Selected Punjabi Poetry : Harpreet Singh Swaich
ਚੋਣਵੀਆਂ ਕਾਵਿ ਰਚਨਾਵਾਂ : ਹਰਪ੍ਰੀਤ ਸਿੰਘ ਸਵੈਚ
ਕਿੱਸਾ
ਅੱਖਰਾਂ ਵਿੱਚ ਤੂੰ ਦਿਸੇਂ, ਮੈਂ ਜੋ ਵੀ ਲਿਖਦਾ ਹਾਂ। ਤੇਰੀ ਹੀ ਤਸਵੀਰ ਵਹੇ, ਨਾ ਪੁੱਛ ਮੈਂ ਕਿਸਦਾ ਹਾਂ? ਤੈਨੂੰ ਤੱਕੇ ਜਿਹੜਾ, ਉਹਨੂੰ ਚੜ੍ਹੇ ਸਰੂਰ। ਕਿੱਸਾ ਯਾਰ ਮੁਹੱਬਤ ਵਾਲਾ ਹੋ ਚੱਲਿਆ ਮਸ਼ਹੂਰ। ਤੇਰਾ ਸਾਥ ਜਿਵੇਂ ਮਹਿਖ਼ਾਨਾ, ਲੋਚੇ ਹਰ ਇੱਕ ਹੀ ਦੀਵਾਨਾ। ਸ਼ਾਇਰੀ ਤੇਰੇ ਇਸ਼ਕ ਸਿਖਾਈ, ਮੈਂ ਤਾਂ ਤੈਥੋਂ ਸਕਦੇ ਜਾਨਾਂ। ਤੇਰਾ ਬਣਦਾ ਸੋਹਣਿਆਂ, ਤੂੰ ਜੇ ਕਰੇਂ ਗਰੂਰ। ਕਿੱਸਾ ਯਾਰ... ਪਾਣੀ ਦਾ ਰੰਗ ਹੋਇਆ ਗੁਲਾਬੀ। ਤੇਰੇ ਮੁੱਖ ਦਾ ਰੰਗ ਮਤਾਬੀ। ਸੁਣ ਲੈ ਹੁਣ ਤੂੰ ਗੱਲ ਅਸਾਡੀ, ਕਰਕੇ ਨਾ ਤੂੰ ਤੁਰੀਂ ਖਰਾਬੀ। ਨਿੱਭੀਂ ਵੇ ਤੂੰ ਨਿੱਭੀਂ ਯਾਰਾ ਨਿੱਭੀਂ ਤੂੰ ਜ਼ਰੂਰ। ਕਿੱਸਾ ਯਾਰ ... ਖ਼ੁਦਾ ਰਹਿੰਦਾ ਹੈ ਸੱਤਵੇਂ ਆਸਮਾਨ 'ਤੇ। ਜੱਗ ਪਰ ਜੀਂਦਾ ਝੱਲਿਆ ਜ਼ੁਬਾਨ 'ਤੇ। ਤੇਰੇ ਜਿਹਾ ਕੋਈ ਹੋਰ ਨਾ ਵੇ ਸੋਹਣਿਆਂ, ਮੈਂ ਤੱਕਿਆ ਤੇ ਲੋਚਿਆ ਇਸ ਜਹਾਨ 'ਤੇ। ਕੋਹ ਕੋਹ ਨਾ ਤੂੰ ਮਾਰ ਜਾਈਂ, ਵੇ ਤੂੰ ਸਾਡਾ ਕੋਹੇਨੂਰ। ਕਿੱਸਾ ਯਾਰ ... ਕੌਣ ਇਸ਼ਕ ਦੀ ਬਾਤ ਹੈ ਪਾਉਂਦਾ? ਕਿਹੜਾ ਇਸ਼ਕ ਤੋਂ ਸਦਕੇ? ਤੂੰ ਅਸਾਡਾ, ਅਸੀਂ ਹਾਂ ਤੇਰੇ, ਸੁਣ ਲੈ ਜਾਨੋਂ ਵੱਧ ਕੇ। ਹੁਣ ਤਾਂ ਇੱਕ ਦੂਜੇ ਨਾਲ ਜਿਉਣਾ ਹੁਣ ਨਹੀਂ ਹੋਣਾ ਦੂਰ। ਕਿੱਸਾ ਯਾਰ ... ਜੰਗਲ ਦੇ ਵਿੱਚ ਵੱਜਦਾ ਜਿਵੇਂ ਰਬਾਬ ਕੋਈ। ਸਭ ਸੁਆਲਾਂ ਦਾ ਦੇ ਜਾਵੇ ਜਿਵੇਂ ਜਵਾਬ ਕੋਈ। ਚੰਨ ਨੂੰ ਚਾਹੁੰਦੀ ਜਿਵੇਂ ਚਕੋਰ ਜਨਾਬ ਕੋਈ। ਤੈਨੂੰ ਦੇਣਾ ਏ ਦਿਲ ਦੇ ਬਾਗੋਂ ਤੋੜ ਗੁਲਾਬ ਕੋਈ। ਤੂੰ ਵੀ ਹੋਜਾ ਸਾਡੇ ਵਾਂਗੂ ਜਿਵੇਂ ਅਸੀਂ ਹੋਏ ਮਗ਼ਰੂਰ। ਕਿੱਸਾ ਯਾਰ ... ਦੇਖੀ ਨਹੀਂ ਤੂੰ ਕਿਉਂ ਹਾਲੇ, ਲੱਗੀ ਬੂਹੇ ਤਖ਼ਤੀ। ਇਸ਼ਕੇ ਵਿੱਚ ਮਿਟ ਜਾਂਦੀ ਏ ਬੰਦੇ ਦੀ ਕਿੰਝ ਹਸਤੀ। ਸਾਡੇ ਤਾਂ ਦਿਲ ਵਿੱਚ ਸੱਜਣਾ ਤੇਰੀ ਬਣਗੀ ਬਸਤੀ। ਤੇਰੇ ਤੋਂ ਜਾਨ ਵਾਰਦਾਂ, ਜਾਨ ਨਾ ਹੁੰਦੀ ਸਸਤੀ। ਕੋਇਲ ਜਦ ਕੂਕੇ ਬਾਗੀਂ, ਪਵੇ ਅੰਬੀਆਂ ਨੂੰ ਬੂਰ। ਕਿੱਸਾ ਯਾਰ ... ਤੈਨੂੰ ਪਾਉਣਾ ਸਭ ਦਾ ਇੱਕ ਨਿਸ਼ਾਨਾ ਹੈ। ਮੈਂ ਨੂੰ ਟੋਹਲਣਾ, ਰੱਬ ਤਾਂ ਇੱਕ ਬਹਾਨਾ ਹੈ। ਤੇਰੇ ਉੱਤੇ ਮਰਦਾ ਇਹ ਦੀਵਾਨਾ ਹੈ। ਆਹ ਹੁਣ ਅੱਗ ਵਿਚ ਬਲ ਚਲਿਆ ਪਰਵਾਨਾ ਹੈ। ਸਵੈਚ ਸ਼ਾਇਰ ਦੀ ਗੱਲ ਬਣੀ ਹੈ ਜੱਗ ਦਾ ਇੱਕ ਦਸਤੂਰ। ਕਿੱਸਾ ਯਾਰ ...
