Punjabi Poetry : Dr. Shashikant Uppal

ਪੰਜਾਬੀ ਰਚਨਾਵਾਂ : ਡਾ: ਸ਼ਸ਼ੀਕਾਂਤ ਉੱਪਲ



ਅੱਡੀਆਂ ਚੁੱਕੀਆਂ ਤਾਂ ਉਹ

ਅੱਡੀਆਂ ਚੁੱਕੀਆਂ ਤਾਂ ਉਹ ਕੁਝ ਹੋਰ ਉੱਚਾ ਹੋ ਗਿਆ। ਹੋਰਨਾਂ ਤੋਂ ਇਸ ਤਰ੍ਹਾਂ ਉਂਗਲ ਕੁ ਵੱਡਾ ਹੋ ਗਿਆ। ਧੁੱਪ ਦੀ ਕਾਤਰ ਨੂੰ ਫੜ ਕੇ ਭੱਜਦਾ ਹੈ ਥਾਂ—ਕੁਥਾਂ, ਕੱਲ੍ਹ ਦਾ ਬੱਚਾ ਵੀ ਹੁਣ ਵੇਖੋ ਸਿਆਣਾ ਹੋ ਗਿਆ। ਹੁਣ ਕਿਸੇ ਜਜ਼ਬੇ ਦੀ ਕੋਈ ਅਪਣੀ ਅਹਮੀਅਤ ਨਹੀਂ, ਪਿਆਰ ਹੋਣਾ ਵੀ ਜਿਵੇਂ ਹੁਣ ਕੋਈ ਘਟਨਾ ਹੋ ਗਿਆ। ਕੀ ਕਰੇਂਗਾ ਜਾਣ ਕੇ ਤੂੰ ਸੱਚ ਕੀ ਹੈ ਝੂਠ ਕੀ, ਜ਼ਿੰਦਗੀ ਦਾ ਫ਼ਲਸਫ਼ਾ ਜੋ ਸੀ ਪੁਰਾਣਾ ਹੋ ਗਿਆ। ਸੁਪਨਿਆਂ ਵਿਚ ਲੰਘਦੀ ਹੈ ਰੇਲ ਕੂਕਾਂ ਮਾਰਦੀ, ਮੇਰੇ ਅੰਦਰ ਹਾਦਸੇ ਦਾ ਖ਼ੌਫ਼ ਦੂਣਾ ਹੋ ਗਿਆ।

ਕਦੇ ਤਾਂ ਏਸ ਪੱਥਰ ਦਿਲ 'ਤੇ

ਕਦੇ ਤਾਂ ਏਸ ਪੱਥਰ ਦਿਲ 'ਤੇ ਕੋਈ ਕਹਿਰ ਟੁੱਟੇ। ਕਦੇ ਤਾਂ ਖ਼ੂਨ ਰੋਵਾਂ ਮੈਂ ਕਦੇ ਤਾਂ ਅੱਖ ਛਲਕੇ। ਸਮਝ ਆਉਂਦੀ ਉਨ੍ਹਾਂ ਨੂੰ ਤਾਂ ਹੀ ਇਸਦਾ ਅਰਥ ਕੀ ਹੈ, ਉਹ ਜੇਕਰ ਚੁੱਪ ਦਾ ਮੇਰੀ ਕਦੇ ਅਨੁਵਾਦ ਕਰਦੇ। ਮੁਖੌਟੇ ਲਹਿ ਰਹੇ ਹਨ ਸਭ ਪਿਘਲ ਕੇ ਵਾਰੀ ਵਾਰੀ, ਲਿਸ਼ਕਦੀ ਧੁੱਪ ਦੇ ਸਾਰੇ ਦੇ ਸਾਰੇ ਰੰਗ ਕੱਚੇ। ਜਦੋਂ ਵੀ ਮੈਂ ਖ਼ੁਸ਼ੀ ਦੇ ਬਸ ਜ਼ਰਾ ਕੁ ਨੇੜੇ ਹੋਵਾਂ, ਉਦੋਂ ਹੀ ਅੰਦਰੋਂ ਮੇਰੇ ਕੋਈ ਆਵਾਜ਼ ਮਾਰੇ। ਹਰਾਰਤ ਖ਼ੂਨ ਅੰਦਰ ਹੋ ਰਹੀ ਹੈ ਕਿਸ ਲਈ ਮੇਰੇ, ਕੀ ਮੇਰੇ ਦਿਲ ਦੇ ਅੰਦਰ ਅੱਜ ਵੀ ਹੁਣ ਭਖ ਰਹੇ ਸ਼ੁਅਲੇ। ਕਿਤੇ ਪੱਥਰ ਨਾ ਹੋ ਜਾਵੇ ਇਸੇ ਦਾ ਖੌਫ਼ ਹੈ ਮੈਨੂੰ, ਕਦੇ ਤਾਂ ਜ਼ਖ਼ਮ ਉਹ ਅਪਣੇ ਕੁਰੇਦੇ, ਦੁੱਖ ਤਾਂ ਫੋਲੇ।

