Dharat Vangaare Takhat Nu (Part-8)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਅੱਠਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)ਓ ਭਾਈ-ਸਵਾਮੀ ਅੰਤਰ ਨੀਰਵ

ਧਿਆਨ ਨਾਲ ਵੇਖ ਕਣਕ ਝੋਨੇ ਜਾਂ ਬਾਜਰੇ ਦਾ ਰੰਗ ਬਹੁਤਾ ਵੱਖਰਾ ਨਹੀਂ ਹੁੰਦਾ ਧਰਤੀ ਦੇ ਰੰਗ ਨਾਲੋਂ ਸਾਨੂੰ ਕਾਲ਼ੀ ਮਿੱਟੀ ਵਿੱਚ ਚਿੱਟੀ ਕਪਾਹ ਖਿੜਾਉਣੀ ਵੀ ਆਉਂਦੀ ਚਾਲਬਾਜ਼ੀਆਂ ਛੱਡ ਹੁਣ। 2. ਕਿੰਨੂ ਕੰਡਿਆਲੇ ਰੁੱਖਾਂ ਤੇ ਲੱਗਦੇ ਠੰਢਾਂ ਵਿੱਚ ਪੱਕਦੇ ਤੂੰ ਡਰਾ ਕਿਸ ਨੂੰ ਰਿਹਾ। 3. ਮੱਝ ਦੇ ਚਾਰ ਥਣ ਹੁੰਦੇ ਦੋ ਕੱਟੀਆਂ ਲਈ ਛੱਡ ਦਿੰਦੇ ਅਸੀਂ ਦੋ ਰੱਖ ਲੈਂਦੇ ਆਵਦੇ ਲਈ ਆ ਲੰਗਰ ਛਕ।

ਹਾਕਮਾਂ ਵੇ!-ਡਾ ਗੁਰਬਖ਼ਸ਼ ਸਿੰਘ ਭੰਡਾਲ

ਬੇਕਿਰਕ ਹਾਕਮਾਂ ਵੇ! ਖ਼ਲਕਤ ਜਿਉਂਦੀ ਕਿਹੜੇ ਹਾਲਾਂ? ਚੁੱਲਿਆਂ `ਚ ਘਾਹ ਉਗਿਆ ਘਰ ਦੇ ਮੁੱਖੜੇ ਤੇ ਘਰਾਲਾਂ ਇਹ ਵੱਸਦਾ ਉਜੜ ਗਿਆ ਤੂੰ ਲੁੱਟਿਆ ਸੰਗ ਭਿਆਲਾਂ ਦੇਖੀਂ! ਉਡਦੀ ਖ਼ੇਹ ਬਣਨਾ ਤੇਰੇ ਕੋਹਝੇ ਖ਼ਾਬ-ਖਿਆਲਾਂ। ਬੇਦਰਦ ਹਾਕਮਾਂ ਵੇ! ਕਦੇ ਸੁਣ ਖੇਤਾਂ ਦੇ ਬੋਲ ਸਿੱਟਿਆਂ `ਚ ਸਿੱਸਕੀਆਂ ਨੇ ਤੇ ਹੰਝੂਆਂ ਭਿੱਜੇ ਬੋਹਲ ਖੇਤਾਂ ਦੇ ਰਾਣਿਆਂ ਦੀ ਕਿਰਤ ਐਂਵੇਂ ਨਾ ਰੋਲ ਫਿਰ ਹੱਥੀਂ ਦਿਤੀਆਂ ਤੂੰ ਕੀਕੂੰ ਸਕਾਂਗੇ ਗੰਢਾਂ ਖੋਲ? ਬੇਰਹਿਮ ਹਾਕਮਾਂ ਵੇ! ਤੇਰੀ ਅੱਖੀਂ ਉਗਿਆ ਟੀਰ ਸ਼ਾਂਤੀ ਤੇ ਸਬਰ ਸਾਹਵੇਂ ਹਰਨਾ, ਜ਼ਬਰ ਅਖ਼ੀਰ ਸੂਹੀ ਸੋਚ ਦੀ ਸਰਗਮ `ਚ ਸਦਾ ਜਿਉਂਦੀ ਰਹੇ ਜ਼ਮੀਰ ਤੇ ਰੱਟਣਾਂ ਵਾਲੇ ਹੱਥਾਂ ਨੇ `ਕੇਰਾਂ ਘੜਨੀ ਖੁਦ ਤਕਦੀਰ। ਬੇਸ਼ਰਮ ਹਾਕਮਾਂ ਵੇ! ਤੇਰੇ ਮਸਤਕ ਵਿਚ ਹਨੇਰ ਕਿਉਂ ਨਜ਼ਰ ਨਾ ਆਉਂਦੀ ਆ ਤੇਰੇ ਵਿਹੜੇ ਚੜ੍ਹੀ ਸਵੇਰ ਮਨਾਂ ਦੇ ਸੰਨਵੇਂ ਖੇਤਾਂ `ਚ ਤਾਰੇ ਦਿਤੇ ਪੌਣਾਂ ਕੇਰ ਹੱਕਾਂ ਵਾਲਿਆਂ ਹੱਕ ਲੈਣੇ ਭਾਵੇਂ ਹੋ ਜੇ ਦੇਰ-ਅਵੇਰ। ਨਾ-ਸ਼ੁਕਰੇ ਹਾਕਮਾਂ ਵੇ! ਕਾਹਤੋਂ ਸੁੱਕਣੇ ਪਾਈਆਂ ਛਾਵਾਂ ਅੰਬਰ ਬਣੀਆਂ ਪੁੱਤਾਂ ਲਈ ਮੰਨਤਾਂ ਵਰਗੀਆਂ ਮਾਵਾਂ ਦੀਵਿਆਂ ਦੀਆਂ ਡਾਰਾਂ ਇਹ ਤਖ਼ਤ ਨੂੰ ਜਾਂਦੀਆਂ ਰਾਹਵਾਂ ਤੇ ਜ਼ਿੰਦਗੀ ਦੇ ਕਾਫ਼ਲਿਆਂ ਨੇ ਬਣਨਾ ਸੂਰਜਾਂ ਦਾ ਸਿਰਨਾਵਾਂ। ਕਲੀਵਲੈਂਡ (ਅਮਰੀਕਾ)

ਖੇਤ ਉਦਾਸ ਨੇ-ਡਾ: ਗੁਰਬਖ਼ਸ਼ ਸਿੰਘ ਭੰਡਾਲ

ਸਿਆੜ ਤੋਂ ਸੜਕ ਵੱਲ ਨੂੰ ਤੁੱਰ ਪਈ ਹੈ ਕਵਿਤਾ ਪੁੱਲੀਆਂ ਦੇ ਕੰਢੇ ਬਣ ਗਏ ਔਲੂ ਦਾ ਕਿਨਾਰਾ ਜਿਥੇ ਸਦ-ਸੋਚ ਦੀਆਂ ਸਲਾਹਾਂ ਹੁੰਦੀਆਂ ਮੋੜਾਂ 'ਤੇ ਉਗ ਆਈਆਂ ਨੇ ਵੱਟਾਂ ਜਿਹਨਾਂ 'ਤੇ ਮੌਲਦੀ ਏ ਪੀਲੇ ਫੁੱਲਾਂ ਦੀ ਬਹਾਰ ਚੌਰੱਸਤਿਆਂ ਵਿਚ ਉਗ ਆਏ ਨੇ ਖੇਤ ਜੋ ਪੁੱਤਾਂ ਵਾਂਗ ਪਾਲੀ ਫ਼ਸਲ ਦਾ ਦਰਦ ਬਣੇ ਬੈਠੇ ਨੇ ਪਟੜੀਆਂ ਬਣ ਗਈਆਂ ਨੇ ਕਿਆਰੇ ਜਿਹਨਾਂ ਦੇ ਹੌਕਿਆਂ ਨੂੰ ਸੁਣਨ ਤੋਂ ਆਕੀ ਏ ਰਾਜ-ਦਰਬਾਰ ਚੌਰਾਹਾ ਤਾਂ ਚੌਤਰਫ਼ੀ ਮਿਲਦੀਆਂ ਆੜਾਂ ਜਿਹਨਾਂ 'ਚ ਵਗਦੀ ਏ ਦਰਦ-ਕਹਾਣੀ ਚਾਹੁੰਦੇ ਜੋ ਬਹਿਰੇ ਵਕਤ ਨੂੰ ਸੁਣਾਣੀ ਇਹ ਕਵਿਤਾ ਨਾਬਰੀ ਦੀ ਕਵਿਤਾ ਏ ਲਿੱਲਕੜੀਆਂ ਦੀ ਲੇਰ ਨਹੀਂ ਇਸਨੇ ਦਰ-ਬ-ਦਰ ਵੀ ਨਹੀਂ ਹੋਣਾ ਵੇ ਵਕਤਾ! ਇਸਦੀ ਮੰਨ ਅਤੇ ਪਲੋਸ ਕੇ ਇਸਨੂੰ ਖੇਤਾਂ ਵੰਨੀਂ ਤੋਰ ਕਿਉਂਕਿ ਬਹੁਤ ਉਦਾਸ ਹੋ ਗਏ ਨੇ ਖੇਤ ਇਹ ਸਿਆੜਾਂ ਵਿਚ ਜਾਵੇ ਤੇ ਆਪਣਾ ਕਰਮ-ਧਰਮ ਨਿਭਾਵੇ ਕਵਿਤਾ ਦੀ ਗੈਰ-ਹਾਜਰੀ ਵਿਚ ਖੇਤਾਂ ਦੀ ਉਦਾਸੀ ਮਰਸੀਆ ਨਹੀਂ ਬਣਨਾ ਚਾਹੁੰਦੀ। ਕਲੀਵਲੈਂਡ (ਅਮਰੀਕਾ)

ਨਾਨਕ ਦਾ ਹਲ਼-ਡਾ: ਗੁਰਬਖ਼ਸ਼ ਸਿੰਘ ਭੰਡਾਲ

ਕਰਤਾਰਪੁਰ ਦੇ ਖੇਤਾਂ ਵਿਚ ਵੱਗਦਾ ਬਾਬੇ ਨਾਨਕ ਦਾ ਹਲ਼ ਮਨ-ਮਿੱਟੀ ਦੀ ਜ਼ਰਖੇਜ਼ਤਾ ਟੋਹ ਸ਼ਬਦ-ਜੋਤ ਬੀਜਦਾ ਕਿਰਤ ਦਾ ਮਾਣ ਬਿਖੇਰਦਾ ਸੀ। ਬਾਬੇ ਦਾ ਹਲ਼ ਕਦੇ ਚੜ੍ਹਦੇ ਵੰਨੀਂ ਜਾਂਦਾ ਤੇ ਫਿਰ ਲਹਿੰਦੇ ਵੰਨੀਂ ਪਰਤਦਾ ਨਹੀਂ ਸਨ ਹੱਦਾਂ-ਸਰਹੱਦਾਂ ਤੇ ਕੱਟੜਤਾ ਦੀਆਂ ਵਲਗਣਾਂ ਨਾਨਕ ਦੇ ਹਲ਼ ਨਾਲ ਮਿੱਟਦੀਆਂ ਸਨ ਜਾਤ-ਪਾਤ ਦੀਆਂ ਵੱਟਾਂ ਤੇ ਬੋਹਲ਼ ਦੇ ਦਸਵੰਧ ਨਾਲ ਚੱਲਦਾ ਸੀ ਲੰਗਰ ਦਾ ਪ੍ਰਵਾਹ। ਜੋਗ ਦੀਆਂ ਟੱਲੀਆਂ ਨਾਲ ਗੁੰਜਦਾ ਸੀ ਫ਼ਿਜ਼ਾ ਵਿਚ ਕਿਰਤ ਦਾ ਹੋਕਰਾ ਸੱਚ ਦੀ ਸੱਦ ਤੇ ਅਨਿਆਂ ਵਿਰੁੱਧ ਬੁਲੰਦਗੀ। ਹਲ਼ ਵਾਹੁੰਦਿਆਂ ਨਾਨਕ ਹਾਲ਼ੀ ਦੇ ਪ੍ਰਵਚਨਾਂ 'ਚੋਂ ਪ੍ਰਕਾਸ਼ਮਾਨ ਹੁੰਦਾ ਸੀ 'ਸੁਰਤਿ ਮਤਿ ਬੁਧਿ ਪਰਗਾਸੁ' ਵਕਤ ਦੀ ਚਾਲ ਨਾਲ ਕੋਹਝੀਆਂ ਕਰਵਟਾਂ ਨੇ ਤਹਿਜ਼ੀਬ ਦੀ ਹਿੱਕ 'ਚ ਬੀਜ ਦਿਤੇ ਸਨ ਕੁਝ ਸ਼ੱਕ ਤੇ ਭਰਮ-ਭੁਲੇਖੇ ਪਰ ਹੁਣ ਦਿੱਲੀ ਦੇ ਧੁੰਧਲਕੇ 'ਚ ਉਗਿਆ ਸੂਰਜ ਹੀ ਤਾਂ ਹੈ ਲੋਕ-ਮਨਾਂ ਵਿਚ ਨਾਨਕ ਦੇ ਹਲ਼ ਦਾ ਜੋਤਰਾ। ਕਲੀਵਲੈਂਡ (ਅਮਰੀਕਾ)

ਮਜ਼ਲੂਮਾਂ ਦੇ ਘਰ ਹੀ ਫੂਕੇ ਸੁਲਗਦੀਆਂ ਤਕਰੀਰਾਂ ਨੇ-ਰੁਪਿੰਦਰ ਦਿਓਲ

ਮਜ਼ਲੂਮਾਂ ਦੇ ਘਰ ਹੀ ਫੂਕੇ ਸੁਲਗਦੀਆਂ ਤਕਰੀਰਾਂ ਨੇ। ਆਪਣਿਆਂ ਦੇ ਗਲ਼ ਹੀ ਲਾਹੇ ਜ਼ੁਲਮ ਦੀਆਂ ਸ਼ਮਸ਼ੀਰਾਂ ਨੇ। ਕੁਝ ਆਫ਼ਤ ਨੂੰ ਸਹਿਤੀ ਦਿੱਤੀ ਚੁੱਪ ਰਹੇ ਅਖਬਾਰਾਂ ਨੇ, ਕੁਝ ਲੋਕਾਂ ਨੂੰ ਬੇਘਰ ਕੀਤਾ ਬੋਲਦੀਆਂ ਤਸਵੀਰਾਂ ਨੇ। ਵੀਰ ਸ਼ਮੀਰ ਨਾ ਕਾਬਿਲ ਹਾਲੇ ਅਪਣਾ ਜ਼ੁਰਮ ਕਬੂਲਣ ਦੇ, ਦੋਸ਼ ਮੁਕਤ ਨਹੀ ਹੋਣਾ ਹਾਲੇ ਜੰਡ ਤੇ ਟੰਗੇ ਤੀਰਾਂ ਨੇ। ਮੇਰੇ ਕੰਮ ਸਦਾ ਹੀ ਆਏ ਅੱਟਣ ਮੇਰੀਆਂ ਤਲ਼ੀਆਂ ਦੇ, ਉਂਜ ਕਈਆਂ ਨੂੰ ਰੋਟੀ ਪਾਇਆ ਹੱਥਾਂ ਦੀਆਂ ਲਕੀਰਾਂ ਨੇ। ਤੇਰੀ ਮੇਰੀ ਨਫ਼ਰਤ ਜਦ ਤਕ ਵੋਟ ਵਸੀਲਾ ਉਹਨਾਂ ਦਾ, ਤੇਰੀ ਮੇਰੀ ਗੱਲ ਨਾ ਕਰਨੀ ਸਾਂਸਦ ਵਿੱਚ ਵਜ਼ੀਰਾਂ ਨੇ। ਲੋਹਾ ਪੱਥਰ ਲੱਕੜ ਆਖਰ ਸਭ ਨੇ ਮਿੱਟੀ ਹੋ ਜਾਣਾ ਹੈ, ਸਦੀਆਂ ਤੀਕਰ ਸਾਲਮ ਰਹਿਣਾ ਸ਼ਬਦਾਂ ਦਿਆਂ ਸ਼ਤੀਰਾਂ ਨੇ। ਕੈਲਗਰੀ (ਕੈਨੇਡਾ)

ਗੀਤ-ਗੁਰਜੰਟ ਸਿੰਘ ਮਰ੍ਹਾੜ

ਅਸੀਂ ਵਾਰਿਸ ਹਾਂ ਸ਼ਹੀਦ ਭਗਤ ਸਿੰਘ ਦੇ, ਦਮੂਖਾਂ ਬੀਜਣ ਵਾਲੇ ਚੋਜ ਕਰਾਂਗੇ । ਜੇ ਪੱਗ ਬੰਨਣੀ ਸਾਡਾ ਗੁਨਾਹ ਲਗਦਾ, ਫਿਰ ਇਹ ਗੁਨਾਹ ਤਾਂ ਅਸੀਂ ਰੋਜ਼ ਕਰਾਂਗੇ । ਜੋਸ਼ ਵੀ ਹੈ ਪੂਰਾ, ਸਾਨੂੰ ਹੋਸ਼ ਵੀ ਹੈ ਪੂਰਾ, ਇਰਾਦਾ ਪੱਥਰਾਂ ਦੇ ਵਾਂਗੂ ਸਾਡਾ ਠੋਸ ਵੀ ਹੈ ਪੂਰਾ । ਸਾਨੂੰ ਛੇੜੇਂਗਾ ਤਾਂ ਹਨੇਰੀਆਂ ਲਿਆ ਦੇਵਾਂਗੇ, ਅਸੀਂ ਇੱਟ ਨਾਲ ਇੱਟ ਖੜਕਾ ਦੇਵਾਂਗੇ। ਰਾਹ ਦੇ ਰੋੜਿਆਂ ਨੂੰ ਠੋਕਰਾਂ ਦੇ ਨਾਲ ਰੋੜਦੇ, ਹੰਕਾਰ ਵੈਰੀਆਂ ਦਾ ਮੁੱਢ ਤੋਂ ਹੀ ਆਏ ਤੋੜਦੇ । ਤੇਰੇ ਭਰਮ ਭੁਲੇਖੇ ਵੀ ਮਿਟਾ ਦੇਵਾਂਗੇ । ਅਸੀਂ ਇੱਕ ਨਾਲ ਇੱਟ ਖੜਕਾ ਦੇਵਾਂਗਾ । ਇਤਿਹਾਸ ਦੱਸਦਾ ਕਿ ਅਸੀਂ ਨਾ ਕਿਸੇ ਤੋਂ ਡਰਦੇ। ਕ੍ਰਾਂਤੀਆਂ ਦੀ ਏਦਾਂ ਸ਼ੁਰੂਆਤ ਕਰਦੇ। ਤੇਰੀ ਹਾਕਮਾ ਓਏ ਧਰਨ ਹਿਲਾ ਦੇਵਾਂਗੇ। ਅਸੀਂ ਇੱਟ ਨਾਲ ਇੱਟ ਖੜਕਾ ਦੇਵਾਂਗਾ । ਪਹਿਲਾਂ ਵਾਰ ਅਸੀਂ ਕਿਸੇ ਉੱਤੇ ਨਹੀਂ ਕਰਦੇ। ਜਦੋਂ ਅੜ ਗਏ ਤਾਂ ਪੈਰ ਨਾ ਪਿਛਾਂਹ ਨੂੰ ਧਰਦੇ । ਤੈਨੂੰ ਤੇਰੀ ਸਹੀ ਹਸਤੀ ਵਿਖਾ ਦੇਵਾਂਗੇ, ਅਸੀਂ ਇੱਟ ਨਾਲ ਇੱਟ ਖੜਕਾ ਦੇਵਾਂਗਾ । ਜੀਹਦੇ ਖ਼ੂਨ ਵਿੱਚ ਹੁੰਦਾ ਹੈ ਬਰੂਦ ਭਰਿਆ। ਪਾਇਲਵਾਲਿਆ ਉਹ ਤੋਪਾਂ ਤੋਂ ਕਦੇ ਨਾ ਡਰਿਆ। ਤੈਥੋਂ ਨੱਕ ਨਾਲ ਲੀਕਾਂ ਕਢਵਾ ਦੇਵਾਂਗੇ। ਅਸੀਂ ਇੱਟ ਨਾਲ ਇੱਟ ਖੜਕਾ ਦੇਵਾਂਗੇ। ਕਾਲ਼ਾ ਪਾਇਲਵਾਲਾ

