Dharat Vangaare Takhat Nu (Part-5)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਪੰਜਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)



ਚੱਲ ਚੱਲੀਏ-ਰੁਪਿੰਦਰ ਦਿਓਲ ਕੈਲਗਰੀ

ਉੱਚੇ ਹੌਸਲੇ ਨੇ ਬੁੱਢਿਆਂ ਜਵਾਨਾਂ ਦੇ ਬੱਚੇ ਨਿੱਕੇ ਨਿੱਕੇ ਨਾਲ਼ ਨੇ ਰਕਾਨਾਂ ਦੇ ਮੱਥਾ ਲਾ ਲਿਆ ਹੈ ਨਾਲ਼ ਬੇਈਮਾਨਾਂ ਦੇ ਫੇਰ ਆਪਾਂ ਦੱਸ ਕਿਹੜੀ ਗੱਲੋਂ ਟਲ਼ੀਏ ਚੱਲ ਰਾਮੂ ਹੱਟੀ ਵਾਲ਼ਿਆ, ਚੱਲ ਧਰਨੇ ਚ ਆਪਾਂ ਦਿੱਲੀ ਚੱਲੀਏ ਹਿੰਦੂ, ਸਿੱਖ ਤੇ ਮੁਸਲਮਾਨ ਇੱਕ ਨੇ ਜੱਟ, ਜਾਟ ਹੋਏ ਲੀਨ ਸੇਵਾ ਵਿੱਚ ਨੇ ਪਾਉਣਾ ਯੋਗਦਾਨ ਬਣਦਾ ਹਰਿੱਕ ਨੇ ਉੱਠ ਭੱਜ ਭੱਜ ਢਾਣੀ ਵਿੱਚ ਰਲ਼ੀਏ ਚੱਲ ਰਾਮੂ ਹੱਟੀ ਵਾਲ਼ਿਆ, ਚੱਲ ਧਰਨੇ ਚ ਆਪਾਂ ਦਿੱਲੀ ਚੱਲੀਏ ਕੰਨ ਖੋਲ੍ਹਣੇ ਨੇ ਬੋਲ਼ੀ ਸਰਕਾਰ ਦੇ ਭੁੱਲੀ ਲੋਕਾਂ ਨੂੰ ਜੋ ਵਿੱਚ ਹੰਕਾਰ ਦੇ ਲੋਕ ਕਿਰਤੀ ਕਦੇ ਨਹੀਂ ਹੁੰਦੇ ਹਾਰਦੇ ਚਾਰੇ ਪਾਸਿਓਂ ਦਿੱਲੀ ਨੂੰ ਜਾਕੇ ਵਲ਼ੀਏ ਚੱਲ ਰਾਮੂ ਹੱਟੀ ਵਾਲ਼ਿਆ, ਚੱਲ ਧਰਨੇ ਚ ਆਪਾਂ ਦਿੱਲੀ ਚੱਲੀਏ ਪਹਿਲਾਂ ਜੱਟ ਦੀ ਜ਼ਮੀਨ ਹਥਿਆਉਣਗੇ ਫੇਰ ਵਾਰੀ ਵਾਰੀ ਸਾਰਿਆਂ ਨੂੰ ਢਾਹੁਣਗੇ ਰੱਜ ਖਾਂਦਿਆਂ ਨੂੰ ਮੰਗਤੇ ਬਣਾਉਣਗੇ ਘਰ ਘਰ ਇਹ ਸੁਨੇਹਾ ਆਪਾਂ ਘੱਲੀਏ ਚੱਲ ਰਾਮੂ ਹੱਟੀ ਵਾਲ਼ਿਆ, ਚੱਲ ਧਰਨੇ ਚ ਦਿੱਲੀ ਆਪਾਂ ਚੱਲੀਏ ਤੁਸੀ ਜਾਓ ਮੈਂ ਕਣਕ ਥੋਡੀ ਪਾਲ਼ ਦਊੰ ਉੱਤੋਂ ਡੰਗਰਾਂ ਦਾ ਕੰਮ ਵੀ ਸੰਭਾਲ਼ ਲਊਂ ਤੇਲ ਪਾਣੀ ਦਾ ਵੀ ਖ਼ਰਚਾ ਮੈ ਨਾਲ਼ ਦਊਂ ਵਾਂਗ ਪੁਰਖਾਂ ਦੇ ਰਲ਼ ਮਿਲ਼ ਚੱਲੀਏ ਚੱਲ ਰਾਮੂ ਹੱਟੀ ਵਾਲ਼ਿਆ, ਚੱਲ ਧਰਨੇ ਚ ਦਿੱਲੀ ਆਪਾਂ ਚੱਲੀਏ

ਅੰਨ ਦਾਤੇ-ਮਨਜੀਤ ਇੰਦਰਾ

ਇਹ ਮੇਲਾ ਨਹੀਂ ਨਾ ਕੋਈ ਛਿੰਝ ਹੈ ਅੰਤਾਂ ਦਾ ਤਣਾਅ ਰੋਹ ਵਿਦਰੋਹ ਡਟੇ ਨੇ ਸਿੰਘ-ਸੂਰਮੇ ਕਾਮੇ ਕਿਰਤੀ ਇਹ ਸਾਰੇ ਖੇਤਾਂ ਦੇ ਪੁੱਤਰ ਹੁਨਲੇ ਸਿਆਲੇ ਕਾਲੀਆਂ ਰਾਤਾਂ ਦੀ ਕੁੱਖ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧਦੇ ਮੋੜਦੇ ਨੱਕੇ ਇਹ ਦਾਤੇ ਅੰਨ ਦੇ ਮਿਟਾਉਂਦੇ ਭੁੱਖ ਖ਼ਲਕਤ ਦੀ ਅੱਜ ਮਜਬੂਰ ਹੋਏ ਨੇ ਛੱਡ ਕੇ ਪੈਲ਼ੀਆਂ ਘਰ-ਬਾਰ ਪਿੰਡ ਤੇ ਸ਼ਹਿਰ ਆਪਣੇ ਸਰਕਾਰੇ ਤੇਰੇ ਦਰਾਂ 'ਤੇ ਅਲਖ ਜਗਾਉਣ ਆਏ ਨੇ ਬੇਰਹਿਮ ਦਿੱਲੀਏ ਤੇਰੀ ਦਰਿੰਦਗੀ ਜ਼ਿੰਦਾ ਜ਼ਿੰਦਾ ਤੇਰਾ ਜ਼ਾਲਮ ਹਾਕਮ ਅਹੰਮੀ ਸੱਤਾ ਦੇ ਨਸ਼ੇ 'ਚ ਚੂਰ ਤੇ ਜ਼ੁਲਮਤ ਰਲ਼ ਗਈ ਖ਼ੂੰਨ ਤੇਰੇ ਵਿੱਚ... ਉਹ ਕੋਈ ਬਾਤ ਪਾਉਂਦਾ ਸੀ "ਮਨ ਕੀ ਬਾਤ" ਮ੍ਨ ਹੋਰ ਮੁੱਖ ਹੋਰ ਅੱਛੇ ਦਿਨਾਂ ਦੀ ਬਾਤ ਅੱਛੇ ਦਿਨ ? ਚਾਨਣ ਚੁਰਾ ਕੇ ਭੱਜ ਗਏ ਕਿਧਰੇ ਕਹੋ ਉਸ ਨੂੰ ਕਿ ਜਨ ਦੀ ਬਾਤ ਵੀ ਸੁਣ ਲਏ... ਲਾਰਿਆਂ ਸੰਗ ਝੂਠ ਸੰਗ ਪਰਚਾ ਨਹੀਂ ਹੋਣਾ ਤੇ ਨਾ ਹੀ ਪਰਚਣਾ ਜਨ ਨੇ... ਝੂਠ ਦੇ ਪਾਜ ਉਘੜੇ ਨੇ "ਸੱਚ ਸੁਣਾਇਸੀ ਸਚ ਕੀ ਬੇਲਾ" ਸੱਤ ਰੰਗ ਸੱਤ ਦਿਸ਼ਾਵਾਂ ਸੱਤ ਅਕਾਸ਼ ਧਰਤੀ ਪਾਤਾਲ਼ ਰੰਗ ਬਿਰੰਗੀਆਂ ਚੁੰਨੀਆਂ ਪੱਗਾਂ ਪੋਸ਼ਾਕਾਂ ਇਹ ਫ਼ਸਲਾਂ ਬੇਲ ਬੂਟੇ ਧਰਤ ਸੁਹਾਵੀ ਕੋਈ ਚਾਹੇ ਵਟਾਉਣਾ ਇੱਕੋ ਪਲ ਵਿੱਚ ਇੱਕੋ ਰੰਗੇ... ਹਰੀਆਂ ਕਣਕਾਂ ਸੁਨਹਿਰੀ ਦਾਣੇ ਖੇਤਾਂ ਦੇ ਰਾਣੇ ਭੋਲੇ ਭਾਲੇ ਖੁਸ ਗਏ ਸਾਰੇ ਅਸਾਸੇ... ਲਲਾਰੀ ਜਾਣਦਾ ਨਾ ਉਸ ਸੁੱਤੇ ਸ਼ੀਂਹ ਜਗਾਏ ਵਹੀਰਾਂ ਘੱਤ ਇਹ ਸਿਰਲੱਥ ਯੋਧੇ ਜੋ ਤੇਰੇ ਦਰ 'ਤੇ ਆਏ ਰੁੱਤਾਂ ਦੇ ਕਹਿਰ ਤੋਂ ਇਹ ਮੂਲ਼ ਨਾ ਡਰਦੇ ਜੰਗਲ਼ ਚ ਮੰਗਲ਼ ਲਾਉਣਾ ਜਾਣਦੇ ਨੇ ਕਿਸੇ ਪੂੰਜੀਪਤੀ ਦੀ ਪਰਵਾਹ ਨਾ ਕਰਦੇ ਅੰਬਰ ਦੀ ਛੱਤ ਧਰਤ ਵਿਛੌਣਾ ਕਰਕੇ ਪਿਆਰ ਦੇ ਸੋਹਲੇ ਗਾਉਂਦੇ ਰੋਕਾਂ ਟੋਕਾਂ ਸੰਗਲ਼ ਬੈਰੀਅਰ ਬੈਰੀਕੇਟ ਸਭ ਤੋੜਨਾ ਜਾਣਦੇ ਵਹੀਰਾਂ ਘੱਤ ਤਮਾਮ ਮੁਲਕ ਆਇਆ ਭੈਅ ਮੁਕਤ ਹੋਇਆ ਭੈਅ-ਭੀਤ ਕਰਨ ਲੁਟੇਰਿਆਂ ਨੂੰ ਉਨ੍ਹਾਂ ਦੀ ਸੰਘੀ ਘੁੱਟਣ ਇਹ ਖੇਤਾਂ ਦੇ ਰਾਣੇ ਖੇਤਾਂ ਦੇ ਜਾਏ ਦਿੱਲੀਏ ਤੇਰੇ ਰੰਗ ਨਾ ਬਦਲੇ ਤੇ ਦੁਸ਼ਮਣੀ ਦੇ ਢੰਗ ਨਾ ਬਦਲੇ ਤੇਰੀ ਬੁੱਕਲ ਚ ਸਦਾ ਖ਼ੰਜਰ ਰਿਹਾ ਹੈ... ਤੇਰੇ ਹਰ ਵਾਰ 'ਤੇ ਪਲਟਵਾਰ ਕਰਨਗੇ ਖੇਤਾਂ ਦੇ ਜਾਏ ਖੇਤਾਂ ਦੇ ਰਾਣੇ