ਸ਼ੋਰ ਕੈਸਾ ਹੈ ਇਹ ਜੇਕਰ

ਸ਼ੋਰ ਕੈਸਾ ਹੈ ਇਹ ਜੇਕਰ ਬੋਲਿਆ ਕੋਈ ਨਹੀਂ। ਸਹਿਮ ਕੇ ਬੈਠੇ ਨੇ ਸਾਰੇ ਪੁੱਛਦਾ ਕੋਈ ਨਹੀਂ। ਬੇਖ਼ਬਰ ਬੈਠੇ ਨੇ ਸਾਰੇ ਅੱਜ ਦੇ ਹਾਲਾਤ ਤੋਂ, ਅੰਤ ਨੂੰ ਹੋਣਾ ਹੈ ਕੀ ਇਹ ਸੋਚਦਾ ਕੋਈ ਨਹੀਂ। ਗਮਲਿਆਂ ਵਿਚ ਸਜ ਰਹੇ ਨੇ ਫੁੱਲ ਸਾਰੇ ਕਾਗ਼ਜ਼ੀ, ਰੁੱਤ ਭਾਵੇਂ ਕੋਈ ਆਵੇ ਮਹਿਕਦਾ ਕੋਈ ਨਹੀਂ। ਸਿਓਂਕ—ਖਾਧਾ ਇਕ ਅਜਿਹਾ ਬਿਰਖ ਹਾਂ ਜਿਸ ਕੋਲ ਹੁਣ, ਇਕ ਵੀ ਪੱਤਾ ਹਰਾ ਜਾਂ ਸੁੱਕਿਆ ਕੋਈ ਨਹੀਂ। ਹੁਣ ਨਾ ਹੈ ਉੱਮੀਦ ਚੰਗੇ ਦੀ ਨਾ ਮੈਂ ਹਾਂ ਆਸਵੰਦ, ਕੱਲ੍ਹ ਤਕ ਧੀ ਰੱਬ ਦਾ ਅੱਜ ਆਸਰਾ ਕੋਈ ਨਹੀਂ। ਭਟਕਦਾ ਫਿਰਦਾ ਹੈ ਇਕ ਬੁੱਲਾ ਹਵਾ ਦਾ ਦੇਰ ਤੋਂ ਅਜਨਬੀ ਦੇ ਵਾਸਤੇ ਦਰ ਖੋਲ੍ਹਦਾ ਕੋਈ ਨਹੀਂ। ਹੋ ਗਏ ਬੱਚੇ ਸਿਆਣੇ ਉਮਰ ਤੋਂ ਪਹਿਲਾਂ ‘ਸ਼ਸ਼ੀ' ਬੇਵਜ੍ਹਾ ਹੁਣ ਉੱਚੀ—ਉੱਚੀ ਹੱਸਦਾ ਕੋਈ ਨਹੀਂ।