ਇੱਕ ਚਿੱਠੀ-ਬਲਜੀਤ ਖ਼ਾਨ

(ਵਤਨ ਦੇ ਕਿਰਤੀ ਕਿਸਾਨਾਂ ਦੇ ਨਾਮ) ਜਿੱਥੇ-ਜਿੱਥੇ ਤੁਸੀਂ ਤੰਬੂ ਲਾਏ ਹੋਏ ਹਨ ਟਰਾਲੀਆਂ ਖਲ੍ਹਿਆਰੀਆਂ ਹੋਈਆਂ ਹਨ, ਥੋਡਾ ਉਹਨਾਂ ਥਾਵਾਂ ਨਾਲ਼ ਮੋਹ ਪੈ ਜਾਣਾ ਏ, ਜਦੋਂ ਓਥੋਂ ਵਾਪਸ ਤੁਰੇ ਮਨ ਉਦਾਸ ਹੋਵੇਗਾ, ਰੋਣ ਵੀ ਆਵੇਗਾ। ਬੇਸ਼ੱਕ ਉਹ ਚੁੱਲ੍ਹੇ ਤੇ ਚੁਰਾਂ ਆਰਜ਼ੀ ਹਨ ਪਰ ਤੁਰਨ ਲੱਗਿਆਂ ਉਹਨਾਂ ਨੂੰ ਢਾਹੁਣਾ ਬੜਾ ਔਖਾ ਹੋਵੇਗਾ। ਤੁਹਾਡਾ ਮਨ ਹੋਰ ਕੁਝ ਦਿਨ ਰੁਕਣ ਨੂੰ ਕਰੇਗਾ, ਸੋਚੋਂਗੇ ਇਹ ਮੇਲਾ ਵਿੱਝੜ ਕਿਉਂ ਚੱਲਿਆ। ਅਜਿਹੀਆਂ ਘੜੀਆਂ ਸਦੀਆਂ ਬਾਅਦ ਕਦੇ ਆਉਂਦੀਆਂ ਨੇ। ਤੁਸੀਂ ਵੱਡਭਾਗੇ ਹੋ ਤੁਸੀਂ ਸਿਰਫ਼ ਇਤਿਹਾਸਕ ਪਲਾਂ ਦੇ ਗਵਾਹ ਹੀ ਨਹੀਂ ਬਣੇ ਸਗੋਂ ਪੂਰੇ ਸੁਚੇਤ ਪਾਤਰ ਬਣ ਵਿੱਚਰੇ ਹੋ। ਬਰਲਿਨ ਦੀ ਕੰਧ ਵਾਂਗ ਸ਼ਾਇਦ ਕੋਈ ਕੰਕਰ-ਰੋੜੀ ਯਾਦ-ਨਿਸ਼ਾਨੀ ਵਜੋਂ ਝੋਲ਼ੇ 'ਚ ਪਾ ਪਿੰਡ ਪਰਤੋ ਇਹ ਵੀ ਹੋ ਸਕਦਾ ਏ ਕੋਈ ਤੁਹਾਡੀ ਪੈੜ ਦੀ ਮਿੱਟੀ ਨੂੰ ਕਿਸੇ ਸੁੱਚੇ ਲੀੜੇ ਦੀ ਟਾਕੀ ਵਿੱਚ ਬੰਨ੍ਹ ਕੇ ਸਦਾ ਲਈ ਸਾਂਭ ਲਵੇ। ਤੁਹਾਡੇ ਤੁਰਨ ਮਗਰੋਂ ਦਿੱਲੀ ਦੀਆਂ ਗ਼ਲੀਆਂ ਸੁੰਞੀਆਂ ਹੋ ਜਾਣੀਆਂ ਨੇ। ਓਏ, ਤੁਸੀਂ ਦਿਲ ਜਿੱਤ ਲਏ ਹਨ, ਤੁਸੀਂ ਸਿਕੰਦਰ ਬਾਦਸ਼ਾਹ ਨੂੰ ਕਿਤੇ ਪਿਛਾਂਹ ਛੱਡ ਦਿੱਤਾ ਏ! ਥੋਡਾ ਕਿੱਸਿਆਂ, ਕਹਾਣੀਆਂ, ਕਿਤਾਬਾਂ 'ਚ ਜ਼ਿਕਰ ਹੋਵੇਗਾ। ਤੁਸੀਂ ਵੀਹ ਸੌ ਵੀਹ ਨੂੰ ਦਿਲਾਂ-ਦਿਮਾਗਾਂ ਦੀਆਂ ਕੰਧਾਂ 'ਤੇ ਡੂੰਘਾ ਉਕਰ ਦਿੱਤਾ ਏ। ਥੋਨੂੰ ਦਸਾਂ 'ਚੋਂ ਸੌ ਨੰਬਰ ਦੇਣ ਨੂੰ ਜੀਅ ਕਰਦਾ ਏ। ਨਾ ਤਾਂ ਐਤਕੀਂ ਵਰਗਾ ਛੇਤੀ ਕਿਤੇ ਪਹਿਲੇ ਪਾਤਸ਼ਾਹ ਦਾ ਗੁਰਪੁਰਬ ਆਉਣਾ ਏ ਨਾ ਹੀ ਐਤਕੀਂ ਵਰਗਾ ਨਵਾਂ ਸਾਲ਼ ਚੜ੍ਹਣਾ ਏ। ਥੋਨੂੰ ਓਸ ਮੁਹੱਲੇ ਦੇ ਅਨਾਥ ਤੇ ਗ਼ਰੀਬ ਬੱਚੇ ਸਾਰੀ ਉਮਰ ਯਾਦ ਰੱਖਣਗੇ ਜਿੰਨ੍ਹਾਂ ਨੂੰ ਤੁਸੀਂ ਸਾਦ-ਮੁਰਾਦੀ, ਸੁਚੱਜੀ ਜ਼ਿੰਦਗੀ ਦੇ ਦਰਸ਼ਨ ਕਰਵਾਏ ਹਨ। ਜਿਉਣ-ਜੋਗਿਉ, ਥੋਡੀਆਂ ਉਡੀਕਾਂ ਹੋਣਗੀਆਂ! ਉਮੀਦ ਕਰਦਾ ਹਾਂ, ਕਈਆਂ ਨਾਲ਼ ਹੋਈਆਂ ਨਵੀਆਂ ਵਾਕਫ਼ੀਅਤਾਂ ਤਾਅ-ਉਮਰ ਨਿਭਣਗੀਆਂ। ਸਾਲਾਂ ਬਾਅਦ ਉਹਨਾਂ ਰਾਹਾਂ ਉੱਤੋਂ ਦੀ ਜਦੋਂ ਕਦੇ ਗੇੜਾ ਲੱਗੇਗਾ ਤਾਂ ਅਣਗਿਣਤ ਯਾਦਾਂ ਹਾਜ਼ਰੀ ਲਵਾਉਣ ਆ ਬਹੁੜਣਗੀਆਂ। ਮਨ ਪਿਛਲ-ਝਾਤ ਮਾਰੇਗਾ, ਕਦੇ ਇਹਨਾਂ ਸੜਕਾਂ 'ਤੇ ਭੁੰਜੇ ਸੁੱਤੇ ਸਾਂ, ਰੋਟੀਆਂ ਪਕਾਈਆਂ ਤੇ ਖਾਧੀਆਂ ਸਨ, ਨਾਹਰੇ ਲਾਏ ਪੋਹ ਦੀਆਂ ਠੰਢੀਆਂ ਰਾਤਾਂ ਨੂੰ ਤੰਗੀਆਂ ਝੱਲੀਆਂ ਸਨ। ਮਾਣ ਹੋਵੇਗਾ, ਜਿਵੇਂ ਪੁਰਾਣੇ ਵਿਦਿਆਰਥੀ ਦਾ ਮਨ ਆਪਣੇ ਸਕੂਲ ਦੀ ਇਮਾਰਤ ਨੂੰ ਨਤਮਸਤਕ ਹੋਣ ਨੂੰ ਕਰਦਾ ਏ। ਤੁਹਾਡਾ ਵੀ ਕਰੇਗਾ, ਖੇੜਾ ਅਤੇ ਵੈਰਾਗ ਇੱਕੋ ਵੇਲ਼ੇ ਤੁਹਾਡੀ ਰੂਹ ਨੂੰ ਕਲਾਵੇ 'ਚ ਲੈ ਲੈਣਗੇ। ਸਾਡਾ ਵੀ ਦੂਰ ਬੈਠਿਆਂ ਮਨ ਵਾਰ-ਵਾਰ ਵੈਰਾਗ 'ਚ ਡੁੱਬ ਜਾਂਦਾ ਏ, ਭੁਲੇਖਾ ਪੈਂਦਾ ਏ, ਥੋਡੇ 'ਚ ਕੋਈ ਹੋਰ ਬਿਰਾਜਮਾਨ ਏ। ਚੜ੍ਹਦੀ ਕਲ਼ਾ ਕੀ ਹੁੰਦੀ ਏ, ਕੀ ਚੜ੍ਹਦੀ ਕਲ਼ਾ ਖ਼ੁਸ਼ੀ ਹੁੰਦੀ ਏ? ਨਹੀਂ….. ਗ਼ਮੀ 'ਚ ਵੀ ਹੌਂਸਲੇ ਦਾ ਜਜ਼ਬਾ ਹੁੰਦੀ ਏ, ਜ਼ਿੰਦਗੀ ਅਤੇ ਮੌਤ ਤੋਂ ਪਾਰ ਦੇਖਣ ਦੀ ਦੂਰ-ਦ੍ਰਿਸ਼ਟੀ ਹੁੰਦੀ ਏ ਜੋ ਹੋਕਾ ਦਿੰਦੀ ਏ, ਲੋਕੋ, ਗਵਾਇਆ ਕੁਝ ਵੀ ਨਹੀਂ। ਆਪਣੀਆਂ ਜਿੱਤਾਂ ਅਤੇ ਪ੍ਰਾਪਤੀਆਂ ਨੂੰ ਆਪਣੇ ਵੱਡੇ-ਵਡੇਰਿਆਂ ਦੇ ਨਾਂ ਲਿਖ ਦੇਣਾ ਹੀ ਗੁਰੂ ਵਾਲ਼ੇ ਹੋਣਾ ਹੁੰਦਾ ਏ! ਇਸ ਵਾਰ ਅਸੀਂ ਘਰੋਂ ਐਸੇ ਨਿਕਲੇ ਕਿ ਸੱਚੀਂ ਘਰ ਪਰਤ ਆਏ ਹਾਂ। ਪਛਾਣ ਹੋ ਗਈ ਆਪਣੇ ਤੇ ਗੈਰ ਦੀ! ਨੇਤਾਜਨਾਂ ਨੂੰ ਤੁਸੀਂ ਸਿਰ ਤੋਂ ਪੈਰਾਂ ਤਾਈਂ ਨੰਗਾ ਕਰ ਦਿੱਤਾ ਏ। ਜੁਅਰਤ ਨਹੀਂ ਉਹਨਾਂ 'ਚ ਥੋਡੇ ਨਾਲ਼ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ, ਅੱਗੇ ਤੋਂ ਉਹਨਾਂ ਨੂੰ ਮੂੰਹ ਨਾ ਲਾਇਓ। ਆਹਾ, ਸਾਨੂੰ ਸਭ ਸਮੱਸਿਆਵਾਂ ਦੀ ਕੁੰਜੀ ਲੱਭ ਗਈ ਏ! ਇਹਨੂੰ ਚਾਹੇ ਅੰਦੋਲਨ ਕਹਿ ਲਵੋ, ਚਾਹੇ ਮੋਰਚਾ, ਚਾਹੇ ਸੰਘਰਸ਼, ਚਾਹੇ ਲੜਾਈ, ਚਾਹੇ ਧਰਨਾ, ਚਾਹੇ ਏਕਾ!! ਤੁਸੀਂ ਜਿਉਂਦੇ-ਵੱਸਦੇ ਰਹੋ, ਸ਼ਾਦ ਰਹੋ, ਆਬਾਦ ਰਹੋ! ਆਉ ਇੱਕੋ ਸਾਹੇ ਆਖੀਏ, ਇਨਕਲਾਬ ਜ਼ਿੰਦਾਬਾਦ, ਜੈ ਜਵਾਨ ਜੈ ਕਿਸਾਨ, ਜੋ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਵਿਨੀਪੈਗ(ਕੈਨੇਡਾ)

ਸੁਣ ਦਿੱਲੀਏ!-ਚਮਨਦੀਪ ਦਿਓਲ

ਉਹੀ ਲੋਹੜਿਆਂ ਦੇ ਠੰਢ, ਉਹੀ ਪੋਹ ਦਾ ਮਹੀਨਾ। ਸਾਡੀ ਕੌਮ ਦੇ ਲਈ ਹੈ ਜਿਹੜਾ ਰੋਹ ਦਾ ਮਹੀਨਾ। ਤੇਰਾ ਬਣ ਕੇ ਨੀ, ਫੇਰ ਅੱਜ ਕਾਲ਼ ਬਹਿ ਗਏ ਨੇ, ਸੁਣ ਦਿੱਲੀਏ! ਆ ਕੇ ਸੜਕਾਂ ਤੇ 'ਗੁਜ਼ਰੀ' ਦੇ ਲਾਲ ਬਹਿ ਗਏ ਨੇ, ਸੁਣ ਦਿੱਲੀਏ! ਤੇਰੇ ਬਾਡਰਾਂ 'ਤੇ 'ਗੁਜ਼ਰੀ' ਦੇ ਲਾਲ ਬਹਿ ਗਏ ਨੇ, ਸੁਣ ਦਿੱਲੀਏ!.... ਜਦੋਂ ਨੀੰਹਾਂ 'ਚ ਚਿਣੇੰ ਸੀ, ਨੀ, ਤੂੰ ਗੁਰੂ ਦੇ ਦੁਲਾਰੇ। ਪੁੱਟੀ ਗਈ ਸੀ ਉਦੋਂ ਵੀ ਤੇਰੀ ਜੜ੍ਹ ਸਰਕਾਰੇ। ਹੋਣਾ ਅੱਜ ਵੀ ਉਹੀ ਏ ਤੇਰਾ ਹਾਲ ਬਹਿ ਗਏ ਨੇ, ਸੁਣ ਦਿੱਲੀਏ! ਤੇਰੇ ਬਾਡਰਾਂ 'ਤੇ 'ਗੁਜ਼ਰੀ' ਦੇ ਲਾਲ ਬਹਿ ਗਏ ਨੇ, ਸੁਣ ਦਿੱਲੀਏ!.... ਕਿਤੇ ਹੋਣ ਅਰਦਾਸਾਂ,ਕਿਤੋਂ ਸੁਣਦੀ ਏ ਬਾਣੀ। ਜਿਵੇਂ ਫੇਰ ਅੱਜ 'ਕੱਠੇ ਵਗ ਪਏ ਨੇ ਪੰਜ ਪਾਣੀ। ਸਾਡੇ ਗੁਰੂ ਜੀ ਵੀ ਅੱਜ ਸਾਡੇ ਨਾਲ਼ ਬਹਿ ਗਏ ਨੇ, ਸੁਣ ਦਿੱਲੀਏ! ਤੇਰੇ ਬਾਡਰਾਂ 'ਤੇ 'ਗੁਜ਼ਰੀ' ਦੇ ਲਾਲ ਬਹਿ ਗਏ ਨੇ, ਸੁਣ ਦਿੱਲੀਏ!.... ਲੈ ਕੇ ਚੱਲਿਐ ਕੱਫਣ ਬਸ 'ਬੇਨੜੇ' ਤੋਂ 'ਦਿਓਲ,' ਨਾ ਹੀ ਤੀਰ ਨਾ ਹੀ ਕੋਈ ਤਲਵਾਰ ਕਿਸੇ ਕੋਲ, ਲੈ ਕੇ ਹੱਥ ਵਿੱਚ 'ਸਬਰਾਂ ਦੀ ਢਾਲ਼' ਬਹਿ ਗਏ ਨੇ, ਸੁਣ ਦਿੱਲੀਏ! ਤੇਰੇ ਬਾਡਰਾਂ 'ਤੇ 'ਗੁਜ਼ਰੀ' ਦੇ ਲਾਲ ਬਹਿ ਗਏ ਨੇ, ਸੁਣ ਦਿੱਲੀਏ!.....

ਕਿਰਤੀ ਕਿਸਾਨ ਅੰਦੋਲਨ-ਹਰਜੀਤ ਸਿੰਘ ਗਿੱਲ

ਜ਼ੁਲਮ ਖ਼ਿਲਾਫ਼ ਟੱਕਰ ਲੈਣਾ ਫ਼ਿਤਰਤ ਹੈ ਪੰਜਾਬੀਆਂ ਦੀ, ਸਾਡੇ ਵਡੇਰਿਆਂ ਨੇ ਇਹ ਪੂਰਨੇ ਪਾਏ ਹੋਏ ਨੇ! ਪਾਣੀ ਦੀਆ ਵਾਛੜਾਂ ਤੇ ਲਾਠੀਆਂ ਦੀ ਪ੍ਰਵਾਹ ਕੀ ਹੈ, ਅਸੀਂ ਤਾਂ ਤਨ ਭੀ ਆਰਿਆਂ ਨਾਲ ਚੀਰਾਏ ਹੋਏ ਨੇ! ਲੱਖਾਂ ਰੋਕਾਂ ਤੂੰ ਲਾ ਕੇ ਰੋਕ ਭਾਵੇਂ, ਦ੍ਰਿੜ ਇਰਾਦੇ ਨਹੀਂ ਸਾਡੇ ਤੂੰ ਤੋੜ ਸਕਦਾ! ਝੁਕਣਾ ਪੈਣਾ ਤੈਨੂੰ ਇਕ ਦਿਨ ਹਾਕਮਾ ਓਏ, ਕਿੱਲ ਲੋਹੇ ਦੇ ਵਿੱਚ ਨਹੀ ਤੂੰ ਠੋਕ ਸਕਦਾ! ਲੋਹਾ ਜੱਗ ਤੇ ਮੰਨਵਾਇਆ ਪੰਜਾਬੀਆਂ ਨੇ, ਸਾਨੂੰ ਥਾਪੜਾ ਕਲਗੀਆਂ ਵਾਲੜੇ ਦਾ! ਸਿਦਕ ਚਰਿੱਤਰ ਤੇ ਕਿਰਤ ਦੀ ਹਨ ਇਹ ਮਿਸਾਲ ਜੱਗ ਤੇ, ਪੈਰੋਕਾਰ ਹੈ ਹਰ ਪੰਜਾਬੀ ਕਲਗੀਆਂ ਵਾਲੜੇ ਦਾ! ਟੋਰੰਟੋ ( ਕੈਨੇਡਾ)

ਮਿੱਟੀ ਨਾਲ ਮਿੱਟੀ ਹੋ ਕਿਰਤਾਂ ਕਰਦੇ-ਹਰਜੀਤ ਸਿੰਘ ਗਿੱਲ

ਮਿੱਟੀ ਨਾਲ ਮਿੱਟੀ ਹੋ ਕਿਰਤਾਂ ਕਰਦੇ, ਅੰਨਦਾਤੇ ਕਿਸਾਨ ਵੀਰ ਸਾਰੇ! ਤੂੰ ਕਹੇਂ ਅੱਤਵਾਦੀ ਇਹਨੂੰ ਨੂੰ, ਬੇਦਰਦ ਦਿੱਲੀ ਸਰਕਾਰੇ! ਤੂੰ ਕਹੇਂ ਅੱਤਵਾਦੀ ਇਹਨਾ ਨੂੰ, ਬੇਦਰਦ ਦਿੱਲੀ ਸਰਕਾਰੇ! ਹੱਥੀਂ ਪਏ ਅੱਟਣ ਕਿਰਤ ਦੀ ਭਰਨ ਗਵਾਹੀ! ਲੋਈ ਕਿਓਂ ਤੂੰ ਹੈ ਸ਼ਰਮ ਦੀ ਲਾਹੀ! ਨਹੀ ਚੱਲਣੇ ਹੁਣ ਝੂਠੇ ਤੇਰੇ ਲਾਰੇ! ਤੂੰ ਕਹੇ ਅੱਤਵਾਦੀ ਇਹਨਾ ਨੂੰ, ਬੇਦਰਦ ਦਿੱਲੀ ਸਰਕਾਰੇ! ਦਿੱਲੀ ਵਿੱਚ ਵੜ ਇਹਨਾ ਲਾ ਦਿੱਤੇ ਲੰਗਰ! ਜਜ਼ਬਾ ਇੰਝ ਜਿਵੇਂ ਦਿਲ ਖੁੱਭਿਆ ਖ਼ੰਜਰ! ਹੱਕਾਂ ਲਈ ਤੋੜ ਦਿੱਤੇ ਨਾਕੇ ਭਾਰੇ ਭਾਰੇ! ਤੂੰ ਕਹੇਂ ਅੱਤਵਾਦੀ ਇਹਨਾ ਨੂੰ, ਬੇਦਰਦ ਦਿੱਲੀ ਸਰਕਾਰੇ! ਬੱਚੇ,ਬੁੱਢੇ ਮਾਂਵਾਂ ਇਹ ਨੇ ਨਾਲ ਲਿਆਏ! ਸਿਰ ਤੇ ਕੱਫਣ ਬੰਨ ਕੇ ਆਏ! ਹੁਣ ਛੱਡ ਦੇ ਕਰਨੇ ਤੂੰ ਭੈੜੇ ਕਾਰੇ! ਤੂੰ ਕਹੇਂ ਅੱਤਵਾਦੀ ਇਹਨਾਂ ਨੂੰ, ਬੇਦਰਦ ਦਿੱਲੀ ਸਰਕਾਰੇ! ਟੋਰੰਟੋ (ਕੈਨੇਡਾ)

ਮਿੱਟੀ ਜਾਏ-ਹਰਪ੍ਰੀਤ ਸਿੰਘ

ਜੂਹ ਵਿੱਚ ਖੜ੍ਹ ਹਾਕਮ ਲਲਕਾਰਨ, ਮਿੱਟੀ ਜਾਏ, ਆ ਜਾ ਕਰੀਏ ਬਹਿਸ ਪੁਕਾਰਨ, ਮਿੱਟੀ ਜਾਏ। ਬੰਦੇ ਕਿਉਂ 'ਨੀ ਲੱਗਦੇ ਤੈਨੂੰ ਅੱਜਕੱਲ੍ਹ ਬੰਦੇ, ਪੁੱਛਣ ਆਏ ਕੀ ਹੈ ਕਾਰਨ, ਮਿੱਟੀ ਜਾਏ। ਭੁੱਖਾਂ ਦੁੱਖਾਂ ਦਾ 'ਨੀ ਮਸਲਾ ਜਰ ਜੁਰ ਲਾਂਗੇ, ਮਿੱਟੀ ਦਾ ਨਾ ਦੁੱਖ ਸਹਾਰਨ, ਮਿੱਟੀ ਜਾਏ। ਜੋ ਕੁਝ ਪਹਿਨ-ਪਚਰ ਕੇ ਖਾਣ ਨੂੰ ਨਿਕਲੇ ਹੋ ਜੋ, ਸੱਪਾਂ ਦੇ ਸਿਰ ਨੱਪ ਉਸਾਰਨ, ਮਿੱਟੀ ਜਾਏ। ਤਪਦਾ ਸੀਨਾ ਠਾਰੇ ਜਿਉਂ ਧਰਤੀ ਦਾ ਇੰਦਰ, ਢਿੱਡਾਂ ਵਾਲੀ ਅੱਗ ਨੂੰ ਠਾਰਨ, ਮਿੱਟੀ ਜਾਏ। ਮਿੱਟੀ ਮਲ ਕੇ ਫੱਟ ਭਰਨ ਇਹ ਸੱਟਾਂ ਖਾ ਕੇ, ਮਿੱਟੀ ਉੱਤੋਂ ਆਪਾ ਵਾਰਨ, ਮਿੱਟੀ ਜਾਏ। ਯੁੱਧਾਂ ਅੰਦਰ ਵੈਰੀ ਨੂੰ ਵੀ ਲਾਉਂਦੇ ਮਲ੍ਹਮਾਂ, ਵਰ੍ਹਦੀ ਅੱਗ 'ਤੇ ਪਾਣੀ ਮਾਰਨ, ਮਿੱਟੀ ਜਾਏ। ਬੀਅ ਤੋਂ ਬੂਟਾ ਕਰਨ ਦੀ ਗੁੜ੍ਹਤੀ ਮਿੱਟੀ ਬਖ਼ਸ਼ੀ, ਹੱਥੀਂ ਆਪਣੇ ਕਾਜ ਸੁਆਰਨ, ਮਿੱਟੀ ਜਾਏ। ਬੰਦਾ ਮਾਰੇ ਜ਼ੋਰ 'ਤੇ ਪਾਵੇ ਬੂਰ ਖ਼ੁਦਾਇਆ, ਰਹਿਬਰ ਪਾਈ ਪਿਰਤ ਨਾ ਹਾਰਨ, ਮਿੱਟੀ ਜਾਏ। ਖੇਤਾਂ ਦੇ ਸਰਦਾਰ ਸਲਾਮਤ ਚਾਹੁੰਦੇ ਭਾਰਤ, ਤਾਂ ਹੀ ਤੈਨੂੰ ਅਰਜ਼ ਗੁਜ਼ਾਰਨ, ਮਿੱਟੀ ਜਾਏ।।

ਹਿੰਮਤ ਨਾ ਹਾਰਿਓ-ਲਾਡੀ ਲਹੌਰੀ

ਗੁਰੂ ਦੇ ਪਿਆਰਿਓ ਵੈਰੀ ਨੂੰ ਵੰਗਾਰਿਓ, ਹੱਕਾਂ ਦੀ ਲੜਾਈ ਵਿੱਚ ਹਿੰਮਤ ਨਾ ਹਾਰਿਓ । ਬੇਸ਼ੱਕ ਰਾਹ ਵਿੱਚ ਰੋੜੇ ਲੱਖਾਂ, ਕੱਢ ਦੇਵੋ ਵੈਰੀ ਦੀਆਂ ਅੱਖਾਂ, ਕੱਢਦਾ ਜੋ ਸਾਡੇ ਵੱਲੇ ਦੇਸ਼ ਦੇ ਸਹਾਰਿਓ ਹੱਕਾਂ ਦੀ ਲੜਾਈ ਵਿੱਚ ਹਿੰਮਤ ਨਾ ਹਾਰਿਓ । ਹੁਕਮਰਾਨ ਜੇ ਜਾਂਦਾ ਘੂਰੀ, ਅੰਦੋਲਨ ਬਣਿਆ ਮਜਬੂਰੀ, ਬਾਪ ਦਿਓ ਸ਼ੇਰ ਪੁੱਤਰੋ ਮਾਂ ਦੇ ਦੁਲਾਰਿਓ ਹੱਕਾਂ ਦੀ ਲੜਾਈ ਵਿੱਚ ਹਿੰਮਤ ਨਾ ਹਾਰਿਓ । ਜਾਬਰ ਨੂੰ ਏ ਸਬਕ ਸਿਖਾਉਣਾ, ਬੁੱਤ ਉਹਦੇ ਨੂੰ ਲਾਂਬੂ ਲਾਉਣਾ, ਵੈਰੀ ਨੂੰ ਮਤ ਦੇਣੀ ਏਂ ਮਾੜੇ ਨੂੰ ਨਾ ਮਾਰਿਓ ਹੱਕਾਂ ਦੀ ਲੜਾਈ ਵਿੱਚ ਹਿੰਮਤ ਨਾ ਹਾਰਿਓ । ਬਿਨਾਂ ਤੰਦ ਜਿਉਂ ਖੇਸ ਨਾ ਹੁੰਦਾ, ਕਿਸਾਨਾਂ ਦੇ ਬਿਨ ਦੇਸ਼ ਨਾ ਹੁੰਦਾ, ਲਾਡੀ ਦੇਵੇ ਹੱਲਾ ਸ਼ੇਰੀ ਸੋਚਿਓ ਵਿਚਾਰਿਓ ਹੱਕਾਂ ਦੀ ਲੜਾਈ ਵਿੱਚ ਹਿੰਮਤ ਨਾ ਹਾਰਿਓ ।

