Dharat Vangaare Takhat Nu (Part-7)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਸੱਤਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)



ਕਿਰਤ ਦੀ ਫ਼ਸਲ-ਹਰਦੇਵ ਸਿੰਘ ਲੱਖਣ ਕਲਾਂ

ਕਿਰਤ ਦੀਏ ਫ਼ਸਲੇ ਕਿਉਂ ਘੱਟ ਲਗਦਾ ਈ ਤੇਰਾ ਭਾਅ ਨੀ ਜੇਠ ਹਾੜ ਦੀਆਂ ਧੁੱਪਾਂ ਵਿਚ ਕਿਉਂ ਸੜ ਗਏ ਦਿਲ ਦੇ ਚਾਅ ਨੀ, ਇਕ ਰਾਤ ਦਿਨ ਪਏ ਮਰਦੇ ਨੇ ਹਰ ਝੱਖੜ ਤਨ ਤੇ ਜਰਦੇ ਨੇ ਦਸਾਂ ਨਹੁੰਆਂ ਦੀ ਮਿਹਨਤ ਨੂੰ, ਕਿੰਜ ਲੋਟੂ ਲਾਉਂਦੇ ਦਾਅ ਨੀ ਕਿਰਤ ਦੀਏ ਫ਼ਸਲੇ ਕਿਉਂ ਘੱਟ ਲਗਦਾ ਈ ਤੇਰਾ ਭਾਅ ਨੀ। ਧੁੱਪਾਂ ਵਿਚ ਵਗੇ ਪਸੀਨਾ ਵੀ ਠੰਢਾਂ ਵਿਚ ਠਰਦਾ ਸੀਨਾ ਵੀ ਮਾਲਕ ਤੇਰਾ ਪੋਟਾ ਪੋਟਾ ਵਿਹਲੜ ਜਾਂਦੇ ਖਾ ਨੀ ਕਿਰਤ ਦੀਏ ਫ਼ਸਲੇ ਕਿਉਂ ਘੱਟ ਲਗਦਾ ਈ ਤੇਰਾ ਭਾਅ ਨੀਂ, ਹੈ ਚਿਰ ਤੋਂ ਰੱਬ ਤੇ ਆਸ ਰਹੀ ਸੱਧਰਾਂ ਦੀ ਬੁੱਝੀ ਪਿਆਸ ਨਹੀਂ ਨਿੱਤ ਹੀ ਤਾਂ ਮਹਿਮੂਦ ਗਜ਼ਨਵੀ ਪੈਂਦੇ ਤੈਨੂੰ ਧਾਅ ਨੀ ਕਿਰਤ ਦੀਏ ਫ਼ਸਲੇ ਕਿਉਂ ਘੱਟ ਲਗਦਾ ਈ ਤੇਰਾ ਭਾਅ ਨੀ ਜੇਠ ਹਾੜ ਦੀਆਂ ਧੁੱਪਾਂ ਵਿਚ ਕਿਉਂ ਸੜ ਗਏ ਦਿਲ ਦੇ ਚਾਅ ਨੀਂ ।

ਸਾਡੀ ਤਾਂ ਸਬਰਨੀਤੀ-ਕੇਵਲ ਸਿੰਘ ਰੱਤੜਾ (ਪ੍ਰਿੰ.)

ਇੱਕ ਪਾਸੇ ਭਗਵਾ ਤੇ, ਸਾਂਹਵੇਂ ਹਰਾ ਰੰਗ ਆ ਸਾਡੇ ਵਲੋਂ ਗੱਲ-ਬਾਤ, ਤੇਰੇ ਵਲੋਂ ਸੰਗ ਆ ਬੂਹੇ ਬੈਠੇ ਅੰਨਦਾਤੇ, ਰਹੇ ਕੁੱਝ ਮੰਗ ਆ ਸਾਡੇ ਵਲੋਂ ਮੁਲਾਕਾਤ, ਰਾਜੇ ਭਾਣੇ ਜੰਗ ਆ ਸਾਡੀ ਤਾਂ ਸਬਰਨੀਤੀ, ਉਹਦੀ ਹੀ ਦਬੰਗ ਆ। ਇੱਕ ਪਾਸੇ ਮਹਾਂਮਾਰੀ, ਫਿਰਦੀ ਕਰੋਨਾ ਆ, ਦੂਜੇ ਪਾਸੇ ਬਾਪੂ ਬੇਬੇ, ਵੇਖ ਆਉਂਦਾ ਰੋਣਾ ਆ, ਠੰਡ ਬਰਸਾਤਾਂ ਵਿੱਚ, ਭਿੱਜਿਆ ਵਿਛਾਉਣਾ ਆ ਅਸਾਂ ਕਿਹੜਾ ਕੀਤਾ, ਤੇਰੇ ਮਾਪਿਆਂ ਨੂੰ ਤੰਗ ਆ। ਸਾਡੇ ਵਲੋਂ ਮੁਲਾਕਾਤ....ਰਾਜੇ ਭਾਣੇ ਜੰਗ ਆ ਸਾਡੀ ਤਾਂ ਸਿਦਕਨੀਤੀ ਤੇਰੀ ਹੀ ਦਬੰਗ ਆ ਚੁੱਪ ਚਾਪ ਖੇਤੀ ਦੇ, ਕਾਨੂੰਨ ਬਣਵਾ ਲਏ ਭਾਗੋਆਂ ਦੇ ਕਹਿਣ ਉਤੇ, ਫਾਇਦੇ ਗਿਣਵਾ ਲਏ, ਬਣਕੇ ਸ਼ਿਕਾਰੀ ਤੂੰ, ਕਿਸਾਨ ਵੀ ਫਸਾ ਲਏ..2 ਦੇਸ਼ ਬੰਦ ਕਰਕੇ .ਤੂੰ,-ਕੀਤੇ ਮੂੰਹ ਵੀ ਬੰਦ ਆ, ਸਾਡੇ ਵਲੋਂ ਮੁਲਾਕਾਤ .....ਰਾਜੇ ਭਾਣੇ ਜੰਗ ਆ ਸਾਡੀ ਤਾਂ ਸਬਰਨੀਤੀ..... ਮੰਨਿਆ ਕਿ ਗੁਜਰਾਤੀ, ਪੈਸੇ ਦੇ ਵਪਾਰੀ ਨੇ ਬੈਂਕਾਂ ਲੁੱਟ ਬਹੁਤੇ ਹੀ ਤਾਂ, ਮਾਰ ਗਏ ਉਡਾਰੀ ਨੇ ਬਾਰਡਰਾਂ ਤੋਂ ਡਰ, ਬਹੁਤੇ ਸਿਰੇ ਦੇ ਮਕਾਰੀ ਨੇ........, ਉਹਨਾਂ ਤਾਂ ਸ਼ਹੀਦਾਂ ਦਾ ਨਹੀਂ, ਗਾਇਆ ਪ੍ਰਸੰਗ ਆ, ਸਾਡੇ ਵਲੋਂ ਮੁਲਾਕਾਤ, ਰਾਜੇ ਭਾਣੇ......... ਸਾਡੀ ਤਾਂ ਸਬਰ ਨੀਤੀ...... ਦੇਸ਼ ਨੂੰ ਹਮੇਸ਼ਾਂ ,ਸਰਕਾਰ ਹੀ ਚਲਾਉਂਦੀ ਹੈ ਪਰ ਤੇਰੀ ਚਾਬੀ,ਲਾਭੀ ਜੁੰਡਲੀ ਘੁੰਮਾਉਂਦੀ ਹੈ ਵਿਕੀ ਸਰਕਾਰ ,ਅੰਤ ਆਪਣਾ ਕਰਾਉਂਦੀ ਹੈ, ਇਹਨਾਂ ਨੇ ਹੀ ਇੱਕ ਦਿਨ ,ਘੁੱਟ ਦੇਣਾ ਸੰਘ ਆ ਸਾਡੇ ਵਲੋਂ ਮੁਲਾਕਾਤ, ਰਾਜੇ ਭਾਣੇ ਜੰਗ ਆ ਸਾਡੀ ਤਾਂ ਸਬਰ ਨੀਤੀ ..... ਕਿਰਤੀ ਕਿਸਾਨ, ਮਜ਼ਦੂਰ ਤੇਰੇ ਦੇਸ਼ ਦੇ, ਇਹ ਨਹੀਂ ਅੱਤਵਾਦੀ, ਵੱਖਵਾਦੀ ਪ੍ਰਦੇਸ ਦੇ, ਬਿਨਾ ਹਥਿਆਰ, ਨਾਲੇ ਸਾਦੇ ਜਿਹੇ ਭੇਸ ਦੇ. ਥੋਡਾ ਮੀਡੀਆ ਹੀ ਰਿਹੈ, “ਰੱਤੜੇ” ਨੂੰ ਭੰਡ ਆ ਸਾਡੇ ਵਲੋਂ ਮੁਲਾਕਾਤ, ਰਾਜੇ ਵਲੋਂ ਜੰਗ ਆ। ਸਾਡੀ ਤਾਂ ਸਬਰਨੀਤੀ, ਤੇਰੀ ਹੀ ਦਬੰਗ ਆ। ਸਾਡੀ ਤਾਂ ਸਿਦਕਨੀਤੀ ਤੇਰੀ ਹੀ ਦਬੰਗ ਆ ਸਾਡੀ ਤਾਂ ਸ਼ਰੀਫਨੀਤੀ, ਤੇਰੀ ਹੀ ਦਬੰਗ ਆ

ਗੀਤ-ਗੁਰਜੀਤ ਸ਼ੇਖ਼ਪੁਰੀ

ਮਿੱਟੀ ਨੂੰ ਮੁੜਕਾ ਆਇਆ ਹੈ ਬਦਲੇ ਨੇ ਰਉਂ ਵੀ ਪਾਣੀ ਦੇ । ਹੁਣ ਵੇਲਾ ਪੰਨੇ ਪਲਟੂ ਗਾ ਖੇਤਾਂ ਦੀ ਨਵੀਂ ਕਹਾਣੀ ਦੇ । ਦਿੱਲੀ ਦੀ ਜੂਹ ਇਹ ਪੁੱਛਦੀ ਹੈ ਇਹ ਕਿਸ ਅੰਮੜੀ ਦੇ ਜਾਏ ਨੇ । ਜ਼ੁਲਮਾਂ ਦੇ ਛੱਪਰ ਢਾਵਣ ਲਈ ਆਬਾਂ ਦੇ ਪੁੱਤਰ ਆਏ ਨੇ । ਕਣਕਾਂ ਦੀ ਰਾਖੀ ਕਰਦਾ ਉਹ ਬੁਰਕੀ ਦੀ ਖ਼ਾਤਿਰ ਮਰਦਾ ਰਿਹਾ । ਚੋਰਾਂ ਦੀ ਢਾਣੀ ਜਿੱਤ ਦੀ ਰਹੀ ਖੇਤਾਂ ਦਾ ਰਾਜਾ ਹਰਦਾ ਰਿਹਾ । ਰੋਟੀ ਦੀ ਥਾਂ 'ਤੇ ਹਾਕਮ ਨੇ ਸੰਘੀ ਨੂੰ ਦਿੱਤੇ ਫਾਹੇ ਨੇ । ਜ਼ੁਲਮਾਂ ਦੇ ਛੱਪਰ ਢਾਵਣ ਲਈ ਆਬਾਂ ਦੇ ਪੁੱਤਰ ਆਏ ਨੇ । ਸੂਰਜ ਵੀ ਹੁਣ ਕਿਰਤੀ ਦੀ ਸਰਦਲ 'ਤੇ ਮੱਥਾ ਟੇਕੂਗਾ । ਠੰਢਾ ਤੇ ਠਾਰ ਹਿਮਾਲਿਆ ਵੀ ਜਜ਼ਬੇ ਦੀ ਅੱਗ ਨੂੰ ਸੇਕੂਗਾ । ਜੈ-ਕਾਰੇ ਨੇ ਹੁੰਕਾਰ ਭਰੀ ਅੰਬਰ ਨੇ ਸੀਸ ਝੁਕਾਏ ਨੇ । ਜ਼ੁਲਮਾਂ ਦੇ ਛੱਪਰ ਢਾਵਣ ਲਈ ਆਬਾਂ ਦੇ ਪੁੱਤਰ ਆਏ ਨੇ । ਹੰਕਾਰ ਬੁਰਾ ਹੈ ਕੁਰਸੀ ਦਾ ਔਕ਼ਾਤ ਨੂੰ ਨਹੀਂ ਭੁਲਾਈ ਦਾ । ਤਖ਼ਤਾਂ ਨੂੰ ਮਿੱਧ ਕੇ ਲੰਘ ਜਾਊਗਾ ਹੜ੍ਹ ਆਇਆ ਵੇਖ ਲੋਕਾਈ ਦਾ । ਸੱਚੀ ਗੱਲ 'ਗੁਰਜੀਤ ਸਿਆਂ ' ਤਲੀਆਂ 'ਤੇ ਸੀਸ ਟਿਕਾਏ ਨੇ । ਜ਼ੁਲਮਾਂ ਦੇ ਛੱਪਰ ਢਾਵਣ ਲਈ ਆਬਾਂ ਦੇ ਪੁੱਤਰ ਆਏ ਨੇ ।

ਪਰਜੀਵੀ-ਕਰਮਜੀਤ ਸਿੰਘ ਗਠਵਾਲਾ

ਰਾਤੀਂ ਦੇਰ ਤੱਕ ਗੱਲਾਂ ਕਰਦੇ ਰਹੇ, ਗੱਲਾਂ ਵੀ ਕੀ ? ਆਪਣੀ ਹੋਣੀ ਦੀਆਂ ਕੁਝ ਅਣਹੋਣੀਆਂ ਗੱਲਾਂ, ਕੁਝ ਹੋਣੀਆਂ ਜੋ ਕਰ ਦਿੱਤੀਆਂ ਗਈਆਂ ਅਣਹੋਣੀਆਂ ਗੱਲਾਂ । ਗੱਲਾਂ ਕਰਦੇ ਕਰਦੇ ਨੀਂਦ ਆਈ ਤੇ ਲੈ ਗਈ ਆਪਣੇ ਦੇਸ਼ ਸੁਪਨਿਆਂ ਦੇ ਜਾਲੇ ਲਹਿੰਦੇ ਗਏ ਕੁਝ ਕਹਿੰਦੇ ਗਏ । ਇੱਕ ਜਗ੍ਹਾ ਰੁਕੇ ਤਾਂ ਕੀ ਵੇਖਿਆ ਇੱਕ ਅਜੀਬ ਜਿਹਾ ਦ੍ਰਿਸ਼ ਵੇਖਦਿਆਂ ਪਹਿਲਾਂ ਤਾਂ ਮਨ ਵਿੱਚ ਆਈ ਇੱਕ ਝੁਣਝੁਣੀ ਜੇਹੀ ਫਿਰ ਦਿਲ ਕਰੜਾ ਕੀਤਾ ਤੇ ਰੁਕ ਗਏ ਰੁਕ ਗਏ ਤੇ ਰੁਕਦਿਆਂ ਸਾਹ ਸੁੱਕ ਗਏ ਇੱਕ ਜਿੰਦਾ ਲਾਸ਼ ਜਿਸਨੂੰ ਛੋਟਾ ਕਰਨ ਲਈ ਅਣਗਿਣਤ ਪਰਜੀਵੀ ਆਪਣੇ ਖਾਣ ਵਿੱਚ ਮਗਨ । ਨੀਝ ਨਾਲ ਤੱਕਿਆ ਇਹ ਤਾਂ ਸਾਡਾ ਭਾਰਤ ਹੈ, ਉਸ ਦੇ ਹੋਰ ਅੰਗਾਂ ਵੱਲ ਵੇਖਿਆ ਤਾਂ ਆਪਣਾ ਪੰਜਾਬ ਨਜ਼ਰੀਂ ਪਿਆ ਉਹ ਹਿੱਸਾ ਹਿਲ ਰਿਹਾ ਸੀ ਪਰਜੀਵੀਆਂ ਨੂੰ ਝਟਕ ਰਿਹਾ ਸੀ ਬਿਜਲੀ ਵਾਂਗ ਮੇਰੇ ਮਨ ਵਿੱਚ ਵਿਚਾਰ ਆਇਆ, ਮੈਂ ਆਪਣਾ ਹੱਥ ਉੱਥੋਂ ਪਰਜੀਵੀ ਹਟਾਉਣ ਲਈ ਅੱਗੇ ਵਧਾਇਆ, ਪਤਾ ਨਹੀਂ ਲੱਗਾ ਕਦੋਂ ਉਨ੍ਹਾਂ ਜੀਵਾਂ ਚੋਂ ਕਿਸੇ ਨੇ ਅਜਿਹਾ ਡੰਗ ਮਾਰਿਆ ਮੈਂ ਦਰਦ ਨਾਲ ਘਬਰਾਇਆ ਜਾਗ ਪਿਆ ਆਲਾ ਦੁਆਲਾ ਵੇਖਿਆ ਅਜੇ ਘੁੱਪ ਹਨੇਰਾ ਸੀ ਸਵੇਰ ਦੀ ਲਾਲੀ ਦੀ ਉਡੀਕ ਕਰਨ ਲੱਗਾ ਉਡੀਕ ਜੋ ਜਾਰੀ ਹੈ ਪਤਾ ਨਹੀਂ ਕਿੰਨੀ ਕੁ ਲੰਮੀ ???

ਲੋਕਤੰਤਰ-ਅੰਤਰਪ੍ਰੀਤ ਸਿੰਘ ਗਠਵਾਲਾ

ਲੋਕਾਂ ਨੂੰ ਭਰਮਾਉਣ ਖਾਤਰ ਗੋਰੇ ਰਾਜਿਆਂ ਖੇਡ ਬਣਾਈ ਦੂਜੇ ਦੀ ਅਵਾਜ਼ ਖੋਹਣ ਦੀ ਸਭਨਾਂ ਤਾਈਂ ਜੁਗਤ ਸਮਝਾਈ ਚਾਲੀ ਵੋਟਰਾਂ ਕੱਠੇ ਹੋ ਕੇ ਸੱਠਾਂ ਦੀ ’ਵਾਜ਼ ਹਥਿਆਈ ਖ਼ੁਸ਼ੀ ਨਾਲ ਕਾਨੂੰਨ ਨੇ ਵੀ ਫਿਰ ਇਸ ਤੇ ਆਪਣੀ ਮੋਹਰ ਲਗਾਈ ਸੈਆਂ ਦੀ ਅਵਾਜ਼ ਚਾਲੀਆਂ ਇਕ ਇਕੱਲੇ ਹੱਥ ਫੜਾਈ ਲੈ ਆਵਾਜ਼ ਉਹ ਬਣਿਆ ਰਾਜਾ ‘ਨਾ ਬੋਲੋ’ ਦੀ ਫੱਟੀ ਲਾਈ ਚਾਲੀਆਂ ਨੂੰ ਵਰਚਾਉਣ ਵਾਲੀ ਰਾਜੇ ਨੇ ਨੀਤੀ ਅਪਣਾਈ ਐਸੀ ਟੂਣੇਹਾਰੀ ਖੇਡ ਇਹ ਲੋਕੋ ਸਰਬੱਤ ਦਾ ਘਾਣ ਕਰਦੀ ਆਈ ਜ਼ਾਲਮ ਏਸ ਖੇਡ ਦੇ ਅੰਦਰ ਇਨਸਾਫ਼ ਲਈ ਥਾਂ ਨਾ ਕਾਈ ਨਾਲ ਖੁਸ਼ਾਮਦ ਤੇ ਬੇਈਮਾਨੀ ਕਈ ਖ਼ੁਦਗਰਜਾਂ ਸ਼ੋਹਰਤ ਪਾਈ ਜਦ ਵੀ ਕਿਸੇ ਨੇ ਹੱਕਾਂ ਖਾਤਰ ਉੱਚੀ ਕਦੇ ਆਵਾਜ਼ ਉਠਾਈ ਕਾਨੂੰਨੀ ਨਵਾਂ ਫਤਵਾ ਘੜਕੇ ਸੋਚ ਜਾਵੇ ਉਹ ਪਿੰਜਰੇ ਪਾਈ ਸੋਚ ਨੂੰ ਜਿਹੜੀ ਰੱਖੇ ਬੰਨ੍ਹਕੇ ਐਸੀ ਕਿਸਨੇ ਜੇਲ੍ਹ ਬਣਾਈ ਕੱਠੀ ਹੋਈ ਅਵਾਜ਼ ਖ਼ਲਕਤੀ ਰਾਜੇ ਨੂੰ ਵੰਗਾਰਣ ਆਈ ਸ਼ਾਤਰ ਰਾਜੇ ਦੀ ਚਤੁਰਾਈ ਵੇਖੋ ਉਸ ਕੀ ਵਿਉਂਤ ਬਣਾਈ ਕਹੇ 'ਲੋਕਾਂ ਭਰਮ ਵਿੱਚ ਆਕੇ ਗੈਰ ਕਾਨੂੰਨੀ ਮੰਗ ਉਠਾਈ ਲੋਕਤੰਤਰ ਹੈ ਤਾਕਤ ਬਖ਼ਸ਼ੀ ਤਾਂ ਮੈਂ ਇਹ ਨੀਤੀ ਬਣਾਈ ਜਿੱਤੀ ਖੇਡ ਹੈ ਵੋਟਾਂ ਵਾਲੀ ਪੰਜ ਵਰ੍ਹੇ ਕਿਉਂ ਬੋਲੋ ਭਾਈ' ਗੋਰਿਆਂ ਨੇ ਜੋ ਖੇਡ ਚਲਾਈ ਕਾਲਿਆਂ ਨੇ ਵੀ ਹੈ ਅਪਣਾਈ ਚਾਲੀ ਖੁਸ਼ ਰੱਖਿਆਂ ਮਿਲਦੀ ਤਾਕਤ ਸਰਬਤ ਤੋਂ ਕੁੱਝ ਲੈਣਾ ਨਾਹੀਂ ਲੱਖਾਂ ਲਹਿਰਾਂ ਭਾਵੇਂ ਚੱਲਣ ਜਾਨਾਂ ਲੋਕੀ ਜਾਣ ਗਵਾਈ ਸਭ ਨੂੰ ਨੁਮਾਇੰਦਗੀ ਨਹੀਂ ਜੇ ਮਿਲਦੀ ਵਿਤਕਰਾ ਕਦੇ ਮੁਕਣਾ ਨਾਹੀਂ

ਗ਼ਜ਼ਲ-ਪਰਮਜੀਤ ਕੌਰ ਦਿਓਲ

ਜਿਵੇਂ ਖ਼ੁਦ ਫ਼ਸਣ ਖ਼ਾਤਰ ਹੀ ਸੁਨਹਿਰੀ ਜਾਲ਼ ਬੁਣਿਆ ਹੈ। ਵਤਨ ਦੇ ਵਾਸੀਆਂ ਨੇ ਜ਼ਾਲਮਾਂ ਨੂੰ ਆਪ ਚੁਣਿਆ ਹੈ। ਅਸੀਂ ਦਿੱਲੀ ਚ ਤਾਂ ਕੁਰਬਾਨੀਆਂ ਦਿੱਤੀਆਂ ਸੀ ਪਹਿਲਾਂ ਵੀ , ਇਹ ਸਿੰਘੂ, ਟੀਕਰੀ ਬਾਡਰ ਹੀ ਪਹਿਲੀ ਵਾਰ ਸੁਣਿਆ ਹੈ। ਤੇਰੇ ਚਿਹਰੇ ਤੇ ਮੁਰਦਾਬਾਦ ਹੀ ਛਪਿਆ ਰਹੇ ਦਿੱਲੀਏ, ਕਿਸਾਨਾਂ ਨੇ ਤਾਂ ਅਪਣੇ ਦਿਲ ਤੇ ਜ਼ਿੰਦਾਬਾਦ ਖੁਣਿਆ ਹੈ। ਦਲੇਰੀ, ਵੀਰਤਾ, ਸੂਰਮਗਤੀ ਸਾਹਸ ਹੀ ਨਿਕਲ਼ੇ ਨੇ, ਉਨ੍ਹਾਂ ਨੇ ਫੇਰ ਜਦ ਪੰਜਾਬੀਆਂ ਦਾ ਖ਼ੂਨ ਪੁਣਿਆ ਹੈ । ਅਸੀਂ ਉਸ ਦੇ ਸਹਾਰੇ ਪੋਹ ਮਹੀਨਾ ਕੱਢਣਾ ਦੇਖੀਂ, ਜੋ ਮਫਲਰ ਅਪਣੀਆਂ ਹੀ ਆਂਦਰਾਂ ਦਾ ਆਪ ਉਣਿਆ ਹੈ। ਟੋਰੰਟੋ (ਕੈਨੇਡਾ)

ਅਸੀਂ ਤੁਸੀਂ-ਨਵਦੀਪ ਸਿੰਘ ਖ਼ਹਿਰਾ (ਡਾ.)

ਤੁਸੀਂ ਲਫ਼ਜ਼ਾਂ ਨਾਲ ਭਰਮੀਂ ਪਾਉਂਦੇ ਹੋ ਅਸੀਂ ਕਲਮਾ ਦੇ ਹਲ਼ ਬਣਾਏ ਨੇ। ਤੁਹਾਡੇ ਝੂਠ-ਫ਼ਰੇਬ ਦੀ ਹਿੱਕ ਉੱਪਰ ਸਿਆੜ੍ਹ ਸੱਚ ਦੇ ਪਾਏ ਨੇ। ਤੁਸੀ ਨਫ਼ਰਤ ਦੇ ਛੱਟੇ ਮਾਰੀ ਜਾਓ ਅਸੀਂ ਸਾਂਝ ਦੇ ਬੀਜ ਖਿੰਡਾਏ ਨੇ। ਸਿੰਝਿਆ ਹੈ ਖ਼ੂਨ ਪਸੀਨੇ ਨਾਲ ਬੜੀਆਂ ਸੱਧਰਾਂ ਨਾਲ ਉਗਾਏ ਨੇ। ਤੁਹਾਡੇ ਜ਼ਹਿਰ ਨੂੰ ਉੱਗਣ ਨਹੀਂ ਦੇਣਾ ਅਸੀਂ ਅੰਮ੍ਰਿਤ ਦੇ ਬੂਟੇ ਲਾਏ ਨੇ। ਜੋ ਬੂਟੇ ਕਲਮਾਂ ਬੀਜੇ ਸੀ ਉਹ ਪੱਕਣ ਉੱਤੇ ਆਏ ਨੇ। ਹੁਣ ਵਾਢੀ ਕਰਕੇ ਹੀ ਜਾਣਾ ਹੈ। ਅਸਾਂ ਪੱਕੇ ਡੇਰੇ ਲਾਏ ਨੇ।

ਅੱਜ ਦੇ ਹੁਕਮਰਾਨ-ਨਵਦੀਪ ਸਿੰਘ ਖ਼ਹਿਰਾ (ਡਾ.)

