾ।
ਰੱਬ ਨੇ ਹਜ਼ਰਤ ਆਦਮ (ਅਲੈ.) ਅਤੇ ਹੱਵਾ ਨੂੰ ਸਰਅੰਦੀਪ ਜਿਸ ਨੂੰ ਹੁਣ ਸ੍ਰੀ ਲੰਕਾ ਕਿਹਾ ਜਾਂਦਾ ਹੈ, ਵਿਚ ਆਬਾਦ ਕਰਕੇ ਆਖਿਆ ਕਿ ਤੁਸੀਂ ਮੇਰੇ ਬੰਦੇ ਹੋ ਅਤੇ ਮੈਂ ਤੁਹਾਡਾ ਮਾਲਿਕ।ਤੁਸੀਂ ਦੁਨੀਆ ਉੱਤੇ ਰਹੋ ਅਤੇ ਮੇਰੇ ਹੁਕਮ ਦੀ ਪਾਲਨਾ ਕਰੋ।ਜਿਸ ਚੀਜ਼ ਤੋਂ ਮੈਂ ਰੋਕਾਂ ਉਸ ਤੋਂ ਰੁਕੋ।ਜੇਕਰ ਤੁਸੀਂ ਅਜਿਹਾ ਕਰੋਗੇ ਅਤੇ ਮੇਰੇ ਹੁਕਮ ਨੂੰ ਮੰਨਦੇ ਰਹੋਗੇ ਤਾਂ ਮੈਂ ਤੁਹਾਨੂੰ ਧਰਤੀ ਉੱਤੇ ਸੁੱਖ ਦੇਣ ਵਾਲੇ ਬਹੁਤ ਸਾਰੇ ਇਨਾਮ ਦੇਵਾਂਗਾ ਅਤੇ ਜੇ ਅਜਿਹਾ ਨਹੀਂ ਕਰੋਗੇ ਤਾਂ ਮੈਂ ਨਾਰਾਜ਼ ਹੋ ਜਾਵਾਂਗਾ। ਹਜ਼ਰਤ ਆਦਮ (ਅਲੈ.) ਅਤੇ ਹੱਵਾ ਨੇ ਰੱਬ ਦੇ ਹੁਕਮ ਅੱਗੇ ਸਿਰ ਝੁਕਾ ਦਿੱਤਾ ਇਸ ਤਰ੍ਹਾਂ ਉਹ ਦੁਨੀਆਂ ਦੇ ਪਹਿਲੇ ਮੁਸਲਮਾਨ ਬਣ ਗਏ ਜਿਨ੍ਹਾਂ ਨੇ ਅਪਣੇ ਬਣਾਉਣ ਵਾਲੇ ਦੇ ਹੁਕਮਾਂ ਦੀ ਪਾਲਣਾ ਕੀਤੀ।
'ਫ਼ਰਹੰਗੇ ਅਸਫ਼ੀਆ' ਵਿਚ ਮੌਲਵੀ ਸੱਯਦ ਅਹਿਮਦ ਦਿਹਲਵੀ ਲਿਖਦੇ ਹਨ, "ਲੰਕਾ ਵਿਚ ਇਕ ਪਹਾੜ ਨੂੰ ਕੋਹੇ-ਆਦਮ ਆਖਿਆ ਜਾਂਦਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਜਦੋਂ ਹਜ਼ਰਤ ਆਦਮ (ਅਲੈ.) ਨੂੰ ਜੰਨਤ ਵਿੱਚੋਂ ਕੱਢਿਆ ਗਿਆ ਤਾਂ ਉਸ ਨੂੰ ਇਸ ਪਹਾੜ ਉੱਤੇ ਹੀ ਸੁੱਟਿਆ ਗਿਆ ਸੀ।ਇਸ ਪਹਾੜ ਉੱਤੇ ਇਕ ਵੱਡਾ ਖੱਡਾ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਹਜ਼ਰਤ ਆਦਮ (ਅਲੈ.) ਦੇ ਪੈਰ ਦਾ ਨਿਸ਼ਾਨ ਹੈ।ਇਸ ਪਹਾੜ ਦੀ ਚੜ੍ਹਾਈ ਸਿੱਧੀ ਹੋਣ ਕਰਕੇ ਇਸ ਉੱਤੇ ਚੜ੍ਹਨ ਲਈ ਸੰਗਲ ਲੱਗੇ ਹੋਏ ਹਨ ਸ਼ਾਇਦ ਇਨ੍ਹਾਂ ਸੰਗਲਾਂ ਕਰਕੇ ਹੀ ਇਸ ਨੂੰ ਸੰਗਲਾਦੀਪ ਆਖਿਆ ਜਾਂਦਾ ਸੀ।ਦੂਜਾ ਇਹ ਵੀ ਕਿਹਾ ਜਾਂਦਾ ਹੈ ਕਿ ਹਜ਼ਰਤ ਆਦਮ (ਅਲੈ.) ਦੇ ਪੈਰ ਦਾ ਨਿਸ਼ਾਨ ਹੋਣ ਕਰਕੇ ਇਸ ਟਾਪੂ ਨੂੰ ਚਰਨਦੀਪ ਕਿਹਾ ਜਾਣ ਲੱਗਿਆ ਜਿਹੜਾ ਅਰਬੀ ਦੇ ਅਸਰ ਨਾਲ ਚਰਨਦੀਪ ਤੋਂ ਸਰਅੰਦੀਪ ਬਣ ਗਿਆ।ਇਹ ਵੀ ਕਿਹਾ ਜਾਂਦਾ ਹੈ ਕਿ ਹਜ਼ਰਤ ਆਦਮ (ਅਲੈ.) ਦੀ ਕਬਰ ਵੀ ਇਸੇ ਇਲਾਕੇ ਵਿਚ ਹੈ ।
ਰੱਬ ਨੇ ਹਜ਼ਰਤ ਆਦਮ ਅਤੇ ਹੱਵਾ ਨੂੰ ਜੁੜਵਾਂ ਔਲਾਦ ਦਿੱਤੀ।ਉਨ੍ਹਾਂ ਨੇ ਬੇਟੇ ਦਾ ਨਾਂ ਕਾਬੀਲ ਅਤੇ ਬੇਟੀ ਦਾ ਨਾਂ ਅਕਲੀਮਾ ਰੱਖਿਆ।ਉਨ੍ਹਾਂ ਦੇ ਦੂਸਰੇ ਬੇਟੇ ਦਾ ਨਾਂ ਹਾਬੀਲ ਅਤੇ ਬੇਟੀ ਦਾ ਨਾਂ ਗ਼ਾਜ਼ਾ ਸੀ।'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ ਕਿ ਇਸ ਤਰ੍ਹਾਂ ਹੱਵਾ ਨੇ ਅਪਣੀ ਲੰਬੀ ਉਮਰ ਵਿਚ ੧੨੦ ਵਾਰ ਜਨਣ-ਕਿਰਿਆ ਨੂੰ ਅਪਣਾਇਆ ਅਤੇ ਹਰ ਵਾਰ ਜੁੜਵੇਂ ਬੱਚੇ ਪੈਦਾ ਕੀਤੇ।
ਰੱਬ ਨੇ ਹਜ਼ਰਤ ਆਦਮ (ਅਲੈ.) ਨੂੰ ਹੁਕਮ ਦਿੱਤਾ ਕਿ ਔਲਾਦ ਨੂੰ ਵੀ ਮੇਰੀ ਇਬਾਦਤ ਕਰਨ ਦੀ ਪਰੇਰਣਾ ਦਿਓ ਅਤੇ ਉਨ੍ਹਾਂ ਨੇ ਅਜਿਹਾ ਹੀ ਕੀਤਾ।ਸਦੀਆਂ ਬੀਤ ਜਾਣ ਪਿੱਛੋਂ ਹਜ਼ਰਤ ਆਦਮ (ਅਲੈ.) ਦੀ ਔਲਾਦ ਸਰਅੰਦੀਪ ਤੋਂ ਬਾਅਦ ਹਿੰਦੁਸਤਾਨ ਵਿਚ ਆਬਾਦ ਹੁੰਦੀ ਹੋਈ ਹੌਲੀ ਹੌਲੀ ਸਾਰੀ ਧਰਤੀ ਉੱਤੇ ਫੈਲ ਗਈ।ਸਮਾਂ ਪਾ ਕੇ ਇਸ ਵਿਚ ਅਜਿਹੇ ਲੋਕ ਪੈਦਾ ਹੋਣ ਲੱਗੇ ਜਿਹੜੇ ਰੱਬ ਦੀ ਇਬਾਦਤ ਤੋਂ ਕੁਰਾਹੇ ਪੈ ਕੇ ਪੱਥਰਾਂ, ਦਰੱਖ਼ਤਾਂ, ਸੂਰਜ, ਚੰਦ ਅਤੇ ਤਾਰਿਆਂ ਦੀ ਪੂਜਾ ਕਰਨ ਲੱਗ ਪਏ।ਇਨ੍ਹਾਂ ਵਿੱਚੋਂ ਕੁਝ ਤਕੜੇ ਅਤੇ ਚਤੁਰ ਲੋਕਾਂ ਨੇ ਅਕਲ ਅਤੇ ਸਿਆਣਪ ਦੇ ਜ਼ੋਰ ਨਾਲ ਦੂਸਰਿਆਂ ਉੱਤੇ ਰੋਅਬ ਪਾ ਕੇ ਅਪਣੀਆਂ ਸਰਦਾਰੀਆਂ ਕਾਇਮ ਕਰ ਲਈਆਂ।ਕਈਆਂ ਨੇ ਖ਼ੁਦਾਈ ਦਾ ਦਾਅਵਾ ਕਰਕੇ ਅਪਣੇ ਆਪ ਨੂੰ ਰੱਬ ਹੀ ਅਖਵਾਉਣਾ ਸ਼ੁਰੂ ਕਰ ਦਿੱਤਾ।ਧਰਤੀ ਉੱਤੇ ਵਾਪਰ ਰਹੀਆਂ ਇਨ੍ਹਾਂ ਅਣਸੁਖਾਵੀਆਂ ਘਟਨਾਵਾਂ ਨੂੰ ਕਾਬੂ ਵਿਚ ਰੱਖਣ ਲਈ ਅਤੇ ਇਨ੍ਹਾਂ ਆਪ ਬਣੇ ਖ਼ੁਦਾਵਾਂ ਨੂੰ ਸਮਝਾ ਕੇ ਰਸਤੇ ਉੱਤੇ ਲਿਆਉਣ ਲਈ ਸਮੇਂ ਸਮੇਂ ਉੱਤੇ ਰੱਬ ਵੱਲੋਂ ਪੈਗ਼ੰਬਰ ਭੇਜੇ ਗਏ।

3. ਹਜ਼ਰਤ ਨੂਹ (ਅਲੈ.)

ਹਜ਼ਰਤ ਨੂਹ (ਅਲੈ.) ਦਾ ਅਸਲ ਨਾਂ ਸ਼ਕਰ ਸੀ ਪਰ ਉਹ ਨੂਹ ਦੇ ਨਾਂ ਨਾਲ ਮਸ਼ਹੂਰ ਹੋਏ।ਨੂਹ ਸ਼ਬਦ ਨੂਹਾ ਤੋਂ ਬਣਿਆ ਹੈ ਜਿਸ ਦੇ ਅਰਥ ਰੋਣ-ਧੋਣ ਤੋਂ ਲਏ ਜਾਂਦੇ ਹਨ।ਕਿਉਂ ਜੋ ਹਜ਼ਰਤ ਨੂਹ (ਅਲੈ.) ਸੱਚੇ ਰਾਹ ਤੋਂ ਭਟਕੀ ਹੋਈ ਕੌਮ ਦੇ ਗ਼ਮ ਵਿਚ ਰੱਬ ਅੱਗੇ ਗਿੜਗਿੜਾ ਕੇ ਰੋਇਆ ਕਰਦੇ ਸਨ ਇਸ ਲਈ ਉਨ੍ਹਾਂ ਦਾ ਨਾਂ ਨੂਹ ਪੈ ਗਿਆ।ਕੁਰਆਨ ਸ਼ਰੀਫ਼ ਵਿਚ ਲਿਖਿਆ ਮਿਲਦਾ ਹੈ ਕਿ ਉਹ ਅਪਣੀ ਕੌਮ ਨੂੰ ਸਮਝਾਉਣ ਲਈ ਅਤੇ ਰੱਬ ਦੇ ਦਰਸਾਏ ਸੱਚੇ ਮਾਰਗ ਉੱਤੇ ਚਲਾਉਣ ਲਈ ਜੀਵਨ ਭਰ ਮਿਹਨਤ ਕਰਦੇ ਰਹੇ ਪਰ ਉਸ ਵਿਚ ਸੁਧਾਰ ਨਾ ਲਿਆ ਸਕੇ ।
ਹਜ਼ਰਤ ਨੂਹ (ਅਲੈ.) ਵੀ ਹਜ਼ਰਤ ਆਦਮ (ਅਲੈ.) ਦੀ ਨਸਲ ਵਿਚੋਂ ਹੀ ਇਕ ਪੈਗ਼ੰਬਰ ਹੋਏ ਹਨ ਜਿਨ੍ਹਾਂ ਬਾਰੇ 'ਕਸਸੁਲ ਅੰਬੀਆ' ਦੇ ਉਰਦੂ ਤਰਜਮੇ ਦਾ ਲੇਖਕ ਮੌਲਵੀ ਗ਼ੁਲਾਮ ਨਬੀ ਕੁਰਆਨ ਸ਼ਰੀਫ਼ ਦਾ ਹਵਾਲਾ ਦੇ ਕੇ ਲਿਖਦਾ ਹੈ ਕਿ ਉਹ ੯੫੦ ਸਾਲ ਜਿਉਂਦੇ ਰਹੇ ਅਤੇ ਲੋਕਾਂ ਨੂੰ ਹੱਕ ਦੀ ਤਰਫ਼ ਬੁਲਾਉਂਦੇ ਰਹੇ ਪਰ ਗਿਣਤੀ ਦੇ ਚਾਲੀ ਮਰਦ ਅਤੇ ਚਾਲੀ ਔਰਤਾਂ ਤੋਂ ਸਿਵਾ ਕੋਈ ਵੀ ਉਨ੍ਹਾਂ ਦਾ ਪੈਰੋਕਾਰ ਨਾ ਬਣਿਆ ਅਤੇ ਉਨ੍ਹਾਂ ਦਾ ਸਾਥ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ।
ਉਹ ਇਹ ਵੀ ਲਿਖਦਾ ਹੈ ਕਿ ਜਦੋਂ ਹਜ਼ਰਤ ਨੂਹ (ਅਲੈ.) ਪਹਾੜ ਦੀ ਚੋਟੀ ਉੱਤੇ ਖੜ੍ਹ ਕੇ ਲੋਕਾਂ ਨੂੰ ਰੱਬ ਦੀ ਬੰਦਗੀ ਕਰਨ ਲਈ ਆਖਦੇ ਤਾਂ ਲੋਕ ਕੰਨਾਂ ਵਿਚ ਉਂਗਲੀਆਂ ਦੇ ਕੇ ਜਾਂ ਕਪੜੇ ਨਾਲ ਮੂੰਹ ਨੂੰ ਢਕ ਕੇ ਤੁਰ ਜਾਂਦੇ।ਉਹ ਹਜ਼ਰਤ ਨੂਹ (ਅਲੈ.) ਦੀ ਬੇਇੱਜ਼ਤੀ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਐਨੀ ਪਿਟਾਈ ਕਰਦੇ ਕਿ ਉਹ ਬੇਹੋਸ਼ ਹੋ ਕੇ ਜ਼ਮੀਨ ਉੱਤੇ ਡਿਗ ਪੈਂਦੇ।ਪਰ ਜਦੋਂ ਉਹ ਹੋਸ਼ ਵਿਚ ਆਉਂਦੇ ਤਾਂ ਫਿਰ ਲੋਕਾਂ ਨੂੰ ਇਕ ਰੱਬ ਦੀ ਇਬਾਦਤ ਕਰਨ ਲਈ ਆਖਦੇ।ਉਨ੍ਹਾਂ ਦੇ ਗਲ ਵਿਚ ਰੱਸੀ ਪਾ ਕੇ ਉਨ੍ਹਾਂ ਨੂੰ ਧਰਤੀ ਉੱਤੇ ਡੇਗ ਕੇ ਘੜੀਸਿਆ ਜਾਂਦਾ।ਇਹ ਵੀ ਲਿਖਿਆ ਮਿਲਦਾ ਹੈ ਕਿ ਮਾਵਾਂ ਅਪਣੇ ਛੋਟੇ ਛੋਟੇ ਬੱਚਿਆਂ ਨੂੰ ਹਜ਼ਰਤ ਨੂਹ (ਅਲੈ.) ਦੇ ਕੋਲ ਲੈ ਕੇ ਜਾਂਦੀਆਂ ਅਤੇ ਉਨ੍ਹਾਂ ਨੂੰ ਆਖਦੀਆਂ ਕਿ ਇਸ ਨੂੰ ਪਛਾਣ ਲਵੋ, ਵੱਡੇ ਹੋ ਕੇ ਇਸ ਆਦਮੀ ਤੋਂ ਦੂਰ ਰਹਿਣਾ ਹੈ।
ਇਕ ਦਿਨ ਜਦੋਂ ਹਜ਼ਰਤ ਨੂਹ (ਅਲੈ.) ਅਪਣੀ ਕੌਮ ਨੂੰ ਸੰਬੋਧਤ ਕਰਨ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਕੁੱਟਨਾ ਸ਼ੁਰੂ ਕਰ ਦਿੱਤਾ।ਇੱਥੋਂ ਤੱਕ ਕਿ ਉਹ ਲਹੂ-ਲੁਹਾਨ ਹੋ ਗਏ।ਉਨ੍ਹਾਂ ਦੀ ਇਸ ਹਾਲਤ ਨੂੰ ਵੇਖ ਕੇ ਉਨ੍ਹਾਂ ਦੀ ਪਤਨੀ ਜਿਹੜੀ ਆਪ ਵੀ ਉਨ੍ਹਾਂ ਦੇ ਧਰਮ ਦੀ ਪੈਰੋਕਾਰ ਨਹੀਂ ਸੀ ਲੋਕਾਂ ਨੂੰ ਕਹਿਣ ਲੱਗੀ ਕਿ ਇਨ੍ਹਾਂ ਨੂੰ ਨਾ ਮਾਰੋ।ਇਹ ਦੀਵਾਨੇ ਹਨ ਅਤੇ ਦੀਵਾਨੇਪਣ ਵਿਚ ਅਜਿਹੀਆਂ ਗੱਲਾਂ ਕਰਦੇ ਹਨ। ਪਤਨੀ ਦੇ ਮੂੰਹ ਤੋਂ ਅਜਿਹੇ ਸ਼ਬਦ ਸੁਣ ਕੇ ਹਜ਼ਰਤ ਨੂਹ (ਅਲੈ.) ਨੇ ਬੇਵਸ ਹੋ ਕੇ ਰੱਬ ਅੱਗੇ ਬੁਰੀ ਦੁਆ ਕੀਤੀ।ਰੱਬ ਨੇ ਹਜ਼ਰਤ ਜਿਬਰਾਈਲ (ਅਲੈ.) ਨੂੰ ਉਨ੍ਹਾਂ ਕੋਲ ਭੇਜ ਕੇ ਹੁਕਮ ਦਿੱਤਾ ਕਿ ਤੁਸੀਂ ਇਕ ਕਿਸ਼ਤੀ ਤਿਆਰ ਕਰ ਲਵੋ ਅਤੇ ਧਰਤੀ ਉੱਤੇ ਆਬਾਦ ਹਰ ਪ੍ਰਾਣੀ ਦਾ ਇਕ ਇਕ ਜੋੜਾ ਨਾਲ ਲੈ ਕੇ ਉਸ ਵਿਚ ਬੈਠ ਜਾਓ।
ਜਦੋਂ ਹਜ਼ਰਤ ਨੂਹ (ਅਲੈ.) ਕਿਸ਼ਤੀ ਤਿਆਰ ਕਰ ਰਹੇ ਸਨ ਤਾਂ ਲੋਕ ਉਨ੍ਹਾਂ ਦਾ ਮਜ਼ਾਕ ਉਡਾਉਂਦੇ।ਉਨ੍ਹਾਂ ਨੂੰ ਇਸ ਲਈ ਝੱਲਾ ਅਤੇ ਪਾਗਲ ਆਖਦੇ ਕਿ ਉਹ ਖ਼ੁਸ਼ਕ ਧਰਤੀ ਉੱਤੇ ਕਿਸ਼ਤੀ ਤਿਆਰ ਕਰ ਰਹੇ ਸਨ।
ਰੱਬ ਦੇ ਕਹੇ ਅਨੁਸਾਰ ਹਜ਼ਰਤ ਨੂਹ (ਅਲੈ.) ਨੇ ਇਕ ਵੱਡੀ ਕਿਸ਼ਤੀ ਤਿਆਰ ਕੀਤੀ ਅਤੇ ਧਰਤੀ ਉੱਤੇ ਆਬਾਦ ਹਰ ਜਿਊਂਦੀ ਪਰਾਣੀ ਦਾ ਇਕ ਇਕ ਜੋੜਾ ਕਿਸ਼ਤੀ ਵਿਚ ਅਪਣੇ ਨਾਲ ਸਵਾਰ ਕਰ ਲਿਆ।ਜਦੋਂ ਉਹ ਕਿਸ਼ਤੀ ਵਿਚ ਬੈਠ ਗਏ ਤਾਂ ਰੱਬ ਦੇ ਹੁਕਮ ਨਾਲ ਧਰਤੀ ਉੱਤੇ ਭਾਰੀ ਹੜ੍ਹ ਆਇਆ ਅਤੇ ਸਭ ਕੁਝ ਉਸ ਵਿਚ ਡੁਬ ਗਿਆ।ਹਜ਼ਰਤ ਨੂਹ (ਅਲੈ.) ਦੀ ਕਿਸ਼ਤੀ ਜਿਸ ਵਿਚ ਉਸ ਨਾਲ ਉਸ ਦੇ ਸਾਥੀ ਵੀ ਸਵਾਰ ਸਨ ਪਾਣੀ ਉੱਤੇ ਤਿਰਣ ਲੱਗੀ ਅਤੇ 'ਜੂਦੀ' ਨਾਂ ਦੇ ਊਚੇ ਪਹਾੜ ਉੱਤੇ ਜਾ ਕੇ ਰੁਕ ਗਈ।ਕਿਸ਼ਤੀ ਵਿਚ ਸਵਾਰ ਹੋਣ ਵਾਲੇ ਲੋਕਾਂ ਤੋਂ ਮੁੜ ਦੁਨੀਆ ਆਬਾਦ ਹੋਈ ।
ਇਥੇ ਇਹ ਗੱਲ ਵਰਨਣ ਯੋਗ ਹੈ ਕਿ ਉਪ੍ਰੋਕਤ ਬਿਆਨ ਕੀਤਾ ਗਿਆ ਤੂਫ਼ਾਨ ਉਹੋ ਹੀ ਹਜ਼ਰਤ ਨੂਹ (ਅਲੈ.) ਵਾਲਾ ਤੂਫ਼ਾਨ ਹੈ ਜਿਸ ਦਾ ਜ਼ਿਕਰ ਸਾਹਿਤਕਾਰ ਅਪਣੀ ਸ਼ਾਇਰੀ ਜਾਂ ਹੋਰ ਰਚਨਾਵਾਂ ਵਿਚ 'ਤੂਫ਼ਾਨ-ਏ-ਨੂਹ' ਦੇ ਹਵਾਲੇ ਨਾਲ ਕਰਦੇ ਰਹਿੰਦੇ ਹਨ।
ਹਜ਼ਰਤ ਨੂਹ (ਅਲੈ.) ਤੋਂ ਬਾਅਦ ਕੁਰਆਨ ਸ਼ਰੀਫ਼ ਵਿਚ ਦੋ ਹੋਰ ਪੈਗ਼ੰਬਰਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾਂ ਵਿੱਚੋਂ ਇਕ ਦਾ ਨਾਂ ਹਜ਼ਰਤ ਸੀਸ (ਅਲੈ.) ਅਤੇ ਦੂਸਰੇ ਦਾ ਨਾਂ ਹਜ਼ਰਤ ਇਦਰੀਸ (ਅਲੈ.) ਸੀ।

4. ਹਜ਼ਰਤ ਇਦਰੀਸ (ਅਲੈ.)

ਹਜ਼ਰਤ ਇਦਰੀਸ (ਅਲੈ.) ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਸਿਰਫ਼ ਦੋ ਥਾਵਾਂ ਉੱਤੇ ਸੂਰਤ ਮਰੀਅਮ ਅਤੇ ਸੂਰਤ ਅੰਬੀਆ ਵਿਚ ਆਇਆ ਹੈ।ਉਨ੍ਹਾਂ ਦੇ ਸਮੇਂ ਬਾਰੇ ਤਾਰੀਖ਼ਦਾਨ ਇਕ ਮੱਤ ਨਹੀਂ ਹਨ।
ਇਕ ਰਵਾਇਤ ਅਨੁਸਾਰ 'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ ਕਿ ਉਨ੍ਹਾਂ ਦਾ ਜਨਮ ਬਾਬੁਲ ਵਿਖੇ ਹੋਇਆ।ਉਨ੍ਹਾਂ ਨੇ ਉੱਥੇ ਹੀ ਹਜ਼ਰਤ ਸੀਸ ਬਿਨ ਆਦਮ ਤੋਂ ਵਿਦਿਆ ਪ੍ਰਾਪਤ ਕੀਤੀ।ਜਦੋਂ ਉਹ ਜਵਾਨ ਹੋਏ ਤਾਂ ਰੱਬ ਨੇ ਉਨ੍ਹਾਂ ਨੂੰ ਪੈਗ਼ੰਬਰੀ ਨਾਲ ਨਵਾਜ਼ਿਆ।ਜਦੋਂ ਉਨ੍ਹਾਂ ਨੇ ਇਕ ਰੱਬ ਦੀ ਇਬਾਦਤ ਕਰਨ ਲਈ ਲੋਕਾਂ ਨੂੰ ਸਮਝਾਉਣਾ ਸ਼ੁਰੂ ਕੀਤਾ ਤਾਂ ਥੋੜੇ ਜਿਹੇ ਲੋਕਾਂ ਤੋਂ ਸਿਵਾ ਬਹੁਗਿਣਤੀ ਲੋਕਾਂ ਨੇ ਹਜ਼ਰਤ ਇਦਰੀਸ (ਅਲੈ.) ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ।ਅਪਣੀ ਕੌਮ ਉੱਤੇ ਪ੍ਰਚਾਰ ਦਾ ਅਸਰ ਨਾ ਹੁੰਦਾ ਦੇਖ ਕੇ ਉਨ੍ਹਾਂ ਨੇ 'ਬਾਬਲ' ਤੋਂ ਹਿਜਰਤ ਕਰਕੇ ਕਿਤੇ ਹੋਰ ਜਾਣ ਦਾ ਇਰਾਦਾ ਕਰ ਲਿਆ ।
ਜਦੋਂ ਹਜ਼ਰਤ ਇਦਰੀਸ (ਅਲੈ.) ਨੇ ਅਪਣੇ ਪੈਰੋਕਾਰਾਂ ਨੂੰ ਹਿਜਰਤ ਕਰਨ ਬਾਰੇ ਦੱਸਿਆ ਤਾਂ ਉਨ੍ਹਾਂ ਨੇ ਬਾਬੁਲ ਜਿਹਾ ਸੁੰਦਰ ਸ਼ਹਿਰ ਛੱਡ ਕੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ।ਪਰ ਜਦੋਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਅਸੀਂ ਅਪਣੇ ਲਈ ਨਹੀਂ ਸਗੋਂ ਅੱਲਾਹ ਦੇ ਰਾਹ ਉੱਤੇ ਜਾਣ ਲਈ ਵਤਨ ਛੱਡ ਰਹੇ ਹਾਂ ਅਤੇ ਰੱਬ ਨੇ ਸਾਨੂੰ ਇਸ ਦਾ ਬਦਲ ਦੇਣ ਦਾ ਵਾਅਦਾ ਕੀਤਾ ਹੈ ਤਾਂ ਉਹ ਹਿਜਰਤ ਕਰਨ ਲਈ ਤਿਆਰ ਹੋ ਗਏ।
ਹਜ਼ਰਤ ਇਦਰੀਸ (ਅਲੈ.) ਅਪਣੇ ਪੈਰੋਕਾਰਾਂ ਨੂੰ ਲੈ ਕੇ ਮਿਸਰ ਵਲ ਚੱਲ ਪਏ ਅਤੇ ਦਰਿਆ ਨੀਲ ਦੇ ਕਿਨਾਰੇ ਚੰਗੀ ਥਾਂ ਦੀ ਭਾਲ ਕਰਕੇ ਅਪਣੀ ਬਸਤੀ ਆਬਾਦ ਕਰ ਲਈ।'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ ਕਿ ਉਨ੍ਹਾਂ ਦੇ ਜ਼ਮਾਨੇ ਵਿਚ ਬਹੁਤ ਸ਼ੁੱਧ ਬੋਲੀ, ਬੋਲੀ ਜਾਂਦੀ ਸੀ ਅਤੇ ਉਹ ਕਈ ਜ਼ੁਬਾਨਾ ਵਿਚ ਗੱਲ-ਬਾਤ ਕਰਨ ਦੇ ਮਾਹਰ ਸਨ।ਉਹ ਹਰ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ੁਬਾਨ ਵਿਚ ਦਾਅਵਤ ਦਿਆ ਕਰਦੇ ਸਨ।ਇਹ ਵੀ ਕਿਹਾ ਜਾਂਦਾ ਹੈ ਕਿ ਉਹ ਦੁਨੀਆ ਦੇ ਪਹਿਲੇ ਬੰਦੇ ਸਨ ਜਿਨ੍ਹਾਂ ਨੇ ਕਲਮ ਰਾਹੀਂ ਲਿਖਣਾ ਸ਼ੁਰੂ ਕੀਤਾ ।
ਹਜ਼ਰਤ ਇਦਰੀਸ (ਅਲੈ.) ਅਤੇ ਉਨ੍ਹਾਂ ਦੇ ਪੈਰੋਕਾਰਾਂ ਨੇ ਦੋ ਸੌ ਦੇ ਕਰੀਬ ਬਸਤੀਆਂ ਆਬਾਦ ਕੀਤੀਆਂ।ਉਨ੍ਹਾਂ ਨੇ ਲੋਕਾਂ ਨੂੰ ਆਖ਼ਰਤ (ਮੌਤ ਤੋਂ ਬਾਅਦ) ਦੇ ਅਜ਼ਾਬ ਤੋਂ ਡਰਾ ਕੇ ਇਕ ਰੱਬ ਦੀ ਇਬਾਦਤ ਕਰਨ ਉੱਤੇ ਜ਼ੋਰ ਦਿੱਤਾ।ਉਨ੍ਹਾਂ ਨੇ ਉਨ੍ਹਾਂ ਅਸੂਲਾਂ ਉੱਤੇ ਚੱਲਣ ਲਈ ਲੋਕਾਂ ਨੂੰ ਸਿੱਖਿਆ ਦਿੱਤੀ ਜਿਨ੍ਹਾਂ ਉੱਤੇ ਹਜ਼ਾਰਾਂ ਸਾਲ ਬਾਅਦ ਵਿਚ ਹਜ਼ਰਤ ਮੁਹੰਮਦ (ਸ.) ਨੇ ਚੱਲਣ ਲਈ ਆਖਿਆ।ਉਨ੍ਹਾਂ ਦੀਆਂ ਸਿੱਖਿਆਵਾਂ ਦੇ ਕੁਝ ਅਸੂਲ ਇਸ ਤਰ੍ਹਾਂ ਹਨ;
ਇਕ ਰੱਬ ਦੀ ਇਬਾਦਤ ਕਰੋ ਅਤੇ ਉਸ ਦੀਆਂ ਉਨ੍ਹਾਂ ਅਮੁੱਲੀਆਂ ਨਿਅਮਤਾਂ ਦਾ ਸ਼ੁਕਰ ਅਦਾ ਕਰੋ ਜਿਹੜੀਆਂ ਉਸ ਨੇ ਤੁਹਾਨੂੰ ਜੀਵਨ ਦੇ ਨਿਭਾਅ ਲਈ ਦਿੱਤੀਆਂ ਹਨ।
ਜਿੱਥੋਂ ਤੱਕ ਸੰਭਵ ਹੋ ਸਕੇ ਵਿਦਿਆ ਹਾਸਲ ਕਰੋ ਅਤੇ ਬਦਕਿਰਦਾਰੀ ਤੋਂ ਦੂਰ ਰਹੋ।ਜਿਵੇਂ ਤੁਸੀਂ ਦੇਖਦੇ ਹੋ ਕਿ ਹਰ ਕਾਰੀਗਰ ਜਿਹੜਾ ਸੀਣ ਦਾ ਇਰਾਦਾ ਕਰਦਾ ਹੈ ਉਹ ਸੂਈ ਹੱਥ ਵਿਚ ਲੈਂਦਾ ਹੈ ਬਰਮਾ ਨਹੀਂ।ਇਸੇ ਤਰ੍ਹਾਂ ਬੰਦੇ ਨੂੰ ਵੀ ਚਾਹੀਦਾ ਹੈ ਕਿ ਉਹ ਸਹੀ ਅਸੂਲਾਂ ਨੂੰ ਅਪਣਾਵੇ।
ਦੁਨੀਆ ਵਿਚ ਭਲਾਈ ਕਰੋ ਅਤੇ ਬੁਰਾਈ ਤੋਂ ਦੂਰ ਰਹੋ।ਰੱਬ ਨੂੰ ਯਾਦ ਕਰਨ ਲਈ ਸਾਫ਼ ਨੀਅਤ ਰੱਖੋ।ਝੂਠੀਆਂ ਕਸਮਾਂ ਨਾ ਖਾਉ ਅਤੇ ਰੱਬ ਦੇ ਨਾਂ ਨੂੰ ਝੂਠੀਆਂ ਕਸਮਾਂ ਖਾਣ ਲਈ ਨਾ ਵਰਤੋ।ਅਜਿਹਾ ਕਰਨ ਨਾਲ ਤੁਸੀਂ ਵੀ ਗੁਨਾਹ ਕਰਨ ਵਾਲਿਆਂ ਵਿਚ ਸ਼ਾਮਲ ਹੋ ਜਾਵੋਗੇ।
ਭੈੜੇ ਕਾਰੋਬਾਰ ਨੂੰ ਨਾ ਅਪਣਾਉ।ਸ਼ਰੀਅਤ ਨੂੰ ਲਾਗੂ ਕਰਨ ਲਈ ਰੱਬ ਵੱਲੋਂ ਥਾਪੇ ਬਾਦਸ਼ਾਹਾਂ ਦੀ ਅਧੀਨਗੀ ਨੂੰ ਸਵੀਕਾਰ ਕਰੋ।ਬਜ਼ੁਰਗਾਂ ਦੇ ਸਾਮ੍ਹਣੇ ਨਿਮਰਤਾ ਨਾਲ ਪੇਸ਼ ਆਉ ਅਤੇ ਹਰ ਸਮੇਂ ਰੱਬ ਦੇ ਜ਼ਿਕਰ ਵਿਚ ਲੱਗੇ ਰਹੋ।ਦੂਜਿਆਂ ਦੀ ਖ਼ੁਸ਼ਕਿਸਮਤੀ ਉੱਤੇ ਈਰਖਾ ਨਾ ਕਰੋ।ਹੋ ਸਕਦਾ ਹੈ ਉਨ੍ਹਾਂ ਦੀ ਇਹ ਜ਼ਿੰਦਗੀ ਕੁਝ ਦਿਨਾਂ ਲਈ ਹੀ ਹੋਵੇ।ਜ਼ਿੰਦਗੀ ਦੀਆਂ ਜ਼ਰੂਰਤਾਂ ਤੋਂ ਜ਼ਿਆਦਾ ਮਾਲ-ਦੌਲਤ ਇਕੱਠਾ ਨਾ ਕਰੋ।
ਹਜ਼ਰਤ ਇਦਰੀਸ ਤੋਂ ਬਾਅਦ ਦੋ ਹੋਰ ਪੈਗ਼ੰਬਰ ਪੈਦਾ ਹੋਏ ਜਿਨ੍ਹਾਂ ਵਿੱਚੋਂ ਇਕ ਦਾ ਨਾਂ ਹਜ਼ਰਤ ਹੂਦ (ਅਲੈ.) ਸੀ ਅਤੇ ਦੂਜੇ ਦਾ ਨਾਂ ਹਜ਼ਰਾ ਸਾਲਿਹ (ਅਲੈ.) ਸੀ।ਹਜ਼ਰਤ ਹੂਦ ਦੀ ਕੌਮ ਨੂੰ 'ਆਦ' ਅਤੇ ਹਜ਼ਰਤ ਸਾਲਿਹ ਦੀ ਕੌਮ ਨੂੰ ਸਮੂਦ ਕਿਹਾ ਜਾਂਦਾ ਸੀ ।

5. ਹਜ਼ਰਤ ਹੂਦ ਅਤੇ ਹਜ਼ਰਤ ਸਾਲਿਹ (ਅਲੈ.)
ਹਜ਼ਰਤ ਹੂਦ (ਅਲੈ.)

ਹਜ਼ਰਤ ਹੂਦ (ਅਲੈ.) ਦੀ ਕੌਮ ਨੂੰ 'ਆਦ' ਕਿਹਾ ਜਾਂਦਾ ਸੀ।ਇਸ ਕੌਮ ਦਾ ਸਮਾਂ ਹਜ਼ਰਤ ਈਸਾ (ਅਲੈ.)ਤੋਂ ਦੋ ਹਜ਼ਾਰ ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ ਅਤੇ ਕੁਰਆਨ ਸ਼ਰੀਫ਼ ਵਿਚ ਇਸ ਕੌਮ ਨੂੰ ਹਜ਼ਰਤ ਨੂਹ (ਅਲੈ.) ਦੇ ਉੱਤਰ ਅਧਿਕਾਰੀਆਂ ਦੀ ਸਫ਼ ਵਿਚ ਖੜ੍ਹਾ ਕੀਤਾ ਜਾਂਦਾ ਹੈ।ਇਤਿਹਾਸਕਾਰ ਇਸ ਕੌਮ ਦਾ ਸਥਾਨ ਅੱਮਾਨ ਦੇ ਪੂਰਬੀ ਹਿੱਸੇ ਨੂੰ ਮੰਨਦੇ ਹਨ ਜਿੱਥੇ ਹੁਣ ਦੂਰ ਦੂਰ ਤੱਕ ਰੇਗਸਤਾਨ ਫੈਲਿਆ ਹੋਇਆ ਹੈ।
'ਆਦ' ਕੌਮ ਵੀ ਬੁੱਤ ਪ੍ਰਸ਼ਤੀ ਕਰਦੀ ਸੀ ਅਤੇ ਉਸ ਦੇ ਲੋਕ ਬੁੱਤ ਘੜਨ ਵਿਚ ਸੰਸਾਰ ਵਿਚ ਪ੍ਰਸਿੱਧ ਸਨ।ਹਜ਼ਰਤ ਅਬਦੁੱਲ੍ਹਾ ਬਿਨ ਅੱਬਾਸ ਲਿਖਦੇ ਨੇ ਕਿ ਉਨ੍ਹਾਂ ਦੇ ਸਭ ਤੋਂ ਵੱਡੇ ਬੁੱਤ ਦਾ ਨਾਂ 'ਸਊਦ' ਅਤੇ ਦੂਜੇ ਦਾ ਨਾਂ 'ਹੱਤਾਰ' ਸੀ।
'ਆਦ' ਕੌਮ ਦੇ ਲੋਕ ਤੰਦਰੁਸਤ, ਫੁਰਤੀਲੇ ਅਤੇ ਬਹਾਦੁਰ ਹੋਣ ਦੇ ਨਾਲ ਅਜਿਹੇ ਆਪ ਹੁਦਰੇ ਸਨ ਕਿ ਉਨ੍ਹਾਂ ਨੇ ਰੱਬ ਨੂੰ ਭੁਲਾ ਕੇ ਅਪਣੇ ਬਣਾਏ ਬੁੱਤਾਂ ਨੂੰ ਉਸ ਦਾ ਸ਼ਰੀਕ ਬਣਾ ਲਿਆ ਸੀ।ਜਦੋਂ ਉਹ ਹਰ ਤਰ੍ਹਾਂ ਦੀਆਂ ਕੁਰੀਤੀਆਂ ਕਰਨ ਲੱਗੇ ਤਾਂ ਰੱਬ ਨੇ ਉਨ੍ਹਾਂ ਵਿਚ ਹਜ਼ਰਤ ਹੂਦ (ਅਲੈ.) ਨੂੰ ਪੈਗ਼ੰਬਰ ਬਣਾ ਕੇ ਭੇਜਿਆ।
ਪੈਗ਼ੰਬਰੀ ਮਿਲ ਜਾਣ ਤੋਂ ਬਾਅਦ ਜਦੋਂ ਹਜ਼ਰਤ ਹੂਦ (ਅਲੈ.) ਨੇ ਅਪਣੀ ਕੌਮ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਨ੍ਹਾਂ ਦੀ ਵਿਰੋਧਤਾ ਕਰਨ ਲੱਗੀ।ਉਹ ਲੋਕਾਂ ਨੂੰ ਜਿੰਨਾ ਰੱਬ ਦੇ ਅਜ਼ਾਬ ਤੋਂ ਡਰਾ ਕੇ ਸਮਝਾਉਂਦੇ ਉਹ ਉਨ੍ਹਾਂ ਦੀ ਓਨੀ ਹੀ ਵਿਰੋਧਤਾ ਵੱਧ ਕਰਦੇ।ਉਨ੍ਹਾਂ ਨੇ ਹਜ਼ਰਤ ਨੂੰਹ ਦੀ ਕੌਮ ਉੱਤੇ ਆਏ ਅਜ਼ਾਬ ਨੂੰ ਯਾਦ ਕਰਵਾ ਕੇ ਅਪਣੀ ਕੌਮ ਨੂੰ ਸਮਝਾਉਣਾ ਚਾਹਿਆ ਪਰ ਅੱਥਰੀ ਕੌਮ ਨੇ ਉਨ੍ਹਾਂ ਦੀ ਇਕ ਨਾ ਸੁਣੀ।ਸਗੋਂ ਵਿਰੋਧਤਾ ਦੇ ਨਾਲ ਨਾਲ ਉਨ੍ਹਾਂ ਦਾ ਮਜ਼ਾਕ ਉਡਾਉਣਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਨਾਲ ਬੋਲਣਾ ਬੰਦ ਕਰ ਦਿੱਤਾ।ਉਨ੍ਹਾਂ ਦੀਆਂ ਜ਼ਿਆਦਤੀਆਂ ਤੋਂ ਤੰਗ ਆਏ ਹਜ਼ਰਤ ਹੂਦ (ਅਲੈ.) ਨੇ ਉਨ੍ਹਾਂ ਨੂੰ ਸਾਫ਼ ਆਖ ਦਿੱਤਾ ਕਿ ਜੇ ਉਹ ਨਾ ਸ਼ੁਧਰੇ ਤਾਂ ਹਜ਼ਰਤ ਨੂਹ (ਅਲੈ.) ਦੀ ਕੌਮ ਵਾਂਗ ਉਨ੍ਹਾਂ ਉੱਤੇ ਵੀ ਰੱਬ ਦਾ ਅਜ਼ਾਬ ਆਉਣਾ ਜ਼ਰੂਰੀ ਹੋ ਜਾਵੇਗਾ।
'ਕਸਸੁਲ ਅੰਬੀਆ' ਦਾ ਲੇਖਕ ਕੁਰਆਨ ਸ਼ਰੀਫ਼ ਦੇ ਹਵਾਲੇ ਨਾਲ ਲਿਖਦਾ ਹੈ ਕਿ ਹੂਦ ਦੀ ਕੌਮ ਉੱਤੇ ਅਜਿਹਾ ਅਜ਼ਾਬ ਆਇਆ ਕਿ ਉਸ ਦੇ ਖੇਤਰ ਵਿਚ ਮੀਂਹ ਪੈਣਾ ਬੰਦ ਹੋ ਗਿਆ।ਜਦੋਂ ਇਹ ਕੌਮ ਖ਼ੁਸ਼ਕੀ ਦੇ ਹੱਥੋਂ ਬੇਵਸ ਹੋ ਗਈ ਤਾਂ ਹਜ਼ਰਤ ਹੂਦ (ਅਲੈ.) ਨੇ ਤਰਸ ਕਰਦਿਆਂ ਉਸ ਨੂੰ ਫੇਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਅਸਮਰਥ ਰਹੇ।ਆਖ਼ਰਕਾਰ ਅਜਿਹੀ ਹਨੇਰੀ ਆਈ ਜਿਹੜੀ ਅੱਠ ਦਿਨ ਲਗਾਤਾਰ ਚਲਦੀ ਰਹੀ ਅਤੇ ਉਸ ਨੇ ਹੂਦ ਦੀ ਬਾਗ਼ੀ ਕੌਮ ਨੂੰ ਤਹਿਸ-ਨਹਿਸ ਕਰ ਦਿੱਤਾ। ਤੂਫ਼ਾਨ ਦੇ ਮਾਰੇ 'ਆਦ' ਕੌਮ ਦੇ ਲੋਕ ਇਸ ਤਰ੍ਹਾਂ ਪਏ ਨਜ਼ਰ ਆ ਰਹੇ ਸਨ ਜਿਵੇਂ ਦਰਖ਼ਤਾਂ ਨੂੰ ਪੁੱਟ ਕੇ ਸੁੱਟ ਦਿੱਤਾ ਜਾਂਦਾ ਹੈ।ਕੌਮ ਦੇ ਧਰਤੀ ਉੱਤੋਂ ਮਿਟ ਜਾਣ ਤੋਂ ਬਾਅਦ ਹਜ਼ਰਤ ਹੂਦ (ਅਲੈ.) ਵੀ ਅਪਣੇ ਸਾਥੀਆਂ ਨਾਲ ਨੇੜਲੀ ਬਸਤੀ ਹਜਰ ਵਿਚ ਚਲੇ ਗਏ।
'ਕਸਸੁਲ ਅੰਬੀਆ' ਦਾ ਲੇਖਕ ਹਜ਼ਰਤ ਅਲੀ (ਰਜ਼ੀ.) ਦੇ ਹਵਾਲੇ ਨਾਲ ਲਿਖਦਾ ਹੈ ਕਿ ਹਜ਼ਰਤ ਹੂਦ (ਅਲੈ.) ਦੀ ਕਬਰ ਹਜ਼ਰਮੌਤ ਵਿਚ ਕਸ਼ੀਫ਼ ਅਹਿਮਰ (ਲਾਲ ਟਿੱਲਾ) ਉੱਤੇ ਮੌਜੂਦ ਹੈ ਅਤੇ ਉਸ ਦੇ ਸਰਹਾਣੇ ਝਾਉ ਦਾ ਵੱਡਾ ਦਰਖ਼ਤ ਖੜ੍ਹਾ ਹੈ। ਭਾਵੇਂ ਹਜ਼ਰਤ ਹੂਦ (ਅਲੈ.) ਦੀ ਕਬਰ ਬਾਰੇ ਹੋਰ ਵੀ ਕਈ ਰਵਾਇਤਾਂ ਮਿਲਦੀਆਂ ਹਨ ਪਰ ਹਜ਼ਰਤ ਅਲੀ (ਰਜ਼ੀ.) ਵਾਲੀ ਰਵਾਇਤ ਨੂੰ ਪ੍ਰਮਾਣਤਾ ਪ੍ਰਾਪਤ ਹੈ।

ਹਜ਼ਰਤ ਸਾਲਿਹ (ਅਲੈ.)

ਹਜ਼ਰਤ ਸਾਲਿਹ (ਅਲੈ.) ਦੀ ਕੌਮ ਨੂੰ 'ਸਮੂਦ' ਕਿਹਾ ਜਾਂਦਾ ਸੀ।ਇਹ ਉਹੋ ਲੋਕ ਸਨ ਜਿਹੜੇ ਹਜ਼ਰਤ ਹੂਦ (ਅਲੈ.) ਦੀ ਕੌਮ ਉੱਤੇ ਅਜ਼ਾਬ ਆਉਣ ਸਮੇਂ ਹਜ਼ਰਤ ਹੂਦ (ਅਲੈ.) ਦੇ ਪੈਰੋਕਾਰ ਸਨ ਅਤੇ ਉਨ੍ਹਾਂ ਦੇ ਨਾਲ ਬਚ ਕੇ ਅਰਬ ਦੇ ਨੇੜਲੇ ਇਲਾਕੇ 'ਹਜਰ' ਵਿਚ ਚਲੇ ਗਏ ਸਨ।ਇਸ ਕੌਮ ਦੀ ਆਬਾਦੀ ਦਾ ਕੇਂਦਰ ਬਿੰਦੂ ਸ਼ਾਮ ਅਤੇ ਅਰਬ ਦੇ ਵਿਚਕਾਰਲਾ ਇਲਾਕਾ ਸੀ ਜਿੱਥੇ ਅੱਜ ਵੀ ਉਨ੍ਹਾਂ ਦੀਆਂ ਬਸਤੀਆਂ ਦੇ ਖੰਡਰ ਮਿਲਦੇ ਹਨ ਜਿਹੜੇ ਪਹਾੜਾਂ ਨੂੰ ਕੱਟ ਕੇ ਬਣਾਏ ਹੋਏ ਹਨ।
ਸਮੂਦ ਦੇ ਸਮੇਂ ਬਾਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ।ਪਰੰਤੂ ਐਨਾ ਜ਼ਰੂਰ ਕਿਹਾ ਜਾਂਦਾ ਹੈ ਕਿ ਉਸ ਦਾ ਜ਼ਮਾਨਾ ਹਜ਼ਰਤ ਇਬਰਾਹੀਮ (ਅਲੈ.) ਤੋਂ ਪਹਿਲਾਂ ਦਾ ਹੈ।ਇਸ ਕੌਮ ਦੇ ਲੋਕ ਵੀ ਪਹਿਲਾਂ ਹੋ ਚੁੱਕੀਆਂ ਕੌਮਾਂ ਵਾਂਗ ਇਕ ਰੱਬ ਦੀ ਥਾਂ ਸੈਂਕੜੇ ਬੁੱਤਾਂ ਦੀ ਪੂਜਾ ਕਰਦੇ ਸਨ।
ਇਸ ਕੌਮ ਨੂੰ ਰਸਤੇ ਉੱਤੇ ਲਿਆਉਣ ਲਈ ਰੱਬ ਵੱਲੋਂ ਉਨ੍ਹਾਂ ਵਿੱਚੋਂ ਹੀ ਹਜ਼ਰਤ ਸਾਲਿਹ (ਅਲੈ.) ਨੂੰ ਨਬੀ ਥਾਪਿਆ ਗਿਆ।ਹਜ਼ਰਤ ਸਾਲਿਹ (ਅਲੈ.) ਨੇ ਇਨ੍ਹਾਂ ਲੋਕਾਂ ਨੂੰ ਰੱਬ ਵੱਲੋਂ ਦਿੱਤੀਆਂ ਨਿਅਮਤਾਂ ਬਾਰੇ ਦੱਸਦਿਆਂ ਇਕ ਰੱਬ ਨੂੰ ਮੰਨਣ ਲਈ ਪ੍ਰੇਰਿਆ ਪਰ ਇਸ ਕੌਮ ਨੇ ਉਨ੍ਹਾਂ ਦੀਆਂ ਸਿੱਖਿਆਵਾਂ ਨੂੰ ਅਣਸੁਣਿਆ ਹੀ ਕਰੀਂ ਰੱਖਿਆ।ਜਦੋਂ ਇਸ ਕੌਮ ਦੇ ਲੋਕ ਸਿੱਧੇ ਰਸਤੇ ਉੱਤੇ ਆਉਣ ਦੀ ਥਾਂ ਹਜ਼ਰਤ ਸਾਲਿਹ (ਅਲੈ.) ਦੀ ਜ਼ਿੰਦਗੀ ਲਈ ਖ਼ਤਰਾ ਬਣ ਗਏ ਤਾਂ ਇਸ ਕੌਮ ਉੱਤੇ ਵੀ ਅਜ਼ਾਬ ਆਇਆ ਅਤੇ ਉਨ੍ਹਾਂ ਲੋਕਾਂ ਤੋਂ ਬਿਨਾ ਜਿਹੜੇ ਹਜ਼ਰਤ ਸਾਲਿਹ (ਅਲੈ.) ਦੇ ਪੈਰੋਕਾਰ ਬਣ ਗਏ ਸਨ, ਸਾਰੀ ਦੀ ਸਾਰੀ ਕੌਮ ਹਲਾਕ ਹੋ ਗਈ।ਹਜ਼ਰਤ ਸਾਲਿਹ (ਅਲੈ.) ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਕਈ ਥਾਵਾਂ ਤੇ ਆਇਆ ਹੈ।

6. ਹਜ਼ਰਤ ਇਬਰਾਹੀਮ (ਅਲੈ.)

ਹਜ਼ਰਤ ਹੂਦ (ਅਲੈ.) ਅਤੇ ਹਜ਼ਰਤ ਸਾਲਿਹ (ਅਲੈ.) ਤੋਂ ਤਕਰੀਬਨ ਚਾਰ ਸੌ ਸਾਲ ਬਾਅਦ ਹਜ਼ਰਤ ਇਬਰਾਹੀਮ (ਅਲੈ.) ਨੂੰ ਰੱਬ ਵੱਲੋਂ ਪੈਗ਼ੰਬਰ ਥਾਪਿਆ ਗਿਆ।ਇਹ ਵੀ ਹਜ਼ਰਤ ਨੂਹ (ਅਲੈ.) ਦੀ ਨਸਲ ਵਿੱਚੋਂ ਹੀ ਸਨ।ਇਨ੍ਹਾਂ ਦਾ ਜਨਮ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਇਰਾਕ ਵਿਚ 'ਉਰ' ਦੇ ਸਥਾਨ ਵਿਖੇ ਹੋਇਆ।ਉਸ ਸਮੇਂ ਇਹ ਸ਼ਹਿਰ ਫ਼ਰਾਤ ਦਰਿਆ ਦੇ ਦੱਖਣੀ ਕੰਢੇ ਉੱਤੇ ਸਥਿੱਤ ਸੀ।ਅਜੋਕੇ ਦੌਰ ਵਿਚ ਇਸ ਸਥਾਨ ਦੀ ਖੁਦਾਈ ਕਰਨ ਤੋਂ ਬਾਅਦ ਇਸ ਸ਼ਹਿਰ ਨਾਲ ਸਬੰਧਤ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਹੋਈ ਹੈ ਜਿਸ ਵਿਚ ਹਜ਼ਰਤ ਇਬਰਾਹੀਮ (ਅਲੈ.) ਦੇ ਖ਼ਾਨਦਾਨ ਅਤੇ ਉੱਥੋਂ ਦੇ ਨਿਵਾਸੀਆਂ ਬਾਰੇ ਧਾਰਮਿਕ ਜਾਣਕਾਰੀ ਨੂੰ ਬਹੁਤ ਹੀ ਮਹੱਤਤਾ ਪ੍ਰਾਪਤ ਹੈ।
ਜਿਸ ਸਮੇਂ ਹਜ਼ਰਤ ਇਬਰਾਹੀਮ (ਅਲੈ.) ਪੈਦਾ ਹੋਏ ਇਰਾਕ ਦੇ ਲੋਕ ਉਸ ਸਮੇਂ ਅੱਗ ਜਾਂ ਸੂਰਜ ਦੀ ਪੂਜਾ ਕਰਿਆ ਕਰਦੇ ਸਨ ਅਤੇ ਉੱਥੋਂ ਦਾ ਬਾਦਸ਼ਾਹ ਜਿਸ ਦਾ ਨਾਂ ਨਮਰੂਦ ਸੀ ਖ਼ੁਦਾਈ ਦਾ ਦਾਅਵਾ ਕਰਦਾ ਸੀ।ਉਹ ਲੋਕਾਂ ਨੂੰ ਮਜਬੂਰ ਕਰਦਾ ਸੀ ਕਿ ਉਸ ਨੂੰ ਖ਼ੁਦਾ ਕਹੋ ਅਤੇ ਉਸ ਦੀ ਹੀ ਪੂਜਾ ਕਰੋ।ਜਦੋਂ ਹਜ਼ਰਤ ਇਬਰਾਹੀਮ (ਅਲੈ.) ਨੇ ਉਸ ਨੂੰ ਇੱਕ ਰੱਬ ਨੂੰ ਮੰਨਣ ਦੀ ਦਾਅਵਤ ਦਿੱਤੀ ਤਾਂ ਉਹ ਉਨ੍ਹਾਂ ਦਾ ਦੁਸ਼ਮਣ ਬਣ ਗਿਆ।ਉਸ ਨੇ ਹਜ਼ਰਤ ਇਬਰਾਹੀਮ (ਅਲੈ.) ਨੂੰ ਬਹੁਤ ਡਰਾਇਆ ਧਮਕਾਇਆ ਅਤੇ ਮਰਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਹ ਨਮਰੂਦ ਦੇ ਡਰ ਤੋਂ ਬੇਖ਼ੌਫ਼ ਉਸ ਨੂੰ ਅਤੇ ਉਸ ਦੀ ਪਰਜਾ ਨੂੰ ਰੱਬ ਦੇ ਹੁਕਮਾਂ ਉੱਤੇ ਚੱਲਣ ਦੀ ਦਾਅਵਤ ਦਿੰਦੇ ਰਹੇ।ਗ਼ੁੱਸੇ ਹੋਏ ਨਮਰੂਦ ਨੇ ਇਬਰਾਹੀਮ (ਅਲੈ.) ਨੂੰ ਬਲਦੀ ਅੱਗ ਦੇ ਵੱਡੇ ਭਾਂਬੜ ਵਿਚ ਸੁੱਟਵਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗ ਵਿੱਚੋਂ ਬਚ ਕੇ ਬਾਹਰ ਨਿਕਲ ਆਏ।ਨਮਰੂਦ ਦੀਆਂ ਨਿੱਤ ਦਿਨ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਹਜ਼ਰਤ ਇਬਰਾਹੀਮ (ਅਲੈ.) ਅਪਣੀ ਪਤਨੀ ਸਾਰਾ ਅਤੇ ਭਤੀਜੇ ਹਜ਼ਰਤ ਲੂਤ (ਅਲੈ.) ਨੂੰ ਲੈ ਕੇ ਪਹਿਲਾਂ ਇਰਾਕ ਦੇ ਸ਼ਹਿਰ ਖ਼ਿਜ਼ਾਂ ਚਲੇ ਗਏ ਅਤੇ ਫੇਰ ਉੱਥੋਂ ਸ਼ਾਮ ਹੁੰਦੇ ਹੋਏ ਫ਼ਲਸਤੀਨ ਚਲੇ ਗਏ।ਉਸ ਸਮੇਂ ਇਸ ਇਲਾਕੇ ਨੂੰ ਕਿਨਆਨ ਕਿਹਾ ਜਾਂਦਾ ਸੀ ਜਿਹੜਾ ਹੁਣ ਫ਼ਲਸਤੀਨ ਦੇ ਨਾਂ ਨਾਲ ਮਸ਼ਹੂਰ ਹੈ।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸ਼ਫ਼ੀ-ਉਲ-ਰਹਿਮਾਨ ਵੀ ਇਹੋ ਲਿਖਦਾ ਹੈ ਕਿ ਨਮਰੂਦ ਦੀਆਂ ਵਧੀਕੀਆਂ ਤੋਂ ਤੰਗ ਆ ਕੇ ਹਜ਼ਰਤ ਇਬਰਾਹੀਮ (ਅਲੈ.) ਸ਼ਾਮ ਹੁੰਦੇ ਹੋਏ ਫ਼ਲਸਤੀਨ ਚਲੇ ਗਏ ਅਤੇ ਫ਼ਲਸਤੀਨ ਨੂੰ ਅਪਣੀਆਂ ਧਾਰਮਿਕ ਸਰਗਰਮੀਆਂ ਦਾ ਕੇਂਦਰ ਬਣਾ ਕੇ ਫ਼ਲਸਤੀਨ ਅਤੇ ਉਸ ਦੇ ਨੇੜਲੇ ਮੁਲਕਾਂ ਵਿਚ ਅਪਣੇ ਧਰਮ ਦਾ ਪ੍ਰਚਾਰ ਕਰਨ ਲੱਗੇ।ਇਨ੍ਹਾਂ ਨੂੰ ਖ਼ਲੀਲੁੱਲ੍ਹਾ ਵੀ ਕਿਹਾ ਜਾਂਦਾ ਹੈ ਜਿਸ ਦੇ ਅਰਥ ਰੱਬ ਦਾ ਦੋਸਤ ਹੋਣ ਦੇ ਹਨ।ਇਨ੍ਹਾਂ ਨੂੰ ਨਬੀਆਂ ਦਾ ਬਾਪ ਵੀ ਕਿਹਾ ਜਾਂਦਾ ਹੈ ਕਿਉਂਜੋ ਇਨ੍ਹਾਂ ਦੀ ਮੌਤ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਤੱਕ ਸੰਸਾਰ ਤੇ ਆਉਣ ਵਾਲੇ ਸਾਰੇ ਨਬੀ ਅਤੇ ਰਸੂਲ ਇਨ੍ਹਾਂ ਦੀ ਨਸਲ ਵਿੱਚੋਂ ਹੀ ਪੈਦਾ ਹੋਏ ਹਨ। ਜਦੋਂ ਕਿਨਆਨ ਵਿਚ ਕਾਲ ਪਿਆ ਤਾਂ ਹਜ਼ਰਤ ਇਬਰਾਹੀਮ (ਅਲੈ.) ਮਿਸਰ ਚਲੇ ਗਏ ਉਸ ਸਮੇਂ ਮਿਸਰ ਦਾ ਬਾਦਸ਼ਾਹ ਫ਼ਿਰਔਨ ਸੀ ਜਿਹੜਾ ਅਪਣੇ ਆਪ ਨੂੰ ਖ਼ੁਦਾ ਅਖਵਾਉਂਦਾ ਸੀ ਅਤੇ ਪਰਜਾ ਨੂੰ ਮਜਬੂਰ ਕਰਦਾ ਸੀ ਕਿ ਉਸ ਦੀ ਪੂਜਾ ਕੀਤੀ ਜਾਵੇ।ਜਦੋਂ ਹਜ਼ਰਤ ਇਬਰਾਹੀਮ (ਅਲੈ.) ਨੇ ਫ਼ਿਰਔਨ ਨੂੰ ਰੱਬ ਦਾ ਹੁਕਮ ਸੁਣਾਇਆ ਅਤੇ ਖ਼ੁਦਾਈ ਦਾ ਦਾਅਵਾ ਛੱਡ ਕੇ ਇਕ ਰੱਬ ਦੀ ਬੰਦਗੀ ਕਰਨ ਲਈ ਸਮਝਾਉਣਾ ਚਾਹਿਆ ਤਾਂ ਉਹ ਹਜ਼ਰਤ ਇਬਰਾਹੀਮ (ਅਲੈ.) ਦਾ ਵੈਰੀ ਬਣ ਗਿਆ।'ਹਜ਼ਰਤ ਮੁਹੰਮਦ (ਸ.) ਜੀਵਨ ਅਤੇ ਸਿੱਖਿਆਵਾਂ' ਦਾ ਲੇਖਕ ਡਾ. ਮੁਹੰਮਦ ਇਰਸ਼ਾਦ ਤਾਂ ਇਹ ਵੀ ਲਿਖਦਾ ਹੈ ਕਿ ਫ਼ਿਰਔਨ ਉਨ੍ਹਾਂ (ਹਜ਼ਰਤ ਇਬਰਾਹੀਮ) ਦੀ ਪਤਨੀ ਬੀਬੀ ਸਾਰਾ ਦੀ ਸੁੰਦਰਤਾ ਦੇਖ ਕੇ ਉਸ ਪ੍ਰਤੀ ਬਦਨੀਅਤ ਹੋ ਗਿਆ ਪਰ ਬੀਬੀ ਸਾਰਾ ਰੱਬੀ ਚਮਤਕਾਰ ਨਾਲ ਉਸ ਦੀ ਭੈੜੀ ਇੱਛਾ ਦਾ ਸ਼ਿਕਾਰ ਹੋਣ ਤੋਂ ਬਚ ਗਈ।ਇਸ ਚਮਤਕਾਰ ਤੋਂ ਬਾਅਦ ਖ਼ੁਦ ਫ਼ਿਰਔਨ ਹਜ਼ਰਤ ਇਬਰਾਹੀਮ (ਅਲੈ.) ਅਤੇ ਬੀਬੀ ਸਾਰਾ ਤੋਂ ਐਨਾ ਪ੍ਰਭਾਵਤ ਹੋਇਆ ਕਿ ਉਸ ਨੇ ਢੇਰ ਸਾਰੇ ਤੋਹਫ਼ਿਆਂ ਸਮੇਤ ਅਪਣੀ ਧੀ ਬੀਬੀ ਹਾਜਰਾ ਨੂੰ ਦਾਸੀ ਵਜੋਂ ਬੀਬੀ ਸਾਰਾ ਦੇ ਸਪੁਰਦ ਕਰ ਦਿੱਤਾ।ਕਈ ਇਤਿਹਾਸਕਾਰਾਂ ਦਾ ਖ਼ਿਆਲ ਹੈ ਕਿ ਬੀਬੀ ਹਾਜਰਾ ਫ਼ਿਰਔਨ ਦੀ ਧੀ ਨਹੀਂ ਸਗੋਂ ਉਸ ਦੀ ਦਾਸੀ ਸੀ ਪਰ ਅੱਲਾਮਾ ਮਨਸੂਰਪੁਰੀ ਨੇ ਖੋਜ ਕਰਕੇ ਸਾਬਤ ਕਰ ਦਿੱਤਾ ਹੈ ਕਿ ਬੀਬੀ ਹਾਜਰਾ ਫ਼ਿਰਔਨ ਦੀ ਦਾਸੀ ਨਹੀਂ ਸਗੋਂ ਉਸ ਦੀ ਧੀ ਸੀ।ਬੀਬੀ ਸਾਰਾ ਨੇ ਕੁਝ ਸਮੇਂ ਬਾਅਦ ਬੀਬੀ ਹਾਜਰਾ ਦਾ ਨਿਕਾਹ ਵੀ ਹਜ਼ਰਤ ਇਬਰਾਹੀਮ (ਅਲੈ.) ਨਾਲ ਹੀ ਕਰਵਾ ਦਿੱਤਾ ਅਤੇ ਹਜ਼ਰਤ ਇਬਰਾਹੀਮ (ਅਲੈ.) ਅਪਣੀਆਂ ਦੋਵੇਂ ਪਤਨੀਆਂ ਨੂੰ ਲੈ ਕੇ ਫ਼ਲਸਤੀਨ ਚਲੇ ਗਏ।ਇਥੇ ਹੀ ਹਜ਼ਰਤ ਹਾਜਰਾ ਦੀ ਕੁੱਖੋਂ ਹਜ਼ਰਤ ਇਸਮਾਈਲ (ਅਲੈ.) ਦਾ ਜਨਮ ਹੋਇਆ।

7. ਬੀਬੀ ਹਾਜਰਾ ਅਤੇ ਚਸ਼ਮਾ ਜ਼ਮਜ਼ਮ

ਪੁੱਤਰ ਦੇ ਜਨਮ ਤੋਂ ਬਾਅਦ ਜਿੱਥੇ ਹਜ਼ਰਤ ਇਬਰਾਹੀਮ (ਅਲੈ.) ਅਤੇ ਬੀਬੀ ਹਾਜਰਾ ਨੂੰ ਖ਼ੁਸ਼ੀ ਹੋਈ ਉੱਥੇ ਉਨ੍ਹਾਂ ਦੀ ਪਹਿਲੀ ਪਤਨੀ ਬੀਬੀ ਸਾਰਾ ਸੜ-ਭੁਜ ਗਈ।ਹਜ਼ਰਤ ਇਬਰਾਹੀਮ (ਅਲੈ.) ਦੀ ਪਹਿਲੀ ਪਤਨੀ ਹੋਣ ਦੇ ਨਾਤੇ ਉਹ ਬੀਬੀ ਹਾਜਰਾ ਨੂੰ ਆਪੇ ਤੋਂ ਨੀਵੀਂ ਅਤੇ ਦਾਸੀ ਹੀ ਸਮਝਦੀ ਸੀ।ਉਸ ਨੇ ਅਪਣੇ ਪਤੀ ਹਜ਼ਰਤ ਇਬਰਾਹੀਮ (ਅਲੈ.) ਨੂੰ ਇਸ ਗੱਲ ਲਈ ਮਜਬੂਰ ਕਰ ਦਿੱਤਾ ਕਿ ਉਹ ਪੁੱਤਰ ਸਮੇਤ ਬੀਬੀ ਹਾਜਰਾ ਨੂੰ ਕਿਤੇ ਦੂਰ ਛੱਡ ਆਵੇ।ਪਰ ਹਜ਼ਰਤ ਇਬਰਾਹੀਮ (ਅਲੈ.) ਉਸ ਦੀ ਇਸ ਮੰਗ ਨੂੰ ਉਸ ਸਮੇਂ ਤੱਕ ਅਣਗੌਲਿਆ ਕਰਦੇ ਰਹੇ ਜਦੋਂ ਤੱਕ ਰੱਬ ਵੱਲੋਂ ਉਨ੍ਹਾਂ ਨੂੰ ਇਹ ਹੁਕਮ ਨਾ ਮਿਲ ਗਿਆ ਕਿ ਮਾਂ ਅਤੇ ਪੁੱਤਰ ਨੂੰ ਦੂਰ ਛੱਡਣ ਵਿਚ ਵੀ ਕੋਈ ਭਲਾਈ ਛੁਪੀ ਹੋਈ ਹੈ।ਕਈ ਥਾਵਾਂ ਉੱਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਹਜ਼ਰਤ ਇਬਰਾਹੀਮ (ਅਲੈ.) ਨੂੰ ਰੱਬ ਵੱਲੋਂ ਹੁਕਮ ਹੋਇਆ ਸੀ ਕਿ ਬੀਬੀ ਹਾਜ਼ਰਾ ਅਤੇ ਬੱਚੇ ਨੂੰ ਫ਼ਾਰਾਨ ਦੀ ਵਾਦੀ ਵਿਚ ਛੱਡ ਆਉ।ਫ਼ਾਰਾਨ ਦੀ ਵਾਦੀ ਕਿਨਆਨ ਤੋਂ ਦੂਰ ਅਰਬ ਵਿਚ ਉਸ ਸਥਾਨ ਦੇ ਬਹੁਤ ਨੇੜੇ ਸੀ ਜਿੱਥੇ ਅੱਜ ਕੱਲ 'ਮੱਕਾ' ਨਾਂ ਦਾ ਮੁਸਲਿਮ ਜਗਤ ਦਾ ਸਭ ਤੋਂ ਪਵਿੱਤਰ ਸ਼ਹਿਰ ਆਬਾਦ ਹੈ।
ਰੱਬ ਦੇ ਹੁਕਮ ਅਨੁਸਾਰ ਹਜ਼ਰਤ ਇਬਰਾਹੀਮ (ਅਲੈ.) ਨਿੱਕੇ ਜਿਹੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਅਤੇ ਉਸ ਦੀ ਮਾਂ ਬੀਬੀ ਹਾਜਰਾ ਨੂੰ ਲੈ ਕੇ ਫ਼ਾਰਾਨ ਦੀ ਵਾਦੀ ਵਿਚ ਚਲੇ ਗਏ ਅਤੇ ਬੈਤੁੱਲ੍ਹਾ ਸ਼ਰੀਫ਼ ਵਾਲੀ ਥਾਂ ਦੇ ਨੇੜੇ ਠਹਿਰ ਗਏ।ਉਸ ਸਮੇਂ ਬੈਤੁੱਲਾ ਸ਼ਰੀਫ਼ ਬਣਿਆ ਹੋਇਆ ਨਹੀਂ ਸੀ।ਇਥੇ ਸਿਰਫ਼ ਇਕ ਬੇਆਬਾਦ ਟਿੱਲਾ ਸੀ ਜਿਸ ਉੱਤੇ ਵੱਡਾ ਦਰੱਖ਼ਤ ਖੜ੍ਹਾ ਸੀ।ਹਜ਼ਰਤ ਇਬਰਾਹੀਮ (ਅਲੈ.) ਇਸ ਦਰੱਖ਼ਤ ਦੇ ਥੱਲੇ ਬੀਬੀ ਹਾਜਰਾ ਅਤੇ ਹਜ਼ਰਤ ਇਸਮਾਈਲ (ਅਲੈ.) ਨੂੰ ਲੈ ਕੇ ਰੁਕ ਗਏ ਅਤੇ ਕੁਝ ਦੇਰ ਆਰਾਮ ਕਰਨ ਤੋਂ ਬਾਅਦ ਜਦੋਂ ਉਹ ਕੁਝ ਖ਼ਜੂਰਾਂ ਅਤੇ ਪਾਣੀ ਦਾ ਮਸ਼ਕੀਜ਼ਾ ਬੀਬੀ ਹਾਜਰਾ ਨੂੰ ਦੇ ਕੇ ਮਾਂ ਪੁੱਤਰ ਨੂੰ ਰੱਬ ਦੇ ਸਹਾਰੇ ਛੱਡ ਕੇ ਤੁਰਨ ਲੱਗੇ ਤਾਂ ਬੀਬੀ ਹਾਜ਼ਰਾ ਨੇ ਪੁੱਛਿਆ ਕਿ ਉਹ ਉਨ੍ਹਾਂ ਨੂੰ ਇਸ ਵੀਰਾਨੇ ਵਿਚ ਕਿਉਂ ਅਤੇ ਕਿਸ ਦੇ ਸਹਾਰੇ ਛੱਡ ਕੇ ਜਾ ਰਹੇ ਹਨ ਤਾਂ ਹਜ਼ਰਤ ਇਬਰਾਹੀਮ (ਅਲੈ.) ਨੇ ਉੱਤਰ ਦਿੱਤਾ ਕਿ ਰੱਬ ਦਾ ਏਹੋ ਹੁਕਮ ਹੈ।ਹਜ਼ਰਤ ਇਬਰਾਹੀਮ (ਅਲੈ.) ਦੀ ਗੱਲ ਸੁਣ ਕੇ ਬੀਬੀ ਹਾਜਰਾ ਚੁੱਪ ਹੋ ਗਈ ਅਤੇ ਨਿੱਕੇ ਜਿੰਨੇ ਪੁੱਤਰ ਕੋਲ ਆ ਬੈਠੀ।
ਕੁਝ ਦਿਨਾਂ ਵਿਚ ਖਜੂਰਾਂ ਅਤੇ ਪਾਣੀ ਖ਼ਤਮ ਹੋਣ ਤੋਂ ਬਾਅਦ ਜਦੋਂ ਮਾਂ ਅਤੇ ਪੁੱਤਰ ਨੂੰ ਭੁੱਖ ਅਤੇ ਪਿਆਸ ਸਤਾਉਣ ਲੱਗੀ ਤਾਂ ਬੀਬੀ ਹਾਜਰਾ ਨੂੰ ਪਾਣੀ ਦੀ ਫ਼ਿਕਰ ਹੋਈ ਅਤੇ ਉਹ ਬੱਚੇ ਨੂੰ ਉੱਥੇ ਛੱਡ ਕੇ ਨੇੜੇ ਦੀ ਪਹਾੜੀ 'ਸਫ਼ਾ' ਉੱਤੇ ਚੜ੍ਹ ਕੇ ਇਧਰ-ਉਧਰ ਪਾਣੀ ਦੀ ਭਾਲ ਕਰਨ ਲੱਗੀ।'ਸਫ਼ਾ' ਦੀ ਪਹਾੜੀ ਉੱੇਤੇ ਖੜ੍ਹੀ ਬੀਬੀ ਹਾਜਰਾ ਨੂੰ ਨੇੜਲੀ 'ਮਰਵਾ' ਦੀ ਪਹਾੜੀ ਉੱਤੇ ਪਾਣੀ ਨਜ਼ਰ ਆਇਆ ਪਰ ਜਦੋਂ ਉਸ ਨੇ ਮਰਵਾ ਦੀ ਪਹਾੜੀ ਉੱਤੇ ਪਹੁੰਚ ਕੇ ਦੇਖਿਆ ਤਾਂ ਉਸ ਨੂੰ ਉੱਥੇ ਵੀ ਪਾਣੀ ਨਾ ਮਿਲਿਆ।ਇਸ ਤਰ੍ਹਾਂ ਉਸ ਨੇ ਸਫ਼ਾ ਅਤੇ ਮਰਵਾ ਦੀਆਂ ਦੋਵਾਂ ਪਹਾੜੀਆਂ ਵਿਚਕਾਰ ਸੱਤ ਗੇੜੇ ਲਾਏ।
ਪਾਣੀ ਦੀ ਭਾਲ ਵਿਚ ਚੱਕਰ ਕੱਟਦੀ ਥੱਕੀ ਹਾਰੀ ਬੀਬੀ ਹਾਜਰਾ ਨੂੰ ਜਦੋਂ ਇਕੱਲੇ ਬੱਚੇ ਦੀ ਯਾਦ ਆਈ ਤਾਂ ਉਹ ਵਾਪਸ ਉਸ ਥਾਂ ਵੱਲ ਨੱਸੀ ਜਿੱਥੇ ਹਜ਼ਰਤ ਇਸਮਾਈਲ (ਅਲੈ.) ਨੂੰ ਛੱਡ ਕੇ ਗਈ ਸੀ।ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸ ਨੂੰ ਹਜ਼ਰਤ ਇਸਮਾਈਲ (ਅਲੈ.) ਦੀਆਂ ਅੱਡੀਆਂ ਘਿਸਣ ਵਾਲੀ ਥਾਂ ਮਿੱਟੀ ਕੁਝ ਗਿੱਲੀ ਜਿਹੀ ਨਜ਼ਰ ਆਈ।ਜਦੋਂ ਉਸ ਨੇ ਗਿੱਲੀ ਥਾਂ ਤੋਂ ਮਿੱਟੀ ਹਟਾਈ ਤਾਂ ਪਾਣੀ ਦਾ ਝਰਨਾ ਵਗ ਪਿਆ ਜਿਸ ਨੂੰ ਦੇਖ ਕੇ ਹਜ਼ਰਤ ਹਾਜਰਾ ਦੇ ਮੂੰਹ ਚੋਂ ਨਿਕਲਿਆ 'ਜ਼ਮਜ਼ਮ' ਅਤੇ ਉਹ ਰੱਬ ਦੀ ਕੁਦਰਤ ਨੂੰ ਮੰਨਦਿਆਂ ਸਿਜਦੇ ਵਿਚ ਡਿਗ ਪਈ।ਬਾਅਦ ਵਿਚ ਇਸ ਚਸ਼ਮੇ ਦਾ ਨਾਂ ਹੀ 'ਜ਼ਮਜ਼ਮ' ਪੈ ਗਿਆ।ਉਸ ਨੇ ਪਾਣੀ ਦੇ ਚਾਰੇ ਪਾਸੇ ਮਿੱਟੀ ਦੀ ਵੱਟ ਬਣਾ ਦਿੱਤੀ ਜਿਸ ਨਾਲ ਪਾਣੀ ਨੀਵੇਂ ਪਾਸੇ ਵੱਲ ਵਗਣੋਂ ਰੁਕ ਗਿਆ।ਇਹੋ ਉਹ ਪਵਿੱਤਰ ਪਾਣੀ ਹੈ ਜਿਸ ਨੂੰ ਹੱਜ ਤੇ ਜਾਣ ਵਾਲੇ ਮੁਸਲਮਾਨ ਯਾਤਰੀ ਅਪਣੇ ਨਾਲ ਘਰ ਲੈ ਕੇ ਆਉਂਦੇ ਹਨ ਅਤੇ ਉਹ ਹਜ਼ਰਤ ਹਾਜਰਾ ਦੇ ਪਾਣੀ ਦੀ ਤਲਾਸ਼ ਵਿਚ ਖਾਧੇ ਚੱਕਰਾਂ ਅਨੁਸਾਰ ਸਫ਼ਾ ਅਤੇ ਮਰਵਾ ਦੀਆਂ ਪਹਾੜੀਆਂ ਵਿਚਕਾਰ ਸੱਤ ਚੱਕਰ ਕੱਟਦੇ ਹਨ।
ਹਜ਼ਰਤ ਇਬਰਾਹੀਮ (ਅਲੈ.) ਹਜ਼ਰਤ ਹਾਜਰਾ ਅਤੇ ਪੁੱਤਰ ਨੂੰ ਮਿਲਣ ਲਈ ਮੱਕੇ ਆਉਂਦੇ ਜਾਂਦੇ ਰਹਿੰਦੇ ਸਨ ਪਰ ਕਿਤਾਬਾਂ ਵਿਚ ਇਸ ਦੀ ਸਹੀ ਗਿਣਤੀ ਨਹੀਂ ਮਿਲਦੀ ਕਿ ਉਹ ਕਿੰਨੀ ਬਾਰ ਮੱਕੇ ਆਏ ਸਨ।ਕੁਝ ਕਿਤਾਬਾਂ ਵਿਚ ਉਨ੍ਹਾਂ ਨੂੰ ਕਿਨਆਨ (ਫ਼ਲਸਤੀਨ) ਤੋਂ ਚਾਰ ਬਾਰ ਮੱਕੇ ਆਇਆ ਦਰਸਾਇਆ ਗਿਆ ਹੈ।'ਸਹੀ ਬੁਖ਼ਾਰੀ' ਨਾਂ ਦੀ ਕਿਤਾਬ ਵਿਚ ਲਿਖਿਆ ਮਿਲਦਾ ਹੈ ਕਿ ਪਹਿਲੀ ਬਾਰ ਉਹ ਉਦੋਂ ਮੱਕੇ ਆਏ ਸਨ ਜਦੋਂ ਉਨ੍ਹਾਂ ਦੇ ਛੋਟੇ ਪੁੱਤਰ ਹਜ਼ਰਤ ਇਸਹਾਕ ਤੇਰਾਂ ਸਾਲ ਦੀ ਉਮਰ ਦੇ ਸਨ।ਪਵਿੱਤਰ ਬਾਇਬਲ ਵਿਚ ਵੀ ਲਿਖਿਆ ਮਿਲਦਾ ਹੈ ਕਿ ਹਜ਼ਰਤ ਇਸਮਾਈਲ (ਅਲੈ.) ਹਜ਼ਰਤ ਇਬਰਾਹੀਮ (ਅਲੈ.) ਦੇ ਦੂਜੇ ਪੁੱਤਰ ਹਜ਼ਰਤ ਇਸਹਾਕ ਤੋਂ ਤੇਰਾ ਸਾਲ ਵੱਡੇ ਸਨ।ਕੁਰਆਨ ਸ਼ਰੀਫ਼ ਵਿਚ ਵੀ ਇਹੋ ਇਸ਼ਾਰਾ ਮਿਲਦਾ ਹੈ ਕਿ ਹਜ਼ਰਤ ਇਸਮਾਈਲ (ਅਲੈ.) ਦੀ ਕੁਰਬਾਨੀ ਵਾਲੀ ਘਟਨਾ ਹਜ਼ਰਤ ਇਸਹਾਕ ਦੇ ਜਨਮ ਤੋਂ ਪਹਿਲਾਂ ਦੀ ਹੈ ਕਿਉਂ ਜੋ ਸਾਰੀ ਘਟਨਾ ਬਿਆਨ ਕਰਨ ਤੋਂ ਬਾਅਦ ਹੀ ਹਜ਼ਰਤ ਇਸਹਾਕ ਦੇ ਜਨਮ ਬਾਰੇ ਇਸ਼ਾਰਾ ਕੀਤਾ ਗਿਆ ਹੈ।ਉਸ ਸਮੇਂ ਜਿਹੜੀ ਕੁਰਬਾਨੀ ਵਾਲੀ ਘਟਨਾ ਵਾਪਰੀ ਸੀ ਉਸ ਦਾ ਜ਼ਿਕਰ ਅਗਲੇ ਪੰਨਿਆਂ ਵਿਚ ਕੀਤਾ ਜਾਵੇਗਾ।ਦੂਜੀ ਬਾਰ ਉਹ ਉਦੋਂ ਮੱਕੇ ਆਏ ਸਨ ਜਦੋਂ ਹਜ਼ਰਤ ਇਸਮਾਈਲ (ਅਲੈ.) ਦਾ ਵਿਆਹ ਹੋ ਗਿਆ ਸੀ ਪਰ ਉਨ੍ਹਾਂ ਦੇ ਮੱਕੇ ਤੋਂ ਬਾਹਰ ਹੋਣ ਕਰਕੇ ਮੁਲਾਕਾਤ ਨਹੀਂ ਹੋ ਸਕੀ ਸੀ।ਤੀਜੀ ਬਾਰ ਵੀ ਜਦੋਂ ਉਹ ਫ਼ਲਸਤੀਨ ਤੋਂ ਮੱਕੇ ਆਏ ਸਨ ਤਾਂ ਹਜ਼ਰਤ ਇਸਮਾਈਲ (ਅਲੈ.) ਨਾਲ ਮੁਲਾਕਾਤ ਨਹੀਂ ਹੋ ਸਕੀ ਸੀ ਅਤੇ ਉਹ ਅਪਣੀ ਨੋਂਹ ਨੂੰ ਕੁਝ ਹਦਾਇਤਾਂ ਦੇ ਕੇ ਵਾਪਸ ਚਲੇ ਗਏ ਸਨ।
ਚੌਥੀ ਬਾਰ ਜਦੋਂ ਉਹ ਮੱਕੇ ਆਏ ਸਨ ਤਾਂ ਉਨ੍ਹਾਂ ਦੀ ਹਜ਼ਰਤ ਇਸਮਾਈਲ (ਅਲੈ.) ਨਾਲ ਮੁਲਾਕਾਤ ਹੋ ਗਈ ਸੀ।ਲੰਮੀ ਦੇਰੀ ਤੋਂ ਬਾਅਦ ਪਿਉ-ਪੁੱਤਰ ਵਿਚਕਾਰ ਹੋਈ ਇਸ ਭਾਵੁਕ ਮੁਲਾਕਾਤ ਦਾ ਜ਼ਿਕਰ ਕਰਦਿਆਂ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸਫ਼ਾ ੩੯ ਉੱਤੇ ਲਿਖਦਾ ਹੈ, "ਚੌਥੀ ਬਾਰ ਜਦੋਂ ਹਜ਼ਰਤ ਇਬਰਾਹੀਮ (ਅਲੈ.) ਮੱਕੇ ਪਹੁੰਚੇ ਤਾਂ ਹਜ਼ਰਤ ਇਸਮਾਈਲ (ਅਲੈ.) ਜ਼ਮਜ਼ਮ ਦੇ ਨੇੜੇ ਦਰੱਖ਼ਤ ਦੇ ਹੇਠ ਬੈਠੇ ਤੀਰ ਘੜ੍ਹ ਰਹੇ ਸਨ।ਉਹ ਪਿਤਾ ਨੂੰ ਦੇਖਦੇ ਹੀ ਉੱਠ ਖੜ੍ਹੇ ਹੋਏ ਅਤੇ ਉਹੋ ਕੁਝ ਕੀਤਾ ਜਿਹੜਾ ਅਜਿਹੇ ਮੌਕੇ ਇਕ ਬਾਪ ਅਪਣੇ ਪੁੱਤਰ ਨਾਲ ਅਤੇ ਪੁੱਤਰ ਬਾਪ ਨਾਲ ਕਰਦਾ ਹੈ।ਇਹ ਮਿਲਣੀ ਐਨੀ ਦੇਰ ਬਾਅਦ ਹੋਈ ਸੀ ਕਿ ਇਕ ਨਰਮ ਦਿਲ ਅਤੇ ਮਿਹਰਬਾਨ ਬਾਪ ਅਪਣੇ ਪੁੱਤਰ, ਅਤੇ ਇਕ ਆਗਿਆਕਾਰ ਪੁੱਤਰ ਅਪਣੇ ਬਾਪ ਤੋਂ ਔਖਿਆਂ ਹੀ ਐਨੀ ਲੰਬੀ ਜੁਦਾਈ ਬਰਦਾਸ਼ਤ ਕਰ ਸਕਦਾ ਹੈ"।
ਜਦੋਂ ਹਜ਼ਰਤ ਇਬਰਾਹੀਮ (ਅਲੈ.) ਨੇ ਅਪਣੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਨੂੰ ਅਪਣੇ ਆਉਣ ਦਾ ਮਕਸਦ ਦੱਸਿਆ ਤਾਂ ਉਹ ਰੱਬ ਦੇ ਹੁਕਮ ਨੂੰ ਮੰਨ ਕੇ ਖ਼ਾਨਾ ਕਾਅਬਾ ਦੀ ਉਸਾਰੀ ਕਰਨ ਲਈ ਝੱਟ ਤਿਆਰ ਹੋ ਗਏ।ਦੋਵਾਂ ਨੇ ਮਿਲ ਕੇ ਖ਼ਾਨਾ ਕਾਅਬਾ ਦੀ ਬੁਨਿਆਦ ਰੱਖੀ ਅਤੇ ਕੰਧਾਂ ਦੀ ਉਸਾਰੀ ਕੀਤੀ।ਪੰਜ ਫ਼ੁੱਟ ਦੇ ਕਰੀਬ ਉੱਚੀ ਕੰਧਾਂ ਦੀ ਉਸਾਰੀ ਕਰਨ ਤੋਂ ਬਾਅਦ ਹਜ਼ਰਤ ਇਬਰਾਹੀਮ (ਅਲੈ.) ਨੇ ਸਾਰੀ ਦੁਨੀਆ ਦੇ ਲੋਕਾਂ ਨੂੰ ਹੱਜ ਕਰਨ ਲਈ ਆਵਾਜ਼ ਮਾਰੀ। ਵਿਸਥਾਰ ਨਾਲ ਖ਼ਾਨਾ ਕਾਅਬਾ ਦੀ ਉਸਾਰੀ ਦਾ ਜ਼ਿਕਰ ਅਗਲੇ ਪੰਨਿਆਂ ਵਿਚ ਕੀਤਾ ਜਾਵੇਗਾ।

8. ਪੁੱਤਰ ਦੀ ਕੁਰਬਾਨੀ

ਭਾਵੇਂ ਹਜ਼ਰਤ ਇਬਰਾਹੀਮ (ਅਲੈ.) ਨੇ ਅਪਣੀ ਪਤਨੀ ਹਾਜਰਾ ਅਤੇ ਇਕਲੋਤੇ ਪੁੱਤਰ ਨੂੰ ਰੱਬ ਦਾ ਹੁਕਮ ਮੰਨ ਕੇ ਮਾਰੂਥਲ ਵਿਚ ਇਕੱਲਿਆਂ ਛੱਡ ਕੇ ਕਠਨ ਪ੍ਰੀਖਿਆ ਪਾਸ ਕਰ ਲਈ ਸੀ ਪਰ ਅਜੇ ਹੋਰ ਪ੍ਰੀਖਿਆਵਾਂ ਖ਼ਤਮ ਨਹੀਂ ਹੋਈਆਂ ਸਨ।ਹਜ਼ਰਤ ਇਬਰਾਹੀਮ (ਅਲੈ.) ਕਦੇ ਕਦੇ ਕਿਨਆਨ ਤੋਂ ਹਜ਼ਰਤ ਹਾਜਰਾ ਅਤੇ ਅਪਣੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਦੀ ਖ਼ਬਰ-ਸਾਰ ਲਈ ਮੱਕੇ ਆਇਆ ਕਰਦੇ ਸਨ।ਉਹ ਇਥੇ ਕੁਝ ਦਿਨ ਠਹਿਰਦੇ ਅਤੇ ਵਾਪਸ ਕਿਨਆਨ ਚਲੇ ਜਾਂਦੇ।ਇਤਿਹਾਸਕ ਹਵਾਲਿਆਂ ਤੋਂ ਪਤਾ ਲਗਦਾ ਹੈ ਕਿ ਬੀਬੀ ਹਾਜਰਾ ਅਤੇ ਪੁੱਤਰ ਨੂੰ ਉਜਾੜ ਵਿਚ ਛੱਡ ਕੇ ਜਾਣ ਤੋਂ ਬਾਅਦ ਜਦੋਂ ਹਜ਼ਰਤ ਇਬਰਾਹੀਮ (ਅਲੈ.) ਪਹਿਲੀ ਵਾਰ ਮੱਕੇ ਆਏ ਤਾਂ ਹਜ਼ਰਤ ਇਸਮਾਈਲ (ਅਲੈ.) ਦੀ ਉਮਰ ਤੇਰਾ ਸਾਲ (ਕਈ ਥਾਵਾਂ ਉੱਤੇ ਨੌ ਸਾਲ ਵੀ ਲਿਖੀ ਮਿਲਦੀ ਹੈ) ਦੇ ਕਰੀਬ ਸੀ ਅਤੇ ਉਹ ਚੰਗੀ-ਮਾੜੀ ਗੱਲ ਨੂੰ ਸਮਝਣ ਲੱਗ ਗਏ ਸਨ।
ਹਜ਼ਰਤ ਇਬਰਾਹੀਮ (ਅਲੈ.) ਨੂੰ ਸੁਪਨਾ ਆਇਆ ਕਿ ਉਹ ਅਪਣੇ ਇਕਲੋਤੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਨੂੰ ਜ਼ਿਬਾਹ ਕਰ ਰਹੇ ਹਨ।ਜਦੋਂ ਇਹ ਸੁਪਨਾ ਬਾਰ ਬਾਰ ਆਉਂਦਾ ਰਿਹਾ ਤਾਂ ਹਜ਼ਰਤ ਇਬਰਾਹੀਮ ਸਮਝ ਗਏ ਕਿ ਰੱਬ ਉਨ੍ਹਾਂ ਦੀ ਕਿਹੜੀ ਪ੍ਰੀਖਿਆ ਲੈ ਰਿਹਾ ਹੈ।ਕਿਉਂ ਜੋ ਪੈਗ਼ੰਬਰਾਂ ਨੂੰ ਆਉਣ ਵਾਲੇ ਸੁਪਨਿਆਂ ਨੂੰ ਵੀ ਵਹੀ ਹੀ ਸਮਝਿਆ ਜਾਂਦਾ ਸੀ।ਇਕ ਦਿਨ ਉਨ੍ਹਾਂ ਨੇ ਹਜ਼ਰਤ ਇਸਮਾਇਲ (ਅਲੈ.) ਨੂੰ ਕਿਹਾ," ਬੇਟਾ ਮੈਂ ਸੁਪਨੇ ਵਿਚ ਦੇਖਿਆ ਹੈ ਕਿ ਮੈਂ ਤੈਨੂੰ ਜ਼ਿਬਾਹ (ਹਲਾਲ) ਕਰ ਰਿਹਾ ਹਾਂ।ਹੁਣ ਤੂੰ ਦੱਸ ਤੇਰਾ ਕੀ ਇਰਾਦਾ ਹੈ।ਕੀ ਇਸ ਸੁਪਨੇ ਦੀ ਤਾਬੀਰ ਨੂੰ ਨੇਪਰੇ ਚਾੜ੍ਹਣਾ ਚਾਹੀਦਾ ਹੈ"? ਹਜ਼ਰਤ ਇਸਮਾਈਲ (ਅਲੈ.) ਨੇ ਪਿਤਾ ਦੇ ਹੁਕਮ ਅੱਗੇ ਸਿਰ ਝੁਕਾਉਂਦਿਆਂ ਕਿਹਾ ਕਿ ਜੋ ਵੀ ਉਨ੍ਹਾਂ ਨੂੰ ਰੱਬ ਵੱਲੋਂ ਹੁਕਮ ਹੋਇਆ ਹੈ ਉਹ ਉਸ ਨੂੰ ਪੂਰਾ ਕਰਨ।ਪੁੱਤਰ ਨੂੰ ਰਜ਼ਾਮੰਦ ਦੇਖ ਕੇ ਹਜ਼ਰਤ ਇਬਰਾਹੀਮ (ਅਲੈ.) ਉਸ ਨੂੰ ਆਬਾਦੀ ਤੋਂ ਬਾਹਰ 'ਮਿਨਾ' ਦੇ ਸਥਾਨ ਵੱਲ ਲੈ ਤੁਰੇ।
ਜਦੋਂ ਸ਼ੈਤਾਨ ਨੇ ਪਿਉ ਅਤੇ ਪੁੱਤਰ ਨੂੰ ਰੱਬੀ ਹੁਕਮ ਉੱਤੇ ਫੁੱਲ ਚੜ੍ਹਾਉਂਦੇ ਵੇਖਿਆ ਤਾਂ ਉਸ ਤੋਂ ਬਰਦਾਸ਼ਤ ਨਾ ਹੋਇਆ।ਉਹ ਉਨ੍ਹਾਂ ਨੂੰ ਭੜਕਾਉਣ ਲਈ ਵਾਰੋ-ਵਾਰੀ ਹਜ਼ਰਤ ਹਾਜਰਾ ਅਤੇ ਹਜ਼ਰਤ ਇਸਮਾਈਲ (ਅਲੈ.) ਕੋਲ ਗਿਆ ਪਰ ਉਨ੍ਹਾਂ ਦੋਵਾਂ ਨੇ ਉਸ ਨੂੰ ਅਣਗੌਲਿਆ ਕਰ ਦਿੱਤਾ।ਫੇਰ ਵੀ ਜਦੋਂ ਸ਼ੈਤਾਨ ਅਪਣੀਆਂ ਹਰਕਤਾਂ ਤੋਂ ਵਾਜ਼ ਨਾ ਆਇਆ ਤਾਂ ਹਜ਼ਰਤ ਹਾਜਰਾ ਨੇ ਕੰਕਰੀਆਂ ਚੁੱਕ ਕੇ ਉਸ ਨੂੰ ਮਾਰਣੀਆਂ ਸ਼ੁਰੂ ਕਰ ਦਿੱਤੀਆਂ।ਅੱਜ ਵੀ ਹੱਜ ਲਈ ਜਾਣ ਵਾਲੇ ਯਾਤਰੀ ਬੀਬੀ ਹਾਜਰਾਂ ਵੱਲੋਂ ਅਪਣਾਈ ਵਿੱਧੀ ਨੂੰ ਦੁਹਰਾਉਂਦਿਆਂ ਸ਼ੈਤਾਨ ਦੇ ਬਣਾਏ ਨਿਸ਼ਾਨ ਨੂੰ ਕੰਕਰੀਆਂ ਮਾਰਦੇ ਹਨ।
ਜਦੋਂ ਹਜ਼ਰਤ ਇਬਰਾਹੀਮ (ਅਲੈ.) ਹਜ਼ਰਤ ਇਸਮਾਈਲ (ਅਲੈ.) ਨੂੰ ਜ਼ਮੀਨ ਉੱਤੇ ਲਿਟਾ ਕੇ ਉਸ ਦੀ ਗਰਦਨ ਉੱਤੇ ਛੁਰੀ ਚਲਾਉਣ ਲੱਗੇ ਤਾਂ ਰੱਬ ਦੇ ਹੁਕਮ ਨਾਲ ਹਜ਼ਰਤ ਜਿਬਰਾਈਲ (ਅਲੈ.) ਨੇ ਹਜ਼ਰਤ ਇਸਮਾਈਲ (ਅਲੈ.) ਨੂੰ ਪਰ੍ਹਾਂ ਹਟਾ ਦਿੱਤਾ ਅਤੇ ਉਸ ਦੀ ਥਾਂ ਇਕ ਭੇਡੂ ਦੀ ਕੁਰਬਾਨੀ ਕਰਵਾ ਦਿੱਤਾ।ਕੁਰਆਨ ਸ਼ਰੀਫ਼ ਵਿਚ ਵੀ ਇਸ ਘਟਨਾ ਦਾ ਵੇਰਵਾ ਇੰਜ ਮਿਲਦਾ ਹੈ;
'ਅਸੀਂ ਉਸ (ਇਬਰਾਹੀਮ) ਨੂੰ ਇਕ ਪੁੱਤਰ ਦੀ ਵਧਾਈ ਦਿੱਤੀ।ਉਹ ਲੜਕਾ ਜਦੋਂ ਉਸ ਨਾਲ ਭੱਜਣ-ਨੱਠਣ ਦੀ ਉਮਰ ਵਿਚ ਪੁੱਜਿਆ ਤਾਂ ਇਕ ਦਿਨ ਇਬਰਾਹੀਮ ਨੇ ਉਸ ਨੂੰ ਕਿਹਾ,'ਪੁੱਤਰ ਮੈਂ ਸੁਪਨੇ ਵਿਚ ਦੇਖਦਾ ਹਾਂ ਕਿ ਮੈਂ ਤੈਨੂੰ ਜ਼ਿਬਾਹ (ਹਲਾਲ) ਕਰ ਰਿਹਾ ਹਾਂ। ਹੁਣ ਤੂੰ ਦੱਸ ਤੇਰਾ ਕੀ ਵਿਚਾਰ ਹੈ'।ਉਸ ਨੇ ਕਿਹਾ, ਅੱਬਾ ਜੀ! ਜੋ ਕੁਝ ਤੁਹਾਨੂੰ (ਰੱਬ ਵੱਲੋਂ) ਹੁਕਮ ਦਿੱਤਾ ਗਿਆ ਹੈ, ਉਸ ਨੂੰ ਕਰ ਲਵੋ।ਜੇ ਰੱਬ ਨੇ ਚਾਹਿਆ ਤਾਂ ਮੈਨੂੰ ਸਬਰ ਕਰਨ ਵਾਲਿਆਂ ਵਿਚ ਹੀ ਪਾਵੋਗੇ। ਅੰਤ ਜਦੋਂ ਇਨ੍ਹਾਂ ਦੋਹਾਂ ਨੇ ਅਪਣਾ ਸਿਰ ਝੁਕਾ ਦਿੱਤਾ ਤਾਂ ਅਸੀਂ ਆਵਾਜ਼ ਦਿੱਤੀ, 'ਹੇ ਇਬਰਾਹੀਮ! ਤੂੰ ਅਪਣਾ ਸੁਪਨਾ ਸੱਚ ਕਰ ਵਿਖਾਇਆ ਹੈ ਅਸੀਂ ਭਲਾ (ਕੰਮ) ਕਰਨ ਵਾਲਿਆਂ ਨੂੰ ਅਜਿਹਾ ਹੀ ਬਦਲਾ ਦਿੰਦੇ ਹਾਂ'।ਇਹ ਇਕ ਖ਼ੁੱਲ੍ਹੀ ਪੀ੍ਰਖਿਆ ਸੀ।ਇਕ ਵੱਡੀ ਕੁਰਬਾਨੀ (ਭੇਡੂ) ਬਦਲੇ ਵਿਚ ਦੇ ਕੇ ਅਸੀਂ ਉਸ ਬੱਚੇ ਨੂੰ ਛੁਡਾ ਲਿਆ।ਸਲਾਮ ਹੈ ਇਬਰਾਹੀਮ ਨੂੰ।ਅਵੱਸ਼ ਹੀ ਉਹ ਸਾਡੇ ਆਗਿਆਕਾਰੀ ਬੰਦਿਆਂ ਵਿੱਚੋਂ ਸੀ।ਅਸੀਂ ਉਸ ਨੂੰ ਇਸਹਾਕ ਦੀ ਖ਼ੁਸ਼ਖ਼ਬਰੀ ਦਿੱਤੀ, ਇਕ ਨੇਕ ਲੋਕਾਂ ਵਿੱਚੋਂ'।
ਰੱਬ ਨੇ ਬੁਢਾਪੇ ਸਮੇਂ ਹਜ਼ਰਤ ਇਬਰਾਹੀਮ (ਅਲੈ.) ਨੂੰ ਉਨ੍ਹਾਂ ਦੀ ਪਹਿਲੀ ਪਤਨੀ ਬੀਬੀ ਸਾਰਾ ਦੀ ਕੁੱਖੋਂ ਇਕ ਹੋਰ ਪੁੱਤਰ ਦਾ ਵਰਦਾਨ ਦਿੱਤਾ।ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਅਤੇ ਬਾਇਬਲ ਦੋਹਾਂ ਵਿਚ ਮਿਲਦਾ ਹੈ।ਬਾਇਬਲ ਅਨੁਸਾਰ ਇਸ ਬੱਚੇ ਦੇ ਜਨਮ ਸਮੇਂ ਹਜ਼ਰਤ ਇਬਰਾਹੀਮ (ਅਲੈ.) ਦੀ ਉਮਰ ਸੌ ਸਾਲ ਸੀ ਅਤੇ ਬੀਬੀ ਸਾਰਾ ਦੀ ਉਮਰ ਨੱਬੇ ਸਾਲ।ਇਸ ਸਮੇਂ ਤੱਕ ਹਜ਼ਰਤ ਇਸਮਾਈਲ (ਅਲੈ.) ਉਮਰ ਦੇ ਤੇਰਾਂ ਸਾਲ ਪਾਰ ਕਰ ਚੁੱਕੇ ਸਨ।

9. ਖ਼ਾਨਾ ਕਾਅਬਾ ਦੀ ਉਸਾਰੀ

ਖ਼ਾਨਾ ਕਾਅਬਾ ਦੀ ਬੁਨਿਆਦ ਕਦੋਂ ਅਤੇ ਕਿਸ ਨੇ ਰੱਖੀ ਇਸ ਬਾਰੇ 'ਮੈਅਮਾਰੇ-ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਲਿਖਦੇ ਹਨ ਕਿ ਕਾਅਬੇ ਦੀ ਬੁਨਿਆਦ ਹਜ਼ਰਤ ਆਦਮ (ਅਲੈ.) ਨੇ ਰੱਖੀ ਸੀ ਜਦੋਂ ਕਿ ਬਾਕੀ ਲੇਖਕ ਇਸ ਦੀ ਬੁਨਿਆਦ ਹਜ਼ਰਤ ਇਬਰਾਹੀਮ (ਅਲੈ.) ਦੇ ਸਮੇਂ ਰੱਖੀ ਗਈ ਲਿਖਦੇ ਹਨ।ਮੁਫ਼ਤੀ ਸਾਹਿਬ ਲਿਖਦੇ ਹਨ, "ਜਦੋਂ ਹਜ਼ਰਤ ਆਦਮ (ਅਲੈ.) ਅਤੇ ਹੱਵਾ ਜ਼ਮੀਨ ਉੱਤੇ ਉਤਾਰੇ ਗਏ ਤਾਂ ਹੁਕਮ ਹੋਇਆ ਕਿ ਮੇਰੀ ਇਬਾਦਤ ਦੇ ਵਾਸਤੇ ਇਕ ਘਰ ਤਿਆਰ ਕਰੋ।ਹਜ਼ਰਤ ਆਦਮ (ਅਲੈ.) ਜਗਾ ਦੀ ਤਲਾਸ਼ ਕਰਦੇ ਕਰਦੇ ਮੱਕੇ ਪਹੁੰਚੇ।ਪੈਗ਼ੰਬਰਾਂ ਦੇ ਕੋਲ ਰੱਬ ਦਾ ਸੁਨੇਹਾ ਲੈ ਕੇ ਆਉਣ ਵਾਲੇ ਫ਼ਰਿਸ਼ਤੇ ਹਜ਼ਰਤ ਜਿਬਰਾਈਲ (ਅਲੈ.) ਨੇ ਜਗਾ ਦੀ ਨਿਸ਼ਾਨਦਹੀ ਕੀਤੀ।ਹਜ਼ਰਤ ਆਦਮ (ਅਲੈ.) ਨੇ ਇਸ ਥਾਂ ਬੈਤੁੱਲਾ ਦੀ ਬੁਨਿਆਦ ਰੱਖੀ ਅਤੇ ਸੁਰਖ਼ ਰੰਗ ਦੇ ਯਾਕੂਤ (ਪੱਥਰ) ਨਾਲ ਇਸ ਦੀ ਉਸਾਰੀ ਕੀਤੀ"।
ਅੱਗੇ ਚੱਲ ਕੇ ਮੁਫ਼ਤੀ ਸਾਹਿਬ ਲਿਖਦੇ ਹਨ ਕਿ, "ਜਦੋਂ ਹਜ਼ਰਤ ਨੂਹ (ਅਲੈ.) ਦੇ ਸਮੇਂ ਧਰਤੀ ਉੱਤੇ ਭਿਆਨਕ ਤੂਫ਼ਾਨ ਆਇਆ ਤਾਂ ਹਜ਼ਰਤ ਆਦਮ (ਅਲੈ.) ਦੇ ਬਣਾਏ ਹੋਏ ਖ਼ਾਨਾ ਕਾਅਬਾ ਦੀਆਂ ਕੰਧਾਂ ਵੀ ਢੈ-ਢੇਰੀ ਹੋ ਗਈਆਂ ਅਤੇ ਨੀਹਾਂ ਉੱਤੇ ਮਿੱਟੀ ਜੰਮ ਗਈ।ਹਜ਼ਾਰਾਂ ਸਾਲ ਲੰਘ ਜਾਣ ਤੋਂ ਬਾਅਦ ਜਦੋਂ ਹਜ਼ਰਤ ਇਬਰਾਹੀਮ (ਅਲੈ.) ਨੂੰ ਬੈਤੁੱਲਾ ਸ਼ਰੀਫ਼ (ਖ਼ਾਨਾ ਕਾਅਬਾ) ਦੀ ਉਸਾਰੀ ਦਾ ਹੁਕਮ ਹੋਇਆ ਉਸ ਸਮੇਂ ਉਹ ਕਿਨਆਨ (ਫ਼ਲਸਤੀਨ) ਵਿਚ ਅਪਣੀ ਪਹਿਲੀ ਪਤਨੀ ਸਾਰਾ ਕੋਲ ਗਏ ਹੋਏ ਸਨ।ਰੱਬ ਦਾ ਹੁਕਮ ਮੰਨ ਕੇ ਉਹ ਮੱਕੇ ਆਏ ਅਤੇ ਅਪਣੇ ਪੁੱਤਰ ਇਸਮਾਈਲ (ਅਲੈ.) ਨੂੰ ਰੱਬ ਦੇ ਘਰ ਦੀ ਉਸਾਰੀ ਬਾਰੇ ਦੱਸਿਆ।ਜਦੋਂ ਦੋਵੇਂ ਪਿਉ ਪੁੱਤਰ ਉਸਾਰੀ ਲਈ ਜਗਾ ਦੀ ਤਲਾਸ਼ ਕਰ ਰਹੇ ਸਨ ਤਾਂ ਹਜ਼ਰਤ ਜਿਬਰਾਈਲ (ਅਲੈ.) ਨੇ ਉਨ੍ਹਾਂ ਨੂੰ ਇਕ ਟਿੱਲੇ ਦੀ ਨਿਸ਼ਾਨਦਿਹੀ ਕਰਕੇ ਦਿੱਤੀ।ਜਦੋਂ ਉਸ ਜਗਾ ਤੇ ਨੀਹਾਂ ਪੁੱਟੀਆਂ ਗਈਆਂ ਤਾਂ ਹੇਠੋਂ ਹਜ਼ਰਤ ਆਦਮ (ਅਲੈ.) ਵਾਲੇ ਪੁਰਾਣੇ ਖ਼ਾਨਾ ਕਾਅਬਾ ਦੀਆਂ ਨੀਹਾਂ ਨਿਕਲ ਆਈਆਂ"।
ਹਜ਼ਰਤ ਇਬਾਹੀਮ (ਅਲੈ.) ਵੱਲੋਂ ਖ਼ਾਨਾ ਕਾਅਬਾ ਬਣਾਉਣ ਲਈ ਐਸੀ ਥਾਂ ਦੀ ਚੋਣ ਕੀਤੀ ਗਈ ਜਿਹੜੀ ਆਲੇ-ਦੁਆਲੇ ਦੀ ਥਾਂ ਤੋਂ ਕੁਝ ਉੱਚੀ ਸੀ।ਦੋਵਾਂ ਪਿਉ-ਪੁੱਤਰ ਨੇ ਮਸਜਿਦ ਦੀ ਨੀਂਹ ਰੱਖੀ।ਹਜ਼ਰਤ ਇਸਮਾਈਲ (ਅਲੈ.) ਪੱਥਰ ਚੁੱਕ ਕੇ ਲਿਆਉਂਦੇ ਰਹੇ ਅਤੇ ਹਜ਼ਰਤ ਇਬਰਾਹੀਮ (ਅਲੈ.) ਉਨ੍ਹਾਂ ਦੀ ਕੰਧਾਂ ਵਿਚ ਚਿਣਾਈ ਕਰਦੇ ਰਹੇ।ਕੁਝ ਦਿਨਾਂ ਵਿਚ ੯ ਹੱਥ ਊਚੀ, ੩੨ ਹੱਥ ਲੰਬੀ ਅਤੇ ੨੨ ਹੱਥ ਚੌੜੀ ਬਿਨਾ ਛੱਤ ਤੋਂ ਚਾਰਦੀਵਾਰੀ ਬਣ ਕੇ ਤਿਆਰ ਹੋ ਗਈ।ਇਸ ਦਾ ਫ਼ਰਸ਼ ਮਿੱਟੀ ਦਾ ਸੀ।ਇਸ ਇਮਾਰਤ ਦਾ ਨਾਂ 'ਖ਼ਾਨਾ ਕਾਅਬਾ' ਅਤੇ 'ਬੈਤੁੱਲਾ ਸ਼ਰੀਫ਼' ਰੱਖਿਆ ਗਿਆ ਜਿਸ ਦੇ ਅਰਥ 'ਰੱਬ ਦਾ ਘਰ' ਦੇ ਹਨ।
ਹੱਜ ਨੂੰ ਨਮਾਜ਼ ਅਤੇ ਰੋਜ਼ੇ ਤੋਂ ਬਾਅਦ ਇਸਲਾਮ ਦੇ ਮੁਢਲੇ ਅਰਕਾਨਾਂ ਵਿਚ ਗਿਣਿਆ ਜਾਂਦਾ ਹੈ।ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ 'ਸਫ਼ਾ' 'ਮਰਵਾ' ਨਾਂ ਦੀਆਂ ਪਹਾੜੀਆਂ ਉੱਤੇ ਉਸੇ ਤਰ੍ਹਾਂ ਚੱਕਰ ਲਾਉਣ ਜਿਸ ਤਰ੍ਹਾਂ ਹਜ਼ਰਤ ਹਾਜਰਾ ਨੇ ਹਜ਼ਰਤ ਇਸਮਾਈਲ (ਅਲੈ.) ਨੂੰ ਇਕੱਲਿਆਂ ਛੱਡ ਕੇ ਪਾਣੀ ਦੀ ਤਲਾਸ਼ ਵਿਚ ਲਾਏ ਸਨ ਅਤੇ ਉਸੇ ਤਰ੍ਹਾਂ ਮਿਨਾ ਦੇ ਮੈਦਾਨ ਵਿਚ ਪਸ਼ੂਆਂ ਦੀਆਂ ਕੁਬਾਨੀਆਂ ਕਰਨ ਜਿਸ ਤਰ੍ਹਾਂ ਹਜ਼ਰਤ ਇਬਰਾਹੀਮ (ਅਲੈ.) ਨੇ ਰੱਬ ਦੇ ਹੁਕਮ ਨੂੰ ਮੰਨ ਕੇ ਕੁਰਬਾਨੀ ਦਿੱਤੀ ਸੀ।
ਲੋਕਾਂ ਨੂੰ ਹੱਜ ਕਰਨ ਦਾ ਤਰੀਕਾ ਦੱਸ ਕੇ ਹਜ਼ਰਤ ਇਬਰਾਹੀਮ (ਅਲੈ.) ਨੇ ੧੭੫ ਸਾਲ ਦੀ ਉਮਰ ਵਿਚ ਚਲਾਣਾ ਕੀਤਾ।ਉਨ੍ਹਾਂ ਦਾ ਮਜ਼ਾਰ ਫ਼ਲਸਤੀਨ ਵਿਚ ਬੈਤੁਲ ਮੁਕੱਦਸ ਸ਼ਹਿਰ ਦੇ ਨੇੜੇ ਇਕ ਪਿੰਡ 'ਹਬਰੂਨ' ਵਿਚ ਹੁਣ ਵੀ ਮੌਜੂਦ ਹੈ।ਅੱਜ ਕੱਲ ਇਸ ਥਾਂ ਨੂੰ "ਅਲਖ਼ਲੀਲ" ਕਿਹਾ ਜਾਂਦਾ ਹੈ।ਹਜ਼ਰਤ ਇਬਰਾਹੀਮ (ਅਲੈ.) ਤੋਂ ਹਜ਼ਰਤ ਮੁਹੰਮਦ (ਸ.) ਦੇ ਵਿਚਕਾਰ ਲਗਭਗ ਚਾਰ ਹਜ਼ਾਰ ਸਾਲ ਦਾ ਸਮਾਂ ਮੰਨਿਆ ਜਾਂਦਾ ਹੈ।
ਇਕ ਅੰਦਾਜ਼ੇ ਅਨੁਸਾਰ ਚਾਰ ਹਜ਼ਾਰ ਸਾਲ ਦੇ ਇਸ ਲੰਬੇ ਸਮੇਂ ਵਿਚ ਸੱਠ ਪੀੜ੍ਹੀਆਂ ਲੰਘੀਆਂ ਕਹੀਆਂ ਜਾਂਦੀਆਂ ਹਨ।ਇਨ੍ਹਾਂ ਪੀੜ੍ਹੀਆਂ ਵਿਚ ਕਈ ਪੈਗ਼ੰਬਰ ਦੁਨੀਆ ਉੱਤੇ ਆਏ ਜਿਨ੍ਹਾਂ ਵਿਚ ਹਜ਼ਰਤ ਇਸਮਾਈਲ (ਅਲੈ.), ਹਜ਼ਰਤ ਇਸਹਾਕ (ਅਲੈ.), ਹਜ਼ਰਤ ਯੂਸੁਫ਼ (ਅਲੈ.), ਹਜ਼ਰਤ ਸ਼ੁਐਬ (ਅਲੈ.), ਹਜ਼ਰਤ ਯੂਨਸ (ਅਲੈ.), ਹਜ਼ਰਤ ਅੱਯੂਬ (ਅਲੈ.), ਹਜ਼ਰਤ ਦਾਊਦ (ਅਲੈ.), ਹਜ਼ਰਤ ਸੁਲੇਮਾਨ (ਅਲੈ.), ਹਜ਼ਰਤ ਜ਼ਕਰੀਆ (ਅਲੈ.), ਹਜ਼ਰਤ ਮੂਸਾ (ਅਲੈ.) ਅਤੇ ਹਜ਼ਰਤ ਈਸਾ (ਅਲੈ.) ਪ੍ਰਸਿੱਧ ਹੋਏ।ਹਜ਼ਰਤ ਇਬਰਾਹੀਮ (ਅਲੈ.) ਦੀ ਮੌਤ ਤੋਂ ਤਕਰੀਬਨ ਚਾਰ ਹਜ਼ਾਰ ਸਾਲ ਬਾਅਦ ਇਨ੍ਹਾਂ ਦੇ ਵੰਸ਼ ਵਿੱਚੋਂ ਹਜ਼ਰਤ ਮੁਹੰਮਦ (ਸ.) ਪੈਦਾ ਹੋਏ।

10. ਹਜ਼ਰਤ ਇਸਮਾਈਲ (ਅਲੈ.)

ਹਜ਼ਰਤ ਇਬਰਾਹੀਮ (ਅਲੈ.) ਨੇ ਮਿਸਰ ਤੋਂ ਵਾਪਸ ਆ ਕੇ ਦੁਬਾਰਾ ਫ਼ਲਸਤੀਨ ਵਿਚ ਰਿਹਾਇਸ਼ ਕਰ ਲਈ।ਉਸ ਸਮੇਂ ਇਸ ਇਲਾਕੇ ਨੂੰ ਕਿਨਆਨ ਆਖਿਆ ਜਾਂਦਾ ਸੀ।ਇਸ ਸਮੇਂ ਤੱਕ ਉਨ੍ਹਾਂ ਦੇ ਕੋਈ ਔਲਾਦ ਨਹੀਂ ਸੀ।ਪਵਿੱਤਰ ਤੌਰੈਤ ਵਿਚ ਲਿਖਿਆ ਮਿਲਦਾ ਹੈ ਕਿ ਉਨ੍ਹਾਂ ਨੇ ਰੱਬ ਅੱਗੇ ਪੁੱਤਰ ਲਈ ਦੁਆ ਕੀਤੀ ਜਿਸ ਨੂੰ ਰੱਬ ਨੇ ਕਬੂਲ ਕਰ ਲਿਆ।ਰੱਬ ਨੇ ਉਨ੍ਹਾਂ ਦੀ ਛੋਟੀ ਪਤਨੀ ਜੋ ਮਿਸਰ ਦੇ ਬਾਦਸ਼ਾਹ ਫ਼ਿਰਔਨ ਨੇ ਉਨਾਂ ਦੀ ਪਤਨੀ ਸਾਰਾ ਨੂੰ ਦਾਸੀ ਵਜੋਂ ਦਿੱਤੀ ਸੀ, ਦੀ ਕੁੱਖੋਂ ਬਾਲਕ ਪੈਦਾ ਹੋਇਆ ਜਿਸ ਦਾ ਨਾਂ ਰੱਬ ਦੇ ਫ਼ਰਿਸ਼ਤਿਆਂ ਦੀ ਬੁਸ਼ਾਰਤ ਅਨੁਸਾਰ ਇਸਮਾਈਲ ਰੱਖਿਆ ਗਿਆ।
ਹਜ਼ਰਤ ਇਸਮਾਈਲ (ਅਲੈ.) ਦੇ ਬਚਪਨ ਬਾਰੇ ਬੁਖ਼ਾਰੀ ਸ਼ਰੀਫ਼ ਵਿਚ ਪ੍ਰਸਿੱਧ ਇਸਲਾਮੀ ਵਿਦਵਾਨ ਹਜ਼ਰਤ ਅਬਦੁੱਲ੍ਹਾ, ਪਿਛਲੇ ਸਫ਼ਿਆਂ ਉੱਤੇ ਬਿਆਨ ਕੀਤੇ ਗਏ ਜੀਵਨ ਨਾਲ ਮਿਲਦਾ ਜੁਲਦਾ ਲਿਖਦੇ ਹਨ ਕਿ ਬੀਬੀ ਸਾਰਾ ਦੀ ਜ਼ਿੱਦ ਕਰਨ ਉੱਤੇ ਹਜ਼ਰਤ ਇਬਰਾਹੀਮ (ਅਲੈ.) ਹਜ਼ਰਤ ਹਾਜਰਾ (ਰਜ਼ੀ.) ਅਤੇ ਦੁੱਧ ਪੀਂਦੇ ਬੱਚੇ ਨੂੰ ਅੱਜ ਵਾਲੇ ਆਬੇ ਜ਼ਮਜ਼ਮ ਦੇ ਸਥਾਨ ਦੇ ਨੇੜੇ ਛੱਡ ਗਏ।ਉਨ੍ਹਾਂ ਨੇ ਹਜ਼ਰਤ ਹਾਜਰਾ (ਰਜ਼ੀ.) ਦੇ ਪੁੱਛਣ ਉੱਤੇ ਇਸ ਨੂੰ ਰੱਬੀ ਹੁਕਮ ਦੱਸਿਆ ਜਿਸ ਨੂੰ ਕਬੂਲ ਕਰਦਿਆਂ ਹਜ਼ਰਤ ਹਾਜਰਾ (ਰਜ਼ੀ.) ਨੇ ਕਿਹਾ ਕਿ ਜੇ ਇਹ ਰੱਬੀ ਹੁਕਮ ਹੈ ਤਾਂ ਉਹ (ਰੱਬ) ਸਾਨੂੰ ਬਰਬਾਦ ਨਹੀਂ ਹੋਣ ਦੇਵੇਗਾ।
ਵਿਆਹ ਤੋਂ ਬਾਅਦ ਹਜ਼ਰਤ ਇਸਮਾਈਲ (ਅਲੈ.) ਦੇ ਬਾਰਾਂ ਪੁੱਤਰ ਪੈਦਾ ਹੋਏ ਜਿਹੜੇ ਵੱਖ ਵੱਖ ਬਾਰਾਂ ਕਬੀਲਿਆਂ ਦੇ ਸਰਦਾਰ ਬਣੇ।ਉਨ੍ਹਾਂ ਦੀ ਪੁਤਰੀ ਦਾ ਨਾਂ ਬਸ਼ਾਮਾ ਸੀ ਜਿਸ ਦੀ ਕੁੱਖੋਂ ਨਾਬਤ ਪੈਦਾ ਹੋਇਆ।ਨਾਬਤ ਦੀ ਨਸਲ ਅਸਹਾਬੁਲ ਹਜਰ ਅਖਵਾਈ।ਕੁਰਆਨ ਸ਼ਰੀਫ਼ ਵਿਚ ਹਜ਼ਰਤ ਇਸਮਾਈਲ (ਅਲੈ.) ਦਾ ਜ਼ਿਕਰ ਕਈ ਥਾਵਾਂ 'ਤੇ ਮਿਲਦਾ ਹੈ।
'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ ਕਿ ੧੩੬ ਸਾਲ ਦੀ ਉਮਰ ਵਿਚ ਜਦੋਂ ਹਜ਼ਰਤ ਇਸਮਾਈਲ (ਅਲੈ.) ਦੀ ਮੌਤ ਹੋਈ ਉਸ ਸਮੇਂ ਉਹ ਫ਼ਲਸਤੀਨ ਵਿਚ ਰਹਿ ਰਹੇ ਸਨ ਅਤੇ ਉੱਥੇ ਹੀ ਉਨ੍ਹਾਂ ਨੂੰ ਦਫ਼ਨਾ ਦਿੱਤਾ ਗਿਆ।ਪਰ ਕਈ ਵਿਦਵਾਨਾਂ ਦਾ ਕਹਿਣਾ ਹੈ ਉਨਾਂ ਦੀ ਮੌਤ ਮੱਕਾ ਸ਼ਰੀਫ਼ ਵਿਖੇ ਹੋਈ ਜਿੱਥੇ ਖ਼ਾਨਾ ਕਾਅਬਾ ਦੇ ਨੇੜੇ ਹਜ਼ਰਤ ਹਾਜਰਾ ਅਤੇ ਉਨ੍ਹਾਂ ਦੀਆਂ ਕਬਰਾ ਮੌਜੂਦ ਹਨ।ਦੂਸਰੀ ਦਲੀਲ ਪਹਿਲੀ ਨਾਲੋਂ ਸੱਚੀ ਲਗਦੀ ਹੈ ਕਿਉਂ ਜੋ ਬੀਬੀ ਹਾਜਰਾ ਦੀ ਮੌਤ ਤਾਂ ਹੋਈ ਹੀ ਮੱਕਾ ਵਿਖੇ ਸੀ।
ਉਨ੍ਹਾਂ ਦੇ ਜੀਵਨ ਨਾਲ ਸਬੰਧਤ ਬਾਕੀ ਘਟਨਾਵਾਂ ਦਾ ਜ਼ਿਕਰ ਪਿਛਲੇ ਪੰਨਿਆਂ 'ਤੇ ਕੀਤਾ ਜਾ ਚੁੱਕਿਆ ਹੈ।

11. ਮੱਕਾ ਦੀ ਨੀਂਹ ਅਤੇ ਇਸਮਾਈਲ (ਅਲੈ.) ਦਾ ਵਿਆਹ

ਜਿਸ ਸਮੇਂ ਹਜ਼ਰਤ ਇਬਰਾਹੀਮ (ਅਲੈ.) ਬੀਬੀ ਹਾਜਰਾ ਅਤੇ ਇਸਮਾਈਲ (ਅਲੈ.) ਨੂੰ ਛੱਡ ਕੇ ਗਏ ਸਨ ਉਸ ਸਮੇਂ ਅਰਬ ਦਾ ਇਹ ਖੇਤਰ ਨਿਰੋਲ ਮਾਰੂਥਲ ਸੀ ਜਿਸ ਵਿਚ ਛੋਟੀਆਂ ਛੋਟੀਆਂ ਪਹਾੜੀਆਂ ਦੀ ਬਹੁਤਾਤ ਸੀ।ਇਥੋਂ ਦੇ ਲੋਕ ਕਬਾਇਲੀ ਜੀਵਨ ਬਤੀਤ ਕਰਦੇ ਸਨ।ਉਹ ਅਪਣੇ ਪਸ਼ੂਆਂ ਜਿਨ੍ਹਾਂ ਵਿਚ ਊਠ ਅਤੇ ਬਕਰੀਆਂ ਸ਼ਾਮਲ ਹੁੰਦੀਆਂ ਸਨ ਨੂੰ ਨਾਲ ਲੈ ਕੇ ਇਨ੍ਹਾਂ ਥਲਾਂ ਵਿਚ ਘੁੰਮਦੇ ਫਿਰਦੇ ਰਹਿੰਦੇ ਸਨ ਅਤੇ ਜਿੱਥੇ ਕਿਤੇ ਹਰਿਆਲੀ ਅਤੇ ਪਾਣੀ ਨਜ਼ਰ ਆਉਂਦਾ ਉੱਥੇ ਹੀ ਡੇਰਾ ਲਾ ਕੇ ਬੈਠ ਜਾਂਦੇ।ਜਦੋਂ ਘਾਹ ਅਤੇ ਪਾਣੀ ਖ਼ਤਮ ਹੋ ਜਾਂਦਾ ਤਾਂ ਉਹ ਕਿਸੇ ਹੋਰ ਥਾਂ ਦੀ ਭਾਲ ਵਿਚ ਤੁਰ ਪੈਂਦੇ।
ਮਾਰੂਥਲ ਦੇ ਇਸ ਖੇਤਰ ਵਿਚ ਹਜ਼ਰਤ ਹਾਜਰਾ ਕਈ ਦਿਨਾਂ ਤੱਕ ਬੀਆਬਾਨ ਪਹਾੜੀਆਂ ਉੱਤੇ ਕਿਸੇ ਸਹਾਰੇ ਦੀ ਭਾਲ ਵਿਚ ਬੇਸਹਾਰਾ ਭਟਕਦੀ ਫਿਰਦੀ ਰਹੀ।ਇਕ ਦਿਨ ਇਕ ਕਾਫ਼ਲਾ ਇਸ ਪਾਸਿਉਂ ਲੰਘਿਆ ਜਿਸ ਵਿਚ 'ਬਨੂ-ਜੁਰਹਮ' ਕਬੀਲੇ ਦੇ ਲੋਕ ਔਰਤਾਂ ਅਤੇ ਬਾਲ-ਬੱਚਿਆਂ ਸਮੇਤ ਸ਼ਾਮਲ ਸਨ। ਉਜਾੜ ਵਿਚ ਪਾਣੀ ਦਾ ਚਸ਼ਮਾ ਦੇਖ ਕੇ ਕਾਫ਼ਲੇ ਵਾਲਿਆਂ ਦੀ ਖ਼ੁਸ਼ੀ ਦੀ ਹੱਦ ਨਾ ਰਹੀ।ਉਨ੍ਹਾਂ ਨੇ ਉੱਥੇ ਆਬਾਦ ਹੋਣ ਦੀ ਹਜ਼ਰਤ ਹਾਜ਼ਰਾ ਤੋਂ ਇਜਾਜ਼ਤ ਮੰਗੀ। ਹਜ਼ਰਤ ਹਾਜ਼ਰਾ ਨੇ ਉਨ੍ਹਾਂ ਨੂੰ ਇਸ ਸ਼ਰਤ ਉੱਤੇ ਇਜਾਜ਼ਤ ਦੇ ਦਿੱਤੀ ਕਿ ਚਸ਼ਮੇ ਦੀ ਮਾਲਕ ਉਹ ਖ਼ੁਦ ਰਹੇਗੀ ਅਤੇ ਪਾਣੀ ਲੈਣ ਦੇ ਬਦਲੇ ਉਹ ਲੋਕ ਉਸ ਦੀ ਖ਼ੁਰਾਕ ਅਤੇ ਦੂਸਰੀਆਂ ਜ਼ਰੂਰਤਾਂ ਦਾ ਪ੍ਰਬੰਧ ਕਰਦੇ ਰਹਿਣਗੇ।
ਬਨੂ-ਜੁਰਹਮ ਦੇ ਇੱਥੇ ਆਬਾਦ ਹੋਣ ਬਾਰੇ ਲਿਖਦਿਆਂ ਹਜ਼ਰਤ ਮੁਹੰਮਦ (ਸ.) ਜੀਵਨ ਅਤੇ ਸਿੱਖਿਆਵਾਂ ਦਾ ਲੇਖਕ ਲਿਖਦਾ ਹੈ, "ਬਨੂ-ਜੁਰਹਮ ਨਾਂ ਦੇ ਇਕ ਯਮਨੀ ਕਬੀਲੇ ਨੂੰ ਪਾਣੀ ਦੀ ਭਾਲ ਵਿਚ ਘੁੰਮਦੇ ਹੋਏ ਦੂਰ ਉਜਾੜ ਵਿਚ ਇਕ ਬੱਚਾ ਉਸ ਦੀ ਮਾਂ ਅਤੇ ਕੁਝ ਜੀਵਨ ਵਸਤੂਆਂ ਦਿਖਾਈ ਦਿੱਤੀਆਂ।ਨੇੜੇ ਪੁੱਜ ਕੇ ਦੇਖਿਆ ਤਾਂ ਜ਼ਮਜ਼ਮ ਨਾਂ ਦੇ ਚਸ਼ਮੇ ਵਿੱਚੋਂ ਬੜੀ ਤੇਜ਼ੀ ਨਾਲ ਪਾਣੀ ਨਿਕਲ ਰਿਹਾ ਸੀ।ਬੀਬੀ ਹਾਜਰਾ ਦੀ ਆਗਿਆ ਨਾਲ ਇਹ ਕਬੀਲਾ ਇੱਥੇ ਹੀ ਆਬਾਦ ਹੋ ਗਿਆ।ਜਿਸ ਦੇ ਸਿੱਟੇ ਵਜੋਂ ਬੀਬੀ ਹਾਜਰਾ ਨੂੰ ਇਕਾਂਤ ਦਾ ਭੈ ਸਮਾਪਤ ਹੋ ਗਿਆ"।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਹਜ਼ਰਤ ਇਸਮਾਈਲ (ਅਲੈ.) ਜੁਰਹਮ ਕਬੀਲੇ ਦੇ ਨਾਲ ਰਹਿੰਦਿਆਂ ਜਵਾਨ ਹੋ ਗਏ ਅਤੇ ਉਨ੍ਹਾਂ ਨੇ ਕਬੀਲੇ ਵਾਲਿਆਂ ਤੋਂ ਅਰਬੀ ਬੋਲਣੀ ਸਿੱਖ ਲਈ।ਉਨ੍ਹਾਂ ਦੀ ਨੇਕ ਨੀਤੀ ਬਹਾਦਰੀ ਅਤੇ ਸੁੰਦਰਤਾ ਨੂੰ ਵੇਖਦਿਆਂ ਕਬੀਲੇ ਵਾਲਿਆਂ ਨੇ ਇਕ ਨੇਕਸੀਰਤ ਲੜਕੀ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ।ਇਸ ਵਿਆਹ ਤੋਂ ਕੁਝ ਸਮਾਂ ਬਾਅਦ ਹਜ਼ਰਤ ਹਾਜਰਾ ਫ਼ੌਤ ਹੋ ਗਏ।
ਫ਼ਲਸਤੀਨ ਵਿਖੇ ਰਹਿੰਦਿਆਂ ਹਜ਼ਰਤ ਇਬਰਾਹੀਮ (ਅਲੈ.) ਦੇ ਮਨ ਵਿਚ ਪੁੱਤਰ ਨੂੰ ਮਿਲਣ ਦੀ ਇੱਛਾ ਪੈਦਾ ਹੋਈ ਅਤੇ ਉਹ ਮੱਕੇ ਵੱਲ ਚੱਲ ਪਏ।ਪਰ ਜਦੋਂ ਉਹ ਮੱਕੇ ਪਹੁੰਚੇ ਤਾਂ ਹਜ਼ਰਤ ਇਸਮਾਈਲ (ਅਲੈ.) ਕਿਸੇ ਕੰਮ ਲਈ ਮੱਕੇ ਤੋਂ ਬਾਹਰ ਗਏ ਹੋਏ ਸਨ।ਜਦੋਂ ਹਜ਼ਰਤ ਇਬਰਾਹੀਮ (ਅਲੈ.) ਨੇ ਨੋਂਹ ਤੋਂ ਘਰ ਦੀ ਹਾਲਤ ਬਾਰੇ ਜਾਨਣਾ ਚਾਹਿਆ ਤਾਂ ਉਸ ਨੇ ਘਰ ਵਿਚ ਗ਼ਰੀਬੀ ਹੋਣ ਦਾ ਜ਼ਿਕਰ ਕੀਤਾ ਜਿਸ ਤੇ ਹਜ਼ਰਤ ਇਬਰਾਹੀਮ (ਅਲੈ.) ਉਸ ਨੂੰ ਕਹਿ ਕੇ ਚਲੇ ਗਏ ਕਿ ਜਦੋਂ ਉਹ ਘਰ ਆਉਣ ਤਾਂ ਉਨ੍ਹਾਂ ਨੂੰ ਆਖਣਾ ਕਿ ਉਹ ਅਪਣੇ ਘਰ ਦੀ ਚੌਖਟ ਬਦਲ ਲੈਣ।ਜਦੋਂ ਬਹੂ ਨੇ ਹਜ਼ਰਤ ਇਸਮਾਈਲ (ਅਲੈ.) ਨੂੰ ਸਹੁਰੇ ਦੀ ਵਸੀਅਤ ਬਾਰੇ ਦੱਸਿਆ ਤਾਂ ਵਸੀਅਤ ਦਾ ਮਤਲਬ ਸਮਝਦਿਆਂ ਉਨ੍ਹਾਂ ਨੇ ਪਤਨੀ ਨੂੰ ਤਲਾਕ ਦੇ ਦਿੱਤਾ।
ਹਜ਼ਰਤ ਇਸਮਾਈਲ (ਅਲੈ.) ਦੇ ਦੂਸਰੇ ਵਿਆਹ ਤੋਂ ਬਾਅਦ ਜਦੋਂ ਹਜ਼ਰਤ ਇਬਰਾਹੀਮ (ਅਲੈ.) ਪੁੱਤਰ ਨੂੰ ਮਿਲਣ ਲਈ ਮੱਕੇ ਆਏ ਤਾਂ ਇਸ ਬਾਰ ਵੀ ਮੁਲਾਕਾਤ ਨਾ ਹੋ ਸਕੀ।ਘਰ ਦਾ ਹਾਲ-ਚਾਲ ਪੁੱਛਣ ਤੋਂ ਬਾਅਦ ਉਨ੍ਹਾਂ ਨੇ ਬਹੂ ਨੂੰ ਕਿਹਾ ਕਿ ਇਸਮਾਈਲ ਨੂੰ ਆਖਣਾ ਉਹ ਅਪਣੇ ਘਰ ਦੀ ਚੌਖਟ ਬਹਾਲ ਰੱਖਣ। ਪੁੱਤਰ ਲਈ ਨਸੀਹਤ ਛੱਡ ਦੇਣ ਤੋਂ ਬਾਅਦ ਉਹ ਵਾਪਸ ਫ਼ਲਸਤੀਨ ਚਲੇ ਗਏ।
ਬੈਤੁੱਲਾ ਸ਼ਰੀਫ਼ ਦੀ ਉਸਾਰੀ ਕਰਨ ਤੋਂ ਬਾਅਦ ਭਾਵੇਂ ਹਜ਼ਰਤ ਇਬਰਾਹੀਮ (ਅਲੈ.) ਵਾਪਸ ਫ਼ਲਸਤੀਨ ਨੂੰ ਚਲੇ ਗਏ ਪਰ ਬਨੀ-ਜੁਰਹਮ ਕਬੀਲੇ ਦੇ ਲੋਕ ਟੱਪਰੀ ਵਾਸਾਂ ਵਾਲਾ ਜੀਵਨ ਛੱਡ ਕੇ ਬੈਤੁੱਲਾ ਸ਼ਰੀਫ਼ ਦੇ ਆਲੇ—ਦੁਆਲੇ ਅਪਣੇ ਘਰ ਬਣਾ ਕੇ ਆਬਾਦ ਹੋ ਗਏ।ਇਸ ਤਰ੍ਹਾਂ ਇਸ ਕਬੀਲੇ ਦੀ ਆਬਾਦੀ ਵਧਦੀ ਵਧਦੀ ਵੱਡੀ ਬਸਤੀ ਦਾ ਰੂਪ ਧਾਰਨ ਕਰ ਗਈ।ਸਮਾਂ ਪਾ ਕੇ ਇਸ ਬਸਤੀ ਨੂੰ 'ਬੱਕਾ' ਆਖਿਆ ਜਾਣ ਲੱਗਿਆ।ਬਾਅਦ ਵਿਚ ਇਸ ਬਸਤੀ ਦਾ ਨਾਂ ਬੱਕਾ' ਦੀ ਥਾਂ 'ਮੱਕਾ' ਪੈ ਗਿਆ।ਹਜ਼ਰਤ ਇਬਰਾਹੀਮ (ਅਲੈ.) ਦਾ ਪੁੱਤਰ ਹਜ਼ਰਤ ਇਸਮਾਈਲ (ਅਲੈ.) ਇਸ ਬਸਤੀ ਦਾ ਪਹਿਲਾ ਸਰਦਾਰ ਬਣਿਆ।ਹਜ਼ਰਤ ਮੁਹੰਮਦ (ਸ.) ਨੇ ਅਪਣੇ ਅੰਤਮ ਹੱਜ ਸਮੇਂ ਦਿੱਤੇ ਭਾਸ਼ਨ ਵਿਚ ਇਸ ਸ਼ਹਿਰ ਨੂੰ ਅਮਨ ਦਾ ਸ਼ਹਿਰ ਕਿਹਾ ਸੀ।

12. ਹਜ਼ਰਤ ਇਸਹਾਕ (ਅਲੈ.)

ਜਿਸ ਸਮੇਂ ਹਜ਼ਰਤ ਇਬਰਾਹੀਮ (ਅਲੈ.) ਦੀ ਉਮਰ ਸੌ ਸਾਲ ਦੇ ਨੇੜੇ ਸੀ ਉਸ ਸਮੇਂ ਰੱਬ ਦੇ ਹੁਕਮ ਨਾਲ ਉਨ੍ਹਾਂ ਦੀ ਪਹਿਲੀ ਪਤਨੀ ਬੀਬੀ ਸਾਰਾ ਦੀ ਕੁੱਖੋਂ ਇਕ ਹੋਰ ਪੁੱਤਰ ਪੈਦਾ ਹੋਇਆ ਜਿਸ ਦਾ ਨਾ ਇਸਹਾਕ ਰੱਖਿਆ ਗਿਆ।ਕੁਰਆਨ ਸ਼ਰੀਫ਼ ਵਿਚ ਇਸ ਦਾ ਜ਼ਿਕਰ ਇੰਜ ਮਿਲਦਾ ਹੈ,
"ਅਸੀਂ ਉਸ ਨੂੰ ਇਸਹਾਕ ਦੀ ਅਤੇ ਉਸ ਤੋਂ ਬਾਅਦ ਉਸ ਦੇ ਪੁੱਤਰ ਯਾਕੂਬ ਦੀ ਬੁਸ਼ਾਰਤ (ਭਵਿੱਖ ਬਾਣੀ) ਦਿੱਤੀ।ਸਾਰਾ ਕਹਿਣ ਲੱਗੀ ਕੀ ਮੈਂ ਨਿਗੂਣੀ ਬੁੱਢੀ ਬੱਚਾ ਪੈਦਾ ਕਰੂੰਗੀ ਜਦੋਂ ਕਿ ਮੇਰਾ ਸ਼ੌਹਰ (ਪਤੀ) ਵੀ ਬੁੱਢਾ ਹੈ।ਬਾਕਈ ਇਹ ਤਾਂ ਅਜੀਬ ਬਾਤ ਹੈ।ਫ਼ਰਿਸ਼ਤਿਆਂ ਨੇ ਕਿਹਾ, "ਕੀ ਤੂੰ ਰੱਬ ਦੇ ਹੁਕਮ ਉੱਤੇ ਹੈਰਾਨੀ ਪ੍ਰਗਟ ਕਰਦੀ ਏਂ।ਐ ਅਹਿਲੇ ਬੈਤ ਤੁਹਾਡੇ ਉੱਤੇ ਰੱਬ ਦੀ ਰਹਿਮਤ ਅਤੇ ਬਰਕਤ ਹੋਵੇ।ਬੇਸ਼ੱਕ ਅੱਲਾਹ ਤਆਲਾ ਕਾਬਲੇ ਹਮਦ ਹੈ ਅਤੇ ਬਹੁਤ ਬਜ਼ੁਰਗ ਵੀ"।
ਉਪ੍ਰੋਕਤ ਬੁਸ਼ਾਰਤ (ਭਵਿੱਖਵਾਣੀ) ਦੀ ਵਿਆਖਿਆ ਕਰਦਿਆਂ 'ਅਹਿਸਨੁਲ ਕਸਸ' ਦਾ ਲੇਖਕ ਲਿਖਦਾ ਹੈ,"ਜਦੋਂ ਫ਼ਰਿਸ਼ਤਿਆਂ ਨੇ ਹਜ਼ਰਤ ਇਬਰਾਹੀਮ (ਅਲੈ.) ਨੂੰ ਪੁੱਤਰ ਹੋਣ ਦੀ ਖ਼ੁਸ਼ਖ਼ਬਰੀ ਸੁਣਾਈ ਤਾਂ ਉਹ ਕਹਿਣ ਲੱਗੇ ਕਿ ਤੁਸੀਂ ਮੇਰੇ ਉੱਤੇ ਬੁਢਾਪਾ ਆ ਜਾਣ ਤੇ ਵੀ ਪੁੱਤਰ ਹੋਣ ਦੀ ਭਵਿੱਖਵਾਣੀ ਕਰਦੇ ਹੋ।ਇਹ ਕਿਹੋ ਜਿਹੀ ਭਵਿੱਖਵਾਣੀ ਹੈ।ਫ਼ਰਿਸ਼ਤਿਆਂ ਨੇ ਆਖਿਆ ਅਸੀਂ ਤੁਹਾਨੂੰ ਸੱਚੀ ਬਾਤ ਦੀ ਭਵਿੱਖਵਾਣੀ ਦੱਸਦੇ ਹਾਂ।ਤੁਸੀਂ ਨਾਉਮੀਦ ਨਾ ਹੋਵੋ ਰੱਬ ਸੱਚਾ ਜੋ ਚਾਹੇ ਕਰ ਸਕਦਾ ਹੈ"।
ਜਦੋਂ ਹਜ਼ਰਤ ਇਬਰਾਹੀਮ ਸੌ ਸਾਲ ਦੀ ਉਮਰ ਨੂੰ ਪਹੁੰਚੇ ਤਾਂ ਉਨ੍ਹਾਂ ਦੇ ਘਰ ਪੁੱਤਰ ਪੈਦਾ ਹੋਆਿ ਜਿਸ ਦਾ ਨਾਂ ਇਸਹਾਕ ਰੱਖਿਆ ਗਿਆ।ਮੁਕੱਦਸ ਤੌਰੈਤ ਅਨੁਸਾਰ ਜਵਾਨ ਹੋਣ ਉੱਤੇ ਹਜ਼ਰਤ ਇਸਹਾਕ (ਅਲੈ.) ਦਾ ਵਿਆਹ ਹਜ਼ਰਤ ਇਬਰਾਹੀਮ (ਅਲੈ.) ਦੇ ਭਤੀਜੇ ਦੀ ਪੁੱਤਰੀ ਨਾਲ ਹੋਇਆ।ਜਿਸ ਦੀ ਕੁੱਖੋਂ ਉਨ੍ਹਾਂ ਦੇ ਦੋ ਪੁੱਤਰ ਪੈਦਾ ਹੋਏ ਜਿਨ੍ਹਾਂ ਦੇ ਨਾਂ ਈਸੂ ਅਤੇ ਯਾਕੂਬ ਸਨ।ਈਸੂ ਦਾ ਵਿਆਹ ਹਜ਼ਰਤ ਇਸਮਾਈਲ (ਅਲੈ.) ਦੀ ਪੋਤਰੀ ਬਸ਼ਾਮਾ ਨਾਲ ਹੋਇਆ ਅਤੇ ਹਜ਼ਰਤ ਯਾਕੂਬ ਅਪਣੇ ਮਾਮੇ ਦੀ ਧੀ ਨਾਲ ਵਿਆਹੇ ਗਏ।
ਹਜ਼ਰਤ ਇਸਹਾਕ (ਅਲੈ.) ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਕਈ ਥਾਵਾਂ ਉੱਤੇ ਆਉਂਦਾ ਹੈ।

13. ਹਜ਼ਰਤ ਲੂਤ (ਅਲੈ.)

