Dharat Vangaare Takhat Nu (Part-10)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਦਸਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)ਸਰੂਰ ਗ਼ਰੂਰ-ਸ਼ਾਹਗੀਰ ਗਿੱਲ

ਜ਼ਿੰਦਗ਼ੀ ਦੇ ਸਾਰੇ ਸਰੂਰ ਨੂੰ ਗ਼ਰੂਰ ਖਾ ਗਿਆ ਹੈ ਸੋਚਦੈ ਇਨਸਾਨ ਕਿ ਬੜਾ ਨਸ਼ਾ ਆ ਗਿਆ ਹੈ ਸਰੀਰਕ ਨਸ਼ਾ ਸਰੀਰ ਤਕ ਹੀ ਹੁੰਦਾ ਹੈ ਅਕਸਰ ਗ਼ਰੂਰੀ ਨਸ਼ਾ ਤਾਂ ਜੀਵਨ ਹਵਾ ਚ ਸਮਾ ਗਿਆ ਹੈ ਉਹ ਹਵਾ ਕਿਤੇ ਖਲੋਣ ਹੀ ਨਹੀਂ ਦੇਂਦੀ ਮਨੁੱਖ ਨੂੰ ਹਾਕਮਾਂ ਤਰਾਂ ਉਹ ਹਵਾ ਚ ਈ ਉਡਦਾ ਪਿਆ ਹੈ ਜਾਣਦਿਆਂ ਹੋਇਆਂ ਵੀ ਗ਼ਰੂਰ ਕਰਦਾ ਏ ਕਿਉਂ ਵਡੱਪਣ ਦਾ ਜੋ ਸਿਰ ਉਤੇ ਫ਼ਤੂਰ ਛਾ ਗਿਆ ਹੈ ਸਮਝ ਹੁੰਦਿਆਂ ਹੋਇਆਂ ਵੀ ਸਮਝਦਾ ਹੀ ਨਹੀਂ ਬੂਰ ਸਮਝਾਂ ਦੇ ਰੁੱਖ ਦਾ ਜੁ ਗ਼ਰੂਰ ਖਾ ਗਿਆ ਹੈ ਫਲ਼ ਕਿਥੋਂ ਲਗਣੇ ਨੇ ਪੱਤਰ ਵੀ ਨੇ ਸੁਕ ਜਾਣੇ ਗ਼ਰੂਰ ਦਾ ਵਰੋਲਾ ਵੇਖੋ ਕਿਥੋਂ ਕਿਥੇ ਲੈ ਗਿਆ ਹੈ ਅਣਸੋਚੀਆਂ ਮੁਸ਼ਕਲਾਂ ਆ ਨੇ ਸ਼ੀਰ ਘੇਰਦੀਆਂ ਮੰਨਣ ਸਮਝਣ ਵਾਲਾ ਤਾਂ ਵਰਕਾ ਪਾਟ ਗਿਆ ਹੈ

ਅਜੇ ਨਹੀਂ ਲੋਹੜੀ ਬਾਲ਼ਣੀ-ਨਵਜੋਤ ਕੌਰ (ਡਾ:)

ਯੁੱਗਾਂ ਤੋਂ ਮਰ ਮਰ ਜੀਂਦੀਓ ਧੀਓ ਹੱਕਾਂ ਲਈ ਲੜਦੀਓ ਧੀਓ ਹੱਦਾਂ ਤੇ ਡਟਦੀਓ ਧੀਓ ਮਾਫ਼ ਕਰਨਾ ਇਸ ਵਾਰ ਅਜੇ ਨਹੀਂ ਨਹੀਂ ਦੇ ਸਕਾਂਗੀ ਆਪਣੀਆਂ ਲਾਡਲੀਆਂ ਨੂੰ ਰਵਾਇਤੀ ਲੋਹੜੀ ਦਾ ਭਰਿਆ ਥਾਲ ਆਪਾਂ!ਅਜੇ ਨਹੀਂ ਲੋਹੜੀ ਬਾਲ਼ਣੀ। ਅਜੇ ਤਾਂ ਮੇਰੇ ਦੁੱਲੇ ਭੱਟੀ ਪੁੱਤਰ ਬਸੰਤੀ, ਨੀਲੇ, ਹਰੇ ਤੇ ਲਾਲ ਸ਼ਮਲੇ ਵਾਲੀਆਂ ਦਸਤਾਰਾਂ ਬੰਨ ਸਰਦ ਯਖ਼ ਰਾਤਾਂ 'ਚ ਹੱਕਾਂ ਦੀ ਅਸਾਵੀਂ ਜੰਗ ਲੜ ਰਹੇ ਮੱਥਾ ਤਖ਼ਤ ਲਾਹੌਰ ਨਾਲ ਨਹੀਂ ਆਪਣੀ ਬਣਾਈ ਕੁਰਸੀ ਨਾਲ ਹੈ। ਆਸਾਨ ਨਹੀਂ ਹੁੰਦਾ ਧੀਓ ਆਪਣੇ ਵਿਰਸੇ, ਆਪਣੀ ਹਸਤੀ ਆਪਣੀ ਹੋਂਦ ਲਈ ਆਪਣਿਆਂ ਨਾਲ ਲੜਨਾ ਸੰਗਰਾਮ! ਦੇਸ਼ -ਧ੍ਰੋਹੀ ਹੋਣ ਦਾ ਕੁਫ਼ਰ ਇਲਜ਼ਾਮ ਝੱਲ ਰਹੇ ਮੇਰੇ ਸ਼ਿੰਦੇ ਪੁੱਤਰ ਅੱਜ ਦੇਸ਼ -ਭਗਤੀ ਦੇ ਅਰਥ ਸਮਝਾ ਰਹੇ ਨੇ ਬਿਨ ਬੋਲਿਆਂ। ਮੁੜ ਕਰ ਰਹੇ ਨੇ ਸੁਰਜੀਤ ਅਨਰਥਾਂ 'ਚੋਂ ਅਰਥ। ਸ਼ਾਂਤੀ ਦੇ ਮਸੀਹਿਆਂ ਦੀਆਂ ਡੱਬਾਂ 'ਚ ਹੁਣ ਅਸਲਾ ਨਹੀਂ ਜੂਝਣ ਦਾ ਚਾਅ ਹੈ। ਜਿੱਤਣ ਦਾ ਜਜ਼ਬਾ ਤੇ ਉਮਾਹ ਹੈ। ਅੱਜ ਤਾਂ ਵਿਆਹਾਂ 'ਚ ਢੋਲ ਨਹੀਂ ਵੱਜਦੇ ਲੱਗ ਰਹੇ ਨੇ ਕਿਰਤੀ ਕਿਸਾਨ ਦੇ ਹੱਕਾਂ ਲਈ ਨਾਅਰੇ ਤੇ ਗਾਈਆਂ ਜਾ ਰਹੀਆਂ ਮੇਰੇ ਸੂਰਮੇ ਪੁੱਤਰਾਂ ਭਗਤ ਸਰਾਭਿਆਂ ਊਧਮਾਂ ਦੀਆਂ ਘੋੜੀਆਂ ਅਜੇ ਤਾਂ ਸੱਤਾ ਦੇ ਨਸ਼ੇ'ਚ ਮਗਰੂਰ ਚਲਾਕ ਨਸ਼ਤਰਬਾਜ਼ ਮੇਰੇ ਲਾਲਾਂ ਤੇ ਢਾਹ ਰਿਹਾ ਅੰਨ੍ਹਾ ਅਤਿਆਚਾਰ ਅਜੇ ਲੋਹੜੀ ਦੀ ਗੱਲ ਨਾ ਕਰੋ ਮੇਰੀਓ ਛਿੰਦੀਓ ਧੀਓ ਠਹਿਰੋ ਅਜੇ ਮੈਂ ਆਪਣੇ ਸੋਹਣੇ ਬੱਚਿਆਂ ਦੀਆਂ ਦੇਹਾਂ ਨੂੰ ਆਖ਼ਰੀ ਸਲਾਮ ਤਾਂ ਕਰ ਲਵਾਂ। ਅਜੇ ਤਾਂ ਮੇਰਾ ਚਿੱਤ ਨਹੀਂ ਮੰਨ ਰਿਹਾ ਭੁੱਗਾ ਬਣਾਉਣ ਨੂੰ ਤਿਲ ਚਿਰਵੜੇ ਰਿਓੜੀਆਂ ਮੰਗਵਾਉਣ ਨੂੰ ਕਿਵੇਂ ਭੁਨਾਵਾਂ ਤੁਹਾਡੇ ਲਈ ਮੱਕੀ ਦੇ ਫੁੱਲੇ। ਮੇਰੀਓ ਲਾਡਲੀਓ ਧੀਓ ਭੱਠੀ ਵਾਲੀਆਂ ਮਾਵਾਂ ਤਾਂ ਦਿੱਲੀ ਦੀਆਂ ਹੱਦਾਂ ਤੇ ਡਟੀਆਂ ਤੇ ਬਾਕੀ ਰਹਿੰਦੀਆਂ ਗੱਭਰੂ ਪੁੱਤਾਂ ਦੀ ਖ਼ੈਰ ਮਨਾਉਂਦੀਆਂ ਮੰਦਰਾਂ, ਮਸਜਿਦਾਂ ਤੇ ਗੁਰੂਦਵਾਰਿਆਂ 'ਚ ਖੜ੍ਹੀਆਂ। ਹਾਲ ਦੀ ਘੜੀ ਤਾਂ ਮੈਂ ਤੁਹਾਨੂੰ ਭੇਜ ਰਹੀ ਹਾਂ ਹਰੀਆਂ, ਨੀਲੀਆਂ, ਲਾਲ ਤੇ ਬਸੰਤੀ ਚੁੰਨੀਆਂ ਦੇ ਨਾਲ ਦਰਦ ਭਿੱਜੀਆਂ ਬੋਲੀਆਂ ਵੈਣਾਂ ਵਰਗੀਆਂ। ਵਕਤ ਬੜਾ ਜ਼ਾਲਮ ਹੁੰਦੈ ਨਹੀਂ ਬਖਸ਼ਦਾ ਕਿਸੇ ਨੂੰ ਵੀ ਆਪਣੇ ਕਦਰਦਾਨਾਂ ਨੂੰ ਹੀ ਕਲਗੀਆਂ ਤੇ ਤਾਜ ਬਖਸ਼ਦਾ ਉਸ ਵਕਤ ਦੀ ਉਡੀਕ ਕਰੋ। ਮੇਰੇ ਢਿੱਡ ਦੀਓ ਆਂਦਰੋ! ਜਦੋਂ ਮੇਰੇ ਬਹਾਦਰ ਪੁੱਤਰ ਮੇਰੇ ਯੋਧੇ ਸਿਰਤਾਜ ਮੈਦਾਨ ਫਤਿਹ ਕਰਕੇ ਘਰੀਂ ਮੁੜਨਗੇ ਉਸ ਸੁਲੱਖਣੀ ਘੜੀ ਨੂੰ ਗਿੱਧਾ ਪਾਵਾਂਗੇ ਮਨਾਵਾਂਗੇ ਲੋਹੜੀ ਅਗਨ ਬਾਲ ਕੇ ਤਿਲ ਸੁੱਟਾਂਗੇ ਤੇ ਕਹਾਂਗੇ ਈਸ਼ਰ ਆ ਦਲਿੱਦਰ ਜਾਹ! ਹਿੰਮਤ ਨਾਲ ਤੁਰਾਂਗੇ ਕਦਮ ਦਰ ਕਦਮ ਪੜਾਅ ਦਰ ਪੜਾਅ। ਲੋਕ ਮੁਕਤੀ ਸੰਗਰਾਮ ਦੀ ਸਿਖ਼ਰਲੀ ਚੋਟੀ ਤੀਕ।

ਮੈਂ ਪਰਦੇਸੀ ਨਹੀਂ ਰਿਹਾ-ਹਰਜਿੰਦਰ ਜੌਹਲ

ਘਰ ਚੋਂ ਜਿਵੇਂ ਤੰਬੂ ਦਿਖਦੈ ਰਸੋਈ ‘ਚ ਲੰਗਰ ਯਾਦ ਆਉਂਦਾ ਖਾਣਾ ਬਣਾਉਂਦਿਆਂ ਕਈ ਵਾਰ ਕੋਈ ਬੀਬੀ ਕੋਲੋਂ ਬੋਲਦੀ.. ਵੇ ਪੁੱਤ ਔਹ ਫੁਲਕਾ ਥੱਲੀਂ ਸੜ ਚੱਲਿਆ ਬੈੱਡ ‘ਤੇ ਪਏ ਦੇ ਸਿਰ ‘ਤੇ ਟ੍ਰਾਲੀ ਆ ਖੜ੍ਹਦੀ ਕੰਮ ‘ਤੇ ਵੀ ਕੁਝ ਨਹੀਂ ਸੁੱਝਦਾ ਨਾਹਰਿਆਂ, ਜੈਕਾਰਿਆਂ ਦੀ ਧੁਨੀ ਤੋਂ ਬਿਨਾ ਸਭ ਤੋਂ ਖ਼ਤਰਨਾਕ ਲੱਗਦਾ ਕੰਮ ਤੇ ਘਰ ਦਾ ਵਿਚਕਾਰਲਾ ਸਫ਼ਰ ਪੰਜਾਬ ਨੂੰ ਸੁਣਦਾ ਇਤਿਹਾਸ ‘ਚ ਹੁੰਨਾ ਕਾਂਬਾ ਛਿੜਦਾ , ਮਨ ਭਰ ਭਰ ਆਉਂਦਾ ਲੋਭੀਆਂ ਨੂੰ ਲਲਕਾਰਦਾ ਖੇਤ ਯਾਦ ਆਉਂਦਾ ਸਾਰਾ ਦਿਨ ਪਿੰਡ ਸੋਹਣਾ ਸੋਹਣਾ ਲੱਗੀ ਜਾਂਦਾ ਸਾਰੇ ਪਿੰਡੇ ‘ਚ ਮੋਰਚਾ ਲੱਗਾ ਪਿਆ ਮੈਂ ਪਰਦੇਸੀ ਨਹੀਂ ਰਿਹਾ ਸਿਡਨੀ(ਆਸਟਰੇਲੀਆ)

ਜਿੱਤ ਦੇ ਪਰਿੰਦੇ-ਜੱਗੀ ਜਗਵੰਤ ਕੌਰ ਸਿੱਧੂ

ਵੇ ਰਾਹੀਆ ਰਾਹੇ ਜਾਂਦਿਆ ਵੇ ਸੁਣਦਿਆ ਸੁਣਾਂਦਿਆ ਹਾਕਮ ਨੂੰ ਕਹੀਂ ਨਿੱਤ ਚਿੱਲੇ ਤੇ ਤੀਰ ਚਾੜ੍ਹਦੈਂ, ਹੰਕਾਰਦੈਂ, ਵੰਗਾਰਦੈਂ, ਫੁੰਕਾਰਦੈਂ ਆਦਮ-ਬੋ, ਆਦਮ-ਬੋ ਕਰਦਾ, ਪੈਰ ਜਿੱਧਰ ਵੀ ਪਾਵੇਂ ਸਾਡੀ ਬੋਟੀ, ਬੋਟੀ ਚੂੰਡ ਕੇ ਸ਼ਿਕਰਿਆਂ ਦੇ ਮੂੰਹ ਲਾਈ ਜਾਵੇੱ , ਹੁਣ ਤੇਰੇ ਜਬਰ ਦੀ ਹੱਦ ਐ, ਸਾਡੇ ਸਬਰ ਦੀ ਵੀ ਸੀਮਾ ਐ , ਨਹੀਂ! ਹੁਣ ਨਹੀਂ ਨਿਸ਼ਾਨਾ ਸੇਧਣ ਦੇਣਾ। ਸਾਡੇ ਖੇਤਾਂ ਖਲਵਾੜਾਂ ਦਾ। ਇਸ ਮਿੱਟੀ ਵਿੱਚ ਮੁੜ੍ਹਕਾ ਮਹਿਕੇ ਕਿਰਤੀ, ਮਜ਼ਦੂਰਾਂ, ਕਿਰਸਾਨਾ ਦਾ। ਇਸ ਮਿੱਟੀ ਵਿੱਚ ਖ਼ੂਨ ਮਹਿਕਦੈ ਸਾਡੇ ਦੇਸ਼ ਦੇ ਵੀਰ ਜਵਾਨਾਂ ਦਾ। ਵੇ ਹਾਕਮਾ! ਤੇਰੇ ਹੁਕਮ ਦੀ ਤਾਮੀਲ ਜੇ ਅੱਜ ਹੋਏਗੀ ਤਾਂ ਆਉਣ ਵਾਲੇ ਵਕਤ ਵਿੱਚ ਸਾਡੀ ਫ਼ਸਲ, ਨਸਲ ਰੋਏਗੀ, ਨਹੀਂ! ਸੌਦਾ ਅਸੀਂ ਹੋਣ ਨਹੀਂ ਦੇਣਾ ਜ਼ਮੀਨਾਂ ਅਤੇ ਜ਼ਮੀਰਾਂ ਦਾ। ਸਾਡੇ ਏਕੇ ਵਿੱਚ ਨੇ ਬਰਕਤਾਂ, ਸਾਨੂੰ ਖ਼ੌਫ਼ ਨਹੀਂ ਤੇਰਿਆਂ ਤੀਰਾਂ ਦਾ। ਸਾਨੂੰ ਪਾਣੀਂ ਉੱਤੇ ਲੀਕ ਨਾ ਸਮਝੀਂ , ਜੋ ਸਹਿਜੇ ਹੀ ਮਿਟ ਜਾਵਾਂਗੇ, ਪੱਥਰ ਉੱਤੇ ਲੀਕ ਦੇ ਵਾਂਗੂੰ ਹਰ ਪਲ ਨਜ਼ਰੀਂ ਆਵਾਂਗੇ। ਅੱਜ ਦੇ ਬੀਜ ਕੱਲ੍ਹ ਪੁੰਗਰ ਆਉਣੇ। ਤੇ ਪਰਸੋਂ ਅਸੀਂ ਫ਼ੁੱਲ ਬਣਾਂਗੇ, ਫ਼ਿਰ ਮਹਿਕਾਂ ਨੂੰ ਰੋਕੇਂਗਾ ਕਿੰਜ ? ਪੌਣਾਂ ਵਿੱਚ ਘੁਲ ਜਾਵਾਂਗੇ। ਹੱਕ ਸੱਚ ਦੀ ਆਵਾਜ਼ ਅੱਜ ਸਭ ਦੀ ਆਵਾਜ਼ ਬਣੀ, ਬਣ ਜੱਗ ਦੀ ਆਵਾਜ਼ ਕਣ,ਕਣ 'ਚ ਸਮਾਵਾਂਗੇ। ਧਰਮਾਂ,ਨਸਲਾਂ ਤੇ ਫ਼ਿਰਕਿਆਂ ਦੀ ਪਾਬੰਦ ਹੁਣ ਪ੍ਰਵਾਜ਼ ਨਹੀਂ ਜੱਗੀ ਬਣਕੇ ਪਰਿੰਦੇ ਜਿੱਤ ਦੇ ਅਸੀਂ ਅੰਬਰਾਂ ਨੂੰ ਛੂਹ ਆਵਾਂਗੇ। ਟੋਰੰਟੋ (ਕੈਨੇਡਾ)

ਹੁਣ ਇਤਿਹਾਸ ਬਦਲੇਗਾ-ਦੇਵਿੰਦਰ ਦਿਲਰੂਪ (ਡਾ.)

ਸੱਚ ਨੂੰ ਕੀ ਲੋੜ ਭਲਾ, ਕੂੜ ਦੇ ਸਾਥ ਦੀ। ਹੱਕ ਨੂੰ ਫਿਕਰ ਕਾਹਦੀ ਇਨਸਾਫ਼ ਦੀ। ਹੱਕ ਲਈ, ਸੱਚ ਲਈ, ਜਦ ਲਹੂ ਡੁੱਲਦਾ ਏ। ਇਤਿਹਾਸ ਗਵਾਹ ਹੈ, ਇਤਿਹਾਸ ਬਦਲਦਾ ਏ। ਮਨੁੱਖਤਾ ਦਾ ਘਾਣ ਹੈ ਇਹ, ਕੇਹਾ ਸ਼ੈਤਾਨ ਹੈ ਇਹ। ਹਾਕਮ ਹੈ,ਤਾਂ ਕੀ ਹੋਇਆ, ਨਹੀਂ ਭਗਵਾਨ ਹੈ ਇਹ। ਸਾਡਿਆਂ ਸਿਵਿਆਂ ਤੇ ਜੋ, ਰੋਟੀਆਂ ਹੈ ਸੇਕ ਰਿਹਾ। ਰੱਬ ਦੀ ਸਹੁੰ, ਰੱਬ ਸਭ ਬੈਠਾ ਹੈ ਦੇਖ ਰਿਹਾ। ਇਹ ਮੋਲ ਮੋੜਿਆ ਉਸ, ਵੋਟਾਂ ਦੇ ਮੁੱਲ ਦਾ। ਚੋਰ ਰਾਜ ਕਰਦੇ, ਅੰਨਦਾਤਾ ਏ ਰੁਲਦਾ। ਕਾਲੇ ਕਾਨੂੰਨ ਇਥੇ, ਕਾਲੀਆਂ ਨੇ ਨੀਤੀਆਂ। ਤਾਹੀਓਂ ਨੌਜਵਾਨੀ ਕੂਚਾਂ, ਵਿਦੇਸ਼ਾਂ ਨੂੰ ਕੀਤੀਆਂ। ਤੇਰੇ ਕੋਲ ਬਦਨੀਤੀਆਂ, ਤੇ ਕਾਲੇ ਕਨੂੰਨ ਨੇ। ਸਾਡੇ ਕੋਲ ਸਬਰ-ਸੱਚ, ਜੋਸ਼ ਤੇ ਜਨੂੰਨ ਏ। ਜਿੰਨੇ ਵੀ ਤੂੰ ਸਾਡੇ ਉੱਤੇ, ਜ਼ੁਲਮ ਕਮਾਵੇੰਗਾ ਓਨਾ ਹੋਰ ਸਾਡੇ ਵਿੱਚ, ਜੋਸ਼ ਭਰੀ ਜਾਵੇਂਗਾ। ਬੁੱਢੇ ਹੱਡੀਂ ਖ਼ੂਨ ਵਿੱਚ, ਆਇਆ ਉਬਾਲ ਏ, ਮਾਵਾਂ-ਭੈਣਾਂ, ਵੀਰ, ਬੱਚੇ, ਬੈਠੇ ਸਭ ਨਾਲ ਏ। ਜੋਸ਼ ਅਤੇ ਹੋਸ਼ ਦੀ ਇਹ, ਸਾਂਝ ਬੇਮਿਸਾਲ ਏ, ਅੰਦੋਲਨ ਇਹ ਦੁਨੀਆ ਤੇ, ਵੱਖਰੀ ਮਿਸਾਲ ਏ। ਸ਼ਹਾਦਤਾਂ ਦਾ ਜਾਮ ਨਿੱਤ, ਪੀਂਦੇ ਨੇ ਸੂਰਮੇ, ਸਦਾ ਲਈ ਮਰ ਕੇ ਵੀ, ਜੀਂਦੇ ਨੇ ਸੂਰਮੇ। ਹੱਕ ਲਈ, ਸੱਚ ਲਈ, ਜਦ ਲਹੂ ਡੁੱਲ੍ਹਦਾ ਏ। ਇਤਿਹਾਸ ਗਵਾਹ ਹੈ, ਇਤਿਹਾਸ ਬਦਲਦਾ ਹੈ।

ਦਿੱਲੀਏ ਨੀ-ਨਵਰੂਪ ਕੌਰ

ਦਿੱਲੀਏ ਨੀ ਦਿਲ ਟੋਹ ਲਿਆ ਤੇਰਾ ਕੀਤਾ ਏ ਤੂੰ ਧੋਖਾ ਜਿਹੜਾ ਹੁਣ ਧੋਖਾ ਚੱਲਣ ਨਹੀਂ ਦੇਣਾ ਸੱਧਰਾਂ ਨੂੰ ਮਰਨ ਨਹੀਂ ਦੇਣਾ। ਪਿੰਡ ਪਿੰਡ ਤੋਂ ਲੋਕੀਂ ਆ ਕੇ ਬਹਿ ਰਹੇ ਨੇ ਮੋਰਚੇ ਲਾ ਕੇ ਹਿੱਕ ਤੇਰੀ ਤੇ ਕਹਿ ਰਹੇ ਨੇ ਮੋਹ ਤੈਨੂੰ ਅਸੀਂ ਕਰ ਲਿਆ ਬਥੇਰਾ ਪਾਇਆ ਏ ਤੂੰ ਪਾੜਾ ਜਿਹੜਾ ਪਾੜਾ ਹੁਣ ਇਹ ਪੈਣ ਨੀ ਦੇਣਾ ਮੰਜੀ ਆਪਣੀ ਤੇ ਬਹਿਣ ਨੀ ਦੇਣਾ। ਹੱਥਾਂ ਪੈਰਾਂ ਨਾਲ ਕਿਰਤ ਹਾਂ ਕਰਦੇ ਨਹੀਂ ਅਸੀਂ ਮੈਦਾਨੋਂ ਹਾਂ ਭੱਜਦੇ ਮੌਤ ਆਉਂਦੀ ਤਾਂ ਆਵੇ ਦਿੱਲੀਏ ਜਾਨ ਜਾਂਦੀ ਤਾਂ ਜਾਵੇ ਦਿੱਲੀਏ ਹੱਕ ਆਪਣੇ ਨੂੰ ਮਰਨ ਨਹੀਂ ਦੇਣਾ ਘਾਣ ਸੱਧਰਾਂ ਦਾ ਕਰਨ ਨਹੀਂ ਦੇਣਾ ਸਮਝਦਾਰੀ ਨਾਲ ਤੋਰ ਦੇ ਸਾਨੂੰ ਸਾਡੇ ਹੱਕ ਮੋੜਦੇ ਸਾਨੂੰ। ਸਬਰ ਸਾਡਾ ਨਾ ਤੋਲ ਦਿੱਲੀਏ ਅੱਖਾਂ ਅਪਣੀਆਂ ਖੋਲ੍ਹ ਦਿੱਲੀਏ ਸਾਡੇ ਹੱਕ ਸਾਨੂੰ ਮੋੜ ਨੀਂ ਦਿੱਲੀਏ।