ਅੱਜ ਦੇ ਹੁਕਮਰਾਨ ਸਾਡੇ ਇਤਿਹਾਸ ਤੋਂ ਅਣਜਾਣ ਤੁੰ ਨਾ ਲੈ ਸਾਡੇ ਸਬਰ ਦਾ ਇਮਤਿਹਾਨ ਨਹੀਂ ਜਾਣ ਸਕਦਾ ਸਾਡੇ ਸਬਰ ਦੀ ਗਹਿਰਾਈ ਸਾਡੇ ਸਬਰ ਦੇ ਸਮੁੰਦਰ ਦੀ ਕਿਸੇ ਨੇ ਹਾਥ ਨਾ ਪਾਈ। ਅਨੰਦਪੁਰ ਤੋਂ ਸਰਹਿੰਦ ਤੱਕ ਸਾਡੇ ਸਬਰ ਦਾ ਘੇਰਾ ਹੈ। ਭਗਤ ਸਿੰਘ ਤੇ ਊਧਮ ਜਿਹਾ ਸਾਡਾ ਸਿਦਕ ਸਾਡਾ ਜੇਰਾ ਹੈ। ਤੁਸੀ ਮਾਫ਼ੀ ਨਾਲ ਰਿਹਾਈ ਮੰਗੀ ਅਸੀਂ ਹੱਸ ਕੇ ਫਾਂਸੀ ਚੜ੍ਹਦੇ ਹਾਂ। ਤੁਸੀਂ ਪਿੱਠ ਵਿੱਚ ਛੁਰੀ ਖੋਭਦੇ ਹੋ ਅਸੀਂ ਖਿੱਚ ਲਕੀਰਾਂ ਲੜਦੇ ਹਾਂ। ਤੁਸੀਂ ਵੰਡੀਆਂ ਪਾਉਣੋਂ ਹਟਦੇ ਨਹੀਂ, ਅਸੀਂ ਭਲਾ ਸਰਬੱਤ ਦਾ ਮੰਗਦੇ ਹਾਂ। ਅਸੀਂ ਨਾਨਕ ਫ਼ਰੀਦ ਦੇ ਵਾਰਸ ਹਾਂ ਸਭ ਇੱਕੋ ਹੀ ਰੰਗ ਵਿੱਚ ਰੰਗਦੇ ਹਾਂ। ਅਸੀਂ ਤੇਰਾ ਤੇਰਾ ਆਖਦੇ ਹਾਂ, ਤੇ ਸਭ ਕੁਝ ਲੁਟਾ ਸਕਦੇ ਹਾਂ। ਰੱਬ ਨਾ ਕਰੇ ਜੇ ਲੋੜ ਪਵੇ, ਇੱਟ ਨਾਲ ਇੱਟ ਵੀ ਖੜਕਾ ਸਕਦੇ ਹਾਂ। ਰੱਖ ਸੀਸ ਆਪਣੀਆਂ ਤਲੀਆਂ ਤੇ ਤੇਰੇ ਗੜ੍ਹ ਨੂੰ ਘੇਰਾ ਪਾਇਆ ਹੈ। ਆ ਪਹੁੰਚੇ ਨੇ ਮਜ਼ਦੂਰ-ਕਿਸਾਨ ਛੱਡ ਅੜੀ ਨਾ ਲੈ ਇਮਤਿਹਾਨ।

ਕਿਰਸਾਨ ਪੰਜਾਬ ਦੇ-ਚਰਨਜੀਤ ਸਿੰਘ ਪੰਨੂ

ਧਰਤੀ ਪੁੱਤਰ ਪਿਆਰੇ ਲੋਕ, ਜਨਮ ਤੋਂ ਸੰਕਟ ਮਾਰੇ ਲੋਕ। ਰੁੱਖੀ ਸੁੱਕੀ ਖਾ ਕੇ ਅਣਥੱਕ, ਮਿਹਨਤ ਕਰਨ ਵਿਚਾਰੇ ਲੋਕ। ਤੰਗੀ ਤੁਰਸ਼ੀ ਨਾਲ ਲੈ ਜੰਮੇ, ਮੁਸ਼ਕਲ ਕਰਨ ਗੁਜ਼ਾਰੇ ਲੋਕ। ਹੱਥ ਭੌਰੀਆਂ ਪੈਰ ਬਿਆਈਆਂ, ਜੀਵਨ ਕੱਟਦੇ ਢਾਰੇ ਲੋਕ। ਸੱਪਾਂ ਨਾਲ ਬਿਤਾਉਂਦੇ ਰਾਤਾਂ, ਪਾਣੀ ਲਾਉਣ ਕਿਆਰੇ ਲੋਕ। ਖ਼ੂਨ ਪਸੀਨਾ ਡੋਲ੍ਹਣ ਹਰਦਮ, ਅੰਨ ਦੇ ਭਰਨ ਭੰਡਾਰੇ ਲੋਕ। ਮੀਰ ਮਨੂ ਦੇ ਜਾਬਰ ਪੰਜੇ, ਝੱਲ ਝੱਲ ਇਹ ਨਹੀਂ ਹਾਰੇ ਲੋਕ। ਸਦੀਆਂ ਤਾਈਂ ਸ਼ੋਸ਼ਣ ਝੱਲਿਆ, ਬਹਾਦਰ ਬੀਰ ਜੁਝਾਰੇ ਲੋਕ। ਖ਼ੁਸ਼ਹਾਲ ਜੀਵਨ ਜਿਉਂਦੇ ਆਪਣਾ, ਛੂੰਹਦੇ ਚੰਦ ਸਿਤਾਰੇ ਲੋਕ। ਨਿਸ਼ਕਾਮ ਸੇਵਾ ਨੂੰ ਅਰਪਣ ਬੰਦੇ, ਬੇਗ਼ਰਜ਼ ਪਰਉਪਕਾਰੇ ਲੋਕ। ਰਾਜਭਾਗ ਦੀ ਨੀਯਤ ਖੋਟੀ, ਮਜਲੂਮਾਂ ਤੇ ਕਹਿਰ ਗੁਜ਼ਾਰੇ ਲੋਕ। ਕਿਸਾਨ ਮਾਰੂ ਕਾਨੂੰਨ ਠੋਸ 'ਤੇ, ਹਕੂਮਤ ਵਿਚ ਹੰਕਾਰੇ ਲੋਕ। ਰਾਜੇ ਸ਼ੀਂਹ ਮੁਕੱਦਮ ਕੁੱਤੇ, ਵਿਸ਼ਵਸ਼ਘਾਤੀ ਇਹ ਸਾਰੇ ਲੋਕ। ਹਜ਼ਾਰਾਂ ਟਰੈਕਟਰ ਚੜ੍ਹ ਪਏ ਦਿੱਲੀ, ਰੋਹ ਭਰੇ ਅੰਗਾਰੇ ਲੋਕ। ਕ੍ਰਾਂਤੀਕਾਰੀ ਝੰਡਾ ਚੁੱਕਿਆ, ਚੜ੍ਹ ਪਏ ਲਸ਼ਕਰ ਭਾਰੇ ਲੋਕ। ਰੱਦ ਕਰਾਉਣ ਦਾ ਦ੍ਰਿੜ ਇਰਾਦਾ, ਲਾਈ ਚੋਟ ਨਗਾਰੇ ਲੋਕ। ਆਪਣੇ ਉਚਿੱਤ ਹੱਕਾਂ ਖ਼ਾਤਰ, ਸਟੇਟ ਤਾਈਂ ਲਲਕਾਰੇ ਲੋਕ। ਅੜ ਗਏ ਦਿੱਲੀ ਦੇ ਦਰ ਮੂਹਰੇ, ਹੱਕ ਸੱਚ ਦੇ ਵਣਜਾਰੇ ਲੋਕ। ਚਾਰ ਚੁਫੇਰਿਓਂ ਪਹੁੰਚੀ ਕੁਮਕ, ਹਾਕਮ ਤਾਈਂ ਵੰਗਾਰੇ ਲੋਕ। ਜਦ ਜਦ ਲਾਡਲੀ ਫ਼ੌਜਾਂ ਚੜ੍ਹੀਆਂ, ਆਸ਼ੇ ਤੋਂ ਨਹੀਂ ਹਾਰੇ ਲੋਕ। ਰੱਦ ਕਰ ਲਓ ਕਾਨੂੰਨ ਕਾਲੇ ਪੰਨੂ, ਲਾਉਂਦੇ ਖੂਬ ਜੈਕਾਰੇ ਲੋਕ। ਅਮਰੀਕਾ

ਬੋਲੀਆਂ-ਅਵਤਾਰ ਸਿੰਘ ਭੰਡਾਲ

ਤਾਰੇ ਤਾਰੇ ਤਾਰੇ ਵੱਟ ਪਿੱਛੇ ਰਹਿਣ ਲੜਦੇ ਖੇਤਾਂ ਵਾਲਿਆਂ ਨੂੰ ਖੇਤ ਪਿਆਰੇ। ਕਾਣਾ ਕਾਣਾ ਕਾਣਾ ਕੇਂਦਰ ਬਦਨੀਤਾ ਸਾਥੋਂ ਖੋਹ ਕੇ ਚਾਹਵੇ ਖਾਣਾ। ਤਾਲਾ ਤਾਲਾ ਤਾਲਾ ਜਨ ਦੀ ਆਵਾਜ਼ ਨਾ ਸੁਣੇ ਮਨ ਦੀਆਂ ਬਾਤਾਂ ਵਾਲਾ। ਢੱਕਣਾ ਢੱਕਣਾ ਢੱਕਣਾ ਖੇਤਾਂ ਦੇ ਪੁੱਤ ਸਭ ਜਾਣਦੇ ਕਿੱਦਾਂ ਟਿੰਡ ਵਿੱਚੋਂ ਕਾਨ੍ਹਾ ਕੱਢਣਾ। ਤੀਲੇ ਤੀਲੇ ਤੀਲੇ ਸੱਪਾਂ ਦੇ ਸਿਰ ਮਿੱਧ ਮਿੱਧ ਕੇ ਅਸੀਂ ਹੋਏ ਹਾਂ ਬਹੁਤ ਜ਼ਹਿਰੀਲੇ ਡਰਨਾ ਡਰਨਾ ਡਰਨਾ ਸਾਡਾ ਇਤਿਹਾਸ ਦੱਸਦਾ ਸਦਾ ਹੱਕ ਸੱਚ ਲਈ ਲੜਨਾ ਪਾਵੇ ਪਾਵੇ ਪਾਵੇ ਅੰਨਦਾਤਾ ਰੁੱਸਿਆ ਫਿਰੇ ਕਿਤੇ 'ਕਾਲ ਹੀ ਨਾ ਪੈ ਜਾਵੇ ਲਾਣਾ ਲਾਣਾ ਲਾਣਾ ਜੇ ਕਿਰਸਾਨੀ ਨਾ ਬਚੀ ਸਾਰਾ ਪਿੰਡ ਹੀ ਉੱਜੜ ਜਾਣਾ ਦਾਣਾ ਦਾਣਾ ਦਾਣਾ ਜੇ ਸਾਡੇ ਪਿੰਡ ਨਾ ਬਚੇ ਸਾਡਾ ਭਾਰਤ ਹੀ ਖਿੰਡ ਜਾਣਾ ।

ਤੈਨੂੰ ਰੋਟੀ ਮਿਲ ਜਾਂਦੀ ਹੈ-ਸ਼ਹਿਬਾਜ਼ ਖ਼ਾਨ

ਤੈਨੂੰ ਰੋਟੀ ਮਿਲ ਜਾਂਦੀ ਹੈ ਸੋਨੇ ਰੰਗੀ ਥਾਲੀ ਵਿੱਚ, ਓਸੇ ਰੋਟੀ ਲਈ ਮੈਂ ਰੁਲ਼ਦਾ ਤੂੜੀ ਵਿੱਚ ਪਰਾਲ਼ੀ ਵਿੱਚ। ਤੇਰੇ ਸਿਰ ਦੇ ਉੱਪਰ ਲਿਸ਼ਕੇ ਸੂਰਜ ਸਦਾ ਸਿਆਸਤ ਦਾ, ਮੇਰੀ ਮਿਹਨਤ ਜਾਰੀ ਰਹਿੰਦੀ ਰਾਤ ਹਨ੍ਹੇਰੀ ਕਾਲ਼ੀ ਵਿੱਚ। ਜਾਹ ਓ ਹਾਕਮਾ ਤੂੰ ਕੀ ਜਾਣੇਂ ਮਿਹਨਤਕਸ਼ ਦੀ ਰੂਹ ਕਿੱਥੇ ਹੈ, ਮੇਰੀ ਰੂਹ ਤਾਂ ਵੱਸਦੀ ਹੈ ਬੱਸ ਖੇਤਾਂ ਵਿੱਚ ਪੰਜਾਲੀ ਵਿੱਚ।

ਕਿਸਾਨ ਦੀ ਧੀ-ਮਨਜੀਤ ਕੌਰ ਪੱਡਾ

ਤੂੰ ਵੀ ਪੁਤ ਕਿਸਾਨ ਦਾ ਤੇ ਮੈਂ ਵੀ ਧੀ ਕਿਸਾਨ ਦੀ ਚੱਲ ਆਪਾਂ ਦੋਵੈਂ ਚਲੀਏ ਅੱਜ ਘੜੀ ਹੈ ਇਮਤਿਹਾਨ ਦੀ ਅਸਾਂ ਹਾਕਮ ਦਾ ਮੂਹੰ ਮੋੜਨਾ ਉਹਨੂੰ ਬਿੱਲ ਪਉਗਾ ਤੋੜਨਾ ਇਹ ਗੱਲ ਰਹੀ ਨੀ ਆਮ ਜਿਹੀ ਇਹ ਗੱਲ ਹੈ ਹੁਣ ਈਮਾਨ ਦੀ ਇਹ ਘੜੀ ਹੈ ਇਮਤਿਹਾਨ ਦੀ ਚੱਲ ਆਪਾਂ ਦੋਵੇਂ ਚਲੀਏ ਥਾਂ ਮੋਰਚੇ ਦੇ ਵਿਚ ਮੱਲੀਏ ਇਸ ਸਾਂਝੀ ਜੰਗ ਨੂੰ ਜਿਤੱਣਾ ਪ੍ਰਵਾਹ ਨੀ ਕਰਨੀ ਜਾਨ ਦੀ ਇਹ ਘੜੀ ਹੈ ਇਮਤਿਹਾਨ ਦੀ ਆਜਾ ਜਨਤਾ ਦੇ ਨਾਲ ਖੜਜੀਏ ਤੇ ਮੰਗ ਆਪਣੀ ਤੇ ਅੜਜੀਏ ਕਿਤੇ ਖਾਲੀ ਹੱਥ ਨਾ ਮੁੜਜੀਏ ਪਿੱਠ ਲਾਉਣੀ ਹੈ ਬੇਇਮਾਨ ਦੀ ਇਹ ਘੜੀ ਹੈ ਇਮਤਿਹਾਨ ਦੀ ਸਾਨੂੰ ਠੰਡਾ ਨੇ ਨੀ ਠਾਰਨਾ ਤੇ ਗਰਮੀ ਨੇ ਮਾਰਨਾ ਅਸੀਂ ਬੱਚੇ ਗੁਰੂ ਗੋਬਿੰਦ ਦੇ ਰੁੱਤ ਆਈ ਹੈ ਬਲੀਦਾਨ ਦੀ ਇਹ ਘੜੀ ਹੈ ਇਮਤਿਹਾਨ ਦੀ ਤੂੰ ਵੀ ਪੁਤ ਕਿਸਾਨ ਦਾ ਤੇ ਮੈਂ ਵੀ ਧੀ ਕਿਸਾਨ ਦੀ ਚੱਲ ਤਾਕਤ ਬਣੀਏ ਕਿਸਾਨ ਦੀ ਤੂੰ ਵੀ ਪੁਤ ਕਿਸਾਨ ਦਾ ਤੇ ਮਨਜੀਤ ਵੀ ਧੀ ਕਿਸਾਨ ਦੀ ਚੱਲ ਆਪਾਂ ਦੋਵੈਂ ਚਲੀਏ ਅੱਜ ਘੜੀ ਹੈ ਇਮਤਿਹਾਨ ਦੀ ਇੱਹ ਘੜੀ ਹੈ ਇਮਤਿਹਾਨ ਦੀ

ਕਿਸਾਨ ਨੂੰ ਸੁਨੇਹਾ-ਮਨਜੀਤ ਕੌਰ ਪੱਡਾ

ਮੇਰੇ ਦੇਸ਼ ਦੇ ਕਿਸਾਨਾਂ ਤੇ ਇਹ ਕੈਸਾ ਚਕੱਰ ਚਲਿਆ ਏ ਹੱਕ ੳ੍ਹੁਨਾਂ ਦੇ ਖੋਹਣ ਲਈ ਹਾਕਮਾ ਸੁਨੇਹਾ ਘਲਿਆ ਏ ਮੇਰੇ ਦੇਸ਼ ਦਾ ਜਵਾਨ ਅੰਨਦਾਤਾ ਜੋ ਕਿਸਾਨ ਅੱਜ ਭੀੜ ਉਸ ਤੇ ਬਣੀ ਜੀਹਨੂੰ ਦੁਨੀਆ ਕਰੇ ਸਲਾਮ ਜਿੰਦਗੀ’ਚ ਇਹੋ ਜਿਹੀਆਂ ਹਨੇਰੀਆਂ ਵੀ ਆਉਦੀਆਂ ਪਰ ਆਸਾਂ ਵਾਲੇ ਦੀਪ ਇਹ ਮੁਸ਼ਕਤਾਂ ਜਗਾਉਦੀਆਂ ਤੈਨੂੰ ਵਜੱੀ ਏ ਸੱਟ ਕਰਾਰੀ ਪਰ ਤੂੰ ਹਿੰਮਤ ਨਾ ਹਾਰੀਂ ਤੇਰੀ ਬਹਾਦਰੀ ਦੇ ਅੱਗੇ ਝੁੱਕੂ ਸਰਕਾਰ ਹਤਿਆਰੀ ਤੂੰ ਨਹੀਂ ਕਮਜ਼ੋਰ ਤੂੰ ਤੇ ਬੜਾ ਦਲੇਰ ਏਂ ਹੱਕ ਸਚੇ ਲਈ ਤੂੰ ਤਾਂ ਬਬੱਰ ਸ਼ੇਰ ਏਂ ਤੂੰ ਆਪਣੇ ਹੱਕ ਦਾ ਗਾਈ ਜਾ ਤਰਾਨਾ ਤੇਰੇ ਗੁੱਟ ਬੱਜੂਗਾ ਜਿਤ ਦਾ ਇਹ ਗਾਨਾ ਮੇਰੇ ਦੇਸ਼ ਦਿਆ ਜਵਾਨਾ ਸੁਣ ਮਹਿਨਤੀ ਕਿਸਾਨਾ ਤੂੰ ਸੰਘਰਸ਼ ਰੱਖ ਜਾਰੀ ਤੇਰੇ ਨਾਲ ਖਲਕੱਤ ਸਾਰੀ ਤੇਰੇ ਨਾਲ ਗੀਤਕਾਰ ਤੇਰੇ ਨਾਲ ਨੇ ਲਿਖਾਰੀ ਤੂੰ ਹਿਮਤ ਨਾ ਹਾਰੀਂ ਤੂੰ ਹਿਮਤ ਨਾ ਹਾਰੀਂ ਤੇਰੇ ਨਾਲ ਗੀਤਕਾਰ ਤੇਰੇ ਨਾਲ ਨੇ ਲਿਖਾਰੀ ਤੇਰੇ ਨਾਲ ਨੇ ਲਿਖਾਰੀ

ਸਿਦਕ ਦਾ ਸਫ਼ਰ-ਰਵਿੰਦਰ ਭੱਠਲ

ਸੱਤਾ ਦੇ ਨਸ਼ੇ 'ਚ ਚੂਰ ਕੇਂਦਰ ਦੀ ਹੰਕਾਰੀ ਹਕੂਮਤੇ ਅਜੇ ਹੀ ਤੈਨੂੰ ਕੀ ਦੱਸ ਦੇਈਏ ਕਿੰਨਾ ਲੰਮਾ ਹੈ ਸਿਦਕ ਦਾ ਸਫ਼ਰ ਸਾਡਾ। ਤੇਰੀਆਂ ਕਮੀਣੀਆਂ ਨਜ਼ਰਾਂ 'ਚ ਇਹ ਭੀੜ ਹੈ ਤਮਾਸ਼ਬੀਨਾਂ ਦੀ ਤੇ ਰੋਹ ਭਰੇ ਬੋਲਾਂ ਨੂੰ ਹੱਕ ਸੱਚ ਲਈ ਉੱਠੀ ਕਿਰਤੀ ਕਿਸਾਨਾਂ ਦੀ ਅਵਾਜ਼ ਨੂੰ ਤੂੰ ਸੰਘਰਸ਼ ਨਹੀਂ ਸ਼ੁਗਲ ਹੀ ਸਮਝਿਆ। ਤੇਰਾ ਮੀਡੀਆ ਸਿਰਫ਼ ਬੀਨਾਂ ਨੇ ਜਿਸ ਦੀਆਂ ਧੁਨਾਂ 'ਤੇ ਤੂੰ ਬੋਲਦੀ ਏਂ ਦਿਨ-ਰਾਤ ਨਿਰੀ ਹੰਕਾਰ ਦੀ ਬੋਲੀ। ਜਿਸ ਸ਼ਹਿ ਤੇ ਤੂੰ ਉੱਛਲ ਉੱਛਲ ਪੈ ਰਹੀਂ ਏਂ ਇਹ ਨਹੀਂ ਰਹਿਣੀ ਬਹੁਤਾ ਚਿਰ ਹੁਣ ਤਾਂ ਆਸੇ ਪਾਸਿਉਂ ਵੀ ਦੂਰ ਦੁਰਾਡੇ ਦੇਸ਼ ਦੇਸ਼ਾਤਰਾਂ ਤੋਂ ਵੀ ਆ ਰਹੀਆਂ ਨੇ ਅਵਾਜ਼ਾਂ ਤੇਰੀ ਮੂੜ-ਮੱਤ ਦੀਆਂ। ਸੱਚ ਦੇ ਸੰਘਰਸ਼ ਲਈ ਸੱਤਾ ਦੇ ਸਤਾਏ ਲੋਕਾਂ ਦੇ ਜਦੋਂ ਨਿਮਾਣੇ ਨਿਤਾਣੇ ਪੈਰ ਕਾਫ਼ਲਾ ਬਣ ਤੁਰ ਪੈਂਦੇ ਨੇ ਸ਼ਾਹ-ਰਾਹਾਂ 'ਤੇ ਤਾਂ ਉਹਨਾਂ ਦੀਆਂ ਪੈੜਾਂ ਇਤਿਹਾਸ ਦੇ ਸਫ਼ੇ 'ਤੇ ਉੱਕਰੀਆਂ ਜਾਂਦੀਆਂ ਨੇ ਸਦੀਵੀ। ਹੱਕ ਸੱਚ ਲਈ ਹੱਕੀ ਹਰਕਾਰੇ ਬਣ ਜਦੋਂ ਲੋਕ ਜੁੜ ਤੁਰਦੇ ਨੇ ਲੰਮ-ਸਲੰਮੇ ਦਾਈਏ ਸੰਗ 'ਨਿਸ਼ਚੈ ਕਰ ਜੀਤ ਕਰੂੰ' ਦਾ ਸਿਰੜੀ ਸੰਕਲਪ ਲੈ ਕੇ ਉਦੋਂ ਸਿੰਘਾਸਨ ਸਥਿਰ ਨਹੀਂ ਰਹਿੰਦੇ। ਦਿੱਲੀ ਨੇ ਬੜੇ ਰੰਗ ਦੇਖੇ ਨੇ ਰਾਜ ਪਲਟੇ ਦੀਆਂ ਹੋਣੀਆਂ ਵੀ ਭੋਗੀਆਂ ਤੇ ਤਬਾਹੀ ਦੇ ਮੰਜ਼ਰ ਵੀ ਤੱਕੇ ਸਥਿਰ ਸਿਰਫ਼ ਸੇਵਾ ਦਾ ਸੰਕਲਪ ਏ ਜੋ ਤੇਰੇ ਚੇਤੇ 'ਚੋਂ ਸ਼ਾਇਦ ਵਿਸਰ ਚੁੱਕਾ ਹੈ। ਕੇਂਦਰ ਦੀ ਹੰਕਾਰੀ ਹਕੂਮਤੇ ਯਾਦ ਰੱਖ ਲੋਕਾਂ ਦਾ ਸਬਰ ਜਦੋਂ ਪੀੜਤ ਹੋ ਪਾਟਦੈ ਤਾਂ ਸਿੰਘਾਸਨ ਦੇ ਚਾਰੇ ਪਾਵੇ ਹਿਲਾ ਕੇ ਰੱਖ ਦਿੰਦਾ ਹੈ।

