Punjabi Ghazals & Poems : Hardial Keshi
ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ : ਹਰਦਿਆਲ ਕੇਸ਼ੀ
ਪੰਜਾਬੀ ਗ਼ਜ਼ਲਾਂ
ਤਮਾਸ਼ਾ ਆਪ ਨਾ ਜੇ ਬਾਦਸ਼ਾਹੀਆਂ
ਤਮਾਸ਼ਾ ਆਪ ਨਾ ਜੇ ਬਾਦਸ਼ਾਹੀਆਂ ਕਰਦੀਆਂ ਯਾਰੋ । ਨਾ ਹੁੰਦੇ ਕਤਲ ਬਾਜ਼ਾਂ ਤੋਂ, ਨਾ ਚਿੜੀਆਂ ਮਰਦੀਆਂ ਯਾਰੋ । ਉਹ ਜਿਹੜਾ ਹਰ ਪ੍ਰਾਹੁਣੇ ਵਾਸਤੇ ਬਣਦਾ ਸੀ ਗਲਵੱਕੜੀ ਕਦੀ ਨਾ ਖੁੱਲ੍ਹਦੀਆਂ ਹੁਣ ਖਿੜਕੀਆਂ ਉਸ ਘਰ ਦੀਆਂ ਯਾਰੋ । ਸਰੋਵਰ ਜੰਮ ਕੇ ਜਦ ਬਰਫ਼ ਦਾ ਮੈਦਾਨ ਬਣਿਆ ਸੀ ਭਲਾ ਉਸ ਵਿਚ ਕਿਵੇਂ ਮੁਰਗਾਬੀਆਂ ਫਿਰ ਤਰਦੀਆਂ ਯਾਰੋ । ਮਕਾਨਾਂ ਤੇ ਮਕਾਨਾਂ ਦੀ ਉਸਾਰੀ ਬਹੁਤ ਵੇਖੀ ਸੀ ਨਹੀਂ ਸਨ ਵੇਖੀਆਂ ਕਬਰਾਂ ਇਉਂ ਉੱਸਰਦੀਆਂ ਯਾਰੋ । ਅਸਾਂ ਇਹ ਦੌਰ ਵੀ ਤੱਕਣਾ ਸੀ ਏਨੀ ਬੇਵਿਸਾਹੀ ਦਾ ਕਿ ਕੰਧਾਂ ਅਰ ਦੀਆਂ ਇਕ ਦੂਸਰੀ ਤੋਂ ਡਰਦੀਆਂ ਯਾਰੋ । ਭੁਲੇਖਾ ਦਰ ਭੁਲੇਖਾ ਹੀ ਮਿਲੇਗਾ ਮੇਰੀ ਹਸਤੀ ਚੋਂ ਫਰੋਲੋ ਇੰਜ ਨਾ ਤੈਹਾਂ ਮੇਰੇ ਅੰਦਰ ਦੀਆਂ ਯਾਰੋ ।
ਪੱਥਰ ਦੇ ਘਰ ਵਿੱਚ ਚਿਣੀ ਕੇ
ਪੱਥਰ ਦੇ ਘਰ ਵਿੱਚ ਚਿਣੀ ਕੇ ਖੁਦ ਵੀ ਪੱਥਰ ਹੋਈਆਂ ਨੇ । ਦਹਿਲੀਜ਼ਾਂ ਤਾਂ ਦਹਿਲੀਜ਼ਾਂ ਨੇ, ਨਾ ਹੱਸੀਆਂ ਨਾ ਰੋਈਆਂ ਨੇ । ਕੁਝ ਰੀਝਾਂ ਤਾਂ ਮੇਰੇ ਮਨ ਵਿਚ ਅਣਦਫ਼ਨਾਈਆਂ ਪਈਆਂ ਨੇ ਕਿਹੜੇ ਵੇਲੇ ਮਰ ਗਈਆਂ, ਕੁਝ ਸਾਰ ਨਾ ਦਿੱਤੀ ਮੋਈਆਂ ਨੇ। ਮੇਰੇ ਹੰਝੂ ਜੋ ਦਸਦੇ ਨੇ ਇਹ ਪੀੜਾਂ ਕੀ ਪੀੜਾਂ ਨੇ ? ਮਾਰੂ ਪੀੜਾਂ ਤਾਂ ਮੈਂ ਅਪਣੇ ਹਾਸੇ ਵਿੱਚ ਲੁਕੋਈਆਂ ਨੇ । ਕਦੇ ਕਦਾਈਂ ਉਹਨਾ ਨੂੰ ਦਰਸ ਦਿਖਾ ਕੇ ਆਇਆ ਕਰ ਜਿੰਨ੍ਹਾਂ ਤੇਰੀ ਖਾਤਰ ਹੰਝੂਆਂ ਨਾਲ ਬਰੂਹਾਂ ਧੋਈਆਂ ਨੇ। ਆ ਮਨ ਸਾਧਾ, ਦਸਤਕ ਦੇਈਏ ਹੋਰ ਕਿਸੇ ਦਰਵਾਜ਼ੇ ਤੇ ਇਕ ਬੂਹਾ ਜੇ ਸਜਣਾ ਢੋਇਆ, ਹੋਰ ਹਜ਼ਾਰਾਂ ਢੋਈਆਂ ਨੇ । ਖਬਰੇ ਕਿਤੇ ਗੁਆਚੀ ਹੋਈ ਚਾਨਣ ਦੀ ਛਿੱਟ ਮਿਲ ਜਾਵੇ 'ਕੇਸ਼ੀ' ਨੇ ਇਸ ਆਸ ਚ ਸਿਰ ਤੇ ਬਹੁਤ ਕਾਲਖਾਂ ਢੋਈਆਂ ਨੇ ।
ਉਹ ਤਾਂ ਧਰਤੀ ਦੇ ਕੰਬਣ ਤੇ
ਉਹ ਤਾਂ ਧਰਤੀ ਦੇ ਕੰਬਣ ਤੇ ਡਿੱਗ ਪਏ ਸਨ ਸੱਜਣ ਜੀ । ਮਨ ਦੀ ਮਮਟੀ ਤੇ ਜੋ ਆਪਾਂ ਦੀਪ ਧਰੇ ਸਨ ਸੱਜਣ ਜੀ । ਕਿਸ ਦੀ ਸਿਤਮ - ਜ਼ਰੀਫ਼ੀ ਹੈ ਕਿ ਇਹ ਬੇ -ਛਾਂਵੇਂ ਹੋਏ ਨੇ ਇਹ ਬੂਟੇ ਤਾਂ ਪਿਛਲੇ ਸਾਲੀਂ ਬਹੁਤ ਹਰੇ ਸਨ ਸੱਜਣ ਜੀ । ਮੈਂ ਹਾਲੇ ਵੀ ਉਹਨਾ ਅੰਦਰ ਡੁਬਦਾ ਤਰਦਾ ਰਹਿੰਦਾ ਹਾਂ ਮੈਥੋਂ ਵਿਛੜਨ ਲੱਗਿਆਂ ਜੋ ਤੂੰ ਨੈਣ ਭਰੇ ਸਨ ਸੱਜਣ ਜੀ । ਕਦੇ ਕਦੇ ਹੁਣ ਵੀ ਉਹਨਾ ਦੀ ਯਾਦ ਸੁਆਂਦੀ ਲਗਦੀ ਹੈ ਆਪਾਂ ਰਲਕੇ ਲੋਕਾਂ ਦੇ ਜੋ ਸਿਤਮ ਜਰੇ ਸਨ ਸੱਜਣ ਜੀ । ਅੱਜ ਦੀ ਪਹਿਲੀ ਸੁਰਖੀ ਦੈ ਵਿਚ ਉਸ ਦੇ ਕਤਲ ਦਾ ਚਰਚਾ ਹੈ ਜਿਸ ਨੇ ਹੱਸ ਕੇ ਸੋਗ ਭਰੇ ਅਖ਼ਬਾਰ ਪੜ੍ਹੇ ਸਨ ਸੱਜਣ ਜੀ । ਮੈਂ ਖੁਸ਼ ਹਾਂ ਕਿ ਜਿਸ ਦਿਨ ਮੈਨੂੰ ਪੱਥਰ ਮਾਰੇ ਜਾਣੇ ਸਨ ਇੱਕ ਫੁੱਲ ਲੈ ਕੇ ਲੋਕਾਂ ਦੇ ਵਿਚਕਾਰ ਖੜ੍ਹੇ ਸਨ ਸੱਜਣ ਜੀ ।
ਹਾਦਸਾ ਦਰ ਹਾਦਸਾ ਦਰ ਹਾਦਸਾ
