Dharat Vangaare Takhat Nu (Part-6)
'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਛੇਵਾਂ)
'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ
ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)
ਰੁੱਖਾਂ ਵਰਗੇ ਜ਼ੇਰੇ-ਨਿਰਮੋਹੀ ਫ਼ਰੀਦਕੋਟੀ
ਪੱਟੀ ਅੱਖੀਆਂ ਉੱਤੋਂ ਲਾਹ ਦੇ ਤੂੰ ਹੰਕਾਰ ਦੀ , ਕਾਹਤੋਂ ਫੂੰ ਫੂੰ ਕਰਦੀ ਫਿਰਦੀ ਏਂ ਸਰਕਾਰੇ । ਸਮਝੇਂ ਜਿਹਨਾਂ ਨੂੰ ਤੂੰ ਲੱਲੀ ਛੱਲੀ ਫਿਰਦੇ ਨੇ, ਤੈਨੂੰ ਏਹਨਾਂ ਨੇ ਹੀ ਦਿਨੇ ਦਿਖਾਉਣੇ ਤਾਰੇ। ਕੱਕਰ ਕੱਟਦੇ ਨੇ ਕਣਕਾਂ ਨੂੰ ਪਾਣੀ ਲਾਉਂਦਿਆਂ, ਨੰਗੇ ਪਿੰਡੇ ਏਹਨਾਂ ਹਾੜ੍ਹ ਨੇ ਗੁਜ਼ਾਰੇ । ਨਾ ਇਹ ਅਤਿਵਾਦੀ, ਵੱਖਵਾਦੀ ਨਾ ਹੀ ਗੈਂਗ ਨੇ, ਆਪਣੇ ਹੱਕ ਲੈਣ ਲਈ ਆਏ ਤੇਰੇ ਦੁਆਰੇ। ਸਭ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦੇ ਨੇ, ਕਿਰਤੀ ਨਾਨਕ ਦੇ ਨੇ ਚੇਲੇ ਇਹ ਤਾਂ ਸਾਰੇ। ਕੱਠੇ ਹੋਏ ਉੱਪਰ ਉੱਠ ਕੇ ਜ਼ਾਤਾਂ ਪਾਤਾਂ ਤੋਂ, ਇੱਕੋ ਸੁਰ ਵਿੱਚ ਲਾਉਂਦੇ ਉੱਚੀ ਉੱਚੀ ਨਾਅਰੇ। ਜੇਰੇ ਰੁੱਖਾਂ ਵਰਗੇ ਏਹਨਾਂ ਦੇ ਸਰਕਾਰੇ ਨੀ, ਵੱਡੇ ਵੱਡੇ ਜਾਂਦੇ ਏਹਨਾਂ ਤੋਂ ਬਲਿਹਾਰੇ। ਹੁੰਦੀ ਜਿੱਤ ਹਮੇਸ਼ਾ ਸੱਚ ਦੇ ਸੰਗਰਾਮ ਦੀ, ਬੇੜਾ ਕੂੜ ਤੇਰੇ ਦਾ ਡੁੱਬਣਾ ਅੱਧ ਵਿਚਕਾਰੇ।
ਕਿਸਾਨ ਸੰਘਰਸ਼ ਦੇ ਨਾਲ ਨਾਲ-ਮਹਿੰਦਰ ਦੀਵਾਨਾ
ਨਾ ਤੁਰਦੇ ਪੈਰ ਅਟਕਾਉ, ਅਜੇ ਕੁਝ ਰਾਤ ਬਾਕੀ ਹੈ। ਤੁਰੀ ਜਾਉ, ਤੁਰੀ ਜਾਉ, ਅਜੇ ਕੁਝ ਰਾਤ ਬਾਕੀ ਹੈ। ਤੁਸੀਂ ਇੱਕ ਕਿਰਨ ਨੂੰ ਕਿਧਰੇ ਸਵੇਰਾ ਸਮਝ ਨਾ ਲੈਣਾ, ਅਜੇ 'ਨ੍ਹੇਰੇ ਨੂੰ ਲਿਸ਼ਕਾਉ, ਅਜੇ ਕੁਝ ਰਾਤ ਬਾਕੀ ਹੈ। ਭਲਾ ਦੱਸੋ,ਕਦੋਂ ਤੱਕ ਸਬਰ ਸਾਡਾ ਆਜ਼ਮਾਉਗੇ, ਅਸਾਡੇ ਖ਼ੂਨ ਦੇ ਦੀਵੇ ਭਲਾ ਕਦ ਤੱਕ ਜਲਾਉਗੇ। ਵਤਨ ਦੇ ਆਗੂਓ ਆਪਾਂ ਤੁਹਾਨੂੰ ਅੱਜ ਮਨਾਂਦੇ ਹਾਂ, ਤੇ ਕੱਲ੍ਹ ਉਹ ਵਕਤ ਆਏਗਾ ਤੁਸੀਂ ਸਾਨੂੰ ਮਨਾਓਗੇ। ਹੈ ਜਿਹੜੀ ਲਹਿਰ ਅੱਜ ਉੱਠੀ ਕਦੇ ਉਹ ਰੁਕ ਨਹੀਂ ਸਕਦੀ। ਕਿਸੇ ਤੋਂ ਮਰ ਨਹੀਂ ਸਕਦੀ, ਕਿਸੇ ਤੋਂ ਮੁੱਕ ਨਹੀਂ ਸਕਦੀ। ਅਸੀਂ ਮੰਗਦੇ ਹਾਂ ਹੱਕ ਆਪਣਾ ਤੇ ਹੱਕ ਲਈ ਜ਼ੁਲਮ ਦੇ ਸਾਹਵੇਂ, ਇਹ ਗਰਦਨ ਕਟ ਤਾਂ ਸਕਦੀ ਹੈ, ਕਦੇ ਵੀ ਝੁਕ ਨਹੀਂ ਸਕਦੀ। ਭਲਾ ਰੇਤੇ ਦੀਆਂ ਕੰਧਾਂ ਅਗੇ ਸੈਲਾਬ ਰੁਕਦਾ ਹੈ? ਭਲਾ 'ਨ੍ਹੇਰੇ ਦੀ ਬੁੱਕਲ ਵਿੱਚ ਕਦੇ ਚਾਨਣ ਵੀ ਲੁਕਦਾ ਹੈ? ਕੋਈ ਦੱਸੋ ਮੈਂ ਹਰ ਇੱਕ ਤੋਂ ਭਰੀ ਮਹਿਫ਼ਲ 'ਚ ਪੁੱਛਦਾ ਹਾਂ, ਭਲਾ ਤੀਲ੍ਹੇ ਦੇ ਕੋਲੋਂ ਵੀ ਕਦੇ ਤੂਫ਼ਾਨ ਰੁਕਦਾ ਹੈ। ਤੂੰ ਪਾਂਧੀ ਏਂ ਤੂੰ ਤੁਰਿਆ ਚੱਲ, ਤੇਰਾ ਪੈਂਡਾ ਲੰਮੇਰਾ ਹੈ। ਜੋ ਪਿੱਛੇ ਸੀ ਹਨ੍ਹੇਰਾ ਸੀ, ਜੋ ਅੱਗੇ ਹੈ ਸਵੇਰਾ ਹੈ। ਤੁੰ ਜਿਸ ਥਾਂ ਪੁੱਜ ਗਿਐਂ ਇਹ ਤਾਂ ਪੜਾਅ ਹੈ ਇਹ ਨਹੀਂ ਮੰਜ਼ਿਲ, ਤੂੰ ਜਿਸ ਡੇਰੇ ਤੇ ਪੁੱਜਣਾ ਹੈ, ਅਜੇ ਉਹ ਦੂਰ ਡੇਰਾ ਹੈ। ਕਦਮ ਥੀਂ ਕਦਮ ਨੂੰ ਮੇਲੋ, ਨਿਗਾਹਾਂ ਥੀਂ ਨਿਗਾਹ ਮੇਲੋ। ਜਿੰਨ੍ਹਾਂ ਰਾਹਾਂ ਤੇ ਚਾਨਣ ਹੈ,ਉਨ੍ਹਾਂ ਰਾਹਾਂ ਥੀਂ ਰਾਹ ਮੇਲੋ। ਇਹ ਕਿਸ਼ਤੀ ਮੁੜ ਕਿਨਾਰੇ ਤੋਂ, ਭੰਵਰ ਦੇ ਵਿੱਚ ਨਾ ਫਸ ਜਾਵੇ, ਸੁਣੋ ਕਿਰਸਾਨ ਯਾਰੋ, ਹੁਣ ਵਿਸਾਹਾਂ ਥੀਂ ਵਿਸਾਹ ਮੇਲੋ। ਜੇ ਜ਼ਿੰਦਗੀ ਮਾਨਣਾ ਚਾਹੁੰਦੇ ਤਾਂ ਫਿਰ ਮਰਨਾ ਜ਼ਰੂਰੀ ਹੈ। ਤੇ ਆਪਣੇ ਹੱਕ ਦੇ ਲਈ ਕੁਝ ਨਾ ਕੁਝ ਕਰਨਾ ਜ਼ਰੂਰੀ ਹੈ। ਤੁਸੀਂ ਕੰਢੇ ਤੇ ਬਹਿ ਕੇ ਹੀ ਨਾ ਤੱਕਦੇ ਰਹੋ ਲਹਿਰਾਂ ਨੂੰ, ਜੇ ਸੋਹਣੀ ਪਾਉਣੀ ਹੈ ਤਾਂ ਝਨਾਂ ਤਰਨਾ ਜ਼ਰੂਰੀ ਹੈ। ਮਨੀਂ ਵਿਸ਼ਵਾਸ ਕੀਤਾ ਹੈ ,ਕਦੇ ਵਿਸ਼ਵਾਸ ਨਾ ਡੋਲੇ। ਅਸਾਡੀ ਆਸ ਨਾ ਟੁੱਟੇ, ਅਸਾਡੀ ਆਸ ਨਾ ਡੋਲੇ। ਨਿਗਾਹਾਂ ਵੱਲ ਜ਼ਰਾ ਤੱਕੋ, ਨਿਗਾਹਾਂ ਕਹਿੰਦੀਆਂ ਜਾਪਣ, ਰਹੋ ਸਾਬਤ ਕਦਮ ਏਦਾਂ, ਕਦੇ ਵਿਸ਼ਵਾਸ ਨਾ ਡੋਲੇ।
ਪ੍ਰਤੀਕ੍ਰਿਆ-ਮਹਿੰਦਰ ਦੀਵਾਨਾ
ਗੇਂਦ ਨੂੰ ਵਧੇਰੇ ਜ਼ੋਰ ਨਾਲ ਧਰਤ ਤੇ ਮਾਰੋਗੇ ਓਨੇ ਜ਼ੋਰ ਨਾਲ ਉੱਛਲ ਕੇ ਇਹ ਗੇਂਦ ਫਿਰ ਆਕਾਸ਼ ਨੂੰ ਹੱਥ ਪਾਵੇਗਾ। ਸੱਚ ਦੀ ਆਵਾਜ਼ ਨੂੰ ਲਾਠੀ ਅਤੇ ਗੋਲ਼ੀ ਨਾਲ ਜਿੰਨਾ ਵੀ ਦਬਾਉਗੇ ਮਹਿਕ ਬਣਕੇ ਹਵਾ ਦੇ ਮੋਢਿਆਂ ਤੇ ਬੈਠ ਪੂਰੇ ਵੇਗ ਨਾਲ ਆਉਣ ਵਾਲੇ ਸਮੇਂ ਵਿੱਚ ਲਾਠੀਆਂ ਤੇ ਗੋਲ਼ੀਆਂ ਦੀ ਛਾਂ ‘ਚ ਵੀ ਸਾਰੇ ਵਾਤਾਵਰਣ ਅੰਦਰ ਫ਼ੈਲ ਜਾਵੇਗਾ। ਤੇ ਉਦੋਂ ਲਾਠੀਆਂ ਤੇ ਗੋਲ਼ੀਆਂ ਦੀ ਲੋੜ ਨਹੀਂ ਰਹਿਣੀ। ਪੁਰਹੀਰਾਂ (ਹੁਸ਼ਿਆਰਪੁਰ)
ਭੱਜੋ ਵੀਰੋ ਵੇ...-ਮਨਦੀਪ ਔਲਖ
'ਹਰੇ ਹਰੇ ਘਾਹ ਉੱਤੇ ਸੱਪ ਫੂਕਾਂ ਮਾਰਦਾ ਭੱਜੋ ਵੀਰੋ ਵੇ ਬਾਪੂ ਕੱਲਾ ਮੱਝਾਂ ਚਾਰਦਾ' ਨਿੱਕੀ ਹੁੰਦੀ ਇਸ ਬੋਲੀ ਤੇ ਨੱਚਦੀ ਤਾਂ ਖੇਤੋਂ ਮੁੜਿਆ ਬਾਪੂ ਹੱਸਦਾ ਹੱਸਦਾ ਮੈਨੂੰ ਗਲ਼ ਨਾਲ ਲਾ ਲੈਂਦਾ ਤੇ ਕਹਿੰਦਾ "ਆਪਾਂ ਸੱਪ ਦੀ ਸਿਰੀ ਫੇਹ ਦੇਵਾਂਗੇ" ਬਾਪੂ, ਜੋ ਸੂਰਜ ਨਾਲੋਂ ਪਹਿਲਾਂ ਉਦੈ ਹੁੰਦਾ ਛਿਪਣ ਤੋਂ ਬਾਅਦ ਵਿਚ ਘਰ ਮੁੜਦਾ ਗਰਮੀ, ਸਰਦੀ, ਕੱਕਰ, ਪਾਲਾ, ਬਰਸਾਤ, ਧੁੰਦ ਇਹ ਸ਼ਬਦ ਬਾਪੂ ਲਈ ਇੱਕੋ ਜਿਹੇ ਰਹੇ ਇਨ੍ਹਾਂ ਦਾ ਕੋਈ ਅਸਰ ਉਸਦੇ ਕਰੜੇ ਹੱਡਾਂ ਉੱਪਰ ਹੋਇਆ ਹੀ ਨਹੀ ਕਦੇ ਅੱਜ ਬਾਪੂ ਖੇਤ ਵਿਚ ਨਹੀਂ ਦਿੱਲੀ ਦੀ ਠਰਦੀ ਰਾਤ ਵਿਚ ਸੜਕ ਉੱਪਰ ਸੁੱਤਾ ਹੈ ਉਸਦੇ ਕਰੜੇ ਹੱਥ ਤੇ ਬਿਆਈਆਂ ਵਾਲੇ ਪੈਰ ਹੋਰ ਕਰੜੇ ਹੋ ਗਏ ਹੋਣਗੇ ਸਵੇਰੇ ਸਿਰ ਦੇ ਕੇਸ ਬੰਨ੍ਹ ਵਾਹਿਗੁਰੂ ਕਹਿ ਉੱਠ ਜਾਂਦਾ ਹੋਣਾ ਬਾਪੂ ਧਰਨੇ ਵਿਚ ਸ਼ਾਮਿਲ ਹੋਣ ਲਈ ਸਿਰਫ ਆਪਣੇ ਖੇਤਾਂ ਦੀ ਫਸਲ ਹੀ ਨਹੀਂ ਸਾਰੇ ਦੇਸ਼ ਨੂੰ ਫੂਕਾਂ ਮਾਰਦੇ ਸੱਪ ਤੋਂ ਬਚਾਉਣ ਲਈ ਫੁੰਕਾਰਦੇ ਸੱਪ ਦੀ ਸਿਰੀ ਫੇਹਣ ਲਈ
ਦਿੱਲੀ ਵਾਲਿਓ ਹੱਸ ਕੇ ਬੋਲੋ-ਅਬਦੁਲ ਕਰੀਮ ਕੁਦਸੀ
ਲੰਬੜਦਾਰਾਂ ਚੌਧਰੀਆਂ ਨਾ ਕਲਗੀ ਵਾਲੇ ਖਾਨਾਂ ਨਾਲ। ਕੱਲ ਵੀ ਅਸੀਂ ਕਿਸਾਨਾਂ ਨਾਲ ਸੀ ਅੱਜ ਵੀ ਅਸੀਂ ਕਿਸਾਨਾਂ ਨਾਲ। ਸੱਤਰ ਅੱਸੀ ਸਾਲ ਤੋਂ ਲੈ ਕੇ ਇੱਕ ਸਾਲ ਦੇ ਬੱਚੇ ਤੱਕ, ਅੰਦੋਲਨ ਵਿੱਚ ਬੈਠੀਆਂ ਮਾਵਾਂ ਧੀਆਂ ਭੈਣਾਂ ਸ਼ਾਨਾਂ ਨਾਲ। ਮੁਸਲਿਮ ਸਿੱਖ ਈਸਾਈ ਰਲ ਕੇ ਪੈੜਾਂ ਕਰਦੇ ਜਾਂਦੇ ਨੇ, ਅੰਨਦਾਤੇ ਭੁੱਖ਼ ਹੜਤਾਲਾਂ ਤੇ ਖੇਡਣ ਆਪਣੀਆਂ ਜਾਨਾਂ ਨਾਲ। ਡਾਂਗਾਂ ਸੋਟੇ ਚਾਕੂ ਛੁਰੀਆਂ ਨਾ ਤਲਵਾਰਾਂ ਆਪਣੇ ਕੋਲ, ਅਸਾਂ ਨੇ ਜੰਗ ਫ਼ਤਹਿ ਕਰਨੀ ਅਰਦਾਸ ਦੇ ਤੀਰ ਕਮਾਨਾਂ ਨਾਲ। ਕੁਝ ਨਹੀ ਮੰਗਦੇ ਥੋਡੇ ਕੋਲੋਂ ਇਹ ਅੰਨਦਾਤੇ ਦੁਨੀਆਂ ਦੇ, ਦਿੱਲੀ ਵਾਲਿਓ ਹੱਸ ਕੇ ਬੋਲੋ ਘਰ ਆਏ ਮਹਿਮਾਨਾਂ ਨਾਲ।
ਮਰਜੀਵੜੇ-ਦਲਜੀਤ ਕੌਰ ਦਾਊਂ
ਦੇਖੋ ਸਾਡੇ ਦੇਸ਼ ਦੇ ਅੰਨਦਾਤੇ ਕਿਵੇਂ ਸੰਘਰਸ਼ ਕਰਦੇ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ ਆਪਣੀ ਹੋਂਦ ਬਚਾਵਣ ਖ਼ਾਤਰ ਮੌਤ ਨੂੰ ਮਖੌਲਾਂ ਕਰਨ- ਇਹ ਜਵਾਨ ਪੰਜਾਬ ਦੇ ਮਾਵਾਂ ਭੈਣਾਂ ਬੱਚੇ ਬੁੱਢੇ ਹੋ ਗਏ ਤਿਆਰ- ਕਿਸਾਨ ਅੰਦੋਲਨ ਜ਼ਿੰਦਾਬਾਦ ਦੇ ਨਾਅਰੇ ਅਕਾਸ਼ੀਂ ਗੂੰਜਾਂ ਪਾਉਂਦੇ ਧਰਤ ਹਿਲਾਉਂਦੇ ਰਸਤੇ ਦੀਆਂ ਰੋਕਾਂ ਕੰਡਿਆਲੀਆਂ ਤਾਰਾਂ ਪਾਣੀ ਦੀਆਂ ਬੁਛਾੜਾਂ ਤੋਂ ਨਾ ਡਰਦੇ ਰੋੜ-ਰੋੜ ਹੱਥਾਂ ਨਾਲ ਪਹਾੜਾਂ ਜੇਡੇ ਪੱਥਰ ਭਾਰੇ ਬੈਰੀਕੇਡਾਂ ਨੂੰ ਵਗਾਹ-ਵਗਾਹ ਮਾਰਦੇ ਸਮੇਤ ਤਾਰਾਂ ਦਰਿਆਵਾਂ ਵਿੱਚ ਸੁੱਟਦੇ ਰੋਕ ਨਾ ਸਕੇ ਅੱਥਰੂ ਗੈਸ ਦੇ ਗੋਲੇ ਵੀ ਤੂਫ਼ਾਨਾ ਜਿਹੇ ਹੌਸਲੇ ਜਵਾਨਾਂ ਦੇ ਜਿਹਨਾਂ ਨੂੰ - ਨਸ਼ੇੜੀ ਕਹਿ-ਕਹਿ ਭੰਡਦੇ ਰਹੇ ਕੀ ਇਹ ਉਹੀ ਜਵਾਨ ਨੇ? ਜੁੱਸਿਆਂ ਵਾਲੇ ਜਵਿਆਂ ਵਾਲੇ ਜੋ, ਜੋਸ਼ ਤੇ ਹੋਸ਼ ਨੂੰ ਸਾਂਭ-ਸਾਂਭ ਰੱਖਦੇ "ਇਹ ਬੇਪਰਵਾਹ ਪੰਜਾਬ ਦੇ" ਅਰਦਾਸ ਕਰਦੇ ਤੇ... ਪਾ ਦਿੰਦੇ ਚਾਲੇ ਦਿੱਲੀ ਵੱਲ ਘੱਤ ਵਹੀਰਾਂ ਅੱਜ ਵੀ ਜਿਊਂਦੇ "ਗੁਰਾਂ ਦੇ ਨਾਮ 'ਤੇ" ਕਿੰਨੀ ਵਾਰ- ਫ਼ਤਹਿ ਕੀਤੀ ਦਿੱਲੀ, ਪੰਜਾਬ ਨੇ ਕਦੀ ਜੱਸਾ ਸਿੰਘ ਰਾਮਗੜੀਆ ਕਦੀ ਬਘੇਲ ਸਿੰਘ ਕਦੀ ਬੰਦਾ ਸਿੰਘ ਬਹਾਦਰ ਅੱਜ ਫੇਰ ਫ਼ਤਿਹ ਕਰਨੀ ਕਿਸਾਨਾਂ ਦੇ ਸੈਲਾਬ ਨੇ ਬੰਦੇ ਬਹਾਦਰ ਦੇ- ਮਨਸਬਦਾਰੀ ਸਿਸਟਮ ਨੂੰ ਚੇਤੇ ਹੈ ਕਰਿਆ ਜਾ ਰਿਹਾ ਅੱਜ ਫੇਰ ਕੇਂਦਰ, ਕਿਸਾਨਾਂ ਨੂੰ ਮੁਜਾਰੇ ਬਣਾ ਰਿਹਾ ਤਾਹੀਓਂ ਤਾਂ, ਕਿਸਾਨੀ ਦਾ ਗੁਬਾਰ ਚੜਦਾ ਜਾ ਰਿਹਾ!
ਹੱਥ ਸਵਾਣੀ ਦੇ-ਬਲਜੀਤ ਸਿੰਘ ਵਿਰਕ(ਡਾ:)
ਚੌਂਕੇ ਚੁੱਲ੍ਹੇ ਲਿੰਬਣ ਵਾਲੇ ਹੱਥ ਸਵਾਣੀ ਦੇ ਪੋਚ ਦੇਣਗੇ ਫ਼ੱਟੀ ਤੇਰੀ ਵੀ ਸਰਕਾਰੇ ਨੀ ਚਾਟੀ ਵਿੱਚ ਮਧਾਣੀ ਦੁੱਧ ਪਾ ਰਿੜਕਣ ਵਾਲੀ ਨੇ, ਮੱਖਣ ਚੋਂ ਕੱਢ ਦੇਣੇ ਨੇ ਤੇਰੇ ਵਾਲ ਖਿਲਾਰੇ ਨੀ। ਸਿਰ ਤੇ ਢੋਇਆ ਭੱਤਾ ਦਰ ਲੰਬੜਾਂ ਦੇ ਮੂਹਰਿਉਂ ਦੀ, ਤੇਰੀ ਕੀ ਏ ਜ਼ੁਰਅਤ ਮੇਰੀ ਅਣਖ਼ ਵੰਗਾਰੇ ਨੀ। ਜਿਨ੍ਹਾਂ ਬੰਨਿਓਂ ਸਾਗ ਤੋੜਿਆ ਕੂਲੇ ਹੱਥਾਂ ਨੇ, ਓਹ ਬੰਨਿਆਂ ਦੇ ਸੁਪਨੇ ਪੈਰਾਂ ਹੇਠ ਲਤਾੜੇ ਨੀ। ਇਹਨਾਂ ਹੱਥੀਂ ਵੇਖਿਆ ਤੂੰ ਕੇਵਲ ਰੰਗ ਮਹਿੰਦੀ ਦਾ, ਰਣਖੇਤਰ ਚ ਭਾਗੋ ਦੇ ਵੇਖੀ ਕੌਤਕ ਨਿਆਰੇ ਨੀ। ਦੁੱਲਾ ਤੈਨੂੰ ਦਿਖਦਾ ਏ ਰਾਖੀ ਕਰਦਾ ਸੁੰਦਰੀ ਦੀ, ਗੁਲਾਬ ਕੌਰ ਤੇ ਮੀਚ ਲਵੇ ਅੱਖ ਸਰਕਾਰੇ ਨੀ। ਭੱਠੀ ਵਿੱਚ ਪੀੜਾਂ ਦੇ ਭੁੰਨੇ ਬਹੁਤ ਪਰਾਗੇ ਮੈਂ, ਚਿੜੀਆਂ ਰਲ ਕੇ ਸੁੱਟੇ ਕਈ ਬਾਜ਼ ਹੰਕਾਰੇ ਨੀ। ਤੂੰ ਤਾਣੇ ਕੀ ਛਾਤੀ ਆਪਣੀਆਂ ਮਾਵਾਂ ਤੇ, ਇਸ ਨੀਰ ਨੂੰ ਪੀ ਦੁੱਲੇ ਨੇ ਮੁਗਲ ਵੰਗਾਰੇ ਨੀl
ਹਾਲੀ ਪਾਲੀ-ਸੁਨੀਤਾ ਰਾਣੀ (ਡਾ:)
ਮੈਂ ਖੇਤਾ ਦਾ ਪੁੱਤ ਹਾਲੀ ਪਾਲੀ । ਮੈਂ ਇਨਸਾਨੀਅਤ ਭਾਵਨਾ ਦਾ ਹਾਣੀ। ਨਾ ਮੈਂ ਹਿੰਦੂ,ਨਾ ਮੈਂ ਮੁਸਲਿਮ ਨਾ ਮੈਂ ਈਸਾਈ, ਨਾ ਮੈਂ ਸਿੱਖ । ਮੇਰੀ ਜ਼ਾਤ ਆ ਮਨੁੱਖ। ਮੈਂ ਮਨੁੱਖਤਾ ਪਛਾਣੀ, ਮੈਂ ਜਾਣੀ ਢਿੱਡਾ ਦੀ ਭੁੱਖ । ਤਾਂਹੀ ਦਰ ਤੇਰੇ ਦੁਹਾਰ ਮਚਾਈ, ਲੰਗਰ ਲਾਏ। ਮਾਰ ਹਵਾਨੀਅਤ, ਆ ਰਲ ਇਨਸਾਨਾ ਅੰਦਰ । ਤੂੰ ਵੀ ਬਣ ਗੁਰੂ ਭੰਡਾਰਿਆ ਦਾ ਭਾਗੀਦਾਰ। ਨਾ ਕੋਈ ਮਰੇ ਭੁੱਖਾ ਨਾ ਕੋਈ ਘੁੰਮੇਂ ਨੰਗਾ ਨਾ ਕੋਈ ਸੋਏ ਬਿਨਾਂ ਓੜੇ। ਸਿਰਜ ਜਾ ਦੁਨੀਆਂ ਚ ਧਰਮਾਤਮਾ ਰਾਜਿਆ ਜਿਹਾ ਇਤਿਹਾਸ। ਐਪਰ ਤੈਨੂੰ ਹੋਰ ਕਿਆ ਕਹਿਣਾ ਦੈਤਾਂ ਆਲੀ ਤਿਆਗ ਬਿਰਤੀ , ਦੇਵੀ ਦੇਵਤਿਆ,ਪੀਰਾਂ,ਫਕੀਰਾਂ, ਗੁਰੂਆ ਭਲਾ ਸ਼ਹੀਦਾਂ ਦਾ ਮੁਰੀਦ ਹੋ ਲੈ।
ਉੱਦਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ-ਬਲਵਿੰਦਰ ‘ਬਾਲਮ’ ਗੁਰਦਾਸਪੁਰ
ਉੱਦਮੀ ਮਜ਼ਦੂਰਾ ਸਿਰਜਕ ਕਿਰਸਾਨਾਂ ਸੁਣ। ਹਾਸੇ ਖੁਸ਼ੀਆਂ ਤੇਰੇ ਨਾਲ ਜਵਾਨਾਂ ਸੁਣ। ਤੇਰੇ ਖੂਨ ਪਸੀਨੇ ਦੇ ਵਿੱਚ ਸੂਰਜ ਹੈ। ਸੁੰਦਰ ਕਾਏਨਾਤ ਤਿਰੀ ਹੀ ਮੂਰਤ ਹੈ। ਰੀਸ ਤੇਰੀ ਕਰ ਸਕਦਾ ਵੀ ਭਗਵਾਨ ਨਹੀਂ। ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ। ਦੇਸ਼ ਦੀਆਂ ਨੀਹਾਂ ਵਿੱਚ ਮੁੜਕਾ ਤੇਰਾ ਹੈ। ਅੰਬਰ ਤੀਕਰ ਤੇਰੇ ਨਾਲ ਸਵੇਰਾ ਹੈ। ਤੇਰੇ ਨੈਣਾਂ ਕਰਕੇ ਚੰਨ ਸਿਤਾਰੇ ਨੇ। ਤੇਰੇ ਕਰਕੇ ਧਰਤੀ ਕੋਲ ਨਜ਼ਾਰੇ ਨੇ। ਤੈਥੋਂ ਉਚੀ ਸੁੱਚੀ ਕੋਈ ਸ਼ਾਨ ਨਹੀਂ। ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ। ਧਰਮ ਤਿਰਾ ਹੈ ਧਰਤੀ, ਧਰਤੀ ਜਾਤ ਤਿਰੀ। ਸਭਨਾਂ ਦੇ ਲਈ ਚੜ੍ਹਦੀ ਹੈ ਪ੍ਰਭਾਤ ਤਿਰੀ। ਕਣ ਕਣ ਤੇਰਾ ਅਪਣਾ ਕੋਈ ਨਾ ਦੂਜਾ ਹੈ। ਕਿਰਤ ਤਿਰੀ ਵਿੱਚ ਮੰਦਿਰ ਵਰਗੀ ਪੂਜਾ ਹੈ। ਕਿਹੜਾ ਤੇਰੀ ਹਿੰਮਤ ਤੋਂ ਕੁਰਬਾਨ ਨਹੀਂ। ਤੇਰੇ ਵਰਗਾ ਦੁਨੀਆਂ ’ਤੇ ਇਨਸਾਨ ਨਹੀਂ। ਤੇਰੇ ਕਰਕੇ ਔੜਾਂ ਵਿੱਚ ਖੁਸ਼ਹਾਲੀ ਹੈ। ਮਹਿਕ ਰਹੀ ਗੁਲਸ਼ਨ ਦੀ ਡਾਲੀ ਡਾਲੀ ਹੈ। ਪਰਬਤ ਚੀਰ ਵਿਖਾਵੇਂ ਨਹਿਰਾਂ ਕੱਢ ਦੇਵੇਂ। ਧਰਤੀ ਦੀ ਹਿੱਕ ਚੀਰ ਸੁਨਹਿਰਾਂ ਕੱਢ ਦੇਵੇਂ। ਹੋਰ ਕਿਸੇ ਦਾ ਏਦਾਂ ਦਾ ਈਮਾਨ ਨਹੀਂ। ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ। ਖੋਜਾਂ ਦੇ ਸਿਰ ਉਤੇ ਤਾਜ ਰਖਾਏ ਤੂੰ। ਚੰਨ ਦੇ ਉਤੇ ਚੜ੍ਹਕੇ ਚੰਨ ਸਜਾਏ ਤੂੰ। ਯਾਰ ਤਰੱਕੀ ਦਾ ਤੂੰ ਸੂਤਰਧਾਰ ਰਿਆ। ਤੇਰੇ ਵਿੱਚ ਅਲੌਕਿਕ ਇੱਕ ਭੰਡਾਰ ਰਿਆ। ਤੂੰ ਅੰਨਦਾਤਾ ਏਂ ਤੇਰੀ ਪਹਿਚਾਨ ਨਹੀਂ। ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ। ਕਦਰ ਤਿਰੀ ਨਾ ਜਾਣਨ ਨੇਤਾ ਰਿਸ਼ਵਤ ਖੋਰ। ਕਦਰ ਤੇਰੀ ਪੈਣੀਂ ਸੀ ਜੇਕਰ ਹੁੰਦੇ ਹੋਰ। ਤੇਰਾ ਖੂਨ ਪਸੀਨਾ ਲੁੱਟ ਲਿਆ ਚੋਰਾਂ ਨੇ। ਬਾਗ 'ਚ ਸੁੰਦਰ ਪੈਲਾਂ ਪਾਂਦੇ ਮੋਰਾਂ ਨੇ। ਤੂੰ ਨਈਂ ਕੋਈ ਭੋਲਾ ਤੇ ਨਾਦਾਨ ਨਹੀਂ। ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ। ਵੇਖ ਕਰਾਂਤੀ ਆਉਣੀ ਹਿੰਮਤ ਰੱਖ ਜਰਾ। ਜ਼ਹਿਰ ਖੜਪੇ, ਬੀਸੀਅਰ ਦਾ ਵੀ ਚੱਖ ਜਰਾ। ਸੱਪਾਂ ਦਾ ਕਬਜ਼ਾ ਹੈ ਵਰਮੀ ਉਤੇ ਅੱਜ। ਕੱਢ ਕੱਢ ਮਾਰ ਮੁਕਾਣੇ, ਕਰ ਕਰ ਪੁੱਠੇ ਅੱਜ। ਹੁਣ ਸੱਪਾਂ ਦਾ ਵਰਮੀ ਵਿੱਚ ਸਥਾਨ ਨਹੀਂ। ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ। "ਲਾਲੋ ਬਣਕੇ ਹੱਕ ਹਲਾਲ ਕਮਾਵੇਂ ਤੂੰ। 'ਬਾਲਮ' ਨਾਨਕ ਦਾ ਸੇਵਕ ਕਹਿਲਾਵੇਂ ਤੂੰ। ਮਿੱਟੀ ਤੇਰੀ ਪੂਜਾ ਮਿੱਟੀ ਭਗਤੀ ਹੈ। ਤੇਰੇ ਸਿਰ 'ਤੇ ਮਾਨਵਤਾ ਦੀ ਸ਼ਕਤੀ ਹੈ। 'ਸੱਜਣ' ਠੱਗਾਂ ਵਰਗਾ ਤੂੰ ਧਨਵਾਨ ਨਹੀਂ। ਤੇਰੇ ਵਰਗਾ ਦੁਨੀਆਂ 'ਤੇ ਇਨਸਾਨ ਨਹੀਂ।
ਬਚੋ ਵੀਰ ਬਚੋ-ਜਗਦੇਵ ਸਿੰਘ ਚਾਹਲ
ਲੀਡਰ ਭਾਸ਼ਨ ਝਾੜਨ ਲੱਗਿਆ, ਮਾਈਕ ਦੇ ਅੱਗੇ ਖੜ੍ਹਕੇ । ਅੱਡੀਆ ਚੱਕ ਕੇ ਸੰਘ ਪਾੜ ਕੇ, ਢੱਠੇ ਵਾਂਗੂੰ ਬੜ੍ਹਕੇ । ਲੋਕ ਤਾੜੀਆਂ ਮਾਰ ਮਾਰ ਕੇ, ਵਾਹ ਵਾਹ ਵਾਹ ਵਾਹ ਕਰਦੇ । ਤੂੰ ਵੀ ਕੋਈ ਲੀਡਰ ਬਣਜਾ, ਕੀ ਲੈਣਾਂ ਐ ਪੜ੍ਹਕੇ । ਮਿੱਠੀਆਂ ਮਿੱਠੀਆਂ ਗੱਲਾਂ ਕਰਕੇ, ਪਿੱਛੇ ਲਾਏ ਲੋਕੀਂ । ਚਾਪਲੂਸੀਏ ਸਿਰ ‘ਤੇ ਚੱਕਦੇ, ਦਿੰਦੇ ਸੁਹਰਤ ਫੋਕੀ । ਦਾੜ੍ਹੀ ਮੁੱਛਾਂ ਕਾਲ਼ੀਆਂ ਕਰਕੇ, ਚਿੱਟੇ ਕੱਪੜੇ ਪਾ ਕੇ । ਜਿੱਦਾਂ ਕੋਈ ਮੜ੍ਹੀ ਔਤ ਦੀ, ਤਾਜ਼ੀ ਹੋਵੇ ਪੋਚੀ । ਧੁਰ ਅਸਮਾਨੀਂ ਟਾਕੀ ਲਾਉਂਦੇ, ਤਾਰੇ ਤੋੜ ਲਿਆਊਂ। ਪਾਣੀ ‘ਤੇ ਚਲਾਦੂੰ ਬੱਸਾਂ, ਪਿੰਡ ਸਵਰਗ ਬਣਾਊਂ, ਮੁਫਤ ਮਿਲੂਗਾ ਬਿਜਲੀ ਪਾਣੀ, ਮੁਫਤ ਦਾ ਵਾਈ ਫਾਈ । ਅਮਰੀਕਾ ਦੇ ਰਾਕਟ ਉੱਤੇ, ਚੰਦ ਦੀ ਸੈਰ ਕਰਾਊਂ।
ਜੇਬਾਂ ਕੱਟਣ ਲੱਗੇ-ਜਗਦੇਵ ਸਿੰਘ ਚਾਹਲ
ਚਾਰ ਲੇਨ ਦੀਆਂ ਸੜਕਾਂ ਬਣੀਆਂ, ਦੋ ਸੱਜੇ ਦੋ ਖੱਬੇ । ਜੀ. ਟੀ. ਰੋਡ ਨੂੰ ਮਾਤ ਪਾਉਂਦੀਆਂ, ਨਾ ਕੋਈ ਟੋਏ ਖੱਡੇ । ਬਾਹਰ ਨਿਕਲਣ ਤੇ ਲੱਗਿਆ ਟੈਕਸ, ਸ਼ਹਿਰ ਜਾਣ ਤੋਂ ਡਰਦੇ । ਥਾਂ ਥਾਂ ਉੱਤੇ ਟੋਲ ਪਲਾਜ਼ੇ, ਜੇਬਾਂ ਕੱਟਣ ਲੱਗੇ ।
ਜੇ ਪੂਰਾ ਮੁੱਲ ਲੈਣਾ-ਜਗਦੇਵ ਸਿੰਘ ਚਾਹਲ
ਭਲੇ ਮਾਣਸਾ ਭੋਲਿਆ ਜੱਟਾ। ਤੈਨੂੰ ਸਮਝ ਨਾ ਆਈ । ਪੁੱਠੀ ਖੱਲ ਉਤਾਰੀ ਜਾਂਦੇ, ਛੁਰੀਆਂ ਨਾਲ਼ ਕਸਾਈ । ਫ਼ਸਲ ਵੇਚ ਕੇ ਖਾਲੀ ਹੱਥੀਂ, ਆਈ ਹਾੜੀ ਸਾਓੁਣੀ । ਡਾਂਗਾਂ ਦੇ ਗ਼ਜ਼ ਮਿਣਕੇ ਲੁੱਟਦੇ, ਤੇਰੀ ਕਿਰਤ ਕਮਾਈ । ਇਹਨਾਂ ਪਾ ਲਏ ਮਹਿਲ ਮਾੜੀਆਂ, ਤੇਰੇ ਕੋਠੇ ਕੱਚੇ । ਕੁੱਤੇ ਓੁਹਦੇ ਖਾਂਦੇ ਬਿਸਕੁਟ, ਤੇਰੇ ਭੁੱਖੇ ਬੱਚੇ । ਇਹਨਾਂ ਦੀ ਗੋਗੜ ਵਿੱਚ ਮੁਰਗੇ, ਤੂੰ ਭੁੱਖਾ ਸੌਂ ਜਾਵੇਂ । ਪੱਲੇ ਬੰਨ ਲੈ ਬੋਲ ਇਹ ਮੇਰੇ, ਸੋਲਾਂ ਆਨੇ ਸੱਚੇ । ਪੁੱਤਰ ਤੇਰੇ ਬੀ.ਏ. ਐਮ. ਏ., ਫਿਰਦੇ ਧੱਕੇ ਖਾਂਦੇ । ਚਾਰ ਕੁ ਅੱਖਰ ਲੰਡੇ ਸਿੱਖ ਕੇ, ਤੈਨੂੰ ਲੁੱਟੀ ਜਾਂਦੇ । ਪੋਹ ਮਾਘ ਕੱਕਰੀਲੀਆਂ ਰਾਤਾਂ, ਸਿਰ ਦੇ ਓੁਤੋਂ ਲੰਘਾਓੁਂਦਾ । ਇਹ ਤਾਂ ਬੈਠ ਅੰਗੀਠੀ ਸੇਕਣ, ਰੱਖ ਕੇ ਵਿੱਚ ਬਰਾਂਡੇ । ਅੰਨ ਦਾਤਾ ਕਹਿ ਤੈਨੂੰ ਇਹ, ਫੋਕੀ ਫੂਕ ਛਕਾਓੁਂਦੇ । ਤੇਰੇ ਖੂਨ ਪਸੀਨੇ ਦਾ ਮੁੱਲ, ਕੌਡੀਆਂ ਦੇ ਭਾਅ ਪਾਓੁਂਦੇ । ਕੂਲਰ ਹੀਟਰ ‘ਤੇ ਏ.ਸੀ. ਨੇ, ਚੌਵੀ ਘੰਟੇ ਚਲਦੇ । ਜੇਠ ਹਾੜ ਵਿੱਚ ਠੰਡ ਵਰਤਦੀ, ਸਿਆਲ ‘ਚ ਮੁੜ੍ਹਕੇ ਆਓੁਂਦੇ । ਆਤਮ ਹੱਤਿਆ ਕਰਨੀ ਛੱਡਦੇ, ਸਿੱਖ ਲੈ ਮੁੜ ਤੋਂ ਜਿਉਣਾ । ਮਾਣਸ ਜਨਮ ਦੁਲੰਬ ਬੜਾ ਹੈ, ਬਾਬੇ ਦਾ ਇਹ ਕਹਿਣਾ । ਨੀਵੀਂ ਪਾਕੇ ਹੱਥ ਜੋੜ ਕੇ, ‘ਗੂਠਾ ਲਾਓੁਣਾ ਛੱਡਕੇ । ਹੱਕਾਂ ਲਈ ਤੂੰ ਲੜਨਾਂ ਸਿੱਖ ਲੈ, ਜੇ ਪੂਰਾ ਮੁੱਲ ਲੈਣਾ ।
ਆਪਣੇ ਦੇਸ਼ ਦਾ ਨੌਜਵਾਨ ਹਾਂ -ਪ੍ਰੀਤ ਸੋਹਲ