ਸੀਨਾ ਤਾਣ ਜ਼ੁਲਮ ਅੱਗੇ-ਹਰਜਿੰਦਰ ਬੱਲ

ਸੀਨਾ ਤਾਣ ਜ਼ੁਲਮ ਅੱਗੇ ਖੜ੍ਹਨਾ ਵੀ ਜਾਣਦੇ ਆਂ ਹੱਸ ਕੇ ਚਰੱਖੜੀ 'ਤੇ ਚੜ੍ਹਨਾ ਵੀ ਜਾਣਦੇ ਆਂ 'ਕੱਲਾ-'ਕੱਲਾ ਲੱਖ ਨਾਲ ਲੜਨਾ ਵੀ ਜਾਣਦੇ ਆਂ ਜਾਣ ਬੁੱਝ ਕੇ ਤੂੰ ਨਿੱਤ ਛੇੜਦੀ ਏਂ ਛੇੜਾਂ ਕਿਉਂ ਤੂੰ ਫਿਰੇਂ ਨਵੇਂ ਪਾਉਣ ਨੂੰ ਪਵਾੜੇ ਦਿੱਲੀਏ! ਨੀ ਫੇਰ ਕਹੀਂ ਨਾ ਜੱਟਾਂ ਦੇ ਪੁੱਤ ਮਾੜੇ ਦਿੱਲੀਏ! ਸਾਨੂੰ ਹਾਲੇ ਉਦੋਂ ਸੰਤਾਲੀ ਨਹੀਂ ਸੀ ਭੁੱਲਿਆ ਓਨੇ ਨੂੰ ਚੁਰਾਸੀ ਵਾਲਾ ਕਹਿਰ ਆਣ ਝੁੱਲਿਆ ਰਾਤ ਦਿਨੇ ਸੜਕਾਂ 'ਤੇ ਖ਼ੂਨ ਸਾਡਾ ਡੁੱਲ੍ਹਿਆ ਤਾਂ ਵੀ ਤੇਰਾ ਦੱਸੀਂ ਕਾਹਤੋਂ ਭਰਿਆ ਨਹੀਂ ਦਿਲ ਰੱਖੇਂ ਦਿਲ 'ਚ ਅਜੇ ਵੀ ਏਨੇ ਸਾੜੇ ਦਿੱਲੀਏ! ਨੀ ਫੇਰ ਕਹੀਂ ਨਾ ਜੱਟਾਂ ਦੇ ਪੁੱਤ ਮਾੜੇ ਦਿੱਲੀਏ! ਦੱਸੀਂ ਸਾਡਾ ਜ਼ੋਰ ਅਜ਼ਮਾਉਣ ਵਾਲੇ ਕਿੱਥੇ ਨੇ? ਸਾਡੇ ਗਲ਼ੀਂ ਟਾਇਰ ਪਾ ਜਲਾਉਣ ਵਾਲੇ ਕਿੱਥੇ ਨੇ? ਗੁਰੂ ਘਰ ਫ਼ੌਜ ਨੂੰ ਚੜ੍ਹਾਉਣ ਵਾਲੇ ਕਿੱਥੇ ਨੇ? ਜੀਹਨੇ ਜੀਹਨੇ ਵੇਖਿਆ ਏ ਕੈਰੀ ਅੱਖ ਨਾਲ ਸਾਨੂੰ ਸਾਰੇ ਲੱਭ ਲੱਭ ਕੇ ਉਹ ਅਸਾਂ ਰਾੜ੍ਹੇ ਦਿੱਲੀਏ! ਨੀ ਫੇਰ ਕਹੀਂ ਨਾ ਜੱਟਾਂ ਦੇ ਪੁੱਤ ਮਾੜੇ ਦਿੱਲੀਏ! ਆਏ ਦਿਨ ਕਾਹਤੋਂ ਛੇੜਾਂ ਨਵੀਆਂ ਤੂੰ ਛੇੜਦੀ ਇਕੋ ਵਾਰ ਬਹਿ ਕੇ ਕਾਹਤੋਂ ਗੱਲ ਨਹੀਂ ਨਿਬੇੜਦੀ ਹਰ ਵੇਲੇ ਰਹੇਂ ਸਾਡੇ ਜ਼ਖ਼ਮ ਉਚੇੜਦੀ ਕੰਨ ਖੋਲ੍ਹ ਸੁਣੀ ਅਸੀਂ ਪੁੱਤ ਦਸਮੇਸ਼ ਦੇ ਹਾਂ ਜਾਣੇ ਨਹੀਓਂ ਪਿੰਜਰੇ 'ਚ ਤਾੜੇ ਦਿੱਲੀਏ! ਨੀ ਫੇਰ ਕਹੀਂ ਨਾ ਜੱਟਾਂ ਦੇ ਪੁੱਤ ਮਾੜੇ ਦਿੱਲੀਏ! ਸਿੱਧੀ ਤਰ੍ਹਾਂ ਦੱਸ ਤੇਰਾ ਸਾਡੇ ਨਾ' ਕੀ ਵੈਰ ਨੀ! ਥੱਕ ਗਿਆ 'ਬੱਲ' ਤੇਰੇ ਝੱਲ-ਝੱਲ ਕਹਿਰ ਨੀ! ਅਜੇ ਵੀ ਸਮਾਂ ਹੈ ਪਿੱਛੇ ਮੋੜ ਲੈ ਤੂੰ ਪੈਰ ਨੀ! ਵਾਰ ਵਾਰ ਕਹੀਏ ਤੈਨੂੰ ਸਿੱਧੇ ਰਾਹ 'ਤੇ ਆ ਜਾ ਨਹੀਂ ਤਾਂ ਛੱਡਾਂਗੇ ਕਢਾ ਕੇ ਤੇਰੇ ਹਾੜੇ ਦਿੱਲੀਏ

ਸਨਦ-ਅਮਰ ਜਿਉਤੀ (ਯੂ ਕੇ)

ਜ਼ਮੀਨ ਨੂੰ ਦਾਸੀ ਬਣਾ ਵਪਾਰੀ ਬਜ਼ਾਰ ਵਿਚ ਵੇਚਣ ਤੁਰੇ। ਮਾਂ ਦੀ ਇਜ਼ਤ ਖ਼ਾਤਰ ਸੂਰਮੇ ਆਪਣੇ ਹੌਸਲੇ ਮੇਚਣ ਤੁਰੇ । ਬੁੱਕਲ਼ ਮਾਰ ਇਰਾਦਿਆਂ ਦੀ ਨਿਕਲ ਪਏ ਉਹ ਘਰਾਂ ਵਿੱਚੋਂ , ਕਿ ਹੱਕ ਦਾ ਰੌਸ਼ਨ ਚਿਰਾਗ਼ ਸਦੀਆਂ ਤੱਕ ਰੌਸ਼ਨ ਰਹੇ । ਹਨੇਰਿਆਂ ਵਿੱਚ ਸਬਰ ਦਾ ਚਾਨਣ ਉਹ ਹਨ ਭਰ ਤੁਰੇ , ਕਿ ਸੱਚ ਦਾ ਦੀਪਕ ਰਾਹਾਂ ਵਿੱਚ ਸਦਾ ਹੀ ਬਲਦਾ ਰਹੇ । ਧੀਆਂ ਪੁੱਤਰਾਂ ਵਰਗੀਆਂ ਫਸਲਾਂ ਪਾਲਣ ਉਹ ਮਾਂਵਾਂ ਦੇ ਵਾਂਗ , ਕਿ ਦਿੱਲੀ ਤੁਰੇ ਕਾਫ਼ਲਿਆਂ ਨੂੰ ਪਿੱਛੇ ਦਾ ਨਾ ਫਿਕਰ ਰਹੇ । ਵਕਤ ਦੀ ਵੰਗਾਰ ਨੂੰ ਸੰਭਾਲ਼ ਲਉ ਕਵਿਤਾਵਾਂ ਵਿੱਚ , ਕਿ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਸੰਘਰਸ਼ ਦੀ ਸਨਦ ਰਹੇ ।

ਕਿਸਾਨਾਂ ਵਿੱਚ ਬੈਠਾ ਨਾਨਕ-ਅਮਰ ਜਿਉਤੀ (ਯੂ ਕੇ)

ਕਿਸਾਨਾਂ ਵਿੱਚ ਬੈਠਾ ਮੈਨੂੰ ਨਾਨਕ ਨਜ਼ਰ ਆਇਆ ਉਹਨਾਂ ਦੇ ਹੱਕ ਦਾ ਨਾਅਰਾ ਉਸ ਲਾਇਆ । ਧਰਤੀ ਵਿੱਚ ਬੀਜੀ ਸੀ ਉਸਨੇ ਰਹਿਮਤ। ਉੱਗੀ ਸੀ ਉਸ ਵਿੱਚ ਲੋਕਾਂ ਦੀ ਖ਼ਿਦਮਤ ਅੰਨ ਦੇ ਭੰਡਾਰ ਖੁੱਲ੍ਹੇ ਲੰਗਰ ਵਰਤਾਇਆ ਕਿਸਾਨਾਂ ਵਿੱਚ ਬੈਠਾ ਮੈਨੂੰ ਨਾਨਕ ਨਜ਼ਰ ਆਇਆ। ਹੱਕ ਸੱਚ ਦੀ ਕੀਤੀ ਕਮਾਈ ਬਾਬਰ ਨੇ ਚਾਹੇ ਉਸ ਤੋਂ ਚੱਕੀ ਪਿਸਵਾਈ ਜ਼ੁਲਮ ਦੀ ਇੰਤਹਾ ਹੋਈ - ਸ਼ਬਦ ਉਸ ਗਾਇਆ ਬੰਦ ਖ਼ਲਾਸੀ ਲਈ ਬਾਬਰ ਆਪ ਜੇਲ੍ਹ ਆਇਆ ਕਿਸਾਨਾਂ ਵਿੱਚ ਬੈਠਾ ਮੈਨੂੰ ਨਾਨਕ ਨਜ਼ਰ ਆਇਆ ; ਦਿਸਦੇ ਸਭ ਉਸਨੂੰ ਰੱਬ ਦੇ ਬੰਦੇ ਊਚ ਨੀਚ ਜ਼ਾਤ ਪਾਤ ਉਸ ਲਈ ਮੰਦੇ ਮਜ਼ਦੂਰ ਕਿਸਾਨ ਸਭ ਉਸ ਲਈ ਚੰਗੇ ਲਾਲੋ ਘਰ ਰੋਟੀ ਖਾ ਕੇ ਮਲਕ ਭਾਗੋ ਸਮਝਾਇਆ ਕਿਸਾਨਾਂ ਵਿੱਚ ਬੈਠਾ ਮੈਨੂੰ ਨਾਨਕ ਨਜ਼ਰ ਆਇਆ ; ਮਰਦਾਨਾ ਰਬਾਬ ਵਜਾਵੇ ਨਾਨਕ ਬਾਣੀ ਗਾਉਂਦਾ ਇਲਾਹੀ ਅਨੁਰਾਗ ਵਿੱਚ ਲੋਕਾਂ ਦੀ ਬਾਤ ਪਾਉਂਦਾ ਹਰ ਕੋਈ ਸੁਣ ਉਸਨੂੰ ਉਹਦੇ ਰੰਗ ਵਿੱਚ ਆਉਂਦਾ ਧੁੱਪ ਵਿੱਚ ਤੁਰਦਾ ਸੂਰਜ ਨਜ਼ਰ ਆਇਆ , ਮੀਡੀਆ ਸੁਣ ਉਸਤਤ ਮੁਲਾਕਾਤ ਲਈ ਆਇਆ ਕਿਸਾਨਾਂ ਵਿੱਚ ਬੈਠਾ ਮੈਨੂੰ ਨਾਨਕ ਨਜ਼ਰ ਆਇਆ ; ਹਨੇਰਿਆਂ ਨੂੰ ਚੀਰਦਾ ਉਹਦਾ ਹਰ ਸ਼ਬਦ ਬੋਲਦਾ ਜਬਰ ਦੇ ਮਾਅਨੇ ਉਹ ਤੱਕੜੀ ਵਿੱਚ ਤੋਲਦਾ ਮੁਨਸਫ ਪਿਆ ਸੁਣਦਾ ਕੁਝ ਨਾ ਬੋਲਦਾ ਬੋਲੇ ਕੰਨਾਂ ਤਾਂਈ ਸੱਚ ਆਖ ਸੁਣਾਇਆ ਤੁਰ ਕੇ ਫਿਰ ਉਹ ਨਾਨਕ ਦਰਬਾਰ ਵਿੱਚ ਆਇਆ ਕਿਸਾਨਾਂ ਵਿੱਚ ਬੈਠਾ 'ਉਸਨੂੰ' ਨਾਨਕ ਨਜ਼ਰ ਆਇਆ , ਸਭ ਦੇ ਹੱਕ ਦਾ ਜਦ ਨਾਅਰਾ ਉਸ ਲਾਇਆ ।

ਸੁਣ ਦਿੱਲੀ ਦੀਏ ਸਰਕਾਰੇ-ਕੁਲਦੀਪ ਕਿੱਟੀ ਬੱਲ (ਯੂ ਕੇ)

ਸੁਣ ਦਿੱਲੀ ਦੀਏ ਸਰਕਾਰੇ ਕਿਉਂ ਰਾਹ ਰੋਕ ਲਏ ਸਾਰੇ ਗੱਲ ਸੁਣੇ ਨਾ ਕਿਰਤੀ ਦੀ ਤੂੰ ਸੜਕਾਂ ‘ਤੇ ਉਤਾਰੇ ਨੀ ਦਿੱਲੀ ਦੀਏ ਸਰਕਾਰੇ ਅੰਨਦਾਤਾ ਹਾਕਾਂ ਮਾਰੇ ਗੱਲ ਸੁਣੇ ਨਾ ਕਿਰਤੀ ਦੀ ਨੀ ਦਿੱਲੀ ਦੀਏ ਸਰਕਾਰੇ... ਹੱਡ ਤੋੜਵੀਂ ਕਰੇ ਕਮਾਈ ਮਿੱਟੀ ਨਾਲ ਮਿੱਟੀ ਹੋ ਕੇ ਢਿੱਡ ਜੱਗ ਦਾ ਭਰਦਾ ਏ ਖ਼ੁਦ ਰੁੱਖੀ ਮਿੱਸੀ ਖਾ ਕੇ ਅੰਨਦਾਤੇ ਨੂੰ ਹਰ ਵੇਲੇ ਤੂੰ ਲਾਉਂਦੀ ਰਹੀਓੁ ਲਾਰੇ ਗੱਲ ਸੁਣੇ ਨਾ ਕਿਰਤੀ ਦੀ ਨੀ ਦਿੱਲੀ ਦੀਏ ਸਰਕਾਰੇ ਪੈਲੀ ਚ ਕੋਈ ਵੜ ਨਹੀਂ ਸਕਦਾ ਪੈਰ ਵੀ ਉੱਥੇ ਧਰ ਨਹੀਂ ਸਕਦਾ ਪੋਟਾ ਪੋਟਾ ਕੱਟ ਜਾਵਾਂਗੇ ਕਿਉਂ ਜੱਟ ਨੂੰ ਲਲਕਾਰੇਂ ਬੰਨ ਮੜਾਸਾ ਵੇਖ ਲਵਾਂਗੇ ਜੇ ਹੱਕ ਸਾਡਾ ਕੋਈ ਮਾਰੇ ਗੱਲ ਸੁਣੇ ਨਾ ਕਿਰਤੀ ਦੀ ਨੀ ਦਿੱਲੀ ਦੀਏ ਸਰਕਾਰੇ ਟੋਏ ਟਿੱਬੇ ਖੋਦ ਕੇ ਬੰਜਰ ਧਰਤੀ ਸੱਪਾਂ ਦੇ ਸਿਰ ਪੈਰਾਂ ਹੇਠ ਲਿਤਾੜੇ ਪਾਣੀ ਵਾਛੜ ਇੱਟਾਂ ਦੀਆਂ ਕੰਧਾਂ ਸੁਣ,ਨਾ ਹੁਣ ਸਾਡਾ ਕੁਝ ਵਿਗਾੜੇ ਮੋੜ ਤੇ ਲਿਖਿਆ ਜੀ ਆਇਆਂ ਨੂੰ ਕਿਉਂ ਰਾਹ ‘ਚ ਪੱਥਰ ਖਿਲਾਰੇ ਗੱਲ ਸੁਣੇ ਨਾ ਕਿਰਤੀ ਦੀ ਨੀ ਦਿੱਲੀ ਦੀਏ ਸਰਕਾਰੇ ਹੱਕਾਂ ਲਈ ਅਸੀਂ ਲੜ ਜਾਵਾਂਗੇ ਪੱਥਰਾਂ ਨਾਲ ਵੀ ਭਿੜ ਜਾਵਾਂਗੇ ਗੱਲ ਕਾਨੂੰਨ ਦੀ ਕਰਨੇ ਲਈ ਦਿੱਲੀ ਵਿੱਚ ਵੀ ਵੜ ਜਾਵਾਂਗੇ ਵਾਰ ਦੇਵਾਂਗੇ ਸਭ ਕੁਝ ਆਪਣਾ ‘ਦੀਪ’ ਜਿਉਂ ਗੋਬਿੰਦ ਪੁੱਤਰ ਵਾਰੇ ਗੱਲ ਸੁਣੇ ਨਾ ਕਿਰਤੀ ਦੀ ਨੀ ਦਿੱਲੀ ਦੀਏ ਸਰਕਾਰੇ।

ਲੋਕ ਬੋਲੀਆਂ-ਕੁਲਦੀਪ ਕਿੱਟੀ ਬੱਲ (ਯੂ ਕੇ)

ਘੇਰਾ ਦਿੱਲੀ ਨੂੰ ਪਾਇਆ ਏ ਬਿੱਲ ਸਾਡੇ ਪਾੜ ਹਾਕਮਾ ਕਿਸਾਨਾਂ ਧਰਨਾ ਲਾਇਆ ਏ ਕਿਸਾਨਾਂ ਧਰਨਾ ਲਾਇਆ ਏ ਹੱਕਾਂ ਦੀ ਮਨੌਤੀ ਵਾਸਤੇ ਸਾਰਾ ਜੱਗ ਹੀ ਜਗਾਇਆ ਏ ਹਰਿਆਣੇ ਨੇ ਰਾਹ ਮੱਲਿਆ ਪਾਣੀ ਬੁਛਾੜਾਂ ਝੱਲ ਕੇ ਪੰਜਾਬ ਲੰਘ ਕੇ ਔਹ ਚੱਲਿਆ ਬੱਚਾ ਬੱਚਾ ਜਾਗ ਪਿਆ ਪੱਥਰਾਂ ਦੇ ਰੁਖ ਮੋੜ ਤੇ ਜੋਸ਼ ਸ਼ੇਰਾਂ ਦਾ ਛਾ ਏ ਗਿਆ ਸੇਵਾ ਜੈਕਾਰਿਆਂ ਨਾਲ ਹੋਈ ਲੰਗਰ ਅਟੁੱਟ ਵਰਤੇ ਖਾ ਦਿੱਲੀ ਵੀ ਨਿਹਾਲ ਹੋਈ ਹਾਕਮਾ ਤੇਰੀ ਮਾੜੀ ਨੀਤੀ ਬਜ਼ੁਰਗਾਂ ਦੇ ਮਾਰ ਡੰਡੇ ਕਿਉਂ ਅਕਲ ਦੀ ਕੜ੍ਹੀ ਕੀਤੀ ਕਿਸਾਨ ਨੂੰ ਅਨਪੜ੍ਹ ਦੱਸਦਾ ਏਂ ਤੇਰਾ ਮੂੰਹ ਵੇਖ ਪੜ੍ਹ ਲੈਂਦੇ ਕਾਨੂੰਨ ਕਾਲੇ ਜੋ ਘੜਦਾ ਏਂ ਹੌਸਲੇ ਬੁਲੰਦ ਰੱਖਣਾ ਸੰਘਰਸ਼ ਜ਼ਰੂਰ ਜਿੱਤੋਗੇ ਅੱਡਾ ਹਿੱਕ ਤੇ ਲਾਈ ਰੱਖਣਾ।

ਜ਼ੁਲਮ ਅੱਗੇ ਅੜੇ ਆਂ-ਜ਼ੋਰਾਵਰ ਸਿੰਘ ਨੂਰ

ਠੰਢ ਵੀ ਤਾਂ ਅੱਤ ਐ ਖ਼ਤਰੇ 'ਚ ਪੱਤ ਐ ਪੁਰਖਿਆਂ ਦੀ ਰੱਤ ਐ ਪੱਲੇ ਜਤ ਸਤ ਐ ਤਾਹੀਓਂ ਅਸੀਂ ਏਨਾ ਚਿਰ ਜ਼ੁਲਮ ਅੱਗੇ ਅੜੇ ਆਂ। ਪਿੰਡਿਆਂ ਤੇ ਘਲੂਘਾਰੇ ਤੱਤੀ ਤਵੀ ਕੋਹਲੂ ਆਰੇ ਸਾਡੇ ਲਈ ਨੇ ਆਮ ਸਾਰੇ ਮਿੱਠੇ ਭਾਣੇ ਮੰਨੇ ਖ਼ਾਰੇ, ਜ਼ਿੰਦਗੀ ਹੈ ਰਣਭੂਮੀ, ਇਹੀ ਆਪਾਂ ਪੜ੍ਹੇ ਆਂ। ਰਾਜਿਆਂ ਤੇ ਰਾਣਿਆਂ ਤੋਂ। ਜ਼ਾਲਮ ਜਰਵਾਣਿਆਂ ਤੋਂ। ਨੀਤ ਦਿਆਂ ਕਾਣਿਆਂ ਤੋਂ ਅਸੀਂ ਕਦੋਂ ਝੜੇ ਆਂ। ਜਬਰ ਦੇ ਸਤਾਏ ਅਸੀਂ ਲੱਖ ਤੇ ਕਰੋੜ ਹਾਂ। ਤੁਰੀਏ ਜੇ ਹੜ੍ਹ ਬਣ ਅਟਕ ਅਮੋੜ ਹਾਂ ਪੰਨੇ ਇਤਿਹਾਸ ਉੱਤੇ ਮੋਤੀਆਂ ਜਿਉਂ ਜੜੇ ਹਾਂ। ਸੁਣ ਲੈ ਆਵਾਜ਼ ਸਾਡੀ ਰਾਜਧਾਨੀ ਦਿੱਲੀਏ। ਲੋਕ ਹੜ੍ਹ ਅੱਗੇ ਬਣੀ ਭਿੱਜੀ ਹੋਈ ਬਿੱਲੀਏ। ਅੱਗ ਵਿੱਚ ਤਪੇ ਅਸੀਂ ਦੇਗਾਂ ਵਿੱਚ ਕੜ੍ਹੇ ਆਂ। ਜ਼ੁਲਮ ਵਾਲੇ ਦੌਰ ਵਿੱਚ ਕਦੇ ਚਮਕੌਰ ਵਿੱਚ ਕਦੇ ਸਰਹੰਦ ਵਿੱਚ ਚਿਣੇ ਖ਼ੂਨੀ ਕੰਧ ਵਿੱਚ, ਮਾਰਨ ਵਾਲੇ ਮੁੱਕ ਗਏ ਪਰ ਆਪਾਂ ਹਾਲੇ ਖੜ੍ਹੇ ਆਂ। ਹੱਕ ਦੇ ਲਈ ਜਾਨ ਤਲੀ ਦੇਣ ਆਏ ਸੀਸ ਬਲੀ ਘਰ ਘਰ ਗਲੀ ਗਲੀ ਦਿੱਲੀ ਤੇਰੇ ਬੂਹੇ ਬੈਠੇ ਆਪਣੇ ਵਿਹਾਰ ਨਾਲ ਲੋਕ ਦਿਲੀਂ ਵੜੇ ਆਂ।

ਕਿਸਾਨਾ ਤਕੜਾ ਹੋ- ਹਰਜਿੰਦਰ ਢੇਸੀ

ਤੇਰਾ ਬੋਹਲ ਚੁੱਕਣ ਨੂੰ ਆ ਗਏ ਚੋਰ, ਕਿਸਾਨਾ ਤਕੜਾ ਹੋ। ਸੁਣ ਗਲੀ ਗਲੀ ਵਿਚ ਪੈਦਾ ਸ਼ੋਰ, ਜਵਾਨਾ ਤਕੜਾ ਹੋ, ਤੇਰਾ ਬੋਹਲ ਚੱਕਣ ਨੂੰ ਆ ਗਏ ਚੋਰ, ਕਿਸਾਨਾ ਤਕੜਾ ਹੋ। ਚੁਣ ਚੁਣ ਜਿਹੜੇ ਭੇਜੇ ਸੀ ਸਰਕਾਰਾਂ ਵਿਚ। ਉਹ ਵੀ ਜਾ ਕੇ ਬਣ ਗਏ ਡਾਕੂ ਡਾਰਾਂ ਵਿਚ। ਹੁਣ ਆਪੇ ਸਾਰੇ ਭੁਗਤਣਗੇ ਹਰਜਾਨਾ, ਤੱਕੜਾ ਹੋ। ਇਹ ਲੰਮੀਆਂ ਤਕਸੀਮਾਂ ਨੇ, ਇਹ ਉਲਝੀਆਂ ਜਰਬਾਂ ਨੇ। ਤੇਰੇ ਪੱਲੇ ਬਚਦੇ ਧੇਲੇ ਤੇ ਉਨਾਂ ਦੇ ਖਰਬਾਂ ਨੇ। ਬਸ ਏਕਾ ਤੇਰੀ ਤਾਕਤ, ਉਠ ਇੰਨਸਾਨਾ ਤਕੜਾ ਹੋ। ਰੰਗਾਂ ਨਸਲਾਂ ਮਹਜ਼ਬਾਂ ਦੇ ਵਿਚ ਵੰਡ ਕੇ ਲੁਟਦੇ ਨੇ। ਸਾਨੂੰ ਭਰਮ ਭੁਲੇਖੇ ਦੇ ਕੇ ਮੁੱਢ ਤੋਂ ਚੰਡ ਕੇ ਕੁਟਦੇ ਨੇ। ਹੁਣ ਜਾਗ ਪਏ ਨੇ ਲੋਕੀ, ਭੱਜ ਸ਼ੈਤਾਨਾ ਤਕੜਾ ਹੋ। ਮਲਕ ਭਾਗੋਆਂ ਰਲ ਕੇ ਲੁਟ ਮਚਾਈ ਅਜ਼ਲਾਂ ਤੋਂ। ਮਿਹਨਤ ਦਾ ਹੱਕ ਖੋਹ ਕੇ ਚੂਰੀ ਖਾਈ ਅਜ਼ਲਾਂ ਤੋਂ। ਹੁਣ ਜੁੜ ਬੈਠੇ ਨੇ ਲਾਲੋ, ਬੇਈਮਾਨਾ ਤਕੜਾ ਹੋ। ਕੈਲੇਫੋਰਨੀਆ, ਯੂ ਐਸ ਏ

ਯੁੱਧ ਨਾਦ-ਦਲਜਿੰਦਰ ਰਹਿਲ ਇਟਲੀ

ਰੋਹ ਹੈ, ਵਿਦਰੋਹ ਹੈ , ਹਨੇਰਿਆਂ ਵਿੱਚ ਲੋਅ ਹੈ । ਇਹ ਕਿਰਤੀਆਂ ਦਾ ਕਾਫ਼ਲਾ, ਮਨੁੱਖਤਾ ਦਾ ਮੋਹ ਹੈ। ਇਹ ਗੀਤ ਕਿਰਤ ਬਿਰਤ ਦਾ, ਤੇ ਹੱਕਾਂ ਦੀ ਜੰਗ ਹੈ। ਇਹ ਜਜ਼ਬਾ ਪਹਿਚਾਣ ਦਾ, ਕੁਰਬਾਨੀਆਂ ਦਾ ਰੰਗ ਹੈ । ਇਹ ਭੀੜ ਨਈਂ ਈਮਾਨ ਹੈ, ਹੱਕ ਸੱਚ ਦਾ ਤੂਫ਼ਾਨ ਹੈ। ਹੈ ਕਾਮਿਆਂ ਦੀ ਫ਼ੌਜ , ਮੇਰੇ ਦੇਸ਼ ਦਾ ਕਿਰਸਾਨ ਹੈ । ਇਹ ਯੁੱਧ ਹੈ,ਇਹ ਨਾਦ ਹੈ, ਇਹ ਸਬਰ ਤੇ ਸੰਤੋਖ਼ ਵੀ। ਹੈ ਰੰਗ ਸੱਭਿਆਚਾਰ ਦਾ, ਇਹ ਸ਼ਬਦ ਤੇ ਸਲੋਕ ਵੀ । ਇਹ ਸੰਗਤਾਂ ਦੀ ਪੰਗਤ ਤੇ ਲੰਗਰ ਦੀ ਰੀਤ ਹੈ । ਇਹ ਦੁੱਖ-ਦਰਦ ,ਸਾਂਝ - ਸੰਜਮ , ਜਿੱਤ ਦਾ ਪ੍ਰਤੀਕ ਹੈ। ਬੁੱਧ, ਈਸਾ, ਅੱਲ੍ਹਾ ਅਤੇ ਗੀਤਾ ਦੇ ਸਲੋਕ ਨੇ । ਅੱਗੇ ਅੱਗੇ ਨਾਨਕ , ਤੇ ਪਿੱਛੇ ਪਿੱਛੇ ਲੋਕ ਨੇ । ਨਾ ਟੁੱਟਣਾ, ਨਾ ਝੁਕਣਾ , ਇਹ ਕਿਸੇ ਤੋਂ ਨਾ ਰੁਕਣਾ । ਹੈ ਵੇਗ ਕਰਮ - ਧਰਮ ਦਾ, ਇਸ ਮੰਜਿਲਾਂ ਤੇ ਢੁੱਕਣਾ। ਧਰਮ ਹੈ, ਈਮਾਨ ਹੈ, ਇਹ ਅਣਖ ਤੇ ਸਨਮਾਨ ਵੀ। ਹੈ ਯੁੱਧ ਨਾਦ ਕਿਰਤ ਦਾ ਤੇ ਜਿੱਤ ਦਾ ਫੁਰਮਾਨ ਵੀ।

