Dharat Vangaare Takhat Nu (Part-9)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਨੌਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)ਗ਼ਜ਼ਲ-ਬਾਬਾ ਨਜਮੀ

ਭਾਰ ਵਧੇਰੇ ਪਾ ਨਾ ਦਿੱਲੀਏ ਸਾਡੇ ਤੇ। ਤਾਕਤ ਨੂੰ ਅਜ਼ਮਾ ਨਾ ਦਿੱਲੀਏ ਸਾਡੇ ਤੇ। ਅਸੀਂ ਪੰਜਾਬੀ ਅੜੀਏ ਅਣਖ਼ੀ ਸਦੀਆਂ ਤੋਂ, ਚੌਧਰ ਨਵੀਂ ਜਮਾ ਨਾ ਦਿੱਲੀਏ ਸਾਡੇ ਤੇ। ਇੱਟ ਦਾ ਅਸੀਂ ਜਵਾਬ ਜੇ ਦਈਏ ਪੱਥਰ ਨਾਲ, ਕੱਲ੍ਹ ਨੂੰ ਕਰੀਂ ਗ਼ਿਲਾ ਨਾ ਦਿੱਲੀਏ ਸਾਡੇ ਤੇ। ਫ਼ਸਲਾਂ ਅਸੀਂ ਉਗਾਈਏ ਆਪਣੇ ਮੁੜ੍ਹਕੇ ਨਾਲ, ਹੁਕਮੀ ਰੰਗ ਚੜ੍ਹਾ ਨਾ ਦਿੱਲੀਏ ਸਾਡੇ ਤੇ। ਤੈਥੋਂ ਸਾਂਭ‌ ਨਹੀਂ ਹੋਣਾ ਡੁੱਲਿਆ ਸਾਡਾ ਲਹੂ, ਕਰਨ ਚੜ੍ਹਾਈਆਂ ਆ ਨਾ ਦਿੱਲੀਏ ਸਾਡੇ ਤੇ। ਤੇਰੇ ਨਾਲ਼ੋਂ ਥੋੜ੍ਹੇ ਸਹੀ ਪਰ ਬੁਜ਼ਦਿਲ ਨਹੀਂ, ਦੱਬੀ ਅੱਗ ਭਖ਼ਾ ਨਾ ਦਿੱਲੀਏ ਸਾਡੇ ਤੇ। ਧੌਣ‌ ਝੁਕਾ ਕੇ ਜੀਣਾ ਸਾਨੂੰ ਆਉਂਦਾ ਨਹੀਂ, ਪੁੱਠੀ ਛੁਰੀ ਚਲਾ ਨਾ ਦਿੱਲੀਏ ਸਾਡੇ ਤੇ। ਤੇਰੀ ਜੂਹ ਵੀ ਕਦੇ ਪੰਜਾਬ ਦਾ ਹਿੱਸਾ ਸੀ, ਅਪਣਾ ਬੁੱਤ ਬਣਾ ਨਾ ਦਿੱਲੀਏ ਸਾਡੇ ਤੇ। ਵੈਰੀ ਹੋ ਨਾ ਜਾਈਏ,ਕੇਰੇ ਸਦੀਆਂ ਲਈ, ਐਸਾ ਵਕਤ ਲਿਆ ਨਾ ਦਿੱਲੀਏ ਸਾਡੇ ਤੇ। ਆ ਜਾ ਦੋਵੇਂ ਮੰਨੀਂਏਂ ਬਾਬਾ ਨਜਮੀ ਦੀ, ਨਫ਼ਰਤ ਹੋਰ ਵਧਾ ਨਾ ਦਿੱਲੀਏ ਸਾਡੇ ਤੇ।

ਖੇਤ ਮੇਰੇ ਬਾਬਲ ਦਾ ਸ਼ਮਲਾ-ਸਫ਼ੀਆ ਹਯਾਤ

ਪੈਲੀਆਂ ਸਾਡੀਆਂ ਮਾਵਾਂ ਵਰਗੀਆਂ ਫ਼ਸਲਾਂ ਧੀਆਂ ਭੈਣਾਂ। ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ ? ਮਾਵਾਂ ਧੀਆਂ ਭੈਣਾਂ ਦੇ ਬਿਨ ਰਹਿਣਾ ਵੀ ਕੋਈ ਰਹਿਣਾ ? ਮਾਵਾਂ ਧੀਆਂ ਭੈਣਾਂ ਦੇ ਬਿਨ ਘਰ ਕਾਹਦਾ ਘਰ ਰਹਿਣਾ ? ਪੈਲੀਆਂ ਦੇ ਵਿੱਚ ਬੀਜ ਬੀਜਦੇ ਰਲ ਮਿਲ ਬਾਬਲ ਵੀਰੇ। ਕੁੱਲ ਜਹਾਨ ਨੂੰ ਰਿਜ਼ਕ ਵੰਡਦੇ ਭਰਨ ਤਮਾਮ ਜ਼ਖ਼ੀਰੇ। ਖੇਤਾਂ ਦੇ ਸਿਰ ਉੱਤੇ ਬਾਬਲ ਮੇਰੇ ਦਾ ਘਰ ਵੱਸਦਾ। ਖਿੜਨ ਕਪਾਹਾਂ ਖੇਤਾਂ ਵਿੱਚ ਜਦ, ਜਾਪੇ ਪਿੰਡ ਹੀ ਹੱਸਦਾ। ਖੇਤ ਮੇਰੇ ਬਾਬਲ ਦਾ ਸ਼ਮਲਾ ਖੇਤ ਵੀਰੇ ਦੇ ਚੀਰੇ। ਖੇਤਾਂ ਦੇ ਵਿੱਚ ਉੱਗਣ ਧੀ ਦੇ ਵਰੀਆਂ ਦਾਜ ਕਲੀਰੇ। ਹਾਕਮ ਦਾ ਖ਼ੁਦਗ਼ਰਜ਼ ਹੈ ਕਾਇਦਾ ਤੇ ਬਦਕਾਰ ਕਾਨੂੰਨ। ਪਰਚਮ ਹੈ ਕਿਰਦਾਰ ਅਸਾਡਾ ਤੇ ਖ਼ੁਦਦਾਰ ਜਨੂੰਨ ਖੇਤਾਂ ਤੇ ਡਾਕਾ ਏ ਸਾਡੀ ਪੱਤ ਤੇ ਪੱਗ ਤੇ ਡਾਕਾ। ਪੈਣ ਨੀ ਦੇਣਾ ਡਾਕਾ ਆਪਾਂ ਪੈਣ ਨਹੀਂ ਦੇਣਾ ਡਾਕਾ। ਧੀਆਂ ਦੀ ਰਾਖੀ ਨੇ ਕਰਦੇ ਸਦਾ ਧਰਤ ਦੇ ਜਾਏ। ਪੈਲੀਆਂ ਦੀ ਵੀ ਕਰਨਗੇ ਰਾਖੀ ਦੁੱਲੇ ਦੇ ਹਮਸਾਏ।

ਗ਼ਜ਼ਲ-ਰਾਜਦੀਪ ਸਿੰਘ ਤੂਰ

ਤੇਰੇ ਹੰਕਾਰ ਦਾ ਗੁੰਬਦ ਗਿਰਾ ਕੇ ਜਾਣਗੇ ਹੁਣ ਤਾਂ । ਸਲਤਨਤ ਝੂਠ ਦੀ ਲੋਕੀ ਮਿਟਾ ਕੇ ਜਾਣਗੇ ਹੁਣ ਤਾਂ । ਨਿਤਾਣੇ ਜਾਣ ਕੇ ਜਿੰਨਾ ਦੇ ਉੱਤੇ ਜ਼ੁਲਮ ਕੀਤੇ ਤੂੰ, ਤੇਰੇ ਇਸ ਤਖ਼ਤ ਦੇ ਪਾਵੇ ਹਿਲਾ ਕੇ ਜਾਣਗੇ ਹੁਣ ਤਾਂ । ਇੰਨ੍ਹਾਂ ਦੀ ਜੰਗ ਦਾ ਜਲਵਾ ਨਿਰਾਲਾ ਵੇਖ ਲੈ ਤੂੰ ਵੀ, ਬਿਨਾ ਹਥਿਆਰ ਦੇ ਤੈਨੂੰ ਹਰਾ ਕੇ ਜਾਣਗੇ ਹੁਣ ਤਾਂ । ਜਿੰਨ੍ਹਾਂ ਦੀ ਜ਼ਿੰਦਗੀ ਨੂੰ ਤੂੰ ਹਨੇਰੇ ਦੇਣ ਦੀ ਸੋਚੇਂ, ਤੇਰੀ ਦਹਿਲੀਜ਼ 'ਤੇ ਦੀਵੇ ਜਗਾ ਕੇ ਜਾਣਗੇ ਹੁਣ ਤਾਂ । ਬਥੇਰੇ ਝੂਠ ਜੁਮਲੇ ਬੋਲਿਆ ਤੂੰ ਯਾਦ ਕਰ, ਪਰ ਇਹ ਭਰੀ ਮਹਿਫਿਲ 'ਚ ਤੈਨੂੰ ਸੱਚ ਸੁਣਾ ਕੇ ਜਾਣਗੇ ਹੁਣ ਤਾਂ ।

ਗੋਬਿੰਦ ਦਾ ਬਾਲ-ਦਲਜੀਤ ਸਿੰਘ ਰਿਐਤ ਸਮਰਾਲਾ

ਖ਼ੁਦ ਤੁਰ ਪਿਆ ਹੈ ਅੱਜ ਗੋਬਿੰਦ ਦਾ ਬਾਲ ਦਿੱਲੀ ਵੱਲ। ਉਹ ਜਾਣਦਾ ਹੈ ਨਹੀਂ ਸਰਨਾ ਅੱਜ ਇਕੱਲੇ ਪਿਤਾ ਨੂੰ ਦਿੱਲੀ ਵੱਲ ਤੋਰ । ਪੈਰ ਪੈਰ ਤੇ ਹੈ ਅੱਜ ਚਾਂਦਨੀ ਚੌਂਕ ਮਸਲਾ ਸਿਰਫ਼ ਜਨੇਊ ਦਾ ਥੋੜ੍ਹੀ ਹੈ ਜਨੇਊ ਤਾਂ ਐਵੇ ਢਾਲ ਬਣਦਾ ਹੈ ਔਰੰਗਿਆਂ ਦੀ । ਖ਼ਤਰੇ ਵਿੱਚ ਤਾਂ ਸਦਾ ਰੋਟੀ ਹੀ ਹੁੰਦੀ ਹੈ ਅਯੁੱਧਿਆ ਤਾਂ ਐਵੇਂ ਉਸਰ ਆਉਂਦੀ ਹੈ ਸਾਡੇ ਸੀਨਿਆਂ ਤੇ ਮਸਲਾ ਤਾਂ ਮਲਕ ਭਾਗੋਆਂ ਦੀ ਰੋਟੀ ਵਿਚਲੇ ਖ਼ੂਨ ਨੂੰ ਦੁੱਧ ਕਹਿਣ ਦਾ ਹੈ । ਕੈਕਈ ਦੇ ਬਚਨਾਂ ਤੋਂ ਰਾਮ ਅੱਜ ਬਨਵਾਸੀ ਨਹੀਂ ਉਹ ਤਾਂ ਬੰਧੂਆ ਮਜ਼ਦੂਰ ਹੋ ਗਿਆ ਹੈ ਬਹੁ ਰਾਸ਼ਟਰੀ ਕੰਪਨੀ ਨਾਲ ਰਾਜੇ ਦੇ ਕੀਤੇ ਪ੍ਰਵਚਨਾਂ ਨਾਲ । ਵਜੀਦਾ ਅੱਜ ਸਰਹੰਦ ਨਹੀਂ ਰਾਜਧਾਨੀ ਜਾ ਵਸਿਆ ਹੈ ਔਰੰਗੇ ਨੇ ਹੁਣ ਭਗਵਾ ਪਹਿਨ ਲਿਆ ਹੈ ਬੜੀ ਗਹਿਰੀ ਸਾਂਝ ਹੈ ਉਸ ਦੀ ਦਿੱਲੀ ਨਾਲ । ਗੋਬਿੰਦ ਦਾ ਬਾਲ ਜਾਣਦਾ ਹੈ ਨਹੀਂ ਸਰਨਾ ਅੱਜ ਇਕੱਲੇ ਪਿਤਾ ਨੂੰ ਦਿੱਲੀ ਵੱਲ ਤੋਰ ......

ਗ਼ਜ਼ਲ-ਦਾਦਰ ਪੰਡੋਰਵੀ

ਜੇ ਤੋਤੇ ਬੈਠ ਵੀ ਗਏ ਪੱਕੀਆਂ ਫ਼ਸਲਾਂ 'ਤੇ ਆ ਕੇ। ਅਸੀਂ ਖੇਤਾਂ 'ਚ ਹੀ ਗੱਡ ਦੇਵਾਂਗੇ ਡਰਨੇ ਬਣਾ ਕੇ। ਇਨ੍ਹਾਂ ਦੇ ਜਿਸਮ ਤਾਂ ਠੰਡੇ ਨਾ ਹੋਣੇ ਬਰਫ਼ ਵਿਚ ਵੀ, ਇਹ ਜੁੱਸੇ ਬਲ਼ਦੇ ਦਰਿਆਵਾਂ 'ਚੋਂ ਆਏ ਨੇ ਨਹਾ ਕੇ। ਵਪਾਰੀ ਕੋਲ ਸਾਡੀ ਪਿਆਸ ਗਿਰਵੀ ਰੱਖ ਦਿੱਤੀ, ਉਹ ਮੁੜ ਮੁੜ ਪਾਣੀਆਂ ਨੂੰ ਵੇਖਦੈ ਰੇਤਾ ਬਣਾ ਕੇ। ਅਖ਼ੀਰੀ ਵਕਤ ਤੈਨੂੰ ਰੀਂਘਣਾ ਵੀ ਭੁੱਲ ਜਾਣਾ, ਕਦੋਂ ਤਾਈਂ ਤੁਰੇਂਗਾ ਹੋਰਾਂ ਦੇ ਤੂੰ ਪੈਰ ਲਾ ਕੇ। ਜਲ਼ਾ ਕੇ ਰਾਖ਼ ਕਰ ਦੇਵੇਗੀ ਤੇਰੇ ਤਖ਼ਤ ਨੂੰ ਹੁਣ, ਆ ਜਿਹੜੀ ਬਹਿ ਗਈ ਹੈ ਅੱਗ ਤੇਰੇ ਦਰ 'ਤੇ ਆ ਕੇ। ਕਿਵੇਂ ਚਿਹਰਾ ਵਿਖਾਵਾਂਗੇ ਅਸੀਂ ਅਗਲੀ ਨਸਲ ਨੂੰ, ਜੇ ਮੁੱਠੀ ਇੱਕ ਵੀ ਮਿੱਟੀ ਦੀ,ਉਹ ਲੈ ਗਏ ਚੁਰਾ ਕੇ। ਵਿਕਾਊ ਪੌਣ ਵਿਚ ਜੋ ਘੋਲ਼ਦੈਂ ਤੂੰ,ਝੂਠ ਹੈ ਉਹ, ਅਸੀਂ ਜਾਵਾਂਗੇ ਤੈਨੂੰ ਸੱਚ ਦੇ ਦਰਸ਼ਨ ਕਰਾ ਕੇ।

ਗ਼ਜ਼ਲ-ਦਾਦਰ ਪੰਡੋਰਵੀ

ਜੜ੍ਹ ਪੱਟ ਕੇ ਰੱਖ ਦੇਵੇਗੀ ਕਿਰਸਾਨੀ,ਦਿੱਲੀ ਦੀ। ਸਹਿਣ ਨਹੀਂ ਹੋ ਸਕਦੀ ਹੁਣ ਮਨਮਾਨੀ ਦਿੱਲੀ ਦੀ। ਮੁੜ ਮੁੜ ਕੇ ਤੂੰ ਛੇੜ ਨਾ ਛੇੜਾਂ,ਦੱਸੀ ਜਾਂਦੇ ਹਾਂ, ਹੋ ਜਾਵੇਗੀ ਵਰਨਾ ਬੜੀ ਹੀ ਹਾਨੀ ਦਿੱਲੀ ਦੀ। ਉਂਗਲ ਫੜਦੀ ਫੜਦੀ ਹੱਥ ਗਲ਼ ਨੂੰ ਪਾ ਬੈਠੀ ਏ, ਸਾਜ਼ਿਸ਼ ਹੈ,ਇਹ ਹਰਕਤ ਹੈ ਬਚਕਾਨੀ,ਦਿੱਲੀ ਦੀ। ਗਲ਼ ਦਾ ਹਾਰ ਬਣਾਈ ਸੀ,ਗਲ਼ ਘੁੱਟਣ ਲੱਗ ਪਈ, ਮਣਕਾ ਮਣਕਾ ਕਰ ਦੇਣੀ ਹੁਣ ਗਾਨੀ ਦਿੱਲੀ ਦੀ। ਚੌਂਕੀਦਾਰ ਏਂ ਜੇਕਰ ਚੌਂਕੀਦਾਰ ਹੀ ਬਣਕੇ ਰਹਿ, ਵਰਨਾ ਕਰਨੀ ਆਉਂਦੀ ਏ ਮਹਿਮਾਨੀ ਦਿੱਲੀ ਦੀ। ਕੱਲ੍ਹੇ ਕੱਲ੍ਹੇ ਨੂੰ ਇਹ ਅਜ ਤੱਕ ਢ੍ਹਾਉਂਦੀ ਆਈ ਹੈ, ਹੁਣ ਮੈਦਾਨ 'ਚ ਵੇਖਾਂਗੇ ਭਲਵਾਨੀ ਦਿੱਲੀ ਦੀ। ਕਿਉਂ ਪੰਜਾਬ ਨੂੰ ਮਿਲਦੀ ਹੈ ਮਤਰੇਈ ਮਾਂ ਬਣਕੇ, ਯਾਦ ਕਰਾਉਣੀ ਦਿੱਲੀ ਨੂੰ ਹੁਣ ਨਾਨੀ ਦਿੱਲੀ ਦੀ। ਜਿਹਨਾਂ ਦੇ ਕੋਠੇ ਬੈਠ ਗਈ ਹੈ,ਮੁਜ਼ਰਾ ਕਰਦੀ ਹੈ, ਪੱਤ ਲੁੱਟਣਗੇ ਅੰਡਾਨੀ,ਅੰਬਾਨੀ,ਦਿੱਲੀ ਦੀ। ਬਾਰਸੀਲੋਨਾ(ਸਪੇਨ)

ਗੀਤ-ਸਵਰਾਜਬੀਰ (ਡਾ.)

ਕਿਸਾਨ ਹਾਂ, ਕਿਸਾਨ ਹਾਂ, ਕਿਸਾਨ ਹਾਂ ਮੈਂ। ਜ਼ਾਲਮ ਦੇ ਅੱਗੇ, ਜੰਗ ਦਾ ਐਲਾਨ ਹਾਂ ਮੈਂ। ਮੈਂ ਲੈਅ ਕਿਰਤ ਦੀ, ਖੇਤ ਦੀ ਖ਼ੁਸ਼ਬੋ ਦੇ ਵਰਗਾ। ਬਾਣੀ 'ਚੋਂ ਮਿਲੇ ਗਿਆਨ ਦੀ ਮੈਂ ਲੋਅ ਦੇ ਵਰਗਾ। ਸਿਆੜਾਂ 'ਚੋਂ ਉੱਠੀ ਜੀਵਨ ਦੀ ਕਣਸੋਅ ਦੇ ਵਰਗਾ। ਗੁਰੂ ਨਾਨਕ ਤੇ ਰਵੀਦਾਸ ਦੀ, ਸੁਰ ਤਾਨ ਹਾਂ ਮੈਂ। ਕਿਸਾਨ ਹਾਂ, ਕਿਸਾਨ ਹਾਂ, ਕਿਸਾਨ ਹਾਂ ਮੈਂ। ਬਣ ਗਦਰੀ ਯੋਧਾ, ਨਾਲ ਮੈਂ ਅੰਗਰੇਜ਼ਾਂ ਲੜਿਆ। ਬਣ ਭਗਤ ਸਰਾਭਾ ਹਾਣੀਓ ਮੈਂ ਫਾਂਸੀ ਚੜ੍ਹਿਆ। ਗੁਰੂਆਂ ਤੋਂ ਸਾਂਝੀਵਾਲਤਾ ਦਾ ਪਾਠ ਮੈਂ ਪੜ੍ਹਿਆ। ਹੱਕ ਸੱਚ ਲਈ ਖਿੱਚਿਆ, ਤੀਰ ਕਮਾਨ ਹਾਂ ਮੈਂ। ਕਿਸਾਨ ਹਾਂ, ਕਿਸਾਨ ਹਾਂ, ਕਿਸਾਨ ਹਾਂ ਮੈਂ। ਸੋਹਣੇ ਵਤਨ ਦਾ ਕਿਰਤੀ ਤੇ ਮਜ਼ਦੂਰ ਹਾਂ ਮੈਂ। ਗਗਨ ਦਮਾਮਿਉਂ ਉਗਮਦਾ ਸਰੂਰ ਹਾਂ ਮੈਂ। ਜੋ ਹੱਕਾਂ ਖ਼ਾਤਰ ਲੜ ਰਿਹਾ ਦਸਤੂਰ ਹਾਂ ਮੈਂ। ਮਿੱਟੀ ਨਾਲ ਮਿੱਟੀ ਹੋ ਰਿਹਾ ਤੂਫ਼ਾਨ ਹਾਂ ਮੈਂ। ਕਿਸਾਨ ਹਾਂ, ਕਿਸਾਨ ਹਾਂ, ਕਿਸਾਨ ਹਾਂ ਮੈਂ।

ਨਿੱਘੇ ਬੁੱਲੇ-ਸੁਰਿੰਦਰ ਸੋਹਲ

ਗਰਮ ਸੂਟ ‘ਚ ਲਿਪਟੀ ਸੱਤਾ-ਨਸ਼ੇ ‘ਚ ਧੁੱਤ ਕੁਰਸੀ ਸੜਕ ‘ਤੇ ਬੇਪਰਵਾਹੀ ਦੇ ਕੰਬਲ਼ ‘ਚ ਬੈਠੇ ਕਿਸਾਨ-ਅੰਦੋਲਨ ਨੂੰ ਪੁੱਛਣ ਲੱਗੀ: ‘’ਠੰਢ ਨਹੀਂ ਲੱਗਦੀ? ‘’ਨਹੀ...।’’ ‘’ਕਿਉਂ ?... ਏਨੀ ਸਰਦੀ ਹੈ...।’’ ‘’ਨਿੱਘੇ-ਨਿੱਘੇ ਬੁੱਲੇ ਆ ਰਹੇ ਐ...।’’ ‘’ਕਿੱਥੋਂ ...?’’ ‘’ਠੰਢੇ ਬੁਰਜ ਵਿੱਚੋਂ ....।’’ ਗਰਮ ਸੂਟ ‘ਚ ਲਿਪਟੀ ਸੱਤਾ-ਨਸ਼ੇ ‘ਚ ਧੁੱਤ ਕੁਰਸੀ ਕੰਬਣ ਲੱਗੀ... ਨਿਊਯਾਰਕ (ਅਮਰੀਕਾ)

