Akas Guachay (Ghazals) : Dr. Shashikant Uppal

ਅਕਸ ਗੁਆਚੇ (ਗ਼ਜ਼ਲ-ਸੰਗ੍ਰਹਿ) : ਡਾ. ਸ਼ਸ਼ੀਕਾਂਤ ਉੱਪਲ


ਦੋ ਸ਼ਬਦ

ਗ਼ਜ਼ਲ ਬੜੀ ਕੋਮਲ ਕਾਵਿ-ਵਿਧਾ ਹੈ।ਤੋਲ-ਵਜ਼ਨ ਦੀ ਨਿੱਕੀ ਜਿਹੀ ਉਕਾਈ ਵੀ ਗ਼ਜ਼ਲ ਦਾ ਹੁਸਨ ਏਨਾ ਵਿਗਾੜ ਦੇਂਦੀ ਹੈ ਕਿ ਸਹਿਜੇ ਹੀ ਪਾਠਕ ਜਾਂ ਸ੍ਰੋਤੇ ਦਾ ਰਸ-ਭੰਗ ਹੋ ਜਾਂਦਾ ਹੈ। ਸ਼ਿਅਰ ਵਿਚ ਵਰਤੇ ਜਾਣ ਵਾਲੇ ਸ਼ਬਦਾਂ ਦਾ ਵੀ ਇਹੋ ਹਾਲ ਹੈ। ਕਿਸੇ ਫਾਲਤੂ ਸ਼ਬਦ ਦੀ ਹੋਂਦ ਜਾਂ ਅਵੱਸ਼ਕ ਸ਼ਬਦ ਦੀ ਅਣਹੋਂਦ ਵੀ ਸ਼ਿਅਰ ਨੂੰ ਦੋਸ਼ਯੁਕਤ ਕਰ ਦਿੰਦੀ ਹੈ।

ਗ਼ਜ਼ਲ ਦੀ ਸਭ ਤੋਂ ਵੱਡੀ ਖ਼ੂਬੀ ਇਹ ਹੁੰਦੀ ਹੈ ਕਿ ਉਸ ਦੇ ਸ਼ਿਅਰ ਬਹੁ-ਪਰਤੀ ਅਰਥਾਂ ਦੇ ਧਾਰਨੀ ਹੋਣ। ਹਰ ਸ਼ਿਅਰ ਦਾ ਬਹੁ- ਪਰਤੀ, ਬਹੁ-ਦਿਸ਼ਾਵੀ ਹੋਣਾ ਤਾਂ ਬੜਾ ਮੁਸ਼ਕਿਲ ਹੈ, ਪਰ ਕੁਝ ਸ਼ਿਅਰਾਂ ਦਾ ਇਸ ਕਸਵੱਟੀ ਉੱਤੇ ਖਰਾ ਉਤਰਨਾ ਜ਼ਰੂਰੀ ਹੁੰਦਾ ਹੈ। ਡਾ. ਨਰੇਸ਼ ਦੇ ਸ਼ਬਦਾਂ ਵਿਚ :

ਗ਼ਜ਼ਲ ਹੀ ਐਸਾ ਜ਼ਰੀਆ ਹੈ ਗੁਫ਼ਤਗੂ ਕਾ ‘ਨਰੇਸ਼’,
ਕਿ ਕਹਿ ਦੀਆ ਸਭੀ ਕੁਛ ਔਰ ਕੁਛ ਕਹਾ ਭੀ ਨਹੀਂ।

ਇਸ ਪੱਖੋਂ ਮੈਂ ਆਪਣੀਆਂ ਗ਼ਜ਼ਲਾਂ ਵਿਚ, ਹਰ ਲੋੜੀਂਦੀ ਇਹਤਿਯਾਤ ਦੇ ਬਾਵਜੂਦ, ਕਿਸ ਹੱਦ ਤਕ ਕਾਮਯਾਬ ਹੋ ਸਕਿਆ ਹਾਂ, ਇਸ ਦਾ ਨਿਰਣਾ ਤਾਂ ਪਾਠਕ ਹੀ ਕਰਨਗੇ, ਪਰ ਮੇਰੀ ਸੁਚੇਤ ਕੋਸ਼ਿਸ਼ ਇਹ ਰਹੀ ਹੈ ਕਿ ਮੈਂ ਗ਼ਜ਼ਲ ਨਾਲ ਉਹ ਬੇਲੋੜੀ ਖੁਲ੍ਹ ਨਾ ਲਵਾਂ, ਜੋ ਆਮ ਤੌਰ 'ਤੇ ਸਾਡੇ ਗ਼ਜ਼ਲਕਾਰ ਲੈ ਰਹੇ ਹਨ।

ਆਤਮ-ਅਧਿਐਨ ਅਤੇ ਆਤਮ ਦੇ ਮਾਧਿਅਮ ਦੁਆਰਾ ਸਮਾਜਿਕ ਮਨੋਵਿਗਿਆਨ ਦਾ ਅਧਿਐਨ ਮੇਰੀ ਪਹਿਲੀ ਰੁਚੀ ਹੈ। ਮੇਰੇ ਬਹੁਤੇ ਸ਼ਿਅਰ ਮੇਰੇ ਨਿਜ ਨਾਲ ਸੰਬੰਧਤ ਹਨ, ਪਰ ਮੇਰਾ ਨਿਜ ਵੀ ਹੋਰਨਾਂ ਦੇ ਨਿਜ ਨਾਲੋਂ ਵੱਖਰਾ ਨਹੀਂ ਹੈ। ਮੈਂ ਵੀ ਹੋਰਨਾਂ ਵਾਂਗ ਇਕ ਸਮਾਜਿਕ ਪ੍ਰਾਣੀ ਹਾਂ ਅਤੇ ਮੇਰਾ ਆਲਾ-ਦੁਆਲਾ ਵੀ ਮੇਰੇ ਲਈ ਮਹੱਤਵਪੂਰਨ ਹੈ। ਇਸ ਲਈ ਜਿਨ੍ਹਾਂ ਸ਼ਿਅਰਾਂ ਵਿਚ ਮੇਰੀ ਸਿਰਜਨਾਤਮਕਤਾ ਨਿਜ ਦੇ ਬਨੇਰੇ ਟੱਪਦੀ ਹੈ, ਉਹ ਸਮਾਜ ਦੀ ਛੱਤ 'ਤੇ ਜਾ ਬੈਠਦੀ ਹੈ।

ਨਿੱਜ ਤੋਂ ਨਿੱਜ ਤਕ ਦੇ ਇਸ ਸਫ਼ਰ ਵਿਚ ਪਾਠਕ ਮੇਰੇ ਨਾਲ- ਨਾਲ ਤੁਰ ਕੇ ਮੰਜ਼ਿਲ ਤਲਾਸ਼ ਕਰਨ ਦੀ ਥਾਂ 'ਤੇ ਸਫ਼ਰ ਦੇ ਆਨੰਦ ਦੀ ਕਾਮਨਾ ਕਰਨਗੇ ਤਾਂ ਮੇਰੇ ਸ਼ਿਅਰ ਉਨ੍ਹਾਂ ਨੂੰ ਵਧੇਰੇ ਲੁਤਫ਼ ਦੇਣਗੇ।

ਸ਼ਸ਼ੀ ਕਾਂਤ ਉੱਪਲ
ਪ੍ਰਿੰਸੀਪਲ,
ਸ਼ਾਤੀ ਤਾਰਾ ਕਾਲਜ,
ਅਹਿਮਦਗੜ (ਪੰਜਾਬ)



ਸੋਚਦਾਂ ਹਾਂ ਇਹ ਮੈਨੂੰ ਹੋਇਆ ਕੀ

ਸੋਚਦਾਂ ਹਾਂ ਇਹ ਮੈਨੂੰ ਹੋਇਆ ਕੀ। ਦਰਦ ਦਿਲ ਵਿਚ ਮਿਰੇ ਹੈ ਉੱਠਿਆ ਕੀ। ਹੈ ਮੁਕੱਦਰ ਮੇਰਾ ਸਫ਼ਰ ਸ਼ਾਇਦ, ਕੋਈ ਮੰਜ਼ਿਲ ਤੇ ਕੋਈ ਰਸਤਾ ਕੀ। ਕੀ ਸੀ ਰੌਸ਼ਨ ਇਹ ਆਫ਼ਤਾਬ ਜਿਹਾ, ਵੇਖਦੇ-ਵੇਖਦੇ ਇਹ ਬੁਝਿਆ ਕੀ। ਰਾਤ ਨੂੰ ਉਸਨੇ ਰਾਤ ਕਹਿ ਦਿੱਤਾ, ਛੁੱਟ ਇਸ ਤੋਂ ਉਹ ਹੋਰ ਕਹਿੰਦਾ ਕੀ। ਰਹਿ ਨਾ ਸਕਿਆ ਜੋ ਅਪਣਾ ਹੋ ਕੇ ਵੀ, ਉਹ ਕਿਸੇ ਦਾ ਵੀ ਹੋ ਕੇ ਰਹਿੰਦਾ ਕੀ। ਹੁਣ ਤੇ ਮੈਨੂੰ ਸਮਝ ਨਹੀਂ ਇਸਦੀ, ਕੀ ਬੁਰਾ ਹੈ ਤੇ ਏਥੇ ਚੰਗਾ ਕੀ। ਵੇਚ ਆਏ ਹਾਂ ਅਪਣੀ ਗ਼ੈਰਤ ਨੂੰ, ਦਾਮ ਮਹਿੰਗਾ ਤੇ ਦਾਮ ਸਸਤਾ ਕੀ।

ਦਰਦ ਇਹ ਵੀ ਚੁਪ-ਚਪੀਤੇ ਸਹਿਣ ਦੇ

ਦਰਦ ਇਹ ਵੀ ਚੁਪ-ਚਪੀਤੇ ਸਹਿਣ ਦੇ। ਮੈਨੂੰ ਅਰਸ਼ੋਂ ਫ਼ਰਸ਼ 'ਤੇ ਹੁਣ ਲਹਿਣ ਦੇ। ਹੋ ਨਹੀਂ ਸਕਦੇ ਜੁਦਾ ਆਪਾਂ ਕਦੇ, ਇਸ ਭੁਲੇਖੇ ਨੂੰ ਵੀ ਜ਼ਿੰਦਾ ਰਹਿਣ ਦੇ। ਜਗਮਗਾਉਂਦੇ ਸੂਰਜਾਂ ਨੂੰ ਦੋਸਤਾ, ਨ੍ਹੇਰਿਆਂ ਦੇ ਸਾਗਰਾਂ ਵਿਚ ਲਹਿਣ ਦੇ। ਕਹਿ ਨਹੀਂ ਸਕਿਆ ਮੈਂ ਜੋ ਕੁਝ ਉਮਰ ਭਰ, ਕਹਿਣ ਦੇ ਮੈਨੂੰ ਉਹ ਸਭ ਕੁਝ ਕਹਿਣ ਦੇ। ਕਿਸ ਤਰਫ਼ ਮੇਰੀ ਰਵਾਨੀ ਹੈ ਨਾ ਪੁੱਛ, ਮੌਜ ਵਿਚ ਹੁਣ ਮੈਨੂੰ ਆਪਣੀ ਵਹਿਣ ਦੇ।

ਇੱਕ ਖੁੱਲ੍ਹੀ ਹੋਈ ਕਿਤਾਬ ਰਿਹਾ

ਇੱਕ ਖੁੱਲ੍ਹੀ ਹੋਈ ਕਿਤਾਬ ਰਿਹਾ। ਉਸਦਾ ਹਰ ਪੰਨਾ ਬੇਨਕਾਬ ਰਿਹਾ। ਮੇਰਾ ਦਿਲ ਹੀ ਕਦੇ ਨਹੀਂ ਬੁਝਿਆ, ਜਗਦਾ-ਬੁਝਦਾ ਇਹ ਆਫ਼ਤਾਬ ਰਿਹਾ। ਭਾਅ ਗਿਆ ਤੂੰ ਮੇਰੀ ਤਬੀਅਤ ਨੂੰ, ਕਿੰਨਾ ਚੰਗਾ ਇਹ ਇੰਤਖ਼ਾਬ ਰਿਹਾ। ਬਣ ਕੇ ਖ਼ੁਸ਼ਬੂ ਹਵਾ 'ਚ ਫੈਲ ਗਿਆ, ਉਸਦਾ ਖਿੜਨਾ ਵੀ ਲਾਜਵਾਬ ਰਿਹਾ। ਸੋਚ ਵਿਚ ਅਪਣੀ ਤਾਂ ਹਮੇਸ਼ਾ ਤੋਂ, ਕਰਵਟਾਂ ਲੈਂਦਾ ਇਨਕਲਾਬ ਰਿਹਾ। ਦੂਰ ਹੈ ਅਜ ਨਿਗਾਹ ਤੋਂ ਮੇਰੀ, ਹੈ ਪਿਆਰ ਜਿਸ ਨਾਲ ਬੇਹਿਸਾਬ ਰਿਹਾ।

ਹੋਰ ਕੁਝ ਦੇਰ ਮੈਨੂੰ ਸੋਚਣ ਦੇ

ਹੋਰ ਕੁਝ ਦੇਰ ਮੈਨੂੰ ਸੋਚਣ ਦੇ। ਜ਼ਿੰਦਗੀ ਕੀ ਹੈ ਤੂੰ ਇਹ ਸਮਝਣ ਦੇ। ਜਿਸ ਜ਼ਮਾਨੇ ਦੇ ਨਾਲ ਰਹਿਣਾ ਹੈ, ਉਸ ਜ਼ਮਾਨੇ ਦੇ ਨਾਲ ਬਦਲਣ ਦੇ। ਹੋਸ਼ ਤੋਂ ਦੂਰ ਰਹਿ ਕੇ ਵੇਖ ਜ਼ਰਾ, ਦਿਲ ਨੂੰ ਥੋੜ੍ਹਾ ਬਹੁਤ ਤਾਂ ਬਹਿਕਣ ਦੇ। ਚੰਨ, ਜੁਗਨੂੰ, ਸਿਤਾਰਾ ਜੋ ਵੀ ਹੈ, ਨ੍ਹੇਰਿਆਂ ਵਿਚ ਉਸ ਨੂੰ ਚਮਕਣ ਦੇ। ਹੈ ਮਜ਼ਾ ਇਸ ਦੇ ਵਿਚ ਆਪਣਾ ਹੀ, ਜੇ ਤੜਪਦਾ ਹੈ ਦਿਲ ਤਾਂ ਤੜਪਣ ਦੇ।

ਇਹ ਦੁਨੀਆਂ ਹੈ ਇਸ ਦੁਨੀਆਂ ਤੋਂ

ਇਹ ਦੁਨੀਆਂ ਹੈ ਇਸ ਦੁਨੀਆਂ ਤੋਂ ਮੈਂ ਅਣਜਾਨ । ਇਥੇ ਕਿਸੇ ਦਾ ਰੁਤਬਾ ਕੀ ਤੇ ਕੀ ਪਹਿਚਾਨ। ਲੈ ਤੁਰਿਆ ਹਾਂ ਹੁਣ ਮੈਂ ਕਿਸ਼ਤੀ ਉਸ ਪਾਸੇ, ਜਿਸ ਪਾਸੇ ਸਾਗਰ ਵਿਚ ਉੱਠਦੇ ਹਨ ਤੂਫ਼ਾਨ। ਇਹ ਜੀਵਨ ਜੀਣਾ ਹੈ ਕਿੰਨਾ ਮੁਸ਼ਕਿਲ ਹੁਣ, ਪਹਿਲਾਂ-ਪਹਿਲਾਂ ਲਗਦਾ ਸੀ ਕਿੰਨਾ ਆਸਾਨ। ਕਿਹੜੀ ਮੰਜ਼ਿਲ ਤੇ ਮੈਂ ਜਾ ਕੇ ਪਹੁੰਚਾਂਗਾ, ਮੈਨੂੰ ਤਾਂ ਦਿਸਦਾ ਹੈ ਹਰ ਰਸਤਾ ਵੀਰਾਨ। ਸ਼ਾਇਦ ਉਹ ਆਇਆ ਹੈ, ਉਹ ਆ ਪੁੱਜਾ ਹੈ, ਬੂਹੇ ਦੀ ਹਰ ਦਸਤਕ ’ਤੇ ਹਾਂ ਮੈਂ ਹੈਰਾਨ। ਉਹ ਮੈਥੋਂ ਗਾਫ਼ਿਲ ਹੈ ਉਹ ਕੀ ਸਮਝੇਗਾ, ਦਫ਼ਨ ਮੇਰੇ ਸੀਨੇ ਵਿਚ ਹਨ ਕਿੰਨੇ ਅਰਮਾਨ।