ਮੈਨੂੰ ਪੁੱਛਦੇ ਨੇ ਬਾਈ-ਡਾ.ਕਮਲਪ੍ਰੀਤ ਕੌਰ ਸੰਧੂ

ਮੈਨੂੰ ਪੁੱਛਦੇ ਨੇ ਬਾਈ! ਤਿਆਰੀ ਕਿੰਨੀ ਕੁ ? ਹੁਣ ਦੱਸ ਕੀ ਦੱਸਾਂ ਇਹਨਾਂ ਨੂੰ ! ਦੋ ਗੰਨੇ ਚੂਪ ਕੇ ਮੇਰੀ ਹਾਜ਼ਰੀ ਹੁੰਦੀ ਐ, ਛੱਲੀਆਂ ਭੁੰਨ ਕੇ ਮੇਰਾ ਲੰਚ, ਹੋਲ੍ਹਾਂ ਚੱਬ ਕੇ ਲੌਢੇ ਵੇਲੇ ਪਿਕਨਿਕ ਹੁੰਦੀ ਐ, ਸੱਪਾਂ ਦੀਆਂ ਸਿਰੀਆਂ ਮਿੱਧਦਾ ਪਾਣੀ ਲਾਉਨਾ, ਖੇਤ ਦੀ ਵੱਟ ਤੇ ਵਿਛਾਉਣਾ, ਸਵਾਣੀ ਮੇਰੀ ਨਰਮਾ ਕਪਾਹ ਚੁਗਦੀ ਜੰਮਣ ਪੀੜਾਂ ਦਬਾਉੰਦੀ ਚੁੱਲ੍ਹਾ ਚੌੰਕਾ ਸਾਂਭਦੀ ਡੂੰਘੀ ਰਾਤੇ ਪੁੱਤਰ ਜਣਦੀ ਸਵੇਰੇ ਸਾਝਰੇ ਹਲ਼ਾਂ ਨੂੰ ਤੋਰਦੀ ਮਧਾਣੀ ਪਾ ਮੱਝਾਂ ਜਾ ਧਾਪੜਦੀ ਅੰਞਣੇ ਮੇਰੇ ! ਕੱਟਰੂਆਂ ਵੱਛਰੂਆਂ ਨਾਲ ਜ਼ੋਰ ਕਰਦੇ ਸੁਹਾਗੇ ਝੂਟੇ ਲੈ ਅਸਮਾਨ ਤੱਕਦੇ, ਗੁੱਡੋ ਮੇਰੀ ਹਾੜੀ ਸੌਣੀ ਮੰਗਾਂ ਟਾਲਦੀ ਘਰ ਅੰਦਰ ਬਾਹਰ ਸਾਂਭਦੀ, ਸਾਡੇ ਤਾਂ ਬੇਰਾਂ ਨਾਲ ਪਾਰਟੀਆਂ ਹੁੰਦੀਆਂ ! ਅਮਰੂਦਾਂ ਨਾਲ ਦਾਅਵਤਾਂ ! ਖੰਡ-ਖੇਡਣੇ,ਫੁੱਲੀਆਂ ਤੇ ਮੂੰਗਫਲੀ ਨਾਲ ਤਿਉਹਾਰ ਬਣ ਜਾਂਦੈ ਗੁੜ ਨਾਲ ਸ਼ਗਨ ਹੋ ਜਾਂਦੈ ਤੇਲ ਨਾਲ ਮੱਠੀਆਂ ਗੁਲਗੁਲੇ ਮੁਰਮੁਰੇ, ਭੂਤ ਪਿੰਨੇ, ਪਿੰਨੀਆਂ ਕੜਾਹੀਆਂ ਖੁਰਚਣੇ ਖੜਕਦੇ ਖੀਰ-ਕੜਾਹ ਨਾਲ ਸ਼ਰੀਕਾ ਕਬੀਲਾ ਬਹੁਤਾ ਹੋਵੇ ਜਰਦਾ ਬਣ ਜਾਂਦੈ ਜਵਾਈ ਭਾਈ ਆਵੇ ਕੋਈ ਜਦੋੰ ਖੁੱਡੇ ‘ਚ ਹੱਥ ਮਾਰ ਝਟਕਾ ਠੁੱਡਾ ਵੱਟ ਤੇ ਮਾਰ ਗੁੱਲ ਪੱਟ ਲਈਦਾ ਹੁਣ ਤੈਨੂੰ ਕੀ ਦੱਸਾਂ ਤਿਆਰੀ ਕਿੰਨੀ ਐ !!! ਬਾਬੇ ਨਾਨਕ ਦੀ ਕਿਰਤ ਹੱਥ ‘ਚ ਮੋਢੇ ਪਰਨਾ ਪੈਰੀੰ ਥੌੜੀ ਦੀ ਜੁੱਤੀ ਝਾੜਾਂ ਘਰਦੇ ਸਮਝ ਲੈੰਦੇ ਨੇ ਚੱਲਿਆ ਕਿਤੇ ਸੱਥ ਚੋੰ ਲੰਘਾਂ ਚੱਕਵੇੰ ਪੈਰੀਂ ਚੋਬਰ ਮਗਰੇ ਤੁਰ ਪੈੰਦੇ ਨੇ ਕਿ ! ਖੈਰ ਹੋਵੇ ! ਲਾਣੇਦਾਰ ਰਵਾਂ-ਰਵੀਂ ਐੰ ਬਾਂਹ ਚੱਕ ਕਦੇ ਮਾਰਾਂ ਹੋਕਰਾ ! ਕੀ ਦੱਸਾਂ ! ਪਿੰਡ ਕੱਠਾ ਹੁੰਦੈ ਪੂਰਾ ਤਿਆਰੀਆਂ ਅਸੀੰ ਨੀ ਕਰਦੇ ਅਸੀੰ ਤਾਂ ਸੌਣ ਲੱਗੇ ਵੀ ਕਹਿੰਨੇ ਆਂ ਬਾਈ ! ਵਾਜ ਮਾਰ ਲੀ ! ਤਿਆਰ ਈ ਆਂ ! ਹਾੜ ਸਿਆਲ ਹੁਨਾਲ ਬਾਈ ! ਤਿਆਰ ਈ ਆਂ ਅਸੀੰ ਤਾਂ, ਤੂੰ ਦੱਸ ਕੈੰਮ ਐੰ ?

ਵਕਤ ਦੀ ਸਰਕਾਰੇ-ਡਾ. ਕਮਲਪ੍ਰੀਤ ਕੌਰ ਸੰਧੂ

ਸੁਣ ਨੀ ! ਵਕਤ ਦੀ ਸਰਕਾਰੇ ! ਕਿਉ ਸਾਡੇ ਢਿੱਡੀ ਲੱਤਾਂ ਮਾਰੇੰ ਨਾ ਤੜਫਾ ਹੁਣ ਬੱਸ ਕਰ ਅਸੀੰ ਬੜੇ ਵਖਤਾਂ ਦੇ ਮਾਰੇ ਸੁਣ ਨੀ ! ਤੱਤੀਏ ਸਰਕਾਰੇ ! ਸਿਰ ਤੇ ਪੰਡ ਚੁੱਕ ਦਾਦੇ ਸਾਡੇ ਲਿਆਂਦੀ ਆਜ਼ਾਦੀ ਅੱਧੇ ਰਾਹ ਵਿੱਚ ਗਏ ਮਾਰੇ ਨੀ ਸੁਣ ! ਤੂੰ ਡਾਢੀਏ ਸਰਕਾਰੇ ! ਜੂਨ ਚੁਰਾਸੀ ਬਾਪੂ ਨੇ ਹੰਢਾਈ ਗੱਲ ਬਲਦੇ ਟਾਇਰ ਪਾ ਮਾਰੇ ਅਸੀੰ ਬਣੇ ਸਿਵੇ ਅਣਪਛਾਤੇ ਬੱਚਦੇ ਚੱਕ ਦਰਿਆ ‘ਚ ਮਾਰੇ ਨੀ ਸੁਣ ! ਬੇ- ਹੋਸ਼ੀਏ ਸਰਕਾਰੇ ! ਬਾਹਾਂ ਸਾਡੀਆਂ ਟੀਕਿਆਂ ਵਿੰਨੀਆਂ ਪੋਟੇ ਸਾਡੇ ਚਿੱਟੇ ਸਾੜ ਮਾਰੇ ਸੀਗੇ ਜਿਹੜੇ ਚੀਨ-ਮੀਨ ਜਿਹੇ ਗੱਭਰੂ ਬੀਬਾ ਉਹ ਬਾਡਰਾਂ ਨੇ ਨਿੱਗਲੇ ਸਾਰੇ ਸੁਣ ਨੀ ! ਵਕਤ ਦੀਏ ਸਰਕਾਰੇ ! ਕੁਝ ਵਿਦੇਸ਼ਾਂ ਵਿੱਚ ਮਾਰਗੇ ਉਡਾਰੀ ਜਾਨ ਲੁਕੋੰਦੇ,ਬੇਰੁਜ਼ਗਾਰੀ ਦੇ ਮਾਰੇ ਕੰਜਕਾਂ ਸਾਥੋੰ ਪੂਜ ਨਾ ਹੋਈਆਂ ਆਈਲਸ ਦੇ ਦਰ ਦਿਖਾਤੇ ਤੂੰ ਸਾਰੇ ਸੁਣ ਨੀ ! ਮੂੜ-ਮੱਤੀ ਸਰਕਾਰੇ ! ਅਲੂਏ ਬਾਲ ਮੇਰੇ ਬੈਠੇ ਵੱਟਿਆਂ ‘ਤੇ ਅਣ- ਦਾੜੀਏ ਤੂੰ ਭੜਕਾ ਲਏ ਨੇ ਸਾਰੇ ਬੇਬੇ ਬਾਬਾ ਬੈਠੇ ਨੰਗੀਆਂ ਸੜਕਾਂ ‘ਤੇ ਮੇਰੀ ਫਸਲ ਪੱਕੀ ਨੂੰ ਦਾਤੀ ਕੌਣ ਸਮਾਰੇ ਸੁਣ ਨੀ ! ਮਨ-ਮੱਤੀਏ ਸਰਕਾਰੇ ! ਸਮਝ ਕਰ ਕੁਝ ਹੋਸ਼ ਕਰੀਂ ! ਸੰਤਾਲੀ ਵੰਡੇ ਚੁਰਾਸੀ ਲਤਾੜ ਕੇ ਭੰਡੇ ਹੁਣ ਵੀਹ ਪਿਆ ਚੁੰਬਕਾਂ ਮਾਰੇ ਜਾਣਦੀ ਐ ਤੂੰ ??? ਸਿਰ ਤੋੰ ਸੀਸ ਬਣੇ ਨੇ ਇਹ ਸਾਰੇ ਦੇ ਸਾਰੇ ਫੇਰ !!! ਮੁੜ ਮੁੜ ਕੇ ! ਦੋਸ਼ ਦੇਵੀੰ ਨਾ ਮੁੰਡਿਆਂ ਨੂੰ ਲਾਉੰਦੇ ਤੱਤੇ ਨਾਅਰੇ ਸੁਣ ਨੀ ! ਵਖਤ ਵੰਤੀਏ ਸਰਕਾਰੇ

ਕੌਣ ਨੇ ! ਇਹ ਲੋਕ !-ਡਾ. ਕਮਲਪ੍ਰੀਤ ਕੌਰ ਸੰਧੂ

ਕੌਣ ਨੇ ! ਇਹ ਲੋਕ ! ਜੋ ਕਰਦੇ ਨੇ ਸ਼ਾਪਿੰਗ, ਇਨ੍ਹਾਂ ਦਿਓ ਕੱਦ ਮਾਲਾਂ ਵਿੱਚ, ਉਮੜਦੀਆਂ ਭੀੜਾਂ, ਜਾਣਦੀ ਹਾਂ ਜਿਨ੍ਹਾਂ ਨੂੰ ਮੈੰ, ਉਹ ਤਾਂ ਬੀਜਦੇ ਰਾਖੀ ਕਰਦੇ, ਕਣਕ-ਝੋਨਾ- ਕਪਾਹ, ਮੰਗਦੇ ਸੁੱਚਾ ਜਿਹਾ ਮੁੱਲ, ਆਪਣੀ ਕਿਰਤ ਦਾ, ਹੁੰਦੇ ਮਿੱਟੀ ਨਾਲ ਮਿੱਟੀ, ਆਖਰ ਮਿੱਟੀ’ਚ ਜਾਂਦੇ ਸਮਾਅ... ਕੌਣ ਨੇ! ਇਹ ਲੋਕ ! ਕੌਣ ਨੇ ! ਇਹ ਵਿਦਿਆਰਥੀ, ਜੋ ਘੁੰਮਦੇ ਨੇ ਗੱਡੀਆਂ ‘ਤੇ, ਪਾਉਦੇ ਨੇ ਚਰਚੋਲਾ ਕੰਟੀਨਾਂ ‘ਤੇ, ਜਾਣਦੀ ਹਾਂ ਜਿੰਨ੍ਹਾਂ ਨੂੰ ਮੈੰ, ਉਹ ਤਾਂ ਫੀਸਾਂ ਤੋੰ ਟੁੱਟੇ ਹੋਏ, ਭਰ ਸਰਦੀਆਂ ਵਿੱਚ ਵੀ, ਪਾਉਦੇ ਗਰਮੀਆਂ ਦੇ ਲੀੜੇ, ਕੱਟਦੇ ਇੱਕੋ ਜੁੱਤੀ ਨਾਲ ਹੁਨਾਲ- ਸਿਆਲ, ਅੱਖਾਂ ‘ਚ ਲੈ ਕੇ ਗੰਗਾ- ਜਮਨਾ, ਬਣਨਾ ਲੋਚਦੇ ਸਰਸਵਤੀ ਦਾ ਲਾਲ ਕੌਣ ਨੇ! ਇਹ ਲੋਕ ! ਕੌਣ ਨੇ ! ਇਹ ਮੁੰਡੇ! ਕਿੱਥੋੰ ਆਏ ਨੇ! ਇਹ ਵੰਨ- ਸੁੰਵਨੇ, ਡਿਜਾਇਨਾਂ ਵਾਲੇ ਸਿਰ ਲਾ ਕੇ, ਜਾਣਦੀ ਹਾਂ ਜਿੰਨ੍ਹਾਂ ਨੂੰ ਮੈੰ, ਉਹ ਤਾਂ ਸੀ ਉਡਣੇ ਸੱਪ, ਮਿਰਗ ਦੇ ਲੱਕ, ਖੇਡਦੇ ਸੌਚੀਆਂ- ਪਾਉੰਦੇ ਕੱਬਡੀਆ, ਰੁੱਖਾਂ ਵਰਗੇ- ਰਿਸ਼ੀਆਂ ਜੇਹੇ, ਵੱਖਰੀ ਟੌਹਰ ਬਣਾਉਦੇ, ਸਿਰਾਂ ਤੇ ਤਾਜ ਸਜਾਉੰਦੇ.... ਕੌਣ ਨੇ ! ਇਹ ਲੋਕ ! ਕੌਣ ਨੇ! ਇਹ ਕੁੜੀਆਂ ! ਕਿੱਥੋੰ ਘੁੰਮ ਕੇ ਮੁੜੀਆਂ, ਗੁੱਤਾਂ-ਚੁੰਨੀਆਂ ਕਿੱਧਰ ਰੁੜ੍ਹੀਆਂ! ਜਾਣਦੀ ਹਾਂ ਜਿੰਨ੍ਹਾਂ ਨੂੰ ਮੈੰ, ਗੁੱੜਤੀ ਨਾਲ ਨਹਾਈਆਂ, ਸੱਜਰੇ ਹੁਸਨ ਪਰਨਾਈਆਂ, ਕਿੱਕਲੀ- ਲੁੱਡੀ- ਗਿੱਧੇ ਰੁਸ਼ਨਾਈਆਂ, ਰਹਿਤਲਾਂ ਪਾਲਦੀਆਂ- ਜ਼ਸ਼ਨ ਮਨਾਉਦੀਆਂ, ਮਾਂ ਭਾਗੋ ਦੀਆਂ ਜਾਈਆਂ.... ਕੌਣ ਨੇ! ਇਹ ਲੋਕ ! ਕੌਣ ਨੇ! ਇਹ ਲੋਕ ਜੋ ਕਰਦੇ ਨੇ ਖ਼ੁਦ-ਕੁਸ਼ੀਆਂ ! ਸਲਫਾਸ ਪੀ ਕੇ, ਫਾਂਸੀ ਲਾ ਕੇ, ਨਹਿਰਾਂ ਟੋਭਿਆਂ ‘ਚ ਡੁੱਬ ਕੇ, ਜਾਣਦੀ ਹਾਂ ਜਿੰਨ੍ਹਾਂ ਨੂੰ ਮੈੰ, ਬੈਠੇ ਤੱਤੀਆਂ ਤਵੀਆਂ ‘ਤੇ, ਨੱਚਦੇ ਖੰਡੇ ਦੀ ਧਾਰ ‘ਤੇ, ਚਰਖੜੀਆਂ ਦੇ ਦੰਦਿਆਂ ‘ਤੇ, ਕਿਰਤਾਂ ਦੇ ਸ਼ੁਦਾਈ, ਅਮਨਾਂ ਦੇ ਅੰਲਬਦਾਰ, ਸ਼ਬਦ ਦੇ ਜ਼ਜ਼ੀਰੇ, ਸੂਰਜ ਜਿੰਨ੍ਹਾਂ ਦੇ ਹੱਥਾਂ ‘ਚ, ਸੱਚ ਦੇ ਪੁਜਾਰੀ..... ਕੌਣ ਨੇ ! ਇਹ ਲੋਕ ! ਕੌਣ ਨੇ! ਇਹ ਲੋਕ !

ਜੰਗ ਹੀ ਸਹੀ-ਸਾਹਿਰ ਲੁਧਿਆਣਵੀ

(ਮੂਲ ਉਰਦੂ ਰਚਨਾ : ਪੰਜਾਬੀ ਅਨੁਵਾਦ : ਜਸਪਾਲ ਘਈ) ਆਪਾਂ ਤਾਂ ਅਮਨ ਚਾਹੁੰਦੇ ਹਾਂ, ਪਰ ਜੰਗ ਦੇ ਖ਼ਿਲਾਫ਼ ਜੇ ਜੰਗ ਲਾਜ਼ਮੀ ਏ, ਤਾਂ ਫਿਰ ਜੰਗ ਹੀ ਸਹੀ ਜ਼ਾਲਮ ਨੂੰ ਜੋ ਨਾ ਰੋਕੋ, ਉਹ ਸ਼ਾਮਿਲ ਹੈ ਜ਼ੁਲਮ ਵਿਚ ਕਾਤਲ ਨੂੰ ਜੋ ਨਾ ਟੋਕੇ, ਉਹ ਕਾਤਲ ਦੇ ਨਾਲ ਹੈ ਸਿਰ ਕਫ਼ਨ ਬੰਨ੍ਹ ਉੱਠੇ ਹਾਂ, ਹੱਕਾਂ ਦੀ ਜਿੱਤ ਲਈ ਦੱਸੋ ਉਨੂੰ ਜੋ ਹੱਕ ਦੀ ਮਕਤਲ ਦੇ ਨਾਲ ਹੈ ਇਸ ਢੰਗ ਤੇ ਹੈ ਜ਼ੋਰ, ਤਾਂ ਇਹ ਢੰਗ ਹੀ ਸਹੀ ਜ਼ਾਲਮ ਦੀ ਕੋਈ ਜਾਤ, ਨਾ ਮਜ਼ਹਬ, ਨਾ ਕੋਈ ਕੌਮ ਜ਼ਾਲਮ ਦੇ ਮੂੰਹੋਂ ਜ਼ਿਕਰ ਵੀ ਇਹਨਾ ਦਾ ਹੈ ਗੁਨਾਹ ਫਲਦਾ ਨਹੀਂ ਸਿਤਮ ਦਾ ਕੋਈ ਰੁੱਖ ਇਸ ਜਗਾ ਇਤਿਹਾਸ ਜਾਣਦੈ, ਤੇ ਜ਼ਮਾਨਾ ਵੀ ਹੈ ਗਵਾਹ ਅਕਲੋਂ ਮੁਣਾਖਿਆਂ ਦੀ ਨਜ਼ਰ ਤੰਗ ਹੀ ਸਹੀ ਇਹ ਧਨ ਦੀ ਜੰਗ ਹੈ, ਨਾ ਜ਼ਮੀਨਾਂ ਦੀ ਜੰਗ ਹੈ ਇਹ ਹੈ ਸਦੀਵਤਾ ਦੇ ਅਸੂਲਾਂ ਦੇ ਵਾਸਤੇ ਜੋ ਖ਼ੂਨ ਅਰਪਿਆ ਹੈ ਅਸਾਂ ਨੇ ਜ਼ਮੀਨ ਨੂੰ ਉਹ ਖ਼ੂਨ ਹੈ ਜ਼ਮੀਨ ਦੇ ਫੁੱਲਾਂ ਦੇ ਵਾਸਤੇ ਅਮਨਾਂ ਦਾ ਦਿਨ ਚੜ੍ਹੇਗਾ, ਲਹੂ ਰੰਗ ਹੀ ਸਹੀ