ਇਤਿਹਾਸ ਲਿਖਿਆ ਜਾਏਗਾ-ਅਮਰੀਕ ਪਾਠਕ

ਇਤਿਹਾਸ ਲਿਖਿਆ ਜਾਵੇਗਾ ਜ਼ੁਲਮਾਂ ਦੇ ਬੁੱਤ ਤੋੜਨ ਵਾਲੇ ਨੂੰ, ਬੁੱਤ ਤਰਾਸ਼ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਕਿਰਤ ਕਾਫ਼ਲੇ ਚੱਲਿਆ ਦਾ ਰਾਹ ਸੰਘਰਸ਼ੀ ਮੱਲਿਆ ਦਾ ਕੱਲਾ ਕੱਲਾ ਅਹਿਸਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਜਵਾਨੀ ਦਾ ਜੋਸ਼ ਬੁਢਾਪੇ ਦਾ ਹੋਸ਼ ਤੇ ਮਾਵਾਂ ਦਾ ਵਿਸ਼ਵਾਸ਼ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਇਹ ਜੋ ਉੱਠਿਐ ਸੈਲਾਬ ਏ ਲਹਿਰ ਦਾ ਲੰਬੜਦਾਰ ਪੰਜਾਬ ਏ ਭਗਤ ਸਰਾਭਿਆਂ ਗਦਰੀ ਬਾਬਿਆਂ ਦਾ ਇਨਕਲਾਬ ਏ ਤੇ ਨਾਨਕ ਦਾ ਸੂਹਾ ਸੁੱਚੜਾ ਖਾਬ ਏ ਇਹ ਪਾਤਾਲਾ ਪਾਤਾਲ ਆਗਾਸਾ ਆਗਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਕਰਫਿਊ,ਕਾਨੂੰਨ,ਚੁੱਪਾਂ ਤੋੜ ਨਿਕਲੇ ਜੋ ਸਫ਼ਰ, ਸਲੀਕੇ,ਸਿਰ ਜੋੜ ਨਿਕਲੇ ਜੋ ਪੜ੍ਹਨ ਲਈ ਜੀਵਨੀ ਦੇ ਅਗਲੇ ਪੰਨੇ ਜ਼ਿੰਦਗੀ ਦੇ ਵਰਕੇ ਮੋੜ ਨਿਕਲੇ ਜੋ ਕਦੋਂ, ਕਿਉਂ, ਕਿਵੇਂ ਤੇ ਕਿੰਨਾ ਹੱਕਾਂ ਲਈ ਹੋਇਆ ਪਰਵਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਇਹ ਕਾਰਪੋਰੇਟੀ ਇੱਲਾਂ ਦਾ ਨੋਟਬੰਦੀ ਤੋਂ ਲੈ ਕੇ ਖੇਤੀ ਬਿੱਲਾਂ ਦਾ ਭਗਤਾਂ ਨੂੰ ਪਾਈਆਂ ਖਿੱਲਾਂ ਦਾ ਜੀ ਹਜ਼ੂਰੀ ਕਰਦੇ,ਝੂਠ ਉਗਲਦੇ ਗੋਦੀ ਮੀਡੀਏ,ਆਈ ਟੀ ਸਿੱਲਾਂ ਦਾ ਹਰ ਵਰਤਾਰਾ ਆਮ ਖ਼ਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਸਾਣ 'ਤੇ ਲੱਗੀਆਂ ਸੋਚਾਂ ਮੋਰਚੇ ਖੁੱਲ੍ਹੇ ਨੇ ਬਾਗ਼ੀ ਸੱਥ-ਬਜ਼ਾਰਾਂ, ਚੌਂਕੇ-ਚੁੱਲ੍ਹੇ ਨੇ ਸ਼ਾਮਲ ਪਾਸ਼,ਉਦਾਸੀ,ਨਜ਼ਮੀ,ਬੁੱਧ ਤੇ ਬੁੱਲ੍ਹੇ ਨੇ ਪਿੰਡ ਪਿੰਡ ਮਾਈ ਭਾਗੋ ਜੰਮੀਆਂ ਘਰ ਘਰ ਜੰਮੇ ਦੁੱਲੇ ਨੇ ਇਸ ਮੌਸਮ ਦੀ ਫ਼ਿਤਰਤ ਰੁਤਬਾ ਸ਼ੁੱਧ ਖਲਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਰੰਗ ਵੱਖਰੇ,ਰੰਗਤ ਇੱਕੋ ਝੰਡਿਆਂ ਦੀ ਕਹੀਆਂ ਕਿਰਪਾਨਾਂ ਦਾਤੀ ਹਥੌੜੇ ਖੰਡਿਆਂ ਦੀ ਸਾਂਝੀ ਤਾਕਤ ਬਰਕਤ ਵਾਲੇ ਨਿੱਗਰ ਡੰਡਿਆਂ ਦੀ ਗੱਲ ਕਰਦੇ ਨੇ ਜਿਹੜੇ ਵੰਡਣ ਵਾਲੀਆਂ ਜੋਕਾਂ ਤੇ ਟੁਕੜੇ ਟੁਕੜੇ ਵੰਡਿਆਂ ਦੀ ਧਰਨਿਆਂ ਦਾ ਧਰਿਆ ਧੀਰਜ ਧਿਆਨ ਧਰਵਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ........... ਜ਼ੁਲਮਾਂ ਦੇ ਬੁੱਤ ਤੋੜਨ ਵਾਲੇ ਨੂੰ, ਬੁੱਤ ਤਰਾਸ਼ ਲਿਖਿਆ ਜਾਵੇਗਾ ਤੇਰੇ ਮੱਥੇ ਕਾਲਖ ਉਦਾਸੀ, ਸਾਡੇ ਚਿਹਰੇ ਚਾਨਣ ਉਲਾਸ ਲਿਖਿਆ ਜਾਵੇਗਾ ਇਤਿਹਾਸ ਲਿਖਿਆ ਜਾਵੇਗਾ...........

ਗ਼ਜ਼ਲ-ਜਸਵਿੰਦਰ ਮਾਨ ਯੂ ਕੇ

'ਨ੍ਹੇਰਾ ਮਾਰਦਾ ਏ ਸਾਨੂੰ ,ਅਸੀਂ ਮੋਈ ਜਾਨੇ ਆਂ। ਬੁਝੀ ਅੱਗ ਦੇ ਸਰਾਹਣੇ ,ਬੇਠੇ ਰੋਈ ਜਾਨੇ ਆਂ। ਆਹ ਤਾਂ ਅਪਣਾ ਹੀ ਲਹੂ ਲੱਗਾ ਆਪਣੇ ਹੀ ਮੱਥੇ, ਦਾਗ ਸਮਿਆਂ ਦੇ ਹੱਥੀਂ ,ਅਸੀਂ ਧੋਈ ਜਾਨੇ ਆਂ। ਇਕ ਹੱਥ ਵਿੱਚ ਜਿਹੜੀ ਇਨ੍ਹਾਂ ਤਖ਼ਤਾਂ ਨੇ ਦਿੱਤੀ, ਦੂਜੇ ਹੱਥ ਵਿੱਚ ਸੂਲ਼ ਉਹ ਪਰੋਈ ਜਾਨੇ ਆਂ। ਅਸੀਂ ਖੂਹ ਕੋਲ਼ੋਂ ਲੰਘੇ,ਇਹ ਪਿਆਸਿਆਂ ਦੀ ਗਾਥਾ, ਖਾਲੀ ਟਿੰਡਾਂ ਆਪੇ ਪਿੱਠ ਉਤੇ ਢੋਈ ਜਾਨੇ ਆਂ। ਇਹ ਹੈ ਵੱਤਰ ਜ਼ਮੀਨ,ਜਾਂ ਇਹ ਬੰਜਰ ਵੀਰਾਨਾ, ਬੀਜ ਉੱਗੇ ਜਾਂ ਨਾ ਉੱਗੇ ,ਅਸੀਂ ਬੋਈ ਜਾਨੇ ਆਂ। ਇਹ ਤਾਂ ਸਮਿਆਂ ਦਾ ਸ਼ੀਸ਼ਾ,ਇਥੇ ਸਭ ਨੰਗੇ ਹੋਣੇ, ਅਸੀਂ ਕੀਹਦੇ ਕੋਲ਼ੋਂ ਚਿਹਰੇ ਜੀ ਲੁਕੋਈ ਜਾਨੇ ਆਂ।

ਪਰਾਲ਼ੀ ਦਾ ਧੂੰਆਂ-ਸੁਰਿੰਦਰ ਗਿੱਲ (ਡਾ:) ਮੋਹਾਲੀ

ਫ਼ਸਲਾਂ ਹੁਣ ਖੇਤਾਂ 'ਚ ਨਹੀਂ ਪਿੰਡਾਂ ਸ਼ਹਿਰਾਂ , ਚੌਂਕ ਚੌਰਾਹਿਆਂ ਰੇਲ ਪਟੜੀਆਂ ਤੇ ਸੜਕਾਂ ਤੇ ਉੱਗਣਗੀਆਂ। ਹਲ਼ ਪੰਜਾਲ਼ੀਆਂ, ਟਰੈਕਟਰ ਟਰਾਲੀਆਂ ਹਾਲ਼ੀ ,ਪਾਲ਼ੀ, ਕਿਰਤੀ ਕਾਮੇ ਅਤੇ ਕਿਸਾਨ ਚੌਂਕਾਂ, ਸੜਕਾਂ, ਰੇਲ ਪਟੜੀਆਂ ਤੇ ਆ ਬੈਠੇ। ਦਿੱਲੀ ਵੱਲ ਨੂੰ ਧਾਏ। ਸਿੰਘੂ, ਟਿੱਕਰੀ ਆਦਿ ਦਿੱਲੀ ਦੀਆਂ ਹੱਦਾਂ ਉੱਤੇ ਡੇਰੇ ਲਾਏ। ਪੂੰਜੀਦਾਰਾਂ ਦੀ ਸੇਵਾ ਲਈ ਕਾਲ਼ੇ ਬਿੱਲਾਂ ਵਿਰੁੱਧ ਡਟ ਗਏ ਨਾਅਰੇ ਲਾਉਂਦੇ ਆਪੋ ਆਪਣੇ ਦਿਲ 'ਚ ਧੁਖ਼ਦੇ ਦੁੱਖ ਦੀ ਪਰਾਲ਼ੀ ਸਾੜਦੇ। ਇਸ ਪਰਾਲ਼ੀ ਦਾ ਧੂੰਆਂ ਦੂਰ ਦਿੱਲੀ ਦਰਬਾਰ ਦੀਆਂ ਨਾਸਾਂ ਵਿੱਚ ਰੜਕੇਗਾ। ਦੂਰ ਦਿੱਲੀ ਦਰਬਾਰ 'ਚ ਬੈਠਾ ਦੇਸੀ ਬਾਬਰ ਪਾਪ ਦੀ ਜੰਝ ਲੈ ਧਾਇਆ। ਕਾਬੁਲ ਤੋਂ ਨਹੀਂ ਇਹ ਬਾਬਰ ਗੁਜਰਾਤੋਂ ਆਇਆ। ਬਾਬਰ ਨੇ ਹੁਣ ਦੇਸੀ ਘਾੜ ਮੁਖੌਟਾ ਪਾਇਆ। ਦੇਸੀ ਬਾਬਰ ਹਾਲ਼ੀਆਂ ਪਾਲ਼ੀਆਂ ਅਤੇ ਕਿਸਾਨ ਨੂੰ ਲੁੱਟਣਾ ਚਾਹੇ। ਨਿੱਤ ਨਵੀਂ ਤਰਤੀਬ ਬਣਾਵੇ। ਭਾਰਤ ਦੇ ਖੇਤਾਂ ਨੂੰ ਸੜਦੇ ਤੱਕਦੇ ਸਾਰੇ ਕਿਰਤੀ ਅਤੇ ਕਿਸਾਨ ਜਦੋਂ ਹਨ ਰੋਹ ਵਿੱਚ ਆਏ ਸਾਰੇ ਦਿੱਲੀ ਵੱਲ ਨੂੰ ਧਾਏ। ਜਾਗੇ, ਜੁੜੇ ਤੇ ਹੱਕ ਮੰਗਦੇ ਰੋਹ ਭਰੇ ਨਾਅਰੇ ਲਾਉਂਦੇ ਨੰਗੇ ਧੜ ਸੜਕਾਂ ਤੇ ਬੈਠੇ ਠੰਢੀਆਂ ਯਖ਼ ਰਾਤਾਂ ਵਿੱਚ ਆਪਣਾ ਹੱਕ ਮੰਗਦੇ। ਅੰਨ੍ਹੇ ਬੋਲ਼ੇ ਲੋਟੂ ਤੇ ਸ਼ੈਤਾਨ ਹਾਕਮੋ ਅੱਖਾਂ ਖੋਲ੍ਹੋ ਸੰਭਲ ਜਾਵੋ। ਸੜਕਾਂ ਉੱਤੇ ਠਰਦੇ ਰੋਹ ਦੀ ਜਵਾਲਾ ਜੇਕਰ ਭੜਕ ਪਈ ਤਾਂ ਦਿੱਲੀ ਤਖ਼ਤ ਦੇ ਉੱਚੇ ਕਿੰਗਰੇ ਤਿੜਕ ਜਾਣਗੇ ਨੀਹਾਂ ਕੰਬ ਜਾਣੀਆਂ। ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਸਬਰ ਟੁੱਟਿਆਂ ਇਹ ਹਲ਼ ਇਹ ਟਰੈਕਟਰ,ਇਹ ਟਰਾਲੀਆਂ ਜੇ ਸੀ ਬੀ, ਡੁਲਡੋਜ਼ਰ ਅਤੇ ਟੈਂਕ ਬਣ ਜਾਣੇ। ਦਿੱਲੀ ਪੁੱਜ ਕੇ ਛਪੰਜਾ ਇੰਚ ਦੀ ਛਾਤੀ ਨੂੰ ਇਹ ਮਸਲ ਦੇਣਗੇ। ਰੋਹ ਵਿੱਚ ਆਏ ਕਿਸਾਨਾਂ ਆਪਣੇ ਹੱਕ ਖੋਹ ਲੈਣੇ। ਖੇਤੀ ਬਿੱਲ ਰੱਦ ਕਰਨੇ ਪੈਣੇ।

ਇਹ ਇਸ ਦੇਸ਼ ਦੇ ਅੰਨਦਾਤਾ ਹਨ-ਅਮਰਜੀਤ ਕੌਂਕੇ

ਇਹ ਜੋ ਠਰਦੀਆਂ ਰਾਤਾਂ ਵਿਚ ਸੜਕਾਂ ਕਿਨਾਰੇ ਟਰਾਲੀਆਂ ਵਿਚ ਫੁਟਪਾਥਾਂ ਤੇ ਤੰਬੂਆਂ ਵਿਚ ਰਾਤਾਂ ਕੱਟ ਰਹੇ ਕੌਣ ਨੇ ਇਹ ? ਇਹ ਕਿਸੇ ਦੇਸ਼ ਤੋਂ ਉੱਜੜ ਕੇ ਆਏ ਰਫ਼ਿਊਜ਼ੀ ਨਹੀਂ ਇਸੇ ਦੇਸ਼ ਦੇ ਬਸ਼ਿੰਦੇ ਹਨ। ਇਸੇ ਦੇਸ਼ ਦੇ ਬਸ਼ਿੰਦੇ ਹਨ ਇਸ ਧਰਤੀ ਵਿਚ ਆਪਣਾ ਖੂਨ ਪਸੀਨਾ ਡੋਲ੍ਹ ਕੇ ਅਨਾਜ ਪੈਦਾ ਕਰਦੇ ਸਾਰੇ ਦੇਸ਼ ਦਾ ਢਿੱਡ ਭਰਦੇ ਇਹ ਕੋਈ ਧਾੜਵੀ ਨਹੀਂ ਹਨ ਇਸੇ ਦੇਸ਼ ਦੇ ਅੰਨਦਾਤਾ ਹਨ। ਇਹ ਜੋ ਆਪਣੇ ਦੁਖ ਰੋਣ ਲਈ ਆਪਣੇ ਦਰਦ ਸੁਣਾਉਣ ਲਈ ਆਪਣੇ ਹੀ ਦੇਸ਼ ਦੀ ਰਾਜਧਾਨੀ ਵਿਚ ਆਉਣਾ ਚਾਹੁੰਦੇ ਸਨ ਕਿਸੇ ਦਾ ਕੁਝ ਖੋਹਣ ਲਈ ਨਹੀਂ ਜਾਂ ਕਾਬਜ਼ ਹੋਣ ਲਈ ਨਹੀਂ ਸਗੋਂ ਆਪਣੀਆਂ ਜ਼ਮੀਨਾਂ ਲੁਟੇਰਿਆਂ ਤੋਂ ਬਚਾਉਣ ਲਈ ਆਪਣਾ ਭਵਿਖ ਤੋਂ ਲੁੱਟੇ ਜਾਣ ਤੋਂ ਰੁਕਵਾਉਣ ਦੇ ਲਈ ਤੁਸੀਂ ਜਿਨ੍ਹਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਰਾਹਾਂ ਵਿਚ ਟੋਏ ਪੁੱਟ ਦਿੱਤੇ ਪਾਣੀ ਦੀਆਂ ਤੋਪਾਂ ਨਾਲ ਉਨ੍ਹਾਂ ਨੂੰ ਡੱਕਿਆ ਕੋਈ ਧਾੜਵੀ ਨਹੀਂ ਹਨ ਇਸੇ ਦੇਸ਼ ਦੇ ਕਿਸਾਨ ਹਨ ਇਹ ਅੰਨਦਾਤਾ ਹਨ ਇਸ ਧਰਤੀ ਦੇ ਪਾਲਕ ਇਸ ਦੇਸ਼ ਦੇ ਸਿਰਜਕ ਜਿਨ੍ਹਾਂ ਨੂੰ ਤੁਸੀਂ ਠਰਦੀਆਂ ਰਾਤਾਂ ਵਿਚ ਸੜਕਾਂ ਤੇ ਰਹਿਣ ਲਈ ਮਜਬੂਰ ਕੀਤਾ ਹੈ ਜਿਨ੍ਹਾਂ ਲਈ ਤਾਇਨਾਤ ਕੀਤੀ ਹੈ ਤੁਸੀਂ ਹਥਿਆਰਬੰਦ ਸੈਨਾ ਇਹ ਕੋਈ ਦੁਸ਼ਮਣ ਫੌਜ ਦੇ ਸਿਪਾਹੀ ਨਹੀਂ ਹਨ ਇਸ ਦੇਸ਼ ਦੇ ਅੰਨਦਾਤਾ ਹਨ। ਜਿਨ੍ਹਾਂ ਨੂੰ ਤੁਸੀਂ ਵਾਰ ਵਾਰ ਦੱਸ ਰਹੇ ਹੋ ਕਿ ਇਹ ਦੇਸ਼ ਤੁਹਾਡਾ ਨਹੀਂ ਹੈ ਇਹ ਰਾਜਧਾਨੀ ਤੁਹਾਡੀ ਨਹੀਂ ਹੈ ਤੁਸੀਂ ਵਾਰ ਵਾਰ ਇਨ੍ਹਾਂ ਨੂੰ ਇਹ ਜਤਾ ਰਹੇ ਹੈ ਅਹਿਸਾਸ ਕਰਵਾ ਰਹੇ ਹੋ ਪਰ ਇਹ ਕਿਸੇ ਹੋਰ ਮੁਲਕ ਤੋਂ ਆਏ ਧਾੜਵੀ ਨਹੀਂ ਇਹ ਇਸ ਦੇਸ਼ ਦੇ ਮਾਲਕ ਹਨ ਇਹ ਇਸ ਦੇਸ਼ ਦੇ ਸਿਰਜਕ ਹਨ ਇਹ ਇਸ ਦੇਸ਼ ਦੇ ਅੰਨਦਾਤਾ ਹਨ ਇਹ ਇਸ ਦੇਸ਼ ਦੇ ਕਿਸਾਨ ਹਨ ਇਹ ਇਥੋਂ ਜਿੱਤ ਕੇ ਜਾਣਗੇ ਇਕ ਦਿਨ ਜਿੱਤ ਕੇ ਜਾਣਗੇ.......

ਤੇਰੀ ਹਿੱਕ ਤੇ-ਮੁਨੱਜ਼ਾ ਇਰਸ਼ਾਦ

ਤੇਰੀ ਹਿੱਕ 'ਤੇ ਲੰਗਰ ਦੁਨੀਆਂ ਨੂੰ ਹੁਣ ਅਸੀਂ ਛਕਾਵਾਂਗੇ। ਤੂੰ ਕੀ ਸੋਚੇਂ ? ਭੁੱਖ ਨੰਗ ਅਸੀਂ ਕਦੇ ਦਿਖਾਵਾਂਗੇ? ਐਸੀ ਕੌਮ ਦੇ ਹਾਂ ਹੀਰੇ ਅਸੀਂ ਜੋ ਮਰ ਮਿਟ ਕੇ ਵੀ ਆਪਣਾ ਨਾਂ ਚਮਕਾਵਾਂਗੇ। ਜੇ ਭੁੱਲ ਗਏ ਹੋ ਸ਼ਹੀਦੀਆਂ ਪੁਰਾਣੀਆਂ ਇਤਿਹਾਸ ਦੁਹਰਾ, ਯਾਦ ਅਸੀਂ ਹੁਣ ਕਰਵਾਵਾਂਗੇ। ਐਸੀ ਕੌਮ ਦੇ ਤਾਰੇ ਅਸੀਂ ਤਾਂ ਜੋ ਧੁਰ ਅਸਮਾਨੀ ਜਗਮਗਾਵਾਂਗੇ। ਯੁਗਾਂ ਤੋਂ ਦੇਖੀਆਂ ਇਹ ਠੰਡਾਂ ਠਾਰਾਂ ਹੁਣ ਕੀ ਸੋਚੇਂ? ਘਬਰਾਵਾਂਗੇ?? ਐਸੀ ਕੌਮ ਦੇ ਵਾਰਿਸ ਅਸੀਂ ਜੋ ਰੱਸਾ ਚੁੰਮ ਗਲ਼ ਪਾਵਾਂਗੇ। ਮਰ ਮਿਟ ਵੀ, ਕੌਮ ਨੂੰ ਮਹਾਨ ਬਣਾਵਾਂਗੇ।