ਹਜ਼ਰਤ ਲੂਤ (ਅਲੈ.) ਹਜ਼ਰਤ ਇਬਰਾਹੀਮ (ਅਲੈ.) ਦੇ ਭਰਾ ਸਨ।ਉਨ੍ਹਾਂ ਦਾ ਬਚਪਨ ਹਜ਼ਰਤ ਇਬਰਾਹੀਮ ਦੀ ਸਰਪ੍ਰਸਤੀ ਅਧੀਨ ਹੀ ਬੀਤਿਆ ਅਤੇ ਉਨ੍ਹਾਂ ਦੀ ਔਲਾਦ ਹਜ਼ਰਤ ਇਬਰਾਹੀਮ (ਅਲੈ.) ਦੀ ਗੋਦ ਵਿਚ ਹੀ ਵਧੀ ਫੁੱਲੀ।ਉਹ ਅਤੇ ਉਨ੍ਹਾਂ ਦੀ ਪਤਨੀ ਹਜ਼ਰਤ ਇਬਰਾਹੀਮ (ਅਲੈ.) ਦੀਆਂ ਹਿਜਰਤਾਂ ਸਮੇਂ ਸਦਾ ਉਨ੍ਹਾਂ ਦੇ ਨਾਲ ਹੀ ਰਹੇ।ਜਦੋਂ ਹਜ਼ਰਤ ਇਬਰਾਹੀਮ (ਅਲੈ.) ਮਿਸਰ ਵਿਚ ਸਨ ਉਸ ਸਮੇਂ ਵੀ ਇਹ ਉਨ੍ਹਾਂ ਦੇ ਨਾਲ ਹੀ ਸਨ।ਉਹ ਵੀ ਰੱਬ ਵੱਲੋਂ ਥਾਪੇ ਨਬੀ ਸਨ।
ਮਿਸਰ ਤੋਂ ਵਾਪਸ ਆ ਕੇ ਜਦੋਂ ਹਜ਼ਰਤ ਇਬਰਾਹੀਮ (ਅਲੈ.) ਫ਼ਲਸਤੀਨ ਵਿਚ ਆਬਾਦ ਹੋ ਗਏ ਤਾਂ ਅਪਣੀਆਂ ਧਾਰਮਿਕ ਸਰਗਰਮੀਆਂ ਜਾਰੀ ਰੱਖਣ ਲਈ ਹਜ਼ਰਤ ਲੂਤ (ਅਲੈ.) ਨੇ ਉਰਦਨ ਦੇ ਇਲਾਕੇ ਵਿਚ ਜਾ ਕੇ ਸ਼ਰਕ ਨਾਂ ਦੇ ਸਥਾਨ ਉੱਤੇ ਸੱਦੂਮ ਸ਼ਹਿਰ ਵਿਚ ਵਸੇਬਾ ਕਰ ਲਿਆ।
ਜਿਸ ਸਮੇਂ ਹਜ਼ਰਤ ਲੂਤ (ਅਲੈ.) ਨੇ ਉਰਦਨ ਦੇ ਸੱਦੂਮ ਸ਼ਹਿਰ ਵਿਚ ਵਸੇਬਾ ਕੀਤਾ ਉਸ ਸਮੇਂ ਉਰਦਨ ਦੇ ਇਸ ਇਲਾਕੇ ਵਿਚ ਐਨੀਆਂ ਬੁਰਾਈਆਂ ਫੈਲੀਆਂ ਹੋਈਆਂ ਸਨ ਕਿ ਉਨ੍ਹਾਂ ਦੀ ਗਿਣਤੀ ਕਰਨੀ ਵੀ ਅਸੰਭਵ ਹੈ।'ਕਸਸੁਲ ਅੰਬੀਆ' ਦਾ ਲੇਖਕ ਸਫ਼ਾ ੮੮ ਉੱਤੇ ਲਿਖਦਾ ਹੈ ਕਿ ਇਹ ਕੌਮ ਅਜਿਹੇ ਖ਼ਵੀਸ਼ ਅਮਲ ਵਿਚ ਫਸੀ ਹੋਈ ਸੀ ਕਿ ਉਸ ਦੇ ਲੋਕ ਸ਼ਾਦੀ ਤੋਂ ਬਾਅਦ ਸ਼ੁਰੂ ਹੋਣ ਵਾਲੇ ਆਦਮੀ ਅਤੇ ਔਰਤ ਦੇ ਰਿਸ਼ਤੇ ਨੂੰ ਕਾਇਮ ਰੱਖਣ ਦੀ ਥਾਂ ਇਹ ਕੰਮ ਔਰਤ ਦੀ ਥਾਂ ਨਵ-ਉਮਰ ਮੁੰਡਿਆਂ ਤੋਂ ਲੈਂਦੇ ਸਨ।ਇਸ ਤੋਂ ਪਹਿਲਾਂ ਦੁਨੀਆਂ ਦੀ ਕਿਸੇ ਹੋਰ ਕੌਮ ਵਿਚ ਇਹ ਰਿਵਾਜ ਪ੍ਰਚੱਲਤ ਨਹੀਂ ਸੀ।ਦੁਨੀਆ ਵਿਚ ਇਸ ਕੰਮ ਦਾ ਆਰੰਭ ਸਭ ਤੋਂ ਪਹਿਲਾਂ ਉਰਦਨ ਵਿਚ ਸ਼ੁਰੂ ਹੋਇਆ।ਇਸ ਤੋਂ ਵੀ ਵੱਧ ਬੇਹਿਆਈ ਦੀ ਗੱਲ ਇਹ ਸੀ ਕਿ ਉਹ ਇਸ ਨੂੰ ਐਬ ਨਹੀਂ ਸਮਝਦੇ ਸਨ ਸਗੋਂ ਇਸ ਉੱਤੇ ਫ਼ਖ਼ਰ ਕਰਦੇ ਸਨ।
ਹਜ਼ਰਤ ਲੂਤ (ਅਲੈ.) ਦੇ ਸਮਝਾਉਣ ਉੱਤੇ ਉਸ ਦੀ ਕੌਮ ਉਸ ਨੂੰ ਬੁਰਾ ਭਲਾ ਕਹਿਣ ਲੱਗੀ।ਕੌਮ ਨੇ ਹਜ਼ਰਤ ਲੂਤ (ਅਲੈ.) ਨੂੰ ਸਾਫ਼ ਸਾਫ਼ ਆਖ ਦਿੱਤਾ ਕਿ ਜੇ ਅਸੀਂ ਭੈੜੇ, ਨਾਪਾਕ ਅਤੇ ਬਦਕਿਰਦਾਰ ਲੋਕ ਹਾਂ ਤਾਂ ਤੁਹਾਡਾ ਇਥੇ ਕੀ ਕੰਮ।ਤੁਸੀਂ ਕਿਸੇ ਹੋਰ ਪਾਕ ਸਾਫ਼ ਸ਼ਹਿਰ ਵਿਚ ਜਾ ਕੇ ਪਾਕ ਸਾਫ਼ ਲੋਕਾਂ ਵਿਚ ਰਹੋ।
ਹਜ਼ਰਤ ਲੂਤ (ਅਲੈ.) ਦੇ ਬਾਰ ਬਾਰ ਕਹਿਣ ਉੱਤੇ ਵੀ ਜਦੋਂ ਇਹ ਕੌਮ ਨਾ ਸੁਧਰੀ ਤਾਂ ਰੱਬ ਦੇ ਹੁਕਮ ਨਾਲ ਉਹ ਅਪਣੇ ਪੈਰੋਕਾਰਾਂ ਨੂੰ ਲੈ ਕੇ ਸ਼ਹਿਰ ਤੋਂ ਬਾਹਰ ਚਲੇ ਗਏ।ਉਨ੍ਹਾਂ ਦੇ ਜਾਂਦਿਆਂ ਹੀ ਸ਼ਹਿਰ ਉੱਤੇ ਅਜ਼ਾਬ ਆਇਆ ਅਤੇ ਸਾਰੇ ਦਾ ਸਾਰਾ ਸ਼ਹਿਰ ਪੁੱਠਾ ਕਰ ਦਿੱਤਾ ਗਿਆ।ਪੂਰੀ ਕੌਮ ਦੀ ਹਸਤੀ ਧਰਤੀ ਉੱਤੋਂ ਮਿਟ ਗਈ ਅਤੇ ਸ਼ਹਿਰ ਦੀ ਥਾਂ ਇਕ ਥੇਹ ਬਣ ਗਿਆ ਜਿਸ ਦੇ ਨਿਸ਼ਾਨ ਅੱਜ ਵੀ ਉਰਦਨ ਦੇ ਇਸ ਇਲਾਕੇ ਵਿਚ ਮਿਲਦੇ ਹਨ।

14. ਹਜ਼ਰਤ ਯੂਸੁਫ਼ (ਅਲੈ.)

ਹਜ਼ਰਤ ਯੂਸਫ਼ (ਅਲੈ.), ਹਜ਼ਰਤ ਯਾਕੂਬ (ਅਲੈ.) ਦੇ ਪੁੱਤਰ, ਹਜ਼ਰਤ ਇਸਹਾਕ (ਅਲੈ.) ਦੇ ਪੋਤਰੇ ਅਤੇ ਹਜ਼ਰਤ ਇਬਰਾਹੀਮ (ਅਲੈ.) ਦੇ ਪੜਪੋਤਰੇ ਸਨ।ਉਨ੍ਹਾਂ ਦੀ ਮਾਂ ਦਾ ਨਾਂ ਰਾਹੀਲ ਸੀ ਜਿਹੜੀ ਲਾਬਾਨ ਦੀ ਪੁਤਰੀ ਸੀ।ਕੁਰਆਨ ਸ਼ਰੀਫ਼ ਵਿਚ ਇਨ੍ਹਾਂ ਦਾ ਜ਼ਿਕਰ ਛੱਬੀ ਥਾਵਾਂ ਉੱਤੇ ਆਇਆ ਹੈ।ਇਨ੍ਹਾਂ ਦੀ ਜੀਵਨ ਕਹਾਣੀ ਨੂੰ 'ਅਹਿਸਨੁਲ ਕਸਿਸ' ਦਾ ਨਾਂ ਦਿੱਤਾ ਗਿਆ ਹੈ।
ਹਜ਼ਰਤ ਯਾਕੂਬ (ਅਲੈ.) ਦੀਆਂ ਦੋ ਪਤਨੀਆਂ ਸਨ ਜਿਨ੍ਹਾਂ ਵਿੱਚੋਂ ਵੱਡੀ ਪਤਨੀ ਦੇ ਦਸ ਪੁੱਤਰ ਸਨ ਅਤੇ ਛੋਟੀ ਪਤਨੀ ਦੇ ਦੋ ਪੁੱਤਰ ਹਜ਼ਰਤ ਯੂਸੁਫ਼ (ਅਲੈ.) ਅਤੇ ਬਿਨੀਆਮੀਨ ਸਨ।ਹਜ਼ਰਤ ਯੂਸੁਫ਼ (ਅਲੈ.) ਬਹੁਤ ਖ਼ੂਬਸੂਰਤ ਸਨ ਅਤੇ ਸਾਰੇ ਪੁਤਰਾਂ ਵਿੱਚੋਂ ਪਿਤਾ ਨੂੰ ਸਭ ਤੋਂ ਵੱਧ ਪਿਅਰੇ ਸਨ।ਇਕ ਦਿਨ ਹਜ਼ਰਤ ਯੂਸੁਫ਼ (ਅਲੈ.) ਨੇ ਸੁਪਨੇ ਵਿਚ ਦੇਖਿਆ ਕਿ ਗਿਆਰਾਂ ਤਾਰੇ, ਚੰਦ ਅਤੇ ਸੂਰਜ ਉਸ ਨੂੰ ਸਿਜਦਾ ਕਰ ਰਹੇ ਹਨ।ਉਨ੍ਹਾਂ ਨੇ ਇਹ ਗੱਲ ਪਿਤਾ ਨੂੰ ਦੱਸੀ।ਮੌਕੇ ਦੀ ਸਥਿੱਤੀ ਨੂੰ ਸਮਝਦਿਆਂ ਹਜ਼ਰਤ ਯਾਕੂਬ (ਅਲੈ.) ਨੇ ਪੁੱਤਰ ਨੂੰ ਸਲਾਹ ਦਿੱਤੀ ਕਿ ਉਹ ਸੁਪਨੇ ਵਾਲੀ ਗੱਲ ਅਪਣੇ ਮਤਰੇਏ ਭਾਈਆਂ ਨੂੰ ਨਾ ਦੱਸੇ।
ਮਤਰੇਏੇ ਭਰਾਵਾਂ ਨੂੰ ਹਜ਼ਰਤ ਯੂਸੁਫ਼ (ਅਲੈ.) ਨਾਲ ਪਿਤਾ ਦਾ ਐਨਾ ਪਿਆਰ ਕਰਨਾ ਚੰਗਾ ਨਾ ਲੱਗਿਆ।ਉਨ੍ਹਾਂ ਨੇ ਮਿਲ ਕੇ ਸਲਾਹ ਕੀਤੀ ਕਿ ਹਜ਼ਰਤ ਯੂਸੁਫ਼ (ਅਲੈ.) ਨੂੰ ਖ਼ਤਮ ਕਰ ਦਿੱਤਾ ਜਾਵੇ।ਮਤੇ ਅਨੁਸਾਰ ਸਾਰਿਆਂ ਨੇ ਇਕ ਦਿਨ ਪਿਤਾ ਨੂੰ ਕਿਹਾ ਕਿ ਯੂਸਫ਼ (ਅਲੈ.) ਨੂੰ ਸਾਡੇ ਨਾਲ ਬਕਰੀਆਂ ਚਾਰਨ ਲਈ ਭੇਜ ਦੇਵੋ ਅਸੀਂ ਇਸ ਦੀ ਸੰਭਾਲ ਆਪ ਕਰਾਂਗੇ।ਪਿਤਾ ਨੇ ਹਿਚਕਚਾਹਟ ਮਹਿਸੂਸ ਕਰਦਿਆਂ ਯੂਸਫ਼ (ਅਲੈ.) ਨੂੰ ਉਨ੍ਹਾਂ ਦੇ ਨਾਲ ਭੇਜ ਦਿੱਤਾ।ਸੋਚੀ ਸਮਝੀ ਸਕੀਮ ਅਨੁਸਾਰ ਜੰਗਲ ਵਿਚ ਜਾ ਕੇ ਭਰਾਵਾਂ ਨੇ ਉਸ ਨੂੰ ਇਕ ਅੰਨ੍ਹੇ ਖੂਹ ਵਿਚ ਸੁੱਟ ਦਿੱਤਾ ਅਤੇ ਉਸ ਦਾ ਕੁੜਤਾ ਬੱਕਰੀ ਦੇ ਖ਼ੂਨ ਨਾਲ ਰੰਗ ਕੇ ਪਿਉ ਕੋਲ ਲੈ ਆਏ।ਉਨ੍ਹਾਂ ਨੇ ਝੂਠੀ ਮੂਠੀ ਦਾ ਰੋਣਾ ਰੋ ਕੇ ਪਿਉ ਨੂੰ ਦੱਸਿਆ ਕਿ ਹਜ਼ਰਤ ਯੂਸੁਫ਼ (ਅਲੈ.) ਨੂੰ ਬਘਿਆੜ ਖਾ ਗਿਆ ਹੈ।ਹਜ਼ਰਤ ਯਾਕੂਬ (ਅਲੈ.) ਨੇ ਝੁੱਗਾ ਦੇਖਿਆ ਉਹ ਕਿਤੋਂ ਵੀ ਫਟਿਆ ਹੋਇਆ ਨਹੀਂ ਸੀ।ਉਨ੍ਹਾਂ ਨੇ ਜਦੋਂ ਝੁੱਗੇ ਨੂੰ ਸੁੰਘ ਕੇ ਦੇਖਿਆ ਤਾਂ ਉਸ ਵਿੱਚੋਂ ਬੱਕਰੀ ਦੇ ਖ਼ੂਨ ਦੀ ਮੁਸ਼ਕ ਆ ਰਹੀ ਸੀ।ਉਹ ਸਮਝ ਗਏ ਕਿ ਉਸ ਦੇ ਪੁੱਤਰ ਝੂਠ ਬੋਲ ਰਹੇ ਹਨ ਅਤੇ ਇਨ੍ਹਾਂ ਨੇ ਯੂਸੁਫ਼ (ਅਲੈ.) ਨੂੰ ਖ਼ਤਮ ਕਰ ਦਿੱਤਾ ਹੈ।
'ਕਸਸੁਲ ਕੁਰਆਨ' ਵਿਚ ਮੌਲਵੀ ਹਿਫ਼ਜ਼ੁਲ ਰਹਿਮਾਨ ਸਫ਼ਾ ੨੮੦ ਤੇ ਲਿਖਦੇ ਹਨ ਕਿ "ਉਸੇ ਰਸਤੇ ਵਪਾਰੀਆਂ ਦਾ ਇਕ ਕਾਫ਼ਲਾ ਹਿਜਾਜ਼ ਤੋਂ ਮਿਸਰ ਜਾ ਰਿਹਾ ਸੀ।ਜਦੋਂ ਕਾਫ਼ਲੇ ਦੇ ਕਿਸੇ ਬੰਦੇ ਨੇ ਪਾਣੀ ਲਈ ਖੂਹ ਵਿਚ ਡੋਲ ਸੁੱਟਿਆ ਤਾਂ ਹਜ਼ਰਤ ਯੂਸਫ਼ (ਅਲੈ.) ਉਸਦੀ ਰੱਸੀ ਫੜ ਕੇ ਖੂਹ ਵਿੱਚੋਂ ਬਾਹਰ ਆ ਗਏ।ਇਹ ਕਾਫ਼ਲਾ ਯੂਸੁਫ਼ (ਅਲੈ.) ਨੂੰ ਮਿਸਰ ਲੈ ਗਿਆ ਜਿੱਥੇ ਉਸ ਸਮੇਂ ਅਮਾਲਕਾ (ਹਸੈਕਸੋਸ) ਦੀ ਹਾਕਮੀ ਸੀ।ਉਸ ਸਮੇਂ ਮਿਸਰ ਦੀ ਰਾਜਧਾਨੀ ਰੈਮਸਸ ਵਿਚ ਸੀ ਜਿੱਥੇ ਅੱਜ ਕਲ 'ਸਾਨ' ਨਾਂ ਦਾ ਸ਼ਹਿਰ ਆਬਾਦ ਹੈ"।
ਹਜ਼ਰਤ ਯੂਸੁਫ਼ (ਅਲੈ.) ਵਾਲੇ ਕਾਫ਼ਲੇ ਦੇ ਪਹੁੰਚਣ ਤੋਂ ਪਹਿਲਾਂ ਹੀ ਮਿਸਰ ਵਿਚ ਧੁੰਮਾਂ ਪੈ ਗਈਆਂ ਕਿ ਹਿਜਾਜ਼ ਵੱਲੋਂ ਜਿਹੜਾ ਵਪਾਰਕ ਕਾਫ਼ਲਾ ਆ ਰਿਹਾ ਹੈ ਉਸ ਕੋਲ ਵੇਚਣ ਲਈ ਇਕ ਅਜਿਹਾ ਗ਼ੁਲਾਮ ਹੈ ਜਿਸ ਦੀ ਸੁੰਦਰਤਾ ਦੀ ਕੋਈ ਮਿਸਾਲ ਹੀ ਨਹੀਂ ਦਿੱਤੀ ਜਾ ਸਕਦੀ।ਕਾਫ਼ਲੇ ਵਾਲਿਆਂ ਨੇ ਮਿਸਰ ਪਹੁੰਚ ਕੇ ਜਦੋਂ ਯੂਸੁਫ਼ (ਅਲੈ.) ਨੂੰ ਵੇਚਣ ਲਈ ਬੋਲੀ ਲਾਈ ਤਾਂ ਬਾਦਸ਼ਾਹ ਦੀ ਪਤਨੀ ਜ਼ੁਲੈਖ਼ਾ ਨੇ ਉਸ ਨੂੰ ਖ਼ਰੀਦ ਲਿਆ।ਮਿਸਰ ਦੇ ਬਾਦਸ਼ਾਹ ਦੀ ਮੌਤ ਪਿੱਛੋਂ ਜ਼ੁਲੈਖ਼ਾ ਨੇ ਹਜ਼ਰਤ ਯੂਸੁਫ਼ (ਅਲੈ.) ਨਾਲ ਵਿਆਹ ਕਰ ਲਿਆ ਇਸ ਤਰ੍ਹਾਂ ਯੂਸੁਫ਼ (ਅਲੈ.) ਮਿਸਰ ਦੇ ਬਾਦਸ਼ਾਹ ਬਣ ਗਏ।
ਜਦੋਂ ਕਿਨਆਨ ਵਿਚ ਕਾਲ ਪਿਆ ਤਾਂ ਯੂਸੁਫ਼ (ਅਲੈ.) ਦੇ ਸੌਤੇਲੇ ਭਾਈ ਅਨਾਜ ਲੈਣ ਲਈ ਮਿਸਰ ਗਏ ਜਿੱਥੇ ਹਜ਼ਰਤ ਯੂਸੁਫ਼ (ਅਲੈ.) ਨੇ ਉਨ੍ਹਾਂ ਨੂੰ ਪਛਾਣ ਲਿਆ ਪਰ ਆਪੇ ਨੂੰ ਜ਼ਾਹਰ ਨਾ ਕੀਤਾ।ਦੂਜੀ ਵਾਰ ਜਦੋਂ ਇਹ ਲੋਕ ਮਿਸਰ ਗਏ ਤਾਂ ਹਜ਼ਰਤ ਯੂਸੁਫ਼ (ਅਲੈ.) ਦਾ ਸਕਾ ਭਰਾ ਬਿਨੀਆਮੀਨ ਵੀ ਉਨ੍ਹਾਂ ਦੇ ਨਾਲ ਸੀ।ਹਜ਼ਰਤ ਯੂਸੁਫ਼ (ਅਲੈ.) ਨੇ ਭਰਾਵਾਂ ਅੱਗੇ ਅਸਲੀਅਤ ਬਿਆਨ ਕਰਨ ਤੋਂ ਬਾਅਦ ਬਿਨੀਆਮੀਨ ਨੂੰ ਅਪਣੇ ਕੋਲ ਰੱਖ ਲਿਆ ਅਤੇ ਭਰਾਵਾਂ ਹੱਥ ਸੁਨੇਹਾ ਭੇਜ ਕੇ ਅਪਣੇ ਪਿਤਾ ਹਜ਼ਰਤ ਯਾਕੂਬ (ਅਲੈ.) ਨੂੰ ਵੀ ਮਿਸਰ ਸੱਦ ਲਿਆ।
ਹਜ਼ਰਤ ਯੂਸੁਫ਼ (ਅਲੈ.) ਦੀ ਮੌਤ ਬਾਰੇ 'ਕਸਸੁਲ ਅੰਬੀਆ' ਦਾ ਲੇਖਕ ਮੌਲਵੀ ਹਫ਼ੀਜ਼ੁਲ ਰਹਿਮਾਨ ਲਿਖਦਾ ਹੈ, "ਹਜ਼ਰਤ ਯੂਸੁਫ਼ (ਅਲੈ.) ਨੇ ਅਪਣੀ ਜ਼ਿੰਦਗੀ ਦਾ ਲੰਬਾ ਸਮਾਂ ਮਿਸਰ ਵਿਚ ਗੁਜ਼ਾਰਿਆ।੧੧੦ ਸਾਲ ਦੀ ਉਮਰ ਵਿਚ ਜਦੋਂ ਉਨ੍ਹਾਂ ਦੀ ਮੌਤ ਹੋਈ ਤਾਂ ਉਨ੍ਹਾਂ ਦੀ ਵਸੀਅਤ ਅਨੁਸਾਰ ਲਾਸ਼ ਨੂੰ ਮੱਮੀ ਬਣਾ ਕੇ ਤਾਬੂਤ ਵਿਚ ਬੰਦ ਕਰਕੇ ਰੱਖ ਦਿੱਤਾ ਗਿਆ।ਜਦੋਂ ਹਜ਼ਰਤ ਮੂਸਾ (ਅਲੈ.) ਦੇ ਸਮੇਂ ਬਨੀ ਇਸਰਾਈਲ ਨੂੰ ਮਿਸਰ ਛੱਡਣਾ ਪਿਆ ਤਾਂ ਉਹ ਇਸ ਤਾਬੂਤ ਨੂੰ ਵੀ ਨਾਲ ਲੈ ਗਏ ਅਤੇ ਅਪਣੇ ਪੁਰਖਿਆਂ ਦੀ ਧਰਤੀ ਉੱਤੇ ਜਾ ਕੇ ਦਫ਼ਨਾ ਦਿੱਤਾ।ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ ਕਬਰ ਕਿਨਆਨ ਦੇ ਇਲਾਕੇ ਵਿਚ ਨਾਬਲਸ ਦੇ ਨੇੜੇ ਹੈ।ਜਿੱਥੇ ਹੁਣ ਇਸਰਾਈਲ ਦਾ ਕਬਜ਼ਾ ਹੈ।
ਹਜ਼ਰਤ ਯੂਸੁਫ਼ (ਅਲੈ.) ਤੋਂ ਬਾਅਦ ਹਜ਼ਰਤ ਸ਼ੁਐਬ (ਅਲੈ.) ਵੀ ਇਕ ਪੈਗ਼ੰਬਰ ਹੋਏ ਹਨ।ਇਨ੍ਹਾਂ ਦਾ ਜ਼ਿਕਰ ਵੀ ਕੁਰਆਨ ਸ਼ਰੀਫ਼ ਵਿਚ ਮਿਲਦਾ ਹੈ।

15. ਹਜ਼ਰਤ ਮੂਸਾ (ਅਲੈ.)

ਜਦੋਂ ਹਜ਼ਰਤ ਮੂਸਾ (ਅਲੈ.) ਦਾ ਜਨਮ ਹੋਇਆ ਤਾਂ ਉਸ ਦੀ ਮਾਂ ਨੇ ਫ਼ਿਰਔਨ (ਮਿਸਰ ਦੇ ਸਾਰੇ ਬਾਦਸ਼ਾਹਾਂ ਦਾ ਲਕਬ ਸੀ) ਦੇ ਕਹਿਰ ਤੋਂ ਡਰਦਿਆਂ ਉਸ ਨੂੰ ਸੰਦੂਕ ਵਿਚ ਪਾ ਕੇ ਨੀਲ ਦਰਿਆ ਵਿਚ ਰੋੜ੍ਹ ਦਿੱਤਾ।ਉਸ ਨੇ ਅਪਣੀ ਧੀ ਨੂੰ ਆਖਿਆ ਕਿ ਉਹ ਸੰਦੂਕ ਦਾ ਪਿੱਛਾ ਕਰੇ ਅਤੇ ਦੇਖੇ ਕਿ ਇਹ ਕਿੱਥੇ ਜਾਂਦਾ ਹੈ।ਸੰਦੂਕ ਤਰਦਾ ਤਰਦਾ ਨੀਲ ਦਰਿਆ ਚੋਂ ਨਿਕਲੀ ਉਸ ਨਹਿਰ ਵਲ ਮੁੜ ਗਿਆ ਜਿਹੜੀ ਫ਼ਿਰਔਨ ਦੇ ਮਹਿਲ ਅਤੇ ਬਾਗ਼ ਨੂੰ ਪਾਣੀ ਦਿੰਦੀ ਸੀ।ਫ਼ਿਰਔਣ ਅਤੇ ਉਸ ਦੀ ਪਤਨੀ ਆਸੀਆ ਉਸ ਸਮੇਂ ਬਾਗ਼ ਵਿਚ ਟਹਿਲ ਰਹੇ ਸਨ।ਆਸੀਆ ਨੇ ਸੰਦੂਕ ਦੇਖਿਆ ਅਤੇ ਉਸ ਨੂੰ ਪਾਣੀ ਵਿੱਚੋਂ ਬਾਹਰ ਕਢਵਾ ਲਿਆ।ਉਸ ਨੇ ਜਦੋਂ ਸੰਦੂਕ ਖੋਲ੍ਹਿਆ ਤਾਂ ਬੱਚੇ ਨੂੰ ਦੇਖ ਕੇ ਆਖਣ ਲੱਗੀ ਕਿ ਇਸ ਨੂੰ ਅਸੀਂ ਪਾਲਾਂਗੇ।ਇਸ ਪਿੱਛੋਂ ਫ਼ਿਰਔਨ ਨੇ ਹਜ਼ਰਤ ਮੂਸਾ (ਅਲੈ.) ਦੀ ਮਾਂ ਨੂੰ ਹੀ ਦੁੱਧ ਪਿਲਾਉਣ ਲਈ ਮਹਿਲ ਵਿਚ ਨੌਕਰ ਰੱਖ ਲਿਆ।
ਕਿਹਾ ਜਾਂਦਾ ਹੈ ਕਿ ਇਕ ਦਿਨ ਫ਼ਿਰਔਨ ਨੇ ਖੇਡਦਿਆਂ ਖੇਡਦਿਆਂ ਖ਼ੁਸ਼ ਹੋ ਕੇ ਹਜ਼ਰਤ ਮੂਸਾ (ਅਲੈ.) ਨੂੰ ਚੁੱਕ ਲਿਆ ਅਤੇ ਉਸ ਦਾ ਮੂੰਹ ਚੁੰਮਣ ਲੱਗਿਆ ਪਰ ਮੂਸਾ (ਅਲੈ.) ਨੇ ਉਸ ਦੀ ਦਾੜ੍ਹੀ ਪੁੱਟ ਦਿੱਤੀ ਜਿਸ ਪਰ ਫ਼ਿਰਔਨ ਨੂੰ ਗੁੱਸਾ ਆ ਗਿਆ।ਉਸ ਨੇ ਬੱਚੇ ਦੇ ਕਤਲ ਦਾ ਹੁਕਮ ਦੇ ਦਿੱਤਾ।ਜਦ ਬੀਬੀ ਆਸੀਆ ਨੇ ਬੱਚੇ ਨੂੰ ਨਾ ਸਮਝ ਆਖ ਕੇ ਉਸ ਲਈ ਰਹਿਮ ਦੀ ਅਪੀਲ ਕੀਤੀ ਤਾਂ ਫ਼ਿਰਔਨ ਦੇ ਵਜ਼ੀਰ ਹਾਮਾਨ ਨੇ ਕਿਹਾ ਕਿ ਅਸੀਂ ਇਸ ਦੀ ਹੁਣੇ ਹੀ ਪਰਖ ਕਰ ਲੈਂਦੇ ਹਾਂ।ਉਸ ਨੇ ਦੋ ਥਾਲ ਮੰਗਵਾ ਕੇ ਇਕ ਵਿਚ ਯਾਕੂਤ ਅਤੇ ਦੂਜੇ ਵਿਚ ਅੱਗ ਦੇ ਮਘਦੇ ਹੋਏ ਕੋਲੇ ਰੱਖ ਕੇ ਆਖਿਆ ਕਿ ਜੇ ਇਸ ਬਾਲ ਨੇ ਯਾਕੂਤ ਨੂੰ ਹੱਥ ਪਾਇਆ ਤਾਂ ਇਹ ਜ਼ਰੂਰ ਇਸਰਾਈਲੀ ਹੋਵੇਗਾ।ਕਿਹਾ ਜਾਂਦਾ ਹੈ ਕਿ ਜਦੋਂ ਹਜ਼ਰਤ ਮੂਸਾ (ਅਲੈ.) ਯਾਕੂਤ ਨੂੰ ਹੱਥ ਪਾਉਣ ਲੱਗੇ ਤਾਂ ਹਜ਼ਰਤ ਜਿਬਰਾਈਲ (ਅਲੈ.) ਨੇ ਹੱਥ ਫੜ ਕੇ ਕੋਲਿਆਂ ਉੱਤੇ ਰੱਖ ਦਿੱਤਾ।
'ਕਸਸੁਲ ਅੰਬੀਆ' ਵਿਚ ਮੁਹੰਮਦ ਸਫ਼ੀ ਅਤੇ ਮੁਹੰਮਦ ਸਈਦ ਲਿਖਦੇ ਹਨ, "ਹਜ਼ਰਤ ਮੂਸਾ (ਅਲੈ.) ਨੇ ਫ਼ਿਰਔਨ ਦੇ ਘਰ ਨੂੰ ਤੀਹ ਸਾਲ ਤੱਕ ਠਿਕਾਣਾ ਬਣਾਈ ਰੱਖਿਆ।ਇਕ ਦਿਨ ਆਪ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਕਿ ਆਪ ਨੇ ਦੋ ਬੰਦੇ ਲੜਦੇ ਦੇਖੇ।ਜਿਨ੍ਹਾਂ ਵਿਚ ਇਕ ਸਾਮਰੀ ਨਾਂ ਦਾ ਇਸਰਾਈਲੀ ਸੀ ਅਤੇ ਦੂਸਰਾ ਕਿਬਤੀ, ਜਿਹੜਾ ਫ਼ਿਰਔਨ ਦਾ ਬਾਵਰਚੀ ਸੀ।ਪੁੱਛਣ ਉਪਰੰਤ ਸਾਮਰੀ ਨੇ ਹਜ਼ਰਤ ਮੂਸਾ (ਅਲੈ.) ਨੂੰ ਦੱਸਿਆ ਕਿ ਫ਼ਿਰਔਨ ਦਾ ਇਹ ਬਾਵਰਚੀ ਰੋਜ਼ ਮੇਰੀਆਂ ਲੱਕੜੀਆਂ ਖੋਹ ਲੈਂਦਾ ਹੈ।ਹਜ਼ਰਤ ਮੂਸਾ (ਅਲੈ.) ਦੇ ਰੋਕਣ 'ਤੇ ਬਾਵਰਚੀ ਉਸ ਨੂੰ ਪੁੱਠਾ ਪੈ ਗਿਆ ਜਿਸ ਤੇ ਗ਼ੁੱਸੇ ਵਿਚ ਆ ਕੇ ਮੂਸਾ (ਅਲੈ.) ਨੇ ਉਸ ਦੇ ਮੁੱਕਾ ਕੱਢ ਮਾਰਿਆ।ਬਾਵਰਚੀ ਮੌਕੇ ਉੱਤੇ ਹੀ ਮਰ ਗਿਆ।ਆਪ ਨੇ ਸਾਮਰੀ ਨੂੰ ਭਜਾ ਦਿੱਤਾ ਜਿਸ ਕਰਕੇ ਕਿਸੇ ਨੂੰ ਵੀ ਇਸ ਕਤਲ ਦਾ ਪਤਾ ਨਾ ਲੱਗਿਆ।ਅਗਲੇ ਦਿਨ ਮੂਸਾ (ਅਲੈ.) ਨੇ ਦੇਖਿਆ ਕਿ ਸਾਮਰੀ ਨੂੰ ਕੋਈ ਦੂਜਾ ਕਿਬਤੀ ਮਾਰ ਰਿਹਾ ਸੀ।ਉਸ ਨੇ ਫੇਰ ਮੂਸਾ (ਅਲੈ.) ਤੋਂ ਸਹਾਇਤਾ ਮੰਗੀ ਜਿਸ ਤੋਂ ਭੇਦ ਖੁੱਲ੍ਹ ਗਿਆ ਕਿ ਸਾਮਰੀ ਨੂੰ ਇਨ੍ਹਾਂ ਨੇ ਹੀ ਮਾਰਿਆ ਹੈ।ਇਸ ਕਤਲ ਪਿੱਛੋਂ ਹਜ਼ਰਤ ਮੂਸਾ (ਅਲੈ.) ਫ਼ਿਰਔਨ ਦੇ ਕਹਿਰ ਤੋਂ ਡਰਦੇ 'ਮਦਾਇਨ' ਚਲੇ ਗਏ"।
ਮਦਾਇਨ ਵਿਚ ਹਜ਼ਰਤ ਮੂਸਾ (ਅਲੈ.) ਦਸ ਵਰ੍ਹੇ ਠਹਿਰੇ ਅਤੇ ਉੱਥੇ ਹੀ ਹਜ਼ਰਤ ਸ਼ੁਐਬ ਦੀ ਧੀ ਸਫ਼ੂਰਾ ਨਾਲ ਵਿਆਹ ਕਰ ਲਿਆ।
ਇਕ ਦਿਨ ਹਜ਼ਰਤ ਮੂਸਾ (ਅਲੈ.) ਮਦਾਇਨ ਤੋਂ ਅੱਗੇ ਸਫ਼ਰ ਵਿਚ ਜਾ ਰਹੇ ਸਨ ਕਿ ਤੂਫ਼ਾਨ ਆ ਗਿਆ ਅਤੇ ਚਾਰੇ ਪਾਸੇ ਬੱਦਲਾਂ ਨਾਲ ਹਨੇਰਾ ਫੈਲ ਗਿਆ।ਇਸੇ ਘੜੀ ਉਨ੍ਹਾਂ ਦੀ ਪਤਨੀ ਨੂੰ ਜਣੇਪੇ ਦੀਆਂ ਪੀੜਾਂ ਸ਼ੁਰੂ ਹੋ ਗਈਆਂ।ਠਾਰੀ ਨੂੰ ਦੂਰ ਕਰਨ ਅਤੇ ਰੋਸ਼ਨੀ ਦੀ ਜ਼ਰੂਰਤ ਨੂੰ ਮਹਿਸੂਸ ਕਰਦਿਆਂ ਆਪ ਆਪਣੀ ਪਤਨੀ ਨੂੰ ਇਕ ਦਰਖ਼ਤ ਹੇਠਾਂ ਛੱਡ ਕੇ ਅੱਗ ਦੀ ਭਾਲ ਵਿਚ ਤੁਰ ਪਏ।ਕੁਝ ਦੂਰ ਜਾਣ ਤੋਂ ਬਾਅਦ ਆਪ ਨੂੰ ਸਾਮ੍ਹਣੇ ਪਹਾੜ ਉੱਤੇ ਅੱਗ ਦਾ ਭਾਂਬੜ ਦਿਖਾਈ ਦਿੱਤਾ।ਆਪ ਨੱਸ ਕੇ ਉੱਥੇ ਗਏ ਜਿੱਥੇ ਅੱਗ ਦੀ ਰੌਸ਼ਨੀ ਨਜ਼ਰ ਆ ਰਹੀ ਸੀ।ਆਪ ਅਜੇ ਉੱਥੇ ਪਹੁੰਚੇ ਹੀ ਸਨ ਕਿ ਰੱਬ ਦਾ ਹੁਕਮ ਹੋਇਆ, "ਮੂਸਾ ਪੈਰੋਂ ਜੁੱਤੀ ਲਾਹ ਦੇਵੋ"।ਅਜੇ ਉਹ ਜੁੱਤੀ ਲਾਹ ਕੇ ਖੜ੍ਹੇ ਹੀ ਹੋਏ ਸਨ ਕਿ ਗ਼ੈਬੀ ਆਵਾਜ਼ ਫੇਰ ਆਈ, "ਮੂਸਾ! ਤੇਰੇ ਹੱਥ ਵਿਚ ਕੀ ਏ"? ਮੂਸਾ ਨੇ ਆਖਿਆ, ਇਹ ਮੇਰਾ ਡੰਡਾ ਏ ਜਿਸਦੇ ਨਾਲ ਮੈਂ ਬਕਰੀਆਂ ਚਰਾਇਆ ਕਰਦਾ ਹਾਂ ਅਤੇ ਰੁੱਖਾਂ ਤੋਂ ਬਕਰੀਆਂ ਨੂੰ ਚਾਰਣ ਲਈ ਪੱਤੇ ਝਾੜਿਆ ਕਰਦਾ ਹਾਂ"।
ਇਹ ਸੁਣ ਕੇ ਰੱਬ ਨੇ ਮੂਸਾ (ਅਲੈ.) ਨੂੰ ਹੁਕਮ ਦਿੱਤਾ ਕਿ ਤੁਸੀਂ ਅਪਣਾ ਇਹ ਡੰਡਾ ਧਰਤੀ ਉੱਤੇ ਰੱਖ ਦੇਵੋ।ਜਦੋਂ ਹਜ਼ਰਤ ਮੂਸਾ (ਅਲੈ.) ਨੇ ਡੰਡਾ ਧਰਤੀ ਉੱਤੇ ਰੱਖਿਆ ਉਹ ਸੱਪ ਬਣ ਗਿਆ ਜਿਸ ਤੋਂ ਮੂਸਾ (ਅਲੈ.) ਡਰ ਗਏ ਪਰ ਰੱਬ ਨੇ ਆਖਿਆ ਕਿ ਡਰਨ ਦੀ ਲੋੜ ਨਹੀਂ ਇਹ ਤੇਰੇ ਫੜਦਿਆਂ ਹੀ ਮੁੜ ਡੰਡਾ ਬਣ ਜਾਵੇਗਾ।ਇਸ ਤੋਂ ਪਿੱਛੋਂ ਰੱਬ ਨੇ ਮੂਸਾ (ਅਲੈ.) ਨੂੰ ਹੁਕਮ ਦਿੱਤਾ ਕਿ ਅਪਣਾ ਹੱਥ ਅਪਣੇ ਗਿਰੇਵਾਨ ਵਿਚ ਪਾ ਲਵੋ।ਜਦੋਂ ਉਨ੍ਹਾਂ ਨੇ ਅਪਣਾ ਹੱਥ ਗਿਰੇਵਾਨ ਵਿਚ ਪਾ ਕੇ ਬਾਹਰ ਕੱਢਿਆ ਤਾਂ ਉਹ ਚਿੱਟਾ ਦੁੱਧ ਵਰਗਾ ਨਜ਼ਰ ਆ ਰਿਹਾ ਸੀ।ਇਹ ਦੋ ਮੋਅਜਿਜ਼ੇ ਦੇ ਕੇ ਰੱਬ ਨੇ ਮੂਸਾ ਨੂੰ ਕਿਹਾ ਕਿ ਤੁਹਾਨੂੰ ਪੈਗ਼ੰਬਰੀ ਦਿੱਤੀ ਗਈ ਹੈ ਹੁਣ ਤੁਸੀਂ ਮਿਸਰ ਜਾ ਕੇ ਫ਼ਿਰਔਨ ਨੂੰ ਮੇਰੀ ਇਬਾਦਤ ਕਰਨ ਦੀ ਦਾਅਵਤ ਦੇਵੋ।
ਜਦੋਂ ਹਜ਼ਰਤ ਮੂਸਾ (ਅਲੈ.) ਨੇ ਮਿਸਰ ਜਾ ਕੇ ਰੱਬ ਦਾ ਪੈਗ਼ਾਮ ਫ਼ਿਰਔਨ ਨੂੰ ਦਿੱਤਾ ਤਾਂ ਉਸ ਨੇ ਉਨ੍ਹਾਂ ਦੇ ਮੋਅਜਜ਼ਿਆਂ ਦੇ ਮੁਕਾਬਲੇ ਲਈ ਅਪਣੇ ਜਾਦੂਗਰਾਂ ਨੂੰ ਬੁਲਾ ਲਿਆ ਜਿਨ੍ਹਾਂ ਨੇ ਰੱਸੀਆਂ ਦੇ ਵੱਡੇ ਵੱਡੇ ਢੇਰਾਂ ਨੂੰ ਜਾਦੂ ਦੇ ਜ਼ੋਰ ਨਾਲ ਸੱਪ ਬਣਾ ਦਿੱਤਾ ਅਤੇ ਇਹ ਸਾਰੇ ਸੱਪ ਹਜ਼ਰਤ ਮੂਸਾ (ਅਲੈ.) ਵੱਲ ਦੌੜ ਪਏ।ਸੱਪਾਂ ਨੂੰ ਅਪਣੇ ਵੱਲ ਆਉਂਦਿਆਂ ਦੇਖ ਕੇ ਉਹ ਘਬਰਾ ਗਏ।ਉਨ੍ਹਾਂ ਨੂੰ ਘਬਰਾਇਆ ਦੇਖ ਕੇ ਰੱਬੀ ਆਵਾਜ਼ ਆਈ, "ਐ ਮੂਸਾ! ਤੂੰ ਅਪਣਾ ਡੰਡਾ ਧਰਤੀ ਉੱਤੇ ਰੱਖ ਦੇ"।ਡੰਡਾ ਧਰਤੀ ਉੱਤੇ ਡਿਗਦਿਆਂ ਹੀ ਵੱਡਾ ਸੱਪ ਬਣ ਗਿਆ ਅਤੇ ਦੇਖਦੇ ਹੀ ਦੇਖਦੇ ਜਾਦੂਗਰਾਂ ਦੇ ਬਣਾਏ ਸਾਰੇ ਸੱਪਾਂ ਨੂੰ ਖਾ ਗਿਆ।ਇਸ ਤਰ੍ਹਾਂ ਫ਼ਿਰਔਣ ਦੇ ਬੁਲਾਏ ਜਾਦੂਗਰ ਹਜ਼ਰਤ ਮੂਸਾ (ਅਲੈ.) ਨਾਲ ਮੁਕਾਬਲੇ ਵਿਚ ਹਾਰ ਗਏ।
ਫ਼ਿਰਔਨ ਹਜ਼ਰਤ ਮੂਸਾ (ਅਲੈ.) ਅਤੇ ਉਨ੍ਹਾਂ ਦੇ ਪੈਰੋਕਾਰਾਂ ਦਾ ਦੁਸ਼ਮਣ ਬਣ ਗਿਆ।ਜਦੋਂ ਹਜ਼ਰਤ ਮੂਸਾ (ਅਲੈ.) ਫ਼ਿਰਔਨ ਨੂੰ ਸਮਝਾਉਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਮਿਸਰ ਤੋਂ ਜਾਣ ਲਈ ਬਾਹਰ ਨਿਕਲੇ ਤਾਂ ਫ਼ਿਰਔਨ ਨੇ ਵੀ ਫ਼ੌਜ ਲੈ ਕੇ ਉਨ੍ਹਾਂ ਦਾ ਪਿੱਛਾ ਕੀਤਾ।ਰਸਤੇ ਵਿਚ ਨੀਲ ਦਰਿਆ ਦੇ ਆਉਣ ਨਾਲ ਮੂਸਾ (ਅਲੈ.) ਵਿਚਕਾਰ ਫਸ ਗਏ ਕਿਉਂ ਜੋ ਫ਼ਿਰਔਨ ਉਸ ਦੇ ਪਿੱਛੇ ਫ਼ੌਜ ਲੈ ਕੇ ਆ ਰਿਹਾ ਸੀ ਅਤੇ ਅੱਗੇ ਠਾਠਾਂ ਮਾਰਦਾ ਨੀਲ ਦਰਿਆ ਵਗ ਰਿਹਾ ਸੀ।ਹਜ਼ਰਤ ਮੂਸਾ (ਅਲੈ.) ਨੇ ਰੱਬ ਦੇ ਹੁਕਮ ਨਾਲ ਦਰਿਆ ਵਿਚ ਅਪਣਾ 'ਅਸਾ' ਮਾਰਿਆ ਤਾਂ ਪਾਣੀ ਦੋ-ਫਾੜ ਹੋ ਗਿਆ ਅਤੇ ਉਹ ਸਾਥੀਆਂ ਸਮੇਤ ਦਰਿਆ ਨੂੰ ਪਾਰ ਕਰ ਗਏ। ਪਰ ਜਦੋਂ ਫ਼ਿਰਔਨ ਦਰਿਆ ਪਾਰ ਕਰਨ ਲੱਗਿਆ ਤਾਂ ਉਸ ਨੂੰ ਫ਼ੌਜ ਸਮੇਤ ਦਰਿਆ ਹੜ੍ਹਾ ਕੇ ਲੈ ਗਿਆ।ਹਜ਼ਰਤ ਮੂਸਾ (ਅਲੈ.) ਉੱਤੇ ਜਿਹੜੀ ਕਿਤਾਬ ਰੱਬ ਵੱਲੋਂ ਉਤਾਰੀ ਗਈ ਉਸ ਦਾ ਨਾਂ ਤੌਰੈਤ ਹੈ।ਉਨ੍ਹਾਂ ਦੇ ਪੈਰੋਕਾਰਾਂ ਨੂੰ ਯਹੂਦੀ ਕਿਹਾ ਜਾਂਦਾ ਹੈ ਜਿਹੜੇ ਇਸਰਾਈਲ ਵਿਚ ਆਬਾਦ ਹਨ।

16. ਹਜ਼ਰਤ ਦਾਊਦ (ਅਲੈ.)

ਹਜ਼ਰਤ ਦਾਊਦ (ਅਲੈ.) ਵੀ ਪੈਗ਼ੰਬਰ ਹੋਏ ਹਨ।ਬਨੀ ਇਸਰਾਈਲ ਵਿਚ ਉਹ ਅਜਿਹੇ ਪਹਿਲੇ ਇਨਸਾਨ ਸਨ ਜਿਹੜੇ ਇੱਕੋ ਸਮੇਂ ਬਾਦਸ਼ਾਹ ਵੀ ਸਨ ਅਤੇ ਰਸੂਲ ਵੀ।ਕੁਰਆਨ ਸ਼ਰੀਫ਼ ਵਿਚ ਉਨ੍ਹਾਂ ਬਾਰੇ ਲਿਖਿਆ ਮਿਲਦਾ ਹੈ ਕਿ 'ਰੱਬ ਨੇ ਉਨ੍ਹਾਂ ਨੂੰ ਹਕੂਮਤ ਵੀ ਅਤਾ ਕੀਤੀ ਅਤੇ ਹਿਕਮਤ (ਨਬੁੱਵਤ) ਵੀ ਅਤੇ ਅਪਣੀ ਮਰਜ਼ੀ ਨਾਲ ਜੋ ਚਾਹਿਆ ਸਿਖਾਇਆ'।
ਹਜ਼ਰਤ ਆਦਮ (ਅਲੈ.) ਤੋਂ ਬਾਅਦ ਹਜ਼ਰਤ ਦਾਊਦ (ਅਲੈ.) ਹੀ ਅਜਿਹੇ ਪੈਗ਼ੰਬਰ ਹਨ ਜਿਨ੍ਹਾਂ ਨੂੰ ਕੁਰਆਨ ਸ਼ਰੀਫ਼ ਵਿਚ 'ਖ਼ਲੀਫ਼ਾ' ਦੇ ਲਕਬ ਨਾਲ ਪੁਕਾਰਿਆ ਗਿਆ ਹੈ।'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ ਕਿ ਉਨ੍ਹਾਂ ਨੂੰ ਤਕਰੀਰ ਕਰਨ ਵਿਚ ਕਮਾਲ ਹਾਸਿਲ ਸੀ।ਤਕਰੀਰ ਕਰਨ ਸਮੇਂ ਉਹ ਇਸ ਤਰ੍ਹਾਂ ਬੋਲਦੇ ਸਨ ਕਿ ਸੁਨਣ ਵਾਲਿਆਂ ਨੂੰ ਉਨ੍ਹਾਂ ਦਾ ਕਿਹਾ ਹਰ ਸ਼ਬਦ ਚੰਗੀ ਤਰ੍ਹਾਂ ਸਮਝ ਆ ਜਾਂਦਾ ਸੀ।
ਉਨ੍ਹਾਂ ਉੱਤੇ ਰੱਬ ਵੱਲੋਂ ਜਿਹੜੀ ਕਿਤਾਬ ਉਤਾਰੀ ਗਈ ਉਸ ਦਾ ਨਾਂ 'ਜਬੂਰ' ਹੈ।ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਕਈ ਥਾਵਾਂ ਉੱਤੇ ਆਉਂਦਾ ਹੈ।
ਹਜ਼ਰਤ ਦਾਊਦ (ਅਲੈ.) ਨੇ ਲੰਬੀ ਉਮਰ ਭੋਗੀ।ਇਕ ਰਵਾਇਤ ਅਨੁਸਾਰ ਉਹ ਸੱਤਰ ਸਾਲ ਤੱਕ ਹਕੂਮਤ ਕਰਦੇ ਰਹੇ।ਮੌਤ ਤੋਂ ਬਾਅਦ ਉਨ੍ਹਾਂ ਨੂੰ 'ਸੀਹੂਨ' ਵਿਖੇ ਦਫ਼ਨ ਕੀਤਾ ਗਿਆ।
ਹਜ਼ਰਤ ਦਾਊਦ (ਅਲੈ.) ਤੋਂ ਬਾਅਦ ਉਨ੍ਹਾਂ ਦੇ ਪੁੱਤਰ ਹਜ਼ਰਤ ਸੁਲੇਮਾਨ (ਅਲੈ.) ਵੀ ਪੈਗ਼ੰਬਰ ਹੋਏ ਹਨ।ਉਹ ਵੀ ਅਪਣੇ ਪਿਤਾ ਵਾਂਗ ਇੱਕੋ ਸਮੇਂ ਨਬੀ ਵੀ ਸਨ ਅਤੇ ਬਾਦਸ਼ਾਹ ਵੀ।ਉਨ੍ਹਾਂ ਦੀ ਹਕੂਮਤ ਦੁਨੀਆ ਉੱਤੇ ਆਬਾਦ ਸਾਰੀ ਮਖ਼ਲੂਕ ਉੱਤੇ ਸੀ।ਉਨ੍ਹਾਂ ਨੂੰ ਰੱਬ ਵੱਲੋਂ ਕਈ ਨਿਅਮਤਾਂ ਨਾਲ ਨਵਾਜ਼ਿਆ ਗਿਆ ਸੀ।ਉਨ੍ਹਾਂ ਬਾਰੇ ਕੁਰਆਨ ਸ਼ਰੀਫ਼ ਵਿਚ ਲਿਖਿਆ ਮਿਲਦਾ ਹੈ ਕਿ ਉਹ ਜਾਨਵਰਾਂ ਅਤੇ ਪੰਛੀਆਂ ਦੀ ਬੋਲੀ ਵੀ ਸਮਝ ਲੈਂਦੇ ਸਨ।
ਬੁਖ਼ਾਰੀ ਅਤੇ ਮੁਸਲਿਮ ਸ਼ਰੀਫ਼ ਵਿਚ ਹਜ਼ਰਤ ਅਬੂਜ਼ਰ ਗ਼ਿੱਫ਼ਾਰੀ ਦੇ ਹਵਾਲੇ ਨਾਲ ਲਿਖਿਆ ਗਿਆ ਹੈ ਕਿ ਜਿਵੇਂ ਹਜ਼ਰਤ ਇਬਰਾਹੀਮ (ਅਲੈ.) ਨੇ ਮਸਜਿਦ ਹਰਾਮ ਦੀ ਬੁਨਿਆਦ ਰੱਖੀ ਅਤੇ ਉਹ ਮੱਕਾ ਸ਼ਹਿਰ ਦੇ ਵਸੇਬੇ ਦਾ ਕਾਰਨ ਬਣੀ ਉਸੇ ਤਰ੍ਹਾਂ ਹਜ਼ਰਤ ਯਾਕੂਬ (ਅਲੈ.) ਨੇ ਮਸਜਿਦ ਬੈਤੁਲ ਮੁਕੱਦਸ ਦੀ ਬੁਨਿਆਦ ਰੱਖੀ ਅਤੇ ਬੈਤੁਲ ਮੁਕੱਦਸ ਸ਼ਹਿਰ ਦੀ ਆਬਾਦੀ ਹੋਂਦ ਵਿਚ ਆਈ ਅਤੇ ਸਮਾਂ ਪਾ ਕੇ ਹਜ਼ਰਤ ਸੁਲੇਮਾਨ (ਅਲੈ.) ਦੇ ਹੁਕਮ ਨਾਲ ਮਸਜਿਦ ਅਤੇ ਸ਼ਹਿਰ ਦੀ ਆਬਾਦੀ ਵਿਚ ਵਾਧਾ ਕੀਤਾ ਗਿਆ।

17. ਹਜ਼ਰਤ ਈਸਾ (ਅਲੈ.)

ਜਿਸ ਤਰ੍ਹਾਂ ਹਜ਼ਰਤ ਮੁਹੰਮਦ (ਸ.) ਦੁਨੀਆ ਉੱਤੇ ਆਉਣ ਵਾਲੇ ਆਖ਼ਰੀ ਨਬੀ ਹਨ ਇਸੇ ਤਰ੍ਹਾਂ ਹਜ਼ਰਤ ਈਸਾ (ਅਲੈ.) ਬਨੀ ਇਸਰਾਈਲ ਦੇ ਆਖ਼ਰੀ ਨਬੀ ਹਨ।ਹਜ਼ਰਤ ਈਸਾ (ਅਲੈ.) ਤੋਂ ਲੈ ਕੇ ਹਜ਼ਰਤ ਮੁਹੰਮਦ (ਸ.) ਦੇ ਵਿਚਕਾਰ ਰੱਬ ਵੱਲੋਂ ਹੋਰ ਕੋਈ ਨਬੀ ਨਹੀਂ ਭੇਜਿਆ ਗਿਆ ਸਗੋਂ ਉਨ੍ਹਾਂ ਉੱਤੇ ਰੱਬ ਵੱਲੋਂ ਭੇਜੀ ਗਈ ਅਸਮਾਨੀ ਕਿਤਾਬ ਇੰਜੀਲ ਹੀ ਰਾਹ ਦਸੇਰੇ ਦਾ ਕੰਮ ਕਰਦੀ ਰਹੀ ਹੈ।
ਹਜ਼ਰਤ ਈਸਾ (ਅਲੈ.) ਦੇ ਖ਼ਾਨਦਾਨੀ ਪਿਛੋਕੜ ਦਾ ਜ਼ਿਕਰ ਕਰਦਿਆਂ 'ਕਸਸੁਲ ਅੰਬੀਆ' ਦਾ ਲੇਖਕ ਮੌਲਵੀ ਹਿਫ਼ਜ਼ੁਲ ਰਹਿਮਾਨ ਸਫ਼ਾ ੩੯੩ ਉੱਤੇ ਲਿਖਦਾ ਹੈ,"ਬਨੀ ਇਸਰਾਈਲ ਵਿਚ ਇਮਰਾਨ ਇਕ ਸ਼ਰੀਫ਼ ਅਤੇ ਨੇਕ ਸੀਰਤ ਇਨਸਾਨ ਸੀ।ਉਸ ਦੀ ਪਤਨੀ ਹਿਨਾ ਵੀ ਉਸ ਵਾਂਗ ਹੀ ਪਾਕ ਸਾਫ਼ ਅਤੇ ਨੇਕ ਨੀਅਤ ਔਰਤ ਸੀ।ਇਸ ਜੋੜੇ ਦੇ ਕੋਈ ਔਲਾਦ ਨਹੀਂ ਸੀ।ਇਮਰਾਨ ਦੀ ਪਤਨੀ ਨੇ ਰੱਬ ਅੱਗੇ ਦੁਆ ਮੰਗੀ ਕਿ ਜੇ ਉਸ ਦੇ ਘਰ ਬੱਚਾ ਪੈਦਾ ਹੋ ਜਾਵੇ ਤਾਂ ਉਹ ਉਸ ਨੂੰ ਰੱਬ ਦੇ ਰਸਤੇ ਉੱਤੇ ਤੋਰ ਦੇਵੇਗੀ।ਪਰ ਜਦੋਂ ਦੁਆ ਕਬੂਲ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਘਰ ਲੜਕੀ ਪੈਦਾ ਹੋ ਗਈ ਤਾਂ ਉਹ ਚਿੰਤਾ ਵਿਚ ਪੈ ਗਏ ਕਿਉਂ ਜੋ ਸਮੇਂ ਦੇ ਰੀਤੀ ਰਿਵਾਜਾਂ ਅਨੁਸਾਰ ਲੜਕੀ 'ਹੈਕਲ' ਦੀ ਸੇਵਾ ਨਹੀਂ ਕਰ ਸਕਦੀ ਸੀ। ਉਨ੍ਹਾਂ ਨੇ ਲੜਕੀ ਦਾ ਨਾਂ ਮਰੀਅਮ ਰੱਖਿਆ।ਜਵਾਨ ਹੋਣ ਉੱਤੇ ਉਨ੍ਹਾਂ ਨੇ ਲੜਕੀ ਨੂੰੰ ਹਜ਼ਰਤ ਜ਼ਕਰੀਆ (ਅਲੈ.) ਦੇ ਸਪੁਰਦ ਕਰ ਦਿੱਤਾ ਜਿਹੜੇ ਹੈਕਲ ਦੇ ਨੇੜੇ ਹੁਜਰੇ ਵਿਚ ਰਹਿੰਦੇ ਸਨ।ਦਿਨ ਦੇ ਸਮੇਂ ਹਜ਼ਰਤ ਮਰੀਅਮ ਹੈਕਲ (ਇਬਾਦਤ ਖ਼ਾਨਾ) ਦੀ ਖ਼ਿਦਮਤ ਵਿਚ ਲੱਗੀ ਰਹਿੰਦੀ ਅਤੇ ਰਾਤ ਪੈਣ ਉੱਤੇ ਹਜ਼ਰਤ ਜ਼ਕਰੀਆ (ਅਲੈ.) ਉਸ ਨੂੰ ਅਪਣੇ ਘਰ ਮਰੀਅਮ ਦੀ ਮਾਸੀ ਕੋਲ ਲੈ ਜਾਂਦੇ।
ਹਜ਼ਰਤ ਮਰੀਅਮ ਰਾਤ ਦਿਨ ਰੱਬ ਦੀ ਬੰਦਗੀ ਵਿਚ ਲੱਗੀ ਰਹਿੰਦੀ ਅਤੇ ਜਦੋਂ ਹੈਕਲ ਦੀ ਖ਼ਿਦਮਤ ਕਰਨ ਦਾ ਸਮਾਂ ਆਉਂਦਾ ਤਾਂ ਉਹ ਅਪਣੀ ਜ਼ਿੰਮੇਵਾਰੀ ਨੂੰ ਖ਼ੂਬ ਨਿਭਾਉਂਦੀ।ਅਪਣੀ ਨੇਕ ਨੀਤੀ ਅਤੇ ਬੰਦਗੀ ਲਈ ਉਹ ਬਨੀ ਇਸਰਾਈਲ ਵਿਚ ਮਸ਼ਹੂਰ ਹੋ ਗਈ।'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ ਕਿ ਉਸ ਨੂੰ ਫ਼ਰਿਸ਼ਤਿਆਂ ਦੁਆਰਾ ਪੈਗ਼ੰਬਰ ਹੋਣ ਦੀ ਭਵਿੱਖ ਬਾਣੀ ਸੁਣਾਈ ਗਈ ਅਤੇ ਆਖਿਆ ਗਿਆ, "ਐ ਮਰੀਅਮ! ਬਿਨਾ ਸ਼ੱਕ ਰੱਬ ਨੇ ਤੈਨੂੰ ਬਜ਼ੁਰਗੀ ਦਿੱਤੀ ਅਤੇ ਪਾਕ ਕੀਤਾ।ਅਤੇ ਦੁਨੀਆ ਦੀਆਂ ਔਰਤਾਂ ਨਾਲੋਂ ਤੈਨੂੰ ਉੱਤਮ ਬਣਾਇਆ।ਐ ਮਰੀਅਮ! ਅਪਣੇ ਰੱਬ ਅੱਗੇ ਝੁਕ ਜਾ ਅਤੇ ਸਿਜਦਾ ਕਰ।ਅਤੇ ਨਮਾਜ਼ ਪੜ੍ਹਨ ਵਾਲਿਆਂ ਦੇ ਨਾਲ ਨਮਾਜ਼ ਅਦਾ ਕਰ"।ਭਾਵ ਰੱਬ ਵੱਲੋਂ ਹਜ਼ਰਤ ਮਰੀਅਮ ਨੂੰ ਨਬੀ ਥਾਪ ਦਿੱਤਾ ਗਿਆ।
ਯਹੂਦੀਆਂ ਦੀ ਮਜ਼ਹਬੀ ਕਿਤਾਬ ਵਿਚ ਹਜ਼ਰਤ ਈਸਾ (ਅਲੈ.) ਦੇ ਆਉਣ ਦੀ ਭਵਿੱਖ ਬਾਣੀ ਮਿਲਦੀ ਹੈ।ਕੁਰਆਨ ਸ਼ਰੀਫ਼ ਵਿਚ ਵੀ ਹਜ਼ਰਤ ਈਸਾ ਦੇ ਜਨਮ ਬਾਰੇ ਲਿਖਿਆ ਮਿਲਦਾ ਹੈ ਜਿਸ ਨੂੰ ਕਸਸੁਲ ਅੰਬੀਆ ਦਾ ਲੇਖਕ ਬਿਆਨ ਕਰਦਿਆਂ ਲਿਖਦਾ ਹੈ,"ਉਹ ਸਮਾਂ ਜ਼ਿਕਰ ਯੋਗ ਹੈ ਜਦੋਂ ਫ਼ਰਿਸ਼ਤਿਆਂ ਨੇ ਮਰੀਅਮ ਨੂੰ ਕਿਹਾ ਐ ਮਰੀਅਮ! ਰੱਬ ਸੱਚਾ ਤੈਨੂੰ ਅਪਣੇ ਕਲਮੇ ਦੇ ਨਾਲ ਪੁੱਤਰ ਦੀ ਬੁਸ਼ਾਰਤ ਦਿੰਦਾ ਹੈ।ਉਸ ਦਾ ਨਾਂ ਈਸਾ ਇਬਨ ਮਰੀਅਮ ਹੋਵੇਗਾ।ਉਹ ਦੁਨੀਆ ਵਿਚ ਸਾਡੇ ਨੇਕ ਬੰਦਿਆਂ ਵਿੱਚੋਂ ਹੋਵੇਗਾ ਅਤੇ ਉਹ ਮਾਂ ਦੀ ਗੋਦ ਵਿਚ ਹੀ ਲੋਕਾਂ ਨਾਲ ਗੱਲਾਂ ਕਰੇਗਾ।ਮਰੀਅਮ ਨੇ ਕਿਹਾ ਮੇਰੇ ਲੜਕਾ ਕਿਵੇਂ ਹੋਵੇਗਾ ਜਦੋਂ ਕਿ ਮੈਨੂੰ ਕਿਸੇ ਮਰਦ ਨੇ ਹੱਥ ਤੱਕ ਨਹੀਂ ਲਾਇਆ।ਫ਼ਰਿਸ਼ਤਿਆਂ ਨੇ ਕਿਹਾ ਅੱਲਾਹ ਜਿਵੇਂ ਚਾਹੁੰਦਾ ਹੈ ਪੈਦਾ ਕਰ ਦਿੰਦਾ ਹੈ।ਉਹ ਜਦੋਂ ਕਿਸੇ ਚੀਜ਼ ਨੂੰ ਪੈਦਾ ਕਰਨ ਲਈ ਆਖਦਾ ਹੈ 'ਹੋ ਜਾ' ਤਾਂ ਉਹ ਪੈਦਾ ਹੋ ਜਾਂਦੀ ਹੈ।ਅੱਲਾਹ ਉਸ ਨੂੰ ਇੰਜੀਲ ਦਾ ਇਲਮ ਅਤਾ ਕਰੇਗਾ ਅਤੇ ਉਹ ਬਨੀ ਇਸਰਾਈਲ ਵਿਚ ਅੱਲਾਹ ਦਾ ਰਸੂਲ ਹੋਵੇਗਾ"।
ਉਪਰੋਕਤ ਕਿਤਾਬ ਦਾ ਲੇਖਕ ਲਿਖਦਾ ਹੈ ਕਿ ਜਦੋਂ ਹਜ਼ਰਤ ਮਰੀਅਮ ਨੂੰ ਹਮਲ ਠਹਿਰ ਗਿਆ ਤਾਂ ਉਹ ਬਦਨਾਮੀ ਤੋਂ ਡਰਦੀ ਲੋਕਾਂ ਤੋਂ ਦੂਰ ਚਲੀ ਗਈ ਅਤੇ ਜਦੋਂ ਉਹ ਲੜਕੇ ਨੂੰ ਲੈ ਕੇ ਵਾਪਸ ਆਈ ਤਾਂ ਉਸ ਦੀ ਕੌਮ ਨੇ ਉਸ ਨੂੰ ਬੁਰਾ ਭਲਾ ਕਿਹਾ।ਉਸ ਨੂੰ ਬਦਚਲਨ ਦੇ ਤਾਅਨੇ ਮਾਰੇ।ਮਰੀਅਮ ਨੇ ਲੋਕਾਂ ਨੂੰ ਆਖਿਆ ਕਿ ਸੱਚ ਕੀ ਹੈ ਤੁਸੀਂ ਇਸ ਬੱਚੇ ਤੋਂ ਹੀ ਪੁੱਛ ਲਵੋ।ਜਦੋਂ ਦੁੱਧ ਪੀਂਦੇ ਬੱਚੇ ਨੇ ਲੋਕਾਂ ਨੂੰ ਸੰਬੋਧਨ ਕੀਤਾ ਤਾਂ ਉਹ ਹੈਰਾਨ ਹੋ ਗਏ ਅਤੇ ਇਹ ਮੰਨਣ ਲਈ ਮਜਬੂਰ ਹੋ ਗਏ ਕਿ ਹਜ਼ਰਤ ਮਰੀਅਮ ਨੇਕ ਅਤੇ ਪਾਕ ਦਾਮਨ ਔਰਤ ਹੈ।
ਵੱਡਾ ਹੋਣ ਉੱਤੇ ਰੱਬ ਵੱਲੋਂ ਹਜ਼ਰਤ ਈਸਾ (ਅਲੈ.) ਨੂੰ ਪੈਗ਼ੰਬਰ ਥਾਪਿਆ ਗਿਆ ਅਤੇ ਉਨ੍ਹਾਂ ਨੂੰ ਕੁਝ ਸ਼ਪੈਸ਼ ਸ਼ਕਤੀਆਂ ਦਿੱਤੀਆਂ ਗਈਆਂ ਤਾਂ ਜੋ ਲੋਕ ਉਨ੍ਹਾਂ ਦੇ ਨਬੀ ਹੋਣ ਉੱਤੇ ਯਕੀਨ ਕਰ ਲੈਣ।ਇਨ੍ਹਾਂ ਸ਼ਕਤੀਆਂ ਵਿਚ ਚਾਰ ਸ਼ਕਤੀਆਂ ਮੁੱਖ ਸਨ;
੧ ਉਹ ਰੱਬ ਦੇ ਹੁਕਮ ਨਾਲ ਮਰੇ ਹੋਏ ਬੰਦੇ ਨੂੰ ਜਿਊਂਦਾ ਕਰ ਦਿਆ ਕਰਦੇ ਸਨ ਇਸੇ ਲਈ ਉਨ੍ਹਾਂ ਨੂੰ ਮਸੀਹ ਕਿਹਾ ਜਾਂਦਾ ਹੈ।
੨ ਉਹ ਪੈਦਾਇਸ਼ੀ ਅੰਨਿਆਂ ਨੂੰ ਸੁਜਾਖਾ ਅਤੇ ਕੋਹੜੀਆਂ ਨੂੰ ਕੋੜ੍ਹ ਰਹਿਤ ਕਰ ਦਿਆ ਕਰਦੇ ਸਨ।
੩ ਉਹ ਮਿੱਟੀ ਦਾ ਪੰਛੀ ਬਣਾ ਕੇ ਜਦੋਂ ਉਸ ਵਲ ਫੂਕ ਮਾਰਦੇ ਸਨ ਤਾਂ ਰੱਬ ਦੇ ਹੁਕਮ ਨਾਲ ਉਸ ਵਿਚ ਜਾਨ ਪੈ ਜਾਇਆ ਕਰਦੀ ਸੀ।
੪ ਉਹ ਬੰਦੇ ਬਾਰੇ ਇਹ ਵੀ ਦੱਸ ਦਿਆ ਕਰਦੇ ਸਨ ਕਿ ਉਸ ਨੇ ਅੱਜ ਕੀ ਖਾਧਾ ਅਤੇ ਕੀ ਖ਼ਰਚ ਕੀਤਾ ਹੈ।ਉਸ ਦੇ ਘਰ ਵਿਚ ਖਾਣ-ਪੀਣ ਲਈ ਕੀ ਕੁਝ ਬਾਕੀ ਪਿਆ ਹੈ।
ਹਜ਼ਰਤ ਈਸਾ (ਅਲੈ.) ਨੇ ਅਪਣੀ ਕੌਮ ਨੂੰ ਇਕ ਰੱਬ ਦੀ ਇਬਾਦਤ ਕਰਨ ਦੀ ਦਾਅਵਤ ਦਿੱਤੀ।ਉਨ੍ਹਾਂ ਨੇ ਲੋਕਾਂ ਨੂੰ ਆਖਿਆ ਕਿ ਇਕ ਰੱਬ ਦੀ ਇਬਾਦਤ ਕਰੋ।ਰੱਬ ਅਤੇ ਉਸ ਦੀ ਤੌਹੀਦ ਉੱਤੇ ਈਮਾਨ ਲੈ ਆਉ।ਆਖ਼ਰਤ (ਮਰਨ ਤੋਂ ਬਾਅਦ ਵਾਲੀ ਜ਼ਿੰਦਗੀ) ਦੀ ਅਸਲੀਅਤ ਨੂੰ ਸਵੀਕਾਰ ਕਰੋ।ਰੱਬ ਦੇ ਭੇਜੇ ਨਬੀਆਂ ਅਤੇ ਉਨ੍ਹਾਂ ਉੱਤੇ ਉਤਰੀਆਂ ਕਿਤਾਬਾਂ ਨੂੰ ਮੰਨੋ।ਬੁਰਾਈਆਂ ਤੋਂ ਬਚੋ ਅਤੇ ਭਲਾਈ ਦੇ ਕਾਰਜ ਨੂੰ ਅਪਣਾਉ।ਪਰ ਸਮੇਂ ਦੀ ਯਹੂਦੀ ਕੌਮ ਨੇ ਉਨ੍ਹਾਂ ਦੀ ਇਕ ਨਾ ਮੰਨੀ ਅਤੇ ਹਜ਼ਰਤ ਈਸਾ ਨੂੰ ਖ਼ਤਮ ਕਰਨ ਦੇ ਮਨਸੂਬੇ ਘੜਨ ਲੱਗੀ।
ਹਜ਼ਰਤ ਈਸਾ (ਅਲੈ.) ਯਹੂਦੀਆਂ ਦੀ ਵਿਰੋਧਤਾ ਦੀ ਪ੍ਰਵਾਹ ਕੀਤੇ ਬਿਨਾ ਪ੍ਰਚਾਰ ਵਿਚ ਲੱਗੇ ਰਹੇ ਅਤੇ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਅੱਛਾਈਆਂ ਵੱਲ ਆਉਣ ਲਈ ਪ੍ਰੇਰਤ ਕਰਦੇ ਰਹੇ।ਜਿਹੜੇ ਲੋਕ ਉਨ੍ਹਾਂ ਉੱਤੇ ਈਮਾਲ ਲੈ ਆਏ ਉਨ੍ਹਾਂ ਵਿਚ ਬਹੁਤੇ ਲੋਕ ਗ਼ਰੀਬ ਵਰਗ ਨਾਲ ਸਬੰਧ ਰੱਖਣ ਵਾਲੇ ਸਨ।ਇਨ੍ਹਾਂ ਨੂੰ ਹਵਾਰੀ (ਦੋਸਤ ਜਾਂ ਦੀਨ ਦੇ ਮਦਦਗਾਰ) ਕਿਹਾ ਜਾਂਦਾ ਸੀ।
ਹਜ਼ਰਤ ਈਸਾ (ਅਲੈ.) ਨੇ ਨਾ ਵਿਆਹ ਕਰਵਾਇਆ ਅਤੇ ਨਾ ਕਿਧਰੇ ਪੱਕਾ ਠਿਕਾਣਾ ਬਣਾਇਆ ਸਗੋਂ ਅਪਣੇ ਪੈਰੋਕਾਰ ਹਵਾਰੀਆਂ ਨਾਲ ਪਿੰਡ ਪਿੰਡ, ਸ਼ਹਿਰ ਸ਼ਹਿਰ ਘੁੰਮ ਕੇ ਲੋਕਾਂ ਨੂੰ ਧਰਮ ਅਪਣਾਉਣ ਦੀ ਦਾਅਵਤ ਦਿੰਦੇ ਰਹੇ।ਜਦੋਂ ਲੋਕ ਉਨ੍ਹਾਂ ਦੀਆ ਸਿੱਖਿਆਵਾਂ ਉੱਤੇ ਈਮਾਨ ਲਿਆਉਣ ਲੱਗੇ ਤਾਂ ਯਹੂਦੀਆਂ ਦੇ ਅਮੀਰ ਤਬਕੇ ਵਿਚ ਉਨ੍ਹਾਂ ਦੇ ਵਿਰੁੱਧ ਹਲਚਲ ਪੈਦਾ ਹੋਣ ਲੱਗੀ।ਉਨ੍ਹਾਂ ਨੇ ਸਲਾਹ ਕੀਤੀ ਕਿ ਸਮੇਂ ਦੇ ਬਾਦਸ਼ਾਹ ਨੂੰ ਹਜ਼ਰਤ ਈਸਾ (ਅਲੈ.) ਦੇ ਖ਼ਿਲਾਫ਼ ਭੜਕਾ ਕੇ ਸੂਲੀ ਉੱਤੇ ਚੜ੍ਹਵਾ ਦਿੱਤਾ ਜਾਵੇ।ਇਸ ਤਰ੍ਹਾਂ ਉਨ੍ਹਾਂ ਨੇ ਸਮੇਂ ਦੇ ਹਾਕਮ ਪਲਾਤਿਸ ਕੋਲ ਝੂਠੀਆਂ ਤੂਹਮਤਾਂ ਲਾ ਕੇ ਹਜ਼ਰਤ ਈਸਾ (ਅਲੈ.) ਨੂੰ ਫ਼ਾਂਸੀ ਚੜ੍ਹਾਉਣ ਲਈ ਰਾਜ਼ੀ ਕਰ ਲਿਆ।
ਉਨ੍ਹਾਂ ਨੂੰ ਫ਼ਾਂਸੀ ਉੱਤੇ ਚੜ੍ਹਾਉਣ ਬਾਰੇ ਲਿਖਦਿਆਂ 'ਕਸਸੁਲ ਅੰਬੀਆ' ਦਾ ਲੇਖਕ ਲਿਖਦਾ ਹੈ, "ਜਦੋਂ ਯਹੂਦੀਆਂ ਦੇ ਸਰਦਾਰਾਂ ਅਤੇ ਕਾਹਨਾਂ ਨੂੰ ਪਤਾ ਲੱਗਿਆ ਕਿ ਹਜ਼ਰਤ ਈਸਾ ਇਕ ਘਰ ਵਿਚ ਛੁਪ ਕੇ ਲੋਕਾਂ ਵਿਚ ਧਰਮ ਦਾ ਪ੍ਰਚਾਰ ਕਰ ਰਹੇ ਹਨ ਤਾਂ ਉਨ੍ਹਾਂ ਨੇ ਉਸ ਘਰ ਨੂੰ ਘੇਰਾ ਪਾ ਕੇ ਹਜ਼ਰਤ ਈਸਾ (ਅਲੈ.) ਨੂੰ ਫੜ ਲਿਆ ਅਤੇ ਪਲਾਤਿਸ ਦੇ ਦਰਬਾਰ ਵਿਚ ਪੇਸ਼ ਕਰ ਦਿੱਤਾ।ਭਾਵੇਂ ਪਲਾਤਿਸ ਨੇ ਹਜ਼ਰਤ ਈਸਾ (ਅਲੈ.) ਨੂੰ ਬੇਕਸੂਰ ਸਮਝ ਕੇ ਛੱਡ ਦੇਣਾ ਚਾਹਿਆ ਪਰ ਬਨੀ ਇਸਰਾਈਲ ਦੀ ਮੰਗ ਉੱਤੇ ਮਜਬੂਰ ਹੋ ਕੇ ਸਜ਼ਾ ਦੇਣ ਲਈ ਸਿਪਾਹੀਆਂ ਦੇ ਹਵਾਲੇ ਕਰ ਦਿੱਤਾ।ਸਿਪਾਹੀਆਂ ਵੱਲੋਂ ਉਨ੍ਹਾਂ ਨੂੰ ਕੰਡਿਆਂ ਦਾ ਤਾਜ ਪਹਿਨਾਇਆ ਗਿਆ, ਕੋੜੇ ਮਾਰੇ ਗਏ ਅਤੇ ਉਨ੍ਹਾਂ ਦੇ ਮੂੰਹ ਉੱਤੇ ਥੁੱਕਿਆ ਗਿਆ।ਹਰ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰਨ ਤੋਂ ਬਾਅਦ ਉਨ੍ਹਾਂ ਦੇ ਹੱਥਾਂ ਵਿਚ ਕਿੱਲਾਂ ਠੋਕ ਕੇ ਸੂਲੀ ਉੱਤੇ ਚੜ੍ਹਾ ਦਿੱਤਾ ਗਿਆ"।

18. ਇਸਲਾਮ ਤੋਂ ਪਹਿਲਾਂ ਅਰਬ ਦੀਆਂ ਹਕੂਮਤਾਂ

ਹਜ਼ਰਤ ਮੁਹੰਮਦ (ਸ.) ਦੇ ਆਉਣ ਤੋਂ ਪਹਿਲਾਂ ਸਾਰਾ ਅਰਬ ਛੋਟੇ ਛੋਟੇ ਮੁਲਕਾਂ ਅਤੇ ਸਰਦਾਰੀਆਂ ਵਿਚ ਵੰਡਿਆ ਹੋਇਆ ਸੀ।ਜਦੋਂ ਅਰਬ ਵਿਚ ਇਸਲਾਮ ਆਇਆ ਉਸ ਸਮੇਂ ਉੱਥੇ ਦੋ ਕਿਸਮ ਦੀਆਂ ਹਕੂਮਤਾਂ ਕਾਇਮ ਸਨ ਜਿਨ੍ਹਾਂ ਵਿਚ ਇਕ ਉਹ ਹਕੂਮਤਾਂ ਸਨ ਜਿਨ੍ਹਾਂ ਦੇ ਬਾਦਸ਼ਾਹ ਖ਼ੁਦ-ਮੁਖ਼ਤਾਰ ਸਨ ਅਤੇ ਦੂਸਰੇ ਕਬੀਲਿਆਂ ਦੇ ਉਹ ਸਰਦਾਰ ਸਨ ਜਿਨ੍ਹਾਂ ਦੀ ਸਰਦਾਰੀ ਭਾਵੇਂ ਅਪਣੇ ਕਬੀਲਿਆਂ ਤੱਕ ਹੀ ਸੀਮਤ ਸੀ ਪਰ ਉਹ ਬਾਦਸ਼ਾਹਾਂ ਵਾਂਗ ਅਪਣੇ ਕਬੀਲਿਆਂ ਲਈ ਆਜ਼ਾਦ ਫ਼ੈਸਾ ਲੈ ਸਕਦੇ ਸਨ।ਉਸ ਸਮੇਂ ਯਮਨ, ਹਿਰਾ, ਸ਼ਾਮ, ਹਿਜਾਜ਼ ਅਜਿਹੇ ਮੁਲਕ ਸਨ ਜਿੱਥੇ ਬਾਦਸ਼ਾਹਾਂ ਦੀ ਹਕੂਮਤ ਸੀ ਅਤੇ ਬਾਕੀ ਰਹਿੰਦੇ ਅਰਬ ਦੇ ਇਲਾਕਿਆਂ ਉੱਤੇ ਕਬੀਲਾ ਸਿਸਟਮ ਚਲਦਾ ਸੀ।

ਸ਼ਾਮ ਦੀ ਹਕੂਮਤ

ਜਿਸ ਸਮੇਂ ਅਰਬ ਦੇ ਕਬੀਲਿਆਂ ਵਿਚ ਖ਼ਾਨਾ-ਜੰਗੀ ਦਾ ਬੋਲਬਾਲਾ ਸੀ ਉਸ ਸਮੇਂ ਅਰਬ ਦੇ ਕੁਝ ਛੋਟੇ ਕਬੀਲੇ ਅਪਣੀ ਜਾਨ-ਮਾਲ ਦੀ ਸੁਰੱਖਿਆ ਲਈ ਅਰਬ ਦੇ ਨਾਲ ਲਗਦੇ ਮੁਲਕਾਂ ਦੀਆਂ ਸਰਹੱਦਾਂ ਪਾਰ ਕਰਕੇ ਦੂਜੇ ਮੁਲਕਾਂ ਵਿਚ ਆਬਾਦ ਹੋ ਗਏ।ਇਨ੍ਹਾਂ ਹਿਜਰਤ ਕਰਨ ਵਾਲਿਆਂ ਵਿਚ ਕਜ਼ਾਅ ਕਬੀਲੇ ਦੀਆਂ ਕੁਝ ਸ਼ਾਖ਼ਾਂ ਵੀ ਸਨ ਜਿਹੜੀਆਂ ਸ਼ਾਮ ਵਿਚ ਜਾ ਕੇ ਆਬਾਦ ਹੋ ਗਈਆਂ।ਇਨ੍ਹਾਂ ਵਿੱਚੋਂ ਇਕ ਦਾ ਸਬੰਧ ਬਨੀ ਸੁਲਯਮ ਬਿਨ ਹਲਵਾਨ ਨਾਲ ਸੀ।
ਕਬੀਲੇ ਕਜ਼ਾਅ ਦੀ ਇਕ ਸ਼ਾਖ਼ ਨੂੰ ਰੋਮੀਆਂ ਨੇ ਅਪਣੇ ਅਧੀਨ ਅਰਬ ਦੇ ਸ਼ਾਮ ਨਾਲ ਸਬੰਧਤ ਇਲਾਕਿਆਂ ਵਿੱਚੋਂ ਬੱਦੂਆਂ ਦੀ ਲੁਟ-ਮਾਰ ਨੂੰ ਰੋਕਣ ਲਈ ਵਰਤਣ ਦਾ ਫ਼ੈਸਾ ਕੀਤਾ।ਉਨ੍ਹਾਂ ਨੇ ਕਜ਼ਾਅ ਕਬੀਲੇ ਨਾਲ ਨੇੜਤਾ ਪੈਦਾ ਕਰਕੇ ਉਸ ਦੇ ਸਰਦਾਰ ਨੂੰ ਸ਼ਾਮ ਦਾ ਹੁਕਮਰਾਨ ਨਿਯੁਕਤ ਕੀਤਾ ਅਤੇ ਅਰਬ ਦੇ ਇਸ ਇਲਾਕੇ ਦੀ ਵਾਗਡੋਰ ਉਸ ਦੇ ਹੱਥ ਫੜਾ ਦਿੱਤੀ।ਇਸ ਤੋਂ ਬਾਅਦ ਸਦੀਆਂ ਤੱਕ ਸ਼ਾਮ ਉੱਤੇ ਬਨੂ ਕਜ਼ਾਅ ਦੀ ਹੁਕਮਰਾਨੀ ਚਲਦੀ ਰਹੀ।
ਸ਼ਾਮ ਉੱਤੇ ਕਜ਼ਾਅ ਕਬੀਲੇ ਦਾ ਸਭ ਤੋਂ ਮਸ਼ਹੂਰ ਬਾਦਸ਼ਾਹ ਜ਼ਿਆਦ ਬਿਨ ਹਬੂਲਾ ਸੀ ਜਿਸ ਦੇ ਖ਼ਾਨਦਾਨ ਦਾ ਦੂਸਰੀ ਸਦੀ ਈਸਵੀ ਤੱਕ ਸ਼ਾਮ ਉੱਤੇ ਰਾਜ ਰਿਹਾ।ਇਸ ਤੋਂ ਬਾਅਦ ਸ਼ਾਮ ਉੱਤੇ ਆਲ ਗ਼ੁਸਾਨ ਕਬੀਲੇ ਨੇ ਕਬਜ਼ਾ ਕਰ ਲਿਆ ਅਤੇ ਰੋਮ ਦੀ ਸਰਕਾਰ ਨੇ ਵੀ ਉਸ ਨੂੰ ਮਾਨਤਾ ਦੇ ਦਿੱਤੀ।ਇਸ ਕਬੀਲੇ ਦੀ ਰਾਜਧਾਨੀ ਦੋਮਾਤੁਲਜਿੰਦਲ ਸੀ।ਰੋਮੀਆਂ ਦੀ ਸਰਪ੍ਰਸਤੀ ਅਧੀਨ ਇਸ ਕਬੀਲੇ ਦੀ ਸਨ ੧੩ ਹਿਜਰੀ ਤੱਕ ਹੁਕਮਾਨੀ ਕਾਇਮ ਰਹੀ।ਸਨ ੧੩ ਹਿਜਰੀ ਵਿਚ ਯਜ਼ਮੂਕ ਦੀ ਜੰਗ ਹੋਈ ਜਿਸ ਵਿਚ ਹਾਰ ਜਾਣ ਤੋਂ ਬਾਅਦ ਆਲ ਗ਼ੁਸਤਾਨ ਦਾ ਆਖ਼ਰੀ ਬਾਦਸ਼ਾਹ ਜਬਲਾ ਬਿਨ ਏਹਮ ਮੁਸਲਮਾਨ ਬਣ ਗਿਆ ਅਤੇ ਸ਼ਾਮ ਉੱਤੇ ਮੁਸਲਮਾਨਾਂ ਦਾ ਕਬਜ਼ਾ ਹੋ ਗਿਆ।

ਯਮਨ ਦੀ ਹਕੂਮਤ

ਅਰਬਾਂ ਵਿਚ ਜਿਹੜੀ ਕੌਮ ਦੀਆਂ ਸਭ ਤੋਂ ਪੁਰਾਣੀਆਂ ਨਿਸ਼ਾਨੀਆਂ ਮਿਲਦੀਆਂ ਹਨ ਉਸ ਨੂੰ ਸਾਬਾ ਕਿਹਾ ਜਾਂਦਾ ਸੀ।ਇਰਾਕ ਵਿਚ ਹਜ਼ਰਤ ਇਬਰਾਹੀਮ (ਅਲੈ.) ਦੇ ਜਨਮ ਸਥਾਨ 'ਉਰ' ਵਿਖੇ ਜਿਹੜੀਆਂ ਪੁਰਾਤਨ ਸੱਭਿਅਤਾ ਦੀਆਂ ਨਿਸ਼ਾਨੀਆਂ ਮਿਲੀਆਂ ਹਨ ਉਨ੍ਹਾਂ ਵਿਚ ਹਜ਼ਰਤ ਈਸਾ ਮਸੀਹ ਤੋਂ ਢਾਈ ਹਜ਼ਾਰ ਸਾਲ ਪਹਿਲਾਂ ਇਸ ਕੌਮ ਦਾ ਜ਼ਿਕਰ ਮਿਲਦਾ ਹੈ ਪਰ ਇਤਿਹਾਸਕਾਰਾਂ ਵੱਲੋਂ ਇਸ ਦੀ ਚੜ੍ਹਤ ਦਾ ਸਮਾਂ ਈਸਾ ਮਸੀਹ ਤੋਂ ਗਿਆਰਾਂ ਸੌ ਸਾਲ ਪਹਿਲਾਂ ਮਿਥਿਆ ਗਿਆ ਹੈ।ਈਸਾ ਮਸੀਹ ਤੋਂ ੩੦੦ ਸਾਲ ਪਹਿਲਾਂ ਸਾਬਾ ਦੀ ਹਕੂਮਤ ਢਹਿੰਦੀਆਂ ਕਲਾਂ ਵਲ ਜਾਣ ਲੱਗੀ ਅਤੇ ਈਸਾ ਮਸੀਹ ਤੋਂ ੧੧੫ ਸਾਲ ਪਹਿਲਾਂ 'ਹੁਮੈਰ' ਕਬੀਲੇ ਨੇ ਇਸ ਉੱਤੇ ਕਬਜ਼ਾ ਕਰ ਲਿਆ।ਉਸ ਸਮੇਂ ਯਮਨ ਦੀ ਰਾਜਧਾਨੀ ਦਾ ਨਾਂ 'ਜ਼ੱਫ਼ਾਰ' ਸੀ ਜਿਸ ਦੇ ਖੰਡਰ ਅੱਜ ਵੀ 'ਯਰੀਅਮ' ਸ਼ਹਿਰ ਦੇ ਨੇੜੇ ਪਹਾੜਾਂ ਉੱਤੇ ਮਿਲਦੇ ਹਨ।
ਈਸਵੀ ਸਨ ਦੇ ਸ਼ੁਰੂ ਵਿਚ 'ਨਿਬਤੀ' ਕਬੀਲੇ ਨੇ ਉਤਰੀ ਯਮਨ ਉੱਤੇ ਕਬਜ਼ਾ ਕਰ ਲਿਆ ਅਤੇ 'ਸਾਬਾ' ਕਬੀਲੇ ਨੂੰ ਯਮਨ ਵਿੱਚੋਂ ਭੱਜਣ ਲਈ ਮਜਬੂਰ ਕਰ ਦਿੱਤਾ।ਪਰ ਨਿਬਤੀ ਵੀ ਬਹੁਤੀ ਦੇਰ ਹਕੂਮਤ ਨਾ ਕਰ ਸਕੇ ਅਤੇ ਛੇਤੀ ਹੀ ਰੋਮੀਆਂ ਨੇ ਯਮਨ ਉੱਤੇ ਹਮਲਾ ਕਰਕੇ ਉਸ ਨੂੰ ਅਪਣੇ ਅਧੀਨ ਕਰ ਲਿਆ।ਉਨ੍ਹਾਂ ਨੇ ਨਿਬਤੀਆਂ ਦੇ ਦੂਸਰੇ ਮੁਲਕਾਂ ਨਾਲ ਵਪਾਰਕ ਰਸਤੇ ਬੰਦ ਕਰ ਦਿੱਤੇ।ਖ਼ਾਨਾ-ਜੰਗੀ ਦੇ ਇਸ ਸਮੇਂ ਵਿਚ ਯਮਨ ਦੇ ਪੁਰਾਣੇ ਕਬੀਲੇ ਯਮਨ ਨੂੰ ਛੱਡ ਕੇ ਨੇੜਲੇ ਮੁਲਕਾਂ ਵਿਚ ਆਬਾਦ ਹੋਣ ਲੱਗੇ।
੩੦੦ ਈਸਵੀ ਤੋਂ ਇਸਲਾਮ ਦੇ ਆਰੰਭ ਤੱਕ ਯਮਨ ਵਿਚ ਕਈ ਸੰਘਰਸ਼ ਹੋਏ, ਇਨਕਲਾਬ ਆਏ ਅਤੇ ਖ਼ਾਨਾ ਜੰਗੀਆਂ ਹੋਈਆਂ।ਇਕ ਸਮਾਂ ਅਜਿਹਾ ਵੀ ਆਇਆ ਜਦੋਂ ਰੋਮੀਆਂ ਨੇ ਪੂਰੇ ਯਮਨ ਉੱਤੇ ਕਬਜ਼ਾ ਕਰ ਲਿਆ।ਸਨ ੩੪੦ ਈਸਵੀ ਤੋਂ ੩੭੮ ਈਸਵੀ ਤੱਕ ਯਮਨ ਉੱਤੇ ਹਬਸ਼ੀਆਂ ਦਾ ਕਬਜ਼ਾ ਰਿਹਾ।੩੭੮ ਤੋਂ ਬਾਅਦ ਯਮਨ ਦੀ ਆਜ਼ਾਦੀ ਬਹਾਲ ਹੋ ਗਈ ਪਰ ੩੫੧ ਵਿਚ 'ਮਾਅਰਬ' ਨਾਂ ਦਾ ਬੰਨ੍ਹ ਟੁੱਟ ਜਾਣ ਕਰਕੇ ਸਾਰਾ ਯਮਨ ਹੜ੍ਹ ਦੀ ਲਪੇਟ ਵਿਚ ਆ ਗਿਆ।ਇਸ ਹੜ੍ਹ ਨਾਲ ਯਮਨ ਦੀਆਂ ਬਸਤੀਆਂ ਉਜੜ ਗਈਆਂ ਅਤੇ ਬਹੁਤ ਸਾਰੇ ਕਬੀਲੇ ਯਮਨ ਨੂੰ ਛੱਡ ਕੇ ਨੇੜਲੇ ਇਲਾਕਿਆਂ ਵਿਚ ਚਲੇ ਗਏ।
ਸਨ ੫੩੨ ਈਸਵੀ ਵਿਚ ਯਮਨ ਦੇ ਯਹੂਦੀ ਬਾਦਸ਼ਾਹ 'ਜ਼ੌਨਵਾਸ' ਨੇ ਨਜ਼ਰਾਨ ਦੇ ਇਸਾਈਆਂ ਉੱਤੇ ਹਮਲਾ ਕਰਕੇ ਉਨ੍ਹਾਂ ਨੂੰ ਇਸਾਈ ਮਜ਼ਹਬ ਛੱਡਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ ਪਰ ਜਦੋਂ ਉਹ ਇਸਾਈਅਤ ਛੱਡਣ ਲਈ ਰਾਜ਼ੀ ਨਾ ਹੋਏ ਤਾਂ ਜ਼ੌਨਵਾਸ ਨੇ ਡੂੰਘੀਆਂ ਖਾਈਆਂ ਪੁੱਟ ਕੇ ਬਲਦੀ ਅੱਗ ਦੇ ਭਾਂਬੜਾਂ ਵਿਚ ਇਨ੍ਹਾਂ ਨੂੰ ਸੁੱਟਵਾ ਦਿੱਤਾ।ਇਸ ਦੁਖਦਾਈ ਘਟਨਾ ਵੱਲ ਕੁਰਆਨ ਸ਼ਰੀਫ਼ ਵਿਚ ਵੀ ਇਸ਼ਾਰਾ ਕੀਤਾ ਗਿਆ ਹੈ।ਇਸ ਘਟਨਾ ਦਾ ਸਿੱਟਾ ਇਹ ਨਿਕਲਿਆ ਕਿ ਰੋਮ ਦੀ ਇਸਾਈ ਹਕੂਮਤ ਜਿਹੜੀ ਪਹਿਲਾਂ ਤੋਂ ਹੀ ਯਮਨ ਦੀ ਯਹੂਦੀ ਹਕੂਮਤ ਦੀ ਦੁਸ਼ਮਣ ਬਣੀ ਹੋਈ ਸੀ ਇਸਾਈਆਂ ਦੇ ਕਤਲ ਦਾ ਬਦਲਾ ਲੈਣ ਲਈ ਤਿਆਰੀਆਂ ਕਰਨ ਲੱਗੀ।ਰੋਮੀਆਂ ਨੇ ਹਬਸ਼ੀਆਂ ਨੂੰ ਜੰਗ ਦੀ ਸਿਖਲਾਈ ਦੇ ਕੇ ਸਮੁੰਦਰੀ ਬੇੜੇ ਵਿਚ ਯਮਨ ਉੱਤੇ ਹਮਲਾ ਕਰਨ ਲਈ ਭੇਜਿਆਂ।ਰੋਮ ਦੀ ਸ਼ਹਿ ਉੱਤੇ ਹਬਸ਼ੀਆਂ ਨੇ ੫੨੫ ਈਸਵੀ ਵਿਚ ਅਰਯਾਤ ਦੀ ਕਮਾਨ ਹੇਠ ਸੱਤਰ ਹਜ਼ਾਰ ਫ਼ੌਜ ਨਾਲ ਹਮਲਾ ਕਰਕੇ ਯਮਨ ਉੱਤੇ ਕਬਜ਼ਾ ਕਰ ਲਿਆ।ਅਰਯਾਤ ਸ਼ਾਹ ਹਬਸ਼ ਦੇ ਗਵਰਨਰ ਦੇ ਤੌਰ ਤੇ ਯਮਨ ਉੱਤੇ ਹਕੂਮਤ ਕਰਦਾ ਰਿਹਾ ਪਰ ਕੁਝ ਸਾਲ ਬਾਅਦ ਉਸ ਦੇ ਇਕ ਫ਼ੌਜੀ ਸਰਦਾਰ ਅਬਰਹਾ ਨੇ ਉਸ ਨੂੰ ਮਾਰ ਕੇ ਯਮਨ ਉੱਤੇ ਅਪਣਾ ਕਬਜ਼ਾ ਕਰ ਲਿਆ।
ਯਮਨ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਬਰਹਾ ਨੇ ਖ਼ਾਨਾ ਕਾਅਬਾ ਨੂੰ ਢਾਉਣ ਲਈ ਇਕ ਬਹੁਤ ਵੱਡੀ ਹਾਥੀਆਂ ਦੀ ਫ਼ੌਜ ਲੈ ਕੇ ਮੱਕੇ ਉੱਤੇ ਚੜ੍ਹਾਈ ਕਰ ਦਿੱਤੀ।ਇਸ ਘਟਨਾ ਨੂੰ 'ਅਸਹਾਬੇ ਫ਼ੀਲ' ਦੇ ਨਾਂ ਨਾਲ ਜਾਣਿਆ ਜਾਂਦਾ ਹੈ।ਇਸ ਲੜਾਈ ਵਿਚ ਅਬਰਹਾ ਦੀ ਹਾਰ ਹੋਈ ਅਤੇ ਯਮਨ ਦੇ ਵਾਸੀਆਂ ਨੇ ਫ਼ਾਰਸ ਦੀ ਹਕੂਮਤ ਦੀ ਸਹਾਇਤਾ ਨਾਲ ਹਬਸ਼ੀਆਂ ਨੂੰ ਯਮਨ ਵਿੱਚੋਂ ਬਾਹਰ ਕੱਢ ਦਿੱਤਾ ਅਤੇ ੫੨੫ ਈਸਵੀ ਵਿਚ ਮਾਅਦੀਕਰਬ ਨੂੰ ਅਪਣਾ ਬਾਦਸ਼ਾਹ ਚੁਣ ਲਿਆ।
ਹਬਸ਼ੀਆਂ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਬਾਅਦ ਮਾਅਦੀਕਰਬ ਨੇ ਕੁਝ ਹਬਸ਼ੀਆਂ ਨੂੰ ਅਪਣੇ ਦਰਬਾਰ ਵਿਚ ਰੱਖ ਲਿਆ ਪਰ ਉਨ੍ਹਾਂ ਨੇ ਦਰਬਾਰ ਵਿਚ ਰਹਿਣ ਦੇ ਮੌਕੇ ਦਾ ਲਾਹਾ ਲੈਂਦਿਆਂ ਮਾਅਦੀਕਰਬ ਨੂੰ ਕਤਲ ਕਰਕੇ 'ਜ਼ੀਅਜ਼ਨ' ਕਬੀਲੇ ਦੇ ਖ਼ਾਨਦਾਨ ਵਿੱਚੋਂ ਹੁਕਮਰਾਨੀ ਦਾ ਚਿਰਾਗ਼ ਸਦਾ ਲਈ ਬੁਝਾ ਦਿੱਤਾ।ਦੂਜੇ ਪਾਸੇ ਇਰਾਨ ਦੇ ਬਾਦਸ਼ਾਹ ਕਿਸਰਾ ਨੇ ਸਾਨਾ ਉੱਤੇ ਇਕ ਫ਼ਾਰਸੀ ਨਸਲ ਦਾ ਗਵਰਨਰ ਨਿਯੁਕਤ ਕਰਕੇ ਯਮਨ ਨੂੰ ਸਦਾ ਲਈ ਫ਼ਾਰਸ ਦਾ ਇਕ ਸੂਬਾ ਬਣਾ ਲਿਆ।ਇਸ ਤਰ੍ਹਾਂ ਯਮਨ ਉੱਤੇ ਫ਼ਾਰਸੀ ਗਵਰਨਰਾਂ ਦੀਆਂ ਨਿਯੁਕਤੀਆਂ ਹੋਣੀਆਂ ਸ਼ੁਰੂ ਹੋ ਗਈਆਂ।ਮੌਲਵੀ ਸੁਲੇਮਾਨ ਨਦਵੀ ਲਿਖਦੇ ਹਨ ਕਿ ੬੨੮ ਈਸਵੀ ਵਿਚ ਯਮਨ ਦੇ ਆਖ਼ਰੀ ਗਵਰਨਰ ਬਾਜ਼ਾਨ ਨੇ ਇਸਲਾਮ ਕਬੂਲ ਕਰ ਲਿਆ ਅਤੇ ਇਸ ਦੇ ਨਾਲ ਹੀ ਯਮਨ ਫ਼ਾਰਸ ਦੀ ਸਰਕਾਰ ਦੇ ਹੱਥੋਂ ਨਿਕਲ ਕੇ ਇਸਲਾਮੀ ਹਕੂਮਤ ਦੇ ਅਧੀਨ ਹੋ ਗਿਆ'।

ਹਿਰਾ ਦੀ ਹਕੂਮਤ

ਈਸਾ ਮਸੀਹ ਤੋਂ ੫੫੭ ਸਾਲ ਪਹਿਲਾਂ, ਕੋਰਦਸ ਕਬੀਰ ਦੇ ਸਮੇਂ ਤੋਂ ਹੀ ਇਰਾਕ ਅਤੇ ਉਸ ਦੇ ਨੇੜਲੇ ਇਲਾਕਿਆਂ ਉੱਤੇ ਫ਼ਾਰਸੀਆਂ ਦੀ ਹੁਕਮਰਾਨੀ ਚਲਦੀ ਆ ਰਹੀ ਸੀ।ਉਸ ਸਮੇਂ ਨੇੜਲੇ ਇਲਾਕਿਆਂ ਵਿਚ ਉਨ੍ਹਾਂ ਦੀ ਤਾਕਤ ਨੂੰ ਵੰਗਾਰਣ ਵਾਲਾ ਕੋਈ ਨਹੀਂ ਸੀ।ਹਜ਼ਰਤ ਈਸਾ (ਅਲੈ.) ਤੋਂ ੩੨੬ ਸਾਲ ਪਹਿਲਾਂ ਸਿਕੰਦਰ ਮਕਦੂਨੀ ਨੇ ਫ਼ਾਰਸੀ ਹੁਕਮਰਾਨ ਦਾਰਾ ਨੂੰ ਹਰਾ ਕੇ ਉਨ੍ਹਾਂ ਦੀ ਤਾਕਤ ਖ਼ਤਮ ਕਰ ਦਿੱਤੀ।ਸਿੱਟੇ ਵਜੋਂ ਸਾਰਾ ਮੁਲਕ ਟੁਕੜੇ ਟੁਕੜੇ ਹੋ ਗਿਆ ਅਤੇ ਖ਼ਾਨਾ-ਜੰਗੀ ਸ਼ੁਰੂ ਹੋ ਗਈ ਜਿਹੜੀ ੨੩੦ ਈਸਵੀ ਤੱਕ ਜਾਰੀ ਰਹੀ।ਭੈੜੀ ਹਾਲਤ ਤੋਂ ਤੰਗ ਆਏ ਕਹਿਤਾਨੀ ਕਬੀਲੇ ਨੇ ਇਰਾਕ ਦੇ ਜ਼ਰਖ਼ੇਜ਼ ਇਲਾਕਿਆਂ ਵਿਚ ਜਾ ਕੇ ਡੇਰੇ ਲਾ ਲਏ।
ਸਨ ੨੨੬ ਈਸਵੀ ਵਿਚ ਜਦੋਂ ਅਰਦਸੀਰ ਨੇ ਸਾਮਾਨੀ ਹਕੂਮਤ ਕਾਇਮ ਕੀਤੀ ਤਾਂ ਫ਼ਾਰਸੀਆਂ ਦੀ ਤਾਕਤ ਫੇਰ ਮੁੜ ਆਈ।ਅਰਦਸੀਰ ਨੇ ਖਿਲਰੇ ਹੋਏ ਫ਼ਾਰਸੀਆਂ ਨੂੰ ਮੁੜ ਇਕੱਠਾ ਕੀਤਾ ਅਤੇ ਅਪਣੇ ਦੇਸ ਦੀਆਂ ਸਰਹੱਦਾਂ ਉੱਤੇ ਵਸਦੇ ਅਰਬਾਂ ਨੂੰ ਹਰਾ ਕੇ ਈਨ ਮੰਨਣ ਲਈ ਮਜਬੂਰ ਕਰ ਦਿੱਤਾ ਪਰ ਕਜ਼ਾਅ ਕਬੀਲੇ ਨੇ ਅਧੀਨਗੀ ਸਵੀਕਾਰ ਕਰਨ ਦੀ ਥਾਂ ਸ਼ਾਮ ਵਿਚ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ।
ਅਰਦਸੀਰ ਦੇ ਸਮੇਂ ਹਿਰਾ ਅਤੇ ਆਸ-ਪਾਸ ਦੇ ਇਲਾਕਿਆਂ ਉੱਤੇ ਮੁਜ਼ਰੀ ਕਬੀਲੇ ਦੀ ਹੁਕਮਰਾਨੀ ਸੀ ਪਰ ਉਹ ਵੀ ਇਲਾਕੇ ਵਿਚ ਅਮਨ ਸਥਾਪਤ ਕਰਨ ਵਿਚ ਸਫਲ ਨਾ ਹੋਇਆ।ਅਰਬ ਕਬੀਲਿਆਂ ਨੂੰ ਨਾਲ ਮਿਲਾ ਕੇ ਰੱਖਣ ਅਤੇ ਇਲਾਕੇ ਨੂੰ ਲੁਟਮਾਰ ਤੋਂ ਬਚਾਉਣ ਲਈ ਅਰਦਸੀਰ ਨੇ ਫ਼ੈਸਲਾ ਕੀਤਾ ਕਿ ਕਿਸੇ ਅਜਿਹੇ ਆਦਮੀ ਨੂੰ ਸੂਬੇ ਦੀ ਹਕੂਮਤ ਸੰਭਾਲ ਦਿੱਤੀ ਜਾਵੇ ਜਿਸ ਨੂੰ ਉਸ ਦੇ ਕਬੀਲਿਆਂ ਦੀ ਹਮਾਇਤ ਹਾਸਿਲ ਹੋਵੇ ਅਤੇ ਰੋਮੀਆਂ ਦੇ ਹਮਲੇ ਸਮੇਂ ਉਸ ਤੋਂ ਸਹਾਇਤਾ ਲੈਣ ਦੇ ਨਾਲ ਨਾਲ ਸ਼ਾਮ ਦੇ ਰੋਮ ਪੱਖੀ ਅਰਬ ਹੁਕਮਰਾਨਾਂ ਨੂੰ ਰੋਮੀ ਹਮਲੇ ਸਮੇਂ ਖੜ੍ਹਾ ਕੀਤਾ ਜਾ ਸਕੇ।
ਸਨ ੨੬੮ ਈਸਵੀ ਵਿਚ ਹਿਰਾ ਦੇ ਹਾਕਮ ਜਜ਼ੀਮਾ ਦੀ ਮੌਤ ਹੋ ਗਈ ਅਤੇ ਅਮਰੂ ਬਿਨ ਹੱਦੀ ਉਸ ਦੀ ਥਾਂ ਨਵਾਂ ਹਾਕਮ ਨਿਯੁਕਤ ਹੋਇਆ ਜਿਹੜਾ ਅਰਦਸੀਰ ਦਾ ਵਫ਼ਾਦਾਰ ਸੀ।ਇਸ ਦੇ ਸਮੇਂ ਹਿਰਾ ਵਿਚ ਕਈ ਉਤਰਾਅ-ਝੜਾਅ ਆਏ।ਕਬਾਜ਼ ਦੇ ਸਮੇਂ ਵਿਚ ਮੁਜ਼ਦਕ ਧਰਮ ਹੋਂਦ ਵਿਚ ਆਇਆ।ਕਬਾਜ਼ ਅਤੇ ਉਸ ਦੀ ਪਰਜਾ ਨੇ ਇਸ ਧਰਮ ਨੂੰ ਅਪਣਾਉਣ ਤੋਂ ਬਾਅਦ ਹਿਰਾ ਦੇ ਬਾਦਸ਼ਾਹ ਮੁਨਜ਼ਰ ਬਿਨ ਮਾਅਸਬਾ ਨੂੰ ਵੀ ਇਹ ਧਰਮ ਅਪਣਾਉਣ ਦਾ ਹੁਕਮ ਦਿੱਤਾ ਪਰ ਮੁਨਜ਼ਰ ਦੇ ਨਾਂਹ ਕਰਨ ਉੱਤੇ ਉਸ ਨੂੰ ਹੁਕਮਰਾਨੀ ਤੋਂ ਹਟਾ ਕੇ ਮੁਜ਼ਦਕੀ ਧਰਮ ਦੇ ਪੈਰੋਕਾਰ ਹਾਰਸ ਬਿਨ ਅਮਰੂ ਨੂੰ ਨਵਾਂ ਹੁਕਮਰਾਨ ਨਿਯੁਕਤ ਕਰ ਦਿੱਤਾ।
ਕਬਾਜ਼ ਦੀ ਮੌਤ ਤੋਂ ਬਾਅਦ ਫ਼ਾਰਸ ਦੀ ਹਕੂਮਤ ਕਿਸਰਾ ਨੌਸ਼ੇਰਵਾ ਦੇ ਹੱਥ ਆ ਗਈ ਜਿਹੜਾ ਮੁਜ਼ਦਕ ਧਰਮ ਦਾ ਕੱਟੜ ਵਿਰੋਧੀ ਸੀ।ਉਸ ਨੇ ਇਸ ਧਰਮ ਦੇ ਬਹੁਤ ਸਾਰੇ ਲੋਕਾਂ ਨੂੰ ਕਤਲ ਕਰਕੇ ਮੁਨਜ਼ਰ ਨੂੰ ਇਕ ਬਾਰ ਫੇਰ ਹਿਰਾ ਦਾ ਗਵਰਨਰ ਨਿਯੁਕਤ ਕਰ ਦਿੱਤਾ ਅਤੇ ਹਾਰਸ ਬਿਨ ਅਮਰੂ ਨੂੰ ਫ਼ਾਰਸ ਸੱਦ ਲਿਆ ਪਰ ਉਹ ਫ਼ਾਰਸ ਜਾਣ ਦੀ ਥਾਂ ਬਨੂ ਕਲਬ ਦੇ ਇਲਾਕੇ ਵਿਚ ਭੱਜ ਗਿਆ ਅਤੇ ਉਸ ਨੇ ਉੱਥੇ ਹੀ ਬਾਕੀ ਜ਼ਿੰਦਗੀ ਗੁਜ਼ਾਰੀ।
ਮੁਨਜ਼ਰ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਨਿਅਮਾਨ ਬਿਨ ਮੁਨਜ਼ਰ ਗਵਰਨਰ ਬਣਿਆ ਅਤੇ ਕੁਝ ਦੇਰ ਤੱਕ ਹਿਰਾ ਦੀ ਹਕੂਮਤ ਉਸ ਦੇ ਅਧੀਨ ਚਲਦੀ ਰਹੀ।ਨਿਅਮਾਨ ਦੇ ਵਿਰੋਧੀ ਜ਼ੈਦ ਬਿਨ ਅੱਦੀ ਨੇ ਕਿਸਰਾ ਕੋਲ ਨਿਅਮਾਨ ਦੀ ਝੂਠੀ ਸ਼ਿਕਾਇਤ ਕਰ ਦਿੱਤੀ ਜਿਸ ਉੱਤੇ ਯਕੀਨ ਕਰਦਿਆਂ ਕਿਸਰਾ ਨੇ ਨਿਅਮਾਨ ਨੂੰ ਵਾਪਸ ਸੱਦ ਲਿਆ।ਫ਼ਾਰਸ ਜਾਣ ਤੋਂ ਪਹਿਲਾਂ ਨਿਅਮਾਨ ਬਿਨ ਮਸਊਦ ਨੇ ਅਪਣੇ ਪਰਿਵਾਰ ਨੂੰ ਮਾਲ ਦੌਲਤ ਸਮੇਤ ਬਨੂ ਸ਼ੀਬਾਨ ਦੇ ਸਰਦਾਰ ਹਾਨੀ ਬਿਨ ਮਸਊਦ ਦੇ ਕੋਲ ਛੱਡ ਦਿੱਤਾ ਅਤੇ ਆਪ ਫ਼ਾਰਸ ਚਲਿਆ ਗਿਆ।ਕਿਸਰਾ ਨੇ ਉਸ ਦੇ ਵਿਰੁੱਧ ਮਿਲੀਆਂ ਸ਼ਿਕਾਇਤਾਂ ਦੇ ਅਧਾਰ ਤੇ ਉਸ ਨੂੰ ਕੈਦ ਵਿਚ ਸੁੱਟ ਦਿੱਤਾ ਅਤੇ ਕੈਦ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਕਿਸਰਾ ਨੇ ਨਿਅਮਾਨ ਨੂੰ ਕੈਦ ਕਰਨ ਤੋਂ ਬਾਅਦ ਉਸ ਦੀ ਥਾਂ ਅਯਾਸ ਬਿਨ ਕਬੀਸਾ ਤਾਈ ਨੂੰ ਹਿਰਾ ਦਾ ਗਵਰਨਰ ਨਿਯੁਕਤ ਕਰਕੇ ਉਸ ਨੂੰ ਹੁਕਮ ਦਿੱਤਾ ਕਿ ਹਾਨੀ ਬਿਨ ਮਸਊਦ ਤੋਂ ਨਿਅਮਾਨ ਬਿਨ ਮੁਨਜ਼ਰ ਦਾ ਮਾਲ-ਦੌਲਤ ਵਾਪਸ ਲਿਆ ਜਾਵੇ।ਜਦੋਂ ਅਯਾਸ ਬਿਨ ਕਬੀਸਾ ਤਾਈ ਨੇ ਹਾਨੀ ਬਿਨ ਮਸਊਦ ਤੋਂ ਨਿਅਮਾਨ ਦੀ ਦੌਲਤ ਵਾਪਸ ਮੰਗੀ ਤਾਂ ਉਸ ਨੇ ਨਾਂਹ ਕਰਦਿਆਂ ਜੰਗ ਦਾ ਐਲਾਨ ਕਰ ਦਿੱਤਾ। ਕਿਸਰਾ ਦੀ ਫ਼ੌਜ ਅਤੇ ਹਾਨੀ ਬਿਨ ਮਸਊਦ ਦੀਆਂ ਫ਼ੌਜਾ ਵਿਚਕਾਰ 'ਜ਼ੀਕਾਰ' ਦੇ ਮੈਦਾਨ ਵਿਚ ਘਮਸਾਨ ਦੀ ਜੰਗ ਹੋਈ ਜਿਸ ਵਿਚ ਬਨੂ ਸ਼ੀਬਾਨ ਨੂੰ ਜਿੱਤ ਪ੍ਰਾਪਤ ਹੋਈ ਅਤੇ ਕਿਸਰਾ ਨੂੰ ਸ਼ਰਮਨਾਕ ਹਾਰ ਦਾ ਮੂੰਹ ਦੇਖਣਾ ਪਿਆ।ਲੜਾਈ ਦੀ ਇਹ ਘਟਨਾ ਹਜ਼ਰਤ ਮੁਹੰਮਦ (ਸ.) ਦੇ ਜਨਮ ਤੋਂ ਅੱਠ ਮਹੀਨੇ ਬਾਅਦ ਵਾਪਰੀ ਸੀ।
ਅਯਾਸ ਦੀ ਮੌਤ ਤੋਂ ਬਾਅਦ ਹਿਰਾ ਉੱਤੇ ਫੇਰ ਕਿਸਰਾ ਨੇ ਕਬਜ਼ਾ ਕਰਕੇ ਇਕ ਫ਼ਾਰਸੀ ਹਾਕਮ ਨਿਯੁਕਤ ਕਰ ਦਿੱਤਾ ਪਰ ੬੩੨ ਈਸਵੀ ਵਿਚ ਮੁਨਜ਼ਰ ਬਿਨ ਮਾਅਰੂਰ ਨਾਂ ਦੇ ਕਬੀਲੇ ਨੇ ਫ਼ਾਰਸ ਤੋਂ ਹਿਰਾ ਨੂੰ ਖੋਹ ਲਿਆ।
ਮਾਅਰੂਰ ਨੂੰ ਹਕੂਮਤ ਸੰਭਾਲਿਆਂ ਸਿਰਫ਼ ਦਸ ਮਹੀਨੇ ਹੀ ਹੋਏ ਸਨ ਕਿ ਇਸਲਾਮੀ ਫ਼ੌਜਾਂ ਦੇ ਤੇਜ਼-ਤਰਾਰ ਜਰਨੈਲ ਖ਼ਾਲਿਦ ਬਿਨ ਵਲੀਦ ਨੇ ਹਿਰਾ ਉੱਤੇ ਕਬਜ਼ਾ ਕਰਕੇ ਸਦਾ ਲਈ ਇਸਲਾਮੀ ਹਕੂਮਤ ਦਾ ਅਟੁੱਟ ਅੰਗ ਬਣਾ ਲਿਆ।

ਹਿਜਾਜ਼ ਦੀ ਹਕੂਮਤ

ਪਿੱਛਲੇ ਪੰਨਿਆਂ ਉੱਤੇ ਲਿਖਿਆ ਜਾ ਚੁੱਕਿਆ ਹੈ ਕਿ ਮੱਕਾ ਸ਼ਹਿਰ ਹਜਰਤ ਇਸਮਾਈਲ (ਅਲੈ.) ਦੇ ਸਮੇਂ ਆਬਾਦ ਹੋਇਆ ਅਤੇ ਆਪ ਨੇ ਮੱਕੇ ਉੱਤੇ ਲੰਬਾ ਸਮਾਂ ਹਕੂਮਤ ਕੀਤੀ।'ਮੁਹਾਜ਼ਰਾਤੇ ਖ਼ਿਜ਼ਰੀ' ਦਾ ਲੇਖਕ ਲਿਖਦਾ ਹੈ ਕਿ ਹਜ਼ਰਤ ਇਸਮਾਈਲ (ਅਲੈ.) ਨੇ ੧੩੭ ਸਾਲ ਦੀ ਉਮਰ ਭੋਗੀ।ਆਪ ਜਿੰਨਾ ਚਿਰ ਜਿਊਂਦੇ ਰਹੇ, ਮੱਕਾ ਦੇ ਸਰਦਾਰ ਰਹੇ।ਆਪ ਦੀ ਮੌਤ ਤੋਂ ਬਾਅਦ ਆਪ ਦੇ ਦੋ ਪੁੱਤਰ ਨਾਬਿਤ ਅਤੇ ਕਿਦਾਰ ਖ਼ਾਨਾ ਕਾਅਬਾ ਦੇ ਮੁਤਵੱਲੀ ਅਤੇ ਮੱਕਾ ਦੇ ਸਰਦਾਰ ਰਹੇ।ਇਨ੍ਹਾਂ ਤੋਂ ਬਾਅਦ ਇਨ੍ਹਾਂ ਦੇ ਨਾਨਾ ਮੱਜ਼ਾਜ਼ ਬਿਨ ਉਮਰੂ ਜਿਹੜੇ ਜੁਰਹਮ ਕਬੀਲੇ ਦੇ ਸਰਦਾਰ ਸਨ ਨੇ ਮੱਕੇ ਦੀ ਸਰਦਾਰੀ ਅਪਣੇ ਹੱਥਾਂ ਵਿਚ ਲੈ ਲਈ।ਕਿਉਂ ਜੋ ਹਜ਼ਰਤ ਇਸਮਾਈਲ (ਅਲੈ.) ਨੇ ਹਜ਼ਰਤ ਇਬਰਾਹੀਮ (ਅਲੈ.) ਨਾਲ ਮਿਲ ਕੇ ਖ਼ਾਨਾ ਕਾਅਬਾ ਦੀ ਉਸਾਰੀ ਕੀਤੀ ਸੀ ਇਸ ਲਈ ਉਨ੍ਹਾਂ ਦੀ ਔਲਾਦ ਨੂੰ ਇੱਜ਼ਤ ਨਾਲ ਦੇਖਿਆ ਜਾਂਦਾ ਰਿਹਾ ਪਰ ਮੱਕੇ ਦੀ ਸਰਦਾਰੀ ਵਿਚ ਉਨ੍ਹਾਂ ਦਾ ਕੋਈ ਹੱਥ ਨਾ ਰਿਹਾ।
ਸਾਲ ਬੀਤਦੇ ਗਏ ਅਤੇ ਹਜ਼ਰਤ ਇਸਮਾਈਲ (ਅਲੈ.) ਦੀ ਔਲਾਦ ਗੁਮਨਾਮੀ ਦੀ ਜ਼ਿੰਦਗੀ ਬਤੀਤ ਕਰਦੀ ਰਹੀ।ਇਕ ਸਮਾਂ ਅਜਿਹਾ ਵੀ ਆਇਆ ਜਦੋਂ ਮੱਕੇ ਦੀ ਵਾਗਡੋਰ ਅਦਨਾਨ ਨਾਂ ਦੇ ਸਰਦਾਰ ਦੇ ਹੱਥ ਆ ਗਈ।ਹਜ਼ਰਤ ਈਸਾ (ਅਲੈ.) ਤੋਂ ੫੮੭ ਸਾਲ ਪਹਿਲਾਂ ਜਦੋਂ ਬੁਖ਼ਤੇ ਨਸਰ ਨੇ ਮੱਕੇ ਉੱਤੇ ਦੂਸਰਾ ਹਮਲਾ ਕੀਤਾ ਉਸ ਸਮੇਂ ਬਨੂ ਅਦਨਾਨ ਮੱਕੇ ਤੋਂ ਭੱਜ ਕੇ ਯਮਨ ਚਲਿਆ ਗਿਆ।ਉਸ ਸਮੇਂ ਬਨੂ ਇਸਰਾਈਲ ਦੇ ਨਬੀ ਹਜ਼ਰਤ ਯਰਮੀਆਹ ਸਨ।ਉਹ ਅਦਨਾਨ ਦੇ ਪੁੱਤਰ ਮਾਅਦ ਬਿਨ ਅਦਨਾਨ ਨੂੰ ਅਪਣੇ ਨਾਲ ਸ਼ਾਮ ਲੈ ਗਏ। ਬੁਖ਼ਤੇਨਸਰ ਦਾ ਜ਼ੋਰ ਖ਼ਤਮ ਹੋਣ ਤੋਂ ਬਾਅਦ ਜਦੋਂ ਮਾਅਦ ਮੱਕੇ ਵਾਪਸ ਆਏ ਤਾਂ ਉਨ੍ਹਾਂ ਨੂੰ ਮੱਕਾ ਵਿਖੇ ਜੁਰਹਮ ਕਬੀਲੇ ਦਾ ਸਿਰਫ਼ ਇਕ ਆਦਮੀ ਜਰਸ਼ਮ ਬਿਨ ਜਲਹਮਾ ਮਿਲਿਆ।ਮਾਅਦ ਨੇ ਉਸ ਦੀ ਪੁਤਰੀ ਨਾਲ ਵਿਆਹ ਕਰ ਲਿਆ ਜਿਸ ਦੀ ਕੁੱਖੋਂ ਨਜ਼ਾਦ ਨੇ ਜਨਮ ਲਿਆ।
ਜੁਰਹਮ ਕਬੀਲੇ ਵਾਲਿਆਂ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ ਜਿਸ ਦੇ ਸਿੱਟੇ ਵਜੋਂ ਉਨ੍ਹਾਂ ਨੇ ਹੱਜ ਕਰਨ ਆਏ ਲੋਕਾਂ ਉੱਤੇ ਜ਼ਿਆਦਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਬੈਤੁੱਲਾ ਸ਼ਰੀਫ਼ ਦਾ ਮਾਲ ਖਾਣ ਲੱਗ ਪਏ।ਹਜ਼ਰਤ ਇਸਮਾਈਲ (ਅਲੈ.) ਦੀ ਸੰਤਾਨ ਨਾਲ ਸਬੰਧਤ ਬਨੂ ਅਦਨਾਨ ਵਾਲੇ ਬਨੂ ਜੁਰਹਮ ਦੀਆਂ ਹਰਕਤਾਂ ਨੂੰ ਨੇੜਿਉਂ ਬੈਠੇ ਦੇਖ ਰਹੇ ਸਨ।ਦੂਸਰੀ ਸਦੀ ਈਸਵੀ ਵਿਚ ਮੌਕਾ ਮਿਲਦਿਆਂ ਹੀ ਬਨੂ ਅਦਨਾਨ ਨੇ ਬਨੂ ਖ਼ਿਜ਼ਾਅ ਨਾਲ ਮਿਲ ਕੇ ਬਨੂ ਜੁਰਹਮ ਦੇ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਅਤੇ ਉਨ੍ਹਾਂ ਨੂੰ ਮੱਕੇ ਵਿੱਚੋਂ ਬਾਹਰ ਕੱਢ ਕੇ ਤਾਕਤ ਅਪਣੇ ਹੱਥਾਂ ਵਿਚ ਲੈ ਲਈ।
ਬਨੂ ਜੁਰਹਮ ਦੇ ਸਦਰਾਰ ਅਮਰੂ ਬਿਨ ਹਾਰਸ ਨੇ ਮੱਕਾ ਛੱਡਣ ਸਮੇਂ ਹਜਰ-ਏ-ਅਸਵਦ ਸਮੇਤ ਖ਼ਾਨਾ ਕਾਅਬਾ ਨਾਲ ਸਬੰਧਤ ਸਾਰੀਆਂ ਇਤਿਹਾਸਕ ਵਸਤਾਂ ਨੂੰ ਆਬੇ ਜ਼ਮਜ਼ਮ ਦੇ ਖੂਹ ਵਿਚ ਸੁੱਟ ਕੇ ਉਸ ਨੂੰ ਬੰਦ ਕਰ ਦਿੱਤਾ ਅਤੇ ਖੂਹ ਨਾਲ ਸਬੰਧਤ ਸਾਰੀਆਂ ਨਿਸ਼ਾਨੀਆਂ ਮਿਟਾ ਦਿੱਤੀਆਂ।ਉਹ ਅਪਣੇ ਕਬੀਲੇ ਦੇ ਲੋਕਾਂ ਨੂੰ ਲੈ ਕੇ ਯਮਨ ਚਲਿਆ ਗਿਆ।ਹਜ਼ਰਤ ਇਬਰਾਹੀਮ (ਅਲੈ.) ਦਾ ਸਮਾਂ ਹਜ਼ਰਤ ਈਸਾ (ਅਲੈ.) ਤੋਂ ਦੋ ਹਜ਼ਾਰ ਸਾਲ ਪਹਿਲਾਂ ਦਾ ਮੰਨਿਆ ਜਾਂਦਾ ਹੈ ਅਤੇ ਉਸ ਦੇ ਖ਼ਾਨਦਾਨ ਦੀ ਹੁਕਮਰਾਨੀ ਵੀ ਦੋ ਹਜ਼ਾਰ ਸਾਲ ਦੇ ਨੇੜੇ ਤੇੜੇ ਮੰਨੀ ਜਾਂਦੀ ਹੈ।ਬਨੂ ਖ਼ਿਜ਼ਾਅ ਨੇ ਮੱਕੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਅਪਣੀ ਹੁਕਮਰਾਨੀ ਕਾਇਮ ਕਰ ਲਈ ਅਤੇ ਹੱਜ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਸੇਵਾ ਲਈ ਅਪਣੇ ਕਬੀਲੇ ਵਿਚ ਜ਼ਿੰਮੇਵਾਰੀਆਂ ਵੰਡ ਦਿੱਤੀਆਂ।
'ਮਾਦਾਏ ਮੱਕਾ' ਦਾ ਲੇਖਕ ਲਿਖਦਾ ਹੈ ਕਿ ਬਨੂ ਖ਼ਿਜ਼ਾਅ ਨੇ ਮੱਕੇ ਉੱਤੇ ੩੦੦ ਸਾਲ ਤੱਕ ਹਕੂਮਤ ਕੀਤੀ।ਉਸ ਦੇ ਰਾਜ ਸਮੇਂ ਅਦਨਾਨੀ ਕਬੀਲੇ ਦੇ ਲੋਕ ਮੱਕਾ ਅਤੇ ਹਿਜਾਜ਼ ਤੋਂ ਨਿਕਲ ਕੇ ਇਰਾਕ ਅਤੇ ਬਹਿਰੀਨ ਵਿਚ ਫੈਲ ਗਏ ਅਤੇ ਮੱਕਾ ਵਿਖੇ ਕੁਰੈਸ਼ ਕਬੀਲੇ ਨਾਲ ਸਬੰਧਤ ਕੁਝ ਲੋਕ ਹੀ ਰਹਿ ਗਏ ਜਿਹੜੇ ਵੱਖ ਵੱਖ ਟੋਲੀਆਂ ਵਿਚ ਵੰਡੇ ਹੋਏ ਸਨ ਅਤੇ ਮੱਕਾ ਦੀ ਹਕੂਮਤ ਅਤੇ ਖ਼ਾਨਾ ਕਾਅਬਾ ਦੀ ਦੇਖ-ਭਾਲ ਵਿਚ ਉਨ੍ਹਾਂ ਦਾ ਕੋਈ ਹਿੱਸਾ ਨਹੀਂ ਸੀ।'ਮੁਹਾਜ਼ਰਾਤੇ ਖ਼ਿਜ਼ਰੀ' ਦਾ ਲੇਖਕ ਇਬਨੇ ਹਿੱਸ਼ਾਮ ਲਿਖਦਾ ਹੈ ਕਿ ਇਹੋ ਸਮਾਂ ਸੀ ਜਦੋਂ ਕੁਸਾ ਬਿਨ ਕਿਲਾਬ ਦਾ ਜਨਮ ਹੋਇਆ।
ਕੁਸਾ ਦੇ ਪਿਛੋਕੜ ਬਾਰੇ ਲਿਖਿਆ ਮਿਲਦਾ ਹੈ ਕਿ ਅਜੇ ਉਹ ਦੁੱਧ ਪੀਂਦਾ ਬੱਚਾ ਹੀ ਸੀ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਅਤੇ ਉਸ ਦੀ ਮਾਂ ਨੇ ਬਨੂ ਉਜ਼ਰਾ ਦੇ ਇਕ ਆਦਮੀ ਰਬੀਆ ਬਿਨ ਹੁਰਾਮ ਨਾਲ ਦੂਜਾ ਵਿਆਹ ਕਰ ਲਿਆ।ਇਸ ਕਬੀਲੇ ਦੇ ਲੋਕ ਸ਼ਾਮ ਵਿਚ ਰਹਿੰਦੇ ਸਨ ਇਸ ਲਈ ਕੁੱਸਾ ਦੀ ਮਾਂ ਵੀ ਉਸ ਨੂੰ ਲੈ ਕੇ ਸ਼ਾਮ ਚਲੀ ਗਈ।ਜਵਾਨ ਹੋਣ ਤੋਂ ਬਾਅਦ ਜਦੋਂ ਕੁੱਸਾ ਮੱਕੇ ਆਇਆ ਉਸ ਸਮੇਂ ਮੱਕਾ ਦਾ ਵਾਲੀ ਹੁਲੈਲ ਬਿਨ ਜਸ਼ੀਆ ਖ਼ਿਜ਼ਾਈ ਸੀ।ਜਦੋਂ ਕੁਸਾ ਨੇ ਉਸ ਦੀ ਧੀ ਨਾਲ ਨਿਕਾਹ ਕਰਨ ਦਾ ਸੁਨੇਹਾ ਘੱਲਿਆ ਤਾਂ ਉਸ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ।ਹੁਲੈਲ ਦੀ ਮੌਤ ਤੋਂ ਬਾਅਦ ਜਦੋਂ ਖ਼ਾਨਾ ਕਾਅਬਾ ਦੀ ਸਾਂਭ ਸੰਭਾਲ ਲਈ ਕਬੀਲਾ ਖ਼ਿਜ਼ਾਅ ਅਤੇ ਕੁਰੈਸ਼ ਵਿਚਕਾਰ ਜੰਗ ਹੋਈ ਤਾਂ ਖ਼ਿਜ਼ਾਅ ਵਾਲੇ ਹਾਰ ਗਏ ਅਤੇ ਖ਼ਾਨਾ ਕਾਅਬਾ ਉੱਤੇ ਕੁੱਸਾ ਦਾ ਕਬਜ਼ਾ ਹੋ ਗਿਆ।
ਸਨ ੪੪੦ ਈਸਵੀ ਵਿਚ ਹੋਣ ਵਾਲੀ ਇਸ ਜੰਗ ਨੂੰ ਜਿੱਤਨ ਤੋਂ ਬਾਅਦ ਮੱਕਾ ਦੀ ਸਰਦਾਰੀ ਕੁਰੈਸ਼ ਖ਼ਾਨਦਾਨ ਨਾਲ ਸਬੰਧਤ ਕਬੀਲੇ ਦੇ ਹੱਥ ਵਿਚ ਆ ਗਈ ਅਤੇ ਇਸ ਦਾ ਸਰਦਾਰ ਕੁਸਾ ਖ਼ਾਨਾ ਕਾਅਬਾ ਦਾ ਮੁਤਵੱਲੀ ਬਣ ਗਿਆ।ਕੁਸਾ ਨੇ ਪੂਰੇ ਅਰਬ ਅਤੇ ਉਸ ਦੇ ਨੇੜਲੇ ਮੁਲਕਾਂ ਵਿਚ ਆਬਾਦ ਹੋਏ ਕੁਰੈਸ਼ ਵਾਲਿਆਂ ਨੂੰ ਸੁਨੇਹੇ ਭੇਜ ਕੇ ਮੱਕਾ ਵਿਖੇ ਬੁਲਾ ਲਿਆ ਅਤੇ ਖ਼ਾਨਾ ਕਾਅਬਾ ਅਤੇ ਮੱਕਾ ਦਾ ਬੰਦੋਬਸਤ ਉਸ ਦੀ ਹੈਸੀਅਤ ਅਨੁਸਾਰ ਕੁਰੈਸ਼ ਦੇ ਹਰ ਕਬੀਲੇ ਵਿਚ ਵੰਡ ਦਿੱਤਾ।ਬਾਅਦ ਵਿਚ ਕੁਸਾ ਨਾਲ ਸਬੰਧਤ ਖ਼ਾਨਦਾਨ ਵਿਚ ਹਜ਼ਰਤ ਮੁਹੰਮਦ (ਸ.) ਦਾ ਜਨਮ ਹੋਇਆ ਜਿਸ ਦੀ ਵਿਆਖਿਆ ਅੱਗੇ ਕੀਤੀ ਜਾਵੇਗੀ।
ਸਾਰੇ ਅਰਬ ਵਿਚ ਹਿਜਾਜ਼ ਦੀ ਹਕੂਮਤ ਨੂੰ ਆਦਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ।ਕਿਉਂ ਜੋ ਖ਼ਾਨਾ ਕਾਅਬਾ ਇਸ ਦੇ ਅਧਿਕਾਰ ਖੇਤਰ ਵਿਚ ਆਉਂਦਾ ਸੀ ਇਸ ਲਈ ਇਸ ਨੂੰ ਧਾਰਮਿਕ ਹਕੂਮਤ ਦਾ ਦਰਜਾ ਪ੍ਰਾਪਤ ਸੀ।ਹਿਜਾਜ਼ ਦੀ ਹਕੂਮਤ ਹੱਜ ਉੱਤੇ ਆਉਣ ਵਾਲੇ ਲੋਕਾਂ ਦੀ ਸਾਂਭ ਸੰਭਾਲ ਕਰਦੀ ਸੀ।ਪਰ ਇਹ ਹਕੂਮਤ ਵੀ ਐਨੀ ਕਮਜ਼ੋਰ ਸੀ ਕਿ ਅਰਬ ਦੀਆਂ ਅੰਦਰੂਨੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਤੋਂ ਅਸਮਰਥ ਸੀ।

ਅਰਬ ਦੀਆਂ ਸਰਦਾਰੀਆਂ

ਜਿਵੇਂ ਕਿ ਪਿਛਲੇ ਪੰਨਿਆ ਉੱਤੇ ਲਿਖਿਆ ਗਿਆ ਹੈ ਕਿ ਕਹਿਤਾਨੀ ਅਤੇ ਅਦਨਾਨੀ ਕਬੀਲੇ ਹਿਜਾਜ਼ ਨੂੰ ਛੱਡ ਕੇ ਦੂਜੇ ਮੁਲਕਾਂ ਨੇੜੇ ਸਰਹੱਦੀ ਇਲਾਕਿਆਂ ਵਿਚ ਆਬਾਦ ਹੋ ਗਏ ਸਨ ਅਤੇ ਅਰਬ ਦਾ ਪੂਰਾ ਮੁਲਕ ਇਨ੍ਹਾਂ ਕਬੀਲਿਆਂ ਵਿਚ ਵੰਡਿਆ ਗਿਆ ਸੀ।ਇਹ ਕਬਾਇਲੀ ਕਬੀਲੇ ਜ਼ਿਆਦਾ ਹਿਰਾ ਦੇ ਨੇੜੇ ਆਬਾਦ ਸਨ ਅਤੇ ਇਨ੍ਹਾਂ ਨੂੰ ਹਿਰਾ ਦੀ ਹਕੂਮਤ ਦੇ ਅਧੀਨ ਮੰਨਿਆਂ ਜਾਂਦਾ ਸੀ।ਜਿਹੜੇ ਕਬੀਲਿਆਂ ਨੇ ਸ਼ਾਮ ਦੇ ਸਰਹੱਦੀ ਇਲਾਕਿਆਂ ਵਿਚ ਰਿਹਾਇਸ਼ ਅਖ਼ਤਿਆਰ ਕਰ ਲਈ ਸੀ ਉਨ੍ਹਾਂ ਨੂੰ ਸ਼ਾਮ ਦੇ ਗ਼ੁੱਸਾਨੀ ਹੁਕਮਰਾਨਾ ਦੇ ਅਧੀਨ ਮੰਨਿਆ ਜਾਂਦਾ ਸੀ ਪਰ ਇਹ ਅਧੀਨਗੀ ਸਿਰਫ਼ ਨਾਂ ਦੀ ਹੀ ਸੀ।ਇਨ੍ਹਾਂ ਤੋਂ ਬਿਨਾ ਅਰਬ ਦੇ ਅੰਦਰਲੇ ਹਿੱਸਿਆਂ ਦੇ ਸਾਰੇ ਕਬੀਲੇ ਅਪਣੇ ਆਪ ਵਿਚ ਆਜ਼ਾਦ ਸਨ।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸ਼ਫ਼ੀ-ਉਰ-ਰਹਿਮਾਨ ਮੁਬਾਰਕਪੁਰੀ ਸਫ਼ਾ ੫੪ ਉੱਤੇ ਲਿਖਦਾ ਹੈ, 'ਅਰਬ ਦੇ ਇਨ੍ਹਾਂ ਕਬੀਲਿਆਂ ਵਿਚ ਸਰਦਾਰੀ ਨਿਜ਼ਾਮ ਲਾਗੂ ਸੀ।ਇਹ ਕਬੀਲੇ ਅਪਣਾ ਸਰਦਾਰ ਆਪ ਚੁਣਦੇ ਸਨ ਅਤੇ ਇਨ੍ਹਾਂ ਸਰਦਾਰਾਂ ਵਾਸਤੇ ਇਨ੍ਹਾਂ ਦਾ ਕਬੀਲਾ ਇਕ ਛੋਟੀ ਜਿਹੀ ਹਕੂਮਤ ਹੁੰਦੀ ਸੀ।ਅਪਣੀ ਸਿਆਸੀ ਹੋਂਦ ਨੂੰ ਕਾਇਮ ਰੱਖਣ ਲਈ ਇਕ ਮੁੱਠ ਹੋ ਕੇ ਰਹਿਣਾ ਕਬੀਲੇ ਦੀ ਸਾਂਝੀ ਜ਼ਿੰਮੇਵਾਰੀ ਹੁੰਦੀ ਸੀ'।
ਇਨ੍ਹਾਂ ਕਬਾਇਲੀ ਸਰਦਾਰ ਦਾ ਦਰਜਾ ਕਬੀਲੇ ਲਈ ਬਾਦਸ਼ਾਹਾਂ ਵਰਗਾ ਹੁੰਦਾ ਸੀ।ਹਰ ਕਬੀਲਾ ਜੰਗ ਅਤੇ ਸੁਲਾਹ ਦੀ ਹਾਲਤ ਵਿਚ ਅਪਣੇ ਸਰਦਾਰ ਦੇ ਅਧੀਨ ਹੁੰਦਾ ਸੀ ਅਤੇ ਸਰਦਾਰ ਡਿਕਟੇਟਰਾਂ ਜਿਹੀਆਂ ਸ਼ਕਤੀਆਂ ਦਾ ਮਾਲਕ ਹੁੰਦਾ ਸੀ।ਇਨ੍ਹਾਂ ਕਬੀਲਿਆਂ ਵਿਚ ਸਰਦਾਰੀ ਲਈ ਲੜਾਈਆਂ ਵੀ ਹੁੰਦੀਆਂ ਰਹਿੰਦੀਆਂ ਸਨ।ਸਰਦਾਰ ਵੱਲੋਂ ਕਬੀਲੇ ਵਾਲਿਆਂ ਉੱਤੇ ਕਬੀਲੇ ਦਾ ਕਾਰ-ਵਿਵਹਾਰ ਚਲਾਉਣ ਲਈ ਕੁਝ ਟੈਕਸ ਲਾਏ ਜਾਂਦੇ ਸਨ।ਕਿਸੇ ਦੂਸਰੇ ਕਬੀਲੇ ਨਾਲ ਲੜਾਈ ਤੋਂ ਬਾਅਦ ਜਿੱਤ ਹੋਣ ਦੀ ਸੂਰਤ ਵਿਚ ਜਿਹੜਾ ਮਾਲ ਗ਼ਨੀਮਤ ਹੱਥ ਲੱਗਦਾ ਸੀ ਉਸ ਉੱਤੇ ਵੀ ਸਰਦਾਰ ਦਾ ਖ਼ਾਸ ਅਧਿਕਾਰ ਹੁੰਦਾ ਸੀ ਕਿ ਉਸ ਨੇ ਕਿਹੜਾ ਮਾਲ ਕਬੀਲੇ ਦੇ ਲੋਕਾਂ ਵਿਚ ਵੰਡਣਾ ਹੈ ਅਤੇ ਕਿਹੜਾ ਅਪਣੇ ਪਾਸ ਰੱਖਣਾ ਹੈ।ਊਠ ਅਤੇ ਘੋੜਿਆਂ ਵਰਗਾ ਮਾਲ ਜਿਹੜਾ ਵੰਡਿਆ ਨਹੀਂ ਜਾ ਸਕਦਾ ਸੀ ਉਸ ਨੂੰ ਸਰਦਾਰ ਅਪਣੇ ਪਾਸ ਰੱਖ ਲਿਆ ਕਰਦਾ ਸੀ।
ਅਰਬ ਖ਼ਿੱਤੇ ਦੇ ਉਹ ਕਬੀਲੇ ਜਿਹੜੇ ਦੂਜੀਆਂ ਹਕੂਮਤਾਂ ਦੇ ਪੜੌਸ ਵਿਚ ਵਸੇ ਹੋਏ ਸਨ ਉਨ੍ਹਾਂ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ।ਸਾਰਾ ਅਰਬ ਸੰਸਾਰ ਮਾਲਿਕ ਅਤੇ ਨੌਕਰ ਦੋ ਫ਼ਿਰਕਿਆਂ ਵਿਚ ਵੰਡਿਆ ਹੋਇਆ ਸੀ।ਰਿਆਇਆ ਨੂੰ ਖੇਤੀ ਸਮਝਿਆ ਜਾਂਦਾ ਸੀ ਜਿਹੜੀ ਹਕੂਮਤ ਕਰਨ ਵਾਲੇ ਤਬਕੇ ਲਈ ਉਨ੍ਹਾਂ ਦੀ ਐਸ਼ ਦੇ ਸਾਰੇ ਸਾਧਨ ਮੁਹੱਈਆ ਕਰਦੀ ਸੀ।ਰਿਆਇਆ ਉੱਤੇ ਜ਼ੁਲਮ ਕਰਨਾ ਹਕੂਮਤਾਂ ਦੇ ਅਧਿਕਾਰ ਖੇਤਰ ਵਿਚ ਸ਼ਾਮਲ ਸੀ ਅਤੇ ਮਜ਼ਲੂਮ ਇਸ ਦੀ ਫ਼ਰਿਆਦ ਨਹੀਂ ਕਰ ਸਕਦਾ ਸੀ।ਉਸ ਨੂੰ ਜ਼ੁਲਮ ਦੇ ਖ਼ਿਲਾਫ਼ ਜ਼ੁਬਾਨ ਖੋਲ੍ਹਣ ਦਾ ਹੱਕ ਨਹੀਂ ਸੀ।ਉਸ ਲਈ ਇਹੋ ਜ਼ਰੂਰੀ ਸੀ ਕਿ ਉਹ ਅਪਣੀ ਜ਼ੁਬਾਨ ਬੰਦ ਰੱਖੇ।ਅਰਬ ਵਿਚ ਇਨਸਾਨੀ ਹੱਕਾਂ ਦਾ ਦੂਰ ਦੂਰ ਤੱਕ ਨਾਂ-ਨਿਸ਼ਾਨ ਵੀ ਨਹੀਂ ਮਿਲਦਾ ਸੀ।
ਜਿਹੜੇ ਕਬੀਲੇ ਅਰਬ ਦੇ ਅੰਦਰਲੇ ਇਲਾਕਿਆਂ ਵਿਚ ਆਬਾਦ ਸਨ ਉਨ੍ਹਾਂ ਵਿਚ ਨਿੱਤ ਦਿਨ ਝਗੜੇ-ਫ਼ਸਾਦ ਹੁੰਦੇ ਰਹਿੰਦੇ ਸਨ।ਹਰ ਪਾਸੇ ਨਸਲੀ ਫ਼ਸਾਦ, ਅਤੇ ਮਜ਼ਹਬੀ ਝਗੜਿਆਂ ਦਾ ਬੋਲਬਾਲਾ ਸੀ।ਇਨ੍ਹਾਂ ਝਗੜਿਆਂ ਵਿਚ ਹਰ ਕਬੀਲੇ ਦੇ ਲੋਕ ਅਪਣੇ ਅਪਣੇ ਕਬੀਲੇ ਦਾ ਸਾਥ ਦਿੰਦੇ ਸਨ ਭਾਵੇਂ ਉਹ ਹੱਕ ਉੱਤੇ ਹੋਵੇ ਜਾਂ ਨਾ ਹੋਵੇ।