ਅੱਖ 'ਚੋਂ
ਡੁੱਲਿਆ ਉਹਦੀ ਅੱਖ ਚੋਂ, ਇਕ ਹੰਝੂ ਖਾਰਾ। ਵਹਿ ਤੁਰਿਆ ਜਹਾਨ ਸੀ, ਸਾਰੇ ਦਾ ਸਾਰਾ। ਕੀ ਹੈ ਮੇਰਾ ਐਬ ਤੇ ਮੈਂ ਕੀਕੁਣ ਦੱਸਾਂ? ਜਿਸ ਨਾਲ ਵਸਣਾ ਲੋਚਿਆ ਹੁਣ ਉਸ ਤੋਂ ਨੱਸਾਂ। ਉਸੇ ਡਾਲ ਨੂੰ ਵੱਡ ਰਿਹਾ ਜਿਸ 'ਤੇ ਬੈਠਾ ਲੱਕੜਹਾਰਾ। ਦੁਨੀਆ ਅੱਗੋਂ ਹੋਰ ਸੀ ਸਾਡੇ ਹੋਰ ਅਕੀਦੇ। ਰੋ ਰੋ ਆਖ਼ਰ ਗਾਲ ਲਏ ਫਿਰ ਅਸਾਂ ਨੇ ਦੀਦੇ। ਆਸ਼ਕ ਨੂੰ ਹੈ ਮਾਰਿਆ ਉਸ ਲਾ ਕੇ ਲਾਰਾ। ਤੈਨੂੰ ਹੁਣ ਕੀ ਆਖਣਾ ਤੂੰ ਕਿਹੜਾ ਜਾਣੇਂ। ਦੁਨੀਆ ਉਸਨੂੰ ਪੂਜਦੀ ਜਿਸ ਘਰ ਵਿੱਚ ਦਾਣੇ। ਸਾਡਾ ਤਾਂ ਉਹ ਵਿੱਕ ਗਿਆ ਜੋ ਸੀ ਕਿਆਰਾ। ਕਿਹੜਾ ਸਾਡਾ ਯਾਰ ਹੈ ਤੇ ਕਿਹੜਾ ਵੈਰੀ। ਗੱਲਾਂ ਸਮਝੋਂ ਬਾਹਰ ਨੇ ਜਦ ਮੌਸਮ ਕਹਿਰੀ। ਸਵੈਚ ਹੋਇਆ ਦੋਸਤੋ ਖ਼ੁਦ ਦਾ ਹਤਿਆਰਾ।
ਮੁਲਾਕਾਤ
ਚੰਨ ਚਾਨਣੀ ਰਾਤ ਹੋਵੇ। ਪਿਆਰਾਂ ਵਾਲੀ ਬਾਤ ਹੋਵੇ। ਦੁਨੀਆਂ ਤੋਂ ਦੂਰ ਕਿਤੇ, ਆਪਣੀ ਮੁਲਾਕਾਤ ਹੋਵੇ। ਮੇਰੇ ਖੁਰਦਰੇ ਹੱਥਾਂ ਦੇ ਵਿੱਚ, ਤੇਰੀਆਂ ਜ਼ੁਲਫਾਂ ਦੀ ਖ਼ੈਰਾਤ ਹੋਵੇ। ਅਜ਼ਲਾਂ ਤੋਂ ਤ੍ਰਿਹਾਏ ਜੰਗਲ 'ਤੇ, ਤਿੱਪ ਤਿੱਪ ਜਿਉਂ ਬਰਸਾਤ ਹੋਵੇ। ਆਸ਼ਕ ਦੀ ਝੋਲੀ 'ਚ ਮਹਿਬੂਬ ਦੇ, ਮੈਂ ਸੋਚਾਂ ਕਿ ਦੀਦਾਰ ਦੀ ਸੌਗ਼ਾਤ ਹੋਵੇ। ਮੇਰੇ ਇਸ਼ਕ ਦੀ ਸਜ਼ਾ ਕਿ ਝੱਲੀਏ ਸਮਝੇ ਨਾ ਤੇਰੇ ਨੈਣਾਂ ਵਿਚਲੀ ਹਵਾਲਾਤ ਹੋਵੇ। ਤੇਰੇ ਸੁਰਖ਼ ਬੁੱਲਾਂ ਨੂੰ ਛੋਹ ਕੇ, ਹਵਾ ਵੀ ਮਹਿਕਣ ਲੱਗਦੀ ਏ, ਮੇਰੇ ਵੇਂਹਦਿਆਂ ਵੇਂਹਦਿਆਂ ਹੀ ਅਕਸਰ ਐਸੀ ਕਰਾਮਾਤ ਹੋਵੇ। ਤੇਰੀਆਂ ਗੁਲਾਬੀ ਗੱਲਾਂ ਦਾ ਕਾਲਾ ਤਿਲ, ਮੈਨੂੰ ਆਪਣਾ ਆਪਣਾ ਲਗਦਾ। ਜਿਵੇਂ ਸਵੈਚ ਨਾਲ ਜਨਮਾਂ ਜਨਮਾਂ ਦਾ, ਤੇਰਾ ਕੋਈ ਤਾਲੁਕਾਤ ਹੋਵੇ।
ਨਹਿਰ ਜਿਹੀ
ਜ਼ਹਿਰ ਦੇ ਤੋੜ ਲਈ ਬਣੀ ਜ਼ਹਿਰ ਜਿਹੀ। ਉਹ ਤਾਂ ਢਲੀ ਸ਼ਾਮ ਦੇ ਪਹਿਰ ਜਿਹੀ। ਦੁਸ਼ਮਣਾਂ ਨੂੰ ਉਹ ਬਣ ਤੂਫ਼ਾਨ ਟੱਕਰੇ, ਆਪਣਿਆਂ ਲਈ ਗ਼ਜ਼ਲ ਦੀ ਬਹਿਰ ਜਿਹੀ। ਉਹਨੂੰ ਵੇਖ ਕੇ ਦਿਲੋਂ ਬਸ ਦੁਆਵਾਂ ਨਿਕਲਦੀਆਂ, ਉਹ ਤਾਂ ਰੌਣਕਾਂ ਦੀ ਸਿਖ਼ਰ ਦੁਪਹਿਰ ਜਿਹੀ। ਕਿਨਾਰਿਆਂ ਨਾਲ ਖਹਿੰਦੀ ਕਦੇ ਮੁੜ ਸਾਗਰ ਹੋ ਜਾਂਦੀ, ਉਹ ਤਾਂ ਪਲ ਪਲ ਬਣਦੀ ਮਿਟਦੀ ਚੰਚਲ ਲਹਿਰ ਜਿਹੀ। ਇਸ ਦੁਨੀਆਦਾਰੀ ਨਾਲ ਕੋਈ ਵਾਬਸਤਾ ਨਹੀਂ, ਉਹ ਤਾਂ ਦਿਲਕਸ਼ ਵਾਦੀਆਂ 'ਚ ਘਿਰੇ ਸ਼ਹਿਰ ਜਿਹੀ। ਆਪਣੀ ਖੁੱਲ੍ਹਦਿਲੀ ਨਾਲ ਸਭ ਨੂੰ ਆਪਣਾ ਬਣਾ ਲੈਂਦੀ, ਉਹ ਤਾਂ ਭੁੱਲੇ ਮੁਸਾਫਿਰਾਂ ਦੀ ਠਹਿਰ ਜਿਹੀ। ਓਹਦਾ ਕੋਲ ਹੋਣਾ ਸਵੈਚ ਨੂੰ ਸਭ ਕੁੱਝ ਭੁਲਾ ਦਿੰਦਾ, ਯਾਰੋ ਉਹ ਤਾਂ ਮੁਹੱਬਤ ਦੀ ਵਗਦੀ ਨਹਿਰ ਜਿਹੀ।-
ਇਸ਼ਕ
ਸਮਝਦੇ ਸਾਂ ਇਸ਼ਕ ਨੂੰ ਫੁੱਲਾਂ ਦੀ ਸੇਜ ਜਿਹਾ। ਮੰਨਿਆ ਸੀ ਹੁਕਮ ਰੱਬ ਦਾ, ਓਸਨੇ ਸੀ ਜੋ ਕਿਹਾ। ਦਿਲਾ ਹੋਂਕੇ ਭਰਦਿਆਂ ਤੇ ਮਰਦਿਆਂ ਹੁਣ ਕੀ ਕਹਾਂ? ਜਿਸ ਬਿੰਨ ਜੀਣਾ ਆਉਂਦਾ ਨਹੀਂ, ਉਸ ਦੇ ਬਿੰਨ੍ਹ ਰਹਾਂ। ਆਸ ਸੀ ਕਿ ਫੁੱਲ ਹੀ ਫੁੱਲ ਬਸ ਹੋਣਗੇ, ਪਰ ਪੈ ਗਿਆ ਹੈ ਹੁਣ ਤਾਂ ਖਾਰਾਂ ਦੇ ਨਾਲ ਵਾ' ਇਸ਼ਕ ਬਣਿਆ ਬੰਦਗੀ ਤੇ ਮੰਜ਼ਲਾਂ ਦੀ ਲੋੜ ਨਹੀਂ, ਤੇਰੇ ਨਾਂ ਦੀ ਪੀਤੀ ਜਦ ਤੋਂ, ਫਿਰ ਲੱਗੀ ਕੋਈ ਤੋੜ ਨਹੀਂ। ਵਾ' ਵੱਗਦੀ ਦਿਲ ਠੱਗਦੀ ਤੇ ਚੁੱਪ ਹੈ। ਬਿਰਹੋਂ ਦੀ ਰੁੱਤ ਹੈ ਤੇ ਤਨਹਾਈ ਦਾ ਦੁੱਖ ਹੈ। ਮੈਂ ਹੋ ਗਿਆਂ ਹਾਂ ਜਾਣ ਲੈ ਵਿੱਚੋ ਵਿੱਚ ਫ਼ਨਾ। ਕੋਈ ਵਾਸਤਾ, ਕੋਈ ਹਾਦਸਾ ਕੁੱਝ ਹੋਰ ਵੀ। ਸਾਥੋਂ ਫੜ੍ਹਿਆ ਨਹੀਓਂ ਗਿਆ ਦਿਲਾਂ ਦਾ ਚੋਰ ਵੀ। ਇਕ ਆਸ ਹੈ ਧਰਵਾਸ ਹੈ ਕਿਉਂ ਜਾਪਦਾ। ਇਸ਼ਕ ਹੈ ਕਿ ਮਸਲਾ ਤੇਈਏ ਤਾਪ ਦਾ। ਤੇਰਾ ਵਸਲ ਹੀ ਹੈ ਇੱਕੋ ਇੱਕ ਦਵਾ। ਰਾਤ ਲੰਘੀ, ਬਾਤ ਬੀਤੀ ਤਾਰੇ ਗਿਣਦਿਆਂ, ਮੈਂ ਰੋਇਆ, ਮੈਂ ਮੋਇਆ ਅਰਥੀ ਚਿਣਦਿਆਂ। ਹੋਰ ਖ਼ੌਰੇ ਕੌਣ ਸੀ ਹੁਣ ਯਾਦ ਨਹੀਂ, ਗ਼ਮ ਦੇ ਇਸ ਗੀਤ ਦਾ ਇੱਕ ਰਾਗ ਨਹੀਂ, ਇਸ ਦੇ ਤਾਂ ਬਣਗੇ ਰਾਗ ਨੇ ਮੇਰੇ ਸਭ ਸਾਹ। ਚੁੱਪ ਭੈੜੀ ਖਾ ਗਈ ਸਭ ਬੋਲ ਹੀ, ਮੈਂ ਨਾ ਯਾਰ ਪਛਾਤਾ, ਉਹ 'ਤੇ ਕੋਲ ਹੀ। ਚੁੱਪ ਤੋਂ ਅੱਗੇ ਵੀ ਹੁੰਦਾ ਇਕ ਰਾਜ਼ ਹੈ, ਰੂਹ ਦਾ ਬਣਦਾ ਆ ਕੇ ਜਿੱਥੇ ਸਾਜ਼ ਹੈ। ਸ਼ਾਇਰ ਨਾਲ ਸਵੈਚ ਦੀ ਜਦ ਹੋਈ ਸੁਲ੍ਹਾ।
ਸੱਚੋ ਸੱਚ