ਮਿੱਟੀ ਲਿਬੜਿਆ ਮੈਂ ਕਿਸਾਨ ਹਾਂ ਆਪਣੀ ਨੀਅਤ ਸਾਫ਼ ਮੈਂ ਰੱਖਦਾ ਗਿਰਗਟ ਵਾਂਗੂੰ ਰੰਗਦਾ ਨਹੀਂ ਹਾਂ। ਮੈਂ ਆਪਣੇ ਹੱਕ ਲੈਣ ਜਾਣਦਾ ਮੈਂ ਹੱਥ ਅੱਡ ਕੇ ਮੰਗਦਾ ਨਹੀਂ ਹਾਂ ਮੈਂ ਸਰਕਾਰ ਨੂੰ ਪੁੱਛਣਾ ਚਾਹੁੰਨਾ ਨਜ਼ਰਬੰਦ ਕਿਓਂ ਮੇਰੇ ਹੱਕ ਨੇ ਮੈਂ ਵੀ ਹਾਂ ਇਸ ਦੇਸ਼ ਦਾ ਹਿੱਸਾ ਮੇਰੇ ਲਈ ਕਾਨੂੰਨ ਕਿਓਂ ਵੱਖ ਨੇ ? ਮੇਰੇ ਦਿਲ ਵਿਚ ਚੋਰ ਨਾ ਕੋਈ ਮੈਂ ਗੱਲ ਕਰਨੋ ਸੰਗਦਾ ਨਹੀਂ ਹਾਂ ਮੈਂ ਆਪਣੇ ਹੱਕ ਲੈਣ ਜਾਣਦਾ ਮੈਂ ਹੱਥ ਅੱਡ ਕੇ ਮੰਗਦਾ ਨਹੀਂ ਹਾਂ ਅਸੀਂ ਤੇਰੇ ਘਰ ਡੇਰਾ ਲਾ ਕੇ ਹਿੱਕ ਤੇਰੀ ਤੇ ਚੜ੍ਹ ਕੇ ਰਹਿਣਾ ਕਲਗੀਧਰ ਦੇ ਪੁੱਤ ਲਾਡਲੇ ਵੈਰ ਅਸਾਂ ਨਾਲ ਮਹਿੰਗਾ ਪੈਣਾ ਮੈਂ ਭੱਠੀ ਵਿਚ ਤੱਪਦਾ ਲੋਹਾ ਮੈਂ ਕੋਈ ਟੋਟਾ ਵੰਗਦਾ ਨਹੀਂ ਹਾਂ ਮੈਂ ਆਪਣੇ ਹੱਕ ਲੈਣ ਜਾਣਦਾ ਮੈਂ ਹੱਥ ਅੱਡ ਕੇ ਮੰਗਦਾ ਨਹੀਂ ਹਾਂ ਮੈਨੂੰ ਜੇ ਨਾਦਾਨ ਤੂੰ ਸਮਝੇਂ ਚਾਲ ਤੇਰੀ ਪਹਿਚਾਣ ਗਿਆ ਹਾਂ ਤੂੰ ਪੰਜਾਬ ਨੂੰ ਰੋਲਣਾ ਚਾਹੇਂ ਕੂੜ ਨੀਤੀਆਂ ਜਾਣ ਗਿਆ ਹਾਂ ਮੈਂ ਵੀ ਹਾਂ ਹੁਣ ਪੜਿਆ ਲਿਖਿਆ ਤੇਰੀ ਅੱਖ ਵਿਚ ਢੰਗ ਦਾ ਨਹੀਂ ਹਾਂ ਮੈਂ ਆਪਣੇ ਹੱਕ ਲੈਣ ਜਾਣਦਾ ਮੈਂ ਹੱਥ ਅੱਡ ਕੇ ਮੰਗਦਾ ਨਹੀਂ ਹਾਂ ਕਿੱਲ ਵਾਂਗਰਾਂ ਗੱਡੇ ਪਏ ਹਾਂ ਮੁੜਦੇ ਨਹੀਂ ਅਸੀਂ ਹੱਥ ਲਮਕਾ ਕੇ ਤੈਨੂੰ ਪਤਾ ਤਾਸੀਰ ਦਾ ਸਾਡੀ ਬਹਿ ਨਾ ਜਾਵੀ ਜੜਾਂ ਪੁਟਾ ਕੇ ਮੈਂ ਤੇਰੀ ਹਰ ਚਾਲ ਸਮਝਦਾ ਝੂਠ ਦੀ ਖੰਘ ਵਿਚ ਖੰਘਦਾ ਨਹੀਂ ਹਾਂ ਮੈਂ ਆਪਣੇ ਹੱਕ ਲੈਣ ਜਾਣਦਾ ਮੈਂ ਹੱਥ ਅੱਡ ਕੇ ਮੰਗਦਾ ਨਹੀਂ ਹਾਂ ਸਿਆਟਲ(ਅਮਰੀਕਾ)
ਲੜਾਈ-ਚਰਨ ਲਿਖਾਰੀ
ਨਹੀਂ ਰਹੀ ਲੜਾਈ ਇਹ ਦਾਣਿਆਂ ਦੀ, ਅੜੀ ਭੰਨਣੀ ਹੁਣ ਜਰਵਾਣਿਆਂ ਦੀ। ਤੇਰੀ ਛੇੜ ਉਹ ਜਾਲਮਾਂ ਜੰਗ ਬਣ ਗਈ ਰਹੀ ਖੇਡ ਨਾ ਨਿੱਕਿਆਂ ਨਿਆਣਿਆਂ ਦੀ। ਤੇਰੇ ਢਹਿਣ ਗੇ ਚੌੰਕੀਆਂ ਮੋਰਚੇ ਉਇ, ਘੇਰੀ ਘੱਤ ਲੈ ਲੱਖ ਤੂੰ ਠਾਣਿਆਂ ਦੀ। ਕਰੀ ਜਾਣ ਦਾਵੇ ਤੇਰੇ ਭਗਤ ਅੰਨੇ , ਪਰਖ ਹੋਊ ਗੀ ਅੱਜ ਤਿੰਨਾਂ ਕਾਣਿਆਂ ਦੀ। ਫੱਟਾਂ ਫੋੜਿਆਂ ਤੇ ਚਰਨ ਬੰਨ ਲੈਣੀ ਟਾਕੀ ਟਾਕੀ ਉਹ ਤੇਰਿਆਂ ਬਾਣਿਆਂ ਦੀ।
ਵਿਸ਼ਵਾਸ਼ -ਸੁਰਜੀਤ ਸਖ਼ੀ
ਚਾਰੇ ਜੁਗ ਧਰਤੀ ਤੇ ਉੱਤਰੇ, ਕੁਝ ਤਾਂ ਹੋਇਐ ਖਾਸ ਨਵਾਂ। ਵੇਦ ਕਤੇਬਾਂ ਪੱਗ ਵਟਾਈ, ਚੰਨ ,ਸੂਰਜ ਅਕਾਸ਼ ਨਵਾਂ। ਰੰਗ ਬਰੰਗੇ ਵਸਤਰ ਪਾ ਕੇ,ਝੁਰਮਟ ਪਾਇਆ ਸਦੀਆਂ ਨੇ, ਅੰਮ੍ਰਿਤ ਵਰਗਾ ਪਾਣੀ ਆਪਣਾ, ਵਾਰਿਆ ਸਭਨਾਂ ਨਦੀਆਂ ਨੇ, ਧਰਮ ਹੋਏ ਪ੍ਰਤੱਖ ਚੁਫ਼ੇਰੇ ਸੰਗਤਾਂ, ਪੰਗਤਾਂ, ਸਜੀਆਂ ਨੇ, ਇੱਕ ਸੁਰ ਹੋਈਆਂ ਚਾਰ ਦਿਸ਼ਾਵਾਂ, ਭੁੱਲ ਕੇ ਨੇਕੀਆਂ ਬਦੀਆਂ ਨੇ।। ਸਤਰੰਗੀ ਦਸਤਾਰ ਸਜਾ ਕੇ ਆ ਜੁੜਿਆ ਇਤਿਹਾਸ ਨਵਾਂ। ਵੇਦ ਕਤੇਬਾਂ ਪੱਗ ਵਟਾਈ, ਚੰਨ, ਸੂਰਜ ਅਕਾਸ਼ ਨਵਾਂ। ਦੇਗ ਅਤੁੱਟ, ਤੇਗ ਅਧਾਰਾ, ਪੰਥ ਫਤਹਿ ਤਕ ਪਹੁੰਚਣ ਦਾ। ਇਹ ਸੰਘਰਸ਼ ਚੌ -ਮੁਖੀਆ ਦੀਵਾ, ਪਲ ਪਲ ਆਤਮ ਮੰਥਨ ਦਾ। ਸੰਕਟ ਫਿਰੇ ਭਵਿੱਖਤ ਦੇ ਸਿਰ, ਵੇਲਾ ਆਇਆ ਸੰਭਲਣ ਦਾ। ਅੰਨ੍ਹੇ ਬੋਲੇ ਮੌਸਮ ਕੋਲੋਂ, ਢੰਗ ਕਰੋ ਕੁਝ ਪੁੱਛਣ ਦਾ। ਰੱਬ ਕਰੇ ਸਭ ਚੰਗਾ ਹੋਵੇ, ਆ ਜਾਵੇ ਕੁਝ ਰਾਸ ਨਵਾਂ। ਵੇਦ ਕਤੇਬਾ ਪੱਗ ਵਟਾਈ,ਚੰਨ ,ਸੂਰਜ ਅਕਾਸ਼ ਨਵਾਂ। ਇਹ ਤਾਂ ਪੈਰ ਧਰਾਵਾ ਈ ਐ,ਪਰਬਤ ਚੜਨ੍ਹਾ ਪੈਣਾ ਏ। ਯੁੱਧ ਲੰਮੇਰਾ ਆਉਂਦੀਆਂ ਨਸਲਾਂ ਨੂੰ ਵੀ ਲੜਨਾ ਪੈਣਾ ਏ। ਅੱਧੀ ਰਾਤੀਂ ਨੀਂਦਰ ਖੁੱਲ੍ਹੀ ਸੂਰਜ ਫੜਨਾ ਪੈਣਾ ਏ। ਵਾਰੋ ਵਾਰੀ ਪਹਿਰੇ ਉੱਤੇ ਸਭ ਨੂੰ ਖੜ੍ਹਨਾ ਪੈਣਾ ਏ। ਪੈਰ ਪੈਰ ਤੇ ਪਿਆ ਉਡੀਕੇ, ਰੋਜ਼ ਕੋਈ ਬਨਵਾਸ ਨਵਾਂ। ਵੇਦ ਕਤੇਬਾਂ ਪੱਗ ਵਟਾਈ ,ਚੰਨ ਸੂਰਜ ਅਕਾਸ਼ ਨਵਾਂ। ਸਿਰ ਤੇ ਲੰਬੀ ਠੰਢੀ, ਕਾਲੀ, ਚੁੱਪ ਚੁਪੀਤੀ ਰਾਤ ਵੀ ਏ। ਅੱਖੀਆਂ ਦੇ ਵਿੱਚ ਸੁਪਨੇ ਵਰਗੀ, ਇੱਕ ਰੰਗਲੀ ਪ੍ਰਭਾਤ ਵੀ ਏ। ਪੀ ਗਏ ਜਾਮ ਸ਼ਹਾਦਤ ਦਾ ਜੋ,ਦਿਲ ਵਿੱਚ ਉਹ ਸੰਤਾਪ ਵੀ ਏ। ਘਰ ਘਰ ਲੋਕੀ ਸਜਦਾ ਕਰਦੇ,ਥਾਂ ਥਾਂ ਚਲਦੀ ਬਾਤ ਵੀ ਏ। ਸੀਨਿਆਂ ਅੰਦਰ ਸਾਂਝ ਜਗਾਉਂਦੀ, ਵੱਖ ਜਿਹਾ ਅਹਿਸਾਸ ਨਵਾਂ। ਵੇਦ ਕਤੇਬਾਂ ਪੱਗ ਵਟਾਈ, ਚੰਨ , ਸੂਰਜ ਅਕਾਸ਼ ਨਵਾਂ। ਸਦੀ ਉੱਤੇ ਹੈਂਕੜ ਬੈਠੀ, ਯਾਰੀ ਪਾਲੇ ਸ਼ਾਹਾਂ ਨਾਲ। ਅਣਖ਼ਾਂ-ਮੱਤੀ ਧਰਤੀ ਦੇ ਵੱਲ,ਝਾਕੇ ਚੋਰ ਨਿਗਾਹਾਂ ਨਾਲ। ਲਟ- ਲਟ ਬਲਣ ਚਿਰਾਗ ਚੁਫੇਰੇ,ਲੜਦੇ ਘੋਲ ਗੁਨਾਹਾਂ ਨਾਲ। ਮਹਿਲਾਂ ਵਾਲੇ ਗੋਂਦਾਂ ਗੁੰਦਣ, ਬਹਿ ਬਹਿ ਕੇ ਅਫ਼ਵਾਹਾਂ ਨਾਲ।। ਹਰ ਵਾਰੀ ਫੋਕੀ ਹਮਦਰਦੀ, ਹਰ ਵਾਰੀ ਧਰਵਾਸ ਨਵਾਂ। ਵੇਦ ਕਤੇਬਾਂ ਪੱਗ ਵਟਾਈ, ਚੰਨ ਸੂਰਜ ਅਕਾਸ਼ ਨਵਾਂ। ਕੋਰਾ ਝੂਠ ਸਿਆਸਤ ਦੀ ਬੁਨਿਆਦ ਹਿਲਾਈ ਜਾਂਦਾ ਏ। ਹੌਲੀ ਹੌਲੀ, ਇੱਕ ਇੱਕ ਧੋਖਾ, ਸਾਹਮਣੇ ਆਈ ਜਾਂਦਾ ਏ। ਸਾਂਝਾਂ ਦੀ ਗਲਵੱਕੜੀ ਦਾ ਵੀ,ਝੋਰਾ ਖਾਈ ਜਾਂਦਾ ਏ। ਸੱਚ ਦਿਲਾਂ ਵਿੱਚ ਅਪਣਾ ਹੀ ਸੰਸਾਰ ਵਸਾਈ ਜਾਂਦਾ ਏ।। ਤੇਰ ,ਮੇਰ ਮੁੱਕੜ ਤੇ ਆਇਆ,ਜਾਗ ਪਿਆ ਵਿਸ਼ਵਾਸ਼ ਨਵਾਂ। ਵੇਦ ਕਤੇਬਾਂ ਪੱਗ ਵਟਾਈ, ਚੰਨ ਸੂਰਜ ਅਕਾਸ਼ ਨਵਾਂ। ਕੈਲੇਫੋਰਨੀਆ(ਅਮਰੀਕਾ)
ਮੈਂ ਕਿਸਾਨ ਬੋਲਦਾਂ-ਕੰਵਲਜੀਤ ਭੁੱਲਰ
ਗੱਲ ਇਹ ਨਹੀਂ ਕਿ ਅਸੀਂ ਉਦਾਸ ਰਹਿਣ ਲੱਗ ਪਏ ਹਾਂ ਸਵਾਲ ਇਹ ਹੈ ਕਿ ਅਸੀਂ ਕਿਉਂ ਉਦਾਸ ਜਿਹੇ ਹੋਈ ਜਾ ਰਹੇ ਹਾਂ ਅਸੀਂ ਇੰਜ ਦੇ ਕਦੀ ਨਹੀਂ ਸੀ ਸਾਡੇ ਹਾਸੇ ਵਿਹੜੇ ਦਾ ਸ਼ਿੰਗਾਰ ਸਨ ਅਸੀਂ ਥੱਕ-ਟੁੱਟ ਘਰ ਮਗਰੋਂ ਵੜਦੇ ਸਾਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਸਾਡੀਆਂ ਲੱਤਾਂ ਨਾਲ ਆ ਚਿੰਬੜਦੀਆਂ ਸਨ ਅਸੀਂ ਉਨ੍ਹਾਂ ਖੁਸ਼ੀਆਂ ਨੂੰ ਚੁੱਕ ਆਪਣੇ ਗਲ ਨਾਲ ਲਾਉਂਦੇ ਸਾਂ ਉਹ ਖੁਸ਼ੀ ਕੁੱਛੜ ਬਹਿ ਸਾਡੇ ਕੰਨ ਵਿੱਚ ਚੁਗਲੀ ਕਰਦੀ ਸੀ "ਬੇਬੇ ਨਾ ਅੱਜ ਖੇਤਾਂ 'ਚ ਗਈ ਸੀ ਸਾਗ ਬਣਿਆ ਅੱਜ...!!!" ਅਸੀਂ ਉਦਾਸ ਵੀ ਹੋਏ ਤੇ ਫਿਕਰਮੰਦ ਵੀ ਹਾਂ ਕਿਉਂ ਸਾਡੀਆਂ ਖੁਸ਼ੀਆਂ ਜੋ ਥੋੜੀਆਂ ਬਹੁਤ ਹਨ ਓਹ ਸਾਡੇ ਕੋਲ ਨਹੀਂ ਰਹਿਣ ਦੇਣਾ ਚਾਹੁੰਦੇ ਤੁਸੀਂ ਅਸੀਂ ਬਹੁਤੇ ਜ਼ੋਰਾਵਰ ਤਾਂ ਨਹੀਂ ਪਰ ਕਮਜ਼ੋਰ ਵੀ ਓਨੇ ਨਹੀਂ ਤੁਹਾਡੀ ਚਾਪਲੂਸੀ ਸੋਚ ਤੁਹਾਡੇ ਲਈ ਤਾਂ ਕਾਰਗਰ ਹੈ ਪਰ ਅਸੀਂ ਓਹ ਮਾਰੂ ਹਥਿਆਰ ਹਾਂ ਅਸੀਂ ਜਿਨ੍ਹਾਂ ਜ਼ਮੀਨਾਂ ਪਿੱਛੇ ਸਕੇ ਭਰਾ ਨਹੀਂ ਬਖਸ਼ੇ ਸਾਥੋਂ ਸਾਡੀ ਧਰਤ ਖੋਹਣ ਵਾਲੇ ਪਰਤਣਗੇ ਕਿਵੇਂ...???
ਅਸੀਂ ਮੋਰਚੇ ਸੰਭਾਲ਼ਾਂਗੀਆ ਪਿੰਡ ਦੇ-ਗੁਰਦਿਆਲ ਰੌਸ਼ਨ
ਸਾਡੇ ਉੱਤੇ ਵਿਸ਼ਵਾਸ ਪੂਰਾ ਰੱਖਣਾ, ਖੇਤ ਪੁੱਤਾਂ ਵਾਂਗੂੰ ਪਾਲ਼ਾਂਗੀਆਂ ਪਿੰਡ ਦੇ। ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ, ਅਸੀਂ ਮੋਰਚੇ ਸੰਭਾਲ਼ਾਂਗੀਆ ਪਿੰਡ ਦੇ। ਸਾਨੂੰ ਪਤਾ ਹੈ ਇਹ ਰਾਸਤੇ ਆਸਾਨ ਨਾ, ਠੰਡੀ ਰੁੱਤ ਹੈ ਤੇ ਵਾਟਾਂ ਨੇ ਲੰਮੇਰੀਆਂ, ਤੈਨੂੰ ਹੋ ਗਿਆ ਜੇ ਕੁਝ, ਲੈ ਕੇ ਦਾਤਰੀ, ਮੈਂ ਵੀ ਦਿੱਲੀ 'ਚ ਲਿਆ ਦਊਂਗੀ ਹਨੇਰੀਆਂ, ਤੇਰੇ ਬਿਨਾਂ ਭਾਵੇਂ ਜ਼ਿੰਦਗੀ ਉਦਾਸ ਹੈ, ਦੀਵੇ ਰੋਜ਼ ਅਸੀਂ ਬਾਲ਼ਾਂਗੀਆਂ ਪਿੰਡ ਦੇ, ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ, ਅਸੀਂ ਮੋਰਚੇ ਸੰਭਾਲ਼ਾਂਗੀਆ ਪਿੰਡ ਦੇ। ਤੇਰੇ ਕਾਫ਼ਿਲੇ ਨੂੰ ਘੇਰਿਆ ਹਕੂਮਤਾਂ, ਏਸੇ ਗੱਲ ਦਾ ਤਾਂ ਸਾਨੂੰ ਵੀ ਮਲਾਲ ਹੈ, 'ਕੱਲਾ ਸਮਝੀਂ ਨਾ ਜੰਗ ਦੇ ਮੈਦਾਨ ਵਿਚ, ਚੰਨ, ਤਾਰੇ ਤੇ ਜ਼ਮੀਨ ਤੇਰੇ ਨਾਲ ਹੈ, ਰਹੀਂ ਜਾਗਦਾ, ਅਸੀਂ ਵੀ ਗੂੜ੍ਹੀ ਨੀਂਦ ਤੋਂ, ਲੋਕ ਸੁੱਤੇ ਜੋ ਉਠਾਲ਼ਾਂਗੀਆਂ ਪਿੰਡ ਦੇ, ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ, ਅਸੀਂ ਮੋਰਚੇ ਸੰਭਾਲ਼ਾਂਗੀਆ ਪਿੰਡ ਦੇ। ਜਿਹੜੀ ਕਰਕੇ ਬਿਜਾਈ ਛੱਡ ਗਿਆ ਸੀ, ਸਿੰਜ ਦਿੱਤੀਆਂ ਉਹ ਸਾਰੀਆਂ ਨੇ ਪੈਲੀਆਂ, ਸਿਰੋਂ ਫ਼ਿਕਰਾਂ ਦੀ ਪੰਡ ਲਾਹ ਕੇ ਸੁੱਟ ਦੇ, ਕਰ ਦਿੱਲੀ ਦਿਆਂ ,ਬਾਡਰਾਂ 'ਤੇ ਰੈਲੀਆਂ, ਰੱਖੀਂ ਆਪਣਾ ਖ਼ਿਆਲ ਸਦਾ ਬੱਲਿਆ, ਅਸੀਂ ਸੁਪਨੇ ਹੰਗਾਲਾਂਗੀਆਂ ਪਿੰਡ ਦੇ, ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ, ਅਸੀਂ ਮੋਰਚੇ ਸੰਭਾਲ਼ਾਂਗੀਆ ਪਿੰਡ ਦੇ। ਸਾਡੇ ਤੇਰੇ ਵਾਂਗੂੰ ਹੌਸਲੇ ਬੁਲੰਦ ਨੇ, ਸਾਥੋਂ ਬੈਠ ਨਹੀਓਂ ਹੁੰਦਾ ਢਾਹ ਕੇ ਢੇਰੀਆਂ, ਮੇਰੀ ਚਰਚਾ ਹੈ ਖੇਤਾਂ ਦੀ ਜ਼ੁਬਾਨ 'ਤੇ, ਕੁੱਲ ਦੁਨੀਆਂ 'ਚ ਹੋਣ ਗੱਲਾਂ ਤੇਰੀਆਂ, ਸਾਨੂੰ ਤੋੜ ਨਾ ਸਕਣਗੀਆਂ ਆਫ਼ਤਾਂ, ਦੁੱਖ ਰਲਮਿਲ ਟਾਲਾਂਗੀਆਂ ਪਿੰਡ ਦੇ, ਆਵੀਂ ਜਿੱਤ ਕੇ ਤੂੰ ਦਿੱਲੀ ਵਾਲਾ ਮੋਰਚਾ, ਅਸੀਂ ਮੋਰਚੇ ਸੰਭਾਲ਼ਾਂਗੀਆ ਪਿੰਡ ਦੇ।
ਫ਼ੈਸਲਾ- ਸਰਬਜੀਤ ਸੋਹੀ