ਕਿਸਾਨ ਮਾਰਚ ਦੇ ਨਾਂ-ਨੋਮਾਨ ਮਿਰਜ਼ਾ

(ਉਰਦੂ ਨਜ਼ਮ : ਪੰਜਾਬੀ ਅਨੁਵਾਦ : ਜਸਪਾਲ ਘਈ) ਸਰਹੱਦ ਦੇ ਉਸ ਪਾਰ ਸਜਣ ਬੋਹੜ ਦਾ ਇਕ ਰੁੱਖ ਡਿੱਗਾ ਏ ਮਾਲਕ ਦੇ ਖੇਤਾਂ ਵਿਚ ਕੋਈ ਚੋਰ ਉਚੱਕਾ ਆ ਵੜਿਆ ਏ ਮਿੱਟੀ ਮਾਂ ਏ, ਖੇਤ ਦਸਤਾਰ ਇਹਨਾਂ ਤੇ ਹੋਇਆ ਏ ਵਾਰ ਮੈਨਾ ਚੁੱਪ ਹੈ, ਤੋਤਾ ਵੀ ਬੁਲਬੁਲ ਸਹਿਮੀ ਸਹਿਮੀ ਏ ਚੋਰ ਉਚੱਕਾ ਕਹਿੰਦਾ ਏ: ਸਾਰੀ ਕਣਕ ਹੀ ਹੈ ਮੇਰੀ ਹੈ ਸਾਰੀ ਕਹਾਣੀ ਮੇਰੀ ਹੈ ਸਾਰੀ ਤਾਕਤ ਮੇਰੀ ਹੈ ਕਾਨੂੰਨ ਵੀ ਸਾਰਾ ਮੇਰਾ ਹੈ ਪਰ ਝੱਲਾ ਹੈ ਖੇਤ ਦੀ ਸ਼ਬਨਮ ਮਾਲਕ ਦੀ ਇਹ ਜੋ ਮੋਰ ਦਾ ਖੰਭ ਪਿਆ ਹੈ ਇਹ ਖੰਭ ਵੀ ਮਾਲਕ ਦਾ ਖੇਤ ਦੀ ਖੁਸ਼ਬੂ ਮਾਲਕ ਦੀ ਕੋਇਲ ਦੀ ਕੂ ਕੂ ਮਾਲਕ ਦੀ ਕਣਕਾਂ ਦੀ ਖੁਸ਼ਬੂ ਮਾਲਕ ਦੀ ਵੇਲਾਂ ਦੀ ਘੰਟੀ ਜੋ ਬੋਲੇ ਉਸ ਦੀ ਟਨ ਟਨ ਵੀ ਮਾਲਕ ਦੀ ਗਾਂ ਦੇ ਨਵਜੰਮੇ ਬੱਚੇ ਦੀ ਪਹਿਲੀ ਛਾਲ ਵੀ ਮਾਲਕ ਦੀ ਮੀਂਹ ਦੇ ਇਹਨਾਂ ਤੁਪਕਿਆਂ ਦੀ ਪਹਿਲੀ ਮੰਜ਼ਿਲ ਮਾਲਕ ਦੀ ਬੀਜ ਤੋਂ ਉੱਗਣ ਵਾਲੀ ਉਹ ਨਿੱਕੀ ਜਿਹੀ ਕਰੂੰਬਲ ਮਾਲਕ ਦੀ ਜਦ ਪੱਕ ਜਾਵੇ ਜਦ ਕਟ ਜੀ ਜਾਵੇ ਫਿਰ ਵੀ ਉਹ ਆਪਣੇ ਮਾਲਕ ਦੀ ਸੂਰਜ ਦੀਆਂ ਕਿਰਨਾਂ ਦੇ ਚੰਦਰਮਾ ਦੀਆਂ ਰਿਸ਼ਮਾਂ ਦੇ ਧਰਤੀ ਮਿੱਟੀ ਮਾਂ ਬਾਪ ਸੱਜਣ ਤੂੰ ਨਾ ਪੈ ਇਹਨਾ ਚੱਕਰਾਂ ਵਿਚ ਜਦ ਜਾਗ ਪਿਆ ਮਾਲਕ ਤਾਂ ਫਿਰ ਤੇਰਾ ਬਚਣਾ ਮੁਸ਼ਕਿਲ ਹੋ ਜਾਸੀ ਤੇਰਾ ਲੁਕਣਾ ਮੁਸ਼ਕਿਲ ਹੋ ਜਾਸੀ ਤੇਰਾ ਜੀਣਾ ਮੁਸ਼ਕਿਲ ਹੋ ਜਾਸੀ ਕੁਝ ਮੰਗਣਾ ਈ ਤਾਂ ਮੰਗ ਇਹਨਾਂ ਤੋਂ ਇਨ੍ਹਾਂ ਪਗੜੀ ਵਾਲੇ ਬਾਬਿਆਂ ਦਾ ਇਨ੍ਹਾਂ ਧੋਤੀ ਵਾਲੇ ਬਾਬਿਆਂ ਦਾ ਈਮਾਨ ਏ ਵੱਡਾ ਮੰਗਤਿਆਂ ਦੀਆਂ ਝੋਲੀਆਂ ਭਰ ਦੇਵਣ ਇਹ ਸਾਫ਼ ਦਿਲੇ, ਸਰਬੱਤ ਦਾ ਭਲਾ ਪਰ ਜੇ ਕਬਜ਼ਾ ਕਰਨਾ ਚਾਹੇਂ ਸੌਦਾ ਮਹਿੰਗਾ ਪੈ ਜਾਸੀ ਤੇਰਾ ਤਖ਼ਤਾ ਉਲਟਾ ਹੋ ਜਾਣਾ ਤੇਰਾ ਰਸਤਾ ਮੁਸ਼ਕਿਲ ਹੋ ਜਾਸੀ ਇਹ ਖੇਤਾਂ ਵਾਲੇ, ਮਿੱਟੀ ਵਾਲੇ ਹਲ ਵਾਲੇ, ਕੁਲਹਾੜੀ ਵਾਲੇ ਜਾਗ ਪਏ ਨੇ ਚੋਰ ਉਚੱਕੇ ਭੱਜ ਏਥੋਂ ਜਾਗ ਪਏ ਨੇ ਬਾਬੇ ਹੁਣ ਤੇਰਾ ਸੌਣਾ ਮੁਸ਼ਕਿਲ ਹੋ ਜਾਸੀ ਤੇਰਾ ਹੋਣਾ ਮੁਸ਼ਕਿਲ ਹੋ ਜਾਸੀ

ਇਹ ਧਰਤੀ ਪੁੱਤਰ-ਅਮਰਜੀਤ ਕੌਂਕੇ

ਇਨ੍ਹਾਂ ਠੁਰ ਠੁਰ ਕਰਦੀਆਂ ਰਾਤਾਂ ਵਿੱਚ ਤੇ ਧੁੰਦ ਭਿੱਜੀਆਂ ਪ੍ਰਭਾਤਾਂ ਵਿੱਚ ਇਹ ਤੰਬੂਆਂ ਅਤੇ ਕਨਾਤਾਂ ਵਿੱਚ ਜਿੰਨ੍ਹਾਂ ਨੇ ਡੇਰੇ ਲਾਏ ਨੇ। ਇਹ ਧਰਤੀ ਪੁੱਤਰ ਦਿੱਲੀ ਤੋਂ ਆਪਣੇ ਹੱਕ ਮੰਗਣ ਆਏ ਨੇ..... ਇਹ ਮਿੱਟੀ ਦੀ ਹਿੱਕ ਚੀਰ ਕੇ ਤੇ ਉਸ ਵਿੱਚੋਂ ਅੰਨ ਉਗਾਂਦੇ ਨੇ। ਪਰ ਖੂਨ ਪਸੀਨਾ ਇਨ੍ਹਾਂ ਦਾ ਵਣਜਾਰੇ ਲੁੱਟ ਲੈ ਜਾਂਦੇ ਨੇ ਇਹਨਾਂ ਸਿਰ ਚੜ੍ਹਿਆਂ ਕਰਜ਼ਾਂ ਨੇ ਇਹ ਖੁਦਕਸ਼ੀਆਂ ਰਾਹ ਪਾਏ ਨੇ। ਇਹ ਧਰਤੀ ਪੁੱਤਰ ਦਿੱਲੀ ਤੋਂ ਆਪਣੇ ਹੱਕ ਮੰਗਣ ਆਏ ਨੇ..... ਹੁਣ ਵੱਡੇ ਧਾੜਵੀ ਆਣ ਚੜ੍ਹੇ ਇਹਨਾਂ ਨੂੰ ਕੋਹਣਾ ਚਾਹੁੰਦੇ ਨੇ। ਹੁਣ ਫ਼ਸਲਾਂ ਦੀ ਤਾਂ ਗੱਲ ਛੱਡੋ ਧਰਤੀ ਵੀ ਖੋਹਣਾ ਚਾਹੁੰਦੇ ਨੇ। ਸਭ ਖ਼ਤਮ ਕਰਨ ਲਈ ਤੁੱਲੇ ਨੇ ਉਨ੍ਹਾਂ ਜੋ ਕਾਨੂੰਨ ਬਣਾਏ ਨੇ। ਇਹ ਧਰਤੀ ਪੁੱਤਰ ਦਿੱਲੀ ਤੋਂ, ਆਪਣੇ ਹੱਕ ਮੰਗਣ ਆਏ ਨੇ..... ਐਵੇਂ ਨਾ ਮਨ ਵਿੱਚ ਭਰਮ ਰਹੇ ਇਹ ਥੱਕ ਟੁੱਟ ਕੇ ਤੁਰ ਜਾਵਣਗੇ। ਇਹ ਰੇਤੇ ਦੇ ਮੀਨਾਰ ਨਹੀਂ ਜੋ ਪੌਣ ਵਗੀ ਭੁਰ ਜਾਵਣਗੇ ਗੁਰ ਗੋਬਿੰਦ ਸਿੰਘ ਦੇ ਪੁੱਤਰਾਂ ਨੇ ਹੁਣ ਤਲੀਏਂ ਸੀਸ ਟਿਕਾਏ ਨੇ। ਇਹ ਧਰਤੀ ਪੁੱਤਰ ਦਿੱਲੀ ਤੋਂ, ਆਪਣੇ ਹੱਕ ਮੰਗਣ ਆਏ ਨੇ.....

ਖ਼ੁਦਕੁਸ਼ੀ ਨੋਟ-ਅਮਰਜੀਤ ਸਿੰਘ ਰਾਏ ਐਡਵੋਕੇਟ

(ਟਿਕਰੀ ਬਾਰਡਰ ਤੇ) ਕਿਸਾਨ ਦੀ ਮਜਬੂਰੀ ਏ। ਮੋਦੀ ਦੀ ਮਗਰੂਰੀ ਏ। ਇਸ ਸ਼ਮ੍ਹਾਂ ਨੂੰ ਜਗਦੇ ਰੱਖਣ ਲਈ, ਖ਼ੂਨ ਦਾ ਤੇਲ ਜ਼ਰੂਰੀ ਏ।

ਜਿੱਥੇ ਸੀਤ ਹਵਾਵਾਂ ਮੇਲਦੀਆਂ-ਗੁਰਪ੍ਰੀਤ ਬੋੜਾਵਾਲ

ਜਿੱਥੇ ਸੀਤ ਹਵਾਵਾਂ ਮੇਲਦੀਆਂ ਪਿੰਡਿਆਂ ਦੇ ਨਾਲ ਨੇ ਖੇਲਦੀਆਂ ਜਿੱਥੇ ਕੂਕਾਂ ਵੱਜਣ ਰੇਲਦੀਆਂ ਮੈਂ ਓਥੋਂ ਵਾਜਾਂ ਮਾਰਦਾਂ ਉਸ ਦੇਸ਼ ਤੋਂ ਵਾਜਾਂ ਮਾਰਦਾਂ ਜਿੱਥੇ ਸਾਂਝ ਪ੍ਰੀਤਾਂ ਜੁੜੀਆਂ ਨੇ ਸਿਰ ਕੱਫਣ ਬੰਨ ਲਏ ਬੁੜ੍ਹੀਆਂ ਨੇ ਹੱਥ ਝੰਡੇ ਫੜ੍ਹ ਲੈ ਕੁੜੀਆਂ ਨੇ ਮੈਂ ਓਥੋਂ ਵਾਜਾਂ ਮਾਰਦਾਂ ਉਸ ਦੇਸ਼ ਤੋਂ ਵਾਜਾਂ ਮਾਰਦਾਂ ਜਿੱਥੇ ਬੜ੍ਹਕ ਜਵਾਨੀ ਮਾਰਦੀ ਨਾ ਰੋਕਾਂ ਅੱਗੇ ਹਾਰਦੀ ਜਿੰਦ ਅੱਗੇ ਹੋ-ਹੋ ਵਾਰਦੀ ਮੈਂ ਓਥੋਂ ਵਾਜਾਂ ਮਾਰਦਾਂ ਉਸ ਦੇਸ਼ ਤੋਂ ਵਾਜਾਂ ਮਾਰਦਾਂ ਜਿੱਥੇ ਬਾਬਿਆਂ ਲਾਏ ਡੇਰੇ ਨੇ ਸੂਰਜ ਨਾਲ ਜਿੱਦਣ ਨ੍ਹੇਰੇ ਨੇ ਜਿੱਥੇ ਹੋਵਣ ਵਾਲੇ ਸਵੇਰੇ ਨੇ ਮੈਂ ਓਥੋਂ ਵਾਜਾਂ ਮਾਰਦਾਂ ਉਸ ਦੇਸ਼ ਤੋਂ ਵਾਜਾਂ ਮਾਰਦਾਂ ਜਿੱਥੇ ਹਾਕਮ ਕੂਕਰ ਬਣਿਆ ਹੈ ਸਾਡਾ ਵੀ 'ਮੁੱਕਾ' ਤਣਿਆ ਹੈ ਇਹ ਮੁੱਦਤ ਪਿੱਛੋਂ ਜਣਿਆ ਹੈ ਮੈਂ ਓਥੋਂ ਵਾਜਾਂ ਮਾਰਦਾਂ ਉਸ ਦੇਸ਼ ਤੋਂ ਵਾਜਾਂ ਮਾਰਦਾਂ

ਪਤਾ ਹੈ ਸਾਨੂੰ-ਡਾ: ਲੋਕ ਰਾਜ

ਮਨ ਕੀ ਬਾਤ, ਪਤਾ ਹੈ ਸਾਨੂੰ। ਅੰਦਰ ਝਾਤ, ਪਤਾ ਹੈ ਸਾਨੂੰ। ਕਿੱਥੇ ਸਾਰਾ ਵਰ੍ਹ ਜਾਂਦਾ ਹੈ, ਬਿਨ ਬਰਸਾਤ, ਪਤਾ ਹੈ ਸਾਨੂੰ। ਕਿਸ ਦੀ ਬਾਜ਼ੀ ਪੌਂਅ ਬਾਰਾਂ ਹੈ, ਕਿਸ ਦੀ ਮਾਤ, ਪਤਾ ਹੈ ਸਾਨੂੰ। ਕਦ ਮੰਨੇਗਾ, ਭੂਤ ਇਹ ਖਾ ਕੇ ਕਿਸ ਕੀ ਲਾਤ, ਪਤਾ ਹੈ ਸਾਨੂੰ। ਸਾਥ ਅਸਾਡੇ, ਸਿਦਕ ਹੈ ਸਾਡਾ, ਉਸ ਦੀ ਦਾਤ, ਪਤਾ ਹੈ ਸਾਨੂੰ।

ਅੰਨਦਾਤਾ ਕਹਿੰਦੇ ਮੈਨੂੰ-ਕੁਲਜੀਤ ਕੌਰ (ਪ੍ਰੋ:)

ਅੰਨਦਾਤਾ ਕਹਿੰਦੇ ਮੈਨੂੰ ਦੇਸ਼ ਦਾ ਕਿਸਾਨ ਹਾਂ। ਧੁੱਪਾਂ ਛਾਵਾਂ ਸਹਿ ਕੇ ਤਾਂ, ਹੋਇਆ ਮੈਂ ਜਵਾਨ ਹਾਂ। ਸਾਦਗੀ ਤੇ ਜ਼ਿੰਦਾਦਿਲੀ ਸਾਥੀ ਮੇਰੇ ਧੁਰ ਤੋਂ, ਕਿਰਤੀ ਹਾਂ ਮਿਹਨਤੀ ਹਾਂ,ਧਰਤੀ-ਈਮਾਨ ਹਾਂ। ਅਣਖ਼ੀ ਹਾਂ ਗੈਰਤੀ ਹਾਂ, ਮਿੱਟੀ ਨਾਲ ਸਾਂਝ ਮੇਰੀ, ਰੁੱਖੀ ਮਿੱਸੀ ਖਿੜੇ ਮੱਥੇ ਕਰਦਾ ਪ੍ਰਵਾਨ ਹਾਂ। ਖੇਤਾਂ ਦਾ ਮੈਂ ਪੁੱਤ ਮੇਰਾ ਪੁੱਤ ਸਰਹੱਦ ਉੱਤੇ, ਦੇਸ਼ ਲਈ ਮੈਂ ਜੀਵਾਂ ਮਰਾਂ, ਹੁੰਦਾ ਕੁਰਬਾਨ ਹਾਂ। ਸਦੀਆਂ ਤੋਂ ਧਰਤੀ ਦੀ ਹਿੱਕ ਵਿਚੋਂ ਸੋਨਾ ਮੈਂ ਉਗਾਈ ਜਾਵਾਂ, ਸਾਰਿਆਂ ਦਾ ਢਿੱਡ ਭਰਾਂ,ਉਹੀ ਕਿਰਸਾਨ ਹਾਂ। ਜਾਬਰਾਂ ਤੇ ਜ਼ਾਲਮਾਂ ਨੂੰ ਸਹਿਣਾ ਮੈਂ ਨਾ ਸਿਖਿਆ ਏ, ਇਸੇ ਲਈ ਮੈਂ ਦਿੱਲੀਏ ਨੀ ਤੈਥੋਂ ਪ੍ਰੇਸ਼ਾਨ ਹਾਂ। ਜਾਗ ਪਿਆ ਹੁਣ ਮੈਂ ਤਾਂ ਗਾਫ਼ਲੀ ਦੀ ਨੀਂਦ ਵਿੱਚੋਂ, ਰੁਕਣਾ ਨਾ ਤੈਥੋਂ, ਮੈਂ ਤਾਂ ਅੱਥਰਾ ਤੂਫ਼ਾਨ ਹਾਂ।

ਕਿੰਨੇ ਸ਼ਾਤਰ -ਕੁਲਦੀਪ ਜਲਾਲਾਬਾਦ

ਸੋਨਾ ਉਗਲਦੀ ਜ਼ਮੀਨ ਵਿੱਚ ਸ਼ੋਰੇ ਦੀ ਖੋਟ ਰਲਾ ਕਿਸਾਨ ਦੀ ਖ਼ੁਸ਼ਹਾਲੀ ਦੀ ਗੱਲ ਕਰਦੇ ਓ ਕਿੰਨੇ ਖਚਰੇ ਖ਼ੈਰ-ਖਵਾਹ ਹੋ ਤੁਸੀਂ ਤੁਸਾਂ ਆਪਣੇ ਚੰਗੇ ਦਿਨਾਂ ਲਈ ਸਾਨੂੰ ਅੱਛੇ ਦਿਨਾਂ ਦੇ ਸੁਪਨੇ ਵਿਖਾਏ ਤੇ ਤੁਹਾਡੇ ਦਿੱਤੇ ਦਿਨ ਸਾਡਾ ਹਾਲ ਵੀ ਖਾ ਗਏ ਤੇ ਹਵਾਲ ਵੀ ਖਾ ਗਏ ਕਿੰਨੇ ਭੋਲੇ ਸਾਂ ਅਸੀਂ ਤੇ ਤੁਸੀਂ ਕਿੰਨੇ ਸ਼ਾਤਰ ਤੁਹਾਡੀ ਦੂਰ-ਅੰਦੇਸ਼ੀ ਹੂ ਬ ਹੂ ਸੱਚ ਹੋਈ ਅਸੀਂ ਦਿਨ ਦਿਹਾੜੇ ਉੱਜੜ ਗਏ ਸਾਡੇ ਤਾਂ ਚੰਗੇ ਦਿਨ ਨਾ ਆਉਣੇ ਸੀ ਨਾ ਆਏ ਅੱਜਕਲੵ ਤੁਹਾਡੇ ਦਿਨ ਅੱਛੇ ਚੱਲ ਰਹੇ ਨੇ ਪਰ ਯਾਦ ਰੱਖਿਓ ਸਾਡੇ ਦੀਨ ਪੱਕੇ ਨੇ ਅਸੀਂ ਦਿਨਾਂ ਸਮੇਤ ਹੀ ਪਹੁੰਚਾਂਗੇ ਓਨੀ ਦੇਰ ਸੰਭਾਲ ਕੇ ਰੱਖਣਾ ਸਾਡਾ ਸੱਤ ਸ਼ੑੀ ਆਕਾਲ ਵਾਲੇਕਮ ਅੱਸਲਾਮ ਤੇ ਰਾਮ ਰਾਮ!!!

ਸ਼ਾਹ ਰਗ-ਕੁਲਦੀਪ ਜਲਾਲਾਬਾਦ

ਕਿਸਾਨੀ ਸਾਡੀ ਸ਼ਾਹ ਰਗ ਹੈ ਇਸ 'ਤੇ ਹੱਥ ਰੱਖਣ ਵਲਿਓ ਸਾਡਾ ਇਤਿਹਾਸ ਵਾਚ ਲਿਓ ਅਸੀਂ ਹੱਥ ਮਿਲਾਉਣਾ ਹੀ ਨਹੀਂ ਵੱਢਣਾ ਵੀ ਜਾਣਦੇ ਹਾਂ।

ਆਰ ਪਾਰ ਦੀ ਲੜਾਈ-ਕੁਲਦੀਪ ਜਲਾਲਾਬਾਦ

ਗੱਲ ਤਾਂ ਗੱਲਬਾਤ ਤੱਕ ਸੀਮਤ ਹੁੰਦੀ ਏ ਆਰ ਜਾਂ ਪਾਰ ਦੀ ਤਾਂ ਲੜਾਈ ਹੁੰਦੀ ਹੈ ਬੜਾ ਸਮਾਂ ਦਿੱਤਾ ਤੁਹਾਨੂੰ ਸੋਚ ਲਵੋ ਸਮਝ ਲਵੋ ਪਰ ਤੁਸਾਂ ਹੰਕਾਰਿਆਂ ਨੇ ਤੁੱਛ ਮੰਨਿਆ ਸਾਨੂੰ ਆਰ ਬਹੁਤ ਪਿੱਛੇ ਰਹਿ ਗਿਆ ਨੌਬਤ ਪਾਰ ਦੀ ਆ ਗਈ ਏ ਹੁਣ ਜੀਵਾਂਗੇ ਜਿਵੇਂ ਜੀਵੀ ਦਾ ਹੁੰਦੈ।

ਗ਼ਜ਼ਲ-ਹਰਕੋਮਲ ਸਿੰਘ ਬਰਿਆਰ ਜਗਰਾਉਂ

ਮਸ਼ਾਲਾਂ ਬਾਲ ਕੇ ਰੱਖੋ ਹਨੇਰਾ ਦੂਰ ਹੈ ਕਰਨਾ। ਤੇ ਆਪਣੀ ਹੋਂਦ ਦੇ ਕਾਰਨ ਤਲੀ ਤੇ ਸੀਸ ਹੈ ਧਰਨਾ। ਅਸੀਂ ਸੱਚ ਦੇ ਪੁਜਾਰੀ ਹਾਂ ਸਦਾ ਅਮਨ ਹੀ ਚਾਹੁੰਦੇ ਹਾਂ, ਜ਼ੁਲਮ ਕਰਨਾ ਨਹੀਂ, ਨਾ ਹੀ ਜ਼ੁਲਮ ਨੂੰ ਸਹਿਣ ਹੈ ਕਰਨਾ। ਪਤੈ ਬਿਖੜਾ ਬੜਾ ਰਸਤਾ, ਬਘੇਰੇ ਵੀ ਕਈ ਮਿਲਣੇ, ਗੁਰੂ ਦੇ ਸਿੰਘ ਹਾਂ ਸੂਰੇ ਅਸੀਂ ਸਿੱਖਿਆ ਨਹੀਂ ਡਰਨਾ। ਕਿਸੇ ਮੰਜ਼ਿਲ ਤਾਈਂ ਪਾਉਣਾ ਵੀ ਇਤਨਾ ਸਹਿਲ ਨਹੀਂ ਹੁੰਦਾ, ਇਰਾਦੇ ਸਖ਼ਤ ਨੇ ਸਾਡੀ ਅਸੀਂ ਸਾਗਰ ਵੀ ਹੈ ਤਰਨਾ । ਇਹ ਧਰਤੀ ਮਾਂ ਲਈ ਜੀਣਾ, ਇਹ ਧਰਤੀ ਮਾਂ ਲਈ ਮਰਨਾ, ਰਹੀ ਨਾ ਮਾਂ ਅਗਰ ਸਾਡੀ ਅਸੀਂ ਜੀ ਕੇ ਵੀ ਕੀ ਕਰਨਾ। ਕਲੋਲਾਂ ਕਰ ਰਿਹਾ ਗਿੱਦੜ ਕਿਵੇਂ ਸ਼ੇਰਾਂ ਦੀ ਮਾਰ ਉੱਤੇ, ਅਸੀਂ ਗਿੱਦੜ ਦੀ ਸ਼ਾਹ ਰਗ ਤੋਂ ਲਹੂ ਦਾ ਘੁੱਟ ਹੈ ਭਰਨਾ। ਮਰਨ ਤੋਂ ਜੋ ਨਹੀਂ ਡਰਦੇ ਉਨ੍ਹਾਂ ਦੀ ਜਿੱਤ ਹੁੰਦੀ ਹੈ, ਅਸੀਂ ਬਰਿਆਰ ਹਾਂ ਯਾਰੋ ਅਸੀਂ ਸਿੱਖਿਆ ਨਹੀਂ ਹਰਨਾ।

ਬੋਲਦਾ ਵਰਤਮਾਨ-ਮਨਮੋਹਨ (ਡਾ.)