ਕਾਨੂੰਨ ਬਨਾਮ ਜਨੂੰਨ-ਅਮਨਦੀਪ ਟੱਲੇਵਾਲੀਆ (ਬਰਨਾਲਾ)

ਤੈਨੂੰ ਤੇਰੇ ਕਾਨੂੰਨ ਮੁਬਾਰਕ ਸਾਨੂੰ ਸਾਡਾ ਜਨੂੰਨ ਮੁਬਾਰਕ ਅਸੀਂ ਪਿੱਛੇ ਹਟਣਾ ਨਹੀਂ ਭਾਵੇਂ ਕਰ ਲੈ ਲੱਖਾਂ ਹੀਲੇ ਇਹ ਸੱਪ ਕੁੰਡਲੀਏ ਨੇ ਤੈਥੋਂ ਜਾਣੇ ਨਹੀਓਂ ਕੀਲੇ ਇਹ ਸੱਪ ਕੁੰਡਲੀਏ ਨੇ ਦਿੱਲੀਏ ਜਾਣ ਨਾ ਤੈਥੋਂ ਕੀਲੇ ਇਹ ਬੈਰੀਕੇਡ ਤਾਂ ਕੀ ਭਾਵੇਂ ਕਰ ਲੈ ਉੱਚੀਆਂ ਕੰਧਾਂ। ਸੋਧੇ ਅਰਦਾਸੇ ਨੇ ਇਨ੍ਹਾਂ ਗੋਬਿੰਦ ਦਿਆਂ ਫ਼ਰਜ਼ੰਦਾਂ। ਰੱਖ ਸੀਸ ਤਲੀ ਉੱਤੇ ਤੁਰ ਪਏ ਇਹ ਯੋਧੇ ਅਣਖੀਲੇ। ਇਹ ਸੱਪ ਕੁੰਡਲੀਏ ਨੇ ਤੈਥੋਂ ਜਾਣੇ ਨਹੀਓਂ ਕੀਲੇ ਲੰਗਰ ਵੀ ਲਾਉਂਦੇ ਨੇ ਪਿਆਉਂਦੇ ਦੁਸ਼ਮਣ ਤਾਈਂ ਪਾਣੀ। ਉੱਠ ਅੰਮ੍ਰਿਤ ਵੇਲੇ ਇਹ ਪੜ੍ਹਦੇ ਗੁਰੂ ਨਾਨਕ ਦੀ ਬਾਣੀ ਭਲਾ ਸਰਬੱਤ ਦਾ ਮੰਗਦੇ ਲਾਉਂਦੇ ਜੈਕਾਰੇ ਜੋਸ਼ੀਲੇ। ਇਸ ਸੱਪ ਕੁੰਡਲੀਏ ਨੇ ਤੈਥੋਂ ਜਾਣੇ ਨਹੀਓਂ ਕੀਲੇ ਇਹ ਕੁੰਡਲੀ ਬਾਰਡਰ ਤੇ ਬੈਠੇ ਵੇਖ ਕੁੰਡਲੀਆਂ ਮਾਰੀ। ਸਿੰਘੂ ਅਤੇ ਟਿਕਰੀ ਤੇ ਆਏ ਖਿੱਚ ਕੇ ਪੂਰੀ ਤਿਆਰੀ ਪਾ ਲਏ ਆਲ੍ਹਣੇ ਨੇ ਪੰਛੀਆਂ ਵਾਂਗੂੰ ਚੁਗ ਕੇ ਤੀਲੇ ਇਹ ਸੱਪ ਕੁੰਡਲੀਏ ਨੇ ਤੈਥੋਂ ਜਾਣੇ ਨਹੀਂਓਂ ਕੀਲੇ ਇੱਕ ਬੀਨ ਪਿਆਰ ਦੀ ਤੂੰ ਦਿੱਲੀਏ ਵੇਖ ਤਾਂ ਸਹੀ ਵਜਾ ਕੇ। ਰੱਦ ਕਰਦੇ ਕਾਨੂੰਨਾਂ ਨੂੰ ਨੀ ਤੂੰ ਵਿਚ ਹੋਸ਼ ਦੇ ਆ ਕੇ। ਤੇਰੇ ਪੈਰੀਂ ਠੁੱਕ ਜਾਣੇ ਨੀ ਇਹ ਬਣਕੇ ਕਿੱਲ ਨੁਕੀਲੇ। ਇਹ ਸੱਪ ਕੁੰਡਲੀਏ ਨੇ ਤੈਥੋਂ ਜਾਣੇ ਨਹੀਂਉ ਕੀਲੇ ਇਹ ਸੱਪ ਕੁੰਡਲੀਏ ਨੇ ਦਿੱਲੀਏ ਜਾਣ ਨਾ ਤੈਥੋਂ ਕੀਲੇ

ਸਿੰਘੂ ਬਾਰਡਰ ਤੋਂ-ਬਲਜਿੰਦਰ ਸਿੰਘ ਧਾਲੀਵਾਲ (ਬਠਿੰਡਾ)

ਅੰਨਦਾਤਿਆਂ ਦਾ ਦਿੱਲੀ ਭੁੰਜੇ ਬਹਿਣਾ ਦਿੱਲੀਏ ਨੀ ਤੇਰੇ ਮੱਥਿਓ....... ਤੇਰੇ ਮੱਥਿਓ ਕਲੰਕ ਨਹੀਂਉਂ ਲਹਿਣਾ ਦਿੱਲੀਏ ਨੀ ਤੇਰੇ ਮੱਥਿਓ........... ਖੇਤ,ਕਿਰਸਾਨੀ, ਬਾਝੋਂ ਦੇਸ਼ ਨਹੀਓ ਚੱਲਦੇ ॥ ਪੂੰਜੀਪਤੀ ਲੋਕਾਂ ਦੇ ਭਰੋਸੇ ਨਹੀਉਂ ਪਲ ਦੇ ॥ ਜੈ ਜਵਾਨ ਜੈ ਕਿਸਾਨ ਸਿੱਖ ਕਹਿਣਾ ਦਿੱਲੀਏ .... ਨੀ ਤੇਰੇ ਮੱਥਿਓ.... ਲੁੱਟ ਲੈ ਗਏ ਬੈਕਾਂ 'ਚੋਂ ਜਿਹੜੇ ਸਰਮਾਇਆ ਨੀ ॥ ਉਹਨਾਂ ਸੰਗ ਪਿਆਰ ਪੀਘਾਂ,ਸਮਝ ਨਾ ਆਇਆ ਨੀ ? ਤੈਨੂੰ ਦੋਗਲਾ ਇਹ ਚਿਹਰਾ ਮਹਿੰਗਾ ਪੈਣਾ ਦਿੱਲੀਏ ਨੀ ਤੇਰੇ ਮੱਥਿਓ ....... ਸਾਂਭ ਲੈ ਜੇ ਸਾਂਭ ਹੁੰਦੇ, ਕਿਰਤੀ,ਕਿਸਾਨ,ਨੀ ॥ ਤਾਨਾਸ਼ਾਹੀ ਵਾਲੇ ਛੱਡ, ਭੈੜੀਏ ਗੁਮਾਨ ਨੀ॥ ਹਲਾਂ,ਦਾਤੀਆਂ,ਓੜਕ ਸੱਚ ਰਹਿਣਾ ਦਿੱਲੀਏ ਨੀ ਤੇਰੇ ਮੱਥਿਓ ....... ਵੈਰੀਆਂ ਨੂੰ ਹੱਦਾਂ ਉੱਤੇ ਇਹੋ ਈ ਵੰਗਾਰਦੇ ॥ ਪੂੰਜੀਪਤੀ ਦੇਸ਼ ਲਈ ਜਾਨਾਂ ਨਹੀਓਂ ਵਾਰਦੇ ॥ ਚੌਵੀ ਕੈਰਟ ਇਹ ਸੋਨਾ ਤੇਰਾ ਗਹਿਣਾ ਦਿੱਲੀਏ ਨੀ... ਤੇਰੇ ਮੱਥਿਓ...... ਦੇਸ਼ ਦੀ ਏੇ ਆਣ ਅਤੇ ਸ਼ਾਨ ਕਿਰਸਾਣ ਨੀ ॥ ਦੇਸ਼ ਭਗਤਾਂ ਦੀ ਭੁੱਲ ਬੈਠੀ ਐਂ ਪਛਾਣ ਨੀ ॥ ਹੱਕ ਸੱਚ ਦਾ ਨਿਆਂ ਤਾਂ ਦੇਣਾ ਪੈਣਾ ਦਿੱਲੀਏ ਨੀ ਤੇਰੇ ਮੱਥਿਓ........

ਰੁੱਖਾਂ ਜਹੀ ਜੀਰਾਂਦ ਮੇਰੇ ਬਾਬਲ ਦੀ-ਜ਼ੋਰਾਵਰ ਸਿੰਘ ਨੂਰ

ਚਿੜੀ ਜਨੌਰ ਦੇ ਭਾਗੀਂ ਰਾਹੀ ਪਾਂਧੀ ਦੇ ਭਾਗੀਂ ਹਾਲ਼ੀ ਪਾਲ਼ੀ ਦੇ ਭਾਗੀਂ ਲਾਗੀ ਭਾਗੀ ਦੇ ਭਾਗੀਂ ਕੀੜੇ ਮਕੌੜਿਆਂ ਦੇ ਭਾਗੀਂ ਡੰਗਰ ਵੱਛੇ ਦੇ ਭਾਗੀਂ ਟੱਬਰ ਅੱਛੇ ਦੇ ਭਾਗੀਂ ਨਿਆਣੇ ਸਿਆਣੇ ਦੇ ਭਾਗੀਂ ਟੱਬਰ ਲਾਣੇ ਦੇ ਭਾਗੀਂ ਝੱਕਰੀ ਕਰੂਏ ਦੇ ਭਾਗੀਂ ਮਹਿੰਦੀ ਮਰੂਏ ਦੇ ਭਾਗੀਂ ਨੀ ਮਾਂ! ਇਹ ਕਿਹੋ ਜਿਹੇ ਬੋਲ ਨੀ ਮਾਏ ਬੋਲੀ ਜਾਵੇਂ ਅਣਭੋਲ ਨੀ ਮਾਏ ਇਹ ਅੰਬਰ ਦੇ ਬੋਲ ਨੀ ਧੀਏ ਰਹਿੰਦੇ ਸਦਾ ਅਡੋਲ ਨੀ ਧੀਏ ਹਾਇ ਨੀ ਮਾਏ ਮੇਰੀ ਕਮਲੀਏ ਮਾਏ! ਨੀਲਾ ਰੱਬ ਕਦੀ ਬੋਲਿਆ ਭਲਾ? ਆਹੋ ਧੀਏ ਜਦ ਵੀ ਇਹ ਬੋਲਿਆ ਹੱਕ ਸੱਚ ਤੋਲਿਆ ਕਦੀ ਵੀ ਨਾ ਡੋਲਿਆ ਹਾੜਾ ਨੀ ਮੇਰੀ ਪਿਆਰੀ ਮਾਂ! ਦੱਸਦੇ ਨੀ ਗੱਲ ਪੂਰੀ ਮਾਂ। ਧੀਏ ਇਹ ਬੋਲ ਨੇ ਵਗਦੀਆਂ ਪੌਣਾਂ ਦੇ ਧਰਤੀਓਂ ਉੱਗੇ ਗੌਣਾਂ ਦੇ। ਸ਼ਮਲੇ ਵਾਲੀਆਂ ਪੱਗਾਂ ਦੇ ਅਣਖ਼ੀ ਉੱਚੀਆਂ ਧੌਣਾਂ ਦੇ। ਜੋ ਹਾਕਮ ਨੂੰ ਸਮਝ ਨਾ ਆਏ ਭਾਵੇਂ ਇਸ ਦਾ ਬੀਜਿਆ ਖਾਏ ਤਾਂ ਵੀ ਸਾਨੂੰ ਸੁੱਕਣੇ ਪਾਏ। ਹਾਇ!ਮੈਨੂੰ ਸਮਝ ਨਾ ਆਏ ਇਹ ਕਿਹੋ ਜਿਹੀ ਰਮਜ਼ ਨੀ ਮਾਏ। ਪੌਣਾਂ ਵੀ ਕਦੀ ਬੋਲਦੀਆਂ ਨੇ? ਭੇਤ ਦਿਲਾਂ ਦੇ ਖੋਲ੍ਹਦੀਆਂ ਨੇ? ਫੜ ਕੇ ਤੱਕੜੀ ਤੋਲਦੀਆਂ ਨੇ? ਫਿਰ ਕਿਉਂ ਸਾਨੂੰ ਰੋਲ਼ਦੀਆਂ ਨੇ? ਆਹੋ ਧੀਏ ਪੌਣਾਂ ਜਦ ਵੀ ਬੋਲਦੀਆਂ ਨੇ ਭੇਤ ਦਿਲਾਂ ਦੇ ਖੋਲ੍ਹਦੀਆਂ ਨੇ। ਫਿਰ ਪਾਪੀ ਰੂਹਾਂ ਡੋਲਦੀਆਂ ਨੇ। ਨਾ ਨੀ ਮਾਂ ਅੜੀਏ! ਜਿਹੜੀਆਂ ਤਾਂ ਇਹ ਗੱਲਾਂ ਮੇਰੀ ਅਕਲੋਂ ਪਰੇ ਪਰੇ। ਮਾਏ ਨੀ ਤੂੰ ਦੱਸ ਭਲਾ ਅੰਬਰ ਬੋਲੇ ਕੀਹ ਬਲਾ? ਧਰਤੀ ਬੋਲੇ ਕੀਰ ਬਲਾ? ਪੌਣ ਵੀ ਬੋਲੇ ਕੀਹ ਬਲਾ? ਧੀਏ ਨੀ ਤੂੰ ਗਿੱਧੇ ਵਿੱਚ ਪੈਂਦੀ ਬੋਲੀ ਨਹੀਂ ਸੁਣੀ? "ਬੰਜਰ ਭੋਇੰ ਤੇਰੀ ਪਈ ਵੇ ਚੋਬਰਾ ਮਾਰ ਕੇ ਸੁਹਾਗਾ ਭੰਨ ਦੇ ਡਲ਼ੀਆਂ ਬੀਜ ਗੰਢੇ ਤੇ ਆਲੂ ਵੇ ਕਦ ਲਿਆਵੇਂਗਾ? ਮੇਰੇ ਸੂਟ ਨਾਲ ਦਾ ਸਾਲੂ। ਵੇ ਕਦ ਲਿਆਵੇਂਗਾ? ਚੱਲ ਨੀ ਮਾਂ! ਮਿੰਦਰੋ ਨੇ ਸੀ ਬੋਲੀ ਪਾਈ ਘਰ ਵਾਲੇ ਦੇ ਕੰਨੀਂ ਪਾਈ। ਆਹੋ ਧੀਏ ਚਾਚਾ ਤੇਰਾ ਡਲ਼ੇ ਭੰਨਕੇ ਗੰਢੇ ਲਾਊ ਸਾਰਾ ਟੱਬਰ ਖਾਊ। ਨੀ ਬੀਬੀ ਹੁਣ ਆਲੂ ਗੰਢੇ ਕਿਥੋਂ ਆਉਂਦੇ ਨੀ ਧੀਏ ਆਲੂ ਗੰਢੇ ਓਥੋਂ ਆਉਂਦੇ ਜਦ ਧਰਤੀ ਦੇ ਜਾਏ ਹਲ਼ ਪੰਜਾਲ਼ੀ ਵਾਹੁੰਦੇ ਵਾਹੁੰਦੇ ਅੱਖਰ ਨਾਲੇ ਕਲਮ ਦਵਾਤਾਂ ਲੈ ਕੇ ਆਏ। ਸਭਨਾਂ ਦੇ ਮੱਥੇ ਰੁਸ਼ਨਾਏ। ਮੈਂ ਤਾਂ ਅੜੀਏ ਰਤਾ ਨਾ ਸਮਝੀ ਤੇਰੀਆਂ ਗੱਲ ਗਲੈਣ ਨੂੰ ਰਮਜ਼ ਰੂਹਾਨੀ ਦੱਸ ਦੇ ਆਪਣੀ ਭੋਲ਼ੀ ਧੀ ਸ਼ੁਦੈਣ ਨੂੰ। ਧੀਏ ਤੂੰ ਮੇਰੀ ਆਂਦਰ ਰੱਖੀਂ ਜ਼ਰਾ ਜੀਰਾਂਦ ਉਸ ਧਰਤੀ ਤੇ ਅੰਬਰ ਵਰਗੀ ਜਦ ਵਰਤਾਵੇ ਕਿਸਾਨ ਜ਼ਰਾ ਵੀ ਫ਼ਰਕ ਨਾ ਕਰਦਾ ਰੱਖੀਂ ਜ਼ਰਾ ਜੀਰਾਂਦ। ਓਸ ਪੌਣ ਦੇ ਝੌਂਕੇ ਵਾਂਗੂੰ ਜੋ ਰੁਮਕੇ ਤਾਂ ਦਰੈਤ ਨਾ ਕਰਦੀ ਰਖੀਂ ਜ਼ਰਾ ਜੀਰਾਂਦ। ਧਰਤੀ ਵੀ ਤਾਂ ਮਾਂ ਵਰਗੀ ਹੈ ਜਿੱਥੇ ਪੈਰ ਧਰੋ ਤਾਂ ਸਾਨੂੰ ਮੋਹ ਜਿਹਾ ਕਰਦੀ ਰੱਖੀਂ ਜ਼ਰਾ ਜੀਰਾਂਦ। ਉਸ ਕਿਰਤੀ ਦੀ ਮਿਹਨਤ ਵਰਗੀ ਜੋ ਜਦ ਵੀ ਹਿੱਸਾ ਵਰਤਾਉਂਦਾ ਅੰਬਰ ਨੂੰ ਧਰਤੀ ਤੇ ਲਾਹੁੰਦਾ। ਆਪੂੰ ਭੁੱਖਾ ਰਹਿੰਦਾ ਦੂਜਿਆਂ ਨੂੰ ਵਰਤਾਉਂਦਾ। ਠੱਕਿਆਂ ਝਾਂਜਿਆਂ ਲੂਆਂ ਨੂੰ ਪਿੰਡੇ ਤੇ ਲਪੇਟੀਂ ਝੱਖੜ ਝੋਲੇ ਵਾਵਰੋਲੇ ਸਭੇ ਸਮੇਟੀਂ ਵੱਟੋ ਵੱਟ ਸਿਆੜੋ ਸਿਆੜ ਤੁਰਦਾ ਜਾਂਦਾ ਕੁੱਲ ਜੀਵਾਂ ਦੀ ਭੁੱਖ ਨੂੰ ਹੈ ਝੁਲ਼ਕਾ ਦਿੰਦਾ ਰਾਜਿਆਂ ਦਾ ਰਾਜਾ ਵਜ਼ੀਰਾਂ ਦਾ ਵਜ਼ੀਰ ਫ਼ਕੀਰਾਂ ਦਾ ਫ਼ਕੀਰ ਅੰਮੀ ਦਾ ਜਾਇਆ ਭੈਣਾਂ ਦਾ ਵੀਰ ਆਪਣੀਂ ਹੋਂਦ ਚੋਂ ਹੋਂਦ ਸਿਰਜਦਾ ਹਿੰਮਤ ਦੀਆਂ ਗੰਢਾਂ ਪੋਰਦਾ ਇਹੀ ਗੁਣਗੁਣਾਉਂਦਾ ਮੂੰਹ ਵਿੱਚ ਇਹ ਹੀ ਬੋਲਦਾ। ਸੁਣਦਾ ਪੜ੍ਹਦਾ ਗੁਰਾਂ ਦੀ ਬਾਣੀ ਗੋਡਦਾ ਬੀਜਦਾ ਜਦ ਬੋਲਦਾ ਇਹ ਰੀਤ ਬਾਣੀ, ਰੂਹ ਦਾ ਸੰਗੀਤ ਬਾਣੀ। ਬੋਲਦੀ ਇਹੀ ਰੀਤ ਬਾਣੀ। ਲਹੂ ਤੇਰੇ ਮੇਰੇ ਵਿਚ ਚਿੜੀ ਜਨੌਰ ਦੇ ਲਹੂ 'ਚ ਰਾਹੀ ਪਾਂਧੀ ਹਾਲ਼ੀ ਪਾਲ਼ੀ। ਹਾਂ ਨੀ ਮਾਂ ਸੱਚੀਓਂ, ਰੁੱਖਾਂ ਜਹੀ ਜੀਰਾਂਦ ਮੇਰੇ ਬਾਬਲ ਦੀ। ਜੀਰਾਂਦ ਬਣੇ ਹਲ਼ ਪੰਜਾਲ਼ੀ ਦਾਤੀ ,ਹਥੌੜਾ ,ਖੰਡਾ, ਕਿਰਪਾਨ ਸਣੇ ਮਿਆਨ ਗੁਰੂ ਦਾ ਨਿਸ਼ਾਨ ਜੀਵੇ ਇਸ ਦੇ ਆਸਰੇ ਕੁੱਲ ਜਹਾਨ।

