Goonga Mausam : Hardial Keshi

ਗੂੰਗਾ ਮੌਸਮ : ਹਰਦਿਆਲ ਕੇਸ਼ੀ



ਗੱਲ ਕਰੀਏ ਨਵੀਂ ਕਿਸ ਤਰ੍ਹਾਂ ਦੋਸਤੋ

ਗੱਲ ਕਰੀਏ ਨਵੀਂ ਕਿਸ ਤਰ੍ਹਾਂ ਦੋਸਤੋ, ਇਹ ਸਦੀ ਵੀ ਗਈ ਹਰ ਸਦੀ ਵਾਂਗਰਾਂ। ਕੋਈ ਬਣ ਕੇ ਖ਼ੁਦਾ ਕਹਿਰ ਢਾਹੁੰਦਾ ਰਿਹਾ, ਕੋਈ ਸਹਿੰਦਾ ਰਿਹਾ – ਆਦਮੀ ਵਾਂਗਰਾਂ ? ਖ਼ੁਦ ਨੂੰ ਖ਼ੁਦ ਨਾਲ ਹੀ ਜ਼ਰਬ ਦੇਂਦੇ ਰਹੇ, ਖ਼ੁਦ ਨੂੰ ਖ਼ੁਦ ਨਾਲ ਤਕਸੀਮ ਕਰਦੇ ਰਹੇ, ਸਾਡਾ ਹਾਸਲ ਤੇਰੀ ਇੰਤਜ਼ਾਰੀ ਰਿਹਾ, ਸਾਡਾ ਅੱਜ ਵੀ ਗਿਆ ਕੱਲ੍ਹ ਹੀ ਵਾਂਗਰਾਂ । ਹਾਏ ! ਔੜਾਂ ਦੀ ਲੰਬੀ ਲਗਾਤਾਰਗੀ, ਹਾਏ ! ਮਾਯੂਸ ਫ਼ਸਲਾਂ ਦੀ ਬੇਚਾਰਗੀ, ਸਾਡੇ ਖੇਤਾਂ 'ਚ ਲਾਰੇ ਹੀ ਵਰ੍ਹਦੇ ਰਹੇ, ਫਿਰ ਸਹੀ, ਮੁੜ ਕਦੀ, ਫਿਰ ਸਹੀ ਵਾਂਗਰਾਂ। ਜਿਹੜੇ ਵਸਤਰ ਅਸਾਂ ਨੇ ਨਾ ਚਾਹੇ ਕਦੇ, ਜਿਹੜੇ ਵਸਤਰ ਅਸਾਂ ਨਾ ਸਲਾਹੇ ਕਦੇ, ਓਹੀ ਵਸਤਰ ਕਬੂਲੇ ਅਸਾਂ ਅੰਤ ਨੂੰ, ਵਕਤ ਦੀ ਬੇਹਯਾ ਬੇਬਸੀ ਵਾਂਗਰਾਂ। ਜਿਹੜੀ ਮਹਿਫ਼ਲ 'ਚ ਹਵਾ ਸੀ ਲੁੱਟੀ ਗਈ, ਜਿਹੜੀ ਮਹਿਫ਼ਲ 'ਚ ਸ਼ੈਤਾਨ ਹਾਵੀ ਰਿਹਾ, ਓਸ ਮਹਿਫ਼ਲ 'ਚ ਹਾਜ਼ਰ ਸਾਂ ਮੈਂ ਵੀ ਕਿਤੇ, ਤੇਰੇ ਚਿਹਰੇ ਦੀ ਸ਼ਰਮਿੰਦਗੀ ਵਾਂਗਰਾਂ । ਤੇਰੇ 'ਕੇਸ਼ੀ ਨੂੰ ਕੀ ਹੋ ਗਿਆ ਹੈ ਭਲਾ, ਚੁੱਪ ਚੁੱਪ ਹੈ ਹਨੇਰੀ ਗੁਫ਼ਾ ਦੀ ਤਰ੍ਹਾਂ, ਅੱਜ ਕਲ੍ਹ ਓਹ ਕਿਸੇ ਨੂੰ ਵੀ ਮਿਲਦਾ ਨਹੀਂ, ਜੇ ਮਿਲੇ ਤਾਂ ਮਿਲੇ ਅਜਨਬੀ ਵਾਂਗਰਾਂ ।

ਅਕਾਸ਼ਾਂ ਦੀ ਬੁਲੰਦੀ ਨਾਪ ਕੇ

ਅਕਾਸ਼ਾਂ ਦੀ ਬੁਲੰਦੀ ਨਾਪ ਕੇ ਬਣਿਆ ਖ਼ੁਦਾ ਕੋਈ । ਨਹੀਂ ਪਰ ਨਾਪਦਾ ਯਾਰੋ ਮੇਰੇ ਮਨ ਦਾ ਖ਼ਲਾਅ ਕੋਈ । ਬੜੀ ਹੀ ਬਾਵਫ਼ਾ ਹੈ ਯਾਰ ਨੇ ਜੋ ਪੀੜ ਬਖ਼ਸ਼ੀ ਹੈ, ਅਜੇ ਤੀਕਰ ਵਿਚਾਰੀ ਨੇ ਨਹੀਂ ਕੀਤਾ ਦਗਾ ਕੋਈ। ਅਸਾਂ ਨੂੰ ਹਟਕਣਾ ਏਂ ਰੋਣ ਤੋਂ ਪਰ ਆਪ ਰੋ ਪੈਨੈਂ, ਭਲਾ ਏਦਾਂ ਵੀ ਦੇਂਦਾ ਏ ਕਿਸੇ ਨੂੰ ਹੌਸਲਾ ਕੋਈ। ਤੁਸੀਂ ਤਾਂ ਲੈ ਤੁਰੇ ਮੌਤ ਤੋਂ ਮਾਰੂਥਲਾਂ ਵੱਲੇ, ਅਸਾਂ ਤਾਂ ਜੀਣ ਖ਼ਾਤਰ ਭਾਲਿਆ ਸੀ ਆਸਰਾ ਕੋਈ। ਵਫ਼ਾ ਦੇ ਕਾਤਲਾਂ ਨੂੰ ਤਾਂ ਬਣਾ ਦਿੱਤਾ ਗਿਆ ਸੂਰਜ, ਕਿਤੇ ਬਹਿ ਕੇ ਹਨੇਰਾ ਖਾ ਰਿਹਾ ਹੈ ਬਾਵਫ਼ਾ ਕੋਈ । ਪਤਾ ਕਰੀਏ ਕਿ ਓਹ ਸਰਘੀ ਦਾ ਸਿਰਜਣਹਾਰ ਨਾ ਹੋਵੇ, ਮੈਂ ਸੁਣਿਆਂ ਹੈ ਹਨੇਰੇ ਨਾਲ ਘੁਲਦਾ ਮਰ ਗਿਆ ਕੋਈ।

ਨਹੀਂ ਰਹਿਣਾ ਜੋ ਸਾਡੇ ਕੋਲ ਉਸ ਨੂੰ

ਨਹੀਂ ਰਹਿਣਾ ਜੋ ਸਾਡੇ ਕੋਲ ਉਸ ਨੂੰ ਰੱਜ ਕੇ ਰੋਈਏ । ਚਲੋ ਬੀਮਾਰ ਮੌਸਮ ਦੀ ਸਰ੍ਹਾਂਦੀ ਬੈਠ ਕੇ ਰੋਈਏ । ਚਲੋ ਕਾਤਲ ਭਰਾਵਾਂ ਦੀ ਨਿਕੰਮੀ ਸੋਚ ਤੇ ਹੱਸੀਏ, ਚਲੋ ਮਕਤੂਲ ਪੁੱਤਰਾਂ ਦੇ ਜਨਾਜ਼ੇ ਤੋਰ ਕੇ ਰੋਈਏ। ਜੇ ਲੋਕਾਂ ਸਾਹਮਣੇ ਰੋਣਾ ਨਮੋਸ਼ੀ ਸਮਝਦੇ ਹੋ ਤਾਂ, ਚਲੇ ਆਓ ਕਿ ਨਿੱਜੀ ਕਮਰਿਆਂ ਵਿਚ ਬੈਠ ਕੇ ਰੋਈਏ। ਸਮੇਂ ਦੇ ਸਿਤਮ ਨੇ ਜਿਨ੍ਹਾਂ ਉਮੀਦਾਂ ਨੂੰ ਤਬਾਹ ਕੀਤੈ, ਚਲੋ ਉਹਨਾਂ ਦੀ ਹੋਣੀ ਨੂੰ ‘ਮੁਕੱਦਰ' ਆਖ ਕੇ ਰੋਈਏ । ਜੇ ਦੁਸ਼ਮਣ ਆਪਣੇ ਖੇਤਾਂ 'ਚ ਨਫ਼ਰਤ ਬੀਜ ਕੇ ਹੱਸਦੈ, ਤਾਂ ਆਪਾਂ ਓਸ ਦੀ ਪੈਲੀ ਮੁਹੱਬਤ ਬੀਜ ਕੇ ਰੋਈਏ । ਤੁਸੀਂ ਸਹਿਰਾ ਦੀ ਖ਼ਾਮੋਸ਼ੀ ਤੋਂ ਡਰਦੇ ਹੋ ਤਾਂ ਆ ਜਾਓ, ਕਿ ਚੀਖ਼ਾਂ ਦੇ ਘਣੇ ਜੰਗਲ 'ਚ ਕਿਧਰੇ ਗੁੰਮ ਕੇ ਰੋਈਏ ।

ਬੀਤ ਗਈ ਹੈ ਉਮਰਾ

ਬੀਤ ਗਈ ਹੈ ਉਮਰਾ ਰੇਤਾ ਛਾਨਣ ਵਿੱਚ । ਲੱਭਦਾ ਰਿਹਾ ਟਟਹਿਣੇ ਦਿਨ ਦੇ ਚਾਨਣ ਵਿੱਚ। ਉਂਝ ਅੰਬਰ ਦੇ ਹਰ ਤਾਰੇ ਵਿੱਚ ਸੀ ਇੱਕ ਰੰਗ, ਪਰ ਉਹ ਨਹੀਂ ਜੋ ਮੇਰੇ ਚੰਨ ਦੇ ਚਾਨਣ ਵਿਚ । ਫ਼ਰਕ ਜਿਵੇਂ ਹੈ ਮਲਕੀਅਤ ਮਜ਼ਦੂਰੀ ਦਾ, ਅੰਤਰ ਹੈ ਉਮਰਾ ਜੀਵਣ ਤੇ ਮਾਨਣ ਵਿੱਚ । ਜਾਂ ਲੋਕਾਂ ਦੇ ਦੀਦੇ ਜਾਂ ਮੈਂ ਬਦਲ ਗਿਆ, ਕਹਿੰਦੇ ਹੁਣ ਮੈਂ ਆਉਂਦਾ ਨਹੀਂ ਪਛਾਨਣ ਵਿੱਚ । ਹੋਰ ਦਿਓ ਇਕ ਉਮਰਾ ਦੇਵਣ ਹਾਰ ਜੀਓ, ਇਹ ਉਮਰਾ ਤਾਂ ਬੀਤੀ ਉਮਰਾ ਜਾਨਣ ਵਿੱਚ।

ਮੇਰੀ ਬਸਤੀ ਦੇ ਗੂੰਗੇ ਬਿਰਖ

ਮੇਰੀ ਬਸਤੀ ਦੇ ਗੂੰਗੇ ਬਿਰਖ ਜਦੋਂ ਬੋਲਣਗੇ । ਪਤਾ ਕੀ ਹੈ ਕਿ ਉਹ ਕਿੱਦਾਂ ਦੇ ਭੇਤ ਖੋਲ੍ਹਣਗੇ । ਕਿ ਮੂਰਤ ਹਾਂ ਅਜੇ ਯਾਰਾਂ ਨੂੰ, ਮਿਲ ਹੀ ਪੈਂਦਾ ਹਾਂ, ਹਵਾ ਵਿਚ ਰਲ ਗਿਆ ਜਦ ਮੈਂ ਤਾਂ ਕਿੱਥੇ ਟੋਲਣਗੇ। ਲਹੂ ਦੇ ਦੇ ਕੇ ਮੈਂ ਸੁਪਨੇ ਜਵਾਨ ਕੀਤੇ ਸਨ, ਨਹੀਂ ਸੀ ਖ਼ਬਰ ਇਹ ਪਗੜੀ ਮੇਰੀ ਨੂੰ ਰੋਲਣਗੇ । ਉਹ ਮੇਰੇ ਯਾਰ ਸਨ ਪਰਬਤ ਦੇ ਜੇਰਿਆਂ ਵਰਗੇ, ਕਦੀ ਨਾ ਸੋਚਿਆ ਪਾਰੇ ਦੇ ਵਾਂਗ ਡੋਲਣਗੇ । ਨਹੀਂ ਸੀ ਆਸ ਕਿ ਐਸੀ ਵੀ ਰੁੱਤ ਆਏਗੀ, ਕਿ ਮਾਲੀ ਆਪ ਹੀ ਫੁੱਲਾਂ ਨੂੰ ਇੰਜ ਮਧੋਲਣਗੇ। ਕਥਾ ਵਿੱਚ ਥਾਂ ਕੁ ਥਾਂ ‘ਕੇਸ਼ੀ' ਦਾ ਜ਼ਿਕਰ ਆਏਗਾ, ਕਿਸੇ ਦੇ ਕੋਲ ਜਦ ਬਹਿ ਕੇ ਉਹ ਦਿਲ ਫਰੋਲਣਗੇ।

ਚਲੋ ਤਾਰੀਖ ਨੂੰ ਇੱਕ ਖ਼ੂਬਸੂਰਤ

ਚਲੋ ਤਾਰੀਖ ਨੂੰ ਇੱਕ ਖ਼ੂਬਸੂਰਤ ਹਾਦਸਾ ਦੇਈਏ । ਬੜੇ ਖਾਮੋਸ਼ ਨੇ, ਲੋਕਾਂ ਨੂੰ ਬੋਲਣ ਦਾ ਵਿਸ਼ਾ ਦੇਈਏ । ਨਹੀਂ ਨਗ਼ਮਾ ਬਣੇ ਤਾਂ ਦੋਸਤੋ ਬਣ ਕੇ ਲਤੀਫ਼ਾ ਹੀ, ਘੜੀ ਪਲ ਵਾਸਤੇ ਰੋਂਦੇ ਜ਼ਮਾਨੇ ਨੂੰ ਹਸਾ ਦੇਈਏ । ਭਰੇ ਮੇਲੇ 'ਚ ਯਾਰੋ ਲੋਕ ਸਾਰੇ ਹੋ ਗਏ ਹੋ ਮੁਰਦਾ, ਅਸੀਂ ਘਰ ਘਰ ਕਿਸੇ ਦੀ ਮੌਤ ਦਾ ਕੀਕਰ ਪਤਾ ਦੇਈਏ । ਨਹੀਂ ਕੁਝ ਹੋਰ ਕੇਵਲ ਸ਼ਬਦ ਹੀ ਤਾਂ ਕੋਲ ਨੇ ਸਾਡੇ, ਚਲੋ ਕੁਝ ਆਖ ਕੇ ਹੀ ਜ਼ਿੰਦਗੀ ਨੂੰ ਹੌਸਲਾ ਦੇਈਏ । ਸਦਾ ਮਘਦੀ ਰਹੇ ਨਿਰਮਲ ਦਿਨਾਂ ਦੇ ਸੂਰਜੇ ਵਾਂਗੂੰ, ਹਯਾਤੀ ਨੂੰ ਰਤਾ ਕੁ ਇਸ਼ਕ ਦੀ ਅਗਨੀ ਛੁਹਾ ਦੇਈਏ। ਜਫ਼ਾ ਕਰੀਏ ਮਗਰ ਏਦਾਂ ਕਿ ਯਾਰਾਂ ਨੂੰ ਵਫ਼ਾ ਜਾਪੇ, ਦਿਲਾਂ ਅੰਦਰ ਜਲਨ ਲੈ ਕੇ ਲਬਾਂ ਤੋਂ ਮੁਸਕਰਾ ਦੇਈਏ।