ਅੰਬਰਾਂ ਦੇ ਤਾਰੇ, ਕਿੰਨੇ ਪਿਆਰੇ। ਜਦ ਤੈਨੂੰ ਵੇਖਾਂ, ਭੁੱਲ ਜਾਂਦੇ ਨੇ ਸਾਰੇ। ਨਦੀਆਂ ਦਾ ਪਾਣੀ, ਹਿਰਨਾਂ ਦੀ ਢਾਣੀ। ਸੱਚੋ ਸੱਚ ਜਾਣੀਂ, ਤੂੰ ਹੀ ਮੇਰਾ ਹਾਣੀ। ਰੁਮਕਣ ਹਵਾਵਾਂ, ਰੌਸ਼ਨ ਜੋ ਰਾਹਵਾਂ। ਆ ਜਾ ਇੱਕ ਹੋਈਏ, ਲੱਗਣ ਦੁਆਵਾਂ। ਦਰਿਆ ਨੇ ਵਗਦੇ, ਕਿੰਨੇ ਸੋਹਣੇ ਲਗਦੇ। ਤੂੰ ਜੀਕਣ ਮਟਵਾਵੇਂ ਨੈਣ ਪਏ ਠੱਗਦੇ। ਸਵੈਚ ਦਾ ਕਹਿਣਾ, ਤੇਰੇ ਸੰਗ ਰਹਿਣਾ। ਛੱਡ ਨਾ ਤੂੰ ਜਾਵੀਂ, ਅੱਖ਼ੀਆਂ ਨੇ ਵਹਿਣਾ।
ਰਾਹ
ਪੂਜਾ ਪਾਠ ਸਭ ਧਰਮੀ ਵਿਖਾਵੇ, ਅਸਾਂ ਹੁਣ ਬਥੇਰਾ ਕਰ ਲਿਆ। ਪੰਧ ਤਾਂ ਘਟਾਉਣਾ ਸੀ ਐਪਰ, ਐਵੇਂ ਰਾਹ ਲੰਮੇਰਾ ਕਰ ਲਿਆ। ਆਕੜਾਂ ਤੇ ਘੁਮੰਡਾਂ ਦੇ ਮਾਰਿਆਂ ਨੇ, ਸੁੰਨਾ ਆਪਣਾ ਚਾਰ ਚੁਫ਼ੇਰਾ ਕਰ ਲਿਆ। ਘਰ ਬਾਰ ਦੇ ਹੁੰਦਿਆਂ ਸੁੰਦਿਆਂ ਵੀ, ਰੋਹੀਆਂ 'ਚ ਜਾ ਕੇ ਬਸੇਰਾ ਕਰ ਲਿਆ। ਯਾਰਾਂ ਵਿੱਚ ਯਾਰ ਮਾਰ ਹੋ ਗਈ, ਭਾਈਆਂ ਵੰਡ ਕੇ ਮੇਰਾ ਤੇਰਾ ਕਰ ਲਿਆ। ਦੀਵਿਆਂ ਨੂੰ ਫੂਕਾਂ ਪਿਆ ਸੀ ਮਾਰਦਾ, ਆਪੇ ਹੀ ਚੌ-ਤਰਫ਼ ਹਨੇਰਾ ਕਰ ਲਿਆ। ਸਵੈਚ ਨੂੰ ਹੈ ਖ਼ਾਬਾਂ ਆ ਕੇ ਘੇਰਿਆ, ਖ਼ੌਰੇ ਕਿਸ ਨੇ ਆਉਣ ਦਾ ਜੇਰਾ ਕਰ ਲਿਆ। ਸ਼ਾਇਰ ਹੋਏ ਅਸਾਂ ਹਾਂ ਉਸ ਰੋਜ਼ ਤੋਂ, ਸ਼ਾਇਰੀ ਨੇ ਜਿਸ ਦਿਨ ਤੋਂ ਡੇਰਾ ਕਰ ਲਿਆ।
ਦੇਸ ਪੰਜਾਬ
ਮੇਰਾ ਸੋਹਣਾ ਦੇਸ ਪੰਜਾਬ। ਜਿੱਥੇ ਵਗਦੇ ਸੀ ਸੱਤ ਆਬ। ਉੱਥੇ ਆਸ਼ਕ ਤਰਦੇ ਵੇਖੇ, ਜਿਹਦੀ ਸਾਖੀ ਭਰੇ ਚਨਾਬ। ਕੀਤੇ ਕੌਲ ਪੁਗਾਉਣ ਖ਼ਾਤਰ, ਕੱਚੇ ਘੜੇ 'ਤੇ ਤਰੇ ਜਨਾਬ। ਉਨ੍ਹਾਂ ਇਸ਼ਕ ਦੀ ਪੌਂਦ ਉਗਾਈ, ਜਿਨ੍ਹਾਂ ਤੱਕਿਆ ਸੀ ਕੋਈ ਖ਼ਾਬ। ਕੇਹਾ ਝੱਖੜ ਝੁੱਲਿਆ ਮੁੜਕੇ, ਕਿ ਘਰ ਘਰ ਵਿੱਚ ਅਜ਼ਾਬ। ਰੁੱਸੇ ਫਿਰਦੇ ਮੌਸਮ ਲੱਗਦੇ, ਰੌਣਕ ਵੀ ਦੇ ਗਈ ਜਵਾਬ। ਜਿਹਨੂੰ ਆਸ ਦਾ ਪਾਣੀ ਪਾਇਆ, ਸ਼ਾਲਾ! ਖਿੜਿਆ ਰਹੇ ਗੁਲਾਬ। ‘ਸਵੈਚ’ ਦੇ ਸੀਨੇ ਓਹੀ ਧੜਕੇ, ਜਿਨ੍ਹੇ ਕੀਤਾ ਯਾਰ ਸਵਾਬ।
ਬਗ਼ਾਵਤ
ਅੱਜ ਮੈਂ ਪਾਗਲ ਹੋ ਜਾਣਾ, ਅੱਜ ਮੈਂ ਬਗ਼ਾਵਤ ਹੋ ਜਾਣਾ। ਤੇਰੇ ਪਤੇ 'ਤੇ ਭੇਜਿਆ ਜਾਣਾ ਜੋ ਬਸ ਓਹੀ ਮੈਂ ਖ਼ਤ ਹੋ ਜਾਣਾ। ਕੁੱਝ ਬੇਈਮਾਨਾਂ, ਕੁੱਝ ਰਿਸ਼ਵਤਖੋਰਾਂ ਮਾਰ ਲਿਆ ਨਿਰਮੋਹਿਆਂ ਨੇ। ਦੱਸ ਕੀ ਖੱਟਿਆ ਦੱਸ ਕੀ ਪਾਇਆ ਜੱਗ ਉੱਤੇ ਐਸੇ ਹੋਇਆਂ ਨੇ। ਇਹ ਕੁਦਰਤ ਦੀਆਂ ਖੇਡਾਂ ਨੇ ਖੇਡਾਂ ਨੇ ਵੱਤ ਹੋ ਜਾਣਾ। ਕੁੱਝ ਆਪਣਿਆਂ ਤੇ ਕੁੱਝ ਗੈਰਾਂ ਨੂੰ ਮੈਂ ਗੱਲ ਇਸ਼ਕ ਦੀ ਦੱਸੀ ਸੀ। ਜੋ ਮੇਰੀ ਆਪਣੀ ਬਣਦੀ ਸੀ, ਉਹ ਦੁਨੀਆਂ ਮੇਰੇ 'ਤੇ ਹੱਸੀ ਸੀ। ਹੁਣ ਉਨ੍ਹਾਂ ਦੇ ਲਈ ਲੋਕੋ ਮੈਂ ਚਿੱਟੀ ਰੱਤ ਹੋ ਜਾਣਾ। ਉਹ ਹਾਸੇ ਤੇ ਉਹ ਰੋਣੇ ਨੀਂ ਸਭ ਝੋਲੀ ਆਪਣੀ ਹੋਣੇ ਸੀ। ਤੈਨੂੰ ਕੀ ਦੱਸਾਂ ਤੇਰੇ ਨਾਲ ਯਾਰਾ ਉਹ ਦਿਨ ਹੁੰਦੇ ਕਿੰਨੇ ਸੋਹਣੇ ਸੀ। ਜਿਹਨੇ ਤੱਕਿਆ ਸਾਰਾ ਕਹਿਰ ਕੁੜੇ ਉਹੀ ਮੈਂ ਅੱਖ ਹੋ ਜਾਣਾ।
ਕਮਾਲ ਹੈ
ਮੁਹੱਬਤ ਇੱਕ ਉਲਝਿਆ ਜਾਲ ਹੈ, ਪਰ ਜੋ ਵੀ ਹੈ ਉਹ ਬਹੁਤ ਕਮਾਲ ਹੈ। ਯਾਰੋ, ਜਿਸਦਾ ਕੋਈ ਜਵਾਬ ਨਹੀਂ ਇਸ਼ਕ ਚੰਦਰਾ ਉਹੀ ਸਵਾਲ ਹੈ। ਇਹੋ ਤਾਂ ਖ਼ੂਬੀ ਇਸਦੀ ਵੱਖਰੀ, ਕਿ ਇਹਦੇ 'ਚ ਸਭ ਕੁੱਝ ਹਲਾਲ ਹੈ। ਸ਼ੁਰੂ 'ਚ ਜੋ ਠੰਡੀ ਹਵਾ ਦਾ ਬੁੱਲਾ, ਹੌਲ ਹੌਲੀ ਬਣ ਜਾਂਦਾ ਬਵਾਲ ਹੈ। ਮੇਰੇ ਖ਼ੁਦ ਦੇ ਤਜ਼ਰਬੇ ਦਾ, ਨਾ ਪੁੱਛੋ ਦਰਦ ਬੇਮਿਸਾਲ ਹੈ। ਕਦੇ ਨਾ ਮਿਲਦੀ ਉਹ ਚੀਜ਼, ਰਹਿੰਦੀ ਸਾਨੂੰ ਜਿਸਦੀ ਭਾਲ਼ ਹੈ। ਇਸ਼ਕ ਤਾਂ ਮੌਜ ਫਕੀਰਾਂ ਵਾਲੀ, ਨਾ ਕਿ ਜਜ਼ਬਾਤੀ ਉਛਾਲ ਹੈ। ਜਿਨ੍ਹਾਂ ਇਸ਼ਕ 'ਚ ਦਾਅਵੇ ਕੀਤੇ, ਰਿਹਾ ਸਾਰੀ ਉਮਰ ਮਲਾਲ ਹੈ। ਇੱਥੇ ਝੱਲ ਹੈ ਇਹੀ ਵਲ ਹੈ। ਇਹ ਦੀਵਾਨਿਆਂ ਦੀ ਟਕਸਾਲ ਹੈ। ਸਵੈਚ ਤੁਰਿਆ ਇਨ੍ਹਾਂ ਰਾਹਾਂ 'ਤੇ ਸੱਚ ਜਾਣੀਂ ਬੜਾ ਨਿਹਾਲ ਹੈ।
ਰੁੱਖ
ਇਹ ਰੁੱਖ ਸਾਨੂੰ ਕਿੰਨਾ ਕੁੱਝ ਦਿੰਦੇ। ਕਦੀ ਧੁੱਪ ਦਿੰਦੇ ਤੇ ਕਦੀ ਛਾਵਾਂ ਨੀਂ। ਆਪਣੀ ਬੁੱਕਲ ਦੇ ਵਿੱਚ ਲੈ ਕੇ, ਯਾਦ ਕਰਾ ਦਿੰਦੇ ਨੇ ਮਾਵਾਂ ਨੀਂ। ਇਹ ਕਾਗਜ਼ ਇਹ ਕਲਮ ਵੀ ਬਣਦੇ। ਇਹ ਪੱਟੀ ਤੇ ਮਲ੍ਹਮ ਵੀ ਬਣਦੇ। ਜੇ ਸੱਚ ਪੁੱਛੇਂ ਤਾਂ ਹੀ ਦੱਸਾਂ ਮੈਂ ਸਦਕੇ ਇਨ੍ਹਾਂ ਤੋਂ ਜਾਵਾਂ ਨੀਂ। ਇਹ ਹਾਸੇ ਤੇ ਖੁਸ਼ੀਆਂ ਵੰਡਦੇ। ਰੁੱਖ ਵੀ ਬੰਦਿਆਂ ਵਾਂਗੂੰ ਹੰਢਦੇ। ਲੋਚਦੇ ਬੰਦੇ ਵੇਖੇ ਮੈਂ ਤਾਂ ਇਨ੍ਹਾਂ ਦਾ ਪਰਛਾਵਾਂ ਨੀਂ। ਰਾਹਗੀਰਾਂ ਲਈ ਠਹਿਰ ਵੀ ਬਣਦੇ। ਰੁੱਤਾਂ ਬਦਲਣ ਕਹਿਰ ਵੀ ਬਣਦੇ। ਕਿੰਨੇ ਪੰਛੀਆਂ ਆਲ੍ਹਣੇ ਪਾਏ ਚਿੱੜੀਆਂ, ਬਿਜੜੇ, ਕਾਵਾਂ ਨੀਂ। ਸਵੈਚ ਨੂੰ ਇੱਕੋ ਗੱਲ ਸਮਝਾ ਦੇ। ਝੂਮਣ ਰੁੱਖਾਂ ਵਾਂਗੂ ਲਾ ਦੇ। ਉਹਦੇ ਨਾਂ ਦੀ ਚੜ੍ਹੇ ਖ਼ੁਮਾਰੀ ਉਹਦੇ ਨਾਂ ਦੀਆਂ ਸਾਵਾਂ ਨੀਂ।