ਰਹਿਬਰ ਏ ਕੌਮ ਦੇ ਰੂ ਬ ਰੂ-ਤੇਜਬੀਰ ਸਿੰਘ ਸਿੱਧੂ

ਐ ਰਹਿਬਰ ਏ ਕੌਮ, ਕਦੇ ਇਉਂ ਕਰ ਕਦੇ ਚੁੱਪ ਦੀ ਸੱਟ ਮਹਿਸੂਸ ਕਰ ਕਦੇ ਬਗਾਵਤ ਦੀ ਆਹਟ ਸੁਣ ਕਦੇ ਸੁਫਨੇ ਹਕੀਕਤਾਂ ਦੇ ਬੁਣ ਕਦੇ ਪੈੜ ਨੱਪ ਤੂੰ ਉਠਦੇ ਰੋਹ ਦੀ ਅਗਨ ਵੇਖ ਕਦੇ ਬਲਦੀ ਅਪਣੇ ਧਰੋਹ ਦੀ ਕਦੇ ਵੇਖ ਫੱਟ ਅਪਣੇ ਬੋਲਾਂ ਦੇ ਉੱਤਰੇ ਵਿੱਚ ਸੀਨੇ ਅਣਭੋਲਾਂ ਦੇ ਕਦੇ ਮਰਹਮ ਧਰ ਤੂੰ ਚੋਟਾਂ ਉਤੇ ਮੰਨ ਬੰਦਿਆਂ ਨੂੰ ਉੱਪਰ ਤੂੰ ਵੋਟਾਂ ਦੇ ਉਹ ਵੇਖ ਆਸਾਂ ਦੇ ਢਹਿੰਦੇ ਮਹਲ ਮੁਨਾਰੇ ਉੱਜੜੀਆਂ ਪੈਲੀਆਂ ਖੁੰਢੇ ਹਲ਼ ਫਾਲ਼ੇ ਕਦੇ ਵਿਹੜੇ ਪੈਂਦੀਆਂ ਧਾਹਾਂ ਵੇਖ ਸੂਈਆਂ ਗੱਡੀਆਂ ਵਿਚ ਬਾਹਾਂ ਵੇਖ ਉਹ ਵੇਖ ਰੋਹ ਦੀਆਂ ਉਠਦੀਆਂ ਛੱਲਾਂ ਮੁੱਠੀਆਂ ਮਜ਼ਦੂਰਾਂ ਦੀਆਂ ਭਿੱਚੀਆਂ ਵੇਖ ਦਾਤੀ ਹਥੌੜਾ ਜੋ ਹਨ ਛੱਡੀ ਬੈਠੇ ਵਿੱਚ ਸੀਨੇ ਧਧਕਦੀ ਜਵਾਲਾ ਵੇਖ ਕਦੇ ਬੰਜ਼ਰ ਹੋਈਆਂ ਜ਼ਮੀਨਾਂ ਨਾਪ ਕਦੇ ਹਰਿਆਲੀ ਦਾ ਤੂੰ ਝਲ ਸੰਤਾਪ ਕਦੇ ਸਿਸਕੀਆਂ ਚ ਰੁਕਦੇ ਸਾਹਾਂ ਨੂੰ ਗਿਣ ਚੁਕ ਜਰੀਬ ਮਾਰੂਥਲਾਂ ਨੂੰ ਮਿਣ ਸੜਕਾਂ ਤੇ ਰੁਲਦੀ ਗ੍ਰਹਿਸਥੀ ਵੇਖ ਨਿਢਾਲ ਮਾਪੇ ਭੁੱਖੀਆਂ ਸੰਤਾਨਾਂ ਵੇਖ ਕਦੇ ਛਾਲਿਆਂ ਦੀਆਂ ਤੂੰ ਪੀੜ ਹੰਢਾ ਲਥਪਥ ਹੋਈਆਂ ਲਾਲ ਰਾਹਾਂ ਨੂੰ ਵੇਖ ਉਹ ਰਾਹਾਂ ਜੋ ਘਰ ਸਨ ਜਾਂਵਦੀਆਂ ਅਜ ਕਬਰਾਂ ਅੰਦਰ ਜਾਦੀਆਂ ਵੇਖ ਰਤ ਨਾਲ ਰੰਗੀ ਇਸ ਭੌਂ ਦੇ ਅੰਦਰ ਮੁੜੵਕੇ ਨਾਲ ਸਿੰਝੀਆਂ ਫਸਲਾਂ ਵੇਖ ਪੱਗਾਂ ਵੇਖ ਰੰਗੀਆਂ ਕਰਜ਼ੇ ਅੰਦਰ ਕਦੇ ਸਿਰਾਂ ਤੋ ਲਹਿੰਦੇ ਦੁਪੱਟੇ ਰੰਗਲੇ ਵੇਖ ਸਲਫਾਸ ਚ ਫਸੀਆਂ ਜਾਨਾਂ ਗਿਣ ਫਾਹਿਆਂ ਚ ਝੂਲਦੀਆਂ ਲਾਸ਼ਾਂ ਵੇਖ ਵੇਹੜੇ ਸੁੰਨੇ , ਲਾਵਾਰਿਸ ਖਿਡੌਣੇ ਜਵਾਨੀ ਜਹਾਜ਼ੀਂ ਚੜਦੀ ਸਾਰੀ ਵੇਖ ਜਲਾਵਤਨ ਹੋਏ ਜੋ ਪੁਤ ਪੰਜਾਬੀ ਸੰਤਾਲੀ ਚੁਰਾਸੀ ਦੋਵੇ ਅੱਖੀਆਂ ਚ ਵੇਖ ਕਦੇ ਚੀਰ ਕਾਲਜੇ ਮਾਪਿਆਂ ਦੇ ਤੂੰ ਮਮਤਾ ਦੀਆਂ ਅੰਦਰ ਮੜੀਆਂ ਵੇਖ ਤਕ ਤਕ ਬੂਹੇ ਸੁਕ ਗਏ ਜੋ ਹੰਝੂ ਕੋਏ ਲਾਲ ਉਨ੍ਹਾਂ ਅੱਖੀਆਂ ਦੇ ਵੇਖ ਕਦੇ ਵੇਖ ਤਲਿਸਮੀ ਜ਼ੁਬਾਨ ਅਪਣੀ ਖਲਕਤ ਦਾ ਉਤੇ ਉਸ ਵਿਸ਼ਵਾਸ ਵੇਖ ਕਦੇ ਵਾਅਦਿਆਂ ਦਾ ਬਾਂਝਪਣ ਹੰਢਾ ਕਦੇ ਲਾਂਬੂ ਹਸਰਤਾਂ ਨੂੰ ਲਗਦੇ ਵੇਖ ਹਾਸ਼ੀਏ ਉੱਤੇ ਜੋ ਖੜੀਆਂ ਉਮੀਦਾਂ ਭਾਂਬੜ ਮਚਦੇ ਉਨ੍ਹਾਂ ਦਿਲਾਂ ਚ ਵੇਖ ਲਛਮਣ ਰੇਖਾ ਦੇ ਪਾਰ ਖੜਾ ਜੋ ਠਾਠਾਂ ਮਾਰਦਾ ਲਸ਼ਕਰ ਵੇਖ ਇਕੱਲਾ ਹੁੰਦਾ ਤਾਂ ਥੱਕ ਮੁੜ ਜਾਂਦਾ ਪਿਛੇ ਆਉਂਦੀਆਂ ਡਾਰਾਂ ਵੇਖ ਹਨ੍ਹੇਰੀਆਂ ਦਰਾਂ ਤੇ ਜੋ ਆਣ ਖੜੀਆਂ ਬਾਹਰ ਨਿਕਲ ਰੁਖ ਹਵਾਵਾਂ ਦੇ ਵੇਖ ਬੇੜੀ ਤੇਰੀ ਚੜ ਗਇੳਂ ਸਾਰੇ ਛਲਾਂ ਨਾ ਹੁਣ ਪਤਵਾਰਾਂ ਵੇਖ।

ਸੁਣ ਵੇ ਦੇਸ ਦਿਆ ਹਾਕਮਾ-ਹਰਵਿੰਦਰ ਸਿੰਘ ਚੰਡੀਗੜ

ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ। ਅਸੀਂ ਵਤਨ ਪਿਆਰੇ ਹਿੰਦ ਲਈ ਹੈ ਸਭ ਕੁਝ ਦਿੱਤਾ ਵਾਰ। ਪਰ ਸਾਰਾ ਕੁਝ ਵੀ ਵਾਰ ਕੇ ਅਸੀਂ ਕਿਉਂ ਹਾਂ ਖੱਜਲ ਖੁਆਰ ? ਤੂੰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ... ਜਦੋਂ ਕਾਲੀ ਬੋਲੀ ਰਾਤ ਸੀ ਤੇ ਡਰਿਆ ਹਿੰਦੁਸਤਾਨ। ਜਦੋਂ ਜ਼ੁਲਮ ਸਿਤਮ ਦਾ ਰਾਜ ਸੀ ਤੇ ਔਰੰਗ ਜ਼ੇਬ ਸੁਲਤਾਨ। ਸਾਡੇ ਪਿਤਾ ,ਪਿਤਾ ਤਦ ਵਾਰਕੇ ਸੀ ਪੁੱਤਰ ਵਾਰੇ ਚਾਰ। ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ ... ਜਦ ਪੈਰ ਸੀ ਪਈਆਂ ਬੇੜੀਆਂ ਮਾਂ ਭਾਰਤ ਹੋਈ ਗੁਲਾਮ। ਉਦੋਂ ਕੂਕਿਆਂ ਮਗਰੋਂ ਗਦਰੀਆਂ ਹੀ ਵਿੱਢਿਆ ਸੀ ਸੰਗਰਾਮ। ਉਸ ਵਿੱਚ ਵੀ ਦੇਸ ਪੰਜਾਬ ਦਾ ਸੀ ਆਹਲਾ ਉੱਚ ਮੁਕਾਮ। ਦਸਾਂ 'ਚੋਂ ਨੌਂ ਸਿਰ ਇਹਨਾਂ ਨੇ ਸੀ ਦੇਸ ਤੋਂ ਦਿੱਤੇ ਵਾਰ। ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ.... ਜਦੋਂ ਥੁੜਿਆ ਰਿਜ਼ਕ ਤੇ ਅੰਨ ਸੀ ਉਦੋਂ ਭਰੇ ਸੀ ਅਸਾਂ ਭੰਡਾਰ। ਅਸੀਂ ਮਿੱਟੀ ਪਾਣੀ ਪੌਣ ਤੱਕ ਹੈ ਸਭ ਕੁਝ ਦਿੱਤਾ ਵਾਰ। ਪਰ ਸਾਰਾ ਕੁਝ ਵੀ ਵਾਰ ਕੇ ਸਾਡਾ ਦਾਅਵਾ ਨਾ ਅਧਿਕਾਰ ਸੁਣ ਵੇ ਦੇਸ ਦਿਆ ਹਾਕਮਾ ਤੇ ਕਰੀਂ ਤੂੰ ਸੋਚ ਵਿਚਾਰ...

ਜ਼ਿੰਦਾਬਾਦ-ਪਾਲ ਢਿੱਲੋਂ

ਕਲਮ ਕਰ ਤੂੰ ਸਿਰ ਮੇਰਾ ਜਾਂ ਕੈਦ ਕਰ ਮੈਂ ਤੇਰਾ ਇਹ ਫ਼ੈਸਲਾ ਮੰਨਣਾ ਨਹੀਂ। ਹੈ ਬੜਾ ਤੂੰ ਜ਼ੋਰਾਵਰ ਐ ਹਾਕਮਾ ਤੇਰੇ ਅੱਗੇ ਸਿਰ ਮੇਰਾ ਝੁਕਣਾ ਨਹੀਂ। ਤੇਰੀਆਂ ਸਭ ਕੋਸ਼ਿਸ਼ਾਂ ਰਹਿ ਜਾਣੀਆਂ ਲੰਘ ਜਾਣਾ ਹੈ ਹੜ੍ਹਾਂ ਦੇ ਪਾਣੀਆਂ ਤੂੰ ਲਗਾ ਰੋਕਾਂ ਜਾਂ ਤੂੰ ਪਹਿਰੇ ਬਿਠਾ ਮੈਂ ਹਾਂ ਉਹ ਤੂਫ਼ਾਨ ਜੋ ਰੁਕਣਾ ਨਹੀਂ। ਮਾਤ ਦੇਣੀ ਹੈ ਸ਼ਕੂਨੀ ਚਾਲ ਨੂੰ ਕਤਰ ਦੇਣਾ ਸਾਜ਼ਿਸ਼ਾਂ ਦੇ ਜਾਲ ਨੂੰ ਭਾਲ ਕੋਈ ਹੁਣ ਨਵਾਂ ਹਥਿਆਰ ਤੂੰ, ਜੁਮਲਿਆਂ ਦਾ ਤੀਰ ਹੁਣ ਚੱਲਣਾ ਨਹੀਂ। ਵਰਨਰ ਬੀ ਸੀ (ਕੈਨੇਡਾ)

ਹੱਕਾਂ ਦੀ ਲੜਾਈ-ਪਾਲ ਢਿੱਲੋਂ

ਕਿਉਂ ਖੋਹਨਾਂ ਤੂੰ ਤੇਰੀ ਕੀ ਮਜਬੂਰੀ ਹੈ। ਕਿਰਸਾਨਾਂ ਲਈ ਧਰਤੀ ਬਹੁਤ ਜ਼ਰੂਰੀ ਹੈ। ਝੂਠੇ ਕਪਟੀ ਜੁਮਲੇਬਾਜ਼ ਸ਼ੈਤਾਨਾਂ ਤੋਂ , ਦੂਰੀ ਰੱਖਣਾ ਹੁੰਦਾ ਬਹੁਤ ਜ਼ਰੂਰੀ ਹੈ । ਤੂੰ ਏ ਸਾਡੀ ਠੋਕਰ ਤੇ ਦੱਸ ਕੀ ਕਰੀਏ , ਤੇਰੇ ਨਾਲ ਮੁਲਾਕਾਤਾਂ ਮਜਬੂਰੀ ਹੈ । ਤੂੰ ਅੰਨ੍ਹਾ ਏਂ ਬੋਲਾ ਏ ਤੇ ਗੁੰਗਾ ਵੀ ਏ , ਕਿਸ ਪਾਸੇ ਤੋਂ ਤੇਰੀ ਹਸਤੀ ਪੂਰੀ ਹੈ । ਮਿਲਣ ਨਾ ਜੇਕਰ ਸਹਿਜੇ ਖੋਹਣੇ ਪੈਂਦੇ ਨੇ , ਹੱਕਾਂ ਦੇ ਲਈ ਲੜਨਾ ਬਹੁਤ ਜ਼ਰੂਰੀ ਹੈ ।

ਜੰਗ ਜਾਰੀ ਹੈ-ਪਾਲ ਢਿੱਲੋਂ

ਤੇਰੀ ਜੂਹ ਵਿੱਚ ਡੰਡਾ ਗੱਡਣ ਆਏ ਨੇ ਮਜਬੂਰ ਟਰੈਕਟਰ। ਦਿੱਲੀਏ ਕਰ ਕੁਝ ਹੋਸ਼ ਨਹੀਂ ਹੁਣ ਤੇਰੇ ਤੋਂ ਇਹ ਦੂਰ ਟਰੈਕਟਰ। ਜਾਨ ਹਥੇਲੀ ਤੇ ਧਰ ਨਿਕਲੇ ਕੱਫਨ ਸਿਰ ਤੇ ਬੰਨੇ ਹੋਏ , ਭਗਤ ਸਰਾਭੇ ਦੇ ਭਾਈ ਨੇ ਦੁਨੀਆਂ ਤੇ ਮਸ਼ਹੂਰ ਟਰੈਕਟਰ। ਰੁਕਣੇ ਨਾ ਇਹ ਤੇਰੇ ਕੋਲੋਂ ਤੇਰੀ ਹਿੱਕ ਤੇ ਆ ਬੈਠਣਗੇ , ਇਹ ਜੋ ਤੈਨੂੰ ਦੂਰੋਂ ਦੂਰੋਂ ਦੇਖ ਰਹੇ ਨੇ ਘਰ ਟਰੈਕਟਰ। ਤਖਤ ਨਾ ਮੰਗਣ ਤਾਜ ਨਾ ਮੰਗਣ ਆਪਣੇ ਹੱਕਾਂ ਨੂੰ ਹੀ ਮੰਗਣ , ਸੱਚੇ ਸੁੱਚੇ ਕਿਰਤੀ ਯੋਧੇ ਇਹ ਕਿਰਸਾਨ ਮਜ਼ੂਰ ਟਰੈਕਟਰ।

ਕਿਸਾਨ ਮੋਰਚਾ ਜ਼ਿੰਦਾਬਾਦ-ਪਾਲ ਢਿੱਲੋਂ

ਜ਼ਰਾ ਨੀਂਦ ਚੋਂ ਉਠ ਕੇ ਹਾਕਮ ਜੀ ਦੇਖੋ ਇਕੱਠੀ ਹੋਈ ਤੇਰੇ ਦਰ ਤੇ ਲੋਕਾਈ। ਇਹ ਮੇਲਾ ਨਹੀਂ ਹੈ ਇਹ ਤਾਂ ਮਜਬੂਰੀਆਂ ਨੇ ਹੈ ਮਜਲਿਸ ਲਗਾਈ। ਇਹ ਤਾਂ ਪਹਿਲਾਂ ਬੜੇ ਹੀ ਸਤਾਏ ਨੇ ਲੋਕੀ ਜੋ ਚੌਖਟ ਤੇਰੀ ਤੇ ਇਹ ਆਏ ਨੇ ਲੋਕੀ। ਬੜੀ ਸਰਲ ਹੈ ਸਮਝ ਤੇਰੇ ਪੈ ਜਾਣੀ ਜ਼ਰਾ ਗੌਰ ਨਾ ਸੁਣ ਇਨ੍ਹਾਂ ਦੀ ਕਹਾਣੀ। ਖਤਮ ਕਰ ਇਹ ਮਸਲਾ ਹੈ ਸਭ ਦੀ ਦੁਹਾਈ ਇਹ ਮੇਲਾ ਨਹੀਂ ਹੈ ਇਹ ਤਾਂ ਕਿਰਤੀਆਂ ਨੇ ਹੋ ਮਜਲਿਸ ਲਗਾਈ ਦੁਹਾਈ ਹੋ ਮੇਰੀ ਦੁਹਾਈ ਦੁਹਾਈ

ਨਾਨਕ ਵੇਲ਼ਾ-ਸਰਬਜੀਤ ਕੌਰ ਸੋਹਲ (ਡਾ:)

ਵੇਖੋ! ਇਹ ਸਮਾਂ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿੱਚ ਲਿਸ਼ਕ ਰਿਹਾ ਪਲ-ਛਿਣ , ਘੜੀ ਰੁੱਤ ਠੰਡ ,ਬੱਦਲ,ਬਾਰਿਸ਼ ਇਤਿਹਾਸ ਦੇ ਮੀਲ ਪੱਥਰ ਕਿ ਉੱਚੀਆਂ ਪਹਾੜੀਆਂ ਨੂੰ ਹੀ ਸਹਿਣੀਆਂ ਪੈਂਦੀਆਂ ਸੀਨਾ ਜ਼ੋਰ ਹਵਾਵਾਂ ਹਨੇਰੀਆਂ ਕੁਵੱਲੀਆਂ ਮੌਸਮ ਦੀਆਂ ਬੁਰਛਾਗਰਦੀਆਂ ਕਿ ਵੇਖੋ ਨਾ! ਜੱਟ ਕਿਸਾਨ ਹੋ ਗਿਆ ਜੁਆਨੀ ਦਾ ਜੋਸ਼ ਨਸ਼ਿਆਂ ਨੂੰ ਖ਼ਾਰਜ ਕਰ ਵਾਰਾਂ ਸੋਹਿਲੇ ਗਾ ਰਿਹਾ ਧੋਤੀਆਂ ਚਾਦਰੇ ਕੁੜਤੇ ਟੋਪੀਆਂ, ਕੁੱਲੇ, ਪੱਗਾਂ ਸ਼ੀਰਨੀਆਂ ਵੰਡਣ ਡਹੀਆਂ ਜਾਬਰ ,ਜਰਵਾਣੇ ਦੇ ਜ਼ੁਲਮ ਨੂੰ ਚਿੰਤਨ, ਚੇਤਨਾ, ਹਿਮੰਤ ,ਧੀਰਜ ਮਾਤ ਦੇ ਰਿਹਾ ਤੰਗਦਿਲੀਆਂ ਦੇ ਉਛਾੜ ਹਰ ਮਨ ਤੋਂ ਲਹਿ ਗਏ ਸਮੂਹ ਖ਼ਾਤਰ ਸਭ ਮੈਂ ਨੂੰ ਭੁੱਲ ਗਏ ਹੱਕ ਸੱਚ ਨਾਲ ਖਲੋ ਗਏ ਦਿੱਲੀ ਦੀਆਂ ਜੂਹਾਂ ਵਿੱਚ ਰੋਬੋਟ ਬਣੇ ਲੋਕਾਂ ਵਿੱਚ ਜ਼ਿੰਦਗੀ ਧੜਕ ਪਈ ਤੇ ਰੂਹਾਂ ਜਾਗ ਗਈਆਂ ਤਾਰਿਆਂ ਦੇ ਮਖਾਣੇ ਤਿਮਾਹੀ ਛਮਾਹੀ ਦੀ ਥਾਵੇਂ ਅੰਬਰ ਦੀ ਚੁੰਨੀ ਤੋਂ ਹਰ ਰੋਜ਼ ਵਰਸ ਰਹੇ ਜੁਆਨ ਕੀ ,ਹੁਣ ਬੱਚੇ ਵੀ ਬੰਦਾ ਬਹਾਦਰ ਬਣ ਜਿੱਤ ਵੱਲ ਤੁਰ ਪਏ ਭੁੱਲ ਜਾਓ ਤੁਸੀਂ ਕੇ ਡਰਾ ਲਓਗੇ ਇਹਨਾਂ ਨੂੰ ਇਹਨਾਂ ਦੇ ਸਿਰਾਂ ਤੇ ਤਾਂ ਗੁਰੂਆਂ ਦੀ ਮਿਹਰ ਐ ਗੁਰੂ ਵਾਕਾਂ ਦੀ ਮਰਯਾਦਾ ਚ ਰੌਸ਼ਨ ਇਤਹਾਸ ਲਈ ਸਾਰੇ ਦੇ ਸਾਰੇ ਸ਼ਹੀਦੀ ਲਈ ਤੱਤਪਰ ਮੌਤ ਤੋਂ ਕਿੱਥੇ ਡਰਦੇ ਨੇ ,ਇਹ ਬੜਾ ਭਾਰੀ ਭੁਲੇਖਾ ਤੁਹਾਨੂੰ ਇਸ ਬਹਾਦਰ ਕੌਮ ਨੂੰ ਕਿੱਥੇ ਕੋਈ ਹਰਾ ਸਕਿਆ ਦਰਵੇਸ਼ ਰੂਹਾਂ ਇਹ ਫ਼ਕੀਰੀ ਬਾਣੇ ਵਿੱਚ ਅੰਨ ਪਾਣੀ ਲਈ ਤਾਂ ਬਾਬੇ ਨਾਨਕ ਦਾ ਖਾਤਾ ਸਦਾ ਰਚੇ ਮਿਚੇ ਬਹਾਦਰ ਪਿਆਰ ਚ ਪਰ ਪਿਘਲਦੇ ਮਿੱਟੀ ਧੁੰਦ ਜਗ ਚਾਨਣ ਹੁਣ ਕਰਾਮਾਤੀ ਅਲੋਕਾਰ ਰੁੱਤ ਕਿ ਨਾਨਕ ਵੇਲ਼ਾ ਆ ਗਿਆ ਜੀ , ਨਾਨਕ ਵੇਲ਼ਾ ਆ ਗਿਆ....।

ਸੋਚ ਦਾ ਰੂਪਾਂਤਰ-ਸਰਬਜੀਤ ਕੌਰ ਸੋਹਲ (ਡਾ:)

ਰਬੋਂ ਵਰੋਸਾਏ ਇਹਨਾਂ ਹੱਥਾਂ ਵਿੱਚ ਹਲ਼ ਹੀ ਚੰਗਾ ਲਗਦਾ ਦਾਤੀਆਂ ਰੰਬੇ ਭਰੀਆਂ, ਦਾਣਿਆਂ ਦੇ ਬੋਹਲ ਰੁਝਾਈ, ਪ੍ਰਚਾਈ ਰੱਖਣ ਨੂੰ ਦਿਨ ਰਾਤ ਵਾਂਗ ਗਿੜ ਰਿਹਾ ਜੀਵਨ ਤੰਗੀਆਂ ਤੁਰਸ਼ੀਆਂ ਵਿੱਚ ਵਾਪਰਦਾ ਕਦੀ ਥੋੜਾ ਕਦੀ ਬਹੁਤਾ ਸੰਘਰਸ਼ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ ਮਨੋਣੀਆਂ ਹੀ ਹੁੰਦਾ ਹੈ ਜੀਵਨ ਸਬਰ ਸੰਤੋਖ ਉਡੀਕ ਅੱਧਾ ਕੁ ਸਾਲ ਬੀਜ ਤੋਂ ਫ਼ਸਲ ਬੜਾ ਲੰਬਾ ਸਫ਼ਰ ਇਕੱਲਾ, ਨਿਤਾਂਤ ਇਕੱਲਾ ਮੇਰੇ ਹੱਥ ਲਾਠੀ ਸੱਪਾਂ ਦੀਆਂ ਸਿਰੀਆਂ ਫੇਹਣ ਲਈ ਨਾ ਨਾ ਨਾ ਫੜਾਓ ਮੇਰੇ ਹੱਥ ਹਥਿਆਰ ਡੂੰਘਾ ਵਾਹੁਣ ਵਾਲੇ ਦੀ ਓਨੀ ਹੀ ਮਾੜੀ ਮਾਰ ਨਾ ਕਰੋ ,ਬਿਲਕੁਲ ਨਾ ਮੇਰੇ ਸਬਰ ਦੀ ਪਰਖ਼ ਪੜਤਾਲ ਤਾਸੀਰ ਦਾ ਰੂਪਾਂਤਰਣ ਇਤਿਹਾਸ ਨਾ ਬਣ ਜਾਏ ਮਜ਼ਬੂਰ ਨਾ ਕਰੋ ,ਮੈਨੂੰ ਮੈਂ ਭਲਾ ਮਾਣਸ , ਤੁਹਾਡੇ ਅਨੁਸਾਰ ਅੰਨਦਾਤਾ ਆ ਗਿਆ ਜਦੋਂ ਆਪਣੀ ਆਈ ਤੇ ਬਦਲ ਜਾਵੇਗਾ ,ਫਿਰ ਲੋਕਤੰਤਰ ਦਾ ਸਰੂਪ .....?

ਧਰਤੀ ਦੇ ਪੁੱਤਰ-ਸਰਬਜੀਤ ਕੌਰ ਸੋਹਲ (ਡਾ:)

ਸ਼ੁਕਰ ਮਨਾਓ ਮੈਂ ਪੈਰਾਂ ਹੇਠ ਡੂੰਘੀ ਅਤਿ ਡੂੰਘੀ ਕੋਈ ਨਾ ਥਾਹ ਡੂੰਘਾ ਵਾਹੁੰਦੇ ਜਦੋਂ ਓਨਾ ਹੀ ਫ਼ਲ ਮਿਲਦਾ ਟੁੱਟੇ ਭੱਜੇ,ਭਾਵੇਂ ਮਾੜੇ ਬੀਜ ਉਗਾਉਂਦੀ ਦਵਾਈਆਂ ਦਾ ਜ਼ਹਿਰ ਵੀ ਪੀਂਦੀ ਮਨੁੱਖ ਨੂੰ ਵਿਸ਼ਾਲਦੀ ਅੰਨ ਉਪਜਾਉਂਦੀ ਨਿਮਰ ਜੀਉਂਦੀ ਮਰੇ ਪਏ ਨੂੰ ਵੀ ਸੰਭਾਲਦੀ ਸੋਚੋ ਜ਼ਰਾ ਇਕ ਵਾਰ ਕੇ ਜਿਸ ਦਿਨ ਮੈਂ ਅਸਮਾਨ ਹੋ ਗਈ ਅਸਮਾਨ ਧਰਤੀ ਹੋ ਗਿਆ ਤੁਸੀਂ ਕੀ ਖਾਓਗੇ ? ਤਾਰੇ ਗ੍ਰਹਿ ਜਾਂ ਵਾਯੂਮੰਡਲ ਚੱਬੋਗੇ , ਚਿੱਥੋਗੇ ਕਚਰ ਕਚਰ ਕਰੋਗੇ ਕੀ ਜੀਉਂਦੇ ਰਹੋਗੇ ? ਸੋਚੋ, ਸੋਚੋ ! ਜੇ ਧਰਤੀ ਤਾਸੀਰ ਬਦਲੇ ਤਾਂ ਜਾਂ ਫਿਰ ਧਰਤੀ ਦੇ ਪੁੱਤਰ .....????