ਜਾਣਦਾ ਤੇ ਹਾਂ ਕਿ ਰੋਣਾ ਪੀੜ ਦਾ

ਜਾਣਦਾ ਤੇ ਹਾਂ ਕਿ ਰੋਣਾ ਪੀੜ ਦਾ ਦਾਰੂ ਨਹੀਂ। ਕੀ ਕਰਾਂ ਜਦ ਕਾਗ਼ਜ਼ੀ ਹਾਸੇ 'ਚ ਵੀ ਖੁਸ਼ਬੂ ਨਹੀਂ। ਜੰਗਲੀ ਫੁੱਲਾਂ ਦੀ ਖ਼ੁਸ਼ਬੂ ਹੋ ਗਈ ਸੁਪਨਾ ਜਿਹੀ, ਪਾਲਤੂ ਫੁੱਲਵਾੜੀਆਂ ਵਿੱਚ ਕੁਦਰਤੀ ਜਾਦੂ ਨਹੀਂ । ਵਕਤ ਦੇ ਦੇ ਜ਼ਖ਼ਮਾਂ ਨੂੰ ਭਰਨਾ ਲੋਚਦੇ ਹੋ ਜੇ ਹਜ਼ੂਰ, ਮਰ੍ਹਮ ਤੇ ਪੱਟੀਆਂ ਫੜੋ ਹੱਥਾਂ 'ਚ ਜੀ, ਚਾਕੂ ਨਹੀਂ । ਬੱਚਿਆਂ ਦੇ ਪੈਰ ਜ਼ਖ਼ਮੀ ਹੋਣ ਨਾ, ਚਾਹੁੰਦੇ ਹੋ ਜੇ, ਵਿਹੜਿਆਂ ਵਿਚ ਫੁੱਲ ਉਗਾਓ ਜੰਗਲੀ ਬਾਥੂ ਨਹੀਂ। ਵੰਡਦੇ ਹੋ ਖੰਡ ਵਿਚ ਵਲ ਕੇ ‘ਵਿਹੁ' ਉਹ ਦੋਸਤੋ, ਛਡ ਦਿਓ ਇਸਨੂੰ, ਇਹ ਸਦ ਉਪਯੋਗ ਦੀ ਵਸਤੂ ਨਹੀਂ। ਮੈਂ ਵੀ ਕੀਤੀ ਹੈ ਮੁਹੱਬਤ, ਮੈਂ ਵੀ ਕੀਤਾ ਹੈ ਪਿਆਰ, ਹੋਰਨਾਂ ਵਾਂਗੂੰ ਮੇਰਾ ਦਿਲ ਵੀ, ਮੇਰੇ ਕਾਬੂ ਨਹੀਂ।

ਠੰਡੀਆਂ ਪੌਣਾਂ ਦਾ ਮੌਸਮ ਲੈ ਗਿਉਂ

ਠੰਡੀਆਂ ਪੌਣਾਂ ਦਾ ਮੌਸਮ ਲੈ ਗਿਉਂ ਤੂੰ ਆਪਣੇ ਨਾਲ ! ਮੇਰੇ ਹਿੱਸੇ ਆ ਗਿਆ ਇੱਕ ਧੁਖ ਰਿਹਾ ਸਿੱਲ੍ਹਾ ਸਿਆਲ ! ਨਜ਼ਰ ਤੋਂ ਇਨਸਾਨ ਤੱਕ ਹਰ ਚੀਜ਼ ਹੈ ਧੁੰਦਲਾ ਗਈ, ਇਸ ਭਿਆਨਕ ਧੁੰਦਲਕੇ ਵਿਚ ਕਿੰਜ ਲਵਾਂ ਤੈਨੂੰ ਮੈਂ ਭਾਲ । ਮੈਂ ਤਾਂ ਤੇਰੀ ਹਰ ਅਦਾ ਦੇ ਸੌ ਸੌ ਪਹਿਲੂ ਜਾਣਦਾਂ, ਹੋਰ ਦੀ ਗੱਲ ਹੋਰ ਹੈ ਤੂੰ ਇਸ ਤਰ੍ਹਾਂ ਮੈਨੂੰ ਨ ਟਾਲ । ਅਲਪ ਉਮਰਾ ਦੀ ਦੀਵਾਲੀ ਬੁਝ ਰਹੀ ਹੈ ਦੋਸਤੋ, ਮੱਸਿਆ ਦੇ ਪੁੰਨਿਆ ਬਣ ਜਾਣ ਦਾ ਛੱਡੋ ਖ਼ਿਆਲ। ਕੀ ਕਰੇਗੀ ਤੇਰਿਆਂ ਸੂਖ਼ਮ ਸੁਆਲਾਂ ਦੀ ਕਟਾਰ ! ਵਕਤ ਦੇ ਹੱਥਾਂ 'ਚ ਹੈ ਪੱਥਰ ਜਿਹੇ ਲਫ਼ਜ਼ਾਂ ਦੀ ਢਾਲ। ਪਹਿਲਿਆਂ ਵਿਚ ਤਾਂ ਸਿਰਫ਼ ਛੱਤਾਂ ਹੀ ਡਿੱਗੀਆਂ ਸੀ ਹਜ਼ੂਰ, ਹੁਣ ਘਰਾਂ ਦੇ ਫ਼ਰਸ਼ ਤਿੜਕਣਗੇ ਜੇ ਫਿਰ ਆਇਆ ਭੁਚਾਲ। ਕੀ ਪਤੈ ਕਿ ਏਸ ਨੇ ਕਿੰਨਾ ਸਫ਼ਰ ਕਰਨੈਂ ਅਜੇ, ਮੈਂ ਤਾਂ ਐਵੇਂ ਜੀ ਭਿਆਣਾ ਤੁਰ ਪਿਆ ਖੁਸ਼ਬੂ ਦੇ ਨਾਲ। ਹੈ ਬੁਰੀ ਨੀਅਤ ਸ਼ਰੀਕਾਂ ਤੇਰਿਆਂ ਦੀ ‘ਕੇਸ਼ੀਆ', ਖਿੰਡ ਰਿਹਾ ਹੈ ਘਰ ਤੇਰਾ ਇਸ ਘਰ ਦੀਆਂ ਕੰਧਾਂ ਸੰਭਾਲ ।

ਤੂੰ ਸੁਭਾਵਕ ਜਿਹੀ ਅਲਵਿਦਾ

ਤੂੰ ਸੁਭਾਵਕ ਜਿਹੀ ਅਲਵਿਦਾ ਕਹਿ ਗਿਉਂ, ਤੂੰ ਕੀ ਜਾਣੇ ਫ਼ਕੀਰਾਂ ਤੇ ਕੀ ਵਾਪਰੀ । ਰਾਤ ਭਰ ਕਿੰਜ ਤਾਰੇ ਤੜਪਦੇ ਰਹੇ, ਬੈਠ ਬਿਰਖਾਂ ਤੇ ਰੋਂਦੀ ਰਹੀ ਚਾਨਣੀ । ਘੋਰ ਕਾਲੇ ਡਰਾਉਣੇ ਜਿਹੇ ਚੌਕ 'ਤੇ, ਬੁੱਤ ਬਣਿਆ ਖਲੋਤਾ ਸੀ ਕੋਈ ਜਣਾ, ਰਤਾ ਨੇੜੇ ਤੋਂ ਤੱਕਿਆ ਤਾਂ ਮੈਂ ਰੋ ਪਿਆ, ਨੀਂ ਹਯਾਤੀ ਤੂੰ ਪੱਥਰ ਕਿਉਂ ਹੋ ਗਈ ? ਉਹ ਜੋ ਆਪਣੇ ਹੀ ਸਾਏ ਮਗਰ ਦੌੜਦੇ, ਜਦ ਮਿਲੀ ਵਿਹਲ ਸ਼ੁਹਦੇ ਬੜਾ ਰੋਣਗੇ, ਜਦ ਪਵੇਗੀ ਜ਼ਰੂਰਤ ਕਿਸੇ ਹੋਰ ਦੀ, ਫੇਰ ਸਮਝਣਗੇ ਕੀ ਚੀਜ਼ ਹੈ ਜ਼ਿੰਦਗੀ । ਕੋਲ ਮੇਰੇ ਜਦੋਂ ਦਿਲ ਦਾ ਮਹਿਰਮ ਨਹੀਂ, ਕਿਸ ਦੇ ਸਾਹਵੇਂ ਜ਼ਮਾਨੇ ਨੂੰ ਨੰਗਾ ਕਰਾਂ, ਆਸ਼ਕੀ ਆਸ਼ਕੀ ਕੂਕਦਾ ਹਰ ਕੋਈ, ਸੀਸ ਇੱਕ ਦੇ ਵੀ ਧੜ 'ਤੇ ਸਬੂਤਾ ਨਹੀਂ । ਜਿੰਦ ਸਾਗਰ ਕਿਨਾਰੇ ਪਿਆਸੀ ਖੜੀ, ਕੀ ਗਿਲਾ ਜ਼ਿੰਦਗੀ ਜੇ ਸ਼ਿਕਾਇਤ ਕਰੇ, ਕੀ ਗਿਲਾ ਜ਼ਿੰਦਗੀ ਜੇ ਸ਼ਿਕਾਇਤ ਕਰੇ, ਜਿੰਦ ਸਾਗਰ ਕਿਨਾਰੇ ਪਿਆਸੀ ਖੜੀ ।

ਚੰਦਰੇ ਮੌਸਮ ਨੂੰ ਕਿਉਂ ਨਈਂ ਬਦਲਦਾ

ਚੰਦਰੇ ਮੌਸਮ ਨੂੰ ਕਿਉਂ ਨਈਂ ਬਦਲਦਾ, ਦੱਸੋ ਕੋਈ। ਰੱਬ ਕਿਉਂਕਰ ਹੋ ਗਿਆ ਏਨਾ ਖਫ਼ਾ, ਦੱਸੋ ਕੋਈ। ਦੋਸਤੋ ਪੁੱਛੋ ਨਾ ਮੈਨੂੰ ਗ਼ੈਰ ਦੇ ਘਰ ਦੀ ਖ਼ਬਰ, ਮੈਨੂੰ ਮੇਰੇ ਆਪਣੇ ਘਰ ਦਾ ਪਤਾ, ਦੱਸੋ ਕੋਈ । ਵੰਡਦਾ ਸੀ ਹਰ ਗ਼ਲੀ ਹਰ ਮੋੜ 'ਤੇ ਮੁਸਕਾਣ ਜੋ, ਉਹ ਭਲਾ ਬੰਦਾ, ਭਲਾ ਕਿੱਥੇ ਗਿਆ, ਦੱਸੋ ਕੋਈ । ਕਰ ਗਿਆ ‘ਹੱਵਾ’ ਨੂੰ ਬੇਪਰਦਾ ਭਰੇ ਇਜਲਾਸ ਵਿੱਚ, ਕੌਣ ਸੀ ਉਹ ਬੇਮੁਰੱਵਤ ਬੇਹਯਾ, ਦੱਸੋ ਕੋਈ। ਮੁੱਦਤਾਂ ਇਸ ਫ਼ਰਦ ਨੂੰ ਹੱਸਦਾ ਕਿਸੇ ਤੱਕਿਆ ਨਹੀਂ, ਭੁੱਲ ਗਿਆ ਲੱਗਦਾ ਹੈ ਹੱਸਣ ਦੀ ਅਦਾ, ਦੱਸੋ ਕੋਈ ।

ਮੇਰਾ ਦੁਖੜਾ ਵੱਧ ਫੁਲ ਕੇ

ਮੇਰਾ ਦੁਖੜਾ ਵੱਧ ਫੁਲ ਕੇ ਬੇਸ਼ੱਕ ਅੰਬਰ ਤੱਕ ਜਾਵੇ । ਮੈਂ ਨਈਂ ਚਾਹੁੰਦਾ ਉਸਦਾ ਸਾਇਆ ਤੇਰੇ ਘਰ ਤੱਕ ਜਾਵੇ । ਮੇਰੇ ਨਾਲ ਤੁਰਨ ਤੋਂ ਪਹਿਲਾਂ ਸੋਚ ਲਵੀਂ ਸੌ ਵਾਰੀ, ਸੂਲਾਂ ਭਰਿਆ ਰਸਤਾ ਹੈ ਜੋ ਪ੍ਰੇਮ ਨਗਰ ਤੱਕ ਜਾਵੇ। ਤੈਨੂੰ ਅਤਿਆਚਾਰ ਮੁਬਾਰਕ ਮੈਨੂੰ ਸਾਦਕ ਜਜ਼ਬਾ, ਮੈਂ ਲੋਚਾਂ ਇਹ ਰਿਸ਼ਤਾ ਆਪਣਾ, ਨਿਭ ਆਖ਼ਰ ਤੱਕ ਜਾਵੇ। ਨੈਤਿਕਤਾ ਦਾ ਬਾਪੂ ਕਿਧਰੇ ਮਿਲ ਜਾਵੇ ਤਾਂ ਕਹਿਣਾ, ਉਸ ਦੀ ਬੇਟੀ ਮੂਲ਼ੋਂ ਹੋਈ ‘ਨਿਰਵਸਤਰ' ਤੱਕ ਜਾਵੇ। ਉਹ ਚਿਹਰਾ ਜੋ ਰੱਬ ਹੈ ਮੇਰਾ, ਸ਼ੀਸ਼ ਮਹੱਲੀਂ ਵਸਦੈ, ਮੈਂ ਮਿੱਟੀ, ਕਿਉਂ ਮੇਰਾ ਕਿਣਕਾ ਉਸਦੇ ਦਰ ਤੱਕ ਜਾਵੇ । ਮੈਂ ਸੜਦਾ ਹਾਂ ਸੱਜਣ ਖੁਸ਼ ਨੇ ਇਹ ਗੱਲ ਕੀਕਰ ਮੰਨਾਂ, ਮੇਰੀ ਅੱਗ ਦਾ ਸੇਕ ਤਾਂ ਦੁਸ਼ਮਣ ਦੀ ਆਂਦਰ ਤੱਕ ਜਾਵੇ । ਆਪਣਾ ਆਪ ਬਚਾ ਕੇ ‘ਕੇਸ਼ੀ' ਏਸ ਗਲੀ 'ਚੋਂ ਤੁਰ ਜਾਹ ! ਇਸ ਤੋਂ ਪਹਿਲਾਂ ਕਿ ਸੱਜਣ ਦਾ ਹੱਥ ਖੰਜਰ ਤੱਕ ਜਾਵੇ ।

ਮੈਂ ਬਣਾਂ ਤਾਰਾ ਜਾਂ ਕੋਈ ਫੁੱਲ

ਮੈਂ ਬਣਾਂ ਤਾਰਾ ਜਾਂ ਕੋਈ ਫੁੱਲ, ਜਾਂ ਪੱਥਰ ਬਣਾਂ । ਮੌਤ ਆਵੇ ਜੇ ਪਰਾਏ ਤਰਸ ਦਾ ਪਾਤਰ ਬਣਾਂ। ਹਸਰਤਾਂ ਅਣਗਿਣਤ ਨੇ ਤੇ ਰੀਝ ਹੈ ਇੱਕੋ ਮੇਰੀ, ਤੂੰ ਬਣੇਂ ਕੁਦਰਤ ਮੇਰੀ ਤੇ ਮੈਂ ਤੇਰਾ ਕਾਦਰ ਬਣਾਂ । ਉਹ ਕਦੀ ਅਲ੍ਹਾ, ਕਦੀ ਅਲ੍ਹਾ ਦਾ ਬੰਦਾ ਜਾਪਦੈ, ਸਮਝ ਨਹੀਂ ਆਉਂਦੀ ਕਿ ਮੈਂ ਸਜਦਾ ਬਣਾਂ ਕਿ ਦਰ ਬਣਾਂ । ਰੁੱਤ ਗਿੱਧਿਆਂ ਦੀ ਜੇ ਮੁੜ ਆਵੇ ਤਾਂ ਹੋ ਕੇ ਬਾਵਰਾ, ਜਦ ਸਮਾਂ ਨੱਚੇ ਮੈਂ ਉਸ ਦੇ ਪੈਰ ਦੀ ਝਾਂਜਰ ਬਣਾਂ। ਲੋਚ ਹੈ ਮੇਰੀ ਕਿ ਹੋ ਜਾਵੇ ਮੇਰੀ ਹਸਤੀ ਵਿਸ਼ਾਲ, ਜਤਨ ਹੈ ਮੇਰਾ ਕਿ ਸਭ ਸੁਆਲਾਂ ਦਾ ਮੈਂ ਉੱਤਰ ਬਣਾਂ । ਤੂੰ ਮੇਰੇ ਹੋਠਾਂ ਲਈ ਰੇਤਾ ਸਹੀ, ਸਹਿਰਾ ਸਹੀ, ਆ ਕਿ ਮੈਂ ਤੇਰੇ ਲਈ ਦਰਿਆ ਬਣਾਂ, ਸਾਗਰ ਬਣਾਂ ।

ਵਕਤ ਦੇ ਵਾਂਗ ਮੈਂ ਜਦ ਬੀਤ ਗਿਆ

ਵਕਤ ਦੇ ਵਾਂਗ ਮੈਂ ਜਦ ਬੀਤ ਗਿਆ ਹੋਵਾਂਗਾ। ਹੂਕ ਬਣ ਕੇ ਤੇਰੇ ਹੋਠਾਂ 'ਚੋਂ ਅਦਾ ਹੋਵਾਂਗਾ। ਉਸ ਘੜੀ ਮੌਤ ਦੀ ਬੁੱਕਲ 'ਚ ਬਹਾਂਗਾ ਸ਼ਾਇਦ, ਜਦ ਤੇਰੀ ਜ਼ੁਲਫ਼ ਦੀ ਕੁੰਡਲ 'ਚੋਂ ਰਿਹਾਅ ਹੋਵਾਂਗਾ। ਮੈਂ ਤੇਰੇ ਬਾਝ ਹਾਂ ਧਰਤੀ ਦਾ ਆਦਮੀ ਅਦਨਾ, ਜੇ ਤੁਸੀਂ ਨਾਲ ਤੂੰ ਅਰਸ਼ਾਂ ਦਾ ਖ਼ੁਦਾ ਹੋਵਾਂਗਾ। ਮੈਂ ਕਿਸੇ ਬਿਰਧ ਦੇ ਹੋਠਾਂ 'ਚੋਂ ਨਿਕਲਿਆ ਫ਼ਿਕਰਾ, ਕਿ ਖਿੱਲੀ ਵਾਂਗ ਨਾ ਯਾਰਾਂ ਤੋਂ ਉਡਾ ਹੋਵਾਂਗਾ । ਤੂੰ ਜਦੋਂ ਅਜਨਬੀ ਰਾਹਾਂ ਦੀ ਭਟਕਣਾ ਬਣੀਓਂ, ਮੈਂ ਤੇਰੀ ਆਖ਼ਰੀ ਮੰਜ਼ਲ ਦਾ ਪਤਾ ਹੋਵਾਂਗਾ। ਤੂੰ ਜਦੋਂ ਪਰਤਿਆ ਭਟਕਣ ਤੋਂ ਬਾਦ, ਵੇਖ ਲਵੀਂ, ਮੈਂ ਤੇਰੀ ਰਾਹ ਵਿੱਚ ਏਥੇ ਹੀ ਖੜਾ ਹੋਵਾਂਗਾ।

ਕਿਸੇ ਦੀ ਭਾਲ ਹੈ ਪਰ ਆਪ ਨੂੰ

ਕਿਸੇ ਦੀ ਭਾਲ ਹੈ ਪਰ ਆਪ ਨੂੰ ਗੁੰਮ ਜਾਣ ਦਾ ਡਰ ਹੈ । ਥਲਾਂ ਵਿਚ ਪੈੜ ਦੀ ਉਮਰਾ ਹਨੇਰੀ ਆਉਣ ਤੀਕਰ ਹੈ। ਉਮਰ ਭਰ ਜ਼ਿੰਦਗੀ ਦੀ ਭਾਲ ਕਰਦਾ ਮਰ ਗਿਆ ਕੋਈ, ਤੇ ਆਖ਼ਰ ਕਹਿ ਗਿਐ ਇਸ ਜੀਣ ਤੋਂ ਮਰ ਜਾਣਾ ਬਿਹਤਰ ਹੈ । ਸਮੇਂ ਨੇ ਇਸ ਤਰ੍ਹਾਂ ਵਿਸ਼ਵਾਸ ਮੇਰਾ ਕੁਚਲਿਆ ਯਾਰੋ, ਕਿ ਹੁਣ ਆਪਣਾ ਪਰਾਇਆ ਜਾਪਦਾ ਇਕੋ ਬਰਾਬਰ ਹੈ। ਕਿਸੇ ਵੀ ਹਰਫ਼ ਦੀ ਆਵਾਜ਼ ਪਹਿਚਾਣੀ ਨਹੀਂ ਜਾਂਦੀ, ਬੜੇ ਹੀ ਅਜਨਬੀ ਚਿਹਰੇ, ਬੜਾ ਹੀ ਓਪਰਾ ਘਰ ਹੈ। ਕਿਵੇਂ ਉੱਗਣ ਭਲਾ ਹਮਦਰਦੀਆਂ ਉਨ੍ਹਾਂ ਦੇ ਦਿਲ ਅੰਦਰ, ਜਿਨ੍ਹਾਂ ਦੀ ਸੋਚ ਪੱਥਰ ਹੈ ਅਤੇ ਅਹਿਸਾਸ ਬੰਜਰ ਹੈ।

ਵੈਣਾਂ ਦੀ ਰੁੱਤੇ ਵੀ ਕਿਧਰੇ ਹਾਸੇ

ਵੈਣਾਂ ਦੀ ਰੁੱਤੇ ਵੀ ਕਿਧਰੇ ਹਾਸੇ ਦੀ ਕਿਲਕਾਰੀ ਹੈ। ਘੁੱਪ ਹਨੇਰੀ ਸੁਰੰਗ 'ਚ ਜੀਕਣ ਚਾਨਣ ਦੀ ਇਕ ਬਾਰੀ ਹੈ। ਰੇ ਮਨ ਸਾਧਾ ਜੰਗਲ ਬਾਝੋਂ ਹੁਣ ਕਿਧਰ ਨੂੰ ਜਾਵੇਂਗਾ, ਸ਼ਹਿਰਾਂ ਦੇ ਵਿਚ ਭੀੜ ਬੜੀ ਹੈ, ਪਿੰਡਾਂ ਵਿਚ ਦੁਸ਼ਵਾਰੀ ਹੈ । ਇਹ ਬੋਲੀ ਜੋ ਪਲ ਪਲ ਆਪਣਾ ਅਰਥ ਬਦਲਦੀ ਰਹਿੰਦੀ ਹੈ, ਇਸ ਬੋਲੀ ਨੂੰ ਸਮਝੋ ਯਾਰੋ, ਇਹ ਬੋਲੀ ਸਰਕਾਰੀ ਹੈ । ਇਸ ਨਗਰੀ ਵਿਚ ਕਿਸ ਨੂੰ ਆਪਣਾ ਰੱਬ ਬਣਾ ਕੇ ਪੂਜੇਂਗਾ, ਏਥੇ ਤਾਂ ਹਰ ਬੰਦਾ ਆਪਣੇ ਆਪੇ ਤੋਂ ਇਨਕਾਰੀ ਹੈ । ਆਪਾਂ ਤਾਂ ਬਸ ਮਰਨ ਤਮਾਸ਼ਾ ਦੂਰ ਖਲੋ ਕੇ ਵੇਖਾਂਗੇ, ਸੱਚ ਦੀ ਸੂਲੀ ਚੜ੍ਹ ਜਾਵਣ ਦੀ ਅੱਜ ‘ਕੇਸ਼ੀ' ਦੀ ਵਾਰੀ ਹੈ ।

ਪਿਆਰ ਦੇ ਚੁੰਮਣ ਦੀ ਥਾਂ ਪੱਥਰ ਮਿਲੇ

ਪਿਆਰ ਦੇ ਚੁੰਮਣ ਦੀ ਥਾਂ ਪੱਥਰ ਮਿਲੇ, ਮੈਂ ਸਾਂਭ ਲਏ। ਜ਼ਖ਼ਮ ਜੋ ਤੇਰੇ ਦਰੋਂ ਅਕਸਰ ਮਿਲੇ, ਮੈਂ ਸਾਂਭ ਲਏ । ਪੀੜ ਤੇਰੀ 'ਚੋਂ ਸਰੂਰ ਆਇਆ ਤਾਂ ਲਾਲਚ ਹੋ ਗਿਆ, ਹਾਦਸੇ ਜੋ ਵੀ ਤੇਰੇ ਵਾਂਗਰ ਮਿਲੇ, ਮੈਂ ਸਾਂਭ ਲਏ । ਜਿਸ ਪਰਿੰਦੇ ਦਾ ਮੇਰੇ ਘਰ ਆਲ੍ਹਣਾ ਸੀ ਉਡ ਗਿਆ, ਆਲ੍ਹਣੇ ਉਸ ਦੇ 'ਚੋਂ ਇਕ ਦੋ ਪਰ ਮਿਲੇ, ਮੈਂ ਸਾਂਭ ਲਏ । ਪਿਆਰ ਤੇਰੇ ਨੇ ਬਣਾ ਦਿੱਤੀ ਮੇਰੀ ਹਸਤੀ ਵਿਸ਼ਾਲ, ਪੀੜ ਦੇ ਦਰਿਆ ਮਿਲੇ, ਸਾਗਰ ਮਿਲੇ, ਮੈਂ ਸਾਂਭ ਲਏ । ਆਤਮਾ ਮੇਰੀ 'ਚ ਵਰ੍ਹਿਆਂ ਤੋਂ ਸੀ ਰੜਕਾਂ ਪੈਂਦੀਆਂ, ਫੋਲਿਆਂ ਕੁਝ ਹਿਜਰ ਦੇ ਖੰਜਰ ਮਿਲੇ, ਮੈਂ ਸਾਂਭ ਲਏ। ਸੋਚ ਕੇ ਏਹੀ ਕਿ ਇਕ ਦਾਸਤਾਂ ਬਣ ਜਾਣਗੇ, ਤੇਰਿਆਂ ਹੋਠਾਂ ਦੇ ਦੋ ਅੱਖਰ ਮਿਲੇ, ਮੈਂ ਸਾਂਭ ਲਏ ।

ਸੁਣੋ ਯਾਰੋ ਅਸਾਂ ਦੇ ਨਾਲ ਕੀ

ਸੁਣੋ ਯਾਰੋ ਅਸਾਂ ਦੇ ਨਾਲ ਕੀ ਜ਼ੋਰਾਵਰੀ ਹੋਈ। ਅਸਾਂ ਨੂੰ ਜ਼ਿੰਦਗੀ ਬਖ਼ਸ਼ੀ ਗਈ ਐਪਰ ਮਰੀ ਹੋਈ। ਇਹ ਭੈੜੀ ਜ਼ਿੰਦਗੀ ਸ਼ਾਇਦ ਮੇਰੇ ਮਹਿਬੂਬ ਵਰਗੀ ਹੈ, ਮੈਂ ਜਿੰਨਾ ਜਾਣਿਆ ਇਸ ਨੂੰ ਇਹ ਓਨੀ ਓਪਰੀ ਹੋਈ। ਸਮੇਂ ਦੇ ਬੋਲ ਤਾਂ ਸੂਹੇ ਅੰਗਾਰਾਂ ਵਾਂਗ ਨਿੱਘੇ ਨੇ, ਮਗਰ ਗਲਵਕੜੀ ਚਿੱਟੇ ਲਹੂ ਵਾਂਗਰ ਠਰੀ ਹੋਈ। ਕਹਾਂ ਕੀਕਰ ਉਦ੍ਹੇ ਚਿਹਰੇ ਤੇ ਬਿਖਰੀ ਜ਼ੁਲਫ਼ ਦੀ ਮਸਤੀ, ਜਿਵੇਂ ਨਾਗਣ ਕੋਈ, ਜੋਗੀ ਕਿਸੇ ਦੀ ਮੰਤਰੀ ਹੋਈ । ਮੇਰੀ ਹਰ ਬਾਤ ਨੂੰ ਚੁੱਪ ਹੋਣ ਦਾ ਆਦੇਸ਼ ਦੇ ਦੇਨੈਂ, ਮੁਹੱਬਤ ਕਾਸਦੀ ਹੋਈ ਸਰਾਸਰ ਚਾਕਰੀ ਹੋਈ। ਬੜੀ ਮਨਹੂਸ ਨਿਕਲੀ ਅੱਜ ਦੇ ਅਖ਼ਬਾਰ ਦੀ ਸੁਰਖ਼ੀ, ਕਿ ਮੇਰੇ ਸ਼ਹਿਰ ਦੀ ਹਰ ਸੜਕ, ਹੈ ਸਹਿਮੀ ਡਰੀ ਹੋਈ। ਤੇਰੀ ਖੁਸ਼ਕਿਸਮਤੀ ‘ਕੇਸ਼ੀ' ਕਿ ਫ਼ਰਮਾਇਆ ਰਕੀਬਾਂ ਨੇ, ਕਿ ਅੱਜ ਕਲ੍ਹ ਸ਼ਾਇਰੀ ਤੇਰੀ ਨਿਰੀ ਜਾਦੂਗਰੀ ਹੋਈ ।

ਧੀਰ ਧਰ ਐ ਮੁਹੱਬਤੇ

ਧੀਰ ਧਰ ਐ ਮੁਹੱਬਤੇ ਨਾ ਢਾਹ ਹੌਸਲਾ, ਈਰਖਾ ਅੰਤ ਨੂੰ ਹਾਰ ਹੀ ਜਾਏਗੀ । ਬੀਤ ਜਾਏਗਾ ਵੈਣਾਂ ਦਾ ਮੌਸਮ ਕਦੇ, ਫੇਰ ਸ਼ਗਨਾਂ ਦੀ ਘੋੜੀ ਕਹੀ ਜਾਏਗੀ । ਹੁਣ ਤਾਂ ਸ਼ਾਦੀ 'ਚ ਖੁਸ਼ੀਆਂ ਤੇ ਹਾਸੇ ਵੀ ਨੇ, ਹੁਣ ਗ਼ਮੀ ਵਿਚ ਦਿਲਾਂ ਨੂੰ ਦਿਲਾਸੇ ਵੀ ਨੇ, ਇੰਜ ਹੀ ਦੂਰ ਦੂਰ ਜੇ ਤੂੰ ਹੁੰਦਾ ਗਿਉਂ, ਫਿਰ ਗ਼ਮੀ ਕੀ ? ਖੁਸ਼ੀ ਨਾ ਸਹੀ ਜਾਏਗੀ। ਦੋਸਤਾ ਦੇਖ ! ਦੀਵਾਰ ਸਾਂਝੀ ਹੈ ਜੋ, ਬਾਰਸ਼ਾਂ ਦੇ ਹਵਾਲੇ ਹੈ ਕੀਤੀ ਅਸਾਂ, ਜੇ ਨਾ ਲਿੰਬੀ ਗਈ, ਜੇ ਨਾ ਪੋਚੀ ਗਈ, ਢਹਿ ਰਹੀ ਹੈ ਤੇ ਇੰਜ ਹੀ ਢਹੀ ਜਾਏਗੀ। ਅੱਖ ਰੱਖਦਾ ਏਂ ਨੀਵੀਂ ਭਲਾ ਕਾਸ ਤੋਂ, ਡਰ ਗਿਆ ਹੈਂ ਕਿਉਂ ਆਪਣੇ ਆਪ ਤੋਂ । ਵਕਤ ਮਾੜਾ ਸਹੀ ਗੁਜ਼ਰ ਹੀ ਜਾਏਗਾ, ਰਾਤ ਕਾਲੀ ਸਹੀ ਬੀਤ ਹੀ ਜਾਏਗੀ । ਬਹੁਤ ਬਿਖੜੀ ਸਹੀ, ਨੀਵੀਂ ਉੱਚੀ ਸਹੀ, ਗੁਰਦਮਾਰੀ ਤੇ ਪੀੜਾਂ ਪਰੁੱਚੀ ਸਹੀ, ਜਿਸ ਪੜਾਓ ਤੇ ਤੂੰ ਪਹੁੰਚਣਾ ਲੋਚਦੈਂ, ਉਸ ਪੜਾਓ ਤੇ ਏਹੋ ਪਹੀ ਜਾਏਗੀ ।

ਰਾਸ ਗਿਣਦਾ ਹੈ ਮੇਰੇ ਸਾਹਾਂ ਦੀ

ਰਾਸ ਗਿਣਦਾ ਹੈ ਮੇਰੇ ਸਾਹਾਂ ਦੀ, ਧੜਕਣਾਂ ਦਾ ਹਿਸਾਬ ਮੰਗਦਾ ਹੈ । ਮੇਰੇ ਅੰਦਰ ਹੈ ਅਜਨਬੀ ਕੋਈ, ਸੁਆਲ ਕਰਕੇ ਜਵਾਬ ਮੰਗਦਾ ਹੈ । ਗੀਤ ਸੂਰਜ ਦੇ ਆਮ ਗਾਉਂਦਾ ਹੈ, ਫੇਰ ਪੁੰਨਿਆਂ ਦੀ ਬਾਤ ਪਾਉਂਦਾ ਹੈ, ਮੇਰੇ ਕਮਰੇ 'ਚ ਜਦ ਵੀ ਆਵੇ ਉਹ ! ਸਿਰਫ਼ ਚਾਨਣ ਦੇ ਖ਼ਾਬ ਮੰਗਦਾ ਹੈ । ਓਹ ਜੋ ਅਕਸਰ ਉਦਾਸ ਰਹਿੰਦਾ ਹੈ, ਬਹੁਤ ਖ਼ੁਦ ਨੂੰ ਗ਼ਰੀਬ ਕਹਿੰਦਾ ਹੈ, ਜੇ ਮੈਂ ਪੁੱਛਦਾਂ ਕਿ ਆਰਜ਼ੂ ਕੀ ਹੈ ? ਮੇਰੇ ਗ਼ਮ ਦਾ ਗੁਲਾਬ ਮੰਗਦਾ ਹੈ। ਕਿਸ ਤਰ੍ਹਾਂ ਦਾ ਹੈ ਬਾਲ ਜਗਿਆਸੂ, ਫ਼ਲਸਫ਼ੇ ਨਾਲ ਵਰਚਦਾ ਹੀ ਨਹੀਂ, ਪਹਿਲੀਆਂ ਚਾਰ ਫ਼ੂਕ ਦਿੱਤੀਆਂ ਸੂ, ਹੁਣ ਇਹ ਪੰਜਵੀਂ ਕਿਤਾਬ ਮੰਗਦਾ ਹੈ। ਜ਼ਿੰਦਗੀ ਨਾਲ ਰੁਸ ਗਿਐ ਭੈੜਾ, ਉਸਨੂੰ ਸ਼ੁਹਦੀ 'ਤੇ ਬੇਵਫ਼ਾ ਕਹਿੰਦੈ, ਜਦ ਵੀ ਸ਼ੀਸ਼ੇ ਦੇ ਰੂਬਰੂ ਹੁੰਦੈ, ਮੌਤ ਆਪਣੀ ਜਨਾਬ ਮੰਗਦਾ ਹੈ।

ਆਖਦੀ ਹੈ ਅੰਨ੍ਹਿਆਂ ਖੂਹਾਂ 'ਚ

ਆਖਦੀ ਹੈ ਅੰਨ੍ਹਿਆਂ ਖੂਹਾਂ 'ਚ ਨਾ ਉਤਰੀਂ ਅਜੇ । ਬਹੁਤ ਬੱਚਾ ਸਮਝਦੀ ਹੈ ਮੈਨੂੰ ਮੇਰੀ ਮਾਂ ਅਜੇ। ਘਰ ਨੂੰ ਮੋਢੇ ਤੇ ਟਿਕਾ ਕੇ ਤੁਰ ਹੀ ਪੈਣਾ ਹੈ ਅਸਾਂ, ਸੋਚ ਵਿਚ ਅਸਪਸ਼ਟ ਨੇ ਪਰ ਸਾਡੀਆਂ ਰਾਹਾਂ ਅਜੇ। ਦੋਸਤਾ ! ਧੁੱਪ ਦੇ ਸ਼ਹਿਰ 'ਚੋਂ ਪਰਤ ਹੀ ਆਵਾਂਗਾ ਮੈਂ, ਮਾਣ ਲੈ ਕੁਝ ਹੋਰ ਤੂੰ ਬਿਰਹਾ ਦੀ ਗੂੜ੍ਹੀ ਛਾਂ ਅਜੇ । ਸੇਕ ਮੇਰਾ ਮਾਪਣਾ ਚਾਹੁੰਦਾ ਹੈ ਤਾਂ ਕੁਝ ਸਬਰ ਕਰ, ਸਾਵੀਆਂ ਹੋ ਜਾਣ ਦੇ ਕੰਡਿਆਲੀਆਂ ਕਿੱਕਰਾਂ ਅਜੇ । ਗ਼ਮ ਨਹੀਂ ਜੇ ਹੋਰ ਲੰਮਾ ਹੋ ਗਿਐ ਪੈਂਡਾ ਮੇਰਾ, ਤੁਰਨ ਤੋਂ ਇਨਕਾਰ ਨਈਂ ਕੀਤਾ ਮੇਰੇ ਪੈਰਾਂ ਅਜੇ। ਜਾਪਦਾ ਹੈ ਮੈਂ ਕਿਸੇ ਤਾਰੇ ਦੀ ਜੂਨੇ ਪੈ ਗਿਆਂ, ਮੈਂ ਖ਼ਲਾਅ ਵਿਚ ਸਾਂ ਸ਼ੁਰੂ ਤੋਂ, ਮੈਂ ਖ਼ਲਾਅ ਵਿੱਚ ਹਾਂ ਅਜੇ । ‘ਕੇਸ਼ੀਆ' ਤੇਰੀ ਤਪੱਸਿਆ ਵਿਚ ਕਮੀ ਕੋਈ ਤਾਂ ਹੈ, ਲੋਕ ਭੁਲ ਜਾਂਦੇ ਨੇ ਚੇਤੇ ਕਰਕੇ ਤੇਰਾ ਨਾਂ ਅਜੇ।

ਵੈਰ ਪਾਣੀਆਂ ਕਮਾਇਆ

ਵੈਰ ਪਾਣੀਆਂ ਕਮਾਇਆ ਜਾਂ ਪਿਆਸਿਆਂ ਦੇ ਨਾਲ। ਅਸਾਂ ਜ਼ਿੰਦਗੀ ਨੂੰ ਤੋਰਿਆ ਦਿਲਾਸਿਆਂ ਦੇ ਨਾਲ। ਤੁਸੀਂ ਸਾਂਭ ਰੱਖੋ ਮਹਿਕ ਵਾਲੇ ਰੰਗਲੇ ਗੁਲਾਬੀ, ਸਾਥ ਅੱਕ ਹੀ ਨਿਭਾਉਣਗੇ ਚੁਮਾਸਿਆਂ ਦੇ ਨਾਲ। ਤੇਰੇ ਸ਼ਹਿਰ ਦੇ ਬਾਜ਼ਾਰ ਵੇਖੀ ਵਿਕਦੀ ਜ਼ਮੀਰ, ਕਿਤੇ ਤੋਲਿਆਂ ਦੇ ਨਾਲ, ਕਿਤੇ ਮਾਸਿਆਂ ਦੇ ਨਾਲ। ਆਉ ਅੱਜ ਦੇ ਅਦੀਬ ਕੋਲੋਂ ਪੁੱਛੀਏ ਜਨਾਬ, ਕਿਵੇਂ ਪੱਥਰਾਂ ਨੂੰ ਭੋਰੀਏ ਪਤਾਸਿਆਂ ਦੇ ਨਾਲ। ਅਸੀਂ ਆਪ ਵੀ ਇਕੱਲੇ ਸਾਡੇ ਰਾਹ ਵੀ ਵੀਰਾਨ, ਤੁਰੇ ਕੌਣ ਭਲਾ ਜੋਗੀਆਂ ਉਦਾਸਿਆਂ ਦੇ ਨਾਲ। ਅੱਜ ਟੁਰ ਗਿਆ ਤਲੀ ਉਤੇ ਵੈਣ ਧਰ ਕੇ, ਜਿਨ੍ਹੇ ਠੱਗਿਆ ਸੀ ‘ਕੇਸ਼ੀ' ਕਦੀ ਹਾਸਿਆਂ ਦੇ ਨਾਲ ।

ਅਜੇ ਕੁਝ ਦੇਰ ਲੱਗੇਗੀ

ਅਜੇ ਕੁਝ ਦੇਰ ਲੱਗੇਗੀ ਕਿ ਹਾਂ ਹਾਲੇ ਨਹੀਂ ਜਾਣੇ । ਓ ਯਾਰੋ ਇੰਜ ਤੇ ਨਾ ਆਖੋ ਕਿ ਦਿਨ ਕਾਲੇ ਨਹੀਂ ਜਾਣੇ। ਅਸੀਂ ਪੈਰਾਂ ਦੇ ਜ਼ਖ਼ਮਾਂ ਨੂੰ ਸ਼ਾਇਦ ਭੁੱਲ ਹੀ ਜਾਈਏ, ਮਗਰ ਅਹਿਸਾਸ ਤੇ ਜੋ ਪੈ ਗਏ ਛਾਲੇ ਨਹੀਂ ਜਾਣੇ। ਬੜਾ ਭਟਕੇ ਅਸੀਂ ਤੇਰੇ ਲਈ ਹੁਣ ਮਾਫ਼ ਕਰ ਦੇਵੀਂ, ਕਿ ਸਾਥੋਂ ਹੋਰ ਉਮਰਾ ਦੇ ਵਰ੍ਹੇ ਗਾਲੇ ਨਹੀਂ ਜਾਣੇ । ਜਿ ਪੁੰਨੂੰ ਮੁੜ ਵੀ ਆਵੇ ਦਰਦ ਤਾਂ ਬਣਿਆ ਹੀ ਰਹਿਣਾ ਹੈ, ਕਿ ਸੱਸੀ ਦੀ ਕਥਾ 'ਚੋਂ ਡਾਚੀਆਂ ਵਾਲੇ ਨਹੀਂ ਜਾਣੇ। ਬੜੀ ਨੀਂਦਰ ਹੰਢਾਈ ਹੈ ਤੁਸਾਂ ਵੇਲੇ ਦੇ ਮਨਸੂਰੋ, ਰਤਾ ਜਾਗੋ ਸਮੇਂ ਦੇ ਸੁਆਲ ਹੁਣ ਟਾਲੇ ਨਹੀਂ ਜਾਣੇ। ਨਹੀਂ ਕੁਝ ਅਰਥ ਕੋਈ ਜਿਸਮ ਜੇ ਮੰਦਰ ਵੀ ਬਣ ਜਾਏ, ਜੇ ਮਨ 'ਚੋਂ ਮੱਕੜੀ ਤੇ ਜ਼ਿਹਨ 'ਚੋਂ ਜਾਲੇ ਨਹੀਂ ਜਾਣੇ।

ਵਕਤ ਦੇ ਨੈਣਾਂ ’ਚ ਜਿਹੜੀ

ਵਕਤ ਦੇ ਨੈਣਾਂ ’ਚ ਜਿਹੜੀ ਛਲਛਲਾਂਦੀ ਪੀੜ ਹੈ। ਇਹ ਬਹੁਤ ਵੀਰਾਨ ਹੋਈਆਂ ਸਰਦਲਾਂ ਦੀ ਪੀੜ ਹੈ। ਕੌਲ ਸੀ ਕਾਲ਼ੀ ਘਟਾ ਦਾ, ਆ ਗਈ ਬਦਲੋਟੜੀ, ਹੋਰ ਵੀ ਹੁਣ ਵਧ ਗਈ ਮਾਰੂਥਲਾਂ ਦੀ ਪੀੜ ਹੈ। ਮੰਜ਼ਲਾਂ ਜਿੰਨ੍ਹਾਂ ਦੇ ਵੱਲ ਰਸਤਾ ਕੋਈ ਤੁਰਿਆ ਨਹੀਂ, ਕੌਣ ਸਮਝੇਗਾ ਕੀ ਉਹਨਾਂ ਮੰਜ਼ਲਾਂ ਦੀ ਪੀੜ ਹੈ। ਕੱਟ ਕੇ ਬਿਰਖਾਂ ਨੂੰ ਉਹਨਾਂ ਕਰ ਲਈ ਬਸਤੀ ਆਬਾਦ, ਬਸਤੀਆਂ ਨੂੰ ਕੀ ਪਤਾ, ਕੀ ਜੰਗਲਾਂ ਦੀ ਪੀੜ ਹੈ। ਮੇਰੀਆਂ ਰਚਨਾਵਾਂ ਕੋਈ ਹਾਸਾ ਨਹੀਂ ਇਹ ਤਾਂ ਸਗੋਂ, ਸਹਿਮ ਕੇ ਖ਼ਾਮੋਸ਼ ਹੋਈਆਂ ਬੁਲਬੁਲਾਂ ਦੀ ਪੀੜ ਹੈ। ਆ ਗਈ ਅੰਤਮ ਘੜੀ ਤਾਂ ਵੈਦ ਮੇਰੇ ਨੇ ਕਿਹਾ, ਸਬਰ ਕਰ ‘ਕੇਸ਼ੀ’ ਤੂੰ ਹੁਣ ਬਸ ਕੁਝ ਪਲਾਂ ਦੀ ਪੀੜ ਹੈ।

ਮੈਨੂੰ ਦੂਰੋਂ ਨਾ ਵੇਖਿਆ ਜਾਏ

ਮੈਨੂੰ ਦੂਰੋਂ ਨਾ ਵੇਖਿਆ ਜਾਏ । ਮੇਰੇ ਪਾਣੀ 'ਚ ਉਤਰਿਆ ਜਾਏ । ਚੁੱਪ ਰੂਹਾਂ ਨੂੰ ਮਾਰ ਘੱਤਦੀ ਏ, ਜੋ ਵੀ ਦਿਲ ਵਿਚ ਹੈ ਉਚਰਿਆ ਜਾਏ। ਮਿਲ ਹੀ ਜਾਊ ਗੁਆਚਿਆ ਮੋਤੀ, ਉਸ ਨੂੰ ਘਰ ਵਿਚ ਜੇ ਢੂੰਡਿਆ ਜਾਏ । ਕਲ੍ਹ ਜੇ ਚਾਹੁੰਦੇ ਹੋ ਸਹਿਜ ਹੋ ਜਾਵੇ, ਅੱਜ ਦੀ ਤਲਖ਼ੀ ਨੂੰ ਸਮਝਿਆ ਜਾਏ ! ਲੋਕਾਂ ਕਰ ਲਈ ਬਸਤੀ ਆਬਾਦ, ਬਹੁਤ ਗੰਧਲਾ ਗਿਆ ਹੈ ਇਹ ਸਰਵਰ, ਇਸ ਦੇ ਪਾਣੀ ਨੂੰ ਬਦਲਿਆ ਜਾਏ । ਸੱਚ ਮੈਲਾ ਵੀ ਹੋਣ ਲੱਗ ਜਾਂਦੈ, ਇਸ ਨੂੰ ਮੁੜ ਮੁੜ ਜੇ ਪਰਖਿਆ ਜਾਏ ।

ਫੁੱਲਾਂ ਨੂੰ ਜ਼ਖ਼ਮ ਆਖਦੈ

ਫੁੱਲਾਂ ਨੂੰ ਜ਼ਖ਼ਮ ਆਖਦੈ, ਅੱਖ ਨੂੰ ਪੱਥਰ ਲਿਖਦਾ ਹੈ। ਸ਼ਹਿਰ ਮੇਰੇ ਵਿਚ ਦੀਵਾਨਾ ਇਕ, ਗ਼ਜ਼ਲਾਂ ਅਕਸਰ ਲਿਖਦਾ ਹੈ। ਔੜਾਂ ਮਾਰੀ ਨਗਰੀ ਦੀ ਉਹ, ਬਾਤ ਸੁਣਾਉਂਦੈ ਮੇਘਾਂ ਨੂੰ, ਬਾਗ ਬਗੀਚੇ ਝੁਲਸੇ ਗਏ, ਸੂਰਜ ਨੂੰ ਪੱਤਰ ਲਿਖਦਾ ਹੈ। ਉਸ ਨੂੰ ਹੈ ਇਕ ਭਰਮ ਜਿਹਾ ਕਿ, ਸ਼ਹਿਰ ਨੇ ਕਿਧਰੇ ਤੁਰ ਜਾਣੈਂ। ਰੁੱਸੀਆਂ ਗਲੀਆਂ ਦੇ ਸਿਰਨਾਵੇਂ, ਜਾ ਕੇ ਘਰ ਘਰ ਲਿਖਦਾ ਹੈ। ਲੋਕੀ ਦੱਸਦੇ ਨੇ ਕਿ ਉਦੋਂ, ਨਦੀਆਂ ਵਿਚ ਹੜ੍ਹ ਆਉਂਦੇ ਨੇ, ਵਿਛੜ ਗਿਆਂ ਦੇ ਗੀਤ ਜਦੋਂ ਉਹ, ਅੱਖੀਆਂ ਭਰ ਭਰ ਲਿਖਦਾ ਹੈ । ਗਲੀਆਂ ਦੇ ਵਿਚ ਵੈਣ, ਵਿਲਕਦੇ ਨੇ ਵਿਧਵਾ ਮੁਟਿਆਰਾਂ ਦੇ, ਪਰ ਉਹ ਖ਼ਬਤੀ ਹੁਣ ਵੀ, ਝਾਂਜਰ, ਝਾਂਜਰ, ਝਾਂਜਰ ਲਿਖਦਾ ਹੈ। ਕਦੀ ਸਮਾਂ ਸੀ ਰੰਗਲੀ ਰੁੱਤ ਦੇ, ਗੀਤ ਵੀ ਗਾਇਆ ਕਰਦਾ ਸੀ। ਹੁਣ ਤਾਂ 'ਕੇਸ਼ੀ ਡੁੱਬ ਕੇ, ਘੋਰ ਉਦਾਸੀ ਅੰਦਰ ਲਿਖਦਾ ਹੈ ।

