ਸਰਹੱਦੀ ਸ਼ਹਿਰ ਫ਼ਿਰੋਜ਼ਪੁਰ ਨੂੰ ਮਾਣ ਹਾਸਿਲ ਹੈ ਕਿ ਉਹ ਆਪਣੀ ਝੋਲ ਵਿਚ ਕਈ ਨਾਯਾਬ ਘਟਨਾਵਾਂ ਤੇ ਸ਼ਖ਼ਸੀਅਤਾਂ ਦੇ ਇਤਿਹਾਸ ਨੂੰ
ਸਮੇਟੀ ਬੈਠਾ ਹੈ । ਇਥੇ ਹਿੰਦ - ਪਾਕਿ ਸਰਹੱਦ ਦਾ ਹੁਸੈਨੀਵਾਲਾ ਬਾਰਡਰ ਹੈ ।ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀ ਗੁਪਤ ਵਾਸ ਸਮੇ ਇਥੇ ਠਹਿਰਦੇ
ਸਨ । ਭਗਤ ਸਿੰਘ ਨੇ ਕੇਸ ਵੀ ਇਥੇ ਕਟਵਾਏ । ਇਥੇ ਸ਼ਹੀਦਾਂ ਦੀਆਂ ਸਮਾਧਾਂ ਹਨ । ਇਹ ਸਾਹਿਤ, ਕਲਾ, ਖੋਜ ਤੇ ਅਕਾਦਮਿਕਤਾ ਦਾ ਬੜਾ ਪੁਰਾਣਾ
ਕੇਂਦਰ ਰਿਹਾ ਹੈ ।ਰਾਮ ਨਾਥ ਮੁਸਾਫਿਰ, ਸੁਦਰਸ਼ਨ ਫਾਕਿਰ, ਕੇ. ਐਲ. ਗਰਗ, ਮੋਹਨ ਲਾਲ ਭਾਸਕਰ, ਜਸਵੰਤ ਕੈਲਵੀ,ਸ਼ਿਵ ਕੁਮਾਰ ਸ਼ਰਮਾ,
ਗੁਰਤੇਜ ਕੋਹਾਰਵਾਲਾ,ਤਰਲੋਕ ਜੱਜ, ਹਰਮੀਤ ਵਿਦਿਆਰਥੀ, ਅਨਿਲ ਆਦਮ ਜਿਹੇ ਵਧੀਆ ਲੇਖਕਾਂ ਦਾ ਇਸ ਸ਼ਹਿਰ ਨਾਲ ਸੰਬੰਧ ਰਿਹਾ ਹੈ ।
ਇਸ ਸ਼ਹਿਰ ਨੂੰ ਇਹ ਸ਼ਰਫ਼ ਵੀ ਹਾਸਿਲ ਹੈ ਕਿ ਇਸ ਦੀ ਧਰਤੀ ਤੇ ਹਰਦਿਆਲ ਕੇਸ਼ੀ ਜਿਹਾ ਅਜ਼ੀਮ ਸ਼ਾਇਰ ਪੈਦਾ ਹੋਇਆ, ਜਿਸ ਨੇ ਜ਼ਿੰਦਗੀ
ਦੇ ਸੀਮਤ ਜਿਹੇ ਸਮੇ ਵਿਚ ਹੀ ਪੰਜਾਬੀ ਗ਼ਜ਼ਲ ਵਿਚ ਨਵੇਂ ਰੰਗ ਭਰੇ ਅਤੇ ਇਸ ਨੂੰ ਲੋਕ ਸਰੋਕਾਰਾਂ ਅਤੇ ਤਗ਼ਜ਼ਲ ਦੇ ਮੰਡਲਾਂ ਦੇ ਨਵੇਂ ਦਿਸਹੱਦੇ ਪ੍ਰਦਾਨ
ਕੀਤੇ । ਉਹ ਪੰਜਾਬੀ ਗ਼ਜ਼ਲ ਦੇ ਅੰਬਰ ਦਾ ਰੌਸ਼ਨ ਸਿਤਾਰਾ ਸੀ, ਜਿਸ ਨੂੰ ਮੌਤ ਦੇ ਕੁਲਹਿਣੇ ਹੱਥਾਂ ਨੇ ਸਮੇ ਤੋਂ ਬੜਾ ਚਿਰ ਪਹਿਲਾਂ ਹੀ ਤੋੜ ਲਿਆ ।