ਵੇਖਿਆ ਸਰਕਾਰ ਨਾ ਮੌਸਮ-ਪ੍ਰੇਮ ਸਾਹਿਲ ਦੇਹਰਾਦੂਨ

ਵੇਖਿਆ ਸਰਕਾਰ ਨਾ ਮੌਸਮ ਨ ਹਾਲਤ ਵੇਖਦੀ। ਰਹਿ ਗਈ ਦੇਹਕਾਨ ਦੀ ਵੇਖੋ ਕਿਆਦਤ ਵੇਖਦੀ। ਸੜਕ 'ਤੇ ਸਰਦੀ 'ਚ ਬੈਠੇ ਅੰਨਦਾਤਾ ਦੇਸ਼ ਦੇ, ਹੱਲ ਪਰ ਸਰਕਾਰ ਕੋਈ ਤੇ ਨ ਰਾਹਤ ਵੇਖਦੀ। ਵੇਖਦੀ ਚੁੱਪਚਾਪ ਆਈ ਹੈ ਸ਼ਰਾਫ਼ਤ ਹੁਣ ਤਲਕ, ਚੁੱਪ ਪਰ ਕਦ ਤਕ ਰਹੇਗੀ ਦੱਸ ਸ਼ਰਾਫ਼ਤ ਵੇਖਦੀ। ਟਾਲਣਾ ਸਰਕਾਰ ਚਾਹੁੰਦੀ ਹੈ ਮੁਸੀਬਤ ਸਿਰ ਪਈ, ਚਿੰਜੜੀ ਛੇੜਨ ਦਾ ਮੌਕਾ ਹੈ ਸਿਆਸਤ ਵੇਖਦੀ। ਹੋ ਕਿਤੇ ਜਾਵੇ ਨ ਸਾਹਿਲ ਡਰ ਹੈ ਜਿਸਦਾ ਦੇਰ ਤੋਂ, ਰਹਿ ਕਿਤੇ ਸਰਕਾਰ ਨਾ ਜਾਵੇ ਬਗ਼ਾਵਤ ਵੇਖਦੀ। ਕਿਆਦਤ- leadership

ਤੁਸੀਂ ਜੇ ਕਿਸੇ ਦੇ ਨਹੀਂ ਹੋ ਸਿੱਖੇ ਸਿਖਾਏ-ਪ੍ਰੇਮ ਸਾਹਿਲ ਦੇਹਰਾਦੂਨ

ਤੁਸੀਂ ਜੇ ਕਿਸੇ ਦੇ ਨਹੀਂ ਹੋ ਸਿੱਖੇ ਸਿਖਾਏ। ਤੇ ਨਾ ਹੀ ਕਿਸੇ ਦੀ ਚੁੱਕ ਵਿਚ ਹੋ ਆਏ। ਫੇਰ ਤਾਂ ਖਲਕਤ ਮਿੱਤ ਏ ਤੁਹਾਡੀ। ਫੇਰ ਤਾਂ ਮਿੱਤਰੋ ਜਿੱਤ ਏ ਤੁਹਾਡੀ। ਫੇਰ ਨਈਂ ਕਿਸੇ ਦੀ ਹਿੰਮਤ, ਡੁਲਾਏ। ਇਰਾਦਾ ਤੁਹਾਡਾ ਜਾਂ ਭੰਨ-ਤੋੜ ਪਾਏ। ਨਾ ਠੰਢ ਲੱਗਣੀ, ਤੇ ਨਾ ਪੀੜ ਹੋਣੀ। ਪਹਿਲਾਂ ਤੋਂ ਮਜ਼ਬੂਤ ਹੀ ਰੀੜ੍ਹ ਹੋਣੀ। ਹਮੇਸ਼ਾ ਤੇ ਰਹਿੰਦੇ ਨਹੀਂ ਰਾਹ ਸੌਖੇ। ਪੈਂਦੇ ਨੇ ਤੁਰਨੇ ਕਦੇ ਰਾਹ ਔਖੇ। ਪਹਿਲੀ ਨਹੀਂ ਜੰਗ, ਅਹਿਸਾਸ ਹੈ ਇਹ। ਜੰਗਾਂ ਦਾ ਲੰਮਾਂ ਹੀ ਇਤਿਹਾਸ ਹੈ ਵੇ। ਉਗਾਕੇ, ਖਵਾਕੇ ਵੀ ਦੱਸਿਆ ਤੁਸਾਂ ਨੇ। ਸ਼ਿਕੰਜਾ ਵੀ ਦੁਸ਼ਮਣ ਦਾ ਕੱਸਿਆ ਤੁਸਾਂ ਨੇ। ਝੁਕੋਗੇ, ਭੁਲੇਖਾ ਇਹ ਸਰਕਾਰ ਦਾ ਹੈ। ਤੁਹਾਡੇ 'ਤੇ ਹੱਥ ਜਦਕਿ ਕਰਤਾਰ ਦਾ ਹੈ। ਅਲਮ ਹੁਣ ਵਿਜੇ ਦਾ ਝੁਲਾਕੇ ਮੁੜੋਗੇ। ਗਰਦਨ ਸਿਤਮ ਦੀ ਝੁਕਾਕੇ ਮੁੜੋਗੇ। ਅਲਮ- ਝੰਡਾ

ਜੋਕਾਂ ਨੂੰ ਪਿੰਡੇ ਤੋਂ ਲਾਹਕੇ ਮਾਰਾਂਗੇ-ਪ੍ਰੇਮ ਸਾਹਿਲ ਦੇਹਰਾਦੂਨ

ਜੋਕਾਂ ਨੂੰ ਪਿੰਡੇ ਤੋਂ ਲਾਹਕੇ ਮਾਰਾਂਗੇ। ਚੋਰਾਂ ਨੂੰ ਫੜਕੇ ਹੁਣ ਫਾਹਕੇ ਮਾਰਾਂਗੇ। ਢਾਵਾਂਗੇ ਕੈਰੀ ਅੱਖ ਵਾਲੇ ਨੂੰ ਹੁਣ ਤਾਂ, ਤੇ ਉਸਨੂੰ ਹਲ਼ ਦੇ ਸੰਗ ਵਾਹਕੇ ਮਾਰਾਂਗੇ। ਜਮਨਾ ਦੇ ਲਾਗੇ ਘੇਰਾਂਗੇ ਦੁਸ਼ਮਣ ਨੂੰ, ਤੇ ਜਮਨਾ ਵਿਚ ਹੀ ਪਰਵਾਹਕੇ ਮਾਰਾਂਗੇ। ਨੱਚਦਾ ਹੈ ਜੋ ਤਾਕਤ ਦੀ ਟੀਸੀ ਉੱਤੇ, ਉਸਨੂੰ ਉਸ ਟੀਸੀ ਤੋਂ ਲਾਹਕੇ ਮਾਰਾਂਗੇ। ਲਾਕੇ ਅੱਗ ਸਾਡੇ ਘਰ ਨੂੰ ਜੋ ਹੱਥ ਸੇਕਣ, ਸੇਠਾਂ ਨੂੰ ਉਸ ਅੱਗ ਵਿੱਚ ਡਾਹਕੇ ਮਾਰਾਂਗੇ। ਹੱਸੇਗਾ ਸਾਡੀ ਹਾਲਤ 'ਤੇ ਜੋ ਸਾਹਿਲ, ਉਸਨੂੰ ਨਾ ਬਖ਼ਸ਼ਾਂਗੇ ਢਾਹਕੇ ਮਾਰਾਂਗੇ।

ਸਬਰ ਸੰਤੋਖ ਦਿਲ ਵਿਚ-ਪ੍ਰੇਮ ਸਾਹਿਲ ਦੇਹਰਾਦੂਨ

ਸਬਰ ਸੰਤੋਖ ਦਿਲ ਵਿਚ ਪਿਆਰ ਵੀ ਹੈ। ਅਸਾਡੇ ਹੱਥ ਵਿੱਚ ਤਲਵਾਰ ਵੀ ਹੈ। ਨਹੀਂ ਆਕਾਰ ਕੇਵਲ ਨਾਲ ਸਾਡੇ, ਅਸਾਡੇ ਨਾਲ ਸਭ ਪਰਿਵਾਰ ਵੀ ਹੈ। ਅਸੀਂ 'ਕੱਲੇ ਨਹੀਂ ਸਿਰ-ਭਾਰ ਹੋਏ, ਖੜ੍ਹੀ ਸਿਰ-ਭਾਰ ਤਾਂ ਸਰਕਾਰ ਵੀ ਹੈ। ਅਸੀਂ ਮਸਕੀਨਤਾ ਦੇ ਹਾਂ ਪੁਜਾਰੀ, ਨਿਸ਼ਾਨੇ 'ਤੇ ਮਗਰ ਹੰਕਾਰ ਵੀ ਹੈ। ਖੜ੍ਹੇ ਇਸ ਪਾਰ ਹਾਂ ਦਰਿਆ ਦੇ ਭਾਵੇਂ, ਨਜ਼ਰ ਸਾਡੀ ਮਗਰ ਉਸ ਪਾਰ ਵੀ ਹੈ।

ਸਦੀ ਦਾ ਸੱਚ-ਡਾ. ਦਵਿੰਦਰ ਪ੍ਰੀਤ

ਹਰ ਸਦੀ ਦੀ ਕੁੱਖ ਵਿੱਚ ਹੁੰਦਾ ਹੈ ਘਟ ਚੁੱਕੀਆਂ ਘਟਨਾਵਾਂ ਦਾ ਸੱਚ ਸੱਚ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਦੈ ਧੌਣਾ ਸਿੱਧੀਆਂ ਰੱਖ ਤੁਰਨਾ ਦੱਸਦੈ ਅਣਖ਼ ਨਾਲ । ਹਰ ਸਦੀ ਦੀ ਕੁਖ਼ ਵਿਚ ਸੂਲੀਆਂ ,ਤਖ਼ਤੇ ,ਫਾਂਸੀ, ਤੇ ਰੱਸੇ ਚੁੰਮਣ ਦੇ ਸ਼ੌਕੀਨ ਵੀ ਨੇ ਹੁੰਦੇ ਜਿੰਨਾਂ ਨੂੰ ਜੀਣ ਨਾਲੋਂ ਮੌਤ ਦਾ ਚਾਅ ਹੁੰਦਾ ਵਧੇਰੇ। ਹਰ ਸਦੀ ਘਟਨਾਵਾਂ ਦੁਰਘਟਨਾਵਾਂ ਦਾ ਮਿਲਗੋਭਾ ਹੁੰਦੀ ਹੈ ਬੇਸ਼ੱਕ ਪਰ ਹਰ ਸਦੀ ਦੇ ਹੁਕਮਰਾਨ ਨਿਰਸੰਦੇਹ ਜਾਬਰ ਹੁੰਦੇ ਜੋ ਸੱਚ ਦੀ ਆਵਾਜ਼ ਨੂੰ ਦਬਾਉੰਦੇ ਨੇ। ਹਰ ਸਦੀ ਦਾ ਹਾਕਮ ਤੱਤੀ ਤਵੀ ਤਪਾਉੰਦਾ ਹੈ ਪਰ ਹਰ ਸਦੀ ਚ ਸਿਦਕ ਜਾਬਰ ਨੂੰ ਸਬਕ ਸਿਖਾਂਉਦਾ ਹੈ ਤਾਂ ਹੀ ਤਾਂ ਹਰ ਸਦੀ ਇਤਿਹਾਸ ਸਿਰਜਦੀ ਹੈ ਗਦਰ ਦੇ ਸੰਤਾਲੀ ਤੇ ਚੁਰਾਸੀ ਦੇ ਵਡੋਦਰਾ ਤੇ ਦਿੱਲੀ ਕਤਲੇਆਮ ਦਾ ਇਤਿਹਾਸ। ਸਦੀ ਦੀ ਕੁੱਖ ਵਿੱਚ ਪਈ ਨਸਲਕੁਸ਼ੀ ਇਸੇ ਨਵੀਂ ਸਦੀ ਚ ਪਿਆ ਕਰੂਰ ਇਤਿਹਾਸ ਦੱਸਦਾ ਹੈ ਗੈਰਤ ਤੇ ਕੁਰਬਾਨੀ

ਗ਼ਜ਼ਲ-ਪ੍ਰੇਮ ਸਾਹਿਲ

ਤਿੱਖੇ ਤੇਵਰ ਵਾਲੇ ਚਾਰ-ਚੁਫੇਰੇ ਨੇ। ਦੁਸ਼ਮਣ ਜਿਨ੍ਹਾਂ ਨੇ ਖੇਤਾਂ ਦੇ ਅਜ ਘੇਰੇ ਨੇ। ਘਿਰ ਚੁੱਕੇ ਜੋ ਡਾਢੇ ਹਾਕਮ ਦਿੱਲੀ ਦੇ, ਕੀਤਾ ਇਹ ਕੌਤਕ ਲੋਕਾਂ ਦੇ ਜੇਰੇ ਨੇ। ਬੁੱਲ੍ਹਾਂ 'ਤੇ ਨਾਅਰੇ ਨੇ ਅਜ ਸਿਰਲੱਥਾਂ ਦੇ, ਤੇ ਹੱਥਾਂ ਵਿਚ ਸਭਦੇ ਅੱਜ ਫਰੇਰੇ ਨੇ। ਕੀ ਹੋਇਆ ਜੇ ਬੀਬਾ ਤੂੰ ਕਿਰਸਾਨ ਨਹੀਂ, ਤੇਰੇ ਵੀ ਦੁਸ਼ਮਣ ਨੇ ਉਹ ਜੋ ਮੇਰੇ ਨੇ। ਡੇਰੇ ਨੇ ਜਿੱਥੇ ਹੁਣ ਬਾਹਰ ਦਿੱਲੀ ਦੇ, ਉੱਥੇ ਹੀ ਸਾਡੇ ਹੁਣ ਸ਼ਾਮ-ਸਵੇਰੇ ਨੇ। ਹੱਕਾਂ ਦੀ ਖਾਤਰ ਲੜਨੇ ਦਾ ਵੀ ਇਕ ਹੈ, ਹੱਸਣ-ਖੇਡਣ ਦੇ ਵੀ ਸ਼ੌਕ ਬਥੇਰੇ ਨੇ। ਤੈਨੂੰ ਸ਼ਾਇਦ ਇਸਦਾ ਇਲਮ ਨਹੀਂ ਸਾਹਿਲ, ਕੀ ਕਰਕੇ ਉੱਠਣਾ ਯਾਰਾਂ ਦੇ ਡੇਰੇ ਨੇ।

ਗ਼ਜ਼ਲ-ਰਾਜਿੰਦਰ ਪਰਦੇਸੀ

ਸੋਚਾਂ ਤੋਂ ਆਪਣਾ ਜਦ ਖਹਿੜਾ ਛੁਡਾਉਣ ਨਿਕਲੇ। ਇਸ ਸਿਰ ’ਚੋਂ ਕੀੜਿਆਂ ਦੇ ਕਿੰਨੇ ਹੀ ਭੌਣ ਨਿਕਲੇ। ਜਿਸ ਥਲ ’ਚ ਸੱਸੀਆਂ ਦੇ ਪੂਰਾਂ ਦੇ ਪੂਰ ਭੁੱਜੇ, ਮੋਰਾਂ ਨੂੰ ਓਸ ਥਲ ਵਿਚ ਪੁੰਨੂੰ ਨਚਾਉਣ ਨਿਕਲੇ। ਸਰ੍ਹੋਆਂ ਦੇ ਫੁੱਲ ਮਹਿਕੇ ’ਚਾ ਤਿਤਲੀਆਂ ਨੂੰ ਚੜ੍ਹਿਆ, ਖੰਭ ਤਿਤਲੀਆਂ ਦੇ ਨਿਕਲੇ ਸਾਨੂੰ ਸਤਾਉਣ ਨਿਕਲੇ। ਆਲਮ ਉਡੀਕ ਦਾ ਵੀ ਕਿੰਨਾ ਅਜੀਬ ਹੁੰਦੈ, ਕੁੰਡਾ ਗਵਾਂਢ ਖੜਕੇ ਝਟ ਮੂੰਹ ’ਚੋਂ ‘ਕੌਣ’ ਨਿਕਲੇ। ਨਸ਼ਿਆਂ ਦਾ ਵੇਗ ਵੇਖੋ, ਕੁਰਸੀ ਦਾ ਮਾਣ ਵੇਖੋ, ਪਰਛਾਵਿਆਂ ’ਤੇ ਹਾਕਿਮ ਪਹਿਰੇ ਲਗਾਉਣ ਨਿਕਲੇ। ਅੱਜ ਬਾਂਸੁਰੀ ’ਚੋ਼ਂ ਕਾਨ੍ਹਾ ! ਕਿੱਦਾਂ ਦੀ ਹੂਕ ਨਿਕਲੀ, ਕਿਉਂ ਰਾਧਿਕਾ ਦੇ ਗਲ਼ ’ਚੋਂ ਏਦਾਂ ਦੇ ਗੌਣ ਨਿਕਲੇ। ‘‘ਪਰਦੇਸੀ’’ ਤਕ ਸ਼ਰਾਰਤ ਬੇ-ਮੌਸਮੀ ਹਵਾ ਦੀ, ਦੀਵੇ ਨੇ ਇਸ ਨਗਰ ਦੇ ਭਾਂਬੜ ਮਚਾਉਣ ਨਿਕਲੇ।

ਗਲਵੱਕੜੀ-ਮੰਗਾ ਸਿੰਘ ਬਾਸੀ

ਅਕਾਸ਼ ਸੰਗ ਬਾਤਾਂ ਪਾ ਰਹੇ ਪਹਾੜ ਨੇ ਉੱਡਦੀ ਬੱਦਲੀ ਦੀ ਹਵਾ ਵਿਚ ਉੱਡਦੀ ਫੁਲਕਾਰੀ ਦੀ ਕੰਨੀ ਪਕੜ ਕਿਹਾ ਪਿਆਸੇ ਰੁੱਖਾਂ ਦੀ ਪੀੜਾ ਹਰੋ ਕਰੜੀ ਤਪੱਸਿਆ ਕਰੋ। ਪਾਣੀ ਦੀਆਂ ਗਾਗਰਾਂ ਭਰੋ ਤਾਂ ਕਿ ਮੇਰੇ ਪੁੱਤਰ ਜ਼ਿੰਦਗੀ ਨੂੰ ਸੁਰ ਵਿਚ ਗਾ ਸਕਣ।

ਬੋਲੀਆਂ-ਮੰਗਾ ਸਿੰਘ ਬਾਸੀ

(ਕਿਸਾਨ ਅੰਦੋਲਨ ਨੂੰ ਸਮਰਪਿਤ) 1 ਵੀਹ ਸੌ ਵੀਹ ਦਸੰਬਰ ਮਹੀਨਾ, ਧਰਤਿ ਦੀ ਬਾਤ ਚਲਾਉਂਦੇ। ਮਜ੍ਹਬ ਵਰਣ ਤੋਂ ਉੱਪਰ ਉੱਠ ਕੇ, ਸਾਂਝ ਦੇ ਨਾਹਰੇ ਲਾਉਂਦੇ, ਕਹਿਣ ਦਿੱਲੀ ਦੇ ਢਾਹੁਣੇ ਕਿੰਗਰੇ, ਹਰ ਇਕ ਨੂੰ ਸਮਝਾਉਂਦੇ। ਦਿੱਲੀਏ ਖ਼ੈਰ ਨਹੀਂ , ਪੁੱਤ ਖੇਤਾਂ ਦੇ ਆਉਂਦੇ। 2 ਜੈ ਜਵਾਨ ਤੇ ਜੈ ਕਿਸਾਨ ਦੇ, ਗਾਵਣ ਗੀਤ ਹਵਾਵਾਂ। ਕਿਰਤੀਆਂ ਦੇ ਸੰਗ ਆੜ੍ਰਤੀਆਂ ਨੇ, ਖੋਲ੍ਹੀਆਂ ਦਿਲ ਦੀਆਂ ਬਾਹਵਾਂ। ਕੀ ਹਰਿਆਣਾ ਕੀ ਯੂ ਪੀ ਤੋਂ ਚੜ੍ਹੀਆਂ ਲ਼ੋਕ ਘਟਾਵਾਂ। ਸੱਚ ਮੁੱਚ ਸੱਚ ਸੁਣਿਆਂ, ਜਿੱਤ ਨਾ ਬਾਝ ਭਰਾਵਾਂ। 3 ਸੁਣ ਨੀ ਦਿੱਲੀਏ,ਪੁੱਛੀਏ ਤੈਨੂੰ, ਦੱਸ ਦੇ ਸੱਚ ਕਹਾਣੀ। ਜਬਰ ਜ਼ੁਲਮ ਦੇ ਸਾਹਵੇਂ ਖੜ੍ਹ ਕੇ, ਕਿਸ ਕਿਸ ਨੇ ਹਿੱਕ ਤਾਣੀ। ਕਿਸਦਾ ਵਾਂਗ ਸਮੁੰਦਰ ਜਿਗਰਾ, ਕਿਸਦੀ ਸਾਂਝੀ ਬਾਣੀ। ਹਿੰਦ ਦੀਆਂ ਅਣਖ਼ਾਂ ਲਈ, ਕਿਸਨੇ ਨੇ ਚਾਦਰ ਤਾਣੀ। 4 ਰਹੇ ਢੂੰਡਦੇ ਕਿਤੇ ਨਾ ਮਿਲਿਆ, ਵਾਂਗ ਕਿਸਾਨਾਂ ਜੇਰਾ। ਕੱਕਰ, ਬਰਫਾਂ ਈਨ ਮੰਨਦੀਆਂ , ਚਾਨਣ ਬਣੇ ਹਨ੍ਹੇਰਾ। ਹੱਲ ਦੀ ਕੀਲੀ ਬਲਦਾਂ ਟੱਲੀਆਂ, ਰਾਤਾਂ ਦਿਸਣ ਸਵੇਰਾ। ਯੁਗ ਯੁਗ ਜੀਅ ਮਿੱਤਰਾ, ਤੂੰ ਖੇਤਾਂ ਦਿਆ ਸ਼ੇਰਾ। ਕੈਮਲੂਪਸ (ਕੈਨੇਡਾ)

ਗ਼ਜ਼ਲ-ਪ੍ਰੀਤ ਮਨਪ੍ਰੀਤ

ਇਨ੍ਹਾਂ ਨਦੀਆਂ ‘ਚ ਹੁਣ ਇਹ ਵੀ ਤਮਾਸ਼ਾ ਆਮ ਹੋਏਗਾ। ਕਿ ਹਰ ਖਾਮੋਸ਼ ਤਲ ਹੇਠਾਂ ਕੋਈ ਕੁਹਰਾਮ ਹੋਏਗਾ। ਪਰਿੰਦੇ ਕਿਸ ਤਰ੍ਹਾਂ ਬੇਖ਼ੌਫ਼ ਹੋ ਅੰਬਰ 'ਤੇ ਉੱਡਣਗੇ, ਕਿਸੇ ਖ਼ਤਰੇ ਦਾ ਖ਼ਦਸ਼ਾ ਜੇ ਸਵੇਰੇ-ਸ਼ਾਮ ਹੋਏਗਾ । ਅਸਾਡੀ ਸ਼ਹਿਰੀਅਤ ਹੈ ਕੀ, ਹਾਂ ਕਿਹੜੇ ਦੇਸ ਦੇ ਵਾਸੀ, ਅਸਾਂ ਬੇਵਤਨਿਆਂ ਦਾ ਕੀ ਭਲਾ ਅੰਜ਼ਾਮ ਹੋਏਗਾ । ਕਦੋਂ ਤਕ ਗੋਲ਼ੀਆਂ ਦੇ ਦਾਗ਼ ਰਹਿਣੇ ਨੇ ਚਿਨਾਰਾਂ 'ਤੇ, ਕਦੋਂ ਤਕ ਚਮਨ ਵਿਚ ਮਹਿਕਾਂ ਦਾ ਕਤਲੇਆਮ ਹੋਏਗਾ। ਤੁਰੀ ਖੇਤਾਂ ‘ਚੋਂ ਜੋ ਲਲਕਾਰ ਪਹੁੰਚੀ ਰਾਜਧਾਨੀ ਤਕ, ਚਿਰਾਂ ਤਕ ਹਰ ਗਲੀ ਵਿਚ ਉਸ ਦਾ ਚਰਚਾ ਆਮ ਹੋਏਗਾ। ਸ਼ਿਕਾਰੀ ਬਾਜ਼ ਨੂੰ ਜੇ ਇਉਂ ਹੀ ਤੂੰ ਅਣਗੌਲਿਆਂ ਕੀਤਾ ਤਾਂ ਹਰ ਮੋਈ ਚਿੜੀ ਦਾ ਸਿਰ ਤੇਰੇ ਇਲਜ਼ਾਮ ਹੋਏਗਾ । ਸਰੀ (ਕੈਨੇਡਾ)

ਦੁੱਲੇ ਦਿੱਲੀ ਨੂੰ ਟੱਕਰੇ ਨੇ-ਅਮਰਜੀਤ ਕਸਕ

ਕਿਤਾਬ ਖੋਲ੍ਹਦਾ ਹਾਂ ਤਾਂ ਲੋਕ ਮਨ ਖੁਲ੍ਹਦਾ ਹੈ ਇਤਿਹਾਸ ਮਿਥਿਹਾਸ ਆਸ ਬਣਿਆ ਹੋਇਆ ਮਿੱਥ ਬੋਲਦੀ ਤਿਲ ਵਿਸ਼ਨੂੰ ਦੇ ਪਸੀਨੇ 'ਚੋਂ ਪੈਦਾ ਹੋਏ ਨੇ। ਸੰਸਾਰ ਦੇ ਕਿਰਤੀ ਵਿਸ਼ਨੂੰ ਲੱਗਦੇ ਮੈਨੂੰ! ਐਤਕੀਂ ਪੋਹ ਦੇ ਮਹੀਨੇ ਪੰਜਾਬ ਦਾ ਪਸੀਨਾ ਦਿੱਲੀ ਦੀਆਂ ਸੜਕਾਂ ਜਗਾ ਰਿਹੈ! ਸੁੱਤੀਆਂ ਸੜਕਾਂ 'ਤੇ ਸੱਤਾ ਤੁਰ ਸਕਦੀ ਜ਼ਿੰਦਗੀ ਨਹੀਂ! ਈਸ਼ਵਰ ਆਏ ਦਲਿੱਦਰ ਜਾਏ। ਲੋਹੜੀ ਦੇ ਧੂਣੇ 'ਚ ਤਿਲ ਪਾਉਂਦੀ ਬੋਲਦੀ ਦਾਦੀ ਇਵੇਂ ਹੀ ਕਰਦੇ ਸਾਰੇ ਨਿਰਮਲ ਆਸਾਂ ਫ਼ਸਲਾਂ ਵਾਂਙੂੰ ਧੜਕਦੀਆਂ ਐਤਕੀ ਸਾਰਾ ਇਤਿਹਾਸ ਮਿਥਿਹਾਸ ਇਤਿਹਾਸ ਹੋਣ ਜਾ ਰਿਹਾ। ਦੁੱਲੇ ਦਿੱਲੀ ਨੂੰ ਟੱਕਰੇ ਨੇ। ਸੁੰਦਰੀਆਂ ਮੁੰਦਰੀਆਂ ਸਮੇਤ ਕਿ ਦਿੱਲੀ ਤਾਂ ਕੀਹ ਦੁਨੀਆਂ ਦਾ ਦਲਿੱਦਰ ਸਾੜ ਸਕਦੇ ਹਾਂ ਅਸੀਂ! ਸਾਡੇ ਹਿੱਸੇ ਦਾ ਸੇਕ ਸਾਡਾ ਹੀ ਰਹੂ!!