ਜਿਸ ਘੜੀ ਵਿਸ਼ਵਾਸ ਮੇਰਾ

ਜਿਸ ਘੜੀ ਵਿਸ਼ਵਾਸ ਮੇਰਾ ਖਾ ਕੇ ਠ੍ਹੋਕਰ ਤਿੜਕਿਆ। ਉਸ ਘੜੀ ਉਹ ਭੈ ਦੀ ਇਕ ਸਾਕਾਰ ਮੂਰਤ ਜਾਪਿਆ। ਮੈਨੂੰ ਹਰ ਬੰਦਾ ਚਿੜੀ ਦੇ ਵਾਂਗ ਅਪਣੇ ਅਕਸ 'ਤੇ, ਅਪਣੀ ਬੇਚੈਨੀ 'ਚ ਠੂੰਗਾਂ ਮਾਰਦਾ ਹੈ ਦਿੱਸਿਆ। ਬਹਿਸ ਦਾ ਮੁੱਦਾ ਬਣੇਗਾ ਹੁਣ ਅਦਾਲਤ ਵਿਚ ਇਹ ਉਸਨੇ ਸਿਰ 'ਤੇ ਲਾਲ ਕੱਪੜਾ ਕਿਸ ਲਈ ਸੀ ਬੰਨ੍ਹਿਆ। ਕੁਝ ਵੀ ਤਾਂ ਸਾਬਤ ਨਹੀਂ ਸੀ ਸ਼ਾਮ ਨੂੰ ਘਰ ਮੁੜਦਿਆਂ, ਅਪਣੇ ਸਵੈ ਤੇ ਜਿਸਮ ਦੇ ਟੁਕੜੇ ਮੈਂ ਲੈ ਕੇ ਪਰਤਿਆ। ਮੈਂ ਤੁਹਾਡੇ ਦੌਰ ਦਾ ਰਾਵਣ ਨਹੀਂ ਸੀ, ਫੇਰ ਕਿਉਂ, ਤਾਅੜ ਕਰਦਾ ਤੀਰ ਆ ਧੁੰਨੀ 'ਚ ਮੇਰੀ ਵੱਜਿਆ। ਕੈਦ ਕੀਤੀ ਹੋਈ ਸੰਸਕਾਰਾਂ ਦੀ ਮੈਨਾ ਮਰ ਗਈ, ਖੋਲ੍ਹ ਦੇਵੋ ਪਿੰਜਰਾ ਮੈਂ ਤਾਂ ਬਥੇਰਾ ਕਲਪਿਆ।

ਅੱਗ ਦੇ ਪੈਰਾਂ 'ਚ ਉਹ ਜ਼ੰਜੀਰ

ਅੱਗ ਦੇ ਪੈਰਾਂ 'ਚ ਉਹ ਜ਼ੰਜੀਰ ਪਾਉਣਾ ਲੋਚਦੇ, ਮਾਰ ਕੇ ਉਹ ਫੂਕ ਸੂਰਜ ਨੂੰ ਬੁਝਾਉਣਾ ਲੋਚਦੇ। ਲਾਸ਼ ਨੂੰ ਮੇਰੀ ਉਹ ਪਿੱਠ ਉੱਤੇ ਲੱਦ ਕੇ, ਕਿਸ ਅਹਿੰਸਾ ਦਾ ਸਬਕ ਮੈਨੂੰ ਸਿਖਾਉਣਾ ਲੋਚਦੇ। ਚਾਨਣੇ ਪੱਖ ਨੂੰ ਨਿਭਾਵਾਂਗਾ ਮੇਰਾ ਨਿਸਚਾ ਹੈ ਇਹ, ਉਹ ਹਨੇਰੇ ਪੱਖ ਨੂੰ ਹੀ ਬੱਸ ਨਿਭਾਉਣਾ ਲੋਚਦੇ। ਵੱਖੋ ਵੱਖਰੇ ਖੇਮਿਆਂ ਵਿੱਚ ਵੰਡ ਕੇ ਆਪਾਂ ਨੂੰ ਉਹ, ਬੇਵਜ੍ਹਾ ਹੀ ਆਪਾਂ ਦੋਵਾਂ ਨੂੰ ਲੜਾਉਣਾ ਲੋਚਦੇ। ਸ਼ੀਸ਼ੇ ਨੂੰ ਪੱਥਰ ਤੇ ਪੱਥਰ ਨੂੰ ਕਿਵੇਂ ਸ਼ੀਸ਼ਾ ਲਿਖਾਂ, ਖ਼ੁਦ ਨਹੀਂ ਲਿਖਦੇ ਮਗਰ ਮੈਥੋਂ ਦਿਖਾਉਣਾ ਲੋਚਦੇ।