ਹਾਦਸਾ ਦਰ ਹਾਦਸਾ ਦਰ ਹਾਦਸਾ ਹੁੰਦਾ ਗਿਆ । ਇੰਜ ਹੀ ਪੀੜਾਂ ਦਾ ਲੰਬਾ ਸਿਲਸਿਲਾ ਹੁੰਦਾ ਗਿਆ । ਉਹ ਬੁਰਾ ਕਰਦਾ ਗਿਆ, ਮੇਰਾ ਭਲਾ ਹੁੰਦਾ ਗਿਆ । ਇਸ ਤਰਾਂ ਬਸ ਦੋਸਤੀ ਦਾ ਹੱਕ ਅਦਾ ਹੁੰਦਾ ਗਿਆ। ਦੂਰ ਹਾਂ ਪਰ ਫੇਰ ਵੀ ਸਾਡਾ ਕੋਈ ਰਿਸ਼ਤਾ ਤੇ ਹੈ ਉਹ ਸਿਤਾਰਾ ਬਣ ਗਿਆ ਤੇ ਮੈਂ ਖ਼ਲਾਅ ਹੁੰਦਾ ਗਿਆ । ਹੌਲੀ ਹੌਲੀ ਕਰ ਗਈ ਕੰਮ ਵਕਤ ਦੀ ਸਾਜਿਸ਼ ਹਜ਼ੂਰ ਹੌਲੀ ਹੌਲੀ ਮਾਸ ਨਹੁੰਆਂ ਤੋਂ ਜੁਦਾ ਹੁੰਦਾ ਗਿਆ । ਉਹ ਜਦੋਂ ਮਿਲਿਆ ਸੀ ਭੋਲਾ ਸੀ, ਬੜਾ ਮਾਸੂਮ ਸੀ ਵੇਖ ਕੇ ਦੁਨੀਆਂ ਨੂੰ ਉਹ ਦੁਨੀਆਂ ਜਿਹਾ ਹੁੰਦਾ ਗਿਆ।
ਤੇਰੇ ਸੁਪਨੇ ਦਾ ਘੇਰਾ ਤਾਂ
ਤੇਰੇ ਸੁਪਨੇ ਦਾ ਘੇਰਾ ਤਾਂ ਅੰਬਰ ਤੀਕਰ ਹੋਵੇਗਾ । ਪਰ ਤੂੰ ਵੇਖੀਂ ਅੰਬਰ ਤੋਂ ਵੀ ਅੱਗੇ ਅੰਬਰ ਹੋਵੇਗਾ । ਲੰਬੇ ਰਾਹੀਂ ਜਦ ਤੂੰ ਖੁਦ ਨੂੰ ਭਾਲਣ ਤੁਰਿਆ, ਦੇਖ ਲਵੀਂ ਪੈਰਾਂ ਹੇਠਾਂ ਰੇਤ , ਖਿਆਲਾਂ ਵਿੱਚ ਸਮੁੰਦਰ ਹੋਵੇਗਾ । ਸਾਰੀ ਉਮਰਾ ਮੈਨੂੰ ਭਟਕਾਇਆ ਏ ਇਸ ਖੁਸ਼ਫ਼ਹਿਮੀ ਨੇ ਖਬਰੇ ਅਗਲਾ ਮੰਜ਼ਰ ਇਸ ਤੋਂ ਸੋਹਣਾ ਮੰਜ਼ਰ ਹੋਵੇਗਾ । ਵੇਖੀਂ ਫਿਰ ਤੂੰ ਬੱਦਲ ਬਣ ਕੇ ਸਾਰਾ ਅੰਬਰ ਮਾਣੇਂਗਾ ਤੇਰੀ ਹਸਤੀ ਦਾ ਸਾਗਰ ਜਦ ਬੂੰਦ ਬਰਾਬਰ ਹੋਵੇਗਾ । ਸ਼ੀਸ਼ੇ ਅੰਦਰ ਅਪਣਾ ਚਿਹਰਾ ਹੈਰਤ ਨਾਲ ਨਿਹਾਰੇਗਾ ਆਸ ਨਹੀਂ ਸੀ ਬੰਦਾ ਖੁਦ ਤੋਂ ਏਨਾ ਮੁਨਕਰ ਹੋਵੇਗਾ । ਜਿਹੜੇ ਘਰ ਦਾ ਹਰ ਬੂਹਾ, ਹਰ ਬਾਰੀ ਖੁੱਲ੍ਹੀ ਹੋਵੇਗੀ ਯਾਦ ਰਹੇ ਕਿ ਬੇਸ਼ੱਕ ਓਹੀ, ਕੇਸ਼ੀ ਦਾ ਘਰ ਹੋਵੇਗਾ ।
ਚਲੋ ਤਾਰੀਖ਼ ਨੂੰ ਇਹ ਖ਼ੂਬਸੂਰਤ