ਕਿੱਤਾ ਹੀ ਨਹੀਂ ਖੇਤੀ-ਰਣਜੀਤ ਸਿੰਘ ਧੂਰੀ

ਕਿੱਤਾ ਹੀ ਨਹੀਂ ਖੇਤੀ ਇਹ ਤਾਂ ਪੰਜਾਬ ਦਾ ਵਿਰਸਾ ਹੈ। ਤੂੰ ਵੇਖ ਸਹੀ ਇਸ ਦੇ ਵਿੱਚੋਂ, ਦੁਨੀਆਂ ਦਾ ਭਵਿੱਖ ਵੀ ਦਿਸਦਾ ਹੈ। ਇਹ ਤਾਂ ਪੰਜਾਬ ਦਾ ਵਿਰਸਾ ਹੈ। ਵਿਰਸੇ ਵਿੱਚ ਸਾਡੇ ਪੁਰਖਿਆਂ ਤੇ ਗੁਰ-ਪੀਰਾਂ ਦੀਆਂ ਦੁਆਵਾਂ ਹਨ। ਇਹ ਮਾਵਾਂ ਠੰਡੀਆਂ ਛਾਵਾਂ ਵਿੱਚ ਜਿਉਣ ਦੀਆਂ ਸਭ ਰਾਹਵਾਂ ਹਨ। ਇਹ ਕਿਰਤ ਹੈ ਬਾਬੇ ਨਾਨਕ ਦੀ, ਸੱਚ ਦੀ ਅਸਲ ਵਿਰਾਸਤ ਹੈ। ਜੋ ਜ਼ੁਲਮਾਂ ਅੱਗੇ ਹਿੱਕ ਡਾਹਵੇ, ਇਹ ਐਸੀ ਲੋਕ ਬਗਾਵਤ ਹੈ। ਭੁੱਖੇ ਰਹਿ ਕੇ ਦੂਜੇ ਦਾ ਢਿੱਡ ਭਰਨਾ ਵੀ ਇੱਕ ਇਬਾਦਤ ਹੈ। ਮਨੁੱਖਤਾ ਦੀ ਧਿਰ ਖੇਤੀਬਾੜੀ, ਸੇਵਾ ਹੀ ਜਿਸ ਦੀ ਆਦਤ ਹੈ। ਕਿੱਤਾ ਹੀ ਨਹੀਂ ਖੇਤੀਬਾੜੀ ਇਹ ਕੁਦਰਤ ਨਾਲ ਮੁਹੱਬਤ ਹੈ। ਸਿਕੰਦਰ ਦੁਨੀਆਂ ਜਿੱਤਣ ਵਾਲਾ ਪੰਜਾਬੀ ਪੋਰਸ ਨੇ ਦਬਕਾਇਆ ਸੀ। ਕਾਬਲ 'ਚ ਹਰੀ ਸਿੰਘ ਨਲੂਏ ਨੇ ਅਫਗਾਨੀ ਮਾਰ ਮੁਕਾਇਆ ਸੀ। ਬਾਬਾ ਬੰਦਾ ਸਿੰਘ ਬਹਾਦਰ, ਜਦ ਖੇਤਾਂ ਵਿੱਚ ਆਇਆ ਸੀ। ਖੇਤਾਂ ਨੂੰ ਕਿਸਾਨਾਂ ਦੇ ਨਾਂਅ 'ਤੇ ਉਸ ਨੇ ਫੇਰ ਚੜ੍ਹਾਇਆ ਸੀ। ਇਹ ਤੇਰੇ ਟੋਏ - ਟਿੱਬੇ ਤਾਂ ਕੁਝ ਪਲਾਂ 'ਚ ਹੀ ਲੰਘ ਆਇਆ ਸੀ। ਇਦ੍ਹੇ ਸਬਰ ਸਿਦਕ ਨੇ ਰਾਹਾਂ ਦੇ ਕੰਡਿਆਂ ਨੂੰ ਫੁੱਲ ਬਣਾਇਆ ਹੈ। ਕਿੱਤਾ ਹੀ ਨਹੀਂ ਖੇਤੀਬਾੜੀ, ਇਹ ਕੁਦਰਤ ਦਾ ਸਰਮਾਇਆ ਹੈ। ਇਹ ਕੁਦਰਤ ਦਾ ਸਰਮਾਇਆ ਹੈ। ਨਾ ਸਾਡੇ ਸਬਰ ਨੂੰ ਪਰਖੀਂ ਤੂੰ, ਜਬਰ ਇਸ ਅੱਗੇ ਟੁੱਟ ਜਾਂਦਾ ਹੈ। ਨਾ ਸਾਡਾ ਸਿਦਕ ਹੀ ਪਰਖੀਂ ਤੂੰ, ਇਹ ਸੀਨਾ ਤਾਣ ਕੇ ਢੁੱਕ ਜਾਂਦਾ ਹੈ। ਕਿਰਤੀ ਮਾਰਨ ਨੂੰ ਜੋ ਕੱਢੀ ਕਿਰਪਾਨ ਮਿਆਨ 'ਚ ਪਾ ਜ਼ਾਲਿਮ! ਤੂੰ ਸਾਡਾ ਭਰਮ ਕੀ ਕੱਢੇਂਗਾ, ਤੂੰ ਅਪਣਾ ਭਰਮ ਮੁਕਾ ਜ਼ਾਲਿਮ! ਕਿਸਾਨ ਵਿਰੋਧੀ ਬਣ ਕੇ ਤੂੰ, ਕਾਲੇ ਕਾਨੂੰਨ ਜੋ ਲਿਆਇਆ ਏਂ, ਲਾਗੂ ਹੋਣ ਤੋਂ ਪਹਿਲਾਂ ਹੀ, ਉਹਨਾਂ ਨੂੰ ਰੱਦ ਕਰਾ ਜ਼ਾਲਿਮ! ਕਿੱਤਾ ਹੀ ਨਹੀਂ ਖੇਤੀਬਾੜੀ, ਜ਼ਿੰਦਗੀ ਦਾ "ਧੂਰੀ" ਫ਼ਲਸਫ਼ਾ ਹੈ। ਜ਼ਿੰਦਗੀ ਦਾ "ਧੂਰੀ" ਫ਼ਲਸਫ਼ਾ ਹੈ। ਕਿੱਤਾ ਹੀ ਨਹੀਂ ਖੇਤੀਬਾੜੀ, ਇਹ ਤਾਂ ਪੰਜਾਬ ਦਾ ਵਿਰਸਾ ਹੈ। ਤੂੰ ਵੇਖ ਸਹੀ ਇਸ ਦੇ ਵਿੱਚੋਂ, ਦੁਨੀਆਂ ਦਾ ਭਵਿੱਖ ਵੀ ਦਿਸਦਾ ਹੈ। ਇਹ ਤਾਂ ਪੰਜਾਬ ਦਾ ਵਿਰਸਾ ਹੈ। ਇਹ ਤਾਂ ਪੰਜਾਬ ਦਾ ਵਿਰਸਾ ਹੈ।

ਅਜਬ ਨਜ਼ਾਰਾ-ਜੋਗਾ ਸਿੰਘ ਭਾਗੋਵਾਲੀਆ ਕਵੀਸ਼ਰ

ਕੱਲ੍ਹ ਦਿੱਲੀ ਦੀ ਸਰਹੱਦ ਉੱਤੇ , ਅੱਖੀਆਂ ਅਜਬ ਨਜ਼ਾਰਾ ਤੱਕਿਆ । ਲਾਲ ਕਿਲ੍ਹੇ ਦੀ ਹਿੱਕ ਤੇ ਵੱਸਦਾ , ਸ਼ਹਿਰ ਸਾਰੇ ਦਾ ਸਾਰਾ ਤੱਕਿਆ । ਸ਼ਹਿਰ ਚ ਤੁਰਦਾ ਹਰ ਇਕ ਬੰਦਾ, ਅਣਖਾਂ ਦਾ ਵਣਜਾਰਾ ਤੱਕਿਆ। । ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ , ਸੱਚਮੁੱਚ ਇਹ ਵਰਤਾਰਾ ਤੱਕਿਆ। । ਰਾਹ ਜ਼ਿੰਦਗੀ ਦਾ ਰੌਸ਼ਨ ਕਰਦਾ , ਬਲ਼ਦਾ ਕੁਤਬ ਸਿਤਾਰਾ ਤੱਕਿਆ। ਹਿੰਮਤ ਪਿੱਪਲੀਂ ਪਾਈ ਪੀਂਘ ਨੂੰ , ਦੇਂਦਾ ਇਸ਼ਕ ਹੁਲਾਰਾ ਤੱਕਿਆ। ਮਿਹਨਤਕਸ਼ ਮਜ਼ਦੂਰ ਦੇ ਵਿਹੜੇ , ਵੱਜਦਾ ਅਣਖ਼ ਨਗਾਰਾ ਤੱਕਿਆ। ਉਸ ਡੰਕੇ ਦੀ ਚੋਟ ਦੇ ਕੋਲੋਂ , ਕੰਬਦਾ ਰਾਜ ਮੁਨਾਰਾ ਤੱਕਿਆ। ਹਿੰਦੂ, ਮੁਸਿਲਮ, ਸਿੱਖ, ਈਸਾਈ , ਇੱਕ ਨੂਰ ਝਲਕਾਰਾ ਤੱਕਿਆ। ਕਿਰਤ ਕਥਾ ਦੇ ਹਰ ਨੁਕਤੇ ਤੇ , ਭਰਦਾ ਧਰਮ ਹੁੰਗਾਰਾ ਤੱਕਿਆ। ਭਾਈ ਲਾਲੋ ਦੇ ਢਾਰੇ ਅੱਗੇ ਝੁਕਦਾ ਸੋਨ ਚੁਬਾਰਾ ਤੱਕਿਆ। ਮੁੱਕਦੀ ਗੱਲ ਅੰਦੋਲਨ ਤੱਕ ਕੇ, ਸਭ ਨੂੰ ਫ਼ਰਜ਼ ਪਿਆਰਾ ਤੱਕਿਆ। ਭਾਗੋਵਾਲੀਆ ਰਣ ਖੇਤਰ ਵਿੱਚ , ਸਿਦਕ ਦਾ ਪੱਲੜਾ ਭਾਰਾ ਤੱਕਿਆ ।।

ਪੰਜਾਬ ਸਿੰਹੋਂ ਦੀ ਜੋਦੜੀ-ਸੁਖਪਾਲ ਸਿੰਘ ਥਿੰਦ

ਰੋਲਿਆ ਮਧੋਲਿਆ ਕਤਰਾ ਕਤਰਾ ਤੇਰੀ ਰੱਤ ਦਾ ਨਿਚੋੜਿਆ ਡਿੱਗਦਾ ਢਹਿੰਦਾ ਆਪੇ ਉੱਠ ਪੈਨਾਂ ਏ। ਕਿਸ ਮਿੱਟੀ ਦਾ ਬਣਿਆ ਏ ਪੰਜਾਬ ਸਿੰਹਾਂ ਆਪਣੀ ਰਾਖ਼ ’ਚੋਂ ਆਪੇ ਉੱਗ ਪੈਨਾਂ ਏਂ ! ਹੁਣ ਬੀਤੀ ਈ ਨਹੀਂ , ਇਹ ਬਾਤ ਯੁੱਗਾਂ ਪੁਰਾਣੀ ਐਂ ਧਾੜਵੀਆਂ ਦੀ ਲੁੱਟ ਦੀ ਇਥੇ ਕਥਾ ਪੁਰਾਣੀ ਐਂ ਆਰੀਆ ਹੋਣ ਜਾਂ ਹੋਵੇ ਸਿਕੰਦਰ ਜ਼ਾਲਮ ਸ਼ਮਸ਼ੀਰਾਂ ਤੇਰੇ ਜਿਸਮ ’ਤੇ ਉੱਕਰੀ ਹਰ ਵਾਰ ਇਹੀ ਲੋਟੂ ਕਹਾਣੀ ਐਂ ! ਗਜਨਵੀਆਂ , ਗੌਰੀਆਂ ਤੇ ਬਾਬਰਾਂ ਦੀ ਧਾੜ ਅੱਗੇ ਸਿਜਦੇ ’ਚ ਨਾ ਝੁਕਣ ਦੀ ਸਾਡੀ ਵਾਰਤਾ ਪੁਰਾਣੀ ਐਂ । ਪਰ ਪੰਜਾਬ ਸਿੰਹਾਂ ! ਤੂੰ ਇਸ ਵਾਰਤਾ ਦਾ ਉਹ ਮੋੜਿਆ ਪੰਨਾ ਏ ਜਿਸ ਤੋਂ ਸ਼ੁਰੂ ਹੁੰਦੀ ਹਰ ਵਾਰ ਨਵੀਂ ਕਹਾਣੀ ਐਂ ਮੈਂਨੂੰ ਜ਼ਰਾ ਇਹ ਤਾਂ ਸਮਝਾਈਂ ਝੁਕਿਆਂ ’ਚ ਤੂੰ ਕਿਵੇਂ, ਉੱਠ ਆਕੜ ਪੈਂਦਾ ਸੀ ? ਲੋਟੂਆਂ ਨੂੰ ਰਾਹ ਦੇ ਕੇ ਵਾਪਸੀ ਤੇ ਬੂਹੇ ਕਿਵੇਂ ਢੋਂਦਾ ਸੀ ? ਮਧੋਲੇ ਮਰੇ ਮੁੱਕੇ ਜਿਸਮਾਂ ’ਚ ਸ਼ੇਰ ਦੀ ਦਹਾੜ ਦਾ ਕੀ ਰਾਜ ਸੀ । ਇਹ ਵੀ ਅੱਜ ਸਮਝਾਈਂ ਯਾਰਾ ਤੋਪਾਂ ਦਿਆਂ ਗੋਲਿਆਂ ਤੇ ਫਾਂਸੀ ਦਿਆਂ ਰੱਸਿਆਂ ਦੀ ਸੂਹੀ ਇਤਿਹਾਸ ਧਾਰਾ ’ਚ ਮੁੱਖ ਧਾਰਾ ਬਣਨ ਦਾ ਹੁਨਰ ਤੇ ਜਲੌਅ ਕਿੱਥੋਂ ਸਿੱਖਿਆ ? ਚਿੜੀਆਂ ਤੋਂ ਬਾਜ਼ ਤੁੜਾਉਣ ਦਾ ਇਹ ਕੌਤਕ ਕਿੱਥੋਂ ਸਿੱਖਿਆ ? ਗੱਲ ਸੁਣ ਪੰਜਾਬ ਸਿੰਹੁ ਗੰਭੀਰ ਹੋ ਗਿਆ ਧੁੱਪਾਂ ਠੰਢਾਂ ‘ਚ ਤਪਿਆ ਝੁਰੜਿਆ ਚਿਹਰਾ ਤਾਂਬੀ ਲਿਸ਼ਕ ਨਾਲ ਨੂਰੋ ਨੂਰ ਹੋ ਗਿਆ ਇਸ ਲਿਸ਼ਕ ’ਚੋਂ ਫਿਰ ਨੂਰ ਫੁੱਟਿਆ - ਇਹ ਨਾ ਕੋਈ ਹੁਨਰ ਏ ਨਾ ਕੋਈ ਕੌਤਕ ਰਣ-ਤੱਤੇ ਵਿਚ ਜੂਝਦਿਆਂ ਮੇਰੀ ਹੋਣੀ ਨੇ ਮੇਰੀ ਮਿੱਟੀ ਵਿੱਚ ਵਾਵਰੋਲੇ ਬੀਜੇ ਨੇ ਸਬਰ ,ਸੰਤੋਖ, ਸਦਾਚਾਰ ਦੀ ਖਾਦ ਆਸਰੇ ਸਚਿਆਰ ਦੇ ਖੇਤ ਵਿੱਚ ਉੱਗ ਆਈ ਇਹ ਉਹ ਨਾਨਕ ਸ਼ਾਹੀ ਫ਼ਸਲ ਐ ਕਿਰਤੀ ਕਿਸਾਨ ਦੇ ਮੁੜਕੇ ਤੇ ਯੋਧੇ-ਜੁਝਾਰੂ ਦੀ ਰੱਤ ਨੇ ਜਿਸ ਨੂੰ ਹਰ ਰੁੱਤੇ ਸਿੰਜਿਆ ਏ । ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਇਸ ਫ਼ਸਲ ਦੀ ਰਾਖੀ ਲਈ ਮੈਂਨੂੰ ਧੁਰ ਦਰਗਾਹੋਂ ਲੱਭੀਆਂ ਨੇ ਮੈਂ ਚੰਗੀ ਤਰ੍ਹਾਂ ਜਾਣ ਗਿਆ ਹਾਂ ਮੇਰੀਆਂ ਲਹਿਲਹਾਉਂਦੀਆਂ ਫਸਲਾਂ ਦਾ ਹੁਸਨ ਲੋਭੀਆਂ ਦੀਆਂ ਅੱਖਾਂ ਵਿੱਚ ਇਵੇਂ ਹੀ ਰੜਕਦਾ ਜਿਵੇਂ ਵੈਲੀ ਦੀ ਅੱਖ ਵਿੱਚ ਹੁੰਦੜਹੇਲ ਮੁਟਿਆਰ ਦਾ ਹੁਸਨ ਲੱਦਿਆ ਹਾਸਾ । ਤੇ ਸੱਚ ... ਹੁਣ ਮੈਂ ਨਜਾਇਜ਼ ਫੂਕ ਵੀ ਨਹੀਂ ਛਕਦਾ ਕਿਉਂਕਿ ਤਵਾਰੀਖ ਨੇ ਮੇਰੀ ਫੂਕ ਬੁਰੀ ਤਰ੍ਹਾਂ ਕੱਢ ਰੱਖੀ ਐ । ਪਰ ਇਹ ਨਾ ਭੁੱਲਿਓ ਮੇਰੀ ਹੋਣੀ ‘ਚ ਬੀਜੇ ਵਾਵਰੋਲੇ ਕਦੇ ਵੀ ਝੱਖੜ ਬਣ ਸਕਦੇ ਨੇ ਮੈਂ ਐਵੇਂ ਮੁੱਚੀ ਦੀ ਖੜਗਭੁਜਾ ਨਹੀਂ ਮੈਂਨੂੰ ਸੱਚੀ ਮੁੱਚੀਂ ਖੜਕਣਾ ਆਉਂਦਾ ਏ । ਮੈਂ ਜ਼ਰਖੇਜ਼ ਹਾਂ , ਸਿਰਜਣਹਾਰ ਹਾਂ ਵਾਰ-ਵਾਰ ਪੁੱਟੇ-ਲੁੱਟੇ-ਜਾ ਕੇ ਵੀ ਮੁੜ ਉੱਗ ਪੈਂਦਾ ਹਾਂ ਫਿਰ ਸਿਰਜ ਲੈਂਦਾ ਹਾਂ । ਹਾੜਾ ਓ ਡਾਢਿਓ! ਮੇਰੇ ਵਾਵਰੋਲਿਆਂ ਨਾਲ ਨਾ ਖੇਡੋ ਮੈਂਨੂੰ ਸਿਰਜਣ ਹੀ ਦਿਓ , ਸਿਰਜਣ ਪੀੜ ਸਹਿਣ ਦਿਓ ਮੈਂਨੂੰ ਧਰਮ ਨਿਭਾਉਣ ਦਿਓ , ਆਪਣਾ ਕਰਮ ਨਿਭਾਉਣ ਦਿਓ ।

ਕੌਣ ਨੇ ਇਹ ਲੋਕ ?( ਭਾਗ ਪਹਿਲਾ)-ਸੁਖਪਾਲ ਸਿੰਘ ਥਿੰਦ

ਕੌਣ ਨੇ ਇਹ ਲੋਕ ਰੋਕਦਿਆਂ ਰੋਕਦਿਆਂ ਵੀ ਜੋ ਮੇਰੀ ਹਿੱਕ ਤੇ ਚੜ੍ਹ ਆਏ ਨੇ । ਪਾਣੀ ਦੀਆਂ ਤੋਪਾਂ ਦੇ ਮੂੰਹ ਮੋੜ ਰਾਹਾਂ ਦੇ ਸਭ ਖੱਡਿਆਂ ਨੂੰ ਹੱਥਾਂ ਨਾਲ ਪੂਰ ਭਾਰੀ ਬੈਰੀਕੇਡਾਂ ਨੂੰ ਕਾਗਜ਼ਾਂ ਵਾਂਗ ਉਛਾਲ ਲਲਕਾਰਦੇ ਦਹਾੜਦੇ ਅੱਗੇ ਵਧ ਆਏ ਨੇ ਕੌਣ ਨੇ ਇਹ ਲੋਕ ਡੱਕਦਿਆਂ ਡੱਕਦਿਆਂ ਵੀ ਜੋ ਮੇਰੀ ਹਿੱਕ ਚੜ੍ਹ ਆਏ ਨੇ । ਸਾਊ ਤਾਂ ਇਹ ਹੈਨੀ ਇਨ੍ਹਾਂ ਦੇ ਕਾਰੇ ਤਾਂ ਵੇਖੋ ਇਨ੍ਹਾਂ ਦੀਆਂ ਗੱਲਾਂ ਤਾਂ ਸੁਣੋ ਸੁਣਿਆਂ ਕਾਰ ਨੂੰ ਗੱਡਾ ਟ੍ਰੈਕਟਰ ਨੂੰ ਟੈਂਕ ਤੇ ਟਰਾਲੀ ਨੂੰ ਤੁਰਿਆ ਫਿਰਦਾ ਵਹੀਰ ਕਹਿੰਦੇ ਨੇ ਕੌਣ ਨੇ ਇਹ ਲੋਕ ਡੱਕਦਿਆਂ ਡੱਕਦਿਆਂ ਵੀ ਜੋ ਮੇਰੀ ਹਿੱਕ ਚੜ੍ਹ ਆਏ ਨੇ । ਬੈਰੀਕੇਡਾਂ ਦਿਆਂ ਪੱਥਰਾਂ ਨੂੰ ਸਿਰਹਾਣਾ ਬਣਾ ਸੁੱਤੇ ਨੇ ਸ਼ਾਪਿੰਗ ਮਾਲਾਂ ਦੇ ਬੂਹਿਆਂ ਤੇ ਘੋੜੇ ਬੰਨ੍ਹ ਦਿੱਤੇ ਨੇ ਗੁਰੂ ਦਾ ਨਾਮ ਲੈ ਕੇ ਮੇਰੀ ਪਰਜਾ ਨੂੰ ਸੰਗਤ ਆਖ ਅਟੁੱਟ ਲੰਗਰ ਵਰਤਾਉਂਦੇ ਨੇ ਠੁਰ ਠੁਰ ਕਰਦੀਆਂ ਰਾਤਾਂ ਵਿੱਚ ਤਾਰਿਆ ਹੇਠ ਸੌਂ ਕੇ ਉੱਠਦੇ ਮੁਸਕਰਾਉਂਦੇ ਨੇ ਕੌਣ ਨੇ ਇਹ ਲੋਕ ਰੋਕਦਿਆਂ ਰੋਕਦਿਆਂ ਵੀ ਜੋ ਮੇਰੀ ਹਿੱਕ ਚੜ੍ਹ ਆਏ ਨੇ । ਕਹਿੰਦੇ, ਲੁੱਟੀਆਂ ਫਸਲਾਂ ਦਾ ਨਿਜ਼ਾਮ ਰੋਕਣਾ ਲੋਟੂ ਢਾਣੀਆਂ ਦਾ ਇੰਤਜ਼ਾਮ ਰੋਕਣਾ ਸਬਰ ਸੰਤੋਖ ਸਿਰੜ ਅਤੇ ਸਮਝ ਨਾਲ ਯੁੱਧ ਵਿੱਚ ਕੁੱਦਣਾ ਝੁਕਣਾ ਨਹੀਂ ਇਸ ਵਾਰ ਧੌਣ ਉੱਚੀ ਕਰ ਬੁੱਕਣਾ ਦੱਸਿਓ ਤਾਂ ਸਹੀ ਇਹ ਖਰੂਦੀ ਕਿੱਥੋਂ ਆਏ ਨੇ ਕੌਣ ਨੇ ਇਹ ਲੋਕ ਜੋ ਮੇਰੀ ਹਿੱਕ ਚੜ੍ਹ ਆਏ ਨੇ । ਇਨ੍ਹਾਂ ਦੀ ਜੁਰੱਅਤ ਵੇਖੋ ਮੈਂਨੂੰ ਲਲਕਾਰਦੇ ਨੇ ਭੋਲੇ ਪੰਛੀ ਹਿਮਾਲਿਆ ਨਾਲ ਮੱਥਾ ਮਾਰਦੇ ਨੇ ਇਹ ਮੇਰੀ ਤਾਕਤ ਕੀ ਜਾਣਨ ਮੇਰੇ ਕੋਲ ਸ਼ਕਤੀ ਹੈ ਧਰਮ ਦੀ , ਰਾਜ ਦੀ ਸਨਾਤਨੀ ਸਭਿਆਚਾਰ ਦੀ ਇਹ ਬਚੂੰਗੜੇ ਜਿਹੇ ਮੇਰੇ ਨਾਲ ਸਿੱਝਣ ਦੀ ਤਿਆਰੀ ਕਿਸ ਆਸਰੇ ਕਰੀ ਬੈਠੇ ਨੇ ਲੱਗਦਾ ਚਾਲ ਹੈ ਕੋਈ ਗਹਿਰੀ ਬਾਹਰੀ ਸ਼ਕਤੀਆਂ ਦੀ ਇਮਦਾਦ ਹੈ ਭਾਰੀ ਕਰ ਲੈਣ ਜੋ ਹੈ ਕਰਨਾ ਰਾਸ਼ਟਰ ਪ੍ਰੇਮੀ ਤੇ ਰਾਸ਼ਟਰ ਧ੍ਰੋਹੀ ਕੌਣ ਫ਼ੈਸਲਾ ਤਾਂ ਆਖਿਰ ਮੈਂ ਹੀ ਕਰਨਾ । ਪਤਾ ਨੀ ਕਿਸ ਆਸਰੇ ਸਮਾਨ ਬੰਨ੍ਹੀ ਆਏ ਨੇ ਕੌਣ ਨੇ ਇਹ ਲੋਕ ਜੋ ਮੇਰੀ ਹਿੱਕ ਚੜ੍ਹ ਆਏ ਨੇ । ਇਨ੍ਹਾਂ ਦੀਆਂ ਸ਼ਕਲਾਂ ਤਾਂ ਵੇਖੋ ਘਸਮੈਲੇ , ਅਣਧੋਤੇ ,ਅੱਖੜ ਜਿਹੇ ਸ਼ਾਈਨਿੰਗ ਇੰਡੀਆ ਚ ਇਵੇਂ ਜਾਪਣ ਜਿਵੇਂ ਕਿਸੇ ਜੰਗਲ ‘ਚੋਂ ਨਿਕਲ ਤੁਰੇ ਹੋਣ ਮੈਂਨੂੰ ਤਾਂ ਇਹ ਜੰਗਲਾਂ ਵਿਚਲੇ ਨਕਸਲੀ ਜਾਪਦੇ ਦਹਿਸ਼ਤ ਭਰੇ ਬੋਲਾਂ ਕਾਰਣ ਦਹਿਸ਼ਤਵਾਦੀ ਜਾਪਦੇ ਵੱਖਰੀਆਂ ਸ਼ਕਲਾਂ ਕਰਕੇ ਵੱਖਵਾਦੀ ਜਾਪਦੇ ਮੈਂ ਤਾਂ ਜੋ ਕਰਨਾ ਸੀ ਉਹ ਕਰ ਦਿੱਤਾ ਏ ਸਭ ਦੁੱਖਾਂ ਤੋਂ ਮੁਕਤੀ ਦਾ ਇੰਤਜ਼ਾਮ ਕਰ ਦਿੱਤਾ ਏ ਫਿਰ ਵੀ ਨੀ ਸਮਝਦੇ ਅੱਤ ਚੁੱਕੀ ਜਾਂਦੇ ਨੇ ਮੈਂ ਤਾਂ ਸਮਝ ਗਿਆਂ ਸਮਝੂ ਹੁਣ ਰਾਸ਼ਟਰ ਕੌਣ ਨੇ ਇਹ ਲੋਕ ਤੇ ਕਿੱਥੋਂ ਆਏ ਨੇ ਸਭ ਡਰਾਂ ਨੂੰ ਪਿੱਛੇ ਛੱਡ ਜੋ ਮੇਰੀ ਹਿੱਕ ਚੜ੍ਹ ਆਏ ਨੇ ।