ਸਿੰਘੂ, ਕੁੜਨੀ, ਟਿੱਕਰੀ, ਬੁਰਾੜੀ ਖੈਰਾ, ਚਿੱਲਾ, ਪਲਵਲ ਤੇ ਬਰੌਤ ਸ਼ਬਦ ਨਵੇਂ ਨਹੀਂ ਪਰ ਅੱਜ ਨਵੇਂ ਪ੍ਰਸੰਗਾਂ ਤੇ ਸਮਿਆਂ ਜੋੜ ਦਿੱਤੇ ਅਸਲੋਂ ਨਵੇਂ ਨਵੇਂ ਅਰਥ ਵਰਤਮਾਨ ਦੇ ਸ਼ਬਦਕੋਸ਼ ਅੰਦਰ ਪਿਛੇਤਰ ਬਾਰਡਰ ਜੁੜ ਜਾਂਦੈ ਤਾਂ ਨਿਕਲਣ ਅਰਥ ਕੁਝ ਹੋਰ ਹੀ ਹੁੰਦੇ ਨੇ ਹੋਰ ਕਈ ਬਾਰਡਰ ਦੇਸ਼ ਦੇ ਬਾਰਡਰਾਂ ਅੰਦਰ ਵੀ ਨਰਿੰਜਣ ਸਿੰਹੁ ਕਿਰਸਾਨ ਵੱਲੋਂ ਆਤਮ ਹੱਤਿਆ ਦੇ ਯਤਨ ਨੇ ‘ਅੰਜਨ ਮਾਹਿ ਨਿਰੰਜਨੁ’ ਨੂੰ ਬਿਲਕੁਲ ਦਿੱਤੇ ਨੇ ਨਵੇਂ ਅਰਥ ਸ਼ਹੀਦੀ ਤੇ ਠੰਢੇ ਬੁਰਜ ਦੀ ਸੀਤ ਹੋਈ ਪਹਿਲੀ ਵਾਰ ਅਨੁਭਵ ਜਦੋਂ ਬਰਫ਼ੀਲੀ ਸੜਕ ‘ਤੇ ਰਾਤ ਗੁਜ਼ਾਰੀ ਕੋਹਰੇ ‘ਚ ਘਿਰੀ ਵੰਡ ਛਕੋ ਦਾ ਅਰਥ ਸਿਰਫ਼ ਲੰਗਰ ਛੱਕਣਾ ਛਕਾਉਣਾ ਹੀ ਨਹੀਂ ਹੁੰਦੈ ਦੁੱਖ ਸੁੱਖ ਸਮ ਕਰ ਜਾਣ ਸਬਰ ਤੇ ਸਹਿਜ ਭਾਵ ਨਾਲ ਜਿਉਣਾ ਵੀ ਹੁੰਦੈ ਪਿੰਡ ਦਾ ਅਵੈੜਾ ਮੁੰਡਾ ਬਿਪਤਾ ਪੈਣ ‘ਤੇ ਕਿਵੇਂ ਬਣ ਜਾਂਦੈ ਜ਼ੁੰਮੇਵਾਰ ਸ਼ਹਿਰੀ ਸੇਵਾ ਭਾਵ ਉਹਦਾ ਦੱਸਦੈ ਉੱਡਦੇ ਪੰਜਾਬ ਨੂੰ ਪੰਜਾਬ ਸਿੰਘ ਹੋਣ ‘ਚ ਬਹੁਤੀ ਦੇਰ ਨਹੀਂ ਲੱਗਦੀ ਸ਼ਹੀਦੀਆਂ, ਸਾਕੇ, ਛੋਟੇ ਵੱਡੇ ਘੱਲੂ ਘਾਰੇ ਜੈਤੋਂ, ਚਾਬੀਆਂ, ਗੁਰੂ ਕੇ ਬਾਗ ਦੇ ਮੋਰਚੇ ਅਸਹਿਯੋਗ, ਸੱਤਿਆਗ੍ਰਹਿ, ਧਰਨੇ ਮੁਜ਼ਾਹਰੇ ਕਿਹੜੇ ਰੰਗਾਂ ਰੂਪਾਂ ‘ਚ ਵਾਪਰਣੇ, ਕੋਈ ਨਾ ਜਾਣੇ ਸਮੇਂ ਦੇ ਗਰਭ ‘ਚ ਕੀ ਕੀ, ਕਿਵੇਂ ਕਿਵੇਂ ਹੋਣੈ ਕਿਨ੍ਹਾਂ ਅਰਥਾਂ ਕਿਸ ਭਾਸ਼ਾ ‘ਚ ਹੋਣਾ ਪ੍ਰਗਟ ਵਰਤਮਾਨ ਦੇ ਸ਼ਬਦਕੋਸ਼ ‘ਚ ਕਿਹੜੇ ਕਿਹੜੇ ਹੋਰ ਨਵੇਂ ਸ਼ਬਦ ਜੁੜਨੇ ਕੁਝ ਥਹੁ ਪਤਾ ਨਹੀਂ...!

ਚਿਰਾਗ਼ਾਂ ਨੂੰ ਜਗਾਓ-ਤ੍ਰੈਲੋਚਨ ਲੋਚੀ

ਚਿਰਾਗ਼ਾਂ ਨੂੰ ਜਗਾਓ - ਮਿਹਰਬਾਨੋ ! ਧਰਮ ਅਪਣਾ ਨਿਭਾਓ - ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ ......... ਹਕੂਮਤ ਹੈ ਹਨੇਰੇ ਦੀ ਚੁਫ਼ੇਰੇ ! ਤਰਸਦੇ ਰੌਸ਼ਨੀ ਨੂੰ ਇਹ ਬਨੇਰੇ ! ਹਨੇਰੇ ਨੂੰ ਮਿਟਾਓ - ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ........ ਜ਼ਰਾ ਜਾਗੋ ਚੁਫ਼ੇਰੇ ਨ੍ਹੇਰ ਛਾਇਆ ! ਕਿ ਜਾਗਣ ਦਾ ਤਾਂ ਹੁਣ ਹੀ ਵਕਤ ਆਇਆ ! ਤੇ ਲਫ਼ਜ਼ਾਂ ਨੂੰ ਜਗਾਓ -ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ.......... ਚਿਰਾਗ਼ਾਂ ਕਰਨੀਆਂ ਰੌਸ਼ਨ ਇਹ ਰਾਹਵਾਂ ! ਤੁਹਾਨੂੰ ਦੇ ਰਹੇ ਤਾਂ ਹੀ ਸਦਾਵਾਂ ! ਜ਼ਰਾ ਉੱਠੋ ਤੇ ਆਓ - ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ ......... ਜੇ ਇੱਕ ਦੀਵਾ ਬੁਝੇ ਤਾਂ ਡਰ ਨਾ ਜਾਇਓ ਕਿ ਕਰਕੇ ਹੌਂਸਲਾ ਦੂਜਾ ਜਗਾਇਓ ਚੁਫੇਰੇ ਫੈਲ ਜਾਓ - ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ......... ਭੇਤ ਮੈਂ ਨ੍ਹੇਰਿਆਂ ਦਾ ਪਾ ਗਿਆ ਹਾਂ ! ਤੇ ਲੈ ਕੇ ਸ਼ਬਦ ਸੁੱਚੇ ਆ ਗਿਆ ਹਾਂ ! ਤੁਸੀਂ ਨਗ਼ਮਾ ਬਣਾਓ - ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ -ਮਿਹਰਬਾਨੋ ! ਚਿਰਾਗ਼ਾਂ ਨੂੰ ਜਗਾਓ........

ਅਸੀ ਖਿੱਚ ਤਿਆਰੀ ਆ ਗਏ-ਸੰਤੋਸ਼ ਸੰਧੀਰ ਪਟਿਆਲਾ

ਅਸੀਂ ਖਿੱਚ ਤਿਆਰੀ ਆ ਗਏ ਤੇ ਲਈਆਂ ਛਾਉਣੀਆਂ ਪਾ ਸਾਡੇ ਸਿਰਾਂ ਦੇ ਲੰਮੇ ਕਾ਼ਫਲੇ ਲਈ ਏ ਸੋਚ ਸਾਣ੍ਹ ਤੇ ਲਾ ਅਸੀਂ ਪਿੱਛੇ ਮੁੜਨ ਨਾ ਜਾਣਦੇ ਦਿਓ ਹਾਕਮ ਨੂੰ ਸਮਝਾ। ਅਸੀਂ ਗਿਣ ਗਿਣ ਭਾਜੀ ਮੋੜਨੀ ਹਾਂ ਮੋੜਨੀ ਜਿਹੜੇ ਲਏ ਨੇ ਸੂਤਵੇਂ ਸਾਹ ਅਸੀਂ ਜਬਰ ਜ਼ੁਲਮ ਦੇ ਕਿਲ੍ਹੇ ਦੀ ਦੇਈਏ ਇੱਟ ਨਾਲ ਇੱਟ ਖੜਕਾ ਕਰੋ ਯਾਦ ਸਮਾਂ ਜਰਵਾਣਿਓ ਜ਼ਰਾ ਪਿੱਛੇ ਮਾਰੋ ਨਿਗਾਹ। ਕਦੇ ਦਾਣੇ ਦਾਣੇ ਨੂੰ ਤਰਸਦੇ ਅਮਰੀਕਾ ਮੂਹਰੇ ਗੋਡੀ ਲਾ ਉਹ ਸੂਰਾਂ ਦਾ ਖਾਜਾ ਸੀ ਭੇਜਦਾ ਨਾਲੇ ਰੱਖਦਾ ਸੀ ਦਾਬਾ ਪਾ। ਉਦੋਂ ਕੜ ਪਾਟਿਆ ਸੀ ਧਰਤ ਦਾ ਮੱਥੇ ਕਲੰਕ ਨਾ ਗਿਆ ਜਰਿਆ। ਪੁੱਤ ਪੰਜ ਦਰਿਆਵਾਂ ਦੇ ਨਿੱਤਰੇ ਲਿਆ ਮਿੱਟੀ ਚੋਂ ਸੋਨਾ ਉਗਾ। ਤੇਰੀ ਬੇਪੱਤ ਹੋਈ ਆਬਰੂ, ਮਿੱਟੀ ਦੇ ਪੁੱਤਾਂ ਲਈ ਸੀ ਬਚਾ। ਤੁਸੀਂ ਰੱਜ ਉਜਾੜਾ ਕਰ ਰਹੇ ਸਾਡੇ ਗਲ ਵਿੱਚ ਪਾ ਕੇ ਫਾਹ। ਤੁਸੀ ਰੱਜਿਆਂ ਤਾਈਂ ਰਜਾਉਣ ਦਾ ਕੇਹਾ ਪੁੱਠਾ ਫੜਿਆ ਰਾਹ। ਕਹਿੰਦੇ ਭੁੱਲਿਆ ਉਹਨੂੰ ਨਾ ਜਾਣੀਏ ਜਿਹੜਾ ਪੈ ਜਾਵੇ ਘਰ ਦੇ ਰਾਹ। ਤੁਸੀਂ "ਮੈਂ" ਨੂੰ ਮਨੋਂ ਵਿਸਾਰ ਕੇ, ਪਾਵੋ ਕਿਰਤੀ ਦੇ ਦਰਦਾਂ ਦੀ ਥਾਹ। ਨਹੀਂ ਤਾਂ ਰਹਿ ਜਾਣਾ ਹੱਥ ਮਲਦਿਆਂ, ਸਮਾਂ ਲੈ ਜਾਉ ਕਿਤੇ ਵਹਾਅ। ਇਹ ਕੱਠ ਲੋਹੇ ਦੀ ਲੱਠ ਜਿਹਾ ਤੁਹਾਡੇ ਮੱਥੇ ਵੱਜਣਾ ਏ ਠਾਹ।।

ਮੈਂ ਖੇਤਾਂ ਦਾ ਵਾਹਕ-ਜੇ ਦੀਪ

ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ। ਮੈਂ ਮਿੱਟੀ ਦਾ ਜਾਇਆ, ਸੀਨਾ ਤਾਣ ਬੋਲਦਾਂ। ਮੁੜ੍ਹਕਾ ਡੋਲ ਕੇ ਬੰਜ਼ਰ ਨੂੰ ਜ਼ਰਖੇਜ਼ ਬਣਾਇਆ, ਪਰ ਮੇਰੇ ਮੁੜ੍ਹਕੇ ਦਾ ਮੁੱਲ ਕਿਸੇ ਨਾ ਪਾਇਆ। ਕੀ ਦੱਸਾਂ ਅੱਜ ਹੋ ਕੇ ਮੈਂ ਪਰੇਸ਼ਾਨ ਬੋਲਦਾਂ। ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ। ਕਰਜ਼ੇ ਵਾਲੀ ਪੰਡ ਅਜੇ ਨਾ ਸਿਰ ਤੋਂ ਲੱਥੀ, ਗੜ੍ਹਿਆਂ ਵਾਲੀ ਮਾਰ ਨੇ ਭੰਨ ਦਿੱਤੀ ਵੱਖੀ। ਉੱਪਰੋਂ ਭਾਵੇਂ ਦਿਸਦਾ ਹਾਂ ਮੈਂ ਹਾਸੇ ਵੰਡਦਾ, ਪਰ ਮੈਂ ਅੰਦਰੋਂ ਹੋਇਆ ਲਹੂ ਲੁਹਾਨ ਬੋਲਦਾਂ। ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ। ਕਾਂ ਤੇ ਚਿੜੀ ਦੀ ਮੇਰੇ ਉੱਤੇ ਢੁਕੇ ਕਹਾਣੀ, ਵਾਹਵਾਂ, ਬੀਜਾਂ, ਪਾਲਾਂ ਤੇ ਮੈਂ ਦੇਵਾਂ ਪਾਣੀ। ਪਿੱਤਲ਼ ਦੇ ਭਾਅ ਲੈ ਜਾਂਦੇ ਨੇ ਮੈਥੋਂ ਸੋਨਾ, ਡਾਢਿਆਂ ਅੱਗੇ ਹਾਰਿਆ ਮੈਂ ਇਨਸਾਨ ਬੋਲਦਾਂ। ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ। ਚੋਰ ਤੇ ਹਾਕਮ ਰਲ਼ ਕੇ ਨੇ ਹੁਣ ਲੁੱਟਣ ਲੱਗੇ, ਸਬਰਾਂ ਵਾਲੇ ਬੰਨ੍ਹ ਵੀ ਨੇ ਹੁਣ ਟੁੱਟਣ ਲੱਗੇ। ਫ਼ਿਤਰਤ ਤੋਂ ਨਾ ਬਾਗ਼ੀ ਪਰ ਹੁਣ ਹੱਲ ਨਾ ਕੋਈ, ਹੱਕਾਂ ਖਾਤਿਰ ਹੱਥਾਂ ਵਿੱਚ ਲੈ ਜਾਨ ਬੋਲਦਾਂ। ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ। ‘ਜੇ.ਦੀਪ’ ਕੋਈ ਸੁਣਲੇ ਅੱਜ ਪੁਕਾਰ ਜੇ ਮੇਰੀ, ਕਿਰਤੀ, ਕਾਮੀ ਕੌਮ ਕਿਉਂ ਫਿਰ ਢਾਏ ਢੇਰੀ? ਅੰਨ ਦੀ ਧੁੱਪ ਬਿਖੇਰਦਾ ਮੈਂ ਸੂਰਜ ਬਣਕੇ, ਨੇਰ੍ਹੇ ਵਿੱਚ ਨਾ ਡੱਕੋ, ਮੈਂ ਤੁਫ਼ਾਨ ਬੋਲਦਾਂ। ਮੈਂ ਖੇਤਾਂ ਦਾ ਵਾਹਕ, ਦੁਖੀ ਕਿਸਾਨ ਬੋਲਦਾਂ। ਮੈਂ ਖੇਤਾਂ ਦਾ ਵਾਹਕ........................।

ਤੈਥੋਂ ਰੌਸ਼ਨੀ ਕੈਦ ਨਹੀਂਓਂ ਹੋਣੀ-ਡਾ. ਦੇਵਿੰਦਰ ਸੈਫ਼ੀ

ਤੈਥੋਂ ਰੌਸ਼ਨੀ ਕੈਦ ਨਹੀਂਓਂ ਹੋਣੀ ਓ ਪਿੰਜਰੇ ਬਣਾਉਣ ਵਾਲਿਆ ਤੈਥੋਂ ਹਵਾ ਉੱਤੇ ਲੱਗਣੇ ਨਾ ਪਹਿਰੇ ਓ ਹੁਕਮ ਸੁਣਾਉਣ ਵਾਲਿਆ ਸੂਰਜਾਂ ਦੇ ਵਾਰਿਸਾਂ ਨੂੰ ਨ੍ਹੇਰਾ ਕਿਵੇਂ ਰੋਕ ਲਊ ਸੱਚੀ ਗੱਲ ਸਾਡੀ ਤੇਰਾ ਝੂਠ ਕਿਵੇਂ ਟੋਕ ਲਊ ਕਿਹੜੇ ਸੁਪਨੇ ਦੇ ਵਿਚ ਤੂੰ ਗੁਆਚਿਆ ਜਾਗਦਿਆ ਸੌਣ ਵਾਲਿਆ..... ਪਾਣੀ ਦਰਿਆਵਾਂ ਵਾਲਾ ਪੁੱਛ ਕੇ ਤਾਂ ਵਹਿੰਦਾ ਨਹੀਂ ਚੰਨ ਜਦੋਂ ਚੜ੍ਹਦਾ ਉਹ ਗੁੱਝਾ ਕਦੇ ਰਹਿੰਦਾ ਨਹੀਂ ਕਦੇ ਪੜ੍ਹੀਂ ਇਤਿਹਾਸ ਸਾਡੀ ਸੋਚ ਦਾ ਭਰਮਾਂ 'ਚ ਪਾਉਣ ਵਾਲਿਆ..... ਵੇਖ ਲਈਂ ਤੂੰ ਜ਼ੋਰ ਲਾ ਕੇ ਸਾਗਰਾਂ ਨੂੰ ਮੋੜ ਕੇ ਬੜੇ ਏਥੇ ਆਏ ਸੈਫ਼ੀ ਗਏ ਹੱਥ ਜੋੜ ਕੇ ਕਦੇ ਦਬੇ ਨਾ ਦਬਾਇਆ ਪੱਖ ਸਾਡਾ ਓ ਸੱਚ ਨੂੰ ਦਬਾਉਣ ਵਾਲਿਆ.....

ਹੁਣ ਚੁੱਪ ਨਾ ਰਹੋ-ਨਵਰੂਪ ਕੌਰ

ਹੁਣ ਚੁੱਪ ਨਾ ਰਹੋ। ਚੁੱਪ ਨਾ ਬਹੋ ਕੁਝ ਤਾਂ ਕਹੋ ਦੁੱਖ ਨਾ ਸਹੋ। ਕਿਉਂਕਿ ਹੁਣ ਚੁੱਪ ਰਹਿਣ ਤੋਂ ਕੁਝ ਨਾ ਕਹਿਣ ਤੋਂ ਸਿਆਸਤ ਚ ਵਹਿਣ ਤੋਂ ਚੰਗਾ ਹੈ ਕਿ ਇਕ ਦੂਜੇ ਦੀ ਹਿੰਮਤ ਬਣੀਏ ਆਪਣੇ ਇਤਿਹਾਸ ਤੇ ਪੁਰਖਿਆਂ ਦੀ ਵਿਰਾਸਤ ਸਾਡੀ ਪਰਖ ਮੰਗਦੀ ਹੈ ਆ ਇਸ ਪਰਖ ਨਲੀ 'ਚ ਪਰਖੇ ਜਾਈਏ ਚੁੱਪ ਨਾ ਰਹੀਏ ਆ ਇਸ ਮੌਕੇ ਸਿਆੜਾਂ ਦੀ ਸਹੁੰ ਖਾਈਏ ਇਨ੍ਹਾਂ ਲਈ ਮਰ ਮਿਟਣ ਦਾ ਵੇਲਾ ਨਾ ਖੁੰਝਾਈਏ । ਆ ਰਲ ਮਿਲ ਧਰਤੀ ਦਾ ਕਰਜ਼ ਚੁਕਾਈਏ ਕੌਣ ਹੁੰਦੇ ਨੇ ਸ਼ੇਤਾਂ ਤੇ ਜਾਏ ਕਿੱਦਾਂ ਕਰਦੇ ਨੇ ਰਾਖੀ ਹੱਕ ਆਪਣੇ ਲੈਣਾ ਜਾਣਦੇ ਮਿੱਟੀ ਆਪਣੀ ਨੂੰ ਮਾਂ ਤੋਂ ਵੱਧ ਜਾਣਦੇ ਇਸ ਦੀ ਬੁੱਕਲ 'ਚੋਂ ਸੋਨਾ ਛਾਣਦੇ ਸਬਰ ਸੰਤੋਖ ਗੁੜ੍ਹਤੀ ਚ ਰੱਖਣ ਵਿਸ਼ਵਾਸ ਮੌਤ ਨਾਲ ਪੇਚਾ ਨਿੱਤ ਪਾਉਣਾ ਜਾਣਦੇ।