ਸਿਰਾਂ ਤੇ ਕਫ਼ਨ ਬੰਨ ਕੇ ਘਰਾਂ ਤੋਂ ਨਿਕਲੇ ਮੇਰੀ ਧਰਤੀ ਦੇ ਸੂਰਮੇ ਲੋਕੋ ! ਇਤਿਹਾਸ ਗਵਾਹ ਹੈ ਕਿ ਫਾਸੀਵਾਦੀ ਕਦੀ ਹਾਰ ਨਹੀਂ ਮੰਨਦੇ ਪਰ ਹਸ਼ਰ ਦਾ ਦਿਨ ਵੀ ਹੁਣ ਬਹੁਤੀ ਦੂਰ ਨਹੀਂ ! ਐਤਕੀ ਆਪ ਹੀ ਛੱਡ ਆਏ ਨੇ ਲੜਣ ਲਈ ਜੋ ਗੁਰਦਾਸ ਨੰਗਲ ਦੀ ਕੱਚੀ ਗੜੀ ਉਹ ਠੁਕਰਾ ਦੇਣਗੇ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਆਇਆ ਹਰ ਫ਼ੁਰਮਾਨ। ਜਿੰਨ੍ਹਾ ਦੇ ਸਾਹਾਂ ਵਿੱਚ ਮਘਦੀ ਹੈ ਚਮਕੌਰ ਦੀ ਗੜ੍ਹੀ ਵਾਲੀ ਚਿਣਗ ਜਿੰਨ੍ਹਾ ਦੀ ਹਿੱਕ ਵਿੱਚ ਡੁੰਘਾ ਉੱਕਰਿਆ ਹੈ ਮਾਛੀਵਾੜੇ ਦਾ ਇਤਿਹਾਸ ਉਹਨਾਂ ਲਈ ਜ਼ਿੰਦਗੀ ਸਿਰਫ਼ ਜੂਝਣ ਦਾ ਨਾਮ ਹੈ ! ਫ਼ੈਸਲਾ ਤਾਂ ਹੁਣ ਹੋ ਕੇ ਹੀ ਰਹੂ ਕਿ ਹੰਕਾਰੀ ਦਿੱਲੀ ਦੇ ਕਿੰਗਰੇ ਸਲਾਮਤ ਰਹਿਣਗੇ ਜਾਂ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਰਤੀ ਲੋਕਾਂ ਦਾ ਸਿਦਕ ! ਸ਼ਾਇਦ ਅਜੇ ਪਤਾ ਨਹੀਂ ਮੱਛਰੇ ਹੋਏ ਭਗਵੇ ਵੱਗ ਨੂੰ ਕਿ ਗੋਬਿੰਦ ਦੇ ਵਾਰਸ ਕੋਈ ਫ਼ੈਸਲਾ ਸੁਣਨ ਨਹੀਂ ਫ਼ੈਸਲਾ ਦੇਣ ਆਏ ਨੇ ! ਬਰਿਸਬੇਨ (ਆਸਟਰੇਲੀਆ)
ਗਜ਼ਲ-ਕੰਵਲਜੀਤ ਕੰਵਰ
ਝੰਡਾ ਆਪਣੇ ਹੱਕਾਂ ਦਾ ਲਹਿਰਾ ਕੇ ਆਵਾਂਗੇ। ਦਿੱਲੀਏ ਤੇਰੀ ਇੱਟ ਨਾਲ ਇੱਟ ਵਜਾ ਕੇ ਆਵਾਂਗੇ। ਕੁੰਭਕਰਣ ਦੀ ਨੀਂਦਰ ਸੁੱਤੀ ਹਾਕਮ ਦੀ ਢਾਣੀ , ਚਿੰਤਨ ਦੀ ਸੂਲੀ ਉੱਤੇ ਲਟਕਾ ਕੇ ਆਵਾਂਗੇ। ਕਿਰਸਾਨੀ ਹੁੰਦੀ ਸੱਪਾਂ ਦੀਆਂ ਸਿਰੀਆ ਮਿੱਧ ਮਿੱਧ ਕੇ, ਉਸ ਨੂੰ ਇਸ ਗੱਲ ਦਾ ਇਹਸਾਸ ਕਰਾ ਕੇ ਆਵਾਂਗੇ । ਖ਼ੁਦ ਨੂੰ ਚੌਂਕੀਦਾਰ ਲੁਟੇਰੇ ਦੱਸਣ ਲੱਗੇ ਹੁਣ, ਸੱਚ ਉਨਾਂ ਦਾ ਸਭਨਾਂ ਨੂੰ ਸਮਝਾ ਕੇ ਆਵਾਂਗੇ। ਹੱਕਾਂ ਦੀ ਰਾਖੀ ਲਈ ਹੱਥ ਉਠਿਆ ਏ ਹੁਣ ਆਪਣਾ, ਲੋੜ ਪਈ ਤੇ ਉਸਦੇ ਗਲ ਨੂੰ ਪਾ ਕੇ ਆਵਾਂਗੇ । ਤੋੜ ਦਵੇਗਾ ਬਾਜ਼ਾਂ ਦੇ ਖੰਭ ਲੋਕਾਂ ਦਾ ਏਕਾ, ਮਾਸਖੋਰੀਆਂ ਗਿਰਝਾਂ ਭੁੰਜੇ ਲਾਹ ਕੇ ਆਵਾਂਗੇ। ਗੂੰਜ ਰਿਹਾ ਏ ਕੰਵਰ ਨਗਾਰਾ ਜਾਗ ਪਈ ਜਨਤਾ, ਠੱਲ ਅੱਜ ਮਾਰੂ ਤੂਫ਼ਾਨਾਂ ਨੂੰ ਪਾ ਕੇ ਆਵਾਂਗੇ।
ਕਿਸਾਨ ਦੀ ਪਛਾਣ-ਡਾ. ਕਰਣਬੀਰ ਕੌਰ
ਬੁੱਝੋ ਭਲਾ ਕੌਣ ਹੈ? ਪੰਜਾਲੀ ਵਿੱਚ ਧੌਣ ਹੈ, ਪਿੰਡੇ ਤੂੜੀ ਦੀ ਕੰਡ ਹੈ, ਸਿਰ ਕਰਜ਼ੇ ਦੀ ਪੰਡ ਹੈ, ਪਾਟੇ ਹੋਏ ਲੀੜੇ ਨੇ, ਸੁਪਨੇ ਲਤੀੜੇ ਨੇ, ਭਾਵੇਂ ਮੈਲ-ਕੁਚੈਲਾ ਹਾਂ, ਪਰ ਮਨੋਂ ਨਾ ਮੈਲਾ ਹਾਂ, ਸਾਉਣੀ ਦਾ ਫ਼ਿਕਰ ਹੈ, ਹਾੜੀ ਦਾ ਵੀ ਜ਼ਿਕਰ ਹੈ, ਮਿੱਟੀ ਨਾਲ਼ ਮਿੱਟੀ ਹੋ, ਜਿਗਰੇ ‘ਚ ਸਭ ਸਮੋ, ਮੁਸ਼ੱਕਤ ਦਾ ਪੱਲਾ ਫੜ, ਕਾਲੀਆਂ ਰਾਤਾਂ ਨਾਲ਼ ਲੜ, ਘੁੱਪ ਹਨੇਰੇ ‘ਚ ਲੋਅ ਹਾਂ, ਸਿਦਕ ਦਾ ਜਲੌਅ ਹਾਂ, ਸਾਦਗੀ ਹੀ ਪੱਲੇ ਆ, ਤੂਫ਼ਾਨ ਕਈ ਝੱਲੇ ਆ, ਮਨ ਬੁੱਝਿਆ, ਭਾਵੇਂ ਉਦਾਸ ਹੈ, ਪਰ ਭਲੇ ਦਿਨਾਂ ਦੀ ਆਸ ਹੈ, ਜੋ ਮੁੜਕੇ ਦੀ ਖੁਸ਼ਬੋ ਹੈ, ‘ਕਰਣ’ ਸੁਭਾਗ ਦੀ ਕਨਸੋ ਹੈ, ਧਰਤੀ ਦੇ ਲਾਲ ਨੇ, ਮਿੱਟੀ ‘ਚੋ ਮੋਤੀ ਭਾਲਣੇ।
ਤੈਂ ਕੀ ਦਰਦ ਨਾ ਆਇਆ-ਰਮਿੰਦਰ ਰਮੀ ਵਾਲੀਆ
ਸੁਣ ਦਿੱਲੀ ਦੀਏ ਸਰਕਾਰੇ ਨੀ ਤੈਂ ਕੀ ਦਰਦ ਨਾ ਆਇਆ ਤੂੰ ਵੀ ਕਰ ਲੈ ਜੋ ਕਰਨਾ ਹੁਣ ਨਹੀਂ ਡਰਾਂਗੇ ਹੁਣ ਕਿਸੇ ਤੋਂ ਅਸੀਂ ਗੁਰੂ ਗੋਬਿੰਦ ਦੇ ਜਾਏ ਹਾਂ ਕੁਝ ਕਰਾਂਗੇ ਜਾਂ ਮਰਾਂਗੇ ਸਰਕਾਰ ਅੱਗੇ ਨਹੀਂ ਝੁਕਾਂਗੇ ਸਿਰ ਕਫ਼ਨ ਬੰਨ ਕੇ ਆ ਗਏ ਹਾਂ ਤੇਰਿਆਂ ਜ਼ੁਲਮਾਂ ਤੋਂ ਨਹੀਂ ਡਰਾਂਗੇ ਹੱਕ ਆਪਣੇ ਲੈ ਕੇ ਰਹਾਂਗੇ ਵਾਪਿਸ ਹੁਣ ਨਹੀਂ ਮੁੜਾਂਗੇ ਬਹੁਤ ਕਰ ਲਈਆਂ ਤੂੰ ਮਨਮਾਨੀਆਂ ਸਬਰ ਪਿਆਲਾ ਭਰ ਚੁੱਕਾ ਹੈ ਹੁਣ ਸੀਨਾ ਤਾਨ ਕੇ ਖੜ੍ਹ ਗੇ ਹਾਂ ਹੁਣ ਪੁਰਾਣੇ ਜ਼ਖ਼ਮ ਭਰੇ ਨਹੀਂ ਅਜੇ ਨਵੇਂ ਫੱਟ ਹੁਣ ਦੇ ਰਹੇ ਹੋ ਹੋਰ ਤੁਹਾਡੀ ਮੱਤ ਨੂੰ ਕੀ ਹੋ ਗਿਆ ਹੈ ਜਿਸਦਾ ਬੀਜਿਆ ਖਾਂਦੇ ਹੋ ਉਸੇ ਦੇ ਹੱਕ ਖੋਂਹਦੇ ਹੋ। ਕਿਸਾਨ ਮਿੱਟੀ ਨਾਲ ਮਿੱਟੀ ਹੁੰਦਾ ਹੈ ਕੜਕ ਸਿਆਲੇ ਠੁਰ ਠੁਰ ਕਰਦਾ ਹੈ ਗਰਮੀ ਵਿੱਚ ਪਸੀਨੇ ਵਹਾਉਂਦਾ ਹੈ ਫ਼ਸਲਾਂ ਨੂੰ ਪੁੱਤਾਂ ਵਾਂਗ ਪਾਲਦਾ ਹੈ ਫਿਰ ਵੀ ਡਰਿਆ ਸਹਮਿਆ ਰਹਿੰਦਾ ਹੈ। ਕਿਤੇ ਮੀਂਹ ਝੱਖੜ ਨਾ ਆ ਜਾਏ ਫ਼ਸਲਾਂ ਨੂੰ ਹੂੰਝ ਨਾ ਲੈ ਜਾਏ ਰਾਤੀਂ ਉੱਠ ਉੱਠ ਦੇਖਦਾ ਹੈ ਫ਼ਸਲ ਪੱਕਦਿਆਂ ਵੇਖਕੇ ਤੇ ਗੀਤ ਖ਼ੁਸ਼ੀ ਦੇ ਗਾਉਂਦਾ ਹੈ ਤੁਸੀਂ ਉਸਦੀ ਫ਼ਸਲ ਦਾ ਮੁੱਲ ਤਾਂ ਕੀ ਪਾਉਣਾ ਉਸਦੀ ਰੋਜ਼ੀ ਖੋਹਣਾ ਚਾਹੁੰਦੇ ਹੋ। ਬੱਸ ਕਰੋ ਹੁਣ ਬਹੁਤ ਹੋ ਗਿਆ ਸਾਥੋਂ ਹੁਣ ਨਹੀਂ ਜਰਿਆ ਜਾਂਦਾ। ਆਪਣਾ ਕਾਲਾ ਬਿੱਲ ਹੁਣ ਵਾਪਿਸ ਲੈ ਲਉ ਸਾਡੇ ਹੱਕ ਇੱਥੇ ਰੱਖ ਖਾਲ਼ੀ ਹੱਥ ਨਹੀਂ ਮੁੜਾਂਗੇ ਹੁਣ ਸੁਣ ਦਿੱਲੀ ਦੀਏ ਸਰਕਾਰੇ ਨੀ ਤੈਂ ਕੀ ਦਰਦ ਨਾ ਆਇਆ ਸੁਣ ਦਿੱਲੀ ਦੀਏ ਸਰਕਾਰੇ ਨੀ
ਸਿਜਦਾ-ਜਗਤਾਰ ਢਾਅ ਯੂ ਕੇ
ਪੰਜਾਬ ਨਾਂ ਹੈ ਕ੍ਰਾਂਤੀ ਦਾ ਜਿਸ ਦਾ ਬੂਟਾ ਨਾਨਕ ਨੇ ਲਾਇਆ ਗੁਰੂਆਂ ਨੇ ਬਾਣੀ ਅਤੇ ਸ਼ਹਾਦਤਾਂ ਨਾਲ ਸਿੰਜਿਆ ਤੇ ਦਸਮੇਸ਼ ਦੀ ਸ਼ਮਸ਼ੀਰ ਨੇ ਪ੍ਰਵਾਨ ਚੜਾਇਆ। ਪੰਜਾਬ ਨਾਂ ਹੈ ਇਨਕਲਾਬ ਦਾ ਜਿਸ ਦਾ ਝੰਡਾ ਭਗਤ ਸਰਾਭਿਆਂ ਊਧਮ ਸਿੰਘਾਂ ਅਤੇ ਗਦਰੀ ਬਾਬਿਆਂ ਨੇ ਲਹਿਰਾਈਆ। ਪੰਜਾਬ ਨਾਂ ਹੈ ਹੱਕ ਸੱਚ ਲਈ ਜਾਗਰਿਕਤਾ ਅਤੇ ਸੰਘਰਸ਼ ਦਾ ਅੱਜ ਫਿਰ ਜੋ ਦਿਲੀ ਵਲ ਧਾਅ ਰਿਹਾ ਲੁਟੇਰਿਆਂ ਦੀ ਬਣੀ ਰਹੀ ਜੋ ਸਦਾ ਅੜੀਅਲ ਦਿਲੀ ਨੂੰ ਕਰਨ ਲਈ ਢਿੱਲੀ ਬੁਢਿਆਂ ਜੁਆਨਾਂ, ਮਜ਼ਦੂਰਾਂ ਕਿਰਸਾਨਾਂ ਦਾ ਅਟੁੱਟ ਕਾਫਲਾ ਉਸ ਨੂੰ ਘੇਰਾ ਪਾ ਰਿਹਾ। ਤੇਰਾ ਇਹ ਕਿਰਸਾਨੀ ਸੰਘਰਸ਼ ਦੇਖ ਪੰਜਾਬ ਸਚ ਮੁਚ ਇਉਂ ਲਗਦਾ ਭਾਰਤ ਦੀ ਮੁਰਦਾ ਰੂਹ ਅੰਦਰ ਤੂੰ ਮੁੜ ਜਾਨ ਪਾ ਰਿਹਾ ਮੋਦੀ ਉਸਾਰ ਰਿਹਾ ਥਾਂ ਥਾਂ ਲੋਟੂ ਭਵਨ ਤੂੰ ਉਸ ਦੇ ਅੰਤ ਦੀ ਸ਼ੁਰੂਆਤ ਕਰ ਹੱਕ ਸੱਚ ਵਾਲਾ ਨਵਾਂ ਭਾਰਤ ਬਣਾ ਰਿਹਾ। ਸਰਬੱਤ ਦਾ ਭਲਾ ਮੰਗਦਾ ਪੰਜਾਬ ਲੂੱਟ ਜਬਰ ਸਾਹਵੇਂ, ਸ਼ੇਰ ਬਣ ਸਦਾ ਡਟਦਾ ਰਿਹਾ ਤੇ ਅੱਜ ਵੀ ਗੜ੍ਹਕਦਾ ਹੈ ਵਿਦੇਸ਼ਾਂ 'ਚ ਵੱਸਦੇ ਮੇਰੇ ਜਹੇ ਲੱਖਾਂ ਪੰਜਾਬੀਆਂ ਦੇ ਦਿਲਾਂ ਅੰਦਰ ਸਦਾ ਧੜਕਦਾ ਰਿਹਾ ਤੇ ਅੱਜ ਵੀ ਧੜਕਦਾ ਹੈ।
ਮਿੱਟੀ ਦਾ ਮੋਹ -ਕੇਹਰ ਸ਼ਰੀਫ਼ ਜਰਮਨੀ
ਮਿੱਟੀ ਨਾਲ ਮਿੱਟੀ ਹੋ ਕੇ ਮਿੱਟੀ 'ਚੋਂ ਅੰਨ ਪੈਦਾ ਕਰਦੇ ਸਭ ਦਾ ਢਿੱਡ ਭਰਦੇ ਅੰਨ ਦਾਤੇ ਨੂੰ ਮੁਨਾਫ਼ੇ ਦੇ ਲੋਭ 'ਚ ਮਿੱਟੀ ਕਰਨ 'ਤੇ ਤੁੱਲਿਆ ਹੋਇਆ ਲੋਟੂ ਸ਼ਾਹੂਕਾਰਾਂ ਦੀਆਂ ਗਿਰਝਾਂ ਦਾ ਟੋਲਾ। ਹਰ ਮੌਸਮ ਨਾਲ ਝਗੜਨ ਵਾਲਾ ਹਰ ਮੌਸਮ ਨੂੰ ਬਦਲਣ ਵਾਲਾ ਬਾਬਾ ਅਸਮਾਨ ਵੱਲ ਤੱਕਦਾ ਹੈ ਤੇ ਉੱਠ ਤੁਰਦਾ ਹੈ ਆਪਣੇ ਰਾਹ ਜੋ ਵਡੇਰਿਆਂ ਨੇ ਸਿਰਜਿਆ ਸੀ ਆਪਣੇ ਵਿਰਸੇ ਦਾ ਲੜ ਫੜਕੇ ਆਪਣੇ ਹੱਕਾਂ ਦੀ ਪੈੜ ਨੱਪਦਿਆਂ ਲਲਕਾਰਦਾ ਹੋਇਆ ਆਖਦਾ ਹੈ ਸਾਡੇ ਸੁਪਨਿਆਂ ਨੂੰ ਕਤਲ ਕਰਨ ਦਾ ਸੁਪਨਾ ਲੈਣ ਵਾਲਿਉ ਸਾਡਾ ਤਾਂ ਇਕ ਪੋਰਸ ਹੀ ਮਾਣ ਨਹੀਂ ਸੀ ਅਸੀਂ ਬਹੁਤ ਸਾਰੇ ਉਸਦੇ ਵਾਰਿਸ ਇਕੱਠੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਸਿਕੰਦਰ-ਏ - ਆਜ਼ਮ ਕਹਾਉਣ ਵਾਲੇ ਦਾ ਮੂੰਹ ਮੋੜਨਾ ਵੀ ਅਸੀਂ ਜਾਣਦੇ ਹਾਂ ਇਹ ਇਸੇ ਧਰਤੀ 'ਤੇ ਵਾਪਰਿਆ ਸੀ। ਇਹ ਜੋ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣਾ ਆਪ ਤੁਹਾਡੇ ਹਵਾਲੇ ਕਰ ਦੇਈਏ ਇਹ ਸਾਨੂੰ ਨਹੀਂ ਪੁੱਗਦਾ ਅਸੀਂ ਆਪਣੀ ਬਰਬਾਦੀ ਵਾਲੀ ਵਹੀ 'ਤੇ ਅੰਗੂਠਾ ਕਿਵੇਂ ਲਾ ਸਕਦੇ ਹਾਂ ? ਸਾਡੇ ਸੇਵਾਦਾਰ ਹੋ ਕੇ, ਸਾਨੂੰ ਅੱਖਾਂ ਨਾ ਵਿਖਾਉ ਅਸੀਂ ਹਰ ਹਾਲ ਲੜਾਂਗੇ, ਅਸੀਂ ਹਰ ਹਾਲ ਜਿਤਾਂਗੇ ਅਸੀਂ ਆਪਣੇ ਵਡੇਰਿਆਂ ਤੋਂ, ਇਹ ਹੀ ਸਿੱਖਿਆ ਹੈ ਕਿ ਕਿਸੇ ਖੱਬੀ-ਖਾਨ ਦੀ ਵੀ ਟੈਂਅ ਨਹੀਂ ਮੰਨਣੀ ਆਪਣੇ ਹੱਕਾਂ ਖਾਤਿਰ ਆਪਣੀ ਹੋਂਦ ਖਾਤਿਰ ਆਪਣੀ ਅਣਖ ਖਾਤਿਰ ਲੜਦਿਆਂ ਮਰ ਜਾਣਾ ਤੇ ਮਰ ਕੇ ਵੀ ਜੀਊਂਦੇ ਰਹਿਣਾ ਆਪਣੀਆਂ ਆਉਣ ਵਾਲੀਆਂ, ਨਸਲਾਂ ਵਾਸਤੇ ਪ੍ਰੇਰਨਾ ਬਣੇ ਰਹਿਣਾ ਇਹੋ ਸਾਡਾ ਵਿਰਸਾ ਹੈ ਇਹੋ ਸਾਡੀ ਵਿਰਾਸਤ ਸਾਡੀ ਮਿੱਟੀ ਦੀ ਇਹੋ ਤਾਸੀਰ ਰਹੀ ਹੈ ਇਸ ਤਾਸੀਰ ਨੂੰ ਜੀਊਂਦਾ ਰੱਖਣਾ ਸਾਡੀ ਜ਼ੁੰਮੇਵਾਰੀ ਵੀ ਤਾਂ ਹੈ । ਇਹ ਕੋਈ ਸਾਧਾਰਨ ਜੰਗ ਨਹੀਂ ਇਤਿਹਾਸ ਦਾ ਲੜ ਫੜਕੇ ਬੈਠੇ ਹਨ ਸਾਰੇ ਮਾਈ ਭਾਗੋ ਤੇ ਮਾਤਾ ਗੁਲਾਬ ਕੌਰ ਦੀਆਂ ਵਾਰਸ ਬੀਬੀਆਂ ਅੱਜ ਫੇਰ ਜੰਗ ਦੇ ਮੈਦਾਨ 'ਚ ਉਤਰੀਆਂ ਨੇ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਭਗਤ ਸਿੰਘ ਦੇ ਵਾਰਿਸ ਆਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ ਧਨਵਾਨਾਂ ਦੇ ਆਖੇ ਲੱਗੀ ਕਾਰਪੋਰੇਟੀ ਸੱਤਾ ਦੀ ਸਿਆਸਤ ਦੇ ਖ਼ਿਲਾਫ਼ ਨਾਬਰੀ ਦਾ ਹੋਕਾ ਉੱਚਾ ਹੋਇਆ ਹੈ ਪਿੰਡਾਂ, ਕਾਲਜਾਂ, ਯੂਨੀਵਰਸਿਟੀਆਂ ਤੋਂ, ਏਥੇ ਪਹੁੰਚ ਗਏ ਹਨ ਦਗਦੇ, ਮਘਦੇ ਚਿਹਰਿਆਂ ਤੇ ਹੱਕ-ਸੱਚ ਦੇ ਨਾਅਰਿਆਂ ਨਾਲ ਉਹ ਦੁੱਲਾ ਭੱਟੀ ਨੂੰ ਚੇਤੇ ਕਰਦੇ ਹਨ ਪੂਰਨ ਪੁੱਤ ਹੁਣ ਸਾਧ ਨਹੀਂ ਹੁੰਦੇ, ਸੰਘਰਸ਼ੀ ਹੋ ਗਏ ਹਨ। ਪਿੰਡ ਠੰਢੀਆਂ ਠਰੀਆਂ ਸੜਕਾਂ 'ਤੇ ਬੈਠਾ ਹੈ ਸ਼ਹਿਰ ਵੀ ਨਾਲ ਸਾਥ ਦੇ ਰਿਹਾ ਹੈ ਸਾਰਿਆਂ ਦਾ ਇਹ ਹੀ ਕਹਿਣਾ ਹੈ ਅਸੀਂ ਆਪਣੀ ਮਿੱਟੀ ਦੇ ਮੋਹ ਲਈ, ਲੜਦੇ ਰਹਾਂਗੇ ਆਪਣੇ ਆਖਰੀ ਸਾਹਾਂ ਤੱਕ। ਅਸੀਂ ਟੁੱਟ ਸਕਦੇ ਹਾਂ, ਪਰ ਸਾਥੋਂ ਝੁਕ ਜਾਣ ਦੀ ਆਸ ਨਾ ਰੱਖਿਉ ਸਾਡੀ ਮਿੱਟੀ ਦੇ ਮੋਹ ਦਾ ਇਹੋ ਦਸਤੂਰ ਰਿਹਾ ਹੈ ਅਸੀਂ ਆਪਣੇ ਦਸਤੂਰ ਦਾ ਨਿਰਾਦਰ ਨਹੀਂ ਕਰਾਂਗੇ। ਇਹੋ ਸਾਡਾ ਪਰਚਮ ਰਿਹਾ ਹੈ ਤੇ ਇਹੋ ਸਾਡਾ ਨਾਅਰਾ ਆਪਣੇ ਹੱਕਾਂ ਖਾਤਰ ਡਟੇ ਰਵ੍ਹਾਂਗੇ ਆਪਣੇ ਆਖਰੀ ਸਾਹਾਂ ਤੱਕ। ਅਸੀਂ ਲੜਾਂਗੇ, ਅਸੀਂ ਜਿੱਤਾਂਗੇ।