ਹੁਣ ਨੂੰ
ਦਿਨ ਕਟੀ ਜਿਹੀ ਕਰਦੇ ਪਏ ਹਾਂ। ਤਿਲ ਤਿਲ ਕਰਕੇ ਮਰਦੇ ਪਏ ਹਾਂ। ਬੰਦਸ਼ਾਂ ਨੇ ਇੰਝ ਮਾਰਿਆ ਸਾਨੂੰ, ਬਸ ਫਰਜ਼ ਅਦਾ ਹੀ ਕਰਦੇ ਪਏ ਹਾਂ। ‘ਹੁਣ ਨੂੰ' ਮਾਨਣ ਦੀ ਨਾ ਜਾਚ ਆਈ, ਭਵਿੱਖ ਲਈ ਜੇਬਾਂ ਭਰਦੇ ਪਏ ਹਾਂ। ਸੁਪਨੇ ਯਾਰ ਸਜਾ ਕੇ ਵੱਡੇ, ਸਾਕਾਰ ਕਰਨੋਂ ਪਰ ਡਰਦੇ ਪਏ ਹਾਂ। ਜਿੱਤਣੀ ਸੀ ਜਿਹੜੀ ਖ਼ੁਦ ਦੀ ਖ਼ੁਦ ਤੋਂ, ਜੰਗ ਓਹੀਓ ਅਸੀਂ ਹਰਦੇ ਪਏ ਹਾਂ। ਸਵੈਚ ਹੋਸ਼ ਨਾ ਰਹੀ ਧੁੱਪ ਤੇ ਛਾਂ ਦੀ, ਬਾਹਰੋਂ ਝੁਲਸੇ ਹੋਏ ਤੇ ਅੰਦਰੋਂ ਠਰਦੇ ਪਏ ਹਾਂ।
ਮੇਰਾ ਦਿਲ
ਮੇਰਾ ਦਿਲ ਟੁੱਟਿਆ ਏ, ਸੀਨੇ 'ਤੇ ਵਾਰ ਹੋਇਆ ਹੈ। ਚੱਲ ਛੱਡ ਸੱਜਣਾ, ਕਿਹੜਾ ਪਹਿਲੀ ਵਾਰ ਹੋਇਆ ਹੈ। ਮੈਂ ਤਾਂ ਪਿਆਰ ਕੀਤਾ ਸੀ ਮਿਲ ਰਹਿਣ ਦਾ ਇਕਰਾਰ ਕੀਤਾ ਸੀ, ਓਹਨੇ ਜੋ ਕੀਤਾ ਹਰ ਵਾਅਦਾ, ਹਵਾ 'ਚ ਉਡਾਰ ਹੋਇਆ ਹੈ। ਪਿਆਰ ਦੀ ਰਮਜ਼ ਨਾ ਆਵੇ, ਇਸ਼ਕ ਦੀ ਸਮਝ ਨਾ ਆਵੇ, ਦਰਦ ਵੀ ਮਿੱਠੇ ਲਗਦੇ, ਪੀੜ ਹੀ ਹੁਣ ਉਪਚਾਰ ਹੋਇਆ ਹੈ। ਤੂੰ ਮੈਨੂੰ ਛੱਡ ਗਿਓਂ ਵੇ, ਭਾਵੇਂ ਦਿਲੋਂ ਕੱਢ ਗਿਓਂ ਵੇ, ਪਰ ਤੇਰਾ ਮੇਰੇ ਦਿਲ ਵਿੱਚ ਵਿਸਥਾਰ ਹੋਇਆ ਹੈ। ਐਸਾ ਕਹਿਰ ਹੋਇਆ ਏ ਹਰ ਲਮਹਾ ਜ਼ਹਿਰ ਹੋਇਆ ਏ, ਤੇ ਚੁੱਪ ਦਾ ਇੰਝ ਵੀ ਪਰਹਾਰ ਹੋਇਆ ਹੈ। ਮੇਰਾ ਦਿਲ ਟੁੱਟਿਆ ਏ....ਹਾਏ !
ਦੀਵਾਨਗੀ
ਇਹ ਕਹਿਣੋਂ ਮੈਂ ਹੁਣ ਡਰਦਾ ਨਹੀਂ। ਕਿ ਓਹਦੇ ਬਿਨ੍ਹ ਮੇਰਾ ਸਰਦਾ ਨਹੀਂ। ਜੀਅ ਕਰਦਾ, ਓਹਨੂੰ ਤੱਕਦਾ ਰਹਾਂ, ਤੱਕ ਤੱਕ ਕੇ ਵੀ ਦਿਲ ਭਰਦਾ ਨਹੀਂ। ਲੋਕਾਂ ਕਿਹਾ ਸੁਣ ਓਏ ਆਸ਼ਕ, ਇੰਝ ਤਾਂ ਕੋਈ ਹੁੰਦਾ ਮਰਦਾ ਨਹੀਂ। ਉਹਦੀ ਨਾਂਹ ਨਾਲੋਂ, ਓਹਦੀ ਚੁੱਪ ਚੰਗੇਰੀ, ਇਸੇ ਲਈ ਇਜ਼ਹਾਰ ਦਿਲਾ ਮੈਂ ਕਰਦਾ ਨਹੀਂ। ਜਿਸ ਲਾਈ ਓਸ ਨਿਭਾਉਣੀ ਹੀ ਹੁੰਦੀ, ਅਸੀਂ ਲਾਈ ਏ ਕੋਈ ਪਰਦਾ ਨਹੀਂ। ਸਵੈਚ ਦਿਲਾਂ ਨੂੰ ਦਿਲ ਹੀ ਲੋਚਨ, ਉਂਝ ਪਾਣੀ ਅੱਖੀਓਂ ਵਰਦਾ ਨਹੀਂ।
ਹੋਰ ਭਲਾ ਕੀ ਚਾਹੀਦਾ?