ਪਾਈ ਪਾਈ ਦਾ ਹਿਸਾਬ-ਸੁਖਚਰਨਜੀਤ ਕੌਰ ਗਿੱਲ

ਅਸੀਂ ਸੁਣ ਲਈ ਬਥੇਰੀ ਤੇਰੇ ਲਾਰਿਆਂ ਦੀ ਗੱਲ, ਬੰਦ ਕਰ ਨੀ ਤੂੰ ਝੂਠ ਦੇ ਗੁਬਾਰਿਆਂ ਦੀ ਗੱਲ, ਤੇਰੀ ਫੂਕਣੀ ਏ ਕੂੜ ਦੀ ਕਿਤਾਬ ਦਿੱਲੀਏ। ਨੀ ਪਾਈ ਪਾਈ ਦਾ ਕਰਾਂਗੇ ਹਿਸਾਬ ਦਿੱਲੀਏ । ਤੈਨੂੰ ਬੜੀ ਸਮਝਾਈ ਦੋ ਘਰਾਣਿਆਂ ਦੀ ਗੱਲ। ਲਹੂ ਪੀਣਿਆਂ ਦੀ ਗੱਲ ਬੰਦੇ ਖਾਣਿਆਂ ਦੀ ਗੱਲ। ਨੀ ਤੂੰ ਓਹਨਾਂ ਦੀ ਹੀ ਬਣ ਗਈ ਰਖੇਲ ਦਿੱਲੀਏ, ਸਾਡਾ ਵੇਚਿਆ ਏ ਤੇਲ ਨਾਲ਼ੇ ਰੇਲ ਦਿੱਲੀਏ । ਨੀ ਮਨੁੱਖਤਾ 'ਚ ਜ਼ਹਿਰ ਨੂੰ ਫੈਲਾਉਣ ਵਾਲ਼ੀਏ। ਸਾਡੇ ਖੂਨ ਦੀ ਵਿਛਾਈ ਉੱਤੇ ਸੌਣ ਵਾਲ਼ੀਏ। ਗਈ ਸ਼ਾਹਾਂ ਦਿਆਂ ਨੋਟਾਂ ਉੱਤੇ ਡੁੱਲ ਦਿੱਲੀਏ। ਸੁੱਟੇਂ ਅੱਗ ਦੇ ਅੰਗਾਰਿਆਂ ਤੇ ਫੁੱਲ ਦਿੱਲੀਏ । ਜਾਤਾਂ ਧਰਮਾਂ'ਚ ਸਾਨੂੰ ਨੀ ਤੂੰ ਵੰਡਦੀ ਰਹੀ। ਵਿੱਚੋਂ ਜ਼ਹਿਰ ਉਤੋਂ ਸਦਾ ਪੁੜੀ ਖੰਡ ਦੀ ਰਹੀ। ਰੋਲੇਂ ਸਾਰੇ ਮਜ਼ਦੂਰ ਤੇ ਕਿਸਾਨ ਦਿੱਲੀਏ। ਇੱਕ ਨੂਰ ਤੋਂ ਬਣੇ ਆਂ ਇਨਸਾਨ ਦਿੱਲੀਏ । ਜਦੋਂ ਮਰਦੀ ਸੀ ਭੁੱਖੀ ਓਦੋਂ ਯਾਦ ਸਾਡੀ ਆਈ। ਅਸੀਂ ਧਰਤੀ ਦੇ ਪੁੱਤਾਂ ਤੇਰੀ ਮੁਕਤੀ ਕਰਾਈ। ਕਾਹਨੂੰ ਏਨੀ ਛੇਤੀ ਅੱਖਾਂ ਲਈਆਂ ਫੇਰ ਦਿੱਲੀਏ, ਨਹੀਓਂ ਸੂਰਜਾਂ ਨੂੰ ਪੁੱਗਦਾ ਹਨ੍ਹੇਰ ਦਿੱਲੀਏ। ਹੁਣ ਅੰਨਦਾਤੇ ਨਾਲ਼ ਜਿਹੜਾ ਲੈ ਲਿਆ ਤੂੰ ਪੰਗਾ। ਪੁੱਠ- ਪੈਰੀਏ ਵਹਾਈ ਨੀ ਤੂੰ ਪੁੱਠੇ ਪਾਸੇ ਗੰਗਾ। ਸਾਡੇ ਖ਼ੂਨ ਨੂੰ ਤੂੰ ਹੋਰ ਨਾ ਉਬਾਲ਼ ਦਿੱਲੀਏ। ਨੀ ਤੇਰੀ ਚੁੱਪ ਅੱਗੇ ਲੱਖਾਂ ਨੇ ਸਵਾਲ ਦਿੱਲੀਏ। ਲੁਧਿਆਣਾ

ਘੱਤ ਕੇ ਵਹੀਰਾਂ-ਸੁਖਚਰਨਜੀਤ ਕੌਰ ਗਿੱਲ

ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ ਸੀਨੇ ਅੱਗ ਲਾਉਣ ਵਾਲੇ ਵੱਲ ਚੱਲੇ ਆਂ। ਸਾਡੇ ਖੇਤਾਂ'ਚ ਉਤਾਰੀ ਜਮਾਂਖੋਰੀਆਂ ਦੀ ਟੋਲੀ ਓਹਨੂੰ ਗਿੱਚੀਓਂ ਫੜਾਂਗੇ ਨਹੀਓਂ ਅੱਡਣੀ ਏ ਝੋਲ਼ੀ। ਮਰ ਜਾਵਾਂਗੇ ਮੁਕਾ ਕੇ ਇੱਕੋ ਗੱਲ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ । ਸਾਨੂੰ ਅੱਤਵਾਦੀ ਅਨਪੜ੍ਹ ਕਹਿਣ ਵਾਲ਼ਿਓ। ਸਾਨੂੰ ਲੁੱਟ ਕੇ ਚੁਬਾਰਿਆਂ'ਚ ਰਹਿਣ ਵਾਲ਼ਿਓ। ਥੋਡਾ ਢਾਹੁਣ ਅੱਜ ਕੂੜ ਦਾ ਮਹੱਲ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ । ਸਾਨੂੰ ਹੱਕ ਸੱਚ ਉੱਤੋਂ ਮਰ ਮੁੱਕਣਾ ਸਿਖਾਇਆ। ਜ਼ਾਤਾ ਗੋਤਾਂ ਤੋਂ ਗੁਰੂ ਨੇ ਉੱਚਾ ਉੱਠਣਾ ਸਿਖਾਇਆ। ਤਾਹੀਓਂ ਭੁੱਲ ਕੇ ਜਮਾਤਾਂ ਸਾਰੇ ਰਲ਼ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ । ਮੇਰੀ ਛੇਤੀ ਛੇਤੀ ਮਾਏ ਨੀ ਤੂੰ ਕਰਦੇ ਤਿਆਰੀ। ਅੱਜ ਮੈਂ ਚੱਲਿਆ ਮੈਂ ਕੱਲ੍ਹ ਨੂੰ ਹੈ ਨਿੱਕੇ ਦੀ ਵੀ ਵਾਰੀ। ਕਿਤੇ ਰੁਕੀਏ ਨਾ ਮਾਏ ਚੱਲੋ ਚੱਲ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ । ਤੈਨੂੰ ਦਿੱਲੀ ਦਿਆ ਹਾਕਮਾ ਵੇ ਬੜਾ ਸਮਝਾਇਆ। ਜਿੰਨਾ ਡਰਦੇ ਰਹੇ ਤੂੰ ਸਾਨੂੰ ਹੋਰ ਵੇ ਡਰਾਇਆ। ਅੱਜ ਲਾਵੇ ਵਾਂਗੂੰ ਗੁੱਸੇ ਵਿੱਚ ਢਲ਼ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ । ਬਹਿ ਕੇ ਰੇਲਾਂ ਮੂਹਰੇ ਜਦੋਂ ਅਸੀਂ ਕੱਟੀਆਂ ਸੀ ਰਾਤਾਂ। ਓਦੋਂ ਰਿਹਾ ਤੂੰ ਸੁਣਾਉਂਦਾ ਤੂੰ ਤੇ ਮਨ ਦੀਆਂ ਬਾਤਾਂ। ਅੱਜ ਆਪਣੀ ਸੁਣਾਉਣ ਅਸੀਂ ਗੱਲ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ । ਬਹਿ ਕੇ ਉੱਚੀਆਂ ਅਟਾਰੀਆਂ ਤੇ ਘੜੇਂ ਤੂੰ ਕਾਨੂੰਨ ਮਾਰੀਂ ਸੜਕਾਂ ਤੇ ਝਾਤੀ ਵੇਖੀਂ ਸਾਡਾ ਵੀ ਜਨੂੰਨ। ਲੈ ਕੇ ਕਰੋ ਜਾਂ ਮਰੋ ਵਾਲ਼ਾ ਹੱਲ ਚੱਲੇ ਆਂ। ਅਸੀਂ ਘੱਤ ਕੇ ਵਹੀਰਾਂ ਦਿੱਲੀ ਵੱਲ ਚੱਲੇ ਆਂ ।

ਬਾਪੂ ਖੜਾ ਖੇਤ ਵਿੱਚ ਰੋਵੇ-ਸੁਖਚਰਨਜੀਤ ਕੌਰ ਗਿੱਲ

ਇੱਕ ਕਹਿਰ ਗੁਜ਼ਰਿਆ ਵੇ, ਬਾਪੂ ਖੜ੍ਹਾ ਖੇਤ ਵਿੱਚ ਰੋਵੇ। ਕੋਈ ਵੱਡਾ ਵਪਾਰੀ ਵੇ, ਸਾਰੇ ਪਿੰਡ ਦੇ ਦਾਣੇ ਢੋਵੇ। ਸਾਡੀ ਕਿਰਤ ਛਿਮਾਹੀ ਦੀ, ਉਹ ਇੱਕ ਦਿਨ ਵਿੱਚ ਖੋਹ ਕੇ ਲੈ ਗਏ। ਅਸੀਂ ਮਾਲਕ ਖੇਤਾਂ ਦੇ, ਪਾਸੇ ਖੜ੍ਹੇ ਵੇਖਦੇ ਰਹਿ ਗਏ। ਸਾਡੇ ਪਿੰਡ ਦਾ ਸੀਰੀ ਵੀ, ਕਿਉਂ ਨਾ ਸੋਚਾਂ ਦੇ ਵਿੱਚ ਖੋਵੇ। ਇੱਕ ਕਹਿਰ ਗੁਜ਼ਰਿਆ ਵੇ ------- ਸੁਣਿਐਂ, ਦਿੱਲੀ ਵਾਲ਼ਿਆਂ ਨੇ, ਵੇ ਇੱਕ ਨਵਾਂ ਕਨੂੰਨ ਬਣਾਇਆ। ਅਸੀਂ ਬਣੇ ਮੁਜ਼ਾਰੇ ਆਂ, ਜਗੀਰੂ ਸਿਰ ਤੇ ਆਣ ਬਹਾਇਆ। ਓਹਦੀ ਆਪਣੀ ਤੱਕੜੀ ਵੇ, ਆਪਣੇ ਵੱਟਿਆਂ ਨਾਲ਼ ਤੋਲੋਵੇ ਇੱਕ ਕਹਿਰ ਗੁਜ਼ਰਿਆ ਵੇ---- ਐਸਾ ਤੀਰ ਚਲਾਇਆ ਵੇ, ਸਿੱਧਾ ਖੁਭਿਆ ਸਾਡੇ ਸੀਨੇ। ਹਾਸਾ ਖਚਰਾ ਹੱਸਦੇ ਨੇ, ਵਗਦੇ ਲਹੂ ਨੂੰ ਵੇਖ ਕਮੀਨੇ। ਨਾ ਸੁਣਨ ਦੁਹਾਈ ਵੇ, ਸਾਡੇ ਰੱਤ ਨੈਣਾਂ ਚੋਂ ਚੋਵੇ। ਇੱਕ ਕਹਿਰ ਗੁਜ਼ਰਿਆ ਵੇ ਅੱਜ ਮਾਲਕ ਖੇਤਾਂ ਦੇ, ਰੋਂਦੇ ਖੜੇ ਖੇਤ ਦੇ ਖੂੰਜੇ। ਕੋਈ ਭਾਅ ਕੌਡੀਆਂ ਦੇ, ਸਾਡੇ ਖੇਤ ਚੋਂ ਸੋਨਾ ਹੂੰਝੇ। ਢਹਿ ਜਾਓਂ ਜ਼ਾਲਮੋਂ ਵੇ, ਸਾਡੇ ਰੱਤ ਨੈਣਾਂ ਚੋਂ ਚੋਵੇ । ਇੱਕ ਕਹਿਰ ਗੁਜ਼ਰਿਆ ਵੇ ਮੇਰੇ ਸੋਹਣਿਓਂ ਵੀਰੋ ਵੇ, ਅੰਦਰ ਵੜ ਕੇ ਨਾ ਅੱਜ ਰੋਇਓ । ਜਾਬਰ ਨੂੰ ਠੱਲ੍ਹਣ ਨੂੰ, ਵੇ ਤੁਸੀਂ ਬਣ ਕੇ ਕੰਧ ਖਲੋਇਓ। ਕਿਉਂ ਰੱਤ ਲਾਲੋਆਂ ਦੀ, ਮਹਿੰਗੇ ਪੌਪਕਰਨ ਚੋਂ ਚੋਵੇ। 'ਕੱਠੇ ਹੋ ਕੇ ਠਿੱਲੵ ਪਉ ਵੇ, ਬਾਕੀ ਜੋ ਹੋਣਾ ਸੋ ਹੋਵੇ ਫੁਰਮਾਨ ਜਾਬਰਾਂ ਦਾ ਪਿਛਲੇ ਪੈਰੀਂ ਮੁੜਦਾ ਹੋਵੇ ।

ਅਰਜੁਨ ਐਵਾਰਡ ਮੋੜਦਿਆਂ-ਸੱਜਣ ਸਿੰਘ ਚੀਮਾ

ਪਹਿਲਾਂ ਮੈਂ ਖੇਤਾਂ ਦਾ ਪੁੱਤਰ ਹਾਂ, ਮਗਰੋਂ ਮੈਂ ਖਿਡਾਰੀ ਹਾਂ ਮੇਰੇ ਲਈ ਤੇਰੇ ਅਰਜੁਨ ਐਵਾਰਡ ਤੋਂ ਪਹਿਲਾਂ, ਆਪਣੇ ਬਾਪ ਦਾ ਮੁੰਡਾਸਾ ਪਿਆਰਾ ਹੈ। ਮੈਂ ਬਾਪ ਦੇ ਪਸੀਨੇ ਤੇ ਮਾਂ ਦੀਆਂ ਅਸੀਸਾਂ ਚੋ ਨਿਕਲਿਆ ਹਾਂ। ਬਾਪੂ ਦੀਆਂ ਬਿਆਈਆਂ ਤੇ ਮਾਂ ਦੇ ਸਬਰ ਦੀ ਪੈਦਾਇਸ਼ ਹਾਂ । ਪਹੁ ਵੇਲੇ ਕੰਨ੍ਹ ਪਏ ਬਲਦਾਂ ਨਾਲ ਜੋਤਾ ਲਾ ਕੇ ਆਏ ਬਾਪ ਤੇ, ਛੰਨਾ ਭਰ ਮੱਠਾ ਦੇਂਦੀ ਮਾਂ ਦੀ ਦੇਣ ਹਾਂ। ਮੈਨੂੰ ਨਹੀਂ ਭੁੱਲਿਆ ਮਾਂ ਦਾ ਤੰਦੂਰੀ ਰੋਟੀ ਦੇ ਪਰਦੇ ਚ ਚਾਰੇ ਉਂਗਲਾਂ ਨਾਲ ਭਰ ਕੇ ਲਕੋਇਆ ਮੱਖਣ। ਭੈਣਾਂ ਦੇ ਮੂੰਹ 'ਚੋਂ ਕੱਢ ਕੇ ਮਲਾਈ ਨਾਲ ਲੱਦਿਆ ਦੁੱਧ ਦਾ ਛੰਨਾ ਕਿ ਮੁੰਡਾ ਖੇਡਦਾ ਹੈ। ਮੈਂ ਫਲ੍ਹਿਆਂ ਤੇ ਤੁਰਦੇ ਬਾਪ ਦਾ ਬੇਟਾ ਹਾਂ, ਮੈ ਅੱਜ ਵੀ ਅਪਣੇ ਬਾਪ ਨੂੰ ਪੋਹ ਦੀਆਂ ਠੰਡੀਆਂ ਰਾਤਾਂ ਚ ਨੱਕੇ ਮੋੜਦਾ ਦੇਖਦਾ ਹਾਂ। ਮੇਰੇ ਕੰਨ ਅੱਜ ਵੀ ਬਲਦਾਂ ਦੇ ਘੁੰਗਰੂ ਤੇ ਖੂਹ ਦੇ ਤੁੱਕੇ ਦੀ ਅਵਾਜ਼ ਸੁਣਦੇ ਨੇ। ਮੈਨੂੰ ਅੱਜ ਵੀ ਬੈੜ ਤੇ ਘੁੰਮਦੀਆਂ ਟਿੰਡਾਂ ਦੀ ਅਵਾਜ਼ ਸੁਣਦੀ ਹੈ, ਮੈਨੂੰ ਯਾਦ ਹੈ ਸਾਉਣ ਦੇ ਫਰੱਕਿਆਂ ਚ ਚਰੀ ਕੁਤਰਨਾ। ਤੇ ਅੱਜ ਪੋਹ ਦੀ ਠੰਡ ਚ, ਮੇਰੇ ਬਾਪ ਤੇ ਪੈਂਦੀਆਂ ਬੁਛਾੜਾਂ ਅੱਥਰੂ ਗੈਸ ਦੇ ਗੋਲੇ, ਡਾਂਗਾਂ, ਨਹੀਂ ਚਾਹੀਦਾ ਮੈਨੂੰ ਤੇਰਾ ਮੁਰਦਾ ਅਰਜੁਨ, ਮੈਨੂੰ ਮੇਰੇ ਬਾਪ ਦਾ ਮੁੰਡਾਸਾ ਪਿਆਰਾ ਹੈ। ਸਾਬਕਾ ਕਪਤਾਨ ਭਾਰਤੀ ਬਾਸਕਟਬਾਲ ਟੀਮ

ਹੱਥ-ਦਰਸ਼ਨ ਬੁਲੰਦਵੀ

ਹੇ ਕਿਰਤੀ ਕਿਸਾਨ ਤੇਰਾ ਹੱਥ ਤਾਂ ਸੱਚਾ ਸੁੱਚਾ ਕਿਰਤ ਕਲਾ ਦਾ ਉਪਾਸ਼ਕ ਏ ਸਰਬ ਕਲਾ ਸਮਰੱਥ ਏ ਵਿਸ਼ਵਕਰਮਾ ਦਾ ਵਰਦਾਨ ਇਸ ਨੂੰ ਸੰਦਾਂ ਦਾ ਪਰਨਾਮ ਇਸ ਨੂੰ ਸ਼ਾਸਤਰਾਂ ਦੀ ਪਾਨ ਚੜ੍ਹਿਆ ਯੋਧਿਆਂ ਦਾ ਸੰਸਕਾਰ ਏ ਇਹ ਅਲਸਾਇਆ ਵੀ ਗਤੀਸ਼ੀਲ ਏ ਇਹ ਝੁਰੜਾਇਆ ਵੀ ਸਖ਼ਤਠੋਸ ਏ । ਹਵਾ ਵਿੱਚ ਲਹਿਰਾਵੇ ਤਾਂ ਝੰਡੇ ਦੀ ਨਿਆਈਂ ਹੋਵੇ ਹੱਥ ਨਾਲ ਹੱਥ ਮਿਲਾਵੇ ਤਾਂ ਮੱਖਮਲ ਵਾਂਗ ਮੁਲਾਇਮ ਹੋਵੇ ਪੰਜਾ ਡਾਹਵੇ ਤਾਂ ਪਰਬਤਾਂ ਨੂੰ ਥੰਮ ਲਵੇ ਕਲਮ ਚੁੱਕੇ ਤਾਂ ਪੱਥਰ ਕਸ਼ੀਦ ਲਵੇ ਲੋਹੇ ਨਾਲ ਲੋਹਾ ਹੋਵੇ ਤਾਂ ਅੰਗਿਆਰ ਕਿਰਦੇ ਮਿੱਟੀ ਨਾਲ ਮਿੱਟੀ ਹੋਵੇ ਤਾਂ ਸਿਰਜਣਾਂ ਸਾਕਾਰ ਹੋਵੇ ਸ਼ਾਸਤਰ ਫੜੇ ਤਾਂ ਜਬਰ ਦਾ ਥੰਮ ਹਿਲਾਵੇ ਮਜ਼ਲੂਮ ਨਾਲ ਖੜ ਤਾਂ ਝੰਡਾ ਗੱਡ ਕੇ ਵਿਖਾਵੇ ਜਦ ਕੋਈ ਲਵੇ ਇਮਤਿਹਾਨ ਏਸੇ ਹੱਥ ‘ਚੋ ਉਠਣ ਤੂਫ਼ਾਨ ਤੂੰ ਜਾਣ ਨਾ ਜਾਣ ਪਰ ਜਾਣੇ ਕੁੱਲ ਜਹਾਨ ਹੇ ਕਿਰਤੀ ਕਿਸਾਨ ।

ਤੂੰ ਕਿਹੜੇ ਮਨ ਦੀ ਬਾਤ ਕਰਦੈਂ-ਅਮਰਜੀਤ ਕਸਕ

ਗੰਗਾ ਰਾਮ ਨਾਂ ਰੱਖਣ ਨਾਲ ਦੁੱਧ ਧੋਤਾ ਨਹੀਂ ਬਣ ਜਾਂਦਾ ਕੋਈ ਨਾ ਹੀ ਸੁੱਚਾ ਨੰਦ ਨਾਲ ਸੁੱਚਾ ਮੋਤੀ ਰਾਮ ਬਣਨ ਲਈ ਤਾਂ ਮੌਤ ਦੀਆਂ ਅੱਖਾਂ 'ਚ ਵੇਖਣਾ ਪੈਂਦਾ ਟੋਡੀਆਂ ਦਾ ਤਾਂ ਸੰਸਾਰ ਭਰਿਆ ਪਿਐ ਜਣਾ ਖਣਾ ਟੋਡਰ ਮੱਲ ਨਹੀਂ ਹੁੰਦਾ ਲੋਕਾਂ ਦੇ ਦਿਲ 'ਤੇ ਰਾਜ ਕਰਨ ਲਈ ਰਣਜੀਤ ਸਿਹੁੰ ਬਣ ਤਿਆਗ ਸ਼ਾਹੀ ਲਿਬਾਸ ਪਾਂਧੀ ਬਣ ਬੋਝ ਢੋਈਦੈ ਜਨ ਜਨ ਦੇ ਦਿਲ ਦੀ ਜਾਨਣ ਨੂੰ ਰਾਤ ਬਰਾਤੇ ਜਨ ਗਣ 'ਚ ਜਾਈਦੈ ਔਖੇ ਵੇਲਿਆਂ 'ਚ ਹੱਕ ਸੱਚ ਦੇ ਨਿਤਾਰੇ ਹੁੰਦੇ ਜਿੱਥੇ ਇੱਕ ਹਾਅ ਦਾ ਨਾਅਰਾ ਵੀ ਮਲੇਰਕੋਟਲਾ ਬਣ ਕੇ ਸਜ ਜਾਂਦਾ ਤੂੰ ਕਿਹੜੇ ਮਨ ਦੀ ਬਾਤ ਕਰਦੈ! ਲੋਕ ਨਾਇਕ ਦਾ ਤਾਂ ਆਪਣਾ ਮਨ ਹੀ ਨਹੀਂ ਹੁੰਦਾ ਉਹਦਾ ਦਿਲ ਤਾਂ ਲੋਕਾਈ ਦੇ ਸੀਨੇ 'ਚ ਧੜਕਦਾ ਦਾੜ੍ਹੀ ਵਧਾਉਣ ਨਾਲ ਕੋਈ ਹਰੀਸ਼ ਚੰਦਰ ਨਹੀਂ ਬਣ ਜਾਂਦਾ ਦਿੱਲੀ ਦੀਆਂ ਸਰਹੱਦਾਂ ਦਾ ਚੱਕਰ ਲਾ ਤੈਨੂੰ ਦਾੜ੍ਹੀਆਂ ਦਾਤਰੀਆਂ ਦਾ ਜਲੌਅ ਵਿਖਾਈਏ।