19. ਅਰਬ ਦੇ ਧਰਮਾਂ ਦਾ ਸੰਖੇਪ ਇਤਿਹਾਸ

ਹਜ਼ਰਤ ਇਸਮਾਈਲ (ਅਲੈ.) ਦੇ ਮੱਕਾ ਵਿਖੇ ਵਸੇਬਾ ਕਰਨ ਨਾਲ ਅਤੇ ਅਪਣੇ ਬਾਪ ਹਜ਼ਰਤ ਇਬਰਾਹੀਮ (ਅਲੈ.) ਦੇ ਧਰਮ ਦਾ ਪਰਚਾਰ ਕਰਨ ਕਰਕੇ ਅਰਬ ਵਾਲੇ ਇਬਰਾਹੀਮੀ ਧਰਮ ਦੇ ਅਨੁਯਾਈ ਸਨ।ਇਕ ਰੱਬ ਨੂੰ ਮੰਨਦੇ ਸਨ ਅਤੇ ਉਸ ਦੀ ਹੀ ਇਬਾਦਤ ਕਰਦੇ ਸਨ।ਪਰ ਸਮੇਂ ਦੇ ਬੀਤਣ ਨਾਲ ਇਨ੍ਹਾਂ ਲੋਕਾਂ ਨੇ ਇਬਰਾਹੀਮੀ ਧਰਮ ਨੂੰ ਭੁਲਾਉਣਾ ਸ਼ੁਰੂ ਕਰ ਦਿੱਤਾ।ਬਨੂ ਖ਼ਿਜ਼ਾਅ ਦੇ ਸਰਦਾਰ ਉਮਰੂ ਬਿਨ ਲੱਖ਼ੀ ਦੇ ਸਮੇਂ ਲੋਕ ਉਹਦੇ ਚੰਗੇ ਕਾਰਨਾਮਿਆਂ ਤੋਂ ਪ੍ਰਭਾਵਤ ਹੋ ਕੇ ਉਸ ਨੂੰ ਧਰਮ ਦਾ ਚੰਗਾ ਵਿਦਵਾਨ ਸਮਝਣ ਲੱਗੇ ਅਤੇ ਉਸ ਦੇ ਕਹੇ ਸ਼ਬਦਾਂ ਉੱਤੇ ਫੁੱਲ ਝੜਾਉਂਦਿਆਂ ਉਸ ਦੇ ਪੈਰੋਕਾਰ ਬਣ ਗਏ।
ਜਦੋਂ ਉਮਰੂ ਬਿਨ ਲੱਖ਼ੀ ਨੇ ਸ਼ਾਮ ਦੀ ਯਾਤਰਾ ਕੀਤੀ ਤਾਂ ਉਸ ਨੇ ਦੇਖਿਆ ਕਿ ਉੱਥੇ ਬੁੱਤਾਂ ਦੀ ਪੂਜਾ ਕੀਤੀ ਜਾ ਰਹੀ ਹੈ।ਕਿਉਂ ਜੋ ਸ਼ਾਮ ਨਬੀਆਂ ਦੀ ਧਰਤੀ ਸੀ ਇਸ ਲਈ ਉੱਥੋਂ ਦੇ ਪੁਜਾਰੀਆਂ ਤੇ ਯਕੀਨ ਕਰਦਿਆਂ ਉਹ ਵੀ ਅਪਣੇ ਨਾਲ ਇਕ ਬੁੱਤ ਲੈ ਆਇਆ ਅਤੇ ਖ਼ਾਨਾ ਕਾਅਬਾ ਦੇ ਅੰਦਰ ਸਥਿੱਤ ਕਰ ਦਿੱਤਾ। 'ਮੁਖ਼ਤਲਿਫ਼ ਸੀਰਤੁਲ ਰਸੂਲ' ਦਾ ਲੇਖਕ ਸ਼ੇਖ਼ ਮੁਹੰਮਦ ਬਿਨ ਅਬਦੁਲ ਵਹਾਬ ਨਜਦੀ ਲਿਖਦਾ ਹੈ ਕਿ ਬੁੱਤ ਨੂੰ ਖ਼ਾਨਾ ਕਾਅਬਾ ਵਿਚ ਸਥਿੱਤ ਕਰਨ ਨਾਲ ਅਰਬ ਦੇ ਲੋਕ ਉਸ ਦੀ ਪੂਜਾ ਕਰਨ ਲੱਗੇ।ਇਸ ਤਰ੍ਹਾਂ ਅਰਬ ਵਿਚ ਬੁੱਤ ਪੂਜਾ ਦਾ ਰਿਵਾਜ ਪੈ ਗਿਆ।ਉਮਰੂ ਬਿਨ ਲੱਖ਼ੀ ਨੇ ਅਰਬ ਵਿਚ ਪੂਜੇ ਜਾਂਦੇ ਪੁਰਾਣੇ ਬੁੱਤਾਂ ਦੀ ਜੱਦਾ ਵਿਖੇ ਖੋਜ ਕਰਵਾਈ ਅਤੇ ਉਨ੍ਹਾਂ ਨੂੰ ਲਿਆ ਕੇ ਖ਼ਾਨਾ ਕਾਅਬਾ ਵਿਚ ਸਥਿਤ ਕਰਵਾ ਦਿੱਤਾ।ਜਦੋਂ ਹੱਜ ਦਾ ਮੌਸਮ ਆਇਆ ਤਾਂ ਉਮਰੂ ਨੇ ਹੱਜ ਲਈ ਆਏ ਹਰ ਕਬੀਲੇ ਨੂੰ ਉਨ੍ਹਾਂ ਦੇ ਕਬੀਲਿਆਂ ਵਿਚ ਸਥਿੱਤ ਕਰਨ ਲਈ ਇਕ ਇਕ ਬੁੱਤ ਦੇ ਦਿੱਤਾ।ਇਸ ਤਰ੍ਹਾਂ ਸਾਰੇ ਅਰਬ ਵਿਚ ਬੁੱਤ ਪੂਜਾ ਸ਼ੁਰੂ ਹੋ ਗਈ।
ਉਮਰੂ ਬਿਨ ਲੱਖ਼ੀ ਨੇ ਅਰਬ ਵਾਲਿਆਂ ਲਈ ਬੁੱਤ ਪੂਜਾ ਦੇ ਕਈ ਨਵੇਂ ਤਰੀਕੇ ਵੀ ਈਜਾਦ ਕੀਤੇ।ਉਸ ਦੇ ਕਹੇ ਅਨੁਸਾਰ ਅਰਬ ਦੇ ਲੋਕ ਬੁੱਤਾਂ ਦੇ ਕੋਲ ਮੰਗਤੇ ਬਣ ਕੇ ਬੈਠ ਜਾਂਦੇ ਸਨ।ਉਹ ਬੁੱਤਾਂ ਦੀ ਸ਼ਰਨ ਵਿਚ ਬੈਠ ਕੇ ਉਨ੍ਹਾਂ ਨੂੰ ਉੱਚੀ ਉੱਚੀ ਆਵਾਜ਼ਾਂ ਮਾਰਦੇ ਸਨ।ਅਪਣੀਆਂ ਜ਼ਰੂਰਤਾਂ ਲਈ ਉਨ੍ਹਾਂ ਦੀਆਂ ਸਿਫ਼ਾਰਸ਼ਾਂ ਨੂੰ ਪੂਰਤੀ ਦਾ ਸਾਧਨ ਸਮਝਦੇ ਸਨ।ਉਹ ਇਨ੍ਹਾਂ ਬੁੱਤਾਂ ਨੂੰ ਖ਼ੁਸ਼ ਕਰਨ ਲਈ ਮਹਿੰਗੇ ਅਤੇ ਕੀਮਤੀ ਨਜ਼ਰਾਨੇ ਪੇਸ਼ ਕਰਦੇ।ਬੁੱਤਾਂ ਨੂੰ ਖ਼ੁਸ਼ ਕਰਨ ਲਈ ਪਸ਼ੂਆਂ ਦੀ ਬਲੀ ਦਿੰਦੇ।ਉਹ ਜਾਨਵਰਾਂ ਨੂੰ ਬੁੱਤਾਂ ਦੇ ਅੱਗੇ ਲਿਜਾ ਕੇ ਜ਼ਿਬਾਹ (ਕਤਲ) ਕਰਦੇ ਜਾਂ ਕਦੇ ਕਦੇ ਉਨ੍ਹਾਂ ਦੇ ਨਾਂ ਉੱਤੇ ਘਰ ਵਿਚ ਵੀ ਜ਼ਿਬਾਹ ਕਰ ਦਿੰਦੇ।ਜਾਨਵਰਾਂ ਨੂੰ ਕਤਲ ਕਰਨ ਦੇ ਇਹ ਦੋਵੇਂ ਤਰੀਕੇ ਇਸਲਾਮ ਦੀਆਂ ਸਿੱਖਿਆਵਾਂ ਦੇ ਵਿਰੁੱਧ ਸਨ।ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਮਿਲਦਾ ਹੈ ਜਿੱਥੇ ਰੱਬ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਜਾਨਵਰਾਂ ਦਾ ਗੋਸ਼ਤ ਨਾ ਖਾਉ ਜਿਹੜੇ ਬੁੱਤਾਂ ਦੇ ਸਾਹਮਣੇ ਜ਼ਿਬਾਹ ਕੀਤੇ ਜਾਂਦੇ ਹਨ।ਇਕ ਹੋਰ ਥਾਂ ਲਿਖਿਆ ਮਿਲਦਾ ਹੈ ਕਿ ਉਨ੍ਹਾਂ ਜਾਨਵਰਾਂ ਦਾ ਗੋਸ਼ਤ ਨਾ ਖਾਉ ਜਿਨ੍ਹਾਂ ਨੂੰ ਜ਼ਿਬਾਹ ਕਰਨ ਵੇਲੇ ਰੱਬ ਦਾ ਨਾਂ ਨਾ ਲਿਆ ਗਿਆ ਹੋਵੇ।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਅਬਦੁਲ ਰਹਿਮਾਨ ਮੁਬਾਰਕਪੁਰੀ ਸਫ਼ਾ ੫੮ ਉੱਤੇ ਲਿਖਦਾ ਹੈ ਕਿ, "ਅਰਬ ਦੇ ਲੋਕਾਂ ਵਿਚ ਬੁੱਤਾਂ ਨੂੰ ਰਾਜ਼ੀ ਰੱਖਣ ਦਾ ਇਕ ਤਰੀਕਾ ਇਹ ਵੀ ਸੀ ਕਿ ਇਹ ਲੋਕ ਅਪਣੀ ਫ਼ਸਲ ਦੀ ਪੈਦਾਵਾਰ ਅਤੇ ਅਪਣੇ ਵਪਾਰ ਦੇ ਮੁਨਾਫ਼ੇ ਵਿੱਚੋਂ ਇਕ ਹਿੱਸਾ ਬੁੱਤਾਂ ਲਈ ਰਾਖਵਾਂ ਕਰ ਲੈਂਦੇ ਸਨ।ਇਸੇ ਤਰ੍ਹਾਂ ਉਹ ਅਪਣੀ ਖੇਤੀ ਅਤੇ ਵਪਾਰ ਵਿੱਚੋਂ ਵੀ ਇਕ ਹਿੱਸਾ ਰੱਬ ਦੇ ਨਾਂ ਉੱਤੇ ਵੱਖ ਰੱਖਦੇ ਸਨ।ਦਿਲਚਸਪ ਗੱਲ ਇਹ ਸੀ ਕਿ ਉਹ ਰੱਬ ਦੇ ਨਾਂ ਉੱਤੇ ਵੱਖ ਰੱਖੇ ਹਿੱਸੇ ਨੂੰ ਤਾਂ ਬੁੱਤਾਂ ਲਈ ਵਰਤ ਲੈਂਦੇ ਸਨ ਪਰ ਬੁੱਤਾਂ ਲਈ ਰੱਖੇ ਹਿੱਸੇ ਨੂੰ ਰੱਬ ਦੇ ਨਾਂ ਉੱਤੇ ਵਰਤਣ ਨੂੰ ਪਾਪ ਸਮਝਦੇ ਸਨ"।
ਅਰਬ ਦੇ ਲੋਕ ਕਾਹਨਾਂ (ਭਵਿੱਖ ਬਾਣੀ ਕਰਨ ਵਾਲਾ) ਅਤੇ ਨਜੂਮੀਆਂ ਦੀ ਹਰ ਗੱਲ ਉੱਤੇ ਭਰੋਸਾ ਕਰਦੇ ਸਨ।ਇਹ ਕਾਹਨ ਲੋਕਾਂ ਨੂੰ ਕਈ ਤਰ੍ਹਾਂ ਦੇ ਵਹਿਮਾਂ-ਭਰਮਾਂ ਵਿਚ ਫਸਾਈਂ ਰੱਖਦੇ ਸਨ।ਕਈ ਕਾਹਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਕਬਜ਼ੇ ਵਿਚ ਜਿੰਨ ਹਨ ਜਿਹੜੇ ਉਨ੍ਹਾਂ ਨੂੰ ਦੂਰ ਦੀਆਂ ਖ਼ਬਰਾਂ ਲਿਆ ਕੇ ਦਿੰਦੇ ਹਨ। ਕਾਹਨਾਂ ਦੇ ਨਾਲ ਨਾਲ ਇਹ ਲੋਕ ਨਜੂਮੀਆਂ ਉੱਤੇ ਵੀ ਭਰੋਸਾ ਕਰਦੇ ਸਨ ਜਿਹੜੇ ਤਾਰਿਆਂ ਦੇ ਹਿਸਾਬ ਨਾਲ ਲੋਕਾਂ ਦੇ ਭਵਿੱਖ ਬਾਰੇ ਜਾਣਕਾਰੀ ਦਿੰਦੇ ਸਨ। ਦੂਰਅੰਦੇਸ਼ੀ ਦਾ ਦਾਅਵਾ ਕਰਨ ਵਾਲੇ ਇਹ ਲੋਕ ਤਾਰਿਆਂ ਦੀ ਚਾਲ ਤੋਂ ਅੰਦਾਜ਼ਾ ਲਾ ਕੇ ਦੱਸ ਦਿਆ ਕਰਦੇ ਸਨ ਕਿ ਅੱਗੇ ਦੁਨੀਆ ਵਿਚ ਕੀ ਵਾਪਰਣ ਵਾਲਾ ਹੈ ਅਤੇ ਲੋਕ ਇਨ੍ਹਾਂ ਦੇ ਆਖੇ ਤੇ ਅੰਧ-ਵਿਸ਼ਵਾਸ ਕਰਕੇ ਅਪਣੇ ਭਵਿੱਖ ਦੇ ਕੰਮਾਂ ਕਾਰਾਂ ਬਾਰੇ ਮਨਸੂਬੇ ਬਣਾਉਂਦੇ ਸਨ।
ਅਰਬ ਦੇ ਨਿਵਾਸੀ ਅੰਧ ਵਿਸ਼ਵਾਸ ਵਿਚ ਐਨੇ ਡੁੱਬੇ ਹੋਏ ਸਨ ਕਿ ਉਹ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਸ਼ਗਨੀ ਜਾਂ ਬਦਸ਼ਗਨੀ ਪਰਖਦੇ ਸਨ ਜਿਸ ਨੂੰ ਅਰਬੀ ਵਿਚ 'ਤੀਰਤਾਹ' ਆਖਿਆ ਜਾਂਦਾ ਸੀ।ਉਦਾਹਰਣ ਵਜੋਂ ਉਹ ਕਿਸੇ ਹਿਰਨ ਦੇ ਕੋਲ ਜਾ ਕੇ ਉਸ ਨੂੰ ਭਜਾਉਂਦੇ ਸਨ।ਉਨ੍ਹਾਂ ਦਾ ਵਿਸ਼ਵਾਸ ਸੀ ਕਿ ਜੇ ਉਹ ਸੱਜੇ ਪਾਸੇ ਵੱਲ ਭੱਜੇਗਾ ਤਾਂ ਕੰਮ ਵਿਚ ਕਾਮਯਾਬੀ ਮਿਲੇਗੀ ਅਤੇ ਜੇ ਖੱਬੇ ਪਾਸੇ ਵੱਲ ਭੱਜੇਗਾ ਤਾਂ ਕੰਮ ਵਿਚ ਕਾਮਯਾਬੀ ਨਹੀਂ ਮਿਲੇਗੀ।ਉਨ੍ਹਾਂ ਦਾ ਇਹ ਵੀ ਵਿਸ਼ਵਾਸ ਸੀ ਕਿ ਜਦੋਂ ਕੋਈ ਦੂਸਰਾ ਉਨ੍ਹਾਂ ਦੇ ਕਬੀਲੇ ਦੇ ਬੰਦੇ ਨੂੰ ਮਾਰ ਦਿੰਦਾ ਹੈ ਤਾਂ ਉਸ ਦੀ ਰੂਹ ਉੱਲੂ ਬਣ ਕੇ ਉਜਾੜਾਂ ਵਿਚ ਉਦੋਂ ਤੱਕ ਭਟਕਦੀ ਰਹਿੰਦੀ ਹੈ ਜਦੋਂ ਤੱਕ ਕਬੀਲੇ ਵਾਲਿਆਂ ਵੱਲੋਂ ਉਸ ਦੇ ਖ਼ੂਨ ਦਾ ਬਦਲਾ ਨਾ ਲੈ ਲਿਆ ਜਾਵੇ।
ਭਾਵੇਂ ਖ਼ਾਨਾ ਕਾਅਬਾ ਦੀ ਦੇਖ-ਭਾਲ ਕਰਨ ਵਾਲੇ ਕੁਰੈਸ਼ ਦੇ ਲੋਕ ਹਜ਼ਰਤ ਇਬਰਾਹੀਮ (ਅਲੈ.) ਦੀ ਨਸਲ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਚਲਾਏ ਧਰਮ ਦੇ ਅਨੁਯਾਈ ਸਨ।ਉਹ ਖ਼ਾਨਾ ਕਾਅਬਾ ਦਾ ਆਦਰ ਕਰਦੇ ਸਨ ਅਤੇ ਉਸ ਦਾ ਤਵਾਫ਼ ਵੀ ਕਰਦੇ ਸਨ।ਇਨ੍ਹਾਂ ਸਾਰੀਆਂ ਚੰਗਿਆਈਆਂ ਦੇ ਨਾਲ ਨਾਲ ਉਨ੍ਹਾਂ ਨੇ ਇਬਰਾਹੀਮੀ ਧਰਮ ਵਿਚ ਕਈ ਬੁਰਾਈਆਂ ਵੀ ਪੈਦਾ ਕਰ ਰੱਖੀਆਂ ਸਨ।
ਉਨ੍ਹਾਂ ਨੂੰ ਘੁਮੰਡ ਸੀ ਕਿ ਅਸੀਂ ਹਜ਼ਰਤ ਇਬਰਾਹੀਮ (ਅਲੈ.) ਦੀ ਨਸਲ ਵਿੱਚੋਂ ਹਾਂ।ਮੱਕਾ ਦੇ ਬਾਸ਼ਿੰਦੇ ਹੋਣ ਦੇ ਨਾਲ ਖ਼ਾਨਾ ਕਾਅਬਾ ਦੇ ਮੁਤਵੱਲੀ ਹਾਂ ਅਤੇ ਇਸ ਦੇ ਨੇੜੇ ਰਹਿੰਦੇ ਹਾਂ।ਕੋਈ ਦੂਸਰਾ ਬੰਦਾ ਸਾਡੇ ਮਰਤਬੇ ਤੱਕ ਨਹੀਂ ਅੱਪੜ ਸਕਦਾ। ਅਸੀਂ ਸਰਵਉੱਚ ਕੌਮ ਦੇ ਬੰਦੇ ਹਾਂ।ਇਸ ਲਈ ਸਾਡੇ ਲਈ ਇਹ ਜ਼ਰੂਰੀ ਨਹੀਂ ਕਿ ਅਸੀਂ ਵੀ ਬਾਹਰੋਂ ਆਏ ਹਾਜੀਆਂ ਨਾਲ ਹਰਮ ਤੋਂ ਬਾਹਰ ਜਾਈਏ।ਇਬਨੇ ਹਸ਼ਾਮ ਲਿਖਦਾ ਹੈ ਕਿ ਉਨ੍ਹਾਂ ਨੇ ਮੱਕੇ ਦੇ ਵਾਸੀਆਂ ਨੂੰ ਹੁਕਮ ਦੇ ਰੱਖਿਆ ਸੀ ਕਿ ਹੱਜ ਤੇ ਆਉਣ ਵਾਲਿਆਂ ਹੱਥੋਂ ਅਜਿਹੀ ਕੋਈ ਚੀਜ਼ ਨਾ ਲੈ ਕੇ ਖਾਉ ਜਿਹੜੀ ਉਹ ਬਾਹਰ ਤੋਂ ਨਾਲ ਲੈ ਕੇ ਆਉਂਦੇ ਹਨ।
ਕੁਰੈਸ਼ ਵਾਲਿਆਂ ਨੇ ਬਾਹਰ ਤੋਂ ਆਉਣ ਵਾਲਿਆਂ ਲਈ ਹੁਕਮ ਦੇ ਰੱਖਿਆ ਸੀ ਕਿ ਉਹ ਮੱਕੇ ਪਹੁੰਚ ਕੇ ਖ਼ਾਨਾ ਕਾਅਬਾ ਦਾ ਪਹਿਲਾ ਤਵਾਫ਼ ਮੱਕੇ ਵਿੱਚੋਂ ਖ਼ਰੀਦ ਕੇ ਪਾਏ ਹੋਏ ਕੱਪੜਿਆਂ ਨਾਲ ਹੀ ਕਰਨ।ਜਿਹੜੇ ਲੋਕ ਅਜਿਹਾ ਨਾ ਕਰ ਸਕਦੇ ਉਨ੍ਹਾਂ ਵਿੱਚੋਂ ਆਦਮੀਆਂ ਨੂੰ ਨੰਗੇ ਪਿੰਡੇ ਤਵਾਫ਼ ਕਰਨਾ ਪੈਂਦਾ ਅਤੇ ਜਨਾਨੀਆਂ ਸਾਰੇ ਕਪੜੇ ਉਤਾਰ ਕੇ ਇਕ ਛੋਟੇ ਆਕਾਰ ਦਾ ਖੁੱਲ੍ਹਾ ਕੁੜਤਾ ਪਹਿਣ ਕੇ ਤਵਾਫ਼ ਕਰਦੀਆਂ।ਜੇ ਕੋਈ ਬਾਹਰੋਂ ਆਇਆ ਸਰਦਾਰ ਜਾਂ ਉਚ ਦਰਜਾ ਪ੍ਰਾਪਤ ਆਦਮੀ ਅਪਣੇ ਨਾਲ ਲਿਆਂਦੇ ਕਪੜੇ ਪਹਿਣ ਕੇ ਤਵਾਫ਼ ਕਰਦਾ ਤਾਂ ਤਵਾਫ਼ ਤੋਂ ਬਾਅਦ ਇਨ੍ਹਾਂ ਕਪੜਿਆਂ ਨੂੰ ਉਤਾਰ ਕੇ ਸੁੱਟ ਦਿੰਦਾ।

ਯਹੂਦੀ

ਅਰਬ ਦੇ ਚਾਰੇ ਪਾਸੇ ਯਹੂਦੀ, ਇਸਾਈ ਅਤੇ ਮਜੂਸੀ ਆਬਾਦ ਸਨ।ਯਹੂਦੀ ਅਰਬ ਵਿਚ ਦੋ ਬਾਰ ਦਾਖ਼ਲ ਹੋਏ।ਪਹਿਲੀ ਬਾਰ ਉਹ ਉਸ ਸਮੇਂ ਆਏ ਜਦੋਂ ਯਹੂਦੀਆਂ ਦੀ ਆਬਾਦੀ ਵਾਲੇ ਮੁਲਕ ਫ਼ਲਸਤੀਨ ਉੱਤੇ ਬਾਬਲ ਅਤੇ ਆਸ਼ੂਰ ਦਿਆਂ ਹੁਕਮਰਾਨਾਂ ਨੇ ਕਬਜ਼ਾ ਕਰ ਲਿਆ।ਇਹ ਹਮਲਾਵਰ ਇਸਾਈ ਧਰਮ ਨਾਲ ਸਬੰਧ ਰੱਖਣ ਵਾਲੇ ਸਨ।ਉਨ੍ਹਾਂ ਨੇ ਯਹੂਦੀਆਂ ਦੇ ਧਰਮ ਸਥਾਨਾਂ ਦੀ ਬੇਹੁਰਮਤੀ ਕਰਨ ਦੇ ਨਾਲ ਨਾਲ ਉਨ੍ਹਾਂ ਉੱਤੇ ਅਜਿਹੇ ਜ਼ੁਲਮ ਕੀਤੇ ਕਿ ਉਹ ਅਪਣਾ ਦੇਸ ਛੱਡਣ ਲਈ ਮਜਬੂਰ ਹੋ ਗਏ।
ਦੂਸਰੀ ਬਾਰ ਸਨ ੭੦ ਈਸਵੀ ਵਿਚ ਰੋਮੀਆਂ ਨੇ ਟਾਇਟਸ ਰੋਮੀ ਦੀ ਕਮਾਨ ਹੇਠ ਫ਼ਲਸਤੀਨ ਉੱਤੇ ਕਬਜ਼ਾ ਕਰ ਲਿਆ।ਇਸ ਬਾਰ ਉਨ੍ਹਾਂ ਨੇ ਯਹੂਦੀਆਂ ਦੇ ਧਾਰਮਿਕ ਸਥਾਨਾਂ ਅਤੇ ਉਨ੍ਹਾਂ ਵੱਲੋਂ ਪੂਜੇ ਜਾਣ ਵਾਲੇ ਹੈਕਲ (ਇਕ ਬੁੱਤ ਦਾ ਨਾਂ) ਦੀ ਬੇਇੱਜ਼ਤੀ ਕੀਤੀ।ਰੋਮੀਆਂ ਨੇ ਯਹੂਦੀਆਂ ਦੀਆਂ ਬਸਤੀਆਂ ਉਜਾੜ ਦਿੱਤੀਆਂ ਅਤੇ ਉਨ੍ਹਾਂ ਦੇ ਕਾਰੋਬਾਰਾਂ ਉੱਤੇ ਕਬਜ਼ਾ ਕਰ ਲਿਆ।ਜਿਸ ਦਾ ਸਿੱਟਾ ਇਹ ਨਿਕਲਿਆ ਕਿ ਯਹੂਦੀ ਹਿਜਾਜ਼ (ਅਰਬ) ਵੱਲ ਭੱਜਣ ਲਈ ਮਜਬੂਰ ਹੋ ਗਏ।ਉਨ੍ਹਾਂ ਨੇ ਹਿਜਾਜ਼ ਦੇ ਵੱਡੇ ਵੱਡੇ ਸ਼ਹਿਰਾ ਯਸਰਬ (ਮਦੀਨੇ ਦਾ ਪਹਿਲਾ ਨਾਂ) ਖ਼ੈਬਰ ਅਤੇ ਤੀਮਾਅ ਵਿਚ ਸੁਰੱਖਿਅਤ ਕਿਲ੍ਹੇ ਬਣਾ ਕੇ ਅਪਣੀਆਂ ਬਸਤੀਆਂ ਆਬਾਦ ਕਰ ਲਈਆਂ।ਯਹੂਦੀਆਂ ਦੇ ਇੱਥੇ ਆ ਕੇ ਆਬਾਦ ਹੋਣ ਨਾਲ ਅਰਬ ਦੇ ਲੋਕਾਂ ਨੂੰ ਯਹੂਦੀ ਧਰਮ ਨੂੰ ਨੇੜਿਉਂ ਦੇਖਣ ਦਾ ਮੌਕਾ ਮਿਲਿਆ।
ਜਦੋਂ ਯਹੂਦੀ ਮਦੀਨੇ ਵਿਚ ਆਬਾਦ ਹੋ ਰਹੇ ਸਨ ਉਸ ਸਮੇਂ ਯਮਨ ਦਾ ਇਕ ਸਰਦਾਰ ਅਸਅਦ ਅਬੂ ਕਰਬ ਜੰਗਾਂ ਲੜਦਾ ਲੜਦਾ ਮਦੀਨੇ ਪਹੁੰਚਿਆ ਅਤੇ ਯਹੂਦੀ ਧਰਮ ਅਖ਼ਤਿਆਰ ਕਰ ਲਿਆ।ਉਹ ਯਹੂਦੀਆਂ ਦੇ ਦੋ ਧਾਰਮਿਕ ਆਗੂਆਂ ਨੂੰ ਅਪਣੇ ਨਾਲ ਯਮਨ ਲੈ ਗਿਆ ਅਤੇ ਸਰਕਾਰੀ ਸਰਪ੍ਰਸਤੀ ਹੇਠ ਯਹੂਦੀਅਤ ਦਾ ਪ੍ਰਚਾਰ ਕਰਨ ਲੱਗਿਆ।ਉਸ ਦੀ ਮੌਤ ਤੋਂ ਬਾਅਦ ਜਦੋਂ ਉਸ ਦਾ ਪੁੱਤਰ ਯੂਸੁਫ਼ ਜ਼ੋਨਵਾਸ ਯਮਨ ਦਾ ਹਾਕਮ ਬਣਿਆ ਤਾਂ ਉਸ ਨੇ ਇਸਾਈਆਂ ਨੂੰ ਯਹੂਦੀ ਬਨਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ।ਇਸਾਈਆਂ ਦੇ ਨਾਂਹ ਕਰਨ ਉੱਤੇ ਉਸ ਨੇ ਡੂੰਘੀ ਖਾਈ ਪੁਟਵਾਈ ਅਤੇ ਇਸਾਈ ਮਰਦਾਂ, ਔਰਤਾਂ ਅਤੇ ਬੱਚਿਆਂ ਨੂੰ ਉਸ ਵਿਚ ਸੁੱਟ ਕੇ ਅੱਗ ਲਵਾ ਦਿੱਤੀ।'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸ਼ਫ਼ੀ-ਉਲ-ਰਹਿਮਾਨ ਮੁਬਾਰਕਪੁਰੀ ਸਫ਼ਾ ੬੫ ਉੱਤੇ ਲਿਖਦਾ ਹੈ, "ਕਿਹਾ ਜਾਂਦਾ ਹੈ ਕਿ ਇਸ ਘਟਨਾ ਦਾ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ ਵੀਹ ਤੋਂ ਚਾਲੀ ਹਜ਼ਾਰ ਦੇ ਵਿਚਕਾਰ ਸੀ।ਇਹ ਘਟਨਾ ਅਕਤੂਬਰ ੫੨੩ ਈਸਵੀ ਦੀ ਹੈ।ਕੁਰਆਨ ਸ਼ਰੀਫ਼ ਵਿਚ ਵੀ ਇਸ ਘਟਨਾ ਦਾ ਜ਼ਿਕਰ ਮਿਲਦਾ ਹੈ"।

ਇਸਾਈ

ਇਤਿਹਾਸਕਾਰ ਲਿਖਦੇ ਹਨ ਕਿ ਇਸਾਈ, ਹਬਸ਼ੀਆਂ ਅਤੇ ਰੋਮੀ ਹਮਲਾਵਰਾਂ ਨਾਲ ਅਰਬ ਵਿਚ ਦਾਖ਼ਲ ਹੋਏ।੩੪੦ ਈਸਵੀ ਵਿਚ ਇਸਾਈ ਮੱਤ ਦੇ ਹਬਸ਼ੀਆਂ ਨੇ ਯਮਨ ਉੱਤੇ ਕਬਜ਼ਾ ਕਰ ਲਿਆ ਅਤੇ ਇਸ ਕਬਜ਼ੇ ਨੂੰ ੩੭੮ ਈਸਵੀ ਤੱਕ ਬਰਕਰਾਰ ਰੱਖਿਆ।ਇਸ ਸਮੇਂ ਦੌਰਾਨ ਉਨ੍ਹਾਂ ਦੇ ਨਾਲ ਆਏ ਇਸਾਈ ਪਾਦਰੀ ਇਸਾਈਅਤ ਨੂੰ ਫੈਲਾਉਣ ਦੇ ਕੰਮ ਕਰਦੇ ਰਹੇ।ਇਸਾਈ ਧਰਮ ਦੇ ਫ਼ੈਲਾaੁਣ ਵਿਚ ਸਭ ਤੋਂ ਵੱਧ ਹੱਥ ਫ਼ੈਮਿਊਨ ਨਾਂ ਦੇ ਪਾਦਰੀ ਦਾ ਹੈ ਜਿਸ ਦੀਆਂ ਕਰਾਮਾਤੀ ਗੱਲਾਂ ਵਿਚ ਆ ਕੇ ਬਹੁਤ ਸਾਰੇ ਅਰਬ ਦੇ ਲੋਕ ਇਸਾਈ ਬਣ ਗਏ।ਯਮਨ ਦੇ ਯਹੂਦੀ ਹਾਕਮ ਜ਼ੋਨਵਾਸ ਦੀਆਂ ਇਸਾਈਆਂ ਪ੍ਰਤੀ ਕੀਤੀਆਂ ਕਾਰਰਵਾਈਆਂ ਦੇ ਵਿਰੋਧ ਵਿਚ ਹਬਸ਼ੀਆਂ ਨੇ ਯਮਨ ਉੱਤੇ ਦੁਬਾਰਾ ਹਮਲਾ ਕਰਕੇ ਯਹੂਦੀਆਂ ਕੋਲੋਂ ਯਮਨ ਖੋਹ ਲਿਆ ਅਤੇ ਉਨ੍ਹਾਂ ਦੇ ਸਰਦਾਰ ਅਬਰਹਾ ਨੇ ਹਕੂਮਤ ਦੀ ਕਮਾਨ ਅਪਣੇ ਹੱਥ ਵਿਚ ਲੈ ਲਈ।ਉਸ ਨੇ ਜੋਸ਼ ਨਾਲ ਯਮਨ ਵਿਚ ਸਰਕਾਰੀ ਤੌਰ ਤੇ ਇਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।ਉਸ ਨੇ ਖ਼ਾਨਾ ਕਾਅਬਾ ਦੇ ਮੁਕਾਬਲੇ ਯਮਨ ਵਿਖੇ ਇਕ ਖ਼ਾਨਾ ਕਾਅਬਾ ਬਣਾਇਆ ਅਤੇ ਲੋਕਾਂ ਨੂੰ ਹੁਕਮ ਦਿੱਤਾ ਕਿ ਉਹ ਮੱਕੇ ਦੀ ਥਾਂ ਯਮਨ ਵਿਖੇ ਹੱਜ ਕਰਨ ਆਉਣ।ਉਸ ਨੇ ਖ਼ਾਨਾ ਕਾਅਬਾ ਨੂੰ ਢਾਹੁਣ ਲਈ ਮੱਕੇ ਉੱਤੇ ਚੜ੍ਹਾਈ ਕਰ ਦਿੱਤੀ ਜਿਸ ਦਾ ਜ਼ਿਕਰ ਅਗਲੇ ਪੰਨਿਆਂ ਉੱਤੇ ਕੀਤਾ ਜਾਵੇਗਾ।ਉਸ ਦੇ ਰਾਜ ਸਮੇਂ ਨੇੜਲੇ ਮੁਲਕ ਹਿਰਾ ਵਿਚ ਵੀ ਇਸਾਈ ਧਰਮ ਫੈਲਣਾ ਸ਼ੁਰੂ ਹੋ ਗਿਆ ਸੀ।ਇਤਿਹਾਸਕਾਰ ਲਿਖਦੇ ਹਨ ਕਿ ਹਿਰਾ ਦੇ ਕਈ ਬਾਦਸ਼ਾਹਾਂ ਨੇ ਵੀ ਇਸ ਧਰਮ ਨੂੰ ਅਪਣਾ ਲਿਆ ਸੀ।

ਮਜੂਸੀ

ਮਜੂਸੀ ਮਜ਼ਹਬ ਵਾਲਿਆਂ ਦਾ ਬਹੁਤਾ ਜ਼ੋਰ ਅਰਬ ਦੇ ਨੇੜਲੇ ਇਲਾਕੇ ਫ਼ਾਰਸ ਅਤੇ ਉਸ ਦੇ ਆਲੇ-ਦੁਆਲੇ ਸੀ।ਇਰਾਕ, ਅਰਬ, ਬਹਿਰੀਨ, ਹੀਰਾ ਅਤੇ ਅਰਬ ਦੀ ਖਾੜੀ ਦੇ ਸਮੁੰਦਰੀ ਕੰਢਿਆਂ ਉੱਤੇ ਮਜੂਸੀ ਲੋਕ ਕਾਫ਼ੀ ਮਾਤਰਾ ਵਿਚ ਆਬਾਦ ਸਨ।ਯਮਨ ਉੱਤੇ ਫ਼ਾਰਸ ਦਾ ਕਬਜ਼ਾ ਹੋ ਜਾਣ ਸਮੇਂ ਵੀ ਕੁਝ ਮਜੂਸੀ ਮਜ਼ਹਬ ਨੂੰ ਮੰਨਣ ਵਾਲੇ ਲੋਕ ਯਮਨ ਵਿਚ ਆਬਾਦ ਸਨ।
ਇਨ੍ਹਾਂ ਮਜ਼ਹਬਾਂ ਤੋਂ ਇਲਾਵਾ ਇਰਾਕ ਵਿਚ ਖੁਦਾਈ ਦੇ ਸਮੇਂ ਜਿਹੜੀਆਂ ਨਿਸ਼ਾਨੀਆਂ ਮਿਲੀਆਂ ਹਨ ਉਸ ਤੋਂ ਪਤਾ ਲਗਦਾ ਹੈ ਕਿ ਇਥੇ ਸਾਬੀ ਮਜ਼ਹਬ ਨੂੰ ਮੰਨਣ ਵਾਲੇ ਲੋਕ ਵੀ ਆਬਾਦ ਸਨ ਜਿਹੜੇ ਹਜ਼ਰਤ ਇਬਰਾਹੀਮ (ਅਲੈ.) ਦੀ 'ਕੁਲਦਾਨੀ' ਕੌਮ ਦੀ ਇਕ ਸ਼ਾਖ਼ ਵਿੱਚੋਂ ਸਨ।ਅਰਬ ਅਤੇ ਸ਼ਾਮ ਦੇ ਬਹੁਤ ਸਾਰੇ ਲੋਕ ਇਸ ਮਜ਼ਹਬ ਦੇ ਪੈਰੋਕਾਰ ਸਨ।ਜਦੋਂ ਯਹੂਦੀਆਂ ਅਤੇ ਇਸਾਈਆਂ ਦਾ ਇਨ੍ਹਾਂ ਦੇਸਾਂ ਵਿਚ ਆਉਣਾ ਹੋਇਆ ਤਾਂ ਇਹ ਮਜ਼ਹਬ ਉਨ੍ਹਾਂ ਦੇ ਸਾਹਮਣੇ ਟਿਕ ਨਾ ਸਕਿਆ ਅਤੇ ਅਪਣੀ ਪਹਿਚਾਣ ਗਵਾ ਬੈਠਿਆ।

20. ਅਰਬ ਦੀ ਸਮਾਜਿਕ ਸਥਿੱਤੀ

'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸ਼ਫ਼ੀ-ਉਲ-ਰਹਿਮਾਨ ਮੁਬਾਰਕਪੁਰੀ ਹਜ਼ਰਤ ਮੁਹੰਮਦ (ਸ.) ਦੇ ਜਨਮ ਤੋਂ ਪਹਿਲਾਂ ਅਰਬ ਦੀ ਸਮਾਜਕ ਸਥਿੱਤੀ ਦਾ ਜ਼ਿਕਰ ਕਰਦਿਆਂ ਲਿਖਦਾ ਹੈ ਕਿ ਉਸ ਸਮੇਂ ਅਰਬ ਵਿਚ ਕਬੀਲਾ ਸਿਸਟਮ ਦਾ ਰਾਜ ਸੀ ਅਤੇ ਇਨ੍ਹਾਂ ਕਬੀਲਿਆਂ ਦੇ ਰੀਤੀ-ਰਿਵਾਜ ਇਕ ਦੂਜੇ ਤੋਂ ਵੱਖ ਅਪਣੇ ਅਪਣੇ ਸਨ।ਪਰ ਇਨ੍ਹਾਂ ਕਬੀਲਿਆਂ ਵਿਚ ਆਦਮੀ ਅਤੇ ਔਰਤ ਦੇ ਆਪਸੀ ਸਬੰਧ ਬਹੁਤ ਚੰਗੇ ਸਨ ਅਤੇ ਔਰਤਾਂ ਮਰਦਾਂ ਨਾਲੋਂ ਵੱਧ ਖ਼ੁਦਮੁਖ਼ਤਾਰ ਸਨ।ਸਮਾਜ ਵਿਚ ਇਨ੍ਹਾਂ ਦਾ ਬੋਲਬਾਲਾ ਸੀ ਅਤੇ ਔਰਤਾਂ ਵਿਰੁੱਧ ਕਿਸੇ ਵੀ ਬੋਲ-ਬੁਲਾਰੇ ਦੇ ਵਿਰੁੱਧ ਤਲਵਾਰਾਂ ਨਿਕਲ ਆਉਂਦੀਆਂ ਸਨ।ਇਨ੍ਹਾਂ ਲੜਾਈਆਂ ਨੂੰ ਰੋਕਣ ਵਾਸਤੇ ਜੇ ਔਰਤਾਂ ਚਾਹੁੰਦੀਆਂ ਤਾਂ ਕਬੀਲਿਆਂ ਨੂੰ ਇਕੱਠਾ ਕਰਕੇ ਸੁਲਾਹ ਕਰਵਾ ਦਿੰਦੀਆਂ ਅਤੇ ਜੇ ਨਾ ਚਾਹੁੰਦੀਆਂ ਤਾਂ ਜੰਗ ਭੜਕਾ ਦਿੰਦੀਆਂ।ਪਰ ਔਰਤਾਂ ਦੀਆਂ ਇਨ੍ਹਾਂ ਸ਼ਕਤੀਆਂ ਦੇ ਹੁੰਦਿਆਂ ਖ਼ਾਨਦਾਨ ਦਾ ਮੁਖੀ ਆਦਮੀ ਹੀ ਹੁੰਦਾ ਸੀ ਅਤੇ ਉਸ ਦੀ ਕਹੀ ਬਾਤ ਹੀ ਆਖ਼ਰੀ ਫ਼ੈਸਲਾ ਹੁੰਦਾ ਸੀ।ਆਦਮੀ ਅਤੇ ਔਰਤ ਦੇ ਸਬੰਧਾਂ ਦੀ ਸਥਾਪਤੀ ਲਈ ਔਰਤ ਦੇ ਮਾਪਿਆਂ ਦੀ ਨਿਗਰਾਨੀ ਅਧੀਨ ਨਿਕਾਹ ਹੁੰਦਾ ਸੀ।
ਇਕ ਪਾਸੇ ਅਰਬ ਦੇ ਸ਼ਰੀਫ਼ ਲੋਕਾਂ ਦਾ ਉਪ੍ਰੋਕਤ ਦਰਸਾਇਆ ਚੰਗਾ ਹਾਲ ਸੀ ਅਤੇ ਦੂਜੇ ਪਾਸੇ ਜਾਹਲ ਲੋਕਾਂ ਦਾ ਇਹ ਹਾਲ ਸੀ ਕਿ ਉਸ ਨੂੰ ਬਦਕਾਰੀ, ਬੇਹਿਆਈ ਅਤੇ ਜ਼ਿਨਾਕਾਰੀ ਤੋਂ ਬਿਨਾ ਕੋਈ ਹੋਰ ਨਾਂ ਹੀ ਨਹੀਂ ਦਿੱਤਾ ਜਾ ਸਕਦਾ।ਸ਼ਫ਼ੀ-ਉਲ-ਰਹਿਮਾਨ ਮੁਬਾਰਕਪੁਰੀ ਹਜ਼ਰਤ ਆਇਸ਼ਾ (ਰਜ਼ੀ.) ਦੇ ਕਹੇ ਸ਼ਬਦਾਂ ਨੂੰ ਬਿਆਨ ਕਰਦਿਆਂ ਲਿਖਦੇ ਹਨ ਕਿ ਜਾਹਲੀਅਤ ਦੇ ਇਸ ਜ਼ਮਾਨੇ ਵਿਚ ਸਬੰਧ ਸਥਾਪਤ ਕਰਨ ਦੇ ਚਾਰ ਤਰੀਕੇ ਸਨ ਜਿਨ੍ਹਾਂ ਵਿਚ ਪਹਿਲਾ ਤਰੀਕਾ ਤਾਂ ਇਹੋ ਸੀ ਜਿਹੜਾ ਹੁਣ ਵੀ ਸਮਾਜ ਵਿਚ ਪ੍ਰਚੱਲਤ ਹੈ ਕਿ ਇਕ ਆਦਮੀ ਦੂਸਰੇ ਆਦਮੀ ਨੂੰ ਉਸ ਦੀ ਧੀ ਨਾਲ ਨਿਕਾਹ ਕਰਨ ਬਾਰੇ ਸੁਨੇਹਾ ਘੱਲਦਾ ਸੀ ਅਤੇ ਹਾਂ ਦੀ ਸੂਰਤ ਵਿਚ ਮਹਿਰ ਦੀ ਰਕਮ ਫਿਕਸ ਕਰਕੇ ਨਿਕਾਹ ਕਰ ਲਿਆ ਜਾਂਦਾ ਸੀ।
ਦੂਸਰੀ ਸੂਰਤ ਵਿਚ ਔਰਤ ਦੀ ਮਹਾਵਾਰੀ ਤੋਂ ਬਾਅਦ ਉਸ ਦਾ ਆਦਮੀ ਉਸ ਨੂੰ ਕਿਸੇ ਦੂਸਰੇ ਬਹਾਦਰ ਆਦਮੀ ਦਾ ਨਾਂ ਲੈ ਕੇ ਹੁਕਮ ਦਿੰਦਾ ਕਿ ਉਹ ਉਸ ਨਾਲ ਜਾ ਕੇ ਸਰੀਰਕ ਸਬੰਧ ਸਥਾਪਤ ਕਰੇ ਅਤੇ ਆਪ ਉਸ ਤੋਂ ਉਸ ਸਮੇਂ ਤੱਕ ਦੂਰ ਰਹਿੰਦਾ ਜਦੋਂ ਤੱਕ ਉਸ ਨੂੰ ਹਮਲ ਨਾ ਠਹਿਰ ਜਾਂਦਾ।ਇਹ ਅਮਲ ਇਸ ਲਈ ਕੀਤਾ ਜਾਂਦਾ ਸੀ ਕਿ ਹੋਣ ਵਾਲਾ ਬੱਚਾ ਬਹਾਦਰ ਅਤੇ ਚੰਗੇ ਵਿਵਹਾਰ ਵਾਲਾ ਹੋਵੇ।
ਮਿਲਾਪ ਦੀ ਤੀਸਰੀ ਸੂਰਤ ਇਹ ਹੁੰਦੀ ਸੀ ਕਿ ਦਸ ਦਸ ਆਦਮੀ ਇਕੱਠੇ ਹੋ ਕੇ ਕਿਸੇ ਔਰਤ ਦੇ ਕੋਲ ਜਾਂਦੇ ਅਤੇ ਉਸ ਨਾਲ ਸੰਭੋਗ ਕਰਦੇ।ਜਦੋਂ ਹਾਮਲਾ ਹੋਣ ਤੋਂ ਬਾਅਦ ਉਸ ਔਰਤ ਨੂੰ ਬੱਚਾ ਪੈਦਾ ਹੁੰਦਾ ਤਾਂ ਉਹ ਸਾਰਿਆਂ ਨੂੰ ਅਪਣੇ ਘਰ ਸੱਦ ਲੈਂਦੀ।ਕਿਸੇ ਆਦਮੀ ਦੀ ਇਹ ਹਿੰਮਤ ਨਹੀਂ ਸੀ ਹੁੰਦੀ ਕਿ ਉਹ ਸੱਦੇ ਉੱਤੇ ਨਾ ਆਵੇ।ਉਹ ਔਰਤ ਘਰ ਆਏ ਆਦਮੀਆਂ ਵਿੱਚੋਂ ਕਿਸੇ ਇਕ ਨਾਲ ਸਬੰਧਾਂ ਦਾ ਜ਼ਿਕਰ ਕਰਕੇ ਆਖਦੀ ਕਿ ਇਹ ਬੱਚਾ ਤੇਰਾ ਹੈ।ਜਿਸ ਆਦਮੀ ਦਾ ਉਹ ਔਰਤ ਨਾਂ ਲੈ ਲੈਂਦੀ ਉਸ ਨੂੰ ਬੱਚੇ ਦਾ ਬਾਪ ਮੰਨ ਲਿਆ ਜਾਂਦਾ ਅਤੇ ਉਸ ਨੂੰ ਬੱਚਾ ਅਪਣਾਉਣਾ ਪੈਂਦਾ।
ਵਿਆਹ ਦਾ ਚੌਥਾ ਤਰੀਕਾ ਇਹ ਸੀ ਕਿ ਬਹੁਤ ਸਾਰੇ ਲੋਕ ਬਾਜ਼ਾਰ ਵਿਚ ਪੇਸ਼ਾਵਰ ਔਰਤ ਦੇ ਘਰ ਜਾਂਦੇ ਅਤੇ ਉਸ ਨਾਲ ਸਰੀਰਕ ਸਬੰਧ ਬਣਾਉਣ ਲਈ ਆਖਦੇ।ਇਹ ਔਰਤਾਂ ਰੰਡੀਆਂ ਹੁੰਦੀਆਂ ਸਨ ਜਿਹੜੀਆਂ ਕਿਸੇ ਆਉਣ ਵਾਲੇ ਨੂੰ ਇਨਕਾਰ ਨਹੀਂ ਕਰਦੀਆਂ ਸਨ।ਇਨ੍ਹਾਂ ਦੇ ਘਰਾਂ ਉੱਤੇ ਝੰਡੀਆਂ ਦੀਆਂ ਨਿਸ਼ਾਨੀਆਂ ਲੱਗੀਆਂ ਹੁੰਦੀਆਂ ਸਨ।ਜਦੋਂ ਅਜਿਹੀਆਂ ਔਰਤਾਂ ਦੇ ਘਰ ਬੱਚਾ ਪੈਦਾ ਹੁੰਦਾ ਤਾਂ ਸਾਰੇ ਗਾਹਕਾਂ ਨੂੰ ਘਰ ਬੁਲਾ ਲਿਆ ਜਾਂਦਾ ਅਤੇ ਕਿਆਸ ਅਰਾਈ ਲਈ ਕਿਸੇ ਮੁਨਸਫ਼ ਨੂੰ ਸੱਦਿਆ ਜਾਂਦਾ।ਉਹ ਜਿਸ ਆਦਮੀ ਨੂੰ ਬੱਚੇ ਦਾ ਬਾਪ ਹੋਣ ਦਾ ਹੁਕਮ ਦਿੰਦਾ ਉਸ ਆਦਮੀ ਨੂੰ ਉਸ ਦਾ ਕਿਹਾ ਮੰਨਣਾ ਪੈਂਦਾ।
ਇਸ ਤੋਂ ਇਲਾਵਾ ਔਰਤਾਂ ਅਤੇ ਮਰਦਾਂ ਦੇ ਮੇਲ ਦੀਆਂ ਕਈ ਸੂਰਤਾਂ ਅਜਿਹੀਆਂ ਵੀ ਸਨ ਜਿਹੜੀਆਂ ਤਲਵਾਰ ਨਾਲ ਬਣਾਈਆਂ ਜਾਂਦੀਆਂ ਸਨ। ਕਬੀਲਿਆਂ ਦੀਆਂ ਲੜਾਈਆਂ ਵਿਚ ਤਕੜਾ ਕਬੀਲਾ ਹਾਰੇ ਹੋਏ ਕਬੀਲੇ ਦੀਆਂ ਔਰਤਾਂ ਨੂੰ ਕੈਦ ਕਰਕੇ ਅਪਣੇ ਘਰ ਲੈ ਜਾਂਦਾ।ਅਜਿਹੀਆਂ ਔਰਤਾਂ ਦੇ ਪੈਦਾ ਕੀਤੇ ਬੱਚੇ ਸਾਰੀ ਜ਼ਿੰਦਗੀ ਆਪੇ ਨੂੰ ਦੂਜਿਆਂ ਤੋਂ ਨੀਵਾਂ ਸਮਝਦੇ।ਜਾਹਲੀਅਤ ਦੇ ਇਸ ਜ਼ਮਾਨੇ ਵਿਚ ਇਕ ਤੋਂ ਵੱਧ ਔਰਤਾਂ ਰੱਖਣੀਆਂ ਆਮ ਬਾਤ ਸੀ।ਲੋਕ ਅਜਿਹੀਆਂ ਔਰਤਾਂ ਨੂੰ ਵੀ ਇਕੱਠੀਆਂ ਘਰ ਵਿਚ ਰੱਖ ਲੈਂਦੇ ਜਿਹੜੀਆਂ ਸਕੀਆਂ ਭੈਣਾਂ ਹੁੰਦੀਆਂ।ਬਾਪ ਦੀ ਮੌਤ ਤੋਂ ਬਾਅਦ ਪੁੱਤਰ ਅਪਣੀ ਮਤਰੇਈ ਮਾਂ ਨਾਲ ਵਿਆਹ ਕਰ ਲੈਂਦਾ।ਤਲਾਕ ਦੇਣ ਦਾ ਅਧਿਕਾਰ ਮਰਦਾਂ ਦੇ ਹੱਥ ਹੁੰਦਾ ਸੀ ਅਤੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਕਿਤੇ ਸੁਣਵਾਈ ਨਹੀਂ ਹੁੰਦੀ ਸੀ।
ਹੇਠਲੇ ਤਬਕਿਆਂ ਵਿਚ ਜ਼ਿਨਾਕਾਰੀ ਦਾ ਰਿਵਾਜ ਆਮ ਪ੍ਰਚੱਲਤ ਸੀ ਪਰ ਉਪਰਲੇ ਤਬਕਿਆਂ ਵਿਚ ਕੁਝ ਆਦਮੀ ਅਤੇ ਔਰਤਾਂ ਅਜਿਹੇ ਵੀ ਸਨ ਜਿਹੜੇ ਅਪਣੇ ਖ਼ਾਨਦਾਨੀ ਰੁਤਬੇ ਨੂੰ ਮੁੱਖ ਰੱਖਦਿਆਂ ਇਸ ਬੀਮਾਰੀ ਤੋਂ ਬਚੇ ਹੋਏ ਸਨ। ਆਜ਼ਾਦ ਔਰਤਾਂ ਦਾ ਹਾਲ ਘਰਾਂ ਵਿਚ ਰੱਖੀਆਂ ਲੌਂਡੀਆਂ ਨਾਲੋਂ ਚੰਗਾ ਸੀ।ਸੱਚੀ ਗੱਲ ਤਾਂ ਇਹ ਹੈ ਕਿ ਜ਼ਿਨਾਕਾਰੀ ਦੀ ਅਸਲ ਜੜ ਲੌਂਡੀਆਂ ਹੀ ਸਨ।ਲੌਂਡੀਆਂ ਰੱਖਣ ਦੀ ਬੀਮਾਰੀ ਆਮ ਲੋਕਾਂ ਵਿਚ ਹੋਣ ਕਰਕੇ ਇਸ ਬੀਮਾਰੀ ਵਿਚ ਫਸਣ ਸਮੇਂ ਆਦਮੀ ਸ਼ਰਮ ਵੀ ਮਹਿਸੂਸ ਨਹੀਂ ਕਰਦੇ ਸਨ।ਕਿਹਾ ਜਾਂਦਾ ਹੈ ਕਿ ਹਜ਼ਰਤ ਮੁਹੰਮਦ (ਸ.) ਦੇ ਸਮੇਂ ਇਕ ਆਦਮੀ ਆ ਕੇ ਉਨ੍ਹਾਂ ਨੂੰ ਕਹਿਣ ਲੱਗਿਆ ਕਿ "ਐ ਮੁਹੰਮਦ ਫਲਾਂ ਆਦਮੀ ਮੇਰਾ ਪੁੱਤਰ ਹੈ।ਮੈਂ ਜਾਹਲੀਅਤ ਦੇ ਸਮੇਂ ਉਸ ਦੀ ਮਾਂ ਨਾਲ ਜ਼ਿਨਾ ਕੀਤਾ ਸੀ"।ਹਜ਼ਰਤ ਮੁਹੰਮਦ (ਸਲ) ਨੇ ਉਸ ਦੀ ਬਾਤ ਸੁਣੀ ਅਤੇ ਆਖਿਆ,"ਇਸਲਾਮ ਵਿਚ ਅਜਿਹੇ ਦਾਅਵੇ ਲਈ ਕੋਈ ਗੁੰਜਾਇਸ਼ ਨਹੀਂ। ਜਾਹਲੀਅਤ ਦਾ ਸਮਾਂ ਲੰਘ ਚੁੱਕਿਆ ਹੈ।ਹੁਣ ਤਾਂ ਪੁੱਤਰ ਉਸ ਦਾ ਹੀ ਹੋਵੇਗਾ ਜਿਸ ਦੀ ਪਤਨੀ ਜਾਂ ਲੌਂਡੀ ਨੇ ਉਸ ਨੂੰ ਜਨਮ ਦਿੱਤਾ ਹੈ।ਇਸਲਾਮ ਵਿਚ ਜ਼ਿਨਾਕਾਰ ਲਈ ਪੱਥਰ ਹਨ"।
ਜਾਹਲੀਅਤ ਦੇ ਇਸ ਦੌਰ ਵਿਚ ਪਿਉ ਪੁੱਤਰ ਦੇ ਸਬੰਧ ਵੀ ਵੱਖ ਵੱਖ ਕਿਸਮ ਦੇ ਸਨ।ਕੁਝ ਅਜਿਹੇ ਲੋਕ ਵੀ ਸਨ ਜਿਹੜੇ ਅਪਣੀ ਔਲਾਦ ਨੂੰ ਅਪਣੀ ਜਾਨ ਸਮਝਦੇ ਸਨ ਅਤੇ ਕੁਝ ਅਜਿਹੇ ਵੀ ਸਨ ਜਿਹੜੇ ਅਪਣੀਆਂ ਧੀਆਂ ਨੂੰ ਬਦਨਾਮੀ ਅਤੇ ਖ਼ਰਚ ਦੇ ਡਰੋਂ ਜਿਊਂਦਿਆਂ ਹੀ ਦਫ਼ਨ ਕਰ ਦਿਆ ਕਰਦੇ ਸਨ।ਪਰ ਇਹ ਸੰਗਦਿਲੀ ਆਮ ਨਹੀਂ ਸੀ ਕਿਉਂ ਜੋ ਅਰਬ ਵਿਚ ਲੜਾਈਆਂ ਆਮ ਸਨ ਅਤੇ ਦੁਸ਼ਮਨ ਨਾਲ ਨਿਪਟਣਾ ਜ਼ਿਆਦਾ ਬੰਦਿਆਂ ਦਾ ਕੰਮ ਸੀ।ਇਸ ਲਈ ਇਹ ਲੋਕ ਹੋਰਾਂ ਤੇ ਵਿਸ਼ਵਾਸ ਕਰਨ ਦੀ ਥਾਂ ਅਪਣੀ ਔਲਾਦ ਉੱਤੇ ਵੱਧ ਵਿਸ਼ਵਾਸ਼ ਰੱਖਦੇ ਸਨ।ਸਕੇ ਅਤੇ ਚਚੇਰੇ ਭਰਾਵਾਂ ਵਿਚ ਪਿਆਰ ਬਹੁਤ ਸੀ।ਕਬੀਲਾ ਸਿਸਟਮ ਵਿਚ ਅਜਿਹਾ ਏਕਾ ਰੱਖਣਾ ਜ਼ਰੂਰੀ ਵੀ ਸੀ ਕਿਉਂ ਜੋ ਏਕੇ ਦੇ ਸਹਾਰੇ ਹੀ ਕਬੀਲੇ ਦੂਜੇ ਕਬੀਲਿਆਂ ਤੋਂ ਸੁਰੱਖਿਅਤ ਰਹਿ ਸਕਦੇ ਸਨ।
ਅਰਬਾਂ ਦੀ ਆਰਥਕ ਹਾਲਤ ਬਹੁਤੀ ਚੰਗੀ ਨਹੀਂ ਸੀ।ਸਿਰਫ਼ ਵਪਾਰ ਹੀ ਸੀ ਜਿਸ ਦੁਆਰਾ ਉਹ ਅਪਣੀ ਜ਼ਿੰਦਗੀ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਸਨ। ਪਰ ਵਪਾਰ ਵੀ ਸੁਰੱਖਿਅਤ ਨਹੀਂ ਸਨ।ਹਰ ਪਾਸੇ ਲੁਟ-ਮਾਰ ਦਾ ਬੋਲਬਾਲਾ ਸੀ। ਹੁਰਮਤ ਦੇ ਕੁਝ ਮਹੀਨੇ ਹੀ ਸਨ ਜਿਨ੍ਹਾਂ ਵਿਚ ਅਰਬ ਦੇ ਲੋਕ ਲੁੱਟ-ਮਾਰ ਅਤੇ ਲੜਨ-ਭਿੜਨ ਨੂੰ ਹਰਾਮ ਸਮਝਦੇ ਸਨ।ਸਾਰੇ ਅਰਬ ਦੇ ਵਪਾਰਕ ਬਾਜ਼ਾਰ ਅਤੇ ਵਪਾਰਕ ਮੇਲੇ ਇਨ੍ਹਾਂ ਮਹੀਨਿਆਂ ਵਿਚ ਹੀ ਲਗਦੇ ਸਨ।
ਸਨਅਤ (ਕਾਰਖ਼ਾਨਾ) ਦੇ ਖੇਤਰ ਵਿਚ ਅਰਬ ਦੇ ਲੋਕ ਸਾਰੇ ਸੰਸਾਰ ਤੋਂ ਪਿੱਛੇ ਸਨ।ਚਮੜੇ ਅਤੇ ਕੱਪੜੇ ਦੇ ਜਿਹੜੇ ਕਾਰਖ਼ਾਨੇ ਲੱਗੇ ਹੋਏ ਸਨ ਉਹ ਸਿਰਫ਼ ਯਮਨ, ਸ਼ਾਮ ਅਤੇ ਹਿਰਾ ਵਿਚ ਹੀ ਸਨ ਬਾਕੀ ਅਰਬ ਵਿਚ ਖੇਤੀ ਬਾੜੀ ਦਾ ਰਿਵਾਜ ਸੀ ਜਿਹੜਾ ਸਿਰਫ਼ ਬਰਸਾਤਾਂ ਉੱਤੇ ਨਿਰਭਰ ਕਰਦਾ ਸੀ।ਭਾਵੇਂ ਅਰਬ ਦੀਆਂ ਔਰਤਾਂ ਸੂਤ ਕੱਤਦੀਆਂ ਸਨ ਪਰ ਇਸ ਤੋਂ ਹੋਣ ਵਾਲੀ ਆਮਦਨ ਕਬੀਲਿਆਂ ਨੂੰ ਬਚਾਉਣ ਵਾਲੀਆਂ ਲੜਾਈਆਂ ਦੀ ਭੇਂਟ ਚੜ੍ਹ ਜਾਂਦੀ ਸੀ ਅਤੇ ਲੋਕਾਂ ਨੂੰ ਤਨ ਢਕਨ ਲਈ ਪੂਰੇ ਕੱਪੜੇ ਵੀ ਨਹੀਂ ਮਿਲਦੇ ਸਨ।
ਭਾਵੇਂ ਅਰਬ ਦੇ ਲੋਕਾਂ ਵਿਚ ਲੁੱਟ-ਖੋਹ, ਜ਼ਿਨਾਕਾਰੀ ਅਤੇ ਹੋਰ ਹਰ ਤਰ੍ਹਾਂ ਦੀਆਂ ਬੁਰਾਈਆਂ ਮਿਲਦੀਆਂ ਸਨ ਪਰ ਅਰਬੀ ਸਮਾਜ ਵਿਚ ਕਈ ਅਜਿਹੀਆਂ ਇਖ਼ਲਾਕੀ ਉਦਾਹਰਣਾ ਵੀ ਮਿਲਦੀਆਂ ਸਨ ਜਿਨ੍ਹਾਂ ਨੂੰ ਪੜ੍ਹ ਕੇ ਆਦਮੀ ਦੰਗ ਰਹਿ ਜਾਂਦਾ ਹੈ।'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਸਖ਼ਾਵਤ ਵਿਚ ਅਰਬ ਵਾਲਿਆਂ ਦਾ ਕੋਈ ਸਾਨੀ ਨਹੀਂ ਸੀ।ਮਹਿਮਾਨ ਨਵਾਜ਼ੀ ਲਈ ਵਿਖਾਈ ਦਰਿਆਦਿਲੀ ਉੱਤੇ ਉਹ ਫ਼ਖ਼ਰ ਕਰਦੇ ਸਨ।ਅਰਬ ਦੀ ਅੱਧੀ ਸ਼ਾਇਰੀ ਇਸੇ ਦੀਆਂ ਤਾਰੀਫ਼ਾਂ ਕਰਨ ਨਾਲ ਭਰੀ ਪਈ ਹੈ।
ਕਿਹਾ ਜਾਂਦਾ ਹੈ ਕਿ ਭਾਵੇਂ ਗਰਮੀ ਹੁੰਦੀ ਜਾਂ ਸਰਦੀ, ਜੇ ਕਿਸੇ ਦੇ ਘਰ ਕੋਈ ਮਹਿਮਾਨ ਆ ਜਾਂਦਾ ਅਤੇ ਉਸ ਦੇ ਘਰ ਖਾਣ ਲਈ ਕੁਝ ਵੀ ਨਾਂ ਹੁੰਦਾ ਤਾਂ ਵੀ ਉਹ ਮੱਥੇ ਵੱਟ ਨਾ ਪਾਉਂਦਾ ਅਤੇ ਘਰ ਵਿਚ ਖੜ੍ਹੀ ਇੱਕੋ ਇਕ ਊਂਠਣੀ ਜ਼ਿਬਾਹ ਕਰਕੇ ਮਹਿਮਾਨ ਅੱਗੇ ਪਰੋਸ ਦਿੰਦਾ ਅਤੇ ਅਪਣੇ ਇਸ ਕੰਮ ਉੱਤੇ ਫ਼ਖ਼ਰ ਕਰਦਾ।ਇਸੇ ਲਈ ਉਹ ਲੋਕ ਸ਼ਰਾਬ ਪੀਣ ਉੱਤੇ ਫ਼ਖ਼ਰ ਕਰਦੇ ਸਨ ਕਿਉਂ ਜੋ ਨਸ਼ੇ ਦੀ ਹਾਲਤ ਵਿਚ ਮਹਿਮਾਨ ਨਵਾਜ਼ੀ ਕਰਨ ਲਈ ਦਿਲ ਦਰਿਆ ਹੁੰਦਾ ਸੀ ਅਤੇ ਮਾਲ ਲੁਟਾਉਣ ਦਾ ਨੁਕਸਾਨ ਮਹਿਸੂਸ ਨਹੀਂ ਹੁੰਦਾ ਸੀ।ਅਰਬ ਦੀ ਅੱਧੀ ਸ਼ਾਇਰੀ ਸਖ਼ਾਵਤ ਦੀਆਂ ਤਾਰੀਫ਼ਾਂ ਨਾਲ ਭਰੀ ਪਈ ਹੈ।
ਖ਼ੁਦਦਾਰੀ ਨੂੰ ਬਰਕਰਾਰ ਰੱਖਣਾ ਅਤੇ ਜ਼ੁਲਮ ਨੂੰ ਬਰਦਾਸ਼ਤ ਨਾ ਕਰਨ ਨੂੰ ਵੀ ਅਖ਼ਲਾਕੀ ਵਡਿਆਈ ਸਮਝਿਆ ਜਾਂਦਾ ਸੀ।ਉਹ ਅਣਖ ਉੱਤੇ ਆਂਚ ਨਾ ਆਉਣ ਦਿੰਦੇ ਅਤੇ ਨਿੱਕੀ ਨਿੱਕੀ ਗੱਲ ਉੱਤੇ ਤਲਵਾਰਾਂ ਮਿਆਨ ਵਿੱਚੋਂ ਬਾਹਰ ਨਿਕਲ ਆਉਂਦੀਆਂ।ਅਣਖ ਲਈ ਉਹ ਅਪਣੇ ਬੱਚਿਆਂ ਦੀ ਪ੍ਰਵਾਹ ਵੀ ਨਹੀਂ ਕਰਦੇ ਸਨ।ਦੁਨੀਆ ਦਾ ਮਸ਼ਹੂਰ ਸਖ਼ੀ ਹਾਤਮਤਾਈ ਵੀ ਅਰਬ ਦਾ ਨਿਵਾਸੀ ਸੀ।
ਇਤਿਹਾਸਕਾਰ ਲਿਖਦੇ ਹਨ ਕਿ ਅਰਬ ਦੇ ਵਾਸੀਆਂ ਨੂੰ ਅਖ਼ਲਾਕੀ ਕਦਰਾਂ ਕੀਮਤਾਂ ਕਰਕੇ ਜਿਹੜੀ ਇੱਜ਼ਤ ਪ੍ਰਾਪਤ ਸੀ ਇਹ ਉਸੇ ਦਾ ਸਿੱਟਾ ਸੀ ਕਿ ਅਰਬਾਂ ਨੂੰ ਸੰਸਾਰ ਦੀ ਧਾਰਮਕ ਅਗਵਾਈ ਕਰਨ ਦਾ ਮੌਕਾ ਮਿਲਿਆ ਅਤੇ ਰੱਬ ਵੱਲੋਂ ਜਿਹੜੇ ਪੈਗ਼ੰਬਰ ਭੇਜੇ ਗਏ ਉਹ ਇਸ ਧਰਤੀ ਉੱਤੇ ਹੀ ਭੇਜੇ ਗਏ।

21. ਜਨਮ ਸਮੇਂ ਸੰਸਾਰ ਦੀ ਹਾਲਤ

ਹਜ਼ਰਤ ਮੁਹੰਮਦ (ਸ.) ਦੇ ਜਨਮ ਤੋਂ ਪਹਿਲਾਂ, ਛੇਵੀਂ ਸਦੀ ਈਸਵੀ ਦੇ ਅੱਧ ਵਿਚ ਜਦੋਂ ਅਬਰਹਾ ਨੇ ਮੱਕਾ ਨੂੰ ਉਜਾੜਨ ਅਤੇ ਖ਼ਾਨਾ ਕਾਅਬਾ ਨੂੰ ਢੈ-ਢੇਰੀ ਕਰਨ ਲਈ ਹਮਲਾ ਕੀਤਾ, ਬੁਰਾਈਆਂ ਦਾ ਜ਼ਮਾਨਾ ਸੀ।ਦੁਨੀਆ ਦੇ ਕਿਸੇ ਵੀ ਮੁਲਕ ਵਿਚ ਪੈਗ਼ੰਬਰਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਨਹੀਂ ਸੀ ਕੀਤਾ ਜਾਂਦਾ।ਇਥੇ ਮੈਂ ਪਾਠਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਜਿਸ ਇਸਲਾਮ ਦੀ ਇਥੇ ਗੱਲ ਕੀਤੀ ਜਾ ਰਹੀ ਹੈ ਇਹ ਹਜ਼ਰਤ ਮੁਹੰਮਦ (ਸ.) ਵਾਲਾ ਇਸਲਾਮ ਨਹੀਂ ਸਗੋਂ ਹਜ਼ਰਤ ਈਸਾ (ਅਲੈ.) ਅਤੇ ਹਜ਼ਰਤ ਮੂਸਾ (ਅਲੈ.) ਵਾਲਾ ਤੌਰੈਤ, ਜ਼ਬੂਰ ਅਤੇ ਇੰਜੀਲ ਦੀਆਂ ਸਿੱਖਿਆਵਾਂ ਵਾਲਾ ਇਸਲਾਮ ਸੀ।ਇਸ ਵਿਚ ਵੀ ਇਕ ਰੱਬ ਦੀ ਬੰਦਗੀ ਉੱਤੇ ਹੀ ਜ਼ੋਰ ਦਿੱਤਾ ਜਾਂਦਾ ਸੀ।ਉਸ ਸਮੇਂ ਪੈਗ਼ੰਬਰਾਂ ਦੀਆਂ ਸਿੱਖਿਆਵਾਂ ਦਾ ਅਸਰ ਕੁਝ ਗਿਣੇ-ਚੁਣੇ ਕਮਜ਼ੋਰ ਤਬਕੇ ਦੇ ਲੋਕਾਂ ਦੇ ਦਿਲਾਂ ਵਿਚ ਹੀ ਰਹਿ ਗਿਆ ਸੀ।ਇਹ ਲੋਕ ਵੀ ਤਕੜਿਆਂ ਤੋਂ ਡਰਦੇ ਹੱਕ ਦੀ ਆਵਾਜ਼ ਸ਼ਰੇਆਮ ਕਹਿਣ ਤੋਂ ਬਚਦੇ ਸਨ।ਪਹਿਲਾਂ ਆਉਣ ਵਾਲੇ ਪੈਗ਼ੰਬਰਾਂ ਉੱਤੇ ਜਿਹੜੀਆਂ ਕਿਤਾਬਾਂ ਰੱਬ ਵੱਲੋਂ ਉਤਰੀਆਂ ਸਨ ਉਨ੍ਹਾਂ ਦੀ ਵਿਆਖਿਆ ਯਹੂਦੀਆਂ ਅਤੇ ਇਸਾਈਆਂ ਨੇ ਮਨ-ਮਰਜ਼ੀ ਨਾਲ ਕਰ ਲਈ ਸੀ।
ਦੁਨੀਆ ਦੇ ਵੱਡੇ ਵੱਡੇ ਮੁਲਕਾਂ ਵਿਚ ਲੋਕਾਂ ਦਾ ਹਾਲ ਐਨਾ ਭੈੜਾ ਹੋ ਗਿਆ ਸੀ ਕਿ ਉਹ ਮਰਜ਼ੀ ਅਨੁਸਾਰ ਅਪਣੇ ਅਪਣੇ ਖ਼ੁਦਾ ਬਣਾ ਕੇ ਬੈਠ ਗਏ ਸਨ।ਭਾਵੇਂ ਇਰਾਨ ਦੇ ਲਾਗਲੇ ਇਲਾਕੇ ਇਰਾਕ ਵਿਚ ਹਜ਼ਰਤ ਇਬਰਾਹੀਮ ਨੇ ਅਪਣੀਆਂ ਸਿੱਖਿਆਵਾਂ ਸ਼ੁਰੂ ਕੀਤੀਆਂ ਸਨ ਪਰ ਇਰਾਕ ਵਿਚ ਅਤੇ ਇਰਾਨ ਵਿਚ ਅੱਗ ਅਤੇ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਜਾਂਦੀ ਸੀ।ਚੀਨ ਅਤੇ ਉਸ ਦੇ ਨੇੜਲੇ ਮੁਲਕਾਂ ਵਿਚ ਬੋਧੀਆਂ ਦੀ ਆਬਾਦੀ ਸੀ ਪਰ ਉਹ ਲੋਕ ਬੁੱਧ ਦੀਆਂ ਸਿੱਖਿਆਵਾਂ ਨੂੰ ਛੱਡ ਕੇ ਅਹਿੰਸਾ ਦੀ ਥਾਂ ਹਿੰਸਾਵਾਦੀ ਬਣ ਗਏ ਸਨ।ਅਰਬ ਦੇ ਨੇੜਲੇ ਇਲਾਕਿਆਂ ਅਤੇ ਫ਼ਲਸਤੀਨ ਵਿਚ ਭਾਵੇਂ ਹਜ਼ਰਤ ਮੂਸਾ (ਅਲੈ.) ਨੂੰ ਮੰਨਣ ਵਾਲੇ ਯਹੂਦੀ ਲੋਕ ਆਬਾਦ ਸਨ ਪਰ ਉਨ੍ਹਾਂ ਨੇ ਮਰਜ਼ੀ ਅਨੁਸਾਰ ਤੌਰੈਤ ਅਤੇ ਜ਼ਬੂਰ ਦੀਆਂ ਸਿੱਖਿਆਵਾਂ ਦੀ ਵਿਆਖਿਆ ਕਰ ਲਈ ਸੀ।
ਮਿਸਰ, ਰੋਮ, ਯਮਨ ਅਤੇ ਸ਼ਾਮ ਦੇ ਮੁਲਕਾਂ ਵਿਚ ਭਾਵੇਂ ਇਸਾਈ ਆਬਾਦ ਸਨ ਪਰ ਉਨ੍ਹਾਂ ਨੇ ਹਜ਼ਰਤ ਈਸਾ ਉੱਤੇ ਉਤਰੀ ਕਿਤਾਬ 'ਇੰਜੀਲ' ਦੀਆਂ ਸਿੱਖਿਆਵਾਂ ਨੂੰ ਅਪਣੀ ਮਰਜ਼ੀ ਅਨੁਸਾਰ ਬਦਲ ਲਿਆ ਹੋਇਆ ਸੀ।ਬਹੁਤ ਸਾਰੇ ਇਸਾਈ ਹਜ਼ਰਤ ਈਸਾ (ਅਲੈ.) ਦੀਆਂ ਕਹੀਆਂ ਗੱਲਾਂ ਨੂੰ ਭੁਲਾ ਕੇ ਹਜ਼ਰਤ ਈਸਾ (ਅਲੈ.) ਅਤੇ ਉਨ੍ਹਾਂ ਦੀ ਮਾਂ ਮਰੀਅਮ ਦੇ ਬੁੱਤ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ ਲੱਗ ਗਏ ਸਨ।
ਇਸ ਜ਼ਮਾਨੇ ਵਿਚ ਅਰਬ ਦੇ ਲੋਕਾਂ ਦੀ ਹਾਲਤ ਵੀ ਦੂਸਰਿਆਂ ਵਰਗੀ ਹੀ ਸੀ।ਦੇਖਣ-ਪਾਖਣ ਨੂੰ ਇਹ ਲੋਕ ਮਜ਼ਬੂਤ ਜਿਸਮ ਵਾਲੇ ਚੰਗੇ ਸੁਭਾਅ ਦੇ ਸਾਊ ਲੋਕ ਸਨ।ਇਨ੍ਹਾਂ ਦਾ ਰੰਗ ਗੰਦਮੀ, ਮੱਥਾ ਉਭਰਿਆ ਹੋਇਆ ਹੁੰਦਾ ਸੀ।ਕਾਲੇ ਰੰਗ ਦੀਆਂ ਅੱਖਾਂ ਵਾਲੇ ਇਹ ਲੋਕ ਬੜੇ ਤੇਜ਼-ਤਰਾਰ, ਬਹਾਦਰ ਅਤੇ ਮਹਿਮਾਨ ਨਵਾਜ਼ ਹੁੰਦੇ ਸਨ।ਇਹ ਲੋਕ ਅਪਣੀ ਜ਼ੁਬਾਨ ਅਰਬੀ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਸ਼ਾਇਰੀ ਦੇ ਸ਼ੌਕੀਨ ਸਨ।
ਅਪਣੀ ਜ਼ੁਬਾਨ ਉੱਤੇ ਇਨ੍ਹਾਂ ਨੂੰ ਐਨਾ ਘੁਮੰਡ ਸੀ ਕਿ ਉਹ ਅਰਬ ਦੇ ਨੇੜਲੇ ਮੁਲਕਾਂ ਦੇ ਲੋਕਾਂ ਨੂੰ ਗੂੰਗਾ ਆਖਦੇ ਸਨ।ਪਰ ਸ਼ਹਿਰਾ ਦੇ ਗਿਣੇ-ਚੁਣੇ ਲੋਕਾਂ ਨੂੰ ਛੱਡ ਕੇ ਦੁਨੀਆ ਭਰ ਦੇ ਮੁਲਕਾਂ ਅਤੇ ਕੌਮਾਂ ਦੀਆਂ ਬੁਰਾਈਆਂ ਵੀ ਇਨ੍ਹਾਂ ਵਿਚ ਜਮ੍ਹਾਂ ਹੋ ਗਈਆਂ ਸਨ।ਭਾਵੇਂ ਅਰਬ ਦੀ ਆਬਾਦੀ ਕੁਝ ਕੁ ਲੱਖਾਂ ਤੱਕ ਹੀ ਸੀਮਤ ਸੀ ਪਰ ਇਸ ਦਾ ਜ਼ਿਆਦਾ ਹਿੱਸਾ ਰੇਗਿਸਤਾਨ ਵਿਚ ਖ਼ਾਨਾਬਦੋਸ਼ੀ ਦੀ ਜ਼ਿੰਦਗੀ ਬਤੀਤ ਕਰ ਰਿਹਾ ਸੀ।ਇਹ ਲੋਕ ਊਂਠ, ਘੋੜੇ ਅਤੇ ਭੇਡ-ਬਕਰੀਆਂ ਦੇ ਇਜੜ ਲੈ ਕੇ ਚਾਰੇ ਦੀ ਤਲਾਸ਼ ਵਿਚ ਥਾਂ ਥਾਂ ਘੁੰਮਦੇ ਰਹਿੰਦੇ ਸਨ।ਜਿੱਥੇ ਕਿਤੇ ਘਾਹ ਦੇ ਮੈਦਾਨ ਅਤੇ ਪਾਣੀ ਮਿਲਦਾ ਉੱਥੇ ਹੀ ਡੇਰਾ ਲਾ ਕੇ ਬੈਠ ਜਾਂਦੇ।ਇਨ੍ਹਾਂ ਲੋਕਾਂ ਨੂੰ ਬੱਦੂ ਆਖਿਆ ਜਾਂਦਾ ਸੀ।ਉਸ ਸਮੇਂ ਅਰਬ ਦੇ ਚਾਰ ਸ਼ਹਿਰ ਮੱਕਾ, ਤਾਇਫ਼, ਯਸਰਬ ਅਤੇ ਖ਼ੈਬਰ ਬਹੁਤ ਮਸ਼ਹੂਰ ਸਨ।ਅਰਬਾਂ ਦੀ ਕੋਈ ਕੇਂਦਰੀ ਹਕੂਮਤ ਨਹੀਂ ਸੀ ਇਸ ਲਈ ਇਨ੍ਹਾਂ ਦੇ ਕਬੀਲਿਆਂ ਵਿਚ ਲੜਾਈਆਂ ਹੁੰਦੀਆਂ ਰਹਿੰਦੀਆਂ ਸਨ।
'ਮੈਅਮਾਰੇ ਇਨਸਾਨੀਅਤ' ਵਿਚ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਲਿਖਦੇ ਨੇ,"ਅਜਿਹੇ ਸਮੇਂ ਵਿਚ ਅਰਬ ਦੇ ਸਮਾਜ ਦੀ ਜਿਹੜੀ ਤਸਵੀਰ ਸਾਮ੍ਹਣੇ ਆਉਂਦੀ ਹੈ ਉਸ ਤੋਂ ਪਤਾ ਲਗਦਾ ਹੈ ਕਿ ਉਸ ਸਮੇਂ ਅਰਬ ਵਿਚ ਕੋਈ ਇਕ ਹਕੂਮਤ ਨਹੀਂ ਸੀ।ਹਰ ਪਾਸੇ ਜਿਸ ਦੀ ਲਾਠੀ ਉਸ ਦੀ ਮੱਝ ਵਾਲਾ ਕਾਨੂੰਨ ਲਾਗੂ ਸੀ।ਹਰ ਬੰਦਾ ਮਤਲਬ ਪਰਸਤ ਅਤੇ ਦੌਲਤ ਦਾ ਰਸੀਆ ਬਣਿਆ ਹੋਇਆ ਸੀ।ਜਿਸ ਦੇ ਖ਼ਾਨਦਾਨ ਕੋਲ ਬਹੁਤੇ ਬੰਦੇ ਹੁੰਦੇ ਅਤੇ ਜਿਸ ਦੇ ਕੋਲ ਮਾਲ-ਦੌਲਤ ਜ਼ਿਆਦਾ ਹੁੰਦਾ ਉਹ ਆਦਮੀ ਕਬੀਲੇ ਦਾ ਸਰਦਾਰ ਹੁੰਦਾ।ਤਕੜਿਆਂ ਵੱਲੋਂ ਗ਼ਰੀਬਾਂ ਕਮਜ਼ੋਰਾਂ ਅਤੇ ਯਤੀਮਾਂ ਨੂੰ ਸਤਾਇਆ ਜਾਂਦਾ।ਕਿਸੇ ਦੀ ਜਾਨ, ਮਾਲ, ਅਤੇ ਇੱਜ਼ਤ ਮਹਿਫ਼ੂਜ਼ ਨਹੀਂ ਸੀ।ਤਾਕਤਵਰ ਕਬੀਲੇ ਕਮਜ਼ੋਰ ਕਬੀਲਿਆਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਉਂਦੇ।ਬੰਦਿਆਂ ਦੀ ਜ਼ਿੰਦਗੀ ਦਰਿੰਦਿਆਂ ਨਾਲੋਂ ਵੀ ਭੈੜੀ ਸੀ"।
ਧਰਮ ਦੇ ਮਾਮਲੇ ਵਿਚ ਅਰਬ ਦੇ ਲੋਕਾਂ ਦਾ ਵੀ ਦੂਸਰਿਆਂ ਵਾਲਾ ਹੀ ਹਾਲ ਸੀ।ਇਨ੍ਹਾਂ ਵਿਚ ਵੀ ਬਹੁਤੇ ਲੋਕ ਬੁੱਤ ਪੂਜਾ ਕਰਨ ਵਾਲੇ ਸਨ।ਹਰ ਕਬੀਲੇ ਦਾ ਕੋਈ ਬੜਾ ਬੁੱਤ ਹੁੰਦਾ ਸੀ ਅਤੇ ਹਰ ਬੰਦਾ ਅਪਣਾ ਛੋਟਾ ਬੁੱਤ ਵੀ ਅਪਣੇ ਪਾਸ ਰੱਖਦਾ ਸੀ।ਇਹ ਲੋਕ ਬੁੱਤਾਂ ਤੋਂ ਇਲਾਵਾ ਚੰਦ, ਸੂਰਜ, ਪਹਾੜਾਂ, ਗਾਰਾਂ ਅਤੇ ਦਰੱਖ਼ਤਾਂ ਦੀ ਵੀ ਪੂਜਾ ਕਰਦੇ ਸਨ।ਕੁਝ ਅਰਬਾਂ ਦਾ ਇਹ ਵੀ ਵਿਸ਼ਵਾਸ਼ ਸੀ ਕਿ ਰੱਬ ਤੱਕ ਪਹੁੰਚਣ ਵਾਸਤੇ ਦੇਵੀ ਦੇਵਤਿਆਂ ਦਾ ਵਸੀਲਾ ਜ਼ਰੂਰੀ ਹੈ।ਇਸ ਲਈ ਉਹ ਦੇਵੀ ਦੇਵਤਿਆਂ ਨੂੰ ਰੱਬ ਦੇ ਪੁੱਤ ਅਤੇ ਧੀਆਂ ਆਖਦੇ ਸਨ।ਉਹ ਅਪਣੇ ਦੇਵੀ ਦੇਵਤਿਆਂ ਨੂੰ ਖ਼ੁਸ਼ ਕਰਨ ਲਈ ਪਸ਼ੂਆਂ ਦੀ ਕੁਰਬਾਨੀ ਕਰਦੇ ਸਨ।ਇਹ ਲੋਕ ਐਨੇ ਅੰਧ ਵਿਸ਼ਵਾਸ਼ੀ ਹੋ ਗਏ ਸਨ ਕਿ ਉਨ੍ਹਾਂ ਨੇ ਕਾਅਬੇ ਵਿਚ ਵੀ ਬੁੱਤਾਂ ਨੂੰ ਸਜਾ ਕੇ ਰੱਖਿਆ ਹੋਇਆ ਸੀ।ਹੱਜ ਕਰਨ ਆਏ ਲੋਕਾਂ ਨੂੰ ਕਾਅਬੇ ਦਾ ਤਵਾਫ਼ ਕਰਨ ਦੇ ਨਾਲ ਇਨ੍ਹਾਂ ਬੁੱਤਾਂ ਦਾ ਤਵਾਫ਼ ਵੀ ਕਰਨਾ ਪੈਂਦਾ ਸੀ।

ਇਰਾਨ

ਭਾਵੇਂ ਇਰਾਨ ਦਾ ਪੁਰਾਣਾ ਧਰਮ 'ਮਾਹਆਬਾਦੀ' ਸੀ ਪਰ 'ਜ਼ਰਤੁਸ਼ਤ' ਨਾਂ ਦੇ ਇਕ ਵਿਅਕਤੀ ਨੇ ਉੱਥੋਂ ਦੇ ਧਰਮ ਵਿਚ ਬਦਲਾਅ ਕਰਕੇ ਅੱਗ ਦੀ ਪੂਜਾ ਕਰਨ ਦਾ ਰਿਵਾਜ ਸ਼ੁਰੂ ਕਰ ਦਿੱਤਾ ਜਿਹੜਾ ਬਹੁਤ ਹੀ ਛੇਤੀ ਇਰਾਨ ਦੇ ਬਹੁਗਿਣਤੀ ਲੋਕਾਂ ਦਾ ਧਰਮ ਬਣ ਗਿਆ।ਇਰਾਨ ਅਗਾਂਹਵਧੂ ਮੁਲਕਾਂ ਵਿਚ ਗਿਣਿਆ ਜਾਣ ਲੱਗਿਆ।ਅਜਿਹਾ ਸਮਾਂ ਵੀ ਆਇਆ ਜਦੋਂ ਇਰਾਨ ਦੀਆਂ ਸਰਹੱਦਾਂ ਪੱਛਮ ਵਿਚ ਮਿਸਰ ਤੋਂ ਲੈ ਕੇ ਪੂਰਬ ਵਿਚ ਚੀਨ ਤੱਕ ਫ਼ੈਲ ਗਈਆਂ।
ਸਾਰੇ ਇਰਾਨ ਵਿਚ ਅੱਗ, ਸੂਰਜ, ਚੰਦ ਅਤੇ ਸਿਤਾਰਿਆਂ ਦੀ ਪੂਜਾ ਕੀਤੀ ਜਾਂਦੀ ਸੀ।ਚੋਰੀ ਅਤੇ ਡਾਕਾ ਆਮ ਗੱਲ ਸੀ।'ਮੈਅਮਾਰੇ ਇਨਸਾਨੀਅਤ' ਦਾ ਲੇਖਕ ਇਰਾਨ ਦੀ ਇਖ਼ਲਾਕੀ ਹਾਲਤ ਦਾ ਜ਼ਿਕਰ ਕਰਦਿਆਂ ਲਿਖਦਾ ਹੈ ਕਿ, "ਪੰਜਵੀਂ ਸਦੀ ਤੱਕ ਇਖ਼ਲਾਕੀ ਹਾਲਤ ਇਸ ਹੱਦ ਤੱਕ ਗਿਰ ਚੁੱਕੀ ਸੀ ਕਿ 'ਮੁਜ਼ਦਕ' ਕਿਸਰਾ ਦੇ ਦਰਬਾਰ ਵਿਚ ਜਦੋਂ ਉਸ ਦੀ ਬੇਗਮ ਦੀ ਇੱਜ਼ਤ ਨੂੰ ਹੱਥ ਪਾਇਆ ਗਿਆ ਤਾਂ ਇਰਾਨ ਦੇ ਬਾਦਸ਼ਾਹ ਨੂੰ ਜ਼ਰਾ ਵੀ ਗ਼ੈਰਤ ਨਾ ਆਈ"।

ਰੋਮ

ਛੇਵੀਂ ਸਦੀ ਈਸਵੀ ਵਿਚ ਇਰਾਨ ਦੇ ਮੁਕਾਬਲੇ ਦੂਸਰੀ ਤਾਕਤ ਰੋਮ ਦੀ ਸੀ ਜਿੱਥੇ ਸਮਾਜ ਨਾਲ ਸਬੰਧਤ ਹਰ ਵਰਗ ਵਿਚ ਖ਼ੁਸ਼ਹਾਲੀ ਹੀ ਖ਼ੁਸ਼ਹਾਲੀ ਸੀ। ਹਿਕਮਤ ਵਿਚ ਜਿਹੜੀ ਤਰੱਕੀ ਯੂਨਾਨ ਨੇ ਕੀਤੀ ਸੀ ਉਸ ਦਾ ਮੁਕਾਬਲਾ ਕੋਈ ਦੂਸਰਾ ਮੁਲਕ ਨਹੀਂ ਕਰ ਸਕਦਾ।ਸੁਕਰਾਤ, ਬੁਕਰਾਤ, ਲੁਕਮਾਨ, ਅਫ਼ਲਾਤੂਨ, ਅਤੇ ਅਰਸਤੂ ਜਿਹੇ ਅਕਲਮੰਦ ਵਿਅਕਤੀ ਇਸ ਮੁਲਕ ਵਿਚ ਹੀ ਪੈਦਾ ਹੋਏ। ਸਿਕੰਦਰ ਵੀ ਇਸੇ ਦੇਸ ਨਾਲ ਸਬੰਧ ਰੱਖਦਾ ਸੀ।ਰੋਮ ਦੇ ਬਾਦਸ਼ਾਹ ਕੈਸਰ ਨੂੰ ਸਾਰੇ ਮਜ਼ਹਬੀ ਅਖ਼ਤਿਆਰ ਵੀ ਪ੍ਰਾਪਤ ਸਨ।ਪਰ ਐਨੀ ਤਰੱਕੀ ਕਰਨ ਦੇ ਬਾਵਜੂਦ ਛੇਵੀਂ ਸਦੀ ਵਿਚ ਰੋਮ ਦੀ ਇਖ਼ਲਾਕੀ ਹਾਲਤ ਐਥੋਂ ਤੱਕ ਗਿਰ ਚੁੱਕੀ ਸੀ ਕਿ ਮਾਲਕ ਅਪਣੇ ਗ਼ੁਲਾਮ ਨੂੰ ਕਤਲ ਕਰਨ ਦਾ ਇਸ ਤਰ੍ਹਾਂ ਹੱਕ ਰੱਖਦਾ ਸੀ ਜਿਵੇਂ ਖ਼ਰੀਦਾਰ ਬੱਕਰੇ ਨੂੰ ਹਲਾਲ ਕਰਨ ਦਾ ਹੱਕ ਰੱਖਦਾ ਹੈ।
ਸ਼ਾਮ, ਰੋਮ ਅਤੇ ਯੂਨਾਨ ਵਿਚ ਇਸਾਈ ਰਾਹਬਾਂ (ਧਾਰਮਿਕ ਪੰਡਤਾਂ) ਦੀ ਬਹੁਤਾਤ ਸੀ ਅਤੇ ਔਰਤਾਂ ਵੀ ਇਸ ਕੰਮ ਵਿਚ ਉਨ੍ਹਾਂ ਦਾ ਸਾਥ ਦਿੰਦੀਆਂ ਸਨ। ਚੋਰੀ, ਧੋਖੇਬਾਜ਼ੀ ਅਤੇ ਜ਼ਿਨਾਕਾਰੀ ਆਮ ਜਿਹੀਆਂ ਗੱਲਾਂ ਸਮਝੀਆਂ ਜਾਂਦੀਆਂ ਸਨ।'ਇੰਜੀਲ' ਦੀਆਂ ਸਿੱਖਿਆਵਾਂ ਨੂੰ ਭੁੱਲ ਕੇ ਮਜ਼ਹਬ ਦੇ ਆਪੂ ਬਣੇ ਖ਼ੁਦਾਵਾਂ ਨੂੰ ਸਵਰਗ ਵਿਚ ਜਾਣ ਦੀ ਗਰੰਟੀ ਸਮਝਿਆ ਜਾਂਦਾ ਸੀ।

ਮਿਸਰ

ਮਿਸਰ ਖੇਤੀ ਪ੍ਰਧਾਨ ਦੇਸ਼ ਸੀ ਪਰ ਉਸ ਦੀਆਂ ਕਮਜ਼ੋਰੀਆਂ ਦਾ ਲਾਹਾ ਲੈਂਦਿਆਂ ਇਰਾਨ, ਰੋਮ ਅਤੇ ਯੂਨਾਨ ਵਾਰ ਵਾਰ ਹਮਲੇ ਕਰਦੇ ਰਹੇ।ਇਨ੍ਹਾਂ ਹਮਲਿਆਂ ਦਾ ਅਸਰ ਮਿਸਰ ਦੀ ਤਹਿਜ਼ੀਬ ਉੱਤੇ ਵੀ ਪਿਆ।ਰੋਮੀਆਂ ਦੇ ਕਬਜ਼ੇ ਸਮੇਂ ਮਿਸਰ ਦੇ ਲੋਕ ਵੀ ਇਸਾਈਅਤ ਵੱਲ ਝੁਕਣੇ ਸ਼ੁਰੂ ਹੋ ਗਏ ਅਤੇ ਕੁਝ ਹੀ ਸਮੇਂ ਵਿਚ ਮਿਸਰ ਦਾ ਤੀਜਾ ਹਿੱਸਾ ਆਬਾਦੀ ਨੇ ਈਸਾਈ ਧਰਮ ਕਬੂਲ ਕਰ ਲਿਆ।ਪਰ ਇਸਾਈ ਮਿਸਰੀਆਂ ਦੀ ਅਤੇ ਬੁੱਤ ਪ੍ਰਸਤ ਮਿਸਰੀਆਂ ਦੀ ਇਖ਼ਲਾਕੀ ਹਾਲਤ ਸੁਧਰ ਨਾ ਸਕੀ ।

ਭਾਰਤ

'ਮੈਅਮਾਰੇ ਇਨਸਾਨੀਅਤ' ਦਾ ਲੇਖਕ ਲਿਖਦਾ ਹੈ," ਅਸ਼ੋਕ, ਚੰਦਰ ਗੁਪਤ ਅਤੇ ਬਿਕਰਮਾਜੀਤ ਜਿਹੇ ਵੱਡੇ ਵੱਡੇ ਰਾਜੇ ਹਿੰਦੁਸਤਾਨ ਵਿਚ ਹੋ ਚੁੱਕੇ ਹਨ।ਛੇਵੀਂ ਸਦੀ ਈਸਵੀ ਵਿਚ ਅਪਣੀ ਪੁਰਾਤਨ ਸੱਭਿਆਤਾ ਉੱਤੇ ਹਿੰਦੁਸਤਾਨੀਆਂ ਨੂੰ ਮਾਨ ਸੀ।ਭਗਵਾਨ ਕ੍ਰਿਸ਼ਨ, ਰਾਮ ਚੰਦਰ, ਗੋਤਮ ਬੁੱਧ ਜਿਹੇ ਮਹਾਨ ਧਾਰਿਮਕ ਆਗੂਆਂ ਦੀ ਹਿਆਤੀ ਨਾਲ ਸਬੰਧਤ ਕਹਾਣੀਆਂ ਨੂੰ ਰਾਮ ਲੀਲਾ ਜਿਹੀਆਂ ਧਾਰਿਮਕ ਰਸਮਾਂ ਦੁਆਰਾ ਦੁਹਰਾਇਆ ਜਾਂਦਾ ਸੀ।ਭਾਰਤ ਵਿਚ ਜੰਮਿਆ ਬੁਧ ਧਰਮ ਹਿੰਦੁਸਤਾਨ ਵਿੱਚੋਂ ਖ਼ਤਮ ਹੁੰਦਾ ਜਾ ਰਿਹਾ ਸੀ ਅਤੇ ਬ੍ਰਾਹਮਣਵਾਦ ਜ਼ੋਰ ਫੜ ਰਿਹਾ ਸੀ।ਕੁਝ ਇਲਾਕਿਆਂ ਦੀ ਇਖ਼ਲਾਕੀ ਹਾਲਤ ਨਿਚਲੀ ਹੱਦ ਤੱਕ ਗਿਰ ਚੁੱਕੀ ਸੀ।ਸਿੰਧ ਦੇ ਹਿੰਦੂ ਰਾਜਿਆਂ ਬਾਰੇ ਇਤਿਹਾਸ ਵਿਚ ਗਵਾਹੀਆਂ ਮਿਲਦੀਆਂ ਹਨ ਕਿ ਉਨ੍ਹਾਂ ਨੇ ਅਪਣੀਆਂ ਸਕੀਆਂ ਭੈਣਾਂ ਨਾਲ ਸ਼ਾਦੀਆਂ ਕਰ ਲਈਆਂ ਸਨ।ਮੰਦਰਾਂ ਵਿਚ ਰੱਖੇ ਦੇਵੀ ਦੇਵਤਿਆਂ ਦੇ ਬੁੱਤਾਂ ਤੋਂ ਇਲਾਵਾ ਚੰਦ, ਸੂਰਜ, ਤਾਰਿਆਂ, ਪਹਾੜਾਂ, ਦਰਿਆਵਾਂ, ਦਰੱਖ਼ਤਾਂ, ਸੱਪਾਂ ਦੇ ਨਾਲ ਨਾਲ ਸ਼ਰਮਗਾਹਾਂ ਦੀ ਪੂਜਾ ਵੀ ਪ੍ਰਚੱਲਤ ਸੀ"।
ਉਪ੍ਰੋਕਤ ਵਿਦਵਾਨ ਦੀ ਵਿਆਖਿਆ ਤੋਂ ਬਾਅਦ 'ਹਜ਼ਰਤ ਮੁਹੰਮਦ ਜੀਵਨ ਅਤੇ ਸਿੱਖਿਆਵਾਂ' ਦਾ ਲੇਖਕ ਲਿਖਦਾ ਹੈ, "ਭਾਰਤੀ ਇਤਿਹਾਸ ਵਿਚ ਅਸ਼ੋਕ ਮਹਾਨ, ਚੰਦਰ ਗੁਪਤ ਅਤੇ ਬਿਕਰਮਾਜੀਤ ਜਿਹੇ ਰਾਜਿਆਂ ਦੇ ਸਾਸ਼ਨਕਾਲ ਨੂੰ ਭਾਰਤੀ ਇਤਿਹਾਸ ਦਾ ਸੁਨਹਿਰੀ ਯੁਗ ਆਖਿਆ ਜਾਂਦਾ ਹੈ।ਇਸ ਕਾਲ ਵਿਚ ਭਾਰਤ ਨੇ ਗਣਿਤ, ਫ਼ਿਲਾਸਫ਼ੀ, ਸਿਤਾਰਾ ਵਿਗਿਆਨ ਵਿਚ ਜਿਹੜੀ ਉਨਤੀ ਕੀਤੀ ਭਾਰਤੀਆਂ ਨੂੰ ਅੱਜ ਵੀ ਉਸ ਉੱਤੇ ਮਾਨ ਹੈ।ਪਰ ਪੰਜਵੀਂ ਸਦੀ ਦੇ ਅੰਤਮ ਸਮੇਂ ਭਾਰਤ ਦੀ ਮਹਾਨ ਸੱਭਿਅਤਾ ਦਾ ਵੀ ਅੰਤ ਹੁੰਦਾ ਵਿਖਾਈ ਦਿੰਦਾ ਹੈ।ਛੇਵੀਂ ਸਦੀ ਈਸਵੀ ਵਿਚ ਇਸਲਾਮ ਦੇ ਅਰੰਭ ਹੋਣ ਵਾਲੇ ਸਮੇਂ ਨੂੰ ਭਾਰਤ ਦਾ ਹਨੇਰ ਯੁਗ ਕਿਹਾ ਜਾਂਦਾ ਹੈ।
ਛੇਵੀਂ ਸਦੀ ਈਸਵੀ ਤੋਂ ਪਹਿਲਾਂ ਬੁੱਧਮਤ ਨੇ ਭਾਰਤ ਵਾਸੀਆਂ ਨੂੰ ਇਕ ਕਰਾਂਤੀਕਾਰੀ ਧਰਮ ਦਾ ਸ਼ੰਦੇਸ ਦਿੱਤਾ।ਉਸ ਨੇ ਮੂਰਤੀ ਪੂਜਾ ਕਰ ਰਹੀ ਬ੍ਰਹਮਣਵਾਦੀ ਸੋਚ ਦੀ ਡਟਵੀਂ ਵਿਰੋਧਤਾ ਕੀਤੀ।ਪਰ ਮਹਾਤਮਾ ਬੁੱਧ ਦੀ ਮੌਤ ਪਿੱਛੋਂ ਬੁੱਧ ਧਰਮ ਦੇ ਅਨੁਆਈਆਂ ਨੇ ਵੈਦਕ ਧਰਮ ਦੇ ਵਿਚਾਰਾਂ ਨੂੰ ਅਪਣਾ ਲਿਆ।ਸਿਟੇ ਵਜੋਂ ਬੁਧ ਧਰਮ ਹਿੰਦੂ ਧਰਮ ਦਾ ਹੀ ਇਕ ਹਿੱਸਾ ਬਣ ਕੇ ਰਹਿ ਗਿਆ।ਜਿਸ ਬਾਰੇ ਜਵਾਹਰ ਲਾਲ ਨਹਿਰੂ ਲਿਖਦੇ ਹਨ;
"ਬ੍ਰਾਹਮਣਵਾਦ ਅਤੇ ਬੁੱਧਮਤ ਇਕ ਦੂਜੇ ਤੇ ਕ੍ਰਿਆ ਅਤੇ ਪ੍ਰਤੀਕ੍ਰਿਆ ਕਰਦੇ ਰਹੇ।ਇਹ ਦੋਵੇਂ ਵਿਚਾਰਾਂ ਦੀ ਵਿਰੋਧਤਾ ਦੇ ਬਾਵਜੂਦ ਫ਼ਿਲਾਸਫ਼ੀ ਅਤੇ ਜਨਤਕ ਵਿਸ਼ਵਾਸ ਪੱਖੋਂ ਇਕ ਦੂਸਰੇ ਦੇ ਨੇੜੇ ਆਉਂਦੇ ਗਏ।ਇਹ ਦੋਵੇਂ ਅਪਣੇ ਮੂਲ ਮੱਤ ਦੀ ਸ਼ਰਤ ਤੇ ਕਿਸੇ ਹੱਦ ਤੱਕ ਵੀ ਸਮਝੌਤਾ ਕਰਨ ਨੂੰ ਤਿਆਰ ਸਨ। ਬ੍ਰਹਮਣਵਾਦ ਨੇ ਮਹਾਤਮਾਂ ਬੁੱਧ ਨੂੰ ਅਵਤਾਰ ਦਾ ਸਥਾਨ ਦੇ ਦਿੱਤਾ ਅਤੇ ਬੁੱਧ ਮੱਤ ਨੇ ਵੀ ਅਜਿਹਾ ਹੀ ਕੀਤਾ।ਬੁੱਧਮੱਤ ਨੇ ਵੈਦਿਕ ਮੱਤ ਨਾਲ ਮਿਲ ਕੇ ਅਪਣੀ ਸ਼ੁੱਧਤਾ ਖੋ ਦਿੱਤੀ।ਬੋਧੀ ਮੱਠ ਨਿੱਜੀ ਲਾਭਾਂ ਦਾ ਕੇਂਦਰ ਬਣ ਗਏ ਅਤੇ ਇਨ੍ਹਾਂ ਦੇ ਭਗਤ ਬੇਪ੍ਰਵਾਹ ਹੋ ਗਏ।ਜਨਤਕ ਪੂਜਾ ਵਿਚ ਵਹਿਮਾਂ ਭਰਮਾਂ ਦਾ ਅੰਸ਼ ਪ੍ਰਵੇਸ਼ ਕਰ ਗਿਆ।ਇਸ ਤਰ੍ਹਾਂ ਬੁੱਧ ਧਰਮ ਦੀ ਉਠਾਨ ਦੇ ਪਹਿਲੇ ਹਜ਼ਾਰ ਸਾਲ ਵਿਚ ਹੀ ਬੁੱਧ ਧਰਮ ਦਾ ਪੱਤਨ ਹੋ ਗਿਆ"।
ਉਪ੍ਰੋਕਤ ਦਰਸਾਏ ਮੁਲਕਾਂ ਤੋਂ ਇਲਾਵਾ ਸੰਸਾਰ ਦੇ ਦੂਸਰੇ ਮੁਲਕਾਂ ਦੀ ਇਖ਼ਲਾਕੀ ਹਾਲਤ ਵੀ ਬਹੁਤੀ ਚੰਗੀ ਨਹੀਂ ਸੀ।ਚੀਨ ਵਿਚ ਕਨਫ਼ਿਉਸ਼ਸ਼, ਤਾਓ ਅਤੇ ਬੁੱਧ ਧਰਮ ਨੂੰ ਮੰਨਣ ਵਾਲੇ ਲੋਕ ਆਬਾਦ ਸਨ ਪਰ ਇਨ੍ਹਾਂ ਧਰਮਾਂ ਦੀਆਂ ਸਿੱਖਿਆਵਾਂ ਗ਼ਾਇਬ ਸਨ।ਰੂਸ, ਬਰਮਾ, ਤੁਰਕਸਤਾਨ ਅਤੇ ਦੁਨੀਆ ਦੇ ਦੂਜੇ ਮੁਲਕਾਂ ਦਾ ਵੀ ਇਹੋ ਹਾਲ ਸੀ।

22. ਹਜ਼ਰਤ ਇਸਮਾਈਲ (ਅਲੈ.) ਦੀ ਔਲਾਦ

ਹਜ਼ਰਤ ਇਸਮਾਈਲ (ਅਲੈ.) ਦੀ ਦੂਜੀ ਪਤਨੀ, ਮਿਜ਼ਾਜ਼ ਦੀ ਧੀ ਦੀ ਕੁੱਖੋਂ ਬਾਰਾਂ ਪੁਤਰਾਂ ਦਾ ਜਨਮ ਹੋਇਆ ਜਿਨ੍ਹਾਂ ਤੋਂ ਅੱਗੇ ਚੱਲ ਕੇ ਬਾਰਾਂ ਕਬੀਲੇ ਹੋਂਦ ਵਿਚ ਆਏ।ਸ਼ੁਰੂ ਸ਼ੁਰੂ ਵਿਚ ਇਹ ਸਾਰੇ ਕਬੀਲੇ ਮੱਕਾ ਵਿਖੇ ਹੀ ਰਹਿੰਦੇ ਸਨ।ਇਨ੍ਹਾਂ ਕਬੀਲਿਆਂ ਦੇ ਬਹੁਤੇ ਲੋਕ ਵਪਾਰ ਦਾ ਕੰਮ ਕਰਦੇ ਸਨ ਜਿਹੜੇ ਅਪਣਾ ਮਾਲ ਵੇਚਣ ਲਈ ਮੱਕੇ ਤੋਂ ਯਮਨ, ਮਿਸਰ ਅਤੇ ਸ਼ਾਮ ਜਾਇਆ ਕਰਦੇ ਸਨ।ਸਮੇਂ ਦੇ ਨਾਲ ਨਾਲ ਇਨ੍ਹਾਂ ਕਬੀਲਿਆਂ ਦੀ ਆਬਾਦੀ ਵਧਦੀ ਗਈ ਅਤੇ ਇਹ ਲੋਕ ਅਰਬ ਦੇ ਵੱਖ ਵੱਖ ਇਲਾਕਿਆਂ ਵਿਚ ਫੈਲਣ ਦੇ ਨਾਲ ਨਾਲ ਨੇੜਲੇ ਮੁਲਕਾਂ ਵਿਚ ਵੀ ਜਾ ਕੇ ਆਬਾਦ ਹੋ ਗਏ।
ਸਮੇਂ ਦੇ ਬੀਤਣ ਨਾਲ ਇਨ੍ਹਾਂ ਕਬੀਲਿਆਂ ਦੀ ਆਪਸੀ ਸਾਂਝ ਟੁਟਦੀ ਗਈ।ਇਕ ਵੇਲਾ ਅਜਿਹਾ ਵੀ ਆਇਆ ਕਿ 'ਨਾਬਿਤ' ਅਤੇ 'ਕੈਦਾਰ' ਨਾਂ ਦੇ ਦੋ ਕਬੀਲਿਆਂ ਨੂੰ ਛੱਡ ਕੇ ਬਾਕੀਆਂ ਦੀ ਹੋਂਦ ਸਮੇਂ ਦੀ ਧੂੜ ਵਿਚ ਗ਼ਾਇਬ ਹੋ ਗਈ।
ਨਾਬਿਤ ਦੀ ਔਲਾਦ ਨੂੰ ਨਿਬਤੀ ਕਿਹਾ ਜਾਣ ਲੱਗਿਆ।ਨਿਬਤੀਆਂ ਦੀ ਨਸਲ ਉਤਰੀ ਅਰਬ ਦੇ ਇਲਾਕਿਆਂ ਵਿਚ ਵਧੀ ਫੁੱਲੀ।ਉਨ੍ਹਾਂ ਨੇ ਇਕ ਤਾਕਤਵਰ ਹਕੂਮਤ ਕਾਇਮ ਕਰਕੇ ਉਤਰੀ ਅਰਬ ਦੇ ਨੇੜਲੇ ਇਲਾਕਿਆਂ ਦੇ ਕਬੀਲਿਆਂ ਨੂੰ ਈਨ ਮੰਨਣ ਲਈ ਮਜਬੂਰ ਕਰ ਦਿੱਤਾ।ਇਨ੍ਹਾਂ ਦੀ ਰਾਜਧਾਨੀ ਬਤਰਾਅਨ ਨਾਂ ਦੇ ਸ਼ਹਿਰ ਵਿਚ ਸੀ।ਜਦੋਂ ਰੋਮੀ ਤਾਕਤ ਵਿਚ ਆਏ ਤਾਂ ਉਨ੍ਹਾਂ ਨੇ ਨਿਬਤੀਆਂ ਦੇ ਰਾਜ-ਭਾਗ ਉੱਤੇ ਕਬਜ਼ਾ ਕਰਕੇ ਉਨ੍ਹਾਂ ਨੂੰ ਹਕੂਮਤ ਤੋਂ ਵਿਹਲਾ ਕਰ ਦਿੱਤਾ।ਸਿਟੇ ਵਜੋਂ ਇਹ ਲੋਕ ਗੁਮਨਾਮੀ ਦੀ ਜ਼ਿੰਦਗੀ ਬਤੀਤ ਕਰਨ ਲੱਗੇ।
ਹਜ਼ਰਤ ਇਸਮਾਈਲ (ਅਲੈ.) ਦੇ ਦੂਜੇ ਪੁੱਤਰ ਕੈਦਾਰ ਦੀ ਨਸਲ ਮੱਕਾ ਵਿਖੇ ਹੀ ਫੈਲਦੀ ਰਹੀ।ਅੱਗੇ ਚੱਲ ਕੇ ਇਸ ਦੀ ਨਸ ਵਿੱਚੋਂ ਹੀ ਅਦਨਾਨ ਅਤੇ ਉਸ ਦਾ ਪੁੱਤਰ ਮਾਅਦ ਦੋ ਤਾਕਤਵਰ ਸਰਦਾਰ ਪੈਦਾ ਹੋਏ।ਜਦੋਂ ਅਦਨਾਨ ਦੀ ਨਸਲ ਬਹੁਤ ਵਧ ਗਈ ਤਾਂ ਉਹ ਅਪਣੀ ਰੋਟੀ ਰੋਜ਼ੀ ਅਤੇ ਪਸ਼ੂਆਂ ਲਈ ਚਾਰਾ ਪਾਣੀ ਦੀ ਤਲਾਸ਼ ਵਿਚ ਅਰਬ ਦੇ ਦੂਜੇ ਇਲਾਕਿਆਂ ਵਿਚ ਫੈਲ ਗਈ।ਅੱਗੇ ਚੱਲ ਕੇ ਇਸ ਨਸਲ ਦੀਆਂ ਸ਼ਾਖ਼ਾਂ ਕਬੀਲਾ ਅਬਦੁਲ ਕੈਸ ਅਤੇ ਕਬੀਲਾ ਬਕਰ ਬਿਨ ਵਾਇਲ ਅਤੇ ਬਨੂ ਤਮੀਮ ਦੀਆਂ ਨਸਲਾਂ ਨੇ ਬਹਿਰੀਨ ਵਿਚ ਜਾ ਕੇ ਅਪਣੀਆਂ ਬਸਤੀਆਂ ਆਬਾਦ ਕਰ ਲਈਆਂ।ਬਨੂ ਹਨਫ਼ੀਆ ਬਿਨ ਸੁਐਬ ਦੀ ਇਕ ਸ਼ਾਖ਼ ਨੇ ਯਮਾਮਾ ਵਿਚ ਜਾ ਕੇ ਰਿਹਾਇਸ਼ ਕਰ ਲਈ ਅਤੇ ਇਸੇ ਨਸਲ ਦੀਆਂ ਹੋਰ ਸ਼ਾਖ਼ਾਵਾਂ ਨੇ ਯਮਾਮਾ ਤੋਂ ਬਹਿਰੀਨ ਤੱਕ ਸਮੁੰਦਰ ਦੇ ਕੰਢੇ ਕਾਜ਼ਮਾ, ਖ਼ਲਿੱਜ, ਸਵਾਦ, ਇਰਾਕ, ਉਬੱਲਾ ਅਤੇ ਹੈਈਅਤ ਦੇ ਇਲਾਕਿਆਂ ਵਿਚ ਅਪਣਾ ਵਸੇਬਾ ਕਰ ਲਿਆ।
ਹਜ਼ਰਤ ਮੁਹੰਮਦ (ਸ.) ਅਦਨਾਨ ਦੀ ਨਸਲ ਵਿੱਚੋਂ ਹੀ ਵੀਹਵੀਂ ਪੁਸ਼ਤ ਤੇ ਜਾ ਕੇ ਪੈਦਾ ਹੋਏ।ਉਹ ਅਪਣੇ ਵਡੇਰਿਆਂ ਦੀਆਂ ਪੀੜ੍ਹੀਆਂ ਅਦਨਾਨ ਤੱਕ ਹੀ ਗਿਣਾਇਆ ਕਰਦੇ ਸਨ।ਕੁਝ ਲੇਖਕਾਂ ਦਾ ਕਹਿਣਾ ਹੈ ਕਿ ਅਦਨਾਨ ਅਤੇ ਇਬਰਾਹੀਮ (ਅਲੈ.) ਦੇ ਦਰਮਿਆਨ ਚਾਲੀ ਪੁਸ਼ਤਾਂ ਹੋਈਆਂ ਹਨ।ਨਾਬਿਤ ਤੋਂ ਚੱਲ ਕੇ ਹਜ਼ਰਤ ਮੁਹੰਮਦ (ਸ.) ਤੱਕ ਛੱਬੀ ਪੁਸ਼ਤਾਂ ਹੋਈਆਂ ਹਨ।ਕਿਉਂ ਜੋ ਹਜ਼ਰਤ ਮੁਹੰਮਦ (ਸ.) ਅਦਨਾਨ ਤੱਕ ਹੀ ਅਪਣੀਆਂ ਵੀਹ ਪੀੜ੍ਹੀਆਂ ਗਿਣਿਆ ਕਰਦੇ ਸਨ ਇਸ ਲਈ ਇੱਥੇ ਵੀਹ ਪੀੜ੍ਹੀਆਂ ਤੱਕ ਹੀ ਉਨ੍ਹਾਂ ਦੇ ਵੰਸ਼ ਦਾ ਪਿਛੋਕੜ ਵਿਸਥਾਰ ਨਾਲ ਬਿਆਨ ਕੀਤਾ ਜਾਂਦਾ ਹੈ।
ਹਜ਼ਰਤ ਮੁਹੰਮਦ (ਸ.) ਹਾਸ਼ਿਮ ਦੇ ਵੰਸ਼ ਵਿਚ ਪੈਦਾ ਹੋਏ।ਉਹ ਆਖਿਆ ਕਰਦੇ ਸਨ ਕਿ ਰੱਬ ਨੇ ਹਜ਼ਰਤ ਇਬਰਾਹੀਮ (ਅਲੈ.) ਦੀ ਔਲਾਦ ਵਿੱਚੋਂ ਹਜ਼ਰਤ ਇਸਮਾਈਲ (ਅਲੈ.) ਨੂੰ ਸਰਦਾਰੀ ਲਈ ਚੁਣਿਆ ਅਤੇ ਫਿਰ ਇਸਮਾਈਲ (ਅਲੈ.) ਦੀ ਔਲਾਦ ਵਿੱਚੋਂ ਕੈਨਾਨਾ ਨੂੰ ਚੁਣਿਆ।ਕੈਨਾਨਾ ਦੀ ਨਸਲ ਵਿੱਚੋਂ ਕੁਰੈਸ਼ ਨੂੰ ਚੁਣਿਆ ਅਤੇ ਕੁਰੈਸ਼ ਦੀ ਨਸਲ ਵਿੱਚੋਂ ਬਨੂ ਹਾਸ਼ਿਮ ਨੂੰ ਸਰਦਾਰੀ ਲਈ ਚੁਣਿਆ।ਇਸੇ ਬਨੂ ਹਾਸ਼ਿਮ ਵਿੱਚੋਂ ਮੈਨੂੰ ਚੁਣਿਆ ਗਿਆ।ਪਰਸਿੱਧ ਸਹਾਬੀ ਹਜ਼ਰਤ ਅੱਬਾਸ (ਰਜ਼ੀ.) ਦੱਸਦੇ ਨੇ ਕਿ ਹਜ਼ਰਤ ਮੁਹੰਮਦ (ਸ.) ਆਖਿਆ ਕਰਦੇ ਸਨ ਕਿ ਰੱਬ ਨੇ ਮੈਨੂੰ ਦੁਨੀਆ ਦੇ ਸਭ ਤੋਂ ਚੰਗੇ ਗਰੋਹ ਵਿਚ ਪੈਦਾ ਕੀਤਾ।ਜਦੋਂ ਕਬੀਲਿਆਂ ਨੂੰ ਚੁਣਿਆ ਤਾਂ ਮੈਨੂੰ ਸਭ ਤੋਂ ਚੰਗੇ ਕਬੀਲੇ ਵਿਚ ਰੱਖਿਆ ਅਤੇ ਜਦੋਂ ਘਰਾਣਿਆਂ ਨੂੰ ਚੁਣਿਆ ਤਾਂ ਮੈਨੂੰ ਸਭ ਤੋਂ ਚੰਗੇ ਘਰਾਣੇ ਵਿਚ ਪੈਦਾ ਕੀਤਾ ਭਾਵ ਮੈਨੂੰ ਜ਼ਾਤ ਦੇ ਲਿਹਾਜ਼ ਨਾਲ ਵੀ ਅਤੇ ਘਰਾਣੇ ਦੇ ਲਿਹਾਜ਼ ਨਾਲ ਵੀ ਸਭ ਤੋਂ ਉੱਤਮ ਰੱਖਿਆ।

23. ਹਜ਼ਰਤ ਮੁਹੰਮਦ (ਸ.) ਦਾ ਵੰਸ਼

ਇਸਲਾਮ ਨਾਲ ਸਬੰਧਿਤ ਇਤਿਹਾਸਕਾਰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਦਾ ਸ਼ਜਰਾ ਹਜ਼ਰਤ ਮਾਅਦ ਬਿਨ ਅਦਨਾਨ ਤੱਕ ਸਹੀ ਮੰਨਦੇ ਹਨ।ਭਾਵੇਂ ਕਈ ਕਿਤਾਬਾਂ ਵਿਚ ਉਨ੍ਹਾਂ ਦਾ ਸ਼ਜਰਾ ਨਾਬਿਤ ਤੱਕ ਲਿਖਿਆ ਮਿਲਦਾ ਹੈ ਜਿਸ ਨਾਲ ਉਨ੍ਹਾਂ ਦੀਆਂ ਛੱਬੀ ਪੀੜ੍ਹੀਆਂ ਬਣ ਜਾਂਦੀਆਂ ਹਨ।ਪਰ ਮਾਅਦ ਬਿਨ ਅਦਨਾਨ ਤੋਂ ਪਹਿਲਾਂ ਹੋਣ ਵਾਲੇ ਵਿਅਕਤੀਆਂ ਦੇ ਨਾਂ ਸਹੀ ਨਾ ਹੋਣ ਕਰਕੇ ਇਸ ਨੂੰ ਪ੍ਰਮਾਣਤਾ ਪ੍ਰਾਪਤ ਨਹੀਂ।ਇਬਨੇ ਅੱਬਾਸ ਲਿਖਦੇ ਹਨ ਕਿ, "ਹਜ਼ਰਤ ਮੁਹੰਮਦ (ਸ.) ਜਦੋਂ ਅਪਣਾ ਸ਼ਜਰਾ ਬਿਆਨ ਕਰਿਆ ਕਰਦੇ ਸਨ ਤਾਂ ਉਹ ਮਾਅਦ ਬਿਨ ਅਦਨਾਨ ਤੋਂ ਅੱਗੇ ਨਹੀਂ ਜਾਇਆ ਕਰਦੇ ਸਨ।ਉਹ ਆਖਿਆ ਕਰਦੇ ਸਨ ਕਿ ਸ਼ਜਰਾ ਬਿਆਨ ਕਰਨ ਵਾਲਿਆਂ ਨੇ ਮਾਅਦ ਬਿਨ ਅਦਨਾਨ ਤੋਂ ਅੱਗੇ ਜੋ ਕੁਝ ਬਿਆਨ ਕੀਤਾ ਹੈ ਉਹ ਗ਼ਲਤ ਹੈ"।
ਇਕ ਹੋਰ ਥਾਂ ਉੱਤੇ ਹਜ਼ਰਤ ਮੁਹੰਮਦ (ਸ.) ਆਖਦੇ ਹਨ ਕਿ ਮੇਰੇ ਵੰਸ਼ ਦਾ ਸ਼ਜਰਾ ਜਿਹੜਾ ਸਹੀ ਬਿਆਨ ਕੀਤਾ ਜਾਂਦਾ ਹੈ ਉਹ ਅਦਨਾਨ ਤੱਕ ਹੈ ਅਤੇ ਇਸ ਤੋਂ ਪਹਿਲਾਂ ਹੋਣ ਵਾਲਿਆਂ ਨੂੰ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉਹ ਸਹੀ ਹਨ।ਇਸ ਲਈ ਇਥੇ ਅਦਨਾਨ ਤੋਂ ਬਾਅਦ ਹੋਣ ਵਾਲੇ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਦੇ ਲੋਕਾਂ ਬਾਰੇ ਹੀ ਜਾਣਕਾਰੀ ਦਿੱਤੀ ਜਾਵੇਗੀ।
ਹਜ਼ਰਤ ਮੁਹੰਮਦ (ਸ.) ਦੇ ਵਡੇਰਿਆਂ ਵਿਚ ਅਦਨਾਨ ਦਾ ਇੱਕੀਵਾਂ ਨੰਬਰ ਆਉਂਦਾ ਹੈ।ਹਜ਼ਰਤ ਇਬਰਾਹੀਮ (ਅਲੈ) ਦੇ ਪੁੱਤਰ ਹਜ਼ਰਤ ਇਸਮਾਇਲ (ਅਲੈ.) ਦੀ ਔਲਾਦ ਵਿੱਚੋਂ ਹੋਣ ਕਰਕੇ ਆਪ ਦੇ ਕਬੀਲੇ ਨੂੰ ਇੱਜ਼ਤ ਨਾਲ ਵੇਖਿਆ ਜਾਂਦਾ ਸੀ।ਮੌਲਵੀ ਮੁਫ਼ਤੀ ਮੁਜ਼ੱਫ਼ਰ ਅਹਿਮਦ, ਮੁਹੰਮਦ (ਸ.) ਅਰਬੀ ਨੰਬਰ ਵਿਚ ਲਿਖਦੇ ਨੇ, "ਉਨ੍ਹਾਂ ਦੇ ਕਬੀਲੇ ਦੀ ਵਡਿਆਈ ਦਾ ਪਤਾ ਇਸ ਗੱਲ ਤੋਂ ਵੀ ਲਗਦਾ ਹੈ ਕਿ ਜਦੋਂ ਇਸਾਈਆਂ ਨੇ ਅਰਬ ਉੱਤੇ ਹਮਲਾ ਕੀਤਾ ਤਾਂ ਹਜ਼ਰਤ ਅਰਮੀਆ ਨੇ ਇਸਾਈਆਂ ਨੂੰ ਆਖ ਦਿੱਤਾ ਸੀ ਕਿ ਰੱਬ ਵੱਲੋਂ ਦੂਜੇ ਕਬੀਲਿਆਂ ਉੱਤੇ ਹਮਲਾ ਕਰਨ ਦੀ ਆਗਿਆ ਹੈ ਪਰ ਹਜ਼ਰਤ ਅਦਨਾਨ ਉੱਤੇ ਨਹੀਂ।ਇਸਾਈਆਂ ਨੇ ਉਨ੍ਹਾਂ ਦੇ ਹੁਕਮ ਦੀ ਪਾਲਨਾ ਕੀਤਾ"।
ਹਜ਼ਰਤ ਅਦਨਾਨ ਬਚਪਨ ਤੋਂ ਹੀ ਦੁਸ਼ਮਨਾਂ ਨੂੰ ਚੁਭਦੇ ਸਨ ਕਿਉਂ ਜੋ 'ਤੌਰੈਤ' ਅਤੇ 'ਇੰਜੀਲ' ਵਿੱਚੋਂ ਮਿਲਦੇ ਸੰਕੇਤਾਂ ਅਨੁਸਾਰ ਇਸਾਈ ਅਤੇ ਯਹੂਦੀ ਜੋਤਸ਼ੀਆਂ ਅਤੇ ਕਾਹਨਾਂ ਨੂੰ ਉਨ੍ਹਾਂ ਦੇ ਵੰਸ਼ ਵਿਚ ਆਖ਼ਰੀ ਨਬੀ ਪੈਦਾ ਹੋਣ ਦੀ ਭਵਿੱਖਬਾਣੀ ਮਿਲਦੀ ਸੀ।ਉਨ੍ਹਾਂ ਦੀ ਪਤਨੀ ਮਹਿਦਾ ਪੁਤਰੀ ਅੱਲਹਮ ਹਜ਼ਰਤ ਇਬਰਾਹੀਮ (ਅਲੈ.) ਦੀ ਨਸਲ ਵਿੱਚੋਂ ਸੀ।ਹਜ਼ਰਤ ਅਦਨਾਨ ਦੇ ਪਰਿਵਾਰ ਦੇ ਜੀਆਂ ਦੀ ਗਿਣਤੀ ਤੀਹ ਆਖੀ ਜਾਂਦੀ ਹੈ।ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਦਾ ਨਾਂ ਮਾਅਦ ਸੀ।
੧ ਮਾਅਦ ਬਿਨ ਅਦਨਾਨ ੧੧ ਗ਼ਾਲਿਬ ਬਿਨ ਫ਼ਹਿਰ
੨ ਨਜ਼ਾਰ ਬਿਨ ਮਾਅਦ ੧੨ ਲੂਈ ਬਿਨ ਗ਼ਾਲਿਬ
੩ ਮੁਜ਼ਰ ਬਿਨ ਨਜ਼ਾਰ ੧੩ ਕਾਅਬ ਬਿਨ ਲੂਈ
੪ ਇਲਿਆਸ ਬਿਨ ਮੁਜ਼ਰ ੧੪ ਮੱਰਾ ਬਿਨ ਕਾਅਬ
੫ ਮੁਦਰਕਾ ਬਿਨ ਇਲਿਆਸ ੧੫ ਕਲਾਬ ਬਿਨ ਮੱਰਾ
੬ ਖ਼ਜ਼ੀਮਾ ਬਿਨ ਮੁਦਰਕਾ ੧੬ ਕੁਸੀ/ਕੁਸਾ ਬਿਨ ਕਲਾਬ
੭ ਕਨਾਨਾ ਬਿਨ ਖ਼ਜ਼ੀਮਾ ੧੭ ਅਬਦ ਮਨਾਫ਼ ਬਿਨ ਕੁਸੀ
੮ ਨਜ਼ਰ ਬਿਨ ਕਨਾਨਾ ੧੮ ਹਾਸ਼ਿਮ ਬਿਨ ਅਬਦ ਮੁਨਾਫ਼
੯ ਮਾਲਿਕ ਬਿਨ ਨਜ਼ਰ ੧੯ ਅਬਦੁਲ ਮੁਤਲਿਬ ਬਿਨ ਹਾਸ਼ਮ
੧੦ ਫ਼ਹਿਰ ਬਿਨ ਮਾਲਿਕ ੨੦ ਅਬਦੁੱਲਾ ਬਿਨ ਅਬਦੁਲ ਮੁਤਲਿਬ

੧ ਹਜ਼ਰਤ ਮਾਅਦ ਬਿਨ ਅਦਨਾਨ

ਮਾਅਦ ਦੇ ਅਰਥ ਹਨ ਤਰੋ-ਤਾਜ਼ਾ, ਖ਼ੁਸ਼ ਰਹਿਣ ਵਾਲਾ, ਨੂਰੋ-ਨੂਰ, ਜਾਂ ਜਿਸ ਦੇ ਮੁਖੜੇ ਉੱਤੇ ਸਦਾ ਨੂਰ ਚਮਕਦਾ ਦਿਖਾਈ ਦੇਵੇ।ਹਜ਼ਰਤ ਮਾਅਦ, ਹਜ਼ਰਤ ਅਦਨਾਨ ਦੇ ਸਭ ਤੋਂ ਵੱਡੇ ਪੁੱਤਰ ਸਨ।ਕਿਉਂ ਜੋ ਹਜ਼ਰਤ ਮੁਹੰਮਦ (ਸ.) ਦਾ ਜਨਮ ਅੱਗੇ ਚੱਲ ਕੇ ਉਨ੍ਹਾਂ ਦੀ ਨਸਲ ਵਿਚ ਹੋਣਾ ਸੀ ਇਸ ਲਈ ਕੁਦਰਤੀ ਤੌਰ ਤੇ ਇਨ੍ਹਾਂ ਦਾ ਚਿਹਰਾ ਹਰ ਸਮੇਂ ਤਾਜ਼ੇ ਫੁੱਲਾਂ ਵਾਂਗ ਖਿੜਿਆ ਰਹਿੰਦਾ ਸੀ ਜਿਸ ਕਰਕੇ ਲੋਕ ਉਨ੍ਹਾਂ ਨੂੰ ਮਾਅਦ ਦੇ ਨਾਂ ਨਾਲ ਬੁਲਾਉਣ ਲੱਗੇ।
ਜਿਸ ਸਮੇਂ ਇਸਾਈਆਂ ਨੇ ਅਰਬ ਉੱਤੇ ਦੂਸਰੀ ਵਾਰੀ ਹਮਲਾ ਕੀਤਾ ਤਾਂ ਬਨੀ ਅਦਨਾਨ ਕਬੀਲੇ ਦੇ ਲੋਕ ਯਮਨ ਵੱਲ ਚਲੇ ਗਏ ਪਰ ਹਜ਼ਰਤ ਮਾਅਦ ਨੂੰ ਹਜ਼ਰਤ ਅਰਮੀਆ (ਅਲੈ.) ਅਪਣੇ ਨਾਲ ਲੈ ਕੇ ਸ਼ਾਮ ਵੱਲ ਚਲੇ ਗਏ।ਇਮਾਮ ਅਬੂ ਜ਼ਫ਼ਰ ਤਬਰੀ ਲਿਖਦੇ ਹਨ, "ਜਦੋਂ ਇਹ ਸ਼ਾਮ ਤੋਂ ਅਰਬ ਵੱਲ ਵਾਪਸ ਆਏ ਤਾਂ ਉਨ੍ਹਾਂ ਨੇ ਬਨੀ ਜੁਰਹਮ ਦੀ ਬਹੁਤ ਭਾਲ ਕੀਤੀ।ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਜੁਰਹਮ ਕਬੀਲੇ ਦਾ ਪਤਾ ਮਿਲਿਆ।ਉਨ੍ਹਾਂ ਨੇ ਜੁਰਹਮ ਕਬੀਲੇ ਵਿਚ ਅਗ਼ਲਬ ਮੁਆਨਤਾ ਪੁਤਰੀ ਹਾਸ਼ਮ ਨਾਲ ਸ਼ਾਦੀ ਕਰ ਲਈ।ਉਨ੍ਹਾਂ ਦੀ ਔਲਾਦ ਵਿਚ ਉੱਨੀ ਜੀਅ ਸਨ ਜਿਨ੍ਹਾਂ ਵਿੱਚੋਂ ਨਜ਼ਾਰ ਬਿਨ ਮਾਅਦ ਨੂੰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ।

੨ ਹਜ਼ਰਤ ਨਜ਼ਾਰ ਬਿਨ ਮਾਅਦ

ਨਜ਼ਾਰ ਦੇ ਅਰਥ ਘੱਟ, ਥੋੜਾ, ਬਹੁਤ ਕਮ ਤੋਂ ਲਏ ਜਾਂਦੇ ਹਨ।ਇਨ੍ਹਾਂ ਬਾਰੇ ਇਸਲਾਮੀ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਜਦੋਂ ਇਹ ਪੈਦਾ ਹੋਏ ਤਾਂ ਇਨ੍ਹਾਂ ਦੇ ਪਿਤਾ ਨੂੰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨਾਲ ਸਬੰਧਤ ਨਿਸ਼ਾਨੀਆਂ ਇਸ ਬੱਚੇ ਵਿਚ ਦਿਖਾਈ ਦਿੱਤੀਆਂ।ਉਨ੍ਹਾਂ ਨੇ ਅਪਣੇ ਕਬੀਲੇ ਨੂੰ ਭਰਵੀਂ ਦਾਅਵਤ ਦਿੰਦਿਆਂ ਆਖਿਆ ਕਿ ਮੈਂ ਇਸ ਬੱਚੇ ਦੇ ਪੈਦਾ ਹੋਣ ਦੀ ਖ਼ੁਸ਼ੀ ਵਿਚ ਇਹ ਦਾਅਵਤ ਦੇ ਰਿਹਾ ਹਾਂ।
ਉਨ੍ਹਾਂ ਨੇ ਦੋ ਵਿਆਹ ਕੀਤੇ ਜਿਨ੍ਹਾਂ ਵਿਚ ਪਹਿਲੀ ਪਤਨੀ ਦਾ ਨਾਂ ਸੌਦਾ ਪੁਤਰੀ ਅੱਕ ਸੀ।ਸੌਦਾ ਬਿਨ ਅੱਕ ਦੀ ਕੁੱਖੋਂ ਮਜ਼ਰ ਅਤੇ ਅੱਯਾਦ ਪੈਦਾ ਹੋਏ।ਇਨ੍ਹਾਂ ਦੀ ਦੂਜੀ ਪਤਨੀ ਖ਼ਜ਼ਾਲਾ ਪੁਤਰੀ ਦਹਿਲਾਨ ਜੁਰਹਮੀ ਸੀ ਜਿਸ ਦੀ ਕੁੱਖੋਂ ਰਬੀਆ ਅਤੇ ਅਨਮਾਰ ਪੈਦਾ ਹੋਏ।ਉਨ੍ਹਾਂ ਦੀ ਔਲਾਦ ਵਿਚ ਹਜ਼ਰਤ ਮਜ਼ਰ ਬਿਨ ਨਜ਼ਾਰ ਸਭ ਤੋ ਵੱਡੇ ਸਨ ਅਤੇ ਚੰਗੀਆਂ ਖ਼ੂਬੀਆਂ ਦੇ ਮਾਲਕ ਸਨ ਇਸ ਲਈ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਉਨ੍ਹਾਂ ਦੇ ਹਿੱਸੇ ਵਿਚ ਆਇਆ।

੩ ਹਜ਼ਰਤ ਮਜ਼ਰ ਬਿਨ ਨਜ਼ਾਰ

ਹਜ਼ਰਤ ਮਜ਼ਰ ਇਬਰਾਹੀਮੀ ਧਰਮ ਦੇ ਪੈਰੋਕਾਰ ਸਨ।ਇਨ੍ਹਾਂ ਦਾ ਰੰਗ ਗੋਰਾ ਸੀ ਅਤੇ ਇਹ ਬਹੁਤ ਹੀ ਮਿਲਾਪੜੇ ਸ਼ੁਭਾਅ ਦੇ ਇਨਸਾਨ ਸਨ।ਇਨ੍ਹਾਂ ਦੀਆਂ ਖ਼ੂਬੀਆਂ ਨੂੰ ਦੇਖਦਿਆਂ ਇਨ੍ਹਾਂ ਦੇ ਪਿਤਾ ਨੇ ਇਨ੍ਹਾਂ ਨੂੰ ਸੁਰਖ਼ ਦੀਨਾਰ, ਸੁਰਖ਼ ਊਂਠ ਸੁਰਖ਼ ਚੇਰਫ਼ਨ ਤੋਹਫ਼ੇ ਵਿਚ ਦਿੱਤੇ ਹੋਏ ਸਨ ਜਿਸ ਕਰਕੇ ਇਨ੍ਹਾਂ ਨੂੰ 'ਮਜ਼ਮਰੁਲ ਹਮਰਾ' ਕਿਹਾ ਜਾਂਦਾ ਸੀ।ਹਜ਼ਰਤ ਮੁਹੰਮਦ (ਸ.) ਕਿਹਾ ਕਰਦੇ ਸਨ ਕਿ ਮਜ਼ਰ ਨੂੰ ਬੁਰਾ ਨਾ ਕਹੋ ਉਹ ਮੁਸਲਮਾਨ ਸਨ।
ਹਜ਼ਰਤ ਮਜ਼ਰ ਇਬਰਾਹੀਮੀ ਧਰਮ ਦੇ ਪੱਕੇ ਪੈਰੋਕਾਰ ਸਨ।ਉਹ ਲੋਕਾਂ ਨੂੰ ਇਸ ਧਰਮ ਦਾ ਦਰਸ ਦਿਆ ਕਰਦੇ ਸਨ।ਇਨ੍ਹਾਂ ਦੀ ਪਤਨੀ ਦਾ ਨਾਂ ਰਬਾਬ ਪੁੱਤਰੀ ਹੈਦਾ ਬਿਨ ਅਦਨਾਨ ਸੀ।ਇਨ੍ਹਾਂ ਦੇ ਦੋ ਪੁੱਤਰ ਈਲਾਨ ਅਤੇ ਇਲਿਆਸ ਬਹੁਤ ਮਸ਼ਹੂਰ ਹੋਏ ਪਰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਇਲਿਆਸ ਦੇ ਹਿੱਸੇ ਵਿਚ ਆਇਆ।