ਕਾਲੀ ਹੈ ਕਾਲੀ ਰਾਤ ਦੀ

ਕਾਲੀ ਹੈ ਕਾਲੀ ਰਾਤ ਦੀ ਹਰ ਬਾਤ ਦੋਸਤਾ, ਲੰਮੀ ਹੈ ਮੇਰੀ ਉਮਰ ਤੋਂ ਇਹ ਰਾਤ ਦੋਸਤਾ, ਵਰ੍ਹਿਆਂ ਤੋਂ ਨ੍ਹੇਰੇ ਸ਼ਹਿਰ ਨੂੰ ਜਿਸ ਦੀ ਉਡੀਕ ਹੈ, ਆਵੇਗੀ ਦਿਲ ਨਾ ਛੱਡ ਉਹ ਪ੍ਰਭਾਤ ਦੋਸਤਾ । ਉੱਠ ਵੇਖ ਨ੍ਹੇਰਿਆਂ ਦਾ ਮੁਸਾਫ਼ਿਰ ਕੌਣ ਹੈ, ਮੰਗਦਾ ਹੈ ਕੌਣ ਨੂਰ ਦੀ ਖ਼ੈਰਾਤ ਦੋਸਤਾ। ਦੀਵੇ ਮੁਕਾਬਲੇ ਲਈ ਇੱਕਮੁੱਠ ਹੋ ਗਏ, ਚੰਗੇ ਨਹੀਂ ਨੇ ਰਾਤ ਦੇ ਹਾਲਾਤ ਦੋਸਤਾ। ਇਸ ਸੋਚ ਨੂੰ ਸੰਭਾਲ ਕੇ ਰੱਖੀਂ ਜੇ ਹੋ ਸਕੇ, ਹੈ ਮੇਰੀ ਸੋਚ ਸੱਚ ਦੀ ਸੌਗਾਤ ਦੋਸਤਾ।

ਹੁਣ ਕਿਸੇ ਮਹਿਫ਼ੂਜ਼ ਥਾਂ 'ਤੇ ਆਲ੍ਹਣੇ

ਹੁਣ ਕਿਸੇ ਮਹਿਫ਼ੂਜ਼ ਥਾਂ 'ਤੇ ਆਲ੍ਹਣੇ ਪਾਇਓ ਤੁਸੀਂ। ਫਿਰ ਨਾ ਐਵੇਂ ਪੰਛੀਓ, ਮੁੜ ਤੋਂ ਉਜੜ ਜਾਇਓ ਤੁਸੀਂ। ਤਿੜਕ ਬੈਠੀ ਪਹਿਲੀ ਠੋਕਰ ਲਗਦਿਆਂ ਸੰਵੇਦਨਾ, ਦੂਜੀ ਠੋਕਰ ਭੁੱਲ-ਭੁਲੇਖੇ ਵੀ ਨਾ ਹੁਣ ਖਾਇਓ ਤੁਸੀਂ। ਜਾ ਰਹੇ ਹੋ ਪੱਥਰਾਂ ਦੇ ਸ਼ਹਿਰ ਅੰਦਰ ਰਹਿਣ ਨੂੰ, ਸੰਭਲ ਕੇ ਰਹਿਣਾ ਜ਼ਰਾ ਐਵੇਂ ਨਾ ਟੁੱਟ ਜਾਇਓ ਤੁਸੀਂ। ਹਰ ਸਫ਼ਰ ਵਿਚ ਮੁਸ਼ਕਿਲਾਂ ਤਾਂ ਆਉਂਦੀਆਂ ਹੀ ਰਹਿੰਦੀਆਂ, ਮੁਸ਼ਕਿਲਾਂ ਨੂੰ ਵੇਖ ਕੇ ਕਿਧਰੇ ਨਾ ਘਬਰਾਇਓ ਤੁਸੀਂ। ਹਰ ਤਰਫ਼ ਹੈ ਝੂਠ ਦਾ ਪਾਸਾਰ ਉਸ ਬਾਜ਼ਾਰ ਵਿਚ, ਨਕਲੀ ਚੀਜ਼ਾਂ ਵੇਖ ਕੇ ਐਵੇਂ ਨਾ ਭਰਮਾਇਓ ਤੁਸੀਂ।