ਚਿਹਰੇ ‘ਤੇ ਖੇੜਾ ਏ, ਖੁੱਲ੍ਹਾ ਦਿਲ ਦਾ ਵਿਹੜਾ ਏ, ਨਾ ਕੋਈ ਹੋਰ ਬਖੇੜਾ ਏ, ਦਿਲ ਨਾਲ ਦਿਲ ਮਿਲਾਈਦਾ, ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ? ਜ਼ਿੰਦਗੀ ਬੜੀ ਕਮਾਲ ਹੈ, ਮਚੀ ਪਈ ਧਮਾਲ ਹੈ, ਉਹਦੇ ਹੱਥ ਰੁਮਾਲ ਹੈ ਚੁੰਮ ਚੁੰਮ ਸੀਨੇ ਨਾਲ ਲਗਾਈਦਾ, ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ? ਅੱਖਰਾਂ ਦੀ ਮਿਲੀ ਦਾਤ ਹੈ, ਰੱਬੀ ਜਿਵੇਂ ਸੌਗ਼ਾਤ ਹੈ, ਹੋ ਰਹੀ ਪ੍ਰਭਾਤ ਹੈ, ‘ਮੈਂ' ਨੂੰ ਯਾਰ ਮਿਟਾਈਦਾ, ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ? ਦੋਸਤ ਮਿੱਤਰ ਸੰਗ ਨੇ, ਮਜਲਿਸ ਦੇ ਜੋ ਰੰਗ ਨੇ, ਸਾਡੇ ਜਿਉਣ ਦੇ ਢੰਗ ਨੇ, ਹੱਸ ਹੱਸ ਕੇ ਦਿਨ ਲੰਘਾਈਦਾ। ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ? ਗੱਲਾਂ 'ਚ ਬੇਸ਼ੱਕ ਝੱਲ ਹੈ, ਨੀਤ 'ਚ ਨਾ ਕੋਈ ਛੱਲ ਹੈ, ਦਿਲ ਏਸੇ ਗੱਲੋਂ ਵਲ਼ ਹੈ ਕਿ ਸਦਕੇ ਸਭ ਤੋਂ ਜਾਈਦਾ। ਖੁਸ਼ ਰਹਿਣ ਲਈ ਦੱਸੋ, ਹੋਰ ਭਲਾ ਕੀ ਚਾਹੀਦਾ?
ਮੈਂ ਮੈਂ
ਮੈਂ ਮੈਂ ਮੈਂ ਕਰਦਾ ਰਹਿੰਦਾ। ਢਿੱਡ ਹਊਂ ਨਾਲ਼ ਭਰਦਾ ਰਹਿੰਦਾ। ਤਕੜਿਆਂ ਅੱਗੇ ਨਿੰਵ ਨਿੰਵ ਜਾਵੇ ਕਮਜ਼ੋਰਾਂ ‘ਤੇ ਵਰਦਾ ਰਹਿੰਦਾ। ਬਸ ਮੇਰਾ ਮੇਰਾ, ਕੁੱਝ ਨਹੀਂ ਤੇਰਾ, ਰੱਬ ਨੂੰ ਟਿੱਚਰਾਂ ਕਰਦਾ ਰਹਿੰਦਾ। ਖ਼ੁਦ ਲੋਚਦਾ ਏ ਖੁਸ਼ੀਆਂ ਖੇੜੇ, ਹੋਰਾਂ ਨੂੰ ਤੰਗ ਕਰਦਾ ਰਹਿੰਦਾ। ਮੌਤ ਨੂੰ ਬੰਦਾ ਭੁੱਲ ਜਾਂਦੇ ਏ, ਸਵੈਚ ਮਰਨੇ ਤੋਂ ਡਰਦਾ ਰਹਿੰਦਾ।
ਖ਼ਤ
ਕਲਮ 'ਚ ਭਰ ਕੇ ਦਿਲ ਦੀ ਰੱਤ ਲਿਖਣਾ। ਮੈਂ ਤੈਨੂੰ ਪਿਆਰ ਭਰਿਆ ਖ਼ਤ ਲਿਖਣਾ। ਦਿਲ ਦੀ ਸੁੰਨੀ ਥਾਂ ਆਬਾਦ ਹੋ ਗਈ, ਬੇਰਸ ਜਿਹੀ ਜ਼ਿੰਦਗੀ ਸੁਆਦ ਹੋ ਗਈ, ਜਜ਼ਬਾਤਾਂ ਨੂੰ ਇਸ਼ਕ ਚਰਖੇ 'ਚ ਕੱਤ ਲਿਖਣਾ, ਕਲਮ 'ਚ ਭਰ ਕੇ ... ਆਪਣੇ ਦਿਲ ਦੇ ਹਾਲਾਤ ਨੂੰ ਬਿਆਨ ਕਰਾਂਗਾ, ਸਿੱਧਾ ਦਿਲ ਤੱਕ ਪਹੁੰਚੇ ਐਸਾ ਵਖਿਆਨ ਕਰਾਂਗਾ, ਝੂਠ ਨਾ ਕੁੱਝ ਵੀ ਬਸ ਸੱਤੋ ਸਤ ਲਿਖਣਾ, ਕਲਮ 'ਚ ਭਰ ਕੇ ... ਮੇਰੇ ਨੈਣਾਂ 'ਚ ਤੇਰੀ ਤਸਵੀਰ ਵੱਸ ਗਈ, ਜਿੰਦ ਨਿਮਾਣੀ ਨੂੰ ਤੇਰੀ ਮੁਹੱਬਤ ਡੱਸ ਗਈ, ਤੇਰਾ ਪਿਆਰ ਹੀ ਹੁਣ ਮੇਰੇ ਜੀਵਨ ਦਾ ਤੱਤ ਲਿਖਣਾ, ਕਲਮ 'ਚ ਭਰ ਕੇ ... ਤੇਰੇ ਮਖ਼ਮਲੀ ਵਾਲਾਂ 'ਚ ਜਿਹੜਾ ਫੁੱਲ ਲਮਕਦਾ ਏ, ਜਿਓਂ ਅਸਮਾਨ 'ਚ ਕੋਈ ਤਾਰਾ ਚਮਕਦਾ ਏ, ਮੈਨੂੰ ਤਾਂ ਤੇਰੇ ਦੀਦਾਰ ਦੀ ਲੱਗੀ ਗਈ ਲੱਤ ਲਿਖਣਾ, ਕਲਮ 'ਚ ਭਰ ਕੇ ...