ਇਹ ਆਮ ਬੰਦੇ ਨਹੀਂ-ਵਿਸ਼ਾਲ

ਕੱਲ੍ਹ ਰਾਤ ਜੋ ਠਰੀ ਰਾਤ 'ਚ... ਵਕਤ ਦੇ ਪੰਨੇ 'ਤੇ.. ਆਪਣੀਆਂ ਅੱਖਾਂ ਰੱਖ ਕੇ ਪਿੰਡੇ 'ਤੇ ਚਾਨਣ ਵਲੇਟ ਕੇ.. ਲੜਦਾ ਲੜਦਾ... ਹਨ੍ਹੇਰੇ ਦੀ ਕਾਤਰ ਚ ਲਿਸ਼ਕਦਾ ਯੁੱਧ ਦੇ ਉਸ ਪਾਰ ਚਲਾ ਗਿਆ ਸੀ.. ਉਹ ਆਖਰੀ ਸ਼ਹੀਦ ਨਹੀਂ ਸੀ.. ਤੇ ਨਾ ਹੀ ਇਹ ਆਖਰੀ ਯੁੱਧ ਹੈ..... ਉਸ ਦੀਆਂ ਖੁੱਲ੍ਹੀਆਂ ਅੱਖਾਂ ਚ ਜੋ ਮੋਰਚਾ ਹੈ.. ਉਸ 'ਚ ਯੁੱਧ ਸਦੀਆਂ ਤੋਂ ਜਾਰੀ ਹੈ ਸਾਨੂੰ ਉਸ ਮੋਰਚੇ ਚ ਉੱਤਰਨਾ ਪੈਣਾ.. ਇਹ ਉਹੀ ਨੇ ਜੋ ਗੜ੍ਹੀ ਚ ਸ਼ਹੀਦ ਹੋਏ ਸਨ.. ਇਹ ਉਹੀ ਸਿਰ ਨੇ ਜੋ ਗੁਰੂ ਨੇ ਮੰਗੇ ਸਨ.. ਜਿਹੜੇ ਆਰਿਆਂ ਨਾਲ ਕੱਟੇ ਗਏ ਬੰਦ ਬੰਦ ਕਟਵਾਏ। ਖੋਪੜੀਆਂ ਲੁਹਾਈਆਂ ਸੀ ਨਾ ਕੀਤੀ ਬਿਨ ਸੀਸ ਵੀ ਲੜੇ... ਇਹ ਵੀ ਓਨਾਂ ਦੀ ਅਣਸ 'ਚੋ ਹੀ ਨੇ.... ਉਹ ਫਿਰ ਆਉਣਗੇ ਧਰਤੀ 'ਤੇ ਤਾਰੇ ਖਿਲਾਰਣਗੇ.. ਚਾਨਣ ਦਾ ਛੱਟਾ ਦੇਣਗੇ..... ਟੱਪੇ.. ਠੁੰਮਰੀਆਂ ਕਾਫੀਆਂ ਗਾਉਂਦੇ ਫਕੀਰ ਫਿਰ ਆਉਣਗੇ ਇਹ ਕਰਾਂਤੀਕਾਰੀ ਫ਼ਕੀਰ ਪ੍ਰੇਮ ਕਰਦੇ ਹੋਏ ਲੜ ਰਹੇ ਨੇ... ਸਰਬੱਤ ਦੇ ਭਲੇ ਲਈ ਜੁੜੇ ਹੱਥ ਲੜ ਰਹੇ ਨੇ.. ਇਹ ਆਸ਼ਕ ਨੇ.. ਜਿੰਨਾਂ ਨੂੰ ਛਿਲੇ ਚ ਹੀ ਸ਼ਹੀਦੀ ਨਾਲ ਇਸ਼ਕ ਹੋ ਗਿਆ ਸੀ... ਇਨ੍ਹਾਂ ਦੀ ਮਿੱਟੀ ਵੀ ਲੜਦੀ ਹੈ... ਇਨ੍ਹਾਂ ਦੀ ਅਵਾਜ਼ ਚਹੁੰ ਕੂੰਟਾਂ ' ਚ ਫ਼ੈਲ ਗਈ ਹੈ.. ਕੱਲ ਜੋ ਠਰੀ ਰਾਤ ਚ ਸ਼ਹੀਦ ਹੋ ਗਿਆ ਸੀ ਉਸ ਦਾ ਲਹੂ.. ਗੋਡੀ ਜਾ ਰਹੀ ਜ਼ਮੀਨ ਦੇ ਸਿਆੜਾਂ 'ਚ ਮੌਸਮਾਂ ਵਾਂਗ ਵਗੇਗਾ.. ਇਹ ਜੋ ਲੜ ਰਹੇ ਨੇ ਸਬਰ ਨਾਲ ਭਰੇ ਆਮ ਬੰਦੇ ਨਹੀਂ ਰਾਤ ਦੀ ਇੰਤਹਾ ਚ ਦੀਵਾ ਰੱਖਣ ਤੱਕ ਲੜਦੇ ਰਹਿਣਗੇ....

ਬਈ ਜਾਗਣ ਦਾ ਵੇਲਾ-ਮੋਹਨ ਗਿੱਲ

ਜਾਗ ਕਿਸਾਨਾਂ ਜਾਗ ਬਈ ਜਾਗਣ ਦਾ ਵੇਲਾ- ਕੁੱਕੜਾਂ ਦਿੱਤੀ ਬਾਂਗ ਬਈ ਜਾਗਣ ਦਾ ਵੇਲਾ- ਜਾਗ ਕਿਸਾਨਾਂ ਜਾਗ- ਚਾਰੇ ਪਾਸੇ ਲੋਟੂ ਟੋਲਾ ਲੁੱਟ ਲੈ ਗਿਆ ਪੰਜ-ਆਬ ਬਈ ਜਾਗਣ ਦਾ ਵੇਲਾ- ਜਾਗ ਕਿਸਾਨਾਂ ਜਾਗ- ਦਿੱਲੀ ਦੇ ਸਿੰਘੂ ਬਾਡਰ ਤੇ ਫੁੱਟ ਪਾਉਣਗੇ ਮਾਹਰ ਬਈ ਜਾਗਣ ਦਾ ਵੇਲਾ- ਜਾਗ ਕਿਸਾਨਾਂ ਜਾਗ- ਗੁਰੂ ਪੀਰਾਂ ਨੇ ਤੈਨੂੰ ਬਖ਼ਸ਼ੀ ਤਰਕ ਅਤੇ ਤਲਵਾਰ ਬਈ ਜਾਗਣ ਦਾ ਵੇਲਾ- ਜਾਗ ਕਿਸਾਨਾਂ ਜਾਗ- ਹੱਕ ਲੈਣ ਲਈ ਜੋ ਵੀ ਬਣਦਾ ਕਰ ਸਮਾਨ ਤਿਆਰ ਬਈ ਜਾਗਣ ਦਾ ਵੇਲਾ- ਜਾਗ ਕਿਸਾਨਾਂ ਜਾਗ- ਜਾਗ ਕਿਸਾਨਾਂ ਜਾਗ ਬਈ ਜਾਗਣ ਦਾ ਵੇਲਾ- ਕੁੱਕੜਾਂ ਦਿੱਤੀ ਬਾਂਗ ਬਈ ਜਾਗਣ ਦਾ ਵੇਲਾ- ਜਾਗ ਕਿਸਾਨਾਂ ਜਾਗ-

ਲੋਹੜੀ ਮਜ਼ਦੂਰ ਕਿਸਾਨਾਂ ਦੀ-ਬਲਬੀਰ ਰਾਏਕੋਟੀ

ਲੋਹੜੀ ਮਜ਼ਦੂਰ ਕਿਸਾਨਾਂ ਦੀ, ਕਾਮੇ ਅੰਨਦਾਤੇ ਇਨਸਾਨਾਂ ਦੀ ਦੁੱਲੇ ਇਹ ਰੀਤ ਚਲਾਈ ਸੀ, ਧੀਆਂ ਦੀ ਲੋਹੜੀ ਮਨਾਈ ਸੀ ਸੁੰਦਰੀ ਮੁੰਦਰੀ ਬਚਾਈਆਂ ਸੀ, ਉਹਨੇ ਮੁੜ ਦੁਲਾਰੀਆਂ ਸੀ ਗੱਲ ਕੀਤੀ ਸੀ ਸਨਮਾਨਾਂ ਦੀ ਲੋਹੜੀ ਮਜ਼ਦੂਰ ਕਿਸਾਨਾਂ ਓ-- ਅਕਬਰ ਹੁਣ ਭੇਸ ਵਟਾਇਆ ਹੈ ਦੁੱਲਿਆਂ ਨਾਲ ਮੱਥਾ ਲਾਇਆ ਹੈ ਕਾਲੇ ਕਾਨੂੰਨ ਬਣਾਏ ਨੇ, ਅੰਨਦਾਤਿਆਂ ਦੇ ਸਿਰ ਪਾਏ ਨੇ ਧੱਕੇਸ਼ਾਹੀ ਹੋਵੇ ਧਨਵਾਨਾਂ ਦੀ ਲੋਹੜੀ ਮਜ਼ਦੂਰ ਕਿਸਾਨਾਂ--- ਅੱਜ ਦੀ ਲੋਹੜੀ ਵੀ ਖ਼ਾਸ ਹੋਊ, ਦੁਨੀਆਂ ਦੇ ਵਿੱਚ ਇਤਿਹਾਸ ਹੋਊ ਘਰੋਂ ਬਾਹਰ ਲੋਹੜੀਆਂ ਮਨਾਉਣ ਲਈ, ਕਾਲੇ ਕਾਨੂੰਨ ਰੱਦ ਕਰਵਾਉਣ ਲਈ ਹੈ ਹਮਾਇਤ ਨਾਲ ਵਿਦਵਾਨਾਂ ਦੀ ਲੋਹੜੀ ਮਜ਼ਦੂਰ ਕਿਸਾਨਾਂ--- ਪਹਿਲਾਂ ਸੇਕਦੇ ਅੱਗ ਬਾਲ ਕੇ ਸੀ, ਹੁਣ ਸੇਕਣਾ ਕਾਨੂੰਨ ਕਾਪੀਆਂ ਜਾਲਕੇ ਜੀ ਅਸੀਂ ਹੱਕ ਖੋਹਣ ਨਾ ਦੇਣੇ ਨੇ, ਕਾਨੂੰਨ ਲਾਗੂ ਹੋਣ ਨਾ ਦੇਣੇ ਨੇ ਨਾ ਚੱਲਣ ਦੇਣੀ ਬੇਈਮਾਨਾਂ ਦੀ ਲੋਹੜੀ ਮਜ਼ਦੂਰ ਕਿਸਾਨਾਂ ਦੀ--- ਸਾਡੀ ਲੋਹੜੀ ਹੱਕੀ ਅੰਦੋਲਨ ਹੈ ਨਾਲ ਸ਼ਾਂਤੀ ਦੇ ਸੰਬੋਧਨ ਹੈ ਦੁੱਲਿਆਂ ਨਾਲ ਸੁੰਦਰੀਆਂ, ਮੁੰਦਰੀਆਂ ਨੇ ਮਾਵਾਂ ਭੈਣਾਂ ਧੀਆਂ ਸੰਘਰਸ਼ ਦੇ ਵਿੱਚ ਨਿੱਤਰੀਆਂ ਨੇ ਜਾਗੀ ਅਣਖ ਮੁਟਿਆਰਾਂ ਨੌਜਵਾਨਾਂ ਦੀ ਲੋਹੜੀ ਮਜ਼ਦੂਰ ਕਿਸਾਨਾਂ ਦੀ ਓ--- ਦਿੱਲੀ ਬਾਰਡਰਾਂ ਤੇ ਲੋਹੜੀ ਮਨਾਵਾਂਗੇ। ਤਿੰਨੇ ਕਾਨੂੰਨ ਰੱਦ ਕਰਵਾਵਾਂਗੇ ਇਹ ਰਾਏਕੋਟੀ ਬਲਬੀਰ ਕਹੇ, ਲੋਹੜੀ ਤੇ ਹੱਕੀ ਤਕਰੀਰ ਕਰੇ ਇਹ ਲੋਹੜੀ ਪਛਾਣ ਜਹਾਨਾਂ ਦੀ ਲੋਹੜੀ ਮਜ਼ਦੂਰ ਕਿਸਾਨਾਂ ਦੀ, ਕਾਮੇ ਮਿਹਨਤਕਸ਼ ਇਨਸਾਨਾਂ ਦੀ ।

ਸਾਡੀ ਨਵੇਂ ਢੰਗ ਦੀ ਲੋਹੜੀ-ਅਰਵਿੰਦਰ ਕੌਰ ਕਾਕੜਾ (ਡਾ.)

ਨਵੇਂ ਰੂਪ ਵਿੱਚ ਅੱਜ ਲੋਹੜੀ ਅਸੀਂ ਮਨਾਵਾਂਗੇ। ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਅੱਗ ਲਾਵਾਂਗੇ। ਅੰਨ ਦਾਤਾ ਸਾਡੀ ਜ਼ਾਤ ਅਸੀਂ ਧਰਤ ਦੇ ਜਾਏ। ਸਾਨੂੰ ਜੂਝਣੇ ਦੇ ਵੱਲ ਬੰਦਾ ਸਿੰਘ ਨੇ ਸਿਖਾਏ। ਹੱਕ ਮੰਗਣੇ ਨੇ ਕਿਵੇਂ ਪਿਰਤ ਨਵੀਂ ਪਾਵਾਂਗੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਅੱਗ ਲਾਵਾਂਗੇ। ਦੁੱਲੇ ਭੱਟੀ ਦੀਆਂ ਪੈੰੜਾਂ ਦੀ ਹੋਈ ਹੈ ਪਹਿਚਾਣ। ਅਸਾਂ ਤਖ਼ਤਾਂ ਦਾ ਤੋੜ ਦੇਣਾ ਵੱਡਾ ਜੋ ਗੁਮਾਨ ਵੇਖੀ ਜਿੱਤ ਵਾਲੇ ਨਗਮੇ ਵੀ ਛੇਤੀ ਗਾਵਾਂਗੇ । ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਅੱਗ ਲਾਵਾਂਗੇ। ਲੋਹੜੀ ਰੋਹ ਵਾਲੀ ਸਾਡੇ ਦਿਲਾਂ ਵਿੱਚ ਮੱਚਦੀ। ਸੀਸ ਤਲੀ ਉੱਤੇ ਧਰਨ ਦੀ ਪਈ ਰੀਤ ਜੱਚਦੀ। ਮੈਦਾਨ ਛੱਡਣਾ ਨੀ ਅਸਾਂ ਕਰ ਜਲਵਾ ਦਿਖਾਵਾਂਗੇ । ਕਾਲੇ ਕਾਨੂੰਨਾਂ ਦੀਆਂ ਕਾਪੀਆਂ ਨੂੰ ਅੱਗ ਲਾਵਾਂਗੇ। ਲੜਾਈ ਆਰ ਪਾਰ ਹੋਣੀ ਦੱਸ ਦਿੱਤਾ ਅਸਾਂ ਖੋਲ੍ਹ। ਏਨਾਂ ਹਾਕਮਾਂ ਦੀ ਦੁਨੀਆਂ ' ਚ ਖੁੱਲ੍ਹ ਗਈ ਹੈ ਪੋਲ। ਲੱਗੀ ਦੇਸ਼ ਮੱਥੇ ਕਾਲਖ਼ ਮਿਲ ਕੇ ਧੋ ਜਾਵਾਂਗੇ। ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅੱਗ ਲਾਵਾਂਗੇ। ਤੁਰੇ ਆਉਂਦੇ ਕਾਫ਼ਲਿਆਂ ਇੱਕੋ ਗੱਲ ਆਖੀ ਏ। ਆਪਣੀ ਹੋਂਦ ਦੀ ਹੁਣ ਕਰਨੀ ਪੈਣੀ ਰਾਖੀ ਏ। ਹੁਣ ਜਾਬਰ ਦੇ ਥੰਮਾਂ ਨੂੰ ਵੀ ਸਬਕ ਸਿਖਾਵਾਂਗੇ । ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅੱਗ ਲਾਵਾਂਗੇ । ਨਵੇਂ ਰੂਪ ਵਿੱਚ ਅੱਜ ਲੋਹੜੀ ਅਸੀ ਮਨਾਵਾਂਗੇ। ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅੱਗ ਲਾਵਾਂਗੇ ।

ਇਕ ਇਬਾਰਤ ਇਹ ਵੀ-ਰਵਿੰਦਰ ਭੱਠਲ

ਸਿਆਸਤ ਦੀ ਸੋਚ ਹੁੰਦੀ ਹਮੇਸ਼ਾ ਵੰਡ ਰਾਜ ਕਰਨ ਦੀ ਇਸੇ ਮਕਸਦ ਹਿਤ ਲੋਕਾਂ 'ਚ ਪਾੜ ਵੀ ਪਏ ਅੱਗਾਂ ਵੀ ਰੰਗ ਦਿਖਾਇਆ ਖੰਜਰਾਂ ਤਲਵਾਰਾਂ ਵੀ ਨਾਚ ਨੱਚਿਆ। ਪਰ ਹੁਣ ਜਦੋਂ ਧਰਤ-ਮੋਹ ਦਾ ਸਵਾਲ ਉਠਿਆ ਰੋਟੀ ਖੋਹੀ ਜਾਣ ਦੀ ਚਿੰਤਾ ਉਜਾਗਰ ਹੋਣ ਲੱਗੀ ਧੀਆਂ ਜਿਹੀਆਂ ਫਸਲਾਂ ਨਿਹੋਰਾ ਮਾਰਿਆ ਚਿੰਤਾ ਅੱਖਾਂ 'ਚ ਰੜਕਣ ਲੱਗੀ ਤਾਂ ਧਰਤੀ-ਪੁੱਤਰ ਅੰਨਦਾਤੇ ਨੇ ਅਤੇ ਉਸ ਨਾਲ ਜੁੜੀਆਂ ਕਿਰਤੀ ਵਰਗ ਦੀਆਂ ਧੌਣਾਂ ਧਰਮ, ਜ਼ਾਤ ਊਚ-ਨੀਚ ਦਾ ਸਦੀਆਂ ਪੁਰਾਣਾ ਭੇਦ ਮਿਟਾ ਹੋ ਤੁਰੀਆਂ ਹਾਕਮ ਦੇ ਦਰ ਵੱਲ। ਜਦ ਪੰਜੇ ਉਂਗਲਾਂ ਇੱਕਠੀਆਂ ਹੋ ਉਤਾਂਹ ਨੂੰ ਮੁੱਕਾ ਬਣ ਉਲਰੀਆਂ ਹਵਾ ਨੂੰ ਕੰਬਣੀ ਜਿਹੀ ਛਿੜੀ ਤਾਂ ਦਿੱਲੀ ਦਰ ਭੇੜ ਲਏ ਭੀੜ ਜਿਸਨੂੰ ਸਮਝ ਆ ਗਈ ਸੱਤਾ ਵਿਚਲੀ ਪਾੜੂ ਸਿਆਸਤ ਦੀ ਭੀੜ ਜੋ ਹੁਣ ਸਿਆਣੀ ਹੋ ਗਈ ਸਮਝ ਗਈ ਕਿ ਹੱਕ ਇੰਜ ਵੀ ਲਏ ਜਾ ਸਕਦੇ ਨੇ ਸੜਕਾਂ ਦੇ ਸਫ਼ੇ 'ਤੇ ਸਬਰ, ਸਿਦਕ, ਸਿਰੜ ਦੀ ਸੰਘਰਸ਼ੀ ਇਬਾਰਤ ਲਿਖ ਕੇ। ਲੋਕਾਂ ਦਾ ਬਦਲਿਆ ਰੂਪ ਵੇਖ ਦਿੱਲੀ ਦਹਿਲ ਗਈ ਹਾਕਮਾਂ ਨੂੰ ਦੰਦਲਾਂ ਪੈ ਗਈਆਂ ਸੱਤਾ ਨੂੰ ਆ ਗਈ ਤਰੇਲੀ।