ਹਰ ਬਸ਼ਰ ਅਪਣੀ ਜਗ੍ਹਾ ਮਜਬੂਰ ਹੈ

ਹਰ ਬਸ਼ਰ ਅਪਣੀ ਜਗ੍ਹਾ ਮਜਬੂਰ ਹੈ। ਏਸ ਦੁਨੀਆਂ ਦਾ ਇਹੋ ਦਸਤੂਰ ਹੈ। ਤੇਰੀ ਚਾਹਤ ਦਾ ਕਿ ਚਾਹਤ ਦਾ ਮਿਰੀ, ਹਰ ਸਿਤਾਰਾ ਦੋਸਤਾ ਬੇਨੂਰ ਹੈ। ਆਸਮਾਨਾਂ ਨੂੰ ਹੈ ਭਾਵੇਂ ਛੋਹ ਲਿਆ, ਉਹ ਸਿਆਣਪ ਤੋਂ ਅਜੇ ਵੀ ਦੂਰ ਹੈ। ਮਾਣ ਹੈ ਸਾਨੂੰ ਵੀ ਆਪਣੇ ਇਸ਼ਕ 'ਤੇ, ਉਹ ਜੇ ਆਪਣੇ ਹੁਸਨ ਤੇ ਮਗ਼ਰੂਰ ਹੈ। ਸ਼ੁਕਰੀਆ ਐ ਬੇਰੁਖੀ ਤੇਰਾ ਕਿ ਹੁਣ, ਦਿਲ ਮਿਰਾ ਹਰ ਦਮ ਨਸ਼ੇ ਵਿਚ ਚੂਰ ਹੈ।

ਇਹ ਚਿਰਾਗ਼ ਆਫ਼ਤਾਬ ਲੱਗਦੇ ਨੇ

ਇਹ ਚਿਰਾਗ਼ ਆਫ਼ਤਾਬ ਲੱਗਦੇ ਨੇ। ਬੁਝ ਗਏ ਸ਼ਬਦ ਅਰਥ ਮਘਦੇ ਨੇ। ਅਕਸ ਅਪਣਾ ਨਜ਼ਰ ਨਹੀਂ ਆਉਂਦਾ, ਸਾਹਮਣੇ ਮੇਰੇ ਕਿੰਨੇ ਸ਼ੀਸ਼ੇ ਨੇ। ਅੰਕੁਰਿਤ ਹੋ ਰਹੇ ਨੇ ਦਿਲ ਅੰਦਰ, ਬੀਜ ਬੀਜੇ ਸੀ ਜਿਹੜੇ ਚੇਤੇ ਨੇ। ਫ਼ਰਕ ਅਪਣੀ ਨਜ਼ਰ ਦਾ ਹੈ ਸ਼ਾਇਦ, ਓਸ ਤਕ ਜਾਂਦੇ ਸਾਰੇ ਰਸਤੇ ਨੇ। ਹੋਰ ਕੁਝ ਇੰਤਜ਼ਾਰ ਕਰ ਹਾਲੇ, ਠਹਿਰ ਜਾ, ਸੋਚ ਉੱਤੇ ਪਹਿਰੇ ਨੇ।

ਖੁਲ੍ਹੀਆਂ ਅੱਖਾਂ ਨੂੰ ਵੀ ਲੱਭਿਆ ਨਾ ਜੋ

ਖੁਲ੍ਹੀਆਂ ਅੱਖਾਂ ਨੂੰ ਵੀ ਲੱਭਿਆ ਨਾ ਜੋ। ਤੇਰੀ ਮਰਜ਼ੀ ਉਸ ਲਈ ਸੁਪਨੇ ਪਰੋ। ਉਹ ਮੁਕੱਦਸ ਗ੍ਰੰਥ ਹੈ ਇਸ ਦੌਰ ਦਾ, ਪੜ੍ਹ ਸਕੋ ਤਾਂ ਆਹਿਲੋ ਉਸਨੂੰ ਪੜ੍ਹੋ। ਜ਼ਿੰਦਗੀ ਦੇ ਅਰਥ ਬਦਲਣਗੇ ਜ਼ਰੂਰ, ਦਿਲ ਨਾ ਛੱਡ ਤੂੰ ਹੌਂਸਲਾ ਰੱਖ ਕੇ ਖਲੋ। ਕੋਈ ਨ੍ਹੇਰੀ ਹੈ ਨਾ ਝੱਖੜ ਦੂਰ ਤੱਕ, ਘਰ ਦੇ ਬੂਹੇ-ਬਾਰੀਆਂ ਐਵੇਂ ਨਾ ਢੋ। ਇਹ ਬੁਲੰਦੀ ਤੇਰੇ ਹਿੱਸੇ ਕਿੰਨਾ ਚਿਰ, ਰਹਿ ਮੇਰੇ ਕੱਦ ਦੇ ਬਰਾਬਰ ਨੀਵਾਂ ਹੋ।

ਭੇਦ ਮੈਨੂੰ ਇਹ ਕੋਈ ਦਸਦਾ ਨਹੀਂ

ਭੇਦ ਮੈਨੂੰ ਇਹ ਕੋਈ ਦਸਦਾ ਨਹੀਂ। ਦਿਲ ਮੇਰਾ ਸ਼ੀਸ਼ਾ ਸੀ ਕਿਉਂ ਟੁੱਟਿਆ ਨਹੀਂ। ਆਈਨੇ ਮੇਰੀ ਤਰਫ਼ਦਾਰੀ 'ਚ ਹਨ, ਫਿਰ ਵੀ ਕਿਧਰੇ ਕਿਉਂ ਮਿਰਾ ਚਿਹਰਾ ਨਹੀਂ। ਜਿਸ ਤਰਫ਼ ਹੈ ਮੇਰੀ ਮੰਜ਼ਿਲ ਦੋਸਤਾ, ਉਸ ਤਰਫ਼ ਜਾਂਦਾ ਕੋਈ ਰਸਤਾ ਨਹੀਂ। ਸਾਥ ਦਿੱਤਾ ਦੂਰ ਤੱਕ ਜਿਸਨੇ ਮਿਰਾ, ਕੌਣ ਸੀ ਉਹ ਸ਼ਖ਼ਸ ਕਿਉਂ ਪੁੱਛਿਆ ਨਹੀਂ। ਚੁੱਪ ਰਹਿਣਾ ਹੀ ਸਿਆਣਪ ਹੈ ਮਗਰ, ਕੁਝ ਨਾ ਕਹਿਣਾ ਵੀ 'ਸ਼ਸ਼ੀ’ ਅੱਛਾ ਨਹੀਂ।

ਮੈਂ ਖ਼ੁਦ ਤੋਂ ਹੀ ਸਹਾਰਾ ਭਾਲਦਾ ਹਾਂ

ਮੈਂ ਖ਼ੁਦ ਤੋਂ ਹੀ ਸਹਾਰਾ ਭਾਲਦਾ ਹਾਂ। ਸਮੁੰਦਰ ਹਾਂ ਕਿਨਾਰਾ ਭਾਲਦਾ ਹਾਂ। ਮੈਂ ਪਾ ਕੇ ਜਿਸਨੂੰ ਖੋ ਦਿੱਤਾ ਸੀ ਐਵੇਂ, ਉਸੇ ਨੂੰ ਹੀ ਦੁਬਾਰਾ ਭਾਲਦਾ ਹਾਂ। ਬਹੁਤ ਮਿੱਠੇ ਨੇ ਤੇਰੇ ਬੋਲ ਯਾਰਾ, ਮੈਂ ਕੋਈ ਸ਼ਬਦ ਖਾਰਾ ਭਾਲਦਾ ਹਾਂ। ਚਮਕ ਪੈਦਾ ਕਰੇ ਅੱਖਾਂ 'ਚ ਮੇਰੀ, ਮੈਂ ਉਹ ਦਿਲਕਸ਼ ਨਜ਼ਾਰਾ ਭਾਲਦਾ ਹਾਂ। ਮੈਂ ਉਸਦੀ ਬਾਤ ਸਾਰੀ ਸੁਣ ਲਈ ਹੈ, ਹੁਣ ਅਪਣੇ ਤੋਂ ਹੁੰਗਾਰਾ ਭਾਲਦਾ ਹਾਂ।

ਅੱਖਾਂ ਵਿਚ ਉਮੀਦਾਂ ਰੌਸ਼ਨ

ਅੱਖਾਂ ਵਿਚ ਉਮੀਦਾਂ ਰੌਸ਼ਨ ਪੈਰਾਂ ਦੇ ਵਿਚ ਛਾਲੇ। ਨ੍ਹੇਰਿਆਂ ਰਾਹਵਾਂ ਦੇ ਵਿਚ ਉਸਨੇ ਕਿੰਨੇ ਦੀਵੇ ਬਾਲੇ। ਮੇਰੇ ਘਰ ਵਿਚ ਬੜੀ ਘੁਟਨ ਹੈ ਜਾਵਾਂ ਕਿੱਧਰ ਜਾਵਾਂ, ਤੇਰੇ ਘਰ ਵੀ ਚੌਹੀਂ ਪਾਸੀਂ ਲਟਕ ਰਹੇ ਨੇ ਜਾਲੇ। ਹੋਠਾਂ ਉੱਤੇ ਕੰਪਨ ਜਾਗੇ ਹੱਥਾਂ ਦੇ ਵਿਚ ਜੁੰਬਿਸ਼, ਦਿਲ ਦੇ ਡੁਲ੍ਹਦੇ ਪੈਮਾਨੇ ਨੂੰ ਕਿੱਦਾਂ ਕੋਈ ਸੰਭਾਲੇ। ਓਸ ਸ਼ਹਿਰ ਦਾ ਰਾਹ ਕੀ ਪੁੱਛਣਾ ਓਸ ਸ਼ਹਿਰ ਕੀ ਜਾਣਾ, ਕਾਲੀਆਂ ਜਿੱਥੇ ਰਾਤਾਂ ਯਾਰੋ ਜਿੱਥੇ ਦਿਨ ਵੀ ਕਾਲੇ। ਇਹਨਾਂ ਵਿੱਚੋਂ ਹੀ ਜਗ ਨੂੰ ਪਹਿਚਾਨ ਮਿਲੇਗੀ ਮੇਰੀ, ਖਿੰਡੇ ਪਏ ਹਨ ਇਹ ਜੋ ਕਾਗਜ਼ ਮੇਰੀ ਹੋਂਦ ਦੁਆਲੇ।

ਉਹ ਨੇੜੇ ਹੋਵੇ ਕਿ ਦੂਰ

ਉਹ ਨੇੜੇ ਹੋਵੇ ਕਿ ਦੂਰ। ਚਾਹਤ ਨੂੰ ਸਭ ਕੁਝ ਮੰਜ਼ੂਰ। ਅਕਸ ਗੁਆਚੇ ਕਿਰਚਾਂ ਵਿਚ, ਟੁੱਟ ਕੇ ਹੋਏ ਸ਼ੀਸ਼ੇ ਚੂਰ। ਤੂੰ ਵੀ ਆਪਣੀ ਮੁਸ਼ਕਿਲ ਵਿਚ, ਮੈਂ ਵੀ ਹਾਂ ਦਿਲ ਤੋਂ ਮਜਬੂਰ। ਇਸ਼ਕ ਦਾ ਅਪਣਾ ਵੱਖਰਾ ਰਾਹ, ਦੁਨੀਆਂ ਦੇ ਅਪਣੇ ਦਸਤੂਰ। ਦਿਲ ਬੁਝਿਆ ਤਾਂ ਜਾਣ ਲਵੋ, ਚੰਨ ਸਿਤਾਰੇ ਹਨ ਬੇਨੂਰ।

ਜੋ ਨੇ ਰੌਸ਼ਨ ਉਹ ਸ਼ਬਦ ਤੇਰੇ ਨੇ

ਜੋ ਨੇ ਰੌਸ਼ਨ ਉਹ ਸ਼ਬਦ ਤੇਰੇ ਨੇ। ਬੂਝ ਰਹੇ ਹਨ ਜੋ ਸ਼ਬਦ ਮੇਰੇ ਨੇ। ਕਿੰਨੀ ਧੁੰਦਲੀ ਹੈ ਰੌਸ਼ਨੀ ਮੇਰੀ, ਕਿੰਨੇ ਰੌਸ਼ਨ ਤਿਰੇ ਹਨੇਰੇ ਨੇ। ਦੌਰ ਮੁੱਕਣਾ ਹੈ ਹਰ ਹਨੇਰੇ ਦਾ, ਭੇਦ ਇਹ ਖੋਲ੍ਹਿਆ ਸਵੇਰੇ ਨੇ। ਕੀ ਖ਼ਬਰ ਕਿੱਥੇ ਜਾ ਕੇ ਵਰਸਣਗੇ, ਇਹ ਜੋ ਬੱਦਲ ਬੜੇ ਘਨੇਰੇ ਨੇ। ਜ਼ਿੰਦਗੀ ਹੋਰ ਕੀ ਹੈ ਇਸਦੇ ਸਿਵਾ, ਦੂਰ ਤੱਕ ਸੱਧਰਾਂ ਦੇ ਘੇਰੇ ਨੇ ।

ਦੂਰ ਮੇਰੇ ਤੋਂ ਜੋ ਮੈਨੂੰ ਕਰ ਗਿਆ

ਦੂਰ ਮੇਰੇ ਤੋਂ ਜੋ ਮੈਨੂੰ ਕਰ ਗਿਆ। ਮੇਰੇ ਹੀ ਅੰਦਰ ਹੈ ਕਿਧਰੇ ਵਸ ਰਿਹਾ। ਉਹ ਚਿਣਗ ਹੈ ਜਾਂ ਕਿ ਸ਼ੋਅਲਾ ਹੈ ਕੋਈ, ਇਸ ਹਨ੍ਹੇਰੇ ਦੌਰ ਦੀ ਹੈ ਆਸਥਾ। ਆਸੇ-ਪਾਸੇ ਮੇਰੇ ਰੌਸ਼ਨ ਹਨ ਚਿਰਾਗ਼, ਬੇਵਜ੍ਹਾ ਫਿਰ ਕਿਉਂ ਮੇਰਾ ਦਿਲ ਧੜਕਦਾ। ਇਕ ਦਿਨ ਮੰਜ਼ਿਲ ’ਤੇ ਪਹੁੰਚੇਗਾ ਜ਼ਰੂਰ, ਧੂੜ ਵਿਚ ਰਾਹਵਾਂ ਦੀ ਜੋ ਵੀ ਖੋ ਗਿਆ। ਵਹਿਮ ਹੈ ਜਾਂ ਫਿਰ ਹਕੀਕਤ ਹੈ ਕੋਈ, ਨ੍ਹੇਰਿਆਂ ਵਿਚ ਕੀ ਹੈ ਉਹ ਜੋ ਜਗ ਰਿਹਾ। ਮੁਕਤ ਇਸ ਭਟਕਣ ਤੋਂ ਹੋਵੇਗਾ ਕਦੋਂ, ਇਹ ਜੋ ਸੂਰਜ ਰੋਜ਼ ਚੜ੍ਹਦਾ-ਡੁੱਬਦਾ। ਮੈਨੂੰ ਇਹ ਦੁਨੀਆਂ ਪਛਾਣੇਗੀ ਕਦੇ, ਇਸ ਭੁਲੇਖੇ ਵਿਚ ਜੀਵਨ ਜੀ ਲਿਆ। ਤੇਜ਼ ਤੂਫ਼ਾਨਾਂ ਨੂੰ ਇਸਦੀ ਹੈ ਖ਼ਬਰ, ਤਰ ਰਿਹਾ ਹੈ ਕੌਣ ਕਿਹੜਾ ਡੁੱਬਿਆ।