ਕਿਰਤੀ ਕਿਸਾਨ-ਸਰਨਜੀਤ ਕੌਰ ਅਨਹਦ

ਸੁਣ ਦਿੱਲੀਏ… ਐਵੇਂ ਨਾ ਵੰਗਾਰ ਸਾਨੂੰ ਕੀ ਦੱਸੀਏ ਤੈਨੂੰ…? ਅਸੀਂ ਤਾਂ ਸਬਰਾਂ ਦੇ ਘੁੱਟ ਪੀ ਕੇ ਬੈਠੇ ਆਂ… ਛੱਡ ਆਏ ਘਰ-ਬਾਰ ਹੁਣ ਖੋਹਣ ਲਈ ਹੱਕ ਆਪਣਾ ਤੇਰੀ ਹਿੱਕ ਤੇ ਟੱਬਰਾਂ ਸਣੇ ਆਣ ਬੈਠੇ ਆਂ… ਨਹੀਂ ਡਰਦੇ ਸੁੱਕੇ ਪੱਤਿਆਂ ਤੋਂ ਪਈ ਲੋੜ ਤਾਂ ਪੁਟਾਂਗੇ ਜੜ੍ਹਾਂ ਤੇਰੀਆਂ ਭਾਵੇਂ ਕਬਰਾਂ ਆਪਣੀਆਂ ਵੀ ਪੁੱਟ ਕੇ ਬੈਠੇ ਆਂ… ਜਿਹੜੇ ਕੁਫਰ ਤੂੰ ਤੋਲ ਰਹੀ ਨਫਰਤ ਦਾ ਜ਼ਹਿਰ ਘੋਲ ਰਹੀ ਅੰਗੂਠਾ ਦੇ ਗਲ’ਚ ਤੇਰੇ ਖਬਰਾਂ ਸੱਚੀਆਂ ਲਾਉਣ ਨੂੰ ਬੈਠੇ ਆਂ… ਅੱਥਰੂ ਗੈਸ ਪਾਣੀ ਦੀਆਂ ਬੌਛਾਰਾਂ ਸਰਦ ਹਵਾਵਾਂ ਕੁਝ ਨਾ ਵਿਗਾੜ ਸਕਦੀਆਂ ਸਾਡਾ ਘਬਰਾ ਨਾ ਤੂੰ ਕਰ ਹੌਂਸਲੇ ਬੁਲੰਦ ਬੈਠੇ ਆਂ… ਨਾ ਸੋਚੀਂ ਜ਼ੁਲਮੀ ਹਨੇਰੀ ਬਣ ਖੇਤਾਂ ਸਣੇ ਉਜਾੜੇਂਗੀ ਸਾਨੂੰ ਹਿਸਾਬ ਕਰਨ ਤੇਰੇ ਜ਼ਬਰਾਂ ਦਾ ਅਸੀਂ ਕਿਰਤੀ ਕਿਸਾਨ ਮੁਹਰੇ ਬੈਠੇ ਆਂ…

ਦੇਸ਼ ਦਾ ਕਿਸਾਨ-ਸਰਨਜੀਤ ਕੌਰ ਅਨਹਦ

ਹਾਕਮ ਜਦੋਂ ਅੰਨ੍ਹਾਂ ਬੋਲਾ ਹੈਵਾਨ ਬਣ ਜਾਵੇ… ਕਮੀ-ਕਾਮਾ ਮਜ਼ਦੂਰ ਤੇ ਦੇਸ਼ ਦਾ ਕਿਸਾਨ ਫੇਰ ਕਿੱਧਰ ਨੂੰ ਜਾਵੇ… ਹਾਲਾਤ ਹੋ ਜਾਣ ਬੱਦ ਤੋਂ ਬੱਦਤਰ ਤਨ ਕੱਜਣ ਲਈ ਨਾ ਲੋਈ ਨਾ ਖੇਸ ਨਾ ਚੱਦਰ ਕੋਲੋਂ ਲੰਘਦਾ ਪਰਛਾਵਾਂ ਵੀ ਸ਼ੈਤਾਨ ਬਣ ਡਰਾਵੇ… ਮਿਹਨਤ ਮੁਸ਼ੱਕਤ ਦੀਨ-ਈਮਾਨ ਕਿਸੇ ਕੰਮ ਨਾ ਆਵੇ… ਤੰਗੀਆਂ ਤਰੁੱਟੀਆਂ ਖੁਆਰੀਆਂ ਵਿੱਚ ਜਿੰਦ ਕੁਮਲਾਵੇ… ਘਰ ਦੀ ਧੀ-ਭੈਣ ਪਾਟੀ ਚੁੰਨੀ ਲੈ ਜਵਾਨ ਹੋ ਜਾਵੇ… ਉਸਦੀ ਚੁੰਨੀ ਨਾਲ ਮੇਰੇ ਜਿਹਾ ਕਿਸਾਨ ਫੇਰ ਫਾਹਾ ਲਾਵੇ…