ਕਿਸਾਨ ਮੋਰਚਾ-ਇਕ ਤਸਵੀਰ-ਸਨਦੀਪ ਕੰਗ

ਮੋਦੀ ਸਰਕਾਰੇ, ਸਾਡੇ ਹੱਕ ਤੋਲਦੇ ਕਿਓਂ ਅੰਬਾਂਨੀਆਂ ਅੰਡਾਨੀਆਂ ਦੀ ਬੋਲੀ ਬੋਲਦੇ ਕਿਸਾਨ ਮਾਰੂ ਕਾਲੇ ਕਾਨੂੰਨ ਬਣਾ ਦਿੱਤੇ ਅੰਨਦਾਤਾ ਦੇ ਵਿਰੁੱਧ ਫੈਸਲੇ ਸੁਣਾ ਦਿੱਤੇ ਪੰਜਾਬ ਦੇ ਕਿਸਾਨ ਇਸ ਅੱਗੇ ਅੜ੍ਹਗੇ ਲਾ ਦਿੱਤੇ ਧਰਨੇ, ਰੇਲਾਂ ਮੂਹਰੇ ਖੜ੍ਹਗੇ ਆਗੂਆਂ ਸਮਝਾਇਆ ਵਿਸ਼ਲੇਸ਼ਣ ਕਰਕੇ ਪੰਜਾਬੀਆਂ ਨੇ ਸੁਣ ਲਿਆ ਕੰਨ ਕਰਕੇ ਕਾਲੇ ਕਾਨੂੰਨ ਇਹ ਵਾਪਿਸ ਕਰਾਉਣੇ ਨੇ ਚਲੋ ਸਾਰੇ ਦਿੱਲੀ ਵੱਲ, ਚਾਲੇ ਪਾਉਣੇ ਨੇ ਕਿਸਾਨ ਅੱਗੇ ਵਧੇ, ਦਿੱਲੀ ਪਹੁੰਚ ਜਾਣ ਲਈ ਖੱਟਰ ਜ਼ੋਰ ਲਾਇਆ, ਇਹਨੂੰ ਰੋਕ ਲਾਉਣ ਲਈ ਪਾਣੀ ਦੀ ਬੌਛਾਰ, ਬੈਰੀਕੇਡ ਲਾ ਦਿੱਤੇ ਗੈਸ ਅੱਥਰੂ ਚਲਾ, ਸੜਕੀਂ ਪਾੜ ਪਾ ਦਿੱਤੇ ਜੈ ਜਵਾਨ- ਜੈ ਕਿਸਾਨ ਨਾਹਰੇ ਲੱਗਦੇ ਸ਼ੇਰ ਬੱਗੇ ਰੋਕਾਂ ਤੋੜ ਅੱਗੇ ਵਧਦੇ ਬੋਲੇ ਸੋ ਨਿਹਾਲ ਦੇ ਜੈਕਾਰੇ ਗੂੰਜਦੇ ਭਾਰੇ-ਭਾਰੇ ਪੱਥਰ ਵੀ ਲੈ ਗਏ ਹੂੰਝਦੇ ਟਰੈਕਟਰ ਟਰਾਲੀਆਂ ਦੀ ਰੈਲੀ ਸ਼ਾਨਦਾਰ ਵਿਚ ਰਾਸ਼ਨ ਸਾਮਾਨ, ਉੱਤੇ ਪਾਈ ਤਰਪਾਲ ਦੂਰ ਦੂਰ ਤੱਕ ਟਰੈਕਟਰ ਸਰਦਾਰ ਦਿੱਖਦੇ ਜੋਸ਼ ਜਜ਼ਬੇ ਨਾ’ ਭਰੇ ਪਰਿਵਾਰ ਦਿੱਖਦੇ ਛੋਟਾ ਵੀਰ ਹਰਿਆਣਾ ਜਦ ਨਾਲ ਖਲੋ ਗਿਆ ਪੰਜਾਬ ਸਿੰਘ ਦਾ ਹੌਂਸਲਾ ਕਈ ਗੁਣਾਂ ਹੋ ਗਿਆ ਕਿਸਾਨ ਮਜ਼ਦੂਰ ਏਕਤਾ ਦੇ ਨਾਹਰੇ ਲੱਗ ਗਏ ਦਿੱਲੀ ਬਾਡਰਾਂ ਤੇ ਜਾ ਕੇ ਧਰਨੇ ਸੱਜ ਗਏ ਨੌਜਵਾਨ ਬੱਚੇ ਬਾਪੂ ਨਾਲ ਰਲਗੇ ਮਾਵਾੰ ਭੈਣਾਂ ਲਈ ਪਹਿਰੇ ਉੱਤੇ ਖੜ੍ਹਗੇ ਜਿਹਨਾਂ ਪੁਲਸੀਆਂ ਨੇ ਡੰਡੇ ਵਰ੍ਹਾਏ ਸੀ ਅੰਨਦਾਤੇ ਉਹਨਾਂ ਨੂੰ ਵੀ ਲੰਗਰ ਛਕਾਏ ਸੀ ਬਦਾਮਾਂ ਪਿੰਨੀਆਂ ਦੇ ਲੰਗਰ ਚਲਾ ਦਿੱਤੇ ਮੋਰਚੇ ਸਮੇਤ ਦਿੱਲੀ ਨੂੰ ਛਕਾ ਦਿੱਤੇ ਸੰਸਾਰ ਭਰ ਦੇ ਪੰਜਾਬੀਆਂ ਸਜਾਈਆਂ ਰੈਲੀਆਂ ਦਿੱਤਾ ਡੱਟ ਕੇ ਸਹਿਯੋਗ, ਇਹ ਬਚਾ ਲੋ ਪੈਲੀਆਂ ਸਾਰੇ ਰਾਜਾਂ ਦੇ ਕਿਸਾਨ ਹੁਣ ਨਾਲ ਰਲ ਗਏ ਜਥੇਬੰਦੀਆਂ ਦੀ ਮਿਹਨਤ ਨੂੰ ਹੁਣ ਫਲ ਪਏ ਸਾਰੇ ਭਾਰਤੀ ਕਿਸਾਨ ਕੱਠੇ ਹੋ ਕੇ ਡਟ ਗਏ ਸ਼ਾਂਤ ਮੋਰਚਾ ਲਗਾਉਣ ਦੀ ਮਸ਼ਹੂਰੀ ਖੱਟ ਗਏ ਹਰ ਵਰਗ ਦੇ ਲੱਖਾਂ ਲੋਕ ਹੋਏ ਕੱਠੇ ਨੇ ਹਰ ਹਾਲ ‘ਚ ਅਨੁਸ਼ਾਸਨ ਬਣਾਈ ਬੈਠੇ ਨੇ ਸੀਤ ਲਹਿਰ ਨਾਲ ਹੌਸਲੇ ਨਾ ਪਸਤ ਹੋਏ ਸਹਿ ਔਕੜਾਂ ਸਗੋਂ ਜਬਰਦਸਤ ਹੋਏ ਦਰਜਣਾਂ ਕਿਸਾਨਾਂ ਜਾਨ ਕੀਤੀ ਕੁਰਬਾਨ ਹੱਠ ਨਾਲ ਡਟੇ, ਮਰਜੀਵੜੇ ਕਿਸਾਨ ਸਭ ਆਗੂ ਪੜ੍ਹੇ ਲਿਖੇ ਤੇ ਸਮਝਦਾਰ ਨੇ ਹਰ ਮੱਦ ਤੇ ਬਹਿ ਕੱਠੇ ਕਰਦੇ ਵਿਚਾਰ ਨੇ ਗੱਲਬਾਤ ਲਈ ਸਰਕਾਰ ਜਦੋਂ ਸੱਦਾ ਭੇਜਦੀ ਸਾਡੇ ਵਧੀਆ ਕਾਨੂੰਨ, ਇਹੀ ਪੱਤਾ ਖੇਡਦੀ ਕਿਸਾਨਾਂ ਇੱਕ ਇੱਕ ਕਰ ਖਾਮੀਆਂ ਗਿਣਾਤੀਆਂ ਸਰਕਾਰ ਦੀਆਂ ਟੀਮਾਂ ਉਹਨਾਂ ਪੜ੍ਹਨੇ ਪਾਤੀਆਂ ਉਹ ਮੰਨਦੇ ਕਾਨੂੰਨ ਵਿਚ ਹੈ ਨੇ ਖਾਮੀਆਂ ਪਰ ਡਰਦੇ ਨੇ, ਗੁੱਸੇ ਨਾ ਹੋ ਜਾਣ ਸਾਮੀਆਂ ਦਿੱਲੀ ਸਰਕਾਰੇ ਤੇਰੀ ਮੱਤ ਹਿੱਲਗੀ ਘਰਾਣੇ ਰੱਖੇ ਯਾਦ, ਤੈਨੂੰ ਜਨਤਾ ਭੁੱਲਗੀ ਜ਼ਾਲਿਮ ਸਰਕਾਰੇ ਇਹ ਯਾਦ ਰੱਖਣਾ ਸਮਾਂ ਬੜਾ ਬਲਵਾਨ ਤੈਨੂੰ ਦੇਊ ਦੱਖਣਾ ਸਰਕਾਰੀ ਚੈਂਨਲ ਉਲਟ ਮੋਰਚੇ ਦੇ ਬੋਲਦੇ ਫਿਰਕੂ ਰੰਗ ਦਿੰਦੇ ਤੇ ਕੁਫ਼ਰ ਤੋਲਦੇ ਕਿਸਾਨਾਂ ਆਪਣੇ ਚੈਨਲ ਤੇ ਅਖਬਾਰ ਕੱਢਤੇ ਸੋਸ਼ਲ ਮੀਡੀਆ, ਆਈ ਟੀ ਵਾਲੇ ਝੰਡੇ ਗੱਡਤੇ ਸਾਰੀ ਦੁਨੀਆਂ ਵੀਰੋ ਥੋਨੂੰ ਹੈ ਸਲਾਮ ਕਰਦੀ ਫਤਿਹ ਲਈ ਅਰਦਾਸਾਂ ਸੁਬਹ ਸ਼ਾਮ ਕਰਦੀ ਤੁਸੀਂ ਡਟੇ ਰਹਿਣਾ ਰੱਖਣਾ ਬੁਲੰਦ ਹੌਸਲੇ ਜਿੱਤ ਹੋਵੇਗੀ ਯਕੀਨੀ, ਦਿਨ ਨੇੜੇ ਸੌਖਲੇ

ਅਸੀਂ ਇੰਝ ਨਹੀਂ ਰੁਕਦੇ-ਪਲਵਿੰਦਰ ਬਾਸੀ

ਸਾਨੂੰ ਠੰਡਾ ਬੁਰਜ , ਤੇ ਬਰਛੇ ਨੇਜ਼ੇ ਅੱਜ ਵੀ ਨੇ ਚੇਤੇ ਅਸੀਂ ਠੰਡੇ ਪਾਣੀ ਦੀਆਂ ਬੁਛਾਰਾਂ, ਨਾਲ ਨਹੀਂ ਰੁਕਦੇ ਅਸੀਂ ਸੀਸ ਤਲੀ ਤੇ ਧਰਕੇ, ਰਣ ਵਿੱਚ ਜੂਝਣ ਵਾਲੇ ਹਾਂ ਬੈਰੀਕੇਡਾਂ ਤੇ ਕੰਡਿਆਲੀਆਂ ਤਾਰਾਂ ਨਾਲ ਨਹੀਂ ਰੁਕਦੇ ਤੂੰ ਰਾਹੀਂ ਸੁੱਟਦੈਂ ਪੱਥਰ, ਲਾਉਨੈਂ ਟਿੱਬੇ ਮਿੱਟੀ ਦੇ ਅਸੀਂ ਹਿੰਮਤਾਂ ਦੇ ਦਰਿਆ, ਪਹਾੜਾਂ ਨਾਲ ਨਹੀਂ ਰੁਕਦੇ ਅਸੀਂ ਹੱਸਕੇ ਹਿੱਕਾਂ, ਡਾਹ ਦਿੰਦੇ ਹਾਂ, ਤੋਪਾਂ ਅੱਗੇ ਵੀ ਅਸੀਂ ਲਾਠੀਆਂ, ਗੋਲੀਆਂ ਜਏ ਹਥਿਆਰਾਂ ਨਾਲ ਨਹੀਂ ਰੁਕਦੇ ਅਸੀਂ ਤਖ਼ਤ ਤੇਰੇ ਤੇ, ਆਖ਼ਿਰ ਜਿੱਤ ਦਾ, ਝੰਡਾ ਗੱਡਾਗੇ ਇਹ ਹੜ੍ਹ ਲੋਕਾਂ ਦੇ, ਦਿੱਲੀਏ ਹਾਰਾਂ ਨਾਲ ਨਹੀਂ ਰੁਕਦੇ।

ਗੀਤ- ਦਗੇਬਾਜ਼ ਦਿੱਲੀਏ-ਪਲਵਿੰਦਰ ਬਾਸੀ

ਪਿਆਰ ਨਾਲ ਭਾਵੇਂ ਕੋਈ ਮੰਗ ਲਵੇ ਜਾਨ ਸਾਡੀ ਧੱਕੇਸ਼ਾਹੀ ਸਾਨੂੰ ਮਨਜ਼ੂਰ ਨਾ ਹੱਕ ਖੋਹਣ ਦੇ ਲਈ ਸਾਨੂੰ ਕਰਨਾ ਪਵੇ ਜੇ ਕੂਚ ਸਾਡੇ ਲਈ ਫ਼ੇਰ ਦਿੱਲੀ ਬਹੁਤੀ ਦੂਰ ਨਾ ਦਾਤੀਆਂ ਤੇ ਕਹੀਆਂ ਵਾਲੇ ਕਿਰਤੀ ਤੂੰ ਦੇਖ ਅੱਜ ਵਿਹੜੇ ਤੇਰੇ ਪੱਟਦੇ ਖ਼ਰੂਦ ਨੀ ਦਗੇਬਾਜ਼ ਦਿੱਲੀਏ , ਹੰਕਾਰ ਵਿੱਚ ਅੰਨ੍ਹੀ ਹੋਈਏ ਮੇਟ ਲਈ ਨਾ ਆਪਣਾ ਵਜੂਦ ਨੀ ਭਾਰਤ ਦੇ ਨਕਸ਼ੇ ਚੋਂ ਸੂਬਾ ਤੂੰ ਪੰਜਾਬੀਆਂ ਦਾ ਕਰਨੇ ਨੂੰ ਫ਼ਿਰਦੀ ਡਲੀਟ ਨੀ ਇੱਕ ਵਾਰੀ ਜੇ ਤੂੰ ਇਤਿਹਾਸ ਪੜ੍ਹ ਲੈਂਦੀ ਇਹ ਗ਼ਲਤੀ ਨਾ ਕਰਦੀ ਰਪੀਟ ਨੀ ਹੁਣ ਤੱਕ ਜਿੰਨਾ ਵੀ ਤੂੰ ਥੱਕਾ ਕੀਤਾ ਸਾਡੇ ਨਾਲ ਮੋੜ ਦੇਣੀ ਭਾਜੀ ਸਣੇ ਸੂਦ ਨੀ ਦਗੇਬਾਜ਼ ਦਿੱਲੀਏ , ਹੰਕਾਰ ਵਿੱਚ ਅੰਨੀ ਹੋਈਏ ਮੇਟ ਲਈ ਨਾ ਆਪਣਾ ਵਜੂਦ ਨੀ ਐਵੇਂ ਫ਼ੌਜਾਂ ਤਾਕਤਾਂ ਦਾ ਕਰੀਂ ਨਾ ਗ਼ਰੂਰ ਨਾਲੇ ਵਹਿਮ ਚ ਨਾ ਰਹਿਜੀ ਕਿਸੇ ਗੱਲ ਦੇ ਜਿਗਰੇ ਦੇ ਨਾਲ ਸਦਾ ਜਿੱਤੀ ਜਾਂਦੀ ਜੰਗ ਬਿਨ੍ਹਾਂ ਹੌਂਸਲੇ ਨਾ ਅਸਲੇ ਵੀ ਚੱਲਦੇ ਤੀਲੀ ਨਾ ਤੂੰ ਲਾ, ਸੱਚੀ ਸਾਡੀਆਂ ਹਿੱਕਾਂ ਦੇ ਵਿੱਚ ਨੱਕੋ ਨੱਕ ਭਰਿਆ ਬਰੂਦ ਨੀ ਦਗੇਬਾਜ਼ ਦਿੱਲੀਏ, ਹੰਕਾਰ ਵਿੱਚ ਅੰਨੀ ਹੋਈਏ ਮੇਟ ਲਈ ਨਾ ਆਪਣਾ ਵਜੂਦ ਨੀ

ਨਵਾਂ ਇਤਿਹਾਸਿਕ ਮੋੜ-ਪਲਵਿੰਦਰ ਬਾਸੀ

ਇਹ ਕਿਰਤੀ ਮੁਸੀਬਤਾਂ ਤੋਂ ਕਿੱਥੇ ਘਬਰਾਉਂਦੇ ਨੇ ਬੰਜਰ ਜ਼ਮੀਨਾਂ ਚ ਵੀ ਫ਼ੁੱਲ ਉੱਗ ਆਉਂਦੇ ਨੇ ਜਦੋਂ ਪੈਲੀਆਂ ਚ ਮੁੜਕੇ ਨਿਚੋੜ ਦਿੱਤੇ ਜਾਂਦੇ ਨੇ ਇਤਿਹਾਸ ਨੂੰ ਐਦਾਂ ਹੀ ਨਵੇਂ ਮੋੜ ਦਿੱਤੇ ਜਾਂਦੇ ਨੇ ਜੋੜਨੇ ਵੀ ਆਉਂਦੇ ਹੱਥ, ਵੱਢਣੇ ਵੀ ਆਉਂਦੇ ਨੇ ਸਾਨੂੰ ਕਿੱਲੇ ਧੌਣਾਂ ਵਿੱਚੋਂ ਕੱਢਣੇ ਵੀ ਆਉਂਦੇ ਨੇ ਝੁੱਕਦੇ ਨੀ ਜਿਹੜੇ ਉਹ ਤੋੜ ਦਿੱਤੇ ਜਾਂਦੇ ਨੇ ਇਤਿਹਾਸ ਨੂੰ ਐਦਾਂ ਹੀ ਨਵੇਂ ਮੋੜ ਦਿੱਤੇ ਜਾਂਦੇ ਨੇ ਹਾਕਮ ਹੰਕਾਰੀ ਹੋਕੇ ਗੱਲ ਜੇ ਨਾ ਗੌਲਣ ਇੱਕ ਜੁੱਟ ਹੋਕੇ ਪੈਂਦੇ ਕਰਨੇ ਅੰਦੋਲਨ ਮੋਢੇ ਨਾਲ ਮੋਢੇ ਫ਼ਿਰ ਜੋੜ ਦਿੱਤੇ ਜਾਂਦੇ ਨੇ ਇਤਿਹਾਸ ਨੂੰ ਐਦਾਂ ਹੀ ਨਵੇਂ ਮੋੜ ਦਿੱਤੇ ਜਾਂਦੇ ਨੇ ਅਣਖੀ ਜੇ ਹੋਣ ਆਗੂ ਉੱਚੇ ਕਿਰਦਾਰ ਦੇ ਫ਼ਜ਼ੂਲ ਚਰਚਾ ਨੀ ਕਰਦੇ ਓਹ ਨਾਲ ਸਰਕਾਰ ਦੇ ਕਰੋ ਯੈੱਸ ਜਾਂ ਫ਼ਿਰ ਨੋ ਹੱਥ ਜੋੜ ਦਿੱਤੇ ਜਾਂਦੇ ਨੇ ਇਤਿਹਾਸ ਨੂੰ ਐਦਾਂ ਹੀ ਨਵੇਂ ਮੋੜ ਦਿੱਤੇ ਜਾਂਦੇ ਨੇ

ਰੋਹ ਦੀ ਲੋਹੜੀ-ਰਣਜੀਤ ਗੌਰਵ

ਰੋਹ ਦੀ ਲੋਹੜੀ ਬਾਲਾਂਗੇ, ਲੱਕੜਾਂ ਦੇ ਮੱਚਦੇ ਭਾਬੜ 'ਚੋਂ ਚਾਨਣ ਦੇ ਬੀਜ ਨੂੰ ਭਾਲਾਂਗੇ। ਇਸ ਸਮੇਂ ਮਹਿੰਗਾਈ ਮਰਜਾਣੀ ਨੂੰ, ਤੇ ਕਣਕਾਂ ਦੀ ਉਲਝੀ ਤਾਣੀ ਨੂੰ, ਖੇਤਾਂ ਤੇ ਪੈਂਦੇ ਪੰਜੇ ਨੂੰ, ਬੇਰੁਜ਼ਗਾਰੀ ਦੇ ਚੱਲਦੇ ਰੰਦੇ ਨੂੰ , ਪਾਥੀਆਂ ਲਾ ਜਲਾਵਾਂਗੇ, ਤੇ ਰੋਹ ਦੀ ਲੋਹੜੀ ਬਾਲਾਂਗੇ, ਸਭ ਦੁੱਖਾਂ ਤੇ ਦਰਦਾਂ ਨੂੰ, ਕਾਗਜ਼ਾਂ ਦੇ ਸੰਗ ਬਾਲ ਦਿਆਂਗੇ। ਠੰਢ ਚ ਠੁਰ ਠੁਰ ਕਰਦਿਆਂ ਦੇ ਸਭ ਦਲਿੱਦਰ ਜਾਲ ਦਿਆਂਗੇ, ਮਨ ਜੋ ਰਹਿੰਦਾ ਉਦਾਸ ਦੋਸਤੋ, ਸਮਝਦਾਰੀ ਨਾਲ ਸੰਭਾਲਾਂਗੇ , ਤੇ ਰੋਹ ਦੀ ਲੋਹੜੀ ਬਾਲਾਂਗੇ। ਘਰ ਦੀ ਕੋਈ ਵੀ ਚੀਜ਼ ਦੋਸਤੋ ਸਾਈਕਲ ਤੱਕ ਵਿਕਣ ਨਹੀਂ ਦੇਣਾ, ਮਨ ਦੇ ਵੇਗ ਚ ਆ ਕੇ ਦੋਸਤੋ ਰੋਟੀਵਾਲਾ ਟਿਫਨ ਨਹੀਂ ਦੇਣਾ , ਜਿਸ ਰੁੱਖ ਤੇ ਲੱਗੇ ਸੁੱਖ ਦੇ ਸੇਬ ਉਸ ਰੁੱਖ ਨੂੰ ਹੁਣ ਹਿਲਾਵਾਂਗੇ, ਰੋਹ ਦੀ ਲੋਹੜੀ ਬਾਲਾਂਗੇ। ਸਾਰਾ ਮਹੱਲਾ ਕੱਠੇ ਹੋ ਕੇ ਇਸ ਬਲਦੀ ਲੋਹੜੀ ਨੂੰ ਸੇਕਾਂਗੇ। ਇਸ ਲੋਹੜੀ ਵਿਚ ਜਗਦੇ ਚਾਨਣ ਨੂੰ ਰਾਜੇ ਦੇ ਕੋਲ ਭੇਜਾਂਗੇ। ਮਿਹਨਤੀਏ ਸਭ ਕੱਠੇ ਹੋ ਕੇ ਰਾਜੇ ਨੂੰ ਝੁਕਾਵਾਂਗੇ, ਰੋਹ ਦੀ ਲੋਹੜੀ ਬਾਲਾਂਗੇ।

ਕਾਲੇ ਤੇਰੇ ਕਾਰੇ ਨੀ-ਨਗਿੰਦਰ ਸਿੰਘ ਬਾਂਸਲ

ਅੜੀਆਂ ਛੱਡ ਕੇ ਸਿੱਧੇ ਰਾਹ ‘ਤੇ, ਆ ਜਾ ਤੂੰ ਸਰਕਾਰੇ ਨੀ, ਪਰਖ ਨਾ ਸਬਰ ਅਸਾਡੇ ਨੂੰ ਤੂੰ , ਲਾ ਲਾਰੇ ‘ਤੇ ਲਾਰੇ ਨੀ । ਪੂੰਜੀਪਤੀਆਂ ਨਾਲ ਤੂੰ ਮਿਲ ਕੇ, ਤੋੜ ਨਾ ਲੱਕ ਕਿਸਾਨੀ ਦਾ, ਮਹਿਲ ਤੇਰੇ ਵੀ ਢਾਹ ਦੇਵਾਂਗੇ,ਢਾਏ ਜੇ ਸਾਡੇ ਢਾਰੇ ਨੀ । ਲੋਕਾਂ ਨੇ ਤੈਨੂੰ ਹਾਕਮ ਚੁਣਿਆ, ਲੋਕਾਂ ਦੇ ਤੂੰ ਹੋਈਂ ਖਿਲਾਫ਼ , ਲੋਕਾਂ ਨੇ ਹੀ ਤਖਤੋਂ ਲਾਹੁਣਾ, ਸੋਚ ਲੈ ਤੂੰ ਇਸ ਬਾਰੇ ਨੀ । ਅੰਨਦਾਤਾ ਅੰਨ ਪੈਦਾ ਕਰਦਾ,ਸੱਪਾਂ ਦੇ ਸਿਰ ਮਿੱਧ ਕੇ ਨੀ, ਅੰਨਦਾਤੇ ਨੂੰ ਲੁੱਟਣ ਵਾਲੇ, ਫੇਂਹ ਦਾਂ ‘ਗੇ ਸਿਰ ਸਾਰੇ ਨੀ। ਹੱਕ ਕਿਵੇਂ ਲੈਣੇ ਇਹ ਜਜ਼ਬਾ, ਮਿਲਿਆ ਸਾਨੂੰ ਵਿਰਸੇ ‘ਚੋਂ, ਹੱਕਾਂ ਖਾਤਰ ਅਸੀਂ ਤਾਂ ਹੱਸ ਕੇ, ਲੱਖਾਂ ਹੀ ਸਿਰ ਵਾਰੇ ਨੀ। ਆਪਣੇ ਮਨ ਦੀ ਕਹਿੰਦਾ ਫਿਰਦੈਂ, ਲੋਕਾਂ ਦੀ ਵੀ ਸੁਣ ਲੈ ਤੂੰ , ਯਾਰਾਂ ਖਾਤਰ ਲੋਕ ਹਿੱਤ ਤੂੰ, ਦਾਅ ‘ਤੇ ਲਾ ‘ਤੇ ਸਾਰੇ ਨੀ। ਸੱਤ ਸਮੁੰਦਰ ਪਾਰੋਂ ਵੀ ਹੁਣ,ਹਾਅ ਦਾ ਨਾਅਰਾ ਵੱਜ ਰਿਹੈ, ਤੇਰੇ ਕੰਨੀਂ ਜੂੰ ਨਹੀਂ ਸਰਕੀ, ਲੱਗਦੇ ਸੁਣ ਕੇ ਨਾਅਰੇ ਨੀ। ਜਿਨ੍ਹਾਂ ਨੂੰ ਤੂੰ ਸੜਕਾਂ ਉੱਤੇ, ਬਹਿਣ ਲਈ ਮਜ਼ਬੂਰ ਹੈ ਕੀਤਾ, ਦਿੱਲੀ ਵਿਚੋਂ ਕੱਢਕੇ ਤੈਨੂੰ, ਦਿਨੇ ਦਿਖਾਉਣਗੇ ਤਾਰੇ ਨੀ। ਗਣਤੰਤਰ ‘ਤੇ ਕੀ ਆਖੇਂਗੀ, ਆਪਣੇ ਦੇਸ਼ ਦੇ ਲੋਕਾਂ ਨੂੰ, ਹੱਕਾਂ ਦੀ ਗੱਲ ਕੀ ਕਰੇਂਗੀ, ਜਿੱਥੇ ਤੂੰ ਹੱਕ ਮਾਰੇ ਨੀ। ਤੂੰ ਕੀ ਜਾਣੇ ਜਜ਼ਬਾ ਸਾਡਾ, ਅਸੀਂ ਹਾਂ ਵਾਰਿਸ ਉਨ੍ਹਾਂ ਦੇ, ਜੁਲਮ ਮਿਟਾਵਣ ਖਾਤਰ ਜਿਨ੍ਹਾਂ, ਦਿੱਲੀ ਵਿੱਚ ਸਿਰ ਵਾਰੇ ਨੀ। ਜੰਗ ਇਹ ਸਿਰਫ ਕਿਸਾਨੀ ਦੀ ਨਹੀਂ, ਜੰਗ ਹੈ ਆਮ ਲੋਕਾਈ ਦੀ, ਕਾਲੇ ਖੇਤੀ ਕਾਨੂੰਨਾਂ ਦੇ ਨਾਲ, ਲੁੱਟੇ ਜਾਣਗੇ ਸਾਰੇ ਨੀ। ਅਜੇ ਵੀ ਵੇਲਾ, ਮੁੜ ਆ ਦਿੱਲੀਏ, ਮਾਰ ਲਕੀਰ ਕਨੂੰਨਾਂ ‘ਤੇ, ਮੱਥੇ ਤੇਰੇ ਕਲੰਕ ਲਾ ਰਹੇ, ਕਾਲੇ ਤੇਰੇ ਕਾਰੇ ਨੀ। ਸ਼ਾਹਕੋਟ, ਜਿਲ੍ਹਾ. ਜਲੰਧਰ

ਬੇਦਾਵਾ ਨਹੀਂ ਲਿਖਿਆ ਅਸੀਂ-ਬਲਜੀਤ ਸਿੰਘ ਵਿਰਕ (ਡਾ.)