ਦਿਲ ਨੂੰ ਫਿਰ ਭਰਮਾ ਰਹੇ ਹਨ

ਦਿਲ ਨੂੰ ਫਿਰ ਭਰਮਾ ਰਹੇ ਹਨ। ਕਾਲੇ ਬੱਦਲ ਛਾ ਰਹੇ ਹਨ। ਸੋਚ ਹੈ ਲਥਪਥ ਲਹੂ ਵਿਚ, ਹੋਂਠ ਸੀਤੇ ਜਾ ਰਹੇ ਹਨ। ਯੁੱਗ ਸਿਰਜਣ ਵਾਲੇ ਕੁਝ ਵੀ, ਕਹਿਣ ਤੋਂ ਘਬਰਾ ਰਹੇ ਹਨ। ਮਹਿਕਦੇ ਫੁੱਲ ਆਸਥਾ ਦੇ, ਜ਼ਹਿਨ ਵਿਚ ਮੁਰਝਾ ਰਹੇ ਹਨ। ਕਾਲੀਆਂ ਰਾਤਾਂ ਦੇ ਸਦਕੇ, ਦਿਨ ਉਜਾਲੇ ਆ ਰਹੇ ਹਨ।

ਰਸਤਿਆਂ ਦੀ ਧੂੜ ਵਿਚ ਹਨ ਕਾਫ਼ਿਲੇ

ਰਸਤਿਆਂ ਦੀ ਧੂੜ ਵਿਚ ਹਨ ਕਾਫ਼ਿਲੇ। ਹਰ ਤਰਫ਼ ਹਨ ਮੁਸ਼ਕਿਲਾਂ ਦੇ ਸਿਲਸਿਲੇ। ਕੋਈ ਖ਼ੁਸ਼ ਮਿਲਿਆ ਨਹੀਂ ਇਸ ਸ਼ਹਿਰ ਵਿਚ, ਗ਼ਮ ਦੇ ਮਾਰੇ ਲੋਕ ਹਰ ਪਾਸੇ ਮਿਲੇ। ਦੂਰੀਆਂ ਓਸੇ ਤਰ੍ਹਾਂ ਹਨ ਬਰਕਰਾਰ, ਅੱਜ ਵੀ ਹਨ ਓਹੋ ਸ਼ਿਕਵੇ ਤੇ ਗਿਲੇ। ਇਹ ਮਿਰਾ ਦਿਲ ਇਹ ਕਿਸੇ ਦੀ ਆਰਜ਼ੂ, ਫੁੱਲ ਜਿੱਦਾਂ ਕੋਈ ਸਹਿਰਾ ਵਿਚ ਖਿਲੇ। ਸਾਥ ਜੋ ਦਿੰਦੇ ਰਹੇ ਦਿਲ ਦਾ ਸਦਾ, ਕਿਉਂ ਨਜ਼ਰ ਆਉਂਦੇ ਨੇ ਅੱਜ ਉਹ ਬੇਦਿਲੇ।

ਫਿਰ ਸਮੁੰਦਰ 'ਚ ਕੋਈ ਮੌਜ ਉੱਠੀ

ਫਿਰ ਸਮੁੰਦਰ 'ਚ ਕੋਈ ਮੌਜ ਉੱਠੀ। ਫਿਰ ਕਿਨਾਰੇ ਤੇ ਆ ਗਈ ਕਿਸ਼ਤੀ। ਉਸਨੂੰ ਦੁਨੀਆਂ ਨਾ ਦੀਨ ਦੀ ਪਰਵਾਹ, ਉਹ ਹੈ ਦੀਵਾਨਾ ਉਹ ਹੈ ਇਕ ਵਹਿਸ਼ੀ। ਜੋ ਨਾ ਕਹਿਣਾ ਸੀ ਉਹ ਵੀ ਕਹਿ ਦਿੱਤਾ, ਹੋਰ ਇਹ ਦੁਨੀਆਂ ਉਸਨੂੰ ਕੀ ਕਹਿੰਦੀ। ਜਿਸਨੂੰ ਟੰਗਿਆ ਸੀ ਉਨ੍ਹਾਂ ਸੂਲੀ ’ਤੇ, ਹੋਰ ਕੋਈ ਨਹੀਂ ਸੀ ਉਹ ਮੈਂ ਸੀ। ਮੈਂ ਵੀ ਹੈਰਾਨ ਹਾਂ ਕਿ ਆਖ਼ਰਕਾਰ, ਬਾਤ ਕਿੱਦਾਂ ਇਹ ਦੂਰ ਤੱਕ ਪਹੁੰਚੀ। ਇਕ ਤਮਾਸ਼ਾ ਹੈ ਦੋਸਤਾ ਏਥੇ, ਤੇਰੀ ਹਸਤੀ ਕਿ ਜਾਂ ਮੇਰੀ ਹਸਤੀ।

ਸਾਫ਼ ਹੈ ਅਪਣੇ ਤੋਂ ਇਸਦੀ ਬੇਰੁਖ਼ੀ

ਸਾਫ਼ ਹੈ ਅਪਣੇ ਤੋਂ ਇਸਦੀ ਬੇਰੁਖ਼ੀ। ਹੈ ਨਾ ਇਹ ਮੇਰੀ ਨਾ ਤੇਰੀ ਹੈ ਸਦੀ। ਬਣ ਗਈ ਸ਼ੀਸ਼ਾ ਕਦੀ ਪੱਥਰ ਬਣੀ, ਮੇਰੇ ਹੋਠਾਂ 'ਤੇ ਜੋ ਜੰਮੀ ਤਸ਼ਨਗੀ। ਆਦਮੀ ਹੈ ਵਾੱਕਈ ਜਾਂ ਹੋਰ ਕੁਝ, ਅੱਜ ਦੇ ਇਸ ਦੌਰ ਦਾ ਇਹ ਆਦਮੀ। ਹਰ ਤਰ੍ਹਾਂ ਇਸਦਾ ਨਿਭਾਇਆ ਸਾਥ ਮੈਂ, ਹੋਰ ਕੀ ਚਾਹੁੰਦੀ ਹੈ ਮੈਥੋਂ ਜ਼ਿੰਦਗੀ। ਦੂਰ ਤੱਕ ਫੈਲੇ ਹਨੇਰੇ ਸਾਹਮਣੇ, ਧੁੰਦਲੀ ਜਾਪੇ ਇਲਮ ਦੀ ਇਹ ਰੌਸ਼ਨੀ।

ਖ਼ੁਸ਼ੀਆਂ ਦੇ ਸਾਗਰ ਵਿਚ ਵੀ ਮੈਂ ਘਬਰਾਵਾਂ

ਖ਼ੁਸ਼ੀਆਂ ਦੇ ਸਾਗਰ ਵਿਚ ਵੀ ਮੈਂ ਘਬਰਾਵਾਂ। ਡਰਦਾ ਹਾਂ ਕਿਧਰੇ ਰੋਣਾ ਹੀ ਨਾ ਭੁੱਲ ਜਾਵਾਂ। ਤੇਰੇ ਚਿੰਤਨ 'ਤੇ ਵੀ ਡਰ ਦੇ ਸਾਏ ਹਨ, ਮੈਂ ਵੀ ਅਪਣੀਆਂ ਸੋਚਾਂ ਅੰਦਰ ਕੁਰਲਾਵਾਂ। ਬਰਫ਼ ਹੋਏ ਇਹ ਜਜ਼ਬੇ ਯੁੱਗ ਪਰਿਵਰਤਨ ਦੇ, ਕਿਹੜੀਆਂ ਧੁੱਪਾਂ ਦੇ ਵਿਚ ਜਾ ਕੇ ਗਰਮਾਵਾਂ। ਕੌਣ ਹੈ ਸੁੰਨਿਆਂ ਰਾਹਵਾਂ ਤੇ ਜੋ ਫਿਰਦਾ ਹੈ, ਮੈਂ ਹਾਂ ਜਾਂ ਫਿਰ ਕੋਈ ਭਟਕਦਾ ਪਰਛਾਵਾਂ। ਅਪਣੇ ਤੋਂ ਉਸ ਤੱਕ ਦਾ ਸਫ਼ਰ ਅਧੂਰਾ ਹੈ, ਇਹ ਗੱਲ ਖ਼ੁਦ ਨੂੰ ਦੱਸਣ ਤੋਂ ਮੈਂ ਸ਼ਰਮਾਵਾਂ। ਉਠ ਖਲੋਤਾ ਤਾਂ ਹਾਂ ਆਹਡਾ ਲੈਣ ਲਈ, ਅਪਣੇ ਨਾਲ ਮਗਰ ਮੈਂ ਕਿੱਦਾਂ ਟਕਰਾਵਾਂ।

ਕੁਝ ਵੀ ਕਹਿਣਾ ਹੈ ਬੜਾ ਮੁਸ਼ਕਿਲ ਅਜੇ

ਕੁਝ ਵੀ ਕਹਿਣਾ ਹੈ ਬੜਾ ਮੁਸ਼ਕਿਲ ਅਜੇ। ਰਸਤਿਆਂ ਤੋਂ ਦੂਰ ਹੈ ਮੰਜ਼ਿਲ ਅਜੇ। ਕਿਸ਼ਤੀਆਂ ਤੂਫ਼ਾਨ ਦੀ ਬੁੱਕਲ ’ਚ ਹਨ, ਦੂਰ ਲਗਦਾ ਹੈ ਬਹੁਤ ਸਾਹਿਲ ਅਜੇ। ਫ਼ੈਸਲਾ ਕੋਈ ਕਰਾਂ ਮੈਂ ਕਿਸ ਤਰ੍ਹਾਂ, ਸਾਥ ਦਿੰਦਾ ਹੀ ਨਹੀਂ ਕੁਝ ਦਿਲ ਅਜੇ। ਇਸ ਗੁਆਚੇਪਨ ਦਾ ਇਹ ਅਹਿਸਾਸ ਹੀ, ਜ਼ਿੰਦਗੀ ਦਾ ਜਾਪਦੈ ਹਾਸਿਲ ਅਜੇ। ਹੋਰ ਥੋੜ੍ਹੀ ਦੇਰ ਤਨਹਾ ਰਹਿਣ ਦੇ, ਹੋਰ ਥੋੜ੍ਹਾ ਚਿਰ ਨਾ ਮੈਨੂੰ ਮਿਲ ਅਜੇ। ਇਸ ਦੀ ਕੈਫ਼ੀਅਤ ਸਮਝ ਤੂੰ ਦੋਸਤਾ, ਦਿਲ ਨਹੀਂ ਹੈ ਲੋਚਦਾ ਮਹਿਫ਼ਿਲ ਅਜੇ।

ਰੁੱਤ ਬੀਤੀ ਨਹੀਂ ਹਨੇਰੇ ਦੀ

ਰੁੱਤ ਬੀਤੀ ਨਹੀਂ ਹਨੇਰੇ ਦੀ। ਬਾਤ ਕਰਦੇ ਹੋ ਕਿਉਂ ਸਵੇਰੇ ਦੀ। ਮੈਂ ਹਾਂ ਆਵਾਰਗੀ ਦਾ ਸ਼ੈਦਾਈ, ਮੈਨੂੰ ਚਾਹਤ ਨਹੀਂ ਬਸੇਰੇ ਦੀ। ਕਾਸ਼ ਨੀਅਤ ਅਸੀਂ ਸਮਝ ਲੈਂਦੇ, ਅਪਣੇ ਦਿਲਬਰ ਦੀ ਉਸ ਲੁਟੇਰੇ ਦੀ। ਹੱਦ ਟੁੱਟੇਗੀ ਕਿਸ ਤਰ੍ਹਾਂ ਆਖ਼ਿਰ, ਮੇਰੀ ਮਜਬੂਰੀਆਂ ਦੇ ਘੇਰੇ ਦੀ। ਮੈਨੂੰ ਅੱਜ ਵੀ ਯਕੀਨ ਹੈ ਇਹ ‘ਸ਼ਸ਼ੀ’, ਸੋਚ ਬਦਲੇਗੀ ਤੇਰੇ ਮੇਰੇ ਦੀ।

ਅੱਗੇ ਵਧਣ ਦਾ ਮੌਕਾ ਦੇ

ਅੱਗੇ ਵਧਣ ਦਾ ਮੌਕਾ ਦੇ। ਭੀੜ 'ਚ ਮੈਨੂੰ ਰਸਤਾ ਦੇ। ਜਿਸ ਵਿਚ ਖ਼ੁਦ ਨੂੰ ਵੇਖ ਸਕਾਂ, ਏਦਾਂ ਦਾ ਕੋਈ ਸ਼ੀਸ਼ਾ ਦੇ। ਕੁਝ ਤਾਂ ਪਿਆਰ ਨਿਸ਼ਾਨੀ ਛੱਡ, ਜਖ਼ਮ ਕੋਈ ਤਾਂ ਡੂੰਘਾ ਦੇ। ਦੀਵਾਨਾ ਏਂ ਤਾਂ ਮੈਨੂੰ, ਇਸ਼ਕ ਦਾ ਮਤਲਬ ਸਮਝਾ ਦੇ। ਸੱਚੇ ਗ਼ਮ ਨੂੰ ਦਿਲ ਵਿਚ ਰੱਖ, ਝੂਠੀ ਖ਼ੁਸ਼ੀ ਨੂੰ ਠੁਕਰਾ ਦੇ। ਉਹ ਚਾਹੇ ਤਾਂ ਦੇਵੇ ਤ੍ਰੇਹ, ਉਹ ਚਾਹੇ ਤਾਂ ਦਰਿਆ ਦੇ।

ਕਿਹੜੀ ਅੱਗ 'ਚੋਂ ਉਡ ਕੇ ਆਇਆ

ਕਿਹੜੀ ਅੱਗ 'ਚੋਂ ਉਡ ਕੇ ਆਇਆ। ਮੇਰੇ ਤੱਕ ਇਹ ਇਕ ਚੰਗਿਆੜਾ। ਬਾਹਰ ਵੱਲ ਖੁਲ੍ਹਦੀ ਬਾਰੀ ਦਾ, ਘਰ ਤੋਂ ਬਾਹਰ ਕੈਸਾ ਰਿਸ਼ਤਾ। ਅੱਖਾਂ ਦੇ ਵਿਚ ਧੁੰਦ ਹੈ ਛਾਈ, ਪਲਕਾਂ ਤੇ ਹੈ ਜੰਮਿਆ ਕੋਹਰਾ। ਦੁੱਖ ਸਦੀਵੀ ਸੱਚ ਹੈ ਤਾਂ ਫ਼ਿਰ, ਖ਼ੁਸ਼ੀ ਹੈ ਕੇਵਲ ਇਕ ਛਲਾਵਾ। ਕਦੀ ਤਾਂ ਮੇਰੇ ਘਰ ਵੀ ਆਵੇ, ਨਿੱਘੀ ਧੁੱਪ ਦਾ ਕੋਈ ਟੁਕੜਾ।

