ਹਰਪ੍ਰੀਤ ਸਿੰਘ ਸਵੈਚ ਪੰਜਾਬੀ ਅਦਬ ਦਾ ਸਰਬਾਂਗੀ ਲੇਖਕ ਹੈ। ਉਹ ਇੱਕੋ ਵੇਲੇ ਕਵਿਤਾ, ਕਹਾਣੀ,
ਲੇਖ/ਨਿਬੰਧ, ਸਫ਼ਰਨਾਮੇ ਤੇ ਯਾਦਾਂ (ਸਿਮਰਤੀਆਂ) ਆਦਿ ਦੀ ਰਚਨਾ ਕਰ ਰਿਹਾ ਹੈ। ਪਿੰਡ ਚਾਓਮਾਜਰਾ, ਜ਼ਿਲ੍ਹਾ
ਮੋਹਾਲੀ ਵਿਖੇ ਸਰਦਾਰ ਗੁਰਨਾਮ ਸਿੰਘ ਦੇ ਘਰ ਮਾਤਾ ਕ੍ਰਿਪਾਲ ਕੌਰ ਦੀ ਕੁੱਖੋਂ 02 ਅਕਤੂਬਰ, 1984 ਨੂੰ ਜਨਮਿਆ।
ਹਰਪ੍ਰੀਤ ਸਿੰਘ ਸਵੈਚ ਪੰਜਾਬੀ ਬੋਲੀ, ਸਾਹਿਤ ਅਤੇ ਸੱਭਿਆਚਾਰ ਨੂੰ ਪ੍ਰਣਾਈ ਹੋਈ ਸ਼ਖ਼ਸੀਅਤ ਹੈ। ਪੰਜਾਬੀ ਸਾਹਿਤ
ਅਕਾਦਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋਫ਼ੈਸਰ ਗੁਰਭਜਨ
ਸਿੰਘ ਗਿੱਲ ਦੇ ਸ਼ਬਦਾਂ ਵਿੱਚ “ਹਰਪ੍ਰੀਤ ਸਿੰਘ ਸਵੈਚ ਦੀ ਸ਼ਾਇਰੀ ਦਾ ਮੁੱਖ ਧੁਰਾ ਮੁਹੱਬਤ ਹੈ ਤੇ ਇਹੀ ਮੁਹੱਬਤ
ਸਿਰਜਣਾ ਵਿੱਚ ਢਲ ਕੇ ਸਮਾਜ ਲਈ ਸਾਰਥਕ ਸੇਧ ਬਣ ਸਕਦੀ ਹੈ। ਅਸੀਂ ਸਾਹਿਤ ਸਿਰਜਣਾ ਦੀ ਮਸ਼ਾਲ ਨੌਜੁਆਨ
ਲੇਖਕਾਂ ਦੇ ਹੱਥ ਸੌਂਪਣੀ ਹੈ ਅਤੇ ਹਰਪ੍ਰੀਤ ਸਿੰਘ ਸਵੈਚ ਵਰਗੇ ਨੌਜੁਆਨ ਸਾਹਿਤਕਾਰਾਂ ਨੂੰ ਵੇਖ ਕੇ ਮਹਿਸੂਸ ਹੁੰਦਾ ਹੈ
ਕਿ ਇਹ ਮਸ਼ਾਲ ਸਹੀ ਹੱਥਾਂ ਵਿੱਚ ਜਾਵੇਗੀ।”