ਮਾਤਾ ਮੁਹਿੰਦਰ ਕੌਰ-ਓਂਕਾਰਪ੍ਰੀਤ

(ਕੰਗਣਾ ਰਣੌਤ ਦੇ ਨਾਮ) ਮਾਂ! ਤੈਨੂੰ ਗਾਲ੍ਹ ਕੱਢਣ ਵਾਲੀ ਚਗ਼ਲੇ ਸਵਾਦਾਂ ਦੀ ਮੰਡੀ ‘ਚ ਭਟਕੀ ਹੋਈ ਇਹ ਕੁੜੀ ਤਾਂ ਏਨਾ ਵੀ ਨੀ ਜਾਣਦੀ ਕਿ ਜਿਸ ‘ਮਾਂ ਦੀ ਕੀਮਤ’ ਇਹਨੇ 100 ਰੁਪਏ ਲਾਈ ਹੈ ਉਹ ਉਹਨਾਂ ਪੰਜਾਬੀਆਂ ਦੀ ਮਾਂ ਹੈ ਜਿਹੜੇ ਇਸੇ ਕੁੜੀ ਦੀਆਂ ਟਕੇ-ਟਕੇ ‘ਚ ਵਿਕਦੀਆਂ ਵਡੇਰੀਆਂ ਜਰਵਾਣਿਆਂ ਹੱਥੋਂ ਛੁਡਾਉਂਦੇ ਰਹੇ ਤੇਰੇ ਹੀ ਸਿਰ ਦੇ ਪੱਲਿਆਂ ਨਾਲ ਢੱਕ ਢੱਕ ਘਰੋ ਘਰੀ ਪਹੁੰਚਾਉਂਦੇ ਰਹੇ। *** ਚਗ਼ਲੇ ਸਵਾਦਾਂ ਦੀ ਮੰਡੀ ‘ਚ ਭਟਕੀਏ ਕੁੜੀਏ – ਤੈਨੂੰ ਸ਼ਾਇਦ ਇਹ ਵੀ ਪਤਾ ਨਾ ਹੋਵੇ ਕਿ ਪੰਜਾਬੀ ਮਾਂ ਦੀ ਗਾਲ੍ਹ ਕੱਢਣ ਵਾਲੇ ਦਾ ਕੀ ਹਾਲ ਕਰਦੇ ਨੇ? ਪਰ ਜਿਸ ਮਾਂ ਨੂੰ ਤੂੰ ਗਾਲ੍ਹ ਕੱਢੀ ਹੈ ਉਸੇ ਨੇ ਸਾਨੂੰ ਗੁੜ੍ਹਤੀ ਦਿੱਤੀ ਹੈ ਕਿ ਧੀ-ਧਿਆਣੀ ਸਭ ਦੀ ਸਾਂਝੀ ਉਹਦੀ ਪੱਤ ਸਭ ਦੀ ਪੱਤ ਐ। ਚਗ਼ਲੇ ਸਵਾਦਾਂ ਦੀ ਮੰਡੀ ‘ਚ ਟਕੇ-ਰੁਪਈਆਂ ਦੇ ਪਲੜੇ ਕਿਰਤੀ-ਅਣਖੀ ਮਾਵਾਂ ਤੋਲਦੀਏ ਨੀ! ਕਦੇ ਕਿਸੇ ਮੁਹਿੰਦਰ ਕੌਰ ਦੀ ਗੋਦ ‘ਚ ਸਿਰ ਧਰੀਂ ਅਪਣੀ ਕੁਮੱਤ, ਸੁਮੱਤ ਕਰੀਂ।

ਭੁੱਖ-ਬਲਜੀਤ ਪਰਮਾਰ

ਤੇਰੀ ਭੁੱਖ ਹੋਰ ਪੈਸਾ ਕਮਾਉਣ ਦੀ ਹੋਵੇਗੀ ਅਸਾਡੀ ਭੁੱਖ ਤਾਂ ਸਾਡੇ ਆਤਮ ਸਨਮਾਨ ਜਿਹੀ ਹੈ ਅਸਾਡੀ ਭੁੱਖ ਮਰ ਤਾਂ ਸਕਦੀ ਹੈ ਪਰ ਵਿਕ ਨਹੀਂ ਸਕਦੀ ਇਹ ਮਹਿਜ਼ ਭੁੱਖ ਹੀ ਨਹੀਂ ਇਹ ਸਾਡੇ ਜ਼ਿੰਦਾ ਹੋਣ ਦਾ ਪ੍ਰਮਾਣ ਪੱਤਰ ਵਰਗਾ ਸਬੂਤ ਵੀ ਹੈ ਭੁੱਖੇ ਢਿੱਡ ਜਿਉਂਦੇ ਜਿਸਮਾਂ 'ਚ ਹੀ ਪਲਦੇ ਨੇ ਤੈਨੂੰ ਭੁੱਖ ਹੋਵੇਗੀ ਰਾਜ ਪਾਟ ਸ਼ਾਨੋ- ਸੌਕਤ ਦੀ ਅਸੀਂ ਤਾਂ ਇੱਜ਼ਤ ਦੀ ਪੱਗ ਸਿਰ' ਤੇ ਧਰਦੇ ਹਾਂ ਤੇ ਸਿਰ ਕਦੇ ਭੁੱਖੇ ਨਹੀਂ ਮਰਦੇ ਬੜੇ ਜ਼ਰਖ਼ੇਜ ਹੁੰਦੇ ਹਨ ਤੇਰੇ ਗੁਦਾਮਾਂ ਦਾ ਪੇਟ ਕਦੇ ਨਹੀਂ ਭਰਦਾ ਤੂੰ ਹਰ ਸ਼ੈਅ ਸਸਤੀ ਖ਼ਰੀਦੇਂਗਾ ਤੇ ਮਿਲਾਵਟ ਕਰਨ ਪਿੱਛੋਂ ਦੂਣੇ ਤੀਣੇ ਚੌਣੇ ਭਾਅ ਤੇ ਵੇਚੇਂਗਾ ਐਪਰ ਲੁੱਟ ਦੇ ਖ਼ਜ਼ਾਨੇ ਕਦੇ ਪੂਰੇ ਨਹੀਂ ਭਰਦੇ ਚੋਰਾਂ ਨੂੰ ਮੋਰ ਇਕ ਦਿਨ ਪੈਣੇ ਹੀ ਪੈਣੇ ਹਨ ਅਸਾਡੀ ਭੁੱਖ ਖ਼ਾਲੀ ਘੜੇ ਭੜੋਲੇ ਵਾਂਗਰ ਸਿਸਕਦੀ ਤਾਂ ਹੈ ਕਦੇ ਉੱਜੜੇ ਸਿਆੜਾਂ 'ਚ ਵਿਲਕਣੀ ਹੈ ਇਹੀ ਇਹਦੀ ਜੀਵੰਤ ਹੋਂਦ ਦੀ ਸ਼ਨਾਖ਼ਤ ਹੈ ਜਿਉਂਦੀ ਭੁੱਖ ਮਕਾਣੀਂ ਨਹੀਂ ਜਾਂਦੀ ਜਿਉਂਦੀ ਭੁੱਖ ਸਿਆਪਾ ਨਹੀਂ ਕਰਦੀ ਜਿਉਂਦੀ ਭੁੱਖ ਵੈਣ ਨਹੀਂ ਪਾਉਂਦੀ ਜਿਉਂਦੀ ਭੁੱਖ ਰੋਹ ਜਨਮਦੀ ਹੈ ਜਿਉਂਦੀ ਭੁੱਖ ਵਿਦਰੋਹ ਜਨਮਦੀ ਹੈ ਜਿਉਂਦੀ ਭੁੱਖ ਕਦੇ ਨਹੀਂ ਮਰਦੀ ਜਿਉਂਦੀ ਭੁੱਖ ਢਿੱਡੀਂ ਪਨਪਦੀ ਹੈ ਇਹ ਬਣਕੇ ਕਹਿਰ ਬਰਸਦੀ ਹੈ ਜਦੋਂ ਆਈ 'ਤੇ ਆ ਜਾਵੇ ਇਹ ਰਾਜਾ ਰੰਕ ਨਹੀਂ ਵੇਂਹਦੀ ਇਹ ਕਦੇ ਵੀ ਚੁੱਪ ਨਾ ਰਹਿੰਦੀ ਇਹ ਭੁੱਖ ਸੁੱਚੀ ਹੈ ਸੰਪੂਰਨ ਸੱਚ ਬੋਲੇਗੀ ਇਹ ਪੂਰਾ ਮੁੱਲ ਮੰਗੇਗੀ ਤੇ ਪੂਰਾ ਹੀ ਤੋਲੇਗੀ ਇਹ ਭੁੱਖ ਟੁਕੜਿਆਂ ਤੇ ਨਹੀਂ ਪਲ਼ਦੀ ਇਹ ਆਪਣੇ ਹੱਕ ਦੀ ਭੁੱਖ ਹੈ ਏਕ ਹੱਕ ਦੇ ਟੁੱਕ ਦੀ ਭੁੱਖ ਹੈ।

ਅਨਪੜ੍ਹ-ਬਲਜੀਤ ਪਰਮਾਰ

ਪੜ੍ਹੇ ਲਿਖਿਆਂ ਦੀਆਂ ਅੱਤ ਡੂੰਘੀਆਂ ਗੱਲਾਂ ਮੈਂ ਅਨਪੜ੍ਹ ਕੀ ਜਾਣਾਂ ਮੈਨੂੰ ਤਾਂ ਇੱਲ ਕੁੱਕੜ ਦਾ ਭੋਰਾ ਫ਼ਰਕ ਪਤਾ ਨਾ ਮੈਂ ਇੱਕ ਢੋਰ ਨਿਮਾਣਾਂ ਸਿਰ ਦੇ ਥੱਲੇ ਜੁੱਤੀ ਮੇਰੀ ਧੜ ਤੇ ਸੋਹਣ ਜੁਰਾਬਾਂ ਤੇ ਪੈਰਾਂ ਹੇਠ ਸਰਾਣਾ ਮੈਂ ਕਦੇ ਨਾ ਫੱਟੀ ਪੋਚੀ ਨਾ ਕੋਈ ਕਲਮ ਘੜੀ ਮੈਂ ਕਾਲਾ ਅੱਖਰ ਜਾਣਾਂ ਨੰਗੇ ਤੇੜ ਤੜਾਗੀ ਮੇਰੇ ਇਕ ਨੰਗੀ ਦੀ ਓੜਣੀ ਤੇ ਇਕ ਨੰਗੇ ਦਾ ਬਾਣਾ ਨਾ ਜਾਣਾਂ ਮੈਂ ਕਾਵਾਂ ਰੌਲੀ ਨਾ ਹੱਥਾਂ ਦੇ ਤੋਤੇ ਉੱਡਣੇ ਨਾ ਉੱਲੂ ਦਿਸਣ ਮਸਾਣਾਂ ਨਾ ਰੱਬ ਵਰਗਾ ਵਾਗੀ ਨਾ ਬੱਕਰੀ ਭੇਡਾਂ ਚਾਰਾਂ ਰਾਂਝੇ ਦੀ ਮੱਝ ਪਛਾਣਾਂ ਨਾ ਤਾਂ ਸੂਤ ਗਲੋਟੇ ਕੱਤੇ ਨਾਹੀਂ ਹੱਥੀ ਗੰਢਾਂ ਦੇਵਾਂ ਉਲਝਿਆ ਤਾਣਾ ਬਾਣਾ ਮੈਂ ਪੱਕੀ ਕਿੱਲ ਵਰਗਾ ਨਾ ਮੁੜਦਾ ਨਾ ਟੁੱਟਦਾ ਮੈਂ ਤਾਂ ਜਾਣਾਂ ਖੁੱਭ ਜਾਣਾ।

ਨਵੀਂ ਕਵਿਤਾ-ਬਲਜੀਤ ਪਰਮਾਰ

ਮੈਂ ਇਕ ਨਵੀਂ ਕਵਿਤਾ ਲਿਖਣੀ ਲੋਚਾਂ ਜਿਸ ਵਿੱਚ ਹੋਣ ਕੁਝ ਨਵੀਆਂ ਗੱਲਾਂ ਕੁਝ ਨਵੀਆਂ ਸੋਚਾਂ ਕੁਝ ਨਵੇਂ ਸ਼ਬਦ ਕੁਝ ਨਵੇਂ ਅਰਥ ਅਰਥਾਂ ਚ ਛਿਪੇ ਅਰਥ ਫਿਰ ਅਰਥਾਂ ਤੋਂ ਅਗਾਂਹ ਦੇ ਅਰਥ ਅਰਥ ਵਿਅਰਥ ਦੀ ਨਵੀਂ ਵਿਆਖਿਆ ਕੁਝ ਅਜੋਕੇ ਸੰਦਰਭ ਜਾਂ ਏਸੇ ਤਰ੍ਹਾਂ ਦਾ ਕੁਝ ਹੋਰ ਵੱਖਰਾਪਣ ਅਲੱਗ ਜਿਹਾ ਸੁਹੱਪਣ ਇਕ ਵੱਖਰਾ ਲਹਿਜ਼ਾ ਇਕ ਨਵਾਂ ਵਰਨਣ ਨਵੇਂ ਬਿੰਬ ਪ੍ਰਤੀਬਿੰਬ ਨਵੇਂ ਸੰਗ ਪ੍ਰਸੰਗ ਆਦ ਜੁਗਾਦਿ ਵਾਦ ਵਿਵਾਦ ਅੰਤ ਅਨੰਤ ਜੀਵ ਤੇ ਜੰਤ ਸਭ ਕੁਝ ਵਾਧੂ ਜਿਹੇ ਬਹੁ ਵਰਤੇ ਲਗਦੇ ਵਜ਼ਨ ਦੇ ਭਾਰੇ ਤੇ ਮੁੱਲ ਤੋਂ ਵਾਧੂ ਲਗਦੇ ਅੱਜ ਕੱਲ ਲੋਕਾਂ ਤਾਈਂ ਏਨਾ ਵਿਹਲ ਨਹੀਂ ਹੈ ਕਿ ਉਹ ਲੁਕੇ ਅਰਥਾਂ ਨੂੰ ਭਾਲਣ ਤੁਰੇ ਰਹਿਣ ਐਵੇਂ ਬੁਝਾਰਤਾਂ ਜਹੀਆਂ ਹੁਣ ਲੋਕ ਨਾ ਚਾਹੁੰਦੇ ਲੋਕ ਤਾਂ ਹੁਣ ਮੰਗਣ ਸਿੱਧੀਆਂ ਖਰੀਆਂ ਗੱਲਾਂ ਸੱਚ ਬੋਲਦੇ ਕੌੜੇ ਬੋਲ ਜੋ ਢੋਲਾਂ ਵਾਂਗੂੰ ਵੱਜਣ ਚਿਮਟੇ ਵਾਂਗਰ ਖੜਕਣ ਗੋਲੀਆਂ ਵਾਂਗੂੰ ਚੱਲਣ ਬੰਬਾਂ ਵਾਂਗਰ ਫੱਟਣ ਸ਼ਬਦ ਵੀ ਉਹ ਅਜਿਹੇ ਜਿਹੜੇ ਕੂੜ ਨੂੰ ਟੁਕੜੇ ਟੁਕੜੇ ਕੱਟਣ ਹਾਕਮ ਗੈਂਗ ਬਣਾ ਹਕੂਮਤ ਕਰਦੇ ਹਾਕਮ ਅੱਤ ਕਰਦੇ ਦੂਜੇ ਨੂੰ ਅੱਤਵਾਦੀ ਕਹਿੰਦੇ ਕਾਨੂੰਨ ਵੀ ਇਹਦਾ ਮੁਨਸਿਫ਼ ਵੀ ਇਹਦੇ ਨਫ਼ਰਤ ਵੀ ਇਸਦੀ ਕੁਫਰ ਵੀ ਇਸਦਾ ਆਪੇ ਜੰਮਦੇ ਆਪ ਫੈਲਾਉਂਦੇ ਧਰਮ ਦੇ ਨਾ ਤੇ ਵੰਡੀਆਂ ਪਾਉਂਦੇ ਹਾਕਮ ਕਹਿਲਾਉਂਦੇ ਹਾਕਮ ਦਾ ਹੁਣ ਨਾਮ ਬਦਲੀਏ ਤੇ ਧਰੀਏ ਇਕ ਨਾਮ ਨਵਾਂ ਭੇੜੀਆ ਵਹਿਸ਼ੀ ਜ਼ਾਲਮ ਕੁੱਤਾ ਜਾਂ ਫਿਰ ਇਹੋ ਜਿਹਾ ਕੁਝ ਹੋਰ ਅੱਥਰੂ ਗੈਸ ਬਾਰੂਦ ਜਾਣੀਏ ਪਾਣੀ ਦੀ ਬੌਛਾਰ ਨੂੰ ਹਮਲਾ ਲਾਠੀ ਚਾਰਜ ਐਲਾਨੇ ਜੰਗ ਨਜ਼ਰਬੰਦੀ ਨੂੰ ਕਹੀਏ ਸਜ਼ਾਏ ਮੌਤ ਤੇ ਜਾਂ ਇਹੋ ਜਿਹਾ ਕੁਝ ਹੋਰ ਕੁਝ ਤਾਂ ਨਵਾਂ ਘੜਨਾ ਹੀ ਪੈਣਾ ਜੇ ਕਰ ਕੁਝ ਨਵਾਂ ਹੈ ਕਹਿਣਾ।

ਸੰਘਰਸ਼ ਵਿੱਚ-ਸੰਜੀਵ ਆਹਲੂਵਾਲੀਆ (ਡਾ.)

ਅਸੀਂ ਸਾਰੇ ਹੀ ਖਾਸ ਹਾਂ... ਅਸੀਂ ਸਾਰੇ ਹੀ ਸਾਧਾਰਨ ਹਾਂ... ਅਸੀਂ ਸਾਰੇ ਹੀ ਅਕਾਊ ਹਾਂ... ਅਸੀਂ ਸਾਰੇ ਹੀ ਰੋਚਕ ਹਾਂ... ਅਸੀਂ ਸਾਰੇ ਹੀ ਸ਼ਰਮਾਕਲ ਹਾਂ... ਅਸੀਂ ਸਾਰੇ ਹੀ ਆਊਟਗੋਇੰਗ ਹਾਂ... ਅਸੀਂ ਸਾਰੇ ਹੀ ਡਰਪੋਕ ਹਾਂ... ਅਸੀਂ ਸਾਰੇ ਹੀ ਬਹਾਦਰ ਹਾਂ... ਕਿਸੇ ਦਿਨ ਅਸੀਂ ਹੀਰੋ ਹੁੰਦੇ ਹਾਂ... ਤੇ ਅਗਲੇ ਦਿਨ ਖਲਨਾਇਕ... ਅਸੀਂ ਕੀ ਉੱਭਰ ਕੇ ਸਾਹਮਣੇ ਆਉਂਦੇ ਹਾਂ... ਬਸ ਉਸ ਦਿਨ ਤੇ ਹੀ ਨਿਰਭਰ ਕਰਦਾ ਹੈ.. ਵਿਕਟੋਰੀਆ (ਬੀ ਸੀ) ਕੈਨੇਡਾ

ਗੀਤ-ਪਤਰਸ ਮਸੀਹ

ਦਿੱਲੀਏ ਹੰਕਾਰ ਤੇਰਾ ਲਾਹੁਣ ਆਏ ਆਂ ਲੈ ਕੇ ਜੰਝ ਜਿੱਤ ਨੂੰ ਵਿਆਹੁਣ ਆਏ ਆਂ ਸੋਚਿਆ ਸੀ ਮੰਨ ਜਏਂਗੀ ਪਿਆਰ ਨਾਲ਼ ਨੀ ਖੇਡਦੀ ਏ ਤੂੰ ਤਾਂ ਨਿੱਤ ਨਵੀਂ ਚਾਲ ਨੀ ਇੱਕੀਆਂ ਦੇ 'ਕੱਤੀ ਤੈਨੂੰ ਪਾਉਣ ਆਏ ਆਂ ਲੈ ਕੇ ਜੰਝ ਜਿੱਤ ਨੂੰ ਵਿਆਹੁਣ ਆਏ ਆਂ ਪਾਲੇ ਨੇ ਤੂੰ ਜਿਹੜੇ ਬੜੇ ਖਾਸ ਚਮਚੇ ਕਰਦੇ ਨੇ ਬੜੀ ਬਕਵਾਸ ਚਮਚੇ ਕੰਗਣਾ ਨਾ ਕੜੇ ਟਕਰਾਉਣ ਆਏ ਆਂ ਲੈ ਕੇ ਜੰਝ ਜਿੱਤ ਨੂੰ ਵਿਆਹੁਣ ਆਏ ਆਂ ਆਏ ਨੇ ਜਨੇਤੀ ਇੱਕੋ ਗੱਲ ਠਾਣ ਕੇ ਲੈ ਕੇ ਜਾਣੀ ਡੋਲੀ ਪੂਰੀ ਹਿੱਕ ਤਾਣ ਕੇ ਤੋਰੀ ਜੋ ਤੂੰ ਗੱਲ ਸਿਰੇ ਲਾਉਣ ਆਏ ਆਂ ਲੈ ਕੇ ਜੰਝ ਜਿੱਤ ਨੂੰ ਵਿਆਹੁਣ ਆਏ ਆਂ

ਤੂੰ ਹਾਕਮ ਏਂ!-ਹਰਪ੍ਰੀਤ ਸਿੰਘ ਫੀਰੋਜ਼ਪੁਰ

ਕਹਿੰਦੇ ਨੇ, ਤੂੰ ਹਾਕਮ ਏਂ, ਕੀ ਹੈ ਜੇ, ਤੂੰ ਹਾਕਮ ਏਂ। ਜਨਤਾ ਨੂੜੀ ਜਾਨਾਂ ਏਂ, ਸੱਚੀਂ ਵੇ, ਤੂੰ ਹਾਕਮ ਏਂ? ਮਾਲ ਜਿਨ੍ਹਾਂ ਦਾ ਵੇਚ ਰਿਹੈਂ, ਕੌਣ ਨੇ?, ਜੇ, ਤੂੰ ਹਾਕਮ ਏਂ। ਵਾਹ ਉਹ ਜ਼ਰ ਦੇ ਦਾਤੇ ਵਾਹ, ਹਾਕਮ 'ਤੇ, ਤੂੰ ਹਾਕਮ ਏਂ। ਮਨ ਕੀ ਆਖੇਂ, ਸੁਣਦਾ ਨਾ, ਹੈਰਤ ਏ, ਤੂੰ ਹਾਕਮ ਏਂ! ਦਰਦਾਂ ਵਿੰਨ੍ਹੇ ਦੇਣ ਸਰਾਪ, ਦੇਵਣਗੇ, ਤੂੰ ਹਾਕਮ ਏਂ। "ਸਾਹਿਬ ਹੈਂ, ਤੋ ਮੁਮਕਿਨ ਹੈ", ਉੱਡੇ ਖੇਹ, ਤੂੰ ਹਾਕਮ ਏਂ। ਮੁਲਕ ਨੂੰ ਮੁਲਕ ਬਣਾਉਣਾ ਏ, ਕਿਸ ਨੇ ਵੇ?, ਤੂੰ ਹਾਕਮ ਏਂ। ਹੁਣ ਤੂੰ ਇੱਕ ਜਮਾਤ ਦਾ 'ਨੀ, ਹਊਮੈ ਫੇਹ, ਤੂੰ ਹਾਕਮ ਏਂ। ਤੂੰ ਇਹ ਬੋਲ ਕਢਾਏ ਨੇ, ਹਾਏ ਵੇ, ਤੂੰ ਹਾਕਮ ਏਂ!!