ਇਹ ਤਨਹਾਈ ਹੈ ਦੋਸਤ ਮਿਰੀ

ਇਹ ਤਨਹਾਈ ਹੈ ਦੋਸਤ ਮਿਰੀ ਇਹ ਖ਼ਾਮੋਸ਼ੀ ਹੈ ਯਾਰ ਮਿਰੀ। ਦੋ ਚਾਰ ਦਿਨਾਂ ਦੀ ਬਾਤ ਨਹੀਂ ਹੈ ਵਰ੍ਹਿਆਂ ਤੋਂ ਦਿਲਦਾਰ ਮਿਰੀ। ਵੈਰਾਗ ਦਾ ਪਾਠ ਪੜ੍ਹਾ ਮੈਂਨੂੰ ਕਰ ਦਿੱਤਾ ਦੂਰ ਜ਼ਮਾਨੇ ਤੋਂ, ਫਿਰ ਇਸ਼ਕ ਨੇ ਮੇਰੇ ਨਾਂ ਕੀਤੀ ਕੀ ਜਿੱਤ ਮਿਰੀ ਕੀ ਹਾਰ ਮਿਰੀ। ਇਹ ਭੇਦ ਮਿਰੇ ਤੇ ਜ਼ਾਹਿਰ ਹੈ ਮੈਂ ਇਸਨੂੰ ਖ਼ੂਬ ਸਮਝਦਾ ਹਾਂ, ਕਿ ਆਪਣੇ ਆਪ ਨੂੰ ਬਦਲਣ ਦੀ ਹਰ ਕੋਸ਼ਿਸ਼ ਹੈ ਬੇਕਾਰ ਮਿਰੀ। ਇਹ ਸ਼ਹਿਰ ਤਿਰਾ ਹੈ ਯਾਰ ਮਿਰੇ ਮੈਂ ਇਕ ਆਵਾਰਾ ਪਰਦੇਸੀ, ਪਹਿਚਾਨ ਬਣਨਗੇ ਕੀ ਆਖ਼ਿਰ ਇਹ ਗਲੀਆਂ ਇਹ ਬਾਜ਼ਾਰ ਮਿਰੀ। ਉਹ ਸ਼ਖ਼ਸ ਕਿ ਜਿਸਨੂੰ ਕੁਝ ਫੁਰਸਤ ਮਿਲਦੀ ਹੀ ਨਹੀਂ ਗ਼ਮ ਤੋਂ ਅਪਣੇ, ਕਿੱਦਾਂ ਉਹ ਸਮਝੇਗਾ ਮੈਨੂੰ ਕਿੱਦਾਂ ਉਹ ਲਵੇਗਾ ਸਾਰ ਮਿਰੀ। ਮੈਂ ਅਪਣੇ ਘਰ ਵਿਚ ਬੈਠਾ ਹਾਂ ਫਿਰ ਵੀ ਕੁਝ ਏਦਾਂ ਲਗਦਾ ਹੈ, ਜਿੰਦਾਂ ਇਹ ਕਿਸੇ ਦਾ ਘਰ ਹੈ ‘ਸ਼ਸ਼ੀ’ ਦਰ ਹੈ ਨਾ ਕੋਈ ਦੀਵਾਰ ਮਿਰੀ।

ਇਸ਼ਕ ਦੇ ਵਿਚ ਅਪਣੇ ਹਉਮੈ ਦੀ

ਇਸ਼ਕ ਦੇ ਵਿਚ ਅਪਣੇ ਹਉਮੈ ਦੀ, ਕੋਈ ਦੀਵਾਰ ਤਾਂ ਕਦੇ ਗਿਰਦੀ। ਮੈਂ ਉਸੇ ਸ਼ਖ਼ਸ ਤੋਂ ਹਾਂ ਨਾਵਾਕਿਫ਼, ਉਹ ਜੋ ਪਹਿਚਾਨ ਬਣ ਗਿਆ ਮੇਰੀ। ਇਸਨੂੰ ਸਮਝਾਵਾਂ ਮੈਂ ਤੇ ਮੈਨੂੰ ਇਹ, ਏਹੋ ਇੱਛਾ ਹੈ ਇਸ ਮੇਰੇ ਦਿਲ ਦੀ। ਰਾਤ ਨੇ ਹੋਰ ਕਾਲੀ ਹੋਣਾ ਹੈ, ਇਹ ਅਜੇ ਸਿਖ਼ਰ ਤੀਕ ਨਹੀਂ ਪਹੁੰਚੀ। ਆਏ ਉਹ ਦੁੱਖ ਵਿਚ ਮਿਰੇ ਬੇਸ਼ਕ, ਬਾਤ ਕਰਦੇ ਰਹੇ ਮਗਰ ਅਪਣੀ। ਹਮਸਫ਼ਰ ਬਣ ਕੇ ਸਾਥ ਦੇ ਮੇਰਾ, ਜ਼ਿੰਦਗੀ ਨਾਲ ਹਾਂ ਤਿਰੇ ਮੈਂ ਵੀ। ਆਸ ਉਹ ਸ਼ਮਅ ਹੈ ‘ਸ਼ਸ਼ੀ’ ਜਿਸਦੀ, ਰੌਸ਼ਨੀ ਦੇਰ ਤੱਕ ਨਹੀਂ ਰਹਿੰਦੀ।

ਮੈਂ ਲਿਖ ਰਿਹਾਂ ਹਾਂ ਇਨ੍ਹਾਂ ਤੇ

ਮੈਂ ਲਿਖ ਰਿਹਾਂ ਹਾਂ ਇਨ੍ਹਾਂ ਤੇ ਕਿਤਾਬ ਪੜ੍ਹਦਾ ਜਾ। ਤੂੰ ਅਪਣੇ ਦੌਰ ਦੇ ਸਾਰੇ ਅਜ਼ਾਬ ਪੜ੍ਹਦਾ ਜਾ। ਮੈਂ ਪੜ੍ਹ ਲਏ ਤਿਰੇ ਚਿਹਰੇ 'ਤੇ ਨਕਸ਼ ਸਾਰੇ ਸਵਾਲ, ਜੋ ਮੇਰੇ ਚਿਹਰੇ 'ਤੇ ਲਿਖਿਐ ਜਵਾਬ ਪੜ੍ਹਦਾ ਜਾ। ਨਵੀਂ ਉਮੰਗ, ਨਵੇਂ ਹੌਸਲੇ, ਨਵੀਂ ਚਾਹਤ, ਬਦਲਦੀ ਰੁੱਤ ਦੇ ਰੰਗੀਨ ਖ਼ੂਬ ਪੜ੍ਹਦਾ ਜਾ। ਮਿਰੇ ਸਫ਼ਰ ਦੀ ਕਹਾਣੀ ਹੈ ਵੱਖਰੀ ਸਭ ਤੋਂ, ਤੂੰ ਮੇਰਾ ਸ਼ੌਕ ਮੇਰਾ ਇਜ਼ਤਿਰਾਬ ਪੜ੍ਹਦਾ ਜਾ। ਨਾ ਏਸ ਵਿਚ ਕੋਈ ਉਲਝਣ ਨਾ ਫ਼ਰਕ ਹੈ ਕੋਈ, ਹੈ ਸਾਫ਼ ਮੇਰੇ ਅਮਲ ਦਾ ਹਿਸਾਬ ਪੜ੍ਹਦਾ ਜਾ। ਫ਼ਿਰਾਕ ਵਸਲ ਦਾ ਪਲ-ਪਲ ਹੈ ਜ਼ਹਿਨ ਵਿਚ ਮਹਿਫ਼ੂਜ਼, ਤੂੰ ਜਾਂਦਾ ਜਾਂਦਾ ਪਲਾਂ ਦਾ ਹਿਸਾਬ ਪੜ੍ਹਦਾ ਜਾ।

ਜਿੱਤੀ ਬਾਜ਼ੀ ਮੈਂ ਹਾਰ ਕੇ ਰੋਇਆ

ਜਿੱਤੀ ਬਾਜ਼ੀ ਮੈਂ ਹਾਰ ਕੇ ਰੋਇਆ। ਮੱਚਦੀ ਅੱਗ ਠਾਰ ਕੇ ਰੋਇਆ। ਅਪਣੇ ਚਿਹਰੇ ਤੋਂ ਇਕ ਦਿਨ ਉਹ ਵੀ, ਸਾਰੇ ਚਿਹਰੇ ਉਤਾਰ ਕੇ ਰੋਇਆ। ਜ਼ਿੰਦਗੀ ਕੀ ਹੈ ਜਦ ਸਮਝ ਆਈ, ਜ਼ਿੰਦਗੀ ਨੂੰ ਵਿਚਾਰ ਕੇ ਰੋਇਆ। ਸੀ ਅਜਬ ਸ਼ਖ਼ਸ ਮੇਰੇ ਸ਼ੀਸ਼ੇ 'ਤੇ, ਮਾਰਿਆ ਸੰਗ ਮਾਰ ਕੇ ਰੋਇਆ। ਦੂਰ ਹੋ ਕੇ ਉਹ ਅਪਣੀ ਮਿੱਟੀ ਤੋਂ, ਜ਼ਿੰਦਗੀ ਨੂੰ ਸੰਵਾਰ ਕੇ ਰੋਇਆ।

ਰਾਤ ਹੈ, ਮੈਂ ਹਾਂ ਤੇ ਇਹ ਮੰਜ਼ਰ ਹੈ

ਰਾਤ ਹੈ, ਮੈਂ ਹਾਂ ਤੇ ਇਹ ਮੰਜ਼ਰ ਹੈ। ਮੇਰੀ ਹਸਤੀ ਜਿਵੇਂ ਸਮੁੰਦਰ ਹੈ। ਚਾਣਚਕ ਸ਼ੀਸ਼ਿਆਂ ਦੇ ਸ਼ਹਿਰ ਅੰਦਰ, ਜਾਗ ਉੱਠਿਆ ਹੈ ਜੋ ਉਹ ਪੱਥਰ ਹੈ। ਖੁੱਭਿਆ ਹੈ ਜੋ ਮੇਰੇ ਸੀਨੇ ਵਿਚ, ਉਹ ਤਿਰੀ ਦਿਲਬਰੀ ਦਾ ਫ਼ੰਜਰ ਹੈ। ਕਿਸ ਲਈ ਖੋਲ੍ਹਾਂ ਬੰਦ ਅੱਖਾਂ ਮੈਂ, ਜੋ ਹੈ ਬਾਹਰ ਉਹੋ ਤਾਂ ਅੰਦਰ ਹੈ। ਫੁੱਲ ਚਾਹਤ ਦੇ ਏਥੇ ਨਹੀਂ ਖਿੜਣੇ, ਇਹ ਮਿਰੀ ਜ਼ਿੰਦਗੀ ਦਾ ਕੱਲਰ ਹੈ। ਇਲਮ ਦੇ ਦੌਰ ਵਿਚ ‘ਸ਼ਸ਼ੀ’ ਸਾਹਿਬ, ਸੂਲੀ ਚੜ੍ਹਿਆ ਹੈ ਜੋ ਉਹ ਅੱਖਰ ਹੈ।

ਆਪਣੇ ਵਿਚਕਾਰ ਦੂਰੀ ਰਹਿਣ ਦੇ

ਆਪਣੇ ਵਿਚਕਾਰ ਦੂਰੀ ਰਹਿਣ ਦੇ। ਏਸ ਰਿਸ਼ਤੇ ਨੂੰ ਸਦੀਵੀ ਰਹਿਣ ਦੇ। ਆਉਣ ਦੇ ਕਮਰੇ 'ਚ ਕੁਝ ਤਾਜ਼ੀ ਹਵਾ, ਕੋਈ ਇਕ ਖਿੜਕੀ ਤਾਂ ਖੁਲ੍ਹੀ ਰਹਿਣ ਦੇ। ਰਹਿਣ ਦੇ ਜ਼ਿੰਦਾ ਪੁਰਾਣੀ ਨਸਲ ਨੂੰ, ਘਰ ਦੇ ਇਕ ਗਮਲੇ 'ਚ ਤੁਲਸੀ ਰਹਿਣ ਦੇ। ਭੁੱਲਿਆਂ ਜਿਸਨੂੰ ਜ਼ਮਾਨਾ ਹੋ ਗਿਆ, ਰਹਿਣ ਦੇ ਤੂੰ ਬਾਤ ਉਸਦੀ ਰਹਿਣ ਦੇ। ਉਸਦੀ ਖ਼ਾਮੋਸ਼ੀ ਦਾ ਕੁਝ ਮਤਲਬ ਸਮਝ, ਬਾਤ ਸੁਣ ਉਸਦੀ ਤੂੰ ਅਪਣੀ ਰਹਿਣ ਦੇ।

ਕੈਸਾ ਸ਼ੋਰ ਹੈ ਸਹਿਰਾ ਸਹਿਰਾ

ਕੈਸਾ ਸ਼ੋਰ ਹੈ ਸਹਿਰਾ ਸਹਿਰਾ। ਕੈਸੀ ਚੁੱਪ ਹੈ ਦਰਿਆ ਦਰਿਆ। ਜਿੱਦਾਂ ਕੋਈ ਚਿੱਠੀਆਂ ਵਾਚੇ, ਵਾਚ ਰਿਹਾ ਹਾਂ ਇਉਂ ਹਰ ਚਿਹਰਾ। ਉਹ ਗਹਿਰੇ ਨ੍ਹੇਰੇ ਵਿਚ ਬਹਿ ਕੇ, ਚਾਨਣ ਦੀ ਹੈ ਪੁਸਤਕ ਪੜ੍ਹਦਾ। ਮੈਂ ਜੇ ਚਰਚਾ ਯੋਗ ਨਹੀਂ ਹਾਂ, ਕਿਉਂ ਕਰਦੇ ਹੋ ਮੇਰੀ ਚਰਚਾ। ਇਹ ਖ਼ੁਸ਼ਬੂ, ਇਹ ਰੰਗ, ਇਹ ਮੌਸਮ, ਹਰ ਸ਼ੈ ਉੱਤੇ ਵਕਤ ਦਾ ਪਹਿਰਾ।

ਅੱਜ ਦੇ ਦੌਰ ਨੇ ਜੇ ਇਲਮਾਂ ਦੇ

ਅੱਜ ਦੇ ਦੌਰ ਨੇ ਜੇ ਇਲਮਾਂ ਦੇ। ਹਰਫ਼ ਧੁੰਦਲੇ ਨੇ ਕਿਉਂ ਕਿਤਾਬਾਂ ਦੇ। ਰੇਤਲੇ ਪੈਂਡਿਆਂ 'ਤੇ ਕਿਉਂ ਯਾਰੋ, ਭਾਲਦੇ ਹੋ ਨਿਸ਼ਾਨ ਪੈਰਾਂ ਦੇ। ਸਾਂਭ ਰੱਖਣਾ ਤੁਸੀਂ ਵੀ ਇਨ੍ਹਾਂ ਨੂੰ, ਮੈਂ ਵੀ ਸਾਂਭਾਂਗਾ ਰਿਸ਼ਤੇ ਸਾਂਝਾਂ ਦੇ। ਡਿੱਗ ਪਈਆਂ ਨੇ ਨਿਸਰੀਆਂ ਫ਼ਸਲਾਂ, ਕੌਣ ਲੰਘਿਆ ਹੈ ਵਿਚੋਂ ਕਣਕਾਂ ਦੇ। ਨਿੱਘ ਆਉਂਦਾ ਹੈ ਸਰਦ ਮੌਸਮ ਵਿਚ, ਖੇਤ ਖਿੜਦੇ ਨੇ ਜਦ ਕਪਾਹਾਂ ਦੇ।

ਅਪਣੀ ਅੱਗ ਨੂੰ ਆਪੇ ਠਾਰ

ਅਪਣੀ ਅੱਗ ਨੂੰ ਆਪੇ ਠਾਰ। ਅਪਣਾ ਸੂਰਜ ਆਪ ਪੰਘਾਰ। ਆਪਾਂ ਦੋਵਾਂ ਦੇ ਵਿਚਕਾਰ, ਅਪਣੇ ਤੋਂ ਉੱਚੀ ਦੀਵਾਰ। ਚੰਨ ਨੂੰ ਲੋੜ ਤਬੀਬਾਂ ਦੀ, ਚਾਨਣ ਦਿਸਦਾ ਹੈ ਬੀਮਾਰ। ਅਚਨਚੇਤ ਚਲ ਆਇਆ ਹੈ, ਇਕ ਹਉਕਾ ਅਪਣੇ ਵਿਚਕਾਰ। ਬਰਫ਼ ਬਣੀ ਹੈ ਉਸਦੀ ਯਾਦ, ਦੇ ਕੋਈ ਮਘਦਾ ਅੰਗਿਆਰ।