ਲੋਕ ਤੇ ਲੋਕ-ਰਾਜ-ਕੇਹਰ ਸ਼ਰੀਫ਼ ਜਰਮਨੀ
ਰਾਜਾ ਸੌਂ ਗਿਆ ਰਜ਼ਾਈ ਵਿਚ ਵੜ ਕੇ ਕਿਸਾਨ ਠੰਢ ਵਿਚ ਠਰਦੇ। ਆਲੂ-ਮੂਲੀ ਦਾ ਵੀ ਜਿਨ੍ਹਾਂ ਨੂੰ ਗਿਆਨ ਨਾ, ਖੇਤੀ ਦੇ ਉਹੋ ਢੰਗ ਦੱਸਦੇ। ਗੱਲ ਮੰਨ ਕੇ ਧਨਾਢਾਂ ਵਾਲੀ ਧੌਂਸ ਦੀ ਚੰਦਰੇ ਕਾਨੂੰਨ ਘੜਿਆ। ਲੋਕ-ਰਾਜ 'ਤੇ ਕੁੰਡਾ ਐ ਥੈਲੀਸ਼ਾਹਾਂ ਦਾ ਜੀਣ ਔਖਾ ਕੀਤਾ ਸਭ ਦਾ। ਜਿੱਥੇ ਪਾਪ ਬਣੇ ਹੱਕ ਮੰਗਣਾ, ਉਹ ਕਾਹਦਾ ਲੋਕ-ਰਾਜ ਮਿੱਤਰਾ। ਵੋਟਾਂ ਨਾਲ ਤੂੰ ਬਣੀ ਸਰਕਾਰ ਜੋ ਉਨ੍ਹਾਂ ਦੀ ਤੂੰ ਗੱਲ ਨਾ ਸੁਣੇਂ। ਦੁਨੀਆਂ ਹੈਰਾਨ ਹੋ ਗਈ, ਛੜੇ ਕਰਦੇ ਮਰਜ਼ੀਆਂ ਲੋਕੋ। ਅੰਨ ਦਾਤੇ ਨੂੰ ਬੁਰਾ ਤੂੰ ਬੋਲੇਂ, ਸਰਕਾਰੇ ਤੇਰਾ ਕੱਖ ਨਾ ਰਹੇ।
ਮਿੱਟੀ ਦੀ ਤਾਸੀਰ-ਡਾ. ਮੋਹਨ ਤਿਆਗੀ
ਉਹ ਆਪਣਾ ਲਾਮ ਲਸ਼ਕਰ ਲੈ ਕੇ ਆਣ ਪਹੁੰਚੇ ਨੇ ਸਾਡੀ ਮਿੱਟੀ ਦੀ ਤਾਸੀਰ ਪਰਖ਼ਣ ਮਿੱਟੀ ਕਿ ਜਿਸ ਵਿੱਚ ਸ਼ਹਾਦਤੀ ਪੈਗਾਮ ਹੈ ਗੁਰੂਆਂ ਦਾ ਬਲੀਦਾਨ ਹੈ ਗਦਰੀਆਂ ਦਾ ਸੰਗਰਾਮ ਹੈ ਉਹਨਾਂ ਦਾ ਇਲਜ਼ਾਮ ਹੈ ਇਸ ਮਿੱਟੀ ਵਿੱਚੋਂ ਹੁਣ ਅੱਗ ਪਨਪਣ ਲੱਗ ਪਈ ਹੈ ਇਸੇ ਲਈ ਉਹ ਹਰ ਵਾਰ ਇਸ ਮਿੱਟੀ ਦੇ ਨਾਂ ਕੋਈ ਨਾ ਕੋਈ ਫ਼ਰਮਾਨ ਜਾਰੀ ਕਰਦੇ ਨੇ ਹਾਕਮ ਦਾ ਗਿਲਾ ਹੈ ਕਿ ਜਦ ਕੁਲ ਦੁਨੀਆਂ ਦੀ ਮਿੱਟੀ ਸੀਤ ਤੇ ਅਹਿਲ ਪਈ ਹੈ ਫਿਰ ਇਸ ਮਿੱਟੀ ਵਿਚੋਂ ਹੀ ਕਿਉਂ ਅੰਗਾਰ ਉੱਠਦੇ ਨੇ ਇਹ ਸੂਹੀ ਮਿੱਟੀ ਹੀ ਕਿਉਂ ਸਿਰ ਚੜ੍ਹ ਕੇ ਬੋਲਦੀ ਹੈ ਇਹ ਮਿੱਟੀ ਹੀ ਕਿਉਂ “ ਰੰਗ ਦੇ ਬਸੰਤੀ ਚੋਲਾ ” ਗਾਉਂਦੀ ਹੈ ਹਾਕਮ ਆਪਣੇ ਮਨ ‘ਚ ਪਏ ਖੂਨੀ ਦ੍ਰਿਸ਼ਾ ਨੂੰ ਫ਼ਰੋਲਦਾ ਹੈ ਮਨ ਹੀ ਮਨ ਤਬਸਰਾ ਕਰਦਾ ਹੈ : ਅਸੀਂ ਇਸ ਮਿੱਟੀ ਨੂੰ ਸੰਤਾਲੀ ‘ਚ ਵੰਡਿਆ ਚੌਰਾਸੀ ‘ਚ ਭੰਡਿਆ ਹਰ ਵਾਰ ਕਿਸੇ ਨਾ ਕਿਸੇ ਜ਼ਹਿਰ ‘ਚ ਡੋਬਾ ਦਿੱਤਾ ਪਰ ਫਿਰ ਵੀ ਇਹ ਮਿੱਟੀ ਆਪਣੀ ਸੂਹੀ ਤਾਸੀਰ ਚੋਂ ਇਨਕਲਾਬ - ਜ਼ਿੰਦਾਬਾਦ ਇਨਕਲਾਬ - ਜ਼ਿੰਦਾਬਾਦ ਦੇ ਨਾਅਰੇ ਮਾਰਨ ਲੱਗਦੀ ਹੈ ਹੁਣ ਦਿੱਲੀ ਦੇ ਤਖ਼ਤ ਨੇ ਸਾਜਿਸ਼ੀ ਰਾਤ ‘ਚ ਬੈਠਕੇ ਇਕ ਨਵਾਂ ਮਨਸੂਬਾ ਬਣਾਇਆ ਹੈ ਤੇ ਇਸ ਮਿੱਟੀ ਦਾ ਭਗਵਾਂਕਰਨ ਕਰਨ ਲਈ ਲੋਕ-ਰੋਹ ਸਾਣ ਤੇ ਲਾਇਆ ਹੈ ਲੋਕ-ਰੋਹ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ ਹੈ ਪੰਜਾਬ ਦਾ ਗੌਰਵ ਦਾਅ ਤੇ ਹੈ ਯੋਧਿਆਂ ਦਾ ਕਾਫ਼ਲਾ ਸਿਸਟਮੀ ਹਨੇਰਿਆਂ ਨੂੰ ਚੀਰਦਾ ਤਖ਼ਤ ਵੱਲ ਵਧਦਾ ਜਾ ਰਿਹਾ ਹੈ ਤੇ ਹਾਕਮ ਇਸ ਮਿੱਟੀ ਤੋਂ ਆਪਣਾ ਖਹਿੜਾ ਛੁਡਾ ਰਿਹਾ ਹੈ ਖਹਿੜਾ ਛੁਡਾ ਰਿਹਾ ਹੈ ਆਖਰ ! ਉਹ ਆਣ ਪਹੁੰਚੇ ਨੇ ਸਾਡੀ ਮਿੱਟੀ ਦੀ ਤਾਸੀਰ ਪਰਖ਼ਣ ।
ਹੈ ਕੇਹਾ ਰਾਜਿਆਂ ਦਾ ਰਾਜ ਤੰਤਰ-ਭੁਪਿੰਦਰ ਦੁਲੇਅ
ਹੈ ਕੇਹਾ ਰਾਜਿਆਂ ਦਾ ਰਾਜ ਤੰਤਰ । ਨੇ ਕੈਦੀ ਹਰਫ਼ ਇੱਥੇ ਕਲਮ ਅੰਦਰ । ਇਹ ਰੁੱਖ ਸਹਿਮੇ ਹੋਏ ਬਾਕੀ ਬਚੇ ਜੋ, ਚੁਫ਼ੇਰੇ ਲਿਸ਼ਕਦੇ ਹੱਥਾਂ ਚ ਖੰਜਰ । ਮੇਰੇ ਵਹਿਣਾਂ ਤੋਂ ਖੋਹ ਕੇ ਰੇਤ ਪਾਣੀ, ਤੇ ਮੈਨੂੰ ਬਖਸ਼ਿਆ ਚਿੱਟਾ ਸਮੁੰਦਰ । ਉਗਾ ਫ਼ਸਲਾਂ ਤੇ ਫ਼ਸਲਾਂ ਜ਼ਹਿਰ ਪਾ ਪਾ, ਮੈਂ ਆਪਣੀ ਧਰਤ ਖ਼ੁਦ ਕੀਤੀ ਹੈ ਬੰਜਰ । ਤੇਰੀ ਇਸ ਖੁਦਕੁਸ਼ੀ ਅੰਨਦਾਤਿਆ ਵੇ, ਡੁਬੋਇਐ ਹੋਰ ਡੂੰਘਾ ਕਰਜ਼ ਅੰਦਰ । ਜੋ ਬਾਹਰੋਂ ਚਮਕਦੇ ਉੱਚੇ ਮੁਨਾਰੇ , ਨੇ ਅੰਦਰੋਂ ਖੋਖਲੇ ਵੀਰਾਨ ਖੰਡਰ । ਹਨੇਰਾ ਹੋ ਲਵੇ ਕਿੰਨਾ ਵੀ ਗੂੜ੍ਹਾ, ਸਵੇਰੇ ਨੇ ਤਾਂ ਹੋਣਾ ਹੈ ਉਜਾਗਰ । ਟੋਰੰਟੋ (ਕੈਨੇਡਾ)
ਅਨਾਜ ਮੇਰਾ ਤੇ ਮੁੱਲ ਤੇਰਾ-ਭੁਪਿੰਦਰ ਦੁਲੇਅ
ਅਨਾਜ ਮੇਰਾ ਤੇ ਮੁੱਲ ਤੇਰਾ, ਮੈਂ ਖਾਲੀ ਬੋਝਾ ਹੀ ਘਰ ਲਿਆਵਾਂ। ਤੇਰੀ ਇਹ ਤੱਕੜੀ ਵੀ ਕੋਸਦੀ ਹੈ, ਕਦੇ ਤਾਂ ਸ਼ਾਹਾ ਵੇ ਤੋਲ ਸਾਵਾਂ । ਹਨੇਰ ਨਗਰੀ ਤੇ ਰਾਜ ਚੌਪਟ, ਤਮਾਮ ਦੋਸ਼ੀ ਵਜ਼ੀਰ ਹੋਏ, ਚੱਲਣ ਇਹ ਕਾਜ਼ੀ ਵੀ ਸੈਨਤਾਂ ਤੇ, ਮੈਂ ਕਿੱਥੋਂ ਇਨਸਾਫ਼ ਲੈਣ ਜਾਵਾਂ । ਅਨੇਕ ਸੱਧਰਾਂ ਨੇ ਬਾਂਝ ਹੋਈਆਂ, ਹਜ਼ਾਰਾਂ ਹਾਸੇ ਯਤੀਮ ਹੋਏ, ਉਜਾੜ ਨਸਲਾਂ ਵੀ ਆਖਦੇ ਨੇ, ਮਾਹੌਲ ਹੋਇਆ ਬੜਾ ਸੁਖਾਵਾਂ । ਇਹ ਧਰਤ ਮੇਰੀ ਤੇ ਫ਼ਸਲ ਮੇਰੀ, ਹੈ ਅੱਜ ਖ਼ਤਰੇ ਚ ਨਸਲ ਮੇਰੀ, ਮੈਂ ਆਪਣੇ ਹੱਕਾਂ ਨੂੰ ਲੈਣ ਖ਼ਾਤਰ, ਕਾਨੂੰਨ ਤੇਰੇ ਦਾ ਸਿਰ ਝੁਕਾਵਾਂ । ਅਜੇ ਤਾਂ ਹੋਕਾ ਹੈ ਸਹਿਜ ਮੇਰਾ, ਅਜੇ ਅੰਦੋਲਨ ਹੈ ਸ਼ਾਂਤ ਮੇਰਾ, ਅਗਰ ਬਗ਼ਾਵਤ ਤੇ ਆ ਗਿਆ ਤਾਂ, ਸਿੰਘਾਸਣ ਨੂੰ ਵੀ ਹਿਲਾਵਾਂ । ਤੂੰ ਕਰਕੇ ਗੰਧਲੇ ਇਹ ਪੌਣ ਪਾਣੀ, ਵਿਨਾਸ਼ ਦੇ ਕੇ ਵਿਕਾਸ ਲੋੜੇਂ, ਜ਼ਰਾ ਕੁ ਏਨਾ ਤਾਂ ਦੱਸ ਬੰਦਿਆ ਕਿ ਧਰਤ ਕਿੱਥੇ ਕਰੇ ਦੁਆਵਾਂ ।
ਆ ਦਿੱਲੀਏ ਕੁੱਝ ਗੱਲਾਂ ਕਰੀਏ-ਗੁਰਮੀਤ ਕੜਿਆਲਵੀ
ਆ ਦਿੱਲੀਏ ਕੁੱਝ ਗੱਲਾਂ ਕਰੀਏ ਬਹਿ ਕੇ ਸੜਕ ਕਿਨਾਰੇ ਜਿੱਥੇ ਸਾਨੂੰ ਡੱਕਣ ਖਾਤਰ ਪੱਥਰ ਭਾਰੇ ਭਾਰੇ । ਸਾਡੇ ਤਪਦੇ ਸੀਨੇ ਤਾਈਂ ਤੂੰ ਨਾ ਰਤਾ ਵੀ ਠਾਰੇਂ ਭਾਵੇਂ ਦਿੱਲੀਏ ਸਾਡੇ ਵੱਲੀਂ ਲੱਖ ਬੁਛਾਰਾਂ ਮਾਰੇਂ । ਨੀ ਦਿਲੀਏ ਤੂੰ ਸਾਡੇ ਰਾਂਹੀਂ ਲਾ ਕੰਡਿਆਲੀਆਂ ਤਾਰਾਂ ਨੀ ਝੱਲੀਏ ਕਿੰਜ ਰੋਕ ਸਕੇਂਗੀ ਉਡਦੀਆਂ ਹੋਈਆਂ ਡਾਰਾਂ ਨੀ ਦਿਲੀਏ ਤੂੰ ਸਾਡੇ ਵੱਲੀਂ ਸਿੱਟ ਗੈਸਾਂ ਦੇ ਗੋਲੇ ਪਰ ਤੇਰੇ ਸਿਰ ਚੜ ਜਾਵਾਂਗੇ ਬਣ ਕੇ ਤੇਜ਼ ਵਰੋਲੇ ਨੀ ਦਿੱਲੀਏ ਅਸੀਂ ਮੁੱਢ ਕਦੀਮੋਂ ਲੜਦੇ ਆਏ ਜੰਗਾਂ ਸਾਡੇ ਮੂਹਰੇ ਕਿਵੇਂ ਅੜਦੀਆਂ ਰੇਤ ਤੇਰੀ ਦੀਆਂ ਕੰਧਾਂ ਨੀ ਦਿੱਲੀਏ ਤੂੰ ਸਾਡੇ ਵੱਲੀਂ ਖੂਬ ਵਰਾਈਆਂ ਡਾਂਗਾਂ ਲਾਲ ਕਿਲੇ ਤੋਂ ਸੁਣ ਰਹੀਆਂ ਨੇ ਤੇਰੀਆਂ ਕਾਹਨੂੰ ਚਾਂਗਾਂ ਨੀ ਦਿਲੀਏ ਹਿਟਲਰ ਦੀਏ ਜਾਈਏ ਰੱਖ ਲੈ ਹੋਸ਼ ਟਿਕਾਣੇ ਦਹੀਂ ਭੁਲੇਖੇ ਪੈ ਗਏ ਤੈਨੂੰ ਫੁੱਟ ਕਪਾਹ ਦੇ ਖਾਣੇ ਨੀ ਦਿਲੀਏ ਤੁਗਲਕ ਦੀਏ ਭੈਣੇ ਨਾ ਕਰ ਜੋਰ ਧਿੰਗਾਣੇ ਜਿਹੜੇ ਕੰਡੇ ਬੀਜ ਰਹੀਂ ਏਂ ਤੈਥੋਂ ਚੁਗੇ ਨੀ ਜਾਣੇ ਨੀ ਦਿਲੀਏ ਤੂੰ ਕੋਹਜੀ ਕਮਲੀ ਕੋਹਜੀਆਂ ਤੇਰੀਆਂ ਗੱਲਾਂ ਕਿੰਜ ਹੱਥਾਂ ਨਾਲ ਰੋਕ ਲਵੇਂਗੀ ਸਾਗਰ ਵਾਲੀਆਂ ਛੱਲਾਂ ਤੂੰ ਸੱਤਾ ਦੇ ਨਸ਼ੇ 'ਚ ਦਿੱਲੀਏ ਹੋਈ ਫਿਰਦੀ ਝੱਲੀ ਪਰ ਨਾ ਤੈਥੋਂ ਲੋਕਾਂ ਵਾਲੀ ਨੇਰ੍ਹੀ ਜਾਣੀ ਠੱਲੀ ਨੀ ਦਿਲੀਏ ਬਣ ਬੀਬੀ ਰਾਣੀ ਸੁਣ ਲੋਕਾਂ ਦੀਆਂ ਕੂਕਾਂ ਇੰਜ ਰੋਕਿਆਂ ਹੜ ਰੁਕਦੇ ਕਿੱਥੇ ਭਾਵੇਂ ਮੂਹਰੇ ਹੋਣ ਬੰਦੂਕਾਂ ਨੀ ਦਿਲੀਏ ਜੇ ਚੰਗੀ ਹੋਵੇਂ ਕੁੱਝ ਇਤਿਹਾਸ ਨੂੰ ਜਾਣੇ ਸਦਾ ਸਦਾ ਨਾ ਬੈਠੇ ਰਹਿੰਦੇ ਹਾਕਮ ਰਾਜੇ ਰਾਣੇ ਨੀ ਦਿਲੀਏ ਚਾਅ ਕਿਸਨੂੰ ਹੁੰਦਾ ਸਿਆਲੀਂ ਰਾਤੇ ਠਰਨਾ ਪਰ ਹੱਥੋਂ ਕੋਈ ਰੋਟੀ ਖੋਹਵੇ ਪੈਂਦਾ ਲੜਨਾ ਮਰਨਾ ਨੀ ਦਿੱਲੀਏ ਸੁਣ ਕੰਨ ਖੋਹਲ ਕੇ ਸੌ ਦੀ ਇਕ ਸੁਣਾਈਏ ਜਿਹੜਾ ਸਾਡੀ ਅਣਖ ਵੰਗਾਰੇ ਉਸਦੇ ਕਿੰਗਰੇ ਢਾਈਏ
ਕਿਸਾਨਾਂ ਤੇਰਾ ਸ਼ੁਕਰੀਆ-ਸਤਪਾਲ ਭੀਖੀ
ਖੁੰਢੀਆਂ ਕਟਾਰਾਂ ਤਲਵਾਰ ਹੋ ਗਈਆਂ ਠਰੀਆਂ ਕਲਮਾਂ ਅੰਗਿਆਰ ਹੋ ਗਈਆਂ ਹੁੱਸੜੀਆਂ ਰੁੱਤਾਂ ਵੀ ਬਹਾਰ ਹੋ ਗਈਆਂ ਘੱਗੀਆਂ ਆਵਾਜ਼ਾਂ ਲਲਕਾਰ ਹੋ ਗਈਆਂ ਕਿਸਾਨਾਂ ਤੇਰਾ ਸ਼ੁਕਰੀਆ! ਅੰਨਦਾਤਿਆ ਸ਼ੁਕਰੀਆ!! ਹੋ ਕਿਰਤੀਆ ਸ਼ੁਕਰੀਆ!!! ਕਬੀਲਦਾਰਾ ਸ਼ੁਕਰੀਆ!!!! ਨੌਜਵਾਨਾਂ ਨਵੀਂ ਅੰਗੜਾਈ ਭਰੀ ਆ ਪੌਣੀ ਨਾਲੋਂ ਜ਼ਿੰਦਗੀ ਸਵਾਈ ਕਰੀ ਆ ਹੱਕਾਂ ਲਈ ਜਾਨ ਤਲੀ ਉੱਤੇ ਧਰੀ ਆ ਬੜਾ ਚਿਰ ਦਿੱਲੀ ਦੀ ਗੁਲਾਮੀ ਜਰੀ ਆ ਕਿਸਾਨਾਂ ਤੇਰਾ ਸ਼ੁਕਰੀਆ! ਅੰਨਦਾਤਿਆ ਸ਼ੁਕਰੀਆ!! ਹੋ ਕਿਰਤੀਆਂ ਸ਼ੁਕਰੀਆ !!! ਕਬੀਲਦਾਰਾ ਸ਼ੁਕਰੀਆ!!!! ਦਿੱਲੀ ਤਾੜਕਾ ਦੇ ਤਿੱਖੇ ਦੰਦ ਭੋਰ ਤੇ ਵੈਰੀ ਦੇ ਬਣਾਏ ਸਾਰੇ ਕਿਲ੍ਹੇ ਤੋੜ ਤੇ ਘਰੀਂ ਬੈਠੇ ਰੁੱਸਿਆਂ ਦੇ ਸਿਰ ਜੋੜ ਤੇ ਆ ਗੇ ਆਂ ਅਜਾਦੀ ਵਾਲੇ ਨਵੇਂ ਮੋੜ ਤੇ ਕਿਸਾਨਾਂ ਤੇਰਾ ਸ਼ੁਕਰੀਆ! ਅੰਨਦਾਤਿਆ ਸ਼ੁਕਰੀਆ!! ਹੋ ਕਿਰਤੀਆ ਸ਼ੁਕਰੀਆ!!! ਕਬੀਲਦਾਰਾ ਸ਼ੁਕਰੀਆ!!!! ਖ਼ੁਦਕੁਸ਼ੀਆਂ ਦਾ ਠੱਪ ਦੌਰ ਮਿੱਤਰੋ ਸੇਕਣਗੇ 'ਰੱਸੇ' ਹੁਣ ਮੌਰ ਮਿੱਤਰੋ ਝੂਲਦੇ ਚੜ੍ਹਤ ਵਾਲੇ ਚੌਰ ਮਿੱਤਰੋ ਕੱਠੇ ਹੋ ਗੇ ਸਿੰਘ ਅਤੇ ਕੌਰ ਮਿੱਤਰੋ ਕਿਸਾਨਾਂ ਤੇਰਾ ਸ਼ੁਕਰੀਆ! ਅੰਨਦਾਤਿਆ ਸ਼ੁਕਰੀਆ!! ਹੋ ਕਿਰਤੀਆ ਸ਼ੁਕਰੀਆ!!! ਕਬੀਲਦਾਰਾ ਸ਼ੁਕਰੀਆ!!!!