ਗ਼ਜ਼ਲ-ਤ੍ਰੈਲੋਚਨ ਲੋਚੀ

ਸੱਜਣੋ ਦੀਪ ਜਗਾਈਏ ਰਲ਼ ਕੇ। 'ਨ੍ਹੇਰੇ ਦੂਰ ਭਜਾਈਏ ਰਲ਼ ਕੇ। ਜਾਬਰ ਨਾਲ ਹੈ ਮੱਥਾ ਲਾਉਣਾ, ਗੀਤ ਸਿਦਕ ਦੇ ਗਾਈਏ ਰਲ਼ ਕੇ। ਮਾਲਕ ਦਿੱਲੀ ਦੇ ਬਣ ਬੈਠੇ, ਤਖ਼ਤਾਂ ਤੋਂ ਇਹ ਲਾਹੀਏ ਰਲ਼ ਕੇ। ਹਉਮੈ ਨਾਲ ਭਰੇ ਜੋ ਫਿਰਦੇ, ਮਿੱਟੀ ਵਿੱਚ ਮਿਲਾਈਏ ਰਲ਼ ਕੇ। ਸਾਡੇ ਮਨ ਦੀ ਬਾਤ ਸੁਣੇ ਨਾ, ਉਸ ਨੂੰ ਹੱਥ ਦਿਖਾਈਏ ਰਲ਼ ਕੇ। ਲਾਲ ਕਿਲ੍ਹੇ ਦੀ ਆਕੜ ਭੰਨੀਏ, ਇਸ ਦੇ ਕਿੰਗਰੇ ਢਾਹੀਏ ਰਲ਼ ਕੇ। ਖੇਤਾਂ ਦੇ ਦੁਸ਼ਮਣ ਸਭ ਲੋਚੀ, ਕੱਖਾਂ ਵਾਂਗ ਉਡਾਈਏ ਰਲ਼ ਕੇ।

ਇਹ ਲੜਾਈ-ਹਰਵਿੰਦਰ ਚੰਡੀਗੜ੍ਹ

ਇਹ ਲੜਾਈ ਜੋ ਖੇਤਾਂ ਦੀ ਲੱਗਦੀ ਹੈ ਸਿਰਫ ਖੇਤਾਂ ਦੀ ਨਹੀਂ ਹੈ ਬੇਸ਼ੱਕ ਖੇਤਾਂ ਤੋਂ ਸ਼ੁਰੂ ਹੋਈ ਹੈ... ਇਹ ਲੜਾਈ ਉਸ ਭਗਵੇਂ ਝੰਡੇ ਦੇ ਡੰਡੇ ਦੇ ਖ਼ਿਲਾਫ਼ ਹੈ ਜਿਸ ਨਾਲ ਮਸਜਦੀ ਭੀਲਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ ਹੈ... ਇਹ ਲੜਾਈ ਉਸ ਬਦਨੀਤੀ ਵਿਰੁੱਧ ਬਿਗਲ ਹੈ ਜਿਸ ਨਾਲ ਕਸ਼ਮੀਰੀਆਂ ਨੂੰ ਲਿਤਾੜਿਆ ਜਾ ਰਿਹਾ ਹੈ ਹੱਕ ਮੰਗਦੇ ਪੰਜਾਬੀਆਂ ਨੂੰ ਅੱਤਵਾਦੀ ਗਰਦਾਨਿਆ ਜਾ ਰਿਹਾ ਹੈ ਔਰਤਾਂ ਨੂੰ ਦੁਰਕਾਰਿਆ ਜਾ ਰਿਹਾ ਕੁਲਬਰਗੀਆਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਸੂਰਜਾਂ ਵਾਂਗ ਜਗਦੇ ਜਾਗਦੇ ਲੋਕਾਂ ਤੇ ਅਰਬਨ ਨਕਸਲ ਦਾ ਮਾਰਕਾ ਲਾ ਦਬਾਇਆ ਦਫ਼ਨਾਇਆ ਜਾ ਰਿਹਾ ਹੈ ਇਹ ਲੜਾਈ ਮੇਰੇ ਪਿਆਰੇ ਵਤਨ ਦੇ ਚਮਨ 'ਚ ਰੰਗ ਬਰੰਗੇ ਫੁੱਲਾਂ ਨੂੰ ਭਗਵੀਂ ਪਿਓਂਦ ਦੇ ਇੱਕ ਰੰਗ ਕਰਨ ਦੇ ਉਲਟ ਹੈ... ਇਹ ਲੜਾਈ ਜੋ ਖੇਤਾਂ ਦੀ ਲੱਗਦੀ ਹੈ ਸਿਰਫ਼ ਖੇਤਾਂ ਦੀ ਨਹੀਂ ਹੈ ਬੇਸ਼ੱਕ ਖੇਤਾਂ ਤੋਂ ਸ਼ੁਰੂ ਹੋਈ ਹੈ।

ਜੇ ਤੁਸੀਂ-ਰਣਜੋਧ ਸਿੰਘ

ਜੇ ਤੁਸੀਂ ਸਵਰਗ ਦੇਖਣਾ ਹੈ ਤਾਂ ਦਿੱਲੀ ਦੁਆਲੇ ਟਿੱਕਰੀ, ਗਾਜ਼ੀਪੁਰ ਸਿੰਘੂ ਬਾਰਡਰ ਦਾ ਫੇਰਾ ਪਾਉ। ਜੇ ਤੁਸੀੰ ਭੀੜ ਤੇ ਕਾਬੂ ਵੇਖਣਾ, ਮੰਚ ਦਾ ਸੁਚੱਜਾ ਪ੍ਰਬੰਧ ਵੇਖਣਾ ਜੇ ਗੁੱਸੇ ਨਾਲ ਭਰੇ ਮਨ ਦੀ ਨਿਮਰਤਾ ਵੇਖਣੀ, ਜੇ ਤੁਸੀਂ ਸਬਰ ਸੰਤੋਖ ਤੇ ਪਿਆਰ ਵੇਖਣਾ ਜੇ ਤੁਸੀਂ ਅਨੁਸ਼ਾਸਨ ਤੇ ਰੌਣਕ ਵੇਖਣੀ ਸਾਂਝੇ ਭਾਈਚਾਰੇ ਤੇ ਸਤਿਕਾਰ ਨੂੰ ਵੇਖਣਾ ਹੈ, ਜੇ ਹਰੇਕ ਬੰਦੇ ਨੂੰ ਜ਼ੁੰਮੇਵਾਰ ਵੇਖਣਾ ਜੇ ਬਿਨਾ ਪੁਲਿਸ ਦੇ ਲੱਖਾਂ ਦਾ ਸ਼ਾਨਦਾਰ ਇਕੱਠ ਵੇਖਣਾ ਜੇ ਆਪਣੇ ਆਪ ਕਤਾਰਾਂ ਲਗੀਆਂ ਵੇਖਣੀਆਂ ਨੇ, ਜੇ ਬਿਨਾ ਡੰਡਾ ਪੁਲਸ ਗੱਡੀਆਂ ਚੱਲਦੀਆਂ ਵੇਖਣੀਆਂ ਨੇ, ਜੇ ਲੋਕਾਂ ਵਿੱਚ ਲੰਗਰ ਦੀ ਸੇਵਾ ਭਾਵਨਾ ਵੇਖਣੀ ਜੇ ਤੁਸੀਂ ਜੋਸ਼ ਨਾਲ ਹੋਸ਼ ਵੇਖਣਾ ਜੇ ਲੋਕਾਂ ਵਿੱਚ ਰੱਬ ਵੱਸਦਾ ਵੇਖਣਾ ਜੇ ਸ਼ਹਿਨਸ਼ੀਲਤਾ ਤੇ ਸਵੈਮਾਨ ਵੇਖਣਾ ਹਰੇਕ ਵਿੱਚ ਗੁਰੂ ਦਾ ਵਾਸਾ ਵੇਖਣਾ ਜੇ ਤੁਸੀਂ ਜਿੱਤਣ ਦੀ ਤਾਂਘ ਵੇਖਣੀ ਜੇ ਬਜ਼ੁਰਗਾਂ ਦਾ ਹੌਸਲਾ ਵੇਖਣਾ ਜੇ ਇਤਿਹਾਸ ਦੀ ਘਾੜਤਿ ਵੇਖਣੀ ਜੇ ਤੁਸੀਂ ਪੰਜਾਬੀਆਂ ਦਾ ਚਰਿੱਤਰ ਵੇਖਣਾ ਵੱਖ-ਵੱਖ ਧਰਮਾਂ, ਵਰਗਾਂ, ਪੇਸ਼ਿਆਂ ਰਾਜਾਂ ਦੇ ਲੋਕਾਂ ਦਾ ਆਪਸੀ ਪਿਆਰ ਮਿਲਵਰਤਣ ਦੇਖਣਾ ਤਾਂ ਦਿੱਲੀ ਦੀ ਫਿਰਨੀ ਤੇ ਚੱਲ ਰਹੇ ਕਿਰਸਾਨੀ ਸੰਘਰਸ਼ ਵਿੱਚ ਇੱਕ ਫੇਰਾ ਜ਼ਰੂਰ ਪਾਉ। ਪੰਜਾਬੀਆਂ ਦਾ ਜਜ਼ਬਾ ਅਗਵਾਈ ਕਰਨ ਦੀ ਸਮਰੱਥਾ ਦਾ ਅਹਿਸਾਸ ਪੱਕਾ ਹੋ ਜਾਵੇਗਾ।

ਗੀਤ-ਅਜ਼ੀਮ ਸ਼ੇਖਰ ਯੂ ਕੇ

ਉੱਚੀ ਕੁਰਸੀ ਦੇ ਥੱਲੇ ਮਿੱਧੇਂ ਸਾਡੇ ਹੱਥ ਨੀ, ਭੁੱਲ ਜਾ ਤੂੰ ਪਰ ਸਾਡੀ ਪੱਗ ਜਾਊ ਲੱਥ ਨੀ , ਬਾਜ ਆ ਜਾ ਹੋ ਨਾ ਏਨੀ ਮਗ਼ਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ, ਲੋਕਾਂ ਨੇ ਹੈ ਤੋੜਣਾ ਗ਼ਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ । ਸਫਰ ਮੁਕਾਉਣ ਜੋ ਰਾਹ ਪੈਰਾਂ ‘ਤੇ ਲਪੇਟ ਕੇ, ਖੱਬੇ ਹੱਥ ਨਾਲ ਲੋਅ ਕਰਨ ਨ੍ਹੇਰਾ ਮੇਟ ਕੇ, ਹੁਣ ਬਣੀਐਂ ਮਸ਼ਾਲਾਂ ਕੋਹੇਨੂਰ ਦਿੱਲੀਏ ਨੀ ਤੇਰਾ ਲੋਕਾਂ ਨੇ, ਲੋਕਾਂ ਨੇ ਹੈ ਤੋੜਣਾ ਗ਼ਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ । ਹਉਮੈ ਤੇਰੀ ਜਦੋਂ ਪੱਖ ਲੋਟੂਆਂ ਦਾ ਲੈਂਦੀ ਏ, ਪਿੰਡੋਂ ਲਾਲ ਕਿਲੇ ਦੀ ਫ਼ਸੀਲ ਦਿਸ ਪੈਂਦੀ ਏ, ਫੇਰ ਲੱਗਦੀ ਨੲ੍ਹੀਂ ਜੂਹ ਤੇਰੀ ਦੂਰ ਦਿੱਲੀਏ ਨੀ ਤੇਰਾ ਲੋਕਾਂ ਨੇ, ਲੋਕਾਂ ਨੇ ਹੈ ਤੋੜਣਾ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ । ਸਾਡੇ ਹਿੱਸੇ ਆਉਂਦੇ ਰਹਿਣ ਹਾਰ ਪਾਉਣੇ ਬੁੱਤਾਂ ਨੂੰ , ਇਹ ਨੲ੍ਹੀਂ ਮਨਜ਼ੂਰ ਹੁਣ ਖੇਤਾਂ ਦਿਆਂ ਪੁੱਤਾਂ ਨੂੰ , ਚੁੱਪ ਬਾਗ਼ੀ ਹੋ ਗਈ ਹੋ ਕੇ ਮਜਬੂਰ ਦਿੱਲੀਏ ਨੀ , ਤੇਰਾ ਲੋਕਾਂ ਨੇ, ਲੋਕਾਂ ਨੇ ਹੈ ਤੋੜਣਾ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ । ਬਗਲੇ ਹੀ ਪਾਲ਼ੇਂ ਤੂੰ ਸਿਆਸੀ ਢਾਬਾਂ ਉੱਤੇ ਨੀ, ਛੱਡੇਂ ਖ਼ੂਨੀ ਸ਼ਿਕਰੇ ਮਾਸੂਮ ਖ਼ਾਬਾਂ ਉੱਤੇ ਨੀ, ਵੇਖੇਂ ਹਰ ਵੇਲ਼ੇ ਸਾਨੂੰ ਘੂਰ-ਘੂਰ ਦਿੱਲੀਏ ਨੀ, ਤੇਰਾ ਲੋਕਾਂ ਨੇ, ਲੋਕਾਂ ਨੇ ਹੈ ਤੋੜਣਾ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ । ਜਿਉਂਦੀਐਂ ‘ਅਜ਼ੀਮ’ ਜਿੰਨਾਂ ਸਿਰਾਂ ‘ਤੇ ਵਿਰਾਸਤਾਂ, ਉਹਨਾਂ ਉੱਤੇ ਕਰ ਨਾ ਤੂੰ ਕੋਝੀਆਂ ਸਿਆਸਤਾਂ, ਯਾਦ ਰੱਖੀਂ ਸੱਚ ਜਿੱਤੇਗਾ ਜ਼ਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ, ਲੋਕਾਂ ਨੇ ਹੀ ਤੋੜਣੈ ਗਰੂਰ ਦਿੱਲੀਏ ਨੀ ਤੇਰਾ ਲੋਕਾਂ ਨੇ ।

ਸਾਹਾਂ ਦਾ ਸੰਘਰਸ਼-ਗੁਰਿੰਦਰ ਸਿੰਘ ਕਲਸੀ

ਮੈਂ ਬਹੁਤ ਥੱਲੇ ਡਿਗ ਪਿਆ ਸੀ ਬਹੁਤ ਆਵਾਜ਼ਾਂ ਮਾਰੀਆਂ ਰੌਲ਼ਾ ਪਾਇਆ ਸਭ ਗੂੰਗੇ ਬਣ ਗਏ ਕਿਸੇ ਨੇ ਉਪਰੋਂ ਬਾਂਹ ਨਹੀਂ ਫੜੀ ਜਿਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸਨ ਪੈਦਾ ਕਰਨ ਲਈ ਕਿਹਾ ਸੀ ਵਿਸ਼ਵਾਸ ਮਿੱਟੀ ਵਿਚ ਖੁਭੀਆਂ ਲਹੂ- ਲੁਹਾਨ ਉਂਗਲੀਆਂ 'ਤੇ ਲਗਾ ਨਾ ਸਕੇ ਕੋਈ ਮੱਲ੍ਹਮ ਉਪਰ ਰੌਲ਼ਾ ਪੈਂਦਾ ਰਿਹਾ ਸੈਂਕੜੇ ਰੰਗ ਬਿਰੰਗੀਆਂ ਪਿੱਠਾਂ ਨਾਲ ਮੇਰੀ ਆਵਾਜ਼ ਟਕਰਾ ਟਕਰਾ ਕੇ ਮੁੜਦੀ ਰਹੀ ਉਹ ਸਭ ਕਿਤੇ ਹੋਰ ਉਪਰ ਜਾਣ ਲਈ ਦੌੜੇ ਜਾ ਰਹੇ ਸਨ ਉਹਨਾਂ ਦੇ ਪੈਰਾਂ ਹੇਠ ਦਰੜੇ ਜਾ ਰਹੇ ਸਨ ਕਿੰਨੇ ਵਿਸ਼ਵਾਸ ਡੂੰਘੇ ਟੋਏ ਵਿਚ ਧਸਿਆ ਮੈਂ ਉਪਰ ਜਾਣ ਦਾ ਖ਼ਿਆਲ ਛੱਡ ਹੋਰ ਥੱਲੇ ਡਿੱਗ ਗਿਆ ਉਹ ਦੇਖ ਦੇਖ ਹੱਸਦੇ ਰਹੇ ਮੈਂ ਪੈਰਾਂ ਹੇਠਲੀ ਮਿੱਟੀ ਆਪਣੇ ਨਹੁੰਆਂ ਨਾਲ ਪੁੱਟਦਾ ਹੋਰ ਹੇਠ ਜਾਣ ਲੱਗਿਆ ਮੈਂ ਹੋਰ ਥੱਲੇ ਡਿੱਗਣ ਲੱਗਿਆ ਕਿੰਨੇ ਗਰਮ ਪਾਣੀ ਭਖਦੇ ਲਾਵਿਆਂ ਨਾਲ ਟਕਰਾਉਂਦਾ ਚੱਟਾਨਾਂ ਨੂੰ ਤੋੜਦਾ ਕਿਸੇ ਹੋਰ ਰਸਤੇ ਮੈਂ ਫੇਰ ਵੀ ਉੱਪਰ ਨਿਕਲ ਆਇਆ ਜਦ ਕਿਸੇ ਉੱਪਰ ਨਾ ਚੁੱਕਿਆ ਤਾਂ ਥੱਲੇ ਡਿੱਗਣ ਦਾ ਅਨੰਦ ਲਿਆ ਤੇ ਆਪਣੇ ਸਾਹਾਂ ਦਾ ਸੰਘਰਸ਼ ਮਘਦਾ ਰੱਖਿਆ।

ਮੈਂ ਸਿਆੜਾਂ ਚ ਉੱਗਿਆ-ਹਰਵਿੰਦਰ ਰਿਆੜ

ਮੈਂ ਸਿਆੜਾਂ ਚ ਉੱਗਿਆ ਹਾਂ ਦੋਸਤੋ ਗਮਲੇ ਚ ਨਹੀਂ ਮੈਨੂੰ ਪਤਾ ਹੈ ਮੌਸਮ ਦੀ ਮਾਰ ਕਿਵੇਂ ਸਹਿਣੀ? ਧਰਤੀ ਮੇਰੀ ਮਾਂ ਹੈ ਇਸ ਨੇ ਹੀ ਲੋਰੀਆਂ ਦੇ ਕੇ ਸਿਖਾਇਆ ਹੈ ਮੈਨੂੰ ਕਿ ਕਿਵੇਂ ਜੀਣਾ ਹੈ ਜੂਨ ਮਹੀਨੇ ਕਦੇ ਨਹੀਂ ਕੁਮਲਾਉਣਾ। ਜੂਨ ਚੌਰਾਸੀ ਵਿੱਚ ਵੀ ਮੈਂ ਨਾ ਲਿਫ਼ਿਆ ਉਦੋਂ ਵੀ ਪੰਜ ਜੂਨ ਨੂੰ ਨੀਲਾ ਤਾਰਾ ਚੜ੍ਹਿਆ ਸੀ ਹੁਣ ਪੰਜ ਜੂਨ 2020 ਨੂੰ ਬੋਦੀ ਵਾਲਾ ਤਾਰਾ ਚੜ੍ਹਿਆ। ਬੋਲੀ ਪਾਈ ਗਿੱਧੇ ਵਾਲੀਆਂ ਭੈਣਾਂ ਬੋਦੀ ਵਾਲਾ ਤਾਰਾ ਚੜ੍ਹਿਆ ਘਰ ਘਰ ਹੋਣ ਵਿਚਾਰਾਂ ਕੁਝ ਲੁੱਟ ਲਈ ਮੈਂ ਬੈਂਕ ਕਰਜ਼ਿਆ ਹੁਣ ਲੁੱਟਣਾ ਸਰਕਾਰਾਂ। ਭੇਡਾਂ ਚਾਰਦੀਆਂ ਬੇਕਦਰਿਆਂ ਦੀਆਂ ਨਾਰਾਂ। ਸੰਸਦ ਵਿੱਚ ਇਹੀ ਬਦਸ਼ਗਨਾ ਬੋਦੀ ਵਾਲਾ ਤਾਰਾ ਛੇ ਮਹੀਨਿਆਂ ਚ ਗੱਭਰੂ ਹੋ ਪੂਰਾ ਕਾਨੂੰਨ ਬਣ ਗਿਆ। ਤਾਰਾਂ ਖੜਕੀਆਂ, ਢੋਲ ਵੱਜ ਗਏ ਜੱਟਾ ਜਾਗ ਓ ਸ਼ੇਰਾ ਜਾਗ ਪਹਿਰੇਦਾਰਾਂ ਕਿਹਾ ਤੁਹਾਡੀ ਜ਼ਮੀਨ ਤੇ ਅੱਖ ਹੈ ਹਕੂਮਤ ਉਨ੍ਹਾਂ ਪੱਖ ਹੈ। ਜਾਗੋ! ਜਾਗੋ! ਨੀਂਦ ਤਿਆਗੋ। ਦਰੀ ਹੇਠੋਂ ਖਿਸਕਦੀ ਜ਼ਮੀਨ ਬਚਾਉ! ਅੱਗੇ ਆ ਜੈਕਾਰਾ ਲਾਉ। ਦਿੱਲੀ ਤੀਕ ਆਵਾਜ਼ ਪੁਚਾਉ ਕਾਲ਼ੇ ਕਾਨੂੰਨਾਂ ਨੂੰ ਨੱਥ ਪਾਉ। ਪਾਗਲ ਘੋੜੇ ਦੇ ਸੁੰਮਾਂ ਹੇਠ ਸਾਡਾ ਕੱਲ੍ਹ ਹੈ, ਇਸ ਨੂੰ ਨੱਥ ਪਾਉ। ਮਾਰ ਕੇ ਪਲਾਕੀ, ਇਸਦੀ ਕੰਡ ਤੇ ਸਵਾਰ ਹੋ ਜਾਉ। ਅੱਜ ਨਾ ਲੰਘਾਉ ਕੱਲ੍ਹ ਨਾ ਪਛਤਾਉ। ਅੱਜ ਅਸੀਂ ਦਿੱਲੀ ਦੀ ਗਿੱਚੀ ਤੇ ਬੈਠੇ ਸਿੰਘੂ, ਟੀਕਰੀ ਤੇ ਕਿੰਨੇ ਥਾਈਂ ਹੋਰ ਹੁਣ ਕਲਾ ਵਰਤ ਰਹੀ ਹੈ ਭੂਰਿਆਂ ਵਾਲੇ ਰਾਸ਼ਨ ਪਾਣੀ ਲੈ ਕੇ ਆਣ ਚੜ੍ਹੇ ਨੇ? ਹੁਣ ਇਹ ਘੋੜਿਆਂ ਦੀ ਕਾਠੀ ਤੇ ਨਹੀਂ ਟਰਾਲੀਆਂ ਤੇ ਸਵਾਰ ਹੋ ਕੇ ਆਏ ਨੇ ਛੋਲੇ ਨਹੀਂ, ਬਦਾਮ ਚੱਬਦੇ ਨੇ। ਸਮੁੰਦਰ ਵਾਂਗ ਸ਼ਾਂਤ ਨੇ ਅੱਥਰੇ ਅਮੋੜ ਦਰਿਆ ਜਹੇ। ਨਿਊ ਜਰਸੀ (ਅਮਰੀਕਾ)