੪ ਹਜ਼ਰਤ ਇਲਿਆਸ ਬਿਨ ਮਜ਼ਰ

ਅਰਬ ਵਿਚ ਹਜ਼ਰਤ ਇਲਿਆਸ ਨੂੰ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ ਅਤੇ ਇਨ੍ਹਾਂ ਨੂੰ 'ਸੱਯਦ-ਉਲ-ਅਰਬ ਕਹਿ ਕੇ ਬੁਲਾਇਆ ਜਾਂਦਾ ਸੀ। ਉਹ ਅਪਣੇ ਕਬੀਲੇ ਦੇ ਸਭ ਤੋਂ ਵੱਧ ਖ਼ੂਬਸੂਰਤ, ਹਸੀਨ ਅਤੇ ਸਖ਼ੀ ਆਦਮੀ ਸਨ। ਇਸ ਲਈ ਉਨ੍ਹਾਂ ਨੂੰ ਅਪਣੇ ਕਬੀਲੇ ਦਾ ਬਜ਼ੁਰਗ ਸਮਝਿਆ ਜਾਂਦਾ ਸੀ।ਇਸਲਾਮੀ ਇਤਿਹਾਸਕਾਰ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਕੁਰਬਾਨੀ ਦੇ ਊਂਠ ਉਨ੍ਹਾਂ ਨੇ ਹੀ ਬੈਤੁੱਲ੍ਹਾ ਸ਼ਰੀਫ਼ ਭੇਜੇ ਸਨ।ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਉਹ ਹੱਜ ਲਈ ਜਾਂਦੇ ਸਨ ਤਾਂ ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਦਾ 'ਅੱਲਾਹੁਮ ਲੱਬੈਕ' ਕਹਿਣਾ ਸੁਣਾਈ ਦਿੰਦਾ ਸੀ।
ਉਹ ਅਪਣੇ ਬਜ਼ੁਰਗਾਂ ਦੀ ਤਰ੍ਹਾਂ ਇਬਰਾਹੀਮੀ ਧਰਮ ਉੱਤੇ ਕਾਇਮ ਸਨ ਅਤੇ ਦੂਸਰਿਆਂ ਨੂੰ ਇੱਕ ਰੱਬ ਦੀ ਇਬਾਦਤ ਕਰਨ ਲਈ ਆਖਿਆ ਕਰਦੇ ਸਨ।ਉਨ੍ਹਾਂ ਬਾਰੇ ਹਜ਼ਰਤ ਮੁਹੰਮਦ (ਸ.) ਆਖਿਆ ਕਰਦੇ ਸਨ ਕਿ ਇਲਿਆਸ ਇਕ ਪੱਕਾ ਸੱਚਾ ਮੋਮਨ ਸੀ।
ਉਨ੍ਹਾਂ ਦੀ ਪਤਨੀ ਦਾ ਨਾਂ ਮੁਕਰਮਾ ਲੈਲਾ ਖ਼ੰਦਫ਼ ਪੁਤਰੀ ਹਲਵਾਨ ਸੀ।ਉਨ੍ਹਾਂ ਦੇ ਪੰਜ ਪੁੱਤਰ ਸਨ ਪਰ ਮੁਦਰਕਾ ਬਿਨ ਇਲਿਆਸ ਨੂੰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ।ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਉਨ੍ਹਾਂ ਦੀ ਵਫ਼ਾਤ ਹੋਈ ਤਾਂ ਬੀਬੀ ਮੁਦਰਕਾ ਲੈਲਾ ਨੂੰ ਐਨਾ ਸਦਮਾ ਪਹੁੰਚਿਆ ਕਿ ਉਹ ਗਰਮੀ ਹੋਵੇ ਭਾਵੇਂ ਸਰਦੀ, ਜਿੰਨਾ ਚਿਰ ਜਿਊਂਦੀ ਰਹੀ ਉਸ ਥਾਂ ਤੋਂ ਨਹੀਂ ਉੱਠੀ ਜਿੱਥੇ ਉਸ ਦੇ ਪਤੀ ਦੀ ਵਫ਼ਾਤ ਹੋਈ ਸੀ।

੫ ਹਜ਼ਰਤ ਮੁਦਰਕਾ ਬਿਨ ਇਲਿਆਸ

ਇਨ੍ਹਾਂ ਦਾ ਅਸਲ ਨਾਂ ਉਮਰੂ ਸੀ ਪਰ ਮਦਰਕਾ ਦੇ ਨਾਂ ਨਾਲ ਮਸ਼ਹੂਰ ਹੋਏ ਜਿਸ ਦੇ ਅਰਥ ਲੱਭਿਆ ਹੋਇਆ ਦੇ ਲਏ ਜਾਂਦੇ ਹਨ।ਕਿਹਾ ਜਾਂਦਾ ਹੈ ਕਿ ਇਕ ਬਾਰ ਹਜ਼ਰਤ ਇਲਿਆਸ ਹਜ਼ਰਤ ਮੁਦਰਕਾ ਨੂੰ ਨਾਲ ਲੈ ਕੇ ਅਪਣੇ ਊਠਾਂ ਨੂੰ ਚਰਾਣ ਲਈ ਲੈ ਕੇ ਜਾ ਰਹੇ ਸਨ ਕਿ ਇਨ੍ਹਾਂ ਨੂੰ ਖ਼ਰਗੋਸ਼ ਨਜ਼ਰ ਆ ਗਿਆ ਜਿਸ ਨੂੰ ਦੇਖ ਕੇ ਮੁਦਰਕਾ ਡਰ ਦੇ ਮਾਰੇ ਭੱਜ ਗਏ।ਉਨ੍ਹਾਂ ਦੇ ਪਿਤਾ ਨੂੰ ਉਨ੍ਹਾਂ ਦੀ ਭਾਲ ਵਿਚ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ।ਜਦੋਂ ਉਹ ਮਿਲ ਗਏ ਤਾਂ ਉਨ੍ਹਾਂ ਨੂੰ ਮੁਦਰਕਾ ਕਿਹਾ ਜਾਣ ਲੱਗਿਆ।
ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਝਾੜੀਆਂ ਵਿਚ ਲੁਕੇ ਖ਼ਰਗੋਸ਼ ਨੂੰ ਉਸ ਦਾ ਪਿੱਛਾ ਕਰਕੇ ਫੜ ਲਿਆ।ਸਿਟੇ ਵਜੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦਿਆਂ ਮੁਦਰਕਾ ਕਹਿਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੀ ਪਤਨੀ ਦਾ ਨਾਂ ਸਮਾ ਪੁਤਰੀ ਅਸਲਮ ਸੀ।ਉਨ੍ਹਾਂ ਦੇ ਪੰਜ ਪੁੱਤਰ ਬਹੁਤ ਮਸ਼ਹੂਰ ਹੋਏ ਪਰ ਹਜ਼ਰਤ ਮੁਹੰਮਦ ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਹਜ਼ਰਤ ਖ਼ਜ਼ੀਮਾ ਨੂੰ ਪ੍ਰਾਪਤ ਹੋਇਆ।

੬ ਹਜ਼ਰਤ ਖ਼ਜ਼ੀਮਾ ਬਿਨ ਮੁਦਰਕਾ

ਹਜ਼ਰਤ ਖ਼ਜ਼ੀਮਾ, ਹਜ਼ਰਤ ਮੁਦਰਕਾ ਬਿਨ ਇਲਿਆਸ ਦੇ ਸਭ ਤੋਂ ਵੱਡੇ ਪੁੱਤਰ ਸਨ ਅਤੇ ਹਜ਼ਰਤ ਇਬਰਾਹੀਮ (ਅਲੈ.) ਦੇ ਧਰਮ ਦੇ ਪੈਰੋਕਾਰ ਸਨ।ਉਨ੍ਹਾਂ ਦੀ ਪਤਨੀ ਦਾ ਨਾਂ ਅਵਾਨਾ ਪੁਤਰੀ ਸਾਅਦ ਸੀ।
ਉਨ੍ਹਾਂ ਦੇ ਸੱਤ ਪੁੱਤਰ ਸਨ ਜਿਨ੍ਹਾਂ ਵਿਚ ਸਭ ਤੋਂ ਵੱਡੇ ਪੁੱਤਰ ਦਾ ਨਾਂ ਕਨਾਨਾ ਸੀ।ਹਜ਼ਰਤ ਕਨਾਨਾ ਨੇਕ ਸੀਰਤ ਇਨਸਾਨ ਸਨ।ਉਨ੍ਹਾਂ ਦੇ ਸੁਭਾਅ ਵਿਚ ਦਿਆਲਤਾ ਅਤੇ ਕਿਰਪਾਲਤਾ ਕੁੱਟ ਕੁੱਟ ਕੇ ਭਰੀ ਹੋਈ ਸੀ।ਇਹ ਉਨ੍ਹਾਂ ਦੇ ਸੁਭਾਅ ਅਤੇ ਨੇਕ ਨੀਤੀ ਦਾ ਹੀ ਕਾਰਨ ਸੀ ਕਿ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਕੰਮ ਉਨ੍ਹਾਂ ਦੇ ਹਿੱਸੇ ਵਿਚ ਆਇਆ।

੭ ਹਜ਼ਰਤ ਕਨਾਨਾ ਬਿਨ ਖ਼ਜ਼ੀਮਾ

ਹਜ਼ਰਤ ਕਨਾਨਾ ਬਾਰੇ ਹਜ਼ਰਤ ਮੁਹੰਮਦ (ਸ.) ਆਖਿਆ ਕਰਦੇ ਸਨ, "ਰੱਬ ਨੇ ਹਜ਼ਰਤ ਇਬਰਾਹੀਮ (ਅਲੈ.) ਤੋਂ ਹਜ਼ਰਤ ਇਸਮਾਈਲ (ਅਲੈ.) ਨੂੰ ਪੈਦਾ ਕੀਤਾ ਅਤੇ ਹਜ਼ਰਤ ਇਸਮਾਈਲ (ਅਲੈ.) ਦੀ ਔਲਾਦ ਵਿਚ ਬਨੀ ਕਨਾਨਾ ਨੂੰ ਪੈਦਾ ਕੀਤਾ।ਬਨੀ ਕਨਾਨਾ ਤੋਂ ਕੁਰੈਸ਼ ਨੂੰ ਪੈਦਾ ਕੀਤਾ।ਕੁਰੈਸ਼ ਵਿੱਚੋਂ ਬਨੀ ਹਾਸ਼ਮ ਨੂੰ ਪੈਦਾ ਕੀਤਾ ਅਤੇ ਬਨੀ ਹਾਸ਼ਮ ਵਿੱਚੋਂ ਮੈਨੂੰ"।
ਮੌਲਵੀ ਮੁਫ਼ਤੀ ਮੁਹੰਮਦ ਮੁਜ਼ੱਫ਼ਰ ਅਹਿਮਦ 'ਅਰਬੀ ਮੁਹੰਮਦ' ਦੇ ਸਫ਼ਾ ੩੧੬ ਉੱਤੇ ਲਿਖਦੇ ਹਨ, "ਹਜ਼ਰਤ ਕਨਾਨਾ ਬਜ਼ੁਰਗ ਹਸਤੀ ਸਨ।ਉਹ ਇਬਰਾਹੀਮੀ ਧਰਮ ਦੇ ਵੱਡੇ ਵਿਦਵਾਨਾਂ ਵਿੱਚੋਂ ਇਕ ਸਨ ਜਿਸ ਕਰਕੇ ਅਰਬ ਦੇ ਲੋਕ ਉਨ੍ਹਾਂ ਦੀ ਦਿਲੋਂ ਇੱਜ਼ਤ ਕਰਦੇ ਸਨ।ਉਹ ਹਜ਼ਰਤ ਈਸਾ (ਅਲੈ.) ਜ਼ਕਰੀਆ (ਅਲੈ.) ਅਤੇ ਹਜ਼ਰਤ ਯਹੀਆ (ਅਲੈ.) ਦੇ ਸਮਕਾਲੀ ਸਨ।ਜਿਸ ਸਮੇਂ ਹਜ਼ਰਤ ਈਸਾ (ਅਲੈ.) ਪੈਦਾ ਹੋਏ ਉਸ ਸਮੇਂ ਉਨ੍ਹਾਂ ਦੀ ਉਮਰ ਪੰਦਰਾਂ ਸਾਲ ਦੇ ਕਰੀਬ ਸੀ।ਜਦੋਂ ਹਜ਼ਰਤ ਈਸਾ ਫ਼ਲਸਤੀਨ ਤੋਂ ਹਿਜਾਜ਼ ਆਏ ਸਨ ਤਾਂ ਉਨ੍ਹਾਂ ਨੇ ਹਜ਼ਰਤ ਕਨਾਨਾ ਨਾਲ ਮੁਲਾਕਾਤ ਵੀ ਕੀਤੀ ਸੀ ਅਤੇ ਇਹ ਵੀ ਇਸ਼ਾਰਾ ਕੀਤਾ ਸੀ ਕਿ ਤੁਹਾਡੀ ਨਸਲ ਵਿੱਚੋਂ ਆਖ਼ਰੀ ਨਬੀ ਪੈਦਾ ਹੋਵੇਗਾ।
ਉਨ੍ਹਾਂ ਦੀ ਪਤਨੀ ਦਾ ਨਾਂ ਬਰਾ ਪੁਤਰੀ ਮਰ ਸੀ ਜਿਸ ਨੇ ਚੌਦਾਂ ਪੁਤਰਾਂ ਨੂੰ ਜਨਮ ਦਿੱਤਾ।ਉਨ੍ਹਾਂ ਦੇ ਪੁਤਰਾਂ ਵਿਚ ਨਜ਼ਰ ਸਭ ਤੋਂ ਵੱਡੇ ਸਨ।ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਹਜ਼ਰਤ ਨਜ਼ਰ ਨੂੰ ਹੀ ਪ੍ਰਾਪਤ ਹੋਇਆ।

੮ ਹਜ਼ਰਤ ਨਜ਼ਰ ਬਿਨ ਕਨਾਨਾ

ਉਨ੍ਹਾਂ ਦਾ ਅਸਲੀ ਨਾਂ ਕੈਸ਼ ਸੀ ਅਤੇ ਨਜ਼ਰ ਆਪ ਦਾ ਲਕਬ ਸੀ।ਨਜ਼ਰ ਦੇ ਅਰਥ ਖ਼ੂਬਸੂਰਤ ਅਤੇ ਖ਼ੁਸ਼ ਰਹਿਣ ਵਾਲਾ ਦੇ ਹਨ।ਲੋਕ ਉਨ੍ਹਾਂ ਦੀਆਂ ਅਜਿਹੀਆਂ ਖ਼ੂਬੀਆਂ ਨੂੰ ਦੇਖ ਕੇ ਹੀ ਨਜ਼ਰ ਕਹਿਣ ਲੱਗੇ ਸਨ।
ਉਨ੍ਹਾਂ ਦੀ ਪਤਨੀ ਦਾ ਨਾਂ ਅਕਰਸਾ ਪੁਤਰੀ ਅਦਵਾਨ ਸੀ।ਉਨ੍ਹਾਂ ਦੇ ਅੱਠ ਪੁੱਤਰ ਸਨ ਜਿਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਹਜ਼ਰਤ ਮਾਲਿਕ ਦੇ ਹਿੱਸੇ ਵਿਚ ਆਇਆ।

੯ ਹਜ਼ਰਤ ਮਲਿਕ ਬਿਨ ਨਜ਼ਰ

ਉਨ੍ਹਾਂ ਦੀ ਕੁਨੀਅਤ ਅਬੁਲ ਹਾਰਸ਼ ਸੀ।ਪ੍ਰਸਿੱਧ ਇਸਲਾਮੀ ਤਾਰੀਖ਼ਦਾਨ ਖ਼ਮੈਸ ਲਿਖਦੇ ਨੇ ਕਿ ਉਨ੍ਹਾਂ ਦਾ ਇਹ ਨਾਂ ਇਸ ਲਈ ਵੀ ਮਸ਼ਹੂਰ ਸੀ ਕਿ ਉਹ ਅਰਬ ਦੇ ਉੱਤਮ ਖ਼ਾਨਦਾਨ ਨਾਲ ਸਬੰਧ ਰੱਖਦੇ ਸਨ।ਉਹ ਬੇਹੱਦ ਸਖ਼ੀ, ਮਹਿਮਾਨ ਨਵਾਜ਼, ਅਤੇ ਖ਼ੂਬਸੂਰਤ ਜਿਸਮ ਦੇ ਮਾਲਕ ਸਨ।
ਉਨ੍ਹਾਂ ਦੀ ਪਤਨੀ ਦਾ ਨਾਂ ਜੰਦਲਾ ਪੁਤਰੀ ਆਮਿਰ ਸੀ।ਉਨ੍ਹਾਂ ਦੇ ਕਈ ਪੁੱਤਰ ਸਨ ਜਿਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਕੰਮ ਫ਼ਹਿਰ ਪੁੱਤਰ ਮਾਲਿਕ ਦੇ ਹਿੱਸੇ ਵਿਚ ਆਇਆ।

੧੦ ਹਜ਼ਰਤ ਫ਼ਹਿਰ ਬਿਨ ਮਲਿਕ

ਕੁਝ ਇਤਿਹਾਸਕਾਰ ਲਿਖਦੇ ਹਨ ਕਿ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦਾ ਨਾਂ ਕੁਰੈਸ਼ ਰੱਖਿਆ ਸੀ ਅਤੇ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਦਾ ਨਾਂ ਫ਼ਹਿਰ।ਪ੍ਰਸਿੱਧ ਵਿਦਵਾਨ ਤਾਲਿਬ ਅਲਹਾਸ਼ਮੀ ਲਿਖਦੇ ਹਨ;
"ਅਦਨਾਨ ਦੀ ਵੰਸ਼ ਵਿੱਚੋਂ ਗਿਆਰਵੀਂ ਪੁਸ਼ਤ ਤੇ ਫ਼ਿਹਰ ਬਿਨ ਮਾਲਿਕ ਪੈਦਾ ਹੋਇਆ।ਫ਼ਿਹਰ ਦੇ ਸਮੇਂ ਯਮਨ ਦੇ ਬਾਦਸ਼ਾਹ 'ਹੱਸਾਨ' ਨੇ ਮੱਕੇ ਉੱਤੇ ਹਮਲਾ ਕੀਤਾ ਪਰ ਫ਼ਿਹਰ ਦੇ ਹੱਥੋਂ ਹਾਰ ਖਾ ਕੇ ਗਿਰਫ਼ਤਾਰ ਹੋਇਆ।ਇਸ ਜਿੱਤ ਨਾਲ ਫ਼ਿਹਰ ਸਾਰੇ ਅਰਬ ਵਿਚ ਮਸ਼ਹੂਰ ਹੋ ਗਿਆ।ਅਰਬ ਵਿਚ ਫ਼ਿਹਰ ਦੇ ਕਬੀਲੇ ਨੂੰ 'ਕੁਰੈਸ਼' ਕਿਹਾ ਜਾਣ ਲੱਗਿਆ"।ਤਾਲਿਬ ਅਲਹਾਸ਼ਮੀ ਲਿਖਦੇ ਹਨ, "ਅਸਲ ਵਿਚ 'ਹਿਜਾਜ਼' ਦੇ ਇਲਾਕੇ ਵਿਚ ਕੁਰੈਸ਼ ਵਹੇਲ ਮੱਛੀ ਨੂੰ ਕਿਹਾ ਜਾਂਦਾ ਹੈ।ਕਿਉਂ ਜੋ ਕੁਰੈਸ਼ ਅਰਬ ਦਾ ਸਭ ਤੋਂ ਤਾਕਤਵਰ ਕਬੀਲਾ ਬਣ ਚੁੱਕਿਆ ਸੀ ਇਸ ਲਈ ਇਸ ਕਬੀਲੇ ਨੂੰ ਕੁਰੈਸ਼ ਕਿਹਾ ਜਾਣ ਲੱਗਿਆ"।
ਉਨ੍ਹਾਂ ਨੂੰ ਮੱਕੇ ਦਾ ਸਰਦਾਰ ਹੋਣ ਦਾ ਦਰਜਾ ਪ੍ਰਾਪਤ ਸੀ।ਉਨ੍ਹਾਂ ਦੀ ਪਤਨੀ ਦਾ ਨਾਂ ਲੈਲਾ ਪੁਤਰੀ ਅਲਹਾਰਸ਼ ਸੀ।ਉਨ੍ਹਾਂ ਦੇ ਸੱਤ ਪੁੱਤਰ ਸਨ ਜਿਨ੍ਹਾਂ ਵਿੱਚੋਂ ਹਜ਼ਰਤ ਗ਼ਾਲਿਬ ਨੂੰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ।ਉਨ੍ਹਾਂ ਦੇ ਦੂਜੇ ਪੁੱਤਰ ਦੇ ਵੰਸ਼ ਵਿੱਚੋਂ ਹਜ਼ਰਤ ਮੁਹੰਮਦ (ਸ.) ਦੇ ਸਮੇਂ ਪ੍ਰਸਿੱਧ ਸਹਾਬੀ ਹਜ਼ਰਤ ਅਬੂ ਅਬੈਦਾ ਪੈਦਾ ਹੋਏ ਜਿਹੜੇ ਸਭ ਤੋਂ ਪਹਿਲਾਂ ਇਸਲਾਮ ਲਿਆਉਣ ਵਾਲੇ ਮੁਸਲਮਾਨਾਂ ਵਿੱਸੋਂ ਸਨ।ਹਜ਼ਰਤ ਅਬੂ ਅਬੈਦਾ ਨੇ ਹਜ਼ਰਤ ਮੁਹੰਮਦ (ਸ.) ਦੀ ਕਮਾਨ ਹੇਠ ਹੋਈਆਂ ਕਈ ਲੜਾਈਆਂ ਵਿਚ ਹਿੱਸਾ ਲਿਆ।ਜਦੋਂ ਉਹ ਜਰਨੈਲ ਬਣੇ ਤਾਂ ਉਨ੍ਹਾਂ ਦੀ ਕਮਾਨ ਹੇਠ ਇਸਲਾਮੀ ਫ਼ੌਜਾਂ ਨੇ ਸ਼ਾਮ ਨੂੰ ਫ਼ਤਹਿ ਕੀਤਾ।

੧੧ ਹਜ਼ਰਤ ਗ਼ਾਲਿਬ ਬਿਨ ਫ਼ਹਿਰ

ਹਜ਼ਰਤ ਗ਼ਾਲਿਬ ਬਿਨ ਫ਼ਹਿਰ ਚੁਸਤ, ਚਾਲਾਕ ਅਤੇ ਤਕੜੇ ਸਰੀਰ ਦੇ ਮਾਲਕ ਸਨ।ਇਸਲਾਮੀ ਇਤਿਹਾਸਕਾਰ ਲਿਖਦੇ ਹਨ ਕਿ ਉਨ੍ਹਾਂ ਦੇ ਜੁੱਸੇ ਨੂੰ ਦੇਖ ਕੇ ਹੀ ਉਨ੍ਹਾਂ ਦੇ ਵਿਰੋਧੀ ਡਰ ਜਾਇਆ ਕਰਦੇ ਸਨ।ਉਨ੍ਹਾਂ ਦੀ ਪਤਨੀ ਦਾ ਨਾਂ ਆਤਿਕਾ ਪੁਤਰੀ ਯਖ਼ਿਲਦ ਸੀ।
ਇਤਿਹਾਸ ਵਿਚ ਇਸ ਗੱਲ ਦੀ ਗਵਾਹੀ ਨਹੀਂ ਮਿਲਦੀ ਕਿ ਉਨ੍ਹਾਂ ਦੇ ਕਿੰਨੇ ਪੁੱਤਰ ਸਨ ਪਰ ਇਸ ਗੱਲ ਨਾਲ ਸਾਰੇ ਇਤਿਹਾਸਕਾਰ ਸਹਿਮਤ ਹਨ ਕਿ ਉਨ੍ਹਾਂ ਦੇ ਜਿਹੜੇ ਪੁੱਤਰ ਨੂੰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ ਉਸ ਦਾ ਨਾਂ ਲੂਈ ਸੀ।

੧੨ ਹਜ਼ਰਤ ਲੂਈ ਬਿਨ ਗ਼ਾਲਿਬ

ਹਜ਼ਰਤ ਲੂਈ ਬਾਰੇ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਉਨ੍ਹਾਂ ਦੀ ਪਤਨੀ ਦਾ ਨਾਂ ਮੁਆਵੀਆ ਪੁਤਰੀ ਕਾਅਬ ਸੀ।ਉਨ੍ਹਾਂ ਦੇ ਕਿੰਨੇ ਪੁੱਤਰ ਸਨ ਇਸ ਬਾਰੇ ਜਾਣਕਾਰੀ ਨਹੀਂ ਮਿਲਦੀ।ਉਨ੍ਹਾਂ ਦੇ ਜਿਹੜੇ ਪੁੱਤਰ ਨੂੰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ ਉਸ ਦਾ ਨਾਂ ਹਜ਼ਰਤ ਕਾਅਬ ਸੀ।

੧੩ ਹਜ਼ਰਤ ਕਾਅਬ ਬਿਨ ਲੂਈ

ਕਾਅਬ ਦੇ ਅਰਥ ਉੱਚ ਦਰਜਾ ਰੱਖਣ ਵਾਲੇ ਦੇ ਲਏ ਜਾਂਦੇ ਹਨ ਕਿਉਂ ਜੋ ਉਨ੍ਹਾਂ ਨੂੰ ਉਨ੍ਹਾਂ ਦੇ ਕਬੀਲੇ ਵਿਚ ਸਤਿਕਾਰ ਦੀ ਨਜ਼ਰ ਨਾਲ ਵੇਖਿਆ ਜਾਂਦਾ ਸੀ ਇਸ ਲਈ ਉਨ੍ਹਾਂ ਦਾ ਨਾਂ ਕਾਅਬ ਪੈ ਗਿਆ।ਉਹ ਇਬਰਾਹੀਮੀ ਧਰਮ ਦੇ ਅਨੁਆਈ ਸਨ ਅਤੇ ਲੋਕਾਂ ਨੂੰ ਇਕੱਠਾ ਕਰਕੇ ਰੋਜ਼ਾਨਾ ਦਰਸ ਦਿਆ ਕਰਦੇ ਸਨ।ਉਹ ਜੁਮੇ (ਸ਼ੁਕਰਵਾਰ) ਦੇ ਦਿਨ ਲੋਕਾਂ ਨੂੰ ਇਕੱਠਾ ਕਰਕੇ ਦਰਸ ਦੇਣ ਸਮੇਂ ਹਜ਼ਰਤ ਮੁਹੰਮਦ (ਸ.) ਦੇ ਆਉਣ ਦੀ ਭਵਿੱਖਬਾਣੀ ਕਰਦੇ ਅਤੇ ਇਹ ਵੀ ਆਖਦੇ ਕਿ ਉਹ ਸਾਡੀ ਨਸਲ ਵਿੱਚੋਂ ਹੀ ਪੈਦਾ ਹੋਣਗੇ।ਉਹ ਕਿਹਾ ਕਰਦੇ ਸਨ ਕਿ ਜਦੋਂ ਅਰਬ ਵਿਚ ਜਾਹਲੀਅਤ ਵਧ ਜਾਵੇਗੀ ਤਾਂ ਇਹ ਨਬੀ ਆਉਣਗੇ ਅਤੇ ਲੋਕਾਂ ਨੂੰ ਸੱਚਾਈ ਦੇ ਰਸਤੇ ਉੱਤੇ ਤੁਰਣ ਲਈ ਕਹਿਣਗੇ।
ਉਨ੍ਹਾਂ ਦੀ ਪਤਨੀ ਦਾ ਨਾਂ ਮਹਿਸ਼ਰ ਪੁਤਰੀ ਸ਼ੀਬਾਨ ਸੀ।ਉਨ੍ਹਾਂ ਦੀ ਔਲਾਦ ਵਿੱਚੋਂ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਹਜ਼ਰਤ ਮੱਰਾ ਦੇ ਹਿੱਸੇ ਵਿਚ ਆਇਆ।ਹਜ਼ਰਤ ਉਮਰ, ਹਜ਼ਰਤ ਸਈਦ, ਮਿਸਰ ਨੂੰ ਫ਼ਤੇਹ ਕਰਨ ਵਾਲੇ ਜਰਨੈਲ ਹਜ਼ਰਤ ਅਮਰੂ ਬਿਨ ਆਸ ਅਤੇ ਹਜ਼ਰਤ ਉਸਮਾਨ ਬਿਨ ਮਜ਼ਊਨ ਉਨ੍ਹਾਂ ਦੇ ਦੂਜੇ ਪੁਤਰਾਂ ਦੀ ਔਲਾਦ ਵਿੱਚੋਂ ਸਨ।

੧੪ ਹਜ਼ਰਤ ਮੱਰਾ ਬਿਨ ਕਾਅਬ

ਇਨ੍ਹਾਂ ਦੇ ਜੀਵਨ ਬਾਰੇ ਸਿਰਫ਼ ਐਨਾ ਹੀ ਲਿਖਿਆ ਮਿਲਦਾ ਹੈ ਕਿ ਇਨ੍ਹਾਂ ਦੀ ਪਤਨੀ ਦਾ ਨਾਂ ਹਿੰਦ ਪੁਤਰੀ ਸਰੀਰ ਸੀ।ਇਨ੍ਹਾਂ ਦੇ ਤਿੰਨ ਪੁੱਤਰ ਕਲਾਬ, ਤਈਮ ਅਤੇ ਯਕਤਆ ਸਨ।ਇਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਉਨ੍ਹਾਂ ਦੇ ਵੱਡੇ ਪੁੱਤਰ ਕਲਾਬ ਦੇ ਹਿੱਸੇ ਆਇਆ।
ਇਨ੍ਹਾਂ ਦੇ ਦੂਜੇ ਪੁੱਤਰ ਤਈਮ ਦੀ ਨਸਲ ਵਿੱਚੋਂ ਛੇਵੀ ਪੁਸ਼ਤ ਉੱਤੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਪੈਦਾ ਹੋਏ।ਯਕਤਆ ਦੇ ਪੁੱਤਰ ਮਖ਼ਜ਼ੂਮ ਕਹਾਏ ਜਿਨ੍ਹਾਂ ਦੀ ਔਲਾਦ ਨੂੰ ਬਨੀ ਮਖ਼ਜ਼ੂਮ ਕਿਹਾ ਜਾਂਦਾ ਹੈ।

੧੫ ਹਜ਼ਰਤ ਕਲਾਬ ਬਿਨ ਮੱਰਾ

ਉਨ੍ਹਾਂ ਦਾ ਅਸਲ ਨਾਂ ਹਲੀਮ ਸੀ।ਮੁਹੰਮਦ (ਸ.) ਅਰਬੀ ਨੰਬਰ ਦਾ ਲੇਖਕ ਸਫ਼ਾ ੩੨੦ ਉੱਤੇ ਲਿਖਦਾ ਹੈ ਕਿ ਅਰਬੀ ਵਿਚ ਕਲਬ ਕੁੱਤੇ ਨੂੰ ਆਖਿਆ ਜਾਂਦਾ ਹੈ ਅਤੇ ਕਲਬ ਦੀ ਜਮ੍ਹਾਂ ਕਲਾਬ ਹੈ।ਕਿਉਂ ਜੋ ਉਨ੍ਹਾਂ ਨੇ ਘਰ ਵਿਚ ਕਈ ਸ਼ਿਕਾਰੀ ਕੁੱਤੇ ਰੱਖੇ ਹੋਏ ਸਨ ਅਤੇ ਉਹ ਸਾਰਾ ਦਿਨ ਉਨ੍ਹਾਂ ਨੂੰ ਲੈ ਕੇ ਸ਼ਿਕਾਰ ਖੇਡਦੇ ਰਹਿੰਦੇ ਸਨ ਇਸ ਲਈ ਉਨ੍ਹਾਂ ਦਾ ਨਾਂ ਕਲਾਬ ਪੈ ਗਿਆ।
ਉਨ੍ਹਾਂ ਦੀ ਪਤਨੀ ਦਾ ਨਾਂ ਫ਼ਾਤਿਮਾ ਪੁਤਰੀ ਸਾਅਦ ਸੀ।ਉਨ੍ਹਾਂ ਦੇ ਦੋ ਪੁੱਤਰ ਹਜ਼ਰਤ ਕੁਸੀ ਅਤੇ ਹਜ਼ਰਤ ਜ਼ਹਿਰਾ ਸਨ ਪਰ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਣ ਦਾ ਸੁਭਾਗ ਹਜ਼ਰਤ ਕੁਸੀ ਨੂੰ ਨਸੀਬ ਹੋਇਆ।

੧੬ ਹਜ਼ਰਤ ਕੁਸੀ ਬਿਨ ਕਲਾਬ

ਉਨ੍ਹਾਂ ਦਾ ਅਸਲ ਨਾਂ ਜ਼ੈਦ ਸੀ ਪਰ ਉਹ ਕੁਸੀ ਦੇ ਨਾਂ ਨਾਲ ਮਸ਼ਹੂਰ ਹੋਏ।ਕੁਸੀ ਦੇ ਬਚਪਨ ਬਾਰੇ ਲਿਖਦਿਆਂ ਮੁਹੰਮਦ (ਸ.) ਅਰਬੀ ਨੰਬਰ ਦੇ ਸਫ਼ਾ ੩੨੦ ਉੱਤੇ ਮੌਲਵੀ ਮੁਫ਼ਤੀ ਮੁਹੰਮਦ ਜ਼ਫ਼ਰ ਅਹਿਮਦ ਲਿਖਦੇ ਹਨ 'ਕੁਸੀ ਦੇ ਅਰਥ ਦੂਰ ਰਹਿਣ ਵਾਲੇ ਤੋਂ ਲਏ ਜਾਂਦੇ ਹਨ।ਕਿਉਂ ਜੋ ਬਚਪਨ ਵਿਚ ਉਨ੍ਹਾਂ ਦੇ ਪਿਤਾ ਦੀ ਵਫ਼ਾਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੀ ਮਾਂ ਰਬੀਆ ਬਿਨ ਹੱਜਾਮ ਦੇ ਨਾਲ ਨਿਕਾਹ ਕਰਕੇ ਸ਼ਾਮ ਦੀ ਸਰਹੱਦ ਦੇ ਨੇੜੇ ਚਲੀ ਗਈ ਸੀ ਜਿੱਥੇ ਰਬੀਆ ਬਿਨ ਹੱਜ਼ਾਮ ਦਾ ਕਬੀਲਾ ਆਬਾਦ ਸੀ।ਮੱਕੇ ਤੋਂ ਦੂਰ ਰਹਿਣ ਕਰਕੇ ਉਨ੍ਹਾਂ ਨੂੰ ਕੁਸੀ ਕਿਹਾ ਜਾਣ ਲੱਗਿਆ।
ਜਵਾਨ ਹੋਣ ਤੋਂ ਬਾਅਦ ਜਦੋਂ ਹਜ਼ਰਤ ਕੁਸੀ ਮੱਕੇ ਆਏ ਤਾਂ ਉਨ੍ਹਾਂ ਦਾ ਵੱਡਾ ਭਰਾ ਜ਼ਹਿਰਾ ਅੰਨ੍ਹਾ ਹੋ ਚੁੱਕਿਆ ਸੀ।ਕਿਉਂ ਜੋ ਕੁਸੀ ਦੀ ਆਵਾਜ਼ ਉਸ ਦੇ ਪਿਤਾ ਨਾਲ ਮਿਲਦੀ ਸੀ ਇਸ ਲਈ ਆਵਾਜ਼ ਦੀ ਪਛਾਣ ਕਰਨ ਤੋਂ ਬਾਅਦ ਉਸ ਦੇ ਭਾਈ ਨੇ ਪਿਤਾ ਦੀ ਜਾਇਦਾਦ ਵਿੱਚੋਂ ਕੁਸੀ ਦਾ ਬਣਦਾ ਹਿੱਸਾ ਦੇ ਦਿੱਤਾ।ਕੁਸੀ ਕਰਨੀ ਅਤੇ ਕਥਨੀ ਦੇ ਪੱਕੇ ਅਤੇ ਵਾਅਦੇ ਦੇ ਸੱਚੇ ਸਨ।ਉਹ ਸੁੰਦਰ ਮੁਖੜੇ ਵਾਲੇ ਖ਼ੂਬਸੂਰਤ ਜਵਾਨ ਸਨ।ਜਦੋਂ ਉਨ੍ਹਾਂ ਦੀ ਮਸ਼ਹੂਰੀ ਪੂਰੇ ਮੱਕੇ ਵਿਚ ਫੈਲ ਗਈ ਤਾਂ ਉਨ੍ਹਾਂ ਦੇ ਵਡੱਪਣ ਨੂੰ ਵੇਖਦਿਆਂ ਖ਼ਾਨਾ ਕਾਅਬਾ ਦੇ ਮੁਤਵੱਲੀ ਹੁਲੀਲ ਬਿਨ ਹਬਸ਼ੀਆ ਨੇ ਅਪਣੀ ਪੁੱਤਰੀ ਹੱਬਾ ਦਾ ਨਿਕਾਹ ਉਨ੍ਹਾਂ ਨਾਲ ਕਰ ਦਿੱਤਾ ਅਤੇ ਬਹੁਤ ਸਾਰਾ ਕੀਮਤੀ ਸਮਾਨ ਦਾਜ ਵਿਚ ਦਿੱਤਾ।
ਹੁਲੀਲ ਬਿਨ ਹਬਸ਼ੀਆ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਗ਼ੁਸਾਨ ਨੇ ਕੁਝ ਊਂਠ ਅਤੇ ਸ਼ਰਾਬ ਦੀ ਇਕ ਬੋਤਲ ਬਦਲੇ ਖ਼ਾਨਾ ਕਾਅਬਾ ਦੀ ਮੁਤਵੱਲੀ ਦਾ ਅਹੁਦਾ ਅਪਣੇ ਬਹਿਨੋਈ ਕੁਸੀ ਬਿਨ ਕਲਾਬ ਨੂੰ ਵੇਚ ਦਿੱਤਾ।ਪਰ ਕੁਝ ਇਸਲਾਮੀ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਅਪਣੇ ਜਿਊਂਦੇ ਹੁੰਦਿਆਂ ਮੱਕੇ ਦੇ ਸਰਦਾਰ ਹੁਲੀਲ ਨੇ ਆਪ ਹੀ ਖ਼ਾਨਾ ਕਾਅਬੀ ਦੇ ਮੁਤਵੱਲੀ ਦਾ ਹੱਕ ਇਹ ਕਹਿ ਕੇ ਕੁਸੀ ਬਿਨ ਕਲਾਬ ਨੂੰ ਦੇ ਦਿੱਤਾ ਸੀ ਕਿ ਕਬੀਲਾ ਖ਼ਿਜ਼ਾਅ ਦੀ ਥਾਂ ਕਬੀਲਾ ਕੁਰੈਸ਼ ਇਸ ਦਾ ਜ਼ਿਆਦਾ ਹੱਕਦਾਰ ਹੈ।
ਉਪ੍ਰੋਕਤ ਦੋਵਾਂ ਰਾਇਆਂ ਵਿੱਚੋਂ ਕਿਹੜੀ ਸਹੀ ਹੈ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਤਿਹਾਸ ਵਿਚ ਇਹ ਜ਼ਰੂਰ ਲਿਖਿਆ ਮਿਲਦਾ ਹੈ ਕਿ ਜਦੋਂ ਕਬੀਲਾ ਖ਼ਿਜ਼ਾਅ ਨੇ ਮੱਕੇ ਦੀ ਸਰਦਾਰੀ ਹੱਥੋਂ ਜਾਂਦੀ ਦੇਖੀ ਤਾਂ ਲੜਨ ਲਈ ਤਿਆਰ ਹੋ ਗਏ।ਦੋਵਾਂ ਕਬੀਲਿਆਂ ਵਿਚ ਘਮਸਾਨ ਦੀ ਲੜਾਈ ਹੋਈ ਅਤੇ ਸੈਂਕੜੇ ਲੋਕ ਮਾਰੇ ਗਏ।ਮੁਹੰਮਦ ਅਰਬੀ ਨੰਬਰ ਦਾ ਲੇਖਕ ਸਫ਼ਾ ੩੨੧ ਉੱਤੇ ਲਿਖਦਾ ਹੈ ਕਿ ਦੋਹਾਂ ਕਬੀਲਿਆਂ ਦੇ ਨੁਕਸਾਨ ਨੂੰ ਵੇਖਦਿਆਂ ਦੋਵਾਂ ਧਿਰਾਂ ਨੇ ਤਾਅਮੀਰ ਬਿਨ ਔਫ਼ ਕਿਨਆਨੀ ਜਾਂ ਅਮਰੂ ਬਿਨ ਔਫ਼ ਕਿਨਆਨੀ ਨੂੰ ਮੁਨਸਫ਼ ਨਿਯੁਕਤ ਕਰਕੇ ਫ਼ੈਸਲਾ ਕਰਨ ਦਾ ਅਧਿਕਾਰ ਦੇ ਦਿੱਤਾ।ਸਿੱਟੇ ਵਜੋਂ ਮੁਨਸਫ਼ ਦੇ ਫ਼ੈਸਲੇ ਅਨੁਸਾਰ ਕੁਸੀ ਨੂੰ ਮੱਕੇ ਦਾ ਸਰਦਾਰ ਮੰਨ ਲਿਆ ਗਿਆ ਅਤੇ ਉਸ ਨੂੰ ਹੁਕਮ ਦਿੱਤਾ ਗਿਆ ਕਿ ਕਬੀਲਾ ਖ਼ਿਜ਼ਾਅ ਦੇ ਜਿਹੜੇ ਲੋਕ ਮਰ ਗਏ ਹਨ ਉਨ੍ਹਾਂ ਦਾ ਖ਼ੂਨ ਬਹਾ ਅਦਾ ਕਰੇ ਅਤੇ ਬਨੂੰ ਖ਼ਿਜ਼ਾਅ ਮੱਕਾ ਛੱਡ ਕੇ ਚਲਿਆ ਜਾਵੇ।
ਕੁਸੀ ਦੇ ਚਾਰ ਪੁੱਤਰ ਅਤੇ ਦੋ ਧੀਆਂ ਸਨ ਜਿਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਅਬਦ ਮੁਨਾਫ਼ ਦੇ ਹਿੱਸੇ ਆਇਆ।

੧੭ ਹਜ਼ਰਤ ਅਬਦ ਮਨਾਫ਼ ਬਿਨ ਕੁਸੀ

ਭਾਵੇਂ ਅਬਦੁਲਦਾਰ ਆਪਣੇ ਭਾਈਆਂ ਵਿਚ ਸਭ ਤੋਂ ਵੱਡੇ ਸਨ ਪਰ ਕਾਬਲੀਅਤ ਦੇ ਲਿਹਾਜ਼ ਨਾਲ ਅਪਣੇ ਭਰਾਵਾਂ ਦੇ ਬਰਾਬਰ ਨਹੀਂ ਸਨ ਇਸ ਲਈ ਮੱਕੇ ਦੀ ਸਰਦਾਰੀ ਦੀਆਂ ਸਾਰੀਆਂ ਸ਼ਕਤੀਆਂ ਅਬਦ ਮਨਾਫ਼ ਕੋਲ ਚਲੀਆਂ ਗਈਆਂ ਜਿਨ੍ਹਾਂ ਦਾ ਅਸਲ ਨਾਂ ਮੁਗ਼ੀਰਾ ਸੀ ਅਤੇ ਲਕਬ ਅਬਦ ਮਨਾਫ਼।ਅਬਦ ਮਨਾਫ਼ ਤੰਦਰੁਸਤ ਸਰੀਰ ਦੇ ਸੁੰਦਰ ਨੌਜਵਾਨ ਸਨ।ਉਹ ਇਬਰਾਹੀਮੀ ਧਰਮ ਦੇ ਅਨੁਆਈ ਸਨ ਅਤੇ ਲੋਕਾਂ ਨੂੰ ਇਸ ਦੀਆਂ ਸਿੱਖਿਆਵਾਂ ਦਾ ਦਰਸ ਦਿਆ ਕਰਦੇ ਸਨ।
ਉਨ੍ਹਾਂ ਦੀ ਪਤਨੀ ਦਾ ਨਾਂ ਆਤਿਕਾ ਪੁਤਰੀ ਮਰੂ ਸੀ।ਉਨ੍ਹਾਂ ਦੇ ਚਾਰ ਪੁੱਤਰ ਨੌਫ਼ਲ, ਅਬਦੁਲ ਮੁਤਲਿਬ, ਅਬਦੁਲ ਸ਼ਮਸ ਅਤੇ ਹਾਸ਼ਿਮ ਸਨ ਜਿਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਹਾਸ਼ਮ ਨੂੰ ਪ੍ਰਾਪਤ ਹੋਇਆ।

੧੮ ਹਜ਼ਰਤ ਹਾਸ਼ਮ ਬਿਨ ਅਬਦ ਮਨਾਫ਼

ਹਜ਼ਰਤ ਹਾਸ਼ਮ ਦਾ ਅਸਲ ਨਾਂ ਅਮਰੂ ਸੀ।ਉਹ ਬੜੇ ਮਹਿਮਾਨ ਨਵਾਜ਼ ਸਨ।ਕਿਹਾ ਜਾਂਦਾ ਹੈ ਕਿ ਉਨ੍ਹਾਂ ਦਾ ਦਸਤਰਖ਼ਵਾਨ ਹਰ ਸਮੇਂ ਵਿਛਿਆ ਰਹਿੰਦਾ ਸੀ।ਉਨ੍ਹਾਂ ਦਾ ਨਾਂ ਹਾਸ਼ਮ ਕਿਉਂ ਪਿਆ ਇਸ ਬਾਰੇ ਇਸਲਾਮੀ ਇਤਿਹਾਸਕਾਰ ਲਿਖਦੇ ਹਨ ਕਿ ਇਕ ਬਾਰ ਮੱਕੇ ਵਿਚ ਕਾਲ ਪੈ ਗਿਆ।ਜਦੋਂ ਹੱਜ ਦੇ ਦਿਨ ਆਏ ਤਾਂ ਹਾਸ਼ਮ ਸ਼ਾਮ ਤੋਂ ਖ਼ੁਸ਼ਕ ਰੋਟੀਆਂ ਖ਼ਰੀਦ ਕੇ ਲੈ ਆਏ।ਉਹ ਸੁੱਕੀਆਂ ਰੋਟੀਆਂ ਨੂੰ ਜ਼ਰੂਰਤ ਅਨੁਸਾਰ ਚੂਰਾ ਬਣਾ ਕੇ ਦੁੱਧ ਵਿਚ ਭਿਗੋ ਦਿੰਦੇ ਅਤੇ ਮੱਕੇ ਦੇ ਜ਼ਰੂਰਤਮੰਦਾਂ ਅਤੇ ਹੱਜ ਤੇ ਆਉਣ ਵਾਲਿਆਂ ਨੂੰ ਖਵਾਉਂਦੇ ਰਹਿੰਦੇ।ਕਿਉਂ ਜੋ ਰੋਟੀਆਂ ਦੇ ਚੂਰੇ ਨੂੰ ਅਰਬੀ ਵਿਚ ਹਾਸ਼ਮ ਕਿਹਾ ਜਾਂਦਾ ਹੈ ਇਸ ਲਈ ਉਨ੍ਹਾਂ ਦਾ ਨਾਂ ਹੀ ਹਾਸ਼ਮ ਪੈ ਗਿਆ।ਆਪ ਦੇ ਦਾਨੀ ਸੁਭਾਅ ਨੂੰ ਵੇਖ ਕੇ ਲੋਕ ਆਪ ਦੀ ਤਨੋਂ ਅਤੇ ਮਨੋਂ ਇੱਜ਼ਤ ਕਰਦੇ ਸਨ।
ਉਨ੍ਹਾਂ ਦਾ ਵਿਆਹ ਮਦੀਨੇ ਦੇ ਰਹਿਣ ਵਾਲੇ ਅਮਰੂ ਬਿਨ ਜ਼ੈਦ ਬਿਨ ਬਾਈਦ ਖ਼ਿਜ਼ਰਮੀ ਦੀ ਪੁਤਰੀ ਸਮਾ ਨਾਲ ਹੋਇਆ।ਵਿਆਹ ਤੋਂ ਬਾਅਦ ਕੁਝ ਦਿਨ ਮਦੀਨਾ ਵਿਖੇ ਠਹਿਰਣ ਤੋਂ ਬਾਅਦ ਹਾਸ਼ਮ ਵਪਾਰ ਲਈ ਸ਼ਾਮ ਚਲੇ ਗਏ ਜਿੱਥੇ ਗ਼ਾਜ਼ਾ ਸ਼ਹਿਰ ਵਿਖੇ ਉਨ੍ਹਾਂ ਦੀ ਮੌਤ ਹੋ ਗਈ।ਉਨ੍ਹਾਂ ਨੂੰ ਗ਼ਾਜ਼ਾ ਵਿਖੇ ਹੀ ਦਫ਼ਨਾ ਦਿੱਤਾ ਗਿਆ।ਉਨ੍ਹਾਂ ਦੀ ਮੌਤ ਤੋਂ ਬਾਅਦ ਸਮਾ ਨੇ ਪੁੱਤਰ ਨੂੰ ਜਨਮ ਦਿੱਤਾ ਜਿਸ ਦਾ ਨਾ ਸੀਬਾ ਰੱਖਿਆ ਗਿਆ।ਇਹੋ ਸ਼ੀਬਾ ਬਾਅਦ ਵਿਚ ਮੱਕੇ ਜਾ ਕੇ ਅਬਦੁਲ ਮੁਤਲਿਬ ਦੇ ਨਾਂ ਨਾਲ ਮਸ਼ਹੂਰ ਹੋਇਆ ਅਤੇ ਇਸ ਨੂੰ ਹੀ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨੂੰ ਅੱਗੇ ਤੋਰਨ ਦਾ ਸੁਭਾਗ ਪ੍ਰਾਪਤ ਹੋਇਆ।

੧੯ ਹਜ਼ਰਤ ਅਬਦੁਲ ਮੁਤਲਿਬ ਬਿਨ ਹਾਸ਼ਮ

ਕਿਉਂ ਜੋ ਅਬਦੁਲ ਮੁਤਲਿਬ ਦੇ ਜਨਮ ਸਮੇਂ ਉਸ ਦੇ ਵਾਲ ਸਫ਼ੈਦ ਸਨ ਇਸ ਲਈ ਉਨ੍ਹਾਂ ਨੂੰ ਸ਼ੀਬਾ (ਸਫ਼ੈਦ ਵਾਲਾਂ ਵਾਲਾ) ਕਿਹਾ ਜਾਣ ਲੱਗਿਆ।ਜਦੋਂ ਮੁਤਲਿਬ ਨੂੰ ਮਦੀਨੇ ਵਿਖੇ ਭਤੀਜੇ ਦੇ ਜਵਾਨ ਹੋਣ ਦਾ ਪਤਾ ਲੱਗਿਆ ਤਾਂ ਉਹ ਉਸ ਨੂੰ ਮੱਕੇ ਲੈ ਆਏ।
ਜਦੋਂ ਮੁਤਲਿਬ ਸ਼ੀਬਾ ਨੂੰ ਊਂਠ ਉੱਤੇ ਅਪਣੇ ਪਿੱਛੇ ਬਿਠਾ ਕੇ ਮੱਕੇ ਵਿਚ ਦਾਖ਼ਲ ਹੋਏ ਤਾਂ ਲੋਕ ਸਮਝੇ ਉਹ ਕੋਈ ਨਵਾਂ ਗ਼ੁਲਾਮ ਖ਼ਰੀਦ ਕੇ ਲੈ ਆਏ ਹਨ ਇਸ ਲਈ ਉਹ ਸ਼ੀਬਾ ਨੂੰ ਅਬਦੁਲ ਮੁਤਲਿਬ (ਮੁਤਲਿਬ ਦਾ ਗ਼ੁਲਾਮ) ਕਹਿਣ ਲੱਗੇ।
ਇਹ ਵੀ ਕਿਹਾ ਜਾਂਦਾ ਹੈ ਕਿ ਅਰਬ ਵਿਚ ਯਤੀਮ ਬੱਚੇ ਦਾ ਪਾਲਣ-ਪੋਸ਼ਣ ਕਰਨ ਵਾਲੇ ਨੂੰ ਅਬਦ ਕਿਹਾ ਜਾਂਦਾ ਹੈ ਇਸ ਲਈ ਉਨ੍ਹਾਂ ਦਾ ਨਾਂ ਅਬਦੇ ਮੁਤਲਿਬ ਪੈ ਗਿਆ।
ਅਬਦੇ ਮੁਤਲਿਬ ਮੱਕੇ ਦੇ ਉਹ ਪਹਿਲੇ ਬੰਦੇ ਸਨ ਜਿਹੜੇ ਰਮਜ਼ਾਨ ਦੇ ਮਹੀਨੇ ਗ਼ਾਰੇ ਹਿਰਾ ਵਿਚ ਜਾ ਕੇ ਰੱਬ ਦੀ ਇਬਾਦਤ ਕਰਿਆ ਕਰਦੇ ਸਨ।ਉਹ ਸੱਚ ਨੂੰ ਸੱਚ ਅਤੇ ਝੂਠ ਨੂੰ ਝੂਠ ਆਖਦੇ ਸਨ।ਉਨ੍ਹਾਂ ਦੀਆਂ ਚਾਰ ਪਤਨੀਆਂ ਸਨ ਜਿਨ੍ਹਾਂ ਤੋਂ ਦਸ ਪੁੱਤਰ ਪੈਦਾ ਹੋਏ।ਇਨ੍ਹਾਂ ਵਿੱਚੋਂ ਹਜ਼ਰਤ ਮੁਹੰਮਦ ਦੇ ਵੰਸ਼ ਨੂੰ ਮੁਕੰਮਲ ਕਰਨ ਦਾ ਸੁਭਾਗ ਹਜ਼ਰਤ ਅਬਦੁੱਲ੍ਹਾ ਨੂੰ ਪ੍ਰਾਪਤ ਹੋਇਆ।

੨੦ ਹਜ਼ਰਤ ਅਬਦੁੱਲ੍ਹਾ ਬਿਨ ਅਬਦੁਲ ਮੁਤਲਿਬ

ਹਜ਼ਰਤ ਅਬਦੁੱਲ੍ਹਾ ਹਜ਼ਰਤ ਮੁਹੰਮਦ (ਸ.) ਦੇ ਪਿਤਾ ਸਨ।ਇਨ੍ਹਾਂ ਦਾ ਵਿਆਹ ਹਜ਼ਰਤ ਆਮਨਾ ਪੁਤਰੀ ਵਹਿਬ ਨਾਲ ਹੋਇਆ ਸੀ।ਬੀਬੀ ਆਮਨਾ ਦਾ ਸ਼ਜਰਾ ਹਜ਼ਰਤ ਕੁਸੀ ਬਿਨ ਕਲਾਬ ਨਾਲ ਜਾ ਮਿਲਦਾ ਹੈ।ਵਿਆਹ ਤੋਂ ਬਾਅਦ ਅਰਬ ਦੇ ਦਸਤੂਰ ਅਨੁਸਾਰ ਹਜ਼ਰਤ ਅਬਦੁੱਲਾ ਤਿੰਨ ਦਿਨ ਤੱਕ ਸਹੁਰੇ ਘਰ ਰਹੇ ਅਤੇ ਫਿਰ ਹਜ਼ਰਤ ਆਮਨਾ ਨੂੰ ਲੈ ਕੇ ਅਪਣੇ ਘਰ ਆ ਗਏ।ਹਜ਼ਰਤ ਅਬਦੁੱਲ੍ਹਾ ਦਾ ਜ਼ਿਕਰ ਵਿਸਥਾਰ ਨਾਲ ਅੱਗੇ ਕੀਤਾ ਜਾਵੇਗਾ।

24. ਕੁਰੈਸ਼ ਦਾ ਮੱਕੇ ਉੱਤੇ ਮੁੜ ਕਬਜ਼ਾ

ਜਿਵੇਂ ਪਹਿਲਾਂ ਲਿਖਿਆ ਜਾ ਚੁੱਕਿਆ ਹੈ, ਅਦਨਾਨ ਦੀ ਵੰਸ਼ ਵਿੱਚੋਂ ਅੱਠਵੀਂ ਪੁਸ਼ਤ ਤੇ ਫ਼ਿਹਰ ਬਿਨ ਮਾਲਿਕ ਪੈਦਾ ਹੋਇਆ।ਫ਼ਿਹਰ ਦੇ ਸਮੇਂ ਯਮਨ ਦੇ ਬਾਦਸ਼ਾਹ 'ਹੱਸਾਨ' ਨੇ ਮੱਕੇ ਉੱਤੇ ਹਮਲਾ ਕੀਤਾ ਪਰ ਫ਼ਿਹਰ ਦੇ ਹੱਥੋਂ ਹਾਰ ਖਾ ਕੇ ਗਿਰਫ਼ਤਾਰ ਹੋਇਆ।ਇਸ ਜਿੱਤ ਨਾਲ ਫ਼ਿਹਰ ਸਾਰੇ ਅਰਬ ਵਿਚ ਮਸ਼ਹੂਰ ਹੋ ਗਿਆ।ਅਰਬ ਵਿਚ ਫ਼ਿਹਰ ਦੇ ਕਬੀਲੇ ਨੂੰ 'ਕੁਰੈਸ਼' ਕਿਹਾ ਜਾਣ ਲੱਗਿਆ।ਤਾਲਿਬ ਅਲਹਾਸ਼ਮੀ ਲਿਖਦੇ ਨੇ, "ਅਸਲ ਵਿਚ 'ਹਿੱਜਾਜ਼' ਦੇ ਇਲਾਕੇ ਵਿਚ ਕੁਰੈਸ਼ ਵਹੇਲ ਮੱਛੀ ਨੂੰ ਕਿਹਾ ਜਾਂਦਾ ਹੈ।ਕਿਉਂ ਜੋ ਕੁਰੈਸ਼ ਅਰਬ ਦਾ ਸਭ ਤੋਂ ਤਾਕਤਵਰ ਕਬੀਲਾ ਬਣ ਚੁੱਕਿਆ ਸੀ ਇਸ ਲਈ ਇਸ ਕਬੀਲੇ ਨੂੰ ਕੁਰੈਸ਼ ਕਿਹਾ ਜਾਣ ਲੱਗਿਆ"।
ਫ਼ਿਹਰ ਦੇ ਵੰਸ਼ ਵਿੱਚੋਂ ਛੇਵੀਂ ਪੁਸ਼ਤ ਤੇ ਕੁਸੀ ਬਿਨ ਕਲਾਬ ਪੈਦਾ ਹੋਇਆ।ਉਸ ਸਮੇਂ ਮੱਕੇ ਉੱਤੇ ਬਨੂੰ ਖ਼ਿਜ਼ਾਅ ਕਬੀਲੇ ਦਾ ਕਬਜ਼ਾ ਸੀ ਜਿਸ ਨੇ ਇਸ ਨੂੰ ਜੁਰਹਮ ਕਬੀਲੇ ਤੋਂ ਪ੍ਰਾਪਤ ਕੀਤਾ ਸੀ।ਸਨ ੪੪੦ ਈਸਵੀ ਨੂੰ ਬਨੀ-ਇਸਰਾਈਲ ਦੇ ਇਸ ਦਲੇਰ ਸਰਦਾਰ ਕੁਸੀ ਪੁੱਤਰ ਕਲਾਬ ਨੇ ਅਪਣੀ ਸੂਝ-ਬੂਝ ਨਾਲ ਮੱਕੇ ਉੱਤੇ ਦੁਬਾਰਾ ਕਬਜ਼ਾ ਕਰ ਲਿਆ ਅਤੇ ਨਾਲ ਹੀ ਖ਼ਾਨਾ ਕਾਅਬਾ ਦਾ ਪ੍ਰਬੰਧ ਵੀ ਸੰਭਾਲ ਲਿਆ।ਉਸ ਨੇ ਬਨੀ-ਜੁਰਹਮ ਦੇ ਸਮੇਂ ਮੱਕੇ ਵਿੱਚੋਂ ਕੱਢੇ ਅਪਣੇ ਕਬੀਲੇ ਬਨੀ-ਇਸਰਾਈਲ ਦੇ ਲੋਕਾਂ ਨੂੰ ਅਰਬ ਦੇ ਦੂਜੇ ਸ਼ਹਿਰਾ ਵਿੱਚੋਂ ਸੱਦ ਕੇ ਮੱਕੇ ਵਿਚ ਆਬਾਦ ਕੀਤਾ।
ਕੁਸੀ ਬਾਰੇ ਮੁਹੰਮਦ ਅਬਦੁਲ ਹੱਈ ਲਿਖਦਾ ਹੈ,"ਕੁਸੀ ਕਾਅਬੇ ਦੀ ਦੇਖ-ਭਾਲ ਲਈ ਮੁਤਵੱਲੀ ਥਾਪੇ ਗਏ ਸਨ।ਉਨ੍ਹਾਂ ਨੇ ਅਪਣੇ ਸਮੇਂ ਹਾਜੀਆਂ ਦੀ ਪ੍ਰਾਹੁਣਚਾਰੀ ਦਾ ਕੰਮ ਸ਼ੁਰੂ ਕੀਤਾ ਜਿਹੜਾ ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਜਾਰੀ ਰੱਖਿਆ।ਕਾਅਬੇ ਦੀ ਦੇਖ-ਭਾਲ ਦੀ ਜ਼ਿੰਮੇਵਾਰੀ ਨਿਭਾਉਣ ਕਰਕੇ ਅਰਬ ਵਾਲਿਆਂ ਵਿਚ ਉਨ੍ਹਾਂ ਦੇ ਕਬੀਲੇ ਕੁਰੈਸ਼ ਨੂੰ ਚੌਖੀ ਇੱਜ਼ਤ ਨਾਲ ਦੇਖਿਆ ਜਾਂਦਾ ਸੀ।ਅਰਬ ਦੇ ਰੇਗਿਸਤਾਨੀ ਇਲਾਕਿਆਂ ਵਿਚ ਲੁੱਟ-ਮਾਰ ਵਧੇਰੇ ਹੁੰਦੀ ਸੀ ਪਰ ਕੁਰੈਸ਼ ਦਾ ਕਾਅਬੇ ਦੇ ਕੰਮਾਂ ਨਾਲ ਸਬੰਧ ਹੋਣ ਕਰਕੇ ਮੱਕੇ ਦੇ ਵਪਾਰਕ ਕਾਫ਼ਲਿਆਂ ਵਲ ਕੋਈ ਝਾਕਦਾ ਵੀ ਨਹੀਂ ਸੀ"।
ਕੁਸੀ ਨੇ ਕੁਰੈਸ਼ ਅਖਵਾਉਣ ਵਾਲੇ ਸਾਰੇ ਕਬੀਲਿਆਂ ਨੂੰ ਅਰਬ ਦੇ ਵੱਖ ਵੱਖ ਇਲਾਕਿਆਂ ਵਿੱਚੋਂ ਬੁਲਾ ਕੇ ਮੱਕੇ ਵਿਚ ਆਬਾਦ ਕੀਤਾ ਅਤੇ ਉਨ੍ਹਾਂ ਵਿਚ ਸ਼ਹਿਰ ਦੇ ਵੱਖ ਵੱਖ ਹਿੱਸੇ ਵੰਡ ਦਿੱਤੇ।ਇਸ ਤਰ੍ਹਾਂ ਮੱਕਾ ਇਕ ਸ਼ਹਿਰੀ ਰਿਆਸਤ ਬਣ ਗਿਆ।ਕੁਰੈਸ਼ ਦੇ ਸਾਰੇ ਕਬੀਲਿਆਂ ਨੇ ਕੁਸੀ ਨੂੰ ਅਪਣਾ ਸਰਦਾਰ ਮੰਨ ਲਿਆ। ਉਹ ਕੁਰੈਸ਼ ਦੇ ਸਾਰੇ ਝਗੜੇ ਆਪ ਨਿਪਟਾਉਂਦਾ ਸੀ।ਹੱਜ ਦਾ ਸਾਰਾ ਪ੍ਰਬੰਧ ਵੀ ਕਰਦਾ ਸੀ।ਉਹ ਬਾਹਰ ਤੋਂ ਆਉਣ ਵਾਲੇ ਹਾਜੀਆਂ ਦੇ ਠਹਿਰਣ ਅਤੇ ਖਾਣ-ਪੀਣ ਦਾ ਇੰਤਜ਼ਾਮ ਕਰਦਾ।ਖ਼ਾਨਾ ਕਾਅਬਾ ਦਾ ਦਰਵਾਜ਼ਾ ਖੋਲ੍ਹਦਾ ਅਤੇ ਬੰਦ ਕਰਦਾ। ਉਸ ਨੇ ਕੁਰੈਸ਼ ਦੇ ਸਾਰੇ ਸਰਦਾਰਾਂ ਦੀ ਇਕ ਕੌਮੀ ਕਮੇਟੀ ਬਣਾਈ ਅਤੇ ਉਸ ਦੇ ਇਕੱਠੇ ਹੋ ਕੇ ਬੈਠਣ ਵਾਸਤੇ ਦਾਰ-ਉਲ-ਨਦਵਾ ਨਾਂ ਦੀ ਇਮਾਰਤ ਦੀ ਉਸਾਰੀ ਕਰਵਾਈ।ਸਨ ੪੮੦ ਈਸਵੀ ਵਿਚ ਕੁਸੀ ਨੇ ਅਬਦੁਲਦਾਰ ਨੂੰ ਅਪਣਾ ਉੱਤਰ ਅਧਿਕਾਰੀ ਨਿਯੁਕਤ ਕੀਤਾ ਪਰ ਉਹ ਨਾਲਾਇਕ ਸਾਬਤ ਹੋਇਆ ਜਿਸ ਕਰਕੇ ਉਸ ਦੀਆਂ ਸ਼ਕਤੀਆਂ ਉਸ ਦੇ ਭਰਾ ਅਬਦ ਮੁਨਾਫ਼ ਨੂੰ ਦੇ ਦਿੱਤੀਆਂ ਗਈਆਂ।
ਕੁਸੀ ਸਫਲ ਪ੍ਰਬੰਧਕ ਨਿਕਲਿਆ।ਉਸ ਨੇ ਮੱਕੇ ਦਾ ਰਾਜ ਪ੍ਰਬੰਧ ਚਲਾਉਣ ਲਈ ਕਈ ਤਬਦੀਲੀਆਂ ਕੀਤੀਆਂ।ਹੁਣ ਖ਼ਾਨਾ ਕਾਅਬਾ ਇਕੱਲੇ ਮੱਕੇ ਦਾ ਹੀ ਨਹੀਂ ਪੂਰੇ ਅਰਬ ਦੇ ਲੋਕਾਂ ਦਾ ਅਧਿਆਤਮਕ ਕੇਂਦਰ ਸੀ।ਹਰ ਸਾਲ ਹਜ਼ਾਰਾਂ ਹਾਜੀ ਹੱਜ ਲਈ ਆਉਂਦੇ ਸਨ ਇਸ ਲਈ ਕੁਸੀ ਨੇ ਮੱਕੇ ਦਾ ਪ੍ਰਬੰਧ ਚਲਾਉਣ ਲਈ ਉਸ ਨੂੰ ਕਈ ਭਾਗਾਂ ਵਿਚ ਵੰਡ ਦਿੱਤਾ।
ਕੁਸੀ ਦੀ ਸਰਦਾਰੀ ਤੋਂ ਪਹਿਲਾਂ ਹਾਜੀਆਂ ਲਈ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਸੀ ਹੁੰਦਾ।ਉਸ ਨੇ ਮੱਕੇ ਦੇ ਵਾਸੀਆਂ ਅਤੇ ਕੁਰੈਸ਼ ਦੇ ਲੋਕਾਂ ਨੂੰ ਇਸ ਕੰਮ ਲਈ ਰਾਜ਼ੀ ਕਰ ਲਿਆ ਕਿ ਉਹ ਅਪਣੀ ਆਮਦਨ ਦਾ ਦਸਵਾਂ ਹਿੱਸਾ ਹਾਜੀਆਂ ਦੇ ਭੋਜਨ ਅਤੇ ਦੂਜੀਆਂ ਜ਼ਰੂਰਤਾਂ ਦੇ ਪ੍ਰਬੰਧ ਲਈ ਕੱਢਿਆ ਕਰਨ।
ਕਿਉਂ ਜੋ ਕਬੀਲਾ ਜੁਰਹਮ ਦੇ ਲੋਕ ਮੱਕੇ ਨੂੰ ਛੱਡ ਕੇ ਜਾਣ ਸਮੇਂ ਜ਼ਮਜ਼ਮ ਦੇ ਚਸ਼ਮੇ ਨੂੰ ਬੰਦ ਕਰ ਗਏ ਸਨ ਇਸ ਲਈ ਕੁਸੀ ਨੇ ਮੱਕੇ ਦੇ ਆਲੇ-ਦੁਆਲੇ ਦੇ ਖੂਹਾਂ ਤੋਂ ਪਾਣੀ ਲਿਆ ਕੇ ਇਕੱਠਾ ਕਰਨ ਦਾ ਪ੍ਰਬੰਧ ਕੀਤਾ ਤਾਂ ਜੋ ਹੱਜ ਦੇ ਸਮੇਂ ਹਾਜੀਆਂ ਨੂੰ ਪਾਣੀ ਦੀ ਕਿੱਲਤ ਪੇਸ਼ ਨਾ ਆਵੇ।
ਉਸ ਨੇ ਮੱਕੇ ਦਾ ਰਾਜ ਪ੍ਰਬੰਧ ਚਲਾਉਣ ਲਈ ਬਾਰਾਂ ਮੈਂਬਰਾਂ ਦੀ ਇਕ ਕਮੇਟੀ ਬਣਾਈ ਜਿਸ ਦੇ ਅਹੁਦੇਦਾਰ ਕੁਰੈਸ਼ ਦੇ ਬਾਰਾਂ ਕਬੀਲਿਆਂ ਦੇ ਪਤਵੰਤੇ ਸਰਦਾਰ ਸਨ।ਉਸ ਦੇ ਸਮੇਂ ਰਾਜ ਦੇ ਸਾਰੇ ਕੰਮ ਲੋਕਤੰਤਰ ਢੰਗ ਨਾਲ ਚਲਾਏ ਜਾਂਦੇ ਸਨ।

25. ਅਬਦੇ ਮੁਨਾਫ਼ ਅਤੇ ਹਾਸ਼ਿਮ

ਹਜ਼ਰਤ ਇਬਰਾਹੀਮ (ਅਲੈ.) ਦੀ ਨਸਲ ਵਿੱਚੋਂ ਕੁੱਸਾ ਦੇ ਦੂਸਰੇ ਪੁੱਤਰ ਅਤੇ ਅਬਦੁਲਦਾਰ ਦੇ ਛੋਟੇ ਭਾਈ ਦਾ ਅਸਲ ਨਾਂ ਮੁਗ਼ੀਰਾ ਸੀ ਪਰ ਲੋਕ ਉਨ੍ਹਾਂ ਨੂੰ ਅਬਦ ਮਨਾਫ਼ ਦੇ ਨਾਂ ਨਾਲ ਬੁਲਾਉਂਦੇ ਸਨ।ਉਹ ਅਪਣੀ ਅਕਲ, ਸ਼ਕਲ, ਬਹਾਦਰੀ ਅਤੇ ਸੁਹੱਪਣ ਪਾਰੋਂ ਸਾਰੇ ਅਰਬ ਵਿਚ ਮਸ਼ਹੂਰ ਸਨ।ਸਮਾਜ ਵਿਚ ਉਨ੍ਹਾਂ ਨੂੰ ਮੱਕੇ ਦਾ ਚੰਦ ਕਿਹਾ ਜਾਂਦਾ ਸੀ।ਜਦੋਂ ਤੱਕ ਅਬਦ ਮਨਾਫ਼ ਅਤੇ ਅਬਦੁਲਦਾਰ ਜਿਊਂਦੇ ਰਹੇ ਦੋਵੇਂ ਮਿਲ ਕੇ ਕੰਮ ਚਲਾਉਂਦੇ ਰਹੇ ਪਰ ਜਦੋਂ ਉਨ੍ਹਾਂ ਦੀ ਮੌਤ ਹੋ ਗਈ ਅਬਦ ਮਨਾਫ਼ ਦੇ ਵੱਡੇ ਪੁੱਤਰ ਅਬਦੇ ਸ਼ਮਸ ਨੇ ਅਬਦੁਲਦਾਰ ਦੀ ਔਲਾਦ ਨੂੰ ਸਰਦਾਰ ਮੰਨਣ ਤੋਂ ਇਨਕਾਰ ਕਰ ਦਿੱਤਾ।ਕੁਰੈਸ਼ ਦੇ ਕਬੀਲੇ ਵੀ ਦੋਵਾਂ ਦੀ ਹਮਾਇਤ ਵਿਚ ਵੰਡੇ ਗਏ।ਜਦੋਂ ਦੋਵਾਂ ਵਿਚ ਜ਼ਿਆਦਾ ਝਗੜਾ ਵਧ ਗਿਆ ਤਾਂ ਸਿਆਣਿਆਂ ਨੇ ਮੱਕੇ ਦੀ ਰਿਆਸਤ ਦੇ ਅਹੁਦੇ ਦੋਵਾਂ ਵਿਚ ਵੰਡ ਦਿੱਤੇ।ਹਾਜੀਆਂ ਨੂੰ ਖਾਣ-ਪੀਣ ਦੇਣ ਦਾ ਕੰਮ ਅਬਦ ਸ਼ਮਸ ਨੂੰ ਦਿੱਤਾ ਗਿਆ ਅਤੇ ਕਾਅਬੇ ਨੂੰ ਖੋਲ੍ਹਣ, ਬੰਦ ਕਰਨ ਅਤੇ ਜੰਗ ਦੇ ਦਿਨਾਂ ਵਿਚ ਝੰਡਾ ਚੁੱਕਣ ਅਤੇ ਕੌਮੀ ਮਜਲਿਸ਼ ਦਾ ਇੰਤਜ਼ਾਮ ਅਬਦੁਲਦਾਰ ਦੇ ਵੰਸ਼ ਕੋਲ ਰਿਹਾ।
ਸ਼ਕਤੀਆਂ ਦੀ ਵੰਡ ਨੂੰ ਅਜੇ ਬਹੁਤਾ ਸਮਾਂ ਨਹੀਂ ਸੀ ਬੀਤਿਆ ਕਿ ਅਬਦ ਸ਼ਮਸ ਨੇ ਅਪਣੀਆਂ ਸਾਰੀਆਂ ਸ਼ਕਤੀਆਂ ਅਪਣੇ ਭਰਾ ਹਾਸ਼ਿਮ ਜਿਸ ਨੂੰ ਬਾਅਦ ਵਿਚ ਹਜ਼ਰਤ ਮੁਹੰਮਦ (ਸ.) ਦਾ ਪੜਦਾਦਾ ਹੋਣ ਦਾ ਮਾਨ ਪ੍ਰਾਪਤ ਹੋਇਆ, ਨੂੰ ਦੇ ਦਿੱਤੀਆਂ।ਮੱਕੇ ਉੱਤੇ ਅਪਣੀ ਸਰਦਾਰੀ ਸਮੇਂ ਹਾਸ਼ਿਮ ਹੱਜ ਕਰਨ ਆਏ ਯਾਤਰੀਆਂ ਨੂੰ ਵਧੀਆ ਤੋਂ ਵਧੀਆ ਖਾਣਾ ਖਵਾਉਂਦਾ।
ਬਨੂੰ ਜੁਰਹਮ ਦੇ ਕਬੀਲੇ ਨੂੰ ਜਦੋਂ ਮੱਕਾ ਚੋਂ ਬਾਹਰ ਕੱਢਿਆ ਗਿਆ ਤਾਂ ਬਦਲੇ ਦੀ ਭਾਵਨਾ ਨਾਲ ਉਹ ਜਾਂਦੇ ਜਾਂਦੇ ਹਜ਼ਰਤ ਇਸਮਾਈਲ (ਅਲੈ.) ਦੇ ਸਮੇਂ ਤੋਂ ਚਲਦੇ ਆਬੇ ਜ਼ਮਜ਼ਮ ਦੇ ਖੂਹ ਨੂੰ ਬੰਦ ਕਰ ਗਏ ਸਨ ਅਤੇ ਉਸ ਦੀ ਹੋਂਦ ਦੀਆਂ ਸਾਰੀਆਂ ਨਿਸ਼ਾਨੀਆਂ ਵੀ ਮਿਟਾ ਗਏ ਸਨ।ਇਸ ਲਈ ਮੱਕੇ ਵਿਚ ਪਾਣੀ ਦੀ ਘਾਟ ਪੈਦਾ ਹੋ ਗਈ ਸੀ ਪਰ ਹਾਸ਼ਿਮ ਬਾਹਰ ਤੋਂ ਪਾਣੀ ਮੰਗਵਾ ਕੇ ਹਾਜੀਆਂ ਨੂੰ ਪਿਲਾਉਂਦਾ ਰਿਹਾ ਅਤੇ ਮੱਕੇ ਵਾਲਿਆਂ ਨੂੰ ਪਾਣੀ ਦੀ ਘਾਟ ਮਹਿਸੂਸ ਨਾ ਹੋਣ ਦਿੱਤੀ।ਉਸ ਦੇ ਸਮੇਂ ਮੱਕੇ ਵਿਚ ਵਪਾਰ ਨੇ ਬੜੀ ਤਰੱਕੀ ਕੀਤੀ ਅਤੇ ਅਰਬ ਵੱਡੀ ਵਪਾਰਕ ਮੰਡੀ ਵਜੋਂ ਉਭਰ ਕੇ ਸਾਹਮਣੇ ਆਇਆ।
ਹਾਸ਼ਿਮ ਦੀਆਂ ਕਈ ਪਤਨੀਆਂ ਸਨ ਜਿਨ੍ਹਾਂ ਵਿੱਚੋਂ ਇਕ ਦਾ ਨਾਂ ਸਮਾ ਸੀ ਜਿਹੜੀ ਮੱਕਾ ਤੋਂ ੩੦੦ ਮੀਲ ਦੀ ਦੂਰੀ ਤੇ ਸਥਿਤ ਯਸਰਬ ਸ਼ਹਿਰ ਦੀ ਰਹਿਣ ਵਾਲੀ ਸੀ।ਉਸ ਦੇ ਪਿਤਾ ਦਾ ਨਾਂ ਅਮਰ ਬਿਨ ਜ਼ੈਦ ਸੀ।ਹਾਸ਼ਿਮ ਵਪਾਰ ਲਈ ਸ਼ਾਮ ਜਾਂਦੇ ਸਮੇਂ ਯਸਰਬ ਠਹਿਰਿਆ ਕਰਦੇ ਸਨ।ਇਨ੍ਹਾਂ ਸਫ਼ਰਾਂ ਸਮੇਂ ਹੀ ਉਸ ਦਾ ਸਮਾ ਨਾਲ ਵਿਆਹ ਹੋਇਆ ਸੀ।
ਇਕ ਵਪਾਰਕ ਸਫ਼ਰ ਸਮੇਂ ਯਸਰਬ ਵਿਖੇ ਕੁਝ ਦਿਨ ਠਹਿਰਣ ਤੋਂ ਬਾਅਦ ਜਦੋਂ ਉਹ ਵਪਾਰ ਲਈ ਸ਼ਾਮ ਗਏ ਤਾਂ ਫ਼ਲਸਤੀਨ ਦੇ ਸ਼ਹਿਰ ਗ਼ਾਜ਼ਾ ਪਹੁੰਚ ਕੇ ਬੀਮਾਰ ਹੋ ਗਏ ਅਤੇ ਉੱਥੇ ਹੀ ਉਨ੍ਹਾਂ ਦੀ ਮੌਤ ਹੋ ਗਈ।ਹਾਸ਼ਿਮ ਦੀ ਮੌਤ ਤੋਂ ਬਾਅਦ ਸਨ ੪੯੭ ਈਸਵੀ ਨੂੰ ਸਮਾ ਦੀ ਕੁੱਖੋਂ ਇਕ ਲੜਕੇ ਨੇ ਜਨਮ ਲਿਆ ਜਿਸ ਦਾ ਨਾਂ ਆਮਿਰ ਰੱਖਿਆ ਗਿਆ।ਕਿਉਂ ਜੋ ਬੱਚੇ ਦੇ ਸਿਰ ਦੇ ਵਾਲ ਸਫ਼ੈਦ ਸਨ ਇਸ ਲਈ ਉਸ ਨੂੰ ਆਮਿਰ ਦੀ ਥਾਂ ਸ਼ੀਬਾ ਕਿਹਾ ਜਾਣ ਲੱਗਿਆ।ਇਹੋ ਸ਼ੀਬਾ ਬਾਅਦ ਵਿਚ ਅਬਦੁਲ ਮੁਤਲਿਬ ਦੇ ਨਾਂ ਨਾਲ ਹਜ਼ਰਤ ਮੁਹੰਮਦ (ਸ.) ਦੇ ਦਾਦਾ ਜੀ ਬਣੇ।

26. ਅਬਦੁਲ ਮੁਤਲਿਬ

ਅਬਦੁਲ ਮੁਤਲਿਬ ਹਜ਼ਰਤ ਮੁਹੰਮਦ (ਸ.) ਦੇ ਦਾਦਾ ਸਨ।ਹਾਸ਼ਿਮ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਅਬਦੁਲ ਮੁਤਲਿਬ ਮੱਕੇ ਦਾ ਸਰਦਾਰ ਬਣਿਆ। ਉਹ ਦਿਆਲੂ ਅਤੇ ਬੁੱਧੀਜੀਵੀ ਵਿਅਕਤੀ ਸੀ।ਅਬਦੁਲ ਮੁਤਲਿਬ ਦੇ ਦਸ ਪੁੱਤਰ ਸਨ ਜਿਨ੍ਹਾਂ ਵਿੱਚੋਂ ਉਸ ਦੇ ਪੰਜ ਪੁੱਤਰ ਬਹੁਤ ਮਸ਼ਹੂਰ ਹੋਏ।ਇਨ੍ਹਾਂ ਪੰਜਾ ਵਿਚ ਹਜ਼ਰਤ ਅਬਦੁੱਲ੍ਹਾ ਮੁਹੰਮਦ (ਸ.) ਦੇ ਪਿਤਾ, ਦੂਜੇ ਅਬੂ ਤਾਲਿਬ ਜੋ ਮੁਸਲਮਾਨ ਤਾਂ ਨਹੀਂ ਹੋਏ ਸਨ ਪਰ ਮਰਦੇ ਦਮ ਤੱਕ ਹਜ਼ਰਤ ਮੁਹੰਮਦ (ਸ.) ਦੀ ਸਰਪ੍ਰਸਤੀ ਕਰਦੇ ਰਹੇ।ਤੀਜੇ ਹਜ਼ਰਤ ਹਮਜ਼ਾ (ਰਜ਼ੀ.) ਸਨ ਜਿਨ੍ਹਾਂ ਦੇ ਮੁਸਲਮਾਨ ਹੋਣ ਨਾਲ ਕੁਰੈਸ਼ ਵਿਚ ਮੁਸਲਮਾਨਾਂ ਦੀ ਤਾਕਤ ਵਧ ਗਈ ਸੀ।ਚੌਥੇ ਹਜ਼ਰਤ ਅੱਬਾਸ (ਰਜ਼ੀ.) ਸਨ ਜਿਹੜੇ ਮੁਸਲਮਾਨ ਹੋ ਗਏ ਸਨ ਅਤੇ ਇਸਲਾਮੀ ਇਤਿਹਾਸ ਵਿਚ ਇਨ੍ਹਾਂ ਦਾ ਨਾਂ ਕਾਫ਼ੀ ਮਸ਼ਹੂਰ ਹੈ।ਪੰਜਵੇਂ ਅਬੂ ਲਹਿਬ ਸਨ ਜਿਹੜੇ ਮਰਦੇ ਦਮ ਤੱਕ ਇਸਲਾਮ ਦੀ ਵਿਰੋਧਤਾ ਕਰਦੇ ਰਹੇ ਸਨ।
ਜਦੋਂ ਹਜ਼ਰਤ ਮੁਹੰਮਦ (ਸ.) ਦੇ ਪੜਦਾਦਾ ਹਾਸ਼ਿਮ ਦੀ ਮੌਤ ਦੀ ਖ਼ਬਰ ਮੱਕੇ ਪਹੁੰਚੀ ਤਾਂ ਉਸ ਦੇ ਛੋਟੇ ਭਾਈ ਮੁਤਲਿਬ ਉਸ ਦੇ ਉਤਰ-ਅਧਿਕਾਰੀ ਬਣੇ।ਦੂਜੇ ਪਾਸੇ ਯਸਰਬ ਵਿਚ ਹਾਸ਼ਮ ਦਾ ਪੁੱਤਰ ਸ਼ੈਬਾ ਅਪਣੀ ਮਾਂ ਦੀ ਦੇਖ-ਰੇਖ ਹੇਠ ਜਵਾਨ ਹੋ ਗਿਆ।ਉਹ ਬੜਾ ਨੇਕ ਅਤੇ ਖ਼ੂਬਸੂਰਤ ਜਵਾਨ ਸੀ ਅਤੇ ਉਸ ਦੀਆਂ ਖ਼ੂਬੀਆਂ ਪਾਰੋਂ ਯਸਰਬ ਦੇ ਲੋਕ ਉਸ ਨੂੰ 'ਸ਼ੈਬਾਤੁਲ ਹਮਦ' ਆਖਦੇ ਸਨ।
ਇਕ ਦਿਨ ਯਸਰਬ ਦੇ ਇਕ ਵਪਾਰੀ ਨੇ ਮੁਤਲਿਬ ਦੇ ਸਾਮ੍ਹਣੇ ਯਸਰਬ ਵਿਚ ਰਹਿੰਦੇ ਉਸ ਦੇ ਭਤੀਜੇ ਦੀ ਅਜਿਹੀ ਤਾਰੀਫ਼ ਕੀਤੀ ਕਿ ਮੁਤਲਿਬ ਭਤੀਜੇ ਨੂੰ ਲੈਣ ਲਈ ਯਸਰਬ ਚਲੇ ਗਏ।ਜਦੋਂ ਉਨ੍ਹਾਂ ਨੇ ਬੀਬੀ ਸਮਾ ਤੋਂ ਸ਼ੀਬਾ ਨੂੰ ਮੱਕੇ ਲੈ ਕੇ ਜਾਣ ਦੀ ਆਗਿਆ ਮੰਗੀ ਤਾਂ ਉਸ ਨੇ ਅਜਿਹਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ।ਪਰ ਜਦੋਂ ਮੁਤਲਿਬ ਨੇ ਉਸ ਨੂੰ ਸਮਝਾਇਆ ਕਿ ਇਹ ਅਪਣੇ ਬਾਪ ਦੀ ਸਰਦਾਰੀ ਅਤੇ ਰੱਬ ਦੇ ਹਰਮ ਦੀ ਸਾਂਭ-ਸੰਭਾਲ ਲਈ ਜਾ ਰਿਹਾ ਹੈ ਤਾਂ ਉਸ ਨੇ ਖ਼ੁਸ਼ੀ ਨਾਲ ਆਗਿਆ ਦੇ ਦਿੱਤੀ।
ਅਬਦੁਲ ਮੁਤਲਿਬ ਨਾਲ ਊਠ ਉੱਤੇ ਇਕ ਖ਼ੂਬਸੂਰਤ ਜਵਾਨ ਨੂੰ ਦੇਖ ਕੇ ਮੱਕੇ ਦੇ ਲੋਕ ਸਮਝੇ ਕਿ ਮੁਤਲਿਬ ਕੋਈ ਨਵਾਂ ਗ਼ੁਲਾਮ ਖ਼ਰੀਦ ਕੇ ਲੈ ਆਇਆ ਹੈ। ਮੁਤਲਿਬ ਨੇ ਲੋਕਾਂ ਨੂੰ ਵਧੇਰਾ ਸਮਝਾਇਆ ਕਿ ਇਹ ਉਸ ਦੇ ਭਰਾ ਹਾਸ਼ਮ ਦਾ ਪੁੱਤਰ ਸ਼ੀਬਾ ਹੈ ਪਰ ਕਿਸੇ ਨੇ ਨਾ ਮੰਨਿਆ।ਸ਼ੀਬਾ ਮੱਕਾ ਵਿਚ ਅਬਦੁਲ ਮੁਤਲਿਬ ਦੇ ਨਾਂ ਨਾਲ ਮਸ਼ਹੂਰ ਹੋ ਗਿਆ ਅਤੇ ਲੋਕ ਉਸ ਦੇ ਪੁਰਾਣੇ ਨਾਂ ਨੂੰ ਭੁੱਲ ਗਏ।ਕੁਝ ਸਮੇਂ ਬਾਅਦ ਜਦੋਂ ਮੁਤਲਿਬ ਵਪਾਰ ਦੇ ਸਿਲਸਲੇ ਵਿਚ ਯਮਨ ਗਏ ਤਾਂ ਉਨ੍ਹਾਂ ਦੀ ਉੱਥੇ ਮੌਤ ਹੋ ਗਈ ਅਤੇ ਅਬਦੁਲ ਮੁਤਲਿਬ (ਸ਼ੀਬਾ) ਮੱਕਾ ਵਿਖੇ ਉਸ ਦਾ ਉਤਰ ਅਧਿਕਾਰੀ ਬਣ ਗਿਆ।ਪਰ ਕੁਰੈਸ਼ ਦੇ ਇਕ ਸਰਦਾਰ ਨੋਫ਼ਲ ਨੇ ਅਪਣਾ ਹੱਕ ਜਤਾਉਂਦਿਆਂ ਉਸ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ।
ਅਬਦੁਲ ਮੁਤਲਿਬ ਨੇ ਕੁਰੈਸ਼ ਦੇ ਲੋਕਾਂ ਕੋਲ ਸ਼ਿਕਾਇਤ ਕਰਕੇ ਅਪਣੀ ਜਾਇਦਾਦ ਵਾਪਸ ਲੈਣ ਦੀ ਮੰਗ ਕੀਤੀ ਪਰ ਉਨ੍ਹਾਂ ਨੇ ਘਰੇਲੂ ਝਗੜੇ ਵਿਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ।ਆਖ਼ਰ ਅਬਦੁਲ ਮੁਤਲਿਬ ਨੇ ਨੱਜਾਰ ਵਿਚ ਵਸਦੇ ਅਪਣੇ ਮਾਮੇ ਨੂੰ ਸਹਾਇਤਾ ਲਈ ਬੁਲਾ ਲਿਆ।ਅਬੂ ਸਈਦ ਬਿਨ ਅੱਦੀ ਅੱਸੀ ਸਵਾਰਾਂ ਦੀ ਟੋਲੀ ਲੈ ਕੇ ਮੱਕੇ ਪਹੁੰਚ ਗਿਆ ਅਤੇ ਸ਼ਹਿਰ ਤੋਂ ਬਾਹਰ ਅਬਤਾਹ ਨਾਂ ਦੇ ਸਥਾਨ ਉੱਤੇ ਡੇਰੇ ਲਾ ਲਏ।ਅਗਲੇ ਦਿਨ ਉਸ ਨੇ ਨੌਫ਼ਲ ਨੂੰ ਜਾ ਘੇਰਿਆ ਜਿਹੜਾ ਹਰਮ ਵਿਖੇ ਕੁਰੈਸ਼ ਦੇ ਸਰਦਾਰਾਂ ਵਿਚ ਬੈਠਾ ਕਿਸੇ ਮਹੱਤਵਪੂਰਨ ਵਿਸ਼ੇ ਉੱਤੇ ਗੱਲਬਾਤ ਕਰ ਰਿਹਾ ਸੀ।ਉਸ ਨੇ ਤਲਵਾਰ ਮਿਆਨ ਵਿੱਚੋਂ ਕੱਢੀ ਅਤੇ ਨੌਫ਼ਲ ਦੇ ਸਿਰ ਉੱਤੇ ਲਹਿਰਾਉਂਦਿਆਂ ਕਿਹਾ, "ਇਸ ਘਰ ਦੇ ਰੱਬ ਦੀ ਕਸਮ ਜੇ ਤੂੰ ਮੇਰੇ ਭਾਣਜੇ ਦੀ ਜਾਇਦਾਦ ਵਾਪਸ ਨਾ ਕੀਤੀ ਤਾਂ ਇਹ ਤਲਵਾਰ ਤੇਰੇ ਢਿੱਡ ਵਿਚ ਖੋਭ ਦੇਵਾਂਗਾ"।ਨੋਫ਼ਲ ਨੇ ਕੁਰੈਸ਼ ਦੇ ਸਰਦਾਰਾਂ ਦੀ ਹਾਜ਼ਰੀ ਵਿਚ ਅਬਦੁਲ ਮੁਤਲਿਬ ਦੀ ਜਾਇਦਾਦ ਵਾਪਸ ਕਰ ਦਿੱਤੀ।ਅਬੂ ਸਈਦ ਤਿੰਨ ਦਿਨਾਂ ਤੱਕ ਭਾਣਜੇ ਦੇ ਘਰ ਰਿਹਾ ਅਤੇ ਉਮਰਾ ਕਰਨ ਤੋਂ ਬਾਅਦ ਵਾਪਸ ਚਲਿਆ ਗਿਆ।
ਇਸ ਘਟਨਾ ਤੋਂ ਬਾਅਦ ਨੌਫ਼ਲ ਨੇ ਬਨੀ ਹਾਸ਼ਿਮ ਦੇ ਖ਼ਿਲਾਫ਼ ਬਨੀ ਅਬਦੇ ਸ਼ਮਸ ਦੇ ਕਬੀਲੇ ਨਾਲ ਇਕ-ਦੂਜੇ ਦੀ ਸਹਾਇਤਾ ਦਾ ਸਮਝੌਤਾ ਕਰ ਲਿਆ।ਜਦੋਂ ਬਨੂ ਖ਼ਿਜ਼ਾਅ ਨੇ ਦੇਖਿਆ ਕਿ ਬਨੂ ਨੱਜ਼ਾਰ ਨੇ ਅਬਦੁਲ ਮੁਤਲਿਬ ਦੀ ਸਹਾਇਤਾ ਕੀਤੀ ਹੈ ਤਾਂ ਉਸ ਨੇ ਵੀ ਦਾਰੁਲ ਨਦਵਾ ਜਾ ਕੇ ਅਬਦੁਲ ਮੁਤਲਿਬ ਦੀ ਸਹਾਇਤਾ ਦਾ ਐਲਾਨ ਕਰ ਦਿੱਤਾ ਕਿਉਂ ਜੋ ਅਬਦੁਲ ਮੁਤਲਿਬ ਦੇ ਬਜ਼ੁਰਗਾਂ ਵਿਚ ਅਬਦ ਮਨਾਫ਼ ਦੀ ਮਾਂ ਕਬੀਲਾ ਖ਼ਿਜ਼ਾਅ ਦੀ ਧੀ ਸੀ।ਇਹੋ ਸਮਝੌਤਾ ਅੱਗੇ ਚੱਲ ਕੇ ਮੱਕੇ ਨੂੰ ਫ਼ਤਹਿ ਕਰਨ ਵਿਚ ਸਹਾਈ ਹੋਇਆ।
ਅਬਦੁਲ ਮੁਤਲਿਬ (ਸ਼ੀਬਾ) ਕੁਰੈਸ਼ ਵਿਚ ਸਭ ਤੋਂ ਜ਼ਿਆਦਾ ਤੰਦਰੁਸਤ, ਸਭ ਤੋਂ ਜ਼ਿਆਦਾ ਅਕਲ ਮੰਦ, ਬਹਾਦਰ, ਨਰਮ ਮਿਜਾਜ਼, ਸਖ਼ੀ ਅਤੇ ਇਨਸਾਫ਼ ਪਸੰਦ ਆਦਮੀ ਸੀ।ਉਹ ਸਿਰਫ਼ ਇਕ ਰੱਬ ਨੂੰ ਮੰਨਦਾ ਸੀ ਅਤੇ ਉਨ੍ਹਾਂ ਬੁਰਾਈਆਂ ਤੋਂ ਕੋਹਾਂ ਦੂਰ ਰਹਿੰਦਾ ਸੀ ਜਿਨ੍ਹਾਂ ਵਿਚ ਅਰਬ ਦੇ ਦੂਸਰੇ ਲੋਕ ਉਲਝੇ ਹੋਏ ਸਨ। ਉਹ ਹਾਜੀਆਂ ਦੀ ਵੱਧ ਤੋਂ ਵੱਧ ਸੇਵਾ ਕਰਦਾ ਅਤੇ ਉਨ੍ਹਾਂ ਨੂੰ ਦਿਲ ਖੋਲ੍ਹ ਕੇ ਖਿਲਾਉਂਦਾ ਪਿਲਾਉਂਦਾ।ਉਸ ਦੀ ਨੇਕ ਦਿਲੀ ਦੂਸਰੇ ਮੁਲਕਾਂ ਤੋਂ ਆਏ ਹਾਜੀਆਂ ਦੁਆਰਾ ਦੂਰ ਦੂਰ ਤੱਕ ਫ਼ੈਲ ਗਈ ਸੀ।

27. ਮੱਕਾ 'ਤੇ ਅਬਰਹਾ ਦੀ ਚੜ੍ਹਾਈ

ਜਦੋਂ ਅਬਦੁਲ ਮੁਤਲਿਬ ਨੂੰ ਪਿਆਰੇ ਪੁੱਤਰ ਅਬਦੁੱਲ੍ਹਾ ਦੀ ਯਸਰਬ ਵਿਖੇ ਹੋਈ ਮੌਤ ਦੀ ਖ਼ਬਰ ਮਿਲੀ ਤਾਂ ਉਨ੍ਹਾਂ ਨੂੰ ਬਹੁਤ ਸਦਮਾ ਪਹੁੰਚਿਆ।ਅਜੇ ਉਹ ਇਸ ਸਦਮੇ ਤੋਂ ਉਭਰੇ ਵੀ ਨਹੀਂ ਸਨ ਕਿ ਯਮਨ ਦੇ ਈਸਾਈ ਬਾਦਸ਼ਾਹ ਨੇ ਮੱਕੇ ਉੱਤੇ ਚੜ੍ਹਾਈ ਕਰ ਦਿੱਤੀ।ਚੜ੍ਹਾਈ ਦਾ ਕਾਰਨ ਦੱਸਦਿਆਂ ਤਾਲਿਬ ਅਲਹਾਸ਼ਮੀ ਲਿਖਦਾ ਹੈ,"ਅਬਰਹਾ ਨੇ ਯਮਨ ਦੇ ਸ਼ਹਿਰ 'ਸਨਆ' ਵਿਚ ਖ਼ਾਨਾ ਕਾਅਬਾ ਦੇ ਮੁਕਾਬਲੇ ਇਕ ਖ਼ੂਬਸੂਰਤ ਗਿਰਜਾ ਬਣਵਾਇਆ ਅਤੇ ਹੁਕਮ ਜਾਰੀ ਕੀਤਾ ਕਿ ਹੁਣ ਤੋਂ ਲੋਕ ਮੱਕੇ ਦੀ ਥਾਂ ਇਸ ਗਿਰਜੇ ਵਿਚ ਹੀ ਹੱਜ ਕਰਨ ਲਈ ਆਉਣ।ਪਰ ਅਰਬ ਦੇ ਲੋਕਾਂ ਨੂੰ ਕਾਅਬੇ ਨਾਲ ਬਹੁਤ ਪਿਆਰ ਸੀ।ਉਨ੍ਹਾਂ ਵਿੱਚੋਂ ਕਿਸੇ ਨੇ ਗਿਰਜੇ ਵਿਚ ਗੰਦਗੀ ਸੁੱਟ ਦਿੱਤੀ।ਜਦੋਂ ਅਬਰਹਾ ਨੂੰ ਇਸ ਦਾ ਪਤਾ ਲੱਗਿਆ ਤਾਂ ਉਸ ਨੇ ਖ਼ਾਨਾ ਕਾਅਬਾ ਨੂੰ ਨੂੰ ਢਾਹੁਣ ਲਈ ਮੱਕੇ ਉੱਤੇ ਚੜ੍ਹਾਈ ਕਰ ਦਿੱਤੀ"।
ਅਬਰਹਾ ਦੀ ਖ਼ਾਨਾ ਕਾਅਬਾ ਨੂੰ ਢਾਹੁਣ ਲਈ ਮੱਕੇ ਉੱਤੇ ਕੀਤੀ ਚੜ੍ਹਾਈ ਦਾ ਜ਼ਿਕਰ ਕਰਦਿਆਂ 'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ,"ਅਬਰਹਾ ਸੱਠ ਹਜ਼ਾਰ ਫ਼ੌਜ ਲੈ ਕੇ ਖ਼ਾਨਾ ਕਾਅਬਾ ਨੂੰ ਢਾਹੁਣ ਲਈ ਤੁਰ ਪਿਆ।ਉਸ ਦੀ ਫ਼ੌਜ ਵਿਚ ਤੇਰਾਂ ਹਾਥੀ ਸਨ ਜਿਨ੍ਹਾਂ ਵਿੱਚੋਂ ਸਭ ਤੋਂ ਤਕੜੇ ਹਾਥੀ ਉੱਤੇ ਅਬਰਹਾ ਆਪ ਸਵਾਰ ਸੀ।ਉਹ ਯਮਨ ਤੋਂ ਚੱਲ ਕੇ ਮੁਗ਼ੱਮਸ ਪਹੁੰਚਿਆ ਅਤੇ ਅਪਣੀ ਫ਼ੌਜ ਨੂੰ ਤਿਆਰ ਕਰਕੇ ਮੱਕੇ ਨੂੰ ਢਾਹੁਣ ਲਈ ਤੁਰ ਪਿਆ।ਜਦੋਂ ਉਹ ਮੁਜ਼ਦਲਫ਼ਾ ਅਤੇ ਮਿਨਾ ਦੇ ਵਿਚਕਾਰ ਮੁਹਸਰ ਦੇ ਸਥਾਨ ਤੇ ਪਹੁੰਚਿਆ ਤਾਂ ਹਾਥੀ ਬੈਠ ਗਿਆ ਅਤੇ ਉਸ ਨੇ ਕਾਅਬੇ ਵਲ ਜਾਣ ਤੋਂ ਇਨਕਾਰ ਕਰ ਦਿੱਤਾ।ਜਦੋਂ ਹਾਥੀ ਦਾ ਮੂੰਹ ਦੂਸਰੇ ਪਾਸਿਆਂ ਵਲ ਮੋੜਿਆ ਜਾਂਦਾ ਤਾਂ ਉਹ ਨੱਸ ਲੈਂਦਾ ਪਰ ਜਿਉਂ ਹੀ ਕਾਅਬੇ ਵਲ ਮੋੜਿਆ ਜਾਂਦਾ ਉਹ ਬੈਠ ਜਾਂਦਾ"।
ਅਬਰਹਾ ਦੀ ਫ਼ੌਜ ਦੇ ਰਾਸਤੇ ਵਿਚ ਮੱਕੇ ਤੋਂ ਕੁਝ ਦੂਰੀ ਤੇ ਅਬਦੁਲ ਮੁਤਲਬ ਦੇ ਕੁਝ ਊਂਠ ਚਰ ਰਹੇ ਸਨ ਜਿਨ੍ਹਾਂ ਨੂੰ ਅਬਰਹਾ ਦੇ ਫ਼ੌਜੀਆਂ ਨੇ ਫੜ ਲਿਆ।aੂਂਠ ਲੈਣ ਲਈ ਜਦੋਂ ਅਬਦੁਲ ਮੁਤਲਿਬ ਅਬਰਹਾ ਦੇ ਕੋਲ ਗਏ ਅਤੇ ਅਪਣੇ ਊਂਠਾਂ ਦੀ ਵਾਪਸੀ ਦੀ ਮੰਗ ਕੀਤੀ ਤਾਂ ਅਬਰਹਾ ਬਹੁਤ ਹੈਰਾਨ ਹੋਇਆ।ਉਹ ਸਮਝਦਾ ਸੀ ਕਿ ਅਬਦੁਲ ਮੁਤਲਿਬ ਮੰਗ ਕਰੇਗਾ ਕਿ ਮੱਕਾ ਉੱਤੇ ਹਮਲਾ ਕਰਕੇ ਖ਼ਾਨਾ ਕਾਅਬਾ ਨੂੰ ਨਾ ਢਾਹਿਆ ਜਾਵੇ।ਜਦੋਂ ਅਬਰਹਾ ਨੇ ਅਬਦੁਲ ਮੁਤਲਿਬ ਨੂੰ ਕਾਅਬੇ ਦੀ ਰਖਵਾਲੀ ਬਾਰੇ ਪੁੱਛਿਆ ਤਾਂ ਅਬਦੁਲ ਮੁਤਲਿਬ ਨੇ ਜਵਾਬ ਦਿੱਤਾ ਕਿ, "ਕਾਅਬਾ ਰੱਬ ਦਾ ਘਰ ਹੈ ਉਸ ਦੀ ਰਖਵਾਲੀ ਰੱਬ ਆਪ ਕਰੇਗਾ ਅਤੇ ਊਂਠ ਮੇਰੇ ਹਨ ਇਸ ਲਈ ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਇਨ੍ਹਾਂ ਦੀ ਰਖਵਾਲੀ ਆਪ ਕਰਾਂ"। ਅਬਰਹਾ ਨੇ ਤੈਸ਼ ਵਿਚ ਆ ਕੇ ਕਿਹਾ,"ਮੈਂ ਵੇਖਾਂਗਾ ਕਿ ਕਾਅਬੇ ਦਾ ਮਾਲਿਕ ਇਸ ਨੂੰ ਮੇਰੇ ਹੱਥੋਂ ਕਿਵੇਂ ਬਚਾਉਂਦਾ ਹੈ"।
ਅਬਦੁਲ ਮੁਤਲਿਬ ਦੇ ਚਲੇ ਜਾਣ ਤੋਂ ਬਾਅਦ ਅਬਰਹਾ ਨੇ ਫ਼ੌਜ ਨੂੰ ਤਿਆਰੀ ਦਾ ਹੁਕਮ ਦਿੱਤਾ ਅਤੇ ਮੱਕੇ ਉੱਤੇ ਚੜ੍ਹਾਈ ਕਰ ਦਿੱਤੀ।ਕੁਰਆਨ ਸ਼ਰੀਫ਼ ਵਿਚ ਲਿਖਿਆ ਮਿਲਦਾ ਹੈ ਕਿ ਅਸਮਾਨ ਉੱਤੇ ਅਬਾਬੀਲ ਪਰਿੰਦਿਆਂ ਦੇ ਝੁੰਡ ਦਿਖਾਈ ਦਿੱਤੇ ਜਿਨ੍ਹਾਂ ਦੀਆਂ ਚੁੰਝਾਂ ਵਿਚ ਪੱਥਰ ਸਨ।ਉਨ੍ਹਾਂ ਨੇ ਇਹ ਪੱਥਰ ਅਬਰਹਾ ਦੀ ਫ਼ੌਜ ਉੱਤੇ ਬਰਸਾਉਣੇ ਸ਼ੁਰੂ ਕਰ ਦਿੱਤੇ।ਅਬਰਹਾ ਦੇ ਜਿਸ ਆਦਮੀ ਉੱਤੇ ਇਹ ਨਿੱਕੇ ਨਿੱਕੇ ਪੱਥਰ ਡਿਗਦੇ ਉਸ ਦਾ ਜਿਸਮ ਚੇਚਕ ਦੇ ਦਾਣਿਆਂ ਵਾਂਗ ਗਲ-ਸੜ ਜਾਂਦਾ। ਇਸ ਤਰ੍ਹਾਂ ਅਬਰਹਾ, ਉਸ ਦੀ ਫ਼ੌਜ ਅਤੇ ਹਾਥੀ ਸਭ ਦੇ ਸਭ ਮਾਰੇ ਗਏ।ਇਸ ਤੋਂ ਬਾਅਦ ਅਜਿਹਾ ਹੜ੍ਹ ਆਇਆ ਕਿ ਸਾਰੀਆਂ ਲਾਸ਼ਾਂ ਨੂੰ ਸਮੁੰਦਰ ਵੱਲ ਹੜ੍ਹਾ ਕੇ ਲੈ ਗਿਆ।
ਇਹ ਘਟਨਾ ਹਜ਼ਰਤ ਮੁਹੰਮਦ (ਸ.) ਦੇ ਜਨਮ ਤੋਂ ਪਹਿਲਾਂ ੫੭੧ ਈਸਵੀ ਨੂੰ ਫ਼ਰਵਰੀ ਦੇ ਅੰਤ ਅਤੇ ਮਾਰਚ ਦੇ ਸ਼ੁਰੂ ਵਿਚ ਵਾਪਰੀ।ਕੁਰਆਨ ਸ਼ਰੀਫ਼ ਦੀ ਸੂਰਤ ਫ਼ੀਲ ਵਿਚ ਇਸ ਦਾ ਜ਼ਿਕਰ ਮਿਲਦਾ ਹੈ।ਇਸ ਸੂਰਤ ਵਿਚ ਅਬਰਹਾ ਦੇ ਲਸ਼ਕਰ ਨੂੰ 'ਅਸਹਾਬੁਲ ਫ਼ੀਲ' ਲਿਖਿਆ ਗਿਆ ਹੈ।ਅਰਬੀ ਵਿਚ ਫ਼ੀਲ ਹਾਥੀ ਨੂੰ ਕਿਹਾ ਜਾਂਦਾ ਹੈ।ਕਿਉਂ ਜੋ ਅਬਰਹਾ ਦੀ ਫ਼ੌਜ ਵਿਚ ਹਾਥੀਆਂ ਦੀ ਭਰਮਾਰ ਸੀ ਇਸ ਲਈ ਅਰਬ ਦੇ ਲੋਕਾਂ ਵਿਚ ਇਹ ਸਾਲ "ਆਮੁਲ ਫ਼ੀਲ" ਭਾਵ "ਹਾਥੀਆਂ ਦਾ ਸਾਲ" ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਮੱਕੇ ਉੱਤੇ ਹਮਲਾ ਕਰਨ ਆਏ ਅਬਰਹਾ ਦੀ ਖ਼ਬਰ ਹਾਜੀਆਂ ਅਤੇ ਵਪਾਰੀਆਂ ਰਾਹੀਂ ਅੱਗ ਵਾਂਗ ਪੂਰੀ ਦੁਨੀਆ ਦੇ ਮੁਲਕਾਂ ਵਿਚ ਫੈਲ ਗਈ।ਉਸ ਸਮੇਂ ਰੋਮ, ਫ਼ਾਰਸ ਅਤੇ ਹਬਸ਼ਾ ਉੱਤੇ ਇਸਾਈ ਹਕੂਮਤਾਂ ਰਾਜ ਕਰ ਰਹੀਆਂ ਸਨ ਅਤੇ ਇਨ੍ਹਾਂ ਦੀ ਫ਼ਾਰਸ ਦੀ ਹਕੂਮਤ ਨਾਲ ਖਹਿਬਾਜ਼ੀ ਚਲਦੀ ਰਹਿੰਦੀ ਸੀ।ਇਸ ਘਟਨਾ ਤੋਂ ਬਾਅਦ ਫ਼ਾਰਸ ਨੇ ਯਮਨ ਉੱਤੇ ਕਬਜ਼ਾ ਕਰ ਲਿਆ।ਉਸ ਸਮੇਂ ਰੋਮ ਅਤੇ ਫ਼ਾਰਸ ਦੋ ਤਾਕਤਵਰ ਹਕੂਮਤਾਂ ਸਨ ਅਤੇ ਦੋਵੇਂ ਹੀ ਅਬਰਹਾ ਦੀ ਹੋਣੀ ਤੋਂ ਭੈਭੀਤ ਸਨ।ਉਨ੍ਹਾਂ ਨੂੰ ਖ਼ਾਨਾ ਕਾਅਬਾ ਦੀ ਵਡਿਆਈ ਦੇ ਨਿਸ਼ਾਨ ਨਜ਼ਰ ਆਉਣ ਲੱਗ ਗਏ ਸਨ ਅਤੇ ਪਵਿੱਤਰ 'ਜ਼ਬੂਰ' ਦੀਆਂ ਭਵਿੱਖ-ਬਾਣੀਆਂ ਅਨੁਸਾਰ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਸੀ ਕਿ ਖ਼ਾਨਾ ਕਾਅਬਾ ਨੂੰ ਰੱਬ ਨੇ ਅਪਣੀ ਸੁਰੱਖਿਆ ਵਿਚ ਲੈ ਲਿਆ ਹੈ ਅਤੇ ਛੇਤੀ ਹੀ ਇਸ ਖਿੱਤੇ ਵਿਚ ਨਵਾਂ ਪੈਗ਼ੰਬਰ ਆਉਣ ਵਾਲਾ ਹੈ।

28. ਹਜ਼ਰਤ ਅਬਦੁੱਲਾ

ਹਜ਼ਰਤ ਮੁਹੰਮਦ (ਸ.) ਦੇ ਪਿਤਾ ਦਾ ਨਾਂ ਹਜ਼ਰਤ ਅਬਦੁੱਲ੍ਹਾ ਸੀ।ਆਪ ਦੇ ਖ਼ਾਨਦਾਨ ਦੀ ਵੰਸ਼ਾਵਲੀ ਦਾ ਜ਼ਿਕਰ ਕਰਦਿਆਂ ਮੁਹੰਮਦ ਅਬਦੁੱਲ ਹੱਈ ਲਿਖਦੇ ਨੇ,"ਆਪ ਦੀ ਵੰਸ਼ਾਵਲੀ ਚਾਰ ਹਜ਼ਾਰ ਸਾਲ ਪਹਿਲਾਂ ਹੋਏ ਨਬੀ ਹਜ਼ਰਤ ਇਬਰਾਹੀਮ (ਅਲੈ.) ਦੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਦੇ ਨਾਲ ਜਾ ਮਿਲਦੀ ਹੈ।ਇਨ੍ਹਾਂ ਚਾਰ ਹਜ਼ਾਰ ਸਾਲਾਂ ਵਿਚ ਸੱਠ ਦੇ ਨੇੜੇ ਪੀੜ੍ਹੀਆਂ ਲੰਘੀਆਂ ਕਿਆਸ ਕੀਤੀਆਂ ਜਾਂਦੀਆਂ ਹਨ।ਆਪ ਦੇ ਵੰਸ਼ ਦਾ ਨਾਂ ਕੁਰੈਸ਼ ਸੀ ਜਿਸ ਦੀ ਮੱਕੇ ਉੱਤੇ ਸਰਦਾਰੀ ਸੀ।ਮੱਕੇ ਦੀ ਸਰਦਾਰੀ ਅਤੇ ਖ਼ਾਨਾ ਕਾਅਬਾ ਦੀ ਸਾਂਭ-ਸੰਭਾਲ ਕਰਨ ਕਰਕੇ ਅਰਬ ਵਿਚ ਆਪ ਦੇ ਖ਼ਾਨਦਾਨ ਨੂੰ ਸਤਿਕਾਰ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ"।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਅਬਦੁਲ ਮੁਤਲਿਬ ਨੇ ਮੰਨਤ ਮੰਨੀ ਸੀ ਕਿ ਜੇ ਉਸ ਦੇ ਦਸ ਪੁੱਤਰ ਹੋਏ ਤਾਂ ਉਹ ਉਨ੍ਹਾਂ ਵਿੱਚੋਂ ਇਕ ਨੂੰ ਰੱਬ ਦੀ ਰਾਹ ਉੱਤੇ ਕੁਰਬਾਨ ਕਰ ਦੇਵੇਗਾ।ਅਬਦੁਲ ਮੁਤਲਿਬ ਦੇ ਦਸ ਪੁੱਤਰਾਂ ਵਿੱਚੋਂ ਹਜ਼ਰਤ ਅਬਦੁੱਲ੍ਹਾ ਸਭ ਤੋਂ ਛੋਟੇ ਸਨ।ਉਹ ਸਭ ਤੋਂ ਵੱਧ ਸੋਹਣੇ ਸਨ ਅਤੇ ਅਬਦੁਲ ਮੁਤਲਿਬ ਨੂੰ ਸਭ ਤੋਂ ਵੱਧ ਪਿਆਰੇ ਸਨ।ਉਹ ਸਦਾ ਇਸ ਦੀ ਤੰਦਰੁਸਤੀ ਦੀ ਦੁਆ ਮੰਗਦੇ ਅਤੇ ਉਸ ਲਈ ਕੀਮਤੀ ਤੋਂ ਕੀਮਤੀ ਸ਼ੈਅ ਨੂੰ ਵੀ ਕੁਰਬਾਨ ਕਰਨ ਤੋਂ ਗੁਰੇਜ਼ ਨਾ ਕਰਦੇ।ਜਦੋਂ ਪੁਤਰਾਂ ਦੀ ਗਿਣਤੀ ਪੂਰੀ ਹੋ ਗਈ ਅਤੇ ਉਹ ਅਪਣੇ ਕਬੀਲੇ ਦਾ ਬਚਾਅ ਕਰਨ ਦੇ ਕਾਬਲ ਹੋ ਗਏ ਤਾਂ ਅਬਦੁਲ ਮੁਤਲਿਬ ਨੇ ਉਨ੍ਹਾਂ ਨੂੰ ਅਪਣੀ ਮੰਨਤ ਬਾਰੇ ਦੱਸਿਆ।ਜਦੋਂ ਸਭ ਦੀ ਰਜ਼ਾਮੰਦੀ ਨਾਲ ਕੁੱਰਾ-ਅੰਦਾਜ਼ੀ (ਪਰਚੀ ਕੱਢਣਾ) ਕੀਤੀ ਗਈ ਤਾਂ ਹਜ਼ਰਤ ਅਬਦੁੱਲ੍ਹਾ ਦਾ ਨਾਂ ਨਿਕਲ ਆਇਆ। ਅਬਦੁਲ ਮੁਤਲਿਬ ਨੇ ਛੁਰੀ ਲਈ ਅਤੇ ਹਜ਼ਰਤ ਅਬਦੁੱਲ੍ਹਾ ਨੂੰ ਖ਼ਾਨਾ ਕਾਅਬਾ ਵਲ ਲੈ ਕੇ ਤੁਰ ਪਏ ਪਰ ਹਜ਼ਰਤ ਅਬਦੁੱਲਾ੍ਹ ਦੇ ਨਾਨਕੇ ਅਤੇ ਉਸ ਦਾ ਭਰਾ ਅਬੂ ਤਾਲਿਬ ਰੋਕ ਬਣ ਕੇ ਖਲੋ ਗਏ।
ਸੋਚ ਵਿਚਾਰ ਤੋਂ ਬਾਅਦ ਫ਼ੈਸਲਾ ਕੀਤਾ ਗਿਆ ਕਿ ਕਿਸੇ ਕਾਨ੍ਹ (ਧਾਰਮਿਕ ਆਗੂ) ਤੋਂ ਇਸ ਦਾ ਹੱਲ ਪੁੱਛਿਆ ਜਾਵੇ।ਕਾਨ੍ਹ ਨੇ ਦੱਸਿਆ ਕਿ ਦਸ ਊਂਠਾਂ ਅਤੇ ਹਜ਼ਰਤ ਅਬਦੁੱਲ੍ਹਾ ਦੇ ਵਿਚਕਾਰ ਕੁੱਰਾ-ਅੰਦਾਜ਼ੀ ਕੀਤੀ ਜਾਵੇ ਅਤੇ ਜੇ ਫ਼ਿਰ ਵੀ ਹਜ਼ਰਤ ਅਬਦੁੱਲ੍ਹਾ ਦਾ ਨਾਂ ਨਿਕਲ ਆਇਆ ਤਾਂ ਵੀਹ ਊਂਠਾਂ ਦਾ ਸਹਾਰਾ ਲਿਆ ਜਾਵੇ।ਇਸ ਤਰ੍ਹਾਂ ਊਂਠਾਂ ਦੀ ਗਿਣਤੀ ਵਧਾਈ ਜਾਂਦੀ ਰਹੀ ਪਰ ਕੁੱਰਾ ਹਜ਼ਰਤ ਅਬਦੁੱਲ੍ਹਾ ਦੇ ਨਾਂ ਨਿਕਲਦਾ ਰਿਹਾ।ਜਦੋਂ ਊਂਠਾਂ ਦੀ ਗਿਣਤੀ ਸੌ ਹੋ ਗਈ ਤਾਂ ਕੁੱਰਾ ਊਂਠਾਂ ਦੇ ਨਾਂ ਨਿਕਲਿਆ।ਇਸ ਤਰ੍ਹਾਂ ਸੌ ਊਂਠਾਂ ਦੀ ਕੁਰਬਾਨੀ ਦੇ ਕੇ ਹਜ਼ਰਤ ਅਬਦੁੱਲ੍ਹਾ ਨੂੰ ਬਚਾ ਲਿਆ ਗਿਆ।ਇਸ ਤੋਂ ਪਹਿਲਾਂ ਅਰਬ ਵਿਚ ਖ਼ੂਨ ਦੇ ਬਦਲੇ ਖ਼ੂਨ ਦੀ ਸਜ਼ਾ ਦਸ ਊਂਠ ਹੁੰਦੀ ਸੀ ਪਰ ਇਸ ਘਟਨਾ ਤੋਂ ਬਾਅਦ ਖ਼ੂਨ ਬਹਾ ਦੀ ਗਿਣਤੀ ਸੌ ਊਂਠ ਕਰ ਦਿੱਤੀ ਗਈ।
ਜਦੋਂ ਹਜ਼ਰਤ ਅਬਦੁੱਲ੍ਹਾ ਪੰਝੀ ਵਰ੍ਹਿਆਂ ਦੇ ਹੋਏ ਤਾਂ ਅਬਦੁਲ ਮੁਤਲਿਬ ਨੇ ਉਸ ਦਾ ਵਿਆਹ ਕੁਰੈਸ਼ ਦੀ ਇਕ ਸ਼ਾਖ਼ ਬਨੂੰ ਜ਼ੋਹਰਾ ਦੇ ਸਰਦਾਰ ਵਹਿਬ ਪੁੱਤਰ ਅਬਦ ਮਨਾਫ਼ ਦੀ ਪੁਤਰੀ ਆਮਿਨਾ ਨਾਲ ਕਰ ਦਿੱਤੀ ਜਿਹੜੀ ਅਪਣੀ ਕੌਮ ਦੀਆਂ ਸਭ ਤੋਂ ਚੰਗੀਆਂ ਲੜਕੀਆਂ ਵਿੱਚੋਂ ਇਕ ਸੀ।ਸ਼ਾਦੀ ਸਮੇਂ ਉਸ ਦੀ ਉਮਰ ਵੀਹ ਸਾਲ ਦੀ ਸੀ ਪਰ ਮੁਹੰਮਦ ਅਬਦੁਲ ਹਈ ਸ਼ਾਦੀ ਦੇ ਸਮੇਂ ਉਨ੍ਹਾਂ ਦੀ ਉਮਰ ਸਤਾਰਾਂ ਸਾਲ ਲਿਖਦੇ ਹਨ ਜਦੋਂ ਕਿ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ 'ਮੈਅਮਾਰੇ ਇਨਸਾਨੀਅਤ ਵਿਚ ਲਿਖਦੇ ਨੇ,"ਅਬਦੁਲ ਮੁਤਲਿਬ ਦੇ ਸਭ ਤੋਂ ਛੋਟੇ ਬੇਟੇ ਅਬਦੁੱਲ੍ਹਾ ਜਿਸ ਦਾ ਅਸਲ ਨਾਂ ਅਬਦੁਲਦਾਰ ਸੀ ਦਾ ਨਿਕਾਹ ਹਿਜਰਤ ਤੋਂ ੫੪ ਸਾਲ ਪਹਿਲਾਂ ਕਬੀਲਾ ਬਨੂ-ਜ਼ੁਹਰਾ ਦੇ ਬਜ਼ੁਰਗ ਸਰਦਾਰ ਵਹਿਬ ਪੁੱਤਰ ਅਬਦ ਮਨਾਫ਼ ਦੀ ਪੁਤਰੀ ਆਮਨਾ ਦੇ ਨਾਲ ਹੋਇਆ।ਉਸ ਸਮੇਂ ਹਜ਼ਰਤ ਅਬਦੁੱਲ੍ਹਾ ਦੀ ਉਮਰ ੨੫ ਸਾਲ ਸੀ ਅਤੇ ਆਮਨਾ ਸਿਰਫ਼ ਵੀਹ ਸਾਲ ਦੀ ਸੀ।ਅਰਬ ਦੇ ਦਸਤੂਰ ਅਨੁਸਾਰ ਅਬਦੁੱਲ੍ਹਾ ਤਿੰਨ ਦਿਨ ਤੱਕ ਸਹੁਰੇ ਘਰ ਰਿਹਾ ਅਤੇ ਫਿਰ ਆਮਨਾ ਨੂੰ ਲੈ ਕੇ ਅਪਣੇ ਘਰ ਆ ਗਿਆ"।
ਵਿਆਹ ਤੋਂ ਕੁਝ ਮਹੀਨੇ ਬਾਅਦ ਅਬਦੁੱਲ੍ਹਾ ਇਕ ਵਪਾਰੀ ਕਾਫ਼ਿਲੇ ਦੇ ਨਾਲ ਸ਼ਾਮ ਗਏ ਅਤੇ ਉੱਥੋਂ ਵਾਪਸੀ ਉੱਤੇ ਜਦੋਂ ਯਸਰਬ (ਮਦੀਨੇ) ਪਹੁੰਚੇ ਤਾਂ ਬੀਮਾਰ ਹੋ ਗਏ।ਉਹ ਬੀਮਾਰੀ ਦੀ ਹਾਲਤ ਵਿਚ ਅਪਣੀ ਦਾਦੀ ਸਮਾ ਦੇ ਕੋਲ ਰੁਕ ਗਏ ਜਿੱਥੇ ਇਕ ਮਹੀਨਾ ਬੀਮਾਰ ਰਹਿਣ ਪਿੱਛੋਂ ਉਨ੍ਹਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਨੂੰ ਯਸਰਬ ਵਿਖੇ ਹੀ ਨਾਬਗ਼ਾ ਜੈਅਦੀ ਦੇ ਸਥਾਨ ਉੱਤੇ ਦਫ਼ਨਾ ਦਿੱਤਾ ਗਿਆ।
ਵਫ਼ਾਤ ਦੀ ਇਹ ਘਟਨਾ ਹਿਜਰੀ ਸਨ ਤੋਂ ੫੧ ਸਾਲ ਪਹਿਲਾਂ ਦੀ ਹੈ।ਉਸ ਸਮੇਂ ਅੰਗਰੇਜ਼ੀ ਸਾਲ ੫੭੧-੭੨ ਈਸਵੀ ਸੀ।

29. ਹਜ਼ਰਤ ਮੁਹੰਮਦ (ਸ.) ਦਾ ਜਨਮ

ਜੇ ਦੁਨੀਆ ਦੇ ਨਕਸ਼ੇ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਸ਼ਹਿਰ 'ਮੱਕਾ' ਸੰਸਾਰ ਦੇ ਨਕਸ਼ੇ ਉੱਤੇ ਐਨ ਵਿਚਕਾਰ ਨਜ਼ਰ ਆਉਂਦਾ ਹੈ।ਮੱਕਾ ਸ਼ਹਿਰ ਦੀ ਖ਼ਾਸ ਗੱਲ ਇਹੋ ਹੈ ਕਿ ਇਸ ਨੂੰ ਹਜ਼ਰਤ ਇਬਰਾਹੀਮ (ਅਲੈ.) ਨੇ ਰੱਬ ਵੱਲੋਂ ਦੱਸੀ ਨਿਸ਼ਾਨਦਹੀ ਅਨੁਸਾਰ, ਅਪਣੇ ਪਰਿਵਾਰ ਦੁਆਰਾ ਕਿਨਆਨ ਤੋਂ ਆ ਕੇ ਦੁਨੀਆ ਦੇ ਸੈਂਟਰ ਵਿਚ ਆਬਾਦ ਕੀਤਾ।ਮੱਕੇ ਦੀ ਦੂਸਰੀ ਖ਼ੂਬੀ ਇਹ ਹੈ ਕਿ ਇੱਥੇ ਦੁਨੀਆ ਦੀ ਸਭ ਤੋਂ ਪਹਿਲੀ ਇਬਾਦਤਗਾਹ ਖ਼ਾਨਾ ਕਾਅਬਾ ਹੈ।ਭਾਵ ਮੱਕਾ ਭੂਗੋਲਿਕ ਅਤੇ ਮਜ਼ਹਬੀ ਲਿਹਾਜ਼ ਨਾਲ ਕੇਂਦਰੀ ਹੈਸ਼ੀਅਤ ਰੱਖਦਾ ਹੈ।
'ਮੱਕਾ' ਉੱਤੇ ਅਬਰਹਾ ਦੇ ਹਮਲੇ ਨੂੰ ਦੋ ਮਹੀਨਿਆਂ ਦੇ ਨੇੜੇ ਸਮਾਂ ਹੋਇਆ ਹੋਵੇਗਾ ਕਿ ੨੦ ਅਪਰੈਲ ੫੭੧ ਨੂੰ ਸੋਮਵਾਰ ਦੇ ਦਿਨ ਮੱਕਾ ਵਿਖੇ ਹਜ਼ਰਤ ਮੁਹੰਮਦ (ਸ.) ਦਾ ਜਨਮ ਹੋਇਆ।ਉਸ ਦਿਨ ਅਰਬੀ ਕੈਲੰਡਰ ਅਨੁਸਾਰ ਰਵੀ-ਉਲ ਅੱਵਲ ਦੀ ੯ ਤਾਰੀਖ਼ ਸੀ।ਕਈ ਕਿਤਾਬਾਂ ਵਿਚ ਇਹ ਤਾਰੀਖ਼ ੨੨ ਜਾਂ ੨੩ ਅਪਰੈਲ ਵੀ ਲਿਖੀ ਗਈ ਹੈ ਪਰ ਪ੍ਰਸਿੱਧ ਇਸਲਾਮੀ ਵਿਦਵਾਨ ਅਬਦੁਲ ਹਈ ਆਪ ਦਾ ਜਨਮ ੨੦ ਅਪਰੈਲ ਨੂੰ ਹੀ ਹੋਇਆ ਲਿਖਦੇ ਹਨ।ਜਨਮ ਸਮੇਂ ਬੀਬੀ ਆਮਨਾ ਦੇ ਕੋਲ ਕੁਰੈਸ਼ ਖ਼ਾਨਦਾਨ ਦੀ ਇਕ ਨੇਕ ਔਰਤ ਹਜ਼ਰਤ ਅਬਦੁਰ ਰਹਿਮਾਨ ਦੀ ਮਾਂ ਬੀਬੀ ਸ਼ਫ਼ਾਅ ਅਤੇ ਹਜ਼ਰਤ ਉਸਮਾਨ ਪੁੱਤਰ ਅਬੁਲ ਆਸ ਦੀ ਮਾਂ ਵੀ ਮੌਜੂਦ ਸੀ।
ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ 'ਮੈਅਮਾਰੇ ਇਨਸਾਨੀਅਤ' ਦੇ ਸਫ਼ਾ ੪੫ ਉੱਤੇ ਬੀਬੀ ਆਮਨਾ ਦੇ ਹਵਾਲੇ ਨਾਲ ਲਿਖਦੇ ਹਨ, "ਜਨੇਪੇ ਦੇ ਇਸ ਮੁਬਾਰਕ ਮੌਕੇ ਉੱਤੇ ਦੋ ਔਰਤਾਂ ਹੋਰ ਮੌਜੂਦ ਸਨ ਜਿਨ੍ਹਾਂ ਵਿੱਚੋਂ ਇਕ ਫ਼ਿਰਔਨ ਦੇ ਘਰ ਵਾਲੀ ਬੀਬੀ ਆਸੀਆ ਜਿਸ ਨੇ ਹਜ਼ਰਤ ਮੂਸਾ (ਅਲੈ.) ਦਾ ਫ਼ਿਰਔਨ ਦੇ ਮਹਿਲ ਵਿਚ ਪਾਲਣ-ਪੋਸ਼ਣ ਕੀਤਾ ਸੀ ਅਤੇ ਦੂਜੀ ਹਜ਼ਰਤ ਈਸਾ (ਅਲੈ.) ਦੀ ਮਾਂ ਹਜ਼ਰਤ ਮਰੀਅਮ"।ਮੱਕੇ ਦੇ ਜਿਸ ਘਰ ਵਿਚ ਆਪ ਦਾ ਜਨਮ ਹੋਇਆ ਉਸ ਨੂੰ 'ਦਾਰੁਲ ਮੌਲੁਦ' ਕਿਹਾ ਜਾਂਦਾ ਹੈ।ਅੱਜ-ਕੱਲ ਇਸ ਘਰ ਵਿਚ ਲਾਇਬਰੇਰੀ ਬਣਾ ਦਿੱਤੀ ਗਈ ਹੈ।
ਹਜ਼ਰਤ ਮੁਹੰਮਦ (ਸ.) ਦਾ ਜਨਮ ਹਜ਼ਰਤ ਇਬਰਾਹੀਮ (ਅਲੈ.) ਦੀ ਦੁਆ ਨਾਲ ਉਸ ਦੀ ਨਸਲ ਬਨੀ ਇਸਰਾਈਲ ਵਿਚ ਹੋਇਆ।ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਮਿਲਦਾ ਹੈ ਜਿੱਥੇ ਲਿਖਿਆ ਗਿਆ ਹੈ, "ਅਤੇ ਯਾਦ ਕਰੋ ਜਦੋਂ ਇਬਰਾਹੀਮ ਅਤੇ ਇਸਮਾਈਲ ਇਸ ਘਰ (ਖ਼ਾਨਾ ਕਾਅਬਾ) ਦੀਆਂ ਕੰਧਾਂ ਬਣਾ ਰਹੇ ਸਨ ਅਤੇ ਦੁਆ ਕਰ ਰਹੇ ਸਨ ਕਿ ਐ ਰੱਬ ਸਾਡੀ ਕੌਮ ਵਿਚ ਇਕ ਰਸੂਲ ਪੈਦਾ ਕਰ ਜਿਹੜਾ ਉਨ੍ਹਾਂ ਨੂੰ (ਲੋਕਾਂ ਨੂੰ) ਤੇਰੀਆਂ ਆਇਤਾਂ ਸੁਣਾਵੇ।ਉਨ੍ਹਾਂ ਨੂੰ ਕਿਤਾਬ ਅਤੇ ਹਿਕਮਤ ਦੀ ਤਾਲੀਮ ਦੇਵੇ ਅਤੇ ਉਨ੍ਹਾਂ ਦੀਆਂ ਜ਼ਿੰਦਗੀਆਂ ਨੂੰ ਸੰਵਾਰ ਦੇਵੇ"।
ਜਦੋਂ ਅਬਦੁਲ ਮੁਤਲਿਬ ਨੂੰ ਪੋਤੇ ਦੇ ਜਨਮ ਦੀ ਖ਼ਬਰ ਮਿਲੀ ਤਾਂ ਉਹ ਤੁਰੰਤ ਘਰ ਆਇਆ।ਉਸ ਨੇ ਅਪਣੇ ਵਿਛੜੇ ਪੁੱਤਰ ਦੀ ਨਿਸ਼ਾਨੀ ਨੂੰ ਚੁੱਕ ਕੇ ਸੀਨੇ ਨਾਲ ਲਾਇਆ ਅਤੇ ਖ਼ਾਨੇ ਕਾਅਬੇ ਵਿਚ ਲੈ ਗਿਆ ਜਿੱਥੇ ਉਸ ਨੇ ਉਸ ਸਮੇਂ ਦੀ ਰੀਤੀ ਅਨੁਸਾਰ ਪੋਤੇ ਦੀ ਲੰਬੀ ਉਮਰ ਅਤੇ ਸਮਾਜ ਵਿਚ ਸਨਮਾਨ ਜਨਕ ਸਥਿੱਤੀ ਲਈ ਦੁਆ ਮੰਗੀ।ਜਨਮ ਤੋਂ ਸੱਤਵੇਂ ਦਿਨ ਅਬਦੁਲ ਮੁਤਲਿਬ ਦੀ ਤਰਫ਼ੋਂ ਪੋਤੇ ਦਾ ਅਕੀਕਾ ਕੀਤਾ ਗਿਆ ਜਿਸ ਵਿਚ ਕੁਰੈਸ਼ ਵਾਲਿਆਂ ਨੂੰ ਭਰਵੀਂ ਦਾਅਵਤ ਦਿੱਤੀ ਗਈ।ਉਨ੍ਹਾਂ ਨੇ ਪੋਤੇ ਦਾ ਨਾਂ "ਮੁਹੰਮਦ" ਰੱਖਿਆ ਜਿਸ ਦੇ ਅਰਥ ਤਾਰੀਫ਼ ਕਰਨ ਦੇ ਹਨ।ਬੀਬੀ ਆਮਨਾ ਨੇ ਆਪ ਦਾ ਨਾਂ ਅਹਿਮਦ ਰੱਖਿਆ ਜਿਸ ਦੇ ਅਰਥ ਵੀ ਤਾਰੀਫ਼ ਕਰਨ ਵਾਲਾ ਹੀ ਲਏ ਜਾਂਦੇ ਹਨ।
ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਅਰਬ ਦੇ ਕਿਸੇ ਕਬੀਲੇ ਵਿਚ ਕਿਸੇ ਵਿਅਕਤੀ ਦਾ ਨਾਂ ਮੁਹੰਮਦ ਨਹੀਂ ਰੱਖਿਆ ਮਿਲਦਾ ਇਸ ਲਈ ਅਰਬ ਵਾਲਿਆਂ ਵਾਸਤੇ ਇਹ ਨਵਾਂ ਨਾਂ ਸੀ।ਜਦੋਂ ਕੁਝ ਕਬੀਲੇ ਵਾਲਿਆਂ ਨੇ ਅਬਦੁਲ ਮੁਤਲਿਬ ਤੋਂ ਪ੍ਰਚੱਲਤ ਨਾਵਾਂ ਨੂੰ ਛੱਡ ਕੇ ਇਸ ਨਵੇਂ ਨਾਂ ਦੇ ਰੱਖਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਬੜੇ ਮਾਨ ਨਾਲ ਆਖਿਆ, "ਮੇਰਾ ਪੋਤਾ ਬਹੁਤ ਮਹਾਨ ਹੈ।ਇਹ ਸਾਡੇ ਲਈ ਇਕ ਦਿਨ ਮਾਨ ਦਾ ਕਾਰਨ ਬਣੇਗਾ"।
ਹਜ਼ਰਤ ਮੁਹੰਮਦ (ਸ.) ਦਾ ਨਾਂ ਅਹਿਮਦ ਰੱਖਣ ਬਾਰੇ ਬੀਬੀ ਆਮਨਾ ਨੂੰ ਪਹਿਲਾਂ ਹੀ ਵਸ਼ਾਰਤ (ਇਸ਼ਾਰਾ) ਮਿਲ ਗਈ ਸੀ।ਇਸ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਵੀ ਆਇਆ ਹੈ ਜਿੱਥੇ ਰੱਬ ਵੱਲੋਂ ਆਖਿਆ ਗਿਆ ਹੈ, "ਅਤੇ ਯਾਦ ਕਰੋ ਈਸਾ ਬਿਨ ਮਰੀਅਮ ਦੀ ਉਹ ਬਾਤ ਜਿਹੜੀ ਉਸ ਨੇ ਕਹੀ ਸੀ,'ਐ ਬਨੀ ਇਸਰਾਈਲ ਮੈਂ ਤੁਹਾਡੇ ਵੱਲ ਅੱਲਾਹ ਦਾ ਭੇਜਿਆ ਹੋਇਆ ਰਸੂਲ ਹਾਂ।ਤਸਦੀਕ ਕਰਦਾ ਹਾਂ ਤੌਰੈਤ ਦੀ ਉਸ ਬਾਤ ਦੀ ਜਿਹੜੀ ਮੇਰੇ ਤੋਂ ਪਹਿਲਾਂ ਆਈ ਹੋਈ ਮੌਜੂਦ ਹੈ।ਅਤੇ ਬਸ਼ਾਰਤ ਦੇਣ ਵਾਲਾ ਹਾਂ ਇਕ ਰਸੂਲ ਦੀ ਜਿਹੜਾ ਮੇਰੇ ਬਾਅਦ ਆਵੇਗਾ।ਜਿਸ ਦਾ ਨਾਂ ਅਹਿਮਦ ਹੋਵੇਗਾ"।