ਕੌਣ ਨੇ ਇਹ ਲੋਕ ?( ਭਾਗ ਦੂਜਾ )-ਸੁਖਪਾਲ ਸਿੰਘ ਥਿੰਦ

ਇਸ ਮਿੱਟੀ ਦੇ ਜਾਏ ਅਸੀਂ , ਇਸ ਮਿੱਟੀ ਦੇ ਲਾਲ ਹਾਂ ਮਿੱਟੀ ਨਾਲ ਮਿੱਟੀ ਹੋ ਕੇ , ਕਰਦੇ ਆਂ ਕਮਾਲ ਹਾਂ ਮੁੜਕੇ ਨਾਲ ਸਿੰਜ ਮਿੱਟੀ , ਸੋਨਾ ਉਗਾਉਂਦੇ ਹਾਂ ਭੋਂਇ ਵਿੱਚ ਕਿਰਤ ਬੀਜ਼, ਕਿਸਾਨ ਕਹਾਉਂਦੇ ਹਾਂ ਘਰੋ ਘਰ ਪੱਕੇ ਰੋਟੀ , ਅੰਨਦਾਤਾ ਸਦਾਉਂਦੇ ਹਾਂ ਧਰਤ ਨਾਲ ਪੱਕਾ ਨਾਤਾ , ਧਰਤੀ ਪੁੱਤਰ ਅਖਵਾਉਂਦੇ ਹਾਂ ਧਰਤੀ ਤੇ ਕਿਰਤ ਕਰਕੇ , ਧਰਤ ਧਰਮ ਪਾਲਦੇ ਹਾਂ ਸੱਚੀ ਸੁੱਚੀ ਕਿਰਤ ਦਾ , ਇਕੋ ਧਰਮ ਜਾਣਦੇ ਹਾਂ । ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰੀ ਜਾਂਦੇ ਸੀ ਕਰਜ਼ਿਆਂ ਦੀ ਪੰਡ ਨੂੰ ਭਾਣਾ ਕਹੀ ਜਾਂਦੇ ਸੀ ਇੱਕ ਹੀ ਜਨੂੰਨ ਤੇ ਇੱਕ ਹੀ ਸਹਾਰਾ ਸੀ ਖੇਤ ਮੇਰੇ ਨੇ ਤੇ ਮੈਂ ਖੇਤਾਂ ਦਾ ਰਾਜਾ ਸੀ । ਇਹ ਮੇਰਾ ਭਰਮ ਸੀ ਜਾਂ ਕੁਝ ਹੋਰ ਸੀ ਮੇਰੀ ਗੈਰਤ ਦੀ ਇਹੀ ਤਾਂ ਠਾਹਰ ਸੀ । ਤੇਰਿਆਂ ਕਾਨੂੰਨਾਂ ਮੇਰਾ ਸਾਰਾ ਭਰਮ ਤੋੜਿਆ ਖੇਤਾਂ ਦਾ ਰਾਜਾ ਗਿਆ ਧਨਾਢਾਂ ਹੱਥੋਂ ਨਚੋੜਿਆ । ਪਰਦੇ ਪਿਛਲੀ ਕਹਾਣੀ ਦੀ ਤਾਂ ਵੱਖਰੀ ਨੁਹਾਰ ਹੈ ਤੇਰੀ ਮਹਾਂ-ਚੱਕੀ ਸਭ ਪੀਸਣ ਲਈ ਤਿਆਰ ਹੈ ਧਰਤੀ ,ਧਰਮ ,ਸੁੱਚੀ ਕਿਰਤ ਹੁਣ ਫਾਲਤੂ ਵਗਾਰ ਹੈ । ਸਾਡੇ ਸਮਿਆਂ ਲਈ ਤੇਰੀ ਵੱਖਰੀ ਤਿਆਰੀ ਐ ਸਭ ਕੁਝ ਪੀਸਣਾ ਹੁਣ ਵਾਰੋ ਵਾਰੀ ਐ ਤਮਾਸ਼ਬੀਨ ਬਣਿਆ ਰਿਹਾਂ ਸਮਝ ਤਮਾਸ਼ਾ ਸਰਕਾਰੀ ਐ ਇਹ ਕਿਤੇ ਭੁੱਲ ਬੈਠਾ ਅਗਲੀ ਮੇਰੀ ਵਾਰੀ ਐ । ਕਿਰਤ ਨੂੰ ਪਿਸਦੇ ਵੇਖ ਮੈਂ ਕੁਝ ਨਾ ਕਿਹਾ ਫਸਲਾਂ ਨੂੰ ਲੁੱਟ ਹੁੰਦੇ ਵੇਖ ਮੈਂ ਚੁੱਪ ਹੀ ਰਿਹਾ ਪਿਸਾਈ ਵਜੋਂ ਸਾਰਾ ਪੀਠਣ ਸਾਂਭਦਿਆ ਤੈਨੂੰ ਤੱਕਦਾ ਰਿਹਾ ਸੂੜ੍ਹੇ ਨੂੰ ਕਿਸਮਤ ਜਾਣ ਆਪਣੀ ਝੋਲੀ ਸੁੱਟਦਾ ਰਿਹਾ ਘਰੇ ਨੌਕਰੀ ਦੀ ਛਲਾਵੀਂ ਧੁਨ ਅੰਦਰ ਤੇਰੇ ਕੋਠੇ ਭਰਨ ਲਈ ਡੂੰਘਾ ਹੱਲ ਵਾਹੁੰਦਾ ਰਿਹਾ ਸਿੱਧੜ ਸਾਨੂੰ ਜਾਣ , ਆਇਆ ਤੂੰ ਨਾਲ ਖੂਬ ਤਿਆਰੀਆਂ ਸ਼ੋਸ਼ੇ ਕਿਸਾਨ ਭਲਾਈ ਦੇ , ਕਾਰਪੋਰੇਟਾਂ ਨਾਲ ਬੁੱਕਲ ਯਾਰੀਆਂ ਬੋਹਲ ਤਾਂ ਛੱਡੋ , ਬੋਹਲਾਂ ਵਾਲਿਆਂ ਨੂੰ ਖ੍ਰੀਦਣ ਦੀਆਂ ਤਿਆਰੀਆਂ ਤੇਰੀ ਲਾਲਸਾ ਬਹੁਤ ਵੱਡੀ ਏ ਤੂੰ ਸਭ ਕੁਝ ਆਪਣੀ ਉਂਗਲ ਤੇ ਘੁੰਮਾਉਣਾ ਚਾਹੁੰਨਾ ਰੋਹੀਆਂ ਵਿੱਚ ਚੁੰਗੀਆਂ ਭਰਦਿਆਂ ਨੂੰ ਮਦਾਰੀ ਦਾ ਬਾਂਦਰ ਬਣਾਉਣਾ ਚਾਹੁੰਨਾ ਆਪਣੀ ਡੁਗਡੁਗੀ ਤੇ ਮਨਚਾਹਿਆ ਨਾਚ ਨਚਾਉਣਾ ਚਾਹੁੰਨਾ । ਸ਼ਾਇਦ ਤੂੰ ਭੁੱਲ ਬੈਠਾਂ ਸਾਡਾ ਵਿਰਸਾ ਨਾਬਰੀ ਦਾ, ਸਾਡਾ ਇਤਿਹਾਸ ਜੰਗਜੂ ਐ ਇਹ ਵਿਰਸਾ ਜਾਗ ਪਿਆ , ਇਹ ਇਤਹਾਸ ਬੋਲ ਪਿਆ ਤੇਰੀ ਮਹਾਂ-ਚੱਕੀ ਨੂੰ ਇਹ ਰੋਕਣ ਤੁਰ ਪਿਆ ਅਸੀਂ ਹੁਣ ਹੋਰ ਨਹੀਂ ਪਿਸਣਾ ਪਿਸਣੋਂ ਇਨਕਾਰੀ ਹਾਂ ਸਾਨੂੰ ਗਲਤ ਨਾ ਸਮਝੀਂ , ਅਸੀਂ ਯੋਧੇ ਬਲਕਾਰੀ ਹਾਂ ਮੁੜਕੇ ਨਾਲ ਸਿੰਜ ਮਿੱਟੀ , ਸੋਨਾ ਉਗਾਉਂਦੇ ਹਾਂ ਤੂੰ ਕੁਝ ਵੀ ਆਖੀ ਜਾਹ, ਅਸੀਂ ਕਿਸਾਨ ਕਹਾਉਂਦੇ ਹਾਂ ।

ਕਿਸਾਨ ਅੰਦੋਲਨ-ਸ਼ਾਮ ਸਿੰਘ

ਸਿੰਘੂ ਟਿੱਕਰੀ ਅੰਦੋਲਨ ਹੈ ਪਰ ਨਾ ਸਿਰਫ਼ ਕਿਸਾਨਾਂ ਦਾ ਹੋ ਨਿਬੱੜਿਆ ਹੁਣ ਤਾਂ ਪੂਰਾ ਹਰ ਥਾਵੇਂ ਹਿੰਦੁਸਤਾਨਾਂ ਦਾ। ਜੋਸ਼ ਭਰੇਂਦੇ ਹੋਸ਼ਾਂ ਵਿੰਨੇ ਰੋਹ ਭਰੇ ਲੋਕਾਂ ਦੀ ਰੰਗਤ ਹੈ ਝਲਕੇ ਜਿਨ੍ਹਾਂ ਚਿਹਰਿਆਂ ਉੱਤੇ ਅਣਖ ਨੂਰ ਦੀ ਰੰਗਤ ਹੈ। ਜੋ ਵੀ ਆਪਣੇ ਘਰ ਤੋਂ ਤੁਰਿਆ ਆਮ ਜਿਹਾ ਕੋਈ ਚੋਲਾ ਨਹੀਂ ਹੱਕਾਂ ਤੇ ਸੰਘਰਸ਼ ਦੀ ਖਾਤਰ ਸਿਰਫ ਮੰਗਾਂ ਦਾ ਟੋਲਾ ਨਹੀਂ। ਖਾਲੀ ਹੱਥ ਨਹੀਂ ਇਹ ਬੈਠੇ ਉੱਚਾ ਵਿਰਸਾ ਇਨ੍ਹਾਂ ਦੇ ਪਾਸ ਆਖਰ ਤੱਕ ਲੜਨਗੇ ਇਹ ਤਾਂ ਹਰ ਇਕ ਨੂੰ ਇਹੀ ਵਿਸ਼ਵਾਸ। ਮੈਦਾਨ 'ਚ ਕੁੱਦਣ ਦਾ ਹੈ ਵੇਲਾ ਹੁਣ ਚਿੰਤਨ ਦਾ ਵੇਲਾ ਨਹੀਂ ਸਮਾਂ ਆ ਗਿਆ ਹੋਏ ਫੈਸਲਾ ਯੁੱਧ ਹੈ ਇਹ ਕੋਈ ਮੇਲਾ ਨਹੀਂ। ਬੈਠ ਬਰੂਹੀਂ ਸਰਦੀ ਝੱਲਦੇ ਫੇਰ ਵੀ ਕਲਾ ਰਹੇ ਚੜ੍ਹਦੀ ਤੁਰੇ ਕਾਫਲੇ ਰਾਹਾਂ ਉੱਤੇ ਲਾ ਕੇ ਬਾਜ਼ੀ ਸਿਰ ਧੜ ਦੀ। ਕੀ ਹਾਕਮ ਤੇ ਕੀ ਸਰਕਾਰਾਂ ਸਭ ਨੂੰ ਝੁਕਣਾ ਪੈ ਜਾਣਾ ਅੱਜ ਨਹੀਂ ਤਾਂ ਕੱਲ੍ਹ ਕਲੋਤਰ ਮਜਬੂਰਨ ਘਰ ਬਹਿ ਜਾਣਾ। ਫਾਇਦਾ ਕੋਈ ਨਹੀਂ ਜੇ ਦਿਸਦਾ ਕੀ ਕਰਨਾ ਫਿਰ ਜੀਅ ਕੇ ਵੀ ਜੇ ਨਾ ਪਿਆਸ ਬੁਝਾਵੇ ਖਾਰਾ ਕੀ ਕਰਨਾ ਪਾਣੀ ਪੀ ਕੇ ਵੀ। ਆਪਣੇ ਖੋਲ 'ਚੋਂ ਬਾਹਰ ਆ ਕੇ ਸੁਣ ਅਜੇ ਖੁੰਝਿਆ ਵੇਲਾ ਨਹੀਂ ਅੱਤ ਦਾ ਵੈਰ ਹੈ ਮਾੜਾ ਹੁੰਦਾ ਜੰਗ ਹੈ ਇਹ ਕੋਈ ਮੇਲਾ ਨਹੀਂ। ਸ਼ੇਰ ਨੇ ਬਾਂਕੇ ਉੱਠ ਖੜੋਏ ਪਾਣਗੇ ਪੈੜਾਂ ਖਾਸਮ ਖਾਸ ਫੇਰ ਕੇਰਾਂ ਬੇੜਾ ਪਾਰ ਲਾਉਣਗੇ ਲਿਖਣਗੇ ਕੋਈ ਨਵਾਂ ਇਤਿਹਾਸ।

ਕਿਰਤੀਆਂ ਦੀ ਛਿੰਝ-ਕੇਹਰ ਸ਼ਰੀਫ਼ ਜਰਮਨੀ

ਬਾਬੇ ਬੁੱਲੇ ਨੇ ਕਿਹਾ ਸੀ ਛਿੰਝ ਪੈਣੀ ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਦਿੱਤੀ ਤੇਰੇ ਹੱਥ ਡੋਰ ਇਨ੍ਹਾਂ ਕਿਰਤੀ ਕਿਸਾਨਾਂ ਉਹੀ ਬੈਠੇ ਦਰ ਤੇਰੇ ਦੇਖੇ ਸਾਰਾ ਹੀ ਜ਼ਮਾਨਾ ਤੈਨੂੰ ਦਿਸਦਾ ਨਹੀਂ ਤਾਂ ਖੋਪੇ ਲਾਹ ਕੇ ਵੇਖ ਲੈ ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਜ਼ੁਲਮ ਕਰਨ ਸਰਕਾਰਾਂ ਲੋਕੀ ਉੱਠ ਹੀ ਪੈਂਦੇ ਨੇ ਸਾਡਾ ਹੱਕ ਸਾਨੂੰ ਦੇਹ ਲੋਕੀ ਇਹੋ ਹੀ ਕਹਿੰਦੇ ਨੇ ਹੱਕਾਂ ਵਾਲੇ ਇਹ ਕੋਕੇ ਜੜਦੇ ਨੇ ਕਿੰਝ ਵੇਖ ਲੈ ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਹੋਵੇ ਲੋਕ ਰਾਜ, ਲੋਕਾਂ ਦੀ ਕੋਈ ਗੱਲ ਨਾ ਸੁਣੇ ਕਾਹਦਾ ਹਾਕਮ ਜੋ ਆਪ ਹੀ ਤਾਂ ਸਾਜਿਸ਼ਾ ਬੁਣੇ ਸਾਡੀ ਨਿਮਰਤਾ ਤੇ ਆਪਣੀ ਤੂੰ ਹਿੰਢ ਵੇਖ ਲੈ ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਗਦਰੀ ਬਾਬੇ, ਭਗਤ ਸਰਾਭੇ ਹੱਕ ਲੈਣ ਨੇ ਆਏ ਆਜ਼ਾਦੀ ਲਈ ਲੜਨੇ ਵਾਲੇ ਜਾਪਣ ਕਿਉਂ ਪਰਾਏ ਅਸੀਂ ਹਰਨਾਂ ਨੀ ਤੇਥੋਂ ਰੂਹ ਸਾਡੀ ਪਿੰਜ ਵੇਖ ਲੈ ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਪਹਿਲਾਂ ਨੇ ਮਜ਼ਦੂਰ ਮਰੇ ਹੁਣ ਕਿਰਸਾਨਾਂ ਦੀ ਵਾਰੀ ਬਹਿ ਕੇ ਕੁਰਸੀ ਦੇ ਉੱਤੇ ਕਿਉਂ ਮੱਤ ਜਾਂਦੀ ਮਾਰੀ ਗੱਲ ਸਿੱਧੀ ਜਹੀ ਸਾਡੀ ਤੂੰ ਆਪਣੀ ਤੜਿੰਗ ਵੇਖ ਲੈ ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਦਿੱਤਾ ਕਿਰਤੀ ਕਿਸਾਨਾਂ ਦਾ ਜੋ ਅੰਨ ਖਾ ਰਿਹੈਂ ਪਿੰਡ ਮਾਰਨੇ ਦਾ ਜਿਹੜਾ ਸਾਨੂੰ ਡੰਨ ਲਾ ਰਿਹੈਂ ਰਹੂ ਸਦਾ ਹੀ ਜੀਊਂਦਾ ਆ ਜਾ ਪਿੰਡ ਵੇਖ ਲੈ ਵੇ ਹਾਕਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ। ਵੇ ਜ਼ਾਲਮਾਂ, ਤੂੰ ਦਿੱਲੀ ਪੈਂਦੀ ਛਿੰਝ ਵੇਖ ਲੈ।

ਸਭ ਤੋਂ ਵੱਡੀ ਸ਼ਕਤੀ-ਸਤਨਾਮ ਸਾਦਿਕ

ਤੂੰ ਇਨਕਾਰੀ ਹੋਵੇਗਾ ਤਾਂ ਕਿਵੇਂ ! ਤੂੰ ਵਾਹ ਲਗਦੀ ਸਭ ਕੁਝ ਕਰੇਂਗਾ ਪਰ ਭੁੱਲ ਜਾਵੇਂਗਾ ਇਕ ਗੱਲ ਕਿ ਸਾਡਾ ਹੋਣਾ ਸਮੇਂ ਦੀ ਸਭ ਤੋਂ ਵੱਡੀ ਸ਼ਕਤੀ ਹੈ। ਹਵਾਵਾਂ ਤੁਗਲਕੀ ਫੁਰਮਾਨਾਂ ਨਾਲ ਨਹੀਂ ਸਹਿਮਦੀਆਂ ਪਾਣੀਆਂ ਦੇ ਸਿਰ ਸੋਟਿਆਂ ਨਾਲ ਨਹੀਂ ਪਾਟਦੇ ਖੇਤਾਂ ਨੂੰ ਕਤਲ ਨਹੀਂ ਕੀਤਾ ਜਾ ਸਕਦਾ ਸਮੇਂ ਨੂੰ ਬੰਨ੍ਹ ਨਹੀਂ ਵੱਜਦੇ। ਅਸੀਂ ਖੇਤਾਂ ਵਿੱਚ ਬੱਦਲਾਂ ਦੀ ਛਾਵੇਂ ਭੱਜਦਿਆਂ ਬਚਪਨ ਦਾ ਫ਼ਾਇਦਾ ਉਠਾਇਆ ਅਸੀਂ ਪੋਹ ਦੀਆਂ ਰਾਤਾਂ ਦਾ ਨਿੱਘੇ ਹੌਂਸਲਿਆਂ ਨਾਲ ਠਾਰ ਤੋੜਿਆ ਅਸੀਂ ਮਘਦੇ ਕੋਲਿਆਂ ਨੂੰ ਚੁੰਮਿਆ ਇਉਂ ਜਵਾਨੀ ਤੋਂ ਸੀਰ ਕਟਾਇਆ ਸਾਡੇ ਜੁੱਸਿਆਂ ਅੰਦਰ ਕਿਰਤ ਦਾ ਲਹੂ ਦੌੜਦਾ ਸਾਡੇ ਦਿਲਾਂ ਨੂੰ ਗੁਲਾਮੀ ਦੀਆਂ ਲੀਲਾਵਾਂ ਤੋਂ ਉੱਕਾ ਹੀ ਨਫ਼ਰਤ ਹੈ । ਤੂੰ ਸਮਝ ਨਹੀਂ ਸਕਿਆ ਤੂੰ ਜਾਣ ਵੀ ਨਹੀਂ ਸਕਦਾ ਪਰ ਪਹਿਚਾਣ ਨਹੀਂ ਭੁੱਲੇਂਗਾ ਅਸੀਂ ਲੋਹੇ ਦੇ ਖ਼ਿਆਲਾਂ ਵਾਲੇ ਤੇਰੇ ਸੀਨੇ ਅੰਦਰ ਹਮੇਸ਼ਾਂ ਤੱਕਲੇ ਬਣਕੇ ਚੁੱਭਦੇ ਰਹਾਂਗੇ ਅਸੀਂ ਤੇਰੇ ਭਗਵੇ ਬਗੀਚੇ 'ਤੇ ਹਲ਼ ਫੇਰ ਕੇ ਏਥੇ ਸਰਬੱਤ ਦੇ ਭਲੇ ਵਾਲੇ ਫੁੱਲਾਂ ਨੂੰ ਉਗਾਉਣਾ ਹੈ। ਅਸੀਂ ਬਸੰਤ ਨੂੰ ਬਰਾਬਰਤਾ ਦੀ ਭਾਹ ਮਾਰਦੇ ਰੰਗਾਂ ਨਾਲ ਰੰਗੀਨੀਆਂ ਦੇਣੀਆਂ ਹਨ। ਸਾਡਾ ਆਦਿ-ਅੰਤ ਨਾ ਹੋਇਆ ਨਾ ਹੀ ਹੋਣਾ ਅਸੀਂ ਇਉਂ ਹੀ ਵਿਗਸਦੇ ਰਹਿਣਾ ਪੌਣਾਂ ਦਾ ਤਰਾਨਾ ਹੈ ਸਾਡਾ ਹੋਣਾ ਸਮੇਂ ਦੀ ਸਭ ਤੋ ਵੱਡੀ ਸ਼ਕਤੀ ਹੈ ਲੈ ਤੇਰੀ ਸਲਤਨਤ ਤਾਂ ਗਈ .....

ਸਾਡੀਆਂ ਜ਼ਮੀਰਾਂ-ਸਤਨਾਮ ਸਾਦਿਕ

ਸਾਡੀਆਂ ਜ਼ਮੀਰਾਂ ਤੁਹਾਡੀਆਂ ਰਖ਼ੇਲਾਂ ਨਹੀਂ ਸਾਡੇ ਜ਼ਿਹਨ ਕੋਈ ਕੋਠੇ ਨਹੀਂ ਅਸਾਡੀ ਆਪਣੀ ਹਿਕਮਤ ਹੈ। ਸਾਡੇ ਸਵੈ ਵਿੱਚ ਪਲਦਾ ਹੈ ਸੂਰਜ ਸਾਡੇ ਤੋਂ ਰੌਸ਼ਨ ਹੁੰਦੇ ਹਨ ਕਈ ਗ੍ਰਹਿ ਅਸੀਂ ਕਿਰਤ ਦੇ ਜਾਏ ਤਲਵੇ ਨਹੀਂ ਚੱਟਦੇ ਇਹ ਤੇਰੀ ਅੱਖ ਦਾ ਹੀ ਕੋਈ ਟੀਰ ਹੈ ਜਾਂ ਤੇਰੀ ਸੋਚ ਨੂੰ ਲਕਬਾ ਕਿ ਤੂੰ ਚਾਹੁੰਦਾ ਹੈਂ ਅਸੀਂ ਝੁਕ ਜਾਈਏ ਗ਼ੁਲਾਮਾਂ ਵਾਂਗੂੰ ਤੇ ਕਹੀਏ ਜੀ ਹਜ਼ੂਰ ਜੋ ਕਦੇ ਹੋ ਨਹੀਂ ਸਕਦਾ। ਅਸੀਂ ਕੁਦਰਤ ਦੇ ਕਾਰਿੰਦੇ 'ਮਜ਼ਦੂਰ- ਕਿਸਾਨ' ਅਸਾਨੂੰ ਬਖ਼ਸ਼ ਹੈ ਮਿੱਟੀ 'ਚੋਂ ਜੀਵਨ ਪੈਦਾ ਕਰਨ ਦੀ ਅਸਾਂ ਸਬਰ-ਸਬੂਰੀ ਦਾ ਨੇਮ ਕਰਦਿਆਂ ਮੁੜ੍ਹਕੇ ਸੰਗ ਰੰਗਿਆ ਹੈ ਧਰਤੀ ਨੂੰ ਰੰਗੀਨੀਆਂ ਵਿੱਚ। ਅਸਾਨੂੰ ਨਹੀਂ ਆਉਂਦਾ ਕਿਸੇ ਦੇ ਚਾਵਾਂ ਨੂੰ ਮਿੱਧ ਕੇ ਤਰੱਕੀਆਂ ਦਾ ਜਾਮ ਪੀਣਾ ਅਸੀਂ ਸਿੰਜਣਾ ਨਹੀਂ ਚਾਹੁੰਦੇ ਆਪਣਾ-ਆਪ। ਅਗਲੇਰੀਆਂ ਨਸਲਾਂ ਦੇ ਖ਼ੂਨ ਨਾਲ 'ਅਸੀਂ ਤੇਰੀ ਅੱਖ ਦੇ ਤਾਰੇ ਬਣੀਏ ਤਾਂ ਕਿਉਂ ?' ਸਾਡੇ ਲਈ ਆਪਣੀ ਨਜ਼ਰ ਕਿਤੇ ਵੱਡੀ ਹੈ ਅਸੀਂ ਇਸ 'ਚੋਂ ਡਿੱਗਣਾ ਨਹੀਂ ਚਾਹੁੰਦੇ। ਕਣਕ ਦੇ ਦਾਣੇ ਵਿਚਲੀ ਡੰਡੀ ਡਾਲਰ ਦੇ ਚਿੰਨ੍ਹ ਦੀ ਡੰਡੀ ਤੋਂ ਕਿਤੇ ਕੀਮਤੀ ਹੈ ਤੈਥੋਂ ਪੜ੍ਹ ਨਹੀਂ ਹੋਣਾ ਇਹ ਆਰਥਿਕ ਢਾਂਚਾ ਅਸਾਡੀ ਅਰਥ-ਵਿਵਸਥਾ 'ਵੰਡ ਛਕੋ' ਦੇ ਜਜ਼ਬਾਤ ਚੋਂ ਗੁਜ਼ਰਦੀ ਕੁਦਰਤ ਦੇ ਮਹਾਨ ਨੇਮਾਂ ਵਿੱਚ ਸਭ ਤੋਂ ਵਧੇਰੇ ਸ਼ਕਤੀਸ਼ਾਲੀ ਹੈ।

ਲੜਦੇ ਰਹਾਂਗੇ-ਗੁਲਸ਼ਨਬੀਰ ਗੁਰਾਇਆ

ਜੱਦ ਤੱਕ ਸਾਹ ਹੈ,ਜੱਦ ਤੱਕ ਧੜਕਣ, ਜੱਦ ਤੱਕ ਖੂਨ ਹੈ ਲੜਦੇ ਰਹਾਂਗੇ, ਗੋਲੀਆਂ,ਗੋਲੇ,ਫਾਂਸੀਆਂ ਤੇਰੀਆਂ ਦੇ, ਮੁੱਕਣ ਤੱਕ ਮਰਦੇ ਰਹਾਂਗੇ, ਦੁਸ਼ਮਨ ਨਹੀਂ ਹਿੰਦੂ ਇਸਾਈ,ਸਿੱਖ, ਤੇ ਮੁਸਲਿਮ,ਇੱਕ ਦੂਜੇ ਲਈ ਖੜਦੇ ਰਹਾਂਗੇ, ਜੱਦ ਜੱਦ ਜੁਲਮ ਕਰੋਗੇ ਹਾਕਮੋ, ਕਿਰਤੀ ਹਾਂ ਦੁਨੀਆ ਪਾਲਣ ਸੰਭਾਲਣ ਵਾਲੇ, ਤੇਰੀ ਦਿੱਲੀ ਦੀ ਹਿੱਕ ਤੇ ਚੜੵਦੇ ਰਹਾਂਗੇ, ਤੇਰੇ ਜਬਰਾਂ ਦਾ ਨਿਬੇੜਾ ਸਬਰਾਂ ਨਾਲ ਵੀ ਕਰਾਂਗੇ, ਤੇਰੇ ਤਸ਼ੱਦਦ ਤੇ ਮਿੱਠਾ ਭਾਣਾ ਪੜੵਦੇ ਰਹਾਂਗੇ ਜਲ ਤੋਪਾਂ,ਗੈਸ ਗੋਲੇ,ਗੋਲੀਆਂ,ਲਾਠੀਆਂ,ਰੋਕਾਂ ਕੀ ਰੋਕਣ ਤੇਰੇ ਅੱਗ ਦੇ ਦਰਿਆ ਅਸੀਂ ਤਰਦੇ ਰਹਾਂਗੇ, ਵਾਰਿਸ ਭਗਤ ਸਿੰਘ,ਊਧਮ,ਗਦਰੀ ਬਾਬਿਆਂ ਦੇ, ਘੋੜੀ ਮੌਤ ਦੀ ਹੱਸ ਹੱਸ ਚੜ੍ਹਦੇ ਰਹਾਂਗੇ, ਜਦੋਂ ਵੀ ਲੋਕ ਮਾਰੂ ਫੁਰਮਾਨ ਆਉਣਗੇ, ਤੈਂਨੂੰ ਜਗਾਉਣੇ ਨੂੰ ਤੇਰੀ ਸਲਤਨਤ 'ਚ ਵੜਦੇ ਰਹਾਂਗੇ, ਚੜਖੜੀਆਂ ਤੇ ਚੜ੍ਹ ਜਾਣਾ,ਉਬਲਣਾ ਦੇਗਾਂ ਵਿੱਚ, ਬੰਦ ਬੰਦ ਕਟਵਾ ਲੈਣੇ, ਤੱਤੀਆਂ ਤਵੀਆਂ ਤੇ ਬਹਿਕੇ ਵੀ ਠਰਦੇ ਰਹਾਂਗੇ,