ਚਲੋ ਤਾਰੀਖ਼ ਨੂੰ ਇਹ ਖ਼ੂਬਸੂਰਤ ਹਾਦਸਾ ਦੇਈਏ। ਬੜੇ ਖ਼ਾਮੋਸ਼ ਨੇ ਲੋਕਾਂ ਨੂੰ ਬੋਲਣ ਦਾ ਵਿਸ਼ਾ ਦੇਈਏ। ਨਹੀਂ ਨਗ਼ਮਾ ਬਣੇ ਤਾਂ ਦੋਸਤੋ ਬਣ ਕੇ ਲਤੀਫ਼ਾ ਹੀ, ਘੜੀ ਪਲ ਵਾਸਤੇ ਰੋਂਦੇ ਜ਼ਮਾਨੇ ਨੂੰ ਹਸਾ ਦੇਈਏ। ਭਰੇ ਮੇਲੇ ’ਚ ਯਾਰੋ! ਲੋਕ ਸਾਰੇ ਹੋ ਗਏ ਮੁਰਦਾ, ਅਸੀਂ ਘਰ-ਘਰ ਕਿਸੇ ਦੀ ਮੌਤ ਦਾ ਕੀਕਰ ਪਤਾ ਦੇਈਏ। ਨਹੀਂ ਕੁਝ ਹੋਰ ਕੇਵਲ ਸ਼ਬਦ ਹੀ ਤਾਂ ਕੋਲ ਨੇ ਸਾਡੇ, ਚਲੋ ਕੁਝ ਆਖ ਕੇ ਹੀ ਜ਼ਿੰਦਗੀ ਨੂੰ ਹੌਸਲਾ ਦੇਈਏ। ਸਦੀ ਮਘਦੀ ਰਹੇ ਨਿਰਮਲ ਦਿਨਾਂ ਦੇ ਸੂਰਜਾਂ ਵਾਂਗੂੰ, ਹਯਾਤੀ ਨੂੰ ਰਤਾ ਕੁ ਇਸ਼ਕ ਦੀ ਅਗਨੀ ਛੁਹਾ ਦੇਈਏ। ਜਫ਼ਾ ਕਰੀਏ ਮਗਰ ਏਦਾਂ ਕਿ ਯਾਰਾਂ ਨੂੰ ਵਫ਼ਾ ਜਾਪੇ, ਦਿਲਾਂ ਅੰਦਰ ਜਲਨ ਲੈ ਕੇ ਲਬਾਂ ’ਤੇ ਮੁਸਕਰਾ ਦੇਈਏ।
ਏਸੇ ਨੂੰ ਹੋਣੀ ਆਖਦੇ
ਏਸੇ ਨੂੰ ਹੋਣੀ ਆਖਦੇ ਏਸੇ ਨੂੰ ਹੋਵਣ ਹਾਰ ਵੇ । ਕਿ ਖੁਰਦੇ ਖੁਰਦੇ ਖੁਰ ਗਏ ਸੰਗਮਰਮਰੀ ਕਿਰਦਾਰ ਵੇ । ਨਾ ਰੱਜ ਹੰਢਾਈ ਦੁਸ਼ਮਨੀ ਨਾ ਰੱਜ ਹੰਢਾਏ ਯਾਰ ਵੇ, ਹਾਏ ! ਬੋਲੇ ਸਰਵਣ ਮਾਣਦੇ ਸਾਡੀ ਝਾਂਜਰ ਦੀ ਛਣਕਾਰ ਵੇ । ਨਾ ਬਰਸੇ ਬਣਕੇ ਮੇਘਲੇ ਨਾ ਹੋ ਸਕੇ ਅਸੀਂ ਔੜ ਵੇ, ਨਾ ਮਹਿਕ ਗੁਲਾਬੀ ਫੁੱਲ ਦੀ ਨਾ ਭੈੜੇ ਅੱਕ ਦੀ ਕੌੜ ਵੇ । ਬੱਸ ਬਿਨ ਸੋਚੇ ਹੀ ਠਿਲ੍ਹ ਪਏ ਤੇ ਡੁੱਬੇ ਅਧ ਵਿਚਕਾਰ ਵੇ, ਸਭਨਾ ਜਿੱਤੀ ਆਂ ਬਾਜ਼ੀਆਂ ਤੇ ਸਾਨੂੰ ਆ ਗਈ ਹਾਰ ਵੇ । ਪੰਜਾਬੀ ਕਵਿਤਾਵਾਂ
ਮੈਂ ਇਕੱਲਾ ਤੇ ਨਹੀਂ ਹਾਂ