30. ਬਚਪਨ ਅਤੇ ਹਜ਼ਰਤ ਹਲੀਮਾ

ਜਨਮ ਤੋਂ ਬਾਅਦ ਸਭ ਤੋਂ ਪਹਿਲਾਂ ਆਪ ਨੂੰ ਆਪ ਦੀ ਮਾਂ ਬੀਬੀ ਆਮਨਾ ਨੇ ਸੱਤ ਦਿਨਾਂ ਤੱਕ ਦੁੱਧ ਪਿਲਾਇਆ ਅਤੇ ਉਸ ਤੋਂ ਬਾਅਦ ਅੱਠ ਦਿਨਾਂ ਤੱਕ ਬੀਬੀ ਸੋਵੀਬਾ ਦੁੱਧ ਪਿਲਾਉਂਦੀ ਰਹੀ।ਬੀਬੀ ਸੋਵੀਬਾ ਹਜ਼ਰਤ ਮੁਹੰਮਦ (ਸ.) ਦੇ ਚਾਚੇ ਅਬੂ ਲਹਿਬ ਦੀ ਕਨੀਜ਼ (ਨੌਕਰਾਨੀ) ਸੀ।ਦੱਸਿਆ ਜਾਂਦਾ ਹੈ ਕਿ ਸੋਵੀਬਾ ਨੇ ਜਦੋਂ ਅਬੂ ਲਹਿਬ ਨੂੰ ਭਤੀਜੇ ਦੇ ਜਨਮ ਦੀ ਖ਼ਬਰ ਸੁਣਾਈ ਤਾਂ ਖ਼ੁਸ਼ੀ ਦੇ ਮਾਰੇ ਅਬੂ ਲਹਿਬ ਨੇ ਉਸ ਨੂੰ ਗ਼ੁਲਾਮੀ ਤਂੋ ਆਜ਼ਾਦ ਕਰ ਦਿੱਤਾ।ਇਨ੍ਹਾਂ ਤੋਂ ਇਲਾਵਾ ਅਰਬ ਦੇ ਦਸਤੂਰ ਅਨੁਸਾਰ ਆਤਿਕਾ ਨਾਂ ਦੀਆਂ ਤਿੰਨ ਹੋਰ ਬੀਬੀਆਂ ਨੇ ਵੀ ਆਪ ਨੂੰ ਦੁੱਧ ਪਿਲਾਇਆ।ਬੀਬੀ ਹਲੀਮਾ ਸਾਅਦੀਆ ਤੋਂ ਇਲਾਵਾ ਇਕ ਹੋਰ ਸਾਅਦੀਆ ਨੇ ਵੀ ਆਪ ਨੂੰ ਦੁੱਧ ਪਿਲਾਇਆ ਕਿਹਾ ਜਾਂਦਾ ਹੈ।
ਉਸ ਸਮੇਂ ਅਰਬ ਵਿਚ ਦਸਤੂਰ ਸੀ ਕਿ ਸ਼ਹਿਰ ਵਿਚ ਜਨਮੇ ਬੱਚਿਆਂ ਨੂੰ ਪਿੰਡਾਂ ਵਿਚ ਭੇਜ ਦਿੱਤਾ ਜਾਂਦਾ ਸੀ।ਸ਼ਹਿਰਾ ਦੇ ਮੁਕਾਬਲੇ ਪਿੰਡਾਂ ਦੀ ਭਾਸ਼ਾ ਸ਼ੁੱਧ ਮੰਨੀ ਜਾਂਦੀ ਸੀ।ਬੱਚਿਆਂ ਨੂੰ ਪਿੰਡਾਂ ਵਿਚ ਭੇਜਣ ਦਾ ਇਕ ਲਾਭ ਇਹ ਵੀ ਹੁੰਦਾ ਸੀ ਕਿ ਉਹ ਸ਼ੁੱਧ ਅਰਬੀ ਵਿਚ ਬਾਤ ਕਰਨੀ ਸਿੱਖ ਜਾਂਦੇ ਸਨ।ਹਜ਼ਰਤ ਮੁਹੰਮਦ (ਸ.) ਦੇ ਜਨਮ ਤੋਂ ਕੁਝ ਦਿਨ ਬਾਅਦ 'ਹਵਾਜ਼ਨ' ਕਬੀਲੇ ਦੀਆਂ ਕੁਝ ਔਰਤਾਂ ਬੱਚਿਆਂ ਨੂੰ ਲੈਣ ਲਈ ਮੱਕੇ ਆਈਆਂ ਜਿਨ੍ਹਾਂ ਵਿਚ ਹਲੀਮਾ ਸਾਅਦੀਆ ਨਾਂ ਦੀ ਔਰਤ ਵੀ ਸ਼ਾਮਿਲ ਸੀ।ਕਈ ਕਿਤਾਬਾਂ ਵਿਚ ਹਲੀਮਾ ਸਾਅਦੀਆ ਨੂੰ 'ਬਨੂੰ ਸਈਦ' ਕਬੀਲੇ ਨਾਲ ਸਬੰਧਤ ਵੀ ਲਿਖਿਆ ਗਿਆ ਹੈ।ਪਿੰਡਾਂ ਦੀਆਂ ਇਹ ਔਰਤਾਂ ਬੱਚੇ ਲੈਣ ਲਈ ਸਾਲ ਵਿਚ ਦੋ ਵਾਰ ਮੱਕੇ ਆਉਂਦੀਆਂ ਅਤੇ ਖਾਂਦੇ-ਪੀਂਦੇ ਘਰਾਂ ਦੇ ਬੱਚੇ ਪਾਲਣ ਲਈ ਅਪਣੇ ਨਾਲ ਲੈ ਜਾਂਦੀਆਂ।ਹਜ਼ਰਤ ਮੁਹੰਮਦ (ਸ.) ਨੂੰ ਕਬੀਲਾ ਬਨੂੰ ਸਈਦ ਦੀ ਖ਼ੁਸ਼ਨਸੀਬ ਔਰਤ ਬੀਬੀ ਹਲੀਮਾ ਅਪਣੇ ਨਾਲ ਪਿੰਡ ਲੈ ਗਈ ਜਿਹੜਾ ਨਜਦ ਦੇ ਇਲਾਕੇ ਵਿਚ ਮੱਕਾ ਤੋਂ ਕਾਫ਼ੀ ਦੂਰ ਸੀ।
ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਲਿਖਦੇ ਹਨ, "ਜਦੋਂ ਬੀਬੀ ਹਲੀਮਾ ਬੱਚਾ ਲੈਣ ਲਈ ਹਜ਼ਰਤ ਮੁਹੰਮਦ (ਸ.) ਦੀ ਮਾਂ ਕੋਲ ਪਹੁੰਚੀ ਤਾਂ ਹਜ਼ਰਤ ਆਮਨਾ ਉਸ ਨੂੰ ਕਹਿਣ ਲੱਗੀ, "ਨੇਕ ਖ਼ਾਤੂਨ! ਤਿੰਨ ਦਿਨਾਂ ਤੋਂ ਕੋਈ ਮੈਨੂੰ ਆਖ ਰਿਹਾ ਹੈ ਕਿ ਅਪਣੇ ਬੱਚੇ ਨੂੰ ਸਾਅਦ ਬਿਨ ਬਕਰ ਕਬੀਲੇ ਦੇ ਅਬੂ ਜ਼ੁਬੇਬ ਦੀ ਔਲਾਦ ਵਿੱਚੋਂ ਕਿਸੇ ਔਰਤ ਤੋਂ ਦੁੱਧ ਪਿਲਵਾਵਾਂ।ਐ ਨੇਕ ਖ਼ਾਤੂਨ ਤੂੰ ਕੌਣ ਏਂ"?
ਹਜ਼ਰਤ ਆਮਨਾ ਦਾ ਸਵਾਲ ਸੁਣ ਕੇ ਬੀਬੀ ਹਲੀਮਾ ਕਹਿਣ ਲੱਗੀ, ਜੀ ਮੈਂ ਹੀ ਅਬੂ ਜ਼ੁਬੇਬ ਦੀ ਪੁਤਰੀ ਹਲੀਮਾ ਹਾਂ।ਮੇਰੇ ਪਿਤਾ ਦਾ ਅਸਲੀ ਨਾਂ ਅਬਦੁੱਲਾ ਬਿਨ ਹਾਰਸ ਹੈ ਅਤੇ ਹਾਰਸ ਬਿਨ ਅਬਦੁਲ ਅਜ਼ੀਜ਼ ਮੇਰੇ ਪਤੀ ਹਨ"।
ਪਿੰਡਾਂ ਦੀਆਂ ਇਹ ਔਰਤਾਂ ਅਮੀਰ ਘਰਾਂ ਦੇ ਬੱਚਿਆਂ ਨੂੰ ਲਿਜਾਣ ਲਈ ਪਹਿਲ ਦਿੰਦੀਆਂ ਸਨ ਪਰ ਹਜ਼ਰਤ ਮੁਹੰਮਦ (ਸ.) ਤਾਂ ਯਤੀਮ ਸਨ ਇਸ ਲਈ ਉਨ੍ਹਾਂ ਨੂੰ ਲੈਣ ਲਈ ਕਿਸੇ ਨੇ ਬਹੁਤੀ ਦਿਲਚਸ਼ਪੀ ਨਾ ਲਈ।ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਹਲੀਮਾ ਨੂੰ ਹੋਰ ਕੋਈ ਬੱਚਾ ਨਾ ਮਿਲਿਆ ਤਾਂ ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਹੀ ਅਪਣਾ ਲਿਆ।ਹਜ਼ਰਤ ਹਲੀਮਾ ਆਖਦੀ ਏ ਕਿ ਮੁਹੰਮਦ (ਸ.) ਨੂੰ ਅਪਣਾਉਣ ਤੋਂ ਬਾਅਦ ਮੇਰਾ ਘਰ ਖ਼ੁਸ਼ੀਆਂ ਅਤੇ ਬਰਕਤਾਂ ਨਾਲ ਭਰ ਗਿਆ।ਸਾਡੀਆਂ ਬੱਕਰੀਆਂ ਵੱਧ ਦੁੱਧ ਦੇਣ ਲੱਗੀਆਂ ਅਤੇ ਸਾਡੇ ਘਰ ਦੀ ਗ਼ਰੀਬੀ ਦੂਰ ਹੋ ਗਈ।
'ਮੈਅਮਾਰੇ ਇਨਸਾਨੀਅਤ' ਦਾ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਹਜ਼ਰਤ ਹਲੀਮਾ ਦੇ ਕਬੀਲੇ 'ਹਵਾਜ਼ਨ' ਬਾਰੇ ਲਿਖਦਾ ਹੈ, "ਹਵਾਜ਼ਨ ਉਸ ਸਮੇਂ ਸੋਕੇ ਅਤੇ ਕਾਲ ਦੀ ਲਪੇਟ ਵਿਚ ਸੀ।ਜਾਨਵਰ ਤਾਂ ਜਾਨਵਰ ਇਨਸਾਨਾਂ ਨੂੰ ਵੀ ਜ਼ਿੰਦਗੀ ਬਤੀਤ ਕਰਨੀ ਔਖੀ ਹੋ ਰਹੀ ਸੀ।ਹਲੀਮਾ ਜਿਸ ਊਂਠਨੀ ਉੱਤੇ ਬੈਠ ਕੇ ਮੱਕੇ ਪਹੁੰਚੀ ਸੀ ਉਹ ਇਕ ਮਰੀਅਲ ਜਿਹੀ ਊਂਠਨੀ ਸੀ ਜਿਹੜੀ ਬਹੁਤ ਘੱਟ ਦੁੱਧ ਦਿੰਦੀ ਸੀ।ਜਦੋਂ ਉਸ ਦਾ ਪਤੀ ਰਾਤ ਦੇ ਸਮੇਂ ਊਂਠਨੀ ਨੂੰ ਚਾਰਾ ਦੇਣ ਲਈ ਉੱਠਿਆ ਤਾਂ ਦੇਖਿਆ ਕਿ ਉਸ ਦੇ ਥਨ ਦੁੱਧ ਨਾਲ ਭਰੇ ਹੋਏ ਹਨ।ਹਜ਼ਰਤ ਹਲੀਮਾ ਪਹਿਲਾਂ ਹੀ ਅਪਣੀਆਂ ਛਾਤੀਆਂ ਚੋਂ ਦੁੱਧ ਦੇ ਚਸ਼ਮੇ ਵਗਦੇ ਦੇਖ ਕੇ ਇਸ ਬੱਚੇ ਦੀ ਬਰਕਤ ਦਾ ਅਹਿਸਾਸ ਕਰ ਚੁੱਕੀ ਸੀ"।
ਜਦੋਂ ਹਜ਼ਰਤ ਮੁਹੰਮਦ (ਸ.) ਕੁਝ ਵੱਡੇ ਹੋਏ ਤਾਂ ਹਜ਼ਰਤ ਹਲੀਮਾ ਦੇ ਪੁੱਤਰ ਬੱਕਰੀਆਂ ਚਰਾਉਣ ਲਈ ਆਪ ਨੂੰ ਵੀ ਨਾਲ ਲੈ ਕੇ ਜਾਣ ਲੱਗੇ।ਦੋ ਸਾਲ ਪਿੰਡ ਵਿਚ ਰੱਖਣ ਤੋਂ ਬਾਅਦ ਜਦੋਂ ਹਲੀਮਾ ਆਪ ਨੂੰ ਆਪ ਦੀ ਮਾਂ ਕੋਲ ਛੱਡਣ ਆਈ ਤਾਂ ਮੱਕੇ ਵਿਚ ਇਕ ਭਿਆਨਕ ਬੀਮਾਰੀ ਫੈਲੀ ਹੋਈ ਸੀ ਇਸ ਲਈ ਉਹ ਆਪ ਨੂੰ ਵਾਪਸ ਪਿੰਡ ਲੈ ਗਈ।ਤਕਰੀਬਨ ਛੇ ਸਾਲ ਤੱਕ ਆਪ ਹਜ਼ਰਤ ਹਲੀਮਾ ਦੇ ਕੋਲ ਪਿੰਡ ਵਿਚ ਰਹੇ ਅਤੇ ਫਿਰ ਵਾਪਸ ਮੱਕੇ ਅਪਣੀ ਮਾਂ ਕੋਲ ਆ ਗਏ।
ਹਜ਼ਰਤ ਮੁਹੰਮਦ (ਸ.) ਦੇ ਬਚਪਨ ਨਾਲ ਕਈ ਕਰਾਮਾਤੀ ਘਟਨਾਵਾਂ ਵੀ ਜੁੜੀਆਂ ਮਿਲਦੀਆਂ ਹਨ । ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ 'ਮੈਅਮਾਰੇ ਇਨਸਾਨੀਅਤ' ਦੇ ਸਫ਼ਾ ੫੩ ਉੱਤੇ ਨਬੀ ਬਣਨ ਤੋਂ ਬਾਅਦ ਆਪ ਦੀ ਸੁਣਾਈ ਘਟਨਾ ਦੇ ਹਵਾਲੇ ਨਾਲ ਲਿਖਦੇ ਹਨ, "ਇਕ ਦਿਨ ਮੈਂ ਅਪਣੇ ਹਾਣੀਆਂ ਨਾਲ ਖੇਡਦੇ ਖੇਡਦੇ ਆਬਾਦੀ ਤੋਂ ਬਾਹਰ ਚਲਿਆ ਗਿਆ।ਕੁਝ ਅਣਜਾਣ ਲੋਕਾਂ ਨੇ ਮੈਨੂੰ ਫੜ ਲਿਆ।ਉਨ੍ਹਾਂ ਦੇ ਹੱਥਾਂ ਵਿਚ ਬਰਫ਼ ਨਾਲ ਭਰੇ ਹੋਏ ਸੋਨੇ ਦੇ ਥਾਲ ਸਨ।ਮੇਰੇ ਸਾਥੀ ਡਰ ਕੇ ਭੱਜ ਗਏ।ਆਉਣ ਵਾਲਿਆਂ ਨੇ ਮੈਨੂੰ ਜ਼ਮੀਨ ਉੱਤੇ ਲਿਟਾ ਲਿਆ ਅਤੇ ਮੇਰਾ ਸੀਨਾ ਚੀਰ ਕੇ ਸਰੀਰ ਦੇ ਅੰਦਰੋਂ ਕੁਝ ਹਿੱਸੇ ਕੱਢ ਕੇ ਧੋਏ ਅਤੇ ਫਿਰ ਉਨ੍ਹਾਂ ਨੂੰ ਉਸੇ ਥਾਂ ਰੱਖ ਦਿੱਤਾ।ਫਿਰ ਉਨ੍ਹਾਂ ਨੇ ਮੇਰੇ ਸੀਨੇ ਵਿਚ ਹੱਥ ਪਾਇਆ ਅਤੇ ਦਿਲ ਨੂੰ ਬਾਹਰ ਕੱਢ ਲਿਆ।ਉਨ੍ਹਾਂ ਨੇ ਮੇਰੇ ਦਿਲ ਨੂੰ ਚੀਰ ਕੇ ਉਸ ਵਿੱਚੋਂ ਇਕ ਕਾਲੇ ਰੰਗ ਦਾ ਟੁਕੜਾ ਕੱਢਿਆ ਅਤੇ ਪਰ੍ਹਾਂ ਸੁੱਟ ਦਿੱਤਾ।ਫਿਰ ਉਨ੍ਹਾਂ ਨੇ ਹਵਾ ਵਿਚ ਹੱਥ ਫੈਲਾਇਆ ਅਤੇ ਇਕ ਨੂਰੀ ਮੋਹਰ ਉਨ੍ਹਾਂ ਦੇ ਹੱਥ ਵਿਚ ਆ ਗਈ।ਉਨ੍ਹਾਂ ਨੇ ਮੋਹਰ ਮੇਰੇ ਦਿਲ ਉੱਤੇ ਲਾਈ ਜਿਸ ਨਾਲ ਦਿਲ ਨੂੰ ਸਕੂਨ ਮਿਲ ਗਿਆ।ਇਸ ਮੋਹਰ ਦੀ ਲੱਜ਼ਤ ਅਤੇ ਠੰਢਕ ਮੈਂ ਬਹੁਤ ਸਮੇਂ ਤੱਕ ਮਹਿਸੂਸ ਕਰਦਾ ਰਿਹਾ।ਇਹ ਸਾਰਾ ਕੁਝ ਮੈਂ ਅਪਣੀਆਂ ਅੱਖਾਂ ਨਾਲ ਵੇਖਿਆ।ਉਨ੍ਹਾਂ ਵਿੱਚੋਂ ਤੀਸਰੇ ਆਦਮੀ ਨੇ ਮੇਰੇ ਢਿੱਡ ਉੱਤੇ ਹੱਥ ਫੇਰਿਆ।ਹੱਥ ਫੇਰਨ ਨਾਲ ਜ਼ਖ਼ਮ ਭਰ ਗਿਆ ਅਤੇ ਮੈਂ ਪਹਿਲਾਂ ਵਾਂਗ ਸਹੀ-ਸਲਾਮਤ ਹੋ ਗਿਆ।ਮੈਂ ਉੱਠ ਕੇ ਖੜ੍ਹਾ ਹੋ ਗਿਆ ਅਤੇ ਫਿਰ ਉਨ੍ਹਾਂ ਤਿੰਨਾਂ ਨੇ ਵਾਰੀ ਵਾਰੀ ਮੈਨੂੰ ਢਿੱਡ ਨਾਲ ਲਾਇਆ ਅਤੇ ਅਲੋਪ ਹੋ ਗਏ"।
ਜਦੋਂ ਹਜ਼ਰਤ ਹਲੀਮਾ ਦੇ ਪੁੱਤਰ ਅਬਦੁੱਲ੍ਹਾ ਨੇ ਇਸ ਘਟਨਾ ਨੂੰ ਅੱਖੀਂ ਦੇਖਿਆ ਤਾਂ ਉਹ ਡਰਦਾ ਮਾਰਾ ਘਰ ਨੂੰ ਭੱਜ ਗਿਆ ਅਤੇ ਸਾਰੀ ਘਟਨਾ ਬਾਰੇ ਅਪਣੀ ਮਾਂ ਅਤੇ ਬਾਪ ਨੂੰ ਦੱਸਿਆ।ਹਜ਼ਰਤ ਹਲੀਮਾ ਅਤੇ ਉਸ ਦਾ ਪਤੀ ਜਦੋਂ ਮੌਕੇ ਵਾਲੀ ਥਾਂ ਤੇ ਪਹੁੰਚੇ ਤਾਂ ਦੇਖਿਆ ਹਜ਼ਰਤ ਮੁਹੰਮਦ (ਸ.) ਡਰਨ ਦੀ ਸਥਿੱਤੀ ਵਿਚ ਬੈਠੇ ਹੋਏ ਸਨ।ਉਨ੍ਹਾਂ ਨੇ ਆਪ ਉੱਤੇ ਕਿਸੇ ਕਿਸਮ ਦੇ ਜਾਦੂ ਜਾਂ ਭੂਤ-ਪ੍ਰੇਤ ਦਾ ਅਸਰ ਸਮਝਿਆ ਅਤੇ ਆਪ ਨੂੰ ਲੈ ਕੇ ਤੁਰੰਤ ਮੱਕੇ ਪਹੁੰਚੇ।ਆਪ ਦੀ ਮਾਂ ਹਜ਼ਰਤ ਆਮਨਾ ਨੇ ਸਾਰੀ ਕਹਾਣੀ ਸੁਨਣ ਤੋਂ ਬਾਅਦ ਆਖਿਆ ਕਿ ਡਰਨ ਦੀ ਲੋੜ ਨਹੀਂ, ਇਸ ਬੱਚੇ ਉੱਤੇ ਕਦੇ ਅਜਿਹਾ ਕੋਈ ਅਸਰ ਨਹੀਂ ਹੋ ਸਕਦਾ ਅਤੇ ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਸਮੇਤ ਵਾਪਸ ਭੇਜ ਦਿੱਤਾ।
ਇਸ ਘਟਨਾ ਦਾ ਜ਼ਿਕਰ ਇਸਲਾਮ ਨਾਲ ਸਬੰਧਤ ਦੂਜੀਆਂ ਕਿਤਾਬਾਂ ਵਿਚ ਵੀ ਮਿਲਦਾ ਹੈ ਪਰ ਸਾਰੇ ਲੇਖਕਾਂ ਵੱਲੋਂ ਲਿਖੀ ਇਸ ਘਟਨਾ ਦਾ ਸਿੱਟਾ ਇਹੋ ਨਿਕਲਦਾ ਹੈ ਕਿ ਬਚਪਨ ਤੋਂ ਹੀ ਰੱਬ ਵੱਲੋਂ ਨਬੀ ਦੇ ਤੌਰ ਤੇ ਆਪ ਦੀ ਚੋਣ ਕਰ ਲਈ ਗਈ ਸੀ ਅਤੇ ਆਪ ਦੇ ਦਿਲ ਨੂੰ ਇਸ ਘਟਨਾ ਰਾਹੀ ਸਾਫ਼ ਅਤੇ ਸੁੱਚਾ ਬਣਾ ਦਿੱਤਾ ਗਿਆ ਸੀ।

31. ਹਜ਼ਰਤ ਆਮਨਾ ਦੀ ਵਫ਼ਾਤ

ਹਜ਼ਰਤ ਮੁਹੰਮਦ (ਸ.) ਜਦੋਂ ਛੇ ਸਾਲ ਦੇ ਹੋਏ ਤਾਂ ਆਪ ਦੀ ਮਾਂ ਆਪ ਨੂੰ ਨਾਲ ਲੈ ਕੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਮਦੀਨੇ ਗਈ ਅਤੇ ਆਪ ਦੀ ਪੜਦਾਦੀ ਅਬਦੁਲ ਮੁਤਲਿਬ ਦੀ ਮਾਂ ਦੇ ਖ਼ਾਨਦਾਨ ਬਨੂ ਨੱਜਾਰ ਵਿਚ ਇਕ ਮਹੀਨਾ ਠਹਿਰੀ। ਉਹ ਆਪ ਨੂੰ ਲੈ ਕੇ ਆਪ ਦੇ ਪਿਤਾ ਦੀ ਕਬਰ 'ਤੇ ਵੀ ਗਈ।ਮਦੀਨੇ ਵਿਚ ਇਕ ਮਹੀਨਾ ਠਹਿਰਨ ਤੋਂ ਬਾਅਦ ਵਾਪਸੀ ਦੇ ਸਫ਼ਰ ਸਮੇਂ ਜਦੋਂ ਉਹ ਆਪ ਨੂੰ ਲੈ ਕੇ 'ਅਬਵਾ' ਦੇ ਸਥਾਨ ਤੇ ਪਹੁੰਚੀ ਤਾਂ ਬੀਮਾਰ ਹੋ ਗਈ ਅਤੇ ਉੱਥੇ ਹੀ ਉਸ ਦੀ ਮੌਤ ਹੋ ਗਈ।ਇਸ ਇਤਿਹਾਸਕ ਘਟਨਾ ਬਾਰੇ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੫੬ ਉੱਤੇ ਲਿਖਦਾ ਹੈ;
"ਆਪ ਮਾਂ ਦੇ ਸਰਾਹਣੇ ਬੈਠੇ ਸਨ।ਬੇਵਾ ਮਾਂ ਨੇ ਯਤੀਮ ਪੁੱਤਰ ਉੱਤੇ ਆਖ਼ਰੀ ਨਿਗਾਹ ਮਾਰੀ ਅਤੇ ਕਹਿਣ ਲੱਗੀ, 'ਮੇਰੇ ਪੁੱਤਰ! ਅੱਲਾਹ ਤੈਨੂੰ ਬਰਕਤ ਦੇਵੇ।ਤੂੰ ਉਸ ਸ਼ਖ਼ਸ ਦਾ ਪੁੱਤਰ ਏਂ ਜਿਸ ਦਾ ਫ਼ਿਦੀਯਾ ਸੌ aੂਂਠ ਸੀ।ਮੇਰੇ ਨੂਰੇ- ਨਜ਼ਰ! ਮੈਂ ਤੇਰੇ ਬਾਰੇ ਜੋ ਕੁਝ ਵੇਖਿਆ ਹੈ ਜੇ ਉਹ ਸੱਚਾ ਹੈ ਤਾਂ ਤੂੰ ਯਕੀਨਨ ਬੜੀ ਸ਼ਾਨ ਵਾਲਾ ਹੋਵੇਂਗਾ।ਮੇਰੇ ਦਿਲ ਦੇ ਟੁਕੜੇ! ਹਰ ਪ੍ਰਾਣੀ ਇਕ ਨਾ ਇਕ ਦਿਨ ਮਰ ਜਾਵੇਗੀ।ਹਰ ਨਵੀਂ ਚੀਜ਼ ਦੀ ਕਿਸਮਤ ਵਿਚ ਪੁਰਾਣੀ ਹੋਣਾ ਹੁੰਦਾ ਹੈ।ਹਰ ਇਕ ਦੀ ਮੰਜ਼ਿਲ ਮੌਤ ਹੈ"।ਬੀਬੀ ਆਮਨਾ (ਰਜ਼ੀ.) ਦੀ ਵਫ਼ਾਤ ਦੀ ਇਹ ਘਟਨਾ ਹਿਜਰਤ ਤੋਂ ੪੬ ਸਾਲ ਪਹਿਲਾਂ ਵਾਪਰੀ ਉਸ ਸਮੇਂ ਈਸਵੀ ਸਾਨ ੫੭੬-੭੭ ਸੀ।
ਹਜ਼ਰਤ ਆਮਨਾ ਨੂੰ ਅਬਵਾ ਵਿਖੇ ਹੀ ਦਫ਼ਨਾ ਦਿੱਤਾ ਗਿਆ।ਉਸ ਦੀ ਵਫ਼ਾਤ ਸਮੇਂ ਆਪ ਦੇ ਨਾਲ ਆਪ ਦੇ ਦਾਦਾ ਅਬਦੁਲ ਮੁਤਲਿਬ ਅਤੇ ਆਪ ਦੀ ਨੌਕਰਾਨੀ ਉੱਮੇ ਐਮਨ ਸਨ।ਪਰ 'ਹਜ਼ਰਤ ਮੁਹੰਮਦ ਜੀਵਨ ਅਤੇ ਸਿੱਖਿਆਵਾਂ' ਦਾ ਲੇਖਕ ਅਬਦੁਲ ਮੁਤਲਿਬ ਨੂੰ ਇਨ੍ਹਾਂ ਦੇ ਨਾਲ ਗਿਆ ਨਹੀਂ ਮੰਨਦਾ।ਉਹ ਲਿਖਦਾ ਹੈ;
"ਤਿੰਨ ਜ਼ਿੰਦਾਂ ਦਾ ਇਹ ਨਿੱਕਾ ਜਿਹਾ ਕਾਫ਼ਲਾ ਲਗ ਭਗ ਇਕ ਮਹੀਨਾ ਮਦੀਨੇ ਰੁਕਿਆ ਰਿਹਾ।ਵਾਪਸੀ ਸਮੇਂ ਇਹ ਲੋਕ ਜਦੋਂ ਹਜ਼ਰਤ ਅਬਦੁੱਲ੍ਹਾ ਦੀ ਕਬਰ ਉੱਤੇ ਪਹੁੰਚੇ ਤਾਂ ਬੀਬੀ ਆਮਨਾ ਅਪਣੇ ਜੀਵਨ ਦੇ ਕੁਝ ਗ੍ਰਿਹਸਤੀ ਦਿਨਾਂ ਨੂੰ ਯਾਦ ਕਰਕੇ ਬੀਮਾਰ ਹੋ ਗਏ।ਬਾਲਕ ਮੁਹੰਮਦ (ਸ.) ਨੂੰ ਵੀ ਇੱਥੇ ਹੀ ਅਪਣੇ ਅਸਲੀ ਪਿਤਾ ਦੀ ਮਿਰਤੂ ਬਾਰੇ ਪਤਾ ਚੱਲਿਆ।ਹੁਣ ਤੱਕ ਉਹ ਬੀਬੀ ਹਲੀਮਾ ਦੇ ਪਤੀ ਹਾਰਸ ਨੂੰ ਹੀ ਪਿਤਾ ਜੀ ਕਹਿੰਦੇ ਆ ਰਹੇ ਸਨ।ਪਤੀ ਦੀ ਕਬਰ ਦੇ ਦਰਸ਼ਨਾਂ ਤੋਂ ਬਾਅਦ ਬੀਬੀ ਆਮਨਾ ਦੀ ਤਬੀਅਤ ਅਚਾਨਕ ਖ਼ਰਾਬ ਹੋ ਗਈ ਅਤੇ ਮਦੀਨੇ ਤੋਂ ਮੱਕੇ ਵਲ ਜਾਂਦੇ ਰਸਤੇ ਵਿਚ 'ਅਬਵਾ' ਨਾਂ ਦੇ ਸਥਾਨ 'ਤੇ ਉਨ੍ਹਾਂ ਨੇ ਪਰਾਣ ਤਿਆਗ ਦਿੱਤੇ"।
ਆਪ ਦੀ ਨੌਕਰਾਨੀ ਉੱਮੇ ਐਮਨ ਆਪ ਨੂੰ ਲੈ ਕੇ ਮੱਕੇ ਪਹੁੰਚੀ।ਉਹ ਸਦਾ ਇਕ ਮਾਂ ਵਾਂਗ ਆਪ ਦੀ ਦੇਖ-ਭਾਲ ਕਰਦੀ ਰਹੀ।ਆਪ ਵੀ ਉਸ ਨੂੰ ਮਾਂ ਦਾ ਦਰਜਾ ਦਿੰਦੇ ਸਨ।ਜਦੋਂ ਆਪ ਨਬੀ ਬਣੇ ਤਾਂ ਉਹ ਆਪ ਉੱਤੇ ਈਮਾਨ ਲਿਆ ਕੇ ਮੁਸਲਮਾਨ ਹੋ ਗਈ।ਆਪ ਦੇ ਨੇੜੇ ਰਹਿਣ ਵਾਲਿਆਂ ਨੂੰ ਆਪ ਦੀ ਸੱਚਾਈ ਉੱਤੇ ਐਨਾ ਯਕੀਨ ਸੀ ਜਿੰਨਾ ਦਿਨ ਨੂੰ ਚਮਕਦੇ ਸੂਰਜ ਦਾ।ਉਸ ਦੇ ਮੁਸਲਮਾਨ ਬਨਣ ਤੋਂ ਬਾਅਦ ਆਪ ਨੇ ਉਸ ਨੂੰ ਆਜ਼ਾਦ ਕਰ ਦਿੱਤਾ ਅਤੇ ਬਨੀ ਹਾਰਸ ਕਬੀਲੇ ਨਾਲ ਸਬੰਧਤ ਉਬੈਦ ਬਿਨ ਹਾਰਸ ਨਾਲ ਉਸ ਦਾ ਨਿਕਾਹ ਕਰ ਦਿੱਤਾ।ਜਿਸ ਤੋਂ ਆਪ ਦੀ ਕੁੱਖੋਂ ਐਮਨ ਪੈਦਾ ਹੋਇਆ।ਉਬੈਦ ਬਿਨ ਹਾਰਸ ਦੀ ਮੌਤ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਗ਼ੁਲਾਮਾਂ ਵਿਚ ਸਭ ਤੋਂ ਪਹਿਲੇ ਮੁਸਲਮਾਨ ਹੋਣ ਵਾਲੇ ਗ਼ੁਲਾਮ ਹਜ਼ਰਤ ਜ਼ੈਦ ਬਿਨ ਹਾਰਸ ਨਾਲ ਉਸ ਦਾ ਵਿਆਹ ਕਰਵਾ ਦਿੱਤਾ।ਜਿਸ ਤੋਂ ਉਸਾਮਾ ਬਿਨ ਜ਼ੈਦ ਪੈਦਾ ਹੋਏ।ਉਸਾਮਾ ਬਿਨ ਜ਼ੈਦ ਨੂੰ ਆਪ ਅਪਣੇ ਪੁੱਤਰ ਜਿੰਨਾ ਪਿਆਰ ਕਰਦੇ ਸਨ।ਉੱਮੇ ਐਮਨ ਨੇ ਦੋ ਹਿਜਰਤਾਂ ਕੀਤੀਆਂ।ਇਕ ਹਬਸ਼ਾ ਦੀ ਅਤੇ ਦੂਸਰੀ ਮਦੀਨੇ ਦੀ।ਇਸਲਾਮ ਦੇ ਤੀਸਰੇ ਖ਼ਲੀਫ਼ਾ ਹਜ਼ਰਤ ਉਸਮਾਨ ਦੇ ਸਮੇਂ ਉਨ੍ਹਾਂ ਦੀ ਵਫ਼ਾਤ ਹੋਈ।
ਜਦੋਂ ਹਜ਼ਰਤ ਮੁਹੰਮਦ (ਸ.) ਮੱਕੇ ਪਹੁੰਚੇ ਤਾਂ ਬੁੱਢੇ ਦਾਦੇ ਨੇ ਯਤੀਮ ਪੋਤੇ ਨੂੰ ਸੀਨੇ ਨਾਲ ਲਾਇਆ ਅਤੇ ਪਿਆਰ-ਮੁਹੱਬਤ ਨਾਲ ਆਪ ਦਾ ਪਾਲਣ-ਪੋਸ਼ਣ ਕਰਨ ਲੱਗੇ।ਉਹ ਆਪ ਨੂੰ ਮੋਏ ਪੁੱਤਰ ਦੀ ਨਿਸ਼ਾਨੀ ਜਾਣ ਕੇ ਸਭ ਤੋਂ ਵੱਧ ਪਿਆਰ ਕਰਦੇ ਸਨ।
ਆਪ ਦੇ ਦਾਦਾ ਦਾ ਆਪ ਪ੍ਰਤੀ ਐਨਾ ਸਨੇਹ ਦੇਖ ਕੇ ਲੋਕ ਆਪ ਨੂੰ ਇਬਨੇ ਅਬਦੁਲ ਮੁਤਲਿਬ ਆਖਣ ਲੱਗੇ।ਹਜ਼ਰਤ ਮੁਹੰਮਦ ਜੀਵਨ ਅਤੇ ਸੰਦੇਸ਼ ਦਾ ਲੇਖਕ ਅਬਦੁਲ ਹਈ ਲਿਖਦਾ ਹੈ, "ਮਾਂ ਦੀ ਮੌਤ ਤੋਂ ਬਾਅਦ ਆਪ ਦੇ ਜੀਵਨ ਦੀ ਦੇਖ-ਰੇਖ ਦੀ ਸਾਰੀ ਜ਼ਿੰਮੇਵਾਰੀ ਆਪ ਦੇ ਦਾਦੇ ਅਬਦੁਲ ਮੁਤਲਿਬ ਦੇ ਸਿਰ ਆ ਪਈ।ਉਹ ਆਪ ਨੂੰ ਹਮੇਸ਼ਾ ਅਪਣੇ ਨਾਲ ਰੱਖਦੇ ਸਨ"।
ਅਜੇ ਆਪ ਦੀ ਉਮਰ ਅੱਠ ਸਾਲ ਦੀ ਹੋਈ ਸੀ ਕਿ ਸਨ ੫੭੯ ਈਸਵੀ ਨੂੰ ੮੨ ਸਾਲ ਦੀ ਉਮਰ ਵਿਚ ਅਬਦੁਲ ਮੁਤਲਿਬ ਨੂੰ ਵੀ ਰੱਬ ਨੇ ਅਪਣੇ ਕੋਲ ਸੱਦ ਲਿਆ।ਮਰਦੇ ਸਮੇਂ ਉਨ੍ਹਾਂ ਨੇ ਆਪ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਅਪਣੇ ਪੁੱਤਰ ਅਬੂ ਤਾਲਿਬ ਨੂੰ ਸੋਂਪ ਦਿੱਤੀ ਜਿਨ੍ਹਾਂ ਨੇ ਇਸ ਨੂੰ ਬੜੇ ਸੁਚੱਜੇ ਢੰਗ ਨਾਲ ਨਿਭਾਇਆ।ਅਬੂ ਤਾਲਿਬ ਦੇ ਆਪ ਨਾਲ ਗੂੜ੍ਹੇ ਸੁਨੇਹ ਦਾ ਕਾਰਨ ਇਹ ਵੀ ਸੀ ਕਿ ਆਪ ਦੇ ਪਿਤਾ ਅਬਦੁੱਲ੍ਹਾ ਅਤੇ ਅਬੂ ਤਾਲਿਬ ਦੋਵੇਂ ਅਬਦੁਲ ਮੁਤਲਿਬ ਦੀ ਇੱਕੋ ਪਤਨੀ ਦੀ ਔਲਾਦ ਸਨ।ਉਹ ਆਪ ਦੇ ਮੁਕਾਬਲੇ ਅਪਣੇ ਬੱਚਿਆਂ ਦੀ ਵੀ ਘੱਟ ਪ੍ਰਵਾਹ ਕਰਦੇ ਸਨ।

32. ਅਬਦੁਲ ਮੁਤਲਿਬ ਵੱਲੋਂ ਸਾਂਭ ਸੰਭਾਲ

ਜਿਸ ਸਮੇਂ ਹਜ਼ਰਤ ਅਬਦੁੱਲ੍ਹਾ ਦਾ ਦੇਹਾਂਤ ਹੋਇਆ ਉਸ ਸਮੇਂ ਹਜ਼ਰਤ ਮੁਹੰਮਦ (ਸ.) ਮਾਂ ਦੇ ਪੇਟ ਵਿਚ ਸਿਰਫ਼ ਦੋ ਮਹੀਨਿਆਂ ਦੇ ਸਨ ਪਰ ਇਬਨੇ ਹੱਸ਼ਾਮ ਦਾ ਕਥਨ ਹੈ ਕਿ ਹਜ਼ਰਤ ਮੁਹੰਮਦ (ਸ.) ਉਸ ਸਮੇਂ ਪੈਦਾ ਹੋ ਚੁੱਕੇ ਸਨ ਅਤੇ ਉਨ੍ਹਾਂ ਦੀ ਉਮਰ ਦੋ ਮਹੀਨਿਆ ਦੀ ਸੀ।ਜਿਸ ਸਮੇਂ ਹਜ਼ਰਤ ਅਬਦੁੱਲਾ ਦੀ ਮੌਤ ਹੋਈ ਉਸ ਸਮੇਂ ਉਨ੍ਹਾਂ ਦੀ ਜਾਇਦਾਦ ਇਕ ਘਰ, ਪੰਜ ਊਂਠ, ਬੱਕਰੀਆਂ ਦਾ ਇਕ ਈਜੜ ਅਤੇ ਇਕ ਗ਼ੁਲਾਮ ਲੋਂਡੀ ਬਰਕਤ ਸੀ, ਜਿਸ ਨੂੰ ਪਿਛੋਕੜ ਪੱਖੋਂ ਉੰਮੇ ਐਮਨ ਕਿਹਾ ਜਾਂਦਾ ਸੀ।ਇਹੋ ਉੰਮੇ ਐਮਨ ਸਨ ਜਿਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਗੋਦ ਖਿਡਾਇਆ।
ਪਿਆਰੇ ਪੁੱਤਰ ਅਬਦੁੱਲ੍ਹਾ ਦੀ ਯਸਰਬ ਵਿਖੇ ਹੋਈ ਮੌਤ ਤੋਂ ਬਾਅਦ ਅਬਦੁਲ ਮੁਤਲਿਬ ਨੇ ਯਤੀਮ ਪੋਤੇ ਹਜ਼ਰਤ ਮੁਹੰਮਦ (ਸ.) ਨੂੰ ਸੰਭਾਲਣ ਦੀ ਜ਼ਿੰਮੇਵਾਰੀ ਆਪ ਲੈ ਲਈ।ਉਹ ਜਿੱਥੇ ਵੀ ਜਾਂਦੇ ਹਜ਼ਰਤ ਮੁਹੰਮਦ (ਸ.) ਉਨ੍ਹਾਂ ਦੇ ਨਾਲ ਹੁੰਦੇ।ਜਿਸ ਤਰ੍ਹਾਂ ਪਹਿਲਾਂ ਲਿਖਿਆ ਜਾ ਚੁੱਕਾ ਹੈ ਕਿ ਯਹੂਦੀ ਅਤੇ ਇਸਾਈ ਰਾਹਬਾਂ (ਜੋਤਸ਼ੀਆਂ) ਨੂੰ ਆਉਣ ਵਾਲੇ ਨਬੀ ਦੀਆਂ ਸਾਰੀਆਂ ਨਿਸ਼ਾਨੀਆਂ ਦਾ ਪਤਾ ਸੀ ਇਸ ਲਈ ਜਦੋਂ ਅਬਦੁਲ ਮੁਤਲਿਬ ਹਜ਼ਰਤ ਮੁਹੰਮਦ (ਸ.) ਨੂੰ ਲੈ ਕੇ ਕਿਸੇ ਦੂਸਰੀ ਥਾਂ ਜਾਂਦੇ ਤਾਂ ਉਨ੍ਹਾਂ ਨੂੰ ਰਾਹਬਾਂ ਵੱਲੋਂ ਨਵੀਆਂ ਨਵੀਆਂ ਗੱਲਾਂ ਦਾ ਪਤਾ ਲਗਦਾ।
ਇਕ ਵਾਰ 'ਮਦਲਜ' ਤੋਂ ਜੋਤਿਸ਼ ਵਿੱਦਿਆ ਦੇ ਮਾਹਰ ਕੁਝ ਲੋਕ ਮੱਕੇ ਦੇ ਸਰਦਾਰ ਅਬਦੁਲ ਮੁਤਲਿਬ ਨੂੰ ਮਿਲਣ ਆਏ।ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਦੇ ਪੈਰਾਂ ਨੂੰ ਹਜ਼ਰਤ ਇਬਰਾਹੀਮ (ਅਲੈ.) ਦੇ ਉਨ੍ਹਾਂ ਪੈਰਾਂ ਨਾਲ ਮੇਲ ਖਾਂਦੇ ਦੇਖਿਆ ਜਿਹੜੇ ਖ਼ਾਨਾ ਕਾਅਬਾ ਦੇ ਨੇੜੇ 'ਮੁਕਾਮੇ ਇਬਰਾਹੀਮ' ਨਾਂ ਦੇ ਸਥਾਨ ਤੇ ਇਕ ਪੱਥਰ ਉੱਤੇ ਉਕਰੇ ਹੋਏ ਹਨ।ਉਨ੍ਹਾਂ ਨੇ ਅਬਦੁਲ ਮੁਤਲਿਬ ਨੂੰ ਆਖਿਆ,"ਸਰਦਾਰ ਇਸ ਬੱਚੇ ਦੀ ਚੰਗੀ ਸੰਭਾਲ ਰੱਖੀਂ"।ਅਬਦੁਲ ਮੁਤਲਿਬ ਨੇ ਅਪਣੇ ਪੁੱਤਰ ਅਬੂ ਤਾਲਿਬ ਨੂੰ ਕਿਹਾ ਕਿ ਉਹ ਵੀ ਇਸ ਗੱਲ ਨੂੰ ਧਿਆਨ ਨਾਲ ਸੁਣੇ।
ਸਨ ੫੭੫ ਈਸਵੀ ਵਿਚ ਯਮਨ ਦੇ ਬਾਦਸ਼ਾਹ 'ਸੀਫ਼ਜ਼ੀ ਯਜ਼ਨ' ਨੇ ਮੱਕੇ ਦੇ ਨੇੜਲੇ ਸ਼ਹਿਰ ਹਬਸ਼ਾ ਉੱਤੇ ਹਮਲਾ ਕਰਕੇ ਉਸ ਨੂੰ ਜਿੱਤ ਲਿਆ।ਇਸ ਜਿੱਤ ਉੱਤੇ ਜਿਹੜੇ ਅਰਬ ਦੇ ਸਰਦਾਰ 'ਸੀਫ਼ਜ਼ੀ ਯਜ਼ਨ' ਨੂੰ ਵਧਾਈ ਦੇਣ ਲਈ ਹਵਸ਼ਾ ਗਏ ਉਨ੍ਹਾਂ ਵਿਚ ਖ਼ਾਨਾ ਕਾਅਬਾ ਦੇ ਮੁਤਵੱਲੀ ਅਬਦੁਲ ਮੁਤਲਿਬ ਵੀ ਸਨ।ਮੁਲਾਕਾਤ ਤੋਂ ਬਾਅਦ 'ਸੀਫ਼ਜ਼ੀ ਯਜ਼ਨ' ਅਬਦੁਲ ਮੁਤਲਿਬ ਨੂੰ ਇਕ ਪਾਸੇ ਬੁਲਾ ਕੇ ਆਖਣ ਲੱਗੇ, "ਮੈਂ ਅਪਣੀ ਵਿੱਦਿਆ ਅਤੇ ਕਿਤਾਬ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਤੁਹਾਡੇ ਖ਼ਾਨਦਾਨ ਵਿਚ ਇਕ ਅਜਿਹਾ ਬੱਚਾ ਪੈਦਾ ਹੋਵੇਗਾ ਜਿਸ ਦੇ ਮੋਢਿਆਂ ਦੇ ਵਿਚਕਾਰ ਥੋੜਾ ਜਿਹਾ ਗੋਸ਼ਤ ਉਭਰਿਆ ਹੋਵੇਗਾ ਉਹ ਬੱਚਾ ਪੈਦਾ ਹੋ ਚੁੱਕਿਆ ਹੈ ਅਤੇ ਉਸ ਦੇ ਮਾਂ ਬਾਪ ਮਰ ਚੁੱਕੇ ਹਨ।ਦਾਦਾ ਅਤੇ ਚਾਚਾ ਉਸ ਨੂੰ ਸੰਭਾਲ ਰਹੇ ਹਨ।ਉਹ ਬੱਚਾ ਇਕ ਦਿਨ ਦੁਨੀਆਂ ਦਾ ਬਾਦਸ਼ਾਹ ਬਣੇਗਾ"। ਅਜਿਹੀਆਂ ਭਵਿੱਖਬਾਣੀਆਂ ਸੁਣ ਕੇ ਅਬਦੁਲ ਮੁਤਲਿਬ ਹਜ਼ਰਤ ਮੁਹੰਮਦ (ਸ.) ਦੀ ਨਿਗਰਾਨੀ ਹੋਰ ਸਖ਼ਤ ਕਰ ਦਿੰਦੇ।
ਅਬਦੁਲ ਮੁਤਲਿਬ ਦੇ ਸਮੇਂ ਮੱਕੇ ਵਿਚ ਦੋ ਮਹਾਨ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚੋਂ ਇਕ ਖ਼ਾਨਾ ਕਾਅਬਾ ਨੂੰ ਢਾਹੁਣ ਲਈ ਮੱਕੇ ਉੱਤੇ ਇਸਾਈ ਬਾਦਸ਼ਾਹ ਅਬਰਹਾ ਦੀ ਚੜ੍ਹਾਈ ਸੀ ਅਤੇ ਦੂਜੀ ਆਬੇ ਜ਼ਮਜ਼ਮ ਦੇ ਖੂਹ ਦੀ ਦੁਬਾਰਾ ਖੋਜ ਕਰਨਾ।
ਅਬਦੁਲ ਮੁਤਲਿਬ ਜਦੋਂ ਖ਼ਾਨਾ ਕਾਅਬਾ ਦੇ ਮੁਤਵੱਲੀ ਸਨ ਤਾਂ ਉਨ੍ਹਾਂ ਨੇ ਸੁਪਨਾ ਦੇਖਿਆ ਕਿ ਉਨ੍ਹਾਂ ਨੂੰ ਆਬੇ ਜ਼ਮਜ਼ਮ ਦਾ ਖੂਹ ਲੱਭਣ ਲਈ ਕਿਹਾ ਜਾ ਰਿਹਾ ਹੈ ਅਤੇ ਨਾਲ ਹੀ ਖੂਹ ਵਾਲੀ ਥਾਂ ਦੀ ਨਿਸ਼ਾਨੀ ਦੱਸੀ ਗਈ ਹੈ।ਉਨ੍ਹਾਂ ਨੇ ਜਦੋਂ ਦੱਸੀ ਗਈ ਥਾਂ ਉੱਤੇ ਖੁਦਾਈ ਸ਼ੁਰੂ ਕੀਤੀ ਤਾਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਹੋ ਗਈਆਂ ਜਿਨ੍ਹਾਂ ਨੂੰ ਕਬੀਲਾ ਜੁਰਹਮ ਵਾਲੇ ਮੱਕੇ ਤੋਂ ਜਾਣ ਸਮੇਂ ਖ਼ਾਨਾ ਕਾਅਬਾ ਵਿੱਚੋਂ ਚੁੱਕ ਕੇ ਖੂਹ ਵਿਚ ਬੰਦ ਕਰ ਗਏ ਸਨ।ਇਨ੍ਹਾਂ ਚੀਜ਼ਾਂ ਵਿਚ ਤਲਵਾਰਾਂ, ਸੋਨੇ ਦੇ ਦੋ ਹਿਰਨ ਅਤੇ ਹੋਰ ਕੀਮਤੀ ਵਸਤਾਂ ਸ਼ਾਮਲ ਸਨ।ਅਬਦੁਲ ਮੁਤਲਿਬ ਨੇ ਤਲਵਾਰਾਂ ਨੂੰ ਖ਼ਾਨਾ ਕਾਅਬਾ ਦੇ ਦਰਵਾਜ਼ੇ ਉੱਤੇ ਉਨ੍ਹਾਂ ਦੀ ਪੁਰਾਣੀ ਥਾਂ ਸਜਾ ਦਿੱਤਾ ਅਤੇ ਸੋਨੇ ਦੇ ਦੋਵੇਂ ਹਿਰਨ ਦਰਵਾਜ਼ੇ ਦੇ ਦੁਆਲੇ ਫਿੱਟ ਕਰ ਦਿੱਤੇ।
ਜਦੋਂ ਅਬਦੁਲ ਮੁਤਲਿਬ ਖੁਦਾਈ ਕਰ ਰਹੇ ਸਨ ਤਾਂ ਕੁਰੈਸ਼ ਵਾਲਿਆਂ ਨੇ ਉਨ੍ਹਾਂ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਵੀ ਖੁਦਾਈ ਵਿਚ ਸ਼ਾਮਿਲ ਕਰਿਆ ਜਾਵੇ ਪਰ ਅਬਦੁਲ ਮੁਤਲਿਬ ਨੇ ਇਹ ਕਹਿ ਕੇ ਉਨ੍ਹਾਂ ਨੂੰ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਇਹ ਕੰਮ ਖ਼ਾਸ ਤੌਰ ਤੇ ਉਸ ਲਈ ਮਖ਼ਸੂਸ ਕੀਤਾ ਗਿਆ ਹੈ।ਜਦੋਂ ਕੁਰੈਸ਼ ਵਾਲੇ ਜ਼ਿੱਦ ਕਰਨ ਲੱਗੇ ਤਾਂ ਫ਼ੈਸਲਾ ਕੀਤਾ ਗਿਆ ਕਿ ਬਨੂ ਸਈਦ ਦੀ ਕਾਹਨ ਔਰਤ ਕੋਲ ਜਾ ਕੇ ਫ਼ੈਸਲਾ ਕਰਵਾਇਆ ਜਾਵੇ।ਜਿਸ ਸਮੇਂ ਇਹ ਲੋਕ ਕਾਹਨ ਔਰਤ ਵੱਲ ਜਾ ਰਹੇ ਸਨ ਤਾਂ ਰਸਤੇ ਵਿਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਕਿ ਉਨ੍ਹਾਂ ਨੂੰ ਵਾਪਸ ਮੁੜਨਾ ਪਿਆ।ਇਹੋ ਉਹ ਸਮਾਂ ਸੀ ਜਦੋਂ ਅਬਦੁਲ ਮੁਤਲਿਬ ਨੇ ਮੰਨਤ ਮੰਨੀ ਕਿ ਜੇ ਰੱਬ ਨੇ ਉਸ ਨੂੰ ਦਸ ਪੁੱਤਰ ਦਿੱਤੇ ਤਾਂ ਉਹ ਇਕ ਪੁੱਤਰ ਨੂੰ ਰੱਬ ਦੇ ਰਾਹ ਵਿਚ ਕੁਰਬਾਨ ਕਰ ਦੇਣਗੇ।

33. ਅਬੂ ਤਾਲਿਬ

ਅਬਦੁਲ ਮੁਤਲਿਬ ਦੇ ਦਸ ਪੁੱਤਰ ਸਨ ਜਿਨ੍ਹਾਂ ਵਿੱਚੋਂ ਅਬਦੁੱਲ੍ਹਾ ਅਤੇ ਅਬੂ ਤਾਲਿਬ ਦੋਵੇਂ ਇਕ ਪਤਨੀ ਦੀ ਔਲਾਦ ਸਨ ਅਤੇ ਬਾਕੀ ਸਾਰੇ ਦੂਜੀ ਪਤਨੀ ਤੋਂ ਪੈਦਾ ਹੋਏ ਸਨ।ਅਬੂ ਤਾਲਿਬ ਅਪਣੇ ਦੂਜੇ ਭਰਾਵਾਂ ਦੇ ਮੁਕਾਬਲੇ ਧਨ ਪੱਖੋਂ ਗ਼ਰੀਬ ਵਿਅਕਤੀ ਸੀ ਪਰ ਹਜ਼ਰਤ ਮੁਹੰਮਦ (ਸ.) ਦਾ ਸਕਾ ਚਾਚਾ ਸੀ।ਸਕੇ ਸਬੰਧਾਂ ਨੂੰ ਦੇਖਦਿਆਂ ਅਬਦੁਲ ਮੁਤਲਿਬ ਨੇ ਹਜ਼ਰਤ ਮੁਹੰਮਦ (ਸ.) ਦੀ ਸੰਭਾਲ ਦੀ ਜ਼ਿੰਮੇਵਾਰੀ ਅਬੂ ਤਾਲਿਬ ਨੂੰ ਸੋਂਪ ਦਿੱਤੀ।ਦੂਜੇ ਪਾਸੇ ਅਬੂ ਤਾਲਿਬ ਨੇ ਵੀ ਪਿਤਾ ਦੀ ਵਸੀਅਤ ਦਾ ਆਦਰ ਕਰਦਿਆਂ ਯਤੀਮ ਭਤੀਜੇ ਨੂੰ ਦਿਲੋਂ ਪਿਆਰ ਦਿੱਤਾ।ਉਹ ਦਿਨ ਭਰ ਮੁਹੰਮਦ (ਸ.) ਨੂੰ ਅਪਣੇ ਨਾਲ ਰੱਖਦੇ ਅਤੇ ਸੋਣ ਵੇਲੇ ਵੀ ਅਪਣੇ ਨਾਲ ਹੀ ਸੁਲਾਉਂਦੇ।
ਹਜ਼ਰਤ ਮੁਹੰਮਦ (ਸ.) ਬਚਪਨ ਤੋਂ ਹੀ ਸੰਜੀਦਾ ਰਹਿਣ ਦੇ ਆਦੀ ਸਨ। ਜਦੋਂ ਖਾਣੇ ਦਾ ਸਮਾਂ ਆਉਂਦਾ ਤਾਂ ਬੱਚਿਆਂ ਵਿਚ ਖੋਹ-ਖੁੰਝ ਹੁੰਦੀ ਪਰ ਆਪ ਚੁੱਪ-ਚਾਪ ਇਕ ਪਾਸੇ ਬੈਠੇ ਰਹਿੰਦੇ।ਆਪ ਦੇ ਸਬਰ ਨੂੰ ਦੇਖਦਿਆਂ ਅਬੂ ਤਾਲਿਬ ਆਪ ਨੂੰ ਅਪਣੇ ਨਾਲ ਬਿਠਾ ਕੇ ਖਾਣਾ ਖਵਾਉਂਦੇ।
ਆਪ ਜਦੋਂ ਵੀ ਖਾਣਾ ਖਾਣ ਲੱਗਦੇ ਤਾਂ ਬਿਸਮਿੱਲਾ ਪੜ੍ਹਦੇ ਅਤੇ ਜਦੋਂ ਖਾਣਾ ਖਾ ਲੈਂਦੇ ਤਾਂ ਅਲਹਮਦੁਲਿੱਲਾ ਪੜ੍ਹਦੇ।ਆਪ ਜਦੋਂ ਦੂਸਰੇ ਬੱਚਿਆਂ ਨਾਲ ਬੈਠ ਕੇ ਖਾਣਾ ਖਾਂਦੇ ਤਾਂ ਘੱਟ ਖਾਣਾ ਹੋਣ ਦੇ ਬਾਵਜੂਦ ਵੀ ਸਭ ਰੱਜ ਕੇ ਖਾਂਦੇ।ਅਬੂ ਤਾਲਿਬ ਆਖਿਆ ਕਰਦੇ ਸਨ "ਮੇਰਾ ਭਤੀਜਾ ਬਰਕਤ ਵਾਲਾ ਹੈ।ਇਸ ਦੇ ਨਾਲ ਘਰ ਉੱਤੇ ਰੱਬ ਦੀਆਂ ਬਰਕਤਾਂ ਅਤੇ ਰਹਿਮਤਾਂ ਨਾਜ਼ਲ ਹੋ ਗਈਆਂ ਹਨ"।
ਜਿਸ ਤਰ੍ਹਾਂ ਉੱਪਰ ਆਖਿਆ ਗਿਆ ਹੈ ਕਿ ਆਪ ਦੇ ਚਾਚਾ ਅਬੂ ਤਾਲਿਬ ਬਹੁਤੇ ਅਮੀਰ ਨਹੀਂ ਸਨ ਇਸ ਲਈ ਘਰ ਦੀ ਹਾਲਤ ਨੂੰ ਦੇਖਦਿਆਂ ਆਪ ਭਾੜੇ ਉੱਤੇ ਲੋਕਾਂ ਦੀਆਂ ਬੱਕਰੀਆਂ ਚਰਾਉਣ ਲੱਗੇ।ਉਂਜ ਵੀ ਉਸ ਸਮੇਂ ਅਰਬ ਵਿਚ ਲਿਖਣ-ਪੜ੍ਹਨ ਦਾ ਰਿਵਾਜ ਨਹੀਂ ਸੀ ਅਤੇ ਵੱਡੇ ਵੱਡੇ ਅਮੀਰ ਘਰਾਂ ਦੇ ਮੁੰਡੇ ਵਿਹਲਾ ਸਮਾਂ ਬਤੀਤ ਕਰਨ ਲਈ ਬੱਕਰੀਆਂ ਚਰਾ ਲਿਆ ਕਰਦੇ ਸਨ।ਫ਼ਰਕ ਸਿਰਫ਼ ਐਨਾ ਸੀ ਕਿ ਉਨ੍ਹਾਂ ਦੀਆਂ ਬੱਕਰੀਆਂ ਅਪਣੀਆਂ ਹੁੰਦੀਆਂ ਸਨ ਪਰ ਮੁਹੰਮਦ (ਸ.) ਜਿਹੜੀਆਂ ਬੱਕਰੀਆਂ ਚਰਾਇਆ ਕਰਦੇ ਸਨ ਉਹ ਲੋਕਾਂ ਦੀਆਂ ਹੁੰਦੀਆਂ ਸਨ। ਇਸ ਦੇ ਬਦਲੇ ਲੋਕ ਉਨ੍ਹਾਂ ਨੂੰ ਰੀਤ ਅਨੁਸਾਰ ਮਿਹਨਤਾਨਾ ਦੇ ਦਿਆ ਕਰਦੇ ਸਨ। ਇਹੋ ਕਾਰਨ ਸੀ ਕਿ ਆਪ ਪੜ੍ਹ ਨਹੀਂ ਸਕੇ ਪਰ ਅਪਣੇ ਚਾਚੇ ਕੋਲੋਂ ਵਪਾਰ ਬਾਰੇ ਜਾਣਕਾਰੀ ਲੈਂਦੇ ਰਹੇ।
ਦੂਜੇ ਕੁਰੈਸ਼ ਵਾਲਿਆਂ ਵਾਂਗ ਅਬੂ ਤਾਲਿਬ ਵੀ ਵਪਾਰ ਕਰਦੇ ਸਨ।ਉਹ ਸਾਲ ਵਿਚ ਇਕ ਦੋ ਵਾਰ ਅਪਣਾ ਸਾਮਾਨ ਲੈ ਕੇ ਸੀਰੀਆ ਜਾਇਆ ਕਰਦੇ ਸਨ।ਇਕ ਵਾਰ ਜਦੋਂ ਅਬੂ ਤਾਲਿਬ ਅਪਣਾ ਵਪਾਰਕ ਸਾਮਾਨ ਲੈ ਕੇ ਸੀਰੀਆ ਜਾਣ ਲੱਗੇ ਤਾਂ ਹਜ਼ਰਤ ਮੁਹੰਮਦ (ਸ.) ਨੂੰ ਵੀ ਨਾਲ ਲੈ ਲਿਆ।ਉਸ ਸਮੇਂ ਆਪ ਦੀ ਉਮਰ ਬਾਰਾਂ ਸਾਲ ਦੇ ਕਰੀਬ ਸੀ।ਜਦੋਂ ਇਨ੍ਹਾਂ ਦਾ ਵਪਾਰਕ ਕਾਫ਼ਲਾ ਬਸਰਾ ਦੇ ਸਥਾਨ ਤੇ ਪਹੁੰਚਿਆ ਤਾਂ ਇਕ ਇਸਾਈ ਰਾਹਬ (ਜੋਤਸ਼ੀ) ਬਹੀਰਾ ਨੇ ਆਪ ਦਾ ਮੱਥਾ ਦੇਖ ਕੇ ਅਬੂ ਤਾਲਿਬ ਨੂੰ ਆਖਿਆ ਕਿ ਤੁਸੀਂ ਅਪਣੇ ਭਤੀਜੇ ਨੂੰ ਵਾਪਸ ਲੈ ਜਾਉ ਕਿਤੇ ਐਸਾ ਨਾ ਹੋਵੇ ਕਿ ਕੋਈ ਦੁਸ਼ਮਣ ਇਨ੍ਹਾਂ ਨੂੰ ਨੁਕਸਾਨ ਪਹੁੰਚਾਵੇ।ਮੈਨੂੰ ਇਨ੍ਹਾਂ ਵਿਚ ਉਹ ਸਾਰੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਹਨ ਜਿਹੜੀਆਂ ਆਖ਼ਰੀ ਨਬੀ ਬਾਰੇ ਇੰਜੀਲ ਵਿਚ ਲਿਖੀਆਂ ਮਿਲਦੀਆਂ ਹਨ।ਇਸ ਘਟਨਾ ਤੋਂ ਬਾਅਦ ਅਬੂ ਤਾਲਿਬ ਅਪਣਾ ਵਪਾਰਕ ਕੰਮ ਸੀਰੀਆ ਦੀ ਥਾਂ ਉੱਥੇ ਹੀ ਸਮਾਪਤ ਕਰਕੇ ਆਪ ਨੂੰ ਛੇਤੀ ਘਰ ਲੈ ਆਏ।
ਆਪ ਦੇ ਦਾਦਾ ਅਬਦੁਲ ਮੁਤਲਿਬ ਦੀ ਮੌਤ ਤੋਂ ਬਾਅਦ, ਬਚਪਨ ਤੋਂ ਲੈ ਕੇ ਜਵਾਨੀ ਤੱਕ ਅਬੂ ਤਾਲਿਬ ਆਪ ਦੀ ਦੇਖ-ਰੇਖ ਕਰਦੇ ਰਹੇ।ਨਬੁੱਵਤ (ਪੈਗ਼ੰਬਰੀ) ਮਿਲ ਜਾਣ ਤੋਂ ਪਿੱਛੋਂ ਆਪ ਉੱਤੇ ਜਿੰਨੀਆਂ ਵੀ ਮੁਸੀਬਤਾਂ ਆਈਆਂ ਉਨ੍ਹਾਂ ਨੂੰ ਝੱਲਣ ਲਈ ਢਾਲ ਬਣ ਕੇ ਅੱਗੇ ਖਲੋਂਦੇ ਰਹੇ।ਇਹ ਅਬੂ ਤਾਲਬ ਦੀ ਸਰਦਾਰੀ ਦਾ ਰੋਅਬ ਹੀ ਸੀ ਜਿਸ ਕਰਕੇ ਕੁਰੈਸ਼ ਵਾਲੇ ਆਪ ਦੇ ਖ਼ਿਲਾਫ਼ ਕੋਈ ਸਖ਼ਤ ਕਦਮ ਚੁੱਕਣ ਤੋਂ ਡਰਦੇ ਸਨ।
ਅਬੂ ਤਾਲਿਬ ਦੇ ਕੋਲ ਰਹਿੰਦਿਆ ਆਪ ਦੇ ਜੀਵਨ ਨਾਲ ਸਬੰਧਤ ਕਈ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿਚ ਇਕ ਮੱਕੇ ਵਿਚ ਸੋਕਾ ਪੈਣ ਦੀ ਵੀ ਹੈ।
'ਅਲਰਹੀਕੁਲ ਮਖ਼ਤੂਮ' ਦੇ ਲੇਖਕ ਸ਼ਫ਼ੀ-ਉਰ-ਰਹਿਮਾਨ ਮੁਬਾਰਕਪੁਰੀ ਲਿਖਦੇ ਹਨ।
"ਇਕ ਵਾਰ ਮੱਕੇ ਵਿਚ ਭਿਆਨਕ ਸੋਕਾ ਪਿਆ।ਫ਼ਸਲਾਂ ਸੁੱਕ ਗਈਆਂ ਅਤੇ ਪਸ਼ੂ ਪਿਆਸੇ ਮਰਨ ਲੱਗੇ।ਕੁਰੈਸ਼ ਦੇ ਸਰਦਾਰਾਂ ਨੇ ਅਬੂ ਤਾਲਿਬ ਨੂੰ ਕਿਹਾ ਕਿ ਸਾਰਾ ਇਲਾਕਾ ਸੋਕੇ ਦੀ ਮਾਰ ਹੇਠ ਆ ਗਿਆ ਹੈ ਚਲੋ ਖ਼ਾਨਾ ਕਾਅਬਾ ਚੱਲ ਕੇ ਦੁਆ ਕਰੀਏ।ਦੂਸਰੇ ਲੋਕਾਂ ਦੇ ਨਾਲ ਅਬੂ ਤਾਲਿਬ ਵੀ ਇਕ ਬੱਚੇ ਨੂੰ ਲੈ ਕੇ ਖ਼ਾਨਾ ਕਾਅਬਾ ਪਹੁੰਚੇ ਅਤੇ ਉਸ ਦਾ ਹੱਥ ਫੜ ਕੇ ਉਸ ਦੀ ਪਿੱਠ ਕਾਅਬੇ ਦੀ ਕੰਧ ਨਾਲ ਲਗਾ ਦਿੱਤੀ ਅਤੇ ਬੱਚੇ ਦੇ ਹੱਥ ਅਪਣੇ ਹੱਥਾਂ ਵਿਚ ਫੜ ਕੇ ਦੁਆ ਕਰਨ ਲੱਗੇ।ਕਿਹਾ ਜਾਂਦਾ ਹੈ ਕਿ ਦੇਖਦੇ ਹੀ ਦੇਖਦੇ ਬੱਦਲ ਛਾ ਗਏ ਅਤੇ ਇਸ ਜ਼ੋਰ ਨਾਲ ਬਰਸਾਤ ਹੋਈ ਕਿ ਹੜ੍ਹ ਆ ਗਿਆ"।

34. ਫ਼ਿਜਾਰ ਦੀ ਲੜਾਈ ਅਤੇ ਅਲ-ਫ਼ਜ਼ੂਲ ਦੀ ਸੰਧੀ

ਹਜ਼ਰਤ ਮੁਹੰਮਦ (ਸ.) ਦੇ ਪੈਦਾ ਹੋਣ ਤੋਂ ਪਹਿਲਾਂ ਅਰਬ ਦੇ ਕਬੀਲਿਆਂ ਵਿਚ ਐਨੀ ਖਹਿਬਾਜ਼ੀ ਚੱਲ ਰਹੀ ਸੀ ਕਿ ਨਿੱਕੀ ਨਿੱਕੀ ਗੱਲ ਵੀ ਲੜਾਈ ਦਾ ਰੂਪ ਧਾਰ ਲੈਂਦੀ ਸੀ।ਇਨ੍ਹਾਂ ਹੀ ਅਨੇਕਾਂ ਲੜਾਈਆਂ ਵਿੱਚ ਇਕ ਲੜਾਈ ਨੂੰ 'ਫ਼ਿਜਾਰ ਦੀ ਲੜਾਈ' ਕਿਹਾ ਜਾਂਦਾ ਹੈ।ਇਹ ਲੜਾਈ ਅਰਬ ਦੇ ਦੋ ਕਬੀਲਿਆਂ ਕੈਸ਼ ਈਲਾਨ ਅਤੇ ਕੁਰੈਸ਼ ਵਿਚਕਾਰ ਹੋਈ ਸੀ।ਇਸ ਲੜਾਈ ਵਿਚ ਕੁਰੈਸ਼ ਹੱਕ 'ਤੇ ਸੀ ਇਸ ਲਈ ਹਜ਼ਰਤ ਮੁਹੰਮਦ (ਸ.) ਨੂੰ ਵੀ ਅਪਣੇ ਕਬੀਲੇ ਨਾਲ ਲੜਾਈ ਵਿਚ ਜਾਣਾ ਪਿਆ ਪਰੰਤੂ ਆਪ ਨੇ ਕਿਸੇ ਉੱਤੇ ਵੀ ਹੱਥ ਨਹੀਂ ਚੁੱਕਿਆ।ਇਸ ਲੜਾਈ ਵਿਚ ਪਹਿਲਾਂ ਕੈਸ਼ ਈਲਾਨ ਕਬੀਲੇ ਦਾ ਪਲੜਾ ਭਾਰੀ ਰਿਹਾ ਪਰ ਬਾਅਦ ਵਿਚ ਕੁਰੈਸ਼ ਕਬੀਲੇ ਦੀ ਚੜ੍ਹਤ ਹੋ ਗਈ।ਲੜਾਈ ਦਾ ਕੋਈ ਫ਼ੈਸਲਾ ਨਾ ਹੁੰਦਾ ਦੇਖ ਕੇ ਦੋਹਾਂ ਕਬੀਲਿਆਂ ਨੂੰ ਸੁਲਾਹ ਕਰਨੀ ਪਈ ਪਰ ਲੜਾਈ ਵਿਚ ਅਨੇਕਾਂ ਜਾਨਾਂ ਜਾਂਦੀਆਂ ਰਹੀਆਂ ਅਤੇ ਅਨੇਕਾਂ ਔਰਤਾਂ ਵਿਧਵਾ ਹੋਈਆਂ।ਇਹ ਲੜਾਈ ਕਿਉਂ ਹੋਈ ਇਸ ਦਾ ਪਿਛੋਕੜ ਬਿਆਨ ਕਰਦਿਆਂ 'ਹਜ਼ਰਤ ਮੁਹੰਮਦ (ਸ.) ਜੀਵਨ ਅਤੇ ਸਿੱਖਿਆਵਾਂ' ਦਾ ਲੇਖਕ ਲਿਖਦਾ ਹੈ;
ਅਰਬ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਵਿਚ ਸਾਲ ਦੀਆਂ ਨਿਸ਼ਚਿਤ ਤਾਰੀਖ਼ਾਂ ਉੱਤੇ ਸੱਭਿਆਚਾਰਕ ਅਤੇ ਵਪਾਰਕ ਮੇਲੇ ਲੱਗਿਆ ਕਰਦੇ ਸਨ ਜਿਨ੍ਹਾਂ ਵਿਚ ਵਪਾਰੀਆਂ ਨੂੰ ਚੰਗੀ ਕਮਾਈ ਦਾ ਮੌਕਾ ਪ੍ਰਾਪਤ ਹੁੰਦਾ ਸੀ।ਇਨ੍ਹਾਂ ਮੇਲਿਆਂ ਵਿਚ 'ਅਕਾਜ਼' ਦਾ ਮੇਲਾ ਬੜਾ ਮਸ਼ਹੂਰ ਸੀ ਜਿਸ ਵਿਚ ਸ਼ਾਮਲ ਹੋਣ ਲਈ ਨੇੜਲੇ ਮੁਲਕਾਂ ਦੀਆਂ ਸਰਕਾਰਾਂ ਵੀ ਅਪਣੇ ਪ੍ਰਤੀਨਿੱਧ ਭੇਜਿਆ ਕਰਦੀਆਂ ਸਨ।
ਅਕਾਜ਼ ਦੇ ਮੇਲੇ ਵਿਚ ਅਪਣਾ ਵਪਾਰਕ ਪ੍ਰਤੀਨਿਧ ਮੰਡਲ ਭੇਲਣ ਵਾਸਤੇ ਇਰਾਕ ਦੇ ਬਾਦਸ਼ਾਹ ਨੌਅਮਾਨ ਪੁੱਤਰ ਮੰਜ਼ਰ ਨੇ ਕਾਫ਼ਲੇ ਦੀ ਸੁਰੱਖਿਆ ਲਈ ਦੋ ਅਰਬ ਕਬੀਲਿਆਂ ਦੇ ਸਰਦਾਰ ਬਨੂ-ਕਨਾਨਾ ਦੇ ਬਰਾਸ ਬਿਨ ਕੈਸ਼ ਅਤੇ ਬਨੂ ਹਵਾਜ਼ਨ ਦੇ ਸਰਦਾਰ ਹਰਬ ਬਿਨ ਉਮੱਯਾ ਵੀ ਸੱਦੇ ਹੋਏ ਸਨ ਤਾਂ ਜੋ ਅਰਬ ਦੇ ਇਲਾਕੇ ਵਿਚ ਇਰਾਕ ਦੇ ਕਾਫ਼ਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਪਰ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਮੈਅਮਾਰੇ ਇਨਸਾਨੀਅਤ ਦੇ ਸਫ਼ਾ ੬੪ ਉੱਤੇ ਨੌਅਮਾਨ ਪੁੱਤਰ ਮਨਜ਼ਰ ਨੂੰ ਇਰਾਕ ਦੀ ਥਾਂ ਹਿਰਾ ਦਾ ਬਾਦਸ਼ਾਹ ਲਿਖਦੇ ਹਨ।
ਬਨੂ ਹਵਾਜ਼ਨ ਦੇ ਸਰਦਾਰ ਹਰਬ ਬਿਨ ਉਮੱਯਾ ਨੇ ਅਰਬ ਦੇ ਇਲਾਕੇ ਵਿਚ ਇਰਾਕ ਦੇ ਕਾਫ਼ਲੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਅਪਣੇ ਉੱਤੇ ਲੈ ਲਈ ਜਿਸ ਤੋਂ ਬਨੀ ਹਵਾਜ਼ਨ ਦਾ ਸਰਦਾਰ ਚਿੜ ਗਿਆ ਅਤੇ ਬਾਦਸ਼ਾਹ ਦੇ ਸਾਮ੍ਹਣੇ ਹੀ ਝਗੜਾ ਸ਼ੁਰੂ ਹੋ ਗਿਆ।ਉਸ ਸਮੇਂ ਤਾਂ ਬਾਦਸ਼ਾਹ ਨੇ ਵਿਚੋਲਗੀ ਕਰਕੇ ਦੋਹਾਂ ਸਰਦਾਰਾਂ ਨੂੰ ਸ਼ਾਂਤ ਕਰ ਦਿੱਤਾ ਪਰ ਕੁਝ ਸਮੇਂ ਬਾਅਦ ਬਨੂ ਕਨਾਨਾ ਦੇ ਸਰਦਾਰ ਬਰਾਸ ਨੇ ਬਨੂ ਹਵਾਜ਼ਨ ਦੇ ਸਰਦਾਰ ਹਰਬ ਬਿਨ ਉਮੱਯਾ ਦੀ ਹੱਤਿਆ ਕਰ ਦਿੱਤੀ।ਹਰਬ ਬਿਨ ਉਮੱਯਾ ਦੀ ਮੌਤ ਦਾ ਬਦਲਾ ਲੈਣ ਲਈ ਬਨੂ-ਹਵਾਜ਼ਨ ਅਤੇ ਉਸ ਦੇ ਸਹਿਯੋਗੀ ਕੁਰੈਸ਼ ਨੇ ਮੰਗ ਕੀਤੀ ਕਿ ਉਰਵਾ ਦੇ ਹਥਿਆਰੇ ਬਰਾਸ ਨੂੰ ਖ਼ੂਨ ਦੇ ਬਦਲੇ ਖ਼ੂਨ ਲੈਣ ਲਈ ਉਨ੍ਹਾਂ ਦੇ ਹਵਾਲੇ ਕੀਤਾ ਜਾਵੇ।
ਭਾਵੇਂ ਅਰਬ ਦੇ ਦਸਤੂਰ ਅਨੁਸਾਰ ਹੱਜ ਦੇ ਮਹੀਨੇ ਲੜਾਈਆਂ ਨਹੀਂ ਹੁੰਦੀਆਂ ਸਨ ਪਰ ਬਦਲੇ ਦੀ ਅੱਗ ਦਾ ਭਾਂਬੜ ਬੁਝਾਉਣ ਲਈ ਦੋਹਾਂ ਕਬੀਲਿਆਂ ਵਿਚ ਲੜਾਈ ਛਿੜ ਪਈ।ਇਸ ਲੜਾਈ ਸਮੇਂ ਹਜ਼ਰਤ ਮੁਹੰਮਦ (ਸ.) ਦੀ ਉਮਰ ਪੰਦਰਾਂ ਸਾਲ ਦੇ ਨੇੜੇ ਸੀ।ਇਹ ਘਟਨਾ ਨਬੁੱਵਤ ਤੋਂ ੩੯ ਸਾਲ ਪਹਿਲਾਂ ੫੮੩-੮੪ ਈਸਵੀ ਵਿਚ ਵਾਪਰੀ ਕਹੀ ਜਾਂਦੀ ਹੈ।ਇਸ ਲੜਾਈ ਵਿਚ ਹਜ਼ਰਤ ਮੁਹੰਮਦ (ਸ.) ਨੇ ਵੀ ਭਾਗ ਲਿਆ ਲਿਖਿਆ ਮਿਲਦਾ ਹੈ।ਇਹ ਜੰਗ ਨੌ ਸਾਲ ਚੱਲੀ ਅਤੇ ਅੰਤ ਵਿਚ ਦੋਵਾਂ ਪਾਸਿਆਂ ਨੇ ਮਿਲ ਕੇ ਸੁਲਾਹ ਕਰ ਲਈ।ਇਸ ਸੁਲਾਹ ਨੂੰ 'ਅਲ-ਫ਼ਜ਼ੂਲ' ਦੀ ਸੰਧੀ ਕਿਹਾ ਜਾਂਦਾ ਹੈ ਜਿਸ ਦਾ ਜ਼ਿਕਰ ਅੱਗੇ ਕੀਤਾ ਗਿਆ ਹੈ।
ਇਸ ਸੰਧੀ ਦੀ ਅਚਾਨਕ ਜ਼ਰੂਰਤ ਦੇ ਦੂਜੇ ਕਾਰਨ ਦਾ ਜ਼ਿਕਰ ਕਰਦਿਆਂ ਤਾਲਿਬ ਅਲਹਾਸ਼ਮੀ ਲਿਖਦੇ ਨੇ, "ਮੱਕਾ ਵਿਚ ਖ਼ਾਨਾ ਕਾਅਬਾ ਹੋਣ ਕਰਕੇ ਇਸ ਸ਼ਹਿਰ ਨੂੰ ਅਮਨ ਦਾ ਸ਼ਹਿਰ ਮੰਨਿਆ ਜਾਂਦਾ ਸੀ।ਇਸ ਸ਼ਹਿਰ ਵਿਚ ਆਉਣ ਵਾਲੇ ਲੋਕਾਂ ਦੀ ਹਿਫ਼ਾਜ਼ਤ ਨੂੰ ਕੁਰੈਸ਼ ਵਾਲੇ ਅਪਣੀ ਜ਼ਿੰਮੇਵਾਰੀ ਸਮਝਦੇ ਸਨ।ਇਕ ਵਾਰ ਕੁਰੈਸ਼ ਦੇ ਇਕ ਸਰਦਾਰ ਆਸ ਪੁੱਤਰ ਵਾਇਲ ਨੇ ਇਕ ਵਿਦੇਸ਼ੀ ਵਪਾਰੀ ਤੋਂ ਸਾਮਾਨ ਲੈ ਲਿਆ ਅਤੇ ਉਸ ਦੀ ਕੀਮਤ ਦੇਣ ਤੋਂ ਇਨਕਾਰ ਕਰ ਦਿੱਤਾ।ਵਿਦੇਸ਼ੀ ਵਪਾਰੀ ਨੇ ਪਹਾੜੀ 'ਤੇ ਚੜ੍ਹ ਕੇ ਊਚੀ ਆਵਾਜ਼ ਵਿਚ ਫ਼ਰਿਆਦ ਕੀਤੀ ਜਿਸ ਨੂੰ ਸੁਣਦਿਆਂ ਹੀ ਕੁਰੈਸ਼ ਨਾਲ ਸਬੰਧਤ ਕਬੀਲਿਆਂ ਦੇ ਸਰਦਾਰ ਇਕੱਠੇ ਹੋ ਗਏ ਅਤੇ ਫ਼ੈਸਲਾ ਕੀਤਾ ਕਿ ਮੱਕੇ ਵਿਚ ਬਾਹਰੋਂ ਆਉਣ ਵਾਲੇ ਹਰ ਆਦਮੀ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇਗੀ।ਉਨ੍ਹਾਂ ਨੇ ਵਪਾਰੀ ਦਾ ਸਾਮਾਨ ਆਸ ਪੁੱਤਰ ਵਾਇਲ ਤੋਂ ਵਾਪਸ ਕਰਵਾਇਆ।ਇਹ ਸੰਧੀ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਹੋਈ ਸੀ ਇਸ ਲਈ ਆਪ ਵੀ ਇਸ ਸੰਧੀ ਦੀ ਬੜੀ ਕਦਰ ਕਰਿਆ ਕਰਦੇ ਸਨ।ਇਸ ਸੰਧੀ ਬਾਰੇ ਨਬੁੱਵਤ ਤੋਂ ਬਾਅਦ ਆਪ ਨੇ ਕਿਹਾ ਸੀ ਕਿ, "ਖ਼ੁਦਾ ਦੀ ਕਸਮ ਇਸ ਸੰਧੀ ਬਦਲੇ ਜੇ ਕੋਈ ਮੈਨੂੰ ਊਂਠਾਂ ਦਾ ਇਜੜ ਵੀ ਦਿੰਦਾ ਤਾਂ ਮੈਂ ਉਸ ਨੂੰ ਠੁਕਰਾ ਦਿੰਦਾ"।
ਫ਼ਿਜਾਰ ਦੀ ਲੜਾਈ ਤੋਂ ਬਾਅਦ ਅਰਬ ਦੇ ਸਮਾਜ ਵਿੱਚੋਂ ਭੈੜੇ ਰਸਮ-ਰਿਵਾਜਾਂ ਨੂੰ ਖ਼ਤਮ ਕਰਨ, ਆਪਸੀ ਲੜਾਈ ਝਗੜਿਆਂ ਨੂੰ ਮੁਕਾਉਣ ਅਤੇ ਈਮਾਨਦਾਰੀ ਨਾਲ ਵਪਾਰ ਨੂੰ ਚਲਾਉਣ ਲਈ ਹਜ਼ਰਤ ਮੁਹੰਮਦ (ਸ.) ਦੇ ਮਸ਼ਵਰੇ ਨਾਲ ਸੁਧਾਰ ਦੀ ਲਹਿਰ ਚਲਾਈ ਗਈ।ਆਪ ਦੇ ਚਾਚਾ ਜ਼ੁਬੈਰ ਬਿਨ ਅਬਦੁਲ ਮੁਤਲਿਬ ਨੇ ਮਤਾ ਰੱਖਿਆ ਕਿ ਇਸ ਪਵਿੱਤਰ ਸ਼ਹਿਰ ਦੀ ਹਾਲਤ ਨੂੰ ਸੁਧਾਰਨ ਲਈ ਕੁਝ ਕਰਨਾ ਚਾਹੀਦਾ ਹੈ।ਸਾਰੇ ਅਰਬ ਵਿੱਚੋਂ ਕੁਰੈਸ਼ ਕਬੀਲੇ ਨਾਲ ਸਬੰਧਤ ਸਰਦਾਰਾਂ ਨੂੰ ਇਕੱਠਾ ਕਰਕੇ ਇਹ ਫ਼ੈਸਲਾ ਕੀਤਾ ਗਿਆ ਕਿ "ਅਰਬ ਵਿੱਚੋਂ ਲੜਾਈ ਝਗੜਿਆਂ ਨੂੰ ਖ਼ਤਮ ਕੀਤਾ ਜਾਵੇ।ਹੱਜ ਉੱਤੇ ਆਉਣ ਵਾਲੇ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।ਨਿਰਧਨਾਂ ਅਤੇ ਨਿਆਸਰਿਆਂ ਦੀ ਸਹਾਇਤਾ ਕੀਤੀ ਜਾਵੇ।ਜ਼ਾਲਮਾਂ ਦੇ ਜ਼ੁਲਮਾਂ ਤੋਂ ਪੀੜਤ ਲੋਕਾਂ ਨੂੰ ਸੁਰੱਖਿਆ ਦਿੱਤੀ ਜਾਵੇ ਅਤੇ ਨਾ ਸੁਧਰਣ ਵਾਲੇ ਜ਼ਾਲਮਾਂ ਨੂੰ ਮੱਕੇ ਵਿੱਚੋਂ ਕੱਢ ਦਿੱਤਾ ਜਾਵੇ"।ਇਸ ਸੰਧੀ ਦਾ ਨਾਂ ਅਲ-ਫ਼ਜ਼ੂਲ ਕਿਉਂ ਪਿਆ ਇਸ ਬਾਰੇ ਬਿਆਨ ਕਰਦਿਆਂ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ ਸਫ਼ਾ ੬੫ ਉੱਤੇ ਲਿਖਦਾ ਹੈ;
"ਫ਼ਿਜਾਰ ਦੀ ਨੌ ਸਾਲਾਂ ਤੱਕ ਚੱਲੀ ਲੜਾਈ ਦਾ ਅੰਤ ਇਕ ਸਮਝੋਤੇ ਅਨੁਸਾਰ ਤੈਹ ਕਰਨ ਵਾਲੇ ਅਰਬ ਦੇ ਤਿੰਨ ਸਰਦਾਰ ਫ਼ਜ਼ਲ ਪੁੱਤਰ ਫ਼ਜ਼ਾਲਾ, ਫ਼ਜ਼ਲ ਪੁੱਤਰ ਵਦਾਅ ਅਤੇ ਫ਼ੁਜ਼ੈਲ ਪੁੱਤਰ ਹਾਰਸ ਸਨ।ਕਿਉਂ ਜੋ ਇਨ੍ਹਾਂ ਤਿੰਨਾਂ ਦੇ ਨਾਂ ਨਾਲ ਫ਼ਜ਼ਲ ਆਉਂਦਾ ਹੈ ਅਤੇ ਫ਼ਜ਼ਲ ਦੀ ਜਮਾਂ ਫ਼ਜ਼ੂਲ ਹੁੰਦੀ ਹੈ ਇਸ ਲਈ ਇਸ ਸਮਝੋਤੇ ਦਾ ਨਾਂ 'ਹਿਲਫ਼ੁਲ ਫ਼ਜ਼ੂਲ' ਰੱਖਿਆ ਗਿਆ ਜਿਸ ਨੂੰ ਬਾਅਦ ਵਿਚ ਅਲ-ਫ਼ਜ਼ੂਲ ਕਿਹਾ ਜਾਣ ਲੱਗਿਆ"।

35. ਵਿਆਹ ਅਤੇ ਬੱਚੇ

ਹਜ਼ਰਤ ਮੁਹੰਮਦ (ਸ.) ਦੇ ਕੋਲ ਕੋਈ ਵਿਰਾਸਤੀ ਕੰਮ ਨਹੀਂ ਸੀ ਜਿਹੜਾ ਉਨ੍ਹਾਂ ਨੂੰ ਉਨ੍ਹਾਂ ਦੇ ਬਜ਼ੁਰਗਾਂ ਤੋਂ ਮਿਲਿਆ ਹੋਵੇ ਇਸ ਲਈ ਆਪ ਭਾੜੇ ਉੱਤੇ ਲੋਕਾਂ ਦੀਆਂ ਬੱਕਰੀਆਂ ਚਰਾਇਆ ਕਰਦੇ ਸਨ।ਬਚਪਨ ਵਿਚ ਹਜ਼ਰਤ ਹਲੀਮਾ ਦੇ ਘਰ ਰਹਿੰਦਿਆਂ ਵੀ ਆਪ ਅਪਣੇ ਰਜ਼ਾਈ (ਦੁੱਧ ਸ਼ਰੀਕ) ਭਾਈਆਂ ਨਾਲ ਬਕਰੀਆਂ ਚਰਾਉਂਦੇ ਰਹੇ ਸਨ।ਜਦੋਂ ਆਪ ਦੀ ਉਮਰ ਪੱਚੀ ਸਾਲ ਦੀ ਹੋਈ ਤਾਂ ਆਪ ਨੇ ਵਪਾਰ ਵੱਲ ਧਿਆਨ ਦੇਣਾ ਸ਼ੁਰੂ ਕੀਤਾ।
ਅਰਬ ਦੇ ਕੁਰੈਸ਼ ਕਬੀਲੇ ਦਾ ਸਭ ਤੋਂ ਪੁਰਾਣਾ ਧੰਦਾ ਵਪਾਰ ਸੀ।ਆਪ ਨੇ ਵੀ ਅਪਣੇ ਚਾਚੇ ਨਾਲ ਕੀਤੇ ਸ਼ਾਮ ਦੇ ਸਫ਼ਰ ਤੋਂ ਬਾਅਦ ਇਸੇ ਧੰਦੇ ਨੂੰ ਅਪਣਾਉਣ ਦਾ ਫ਼ੈਸਲਾ ਕੀਤਾ।ਕੁਝ ਸਮਾਂ ਆਪ ਅਬੂ ਤਾਲਿਬ ਨਾਲ ਜਾਂਦੇ ਰਹੇ ਜਿਸ ਨਾਲ ਆਪ ਨੂੰ ਵਪਾਰ ਦਾ ਚੰਗਾ ਤਜਰਬਾ ਹੋ ਗਿਆ।ਜਦੋਂ ਆਪ ਨੇ ਵੱਖਰੇ ਤੌਰ ਤੇ ਵਪਾਰ ਕਰਨਾ ਸ਼ੁਰੂ ਕੀਤਾ ਤਾਂ ਆਪ ਦੀ ਈਮਾਨਦਾਰੀ ਅਤੇ ਨੇਕ ਦਿਲੀ ਦੇਖ ਕੇ ਲੋਕ ਆਪ ਰਾਹੀਂ ਵਪਾਰ ਵਿਚ ਪੈਸਾ ਲਾਉਣ ਲੱਗੇ।ਆਪ ਨੂੰ ਸਾਦਿਕ ਅਤੇ ਅਮੀਨ ਆਖਿਆ ਜਾਣ ਲੱਗਿਆ ਜਿਸ ਦੇ ਅਰਥ ਸੱਚਾ ਅਤੇ ਇਮਾਨਦਾਰ ਭਾਵ ਅਮਾਨਤ ਵਿਚ ਖ਼ਿਆਨਤ ਨਾ ਕਰਨ ਵਾਲਾ ਦੇ ਲਏ ਜਾਂਦੇ ਹਨ।ਇਸ ਕਿੱਤੇ ਵਿਚ ਆਪ ਨੇ ਸ਼ਾਮ, ਬਸਰਾ ਅਤੇ ਯਮਨ ਦਾ ਅਨੇਕਾਂ ਵਾਰ ਸਫ਼ਰ ਕੀਤਾ।
ਇਬਨੇ ਇਸਹਾਕ ਲਿਖਦੇ ਨੇ ਕਿ ਕੁਰੈਸ਼ ਦੇ ਬਨੂ ਅਸਦ ਕਬੀਲੇ ਵਿਚ ਖ਼ਦੀਜਾ ਪੁਤਰੀ ਖ਼ੁਵੈਲਦ ਨਾਂ ਦੀ ਇਕ ਵਿਧਵਾ ਔਰਤ ਮੱਕੇ ਵਿਚ ਰਹਿੰਦੀ ਸੀ।ਉਸ ਨੇ ਦੋ ਵਿਆਹ ਕੀਤੇ ਪਰ ਦੋਵੇਂ ਪਤੀ ਬਹੁਤੀ ਦੇਰ ਜਿਊਂਦੇ ਨਾ ਰਹੇ।ਉਹ ਦੂਜਿਆਂ ਨੂੰ ਪੈਸਾ ਦੇ ਕੇ ਸ਼ਾਮ, ਯਮਨ ਅਤੇ ਬਸਰਾ ਦੇ ਬਾਜ਼ਾਰਾਂ ਵਿਚ ਵਪਾਰ ਦਾ ਕਾਰੋਬਾਰ ਕਰਵਾਉਂਦੀ ਸੀ।ਜਦੋਂ ਉਸ ਨੂੰ ਹਜ਼ਰਤ ਮੁਹੰਮਦ (ਸ.)ਦੀ ਸੱਚਾਈ, ਈਮਾਨਦਾਰੀ ਅਤੇ ਦਿਆਨਤਦਾਰੀ ਬਾਰੇ ਪਤਾ ਲੱਗਿਆ ਤਾਂ ਉਸ ਨੇ ਸੁਨੇਹਾ ਘੱਲਿਆ ਕਿ ਆਪ ਮੇਰਾ ਸਾਮਾਨ ਸ਼ਾਮ ਲੈ ਜਾਉ ਮੈਂ ਮੁਨਾਫ਼ੇ ਵਿੱਚੋਂ ਜਿੰਨਾ ਹਿੱਸਾ ਦੂਸਰਿਆਂ ਨੂੰ ਦਿੰਦੀ ਹਾਂ ਆਪ ਨੂੰ ਉਸ ਤੋਂ ਵੱਧ ਦੇਵਾਂਗੀ।ਆਪ ਖ਼ਦੀਜਾ ਦਾ ਵਪਾਰਕ ਮਾਲ ਲੈ ਕੇ ਜਾਣ ਲਈ ਰਾਜ਼ੀ ਹੋ ਗਏ ਅਤੇ ਜਦੋਂ ਪਹਿਲੀ ਵਾਰ ਆਪ ਸ਼ਾਮ ਦੇ ਸਫ਼ਰ ਲਈ ਗਏ ਤਾਂ ਬੀਬੀ ਖ਼ਦੀਜਾ ਦਾ ਗ਼ੁਲਾਮ ਮੈਸਰਾ ਵੀ ਦੇਖ-ਭਾਲ ਲਈ ਆਪ ਦੇ ਨਾਲ ਸੀ।
ਆਪ ਨੇ ਸ਼ਾਮ ਪਹੁੰਚ ਕੇ ਚੰਗੇ ਮੁਨਾਫ਼ੇ ਬਦਲੇ ਵਪਾਰਕ ਮਾਲ ਵੇਚਿਆ।ਆਪ ਵੱਲੋਂ ਵਿਖਾਇਆ ਮੁਨਾਫ਼ਾ ਵੇਖ ਕੇ ਬੀਬੀ ਖ਼ਦੀਜਾ ਬਹੁਤ ਖ਼ੁਸ਼ ਹੋਈ।ਉਨ੍ਹਾਂ ਦੇ ਗ਼ੁਲਾਮ ਨੇ ਵੀ ਆਪ ਦੀ ਸੱਚਾਈ ਅਤੇ ਇਮਾਨਦਾਰੀ ਦੀ ਬਹੁਤ ਤਾਰੀਫ਼ ਕੀਤੀ ਜਿਸ ਤੋਂ ਪ੍ਰਭਾਵਤ ਹੋ ਕੇ ਖ਼ਦੀਜਾ ਨੇ ਅਪਣੀ ਸਹੇਲੀ ਰਾਹੀਂ ਆਪ ਨੂੰ ਵਿਆਹ ਦਾ ਸੁਨੇਹਾ ਘੱਲਿਆ ਜਿਹੜਾ ਆਪ ਨੇ ਅਪਣੇ ਖ਼ਾਨਦਾਨ ਦੇ ਲੋਕਾਂ ਦੀ ਸਲਾਹ ਨਾਲ ਮਨਜ਼ੂਰ ਕਰ ਲਿਆ।ਨਿਕਾਹ ਕਰਨ ਲਈ ਆਪ ਅਪਣੇ ਚਾਚਾ ਅਬੂ ਤਾਲਿਬ ਅਤੇ ਦੂਸਰੇ ਚਾਚਾ ਹਮਜ਼ਾ ਨੂੰ ਨਾਲ ਲੈ ਕੇ ਬੀਬੀ ਖ਼ਦੀਜਾ ਦੇ ਘਰ ਗਏ ਜਿੱਥੇ ਬੀਬੀ ਖ਼ਦੀਜਾ ਦੇ ਚਾਚਾ ਅਮਰੂ ਬਿਨ ਅਸਦ ਪਹਿਲਾਂ ਤੋਂ ਹੀ ਆਪ ਦੀ ਉਡੀਕ ਕਰ ਰਹੇ ਸਨ।ਆਪ ਦੇ ਚਾਚਾ ਅਬੂ ਤਾਲਿਬ ਨੇ ਬੀਬੀ ਖ਼ਦੀਜਾ ਨਾਲ ਆਪ ਦਾ ਨਿਕਾਹ ਪੜ੍ਹਾਇਆ।ਇਹ ਨਿਕਾਹ ਹਿਜਰਤ ਤੋਂ ੨੭ ਸਾਲ ਪਹਿਲਾਂ ਸਨ ੫੯੫-੯੬ ਈਸਵੀ ਵਿਚ ਹੋਇਆ।ਜਿਸ ਸਮੇਂ ਇਹ ਨਿਕਾਹ ਹੋਇਆ ਉਸ ਸਮੇਂ ਆਪ ਦੀ ਉਮਰ ਪੰਝੀ ਸਾਲ ਅਤੇ ਬੀਬੀ ਖ਼ਦੀਜਾ ਚਾਲੀਆਂ ਨੂੰ ਢੁਕ ਚੁੱਕੀ ਸੀ ਜਿਹੜੀ ਉਮਰ ਦੇ ਲਿਹਾਜ਼ ਨਾਲ ਚੰਗੀ ਸੂਝ-ਬੂਝ ਦੀ ਮਾਲਕ ਸੀ।ਬੀਬੀ ਖ਼ਦੀਜਾ ਦੇ ਪਹਿਲੇ ਵਿਆਹਾਂ ਤੋਂ ਦੋ ਬੱਚੇ ਇਕ ਪੁੱਤਰ ਅਤੇ ਇਕ ਧੀ ਉਸ ਨਾਲ ਹੀ ਰਹਿੰਦੇ ਸਨ।ਹਜ਼ਰਤ ਖ਼ਦੀਜਾ ਦੇ ਜਿਉਂਦੇ ਹੁੰਦਿਆਂ ਹਜ਼ਰਤ ਮੁਹੰਮਦ (ਸ.) ਨੇ ਹੋਰ ਕਿਸੇ ਦੂਸਰੀ ਔਰਤ ਨਾਲ ਵਿਆਹ ਨਹੀਂ ਕੀਤਾ।
ਹਜ਼ਰਤ ਮੁਹੰਮਦ (ਸ.) ਦੀ ਔਲਾਦ ਵਿਚ ਹਜ਼ਰਤ ਇਬਰਾਹੀਮ ਤੋਂ ਇਲਾਵਾ ਬਾਕੀ ਚਾਰ ਪੁਤਰੀਆਂ ਅਤੇ ਦੋ ਪੁੱਤਰ ਹਜ਼ਰਤ ਖ਼ਦੀਜਾ ਦੀ ਕੁੱਖੋਂ ਹੀ ਪੈਦਾ ਹੋਏ। ਆਪ ਦੇ ਤਿੰਨੋਂ ਪੁੱਤਰ ਇਬਰਾਹੀਮ, ਕਾਸਿਮ ਅਤੇ ਅਬਦੁੱਲਾ ਬਚਪਨ ਵਿਚ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਜ਼ੈਨਬ, ਰੁਕੱਈਆ, ਉੰਮੇ ਕਲਸੂਮ ਅਤੇ ਫ਼ਾਤਮਾਂ ਚਾਰੇ ਧੀਆਂ ਜਿਉਂਦੀਆਂ ਰਹੀਆਂ।ਆਪ ਦੀਆਂ ਇਨ੍ਹਾਂ ਪਿਆਰੀਆਂ ਧੀਆਂ ਨੇ ਇਸਲਾਮ ਦੇ ਅਰੰਭ ਵਿਚ ਤਕਲੀਫ਼ਾਂ ਵੀ ਝੱਲੀਆਂ ਅਤੇ ਇਸਲਾਮ ਦੀ ਚੜ੍ਹਤ ਦਾ ਸਮਾਂ ਵੀ ਅੱਖੀਂ ਦੇਖਿਆ।ਇਨ੍ਹਾਂ ਦੀਆਂ ਵੱਡੀਆਂ ਤਿੰਨ ਧੀਆਂ ਆਪ ਦੀ ਜ਼ਿੰਦਗੀ ਵਿਚ ਹੀ ਰੱਬ ਨੂੰ ਪਿਆਰੀਆਂ ਹੋ ਗਈਆਂ ਅਤੇ ਚੌਥੀ ਧੀ ਬੀਬੀ ਫ਼ਾਤਮਾਂ ਦੀ ਵਫ਼ਾਤ ਆਪ ਦੀ ਵਫ਼ਾਤ ਤੋਂ ਛੇ ਮਹੀਨੇ ਬਾਅਦ ਹੋਈ।

36. ਖ਼ਾਨਾ ਕਾਅਬਾ ਦੀ ਨਵ-ਉਸਾਰੀ

ਹਜ਼ਰਤ ਇਬਰਾਹੀਮ ਦੇ ਸਮੇਂ ਤੋਂ ਖ਼ਾਨਾ ਕਾਅਬਾ ਦੀ ਜਿਹੜੀ ਇਮਾਰਤ ਬਣੀ ਹੋਈ ਸੀ ਉਸ ਉੱਤੇ ਕੋਈ ਛੱਤ ਨਹੀਂ ਸੀ।ਸਿਰਫ਼ ਚਾਰੇ ਪਾਸੇ ਕੰਧਾਂ ਬਣੀਆਂ ਹੋਈਆਂ ਸਨ ਜਿਨ੍ਹਾਂ ਦੀ ਉਚਾਈ ਆਦਮੀ ਦੇ ਕੱਦ ਦੇ ਬਰਾਬਰ ਸੀ।ਹਿਜਰਤ ਤੋਂ ੧੭ ਸਾਲ ਪਹਿਲਾਂ ਸਨ ੬੦੫-੦੬ ਈਸਵੀ ਵਿਚ ਕੁਰੈਸ਼ ਦੇ ਸਾਰੇ ਕਬੀਲਿਆਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਇਸ ਇਮਾਰਤ ਨੂੰ ਢਾਅ ਕੇ ਨਵੇਂ ਸਿਰਿਉਂ ਬਣਾਇਆ ਜਾਵੇ।ਇਮਾਰਤ ਨੂੰ ਨਵੇਂ ਸਿਰਿਉਂ ਬਣਾਉਣ ਦਾ ਕੰਮ ਕੁਰੈਸ਼ ਦੇ ਸਾਰੇ ਕਬੀਲਿਆਂ ਵਿਚ ਵੰਡ ਦਿੱਤਾ ਗਿਆ।
ਕਾਅਬੇ ਦੀ ਪੁਰਾਣੀ ਇਮਾਰਤ ਦਾ ਜ਼ਿਕਰ ਕਰਦਿਆਂ ਅਲਰਹੀਕੁਲ ਮਖ਼ਤੂਮ ਦਾ ਲੇਖਕ ਸ਼ਫ਼ੀ-ਉਲ-ਰਹਿਮਾਨ ਮੁਬਾਰਕਪੁਰੀ ਸਫ਼ਾ ੯੨ ਉੱਤੇ ਲਿਖਦਾ ਹੈ, "ਖ਼ਾਨੇ ਕਾਅਬੇ ਨੂੰ ਨਵਿਆਉਣ ਦੀ ਜ਼ਰੂਰਤ ਇਸ ਲਈ ਪਈ ਕਿ ਹਜ਼ਰਤ ਇਸਮਾਈਲ (ਅਲੈ.) ਦੇ ਸਮੇਂ ਤੋਂ ਹੀ ਇਸ ਦੀ ਇਮਾਰਤ ਦੀਆਂ ਕੰਧਾਂ ਆਦਮੀ ਦੇ ਕੱਦ ਤੋਂ ਥੋੜੀਆਂ ਹੀ ਵੱਧ ਉੱਚੀਆਂ ਸਨ ਜਿਸ ਦਾ ਲਾਹਾ ਲੈਂਦਿਆਂ ਕੁਝ ਚੋਰਾਂ ਨੇ ਖ਼ਾਨਾ ਕਾਅਬਾ ਦੇ ਖ਼ਜ਼ਾਨੇ ਨੂੰ ਲੁੱਟ ਲਿਆ।ਉਂਜ ਵੀ ਇਨ੍ਹਾਂ ਦੀਵਾਰਾਂ ਨੂੰ ਬਣਿਆਂ ਲੰਬਾ ਸਮਾਂ ਲੰਘ ਚੁੱਕਿਆ ਸੀ।ਦੀਵਾਰਾਂ ਦੀ ਹਾਲਤ ਖ਼ਸਤਾ ਹੋ ਗਈ ਸੀ ਅਤੇ ਉਨ੍ਹਾਂ ਵਿਚ ਤਰੇੜਾਂ ਪੈ ਗਈਆਂ ਸਨ।ਇਸ ਲਈ ਖ਼ਾਨੇ ਕਾਅਬੇ ਦੀ ਅਜ਼ਮਤ ਅਤੇ ਪਵਿੱਤਰਤਾ ਨੂੰ ਸਥਿਰ ਰੱਖਣ ਲਈ ਲੰਬੀ ਸੋਚ-ਵਿਚਾਰ ਤੋਂ ਬਾਅਦ ਕੁਰੈਸ਼ ਵਾਲਿਆਂ ਨੇ ਫ਼ੈਸਲਾ ਕੀਤਾ ਕਿ ਇਸ ਨੂੰ ਨਵੇਂ ਸਿਰਿਉਂ ਉਸਾਰਿਆ ਜਾਵੇ"।
ਖ਼ਾਨਾ ਕਾਅਬਾ ਦੀ ਪਵਿੱਤਰਤਾ ਦਾ ਖ਼ਿਆਲ ਕਰਦਿਆਂ ਉਨ੍ਹਾਂ ਨੇ ਸਭ ਤੋਂ ਮਹੱਤਵਪੂਰਨ ਫ਼ੈਸਲਾ ਇਹ ਕੀਤਾ ਕਿ ਜਿਹੜਾ ਧਨ ਉਸਾਰੀ ਲਈ ਵਰਤਿਆ ਜਾਵੇ ਉਹ ਹਲਾਲ ਕਮਾਈ ਦਾ ਹੋਵੇ।ਉਸ ਵਿਚ ਰੰਡੀਆਂ ਦੀ ਕਮਾਈ ਅਤੇ ਵਿਆਜ਼ ਦਾ ਪੈਸਾ ਨਹੀਂ ਹੋਣਾ ਚਾਹੀਦਾ ਅਤੇ ਨਾ ਹੀ ਉਸ ਬੰਦੇ ਤੋਂ ਪੈਸਾ ਲਿਆ ਜਾਵੇ ਜਿਸ ਨੇ ਕਿਸੇ ਦਾ ਹੱਕ ਮਾਰ ਕੇ ਪੈਸਾ ਇਕੱਠਾ ਕੀਤਾ ਹੋਵੇ।
ਨਵੀਂ ਉਸਾਰੀ ਕਰਨ ਲਈ ਪੁਰਾਣੀ ਉਸਾਰੀ ਨੂੰ ਢਾਹੁਣਾ ਜ਼ਰੂਰੀ ਸੀ ਪਰ ਇਸ ਨੂੰ ਢਾਹੁਣ ਲਈ ਕੋਈ ਵੀ ਤਿਆਰ ਨਹੀਂ ਸੀ।ਹਰ ਆਦਮੀ ਦੇ ਦਿਲ ਵਿਚ ਡਰ ਸੀ ਕਿ ਖ਼ਾਨਾ ਕਾਅਬਾ ਨੂੰ ਢਾਹੁਣ ਨਾਲ ਉਸ ਉੱਤੇ ਕੋਈ ਕੁਦਰਤੀ ਕ੍ਰੋਪੀ ਨਾ ਟੁੱਟ ਪਏ ਕਿਉਂ ਜੋ ਕੁਝ ਸਮਾਂ ਪਹਿਲਾਂ ਖ਼ਾਨਾ ਕਾਅਬਾ ਨੂੰ ਢਾਹੁਣ ਆਏ ਯਮਨ ਦੇ ਬਾਦਸ਼ਾਹ ਅਬਰਹਾ ਦਾ ਹਾਲ ਕੁਰੈਸ਼ ਵਾਲੇ ਅੱਖੀਂ ਦੇਖ ਚੁੱਕੇ ਸਨ।ਆਖ਼ਰਕਾਰ ਲੰਬੀ ਉਡੀਕ ਤੋਂ ਬਾਅਦ ਵਲੀਦ ਪੁੱਤਰ ਮੁਗ਼ੀਰਾ ਨੇ ਕੰਮ ਸ਼ੁਰੂ ਕਰਨ ਦੀ ਹਿੰਮਤ ਕੀਤੀ।ਜਦੋਂ ਸਾਰੀਆਂ ਦੀਵਾਰਾਂ ਢੈ ਗਈਆਂ ਤਾਂ ਇਕ ਰੋਮੀ ਇੰਜਨੀਅਰ ਦੀ ਨਿਗਰਾਨੀ ਹੇਠ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ।ਹਰ ਕਬੀਲੇ ਨੇ ਅਪਣੇ ਹਿੱਸੇ ਦੀ ਉਸਾਰੀ ਕਰਨ ਲਈ ਪਹਿਲਾਂ ਹੀ ਪੱਥਰ ਇਕੱਠੇ ਕਰ ਲਏ ਹੋਏ ਸਨ।
ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਿਲਾਲ ਉਸਮਾਨੀ 'ਮੈਅਮਾਰੇ ਇਨਸਾਨੀਅਤ' ਦੇ ਸਫ਼ਾ ੮੧ ਉੱਤੇ ਲਿਖਦੇ ਹਨ,"ਜਦੋਂ ਕੁਰੈਸ਼ ਨੇ ਖ਼ਾਨਾ ਕਾਅਬਾ ਨੂੰ ਨਵਿਆਉਣ ਦਾ ਇਰਾਦਾ ਕੀਤਾ ਤਾਂ ਅਚਾਨਕ ਤੂਫ਼ਾਨ ਵਿਚ ਘਿਰਿਆ ਇਕ ਰੋਮੀ ਜਹਾਜ਼ 'ਸ਼ਈਬਾਹ' (ਜੱਦਾ ਦਾ ਪੁਰਾਣਾ ਨਾਂ) ਦੀ ਬੰਦਰਗਾਹ ਉੱਤੇ ਗੋਦੀ ਨਾਲ ਟਕਰਾ ਕੇ ਟੁਕੜੇ ਟੁਕੜੇ ਹੋ ਗਿਆ।ਤਬਾਹ ਹੋਏ ਜਹਾਜ਼ ਦੇ ਫੱਟੇ ਕਾਅਬੇ ਦੀ ਉਸਾਰੀ ਲਈ ਖ਼ਰੀਦ ਲਏ ਗਏ।ਜਹਾਜ਼ ਦੇ ਅਮਲੇ ਵਿੱਚੋਂ ਜਿਉਂਦੇ ਬਚੇ ਲੋਕਾਂ ਵਿਚ ਮਿਸਰ ਦਾ ਮਿਸਤਰੀ 'ਬਾਕੂਮ' ਵੀ ਸੀ ਜਿਸ ਨੇ ਕਾਅਬੇ ਦੀ ਉਸਾਰੀ ਲਈ ਨਿਗਰਾਨੀ ਕਰਨ ਦਾ ਕੰਮ ਸੰਭਾਲ ਲਿਆ।ਕੁਰੈਸ਼ ਦੇ ਸਾਰੇ ਕਬੀਲਿਆਂ ਨੇ ਖ਼ਾਨਾ ਕਾਅਬਾ ਦੀ ਉਸਾਰੀ ਕੀਤੀ ਪਰ ਜਦੋਂ 'ਹਜਰ-ਏ-ਅਸਵਦ' (ਉਹ ਪਵਿੱਤਰ ਕਾਲਾ ਪੱਥਰ ਜਿਹੜਾ ਹਜ਼ਰਤ ਇਬਰਾਹੀਮ ਦੇ ਸਮੇਂ ਤੋਂ ਕੰਧ ਵਿਚ ਲੱਗਿਆ ਹੋਇਆ ਹੈ) ਲਾਉਣ ਦਾ ਸਮਾਂ ਆਇਆ ਤਾਂ ਕਬੀਲਿਆਂ ਵਿਚ ਠਣ ਗਈ।ਹਰ ਕਬੀਲਾ ਇਸ ਪਵਿੱਤਰ ਕੰਮ ਨੂੰ ਆਪ ਕਰਨਾ ਚਾਹੁੰਦਾ ਸੀ।ਚਾਰ ਦਿਨ ਤੱਕ ਇਹ ਕੰਮ ਠੱਪ ਪਿਆ ਰਿਹਾ।ਜਦੋਂ ਤਲਵਾਰਾਂ ਚੱਲਣ ਦੀ ਨੌਬਤ ਆ ਪਹੁੰਚੀ ਤਾਂ ਸਾਰਿਆਂ ਨੇ ਮਿਲ ਕੇ ਫ਼ੈਸਲਾ ਕੀਤਾ ਕਿ ਕੱਲ੍ਹ ਸਵੇਰੇ ਜਿਹੜਾ ਬੰਦਾ ਸਭ ਤੋਂ ਪਹਿਲਾਂ ਕਾਅਬੇ ਵਿਚ ਆਵੇਗਾ ਉਸ ਨੂੰ ਪੰਚ ਮੰਨ ਲਿਆ ਜਾਵੇਗਾ ਅਤੇ ਉਹ ਜਿਹੜਾ ਫ਼ੈਸਲਾ ਦੇਵੇਗਾ ਉਹ ਸਭ ਨੂੰ ਕਬੂਲ ਹੋਵੇਗਾ।
ਅਗਲੀ ਸਵੇਰ ਹਜ਼ਰਤ ਮੁਹੰਮਦ (ਸ.) ਨੂੰ ਸਭ ਤੋਂ ਪਹਿਲਾਂ ਕਾਅਬੇ ਵਿਚ ਵੇਖਿਆ ਗਿਆ।ਜਦੋਂ ਉਨ੍ਹਾਂ ਨੂੰ ਪੰਚ ਮੰਨ ਕੇ ਫ਼ੈਸਲਾ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਕੁਰੈਸ਼ ਦੇ ਸਾਰੇ ਕਬੀਲਿਆਂ ਨੂੰ ਅਪਣਾ ਇਕ ਇਕ ਸਰਦਾਰ ਚੁਨਣ ਲਈ ਕਿਹਾ।ਜਦੋਂ ਸਾਰੇ ਕਬੀਲਿਆਂ ਵੱਲੋਂ ਇਕ ਇਕ ਬੰਦਾ ਸਰਦਾਰ ਚੁਣ ਕੇ ਆਪ ਦੇ ਕੋਲ ਭੇਜ ਦਿੱਤਾ ਗਿਆ ਤਾਂ ਆਪ ਨੇ ਇਕ ਚੱਦਰ ਮੰਗਵਾਈ ਅਤੇ ਪਵਿੱਤਰ ਪੱਥਰ ਨੂੰ ਉਸ ਉੱਤੇ ਰੱਖ ਦਿੱਤਾ।ਫਿਰ ਆਪ ਨੇ ਕਬੀਲਿਆਂ ਦੇ ਚੁਣੇ ਹੋਏ ਸਰਦਾਰਾਂ ਨੂੰ ਕਿਹਾ ਕਿ ਉਹ ਸਾਰੇ ਚੱਦਰ ਦਾ ਪੱਲਾ ਫੜ ਲੈਣ।ਸਾਰੇ ਸਰਦਾਰ ਪੱਥਰ ਨੂੰ ਚੁੱਕ ਕੇ ਕੰਧ ਦੇ ਨੇੜੇ ਲੈ ਗਏ ਅਤੇ ਆਪ ਨੇ ਉਸ ਪੱਥਰ ਨੂੰ ਚੁੱਕ ਕੇ ਕੰਧ ਵਿਚ ਜੜ ਦਿੱਤਾ।ਜਿਸ ਨੂੰ ਸਭ ਨੇ ਮਨਜ਼ੂਰ ਕਰ ਲਿਆ।
ਇੱਥੇ ਇਹ ਗੱਲ ਦੱਸਣ ਯੋਗ ਹੈ ਕਿ ਸ਼ੁਰੂ ਤੋਂ ਹੁਣ ਤੱਕ ਦਸ ਵਾਰ ਖ਼ਾਨਾ ਕਾਅਬਾ ਦੀ ਉਸਾਰੀ ਕੀਤੀ ਜਾ ਚੁੱਕੀ ਹੈ।ਜਿਸ ਦਾ ਜ਼ਿਕਰ ਕਰਦਿਆਂ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਲਿਖਦਾ ਹੈ ਕਿ ਸਭ ਤੋਂ ਪਹਿਲਾਂ ਖ਼ਾਨਾ ਕਾਅਬਾ ਦੀ ਉਸਾਰੀ ਮਲਾਇਕਾ ਭਾਵ ਫ਼ਰਿਸ਼ਤਿਆਂ ਨੇ ਕੀਤੀ।ਦੂਸਰੀ ਵਾਰ ਇਸ ਦੀ ਉਸਾਰੀ ਹਜ਼ਰਤ ਆਦਮ ਨੇ ਕੀਤੀ।ਤੀਜੀ ਵਾਰ ਇਹ ਉਸਾਰੀ ਉਸ ਸਮੇਂ ਕੀਤੀ ਗਈ ਜਦੋਂ ਹਜ਼ਰਤ ਸ਼ੁਐਬ (ਅਲੈ.) ਦੁਨੀਆ ਤੇ ਨਬੀ ਬਣ ਕੇ ਆਏ।ਚੌਥੀ ਵਾਰ ਇਸ ਦੀ ਉਸਾਰੀ ਹਜ਼ਰਤ ਇਬਰਾਹੀਮ (ਅਲੈ.) ਨੇ ਅਪਣੇ ਪੁੱਤਰ ਹਜ਼ਰਤ ਇਸਮਾਈਲ (ਅਲੈ.) ਨਾਲ ਰਲ ਕੇ ਕੀਤੀ।ਪੰਜਵੀਂ ਵਾਰ ਇਹ ਉਸਾਰੀ ਅਮਾਲਕਾ ਨੇ ਕੀਤੀ ਅਤੇ ਛੇਵੀਂ ਵਾਰ ਮੱਕੇ ਉੱਤੇ ਅਪਣੇ ਕਬਜ਼ੇ ਦੇ ਸਮੇਂ ਕਬੀਲਾ ਜਰਹਮ ਨੇ ਅਤੇ ਸੱਤਵੀਂ ਵਾਰ ਇਸ ਉਸਾਰੀ ਦਾ ਮੌਕਾ ਕੁਰੈਸ਼ ਵਾਲਿਆਂ ਨੂੰ ਮਿਲਿਆ ਜਿਸ ਵਿਚ ਹਜ਼ਰਤ ਮੁਹੰਮਦ (ਸ.) ਨੇ ਵੀ ਭਾਗ ਲਿਆ।ਬਾਦਸ਼ਾਹੀ ਦੌਰ ਸ਼ੁਰੂ ਹੋ ਜਾਣ ਤੋਂ ਬਾਅਦ ਅੱਠਵੀਂ ਵਾਰ ਉਸਾਰੀ ਦਾ ਕੰਮ ਅਬਦੁੱਲਾ ਬਿਨ ਜ਼ੁਬੈਰ ਨੇ ਕੀਤਾ ਅਤੇ ਨੌਵੀਂ ਵਾਰ ਖ਼ਲੀਫ਼ਾ ਹਜਾਜ਼ ਬਿਨ ਯੂਸਫ਼ ਦੇ ਸਮੇਂ ਕੀਤਾ ਗਿਆ।ਦਸਵੀਂ ਅਤੇ ਆਖ਼ਰੀ ਵਾਰ ਉਸਾਰੀ ਦਾ ਕੰਮ ਸੁਲਤਾਨ ਮੁਰਾਦ ਬਿਨ ਸੁਲਤਾਨ ਅਹਿਮਦ ਦੇ ਸਮੇਂ ੧੦੩੯ ਹਿਜਰੀ ਵਿਚ ਕੀਤਾ ਗਿਆ ਜਿਹੜਾ ਅਜੇ ਤੱਕ ਕਾਇਮ ਹੈ।
ਖ਼ਾਨਾ ਕਾਅਬਾ ਦੀ ਉਸਾਰੀ ਕਰਨ ਤੋਂ ਬਾਅਦ ਕੁਰੈਸ਼ ਨੇ ਇਸ ਵਿਚ ਮੂਰਤੀਆਂ ਸਜਾ ਦਿੱਤੀਆਂ ਅਤੇ ਕੰਧਾਂ ਉੱਤੇ ਅਜਿਹੇ ਚਿੱਤਰ ਬਣਾ ਦਿੱਤੇ ਗਏ ਜਿਨ੍ਹਾਂ ਵਿਚ ਹਜ਼ਰਤ ਇਬਰਾਹੀਮ (ਅਲੈ.) ਅਤੇ ਹਜ਼ਰਤ ਇਸਮਾਈਲ (ਅਲੈ.) ਨੂੰ ਤੀਰਾਂ ਨਾਲ ਫ਼ਾਲ ਕੱਢਦਿਆਂ ਵਿਖਾਇਆ ਗਿਆ ਸੀ।ਅੰਦਰ ਸਥਾਪਤ ਕੀਤੇ ਬੁੱਤਾਂ ਉੱਤੇ ਚੜ੍ਹਾਵਾ ਚੜ੍ਹਾਇਆ ਜਾਣ ਲੱਗਿਆ।
ਬੁੱਤਾਂ ਦੀ ਪੂਜਾ ਕਰਨ ਦਾ ਸਭ ਦਾ ਢੰਗ ਵੱਖਰਾ ਵੱਖਰਾ ਸੀ।ਇਕ ਸਹਾਬੀ ਮੁਸਲਮਾਨ ਬਨਣ ਤੋਂ ਪਹਿਲਾਂ ਕਿਸੇ ਦੇ ਗ਼ੁਲਾਮ ਸਨ।ਉਹ ਆਖਦੇ ਨੇ ਕਿ ਉਸ ਦਾ ਮਾਲਕ ਬੜੀ ਸ਼ਰਧਾ ਨਾਲ ਇਕ ਬੁੱਤ ਅੱਗੇ ਦੁੱਧ ਅਤੇ ਮੱਖਣ ਦਾ ਚੜ੍ਹਾਵਾ ਚੜ੍ਹਾਉਣ ਲਈ ਮੈਨੂੰ ਭੇਜਣ ਤੋਂ ਪਹਿਲਾਂ ਨਸੀਹਤ ਕਰਦਾ ਕਿ ਖ਼ਬਰਦਾਰ, ਰਸਤੇ ਵਿਚ ਹੀ ਖਾ-ਪੀ ਨਾ ਲਵੀਂ ਨਹੀਂ ਤਾਂ ਬੁੱਤਾਂ ਦੀ ਕ੍ਰੋਪੀ ਤੋਂ ਨਾ ਬਚ ਸਕੇਂਗਾ।ਇਕ ਕਬੀਲੇ ਨੇ ਪੱਥਰ ਦੀ ਥਾਂ ਆਟੇ ਦਾ ਵੱਡਾ ਬੁੱਤ ਬਣਾ ਕੇ ਰੱਖਿਆ ਹੋਇਆ ਸੀ।ਇਸੇ ਤਰ੍ਹਾਂ ਇਕ ਕਬੀਲੇ ਨੇ ਪੱਥਰ ਦੀ ਥਾਂ ਲੱਕੜ ਦਾ ਬੁੱਤ ਬਣਾ ਕੇ ਰੱਖਿਆ ਹੋਇਆ ਸੀ।
ਬੁੱਤਾਂ ਤੋਂ ਇਲਾਵਾ ਖ਼ਾਨਾ ਕਾਅਬਾ ਵਿਚ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ ਜਿਨ੍ਹਾਂ ਬਾਰੇ ਜਾਣ ਕੇ ਅਕਲ ਦੰਗ ਰਹਿ ਜਾਂਦੀ ਹੈ।'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੮੫ ਉੱਤੇ ਲਿਖਦਾ ਹੈ ਕਿ ਨਾਇਲਾ ਪੁਤਰੀ ਵੇਕ ਮੱਕੇ ਦੀ ਇਕ ਖ਼ੂਬਸੂਰਤ ਔਰਤ ਸੀ।ਖ਼ਾਨਾ ਕਾਅਬਾ ਵਿਚ ਤਵਾਫ਼ ਕਰਨ ਲਈ ਆਉਣ ਸਮੇਂ ਉਹ ਅਧਨੰਗੀ ਹਾਲਤ ਵਿਚ ਅਪਣੇ ਸਰੀਰ ਦੀ ਪੂਰੀ ਨੁਮਾਇਸ਼ ਕਰਦੀ।ਜਿੰਨਾ ਚਿਰ ਉਹ ਖ਼ਾਨਾ ਕਾਅਬਾ ਵਿਚ ਰਹਿੰਦੀ ਮਸਤਾਨੇ ਲੋਕਾਂ ਦੀ ਭੀੜ ਉਸ ਦਾ ਪਿੱਛਾ ਕਰਦੀ ਰਹਿੰਦੀ।ਉਪਰੋਕਤ ਲੇਖਕ ਇਹ ਵੀ ਲਿਖਦਾ ਹੈ ਕਿ ਬਨੂ ਜਰਹਮ ਦੇ ਲੋਕ ਨਾਇਲਾ ਦੇ ਹੁਸਨ ਉੱਤੇ ਫ਼ਖ਼ਰ ਨਾਲ ਟਿੱਪਣੀ ਕਰਦੇ ਅਤੇ ਉਸ ਦੀਆਂ ਕਹਾਣੀਆਂ ਸੁਣਾਉਂਦੇ।ਉਸ ਦੇ ਮਰਨ ਤੋਂ ਬਾਅਦ ਉਸ ਦਾ ਬੁੱਤ ਆਬੇ ਜ਼ਮਜ਼ਮ ਦੇ ਚਸ਼ਮੇ ਦੇ ਨੇੜੇ ਸਥਾਪਤ ਕਰ ਦਿੱਤਾ ਗਿਆ।

37. ਸਾਦਿਕ ਅਤੇ ਅਮੀਨ ਦਾ ਖ਼ਿਤਾਬ ਮਿਲਣਾ

ਹਜ਼ਰਤ ਮੁਹੰਮਦ (ਸ.) ਦਾ ਸਮਾਂ ਬੇਈਮਾਨੀਆਂ, ਧੌਖੇਬਾਜ਼ੀਆਂ ਅਤੇ ਹੇਰਾਫ਼ੇਰੀਆਂ ਦਾ ਸਮਾਂ ਸੀ।ਸਮਾਜ ਵਿਚ ਅਨੇਕਾਂ ਕਿਸਮ ਦੀਆਂ ਬੀਮਾਰੀਆਂ ਫੈਲੀਆਂ ਹੋਈਆਂ ਸਨ।ਹੱਕ ਅਤੇ ਸੱਚ ਦੀ ਗੱਲ ਕਰਨ ਨੂੰ ਮਜ਼ਾਕ ਤੋਂ ਵੱਧ ਕੁਝ ਵੀ ਨਹੀਂ ਸਮਝਿਆ ਜਾਂਦਾ ਸੀ।ਭਾਈ-ਭਤੀਜਾਬਾਦ ਦਾ ਬੋਲਬਾਲਾ ਸੀ।ਹਰ ਕਬੀਲੇ ਵਿਚ ਇਹ ਬੀਮਾਰੀ ਆਮ ਸੀ ਕਿ ਅਪਣੇ ਕਬੀਲੇ ਦੇ ਬੰਦੇ ਦੀ ਸਹਾਇਤਾ ਕਰੋ ਭਾਵੇਂ ਉਹ ਹੱਕ ਉੱਤੇ ਹੋਵੇ ਜਾਂ ਨਾ ਹੋਵੇ।
ਅਜਿਹੀ ਹਨੇਰਗਰਦੀ ਦੇ ਸਮੇਂ ਵਿਚ ਹਜ਼ਰਤ ਮੁਹੰਮਦ (ਸ.) ਨੇ ਹੱਕ ਅਤੇ ਸੱਚ ਦੀ ਆਵਾਜ਼ ਬੁਲੰਦ ਕੀਤੀ।ਇਮਾਨਦਾਰੀ ਅਤੇ ਇਨਸਾਫ਼ ਨੂੰ ਅਪਣਾਉਣ ਉੱਤੇ ਜ਼ੋਰ ਦਿੱਤਾ।ਉਨ੍ਹਾਂ ਨੇ ਵਪਾਰ ਦਾ ਧੰਦਾ ਸ਼ੁਰੂ ਕੀਤਾ ਪਰ ਉਸ ਵਿਚ ਸੱਚਾਈ ਅਤੇ ਈਮਾਨਦਾਰੀ ਨੂੰ ਅੱਗੇ ਰੱਖਿਆ।ਉਨ੍ਹਾਂ ਦਾ ਵਪਾਰਕ ਢੰਗ ਨਿਆਰਾ ਸੀ।ਉਹ ਜਦੋਂ ਕਿਸੇ ਵਪਾਰੀ ਨਾਲ ਗੱਲ ਕਰਦੇ ਤਾਂ ਮਿੱਠੀ ਬੋਲੀ ਬੋਲਦੇ ਅਤੇ ਖ਼ਰੀਦਦਾਰ ਨੂੰ ਅਪਣੇ ਸਾਮਾਨ ਦੀਆਂ ਖ਼ੂਬੀਆਂ ਦੇ ਨਾਲ ਉਸ ਵਿਚ ਛੁਪੇ ਔਗੁਣਾਂ ਦਾ ਵੀ ਵਰਨਣ ਕਰ ਦਿੰਦੇ।
ਅਪਣੀਆਂ ਨਵੇਕਲੀਆਂ ਵਿਸ਼ੇਸ਼ਤਾਈਆਂ ਕਰਕੇ ਆਪ ਦੀ ਅਰਬ ਦੇ ਲੋਕਾਂ ਵਿਚ ਆਮ ਚਰਚਾ ਹੋਣ ਲੱਗੀ।ਆਪ ਵੱਲੋਂ ਸਦਾ ਸੱਚ ਬੋਲਣ ਅਤੇ ਈਮਾਨਦਾਰੀ ਦਰਸਾਉਣ ਕਰਕੇ ਲੋਕ ਆਪ ਨੂੰ ਸਾਦਿਕ ਅਤੇ ਅਮੀਨ ਕਹਿਣ ਲੱਗੇ ਜਿਸ ਦੇ ਅਰਥ ਸੱਚਾ ਅਤੇ ਅਮਾਨਤਦਾਰ ਦੇ ਲਏ ਜਾਂਦੇ ਹਨ।
ਇਸਲਾਮ ਕਬੂਲ ਕਰਕੇ ਮੁਸਲਮਾਨ ਹੋ ਜਾਣ ਤੋਂ ਬਾਅਦ ਅਤੇ ਹਜ਼ਰਤ ਮੁਹੰਮਦ (ਸ.) ਦੀ ਵਫ਼ਾਦਾਰੀ ਦਾ ਪ੍ਰ੍ਰਣ ਕਰ ਲੈਣ ਤੋਂ ਬਾਅਦ ਮੁਸਲਮਾਨਾਂ ਨੇ ਉਨ੍ਹਾਂ ਦੀਆਂ ਵਡਿਆਈਆਂ ਤਾਂ ਕਰਨੀਆਂ ਹੀ ਸਨ, ਉਨ੍ਹਾਂ ਪ੍ਰਤੀ ਅਕੀਦਤ ਦਰਸਾਉਣ ਲਈ ਅਪਣਾ ਤਨ, ਮਨ ਅਤੇ ਧਨ ਜਿਹੀਆਂ ਕੀਮਤੀ ਚੀਜ਼ਾਂ ਵਾਰਨੀਆਂ ਹੀ ਸਨ। ਪਰ ਸਮਾਜ ਦਾ ਇਕ ਅਜਿਹਾ ਧੜਾ ਵੀ ਸੀ ਜਿਹੜਾ ਉਨ੍ਹਾਂ ਦਾ ਪੈਰੋਕਾਰ ਨਾ ਹੁੰਦਿਆਂ ਵੀ ਉਨ੍ਹਾਂ ਦੀਆਂ ਸਿਫ਼ਤਾਂ ਕਰਨ ਤੋਂ ਗੁਰੇਜ਼ ਨਹੀਂ ਕਰਦਾ ਸੀ।ਇਸ ਦੇ ਵੀ ਕੁਝ ਕਾਰਨ ਹਨ ਜਿਹੜੇ ਉਨ੍ਹਾਂ ਦੀ ਜ਼ਮੀਰ ਦੀ ਆਵਾਜ਼ ਨੂੰ ਅਜਿਹਾ ਆਖਣ ਲਈ ਝੰਜੋੜਦੇ ਹਨ।ਇਹ ਕਾਰਨ ਸਨ ਹਜ਼ਰਤ ਮੁਹੰਮਦ (ਸ.) ਦੀ ਈਮਾਨ ਦਾਰੀ, ਸੱਚਾਈ, ਅਮਾਨਤ ਵਿਚ ਖ਼ਿਆਨਤ ਨਾ ਕਰਨਾ, ਝੂਠ ਨਾ ਬੋਲਣਾ, ਵਾਅਦੇ ਉੱਤੇ ਪੂਰਾ ਉਤਰਨਾ ਅਤੇ ਸਦਾ ਸੰਸਾਰ ਦੀ ਭਲਾਈ ਬਾਰੇ ਸੋਚਨਾ।
ਹਜ਼ਰਤ ਮੁਹੰਮਦ (ਸ.) ਨੂੰ ਸਾਦਿਕ ਆਖਣ ਵਾਲੇ ਲੋਕ ਕਿਸੇ ਇਕ ਜ਼ੁਬਾਨ, ਇਕ ਖਿੱਤੇ ਦੇ ਲੋਕ ਨਹੀਂ ਹਨ ਸਗੋਂ ਸਾਰੀ ਦੁਨੀਆਂ ਵਿਚ ਵਸਣ ਵਾਲੇ ਉਹ ਲੋਕ ਹਨ ਜਿਨ੍ਹਾਂ ਨੇ ਇਨ੍ਹਾਂ ਨੂੰ ਅਪਣੀ ਖੇਤਰੀ ਜ਼ੁਬਾਨ ਵਿਚ ਸੱਚਾ ਅਤੇ ਅਮੀਨ ਲਿਖਿਆ ਹੈ।ਅਰਬੀ, ਫ਼ਾਰਸੀ, ਉਰਦੂ ਹਿੰਦੀ ਅੰਗਰੇਜ਼ੀ, ਫ਼ਰੈਂਚ, ਜਰਮਨ, ਰੂਸੀ, ਚੀਨੀ, ਜਾਪਾਨੀ, ਤਾਮਿਲ, ਤੇਲਗੂ, ਬੰਗਾਲੀ ਭਾਵ ਦੁਨੀਆਂ ਦੀ ਕੋਈ ਅਜਿਹੀ ਜ਼ੁਬਾਨ ਨਹੀਂ ਜਿਸ ਵਿਚ ਇਨ੍ਹਾਂ ਨੂੰ ਸੱਚਾ ਅਤੇ ਸਾਦਿਕ ਨਾ ਲਿਖਿਆ ਗਿਆ ਹੋਵੇ।ਪ੍ਰਸਿੱਧ ਸਾਹਿਤਕਾਰ ਸ੍ਰੀਮਤੀ ਐਨੀ ਬੇਸੈਂਟ ਲਿਖਦੀ ਹੈ;
"ਨਬੁੱਵਤ ਤੋਂ ਪਹਿਲਾਂ ਵੀ ਆਪ ਹਨੇਰੇ ਵਿਚ ਰੋਸ਼ਨੀ ਦੇ ਮੀਨਾਰ ਦੀ ਤਰ੍ਹਾਂ ਚਮਕਦੇ ਨਜ਼ਰ ਆਉਂਦੇ ਸਨ।ਆਪ ਦੀ ਜ਼ਿੰਦਗੀ ਇਸ ਹੱਦ ਤੱਕ ਸ਼ਰਾਫ਼ਤ ਭਰੀ ਅਤੇ ਸੱਚੀ ਦਿਖਾਈ ਦਿੰਦੀ ਹੈ ਕਿ ਥੋੜੀ ਜਿੰਨੀ ਵੀ ਸੋਚ-ਵਿਚਾਰ ਤੋਂ ਬਾਅਦ ਪਤਾ ਲਗ ਜਾਂਦਾ ਹੈ ਕਿ ਕਿਉਂ ਆਪ ਨੂੰ ਜਹਾਲਤ ਵਿਚ ਨਿਘਰੇ ਲੋਕਾਂ ਦੇ ਕੋਲ ਰੱਬ ਦਾ ਸੁਨੇਹਾ ਪੁਚਾਉਣ ਲਈ ਚੁਣਿਆ ਗਿਆ ਸੀ।ਉਹ ਕਿਹੜਾ ਨਾਂ ਸੀ ਜਿਸ ਨਾਲ ਮੱਕੇ ਦੇ ਸਾਰੇ ਮਰਦ, ਔਰਤਾਂ ਅਤੇ ਬੱਚੇ ਆਪ ਨੂੰ ਪੁਕਾਰਿਆ ਕਰਦੇ ਸਨ।ਉਹ ਨਾਂ ਸੀ ਸਾਦਿਕ ਅਤੇ ਅਮੀਨ"।
ਅੰਗਰੇਜ਼ ਤਾਰੀਖ਼ਦਾਨ ਵਿਲੀਅਮ ਮੈਕਨੀਲ ਨੇ 'ਦੀ ਰਾਇਜ਼ ਆਫ਼ ਦੀ ਵੈਸਟ' ਦੇ ਨਾਂ ਉੱਤੇ ਜਿਹੜਾ ਦੁਨੀਆ ਦਾ ਇਤਿਹਾਸ ਲਿਖ ਕੇ ਅਦਬੀ ਹਲਕਿਆਂ ਵਿਚ ਅਪਣੀ ਨਵੇਕਲੀ ਹੋਂਦ ਦੀਆਂ ਧੁੰਮਾਂ ਮਚਾਈਆਂ ਹਨ ਉਹ ਹਜ਼ਰਤ ਮੁਹੰਮਦ (ਸ.) ਦੇ ਵਡੱਪਣ ਨੂੰ ਦਰਸਾਉਂਦਿਆਂ ਲਿਖਦਾ ਹੈ:
"ਆਪ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਨਬੀ ਨੂੰ ਐਨੀ ਛੇਤੀ ਐਨੀਆਂ ਵੱਡੀਆਂ ਕਾਮਯਾਬੀਆਂ ਨਹੀਂ ਮਿਲੀਆਂ, ਨਾ ਹੀ ਕਿਸੇ ਇਕ ਇਨਸਾਨ ਦੇ ਕਾਰਨਾਮਿਆਂ ਨਾਲ ਦੁਨੀਆ ਦਾ ਮੁਹਾਂਦਰਾ ਐਨੀ ਤੇਜ਼ ਰਫ਼ਤਾਰੀ ਨਾਲ, ਐਨੇ ਇਨਕਲਾਬੀ ਪੈਮਾਨੇ ਉੱਤੇ ਬਦਲਿਆ ਹੈ।ਅਪਣੇ ਇਲਹਾਮੀ ਕਲਾਮ, ਅਪਣੀ ਮਿਸਾਲੀ ਜ਼ਾਤੀ ਜ਼ਿੰਦਗੀ ਵਿਚ ਸੱਚਾਈ ਅਤੇ ਈਮਾਨਦਾਰੀ ਅਤੇ ਇੰਤਜ਼ਾਮੀ ਮੁਹਾਰਤ ਦੇ ਬਲ ਬੂਤੇ ਉੱਤੇ ਹਜ਼ਰਤ ਮੁਹੰਮਦ ਸਾਹਿਬ ਨੇ ਇਕ ਮੁਮਤਾਜ਼ ਅਤੇ ਨਵੀਂ ਤਰਜ਼ ਦੀ ਜ਼ਿੰਦਗੀ ਦੀ ਬੁਨਿਆਦ ਰੱਖੀ ਹੈ ਜਿਸ ਨੇ ਦੋ ਸਦੀਆਂ ਦੇ ਬਹੁਤ ਥੋੜੇ ਸਮੇਂ ਵਿਚ ਇਨਸਾਨੀ ਨਸਲ ਦੀ ਬਹੁ-ਗਿਣਤੀ ਨੂੰ ਅਪਣਾ ਪੈਰੋਕਾਰ ਬਣਾਇਆ ਹੈ।ਅੱਜ ਵੀ ਦੁਨੀਆ ਦੀ ਆਬਾਦੀ ਦਾ ਤੀਜਾ ਹਿੱਸਾ ਉਨ੍ਹਾਂ ਦਾ ਪੈਰੋਕਾਰ ਹੈ"।
ਉਪਰੋਕਤ ਉਦਾਹਰਣਾਂ ਤੋਂ ਇਲਾਵਾ ਹਜ਼ਰਤ ਮੁਹੰਮਦ (ਸ.) ਦੀ ਇਮਾਨ ਦਾਰੀ ਅਤੇ ਸੱਚਾਈ ਦੀ ਹਰ ਧਰਮ, ਹਰ ਫਿਰਕੇ ਦੇ ਲੋਕਾਂ ਨੇ ਲਿਖਤੀ ਅਤੇ ਜ਼ੁਬਾਨੀ ਤਾਰੀਫ਼ ਕੀਤੀ ਹੈ ਜਿਸ ਨੂੰ ਇਨ੍ਹਾਂ ਪੰਨਿਆਂ ਉੱਤੇ ਅੰਕਤ ਕਰਨਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਵੀ ਹੈ।