ਜੀਣ-ਕਥਾ-ਉਮਿੰਦਰ ਜੌਹਲ
ਆ ਕਿਰਸਾਨ ਦੀ ਕਥਾ ਸੁਣਾਵਾਂ, ਜੀਣਾ ਕਿਸ ਨੂੰ ਕਹਿੰਦੇ, ਬਰਫ਼ਾਂ ਬਣੀਆਂ ਰਾਤਾਂ ਦੇ ਵਿੱਚ, ਜੁਗਨੂੰ ਮਘਦੇ ਰਹਿੰਦੇ। ਜੀਣਾ-ਮਰਨਾ ਕੀ ਕਹਿੰਦੇ ਹੋ, ਏਥੇ ਮਰਨਾ-ਜੀਣਾ ਇੱਕੋ ਹੁੰਦੈ, ਇਹ ਪੰਜ ਆਬਾਂ ਦੀ,ਜਾਈ ਧਰਤੀ, ਇਹਨੂੰ ਪਾਕ-ਪਵਿੱਤਰ ਥਾਂ ਕਹਿੰਦੇ। ਉਹ ਤਾਂ ਜੋ ਵੀ ਕਰ ਬੈਠਾ, ਉਸਨੂੰ ਤਾਂ ਕੁੱਝ ਪਤਾ ਨਹੀਂ, ਜੋ ਰੋਹ ਦਾ ਭਖ਼ਦਾ ਦਰਿਆ ਵਗਣਾ, ਉਹਨੂੰ ਅੱਥਰਾ ਲੋਕੀ ਨਾਂ ਦਿੰਦੇ। ਰਾਹਾਂ ਨੇ ਹੁਣ ਜਾਣ ਲਿਆ, ਸੱਚੇ ਰਾਹੀ ਕਿਹੜੇ ਨੇ, ਦਿਨੇ-ਰਾਤ ਹਿੱਕੜੀ ਨਾਲ ਲੱਗ ਕੇ, ਜੋ ਸੂਰਜ ਦਗ਼ਦੇ ਰਹਿੰਦੇ। ਮਿੱਟੀ ਦੇ ਨਾਲ ਮਿੱਟੀ ਹੋਏ, ਰੱਬ-ਕਿਰਸਾਨ ਦਿਖਾਵਾਂ, ਫਿਰ ਫਸਲਾਂ ਦੀ ਦੁਨੀਆਂ ਵਸਦੀ, ਜਿਹਨੂੰ ਰੱਬ ਦੀ ਧੜਕਣ ਕਹਿੰਦੇ। ਆ ਕਿਰਸਾਨ ਦੀ ਕਥਾ ਸੁਣਾਵਾਂ, ਜੀਣਾ ਕਿਸ ਨੂੰ ਕਹਿੰਦੇ ਬਰਫ਼ਾਂ ਬਣੀਆਂ ਰਾਤਾਂ ਦੇ ਵਿੱਚ, ਜੁਗਨੂੰ ਮਘਦੇ ਰਹਿੰਦੇ।
ਮੇਰੀ ਇੱਛਾ-ਪਰਮਜੀਤ ਸੋਹਲ
ਮੈਂ ਕੋਈ ਅੰਬਾਨੀ ਜਾਂ ਅੰਡਾਨੀ ਨਹੀਂ ਬਣਨਾ ਚਾਹੁੰਦਾ ਮੈਂ ਤਾਂ ਗੁਰੂ ਨਾਨਕ ਦਾ ਸਿੱਖ ਹਾਂ ਬਾਬੇ ਨਾਨਕ ਵਾਂਗ ਖੇਤੀ ਕਰਕੇ ਕਿਰਤ ਕਰਾਂਗਾ ਵੰਡ ਛਕਾਂਗਾ ਤੇ ਨਾਮ ਜਪਾਂਗਾ ਮੈਂ ਆਪਣੇ ਪੁਰਖਿਆਂ ਦੇ ਪਾਏ ਪੂਰਨੇ ਗੂੜ੍ਹੇ ਕਰਨੇ ਹਨ ਮੇਰੀ ਇੱਛਾ ਧਰਤੀ ਨਾਲ ਜੁੜੀ ਹੋਈ ਹੈ ਮੈਂ ਧਰਤੀ ਦਾ ਪੁੱਤਰ ਹਾਂ ਧਰਤੀ ਮੈਨੂੰ ਮਾਂ ਵਾਂਗ ਬੁੱਕਲ ਵਿਚ ਲੈ ਲੈਂਦੀ ਹੈ ਮੈਂ ਕੋਈ ਅੰਬਾਨੀ ਜਾਂ ਅੰਡਾਨੀ ਨਹੀਂ ਬਣਨਾ ਚਾਹੁੰਦਾ...
ਜਦੋਂ ਖੇਤ ਜਾਗਦੇ ਹਨ-ਪਰਮਜੀਤ ਸੋਹਲ
ਜਦੋਂ ਖੇਤ ਜਾਗਦੇ ਹਨ ਕਿਰਤੀ ਕਿਸਾਨ ਜਾਗਦੇ ਹਨ ਜਨਤਾ ਜਾਗਦੀ ਹੈ ਲੋਕਾਂ ਦੀ ਜ਼ਮੀਰ ਜਾਗਦੀ ਹੈ ਰਾਜੇ ਦੀ ਨੀਂਦ ਜੇ ਹਰਾਮ ਹੁੰਦੀ ਹੈ, ਹੋਵੇ ਪਰ੍ਹਾਂ ਮੈਨੂੰ ਕੀ ਫ਼ਿਕਰ ਹੈ ਮੈਂ ਤਾਂ ਲਿਖਣਸਰ ਸਰੋਵਰ ’ਚੋਂ ਰਹਿਮਤ ਦੀ ਚੂਲ਼ੀ ਪੀਤੀ ਹੈ ਸ਼ਬਦ ਦੇ ਲੰਗਰ ਵਰਤਾਏ ਹਨ ਹੱਕ ਦੀ ਗੱਲ ਕੀਤੀ ਹੈ ਜਦੋਂ ਖੇਤ ਜਾਗਦੇ ਹਨ ਦਾਣਿਆਂ ਦੇ ਰਾਗ ਛਿੜਦੇ ਹਨ ਧਰਤੀ ਦੇ ਗੀਤ ਜਾਗਦੇ ਹਨ ਲੋਕਾਂ ਦੇ ਭਾਗ ਜਾਗਦੇ ਹਨ ਰਾਜੇ ਦੀ ਨੀਂਦ ਜੇ ਹਰਾਮ ਹੁੰਦੀ ਹੈ, ਹੋਵੇ ਪਰ੍ਹਾਂ ਮੈਨੂੰ ਕੀ ਫ਼ਿਕਰ ਹੈ
ਕਿਸਾਨ ਸੰਘਰਸ਼ (ਕਲੀ)-ਅਜ਼ੀਮ ਸ਼ੇਖ਼ਰ ਯੂ ਕੇ
ਮੌਲ਼ੀ ਰੁੱਤ ਨੀ ਮਾਏ ਵੇਖ ਸਿਰਾਂ ਦੀਆਂ ਫਸਲਾਂ ਦੀ, ਬਾਗ਼ੀ ਪੌਣ ਸ਼ੂਕਦੀ ਵਾਰ ਚੰਡੀ ਦੀ ਗਾਵੇ । ਮਿੱਧੇ ਸੱਪਾਂ ਦੇ ਸਿਰ ਜਿੱਥੇ ਨੰਗੇ ਪੈਰਾਂ ਨੇ, ਓਸੇ ਖੇਤੋਂ ਮਿੱਟੀ ਉੱਡਕੇ ਦਿੱਲੀ ਜਾਵੇ । ਹੋ ਗਏ ਰੰਗ ਬਸੰਤੀ ਗੂੜ੍ਹੇ ਸਾਡੇ ਚੋਲ਼ਿਆਂ ਦੇ , ਚਿੱਟਾ ਬਾਜ ਮਨਾਂ ਵਿੱਚ ਰੋਜ਼ ਉਡਾਰੀ ਲਾਵੇ । ਏਨੇ ਸੂਰਜ ਕਿੱਥੋਂ ਆ ਗਏ ਚਾਨਣ ਵੰਡਣ ਲਈ ਅੰਬਰ ਉੱਤੇ ਸਮਝ ਨਾ ਇਹ ਸੂਰਜ ਨੂੰ ਆਵੇ । ਝੂਲੇ ਜਿੱਤ ਦਾ ਪਰਚਮ ਹਰ ਸਿਦਕੀ ਦੇ ਮੋਢੇ ‘ਤੇ, ਬਲ਼ਦਾ ਸੁਪਨਾ ਨੇਰ੍ਹੇ ਵਿੱਚ ਰਸਤੇ ਰੁਸ਼ਨਾਵੇ । ਤਣ ਗਏ ਚਾਦਰ ਵਾਂਗੂੰ ਲੋਕੀਂ ਹਿੰਦ ਦੀ ਪੱਤ ਲਈ, ਲੱਗਦਾ ਹੈ ਇਤਿਹਾਸ ਜਿਉਂ ਖ਼ੁਦ ਨੂੰ ਫਿਰ ਦੁਹਰਾਵੇ । ਕੱਢੇ ਜਾਣੇ ਨੇ ਹੁਣ ਭਰਮ ਔਰੰਗੀ ਢਾਣੀ ਦੇ, ਜੋ ਗਲ਼ ਵਿੱਚ ਗੂਠਾ ਦੇ ਕੇ ਫ਼ਤਵੇ ਨਿੱਤ ਸੁਣਾਵੇ । ਰੋਟੀ ਸਣੇ ਬਚਾਉਣੀ ਹੋਂਦ ਹੈ ਕਾਵਾਂ ਕੁੱਤਿਆਂ ਤੋਂ ਰਲ਼ਕੇ ‘ਕੱਲਾ ‘ਕੱਲਾ ਜੀਅ ਡੰਡਾ ਖੜਕਾਵੇ । ਫਿਕਰ ਪਿਆ ਹੈ ਕਮਲ ਖਿੜਾਉਂਦੀ ਮੈਲ਼ੀ ਗੰਗਾ ਨੂੰ , ਅੱਕਿਆ ਸਤਲੁਜ ਜਦ ਤੋਂ ਜਮਨਾ ਦੇ ਪੁਲ਼ ਢਾਹਵੇ । ਕੋਰੇ ਪੰਨੇ ਕਰਨ ਉਡੀਕ ਜੋ ਨਵੀਂ ਇਬਾਰਤ ਦੀ, ਲੋਕਾਂ ਹੱਥੋਂ ਓਹੀ ਸਮਾਂ ‘ਅਜ਼ੀਮ’ ਲਿਖਾਵੇ ।
ਜੇ ਫਸਲਾਂ ਦੀ ਦਰਦ ਕਹਾਣੀ ਸੁਣ ਲੈਂਦੀ-ਗੁਰਮੀਤ ਕੜਿਆਲਵੀ
ਜੇ ਫਸਲਾਂ ਦੀ ਦਰਦ ਕਹਾਣੀ ਸੁਣ ਲੈਂਦੀ, ਤੇਰੀ ਹਿੱਕ 'ਤੇ ਚੜ੍ਹਕੇ ਦਿਲੀਏ ਬਹਿੰਦੇ ਨਾ। ਬਾਬਰ ਬਣਕੇ ਜੇ ਦਬਕਾਉਣਾ ਚਾਹੁੰਨੀ ਏਂ, 'ਨਾਨਕ' ਵਾਲੇ ਤੇਰਾ ਦਾਬਾ ਸਹਿੰਦੇ ਨਾ । ਉਪਰੋਂ ਉਪਰੋਂ ਗੱਲਾਂ ਕਰਦੀ ਭਲੇ ਦੀਆਂ, ਸਾਡੇ ਬਲਦੇ ਚੁਲ੍ਹੇ ਠੰਡੇ ਕਰਦੀ ਏਂ । ਤੂੰ ਬਦਨੀਤੀ ਹੋ ਕੇ, ਚਾਲਾਂ ਖੇਡ ਰਹੀ, ਆਪਣੇ ਜੋਟੀਦਾਰਾਂ ਦੇ ਢਿੱਡ ਭਰਦੀ ਏਂ। ਜੇਕਰ ਦਿਲ ਦੀ ਕਾਲ ਕਲੂਟੀ ਹੁੰਦੀ ਨ, ਤੈਨੂੰ ਉੱਕਾ ਚੰਗਾ ਮਾੜਾ ਕਹਿੰਦੇ ਨਾ । ਜੇ ਫਸਲਾਂ ਦੀ ਦਰਦ------- ਤੂੰ ਖੇਤਾਂ ਨੂੰ ਫਾਂਸੀ ਦੇਣਾ ਚਾਹੁੰਨੀ ਏਂ, ਉਹ ਸਾਡੇ ਲਈ, ਪਿਆਰੇ ਪੁੱਤਰ ਧੀਆਂ ਨੇ। ਤੂੰ ਮੂੰਹਾਂ 'ਚੋਂ ਬੁਰਕੀ ਖੋਹਣ ਦੀ ਠਾਣ ਲਈ, ਜਾਨ ਤਲੀ 'ਤੇ ਰੱਖ ਲਈ ਸਾਰੇ ਜੀਆਂ ਨੇ। ਜੇ ਨਾ ਸਾਡੇ ਗਲ ਵਿਚ ਫੰਦਾ ਪਾਉਂਦੀ ਤੂੰ, ਤੇਰੇ ਗਲ਼ ਵਿਚ ਫੰਦਾ ਬਣਕੇ ਪੈਂਦੇ ਨਾ । ਜੇ ਫਸਲਾਂ ਦੀ ਦਰਦ ਕਹਾਣੀ----- ਤੂੰ ਕੱਕਰਾਂ ਦੀ ਰੁੱਤੇ ਸਾਡੀਆਂ ਹੱਡੀਆਂ ਦੀ, ਧੂਣੀ ਬਾਲ ਕੇ ਸੇਕਣ ਦਾ ਕੰਮ ਕਰਦੀ ਏਂ। ਸਾਡੇ ਮਘਦੇ ਜੇਰੇ ਪੋਹ ਨਾ ਠਾਰ ਸਕੇ, ਤੂੰ ਮਹਿਲਾਂ ਦੀ ਗਰਮੀ ਵਿਚ ਵੀ ਠਰਦੀ ਏਂ। ਸਿਦਕ ਜਿੰਨ੍ਹਾਂ ਦੇ ਪਰਖੇ ਤੱਤੀਆਂ ਤਵੀਆਂ ਨੇ, ਨਿੱਕਿਆਂ ਨਿੱਕਿਆਂ ਦੁੱਖਾਂ ਕੋਲੋਂ ਢਹਿੰਦੇ ਨਾ ਜੇ ਫਸਲਾਂ ਦੀ ਦਰਦ ਕਹਾਣੀ--- ਜੇ ਫਸਲਾਂ ਦੀ ਦਰਦ ਕਹਾਣੀ ਸੁਣ ਲੈਂਦੀ ਤੇਰੀ ਹਿੱਕ 'ਤੇ ਚੜ੍ਹ ਕੇ ਦਿਲੀਏ ਬਹਿੰਦੇ ਨਾ।
ਕੰਬ ਰਿਹਾ ਚੌਂਕੀਦਾਰ-ਜੋਗਿੰਦਰ ਆਜ਼ਾਦ
ਗਾ ਰਹੇ ਹਨ ਜਿਉਣ ਮਰਨ ਦੇ ਗੀਤ ਨਾਨਕ ,ਗੋਬਿੰਦ, ਭਗਤ ਸਰਾਭੇ ਦੇ ਵਾਰਿਸ, ਚੌਕੀਦਾਰ ਦੇ ਪਾਪਾਂ ਨੂੰ ਕਰ ਰਹੇ ਬੇਨਕਾਬ। ਫਿਟਕਾਰ ਰਹੇ ਹਨ ਚੌਕੀਦਾਰ ਨੂੰ ਦੇ ਰਹੇ ਹਨ ਚੇਤਾਵਨੀਆਂ ਸੁਣੋ ਜਨਤਾ ਦੀ ਗਲ ਨਿਕਲੋ ਐਸ਼ਗਾਹਾਂ ਚੋਂ ਬਾਹਰ ਬੜਾ ਭੈਭੀਤ ਹੈ ਚੌਕੀਦਾਰ ਧੂੜ ਚ ਮਿਲ ਗਈਆਂ ਹਨ ਉਸ ਦੀਆਂ ਤਮਾਮ ਕੁਟਿਲ ਚਾਲਾਂ ਨਹੀ ਆਇਆ ਕੋਈ ਅਸਤਰ ਸ਼ਸਤਰ ਕੰਮ। ਵਧ ਰਿਹਾ ਹੈ ਉਮੜਦਾ ਸੈਲਾਬ ਆਤਮ ਵਿਸ਼ਵਾਸ ਨਾਲ ਲਬਰੇਜ਼, ਕਰ ਰਿਹਾ ਹੈ ਯੁੱਧ ਹਿੰਸਕ ਸੱਤਾ ਨਾਲ, ਲਸਾਨੀ ਸਾਹਸ, ਵਿਵੇਕ ਤੇ ਬਾਹੂਬਲ ਨਾਲ ,ਨਿ-ਸ਼ਸ਼ਤਰ, ਪੀ ਰਿਹਾ ਹੈ ਸ਼ਹਾਦਤ ਦੇ ਜਾਮ। ਬੜਾ ਭੈਭੀਤ ਹੈ ਚੌਕੀਦਾਰ ਉੜ ਗਈ ਹੈ ਉਸ ਦੀ ਰਾਤਾਂ ਦੀ ਨੀਂਦ। ਧੱਕ ਧੱਕ ਕਰ ਰਿਹਾ ਹੈ ਛਪੰਜਾ ਇੰਚ ਦਾ ਸੀਨਾ। ਹੁਣ ਨਾਟਕ ਕਰ ਰਿਹਾ ਹੈ ਨਿਰਭੈ ਹੋਣ ਦਾ।
ਬੜਾ ਭੈ ਭੀਤ ਹੈ ਚੌਕੀਦਾਰ-ਜੋਗਿੰਦਰ ਆਜ਼ਾਦ
ਉਮੜਦਾ ਆ ਰਿਹਾ ਹੈ ਜਨ ਸੈਲਾਬ, ਉਸ ਦੇ ਮਹਿਲਾ ਵੱਲ ਬੇਖੌਫ। ਘੱਤ ਲਏ ਹਨ ਡੇਰੇ ਉਨ੍ਹਾਂ ਰਾਜਧਾਨੀ ਦੇ ਚਾਰੇ ਪਾਸੇ ਸੁੰਨਸਾਨ ਸੜਕਾਂ ਤੇ ਵਸਾ ਲਏ ਨਵੇਂ ਨਗਰ ਸ਼ਹੀਦਾਂ ਦੇ ਨਾਮ ਤੇ ਰਸਦ ਨਾਲ ਭਰਪੂਰ ਹਨ ਉਨ੍ਹਾਂ ਦੇ ਨਵੇਂ ਉਸਾਰੇ ਘਰ ਜੰਗਲ ਚ ਕਰ ਦਿੱਤਾ ਹੈ ਮੰਗਲ। ਅਜੇ ਨਹੀਂ ਪਸਾਰੇ ਉਨ੍ਹਾਂ ਰਾਜਧਾਨੀ ਵੱਲ ਕਦਮ ਪਰ ਬੜਾ ਭੈਭੀਤ ਹੈ ਚੌਕੀਦਾਰ।
ਜੱਟ ਦੀ ਜੂਨ-ਦਲਜੀਤ ਕੌਰ ਦਾਂਊ
ਮੇਰੇ ਰਾਮ ਜੀਓ ਮੈਨੂੰ ਜੱਟ ਦੀ ਜੂਨੇ ਪਾਇਆ ਮੇਰੇ ਰਾਮ ਜੀਓ ਨਾਲ ਖ਼ੇਤ ਮਜ਼ਦੂਰ ਰਲਾਇਆ ਮਿੱਟੀ ਨਾਲ ਮਿੱਟੀ ਹੋ-ਹੋ ਕਣਕ ਸਿਆੜੀਂ ਕੇਰੀ ਕੱਕਰੀ ਰਾਤ ਸਿਆਲ ਦੀ ਪਾਣੀ ਦੀ ਫ਼ੇਰੀ ਪੁਤਰਾਂ ਵਾਂਗੂੰ ਪਾਲ ਕੇ ਮੈ ਵੱਡੀ ਕੀਤੀ ਧੀਆਂ ਵਾਂਗੂ ਤੋਰਕੇ ਮੈ ਸੀ ਨਾ ਕੀਤੀ ਦਾਣਾ - ਦਾਣਾ ਕਣਕ ਦਾ ਮੈ ਮੰਡੀ ਸੁਟਿਆ ਹੁਣ ਹੱਥ ਪਰਾਏ ਵਪਾਰੀਆਂ ਦੇ ਟੇਟੇ ਚੜਗੀ ਕਈ ਦਿਨ ਰੁਲਦੀ ਰਹੀ ਬੋਲੀ ਨਾ ਤੁਰਦੀ ਬੋਲੀ ਤਾਂ ਹੋ ਗਈ ਕੌਡੀਆਂ ਦੇ ਭਾ ਵਿਕਗੀ ਜੱਟ ਸੀਰੀ ਵਲੇ ਦੇਖਦਾ ਕੀ ਵਰਤਿਆ ਭਾਣਾ ਮੰਡੀ ਦੇ ਵਿਚ ਤੁਲ ਗਿਆ ਕਣਕ ਦਾ ਦਾਣਾ - ਦਾਣਾ ਕੀ ਖਟਿਆ ਕੀ ਵਟਿਆ ਤੇ ਕੀ ਗਵਾਇਆ ਮੇਰੇ ਰਾਮ ਜੀਓ ਮੈਨੂੰ ਜੱਟ ਦੀ ਜੂਨੇ ਪਾਇਆ ਮੇਰੇ ਰਾਮ ਜੀਓ ਨਾਲ ਖੇਤ ਮਜ਼ਦੂਰ ਰਲਾਇਆ
ਗੀਤ-ਅਜੀਤ ਕਮਲ
ਹੁਣ ਤਾਂ ਜੱਟਾ ਜਾਗ ਭੋਲ਼ਿਆ, ਹੁਣ ਤਾਂ ਜੱਟਾ ਜਾਗ । ਸੁੱਤੇ ਪਏ ਨੂੰ ਡਸ ਨਾ ਜਾਵੇ, ਜ਼ਹਿਰੀ ਕਾਲਾ ਨਾਗ਼। ਜਿੱਦਾਂ ਇਥੇ ਗੈਰਾਂ ਕੀਤਾ, ਆਪਣਿਆਂ ਨੇ ਕਰਨਾ। ਬੇਮੌਸਮ ਜੋ ਬੱਦਲ ਛਾਇਆ, ਤੇਰੇ ਖੇਤੀ ਵਰ੍ਹਨਾ ॥ ਉਜੜ ਨਾ ਜਾਵੇ ਭਾਗ ਭੋਲ਼ਿਆ ਉਜੜ ਨਾ ਜਾਵੇ ਭਾਗ ॥ ਫ਼ਸਲਾਂ ਦਾ ਮੁੱਲ ਹਾਕਮ ਮਿਥਦਾ, ਖਾਦ ਦਾ ਮਿਥੇ ਵਪਾਰੀ । ਲਾਗਤ ਵੀ ਨਾ ਪੱਲੇ ਪੈਂਦੀ, ਪੰਡ ਕਰਜ਼ੇ ਦੀ ਭਾਰੀ। ਹੰਸੋਂ ਬਣ ਨਾ ਕਾਗ ਭੋਲ਼ਿਆ, ਹੰਸੋਂ ਬਣ ਨਾ ਕਾਗ। ਦੂਰ ਦੁਰਾਡੇ ਫ਼ਸਲ ਲਿਜਾ ਕੇ, ਤਹਿ ਮੁੱਲ ਹੱਥ ਨਹੀਂ ਆਉਂਣਾ । ਘਟ ਮੁੱਲ ਉਤੇ ਫ਼ਸਲ ਵੇਚ ਕੇ, ਤੂੰ ਕੀ ਦੱਸ ਕਮਾਉਣਾ। ਹੱਕ ਦਾ ਬਾਲ਼ ਚਿਰਾਗ ਭੋਲ਼ਿਆ,ਹੱਕ ਦਾ ਬਾਲ਼ ਚਿਰਾਗ ॥ ਹੱਥੋਂ ਵੇਲਾ ਨਿਕਲ ਗਿਆ ਜੇ, ਫਿਰ ਪੈਣਾ ਪਛਤਾਉਂਣਾ ॥ ਜੋ ਕੁਝ ਇਸ ਵੇਲੇ ਹੈ ਤੇਰਾ, ਸਾਰਾ ਪਊ ਗੁਆਉਂਣਾ । ਨਹੀਂ ਮਿਟਣਾ ਇਹ ਦਾਗ ਭੋਲ਼ਿਆ,ਨਹੀਂ ਮਿਟਣਾ ਇਹ ਦਾਗ ॥ "ਕਮਲ” ਕਹੇ ਸਭ ਏਕਾ ਕਰੀਏ, ਆਪਣਾ ਹੱਕ ਜਤਾਈਏ। ਜੋ ਗੱਲ ਸਾਨੂੰ ਰਾਸ ਨਾ ਆਵੇ, ਨਾ ਉਸ ਨੂੰ ਅਪਣਾਈਏ। ਖਿੱਚ ਲੈ ਮਨ ਦੀ ਵਾਗੂ ਭੋਲ਼ਿਆ, ਖਿੱਚ ਲੈ ਮਨ ਦੀ ਵਾਗ਼।
