ਗੁਰੂ ਅਰਜਨ ਦੇਵ ਜੀ

ਗੁਰੂ ਅਰਜਨ ਦੇਵ ਜੀ (੧੫ ਅਪ੍ਰੈਲ ੧੫੬੩ – ੩੦ ਮਈ ੧੬੦੬) ਸਿੱਖਾਂ ਦੇ ਪੰਜਵੇਂ ਗੁਰੂ ਸਨ। ਉਹ ਚੌਥੇ ਗੁਰੂ, ਗੁਰੂ ਰਾਮ ਦਾਸ ਜੀ ਅਤੇ ਮਾਤਾ ਭਾਨੀ ਜੀ ਦੇ ਸਭ ਤੋਂ ਛੋਟੇ ਪੁੱਤਰ ਸਨ। ਉਨ੍ਹਾਂ ਦਾ ਜਨਮ ਗੋਇੰਦਵਾਲ ਸਾਹਿਬ ਵਿਖੇ ਵੈਸਾਖ ਵਦੀ ਸੱਤ (੧੯ ਵੈਸਾਖ), ਸੰਮਤ ੧੬੨੦ ਨੂੰ ਹੋਇਆ। ਬਚਪਨ ਤੋਂ ਹੀ ਉਨ੍ਹਾਂ ਵਿੱਚ ਡੂੰਘੀ ਆਧਿਆਤਮਿਕਤਾ, ਨਿਮਰਤਾ ਅਤੇ ਪ੍ਰਭੂ-ਭਗਤੀ ਦੇ ਗੁਣ ਮੌਜੂਦ ਸਨ। ੧ ਸਤੰਬਰ ੧੫੮੧ ਨੂੰ ਉਹ ਸਿੱਖ ਪੰਥ ਦੇ ਪੰਜਵੇਂ ਗੁਰੂ ਬਣੇ ਅਤੇ ਆਪਣੇ ਗੁਰਿਆਈ ਕਾਲ ਦੌਰਾਨ ਸਿੱਖ ਧਰਮ ਦੀਆਂ ਸੰਸਥਾਵਾਂ ਨੂੰ ਮਜ਼ਬੂਤ ਕੀਤਾ।

ਗੁਰੂ ਅਰਜਨ ਦੇਵ ਜੀ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਆਦਿ ਗ੍ਰੰਥ ਦੀ ਸੰਪਾਦਨਾ ਸੀ। ਸੰਨ ੧੬੦੪ ਵਿੱਚ ਉਨ੍ਹਾਂ ਨੇ ਪਹਿਲੇ ਪੰਜ ਸਿੱਖ ਗੁਰੂਆਂ ਦੀ ਬਾਣੀ ਦੇ ਨਾਲ-ਨਾਲ ਹਿੰਦੂ ਅਤੇ ਮੁਸਲਮਾਨ ਭਗਤਾਂ, ਸੰਤਾਂ ਅਤੇ ਫ਼ਕੀਰਾਂ ਦੀ ਰਚਨਾ ਨੂੰ ਇਕੱਠਾ ਕਰਕੇ ਆਦਿ ਗ੍ਰੰਥ ਦਾ ਸੰਕਲਨ ਕੀਤਾ। ਇਹੀ ਗ੍ਰੰਥ ਅੱਗੇ ਚੱਲ ਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਸਿੱਖਾਂ ਦਾ ਸਦੀਵੀ ਗੁਰੂ ਬਣਿਆ। ਗੁਰੂ ਅਰਜਨ ਦੇਵ ਜੀ ਨੇ ਖੁਦ ਵੀ ੨੨੧੮ ਤੋਂ ਵੱਧ ਬਾਣੀਆਂ ਦੀ ਰਚਨਾ ਕੀਤੀ, ਜਿਨ੍ਹਾਂ ਵਿੱਚ ਸੁਖਮਨੀ ਸਾਹਿਬ, ਸ਼ਬਦ, ਸਲੋਕ, ਛੰਤ, ਕਾਫ਼ੀਆਂ ਅਤੇ ਬਾਰਹ ਮਾਹਾ ਵਰਗੀਆਂ ਮਹੱਤਵਪੂਰਨ ਰਚਨਾਵਾਂ ਸ਼ਾਮਲ ਹਨ।

ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਨੂੰ ਸਿੱਖ ਧਰਮ ਦੇ ਪ੍ਰਮੁੱਖ ਕੇਂਦਰ ਵਜੋਂ ਵਿਕਸਿਤ ਕੀਤਾ ਅਤੇ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਦੀ ਉਸਾਰੀ ਨੂੰ ਸੰਪੂਰਨ ਕਰਵਾਇਆ। ਉਨ੍ਹਾਂ ਦੀਆਂ ਸਿੱਖਿਆਵਾਂ ਵਿੱਚ ਪ੍ਰਭੂ-ਪ੍ਰੇਮ, ਨਿਮਰਤਾ, ਸਮਾਨਤਾ, ਸੇਵਾ ਅਤੇ ਮਨੁੱਖਤਾ ਦੀ ਭਲਾਈ ਦਾ ਸੰਦੇਸ਼ ਪ੍ਰਮੁੱਖ ਹੈ।

ਮੁਗ਼ਲ ਬਾਦਸ਼ਾਹ ਜਹਾਂਗੀਰ ਦੇ ਸਮੇਂ ਉਨ੍ਹਾਂ ਉੱਤੇ ਬੇਬੁਨਿਆਦ ਇਲਜ਼ਾਮ ਲਗਾਏ ਗਏ। ਆਪਣੇ ਸਿਧਾਂਤਾਂ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਉਨ੍ਹਾਂ ਨੇ ਅਕਹਿ ਅਤੇ ਅਸਹਿ ਕਸ਼ਟ ਸਹੇ, ਪਰ ਆਪਣੇ ਵਿਸ਼ਵਾਸ ਤੋਂ ਪਿੱਛੇ ਨਾ ਹਟੇ। ੩੦ ਮਈ ੧੬੦੬ ਨੂੰ ਲਾਹੌਰ ਵਿਖੇ ਉਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਸਿੱਖ ਇਤਿਹਾਸ ਦੇ ਪਹਿਲੇ ਸ਼ਹੀਦ ਗੁਰੂ ਬਣੇ। ਉਨ੍ਹਾਂ ਦਾ ਜੀਵਨ, ਬਾਣੀ ਅਤੇ ਸ਼ਹਾਦਤ ਅੱਜ ਵੀ ਕਰੋੜਾਂ ਲੋਕਾਂ ਲਈ ਆਤਮਿਕ ਪ੍ਰੇਰਣਾ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦਾ ਪ੍ਰਤੀਕ ਹੈ।

ਗੁਰੂ ਅਰਜਨ ਦੇਵ ਜੀ ਦਾ ਚਿੱਤਰ