38. ਗ਼ਾਰੇ ਹਿਰਾ ਵਿਚ ਇਬਾਦਤ

ਹਜ਼ਰਤ ਮੁਹੰਮਦ (ਸ.) ਦੀ ਜ਼ਿੰਦਗੀ, ਨਬੁੱਵਤ ਮਿਲਣ ਤੋਂ ਪਹਿਲਾਂ ਮਿਸਾਲੀ ਜ਼ਿੰਦਗੀ ਸੀ।ਜਵਾਨੀ ਦੇ ਦਿਨਾਂ ਵਿਚ ਹੀ ਆਪ ਦੀ ਸ਼ਖ਼ਸ਼ੀਅਤ ਦੀ ਚਰਚਾ ਆਮ ਹੋਣ ਲੱਗ ਪਈ ਸੀ।ਲੋਕਾਂ ਦੇ ਦਿਲਾਂ ਵਿਚ ਆਪ ਦੇ ਸਾਫ਼-ਸੁਥਰੇ ਕਿਰਦਾਰ ਦਾ ਅਸਰ ਉਭਰ ਰਿਹਾ ਸੀ।ਆਪ ਦੀ ਈਮਾਨਦਾਰੀ ਦੀਆਂ ਗੱਲਾਂ, ਗੱਲਾਂ ਤੱਕ ਹੀ ਸੀਮਤ ਨਹੀਂ ਸਨ ਸਗੋਂ ਅਮਲੀ ਸਬੂਤਾਂ ਦੇ ਨਾਲ ਲੋਕਾਂ ਦੇ ਸਾਹਮਣੇ ਆ ਰਹੀਆਂ ਸਨ।ਰੋਟੀ ਰੋਜ਼ੀ ਦੇ ਮਸਲੇ ਨਾਲ ਨਜਿੱਠਣ ਲਈ ਅਰਬ ਦੇ ਪੁਰਾਣੇ ਕੰਮ ਵਪਾਰ ਨੂੰ ਚੁਨਣ ਤੋਂ ਬਾਅਦ ਉਸ ਵਿਚ ਪਾਰਦਰਸ਼ਤਾ ਲਿਆਉਣ ਅਤੇ ਈਮਾਨਦਾਰੀ ਨਾਲ ਵਾਅਦੇ ਅਨੁਸਾਰ ਨੇਪਰੇ ਚੜ੍ਹਾਉਣ ਕਰਕੇ ਆਪ ਵਪਾਰ ਜਗਤ ਵਿਚ ਵੀ ਕਾਫ਼ੀ ਮਸ਼ਹੂਰ ਹੋ ਗਏ ਸਨ।
ਹਜ਼ਰਤ ਮੁਹੰਮਦ (ਸ.) ਇਕ ਮਿਸਾਲੀ ਪਤੀ ਸਨ।ਉਨ੍ਹਾਂ ਦੀ ਪਤਨੀ ਉਨ੍ਹਾਂ ਨੂੰ ਜੀਅ-ਜਾਨ ਤੋਂ ਪਿਆਰ ਕਰਦੀ ਸੀ।ਉਨ੍ਹਾਂ ਦੇ ਸਮੇਂ ਗ਼ੁਲਾਮਾਂ ਨੂੰ ਸਭ ਤੋਂ ਵੱਧ ਨੀਚਤਾ ਨਾਲ ਵੇਖਿਆ ਜਾਂਦਾ ਸੀ ਅਤੇ ਉਨ੍ਹਾਂ ਨਾਲ ਗ਼ੁਲਾਮਾਂ ਵਾਲਾ ਸਲੂਕ ਕੀਤਾ ਜਾਂਦਾ ਸੀ ਪਰ ਆਪ ਨੇ ਅਪਣੇ ਗ਼ੁਲਾਮਾਂ ਨੂੰ ਇਸ ਤਰ੍ਹਾਂ ਬਰਾਬਰਤਾ ਦਾ ਦਰਜਾ ਦਿੱਤਾ ਕਿ ਗ਼ੁਲਾਮ ਆਜ਼ਾਦ ਹੋਣ ਦੀ ਥਾਂ ਆਪ ਦੇ ਗ਼ੁਲਾਮ ਰਹਿਣਾ ਪਸੰਦ ਕਰਨ ਲੱਗੇ।ਹਜ਼ਰਤ ਮੁਹੰਮਦ (ਸ.) ਵਾਅਦੇ ਦੇ ਪੱਕੇ ਸਨ ਅਤੇ ਰਿਸ਼ਤੇਦਾਰਾਂ ਦਾ ਹੱਕ ਹਮੇਸ਼ਾ ਪਹਿਲ ਦੇ ਅਧਾਰ ਤੇ ਅਦਾ ਕਰਦੇ ਸਨ।ਆਪ ਨੇ ਸਦਾ ਨੀਵਿਆਂ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ ਬਰਾਬਰ ਲਿਆਉਣ ਲਈ ਹੰਭਲੇ ਮਾਰਦੇ ਰਹੇ।ਖ਼ਾਨਾ ਕਾਅਬਾ ਨੂੰ ਬਣਾਉਣ ਸਮੇਂ ਆਪ ਨੇ ਅਪਣੀ ਸਿਆਣਪ ਨਾਲ ਕੁਰੈਸ਼ ਵਿਚ ਹੋਣ ਵਾਲੀ ਲੜਾਈ ਨੂੰ ਇਸ ਤਰ੍ਹਾਂ ਟਾਲਿਆ ਕਿ ਆਪ ਕੁਰੈਸ਼ ਦੇ ਚਹੇਤੇ ਬਣ ਗਏ।ਇਨ੍ਹਾਂ ਸਾਰੇ ਗੁਣਾ ਦੇ ਨਾਲ ਨਾਲ ਆਪ ਅਰਬ ਦੇ ਸਮਾਜ ਵਿਚ ਫੈਲੀਆਂ ਬੁਰਾਈਆਂ ਬਾਰੇ ਹਮੇਸ਼ਾ ਸੋਚਦੇ ਰਹਿੰਦੇ ਸਨ।
ਸੱਚਾਈ ਦੇ ਰਾਹ ਤੋਂ ਭਟਕੇ ਅਰਬ ਦੇ ਲੋਕਾਂ ਨੂੰ ਦੇਖ ਕੇ ਆਪ ਬਹੁਤ ਚਿੰਤਾ ਵਿਚ ਰਹਿੰਦੇ ਸਨ।ਆਪ ਦਾ ਧਿਆਨ ਇਕਾਂਤ ਵਿਚ ਬੈਠ ਕੇ ਬੰਦਗੀ ਕਰਨ ਅਤੇ ਅਰਬ ਦੇ ਲੋਕਾਂ ਦੀ ਧਾਰਮਿਕ ਗਿਰਾਵਟ ਨੂੰ ਦੂਰ ਕਰਨ ਵਿਚ ਲੱਗਿਆ ਰਹਿੰਦਾ।ਆਪ ਸਦਾ ਇਹ ਸੋਚਦੇ ਰਹਿੰਦੇ ਕਿ ਮੇਰੀ ਕੌਮ ਦੇ ਲੋਕ ਜਿਹੜੇ ਸਦੀਆਂ ਤੋਂ ਰੱਬ ਦੀ ਇਬਾਦਤ ਕਰਦੇ ਚਲੇ ਆਏ ਸਨ ਬੁੱਤ ਪੂਜਾ ਵਲ ਕਿਉਂ ਮੁੜ ਪਏ ਹਨ।ਉਨ੍ਹਾਂ ਨੇ ਰੱਬ ਦੇ ਘਰ ਕਾਅਬੇ ਵਿਚ ਕਾਹਤੋਂ ਬੁੱਤ ਸਥਾਪਤ ਕਰ ਰੱਖੇ ਹਨ। ਇਨ੍ਹਾਂ ਨੂੰ ਕਿਵੇਂ ਸਮਝਾਇਆ ਜਾਵੇ ਕਿ ਇਸ ਧਰਤੀ ਨੂੰ ਬਣਾਉਣ ਵਾਲਾ ਅਤੇ ਸਾਰੇ ਜਗਤ ਦਾ ਪਾਲਣਹਾਰਾ ਕੌਣ ਹੈ।ਅਜਿਹੇ ਸੈਂਕੜੇ ਵਿਚਾਰ ਸਨ ਜਿਹੜੇ ਆਪ ਦੇ ਮਨ ਵਿਚ ਚੱਕਰ ਕੱਟਦੇ ਰਹਿੰਦੇ ਅਤੇ ਆਪ ਉਨ੍ਹਾਂ ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਇਕੱਲੇ ਬਹਿ ਕੇ ਸੋਚਦੇ ਰਹਿੰਦੇ ਸਨ।ਅੰਤ ਆਪ ਨੇ ਗ਼ਾਰੇ ਹਿਰਾ ਵਿਚ ਜਾ ਕੇ ਸੱਚਾਈ ਦੀ ਖੋਜ ਕਰਨੀ ਸ਼ੁਰੂ ਕਰ ਦਿੱਤੀ ਜਿਸ ਬਾਰੇ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਸਫ਼ਾ ੯੭ ਉੱਤੇ ਲਿਖਦਾ ਹੈ;
'ਮੱਕੇ ਤੋਂ ਤਿੰਨ ਮੀਲ (ਪੰਜ ਕਿਲੋਮੀਟਰ) ਦੀ ਦੂਰੀ ਤੇ ਉੱਤਰ ਪੂਰਬ ਵਲ ਮਿਨਾ ਅਤੇ ਅਰਫ਼ਾਤ ਨੂੰ ਜਾਣ ਵਾਲੇ ਪਾਸੇ ਰੇਤਲੇ ਮੈਦਾਨ ਦੇ ਵਿਚਕਾਰ ਜਬਲੇ ਨੂਰ ਨਾਂ ਦੀ ਦੋ ਹਜ਼ਾਰ ਫ਼ੁੱਟ ਉੱਚੀ ਪਹਾੜੀ ਹੈ।ਪੁਰਾਣੇ ਸਮੇਂ ਵਿਚ ਇਸ ਨੂੰ ਜਬਲੇ ਹਿਰਾ ਵੀ ਆਖਿਆ ਜਾਂਦਾ ਸੀ।ਹਜ਼ਰਤ ਮੁਹੰਮਦ (ਸ.) ਤੋਂ ਪਹਿਲਾਂ ਇਸ ਪਹਾੜ ਉੱਤੇ ਹਾਜੀਆਂ ਨੂੰ ਰਸਤਾ ਦਰਸਾਉਣ ਲਈ ਰਾਤ ਸਮੇਂ ਰੌਸ਼ਨੀ ਕੀਤੀ ਜਾਇਆ ਕਰਦੀ ਸੀ।ਇਸ ਪਹਾੜ ਵਿਚ ਹੀ ਪੱਥਰ ਦੀ ਬਣੀ ਹੋਈ ਇਕ ਹਵਾਦਾਰ ਕੁਦਰਤੀ ਕੋਠੜੀ ਹੈ ਜਿਸ ਦਾ ਰੁਖ ਖ਼ਾਨਾ ਕਾਅਬਾ ਵਾਲੇ ਪਾਸੇ ਨੂੰ ਹੈ।ਇਹ ਕੋਠੜੀ ਅੰਦਰੋਂ ਤਕਰੀਬਨ ਚਾਰ ਗ਼ਜ਼ ਲੰਬੀ ਦੋ ਗ਼ਜ਼ ਚੌੜੀ ਅਤੇ ਦੋ ਗ਼ਜ਼ ਦੇ ਕਰੀਬ ਹੀ ਉੱਚੀ ਹੈ। ਇਹੋ ਉਹ ਗ਼ਾਰੇ ਹਿਰਾ ਹੈ ਜਿਸ ਵਿਚ ਬੈਠ ਕੇ ਹਜ਼ਰਤ ਮੁਹੰਮਦ (ਸ.) ਸੱਚਾਈ ਦੀ ਖੋਜ ਕਰਨ ਲੱਗੇ।ਆਪ ਅਪਣਾ ਖਾਣਾ ਨਾਲ ਲੈ ਜਾਂਦੇ ਅਤੇ ਕਈ ਕਈ ਦਿਨ ਦੁਨੀਆ ਨੂੰ ਪੈਦਾ ਕਰਨ ਵਾਲੇ ਦਾ ਭੇਦ ਜਾਨਣ ਦੀ ਕੋਸ਼ਿਸ਼ ਕਰਦੇ ਰਹਿੰਦੇ।ਖਾਣਾ ਮੁੱਕ ਜਾਂਦਾ ਤਾਂ ਘਰ ਆ ਕੇ ਹੋਰ ਲੈ ਜਾਂਦੇ।ਕਈ ਵਾਰ ਹਜ਼ਰਤ ਖ਼ਦੀਜਾ (ਰਜ਼ੀ.) ਆਪ ਦਾ ਖਾਣਾ ਉੱਥੇ ਹੀ ਭੇਜ ਦਿਆ ਕਰਦੇ।
ਉਪਰੋਕਤ ਵਿਚਾਰ ਨਾਲ ਮਿਲਦਾ ਜੁਲਦਾ ਹੀ ਆਪ ਦੇ ਗ਼ਾਰੇ ਹਿਰਾ ਵਿਚ ਬਿਤਾਏ ਜਾਣ ਵਾਲੇ ਸਮੇਂ ਦਾ ਜ਼ਿਕਰ ਕਰਦਿਆਂ ਮੌਲਵੀ ਸ਼ਫ਼ੀ-ਉਰ-ਰਹਿਮਾਨ ਮੁਬਾਰਕਪੁਰੀ 'ਅਲਰਹੀਕੁਲ ਮਖ਼ਤੂਮ' ਦੇ ਸਫ਼ਾ ੯੬ ਉੱਤੇ ਲਿਖਦੇ ਹਨ,"ਆਪ ਸੱਤੂ ਅਤੇ ਪਾਣੀ ਲੈ ਕੇ ਮੱਕਾ ਤੋਂ ਕੋਈ ਦੋ ਮੀਲ ਦੇ ਫ਼ਾਸੇ ਤੇ ਕੋਹੇ ਹਿਰਾ ਦੀ ਇਕ ਗ਼ਾਰ ਵਿਚ ਜਾ ਰਹਿੰਦੇ।ਇਹ ਇਕ ਨਿੱਕੀ ਜਿਹੀ ਖੱਡ ਹੈ ਜਿਸ ਦੀ ਡੂੰਘਾਈ ਚਾਰ ਗਜ਼ ਅਤੇ ਚੌੜਾਈ ਪੌਣੇ ਦੋ ਗਜ਼ ਹੈ।ਇਹ ਹੇਠਾ ਵੱਲ ਬਹੁਤੀ ਡੂੰਘੀ ਨਹੀਂ ਹੈ।ਸਗੋ ਇਕ ਛੋਟੇ ਰਾਸਤੇ ਦੇ ਨੇੜੇ ਦੋ ਚਟਾਨਾਂ ਦੇ ਮਿਲਣ ਨਾਲ ਇਕ ਕੋਤਲ (ਕੁੱਲੀ) ਦੀ ਤਰ੍ਹਾਂ ਬਣ ਗਿਆ ਹੈ।ਕਈ ਵਾਰ ਜਦੋਂ ਆਪ ਉੱਥੇ ਜਾਂਦੇ ਤਾਂ ਬੀਬੀ ਖ਼ਦੀਜਾ ਵੀ ਆਪ ਦੇ ਨਾਲ ਚਲੀ ਜਾਂਦੀ ਅਤੇ ਕਿਸੇ ਨੇੜਲੀ ਥਾਂ ਉੱਤੇ ਬੈਠੀ ਰਹਿੰਦੀ।ਆਪ ਪੂਰਾ ਰਮਜ਼ਾਨ ਦਾ ਮਹੀਨਾ ਇਥੇ ਹੀ ਰਹਿੰਦੇ।ਆਉਂਦੇ ਜਾਂਦੇ ਰਾਹੀਆਂ ਨੂੰ ਖਾਣਾ ਖਵਾਉਂਦੇ ਅਤੇ ਬਾਕੀ ਜਿਹੜਾ ਸਮਾਂ ਬਚਦਾ ਉਸ ਵਿਚ ਇਬਾਦਤ ਕਰਦੇ ਅਤੇ ਦੁਨੀਆ ਨੂੰ ਬਣਾਉਣ ਵਾਲੇ ਦੀ ਖੋਜ ਕਰਦੇ।"।

39. ਨਬੁੱਵਤ ਭਾਵ ਪੈਗ਼ੰਬਰੀ ਮਿਲਣੀ

ਇਹ ਇਕ ਹਕੀਕਤ ਹੈ ਕਿ ਹਜ਼ਰਤ ਆਦਮ (ਅਲੈ.) ਤੋਂ ਲੈ ਕੇ ਹਜ਼ਰਤ ਈਸਾ (ਅਲੈ.) ਤੱਕ ਜਿੰਨੇ ਵੀ ਨਬੀ ਦੁਨੀਆ ਉੱਤੇ ਆਏ ਉਹ ਸਭ ਦੇ ਸਭ ਇਕ ਨਿਸ਼ਚਤ ਸਮੇਂ ਲਈ ਕਿਸੇ ਨਾ ਕਿਸੇ ਦੇਸ ਵਿਚ ਆਏ।ਇਨ੍ਹਾਂ ਵਿੱਚੋਂ ਕੋਈ ਵੀ ਨਬੀ ਕਿਆਮਤ ਦੇ ਆਉਣ ਤੱਕ ਅਤੇ ਸਾਰੀ ਦੁਨੀਆਂ ਦੇ ਵਾਸਤੇ ਨਹੀਂ ਆਇਆ।ਪਰ ਹਜ਼ਰਤ ਮੁਹੰਮਦ (ਸ.) ਕਿਆਮਤ ਤੱਕ ਦੇ ਸਮੇਂ ਲਈ ਅਤੇ ਸਾਰੀ ਦੁਨੀਆਂ ਦੇ ਵਾਸਤੇ ਨਬੀ ਬਣ ਕੇ ਆਏ।ਅਸੀਂ ਇਹ ਵੀ ਦੇਖਦੇ ਹਾਂ ਕਿ ਅੱਜ ਮੁਸਲਮਾਨ ਦੁਨੀਆ ਦੇ ਹਰ ਦੇਸ ਵਿਚ ਮਿਲਦੇ ਹਨ ਅਤੇ ਕੁਰਆਨ ਸ਼ਰੀਫ਼ ਅਨੁਸਾਰ ਹੋਰ ਕੋਈ ਵੀ ਨਬੀ ਦੁਨੀਆ ਤੇ ਨਹੀਂ ਆਵੇਗਾ ਸਗੋਂ ਹਜ਼ਰਤ ਮੁਹੰਮਦ (ਸ.) ਹੀ ਦੁਨੀਆ ਦੇ ਆਖ਼ਰੀ ਨਬੀ ਹਨ ਅਤੇ ਕੁਰਆਨ ਸ਼ਰੀਫ਼ ਦੁਨੀਆ ਦੀ ਆਖ਼ਰੀ ਇਲਾਹੀ ਕਿਤਾਬ ਹੈ।
ਰਮਜ਼ਾਨ ਸ਼ਰੀਫ਼ ਦਾ ਮਹੀਨਾ ਚੱਲ ਰਿਹਾ ਸੀ।ਰੋਜ਼ਾਨਾ ਦੀ ਤਰ੍ਹਾਂ ਇਕ ਦਿਨ ਆਪ ਰੱਬ ਦੀ ਇਬਾਦਤ ਵਿਚ ਲੱਗੇ ਹੋਏ ਸਨ ਕਿ ਰੱਬ ਦਾ ਫ਼ਰਿਸ਼ਤਾ ਹਜ਼ਰਤ ਜਿਬਰਾਈਲ (ਅਲੈ.) ਆਪ ਦੇ ਕੋਲ ਆਇਆ।ਜਿਬਰਾਈਲ (ਅਲੈ.) ਉਹ ਫ਼ਰਿਸ਼ਤਾ ਹੈ ਜਿਹੜਾ ਰੱਬ ਵਲੋਂ ਭੇਜਿਆ ਸੁਨੇਹਾ ਪੈਗ਼ੰਬਰਾਂ ਤੱਕ ਪਹੁੰਚਾਇਆ ਕਰਦਾ ਸੀ।ਉਸ ਨੇ ਆਉਂਦਿਆਂ ਹੀ ਆਪ ਨੂੰ ਆਖਿਆ,"ਪੜ੍ਹ"।ਆਪ ਨੇ ਉੱਤਰ ਦਿੱਤਾ, "ਮੈਂ ਪੜ੍ਹਿਆ ਹੋਇਆ ਨਹੀਂ ਹਾਂ"।ਆਪ ਦਾ ਉੱਤਰ ਸੁਣ ਕੇ ਹਜ਼ਰਤ ਜਿਬਰਾਈਲ (ਅਲੈ.) ਨੇ ਆਪ ਨੂੰ ਜੱਫ਼ੀ ਵਿਚ ਘੁੱਟ ਲਿਆ।ਜੱਫ਼ੀ ਵਿੱਚੋਂ ਛੱਡ ਕੇ ਫੇਰ ਆਖਿਆ, "ਪੜ੍ਹ"।ਆਪ ਨੇ ਪਹਿਲਾਂ ਵਾਲਾ ਉੱਤਰ ਫ਼ੇਰ ਦੁਹਰਾਇਆ। ਜਿਬਰਾਈਲ (ਅਲੈ.) ਨੇ ਤੀਜੀ ਵਾਰ ਆਪ ਨੂੰ ਘੁੱਟਿਆ ਅਤੇ ਆਖਿਆ, "ਪੜ੍ਹ ਅਪਣੇ ਰੱਬ ਦੇ ਨਾਂ ਨਾਲ ਜਿਸ ਨੇ ਸਾਰੀ ਦੁਨੀਆ ਨੂੰ ਪੈਦਾ ਕੀਤਾ।ਜਿਸ ਨੇ ਇਨਸਾਨ ਨੂੰ ਜੰਮੇ ਹੋਏ ਖ਼ੂਨ ਤੋਂ ਬਣਾਇਆ।ਪੜ੍ਹੋ ਤੁਹਾਡਾ ਰੱਬ ਬੜਾ ਕਰਮ ਕਰਨ ਵਾਲਾ ਹੈ ਜਿਸ ਨੇ ਕਲਮ ਦੁਆਰਾ ਇਲਮ ਸਿਖਾਇਆ।ਇਨਸਾਨ ਨੂੰ ਉਹ ਕੁਝ ਸਿਖਾਇਆ ਜਿਸ ਤੋਂ ਉਹ ਅਣਜਾਣ ਸੀ"।
'ਰਸੂਲੇ ਰਹਿਮਤ' ਦਾ ਲੇਖਕ ਸਫ਼ਾ ੭੩ ਉੱਤੇ ਲਿਖਦਾ ਹੈ ਕਿ ਜਦੋਂ ਹਜ਼ਰਤ ਜਿਬਰਾਈਲ (ਅਲੈ.) ਆਪ ਦੇ ਕੋਲ ਆਏ, ਉਸ ਸਮੇਂ ਆਪ ਦੀ ਉਮਰ ਚਾਲੀ ਸਾਲ ਛੇ ਮਹੀਨੇ ਸੀ।ਅਰਬੀ ਕੈਲੰਡਰ ਅਨੁਸਾਰ ਰਮਜ਼ਾਨ ਦੇ ਮਹੀਨੇ ਦੀ ੧੮ ਤਾਰੀਖ਼ ਸੀ ਅਤੇ ਅੰਗਰੇਜ਼ੀ ਤਾਰੀਖ਼ ੧੭ ਅਗਸਤ ੬੧੦ ਈਸਵੀ ਸੀ।ਅਚਾਨਕ ਹਜ਼ਰਤ ਜਿਬਰਾਈਲ (ਅਲੈ.) ਦੇ ਆਉਣ ਨਾਲ ਘਬਰਾ ਕੇ ਆਪ ਨੂੰ ਕਾਂਬਾ ਚੜ੍ਹ ਗਿਆ ਅਤੇ ਇਸੇ ਹਾਲਤ ਵਿਚ ਆਪ ਡਰੇ ਹੋਏ ਘਰ ਚਲੇ ਗਏ।ਆਪ ਨੇ ਹਜ਼ਰਤ ਖ਼ਦੀਜਾ (ਰਜ਼ੀ.) ਨੂੰ ਆਖਿਆ, "ਮੇਰੇ ਉੱਤੇ ਕੰਬਲ ਪਾ ਦਿਓ! ਮੇਰੇ ਉੱਤੇ ਕੰਬਲ ਪਾ ਦਿਓ"।ਉਨ੍ਹਾਂ ਨੇ ਆਪ ਨੂੰ ਕੰਬਲ ਨਾਲ ਢਕ ਦਿੱਤਾ।ਜਦੋਂ ਕਾਂਬਾ ਉਤਰਿਆ ਅਤੇ ਆਪ ਕੁਝ ਸਕੂਨ ਮਹਿਸੂਸ ਕਰਨ ਲੱਗੇ ਤਾਂ ਆਪ ਨੇ ਸਾਰੀ ਕਹਾਣੀ ਹਜ਼ਰਤ ਖ਼ਦੀਜਾ (ਰਜ਼ੀ.) ਨੂੰ ਸੁਣਾਈ ਅਤੇ ਆਖਿਆ, "ਮੈਨੂੰ ਅਪਣੀ ਜਾਨ ਦਾ ਖ਼ਤਰਾ ਲਗਦਾ ਹੈ"।ਪਰ ਬੀਬੀ ਖ਼ਦੀਜਾ ਨੇ ਦਿਲਾਸਾ ਦਿੰਦਿਆਂ ਆਖਿਆ, "ਅਜਿਹਾ ਕੁਝ ਨਹੀਂ ਹੋਵੇਗਾ।ਤੁਸੀਂ ਖ਼ੁਸ਼ ਹੋ ਜਾਵੋ ਰੱਬ ਸੱਚਾ ਕਦੇ ਤੁਹਾਨੂੰੰ ਸ਼ਰਮਿੰਦਾ ਨਹੀਂ ਹੋਣ ਦੇਵੇਗਾ।ਆਪ ਸੱਚ ਬੋਲਦੇ ਹੋ।ਗਵਾਂਢੀਆਂ ਦਾ ਹੱਕ ਅਦਾ ਕਰਦੇ ਹੋ।ਗ਼ਰੀਬਾਂ ਦੀ ਸਹਾਇਤਾ ਕਰਦੇ ਹੋ ਅਤੇ ਬੇਸਹਾਰਾ ਲੋਕਾਂ ਦਾ ਬੋਝ ਚੁਕਦੇ ਹੋ"।
ਬਹੁਤ ਸਾਰੀ ਤਸੱਲੀ ਦੇਣ ਤੋਂ ਬਾਅਦ ਹਜ਼ਰਤ ਖ਼ਦੀਜਾ (ਰਜ਼ੀ.) ਆਪ ਨੂੰ ਅਪਣੇ ਚਚੇਰੇ ਭਰਾ ਵਰਕਾ ਬਿਨ ਨੋਫ਼ਲ ਦੇ ਕੋਲ ਲੈ ਗਏ ਜਿਨ੍ਹਾਂ ਨੇ ਬੁੱਤ-ਪ੍ਰਸਤੀ ਨੂੰ ਛੱਡ ਕੇ ਈਸਾਈ ਧਰਮ ਅਪਣਾ ਲਿਆ ਸੀ ਅਤੇ ਅੰਜੀਲ ਦੇ ਵੱਡੇ ਆਲਮ ਬਣ ਗਏ ਸਨ।ਜਦੋਂ ਵਰਕਾ ਨੇ ਆਪ ਤੋਂ ਇਸ ਘਟਨਾ ਬਾਰੇ ਸੁਣਿਆ ਤਾਂ ਉਨ੍ਹਾਂ ਨੇ ਆਖਿਆ,"ਤੁਹਾਡੇ ਕੋਲ ਆਉਣ ਵਾਲਾ ਰੱਬ ਦਾ ਉਹੋ ਹੀ ਫ਼ਰਿਸ਼ਤਾ ਹੈ ਜਿਹੜਾ ਮੂਸਾ (ਅਲੈ.) ਕੋਲ ਆਇਆ ਕਰਦਾ ਸੀ।ਕਾਸ਼! ਮੈਂ ਉਸ ਸਮੇਂ ਤੱਕ ਜਿਉਂਦਾ ਰਹਿੰਦਾ ਜਦੋਂ ਤੁਹਾਡੀ ਕੌਮ ਦੇ ਲੋਕ ਤੁਹਾਨੂੰ ਤੁਹਾਡੇ ਘਰ ਤੋਂ ਬਾਹਰ ਕੱਢ ਦੇਣਗੇ"।
ਆਪ ਨੇ ਪੁੱਛਿਆ, "ਕੀ ਮੇਰੀ ਕੌਮ ਮੈਨੂੰ ਕੱਢ ਦੇਵੇਗੀ"?
ਵਰਕਾ ਬਿਨ ਨੋਫ਼ਲ ਨੇ ਕਿਹਾ "ਹਾਂ ਤੁਸੀਂ ਜੋ ਕੁਝ ਵੀ ਲੈ ਕੇ ਆਏ ਹੋ ਉਸ ਨੂੰ ਜਿਹੜਾ ਵੀ ਕੋਈ ਪਹਿਲਾਂ ਲੈ ਕੇ ਆਇਆ ਉਸ ਦੀ ਕੌਮ ਅਤੇ ਰਿਸ਼ਤੇਦਾਰਾਂ, ਭੈਣ ਭਰਾਵਾਂ ਅਤੇ ਸਕੇ ਸਬੰਧੀਆਂ ਨੇ ਉਸ ਨਾਲ ਦੁਸ਼ਮਣੀ ਕੀਤੀ।ਜੇ ਮੈਂ ਉਸ ਸਮੇਂ ਤੱਕ ਜਿਉਂਦਾ ਰਿਹਾ ਤਾਂ ਮੈਂ ਤੁਹਾਡੀ ਦਿਲ ਅਤੇ ਜਾਨ ਨਾਲ ਸਹਾਇਤਾ ਕਰਾਂਗਾ"। ਪਰ ਕੁਝ ਦਿਨ ਬਾਅਦ ਹੀ ਉਸ ਦਾ ਦੇਹਾਂਤ ਹੋ ਗਿਆ।
ਇਸ ਪਹਿਲੀ ਵਹੀ ਤੋਂ ਬਾਅਦ ਛੇ ਮਹੀਨੇ ਤੱਕ ਜਿਬਰਾਈਲ (ਅਲੈ.) ਕੋਈ ਵਹੀ ਨਾ ਲੈ ਕੇ ਆਏ।ਉਨ੍ਹਾਂ ਦੇ ਨਾ ਆਉਣ ਦਾ ਆਪ ਨੂੰ ਇਹ ਫ਼ਾਇਦਾ ਹੋਇਆ ਕਿ ਮਨੁੱਖ ਹੋਣ ਦੇ ਨਾਤੇ ਜਿਹੜਾ ਭੈ ਅਚਾਨਕ ਆਪ ਦੇ ਦਿਲ ਉੱਤੇ ਪ੍ਰਭਾਵ ਕਰ ਗਿਆ ਸੀ ਉਹ ਹੌਲੀ ਹੌਲੀ ਉਤਰ ਗਿਆ।ਆਪ ਗ਼ਾਰੇ ਹਿਰਾ (ਕੁਝ ਤਲਾਸ਼ ਕਰਨ ਵਾਲੀ ਗੁਫ਼ਾ) ਵਿਚ ਪਹਿਲਾਂ ਵਾਂਗ ਹੀ ਜਾਂਦੇ ਅਤੇ ਇਬਾਦਤ ਕਦਰੇ ਰਹੇ।ਕਦੇ ਕਦੇ ਹਜ਼ਰਤ ਜਿਬਰਾਈਲ (ਅਲੈ.) ਆਪ ਨੂੰ ਤਸੱਲੀ ਦੇਣ ਲਈ ਆਉਂਦੇ ਅਤੇ ਆਖਦੇ, "ਆਪ ਭਰੋਸਾ ਰੱਖੋ ਆਪ ਦੀ ਰਸੂਲ ਵਜੋਂ ਚੋਣ ਹੋ ਚੁਕੀ ਹੈ"।ਆਖ਼ਰ ਇਕ ਦਿਨ ਜਿਬਰਾਈਲ ਵਹੀ ਲੈ ਕੇ ਆਏ ਅਤੇ ਆਖਣ ਲੱਗੇ, "ਐ ਕੰਬਲੀ ਲਪੇਟ ਕੇ ਲੰਮੇ ਪੈਣ ਵਾਲੇ! ਉੱਠ ਅਤੇ ਲੋਕਾਂ ਨੂੰ ਡਰਾ ਕੇ (ਰੱਬ ਦੇ ਕਹਿਰ ਤੋਂ) ਅਪਣੇ ਰੱਬ ਦੀ ਵਡਿਆਈ ਦਾ ਐਲਾਨ ਕਰ।ਅਪਣੇ ਕੱਪੜੇ ਪਾਕ ਰੱਖ ਅਤੇ ਗੰਦਗੀ ਤੋਂ ਦੂਰ ਰਹਿ।ਬੁੱਤਾਂ ਤੋਂ ਪਰੇ ਰਹਿ ਅਤੇ ਵਧੇਰਾ ਪ੍ਰਾਪਤ ਕਰਨ ਦੀ ਨੀਅਤ ਨਾਲ ਕਿਸੇ ਤੇ ਅਹਿਸਾਨ ਨਾ ਕਰ।ਅਪਣੇ ਰੱਬ ਦੇ ਮਾਮਲੇ ਵਿਚ ਭਾਵ ਦੁੱਖ ਅਤੇ ਵਿਪਤਾ ਵੇਲੇ ਸਬਰ ਕਰ"।

40. ਇਸਲਾਮ ਦਾ ਗੁਪਤ ਪ੍ਰਚਾਰ

ਨਬੀ ਬਣ ਕੇ ਉਸ ਨੂੰ ਨਿਭਾਉਣ ਦੀ ਜ਼ਿਮੇਵਾਰੀ ਕੋਈ ਛੋਟੀ-ਮੋਟੀ ਜ਼ਿੰਮੇਵਾਰੀ ਨਹੀਂ ਸੀ।ਆਮ ਆਦਮੀ ਲਈ ਅਪਣੇ ਘਰ ਦੇ ਮਸਲੇ ਸੁਲਝਾਉਣਾ ਔਖਾ ਹੁੰਦਾ ਹੈ ਪਰ ਹਜ਼ਰਤ ਮੁਹੰਮਦ (ਸ.) ਨੂੰ ਤਾਂ ਪੂਰੀ ਦੁਨੀਆਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਅਤੇ ਉਸ ਦੇ ਮਸਲੇ ਸੁਲਝਾਉਣ ਲਈ ਤਿਆਰ ਕੀਤਾ ਗਿਆ ਸੀ।ਇਸ ਜ਼ਿੰਮੇਵਾਰੀ ਦੇ ਇਸ਼ਾਰੇ ਨਬੀ ਬਨਣ ਤੋਂ ਪਹਿਲਾਂ ਹੀ ਮਿਲਣੇ ਸ਼ੁਰੂ ਹੋ ਗਏ ਸਨ।ਇਕੱਲੇ ਰਹਿ ਕੇ ਸੋਚਾਂ ਵਿਚ ਡੁੱਬੇ ਰਹਿਣਾ ਆਪ ਦੀ ਨਿੱਤ ਦਿਨ ਦੀ ਆਦਤ ਬਣ ਗਈ ਸੀ।
ਦੂਜੀ ਵਹੀ ਆਉਣ ਅਤੇ ਪੈਗ਼ੰਬਰੀ ਸੰਭਾਲਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਲੋਕਾਂ ਵਿਚ ਇਸਲਾਮ ਦਾ ਪਰਚਾਰ ਸ਼ੁਰੂ ਕਰ ਦਿੱਤਾ।ਆਪ ਦੇ ਕੋਲ ਰੱਬ ਦੇ ਕਲਾਮ ਦੀਆਂ ਜਿਹੜੀ ਆਇਤਾਂ ਉਤਰੀਆਂ ਉਨ੍ਹਾਂ ਵਿਚ ਕਿਹਾ ਗਿਆ ਸੀ,"ਐ ਚਾਦਰ ਲਪੇਟ ਕੇ ਸੌਂਣ ਵਾਲੇ ਉੱਠ ਅਤੇ ਨਬੀ ਦੇ ਕੰਮਾਂ ਨੂੰ ਅੰਜਾਮ ਦੇਹ।ਰੱਬ ਦੇ ਨਾਫ਼ਰਮਾਨਾਂ ਨੂੰ ਉਸ ਤੋਂ ਡਰਾ ਕੇ ਆਖ਼ਰਤ ਸਮੇਂ ਜ਼ਿੰਦਗੀ ਵਿਚ ਕੀਤੇ ਕੰਮਾਂ ਦੇ ਹਿਸਾਬ ਬਾਰੇ ਦੱਸ।ਅਪਣੀ ਕੌਮ ਦੇ ਲੋਕਾਂ ਨੂੰ ਰੱਬ ਦੀ ਵਡਿਆਈ ਬਾਰੇ ਦੱਸ ਜਿਹੜਾ ਸਭ ਦਾ ਮਾਲਕ ਅਤੇ ਖ਼ਾਲਕ ਹੈ"।
"ਅਪਣੇ ਕੱਪੜਿਆਂ ਨੂੰ ਪਾਕ ਰੱਖ ਕਿਉਂ ਜੋ ਬਾਹਰੀ ਦਿੱਖ ਬੰਦੇ ਦੀ ਅੰਦਰੂਨੀ ਪਾਕੀ ਦੀ ਜ਼ਮਾਨਤ ਹੈ।ਗੰਦਗੀ ਤੋਂ ਕਪੜਿਆਂ ਨੂੰ ਅਤੇ ਬਦਕਿਰਦਾਰੀ ਤੋਂ ਮਨ ਨੂੰ ਸਾਫ਼ ਰੱਖ।ਅਪਣੇ ਨਬੀ ਹੋਣ ਦੀ ਜ਼ਿੰਮੇਵਾਰੀ ਦਾ ਲੋਕਾਂ ਉੱਤੇ ਅਹਿਸਾਨ ਨਾ ਕਰ। ਇਸ ਕੰਮ ਨੂੰ ਖ਼ਲੂਸ ਅਤੇ ਬੇਗ਼ਰਜ਼ੀ ਨਾਲ ਕਰ।ਜਾਨ ਨੂੰ ਖ਼ਤਰਾ ਹੋਣ ਵਾਲੇ ਇਸ ਕੰਮ ਦੀ ਖ਼ਾਤਰ ਹਰ ਤਕਲੀਫ਼ ਬਰਦਾਸ਼ਤ ਕਰ"।
ਹਜ਼ਰਤ ਮੁਹੰਮਦ (ਸ.) ਨੇ ਲੋਕਾਂ ਨੂੰ ਆਖਿਆ ਕਿ ਮਰਨ ਤੋਂ ਬਾਅਦ ਕਿਆਮਤ ਦੇ ਦਿਨ ਹਰ ਬੰਦੇ ਨੂੰ ਜਿਊਂਦਾ ਕੀਤਾ ਜਾਵੇਗਾ ਅਤੇ ਉਸ ਨੂੰ ਰੱਬ ਦੇ ਸਾਹਮਣੇ ਹਾਜ਼ਰ ਹੋ ਕੇ ਅਪਣੇ ਚੰਗੇ ਅਤੇ ਮਾੜੇ ਕੰਮਾਂ ਦਾ ਹਿਸਾਬ ਦੇਣਾ ਪਵੇਗਾ।ਜੀਵਨ ਨੂੰ ਸਫਲ ਬਣਾਉਣ ਦਾ ਇੱਕੋ ਇਕ ਰਸਤਾ ਰੱਬ ਦੀ ਬੰਦਗੀ ਹੈ। ਜਿਹੜਾ ਇਸ ਰਸਤੇ ਉੱਤੇ ਤੁਰ ਕੇ ਜੀਵਨ ਨੂੰ ਸਫ਼ਲ ਬਣਾਵੇਗਾ ਉਹ ਸਵਰਗ ਵਿਚ ਜਾਵੇਗਾ।
ਆਪ ਦੀਆਂ ਸਿੱਖਿਆਵਾਂ ਨੂੰ ਜਿਸ ਨੇ ਸਭ ਤੋਂ ਪਹਿਲਾਂ ਕਬੂਲ ਕੀਤਾ ਉਹ ਆਪ ਦੀ ਪਤਨੀ ਹਜ਼ਰਤ ਖ਼ਦੀਜਾ (ਰਜ਼ੀ.) ਸੀ।ਆਪ ਤੋਂ ਬਾਅਦ ਹਜ਼ਰਤ ਖ਼ਦੀਜਾ (ਰਜ਼ੀ.) ਨੂੰ ਪਹਿਲੀ ਮੁਸਲਮਾਨ ਹੋਣ ਦਾ ਸੁਭਾਗ ਪ੍ਰਾਪਤ ਹੋਇਆ।ਆਦਮੀਆਂ ਵਿਚ ਸਭ ਤੋਂ ਪਹਿਲਾਂ ਜਿਸ ਨੇ ਇਸਲਾਮ ਕਬੂਲ ਕੀਤਾ ਉਹ ਆਪ ਦੇ ਬਚਪਣ ਦੇ ਦੋਸਤ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਸਨ।ਉਸ ਤੋਂ ਬਾਅਦ ਆਪ ਦੇ ਆਜ਼ਾਦ ਕੀਤੇ ਹੋਏ ਗ਼ੁਲਾਮ ਹਜ਼ਰਤ ਜ਼ੈਦ ਨੇ ਇਸਲਾਮ ਕਬੂਲ ਕੀਤਾ।ਛੋਟੀ ਉਮਰ ਦੇ ਮੁੰਡਿਆਂ ਵਿਚ ਜਿਹੜਾ ਸਭ ਤੋਂ ਪਹਿਲਾਂ ਮੁਸਲਮਾਨ ਬਣਿਆ ਉਹ ਆਪ ਦੇ ਚਾਚੇ ਦਾ ਪੁੱਤਰ ਹਜ਼ਰਤ ਅਲੀ ਸੀ।ਇਸ ਤੋਂ ਬਾਅਦ ਆਪ ਨੇ ਉਹਲੇ-ਚੋਰੀ ਮੱਕੇ ਦੇ ਅਜਿਹੇ ਲੋਕਾਂ ਨੂੰ ਇਸਲਾਮ ਦੀ ਦਾਅਵਤ ਦੇਣੀ ਸ਼ੁਰੂ ਕੀਤੀ ਜਿਨ੍ਹਾਂ ਬਾਰੇ ਆਪ ਨੂੰ ਯਕੀਨ ਸੀ ਕਿ ਉਹ ਆਦਤ ਦੇ ਨੇਕ ਅਤੇ ਸਮਝਦਾਰ ਲੋਕ ਹਨ।ਆਪ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਦਿਆਂ ਜਿਹੜੇ ਲੋਕਾਂ ਨੇ ਇਸਲਾਮ ਕਬੂਲ ਕੀਤਾ ਉਨ੍ਹਾਂ ਵਿਚ ਕੁਰੈਸ਼ ਦੇ ਵੱਡੇ ਵੱਡੇ ਅਮੀਰ ਵੀ ਸਨ, ਗ਼ਰੀਬ ਅਤੇ ਗ਼ੁਲਾਮ ਵੀ ਸਨ।
ਤਕਰੀਬਨ ਦੋ ਸਾਲ ਤੋਂ ਵੱਧ ਸਮੇਂ ਤੱਕ ਆਪ ਲੋਕਾਂ ਨੂੰ ਚੁੱਪ-ਚਾਪ ਅਪਣੇ ਪੈਰੋਕਾਰ ਬਣਾਉਂਦੇ ਰਹੇ।ਕੁਰੈਸ਼ ਵਾਲਿਆਂ ਨੂੰ ਆਪ ਦੀਆਂ ਗਤੀਵਿੱਧੀਆਂ ਦੀ ਖ਼ਬਰ ਤਾਂ ਬਹੁਤ ਪਹਿਲਾਂ ਹੋ ਗਈ ਸੀ ਪਰ ਉਨ੍ਹਾਂ ਨੇ ਆਪ ਦੇ ਪ੍ਰਚਾਰ ਨੂੰ ਕੋਈ ਖ਼ਾਸ ਅਹਿਮੀਅਤ ਨਾ ਦਿੱਤੀ ਅਤੇ ਹਜ਼ਰਤ ਮੁਹੰਮਦ (ਸ.) ਨੂੰ ਆਮ ਜਿਹਾ ਦੀਨੀ ਆਦਮੀ ਸਮਝਦੇ ਰਹੇ।ਜਦੋਂ ਆਪ ਦੇ ਪਰਚਾਰ ਦਾ ਅਸਰ ਕਬੂਲ ਕੇ ਲੋਕ ਮੁਸਲਮਾਨ ਹੋਣ ਲੱਗੇ ਤਾਂ ਮੱਕਾ ਦੇ ਤਕੜੇ ਲੋਕ ਆਪ ਦੀ ਵਿਰੋਧਤਾ ਕਰਨ ਲੱਗੇ ਜਿਨ੍ਹਾਂ ਵਿਚ ਆਪ ਦੇ ਕਬੀਲੇ ਕੁਰੈਸ਼ ਦੇ ਲੋਕ ਸਭ ਤੋਂ ਅੱਗੇ ਸਨ।
ਉਨ੍ਹਾਂ ਨੇ ਆਪ ਨੂੰ ਪ੍ਰਚਾਰ ਤੋਂ ਰੋਕਣ ਲਈ ਕਈ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਵਿਚ ਆਪ ਨੂੰ ਨੁਕਸਾਨ ਪਹੁੰਚਾਉਣਾ ਵੀ ਸ਼ਾਮਲ ਸੀ।ਉਨ੍ਹਾਂ ਦੀ ਇਸ ਨੀਤੀ ਤੋਂ ਬਚਨ ਲਈ ਆਪ ਸਫ਼ਾ ਦੀ ਪਹਾੜੀ ਦੇ ਨੇੜੇ ਇਕ ਸੁਰੱਖਿਅਤ ਘਰ ਵਿਚ ਚਲੇ ਗਏ ਜਿਸ ਦਾ ਮਾਲਕ ਹਜ਼ਰਤ ਅਰਕਮ ਪੁੱਤਰ ਅਬੀ ਸੀ।ਉਸ ਦਾ ਮੁਸਲਮਾਨ ਬਨਣ ਵਿਚ ਬਾਰ੍ਹਵਾਂ ਨੰਬਰ ਸੀ।
ਹਜ਼ਰਤ ਅਰਕਮ ਦਾ ਘਰ ਸਫ਼ਾ ਪਹਾੜ ਦੇ ਨੇੜੇ ਕਿਲ੍ਹੇ ਵਾਂਗ ਬਣਿਆ ਹੋਇਆ ਸੀ ਜਿਸ ਵਿਚ ਸੁਰੱਖਿਆ ਦੀਆਂ ਸਾਰੀਆਂ ਖ਼ੂਬੀਆਂ ਮੌਜੂਦ ਸਨ।ਇਹ ਘਰ ਖ਼ਾਨਾ ਕਾਅਬਾ ਦੇ ਵੀ ਨੇੜੇ ਸੀ।ਸੁਰੱਖਿਆ ਨੂੰ ਮੁੱਖ ਰੱਖਦਿਆਂ ਆਪ ਅੱਠ ਮੁਸਲਮਾਨ ਸਾਥੀਆਂ ਦੇ ਨਾਲ ਇਸ ਘਰ ਵਿਚ ਚਲੇ ਗਏ।ਆਪ ਨੇ ਇਸ ਘਰ ਨੂੰ ਦਾਰੁਲ ਅਰਕਮ ਦਾ ਨਾਂ ਦਿੱਤਾ।ਇਥੇ ਆਪ ਦੇ ਕੋਲ ਹਰ ਰੋਜ਼ ਕੋਈ ਨਾ ਕੋਈ ਆਦਮੀ ਆਉਂਦਾ ਅਤੇ ਇਸਲਾਮ ਕਬੂਲ ਕਰ ਲੈਂਦਾ।ਇਨ੍ਹਾਂ ਇਸਲਾਮ ਕਬੂਲ ਕਰਨ ਵਾਲਿਆਂ ਵਿਚ ਹਜ਼ਰਤ ਹਮਜ਼ਾ (ਰਜ਼ੀ.) ਦਾ ਉਨਤਾਲੀਵਾਂ ਅਤੇ ਹਜ਼ਰਤ ਉਮਰ (ਰਜ਼ੀ.) ਦਾ ਚਾਲੀਵਾਂ ਨੰਬਰ ਸੀ।ਹਜ਼ਰਤ ਅਰਕਮ ਦੇ ਘਰ ਰਹਿੰਦਿਆਂ ਪੰਤਾਲੀ ਲੋਕ ਇਸਲਾਮ ਕਬੂਲ ਕਰਕੇ ਮੁਸਲਮਾਨ ਹੋ ਚੁਕੇ ਸਨ।
ਸਾਰੇ ਮੁਸਲਮਾਨ ਇੱਥੇ ਹੀ ਨਮਾਜ਼ ਪੜ੍ਹਦੇ ਅਤੇ ਇਸਲਾਮ ਕਬੂਲ ਕਰਨ ਵਾਲੇ ਵੀ ਇੱਥੇ ਹੀ ਆ ਜਾਂਦੇ।ਆਪ ਇਸ ਘਰ ਵਿਚ ਤਿੰਨ ਸਾਲ ਤੱਕ ਲੋਕਾਂ ਨੂੰ ਦਰਸ ਦਿੰਦੇ ਰਹੇ।ਤਿੰਨ ਸਾਲਾਂ ਵਿਚ ਜਿਹੜੇ ਲੋਕ ਮੁਸਲਮਾਨ ਹੋਏ ਉਨ੍ਹਾਂ ਦੀ ਗਿਣਤੀ ੧੩੩ ਸੀ ਜਿਨ੍ਹਾਂ ਵਿਚ ਸੌ ਆਦਮੀ ਅਤੇ ਤੇਤੀ ਔਰਤਾਂ ਸਨ।ਉਪਰੋਕਤ ਬਿਆਨ ਕੀਤੀਆਂ ਸਾਰੀਆਂ ਘਟਨਾਵਾਂ ਸਨ ੬੧੧ ਈਸਵੀ ਤੋਂ ੬੧੫ ਈਸਵੀ ਵਿਚਕਾਰ ਵਾਪਰੀਆਂ ਲਿਖੀਆਂ ਮਿਲਦੀਆਂ ਹਨ।

41. ਇਸਲਾਮ ਦਾ ਖੁੱਲਮ-ਖੁੱਲਾ ਪਰਚਾਰ

ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਜਦੋਂ ਚਾਰ ਸਾਲ ਹੋ ਗਏ ਤਾਂ ਰੱਬ ਵੱਲੋਂ ਆਪ ਨੂੰ ਹੁਕਮ ਹੋਇਆ ਕਿ ਹੁਣ ਇਸਲਾਮ ਦਾ ਖੁੱਲਮ-ਖੁੱਲ੍ਹਾ ਪਰਚਾਰ ਸ਼ੁਰੂ ਕਰ ਦਿਉ ਅਤੇ ਕਿਸੇ ਦੀ ਵਿਰੋਧਤਾ ਦੀ ਪਰਵਾਹ ਨਾ ਕਰੋ।ਰੱਬ ਦੇ ਹੁਕਮ ਨੂੰ ਸਵੀਕਾਰ ਕਰਦਿਆਂ ਸਭ ਤੋਂ ਪਹਿਲਾਂ ਆਪ ਨੇ ਕਾਅਬਾ ਵਿਖੇ ਨਮਾਜ਼ ਪੜ੍ਹਣੀ ਸ਼ੁਰੂ ਕਰ ਦਿੱਤੀ।
ਨਬੁੱਵਤ ਦੇ ਚੌਥੇ ਸਾਲ ਆਪ ਨੇ ਅਪਣੇ ਨੇੜਲੇ ਰਿਸ਼ਤੇਦਾਰਾਂ ਨੂੰ ਖਾਣੇ ਉੱਤੇ ਬੁਲਾਇਆ ਜਿਸ ਵਿਚ ਚਾਲੀ ਦੇ ਕਰੀਬ ਕੁਰੈਸ਼ ਨਾਲ ਸਬੰਧਤ ਆਪ ਦੇ ਸਕੇ ਸਬੰਧੀ ਸ਼ਾਮਲ ਹੋਏ।ਖਾਣਾ ਖਾਣ ਤੋਂ ਬਾਅਦ ਆਪ ਨੇ ਉਨ੍ਹਾਂ ਨੂੰ ਇਸਲਾਮ ਦੀ ਦਾਅਵਤ ਦਿੱਤੀ ਪਰ ਆਪ ਦੇ ਚਾਚਾ ਅਬੂ ਲਹਿਬ ਨੇ ਇਸ ਦੀ ਸਖ਼ਤ ਵਿਰੋਧਤਾ ਕੀਤੀ ਅਤੇ ਬਿਨਾ ਬਾਤ ਸੁਣੇ ਉੱਠ ਕੇ ਚਲੇ ਗਏ।ਜਿਸ ਦੀ ਪੈਰਵੀ ਕਰਦਿਆਂ ਆਪ ਦੇ ਚਾਚੇ ਅਬੂ ਤਾਲਬ ਤੋਂ ਬਿਨਾ ਦੂਜੇ ਰਿਸ਼ਤੇਦਾਰ ਵੀ ਕੋਈ ਜਵਾਬ ਦਿੱਤੇ ਬਿਨਾ ਚਲੇ ਗਏ।ਅਬੂ ਤਾਲਬ ਨੇ ਆਪ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਮੈਂ ਦੁਸ਼ਮਣਾ ਦੇ ਮੁਕਾਬਲੇ ਤੇਰੀ ਹਮਾਇਤ ਕਰਾਂਗਾ ਜਦੋਂ ਕਿ ਉਸ ਦਾ ਪੁੱਤਰ ਹਜ਼ਰਤ ਅਲੀ ਪਹਿਲਾਂ ਹੀ ਮੁਸਲਮਾਨ ਹੋ ਚੁੱਕਿਆ ਸੀ।ਰੱਬ ਵੱਲੋਂ ਆਪ ਦਾ ਹੌਸਲਾ ਵਧਾਉਣ ਲਈ ਜਿਹੜੀ ਆਇਤ ਨਾਜ਼ਲ ਹੋਈ ਉਸ ਵਿਚ ਲਿਖਿਆ ਸੀ,"ਮੁਸ਼ਰਿਕਾਂ ਦੇ ਰਵੱਈਏ ਤੋਂ ਬੇਪਰਵਾਹ ਹੋ ਕੇ ਆਪ ਅੱਲਾਹ ਦਾ ਹੁਕਮ ਸੁਣਾਉਂਦੇ ਰਹੋ"।
ਇਕ ਦਿਨ ਆਪ ਮੱਕਾ ਦੇ ਕਰੀਬ ਸਫ਼ਾ ਨਾਂ ਦੇ ਪਹਾੜ ਉੱਤੇ ਚੜ੍ਹ ਗਏ ਅਤੇ ਉਸ ਦੀ ਚੋਟੀ ਉੱਤੇ ਖੜ੍ਹ ਕੇ ਕੁਰੈਸ਼ ਦੇ ਇਕ ਇਕ ਕਬੀਲੇ ਦਾ ਨਾਂ ਲੈ ਕੇ ਆਵਾਜ਼ਾਂ ਮਾਰਨ ਲੱਗੇ।ਜਦੋਂ ਸਭ ਲੋਕ ਇਕੱਠੇ ਹੋ ਗਏ ਤਾਂ ਆਪ ਉਨ੍ਹਾਂ ਨੂੰ ਸੰਬੋਧਨ ਕਰਕੇ ਆਖਣ ਲੱਗੇ,"ਜੇ ਮੈਂ ਕਹਾਂ ਕਿ ਇਸ ਪਹਾੜੀ ਦੇ ਪਿੱਛੇ ਦੁਸ਼ਮਣਾਂ ਦੀ ਇਕ ਵੱਡੀ ਫ਼ੌਜ ਹਮਲਾ ਕਰਨ ਲਈ ਆ ਰਹੀ ਹੈ ਤਾਂ ਕੀ ਤੁਸੀਂ ਯਕੀਨ ਕਰ ਲਵੋਗੇ"। ਸਾਰਿਆਂ ਨੇ ਇਕ ਜੁਟ ਹੋ ਕੇ ਆਖਿਆ,"ਹਾਂ, ਕਿਉਂਕਿ ਅਸੀਂ ਹਮੇਸ਼ਾ ਤੁਹਾਨੂੰ ਸੱਚ ਬੋਲਦਿਆਂ ਹੀ ਦੇਖਿਆ ਹੈ"।
ਆਪ ਆਖਣ ਲੱਗੇ, "ਤਾਂ ਸੁਣੋ, ਉਹ ਫ਼ੌਜ ਅੱਲਾਹ ਦੇ ਅਜ਼ਾਬ ਦੀ ਫ਼ੌਜ ਹੈ।ਉਸ ਤੋਂ ਬਚਨ ਲਈ ਤੁਸੀਂ ਅੱਲਾਹ ਦੀ ਸ਼ਰਨ ਵਿਚ ਆ ਜਾਵੋ।ਅਪਣੇ ਹੱਥਾਂ ਨਾਲ ਬਣਾਏ ਹੋਏ ਬੁੱਤਾਂ ਦੀ ਪੂਜਾ ਕਰਨੀ ਛੱਡ ਦਿਉ।ਇਹ ਬੜਾ ਗੁਨਾਹ ਹੈ।ਇੱਕ ਰੱਬ ਉੱਤੇ ਈਮਾਨ ਲੈ ਆਉ ਅਤੇ ਉਸ ਦੀ ਹੀ ਬੰਦਗੀ ਕਰੋ।ਜੇ ਤੁਸੀਂ ਅਜਿਹਾ ਨਹੀਂ ਕਰੋਗੇ ਤਾਂ ਰੱਬ ਵੱਲੋਂ ਸਖ਼ਤ ਅਜ਼ਾਬ ਆਵੇਗਾ"।
ਆਪ ਦੀਆਂ ਗੱਲਾਂ ਨੂੰ ਸੁਣ ਕੇ ਅਬੂ ਲਹਿਬ ਬੋਲਿਆ, 'ਤੇਰਾ ਨਾਸ਼ ਹੋਵੇ। ਕੀ ਤੂੰ ਇਸੇ ਲਈ ਸਾਨੂੰ ਏਥੇ ਬੁਲਾਇਆ ਸੀ'।ਉਹ ਇਹ ਕਹਿ ਕੇ ਉੱਥੋਂ ਤੁਰ ਗਿਆ ਅਤੇ ਦੂਜੇ ਲੋਕ ਵੀ ਉਸ ਦੇ ਪਿੱਛੇ ਹੀ ਵਾਪਸ ਚਲੇ ਗਏ।ਪਰ ਆਪ ਨੇ ਇਨ੍ਹਾਂ ਲੋਕਾਂ ਦੀ ਵਿਰੋਧਤਾ ਦੀ ਪ੍ਰਵਾਹ ਕੀਤੇ ਬਿਨਾ ਇਸਲਾਮ ਦਾ ਪ੍ਰਚਾਰ ਕਰਨਾ ਜਾਰੀ ਰੱਖਿਆ।
ਹਜ਼ਰਤ ਮੁਹੰਮਦ (ਸ.) ਵੱਲੋਂ ਕੀਤੇ ਖੁੱਲਮ-ਖੁੱਲ੍ਹੇ ਪਰਚਾਰ ਦੇ ਅਰੰਭ ਬਾਰੇ ਅਪਣੇ ਵਿਚਾਰ ਪ੍ਰਗਟ ਕਰਦਿਆਂ 'ਹਜ਼ਰਤ ਮੁਹੰਮਦ ਜੀਵਨ ਤੇ ਸੰਦੇਸ਼' ਦਾ ਲੇਖਕ ਮੁਹੰਮਦ ਅਬਦੁਲ ਹੱਈ ਲਿਖਦਾ ਹੈ, "ਇਸਲਾਮੀ ਸੱਦੇ ਦੀ ਇਹ ਪਹਿਲੀ ਪੁਕਾਰ ਸੀ ਜਿਸ ਵਿਚ ਹਜ਼ਰਤ ਮੁਹੰਮਦ (ਸ.) ਨੇ ਸਾਫ਼ ਸਾਫ਼ ਆਖ ਦਿੱਤਾ ਸੀ ਕਿ ਉਸ ਨੂੰ ਰੱਬ ਨੇ ਕਿਹੜੇ ਕਾਰਜ ਉੱਤੇ ਨਿਯੁਕਤ ਕੀਤਾ ਹੈ ਅਤੇ ਉਹ ਕਿਹੜਾ ਮਾਰਗ ਹੈ ਜਿਸ ਵਲ ਉਹ ਸਾਰੇ ਲੋਕਾਂ ਨੂੰ ਸੱਦ ਰਿਹਾ ਹੈ।ਉਨ੍ਹਾਂ ਨੇ ਖੁੱਲ੍ਹ ਕੇ ਆਖਣਾ ਸ਼ੁਰੂ ਕਰ ਦਿੱਤਾ ਸੀ ਕਿ ਇਸ ਵਿਸ਼ਾਲ ਸੰਸਾਰ ਦਾ ਮਾਲਕ ਸਿਰਫ਼ ਅੱਲ੍ਹਾਹ ਹੀ ਹੈ ਜਿਹੜਾ ਮਨੁੱਖ ਨੂੰ ਪੈਦਾ ਕਰਨ ਵਾਲਾ ਹੈ ਅਤੇ ਉਸ ਦਾ ਮਾਲਕ ਵੀ ਹੈ।ਮਨੁੱਖ ਵਿਚ ਇਸ ਤੋਂ ਵੱਧ ਕੋਈ ਖ਼ੂਬੀ ਨਹੀਂ ਕਿ ਉਹ ਰੱਬ ਦਾ ਬਣਾਇਆ ਹੋਇਆ ਹੈ ਅਤੇ ਉਸ ਦਾ ਗ਼ੁਲਾਮ ਹੈ"।
ਰੱਬ ਦੀ ਆਗਿਆ ਦਾ ਪਾਲਨ ਕਰਨਾ ਬੰਦੇ ਦਾ ਧਰਮ ਹੈ। ਦੂਜਿਆਂ ਨੂੰ ਉਸ ਦਾ ਸ਼ਰੀਕ ਬਣਾਉਣਾ ਅਤੇ ਦੂਜਿਆਂ ਅੱਗੇ ਸਿਰ ਝੁਕਾਉਣਾ ਉਸ ਮਨੁੱਖੀ ਰੁਤਬੇ ਦੇ ਵਿਰੁੱਧ ਹੈ ਜਿਹੜਾ ਉਸ ਨੂੰ ਬਣਾਉਣ ਵਾਲੇ ਨੇ ਬਖ਼ਸਿਆ ਹੈ।ਅੱਲਾਹ ਹੀ ਸਾਰੇ ਸੰਸਾਰ ਦਾ ਬਣਾਉਣ ਵਾਲਾ ਅਤੇ ਪੂਜਣ ਯੋਗ ਰੱਬ ਅਤੇ ਸ਼ਾਸ਼ਕ ਹੈ।ਉਸ ਦੇ ਰਾਜ ਵਿਚ ਮਨੁੱਖ ਨਾ ਖ਼ੁਦ-ਮੁਖ਼ਤਿਆਰ ਹੈ ਅਤੇ ਨਾ ਕਿਸੇ ਹੋਰ ਦਾ ਬੰਦਾ।ਇਸ ਸੰਸਾਰ ਵਿਚ ਰੱਬ ਵੱਲੋਂ ਬੰਦੇ ਨੂੰ ਕੁਝ ਅਧਿਕਾਰ ਦੇ ਕੇ ਘੱਲਿਆ ਗਿਆ ਹੈ।ਰੱਬ ਨੇ ਪਰਖ ਦਾ ਇਕ ਸਮਾਂ ਨੀਅਤ ਕੀਤਾ ਹੋਇਆ ਹੈ ਜਿਸ ਵਿਚ ਉਹ ਮਨੁੱਖ ਦੇ ਕੀਤੇ ਸਾਰੇ ਕੰਮਾਂ ਦੀ ਪਰਖ ਕਰਕੇ ਫ਼ੈਸਲਾ ਕਰੇਗਾ ਕਿ ਕਿਹੜਾ ਮਨੁੱਖ ਇਸ ਪ੍ਰੀਖਿਆ ਵਿਚ ਸਫ਼ਲ ਹੋਇਆ ਹੈ ਅਤੇ ਕਿਹੜਾ ਫ਼ੇਲ੍ਹ ਹੋਇਆ ਹੈ।
ਇਹ ਐਲਾਨ ਕੋਈ ਆਮ ਜਾਂ ਸਾਧਾਰਣ ਐਲਾਨ ਨਹੀਂ ਸੀ।ਇਸ ਨੇ ਕੁਰੈਸ਼ ਅਤੇ ਅਰਬ ਦੇ ਦੂਜੇ ਲੋਕਾਂ ਵਿਚ ਨਵੀਨਤਾ ਦਾ ਭਾਂਬੜ ਬਾਲ ਦਿੱਤਾ ਅਤੇ ਹਰ ਪਾਸੇ ਇਸ ਪਰਚਾਰ ਬਾਰੇ ਕਾਨਾ-ਫੂਸੀਆਂ ਹੋਣ ਲੱਗੀਆਂ।ਇਸ ਐਲਾਨ ਤੋਂ ਕੁਝ ਦਿਨਾਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਹਜ਼ਰਤ ਅਲੀ (ਰਜ਼ੀ.) ਨੂੰ ਆਖਿਆ ਕਿ ਇਕ ਦਾਅਵਤ ਦਾ ਪ੍ਰਬੰਧ ਕਰੋ।ਇਸ ਦਾਅਵਤ ਵਿਚ ਅਬਦੁਲ ਮੁਤਲਿਬ ਦੇ ਸਾਰੇ ਖ਼ਾਨਦਾਨ ਨੂੰ ਸੱਦਿਆ ਗਿਆ ਸੀ ਜਿਸ ਵਿਚ ਹਮਜ਼ਾ, ਅਬੂ ਤਾਲਿਬ ਅਤੇ ਅੱਬਾਸ ਜਿਹੇ ਸਾਰੇ ਮੁੱਖ ਮੈਂਬਰ ਸ਼ਾਮਲ ਸਨ।
ਖਾਣਾ ਖਾਣ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਖੜ੍ਹੇ ਹੋ ਕੇ ਆਖਿਆ, "ਮੈਂ ਉਹ ਚੀਜ਼ ਲੈ ਕੇ ਆਇਆ ਹਾਂ ਜਿਹੜੀ ਦੀਨ ਅਤੇ ਦੁਨੀਆ ਦੋਹਾਂ ਲਈ ਜ਼ਰੂਰੀ ਹੈ।ਇਸ ਵੱਡੇ ਭਾਰ ਨੂੰ ਚੁੱਕਣ ਲਈ ਕੌਣ ਮੇਰਾ ਸਾਥ ਦੇਵੇਗਾ"।ਇਸ ਸਵਾਲ ਦਾ ਜਵਾਬ ਬੜਾ ਔਖਾ ਸੀ।ਹਾਂ ਦਾ ਇਸ਼ਾਰਾ ਕਰਨ ਵਾਲੇ ਲਈ ਸਪਸ਼ਟ ਸੰਦੇਸ਼ ਸੀ ਉਹ ਪਰਿਵਾਰ, ਸਮਾਜ, ਕਬੀਲੇ ਅਤੇ ਪੂਰੇ ਅਰਬ ਵਾਸੀਆਂ ਦਾ ਵਿਰੋਧ ਝੱਲਣ ਲਈ ਤਿਆਰ ਹੋ ਜਾਵੇ।ਇਸ ਦੇ ਬਦਲੇ ਵਿਚ ਐਨੀ ਹੀ ਆਸ ਰੱਖੇ ਕਿ ਉਸ ਦੀ ਆਖ਼ਰਤ (ਮਰਨ ਤੋਂ ਬਾਅਦ) ਦਾ ਜੀਵਨ ਸਫ਼ਲ ਹੋਵੇਗਾ ਅਤੇ ਉਹ ਕਿਆਮਤ ਦੇ ਦਿਨ ਅਪਣੇ ਬਣਾਉਣ ਵਾਲੇ ਮਾਲਕ ਦੇ ਸਾਮ੍ਹਣੇ ਸਨਮਾਨ ਨਾਲ ਪੇਸ਼ ਹੋਵੇਗਾ। ਇਸ ਤੋਂ ਸਿਵਾ ਕਿਸੇ ਨੂੰ ਆਰਥਕ ਜਾਂ ਹੋਰ ਕਿਸਮ ਦਾ ਲਾਭ ਪ੍ਰਾਪਤ ਨਹੀਂ ਹੋਣ ਵਾਲਾ ਸੀ।
ਸਾਰਾ ਕਬੀਲਾ ਚੁਪ-ਚਾਪ ਬੈਠਾ ਰਿਹਾ।ਜਿਹੜੇ ਬੰਦੇ ਨੇ ਸਾਰੇ ਇਕੱਠ ਵਿੱਚੋਂ ਉੱਠ ਕੇ ਬੋਲਣ ਦੀ ਹਿੰਮਤ ਕੀਤੀ ਉਹ ਇਕ ਛੋਟੀ ਉਮਰ ਦਾ ਬਾਲ ਹਜ਼ਰਤ ਅਲੀ ਸੀ ਜਿਸ ਦੀ ਉਮਰ ਉਸ ਸਮੇਂ ਤੇਰਾਂ ਸਾਲ ਸੀ।ਉਸ ਨੇ ਆਖਿਆ ਕਿ ਭਾਵੇਂ ਮੈਂ ਬਹੁਤ ਛੋਟਾ ਹਾਂ, ਅੱਖਾਂ ਦੁਖ ਰਹੀਆਂ ਹਨ, ਲੱਤਾਂ ਬਹੁਤ ਪਤਲੀਆਂ ਪਤਲੀਆਂ ਹਨ, ਬਹੁਤ ਕਮਜ਼ੋਰ ਹਾਂ ਪਰ ਫਿਰ ਵੀ ਮੈਂ ਆਪ ਦਾ ਸਾਥ ਦੇਵਾਂਗਾ।ਕੁਰੈਸ਼ ਵਾਲਿਆਂ ਲਈ ਇਸ ਤੇਰਾਂ ਸਾਲ ਦੇ ਬੱਚੇ ਦਾ ਅਜਿਹਾ ਫੈਸਾ ਲੈਣਾ ਇਕ ਅਜੀਬ ਘਟਨਾ ਸੀ।
ਵਰਣਨ ਯੋਗ ਗੱਲ ਇਹ ਹੈ ਕਿ ਬਾਅਦ ਵਿਚ ਇਹ ਬਾਲ ਹੀ ਸ਼ੇਰੇ ਖ਼ੁਦਾ ਦੇ ਰੁਤਬੇ ਨਾਲ ਨਵਾਜ਼ਿਆ ਗਿਆ।ਹਜ਼ਰਤ ਮੁਹੰਮਦ (ਸ.) ਦੀ ਸਭ ਤੋਂ ਪਿਆਰੀ ਪੁਤਰੀ ਹਜ਼ਰਤ ਫ਼ਾਤਮਾਂ ਨੂੰ ਵਿਆਹਿਆ ਗਿਆ।ਇਸਲਾਮ ਦਾ ਚੌਥਾ ਖ਼ਲੀਫ਼ਾ ਬਣਿਆ ਅਤੇ ਇਸ ਦੇ ਰਾਜ ਵਿਚ ਇਸਲਾਮੀ ਫ਼ੌਜਾਂ ਨੂੰ ਅਨੇਕਾਂ ਜਿੱਤਾਂ ਜਿੱਤਣ ਦਾ ਸੁਭਾਗ ਪ੍ਰਾਪਤ ਹੋਇਆ।

42. ਕੁਰੈਸ਼ ਵੱਲੋਂ ਵਿਰੋਧਤਾ

ਹਜ਼ਰਤ ਮੁਹੰਮਦ (ਸ.) ਵੱਲੋਂ ਦਿੱਤੀ ਦੀਨ ਦੀ ਦਾਅਵਤ ਤੋਂ ਬਾਅਦ ਜਦੋਂ ਮੱਕਾ ਵਿਚ ਵਸਦੇ ਆਪ ਦੇ ਖ਼ਾਨਦਾਨ ਅਤੇ ਖ਼ਾਨਦਾਨ ਤੋਂ ਬਾਹਰਲੇ ਲੋਕਾਂ ਨੂੰ ਪਤਾ ਲੱਗਿਆ ਕਿ ਹਜ਼ਰਤ ਮੁਹੰਮਦ (ਸ.) ਦਿਨ ਰਾਤ ਇੱਕ ਕਰਕੇ ਲੋਕਾਂ ਨੂੰ ਅਪਣੇ ਵੱਲ ਖਿੱਚ ਰਹੇ ਹਨ ਅਤੇ ਆਪ ਦਾ ਦਿੱਤਾ ਰੱਬੀ ਸੁਨੇਹਾ ਹਰ ਰੋਜ਼ ਲੋਕਾਂ ਦੇ ਦਿਲਾਂ ਵਿਚ ਘਰ ਕਰਦਾ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਸਖ਼ਤ ਰੁਖ ਅਪਣਾ ਕੇ ਆਪ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ।ਆਪ ਨੂੰ ਅਤੇ ਆਪ ਦੇ ਪੈਰੋਕਾਰ ਮੁਸਲਮਾਨਾਂ ਨੂੰ ਕਈ ਤਰੀਕਿਆਂ ਨਾਲ ਤਕਲੀਫ਼ਾਂ ਦੇਣ ਲੱਗੇ।ਇਸ ਜ਼ੁਲਮ ਨੂੰ ਕਰਨ ਵਿਚ ਕੁਰੈਸ਼ ਦੇ ਸਾਰੇ ਵੱਡੇ ਸਰਦਾਰ ਜਿਨ੍ਹਾਂ ਵਿਚ ਅਬੂ ਜਹਿਲ, ਅਬੂ ਲਹਿਬ, ਆਸ ਪੁੱਤਰ ਵਾਇਲ, ਵਲੀਦ ਪੁਤਰ ਮੁਗ਼ੈਰਾ, ਨਜ਼ਰ ਪੁਤਰ ਹਾਰਸ ਅਤੇ ਆਸ ਪੁਤਰ ਸਈਦ ਸ਼ਾਮਲ ਸਨ।ਇਹ ਲੋਕ ਕਈ ਤਰ੍ਹਾਂ ਦੀਆਂ ਘਟੀਆ ਹਰਕਤਾਂ ਕਰਦੇ।ਜਦੋਂ ਆਪ ਕੁਰਆਨ ਸ਼ਰੀਫ਼ ਪੜ੍ਹਦੇ ਤਾਂ ਉਹ ਸ਼ੋਰ ਮਚਾਉਂਦੇ।ਆਪ ਦੇ ਰਸਤੇ ਵਿਚ ਕੰਡੇ ਅਤੇ ਆਪ ਦੇ ਉੱਤੇ ਕੂੜਾ ਸੁੱਟਦੇ।ਜਦੋਂ ਨਮਾਜ਼ ਪੜ੍ਹਨ ਲਈ ਕਾਅਬੇ ਵਿਚ ਜਾਂਦੇ ਤਾਂ ਆਪ ਨੂੰ ਧੱਕੇ ਦਿੰਦੇ।
ਕੁਰੈਸ਼ ਕਬੀਲੇ ਦੇ ਲੋਕਾਂ ਵੱਲੋਂ ਇਸਲਾਮ ਦੀ ਵਿਰੋਧਤਾ ਬਾਰੇ ਲਿਖਦਿਆਂ ਪ੍ਰਸਿੱਧ ਵਿਦਵਾਨ ਅਬਦੁਲ ਹਈ ਲਿਖਦਾ ਹੈ ਕਿ ਇਸ ਸਮੇਂ ਤੱਕ ਇਸਲਾਮ ਦੇ ਮੰਨਣ ਵਾਲਿਆਂ ਦੀ ਗਿਣਤੀ ਚਾਲੀ ਤੱਕ ਹੋ ਗਈ ਸੀ।ਇਕ ਦਿਨ ਹਜ਼ਰਤ ਮੁਹੰਮਦ (ਸ.) ਨੇ ਖ਼ਾਨਾ ਕਾਅਬਾ ਦੇ ਅੰਦਰ ਜਾ ਕੇ ਤੌਹੀਦ (ਇਕ ਰੱਬ ਦੀ ਇਬਾਦਤ) ਦਾ ਸ਼ਰੇਆਮ ਐਲਾਨ ਕਰ ਦਿੱਤਾ।ਇਸ ਐਲਾਨ ਨੂੰ ਕੁਰੈਸ਼ ਵਾਲਿਆਂ ਨੇ ਕਾਅਬੇ ਦਾ ਅਪਮਾਨ ਸਮਝਿਆ ਅਤੇ ਚਾਰੇ ਪਾਸਿਆਂ ਤੋਂ ਆਪ ਨੂੰ ਮਾਰਨ ਲਈ ਟੁੱਟ ਪਏ।
ਇਹ ਲੋਕ ਬਾਹਰ ਤੋਂ ਹੱਜ ਜਾਂ ਵਪਾਰ ਲਈ ਆਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਆਖ ਦਿੰਦੇ ਕਿ ਇਹ ਆਦਮੀ ਅਪਣੇ ਬਾਪ ਦਾਦੇ ਦੇ ਦੀਨ ਤੋਂ ਫ਼ਿਰ ਗਿਆ ਹੈ ਇਸ ਨਾਲ ਕੋਈ ਬਾਤ ਨਹੀਂ ਕਰਨੀ।ਕੁਰੈਸ਼ ਦੇ ਸਰਦਾਰਾਂ ਨੇ ਆਪ ਦੇ ਚਾਚੇ ਅਬੂ ਤਾਲਿਬ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ।ਉਨ੍ਹਾਂ ਵਿੱਚੋਂ ਕਈ ਲੋਕ ਇਕੱਠੇ ਹੋ ਕੇ ਅਬੂ ਤਾਲਿਬ ਕੋਲ ਗਏ ਅਤੇ ਕਹਿਣ ਲੱਗੇ ਕਿ ਤੁਸੀਂ ਮੁਹੰਮਦ (ਸ.) ਦੀ ਹਮਾਇਤ ਨਾ ਕਰੋ ਪਰ ਆਪ ਨੇ ਉਨ੍ਹਾਂ ਨੂੰ ਟਾਲ ਦਿੱਤਾ।ਕੁਰੈਸ਼ ਵਾਲਿਆਂ ਵੱਲੋਂ ਵਾਰ ਵਾਰ ਜ਼ੋਰ ਪਾਉਣ ਉੱਤੇ ਇਕ ਦਿਨ ਅਬੂ ਤਾਲਿਬ ਨੇ ਆਪ ਨੂੰ ਕਿਹਾ,"ਭਤੀਜੇ ਮੇਰੇ ਬੁਢਾਪੇ ਉੱਤੇ ਐਨਾ ਬੋਝ ਨਾ ਪਾਉ ਕਿ ਮੈਂ ਉਸ ਨੂੰ ਚੁੱਕ ਹੀ ਨਾ ਸਕਾਂ। ਮੇਹਰਬਾਨ ਚਾਚੇ ਦੀ ਬਾਤ ਸੁਣ ਕੇ ਆਪ ਦੀਆਂ ਅੱਖਾਂ ਵਿਚ ਅੱਥਰੂ ਆ ਗਏ।ਆਪ ਅਪਣੇ ਚਾਚੇ ਨੂੰ ਕਹਿਣ ਲੱਗੇ, "ਚਾਚਾ ਜੀ ਜੇ ਇਹ ਲੋਕ ਮੇਰੇ ਇਕ ਹੱਥ ਉੱਤੇ ਚੰਦ ਅਤੇ ਦੂਜੇ ਉੱਤੇ ਸੂਰਜ ਵੀ ਧਰ ਦੇਣ ਤਾਂ ਵੀ ਮੈਂ ਲੋਕਾਂ ਨੂੰ ਇਸਲਾਮ ਦੀ ਦਾਅਵਤ ਦੇਣੀ ਬੰਦ ਨਾ ਕਰਾਂਗਾ"।ਅਬੂ ਤਾਲਿਬ ਨੇ ਆਪ ਦਾ ਹੌਸਾ ਅਤੇ ਦਰਿੜ੍ਹਤਾ ਦੇਖ ਕੇ ਕਿਹਾ, "ਤਾਂ ਠੀਕ ਹੈ ਅਪਣਾ ਕੰਮ ਜਾਰੀ ਰੱਖ, ਮੈਂ ਤੇਰੀ ਰਖਵਾਲੀ ਕਰਦਾ ਰਹਵਾਂਗਾ"।
ਜਦੋਂ ਮੱਕਾ ਦੇ ਲੋਕ ਹਜ਼ਰਤ ਮੁਹੰਮਦ (ਸ.) ਨੂੰ ਇਸਲਾਮ ਦਾ ਪ੍ਰਚਾਰ ਕਰਨ ਤੋਂ ਨਾ ਰੋਕ ਸਕੇ ਤਾਂ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਸਤਾਉਣਾ ਸ਼ੁਰੂ ਕਰ ਦਿੱਤਾ ਜਿਹੜੇ ਮੁਸਲਮਾਨ ਹੋ ਚੁੱਕੇ ਸਨ।ਉਨ੍ਹਾਂ ਵਿੱਚੋਂ ਵੀ ਉਨ੍ਹਾਂ ਉੱਤੇ ਬਹੁਤੀਆਂ ਸ਼ਖ਼ਤੀਆਂ ਹੁੰਦੀਆਂ ਜਿਹੜੇ ਉਨ੍ਹਾਂ ਦੇ ਗ਼ੁਲਾਮ ਸਨ ਜਾਂ ਗ਼ਰੀਬ ਘਰਾਂ ਨਾਲ ਸਬੰਧ ਰੱਖਦੇ ਸਨ।
ਕਈ ਸਦੀਆਂ ਤੋਂ ਕੁਰੈਸ਼ ਵਾਲੇ ਖ਼ਾਨਾ ਕਾਅਬਾ ਦੇ ਮੁਤਵੱਲੀ (ਪ੍ਰਬੰਧਕ) ਸਨ।ਭਾਵੇਂ ਹਜ਼ਰਤ ਇਬਰਾਹੀਮ (ਅਲੈ.) ਦੇ ਸਮੇਂ ਕਾਅਬੇ ਦੇ ਅੰਦਰ ਕੋਈ ਬੁੱਤ ਨਹੀਂ ਰੱਖੇ ਗਏ ਸਨ ਪਰ ਸਦੀਆਂ ਲੰਘ ਜਾਣ ਪਿੱਛੋਂ ਹਜ਼ਰਤ ਇਬਰਾਹੀਮ (ਅਲੈ.) ਦੇ ਵੰਸ਼ ਨਾਲ ਸਬੰਧਤ ਇਹ ਲੋਕ ਵੀ ਬੁਤ-ਪੂਜਾ ਵਲ ਪਰਤ ਗਏ ਸਨ ਅਤੇ ਉਨ੍ਹਾਂ ਨੇ ਕਾਅਬੇ ਦੇ ਅੰਦਰ ਸੈਂਕੜਿਆਂ ਦੀ ਗਿਣਤੀ ਵਿਚ ਬੁੱਤ ਸਥਾਪਤ ਕਰ ਲਏ ਸਨ।ਬੁੱਤਾਂ ਤੋਂ ਇਲਾਵਾ ਉਨ੍ਹਾਂ ਨੇ ਕੰਧਾਂ ਉੱਤੇ ਪਹਿਲਾਂ ਹੋ ਚੁੱਕੇ ਪੈਗ਼ੰਬਰਾਂ ਦੀਆਂ ਤਸਵੀਰਾਂ ਵੀ ਲਾਈਆਂ ਹੋਈਆਂ ਸਨ।ਭਾਵ ਉਨ੍ਹਾਂ ਨੇ ਖ਼ਾਨਾ ਕਾਅਬਾ ਨੂੰ ਸਾਰੇ ਧਰਮਾਂ ਲਈ ਪੂਜਾ ਦਾ ਸਥਾਨ ਬਣਾਉਣ ਦੀ ਕੋਸ਼ਿਸ ਕੀਤੀ ਹੋਈ ਸੀ ਤਾਂ ਜੋ ਮੁਤਵੱਲੀ ਹੋਣ ਦੇ ਨਾਤੇ ਸ਼ਰਧਾਲੂਆਂ ਤੋਂ ਵੱਧ ਤੋਂ ਵੱਧ ਆਮਦਨ ਪ੍ਰਾਪਤ ਕਰ ਸਕਣ।ਹਜ਼ਰਤ ਮੁਹੰਮਦ (ਸ.) ਦੇ ਨਵੇਂ ਧਰਮ ਦੀਆਂ ਸਿੱਖਿਆਵਾਂ ਕੁਰੈਸ਼ ਦੇ ਕਾਰਜਾਂ ਤੋਂ ਬਿਲਕੁਲ ਉਲਟ ਸਨ ਜਿਸ ਨਾਲ ਉਨ੍ਹਾਂ ਦੀ ਆਮਦਨ ਨੂੰ ਤਕੜਾ ਖੋਰਾ ਲਗਦਾ ਸੀ।
ਹਜ਼ਰਤ ਮੁਹੰਮਦ (ਸ.) ਦੇ ਦਾਦਾ ਅਬਦੁਲ ਮੁਤਲਿਬ ਦੀ ਮੌਤ ਤੋਂ ਬਾਅਦ ਖ਼ਾਨਾ ਕਾਅਬਾ ਦੀ ਨਿਗਰਾਨੀ ਹਾਸ਼ਮ ਪਰਿਵਾਰ ਤੋਂ ਖੁੱਸ ਕੇ ਉਮੱਈਆ ਪਰਿਵਾਰ ਦੇ ਹੱਥ ਵਿਚ ਚਲੀ ਗਈ ਸੀ ਹੁਣ ਉਮੱਈਆ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਸ ਨੂੰ ਮੁਸ਼ਕਿਲ ਨਾਲ ਸ਼ਰੀਕਾਂ ਉੱਤੇ ਮਿਲੀ ਚੜ੍ਹਤ ਫਿਰ ਹਾਸ਼ਮ ਪਰਿਵਾਰ ਕੋਲ ਚਲੀ ਜਾਵੇ।ਅਜਿਹੀ ਸਥਿੱਤੀ ਵਿਚ ਹਾਸ਼ਮ ਪਰਿਵਾਰ ਦੇ ਕਿਸੇ ਵਿਅਕਤੀ ਨੂੰ ਨਬੀ ਮੰਨਣ ਦਾ ਭਾਵ ਮੁੜ ਉਸ ਪਰਿਵਾਰ ਦੀ ਸਰਦਾਰੀ ਸਵੀਕਾਰ ਕਰਨਾ ਸੀ।ਮਿਸਰ ਦੇ ਪ੍ਰਸਿੱਧ ਲੇਖਕ ਇਬਨੇ ਹੱਸ਼ਾਮ ਨੇ ਅਬੂ ਜਹਿਲ ਦੇ ਕਹੇ ਸ਼ਬਦਾਂ ਦਾ ਵਰਨਣ ਕਰਦਿਆਂ ਲਿਖਿਆ ਸੀ,
"ਅਸੀਂ ਉਮੱਈਆ ਪਰਿਵਾਰ ਅਤੇ ਹਾਸ਼ਮ ਪਰਿਵਾਰ ਵਾਲੇ ਹਮੇਸ਼ਾ ਇਕ-ਦੂਜੇ ਦੇ ਵਿਰੋਧੀ ਰਹੇ ਹਾਂ।ਉਨ੍ਹਾਂ ਨੇ ਮਹਿਮਾਨਾਂ ਦੀ ਸੇਵਾ ਕੀਤੀ ਤਾਂ ਅਸੀਂ ਵੀ ਕੀਤੀ।ਉਨ੍ਹਾਂ ਨੇ ਖ਼ੂਨ ਦੇ ਮੁੱਲ ਤਾਰੇ ਤਾਂ ਅਸੀਂ ਵੀ ਤਾਰੇ।ਉਨ੍ਹਾਂ ਨੇ ਦਿਲ ਖੌਲ੍ਹ ਕੇ ਦਾਨ ਕੀਤਾ ਤਾਂ ਅਸੀਂ ਵੀ ਕੀਤਾ।ਅਜਿਹਾ ਕਰਕੇ ਅਸੀਂ ਉਨ੍ਹਾਂ ਦੇ ਬਰਾਬਰ ਹੋ ਗਏ।ਹੁਣ ਉਹ ਕਹਿਣ ਲੱਗੇ ਹਨ ਕਿ ਇਹ ਸਾਡਾ ਨਬੀ ਹੈ ਜਿਸ ਉੱਤੇ ਅਸਮਾਨ ਤੋਂ ਵਹੀ ਆਉਂਦੀ ਹੈ।ਅਸੀਂ ਇਹ ਗੱਲ ਕਿਵੇਂ ਮੰਨ ਲਈਏ।ਰੱਬ ਦੀ ਸਹੁੰ ਅਸੀਂ ਉਸ ਉੱਤੇ ਕਦੇ ਈਮਾਨ ਨਹੀਂ ਲਿਆ ਸਕਦੇ ਅਤੇ ਨਾ ਹੀ ਉਸ ਨੂੰ ਸਵੀਕਾਰ ਕਰ ਸਕਦੇ ਹਾਂ"।
ਮੱਕੇ ਦੇ ਬਾਸ਼ਿੰਦਿਆਂ ਵੱਲੋਂ ਹਜ਼ਰਤ ਮੁਹੰਮਦ (ਸ.) ਦੀ ਵਿਰੋਧਤਾ ਦਾ ਇਕ ਕਾਰਨ ਇਹ ਵੀ ਸੀ ਕਿ ਉਹ ਸ਼ਰੇਆਮ ਉਨ੍ਹਾਂ ਦੇ ਖ਼ੁਦਾਵਾਂ (ਬੁੱਤਾਂ) ਨੂੰ ਝੁਠਲਾ ਰਹੇ ਸਨ।ਆਪ ਮਿਸਾਲਾਂ ਦੇ ਦੇ ਕੇ ਆਖ ਰਹੇ ਸਨ ਕਿ ਇਨ੍ਹਾਂ ਦੀ ਪੂਜਾ ਬੇਕਾਰ ਹੈ। ਜਿਹੜਾ ਇਨ੍ਹਾਂ ਨੂੰ ਪੂਜਦਾ ਹੈ ਅਤੇ ਇਨ੍ਹਾਂ ਨੂੰ ਰੱਬ ਦੇ ਮਿਲਾਪ ਦਾ ਵਸੀਲਾ ਸਮਝਦਾ ਹੈ ਉਹ ਗੁਮਰਾਹੀ ਉੱਤੇ ਹੈ।
ਜਦੋਂ ਹਜ਼ਰਤ ਮੁਹੰਮਦ (ਸ.) ਨੇ ਮੁਸ਼ਰਿਕਾਂ ਅਤੇ ਬੁੱਤ ਪ੍ਰਸਤਾਂ ਨੂੰ ਗੁਮਰਾਹੀ ਦੇ ਰਸਤੇ ਉੱਤੇ ਚੱਲਣ ਵਾਲਾ ਆਖਿਆ ਤਾਂ ਉਨ੍ਹਾਂ ਦੇ ਕਲੇਜੇ ਫਟ ਗਏ ਅਤੇ ਉਹ ਅਚਾਨਕ ਉੱਠੇ ਇਸ ਤੂਫ਼ਾਨ ਨੂੰ ਠੱਲਣ ਲਈ ਖੜ੍ਹੇ ਹੋ ਗਏ।ਉਹ ਜਾਣਦੇ ਸਨ ਕਿ ਹਜ਼ਰਤ ਮੁਹੰਮਦ (ਸ.) ਦੇ ਕਹੇ ਉੱਤੇ ਈਮਾਨ ਲਿਆਉਣ ਦਾ ਭਾਵ ਹੈ ਕਿ ਆਪੇ ਨੂੰ ਮੁਕੰਮਲ ਤੌਰ ਤੇ ਉਸ ਦੇ ਅਧੀਨ ਕਰ ਦਿੱਤਾ ਜਾਵੇ ਅਤੇ ਕਾਅਬੇ ਦੇ ਮੁਤਵੱਲੀ ਹੋਣ ਦੇ ਨਾਤੇ ਜਿਹੜੀ ਸਰਦਾਰੀ ਉਨ੍ਹਾਂ ਨੂੰ ਮਿਲੀ ਹੋਈ ਹੈ ਉਸ ਤੋਂ ਵੀ ਹੱਥ ਧੋ ਲਏ ਜਾਣ।
ਉਸ ਸਮੇਂ ਦੇ ਅਰਬੀ ਸਮਾਜ ਵਿਚ ਭਾਵੇਂ ਜ਼ਾਤ-ਪਾਤ ਤਾਂ ਨਹੀਂ ਸੀ ਪਰ ਆਰਥਕ ਨਾ-ਬਰਾਬਰੀ ਮੌਜੂਦ ਸੀ।ਹਜ਼ਰਤ ਮੁਹੰਮਦ (ਸ.) ਦੇ ਸੰਦੇਸ਼ ਨੂੰ ਸਵੀਕਾਰ ਕਰਨ ਵਾਲੇ ਵੀ ਦਰਮਿਆਨੇ ਜਾਂ ਗ਼ਰੀਬ ਲੋਕ ਹੀ ਸਨ।ਸਰਦਾਰ ਕਹਾਉਣ ਵਾਲੇ ਕੁਰੈਸ਼ ਦੇ ਲੋਕਾਂ ਦੇ ਇਸਲਾਮ ਕਬੂਲ ਕਰਨ ਦਾ ਭਾਵ ਇਨ੍ਹਾਂ ਗ਼ਰੀਬ ਲੋਕਾਂ ਦੀ ਸਮਾਨਤਾ ਪ੍ਰਾਪਤ ਕਰਨਾ ਸੀ ਜਿਸ ਨੂੰ ਇਹ ਉੱਚ-ਵਰਗ ਦੇ ਲੋਕ ਕਿਸੇ ਵੀ ਕੀਮਤ ਉੱਤੇ ਸਵੀਕਾਰ ਕਰਨ ਲਈ ਤਿਆਰ ਨਹੀਂ ਸਨ।ਹਜ਼ਰਤ ਮੁਹੰਮਦ (ਸ.) ਕੋਲ ਵੀ ਕੋਈ ਊਚਾ ਰਾਜਨੀਤਿਕ ਅਹੁਦਾ ਨਹੀਂ ਸੀ।ਕੁਰੈਸ਼ ਵਾਲਿਆਂ ਨੂੰ ਇਹ ਵੀ ਸ਼ਿਕਾਇਤ ਸੀ ਕਿ ਜੇ ਰੱਬ ਨੇ ਕਿਸੇ ਨੂੰ ਨਬੀ ਬਣਾਉਣਾ ਹੀ ਸੀ ਤਾਂ ਸਾਡੇ ਤਕੜਿਆਂ ਵਿੱਚੋਂ ਬਣਾਉਂਦਾ।

43. ਹਾਜੀਆਂ ਨੂੰ ਦੂਰ ਰੱਖਣ ਦਾ ਯਤਨ

ਹਜ਼ਰਤ ਇਬਰਾਹੀਮ (ਅਲੈ.) ਦੇ ਸਮੇਂ ਤੋਂ ਜਦੋਂ ਤੋਂ ਖ਼ਾਨਾ ਕਾਅਬਾ ਬਣਿਆ ਹੈ ਅਰਬ ਦੇ ਕੋਨੇ ਕੋਨੇ ਤੋਂ ਲੋਕ ਹਰ ਸਾਲ ਹੱਜ ਕਰਨ ਲਈ ਆਇਆ ਕਰਦੇ ਸਨ ਜਿਨ੍ਹਾਂ ਤੋਂ ਖ਼ਾਨਾ ਕਾਅਬਾ ਦੇ ਮੁਤਵੱਲੀਆਂ ਨੂੰ ਚੰਗੀ ਆਮਦਨ ਹੋਇਆ ਕਰਦੀ ਸੀ।ਪਰ ਹਜ਼ਰਤ ਮੁਹੰਮਦ (ਸ.) ਦੇ ਖੁੱਲਮ-ਖੁੱਲ੍ਹਾ ਇਸਲਾਮ ਦਾ ਪ੍ਰਚਾਰ ਕਰਨ ਨਾਲ ਉਨ੍ਹਾਂ ਨੂੰ ਇਹ ਚਿੰਤਾ ਹੋਣ ਲੱਗੀ ਕਿ ਕਿਤੇ ਹਜ਼ਰਤ ਮੁਹੰਮਦ (ਸ.) ਹਾਜੀਆਂ ਵਿਚ ਇਸਲਾਮ ਦਾ ਪ੍ਰਚਾਰ ਕਰਨਾ ਸ਼ੁਰੂ ਨਾ ਕਰ ਦੇਣ।
ਹਜ਼ਰਤ ਮੁਹੰਮਦ (ਸ.) ਨੂੰ ਹਾਜੀਆਂ ਵਿਚ ਇਸਲਾਮ ਦੇ ਪ੍ਰਚਾਰ ਤੋਂ ਰੋਕਣ ਲਈ ਕੁਰੈਸ਼ ਵਾਲਿਆਂ ਨੇ ਅਜਿਹੀਆਂ ਸਕੀਮਾਂ ਬਾਰੇ ਸੋਚਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਰਾਹੀ ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਤੋਂ ਦੂਰ ਰੱਖਿਆ ਜਾ ਸਕੇ।ਇਕ ਦਿਨ ਇਸ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਉਹ ਕੁਰੈਸ਼ ਕਬੀਲੇ ਦੇ ਅਕਲਮੰਦ ਸਮਝੇ ਜਾਣ ਵਾਲੇ ਵਿਅਕਤੀ ਵਲੀਦ ਪੁੱਤਰ ਮੁਗ਼ੈਰਾ ਦੇ ਘਰ ਇਕੱਠੇ ਹੋਏ।ਵਲੀਦ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ ਕਿ ਹਾਜੀਆਂ ਉੱਤੇ ਮੁਹੰਮਦ (ਸ.) ਦੇ ਪ੍ਰਭਾਵ ਨੂੰ ਰੋਕਣ ਲਈ ਕੋਈ ਅਜਿਹੀ ਸਾਂਝੀ ਰਾਏ ਬਣਾਈ ਜਾਵੇ ਜਿਹੜੀ ਸਭ ਦੀ ਜ਼ੁਬਾਨ ਤੇ ਇੱਕੋ ਜਿਹੀ ਹੋਵੇ।ਅਜਿਹਾ ਨਾ ਹੋਵੇ ਕਿ ਹਾਜੀਆਂ ਦੀ ਇਕ ਢਾਣੀ ਨੂੰ ਕੋਈ ਕੁਝ ਕਹੇ ਅਤੇ ਦੂਜੀ ਢਾਣੀ ਨੂੰ ਦੂਜਾ ਬੰਦਾ ਕੁਝ ਹੋਰ ਕਹੇ।ਹੁਣ ਸਾਰੇ ਬੰਦੇ ਅਪਣੀ ਅਪਣੀ ਰਾਏ ਦਿਉ ਕਿ ਕੀ ਕਿਹਾ ਜਾਵੇ? ਸਾਰਿਆਂ ਨੇ ਇਕੱਠਿਆਂ ਇਕ ਆਵਾਜ਼ ਵਿਚ ਆਖਿਆ ਕਿ ਤੁਸੀਂ ਹੀ ਦੱਸੋ ਕੀ ਕਿਹਾ ਜਾਵੇ ਪਰ ਵਲੀਦ ਪੁੱਤਰ ਮੁਗ਼ੀਰਾ ਨੇ ਕਿਹਾ "ਪਹਿਲਾਂ ਤੁਸੀਂ ਸਾਰੇ ਅਪਣੀ ਰਾਏ ਦੇਵੋ ਕਿ ਕੀ ਕਹਿਣਾ ਹੈ"?
ਵਲੀਦ ਪੁੱਤਰ ਮੁਗ਼ੈਰਾ ਦੇ ਕਹਿਣ ਉੱਤੇ ਕੁਰੈਸ਼ ਵਾਲੇ ਅਪਣੀ ਅਪਣੀ ਰਾਏ ਦੇਣ ਲੱਗੇ।ਕੁਝ ਨੇ ਆਖਿਆ ਕਿ ਅਸੀਂ ਕਹਾਂਗੇ ਕਿ ਉਹ ਕਾਹਨ (ਜੋਤਸ਼ੀ) ਹੈ ਅਤੇ ਅਪਣੀ ਇਸ ਖ਼ੂਬੀ ਸਦਕਾ ਸਾਰੇ ਅਰਬ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ।ਪਰ ਵਲੀਦ ਪੁੱਤਰ ਮੁਗ਼ੀਰਾ ਉਨ੍ਹਾਂ ਦੀ ਗੱਲ ਨੂੰ ਠੁਕਰਾਉਂਦਿਆਂ ਆਖਣ ਲੱਗਿਆ ਕਿ ਉਹ ਕਾਹਨ ਨਹੀਂ ਹੈ।ਮੈਂ ਵੱਡੇ ਵੱਡੇ ਕਾਹਨਾਂ ਨੂੰ ਵੇਖਿਆ ਹੈ।ਹਜ਼ਰਤ ਮੁਹੰਮਦ (ਸ.) ਵਿਚ ਨਾ ਕਾਹਨਾਂ ਵਰਗੀ ਬੋਲਚਾਲ ਹੈ ਅਤੇ ਨਾ ਹੀ ਉਨ੍ਹਾਂ ਵਰਗੀ ਕਾਫ਼ੀਆ ਬੰਦੀ ਅਤੇ ਨਾ ਹੀ ਤੁਕਬੰਦੀ।ਇਸ ਰਾਏ ਨੂੰ ਵਲੀਦ ਵੱਲੋਂ ਠੁਕਰਾਏ ਜਾਣ ਤੋਂ ਬਾਅਦ ਕੁਝ ਕੁਰੈਸ਼ ਵਾਲੇ ਆਖਣ ਲੱਗੇ ਕਿ ਅਸੀਂ ਹਾਜੀਆਂ ਨੂੰ ਪਹਿਲਾਂ ਹੀ ਆਖ ਦੇਵਾਂਗੇ ਕਿ ਉਹ ਪਾਗਲ ਹੈ ਪਰ ਉਨ੍ਹਾਂ ਦੀ ਇਸ ਰਾਏ ਨੂੰ ਵੀ ਠੁਕਰਾਉਂਦਿਆਂ ਵਲੀਦ ਪੁੱਤਰ ਮੁਗ਼ੀਰਾ ਆਖਣ ਲੱਗਿਆ ਅਸੀਂ ਅਜਿਹਾ ਵੀ ਨਹੀਂ ਆਖ ਸਕਦੇ। ਮੈਂ ਪਾਗਲਾਂ ਨੂੰ ਦੇਖਿਆ ਹੈ ਪਰ ਇਨ੍ਹਾਂ ਦੇ ਬੋਲਚਾਲ ਤੋਂ ਪਾਗਲਾਂ ਵਾਲਾ ਕੋਈ ਐਬ ਨਜ਼ਰ ਹੀ ਨਹੀਂ ਆਉਂਦਾ।ਨਾ ਹੀ ਇਹ ਉਨ੍ਹਾਂ ਵਰਗੀਆਂ ਪੁੱਠੀਆਂ ਸਿੱਧੀਆਂ ਅਤੇ ਬਹਿਕੀਆਂ ਬਹਿਕੀਆਂ ਗੱਲਾਂ ਕਰਦਾ ਹੈ।
ਕੁਝ ਲੋਕ ਆਖਣ ਲੱਗੇ ਕਿ ਅਸੀਂ ਕਹਾਂਗੇ ਇਹ ਸ਼ਾਇਰ ਹੈ ਅਤੇ ਅਪਣੀ ਸ਼ਾਇਰੀ ਦੇ ਸਿਰ ਤੇ ਲੋਕਾਂ ਨੂੰ ਪਿੱਛੇ ਲਾਉਣਾ ਚਾਹੁੰਦਾ ਹੈ।ਉਨ੍ਹਾਂ ਦੀ ਇਸ ਦਲੀਲ ਨੂੰ ਵੀ ਨਾਮਨਜ਼ੂਰ ਕਰਦਿਆਂ ਵਲੀਦ ਪੁੱਤਰ ਮੁਗ਼ੈਰਾ ਆਖਣ ਲੱਗਿਆ ਅਰਬ ਦੇ ਲੋਕ ਸ਼ਾਇਰਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ।ਜਦੋਂ ਮੁਹੰਮਦ (ਸ.) ਉਨ੍ਹਾਂ ਨਾਲ ਗੱਲ ਕਰੇਗਾ ਅਤੇ ਗੱਲ-ਬਾਤ ਵਿਚ ਸ਼ਾਇਰੀ ਵਾਲੀ ਕੋਈ ਅਲਾਮਤ ਨਜ਼ਰ ਨਹੀਂ ਆਵੇਗੀ ਤਾਂ ਗੱਲ ਉਲਟ ਵੀ ਹੋ ਸਕਦੀ ਹੈ।ਅਜਿਹਾ ਨਾ ਹੋਵੇ ਕਿ ਉਹ ਉਸ ਦੇ ਵਿਰੁੱਧ ਹੋਣ ਦੀ ਥਾਂ ਉਸ ਦਾ ਸਾਥ ਦੇਣਾ ਸਵੀਕਾਰ ਕਰ ਲੈਣ।
ਕੁਝ ਲੋਕ ਆਖਣ ਲੱਗੇ ਕਿ ਜੇ ਅਸੀਂ ਹਾਜੀਆਂ ਨੂੰ ਕਹਿ ਦਈਏ ਕਿ ਉਹ ਜਾਦੂਗਰ ਹੈ ਤਾਂ ਲੋਕ ਉਸ ਦੀਆਂ ਗੱਲਾਂ ਵਿਚ ਨਹੀਂ ਆਉਣਗੇ।ਜਾਦੂਗਰ ਦਾ ਨਾਂ ਸੁਣ ਕੇ ਵਲੀਦ ਬਿਨ ਮੁਗ਼ੀਰਾ ਕਹਿਣ ਲੱਗਿਆ ਉਹ ਜਾਦੂਗਰ ਵੀ ਨਹੀਂ ਹੈ।ਮੈਂ ਜਾਦੂਗਰਾਂ ਨੂੰ ਵੀ ਜਾਣਦਾ ਹਾਂ ਅਤੇ ਉਨ੍ਹਾਂ ਦਾ ਜਾਦੂ ਵੀ ਦੇਖਿਆ ਹੈ।ਮੁਹੰਮਦ (ਸ.) ਨਾ ਝਾੜ-ਫੂਕ ਕਰਦਾ ਹੈ ਅਤੇ ਨਾ ਹੀ ਜਾਦੂ-ਟੂਣੇ ਕਰਨ ਲਈ ਆਖਦਾ ਹੈ।ਉਸ ਦਾ ਗੱਲ ਕਰਨ ਦਾ ਸੁਭਾਅ ਬੜਾ ਹੀ ਚੰਗਾ ਹੈ।ਉਸ ਦੇ ਕਹੇ ਹਰ ਬੋਲ ਵਿਚ ਸੱਚਾਈ ਛੁਪੀ ਹੁੰਦੀ ਹੈ।ਪਰ ਕੁਝ ਨਾ ਕਹਿਣ ਦੀ ਥਾਂ ਇਹੋ ਕਹਿਣਾ ਠੀਕ ਰਹੇਗਾ ਕਿ ਉਹ ਜਾਦੂਗਰ ਹੈ।ਉਸ ਨੇ ਅਜਿਹਾ ਕਲਾਮ ਲਿਖਿਆ ਹੈ ਜਿਸ ਵਿਚ ਸਾਰੇ ਦਾ ਸਾਰਾ ਜਾਦੂ ਹੈ।ਉਸ ਦੇ ਲਿਖੇ ਕਲਾਮ ਨੂੰ ਪੜ੍ਹ ਕੇ ਪਿਉ-ਪੁੱਤਰ, ਭਾਈ ਭਾਈ, ਪਤੀ-ਪਤਨੀ ਅਤੇ ਟੱਬਰਾਂ ਦੇ ਜੀਆਂ ਵਿਚ ਫੁੱਟ ਪੈ ਰਹੀ ਹੈ।
ਉਪਰੋਕਤ ਵਿਚਾਰ-ਵਟਾਂਦਰੇ ਤੋਂ ਬਾਅਦ ਮੱਕੇ ਦੇ ਮੁਸ਼ਰਿਕ ਲੋਕ ਬਾਹਰ ਤੋਂ ਹੱਜ ਉੱਤੇ ਆਉਣ ਵਾਲੇ ਲੋਕਾਂ ਦੇ ਰਸਤਿਆਂ ਉੱਤੇ ਬੈਠ ਗਏ ਅਤੇ ਉਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਨੂੰ ਜਾਦੂਗਰ ਆਖ ਕੇ ਆਉਣ ਵਾਲੇ ਖ਼ਤਰੇ ਤੋਂ ਜਾਣੂ ਕਰਵਾਉਣ ਲੱਗੇ।ਇਨ੍ਹਾਂ ਮੁਸ਼ਰਿਕਾਂ ਵਿਚ ਸਭ ਤੋਂ ਅੱਗੇ ਹਜ਼ਰਤ ਮੁਹੰਮਦ (ਸ.) ਦਾ ਚਾਚਾ ਅਬੂ ਲਹਿਬ ਸੀ।ਉਹ ਹੱਜ ਉੱਤੇ ਆਉਣ ਵਾਲੇ ਲੋਕਾਂ ਦੇ ਡੇਰਿਆਂ ਉੱਤੇ ਜਾਂਦਾ ਅਤੇ ਬਾਜ਼ਾਰਾਂ ਵਿਚ ਹਜ਼ਰਤ ਮੁਹੰਮਦ (ਸ.) ਦਾ ਪਿੱਛਾ ਕਰਦਾ।ਜਿਉਂ ਹੀ ਹਜ਼ਰਤ ਮੁਹੰਮਦ (ਸ.) ਕਿਸੇ ਗਰੁੱਪ ਨੂੰ ਦਾਅਵਤ ਦੇਣ ਤੋਂ ਬਾਅਦ ਅੱਗੇ ਤੁਰਦੇ ਉਹ ਉਸ ਗਰੁੱਪ ਕੋਲ ਪਹੁੰਚ ਜਾਂਦਾ ਅਤੇ ਆਖਦਾ ਇਸ ਦੀਆਂ ਗੱਲਾਂ ਵਿਚ ਨਾ ਆਉਣਾ, ਇਹ ਝੂਠਾ ਹੈ, ਬਦਦੀਨ ਹੈ ਅਤੇ ਜਾਦੂਗਰ ਹੈ।ਪਰ ਹਜ਼ਰਤ ਮੁਹੰਮਦ (ਸ.) ਦੀ ਤਬਲੀਗ਼ ਅਤੇ ਕੁਰੈਸ਼ ਦੀ ਵਿਰੋਧਤਾ ਤੋਂ ਹੱਜ ਤੇ ਆਉਣ ਵਾਲੇ ਲੋਕ ਅਪਣੇ ਕਬੀਲਿਆਂ ਅਤੇ ਮੁਲਕਾਂ ਵਿਚ ਇਹ ਸੁਨੇਹਾ ਲੈ ਕੇ ਜਾਂਦੇ ਕਿ ਹਜ਼ਰਤ ਮੁਹੰਮਦ (ਸ.) ਨਾਂ ਦੇ ਇਕ ਆਦਮੀ ਨੇ ਨਬੁੱਵਤ ਦਾ ਦਾਅਵਾ ਕੀਤਾ ਹੈ ਅਤੇ ਲੋਕ ਉਸ ਦੇ ਪੈਰੋਕਾਰ ਬਣ ਰਹੇ ਹਨ।

44. ਲੋਕਾਂ ਦਾ ਪ੍ਰਤੀਕਰਮ

ਹਜ਼ਰਤ ਮੁਹੰਮਦ (ਸ.) ਦੇ ਵਿਰੁੱਧ ਬਹੁਤੀਆਂ ਸਖ਼ਤੀਆਂ ਨਾ ਵਰਤਣੀਆਂ ਕੁਰੈਸ਼ ਦੀ ਮਜਬੂਰੀ ਸੀ।ਫ਼ਿਜਾਰ ਦੀ ਲੜਾਈ ਜਿਹੇ ਘਰੇਲੂ ਮਹਾਂ ਯੁਧ ਵਿੱਚੋਂ ਅਰਬ ਦੇ ਕਬੀਲੇ ਮੁਸ਼ਕਲ ਨਾਲ ਸ਼ਾਂਤੀ ਸਥਾਪਤ ਕਰਨ ਵਿਚ ਕਾਮਯਾਬ ਹੋਏ ਸਨ।ਦੂਜੇ ਪਾਸੇ ਜਿਹੜੇ ਲੋਕ ਮੁਸਲਮਾਨ ਹੋਏ ਸਨ ਉਹ ਇਕੱਲੇ ਕੁਰੈਸ਼ ਦੇ ਹੀ ਨਹੀਂ ਸਨ ਸਗੋਂ ਅਰਬ ਦੇ ਵੱਖ ਵੱਖ ਕਬੀਲਿਆਂ ਨਾਲ ਸਬੰਧ ਰੱਖਣ ਵਾਲੇ ਸਨ।ਅਰਬ ਦੀਆਂ ਰਸਮਾਂ ਅਨੁਸਾਰ ਕੋਈ ਵੀ ਕਬੀਲਾ ਅਪਣੇ ਬੰਦੇ ਦਾ ਨੁਕਸਾਨ ਬਰਦਾਸ਼ਤ ਨਹੀਂ ਕਰਦਾ ਸੀ ਭਾਵੇਂ ਉਹ ਬੰਦਾ ਮੁਸਲਮਾਨ ਹੀ ਹੋਵੇ।ਸੋ ਕੁਰੈਸ਼ ਵਾਲੇ ਨਹੀਂ ਸਨ ਚਾਹੁੰਦੇ ਕਿ ਹਜ਼ਰਤ ਮੁਹੰਮਦ (ਸ.) ਜਾਂ ਕਿਸੇ ਹੋਰ ਕਬੀਲੇ ਦੇ ਬੰਦੇ ਨੂੰ ਨੁਕਸਾਨ ਪਹੁੰਚਾਣ ਨਾਲ ਗ੍ਰਹਿ-ਯੁਧ ਫਿਰ ਛਿੜ ਜਾਵੇ।ਦੂਜੇ ਪਾਸੇ ਮੁਸਲਮਾਨਾਂ ਨੂੰ ਇਸ ਦਾ ਫ਼ਾਇਦਾ ਹੁੰਦਾ ਜਾ ਰਿਹਾ ਸੀ।
ਇਸ ਪ੍ਰਸਥਿੱਤੀ ਵਿਚ ਹੌਸਲਾ ਦੇਣ ਲਈ ਰੱਬ ਵੱਲੋਂ ਰੋਜ਼ਾਨਾ ਕੁਰਆਨ ਸ਼ਰੀਫ਼ ਦੀਆਂ ਆਇਤਾਂ ਉੱਤਰਦੀਆਂ ਰਹਿੰਦੀਆਂ ਸਨ ਜਿਨ੍ਹਾਂ ਵਿਚ ਵਿਰੋਧੀਆਂ ਦੇ ਇਤਰਾਜ਼ਾਂ ਦੇ ਢੁਕਵੇਂ ਉੱਤਰ ਦਿੱਤੇ ਜਾਂਦੇ ਸਨ।'ਅਲਕਲਮ' ਸੂਰਤ ਵਿਚ ਹਜ਼ਰਤ ਮੁਹੰਮਦ (ਸ.) ਦੀ ਤਸੱਲੀ ਲਈ ਆਖਿਆ ਗਿਆ ਸੀ ਕਿ ਤੁਹਾਡੇ ਉੱਤੇ ਅੱਲ੍ਹਾਹ ਦੀ ਵੱਡੀ ਮਿਹਰ ਹੈ।ਤੁਸੀਂ ਪਾਗਲ ਨਹੀਂ ਹੋ।ਤੁਹਾਡੇ ਲਈ ਤਾਂ ਅੱਲ੍ਹਾਹ ਦੀਆਂ ਅਣਗਿਣਤ ਬਖ਼ਸ਼ਿਸ਼ਾਂ ਹਨ।ਤੁਹਾਡਾ ਰੱਬ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਹੜਾ ਸਹੀ ਰਸਤੇ ਤੇ ਹੈ ਅਤੇ ਕਿਹੜਾ ਪਾਗਲ ਹੈ।ਤੁਸੀਂ ਅਪਣਾ ਕੰਮ ਕਰੀ ਜਾਵੋ।
ਭਾਵੇਂ ਕੁਰੈਸ਼ ਅਤੇ ਮੱਕੇ ਦੇ ਹੋਰ ਲੋਕ ਅਫ਼ਵਾਹਾਂ ਫ਼ੈਲਾ ਕੇ ਲੋਕਾਂ ਨੂੰ ਇਸਲਾਮ ਦੇ ਨੇੜੇ ਆਉਣ ਤੋਂ ਰੋਕਦੇ ਸਨ ਪਰ ਆਪ ਦੀ ਦ੍ਰਿੜਤਾ ਅਤੇ ਵਿਸ਼ਵਾਸ਼ ਨੂੰ ਦੇਖ ਕੇ ਲੋਕਾਂ ਦੇ ਦਿਲਾਂ ਵਿਚ ਇਹ ਉਤਸੁਕਤਾ ਭਰਦੀ ਜਾ ਰਹੀ ਸੀ ਕਿ ਦੇਖੋ ਤਾਂ ਸਹੀ ਮੁਸਲਮਾਨਾਂ ਵਿਚ ਉਹ ਕਿਹੜੀ ਗੱਲ ਹੈ ਜਿਸ ਦੇ ਸਦਕੇ ਇਹ ਐਨੇ ਵਿਸ਼ਵਾਸ ਨਾਲ ਅਡੋਲ ਖੜ੍ਹੇ ਹਨ।ਜਿਹੜੇ ਲੋਕ ਵਪਾਰ ਦੇ ਸਬੰਧ ਵਿਚ ਜਾਂ ਉਮਰਾ ਕਰਨ ਲਈ ਮੱਕੇ ਆਉਂਦੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਅਪਣੇ ਜ਼ਰੂਰੀ ਕੰਮਾਂ ਤੋਂ ਵਿਹਲੇ ਹੋ ਕੇ ਉਹਲੇ-ਚੋਰੀ ਆਪ ਦੇ ਕੋਲ ਆਉਂੇਦੇ ਅਤੇ ਆਪ ਦੇ ਵਿਚਾਰਾਂ ਅਤੇ ਕੁਰਆਨ ਸ਼ਰੀਫ਼ ਦੀਆਂ ਆਇਤਾਂ ਸੁਣ ਕੇ ਚੰਗਾ ਅਸਰ ਲੈ ਕੇ ਵਾਪਸ ਪਰਤਦੇ।ਉਹ ਅਪਣੇ ਕਬੀਲਿਆਂ ਵਿਚ ਜਾ ਕੇ ਦੂਜਿਆਂ ਨਾਲ ਇਸਲਾਮ ਬਾਰੇ ਵਿਚਾਰ-ਵਟਾਂਦਰਾ ਕਰਦੇ। ਕਈ ਲੋਕ ਤਾਂ ਦੂਰ-ਦੁਰਾਡਿਉਂ ਸਿਰਫ਼ ਇਸਲਾਮ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਹੀ ਆਉਂਦੇ।ਬਾਹਰ ਤੋਂ ਆਉਣ ਵਾਲੇ ਅਜਿਹੇ ਲੋਕਾਂ ਵਿਚ ਹਜ਼ਰਤ ਅਬੂਜ਼ਰ ਗੱਫ਼ਾਰੀ ਨਾਲ ਸਬੰਧਤ ਘਟਨਾ ਬਹੁਤ ਮਸ਼ਹੂਰ ਹੈ।
ਬਨੀ-ਗ਼ੱਫ਼ਾਰ ਨਾਂ ਦਾ ਕਬੀਲਾ ਉਸ ਰਸਤੇ ਉੱਤੇ ਆਬਾਦ ਸੀ ਜਿੱਥੋਂ ਹੋ ਕੇ ਕੁਰੈਸ਼ ਦੇ ਲੋਕ ਸੀਰੀਆ ਵਿਚ ਵਪਾਰ ਕਰਨ ਜਾਂਦੇ ਸਨ।ਗ਼ੱਫ਼ਾਰੀ ਨੇ ਜਦੋਂ ਹਜ਼ਰਤ ਮੁਹੰਮਦ (ਸ.) ਬਾਰੇ ਸੁਣਿਆ ਤਾਂ ਉਸ ਦੇ ਮਨ ਵਿਚ ਵੀ ਆਪ ਬਾਰੇ ਜਾਨਣ ਦੀ ਇੱਛਾ ਪੈਦਾ ਹੋਈ।ਉਸ ਨੇ ਅਪਣੇ ਛੋਟੇ ਭਰਾ ਅਨੀਸ ਨੂੰ ਮੱਕੇ ਭੇਜਿਆ ਤਾਂ ਜੋ ਮੁਹੰਮਦ (ਸ.) ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।ਅਨੀਸ ਨੇ ਮੱਕੇ ਆ ਕੇ ਛਾਣ-ਬੀਨ ਕੀਤੀ ਅਤੇ ਅਪਣੇ ਭਰਾ ਨੂੰ ਹਜ਼ਰਤ ਮੁਹੰਮਦ (ਸ.) ਦੇ ਚਰਿੱਤਰ, ਵਿਵਹਾਰ, ਸਦਾਚਾਰ ਅਤੇ ਸਿੱਖਿਆਵਾਂ ਬਾਰੇ ਜੋ ਕੁਝ ਸੁਣਿਆ ਸੱਚੋ-ਸੱਚ ਦੱਸ ਦਿੱਤਾ।
ਅਨੀਸ ਦੀਆਂ ਗੱਲਾਂ ਸੁਣ ਕੇ ਅਬੂਜ਼ਰ ਦੀ ਲਾਲਸਾ ਹੋਰ ਵਧ ਗਈ ਅਤੇ ਉਹ ਲੰਬਾ ਸਫ਼ਰ ਕਰਕੇ ਮੱਕੇ ਪਹੁੰਚ ਗਿਆ।ਮੱਕੇ ਅੱਪੜ ਕੇ ਉਹ ਕਿਸੇ ਨੂੰ ਪੁੱਛਣ ਤੋਂ ਘਬਰਾਉਂਦਾ ਰਿਹਾ ਆਖ਼ਰ ਇਕ ਦਿਨ ਉਸ ਦੀ ਮੁਲਾਕਾਤ ਹਜ਼ਰਤ ਅਲੀ (ਰਜ਼ੀ.) ਨਾਲ ਹੋ ਗਈ।ਹਜ਼ਰਤ ਅਲੀ (ਰਜ਼ੀ.) ਉਸ ਨੂੰ ਹਜ਼ਰਤ ਮੁਹੰਮਦ (ਸ.) ਕੋਲ ਲੈ ਗਏ।ਹਜ਼ਰਤ ਮੁਹੰਮਦ (ਸ.) ਦੀਆਂ ਸਿੱਖਿਆਵਾਂ ਤੋਂ ਪ੍ਰਭਾਵਤ ਹੋ ਕੇ ਜਦੋਂ ਉਸ ਨੇ ਇਸਲਾਮ ਕਬੂਲ ਕਰ ਲਿਆ ਤਾਂ ਹਜ਼ਰਤ ਮੁਹੰਮਦ (ਸ.) ਨੇ ਉਸ ਨੂੰ ਆਖਿਆ ਕਿ ਹੁਣ ਡਰਨ ਦੀ ਲੋੜ ਨਹੀਂ ਅਪਣੇ ਕਬੀਲੇ ਵਿਚ ਜਾਓ ਅਤੇ ਇਸਲਾਮ ਦਾ ਪਰਚਾਰ ਕਰੋ।ਡਰ ਦਾ ਨਾਂ ਸੁਣਦਿਆਂ ਹੀ ਉਹ ਜੋਸ਼ ਵਿਚ ਆ ਗਏ ਅਤੇ ਉੱਚੀ ਆਵਾਜ਼ ਵਿਚ ਕਹਿਣ ਲੱਗੇ, "ਅਸ਼ਹਦੁ ਅੱਲਾਹ ਇਲਾਹਾ ਇੱਲੱਲਾਹੂ ਵਅਸ਼ਹਦੁ ਅੰਨਾ ਮੁਹੰਮਦਨ ਰਸੂਲੁੱਲਾਹ" ਭਾਵ ਮੈਂ ਗਵਾਹੀ ਦਿੰਦਾ ਹਾਂ ਕਿ ਅੱਲ੍ਹਾਹ ਤੋਂ ਛੁੱਟ ਕੋਈ ਪੂਜਣ ਯੋਗ ਨਹੀਂ ਅਤੇ ਹਜ਼ਰਤ ਮੁਹੰਮਦ (ਸ.) ਅੱਲ੍ਹਾਹ ਦੇ ਰਸੂਲ ਹਨ।ਉਸ ਦੀ ਆਵਾਜ਼ ਸੁਣਦਿਆਂ ਹੀ ਲੋਕਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਅਬੂਜ਼ਰ ਉੱਤੇ ਕੁੱਟ ਪੈਂਦੀ ਦੇਖ ਕੇ ਹਜ਼ਰਤ ਅੱਬਾਸ ਉੱਥੇ ਆਏ ਅਤੇ ਸਥਿੱਤੀ ਨੂੰ ਜਾਨਣ ਤੋਂ ਬਾਅਦ ਮੱਕੇ ਦੇ ਲੋਕਾਂ ਨੂੰ ਸਮਝਾਇਆ ਕਿ ਤੁਹਾਡਾ ਵਪਾਰ ਕਰਨ ਦਾ ਰਾਸਤਾ ਅਬੂਜ਼ਰ ਦੇ ਕਬੀਲੇ ਵਿੱਚੋਂ ਹੋ ਕੇ ਲੰਘਦਾ ਹੈ ਜੇ ਇਸ ਨੂੰ ਕੁਝ ਹੋ ਗਿਆ ਤਾਂ ਕਬੀਲੇ ਵਾਲੇ ਤੁਹਾਨੂੰ ਮੁਆਫ਼ ਨਹੀਂ ਕਰਨਗੇ।
ਜਦੋਂ ਹਜ਼ਰਤ ਅਬੂਜ਼ਰ ਅਪਣੇ ਕਬੀਲੇ ਵਿਚ ਪਹੁੰਚੇ ਅਤੇ ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨਾਲ ਹੋਈ ਮੁਲਾਕਾਤ ਦਾ ਵਿਸਥਾਰ ਪੂਰਵਕ ਵੇਰਵਾ ਦਿੱਤਾ ਤਾਂ ਅੱਧਾ ਕਬੀਲਾ ਉਸੇ ਸਮੇਂ ਮੁਸਲਮਾਨ ਹੋ ਗਿਆ।ਗ਼ੱਫ਼ਾਰ ਕਬੀਲੇ ਦੇ ਨੇੜੇ ਅਸਲਮ ਕਬੀਲਾ ਆਬਾਦ ਸੀ।ਹਜ਼ਰਤ ਅਬੂਜ਼ਰ ਦੀ ਗੱਲ ਸੁਣ ਕੇ ਉਸ ਦੇ ਵੀ ਬਹੁਤ ਸਾਰੇ ਲੋਕ ਮੁਸਲਮਾਨ ਹੋ ਗਏ।
ਜਦੋਂ ਮੱਕੇ ਤੋਂ ਬਾਹਰਲੇ ਕਬੀਲਿਆਂ ਵਿਚ ਇਸਲਾਮ ਫ਼ੈਲਣਾ ਸ਼ੁਰੂ ਹੋਇਆ ਤਾਂ ਕੁਰੈਸ਼ ਵਾਲਿਆਂ ਨੂੰ ਇਹ ਗੱਲ ਬਹੁਤ ਖਟਕੀ।ਇਕ ਦਿਨ ਉਨ੍ਹਾਂ ਨੇ ਦਾਰੁਲ ਨਦਵਾ ਵਿਚ ਇਕੱਠ ਕਰਕੇ ਫ਼ੈਸਲਾ ਕੀਤਾ ਕਿ ਕੁਰੈਸ਼ ਦੇ ਤੇਜ਼ ਤਰਾਰ ਬੁਲਾਰੇ ਉਤਬਾ ਬਿਨ ਰਬੀਆ ਨੂੰ ਹਜ਼ਰਤ ਮੁਹੰਮਦ (ਸ.) ਕੋਲ ਭੇਜ ਕੇ ਪੁੱਛਿਆ ਜਾਵੇ ਕਿ ਉਹ ਕੀ ਚਾਹੁੰਦਾ ਹੈ? ਉਤਬਾ ਬਿਨ ਰਬੀਆ ਹਜ਼ਰਤ ਮੁਹੰਮਦ (ਸ.) ਕੋਲ ਗਿਆ ਅਤੇ ਕਹਿਣ ਲੱਗਿਆ,"ਭਤੀਜੇ! ਤੁਸੀਂ ਇਕ ਸ਼ਰੀਫ਼ ਆਦਮੀ ਹੋ ਅਤੇ ਇਕ ਇੱਜ਼ਤਦਾਰ ਖ਼ਾਨਦਾਨ ਨਾਲ ਸਬੰਧ ਰੱਖਦੇ ਹੋ।ਪਰ ਤੁਸੀਂ ਪੂਰੀ ਕੌਮ ਨੂੰ ਉਲਝਣ ਵਿਚ ਪਾ ਦਿੱਤਾ ਹੈ।ਇਹ ਤਾਂ ਦੱਸ ਇਹ ਸਭ ਕੁਝ ਕਰਨ ਦਾ ਤੇਰਾ ਮਕਸਦ ਕੀ ਹੈ।ਜੇ ਤੂੰ ਦੌਲਤ ਚਾਹੁੰਦਾ ਏਂ ਤਾਂ ਅਸੀਂ ਸਾਰੇ ਮਿਲ ਕੇ ਤੈਨੂੰ ਐਨਾ ਧਨ ਦੇ ਦਿੰਦੇ ਹਾਂ ਕਿ ਤੂੰ ਸਭ ਤੋਂ ਵੱਧ ਮਾਲਦਾਰ ਬਣ ਜਾਵੇਂਗਾ।ਜੇ ਤੂੰ ਸਰਦਾਰੀ ਚਾਹੁੰਦਾ ਏਂ ਤਾਂ ਅਪਣਾ ਸਰਦਾਰ ਮੰਨਣ ਨੂੰ ਤਿਆਰ ਹਾਂ"।
'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਹਲਾਲ ਉਸਮਾਨੀ ਲਿਖਦੇ ਹਨ,"ਉਸ ਦੀਆਂ ਗੱਲਾਂ ਸੁਣ ਕੇ ਹਜ਼ਰਤ ਮੁਹੰਮਦ (ਸ.) ਨੇ ਕੁਰਆਨ ਸ਼ਰੀਫ਼ ਦੀਆਂ ਕੁਝ ਆਇਤਾਂ ਪੜ੍ਹ ਕੇ ਸੁਣਾਈਆਂ ਜਿਨ੍ਹਾਂ ਵਿਚ ਕੁਰੈਸ਼ ਦੀ ਉਸ ਬੇਹੂਦਾ ਪੇਸ਼ਕਸ਼ ਦੀ ਆਲੋਚਨਾ ਕੀਤੀ ਗਈ ਸੀ ਜਿਹੜੀ ਕੁਰਆਨ ਸ਼ਰੀਫ਼ ਦੀ ਦਾਅਵਤ ਨੂੰ ਰੋਕਣ ਲਈ ਮੁਸ਼ਰਿਕਾਂ ਵੱਲੋਂ ਹਠ-ਧਰਮੀ ਅਤੇ ਬਦਇਖ਼ਲਾਕੀ ਨਾਲ ਕੀਤੀ ਜਾ ਰਹੀ ਸੀ"।ਹਜ਼ਰਤ ਮੁਹੰਮਦ (ਸ.) ਕੋਲੋਂ ਖ਼ਰੀਆਂ ਖਰੀਆਂ ਸੁਨਣ ਤੋਂ ਬਾਅਦ ਉਤਬਾ ਕੁਰੈਸ਼ ਵਾਲਿਆਂ ਕੋਲ ਜਾ ਕੇ ਕਹਿਣ ਲੱਗਿਆ,"ਮੇਰੀ ਮੰਨੋ ਤਾਂ ਮੁਹੰਮਦ (ਸ.) ਨੂੰ ਉਸ ਦੇ ਹਾਲਾਤ ਉੱਤੇ ਛੱਡ ਦਿਉ।ਜੇ ਉਹ ਸਫਲ ਹੋ ਗਿਆ ਤਾਂ ਉਸ ਨਾਲ ਤੁਹਾਡੀ ਵੀ ਚੜ੍ਹਤ ਹੋ ਜਾਵੇਗੀ, ਨਹੀਂ ਤਾਂ ਸਮੇਂ ਦੀ ਧੂੜ ਵਿਚ ਆਪੇ ਅਲੋਪ ਹੋ ਜਾਵੇਗਾ"।
ਉਤਬਾ ਦੀ ਗੱਲ ਸੁਨਣ ਤੋਂ ਬਾਅਦ ਕੁਰੈਸ਼ ਵਾਲੇ ਫਿਰ ਇਕੱਠੇ ਹੋ ਕੇ ਹਜ਼ਰਤ ਅਬੂ ਤਾਲਿਬ ਦੇ ਕੋਲ ਗਏ ਅਤੇ ਹਜ਼ਰਤ ਮੁਹੰਮਦ (ਸ.) ਦੀਆਂ ਗਤੀ-ਵਿੱਧੀਆਂ ਦਾ ਜ਼ਿਕਰ ਦੱਸ ਕੇ ਕਹਿਣ ਲੱਗੇ ਕਿ ਤੁਹਾਡਾ ਭਤੀਜਾ ਸਾਡੇ ਦੀਨ ਦੀ ਬੇਹੁਰਮਤੀ ਕਰਦਾ ਹੈ ਉਸ ਨੂੰ ਰੋਕੋ, ਜਾਂ ਉਸ ਨਾਲ ਸਾਨੂੰ ਨਿਪਟ ਲੈਣ ਦਿਓ।
ਸਾਰੀ ਸਥਿੱਤੀ ਉੱਤੇ ਗ਼ੌਰ ਕਰਨ ਤੋਂ ਬਾਅਦ ਅਬੂ ਤਾਲਿਬ ਹਜ਼ਰਤ ਮੁਹੰਮਦ (ਸ.) ਕੋਲ ਗਏ ਅਤੇ ਆਖਣ ਲੱਗੇ, "ਭਤੀਜੇ ਮੇਰੇ ਬੁੱਢੇ ਮੋਢਿਆਂ ਉੱਤੇ ਐਨਾ ਭਾਰ ਨਾ ਪਾ ਜਿਸ ਨੂੰ ਇਹ ਚੁੱਕ ਹੀ ਨਾ ਸਕਣ"।ਇਹ ਕੁਝ ਕਹਿੰਦਿਆਂ ਅਬੂ ਤਾਲਿਬ ਦੇ ਪੈਰ ਥਿੜਕ ਰਹੇ ਸਨ।ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਨੂੰ ਧੀਰਜ ਰੱਖਣ ਲਈ ਕਹਿੰਦਿਆਂ ਆਖਿਆ "ਚਾਚਾ ਜੀ! ਮੈਂ ਪਹਿਲਾਂ ਵੀ ਕਿਹਾ ਹੈ ਕਿ ਰੱਬ ਦੀ ਸਹੁੰ ਜੇ ਇਹ ਲੋਕ ਮੇਰੇ ਇਕ ਹੱਥ ਉੱਤੇ ਸੂਰਜ ਅਤੇ ਦੂਜੇ ਉੱਤੇ ਚੰਦ ਵੀ ਧਰ ਦੇਣ ਤਾਂ ਵੀ ਮੈਂ ਅਪਣਾ ਨਿਸ਼ਚਾ ਨਹੀਂ ਛੱਡਾਂਗਾ।ਮੈਨੂੰ ਆਸ ਹੈ ਰੱਬ ਮੇਰੇ ਇਸ ਫ਼ੈਸੇ ਨੂੰ ਨੇਪਰੇ ਚੜ੍ਹਾਵੇਗਾ।ਜੇ ਅਜਿਹਾ ਨਾ ਹੋ ਸਕਿਆ ਤਾਂ ਮੈਂ ਆਪ ਇਸ ਵਿਚ ਖਪ ਜਾਵਾਂਗਾ। ਹਜ਼ਰਤ ਮੁਹੰਮਦ (ਸ.) ਦੇ ਦ੍ਰਿੜ ਵਿਸ਼ਵਾਸ ਨਾਲ ਅਬੂ ਤਾਲਿਬ ਨੂੰ ਵੀ ਹੌਸਲਾ ਹੋ ਗਿਆ ਅਤੇ ਉਹ ਆਖਣ ਲੱਗੇ, "ਤਾਂ ਠੀਕ ਹੈ ਅਪਣਾ ਕੰਮ ਕਰਦਾ ਰਹਿ ਕੋਈ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ"।

45. ਦਾਰੁਲ-ਨਦਵਾ ਵਿਚ ਸੱਦਣਾ

ਦਾਰੁਲ-ਨਦਵਾ ਕੁਰੈਸ਼ ਦਾ ਪੰਚਾਇਤ ਘਰ ਸੀ।ਹਜ਼ਰਤ ਮੁਹੰਮਦ (ਸ.) ਨਾਲ ਉਤਬਾ ਦੀ ਹੋਈ ਅਸਫਲ ਮਿਲਣੀ ਤੋਂ ਤੁਰੰਤ ਬਾਅਦ ਕੁਰੈਸ਼ ਦੀ ਸੰਸਦ ਨੇ ਹਜ਼ਰਤ ਮੁਹੰਮਦ (ਸ.) ਨੂੰ ਅਪਣੇ ਸਾਹਮਣੇ ਪੇਸ਼ ਹੋਣ ਲਈ ਸੱਦ ਲਿਆ।ਆਪ ਤਾਂ ਪਹਿਲਾਂ ਹੀ ਅਜਿਹੀ ਵਾਰਤਾਲਾਪ ਲਈ ਤਿਆਰ ਬੈਠੇ ਸਨ।ਆਪ ਦਾਰੁਲ ਨਦਵਾ ਵਿਚ ਤੁਰੰਤ ਚਲੇ ਗਏ।ਗੱਲ-ਬਾਤ ਅਰੰਭ ਕਰਦਿਆਂ ਹੀ ਕੁਰੈਸ਼ ਵਾਲਿਆਂ ਨੇ ਉਹ ਸਾਰੀਆਂ ਆਫ਼ਰਾਂ ਹਜ਼ਰਤ ਮੁਹੰਮਦ (ਸ.) ਅੱਗੇ ਰੱਖੀਆਂ ਜਿਹੜੀਆਂ ਉਹ ਪਹਿਲਾਂ ਵੀ ਅਪਣੇ ਦੂਤ ਉਤਬਾ ਰਾਹੀਂ ਕਹਿ ਚੁੱਕੇ ਸਨ।ਸਾਰੀਆਂ ਗੱਲਾਂ ਸੁਨਣ ਤੋਂ ਬਾਅਦ ਆਪ ਨੇ ਸੰਸਦ ਨੂੰ ਸੰਬੋਧਨ ਕਰਦਿਆਂ ਕਿਹਾ;
"ਮੈਨੂੰ ਕੋਈ ਅਜਿਹੀ ਬੀਮਾਰੀ ਨਹੀਂ ਜਿਸ ਦੇ ਬਾਰੇ ਤੁਸੀਂ ਸੋਚਦੇ ਹੋ ਅਤੇ ਨਾ ਹੀ ਮੇਰੀ ਇੱਛਾ ਹੈ ਕਿ ਜਿਹੜੀ ਵਸਤੂ ਮੈਂ ਤੁਹਾਡੇ ਪਾਸ ਲਿਆਇਆ ਹਾਂ ਉਸ ਦੇ ਬਦਲੇ ਧਨ ਪ੍ਰਾਪਤ ਕਰਾਂ ਜਾਂ ਤੁਹਾਡੇ ਵਿਚ ਸਤਿਕਾਰ ਪ੍ਰਾਪਤ ਕਰਕੇ ਤੁਹਾਡਾ ਬਾਦਸ਼ਾਹ ਬਣ ਜਾਵਾਂ।ਅੱਲਾਹ ਨੇ ਮੈਨੂੰ ਤੁਹਾਡੇ ਕੋਲ ਰਸੂਲ ਬਣਾ ਕੇ ਭੇਜਿਆ ਹੈ ਅਤੇ ਮੇਰੇ ਉੱਤੇ ਇਕ ਪੁਸਤਕ ਨਾਜ਼ਲ ਕੀਤੀ ਹੈ ਕਿ ਮੈਂ ਤੁਹਾਡੇ ਲਈ ਬਸ਼ੀਰ ਅਤੇ ਨਜ਼ੀਰ ਭਾਵ ਭਲੇ ਕੰਮਾਂ ਦੀ ਖ਼ੁਸ਼ਖ਼ਬਰੀ ਦੇਣ ਵਾਲਾ ਅਤੇ ਬੁਰੇ ਕੰਮਾਂ ਤੋਂ ਡਰਾਉਣ ਵਾਲਾ ਬਣਾਂ।ਇਸ ਲਈ ਮੈਂ ਅਪਣੇ ਰੱਬ ਵੱਲੋਂ ਆਇਆ ਸੰਦੇਸ਼ ਤੁਹਾਨੂੰ ਪਹੁੰਚਾ ਦਿੱਤਾ ਹੈ ਅਤੇ ਤੁਹਾਨੂੰ ਨਸੀਹਤ ਕਰ ਦਿੱਤੀ ਹੈ।ਜੇ ਤੁਸੀਂ ਇਸ ਵਸਤੂ (ਕੁਰਆਨ ਸ਼ਰੀਫ਼) ਨੂੰ ਸਵੀਕਾਰ ਕਰ ਲਵੋ ਜਿਹੜੀ ਮੈਂ ਤੁਹਾਡੇ ਕੋਲ ਲੈ ਕੇ ਆਇਆ ਹਾਂ ਤਾਂ ਉਸ ਵਿਚ ਤੁਹਾਡੇ ਲਈ ਸੰਸਾਰ ਅਤੇ ਆਖ਼ਰਤ ਦੋਹਾਂ ਥਾਵਾਂ ਤੇ ਖ਼ੁਸ਼ਨਸੀਬੀ ਹੈ ਅਤੇ ਜੇ ਤੁਸੀਂ ਇਸ ਨੂੰ ਰੱਦ ਕਰਦੇ ਹੋ ਤਾਂ ਮੈਂ ਰੱਬ ਦੇ ਹੁਕਮ ਉੱਤੇ ਉਦੋਂ ਤੱਕ ਸਬਰ ਕਰਾਂਗਾ ਜਦੋਂ ਤੱਕ ਰੱਬ ਤੁਹਾਡੇ ਅਤੇ ਮੇਰੇ ਵਿਚਕਾਰ ਫ਼ੈਸਲਾ ਨਹੀਂ ਕਰ ਦਿੰਦਾ"।
ਹਜ਼ਰਤ ਮੁਹੰਮਦ (ਸ.) ਦੇ ਮੂਹੋਂ ਅਜਿਹਾ ਉੱਤਰ ਸੁਣ ਕੇ ਕੁਰੈਸ਼ ਦੇ ਸਰਦਾਰਾਂ ਨੇ ਅਜੀਬ ਅਜੀਬ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਉਹ ਹਜ਼ਰਤ ਮੁਹੰਮਦ (ਸ.) ਨੂੰ ਆਖਣ ਲੱਗੇ ਕਿ, "ਤੁਸੀਂ ਕੋਈ ਮਨੁੱਖ ਨਹੀਂ ਸਗੋਂ ਅਲਫ਼-ਲੈਲਾ ਦੀਆਂ ਕਹਾਣੀਆਂ ਦਾ ਪਾਤਰ ਲੱਗਦੇ ਹੋ।ਸਾਡੀ ਧਰਤੀ ਵਿਚ ਪਾਣੀ ਦੀ ਘਾਟ ਕਾਰਨ ਜੀਵਨ ਬਹੁਤ ਕਠਨ ਹੈ।ਤੁਸੀਂ ਅਪਣੇ ਰੱਬ ਨੂੰ ਆਖ ਕੇ ਇੱਥੇ ਇਰਾਕ ਵਾਂਗ ਦਰਿਆ ਵਗਾ ਕੇ ਵਿਖਾਉ।ਜਾਂ ਅਪਣੇ ਰੱਬ ਨੂੰ ਕਹੋ ਕਿ ਉਹ ਕੁਸੀ ਬਿਨ ਕਲਾਬ ਸਮੇਤ ਸਾਡੇ ਪੁਰਖਾਂ ਨੂੰ ਕੁਝ ਸਮੇਂ ਲਈ ਜਿਉਂਦਾ ਕਰੇ ਅਤੇ ਉਹ ਆ ਕੇ ਤੇਰੀ ਨਬੁੱਵਤ ਦੀ ਪ੍ਰੋੜ੍ਹਤਾ ਕਰਨ।ਜਾਂ ਤੂੰ ਸਾਡੇ ਉੱਤੇ ਕੋਈ ਰੱਬੀ ਕਰੋਪੀ ਹੀ ਉਤਰਵਾ ਕੇ ਵਿਖਾ"।ਕੁਰੈਸ਼ ਦੇ ਪਤਵੰਤਿਆਂ ਦੀਆਂ ਕਹੀਆਂ ਗੱਲਾਂ ਹਜ਼ਰਤ ਮੁਹੰਮਦ (ਸ.) ਇਹ ਕਹਿ ਕੇ ਠੁਕਰਾਉਂਦੇ ਰਹੇ ਕਿ ਮੈਨੂੰ ਇਨ੍ਹਾਂ ਕੰਮਾਂ ਵਾਸਤੇ ਸੰਸਾਰ ਵਿਚ ਨਹੀਂ ਭੇਜਿਆ ਗਿਆ ਅਤੇ ਨਾ ਹੀ ਇਹ ਸ਼ਕਤੀਆਂ ਮੇਰੀ ਤਾਕਤ ਦੇ ਅਧੀਨ ਹਨ।ਮੇਰੇ ਪਾਸ ਮੇਰੀ ਵਿਦਿਆ ਅਤੇ ਗਿਆਨ ਭਰਪੂਰ ਜੀਵਨ ਮਾਰਗ ਹੈ।ਮੇਰੀ ਇਸ ਸੱਚਾਈ ਨੂੰ ਅਪਣੀ ਬੁੱਧੀ ਅਨੁਸਾਰ ਪਰਖ ਕੇ ਮੇਰੀ ਨਬੁੱਵਤ ਨੂੰ ਸਵੀਕਾਰ ਕਰੋ"।
ਹਜ਼ਰਤ ਮੁਹੰਮਦ (ਸ.) ਵੱਲੋਂ ਦਿੱਤੇ ਗਏ ਕੋਰੇ ਜਵਾਬ ਨੂੰ ਸੁਣ ਕੇ ਕੁਰੈਸ਼ ਦੇ ਸਰਦਾਰ ਭੜਕ ਗਏ ਅਤੇ ਅਬੂ ਤਾਲਿਬ ਨੂੰ ਕਹਿਣ ਲਈ ਉਸ ਕੋਲ ਗਏ ਕਿ ਉਹ ਅਪਣੇ ਭਤੀਜੇ ਨੂੰ ਸਮਝਾਵੇ।ਅਜਿਹਾ ਕਰਨਾ ਉਨ੍ਹਾਂ ਦੀ ਮਜਬੂਰੀ ਸੀ ਕਿਉਂ ਜੋ ਹਜ਼ਰਤ ਮੁਹੰਮਦ (ਸ.) ਦੇ ਸਮੇਂ ਅਰਬ ਵਿਚ ਕਬੀਲਾ ਸਿਸਟਮ ਦਾ ਬੋਲਬਾਲਾ ਸੀ।ਇਹ ਕਬੀਲੇ ਸਮਾਜ ਵਿਚ ਪਰਿਵਾਰ ਜਾਂ ਕਿਸੇ ਵਿਅਕਤੀ ਦੀ ਸੁਰੱਖਿਆ ਲਈ ਮਹੱਤਵਪੂਰਨ ਸੰਸਥਾ ਹੁੰਦੇ ਸਨ।ਕਿਸੇ ਵਿਅਕਤੀ ਉੱਤੇ ਹੱਥ ਚੁੱਕਣ ਦਾ ਅਰਥ ਚਾਹੇ ਉਹ ਹੱਕ ਤੇ ਹੋਵੇ ਜਾਂ ਨਾ ਹੋਵੇ, ਉਸ ਵਿਅਕਤੀ ਨਾਲ ਸਬੰਧਤ ਸਾਰੇ ਕਬੀਲੇ ਦੀ ਦੁਸ਼ਮਣੀ ਨੂੰ ਸੱਦਾ ਦੇਣਾ ਹੁੰਦਾ ਸੀ।ਇਹੋ ਕਾਰਨ ਸੀ ਕਿ ਇਸਲਾਮ ਦਾ ਰਾਹ ਰੋਕਣ ਲਈ ਕੁਰੈਸ਼ ਵਾਲਿਆਂ ਨੇ ਯਤਨ ਤਾਂ ਕੀਤੇ ਸਨ ਪਰ ਹਜ਼ਰਤ ਮੁਹੰਮਦ (ਸ.) ਵਿਰੁੱਧ ਕਿਸੇ ਕਿਸਮ ਦੇ ਜਾਨਲੇਵਾ ਹਮਲੇ ਦੀ ਹਿੰਮਤ ਨਾ ਕਰ ਸਕੇ।ਨਬੀ ਦੇ ਅਨੁਯਾਈਆਂ ਉੱਤੇ ਹੋਣ ਵਾਲੇ ਅੱਤਿਆਚਾਰ ਵੀ ਉਨ੍ਹਾਂ ਦੇ ਸਬੰਧੀਆਂ ਵੱਲੋਂ ਹੀ ਕੀਤੇ ਜਾਂਦੇ ਸਨ।
ਅਰਬ ਦੇ ਕਬੀਲਿਆਂ ਵਿਚ ਚੱਲਦੇ ਰਿਵਾਜਾਂ ਅਨੁਸਾਰ ਕੁਰੈਸ਼ ਦੇ ਸਰਦਾਰ ਹਜ਼ਰਤ ਮੁਹੰਮਦ (ਸ.) ਉੱਤੇ ਸਿੱਧਾ ਹਮਲਾ ਕਰਨ ਤੋਂ ਕੰਨੀ ਕਤਰਾਉਂਦੇ ਸਨ। ਭਾਵੇਂ ਹਾਸ਼ਮ ਪਰਿਵਾਰ ਦੇ ਮੁਖੀ ਅਬੂ ਤਾਲਿਬ ਨੇ ਅਜੇ ਤੱਕ ਇਸਲਾਮ ਕਬੂਲ ਤਾਂ ਨਹੀਂ ਕੀਤਾ ਸੀ ਪਰ ਉਸ ਦੀ ਖੁੱਲੀ ਹਮਾਇਤ ਅਪਣੇ ਭਤੀਜੇ ਹਜ਼ਰਤ ਮੁਹੰਮਦ (ਸ.) ਨੂੰ ਪ੍ਰਾਪਤ ਸੀ।ਮੱਕੇ ਦੇ ਹੁਕਮਰਾਨ ਕੁਰੈਸ਼ ਦੇ ਮੁਖੀਆਂ ਨੇ ਇਕ ਕਮੇਟੀ ਬਣਾਈ ਜਿਸ ਦਾ ਕੰਮ ਅਬੂ ਤਾਲਿਬ ਨੂੰ ਮਿਲ ਕੇ ਅਪਣੇ ਭਤੀਜੇ ਨੂੰ ਸਮਝਾਉਣਾ ਸੀ ਅਤੇ ਜੇ ਉਹ ਨਹੀਂ ਸਮਝਦਾ ਤਾਂ ਉਸ ਦੀ ਹਮਾਇਤ ਤੋਂ ਵੱਖ ਹੋਣ ਲਈ ਪ੍ਰੇਰਨਾ ਸੀ।ਇਸ ਕਮੇਟੀ ਵਿਚ ਉਤਬਾ ਪੁੱਤਰ ਰਬੀਆ, ਸ਼ੈਬਾ ਪੁੱਤਰ ਰਬੀਆ, ਅਬੂ ਸਫ਼ਿਆਨ, ਅਬੁੱਲ ਬਖ਼ਤਰੀ, ਆਸ ਪੁੱਤਰ ਹਾਸ਼ਮ, ਅਸਵਦ ਪੁੱਤਰ ਅਬਦੁਲ ਮੁਤਲਿਬ, ਅਬੂ ਜਹਿਲ ਅਤੇ ਵਲੀਦ ਪੁੱਤਰ ਮੁਗ਼ੈਰਾ ਸ਼ਾਮਲ ਸਨ।ਇਨ੍ਹਾਂ ਸਾਰਿਆਂ ਨੇ ਜਾ ਕੇ ਅਬੂ ਤਾਲਿਬ ਨੂੰ ਸ਼ਿਕਾਇਤ ਕੀਤੀ ਕਿ ਸਾਡੇ ਧਰਮ ਵਿਰੁੱਧ ਤੇਰੇ ਭਤੀਜੇ ਦੀਆਂ ਸਰਗਰਮੀਆਂ ਨਿੱਤ ਦਿਨ ਵਧਦੀਆਂ ਹੀ ਜਾ ਰਹੀਆਂ ਹਨ।ਉਸ ਨੂੰ ਰੋਕੋ ਜਾਂ ਉਸ ਨਾਲ ਸਾਨੂੰ ਆਪ ਨਿਪਟ ਲੈਣ ਦਿਉ।ਪਰ ਸਿੱਟਾ ਪਹਿਲੀਆਂ ਮੁਲਾਕਾਤਾਂ ਵਾਲਾ ਹੀ ਰਿਹਾ।