ਪੰਜਾਬ ਸਿੰਹਾਂ-ਇਕਬਾਲ ਸੋਮੀਆਂ

ਅਸੀਂ ਹਾਂ ਕਾਮੇ ਦੇਸ ਦੇ ਨਿੱਤ ਨਿੱਤ ਹੋਈਏ ਖ਼ੁਆਰ ਸਾਡੀ ਮਾਂ ਨੂੰ ਲੁੱਟਣ ਆ ਗਿਆ ਇਹ ਦਿੱਲੀ ਦਾ ਦਰਬਾਰ। ਕੋਈ ਜਕੜ ਲਵੇ ਨਾ ਮੈਨੂੰ ਮਾਂ ਧਰਤੀ ਰਹੀ ਪੁਕਾਰ ਸਿਰਜ ਲੈ ਕੋਈ ਇਤਿਹਾਸ ਵੇ ਮੌਕਾ ਹੈ ਇਸ ਵਾਰ। ਅੱਜ ਸਭ ਨੇ 'ਕੱਠੇ ਹੋ ਗਏ ਕਿਰਤੀਆਂ ਦੇ ਪਰਿਵਾਰ ਇਕ ਝੰਡਾ ਸਾਥੀ ਬਣ ਗਿਆ ਤੇ ਡੰਡਾ ਹੈ ਹਥਿਆਰ। ਸੁਣ ਮੁੜੀਂ ਨਾ ਰੂੰਘਾ ਲੈ ਕੇ ਐ ਪੰਜਾਬ ਸਿੰਹਾਂ ਸਰਦਾਰ ਤੇਰੇ ਮੂੰਹ ਨੂੰ ਪਿਆ ਹੈ ਤੱਕਦਾ ਹੁਣ ਸਾਰਾ ਇਹ ਸੰਸਾਰ।

ਗ਼ਜ਼ਲ-ਅਮਰਦੀਪ ਸੰਧਾਵਾਲੀਆ

ਜਬਰ ਦੇ ਸਾਹਮਣੇ ਹੁਣ ਖੜ੍ਹ ਗਿਆ ਹੈ ਰੋਹ ਕਿਸਾਨਾਂ ਦਾ। ਸਮਾਂ ਮੁੱਕਣਾ ਸੀ ਆਖ਼ਰ ਤਾਂ ਸਬਰ ਦੇ ਇਮਤਿਹਾਨਾਂ ਦਾ। ਬਚਾਵੀਂ ਮਾਲਕਾ ਕਿਧਰੇ ਨਾ ਸਾਡੇ ਖੇਤ ਖਾ ਜਾਵੇ, ਉਹ ਚੰਦਰੀ ਵਾੜ ਜਿਸਨੂੰ ਜਾਗਿਆ ਹੈ ਮੋਹ ਦੁਕਾਨਾਂ ਦਾ। ਉਦੋਂ ਦਿੱਲੀ ਜ਼ਰਾ ਵੀ ਦੂਰ ਨਾ ਲੱਗਦੀ ਜਦੋਂ ਹੋਵੇ, ਬਜ਼ੁਰਗਾਂ ਦੀ ਸਿਆਣਪ ਨਾਲ ਜਜ਼ਬਾ ਨੌਜਵਾਨਾਂ ਦਾ। ਬੁਲਾਉਂਦੇ ਆਪ ਉਹ ਪਹਿਲਾਂ ਅਤੇ ਫਿਰ ਮਿਲਣਾ ਨਹੀਂ ਚਾਹੁੰਦੇ, ਖੁਸ਼ਕ ਏਨਾ ਵੀ ਕੀ ਹੋਇਆ ਰਵੱਈਆ ਮੇਜ਼ਬਾਨਾਂ ਦਾ। ਤੁਸੀਂ ਪਿੰਜਰੇ 'ਚ ਦੇਵੋ ਤਾੜ ਭਾਵੇਂ ਪਰ ਕੁਤਰ ਦੇਵੋ, ਯਕੀਨਨ ਖ੍ਵਾਬ ਸਾਨੂੰ ਆ ਹੀ ਜਾਣਾ ਹੈ ਉਡਾਨਾਂ ਦਾ। ਇਹ ਬਾਹਰ ਹਾਕਮਾਂ ਦੇ ਹੱਠ ਕਰਕੇ ਹੀ ਨਿਕਲੀਆਂ ਨੇ, ਬੜਾ ਚਿਰ ਮੰਨਿਆ ਕਹਿਣਾ ਸੀ ਤੇਗਾਂ ਨੇ ਮਿਆਨਾਂ ਦਾ। ਕਿਤੇ ਹੁਣ ਡੋਲ ਨਾ ਜਾਇਓ, ਫ਼ਤਹਿ ਸਾਡੀ ਹੀ ਹੋਵੇਗੀ, ਕਿ ਹੁਣ ਡੋਲਣ ਹੀ ਵਾਲਾ ਹੈ ਸਿੰਘਾਸਣ ਹੁਕਮਰਾਨਾਂ ਦਾ। ਵਿਨੀਪੈਗ (ਕੈਨੇਡਾ)

ਤੀਸਰਾ ਮਹਾਂਯੁੱਧ-ਸਤਨਾਮ ਸਾਦਿਕ

ਇਹ ਤੀਸਰਾ ਮਹਾਂਯੁੱਧ ਹੈ ਸਾਡੇ ਤੇ ਸਾਡੇ ਵਿਚਕਾਰ ਆਓ ਇਨਸਾਨੋ ਜੂਝੀਏ ਫਿਰਕੇ ਜਾਤਾਂ-ਪਾਤਾਂ ਮਜ਼ਹਬਾਂ ਤੋਂ ਛੁੱਟ ਕੇ ਹੋਈਏ ਇਕੱਠੇ ਉਸ ਧਰਤ ਦੇ ਟੁਕੜੇ 'ਤੇ ਜਿੱਥੇ ਸਾਡੇ ਪੁਰਖਿਆਂ ਦਾ ਲਹੂ ਡੁੱਲਾ ਸੀ। ਕਿ ਹੁਣ ਬਹੁਕਰ ਬਣਨਾ ਜ਼ਰੂਰੀ ਹੈ ਤੀਲਿਆਂ ਦੀਆਂ ਰੀੜ੍ਹਾਂ ਨਹੀਂ ਤਾਂ ਤੋੜ ਦਿੱਤੀਆਂ ਜਾਣਗੀਆਂ। ਜੀਭਾਂ ਦੇ ਫੀਤੇ ਬਣਾ ਕੇ ਹਾਕਮ ਬੂਟਾਂ 'ਚ ਪਰੋ ਲਵੇਗਾ ਹੁਣ ਬੜਕਣਾ ਬਣਦਾ ਹੈ ਹੁਣ ਹੀ ਵੇਲਾ ਹੈ ਗਰਜਣਾ ਬਣਦਾ ਹੈ। ਦਿਲ ਦੀ ਧੜਕਣ ਨੂੰ ਆਖੋ ਸਮੇਂ ਦੀ ਟਿਕ-ਟਿਕ ਭੁੱਲ ਕੇ ਹੁਣ ਹਾਕਮਾਂ ਦੀਆਂ ਗੋਲੀਆਂ ਦਾ ਅਲਾਪ ਕਰੇ। ਯੂਨੀਵਰਸਿਟੀਆਂ ਸਾਡਾ ਹੀ ਅੰਦਰ ਹਨ ਤੇ ਉਹ ਸਾਡੇ ਅੰਦਰ ਵੜ ਕੇ ਸਾਨੂੰ ਖੋਖਲਾ ਕਰ ਰਹੇ ਹਨ ਚਲੋ ਨਜਿੱਠੀਏ ਆਪਣੇ ਡਰਾਂ ਦੇ ਨਾਲ ਇਸਦੇ ਸਿਰ 'ਤੇ ਚੜ ਘੋਖੀਏ ਅੰਦਰ ਆਪਣਾ ਤੇ ਹੂੰਝ ਦੇਈਏ ਆਪਣੇ ਅੰਦਰ ਵੜੇ ਬੋਲਾਂ ਨੂੰ । ਇਹ ਕੇਵਲ 'ਸੀ ਏ ਏ' ਦੀ ਗੱਲ ਨਹੀੰ ਹੈ ਇਹ ਕੇਵਲ 'ਐਨ ਆਰ ਸੀ' ਦਾ ਝੰਜਟ ਨਹੀਂ ਹੈ ਇਹ "ਆਰਡੀਨੈੱਸਾਂ " ਤੱਕ ਸੀਮਿਤ ਨਹੀਂ ਇਹ ਮਹਿੰਗਾਈ ਦਾ ਜਸ਼ਨ ਵੀ ਹੈ ਇਹ ਡਿਗਰੀਆਂ ਦੇ ਕੁਆਰੇਪਣ ਦੀ ਗੱਲ ਵੀ ਹੈ ਇਹ ਮੋਤੀਏ ਹੇਠ ਆਏ ਅੱਖ ਦੇ ਆਨੇ ਦੀ ਵੀ ਹੈ। ਨਜ਼ਰ ਤੇ ਨਜ਼ਰੀਏ ਦੀ ਵੀ ਇਹ ਸਾਡੀ ਸਾਥੋਂ ਖੋਹ ਲਈ ਸਾਰ ਵੀ ਹੈ ਝੰਡੇ ਵਿਚਲੇ ਹਰੇ ਰੰਗ ਨੂੰ ਭਗਵੇ ਦੀ ਰੰਗਤ ਵੀ ਹੈ ਇਹ ਦੋਰੰਗਾ, ਫਿਰ ਇਕ ਰੰਗਾਂ ਹੋਣ ਦਾ ਆਸਾਰ ਵੀ ਹੈ। ਇਹ ਉਹਨਾਂ ਕਾਨੂੰਨਾਂ ਦਾ ਰਸਮੀ ਆਗਾਜ਼ ਹੈ ਜਿਸਨੇ ਖੋਹ ਲੈਣਾ ਹੈ ਸਾਥੋ ਆਜ਼ਾਦ ਇਨਸਾਨ ਹੋਣ ਦਾ ਰੁਤਬਾ ਤੇ ਬਦਲੇ ਵਿੱਚ ਦੇ ਦੇਣਾ ਹੈ ਸਰਕਸ ਦੇ ਢਿੱਡ ਜਿਹਾ ਕਲਾ-ਰੂਪੀ ਸੋਚ ਵਿਹੂਣਾ ਖੂਹ । ਇਸ ਤੀਸਰੇ ਮਹਾਂਯੁੱਧ ਵਿੱਚ ਆਉ!ਸੜਕਾਂ 'ਤੇ ਆ ਜਾਈਏ ਲਾ ਦਈਏ ਕੁਝ ਵਕਤ ਲਈ ਡਰ ਦੇ ਘਰਾਂ ਨੂੰ ਜੰਦਰੇ ਤੁਰੀਏ ਕਿ ਤੁਰਿਆਂ ਹੀ ਉਨ੍ਹਾਂ ਦੀ ਸ਼ਾਹ ਰਗ ਆਉਂਦੀ ਹੈ ਵੱਢ ਦੇਈਏ ਇਸਨੂੰ ਇਸ ਤੋਂ ਪਹਿਲਾਂ ਕਿ ਸੱਤਾ ਦੇ ਗਲਿਆਰਿਆਂ ਵਿਚ ਫ਼ੈਲੀ ਬਦਫ਼ੈਲੀ ਨਾਲ ਮਰ ਜਾਈਏ।

ਲੱਭਣ ਤੁਰੇ ਪ੍ਰਭਾਤ-ਹਰਬੰਸ ਮਾਲਵਾ

ਤਿੱਖੀਆਂ ਤੇਜ਼ ਹਵਾਵਾਂ ਵਾਂਗੂ, ਸ਼ੂਕ ਰਹੇ ਦਰਿਆਵਾਂ ਵਾਂਗੂ, ਬੰਨ ਕਾਫ਼ਲੇ ਵੇਖ ਤੁਰ ਪਏ, ਰਿੱਝ ਰਹੇ ਜਜ਼ਬਾਤ, ਹਾਕਮਾਂ ਲੱਭਣ ਤੁਰੇ, ਲੱਭਣ ਤੁਰੇ ਪ੍ਰਭਾਤ: ਪਿਓ ਵੀ ਤੁਰ ਪਿਆ, ਪੁੱਤ ਵੀ ਤੁਰ ਪਿਆ, ਮਾਂ ਤੁਰ ਪਈ ਤੇ ਤੁਰੀਆਂ ਧੀਆਂ। ਗੂੰਜ ਨਾਹਰਿਆਂ ਦੀ ਸੁਣ ਸੁਣ ਕੇ, ਹਿੱਲ ਗਈਆਂ ਵੱਡੀਆਂ ਕੁਰਸੀਆਂ। ਇੱਕ ਦੂਜੇ ਨਾਲ਼ ਰਲ਼ਕੇ ਤੁਰ ਪਏ, ਸੁੰਨੀ ਪਈ ਸਬਾਤ। ਮਾਂ ਦੀ ਪੱਤ ਬਚਾਵਣ ਦੇ ਲਈ, ਪੁੱਤਰਾਂ ਨੇ ਭੰਨੀ ਅੰਗੜਾਈ। ਮਨ ਵਿੱਚ ਲੈ ਕੇ ਜਗਦੀਆਂ ਆਸਾਂ, ਲਾਲ ਕਿਲ੍ਹੇ ਵੱਲ ਕਰੀ ਚੜ੍ਹਾਈ। ਇੱਕ ਹੱਥ ਝੰਡਾ, ਦੂਜੇ ਦੇ ਵਿੱਚ, ਚੁੱਕ ਲਈ ਕਲਮ ਦਵਾਤ। ਕੁੱਲ ਜਗਤ ਵਿੱਚ ਹਲਚਲ ਹੋ ਗਈ ਤੁਰ ਪਏ ਜਿਗਰ ਪਹਾੜਾਂ ਵਰਗੇ। 'ਕੱਠੇ ਹੋ ਗਏ ਹਰਫ਼ ਲੂਸਵੇਂ, ਗੀਤ ਵੀ ਬਣੇ ਸਿਆੜਾਂ ਵਰਗੇ। ਨਾ ਸੱਤਾ ਦਾ ਖ਼ੌਫ਼ ਡਰਾਵੇ, ਨਾ ਕੋਈ ਹਵਾਲਾਤ। ਵੇਖ ਤੋੜ ਕੇ, ਤੋੜ ਨਾ ਹੋਣੇ, ਖੇਤਾਂ ਦੇ ਪੁੱਤ ਕਿੱਲਿਆਂ ਨਾਲ਼ੋਂ। ਜਾਣ ਗਏ ਸਭ,ਤੂੰ ਵੀ ਘੱਟ ਨਹੀਂ, ਰੌਲਟ ਐਕਟ ਦੇ ਬਿੱਲਿਆਂ ਨਾਲ਼ੋਂ। ਲੈ ਜੂ ਨਾਲ਼ ਹੜ੍ਹਾ ਕੇ,ਜਿਸ ਦਿਨ, ਹੜ੍ਹ ਬਣਜੂ ਬਰਸਾਤ। ਉਤਪਾਦਨ ਦੀ ਸ਼ਕਤੀ ਤਾਂ, ਮਜਦੂਰ ਅਤੇ ਕਿਰਸਾਨ ਹੁੰਦੇ ਨੇ। ਦੇਸ਼ ਇਨ੍ਹਾਂ ਦੇ ਸਿਰ 'ਤੇ ਚੱਲੇ, ਏਹੀ ਦੇਸ਼ ਦੀ ਜਾਨ ਹੁੰਦੇ ਨੇ। ਲੜਦੇ ਲੜਦੇ ਜਾਣ ਗਏ ਨੇ, ਏਕੇ ਦੀ ਸੌਗਾਤ। ਮਘਦੇ ਮੱਥਿਆਂ 'ਚੋਂ ਨਿੱਕਲ਼ਦੇ, ਜਿਸ ਏਕੇ ਕੋਲ਼ ਰਾਹ ਵੀ ਹੋਵੇ। ਉਸ ਏਕੇ ਤੋਂ ਹਰ ਕੋਈ ਡਰਦੈ, ਬੇਸ਼ੱਕ ਤਾਨਾਸ਼ਾਹ ਵੀ ਹੋਵੇ। ਸੁਣੀਆਂ ਬਹੁਤ ਤੇਰੇ ਮਨ ਦੀਆਂ ਬਾਤਾਂ, ਸੁਣਨੀ ਪਊ ਸਾਡੀ ਬਾਤ। ਹਾਕਮਾਂ ਲੱਭਣ ਤੁਰੇ, ਲੱਭਣ ਤੁਰੇ ਪ੍ਰਭਾਤ।

ਤਲ਼ੀ 'ਤੇ ਸਿਰ-ਹਰਬੰਸ ਮਾਲਵਾ

ਤੇਰੀ ਸੱਤਾ ਦੀ ਕਮਾਈ, ਸਾਡੀ ਮੁੜ੍ਹਕਾ ਕਮਾਈ, ਸਾਡੀ ਹੋਂਦ ਦੀ ਲੜਾਈ, 'ਤੇ ਭਵਿੱਖ ਦੀ ਲੜਾਈ, ਸਾਡੀ ਬਣ ਗਿਆ ਧਿਰ, ਹਰ ਘਰ ਹਾਕਮਾਂ::: ਵੇ ਅਸੀਂ ਲੜਾਂਗੇ, ਤਲ਼ੀ ਤੇ ਸਿਰ ਧਰ ਹਾਕਮਾ। ਸਾਡੇ ਕਾਫ਼ਲੇ ਕਿੰਨੇ ਕੁ,ਤੈਥੋਂ ਗਿਣ ਨਹੀਂ ਹੋਣੇ। ਸਾਡੇ ਤਰਕਾਂ ਦੇ ਫੱਟ,ਤੈਥੋਂ ਮਿਣ ਨਹੀਂ ਹੋਣੇ। ਜਿੰਨੇ ਚਾਹੇਂ ਅਣਗੌਲ਼ੇ ਓਨੇ ਕਰ ਹਾਕਮਾ ਵੇ ਅਸੀਂ ਲੜਾਂਗੇ। ਗੱਲਾਂ ਖੇਤੀ ਦੇ ਕਾਨੂੰਨਾਂ 'ਚ ਜੋ,ਲਿਖੀਆਂ ਨੇ ਹੋਈਆਂ। ਉਹ ਤੂੰ ਵੱਡਿਆਂ ਘਰਾਣਿਆਂ ਤੋਂ,ਸਿੱਖੀਆਂ ਨੇ ਹੋਈਆਂ। ਕਿਵੇਂ ਲਵਾਂਗੇ ਵਧੀਕੀ ਐਡੀ ਜਰ ਹਾਕਮਾ। ਕਦੇ ਨਕਸਲੀ ਆਖੇਂ ਕਦੇ ਆਖੇਂ ਮਾਓਵਾਦੀ। ਪੱਲੇ ਦੇਸ਼ ਦੇ ਤੂੰ ਪਾਈ,ਪਾਈ ਜਾਨੈਂ ਬਰਬਾਦੀ। ਤੈਨੂੰ ਲੋਕਾਂ ਦਾ ਡਰਾਉਂਦਾ ਰਹੇ ਡਰ ਹਾਕਮਾ। ਵੱਡੀ ਜਿੰਮੇਵਾਰੀ ਨੂੰ ਤੂੰ ਬੱਸ,ਜਾਣ ਲਿਆ ਖੇਡ। ਸਾਡੇ ਏਕੇ ਮੂਹਰੇ ਫੇਲ੍ਹ,ਤੇਰੇ ਸਾਰੇ ਬਰਗੇਡ। ਅਸੀਂ ਅੱਗ-ਦਰਿਆ ਵੀ ਜਾਣੇ ਤਰ ਹਾਕਮਾ ਵੇ ਅਸੀਂ ਲੜਾਂਗੇ। ਕਿੱਥੇ ਲੋਕ-ਰਾਜ ਹੁੰਦੈ,ਕਿੱਥੇ ਹਿਟਲਰਸ਼ਾਹੀ। ਦਿੰਦਾ ਰਹੂ ਇਤਿਹਾਸ,ਤੇਰੇ ਰਾਜ ਦੀ ਗਵਾਹੀ। ਸਾਰੇ ਜੱਗ ਮੂਹਰੇ ਹੋ ਗਿਐਂ ਨਸ਼ਰ ਹਾਕਮਾ ਵੇ ਅਸੀਂ ਲੜਾਂਗੇ ਦੂਣਾ-ਚੌਣਾ ਹੁੰਦਾ ਜਾਵੇ ਸਾਡੇ,ਘੋਲ਼ ਦਾ ਜੋ ਘੇਰਾ। ਮਨ ਸੱਚੇ ਨਾਲ਼ ਕਰ,ਕਦੇ ਵੇਖਣੇ ਦਾ ਜੇਰਾ। ਦੇਸ਼ ਰਿਹਾ ਹੈ ਹੁੰਗਾਰਾ ਸਾਨੂੰ ਭਰ ਹਾਕਮਾ ਵੇ ਅਸੀਂ ਲੜਾਂਗੇ ਤਲ਼ੀ ਤੇ ਸਿਰ ਧਰ ਹਾਕਮਾ ਵੇ ਅਸੀਂ ਲੜਾਂਗੇ।

ਜਿੱਤ-ਮੇਹਰ ਚੀਮਾ (ਸਰੀ ਕੈਨੇਡਾ)

ਹੱਥ ਪੌੜੀ ਦਾ ਆਖਰੀ ਡੰਡਾ ਕੱਛ ਦੇ ਵਿੱਚ ਹੈ ਜਿੱਤ ਦਾ ਝੰਡਾ ਕੋਠੇ ਚੜ੍ਹ ਲਹਿਰਾਵਾਂਗੇ। ਰੱਖ ਹੌਸਲਾ ਰਹਿ ਚੌਕੰਨਾ ਜਿੱਤਕੇ ਘਰ ਨੂੰ ਜਾਵਾਂਗੇ। ਬਲ ਆਪਣੇ ਦੇ ਜ਼ੌਹਰ ਦਿਖਾਏ ਤੋੜਕੇ ਰੋਕਾਂ ਦਿੱਲੀ ਆਏ ਧੌਣ ਤੇ ਗੋਡਾ ਰੱਖ ਦਿੱਲੀ ਦੇ ਆਪਣਾ ਹੱਕ ਲੈ ਜਾਵਾਂਗੇ ਮਜ਼ਦੂਰ ਮੁਲਾਜ਼ਮ ਬਣੇ ਸਹਰਾ ਕਿਸਾਨ ਏਕਤਾ ਭਾਈਚਾਰਾ ਸਾਡੇ ਵਿੱਚ ਜੋ ਪਾੜੇ ਪਾਏ ਅਸੀਂ ਉਹ ਮਿਟਾਵਾਂਗੇ। ਬੜੇ ਸਿਆਣੇ ਆਗੂ ਸਾਰੇ ਹੋਸ਼ ਜੋਸ਼ ਵਿੱਚ ਗੱਭਰੂ ਸਾਰੇ ਮੇਹਰ ਸਿੰਹਾਂ ਜੇ ਲੋੜ ਪਈ ਤਾਂ ਆਪਣੇ ਜ਼ੌਹਰ ਦਿਖਾਵਾਂਗੇ। ਰੱਖ ਹੌਸਲਾ ਰਹੀਂ ਚੌਕੰਨਾ ਜਿੱਤਕੇ ਘਰ ਨੂੰ ਜਾਵਾਂਗੇ