ਮਾਏ ਨੀਂ ਦੇਹ ਵਸਤਰ ਅੱਗ ਦਾ

ਮਾਏ ਨੀਂ ਦੇਹ ਵਸਤਰ ਅੱਗ ਦਾ ਛੇਤੀ ਛੇਤੀ। ਅਸਾਂ ਉਲਾਹਮਾ ਲਾਹੁਣੈਂ ਜੱਗ ਦਾ ਛੇਤੀ ਛੇਤੀ। ਜਿਸ ਨੇ ਮੇਰੇ ਸ਼ਹਿਰ ਦਾ ਸੁਖ ਤੇ ਚੈਨ ਚੁਰਾਇਆ, ਪਤਾ ਲਗਾਉਣਾ ਹੈ ਉਸ ਠੱਗ ਦਾ ਛੇਤੀ ਛੇਤੀ। ਪੌਣਾਂ ਦੇ ਵਿਚ ਵਿਸ ਘੋਲਦੈ ਕਿਹੜਾ ਬੰਦਾ, ਪਤਾ ਕਰੋ ਉਸ ਦੀ ਰਗ ਰਗ ਦਾ ਛੇਤੀ ਛੇਤੀ। ਬੜੇ ਬੜੇ ਜੌਹਰੀ ਵੀ ਸੋਚੀਂ ਪੈ ਜਾਂਦੇ ਨੇ, ਮੁੱਲ ਨਈਂ ਪੈਂਦਾ ਸੱਚੇ ਨੱਗ ਦਾ ਛੇਤੀ ਛੇਤੀ। ਮੌਸਮ ਬਦਲਦਿਆਂ ਹੀ ਅੱਜ ਦਾ ਬੰਦਾ ਯਾਰੋ, ਰੰਗ ਵਟਾ ਲੈਂਦਾ ਹੈ ਪੱਗ ਦਾ ਛੇਤੀ ਛੇਤੀ। ਇਸ ਨੂੰ ਰਤਾ ਸੁਕਾਵੋ ਏਨੀ ਕਾਹਲ ਕਰੋ ਨਾ, ਭਿੱਜਿਆ ਦੀਵਾ ਇੰਜ ਨਈਂ ਜਗਦਾ ਛੇਤੀ ਛੇਤੀ। ਕੀ ‘ਕੇਸ਼ੀ' ਮਿਲਿਆ ਰੋਕਣ ਦੀ ਹੋਸ਼ ਰਹੀ ਨਾ, ਤੁਰ ਗਿਆ ਉਹ ਮੇਰਾ ਕੁਝ ਲੱਗਦਾ ਛੇਤੀ ਛੇਤੀ।

ਬੁਲ੍ਹਾਂ 'ਤੇ ਜਦ ਹਾਸਾ ਹੁੰਦੈ

ਬੁਲ੍ਹਾਂ 'ਤੇ ਜਦ ਹਾਸਾ ਹੁੰਦੈ, ਦਿਲ ਵਿੱਚ ਰੋ ਲੈਂਦੇ ਨੇ ਲੋਕ । ਅੱਜ ਤਾਂ ਯਾਰੋ ਹਰ ਘਟਨਾ ਦੇ ਮਤਲਬ ਦੋ ਲੈਂਦੇ ਨੇ ਲੋਕ । ਪੱਲੇ ਤੇਰੇ ਠੀਕਰੀਆਂ ਨੇ, ਕਿਸ ਦਾ ਮਾਣੇਂਗਾ ਤੂੰ ਸਾਥ, ਕੋਲ ਜਿਦ੍ਹੇ ਚਾਂਦੀ ਦੇ ਸਿੱਕੇ, ਉਸ ਦੇ ਹੋ ਲੈਂਦੇ ਨੇ ਲੋਕ। ਛੱਡ ਸਫ਼ੈਦੀ ਅਜ ਦੇ ਲੋਕੀਂ, ਰੰਗਾਂ ਪਿੱਛੇ ਦੌੜੇ ਜਾਣ, ਅਪਣਾ ਘਰ ਰੰਗਣ ਲਈ, ਮਿੱਟੀ ਲਹੂ 'ਚ ਗੋ ਲੈਂਦੇ ਨੇ ਲੋਕ । ਅੰਤਰ ਹੈ ਤਾਂ ਨਾਵਾਂ ਦਾ ਹੀ ਗਾਵਾਂ ਤੇ ਮੱਝਾਂ ਵਿਚਕਾਰ, ਰਾਮਚੌਣੀਆਂ ਨੂੰ ਭਾੜਾ ਪਾ ਕੇ ਚੋ ਲੈਂਦੇ ਨੇ ਲੋਕ । ਨੀਂਦ ਹੰਢਾਵਣ ਵਾਲੇ ਲੋਕੋ, ਕਿੰਜ ਫੜੋਗੇ ਕਾਤਲ ਚੋਰ, ਰਾਤੀਂ ਕਰ ਕੇ ਖ਼ੂਨ, ਸੁਬ੍ਹਾ ਨੂੰ ਵਸਤਰ ਧੋ ਲੈਂਦੇ ਨੇ ਲੋਕ । ਮਿਰਜ਼ਾ ਭੇਜੋ ‘ਕੇਸ਼ੀ' ਏਥੇ, ਨਹੀਂ ਪੈਣੀ ਰਾਂਝੇ ਨੂੰ ਖ਼ੈਰ, ਵੇਖਦਿਆਂ ਕੋਈ ਮੁੰਦਰਾਂ ਵਾਲਾ, ਬੂਹੇ ਢੋ ਲੈਂਦੇ ਨੇ ਲੋਕ ।

ਚੱਲੇ ਹੋ ਸਭ ਗੇੜ ਮੁਕਾ ਕੇ

ਚੱਲੇ ਹੋ ਸਭ ਗੇੜ ਮੁਕਾ ਕੇ ਚੱਲੇ ਹੋ । ਕਿਸ ਨੂੰ ਸਾਡਾ ਹੱਥ ਫੜਾ ਕੇ ਚੱਲੇ ਹੋ । ਸਬਰ ਕਰੀ ਬੈਠੇ ਸਾਂ ਆਪਣੀ ਹੋਣੀ ਤੇ, ਸਦਮਾ ਹੈ ਆਏ ਹੋ, ਆ ਕੇ ਚੱਲੇ ਹੋ । ਮੇਰੇ ਬਾਝੋਂ ਇਸ ਨੂੰ ਕਿਵੇਂ ਵਰਾਵੋਗੇ, ਗੀਤ ਮੇਰਾ ਜੋ ਕੁਛੜ ਚਾ ਕੇ ਚੱਲੇ ਹੋ । ਇਹਨਾਂ ਨੂੰ ਮੈਂ ਦਿਲ ਦੀ ਅੱਗ ਵਿੱਚ ਸਾੜਾਂਗਾ, ਇਹ ਜੋ ਮੇਰੇ ਖ਼ਤ ਪਰਤਾ ਕੇ ਚੱਲੇ ਹੋ । ਸੱਚ ਕਹੋ ਕਿ ਮਨ ਵਿੱਚ ਕੀ ਕੀ ਆਇਆ ਜੇ, ਅਰਥੀ ਤੇ ਜਦ ਫੁੱਲ ਬਰਸਾ ਕੇ ਚੱਲੇ ਹੋ । ਇਸ ਵਿੱਚ ‘ਕੇਸ਼ੀ' ਹੰਝੂ, ਹੌਕੇ ਹਾਵੇ ਸਨ, ਇਹ ਕਿੱਦਾਂ ਦਾ ਗੀਤ ਸੁਣਾ ਕੇ ਚੱਲੇ ਹੋ ।

ਮੇਰੀ ਹਸਤੀ ਨੂੰ ਬਸ ਏਹੋ ਹਕੀਕਤ

ਮੇਰੀ ਹਸਤੀ ਨੂੰ ਬਸ ਏਹੋ ਹਕੀਕਤ ਮਾਰ ਜਾਂਦੀ ਏ। ਕਿ ਨਫ਼ਰਤ ਤੋਂ ਕਿਤੇ ਪਹਿਲਾਂ ਮੁਹੱਬਤ ਮਾਰ ਜਾਂਦੀ ਏ। ਮੈਂ ਨੰਗਾ ਸੱਚ ਹਾਂ ਪਰਦੇ 'ਚ ਰਹਿਣਾ ਮੌਤ ਹੈ ਮੇਰੀ, ਮੈਂ ਜਿਥੇ ਵੀ ਗਿਆਂ ਏਹੋ ਮੁਸੀਬਤ ਮਾਰ ਜਾਂਦੀ ਏ। ਮੈਂ ਜਲਵੇ ਕਿਸਮਤਾਂ ਦੇ ਇੰਜ ਵੀ ਵੇਖੇ, ਮੇਰੀ ਕਿਸਮਤ, ਕਿ ਕਿਸਮਤ ਵਾਲਿਆਂ ਨੂੰ ਆਪ ਕਿਸਮਤ ਮਾਰ ਜਾਂਦੀ ਏ। ਕਿਤੇ ਫੁੱਲਾਂ ਨੂੰ ਫੁੱਲਾਂ ਨਾਲ ਹੀ ਹੁੰਦੀ ਕਦੂਰਤ ਹੈ, ਕਿਤੇ ਬਸ ਆਪ ਹੀ ਔਰਤ ਨੂੰ ਔਰਤ ਮਾਰ ਜਾਂਦੀ ਏ। ਕਲਰਕਾਂ ਨੂੰ ਪਤਾ ਕੀ, ਮਾਮਲਾ ਕੀ ਹੈ ਕਰੋੜਾਂ ਦਾ, ਕਲਰਕਾਂ ਨੂੰ ਤਾਂ ਬਸ ਪੰਜੀ ਦੀ ਰਿਸ਼ਵਤ ਮਾਰ ਜਾਂਦੀ ਏ । ਅਸੀਂ ਗ਼ੈਰਾਂ ਦੇ ਚਿੱਕੜ ਦੀ ਕਦੀ ਪਰਵਾਹ ਨਹੀਂ ਕਰਦੇ, ਜੇ ਆਪਣਾ ਹੀ ਕੋਈ ਲਾਵੇ ਤਾਂ ਤੁਹਮਤ ਮਾਰ ਜਾਂਦੀ ਏ । ਕਦੀ ਡਰਪੋਕ ਹੋ ਜਾਣਾ ਵੀ ਬਣਦਾ ਹੈ ਤੇਰਾ ‘ਕੇਸ਼ੀ', ਕਿ ਅੱਜ ਦੇ ਦੌਰ ਵਿੱਚ ਯੋਧੇ ਨੂੰ ਜੁਰਅੱਤ ਮਾਰ ਜਾਂਦੀ ਏ।

ਕਦੀ ਵਸਲਾਂ ਦੀ ਫੁਰਸਤ ਹੋਏਗੀ

ਕਦੀ ਵਸਲਾਂ ਦੀ ਫੁਰਸਤ ਹੋਏਗੀ ਪਰ ਤੂੰ ਨਾ ਹੋਵੇਂਗੀ । ਹਯਾਤੀ ਖ਼ੂਬਸੂਰਤ ਹੋਏਗੀ ਪਰ ਤੂੰ ਨਾ ਹੋਵੇਂਗੀ । ਪਤਾ ਹੈ, ਕੂੜ ਦੀ ਪ੍ਰਧਾਨਗੀ ਦੁਖਦੀ ਬੜਾ ਤੈਨੂੰ, ਕਦੀ ਹਰਸੂ ਹਕੀਕਤ ਹੋਏਗੀ ਪਰ ਤੂੰ ਨਾ ਹੋਵੇਂਗੀ । ਪਸੀਨੇ ਖ਼ੂਬ ਛੁੱਟਣਗੇ ਸ਼ਰੀਕਾਂ ਨੂੰ ਮੇਰੇ ਸਾਹਵੇਂ, ਬੜੀ ਮੇਰੇ 'ਚ ਜੁਰਅਤ ਹੋਏਗੀ ਪਰ ਤੂੰ ਨਾ ਹੋਵੇਂਗੀ। ਕਦੀ ਉਹ ਵਕਤ ਵੀ ਆਵੇਗਾ ਇਹ ਵਿਸ਼ਵਾਸ ਹੈ ਮੈਨੂੰ, ਮੁਹੱਬਤ ਦੀ ਇਜਾਜ਼ਤ ਹੋਏਗੀ ਪਰ ਤੂੰ ਨਾ ਹੋਵੇਂਗੀ । ਮੈਂ ਤੈਨੂੰ ? ਪੁਕਾਰਾਂਗਾ ਘੜੀ ਜਦ ਆਖ਼ਰੀ ਆਈ, ਬੜੀ ਤੇਰੀ ਜ਼ਰੂਰਤ ਹੋਏਗੀ ਪਰ ਤੂੰ ਨਾ ਹੋਵੇਂਗੀ।

ਮੈਂ ਤੇਰੇ ਜਾਮ ਦਾ ਕਿਉਂ ਇੰਤਜ਼ਾਰ

ਮੈਂ ਤੇਰੇ ਜਾਮ ਦਾ ਕਿਉਂ ਇੰਤਜ਼ਾਰ ਹੋ ਜਾਵਾਂ। ਕਿਉਂ ਨਾ ਖ਼ੁਦ ਮਸਤੀਆਂ ਦੀ ਆਬਸ਼ਾਰ ਹੋ ਜਾਵਾਂ। ਮੈਂ ਜਿੰਨਾਂ ਸੱਚ ਹਾਂ ਸਾਰਾ ਹੀ ਹਾਂ ਸਾਹਮਣੇ ਤੇਰੇ, ਨਹੀਂ ਅਫ਼ਵਾਹ ਕਿ ਖੰਭਾਂ ਦੀ ਡਾਰ ਹੋ ਜਾਵਾਂ। ਮੈਂ ਆਪਣੇ ਨਕਸ਼ ਕੁਝ ਵੱਖਰੇ ਨਿਖਾਰ ਸਕਦਾ ਹਾਂ, ਕਿਵੇਂ ਫਿਰ ਮੈਂ ਭਲਾ ਤੇਰਾ ਉਤਾਰ ਹੋ ਜਾਵਾਂ। ਮੇਰੀ ਪੱਥਰ ਦੀ ਅੱਖ ਅੰਦਰ ਇਹ ਖ਼ਾਬ ਤਰਦਾ ਹੈ, ਕਿ ਖ਼ੁਸ਼ਬੂ ਵਾਂਗ ਮੈਂ ਪੌਣਾਂ ਦਾ ਯਾਰ ਹੋ ਜਾਵਾਂ। ਜੇ ਤੇਰਾ ਕੁਝ ਨਹੀਂ ਲਗਦਾ ਤਾਂ ਕਾਸ ਤੋਂ ਅੜਿਆ, ਸੁਭਾਵਕ ਹੀ ਤੇਰੇ ਮੁੱਖ 'ਚੋਂ ਉਚਾਰ ਹੋ ਜਾਵਾਂ। ਮੈਂ ਆਪਣੇ ਆਪ ਨੂੰ ਆਪੇ ਅਸੀਸ ਦੇਂਦਾ ਹਾਂ, ਤੇ ਆਪਣੇ ਸੀਸ ਤੇ ਆਪੇ ਪਿਆਰ ਹੋ ਜਾਵਾਂ।

ਜਦੋਂ ਤਲੀਆਂ ਤੇ ਮਹਿੰਦੀ ਲਾ ਕੇ

ਜਦੋਂ ਤਲੀਆਂ ਤੇ ਮਹਿੰਦੀ ਲਾ ਕੇ ਪੱਤਝੜ ਆ ਗਈ ਸ਼ੁਹਦੀ। ਨਿਪੱਤਰੇ ਬਿਰਖ ਨੂੰ ਕਿੰਨੇ ਭੁਲੇਖੇ ਪਾ ਗਈ ਸ਼ੁਹਦੀ । ਹਨੇਰੇ ਕਮਰਿਆਂ ਵਿੱਚ ਸੱਚ ਦਾ ਆਲਮ ਜੋ ਬਣਦੀ ਸੀ, ਰਤਾ ਜਦ ਰੌਸ਼ਨੀ ਕੀਤੀ ਕਿਵੇਂ ਬੁਖਲਾ ਗਈ ਸ਼ੁਹਦੀ । ਵਫ਼ਾ ਨੂੰ ਆਖਿਆ ਸੀ ਮੈਂ ਤੇਰੇ ਕਾਬਲ ਨਹੀਂ ਅੜੀਏ, ਉਹ ਸਾਰਾ ਸ਼ਹਿਰ ਅਜ਼ਮਾ ਕੇ ਮੇਰੇ ਘਰ ਆ ਗਈ ਸ਼ੁਹਦੀ । ਜਦੋਂ ਗ਼ੈਰਾਂ ਨੇ ਕੁਝ ਸੁਪਨੇ ਦਿਖਾਏ ਸਬਜ਼ ਬਾਗਾਂ ਦੇ, ਬੜੇ ਅੰਦਾਜ਼ ਵਿੱਚ ਉਹ ਖ਼ਤ ਮੇਰੇ ਪਰਤਾ ਗਈ ਸ਼ੁਹਦੀ । ਕਿਵੇਂ ਆਖਾਂ ਬੜੀ ਬੇਦਰਦ ਕਿ ਹਮਦਰਦ ਸੀ ਬਾਰਿਸ਼, ਕਿ ਪੱਕੇ ਹੋਰ ਵੀ ਲਿਸ਼ਕੇ ਤੇ ਕੱਚੇ ਢਾ ਗਈ ਸ਼ੁਹਦੀ । ਤੂੰ ਦੀਵਾ ਹੀ ਸਹੀ, ‘ਦੀਵੇ' ਤੇਰੇ ਹੇਠਾਂ ਹਨੇਰਾ ਹੈ, ਸੁਣੋ 'ਕੇਸ਼ੀ' ਤੇ ਉਹ ਇਲਜ਼ਾਮ ਕੇਹਾ ਲਾ ਗਈ ਸ਼ੁਹਦੀ ।