ਗ਼ਜ਼ਲ-ਰੁਪਿੰਦਰ ਸਿੰਘ ਦਿਓਲ

ਉੱਠ ਪਏ ਨੇ ਸਿੰਘ, ਰਾਮ, ਖ਼ਾਨ ਉੱਠ ਪਏ ਨੇ। ਸੁੱਤੇ ਪਏ ਦੇਸ਼ ਦੇ, ਕਿਸਾਨ ਉੱਠ ਪਏ ਨੇ। ਕਾਲ਼ਿਆਂ ਕਾਨੂੰਨਾਂ ਪਿੱਛੇ, ਹੱਥ ਕਿਸੇ ਹੋਰ ਦਾ, ਉਂਗਲ਼ਾਂ ਕੀ ਉੱਠੀਆਂ, ਤੂਫ਼ਾਨ ਉੱਠ ਪਏ ਨੇ। ਦਿੱਲੀ ਵੱਲ ਹਰ ਕੋਈ, ਕੂਚ ਕਰੀ ਜਾਂਦਾ ਏ, ਉੱਠ ਪਏ ਲਿਤਾੜੇ ਤੇ ਬੇਜਾਨ ਉੱਠ ਪਏ ਨੇ। ਅੱਥਰੀ ਜਵਾਨੀ ਤੁਰੀ, ਆਪ ਮੂਹਰੇ ਲੱਗ ਕੇ, ਦਾਗੀ ਹੋਏ ਗੱਭਰੂ, ਰਕਾਨ ਉੱਠ ਪਏ ਨੇ। ਦੇਣਗੇ ਕਰਾਰੀ ਹਾਰ, ਸੱਭੇ ਤ੍ਰਿਸ਼ੂਲ ਨੂੰ, ਦਾਤੀ, 'ਥੌੜਾ, ਤੱਕੜੀ ਤੇ ਸਾਣ ਉੱਠ ਪਏ ਨੇ। ਪੁੱਤ ਪਰਦੇਸੀਂ ਜਾਗੇ, ਤੂੰ ਵੀ ਜਾਗ ਦਿੱਲੀਏ, ਸੁੱਤੇ ਘਰਾਂ ਵਾਲੇ,ਮਹਿਮਾਨ ਉੱਠ ਪਏ ਨੇ। ਧਰਤੀ ਦੇ ਪੁੱਤ ਰਾਜੇ ਬਣਨਗੇ ਜੀ ਦੇਸ਼ ਦੇ, ਸੁਣ ਲਉ ਹੈਵਾਨੋ, ਇਨਸਾਨ ਉੱਠ ਪਏ ਨੇ।

ਮਸਲਾ-ਬਲਜੀਤ ਪਰਮਾਰ

ਮਸਲਾ ਏਨਾ ਵੀ ਸਰਲ ਨਹੀਂ ਜੋ ਕਵਿਤਾ ਰਾਹੀਂ ਸੁਲਝਾਇਆ ਜਾ ਸਕੇ ਮਸਲਾ ਏਨਾ ਵੀ ਸੰਗੀਤ ਨਹੀਂ ਜੋ ਹੇਕ ਲਾ ਗਇਆ ਜਾ ਸਕੇ ਮਸਲਾ ਇਕ ਕਿਸਾਨ ਦਾ ਨਹੀਂ ਜੋ ਜੋਤ ਕੇ ਹਲ਼ ਵਾਹਿਆ ਜਾ ਸਕੇ ਮਸਲੇ ਦਾ ਕੇਂਦਰੀ ਪਾਤਰ 'ਕੱਲਾ ਵੀ ਨਹੀਂ ਜੋ 'ਕੱਲਾ ਪਵੇ ਓਹ ਭੀੜਾਂ ਦੀ ਭੀੜ ਓਹ 'ਕੱਲਾ ਵੀ ਭਿੜੇ ਪਤਝੜ ਵਿਚ ਮੌਲੇ ਵਿਚ ਉਜਾੜਾਂ ਖਿੜੇ ਮਸਲਾ ਤਾਂ ਸਾਡੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦਾ ਹੈ ਸਾਡੇ ਇਤਿਹਾਸ ਤੇ ਸਾਡੀ ਵਿਰਾਸਤ ਦਾ ਹੈ ਜੇ ਅੱਜ ਸਭ ਕੁਝ ਲੁੱਟ ਲੈ ਗਏ ਲੁਟੇਰੇ ਤਾਂ ਆਪਣੇ ਪੂਰਵਜਾਂ ਤੋਂ ਮਿਲੀ ਭੋਂਇ ਦੀ ਦੌਲਤ ਅਗਲੀ ਪੀੜ੍ਹੀ ਦੇ ਹੱਥ ਕਿਵੇਂ ਧਰਾਂਗੇ ਕਿਵੇਂ ਦੱਸਾਂਗੇ ਕਿ ਕਿਵੇਂ ਉਲਝੇ ਕਿਵੇਂ ਹਰੇ ਸਿਰ ਚੜ੍ਹਿਆ ਕਰਜ਼ਾ ਤਾਂ ਕਦੇ ਕਿਵੇਂ ਲਹਿ ਜਾਂਦਾ ਹੈ ਪਰ ਆਤਮਾ ਤੇ ਚੜ੍ਹਿਆ ਬੋਝ ਕਦੇ ਹਲਕਾ ਨਹੀਂ ਹੁੰਦਾ ਤੇ ਬੋਝ ਝੱਲ ਕੇ ਜੀਣਾ ਵੀ ਤਾਂ ਜੀਣਾ ਨਹੀਂ ਹੁੰਦਾ ਮਸਲਾ ਏਨਾ ਵੀ ਨਹੀਂ ਕਿ ਜੇ ਅੱਜ ਜ਼ਮੀਨ ਗਈ ਤਾਂ ਕੱਲ੍ਹ ਘਰ ਜਾਵੇਗਾ ਫਿਰ ਪਿੰਡ ਕਸਬਾ ਤੇ ਸ਼ਹਿਰ ਵੀ ਜਾਵੇਗਾ ਮਸਲਾ ਤਾਂ ਇਹ ਹੈ ਕਿ ਇਹਦੇ ਨਾਲ ਨਾਲ ਸਾਡਾ ਕੌਮੀ ਵਜੂਦ ਵੀ ਜਾਵੇਗਾ ਇਕ ਵੱਖਰੀ ਅਣਖੀ ਨਸਲ ਦਾ ਬੀਜ ਵੀ ਜਾਵੇਗਾ ਮਸਲਾ ਇਹ ਹੈ ਕਿ ਕੱਲ੍ਹ ਹੋਣ ਵਾਲ਼ੀ ਬੇਅਣਖ਼ੀ ਮੌਤ ਤੋਂ ਪਹਿਲਾਂ ਅੱਜ ਲੜੀਏ, ਜੂਝੀਏ ਲੋੜ ਪਏ ਤਾਂ ਅੱਜ ਮਾਰੀਏ ਜਾਂ ਮਰੀਏ ਇਕ ਇਤਿਹਾਸ ਹੈ ਜਿਹੜਾ ਦਿੱਲੀ ਦਰਵਾਜ਼ੇ 'ਤੇ ਉੱਕਰਿਆ ਜਾ ਰਿਹੈ ਇਖ਼ਲਾਕੀ ਜੰਗ ਦਾ ਪਰਚਮ ਲਹਿਰਾਇਆ ਜਾ ਰਿਹੈ ਮਸਲਾ ਇਹ ਨਹੀਂ ਕਿ ਕੀ ਕਰੀਏ ਮਸਲਾ ਇਹ ਹੈ ਕਿ ਕੁਝ ਕਰੀਏ ਧਰਤ ਵਿਰੋਧੀ ਤਾਕਤਾਂ ਦਾ ਟਾਕਰਾ ਕਰੀਏ ਚੁਣੌਤੀ ਦਈਏ ਵੰਗਾਰੀਏ, ਲਲਕਾਰੀਏ ਮੈਦਾਨ ਏ ਜੰਗ ਵਿੱਚ ਲੜੀਏ ਤੇ ਜਿੱਤ ਕੇ ਘਰਾਂ ਨੂੰ ਪਰਤੀਏ ਭੂਤ ਅੱਜ ਤੇ ਕੱਲ੍ਹ ਸੁਰੱਖਿਅਤ ਕਰੀਏ ਅਸਲ ਮਸਲਾ ਤਾਂ ਇਹੀ ਹੈ।

ਲੋਕ ਰੋਹ-ਗੁਰਚਰਨ ਕੌਰ ਥਿੰਦ

ਲੋਕ ਰੋਹ ਦਾ ਸੈਲਾਬ ਚੜ੍ਹਿਆ ਏ, ਗਿੱਟੇ ਗੋਡੇ ਈ ਨਹੀਂ ਇਹ ਸਿਰ ਤੀਕ ਹੜ੍ਹਿਆ ਏ, ਵਹੀਰਾਂ ਘੱਤ ਘਰਾਂ ਪਿੰਡਾਂ ਸ਼ਹਿਰਾਂ ਤੋਂ ਇਹ ਵੱਡੇ ਸ਼ਹਿਰ ਦੇ ਮੌਰੀਂ ਆ ਚੜ੍ਹਿਆ ਏ। ਆਮ ਬੰਦੇ, ਬੰਦਿਆਂ ਦਾ ’ਕੱਠ ਇਹ ਕੇਵਲ ਭੀੜ ਨਾ ਜਾਣੀ ਬਾਬੇ ਨਾਨਕ ਦੇ ਬੋਲਾਂ ਦੀ ਬਾਤ ਪਾਵਣ ਲਈ, ਕੂੜ ਅਮਾਵਸ ਦੀ ਰਾਤ ਲੋਕਾਂ ਦੀ ਬਗਾਵਤ ਦਾ ਇਹ ਚੰਨ ਚੜ੍ਹਿਆ ਹੈ। ਸਾਹਾਂ-ਹਵਾਵਾਂ ਦੇ ਗੀਤਾਂ-ਸੰਗੀਤਾਂ ਦੇ ਸੋਚਾਂ-ਵਿਚਾਰਾਂ ਦੇ ਅੰਦਾਜ਼ ਬਦਲੇ ਨੇ ਵਿਹੰਦਿਆਂ ਵਿਹੰਦਿਆਂ ਵੇਖ ਲੈ ਕਿੰਜ ਸਭਿਆਚਾਰ ਬਦਲੇ ਨੇ ਲੋਕ ਰੋਹ ਦੇ ਸਾਡੇ ਹਥਿਆਰ ਬਦਲੇ ਨੇ। ਰਾਜੇ ਖ਼ੁਦ ਸਮਝ, ਮੁਕੱਦਮ ਸਾਂਭ ਲੈ ਆਪਣੇ, ਛੱਡ ਹੰਕਾਰ ਐਵੇਂ ਮਾਰ ਨਾ ਆਕੜ ਤਲਬਗਾਰ ਬਾਬੇ ਦੇ ਬੋਲਾਂ ਦੇ ਤੇਰੇ ਦਰਬਾਰ ਅਪੜੇ ਨੇ ਅੱਖਾਂ ਖੋਲ੍ਹ ਐ ਹਾਕਮ! ਤੇਰੀ ਦਹਿਲੀਜ਼ ’ਤੇ ਨਰ-ਸੰਹਾਰ ਖੜ੍ਹਿਆ ਏ ਹਜੇ ਵੀ ਜਾਗਿਆ ਜੇ ਨਹੀਂ, ਤਾਂ ਤਖ਼ਤ ਤੇਰੇ ਦਾ ਬਾਹਰ ਕਾਲ਼ ਖੜ੍ਹਿਆ ਏ। ਅੰਬਾਨੀ-ਅਡਾਨੀ ਨੂੰ ਵਲੇਵਾਂ ਮਾਰ ਖੜ੍ਹਿਆ ਏ। ਲੋਕ ਰੋਹ ਦਾ ਸੈਲਾਬ ਚੜ੍ਹਿਆ ਏ, ਗਿੱਟੇ ਗੋਡੇ ਈ ਨਹੀਂ ਇਹ ਸਿਰ ਤੀਕ ਹੜ੍ਹਿਆ ਏ।

ਨਵੇਂ ਬਣੇ ਤੀਰਥ ਸਥਾਨ !-ਤਰਲੋਚਨ ਸਿੰਘ 'ਦੁਪਾਲ ਪੁਰ'

ਐਸਾ ਉੱਠਿਆ ਰੋਹ ਪੰਜਾਬ ਵਿੱਚੋਂ ਪੂਰੇ ਦੇਸ਼ ਨੂੰ ਆ ਗਿਆ ਤਾਅ ਦੇਖੋ। ਸਾਰੇ ਤੁਰੇ ਕਿਸਾਨਾ ਦੇ ਨਾਲ ਲੋਕੀ ਹੱਕਾਂ ਲਈ ਸੰਘਰਸ਼ ਦਾ ਚਾਅ ਦੇਖੋ। ਆਏ ਆਪਣੀ ਆਈ ਤੇ ਕਹਿਣ ਲੱਗੇ ਨਹੀਂ ਮੰਨਣੇ ਤਿੰਨੋਂ ਹੀ 'ਲਾਅ' ਦੇਖੋ। 'ਬਾਤ-ਚੀਤ' ਵਿਚ ਰੱਖਦੇ ਹੱਥ ਉੱਪਰ ਕਰ 'ਤੇ ਫੇਲ੍ਹ ਸਰਕਾਰ ਦੇ ਦਾਅ ਦੇਖੋ। ਬੈਠੇ ਸੰਗਤੀ ਰੂਪ ਵਿਚ ਹੋਏ 'ਕੱਠੇ ਅੱਗੇ ਜ਼ਿੱਦੀ ਸਰਕਾਰ ਦੀ ਜੁੰਡਲੀ ਐ। ਬਣੇ ਤੀਰਥ ਅਸਥਾਨ ਹੀ ਜਾਪਦੇ ਨੇ ਸਿੰਘੂ ਟਿੱਕਰੀ ਗਾਜ਼ੀਪਰ ਕੁੰਡਲੀ ਐ !

ਨਵਾਂ ਸਾਲ ਮੁਬਾਰਿਕ!-ਪਸ਼ੌਰਾ ਸਿੰਘ ਢਿੱਲੋਂ

ਅਜ ਲੜਾਈ ਆਰ ਲਈ ਜਾਂ ਪਾਰ ਲਈ ਉੱਤਮ ਖੇਤੀ ਲਈ ਜਾਂ ਭੀਖ-ਦੁਆਰ ਲਈ ਅੱਜ ਲੜਾਈ ਸਿੱਖਰਾਂ ਉਤੇ ਆਣ ਚੜ੍ਹੀ ਘਰ ਘਰ ਦੇਂਦੀ ਹੋਕਾ, ਹਰ ਹੱਕਦਾਰ ਲਈ ਇਹ ਲੜਾਈ ਖੇਤਾਂ ਦੇ, ਗਲ੍ਹ ਗਈ ਮੜ੍ਹੀ ਗਲੀ ਮੁਹੱਲੇ ਚੁਲਿ੍ਆਂ ਅੰਦਰ, ਆਣ ਵੜੀ ਪਿੰਡ,ਗਰਾਂ ਤੇ ਸ਼ਹਿਰੀ ਹਰ ਪਰਿਵਾਰ ਲਈ ਇਹ ਨਹੀਂ ਸੀਮਤ ਕੇਵਲ ਕੀਮਤ ਫਸਲਾਂ ਲਈ ਇਹ ਲੜਾਈ ਆਉਣ ਵਾਲੀਆਂ ਨਸਲਾਂ ਲਈ ਪੀਰਾਂ ਦੀ ਧਰਤੀ ‘ਤੇ ਸੱਭਿਆਚਾਰ ਲਈ ਬਾਬਾ ਸਾਹਿਬ ਹੱਕ ਲਿਖੇ ਜੋ ਕੰਧਾਂ’ਤੇ ਬਾਂਹਵਾਂ ਚੁੱਕ ਚੁੱਕ ਖਾਧੀਆਂ ਖੂਬ ਸੁਗੰਧਾਂ ’ਤੇ ਉਹ ਕੇਂਦਰ ਵਲੋਂ ਸੂਬਿਆਂ ਦੇ ਅਧਿਕਾਰ ਲਈ ਅੱਜ ਲੜਾਈ ਹਿੰਦ, ਪੰਜਾਬੋਂ ਆਣ ਵੜੀ ਰਾਜ-ਮਹੱਲ ਦੇ ਚਾਰ ਚੁਫੇਰੇ ਭੀੜ ਜੁੜੀ ਇਹ ਖਤਰਾ ਨਹੀਂ ਖਾਲੀ ਚੌਕੀਦਾਰ ਲਈ ਅੱਜ ਲੜਾਈ ਸਿੱਖਰਾਂ ਉਤੇ ਆਣ ਚੜ੍ਹੀ ਘਰ ਘਰ ਦੇਂਦੀ ਹੋਕਾ, ਹਰ ਹੱਕਦਾਰ ਲਈ ਅਜ ਲੜਾਈ, ਆਰ ਲਈ ਜਾਂ, ਪਾਰ ਲਈ!!!

ਫਿਰ ਉਠੀ ਆਖ਼ਿਰ ਸਦਾ-ਪਸ਼ੌਰਾ ਸਿੰਘ ਢਿੱਲੋਂ

ਫਿਰ ਉਠੀ ਆਖ਼ਿਰ ਸਦਾ, ਇਨਸਾਫ ਲਈ ਪੰਜਾਬ ਤੋਂ, ਹਿੰਦ ਨੂੰ ਪੰਜਾਬੀਆਂ ਹੀ ਫਿਰ ਜਗਾਇਆ ਖ਼ਾਬ ਤੋਂ। ਇਹ ਖ਼ਾਬ ਕਲ੍ਹ ਸੁਪਨੇ ਬਣਨਗੇ, ਸੱਚ ਵੀ ਸਾਕਾਰ ਵੀ, ਏਸ ਜਾਗੋ ਨੇ ਬਚਾਉਣੀ ਹਿੰਦ ਹੈ ਆਜ਼ਾਬ ਤੋਂ। ਆ ਮਿਟਾਈ ਧੁੰਦ ਜਾਂ ਇਸ ਲਿਸ਼ਕ ਦੀ ਲਿਸ਼ਕੋਰ ਨੇ, ਅੱਜ ਫੇਰ ਸਦਕੇ ਜਾਏਗਾ *ਇਕਬਾਲ ਇਸਦੀ ਤਾਬ ਤੋਂ ਆਦਾਨੀਆਂ, ਅੰਬਾਨੀਆਂ ਦੀ ਬੰਸਰੀ ਜਾਂਦੀ ਲਗੀ, ਧੁੰਨ ਕੀ ਛੇੜੀ ਇਲਾਹੀ ਹਲ੍ਹ-ਪੰਜਾਲੀ ਸਾਜ ਤੋਂ। ਲੁੱਟ ਲਿਆ ਪੰਜਾਬ ਚਿੱਟੇ ਦਿਨ ਜੋ ਚੌਕੀਦਾਰ ਨੇ, ਵਿਕਣ ਲਾ'ਤੀਆਂ ਪੱਤੀਆਂ ਗੁਲਸ਼ਨ ਸਣੇ ਗੁਲਾਬ ਤੋਂ। ਰੁੱਖਾਂ ਉਤੇ ਆਲ੍ਹਣੇ ਹੁਣ ਫਿਰ ਦੁਬਾਰਾ ਪੈਣਗੇ, ਰੁਕਣਗੇ ਉਹ ਸਭ ਪਰਿੰਦੇ ਉਡ ਰਹੇ ਸੀ ਬਾਗ ਤੋਂ। *ਬਾਂਗ-ਏ-ਦਰਾ ਦਾ ਲੇਖਕ ਇਲਾਮਾ ਇਕਬਾਲ

ਪੰਜਾਬ ਸਿੰਹਾਂ-ਇਕਬਾਲ ਸੋਮੀਆਂ

ਅਸੀਂ ਹਾਂ ਕਾਮੇ ਦੇਸ ਦੇ ਨਿੱਤ ਨਿੱਤ ਹੋਈਏ ਖ਼ੁਆਰ ਸਾਡੀ ਮਾਂ ਨੂੰ ਲੁੱਟਣ ਆ ਗਿਆ ਇਹ ਦਿੱਲੀ ਦਾ ਦਰਬਾਰ। ਕੋਈ ਜਕੜ ਲਵੇ ਨਾ ਮੈਨੂੰ ਮਾਂ ਧਰਤੀ ਰਹੀ ਪੁਕਾਰ ਸਿਰਜ ਲੈ ਕੋਈ ਇਤਿਹਾਸ ਵੇ ਮੌਕਾ ਹੈ ਇਸ ਵਾਰ। ਅੱਜ ਸਭ ਨੇ 'ਕੱਠੇ ਹੋ ਗਏ ਕਿਰਤੀਆਂ ਦੇ ਪਰਿਵਾਰ ਇਕ ਝੰਡਾ ਸਾਥੀ ਬਣ ਗਿਆ ਤੇ ਡੰਡਾ ਹੈ ਹਥਿਆਰ। ਸੁਣ ਮੁੜੀਂ ਨਾ ਰੁੰਗਾ ਲੈ ਕੇ ਐ ਪੰਜਾਬ ਸਿੰਹਾਂ ਸਰਦਾਰ ਤੇਰੇ ਮੂੰਹ ਨੂੰ ਪਿਆ ਹੈ ਤੱਕਦਾ ਹੁਣ ਸਾਰਾ ਇਹ ਸੰਸਾਰ।

ਸੁਪਨਾ-ਲਖਵਿੰਦਰ ਜੌਹਲ

ਖ਼ਤਰੇ, ਖ਼ੌਫ਼ ਤੇ ਖ਼ੁਦਕਸ਼ੀਆਂ ਦੀ ਖੇਤੀ ਕਰਦੇ ਹਰ ਮੌਸਮ ਵਿਚ ਨਵੀਂਓਂ ਨਵੀਂ ਮੁਸੀਬਤ ਜਰਦੇ ਸੀ ਨਾ ਕਰਦੇ- ਕਿਸ ਮਿਟੀ ਦੇ ਬਣੇ ਫ਼ਰਿਸ਼ਤੇ? ਨੇਰ੍ਹੀ ਝੱਖੜ, ਠੱਕਾ, ਕੋਹਰਾ ਸਿਰ 'ਤੇ ਹੈ ਮੰਝਧਾਰ ਸਮੇਂ ਦਾ ਸਦੀਆਂ ਦੀ ਪਰਿਕਰਮਾ ਕਰਕੇ ਸਿੰਘੂ ਪਹੁੰਚੇ ਮਿੱਟੀ ਜਾਏ... ਖੇਤੀ ਕਰਦੇ ਖਾਹਿਸ਼ਾਂ ਵਾਲੀ... ਸੁਪਨੇ ਬੀਜਣ ਸੱਤਾ ਦੇ ਖਲਿਆਣਾ ਅੰਦਰ ਕਬਰਾਂ ਅੰਦਰ ਸੁੱਤੀਆਂ ਮਰਜ਼ਾਂ ਜਾਗਣ ਦੇ ਸਮਿਆਂ ਵਿਚ ਸੁੱਤੀ ਸੱਤਾ ਸੁਪਨੇ ਅੰਦਰ ਬੁੜ ਬੁੜ ਕਰਦੀ- ਢੌਂਗ ਰਚਾਉਂਦੀ ਜਾਗਣ ਵਾਲਾ- ਖ਼ਤਰੇ-ਖ਼ੌਫ਼ ਤੇ ਖ਼ੁਦਕੁਸ਼ੀਆਂ ਦੇ ਖੇਤਾਂ ਵਿਚੋਂ ਸੁਪਨੇ ਜਾਗੇ... ਇਕ ਇਕ ਕਰਕੇ ... ਕੱਫਣਾਂ ਦੇ ਕਬਚਾਂ ਵਿੱਚ ਸੁਤੀਆਂ ਸੋਚਾਂ ਨੇ ਅੱਖ ਪੁੱਟੀ ... ... ... ਘੁੱਟ ਘੁੱਟ ਮਰਨੇ ਨਾਲੋਂ ਚੰਗਾ ਲੜ ਕੇ ਮਰਨਾ ਲੜ ਕੇ ਮਰਨਾ ਜੀਣਾ ਹੋਇਆ ਜੀਣ-ਕਲਾ ਦੇ ਨਵੇਂ ਦੁਆਰੇ ਏਦਾਂ ਖੁੱਲ੍ਹੇ ... ... ਜੀਕਣ ਖੁੱਲ੍ਹੇ ਸੰਭੂ ਵਾਲੇ ਨਾਕੇ ਸਾਰੇ ... ... ਸੋਚਾਂ ਤੇ ਵਿਸ਼ਵਾਸਾਂ ਵਾਲੀ ... ਜੀਣ ਕਲਾ ਦੀ ਚਾਹਤ ਜਾਗੀ ... ਲੜ ਕੇ ਮਰਨਾ - ਜੀਣਾ ਹੋਇਆ ਫਿਰ ਇਕ ਵਾਰੀ ... ਅੱਖਾਂ ਅੰਦਰ ਸਿੰਘੂ ਦੀ ਅਸਲੀਅਤ ਵਰਗਾ ਸਪਤ-ਸਿੰਧੂ ਦਾ ਸੁਪਨਾ ਤੈਰੇ... ... ... ... ... ... ਵਾਹੁ ਓਏ ਸਮਿਆਂ ... ... ... ... ... ... ਤੇਰੀ ਸਰਗਮ ਸੁਣਦਾ ਸੁਪਨਾ ਸੱਤਾ ਨੂੰ ਝੰਜੋੜ ਰਿਹਾ ਹੈ- ਸੁਪਨੇ ਅੰਦਰ ਬੁੜ ਬੁੜ ਕਰਦੀ... ਸੁੱਤੀ ਸੱਤਾ...