ਦੂਰ ਖੜ੍ਹੀ ਸ਼ਰਮਾਵੇ ਅੱਗ

ਦੂਰ ਖੜ੍ਹੀ ਸ਼ਰਮਾਵੇ ਅੱਗ। ਹੱਥ ਲਾਇਆਂ ਮੁਰਝਾਵੇ ਅੱਗ। ਸਰਦੀ ਰੁੱਤੇ ਅੱਧੀ ਰਾਤ, ਨੰਗੀ ਪਈ ਕੁਰਲਾਵੇ ਅੱਗ। ਚੁੱਲ੍ਹੇ ਦੇ ਵਿਚ ਗੋਹੇ ਡਾਹ, ਮੱਠੀ ਪੈਂਦੀ ਜਾਵੇ ਅੱਗ। ਪੰਘਰ ਜਾਵੇ ਜੰਮੀ ਬਰਫ਼, ਜਦ ਵੀ ਜੋਸ਼ 'ਚ ਆਵੇ ਅੱਗ। ਨ੍ਹੇਰੇ ਵਿਚ ਜੁਗਨੂੰ ਬਣਕੇ, ਅਪਣਾ ਜੀਅ ਪਰਚਾਵੇ ਅੱਗ। ਪਾਲਾ ਲਹੇ, ਕਾਂਬਾ ਮੁੱਕੇ, ਕੋਈ ਲੱਭ ਲਿਆਵੇ ਅੱਗ। ਧੂੰਏਂ ਦੀ ਚਾਦਰ ਦੇ ਵਿੱਚ, ਅਪਣਾ ਆਪ ਲੁਕਾਵੇ ਅੱਗ।

ਅੱਖਰ ਅੱਖਰ ਬੋਲ ਰਿਹਾ ਹੈ

ਅੱਖਰ ਅੱਖਰ ਬੋਲ ਰਿਹਾ ਹੈ। ਦਿਲ ਦੇ ਦੁਖੜੇ ਫੋਲ ਰਿਹਾ ਹੈ। ਤੇਜ਼ ਹਵਾਵਾਂ ਦੇ ਵਿਚ ਕੋਈ, ਯਾਦਾਂ ਦੀ ਪੰਡ ਖੋਲ੍ਹ ਰਿਹਾ ਹੈ। ਉਹ ਚਾਹਤ ਦੇ ਸੁੱਚੇ ਮੋਤੀ, ਪੈਰਾਂ ਹੇਠਾਂ ਰੋਲ ਰਿਹਾ ਹੈ। ਵੇਖੋ ਕੋਈ ਨਾਸਮਝੀ ਵਿਚ, ਜ਼ਹਿਰ ਫ਼ਿਜ਼ਾ ਵਿਚ ਘੋਲ ਰਿਹਾ ਹੈ। ਤੇਰੀ ਯਾਦ ਦਾ ਪੰਛੀ ਵੀ ਤਾਂ, ਹੁਣ ਖੰਭਾਂ ਨੂੰ ਤੋਲ ਰਿਹਾ ਹੈ।

ਮੈਂ ਖ਼ੁਦ ਤੋਂ ਦੂਰ ਬੇਸ਼ਕ ਜਾ ਰਿਹਾ ਹਾਂ

ਮੈਂ ਖ਼ੁਦ ਤੋਂ ਦੂਰ ਬੇਸ਼ਕ ਜਾ ਰਿਹਾ ਹਾਂ। ਮਗਰ ਨਜ਼ਦੀਕ ਤੇਰੇ ਆ ਰਿਹਾ ਹਾਂ। ਜੋ ਦਿਲ ਮਹਿਸੂਸ ਕਰਦਾ ਹੈ ਮੈਂ ਉਸਦੇ, ਜ਼ੁਬਾਂ 'ਤੇ ਆਉਣ ਤੋਂ ਘਬਰਾ ਰਿਹਾ ਹਾਂ। ਮੈਂ ਜਿਸਦੇ ਸਾਏ ਵਿਚ ਬਹਿੰਦਾ ਸੀ ਹੁਣ ਤੱਕ, ਉਸੇ ਦੀਵਾਰ ਨੂੰ ਕਿਉਂ ਢਾ ਰਿਹਾ ਹਾਂ। ਮੈਂ ਸੁਲਝਾਉਂਦਾ ਹਾਂ ਇਸ ਗੁੱਥੀ ਨੂੰ ਜਿੰਨਾ, ਮੈਂ ਇਸਨੂੰ ਓਨਾ ਹੀ ਉਲਝਾ ਰਿਹਾ ਹਾਂ। ਕਦੋਂ, ਕਿਸ ਵਕਤ, ਕੀ ਕਹਿੰਦੇ ਨੇ ਲੋਕੀਂ, ਮੈਂ ਲੋਕਾਂ ਨੂੰ ਸਮਝਦਾ ਜਾ ਰਿਹਾ ਹਾਂ।

ਜੋ ਮੇਰੇ ਦਿਲ ਵਿਚ ਵੱਸਦਾ ਹੈ

ਜੋ ਮੇਰੇ ਦਿਲ ਵਿਚ ਵੱਸਦਾ ਹੈ। ਉਹ ਬਿਲਕੁਲ ਤੇਰੇ ਵਰਗਾ ਹੈ। ਮੈਂ ਵਾਸੀ ਹਾਂ ਕੱਚੇ ਘਰ ਦਾ, ਬੱਦਲ ਵੇਖ ਕੇ ਡਰ ਲਗਦਾ ਹੈ। ਪੀਲੇ ਮੌਸਮ ਦੀ ਮੁੱਠੀ ਵਿਚ, ਸ਼ਾਇਦ ਇਕ ਸਾਵਾ ਪੱਤਾ ਹੈ। ਜਿਸ ਰਸਤੇ ’ਤੇ ਤੂੰ ਤੁਰਿਆ ਏਂ, ਉਹ ਰਸਤਾ ਸਿੱਧਾ-ਪੱਧਰਾ ਹੈ। ਮੈਥੋਂ ਮੇਰਾ ਪਰਿਚੈ ਪੁੱਛੇ, ਜੋ ਮੇਰਾ ਹੀ ਇਕ ਹਿੱਸਾ ਹੈ।

ਲੱਭ ਸਕੇ ਤਾਂ ਕੋਈ ਲੱਭੇ

ਲੱਭ ਸਕੇ ਤਾਂ ਕੋਈ ਲੱਭੇ। ਯਾਰੋ ਮੇਰੇ ਬੋਲ ਗੁਆਚੇ। ਵਕਤ ਦੀ ਪੂਣੀ ਕਿਹੜਾ ਕੱਤੇ, ਚਰਖ਼ਾ ਘੂਕੇ ਵਿਹੜੇ-ਵਿਹੜੇ। ਅਰਥਹੀਣ ਹੈ ਉਹ ਸਾਰਾ ਕੁਝ, ਜੋ ਕੁਝ ਅੱਜ ਦੇ ਬੱਚੇ ਪੜ੍ਹਦੇ। ਕੱਚੇ ਬੰਨ੍ਹਾਂ ਕਦ ਤੱਕ ਰਹਿਣਾ, ਪਾਣੀ ਨਿਸ ਦਿਨ ਕੰਢੇ ਖੋਰੇ। ਕਿੱਧਰੋਂ ਹੋ ਕੇ ਆਇਆ ਬੱਦਲ, ਖ਼ੁਸ਼ਬੂਆਂ ਦਾ ਮੀਂਹ ਪਿਆ ਬਰਸੇ। ਰੌਸ਼ਨ ਹੋਵਣਗੇ ਹੋਠਾਂ 'ਤੇ, ਮੇਰੇ ਹਰਫ਼ ਦੁਆਵਾਂ ਵਰਗੇ । ਆਖ਼ਿਰ ਐਡੀ ਵੀ ਕੀ ਕਾਹਲੀ, ਵਕਤ ਨੂੰ ਆਖ ਜ਼ਰਾ ਕੁ ਠਹਿਰੇ। ਕਿੰਨੇ ਦਾਣੇ ਘਰ ਪੁੱਜਣਗੇ, ਫ਼ਸਲਾਂ ਖੜ੍ਹੀਆਂ ਚਾਰ ਚੁਫ਼ੇਰੇ।

ਧੂੜ ਉਡਾ ਕੇ ਦਿਲ ਦੇ ਅੰਦਰ

ਧੂੜ ਉਡਾ ਕੇ ਦਿਲ ਦੇ ਅੰਦਰ। ਲੰਘ ਗਏ ਯਾਦਾਂ ਦੇ ਲਸ਼ਕਰ। ਉੱਚੀ ਟੀਸੀ ਉੱਤੋਂ ਡਿਗ ਕੇ, ਟੋਟੋ-ਟੋਟੇ ਹੋਇਆ ਪੱਥਰ। ਮੈਂ ਵੀ ਆਖ਼ਿਰ ਸਿੱਖ ਲਏ ਹਨ, ਲਿਖਣੇ-ਪੜ੍ਹਨੇ ਕਾਲੇ ਅੱਖਰ। ਘਰ ਆ ਕੇ ਵੀ ਮੋਢੇ ਉੱਤੇ, ਚੁੱਕੀ ਫਿਰਦਾ ਹੈ ਉਹ ਦਫ਼ਤਰ। ਸੋਚ ਹੈ ਜੇਕਰ ਇਕ ਨਦੀ ਤਾਂ, ਚੇਤੰਨਤਾ ਹੈ ਇਕ ਸਮੁੰਦਰ।

ਜ਼ਿੰਦਗੀ ਦਾ ਕੀ ਹੈ ਜੇਕਰ ਹੈ ਖ਼ਫ਼ਾ

ਜ਼ਿੰਦਗੀ ਦਾ ਕੀ ਹੈ ਜੇਕਰ ਹੈ ਖ਼ਫ਼ਾ। ਹੌਂਸਲੇ ਨੂੰ ਮੈਂ ਬਣਾਇਐ ਰਹਿਨੁਮਾ। ਹੋਏ ਹਾਂ ਨਜ਼ਦੀਕ ਆਪਾਂ ਜਦ ਕਦੀ, ਹੋਰ ਵੀ ਕੁਝ ਵਧ ਗਿਆ ਹੈ ਫ਼ੈਸਲਾ। ਵਿੰਨ੍ਹ ਕੇ ਰਖ ਦੇ ਮੇਰੀ ਹਉਮੈ ਦੀ ਢਾਲ, ਤੀਰ ਜੋ ਵੀ ਪਾਸ ਹੈ ਤੇਰੇ ਚਲਾ। ਕੌਣ ਹੈ ਜੋ ਤੁਰ ਰਿਹਾ ਹੈ ਨਾਲ-ਨਾਲ, ਏਹੋ ਵੇਖਣ ਵਾਸਤੇ ਮੈਂ ਰੁਕ ਗਿਆ। ਮੈਂ ਤੇਰੇ ਵਿਸ਼ਵਾਸ ਨੂੰ ਲਾਈ ਹੈ ਢਾਹ, ਮੈਂ ਤੇਰਾ ਮੁਜਰਮ ਹਾਂ ਮੈਨੂੰ ਦੇ ਸਜ਼ਾ। ਕੌਣ ਸੀ, ਉਹ ਕੀ ਸੀ ਸਮਝਾਉਂਦਾ ‘ਸ਼ਸ਼ੀ’, ਧੁੱਪ ਦੇ ਵਿਚ ਬਰਫ਼ ਜਿਹੜਾ ਧਰ ਗਿਆ।

ਰਿਸ਼ਤਿਆਂ ਵਿਚ ਵਧ ਰਹੀ ਹੈ

ਰਿਸ਼ਤਿਆਂ ਵਿਚ ਵਧ ਰਹੀ ਹੈ ਕਿਉਂ ਕੁੜਿੱਤਣ। ਅਕਲ ਵਾਲੇ ਬੈਠ ਕੇ ਇਹ ਵੀ ਤਾਂ ਸੋਚਣ। ਮੁੱਦਤਾਂ ਤੋਂ ਜੰਮੀ ਹੋਈ ਬਰਫ਼ ਪਿਘਲੇ, ਸੋਚ ਦੇ ਸੀਮਿਤ ਜਿਹੇ ਘੇਰੇ ਜੇ ਫੈਲਣ। ਦੂਰ ਉਹ ਕਿਉਂ ਅੱਜ ਮੈਥੋਂ ਹੋ ਗਿਆ ਹੈ, ਕੀ ਕਹਾਂਗਾ ਲੋਕ ਜੇ ਮੇਰੇ ਤੋਂ ਪੁੱਛਣ। ਕੀ ਗ਼ਲਤ ਹੈ, ਠੀਕ ਕੀ ਹੈ ਜ਼ਿੰਦਗੀ ਵਿਚ, ਜ਼ਿੰਦਗੀ ਨੂੰ ਜੀਣ ਵਾਲੇ ਇਹ ਤਾਂ ਸਮਝਣ। ਬਾਰੀਆਂ ਬੂਹੇ ਘਰਾਂ ਦੇ ਬੰਦ ਕਿਉਂ ਹਨ, ਫੈਲਿਆ ਹੋਇਆ ਹੈ ਹਰ ਪਾਸੇ ਜੇ ਚਾਨਣ।

ਇਸ ਧਰਤੀ ’ਤੇ ਦੁੱਖ ਹੀ ਦੁੱਖ ਨੇ

ਇਸ ਧਰਤੀ ’ਤੇ ਦੁੱਖ ਹੀ ਦੁੱਖ ਨੇ ਪਿਆਰੇ ਦੇਖ। ਹਾਰੇ—ਹੰਭੇ ਲੋਕੀਂ ਗ਼ਮ ਦੇ ਮਾਰੇ ਦੇਖ। ਦੂਰ ਨਹੀਂ ਹੁਣ ਤੈਥੋਂ ਸਾਹਿਲ ਦੂਰ ਨਹੀਂ, ਅਪਣੀ ਕਿਸ਼ਤੀ ਦੇਖ ਤੇ ਸਿਰਫ਼ ਕਿਨਾਰੇ ਦੇਖ। ਕੀ ਹੋਇਆ ਜੇ ਚੌਹੀਂ ਪਾਸੀਂ ਨ੍ਹੇਰਾ ਹੈ, ਨ੍ਹੇਰੇ ਦੇ ਵਿਚ ਜਗਮਗ ਚੰਨ ਸਿਤਾਰੇ ਦੇਖ। ਮੁੱਕੇਗੀ ਆਖ਼ਿਰ ਇਹ ਠੰਡੀ ਰੁੱਤ ਕਦੋਂ, ਅੰਦਰ ਦੇ ਸ਼ੋਅਲੇ ਬਰਫ਼ਾਂ ਨੇ ਠਾਰੇ ਦੇਖ। ਜਦ ਤੱਕ ਦਰਿਆ ਵਿਚ ਸਨ ਪਾਣੀ ਮਿੱਠੇ ਸਨ, ਸਾਗਰ ਦੇ ਵਿਚ ਰਲ ਕੇ ਹੋ ਗਏ ਖਾਰੇ ਦੇਖ। ਉੱਚੇ ਖੜ੍ਹ ਕੇ ਵੇਖ ਨਾ ਉੱਚੇ ਘਰ ਨੂੰ ਤੂੰ, ਫੁਟਪਾਥਾਂ 'ਤੇ ਸੁੱਤੇ ਪਏ ਵਿਚਾਰੇ ਦੇਖ। ਗ਼ੈਰਾਂ ਵਾਂਗੂੰ ਉਸਦੇ ਨਾਲ ਖਲੋਤੇ ਹਨ, ਜੋ ਲਿੱਤੇ ਸਨ ਉਸਨੇ ਸ਼ਬਦ ਉਧਾਰੇ ਦੇਖ।

