Dr. Shashikant Uppal
ਡਾ: ਸ਼ਸ਼ੀ ਕਾਂਤ ਉੱਪਲ

ਮਲੇਰਕੋਟਲਾ (ਸੰਗਰੂਰ ) 'ਚ ਸ਼੍ਰੀ ਦੀਨਾ ਨਾਥ ਉੱਪਲ ਜੀ ਦੇ ਘਰ ਮਾਤਾ ਸ਼੍ਰੀਮਤੀ ਦਯਾਵੰਤੀ ਜੀ ਦੀ ਕੁੱਖੋਂ 15 ਅਗਸਤ 1948 ਨੂੰ ਪੈਦਾ ਹੋਏ ਡਾ: ਸ਼ਸ਼ੀ ਕਾਂਤ ਉੱਪਲ ਨੂੰ ਪੰਜਾਬੀ ਤੇ ਹਿੰਦੀ ਕਵਿਤਾ ਵਿੱਚ ਇੱਕੋ ਜਿਹਾ ਸਨਮਾਨ ਹਾਸਲ ਹੈ। ਆਪਣੇ ਵੱਡੇ ਵੀਰ ਤੇ ਸਮਰੱਥ ਵਿਦਵਾਨ ਤੇ ਗ਼ਜ਼ਲਗੋ ਡਾ: ਨਰੇਸ਼ ਤੋਂ ਪ੍ਰੇਰਨਾ ਹਾਸਲ ਕਰਕੇ ਸ਼ਾਇਰੀ ਵੱਲ ਕਦਮ ਪੁੱਟੇ।
ਗੌਰਮਿੰਟ ਕਾਲਿਜ ਮਲੇਰਕੋਟਲਾ ਤੋਂ ਗਰੈਜੂ ਏਸ਼ਨ ਕਰਕੇ ਆਪ ਐੱਮ ਏ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਪੜ੍ਹਨ ਚਲੇ ਗਏ। ਇਸੇ ਯੂਨੀਵਰਸਿਟੀ ਤੋਂ 1970 ਚ ਐੱਮ ਏ ਅੰਗਰੇਜ਼ੀ ਕਰਕੇ ਗੌਰਮਿੰਟ ਕਾਲਿਜ ਮਲੇਰਕੋਟਲਾ, ਗੌਰਮਿੰਟ ਕਾਲਿਜ ਗੁਰਦਾਸਪੁਰ ਤੇ ਗੌਰਮਿੰਟ ਰਣਬੀਰ ਕਾਲਿਜ ਸੰਗਰੂਰ ਚ ਪੜ੍ਹਾਉਂਦੇ ਰਹੇ। ਆਪ ਜੀ ਜੀ ਜੀਵਨ ਸਾਥਣ ਮਨਜੀਤ ਉੱਪਲ ਤੇ ਦੋ ਬੇਟੀਆਂ ਆਧਾਰਿਤ ਪਰਿਵਾਰ ਦੇ ਸੰਗ ਸਾਥ ਉਹ ਸੰਤੁਲਿਤ ਜੀਵਨ ਮਾਰਗ ਤੇ ਤੁਰਦਿਆਂ ਨਿਰੰਤਰ ਸਾਹਿੱਤ ਸਿਰਜਣਾ ਕਰ ਰਹੇ ਹਨ। ਡਾ:ਸ਼ਸ਼ੀ ਕਾਂਤ ਉੱਪਲ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਹੀ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ। ਸਾਲ 2000 ਵਿੱਚ ਉਹ ਡੀ ਐੱਮ ਕਾਲਿਜ ਮੋਗਾ ਦੇ ਪ੍ਰਿੰਸੀਪਲ ਨਿਯੁਕਤ ਹੋ ਗਏ ਤੇ ਏਥੋਂ ਹੀ ਆਪ 2008 ਚ ਸੇਵਾ ਮੁਕਤ ਹੋਏ। ਸੇਵਾ ਮੁਕਤੀ ਉਪਰੰਤ ਆਪ ਨੂੰ ਸ਼ਾਂਤੀ ਤਾਰਾ ਕਾਲਿਜ ਅਹਿਮਦਗੜ੍ਹ ਮੰਡੀ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ। ਉਪਰੰਤ ਆਪ ਆਪਣੇ ਪਰਿਵਾਰ ਕੋਲ ਨਿਊਯਾਰਕ ਆ ਗਏ। ਵਰਤਮਾਨ ਸਮੇਂ ਉਹ ਇਥੇ ਹੀ ਰਹਿੰਦੇ ਹਨ।
ਪੰਜਾਬੀ ਵਿੱਚ ਪੰਜ ਗ਼ਜ਼ਲ ਸੰਗ੍ਰਹਿ ਲਿਖੇ ਹਨ ਜਿੰਨ੍ਹਾਂ ਦੇ ਨਾਮ ਹਨ :
ਤਰਕਸ਼, ਗ਼ਜ਼ਲ ਗੁਲਜ਼ਾਰ, ਅਕਸ ਗੁਆਚੇ, ਬੇਖ਼ਬਰ ਹਵਾਵਾਂ ਤੋਂ, ਨੀਲੀ ਲੁਕਵੀਂ ਲਾਟ ਤੇ ਇੱਕ ਦੋਹਾ ਸੰਗ੍ਰਹਿ ਨਕਸ਼ ਫਰਿਆਦੀ ਹੈ ਛਪ ਚੁਕੇ ਹਨ। ਹਿੰਦੀ ਵਿੱਚ ਆਮ ਆਦਮੀ ਕੀ ਕਵਿਤਾ, ਸ਼ਬਦ ਸਫ਼ਰ ਮੇਂ ਹੈ, ਭੀੜ ਕੇ ਸਵਰ, ਕੁਛ ਅਣਕਹਾ ਤੇ ਸ਼ਬਦ ਨ੍ਰਿਤ ਹਨ। ਪੰਜਾਬੀ ਦੇ ਪ੍ਰਮੁੱਖ ਮੈਗਜ਼ੀਨਜ਼ ਵਿੱਚ ਉਨ੍ਹਾਂ ਦੀਆਂ ਰਚਨਾਵਾਂ ਅਕਸਰ ਛਪਦੀਆਂ ਰਹਿੰਦੀਆਂ ਹਨ। ਮੁਹੱਬਤੀ ਰੂਹ ਵਾਲੇ ਸ਼ਾਇਰ ਦੋਸਤ ਡਾ: ਸ਼ਸ਼ੀ ਕਾਂਤ ਉੱਪਲ ਦੀ ਸੰਵੇਦਨਸ਼ੀਲ ਸ਼ਾਇਰੀ ਨੂੰ ਸਲਾਮ। -ਗੁਰਭਜਨ ਗਿੱਲ