ਭੁੱਲੇ ਬਿਸਰੇ ਖ਼੍ਵਾਬ ਸਜਾ ਕੇ

ਭੁੱਲੇ ਬਿਸਰੇ ਖ਼੍ਵਾਬ ਸਜਾ ਕੇ ਸੋਚ ਰਿਹਾਂ। ਹੰਝੂਆਂ ਦੀ ਤਸਵੀਰ ਬਣਾ ਕੇ ਸੋਚ ਰਿਹਾਂ। ਖ਼ਾਲੀ ਸ਼ੀਸ਼ੇ ਖ਼ਾਲੀ ਸਾਰੇ ਪੈਮਾਨੇ, ਹਰ ਤੁਹਮਤ ਤੋਂ ਅੱਖ ਬਚਾ ਕੇ ਸੋਚ ਰਿਹਾਂ। ਅੱਖਰ ਅੱਖਰ ਮੇਰੀ ਸੋਚ ਦਾ ਸ਼ੀਸ਼ਾ ਸੀ, ਅਪਣਾ ਲਿਖਿਆ ਆਪ ਮਿਟਾ ਕੇ ਸੋਚ ਰਿਹਾਂ। ਠੀਕ ਗ਼ਲਤ ਕੀ ਹੈ ਲੋਕਾਂ ਦੀਆਂ ਨਜ਼ਰਾਂ ਵਿਚ, ਦਿਲ ਤੋਂ ਇਸ ਦਾ ਬੋਝ ਹਟਾ ਕੇ ਸੋਚ ਰਿਹਾਂ। ਤੇਰੀ ਦੂਰੀ ਨੇ ਕੀ ਸੋਚ ਬਣਾਈ ਸੀ, ਕੀ ਕੁਝ ਤੇਰੇ ਨੇੜੇ ਆ ਕੇ ਸੋਚ ਰਿਹਾਂ। ਉਸ ਦੇ ਜਿੱਤਣ ਦੀ ਕਿਉਂ ਮੈਨੂੰ ਖ਼ੁਸ਼ੀ ਹੋਈ, ਅਪਣੀ ਹਾਰ ਦਾ ਜਸ਼ਨ ਮਨਾ ਕੇ ਸੋਚ ਰਿਹਾਂ। ਤੇਰਾ ਤੀਰ ਨਿਸ਼ਾਨੇ 'ਤੇ ਆ ਲੱਗਾ ਹੈ, ਆਪਣੇ-ਆਪ ਨੂੰ ਢਾਲ ਬਣਾ ਕੇ ਸੋਚ ਰਿਹਾਂ।

  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ: ਸ਼ਸ਼ੀਕਾਂਤ ਉੱਪਲ
  • ਮੁੱਖ ਪੰਨਾ : ਪੰਜਾਬੀ-ਕਵਿਤਾ.ਕਾਮ ਵੈਬਸਾਈਟ