ਬੋਲਦਾ ਵਰਤਮਾਨ 2-ਮਨਮੋਹਨ (ਡਾ.)

ਬਾਰ ਬਾਰ ਕਹਿ ਰਿਹੈ ਵਰਤਮਾਨ ਖੁੱਸ ਜਾਏਗੀ ਜੇ ਧਰਤ ਤਾਂ ਤਹਿ ਐ ਖੁੱਸ ਜਾਏਗੀ ਧੁੱਪ, ਮੀਂਹ, ਮਿੱਟੀ ਤੇ ਮਿੱਟੀ ਦੀ ਸੌਂਧੀ ਸੌਂਧੀ ਮਹਿਕ...! ਹਵਾਵਾਂ, ਪਾਣੀਆਂ, ਪੰਛੀਆਂ ਦੀ ਚਹਿਕ ਰੁੱਖਾਂ, ਟਾਹਣੀਆਂ ਤੇ ਪੱਤਿਆਂ ਦੀ ਲਹਿਕ ਖੁੱਸ ਜਾਣਗੇ ਖੇਤ ਤੇ ਖੇਤਾਂ ਦੀ ਹਰ ਬਹਿਕ ਖੇਤਾਂ ਦੇ ਗੀਤ ਤੇ ਗੀਤਾਂ ਦੀ ਲੈਅ ਤੇ ਮਟਕ ਖੁੱਸ ਜਾਵੇਗੀ ਭਾਸ਼ਾ, ਭਾਸ਼ਾ ਦੀ ਤਾਲ ਤੇ ਲਚਕ ਫਿੱਕੀ ਪੈ ਜਾਵੇਗੀ ਜੀਵਨ ਦੀ ਟੌਹਰ ਤੇ ਟਹਿਕ ਕੋਲ ਰਹਿ ਜਾਵੇਗੀ ਜਿਉਂਦਿਆਂ ਮਰਨ ਦੀ ਸਹਿਕ ਸੱਚ ਨੂੰ ਨਹੀਂ ਲੋੜ ਕਿਸੇ ਪਰਖ ਤੇ ਪ੍ਰਮਾਣ ਦੀ ਹੁੰਦੀ ਨਹੀਂ ਜਿਨਾਂ ਪੈਰਾਂ ਹੇਠ ਧਰਤ ਆਪਣੀ ਉੱਨਾਂ ਦੇ ਸਿਰਾਂ ਦੇ ਅਸਮਾਨ ਵੀ ਹੁੰਦੇ ਨੇ ਪਰਾਏ ਨਹੀਂ ਸਿੱਖਦੇ ਜੋ ਅਤੀਤ ਤੇ ਵਰਤਮਾਨ ਆਪਣੇ ਤੋਂ ਭਵਿੱਖ ‘ਤੇ ਰਹਿੰਦੇ ਖ਼ਤਰਿਆਂ ਦੇ ਬੱਦਲ਼ ਮੰਡਰਾਏ ਬਾਰ ਬਾਰ ਕਹਿ ਰਿਹੈ ਵਰਤਮਾਨ ਭਵਿੱਖ ਨੂੰ...!

ਲੜਾਂਗੇ, ਮਰਾਂਗੇ ਤੇ ਜਿੱਤਾਂਗੇ-ਸੁਰਿੰਦਰ ਗੀਤ

ਸੱਤ ਸਮੁੰਦਰ ਪਾਰ ਮੈਂ ਬੈਠੀ ਖ਼ਬਰਾਂ ਪੜ੍ਹਦੀ ਖ਼ਬਰਾਂ ਸੁਣਦੀ ਖ਼ਬਰਾਂ ਵੇਂਹਦੀ ਭਾਵੁਕ ਹੁੰਦੀ ਸੋਚ ‘ਚ ਡੁੱਬੀ ਪਲਾਂ ਛਿਣਾਂ ਵਿੱਚ ਪੁੱਜ ਜਾਂਦੀ ਹਾਂ ਦਿੱਲੀ ਦੇ ਬਾਰਡਰ ਦੇ ਉੱਤੇ ਜਿੱਥੇ ਮੇਰੇ ਬਾਪੂ ਵਰਗੇ ਤਾਏ ਚਾਚੇ ਮਾਵਾਂ ਵਰਗੀਆਂ ਤਾਈਆਂ ਚਾਚੀਆਂ ਹਮ ਉਮਰ ਦੇ ਭੈਣ ਭਾਈ ਸੋਹਣੇ ਬਾਂਕੇ ਗਭਰੂ ਪੁੱਤ ਗੰਦਲਾਂ ਵਰਗੀਆਂ ਸੋਹਣੀਆਂ ਧੀਆਂ ਲੱਖਾਂ ਦੀ ਗਿਣਤੀ ਵਿੱਚ ਹੱਥਾਂ ਵਿੱਚ ਕਿਰਸਾਨੀ ਦੇ ਝੰਡੇ ਫੜਕੇ ਟਰੈਕਟਰ ਟਰਾਲੀਆਂ ਵਿੱਚ ਬੈਠੇ ਹਨ ਇਉਂ ਲਗਦੈ ਜਿਵੇਂ ਇਹਨਾਂ ਨੇ ਟਰੈਕਟਰ ਅਤੇ ਟਰਾਲੀਆਂ ਦੇ ਨਾਲ ਸ਼ਹਿਰ ਨਵਾਂ ਵਸਾ ਲਿਆ ਹੋਵੇ ਉਹਨਾਂ ਦੇ ਨਾਲ ਮੈਂ ਵੀ ਠੰਡ ਨਾਲ ਠੁਰ ਠੁਰ ਕਰਦੀ ਹਾਂ ਆਪਣੇ ਆਪ ਨੂੰ ਟਰਾਲੀ ਹੇਠ ਸੁੱਤਾ ਮਹਿਸੂਸ ਕਰਦੀ ਹਾਂ ਠੰਡ ਹੋਰ ਵੱਧਦੀ ਹੈ ਆਪਣੇ ਆਪ ਨੂੰ ਇਕੱਠਾ ਕਰ ਉੱਠਦੀ ਹਾਂ ਪਿੰਡੋਂ ਟਰਾਲੀ ਭਰਕੇ ਲਿਆਂਦੀਆਂ ਪਾਥੀਆਂ ਨਾਲ ਧੂਣੀ ਬਾਲ ਕੇ ਅੱਗ ਸੇਕ ਰਹੇ ਆਪਣੇ ਭੈਣ ਭਰਾਵਾਂ ਦੇ ਵਿਚਕਾਰ ਆ ਬੈਠਦੀ ਹਾਂ ਹਰ ਇਕ ਦੇ ਚਿਹਰੇ ਵੱਲ ਦੇਖਦੀ ਹਾਂ ਧੌਲੀਆਂ ਦਾੜ੍ਹੀਆਂ ਵਿੱਚੋਂ ਝਾਕਦੀਆਂ ਝੁਰੜੀਆਂ ਡੂੰਘੀਆਂ ਧੱਸੀਆਂ ਅੱਖਾਂ ਅੱਖਾਂ ਵਿੱਚ ਆਪਣੀ ਹੀ ਸਰਕਾਰ ਦੇ ਬਣਾਏ ਕਿਸਾਨ ਵਿਰੋਧੀ ਕਾਨੂੰਨਾਂ ਪ੍ਰਤੀ ਰੋਹ ਸੱਚੇ ਗੁਰੂ ਦੇ ਸੱਚੇ ਥਾਪੜੇ ਦੀ ਛੋਹ ਸੀਨਿਆਂ ਵਿੱਚ ਹੱਕਾਂ ਲਈ ਦਹਿਕਦੀਆਂ ਮੰਗਾਂ ਨਾ ਕੋਈ ਝਿਜਕ ਤੇ ਨਾ ਕੋਈ ਸੰਗਾਂ ਧੂਣੀ ਦੇ ਸੇਕ ਨਾਲੋਂ ਵੱਧ ਸਿੱਖ ,ਹਿੰਦੂ, ਮੁਸਲਿਮ ਦੇ ਏਕੇ ਤੇ ਪੂਰੇ ਭਾਰਤ ਦੇ ਕਿਰਤੀ ਕਿਸਾਨਾਂ ਦੇ ਸਾਥ ਦਾ ਨਿੱਘ ਮਹਿਸੂਸ ਕਰਦੇ ਇਕ ਜੁੱਟ ਹੋ ਕੇ ਬੈਠੇ ਕਿਰਤੀ ਕਿਸਾਨ ਪਰ ਹਰ ਚੇਹਰੇ ਤੇ ਇਕ ਸੋਚ ਫੈਲਦੀ ਹੈ ਕਿ ਕਿਵੇਂ ਉਹਦੀ ਵੱਟ ਤੇ ਕੋਈ ਧਨਾਢ ਆਣ ਖੜੇਗਾ ਉਹਦੇ ਖੇਤ ਦਾ ਮਾਲਕ ਬਣੇਗਾ ਆਪਣੇ ਹੀ ਖੇਤ ‘ਚ ਦਿਹਾੜੀਆ ਬਣ ਸੋਨੇ ਦੀ ਚਾਬਕ ਹੇਠ ਮਿੱਟੀ ਨਾਲ ਮਿੱਟੀ ਹੋਵੇਗਾ ਆਪਣੇ ਲਹੂ ਪਸੀਨੇ ਨਾਲ ਪਾਲੀ ਫ਼ਸਲ ਬੇਗਾਨੀ ਟਰਾਲੀ ਵਿੱਚ ਸੁੱਟ ਘਰੇ ਖਾਲੀ ਪਰਤੇਗਾ ਉਹ ਉੱਠ ਖਲੋਂਦਾ ਹੈ ਸਿਰ ਤੇ ਬੰਨ੍ਹਿਆ ਪਰਨਾ ਸੂਤ ਕਰਦਾ ਹੈ ਪੱਗੜੀ ਸੰਭਾਲਦਾ ਹੈ ਬੁੱਕਲ ਮਾਰਿਆ ਖੇਸ ਲਾਹ ਕੇ ਵਗਾਹ ਮਾਰਦਾ ਹੈ ਇਨਕਲਾਬ ਜ਼ਿੰਦਾਬਾਦ ਦੇ ਨਾਹਰੇ ਲਾਉਂਦਾ ਟਰਾਲੀਆਂ ਹੇਠਾਂ ਸੁੱਤਿਆਂ ਨੂੰ ਜਗਾਉਂਦਾ ਦਿੱਲੀ ਵੱਲ ਮੂੰਹ ਕਰਕੇ ਉੱਚੀ ਆਵਾਜ਼ ਵਿੱਚ ਆਖਦਾ ਹੈ ਅਸੀਂ ਲੜਾਂਗੇ ਅਸੀਂ ਮਰਾਂਗੇ ਅਸੀਂ ਜਿੱਤਾਂਗੇ ।

ਇਹ ਸੱਚ ਹੈ-ਸੁਰਿੰਦਰ ਗੀਤ

ਮੈਂ ਸੁਣਿਆ ਸੀ ਕਿ ਵਗਦੀ ਪੌਣ ਖਲੋ ਜਾਂਦੀ ਹੈ ਜਿੱਥੇ ਲੋਕ ਇਕੱਠੇ ਹੋ ਆਪਣੇ ਦਿਲਾਂ ਦਿਮਾਗਾਂ ਨੂੰ ਏਕੇ ਦੇ ਧਾਗੇ ਵਿੱਚ ਪਰੋ ਹੱਕ ਮੰਗਦੇ ਨੇ ਹੋਂਦ ਲਈ ਲੜਦੇ ਨੇ ਜਿਹਨਾਂ ਦੀਆਂ ਰੂਹਾਂ ਚੋਂ ਚਾਨਣ ਝਰਦਾ ਹੈ ਜਿਹਨਾਂ ਦੇ ਹੱਥਾਂ ਵਿੱਚ ਫੜੀਆਂ ਮਸ਼ਾਲਾਂ ਤੋਂ ਜ਼ਾਲਮ ਹੁਕਮਰਾਨ ਡਰਦਾ ਹੈ ਬਿਲਕੁਲ ਓਸੇ ਤਰ੍ਹਾਂ ਜਿਵੇਂ ਜੰਗਲੀ ਜਾਨਵਰ ਅੱਗ ਤੋਂ ਦੂਰ ਭੱਜਦਾ ਹੈ ਤੇ ਜਿਹਨਾਂ ਦੇ ਸੱਚ ਦੀ ਗਵਾਹੀ ਸਾਰਾ ਬ੍ਰਹਿਮੰਡ ਭਰਦਾ ਹੈ ਹਾਂ ਇਹ ਸੱਚ ਹੈ ਮੇਰੀ ਰੂਹ ਦੀਆਂ ਅੱਖਾਂ ਨੇ ਦਿੱਲੀ ਦੀਆਂ ਹੱਦਾਂ ਤੇ ਟਰੈਕਟਰ ਟਰਾਲੀਆਂ ਸੰਘਰਸ਼ੀ ਕਿਸਾਨਾਂ ਤੇ ਮਜ਼ਦੂਰਾਂ ਵਿਚਕਾਰ ਹਵਾ ਨੂੰ ਖੜਾ ਵੇਖਿਆ ਤੇ ਸੰਘਰਸ਼ੀ ਸਾਹਾਂ ਦੀ ਮਹਿਕ ਨਾਲ ਆਪਣੀ ਝੋਲੀ ਭਰਦੇ ਦੇਖਿਆ ਤੇ ਫਿਰ ਉਸ ਹਵਾ ਨੇ ਇਸ ਮਹਿਕ ਦਾ ਭਾਰਤ ਦੀ ਸਾਰੀ ਧਰਤੀ ਤੇ ਛਿੱਟਾ ਦੇ ਦਿੱਤਾ ਹੁਣ ਸਾਰੇ ਭਾਰਤ ਵਿੱਚੋਂ ਭਗਤ ਸਰਾਭੇ ਤੇ ਦੁੱਲੇ ਬੁੱਲ੍ਹੇ ਕਾਫ਼ਲੇ ਬਣਾ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਦਿੱਲੀ ਵੱਲ ਵੱਧ ਰਹੇ ਹਨ

ਕਿਸਾਨ ਦੀ ਆਵਾਜ਼-ਹਰਪ੍ਰੀਤ ਕੌਰ ਧੂਤ

ਬੁਲੰਦ ਹੌਸਲੇ ਨੇ ਸਾਡੇ ਅਸੀਂ ਮਿੱਟੀ ਦੇ ਜਾਏ ਹਾਂ ਇਹ ਮਿੱਟੀ ਸਿਰ ਚੜ੍ਹ ਕੇ ਬੋਲਦੀ ਹੈ ਇਸ ਵਿੱਚ ਖ਼ੂਨ ਡੁੱਲਿਆ ਹੈ ਸਾਡਾ ਇਤਿਹਾਸ ਵਾਰ ਵਾਰ ਹੈ ਕਹਿੰਦਾ ਥੋੜਾ ਜਿਹਾ ਪੜ੍ਹ ਲਵੋ ਮੈਨੂੰ ਮੈਂ ਸਦੀਆਂ ਦਾ ਗਵਾਹ ਹਾਂ ਸੁਣ ਕੰਨ ਖੋਲ ਕੇ ਦਿੱਲੀਏ ਤੂੰ ਖਾਂਦੀ ਰਹੀ ਹੈ ਸਦਾ ਤੋਂ ਸਾਡੇ ਬਣਦੇ ਹੱਕਾਂ ਨੂੰ ਅੱਜ ਆਪਣੇ ਹੱਕ ਮਨਾਵਣ ਲਈ ਦੇਖ ਤੇਰੀ ਦਹਿਲੀਜ਼ ਤੇ ਅਸੀਂ ਕਿਰਸਾਨ ਆਏ ਹਾਂ ਤੂੰ ਭਰਿਆ ਜ਼ਹਿਰ ਬਥੇਰਾ ਸੀ ਸਾਡੇ ਮਨਾਂ ਦੀ ਮਿੱਟੀ ‘ਚ ਤੇ ਸਾਡੇ ਖੇਤਾਂ ਦੀ ਮਿੱਟੀ ‘ਚ ਤੇਰਾ ਉਹ ਜ਼ਹਿਰ ਖਾ ਕੇ ਵੀ ਅਸੀਂ ਅੱਜ ਤੱਕ ਵੀ ਜ਼ਿੰਦਾ ਹਾਂ ਤੇਰੇ ਨਾਲ ਲੜਨ ਨੂੰ ਆਏ ਹਾਂ ਸਾਡੇ ਤਾਂ ਖੂਨ ਹੈ ਸਿੰਜਿਆ ਪਸੀਨਾ ਬਣ ਕੇ ਖੇਤਾਂ ਨੂੰ ਤੁਸੀਂ ਕਰ ਲਵੋ ਕੋਸ਼ਿਸ਼ ਜਿੰਨੀ ਵੀ ਕਰ ਸਕਦੇ ਹੋ ਸਾਡੇ ਸਿਰ ਝੁਕਾਵਣ ਦੀ ਬੁਲੰਦ ਹੌਸਲੇ ਨੇ ਸਾਡੇ ਅਸੀਂ ਤਾਂ ਸਿਰ ਕਟਵਾਣ ਨੂੰ ਹੱਥਾਂ ਵਿੱਚ ਫੜਕੇ ਲਿਆਏ ਹਾਂ ਤੇਰੇ ਨਾਲ ਲੜਨੇ ਨੂੰ ਦਿੱਲੀਏ ਕਫ਼ਨ ਵੀ ਨਾਲ ਲਿਆਏ ਹਾਂ ਮੌਸਮ ਕਿਸ ਤਰ੍ਹਾਂ ਦਾ ਵੀ ਹੋਵੇ ਕਦੇ ਵੀ ਰੋਕ ਸਕਿਆ ਨਾ ਸਾਨੂੰ ਅਸੀਂ ਤੂਫ਼ਾਨਾਂ ਦੇ ਨਾਲ ਹਮੇਸ਼ਾਂ ਹੀ ਸਦੀਆਂ ਤੋਂ ਹੀ ਲੜਦੇ ਆਏ ਹਾਂ ਜਦੋਂ ਫਿਰ ਹੜ੍ਹ ਆਉਂਦੇ ਨੇ ਨਿਜ਼ਾਮ ਰੁੜ ਹੀ ਜਾਂਦੇ ਨੇ ਤੈਨੂੰ ਇਹ ਚੇਤਾਵਣੀ ਅਸੀਂ ਅੱਜ ਇਹ ਕਰਨੇ ਨੂੰ ਆਏ ਹਾਂ ਤੂੰ ਪਰਖ ਤਕਦੀਰ ਸਾਡੀ ਨਾ ਅਸੀਂ ਬਦਲ ਦੇਈਏ ਤਕਦੀਰਾਂ ਨੂੰ ਅਸੀਂ ਨਾ ਮੌਤ ਤੋਂ ਡਰੀਏ ਇਹ ਮੌਤ ਤਾਂ ਸਾਡੇ ਤੋਂ ਡਰਦੀ ਹੈ ਇਸ ਭਾਰਤ ਨੂੰ ਬਚਾਵਣ ਲਈ ਸਦਾ ਹੀ ਹਿੱਕ ਅਸਾਂ ਤਾਣੀ ਅੱਜ ਆਪਣੀ ਹੋਂਦ ਬਚਾਵਣ ਲਈ ਸਿਰਾਂ ਤੇ ਕਫ਼ਨ ਬੰਨਕੇ ਆਏ ਹਾਂ। ਬੁਲੰਦ ਹੌਸਲੇ ਨੇ ਸਾਡੇ ਅਸੀਂ ਇਸ ਮਿੱਟੀ ਦੇ ਜਾਏ ਹਾਂ ਸੁਣ ਕੰਨ ਖੋਲ੍ਹ ਕੇ ਦਿੱਲੀਏ ਤੇਰੇ ਨਾਲ ਲੜਨੇ ਨੂੰ ਅਸੀਂ ਕਿਰਸਾਨ ਆਏ ਹਾਂ ।... ਸਟਾਕਟਨ(ਅਮਰੀਕਾ)

ਕਾਮਿਆ ਕਿਸਾਨਾ ਜੱਟਾ-ਹਰਵਿੰਦਰ ਚੰਡੀਗੜ੍ਹ

ਅਜੇ ਤੀਕ ਤੈਥੋਂ ਹੋਈ ਪਗੜੀ ਸੰਭਾਲ ਨਾ। ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ ਨਾ। ਕਰਜ਼ੇ ‘ਚ ਜੰਮਦੇ ਨੇ ਕਰਜ਼ੇ ‘ਚ ਮਰਦੇ। ਖੇਤਾਂ ਦੇ ਇਹ ਪੁੱਤ ਸਦਾ ਆਏ ਬਾਜ਼ੀ ਹਰਦੇ। ਸੋਕਾ ਡੋਬਾ ਗੜੇਮਾਰੀ ਕੀ ਕੀ ਨੇ ਜਰਦੇ ਮਰ ਕੇ ਵੀ ਮੁੱਕਦਾ ਇਹ ਜੀ ਦਾ ਜੰਜਾਲ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ ਨਾ ... ਤੇਰਾ ਪੈਦਾ ਕੀਤਾ ਹੀ ਰਿਜ਼ਕ ਸਾਰੇ ਖਾਂਦੇ ਨੇ ਫਿਰ ਵੀ ਪਤਾ ਨੀ ਸਾਰੇ ਕਾਹਤੋਂ ਭੁੱਲ ਜਾਂਦੇ ਨੇ ਤੇਰੇ ਖਾਣ ਲਈ ਸਲਫਾਸਾਂ ਛੱਡ ਜਾਂਦੇ ਨੇ ਤੇਰਿਆਂ ਦੁੱਖਾਂ ਦਾ ਜਾਪੇ ਰੱਬ ਵੀ ਭਿਆਲ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ ਨਾ ... ਧੀਆਂ ਪੁੱਤਾਂ ਵਾਂਗ ਜੱਟ ਫ਼ਸਲਾਂ ਹੈ ਪਾਲਦਾ ਕੋਈ ਵੀ ਤਪੱਸਵੀ ਨਾ ਹੋਰ ਇਹਦੇ ਨਾਲ ਦਾ ਢੱਗਿਆਂ ਦੇ ਵਾਂਗ ਹੀ ਹੈ ਸਾਰੀ ਜੂਨ ਗਾਲਦਾ ਇਹਦਾ ਦਿਨ ਰਾਤ , ਕੋਈ ਸਿਆਲ ਤੇ ਹੁਨਾਲ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ ਨਾ ... ਤੇਰਿਆਂ ਖੇਤਾਂ ਨੂੰ ਹੁਣ ਵਾੜ ਖਾਣ ਆ ਗਈ ਸ਼ਾਹੂਕਾਰਾਂ ਡਾਕੂਆਂ ਦੀ ਧਾੜ ਖਾਣ ਆ ਗਈ ਤੈਨੂੰ ਗਹਿਣੇ ਪਾਉਣ ਤੇ ਸਿਆੜ ਖਾਣ ਆ ਗਈ ਨਵਿਆਂ ਫ਼ਰੰਗੀਆਂ ਦੀ ਸਮਝੇਂ ਤੂੰ ਚਾਲ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ ਨਾ ... ਕਰ ਲੈ ਕਮਰਕੱਸਾ ਮਾਰ ਲੈ ਮੰਡਾਸਾ ਤੂੰ ਝੂਠ ਤੇ ਸੁਹਾਗਾ ਫੇਰ ਕਰ ਇੱਕ ਪਾਸਾ ਤੂੰ ਚੁੱਕ ਲੈ ਕੁਹਾੜੀ ਕਹੀ ਚੁੱਕ ਲੈ ਗੰਡਾਸਾ ਤੂੰ ਆਪਣੇ ਤੋਂ ਬਿਨਾ ਤੇਰੀ ਕੋਈ ਹੋਰ ਢਾਲ ਨਾ ਕਾਮਿਆ ਕਿਸਾਨਾ ਜੱਟਾ ਕੋਈ ਤੇਰੇ ਨਾਲ ਨਾ ...