ਇਹ ਕੇਹਾ ਕੂੜ ਇਹ ਕੇਹਾ ਇਲਜ਼ਾਮ

ਇਹ ਕੇਹਾ ਕੂੜ ਇਹ ਕੇਹਾ ਇਲਜ਼ਾਮ ਹੈ ਯਾਰੋ । ਕਿ ਸੱਚ ਦੇ ਆਸ਼ਕਾਂ ਦੇ ਨਾਲ ਮੇਰਾ ਨਾਮ ਹੈ ਯਾਰੋ। ਕਿਸੇ ਮਰੀਅਮ ਦੇ ਦੋਖੀ ਨੂੰ ਸਿੰਘਾਸਨ ਮਿਲ ਗਿਆ ਲੱਗਦੈ, ਕਿ ਬਸਤੀ ਕੂੜ ਦੀ ਅੰਦਰ ਬੜਾ ਕੁਹਰਾਮ ਹੈ ਯਾਰੋ। ਕਰੀ ਡੰਡੌਤ ਕੀ ? ਦਿਲ ਦਾ ਹਨੇਰਾ ਵੱਧ ਗਿਆ ਲੱਗਦੈ, ਮੇਰੀ ਸ਼ਰਧਾ ਹੀ ਕੂੜੀ ਹੈ ਜਾਂ ਕੂੜਾ ਧਾਮ ਹੈ ਯਾਰੋ। ਬਿਨਾਂ ਵਰ੍ਹਿਆਂ ਹੀ ਲੰਘ ਚੱਲੇ ਨੇ ਕੀਕਰ ਮੇਘਲੇ ਸਾਰੇ, ਰਤਾ ਸਮਝੋ ਕਿ ਇਸ ਵਿੱਚ ਵੀ ਕੋਈ ਪੈਗ਼ਾਮ ਹੈ ਯਾਰੋ । ਜਦੋਂ ਦਾ ਮੰਨਿਆ ਖ਼ੁਦ ਹੀ ਤਬੀਬਾਂ ਨੇ ਕਸੂਰ ਆਪਣਾ, ਬੜੀ ਰਾਹਤ ਮਿਲੀ ਦਿਲ ਨੂੰ ਬੜਾ ਆਰਾਮ ਹੈ ਯਾਰੋ। ਜਿਨ੍ਹਾਂ ਵਿੱਚ ਪਿਆਰ ਦੀ ਗੱਲ, ਪਿਆਰ ਦੀ ਬੋਲੀ 'ਚ ਹੁੰਦੀ ਏ, ਉਨ੍ਹਾਂ ਗਲੀਆਂ 'ਚ 'ਕੇਸ਼ੀ' ਬਹੁਤ ਹੀ ਬਦਨਾਮ ਹੈ ਯਾਰੋ।

ਹਕੀਕਤ ਸੀ ਨਿਰੀ ਧੋਖਾ ਨਹੀਂ ਸੀ

ਹਕੀਕਤ ਸੀ ਨਿਰੀ ਧੋਖਾ ਨਹੀਂ ਸੀ। ਉਹ ਕੇਵਲ ਦਿਲ ਹੀ ਸੀ ਦਰਿਆ ਨਹੀਂ ਸੀ। ਸਜ਼ਾ ਪਾਈ ਸੀ ਪਰ ਦੱਸਿਆ ਨਹੀਂ ਸੀ। ਕਿ ਮੈਂ ਕੋਈ ਜ਼ੁਰਮ ਕੀਤਾ ਨਹੀਂ ਸੀ। ਮੇਰੀ ਹੈਰਤ ਬੜੀ ਹੀ ਕੁਦਰਤੀ ਹੈ, ਮੈਂ ਇਹ ਮੰਜ਼ਰ ਕਦੀ ਤੱਕਿਆ ਨਹੀਂ ਸੀ। ਹਨੇਰੇ ਚੋਰੀਆਂ ਕਰਦੇ ਪਏ ਸਨ, ਤੇ ਸੂਰਜ ਦਾ ਕਿਤੇ ਪਹਿਰਾ ਨਹੀਂ ਸੀ। ਮੇਰੇ ਰੱਬਾ ਤੂੰ ਜਿਸ ਤੇ ਕਰਮ ਕੀਤਾ, ਉਹ ਰੱਜਿਆ ਨਾ ਸਹੀ ਭੁੱਖਾ ਨਹੀਂ ਸੀ। ਪਈ ਜਦ ਸ਼ਾਮ ਤਾਂ ਮੁਰਝਾ ਗਿਆ ਉਹ, ਮੇਰਾ ਸੂਰਜਮੁਖੀ ਝੂਠਾ ਨਹੀਂ ਸੀ। ਵਫ਼ਾ ਦੇ ਬਦਲ ਵਿਚ ਮਿਲਦੀ ਵਫ਼ਾ ਹੀ, ਮੇਰੇ ਹੱਥਾਂ 'ਚ ਇਹ ਰੇਖਾ ਨਹੀਂ ਸੀ। ਚਲੋ ਚੰਗਾ ਹੈ ‘ਕੇਸ਼ੀ ਮਰ ਗਿਆ ਹੈ, ਬੜਾ ਬੇਅਦਬ ਸੀ ਝੁਕਦਾ ਨਹੀਂ ਸੀ।

ਰਾਤੀਂ ਮੇਰੇ ਨਾਲ ਗੁਜ਼ਾਰਨ ਦੀ ਜਦ

ਰਾਤੀਂ ਮੇਰੇ ਨਾਲ ਗੁਜ਼ਾਰਨ ਦੀ ਜਦ ਨੌਬਤ ਆਈ ਹੈ। ਮੈਥੋਂ ਆਪਣਾ ਹੱਥ ਛੁਡਾ ਕੇ ਤੁਰ ਚੱਲੀ ਤਨਹਾਈ ਹੈ। ਬੌਣੇ ਲੋਕਾਂ ਦਾ ਹਾਣੀ ਉਹ ਸ਼ਖ਼ਸ ਕਦੀ ਨਾ ਬਣ ਸਕਿਆ, ਉਸ ਨੂੰ, ਉਸ ਦਾ ਆਪਣਾ ਕਦ ਹੀ ਦੇ ਚੱਲਿਆ ਰੁਸਵਾਈ ਹੈ। ਨਾ ਤਾਂ ਉਸ ਵਿਚ ਸੇਕ ਸੀ ਨਾ ਚਾਨਣ ਹੀ ਸਿਖਰ ਦੁਪਹਿਰੀ ਦਾ, ਧੁੱਪ ਅਮਾਨਤ ਧਰਤੀ ਦੀ ਜੋ ਪੁੰਨਿਆ ਨੇ ਪਰਤਾਈ ਹੈ। ਪੈਰੀਂ ਛਾਲੇ ਹੋਠ ਪਿਆਸੇ ਸਿਰ ਤੇ ਪਾਣੀ ਦੀ ਗਗਰੀ, ਕਮਲੀ ਮਾਲਣ ਮਾਰੂਥਲ ਵਿਚ ਮਰੂਆ ਬੀਜਣ ਆਈ ਹੈ । ਮੈਥੋਂ ਦੂਰ ਵਸੰਦਿਆ ਮਿੱਤਰਾ ਇਹ ਰਿਸ਼ਤਾ ਕੀ ਰਿਸ਼ਤਾ ਹੈ ? ਪੱਥਰ ਤੈਨੂੰ ਵੱਜੇ ਨੇ ਪਰ ਅੱਖ ਮੇਰੀ ਪਥਰਾਈ ਹੈ। ਮੇਰੇ ਵਾਰਸ, ਮੇਰੇ ਪੀਲੂ, ਮੇਰੇ ਬਾਹੂ ਦੱਸਣਾ ਜੀ, ‘ਕੇਸ਼ੀ' ਕਿਉਂ ਬਲ ਬਲ ਉਠਦਾ ਹੈ ਵਗਦੀ ਜਾਂ ਪਰਵਾਈ ਹੈ।

ਨਾ ਜੀਂਦੇ ਰਹੇ ਨਾ ਮਾਰੇ ਗਏ ਹਾਂ

ਨਾ ਜੀਂਦੇ ਰਹੇ ਨਾ ਮਾਰੇ ਗਏ ਹਾਂ। ਜਦੋਂ ਦੇ ਸੱਜਣ ਦੇ ਦਵਾਰੇ ਗਏ ਹਾਂ। ਚੜ੍ਹੇ ਸਾਂ ਸਮੇਂ ਨੂੰ ਸ਼ਰਾਬਾਂ ਦੇ ਵਾਂਗਰ, ਜ਼ਹਿਰ ਵਾਂਗਰਾਂ ਪਰ ਉਤਾਰੇ ਗਏ ਹਾਂ। ਨਹੀਂ ਗ਼ਮ ਕਿ ਮਿਟ ਕੇ ਦੁਬਾਰਾ ਬਣੇ ਹਾਂ, ਨਵੇਂ ਹੋ ਗਏ ਹਾਂ, ਨਿਖਾਰੇ ਗਏ ਹਾਂ। ਕਿਤੇ ਭੈੜੀ ਦੁਨੀਆਂ 'ਚ ਗੁੰਮ ਹੀ ਨਾ ਜਾਈਏ, ਰਤਾ ਭੀੜ ਤੋਂ ਹੋ ਕਿਨਾਰੇ ਗਏ ਹਾਂ। ਨਾ ਪੁੱਛੋ ਕਿਵੇਂ ਤੇਗ ਦੀ ਜੂਨ ਪਾਈ, ਬੜਾ ਲਾਲ ਕਰ ਕਰ ਕੇ ਠਾਰੇ ਗਏ ਹਾਂ। ਰਤਾ ਦੱਸਣਾ ਤਰਸ ਖਾਵਣ ਤੋਂ ਪਹਿਲਾਂ, ਕਦੋਂ ਦੇ ਅਸੀਂ ਹੋ ਵਿਚਾਰੇ ਗਏ ਹਾਂ। ਕਿਸੇ ਫ਼ਾਸਲੇ ਤੀਕ ਅੰਬਰ ਤਾਂ ਗਾਹਿਆ, ਗਿਲਾ ਕੀ ਜੇ ਬਣ ਕੇ ਗੁਬਾਰੇ ਗਏ ਹਾਂ। ਮੁਬਾਰਕ ਮੇਰੇ ਇਸ਼ਕ ਨੂੰ ਆਖ ‘ਕੇਸ਼ੀ', ਤੇਰਾ ਨਾਮ ਲੈ ਕੇ ਪੁਕਾਰੇ ਗਏ ਹਾਂ।

ਤਲਖ਼ੀਆਂ ਤੋਂ ਦੌੜ ਕੇ ਮਰ ਜਾਣ ਦਾ

ਤਲਖ਼ੀਆਂ ਤੋਂ ਦੌੜ ਕੇ ਮਰ ਜਾਣ ਦਾ ਵੇਲਾ ਨਹੀਂ। ਜੀਵੀਏ ! ਕਿ ਖੁਦਕੁਸ਼ੀ ਦੇ ਹਾਣ ਦਾ ਵੇਲਾ ਨਹੀਂ। ਇਸ ਤਰ੍ਹਾਂ ਧੋਖਾ ਖ਼ੁਦਾ ਕੀਤਾ ਕਿ ਹੁਣ ਤਾਂ ਜੀ ਕਰੇ, ਖ਼ੁਦ ਖ਼ੁਦਾ ਬਣੀਏ, ਖ਼ੁਦਾ ਨੂੰ ਪਾਣ ਦਾ ਵੇਲਾ ਨਹੀਂ। ਕੀ ਨਿਪੁੰਸਕ ਰੁੱਤ ਕਿ ਹਰ ਰੋਜ਼ ਹੀ ਆਪਾ ਕਹੇ, ਨਾ ਕਿਤੇ ਜਾਵੋ, ਕਿਤੇ ਵੀ ਜਾਣ ਦਾ ਵੇਲਾ ਨਹੀਂ। ਹੱਸਦੇ ਹੋ ਦਿਲ ਤੋਂ ਹੱਸੋ, ਮਹਿਕ ਵੰਡੋ ਦੋਸਤੋ, ਕਾਗਜ਼ੀ, ਕੋਰੀ ਜਿਹੀ ਮੁਸਕਾਣ ਦਾ ਵੇਲਾ ਨਹੀਂ। ਆ ਕਿ ਕਿਧਰੇ ਹੋਰ ਥੀਂ ਸਾਵੀ ਜਿਹੀ ਛਾਂ ਢੂੰਡੀਏ, ਸੜ ਗਏ ਬਿਰਖਾਂ ਨੂੰ ਪਾਣੀ ਪਾਣ ਦਾ ਵੇਲਾ ਨਹੀਂ। ਹੁਣ ਜਦੋਂ ਕਿ ਯਾਰ ਉੱਚੇ ਮੰਡਲਾਂ ਦੀ ਸ਼ਾਨ ਹੈ, ਅਰਜ਼ ਕਰੀਏ, ਅਰਜ਼ ਕਿ ਫ਼ਰਮਾਣ ਦਾ ਵੇਲਾ ਨਹੀਂ।

ਇਸ ਨੂੰ ਹਰ ਸ਼ਖ਼ਸ ਹੀ ਟੁੱਟਾ

ਇਸ ਨੂੰ ਹਰ ਸ਼ਖ਼ਸ ਹੀ ਟੁੱਟਾ ਤਰੇੜਿਆ ਲੱਗਦੈ । ਦਿਲ ਨੇ ਇਕ ਹੋਰ ਕੋਈ ਗ਼ਮ ਸਹੇੜਿਆ ਲੱਗਦੈ। ਸੁਬ੍ਹਾ ਦੇ ਅੱਥਰੂ ਦੱਸਦੇ ਨੇ ਪੀੜ ਦਾ ਕਿੱਸਾ, ਜੋ ਕਾਲੀ ਰਾਤ ਨੇ ਰੋ ਰੋ ਨਿਬੇੜਿਆ ਲੱਗਦੈ । ਅਚਾਨਕ ਮੌਤ ਲੰਘ ਆਵੇ ਨਾ ਵਿਹੜਿਆਂ ਅੰਦਰ, ਤਦੇ ਇਸ ਸ਼ਹਿਰ ਨੇ ਹਰ ਬਾਰ ਭੇੜਿਆ ਲਗਦੈ । ਤੁਸੀਂ ਵੀ ਰਾਤ ਭਰ ਦੀਵਾ ਬੁਝਾ ਕੇ ਰੁੰਨੇ ਹੋ, ਸਮੇਂ ਨੇ ਜ਼ਖ਼ਮ ਕੁਝ ਗਹਿਰਾ ਉਚੇੜਿਆ ਲਗਦੈ । ਪੁਰਾਣੇ ਬਿਰਖ ਦੇ ਗਲ ਵਿਚ ਨੇ ਮੈਲੀਆਂ ਲੀਰਾਂ, ਗਏ ਬੀਤੇ ਦਾ ਉਸ ਖਿਦੋ ਉਧੇੜਿਆ ਲੱਗਦੈ ।