ਮੇਰਾ ਦਿਲ ਹੀ ਇਹ ਕਰਦਾ ਹੈ

ਮੇਰਾ ਦਿਲ ਹੀ ਇਹ ਕਰਦਾ ਹੈ। ਨਿਤ ਗ਼ਮ ਦਾ ਸਾਗਰ ਤਰਦਾ ਹੈ। ਸੱਚ ਤਾਂ ਇਹ ਹੈ ਆਖ਼ਿਰ ਬੰਦਾ, ਆਪਣੇ ਆਪ ਤੋਂ ਹੀ ਡਰਦਾ ਹੈ। ਵੇਖ ਰਿਹੈਂ ਕੀ ਉਸਦੇ ਘਰ ਨੂੰ, ਤੇਰਾ ਘਰ ਵੀ ਬੇਪਰਦਾ ਹੈ। ਅਪਣੇ ਘਰ ਨੂੰ ਲੱਭ ਰਿਹਾ ਹੈ, ਖ਼ੌਰੇ ਉਹ ਕਿਹੜੇ ਘਰ ਦਾ ਹੈ। ਕੀ ਦੱਸਾਂ ਮੈਂ ਕਿੰਨਾ ਖ਼ੁਸ਼ ਹਾਂ, ਮੁੜ-ਮੁੜ ਰੋਣ ਨੂੰ ਜੀਅ ਕਰਦਾ ਹੈ। ਫ਼ੌਰੇ ਕਿੰਨੀ ਵਾਰੀ ਬੰਦਾ, ਮੌਤ ਤੋਂ ਪਹਿਲਾਂ ਹੀ ਮਰਦਾ ਹੈ।

ਚੁੱਪ ਦੀ ਇਸ ਬਰਫ਼ ਨੂੰ ਟੁੱਟਣ ਤਾਂ ਦੇ

ਚੁੱਪ ਦੀ ਇਸ ਬਰਫ਼ ਨੂੰ ਟੁੱਟਣ ਤਾਂ ਦੇ। ਮੇਰੇ ਹੋਠਾਂ ਨੂੰ ਜ਼ਰਾ ਕੰਬਣ ਤਾਂ ਦੇ। ਹੱਥ 'ਚੋਂ ਠਹਿਰੀ ਹਵਾ ਦੇ ਤਿਲਕ ਕੇ, ਡਿੱਗਿਆ ਹੈ ਕੀ ਜ਼ਰਾ ਵੇਖਣ ਤਾਂ ਦੇ। ਇੰਜ ਜਜ਼ਬਾਤੀ ਨਾ ਮੈਨੂੰ ਕਰ ਅਜੇ, ਜਿਸਮ ਦਾ ਜਾਦੂ ਹੈ ਕੀ ਸੋਚਣ ਤਾਂ ਦੇ। ਦੁੱਧ ਚਿੱਟੀ ਚਾਨਣੀ ਵਰਗਾ ਹੈ ਇਹ, ਏਸ ਨ੍ਹੇਰੇ ਨੂੰ ਜ਼ਰਾ ਲਿਸ਼ਕਣ ਤਾਂ ਦੇ। ਪੂਰਾ ਸੂਰਜ ਹੁਣ ਤਿਰੇ ਕਬਜ਼ੇ 'ਚ ਹੈ, ਮੇਰੇ ਹਿੱਸੇ ਦਾ ਮਗਰ ਚਾਨਣ ਤਾਂ ਦੇ।

ਕੁਝ ਪੱਤੇ ਮਿਰੀ ਹੋਂਦ ਤੋਂ ਝੜ ਕੇ

ਕੁਝ ਪੱਤੇ ਮਿਰੀ ਹੋਂਦ ਤੋਂ ਝੜ ਕੇ। ਸਮਿਆਂ ਦੇ ਦਾਮਨ 'ਤੇ ਡਿੱਗੇ। ਜਿਸਮਾਂ ਤੇ ਜੰਮੀ ਸਦੀਆਂ ਦੀ, ਕਦੋਂ ਭਲਾ ਇਹ ਮਿੱਟੀ ਲੱਥੇ। ਕੁਝ ਤਸਵੀਰਾਂ ਲਾਈ ਰੱਖਣਾ, ਅਪਣੇ ਘਰ ਦੀਆਂ ਕੰਧਾਂ ਉੱਤੇ। ਜੀਅ ਕਰਦਾ ਹੈ ਵੇਖਣ ਨੂੰ ਹੁਣ, ਪਾਣੀ 'ਤੇ ਪਰਛਾਵੇਂ ਤਰਦੇ। ਨੀਂਦਰ ਦੀ ਇੱਕੋ ਝਪਕੀ ਵਿਚ, ਕਈ ਡਰਾਉਣੇ ਸੁਫ਼ਨੇ ਵੇਖੇ। ਗਿਆ ਗੁਆਚ ਉਹ ਰਾਹਵਾਂ ਦੇ ਵਿਚ, ਉਸਨੂੰ ਘਰ ਹੁਣ ਚਿੱਤ ਨਾ ਚੇਤੇ। ਪਿੰਡ ਦੇ ਵਿਚ ਫਿਰੀ ਕੰਬਣੀ, ਜ਼ਖ਼ਮ ਪੁਰਾਣੇ ਜਦ ਵੀ ਖੁਲ੍ਹੇ।

ਹੁਣ ਨਾ ਕੋਈ ਰਸਤਿਆਂ ਦੀ

ਹੁਣ ਨਾ ਕੋਈ ਰਸਤਿਆਂ ਦੀ ਠੋਕਰਾਂ ਦੀ ਗੱਲ ਕਰ। ਸਾਹਮਣੇ ਹਨ ਜੋ ਤੂੰ ਉਹਨਾਂ ਮੰਜ਼ਿਲਾਂ ਦੀ ਗੱਲ ਕਰ। ਉੱਡਦੀ ਹੈ ਰੇਤ ਹੀ ਬਸ ਰੇਤ ਜਿੱਥੇ ਦੂਰ ਤੱਕ, ਪਿਆਸ ਦੇ ਫੈਲੇ ਹੋਏ ਮਾਰੂਥਲਾਂ ਦੀ ਗੱਲ ਕਰ। ਵੇਰਵਾ ਨਾ ਪਾ ਤੂੰ ਗੁਆਚੇ ਸੁਫ਼ਨਿਆਂ ਦਾ ਦੋਸਤਾ, ਸਾਹਮਣੇ ਹਨ ਜਿਹੜੀਆਂ ਉਹ ਮੁਸ਼ਕਿਲਾਂ ਦੀ ਗੱਲ ਕਰ। ਦਰਦ ਦਾ ਅਹਿਸਾਸ ਮਰ ਜਾਵੇ ਨਾ ਮਨ ਅੰਦਰ ਕਿਤੇ, ਡਿੱਗਦੇ ਢਹਿੰਦੇ ਹੋਏ ਕੱਚੇ ਘਰਾਂ ਦੀ ਗੱਲ ਕਰ। ਤਰਦੀਐਂ ਜੋ ਪਾਣੀਆਂ ਵਿਚ ਛੱਡ ਕੇ ਉਹਨਾਂ ਦੀ ਗੱਲ, ਖ਼ੁਸ਼ਕ ਦਰਿਆਵਾਂ 'ਚ ਖੜ੍ਹੀਆਂ ਕਿਸ਼ਤੀਆਂ ਦੀ ਗੱਲ ਕਰ।

ਗ਼ਮ ਦਾ ਨਵਾਂ ਨਿਰਾਲਾ ਦਿਨ ਹੈ

ਗ਼ਮ ਦਾ ਨਵਾਂ ਨਿਰਾਲਾ ਦਿਨ ਹੈ। ਖ਼ੂਨ ਰੁਆਵਣ ਵਾਲਾ ਦਿਨ ਹੈ। ਤੇਰੇ ਸ਼ਹਿਰ ਦੀ ਅਦਾ ਨਿਰਾਲੀ, ਚਿੱਟੀ ਰਾਤ ਹੈ ਕਾਲਾ ਦਿਨ ਹੈ। ਰਾਤ ਹੈ ਗ਼ਮ ਦੀ ਭਰੀ ਪਟਾਰੀ, ਦੁੱਖ ਦਾ ਭਰਿਆ ਪਿਆਲਾ ਦਿਨ ਹੈ। ਪਹਿਲਾਂ ਲੋਕੀਂ ਇਹ ਮੰਨਦੇ ਸਨ, ਨ੍ਹੇਰ ਹੈ ਰਾਤ ਉਜਾਲਾ ਦਿਨ ਹੈ। ਬਿਰਹੋਂ ਦੇ ਪਥਰੀਲੇ ਰਾਹ 'ਤੇ, ਪੈਰੀਂ ਫੁੱਟਿਆ ਛਾਲਾ ਦਿਨ ਹੈ।

ਜੋ ਮੈਨੂੰ ਚੰਗਾ ਲਗਦਾ ਹੈ

ਜੋ ਮੈਨੂੰ ਚੰਗਾ ਲਗਦਾ ਹੈ। ਮੇਰੀ ਸੋਚ ਦਾ ਹੀ ਖ਼ਾਕਾ ਹੈ। ਕੋਈ ਤਾਂ ਤੂਫ਼ਾਨ ਉਠਾਓ, ਸੰਨਾਟਾ ਹੀ ਸੰਨਾਟਾ ਹੈ। ਜਿਸਨੂੰ ਲੋਕੀਂ ਦੁਹਰਾਉਂਦੇ ਹਨ, ਉਹ ਬੀਤੇ ਕਲ੍ਹ ਦਾ ਕਿੱਸਾ ਹੈ। ਹੋਠਾਂ ਤੇ ਮੁਸਕਾਣ ਹੈ ਭਾਵੇਂ, ਅੱਖਾਂ ਵਿਚ ਉਸਦੇ ਗੁੱਸਾ ਹੈ। ਜੋ ਮਜ਼ਲੂਮਾਂ ਰਲ ਕੇ ਲਾਇਆ, ਉਹ ਨਾਅਰਾ ਮੇਰਾ ਨਾਅਰਾ ਹੈ।

ਤੋੜ ਕੇ ਘੇਰਾ ਸੁਤੰਤਰ ਹੋ ਗਈ

ਤੋੜ ਕੇ ਘੇਰਾ ਸੁਤੰਤਰ ਹੋ ਗਈ। ਸੋਚ ਜਦ ਸ਼ੀਸ਼ੇ ਤੋਂ ਪੱਥਰ ਹੋ ਗਈ। ਇੰਝ ਲਗਦਾ ਹੈ ਕਿ ਮੇਰੀ ਜ਼ਿੰਦਗੀ, ਆਰਜ਼ੀ ਖ਼ੁਸ਼ੀਆਂ ’ਤੇ ਨਿਰਭਰ ਹੋ ਗਈ। ਹੁਣ ਨਹੀਂ ਖੜਕਾਉਂਦੀ ਬੂਹੇ ਬਾਰੀਆਂ, ਇਹ ਹਵਾ ਵੀ ਮੇਰੇ ਵਾਂਗਰ ਹੋ ਗਈ। ਮਨ ਤਾਂ ਮੇਰਾ ਅੱਜ ਵੀ ਹੈ ਬੇਲਿਬਾਸ, ਭਾਵੇਂ ਸ਼ੁਹਰਤ ਤਨ ਦਾ ਵਸਤਰ ਹੋ ਗਈ। ਫੁੱਲ ਦੇ ਬਿਖਰਨ ਦਾ ਮੈਨੂੰ ਗ਼ਮ ਨਹੀਂ, ਗ਼ਮ ਤਾਂ ਇਹ ਹੈ ਖ਼ੁਸ਼ਬੂ ਬੇਘਰ ਹੋ ਗਈ।

ਜਿਉਣ ਦਾ ਕੁਝ ਆਧਾਰ ਨਹੀਂ ਹੈ

ਜਿਉਣ ਦਾ ਕੁਝ ਆਧਾਰ ਨਹੀਂ ਹੈ। ਇਹ ਮੇਰਾ ਸੰਸਾਰ ਨਹੀਂ ਹੈ। ਇਸ ਤਹਿਜ਼ੀਬ ਦਾ, ਇਸ ਵਿਰਸੇ ਦਾ, ਕੋਈ ਪਹਿਰੇਦਾਰ ਨਹੀਂ ਹੈ। ਇਕ ਚਿੰਗਾਰੀ ਸਹਿਕ ਰਹੀ ਹੈ, ਦਿਲ ਮਘਦਾ ਅੰਗਿਆਰ ਨਹੀਂ ਹੈ। ਝੂਠ ਦੇ ਨਾਲ ਖੜ੍ਹਾ ਹਾਂ ਬੇਸ਼ਕ, ਸੱਚ ਤੋਂ ਵੀ ਇਨਕਾਰ ਨਹੀਂ ਹੈ। ਮੇਰੇ 'ਤੇ ਕੀ ਬੀਤ ਰਹੀ ਹੈ, ਉਸਨੂੰ ਇਸਦੀ ਸਾਰ ਨਹੀਂ ਹੈ। ਜੋ ਕੁਝ ਹੈ ਉਹ ਇਸ ਬੰਨੇ ਹੈ, ਕੁਝ ਵੀ ਪਰਲੇ ਪਾਰ ਨਹੀਂ ਹੈ।

ਵੇਖਾਂਗਾ ਜਾ ਕੇ ਠਹਿਰਦੀ ਹੈ

ਵੇਖਾਂਗਾ ਜਾ ਕੇ ਠਹਿਰਦੀ ਹੈ ਕਿਸ ਜਗ੍ਹਾ ਨਜ਼ਰ। ਮੰਜ਼ਿਲ ਜੇ ਆਫ਼ਤਾਬ ਹੈ ਤਾਂ ਰਾਤ ਹੈ ਸਫ਼ਰ। ਬੈਰਾਗ ਦੀ ਇਹ ਕਿਹੜੀ ਅਵੱਸਥਾ ਹੈ ਦੋਸਤੋ, ਗ਼ਾਫ਼ਿਲ ਹਾਂ ਅਪਣੇ ਆਪ ਤੋਂ ਦੁਨੀਆਂ ਤੋਂ ਬੇਖ਼ਬਰ। ਕੀ ਸੋਚਦਾ ਏਂ ਦੇਰ ਤੋਂ ਸਾਹਿਲ ’ਤੇ ਤੂੰ ਖੜ੍ਹਾ, ਕਿਸ਼ਤੀ ਹੈ ਸਾਹਮਣੇ ਤਿਰੇ ਉਸ ਪਾਰ ਜਾ ਉਤਰ। ਕਹਿੰਦੇ ਨੇ ਜਿਸਨੂੰ ਜ਼ਿੰਦਗੀ ਕੁਝ ਸ੍ਵਾਸ ਹੀ ਤਾਂ ਹਨ, ਹੈ ਸੱਚ ਤਾਂ ਇਹੋ ਕਿ ਹੈ ਇਹ ਹਿੱਸਾ ਮੁਖ਼ਤਸਰ। ਜੋ ਸੋਚਦਾ ਰਿਹਾ ਏਂ ਤੂੰ ਉਹ ਕਰਕੇ ਵੀ ਵਿਖਾ, ਡਰ ਮੌਤ ਕੋਲੋਂ ਤੂੰ ਅਤੇ ਨਾ ਹੀ ਜ਼ਿੰਦਗੀ ਤੋਂ ਡਰ। ਇਸ ਚੁੱਪ ਨੂੰ ਸਮਝ ਤੇ ਖ਼ਾਮੋਸ਼ੀ ਨੂੰ ਪੜ੍ਹ ਕੇ ਵੇਖ, ਬਿਹਤਰ ਇਹੋ ਹੈ ਹੁਣ ਤੂੰ ਕੋਈ ਬਾਤ ਹੀ ਨਾ ਕਰ। ਦੀਵੇ ਸ਼ਹਾਦਤਾਂ ਦੇ ਬੁਝਣਗੇ ਨਹੀਂ ਕਦੀ, ਕੌਮਾਂ 'ਤੇ ਮਰਨ ਵਾਲੇ ਸਦਾ ਰਹਿਣਗੇ ਅਮਰ।