ਮੈਂ ਇਕੱਲਾ ਤੇ ਨਹੀਂ ਹਾਂ ਐ ਮੇਰੀ ਮਹਿਬੂਬ ਤੂੰ ਕੁਝ ਗ਼ਮ ਨਾ ਕਰ ਵੇਖ ਮੇਰੇ ਨਾਲ ਮੇਰੀ ਜਿੰਦਗੀ ਦੇ ਪੈਂਡਿਆਂ ਵਿਚ ਅਰਧ – ਯਾਰਾਂ ਦਾ ਕਿਵੇਂ ਇੱਕ ਕਾਫਲਾ ਚਲਦਾ ਪਿਆ ਹੈ ਯਾਰ ! ਜੋ ਚੰਚਲ ਪਲਾਂ ਵਿਚ ਸਾਵੀਆਂ ਤੇ ਪੀਲੀਆਂ ਚੁੰਨੀਆਂ ਦੀ ਰੰਗਲੀ ਬਾਤ ਪਾਉਂਦੇ ਜਾਂ ਕਿਸੇ ਕਲਪਿਤ ਜਿਹੇ ਮਹਿਬੂਬ ਦੇ ਚਰਚੇ ਚੋਂ ਖੁਦ ਨੂੰ ਭਾਲਦੇ ਜਾਂ ਕਿਸੇ ਅਸ਼ਲੀਲ ਘਟਨਾ ਦਾ ਮੁਲਾਂਕਣ ਕਰਦਿਆਂ ਟਪਕਦੇ ਅੰਬਾਂ ਜਿਹੇ ਲਫਜਾਂ ਨੂੰ ਮੁੜ ਮੁੜ ਚੂਸਦੇ । ਯਾਰ ! ਜੋ ਭਾਵੁਕ ਪਲਾਂ ਵਿਚ ਇਨਕਲਾਬਾਂ ਦੀ ਕਥਾ ਵੀ ਛੇੜ ਬਹਿੰਦੇ ਨੇ ਕਦੀ ਜਦ ਕਦੀ ਹੋਵੇ ਸ਼ਹਾਦਤ ਦਾ ਜ਼ਿਕਰ ਜਾਂ ਜ਼ਹਿਰ ਦੇ ਡੀਕਣ ਦੀ ਗੱਲ ਛੇੜੇ ਕੋਈ ਤਾਂ ਕਲਪਨਾਂ ਵਿਚ ਰੋਲ ਕਰ ਜਾਂਦੇ ਅਦਾ ਸੁਕਰਾਤ ਦਾ ਪਰ ਅੰਤ ਆਪਣੇ ਰਾਹ ਦੀਆਂ ਕੰਧਾਂ ਗਿਣਾ ਕੇ ਬੁਜਦਿਲੀ ਪਹਿਣੀ ਘਰਾਂ ਨੂੰ ਪਰਤਦੇ ਮੈਂ ਇਕੱਲਾ ਤੇ ਨਹੀਂ ਹਾਂ ਐ ਮੇਰੀ ਮਹਿਬੂਬ ਤੂੰ ਕੁਝ ਗ਼ਮ ਨਾ ਕਰ
ਮੰਡੀ
ਇਸ ਮੰਡੀ ਵਿਚ ਪੱਥਰ ਦਾ ਮੁੱਲ , ਲੋਹੇ ਦਾ ਮੁੱਲ ਪੈਂਦਾ । ਇਸ ਮੰਡੀ ਵਿਚ ਮਿੱਟੀ ਦਾ ਮੁੱਲ, ਗੋਹੇ ਦਾ ਮੁੱਲ ਪੈਂਦਾ । ਇਸ ਮੰਡੀ ਵਿਚ ਮੁੱਲ ਹੀਣ ਹਨ, ਰੌਸ਼ਨ ਪਾਕ ਜਮੀਰਾਂ, ਇਸ ਮੰਡੀ ਵਿਚ ਵਿਕ ਗਈਆਂ ਨੇ, ਖ੍ਵਾਬਾਂ ਦੀਆਂ ਤਾਬੀਰਾਂ । ਲੋਕੀ ਖੂਬ ਖਰੀਦ ਰਹੇ ਨੇ, ਕੱਚ ਦੀਆਂ ਤਸਵੀਰਾਂ, ਲੋਕੀ ਅੱਜ ਕਲ੍ਹ ਵੇਚ ਰਹੇ ਨੇ, ਆਪਣੀ ਰੂਹ ਦੀਆਂ ਲੀਰਾਂ । ਇਸ ਮੰਡੀ ਵਿਚ ਆਦਮ ਨੇ ਹੈ, ਆਪਣਾ ਮੁੱਲ ਗਵਾਇਆ, ਵੇਖੋ ਮਾਸਾ ਚਾਂਦੀ ਬਦਲੇ, ਖੁਦ ਨੂੰ ਵੇਚਣ ਆਇਆ ।