ਗ਼ਜ਼ਲ-ਸਿਮਰਤ ਸੁਮੈਰਾ

ਕਰਾਂਤੀ ਵਿੱਚ ਕੁਰਬਾਨੀ, ਬੜਾ ਕੁਝ ਕਹਿ ਰਹੀ ਹੈ ਹੁਣ । ਸਮੇੰ ਦੀ ਚਾਲ ਤੂਫ਼ਾਨੀ, ਬੜਾ ਕੁਝ ਕਹਿ ਰਹੀ ਹੈ ਹੁਣ । ਘਣੇ ਬੱਦਲ ਹਾਂ, ਲਿਸ਼ਕਾਂਗੇ, ਗਿਰਾਂ ਗੇ ਬਿਜਲੀਆਂ ਬਣਕੇ ਅਸਾਡੀ ਸੋਚ ਅਸਮਾਨੀ, ਬੜਾ ਕੁਝ ਕਹਿ ਰਹੀ ਹੈ ਹੁਣ । ਸਮੁੰਦਰ ਨੇ ਸੀ, ਅਜ਼ਲਾਂ ਤੋੰ ਦਬਾਇਆ ਸ਼ੋਰ ਸੀਨੇ ਵਿਚ ਇਹ ਉੱਠਦੀ ਲਹਿਰ ਬਰਫਾਨੀ, ਬੜਾ ਕੁਝ ਕਹਿ ਰਹੀ ਹੈ ਹੁਣ। ਇਹ ਕਾਲਾ ਦੌਰ ਹੈ ਇਤਹਾਸ ਦਾ ਕਾਲਾ ਹੈ ਹਰ ਪੰਨਾ ਸਿਆਸਤ, ਲੁੱਟ, ਬਈਮਾਨੀ, ਬੜਾ ਕੁਝ ਕਹਿ ਰਹੀ ਹੈ ਹੁਣ। ਹਰਿਕ ਦਾਣੇ ਚੋਂ ਕਿਰਤੀ ਦੀ ਚਮਕ ਉੱਠੇੀ ਹੈ ਰੱਤ ਆਖਰ ਮੁਸ਼ੱਕਤ ਦੀ ਤਰਜਮਾਨੀ, ਬੜਾ ਕੁਝ ਕਹਿ ਰਹੀ ਹੈ ਹੁਣ। ਜਿਉਂਦੇ ਰਹਿਣ ਦਾ ਹੱਕ, ਅਣਖ, ਨਾਲੇ ਪੱਗ ਦੀ ਗ਼ੈਰਤ ਸੁਣੋ, ਭਾਰਤ ਦੀ ਕਿਰਸਾਨੀ ਬੜਾ ਕੁਝ ਕਹਿ ਰਹੀ ਹੈ ਹੁਣ ।