ਭਲਾ ਫਿਰ ਕਿੰਜ ਭੈੜੀ ਰੂਹ

ਭਲਾ ਫਿਰ ਕਿੰਜ ਭੈੜੀ ਰੂਹ ਸਰਾਪਦੀ ਮੈਨੂੰ। ਜੇ ਹੁੰਦੀ ਖ਼ਬਰ ਕੁਝ ਆਪਣੇ ਹੀ ਆਪਦੀ ਮੈਨੂੰ। ਮੈਂ ਤੇਰੀ ਅੱਖ ਦਾ ਸੁਪਨਾ ਜੇ ਬਣ ਗਿਆ ਹੁੰਦਾ, ਤਾਂ ਏਨੀ ਅਜਨਬੀ ਦੁਨੀਆ ਨਾ ਜਾਪਦੀ ਮੈਨੂੰ। ਕਿ ਮੈਂ ਇੱਕ ਰੁੱਤ ਹਾਂ ਸੀਮਾ 'ਚ ਕੈਦ ਹਾਂ ਯਾਰੋ, ਕਿਵੇਂ ਨਾ ਜ਼ਿੰਦਗੀ ਘੜੀਆਂ 'ਚ ਮਾਪਦੀ ਮੈਨੂੰ। ਰਤਾ ਸੁਣਿਓਂ ਕਿਵੇਂ ਬਿਰਹਾ ਦੀ ਰਾਗਣੀ ਬਣ ਕੇ, ਹਵਾ ਦੀ ਬੰਸਰੀ ਮੁੜ ਮੁੜ ਅਲਾਪਦੀ ਮੈਨੂੰ। ਕਿਸੇ ਫ਼ਨਕਾਰ ਦੀ ਦੇਹਰੀ ਤੇ ਜਾਨ ਦੇਵਾਂਗਾ, ਕਿ ਅੱਜ ਕਲ੍ਹ ਕਸਰ ਹੈ ਬਿਰਹਾ ਦੇ ਤਾਪ ਦੀ ਮੈਨੂੰ। ਕੋਈ ਦੱਸੋ ਕਿ ਮੈਂ ਕਿਹੜੀ ਸਦੀ ਦਾ ਵਾਸੀ ਹਾਂ, ਕਿ ਆਪਣੀ ਹੋਂਦ ਹੀ ਖ਼ਤਰਾ ਹੈ ਜਾਪਦੀ ਮੈਨੂੰ । ਰਤਾ ਹਮਦਰਦ ਹੋ ਮੈਨੂੰ ਜੇ ਪਰਖਦੀ ਜਿੰਦੇ, ਮਸੀਹਾ ਪੀੜ ਦਾ ਆਪੇ ਤੂੰ ਥਾਪਦੀ ਮੈਨੂੰ ।

ਚਲੋ ਬੱਚਿਆਂ ਲਈ ਵੱਸਦੇ ਘਰਾਂ ਦੇ

ਚਲੋ ਬੱਚਿਆਂ ਲਈ ਵੱਸਦੇ ਘਰਾਂ ਦੇ ਅੰਙਣੇ ਬਣੀਏ ? ਕਿ ਜ਼ਖ਼ਮੀ ਪੰਛੀਆਂ ਦੀ ਠਹੁਰ ਖਾਤਰ ਆਲ੍ਹਣੇ ਬਣੀਏ । ਅਸੀਂ ਵਣ ਹੀ ਸਹੀ ਫੁੱਲਾਂ ਸਹਾਰੇ ਸਜ ਵੀ ਸਕਦੇ ਹਾਂ, ਜੇ ਫੁੱਲਾਂ ਵਾਲੀਆਂ ਵੇਲਾਂ ਲਈ ਸਾਵੇ ਤਣੇ ਬਣੀਏ । ਅਸੀਂ ਖ਼ੁਦ ਫੈਸਲਾ ਕਰਨਾ ਹੈ ਕਿ ਬਣਨਾ ਅਸਾਂ ਕੀ ਹੈ, ਨਹੀਂ ਮਨਜ਼ੂਰ ਕਿ ਕਠਪੁਤਲੀਆਂ ਤੇ ਛਣਕਣੇ ਬਣੀਏ। ਅਸੀਂ ਗ਼ੈਰਾਂ ਦੇ ਆਖੇ ਲੱਗ ਕੇ, ਗ਼ੈਰਾਂ ਦੇ ਹੋਏ ਸਾਂ, ਚਲੋ ਆਪਣੇ ਹੀ ਆਖੇ ਲੱਗ ਕੇ ਹੁਣ ਆਪਣੇ ਬਣੀਏ । ਰਤਾ ਸੁਣਿਓਂ ਕਿ ਮੇਰੀ ਅਕਲ ਅੱਜ ਦਿਲ ਨੂੰ ਪਈ ਆਖੇ, ਕਿ ਇੱਕ ਹੋਵੀਏ ਆਪਾਂ ਨਾ ਐਵੇਂ ਦੋ ਜਣੇ ਬਣੀਏ। ਜੋ ਮਾੜਾ ਹੋ ਰਿਹੈ ਜੀਅ ਭਰਕੇ ਉਸ ਨੂੰ ਆਖੀਏ ਮਾੜਾ, ਸਮੇਂ ਦੀ ਮੰਗ ਹੈ 'ਕੇਸ਼ੀ' ਨਾ ਏਨੇ ਮੀਸਣੇ ਬਣੀਏ ।

ਜਦੋਂ ਮਿਲੀਏ ਇਉਂ ਮਿਲੀਏ

ਜਦੋਂ ਮਿਲੀਏ ਇਉਂ ਮਿਲੀਏ ਨਾ ਕੋਈ ਫਾਸਲਾ ਹੋਵੇ। ਖ਼ੁਦਾ ਖ਼ੁਦ ਵੀ ਅਸਾਂ ਦਾ ਫ਼ਰਕ ਨਾ ਪਹਿਚਾਣਦਾ ਹੋਵੇ। ਸਦਾ ਇਹ ਸੋਚ ਕੇ ਨਜ਼ਰਾਂ 'ਚੋਂ ਉਸ ਦੀ ਭਾਲ ਨਾ ਮੋਈ, ਪਤਾ ਕੀ ਹੈ ਕਿ ਉਹ ਅਗਲੇ ਚੁਰਾਹੇ ਤੇ ਖੜਾ ਹੋਵੇ। ਇਵੇਂ ਉਹ ਦੂਰ ਹੈ ਕਿ ਨਜ਼ਰ ਨੂੰ ਪਹਿਚਾਨਣਾ ਮੁਸ਼ਕਲ, ਇਵੇਂ ਨਜ਼ਦੀਕ ਜਿਉਂ ਅਹਿਸਾਸ ਵਿਚ ਉਤਰ ਗਿਆ ਹੋਵੇ। ਬੜਾ ਗ਼ਮਗੀਨ ਲੱਗਦਾ ਸੀ ਵਿਚਾਰਾ ਸ਼ਾਮ ਦਾ ਸੂਰਜ, ਦੁਪਹਿਰਾਂ ਯਾਦ ਕਰ ਕਰ ਕੇ ਜਿਵੇਂ ਪਛਤਾ ਰਿਹਾ ਹੋਵੇ।

ਆਇਆ ਨਾ ਕੋਈ ਤੁਰ ਗਿਆ

ਆਇਆ ਨਾ ਕੋਈ ਤੁਰ ਗਿਆ, ਫਿਰ ਵੀ ਉਦਾਸ ਹਾਂ। ਹੋਇਆ ਨਾ ਕੋਈ ਹਾਦਸਾ, ਫਿਰ ਵੀ ਉਦਾਸ ਹਾਂ। ਖ਼ਬਰੇ ਕਿਵੇਂ ਨੇ ਜੀਅ ਰਹੇ, ਬਿਨ ਆਸਰੇ ਇਹ ਲੋਕ, ਮੈਨੂੰ ਗ਼ਮਾਂ ਦਾ ਆਸਰਾ, ਫਿਰ ਵੀ ਉਦਾਸ ਹਾਂ । ਵਸਲਾਂ ਦੀਆਂ ਧੁੱਪਾਂ 'ਚ ਹੀ ਖੁਸ਼ ਹੋ ਰਹੇ ਨੇ ਲੋਕ, ਬਿਰਹਾ ਦੀ ਛਾਵੇਂ ਮੈਂ ਖੜਾ, ਫਿਰ ਵੀ ਉਦਾਸ ਹਾਂ। ਕਿਧਰੇ ਵੀ ਮੇਰੇ ਇਸ਼ਕ ਦਾ ਚਰਚਾ ਨਹੀਂ ਹਜ਼ੂਰ, ਰੁੱਸਵਾ ਨਹੀਂ ਹੈ ਨਾਂ ਮਿਰਾ, ਫਿਰ ਵੀ ਉਦਾਸ ਹਾਂ । ਕੱਲਾ ਨਹੀਂ ਮੈਂ ਸ਼ੌਕ ਦੇ ਰਾਹਾਂ 'ਚ ਰੁਲ ਰਿਹਾ, ਹੈ ਨਾਲ ਮੇਰੇ ਕਾਫ਼ਲਾ, ਫਿਰ ਵੀ ਉਦਾਸ ਹਾਂ। ਹਰਸੂ ਖਿੜੇ ਬੀਤੇ ਦੀਆਂ ਯਾਦਾਂ ਦੇ ਬਾਗ਼ ਦੇਖ, ਮਹਿਕੀ ਪਈ ਸਾਰੀ ਫਿਜ਼ਾ, ਫਿਰ ਵੀ ਉਦਾਸ ਹਾਂ। ਸੁਣੋ ਕੀ ਮੰਗਿਆ ਹੈ ਜ਼ਿਹਨ ਦੇ ਬੀਮਾਰ ਦੋਖੀ ਨੇ, ਕਿ ਖ਼ੁਸ਼ਬੂ ਨਾਲ ਪੌਣਾਂ ਦਾ ਨਾ ਕੋਈ ਵਾਸਤਾ ਹੋਵੇ । ਕਹਾਣੀ ਜਾਣਨੀ ਜੇ ਤਾਂ ਖਾਮੋਸ਼ੀ ਵੀ ਸੁਣੋ ਮੇਰੀ, ਨਿਰੇ ਸ਼ਬਦਾਂ ਤੋਂ ਦਰਦਾਂ ਦੀ ਕਹਾਣੀ ਨਾ ਸੁਣਾ ਹੋਵੇ। ਘੜੀ ਐਸੀ 'ਚ ਆਪਣੇ ਆਪ ਤੋਂ ਡਰਦਾ ਹਾਂ ਮੈਂ 'ਕੇਸ਼ੀ', ਹਵਾ ਜਦ ਚੀਖ਼ਦੀ ਹੋਵੇ ਤੇ ਮੌਸਮ ਸਿਸਕਦਾ ਹੋਵੇ ।

ਨਾ ਜੀਵੇ ਜ਼ਿੰਦਗੀ ਵਰਗਾ

ਨਾ ਜੀਵੇ ਜ਼ਿੰਦਗੀ ਵਰਗਾ, ਨਾ ਗਾਇਆ ਸ਼ਾਇਰੀ ਵਰਗਾ। ਅਸਾਂ ਤਾਂ ਹਰ ਘੜੀ ਮੌਸਮ ਹੰਢਾਇਆ ਖੁਦਕਸ਼ੀ ਵਰਗਾ। ਜਦੋਂ ਵੀ ਯਾਦ ਆਉਂਦਾ ਹੈ ਕਿਵੇਂ ਤੜਪਾ ਜਿਹਾ ਜਾਂਦੈ, ਥਲਾਂ ਦੀ ਬਾਤ ਪਾਉਂਦਾ ਸੀ ਜੋ ਉਹ ਚਿਹਰਾ ਨਦੀ ਵਰਗਾ। ਅਜੇ ਹਾਸਿਲ ਨਹੀਂ ਹੋਇਆ ਤਦੇ ਹਾਂ ਆਖਦੇ ਸ਼ਾਇਦ, ਕੋਈ ਮੇਵਾ ਨਹੀਂ ਕਿਧਰੇ ਮੁਹੱਬਤ ਦੀ ਖ਼ੁਸ਼ੀ ਵਰਗਾ । ਮੈਂ ਉਸ ਦਿਨ ਤੋਂ ਹੀ ਸਮਝਾਂਗਾ ਕਿ ਮੈਨੂੰ ਮਿਲ ਗਈ ਮੰਜ਼ਲ, ਕੋਈ ਜਦ ਆਦਮੀ ਮਿਲਿਆ ਨਿਰਾ ਬਸ ਆਦਮੀ ਵਰਗਾ। ਮੈਂ ਡਿੱਠਾ ਉਸ ਦਾ ਚਾਨਣ ਹੀ ਵੈਰੀ ਹੈ ਧੁਰੋਂ ਉਸ ਦਾ, ਵਿਚਾਰੀ ਵੇਸਵਾ ਚਿਹਰਾ ਹੈ ਜਿਸ ਦਾ ਚਾਂਦਨੀ ਵਰਗਾ। ਮੈਂ ਲੋਕਾਂ ਦੇ ਗੁਨਾਹਾਂ ਦੀ ਸਜ਼ਾ ਹੱਸ ਹੱਸ ਕੇ ਭੋਗੀ ਹੈ, ਕੋਈ ਆਲਮ ਨਹੀਂ ਕਿਧਰੇ ਮੇਰੀ ਦੀਵਾਨਗੀ ਵਰਗਾ ! ਤੇਰਾ ਚਿਹਰਾ ਕਿਸੇ ਸਾਜ਼ਿਸ਼ ਦਾ ਦਮ ਭਰਦਾ ਪਿਐ 'ਕੇਸ਼ੀ, ਕੋਈ ਚਾਤਰ ਨਹੀਂ ਮਿਲਣਾ ਤੇਰੀ ਬੇਚਾਰਗੀ ਵਰਗਾ ।

ਕੁਝ ਕਹਿਰ ਸੌਂ ਗਿਆ ਹੈ

ਕੁਝ ਕਹਿਰ ਸੌਂ ਗਿਆ ਹੈ, ਕੁਝ ਕਹਿਰ ਮਰ ਗਿਆ ਹੈ। ਸਮਝੋ ਨਾ ਫਿਰ ਵੀ ਯਾਰੋ ਕਿ ਜ਼ਹਿਰ ਮਰ ਗਿਆ ਹੈ। ਹੁਣ ਤੂੰ ਜਦੋਂ ਮੁੜੇਂਗਾ ਤੈਨੂੰ ਨਾ ਘਰ ਮਿਲੇਗਾ, ਜੋ ਛੱਡ ਗਿਆ ਸੈਂ ਪਿੱਛੇ ਉਹ ਸ਼ਹਿਰ ਮਰ ਗਿਆ ਹੈ। ਇਸ ਸ਼ਹਿਰ ਦੇ ਖ਼ੁਦਾ ਦਾ ਮੈਨੂੰ ਨਾ ਭੇਤ ਆਇਆ, ਕਿਸ ਪਹਿਰ ਜੀਵਿਆ ਉਹ, ਕਿਸ ਪਹਿਰ ਮਰ ਗਿਆ ਹੈ। ਕੁਝ ਬਹੁਤ ਪਿਆਰੇ ਫੁੱਲਾਂ ਦਾ ਬਾਪ ਸੀ ਜੋ, ਛੱਡ ਕੇ ਉਹ ਆਪਣੇ ਪਿੱਛੇ ਦੋਪਹਿਰ ਮਰ ਗਿਆ ਹੈ। ਜੋ ਸਾਗਰਾਂ ਦੀ ਹਿੱਕ ਤੇ ਤਰਦਾ ਸੀ ਫੁੱਲ ਬਣ ਕੇ, ਅੱਜ ਹੋ ਕੇ ਪਾਣੀਆਂ ਦੀ ਇੱਕ ਲਹਿਰ ਮਰ ਗਿਆ ਹੈ। 'ਕੇਸ਼ੀ' ਨੂੰ ਇਹ ਗਿਲਾ ਹੈ, ਕਵਿਤਾ ਦਾ ਇਕ ਵਰੋਲਾ, ਆਪਣੀ ਜ਼ਮੀਨ ਲੱਭਦਾ ਬਿਨ-ਬਹਿਰ ਮਰ ਗਿਆ ਹੈ।

ਸਹਿਮੇ ਪੱਤਿਆਂ ਦੀ ਗੂੰਗੀ ਸਰਸਰ

ਸਹਿਮੇ ਪੱਤਿਆਂ ਦੀ ਗੂੰਗੀ ਸਰਸਰ ਨੂੰ ਕੀ ਆਖੋਗੇ ? ਵਿਲਕ ਪਈ ਖਾਮੋਸ਼ੀ ਜੇ ਕਰ ਤਾਂ ਸਵਰ ਨੂੰ ਕੀ ਆਖੋਗੇ ? ਜਾਗਦੀਆਂ ਸੋਚਾਂ ਤੇ ਐਵੇਂ ਪਹਿਰਾ ਲਾਈ ਰੱਖਦੇ ਹੋ, ਪਹਿਰੇ ਨੂੰ ਜਦ ਨੀਂਦਰ ਆਈ ਨੀਂਦਰ ਨੂੰ ਕੀ ਆਖੋਗੇ ? ਜਦ ਖ਼ਾਬਾਂ ਦੀਆਂ ਝੀਲਾਂ ਅੰਦਰ ਤੁਸੀਂ ਨਹਾ ਕੇ ਪਰਤੋਗੇ, ਮੇਰੀ ਅੱਖ ਵਿੱਚ ਪੱਥਰ ਹੋਈ ਅੱਥਰ ਨੂੰ ਕੀ ਆਖੋਗੇ ? ਕੰਧਾਂ, ਛੱਤਾਂ, ਚਾਰਦੀਵਾਰੀ ਨੂੰ ਹੀ ਤਾਂ ਘਰ ਕਹਿੰਦੇ ਹੋ, ਕੰਧਾਂ ਛੱਤਾਂ ਤੋਂ ਜੋ ਵਿਰਵਾ, ਉਸ ਘਰ ਨੂੰ ਕੀ ਆਖੋਗੇ ? ਸਾਡੇ ਘਰ ਦਾ ਭੇਤ ਲਿਜਾ ਕੇ ਗ਼ੈਰਾਂ ਨੂੰ ਜੋ ਦੇਂਦਾ ਹੈ, ਐ ਮਿੱਤਰ ਜੀ ਦੱਸੋ ਐਸੇ ਮਿੱਤਰ ਨੂੰ ਕੀ ਆਖੋਗੇ ? ਸਾਰੀ ਗਾਥਾ ਵਿੱਚ ਹੀ ਜਿਸ ਨੇ ਕਾਲੀ ਸੋਚ ਹੰਢਾਈ ਹੈ, ਬੰਦਾ ਜੇ ਨਾ ਆਖੋਗੇ ਉਸ ਪਾਤਰ ਨੂੰ ਕੀ ਆਖੋਗੇ ? ਆਪਣੀ ਉਂਗਲੀ ਦੇ ਫੱਟ ਦੀ ਰੱਤ ਆਪਣਾ ਹੀ ਮੂੰਹ ਚੂਸੇ ਜਾਂ, 'ਕੇਸ਼ੀ' ਨੂੰ ਇਹ ਦੱਸੋ ਐਸੇ ਮੰਜ਼ਰ ਨੂੰ ਕੀ ਆਖੋਗੇ ?