ਅਸੀਂ ਤੇਰੇ ਪੁੱਤਾਂ ਨੇ ਬੇਦਾਵਾ ਨਹੀਂ ਦਿੱਤਾ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹਾਂ ਉੱਗ ਪਏ ਹਾਂ ਖੇਤਾਂ 'ਚੋਂ ਜਿਨ੍ਹਾਂ ਨੂੰ ਖੋਹਣ ਨੂੰ ਫਿਰਦਾ ਸੀ ਹਾਕਮ ਮਾਈ ਭਾਗੋ ਨੂੰ ਵੰਗਾਰਨ ਦੀ ਲੋੜ ਨਹੀਂ ਪਈ ਉਹ ਸਾਡੇ ਨਾਲ ਖੜ੍ਹੀ ਹੈ ਪਹਿਲੇ ਦਿਨੋਂ ਜਿਸ ਦਿਨ ਦਾ ਕੜਾ ਪਾਇਆ ਅਸੀਂ ਤੱਕਿਆ ਨਹੀਂ ਮੁੜ ਚੂੜੀਆਂ ਵੱਲ ਕਦੇ। ਦਾਦੀ ਦੀ ਉਂਗਲ ਲੱਗਿਆ ਪੋਤਾ ਠੰਡੇ ਬੁਰਜ ਚ ਨਿੱਘਾ ਹੈ ਸੂਬੇ ਦੀ ਕਚਿਹਰੀ ਫਿਰ ਉਹੀ ਫ਼ਰਮਾਨ ਦੇ ਰਹੀ ਹੈ ਥਾਂ ਬਦਲਿਆ ਹੈ। ਸਰਸਾ ਦੇ ਰੋੜ੍ਹ ਚੋਂ ਚਮਕੌਰ ਦਾ ਯੁੱਧ ਲਾਜ਼ਮੀ ਹੈ। ਅਸੀਂ ਤਾੜੀ ਦੀ ਗੂੰਜ ਚ ਪੜ੍ਹ ਰਹੇ ਹਾਂ ਜੀਵਤ ਕਈ ਹਜ਼ਾਰ ਦਾ ਸਦੀਵੀ ਸਬਕ ਵਾਲਾ ਅਧਿਆਇ ਵਰਕਾ ਪਾੜਨ ਦੀ ਨੌਬਤ ਨਹੀਂ ਆਉਣੀ ਇਸ ਵਾਰ ਅਸੀਂ ਖਿਦਰਾਨੇ ਦੀ ਢਾਬ ਚੋਂ ਸਿੰਘੂ , ਟੀਕਰੀ ਗ਼ਾਜ਼ੀਪੁਰ, ਚਿੱਲਾ ਪਲਵਲ ਜਾ ਮੱਲਿਆ ਹੈ। ਦਿੱਲੀ ਜੋ ਸਦਾ ਸਾਡੇ ਤੇ ਚੜ੍ਹ ਕੇ ਆਉਂਦੀ ਸੀ ਭਿੱਜੀ ਬਿੱਲੀ ਬਣ ਦੁਬਕੀ ਬੈਠੀ ਹੈ। ਅਸੀਂ ਦਿੱਲੀ ਨੂੰ ਚੜ੍ਹ ਨਿਕਲੇ ਹਾਂ। ਗੁਰੂ ਹਾਜ਼ਰ ਨਾਜ਼ਰ ਹੈ ਤਾਂ ਹੀ ਏਥੇ ਸਾਰੇ ਹੀ ਧਰਮੀ ਧਰਮ ਸਿੰਘ ਨੇ ਸੀਸ ਮੰਗਣ ਦੀ ਲੋੜ ਨਹੀਂ ਪਈ ਪੀਰ ਬੁੱਧੂ ਸ਼ਾਹ ਪੁੱਤਾਂ ਨਾਲ ਖਲੋਤਾ ਮੋਤੀ ਮਹਿਰੇ ਨੂੰ ਗਲ ਨਾਲ ਲਾ ਰਿਹਾ ਹੈ। ਅਸੀਂ ਸੜਕਾਂ ਦੇ ਕੰਢਿਆਂ ਤੇ ਬੀਜ ਦਿੱਤੀ ਹੈ ਪਨੀਰੀ ਫ਼ਸਲ ਬਣੇਗੀ ਵਕਤ ਨਾਲ। ਲਿਖ ਰਹੇ ਹਾਂ ਫ਼ਤਹਿਨਾਮਾ ਮੈਦਾਨ ਚੋ ਔਰੰਗੇ ਨੂੰ ਨਿਰਸ਼ਬਦਾ ਸਮੇਂ ਦੀ ਹਿੱਕ ਤੇ। ਅਨੰਦਪੁਰ ਬਹੁਤ ਵਿਸ਼ਾਲ ਹੋ ਗਿਆ ਹੈ ਘੋੜੇ ਖਹਿ ਰਹੇ ਨੇ ਮਾਈ ਭਾਗੋ ਦੇ ਪੈਰਾਂ ਦੇ ਨਿਸ਼ਾਨ ਨਾਲ ਭਾਈ ਨੰਦ ਲਾਲ ਗੋਯਾ ਲਿਖ ਰਿਹਾ ਹੈ ਮੋਰਚੇ 'ਚ ਸ਼ਹੀਦ ਹੋਣ ਵਾਲਿਆਂ ਦੀ ਗਾਥਾ ਅਸੀਂ ਤੇਰੇ ਪੁੱਤਰਾਂ ਬੇਦਾਵਾ ਨਹੀਂ ਲਿਖਿਆ ਅਸੀਂ। ਉੱਗ ਪਏ ਹਾਂ ਖੇਤਾਂ ਚੋਂ ਤੇਰੇ ਸੁਲੱਗ ਪੁੱਤਰ ਬਣ ਕੇ।

ਅਜੇ ਤਾਂ ਤੂੰ ਦਿੱਲੀਏ-ਵਰਿੰਦਰ ਸਿੰਘ ਔਲਖ

ਵੇਖੇ ਹੋਣੇ ਤੁਪਕੇ ਤਲਾਬ ਕਿੱਥੇ ਵੇਖਿਆ। ਅਜੇ ਤਾਂ ਤੂੰ ਦਿਲੀਏ ਪੰਜਾਬ ਕਿੱਥੇ ਵੇਖਿਆ ?। ਤੇਰੀਆਂ ਸੰਗੀਨਾਂ ਜੋ ਜ਼ਮੀਨਾਂ ਸਾਹਵੇਂ ਆਈਆਂ ਨੇ। ਲੱਗਦਾ ਹਸੀਨਾ ਜਿਉਂ ਸ਼ੌਕੀਨਾਂ ਸਾਹਵੇਂ ਆਈਆਂ ਨੇ। ਕੀਤੇ ਨੇ ਸਵਾਲ ਤੂੰ ਜਵਾਬ ਕਿੱਥੇ ਵੇਖਿਆ? ਅਜੇ ਤਾਂ ਤੂੰ ਦਿੱਲੀਏ ਪੰਜਾਬ ਕਿੱਥੇ ਵੇਖਿਆ? ਲੱਗਦਾ ਸੀ ਤੈਨੂੰ ਇਹ ਤਾਂ ਹੈ ਨਹੀਂ ਏਨੀ ਜੋਗਰੇ। ਪਹਿਲਾਂ ਤਾਂ ਤੂੰ ਵੇਖੇ ਸੀ ਧਿਆਨ ਸਿੰਘ ਡੋਗਰੇ। ਜੱਸਾ ਸਿੰਘ ਸਾਡਾ ਤੂੰ ਨਵਾਬ ਕਿੱਥੇ ਵੇਖਿਆ? ਅਜੇ ਤਾਂ ਤੂੰ ਦਿਲੀਏ ਪੰਜਾਬ ਕਿੱਥੇ ਵੇਖਿਆ? ਤਵੀ ਕਦੇ ਤਖ਼ਤਾਂ ਤੇ ਬਹਿਣਾ ਸਾਨੂੰ ਆਉਂਦਾ ਏ। ਬਾਬਰਾਂ ਨੂੰ ਜਾਬਰ ਵੀ ਕਹਿਣਾ ਸਾਨੂੰ ਆਉਂਦਾ ਏ। ਵੇਖੀ ਏ ਰਬਾਬ ਸਾਡਾ ਤਾਬ ਕਿੱਥੇ ਵੇਖਿਆ? ਅਜੇ ਤਾਂ ਤੂੰ ਦਿੱਲੀਏ ਪੰਜਾਬ ਕਿਥੇ ਵੇਖਿਐ। ਨਸ਼ਿਆਂ ਜਾਂ ਰੱਸਿਆਂ ਦੀ ਸੁਣੀਂ ਏ ਕਹਾਣੀ ਤੂੰ। ਅਜੇ ਤੱਕ ਵੇਖਿਆ ਏ ਅੱਖ ਵਾਲਾ ਪਾਣੀ ਤੂੰ। ਅੱਖਾਂ ਦੇ ਖਵਾਬ 'ਚ ਤੇਜ਼ਾਬ ਕਿੱਥੇ ਵੇਖਿਆ? ਅਜੇ ਤਾਂ ਤੂੰ ਦਿੱਲੀਏ ਪੰਜਾਬ ਕਿੱਥੇ ਵੇਖਿਆ?

ਧਰਤੀ ਉੱਤੇ-ਮਲਕੀਅਤ ਸਿੰਘ ਸੁਹਲ

ਫ਼ਸਲਾਂ ਦੀ ਥਾਂ ਖੇਤਾਂ ਅੰਦਰ ਜ਼ਹਿਰ ਉਗਾਇਆ ਜਾਂਦਾ ਹੈ, 'ਆਪਿ ਬੀਜਿ ਆਪੇ ਹੀ ਖਾਹੁ' ਸ਼ਬਦ ਸੁਣਾਇਆ ਜਾਂਦਾ ਹੈ। ਦੋਸ਼ ਕਿਸੇ ਨੂੰ ਕਿਵੇਂ ਦਿਆਂਗੇ ਆਪੇ ਹੀ ਸਭ ਦੋਸ਼ੀ ਹਾਂ, ਜੀਵਨ ਦੀ ਪ੍ਰਵਾਹ ਨਾ ਕੋਈ ਘਰ ਲੁਟਾਇਆ ਜਾਂਦਾ ਹੈ। ਝਾੜ ਵਧਾਕੇ ਰੁਤਬਾ ਪਾਉਣਾ ਸੋਚ ਕੋਈ ਤਾਂ ਚੰਗੀ ਨਹੀਂ, ਵੱਧ ਸਪਰੇਅ ਤੇ ਖਾਦ ਦੀ ਵਰਤੋਂ ਜ਼ੋਰ ਲਗਾਇਆ ਜਾਂਦਾ ਹੈ। ਅੰਨ ਹੈ ਸਾਡੇ ਬੱਚਿਆਂ ਖਾਣਾ ਬੌਣੇ ਜਿਹੇ ਰਹਿ ਜਾਵਣ ਨਾ, ਵਾਤਾਵਰਨ ਗਵਾ ਕੇ ਹੱਥੋਂ ਫਿਰ ਪਛਤਾਇਆ ਜਾਂਦਾ ਹੈ। 'ਸੁਹਲ' ਪੁੱਛੋ ਅੰਨਦਾਤੇ ਨੂੰ ਉਹ ਖ਼ੁਦਕਸ਼ੀਆਂ ਕਿਉਂ ਕਰਦਾ ਹੈ, ਕਰਜ਼ੇ ਹੇਠਾਂ ਦੱਬੇ ਹੋਏ ਨੂੰ ਹੋਰ ਦਬਾਇਆ ਜਾਂਦਾ ਹੈ।

ਰੱਬ ਦੇ ਦੂਤ-ਅਮੀਆ ਕੁੰਵਰ

ਖ਼ਬਰੇ ਕਿਹੜੀ ਮਿੱਟੀ ਦੇ ਬਣੇ ਇਹ ਲੋਕ ਨਾ ਬਾਰਿਸ਼ਾਂ ਨਾਲ ਸਿੱਲ੍ਹਦੇ ਨਾ ਪੌਣਾਂ ਨਾਲ ਠਿੱਲਦੇ ਨਾ ਧੁੱਪਾਂ ਨਾਲ ਛਿੱਲਦੇ ਨਾ ਝੱਖੜਾਂ ਨਾਲ ਹਿੱਲਦੇ ਹਰ ਔਕੜ , ਮੁਸ਼ਕਲ ਨੂੰ ਹੱਸ ਕੇ ਮਿਲਦੇ ਹੱਸਦੇ-ਵੱਸਦੇ ਘਰਾਂ ਨੂੰ ਛੱਡ ਟੱਪਰੀਵਾਸੀ ਹੋਏ ਵਿਸ਼ਾਲ ਅਰਸ਼ੀ , ਫ਼ਰਸ਼ੀ ਉੱਦਾਤ ਘਰ ਹੁਣ ਠਹੁਰ-ਠਿਕਾਣਾ ਇਹਨਾਂ ਦਾ ਬਸ ਚਹੁੰ ਕੰਧਾਂ ਹੀ ਤਾਂ ਨਹੀਂ ਨੇ। ਬੂਹੇ-ਬਾਰੀਆਂ ਵੀ ਨਹੀਂ ਨੇ ਖ਼ੁਸ਼ ਨੇ ਇਹ ਸੋਚ ਕੇ ਸੱਜਰੀ ਹਵਾ ਲਈ ਬਾਰੀ ਖੋਲ੍ਹਣ ਮੀਂਹ-ਕਣੀ ਤੋਂ ਬਚਣ ਲਈ ਬਾਰੀ ਭੇੜਨ ਦੀ ਜ਼ਹਿਮਤ ਨਹੀਂ। ਘਰ ਹੋਈਏ ਤਾਂ ਬੂਹਿਆਂ ਦੇ ਅੰਦਰੋਂ ਕੁੰਡੇ ਲਾਉਣ ਬਾਹਰ ਹੋਈਏ ਤਾਂ ਬਾਹਰੋਂ ਜੰਦਰੇ ਲਾਉਣ ਦੀ ਖੇਚਲ ਹੀ ਨਹੀਂ ਨਾ ਹੁਣ ਚੋਰੀ ਦਾ ਤੌਖ਼ਲਾ ਨਾ ਲੁੱਟੇ ਜਾਣ ਦਾ ਖੌਫ਼। ਹੱਥਾਂ ਆਪਣਿਆਂ ਦੀ ਢੋਅ ਬਣਾਈ ਨਿਤਨੇਮ ਕਰਦੇ ਰੱਬ ਨਾਲ ਗੋਸ਼ਟਿ ਕਰਦੇ ਲਘੂ ਮਾਨਵ ਤੋਂ ਮਹਾਂ-ਮਾਨਵ ‘ਚ ਕਦ ਤਬਦੀਲ ਹੋਏ ਉਹ ਖ਼ੁਦ ਇਸ ਕਾਸੇ ਤੋਂ ਅਨਜਾਣ ਹਨ। ਮੁੱਕਦੀ ਗੱਲ ਤਾਂ ਇਹ ਹੈ ਹੁਣ ਹਰ ਜਾਗਦੀ ਜ਼ਮੀਰ ਵਾਲੇ ਦੇ ਆਦਰਸ਼ ਨਾਇਕ ਹਨ ਸੁਣਿਐ, ਉਹਨਾਂ ਦੇ ਸਿਦਕ,ਸਿਰੜ ਨੂੰ ਦੇਖ ਰੱਬ ਵੀ ਹੈਰਾਨ ਹੈ ... ...

ਹਿੰਦੁਸਤਾਨ ਦਾ ਹਿੰਦੁਸਤਾਨ-ਚੰਦਰ ਪ੍ਰਕਾਸ਼

ਕੜਕਦੀ ਠੰਢ ’ਚ ਅਸਮਾਨੀ ਛੱਤ ਥੱਲੇ ਠਿਠੁਰ ਰਿਹਾ ਹੈ ਜੋ ਉਸ ਨੂੰ ਦਿਹਾੜੀਆ, ਕਿਰਤੀ, ਕਿਸਾਨ ਕਹਿੰਦੇ ਨੇ ਨਿਉਂ ਜੜ ਹੈ ਦੇਸ਼ ਦੀ ਹਿੰਦੁਸਤਾਨ ਦਾ ਨਿਰਮਾਣ ਕਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਛੱਡਿਆ ਘਰ ਬਾਰ ਨਾਲ ਮੋਹ ਤੁਰ ਰਹੇ ਨੇ ਹਜ਼ਾਰਾਂ ਕੋਹ ਲਾਏ ਪੱਕੇ ਡੇਰੇ ਲਈ ਸੱਤਾ ਦੀ ਚੈਨ ਖੋਹ ਵਿੱਚ ਜਮਾਵੜੇ ਕਿਰਤੀਆਂ ਦੇ ਮੁਹੱਬਤ ਦਰਿਆ ਵਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਮਨ ਵਿਚ ਜੋਸ਼, ਸੋਚ ਵਿਚ ਹੋਸ਼ ਵਾਰ ਜਾਨਾ ਮਾਣ ਮੱਤੇ ਕਰ ਰਹੇ ਨੇ ਰੋਸ਼ ਫੜ ਹੱਥ ’ਚ ਸੰਵਿਧਾਨ ਬਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਰੱਖੀ ਹੈ ਜ਼ਬਰ ਦੇ ਖ਼ਿਲਾਫ਼ ਜੰਗ ਜਾਰੀ ਅੱਜ ਹੋਰ ਧਰਤੀ ਪੁੱਤ ਨੇ ਹੈ ਜਾਨ ਵਾਰੀ ਸਿਸਕੀਆਂ ਤਿਰੰਗੇ ਦੀਆਂ ਹੰਝੂ ਧਰਤੀ ਮਾਂ ਦੇ ਵਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਕੰਮ ਹੈ ਜ਼ੁਲਮ ਨਾਲ ਜੱਫਾ ਪਾਉਣਾ ਨਾ ਦੰਗਾ ਕਰਨਾ ਨਾ ਲਹੂ ਵਹਾਉਣਾ ਨਾ ਹੰਝੂ ਵਹਾਉਣਾ ਨਾ ਗਿਰਾਉਣਾ ਯੋਧੇ ਧਰਤੀ ਮਾਂ ਦੇ ਸਦਾ ਚੜਦੀ ਕਲਾ ’ਚ ਰਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਚਮਕ ਤੇਰੀਆਂ ਅੱਖਾਂ ’ਚ ਖਾਸ ਹੈ ਬੱਸ ਹੁਣ ਤੇਰੇ ਤੋਂ ਹੀ ਆਸ ਹੈ ਜਿੱਤੇ ਤਾਂ ਆਜ਼ਾਦੀ ਹਾਰ ਗੁਲਾਮੀ ਇਹ ਹਿੰਦੁਸਤਾਨੀਆਂ ਦੇ ਬਿਆਨ ਕਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਲਈ ਅਜ਼ਾਦੀ ਤਬਾਹ ਕਰਵਾਏ ਘਰ ਬਾਰ ਹੌਂਸਲਾ ਨਾ ਹਾਰਿਆ ਚੜੇ ਫ਼ਾਂਸੀ ਵਾਰ ਵਾਰ ਕੁਰਬਾਨੀਆਂ ਦੇ ਵਾਰਿਸ ਹੁਣ ਪ੍ਰੇਸ਼ਾਨ ਰਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਜਿਨਾਂ ਮਾਰੇ ਆਜ਼ਾਦੀਏ ਘੁਲਾਟੀਏ ਬੱਟ ਜਿਨਾਂ ਫਿਰੰਗੀਆਂ ਦੇ ਤਲਬੇ ਲਏ ਚੱਟ ਉਹ ਕਿਸਾਨ ਨੂੰ ਪਾਕਿਸਤਾਨ ਕਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਜਿਨਾਂ ਫਿਰੰਗੀਆਂ ਨਾਲ ਸੀ ਸਾਂਝ ਪਾਈ ਕੀਤੀਆਂ ਗਦਾਰੀਆ ਪਦਵੀ ਦਿਵਾਨੀ ਕਮਾਈ ਮੰਗਦੇ ਨੇ ਸਬੂਤ ਉਹੀ ਮੂਲ ਜਾਇਆ ਨੂੰ ਮਹਿਮਾਨ ਕਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ਕੁੱਝ ਸੋਚ ਕਰ ਤੂੰ ਬਦਲ ਰਵੱਈਆ ਤਰਸ ਕਰ ਕੁੱਝ ਹੋਸ਼ ਕਰ ਤੂੰ ਤੋਰ ’ਚ ਹੰਕਾਰ ਹੈ ਸੱਤਾ ਦਾ ਖ਼ੁਮਾਰ ਹੈ ਸਲੀਕਾ ਗੁਫ਼ਤਗੂ ਤੇਰੇ ਨੂੰ ਗੁਮਾਨ ਕਹਿੰਦੇ ਨੇ ਦੇਸ਼ ਵਾਸੀ ਹਿੰਦੁਸਤਾਨ ਦਾ ਹਿੰਦੁਸਤਾਨ ਕਹਿੰਦੇ ਨੇ… ******* ਇਹ ਕਵਿਤਾ ਉਨਾਂ ਜੁਝਾਰੂਆਂ ਨੂੰ ਸਮੱਰਪਿਤ ਹੈ ਜੋ ਭਾਰਤ ਦੇ ਸੰਵਿਧਾਨ ਵਿਚ ਅਟੁੱਟ ਵਿਸ਼ਵਾਸ ਰੱਖਦੇ ਹੋਏ ਅਤੇ ਸਾਰੇ ਭਾਰਤ ਵਿਰੋਧੀ ਅਤੇ ਗੈਰ ਸਮਾਜੀ ਤੱਤਾਂ ਨੂੰ ਹਰਾਉਂਦੇ ਹੋਏ ਆਪਣੇ ਹੱਕਾਂ ਦੀ ਪੂਰਤੀ ਲਈ ਦਿੱਲੀ ਦੀ ਸਰਹੱਦ ਵਿਖੇ ਜਾਨਲੇਵਾ ਮੌਸਮ ਨਾਲ ਲੜਦੇ ਹੋਏ ਆਪਣੇ ਸੰਘਰਸ਼ ਨੂੰ ਚੱਲਦਾ ਰੱਖ ਰਹੇ ਹਨ ਅਤੇ ਹਰ ਰੋਜ਼ ਉਸ ਨੂੰ ਕਾਨੂੰਨ ਦੀ ਮਰਿਆਦਾ ਵਿਚ ਰਹਿ ਕੇ ਹੋਰ ਤਿੱਖਾ ਕਰ ਰਹੇ ਹਨ। ਉਨਾਂ ਸਾਰੀਆਂ ਰੂਹਾਂ ਨੂੰ ਕੋਟਨਿ ਕੋਟਿ ਪ੍ਰਣਾਮ ਜੈ ਹਿੰਦ, ਜੈ ਭਾਰਤ, ਭਾਰਤ ਮਾਤਾ ਦੀ ਜੈ ਜੈ ਸੰਵਿਧਾਨ ਜੈ ਜਵਾਨ ਜੈ ਕਿਸਾਨ ਚੰਦਰ ਪ੍ਰਕਾਸ਼ ਐਡਵੋਕੇਟ ਅਤੇ ਸਾਬਕਾ ਸੂਚਨਾ ਕਮਿਸ਼ਨਰ ਪੰਜਾਬ-ਬਠਿੰਡਾ