ਦਿਲ ਦੇ ਅੰਦਰ ਇਸ ਤਰ੍ਹਾਂ ਘਰ ਕਰ ਗਿਆ

ਦਿਲ ਦੇ ਅੰਦਰ ਇਸ ਤਰ੍ਹਾਂ ਘਰ ਕਰ ਗਿਆ। ਦਰਦ ਉਸ ਦਾ ਮੈਨੂੰ ਪੱਥਰ ਕਰ ਗਿਆ। ਕੌਣ ਹੈ ਇਹ ਕਿਸਦੀ ਹੈ ਜਾਦੂਗਰੀ, ਕੌਣ ਇਸ ਧਰਤੀ ਨੂੰ ਅੰਬਰ ਕਰ ਗਿਆ। ਹੈਦ ਸੀ ਸੀਮਿਤ ਜਿਹੇ ਘੇਰੇ 'ਚ ਮੈਂ, ਕੋਈ ਇਉਂ ਆਇਆ ਸੁਤੰਤਰ ਕਰ ਗਿਆ। ਹਰ ਤਰਫ਼ ਹੁਣ ਰੌਸ਼ਨੀ ਹੀ ਰੌਸ਼ਨੀ, ਇਹ ਕਰਿਸ਼ਮਾ ਇੱਕੋ ਅੱਖਰ ਕਰ ਗਿਆ। ਤੁੱਛ ਸੀ ਮੈਂ ਖ਼ੁਦ ਨਜ਼ਰ ਵਿਚ ਆਪਣੀ, ਇਕ ਇਸ਼ਾਰਾ ਮੈਨੂੰ ਬਰਤਰ ਕਰ ਗਿਆ।

ਇਹ ਮਜਬੂਰੀਆਂ ਦੁੱਖਾਂ-ਦਰਦਾਂ ਦੇ ਘੇਰੇ

ਇਹ ਮਜਬੂਰੀਆਂ ਦੁੱਖਾਂ-ਦਰਦਾਂ ਦੇ ਘੇਰੇ। ਬਹੁਤ ਦੂਰ ਤਕ ਹਨ ਹਨੇਰ-ਹਨੇਰੇ। ਨਹੀਂ ਮੁੱਕਣਾ ਪੈਂਡਾ ਇਹ ਤੂੰ ਸਮਝ ਲੈ, ਸਫ਼ਰ ਹੈ ਮੁਹੱਬਤ ਦਾ ਰਸਤੇ ਲਮੇਰੇ। ਮੈਂ ਹੁਣ ਵੀ ਤਿਰੇ ਪਿਆਰ ਦਾ ਮੁੰਤਜ਼ਿਰ ਹਾਂ, ਕ ਈ ਰਾਤਾਂ ਲੰਘੀਆਂ ਗਏ ਕਈ ਸਵੇਰੇ। ਉਹੋ ਬਣ ਗਏ ਹਨ ਜ਼ਮਾਨੇ ਦੇ ਰਹਿਬਰ, ਮੈਂ ਅੱਜ ਵੀ ਹਾਂ ਕਹਿੰਦਾ ਜਿਨ੍ਹਾਂ ਨੂੰ ਲੁਟੇਰੇ। ਕਦੀ ਇਧਰੋਂ ਵੀ ਗੁਜ਼ਰ ਕੇ ਤਾਂ ਵੇਖੋ, ਬਹੁਤ ਰੌਣਕਾਂ ਨੇ ਫ਼ਕੀਰਾਂ ਦੇ ਡੇਰੇ।

ਤੇਜ਼ ਹਵਾਵਾਂ ਵਿਚ ਉਡਦਾ ਹਾਂ

ਤੇਜ਼ ਹਵਾਵਾਂ ਵਿਚ ਉਡਦਾ ਹਾਂ। ਸ਼ਾਖ਼ ਤੋਂ ਟੁੱਟਿਆ ਇਕ ਪੱਤਾ ਹਾਂ। ਜੋ ਰਸਤਾ ਮੰਜ਼ਿਲ ਤੱਕ ਪਹੁੰਚੇ, ਸ਼ਾਇਦ ਮੈਂ ਹੀ ਉਹ ਰਸਤਾ ਹਾਂ। ਠਹਿਰੀ ਹੋਈ ਝੀਲ ਨਹੀਂ ਮੈਂ, ਵਗਦਾ ਹੋਇਆ ਇਕ ਦਰਿਆ ਹਾਂ। ਕੀ ਖੋ ਬੈਠਾਂ ਕੀ ਪਾਇਆ ਹੈ, ਆਪਣੇ ਆਪ ਤੋਂ ਹੀ ਪੁੱਛਦਾ ਹਾਂ। ਦਿਲ ਹੀ ਤਾਂ ਮੇਰਾ ਆਪਣਾ ਹੈ, ਜੋ ਦਿਲ ਆਖੇ ਉਹ ਕਰਦਾ ਹਾਂ। ਕੂੜ ਕਿਤਾਬਾਂ ਰੁਲਿਆ ਹੋਇਆ, ਮੈਂ ਹੀ ‘ਸ਼ਸ਼ੀ’ ਇਕ ਹਰਫ਼ੇ-ਦੁਆ ਹਾਂ।

ਇਹ ਤਾਂ ਦੱਸੋ ਕਸੂਰ ਕੀ ਹੋਇਆ

ਇਹ ਤਾਂ ਦੱਸੋ ਕਸੂਰ ਕੀ ਹੋਇਆ। ਹੋ ਗਏ ਮੈਥੋਂ ਦੂਰ ਕੀ ਹੋਇਆ। ਆਦਮੀ ਉਹ ਤਾਂ ਇਕ ਪੱਥਰ ਸੀ, ਹੋ ਗਿਆ ਚੂਰ-ਚੂਰ ਕੀ ਹੋਇਆ। ਹਰ ਤਰਫ਼ ਹੈ ਹਨੇਰ ਸਾਈਂ ਦਾ, ਚੰਨ ਸੂਰਜ ਦਾ ਨੂਰ ਕੀ ਹੋਇਆ। ਤਿੜਕਿਆ ਸ਼ੀਸ਼ਾ ਵੇਖ ਸਹਿਮ ਗਿਆਂ, ਇਸ ਦਾ ਐਡਾ ਗ਼ਰੂਰ ਕੀ ਹੋਇਆ। ਬੇਰੁਖੀ ਦੀ ਵਜ੍ਹਾ ਵੀ ਕੁਝ ਦੱਸੋ, ਮੈਨੂੰ ਦੱਸੋ ਹੁਜ਼ੂਰ ਕੀ ਹੋਇਆ।

ਮੁੱਕੇਗੀ ਇਹ ਰਾਤ ਕਦੀ ਤਾਂ

ਮੁੱਕੇਗੀ ਇਹ ਰਾਤ ਕਦੀ ਤਾਂ। ਹੋਵੇਗੀ ਪ੍ਰਭਾਤ ਕਦੀ ਤਾਂ। ਮੈਨੂੰ ਇਹ ਵਿਸ਼ਵਾਸ ਹੈ ਕਿਉਂਕਰ, ਬਦਲਣਗੇ ਹਾਲਾਤ ਕਦੀ ਤਾਂ। ਤਨਹਾਈ ਵਿਚ ਬਹਿ ਕੇ ਉਹ ਵੀ, ਸੁਣੇਗਾ ਦਿਲ ਦੀ ਬਾਤ ਕਦੀ ਤਾਂ। ਮੇਰਾ ਇਸ ਸੁੰਨੇ ਰਸਤੇ ਵਿਚ, ਦੇਵੇਗਾ ਉਹ ਸਾਥ ਕਦੀ ਤਾਂ। ਸੱਚੇ ਹਨ ਤਾਂ ਸੱਚ ਬਣਨਗੇ, ਇਹ ਮੇਰੇ ਜਜ਼ਬਾਤ ਕਦੀ ਤਾਂ।

ਇਉਂ ਵੱਟ ਨਾ ਪਾਸਾ ਰਾਹਵਾਂ ਤੋਂ

ਇਉਂ ਵੱਟ ਨਾ ਪਾਸਾ ਰਾਹਵਾਂ ਤੋਂ। ਇਨ੍ਹਾਂ ਠੰਡੀਆਂ-ਤੱਤੀਆਂ ਛਾਵਾਂ ਤੋਂ। ਇਹ ਦੀਵੇ ਮੇਰੀ ਚਾਹਤ ਦੇ, ਡਰਦੇ ਨਹੀਂ ਤੇਜ਼ ਹਵਾਵਾਂ ਤੋਂ। ਨਹੀਂ ਜਿੱਤੀ ਜਾਣੀ ਜੰਗ ਕੋਈ, ਇਨ੍ਹਾਂ ਟੁੱਟੀਆਂ-ਭੱਜੀਆਂ ਬਾਹਵਾਂ ਤੋਂ। ਆਖ਼ਿਰ ਇਹ ਕਿਸ ਦੀ ਸਾਜ਼ਿਸ਼ ਹੈ, ਕਿਉਂ ਦੂਰ ਨੇ ਹਰਫ਼ ਦੁਆਵਾਂ ਤੋਂ। ਉਹ ਮੈਥੋਂ ਏਨਾ ਦੂਰ ਹੈ ਬਸ, ਜਿਉਂ ਸ਼ਹਿਰ ਨੇ ਦੂਰ ਸਰਾਵਾਂ ਤੋਂ।

ਕੀ ਰੋਗ ਹੈ ਦਿਲ ਦੀਵਾਨੇ ਨੂੰ

ਕੀ ਰੋਗ ਹੈ ਦਿਲ ਦੀਵਾਨੇ ਨੂੰ, ਕੀ ਦੱਸਾਂ ਏਸ ਜ਼ਮਾਨੇ ਨੂੰ। ਦੁਨੀਆਂ ਦੀ ਕੋਈ ਸਮਝ ਨਹੀਂ, ਉਸ ਸ਼ਮਅ ਨੂੰ ਇਸ ਪਰਵਾਨੇ ਨੂੰ। ਨਾਸਮਝੀ ਵਿਚ ਦਿਲ ਦੇ ਬੈਠੇ, ਉਸ ਬੇਕਦਰੇ ਬੇਗਾਨੇ ਨੂੰ। ਅਪਣੀ ਵੀ ਸਾਰ ਨਹੀਂ ਲੈਂਦਾ, ਕੀ ਆਖਾਂ ਉਸ ਮਸਤਾਨੇ ਨੂੰ। ਦੋਹਰਾਏਗੀ ਇਕ ਦਿਨ ਦੁਨੀਆਂ, ਤੇਰੇ ਮੇਰੇ ਅਫ਼ਸਾਨੇ ਨੂੰ।

ਕਰ ਦਿੱਤਾ ਹੈ ਜਿਉਣਾ ਮੁਸ਼ਕਿਲ

ਕਰ ਦਿੱਤਾ ਹੈ ਜਿਉਣਾ ਮੁਸ਼ਕਿਲ। ਏਸ ਜੁਦਾਈ ਤੋਂ ਕੀ ਹਾਸਿਲ। ਦਿਲ ਉਹ ਸਮੁੰਦਰ ਹੈ ਕਿ ਜਿਸਦੀ, ਨਾ ਕੋਈ ਥਾਹੁ ਨਾ ਕੋਈ ਸਾਹਿਲ। ਸਿਰਫ਼ ਭੁਲੇਖੇ ਹਨ ਇਹ ਸਫ਼ਰ ਦੇ, ਕਿਹੜਾ ਰਸਤਾ ਕਿਹੜੀ ਮੰਜ਼ਿਲ। ਕੀ ਸਮਝੇਗਾ ਇਸ ਦੁਨੀਆਂ ਨੂੰ, ਇਹ ਬੇਚਾਰਾ ਇਹ ਮੇਰਾ ਦਿਲ। ਮੇਰੀ ਸਾਰ ‘ਸ਼ਸ਼ੀ’ ਕੀ ਜਾਣੇ, ਉਹ ਤਾਂ ਖ਼ੁਦ ਤੋਂ ਵੀ ਹੈ ਗ਼ਾਫ਼ਿਲ।

ਦੁਨੀਆਂ ਦਾ ਨਹੀਂ ਹੋਵਾਂਗਾ

ਦੁਨੀਆਂ ਦਾ ਨਹੀਂ ਹੋਵਾਂਗਾ। ਕੱਲਿਆਂ ਬਹਿ ਕੇ ਰੋਵਾਂਗਾ। ਮੈਂ ਆਖ਼ਿਰ ਅਪਣੀ ਕਿਸ਼ਤੀ, ਆਪਣੇ ਆਪ ਡੁਬੋਵਾਂਗਾ। ਇਕ ਦਿਨ ਵਹਿਸ਼ਤ ਵਿਚ ਆ ਕੇ, ਜੋ ਪਾਇਆ ਉਹ ਖੋਵਾਂਗਾ। ਬਿਰਹੋਂ ਦਾ ਤਿੱਖਾ ਕੰਡਾ, ਦਿਲ ਵਿਚ ਆਪ ਚੁਭੋਵਾਂਗਾ। ਮੇਰਾ ਬੋਝ ਮੇਰਾ ਆਪਣਾ, ਮੈਂ ਹੀ ਇਸ ਨੂੰ ਢੋਵਾਂਗਾ। ਅਪਣੇ ਦਿਲ ਦੇ ਜ਼ਖ਼ਮਾਂ ਨੂੰ, ਹੰਝੂਆਂ ਨਾਲ ਮੈਂ ਧੋਵਾਂਗਾ।

ਜ਼ਿੰਦਗੀ ਭਰ ਉਹ ਜੋ ਬੇਘਰ ਹੀ ਰਿਹਾ

ਜ਼ਿੰਦਗੀ ਭਰ ਉਹ ਜੋ ਬੇਘਰ ਹੀ ਰਿਹਾ। ਸੋਚਦਾ ਹਾਂ ਮੇਰੇ ਵਾਂਗਰ ਹੀ ਰਿਹਾ। ਉੱਤੋਂ ਭਾਵੇਂ ਖ਼ੁਸ਼ ਬਹੁਤ ਆਇਆ ਨਜ਼ਰ, ਉਹ ਸੁਲਘਦਾ ਦਿਲ ਦੇ ਅੰਦਰ ਹੀ ਰਿਹਾ। ਟੀਸੀਓਂ ਗਿਰ ਕੇ ਵੀ ਨਹੀਓਂ ਟੁੱਟਿਆ, ਸ਼ੀਸ਼ਾ ਹੋ ਕੇ ਵੀ ਉਹ ਪੱਥਰ ਹੀ ਰਿਹਾ। ਤੈਨੂੰ ਮਿਲ ਕੇ ਵੀ ਜੁਦਾ ਹੋਣਾ ਹੀ ਸੀ, ਤੂੰ ਨਹੀਂ ਮਿਲਿਆ ਇਹ ਬਿਹਤਰ ਹੀ ਰਿਹਾ। ਦਰ-ਬ-ਦਰ ਕੀਤਾ ਸੀ ਮੈਨੂੰ ਜ਼ਿੰਦਗੀ, ਦੂਰ ਮੇਰੇ ਤੋਂ ਮਿਰਾ ਦਰ ਹੀ ਰਿਹਾ।

ਜਾਨ ਤੋਂ ਵੱਧ ਪਿਆਰਾ ਸੀ

ਜਾਨ ਤੋਂ ਵੱਧ ਪਿਆਰਾ ਸੀ। ਮੇਰਾ ਉਹੋ ਸਹਾਰਾ ਸੀ। ਜਿੱਥੇ ਪਿਆਸ ਨੇ ਪਹੁੰਚਾਇਆ, ਉਹ ਪਾਣੀ ਵੀ ਖਾਰਾ ਸੀ। ਮੇਰੇ ਰਾਹ ਦਾ ਉਹ ਪੱਥਰ, ਹਰ ਪੱਥਰ ਤੋਂ ਭਾਰਾ ਸੀ। ਉਸਦੇ ਪਿਆਰ ਦੀ ਪੁਸਤਕ ਦਾ, ਹਰ ਇਕ ਸ਼ਬਦ ਇਸ਼ਾਰਾ ਸੀ। ਅੰਬਰ ਤੋਂ ਜੋ ਟੁੱਟਿਆ ਸੀ, ਮੇਰੀ ਅੱਖ ਦਾ ਤਾਰਾ ਸੀ।