ਇਤਿਹਾਸ ਵੇਖ ਰਿਹਾ ਤੈਨੂੰ-ਹਰਪ੍ਰੀਤ ਸਿੰਘ ਹੀਰੋ(ਡਾ:)
ਇਤਿਹਾਸ ਵੇਖ ਰਿਹਾ ਤੈਨੂੰ ਤੇ ਨਾਲੇ ਸਿਰਜ ਰਿਹਾ ਤੈਨੂੰ ਗੱਲ ਤੋਰਨ ਤੋਂ ਪਹਿਲਾਂ, ਮੈਂ ਵਿਰਾਸਤ ਦੱਸ ਦਿਆਂ ਤੇਰੀ ਤੂੰ ਲੀਰਾਂ ਹੋਏ ਪੰਜਾਬ ਦਾ ਨਹੀਂ ਸਪਤ ਸਿੰਧੂ ਦਾ ਜਾਇਆ ਹੈਂ ਤੂੰ ਸਰਹੱਦਾਂ ਤੋਂ ਪਾਰ ਜਾਂਦੇ ਬਾਬੇ, ਪੀਰ ਤੇ ਨਾਨਕ ਲਾਮੇ ਦੀ ਹਸਤੀ ਹੈਂ ਤੂੰ ਆਲਮੀ ਜੇਤੂ ਸਿਕੰਦਰ ਰੋਕਣ ਵਾਲੇ ਦੀ ਬਸਤੀ ਹੈਂ ਤੂੰ ਵੇਦਾਂ ਦਾ ਵੀ ਸਿਰਜਕ ਹੈਂ ਤੇ ਗ੍ਰੰਥਾਂ ਦਾ ਵੀ ਲੇਖਾਰੀ ਤੂੰ ਤੱਤੀਆਂ ਤਵੀਆਂ ਦਾ ਮਾਲਕ ਹੈਂ ਤੇ ਚਾਦਰ ਹਿੰਦ ਦੀ ਵੀ ਤੂੰ ਅਸ਼ਵਮੇਧ ਦਾ ਘੋੜਾਂ ਠੱਲਣ ਵਾਲਿਆਂ ਦਾ ਹਾਣੀ ਹੈਂ ਤੂੰ ਨਾਦਰ ਤੋਂ ਪੱਤ ਬਚਾਉਣ ਵਾਲੀਆਂ ਭੈਣਾਂ ਦਾ ਭਾਈ ਹੈਂ ਇਤਿਹਾਸ ਵੇਖ ਰਿਹਾ ਤੈਨੂੰ ਤੇ ਨਾਲੇ ਸਿਰਜ ਰਿਹਾ ਤੈਨੂੰ ਤੂੰ ਮਿਲਗੋਭਾ ਹੈਂ ਭਗਤੀ ਤੇ ਸ਼ਕਤੀ ਦਾ ਤੇਰੇ ਇਕ ਹੱਥ ਮੀਰੀ ਤੇ ਦੂਜੇ ਪੀਰੀ ਏ ਤੂੰ ਪਾਣੀ ਨਹੀਂ, ਲਹੂ ਨਾਲ ਬਾਗ ਸਿੰਜੇ ਨੇ ਤੇਰੀ ਰੱਤ ਨਾਲ ਆਜ਼ਾਦੀ ਦੇ ਬਹੁਤੇ ਪੰਨੇ ਰੰਗੇ ਨੇ ਏਨੀ ਰੰਗਦਾਰ ਵਿਰਾਸਤ ਦੇ ਤੂੰ ਖੂਨ 'ਚੋਂ ਆਇਆ ਏਂ ਇਤਿਹਾਸ ਵੇਖ ਰਿਹਾ ਤੈਨੂੰ ਤੇ ਨਾਲੇ ਸਿਰਜ ਰਿਹਾ ਤੈਨੂੰ ਸਿਆਸਤੀ ਚਾਲਾਂ ਦੇ ਜਾਲਾਂ ਨੇ ਤਾਣੀ ਨੂੰ ਉਲਝਾਉਣਾ ਏਂ ਇਕ ਸਹਿਜ ਰੱਖੀਂ ਤਲਖ਼ੀਆਂ ਤੈਨੂੰ ਡਰਾਉਣਾ ਏਂ ਤੂੰ ਮਾਲਕ ਹੋ ਕੇ ਵੀ ਸਦਾ ਹੱਥਲ ਹੈਂ ਹੋ ਜਾਂਦਾ ਇਹ ਕੈਸੇ ਲੇਖ ਮਸਤਕ ਦੇ, ਇਹ ਤੇਰੀ ਕੈਸੀ ਹੋਣੀ ਹੈ ਇਹ ਰਸਤਾ ਬਿਖੜਾ ਤੇ ਪੈਂਡਾ ਕਠਿਨ ਜਾਪੇਗਾ ਪਰ ਠੰਡੇ ਬੁਰਜ ਦੀਆਂ ਰਾਤਾਂ ਤੇ ਲੱਖੀ ਜੰਗਲ ਤੋਂ ਸੁਗਮ ਜਾਪੇਗਾ ਖੰਡੇ ਬਾਟੇ ਦੇ ਅੰਮ੍ਰਿਤ ਦਾ ਹੈ ਜਲੌਅ ਤੇਰੇ ਅੰਦਰ ਪਰ ਮਾਂ ਦੇ ਪਾਏ ਪਤਾਸਿਆਂ ਦੀ ਮਿੱਠਤ ਵੀ ਉਸ ਅੰਦਰ ਤੂੰ ਹਾਅ ਦਾ ਨਾਅਰਾ ਮਾਰਨ ਵਾਲਿਆਂ ਦੀ ਸੁੱਚੀ ਆਸ ਏਂ ਰੱਖੀਂ ਪਰ ਪਗੜੀ ਸੰਭਾਲ ਇਹੋ ਅਰਦਾਸ ਏ ਹਰ ਮੈਦਾਨੇ ਫ਼ਤਹਿ ਦਾ ਇਕ ਰਾਗ ਸੁਣੀਂਦਾ ਹੈ ਹਰ ਪਾਸੇ ਸਰਬਤ ਭਲੇ ਦਾ ਇਕ ਨਾਅਰਾ ਗੂੰਜੀਦਾ ਹੈ ਤੂੰ ਵਿਤਕਰੇ ਮੇਟ ਕੇ, ਤੇ ਬੇਦਾਵੇ ਪਾੜ ਕੇ ਆਵੀਂ ਸਰਬ ਸਾਂਝੀਵਾਲ ਦਾ ਪਰਚਮ ਚਾੜ੍ਹ ਕੇ ਆਵੀਂ ਇਤਿਹਾਸ ਵੇਖ ਰਿਹਾ ਤੈਨੂੰ ਤੇ ਨਾਲੇ ਸਿਰਜ ਰਿਹਾ ਤੈਨੂੰ
ਦਿਲ ਦੀਏ ਕਾਲ਼ੀਏ-ਨਰਿੰਦਰ ਸਿੰਘ ਸੰਧੂ ਬਟਾਲਵੀ
ਦਿਲ ਦੀਏ ਕਾਲ਼ੀਏ ਤੇ ਅੱਖਾਂ ਦੀਏ ਬਿੱਲੀਏ। ਇੱਕ ਗੱਲ ਸੁਣ ਲੈ ਤੂੰ ਕੰਨ ਖੋਲ ਦਿੱਲੀਏ। ਅਕਲਾਂ ਦੀ ਤੇਰੀ ਨੀ ਗਰਾਰੀ ਬਾਹਲੀ ਢਿੱਲੀ ਏ। ਘੜ ਕੇ ਕਾਨੂੰਨ ਰਹੀ ਕਿਸਾਨ ਜੜ੍ਹੋਂ ਪੁੱਟ ਨੀ। ਹੋ ਜਾਏ ਤੈਨੂੰ ਲਕਵਾ ਤੇ ਲੱਕ ਜਾਏਂ ਟੁੱਟ ਨੀ। ਸਾਹ ਸੂਤ ਰੱਖੇ ਸਦਾ ਸੂਲੀ ਸਾਨੂੰ ਟੰਗਿਆ ਸਾਡੇ ਖ਼ੂਨ ਨਾਲ ਇਤਿਹਾਸ ਨੂੰ ਤੂੰ ਰੰਗਿਆ। ਲਗਾਤਾਰ ਚੂਸਿਆ ਤੇ ਕਦੇ ਕੱਠਾ ਮੰਗਿਆ। ਪਾਈ ਰੱਖੀ ਲੋਕਾਂ 'ਚ ਹਮੇਸ਼ਾਂ ਈਂ ਤੂੰ ਫੁੱਟ ਨੀ ਹੋ ਜਾਏ ਤੈਨੂੰ ਲਕਵਾ ਤੇ ਲੱਕ ਜਾਏਂ ਟੁੱਟ ਨੀ। ਮੁੱਢ ਤੋਂ ਕੁਲਿਹਣੀਏਂ ਰਹੇ ਪੁੱਠੇ ਤੇਰੇ ਕਾਰੇ ਨੀ। ਸੀਸ ਲਿਆ ਗੁਰਾਂ ਦਾ ਕਈ ਚਰਖੜੀ ਚਾੜ੍ਹੇ ਨੀ ਦੇਗਾਂ 'ਚ ਉਬਾਲੇ,ਫੇਰੇ ਤਨਾਂ ਉੱਤੇ ਆਰੇ ਨੀ। ਰਿਹਾ ਏ ਵਿਹਾਰ ਤੇਰਾ ਲੁੱਟ ਤੇ ਘਸੁੱਟ ਨੀ। ਹੋ ਜਾਏ ਤੈਨੂੰ ਲਕਵਾ ਤੇ ਲੱਕੋਂ ਜਾਏਂ ਟੁੱਟ ਨੀ। ਵਿੱਚ ਸੰਤਾਲੀ ਟੋਟੇ ਕਰ ਕੇ ਉਜਾੜਿਆ। ਲੱਖਾਂ ਮਰਵਾ ਕੇ ਬੁੱਤਾ ਕੁਰਸੀ ਦਾ ਸਾਰਿਆ। ਪਾਣੀ ਖੋਹ ਕੇ,ਬੋਲੀ ਰੱਦ ਸਮੇਂ ਸਮੇਂ ਮਾਰਿਆ। ਅੱਤਵਾਦ ਵਾਲੇ ਦੌਰ ਦਿੱਤਾ ਕਦੇ ਸੁੱਟ ਨੀ। ਹੋ ਜਾਏ ਤੈਨੂੰ ਲਕਵਾ ਤੇ ਲੱਕੋਂ ਜਾਏਂ ਟੁੱਟ ਨੀ। ਵਿੱਚ ਤੂੰ ਚੁਰਾਸੀ ਇੱਕ ਹੋਰ ਲੋਹੜਾ ਮਾਰਿਆ। ਪਾ ਪਾ ਗਲੀਂ ਟਾਇਰ ਸੀ ਹਜ਼ਾਰਾਂ ਤਾਈਂ ਸਾੜਿਆ। ਇੱਜ਼ਤਾਂ ਸੀ ਲੁੱਟੀਆਂ ਤੇ ਪੈਰੀਂ ਵੀ ਲਤਾੜਿਆ। ਸੈਂਕੜੇ ਸੀ ਮਾਰੇ ਘਰੀਂ ਬੈਠੇ ਕੁੱਟ ਕੁੱਟ ਨੀ। ਹੋ ਜਾਏ ਤੈਨੂੰ ਲਕਵਾ ਤੇ ਲੱਕ ਜਾਏਂ ਟੁੱਟ ਨੀ।
ਗ਼ਜ਼ਲ-ਹਰਜਿੰਦਰ ਬੱਲ
ਮਿੱਟੀ-ਘੱਟੇ ਰੋਲ਼ 'ਤੀ, ਸਰਕਾਰਾਂ ਨੇ ਸ਼ਾਨ। ਬੀਤ ਗਏ ਦਿਨ ਸੀ ਜਦੋਂ, ਮੇਰਾ ਦੇਸ ਮਹਾਨ। ਸੀਨੇ ਪੱਥਰ ਧਰ ਲਵੋ, ਹੁਣ ਰੋਣਾ ਬੇਕਾਰ, ਪਹਿਲਾਂ ਕਿਉਂ ਸੌਂਪੀ ਤੁਸੀਂ, ਚੋਰਾਂ ਹੱਥ ਕਮਾਨ। ਇਕ ਵੀ ਲੀਡਰ ਦਾ ਰਿਹਾ, ਨਾ ਕੋਈ ਇਤਬਾਰ, ਨਾ ਇਹਨਾਂ ਦਾ ਦੀਨ ਹੈ, ਨਾ ਕੋਈ ਈਮਾਨ। ਪਲ ਵਿਚ ਧੂੰ ਪੰਜਾਬ ਦਾ, ਟੱਪ ਗਿਆ ਇੰਦੌਰ, ਪਰ ਦਿੱਲੀ ਨੂੰ ਨਾ ਸੁਣੇ, ਵਿਲਕ ਰਿਹਾ ਕਿਰਸਾਨ। ਲਗਦੈ ਬਹੁਤੇ ਵਿਕ ਗਏ, ਚੈਨਲ ਤੇ ਅਖ਼ਬਾਰ, ਜ਼ੁਲਮ-ਸਿਤਮ ਸਭ ਵੇਖ ਜੋ, ਰੱਖਣ ਬੰਦ ਜ਼ੁਬਾਨ। ਜੇ ਇਹਨਾਂ ਨੂੰ ਰੱਬ ਦਾ, ਹੁੰਦਾ ਭੋਰਾ ਖ਼ੌਫ਼, ਨਾ ਗਲ਼ੀਆਂ ਵਿਚ ਰੋਲ਼ਦੇ, ਇੰਜ ਗ੍ਰੰਥ-ਕੁਰਾਨ। ਇਉਂ ਹੀ ਇਹਨਾਂ ਵੇਖਿਓ, ਦੇਣੇ ਮਾਰ ਗ਼ਰੀਬ, ਜਿਉਂ ਚਿੱਟੇ ਨੇ ਮਾਰ 'ਤੇ, ਸਾਡੇ ਪੁੱਤ ਜਵਾਨ। ਖ਼ੁਦ ਹੀ ਸੋਚੋ ਉਹ ਕਿਵੇਂ, ਰੋਕ ਲਵੇਗਾ ਲੁੱਟ, ਰਾਖਾ ਜਿਹੜੇ ਮੁਲਕ ਦਾ, ਮੁੱਢੋਂ ਬੇਈਮਾਨ। ਕਿੰਜ ਭਲਾ ਇਹ ਸੁਣਨਗੇ, ਹੁਣ ਤੇਰੀ ਫਰਿਆਦ, ਚੋਰ-ਉਚੱਕੇ ਚੌਧਰੀ, ਗੁੰਡੀ ਰੰਨ ਪ੍ਰਧਾਨ। ਤੂੰ ਸਾਰਾ ਕੁਝ ਸੌਂਪਣਾ, ਥਾਲੀ ਦੇ ਵਿਚ ਰੱਖ, 'ਕੱਠੇ ਹੋ ਜਦ ਤੁਰ ਪਏ, ਦਿੱਲੀ ਵੱਲ ਕਿਸਾਨ। ਨੇਤਾ ਹੀ ਗਏ ਓਸ ਨੂੰ, ਖੰਭਾਂ ਸਣੇ ਡਕਾਰ, ਸੋਨ-ਚਿੜੀ ਸੀ ਜੋ ਕਦੇ, ਹੁੰਦਾ ਹਿੰਦੁਸਤਾਨ। ਦੇਸ-ਧ੍ਰੋਹੀ ਕਹਿ ਕਿਤੇ, ਦੇਣ ਨਾ ਸੂਲ਼ੀ ਟੰਗ, ਤੰਗ ਗਲ਼ੀ 'ਚੋਂ ਨਿਕਲ ਜਾ, 'ਬੱਲ'! ਬਚਾ ਕੇ ਜਾਨ।
ਗ਼ਜ਼ਲ-ਹਰਜਿੰਦਰ ਬੱਲ
ਹੱਕਾਂ ਖ਼ਾਤਰ ਲੜੀਏ ਨਾ ਤਾਂ ਕੀ ਕਰੀਏ? ਸੀਸ ਤਲੀ 'ਤੇ ਧਰੀਏ ਨਾ ਤਾਂ ਕੀ ਕਰੀਏ? ਪਾਰ ਝਨਾਂ ਦੇ ਕੋਈ ਹਾਕਾਂ ਮਾਰ ਰਿਹੈ, ਜੇ ਕੱਚੇ 'ਤੇ ਤਰੀਏ ਨਾ ਤਾਂ ਕੀ ਕਰੀਏ? ਤਰਲੇ, ਹਾੜੇ ਸੁਣਦਾ ਨਾ ਹਾਕਮ ਅਜ ਕਲ੍ਹ, ਹੁਣ ਤਲਵਾਰ ਜੇ ਫੜੀਏ ਨਾ ਤਾਂ ਕੀ ਕਰੀਏ? ਪਲ ਵਿਚ ਜਿਹੜਾ ਅਰਸ਼ੋਂ ਫਰਸ਼ ਬਿਠਾ ਦਿੰਦੈ, ਉਸ ਕੋਲੋਂ ਜੇ ਡਰੀਏ ਨਾ ਤਾਂ ਕੀ ਕਰੀਏ? ਦੱਸ 'ਛਪੰਜਾ ਇੰਚੀ' ਤੇਰੀ ਹਿੱਕ ਉੱਪਰ, ਪੱਬ ਅਸੀਂ ਜੇ ਧਰੀਏ ਨਾ ਤਾਂ ਕੀ ਕਰੀਏ?
ਦਿੱਲੀ ਬਨਾਮ ਪੰਜਾਬ-ਹਰਜਿੰਦਰ ਬੱਲ
ਸਬਰ ਮੇਰਾ ਅਜ਼ਮਾਉਣਾ ਛੱਡ ਦੇ ਰਾਤ ਦਿਨੇ ਭਰਮਾਉਣਾ ਛੱਡ ਦੇ ਗੱਲਾਂ ਵਿਚ ਉਲਝਾਉਣਾ ਛੱਡ ਦੇ ਕੀਤੇ `ਤੇ ਪਛਤਾਵੇਂਗੀ ਤੂੰ ਕੰਨਾਂ ਨੂੰ ਹੱਥ ਲਾਵੇਂਗੀ ਤੂੰ ਹਾਲ ਪਾਹਰਿਆ ਪਾਵੇਂਗੀ ਤੂੰ ਜਾਣ ਕੇ ਬਣਦੀ ਗ਼ਾਫ਼ਿਲ ਹੈਂ ਤੂੰ ਸੱਚ ਕਹਾਂ ਮੈਂ ਕਾਤਿਲ ਹੈਂ ਤੂੰ ਕਤਲਾਂ ਵਿਚ ਖ਼ੁਦ ਸ਼ਾਮਿਲ ਹੈਂ ਤੂੰ ਕਰ ਲਿਆ ਹੁਣ ਤਕ ਸਬਰ ਬਥੇਰਾ ਸਬਰ ਪਿਆਲਾ ਭਰ ਗਿਆ ਮੇਰਾ ਰਿਹਾ ਨਾ ਕੋਈ ਭਰੋਸਾ ਤੇਰਾ ਸਾਰਾ ਮੁਲਕ ਰਜਾ ਬੈਠਾ ਆਂ ਆਪਣਾ ਆਬ ਮੁਕਾ ਬੈਠਾ ਆਂ ਜ਼ਹਿਰੀ ਧਰਤ ਬਣਾ ਬੈਠਾ ਆਂ ਪੰਜਾਬ ਸਿਹੁੰ ਹੁਣ ਅੱਕ ਗਿਆ ਹੈ ਜ਼ੁਲਮ ਤੇਰੇ ਸਹਿ ਥੱਕ ਗਿਆ ਹੈ ਦਿੱਲੀਏੇ! ਟੁੱਟ ਤੜੱਕ ਗਿਆ ਹੈ ਹੁਣ ਤਾਂ ਖੰਡਾ ਚੱਕਣਾ ਪੈਣਾ ਮਰਦੇ ਨੂੰ ਅੱਕ ਚੱਬਣਾ ਪੈਣਾ ਹਿੱਕ ਤੇਰੀ 'ਤੇ ਨੱਚਣਾ ਪੈਣਾ ਅੱਗ ਦੇ ਦਰਿਆ ਤਰ ਜਾਵਾਂਗਾ ਸਮਝੀਂ ਨਾ ਮੈਂ ਹਰ ਜਾਵਾਂਗਾ ਤੇਰੇ ਕੋਲੋਂ ਡਰ ਜਾਵਾਂਗਾ ਗੱਲ ਸਿਰੇ ਹੁਣ ਲਾ ਕੇ ਛੱਡੂੰ ਕੰਨੀਂ ਹੱਥ ਲੁਆ ਕੇ ਛੱਡੂੰ ਨਾਨੀ ਯਾਦ ਕਰਾ ਕੇ ਛੱਡੂੰ
ਗ਼ਜ਼ਲ-ਹਰਜਿੰਦਰ ਬੱਲ
ਤੈਨੂੰ ਅਪਣੀ ਜ਼ਿੱਦ ਪੁਗਾ ਕੇ ਕੀ ਮਿਲਿਆ? ''ਅੱਲ੍ਹਾ'' ਦੀ ਥਾਂ ''ਰਾਮ'' ਲਿਖਾ ਕੇ ਕੀ ਮਿਲਿਆ? ਜਿਸ ਨੂੰ ਕੋਈ ਪਿੰਡ ਦਾ ਪੰਚ ਬਣਾਵੇ ਨਾ, ਉਸ ਨੂੰ ਦਿੱਲੀ ਤਖ਼ਤ ਬਿਠਾ ਕੇ ਕੀ ਮਿਲਿਆ? ਹੱਕ ਅਪਣਾ ਹੀ ਜਿਸ ਧਰਤੀ ਤੋਂ ਖੁੱਸ ਰਿਹੈ, ਉਹ ਧਰਤੀ ਆਜ਼ਾਦ ਕਰਾ ਕੇ ਕੀ ਮਿਲਿਆ? ਸੁਣਦਾ ਨਾ ਬਸ 'ਮਨ ਕੀ ਬਾਤ' ਸੁਣਾਂਉਂਦੈ ਜੋ, ਉਸ ਨੂੰ ਦੂਜੀ ਵਾਰ ਜਿਤਾ ਕੇ ਕੀ ਮਿਲਿਆ? ਪੰਜ ਵਰ੍ਹੇ ਵਿਚ ਸੁਰਤ ਟਿਕਾਣੇ ਆਈ ਨਾ, ਫਿਰ ਓਹੀ ਗ਼ਲਤੀ ਦੁਹਰਾ ਕੇ ਕੀ ਮਿਲਿਆ? ਸੜਕਾਂ 'ਤੇ ਰੁਲ਼ਦੇ ਮਜ਼ਦੂਰੋ! ਕਿਰਸਾਨੋ!! ਮੱਝਾਂ ਅੱਗੇ ਬੀਨ ਵਜਾ ਕੇ ਕੀ ਮਿਲਿਆ? ਭਗਵੇਂ ਬਿਨ ਜਿਸ ਨੂੰ ਕੁਝ ਦਿਸਦਾ ਨਾ, ਉਸ ਨੂੰ, ਰੰਗਾਂ ਵਾਲੀ ਹੱਟ ਬਿਠਾ ਕੇ ਕੀ ਮਿਲਿਆ? ਪੱਲਾ ਝਾੜ ਗਿਐ ਜੋ ਸਭ ਕੁਝ ਲੁਟ-ਪੁਟ ਕੇ, ਉਸ ਨੂੰ ਚੌਕੀਦਾਰ ਬਣਾ ਕੇ ਕੀ ਮਿਲਿਆ? ਸੱਥਾਂ, ਮੋੜਾਂ ਹਰ ਮਹਿਫ਼ਿਲ ਵਿਚ ਚਰਚਾ ਹੈ, ਮਾਚਿਸ ਬਾਂਦਰ ਹੱਥ ਫੜਾ ਕੇ ਕੀ ਮਿਲਿਆ । ਸੋਚ ਕਦੇ ਐ ਦੇਸ ਮੇਰੇ ਦੇ ਕਿਰਸਾਨਾ! ਤੈਨੂੰ ਪੂਰਾ ਮੁਲਕ ਰਜਾ ਕੇ ਕੀ ਮਿਲਿਆ? ਕਿਉਂ ਕਹਿਣਾ ਸੀ ਰਾਣੀ ਨੂੰ ਤੂੰ 'ਅੱਗਾ ਢੱਕ', 'ਬੱਲ' ਭਲਾ ਹੁਣ ਹੱਡ ਤੁੜਾ ਕੇ ਕੀ ਮਿਲਿਆ?