ਬੋਹੜ ਵਾਲਿਆਂ ਦਾ ਸਾਧਾ-ਗੁਰਮੀਤ ਕੜਿਆਲਵੀ

ਬੋਹੜ ਵਾਲਿਆਂ ਦਾ ਸਾਧਾ ਲੋੜੋਂ ਵੱਧ ਪੜ੍ਹ ਗਿਆ ਹੈ। ਅਨਪੜ੍ਹ ਮਾਂ ਉਸਨੂੰ ਪਿਆਰ ਨਾਲ "ਸਾਡਾ ਪਾੜ੍ਹਾ" ਆਖਦੀ ਹੈ। ਮਾਂ ਦਾ "ਸਾਡਾ ਪਾੜ੍ਹਾ" ਸੱਤਵੀਂ ਤੋਂ ਅੱਗੇ ਵੀ ਪੜ੍ਹਦਾ ਪਰ ਜੇ ਉਸਦਾ ਕੁੱਤਾ ਨਾ ਅੜਦਾ । ਮਾਸਟਰ ਨੇ ਬੋਰਡ 'ਤੇ ਚਾਕ ਘਸਾਉਂਦਿਆ "ਮੰਨ ਲਓ ਮੂਲਧਨ ਸੌ" ਆਖਿਆ ਸਾਧਾ ਆਕੜ ਗਿਆ, "ਐਂ ਕਿਮੇ ਮੰਨ ਲਈਏ ?" ਮਾਸਟਰ ਨੂੰ ਗੁੱਸਾ ਆਇਆ, "ਮੰਨਣ 'ਚ ਕੀ ਹਰਜ਼ ਐ?" ਸਾਧਾ ਨੀ ਮੰਨਿਆ "ਮਾਸਟਰ ਜੀ ਕੱਲ੍ਹ ਨੂੰ ਆਖ ਦਿਉਂਗੇ ਮੰਨ ਲਓ ਰੁਲਦੂ ਤੇਰਾ ਬਾਪ ਐ; ਇਹ ਤਾਂ ਜਮਾਂ ਪਾਪ ਐ।" ਸਾਧੇ ਨੇ ਭੂਗੋਲ ਵਾਲੇ ਟੀਚਰ ਨਾਲ ਵੀ ਕੁੱਤਾ ਫਸਾ ਲਿਆ "ਮਾਸਟਰ ਜੀ ਜਮਾਂ ਝੂਠ ਮਾਰਦੇ ਓ ਧਰਤੀ ਘੁੰਮਦੀ ਨਹੀ ਇਕ ਥਾਂ ਖੜੀ ਐ ਘੁੰਮਣ ਵਾਲੀ ਗੱਲ ਤਾਂ ਤੂੰ ਮੈਂ ਘੜੀ ਐ ਘੁੰਮਦੀ ਐ ਤਾਂ ਦਿਖਾਓ" ਸਾਧੇ ਦਾ ਬਾਪ ਉਸਤੋਂ ਵੀ ਸਲੱਗ "ਮਾਸਟਰਾ! ਗੱਲ ਤਾਂ ਮੁੰਡੇ ਦੀ ਠੀਕ ਐ ਘੁੰਮਦੀ ਐ ਤਾਂ ਭਾਈ ਘੁੰਮਦਿਆਂ ਵਿਖਾ ਦੇ।" ਪਾਣੀਪਤ ਦੀ ਤੀਜੀ ਲੜਾਈ 'ਚ ਸਾਧਾ ਮਰਾਠਿਆਂ ਵੱਲ ਹੋ ਖਲੋਤਾ ਆਂਹਦਾ ਅਹਿਮਦ ਸ਼ਾਹ ਅਬਦਾਲੀ ਨਹੀਂ ਮਰਾਠੇ ਜਿੱਤੇ ਸਨ। ਮਾਸਟਰ ਮੱਥੇ ਦੀਆਂ ਠੀਕਰੀਆਂ ਭੰਨ ਹਟਿਆ ਸਾਧਾ ਟੱਸ ਤੋਂ ਮੱਸ ਨਹੀਂ ਹੋਇਆ ਉਸ ਇਕੋ ਰੱਟ ਫੜ ਲਈ, "ਯਾਰ ਤਾਂ ਮਾੜੀ ਧਿਰ ਨਾਲ ਹੀ ਖੜਦੇ ਹੁੰਦੇ।" ਅੱਜਕਲ੍ਹ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ ਫਸਿਆ ਹੋਇਆ ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ। "ਮੇਰਾ ਆੜੀ ਸ਼ਾਹੂਕਾਰ ਤੇਰੀ ਫ਼ਸਲ ਸਿੱਧੀ ਖੇਤ 'ਚੋਂ ਚੁੱਕ ਲਿਆ ਕਰੂ ਸ਼ਾਹੂਕਾਰ ਨਾਲ ਪੱਕਾ ਕਰਾਰ ਹੋ ਜੂ ਜੋ ਉਹ ਆਖੂ ਬੀਜ ਲਿਆ ਕਰੀਂ। ਜਿੱਥੇ ਜੀਅ ਕਰੇ ਵੇਚ ਵੱਟ ਲਵੀਂ ਸ਼ਾਹੂਕਾਰ ਨਾਲ ਪੱਕੀ ਆੜੀ ਰਾਤ ਦਿਨ ਢੋਲੇ ਦੀਆਂ ਲਾਵੀਂ। ਰੱਜਵੇਂ ਪੈਸੇ ਬੋਝੇ ਪਾਵੀਂ " ਸਾਧੇ ਦਾ ਕੁੱਤਾ ਅੜਿਆ ਪਿਐ "ਉਏ ਦਿੱਲੀ ਵਾਲਿਆ ! ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ ਨਾਲੇ ਇਕ ਗੱਲ ਸੁਣ ਖੇਤ ਸਾਡੇ ਫ਼ਸਲਾਂ ਸਾਡੀਆਂ ਤੂੰ ਢੇਕਾ ਲੱਗਦੈਂ ?" ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰਕੇ ਡੰਗ ਟਪਾਉਂਦਾ ਹੈ ਝਾੜ 'ਚ ਫਸੇ ਬਿੱਲੇ ਵਾਂਗੂੰ ਝਾਕਦਾ ਉਸਦਾ ਚੀਲ੍ਹ 'ਚ ਗਿੱਟਾ ਫਸਿਆ ਪਿਆ ਓਧਰ ਸਾਧੇ ਦਾ ਕੁੱਤਾ ਫਸਿਆ ਪਿਆ। ਦਿੱਲੀ ਵਾਲਾ ਕੀ ਜਾਣੇ ਸਾਧੇ ਦਾ ਕੁੱਤਾ ਜਿਹੜੀ ਗੱਲ 'ਤੇ ਐਵੇਂ ਨਹੀਂ ਅੜਦਾ ਪਰ ਜੇ ਅੜ ਗਿਆ ਤਾਂ ਅੜ ਗਿਆ। ਹੁਣ ਉਹ ਜ਼ਿੰਦਗੀ ਦੀ ਕਿਤਾਬੋਂ ਚੋਖਾ ਪੜ੍ਹ ਗਿਆ। ਉਂਜ ਸਾਧੇ ਨੇ ਸਾਫ਼ ਕਰ ਦਿੱਤਾ ਹੈ ਚਲੋ!ਮੂਲਧਨ ਵੀ ਸੌ ਮੰਨ ਲੈਂਦਾਂ ਧਰਤੀ ਘੁੰਮਦੀ ਨਹੀਂ ਛੁਕਾਟੇ ਪਾਉਂਦੀ ਸਹੀ ਤੇਰੇ ਕਹੇ ਪਾਣੀਪਤ ਦੀ ਜੰਗ ਵੀ ਅਬਦਾਲੀ ਨੂੰ ਵੀ ਜਿਤਾ ਦਿੰਨਾਂ। ਪਰ ਭਾਈ ਸਾਹਿਬ ਆਪਣੀ ਫ਼ਸਲ ਦਾ ਫ਼ੈਸਲਾ ਸਾਧਾ ਆਪ ਕਰੂ ਜਮਾਂ ਆਪ।

ਦਿੱਲੀ ਦੇ ਨਾਮ-ਰਮੇਸ਼ ਕੁਮਾਰ

ਹੱਥ ਆਪਣੇ ਦੀ ਹਥੇਲੀ 'ਤੇ ਸੂਰਜ ਆਪੋ ਆਪਣਾ ਅਸੀਂ ਟਿਕਾ ਕੇ ਆਏ ਹਾਂ ਦਿੱਲੀਏ ! ਅਸੀਂ ਕੱਲ੍ਹ ਵੀ ਆਏ ਸਾਂ --ਅੱਜ ਫੇਰ ਆਏ ਹਾਂ । ਮਿੱਟੀ ਦੇ ਜਾਏ ਹਾਂ ਅਸੀਂ ਮਿੱਟੀ ਖੇਤ ਆਪਣੇ ਦੀ ਮੱਥੇ ਨੂੰ ਲਗਾ ਕੇ ਆਏ ਹਾਂ ਦਿੱਲੀਏ! ਅਸੀਂ ਕੱਲ੍ਹ ਵੀ ਆਏ ਸਾਂ -- ਅੱਜ ਫੇਰ ਆਏ ਹਾਂ । ਸਿਰ ਦੇਣਾ ਜਾਣਦੇ ਹਾਂ ਅਸੀਂ ਸਿਰ ਆਪੋ ਆਪਣੇ 'ਤੇ ਸ਼ੀਸ਼ ਆਪਣਾ ਸਜਾ ਕੇ ਆਏ ਹਾਂ ਦਿੱਲੀਏ ! ਅਸੀਂ ਕੱਲ੍ਹ ਵੀ ਆਏ ਸਾਂ -- ਅੱਜ ਫੇਰ ਆਏ ਹਾਂ । ਸਹੁੰ ਗੁਰੂਆਂ ਦੀ ਪੀਰਾਂ ਫ਼ਕੀਰਾਂ ਦੀ ਅਸਾਂ ਨੇ ਹਾਰ ਨਹੀਂ ਮੰਨਣੀ ਬੋਧ ਬਾਣੀ ਦਾ ਕਰ ਕੇ ਅਰਦਾਸ ਆਏ ਹਾਂ ਦਿੱਲੀਏ ! ਅਸੀਂ ਕੱਲ੍ਹ ਵੀ ਆਏ ਸਾਂ --ਅੱਜ ਫੇਰ ਆਏ ਹਾਂ । ਤੁਸੀਂ ਪਹਿਚਾਣ ਪੁੱਛਦੇ ਹੋ ਕਿ, ਕੌਣ ਹਾਂ ਅਸੀਂ? ਗੁਰੂ ਬਾਬੇ ਦੇ ਜਾਏ ਹਾਂ ਇਤਿਹਾਸ ਚਾਂਦਨੀ ਚੌਕ ਦਾ ਅਸੀਂ ਆਪਣੇ ਨਾਲ ਲਿਆਏ ਹਾਂ ਦਿੱਲੀਏ! ਅਸੀਂ ਕੱਲ੍ਹ ਵੀ ਆਏ ਸਾਂ -- ਅੱਜ ਫੇਰ ਆਏ ਹਾਂ ।

ਨਾਬਰ ਮਿੱਟੀ-ਹਰਭਜਨ ਸਿੰਘ ਹੁੰਦਲ

ਕੀ ਪਾ ਦਿੱਤਾ ਸੀ ਬਾਟੇ ਵਿੱਚ ਦਸਵੇਂ ਗੁਰਾਂ ਨੇ ਬਾਣੀ ਦੇ ਸ਼ਬਦ ਖੰਡੇ ਦੀ ਛੋਹ ਜਾਂ ਮਾਤਾ ਦੇ ਪਤਾਸੇ। ਕੀ ਘੋਲ਼ ਦਿੱਤਾ ਸੀ ਸੁੱਚੇ ਜਲ ਵਿੱਚ ਗੁਰਾਂ ਦੇ ਹੱਥ ਨੇ ਕਿ ਚਿੜੀਆਂ ਉੱਠ ਕੇ ਲੱਗੀਆਂ ਬਾਜ਼ਾਂ ਨਾਲ ਖਹਿਬੜਨ ਭਾਈ ਲਾਲੋ ਚੁੱਕ ਕੇ ਕਿਰਪਾਨ ਪੈ ਗਿਆ ਸੀ ਮਲਿਕ ਭਾਗੋ ਦੇ ਗਲ਼ ਤੇ ਰਾਜਿਆਂ ਦੀ ਕਲਗੀ ਨੂੰ ਹੱਥ ਪਾਉਣ ਲੱਗੇ ਆਮ ਜਿਹੇ, ਘਾਹ ਖੋਤਰਦੇ ਸਧਾਰਨ ਬੰਦੇ। ਕੱਲ੍ਹ ਦੇ ਕੰਮੀ ਲੱਗੇ ਤਖ਼ਤ ਦੇ ਪਾਵਿਆਂ ਨੂੰ ਝੰਜੋੜਨ ਘੋੜਿਆਂ ਦੇ ਸੁੰਮਾਂ ਦੀਆਂ ਟਾਪਾਂ ਦਿੱਲੀ ਤੀਕ ਸੁਣਨ ਲੱਗੀਆਂ। ਨਗਾਰੇ ਦੀ ਗੂੰਜ ਪਹਾੜੀ ਰਾਜਿਆਂ ਦੀ ਨੀਂਦ ਹਰਾਮ ਕਰਨ ਲੱਗੀ। ਕੀ ਕਰ ਦਿੱਤਾ ਸੀ ਗੁਰਾਂ ਨੇ ਸ਼ਬਦ ਨੇ ਅੰਮ੍ਰਿਤ ਦੇ ਬਾਟੇ ਨੇ ਖੰਡੇ ਦੀ ਛੋਹ ਨੇ ਕਿ ਵੇਖਦੇ ਹੀ ਵੇਖਦੇ ਅਬਦਾਲੀ ਦੇ ਘੋੜੇ ਰਾਵੀ ਦਰਿਆ ਨੂੰ ਟੱਪਣ ਵੇਲੇ ਤ੍ਰਭਕਣ ਲੱਗੇ ਲਹੂ ਵਿੱਚ ਰੰਗੇ ਗਏ। ਖੇਤਾਂ 'ਚੋਂ ਸਿਰਾਂ ਦੀ ਫ਼ਸਲ ਉੱਗਣ ਲੱਗੀ। ਘਰਾਂ ਦੇ ਬਨੇਰਿਆਂ 'ਤੇ ਨਾਬਰੀ ਦੇ ਸ਼ਮ੍ਹਾਂਦਾਨ ਰੌਸ਼ਨ ਹੋ ਗਏ। ਇਹ ਕਰਾਮਾਤ ਸ਼ਬਦਾਂ ਦੀ ਸੀ। ਸਤਿਲੁਜ ਦੇ ਪਾਣੀ ਦੀ ਸ਼ਹਾਦਤ ਦੀ ਕਿ ਆਨੰਦਪੁਰ ਦੀ ਨਾਬਰ ਮਿੱਟੀ ਦੀ।

ਅੰਨਦਾਤਾ-ਹਰਭਜਨ ਸਿੰਘ ਉਪਾਸ਼ਕ

ਘਰ ਬਾਰ ਤਿਆਗ ਅੰਨਦਾਤਾ ਸੜਕਾਂ ਤੇ ਆਇਆ ਹੈ ਇਹ ਵੀ ਕਿਸਾਨ ਉਸੇ ਭਾਰਤ ਮਾਂ ਦਾ ਜਾਇਆ ਹੈ ਇਸ ਨੇ ਈਮਾਨਦਾਰੀ ਨਾਲ ਸਦਾ ਹੀ ਫ਼ਰਜ਼ ਨਿਭਾਇਆ ਹੈ। ਹਰੀ ਕਰਾਂਤੀ ਮਗਰੋਂ ਦੁੱਧ ਦਾ ਇਨਕਲਾਬ ਲਿਆਇਆ ਹੈ। ਭਰਪੂਰ ਅਨਾਜ ਭੰਡਾਰ ਦੇਸ਼ ਨੂੰ ਆਤਮ ਨਿਰਭਰ ਬਣਾਇਆ ਹੈ। ਏਸੇ ਨੇ ਸੰਸਾਰ ਭਰ,ਚ ਦੇਸ਼ ਦਾ ਮਾਣ ਵਧਾਇਆ ਹੈ। ਪਰ ਅੱਜ ਅੰਨਦਾਤਾ ਬੜਾ ਲਾਚਾਰ ਹੈ। ਕਾਲੇ ਕਾਨੂੰਨਾਂ ਦਾ ਹੋਇਆ ਸ਼ਿਕਾਰ ਹੈ। ਲਾਠੀਆਂ ਜਲਧਾਰਾ, ਕੁਟਮਾਰ ਅਤਿਆਚਾਰ ਹੈ। ਨਿੰਦਣ ਯੋਗ ਨਿਰਦਈ ਪੂਰਾ ਸਰਕਾਰੀ ਵਿਵਹਾਰ ਹੈ। ਪੂੰਜੀਪਤੀਆਂ ਲਈ ਡੁੱਲ੍ਹ ਡੁੱਲ੍ਹ ਪੈਂਦਾ ਪਿਆਰ ਹੈ। ਨਿਰਾ ਅਹੰਕਾਰ ਹੋਂਦ ਖਾਤਰ ਪੇਚਾ ਫਸਾਇਆ ਹੈ। ਐਵੇਂ ਅੰਨਦਾਤੇ ਨੂੰ ਇਧਰ ਓਧਰ ਭਟਕਾਵੋ ਨਾ ਬੇਸਿੱਟੀਆਂ ਬੈਠਕਾਂ ਕਰ ਕਰ ਕੇ ਲਮਕਾਵੋ ਨਾ। ਦੇਸ਼ ਭਗਤਾਂ ਤੇ ਦੇਸ਼ ਧਰੋਹੀ ਲੇਬਲ ਚਿਪਕਾਵੋ ਨਾ। ਐਸ ਤਰਾਂ ਕਿਸਾਨ ਸ਼ਕਤੀ, ਵੀਰਾਂ ਦੀ ਅਜ਼ਮਾਵੋ ਨਾ। ਦੂਰ ਕਰੋ ਸਭ ਸ਼ੰਕੇ , ਉਲਟਾ ਸ਼ੰਕਿਆਂ ਸੰਗ ਉਲਝਾਵੋ ਨਾ। ਦੇਸ਼ ਭਗਤ ਕਿਸਾਨਾਂ ਨੂੰ ਭੰਬਲ ਭੂਸਿਆਂ ਦੇ ਵਿੱਚ ਪਾਵੋ ਨਾ। ਯਤਨ ਹੋ ਰਿਹਾ ਕਿਸਾਨ ਏਕਤਾ ਨੂੰ ਤੋੜਨ ਦਾ। ਅਸਮਾਜਿਕ ਤੱਤਾਂ ਨੂੰ ਸਫ਼ਾਂ ਨਾਲ ਜੋੜਨ ਦਾ। ਨਿਰੋਲ ਕਿਸਾਨੀ ਅੰਦੋਲਨ ਨੂੰ ਧਰਮਾ, ਸੂਬਿਆਂ ਖਿੱਤਿਆਂ ਦੇ ਵਿੱਚ ਫੋੜਨ ਦਾ। ਹੱਕ ਸੱਚ ਇਨਸਾਫ਼ ਲੜਾਈ ਦਾ ਅਸਲੀ ਰੁਖ ਮੋੜਨ ਦਾ। ਕਿਸਾਨ ਭਾਈਚਾਰੇ,'ਚ ਫੁੱਟ ਪਾ ਵੀਰੋ ਵੀਰ ਵਿਛੋੜਨ ਦਾ। ਪਰ ਸੂਝਵਾਨ ਕਿਸਾਨਾਂ ਨੇ ਸਾਵਧਾਨੀ ਨੂੰ ਅਪਣਾਇਆ ਹੈ। ਕਿਉਂਕਿ ਭਾਰਤੀ ਕਿਸਾਨ ਭਾਰਤ ਮਾਂ ਦਾ ਜਾਇਆ ਹੈ ਘਰ ਬਾਰ ਤਿਆਗ ਅੰਨਦਾਤਾ ਸੜਕਾਂ ਤੇ ਆਇਆ ਹੈ।

ਗ਼ਜ਼ਲ-ਬਲਦੇਵ ਰਾਜ ਕੋਮਲ

ਨੇਰ੍ਹੇ ਤੋਂ ਨਾ ਡਰ ਸਵੇਰਾ ਹੋਣ ਵਾਲਾ ਹੈ। ਤੂੰ ਦਮ ਜ਼ਰਾ ਕੁ ਕਰ ਸਵੇਰਾ ਹੋਣ ਵਾਲਾ ਹੈ। ਗ਼ਹਿਰਾਈ ਤਕ ਕੇ ਸਾਗਰ ਦੀ ਘਬਰਾਵੀਂ ਨਾ, ਲਹਿਰਾਂ ਵਾਂਗੂੰ ਤਰ ਸਵੇਰਾ ਹੋਣ ਵਾਲਾ ਹੈ। ਤੇਰੇ ਵਿਹੜੇ ਜਦ ਆ ਕੇ ਮਘਣਾ ਸੂਰਜ ਨੇ, ਕੱਕਰਾਂ ਜਾਣਾ ਖ਼ਰ ਸਵੇਰਾ ਹੋਣ ਵਾਲਾ ਹੈ। ਵਹੀਰਾਂ ਘੱਤ ਕੇ ਆਉਣਾ ਚਾਨਣ ਰਿਸ਼ਮਾਂ ਨੇ, ਖੋਲ੍ਹ ਕੇ ਰੱਖੀਂ ਦਰ ਸਵੇਰਾ ਹੋਣ ਵਾਲਾ ਹੈ। ਮੈਂ ਸਭ ਦੇ ਹੱਥੀਂ ਲਾਉਂਣੀ ਮਹਿੰਦੀ ਚਾਨਣ ਦੀ, ਨੇਰ੍ਹਾ ਪਾਸੇ ਧਰ ਸਵੇਰਾ ਹੋਣ ਵਾਲਾ ਹੈ। ਸੂਰੇ ਨਹੀਂ ਕਦੇ ਭੱਜਦੇ ਛੱਡ ਮੈਦਾਨਾਂ ਨੂੰ, ਸੀਸ ਤਲੀ ਤੇ ਧਰ ਸਵੇਰਾ ਹੋਣ ਵਾਲਾ ਹੈ। ਜਿੱਤ ਦੀ ਜਾਗੋ ਕੱਢਾਂਗੇ ਤੇਰੇ ਘਰ ਤੋਂ ਹੀ, ਮੰਜ਼ਿਲ ਕਰ ਤੂੰ ਸਰ ਸਵੇਰਾ ਹੋਣ ਵਾਲਾ ਹੈ। ਅਹਿਸਾਸ ਕਰਾ ਦੇ ਅੰਬਰ ਨੂੰ ਤੂੰ ਜੇਰੇ ਦਾ, ਖੋਲ੍ਹ ਦੇ ਸਾਰੇ ਪਰ ਸਵੇਰਾ ਹੋਣ ਵਾਲਾ ਹੈ। ਹੈ ਚੱਪਾ ਚੱਪਾ ਇਸ ਧਰਤੀ ਦਾ ਜ਼ੈਲ ਤੇਰੀ, ਪੈਰ ਕਿਤੇ ਵੀ ਧਰ ਸਵੇਰਾ ਹੋਣ ਵਾਲਾ ਹੈ। ਵਣਜ ਜਿਨ੍ਹਾਂ ਨੇ ਕੀਤੇ ਕਾਲੀਆਂ ਰਾਤਾਂ ਨੂੰ, ਕੰਬਦੇ ਨੇ ਥਰ ਥਰ ਸਵੇਰਾ ਹੋਣ ਵਾਲਾ ਹੈ। ਤੂੰ ਅੱਖਾਂ ਦੇ ਵਿਚ ਸ਼ੋਅਲਾ ਬਣ ਕੇ ਰਹਿ 'ਕੋਮਲ', ਹੰਝ ਨਾ ਬਣ ਕੇ ਤਰ ਸਵੇਰਾ ਹੋਣ ਵਾਲਾ ਹੈ।