46. ਮੁਸਲਮਾਨਾਂ ਨੂੰ ਤੰਗ ਕਰਨਾ

ਜਦੋਂ ਕੁਰੈਸ਼ ਦੇ ਸਰਦਾਰਾਂ ਨੇ ਦੇਖਿਆ ਕਿ ਹਜ਼ਰਤ ਮੁਹੰਮਦ (ਸ.) ਨੂੰ ਇਸਲਾਮ ਦੀ ਦਾਅਵਤ ਤੋਂ ਰੋਕਣ ਲਈ ਉਹ ਵਾਰ ਵਾਰ ਅਸਫ਼ਲ ਹੋ ਰਹੇ ਹਨ ਤਾਂ ਉਨ੍ਹਾਂ ਨੇ ਤਬਲੀਗ਼ (ਪਰਚਾਰ) ਵਿਚ ਅੜਿੱਕੇ ਪਾਉਣ ਲਈ ਅਤੇ ਮੁਸਲਮਾਨਾਂ ਦਾ ਹੌਸਾ ਤੋੜਨ ਲਈ ਕਈ ਤਰ੍ਹਾਂ ਦੇ ਹੋਰ ਤਰੀਕੇ ਵਰਤਣੇ ਸ਼ੁਰੂ ਕਰ ਦਿੱਤੇ।
ਉਨ੍ਹਾਂ ਨੇ ਰਾਹ ਗਲੀ ਵਿਚ ਜਾਂਦਿਆਂ ਹਜ਼ਰਤ ਮੁਹੰਮਦ (ਸ.) ਅਤੇ ਉਨ੍ਹਾਂ ਦੇ ਪੈਰੋਕਾਰਾਂ ਨੂੰ ਭੱਦੀ ਸ਼ਬਦਾਵਲੀ ਵਾਲੇ ਨਵੇਂ ਨਵੇਂ ਮਜ਼ਾਕ ਕਰਨੇ ਸ਼ੁਰੂ ਕਰ ਦਿੱਤੇ।ਉਹ ਜਿੱਥੇ ਵੀ ਕਿਸੇ ਮੁਸਲਮਾਨ ਨੂੰ ਮਿਲਦੇ ਤਾਂ ਉਸ ਦਾ ਹੌਸਾ ਤੋੜਨ ਲਈ ਉਸ ਨੂੰ ਸੁਣਾ ਕੇ ਹਜ਼ਰਤ ਮੁਹੰਮਦ (ਸ.) ਬਾਰੇ ਆਖਦੇ ਕਿ ਉਹ ਆਦਮੀ ਜਿਸ ਉੱਤੇ ਕੁਰਆਨ ਨਾਜ਼ਲ ਹੋਇਆ ਹੈ ਉਹ ਤਾਂ ਪਾਗਲ ਅਤੇ ਜਾਦੂਗਰ ਹੈ।ਜਦੋਂ ਹਜ਼ਰਤ ਮੁਹੰਮਦ (ਸ.) ਸਹਾਬੀਆਂ ਦੇ ਨਾਲ ਜਾਂਦੇ ਤਾਂ ਉਹ ਲੋਕ ਆਖਦੇ ਦੇਖੋ ਜੀ ਆਹ ਚੱਲੇ ਨੇ ਉਹ ਲੋਕ ਜਿਨ੍ਹਾਂ ਉੱਤੇ ਰੱਬ ਨੇ ਅਹਿਸਾਨ ਕੀਤਾ ਹੈ।ਮੁਸ਼ਰਿਕਾਂ ਦੀਆਂ ਅਜਿਹੀਆਂ ਹਰਕਤਾਂ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਇੰਜ ਮਿਲਦਾ ਹੈ ਕਿ ਜਿਹੜੇ ਮੁਜਰਮ ਸਨ ਉਹ ਈਮਾਨ ਲਿਆਉਣ ਵਾਲਿਆਂ ਦਾ ਮਜ਼ਾਕ ਉਡਾਉਂਦੇ ਸਨ ਅਤੇ ਆਖਦੇ ਸਨ ਕਿ ਇਹ ਗੁਮਰਾਹ ਹੋ ਚੁੱਕੇ ਲੋਕ ਹਨ।
ਮੁਸ਼ਰਿਕ ਹਜ਼ਰਤ ਮੁਹੰਮਦ (ਸ.) ਦੀ ਤਾਲੀਮ ਦਾ ਮਜ਼ਾਕ ਉਡਾਉਂਦੇ ਅਤੇ ਉਸ ਤੇ ਸ਼ੱਕ ਪੈਦਾ ਕਰਨ ਦੀ ਕੋਸ਼ਿਸ਼ ਕਰਕੇ ਝੂਠਾ ਪ੍ਰਾਪੇਗੰਡਾ ਪੈਦਾ ਕਰਦੇ ਅਤੇ ਬੇਢੰਗੇ ਇਤਰਾਜ਼ਾਂ ਦਾ ਨਿਸ਼ਾਨਾ ਬਣਾਉਂਦੇ।ਬਹੁਗਿਣਤੀ ਵਿਚ ਹੋਣ ਦੇ ਨਾਤੇ ਉਹ ਇਹ ਸਾਰਾ ਕੁਝ ਇਸ ਜ਼ੋਰ-ਸ਼ੋਰ ਨਾਲ ਕਰਦੇ ਕਿ ਗ਼ੈਰ ਮੁਸਲਿਮ ਉਨ੍ਹਾਂ ਦੀ ਗੱਲ ਸੁਨਣ ਲਈ ਮਜਬੂਰ ਹੋ ਜਾਂਦੇ।ਉਹ ਕੁਰਆਨ ਸ਼ਰੀਫ਼ ਬਾਰੇ ਆਖਦੇ ਕਿ ਇਹ ਤਾਂ ਪੁਰਾਣੀਆਂ ਕਹਾਣੀਆਂ ਹਨ ਜਿਨ੍ਹਾਂ ਨੂੰ ਹਜ਼ਰਤ ਮੁਹੰਮਦ (ਸ.) ਨੇ ਲਿਖਵਾ ਲਿਆ ਹੈ।ਉਹ ਮੁਹੰਮਦ (ਸ.) ਬਾਰੇ ਆਖਦੇ ਕਿ ਇਹ ਕਿਹੋ ਜਿਹਾ ਰਸੂਲ ਹੈ ਜਿਹੜਾ ਖਾਂਦਾ ਪੀਂਦਾ ਵੀ ਹੈ ਅਤੇ ਗਲੀਆਂ ਬਾਜ਼ਾਰਾਂ ਵਿਚ ਤੁਰਦਾ-ਫਿਰਦਾ ਵੀ ਹੈ।
ਮੁਸ਼ਰਿਕ ਪਹਿਲਾਂ ਤੋਂ ਪ੍ਰਚੱਲਤ ਅਫ਼ਸਾਨੇ ਅਤੇ ਕਹਾਣੀਆਂ ਨਾਲ ਕੁਰਆਨ ਸ਼ਰੀਫ਼ ਦਾ ਮੁਕਾਬਲਾ ਕਰਦੇ ਅਤੇ ਲੋਕਾਂ ਨੂੰ ਝੂਠੀਆਂ ਕਹਾਣੀਆਂ ਵਿਚ ਉਲਝਾਕੇ ਗੁਮਰਾਹ ਕਰਦੇ।ਕੁਰੈਸ਼ ਵਾਲਿਆਂ ਦੀਆਂ ਅਜਿਹੀਆਂ ਇਲਜ਼ਾਮ ਤਰਾਸ਼ੀਆਂ ਸੁਣ ਕੇ ਇਕ ਵਾਰ ਕੁਰੈਸ਼ ਦੇ ਬੁਲਾਰੇ ਨਜ਼ਰ ਪੁਤਰ ਹਾਰਸ ਕਹਿਣ ਲੱਗੇ, "ਕੁਰੈਸ਼ ਦੇ ਲੋਕੋ! ਰੱਬ ਦੀ ਸਹੁੰ ਤੁਹਾਡੇ ਸਿਰ ਉੱਤੇ ਅਜਿਹੀ ਆਫ਼ਤ ਆ ਪਈ ਹੈ ਜਿਸ ਦਾ ਤੁਹਾਡੇ ਕੋਲ ਕੋਈ ਤੋੜ ਨਹੀਂ।ਮੁਹੰਮਦ (ਸ.) ਜਦੋਂ ਜਵਾਨ ਸਨ ਤਾਂ ਤੁਹਾਡੇ ਸਭ ਤੋਂ ਵੱਧ ਪਸੰਦ ਦੇ ਵਿਅਕਤੀ ਸਨ।ਤੁਹਾਡੀ ਨਿਗਾਹ ਵਿਚ ਸਭ ਤੋਂ ਸੱਚੇ ਅਤੇ ਸਭ ਤੋਂ ਵੱਧ ਈਮਾਨਦਾਰ ਸਨ।ਹੁਣ ਜਦੋਂ ਉਨ੍ਹਾਂ ਦੀਆਂ ਪੁੜਪੁੜੀਆਂ ਉੱਤੇ ਸਫ਼ੈਦੀ ਆ ਗਈ ਹੈ ਅਤੇ ਉਹ ਤੁਹਾਡੇ ਕੋਲ ਕੁਝ ਅਕਲਮੰਦੀ ਦੀਆਂ ਗੱਲਾਂ ਲੈ ਕੇ ਆਏ ਹਨ ਤਾਂ ਤੁਸੀਂ ਕਹਿ ਰਹੇ ਹੋ ਕਿ ਉਹ ਜਾਦੂਗਰ ਹਨ, ਕਾਹਨ ਹਨ, ਸ਼ਾਇਰ ਹਨ ਜਾਂ ਪਾਗਲ ਹਨ।ਜਦੋਂ ਕਿ ਨਾ ਉਹ ਜਾਦੂਗਰ ਹਨ ਅਤੇ ਨਾ ਕਾਹਨ।ਨਾ ਸ਼ਾਇਰ ਹਨ ਅਤੇ ਨਾ ਹੀ ਪਾਗਲ।ਹਜ਼ਰਤ ਮੁਹੰਮਦ (ਸ.) ਵਿਚ ਇਨ੍ਹਾਂ ਸਾਰੀਆਂ ਬੁਰਾਈਆਂ ਦਾ ਇਕ ਵੀ ਲੱਛਣ ਨਜ਼ਰ ਨਹੀਂ ਆਉਂਦਾ।ਨਾ ਉਹ ਅਪਣੀ ਗੱਲ ਕਹਿਣ ਲੱਗੇ ਘਬਰਾਉਂਦੇ ਹਨ ਅਤੇ ਨਾ ਉਨ੍ਹਾਂ ਦੀਆਂ ਗੱਲਾਂ ਵਿਚ ਕੋਈ ਬਹਿਕੀ ਹੋਈ ਮਨ-ਘੜਤ ਕਹਾਣੀ ਨਜ਼ਰ ਆਉਂਦੀ ਹੈ।ਕੁਰੈਸ਼ ਦੇ ਲੋਕੋ ਰੱਬ ਦੀ ਸਹੂੰ ਤੁਹਾਡੇ ਉੱਤੇ ਨਾ ਟਾਲੀ ਜਾਣ ਵਾਲੀ ਆਫ਼ਤ ਆ ਪਈ ਹੈ"।
ਕੁਰੈਸ਼ ਵਾਲਿਆਂ ਨੂੰ ਤਾੜਨਾ ਕਰਨ ਤੋਂ ਬਾਅਦ ਨਜ਼ਰ ਪੁੱਤਰ ਹਾਰਸ ਅਰਬ ਦੇ ਨੇੜਲੇ ਮੁਲਕ ਹੀਰਾ ਗਿਆ ਅਤੇ ਉੱਥੋਂ ਬਹੁਤ ਸਾਰੇ ਬਾਦਸ਼ਾਹਾਂ ਦੇ ਕਿੱਸੇ ਅਤੇ ਅਦਭੁਤ ਕਹਾਣੀਆਂ ਸੁਣ ਕੇ ਵਾਪਸ ਪਰਤ ਆਇਆ।ਹੁਣ ਉਹ ਹਜ਼ਰਤ ਮੁਹੰਮਦ (ਸ.) ਦੇ ਪਿੱਛੇ ਲੱਗਿਆ ਰਹਿੰਦਾ।ਜਦੋਂ ਹਜ਼ਰਤ ਮੁਹੰਮਦ (ਸ.) ਕਿਸੇ ਇਕੱਠ ਨੂੰ ਸੰਬੋਧਤ ਕਰਕੇ ਟੁਰਦੇ ਤਾਂ ਉਹ ਝੱਟ ਉੱਥੇ ਪਹੁੰਚ ਜਾਂਦਾ ਅਤੇ ਅਪਣੀਆਂ ਕਹਾਣੀਆਂ ਸੁਣਾ ਕੇ ਆਖਦਾ, "ਰੱਬ ਦੀ ਸਹੁੰ ਮੁਹੰਮਦ (ਸ.) ਦੀਆਂ ਸੁਣਾਈਆਂ ਹੋਈਆਂ ਕਹਾਣੀਆਂ ਮੈਥੋਂ ਵਧੀਆ ਨਹੀਂ ਹਨ"।
ਪ੍ਰਸਿੱਧ ਸਹਾਬੀ ਇਬਨੇ ਅੱਬਾਸ ਦੱਸਦੇ ਨੇ ਕਿ ਨਜ਼ਰ ਪੁੱਤਰ ਹਾਰਸ ਨੇ ਕਈ ਲੌਂਡੀਆਂ ਖ਼ਰੀਦੀਆਂ ਹੋਈਆਂ ਹਨ।ਜਦੋਂ ਉਹ ਕਿਸੇ ਆਦਮੀ ਬਾਰੇ ਸੁਣਦਾ ਕਿ ਉਹ ਹਜ਼ਰਤ ਮੁਹੰਮਦ (ਸ.) ਦੀਆਂ ਗੱਲਾਂ ਉੱਤੇ ਧਿਆਨ ਦੇ ਰਿਹਾ ਹੈ ਤਾਂ ਉਸ ਕੋਲ ਇਕ ਲੌਂਡੀ ਛੱਡ ਦਿੰਦਾ ਜਿਹੜੀ ਉਸ ਨੂੰ ਖਵਾਉਂਦੀ-ਪਿਲਾਉਂਦੀ ਅਤੇ ਨਾਚ-ਗਾਣੇ ਨਾਲ ਉਸ ਦਾ ਮਨ ਪਰਚਾਉਂਦੀ।ਉਹ ਉਦੋਂ ਤੱਕ ਉਸ ਦਾ ਪਿੱਛਾ ਨਾ ਛੱਡਦੀ ਜਦੋਂ ਤੱਕ ਉਸ ਨੂੰ ਭਰੋਸਾ ਨਾ ਹੋ ਜਾਂਦਾ ਕਿ ਹੁਣ ਇਹ ਇਸਲਾਮ ਦੀਆਂ ਸਿੱਖਿਆਵਾਂ ਪ੍ਰਾਪਤ ਕਰਨ ਲਈ ਪਰਤ ਕੇ ਨਹੀਂ ਜਾਵੇਗਾ।
ਕੁਰੈਸ਼ ਦੇ ਸਰਦਾਰਾਂ ਨੇ ਹਜ਼ਰਤ ਮੁਹੰਮਦ (ਸ.) ਦੇ ਦੀਨ ਨੂੰ ਵਧਣੋਂ-ਫੁੱਲਣੋਂ ਰੋਕਣ ਲਈ ਸੌਦੇਬਾਜ਼ੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਆਖਿਆ ਕਿ ਕੁਝ ਗੱਲਾਂ ਅਸੀਂ ਤੁਹਾਡੇ ਧਰਮ ਦੀਆਂ ਮੰਨ ਲੈਂਦੇ ਹਾਂ ਅਤੇ ਕੁਝ ਗੱਲਾਂ ਤੁਸੀਂ ਸਾਡੇ ਧਰਮ ਦੀਆਂ ਮੰਨ ਲਵੋ।ਇਬਨੇ ਜੁਰੈਰ ਅਤੇ ਤਬਰਾਨੀ ਦੱਸਦੇ ਹਨ ਕਿ ਮੁਸ਼ਰਿਕਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਪੇਸ਼ਕਸ਼ ਕੀਤੀ ਕਿ ਇਕ ਸਾਲ ਤੁਸੀਂ ਸਾਡੇ ਖ਼ੁਦਾਵਾਂ (ਬੁੱਤਾਂ) ਦੀ ਪੂਜਾ ਕਰਿਆ ਕਰੋ ਅਤੇ ਇਕ ਸਾਲ ਅਸੀਂ ਤੁਹਾਡੇ ਖ਼ੁਦਾ ਦੀ ਇਬਾਦਤ ਕਰਿਆ ਕਰਾਂਗੇ।ਅਬਦ ਪੁੱਤਰ ਹੁਮੈਦ ਦੱਸਦੇ ਨੇ ਕਿ ਮੁਸ਼ਰਿਕਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਕਿਹਾ ਕਿ ਜੇ ਤੁਸੀਂ ਸਾਡੇ ਖ਼ੁਦਾਵਾਂ ਨੂੰ ਕਬੂਲ ਕਰ ਲਵੋ ਤਾਂ ਅਸੀਂ ਵੀ ਤੁਹਾਡੇ ਖ਼ੁਦਾ ਦੀ ਇਬਾਦਤ ਕਰਨੀ ਕਬੂਲ ਕਰ ਲਵਾਂਗੇ।
ਨਵੁੱਬਤ ਤੋਂ ਚਾਰ ਸਾਲ ਬਾਅਦ ਜਦੋਂ ਮੱਕੇ ਦੇ ਕੁਰੈਸ਼ ਵਾਲਿਆਂ ਦੀਆਂ ਹਜ਼ਰਤ ਮੁਹੰਮਦ (ਸ.) ਨੂੰ ਦੀਨ ਫੈਲਾਉਣ ਦੇ ਰਸਤੇ ਤੋਂ ਰੋਕਣ ਲਈ ਘੜੀਆਂ ਸਾਰੀਆਂ ਸਕੀਮਾ ਫੇਲ੍ਹ ਹੋ ਗਈਆਂ ਤਾਂ ਉਨ੍ਹਾਂ ਨੇ ਇਕ ਵਾਰ ਫੇਰ ਕੁਰੈਸ਼ ਦੇ ਪੰਝੀ ਚੋਣਵੇਂ ਸਰਦਾਰਾਂ ਦੀ ਇਕ ਕਮੇਟੀ ਬਣਾਈ ਜਿਸ ਦਾ ਪ੍ਰਧਾਨ ਹਜ਼ਰਤ ਮੁਹੰਮਦ (ਸ.) ਦਾ ਚਾਚਾ ਅਬੂ ਲਹਿਬ ਸੀ।ਇਸ ਕਮੇਟੀ ਨੇ ਫ਼ੈਸਲਾ ਕੀਤਾ ਕਿ ਮੁਸਲਮਾਨਾਂ ਦੀ ਵਧ ਰਹੀ ਗਿਣਤੀ ਨੂੰ ਨੱਥ ਪਾਉਣ ਲਈ ਸਖ਼ਤੀਆਂ ਕੀਤੀਆਂ ਜਾਣ।ਕੁਰੈਸ਼ ਦੇ ਇਸ ਫ਼ੈਸਲੇ ਤੇ ਅਮਲ ਕਰਨਾ ਜਿੰਨਾ ਗ਼ਰੀਬ ਮੁਸਲਮਾਨਾਂ ਉੱਤੇ ਆਸਾਨ ਸੀ ਉਨਾ ਹੀ ਹਜ਼ਰਤ ਮੁਹੰਮਦ (ਸ.) ਉੱਤੇ ਮੁਸ਼ਕਿਲ।ਕਿਉਂ ਜੋ ਉਹ ਅਬੂ ਤਾਲਿਬ ਦੇ ਡਰ ਤੋਂ ਆਪ ਵਲ ਅੱਖ ਚੁੱਕਣ ਸਮੇਂ ਸੌ ਵਾਰ ਸੋਚਦੇ ਸਨ ਪਰ ਇਹ ਵੀ ਨਹੀਂ ਚਾਹੁੰਦੇ ਸਨ ਕਿ ਚੁੱਪ-ਚਾਪ ਬੈਠ ਜਾਣ ਅਤੇ ਇਸਲਾਮ ਵਧਦਾ ਫੁਲਦਾ ਰਹੇ।ਲੰਬੀ ਸੋਚ ਵਿਚਾਰ ਤੋਂ ਬਾਅਦ ਮੁਸ਼ਰਿਕਾਂ ਨੇ ਅਬੂ ਲਹਿਬ ਦੀ ਸਰਦਾਰੀ ਹੇਠ ਹਜ਼ਰਤ ਮੁਹੰਮਦ (ਸ.) ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ।
ਅਬੂ ਲਹਿਬ ਨੇ ਆਪ ਨੂੰ ਤੰਗ ਅਤੇ ਪਰੇਸ਼ਾਨ ਕਰਨ ਦਾ ਕੰਮ ਅਪਣੇ ਘਰ ਤੋਂ ਹੀ ਸ਼ੁਰੂ ਕੀਤੀ।ਹਜ਼ਰਤ ਮੁਹੰਮਦ (ਸ.) ਦੇ ਨਬੀ ਬਣਨ ਤੋਂ ਪਹਿਲਾਂ ਉਨ੍ਹਾਂ ਦੀਆਂ ਦੋ ਧੀਆਂ ਰੁਕੱਈਆ ਅਤੇ ਉੱਮੇ ਕਲਸੂਮ ਅਬੂ ਲਹਿਬ ਦੇ ਦੋ ਪੁਤਰਾਂ ਉਤਬਾ ਅਤੇ ਅਤੀਬਾ ਨੂੰ ਨਿਕਾਹੀਆਂ ਹੋਈਆਂ ਹਨ ਪਰ ਅਜੇ ਵਿਦਾਇਗੀ ਨਹੀਂ ਸੀ ਹੋਈ।ਕੁਰੈਸ਼ ਦੇ ਸਰਦਾਰਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਮਾਨਸਕ ਤੌਰ ਤੇ ਪ੍ਰੇਸ਼ਾਨ ਕਰਨ ਲਈ ਅਬੂ ਲਹਿਬ ਨੂੰ ਕਹਿ ਕੇ ਦੋਵਾਂ ਨੂੰ ਤਲਾਕ ਦਿਲਵਾ ਦਿੱਤਾ।ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਦੇ ਤੀਸਰੇ ਜਵਾਈ ਬੀਬੀ ਜੈਨਬ ਦੇ ਘਰ ਵਾਲੇ ਉੱਤੇ ਵੀ ਦਬਾਅ ਪਾਇਆ ਪਰ ਉਸ ਨੇ ਕੁਰੈਸ਼ ਦੇ ਕਿਸੇ ਵੀ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਸਫ਼ਾ ੧੨੩ ਉੱਤੇ ਲਿਖਦਾ ਹੈ ਕਿ, "ਜਦੋਂ ਹਜ਼ਰਤ ਮੁਹੰਮਦ (ਸ.) ਦੇ ਦੂਜੇ ਪੁੱਤਰ ਅਬਦੁੱਲਾ ਦਾ ਇੰਤਕਾਲ ਹੋਇਆ ਤਾਂ ਅਬੂ ਲਹਿਬ ਇਹ ਖ਼ੁਸ਼ਖ਼ਬਰੀ ਦੇਣ ਲਈ ਅਪਣੀ ਢਾਣੀ ਕੋਲ ਗਿਆ ਅਤੇ ਉਨ੍ਹਾਂ ਨੂੰ ਦੱਸਿਆ ਕਿ ਮੁਹੰਮਦ ਨਸਲ ਬਰੀਦਾ (ਨਸਲ ਵਿਹੂਣਾ) ਹੋ ਗਿਆ ਹੈ"।ਇਸ ਤੋਂ ਸਾਰੀ ਢਾਣੀ ਨੇ ਰਲ ਕੇ ਖ਼ੁਸ਼ੀਆਂ ਮਨਾਈਆਂ।
ਅਬੂ ਲਹਿਬ ਦੀ ਪਤਨੀ ਦਾ ਨਾਂ ਅਰਵੀਆ ਸੀ ਜਿਹੜੀ ਹਰਬ ਪੁੱਤਰ ਉਮੱਈਆ ਦੀ ਪੁੱਤਰੀ ਅਤੇ ਅਬੂ ਸਫ਼ਿਆਨ ਦੀ ਭੈਣ ਸੀ।ਅਪਣੇ ਪਤੀ ਅਬੂ ਲਹਿਬ ਵਾਂਗ ਉਹ ਵੀ ਹਜ਼ਰਤ ਮੁਹੰਮਦ (ਸ.) ਨੂੰ ਸਤਾਉਣ ਵਿਚ ਕੋਈ ਕਸਰ ਬਾਕੀ ਨਾ ਛੱਡਦੀ।ਉਹ ਰਾਤ ਦੇ ਹਨੇਰੇ ਵਿਚ ਹਜ਼ਰਤ ਮੁਹੰਮਦ (ਸ.) ਦੇ ਦਰਵਾਜ਼ੇ ਅੱਗੇ ਝਾੜੀਆਂ ਖਿਲਾਰ ਦਿਆ ਕਰਦੀ ਸੀ ਤਾਂ ਜੋ ਜਦੋਂ ਉਹ ਸਵੇਰੇ ਨਮਾਜ਼ ਪੜ੍ਹਨ ਲਈ ਜਾਣ ਤਾਂ ਉਨ੍ਹਾਂ ਨੂੰ ਕੰਡੇ ਚੁਭਣ।ਉਹ ਨਬੀ ਦੇ ਖ਼ਿਲਾਫ਼ ਸਾਰਾ ਦਿਨ ਭੱਦੀ ਜ਼ੁਬਾਨ ਵਰਤਦੀ ਰਹਿੰਦੀ, ਨਵੇਂ ਤੋਂ ਨਵੇਂ ਫ਼ਿਤਨੇ ਖੜ੍ਹੇ ਕਰਦੀ ਰਹਿੰਦੀ ਤਾਂ ਜੋ ਕਿਸੇ ਤਰ੍ਹਾਂ ਲੜਾਈ ਦੀ ਅੱਗ ਭੜਕਦੀ ਰਹੇ।ਕੁਰਆਨ ਸ਼ਰੀਫ਼ ਵਿਚ ਉਸ ਦੇ ਬਾਰੇ ਜਿਹੜੀ ਆਇਤ ਉਤਰੀ ਉਸ ਵਿਚ ਉਸ ਨੂੰ ਲਕੜੀ ਢੋਣ ਵਾਲੀ ਲਿਖਿਆ ਗਿਆ ਹੈ।
'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਕੁਰਆਨ ਸ਼ਰੀਫ਼ ਵਿਚ ਉਸ ਦੀ ਮੁਜ਼ੱਮਤ (ਆਲੋਚਣਾ) ਕੀਤੀ ਗਈ ਹੈ ਤਾਂ ਉਹ ਮੁੱਠੀ ਵਿਚ ਪੱਥਰ ਚੁੱਕ ਕੇ ਹਜ਼ਰਤ ਮੁਹੰਮਦ (ਸ.) ਦੀ ਭਾਲ ਵਿਚ ਖ਼ਾਨਾ ਕਾਅਬਾ ਦੇ ਅੰਦਰ ਚਲੀ ਗਈ।ਉਸ ਸਮੇਂ ਆਪ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਨਾਲ ਖ਼ਾਨਾ ਕਾਅਬਾ ਵਿਚ ਮੌਜੂਦ ਸਨ ਪਰ ਰੱਬ ਨੇ ਉਸ ਦੀ ਨਿਗਾਹ ਫੜ ਲਈ ਅਤੇ ਉਹ ਹਜ਼ਰਤ ਮੁਹੰਮਦ (ਸ.) ਨੂੰ ਦੇਖ ਨਾ ਸਕੀ।ਉਹ ਸਾਹਮਣੇ ਖੜ੍ਹੇ ਅਬੂ ਬਕਰ ਸਿੱਦੀਕ (ਰਜ਼ੀ.) ਨੂੰ ਪੁੱਛਣ ਲੱਗੀ ਕਿ ਅਬੂ ਬਕਰ ਤੇਰਾ ਸਾਥੀ ਕਿੱਥੇ ਹੈ।ਮੈਨੂੰ ਪਤਾ ਲੱਗਿਆ ਹੈ ਕਿ ਉਹ ਮੇਰੀ ਬੁਰਾਈ ਕਰਦਾ ਹੈ।ਜੇ ਉਹ ਮੈਨੂੰ ਮਿਲ ਗਿਆ ਤਾਂ ਉਸ ਨੂੰ ਇਹ ਪੱਥਰ ਮਾਰਾਂਗੀ।
ਅਬੂ ਲਹਿਬ ਹਜ਼ਰਤ ਮੁਹੰਮਦ (ਸ.) ਦਾ ਚਾਚਾ ਵੀ ਸੀ ਅਤੇ ਪੜੋਸੀ ਵੀ।ਉਸ ਦੇ ਘਰ ਦੀ ਕੰਧ ਆਪ ਦੇ ਘਰ ਦੀ ਕੰਧ ਦੇ ਨਾਲ ਲਗਦੀ ਸੀ ਪਰ ਉਹ ਸਦਾ ਆਪ ਨੂੰ ਸਤਾਉਣ ਦੇ ਤਰੀਕੇ ਲੱਭਦਾ ਰਹਿੰਦਾ ਅਤੇ ਘਰ ਵਿਚ ਜਵਾਨ ਪੋਤੀਆਂ (ਮੁਹੰਮਦ (ਸ.) ਦੀਆਂ ਧੀਆਂ) ਦੀ ਵੀ ਪਰਵਾਹ ਨਾ ਕਰਦਾ।ਅਬੂ ਲਹਿਬ ਤੋਂ ਬਿਨਾ ਹੁਕਮ ਪੁੱਤਰ ਅਬੀ ਇਲਿਆਸ, ਉਤਬਾ ਪੁਤਰ ਅਬੀ ਮੁਐਤ, ਅਦੀ ਪੁੱਤਰ ਹਮਜ਼ਾ ਸਾਰੇ ਆਪ ਦੇ ਪੜੋਸੀ ਸਨ ਅਤੇ ਹੁਕਮ ਪੁਤਰ ਅਬੀ ਇਲਿਆਸ ਤੋਂ ਬਿਨਾ ਕੋਈ ਵੀ ਮੁਸਲਮਾਨ ਨਹੀਂ ਹੋਇਆ ਸੀ।ਇਨ੍ਹਾਂ ਨੇ ਆਪ ਨੂੰ ਸਤਾਉਣ ਦੇ ਨਵੇਂ ਨਵੇਂ ਤਰੀਕੇ ਤਲਾਸ਼ ਕਰ ਲਏ ਸਨ।ਜਦੋਂ ਆਪ ਨਮਾਜ਼ ਪੜ੍ਹਦੇ ਤਾਂ ਮਰੀ ਹੋਈ ਬੱਕਰੀ ਦੇ ਗੰਦੇ ਅੰਗ ਆਪ ਉੱਤੇ ਸੁਟ ਦਿੱਤੇ ਜਾਂਦੇ ਜਾਂ ਆਪ ਦੇ ਘਰ ਚੁੱਲ੍ਹੇ ਉੱਤੇ ਧਰੀ ਹਾਂਡੀ ਵਿਚ ਪਾ ਦਿੱਤੇ ਜਾਂਦੇ।
ਉਕਬਾ ਪੁੱਤਰ ਅੱਦੀ ਮੁਈਤ ਨੇ ਤਾਂ ਆਪ ਨੂੰ ਸਤਾਉਣ ਦੀ ਹੱਦ ਹੀ ਕਰ ਛੱਡੀ ਸੀ।ਸਹੀ ਬੁਖ਼ਾਰੀ ਵਿਚ ਲਿਖਿਆ ਮਿਲਦਾ ਹੈ ਕਿ ਇਕ ਦਿਨ ਆਪ ਖ਼ਾਨਾ ਕਾਅਬਾ ਦੇ ਨੇੜੇ ਨਮਾਜ਼ ਪੜ੍ਹ ਰਹੇ ਸਨ।ਜਦੋਂ ਆਪ ਸਿਜਦੇ ਨੂੰ ਗਏ ਤਾਂ ਉਸ ਨੇ aੂਂਠ ਦੀ ਭਾਰੀ ਓਝੜੀ ਆਪ ਦੀ ਪਿੱਠ ਉੱਤੇ ਸੁੱਟ ਦਿੱਤੀ ਅਤੇ ਦੂਜਿਆਂ ਨਾਲ ਹਾਸਾ ਸਾਂਝਾ ਕਰਨ ਲੱਗਿਆ।ਓਝੜੀ ਦੇ ਭਾਰ ਨਾਲ ਆਪ ਸਿਜਦੇ ਵਿੱਚੋਂ ਉੱਠ ਨਾ ਸਕੇ।ਬੀਬੀ ਫ਼ਾਤਮਾ ਨੇ ਦੇਖਿਆ ਤਾਂ ਓਝੜੀ ਨੂੰ ਹਟਾਇਆ।ਆਪ ਨੇ ਦੁਖੀ ਹੋ ਕੇ ਬਦ-ਦੁਆ ਕੀਤੀ ਕਿ "ਯਾ ਅੱਲ੍ਹਾਹ! ਤੂੰ ਕੁਰੈਸ਼ ਨੂੰ ਪਕੜ ਲੇ"।ਆਪ ਦੀ ਬਦ-ਦੁਆ ਦਾ ਕੁਰੈਸ਼ ਵਾਲਿਆਂ ਨੇ ਬਹੁਤ ਬੁਰਾ ਮਨਾਇਆ ਕਿਉਂ ਜੋ ਅਰਬਾਂ ਦਾ ਅਕੀਦਾ ਸੀ ਕਿ ਇਸ ਸ਼ਹਿਰ ਵਿਚ ਦੁਆਵਾਂ ਕਬੂਲ ਕੀਤੀਆਂ ਜਾਂਦੀਆਂ ਹਨ।ਆਪ ਨੇ ਸਾਰੇ ਸਤਾਉਣ ਵਾਲਿਆਂ ਦਾ ਨਾਂ ਲੈ ਲੈ ਕੇ ਬਦ-ਦੁਆ ਦਿੱਤੀ।ਇਕ ਸਹਾਬੀ ਇਬਨੇ ਮਸਊਦ ਦੱਸਦੇ ਨੇ ਕਿ ਬਦਰ ਦੀ ਲੜਾਈ ਵਿਚ ਇਹ ਸਾਰੇ ਦੇ ਸਾਰੇ ਮਾਰੇ ਗਏ।ਇਨ੍ਹਾਂ ਦੀ ਗਿਣਤੀ ਸੱਤ ਸੀ।
ਇਕ ਦਿਨ ਹਜ਼ਰਤ ਮੁਹੰਮਦ (ਸ.) ਨੇ ਕਾਅਬੇ ਵਿਚ ਜਾ ਕੇ ਕੁਰਆਨ ਸ਼ਰੀਫ਼ ਪੜ੍ਹਨਾ ਸ਼ੁਰੂ ਕਰ ਦਿੱਤਾ।ਮੁਸ਼ਰਿਕਾਂ ਨੇ ਇਸ ਨੂੰ ਕਾਅਬੇ ਦੀ ਪਵਿੱਤਰਤਾ ਭੰਗ ਕਰਨ ਦਾ ਬਹਾਨਾ ਬਣਾ ਕੇ ਆਪ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।ਆਪ ਲਹੂ-ਲੁਹਾਨ ਹੋ ਗਏ।ਅਚਾਨਕ ਬੀਬੀ ਖ਼ਦੀਜਾ (ਰਜ਼ੀ.) ਦੇ ਪਹਿਲੇ ਪਤੀ ਦਾ ਪੁੱਤਰ ਹਾਰਸ ਜਿਸ ਨੂੰ ਹਜ਼ਰਤ ਮੁਹੰਮਦ (ਸ.) ਨੇ ਹੀ ਪਾਲਿਆ ਸੀ ਉੱਥੇ ਆ ਗਿਆ। ਜਦੋਂ ਉਸ ਨੇ ਕੁਰੈਸ਼ ਵਾਲਿਆਂ ਨੂੰ ਰੋਕਨਾ ਚਾਹਿਆ ਤਾਂ ਸਾਰੇ ਉਸ ਉੱਤੇ ਟੁੱਟ ਪਏ ਅਤੇ ਤੇਜ਼ ਤਲਵਾਰਾਂ ਨਾਲ ਉਸ ਨੂੰ ਸ਼ਹੀਦ ਕਰ ਦਿੱਤਾ।ਹਜ਼ਰਤ ਹਾਰਸ (ਰਜ਼ੀ.) ਇਸਲਾਮ ਦੀ ਰਾਹ ਵਿਚ ਸ਼ਹੀਦ ਹੋਣ ਵਾਲੇ ਪਹਿਲੇ ਮੁਸਲਮਾਨ ਸਨ।
ਅਬੂ ਜਹਿਲ ਕਦੇ ਕਦੇ ਹਜ਼ਰਤ ਮੁਹੰਮਦ (ਸ.) ਦੀ ਸੰਗਤ ਵਿਚ ਆ ਕੇ ਬੈਠ ਜਾਂਦਾ, ਕੁਰਆਨ ਸ਼ਰੀਫ਼ ਦੀ ਤਲਾਵਤ ਸੁਣਦਾ ਅਤੇ ਮਜ਼ਾਕ ਉਡਾਉਣ ਦੇ ਬਹਾਨੇ ਲੱਭਦਾ ਰਹਿੰਦਾ।ਉਸ ਨੇ ਜਿਸ ਦਿਨ ਪਹਿਲੀ ਵਾਰ ਨਬੀ ਨੂੰ ਨਮਾਜ਼ ਪੜ੍ਹਦਾ ਦੇਖਿਆ ਉਸੇ ਦਿਨ ਤੋਂ ਰੋਕਨਾ ਸ਼ੁਰੂ ਕਰ ਦਿੱਤਾ।ਇਕ ਦਿਨ ਆਪ ਮੁਕਾਮੇ ਇਬਰਾਹੀਮ ਨਾਂ ਦੇ ਸਥਾਨ ਤੇ ਨਮਾਜ਼ ਪੜ੍ਹ ਰਹੇ ਸਨ, ਉਹ ਮੁਹੰਮਦ (ਸ.) ਨੂੰ ਦੇਖਦਿਆਂ ਹੀ ਅੱਗ-ਬਗੋਲਾ ਹੋ ਗਿਆ ਅਤੇ ਧਮਕੀ ਭਰੇ ਅੰਦਾਜ਼ ਵਿਚ ਆਖਣ ਲੱਗਿਆ, ਮੁਹੰਮਦ ਕੀ ਮੈਂ ਤੈਨੂੰ ਨਮਾਜ਼ ਪੜ੍ਹਨ ਤੋਂ ਰੋਕਿਆ ਨਹੀਂ ਸੀ"? ਹਜ਼ਰਤ ਮੁਹੰਮਦ (ਸ.) ਨੇ ਵੀ ਉਸ ਨੂੰ ਝਿੜਕਦਿਆਂ ਜਵਾਬ ਦੇ ਦਿੱਤਾ।ਜਵਾਬ ਸੁਣ ਕੇ ਉਹ ਆਖਣ ਲੱਗਿਆ "ਕੀ ਤੂੰ ਨਹੀਂ ਜਾਣਦਾ ਕਿ ਇਸ ਵਾਦੀ ਵਿਚ ਮੇਰੇ ਨਾਲ ਸਭ ਤੋਂ ਵੱਧ ਲੋਕ ਨੇ"? ਇਕ ਥਾਂ ਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਹਜ਼ਰਤ ਮੁਹੰਮਦ (ਸ.) ਨੇ ਉਸ ਦੀ ਧਮਕੀ ਨੂੰ ਸੁਣ ਕੇ ਉਸ ਨੂੰ ਗਲ ਤੋਂ ਫ਼ੜ ਕੇ ਝੰਜੋੜ ਦਿੱਤਾ।ਇਕ ਪਾਸੇ ਹਜ਼ਰਤ ਮੁਹੰਮਦ (ਸ.) ਨਾਲ ਅਜਿਹੀਆਂ ਬਦਸੂਕੀਆਂ ਹੋ ਰਹੀਆਂ ਸਨ ਦੂਜੇ ਪਾਸੇ ਹਰ ਕਬੀਲਾ ਅਪਣੇ ਅਪਣੇ ਕਬੀਲੇ ਵਿਚ ਈਮਾਨ ਲਿਆਉਣ ਵਾਲੇ ਮੁਸਲਮਾਨਾਂ ਨੂੰ ਤੰਗ ਕਰ ਰਿਹਾ ਸੀ।
ਹਜ਼ਰਤ ਮੁਹੰਮਦ (ਸ.) ਨੂੰ ਜਿਸਮਾਨੀ ਅਤੇ ਮਾਨਸਿਕ ਦੁਖ ਦੇਣ ਦੇ ਨਾਲ ਨਾਲ ਮੱਕੇ ਵਾਲਿਆਂ ਨੇ ਉਨ੍ਹਾਂ ਦੇ ਪੈਰੋਕਾਰ ਮੁਸਲਮਾਨਾਂ ਉੱਤੇ ਵੀ ਸਖ਼ਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਇਸ ਸਮੇਂ ਤੱਕ ਜਿਹੜੇ ਲੋਕ ਮੁਸਲਮਾਨ ਹੋ ਗਏ ਸਨ ਉਨ੍ਹਾਂ ਵਿਚ ਅਰਬ ਦੇ ਹਰ ਤਬਕੇ ਦੇ ਲੋਕ ਸ਼ਾਮਿਲ ਸਨ।ਅਮੀਰ ਵੀ ਸਨ, ਗ਼ਰੀਬ ਵੀ ਸਨ ਅਤੇ ਗ਼ੁਲਾਮ ਵੀ ਸਨ।ਪਰ ਬਹੁਤੀਆਂ ਤਕਲੀਫ਼ਾਂ ਗ਼ਰੀਬਾਂ ਅਤੇ ਗ਼ੁਲਾਮਾਂ ਨੂੰ ਹੀ ਝੱਲਣੀਆਂ ਪਈਆਂ।
ਅਬੂ ਜਹਿਲ ਜਦੋਂ ਕਿਸੇ ਇੱਜ਼ਤਦਾਰ ਆਦਮੀ ਦੇ ਮੁਸਲਮਾਨ ਹੋਣ ਬਾਰੇ ਸੁਣਦਾ ਤਾਂ ਉਸ ਨੂੰ ਗਾਲਾਂ ਕੱਢਦਾ ਅਤੇ ਬੁਰਾ-ਭਲਾ ਆਖਦਾ।ਉਸ ਨੂੰ ਮਾਲੀ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੰਦਾ ਪਰ ਜੇ ਕੋਈ ਕਮਜ਼ੋਰ ਜਾਂ ਗ਼ਰੀਬ ਆਦਮੀ ਮੁਸਲਮਾਨ ਹੁੰਦਾ ਤਾਂ ਦੂਸਰਿਆਂ ਦੇ ਸਾਹਮਣੇ ਉਸ ਦੀ ਸ਼ਰੇਆਮ ਪਿਟਾਈ ਕਰ ਦਿੰਦਾ ਤਾਂ ਜੋ ਹੋਰ ਲੋਕ ਮੁਸਲਮਾਨ ਬਨਣ ਤੋਂ ਡਰ ਜਾਣ।
ਮੁਹੰਮਦ ਅਬਦੁਲ ਹੱਈ ਲਿਖਦੇ ਹਨ ਕਿ ਮੁਸਲਮਾਨਾਂ ਨੂੰ ਧਰਮ ਤਿਆਗਣ ਲਈ ਕਈ ਤਰੀਕਿਆਂ ਨਾਲ ਸਤਾਇਆ ਜਾਂਦਾ।ਉਨ੍ਹਾਂ ਨੂੰ ਦੁਪਹਿਰ ਦੇ ਸਮੇਂ ਤਪਦੇ ਰੇਤੇ ਉੱਤੇ ਲਿਟਾ ਦਿੱਤਾ ਜਾਂਦਾ ਅਤੇ ਛਾਤੀ ਉੱਤੇ ਭਾਰੇ ਪੱਥਰ ਰੱਖ ਦਿੱਤੇ ਜਾਂਦੇ।ਲੋਹੇ ਨੂੰ ਭਖਾ ਕੇ ਗ਼ੁਲਾਮ ਮੁਸਲਮਾਨਾਂ ਨੂੰ ਦਾਗ਼ ਦਿੱਤੇ ਜਾਂਦੇ ਅਤੇ ਉਨ੍ਹਾਂ ਨੂੰ ਕੁੱਟਿਆ ਮਾਰਿਆ ਜਾਂਦਾ।
ਹਜ਼ਰਤ ਖ਼ੱਬਾਬ ਉੱਮੇ ਅੱਮਾਰ ਦੇ ਗ਼ੁਲਾਮ ਸਨ।ਮੁਸਲਮਾਨ ਹੋਣ ਵਾਲਿਆਂ ਵਿਚ ਆਪ ਦਾ ਸੱਤਵਾਂ ਨੰਬਰ ਸੀ।ਕੁਰੈਸ਼ ਵਾਲਿਆਂ ਨੇ ਆਪ ਨੂੰ ਮੁਸਲਮਾਨ ਬਨਣ ਦੀ ਸਜ਼ਾ ਦੇਣ ਲਈ ਕੋਲਿਆਂ ਨੂੰ ਮਘਾ ਕੇ ਉਨ੍ਹਾਂ ਉੱਤੇ ਸਿੱਧਾ ਲਿਟਾ ਦਿੱਤਾ ਅਤੇ ਛਾਤੀ ਤੇ ਪੈਰ ਧਰ ਕੇ ਦਬਾਇਆ ਗਿਆ ਤਾਂ ਜੋ ਪਾਸਾ ਨਾ ਪਰਤ ਲਵੇ।ਪਰ ਹਜ਼ਰਤ ਖ਼ੱਬਾਬ ਨੇ ਇਸ ਘਟਨਾ ਦੀ ਮੁਸਲਮਾਨਾਂ ਨੂੰ ਇਹ ਸੋਚ ਕੇ ਭਿਣਕ ਤਕ ਨਾ ਪੈਣ ਦਿੱਤੀ ਕਿ ਕਿਤੇ ਉਹ ਡਰ ਨਾ ਜਾਣ।ਇਸਲਾਮ ਦੀ ਚੜ੍ਹਤ ਹੋਣ ਉੱਤੇ ਇਸ ਘਟਨਾਂ ਨੂੰ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ।ਜਦੋਂ ਲੋਕਾਂ ਨੇ ਉਨ੍ਹਾਂ ਦੀ ਪਿੱਠ ਉੱਤੋਂ ਕੱਪੜਾ ਹਟਾ ਕੇ ਦੇਖਿਆ ਤਾਂ ਉਸ ਉੱਤੇ ਫ਼ੁਲਬਹਿਰੀ ਦੇ ਦਾਗ਼ਾਂ ਵਰਗੇ ਅੱਗ ਨਾਲ ਫੁਕਣ ਦੇ ਨਿਸ਼ਾਨ ਅਜੇ ਵੀ ਨਜ਼ਰ ਆ ਰਹੇ ਸਨ।
ਹਜ਼ਰਤ ਬਿਲਾਲ, ਉਮੱਯਾ ਪੁੱਤਰ ਖ਼ਲਫ਼ ਦੇ ਗ਼ੁਲਾਮ ਸਨ।ਸਿਖ਼ਰ ਦੁਪਹਿਰ ਦੇ ਸਮੇਂ ਉਮੱਯਾ ਉਨ੍ਹਾਂ ਨੂੰ ਤਪਦੇ ਰੇਤੇ ਉੱਤੇ ਲਿਟਾ ਦਿੰਦਾ ਅਤੇ ਛਾਤੀ ਉੱਤੇ ਪੱਥਰ ਧਰ ਕੇ ਆਖਦਾ ਇਸਲਾਮ ਨੂੰ ਛੱਡ ਨਹੀਂ ਤਾਂ ਇਸੇ ਤਰ੍ਹਾਂ ਸਹਿਕ ਸਹਿਕ ਕੇ ਮਰ ਜਾਵੇਂਗਾ।
ਹਜ਼ਰਤ ਅੱਮਾਰ ਯਮਨ ਦੇ ਵਸਨੀਕ ਸਨ ਪਰ ਮੱਕੇ ਵਿਚ ਹੀ ਰਹਿੰਦੇ ਸਨ।ਜਦੋਂ ਉਹ ਮੁਸਲਮਾਨ ਹੋ ਗਏ ਤਾਂ ਕੁਰੈਸ਼ ਵਾਲੇ ਉਨ੍ਹਾਂ ਨੂੰ ਐਨਾ ਮਾਰਦੇ ਕਿ ਉਹ ਬੇਹੋਸ਼ ਹੋ ਜਾਂਦੇ।ਇਸੇ ਤਰ੍ਹਾਂ ਹਜ਼ਰਤ ਲੁਬਨੀਨਾ ਜਿਹੜੀ ਇਕ ਜ਼ਰਖ਼ਰੀਦ ਨੌਕਰਾਨੀ ਸੀ ਦਾ ਮਾਲਕ ਉਮਰ ਉਸ ਨੂੰ ਐਨਾ ਮਾਰਦਾ ਕਿ ਕੁੱਟਦਾ ਕੁੱਟਦਾ ਆਪ ਥੱਕ ਜਾਂਦਾ ਪਰ ਉਸ ਰੱਬ ਦੀ ਬੰਦੀ ਦੇ ਮੂਹੋਂ ਆਹ ਤੱਕ ਨਾ ਨਿਕਲਦੀ।ਹਜ਼ਰਤ ਜ਼ੁਨੈਰਾ ਅਬੂ ਜਹਿਲ ਦੀ ਲੌਂਡੀ ਸੀ।ਇਕ ਦਿਨ ਅਬੂ ਜਹਿਲ ਨੇ ਉਸ ਨੂੰ ਐਨਾ ਮਾਰਿਆ ਕਿ ਉਹ ਅੰਨ੍ਹੀ ਹੋ ਗਈ।

47. ਹਬਸ਼ਾ ਵੱਲ ਪਹਿਲੀ ਹਿਜਰਤ

ਹਿਜਰਤ ਇਕ ਮੁਲਕ ਜਾਂ ਸ਼ਹਿਰ ਨੂੰ ਛੱਡ ਕੇ ਦੂਜੇ ਮੁਲਕ ਜਾਂ ਸ਼ਹਿਰ ਵਿਚ ਜਾ ਕੇ ਵਸੇਬਾ ਕਰਨ ਨੂੰ ਕਿਹਾ ਜਾਂਦਾ ਹੈ।ਹਬਸ਼ਾ ਅਫ਼ਰੀਕਾ ਮਹਾਂਦੀਪ ਦਾ ਇਕ ਮੁਲਕ ਸੀ ਜਿਸ ਨੂੰ ਅੱਜ ਕੱਲ੍ਹ ਇਥੋਪੀਆ ਕਿਹਾ ਜਾਂਦਾ ਹੈ।
ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਪੰਜ ਸਾਲ ਹੋ ਗਏ ਸਨ ਪਰ ਇਨ੍ਹਾਂ ਪੰਜ ਸਾਲਾਂ ਵਿਚ ਬਹੁਤ ਘੱਟ ਲੋਕਾਂ ਨੇ ਇਸਲਾਮ ਕਬੂਲ ਕੀਤਾ ਸੀ।ਜਿਹੜੇ ਮੁਸਲਮਾਨ ਹੋ ਗਏ ਸਨ ਉਨ੍ਹਾਂ ਉੱਤੇ ਲਗਾਤਾਰ ਜ਼ੁਲਮ ਹੋ ਰਹੇ ਸਨ।ਜਦੋਂ ਮੱਕਾ ਵਿਖੇ ਮੁਸਲਮਾਨਾਂ ਉੱਤੇ ਮੁਸ਼ਰਿਕਾਂ ਦੀਆਂ ਸਖ਼ਤੀਆਂ ਹੱਦ ਤੋਂ ਵਧ ਗਈਆਂ ਤਾਂ ਮੁਸਲਮਾਨਾਂ ਨੇ ਹਜ਼ਰਤ ਮੁਹੰਮਦ (ਸ.) ਤੋਂ ਮੱਕਾ ਛੱਡ ਕੇ ਕਿਸੇ ਹੋਰ ਸੁਰੱਖਿਅਤ ਸਥਾਨ ਉੱਤੇ ਜਾਣ ਦੀ ਆਗਿਆ ਮੰਗੀ।ਇਨ੍ਹਾਂ ਦਿਨਾਂ ਵਿਚ ਹੀ ਇਕ ਆਇਤ ਨਾਜ਼ਲ ਹੋਈ ਜਿਸ ਦੇ ਅਰਥ ਸਨ,"ਹੇ ਮੇਰੇ ਪੈਰੋਕਾਰੋ ਜੇ ਈਮਾਨ ਲਿਆਏ ਹੋ, ਮੇਰੀ ਧਰਤੀ ਬਹੁਤ ਵਿਸ਼ਾਲ ਹੈ, ਬਸ ਤੁਸੀਂ ਮੇਰੀ ਹੀ ਆਗਿਆਕਾਰੀ ਕਰੋ"।
ਆਗਿਆ ਮਿਲ ਜਾਣ ਦੇ ਨਾਲ ਹੀ ਹਜ਼ਰਤ ਮੁਹੰਮਦ (ਸ.) ਨੇ ਮੁਸਲਮਾਨਾਂ ਨੂੰ ਹਬਸ਼ਾ ਵਲ ਹਿਜਰਤ ਕਰ ਜਾਣ ਦਾ ਹੁਕਮ ਦਿੱਤਾ ਅਤੇ ਪੰਦਰਾਂ ਮੁਸਲਮਾਨਾਂ ਦਾ ਪਹਿਲਾ ਕਾਫ਼ਲਾ ਸਨ ੬੧੫ ਈਸਵੀ ਵਿਚ ਹਜ਼ਰਤ ਉਸਮਾਨ ਬਿਨ ਅੱਫ਼ਾਨ ਦੀ ਅਗਵਾਈ ਵਿਚ ਹਬਸ਼ਾ ਵੱਲ ਰਵਾਨਾ ਹੋਇਆ।ਉਸ ਸਮੇਂ ਹਬਸ਼ਾ ਦਾ ਬਾਦਸ਼ਾਹ ਨੱਜਾਸ਼ੀ ਇਕ ਨੇਕ ਦਿਲ ਇਨਸਾਨ ਸੀ।ਇਨ੍ਹਾਂ ਮੁਸਲਮਾਨਾਂ ਦੇ ਹਬਸ਼ਾ ਵੱਲ ਤੁਰ ਜਾਣ ਦਾ ਜ਼ਿਕਰ ਕਰਦਿਆਂ ਮੌਲਵੀ ਸ਼ਫ਼ੀ-ਉਰ-ਰਹਿਮਾਨ ਲਿਖਦਾ ਹੈ;
"ਇਹ ਲੋਕ ਮਿੱਥੇ ਸਮੇਂ ਅਨੁਸਾਰ ਰਾਤ ਦੇ ਹਨੇਰੇ ਵਿਚ ਚੁੱਪ-ਚਾਪ ਨਿਕਲ ਕੇ ਅਪਣੇ ਨਵੇਂ ਸਫ਼ਰ ਉੱਤੇ ਤੁਰ ਪਏ।ਹਨੇਰੀ ਰਾਤ ਵਿਚ ਤੁਰਣ ਦਾ ਭਾਵ ਇਹ ਸੀ ਕਿ ਜੇ ਇਸ ਦੀ ਭਿਣਕ ਕੁਰੈਸ਼ ਵਾਲਿਆਂ ਨੂੰ ਪੈ ਗਈ ਤਾਂ ਉਹ ਅੜਿੱਕੇ ਖੜ੍ਹੇ ਕਰ ਸਕਦੇ ਹਨ।ਜਦੋਂ ਇਹ ਲੋਕ ਸਮੁੰਦਰੀ ਬੰਦਰਗਾਹ ਸ਼ਈਬਾ ਉੱਤੇ ਪਹੁੰਚੇ ਤਾਂ ਖ਼ੁਸ਼ਕਿਸਮਤੀ ਨਾਲ ਇਨ੍ਹਾਂ ਨੂੰ ਦੋ ਵਪਾਰਕ ਕਿਸ਼ਤੀਆਂ ਤੁਰਨ ਲਈ ਤਿਆਰ ਮਿਲ ਗਈਆਂ।ਪਤਾ ਲੱਗਣ ਉੱਤੇ ਕੁਰੈਸ਼ ਵਾਲਿਆਂ ਨੇ ਹਿਜਰਤਕਾਰੀਆਂ ਦਾ ਪਿੱਛਾ ਵੀ ਕੀਤਾ ਪਰ ਜਦੋਂ ਤੱਕ ਉਹ ਬੰਦਰਗਾਹ ਤੇ ਪਹੁੰਚੇ ਕਿਸ਼ਤੀਆਂ ਉਨ੍ਹਾਂ ਦੀ ਪਹੁੰਚ ਤੋਂ ਦੂਰ ਜਾ ਚੁੱਕੀਆਂ ਸਨ"।
ਮੱਕੇ ਵਿੱਚੋਂ ਮੁਸਲਮਾਨਾਂ ਦੇ ਹਿਜਰਤ ਕਰ ਜਾਣ ਦੇ ਦੋ ਲਾਭ ਸਨ।ਪਹਿਲਾ ਇਹ ਕਿ ਇਨ੍ਹਾਂ ਮੁਸਲਮਾਨਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਹੋ ਗਈ ਅਤੇ ਦੂਜਾ ਇਹ ਕਿ ਹਬਸ਼ਾ ਵਿਚ ਮੁਸਲਮਾਨਾਂ ਦੇ ਚਲੇ ਜਾਣ ਨਾਲ ਮੱਕੇ ਤੋਂ ਬਾਹਰ ਦੂਰ-ਦਰਾਜ਼ ਦੇ ਇਲਾਕੇ ਵਿਚ ਇਸਲਾਮ ਦਾ ਪ੍ਰਚਾਰ ਸ਼ੁਰੂ ਹੋ ਗਿਆ।ਹਬਸ਼ਾ ਦਾ ਬਾਦਸ਼ਾਹ ਨੱਜਾਸ਼ੀ ਭਾਵੇਂ ਮੁਸਲਮਾਨ ਨਹੀਂ ਸੀ ਪਰ ਉਹ ਮੁਸਲਮਾਨਾਂ ਦਾ ਦੁਸ਼ਮਣ ਵੀ ਨਹੀਂ ਸੀ।ਹਜ਼ਰਤ ਮੁਹੰਮਦ (ਸ.) ਦਾ ਹੁਕਮ ਮੰਨ ਕੇ ਮੁਸ਼ਰਿਕਾਂ (ਰੱਬ ਨੂੰ ਨਾ ਮੰਨਣ ਵਾਲੇ) ਦੇ ਤੰਗ ਕੀਤੇ ਜਿਹੜੇ ਮੁਸਲਮਾਨਾਂ ਦਾ ਪਹਿਲਾ ਜਥਾ ਹਬਸ਼ਾ ਪਹੁੰਚਿਆ ਉਸ ਵਿਚ ਗਿਆਰਾਂ ਆਦਮੀ ਅਤੇ ਚਾਰ ਔਰਤਾਂ ਸ਼ਾਮਲ ਸਨ ਜਿਨ੍ਹਾਂ ਵਿਚ ਹਜ਼ਰਤ ਮੁਹੰਮਦ (ਸ.) ਦੀ ਪੁਤਰੀ ਰੁਕੱਯਾ ਵੀ ਸ਼ਾਮਲ ਸੀ।
ਮੁਸਲਮਾਨਾਂ ਦੇ ਹਬਸ਼ਾ ਵੱਲ ਹਿਜਰਤ ਕਰ ਜਾਣ ਤੋਂ ਬਾਅਦ ਇਕ ਦਿਨ ਹਜ਼ਰਤ ਮੁਹੰਮਦ (ਸ.) ਜਦੋਂ ਖ਼ਾਨਾ ਕਾਅਬਾ ਵਿਚ ਗਏ ਤਾਂ ਉੱਥੇ ਬਹੁਤ ਸਾਰੇ ਲੋਕ ਮੌਜੂਦ ਸਨ।ਆਪ ਨੇ ਇਕ ਪਾਸੇ ਖੜ੍ਹੇ ਹੋ ਕੇ ਕੁਰਆਨ ਸ਼ਰੀਫ਼ ਦੀਆਂ ਆਇਤਾਂ ਪੜ੍ਹਣੀਆਂ ਸ਼ੁਰੂ ਕਰ ਦਿੱਤੀਆਂ।ਇਕੱਠੇ ਹੋਏ ਲੋਕ ਵਿਰੋਧਤਾ ਵੀ ਕਰਦੇ ਰਹੇ ਅਤੇ ਕੁਰਆਨ ਵੀ ਸੁਣਦੇ ਰਹੇ।ਅਚਾਨਕ ਕੁਝ ਆਇਤਾਂ ਨੇ ਉਨ੍ਹਾਂ ਨੂੰ ਅਜਿਹਾ ਮੁਗਧ ਕੀਤਾ ਕਿ ਜਦੋਂ ਹਜ਼ਰਤ ਮੁਹੰਮਦ (ਸ.) ਸਿਜਦੇ ਨੂੰ ਗਏ ਤਾਂ ਉਹ ਵੀ ਅਜਿਹਾ ਕਰ ਬੈਠੇ।ਸਿੱਟੇ ਵਜੋਂ ਅਫ਼ਵਾਹ ਫ਼ੈਲ ਗਈ ਕਿ ਕੁਰੈਸ਼ ਵਾਲੇ ਮੁਸਲਮਾਨ ਹੋ ਗਏ ਹਨ। ਜਦੋਂ ਇਹ ਅਫ਼ਵਾਹ ਹਬਸ਼ਾ ਵਿਚ ਹਿਜਰਤ ਕਰ ਕੇ ਗਏ ਮੁਸਲਮਾਨਾਂ ਤੱਕ ਅੱਪੜੀ ਤਾਂ ਉਹ ਮੱਕੇ ਨੂੰ ਵਾਪਸ ਤੁਰ ਪਏ ਪਰ ਮੱਕੇ ਦੇ ਬਹੁਤ ਨੇੜੇ ਪਹੁੰਚ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੁਰੈਸ਼ ਵਾਲਿਆਂ ਦੇ ਮੁਸਲਮਾਨ ਹੋਣ ਦੀ ਖ਼ਬਰ ਗ਼ਲਤ ਸੀ। ਸੱਚਾਈ ਜਾਨਣ ਤੋਂ ਬਾਅਦ ਕੁਝ ਲੋਕ ਹਬਸ਼ਾ ਨੂੰ ਵਾਪਸ ਚਲੇ ਗਏ ਅਤੇ ਕੁਝ ਛੁਪਦੇ-ਛੁਪਾਂਦੇ ਮੱਕੇ ਵਿਚ ਦਾਖ਼ਲ ਹੋ ਗਏ।

ਦੂਸਰੀ ਹਿਜਰਤ

ਜਦੋਂ ਕੁਰੈਸ਼ ਵਾਲਿਆਂ ਦੇ ਮੁਸਲਮਾਨ ਹੋਣ ਬਾਰੇ ਅਰਬ ਦੇ ਦੂਜੇ ਸ਼ਹਿਰਾ ਵਿਚ ਅਫ਼ਵਾਹਾਂ ਫੈਲੀਆਂ ਤਾਂ ਹਬਸ਼ਾ ਵਿਚ ਹਿਜਰਤ ਕਰਕੇ ਗਏ ਮੁਸਲਮਾਨ ਵਾਪਸ ਆ ਗਏ ਪਰ ਉਨ੍ਹਾਂ ਦੇ ਵਾਪਸ ਆਉਣ ਨਾਲ ਮੱਕੇ ਦੇ ਮੁਸ਼ਰਿਕਾਂ ਨੇ ਸਮਝਿਆ ਕਿ ਨਜਾਸ਼ੀ ਨੇ ਇਨ੍ਹਾਂ ਨੂੰ ਅਪਣੇ ਦੇਸ ਵਿੱਚੋਂ ਕੱਢ ਦਿੱਤਾ ਹੈ।ਉਹ ਮੁਸਲਮਾਨਾਂ ਉੱਤੇ ਹੋਰ ਅੱਤਿਆਚਾਰ ਕਰਨ ਲੱਗੇ।ਆਖ਼ਰਕਾਰ ਹਜ਼ਰਤ ਮੁਹੰਮਦ (ਸ.) ਦੀ ਆਗਿਆ ਨਾਲ ਇਹ ਲੋਕ ਫੇਰ ਹਬਸ਼ਾ ਜਾਣ ਲਈ ਤਿਆਰ ਹੋ ਗਏ।
ਦੂਜੀ ਵਾਰ ਹਬਸ਼ਾ ਜਾਣ ਵਾਲੇ ਜਥੇ ਵਿਚ ਕੁੱਲ ੧੦੩ ਮੁਸਲਮਾਨ ਸ਼ਾਮਲ ਸਨ ਜਿਨ੍ਹਾਂ ਵਿਚ ੮੫ ਆਦਮੀ ਅਤੇ ੧੮ ਔਰਤਾਂ ਸਨ।ਇਨ੍ਹਾਂ ਯਾਤਰੀਆਂ ਦੇ ਨਾਲ ਹਜ਼ਰਤ ਮੁਹੰਮਦ (ਸ.) ਨੇ ਅਪਣੇ ਚਾਚੇ ਦੇ ਪੁੱਤਰ ਜਾਅਫ਼ਰ ਪੁੱਤਰ ਅਬੂ ਤਾਲਿਬ ਨੂੰ ਵੀ ਵਿਸ਼ੇਸ਼ ਦੂਤ ਵੱਲੋਂ ਭੇਜਿਆ ਸੀ।ਹਿਜਰਤ ਦੀ ਇਸ ਕਹਾਣੀ ਨੂੰ ਬਿਆਨ ਕਰਦਿਆਂ 'ਅਲਰਹੀਕੁਲ ਮਖ਼ਤੂਮ'ਦਾ ਲੇਖਕ ਸ਼ਫ਼ੀ-ਉਲ-ਰਹਿਮਾਨ, ਮੁਬਾਰਕਪੁਰੀ ਲਿਖਦਾ ਹੈ,"ਕੁਰੈਸ਼ ਵਾਲਿਆਂ ਨੂੰ ਨੱਜਾਸ਼ੀ ਦੇ ਦਰਬਾਰ ਵਿਚ ਮੁਸਲਮਾਨਾਂ ਨਾਲ ਹੋਏ ਚੰਗੇ ਸੂਕ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਵਾਪਸ ਆਏ ਮੁਹਾਜਰਾਂ ਅਤੇ ਦੂਜੇ ਮੁਸਲਮਾਨਾਂ ਨੂੰ ਹੋਰ ਵੀ ਵੱਧ ਸਤਾਉਣਾ ਸ਼ੁਰੂ ਕਰ ਦਿੱਤਾ।ਅਜਿਹੀ ਸਥਿਤੀ ਤੋਂ ਤੰਗ ਆ ਕੇ ਹਜ਼ਰਤ ਮੁਹੰਮਦ (ਸ.) ਨੇ ਫੇਰ ਮੁਸਲਮਾਨਾਂ ਨੂੰ ਹਵਸ਼ਾ ਜਾਣ ਦਾ ਹੁਕਮ ਦਿੱਤਾ।ਪਰ ਇਹ ਦੂਸਰੀ ਹਿਜਰਤ ਪਹਿਲੀ ਹਿਜਰਤ ਨਾਲੋਂ ਵੱਧ ਮੁਸ਼ਕਿਲਾਂ ਭਰੀ ਸੀ।ਕਿਉਂ ਜੋ ਕੁਰੈਸ਼ ਵਾਲੇ ਇਸ ਵਾਰ ਪਹਿਲਾਂ ਤੋਂ ਹੀ ਹੁਸ਼ਿਆਰ ਸਨ ਅਤੇ ਅਜਿਹੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਸਕੀਮਾਂ ਬਣਾਈ ਬੈਠੇ ਸਨ ਪਰ ਮੁਸਲਮਾਨ ਉਨ੍ਹਾਂ ਤੋਂ ਵੀ ਵੱਧ ਹੁਸ਼ਿਆਰ ਨਿਕਲੇ।ਉਹ ਕੁਰੈਸ਼ ਦੀਆਂ ਨਜ਼ਰਾਂ ਵਿਚ ਆਉਣ ਤੋਂ ਪਹਿਲਾਂ ਹੀ ਹਬਸ਼ਾ ਪਹੁੰਚ ਗਏ"।
ਹਬਸ਼ਾ ਨੂੰ ਦੂਸਰੀ ਹਿਜਰਤ ਕਰਨ ਵਾਲੇ ਮੁਸਲਮਾਨਾਂ ਵਿਚ ੧੮ ਔਰਤਾਂ ਸਨ ਜਿਨ੍ਹਾਂ ਵਿੱਚੋਂ ੧੧ ਔਰਤਾਂ ਅਜਿਹੀਆਂ ਸਨ ਜਿਹੜੀਆਂ ਕੁਰੈਸ਼ ਦੇ ਖ਼ਾਨਦਾਨ ਨਾਲ ਸਬੰਧ ਰੱਖਦੀਆਂ ਸਨ।ਹਜ਼ਰਤ ਮੁਹੰਮਦ (ਸ.) ਦੀ ਪੁਤਰੀ ਰੁਕੱਯਾ ਅਤੇ ਉਸ ਦਾ ਪਤੀ ਹਜ਼ਰਤ ਉਸਮਾਨ ਵੀ ਇਨ੍ਹਾਂ ਹਿਜਰਤੀਆਂ ਵਿਚ ਸ਼ਾਮਲ ਸੀ।ਇਸ ਹਿਜਰਤ ਦਾ ਮੱਕੇ ਦੇ ਕੁਰੈਸ਼ ਵਾਲਿਆਂ ਤੇ ਪਏ ਪ੍ਰਭਾਵ ਦਾ ਜ਼ਿਕਰ ਕਰਦਿਆਂ 'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਲ ਰਹਿਮਾਨ ਹਲਾਲ ਉਸਮਾਨੀ ਲਿਖਦੇ ਨੇ,"ਹਬਸ਼ਾ ਦੀ ਦੂਸਰੀ ਹਿਜਰਤ ਨਾਲ ਮੱਕੇ ਦੇ ਹਰ ਘਰ ਵਿਚ ਕੁਹਰਾਮ ਮੱਚ ਗਿਆ।ਕਿਉਂ ਜੋ ਹਰ ਖ਼ਾਨਦਾਨ ਦਾ ਕੋਈ ਨਾ ਕੋਈ ਬੰਦਾ ਹਿਜਰਤਕਾਰੀਆਂ ਵਿਚ ਸ਼ਾਮਲ ਸੀ।ਮੁਸਲਮਾਨ ਹਬਸ਼ਾ ਪਹੁੰਚੇ ਅਤੇ ਆਰਾਮ ਦੀ ਜ਼ਿੰਦਗੀ ਬਤੀਤ ਕਰਨ ਲੱਗੇ ਜਿਸ ਨੂੰ ਸੁਣ ਕੇ ਮੱਕੇ ਦੇ ਮੁਸ਼ਰਿਕਾਂ ਦੇ ਸੀਨੇ ਉੱਤੇ ਸੱਪ ਲੜ ਗਿਆ।ਉਨ੍ਹਾਂ ਨੂੰ ਡਰ ਸਤਾਉਣ ਲੱਗਿਆ ਕਿ ਮੁਸਲਮਾਨ ਹਬਸ਼ਾ ਵਾਸੀਆਂ ਦੇ ਨਾਲ ਰਲ ਕੇ ਮੱਕੇ ਉੱਤੇ ਹਮਲਾ ਨਾ ਕਰ ਦੇਣ।ਸਿੱਟੇ ਵਜੋਂ ਉਨ੍ਹਾਂ ਨੇ 'ਦਾਰੁਲ ਨਦਵਾ' ਵਿਚ ਇਕੱਠ ਕਰਕੇ ਫ਼ੈਸਾ ਕੀਤਾ ਕਿ ਮੁਸਲਮਾਨਾਂ ਨੂੰ ਵਾਪਸ ਲਿਆਉਣ ਲਈ ਨਜਾਸ਼ੀ ਦੇ ਦਰਬਾਰ ਵਿਚ ਇਕ ਵਫ਼ਦ ਭੇਜਿਆ ਜਾਵੇ"।
ਮੁਸਲਮਾਨਾਂ ਦੇ ਮੱਕੇ ਤੋਂ ਹਬਸ਼ਾ ਵੱਲ ਹਿਜਰਤ ਕਰਨ ਦੀਆਂ ਇਹ ਦੋਵੇਂ ਘਟਨਾਵਾਂ ਸਨ ੬੧੫ ਈਸਵੀ ਤੋਂ ੬੧੮ ਈਸਵੀ ਦੇ ਵਿਚਕਾਰ ਵਾਪਰੀਆਂ ਲਿਖੀਆਂ ਮਿਲਦੀਆਂ ਹਨ।

48. ਕੁਰੈਸ਼ ਦਾ ਵਫ਼ਦ ਨਜਾਸ਼ੀ ਦੇ ਦਰਬਾਰ ਵਿਚ

ਮੁਸਲਮਾਨਾਂ ਦੇ ਹਬਸ਼ਾ ਪਹੁੰਚਣ ਨਾਲ ਕੁਰੈਸ਼ ਵਾਲਿਆਂ ਨੂੰ ਬੜਾ ਦੁੱਖ ਹੋਇਆ ਉਨ੍ਹਾਂ ਨੇ ਤਾਂ ਮਤਾ ਪਕਾਇਆ ਹੋਇਆ ਸੀ ਕਿ ਇਸ ਵਾਰ ਮੁਸਲਮਾਨਾਂ ਨੂੰ ਮੱਕੇ ਤੋਂ ਬਾਹਰ ਕਿਧਰੇ ਜਾਣ ਨਹੀਂ ਦਿੱਤਾ ਜਾਵੇਗਾ ਅਤੇ ਰਸਤੇ ਵਿਚ ਹੀ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇਗਾ।ਜਦੋਂ ਮੁਸਲਮਾਨ ਬਚ ਕੇ ਹਬਸ਼ਾ ਪਹੁੰਚ ਗਏ ਤਾਂ ਉਨ੍ਹਾਂ ਦੇ ਸੀਨਿਆਂ ਉੱਤੇ ਸੱਪ ਲਿਟਣ ਲੱਗੇ।ਉਨ੍ਹਾਂ ਨੇ ਕੁਰੈਸ਼ ਦੇ ਸਰਦਾਰਾਂ ਦੀ ਦਾਰੁਲ ਨਦਵਾ ਵਿਚ ਇਕ ਮੀਟਿੰਗ ਬੁਲਾਈ ਅਤੇ ਸਰਬ ਸਮਤੀ ਨਾਲ ਫ਼ੈਸਲਾ ਕੀਤਾ ਕਿ ਅਮਰੂ ਪੁੱਤਰ ਆਸ ਅਤੇ ਅਬਦੁੱਲਾ ਪੁੱਤਰ ਰਬੀਆ ਨੂੰ ਨਜਾਸ਼ੀ ਦੇ ਦਰਬਾਰ ਵਿਚ ਭੇਜ ਕੇ ਮੁਸਲਮਾਨਾਂ ਨੂੰ ਵਾਪਸ ਲਿਆਂਦਾ ਜਾਵੇ।ਕੁਰੈਸ਼ ਵਾਲਿਆਂ ਨੇ ਨਜਾਸ਼ੀ ਅਤੇ ਉਸ ਦੇ ਵਜ਼ੀਰ ਬਿਤਰੀਕੋ ਲਈ ਮਹਿੰਗੇ ਤੋਹਫ਼ੇ ਦੇ ਕੇ ਇਨ੍ਹਾਂ ਦੋਹਾਂ ਬੁੱਧੀਜੀਵੀਆਂ ਨੂੰ ਜਿਹੜੇ ਚੰਗੀ ਸੂਝ-ਬੂਝ ਦੇ ਮਾਲਕ ਸਨ ਮੁਸਲਮਾਨਾਂ ਦੇ ਖ਼ਿਲਾਫ਼ ਹਬਸ਼ਾ ਦੇ ਬਾਦਸ਼ਾਹ ਨਜਾਸ਼ੀ ਦੇ ਦਰਬਾਰ ਵਿਚ ਭੇਜਿਆ।ਇਨ੍ਹਾਂ ਦੋਵਾਂ ਨੇ ਪਹਿਲਾਂ ਬਿਤਰੀਕੋ ਨੂੰ ਮਿਲ ਕੇ ਉਸ ਨੂੰ ਆਪਣੇ ਆਉਣ ਦਾ ਕਾਰਨ ਦੱਸਿਆ ਅਤੇ ਫੇਰ ਉਸ ਨੂੰ ਤੋਹਫ਼ੇ ਦੇ ਕੇ ਅਪਣਾ ਹਾਮੀ ਬਣਾ ਲਿਆ।
ਦੂਜੇ ਦਿਨ ਇਨ੍ਹਾਂ ਦੋਹਾਂ ਨੇ ਨਜਾਸ਼ੀ ਦੇ ਦਰਬਾਰ ਵਿਚ ਪਹੁੰਚ ਕੇ ਪਹਿਲਾਂ ਤੋਹਫ਼ੇ ਪੇਸ਼ ਕੀਤੇ ਅਤੇ ਫੇਰ ਉਹ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਦੇ ਅਧਾਰ ਤੇ ਉਹ ਮੁਸਲਮਾਨਾਂ ਨੂੰ ਹਬਸ਼ਾ ਵਿੱਚੋਂ ਕਢਵਾਉਣ ਆਏ ਸਨ।ਉਹ ਕਹਿਣ ਲੱਗੇ, "ਐ ਬਾਦਸ਼ਾਹ ! ਤੁਹਾਡੇ ਮੁਲਕ ਵਿਚ ਸਾਡੇ ਕੁਝ ਨਾਸਮਝ ਨੌਜਵਾਨ ਭੱਜ ਆਏ ਹਨ ਜਿਨ੍ਹਾਂ ਨੇ ਅਪਣੀ ਕੌਮ ਦਾ ਦੀਨ ਛੱਡ ਦਿੱਤਾ ਹੈ ਅਤੇ ਤੁਹਾਡੇ ਦੀਨ ਨੂੰ ਅਜੇ ਕਬੂਲ ਨਹੀਂ ਕੀਤਾ।ਉਨ੍ਹਾਂ ਨੇ ਇਕ ਨਵਾਂ ਦੀਨ ਚਲਾਇਆ ਹੈ ਜਿਸ ਨੂੰ ਨਾ ਅਸੀਂ ਜਾਣਦੇ ਹਾਂ ਅਤੇ ਨਾ ਤੁਸੀਂ।ਸਾਨੂੰ ਤੁਹਾਡੇ ਦਰਬਾਰ ਵਿਚ ਉਨ੍ਹਾਂ ਦੇ ਮਾਪਿਆਂ, ਚਾਚੇ-ਤਾਇਆਂ ਅਤੇ ਕਬੀਲੇ ਵਾਲਿਆਂ ਨੇ ਭੇਜਿਆ ਹੈ।ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਉਨ੍ਹਾਂ ਨੂੰ ਇੱਥੋਂ ਵਾਪਸ ਭੇਜ ਦਿਉ।ਉਨ੍ਹਾਂ ਦਾ ਬਿਆਨ ਸੁਣ ਕੇ ਨਜਾਸ਼ੀ ਦੇ ਵਜ਼ੀਰ ਬੁਤਰੀਕੋ ਜਿਸ ਨੂੰ ਕੁਰੈਸ਼ ਵਾਲਿਆਂ ਨੇ ਪਹਿਲਾਂ ਹੀ ਅਪਣਾ ਹਾਮੀ ਬਣਾ ਲਿਆ ਸੀ, ਨੇ ਵੀ ਉਨ੍ਹਾਂ ਦੀ ਹਾਮੀ ਭਰਦਿਆਂ ਕਿਹਾ ਕਿ ਤੁਸੀਂ ਉਨ੍ਹਾਂ ਜਵਾਨਾਂ ਨੂੰ ਇਨ੍ਹਾਂ ਦੇ ਹਵਾਲੇ ਕਰ ਦਿਉ।ਇਹ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਪਹੁੰਚਾ ਦੇਣਗੇ।
ਨਜਾਸ਼ੀ ਨੇ ਵਜ਼ੀਰ ਦੀ ਗੱਲ ਮੰਨਣ ਦੀ ਥਾਂ ਇਸ ਦੀ ਤਹਿ ਤੱਕ ਜਾਣ ਦਾ ਇਰਾਦਾ ਕੀਤਾ ਅਤੇ ਮੁਸਲਮਾਨਾਂ ਨੂੰ ਬੁਲਾ ਭੇਜਿਆ।ਮੁਸਲਮਾਨ ਇਹ ਇਰਾਦਾ ਕਰਕੇ ਦਰਬਾਰ ਵਿਚ ਹਾਜ਼ਰ ਹੋਏ ਕਿ ਭਾਵੇਂ ਕੁਝ ਵੀ ਹੋ ਜਾਵੇ ਝੂਠ ਨਹੀਂ ਬੋਲਾਂਗੇ।ਜਦੋਂ ਉਹ ਦਰਬਾਰ ਵਿਚ ਪਹੁੰਚੇ ਤਾਂ ਨਜਾਸ਼ੀ ਨੇ ਪੁੱਛਿਆ, "ਉਹ ਕਿਹੜਾ ਦੀਨ ਹੈ ਜਿਸ ਨੂੰ ਸਵੀਕਾਰ ਕਰਕੇ ਤੁਸੀਂ ਅਪਣੀ ਕੌਮ ਨੂੰ ਛੱਡ ਆਏ ਹੋ।
ਮੁਸਲਮਾਨਾਂ ਦੀ ਵਕਾਲਤ ਕਰਦਿਆਂ ਹਜ਼ਰਤ ਜਾਅਫ਼ਰ ਪੁਤਰ ਅਬੂ ਤਾਲਿਬ ਨੇ ਕਿਹਾ,"ਐ ! ਬਾਦਸ਼ਾਹ ਅਸੀਂ ਵੀ ਉਹ ਕੌਮ ਸਾਂ ਜਿਹੜੀ ਜਹਾਲਤ ਵਿਚ ਫਸੀ ਹੋਈ ਸੀ।ਬੁੱਤ ਪੂਜਦੇ ਸਾਂ, ਮਰਦਾਰ ਖਾਂਦੇ ਸਾਂ ਅਤੇ ਬਦਕਾਰੀਆਂ ਕਰਦੇ ਸਾਂ। ਗਵਾਂਢੀਆਂ ਨਾਲ ਬਦਸਲੂਕੀਆਂ ਕਰਦੇ ਸਾਂ ਅਤੇ ਤਕੜਾ ਮਾੜੇ ਨੂੰ ਖਾ ਰਿਹਾ ਸੀ। ਅਸੀਂ ਅਜਿਹੀ ਹਾਲਤ ਵਿਚ ਵਿਚਰ ਰਹੇ ਸਾਂ ਕਿ ਰੱਬ ਨੇ ਸਾਡੇ ਵਿੱਚੋਂ ਹੀ ਇਕ ਰਸੂਲ ਭੇਜਿਆ ਜਿਸ ਦੀ ਸੱਚਾਈ ਸਾਨੂੰ ਪਹਿਲਾਂ ਤੋਂ ਹੀ ਪਤਾ ਸੀ।ਉਸ ਨੇ ਦੱਸਿਆ ਕਿ ਇੱਕ ਰੱਬ ਦੀ ਇਬਾਦਤ ਕਰੋ ਅਤੇ ਉਨ੍ਹਾਂ ਬੁੱਤਾਂ ਨੂੰ ਪੂਜਣਾ ਛੱਡ ਦਿਉ ਜਿਨ੍ਹਾਂ ਨੂੰ ਗੁਮਰਾਹੀ ਵਿਚ ਸਾਡੇ ਬਾਪ-ਦਾਦੇ ਪੂਜਦੇ ਆ ਰਹੇ ਹਨ।ਉਸ ਨੇ ਸਾਨੂੰ ਸੱਚ ਬੋਲਣ, ਦੂਜੇ ਦੀ ਅਮਾਨਤ ਅਦਾ ਕਰਨ, ਪੜੋਸੀਆਂ ਨਾਲ ਚੰਗਾ ਸਲੂਕ ਕਰਨ, ਖ਼ੂਨ ਵਹਾਉਣ ਤੋਂ ਦੂਰ ਰਹਿਣ, ਯਤੀਮਾਂ ਦਾ ਮਾਲ ਨਾ ਖਾਣ ਅਤੇ ਪਾਕ ਔਰਤਾਂ ਉੱਤੇ ਇਲਜ਼ਾਮ-ਬਾਜ਼ੀ ਕਰਨ ਤੋਂ ਰੋਕਿਆ।ਉਸ ਨੇ ਸਾਨੂੰ ਸਿਖਾਇਆ ਕਿ ਸਿਰਫ਼ ਇਕ ਰੱਬ ਦੀ ਇਬਾਦਤ ਕਰੋ ਅਤੇ ਉਸ ਦੇ ਬਰਾਬਰ ਕਿਸੇ ਨੂੰ ਸ਼ਰੀਕ ਨਾ ਬਣਾਉ।ਉਸ ਨੇ ਸਾਨੂੰ ਨਮਾਜ਼ ਪੜ੍ਹਨ, ਰੋਜ਼ੇ ਰੱਖਣ ਅਤੇ ਜ਼ਕਾਤ ਦੇਣ ਦੀ ਸਿੱਖਿਆ ਦਿੱਤੀ"।
ਹਜ਼ਰਤ ਜਾਅਫ਼ਰ ਨੇ ਇਸਲਾਮ ਦੇ ਕੰਮ ਗਿਣਾਉਣ ਤੋਂ ਬਾਅਦ ਆਖਿਆ, "ਅਸੀਂ ਉਸ ਪੈਗ਼ੰਬਰ ਨੂੰ ਸੱਚਾ ਮੰਨਿਆ, ਉਸ ਉੱਤੇ ਈਮਾਨ ਲੈ ਆਏ ਅਤੇ ਉਸ ਦੇ ਚਲਾਏ ਰੱਬੀ ਦੀਨ ਦੀ ਪੈਰਵੀ ਕੀਤੀ।ਜਿਹੜੀਆਂ ਗੱਲਾਂ ਨੂੰ ਪੈਗ਼ੰਬਰ ਨੇ ਹਰਾਮ ਆਖਿਆ ਉਨ੍ਹਾਂ ਨੂੰ ਹਰਾਮ ਮੰਨਿਆ ਅਤੇ ਜਿਹੜੀਆਂ ਨੂੰ ਹਲਾਲ ਦੱਸਿਆ ਉਨ੍ਹਾਂ ਨੂੰ ਹਲਾਲ ਮੰਨਿਆ।ਪਰ ਸਾਡੀ ਕੌਮ ਸਾਡੇ ਨਾਲ ਵਿਗੜ ਗਈ।ਉਸ ਨੇ ਸਾਨੂੰ ਦੀਨ ਤੋਂ ਫਿਰਨ ਵਾਲੇ ਕਹਿ ਕੇ ਸਖ਼ਤ ਸਜ਼ਾਵਾਂ ਦਿੱਤੀਆਂ ਤਾਂ ਜੋ ਅਸੀਂ ਰੱਬ ਦੀ ਬੰਦਗੀ ਛੱਡ ਕੇ ਦੁਬਾਰਾ ਬੁੱਤ-ਪ੍ਰਸਤੀ ਦੀ ਜ਼ਿੰਦਗੀ ਅਪਣਾ ਲਈਏ।ਜਦੋਂ ਉਨ੍ਹਾਂ ਨੇ ਸਾਨੂੰ ਬਹੁਤ ਤੰਗ ਕੀਤਾ, ਸਾਡੇ ਉੱਤੇ ਜ਼ੁਲਮ ਕੀਤੇ, ਅਤੇ ਸਾਡੇ ਰਹਿਣ ਲਈ ਜ਼ਮੀਨ ਤੰਗ ਕਰ ਦਿੱਤੀ ਤਾਂ ਅਸੀਂ ਦੁਖੀ ਹੋ ਕੇ ਇਸ ਆਸ ਨਾਲ ਤੁਹਾਡੇ ਮੁਲਕ ਵਿਚ ਆ ਗਏ ਕਿ ਇੱਥੇ ਸਾਡੇ ਉੱਤੇ ਕੋਈ ਜ਼ੁਲਮ ਨਹੀਂ ਹੋਵੇਗਾ"।
ਜਦੋਂ ਨਜਾਸ਼ੀ ਨੇ ਪੁੱਛਿਆ ਕਿ ਉਹ ਪੈਗ਼ੰਬਰ ਜੋ ਕੁਝ ਲੈ ਕੇ ਆਇਆ ਹੈ ਉਸ ਬਾਰੇ ਮੈਨੂੰ ਵੀ ਸੁਣਾਉ ਤਾਂ ਹਜ਼ਰਤ ਜਾਅਫ਼ਰ ਨੇ ਸੂਰਤ ਮਰੀਅਮ ਦੀਆਂ ਮੁੱਢਲੀਆਂ ਆਇਤਾਂ ਪੜ੍ਹ ਕੇ ਸੁਣਾਈਆਂ।ਈਸਾਈ ਬਾਦਸ਼ਾਹ ਹਜ਼ਰਤ ਮਰੀਅਮ ਦਾ ਜ਼ਿਕਰ ਕੁਰਆਨ ਸ਼ਰੀਫ਼ ਵਿਚ ਆਇਆ ਸੁਣ ਕੇ ਐਨਾ ਰੋਇਆ ਕਿ ਉਸ ਦੀ ਦਾੜ੍ਹੀ ਅੱਥਰੂਆਂ ਨਾਲ ਗਿੱਲੀ ਹੋ ਗਈ।ਬਾਦਸ਼ਾਹ ਨੂੰ ਦੇਖ ਕੇ ਦਰਬਾਰੀ ਵੀ ਰੋਣ ਲੱਗੇ।ਨਜਾਸ਼ੀ ਕਹਿਣ ਲੱਗਿਆ, "ਇਹ ਕਲਾਮ ਅਤੇ ਉਹ ਕਲਾਮ ਜਿਹੜਾ ਹਜ਼ਰਤ ਈਸਾ (ਅਲੈ.) ਲੈ ਕੇ ਆਏ ਸਨ ਦੋਵੇਂ ਇੱਕੋ ਹੀ ਸੂਤਰ ਤੋਂ ਨਿਕਲੇ ਹੋਏ ਹਨ"। ਫੇਰ ਉਸ ਨੇ ਕੁਰੈਸ਼ ਦੇ ਸਫ਼ੀਰਾਂ ਅਮਰੂ ਪੁੱਤਰ ਆਸ ਅਤੇ ਅਬਦੁੱਲਾਹ ਪੁੱਤਰ ਰਬੀਆ ਨੂੰ ਕਿਹਾ, "ਤੁਸੀਂ ਦੋਵੇਂ ਚਲੇ ਜਾਉ ਮੈਂ ਇਨ੍ਹਾਂ ਲੋਕਾਂ ਨੂੰ ਤੁਹਾਡੇ ਹਵਾਲੇ ਨਹੀਂ ਕਰ ਸਕਦਾ ਅਤੇ ਨਾਂ ਹੀ ਇਨ੍ਹਾਂ ਦੇ ਵਿਰੁੱਧ ਏਥੇ ਕੋਈ ਚਾਲ ਚੱਲੀ ਜਾ ਸਕਦੀ ਹੈ"।
ਨਜਾਸ਼ੀ ਦੇ ਹੁਕਮ ਉੱਤੇ ਦੋਵੇਂ ਦਰਬਾਰ ਵਿੱਚੋਂ ਚਲੇ ਗਏ।ਰਸਤੇ ਵਿਚ ਅਮਰੂ ਪੁੱਤਰ ਆਸ ਅਬਦੁੱਲਾ ਬਿਨ ਰਬੀਆ ਨੂੰ ਆਖਣ ਲੱਗਿਆ, ਰੱਬ ਦੀ ਕਸਮ ਕੱਲ ਅਜਿਹੀ ਬਾਤ ਘੜ ਕੇ ਲਿਆਵਾਂਗਾ ਕਿ ਮੁਸਲਮਾਨਾਂ ਦੀਆਂ ਹਰੀਆਂ ਜੜਾਂ ਕੱਟ ਕੇ ਰੱਖ ਦੇਵਾਂਗਾ।ਭਾਵੇਂ ਉਸ ਨੂੰ ਅਜਿਹੀ ਕੋਈ ਭੈੜੀ ਹਰਕਤ ਕਰਨ ਤੋਂ ਅਬਦੁੱਲਾ ਪੁੱਤਰ ਰਬੀਆ ਨੇ ਰੋਕਿਆ ਪਰ ਉਹ ਅਪਣੀ ਗੱਲ ਤੇ ਅਟੱਲ ਰਿਹਾ।
ਅਗਲੇ ਦਿਨ ਉਹ ਦੋਵੇਂ ਫੇਰ ਹਾਜ਼ਰ ਹੋ ਕੇ ਨਜਾਸ਼ੀ ਨੂੰ ਕਹਿਣ ਲੱਗੇ," ਐ ਬਾਦਸ਼ਾਹ!"ਇਹ ਲੋਕ ਈਸਾ ਬਿਨ ਮਰੀਅਮ ਦੇ ਬਾਰੇ ਬਹੁਤ ਬੁਰੀ ਬਾਤ ਕਹਿੰਦੇ ਹਨ"।ਉਨ੍ਹਾਂ ਦੀ ਗੱਲ ਸੁਣਦਿਆਂ ਹੀ ਨਜਾਸ਼ੀ ਨੇ ਫੇਰ ਮੁਸਲਮਾਨਾਂ ਨੂੰ ਬੁਲਾ ਲਿਆ ਅਤੇ ਪੁੱਛਿਆ ਕਿ ਉਹ ਲੋਕ ਹਜ਼ਰਤ ਈਸਾ (ਅਲੈ.) ਦੇ ਬਾਰੇ ਕੀ ਆਖਦੇ ਹਨ?
ਹਜ਼ਰਤ ਜਾਅਫ਼ਰ ਨੇ ਆਖਿਆ, "ਮੁਸਲਮਾਨ ਹਜ਼ਰਤ ਈਸਾ (ਅਲੈ.) ਦੇ ਬਾਰੇ ਉਹੀ ਕੁਝ ਆਖਦੇ ਹਨ ਜਿਹੜਾ ਸਾਡੇ ਨਬੀ ਲੈ ਕੇ ਆਏ ਹਨ, ਭਾਵ ਹਜ਼ਰਤ ਈਸਾ (ਅਲੈ.) ਅੱਲਾਹ ਦੇ ਬੰਦੇ ਅਤੇ ਉਸ ਦੇ ਰਸੂਲ ਸਨ।
ਸਾਰੀ ਗੱਲ ਸੁਨਣ ਤੋਂ ਬਾਅਦ ਨਜਾਸ਼ੀ ਨੇ ਇਕ ਡੱਕਾ ਜ਼ਮੀਨ ਉੱਤੋਂ ਚੁੱਕ ਕੇ ਕਿਹਾ, "ਖ਼ੁਦਾ ਦੀ ਕਸਮ ਹਜ਼ਰਤ ਈਸਾ (ਅਲੈ.) ਇਨ੍ਹਾਂ ਦੀ ਗੱਲ ਤੋਂ ਇਸ ਡੱਕੇ ਦੇ ਬਰਾਬਰ ਵੀ ਵੱਧ ਨਹੀਂ ਸਨ"।ਇਸ ਤੋਂ ਬਾਅਦ ਨਜਾਸ਼ੀ ਨੇ ਮੁਸਲਮਾਨਾਂ ਨੂੰ ਕਿਹਾ, "ਜਾਉ ਤੁਸੀਂ ਲੋਕ ਮੇਰੇ ਮੁਲਕ ਵਿਚ ਅਮਨ ਅਤੇ ਸ਼ਾਂਤੀ ਨਾਲ ਰਹੋ।ਜਿਹੜਾ ਤੁਹਾਡਾ ਬੁਰਾ ਕਰੇਗਾ ਉਸ ਨੂੰ ਸਜ਼ਾ ਮਿਲੇਗੀ"।ਇਸ ਤੋਂ ਬਾਅਦ ਉਸ ਨੇ ਦਰਬਾਰੀਆਂ ਨੂੰ ਕਿਹਾ,"ਕੁਰੈਸ਼ ਵਾਲਿਆਂ ਦੇ ਤੋਹਫ਼ੇ ਵਾਪਸ ਦੇ ਦਿਉ ਮੈਨੂੰ ਇਨ੍ਹਾਂ ਦੀ ਕੋਈ ਲੋੜ ਨਹੀਂ"।
ਇਸ ਤਰ੍ਹਾਂ ਕੁਰੈਸ਼ ਵਾਲਿਆਂ ਦੀ ਮੁਸਲਮਾਨਾਂ ਦੇ ਖ਼ਿਲਾਫ਼ ਘੜੀ ਗਈ ਇਹ ਚਾਲ ਵੀ ਅਸਫ਼ਲ ਹੋ ਗਈ ਅਤੇ ਉਨ੍ਹਾਂ ਨੂੰ ਇਹ ਵੀ ਸਮਝ ਆ ਗਿਆ ਕਿ ਦੂਜੇ ਮੁਲਕਾਂ ਵਿਚ ਜਾ ਕੇ ਮੁਸਲਮਾਨਾਂ ਦੇ ਖ਼ਿਲਾਫ਼ ਸ਼ਾਜ਼ਿਸ਼ਾਂ ਨਹੀਂ ਕੀਤੀਆਂ ਜਾ ਸਕਦੀਆਂ।ਉਨ੍ਹਾਂ ਨੂੰ ਵਧਣ-ਫੁੱਲਣ ਤੋਂ ਰੋਕਣ ਦੇ ਦੋ ਹੀ ਤਰੀਕੇ ਹਨ ਕਿ ਜਾਂ ਤਾਂ ਮੁਸਲਮਾਨਾਂ ਨੂੰ ਤਾਕਤ ਦੇ ਜ਼ੋਰ ਨਾਲ ਪ੍ਰਚਾਰ ਤੋਂ ਰੋਕ ਦਿੱਤਾ ਜਾਵੇ ਜਾਂ ਫੇਰ ਉਸ ਦਰਖ਼ਤ ਨੂੰ ਹੀ ਕੱਟ ਦਿੱਤਾ ਜਾਵੇ ਜਿਸ ਤੋਂ ਇਹ ਟਾਹਣੀਆਂ ਫੁੱਟ ਰਹੀਆਂ ਹਨ।ਪਰ ਇਸ ਫ਼ੈਸਲੇ ਉੱਤੇ ਅਮਲ ਕਰਨ ਤੋਂ ਪਹਿਲਾਂ ਅਬੂ ਤਾਲਿਬ ਨੂੰ ਮਿਲ ਲਿਆ ਜਾਵੇ।

49. ਕੁਰੈਸ਼ ਦੀ ਧਮਕੀ ਅਤੇ ਪੇਸ਼ਕਸ਼

ਦਾਰੁਲ ਨਦਵਾ ਵਿਖੇ ਇਕੱਠ ਵਿਚ ਪਾਸ ਕੀਤੇ ਗਏ ਮਤੇ ਅਨੁਸਾਰ ਕੁਰੈਸ਼ ਵਾਲੇ ਅਬੂ ਤਾਲਬ ਕੋਲ ਪਹੁੰਚੇ ਅਤੇ ਕਹਿਣ ਲੱਗੇ, "ਅਬੂ ਤਾਲਿਬ ਤੁਸੀਂ ਕੁਰੈਸ਼ ਦੇ ਇੱਜ਼ਤਦਾਰ ਵਿਅਕਤੀਆਂ ਵਿਚ ਗਿਣੇ ਜਾਂਦੇ ਹੋ ਪਰ ਤੁਹਾਡਾ ਭਤੀਜਾ ਲਗਾਤਾਰ ਸਾਡੇ ਪੁਰਖ਼ਿਆਂ ਦੀ ਬੇਇੱਜ਼ਤੀ ਕਰਦਾ ਆ ਰਿਹਾ ਹੈ ਅਤੇ ਸਾਡੇ ਖ਼ੁਦਾਵਾਂ ਨੂੰ ਝੁਠਲਾ ਰਿਹਾ ਹੈ।ਉਹ ਪੁਰਖੇ ਸਾਡੇ ਇਕੱਲਿਆਂ ਦੇ ਨਹੀਂ ਤੁਹਾਡੇ ਵੀ ਹਨ।ਅਸੀਂ ਤੁਹਾਨੂੰ ਮਿਲ ਕੇ ਪਹਿਲਾਂ ਵੀ ਬੇਨਤੀ ਕੀਤੀ ਸੀ ਅਤੇ ਅੱਜ ਫੇਰ ਇਕ ਵਾਰ ਇਹ ਕਹਿਣ ਲਈ ਹਾਜ਼ਰ ਹੋਏ ਹਾਂ ਕਿ ਜਾਂ ਤਾਂ ਤੁਸੀਂ ਉਸ ਨੂੰ ਰੋਕ ਲਵੋ ਨਹੀਂ ਤਾਂ ਤੁਹਾਡੇ ਅਤੇ ਸਾਡੇ ਵਿਚਕਾਰ ਅਜਿਹੀ ਜੰਗ ਛਿੜੇਗੀ ਕਿ ਇਕ ਧਿਰ ਦਾ ਸਫ਼ਾਇਆ ਹੋਏ ਬਿਨਾ ਖ਼ਤਮ ਨਹੀਂ ਹੋਵੇਗੀ"।
ਅਬੂ ਤਾਲਿਬ ਉੱਤੇ ਕੁਰੈਸ਼ ਦੇ ਸਰਦਾਰਾਂ ਦੀ ਇਸ ਜ਼ੋਰਦਾਰ ਧਮਕੀ ਦਾ ਅਜਿਹਾ ਅਸਰ ਹੋਇਆ ਕਿ ਉਹ ਘਬਰਾਹਟ ਵਿਚ ਹਜ਼ਰਤ ਮੁਹੰਮਦ (ਸ.) ਨੂੰ ਬੁਲਾ ਕੇ ਕਹਿਣ ਲੱਗੇ, "ਭਤੀਜੇ ਤੁਹਾਡੀ ਕੌਮ ਦੇ ਲੋਕ ਮੇਰੇ ਕੋਲ ਆਏ ਸਨ ਅਤੇ ਅਜਿਹੀਆਂ ਗੱਲਾਂ ਆਖ ਗਏ ਹਨ ਜਿਹੜੀਆਂ ਦੱਸਣ ਦੇ ਯੋਗ ਨਹੀਂ।ਹੁਣ ਤੁਸੀਂ ਮੇਰੇ ਉੱਤੇ ਅਤੇ ਅਪਣੇ ਉੱਤੇ ਰਹਿਮ ਕਰੋ।ਇਸ ਸਿਲਸਲੇ ਵਿਚ ਮੇਰੇ ਉੱਤੇ ਐਨਾ ਬੋਝ ਨਾ ਪਾਉ ਜਿਸ ਨੂੰ ਮੈਂ ਚੁੱਕ ਨਾ ਸਕਾਂ"।
ਚਾਚੇ ਦੀ ਬਾਤ ਸੁਣਦਿਆ ਹੀ ਹਜ਼ਰਤ ਮੁਹੰਮਦ (ਸ.) ਇਹ ਸਮਝਣ ਲੱਗੇ ਕਿ ਇਹ ਵੀ ਅਪਣੇ ਆਪ ਨੂੰ ਕਮਜ਼ੋਰ ਸਮਝਣ ਲੱਗ ਗਏ ਹਨ ਅਤੇ ਹੁਣ ਇਹ ਵੀ ਮੇਰਾ ਸਾਥ ਛੱਡ ਜਾਣਗੇ।ਪਰ ਆਪ ਨੇ ਅਪਣੇ ਦ੍ਰਿੜ ਇਰਾਦੇ ਦਾ ਪ੍ਰਗਟਾਵਾ ਕਰਦਿਆਂ ਕਿਹਾ, "ਚਾਚਾ ਜੀ ਹੁਣ ਮੈਂ ਇਸ ਕੰਮ ਨੂੰ ਨੇਪਰੇ ਚਾੜ੍ਹ ਕੇ ਹੀ ਹਟਾਂਗਾ ਜਾਂ ਇਸ ਦੇ ਰਾਹ ਵਿਚ ਖ਼ਤਮ ਹੋ ਜਾਵਾਂਗਾ ਪਰ ਵਿਚਕਾਰ ਨਹੀਂ ਛੱਡਾਂਗਾ।ਇਹ ਕੁਝ ਕਹਿਣ ਤੋਂ ਬਾਅਦ ਆਪ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ।ਆਪ ਉੱਠ ਕੇ ਜਾਣ ਲੱਗੇ ਤਾਂ ਅਬੂ ਤਾਲਿਬ ਨੇ ਰੁਕਣ ਲਈ ਕਿਹਾ।ਜਦੋਂ ਆਪ ਉਨ੍ਹਾਂ ਦੇ ਸਾਹਮਣੇ ਆ ਖੜ੍ਹੇ ਹੋਏ, ਤਾਂ ਉਹ ਆਖਣ ਲੱਗੇ, "ਭਤੀਜੇ! ਜਾਉ ਜੋ ਮਰਜ਼ੀ ਕਰੋ।ਰੱਬ ਦੀ ਸਹੁੰ ਮੈਂ ਤੈਨੂੰ ਕਦੇ ਵੀ, ਕਿਸੇ ਵੀ ਸੂਰਤ ਵਿਚ ਇਕੱਲਾ ਛੱਡ ਨਹੀਂ ਸਕਦਾ"।
ਜਦੋਂ ਕੁਰੈਸ਼ ਵਾਲਿਆਂ ਨੇ ਦੇਖਿਆ ਕਿ ਪਿਛਲੀ ਮਿਲਣੀ ਸਮੇਂ ਅਬੂ ਤਾਲਿਬ ਨੂੰ ਦਿੱਤੀ ਧਮਕੀ ਨੂੰ ਅਣਗੌਲਿਆ ਕਰਕੇ ਹਜ਼ਰਤ ਮੁਹੰਮਦ (ਸ.) ਇਸਲਾਮ ਨੂੰ ਫ਼ੈਲਾਉਣ ਲਈ ਤਬਲੀਗ਼ (ਪਰਚਾਰ) ਕਰੀ ਜਾ ਰਹੇ ਹਨ ਅਤੇ ਲੋਕ ਉਨ੍ਹਾਂ ਦੀਆਂ ਸਿੱਖਿਆਵਾਂ ਉੱਤੇ ਅਮਲ ਕਰਦਿਆਂ ਮੁਸਲਮਾਨ ਹੋ ਰਹੇ ਹਨ।ਪਰ ਅਬੂ ਤਾਲਿਬ ਹਜ਼ਰਤ ਮੁਹੰਮਦ (ਸ.) ਨੂੰ ਛੱਡਣ ਲਈ ਤਿਆਰ ਨਹੀਂ ਹੋ ਰਹੇ ਸਗੋਂ ਉਸ ਦੇ ਬਦਲੇ ਕੁਰੈਸ਼ ਨੂੰ ਛੱਡਣ ਅਤੇ ਉਸ ਦੀ ਦੁਸ਼ਮਣੀ ਮੁੱਲ ਲੈਣ ਨੂੰ ਤਿਆਰ ਹਨ।ਉਹ ਲੋਕ ਵਲੀਦ ਪੁਤਰ ਮੁਗ਼ੈਰਾ ਦੇ ਪੁੱਤਰ ਉਮੈਰਾ ਨੂੰ ਨਾਲ ਲੈ ਕੇ ਅਬੂ ਤਾਲਿਬ ਦੇ ਕੋਲ ਗਏ ਅਤੇ ਕਹਿਣ ਲੱਗੇ;
"ਐ ਅਬੂ ਤਾਲਿਬ ! ਇਹ ਕੁਰੈਸ਼ ਦਾ ਸਭ ਤੋਂ ਸੁੰਦਰ ਅਤੇ ਬਾਂਕਾ ਨੌਜਵਾਨ ਹੈ।ਤੁਸੀਂ ਇਸ ਨੂੰ ਲੈ ਲਵੋ।ਇਸ ਨੂੰ ਅਪਣਾ ਪੁੱਤਰ ਬਣਾ ਲਵੋ ਇਸ ਦੇ ਹਰ ਪੱਖੋਂ ਵਾਲੀ-ਵਾਰਸ ਤੁਸੀਂ ਹੀ ਹੋਵੋਗੇ।ਇਸ ਦੇ ਬਦਲੇ ਤੁਸੀਂ ਅਪਣੇ ਭਤੀਲੇ ਮੁਹੰਮਦ (ਸ.) ਨੂੰ ਸਾਡੇ ਹਵਾਲੇ ਕਰ ਦਿਓ ਜਿਸ ਨੇ ਤੁਹਾਡੇ ਅਤੇ ਸਾਡੇ ਵਡੇਰਿਆਂ ਦੇ ਦੀਨ ਦੀ ਵਿਰੋਧਤਾ ਅਤੇ ਬੇਹੁਰਮਤੀ ਕੀਤੀ ਹੈ ਅਤੇ ਤੁਹਾਡੇ ਕਬੀਲੇ ਦਾ ਏਕਾ ਵਖੇਰ ਕੇ ਰੱਖ ਦਿੱਤਾ ਹੈ।ਉਨ੍ਹਾਂ ਦੀਆਂ ਅਕਲਾਂ ਨੂੰ ਹਮਾਕਤ ਨਾਲ ਝੁਠਲਾਇਆ ਹੈ।ਅਸੀਂ ਉਸ ਨੂੰ ਕਤਲ ਕਰ ਦਿਆਂਗੇ ਅਤੇ ਉਸ ਦੇ ਬਦਲੇ ਇਹ ਲੜਕਾ ਤੁਹਾਨੂੰ ਦੇ ਦਵਾਂਗੇ।ਆਦਮੀ ਦੇ ਬਦਲੇ ਆਦਮੀ ਦਾ ਹਿਸਾਬ ਬਰਾਬਰ ਹੋ ਜਾਵੇਗਾ"।
ਅਬੂ ਤਾਲਿਬ ਨੇ ਉਨ੍ਹਾਂ ਦੀ ਗੱਲ ਗ਼ੌਰ ਨਾਲ ਸੁਣੀ ਅਤੇ ਕਹਿਣ ਲੱਗੇ,"ਰੱਬ ਦੀ ਕਸਮ! ਕਿੰਨਾਂ ਭੈੜਾ ਸੌਦਾ ਹੈ।ਜਿਹੜਾ ਤੁਸੀਂ ਲੋਕ ਮੇਰੇ ਨਾਲ ਕਰਨ ਆਏ ਓ।ਤੁਸੀਂ ਅਪਣਾ ਪੁੱਤਰ ਮੈਨੂੰ ਦੇ ਰਹੇ ਹੋ ਕਿ ਮੈਂ ਉਸ ਨੂੰ ਖਿਲਾਵਾਂ-ਪਿਲਾਵਾਂ, ਪਾਲਾਂ-ਪੋਸਾਂ ਅਤੇ ਮੇਰਾ ਪੁੱਤਰ ਮੈਥੋਂ ਕਤਲ ਕਰਨ ਲਈ ਮੰਗ ਰਹੇ ਹੋ। ਇਹ ਕਦੇ ਨਹੀਂ ਹੋ ਸਕਦਾ"।
ਅਬੂ ਤਾਲਿਬ ਦਾ ਜਵਾਬ ਸੁਣ ਕੇ ਨੋਫ਼ਲ ਪੁੱਤਰ ਅਬਦੇ ਮੁਨਾਫ਼ ਦਾ ਪੋਤਾ ਮੁਤਅਮ ਪੁਤਰ ਅਦੀ ਬੋਲਿਆ,"ਰੱਬ ਦੀ ਸਹੁੰ ਅਬੂ ਤਾਲਿਬ! ਤੈਨੂੰ ਤੇਰੀ ਕੌਮ ਨੇ ਇਨਸਾਫ਼ ਦੀ ਬਾਤ ਕਹੀ ਹੈ ਅਤੇ ਜਿਹੜੀ ਸੂਰਤ ਤੈਨੂੰ ਪਸੰਦ ਨਹੀਂ ਉਸ ਤੋਂ ਬਚਨ ਦੀ ਕੋਸ਼ਿਸ਼ ਕੀਤੀ ਹੈ।ਪਰ ਮੈਂ ਦੇਖਦਾ ਹਾਂ ਕਿ ਤੁਸੀਂ ਉਨ੍ਹਾਂ ਦੀ ਕਿਸੇ ਗੱਲ ਨੂੰ ਸਵੀਕਾਰ ਹੀ ਨਹੀਂ ਕਰਨਾ ਚਾਹੁੰਦੇ"।
ਮੁਤਅਮ ਦੀ ਗੱਲ ਸੁਣ ਕੇ ਅਬੂ ਤਾਲਿਬ ਨੇ ਆਖਿਆ, "ਮੈਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਕੇ ਆਖਦਾ ਹਾਂ ਕਿ ਤੁਸੀਂ ਲੋਕ ਮੇਰੀ ਕੁੱਲ ਵਿੱਚੋਂ ਹੁੰਦਿਆਂ ਵੀ ਮੇਰਾ ਸਾਥ ਛੱਡ ਕੇ ਮੇਰੇ ਮੁਖਾਲਿਫ਼ਾਂ ਦੀ ਹਮਾਇਤ ਉੱਤੇ ਆਏ ਬੈਠੇ ਹੋ।ਤਾਂ ਠੀਕ ਹੈ ਜੋ ਚਾਹੋ ਕਰੋ"।ਅਬੂ ਤਾਲਿਬ ਨਾਲ ਕੁਰੈਸ਼ ਦੀਆਂ ਇਨ੍ਹਾਂ ਦੋਵੇਂ ਮੁਲਾਕਾਤਾਂ ਦਾ ਸਮਾਂ ੬ ਨਬਵੀ ਭਾਵ ਨਬੀ ਬਨਣ ਤੋਂ ਛੇ ਸਾਲ ਬਾਅਦ ਦਾ ਮੰਨਿਆ ਜਾਂਦਾ ਹੈ।

50. ਕਤਲ ਕਰਨ ਦੀ ਕੋਸ਼ਿਸ਼

ਅਬੂ ਤਾਲਿਬ ਨਾਲ ਕੀਤੀਆਂ ਦੋਵੇਂ ਅਸਫ਼ਲ ਮੁਲਾਕਾਤਾਂ ਤੋਂ ਬਾਅਦ ਕੁਰੈਸ਼ ਵਾਲਿਆਂ ਦੇ ਦਿਲ ਵਿਚ ਦੁਸ਼ਮਣੀ ਦੀ ਅੱਗ ਹੋਰ ਭੜਕ ਗਈ ਅਤੇ ਉਨ੍ਹਾਂ ਨੇ ਅਜਿਹੀਆਂ ਹਮਾਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਹਜ਼ਰਤ ਉਮਰ ਅਤੇ ਹਜ਼ਰਤ ਹਮਜ਼ਾ ਦੇ ਮੁਸਲਮਾਨ ਹੋ ਜਾਣ ਦਾ ਕਾਰਣ ਬਣ ਗਈਆਂ।
ਕੁਰੈਸ਼ ਵਾਲਿਆਂ ਨੇ ਮੁਸਲਮਾਨਾਂ ਦੀ ਤਾਕਤ ਨੂੰ ਵਧਦਿਆਂ ਦੇਖ ਕੇ ਫ਼ੈਸਲਾ ਕੀਤਾ ਕਿ ਹਜ਼ਰਤ ਮੁਹੰਮਦ (ਸ.) ਨੂੰ ਹੀ ਕਤਲ ਕਰ ਦਿੱਤਾ ਜਾਵੇ।ਅਲਰਹੀਕੁਲ-ਮਖ਼ਤੂਮ ਦਾ ਲੇਖਕ ਸਫ਼ਾ ੧੪੧ ਉੱਤੇ ਲਿਖਦਾ ਹੈ, "ਇਕ ਦਿਨ ਅਬੂ ਲਹਿਬ ਦਾ ਪੁੱਤਰ ਉਤੀਬਾ ਖ਼ਾਨਾ ਕਾਅਬਾ ਵਿਚ ਇਬਾਦਤ ਕਰਦੇ ਹਜ਼ਰਤ ਮੁਹੰਮਦ (ਸ.) ਕੋਲ ਆਇਆ ਅਤੇ ਬਿਨਾ ਕੁਝ ਬੋਲਿਆਂ ਹੀ ਆਪ ਉੱਤੇ ਝਪਟ ਪਿਆ।ਉਸ ਨੇ ਆਪ ਦੇ ਮੂੰਹ ਉੱਤੇ ਥੁੱਕਣ ਦੀ ਕੋਸ਼ਿਸ਼ ਕੀਤੀ ਅਤੇ ਕੁੜਤਾ ਪਾੜ ਦਿੱਤਾ"।
ਪ੍ਰਸਿੱਧ ਇਸਲਾਮੀ ਵਿਦਵਾਨ ਇਬਨੇ ਇਸਹਾਕ ਅਬੂ ਜਹਿਲ ਦੇ ਬਿਆਨ ਉੱਤੇ ਪ੍ਰਤੀਕਿਰਿਆ ਕਰਦੇ ਦੱਸਦੇ ਨੇ ਕਿ ਉਹ ਮੁਹੰਮਦ (ਸ.) ਨੂੰ ਕਤਲ ਕਰਨ ਦੇ ਚੱਕਰ ਵਿਚ ਸੀ।ਇਕ ਦਿਨ ਅਬੂ ਜਹਿਲ ਨੇ ਕੁਰੈਸ਼ ਵਾਲਿਆਂ ਨੂੰ ਇਕੱਠਾ ਕੀਤਾ ਅਤੇ ਕਹਿਣ ਲੱਗਿਆ,"ਮੇਰੇ ਕੁਰੈਸ਼ੀ ਭਰਾਵੋ! ਤੁਸੀਂ ਦੇਖ ਰਹੇ ਓ ਕਿ ਮੁਹੰਮਦ (ਸ.) ਸਾਡੇ ਦੀਨ ਦੀ ਨੁਕਤਾ ਚੀਨੀ, ਸਾਡੇ ਪੁਰਖਾਂ ਦੀ ਬਦਗੋਈ, ਸਾਡੇ ਖ਼ੁਦਾਵਾਂ (ਬੁੱਤਾਂ) ਦੀ ਬੇਇੱਜ਼ਤੀ ਕਰਨ ਤੋਂ ਨਹੀਂ ਹਟਦਾ।ਇਸ ਲਈ ਮੈਂ ਵਾਅਦਾ ਕਰਦਾ ਹਾਂ ਕਿ ਇਕ ਦਿਨ ਬਹੁਤ ਭਾਰਾ ਪੱਥਰ ਲੈ ਕੇ ਬੈਠਾਂਗਾ ਅਤੇ ਜਦ ਉਹ ਸਿਜਦਾ ਕਰੇਗਾ ਮੈਂ ਉਸ ਦਾ ਸਿਰ ਕੁਚਲ ਦੇਵਾਂਗਾ।ਇਸ ਤੋਂ ਬਾਅਦ ਕੁਰੈਸ਼ ਵਾਲੇ ਭਾਵੇਂ ਮੇਰੀ ਸਹਾਇਤਾ ਕਰਨ ਚਾਹੇ ਨਾ ਕਰਨ।ਮੁਹੰਮਦ (ਸ.) ਦੇ ਕਬੀਲੇ ਬਨੀ ਅਬਦੇ ਮੁਨਾਫ਼ ਵਾਲੇ ਵੀ ਜੋ ਮਰਜ਼ੀ ਕਰਨ"।ਲੋਕਾਂ ਨੇ ਉਸ ਦੀ ਹਾਂ ਵਿਚ ਹਾਂ ਮਿਲਾਉਂਦਿਆਂ ਕਿਹਾ ਕਿ "ਤੁਸੀਂ ਜੋ ਜੀਅ ਚਾਹੇ ਕਰੋ ਅਸੀਂ ਤੁਹਾਨੂੰ ਇਕੱਲਿਆਂ ਨਹੀਂ ਛੱਡਾਂਗੇ"।
ਅਬੂ ਜਹਿਲ ਦੀ ਇਸ ਹਰਕਤ ਬਾਰੇ 'ਅਲਰਹੀਕੁਲ ਮਖ਼ਤੂਮ'ਦਾ ਲੇਖਕ ਲਿਖਦਾ ਹੈ, "ਅਗਲੀ ਸਵੇਰ ਜਦੋਂ ਨਮਾਜ਼ ਪੜ੍ਹਨ ਸਮੇਂ ਹਜ਼ਰਤ ਮੁਹੰਮਦ (ਸ.) ਸਿਜਦਾ ਕਰਨ ਲੱਗੇ ਤਾਂ ਅਬੂ ਜਹਿਲ ਭਾਰਾ ਪੱਥਰ ਚੁੱਕ ਕੇ ਆਪ ਦੇ ਸਿਰ ਵਿਚ ਮਾਰਨ ਲਈ ਅੱਗੇ ਵਧਿਆ ਪਰ ਜਦੋਂ ਉਸ ਨੇ ਮਾਰਨ ਲਈ ਪੱਥਰ ਉਤਾਂਹ ਚੁੱਕਿਆ ਤਾਂ ਉਸ ਦੀਆਂ ਬਾਹਵਾਂ ਜਵਾਬ ਦੇ ਗਈਆਂ।ਪੱਥਰ ਉਸ ਦੇ ਹੱਥਾਂ ਨਾਲ ਚਿਪਕ ਗਿਆ ਅਤੇ ਡਰ ਦੇ ਮਾਰਿਆਂ ਉਸ ਦਾ ਰੰਗ ਪੀਲਾ ਪੈ ਗਿਆ।
ਇਬਨੇ ਇਸਹਾਕ ਦੱਸਦੇ ਨੇ ਕਿ ਇਕ ਦਿਨ ਖ਼ਾਨਾ ਕਾਅਬਾ ਵਿਚ ਇਕੱਠੇ ਹੋਏ ਕੁਰੈਸ਼ ਵਾਲੇ ਆਪ ਦੇ ਬਾਰੇ ਆਖ ਰਹੇ ਸਨ ਕਿ ਜਿੰਨੀ ਢਿੱਲ ਕੁਰੈਸ਼ ਵਾਲਿਆਂ ਨੇ ਮੁਹੰਮਦ (ਸ.) ਨੂੰ ਦਿੱਤੀ ਹੈ ਇਸ ਦੀ ਮਿਸਾਲ ਨਹੀਂ ਮਿਲਦੀ।ਐਨ ਉਸੇ ਸਮੇਂ ਜਦੋਂ ਆਪ ਖ਼ਾਨਾ ਕਾਅਬਾ ਵਿਚ ਆਏ ਤਾਂ ਕੁਰੈਸ਼ ਦੇ ਕੁਝ ਆਦਮੀ ਆਪ ਉੱਤੇ ਝਪਟ ਪਏ।ਉਨ੍ਹਾਂ ਵਿੱਚੋਂ ਇਕ ਆਦਮੀ ਨੇ ਗਲ ਵਿਚ ਪਾਈ ਆਪ ਦੀ ਚਾਦਰ ਫੜ ਲਈ ਅਤੇ ਉਸ ਨੂੰ ਵਲ ਦੇਣ ਲੱਗਿਆ।ਅਬੂ ਬਕਰ ਸਿੱਦੀਕ (ਰਜ਼ੀ.) ਉਸ ਨੂੰ ਹਟਾਉਣ ਲੱਗੇ ਆਖ ਰਹੇ ਸਨ ਕਿ ਕੀ ਤੁਸੀਂ ਇਕ ਆਦਮੀ ਨੂੰ ਇਸ ਲਈ ਮਾਰ ਰਹੇ ਹੋ ਕਿ ਉਹ ਕਹਿੰਦਾ ਹੈ ਕਿ ਮੇਰਾ ਰੱਬ ਅੱਲਾਹ ਹੈ।ਅਬਦੁੱਲਾਹ ਬਿਨ ਅਮਰੂ ਆਖਦੇ ਨੇ ਕਿ ਇਹ ਸਭ ਤੋਂ ਦੁਖਦਾਈ ਘਟਨਾ ਸੀ ਜਿਹੜੀ ਮੈਂ ਹਜ਼ਰਤ ਮੁਹੰਮਦ (ਸ.) ਨਾਲ ਵਾਪਰਦੀ ਅੱਖੀਂ ਦੇਖੀ।ਇਸ ਘਟਨਾ ਵਿਚ ਅਬੂ ਬਕਰ ਸਿੱਦੀਕ (ਰਜ਼ੀ.) ਵੀ ਜ਼ਖ਼ਮੀ ਹੋਏ।
ਇਕ ਸਹਾਬੀ ਹਜ਼ਰਤ ਅਸਮਾ (ਰਜ਼ੀ.) ਉਪਰੋਕਤ ਘਟਨਾ ਬਾਰੇ ਬਿਆਨ ਕਰਦਿਆਂ ਦੱਸਦੇ ਨੇ ਕਿ, "ਜਦੋਂ ਹਜ਼ਰਤ ਅਬੂ ਬਕਰ (ਰਜ਼ੀ.) ਨੂੰ ਚੀਖ਼ ਸੁਣੀ ਕਿ 'ਅਪਣੇ ਸਾਥੀ ਨੂੰ ਬਚਾਉ' ਤਾਂ ਉਹ ਝੱਟ ਸਾਡੇ ਕੋਲੋਂ ਉੱਠ ਕੇ ਗਏ ਅਤੇ ਹਜ਼ਰਤ ਮੁਹੰਮਦ (ਸ.) ਨੂੰ ਬਚਾਉਂਦਿਆਂ ਆਖਣ ਲੱਗੇ ਕਿ ਤੁਸੀਂ ਇਸ ਲਈ ਇਕ ਆਦਮੀ ਨੂੰ ਕਤਲ ਕਰਨਾ ਚਾਹੁੰਦੇ ਹੋ ਕਿ ਉਹ ਕਹਿੰਦਾ ਹੈ ਮੇਰਾ ਰੱਬ ਅੱਲਾਹ ਹੈ।ਮੁਸ਼ਰਿਕ ਹਜ਼ਰਤ ਮੁਹੰਮਦ (ਸ.) ਨੂੰ ਛੱਡ ਕੇ ਹਜ਼ਰਤ ਅਬੂ ਬਕਰ (ਰਜ਼ੀ.) ਨੂੰ ਚਿੰਬੜ ਗਏ।ਜਦੋਂ ਉਹ ਸਾਡੇ ਕੋਲ ਵਾਪਸ ਆਏ ਤਾਂ ਦੇਖਿਆ ਕਿ ਉਨ੍ਹਾਂ ਦੇ ਸਿਰ ਦੇ ਵਾਲ ਹੱਥ ਲਾਉਣ ਨਾਲ ਉਖੜ ਰਹੇ ਸਨ"।
ਇਕ ਵਾਰ ਹਜ਼ਰਤ ਮੁਹੰਮਦ (ਸ.) ਖ਼ਾਨਾ ਕਾਅਬਾ ਵਿਚ ਨਮਾਜ਼ ਪੜ੍ਹਨ ਸਮੇਂ ਜਦੋਂ ਸਿਜਦੇ ਨੂੰ ਗਏ ਤਾਂ ਉਕਬਾ ਪੁੱਤਰ ਅਬੀ ਮੁਈਤ ਨੇ ਦੋਵੇਂ ਹੱਥਾਂ ਨਾਲ ਆਪ ਦੀ ਗਰਦਨ ਇਸ ਤਰ੍ਹਾਂ ਮਰੋੜ ਕੇ ਰਗੜੀ ਕਿ ਦੇਖਣ ਵਾਲਿਆਂ ਨੂੰ ਲੱਗ ਰਿਹਾ ਸੀ ਦੋਵੇਂ ਅੱਖਾਂ ਖ਼ਤਮ ਹੋ ਜਾਣਗੀਆਂ।

51. ਹਜ਼ਰਤ ਹਮਜ਼ਾ (ਰਜ਼ੀ.) ਦਾ ਮੁਸਲਮਾਨ ਹੋਣਾ

ਨਬੁੱਵਤ ਮਿਲਿਆਂ ਭਾਵ ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਛੇ ਸਾਲ ਦਾ ਸਮਾਂ ਬੀਤ ਚੁੱਕਿਆ ਸੀ ਪਰ ਅਜੇ ਤੱਕ ਅਰਬ ਦੇ ਕਿਸੇ ਵੱਡੇ ਸਰਦਾਰ ਨੇ ਇਸਲਾਮ ਕਬੂਲ ਨਹੀਂ ਸੀ ਕੀਤਾ।ਹਜ਼ਰਤ ਮੁਹੰਮਦ (ਸ.) ਜਿਨ੍ਹਾਂ ਬਾਰੇ ਰੱਬ ਅੱਗੇ ਦੁਆ ਕਰਿਆ ਕਰਦੇ ਸਨ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਮੁਸਲਮਾਨ ਬਣਾ ਦੇਵੇ।ਉਨ੍ਹਾਂ ਵਿਚ ਇਕ ਹਜ਼ਰਤ ਹਮਜ਼ਾ (ਰਜ਼ੀ.) ਵੀ ਸਨ ਜਿਹੜੇ ਹਜ਼ਰਤ ਮੁਹੰਮਦ (ਸ.) ਦੇ ਚਾਚੇ ਦੇ ਪੁੱਤਰ ਸਨ।ਇਸ ਤੋਂ ਵੱਖ ਉਹ ਆਪ ਦੇ ਦੁੱਧ ਸ਼ਰੀਕ ਭਾਈ ਵੀ ਸਨ ਕਿਉਂ ਜੋ ਜਿਸ ਮਾਈ ਨੇ ਆਪ ਨੂੰ ਦੁੱਧ ਪਿਲਾਇਆ ਸੀ ਆਪ ਤੋਂ ਦੋ ਸਾਲ ਪਹਿਲਾਂ ਉਸ ਨੇ ਹਜ਼ਰਤ ਹਮਜ਼ਾ (ਰਜ਼ੀ.) ਨੂੰ ਵੀ ਦੁੱਧ ਪਿਲਾਇਆ ਸੀ।
ਹਜ਼ਰਤ ਹਮਜ਼ਾ (ਰਜ਼ੀ.) ਤਕੜੇ ਸਰੀਰ ਦੇ ਮਾਲਕ ਸਨ।ਪਹਿਲਵਾਨੀ ਤੋਂ ਇਲਾਵਾ ਸ਼ਿਕਾਰ ਖੇਡਣ ਦਾ ਸ਼ੌਕ ਵੀ ਰੱਖਦੇ ਸਨ।'ਮੈਅਮਾਰੇ ਇਨਸਾਨੀਅਤ' ਦਾ ਲੇਖਕ ਮੁਫ਼ਤੀ ਫ਼ਜ਼ੈਲੁਲ ਰਹਿਮਾਨ ਹਲਾਲ ਉਸਮਾਨੀ ਉਨ੍ਹਾਂ ਬਾਰੇ ਲਿਖਦਾ ਹੈ:
"ਹਜ਼ਰਤ ਹਮਜ਼ਾ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੇ ਸ਼ਰੀਕਾਂ ਵਿੱਚੋਂ ਚਾਚਾ ਵੀ ਲਗਦੇ ਸਨ ਅਤੇ ਦੁੱਧ ਸ਼ਰੀਕ ਭਾਈ ਵੀ ਪਰ ਅਜੇ ਮੁਸਲਮਾਨ ਨਹੀਂ ਹੋਏ ਸਨ।ਇਕ ਦਿਨ ਹਜ਼ਰਤ ਮੁਹੰਮਦ (ਸ.) ਸਫ਼ਾ ਪਹਾੜੀ ਦੇ ਨੇੜੇ ਬੈਠੇ ਸਨ ਕਿ ਅਬੂ ਜਹਿਲ ਨਾਲ ਟਾਕਰਾ ਹੋ ਗਿਆ।ਉਹ ਹਜ਼ਰਤ ਮੁਹੰਮਦ (ਸ.) ਨਾਲ ਉਲਟੀਆਂ ਸਿੱਧੀਆਂ ਗੱਲਾਂ ਕਰਨ ਲੱਗਿਆ ਪਰ ਆਪ ਚੁੱਪ-ਚਾਪ ਬੈਠੇ ਰਹੇ ਅਤੇ ਉਸ ਦੀ ਕਿਸੇ ਗੱਲ ਦਾ ਜਵਾਬ ਨਾ ਦਿੱਤਾ।ਜਦੋਂ ਉਸ ਨੇ ਮੁਹੰਮਦ (ਸ.) ਵੱਲੋਂ ਕੋਈ ਜਵਾਬ ਨਾ ਮਿਲਦਾ ਦੇਖਿਆ ਤਾਂ ਖਿੱਝ ਕੇ ਹਜ਼ਰਤ ਮੁਹੰਮਦ (ਸ.) ਦੇ ਸਿਰ ਵਿਚ ਪੱਥਰ ਮਾਰ ਦਿੱਤਾ ਜਿਸ ਨਾਲ ਖ਼ੂਨ ਚਾਲੂ ਹੋ ਗਿਆ।ਹਜ਼ਰਤ ਮੁਹੰਮਦ (ਸ.) ਚੁੱਪ-ਚਾਪ ਘਰ ਨੂੰ ਚਲੇ ਗਏ"।
ਹਜ਼ਰਤ ਹਮਜ਼ਾ (ਰਜ਼ੀ.) ਜਦੋਂ ਸ਼ਿਕਾਰ ਤੋਂ ਵਾਪਸ ਆਏ ਤਾਂ ਰਸਤੇ ਵਿਚ ਅਬਦੁੱਲਾਹ ਪੁੱਤਰ ਜੁਦਆਨ ਦੀ ਨੌਕਰਾਣੀ ਮਿਲ ਗਈ ਜਿਸ ਨੇ ਇਸ ਘਟਨਾ ਨੂੰ ਕੋਹੇ ਸਿਫ਼ਾ (ਸਿਫ਼ਾ ਨਾਂ ਦੀ ਪਹਾੜੀ) ਉੱਤੇ ਸਥਿਤ ਅਪਣੇ ਘਰ ਚੋਂ ਅੱਖੀਂ ਵੇਖਿਆ ਸੀ।ਉਸ ਨੇ ਹਜ਼ਰਤ ਹਮਜ਼ਾ (ਰਜ਼ੀ.) ਨੂੰ ਦੱਸਿਆ ਕਿ ਅੱਜ ਅਬੂ ਜਿਹਲ ਨੇ ਹਜ਼ਰਤ ਮੁਹੰਮਦ (ਸ.) ਨੂੰ ਗਾਲਾਂ ਕੱਢੀਆਂ ਹਨ ਅਤੇ ਪੱਥਰ ਮਾਰ ਕੇ ਉਨ੍ਹਾਂ ਦਾ ਸਿਰ ਲਹੂ-ਲੁਹਾਨ ਕਰ ਦਿੱਤਾ ਹੈ।ਅਬੂ ਜਿਹਲ ਦੀ ਅਜਿਹੀ ਘਟੀਆ ਹਰਕਤ ਉੱਤੇ ਹਜ਼ਰਤ ਹਮਜ਼ਾ (ਰਜ਼ੀ.) ਨੂੰ ਗੁੱਸਾ ਆ ਗਿਆ ਅਤੇ ਉਹ ਖ਼ਾਨਾ ਕਾਅਬਾ ਵਲ ਚੱਲ ਪਏ।
ਹਜ਼ਰਤ ਹਮਜ਼ਾ (ਰਜ਼ੀ.) ਦੀ ਆਦਤ ਸੀ ਕਿ ਜਦੋਂ ਸ਼ਿਕਾਰ ਤੋਂ ਵਾਪਸ ਆਉਂਦੇ ਤਾਂ ਪਹਿਲਾਂ ਖ਼ਾਨਾ ਕਾਅਬਾ ਵਿਚ ਜਾ ਕੇ ਕਮਾਨ ਇਕ ਪਾਸੇ ਰੱਖ ਦਿੰਦੇ ਅਤੇ ਤਵਾਫ਼ ਕਰਦੇ।ਅੱਜ ਵੀ ਜਦੋਂ ਉਹ ਖ਼ਾਨਾ ਕਾਅਬਾ ਵਿਚ ਪਹੁੰਚੇ ਉਸ ਸਮੇਂ ਖ਼ਾਨਾ ਕਾਅਬਾ ਵਿਚ ਅਬੂ ਜਹਿਲ ਕੁਰੈਸ਼ ਦੇ ਦੂਸਰੇ ਸਰਦਾਰਾਂ ਨਾਲ ਬੈਠਾ ਕੋਈ ਮਸ਼ਵਰਾ ਕਰ ਰਿਹਾ ਸੀ।ਹਜ਼ਰਤ ਹਮਜ਼ਾ (ਰਜ਼ੀ.) ਨੇ ਤਵਾਫ਼ ਕਰਨ ਤੋਂ ਬਾਅਦ ਕਮਾਨ ਚੁੱਕੀ ਅਤੇ ਉਸ ਦਾ ਹੱਥਾ ਅਬੂ ਜਹਿਲ ਦੇ ਸਿਰ ਵਿਚ ਮਾਰ ਕੇ ਆਖਿਆ, "ਅੱਜ ਤੋਂ ਮੇਰਾ ਧਰਮ ਵੀ ਮੁਹੰਮਦ (ਸ.) ਵਾਲਾ ਧਰਮ ਹੈ ਜੇ ਤੁਹਾਡੇ ਵਿਚ ਹਿੰਮਤ ਹੈ ਤਾਂ ਰੋਕ ਕੇ ਵਿਖਾਉ"।ਅਬੂ ਜਹਿਲ ਨੂੰ ਮਾਰ ਪੈਂਦੀ ਦੇਖ ਕੇ ਉਸ ਦੇ ਕਬੀਲੇ ਬਨੂ ਮਖ਼ਜ਼ੂਮ ਦੇ ਲੋਕ ਭੜਕ ਪਏ ਅਤੇ ਹਜ਼ਰਤ ਹਮਜ਼ਾ (ਰਜ਼ੀ.) ਦੇ ਕਬੀਲੇ ਬਨੂ ਹਾਸ਼ਮ ਦੇ ਲੋਕਾਂ ਨਾਲ ਹੱਥੋ-ਪਾਈ ਕਰਨ ਲੱਗੇ ਪਰ ਅਬੂ ਜਿਹਨ ਨੇ ਅਪਣੇ ਕਬੀਲੇ ਦੇ ਲੋਕਾਂ ਨੂੰ ਚੁਪ ਰਹਿਣ ਲਈ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਗ਼ਲਤੀ ਮੇਰੀ ਹੈ।
ਅਬੂ ਜਹਿਲ ਨਾਲ ਨਿਪਟ ਕੇ ਹਜ਼ਰਤ ਹਮਜ਼ਾ (ਰਜ਼ੀ.) ਸਿੱਧੇ ਹਜ਼ਰਤ ਮੁਹੰਮਦ (ਸ.) ਦੇ ਕੋਲ ਗਏ ਅਤੇ ਕਹਿਣ ਲੱਗੇ,"ਭਤੀਜੇ ! ਮੈਂ ਅਬੂ ਜਹਿਲ ਤੋਂ ਤੁਹਾਡਾ ਬਦਲਾ ਲੈ ਲਿਆ ਹੈ"।ਪਰ ਹਜ਼ਰਤ ਮੁਹੰਮਦ (ਸ.) ਉਨ੍ਹਾਂ ਨੂੰ ਕਹਿਣ ਲੱਗੇ, "ਚਾਚਾ ਜੀ ਇਹ ਮੇਰੇ ਲਈ ਖ਼ੁਸ਼ੀ ਦੀ ਗੱਲ ਨਹੀਂ ਮੈਨੂੰ ਖ਼ੁਸ਼ੀ ਉਸ ਦਿਨ ਹੋਵੇਗੀ ਜਿਸ ਦਿਨ ਤੁਸੀਂ ਆਪ ਸੱਚਾ ਦੀਨ ਕਬੂਲ ਕਰ ਲਵੋਗੇ"।
ਹਜ਼ਰਤ ਹਮਜ਼ਾ (ਰਜ਼ੀ.) ਘਰ ਜਾ ਕੇ ਸਾਰੀ ਰਾਤ ਸੋਚਦੇ ਰਹੇ ਅਤੇ ਅਗਲੀ ਸਵੇਰ ਮੁਹੰਮਦ (ਸ.) ਦੇ ਕੋਲ ਜਾ ਕੇ ਇਸਲਾਮ ਕਬੂਲ ਕਰ ਲਿਆ।