ਧਰਤੀ ਦੇ ਪੁੱਤਰ ਧੀਆਂ ਨੂੰ ਸਲਾਮ-ਨਵਜੋਤ ਕੌਰ (ਡਾ:)

ਭਾਣੇ ਅੰਦਰ ਸੰਵੇਦਨਾ ਸੰਗ ਲਰਜ਼ਦੇ ਦਿੱਲੀ ਦੇ ਬੂਹੇ ਜ਼ਾਲਮਾਂ ਦੀ ਜੂਹੇ ਸ਼ਹਾਦਤਾਂ ਦੇ ਪੋਹ ਮਹੀਨੇ ਪੱਕੇ ਪੈਰੀਂ ਨੰਗੇ ਧੜ ਸੀਸ ਤਲੀ ਤੇ ਟਿਕਾ ਤੁਰਦੇ ਸੂਰਮਿਓਂ ਜ਼ਬਰ ਤੇ ਜ਼ੁਲਮ ਨਾਲ ਖਹਿੰਦਿਉ ਸੁੱਤੀਆਂ ਜ਼ਮੀਰਾਂ ਨੂੰ ਜਗਾਉਣ ਵਾਲੇ ਬਹਾਦਰੋ ਰਾਜ -ਹੱਠ ਨੂੰ ਲਲਕਾਰਦਿਉ! ਆਪਣੇ ਹੀ ਲਹੂ ਨਾਲ ਅੰਦੋਲਨ ਨੂੰ ਪਾਲਦੇ ਉਸਾਰਦੇ ਸਿੰਜਦੇ ਸ਼ਹਾਦਤਾਂ ਦਾ ਜਾਮ ਪੀਣ ਵਾਲਿਉ! ਹਮਸਫਰਾਂ ਦੀਆਂ ਯਾਦਾਂ ਨੂੰ ਸੰਭਾਲਦੇ ਜਾਂਬਾਜ਼ੋ! ਪੁਲਸ ਦੀਆਂ ਡਾਂਗਾਂ ਖਾ ਕੇ ਵੀ ਉਨ੍ਹਾਂ ਨੂੰ ਲੰਗਰ ਵਰਤਾਉਂਦੇ ਭਾਈ ਘਨੱਈਆ ਦੇ ਫ਼ਰਜ਼ੰਦੋ! ਸਹਿਜ ਪੰਥੀ ਦਰਿਆਉ! ਮੇਰੀ ਧਰਤੀ ਦੇ ਜਾਏ ਮੂੰਹ ਬੋਲੇ ਭਰਾਉ! ਬੇਬੇ ਪੰਜਾਬ ਕੌਰ ਦੇ ਲਾਡਲੇ ਪੁੱਤਰੋ ਪੀਡੀਆਂ ਭਾਈਚਾਰਕ ਤੰਦਾਂ ਫੁਲਕਾਰੀ ਜਹੇ ਨਵ ਪੰਜਾਬ ਨਵ ਇਤਿਹਾਸ ਦੇ ਸਿਰਜਕੋ! ਸੰਪੂਰਣ ਕਰਾਂਤੀ ਦਾ ਸੁਨੇਹਾ ਲੈ ਕੇ ਆਏ ਮੇਰੇ ਸ਼ੇਰ ਬੱਗਿਉ ਤੁਹਾਡੇ ਸੰਗਰਾਮੀ ਅਮਲ ਨੇ ਭੁੱਲਿਆ ਵਿਸਰਿਆ ਇਤਿਹਾਸ ਮੁੜ ਸਜੀਵ ਕਰ ਦਿੱਤਾ ਹੈ। ਬਾਬੇ ਨਾਨਕ ਦੀਆਂ ਉਦਾਸੀਆਂ ਨੂੰ ਮੈਂ ਜਦ ਵੀ ਕਿਆਸਿਆ ਮੇਰੀ ਸੋਚ ਦੇ ਪੈਰੀਂ ਛਾਲੇ ਪਏ ਸ਼ਾਂਤੀ ਦੇ ਪੁੰਜ ਨੂੰ ਰਾਵੀ ਕੰਢੇ ਜਦ ਕਦੇ ਤੱਤੀ ਤਵੀ ਤੇ ਚਿਤਵਿਆ ਕਈ ਕਈ ਦਿਨ ਮੈਂ ਭੱਠੀ 'ਚ ਝੁਲਸਦੀ ਰਹੀ। ਸੀਸਗੰਜ ਵਾਲਾ ਚਾਂਦਨੀ ਚੌਂਕ ਲੱਖ ਚਾਹੁਣ ਤੇ ਵੀ ਮੇਰੇ ਲਈ ਚਾਨਣ ਦਾ ਚੁਰਸਤਾ ਨਹੀਂ ਬਣ ਸਕਿਆ ਚਮਕੌਰ ਦੀ ਗੜ੍ਹੀ ਹੋਵੇ ਜਾਂ ਸਰਹੰਦੀ ਖ਼ੂਨੀ ਕੰਧ ਵਿੱਚ ਮਾਸੂਮ ਸਾਹਿਬਜ਼ਾਦਿਆਂ ਦੀ ਸ਼ਹਾਦਤ ਰੌਸ਼ਨ ਇਬਾਰਤ ਜਦ ਵੀ ਪੜ੍ਹੀ ਸੁਣੀ ਢਾਹਾਂ ਮਾਰ ਕੇ ਰੂਹ ਕੁਰਲਾਈ। ਸੰਤਾਲੀ ਦੇ ਦਸ ਲੱਖ ਜ਼ਖ਼ਮ ਚੁਰਾਸੀ ਦਾ ਬਲ਼ਦਾ ਨਾਸੂਰ ਮੈਨੂੰ ਪੁੱਛਦਾ ਹੈ ਅਨੇਕ ਸਵਾਲ ਪੰਜਾਬ ਨੂੰ ਹੀ ਕਿਓਂ ਝੱਲਣੇ ਪਏ? ਗੁਰ ਫੁਰਮਾਇਆ ਮਨ ਪ੍ਰਦੇਸੀ ਜੇ ਥੀਏ ਸਭ ਦੇਸ ਪਰਾਇਆ ਬੇਗਾਨਗੀ ਦਾ ਬੂਟਾ ਉੱਗਦਾ ਸਰਹੱਦਾਂ ਤੇ ਸਾਡੇ ਹੀ ਪੁੱਤ ਕਿਉਂ ਮਰਨ ਸੂਲੀਆਂ ਤੇ ਸਾਡੇ ਹੀ ਸੂਰਜ ਕਿਉਂ ਚੜ੍ਹੇ? ਇਹੀ ਤਾਂ ਸਵਾਲ ਸਨ ਜਿੰਨ੍ਹਾਂ ਨੂੰ ਤੁਸੀਂ ਜਵਾਬ ਦਿੱਤੇ ਬਲ਼ਦੇ ਹੱਥਾਂ ਨਾਲ ਵਕਤ ਦੇ ਵਰਕੇ ਲਿਖਦਿਆਂ। ਸੱਚ ਪੁੱਛੋ ਤੁਹਾਡੀ ਪਾਰਦਰਸ਼ੀ ਨਜ਼ਰ ਤੋਂ ਰੁੱਖਾਂ ਵਾਲੀ ਜ਼ੀਰਾਂਦ ਤੋਂ ਲਾਸਾਨੀ ਸਬਰ ਸਿਦਕ ਤੇ ਦਲੇਰੀ ਤੋਂ ਮੇਰੇ ਬਾਬਲੋ!ਮਾਤਾਉ, ਭੈਣੋ ਤੇ ਭਰਾਉ! ਕੁਰਬਾਨ ਹੋਣ ਨੂੰ ਜੀਅ ਕਰਦਾ ਸੈਆਂ ਫਤਵਿਆਂ ਤੋਂ ਬਾਦ ਵੀ ਦਸਤਾਰ ਰਫ਼ਤਾਰ ਤੇ ਗੁਫ਼ਤਾਰ ਦੀ ਕਲਗੀ ਚਮਕੀ ਅੱਜ ਜੋ ਸ਼ਨਾਖ਼ਤ ਹੋਈ ਇਹ ਮਾਣ ਸਨਮਾਨ ਮਾਨਸਿਕ ਬੀਮਾਰ, ਝੂਠੇ ਤੇ ਮੱਕਾਰ ਲੂੰਬੜਚਾਲ ਸਿਆਸਤਦਾਨਾਂ ਨੂੰ ਕਿਰਤ ਤੇ ਸਿਰੜ ਦੇ ਹਥੌੜੇ ਨਾਲ ਚਿੱਤ ਕਰੇਗਾ ਮੇਰੇ ਹੀਰਿਉ ਪੁੱਤਰੋ, ਧੀਉ ਚੁੰਨੀਉ! ਦਸਤਾਰੋ! ਬਰਖ਼ੁਰਦਾਰੋ! ਲੋਕਤਾ ਦਾ ਹੜ੍ਹ ਭਰ ਰਿਹਾ ਗਵਾਹੀ ਇਸ ਹੱਕੀ ਸੰਗਰਾਮ ਨੂੰ ਤੁਸੀਂ ਇਖ਼ਲਾਕੀ ਤੌਰ ਤੇ ਜਿੱਤ ਚੁੱਕੇ ਹੋ। ਬੱਸ! ਜਿੱਤ ਦਾ ਐਲਾਨ ਬਾਕੀ ਹੈ। ਕੁੱਲ ਆਲਮ ਉਸ ਨਵੇਂ ਨਕੋਰ ਸੂਰਜ ਨੂੰ ਉਦੈ ਹੁੰਦਾ ਦੇਖਣ ਲਈ ਬੇਕਰਾਰ ਹੈ।

ਅਸੀਂ ਫੁੱਲ ਬਣ ਉੱਗਣਾ-ਅਮਰਜੀਤ ਸਿੰਘ ਅਮਨੀਤ

ਤੇਰੀਆਂ ਪੈਂਦੀਆਂ ਪਾਣੀ ਦੀਆਂ ਫੁਹਾਰਾਂ ਸਾਨੂੰ ਆਪਣੀਆਂ ਫ਼ਸਲਾਂ ਲਈ ਬਰਸਾਤਾਂ ਵਰ੍ਹਦੀਆਂ ਜਾਪਦੀਆਂ ਨੇ। ਤੇਰੇ ਅੱਥਰੂ ਗੈਸ ਦੇ ਗੋਲ਼ੇ ਸਾਡੇ ਖੇਤਾਂ 'ਚ ਬਣਦੀ ਤੂੜੀ ਦੇ ਦਿਨ ਲੱਗਦੇ ਰਹੇ ਤੇਰੇ ਰੱਖੇ ਹੋਏ ਬੈਰੀਕੇਡ ਤਾਂ ਸਾਨੂੰ ਖੇਤਾਂ ਚ ਪਈਆਂ ਕਣਕ ਦੀਆਂ ਭਰੀਆਂ ਜਾਪਦੀਆਂ ਤੇ ਅਸੀਂ ਸਿਰ ਤੇ ਚੁੱਕੀ ਫਿਰਦੇ ਤੇਰੇ ਪੱਟੇ ਟੋਇਆਂ ਨੂੰ ਅਸੀਂ ਖਾਲ਼ਾਂ ਦੇ ਟੱਪਣ ਵਾਂਗੂੰ ਲੰਘ ਗਏ ਸੜਕਾਂ 'ਤੇ ਤੇਰੇ ਲਾਏ ਮਿੱਟੀ ਦੇ ਢੇਰ ਸਾਡੇ ਵਾੜ੍ਹਿਆਂ 'ਚ ਪਈ ਰੂੜ੍ਹੀ ਤੋਂ ਵੱਧ ਕੁਝ ਨਹੀਂ ਸਨ ਅਸੀਂ ਧਰਤੀ ਦੇ ਪੁੱਤਰ ਹਾਂ ਧਰਤੀ ਤੇ ਕੁਝ ਵੀ ਪਿਆ ਸਾਨੂੰ ਆਪਣਾ ਭੈਣ ਭਾਈ ਲੱਗਦਾ ਸਾਨੂੰ ਆਪਣਾ ਧੀ ਪੁੱਤਰ ਜਾਪਦਾ ਤੂੰ ਰੋਕਾਂ ਉਸਾਰਨ ਲਈ ਸਭ ਕੁਝ ਧਰਤੀ ਤੋਂ ਖੋਹ ਕੇ ਲਿਆਇਆ ਤੇ ਅਸਾਂ ਉਹ ਹੱਥਾਂ ਚ ਲੈ ਕੇ ਧਰਤ ਨੂੰ ਹੀ ਪਰਤਾ ਦਿੱਤੀਆਂ ਤੇਰੀਆਂ ਡਾਂਗਾਂ ਸਾਡੀ ਧਰਤੀ ਮਾਤਾ ਹੀ ਜਨਮਦੀ ਤੇ ਹਰ ਵੱਜਦੀ ਡਾਂਗ ਮਾਂ ਦਾ ਹੱਥ ਮਹਿਸੂਸ ਹੁੰਦਾ ਉਹਦੇ ਜਾਇਆਂ ਦੀ ਗਲਵੱਕੜੀ ਲੱਗਦੀ ਸਾਡੇ ਹੀ ਧੀਆਂ ਪੁੱਤਰਾਂ ਨੂੰ ਤੂੰ ਕੈਸਾ ਕਾਨੂੰਨ ਪੜ੍ਹਾਉਂਦਾ ਤੇ ਫਿਰ ਇਹ ਫੁਹਾਰਾਂ ਮਰਵਾਉਂਦਾ ਅੱਥਰੂ ਗੈਸ ਸੁਟਵਾਉਂਦਾ ਡਾਂਗਾਂ ਨਾਲ਼ ਲਾਸਾਂ ਪਵਾਉਂਦਾ ਉਹ ਜਦੋਂ ਥੱਕ ਟੁੱਟਦੇ ਭੁੱਖ ਨਾਲ਼ ਲੂਸਦੇ ਤਾਂ ਸਾਡੇ ਹੀ ਕੋਲ਼ ਆ ਬੈਠਦੇ ਕੀਤੀ ਤੇ ਦਿਲੋਂ ਪਛਤਾਂਦੇ ਨਿਰੀ ਚੁੱਪ 'ਚ ਪਰਸ਼ਾਦਾ ਛਕਦੇ ਅਸੀਂ ਤਾਂ ਇੱਕ ਦਾਣਾ ਵੀ ਧਰਤ ਨੂੰ ਸੌਂਪ ਕੇ ਉਸ ਦੇ ਪੁੰਗਰਨ ਤੋਂ ਲੈ ਕੇ ਧੁੱਪ ਰੰਗੀਆਂ ਤੂਈਆਂ ਦੇ ਮੁੱਖ ਵਿਖਾਣ ਤੱਕ ਭਰ ਜੁਆਨ ਹੋਣ ਤੱਕ ਨਿੱਸਰ ਕੇ ਬੱਲੀਆਂ ਹੋ ਜਾਣ ਤੱਕ ਫਿਰ ਸੁਨਹਿਰੀ ਹੋ ਕੇ ਸਾਡੀ ਝੋਲ਼ੀ 'ਚ ਦਾਣਿਆਂ ਦਾ ਰੂਪ ਹੋ ਕੇ ਸਮਾ ਜਾਣ ਤੱਕ ਅਸੀਂ ਹਰ ਤੂਫ਼ਾਨ ਨੂੰ ਧੀਆਂ ਪੁੱਤਰਾਂ ਵਰਗੀ ਫ਼ਸਲ ਨੂੰ ਹਲੂਣਦਿਆਂ ਤੱਕਿਆ ਹੈ। ਅਸੀਂ ਧੀਆਂ ਪੁੱਤਰਾਂ ਨੂੰ ਗੜ੍ਹੇਮਾਰੀ 'ਚ ਨੰਗੇ ਧੜ ਖਲੋਤਿਆਂ ਵੇਖਿਆ ਹੈ ਔੜਾਂ ਤੇ ਡੋਬਿਆਂ 'ਚ ਸੁੱਕਦਿਆਂ ਡੁੱਬਦਿਆਂ ਵੇਖਿਆ ਹੈ। ਇਹ ਸਭ ਕੁਝ ਵੇਖਦਿਆਂ ਹੰਢਾਉਂਦਿਆਂ ਬੜਾ ਸਬਰ ਤੇ ਜੇਰਾ ਧਾਰਨ ਕਰ ਲਿਆ ਹੈ ਤੇ ਤੂੰ ਸਾਡੇ ਕਿਹੜੇ ਸਬਰ ਪਰਖਣੇ ਨੇ ? ਅਸੀਂ ਮਿੱਟੀ ਨਾਲ ਰਹਿੰਦੇ ਰਹਿੰਦੇ ਮਿੱਟੀ ਦਾ ਰੂਪ ਹੋਏ ਹਾਂ ਸਾਡੇ ਪੁਰਖੇ ਇਸ ਮਿੱਟੀ 'ਚ ਸਮਾਏ ਨੇ ਇਸ ਨੇ ਆਪਣੇ 'ਚ ਬੜੇ ਸ਼ਹਿਨਸ਼ਾਹ ਤੇ ਸਲਤਨਤਾਂ ਮਿਲਾਏ ਨੇ ਅਸੀਂ ਇਸ 'ਚ ਸਮਾ ਜਾਣਾ ਹੈ ਪਰ ਮਿੱਟੀ ਕਦੋਂ ਲਤਾੜ ਹੁੰਦੀ ਮਿੱਟੀ ਕਦੋਂ ਕੁੱਟ ਹੁੰਦੀ ਮਿੱਟੀ ਕਦੋਂ ਮਰਦੀ ਇਹ ਮਿੱਟੀ 'ਤੇ ਥੋੜ੍ਹੀ ਜਿਹੀ ਹਿੱਲਜੁਲ ਹੈ ਮਿੱਟੀ ਦੀ ਹਿੱਲਜੁਲ ਨਾਲ ਹੀ ਸੋਹਣੇ ਫੁੱਲ ਉੱਗਦੇ ਤੇ ਖਿੜਦੇ ਸਾਰਾ ਦੁਆਲ਼ਾ ਸਾਵਾ ਹੋ ਜਾਂਦਾ ਤੂੰ ਸਾਨੂੰ ਹੋਰ ਛੇੜ ਹੋਰ ਪੁੱਟ ਹੋਰ ਵਾਹ ਅਸੀਂ ਹੋਰ ਸਾਵੇ ਹੋਵਾਂਗੇ ਅਸੀਂ ਹੋਰ ਸੋਹਣੇ ਫੁੱਲ ਬਣ ਉੱਗਾਂਗੇ ਉਡੀਕ ਤੂੰ ਬੱਸ ਤੇਰੇ ਮਹਿਲ ਵੀ ਸਾਡੇ ਹਲ਼ ਦੇ ਫਾਲ਼ੇ ਨਾਲ਼ ਢਹਿ ਕੇ ਮਿੱਟੀ ਹੋਣੇ ਤੇ ਉਸ ਮਿੱਟੀ 'ਤੇ ਵੀ ਅਸੀਂ ਹੀ ਫੁੱਲ ਬਣ ਉੱਗਣਾ ਤੇ ਖਿੜਨਾ ਹੈ

ਸ਼ਾਹਾਂ ਦੀ ਤੂੰ ਅੜੀਏ-ਇੰਦਰਜੀਤ ਗੁਗਨਾਨੀ ਯੂ ਕੇ

ਸ਼ਾਹਾਂ ਦੀ ਤੂੰ ਅੜੀਏ, ਤੇ ਬੇ ਇਖਲਾਕੀਂ ਏਂ। ਦਿੱਲੀਏ ਤੂੰ ਹਾਰ ਗਈ, ਬਸ ਮੰਨਣਾ ਬਾਕੀ ਏ ਇਕ ਜ਼ਿੰਦਾ ਲਾਸ਼ ਜਹੀ, ਸ਼ੀਸ਼ੇ ਟੰਗਣਾ ਬਾਕੀ ਏ ਦਿੱਲੀਏ ਤੂੰ ਹਾਰ ਗਈ, ਬਸ ਮੰਨਣਾ ਬਾਕੀ ਏ ਮਿੱਟੀ ਦੇ ਪੁਤਰਾਂ ਨੂੰ, ਮਿੱਟੀ ਵਿਚ ਰੋਲ ਰਹੀ ਅਸੀਂ ਸਭ ਜਾਣਦੇ ਹਾਂ, ਤੁੰ ਅੰਦਰੋਂ ਡੋਲ ਰਹੀ। ਇਨ੍ਹਾਂ ਖਾਲੀ ਮੁੜਣਾ ਨਹੀਂ, ਕੀ ਦੱਸਣਾ ਬਾਕੀ ਏ? ਦਿੱਲੀਏ ਤੂੰ ਹਾਰ ਗਈ, ਬਸ ਮੰਨਣਾ ਬਾਕੀ ਏ। ਲਾਰੇ ਪਈ ਲਾਉਂਦੀ ਏ, ਏਨ੍ਹਾਂ ਨੂੰ ਤੋਲ ਰਹੀ। ਮੂੰਹ ਘੁੱਟ ਕੇ ਬੈਠੀਂ ਏ, ਦਿੱਲੀਏ ਨਾ ਬੋਲ ਰਹੀ। ਹਿੱਕ ਪੈਰਾਂ ਹੇਠਾਂ ਏ, ਬਸ ਦੱਬਣਾ ਬਾਕੀ ਏ ਦਿੱਲੀਏ ਤੂੰ ਹਾਰ ਗਈ, ਬਸ ਮੰਨਣਾ ਬਾਕੀ ਏ ਇਲਜ਼ਾਮ ਵੀ ਦੇਂਦੀ ਏ ਕਈ ਨਾਮ ਵੀ ਰੱਖਦੀ ਏ। ਕਦੇ ਸਾਨੂੰ ਦੱਸ ਦਿੱਲੀਏ, ਕਿੱਦਾਂ ਏ ਘੜਦੀ ਏ ਹੁਣ ਲੋਕੀਂ ਜਾਗ ਪਏ, ਤੇ ਹੱਕ ਮੰਗਣਾ ਬਾਕੀ ਏ ਦਿੱਲੀਏ ਤੂੰ ਹਾਰ ਗਈ, ਬਸ ਮੰਨਣਾ ਬਾਕੀ ਏ

ਤੁਹਾਡੀ ਜਿੱਤ-ਸਰਬਜੀਤ ਸੋਹੀ

ਪਾਣੀ ਦੀਆਂ ਬੁਛਾਰਾਂ ਵਿਚ ਮਘਦੇ ਹੋਏ ਹੌਂਸਲੇ ਪਸਤ ਨਹੀਂ ਹੁੰਦੇ ਜ਼ਿੰਦਗੀ ਦੀ ਲੋਰ ਵਿਚ ਕਦਮਤਾਲ ਕਰਦੇ ਕਦਮ ਮੌਤ ਦੀ ਪ੍ਰਵਾਹ ਨਹੀਂ ਕਰਦੇ ਇਹ ਵਹਿਮ ਹੈ ਦਿੱਲੀ ਨੂੰ ਕਿ ਉਸਦਾ ਹਰ ਹੁਕਮ ਤਾਮੀਲ ਹੋਵੇਗਾ ਕਿ ਉਸਦਾ ਹਰ ਸ਼ਬਦ ਕਾਨੂੰਨ ਵਿਚ ਤਬਦੀਲ ਹੋਵੇਗਾ ! ਹੁਣ ਉਹ ਦਿਨ ਦੂਰ ਨਹੀਂ ਜਦੋਂ ਭੌਰੀਆਂ ਵਾਲੇ ਹੱਥ ਲਿਖਣਗੇ ਪਸੀਨੇ ਨਾਲ ਵਰਤਮਾਨ ਦੇ ਪੰਨਿਆਂ ਉੱਤੇ ਇਨਕਲਾਬ ਦੀ ਇਬਾਰਤ ਸੁਹਾਗੀ ਹੋਈ ਚੇਤਨਾ ਦੀ ਭੂਮੀ ਵਿਚ ਫੁੱਟ ਹੀ ਪੈਣਗੇ ਇਕ ਦਿਨ ਉਮੀਦਾਂ ਦੇ ਬੀਜ ਪੁੱਟ ਦਿੱਤੇ ਜਾਣਗੇ ਹਰੀਆਂ ਫ਼ਸਲਾਂ ਵਿੱਚੋਂ ਨਾਗਪੁਰੀ ਨਦੀਨ ! ਹੁੱਟ ਵਿੱਚ ਟਹਿਕਦੇ ਹੋਏ ਮੇਰੀ ਬਾਗ਼ੀ ਮਿੱਟੀ ਦੇ ਸੂਰਮੇ ਲੋਕੋ ! ਬੱਸ ਹੌਸਲੇ ਨੂੰ ਹਥਿਆਰ ਬਣਾਈ ਰੱਖਣਾ ਬੱਸ ਚਿਹਰੇ ਨੂੰ ਗੁਲਜ਼ਾਰ ਬਣਾਈ ਰੱਖਣਾ ਤੁਹਾਡੀ ਜਿੱਤ....... ਹੁਣ ਕੋਈ ਬਹੁਤੀ ਦੂਰ ਨਹੀਂ !