ਸਹਿਜ ਭਾਵੀ ਜਾਂ ਉਤੇਜਕ ਸੋਚਦੈ

ਸਹਿਜ ਭਾਵੀ ਜਾਂ ਉਤੇਜਕ ਸੋਚਦੈ। ਹਰ ਕੋਈ ਬਸ ਖ਼ੁਦ ਮੁਤਾਬਕ ਸੋਚਦੈ। ਕਰਫ਼ਿਊ ਦੌਰਾਨ ਰੌਣਕ ਭਾਲਦੈ, ਅਜਬ ਹੈ ਉਹ ਸ਼ਖਸ ਰੌਚਕ ਸੋਚਦੈ । ਬਾਜ਼ ਨੂੰ ਲਾਈ ਸੂ ਕਲਗੀ ਮੋਰ ਦੀ, ਹਾਇ ! ਉਹ ਕਿੰਨਾਂ ਰੁਮਾਂਟਿਕ ਸੋਚਦੈ । ਇਹ ਦ੍ਰਿਸ਼ਟੀ ਮਾਰ ਹੈ ਇੱਕ ਫੂਕ ਦੀ, ਵਕਤ ਦਾ ਮਗਰੂਰ ਬਾਸ਼ਕ ਸੋਚਦੈ । ਵਾਵਰੋਲੇ ਦੀ ਦਿਸ਼ਾ ਕਿਹੜੀ ਕਹਾਂ, ਗੇੜ ਖਾਂਦਾ ਪੌਣ-ਸੂਚਕ ਸੋਚਦੈ । ਤੇਰੇ ਦੀਵਾਨੇ ਦਾ ਦਿਲ ਕਿੱਥੇ ਗਿਆ, ਇਹ ਵੀ ਹੁਣ ਆਪਣੀ ਖ਼ੁਦੀ ਤੱਕ ਸੋਚਦੈ। ਲਿਖ ਦਿਉ 'ਕੇਸ਼ੀ' ਨੂੰ ਵੀ ਗ਼ੈਰਾਂ 'ਚ ਹੁਣ, ਹਾਕਮਾਂ ਵਾਂਗਰ ਇਹ ਘਾਤਕ ਸੋਚਦੈ ।

ਤੁਸਾਂ ਢਾਹਿਆ ਤਾਂ ਹੈ ਪਰ

ਤੁਸਾਂ ਢਾਹਿਆ ਤਾਂ ਹੈ ਪਰ ਮੁੜ ਅਸੀਂ ਇਹ ਘਰ ਬਣਾਵਾਂਗੇ । ਤੁਸੀਂ ਦੇਖੋਗੇ ਪਹਿਲਾਂ ਤੋਂ ਕਿਤੇ ਬਿਹਤਰ ਬਣਾਵਾਂਗੇ । ਉਹ ਸ਼ੁਹਦਾ ਬਿਰਖ ਸਾਡਾ ਹੋਣ ਤੋਂ ਇਨਕਾਰ ਕਰਦਾ ਹੈ, ਅਸੀਂ ਵੀ ਆਲ੍ਹਣਾ ਉਸ ਬਿਰਖ ਤੇ ਕਿਉਂਕਰ ਬਣਾਵਾਂਗੇ। ਅਸਾਂ ਨੂੰ ਵੇਖ ਕੇ ਪਾਈਆਂ ਤੁਸਾਂ ਮਸਤਕ ਤੇ ਜੋ ਲੀਕਾਂ, ਅਸੀਂ ਉਹਨਾਂ ਤੋਂ ਆਪਣੀ ਪੀੜ ਦਾ ਚਿੱਤਰ ਬਣਾਵਾਂਗੇ। ਜਦੋਂ ਮਹਿਕਾਂ ਹੀ ਅਹਿਸਾਸਾਂ ਨੂੰ ਜ਼ਖ਼ਮੀ ਕਰਨ ਤੁਰ ਪਈਆਂ, ਅਸੀਂ ਜ਼ਾਹਿਰ ਹੈ ਆਪਣੇ ਆਪ ਨੂੰ ਪੱਥਰ ਬਣਾਵਾਂਗੇ । ਜਦੋਂ ਪੁੱਛਿਆ ਕਿਸੇ ਸਾਨੂੰ ਕਿ ਦੱਸੋ ਜ਼ਿੰਦਗੀ ਕੀ ਹੈ ? ਅਸੀਂ ਇੱਕ ਸਾਫ਼ ਕਾਗ਼ਜ਼ ਤੇ ਕਈ ਚੱਕਰ ਬਣਾਵਾਂਗੇ । ਬਹਾਨੇ ਓਸ ਦੇ 'ਕੇਸ਼ੀ' ਅਸੀਂ ਖ਼ੁਦ ਨੂੰ ਹੀ ਪੂਜਾਂਗੇ, ਖ਼ੁਦਾ ਨੂੰ ਤਾਂ ਅਸੀਂ ਕੇਵਲ, ਖ਼ੁਦਾ ਮਾਤਰ ਬਣਾਵਾਂਗੇ।

ਨਾ ਚੇਤਰ ਸੀ ਮੇਰਾ ਕੋਈ

ਨਾ ਚੇਤਰ ਸੀ ਮੇਰਾ ਕੋਈ, ਨਾ ਕੋਈ ਸਾਵਣ ਸੀ। ਮੇਰਾ ਤਾਂ ਪੱਤਝੜਾਂ ਦੇ ਨਾਲ ਉੱਠਣ ਬੈਠਣ ਸੀ। ਹਮੇਸ਼ਾ ਹਰ ਘੜੀ ਮੈਨੂੰ ਹੀ ਤੋੜਿਆ ਉਸ ਨੇ, ਮੇਰੇ ਅੰਦਰ ਹੀ ਕੋਈ ਸ਼ਖ਼ਸ ਮੇਰਾ ਦੁਸ਼ਮਣ ਸੀ। ਤੇਰੇ ਆਕਾਸ਼ ਤੇ ਤਾਰੇ ਨਜ਼ਰ ਕਿਵੇਂ ਆਉਂਦੇ, ਤੇਰੇ ਆਕਾਸ਼ ਤੇ ਸੂਰਜ ਦਾ ਖ਼ੂਬ ਚਾਨਣ ਸੀ। ਮੈਂ ਐਸੇ ਸ਼ਖ਼ਸ ਦੀ ਅਪਣੱਤ ਕਬੂਲਦਾ ਕੀਕਰ, ਜਿਦ੍ਹੇ ਹਰ ਬੋਲ ਵਿਚ ਅੰਤਾਂ ਦਾ ਅਜਨਬੀਪਣ ਸੀ । ਅਸਾਂ ਦਾ ਜੀਣ ਵੀ ਕੀ ਜੀਣ ਸੀ ਤੇਰੇ ਬਾਝੋਂ, ਕਿ ਵਾਲੋਂ ਨਿੱਕਿਆਂ ਰਾਹਾਂ ਦੇ ਉਤੋਂ ਗੁਜ਼ਰਣ ਸੀ। ਇਹ ਜਿਹੜਾ ਬਿਰਖ ਅੱਜ ਸਿਵਿਆਂ 'ਚ ਬਲ ਰਿਹੈ ਯਾਰੋ, ਇਦ੍ਹਾ ਹਾਣੀ ਕਦੀ ਤੀਆਂ ਦਾ ਇੱਕ ਤ੍ਰਿੰਝਣ ਸੀ। ਹਯਾਤੀ ਕੀ ਸੀ ਬਸ ਇੱਕ ਇਮਤਿਹਾਨ ਸੀ ‘ਕੇਸ਼ੀ', ਜ਼ਮਾਨੇ ਸਾਹਮਣੇ ਆਪਣੀ ਖ਼ੁਦੀ ਨੂੰ ਪਰਖਣ ਸੀ।

ਖਿੰਡਾ ਕੇ ਆਲ੍ਹਣੇ, ਤੀਲ੍ਹੇ ਨਿਖੇੜ ਕੇ

ਖਿੰਡਾ ਕੇ ਆਲ੍ਹਣੇ, ਤੀਲ੍ਹੇ ਨਿਖੇੜ ਕੇ ਤੁਰ ਗਈ। ਕਿ ਵਰਖਾ ਕੋਠਿਆਂ ਦੇ ਲੇਅ ਉਚੇੜ ਕੇ ਤੁਰ ਗਈ । ਉਹ ਸ਼ੁਹਦੀ ਰਾਤ ਜੋ ਆਈ ਸੀ ਰਫ਼ੂਗਰ ਬਣ ਕੇ, ਉਹ ਭੈੜੀ ਦਿਲ ਦੇ ਸਭ ਟਾਂਕੇ ਉਧੇੜ ਕੇ ਤੁਰ ਗਈ । ਮੇਰੀ ਗ਼ੁਰਬਤ ਦੇ ਸਭ ਜ਼ਖ਼ਮਾਂ ਨੂੰ ਛੇੜ ਕੇ ਤੁਰ ਗਈ, ਉਹ ਚਿੱਟੀ ਕਾਰ ਜੋ ਮੈਨੂੰ ਲਿਬੇੜ ਕੇ ਤੁਰ ਗਈ । ਉਹ ਕਾਲੀ ਗਰਦ ਜੋ ਸਾਵਣ ਦੀ ਘਟਾ ਵਰਗੀ ਸੀ। ਹਨੇਰੀ ਬਣ ਕੇ ਸਭ ਬੂਟੇ ਉਖੇੜ ਕੇ ਤੁਰ ਗਈ । ਉਹ ਕੇਹੀ ਖ਼ਬਰ ਸੀ ਤੇਰੇ ਦਰੋਂ ਜੋ ਆਈ ਸੀ, ਮੇਰੇ ਵਿਸ਼ਵਾਸ ਦੇ ਸ਼ੀਸ਼ੇ ਤਰੇੜ ਕੇ ਤੁਰ ਗਈ । ਬਣਾਇਆ ਮੌਤ ਨੇ ਜਦ ਸ਼ਰਨਗਾਹ ਮੇਰੇ ਘਰ ਨੂੰ, ਹਯਾਤੀ ਵਿਲਕਦੇ ਬਾਰਾਂ ਨੂੰ ਭੇੜ ਕੇ ਤੁਰ ਗਈ ।

ਖ਼ੁਦ ਨੂੰ ਖ਼ੁਦ ਕਹਿੰਦੇ ਸੂਰਜ

ਖ਼ੁਦ ਨੂੰ ਖ਼ੁਦ ਕਹਿੰਦੇ ਸੂਰਜ ਦੇ ਜਾਏ ਹੋ। ਫਿਰ ਵੀ ਕਾਹਤੋਂ ਚਾਨਣ ਦੇ ਤਿਹਾਏ ਹੋ। ਓ ਦਰਿਆਵਾਂ ਸਾਡੀ ਲੋੜ ਸੀ ਕੁਝ ਬੂੰਦਾਂ, ਤੁਸੀਂ ਤਾਂ ਸਾਰਾ ਸਾਗਰ ਹੀ ਲੈ ਆਏ ਹੋ। ਕੰਡਿਆਂ ਦਾ ਬੀਅ ਫੁੱਲਾਂ ਵਿੱਚ ਹੀ ਪਲਦਾ ਹੈ, ਇਹ ਸਦੀਆਂ ਦਾ ਸੱਚ ਹੈ ਕਿਉਂ ਬੁਖਲਾਏ ਹੋ ? ਮੈਨੂੰ ਹਰ ਪਲ ਤੁਰ ਜਾਹ, ਤੁਰ ਜਾਹ ਕਹਿੰਦੇ ਸਉ, ਤੁਰ ਚੱਲਿਆ ਹਾਂ ਤਾਂ ਪਿੱਛੇ ਕਿਉਂ ਆਏ ਹੋ । ਸਾਡਾ ਦੀਵਾ ਜਗਦਾ ਵੇਖ ਨਾ ਜਰਦੇ ਹੋ, ਖ਼ੂਬ ਗੁਆਂਢੀ ਹੋ, ਚੰਗੇ ਹਮਸਾਏ ਹੋ । ਚਿਹਰਾ ਦੱਸਦਾ ਹੈ ਕਿ ਰੁੰਨੇ ਹੋ 'ਕੇਸ਼ੀ', ਕਿਸ ਨੂੰ ਆਪਣਾ ਦਰਦ ਸੁਣਾ ਕੇ ਆਏ ਹੋ ?

ਕਿਸੇ ਵੇਲੇ ਤਾਂ ਬੰਦੇ ਨੂੰ ਖ਼ੁਦਾ

ਕਿਸੇ ਵੇਲੇ ਤਾਂ ਬੰਦੇ ਨੂੰ ਖ਼ੁਦਾ ਚੇਤੇ ਨਹੀਂ ਰਹਿੰਦਾ। ਅਸਲ ਵਿਚ ਉਸ ਨੂੰ ਆਪਣਾ ਹੀ ਪਤਾ ਚੇਤੇ ਨਹੀਂ ਰਹਿੰਦਾ। ਅਸਾਂ ਦੀ ਹਰ ਖ਼ਤਾ, ਹਰ ਬੇਬਸੀ ਨੂੰ ਯਾਦ ਰੱਖਦੇ ਹੋ, ਨਹੀਂ ਰਹਿੰਦਾ ਤਾਂ ਸਾਡਾ ਤੜਪਣਾ, ਚੇਤੇ ਨਹੀਂ ਰਹਿੰਦਾ। ਕਿਸੇ ਬਦਬੋਲ ਤੇ ਸ਼ਿਕਵਾ ਜੇ ਕਰੀਏ ਵੀ ਤਾਂ ਕਿਉਂ ਕਰੀਏ, ਜਦੋਂ ਸਾਨੂੰ ਵੀ ਸਾਡਾ ਬੋਲਿਆ ਚੇਤੇ ਨਹੀਂ ਰਹਿੰਦਾ । ਜਦੋਂ ਉਹ ਜੀਣ ਜੋਗਾ ਵੀ ਤੇ ਮਰ ਜਾਣਾ ਵੀ ਹੁੰਦਾ ਏ, ਦੁਆ ਤੇ ਬਦਦੁਆ ਵਿੱਚ ਫ਼ਾਸਲਾ, ਚੇਤੇ ਨਹੀਂ ਰਹਿੰਦਾ। ਚਿਰਾਂ ਦੇ ਵਿਛੜੇ ‘ਕੇਸ਼ੀ' ਨੂੰ ਕਿਹੜਾ ਯਾਦ ਕਰਦਾ ਹੈ, ਕਿਸੇ ਨੂੰ ਵੀ ਉਹਦਾ ਤੁਰ ਜਾਵਣਾ, ਚੇਤੇ ਨਹੀਂ ਰਹਿੰਦਾ।

  • ਮੁੱਖ ਪੰਨਾ : ਪੰਜਾਬੀ ਰਚਨਾਵਾਂ : ਹਰਦਿਆਲ ਕੇਸ਼ੀ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