ਕਿਸਾਨ-ਸ਼ਾਹਗੀਰ ਗਿੱਲ

ਸ਼ੁਕਰ ਹੈ ਰਬਾ ਤੂੰ ਸਾਨੂੰ ਇਨਸਾਨ ਬਣਾਇਆ ਹੈ ਹੋਰ ਵੀ ਸ਼ੁਕਰ ਹੈ ਤੂੰ ਸਾਨੂੰ ਕਿਰਸਾਨ ਬਣਾਇਆ ਹੈ ਸਾਡੀਆਂ ਲਕੀਰਾਂ ਚ ਲਿਖ਼ ਦਿਤਾ ਹੈ ਹੱਕ ਦੀ ਕਮਾਉਣਾ ਦੂਜਿਆਂ ਨੂੰ ਆਪਣੇ ਵਰਗਾ ਸਮਝਣਾ ਸਿਖਾਇਆ ਹੈ ਕਿਸੇ ਦੀ ਤਾਂ ਕੀ ਖੋਹਣੀ ਹੈ ਆਪਣੀ ਵੀ ਹੈ ਵੰਡ ਖਾਣੀ ਹੱਕ ਮਾਰਨਾ ਨਹੀ ਹੱਕਾਂ ਦਾ ਤਾਂ ਰਾਖਾ ਬਣਾਇਆ ਹੈ ਅੱਜ ਸੱਚ ਤੇ ਹੱਕ ਲਈ ਆ ਅੜੇ ਹਾਂ ਹਕੂਮਤ ਅਗੇ ਐਸਾ ਜਜ਼ਬਾ ਤਾਂ ਮਲਕਾ ਤੂੰ ਸਾਡੇ ਲਹੂ ਵਿਚ ਪਾਇਆ ਹੈ ਇਸ ਲਹੂ ਨਾਲ ਅੱਜ ਸਾਰੇ ਦੇਸ਼ ਹੈ ਲਹੂ ਆਣ ਰਲਿਆ ਦੇਸ਼ ਦੇ ਸਾਰੇ ਕਿਰਸਾਨਾ ਨੇ ਏਕਾ ਕਰ ਵਿਖਾਇਆ ਹੈ ਅਜ਼ਾਦੀ ਲੈਣ ਵੇਲੇ ਵੀ ਇਸਤਰਾਂ ਹੀ ਇਕ ਹੋਏ ਸਨ ਸਾਰੇ ਅੱਜ ਹਰ ਮਰਦ ਔਰਤ ਤੇ ਬੱਚੇ ਨੇ ਆ ਹਿਸਾ ਪਾਇਆ ਹੈ ਕਿਰਸਾਨੀ ਏਕੇ ਨੂੰ ਰਬ ਜ਼ਰੂਰ ਫਤਿਹ ਬਖ਼ਸ਼ੇਗਾ ਸ਼ੀਰ ਹੱਕ ਸੱਚ ਲਈ ਸਬ ਨੇ ਆਪਸ ਚ ਹੱਥ ਮਿਲਾਇਆ ਹੈ

ਕੁਝ ਕਵਿਤਾਵਾਂ-ਰਿਸ਼ੀ ਹਿਰਦੇਪਾਲ

੧. ਹਰਾ ਰੰਗ ਪਸੰਦੀਦਾ ਸੀ, ਮੇਰੇ ਬਾਪ ਦਾ ਕੁੰਡਲੀ ਦੀਆਂ ਸੜਕਾਂ 'ਤੇ ਘੁੰਮ ਰਿਹਾਂ ਮੈਂ ਬਾਪੂ ਦੀ ਬਾਰਵੀਂ ਬਰਸੀ 'ਤੇ ਖਰੀਦੀ ਉਹਦੀ ਪਸੰਦੀਦਾ ਹਰੀ ਪੱਗ ਬੰਨ੍ਹ ਮੇਰੇ ਸੰਗ ਘੁੰਮ ਰਿਹਾ ਮੇਰਾ ਬਾਪ ਆਪਣੇ ਹਾਣੀਆਂ ਨਾਲ ਮੋਢੇ ਨਾਲ ਮੋਢਾ ਜੋੜ ਖੜ੍ਹਦੈ ਮੇਰਾ ਬਾਪ ਮੇਰੇ ਸੰਗ ਮੈਂ ਮੇਰੇ ਬਾਪ ਸੰਗ ਤੇ ਪੱਗ ਸਾਡੇ ਦੋਵਾਂ ਸੰਗ ਮੋਰਚੇ ਵਿੱਚ ਡਟੇ ਹਾਂ ੨. ਲੋਹ ਦੁਆਲੇ ਬੈਠ ਸੰਗਤ ਲਈ ਪ੍ਰਸ਼ਾਦੇ ਬਣਾ ਰਹੇ ਬੇਬੇ ਬਾਪੂ ਪਿੱਛੇ ਤੱਤੀ ਤਵੀ ਦਾ ਸੱਚ ਹੈ ਉਹ ਅਣਜਾਣ ਹਨ ਇਸ ਤੋਂ ੩. ਨਿੱਕੇ ਨਿੱਕੇ ਕਦਮ ਚੁੱਕਦਾ ਬਾਲੜਾ ਵੱਡਾ ਝੰਡਾ ਲੈ ਪੁਲਾਂਘਾਂ ਪੁੱਟ ਰਿਹਾ ਬਾਪ ਦਾਦੇ ਪੰਜਾਬ ਨੂੰ ਆਸ ਬੱਝੀ ਹੈ ਕਣਕਾਂ ਦਾ ਰੰਗ ਸੁਨਹਿਰੀ ਹੀ ਰਹੇਗਾ

ਵਕਤ ਦੀ ਅਵਾਜ਼-ਜੋਗਾ ਸਿੰਘ ਭਾਗੋਵਾਲੀਆ ਕਵੀਸ਼ਰ

ਐ ਜ਼ੁਲਮੀ ਹਤਿਆਰੇ ਹਾਕਮ , ਪਰਵਦਗਾਰੁ ਦੀ ਮਾਰ ਤੋਂ ਡਰ । ਜਿਸ ਦੇ ਹੁਕਮ ਸਿ੍ਰਸ਼ਟੀ ਚੱਲੇ , ਉਸ ਸੱਚੀ ਸਰਕਾਰ ਤੋਂ ਡਰ । ਜਿਸ ਨੇ ਤੈਨੂੰ ਤਖ਼ਤ ਬਿਠਾਇਆ , ਜਨਤਾ ਦੀ ਲਲਕਾਰ ਤੋਂ ਡਰ । ਸਿਤਮ ਗਿਰੀ ਨੂੰ ਭਸਮ ਕਰੇ ਜੋ , ਹਾਉਕਿਆਂ ਦੀ ਉਸ ਮਾਰ ਤੋਂ ਡਰ। ਹਰ ਹਾਕਿਮ ਦਾ ਕਾਲ ਬਣੇਂ ਜੋ , ਗ਼ੈਬੀ ਉਸ ਤਲਵਾਰ ਤੋਂ ਡਰ। ਲ਼ਹੂ ਪੀਣੀ ਜੋ ਕਾਲ ਭਵਾਨੀ , ਉਸ ਦੀ ਤਿੱਖੀ ਧਾਰ ਤੋਂ ਡਰ। ਲਿਸ਼ਕ ਰਹੀ ਜੋ ਅਤਿ ਭਿਆਨਕ , ਬੱਦਲਾਂ ਦੀ ਉਸ ਤਾਰ ਤੋਂ ਡਰ। ਜੋ ਰਾਵਣ ਨੂੰ ਲੈ ਬੈਠਾ ਸੀ , ਉਸ ਚੰਦਰੇ ਹੰਕਾਰ ਤੋਂ ਡਰ। ਆਖ਼ਿਰ ਜੋ ਇਤਿਹਾਸ ਬਦਲਦੀ , ਉਸ ਅਣਖ਼ੀ ਲਲਕਾਰ ਤੋਂ ਡਰ । ਗੁਫ਼ਾ ਚ ਲੁਕਿਆ ਬੁਜ਼ਦਿਲ ਬੰਦਿਆ, ਸ਼ੇਰਾਂ ਦੀ ਭਬਕਾਰ ਤੋਂ ਡਰ । ਮੁਰਦਾ ਅਜੇ ਕਿਸਾਨ ਨਹੀਂ ਹੋਇਆ , ਧਰਤੀ ਪੁੱਤ ਸਰਦਾਰ ਤੋਂ ਡਰ। ਮਰ ਜਾਂਦਾ ਜੋ ਧਰਮ ਦੇ ਬਦਲੇ , ਰਣ ਦੇ ਸ਼ਾਹ ਅਸਵਾਰ ਤੋਂ ਡਰ । ਤਾਨਾਸ਼ਾਹੀ ਦੇ ਟੋਟੇ ਕਰਦਾ, ਹੋਣ ਲੱਗਾ ਜੋ ਵਾਰ ਤੋਂ ਡਰ। ਭਾਗੋਵਾਲੀਆ ਲੈ ਡੁੱਬਦਾ ਜੋ , ਪਾਪਾਂ ਦੇ ਉਸ ਭਾਰ ਤੋਂ ਡਰ ।

ਆਇਆ ਦਿੱਲੀਓਂ ਰੁੱਕਾ-ਚੰਦਰ ਪ੍ਰਕਾਸ਼

ਠੰਢੇ ਸਿਵੇ ਬਲ ਪਏ ਨੇ, ਫੜ ਹੱਥ ਲੱਕੜ, ਨਗਰ ਨਿਵਾਸੀ ਚੱਲ ਪਏ ਨੇ, ਆ ਰਹੀ ਹੈ ਕਿਰਤੀ ਦੀ ਲਾਸ਼, ਆਇਆ ਦਿੱਲੀਓਂ ਰੁੱਕਾ, ਕਰਨਾ ਸਸਕਾਰ, ਬਾਲਣ ਲਿਆਉ ਸੁੱਕਾ, ਸ਼ਾਮਲ ਹੋਣਾ ਜੀ, ਰੱਖਣਾ ਧਰਵਾਸ ਹੈ, ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਸ਼ਹੀਦ ਕਰਾਵੇਂ, ਆਪਣੇ ਹਨ ਜੋ ਖ਼ੂਨ, ਕਿਹੜਾ ਚੜਿਆ ਸਿਰ ਤੇਰੇ ਜਨੂੰਨ, ਦੇਵਾਂਗੇ ਆਖ਼ਰੀ ਕਤਰਾ ਰੱਤ ਦਾ, ਜਿੰਨਾ ਚਿਰ ਨਾ ਬੁੱਝਣੀ ਤੇਰੀ ਪਿਆਸ ਹੈ, ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਹੰਕਾਰ ਤੇਰਾ ਭਾਰੀ, ਸੱਟ ਮਾਰੀ ਕਰਾਰੀ, ਤੂੰ ਕੀ ਜਾਣੇ ਕਿਸ ਬਾਜ਼ੀ ਜਿੱਤੀ ਕਿਸ ਹਾਰੀ, ਮਰਨ ਪੁੱਤ, ਗਮਗੀਨ ਭਾਰਤ ਮਾਂ ਰਾਜ ਦੁਲਾਰੀ, ਪੱਥਰ ਹੋਇਆ, ਮਨ ਦੀ ਬਾਤ ਨਹੀਂ ਬੁੱਝਦਾ, ਝੂਠ ਬੋਲਦਾ ਬਹੁਤ, ਕਰਦਾ ਬਕਵਾਸ ਹੈ, ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਕੀਤਾ ਮਾਨਵਤਾ ਦਾ ਵਧ, ਬਣਾਈ ਦਿੱਲੀ ਦੇਸ਼ ਵਿਚ ਨਵੀਂ ਸਰਹੱਦ, ਤੜਪਾ ਕੇ ਮਾਰੇ ਠੰਢ ’ਚ ਉਸ ਨੂੰ, ਜੋ ਮਾਂ ਭਾਰਤੀ ਦਾ ਹੱਡ ਮਾਸ ਹੈ, ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਸੁਲਤਾਨ ਕੱਢੀ ਮਿਆਨੋਂ ਤਲਵਾਰ, ਢਿੱਡੀਂ ਕਿਰਤੀ ਦੇ ਕੀਤੀ ਆਰ ਪਾਰ, ਸਰਮਾਏਦਾਰਾਂ ਲੁਟਾਈ ਅਸਮਤ ਦੇਸ਼ ਦੀ, ਚੌਂਕੀਦਾਰ ਖ਼ਾਸ ਹੈ। ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਦੇਸ਼ ਆਪਣੇ ’ਚ ਤੂੰ ਕੀਤੇ ਪਰਾਏ, ਕਰਤੂਤਾਂ ਤੇਰੀਆਂ ਨੇ ਘਰ ਬਾਰ ਛੁਡਾਏ, ਕਿਵੇਂ ਹਵਾਵਾਂ ’ਚ ਮਾਤਮ ਛਾਏ, ਲੈਣ ਟਾਕਰਾ ਨਾਲ ਅੱਤਿਆਚਾਰ, ਕਰਕੇ ਇਹ ਦ੍ਰਿੜ ਵਿਚਾਰ, ਘਰਾਂ ’ਚੋਂ ਕਾਮਾ ਕਰ ਰਿਹਾ ਪਰਵਾਸ ਹੈ, ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਆਉਣਗੇ ਤੇਰੇ ਪਾਪ ਤੇਰੇ ਮੂਹਰੇ, ਦਿਨ ਹੋਣਗੇ ਦਿਨ ਤੇਰੇ ਵੀ ਪੂਰੇ, ਛੱਡਦਾ ਨਹੀਂ ਰੱਬ ਕੰਮ ਅਧੂਰੇ, ਮੰਗੇਗਾ ਮੌਤ ਤੋਂ ਜ਼ਿੰਦਗੀ ਆਪਣੀ, ਤਸ਼ੱਦਦ ਤੇਰੀ ਦਾ ਜਦ ਹੋਣਾ ਪੂਰਾ ਸਵਾਸ ਹੈ। ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਜੇ ਪਾਲਣਹਾਰ ਗਰੀਬ ਹੈ, ਅੰਨਦਾਤਾ ਤਾਂ ਹੈ ਉੱਚਾ ਕਰੇ ਸਿਰ ਦੇਸ਼ ਦਾ, ਭਾਰਤ ਭਾਗਿਆ ਵਿਧਾਤਾ ਤਾਂ ਹੈ, ਜੱਗ ਸਾਰਾ ਹੈ ਮੁਰੀਦ, ਜੋ ਹੋਇਆ ਹੈ ਸ਼ਹੀਦ, ਤੇਰੇ ਮਿੱਤਰ ਅਮੀਰ, ਤੇਰੀ ਮਰਗੀ ਜ਼ਮੀਰ, ਬਣ ਗਿਆ ਅਮੀਰਾਂ ਦਾ ਜੋ ਦਾਸ ਹੈ, ਮੰਨਣਾ ਭਾਣਾ, ਕਰਨੀ ਇਕ ਹੋਰ ਅਰਦਾਸ ਹੈ…. ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਗੀਤ-ਜੀਤ ਸੁਰਜੀਤ ਬੈਲਜ਼ੀਅਮ

ਦਿੱਲੀਏ ਤੇਰੇ ਚਾਰ-ਚੁਫ਼ੇਰੇ… 'ਕੱਠ ਜੋ ਇਹ ਕਿਰਸਾਨ ਦਾ ਏ। ਮਸਲਾ ਕੱਲੀ ਧਰਤ ਦਾ ਨਈਂ…. ਅੰਬਰ ਦੇ ਵੀ ਖੁੱਸ ਜਾਣ ਦਾ ਏ। ਤੂੰ ਕੀ ਜਾਣੇ ਇਸ ਧਰਤੀ ਨਾਲ਼, ਕਿੰਨੇ ਸਾਕ ਸੰਜੋਈਏ। ਮਾਂ ਦੇ ਵਾਂਗੂੰ ਪੂਜ ਕੇ ਇਹਨੂੰ ਕਦਮੀਂ ਆਣ ਖਲੋਈਏ ਧੀਆਂ ਭੈਣਾਂ ਦਾ ਮਾਣ ਸਾਡੇ 'ਤੇ ਪੁੱਤਰਾਂ ਦੀ ਉਡਾਣ ਦਾ ਏ। ਮਸਲਾ ਕੱਲੀ ਧਰਤ ਦਾ ਨਈਂ…... ਸਾਡੇ ਖੇਤਾਂ ਦੇ ਵਿੱਚ ਬਹਿਕੇ ਜਦ ਉਹ ਖੌਰੂ ਪਾਵਣ। ਤਿਤਲੀਆਂ ਦੇ ਨਾਲ਼ ਰਲ਼ਕੇ ਪੌਣਾਂ ਢੋਲੇ ਮਰਸੀਏ ਗਾਵਣ। ਖੇਤਾਂ ਵਿੱਚੋਂ ਚੋਗਾਂ ਚੁਗਣੀਆਂ…. ਪੰਛੀਆਂ ਦੇ ਅਰਮਾਨ ਦਾ ਏ। ਮਸਲਾ ਕੱਲੀ ਧਰਤ ਦਾ ਨਈਂ…….. ਤੈਂ ਸੁੱਤਿਆਂ ਨੂੰ ਫੇਰ ਜਗਾਇਆ ਜਾਗ ਪਏ ਰਖਵਾਲੇ। ਹੁਣ ਕਿਸਮਤ ਦੇ ਬੂਹੇ ਉੱਤੇ ਲੱਗਣੇ ਨਈਂਓ ਤਾਲੇ। ਜਿਹੜਾ ਹੁਕਮ ਸੁਣਾਕੇ ਬਹਿ ਗਈ..... ਹੱਲ ਓਸੇ ਫੁਰਮਾਨ ਦਾ ਏ। ਮਸਲਾ ਕੱਲੀ ਧਰਤ ਦਾ ਨਈਂ…….. ਸ਼ਾਲਾ ਖੈਰ ਮੁਬਾਰਕ ਸਭ ਨੂੰ, 'ਕੱਠ ਕਿਰਤਾਂ ਦਾ ਹੋਵੇ। ਬਿਨ ਖਾਬਾਂ ਦੇ ਉੱਠ ਕੇ ਹੁਣ ਨਾ, ਨੀਂਦ ਕੁਲਹਿਣੀ ਰੋਵੇ। ਫੇਰ ਕਦੇ ਨਾ ਸਿਸਕਣ ਏਦਾਂ ..... "ਜੀਤ" ਰਾਤਾਂ ਦੇ ਮਾਣ ਦਾ ਏ। ਮਸਲਾ ਕੱਲੀ ਧਰਤ ਦਾ ਨਈਂ…..... ਦਿੱਲੀਏ ਤੇਰੇ ਚਾਰ-ਚੁਫ਼ੇਰੇ… 'ਕੱਠ ਜੋ ਇਹ ਕਿਰਸਾਨ ਦਾ ਏ। ਮਸਲਾ ਕੱਲੀ ਧਰਤ ਦਾ ਨਈਂ…. ਅੰਬਰ ਦੇ ਵੀ ਖੁੱਸ ਜਾਣ ਦਾ ਏ।

ਤੇਰੇ ਜ਼ੁਲਮ ਦੇ ਅੱਗੇ-ਜੀਤ ਸੁਰਜੀਤ ਬੈਲਜ਼ੀਅਮ

ਤੇਰੇ ਜ਼ੁਲਮ ਦੇ ਅੱਗੇ ਜਦ ਵੀ ਸੀਨੇ ਡਾਵ੍ਹਾਂਗੇ। ਪੋਹ ਮਾਘ ਦੀਆਂ ਰਾਤਾਂ 'ਚ ਨਿੱਘ ਜੋਸ਼ ਦਾ ਪਾਵਾਂਗੇ। ਤੂੰ ਜਦ ਵੀ ਢਾਹ ਲਾਈ ਸਾਡੀ ਹੋਂਦ ਨੂੰ ਲਾਈ ਹੈ, ਪਰ ਸਿਦਕਾਂ ਨੇ ਝੁਕਣਾ ਨਾ ਤੈਨੂੰ ਫੇਰ ਝੁਕਾਵਾਂਗੇ। ਕੂੜ ਦੀ ਤਾਕਤ ਨੇ ਡਿੱਠਾ, ਜੰਗ ਜਿਹਨਾਂ ਨੂੰ ਲੱਗਾ, ਕਹੀਆਂ, ਰੰਬੇ, ਦਾਤਰ, ਫਾਲ੍ਹੇ ਸਭ ਚੰਡਾਵਾਂਗੇ। ਤੇਰੇ ਤਖ਼ਤ ਦੇ ਪਾਵੇ ਝੁਲਸ ਇਦ੍ਹੇ ਵਿਚ ਜਾਣੇ ਨੇ, ਹੁਣ ਗ਼ੈਰਤ ਦੀ ਭੱਠੀ ਰਲ਼ ਕੇ ਇੰਞ ਤਪਾਵਾਂਗੇ। ਬੋਲੀ, ਪਾਣੀ, ਧਰਮਾਂ ਨੇ ਸਾਝਾਂ ਖੋਹ ਲਈਆਂ ਸੀ, ਸੁੱਤੇ, ਜਾਗ ਪਏ ਹਾਂ, ਹੁਣ ਮਸਲੇ ਸੁਲਝਾਵਾਂਗੇ। ਚੜ੍ਹਦੇ ਲਹਿੰਦੇ ਇੱਕੋ ਨੇ ਤੇ ਇੱਕੋ ਹੀ ਰਹਿਣੇ, ਵੱਖਵਾਦ ਦੀ ਪੈਲੀ ਵਿਚ ਸਾਂਝਾਂ ਬੀਅ ਉਗਾਵਾਂਗੇ। ਸਾਡੀ ਮਿਹਨਤ 'ਉੱਤੇ ਮੋਹਰਾਂ ਲਾਵੇ ਕਾਲ ਦੀਆਂ, ਤੇਰੀ ਤਾਨਾਸ਼ਾਹੀ ਦੀ ਵੀ ਨੀਂਦ ਉਡਾਵਾਂਗੇ। ਜਬਰਾਂ ਸਾਹਵੇਂ ਅੜਨਾ ਦੱਸਿਆ ਸਾਨੂੰ ਗੌਰਵ ਨੇ, ਵਕਤ ਅਸਾਂ ਦਾ ਆਇਆ ਤਾਂ ਹੁਕਮ ਸੁਣਾਵਾਂਗੇ। ਤੂੰ ਡਰਾਇਆ ਏਨਾ ਕਿ ਸਾਡੇ ਡਰ ਹੀ ਨਿਕਲ ਗਏ, ਹੁਣ ਸੱਤਾ ਦੀ ਅੱਖ ਨਾ' ਅੱਖ ਨੂੰ 'ਜੀਤ' ਮਿਲਾਵਾਂਗੇ।

ਉਡਾਰੀ-ਜੀਤ ਸੁਰਜੀਤ ਬੈਲਜ਼ੀਅਮ

ਉਡਾਰੀ ਹੌਸਲੇ ਸਾਡੇ ਦੀ ਜਦ ਸਾਕਾਰ ਹੋਵੇਗੀ। ਤੇਰੇ ਝੂਠੇ ਜਿਹੇ ਹੰਕਾਰ ਦੀ ਫਿਰ ਹਾਰ ਹੋਵੇਗੀ। ਕਹਾ ਕੇ ਲੋਕਤੰਤਰ ਜੋ ਲਗਾਵੇ ਲਾਜ ਲੋਕਾਂ ਨੂੰ, ਨਹੀਂ ਮਨਜ਼ੂਰ ਏਦਾਂ ਦੀ ਕਦੇ ਸਰਕਾਰ ਹੋਵੇਗੀ। ਜੇ ਗੰਦੀ ਸੋਚ ਤੇਰੀ ਨੇ ਅਸਾਡਾ ਚਰ ਲਿਆ ਜਨਮਤ, ਤਾਂ ਸੱਤਾ ਰਾਜ ਤੇਰੇ ਦੀ ਸਦਾ ਦੁਰਕਾਰ ਹੋਵੇਗੀ। ਕਿਸਾਨੀ ਜੋਸ਼ ਨੇ ਭਰਿਆ ਹੈ ਜਿਹੜਾ ਜੋਸ਼ ਏਕੇ ਦਾ, ਬੜੀ ਹੀ ਤੇਜ਼ ਇਸ ਏਕੇ ਦੀ ਹੁਣ ਰਫ਼ਤਾਰ ਹੋਵੇਗੀ। ਕੁਚਾਲਾਂ ਤੇਰੀਆਂ ਦੇਣੀ ਹੈ ਅੱਜ ਵੀ ਮਾਤ ਤੈਨੂੰ ਹੀ, ਵਕਾਲਤ ਕੂੜ ਦੀ ਕੱਲ੍ਹ ਵੀ ਤੇਰੀ ਲਾਚਾਰ ਹੋਵੇਗੀ। ਵਿਰਾਸਤ ਆਪਣੀ ਦੀ ਹੁਣ ਅਸਾਂ ਨੇ ਪੈੜ ਮੱਲੀ ਹੈ, ਤੇ ਨਸਲਾਂ ਸਾਡੀਆਂ ਦੀ ਹੀ ਸਦਾ ਜੈਕਾਰ ਹੋਵੇਗੀ। ਤੇਰੀ ਦਹਿਲੀਜ਼ ਦੇ ਉੱਤੇ ਜੋ 'ਬੇਗ਼ਮ ਪੁਰ' ਵਸਾਇਆ ਹੈ। ਤੇਰੇ 'ਹੈਂਕੜਪੁਰੇ'' ਨੂੰ ਇਹ ਵੀ ਇਕ ਲਲਕਾਰ ਹੇਵੇਗੀ। ਸਿਰਾਂ 'ਤੇ ਬੰਨ੍ਹ ਕੇ ਕੱਫ਼ਣ ਅਸਾਂ ਨੇ 'ਜੀਤ ਆਉਣਾ ਹੈ, ਗੁਨਾਹਾਂ ਤੇਰਿਆਂ ਦੀ ਜਦ ਕਦੇ ਭਰਮਾਰ ਹੋਵੇਗੀ।