ਗ਼ਜ਼ਲ-ਗੁਰਸ਼ਰਨ ਸਿੰਘ ਅਜੀਬ

ਕਾਫ਼ਲਾ ਰੁਕਣਾ ਨਹੀਂ ! ਫ਼ਰਮਾਨ ਮੇਰੇ ਦੇਸ਼ ਦਾ॥ ਜਾਗਰਤ ਹੁਣ ਹੋ ਗਿਆ ਕਿਰਸਾਨ ਮੇਰੇ ਦੇਸ਼ ਦਾ॥ ਆਪਣੇ ਹੀ ਬੰਦਿਆਂ 'ਤੇ ਚਾੜ੍ਹ ਭਾਵੇਂ ਫ਼ੌਜ ਹੁਣ, ਹਾਕਮਾ ਰੁਕਣਾ ਨਾ ਜਨ-ਤੂਫ਼ਾਨ ਮੇਰੇ ਦੇਸ਼ ਦਾ॥ ਕਿਰਸਾਨ ਤੇ ਮਜ਼ਦੂਰ ਹੋਏ ਜਦ ਤੋਂ ਇੱਕ-ਮਿੱਕ ਸਭ, ਤਦ ਤੋਂ ਹੀ ਬੇਜ਼ਾਰ ਹੈ ਧਨਵਾਨ ਮੇਰੇ ਦੇਸ਼ ਦਾ॥ ਕਰ ਨਾ ਸਕਿਆ ਲੋਕਤਾ ਦਾ ਹੀ ਭਲਾ ਹਾਕਮ ਜਦੋਂ, ਫਿਰ ਇਕੱਤਰ ਹੋ ਗਿਆ ਇਨਸਾਨ ਮੇਰੇ ਦੇਸ਼ ਦਾ॥ ਅੰਬਾਨੀਆਂ ਅੱਡਾਨੀਆਂ ਦੇ ਦੌਰ ਦਾ ਕਰ ਅੰਤ ਹੁਣ , ਲੁੱਟਿਆ ਨਿੱਤ ਜਾ ਰਿਹਾ ਕਿਰਸਾਨ ਮੇਰੇ ਦੇਸ਼ ਦਾ॥ ਫ਼ੌਜ ਵਿਚ ਯੋਧੇ ਅਸਾਡੇ ਪੈਲੀਆਂ ਦੇ ਵਿਚ ਕਿਸਾਨ, ਯੋਧਾ ਹਰ! ਕਿਰਸਾਨ ਵੀ ਬਲਵਾਨ ਮੇਰੇ ਦੇਸ਼ ਦਾ॥ ਮੋਰਚਾ ਕਿਰਸਾਨ ਦਾ, ਹੋਇਆ ਫ਼ਤਹਿ, ਜਦ ਦੋਸਤੋ, ਹੋਵਸੀ ਖ਼ੁਸ਼ਹਾਲ ਫਿਰ ਕਿਰਸਾਨ ਮੇਰੇ ਦੇਸ਼ ਦਾ॥ ਹੋਂਵਦਾ ਜਦ ਤੱਕ ਨਾ ਕਿਰਸਾਨ ਦਾ ਮਸਲਾ ਇਹ ਹੱਲ, ਸੌਂ ਸਕੂ ਨਾ ਚੈਨ ਸੰਗ ਸੁਲਤਾਨ ਮੇਰੇ ਦੇਸ਼ ਦਾ॥ ਜਾਗਿਆ ਕਿਰਸਾਨ ਅੱਜ ਜੋ ਕੱਲ੍ਹ ਨੂੰ ਨੇਤਾ ਬਣੂੰ, ਜਦ ਵੀ ਹੋਇਆ ਕੱਲ੍ਹ ਕਿਤੇ ਮਤਦਾਨ ਮੇਰੇ ਦੇਸ਼ ਦਾ॥ ਅੰਨ-ਦਾਤਾ ਹੀ ਕਹੇ ਕਿਰਸਾਨ ਨੂੰ ਚਿਰ ਤੋਂ 'ਅਜੀਬ', ਕਰ ਰਿਹਾ ਜੁੱਗਾਂ ਤੋਂ ਜੋ ਕਲਿਆਨ ]ਮੇਰੇ ਦੇਸ਼ ਦਾ॥ ਸਾਂਭ ਕੇ ਰੱਖ ਹਾਕਮਾਂ ਕਿਰਸਾਨ ਹੀਰਾ ਕੀਮਤੀ, ਨਗ਼ ਬੜਾ 'ਗੁਰਸ਼ਰਨ' ਇਹ ਮੁਲਵਾਨ ਮੇਰੇ ਦੇਸ਼ ਦਾ॥ ਲੰਡਨ (ਯੂ ਕੇ)

ਸਾਡੀਆਂ ਪੈਲੀਆਂ-ਰਤਨ ਸਿੰਘ ਕੰਵਲ ਪਹਿਲਗਾਮੀ

ਜਾਣਦੀਆਂ ਨੇ ਸਭ ਕੁਝ ਸਾਡੀਆਂ ਪੈਲੀਆਂ ਡੁੱਲ੍ਹਿਆ ਮੁੜਕਾ ਚੋਈਆਂ ਰੱਤਾਂ ਜਾਗੀਆਂ ਰਾਤਾਂ ਕੱਕਰ ਪਾਲੇ ਹੁਨਾਲੇ ਸਿਆਲੇ ਪੁਰਖਿਆਂ ਦੀਆਂ ਫ਼ਿਕਰਾਂ ਵੀ ਪਈਆਂ ਵੱਟਾਂ ਖਾਲ਼ੇ ਜਾਣਦੀਆਂ ਨੇ ਉਨ੍ਹਾਂ ਹੱਥਾਂ ਨੂੰ ਜੋ ਨਹੀਂ ਜਰਦੇ ਇਕ ਗੀਟਾ ਵੀ ਪਿਆ ਹਿੱਕ ਤੇ ਕਿੱਕਰ ਹੇਠਾਂ ਪਿਆ ਪਾਣੀ ਦਾ ਘੜਾ ਗਵਾਹ ਹੈ ਸਾਡੀਆਂ ਤ੍ਰੇਹਾਂ ਦਾ ਭੁੱਖਾਂ ਦਾ ਇਕ ਇਕ ਸਾਹ ਭਰਿਆ ਹੈ ਅਸਾਂ ਅੰਗਆਰਿਆਂ ਦਾ .... ਤਿਜੌਰੀਆਂ ਨਹੀਂ ਭਰੀਆਂ ਢਿੱਡ ਭਰੇ ਨੇ ਹੋਰਾਂ ਦੇ। ਅਸੀਂ ਜਾਣਦੇ ਹਾਂ ਖੇਤੀ ਦਾ ਧਰਮ ਕਿਰਤ ਕਰਨੀ ਵੰਡ ਛਕਣਾ ਉਪਦੇਸ਼ ਬਾਬੇ ਦਾ ਭਲਾ ਸਰਬੱਤ ਦਾ ਸਾਡੇ ਸਿਆੜਾਂ 'ਚ ਮੁਹੱਬਤ ਹੈ ਧੜਕਨ ਹੈ ਜ਼ਿੰਦਗੀ ਦੀ। ਲੋਭ ਨਹੀਂ , ਬਜ਼ਾਰ ਨਹੀਂ ਕਾਲਾ ਕੁਰੂਪ ਜਾਣਦੀਆਂ ਨੇ ਸਭ ਕੁਝ ਸਾਡੀਆਂ ਪੈਲੀਆਂ ...

ਧਰਤੀ ਹਿੱਲੀ ਹੈ-ਰਤਨ ਸਿੰਘ ਕੰਵਲ ਪਹਿਲਗਾਮੀ

ਧਰਤੀ ਹਿੱਲੀ ਹੈ ਦਸ਼ਾ ਵਿਗੜੀ ਹੈ ਦਿਸ਼ਾ ਨਿਰਧਾਰਿਤ ਹੈ ਝੱਖੜ ਝੁੱਲੇਗਾ ਉਡਣਗੇ ਤੀਲਿਆਂ ਵਾਂਗ ਰਾਹ ਦੇ ਰੋੜੇ ਢਹਿ ਢੇਰੀ ਹੋਣਗੀਆਂ ਕੰਧਾਂ ਰੇਤ ਦੀਆਂ ਆਉਣਗੇ ਜ਼ਲਜ਼ਲੇ ਸ਼ਾਂਤ ਕਿਥੇ ਰਹਿਣਗੇ ਡੂੰਘੇ ਸਮੁੰਦਰਾਂ ਦੇ ਪਾਣੀ ਨਹੀਂ ਸੋਚਿਆ ਨਹੀਂ ਸਮਝਿਆ ਬੇਅਕਲ ਆਕੀਆਂ ਲਾਈਆਂ ਜ਼ਰਬਾਂ ਬਹੁਤ ਧਰਤੀ ਦੇ ਧਰਮ ਨੂੰ ਕਿਰਤੀ ਦੇ ਕਰਮ ਨੂੰ ।

ਲੋਹੜੀ 2021 ਦਾ ਨਵਾਂ ਨਵੇਲਾ ਗੀਤ-ਅਮਨਦੀਪ ਸਿੰਘ ਸੇਖੋਂ

ਸਿੰਘੂ ਟਿੱਕਰੀਏ ਹੋ ਤੇਰਾ ਸਬਰ ਨਿਆਰਾ ਹੋ ਭਾਈ ਕਨ੍ਹਈਏ ਵਾਲਾ ਹੋ ਕਰਦਾ ਨਾ ਨਿਪਟਾਰਾ ਹੋ ਮੋਦੀ ਗੱਪਾਂ ਵਾਲਾ ਹੋ ਮੋਦੀ ਗੱਪ ਚਲਾਈ ਹੋ ਕਿਸਾਨੀ ਸੇਲ ਤੇ ਲਾਈ ਹੋ ਨਵਾਂ ਕਨੂੰਨ ਬਣਾਇਆ ਹੋ ਅੰਬਾਨੀ ਯਾਰ ਬਣਾਇਆ ਹੋ ਕਿਸਾਨਾਂ ਘੇਰਾ ਪਾਇਆ ਹੋ ਦਿੱਲੀ ਡੇਰਾ ਲਾਇਆ ਹੋ ਦੁੱਲਾ ਯਾਦ ਕਰਾਇਆ ਹੋ ਉੱਠੀ ਕੁੱਲ ਲੁਕਾਈ ਹੋ ਲੋਹੜੀ ਨਵੀਂ ਮਨਾਈ ਹੋ ਲਾਂਬੂ ਬਿਲ ਨੂੰ ਲਾਇਆ ਹੋ ਸੁਣ ਲੋ ਮਾਈ ਭਾਈ ਹੋ ਸਮਝੋ ਇਹ ਸੱਚਾਈ ਹੋ ਅੱਜ ਕਿਸਾਨੀ ਫਾਹੀ ਹੋ ਕੱਲ ਨੂੰ ਮੇਰੀ ਵਾਰੀ ਹੋ ਪਰਸੋਂ ਤੇਰੀ ਵਾਰੀ ਹੋ ਸੁਣ ਲੈ ਮੇਰੀ ਮਾਈ ਹੋ ਸੁਣ ਲੈ ਮੇਰੀ ਮਾਈ ਹੋ ਦੇ ਮਾਈ ਹੋਕਾ ਲੋਹੜੀ ਦਾ ਹੈ ਮੌਕਾ ਦੇ ਭਾਈ ਹੋਕਾ ਬਿੱਲਾਂ ਨੂੰ ਲਾ ਝੋਕਾ ਦੇ ਮਾਈ ਹੋਕਾ ਇਹੋ ਇੱਕ ਮੌਕਾ ਦੇ ਭਾਈ ਹੋਕਾ ਨਹੀਂ ਤਾਂ ਪੈਣਾ ਸੋਕਾ ਦੇ ਮਾਈ ਹੋਕਾ ਕਰਨਾ ਪੈਣਾ ਏਕਾ ਦੇ ਭਾਈ ਹੋਕਾ ਜਿੱਤੇ ਸਾਡਾ ਏਕਾ ਦੇ ਮਾਈ ਹੋਕਾ ਲੋਹੜੀ ਦਾ ਹੈ ਮੌਕਾ ਦੇ ਭਾਈ ਹੋਕਾ ਬਿਲਾਂ ਨੂੰ ਲਾ ਝੋਕਾ

ਜੀਵਨ ਦਾ ਰੰਗ-ਮੰਚ-ਸਰਬਜੀਤ ਕੌਰ ਜੱਸ

ਸਮਾਂ ਇੱਕੀਵੀਂ ਸਦੀ ਅਦਾਕਾਰ ਉਪਜਾਊ ਮਿੱਟੀ ਦੇ ਜੁੱਸਿਆਂ ਵਾਲੇ ਪੁਸ਼ਾਕਾਂ ਫ਼ਸਲਾਂ ਰੰਗੀਆਂ ਸਟੇਜ ਕਾਲੇ ਨਾਗ ਦੀ ਸਿਰੀ ਮੀਂਹ-ਝੱਖੜ ਸੱਚੀਂ-ਮੁੱਚੀਂ ਦੇ ਵਾਰਤਾਲਾਪ ਮੂੰਹ ਖੋਲ੍ਹ ਕੇ ਨਹੀਂ ਹਿੱਕ ਚੀਰ ਕੇ ਬੋਲੇ ਜਾਂਦੇ ਨਿਰਦੇਸ਼ਕ ਵਿਰਾਸਤ ਨਿਰਮਾਤਾ ਪੁਰਖ਼ੇ ਤਾਰਿਆਂ ਦਾ ਪਰਦਾ ਤਾਣਦੀਆਂ ਰਾਤਾਂ ਤਾਂ ਕਿ ਦਿੱਸਦਾ ਰਹੇ ਨਾਟਕ ਸੂਰਜ ਦਾ ਚੁੱਲ੍ਹਾ ਬਾਲ਼ਦਾ ਦਿਨ ਤਾਂ ਕਿ ਆਂਦਰਾਂ ਠਾਰਨ ਵਾਲੇ ਖ਼ੁਦ ਨਾ ਠਰ ਜਾਣ ਧੰਨਭਾਗ ਸਾਡੇ ਅਸੀਂ ਵੇਖ ਰਹੇ ਹਾਂ ਸੱਚਾ-ਸੁੱਚਾ ਮੰਚਨ ਕੀ ਤੁਸੀਂ ਕਦੇ ਵੇਖਿਆ ਅਜਿਹਾ ਵਿਲੱਖਣ ਨਾਟਕ..?

ਗ਼ਜ਼ਲ-ਇੰਜ. ਕਰਮਜੀਤ ਸਿੰਘ ਨੂਰ

ਪੋਹ ਦੀ ਠੰਢ ਵੀ ਪੋਹ ਨਹੀਂ ਸਕਦੀ ਜੇ ਭਖ਼ਦੇ ਹੋਣ ਇਰਾਦੇ। ਨਾਲ ਪਰਬਤਾਂ ਭਿੜ ਜਾਂਦੇ ਨੇ ਬੰਦੇ ਸਿੱਧੇ ਸਾਦੇ। ਰਹੇ ਕਿਸਾਨ ਨਹੀਂ ਹੁਣ ਭੋਲੇ ਸੁਣ ਚਾਤਰ ਸਰਕਾਰੇ, ਸਮਝ ਗਏ ਉਸਤਾਦੀ ਤੇਰੀ ਨੀ ਵੱਡੀਏ ਉਸਤਾਦੇ। ਲੱਗਾ ਪੈਣ ਜਦੋਂ ਇਹਨਾਂ ਦੀ ਕਿਸਮਤ ਉਤੇ ਡਾਕਾ, ਸੜਕਾਂ ਉੱਤੇ ਆਣ ਬੈਠ ਗਏ ਖੇਤਾਂ ਦੇ ਸ਼ਹਿਜ਼ਾਦੇ। ਜਿਨ੍ਹਾਂ ਮਾਰੀਆਂ ਡਾਂਗਾਂ ਨਾਲੇ ਪਾਣੀ ਦੀਆਂ ਬੁਛਾੜਾਂ, ਉਹਨਾ ਨੂੰ ਹੀ ਪਏ ਛਕਾਉਂਦੇ ਲੰਗਰ ਦੇ ਪਰਸ਼ਾਦੇ। ਕਿਸੇ ਤੂਫ਼ਾਨ ਦਾ ਝਾਉਲਾ ਪਾਉਂਦੀ ਸਾਜ਼ਿਸ਼ ਭਰੀ ਖ਼ਾਮੋਸ਼ੀ, ਆਪ ਤੇ ਹਾਕਮ ਗੱਲ ਨਹੀਂ ਕਰਦੇ ਭੇਜੀ ਜਾਣ ਪਿਆਦੇ। ਮਜ਼ਲੂਮਾਂ ਤੇ ਜ਼ੁਲਮ ਕਰਨ ਵਿੱਚ ਘੱਟ ਨਹੀਂ ਤੂੰ ਕੀਤੀ ਔਰੰਗਜ਼ੇਬ ਦੀਏ ਬਦਰੂਹੇ ਗੰਗੂ ਦੀਏ ਔਲਾਦੇ। ਨੀਹਾਂ ਵਿੱਚ ਖਲੋਤੇ ਡਟ ਕੇ ਹਿੱਕਾਂ ਡਾਹ ਕੇ ਜੂਝੇ, ਨਿੱਕੀ ਉਮਰੇ ਬਾਬੇ ਬਣ ਗਏ ਚਾਰੇ ਸਾਹਿਬਜ਼ਾਦੇ। ਰੱਖੇ ਦੋ ਨੀਂਹ ਪੱਥਰ ਜਿਸ ਦੇ ਲਾਲ ਗੁਰਾਂ ਚਿਣਵਾ ਕੇ, ਤੈਨੂੰ ਕੌਣ ਹਿਲਾ ਸਕਦਾ ਹੈ ਕੌਮ ਦੀਏ ਬੁਨਿਆਦੇ। ਅੱਜ ਪਤਾ ਲੱਗਾ ਇਹਨ੍ਹਾਂ ਨੂੰ ਕਿਹੜੇ ਭਾਅ ਹੈ ਵਿਕਦੀ, ਲੈਂਦੇ ਰਹੇ ਜੋ ਵੋਟਾਂ ਸਾਥੋਂ ਕਰ ਕਰ ਝੂਠੇ ਵਾਅਦੇ। ਓਸੇ ਦੇਸ਼ ਨੂੰ ਵੇਚਣ ਤੁਰ ਪਏ ਪਿਓ ਦਾ ਮਾਲ ਸਮਝ ਕੇ, ਹੋਏ ਸ਼ਹੀਦ ਜੇਸ ਲਈ ਸਾਡੇ ਦਾਦੇ ਤੇ ਪੜਦਾਦੇ। ਲਾਇਆ ਹੈ ਪਰਬਤ ਨੇ ਵੇਖੋ ਨਾਲ ਤੂਫ਼ਾਨਾਂ ਮੱਥਾ, ਵੇਖ ਵੇਖ ਦੁਨੀਆਂ ਦੇ ਲੋਕੀਂ ਹੋਈ ਜਾਣ ਉਨਮਾਦੇ। ਨੂਰ ਜਿੰਨਾ ਦੇ ਅੰਦਰ ਭਰਿਆ ਜੂਝ ਮਰਨ ਦਾ ਜਜ਼ਬਾ, ਫ਼ਤਹਿ ਉਨ੍ਹਾਂ ਦੇ ਕਦਮ ਪਰਸਦੀ ਆਪਣੇ ਗੁਰਪ੍ਰਸਾਦੇ

ਸੰਘਰਸ਼-ਸੁਰਿੰਦਰ ਸਾਗਰ

ਇਹ ਸੰਘਰਸ਼ ਫਸਲਾਂ ਦਾ ਨਹੀਂ ਨਸਲਾਂ ਦਾ ਹੈ.. ਉਹ ਚਾਹੁੰਦੇ ਅਸੀਂ ਰਹੀਏ ਬਣਕੇ ਨਾ-ਮਰਦ,ਠੰਡੇ ਸਰਦ, ਬੋਲੀਏ ਨਾ ਓਹਦੇ ਮੂਹਰੇ ਇੱਕ ਵੀ ਸ਼ਬਦ, ਪਰ ਇਹ ਹੋ ਨਹੀਂ ਸਕਦਾ .. ਅਸੀਂ ਪੁੱਤ ਹਾਂ ਪੰਜਾਂ ਪਾਣੀਆਂ ਦੇ, ਨਾਇਕ ਹਾਂ ਜੰਗਜੂ ਕਹਾਣੀਆਂ ਦੇ, ਬੁਜ਼ਦਿਲੀ ਸਾਡੀ ਤਾਸੀਰ ਨਹੀਂ , ਟੱਪਣ ਦਿੱਤੀ ਕਿਸੇ ਨੂੰ ਲਕੀਰ ਨਹੀਂ... ਇਸ ਖ਼ਿੱਤੇ ਚ ਜਦੋਂ ਪਹਿਲਾ ਧਾੜਵੀ ਆਇਆ ਸੀ, ਜਿਸਨੂੰ ਸਭਨਾਂ ਸਿਕੰਦਰ ਏ ਆਜ਼ਮ ਕਹਿ ਬੁਲਾਇਆ ਸੀ, ਕੁੱਲ ਆਲਮ ਨੂੰ ਜੀਹਨੇ ਲੱਤ ਹੇਠੋਂ ਲੰਘਾਇਆ ਸੀ, ਉਹਨੂੰ ਵੇਖ ਅਸੀਂ ਅੰਦਰ ਨਹੀਂ ਵੜੇ ਸੀ, ਉੱਠ ਖੜੇ ਸੀ ਅੜੇ ਸੀ ਲੜੇ ਸੀ .... ਓਹਦਾ ਗੁੱਟ ਮਰੋੜਿਆ ਸੀ, ਉਸਦੇ ਸੀਨੇ ਤੇ ਫੱਟ ਲਾ ਵਾਪਿਸ ਮੋੜਿਆ ਸੀ ... ਜ਼ੁਲਮ ਖ਼ਿਲਾਫ਼ ਉਠ ਖੜਣਾ, ਅੜਨਾ ,ਲੜਣਾ. ਸਾਡੀ ਕਸਵੱਟੀ ਹੈ, ਏਸੇ ਲਈ ਸਾਡਾ ਨਾਇਕ ਅਕਬਰ ਨਹੀਂ ਦੁੱਲਾ ਭੱਟੀ ਹੈ ... ਗਜ਼ਨਵੀ ਦੇ ਆਉਣ ਤੇ ਅਸੀਂ ਸ਼ਤਰੂ ਵਿਨਾਸ਼ ਮੰਤਰ ਨਹੀਂ ਪੜ੍ਹੇ ਸੀ ਅਸੀਂ ਉਠ ਖੜੇ ਸੀ ਅੜੇ ਸੀ ਲੜੇ ਸੀ... ਗੋਰਿਆਂ ਤੋਂ ਵੀ ਮੁਆਫ਼ੀਆਂ ਅਸੀਂ ਨਹੀਂ ਸੀ ਮੰਗੀਆਂ। ਅਸੀਂ ਅਪਣੀਆਂ ਪੱਗਾਂ ਕੇਸਰੀ ਸਨ ਰੰਗੀਆਂ, ਸਿੱਧੇ ਹਿੱਕ ਜਾ ਵੱਜੇ ਸਾਂ ਲੰਡਨ ਚ ਜਾ ਗੱਜੇ ਸਾਂ .. ਇਤਹਾਸ ਫ਼ਰੋਲ ਅਸੀਂ ਉੁੱਠ ਖੜਦੇ ਹਾਂ ..ਅੜਦੇ ਹਾਂ ਨਿਰੰਤਰ ਲੜਦੇ ਹਾਂ। ਕਿਉਂਕਿ ਅਸੀਂ ਤੁਰਦੇ ਹਾਂ ਵੱਡਿਆਂ ਦੇ ਪੂਰਨਿਆਂ ਤੇ .. ਇਹ ਸੰਘਰਸ਼ ਫ਼ਸਲਾਂ ਦਾ ਨਹੀਂ ਨਸਲਾਂ ਦਾ ਹੈ..