ਹਰਦਿਆਲ ਕੇਸ਼ੀ ਦਾ ਜਨਮ 4ਮਈ 1955 ਨੂੰ ਪਿੰਡ ਦੁਲਚੀ ਕੇ (ਫ਼ਿਰੋਜ਼ਪੁਰ ) ਵਿਖੇ ਕਿਸਾਨ ਪਰਿਵਾਰ ਵਿਚ ਹੋਇਆ । ਬਚਪਨ ਤੋਂ ਹੀ
ਸੰਵੇਦਨਸ਼ੀਲ ,ਮਿਹਨਤੀ ਅਤੇ ਹੋਣਹਾਰ ਸੀ ।ਉਸ ਨੇ ਆਰ. ਐਸ. ਡੀ. ਕਾਲਜ, ਫ਼ਿਰੋਜ਼ਪੁਰ ਤੋਂ ਬੀ. ਏ. ਕੀਤੀ।ਉਸਦੀ ਨਿਯੁਕਤੀ ਪੰਚਾਇਤੀ
ਵਿਭਾਗ ਵਿਚ ਪੰਚਾਇਤ ਸੈਕਟਰੀ ਵਜੋਂ ਹੋਈ, ਜਿੱਥੇ ਉਹ ਆਪਣੀ ਮੌਤ ਤਕ ਤੈਨਾਤ ਰਿਹਾ । ਸ਼ਾਇਰੀ ਨਾਲ ਲਗਾਓ ਸੀ ।ਇਸ ਫ਼ਨ ਦੀ
ਗਹਿਰਾਈ ਤਕ ਉਤਰਨ ਲਈ ਉਸ ਨੇ ਮਸ਼ਹੂਰ ਸ਼ਾਇਰ ਸ਼ਿਵ ਕੁਮਾਰ ਸ਼ਰਮਾ ਨੂੰ ਉਸਤਾਦ ਧਾਰਿਆ ਅਤੇ ਕਮਾਲ ਦੀਆਂ ਗ਼ਜ਼ਲਾਂ ਲਿਖੀਆਂ ।
ਸ਼ਾਇਰ ਤਰਲੋਕ ਜੱਜ ਦੀ ਦੋਸਤੀ ਅਤੇ ਸਾਹਿਤ ਸੰਗਮ, ਕਲਾ ਪੀਠ ਵਰਗੀਆਂ ਸੰਸਥਾਵਾਂ ਵਿਚ ਸਰਗਰਮ ਸ਼ਮੂਲੀਅਤ ਨੇ ਉਸ ਦੀ ਕਲਾ ਵਿਚ
ਹੋਰ ਨਿਖਾਰ ਲਿਆਂਦਾ । ਮੁਸ਼ਾਇਰਿਆਂ, ਅਖਬਾਰਾਂ, ਰਿਸਾਲਿਆਂ ਵਿਚ ਕੇਸ਼ੀ ਦੀ ਬੱਲੇ - ਬੱਲੇ ਸੀ । ਲੋਕੀਂ ਉਸ ਨੂੰ ਰੱਜਵੀਂ ਦਾਦ ਅਤੇ ਦਿਲੀ
ਪਿਆਰ ਦਿੰਦੇ ਸਨ ।ਉਸ ਦੇ ਦੋ ਗ਼ਜ਼ਲ - ਸੰਗ੍ਰਹਿ : “ਗੂੰਗਾ ਮੌਸਮ”ਅਤੇ “ਉਦਰੇਵੇਂ” ਛਪੇ ਜੋ ਪੰਜਾਬੀ ਗ਼ਜ਼ਲ ਵਿਚ ਇਕ ਅਹਿਮ ਮੁਕਾਮ
ਰਖਦੇ ਹਨ । ਪੰਜਾਬੀ ਗ਼ਜ਼ਲ ਦੇ ਇਸ ਪ੍ਰਤਿਭਾਵਾਨ ਸ਼ਾਇਰ ਨੂੰ 7 ਮਾਰਚ 1995 ਵਾਲੇ ਦਿਨ ਸਦਾ ਲਈ ਆਪਣੀ ਬੁੱਕਲ ਵਿਚ ਛੁਪਾ ਲਿਆ ।
ਕਲਾ ਪੀਠ ਫ਼ਿਰੋਜ਼ਪੁਰ ਨੇ ਉਸ ਦੀ ਯਾਦ ਵਿਚ " ਹਰਦਿਆਲ ਕੇਸ਼ੀ ਯਾਦਗਾਰੀ ਐਵਾਰਡ" ਸ਼ੁਰੂ ਕੀਤਾ, ਜੋ ਪੰਜਾਬ ਦੇ ਕਈ ਨਾਮਵਰ ਸ਼ਾਇਰਾਂ
ਨੂੰ ਦਿੱਤਾ ਜਾ ਚੁੱਕਾ ਹੈ ।
- ਪ੍ਰੋ. ਜਸਪਾਲ ਘਈ