52. ਹਜ਼ਰਤ ਉਮਰ (ਰਜ਼ੀ.) ਦਾ ਮੁਸਲਮਾਨ ਹੋਣਾ

ਹਜ਼ਰਤ ਮੁਹੰਮਦ (ਸ.) ਨੂੰ ਨਬੀ ਬਣਿਆਂ ਛੇ ਸਾਲ ਹੋ ਗਏ ਸਨ ਪਰ ਅਜੇ ਤੱਕ ਕੁਰੈਸ਼ ਘਰਾਣੇ ਦੇ ਕਿਸੇ ਤਕੜੇ ਆਦਮੀ ਨੇ ਇਸਲਾਮ ਕਬੂਲ ਨਹੀਂ ਕੀਤਾ ਸੀ।ਉਹ ਮੁਸਲਮਾਨ ਬਨਣ ਲਈ ਜਿਨ੍ਹਾਂ ਬਾਰੇ ਦੁਆ ਕਰਿਆ ਕਰਦੇ ਸਨ ਉਨ੍ਹਾਂ ਵਿਚ ਹਜ਼ਰਤ ਉਮਰ (ਰਜ਼ੀ.) ਵੀ ਸ਼ਾਮਿਲ ਸਨ।ਹਜ਼ਰਤ ਅਨਸ ਦੱਸਦੇ ਨੇ ਕਿ ਮੁਹੰਮਦ (ਸ.) ਦੁਆ ਵਿਚ ਆਖਿਆ ਕਰਦੇ ਸਨ,"ਐ ਅੱਲਾਹ! ਉਮਰ ਪੁੱਤਰ ਖ਼ੱਤਾਬ ਜਾਂ ਅਬੂ ਜਹਿਲ ਪੁੱਤਰ ਹੱਸ਼ਾਮ, ਦੋਵਾਂ ਵਿੱਚੋਂ ਜਿਹੜਾ ਵੀ ਤੈਨੂੰ ਪਿਆਰਾ ਹੈ ਉਸ ਨੂੰ ਇਸਲਾਮ ਵਿਚ ਦਾਖ਼ਲ ਕਰਕੇ ਮੁਸਲਮਾਨਾਂ ਨੂੰ ਤਾਕਤਵਰ ਬਣਾ"।
ਹਜ਼ਰਤ ਉਮਰ (ਰਜ਼ੀ.) ਜਿਨ੍ਹਾਂ ਬਾਰੇ ਹਜ਼ਰਤ ਮੁਹੰਮਦ (ਸ.) ਦੁਆ ਕਰਿਆ ਕਰਦੇ ਸਨ, ਸਖ਼ਤ ਮਿਜਾਜ਼ੀ ਲਈ ਮੱਕੇ ਵਿਚ ਮਸ਼ਹੂਰ ਸਨ ਅਤੇ ਮੁਸਲਮਾਨਾਂ ਨੂੰ ਤੰਗ ਕਰਨ ਲਈ ਹੁਣ ਤੱਕ ਕੁਰੈਸ਼ ਵਾਲਿਆਂ ਦੇ ਨਾਲ ਸਨ।ਉਹ ਦੂਹਰੀ ਤਬੀਅਤ ਦੇ ਮਾਲਕ ਸਨ।ਇਕ ਪਾਸੇ ਉਹ ਅਪਣੇ ਪੁਰਖਿਆਂ ਦੇ ਧਰਮ ਉੱਤੇ ਕੱਟੜਤਾ ਨਾਲ ਕਾਇਮ ਸਨ ਅਤੇ ਦੂਜੇ ਪਾਸੇ ਇਸਲਾਮ ਦੀ ਹੱਕ ਪ੍ਰਸਤੀ ਦੇ ਵੀ ਸ਼ੈਦਾਈ ਸਨ।ਉਨ੍ਹਾਂ ਦਾ ਦਿਲ ਸਦਾ ਇਹੋ ਗਵਾਹੀ ਦਿੰਦਾ ਸੀ ਕਿ ਇਸਲਾਮ ਜਿਹੜੀ ਦਾਅਵਤ ਦੇ ਰਿਹਾ ਹੈ ਉਹ ਸਹੀ ਹੈ।ਜਦ ਤੋਂ ਉਨ੍ਹਾਂ ਨੇ ਖ਼ਾਨਾ ਕਾਅਬਾ ਵਿਚ ਛੁਪ ਕੇ ਮੁਹੰਮਦ (ਸ.) ਨੂੰ ਕੁਰਆਨ ਸ਼ਰੀਫ਼ ਪੜ੍ਹਦਿਆਂ ਸੁਣਿਆ ਸੀ ਉਦੋਂ ਤੋਂ ਹੀ ਉਨ੍ਹਾਂ ਦੇ ਮਨ ਵਿਚ ਇਸਲਾਮ ਦੀ ਬੁਲੰਦੀ ਦਾ ਮਜਬੂਤ ਅਹਿਸਾਸ ਪੈਦਾ ਹੋ ਗਿਆ ਸੀ।ਪਰ ਜਦੋਂ ਉਨ੍ਹਾਂ ਦੇ ਮਨ ਵਿਚ ਇਸਲਾਮ ਦੇ ਵਿਰੁੱਧ ਫ਼ਤੂਰ ਪੈਦਾ ਹੋਇਆ ਤਾਂ ਤਲਵਾਰ ਚੁੱਕੀ ਅਤੇ ਇਸ ਦੀ ਹੋਂਦ ਨੂੰ ਮਿਟਾਉਣ ਲਈ ਤੁਰ ਪਏ।
ਹਜ਼ਰਤ ਹਮਜ਼ਾ (ਰਜ਼ੀ.) ਨੂੰ ਮੁਸਲਮਾਨ ਹੋਇਆਂ ਤਿੰਨ ਦਿਨ ਹੋਏ ਸਨ ਕਿ ਕੁਰੈਸ਼ ਦੇ ਦੂਜੇ ਸਰਦਾਰ ਹਜ਼ਰਤ ਉਮਰ (ਰਜ਼ੀ.) ਹਜ਼ਰਤ ਮੁਹੰਮਦ (ਸ.) ਦੇ ਖ਼ਿਲਾਫ਼ ਭੜਕ ਪਏ ਅਤੇ ਇਹ ਸੋਚ ਕੇ ਘਰੋਂ ਚੱਲ ਪਏ ਕਿ ਅੱਜ ਇਸਲਾਮ ਦੀ ਜੜ ਮੁਹੰਮਦ (ਸ.) ਨੂੰ ਹੀ ਖ਼ਤਮ ਕਰ ਦਿੰਦਾ ਹਾਂ।ਉਸ ਨੂੰ ਹੱਥ ਵਿਚ ਤਲਵਾਰ ਫੜੀ, ਗੁੱਸੇ ਵਿਚ ਦੇਖ ਕੇ ਉਸ ਦੇ ਕਬੀਲੇ ਬਨੂ ਅਦੀ ਦੇ ਇਕ ਮੁਸਲਮਾਨ ਨਈਮ ਮਿਲ ਗਏ।ਹਜ਼ਰਤ ਉਮਰ (ਰਜ਼ੀ.) ਦੇ ਅਪਣਾ ਇਰਾਦਾ ਦੱਸਣ ਉੱਤੇ ਉਸ ਨੇ ਕਿਹਾ ਕਿ "ਜੇ ਤੂੰ ਅਜਿਹਾ ਕੀਤਾ ਤਾਂ ਅਬਦ ਮਨਾਫ਼ ਦੇ ਖ਼ਾਨਦਾਨ ਵਾਲੇ ਤੈਨੂੰ ਜਿਉਂਦਾ ਨਹੀਂ ਛੱਡਣਗੇ।ਤੂੰ ਪਹਿਲਾਂ ਅਪਣੇ ਘਰ ਦੀ ਖ਼ਬਰ ਲੈ।ਤੇਰੀ ਭੈਣ ਫ਼ਾਤਮਾ ਅਤੇ ਭਨੋਈਆ ਸਈਦ ਪੁਤਰ ਜ਼ੈਦ ਤਾਂ ਆਪ ਮੁਸਲਮਾਨ ਹੋ ਚੁੱਕੇ ਹਨ"।ਇਹ ਸੁਣ ਕੇ ਹਜ਼ਰਤ ਉਮਰ (ਰਜ਼ੀ.) ਜਦੋਂ ਭੈਣ ਦੇ ਘਰ ਪਹੁੰਚੇ ਤਾਂ ਅੰਦਰੋਂ ਕੁਰਆਨ ਸ਼ਰੀਫ਼ ਪੜ੍ਹਨ ਦੀ ਆਵਾਜ਼ ਆ ਰਹੀ ਸੀ।ਉਨ੍ਹਾਂ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਭੈਣ ਨੇ ਕੁਰਆਨ ਦੇ ਵਰਕੇ ਛੁਪਾ ਕੇ ਦਰਵਾਜ਼ਾ ਖੋਲ੍ਹ ਦਿੱਤਾ।ਹਜ਼ਰਤ ਉਮਰ (ਰਜ਼ੀ.) ਨੇ ਅੰਦਰ ਜਾ ਕੇ ਬਹਿਨੋਈ ਨੂੰ ਮਾਰਣਾ ਸ਼ੁਰੂ ਕਰ ਦਿੱਤਾ।ਜਦੋਂ ਭੈਣ ਅਪਣੇ ਪਤੀ ਨੂੰ ਬਚਾਉਣ ਆਈ ਤਾਂ ਹਜ਼ਰਤ ਉਮਰ (ਰਜ਼ੀ.) ਨੇ ਉਸ ਨੂੰ ਵੀ ਲਹੂ-ਲੁਹਾਣ ਕਰ ਦਿੱਤਾ।ਗੁੱਸੇ ਵਿਚ ਆਈ ਭੈਣ ਨੇ ਕਿਹਾ,"ਉਮਰ! ਜੋ ਮਨ ਵਿਚ ਆਵੇ ਕਰ ਲਵੋ ਹੁਣ ਇਸਲਾਮ ਸਾਡੇ ਦਿਲਾਂ ਵਿੱਚੋਂ ਨਹੀਂ ਨਿਕਲ ਸਕਦਾ"।ਭੈਣ ਦੀ ਦਰਿੜ੍ਹਤਾ ਨੇ ਉਮਰ ਦੇ ਦਿਲ ਉੱਤੇ ਕੁਝ ਪਰਭਾਵ ਪਾਇਆ ਅਤੇ ਉਹ ਉਸ ਨੂੰ ਕਹਿਣ ਲੱਗੇ, "ਚੰਗਾ ਤੁਸੀਂ ਕੀ ਪੜ੍ਹ ਰਹੇ ਸੀ ਮੈਨੂੰ ਵੀ ਸੁਣਾਉ"।ਅੱਥਰੂ ਕੇਰਦੀ ਭੈਣ ਦੇ ਮੂੰਹੋਂ ਕੁਰਆਨ ਸ਼ਰੀਫ਼ ਦੀਆਂ ਆਇਤਾਂ ਸੁਣ ਕੇ ਹਜ਼ਰਤ ਉਮਰ (ਰਜ਼ੀ.) ਦੇ ਦਿਲ ਤੇ ਅਜਿਹਾ ਅਸਰ ਹੋਇਆ ਕਿ ਉਸ ਨੇ ਮੁਸਲਮਾਨ ਬਨਣ ਦਾ ਫ਼ੈਸਲਾ ਕਰ ਲਿਆ।
ਜਦੋਂ ਹਜ਼ਰਤ ਉਮਰ (ਰਜ਼ੀ.) ਭੈਣ ਦੇ ਘਰੋਂ ਨਿਕਲ ਕੇ ਹਜ਼ਰਤ ਮੁਹੰਮਦ (ਸ.) ਨੂੰ ਮਿਲਣ ਗਏ ਤਾਂ ਉਸ ਸਮੇਂ ਉਹ ਇਕ ਸਹਾਬੀ ਹਜ਼ਰਤ ਅਰਕਮ ਦੇ ਘਰ ਕੁਝ ਸਾਥੀਆਂ ਦੀ ਸੰਗਤ ਵਿਚ ਬੈਠੇ ਕੋਈ ਮਸ਼ਵਰਾ ਸਾਂਝਾ ਕਰ ਰਹੇ ਸਨ।ਜਦੋਂ ਅੰਦਰ ਬੈਠੇ ਮੁਸਲਮਾਨਾਂ ਨੇ ਦਰਵਾਜ਼ੇ ਦੀਆਂ ਝੀਥਾਂ ਵਿੱਚੋਂ ਹਜ਼ਰਤ ਉਮਰ (ਰਜ਼ੀ.) ਨੂੰ ਹੱਥ ਵਿਚ ਤਲਵਾਰ ਲਈ ਖੜ੍ਹੇ ਦੇਖਿਆ ਤਾਂ ਉਹ ਘਬਰਾ ਗਏ ਪਰ ਹਜ਼ਰਤ ਹਮਜ਼ਾ (ਰਜ਼ੀ.) ਨੇ ਆਖਿਆ,"ਆਉਣ ਦਿਓ! ਜੇ ਉਹ ਸੁਲਾਹ ਦੀ ਨੀਅਤ ਨਾਲ ਆਇਆ ਹੈ ਤਾਂ ਜੀ ਆਇਆਂ ਨੂੰ, ਨਹੀਂ ਤਾਂ ਉਸ ਦੀ ਤਲਵਾਰ ਨਾਲ ਹੀ ਉਸ ਦਾ ਸਿਰ ਉਡਾ ਦੇਵਾਂਗਾ"।ਦਰਵਾਜ਼ਾ ਖੋਲ੍ਹ ਕੇ ਹਜ਼ਰਤ ਉਮਰ (ਰਜ਼ੀ.) ਨੂੰ ਅੰਦਰ ਆਉਣ ਲਈ ਕਿਹਾ ਗਿਆ।ਜਦੋਂ ਉਹ ਹਜ਼ਰਤ ਮੁਹੰਮਦ (ਸ.) ਦੇ ਨੇੜੇ ਆਏ ਤਾਂ ਉਨ੍ਹਾਂ ਨੇ ਉਸ ਦੀ ਚਾਦਰ ਫੜ ਕੇ ਪੁੱਛਿਆ,"ਇਬਨੇ ਖ਼ੱਤਾਬ ਕਿਸ ਨੀਅਤ ਨਾਲ ਆਇਆ ਏਂ"? ਤਾਂ ਹਜ਼ਰਤ ਉਮਰ (ਰਜ਼ੀ.) ਨੇ ਆਖਿਆ, "ਰੱਬ ਅਤੇ ਉਸ ਦੇ ਰਸੂਲ ਉੱਤੇ ਈਮਾਨ ਲਿਆਉਣ ਲਈ"।
ਹਜ਼ਰਤ ਉਮਰ (ਰਜ਼ੀ.) ਦੇ ਮੁਸਲਮਾਨ ਹੋ ਜਾਣ ਨਾਲ ਇਸਲਾਮ ਦੀ ਸ਼ਕਤੀ ਵਿਚ ਢੇਰਾਂ ਵਾਧਾ ਹੋਇਆ।ਇਸ ਤੋਂ ਪਹਿਲਾਂ ਮੁਸਲਮਾਨ ਇਕੱਠੇ ਹੋ ਕੇ ਨਮਾਜ਼ ਨਹੀਂ ਪੜ੍ਹ ਸਕਦੇ ਸਨ।ਪਰ ਹਜ਼ਰਤ ਉਮਰ (ਰਜ਼ੀ.) ਦੇ ਈਮਾਨ ਲੈ ਆਉਣ ਨਾਲ ਉਹ ਕਾਅਬੇ ਵਿਚ ਇਕੱਠੇ ਹੋ ਕੇ ਨਮਾਜ਼ ਪੜ੍ਹਨ ਲੱਗੇ।
ਹਜ਼ਰਤ ਉਮਰ (ਰਜ਼ੀ.) ਦੇ ਮੁਸਲਮਾਨ ਹੋ ਜਾਣ ਨਾਲ ਮੱਕੇ ਦੇ ਮੁਸ਼ਰਿਕਾਂ ਵਿਚ ਹਾਹਾਕਾਰ ਮੱਚ ਗਈ ਅਤੇ ਉਹ ਇਸ ਘਟਨਾਂ ਨੂੰ ਅਪਣੀ ਬਦਨਾਮੀ ਸਮਝਣ ਲੱਗੇ।ਮੱਕੇ ਵਿਚ ਆਮ ਪ੍ਰਚੱਲਤ ਸੀ ਕਿ ਜਦੋਂ ਕੋਈ ਮੁਸਲਮਾਨ ਬਣ ਜਾਂਦਾ ਤਾਂ ਲੋਕ ਉਸ ਦੇ ਪਿੱਛੇ ਪੈ ਜਾਂਦੇ।ਉਸ ਨੂੰ ਬੁਰਾ-ਭਲਾ ਆਖਦੇ ਪਰ ਜਦੋਂ ਹਜ਼ਰਤ ਉਮਰ (ਰਜ਼ੀ.) ਮੁਸਲਮਾਨ ਹੋਣ ਤੋਂ ਬਾਅਦ ਇਸਲਾਮ ਦੇ ਸਭ ਤੋਂ ਵੱਡੇ ਦੁਸ਼ਮਨ ਅਬੂ ਜਹਿਲ ਦੇ ਘਰ ਪਹੁੰਚੇ ਅਤੇ ਉਸ ਨੂੰ ਦੱਸਿਆ ਕਿ ਮੈਂ ਮੁਸਲਮਾਨ ਹੋ ਗਿਆ ਹਾਂ ਤਾਂ ਅਬੂ ਜਹਿਲ ਉਨ੍ਹਾਂ ਦੀ ਗੱਲ ਸੁਣਦਿਆਂ ਹੀ ਦਰਵਾਜ਼ਾ ਬੰਦ ਕਰਨ ਲੱਗਿਆ ਬੋਲਿਆ, "ਰੱਬ ਤੇਰਾ ਬੁਰਾ ਕਰੇ ਅਤੇ ਜੋ ਕੁਝ ਤੂੰ ਲੈ ਕੇ ਆਇਆ ਏਂ ਉਸ ਦਾ ਵੀ ਬੁਰਾ ਕਰੇ"।

53. ਕੁਰੈਸ਼ ਵੱਲੋਂ ਪੇਸ਼ਕਸ਼

ਜਦੋਂ ਵੱਡੇ ਵੱਡੇ ਸਰਦਾਰ ਮੁਸਲਮਾਨ ਹੋਣ ਲੱਗੇ ਤਾਂ ਕੁਰੈਸ਼ ਵਾਲਿਆਂ ਨੇ ਹਜ਼ਰਤ ਮੁਹੰਮਦ (ਸ.) ਵੱਲੋਂ ਸ਼ੁਰੂ ਕੀਤੇ ਇਸਲਾਮੀ ਅੰਦੋਲਨ ਨੂੰ ਠੱਲ੍ਹਣ ਲਈ ਦਾਰੁਲ-ਨਦਵਾ ਵਿਖੇ ਇਕ ਭਾਰੀ ਇਕੱਠ ਕੀਤਾ ਜਿਸ ਵਿਚ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਜਿਵੇਂ ਵੀ ਹੋਵੇ ਹਜ਼ਰਤ ਮੁਹੰਮਦ (ਸ.) ਨੂੰ ਹਰ ਤਰ੍ਹਾਂ ਦਾ ਲਾਲਚ ਦੇ ਕੇ ਸਮਝਾਇਆ ਜਾਵੇ।ਇਸ ਕੰਮ ਲਈ ਉਨ੍ਹਾਂ ਨੇ ਉਤਬਾ ਪੁੱਤਰ ਰਬੀਆ ਨੂੰ ਹਜ਼ਰਤ ਮੁਹੰਮਦ (ਸ.) ਕੋਲ ਜਾਣ ਲਈ ਨਿਯੁਕਤ ਕੀਤਾ।ਜਿਹੜਾ ਬਹੁਤ ਹੀ ਹੁਸ਼ਿਆਰ, ਚਲਾਕ ਅਤੇ ਗਾਲੜੂ ਕਿਸਮ ਦਾ ਬੰਦਾ ਸੀ।
ਉਤਬਾ ਬਿਨ ਰਬੀਆ ਹਜ਼ਰਤ ਮੁਹੰਮਦ (ਸ.) ਕੋਲ ਗਏ ਅਤੇ ਉਨ੍ਹਾਂ ਨੇ ਗੱਲ-ਬਾਤ ਸ਼ੁਰੂ ਕਰਦਿਆਂ ਆਖਿਆ, "ਭਤੀਜੇ ! ਜੇ ਤੇਰਾ ਉਦੇਸ਼ ਪੈਸਾ ਇਕੱਠਾ ਕਰਨਾ ਹੈ ਤਾਂ ਜੋ ਤੂੰ ਦੁਨੀਆ ਦਾ ਅਮੀਰ ਆਦਮੀ ਬਣ ਜਾਵੇਂ ਤਾਂ ਅਸੀਂ ਪੈਸਾ ਇਕੱਠਾ ਕਰਕੇ ਦੇਣ ਨੂੰ ਤਿਆਰ ਹਾਂ।ਜੇ ਤੂੰ ਵੱਡਾ ਆਦਮੀ ਬਣ ਕੇ ਸਨਮਾਨ ਚਾਹੁੰਦਾ ਏਂ ਤਾਂ ਅਸੀਂ ਤੈਨੂੰ ਅਪਣਾ ਸਰਦਾਰ ਬਣਾਉਣ ਲਈ ਤਿਆਰ ਹਾਂ ਅਤੇ ਕੋਈ ਵੀ ਨਿਰਨਾ ਤੇਰੀ ਇੱਛਾ ਦੇ ਉਲਟ ਨਹੀਂ ਲਵਾਂਗੇ।ਜੇ ਤੂੰ ਹੁਕਮਰਾਨੀ ਚਾਹੁੰਦਾ ਏਂ ਤਾਂ ਅਸੀਂ ਤੈਨੂੰ ਅਪਣਾ ਰਾਜਾ ਬਣਾਉਣ ਲਈ ਤਿਆਰ ਹਾਂ।ਜੇ ਤੈਨੂੰ ਕੋਈ ਭੂਤ ਚਿੰਬੜਿਆ ਹੈ ਜਿਸ ਤੋਂ ਪਿੱਛਾ ਛੁਡਾਉਣਾ ਤੈਨੂੰ ਔਖਾ ਲੱਗਦਾ ਹੈ ਤਾਂ ਅਸੀਂ ਕਿਸੇ ਮਾਹਰ ਨੂੰ ਬੁਲਾ ਕੇ ਤੇਰਾ ਇਲਾਜ ਕਰਵਾ ਦਿੰਦੇ ਹਾਂ ਪਰ ਤੂੰ ਅਪਣੇ ਪੁਰਖਿਆਂ ਦੇ ਧਰਮ ਨੂੰ ਬੁਰਾ ਕਹਿਣਾ ਛੱਡ ਦੇ"।
ਹਜ਼ਰਤ ਮੁਹੰਮਦ (ਸ.) ਨੇ ਉਤਬਾ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣੀਆਂ।ਜਦੋਂ ਉਹ ਸਾਰੀ ਗੱਲ-ਬਾਤ ਕਰ ਚੁੱਕੇ ਤਾਂ ਮੁਹੰਮਦ (ਸ.) ਨੇ ਕੁਰਆਨ ਸ਼ਰੀਫ਼ ਦੀ ਸੂਰਤ 'ਹਾਮੀਮ ਸਜਦਾ' ਦੀਆਂ ਮੁਢਲੀਆਂ ਅਠੱਤੀ ਆਇਤਾਂ ਪੜ੍ਹ ਕੇ ਸੁਣਾਈਆਂ।ਜਿਨ੍ਹਾਂ ਨੂੰ ਉਤਬਾ ਚੁੱਪ-ਚਾਪ ਬੈਠਾ ਸੁਣਦਾ ਰਿਹਾ ਅਤੇ ਬਿਨਾ ਕੋਈ ਟਿੱਪਣੀ ਕੀਤਿਆਂ ਉੱਠ ਕੇ ਚਲਿਆ ਗਿਆ।
ਉਸ ਨੇ ਕੁਰੈਸ਼ ਵਾਲਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਦੱਸਿਆ ਕਿ ਮੁਹੰਮਦ (ਸ.) ਜਿਹੜਾ ਕਲਾਮ ਸੁਣਾਉਂਦਾ ਹੈ ਉਹ ਸ਼ਾਇਰੀ ਨਹੀਂ ਹੈ ਸਗੋਂ ਸ਼ਾਇਰੀ ਤੋਂ ਉੱਤੇ ਕੁਝ ਹੋਰ ਵੀ ਹੈ।ਮੇਰਾ ਮਸ਼ਵਰਾ ਹੈ ਕਿ ਤੁਸੀਂ ਮੁਹੰਮਦ (ਸ.) ਨੂੰ ਉਸ ਦੇ ਹਾਲ ਉੱਤੇ ਛੱਡ ਦਿਓ, ਜੇ ਉਹ ਸਫ਼ਲ ਹੋ ਗਿਆ ਅਤੇ ਅਰਬ ਉਸ ਦੇ ਪਿੱਛੇ ਤੁਰ ਪਿਆ ਤਾਂ ਇਸ ਵਿਚ ਤੁਹਾਡਾ ਹੀ ਮਾਨ ਹੋਵੇਗਾ।ਨਹੀਂ ਤਾਂ ਅਰਬ ਦੇ ਲੋਕ ਆਪ ਹੀ ਉਸ ਨੂੰ ਖ਼ਤਮ ਕਰ ਦੇਣਗੇ।ਪਰ ਕੁਰੈਸ਼ ਵਾਲਿਆਂ ਨੇ ਉਸ ਦਾ ਇਹ ਸੁਝਾਅ ਠੁਕਰਾ ਦਿੱਤਾ।

54. ਪਿਦਰੀ ਕਬੀਲਿਆਂ ਦਾ ਇਕੱਠ

ਹਜ਼ਰਤ ਹਮਜ਼ਾ (ਰਜ਼ੀ.) ਅਤੇ ਹਜ਼ਰਤ ਉਮਰ (ਰਜ਼ੀ.) ਦੇ ਮੁਸਲਮਾਨ ਹੋ ਜਾਣ ਨਾਲ ਕੁਰੈਸ਼ ਵਾਲਿਆਂ ਉੱਤੇ ਕਾਫ਼ੀ ਦਬਾਅ ਵਧ ਗਿਆ ਸੀ।ਹੁਣ ਉਹ ਮੁਸਲਮਾਨਾਂ ਨੂੰ ਸਤਾਉਣ ਅਤੇ ਹਜ਼ਰਤ ਮੁਹੰਮਦ (ਸ.) ਨੂੰ ਜਾਨੋਂ ਮਾਰਨ ਵਰਗੀਆਂ ਧਮਕੀਆਂ ਦੇਣੋਂ ਘਟ ਗਏ ਸਨ ਪਰ ਅਬੂ ਤਾਲਿਬ ਨੂੰ ਅਜੇ ਵੀ ਡਰ ਸੀ।ਜਦ ਉਹ ਪਿਛਲੀਆਂ ਧਮਕੀਆਂ ਬਾਰੇ ਸੋਚਦੇ, ਜਦੋਂ ਉਨ੍ਹਾਂ ਨੇ ਮੁਕਾਬਲਾ ਕਰਨ ਦੀ ਧਮਕੀ ਦਿੱਤੀ ਸੀ ਤਾਂ ਡਰ ਜਾਂਦੇ।ਉਨ੍ਹਾਂ ਨੂੰ ਉਹ ਦਿਨ ਵੀ ਯਾਦ ਆ ਜਾਂਦਾ ਜਦੋਂ ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਅੱਮਾਰਾ ਪੁਤਰ ਵਲੀਦ ਦੇ ਬਦਲੇ ਵਿਚ ਲੈ ਕੇ ਕਤਲ ਕਰਨ ਦੀ ਧਮਕੀ ਦਿੱਤੀ ਸੀ।ਅਬੂ ਜਹਿਲ ਭਾਰੀ ਪੱਥਰ ਲੈ ਕੇ ਮਾਰਣਾ ਚਾਹੁੰਦਾ ਸੀ ਅਤੇ ਉਤਬਾ ਪੁਤਰ ਅਬੀ ਨੇ ਹਜ਼ਰਤ ਮੁਹੰਮਦ (ਸ.) ਦੇ ਗਲ ਵਿਚ ਪਾਈ ਚਾਦਰ ਨੂੰ ਵੱਟ ਦੇ ਕੇ ਗਲ ਘੁੱਟਣ ਦੀ ਘਿਣਾਉਣੀ ਹਰਕਤ ਕੀਤੀ ਸੀ।
ਭਾਵੇਂ ਅਬੂ ਤਾਲਿਬ ਮੁਸਲਮਾਨ ਨਹੀਂ ਹੋਏ ਸਨ ਪਰ ਹਜ਼ਰਤ ਮੁਹੰਮਦ (ਸ.) ਖ਼ੂਨ ਤਾਂ ਉਨ੍ਹਾਂ ਦਾ ਹੀ ਸੀ।ਉਨ੍ਹਾਂ ਨੂੰ ਇਹ ਵੀ ਯਕੀਨ ਸੀ ਕਿ ਮੁਸ਼ਰਿਕ ਉਸ ਦੇ ਭਤੀਜੇ ਨੂੰ ਮਾਰਨ ਉੱਤੇ ਤੁਲੇ ਹੋਏ ਹਨ।ਇਸ ਸਥਿਤੀ ਵਿਚ ਜੇ ਕਿਸੇ ਮੁਸ਼ਰਿਕ ਨੇ ਉਹਲੇ-ਚੋਰੀ ਆਪ ਉੱਤੇ ਅਚਾਨਕ ਹਮਲਾ ਕਰ ਦਿੱਤਾ ਤਾਂ ਹਜ਼ਰਤ ਹਮਜ਼ਾ (ਰਜ਼ੀ.) ਅਤੇ ਹਜ਼ਰਤ ਉਮਰ (ਰਜ਼ੀ.) ਵੀ ਕੁਝ ਨਹੀਂ ਕਰ ਸਕਣਗੇ।
ਲੰਬੀ ਸੋਚ ਵਿਚਾਰ ਤੋਂ ਬਾਅਦ ਅਬੂ ਤਾਲਿਬ ਨੇ ਅਪਣੇ ਪੜਦਾਦੇ ਦੇ ਖ਼ਾਨਦਾਨ ਅਬਦੇ ਮੁਨਾਫ਼ ਦੇ ਦੋ ਪੁਤਰਾਂ ਹਾਸ਼ਮ ਅਤੇ ਮੁਤਲਿਬ ਦੀ ਨਸਲ ਤੋਂ ਚੱਲੇ ਦੋ ਕਬੀਲਿਆਂ ਬਨੂ ਹਾਸ਼ਮ ਅਤੇ ਬਨੂ ਮੁਤਲਿਬ ਦੇ ਬੰਦਿਆਂ ਨੂੰ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਦੱਸਿਆ ਕਿ ਹੁਣ ਤੱਕ ਮੈਂ ਅਪਣੇ ਭਤੀਜੇ ਦੀ ਇਕੱਲਾ ਹੀ ਰਖਵਾਲੀ ਕਰਦਾ ਆ ਰਿਹਾ ਹਾਂ।ਵਿਰੋਧਤਾ ਬਹੁਤ ਵਧ ਗਈ ਹੈ ਇਸ ਲਈ ਹੁਣ ਮੈਂ ਇਕੱਲਾ ਇਸ ਕੰਮ ਨੂੰ ਨਹੀਂ ਕਰ ਸਕਦਾ।ਤੁਹਾਨੂੰ ਸਾਰਿਆਂ ਨੂੰ ਚਾਹੀਦਾ ਹੈ ਅਪਣੇ ਖ਼ੂਨ ਦੇ ਬਚਾਅ ਲਈ ਸਾਰੇ ਮਿਲ ਕੇ ਇਸ ਦੀ ਰਖਵਾਲੀ ਕਰੋ।
ਅਰਬੀ ਕਬੀਲਿਆਂ ਦੇ ਰੀਤੀ-ਰਿਵਾਜ਼ਾਂ ਅਨੁਸਾਰ ਅਬੂ ਤਾਲਿਬ ਦੀ ਇਹ ਗੱਲ ਸਾਰੇ ਮੁਸਲਮਾਨਾਂ ਅਤੇ ਗ਼ੈਰ ਮੁਸਲਮਾਨਾਂ ਨੇ ਮੰਨ ਲਈ।ਉਨ੍ਹਾਂ ਨੇ ਕੁਰੈਸ਼ ਵਾਲਿਆਂ ਨੂੰ ਸਾਫ਼ ਸਾਫ਼ ਆਖ ਦਿੱਤਾ ਕਿ ਜੇ ਕੋਈ ਮੁਹੰਮਦ (ਸ.) ਦਾ ਧਰਮ ਨਹੀਂ ਅਪਣਾਉਣਾ ਚਾਹੁੰਦਾ ਤਾਂ ਨਾ ਅਪਣਾਵੇ ਪਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਇਕੱਲਿਆਂ ਨਹੀਂ ਛੱਡਿਆ ਜਾ ਸਕਦਾ।ਉਨ੍ਹਾਂ ਨੇ ਇਕ-ਜੁੱਟ ਹੋ ਕੇ ਫ਼ੈਸਲਾ ਕੀਤਾ ਕਿ ਉਹ ਅਪਣੇ ਕਬੀਲੇ ਦੇ ਹਰ ਆਦਮੀ ਦੀ ਰਖਵਾਲੀ ਕਰਨਗੇ ਭਾਵੇਂ ਉਹ ਕੋਈ ਵੀ ਹੋਵੇ।ਪਰ ਅਬੂ ਤਾਲਿਬ ਦੇ ਭਰਾ ਅਬੂ ਲਹਿਬ ਨੇ ਹਜ਼ਰਤ ਮੁਹੰਮਦ (ਸ.) ਦੀ ਸਹਾਇਤਾ ਕਰਨ ਤੋਂ ਨਾਂਹ ਕਰ ਦਿੱਤੀ ਅਤੇ ਉਹ ਮੁਸ਼ਰਿਕਾਂ ਨਾਲ ਜਾ ਰਲਿਆ।

55. ਮੁਸਲਮਾਨਾਂ ਦਾ ਸਮਾਜਿਕ ਬਾਈਕਾਟ

ਇਕ ਮਹੀਨੇ ਦੇ ਅੰਦਰ ਅੰਦਰ ਮੱਕੇ ਵਿਚ ਕੁਰੈਸ਼ ਨੂੰ ਕਈ ਵੱਡੇ ਧੱਕੇ ਲੱਗ ਚੁੱਕੇ ਸਨ।ਉਸ ਦੇ ਦੋ ਸਰਦਾਰ ਹਜ਼ਰਤ ਹਮਜ਼ਾ (ਰਜ਼ੀ.) ਅਤੇ ਹਜ਼ਰਤ ਉਮਰ (ਰਜ਼ੀ.) ਮੁਸਲਮਾਨ ਹੋ ਚੁੱਕੇ ਸਨ।ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਦੀ ਸੌਦੇਬਾਜ਼ੀ ਲਈ ਆਈ ਪੇਸ਼ਕਸ਼ ਠੁਕਰਾ ਦਿੱਤੀ ਸੀ ਅਤੇ ਉਨ੍ਹਾਂ ਦੇ ਦੋ ਪਿਦਰੀ ਕਬੀਲਿਆ ਬਨੂ-ਹਾਸ਼ਮ ਅਤੇ ਬਨੂ-ਮੁਤਲਿਬ ਨੇ ਸਰਬ ਸਮਤੀ ਨਾਲ ਫ਼ੈਸਲਾ ਕਰਕੇ ਹਜ਼ਰਤ ਮੁਹੰਮਦ (ਸ.) ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ ਸੀ।ਸਿੱਟੇ ਵਜੋਂ ਹੁਣ ਜੇ ਉਹ ਹਜ਼ਰਤ ਮੁਹੰਮਦ (ਸ.) ਨੂੰ ਕਤਲ ਕਰਨ ਜਿਹੀ ਘਿਣਾਉਣੀ ਹਰਕਤ ਕਰਦੇ ਸਨ ਤਾਂ ਮੱਕੇ ਦੇ ਕਬੀਲਿਆਂ ਦੇ ਗਰੁੱਪਾਂ ਵਿਚ ਖ਼ਾਨਾ-ਜੰਗੀ ਸ਼ੁਰੂ ਹੋ ਜਾਣੀ ਸੀ ਇਸ ਲਈ ਕੁਰੈਸ਼ ਨੇ ਕਤਲ ਦਾ ਮਨਸੂਬਾ ਛੱਡ ਕੇ ਬਨੂ ਹਾਸ਼ਮ ਅਤੇ ਬਨੂ ਮੁਤਲਿਬ ਦੇ ਕਬੀਲਿਆਂ ਦਾ ਸ਼ੋਸਲ ਬਾਈਕਾਟ ਕਰਨ ਦਾ ਫ਼ੈਸਲਾ ਕੀਤਾ।
ਇਸ ਸਕੀਮ ਨੂੰ ਨੇਪਰੇ ਚਾੜ੍ਹਨ ਲਈ ਉਨ੍ਹਾਂ ਨੇ ਮੁਹੱਸਬ ਦੀ ਵਾਦੀ ਵਿਚ ਭਰਵਾਂ ਇਕੱਠ ਕਰਕੇ ਫ਼ੈਸਲਾ ਕੀਤਾ ਕਿ ਜਦੋਂ ਤੱਕ ਅਬੂ ਤਾਲਿਬ ਹਜ਼ਰਤ ਮੁਹੰਮਦ (ਸ.) ਨੂੰ ਸਾਡੇ ਹਵਾਲੇ ਨਹੀਂ ਕਰਦੇ ਉਦੋਂ ਤੱਕ ਬਨੂ ਹਾਸ਼ਮ ਅਤੇ ਬਨੂ ਮੁਤਲਿਬ ਦੇ ਵੰਸ਼ ਦਾ ਸ਼ੋਸਲ ਬਾਈਕਾਟ ਕਰ ਦਿੱਤਾ ਜਾਵੇ।ਮੱਕੇ ਦਾ ਕੋਈ ਵੀ ਬੰਦਾ ਦੋਹਾਂ ਕਬੀਲਿਆਂ ਦੇ ਮੁਸਲਮਾਨਾਂ ਅਤੇ ਗ਼ੈਰ ਮੁਸਲਮਾਨਾਂ ਅਤੇ ਹਜ਼ਰਤ ਮੁਹੰਮਦ (ਸ.) ਦੇ ਵੰਸ਼ ਨਾਲ ਨਾ ਕੋਈ ਲੈਣ-ਦੇਣ ਕਰੇ ਅਤੇ ਨਾ ਕੋਈ ਵਣਜ ਵਪਾਰ ਕਰੇ।ਨਾ ਉਨ੍ਹਾਂ ਨਾਲ ਕੋਈ ਰਿਸ਼ਤੇਦਾਰੀ ਕਰੇ।ਨਾਂ ਉਨ੍ਹਾਂ ਨੂੰ ਕੋਈ ਖਾਣ-ਪੀਣ ਦੀ ਚੀਜ਼ ਦੇਵੇ ਅਤੇ ਨਾ ਹੀ ਉਨ੍ਹਾਂ ਨਾਲ ਕਿਸੇ ਕਿਸਮ ਦਾ ਹੋਰ ਕੋਈ ਸਬੰਧ ਰੱਖੇ।ਇਹ ਵੀ ਕਿਹਾ ਗਿਆ ਕਿ ਰਾਹ-ਗਲੀ ਜਾਂ ਬਾਜ਼ਾਰ ਵਿਚ ਨਾਂ ਉਨ੍ਹਾਂ ਨੂੰ ਕੋਈ ਬੁਲਾਵੇ, ਨਾ ਸਲਾਮ ਦੁਆ ਕਰੇ ਅਤੇ ਨਾ ਉਨ੍ਹਾਂ ਦਾ ਸਲਾਮ ਮੰਨੇ।ਇਸ ਫ਼ੈਸਲੇ ਦੀ ਇਕ ਕਾਪੀ ਲਿਖ ਕੇ ਖ਼ਾਨਾ ਕਾਅਬਾ ਦੇ ਦਰਵਾਜ਼ੇ ਉੱਤੇ ਲਟਕਾ ਦਿੱਤੀ ਗਈ।
ਜਦੋਂ ਇਸ ਫ਼ੈਸੇ ਦੀ ਖ਼ਬਰ ਅਬੂ ਤਾਲਿਬ ਨੂੰ ਪਹੁੰਚੀ ਤਾਂ ਉਹ ਬਨੀ ਹਾਸ਼ਿਮ ਦੇ ਸਾਰੇ ਵੰਸ਼, ਮੁਸਲਮਾਨਾਂ ਅਤੇ ਗ਼ੈਰ ਮੁਸਲਮਾਨਾਂ ਨੂੰ ਲੈ ਕੇ ਮੱਕੇ ਤੋਂ ਬਾਹਰ ਇਕ ਪਹਾੜੀ ਦੱਰੇ ਵਿਚ ਚਲੇ ਗਏ ਜਿਹੜਾ ਅਬੂ ਤਾਲਿਬ ਦੀ ਮਲਕੀਅਤ ਸੀ। ਬਾਈਕਾਟ ਦੇ ਇਸ ਸਮੇਂ ਬਨੂ ਹਾਸ਼ਮ ਅਤੇ ਬਨੂ ਮੁਤਲਿਬ ਨਾਲ ਸਬੰਧਤ ਲੋਕਾਂ ਉੱਤੇ ਕਠਨਾਈਆਂ ਦਾ ਦੌਰ ਸ਼ੁਰੂ ਹੋ ਗਿਆ।ਜਿਹੜਾ ਅਨਾਜ ਉਹ ਨਾਲ ਲੈ ਕੇ ਆਏ ਸਨ ਕੁਝ ਮਹੀਨਿਆਂ ਵਿਚ ਹੀ ਖ਼ਤਮ ਹੋ ਗਿਆ।ਖਾਣ-ਪੀਣ ਦੀਆਂ ਚੀਜ਼ਾਂ ਦੀ ਤੰਗੀ ਹੋ ਗਈ ਕਿਉਂ ਜੋ ਬਾਹਰ ਬੈਠੇ ਮੁਸ਼ਰਿਕ ਵਪਾਰੀਆ ਕੋਲੋਂ ਖਾਣ ਪੀਣ ਦੀਆਂ ਚੀਜ਼ਾਂ ਵੱਧ ਮੁੱਲ ਦੇ ਕੇ ਪਹਿਲਾਂ ਹੀ ਖ਼ਰੀਦ ਲੈਂਦੇ ਅਤੇ ਮੁਸਲਮਾਨਾਂ ਤੱਕ ਜਾਣ ਹੀ ਨਾ ਦਿੰਦੇ।ਜੇ ਮੱਕੇ ਵਿਚ ਰਹਿੰਦੇ ਦੂਜੇ ਕਬੀਲਿਆਂ ਦੇ ਲੋਕ ਮੁਸਲਮਾਨਾਂ ਨੂੰ ਖਾਣ ਲਈ ਕੁਝ ਦੇਣ ਜਾਂਦੇ ਤਾਂ ਉਨ੍ਹਾਂ ਨੂੰ ਰਸਤੇ ਵਿਚ ਰੋਕ ਲਿਆ ਜਾਂਦਾ।ਹਜ਼ਰਤ ਖ਼ਦੀਜਾ (ਰਜ਼ੀ.) ਦਾ ਭਤੀਜਾ ਜਦੋਂ ਅਪਣੀ ਭੂਆ ਨੂੰ ਕਣਕ ਦੇਣ ਗਿਆ ਤਾਂ ਅਬੂ ਜਹਿਲ ਨੇ ਉਸ ਨੂੰ ਰੋਕ ਕੇ ਬੁਰਾ-ਭਲਾ ਕਿਹਾ ਅਤੇ ਕਣਕ ਖੋਹ ਲਈ।
ਹਜ਼ਰਤ ਮੁਹੰਮਦ (ਸ.) ਦੇ ਚਾਚਾ ਅਬੂ ਤਾਲਿਬ ਨੂੰ ਸਦਾ ਆਪ ਦੀ ਸੁਰੱਖਿਆ ਦਾ ਫ਼ਿਕਰ ਲੱਗਿਆ ਰਹਿੰਦਾ।ਦੂਸਰਿਆਂ ਦੇ ਸਾਹਮਣੇ ਉਹ ਹਜ਼ਰਤ ਮੁਹੰਮਦ (ਸ.) ਨੂੰ ਉਨ੍ਹਾਂ ਦੇ ਬਿਸਤਰ ਉੱਤੇ ਸੌਣ ਲਈ ਕਹਿੰਦੇ ਪਰ ਜਦੋਂ ਸਾਰੇ ਲੋਕ ਸੋਣ ਲਈ ਚਲੇ ਜਾਂਦੇ ਤਾਂ ਉਹ ਉਨ੍ਹਾਂ ਦੀ ਥਾਂ ਅਪਣੇ ਕਿਸੇ ਭਾਈ ਭਤੀਜੇ ਨਾਲ ਬਦਲ ਦਿੰਦੇ।ਇਸ ਘਾਟੀ ਵਿਚ ਰਹਿੰਦਿਆਂ ਵੀ ਮੁਸਲਮਾਨ ਹੱਜ ਦੇ ਮੌਕੇ ਬਾਹਰ ਨਿਕਲਦੇ ਅਤੇ ਹੱਜ ਲਈ ਆਉਣ ਵਾਲੇ ਲੋਕਾਂ ਵਿਚ ਇਸਲਾਮ ਦਾ ਪਰਚਾਰ ਕਰਦੇ।
ਜਿਸ ਸਮੇਂ ਹਜ਼ਰਤ ਮੁਹੰਮਦ (ਸ.) ਅਪਣੇ ਪੈਰੋਕਾਰਾਂ ਦੇ ਨਾਲ ਮੱਕੇ ਤੋਂ ਬਾਹਰ ਜਲਾਵਤਨੀ ਵਰਗੀ ਜ਼ਿੰਦਗੀ ਬਤੀਤ ਕਰ ਰਹੇ ਸਨ ਉਸ ਸਮੇਂ ਰੋਮ ਦੇ ਇਸਾਈ ਇਰਾਨ ਦੇ ਅੱਗ ਪੂਜਣ ਵਾਲੇ ਕਿਸਰਾ ਖ਼ੁਸਰੋ ਪ੍ਰਵੇਜ਼ ਤੋਂ ਮਾਰ ਖਾ ਰਹੇ ਸਨ।੬੧੪ ਈਸਵੀ ਵਿਚ ਕਿਸਰਾ ਨੇ ਨੱਬੇ ਹਜ਼ਾਰ ਇਸਾਈਆਂ ਨੂੰ ਮਾਰ ਕੇ ਉਨ੍ਹਾਂ ਦੇ ਧਾਰਮਕ ਸਥਾਨ ਬੈਤੁਲ ਮੁਕੱਦਸ ਉੱਤੇ ਕਬਜ਼ਾ ਕਰ ਲਿਆ ਸੀ।ਇਸਾਈ ਅਤੇ ਇਸਲਾਮ ਦੋਹਾਂ ਇਲਾਹੀ ਧਰਮਾਂ ਵਿਚ ਕਾਫ਼ੀ ਇਕਸਾਰਤਾ ਸੀ।ਇਸਾਈਆਂ ਬਾਰੇ ਕੁਰਆਨ ਸ਼ਰੀਫ਼ ਨੇ ਭਵਿੱਖ ਬਾਣੀ ਕਰ ਦਿੱਤੀ ਹੋਈ ਸੀ ਕਿ ਬਹੁਤ ਛੇਤੀ ਇਰਾਨ ਦੀ ਅੱਗ ਪ੍ਰਸਤ ਹਕੂਮਤ ਉੱਤੇ ਇਸਾਈ ਕਬਜ਼ਾ ਕਰ ਲੈਣਗੇ।
ਸਨ ੬੨੪ ਵਿਚ ਜਦੋਂ ਰੋਮ ਦਾ ਇਸਾਈ ਬਾਦਸ਼ਾਹ ਅਪਣੀ ਹਾਰ ਨੂੰ ਜਿੱਤਾਂ ਵਿਚ ਬਦਲ ਰਿਹਾ ਸੀ ਐਨ ਉਸੇ ਸਮੇਂ ਬਦਰ ਦੀ ਲੜਾਈ ਵਿਚ ਮੁਸਲਮਾਨ ਅਪਣੀ ਜਿੱਤ ਦੀਆਂ ਖ਼ੁਸ਼ੀਆਂ ਮਨਾ ਰਹੇ ਸਨ।ਅੰਗਰੇਜ਼ ਇਤਿਹਾਸਕਾਰ ਐਡਵਰਡ ਗਬਨ 'ਤਾਰੀਖ਼ ਜ਼ਵਾਲੇ ਰੋਮਾ' ਵਿਚ ਲਿਖਦਾ ਹੈ, ਕੁਰਆਨ ਸਰੀਫ਼ ਦੀ ਇਸ ਭਵਿੱਖ ਬਾਣੀ ਤੋਂ ਬਾਅਦ ਵੀ ਸੱਤ ਅੱਠ ਸਾਲ ਅਜਿਹੇ ਲੰਘੇ ਸਨ ਕਿ ਕੋਈ ਰੋਮੀਆਂ ਦਾ ਇਰਾਨ ਉੱਤੇ ਕਬਜ਼ਾ ਕਰਨ ਦੀ ਗੱਲ ਸੋਚ ਵੀ ਨਹੀਂ ਸਕਦਾ ਸੀ"।
ਭਾਵੇਂ ਅਰਬ ਦੇ ਨੇੜੇ ਤੇੜੇ ਵਾਪਰਣ ਵਾਲੀਆਂ ਇਹ ਘਟਨਾਵਾਂ ਨੂੰ ਕੁਰੈਸ਼ ਵਾਲੇ ਦੇਖ ਰਹੇ ਸਨ ਅਤੇ ਉਹ ਜਾਣਦੇ ਵੀ ਸਨ ਕਿ ਇਕ ਦਿਨ ਇਨ੍ਹਾਂ ਹੱਕ ਪ੍ਰਸਤ ਮੁਸਲਮਾਨਾਂ ਨੇ ਜਿੱਤਣਾ ਹੀ ਹੈ ਪਰ ਉਨ੍ਹਾਂ ਦੀ ਹਮਾਕਤ ਉਨ੍ਹਾਂ ਦੇ ਦਿਲ ਨੂੰ ਨਰਮ ਕਰਨ ਵਿਚ ਅੜਿੱਕਾ ਬਣੀ ਹੋਈ ਸੀ।ਚੌਗਿਰਦੇ ਵਿਚ ਵਾਪਰਣ ਵਾਲੀਆਂ ਖ਼ੁੱਲ੍ਹੀਆਂ ਹਕੀਕਤਾਂ ਨੂੰ ਦੇਖ ਕੇ ਵੀ ਕੁਰੈਸ਼ ਵਾਲਿਆਂ ਦੇ ਪੱਥਰ ਦਿਲ ਮੋਮ ਨਹੀਂ ਹੋ ਰਹੇ ਸਨ।ਉਨ੍ਹਾਂ ਦੇ ਅੱਖਾਂ ਤਾਂ ਸਨ ਪਰ ਉਹ ਦੇਖਦੇ ਨਹੀਂ ਸਨ।ਉਨ੍ਹਾਂ ਦੇ ਕੰਨ ਤਾਂ ਸਨ ਪਰ ਉਹ ਸੁਣਦੇ ਨਹੀਂ ਸਨ।ਉਨ੍ਹਾਂ ਦੇ ਦਿਲ ਤਾਂ ਸਨ ਪਰ ਉਹ ਭੁੱਖੇ-ਪਿਆਸੇ ਮੁਸਲਮਾਨਾਂ ਨੂੰ ਦੇਖ ਕੇ ਪਿਘਲਦੇ ਨਹੀਂ ਸਨ।

56. ਬਾਈਕਾਟ ਦਾ ਖ਼ਾਤਮਾ

ਬਨੂ ਹਾਸ਼ਮ ਦੇ ਬਾਈਕਾਟ ਦਾ ਜ਼ਿਕਰ ਕਰਦਿਆਂ 'ਮੈਅਮਾਰੇ ਇਨਸਾਨੀਅਤ' ਦਾ ਲੇਖਕ ਲਿਖਦਾ ਹੈ ਕਿ ਮੁਸਲਮਾਨਾਂ ਦਾ ਇਹ ਬਾਈਕਾਟ ਉਦੋਂ ਤੱਕ ਲਈ ਕੀਤਾ ਗਿਆ ਸੀ ਜਦੋਂ ਤੱਕ ਬਨੂ-ਹਾਸ਼ਮ ਕਬੀਲੇ ਹਜ਼ਰਤ ਮੁਹੰਮਦ (ਸ.) ਨੂੰ ਉਨ੍ਹਾਂ ਦੇ ਹਵਾਲੇ ਨਾ ਕਰ ਦੇਣ।ਪਰ ਬਨੂ ਹਾਸ਼ਮ ਕਬੀਲਿਆਂ ਦੇ ਉਨ੍ਹਾਂ ਲੋਕਾਂ ਵੱਲੋਂ ਵੀ ਸਾਥ ਦੇਣ ਤੇ ਜਿਹੜੇ ਅਜੇ ਮੁਸਲਮਾਨ ਨਹੀਂ ਹੋਏ ਸਨ ਕੁਰੈਸ਼ ਵਾਲਿਆਂ ਦੇ ਮਨਸੂਬੇ ਕਾਮਯਾਬ ਨਾ ਹੋਣ ਦਿੱਤੇ।
ਦੋਹਾਂ ਕਬੀਲਿਆਂ ਦੇ ਬੇਕਸੂਰੇ ਲੋਕਾਂ ਨੂੰ ਘਾਟੀ ਵਿਚ ਰਹਿੰਦਿਆਂ ਤਿੰਨ ਸਾਲ ਲੰਘ ਗਏ।ਇਸ ਸਮੇਂ ਵਿਚ ਮੱਕੇ ਵਿਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਕੁਰੈਸ਼ ਦੇ ਕੁਝ ਲੋਕ ਜਿਹੜੇ ਪਹਿਲਾਂ ਤੋਂ ਹੀ ਇਸ ਬਾਈਕਾਟ ਦੇ ਹੱਕ ਵਿਚ ਨਹੀਂ ਸਨ ਆਪਸ ਵਿਚ ਇਸ ਬਾਈਕਾਟ ਨੂੰ ਖ਼ਤਮ ਕਰਨ ਬਾਰੇ ਸਕੀਮਾਂ ਬਣਾਉਣ ਲੱਗੇ।ਉਨ੍ਹਾਂ ਵਿਚ ਕਈਆਂ ਦੇ ਸਕੇ ਸਬੰਧੀ ਵੀ ਸਨ ਜਿਹੜੇ ਘਾਟੀ ਵਿਚ ਟੱਪਰੀਵਾਸਾਂ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ।
ਬਾਈਕਾਟ ਦੀ ਇਸ ਮੁਹਿੰਮ ਨੂੰ ਸ਼ੁਰੂ ਕਰਨ ਵਾਲਿਆਂ ਵਿਚ ਸਭ ਤੋਂ ਅੱਗੇ ਕਬੀਲਾ ਆਮਿਰ ਦਾ ਹੱਸ਼ਾਮ ਪੁੱਤਰ ਅਮਰੂ ਨਾਂ ਦਾ ਇਕ ਨੌਜਵਾਨ ਸੀ ਜਿਹੜਾ ਰਾਤ ਦੇ ਹਨੇਰੇ ਵਿਚ ਘਾਟੀ ਵਿਚ ਅਨਾਜ ਭੇਜ ਕੇ ਬਨੂ ਹਾਸ਼ਮ ਦੀ ਸਹਾਇਤਾ ਵੀ ਕਰਦਾ ਰਹਿੰਦਾ ਸੀ।ਇਕ ਦਿਨ ਉਹ ਜ਼ੁਬੈਰ ਪੁੱਤਰ ਅਬੀ ਉਮੀਆ ਕੋਲ ਗਿਆ ਅਤੇ ਉਸ ਨੂੰ ਬਾਈਕਾਟ ਖ਼ਤਮ ਕਰਵਾਉਣ ਵਿਚ ਅਪਣਾ ਸਾਥ ਦੇਣ ਲਈ ਰਾਜ਼ੀ ਕਰ ਲਿਆ।ਜ਼ੁਬੈਰ ਦੀ ਮਾਂ ਆਤਿਕਾ ਅਬੂ ਤਾਲਿਬ ਦੀ ਭੈਣ ਸੀ।ਇਸ ਤੋਂ ਬਾਅਦ ਇਹ ਦੋਵੇਂ ਮੁਤਅਮ ਪੁਤਰ ਅਦੀ ਦੇ ਕੋਲ ਗਏ ਅਤੇ ਉਸ ਨੂੰ ਵੀ ਬਨੂ ਹਾਸ਼ਮ ਨਾਲ ਨੇੜਲੇ ਸਬੰਧਾਂ ਦਾ ਵਾਸਤਾ ਦੇ ਕੇ ਸਾਥ ਦੇਣ ਲਈ ਰਾਜ਼ੀ ਕਰ ਲਿਆ।ਚੌਥਾ ਸਾਥੀ ਜਿਹੜਾ ਇਨ੍ਹਾਂ ਦਾ ਸਾਥ ਦੇਣ ਲਈ ਤਿਆਰ ਹੋਇਆ ਉਹ ਅਬੁਲ ਬਖ਼ਤਰੀ ਪੁੱਤਰ ਹੱਸ਼ਾਮ ਸੀ।ਇਸ ਤਰ੍ਹਾਂ ਵਧਦਾ ਵਧਦਾ ਇਹ ਕਾਫ਼ਲਾ ਦਰਜਨਾਂ ਬੰਦਿਆਂ ਤੱਕ ਜਾ ਪਹੁੰਚਿਆ।ਇਕ ਦਿਨ ਇਨ੍ਹਾਂ ਨੇ ਬੈਠ ਕੇ ਮਤਾ ਪਕਾਇਆ ਕਿ ਸਵੇਰੇ ਖ਼ਾਨਾ ਕਾਅਬਾ ਵਿਚ ਜਾਇਆ ਜਾਵੇ ਅਤੇ ਬਾਈਕਾਟ ਦੇ ਮਤੇ ਨੂੰ ਖ਼ਤਮ ਕਰਨ ਦੀ ਗੱਲ ਕੀਤੀ ਜਾਵੇ।
ਜਦੋਂ ਇਨ੍ਹਾਂ ਵਿੱਚੋਂ ਕੁਝ ਨੇ ਖ਼ਾਨਾ ਕਾਅਬਾ ਵਿਚ ਪਹੁੰਚ ਕੇ ਮਤੇ ਦੇ ਖ਼ਿਲਾਫ਼ ਬੋਲਣਾ ਸ਼ੁਰੂ ਕੀਤਾ ਤਾਂ ਨੇੜੇ ਬੈਠਾ ਅਬੂ ਜਹਿਲ ਵਿਰੋਧਤਾ ਕਰਨ ਲੱਗਿਆ।ਅਬੂ ਜਹਿਲ ਦਾ ਬੋਲਣਾ ਸੀ ਕਿ ਸਾਰੇ ਨੌਜਵਾਨ ਇਕ ਦਮ ਬੋਲ ਪਏ।ਸਥਿਤੀ ਨੂੰ ਸਮਝਦਿਆਂ ਅਬੂ ਜਹਿਲ ਸਮਝ ਗਿਆ ਕਿ ਇਹ ਸਾਰੇ ਲੋਕ ਕਿਸੇ ਮਤੇ ਦੇ ਤਹਿਤ ਹੀ ਆਏ ਹਨ ਜਿਹੜਾ ਇਥੋਂ ਦੀ ਥਾਂ ਕਿਤੇ ਹੋਰ ਪਾਸ ਕੀਤਾ ਗਿਆ ਹੈ।
ਅਬੂ ਜਹਿਲ ਨਾਲ ਇਨ੍ਹਾਂ ਲੋਕਾਂ ਦੀ ਨੋਕ-ਝੋਕ ਚੱਲ ਹੀ ਰਹੀ ਸੀ ਕਿ ਅਬੂ ਤਾਲਿਬ ਵੀ ਖ਼ਾਨਾ ਕਾਅਬਾ ਵਿਚ ਪਹੁੰਚ ਗਏ।ਉਨ੍ਹਾਂ ਨੇ ਆਉਂਦਿਆਂ ਹੀ ਅਬੂ ਜਹਿਲ ਨੂੰ ਆਖਿਆ ਕਿ ਰੱਬ ਨੇ ਹਜ਼ਰਤ ਮੁਹੰਮਦ (ਸ.) ਨੂੰ ਖ਼ਬਰ ਦਿੱਤੀ ਹੈ ਕਿ ਉਸ ਨੇ ਕੀੜੇ ਭੇਜ ਕੇ ਬਾਈਕਾਟ ਦੇ ਫ਼ਰਮਾਨ ਦੀ ਸਾਰੀ ਲਿਖਤ ਖ਼ਤਮ ਕਰ ਦਿੱਤੀ ਹੈ ਅਤੇ ਉਸ ਉੱਤੇ ਸਿਰਫ਼ ਅੱਲਾਹ ਦਾ ਨਾਂ ਹੀ ਬਾਕੀ ਰਹਿ ਗਿਆ ਹੈ।ਅਬੂ ਤਾਲਿਬ ਨੇ ਇਕੱਠੇ ਹੋਏ ਕੁਰੈਸ਼ ਵਾਲਿਆਂ ਨੂੰ ਇਹ ਵੀ ਆਖਿਆ ਕਿ ਜੇ ਮੇਰੇ ਭਤੀਜੇ ਦੀ ਖ਼ਬਰ ਗ਼ਲਤ ਨਿਕਲੀ ਤਾਂ ਮੈਂ ਤੁਹਾਡੇ ਅਤੇ ਉਸ ਦੇ ਵਿਚਕਾਰੋਂ ਹਟ ਜਾਵਾਂਗਾ।ਫੇਰ ਜੋ ਤੁਹਾਡਾ ਜੀ ਚਾਹੇ ਕਰੀਉ।ਪਰ ਜੇ ਉਹ ਸੱਚਾ ਸਾਬਤ ਹੋਇਆ ਤਾਂ ਤੁਹਾਨੂੰ ਸਾਡਾ ਬਾਈਕਾਟ ਖ਼ਤਮ ਕਰਨਾ ਪਵੇਗਾ।ਕੁਰੈਸ਼ ਵਾਲਿਆਂ ਨੇ ਉਨ੍ਹਾਂ ਦੀ ਗੱਲ ਧਿਆਨ ਨਾਲ ਸੁਣੀ ਅਤੇ ਆਖਿਆ "ਤੁਸੀਂ ਠੀਕ ਕਹਿੰਦੇ ਹੋ"।
ਅਜੇ ਅਬੂ ਜਹਿਲ ਦੂਜੇ ਮੁਸ਼ਰਿਕਾਂ ਨਾਲ ਮਸ਼ਵਰਾ ਕਰ ਹੀ ਰਿਹਾ ਸੀ ਕਿ ਮੁਤਅਮ ਪੁੱਤਰ ਅਦੀ ਨੇ ਉੱਠ ਕੇ ਬਾਈਕਾਟ ਵਾਲਾ ਚਮੜੇ ਦਾ ਬੋਰਡ ਵੇਖਿਆ ਤਾਂ ਉਸ ਦੇ ਸਾਰੇ ਸ਼ਬਦਾਂ ਨੂੰ ਸਿਉਂਕ ਚੱਟ ਗਈ ਸੀ ਅਤੇ ਸਿਰਫ਼ ਅੱਲਾਹ ਵਾਲੀ ਥਾਂ ਸਾਬਤ ਸੀ।ਮੁਤਅਮ ਨੇ ਸਹੀਫ਼ਾ ਕੰਧ ਤੋਂ ਉਤਾਰ ਕੇ ਕੁਰੈਸ਼ ਦੇ ਸਰਦਾਰਾਂ ਨੂੰ ਵਿਖਾਇਆ ਅਤੇ ਟੋਟੇ ਟੋਟੇ ਕਰਕੇ ਬਾਹਰ ਸੁੱਟ ਦਿੱਤਾ।
ਬਨੂ ਹੱਸ਼ਾਮ ਅਤੇ ਬਨੂ ਮੁਤਲਿਬ ਕਬੀਲੇ ਦੇ ਲੋਕ ਘਾਟੀ ਵਿੱਚੋਂ ਬਾਹਰ ਆ ਗਏ।ਇਸ ਤਰ੍ਹਾਂ ਤਿੰਨ ਸਾਲ ਬਾਅਦ ਇਹ ਬਾਈਕਾਟ ਖ਼ਤਮ ਹੋਇਆ ਅਤੇ ਇਸ ਬਾਈਕਾਟ ਦੀ ਸਭ ਤੋਂ ਵਿਲੱਖਣ ਗੱਲ ਇਹ ਰਹੀ ਕਿ ਦੋਵੇਂ ਕਬੀਲਿਆਂ ਦੇ ਲੋਕਾਂ ਨੇ ਭਾਵੇਂ ਉਹ ਮੁਸਲਮਾਨ ਸਨ ਜਾਂ ਗ਼ੈਰ ਮੁਸਲਮਾਨ ਧਰਮ ਦੇ ਮਤਭੇਦ ਤੋਂ ਉੱਪਰ ਉੱਠ ਕੇ ਇਕ-ਦੂਜੇ ਦਾ ਸਾਥ ਦਿੱਤਾ।

57. ਕੁਰੈਸ਼ ਦਾ ਆਖ਼ਰੀ ਵਫ਼ਦ

ਹਜ਼ਰਤ ਮੁਹੰਮਦ (ਸ.) ਨੇ ਸ਼ੁਐਬ ਦੀ ਘਾਟੀ ਤੋਂ ਵਾਪਸ ਆਉਂਦਿਆਂ ਹੀ ਇਸਲਾਮ ਦਾ ਪਰਚਾਰ ਜ਼ੋਰ-ਸ਼ੋਰ ਨਾਲ ਸ਼ੁਰੂ ਕਰ ਦਿੱਤਾ।ਭਾਵੇਂ ਕੁਰੈਸ਼ ਵਾਲਿਆਂ ਨੇ ਬਾਈਕਾਟ ਖ਼ਤਮ ਕਰ ਦਿੱਤਾ ਸੀ ਪਰ ਅਜੇ ਵੀ ਉਹ ਮੁਸਲਮਾਨਾਂ ਉੱਤੇ ਬਰਾਬਰ ਦਬਾਉ ਰੱਖ ਰਹੇ ਸਨ ਅਤੇ ਰਾਹ-ਗਲੀ ਲੰਘਦੇ-ਵੜਦੇ ਉਨ੍ਹਾਂ ਨੂੰ ਤੰਗ ਕਰ ਰਹੇ ਸਨ।ਵੱਡੀ ਉਮਰ ਦੇ ਹੋਣ ਦੇ ਬਾਵਜ਼ੂਦ ਅਬੂ ਤਾਲਿਬ ਦੇ ਜੋਸ਼ ਵਿਚ ਕੋਈ ਕਮੀ ਨਹੀਂ ਆਈ ਸੀ ਅਤੇ ਉਹ ਅਪਣੇ ਭਤੀਜੇ ਦੀ ਹਮਾਇਤ ਉੱਤੇ ਡਟੇ ਹੋਏ ਸਨ।
ਅਬੂ ਤਾਲਿਬ ਦੀ ਉਮਰ ਅੱਸੀ ਸਾਲ ਤੋਂ ਵੱਧ ਹੋ ਚੁੱਕੀ ਸੀ ਅਤੇ ਉਨ੍ਹਾਂ ਨੂੰ ਬੁਢਾਪੇ ਵਿਚ ਲੱਗਣ ਵਾਲੀਆਂ ਕਈ ਸੰਗੀਨ ਬੀਮਾਰੀਆਂ ਨੇ ਘੇਰਿਆ ਹੋਇਆ ਸੀ।ਬਾਈਕਾਟ ਤੋਂ ਵਾਪਸ ਆਉਣ ਤੋਂ ਕੁਝ ਦਿਨ ਬਾਅਦ ਉਹ ਐਨੇ ਸਖ਼ਤ ਬੀਮਾਰ ਹੋ ਗਏ ਸਨ ਕਿ ਉਠਣਾ-ਬੈਠਣਾ ਵੀ ਮੁਸ਼ਕਿਲ ਹੋ ਗਿਆ ਸੀ।ਉਨ੍ਹਾਂ ਦੀ ਕਮਜ਼ੋਰ ਸਥਿਤੀ ਨੂੰ ਦੇਖਦਿਆਂ ਇਕ ਦਿਨ ਕੁਰੈਸ਼ ਵਾਲੇ ਇਕੱਠੇ ਹੋਏ ਅਤੇ ਉਨ੍ਹਾਂ ਨੇ ਸਲਾਹ ਕੀਤੀ ਕਿ ਜੇ ਅਬੂ ਤਾਲਿਬ ਦੀ ਮੌਤ ਹੋ ਗਈ ਅਤੇ ਬਾਅਦ ਵਿਚ ਉਨ੍ਹਾਂ ਦੇ ਭਤੀਜੇ ਨੂੰ ਕੁਝ ਹੋ ਗਿਆ ਜਾਂ ਸਾਡੇ ਕਿਸੇ ਬੰਦੇ ਨੇ ਜ਼ਿਆਦਤੀ ਕਰ ਦਿੱਤੀ ਤਾਂ ਬੜੀ ਬਦਨਾਮੀ ਹੋਵੇਗੀ।ਸਾਨੂੰ ਉਨ੍ਹਾਂ ਦੇ ਜਿਉਂਦਿਆਂ ਹੀ ਕੋਈ ਫ਼ੈਸਲਾ ਕਰ ਲੈਣਾ ਚਾਹੀਦਾ ਹੈ।ਉਨ੍ਹਾਂ ਨੇ ਅਜਿਹੀਆਂ ਕੁਝ ਰਿਆਇਤਾਂ ਦੇਣ ਦਾ ਵੀ ਫ਼ੈਸਲਾ ਕੀਤਾ ਜਿਨ੍ਹਾਂ ਉੱਤੇ ਉਹ ਹੁਣ ਤੱਕ ਰਾਜ਼ੀ ਨਹੀਂ ਸਨ।ਇਸ ਸਿਲਸਲੇ ਵਿਚ ਉਨ੍ਹਾਂ ਦਾ ਇਕ ਵਫ਼ਦ ਅਬੂ ਤਾਲਿਬ ਦੀ ਸੇਵਾ ਵਿਚ ਹਾਜ਼ਰ ਹੋਇਆ।
ਪ੍ਰਸਿੱਧ ਇਤਿਹਾਸਕਾਰ ਇਬਨੇ ਇਸਹਾਕ ਲਿਖਦੇ ਨੇ,"ਜਦੋਂ ਅਬੂ ਤਾਲਿਬ ਬਿਮਾਰ ਹੋ ਗਏ ਅਤੇ ਕੁਰੈਸ਼ ਨੂੰ ਖ਼ਬਰ ਮਿਲੀ ਕਿ ਉਨ੍ਹਾਂ ਦੀ ਹਾਲਤ ਠੀਕ ਨਹੀਂ ਹੈ ਤਾਂ ਉਹ ਮਸ਼ਵਰਾ ਕਰਨ ਲੱਗੇ ਕਿ ਹਮਜ਼ਾ (ਰਜ਼ੀ.) ਅਤੇ ਉਮਰ (ਰਜ਼ੀ.) ਮੁਸਲਮਾਨ ਹੋ ਚੁੱਕੇ ਹਨ ਅਤੇ ਮੁਹੰਮਦ (ਸ.) ਦਾ ਦੀਨ ਹਰ ਕਬੀਲੇ ਵਿਚ ਫੈਲ ਚੁੱਕਿਆ ਹੈ।ਕਿਉਂ ਨਾ ਅਬੂ ਤਾਲਿਬ ਦੀ ਹਾਜ਼ਰੀ ਵਿਚ ਕੁੱਝ ਹੱਦਾਂ ਤੈਅ ਕਰ ਲਈਏ।ਅਜਿਹਾ ਨਾ ਹੋਵੇ ਕਿ ਉਸ ਦੀ ਮੌਤ ਤੋਂ ਬਾਅਦ ਲੋਕ ਸਾਡੇ ਕਾਬੂ ਵਿਚ ਨਾ ਰਹੇ ਤਾਂ ਅਰਬ ਵਾਲੇ ਸਾਨੂੰ ਤਾਅਨਾ ਦੇਣਗੇ ਕਿ ਉਸ ਦੇ ਜਿਉਂਦੇ ਜੀ ਤਾਂ ਕੁਝ ਕਰ ਨਾ ਸਕੇ ਹੁਣ ਜਦੋਂ ਚਾਚਾ ਮਰ ਗਿਆ ਤਾਂ ਸ਼ੇਰ ਹੋ ਗਏ।ਜਦੋਂ ਕੁਰੈਸ਼ ਦਾ ਇਹ ਵਫ਼ਦ ਗੱਲ-ਬਾਤ ਕਰਨ ਲਈ ਅਬੂ ਤਾਲਿਬ ਕੋਲ ਪਹੁੰਚਿਆ ਤਾਂ ਉਸ ਵਿਚ ਉਤਬਾ ਪੁੱਤਰ ਰਬੀਆ, ਸ਼ੈਬਾ ਪੁੱਤਰ ਰਬੀਆ, ਅਬੂ ਜਹਿਲ ਪੁੱਤਰ ਹੱਸ਼ਾਮ, ਉਮੱਈਆ ਪੁੱਤਰ ਖ਼ਲਫ਼, ਅਬੂ ਸਫ਼ਿਆਨ ਪੁੱਤਰ ਹਰਬ ਸਮੇਤ ਕੁਰੈਸ਼ ਦੇ ਪੰਝੀ ਦੇ ਕਰੀਬ ਸਰਦਾਰ ਅਤੇ ਸਿਆਣੇ ਆਦਮੀ ਸ਼ਾਮਲ ਸਨ।
ਕੁਰੈਸ਼ ਵਾਲੇ ਅਬੂ ਤਾਲਿਬ ਦੇ ਕੋਲ ਆਏ ਅਤੇ ਉਨ੍ਹਾਂ ਦੀ ਬੀਮਾਰੀ ਦਾ ਰਸਮੀ ਹਾਲ-ਚਾਲ ਪੁੱਛਣ ਤੋਂ ਬਾਅਦ ਆਖਣ ਲੱਗੇ, "ਐ ਅਬੂ ਤਾਲਿਬ! ਸਾਡੇ ਵਿਚਕਾਰ ਤੁਹਾਡਾ ਜਿਹੜਾ ਉੱਚ ਸਥਾਨ ਹੈ ਉਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੀ ਓ ਅਤੇ ਜਿਸ ਬਿਮਾਰੀ ਦੀ ਹਾਲਤ ਵਿੱਚੋਂ ਲੰਘ ਰਹੇ ਹੋ ਉਹ ਵੀ ਤੁਹਾਡੇ ਸਾਹਮਣੇ ਹੈ।ਦੇਖਣ ਨੂੰ ਤਾਂ ਇਹੋ ਲੱਗ ਰਿਹਾ ਹੈ ਕਿ ਤੁਹਾਡਾ ਵੇਲਾ ਨੇੜੇ ਆ ਗਿਆ ਹੈ।ਦੂਜੇ ਪਾਸੇ ਸਾਡੇ ਅਤੇ ਤੁਹਾਡੇ ਭਤੀਜੇ ਵਿਚਕਾਰ ਜਿਹੜੀ ਖਿੱਚੋਤਾਣ ਚੱਲ ਰਹੀ ਹੈ ਉਸ ਤੋਂ ਵੀ ਤੁਸੀਂ ਭਲੀ-ਭਾਂਤ ਜਾਣੂ ਹੋ।ਅਸੀਂ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਬੁਲਾ ਕੇ ਸਾਡੇ ਦੋਹਾਂ ਧਿਰਾਂ ਵਿਚਕਾਰ ਕੋਈ ਹੱਦ ਕਾਇਮ ਕਰ ਦਿਉ ਤਾਂ ਜੋ ਉਹ ਸਾਨੂੰ ਸਾਡੇ ਦੀਨ ਉੱਤੇ ਛੱਡ ਦੇਵੇ ਅਤੇ ਅਸੀਂ ਉਸ ਨੂੰ ਉਸ ਦੇ ਦੀਨ ਉੱਤੇ ਛੱਡ ਦਈਏ"।
ਅਬੂ ਤਾਲਿਬ ਨੇ ਹਜ਼ਰਤ ਮੁਹੰਮਦ (ਸ.) ਨੂੰ ਬੁਲਾ ਭੇਜਿਆ।ਜਦੋਂ ਆਪ ਆਏ ਤਾਂ ਅਬੂ ਤਾਲਿਬ ਨੇ ਆਖਿਆ, ਭਤੀਜੇ! ਇਹ ਤੇਰੀ ਕੌਮ ਦੇ ਇੱਜ਼ਤਦਾਰ ਲੋਕ ਹਨ ਅਤੇ ਤੈਨੂੰ ਮਿਲਣ ਆਏ ਹਨ।ਇਹ ਚਾਹੁੰਦੇ ਹਨ ਕਿ ਤੇਰੇ ਨਾਲ ਕੁਝ ਵਾਅਦੇ ਕਰ ਲੈਣ ਅਤੇ ਤੂੰ ਵੀ ਇਨ੍ਹਾਂ ਨਾਲ ਕੁਝ ਵਾਅਦੇ ਕਰ ਲਵੇਂ"।ਇਸ ਤੋਂ ਬਾਅਦ ਅਬੂ ਤਾਲਿਬ ਨੇ ਕੁਰੈਸ਼ ਦੇ ਵਫ਼ਦ ਦੀਆਂ ਆਖੀਆਂ ਗੱਲਾਂ ਹਜ਼ਰਤ ਮੁਹੰਮਦ (ਸ.) ਕੋਲ ਦੁਹਰਾ ਦਿੱਤੀਆਂ।
ਹਜ਼ਰਤ ਮੁਹੰਮਦ (ਸ.) ਨੇ ਕੁਰੈਸ਼ ਦੇ ਸਰਦਾਰਾਂ ਦੀਆਂ ਕਹੀਆਂ ਗੱਲਾਂ ਅਬੂ ਤਾਲਿਬ ਦੇ ਮੂਹੋਂ ਧਿਆਨ ਨਾਲ ਸੁਣੀਆਂ ਅਤੇ ਕੁਰੈਸ਼ ਵਾਲਿਆਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ, "ਜੇ ਮੈਂ ਤੁਹਾਨੂੰ ਆਖਾਂ ਕਿ ਤੁਸੀਂ ਮੇਰੀ ਇਕ ਗੱਲ ਮੰਨ ਲਵੋ ਅਤੇ ਸਾਰੇ ਅਰਬ ਦੇ ਬਾਦਸ਼ਾਹ ਬਣ ਜਾਵੋ।ਦੂਜੀਆਂ ਕੌਮਾਂ ਵੀ ਤੁਹਾਨੂੰ ਜਜ਼ੀਆ ਦੇਣ ਲਈ ਮਜਬੂਰ ਹੋ ਜਾਣ ਤਾਂ ਤੁਸੀਂ ਕੀ ਕਹੋਗੇ"।ਅਬੂ ਤਾਲਿਬ ਨੇ ਪੁੱਛਿਆ, "ਉਹ ਕਿਹੜੀ ਬਾਤ ਹੈ ਜਿਸ ਨਾਲ ਅਰਬ ਉੱਤੇ ਇਨ੍ਹਾਂ ਦੀ ਸਰਦਾਰੀ ਹੋ ਸਕਦੀ ਹੈ"।
ਹਜ਼ਰਤ ਮੁਹੰਮਦ (ਸ.) ਨੇ ਕਿਹਾ ਸਿਰਫ਼ ਇਕ ਬਾਤ।ਜਦੋਂ ਆਪ ਨੇ ਇਹ ਬਾਤ ਦੁਹਰਾਈ ਤਾਂ ਅਬੂ ਜਹਿਲ ਆਖਣ ਲੱਗਿਆ, "ਦੱਸੋ ਉਹ ਕਿਹੜੀ ਬਾਤ ਹੈ। ਪਿਉ ਦੀ ਕਸਮ, ਅਜਿਹੀ ਇਕ ਬਾਤ ਕੀ ਦਸ ਬਾਤਾਂ ਵੀ ਮੰਨਣ ਨੂੰ ਤਿਆਰ ਹਾਂ"।ਆਪ ਨੇ ਆਖਿਆ, "ਤੁਸੀਂ ਲਾਇਲਾਹਾ ਇੱਲੱਲਾਹ ਕਹਿ ਦਿਉ ਅਤੇ ਅੱਲਾਹ ਤੋਂ ਸਿਵਾ ਜੋ ਕੁਝ ਪੂਜਦੇ ਹੋ ਛੱਡ ਦਿਉ"।ਆਪ ਦੀ ਬਾਤ ਸੁਣ ਕੇ ਉਹ ਕਹਿਣ ਲੱਗੇ, "ਮੁਹੰਮਦ ਤੂੰ ਇਹ ਚਾਹੁੰਦਾ ਏਂ ਕਿ ਅਸੀਂ ਸਾਰੇ ਖ਼ੁਦਾਵਾਂ ਦੀ ਥਾਂ ਇਕ ਹੀ ਖ਼ੁਦਾ ਬਣਾ ਲਈਏ, ਬਾਕਈ ਤੈਨੂੰ ਸਮਝਣਾ ਬਹੁਤ ਔਖਾ ਹੈ"।
ਇਸ ਤੋਂ ਬਾਅਦ ਕੁਰੈਸ਼ ਦੇ ਸਰਦਾਰ ਇਕ ਦੂਜੇ ਨੂੰ ਇਹ ਆਖਦੇ ਹੋਏ ਉੱਠ ਕੇ ਚਲੇ ਗਏ ਕਿ ਇਹ ਸਾਡੀ ਕੋਈ ਵੀ ਗੱਲ ਮੰਨਣ ਨੂੰ ਤਿਆਰ ਨਹੀਂ।ਰੱਬ ਆਪ ਹੀ ਇਸ ਦਾ ਫ਼ੈਸਾ ਕਰੇਗਾ ਕਿ ਕੋਣ ਸੱਚਾ ਅਤੇ ਕੌਣ ਝੂਠਾ ਹੈ।

58. ਗ਼ਮ ਦਾ ਸਾਲ

ਬਾਈਕਾਟ ਦੇ ਖ਼ਾਤਮੇ ਤੋਂ ਬਾਅਦ ਘਰ ਆਇਆਂ ਨੂੰ ਅਜੇ ਕੁਝ ਦਿਨ ਹੀ ਲੰਘੇ ਸਨ ਕਿ ਹਜ਼ਰਤ ਮੁਹੰਮਦ (ਸ.) ਦੇ ਪਿਆਰੇ ਚਾਚਾ ਅਬੂ ਤਾਲਿਬ ਬੀਮਾਰ ਹੋ ਗਏ।ਉਨ੍ਹਾਂ ਦੀ ਮੌਤ ੬੨੦ ਈਸਵੀ ਨੂੰ ਨਬੁੱਵਤ ਦੇ ਦਸਵੇਂ ਸਾਲ ਵਿਚ ਹੋਈ ਪਰ ਮਹੀਨੇ ਬਾਰੇ ਵੱਖ ਵੱਖ ਲੇਖਕਾਂ ਦੀਆਂ ਵੱਖ ਵੱਖ ਦਲੀਲਾਂ ਹਨ।ਮੌਤ ਦੇ ਸਮੇਂ ਉਨ੍ਹਾਂ ਦੀ ਉਮਰ ੮੨ ਸਾਲ ਦੇ ਨੇੜੇ ਸੀ।ਅਬੂ ਤਾਲਿਬ ਸਾਰੀ ਉਮਰ ਹਜ਼ਰਤ ਮੁਹੰਮਦ (ਸ.) ਦੀ ਰਖਵਾਲੀ ਕਰਦੇ ਰਹੇ।ਉਨ੍ਹਾਂ ਨੇ ਮੁਸਲਮਾਨਾਂ ਦੀ ਸਭ ਤੋਂ ਵੱਧ ਸਾਂਭ-ਸੰਭਾਲ ਕੀਤੀ ਪਰ ਆਪ ਆਖ਼ਰੀ ਸਮੇਂ ਤੱਕ ਮੁਸਲਮਾਨ ਨਹੀਂ ਹੋਏ।
'ਸਹੀ ਬੁਖ਼ਾਰੀ' ਵਿਚ ਲਿਖਿਆ ਮਿਲਦਾ ਹੈ ਜਦੋਂ ਅਬੂ ਤਾਲਿਬ ਦੇ ਆਖ਼ਰੀ ਸਮੇਂ ਬਾਰੇ ਹਜ਼ਰਤ ਮੁਹੰਮਦ (ਸ.) ਨੂੰ ਪਤਾ ਲੱਗਿਆ ਤਾਂ ਆਪ ਉਸ ਦੇ ਘਰ ਚਲੇ ਗਏ ਜਿੱਥੇ ਕੁਰੈਸ਼ ਦੇ ਸਰਦਾਰ ਅਬੂ ਜਹਿਲ ਅਤੇ ਅਬਦੁੱਲਾ ਪੁੱਤਰ ਉਮੱਈਆ ਵੀ ਬੈਠੇ ਸਨ।ਜਦੋਂ ਆਪ ਨੇ ਅਪਣੇ ਮਿਹਰਬਾਨ ਚਾਚੇ ਨੂੰ ਬੇਨਤੀ ਕੀਤੀ ਕਿ ਚਾਚਾ ਜਾਨ ਆਪ ਇਕ ਵਾਰ 'ਲਾਇਲਾ ਇੱਲੱਲਾਹ' ਕਹਿ ਦਿਉ ਇਸ ਨਾਲ ਮੈਂ ਰੱਬ ਅੱਗੇ ਤੁਹਾਡੀ ਬਖ਼ਸ਼ਿਸ਼ ਲਈ ਸ਼ਿਫ਼ਾਰਸ਼ ਕਰ ਦੇਵਾਂਗਾ ਤਾਂ ਨੇੜੇ ਬੈਠੇ ਅਬੂ ਜਹਿਲ ਅਤੇ ਅਬਦੁੱਲਾ ਪੁੱਤਰ ਉਮੱਈਆ ਅਬੂ ਤਾਲਿਬ ਨੂੰ ਸੰਬੋਧਨ ਕਰਕੇ ਆਖਣ ਲੱਗੇ, "ਕੀ ਤੁਸੀਂ ਅਬਦੁਲ ਮੁਤਲਿਬ (ਅਬੂ ਤਾਲਿਬ ਦਾ ਪਿਤਾ) ਦੇ ਸਮਾਜ ਨਾਲੋਂ ਨਾਤਾ ਤੋੜ ਲਵੋਗੇ"? ਇਸ ਤੋਂ ਬਾਅਦ ਉਹ ਦੋਵੇ ਅਬੂ ਤਾਲਿਬ ਦੇ ਆਖ਼ਰੀ ਸਮੇਂ ਤੱਕ ਉਸ ਨਾਲ ਗੱਲਾਂ ਕਰਦੇ ਰਹੇ।ਅਬੂ ਤਾਲਿਬ ਰੱਬ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਦਾ ਸਭ ਤੋਂ ਵੱਡਾ ਰਖਵਾਲਾ ਹੋਣ ਦੇ ਬਾਵਜੂਦ ਵੀ ਮੁਸਲਮਾਨ ਨਾ ਹੋ ਸਕਿਆ।
ਅਬੂ ਤਾਲਿਬ ਦੀ ਮੌਤ ਤੋਂ ਦੋ ਮਹੀਨੇ ਤਿੰਨ ਦਿਨ ਬਾਅਦ ਹਜ਼ਰਤ ਮੁਹੰਮਦ (ਸ.) ਦੀ ਪਹਿਲੀ ਪਤਨੀ ਹਜ਼ਰਤ ਖ਼ਦੀਜਾ (ਰਜ਼ੀ.) ਵੀ ਚਲਾਣਾ ਕਰ ਗਈ।ਕਈ ਥਾਵਾਂ ਤੇ ਆਪ ਦੀ ਮੌਤ ਅਬੂ ਤਾਲਿਬ ਦੀ ਮੌਤ ਤੋਂ ਸਿਰਫ਼ ਤਿੰਨ ਦਿਨ ਬਾਅਦ ਵੀ ਲਿਖੀ ਮਿਲਦੀ ਹੈ।ਉਨ੍ਹਾਂ ਦੀ ਵਫ਼ਾਤ ਹਜ਼ਰਤ ਮੁਹੰਮਦ (ਸ.) ਦੇ ਨਬੀ ਬਨਣ ਤੋਂ ਦਸਵੇਂ ਸਾਲ ਹੋਈ।ਮੌਤ ਵੇਲੇ ਉਨ੍ਹਾਂ ਦੀ ਉਮਰ ੬੫ ਸਾਲ ਦੀ ਸੀ ਜਦੋਂ ਕਿ ਹਜ਼ਰਤ ਮੁਹੰਮਦ (ਸ.) ਉਸ ਸਮੇਂ ੫੦ ਸਾਲ ਦੇ ਸਨ।ਦੋਵਾਂ ਦਾ ਵਿਆਹੀ ਜ਼ਿੰਦਗੀ ਦਾ ੨੫ ਸਾਲ ਦਾ ਸਾਥ ਰਿਹਾ।
ਵਿਆਹ ਤੋਂ ਪਹਿਲਾਂ ਹਜ਼ਰਤ ਖ਼ਦੀਜਾ ਮੱਕੇ ਦੇ ਧਨਾਢ ਲੋਕਾਂ ਵਿਚ ਗਿਣੀ ਜਾਂਦੀ ਸੀ ਪਰ ਹਜ਼ਰਤ ਮੁਹੰਮਦ (ਸ.) ਨਾਲ ਵਿਆਹ ਤੋਂ ਬਾਅਦ ਉਸ ਨੇ ਸਾਰਾ ਧਨ ਆਪ ਦੀਆਂ ਇਸਲਾਮੀ ਸਰਗਰਮੀਆਂ ਲਈ ਵਕਫ਼ ਕਰ ਦਿੱਤਾ।ਉਸ ਨੇ ਨਵੁੱਬਤ ਤੋਂ ਬਾਅਦ ਸਭ ਤੋਂ ਪਹਿਲਾਂ ਇਸਲਾਮ ਕਬੂਲ ਕੀਤਾ ਅਤੇ ਔਖੇ ਤੋਂ ਔਖੇ ਸਮੇਂ ਵੀ ਆਪ ਦਾ ਸਾਥ ਨਾ ਛੱਡਿਆ।
ਹਜ਼ਰਤ ਖ਼ਦੀਜਾ (ਰਜ਼ੀ.) ਬਾਰੇ ਹਜ਼ਰਤ ਮੁਹੰਮਦ (ਸ.) ਕਿਹਾ ਕਰਦੇ ਸਨ, 'ਜਿਸ ਸਮੇਂ ਲੋਕਾਂ ਨੇ ਮੇਰੀ ਵਿਰੋਧਤਾ ਕੀਤੀ ਉਸ ਸਮੇਂ ਉਹ ਮੇਰੇ ਉੱਤੇ ਈਮਾਨ ਲਿਆਈ।ਜਿਸ ਸਮੇਂ ਲੋਕਾਂ ਨੇ ਮੈਨੂੰ ਝੂਠਾ ਆਖਿਆ ਉਸ ਸਮੇਂ ਉਸ ਨੇ ਮੇਰੀ ਸੱਚਾਈ ਦੀ ਪ੍ਰੌੜਤਾ ਕੀਤੀ।ਜਿਸ ਸਮੇਂ ਲੋਕਾਂ ਨੇ ਮੈਨੂੰ ਧਨ-ਦੌਲਤ ਤੋਂ ਵੱਖ ਕੀਤਾ ਉਸ ਸਮੇਂ ਉਸ ਨੇ ਮੈਨੂੰ ਅਪਣੇ ਧਨ ਵਿਚ ਹਿੱਸੇਦਾਰ ਬਣਾਇਆ।ਰੱਬ ਨੇ ਮੈਨੂੰ ਉਸ ਤੋਂ ਔਲਾਦ ਦਿੱਤੀ ਅਤੇ ਦੂਸਰੀਆਂ ਪਤਨੀਆਂ ਤੋਂ ਕੋਈ ਔਲਾਦ ਨਾ ਦਿੱਤੀ'।
ਕੁਝ ਦਿਨਾਂ ਦੇ ਅੰਦਰ ਅੰਦਰ ਦੋ ਪਿਆਰੇ ਸਾਥੀਆਂ ਦੇ ਸਾਥ ਛੱਡ ਜਾਣ ਨਾਲ ਹਜ਼ਰਤ ਮੁਹੰਮਦ (ਸ.) ਉੱਤੇ ਆਫ਼ਤਾਂ ਦੇ ਪਹਾੜ ਟੁੱਟ ਪਏ ਪਰ ਉਹ ਅਪਣੇ ਮਿਸ਼ਨ ਉੱਤੇ ਬਰਾਬਰ ਡਟੇ ਰਹੇ।ਅਬੂ ਤਾਲਿਬ ਦੀ ਮੌਤ ਤੋਂ ਬਾਅਦ ਮੁਸ਼ਰਿਕਾਂ ਦੇ ਵੀ ਹੌਸਲੇ ਵਧ ਗਏ।ਉਨ੍ਹਾਂ ਨੇ ਵੀ ਹਜ਼ਰਤ ਮੁਹੰਮਦ (ਸ.) ਦੇ ਖ਼ਿਲਾਫ਼ ਅਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਅਤੇ ਉਹ ਬੇਡਰ ਹੋ ਕੇ ਤਕਲੀਫ਼ਾਂ ਦੇਣ ਲੱਗੇ।ਆਪ ਨੇ ਮੱਕੇ ਵਾਲਿਆਂ ਤੋਂ ਮਾਯੂਸ ਹੋ ਕੇ ਇਹ ਸੋਚ ਕੇ ਤਾਇਫ਼ ਜਾਣ ਦਾ ਫ਼ੈਸਲਾ ਕਰ ਲਿਆ ਕਿ ਸ਼ਾਇਦ ਉੱਥੋਂ ਕੋਈ ਸਹਾਇਤਾ ਮਿਲ ਜਾਵੇ।ਪਰ ਤਾਇਫ਼ ਵਾਲਿਆਂ ਨੇ ਨਾ ਕੋਈ ਆਪ ਦੀ ਸਹਾਇਤਾ ਕੀਤੀ ਅਤੇ ਨਾਂ ਹੀ ਪਨਾਹ ਦਿੱਤੀ।ਸਗੋਂ ਅਜਿਹੀ ਬਦਸੂਕੀ ਕੀਤੀ ਜਿਹੜੀ ਮੱਕੇ ਵਾਲਿਆਂ ਨੇ ਵੀ ਅਜੇ ਤੱਕ ਨਹੀਂ ਕੀਤੀ ਸੀ।
ਮੱਕੇ ਵਾਲੇ ਜਿਸ ਤਰ੍ਹਾਂ ਹਜ਼ਰਤ ਮੁਹੰਮਦ (ਸ.) ਨੂੰ ਤਕਲੀਫ਼ਾਂ ਦੇ ਰਹੇ ਸਨ ਉਸ ਤੋਂ ਵੱਧ ਉਨ੍ਹਾਂ ਦੇ ਸਾਥੀਆਂ ਨੂੰ ਤਕਲੀਫ਼ਾਂ ਦੇ ਰਹੇ ਸਨ।'ਅਲਰਹੀਕੁਲ ਮਖ਼ਤੂਮ' ਦਾ ਲੇਖਕ ਲਿਖਦਾ ਹੈ ਕਿ ਇਕ ਸਮਾਂ ਅਜਿਹਾ ਵੀ ਆਇਆ ਜਦੋਂ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਵੀ ਮੱਕਾ ਛੱਡ ਕੇ ਹਬਸ਼ਾ ਜਾਣ ਲਈ ਤੁਰ ਪਏ।ਪਰ ਜਦੋਂ ਉਹ ਬਰਕੇ ਗ਼ਮਾਦ ਨਾਂ ਦੇ ਸਥਾਨ ਤੇ ਪਹੁੰਚੇ ਤਾਂ ਇਬਨੇ ਦੁਗ਼ਨਾ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਗਈ ਜਿਹੜੇ ਉਨ੍ਹਾਂ ਨੂੰ ਅਪਣੀ ਸ਼ਰਨ ਵਿਚ ਵਾਪਸ ਮੱਕਾ ਲੈ ਆਏ।
ਪ੍ਰਸਿੱਧ ਇਤਿਹਾਸਕਾਰ ਇਬਨੇ ਇਸਹਾਕ ਲਿਖਦੇ ਨੇ ਕਿ ਅਬੂ ਤਾਲਿਬ ਦੀ ਮੌਤ ਤੋਂ ਬਾਅਦ ਕੁਰੈਸ਼ ਵਾਲਿਆਂ ਨੇ ਆਪ ਨੂੰ ਅਜਿਹੀਆਂ ਤਕਲੀਫ਼ਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਸੋਚੀਆਂ ਵੀ ਨਹੀਂ ਜਾ ਸਕਦੀਆਂ ਸਨ।ਇਕ ਦਿਨ ਕੁਰੈਸ਼ ਦੇ ਇਕ ਪਾਗਲ ਆਦਮੀ ਨੇ ਰਾਹ ਵਿੱਚੋਂ ਗੰਦੀ ਮਿੱਟੀ ਚੁੱਕ ਕੇ ਆਪ ਦੇ ਸਿਰ ਵਿਚ ਪਾ ਦਿੱਤੀ।ਆਪ ਘਰ ਗਏ ਤਾਂ ਆਪ ਦੀ ਇਕ ਧੀ ਨੇ ਰੋਂਦੇ ਹੋਇਆਂ ਆਪ ਦੇ ਸਿਰ ਵਿੱਚੋਂ ਮਿੱਟੀ ਧੋਈ।ਅਪਣਿਆਂ ਦੀਆਂ ਮੌਤਾਂ ਅਤੇ ਗ਼ੈਰਾਂ ਦੀਆਂ ਤਕਲੀਫ਼ਾਂ ਬਰਦਾਸ਼ਤ ਕਰਨ ਤੋਂ ਬਾਅਦ ਹਜ਼ਰਤ ਮੁਹੰਮਦ (ਸ.) ਨੇ ਇਸ ਸਾਲ ਦਾ ਨਾਂ 'ਗ਼ਮ ਦਾ ਸਾਲ' ਰੱਖਿਆ।

59. ਮਿਅਰਾਜ

ਹਜ਼ਰਤ ਮੁਹੰਮਦ (ਸ.) ਵੱਲੋਂ ਮਿਅਰਾਜ ਭਾਵ ਅਸਮਾਨ ਦਾ ਸਫ਼ਰ ਕਰਨ ਬਾਰੇ 'ਮੈਅਮਾਰੇ ਇਨਸਾਨੀਅਤ' ਦੇ ਲੇਖਕ ਮੁਫ਼ਤੀ ਫ਼ਜ਼ੈਲੁਰ ਰਹਿਮਾਨ ਲਿਖਦੇ ਹਨ, "ਉਸ ਸਮੇਂ ਹਜ਼ਰਤ ਮੁਹੰਮਦ (ਸ.) ਦੀ ਉਮਰ ਇਕਵੰਜਾ ਸਾਲ ਅੱਠ ਮਹੀਨੇ ਵੀਹ ਦਿਨ ਦੀ ਸੀ ਅਤੇ ਉਨ੍ਹਾਂ ਨੂੰ ਨਬੁੱਵਤ ਮਿਲਿਆਂ ਬਾਰਾਂ ਸਾਲ ਬੀਤ ਚੁੱਕੇ ਸਨ।ਭਾਵੇਂ ਆਪ ਦੀ ਵਿਰੋਧਤਾ ਕਰਨ ਵਾਲੇ ਇਸਲਾਮ ਦਾ ਰਸਤਾ ਰੋਕਣ ਦੇ ਸਾਰੇ ਯਤਨ ਕਰ ਚੁੱਕੇ ਸਨ।ਪਰ ਇਸ ਸਮੇਂ ਅਰਬ ਦਾ ਕੋਈ ਵੀ ਕਬੀਲਾ ਅਜਿਹਾ ਨਹੀਂ ਰਿਹਾ ਸੀ ਜਿਸ ਵਿਚ ਇਸਲਾਮ ਨਾ ਪਹੁੰਚਿਆ ਹੋਵੇ।ਮੱਕਾ ਵਿਖੇ ਵੀ ਅਜਿਹੇ ਲੋਕਾਂ ਦੀ ਇਕ ਅਜਿਹੀ ਢਾਣੀ ਬਣ ਚੁੱਕੀ ਸੀ ਜਿਹੜੀ ਇਸਲਾਮ ਦੇ ਫੈਲਾਉ ਲਈ ਹਰ ਸਮੇਂ ਜਾਨ ਤੇ ਖੇਲਣ ਨੂੰ ਤਿਆਰ ਰਹਿੰਦੇ ਸੀ।ਮਦੀਨੇ ਵਿਚ ਵੀ ਕਬੀਲਾ ਔਸ ਅਤੇ ਖ਼ਜ਼ਰਜ ਦੇ ਲੋਕ ਆਪ ਦੇ ਪੈਰੋਕਾਰ ਬਣ ਗਏ ਸਨ ਅਤੇ ਇਕ ਅਜਿਹਾ ਸਮਾਂ ਆਉਣ ਵਾਲਾ ਸੀ ਕਿ ਮੁਸਲਮਾਨਾਂ ਨੂੰ ਇਕੱਠਾ ਕਰਕੇ ਛੋਟੇ ਜਿਹੇ ਇਸਲਾਮੀ ਰਾਜ ਦੀ ਬੁਨਿਆਦ ਰੱਖੀ ਜਾ ਸਕਦੀ ਸੀ।ਇਸੇ ਸਮੇਂ ਹੀ ਮਿਅਰਾਜ ਦੀ ਘਟਨਾ ਪੇਸ਼ ਆਈ।ਕੁਰਆਨ ਸ਼ਰੀਫ਼ ਵਿਚ ਇਸ ਘਟਨਾਂ ਨੂੰ ਇੰਜ ਬਿਆਨ ਕੀਤਾ ਗਿਆ ਹੈ;
"ਪਾਕ ਹੈ ਉਹ ਜਿਹੜਾ ਲੈ ਗਿਆ ਇਕ ਰਾਤ ਅਪਣੇ ਬੰਦੇ ਨੂੰ ਮਸਜਿਦੇ ਹਰਾਮ ਤੋਂ ਦੂਰ ਦੀ ਉਸ ਮਸਜਿਦ ਤੱਕ ਜਿਸ ਦੇ ਮਾਹੌਲ ਨੂੰ ਉਸ ਨੇ ਬਰਕਤ ਦਿੱਤੀ ਹੈ ਤਾਂ ਜੋ ਉਸ ਨੂੰ ਕੁਝ ਅਪਣੀਆਂ ਐਸੀਆਂ ਨਿਸ਼ਾਨੀਆਂ ਦੀ ਝਲਕ ਵਿਖਾਈ ਜਾ ਸਕੇ"।
ਕੁਰਆਮਨ ਸ਼ਰੀਫ਼ ਵਿਚ ਆਈ ਉਪਰੋਕਤ ਆਇਤ ਤੋਂ ਪਤਾ ਲਗਦਾ ਹੈ ਕਿ ਮਿਅਰਾਜ ਦੀ ਘਟਨਾ ਇਕ ਅਜਿਹੀ ਹਕੀਕੀ ਘਟਨਾ ਹੈ ਜਿਹੜੀ ਰੱਬ ਨੇ ਅਪਣੇ ਨਬੀ ਨੂੰ ਜਿਸਮਾਨੀ ਤੌਰ ਤੇ ਕਰਵਾਈ।ਉਨ੍ਹਾਂ ਨੂੰ ਮੌਤ ਤੋਂ ਬਾਅਦ ਆਉਣ ਵਾਲੀਆਂ ਸਾਰੀਆਂ ਸਥਿਤੀਆਂ ਅੱਖੀਂ ਵਿਖਾਈਆਂ ਗਈਆਂ ਤਾਂ ਜੋ ਲੋਕਾਂ ਨੂੰ ਸਬੂਤਾਂ ਸਮੇਤ ਦੱਸ ਕੇ ਇਕ ਰੱਬ ਦੀ ਇਬਾਦਤ ਕਰਨ ਲਈ ਪ੍ਰੇਰਿਆ ਜਾ ਸਕੇ। ਈਮਾਨ ਨਾ ਲਿਆਉਣ ਵਾਲੇ ਲੋਕਾਂ ਨੂੰ ਭਾਵੇਂ ਇਹ ਘਟਨਾ ਇਕ ਖ਼ਿਆਲੀ ਘਟਨਾ ਲਗਦੀ ਹੈ ਪਰ ਹਦੀਸ ਦੀਆਂ ਕਿਤਾਬਾਂ ਇਸ ਇਤਿਹਾਸਕ ਘਟਨਾ ਦੇ ਵੇਰਵਿਆਂ ਨਾਲ ਭਰੀਆਂ ਪਈਆਂ ਹਨ ਜਿਨ੍ਹਾਂ ਨੂੰ ਲਿਖਣ ਵਾਲੇ ਕੁਝ ਅਜਿਹੇ ਸਹਾਬੀ ਵੀ ਹਨ ਜਿਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਦੇ ਨਾਲ ਅਪਣੀ ਪਵਿੱਤਰ ਜ਼ਿੰਦਗੀ ਦਾ ਚੌਖ਼ਾ ਸਮਾਂ ਬਿਤਾਇਆ ਹੈ।
ਮਿਅਰਾਜ ਸ਼ਬਦ ਦੀ ਵਿਆਖਿਆ ਕਰਦਿਆਂ 'ਹਜ਼ਰਤ ਮੁਹੰਮਦ (ਸ.) ਜੀਵਨ ਤੇ ਸੰਦੇਸ਼ ਦੇ ਲੇਖਕ ਮੁਹੰਮਦ ਅਬਦੁੱਲਾ ਹਈ ਲਿਖਦੇ ਹਨ, "ਮਿਅਰਾਜ ਦਾ ਅਰਥ ਹੈ ਉਤਾਂਹ ਨੂੰ ਚੜ੍ਹਣਾ।ਅੱਲਾਹ ਦੇ ਰਸੂਲ ਹਜ਼ਰਤ ਮੁਹੰਮਦ (ਸ.) ਨੇ ਅਪਣੀ ਅਸਮਾਨੀ ਯਾਤਰਾ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਹੈ।ਕੁਰਆਨ ਸ਼ਰੀਫ਼ ਵਿਚ ਮਿਅਰਾਜ ਲਈ 'ਅਸਰਾਅ' ਦਾ ਸ਼ਬਦ ਵਰਤਿਆ ਗਿਆ ਹੈ ਜਿਸ ਦੇ ਅਰਥ ਰਾਤ ਨੂੰ ਸਫ਼ਰ ਕਰਨ ਦੇ ਹਨ।ਕਿਉਂਜੋ ਹਜ਼ਰਤ ਮੁਹੰਮਦ (ਸ.) ਨੇ ਇਹ ਸਫ਼ਰ ਰਾਤ ਨੂੰ ਕੀਤਾ ਸੀ ਇਸ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ।
ਕਿਸੇ ਵੀ ਪੈਗ਼ੰਬਰ ਲਈ ਇਹ ਜ਼ਰੂਰੀ ਹੁੰਦਾ ਹੈ ਕਿ ਉਸ ਨੇ ਜਿਹੜੀਆਂ ਅਣਡਿੱਠੀਆਂ ਹਕੀਕਤਾਂ ਉੱਤੇ ਚੱਲਣ ਲਈ ਲੋਕਾਂ ਨੂੰ ਤਿਆਰ ਕਰਨਾ ਹੁੰਦਾ ਹੈ ਉਨ੍ਹਾਂ ਉੱਤੇ ਪਹਿਲਾਂ ਆਪ ਦ੍ਰਿੜ ਵਿਸ਼ਵਾਸ਼ ਅਤੇ ਈਮਾਨ ਲਿਆਉਣਾ ਹੁੰਦਾ ਹੈ।ਉਸ ਨੂੰ ਉਹ ਸਾਰੀਆਂ ਚੀਜ਼ਾਂ ਅੱਖੀਂ ਦੇਖ ਲੈਣੀਆਂ ਹੁੰਦੀਆਂ ਹਨ ਤਾਂ ਜੋ ਲੋਕਾਂ ਦੇ ਸਾਹਮਣੇ ਬਿਆਨ ਕਰਨ ਲੱਗਿਆਂ ਝਿਜਕ ਮਹਿਸੂਸ ਨਾ ਹੋਵੇ।ਉਨ੍ਹਾਂ ਨੇ ਲੋਕਾਂ ਨੂੰ ਇਹ ਵੀ ਆਖਣਾ ਹੁੰਦਾ ਹੈ ਕਿ ਜਿਹੜੀਆਂ ਸੱਚਾਈਆਂ ਨੂੰ ਤੁਸੀਂ ਮੰਨਣ ਤੋਂ ਇਨਕਾਰ ਕਰ ਰਹੇ ਹੋ ਅਸੀਂ ਇਨ੍ਹਾਂ ਨੂੰ ਅਪਣੀਆਂ ਅੱਖਾਂ ਨਾਲ ਵੇਖਿਆ ਹੈ।ਇਸੇ ਲਈ ਫ਼ਰਿਸ਼ਤੇ ਰੱਬ ਦਾ ਸੰਦੇਸ਼ ਲੈ ਕੇ ਉਨ੍ਹਾਂ ਕੋਲ ਆਉਂਦੇ ਹਨ।
ਪੈਗ਼ੰਬਰਾਂ ਨੂੰ ਸਾਰਾ ਕੁਝ ਅੱਖੀਂ ਦਿਖਾਉਣ ਲਈ ਅਸਮਾਨਾਂ ਦੀ ਸੈਰ ਕਰਵਾਈ ਜਾਂਦੀ ਹੈ।ਮੌਤ ਤੋਂ ਬਾਅਦ ਬੰਦੇ ਦੇ ਚੰਗੇ ਅਤੇ ਮੰਦੇ ਕੰਮਾਂ ਦੇ ਬਦਲੇ ਮਿਲਣ ਵਾਲੀ ਸਜ਼ਾ ਅਤੇ ਜਜ਼ਾ ਦੇ ਦੋਜ਼ਖ਼ ਅਤੇ ਜੰਨਤ ਵਿਚਲੇ ਦ੍ਰਿਸ਼ ਵਿਖਾਏ ਜਾਂਦੇ ਹਨ।ਭਾਵ ਮੌਤ ਤੋਂ ਬਾਅਦ ਕੀ ਵਾਪਰਣਾ ਹੈ ਉਸ ਦੇ ਦ੍ਰਿਸ਼ ਵਿਖਾਏ ਜਾਂਦੇ ਹਨ।ਮੈਅਰਾਜ ਦੀ ਘਟਨਾ ਵੀ ਇਕ ਅਜਿਹੀ ਹੀ ਘਟਨਾ ਹੈ ਜਿਸ ਵਿਚ ਹਜ਼ਰਤ ਮੁਹੰਮਦ (ਸ.) ਵੱਲੋਂ ਲੋਕਾਂ ਨੂੰ ਉਹ ਸਾਰੀਆਂ ਘਟਨਾਵਾਂ ਬਾਰੇ ਦੱਸ ਦਿੱਤਾ ਗਿਆ ਜਿਨ੍ਹਾਂ ਉੱਤੇ ਬਿਨਾ ਦੇਖਿਆਂ ਪੈਗ਼ੰਬਰ ਉੱਤੇ ਈਮਾਨ ਰੱਖਣ ਵਾਲਾ ਕੋਈ ਵੀ ਮੁਸਲਮਾਨ ਵਿਸ਼ਵਾਸ਼ ਕਰ ਲੈਂਦਾ ਹੈ।
ਮਿਅਰਾਜ ਦੀ ਘਟਨਾ ਕਿਸ ਸਾਲ ਵਾਪਰੀ ਇਸ ਬਾਰੇ ਵੱਖ ਵੱਖ ਲੇਖਕਾਂ ਦੀਆਂ ਵੱਖ ਵੱਖ ਦਲੀਲਾਂ ਹਨ।ਪਰ ਉਨ੍ਹਾਂ ਦੀ ਬਹੁਗਿਣਤੀ ਇਸ ਗੱਲ ਨਾਲ ਸਹਿਮਤ ਹੈ ਕਿ ਇਹ ਘਟਨਾ ਹਿਜਰਤ ਤੋਂ ਲਗ ਭਗ ਡੇਢ ਸਾਲ ਪਹਿਲਾਂ ਵਾਪਰੀ। 'ਕਸਸੁਲ ਅੰਬੀਆ' ਦਾ ਲੇਖਕ ਵੀ ਇਹੋ ਲਿਖਦਾ ਹੈ ਕਿ ਮੈਅਰਾਜ ਦੀ ਘਟਨਾ ਹਿਜਰਤ ਤੋਂ ਪਹਿਲਾਂ ਅਤੇ ਹਜ਼ਰਤ ਖ਼ਦੀਜਾ (ਰਜ਼ੀ.) ਦੀ ਵਫ਼ਾਤ ਤੋਂ ਬਾਅਦ ਵਿਚ ਵਾਪਰੀ।ਹਜ਼ਰਤ ਆਇਸ਼ਾ (ਰਜ਼ੀ.) ਦਾ ਵੀ ਕਹਿਣਾ ਹੈ ਕਿ ਹਜ਼ਰਤ ਖ਼ਦੀਜਾ (ਰਜ਼ੀ.) ਦਾ ਇੰਤਕਾਲ ਹਿਜਰਤ ਤੋਂ ਤਿੰਨ ਸਾਲ ਪਹਿਲਾਂ ਹੋਇਆ ਅਤੇ ਉਸ ਸਮੇਂ ਪੰਜ ਵਕਤ ਦੀ ਨਮਾਜ਼ ਫ਼ਰਜ਼ ਨਹੀਂ ਹੋਈ ਸੀ।
ਮਿਅਰਾਜ ਦੀ ਘਟਨਾ ਬਾਰੇ ਮਸ਼ਹੂਰ ਇਸਲਾਮੀ ਵਿਦਵਾਨ ਇਮਾਮ ਬੁਖ਼ਾਰੀ ਲਿਖਦੇ ਹਨ,"ਹਜ਼ਰਤ ਮੁਹੰਮਦ (ਸ.) ਨੇ ਇਕ ਦਿਨ ਸਵੇਰੇ ਸਹਾਬੀਆਂ ਨੂੰ ਦੱਸਿਆ ਕਿ ਪਿਛਲੀ ਰਾਤ ਮੇਰੇ ਰੱਬ ਨੇ ਮੈਨੂੰ ਬੜਾ ਸਨਮਾਨ ਦਿੱਤਾ ਹੈ।ਮੈਂ ਸੌਂ ਰਿਹਾ ਸਾਂ ਕਿ ਹਜ਼ਰਤ ਜਿਬਰਾਈਲ (ਅਲੈ.) ਨੇ ਮੈਨੂੰ ਜਗਾਇਆ ਅਤੇ ਚੁੱਕ ਕੇ ਖ਼ਾਨਾ ਕਾਅਬਾ ਵਿਖੇ ਲੈ ਗਿਆ।ਉਨ੍ਹਾਂ ਨੇ ਮੇਰਾ ਸੀਨਾ ਚੀਰਿਆ ਅਤੇ ਉਸ ਨੂੰ ਜ਼ਮਜ਼ਮ ਦੇ ਪਾਣੀ ਨਾਲ ਧੋਇਆ।ਫੇਰ ਉਸ ਨੇ ਇਸ ਵਿਚ ਈਮਾਨ ਅਤੇ ਵਿਦਵਤਾ ਭਰ ਕੇ ਉਸੇ ਤਰ੍ਹਾਂ ਬੰਦ ਕਰ ਦਿੱਤਾ ਜਿਵੇਂ ਪਹਿਲਾਂ ਸੀ।ਫੇਰ ਉਸ ਨੇ ਮੇਰੀ ਸਵਾਰੀ ਲਈ ਇਕ ਜਾਨਵਰ ਪੇਸ਼ ਕੀਤਾ ਜਿਹੜਾ ਖ਼ੱਚਰ ਨਾਲੋਂ ਛੋਟਾ ਅਤੇ ਚਿੱਟੇ ਰੰਗ ਦਾ ਸੀ।ਉਸ ਦਾ ਨਾਂ ਬੁਰਾਕ ਸੀ।ਮੈਂ ਉਸ ਉੱਤੇ ਬੈਠਿਆ ਹੀ ਸੀ ਕਿ ਪਲ ਵਿਚ ਅਸੀਂ ਬੈਤੁਲਮੁਕੱਦਸ ਜਾ ਅੱਪੜੇ।ਬੁਰਾਕ ਨੂੰ ਬਾਹਰ ਦਰਵਾਜ਼ੇ ਕੋਲ ਬੰਨ੍ਹ ਕੇ ਅਸੀਂ ਮਸਜਿਦ ਦੇ ਅੰਦਰ ਗਏ ਅਤੇ ਦੋ ਰਕਾਅਤ ਨਮਾਜ਼ ਪੜ੍ਹੀ।ਇਸ ਤੋਂ ਬਾਅਦ ਜਿਬਰਾਈਲ ਨੇ ਮੇਰੇ ਸਾਮ੍ਹਣੇ ਦੋ ਪਿਆਲੇ ਪੇਸ਼ ਕੀਤੇ ਜਿਨ੍ਹਾਂ ਵਿੱਚੋਂ ਇਕ ਵਿਚ ਸ਼ਰਾਬ ਅਤੇ ਦੂਜੇ ਵਿਚ ਦੁੱਧ ਸੀ।ਜਦੋਂ ਮੈਂ ਦੁੱਧ ਦਾ ਪਿਆਲਾ ਸਵੀਕਾਰ ਕਰ ਲਿਆ ਤਾਂ ਜਿਬਰਾਈਲ ਨੇ ਆਖਿਆ ਤੁਸੀਂ ਦੁੱਧ ਦਾ ਪਿਆਲਾ ਸਵੀਕਾਰ ਕਰਕੇ ਸੁਭਾਵਿਕ ਅਤੇ ਪ੍ਰਾਕ੍ਰਿਤਕ ਧਰਮ ਨੂੰ ਅਪਣਾ ਲਿਆ ਹੈ।
ਇਸ ਤੋਂ ਪਿੱਛੋਂ ਅਸਮਾਨੀ ਯਾਤਰਾ ਸ਼ੁਰੂ ਹੋਈ।ਜਦੋਂ ਅਸੀਂ ਪਹਿਲੇ ਅਸਮਾਨ ਦੇ ਬੂਹੇ ਉੱਤੇ ਪਹੁੰਚੇ ਤਾਂ ਜਿਬਰਾਈਲ ਵੱਲੋਂ ਪਹਿਰਾ ਦੇਣ ਵਾਲੇ ਫ਼ਰਿਸ਼ਤੇ ਨੂੰ ਦਰਵਾਜ਼ਾ ਖੋਲ੍ਹਣ ਲਈ ਆਖਿਆ ਗਿਆ।ਜਦੋਂ ਫ਼ਰਿਸ਼ਤੇ ਨੇ ਪੁੱਛਿਆ ਕਿ ਤੁਹਾਡੇ ਨਾਲ ਕੌਣ ਹਨ ਤਾਂ ਹਜ਼ਰਤ ਜਿਬਰਾਈਲ (ਅਲੈ.) ਨੇ ਆਖਿਆ ਇਹ ਹਜ਼ਰਤ ਮੁਹੰਮਦ (ਸ.) ਹਨ।ਫ਼ਰਿਸ਼ਤੇ ਨੇ ਫੇਰ ਪੁੱਛਿਆ ਕਿ ਕੀ ਇਨ੍ਹਾਂ ਨੂੰ ਬੁਲਾਇਆ ਗਿਆ ਹੈ ਤਾਂ ਹਜ਼ਰਤ ਜਿਬਰਾਈਲ (ਅਲੈ.) ਨੇ ਕਿਹਾ ਹਾਂ ਇਨ੍ਹਾਂ ਨੂੰ ਬੁਲਾਇਆ ਗਿਆ ਹੈ।ਇਹ ਸੁਣ ਕੇ ਫ਼ਰਿਸ਼ਤੇ ਨੇ ਆਖਿਆ ਕਿ ਅਜਿਹੀ ਹਸਤੀ ਦਾ ਆਉਣਾ ਮੁਬਾਰਕ ਹੋਵੇ ਅਤੇ ਦਰਵਾਜ਼ਾ ਖੋਲ੍ਹ ਦਿੱਤਾ।ਜਦੋਂ ਅਸੀਂ ਅੰਦਰ ਗਏ ਤਾਂ ਹਜ਼ਰਤ ਆਦਮ (ਅਲੈ.) ਨਾਲ ਮੁਲਾਕਾਤ ਹੋਈ।ਹਜ਼ਰਤ ਜਿਬਰਾਈਲ ਨੇ ਮੈਨੂੰ ਦੱਸਿਆ, "ਇਹ ਤੁਹਾਡੇ ਪਿਤਾ ਭਾਵ ਸਾਰੀ ਮਨੁਖਤਾ ਦੇ ਪਿਤਾ ਹਜ਼ਰਤ ਆਦਮ (ਅਲੈ.) ਹਨ।ਇਨ੍ਹਾਂ ਨੂੰ ਸਲਾਮ ਕਰੋ।ਮੈਂ ਉਨ੍ਹਾਂ ਨੂੰ ਸਲਾਮ ਕੀਤਾ।ਉਨ੍ਹਾਂ ਨੇ ਆਖਿਆ "ਜੀ ਆਇਆ ਨੂੰ ਹੇ ਨੇਕ ਪੁੱਤਰ! ਹੇ ਨੇਕ ਨਬੀ"।
ਇਸ ਤੋਂ ਬਾਅਦ ਹਜ਼ਰਤ ਜਿਬਰਾਈਲ (ਅਲੈ.) ਮੈਨੂੰ ਦੂਜੇ ਆਸਮਾਨ ਤੇ ਲੈ ਗਏ।ਜਿੱਥੇ ਪਹਿਲਾਂ ਵਾਂਗ ਦੀ ਦਰਵਾਜ਼ਾ ਖੁਲ੍ਹਵਾਉਣ ਦੀ ਪ੍ਰਕਿਰਿਆ ਦੁਹਰਾਈ ਗਈ।ਦਰਵਾਜ਼ਾ ਖੁੱਲਣ ਤੋਂ ਬਾਅਦ ਜਦੋਂ ਅਸੀਂ ਅੰਦਰ ਪ੍ਰਵੇਸ਼ ਕੀਤਾ ਤਾਂ ਹਜ਼ਰਤ ਯਹੀਆ (ਅਲੈ.) ਅਤੇ ਹਜ਼ਰਤ ਈਸਾ (ਅਲੈ.) ਨਾਲ ਮੁਲਾਕਾਤ ਹੋਈ।ਮੈਂ ਹਜ਼ਰਤ ਜਿਬਰਾਈਲ (ਅਲੈ.) ਦੇ ਕਹਿਣ ਉੱਤੇ ਉਨ੍ਹਾਂ ਨੂੰ ਸਲਾਮ ਕੀਤਾ।ਉਨ੍ਹਾਂ ਨੇ ਸਲਾਮ ਦਾ ਜਵਾਬ ਦਿੰਦਿਆਂ ਆਖਿਆ, ਜੀ ਆਇਆਂ ਨੂੰ ਨੇਕ ਭਰਾ।ਤੀਜੇ ਅਸਮਾਨ ਉੱਤੇ ਹਜ਼ਰਤ ਯੂਸਫ਼ (ਅਲੈ.) ਨਾਲ ਮੁਲਾਕਾਤ ਹੋਈ।ਪੰਜਵੇਂ ਅਸਮਾਨ ਉੱਤੇ ਹਜ਼ਰਤ ਹਾਰੂਨ (ਅਲੈ.) ਨਾਲ ਅਤੇ ਛੇਵੇਂ ਅਸਮਾਨ ਉੱਤੇ ਹਜ਼ਰਤ ਮੂਸਾ (ਅਲੈ.) ਨਾਲ ਮੁਲਾਕਾਤ ਹੋਈ।ਸੱਤਵੇਂ ਅਸਮਾਨ ਉੱਤੇ ਹਜ਼ਰਤ ਇਬਰਾਹੀਮ (ਅਲੈ.) ਨਾਲ ਮੁਲਾਕਾਤ ਹੋਈ।ਮੈਂ ਉਨ੍ਹਾਂ ਨੂੰ ਸਲਾਮ ਕੀਤਾ ਅਤੇ ਉਨ੍ਹਾਂ ਨੇ ਸਲਾਮ ਦਾ ਜਵਾਬ ਦਿੰਦਿਆਂ ਆਖਿਆ, "ਜੀ ਆਇਆਂ ਨੂੰ ਹੇ ਨੇਕ ਪੁੱਤਰ! ਹੇ ਨੇਕ ਨਬੀ"।
ਇਸ ਤੋਂ ਬਾਅਦ ਮੈਨੂੰ ਆਕਾਸ਼ ਦੀ ਆਖ਼ਰੀ ਹੱਦ ਤੱਕ ਪਹੁੰਚਾ ਦਿੱਤਾ ਗਿਆ ਜਿੱਥੇ ਮੇਰੀ ਅੱਲਾਹ ਤਆਲਾ ਨਾਲ ਮੁਲਾਕਾਤ ਹੋਈ।ਅੱਲਾਹ ਤਆਲਾ ਵੱਲੋਂ ਮੇਰੀ ਉੱਮਤ ਉੱਤੇ ਰਾਤ ਦਿਨ ਵਿਚ ਪੰਜਾਹ ਨਮਾਜ਼ਾਂ ਫ਼ਰਜ਼ ਕੀਤੀਆਂ ਗਈਆਂ।ਜਦੋਂ ਵਾਪਸ ਪਰਤਦਿਆਂ ਛੇਵੇਂ ਆਕਾਸ਼ ਉੱਤੇ ਹਜ਼ਰਤ ਮੂਸਾ (ਅਲੈ.) ਨਾਲ ਮੁਲਾਕਾਤ ਹੋਈ ਅਤੇ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੀ ਉੱਮਤ ਉੱਤੇ ਪੰਜਾਹ ਨਮਾਜ਼ਾਂ ਫ਼ਰਜ਼ ਕੀਤੀਆਂ ਗਈਆਂ ਹਨ ਤਾਂ ਉਹ ਆਖਣ ਲੱਗੇ, ਤੁਹਾਡੀ ਉਮਤ ਇਸ ਭਾਰ ਨੂੰ ਚੁੱਕ ਨਹੀਂ ਸਕੇਗੀ।ਇਸ ਲਈ ਵਾਪਸ ਜਾ ਕੇ ਇਸ ਭਾਰ ਨੂੰ ਘੱਟ ਕਰਵਾਉ"।ਮੈਂ ਵਾਪਸ ਗਿਆ ਅਤੇ ਅੱਲਾਹ ਤਆਲਾ ਨੂੰ ਨਮਾਜ਼ਾਂ ਘਟਾਉਣ ਦੀ ਬੇਨਤੀ ਕੀਤੀ।ਪੰਜ ਨਮਾਜ਼ਾਂ ਘਟਾ ਦਿੱਤੀਆਂ ਗਈਆਂ।ਪਰ ਹਜ਼ਰਤ ਮੂਸਾ (ਅਲੈ.) ਵੱਲੋਂ ਮੈਨੂੰ ਵਾਰ ਵਾਰ ਵਾਪਸ ਭੇਜਿਆ ਗਿਆ।ਜਦੋਂ ਪੰਜ ਨਮਾਜ਼ਾਂ ਰਹਿ ਗਈਆਂ ਅਤੇ ਮੂਸਾ (ਅਲ਼ੈ.) ਨੇ ਮੈਨੂੰ ਵਾਪਸ ਜਾਣ ਲਈ ਆਖਿਆ ਤਾਂ ਮੈਂ ਉਨ੍ਹਾਂ ਨੂੰ ਆਖਿਆ ਕਿ ਵਾਰ ਵਾਰ ਜਾਣ ਨਾਲ ਮੈਨੂੰ ਸ਼ਰਮ ਆਉਂਦੀ ਹੈ।ਹੁਣ ਮੈਂ ਵਾਪਸ ਨਹੀਂ ਜਾਵਾਂਗਾ।
ਅਸਮਾਨ ਦੀ ਇਸ ਯਾਤਰਾ ਸਮੇਂ ਹਜ਼ਰਤ ਮੁਹੰਮਦ (ਸ.) ਨੇ ਜੰਨਤ ਅਤੇ ਦੋਜ਼ਖ਼ ਨੂੰ ਅੱਖੀਂ ਵੇਖਿਆ।ਮੌਤ ਪਿੱਛੋਂ ਬੰਦੇ ਨੂੰ ਜਿਹੜੀਆਂ ਪ੍ਰਸਥਿੱਤੀਆਂ ਵਿੱਚੋਂ ਲੰਘਣਾ ਪੈਂਦਾ ਹੈ ਉਸ ਦੇ ਵੀ ਦ੍ਰਿਸ਼ ਵਿਖਾਏ ਗਏ।ਆਕਾਸ਼ ਦੀ ਯਾਤਰਾ ਤੋਂ ਬਾਅਦ ਜਦੋਂ ਆਪ ਵਾਪਸ ਬੈਤੁਲ ਮੁਕੱਦਸ ਪਹੁੰਚੇ ਤਾਂ ਦੇਖਿਆ ਕਿ ਉੱਥੇ ਆਪ ਤੋਂ ਪਹਿਲਾਂ ਹੋ ਚੁੱਕੇ ਸਾਰੇ ਪੈਗ਼ੰਬਰ ਪੁਹੰਚੇ ਹੋਏ ਹਨ ਆਪ ਨੇ ਉਨ੍ਹਾਂ ਨੂੰ ਨਮਾਜ਼ ਪੜ੍ਹਾਈ ਅਤੇ ਮੱਕੇ ਵੱਲ ਚੱਲ ਪਏ।
ਬੈਤੁਲ ਮੁਕੱਦਸ ਤੋਂ ਮੱਕੇ ਵਲ ਜਾਂਦਿਆਂ ਹਜ਼ਰਤ ਮੁਹੰਮਦ (ਸ.) ਦੀ ਮੁਲਾਕਾਤ ਕੁਝ ਵਪਾਰਕ ਕਾਫ਼ਲਿਆਂ ਨਾਲ ਵੀ ਹੋਈ।ਇਨ੍ਹਾਂ ਵਿਚ ਇਕ ਕਾਫ਼ਲਾ 'ਰੂਹਾ' ਦੇ ਸਥਾਨ ਤੇ ਠਹਿਰਿਆ ਹੋਇਆ ਸੀ ਜਿਸ ਦੀ ਊਂਠਣੀ ਗੁੰਮ ਹੋ ਗਈ ਸੀ।ਜ਼ਰੂਰਤ ਪੈਣ ਉੱਤੇ ਸਬੂਤ ਦਰਸਾਉਣ ਲਈ ਕਾਫ਼ਲੇ ਵਾਲਿਆਂ ਕੋਲ ਆਪ ਨੇ ਪਾਣੀ ਪੀਤਾ।ਦੂਜਾ ਕਾਫ਼ਲਾ 'ਜ਼ੀਤਵਾ' ਵਿਚ ਮਿਲਿਆ ਜਿਸ ਦੇ ਊਂਠ ਦੀ ਡਿਗਣ ਨਾਲ ਲੱਤ ਟੁੱਟ ਗਈ ਸੀ।ਆਪ ਨੂੰ ਤੀਸਰਾ ਕਾਫ਼ਲਾ 'ਤਨਈਮ' ਦੇ ਸਥਾਨ ਤੇ ਮਿਲਿਆ ਜਿਸ ਦੇ ਅੱਗੇ ਇਕ ਭੂਰੇ ਰੰਗ ਦਾ ਊਂਠ ਚੱਲ ਰਿਹਾ ਸੀ ਅਤੇ ਉਸ ਉੱਤੇ ਇਕ ਹਬਸ਼ੀ ਸਵਾਰ ਸੀ।
ਮੱਕਾ ਪਹੁੰਚ ਕੇ ਜਦੋਂ ਸਵੇਰ ਦੇ ਸਮੇਂ ਹਜ਼ਰਤ ਮੁਹੰਮਦ (ਸ.) ਨੇ ਮਿਅਰਾਜ ਦੀ ਇਸ ਘਟਨਾ ਦਾ ਜ਼ਿਕਰ ਕੁਰੈਸ਼ ਦੇ ਲੋਕਾਂ ਕੋਲ ਕੀਤਾ ਤਾਂ ਉਹ ਆਪ ਦਾ ਮਜ਼ਾਕ ਉਡਾਉਣ ਲੱਗੇ।ਮੱਕੇ ਦੇ ਕੁਝ ਲੋਕ ਆਖਣ ਲੱਗੇ ਕਿ ਮੁਹੰਮਦ (ਸ.) ਬੇਸਿਰ ਅਤੇ ਬੇਪੈਰੀਆਂ ਗੱਲਾਂ ਕਰਨ ਲੱਗ ਗਿਆ ਹੈ।ਉਹ ਇਕੱਠੇ ਹੋ ਕੇ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਕੋਲ ਪਹੁੰਚੇ ਅਤੇ ਉਨ੍ਹਾਂ ਕੋਲ ਹਜ਼ਰਤ ਮੁਹੰਮਦ (ਸ.) ਦੀਆਂ ਆਖੀਆਂ ਗੱਲਾਂ ਦੁਹਰਾਈਆਂ।ਉਨ੍ਹਾਂ ਦੀਆਂ ਗੱਲਾਂ ਸੁਨਣ ਤੋਂ ਬਾਅਦ ਆਪ ਕਹਿਣ ਲੱਗੇ ਕਿ ਮੁਹੰਮਦ (ਸ.) ਜੋ ਆਖਦੇ ਹਨ ਠੀਕ ਹੀ ਆਖਦੇ ਹੋਣਗੇ।ਚੱਲੋ ਮੈਂ ਇਸ ਦੀ ਪੜਤਾਲ ਕਰਦਾ ਹਾਂ।
ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਜਦੋਂ ਉਨ੍ਹਾਂ ਨੂੰ ਨਾਲ ਲੈ ਕੇ ਖ਼ਾਨਾ ਕਾਅਬਾ ਵਿਚ ਪਹੁੰਚੇ ਤਾਂ ਦੇਖਿਆ ਕਿ ਹਜ਼ਰਤ ਮੁਹੰਮਦ (ਸ.) ਦੁਆਲੇ ਮਜ਼ਾਕ ਉਡਾਉਣ ਵਾਲੇ ਲੋਕਾਂ ਦਾ ਇਕੱਠ ਮੌਜੂਦ ਹੈ।ਉਨ੍ਹਾਂ ਨੇ ਹਜ਼ਰਤ ਮੁਹੰਮਦ (ਸ.) ਨੂੰ ਪੁੱਛਿਆ ਕਿ ਕੀ ਤੁਸੀਂ ਇਨ੍ਹਾਂ ਲੋਕਾਂ ਨੂੰ ਸਫ਼ਰ ਉੱਤੇ ਜਾਣ ਵਾਲੀ ਕੋਈ ਘਟਨਾ ਸੁਣਾਈ ਹੈ?
ਹਜ਼ਰਤ ਮੁਹੰਮਦ (ਸ.) ਦੇ ਮੂੰਹੋਂ "ਹਾਂ" ਸੁਨਣ ਤੋਂ ਬਾਅਦ ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਆਖਣ ਲੱਗੇ ਕਿ ਬੈਤੁਲ ਮੁਕੱਦਸ ਮੇਰਾ ਵੇਖਿਆ ਹੋਇਆ ਹੈ।ਤੁਸੀਂ ਉਸ ਦਾ ਨਕਸ਼ਾ ਬਿਆਨ ਕਰੋ।
ਹਜ਼ਰਤ ਅਬੂ ਬਕਰ ਸਿੱਦੀਕ (ਰਜ਼ੀ.) ਦੇ ਸਵਾਲਾਂ ਦਾ ਜਵਾਬ ਦਿੰਦਿਆਂ ਹਜ਼ਰਤ ਮੁਹੰਮਦ (ਸ.) ਨੇ ਬੈਤੁਲ ਮੁਕੱਦਸ ਦੀ ਸ਼ਕਲ ਬਾਰੇ ਸਹੀ ਸਹੀ ਦੱਸ ਦਿੱਤਾ।ਹਜ਼ਰਤ ਮੁਹੰਮਦ (ਸ.) ਨੇ ਉਨ੍ਹਾਂ ਕਾਫ਼ਲਿਆਂ ਬਾਰੇ ਵੀ ਦੱਸਿਆ ਜਿਹੜੇ ਰਸਤੇ ਵਿਚ ਉਨ੍ਹਾਂ ਨੂੰ ਮਿਲੇ ਸਨ।
ਮਿਅਰਾਜ ਦੀ ਇਸ ਘਟਨਾ ਨੂੰ ਭਾਵੇਂ ਸਾਇੰਸ ਦੀ ਦੁਨੀਆ ਦੇ ਲੋਕ ਮੰਨਣ ਜਾਂ ਨਾ ਮੰਨਣ ਪਰ ਹਜ਼ਰਤ ਮੁਹੰਮਦ (ਸ.) ਉੱਤੇ ਈਮਾਨ ਲਿਆਉਣ ਵਾਲੇ ਲੋਕ ਚੌਦਾਂ ਸੌ ਸਾਲ ਤੋਂ ਪਹਿਲਾਂ ਵਾਪਰੀ ਇਸ ਘਟਨਾ ਦੀ ਹਕੀਕਤ ਨੂੰ ਮੰਨਦੇ ਹਨ।

60. ਤਾਇਫ਼ ਵਿਚ ਦੀਨ ਦਾ ਪਰਚਾਰ

ਜੂਨ ੬੧੯ ਈਸਵੀ ਵਿੱਚ ਨਬੁੱਵਤ ਦੇ ਦਸਵੇਂ ਸਾਲ ਹਜ਼ਰਤ ਮੁਹੰਮਦ (ਸ.) ਨੇ ਤਾਇਫ਼ ਜਾ ਕੇ ਇਸਲਾਮ ਦਾ ਪਰਚਾਰ ਕਰਨ ਦਾ ਫ਼ੈਸਲਾ ਕੀਤਾ ਜਿਹੜਾ ਮੱਕੇ ਤੋਂ ੬੦ ਮੀਲ ਦੇ ਫ਼ਾਸਲੇ ਤੇ ਸਥਿੱਤ ਹੈ।ਤਾਇਫ਼ ਦੇ ਇਸ ਸਫ਼ਰ ਵਿਚ ਆਪ ਦੇ ਮੂੰਹ ਬੋਲੇ ਪੁੱਤਰ ਹਜ਼ਰਤ ਜ਼ੈਦ ਆਪ ਦੇ ਨਾਲ ਸਨ।ਰਸਤੇ ਵਿਚ ਜਿਹੜਾ ਕਬੀਲਾ ਆਉਂਦਾ ਆਪ ਉੱਥੇ ਇਸਲਾਮ ਦੀ ਦਾਅਵਤ ਦੇਣ ਲਈ ਰੁਕਦੇ ਪਰ ਕਿਸੇ ਨੇ ਵੀ ਆਪ ਦੀ ਬਾਤ ਸੁਣ ਕੇ ਇਸਲਾਮ ਕਬੂਲ ਨਾ ਕੀਤਾ।
ਹਜ਼ਰਤ ਮੁਹੰਮਦ (ਸ.) ਤਾਇਫ਼ ਪਹੁੰਚ ਕੇ ਕਬੀਲਾ ਸਕੀਫ਼ ਦੇ ਤਿੰਨ ਸਰਦਾਰ ਭਰਾਵਾਂ ਕੋਲ ਗਏ ਜਿਨ੍ਹਾਂ ਦੇ ਨਾਂ ਅਬਦੇ ਯਾਲੀਲ, ਮਸਊਦ ਅਤੇ ਹਬੀਬ ਸਨ।ਉਨ੍ਹਾਂ ਦੇ ਪਿਤਾ ਦਾ ਨਾਂ ਅਮਰੂ ਪੁੱਤਰ ਸਕਫ਼ੀ ਸੀ।ਆਪ ਨੇ ਉਨ੍ਹਾਂ ਨੂੰ ਅਪਣੇ ਨਬੀ ਹੋਣ ਬਾਰੇ ਦੱਸਿਆ ਅਤੇ ਇਸਲਾਮ ਦੀ ਦਾਅਵਤ ਦਿੱਤੀ।ਆਪ ਦੇ ਮੂੰਹੋਂ ਨਬੀ ਦਾ ਸ਼ਬਦ ਸੁਣ ਕੇ ਉਨ੍ਹਾਂ ਵਿੱਚੋਂ ਇਕ ਆਖਣ ਲੱਗਿਆ, "ਕੀ ਰੱਬ ਨੂੰ ਤੈਥੋਂ ਬਿਨਾ ਕੋਈ ਹੋਰ ਨਾ ਮਿਲਿਆ"? ਦੂਜੇ ਨੇ ਕਿਹਾ, "ਮੈਂ ਤੇਰੇ ਨਾਲ ਗੱਲ ਨਹੀਂ ਕਰਾਂਗਾ ਜੇ ਤੂੰ ਸੱਚ-ਮੁੱਚ ਹੀ ਨਬੀ ਏਂ ਤਾਂ ਤੇਰੇ ਨਾਲ ਗੱਲ ਕਰਨੀ ਉਂਜ ਵੀ ਖ਼ਤਰੇ ਤੋਂ ਖ਼ਾਲੀ ਨਹੀਂ"।ਇਸੇ ਤਰ੍ਹਾਂ ਤੀਸਰੇ ਨੇ ਵੀ ਬੇਤੁਕਾ ਜਿਹਾ ਜਵਾਬ ਦਿੱਤਾ।
ਹਜ਼ਰਤ ਮੁਹੰਮਦ (ਸ.) ਨੇ ਤਾਇਫ਼ ਵਿਚ ਦਸ ਦਿਨ ਠਹਿਰਾਉ ਕੀਤਾ।ਇਨ੍ਹਾਂ ਦਸ ਦਿਨਾਂ ਵਿਚ ਆਪ ਤਾਇਫ਼ ਦੇ ਹਰ ਸਰਦਾਰ ਕੋਲ ਗਏ ਅਤੇ ਉਸ ਨੂੰ ਮੁਸਲਮਾਨ ਹੋਣ ਲਈ ਪ੍ਰੇਰਿਆ ਪਰ ਸਭ ਦਾ ਇੱਕੋ ਉੱਤਰ ਸੀ, "ਜਿੰਨੀ ਛੇਤੀ ਹੋ ਸਕੇ ਸਾਡੇ ਸ਼ਹਿਰ ਵਿੱਚੋਂ ਚਲੇ ਜਾਓ"।ਜਦੋਂ ਆਪ ਤਾਇਫ਼ ਤੋਂ ਵਾਪਸ ਤੁਰਨ ਲੱਗੇ ਤਾਂ ਉਥੋਂ ਦੇ ਸਰਦਾਰਾਂ ਨੇ ਬੱਚਿਆਂ ਅਤੇ ਬਦਮਾਸ਼ ਕਿਸਮ ਦੇ ਮੁੰਡਿਆਂ ਨੂੰ ਆਪ ਦੇ ਪਿੱਛੇ ਲਾ ਦਿੱਤਾ।ਜਿਹੜੇ ਆਪ ਦੀ ਹਾਲਤ ਉੱਤੇ ਤਾੜੀਆਂ ਵਜਾ ਵਜਾ ਕੇ ਹਸ ਰਹੇ ਸਨ ਸੀਟੀਆਂ ਵਜਾ ਰਹੇ ਸਨ ਅਤੇ ਭੱਦੀ ਸ਼ਬਦਾਵਲੀ ਬੋਲ ਰਹੇ ਸਨ।ਇਸ ਭੀੜ ਵਿੱਚੋਂ ਕੁਝ ਲੋਕਾਂ ਨੇ ਪੱਥਰ ਮਾਰਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਤੋਂ ਆਪ ਨੂੰ ਬਚਾਉਂਦਿਆਂ ਹਜ਼ਰਤ ਜ਼ੈਦ ਪੁੱਤਰ ਹਾਰਸ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।ਤਾਇਫ਼ ਤੋਂ ਤਿੰਨ ਮੀਲ ਦੀ ਦੂਰੀ ਤੇ ਜਦੋਂ ਆਪ ਨੇ ਇਕ ਬਾਗ਼ ਵਿਚ ਸ਼ਰਨ ਲੈ ਲਈ ਤਾਂ ਇਹ ਭੀੜ ਵਾਪਸ ਚਲੀ ਗਈ।ਬਾਗ਼ ਦੇ ਅੰਦਰ ਆਪ ਅੰਗੂਰ ਦੀ ਵੇਲ ਦੀ ਛਾਂ ਥੱਲੇ ਕੰਧ ਨਾਲ ਪਿੱਠ ਲਾ ਕੇ ਬੈਠ ਗਏ ਅਤੇ ਜਦੋਂ ਕੁਝ ਆਰਾਮ ਮਿਲਿਆ ਤਾਂ ਆਪ ਰੱਬ ਅੱਗੇ ਹੱਥ ਚੁੱਕ ਕੇ ਦੁਆ ਕਰਨ ਲੱਗੇ।
ਜਦੋਂ ਬਾਗ਼ ਦੇ ਮਾਲਕ ਨੇ ਆਪ ਨੂੰ ਜ਼ਖ਼ਮੀ ਹਾਲਤ ਵਿਚ ਦੇਖਿਆ ਤਾਂ ਉਸ ਨੇ ਅਪਣੇ ਇਸਾਈ ਗ਼ੁਲਾਮ ਅਦਾਸ ਨੂੰ ਹੁਕਮ ਦਿੱਤਾ ਕਿ ਉਹ ਆਪ ਨੂੰ ਅੰਗੂਰ ਦਾ ਗੁੱਛਾ ਦੇ ਆਵੇ।ਜਦੋਂ ਅਦਾਸ ਨੇ ਅੰਗੂਰ ਦਾ ਗੁੱਛਾ ਹਜ਼ਰਤ ਮੁਹੰਮਦ (ਸ.) ਨੂੰ ਪੇਸ਼ ਕੀਤਾ ਤਾਂ ਆਪ ਨੇ ਬਿਸਮਿੱਲਾਹ ਕਹਿ ਕੇ ਗੁੱਛਾ ਫੜ ਲਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ।ਆਪ ਨੂੰ ਬਿਸਮਿੱਲਾਹ ਪੜ੍ਹਦਿਆਂ ਦੇਖ ਕੇ ਅਦਾਸ ਨੇ ਪੁੱਛਿਆ ਕਿ ਇਸ ਤਰ੍ਹਾਂ ਦੇ ਸ਼ਬਦ ਤਾਂ ਇਸ ਇਲਾਕੇ ਦੇ ਲੋਕ ਨਹੀਂ ਬੋਲਦੇ।ਆਪ ਨੇ ਅਦਾਸ ਨੂੰ ਪੁੱਛਿਆ ਕਿ "ਤੁਸੀਂ ਕੌਣ ਹੋ, ਕਿੱਥੋਂ ਦੇ ਰਹਿਣ ਵਾਲੇ ਹੋ ਅਤੇ ਤੁਹਾਡਾ ਦੀਨ ਕੀ ਹੈ"? ਅਦਾਸ ਨੇ ਆਪ ਦੀ ਗੱਲ ਦਾ ਉੱਤਰ ਦਿੰਦਿਆਂ ਆਖਿਆ "ਮੈਂ ਈਸਾਈ ਹਾਂ ਅਤੇ ਨੈਨੂਆ ਦਾ ਰਹਿਣ ਵਾਲਾ ਹਾਂ"।ਹਜ਼ਰਤ ਮੁਹੰਮਦ (ਸ.) ਕਹਿਣ ਲੱਗੇ ਕਿ "ਇਸ ਦਾ ਭਾਵ ਤੁਸੀਂ ਯੂਨਸ ਪੁੱਤਰ ਮੱਤੀ ਦੀ ਬਸਤੀ ਦੇ ਰਹਿਣ ਵਾਲੇ ਹੋ" ਯੂਨਸ ਪੁੱਤਰ ਮੱਤੀ ਦਾ ਨਾਂ ਸੁਣ ਕੇ ਅਦਾਸ ਨੇ ਪੁੱਛਿਆ, "ਤੁਸੀਂ ਯੂਨਸ ਬਿਨ ਮਤੀ ਨੂੰ ਕਿਵੇਂ ਜਾਣਦੇ ਹੋ? ਉਸ ਦਾ ਸਵਾਲ ਸੁਣ ਕੇ ਹਜ਼ਰਤ ਮੁਹੰਮਦ (ਸ.) ਕਹਿਣ ਲੱਗੇ, "ਉਹ ਮੇਰੇ ਭਰਾ ਸਨ।ਉਹ ਨਬੀ ਸਨ ਅਤੇ ਮੈਂ ਵੀ ਨਬੀ ਹਾਂ"।ਅਸਲੀਅਤ ਜਾਨਣ ਤੋਂ ਬਾਅਦ ਅਦਾਸ ਮੁਹੰਮਦ (ਸ.) ਉੱਤੇ ਝੁਕ ਪਿਆ ਅਤੇ ਉਨ੍ਹਾਂ ਦੇ ਸਿਰ ਅਤੇ ਹੱਥਾਂ ਨੂੰ ਚੁੰਮਣ ਲੱਗਿਆ।
ਮੱਕੇ ਪਹੁੰਚ ਕੇ ਆਪ ਨੇ ਮੁਤਅਮ ਬਿਨ ਅਦੀ ਨੂੰ ਸੁਨੇਹਾ ਘੱਲਿਆ ਕਿ ਮੈਂ ਤੇਰੇ ਘਰ ਠਹਿਰਨਾ ਚਾਹੁੰਦਾ ਹਾਂ।ਉਸ ਨੇ ਹਾਂ ਕਰ ਦਿੱਤੀ ਅਤੇ ਹਥਿਆਰ ਪਹਿਣ ਕੇ ਆਪਣੇ ਪੁੱਤਰਾਂ ਅਤੇ ਕਬੀਲੇ ਦੇ ਲੋਕਾਂ ਨੂੰ ਹੁਕਮ ਦਿੱਤਾ ਕਿ ਹਥਿਆਰ ਪਹਿਣ ਕੇ ਕਾਅਬੇ ਦੇ ਦਰਵਾਜ਼ੇ ਕੋਲ ਖੜ੍ਹੇ ਹੋ ਜਾਵੋ ਕਿਉਂ ਜੋ ਮੈਂ ਹਜ਼ਰਤ ਮੁਹੰਮਦ (ਸ.) ਨੂੰ ਪਨਾਹ ਦੇ ਦਿੱਤੀ ਹੈ।ਉਸ ਨੇ ਊਂਠ ਤੇ ਬੈਠ ਕੇ ਮੱਕੇ ਦੇ ਲੋਕਾਂ ਨੂੰ ਆਖਿਆ ਕਿ ਹੁਣ ਮੁਹੰਮਦ (ਸ.) ਨੂੰ ਕੋਈ ਨਾ ਸਤਾਵੇ ਅੱਜ ਤੋਂ ਇਹ ਮੇਰੀ ਰਖਵਾਲੀ ਵਿਚ ਹਨ।
ਹਜ਼ਰਤ ਮੁਹੰਮਦ (ਸ.) ਨੇ ਸ਼ਰਨ ਦੇਣ ਲਈ ਮੁਤਅਮ ਬਿਨ ਅਦੀ ਦਾ ਇਹ ਅਹਿਸਾਨ ਸਾਰੀ ਜ਼ਿੰਦਗੀ ਯਾਦ ਰੱਖਿਆ।ਜਦੋਂ ਬਦਰ ਦੀ ਜੰਗ ਵਿਚ ਮੱਕੇ ਦੇ ਬਹੁਤ ਸਾਰੇ ਸਿਪਾਹੀ ਕੈਦ ਹੋ ਕੇ ਹਜ਼ਰਤ ਮੁਹੰਮਦ (ਸ.) ਦੇ ਸਾਹਮਣੇ ਪੇਸ਼ ਕੀਤੇ ਗਏੇ ਤਾਂ ਆਪ ਨੇ ਮੁਤਅਮ ਦੇ ਪੁੱਤਰ ਜ਼ੁਬੇਰ ਬਿਨ ਮੁਤਅਮ ਦੀ ਫ਼ਰਮਾਇਸ਼ ਉੱਤੇ ਬਹੁਤ ਸਾਰੇ ਜੰਗੀ ਕੈਦੀਆਂ ਨੂੰ ਆਜ਼ਾਦ ਕਰਨ ਤੋਂ ਬਾਅਦ ਆਖਿਆ, "ਜੇ ਅੱਜ ਮੁਤਅਮ ਪੁੱਤਰ ਅਦੀ ਜਿਉਂਦਾ ਹੁੰਦਾ ਅਤੇ ਮੇਰੇ ਨਾਲ ਇਨ੍ਹਾਂ ਬਾਕੀ ਲੋਕਾਂ ਬਾਰੇ ਗੱਲ ਕਰਦਾ ਤਾਂ ਮੈਂ ਉਸ ਦੀ ਖ਼ਾਤਰ ਇਨ੍ਹਾਂ ਸਾਰੇ ਕੈਦੀਆਂ ਨੂੰ ਛੱਡ ਦਿੰਦਾ"।

  • Next......(61-107)
  • ਮੁੱਖ ਪੰਨਾ : ਕਾਵਿ ਰਚਨਾਵਾਂ, ਨੂਰ ਮੁਹੰਮਦ ਨੂਰ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