ਕਦੇ ਨਾ ਸਕਦੇ ਹਾਰ-ਦਲਜਿੰਦਰ ਰਹਿਲ

ਚੁੱਲ੍ਹਾ ਚੌਂਕਾ, ਅਗਨ - ਅੰਨ , ਜੀਵਨ ਦੇ ਆਧਾਰ। ਜਿਨਾਂ ਕੋਲ਼ ਇਹ ਬਰਕਤਾਂ, ਕਦੇ ਨਾ ਸਕਦੇ ਹਾਰ । ਮਾਵਾਂ ਜਿੱਥੇ ਰੱਬ ਨੇ , ਬਾਪ ਹੋਵਣ ਦਰਵੇਸ। ਉਸ ਵਿਹੜੇ ਦੀਆਂ ਰੌਣਕਾਂ, ਮੰਗਣ ਭਲਾ ਹਮੇਸ਼। ਸੰਜਮ, ਸਾਹਿਜ, ਸੋਹਜ ਸੁਰਤ, ਸਿਦਕ, ਸਿਰੜ੍ਹ ਤੇ ਆਨ। ਇਹ ਗੁਣ ਜਿਸ ਵੀ ਕੌਮ ਦੇ, ਉਹੀਓ ਬਣੇ ਮਹਾਨ। ਧਰਤੀ ਜਿਸਦੀ ਹੋਂਦ ਹੈ, ਫਸਲ ਹੈ ਜਿਸਦੀ ਸ਼ਾਨ । ਭੁੱਖਾ ਰਹਿ ਜੱਗ ਪਾਲ਼ਦਾ, ਦਾਤਾ ਹੈ ਕਿਰਸਾਨ । ਛੱਤ ਜਿਸਦੀ ਆਕਾਸ਼ ਹੈ, ਧਰਤੀ ਪਾਲਣਹਾਰ । ਕੁਦਰਤ ਜਿਸ ਦੀਆਂ ਰਹਿਮਤਾਂ, ਕੌਣ ਸਕੂਗਾ ਮਾਰ। ਚੁੱਲ੍ਹਾ ਚੌਂਕਾ, ਅਗਨ - ਅੰਨ , ਜੀਵਣ ਦੇ ਅਧਾਰ । ਜਿੰਨਾ ਕੋਲ ਇਹ ਬਰਕਤਾਂ, ਕਦੇ ਨਾ ਸਕਦੇ ਹਾਰ ।

ਗੀਤ-ਰੁਪਿੰਦਰ ਸਿੰਘ ਦਿਓਲ

ਗਲ਼ ਲੱਗ ਮਿਲ਼ੀਆਂ ਦੋ ਭੈਣਾਂ ਪੰਜਾਬ ਅਤੇ ਕਸ਼ਮੀਰ ਦੀਆਂ। ਕੰਢਿਆਂ ਤੀਕਰ ਭਰਕੇ ਵਗੀਆਂ ਨਦੀਆਂ ਨੈਣੋਂ ਨੀਰ ਦੀਆਂ। ਇਕ ਅੰਤਾਂ ਦੀ ਸੋਹਣੀ ਦੂਜੀ, ਪੰਜ ਆਬ ਦੀ ਰਾਣੀ, ਦੋਹਾਂ ਨੂੰ ਵਿਚਕਾਰੋਂ ਵੰਡਿਆ, ਦੁਸ਼ਮਣ ਬਣ ਗਏ ਹਾਣੀ। ਪੈਰ ਪੈਰ ਤੇ ਧੱਕੇਸ਼ਾਹੀਆਂ,ਜਰੀਆਂ ਵੱਡੇ ਵੀਰ ਦੀਆਂ। ਕੰਢਿਆਂ ਤੀਕਰ ਭਰਕੇ ਵਗੀਆਂ ਨਦੀਆਂ ਨੈਣੋਂ ਨੀਰ ਦੀਆਂ। ਅੱਧ-ਅਧੂਰੀ ਮਿਲ਼ੀ ਆਜ਼ਾਦੀ, ਸਾਡੇ ਤੀਕ ਨਾ ਪਹੁੰਚੀ। ਪਹਿਲਾਂ ਲੁੱਟੀ ਮੁਗਲ, ਫਿਰੰਗੀਆਂ, ਆਪਣਿਆਂ ਫਿਰ ਨੋਚੀ। ਘਰ ਵੜਦੇ ਹੀ ਲਾਹੀਆਂ ਵੰਗਾਂ, ਰਾਂਝਣਾਂ ਤੇਰੀ ਹੀਰ ਦੀਆਂ। ਕੰਢਿਆਂ ਤੀਕਰ ਭਰਕੇ ਵਗੀਆਂ ਨਦੀਆਂ ਨੈਣੋਂ ਨੀਰ ਦੀਆਂ। ਕੁਝ ਨਸ਼ਿਆ ਨੇ ਖਾ ਲਏ ਗੱਭਰੂ, ਕੁਝ ਗੋਲ਼ੀ ਨਾਲ਼ ਮਾਰੇ। ਘੋਰ ਤਸ਼ੱਦਦ ਕਰਕੇ ਬਹੁਤੇ, ਜੇਲ੍ਹਾਂ ਦੇ ਵਿੱਚ ਤਾੜੇ। ਵਿਚ ਸ਼ਮਸ਼ਾਨ ਦੇ ਸੁਣੀਆਂ ਕੂਕਾਂ, ਦਿਲ ਅੰਬਰਾਂ ਦਾ ਚੀਰਦੀਆਂ। ਕੰਢਿਆਂ ਤੀਕਰ ਭਰਕੇ ਵਗੀਆਂ ਨਦੀਆਂ ਨੈਣੋਂ ਨੀਰ ਦੀਆਂ। ਭੱਜਣ ਨੂੰ ਕੋਈ ਰਾਹ ਨਾ ਦਿਸਦਾ ਦੁੱਖਾਂ ਪਾ ਲਈ ਜੋਟੀ। ਅੰਨ ਦਾਤੇ ਲਈ ਔਖੀ ਹੋ ਗਈ ਦੋ ਡੰਗਾਂ ਦੀ ਰੋਟੀ। ਰਾਤੀਂ ਬੇਟੀ ਭੁੱਖੀ ਸੌ ਗਈ ,ਗੱਲਾਂ ਕਰਦੀ ਖ਼ੀਰ ਦੀਆਂ। ਕੰਢਿਆਂ ਤੀਕਰ ਭਰਕੇ ਵਗੀਆਂ ਨਦੀਆਂ ਨੈਣੋਂ ਨੀਰ ਦੀਆਂ। ਕੈਲਗਰੀ(ਕੈਨੇਡਾ)

ਧੁਖਣ-ਪਰਮਜੀਤ ਕੌਰ ਦਿਓਲ

ਉਨ੍ਹਾਂ ਨੂੰ ਕਹੋ! ਮਘਣ ਦਿਉ ਸਾਡੇ ਚੁੱਲ੍ਹੇ ਬੁੱਝੇ ਚੁੱਲ੍ਹਿਆ ਦਾ ਸਰਾਪ ਤੁਹਾਡੀ ਹਰ ਪੀੜ੍ਹੀ ਦੀਆਂ ਸਿਸਕੀਆਂ ਦਾ ਕਾਰਨ ਬਣ ਸਕਦੇ ਤੁਹਾਨੂੰ ਭੁੱਲ ਗਿਆ ‘ਕੁਕਨੂਸ’ ਜੋ ਭੁੱਬਲ਼ ਦੀ ਅੱਗ ਵਿੱਚੋਂ ਹਰ ਵਾਰ ਜੰਮਦਾ ‘ਤੇ ਵੰਗਾਰ ਖੜ੍ਹੀ ਕਰਦੈ ਜੇਕਰ ਤੁਸੀਂ ਨਾ ਟਲੇ ਤਾਂ ਤੁਸੀਂ ਸੋਚ ਲਵੋ ਇੱਕ ਵੀ ਬਚਿਆਂ ਚੁੱਲ੍ਹਾ ‘ਤੇ ਚੁੱਲ੍ਹੇ ਦੀ ਭੁੱਬਲ਼ ਵਿੱਚੋਂ ਇਨਕਲਾਬ ਉੱਠ ਸਕਦੈ ਉਹ ਇਨਕਲਾਬ ਤੁਹਾਡਾ ਖ਼ੁਰਾ ਖੋਜ ਮੁਕਾ ਸਕਦੇ ਕਣਕ ਦੇ ਦਾਣੇ ਦੇ ਢਿੱਡ ਉੱਤੇ ਬਣੀ ਲੀਕ ਨੂੰ ਕਦੇ ਵਿਚਾਰਿਓ ਉਸ ਦੀ ਆਂਦਰ ਨੂੰ ਪੜ੍ਹਿਓ ਉਸ ਡੂੰਘੀ ਲੀਕ ਨੂੰ ਤੱਕਿਓ ਤੁਸੀਂ ਸਮਝ ਜਾਉਗੇ ਜੇਕਰ ਤੁਸੀਂ ਨਾ ਸਮਝੇ ਤੁਸੀਂ ਗੂੰਗੇ ਹੀ ਨਹੀਂ ਤੁਸੀਂ ਬਹਿਰੇ ਹੀ ਨਹੀਂ ਤੁਸੀਂ ਅੰਨ੍ਹੇ ਹੋ ਤੁਹਾਡਾ ਜ਼ਮੀਰ ਮਰ ਚੁੱਕਾ ਹੈ। ਟੋਰੰਟੋ (ਕੈਨੇਡਾ)

ਵੇ ਸਤਲੁਜ ਦਿਆ ਪਾਣੀਆਂ-ਪਰਮਜੀਤ ਕੌਰ ਦਿਓਲ

ਵੇ ਸਤਲੁਜ ਦਿਆ ਪਾਣੀਆਂ। ਤੂੰ ਹੀ ਸਾਡੀਆਂ ਪੀੜਾਂ ਜਾਣੀਆਂ। ਦੱਸ!ਇਹ ਕਿਸ ਨੇ ਜ਼ੋਰਾਵਰ ਘੱਲੇ। ਸਾਡੇ ਖ਼ੇਤ ਹੀ ਖੋਹ ਕੇ ਲੈ ਚੱਲੇ। ਲੋਕਾਂ ਉੱਠ ਕੇ ਹੰਭਲ਼ਾ ਮਾਰਿਆ। ਧਰਤੀ ਦਾ ਕਰਜ਼ ਉਤਾਰਿਆ। ਗੁਰੂਆਂ ਦੀ ਗੱਲ ਬੰਨ੍ਹ ਪੱਲੇ। ਜੋ ਧਰ ਕੇ ਤਲੀ ਤੇ ਸਿਰ ਚੱਲੇ। ਸਾਡੇ ਘਰ ਨੂੰ ਸੰਨ੍ਹਾਂ ਲਾਉਂਦੇ ਆ। ਅਸੀਂ ਉਪਰ ਨਾ ਉੱਠੀਏ ਚਾਹੁੰਦੇ ਆ। ਇਹ ਕਰਦੇ ਰਹਿੰਦੇ ਨੇ ਹੱਲੇ। ਸਾਨੂੰ ਲਾਉਣਾ ਚਾਹੁੰਦੇ ਨੇ ਥੱਲੇ। ਇਹ ਅੱਜ ਵੀ ਕਰਨ ਨਾਦਾਨੀਆਂ ਇਹ ਮੰਗਦੇ ਫਿਰਨ ਕੁਰਬਾਨੀਆਂ ਫਿਰ ਮੌਤ ਅਪਣੀ ਨੂੰ ਬੰਨ੍ਹ ਪੱਲੇ। ਅਸੀਂ ਦਰ ਦਿੱਲੀ ਦੇ ਆ ਮੱਲੇ। ਇਹ ਕਾਫ਼ਲੇ ਰੁਕਣੇ ਨਹੀਂ। ਇਹ ਮਰਜੀਵੜੇ ਮੁਕਣੇ ਨਹੀਂ। ਇਹਨਾਂ ਨੂੰ ਸਮਝੋ ਨਾ ਝੱਲੇ। ਇਹ ਸੂਰਮੇ ਨਾ ਜਾਣ ਠੱਲ੍ਹੇ।

ਜਾਰੀ ਰਹੇਗਾ ਸੰਘਰਸ਼-ਅਮਰਜੀਤ ਟਾਂਡਾ (ਡਾ:)

ਜਾਰੀ ਰਹੇਗਾ ਸਾਡਾ ਸੰਘਰਸ਼ ਜਦ ਤੱਕ ਸੂਰਜ ਚ ਲੋਅ ਰਹੇਗੀ ਤਾਰੇ ਰਹਿਣਗੇ ਟਿਮਟਿਮਾਉਂਦੇ ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ ਜਾਰੀ ਰਹੇਗਾ ਸੰਘਰਸ਼ ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ ਬੇੜੀਆਂ ਨਹੀਂ ਡਿੱਗਦੀਆਂ ਟੁੱਟ ਕੇ ਪੈਰਾਂ ਚੋਂ ਕਿਰਤ ਕਰਨ ਵਾਲੇ ਹੱਥਾਂ ਵਿੱਚੋਂ ਗ਼ੁਲਾਮੀ ਨਹੀਂ ਝੜਦੀ ਰੁੱਤਾਂ ਚੋਂ ਨਹੀਂ ਜਾਂਦੇ ਉਦਾਸ ਪਹਿਰ ਚਾਵਾਂ ਤੇ ਨਹੀਂ ਪੈੰਦੀ ਕਿਣਮਿਣ ਬਹਾਰ ਦੇ ਮੌਸਮ ਦੀ ਸੰਘਰਸ਼ ਜਾਰੀ ਰਹੇਗਾ ਜਦ ਤੱਕ ਸਿਆੜਾਂ ਚ ਕਿਰੇ ਪਸੀਨੇ ਦੇ ਤੁਪਕਿਆਂ ਨੂੰ ਸਿੱਟੇ ਨਹੀਂ ਲੱਗਦੇ। ਬਾਸਮਤੀ ਦੀ ਮਹਿਕ ਦਾ ਪੂਰਾ ਮੁੱਲ ਨਹੀਂ ਮਿਲਦਾ ਝੁਕੀਆਂ ਪਿੱਠਾਂ ਨੂੰ ਕਪਾਹ ਦੇ ਖਿੜੇ ਟੀਂਡਿਆਂ ਚ ਫੁੱਟੀਆਂ ਦੇ ਮੁੱਖ ਤੇ ਮਖ਼ਮਲੀ ਮੁਸਕਰਾਹਟ ਨਹੀਂ ਉੱਗਦੀ। ਸੰਘਰਸ਼ ਜਾਰੀ ਰਹੇਗਾ ਜਦ ਤੱਕ ਅਰਮਾਨ ਕਤਲ ਹੋਣੋੰ ਨਹੀਂ ਬਚਦੇ ਬਾਪੂ ਦੀਆਂ ਅੱਖਾਂ ਚ ਲੋਅ ਨਹੀਂ ਜਗਦੀ ਦੀਪਕ ਵਰਗੀ ਮਿਹਨਤ ਦੀਆਂ ਲਕੀਰਾਂ ਚ ਤਕਦੀਰਾਂ ਨਹੀਂ ਫੁੱਟਦੀਆਂ ਨਵੀਂ ਰੀਝ ਵਰਗੀਆਂ ਜਾਗ ਨਹੀਂ ਲਗਦੇ ਸਿਤਾਰਿਆਂ ਦੇ ਲੋਕ ਗੀਤਾਂ ਨੂੰ ਸੂਰਜਾਂ ਨੂੰ ਛੂਹਣਾ ਨਹੀਂ ਸਿੱਖਦੇ ਉੱਠਦੇ ਨਾਹਰੇ। ਸੰਘਰਸ਼ ਜਾਰੀ ਰਹੇਗਾ ਜਦ ਤੱਕ ਮੰਡੀਆਂ ਚੋਂ ਕਣਕ ਦੇ ਸੋਨ ਰੰਗੇ ਸੁਪਨੇ ਭੰਗੜੇ ਪਾਉਂਦੇ ਘਰੀੰ ਨਹੀਂ ਪਰਤਦੇ ਬੱਚਿਆਂ ਲਈ ਨਵੇਂ ਖਿਡਾਉਣੇ ਲਿਆ ਬਾਪੂ ਵਿਹੜੇ ਚ ਆ ਕੇ ਨਹੀਂ ਮੁਸਕਰਾਉੰਦਾ ਸਰ੍ਹੋਂ ਦੇ ਖੇਤਾਂ ਚ ਰੌਣਕਾਂ ਨਹੀਂ ਖਿੜਦੀਆਂ ਬਸੰਤ ਵਰਗੀਆਂ ਪੰਛੀ ਨਹੀਂ ਪਰਤਦੇ ਘਰਾਂ ਨੂੰ ਮੋਤੀਆਂ ਦੀ ਚੋਗ ਲੈ ਕੇ। ਸੰਘਰਸ਼ ਜਾਰੀ ਰਹੇਗਾ ਜਦ ਤੱਕ ਅਦਾਲਤਾਂ ਨਹੀਂ ਸਿੱਖਦੀਆਂ ਨਿਆਂ ਕਰਨੇ ਮੁੱਦਤਾਂ ਦੇ ਪਏ ਫਾਈਲਾਂ ਚ ਸਹਿਕਦੇ ਕਚਹਿਰੀਆਂ ਦੇ ਰੁੱਖਾਂ ਹੇਠ ਛਾਂਵਾਂ ਨਹੀਂ ਮੁੜਦੀਆਂ ਉਮੀਦਾਂ ਬਣ ਕੇ। ਪੂੰਝੇ ਨਹੀਂ ਜਾਂਦੇ ਹਨੇਰੇ ਵਿਹੜਿਆਂ ਚੋਂ ਥਾਣਿਆਂ ਚ ਬੇਪਤ ਹੋਣੋਂ ਨਹੀਂ ਹਟਦੀਆਂ ਬੱਗੀਆਂ ਦਾੜ੍ਹੀਆਂ ਸਾਡਾ ਸੰਘਰਸ਼ ਜਾਰੀ ਰਹੇਗਾ ਜਦ ਤੱਕ ਹਾਕਮ ਪਰਿਆ ਚ ਆ ਕੇ ਗ਼ਲਤੀਆਂ ਦਾ ਅਹਿਸਾਸ ਨਹੀਂ ਕਰਦਾ ਮਨਮਾਨੀਆਂ ਕਰਨੋ ਨਹੀਂ ਹਟਦਾ ਕਾਨੂੰਨਾਂ ਨੂੰ ਜਬਰੀ ਸਾਡੇ ਸਿਰ ਮੜ੍ਹ ਕੇ। ਗਲਾਂ ਚੋਂ ਨਹੀਂ ਟੁੱਟਦੇ ਕਰਜ਼ਿਆਂ ਦੇ ਫੰਦੇ ਨਹੀਂ ਮਰਦੀਆਂ ਭ੍ਰਿਸ਼ਟਾਚਾਰੀ ਹਵਾਵਾਂ ਦਫਤਰਾਂ ਦੀਆਂ ਖਿੜਕੀਆਂ 'ਚੋਂ। ਸੰਘਰਸ਼ ਜਾਰੀ ਰਹੇਗਾ ਜਦ ਤੱਕ ਲੜਨ ਦੀ ਰੀਝ ਨਾ ਮਰੀ ਜ਼ਖ਼ਮੀ ਹੋ ਹਫ ਕੇ ਨਾ ਡਿੱਗੇ ਅਰਮਾਨ ਝੁੱਗੀ ਦੇ ਅੰਦਰ ਦੀਵਾ ਨਾ ਜਗਿਆ ਚੰਦ ਵਰਗਾ ਤਾਰਿਆਂ ਨੂੰ ਨਾ ਫੜਾਇਆ ਖੇਡਣ ਲਈ ਨੰਨ੍ਹਿਆਂ ਆਂ ਦੇ ਹੱਥਾਂ ਚ ਸੰਘਰਸ਼ ਜਾਰੀ ਰਹੇਗਾ ਜਦ ਤੱਕ ਅਸਮਾਨ ਗੰਧਲਾ ਰਿਹਾ ਸੁਪਨੇ ਮਰਦੇ ਰਹੇ ਜਦੋਂ ਤੱਕ ਕਿਰ ਕਿਰ ਕੇ ਤਲਵਾਰ ਰਹੀ ਸੁੱਤੀ ਜਦ ਤੱਕ ਨਾਲ ਯਾਰੜੇ ਦੇ ਸੱਥਰ 'ਤੇ। ਸਿਡਨੀ ਆਸਟਰੇਲੀਆ