ਵੇਖੀ ਅਸਾਂ ਨੇ ਰਾਤ ਸਵੇਰਾ ਵੀ ਵੇਖਿਆ

ਵੇਖੀ ਅਸਾਂ ਨੇ ਰਾਤ ਸਵੇਰਾ ਵੀ ਵੇਖਿਆ। ਚਾਨਣ ਜੇ ਵੇਖਿਆ ਤਾਂ ਹਨੇਰਾ ਵੀ ਵੇਖਿਆ। ਜਿਸ ਸ਼ੀਸ਼ੇ ਵਿਚ ਸੀ ਵੇਖਿਆ ਮੈਂ ਅਪਣੇ ਆਪ ਨੂੰ, ਉਸ ਸ਼ੀਸ਼ੇ ਵਿਚ ਹੀ ਅਕਸ ਮੈਂ ਤੇਰਾ ਵੀ ਵੇਖਿਆ। ਲਭਦਾ ਰਿਹਾ ਜੋ ਸਿਰ ਦੇ ਲਈ ਛੱਤ ਉਮਰ ਭਰ, ਉਸ ਸ਼ਖ਼ਸ ਦਾ ਮੈਂ ਰੈਣ ਬਸੇਰਾ ਵੀ ਵੇਖਿਆ। ਹੁਣ ਛੋਟਾ ਦਿਸ ਰਿਹਾ ਹੈ ਜੋ ਰਸਤਾ ਉਸੇ ਨੂੰ ਮੈਂ, ਇਕ ਉਮਰ ਦੇ ਸਫ਼ਰ ਤੋਂ ਲਮੇਰਾ ਹੈ ਵੇਖਿਆ। ਵੇਖੇ ਨੇ ਸਾਰੇ ਰੂਪ ਮੈਂ ਉਸ ਸ਼ਖ਼ਸ ਦੇ ‘ਸ਼ਸ਼ੀ’, ਰਹਿਬਰ ਵੀ ਵੇਖਿਆ ਹੈ ਲੁਟੇਰਾ ਵੀ ਵੇਖਿਆ।

ਰਾਹਵਾਂ ਦੀ ਪਹਿਚਾਨ ਬਨਣਗੇ

ਰਾਹਵਾਂ ਦੀ ਪਹਿਚਾਨ ਬਨਣਗੇ। ਜੋ ਮੇਰਾ ਈਮਾਨ ਬਨਣਗੇ। ਜੋ ਦਿਲ ਅੰਦਰ ਉੱਠ ਰਹੇ ਹਨ, ਉਹ ਜਜ਼ਬੇ ਤੂਫ਼ਾਨ ਬਨਣਗੇ। ਕੌੜੇ ਸ਼ਬਦ ਹੀ ਇਕ ਦਿਨ ਅਪਣੇ, ਹੋਠਾਂ ਦੀ ਮੁਸਕਾਨ ਬਨਣਗੇ। ਤੂੰ ਜੇਕਰ ਹੈਂ ਅਹਿਲੇ-ਜ਼ੁਬਾਂ ਤਾਂ, ਸ਼ਬਦ ਤਿਰੇ ਫ਼ਰਮਾਨ ਬਨਣਗੇ। ਕੀ ਐਸਾ ਦਿਨ ਵੀ ਆਵੇਗਾ, ਜਦ ਬੰਦੇ ਇਨਸਾਨ ਬਨਣਗੇ।

ਮੈਂ ਬੇਸ਼ੱਕ ਪ੍ਰਭਾਤ ਨਹੀਂ ਹਾਂ

ਮੈਂ ਬੇਸ਼ੱਕ ਪ੍ਰਭਾਤ ਨਹੀਂ ਹਾਂ। ਫਿਰ ਵੀ ਕਾਲੀ ਰਾਤ ਨਹੀਂ ਹਾਂ। ਸਾਥ ਦਿਆਂਗਾ ਤੇਰਾ ਕਿੱਦਾਂ, ਮੈਂ ਖ਼ੁਦ ਆਪਣੇ ਸਾਥ ਨਹੀਂ ਹਾਂ। ਮੈਂ ਦੁੱਖਾਂ ਦਾ ਪਰਛਾਵਾਂ ਹਾਂ, ਖ਼ੁਸ਼ੀਆਂ ਦੀ ਸੌਗ਼ਾਤ ਨਹੀਂ ਹਾਂ। ਜੋ ਧਰਤੀ ਨੂੰ ਪਿਆਸਾ ਰੱਖੇ, ਮੈਂ ਐਸੀ ਬਰਸਾਤ ਨਹੀਂ ਹਾਂ। ਮੈਂ ਸ਼ਤਰੰਜ ਦੀ ਅਦਭੁਤ ਬਾਜ਼ੀ, ਮਾਤ ਵੀ ਹਾਂ ਤੇ ਮਾਤ ਨਹੀਂ ਹਾਂ।

ਤੂੰ ਹੀ ਦੱਸ ਕੁਝ ਦਿਲ ਦੀਵਾਨੇ

ਤੂੰ ਹੀ ਦੱਸ ਕੁਝ ਦਿਲ ਦੀਵਾਨੇ। ਇਹ ਹੰਝੂ ਹਨ ਜਾਂ ਅਫ਼ਸਾਨੇ। ਖ਼ਾਲੀ-ਖ਼ਾਲੀ ਸ਼ੀਸ਼ੇ ਮੇਰੇ, ਖ਼ਾਲੀ-ਖ਼ਾਲੀ ਸਭ ਪੈਮਾਨੇ। ਸਭ ਇੱਕੋ ਵਰਗੇ ਲਗਦੇ ਹਨ, ਕੀ ਆਪਣੇ ਤੇ ਕੀ ਬੇਗ਼ਾਨੇ। ਇਹ ਤਾਂ ਮੇਰਾ ਸ਼ਹਿਰ ਹੈ ਇਸ ਵਿਚ ਕੋਈ ਤਾਂ ਮੈਨੂੰ ਪਹਿਚਾਨੇ। ਮੇਰੇ ਸਫ਼ਰ ਦੇ ਹਿੱਸੇ ਆਏ ਕੁਝ ਗੁਲਸ਼ਨ ਤੇ ਕੁਝ ਵੀਰਾਨੇ। ਕੀ ਪਹਿਚਾਨਾਂਗੇ ਦੁਨੀਆਂ ਨੂੰ, ਅਸੀਂ ਹਾਂ ਖ਼ੁਦ ਤੋਂ ਹੀ ਬੇਗਾਨੇ।

ਜੀਅ ਚਾਹੁੰਦਾ ਹੈ ਹੁਣ ਤਾਂ

ਜੀਅ ਚਾਹੁੰਦਾ ਹੈ ਹੁਣ ਤਾਂ ਐਸਾ ਹੋ ਜਾਵੇ। ਮੈਂ ਜਿੱਧਰ ਵੀ ਜਾਵਾਂ ਰਸਤਾ ਹੋ ਜਾਵੇ। ਤੂੰ ਮੇਰਾ ਹਮਸਾਇਆ ਬਣ ਕੇ ਸਾਥ ਰਹੇਂ, ਮੇਰਾ ਸੁਫ਼ਨਾ ਤੇਰਾ ਸੁਫ਼ਨਾ ਹੋ ਜਾਵੇ। ਬਦਲ-ਬਦਲ ਕੇ ਚਿਹਰੇ ਰੋਜ਼ ਪਹਿਣਦਾ ਹਾਂ, ਮੇਰਾ ਚਿਹਰਾ ਮੇਰਾ ਆਪਣਾ ਹੋ ਜਾਵੇ। ਮੈਂ ਵੀ ਉਸ ਵਿਚ ਵੇਖਾਂ ਆਪਣਾ ਪਰਛਾਵਾਂ, ਪੱਥਰ ਦਿਲ ਉਹ ਜੇਕਰ ਸ਼ੀਸ਼ਾ ਹੋ ਜਾਵੇ। ਸਾਂਝ ਹੈ ਸਾਹਾਂ ਦੀ ਇਹ ਕੱਚੀ ਡੋਰ ਨਹੀਂ, ਸਾਹਾਂ ਦਾ ਇਹ ਰਿਸ਼ਤਾ ਪੱਕਾ ਹੋ ਜਾਵੇ। ਕਿੰਨੀ ਦੇਰ ਤੋਂ ਬਾਅਦ ਹੈ ਆਖ਼ਿਰ ਦਿਨ ਚੜ੍ਹਿਆ, ਰੱਬਾ ! ਇਹ ਦਿਨ ਹੋਰ ਵੀ ਉਜਲਾ ਹੋ ਜਾਵੇ।

ਮਿਰੇ ਹਾਲਾਤ ਨੂੰ ਤੇਰੇ ਤੋਂ ਬਿਹਤਰ

ਮਿਰੇ ਹਾਲਾਤ ਨੂੰ ਤੇਰੇ ਤੋਂ ਬਿਹਤਰ ਕੌਣ ਸਮਝੇਗਾ। ਜੇ ਕੋਈ ਸਮਝਿਆ ਵੀ ਤੇਰੇ ਵਾਂਗਰ ਕੌਣ ਸਮਝੇਗਾ। ਗੁਆਚੀ ਨੀਂਦ ਕਿਉਂ ਮੇਰੀ ਮੈਂ ਕਿਉਂ ਹਾਂ ਜਾਗਦਾ ਰਹਿੰਦਾ, ਮੈਂ ਜਿਸ ਵਿਚ ਮੁਬਤਿਲਾ ਹਾਂ ਮੇਰਾ ਇਹ ਡਰ ਕੌਣ ਸਮਝੇਗਾ। ਕਿਤੇ ਜੁਗਨੂੰ, ਕਿਤੇ ਦੀਵਾ, ਕਿਤੇ ਹੈ ਦੂਰ ਤਕ ਨ੍ਹੇਰਾ, ਹੈ ਕਿੱਧਰ ਰੌਸ਼ਨੀ, ਨ੍ਹੇਰਾ ਹੈ ਕਿੱਧਰ ਕੌਣ ਸਮਝੇਗਾ। ਮੈਂ ਸ਼ੀਸ਼ਾ ਸੀ ਕਦੀ ਇਹ ਬਾਤ ਆਖ਼ਿਰ ਕਿਸ ਨੂੰ ਸਮਝਾਵਾਂ, ਕਿਨ੍ਹਾਂ ਹਾਲਾਤ ਵਿਚ ਹੋਇਆ ਹਾਂ ਪੱਥਰ ਕੌਣ ਸਮਝੇਗਾ। ਬਹੁਤ ਜ਼ਰਖ਼ੇਜ਼ ਸੀ ਮਿੱਟੀ ਬਹੁਤ ਕੁਝ ਸਿਰਜਿਆ ਉਸ ਨੇ, ਮਗਰ ਹੁਣ ਹੋ ਗਈ ਕਾਹਤੋਂ ਉਹ ਕੱਲਰ ਕੌਣ ਸਮਝੇਗਾ।

ਅਜਬ ਇਹ ਮਿਲਨ ਹੈ ਅਜਬ ਟਾਕਰਾ ਹੈ

ਅਜਬ ਇਹ ਮਿਲਨ ਹੈ ਅਜਬ ਟਾਕਰਾ ਹੈ। ਮੈਂ ਦਿਲ ਤੋਂ ਮਿਰਾ ਦਿਲ ਮੇਰੇ ਤੋਂ ਖ਼ਫ਼ਾ ਹੈ। ਉਹ ਮੇਰਾ ਹੈ ਮੈਂ ਤਾਂ ਇਹੋ ਸੋਚਦਾ ਹਾਂ, ਉਹ ਮੇਰੇ ਤੋਂ ਕੁਝ ਵੱਖਰਾ ਸੋਚਦਾ ਹੈ। ਸਫ਼ਰ ਦਰ ਸਫ਼ਰ ਹੀ ਮੁਕੱਦਰ ਹੈ ਮੇਰਾ, ਨਾ ਮੈਂ ਬੇਵਫ਼ਾ ਹਾਂ ਨਾ ਉਹ ਬੇਵਫ਼ਾ ਹੈ। ਬਹੁਤ ਵਾਰ ਕੀਤੇ ਨੇ ਉਸ ਨੇ ਮਿਰੇ 'ਤੇ, ਉਹ ਸ਼ਾਇਦ ਮਿਰੇ ਤੋਂ ਬਹੁਤ ਡਰ ਰਿਹਾ ਹੈ। ਬਹੁਤ ਦੂਰ ਤੱਕ ਆਜ਼ਮਾਇਸ਼ 'ਚ ਹਾਂ ਮੈਂ, ਬਹੁਤ ਦੂਰ ਮੰਜ਼ਿਲ ਅਜੇ ਦੋਸਤਾ ਹੈ।

ਮੈਨੂੰ ਖ਼ੁਦ ਅਪਣੇ ਤੋਂ ਇਹ ਸ਼ਿਕਵਾ ਰਿਹਾ

ਮੈਨੂੰ ਖ਼ੁਦ ਅਪਣੇ ਤੋਂ ਇਹ ਸ਼ਿਕਵਾ ਰਿਹਾ। ਕਿਸ ਲਈ ਕੁਝ ਕਹਿਣ ਤੋਂ ਬਚਦਾ ਰਿਹਾ। ਭੁੱਲ ਕੇ ਕੁਝ ਦੇਰ ਤੈਨੂੰ ਦੋਸਤਾ, ਸੋਚਦਾ ਹਾਂ ਤਜਰੁਬਾ ਕੈਸਾ ਰਿਹਾ। ਆਪਣੇ ਬੁਝ ਜਾਣ ਦਾ ਕੀ ਹੈ ਸਬਬ, ਦਿਲ ਤੋਂ ਮੈਂ ਮੇਰੇ ਤੋਂ ਦਿਲ ਪੁੱਛਦਾ ਰਿਹਾ। ਮੈਂ ਨਹੀਂ ਹੋ ਸਕਿਆ ਉਸ ਦਾ ਕਿਸ ਲਈ, ਉਹ ਕਿਸੇ ਦਾ ਹੋ ਕੇ ਵੀ ਮੇਰਾ ਰਿਹਾ। ਉਮਰ ਭਰ ਰੱਖਿਆ ਬਹੁਤ ਹੀ ਸਾਂਭ ਕੇ, ਦਿਲ ਦੇ ਟੁੱਟਣ ਦਾ ਮਗਰ ਖ਼ਦਸ਼ਾ ਰਿਹਾ। ਚੁੱਪ ਹੀ ਮੇਰੀ ਬਹੁਤ ਕੁਝ ਕਹਿ ਗਈ, ਮੈਂ ਨਹੀਂ ਕੁਝ ਵੀ ਕਿਹਾ ਚੰਗਾ ਰਿਹਾ।

ਕੌਣ ਹੈ ਉਹ ਜੋ ਬਰਫ਼ ਖਿਲਾਰੇ

ਕੌਣ ਹੈ ਉਹ ਜੋ ਬਰਫ਼ ਖਿਲਾਰੇ। ਸੜਦੀ-ਬਲਦੀ ਰੇਤ ਨੂੰ ਠਾਰੇ। ਤੂਫ਼ਾਨਾਂ ਵਿਚ ਖੋ ਗਈ ਕਿਸ਼ਤੀ, ‘ਵਾਜਾਂ ਮਾਰਣ ਦੂਰ ਕਿਨਾਰੇ। ਬੁਝੇ-ਬੁਝੇ ਦਿੱਸਦੇ ਨੇ ਕਿਉਂਕਰ, ਇਹ ਅੰਬਰ ਇਹ ਚੰਨ ਸਿਤਾਰੇ। ਸਿਰਫ਼ ਜ਼ਰੂਰਤ ਦੇ ਰਿਸ਼ਤੇ ਹਨ, ਕੋਈ ਨਹੀਂ ਹੈ ਅਪਣਾ ਪਿਆਰੇ। ਪਿੰਡ ਦੇ ਖੂਹਾਂ ਦੇ ਵੀ ਹੁਣ ਤਾਂ, ਮਿੱਠੇ ਪਾਣੀ ਹੋ ਗਏ ਖਾਰੇ। ਕੋਈ ਅੱਗ ਇਸ ਤਰ੍ਹਾਂ ਦੀ ਜੋ, ਜੰਮੀ ਹੋਈ ਬਰਫ਼ ਪੰਘਾਰੇ।


  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਸ਼ਸ਼ੀਕਾਂਤ ਉੱਪਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