ਇਹ ਵਹਿਮ ਹੈ ਤੇਰਾ-ਮਾ: ਤਰਲੋਚਨ ਸਿੰਘ ਸਮਰਾਲਾ

ਅਸੀਂ ਥੱਕ ਜਾਂਗੇ, ਅਸੀਂ ਅੱਕ ਜਾਂਗੇ, ਤੇਰੇ ਚੱਕਰਵਿਊ ਵਿੱਚ ਫਸ ਜਾਂਗੇ, ਇਹ ਵਹਿਮ ਹੈ ਤੇਰਾ ਨੀ ਦਿੱਲੀਏ, ਨਿੱਤ ਨਵੇਂ ਕਾਫਲੇ ਆਉਂਦੇ, ਵਧਦਾ ਜਾਵੇ ਘੇਰਾ ਨੀ ਦਿੱਲੀਏ । ਅਸੀਂ ਘਰੋਂ ਧਿਆ ਕੇ ਤੁਰੀਏ, ਬੰਦੇ ਬਹਾਦਰ ਨੂੰ ਸਰਹੰਦ ਜਿਉਂ ਘੇਰਾ ਪਾ ਲਿਆ ਤੇਰੇ ਬਾਡਰ ਨੂੰ। ਤੂੰ ਸੱਦ ਵਜ਼ੀਦੇ ਔਰੰਗੇ, ਜੇ ਫੜ ਕੇ ਪੁੱਠੇ ਨਾ ਟੰਗੇ, ਫਿਰ ਆਰ ਪਾਰ ਦੀ ਜੰਗ ਵਿੱਚ, ਸਾਡਾ ਦੇਖੀਂ ਜੇਰਾ ਨੀ ਦਿੱਲੀਏ। ਤੂੰ ਖੇਡੇਂ ਚਾਲਾਂ ਸ਼ਤਰੰਜੀ, ਅਸੀਂ ਗੱਤਕਾ ਜਾਣਦੇ ਹਾਂ। ਉਂਝ ਅਪਣੇ ਅਤੇ ਪਰਾਏ ਨੂੰ, ਝੱਟ ਪਛਾਣਦੇ ਹਾਂ। ਧਰਤੀ ਦੇ ਜਾਏ ਉੱਠ ਖੜੇ, ਇਸ ਹੜ੍ਹ ਦੇ ਮੂਹਰੇ ਕੌਣ ਅੜੇ, ਤੂਫਾਨਾਂ ਲਾ ਲਿਆ ਦਰ ਤੇਰੇ 'ਤੇ, ਪੱਕਾ ਡੇਰਾ ਨੀ ਦਿੱਲੀਏ । ਤੂੰ ਦਿੱਲੀਏ ਬਣੀ ਰਖੇਲ, ਨੀ ਚੰਦ ਅਮੀਰਾਂ ਦੀ ਤੁਰ ਪਏ ਕਿਰਤੀ ਨਾ ਗਿਣਤੀ, ਕੋਈ ਵਹੀਰਾਂ ਦੀ। ਹੁਣ ਕਹਿੰਦੇ ਨੇ ਕਿ ਗੱਲਾਂ ਦੋ, ਨੋ ਘਿਚਘਿਚ ਬੱਸ ਯੈਸ ਜਾਂ ਨੋ, ਠੰਢੀ ਰਾਤ ਮਸ਼ਾਲਾਂ ਜਾਗਦੀਆਂ, ਜਿਹਨਾਂ ਚੱਕ 'ਤਾ 'ਨੇਰਾ ਨੀ ਦਿੱਲੀਏ।

ਸ਼ਾਂਤ ਯੁੱਧ-ਜਗਤਾਰ ਢਾਅ ਯੂ ਕੇ

ਇਹ ਮੇਲਾ ਨਹੀਂ ਤਪੱਸਵੀ ਯੋਧਿਆਂ ਦਾ ਸ਼ਾਂਤ ਯੁੱਧ ਹੈ। ਹੱਕ ਸੱਚ ਲਈ ਸ਼ਾਂਤ ਯੁੱਧ ਲੜਨਾ ਗੁਰੂ ਅਰਜਨ ਨੇ ਸਿਖਾਇਆ ਸੀ- ਤੇ ਗੁਰੂ ਤੇਗ ਬਹਾਦਰ ਨੇ ਉਸੇ ਰਾਹ ਉੱਤੇ ਚਲਦਿਆਂ ਹਾਕਮ ਪਾਸ ਆਪ ਪਹੁੰਚ ਸੀਸ ਕਟਾਇਆ ਸੀ। ਅੱਜ ਫਿਰ ਜੋ ਔਰਤਾਂ ਬੱਚੇ ਬੁੱਢੇ ਜਵਾਨ ਦਿੱਲੀ ਦੁਆਲੇ ਡਟੇ ਕੜਕਦੀ ਠੰਢ ਵਿਚ ਟਰੈਕਟਰਾਂ ਟਰਾਲੀਆਂ ਸੜਕਾਂ ਉੱਤੇ ਬੈਠੇ ਕਿਸਾਨ ਅੰਦੋਲਨ ਕਰ ਰਹੇ ਹਨ ਹਾਕਮਾਂ ਦੇ ਜਬਰ ਨੂੰ ਸਬਰ ਨਾਲ ਸਹਿੰਦੇ ਸ਼ਾਂਤ ਯੁੱਧ ਲੜ ਰਹੇ ਹਨ। ਹੱਕ ਸੱਚ ਦਾ ਗਿਆਨ ਸ਼ਾਂਤ ਯੁੱਧ ਦਾ ਆਧਾਰ ਬਣਦਾ ਹੈ ਤਰਕ ਅਤੇ ਸਿਰੜ ਸ਼ੌਕ ਯੁੱਧ ਦਾ ਹਥਿਆਰ ਬਣਦਾ ਹੈ- ਸ਼ਾਂਤ ਯੁੱਧ ਲੜਦਾ ਬੰਦਾ ਜ਼ਾਲਮ ਦਾ ਹਰ ਸਿਤਮ ਸਹਿੰਦਾ ਹੈ ਅੰਦਰੋਂ ਤਪਦਾ ਹੋਇਆ ਬਾਹਰੋਂ ਠੰਢਾ ਰਹਿੰਦਾ ਹੈ। ਇਹ ਮੇਲਾ ਨਹੀਂ ਤਪੱਸਵੀ ਯੋਧਿਆਂ ਦਾ ਸ਼ਾਂਤ ਯੁੱਧ ਹੈ।

ਜਾ ਰਹੇ ਵਰ੍ਹੇ ਨੂੰ-ਬਲਵਿੰਦਰ ਸਿੰਘ ਚਾਹਲ ਯੂ ਕੇ

ਕਿੰਝ ਆਖਾਂ ਅਲਵਿਦਾ ਤੇ ਕਿੰਝ ਆ ਰਹੇ ਨੂੰ ਖੁਸ਼ਆਮਦੀਦ ਕਹਾਂ ਅੰਨਦਾਤਾ ਕਿਰਤੀ- ਕਾਮੇ ਭੈਣ ਭਾਈ ਸੰਗੀ ਸਾਥੀ ਬੱਚਾ ਬੁੱਢਾ ਬੇਬੇ ਬਾਪੂ ਸੜਕਾਂ ਤੇ ਰੁਲ ਰਹੇ ਨੇ ਕੜਕਦੀ ਠੰਡ ਤੇ ਸਿਆਲੂ ਰਾਤਾਂ ਵਿੱਚ ਰਾਜਧਾਨੀ ਦੇ ਦੁਆਰ ਉੱਤੇ ਯੁੱਧ ਲੜ ਰਹੇ ਨੇ ਹੱਕ - ਸੱਚ, ਸਵੈਮਾਣ, ਤੇ ਕਿਰਤ ਬਿਰਤ ਦਾ ਹੋਂਦ, ਪਹਿਚਾਣ, ਅਣਖ - ਇਜ਼ਤ ਤੇ ਸਥਾਪਤੀ ਲਈ ਇਸ ਨਾਦਰਸ਼ਾਹੀ, ਹਿਟਲਰਸ਼ਾਹੀ ਤੇ ਫਾਸ਼ੀਵਾਦ ਦਾ ਮੂੰਹ ਚਿੜਾਉਂਦੀ ਹਾਕਮ ਦੇ ਸੀਨੇ ਤੇ ਗੋਡਾ ਰੱਖ ਕੇ ਜਾਤਾਂ ਧਰਮਾਂ ਤੋਂ ਊਪਰ ਉੱਠੀ ਲੜਾਈ ਦੇ ਲੋਕ ਨਾਇਕੋ ਤੁਹਾਡੇ ਏਕੇ ਦੇ ਸੰਘਰਸ਼ ਸਦਕਾ ਕੱਲ ਦਾ ਸੂਰਜ ਨਵੀਂ ਰੌਸ਼ਨੀ ਨਵੀਂ ਕਿਰਨ ਨਵੀਂ ਉਮੀਦ ਨਾਲ ਚੜੇਗਾ ਤੇ, ਗ੍ਰਹਿਣੇ ਹੋਏ ਸੂਰਜ ਤੁਹਾਡੇ ਸਾਗਰ ਦੀਆਂ ਲਹਿਰਾਂ ਉਹਲੇ ਪ੍ਰਚੰਡ ਰੋਹ ਦੇ ਤੇਜ ਨਾਲ ਮੁਹੱਬਤੀ ਕਲਾਵੇ ਸਦਕਾ ਏਕਤਾ ਦੀ ਛਾਂ ਹੇਠ ਸ਼ਬਦ, ਸਾਂਝ ,ਸੰਜਮ ਸੰਗਤ, ਪੰਗਤ, ਲੰਗਰ ਤੇ ਲੋਕਾਈ ਦੇ ਹੜ੍ਹ ਮੂਹਰੇ ਅਸਤ ਹੋ ਜਾਣਗੇ ਫਿਰ ਆਖਾਂਗਾ ਨਵੇਂ ਸਾਲ ਖੁਸ਼ਆਮਦੀਦ ਖੁਸ਼ਅਮਾਦੀਦ ਜਾ ਰਹੇ ਨੂੰ ਅਲਵਿਦਾ ਅਲਵਿਦਾ

ਅਣਖ ਤੇ ਜ਼ਿਦ-ਨਿਰਮਲ ਸਿੱਧੂ

ਅੱਜ ਫਿਰ ਅਣਖ ਤੇ ਜ਼ਿਦ ਆਹਮੋ-ਸਾਹਮਣੇ ਡਟੇ ਨੇ। ਲੱਗਦਾ ਏ ਇੱਕ ਵਾਰੀ ਫਿਰ ਕੁੰਢੀਆਂ ਦੇ ਸਿੰਗ ਫਸੇ ਨੇ। ਸੰਘਰਸ਼ ਦੀ ਘੜੀ ਫਿਰ ਤੋਂ ਬੂਹੇ ਤੇ ਆਣ ਖਲੋਤੀ ਏ। ਹਾਰ ਜਿੱਤ ਤਾਂ ਪਤਾ ਨਹੀਂ ਪਰ ਲੜਾਈ ਪੂਰੀ ਪੱਕੀ। ਇਹ ਤਾਂ ਹੋਣਾ ਹੀ ਸੀ ਜਦ ਵੀ ਹੰਕਾਰ ਦੇ ਸਾਹਮਣੇ ਹੱਕ ਨੇ ਆਪਣਾ ਸਿਰ ਚੁੱਕਿਆ ਹੈ ਹੰਕਾਰ ਨੇ ਪੂਰਾ ਤਾਣ ਲਾਕੇ ਕੁਚਲਣ ਦਾ ਯਤਨ ਕੀਤਾ ਹੈ। ਪਰ ਹੁਣ ਜੇਕਰ ਹੰਕਾਰ ਨੂੰ ਪਿੱਛੇ ਹਟਾਉਣਾ ਮੁਸ਼ਕਿਲ ਏ ਤਾਂ ਦੂਜੇ ਪਾਸੇ ਹੱਕ ਨੂੰ ਟਾਲਣਾ ਵੀ ਓਨਾ ਹੀ ਔਖਾ ਹੈ। ਇੱਕ ਗੱਲ ਹੋਰ ਹੱਕ ਵੀ ਉਦੋਂ ਤੀਕ ਹੱਕ ਹੈ ਜਦੋਂ ਤੀਕ ਉਸ ਨਾਲ ਸੱਚ ਹੈ। ਇਸ ਲਈ ਆਪਣੇ ਹੱਥਾਂ,ਪੈਰਾਂ ਤੇ ਜ਼ੁਬਾਨ ਤੇ ਕਾਬੂ ਰੱਖਣਾ ਲਾਜ਼ਮੀ ਹੈ ਤਾਂ ਜੋ ਮੰਜ਼ਿਲ ਤੇ ਮਜ਼ਬੂਤ ਤੇ ਦਲੇਰ ਕਦਮਾ ਨਾਲ ਪਹੁੰਚਿਆ ਜਾ ਸਕੇ ... -ਟੋਰੰਟੋ (ਕੈਨੇਡਾ)

ਹੱਕਾਂ ਵਾਲਿਆ-ਗੁਰਜੀਤ ਸ਼ੇਖ਼ਪੁਰੀ

ਮਹਿਲ ਉੱਗ ਗਏ ਤੇਰਿਆਂ ਢਾਰਿਆਂ 'ਤੇ ਵੱਢ ਜ਼ੁਲਮ ਦਾ ਕਿਰਤੀਆ ਕੋਹੜ ਆ ਕੇ । ਜ਼ਿਮੀਂ ਤੇਰੀ 'ਚ ਧਾੜਵੀ ਆਣ ਢੁੱਕੇ ਖੜੇ ਬਲਦ ਪੰਜਾਲੀਆਂ ਜੋੜ ਆ ਕੇ । ਆਉਂਦੇ ਘੂਕਦੇ ਕਾਫ਼ਲੇ ਲੋਟੂਆਂ ਦੇ ਤੇਰੀ ਹਿੱਕ 'ਤੇ ਛਾਪਤੇ ਪੌੜ ਆ ਕੇ । ਤੈਨੂੰ ਸੌਂਹ ਈ ਤੇਰਿਆਂ ਮੁੜਕਿਆਂ ਦੀ ਹੱਕਾਂ ਵਾਲਿਆ ਸ਼ਹਿਦ ਨਿਚੋੜ ਆ ਕੇ । ਤੇਰੀ ਰਾਵੀ ਨੂੰ ਵੈਰੀਆਂ ਛਾਣਿਆ ਈਂ ਸਤਲੁੱਜ ਵੇ ਭਾਜੀਆਂ ਮੋੜ ਆ ਕੇ । ਮਿੱਟੀ ਫੇਰ ਜ਼ਮਾਨਤਾਂ ਮੰਗਦੀ ਏ ਬਹੁੜ ਸੂਰਜਾ ਕੈਦ ਨੂੰ ਤੋੜ ਆ ਕੇ ।੧। ਸ਼ੇਰ ਬੱਗਿਆ ਰੁਖ਼ ਤਾਂ ਮੋੜਨਾ ਪਊ ਇਹਨ੍ਹਾਂ ਭੂਤਰੇ, ਮੱਛਰੇ ਬੂਥਿਆਂ ਦਾ । ਮੂੰਹ-ਜ਼ੋਰ ਹੰਕਾਰ ਤਾਂ ਤੋੜਨਾ ਪਊ ਤੇਰੀ ਸੰਘੀ ਨੂੰ ਆਂਵਦੇ 'ਗੂਠਿਆਂ ਦਾ । ਲੈ ਗਏ ਹੂੰਝ ਕੇ ਚੋਰ ਭੜੋਲਿਆਂ ਨੂੰ ਸਾਨੂੰ ਦਿੱਤਾ ਈ ਟੋਕਰਾ ਠੂਠਿਆਂ ਦਾ । ਪੰਜ ਆਬ ਦੇ ਸੋਹਣਿਆ ਪੁੱਤ ਹੋ ਕੇ ਪਾਣੀ ਪੀਣਾ ਕਿਉਂ ਕੌਲਿਆਂ ਜੂਠਿਆਂ ਦਾ । ਏਸ ਸਦੀ 'ਚ ਕੁੱਲੀ ਦੇ ਸਰਕੜੇ ਨੇ ਸਹਿਣਾ ਜ਼ੋਰ ਨਈਂ ਕੋਠਿਆਂ-ਕੂਠਿਆਂ ਦਾ । ਗੂਹੜੀ ਨੀਂਦ ਚੋਂ ਧਰਤੀਆਂ ਜਾਗ ਪੈਣਾਂ ਭਾਂਡਾ ਭੱਜਣਾਂ ਹਾਕਮਾਂ ਝੂਠਿਆਂ ਦਾ ।੨।

ਦਿੱਲੀ ਨੂੰ ਮੁਖ਼ਾਤਿਬ-ਗੁਰਜੀਤ ਸ਼ੇਖ਼ਪੁਰੀ

ਏਸ ਡੱਕੇ ਸਿਕੰਦਰੀ ਰੱਥ ਸ਼ੋਹਦੇ ਏਸ ਠੱਲਿਆ ਸ਼ਾਹ ਅਬਦਾਲੀਆਂ ਨੂੰ । ਏਸ ਵੇਖਿਆ ਮੰਨੂ ਦਾ ਦੌਰ ਕਾਲਾ ਏਸ ਤੱਕਿਆ ਸੰਨ ਸੰਤਾਲੀਆਂ ਨੂੰ । ਏਸ ਬਾਬਰੀ ਜਬਰ ਦੀ ਮੜ੍ਹਕ ਭੰਨ੍ਹੀ ਪੀਤਾ ਸ਼ੌਂਕ ਥੀਂ ਮੌਤ ਪਿਆਲੀਆਂ ਨੂੰ । ਏਹਦੀ ਪੱਗ ਨੂੰ ਦਾਗ਼ ਚੁਰਾਸੀਆ ਦੇ ਤੂੰ ਹੀ ਛਾਣਿਆ ਖ਼ੂਨ ਚੋਂ ਲਾਲੀਆਂ ਨੂੰ । ਤੇਰੀ ਜੂਹ 'ਚ ਜ਼ਹਿਰ ਨਾ ਵੜ੍ਹਨ ਦਿੱਤੀ ਵੇਖ ਪੁੱਛ ਕੇ ਕਿੱਕਰਾਂ, ਟਾਹਲੀਆਂ ਨੂੰ । ਤੇਰੀ ਦਿੱਲੀਏ ਆਬ ਨੇ ਪਿਉਂਦ ਲਾਈ ਕਰੇਂ ਟਿੱਚਰਾਂ ਝੱਲੀਏ ਮਾਲੀਆਂ ਨੂੰ ।੧। ਤੈਨੂੰ ਰੱਖਿਆ ਸਾਲੂ ਲਪੇਟ ਕੇ ਨੀ ਗੂਹੜ੍ਹਾ ਰੰਗ ਨਾ ਮਹਿੰਦੀ ਦਾ ਲਹਿਣ ਦਿੱਤਾ । ਏਹਦੀ ਤੇਗ਼ ਨੇ ਉੱਡਦੇ ਖੰਭ ਝਾੜੇ ਭੌਰਾ ਕਲੀ 'ਤੇ ਕੋਈ ਨਾ ਬਹਿਣ ਦਿੱਤਾ । ਇੱਕ ਹੋਇਆ ਈ ਰਾਜਾ ਰਣਜੀਤ ਸਾਡਾ ਤੇਰੀ ਜੂਹ ਨੂੰ ਮੰਦਾ ਨਾ ਕਹਿਣ ਦਿੱਤਾ । ਏਦੂੰ ਪਹਿਲਾਂ ਕਿ ਕੋਈ ਸਤਲੁੱਜ ਟੱਪੇ ਓਹਦਾ ਸੀਸ ਨਈਂ ਧੜ 'ਤੇ ਰਹਿਣ ਦਿੱਤਾ । ਚਾਲੀ ਸਾਲ ਅਫ਼ਗਾਨ ਸੀ ਰੋਕ ਛੱਡੇ ਤੇਰੀ ਹਿੱਕ 'ਤੇ ਪੈਰ ਨਾ ਪੈਣ ਦਿੱਤਾ । ਏਹਦੇ ਆਬ ਤਾਂ ਰਾਣੀਏ ਝੁਲਸਦੇ ਰਏ ਤੈਨੂੰ ਦਿੱਲੀਏ ਸੇਕ ਨਾ ਸਹਿਣ ਦਿੱਤਾ ।੨। ਹੁਣ ਭੁੱਲੀ ਤੂੰ ਰੁੱਤ ਗ਼ੁਲਾਮੀਆਂ ਦੀ ਕਿੰਝ ਆਂਵਦੀ ਸਾੜ੍ਹਦੀ ਖੇਤ ਸਾਡੇ । ਹੁਣ ਸਾਡਾ ਹੀ ਚੱਮ ਉਧੇੜਦੀ ਏਂ ਤੂੰ ਆਂਦਰਾਂ ਵਿੰਨਦੀ ਪੇਟ ਸਾਡੇ । ਤੂੰ ਸਾਡੇ ਹੀ ਫੱਗਣਾਂ ਨਾਲ ਰੰਨੇ ਨੀ ਜਾਵੇਂ ਲੜਾਂਵਦੀ ਚੇਤ ਸਾਡੇ । ਤੂੰ ਛੁੱਟੜੇ ਮੁੱਕਰੀ ਵਾਅਦਿਆਂ ਤੋਂ ਫਿਰੇਂ ਸਾਥੋਂ ਲੁਕਾਂਵਦੀ ਭੇਤ ਸਾਡੇ । ਲਾਲ ਕਿਲੇ ਨੂੰ ਕਰਾਂਗੇ ਹੋਰ ਗੂਹੜਾ ਫਿਰੇਂ ਖ਼ਾਰ ਵਿਛਾਂਵਦੀ ਹੇਠ ਸਾਡੇ । ਤੇਰੀ ਦਿੱਲੀਏ ਇੱਟ ਨਾ ਰਹਿਣ ਦੇਣੀ ਜਾਂ ਮੋੜਦੇ ਭੈੜੀਏ ਖੇਤ ਸਾਡੇ ।੩। ਨੀ ਪਾਪਣੇ ਮਹਿਲ ਉਸਾਰਦੀ ਏਂ ਤੂੰ ਢਾਹ ਕੇ ਸਾਡਿਆਂ ਢਾਰਿਆਂ ਨੂੰ । ਤੂੰ ਦੱਸ ਖਾਂ ਬੰਨ੍ਹਾਂ ਮੈਂ ਕਿੱਸ ਲੀੜੇ ਨੀ ਝੂਠੀਏ ਤੇਰਿਆਂ ਲਾਰਿਆਂ ਨੂੰ । ਤੂੰ ਕਿਨ੍ਹੇ ਹੀ ਜੰਗਾਂ 'ਚ ਡੋਬ ਆਈ ਨੀ ਸਾਡਿਆਂ ਸੂਰਜਾਂ, ਤਾਰਿਆਂ ਨੂੰ । ਨੀ ਖਾ ਲਿਆ ਖੁਰਚ ਕੇ ਵੇਖ ਡੈਣੇਂ ਨਾਲ ਨੌਂਹਾਂ ਤੂੰ ਕਈ ਕੁਆਰਿਆਂ ਨੂੰ । ਹੁਣ ਟੁੱਕ ਵੀ ਖੋਹਣ ਨੂੰ ਆਉੜਦੀ ਏਂ ਤੂੰ ਮਿੱਧ ਦੀ ਬਲਖ਼-ਬੁਖ਼ਾਰਿਆਂ ਨੂੰ । ਤੂੰ ਦਿੱਲੀਏ ਦੱਲੀ ਏਂ ਬਣ ਬੈਠੀ ਅਸੀਂ ਜਾਣੀਏ ਤੇਰਿਆਂ ਕਾਰਿਆਂ ਨੂੰ ।੪।