ਕਰੀਂ ਬੱਸ ਯਾਦ-ਨੀਲੂ ਜਰਮਨੀ

ਕਰੀਂ ਬੱਸ ਯਾਦ ਉਹਨਾਂ ਨੂੰ ਜੋ ਹੱਕਾਂ ਲਈ ਮਰੇ ਹੋਣੇ ਵੇ ਅੱਗਾਂ ਵਿੱਚ ਦੀ ਲੰਘ ਲੰਘ ਕੇ ਤਾਂ ਸੋਨੇ ਨੇ ਖ਼ਰੇ ਹੋਣੇ । ਤੂੰ ਜਦ ਹੱਕਾਂ ਦੀ ਜੰਗ ਜਿੱਤ ਕੇ ਮੁੜੇਗਾਂ ਖੇਤ ਦੇ ਵੱਲੀਂ ਕਿ ਫ਼ਸਲਾਂ ਦੇ ਨੈਣੀ ਖੁਸ਼ੀਆਂ ਦੇ ਹੰਝੂ ਨੇ ਭਰੇ ਹੋਣੇ । ਜਿਹੜੇ ਤੂੰ ਹੌਸਲੇ ਦਿੱਲੀ ਦੀਆਂ ਸੜਕਾਂ ਤੇ ਜਾ ਬੀਜੇ ਦੇਖੀਂ ਇਤਿਹਾਸ ਦੇ ਪੰਨਿਆਂ ਤੇ ਮੁੜ ਮੁੜ ਕੇ ਹਰੇ ਹੋਣੇ । ਦੁਆਵਾਂ ਦੇ ਰਹੇ ਨੇ ਬੈਠ ਕੇ ਪੰਛੀ ਵੀ ਵੱਟਾਂ ਤੇ ਜਿਨ੍ਹਾਂ ਤੇਰੀ ਆਸ ਤੇ ਨੇ ਆਲ੍ਹਣੇ ਖੇਤੀਂ ਧਰੇ ਹੋਣੇ । ਕਰੀਂ ਨਾ ਫਿਕਰ ਜਿਨ੍ਹਾਂ ਨੂੰ ਤੂੰ ਤਾਲੇ ਮਾਰ ਆਇਆਂ ਏ ਤੇਰੇ ਘਰ ਦੀ ਵੇ ਰਾਖੀ ਲਈ ਨੇ ਹੁਣ ਘਰ ਹੀ ਘਰੇ ਹੋਣੇ । ਵੇ ਵੀਰਾ ਰਲ ਕੇ ਚਲਿਓ ਰਲ ਕੇ ਹੀ ਜੰਗ ਜਿੱਤ ਇਹ ਹੋਣੀ ਏ ਕਿ ਮਘਦਿਆਂ ਜੋਸ਼ਾਂ ਨੂੰ ਤੱਕ ਕੇ ਨੇ ਹੁਣ ਹਾਕਮ ਠਰੇ ਹੋਣੇ । ਨਾ ਗਿਣਤੀ ਹੋ ਰਹੀ ਊਧਮ ਤੇ ਸਾਥੋਂ ਭਗਤ ਸਿੰਘਾਂ ਦੀ ਸਰਾਭੇ ਵੀ ਤਾਂ ਹੁਣ ਕੁੱਖਾਂ ਚੋਂ ਪੈਦਾ ਹਰ ਵਰੇ ਹੋਣੇ ।

ਕਿਸਾਨ ਮੋਰਚਾ-ਭਿੰਦਰ ਜਲਾਲਾਬਾਦੀ

ਵੋਟਾਂ ਲੈ ਕੇ ਕਰਨੇ ਧੱਕੇ ‘ਮਨ ਕੀ ਬਾਤ’ ਨੂੰ ਸੁਣ- ਸੁਣ ਥੱਕੇ ਨੀ ਦਿੱਲੀਏ ਤੈਨੂੰ ਦੱਸਣ ਲੱਗੇ ਤੇਰੇ ਲਾਉਣ ਬਰੂਹੀਂ ਡੇਰੇ ਲੱਗੇ ਇਨਸਾਫ ਨਾ ਮਿਲਿਆ ਜਦ ਤਾਈਂ, ਇਥੇ ਹੀ ਦੇਗਾਂ ਚੜ੍ਹਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . ! ਆਪਣੇ ਖੇਤ ਅਸਾਂ ਹੀ ਵਾਹੁਣੇ ਨਹੀਂ ਸਰਮਾਏਦਾਰ ਲਿਆਉਣੇ ‘ਤਿੰਨ ਕਾਨੂੰਨ’ ਇਹ ਕਿਉਂ ਬਣਾਏ? ਨਹੀਂ ਅਸੀਂ ਚਾਹੁੰਦੇ, ਨਹੀਂ ਅਸਾਂ ਚਾਹੇ ਬਹਿ ਗਏ ਜੇ ਚੁੱਪ ਕਰਕੇ ਤਾਂ ਫਿਰ ਪੀੜ੍ਹੀਆਂ ਲੇਖੇ ਭਰਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . ! ਡਿੱਗਦਾ ਪਾਰਾ ਵੱਧਦੇ ਹੌਸਲੇ ਜਜ਼ਬੇ ਵੇਖੇ ਸ਼ੇਰਾਂ ਦੇ ਸਾਰੇ ਆਖਣ ਕੁਝ ਨ੍ਹੀ ਹੁੰਦਾ ਗੁਰੂ ਦੀਆਂ ਸਭ ਮੇਹਰਾਂ ਨੇ ਵਾਪਸ ਮੁੜੀਏ ਨਾ ਮੁੜੀਏ ਪਰ, ਫੌਜਾਂ ਇਹ ਨਹੀਂ ਹਰਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . ! ਕਰਦੇ ਸੀ ਪ੍ਰਚਾਰ ਜੋ ਉਲਟਾ, ਸੋਚ ਨੂੰ ਹੁਣ ਉਹ ਨਾਪਣਗੇ ਜਿਹੜੇ ‘ਉੜਤਾ’ ਆਖ ਕੇ ਭੰਡਦੇ ਸੀ, ਹੁਣ ਜਿੱਤਦਾ, ਜਿੱਤ ਗਿਆ ਆਖਣਗੇ ਬੁਲੰਦ ਹੌਸਲੇ ਵੇਖ ਉਨ੍ਹਾਂ ਦੀਆਂ, ਰੂਹਾਂ ਅੰਦਰੋਂ ਡਰਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . ! ਪੁੱਛਿਆ ਸੀ ਕਿਸੇ ਬੇਬੇ ਤਾਂਈ ਕਾਸ ਨੂੰ ਮਾਂ ਧਰਨੇ ਵਿੱਚ ਆਈ? ‘ਉਮਰ ਨਹੀਂ ਪੁੱਤ ਹਿੰਮਤ ਵੇਖ ਨਹੀਂ ਅਸੀਂ ਖੁੱਸਣ ਦੇਣੇ ਖੇਤ’ ਇਨ੍ਹਾਂ ਹੌਸਲਿਆਂ ਦੀਆਂ ਵਾਰਾਂ ਤੁਰਿਆ ਕਰਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . ! ਇਤਿਹਾਸ ਕਹਿੰਦੇ ਆਪਾ ਦੁਹਰਾਉਂਦਾ ਪੋਹ ਮਹੀਨੇ ਚੇਤਾ ਆਉਂਦਾ ਨਿੱਕੀਆਂ ਜਿੰਦਾਂ ਦਾ ਸੀ ਕਹਿਣਾ ਹਠ ਨਹੀਂ ਛੱਡਣਾ, ਡਟ ਕੇ ਰਹਿਣਾ ਮਾਂ ਗੁਜਰੀ ਤੋਂ ਬਲ ਲੈ ਕੇ ਹੁਣ, ਸੰਗਤਾਂ ਫਿਰ ਤੋਂ ਜੁੜਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . . . ! ਵੰਡ ਛਕਣ ਦੀ ਪਿਰਤ ਵੇਖ ਕੇ ਸਿਰ ਝੁਕਦਾ ਏ ‘ਭਿੰਦਰ’ ਦਾ ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪੈਂਦੀ ਵੇਖ ਕੇ ਜਲਵਾ ਲੰਗਰ ਦਾ ਜਿੱਤ ਜ਼ਰੂਰੀ ਕਿਰਤੀ ਜਾਣਾ, ‘ ਜਲਾਲਾਬਾਦ’ ਵੀ ਖੁਸ਼ੀਆਂ ਚੜ੍ਹਨਗੀਆਂ ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਹੋਇਆ ਕਰਨਗੀਆਂ ਭਲ੍ਹਕ ਨੂੰ, ਗੱਲਾਂ ਹੋਇਆ ਕਰਨਗੀਆਂ . . . .! ਫਿਰ, ਗੱਲਾਂ ਹੋਇਆ ਕਰਨਗੀਆਂ . . . . . . !

ਸਬਰ ਪਿਆਲਾ-ਡਾ. ਗੁਰਚਰਨ ਕੌਰ ਕੋਚਰ

ਸਬਰ ਪਿਆਲਾ ਭਰ ਗਿਆ ਸਾਡਾ, ਹੋਰ ਨਾ ਤੂੰ ਅਜ਼ਮਾ ਨੀ ਦਿੱਲੀਏ। ਜੋ ਬਣਦੇ ਨੇ ਹੱਕ ਅਸਾਡੇ, ਸਾਡੀ ਝੋਲੀ ਪਾ ਨੀ ਦਿੱਲੀਏ। ਕਾਲੇ ਕਾਨੂੰਨਾਂ ਦੇ ਹੱਕ ਵਿਚ ਛੱਡ ਦੇ ਲਾਭ ਗਿਣਾਉਣੇ ਦਿੱਲੀਏ, ਲੋਕਾਂ ਨੂੰ ਤੂੰ ਸਮਝ ਨਾ ਬੁੱਧੂ, ਉਹ ਤਾਂ ਬੜੇ ਸਿਆਣੇ ਦਿੱਲੀਏ, ਤੂੰ ਵੀ ਸੁੱਘੜ ਸਿਆਣੀ ਬਣ ਕੇ ਸਭ ਦੇ ਸਾਹਵੇਂ ਆ ਨੀ ਦਿੱਲੀਏ। ਸਬਰ ਪਿਆਲਾ ਭਰ ਗਿਆ ਸਾਡਾ----------- ਲੋਕਤੰਤਰ ਨੂੰ ਛਿੱਕੇ ਟੰਗ ਕੇ, ਅਧਿਕਾਰਾਂ 'ਤੇ ਵਾਰ ਕਰੇਂ ਤੂੰ, ਕਿਸ ਸ਼ੈਅ ਦੀ ਤੈਨੂੰ ਮਗ਼ਰੂਰੀ, ਕਿਉਂ ਐਨਾ ਹੰਕਾਰ ਕਰੇਂ ਤੂੰ? ਭੈੜੇ ਲੋਕਾਂ ਨਾਲ ਤੂੰ ਰਲ਼ ਕੇ,ਪੈ ਗਈ ਪੁੱਠੇ ਰਾਹ ਨੀ ਦਿੱਲੀਏ। ਸਬਰ ਪਿਆਲਾ ਭਰ ਗਿਆ ਸਾਡਾ---------- ਦੇਖ ਕੇ ਤੂੰ ਅਣਦੇਖਾ ਕਰਦੀ, ਜਾਣ ਬੁੱਝ ਕੇ ਬੋਲ਼ੀ ਹੋਈ, ਪੱਥਰ ਵਰਗਾ ਦਿਲ ਹੈ ਤੇਰਾ, ਤੇਰੀ ਤਾਂ ਜ਼ਮੀਰ ਵੀ ਮੋਈ, ਬੜਾ ਸਤਾਇਆ,ਬਹੁਤ ਰੁਆਇਆ, ਹੁਣ ਨਾ ਹੋਰ ਰੁਆ ਨੀ ਦਿੱਲੀਏ। ਸਬਰ ਪਿਆਲਾ ਭਰ ਗਿਆ ਸਾਡਾ-------- ਅੱਤਵਾਦੀ, ਵੱਖਵਾਦੀ ਵਰਗੇ ਨਾਵਾਂ ਨਾਲ ਪੁਕਾਰੇ ਤੂੰ, ਟੁਕੜੇ ਟੁਕੜੇ ਗੈਂਗ ਆਖ ਕੇ, ਗ਼ੈਰਤ ਨੂੰ ਲਲਕਾਰੇਂ ਤੂੰ, ਸ਼ਾਂਤਮਈ ਅੰਦੋਲਨ ਤਾਈਂ ਐਵੇਂ ਨਾ ਭੜਕਾ ਨੀ ਦਿੱਲੀਏ। ਸਬਰ ਪਿਆਲਾ ਭਰ ਗਿਆ ਸਾਡਾ----------- ਤੂੰ ਕੀਤਾ ਮਜਬੂਰ ਲਿਖਣ ਲਈ ਨਾਲ ਲਹੂ ਦੇ ਖ਼ਤ, ਨੀ ਦਿੱਲੀਏ, ਤੇਰੀ ਪੁੱਠੀ ਮੱਤ ਹੋ ਗਈ, ਤੂੰ ਮਚਾਈ ਅੱਤ ਨੀ ਦਿੱਲੀਏ, ਅਕਲ ਤੇਰੀ 'ਤੇ ਪਿਆ ਜੋ ਪਰਦਾ, ਉਸ ਨੂੰ ਹੁਣ ਹਟਾ ਨੀ ਦਿੱਲੀਏ ਸਬਰ ਪਿਆਲਾ ਭਰ ਗਿਆ ਸਾਡਾ------------- ਹੱਥੋਂ ਖੁੰਝ ਗਿਆ ਜੋ ਵੇਲਾ, ਉਹ ਵਾਪਸ ਨਾ ਆਉਣਾ , ਦਿੱਲੀਏ, 'ਕੋਚਰ'ਫਿਰ ਪਊ ਪਛਤਾਉਣਾ,ਛੱਡ ਦੇ ਜ਼ਿਦ ਪੁਗਾਉਣਾ, ਦਿੱਲੀਏ। ਕਰ ਕੇ ਰੱਦ ਕਨੂੰਨ ਤੂੰ ਕਾਲੇ, ਵੱਡਾ ਪੁੰਨ ਕਮਾ ਨੀ ਦਿੱਲੀਏ। ਸਬਰ ਪਿਆਲਾ ਭਰ ਗਿਆ ਸਾਡਾ ਹੋਰ ਨਾ ਤੂੰ ਅਜ਼ਮਾ ਨੀ ਦਿੱਲੀਏ।

ਦਿੱਲੀਏ !-ਹਰਜਿੰਦਰ ਬੱਲ

ਗੱਲ ਗੱਲ ਉੱਤੇ ਸਾਨੂੰ ਕਰੇਂ ਝੇਡ ਨੀ! ਮੁੜ ਜਾ ਪਿਛਾਂਹ ਨਾ ਅੱਗ ਨਾਲ ਖੇਡ ਨੀ! ਬਹੁਤ ਨੇ ਤਰੀਕੇ ਸਾਨੂੰ ਹੱਕ ਲੈਣ ਦੇ ਦਿੱਲੀਏ! ਪੰਜਾਬੀਆਂ ਨੂੰ ਸ਼ਾਂਤ ਰਹਿਣ ਦੇ ਹੱਕ ਮੰਗਦੇ ਆਂ ਤੈਥੋਂ ਭੀਖ ਨਹੀਂਓਂ ਮੰਗਦੇ ਹੱਕ ਲੈ ਕੇ ਰਹਿਣੇ ਭਾਂਵੇਂ ਸੂਲੀ ਉੱਤੇ ਟੰਗ ਦੇ ਬੁਰੇ ਨੇ ਨਤੀਜੇ ਸਾਡੇ ਨਾਲ ਖਹਿਣ ਦੇ ਦਿੱਲੀਏ! ਪੰਜਾਬੀਆਂ ਨੂੰ ਸ਼ਾਂਤ ਰਹਿਣ ਦੇ ਕਹਿਰ ਉੱਤੇ ਕਹਿਰ ਤੂੰ ਕਮਾਈ ਜਾਨੀ ਏਂ ਸਾਨੂੰ ਬੱਸ ਆਪਣੀ ਸੁਣਾਈ ਜਾਨੀ ਏਂ ਸਾਨੂੰ ਵੀ ਤਾਂ ਦਿਲ ਵਾਲੀ ਗੱਲ ਕਹਿਣ ਦੇ ਦਿੱਲੀਏ! ਪੰਜਾਬੀਆਂ ਨੂੰ ਸ਼ਾਂਤ ਰਹਿਣ ਦੇ ਬਿਨਾ ਹੀ ਕਸੂਰੋਂ ਦੇ ਸਜ਼ਾਵਾਂ ਦਿੱਲੀਏ! ‘ਬੱਲ’ ਕਹੇ ਦੇ ਨਾ ਹਵਾਵਾਂ ਦਿੱਲੀਏ! ਕੱਖਾਂ ਥੱਲੇ ਦੱਬੀ ਅੱਗ ਦੱਬੀ ਰਹਿਣ ਦੇ ਦਿੱਲੀਏ! ਪੰਜਾਬੀਆਂ ਨੂੰ ਸ਼ਾਂਤ ਰਹਿਣ ਦੇ

ਗ਼ਜ਼ਲ-ਹਰਜਿੰਦਰ ਬੱਲ

ਕਿੰਨੀ ਵਾਰ ਅਜ਼ਮਾ ਬੈਠੇ ਆਂ। ਫਿਰ ਵੀ ਧੋਖਾ ਖਾ ਬੈਠੇ ਆਂ। ਸਾਰਾ ਮੁਲਕ ਰਜਾਉਣ ਦੀ ਖ਼ਾਤਰ, ਸਾਰਾ ਆਬ ਸੁਕਾ ਬੈਠੇ ਆਂ। ਹੱਥੀਂ ਜ਼ਹਿਰ ਖਿਲਾਰ ਕੇ ਆਪੇ, ਜ਼ਹਿਰੀ ਧਰਤ ਬਣਾ ਬੈਠੇ ਆਂ। ਅਪਣੇ ਹੱਥੀਂ ਅਪਣੇ ਗਲ ਵਿਚ, ਮਰਿਆ ਸਪ ਲਟਕਾ ਬੈਠੇ ਆਂ। ਸੋਨ ਚਿੜੀ ਦੇ ਅਪਣੇ ਹੱਥੀਂ, ਆਪੇ ਖੰਭ ਪੁਟਾ ਬੈਠੇ ਆਂ।

ਗ਼ਜ਼ਲ-ਹਰਜਿੰਦਰ ਬੱਲ

ਕਾਣੀ ਵੰਡ ਕਰੇ ਜਦ ਸਾਕੀ ਕੀ ਕਰੀਏ? ਲਾਵੇ ਨਿੱਤ ਅੰਬਰ ਨੂੰ ਟਾਕੀ ਕੀ ਕਰੀਏ? ਕਤਰਾ-ਕਤਰਾ ਖ਼ੂਨ ਨਿਚੋੜ ਲਿਐ ਹਾਕਮ, ਬੱਸ ਇਕ ਜਾਨ ਬਚੀ ਹੈ ਬਾਕੀ ਕੀ ਕਰੀਏ? ਹੁੰਦੈ ਨਿੱਤ ਜ਼ਲੀਲ ਇਹ ਸਮਝੇ ਫਿਰ ਵੀ ਨਾ, ਕਰ ਜਾਂਦੈ ਹਰ ਵਾਰ ਚਲਾਕੀ ਕੀ ਕਰੀਏ? ਆਪ ਲੁਟਾ ਕੇ ਘਰ ਚੋਰਾਂ ਦੇ ਭੱਜਣ ਲਈ, ਖੋਲ੍ਹ ਦੇਵੇ ਘਰ ਪਿਛਲੀ ਤਾਕੀ ਕੀ ਕਰੀਏ? ਹੱਕ ਵੀ ਜੇ ਮੰਗੋ ਤਾਂ ਡਾਂਗ ਵਰ੍ਹਾਉਂਦੀ ਹੈ, ਚੋਰਾਂ ਨਾਲ ਰਲ਼ੀ ਹੈ ਖਾਕੀ ਕੀ ਕਰੀਏ? ਖ਼ੈਰ ਕਰੀਂ ਰੱਬਾ! ਇਹ ਸਭ ਕੁਝ ਵੇਚ ਕੇ ਹੁਣ!! ਕਿਰਸਾਨਾਂ ਵਲ ਜਾਂਦੈ ਝਾਕੀ ਕੀ ਕਰੀਏ? ਹੁਣ ਜਦ ਸਿਰ ਉੱਤੋਂ ਦੀ ਪਾਣੀ ਲੰਘ ਗਿਐ, ਤਾਂ ਕਿਧਰੇ ਹੋਏ ਹਾਂ ਆਕੀ ਕੀ ਕਰੀਏ? ਜੋ ਵੀ ਮੂੰਹ ਵਿਚ ਆਉਂਦੈ ਬੋਲੀ ਜਾਂਦੈ ‘ਬੱਲ’, ਜੀਭ ਇਸ ਦੀ ਜਾਵੇ ਨਾ ਠਾਕੀ ਕੀ ਕਰੀਏ?

ਘਰ-ਆਫਤਾਬ ਗਰੇਵਾਲ

ਘਰ ਆਏ ਥੱਕੇ ਤੇ ਹਾਰੇ। ਪੈਲ਼ੀ ਤੇ ਜ਼ਿੰਦਗੀ ਲੰਘਾ ਕੇ। ਮਿਹਨਤ ਦਾ ਮੁੱਲ ਨੀ’ ਮਿਲਦਾ। ਅੱਜ ਫੇਰ ਭੁੱਖੇ ਸੌਵਾਂਗੇ। ਦੋ ਕੁੜੀਆਂ ਤੇ ਇੱਕ ਮੁੰਡਾ, ਕਿਵੇਂ ਪੜਾਉਣੇ ਲਿਖਾਣੇ? ਘਰ ਆਏ ਥੱਕੇ ਤੇ ਹਾਰੇ। ਪੈਲ਼ੀ ਤੇ ਜ਼ਿੰਦਗੀ ਲੰਘਾ ਕੇ। ਘਰ ਚੱਲਦੇ ਮਸਾਂ-ਮਸਾਂ ਨੇ। ਲੱਖਾਂ ਦੇ ਕਰਜ਼ੇ ਚੁਕਾਨੇ। ਕਰੋੜਾਂ ਦਾ ਘਪਲਾ ਨੀ’ ਹੁੰਦਾ। ਤਾਂਹੀ ਮੰਤਰੀ ਮਿਲਦੇ ਨੀ’ ਆਕੇ। ਬਚਾਉਣਾ ਵੀ ਕੀ ਹੀ ਇਨ੍ਹਾਂ ਨੇ, ਫ਼ਸਲ ਨਾਲ ਹੁਣ ਖੁਦ ਵੀ ਵਿਕਾਂਗੇ? ਘਰ ਚੱਲਦੇ ਮਸਾਂ-ਮਸਾਂ ਨੇ। ਲੱਖਾਂ ਦੇ ਕਰਜ਼ੇ ਚੁਕਾਨੇ। ਘਰ ਛੱਡ ਕੇ ਸੜਕਾਂ ਤੇ ਆਗੇ। ਬੇਬੇ ਦਾ ਚੇਤਾ ਵੀ ਆਵੇ। ਕਿਹਾ ਸੀ ਦਿੱਲੀ ਨੂੰ ਚੱਲਿਆਂ। ਦੋ ਕੁ ਦਿਨ ਚ’ ਮੁੜਕੇ ਮਿਲਾਂਗੇ। ਚਾਰ ਹਫ਼ਤੇ ਰਾਹ ਚ’ ਹੀ ਹੋਗੇ, ਸੋਟੀਆਂ ਤੇ ਤਾਰਾਂ ਵਿਚਾਲੇ। ਘਰ ਛੱਡ ਕੇ ਸੜਕਾਂ ਤੇ ਆਗੇ। ਬੇਬੇ ਦਾ ਚੇਤਾ ਵੀ ਆਵੇ। ਘਰ ਲਈ ਤਾਂ ਲੜਦੇ ਰਵਾਂਗੇ। ਭਰਾ ਬੈਠਾ ਬੌਡਰ ਤੇ ਜਾਕੇ। ਰਾਖੀ ਓਹ ਦੇਸ਼ ਦੀ ਕਰਦਾ। ਅਸੀਂ ਅੱਤਵਾਦੀ ਕਹਾਏ। ਸਿਆਸਤ ਨੇ ਸਗੇ ਭਰਾ ਹੁਣ, ਆਮ੍ਹਣੇ-ਸਾਮ੍ਹਣੇ ਖੜਾਣੇ। ਘਰ ਲਈ ਤਾਂ ਲੜਦੇ ਰਵਾਂਗੇ। ਭਰਾ ਬੈਠਾ ਬੌਡਰ ਤੇ ਜਾਕੇ। ਘਰ ਨਿੱਘੇ ਛੱਡ ਕੇ ਹਾਂ ਆਗੇ। ਸਿਆਸਤ ਦੀ ਮਾਰ ਦੇ ਮਾਰੇ। ਸਾਡੀ ਜੋ ਗੱਲ ਨੀ’ ਸੁਣਦੇ। ਓਹਨਾਂ ਨੂੰ ਸੁਣਾ ਕੇ ਰਵਾਂਗੇ। ਮਰਨਾ ਤਾਂ ਇੱਥੇ ਮਰਾਂਗੇ, ਵਾਪਿਸ ਜਾਕੇ ਫਾਹਾ ਲਵਾਂਗੇ? ਘਰ ਨਿੱਘੇ ਛੱਡ ਕੇ ਹਾਂ ਆਗੇ। ਸਿਆਸਤ ਦੀ ਮਾਰ ਦੇ ਮਾਰੇ। ਘਰ ਬੈਠੇ ਜੋ ਦੇਸ਼ ਵਾਲੇ। ਅਸੀਂ ਜੰਗ-ਏ-ਵਜੂਦ ਲੜਾਂਗੇ। ਕਿ ਤੁਹਾਡੇ ਤੇ ਨਾ ਬੀਤੇ ਆ’ ਸੱਭ ਕੁਝ। ਪਾਣੀ ਠੰਡੇ ਸਹੇ ਨੀ’ ਜਾਣੇ। ਆਵਾਜ਼ ਚੱਕ ਕੇ ਦੇਖਿਓ ਤੁਸੀਂ ਵੀ, ਗਲ਼ ਨਾ ਜੇ ਫੜ ਲਏ ਮੀਡੀਆ ਨੇ। ਘਰ ਬੈਠੇ ਜੋ ਦੇਸ਼ ਵਾਲੇ। ਅਸੀਂ ਜੰਗ-ਏ-ਵਜੂਦ ਲੜਾਂਗੇ।