ਪਾ ਕੇ ਲੂਣ ਜੜ੍ਹਾਂ ਵਿੱਚ-ਹਰਦੀਪ ਬਿਰਦੀ
ਪਾ ਕੇ ਲੂਣ ਜੜ੍ਹਾਂ ਵਿੱਚ ਜ਼ਾਲਮ ਸਾੜ ਦਿਓ। ਜੇ ਨਹੀਂ ਮੰਨਦਾ ਤਾਂ ਫਿਰ ਵਰਕਾ ਪਾੜ ਦਿਓ। ਜਿਹੜਾ ਰੋਕਾਂ ਲਾ ਕੇ ਸਾਨੂੰ ਰੋਕ ਰਿਹਾ, ਉਸਨੂੰ ਇਹਨਾਂ ਰੋਕਾਂ ਵਿੱਚ ਹੀ ਤਾੜ ਦਿਓ। ਇਸਦੀ ਪੌੜੀ ਚੁੱਕ ਕੇ ਪਾਸੇ ਸੁੱਟ ਦੇਣਾ, ਪਹਿਲਾਂ ਇਸਨੂੰ ਕੋਠੇ ਉੱਤੇ ਚਾੜ੍ਹ ਦਿਓ। ਜਿਸਨੇ ਥੋਨੂੰ ਇਹ ਠਰਦੇ ਦਿਨ ਦਿੱਤੇ ਨੇ, ਐਸੇ ਸੂਰਜ ਨੂੰ ਚੁੱਲ੍ਹੇ ਪਾ ਰਾੜ੍ਹ ਦਿਓ। ਚਾਹ ਵਾਲਾ ਚਾਹ ਪੀਣੀ ਹੀ ਬਸ ਭੁੱਲ ਜਾਵੇ, ਰਲਕੇ ਉਸਦੀ ਚਾਹ ਨੂੰ ਐਸਾ ਕਾੜ੍ਹ ਦਿਓ। ਜਿਹੜਾ ਸੁਣਨੇ ਤੋਂ ਵੀ ਮੁਨਕਰ ਹੋਇਆ ਹੈ, ਉਸਦੀ ਵਾਰੀ ਸਾਰੇ ਪੱਲਾ ਝਾੜ ਦਿਓ। ਸੁਫ਼ਨੇ ਵਿਚ ਵੀ ਉਹ ਸਾਨੂੰ ਨਾਂਹ ਆਖੇ ਨਾ, ਦੱਬ ਚੰਦਰੇ ਦੀ ਲੱਭ ਕੇ ਓਹੀ ਨਾੜ ਦਿਓ। ਏਕਾ ਰਖਿਓ ਗੱਲਾਂ ਦੇ ਵਿੱਚ ਆਇਓ ਨਾ, ਫੁੱਟ ਪਾਵੇ ਤਾਂ ਉਸਦੇ ਕਰ ਸੌ ਫਾੜ ਦਿਓ।
ਨਹੀਂ ਪਰਤਣਾ-ਰਮਨ ਔਲਖ
ਚਾਹੇ ਸੁੱਖਾਂ ਨੇ ਮੂੰਹ ਫੇਰ ਲਿਆ ਦਿਖਾ ਛੱਡੇ ਜ਼ਿੰਦਗੀ ਨੇ ਕੈਸੇ ਮੰਜ਼ਰ ਨੇ ਬੇਸ਼ੱਕ ਆਪਣੇ ਵੀ ਹੋ ਬੇਗਾਨੇ ਗਏ ਤੇ ਚਲਾ ਗਏ ਪਿੱਠ ਤੇ ਖੰਜਰ ਨੇ ਤਾਂ ਵੀ ਹਾਕਮ ਹਰਾਉਣਾ ਏ ਅੜਕੇ ਨਹੀਂ ਪਰਤਣਾ ਜੇ ਬਿਨ ਮੰਜ਼ਿਲ ਦੇ। ਅਸਾਂ ਪੌਣ ਇਹ ਸੀਤ ਵੀ ਸਹਿਣੀ ਏ ਗਲਵੱਕੜੀ ਇਹਦੀ ਲੈਣੀ ਏ ਅਸਾਂ ਵਿਛਣਾ ਠੰਢੀ ਧਰਤ ਉੱਤੇ ਤੇ ਹੇਠਾਂ ਸੌਣਾ ਨੀਲੇ ਅੰਬਰ ਦੇ ਅਸਾਂ ਹਾਕਮ ਹਰਾਉਣਾ ਏ ਅੜਕੇ ਨਹੀਂ ਪਰਤਣਾ ਜੇ ਬਿਨ ਮੰਜ਼ਿਲ ਦੇ। ਅਸਾਂ ਬਿਸਤਰ ਦਾ ਸੁਖ ਭੁੱਲ ਜਾਣਾ ਚੇਤੇ ਕਰ ਮਾਂ ਗੁਜਰੀ ਦੇ ਜ਼ੇਰੇ ਨੂੰ ਹੈ ਮੁਰਝਾਇਆ ਤੋਂ ਮੁੜ ਖਿਲ ਜਾਣਾ ਜਦ ਠੰਡੇ ਬੁਰਜ ਦੀ ਗੱਲ ਛੋਹਣੀ ਸੁੱਖ ਭੁੱਲ ਜਾਣੇ ਕੋਟੀ ਕੰਬਲ ਦੇ ਅਸਾਂ ਹਾਕਮ ਹਰਾਉਣਾ ਏ ਅੜਕੇ ਨਹੀਂ ਪਰਤਣਾ ਜੇ ਬਿਨ ਮੰਜ਼ਿਲ ਦੇ। ਬੇਸ਼ੱਕ ਆਪਾਂ ਗਵਾ ਜਾਈਏ ਵਿਚ ਮੈਦਾਨ ਸ਼ਹੀਦੀਆਂ ਪਾ ਜਾਈਏ ਔਲਖ ਹਰਿਆਵਲ ਹੈ ਜਿਉਂਦੀ ਰੱਖਣੀ ਖੇਤ ਹੋਣ ਨਹੀਂ ਦੇਣੇ ਬੰਜਰ ਨੇ ਅਸਾਂ ਹਾਕਮ ਹਰਾਉਣਾ ਏ ਅੜਕੇ ਨਹੀਂ ਪਰਤਣਾ ਏ ਬਿਨ ਮੰਜ਼ਿਲ ਦੇ ।
ਗ਼ਜ਼ਲ-ਆਸ਼ੂ ਕੁਮਰਾ
ਹਾਕਮ ਤੇਰੇ ਜ਼ੁਲਮ ਤੋਂ, ਅਣਖੀ ਡਰਦੇ ਨਹੀਂ। ਮੁੱਦਤ ਤੋਂ ਧੱਕੇ ਸਹਿ, ਪਰ ਹੁਣ ਜ਼ਰਦੇ ਨਹੀਂ। ਹੱਕ ਸੱਚ ਦਾ ਸੁਨੇਹਾ, ਪੰਜਾਬੀ ਲੈਕੇ ਆਏ ਨੇ। ਨੀਰ ਦੀਆਂ ਬੌਸ਼ਾਰਾ ਕੋਲੋਂ, ਯੋਧੇ ਡਰਦੇ ਨਹੀਂ। ਮੁਸ਼ਿਕਲਾਂ ਝੱਲ ਕੇ, ਕਿਰਤ ਕਮਾਈ ਜਿਨ੍ਹਾਂ ਨੇ। ਖੁਦਕੁਸ਼ੀ ਦੀ ਮੌਤ ਹੁਣ, ਕਿਰਤੀ ਮਰਦੇ ਨਹੀਂ। ਕਦ ਤੱਕ ਪਰਖੇਗੀ ਦਿੱਲੀਏ, ਸਾਡੇ ਸਬਰ ਨੂੰ। ਪੋਹ ਵਾਲੀ ਠੰਡ ’ਚ, ਅੰਨਦਾਤਾ ਠਰਦੇ ਨਹੀਂ। ਹਰ ਪੈੜ ਤੇ ਫੁੱਲਾਂ ਦੀ ਫ਼ਸਲ, ਬੀਜ ਆਏ ਹਾਂ। ਨਫ਼ਰਤਾਂ ਫੈਲਾਉਣ ਵਾਲੇ, ਸਾਨੂੰ ਜ਼ਰਦੇ ਨਹੀਂ।
ਦਿੱਲੀਏ! ਰੁਖ਼ ਕਿਨੇਹਾ ਹਵਾ ਦਾ-ਪ੍ਰਿੰ.ਕ੍ਰਿਸ਼ਨ ਸਿੰਘ
ਦਿੱਲੀਏ ! ਰੁਖ਼ ਕਿਨੇਹਾ ਹਵਾ ਦਾ, ਤੂੰ ਕਿਹੜੇ ਸੁਪਨ- ਸੰਜੋਏ ਨੇ? ਪੰਜਾਬ-ਧਰਤਿ ਦੇ ਜਾਇਆਂ ਲਈ,ਕਿਸ ਬਦਲੇ ਦੇ ਬੀ ਬੋਏ ਨੇ? ਜਿਉਂ- ਜਿਉਂ ਬੀਜ ਹੁਣ ਖਿੱਲਰਨ ਲੱਗੇ, ਭਾਂਵੜ ਵੱਡੇ ਹੋਣ ਲੱਗੇ, ਤੂੰ ਆਪਣੇ ਦਿਲੋਂ ਭੁਲੇਖੇ ਕੱਢ ਦੇ,ਕਿ ਬੰਦਿਆਂ 'ਚੋਂ ਬੰਦੇ ਖੋਏ ਨੇ? ਮਹਾਂ-ਪੰਜਾਬ ਮੁਹੱਬਤੀ ਸਾਂਝਾਂ, ਮੁੜ ਜੌਬਨ- ਰੁੱਤੇ ਆਈਆਂ ਨੇ, ਕਿਸਾਨ-ਅੰਦੋਲਨ ਸਭ ਮੁੱਦੇ ਸਾਂਝੇ, ਪਟਿਆਲੇ ਭਾਵੇਂ ਪਹੋਏ ਨੇ। ਕਿਰਸਾਣੀ ਦੀ ਪਰਿਭਾਸ਼ਾ ਕੀ ਹੈ, ਇਹ ਤਾਂ ਪਹਿਲਾਂ ਜਾਣ ਲੈ ਤੂੰ? ਬਣ ਕੇ ਨਿਰਾ ਕਿਤਾਬੀ- ਕੀੜਾ, ਕਿਵੇਂ ਖੇਤੀ- ਕਾਨੂੰਨ ਪਰੋਏ ਨੇ? ਆ ਦਿੱਲੀਏ,ਸੰਵਾਦ ਰਚਾ ਲੈ,ਸੰਚਾਰ-ਵਿੱਥਾਂ ਮਿਟ ਜਾਣਗੀਆਂ, ਵਿਸ਼ਵਵਿਆਪੀ ਏਜੰਡਾ ਬਣ ਗਿਆ,ਕਿਉਂ ਹੁਣ ਭੇਤ ਲੁਕੋਏ ਨੇ? ਆਜ਼ਾਦੀ ਦੇ ਪਰਵਾਨੇ ਮੁੱਢੋਂ, ਇਹ ਅਣਖ਼ -ਗ਼ੈਰਤ ਦੇ ਰਾਖੇ ਨੇ, ਸੀ ਗੋਰਿਆਂ ਜਦੋਂ ਗ਼ੁਲਾਮ ਬਣਾਇਆ,ਸਭ ਇਨ੍ਹਾਂ ਧੋਣੇ -ਧੋਏ ਨੇ। ਖ਼ੁਦ ਹੱਕ -ਹਕੂਕਾਂ ਰਾਖੀ ਕਰਨਾ,ਇਹ ਤਾਂ ਕੋਈ ਗੁਨਾਹ ਨਹੀਂ, ਦਿੱਲੀਏ, ਤੂੰ ਜ਼ਰਾ ਵੀ ਤਰਸ ਨ ਖਾਧਾ,ਜੋ ਹੱਦਾਂ 'ਤੇ ਰੋਣੇ- ਰੋਏ ਨੇ। ਦੂਸ਼ਣਬਾਜ਼ੀ ਦੀਆਂ ਪੰਡਾਂ ਬੰਨ੍ਹ ਕੇ, ਤੂੰ ਪਾਰ ਕਿਧਰ ਦੀ ਹੋਵੇਂਗੀ? ਅੰਨਦਾਤੇ ਨੇ ਮਿਸ਼ਨ ਦੀ ਖ਼ਾਤਰ,ਹੱਕ-ਸੱਚ ਦੇ ਪਲੜੇ ਜੋਏ ਨੇ। ਦਿੱਲੀਏ,ਖੇਤਾਂ ਦੇ ਹਾਂ ਪੁੱਤ ਅਸੀਂ, ਹਾਂ ਖੇਤਾਂ ਦੇ ਉੱਤੇ ਪਲਣ ਵਾਲੇ, ਡਰੀਏ ਨ ਇਮਤਿਹਾਨੀ ਘੜੀਆਂ ,ਸਾਡੇ ਜੁੱਸੇ ਨਵੇਂ -ਨਰੋਏ ਨੇ। ਅਡਾਨੀ,ਅੰਬਾਨੀ ਬਣਾ ਚਹੇਤੇ,'ਬਾਬਾ ਬੰਦਾ' ਤੋਂ ਪਿੱਠ ਮੋੜ ਲਈ, ਦਿੱਲੀਏ !ਅੰਨਦਾਤੇ ਦੀ ਛਾਤੀ ਉੱਤੇ ,ਕਿਉਂ ਮਾਰੂ ਕੰਡੇ ਖੁਭੋਏ ਨੇ । ਕਿਰਤ ਕਰਨ,ਵੰਡ ਛਕਣ,ਨਾਮ ਜਪਣ,ਹੈ ਤ੍ਰਿਵੈਣੀ ਗੁਰਮਤਿ ਦੀ, ਬਣਦੇ ਸਰਬੱਤ ਭਲੇ ਦੇ ਆਸ਼ਕ,ਇਹ ਸੁਪਨੇ ਕਦੇ ਨਾ ਮੋਏ ਨੇ।
ਬੋਲੀ, ਜਾਤਾਂ ਤੇ ਧਰਮਾਂ ਦੇ ਨਾਂ ਤੇ-ਗੁਰਮੇਲ ਕੌਰ ਸੰਘਾ (ਥਿੰਦ)
ਬੋਲੀ, ਜਾਤਾਂ ਤੇ ਧਰਮਾਂ ਦੇ ਨਾਂ ਤੇ, ਬੈਠੇ ਭਾਈਆਂ ਦੀ ਵੰਡ ਕੇ ਢਾਣੀ। ਸੱਭਿਆਚਾਰ, ਇਲਾਕੇ ਤੇ ਕਿੱਤੇ, ਵੰਡੀਆਂ ਜ਼ਮੀਨਾਂ ਤੇ ਵੰਡੇ ਪਾਣੀ। ਰਾਜਨੀਤੀ ਵਿੱਚ ਪਾਰਟੀਆਂ ਨੇ, ਪਾੜ ਬਿਠਾਇਆ ਲੋਕਾਂ ਨੂੰ। ਜਾਗੋ, ਜਾਗੋ ! ਪਛਾਣੋ ਕਿਰਤੀਓ,/ਕਿਸਾਨੋ ਆਹ ਖ਼ੂਨ (ਲਹੂ) ਪੀਣੀਆਂ ਜੋਕਾਂ ਨੂੰ। ਜਾਗੋ, ਜਾਗੋ ! ਪਛਾਣੋ ਕਿਸਾਨੋ ਆਹ ਖ਼ੂਨ(ਲਹੂ) ਪੀਣੀਆਂ ਜੋਕਾਂ ਨੂੰ। ਲੋਕਰਾਜ ਵਿੱਚ ਤਾਨਾਸ਼ਾਹੀਆਂ, ਕਨੂੰਨਾਂ ਦੀਆਂ ਉਡੀਆਂ ਧੱਜੀਆਂ। ਬੂਹੇ ਤੇ ਲਿਖਵਾ ਕੇ ‘ਸਵਾਗਤ’, ਅੰਦਰੋਂ ਪੱਕੀਆਂ ਕੁੰਡੀਆਂ ਵੱਜੀਆਂ। ਨੱਥ ਪਾ ਜਾਣੀ ਕਾਮੇ-ਕਿਰਤੀਆਂ, ਲੁੱਟ ਲੁੱਟ ਖਾਣਿਆਂ ਬੋਕਾਂ ਨੂੰ। ਜਾਗੋ, ਜਾਗੋ ! ਪਛਾਣੋ ਕਿਰਤੀਓ, ਆਹ ਖ਼ੂਨ ਪੀਣੀਆਂ ਜੋਕਾਂ ਨੂੰ। ਭੁੱਲਣੇ ਨਹੀਂ ਚੂੜੇ-ਚੁੰਨੀਆਂ ਲੁੱਟਦੇ, ਧਰਮ ਦੇ ਨਾਂ ਤੇ ਠੱਗਾਂ ਨੂੰ। ਰਾਜਨੀਤੀ ਦੀ ਲਾਈ ਅੱਗ ਵਿੱਚ, ਲੱਖਾਂ ਹੀ ਸੜ ਗਈਆਂ ਪੱਗਾਂ ਨੂੰ। ਸਰਮਾਏਦਾਰੀ ਲੁੱਟਦੀ ਆਈ, ਬੇਬਸਿਆਂ ਦੀਆਂ ਢੋਕਾਂ ਨੂੰ। ਜਾਗੋ, ਜਾਗੋ ! ਪਛਾਣੋ ਕਿਸਾਨੋ, ਆਹ ਖ਼ੂਨ ਪੀਣੀਆਂ ਜੋਕਾਂ ਨੂੰ। ਜ਼ਾਲਮ ਵਕਤ ਦਾ ਦੋ ਧਾਰੀ ਖੰਜਰ, ਇਤਿਹਾਸ ਬਦਲ ਦਵੇ ਪੱਥਰਾਂ ਦੇ। ਲਹੂ ਨਾਲ ਉਕਰੇ ਹਰਫ਼ ਪੱਥਰ ‘ਤੇ, ਮਾਇਨੇ ਬਦਲ ਦੇਣ ਅੱਖਰਾਂ ਦੇ। ਸੈਲਾਬ ਬਗ਼ਾਵਤ ਦੇ ‘ਗੁਰਮੇਲ’, ਹੜ੍ਹਾਂਉਂਦੇ ਰੂੜੀਵਾਦੀ ਰੋਕਾਂ ਨੂੰ। ਜਾਗੋ, ਜਾਗੋ ! ਪਛਾਣੋ ਕਾਮਿਓਂ, ਆਹ ਖ਼ੂਨ ਪੀਣੀਆਂ ਜੋਕਾਂ ਨੂੰ। ਲੰਡਨ
ਪੰਜਾਬੀਓ ਜਾਗੋ-ਗੁਰਮੇਲ ਕੌਰ ਸੰਘਾ (ਥਿੰਦ)
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਇਤਿਹਾਸ ਗਵਾਹ ਲੋਕੋ। ਵੇਖ ਗਏ ਕਈ ਅਜ਼ਮਾ ਕੇ, ਨਾ ਕਰਦੇ ਇਹ ਪ੍ਰਵਾਹ ਲੋਕੋ। ਭੁੱਲਦੇ ਨਾ ਦੁਸ਼ਮਣ ਦੀ ਪਾਈ ਭਾਜੀ ਨਿਸ਼ਾਨੀ ਨੂੰ। ਪੰਜਾਬੀਓ ਜਾਗੋ ! ਲਿਖ ਦਿਓ ਏਕੇ ਦੀ ਕਹਾਣੀ ਨੂੰ। ਬਾਬੇ ਨਾਨਕ ਨੇ ਕਦੇ ਬਾਬਰ ਲਲਕਾਰਿਆ ਸੀ। ਲੁੱਟਦਾ ਦੇਖ ਅਵਾਮ ਨੂੰ, ਹਾਅ ਦਾ ਨਾਅਰਾ ਮਾਰਿਆ ਸੀ। ਤਾਹੀਂਓ ਦੁਨੀਆਂ ਮੰਨਦੀ ਸਿਰ ਨਿਵਾਂ ਕੇ ਬਾਣੀ ਨੂੰ। ਪੰਜਾਬੀਓ ਜਾਗੋ ! ਲਿਖ ਦਿਓ ਏਕੇ ਦੀ ਕਹਾਣੀ ਨੂੰ। ਰੋਟੀ ਲਈ ਤੜਪਣ ਬੱਚੇ, ਖੁੱਲ੍ਹਾ ਲੰਗਰ ਨਸ਼ਿਆਂ ਦਾ। ਹਾਕਮ ਫ਼ਾਇਦਾ ਚੁੱਕਦੈ, ਮਜ਼ਬੂਰੀ ਵਿੱਚ ਫਸਿਆਂ ਦਾ। ਸੋਚੋ - ਸਮਝੋ ਇੱਕ ਹੋ ਜਾਓ !ਤੋੜੋ ਦਿਓ ਵੰਡ ਕਾਣੀ ਨੂੰ। ਪੰਜਾਬੀਓ ਜਾਗੋ ! ਲਿਖ ਦਿਓ ਏਕੇ ਦੀ ਕਹਾਣੀ ਨੂੰ। ਮਨ ਅੱਖਾਂ ਖੋਲ੍ਹ ਪਛਾਣੋ, ਸਾਧ ਦੇ ਭੇਸ ‘ਚ ਚੋਰਾਂ ਨੂੰ। ਘਰ ਸਾਂਭੀਏ ਆਪਣਾ, ਦੋਸ ਨਾ ਦੇਈਏ ਹੋਰਾਂ ਨੂੰ। ਹਾਲੇ ਨਾ ‘ਗੁਰਮੇਲ’ ਦੁੱਖ ਭੁੱਲਿਆ ਪੰਜ ਆਬਾਂ ਦੇ ਪਾਣੀ ਨੂੰ। ਪੰਜਾਬੀਓ ਜਾਗੋ ! ਲਿਖ ਦਿਓ ਏਕੇ ਦੀ ਕਹਾਣੀ ਨੂੰ। ਲੰਡਨ