ਆਤਮਹੱਤਿਆ
ਗੱਲ ਹੋਠਾਂ 'ਤੇ ਆ ਕੇ ਮਰ ਗਈ। ਉਹ ਇੰਝ ਆਤਮਹੱਤਿਆ ਕਰ ਗਈ। ਤੇਰੇ ਮੇਰੇ ਹੋਣ ਦੀ ਗਾਥਾ, ਲੋਕਾਂ ਦੇ ਮੂੰਹ ਚੁੱਪ ਹੈ ਧਰ ਗਈ। ਹੁਣ ਇਹ ਦਿਲ ਸਾਜ਼ਗਾਰ ਨਹੀਂ ਹੈ। ਰਿਹਾ ਕਿਸੇ 'ਤੇ ਵੀ ਇਤਬਾਰ ਨਹੀਂ। ਕੀ ਸ਼ੁਦਾ ਜਿਹਾ ਹੈ ਛਾ ਗਿਆ, ਇੱਕ ਬੱਦਲੀ ਦਰਿਆ 'ਤੇ ਵਰ ਗਈ। ਇੱਕ ਗੂੜ ਅਰਥ ਹੈ ਸ਼ਬਦ ਦਾ। ਉਸ ਪੱਲਾ ਫੜ੍ਹਿਆ ਅਦਬ ਦਾ। ਫਿਰ ਪੱਲਾ ਛੱਡਦੇ ਮਜ਼੍ਹਬ ਦਾ, ਪਈ ਇਸ਼ਕ ਦੇ ਰਾਹ ਤੇ ਤਰ ਗਈ। ਉਹ ਕਿਹੜਾ ਜ਼ਾਲਮ ਰਾਜ ਸੀ। ਜੋ ਭਰਦਾ ਨਾ ਪਰਵਾਜ਼ ਸੀ। ਸੁਣੀ ਇੱਕੋ ਇੱਕ ਆਵਾਜ਼ ਸੀ, ਜਿੰਦ ਆਪੇ ਹੱਥੋਂ ਹਰ ਗਈ।
ਰੁਤਬਾ
ਰੁਤਬਾ, ਦੌਲਤ ਤੇ ਸ਼ੌਹਰਤ, ਬੰਦੇ ਨੂੰ ਵੱਡਾ ਕਰ ਦਿੰਦੇ ਨੇ। ਵੱਡੇ ਬੰਦੇ ਅਕਸਰ ਲੋਕੋ, ਛੋਟਿਆਂ ਨੂੰ ਭੁੱਲ ਜਾਂਦੇ ਨੇ। ਓ ਯਾਰਾ, ਮਨ ਦੇ ਮੈਲੇ ਤੇ ਤਨ ਦੇ ਸੋਹਣੇ ਜੋ। ਸੀਰਤ ਕਿਹੜਾ ਵੇਖੇ ਸੂਰਤ ਉੱਤੇ ਡੁੱਲ ਜਾਂਦੇ ਨੇ। ਵੱਡ ਵਡੇਰੇ ਜਿਸ ਨੇ ਆਪਣੇ ਯਾਦ ਨਾ ਰੱਖੇ ਜੀ। ਰੋਲਣ ਵਾਲੇ ਰੋਲ ਦਿੰਦੇ ਜਾਂ ਆਪੇ ਹੀ ਰੁਲ ਜਾਂਦੇ ਨੇ। ਹੱਕ ਤੇ ਸੱਚ ਦਾ ਨਾਅਰਾ ਮਰਦ ਦਲੇਰ ਹੀ ਲਾਉਂਦਾ ਏ। ਨਹੀਂ ਤਾਂ ਬਹੁਤ ਬੰਦੇ ਇੱਥੇ ਕੌਡੀਆਂ ਦੇ ਭਾਅ ਤੁਲ ਜਾਂਦੇ ਨੇ। ਸਵੈਚ ਲੋਕਾਂ ਨੂੰ ਦੱਸੋ ਏਕਾ ਕਰਕੇ ਰੱਖਣ ਜਿਹੜੇ। ਤਖ਼ਤਾਂ ਉੱਤੇ ਉਨ੍ਹਾਂ ਦੇ ਹੀ ਵੇਖੀਂ ਝੰਡੇ ਝੁੱਲ ਜਾਂਦੇ ਨੇ।
ਕਾਹਲ
ਹੈਰਾਨ ਪਰੇਸ਼ਾਨ ਬਸ ਚੱਲੋ ਚਾਲ 'ਚ ਲਗਦਾ ਹੈ। ਅੱਜ ਕੱਲ੍ਹ ਹਰ ਬੰਦਾ ਕਿਸੇ ਕਾਹਲ 'ਚ ਲਗਦਾ ਹੈ। ਮੱਥੇ ਪਿਆ ਵੱਟ, ਖਿੱਝ ਜਾਵੇ ਝੱਟ ਹਾਲੋਂ ਬੇਹਾਲ 'ਚ ਲਗਦਾ ਹੈ। ਧੁਰ ਅੰਦਰ ਤੱਕ ਬੇਚੈਨ ਜਾਪੇ ਕਾਲ਼ਾ ਕੁੱਝ ਦਾਲ 'ਚ ਲਗਦਾ ਹੈ। ਜਿਹੜਾ ਗੈਰਾਂ ਨੂੰ ਗਿਰਾਵੇ, ਫਸਿਆ ਆਪਣੇ ਹੀ ਜਾਲ 'ਚ ਲਗਦਾ ਹੈ। ਜਵਾਬ ਮਿਲਣੇ ਦੇ ਮਗਰੋਂ, ਝੱਲਾ ਮੁੜ ਫਸਿਆ ਸਵਾਲ 'ਚ ਲਗਦਾ ਹੈ। ਅੰਬਰ ਦਾ ਪਤਾ ਪੁੱਛੇ ਨਾਲ਼ੇ ਧੁੱਖੇ, ਖ਼ੁਦ ਡਿੱਗਾ ਯਾਰੋ ਪਤਾਲ 'ਚ ਲਗਦਾ ਹੈ। ਹਰ ਗੱਲ ਹੀ ਪੁਰਾਣੀ, ਸੱਚ ਜਾਣੀਂ ਉਹ ਤਾਂ ਜੀਂਦਾ ਪਿਛਲੇ ਸਾਲ 'ਚ ਲਗਦਾ ਹੈ।