ਰੌਸ਼ਨ ਮੱਥੇ-ਮਨਜੀਤ ਆਜ਼ਾਦ

ਉਹਨਾਂ ਸੋਚਿਆ ਹੋਣਾ ਕਿ ਰਾਹਾਂ 'ਚ ਹਨੇਰੇ ਗਹਿਰੇ ਕਰਕੇ ਮੰਜ਼ਿਲ ਤੋਂ ਭਟਕਾ ਲੈਣਗੇ ਪਰ ਉਹਨਾਂ ਇਹ ਨਹੀਂ ਸੋਚਿਆ ਕਿ ਰੌਸ਼ਨ ਮੱਥੇ ਜਿੰਨਾਂ ਰਾਹਾਂ 'ਤੇ ਤੁਰਦੇ ਨੇ ਮੰਜ਼ਿਲ ਉਹਨਾਂ ਤੋਂ ਦੂਰ ਨਹੀਂ ਹੁੰਦੀ ਕਿਉਂ ਜੋ ਰੌਸ਼ਨ ਮੱਥਿਆਂ ਵਿੱਚੋਂ ਨਿਕਲੀ 'ਕੱਲੀ - 'ਕੱਲੀ ਕਿਰਨ ਸੂਰਜ ਬਣਨ ਦੀ ਹਿੰਮਤ ਰੱਖਦੀ ਏ 'ਤੇ ਸੂਰਜ ਨੂੰ ਹਨੇਰੇ ਕਦੇ ਮਾਤ ਪਾਉਂਦੇ ਨੇ ਭਲਾ

ਜੈ ਕਿਸਾਨ-ਮਨਜੀਤ ਆਜ਼ਾਦ

ਜੈ ਜਵਾਨ ਦੇ ਨਾਲ ਜੈ ਕਿਸਾਨ ਐਵੇ ਈ ਨਹੀਂ ਸੀ ਗੂੰਜਿਆ ਅਸਾਂ ਇਤਿਹਾਸ ਸਿਰਜੇ ਨੇ ਮਿੱਟੀ ਨਾਲ ਮੋਹ ਕਰਦਾ ਜੇ ਮੈਂ ਸਾਧ ਬਣ ਸਕਦਾ ਤਾਂ ਮੈਦਾਨ ਚ ਆ ਕੇ ਸ਼ੇਰ ਬਣਨ ਦਾ ਵਰ ਵੀ ਮੈਨੂੰ ਮਿਲਿਆ ਗੰਨੇ ਚ ਰਸ ਭਰਦਿਆਂ ਤੂੰ ਮੇਰੀ ਮਿਠਾਸ ਵੇਖੀ ਏ ਸੱਪਾਂ ਦੀਆਂ ਸਿਰੀਆਂ ਮਿੱਧਦਿਆਂ ਜ਼ਹਿਰੀ ਹੁੰਦਾ ਨਹੀਂ ਵੇਖਿਆ ਕਣਕ ਦਾ ਸਿੱਟਾ ਕਦੇ ਹੱਥ ਚ ਫਿਰ ਜਾਂਦਾ ਤਾਂ ਨਿਕਲਿਆ ਖੂਨ ਮੈਂ ਆਪ ਚੂਸ ਲੈਂਦਾ ਹਾਂ ਪਰ ਇਹਦੇ ਸਿੱਟਿਆਂ ਤੇ ਕੋਈ ਬੁਰੀ ਨਜ਼ਰ ਰੱਖੇ ਤਾਂ ਉਸ ਦੀਆਂ ਰਗਾਂ ਨਿਚੋੜਨਾ ਵੀ ਜਾਣਦਾ ਹਾਂ।

ਚੇਤੇ ਰੱਖੀਂ-ਮਨਜੀਤ ਆਜ਼ਾਦ

ਸਮੇਂ ਦੇ ਹਾਕਮ ਨੇ ਸ਼ਾਇਦ ਸੋਚਿਆ ਹੋਵੇ! ਕਿ ਸੋਨੇ ਵਰਗੀਆਂ ਜ਼ਮੀਨਾਂ ਪੈਸੇ ਵਾਲਿਆ ਦੀ ਮਲਕੀਅਤ ਬਣ ਜਾਣ ਪਰ ਸੱਚ ਦੱਸਾਂ ਇਹ ਹੋਣਾ ਨਹੀਂ ਕਿਓਂ ਜੋ ਧਰਤੀ ਨਾਲ ਧੋਖਾ ਕਰਨ ਵਾਲਿਆ ਨੂੰ ਧਰਤੀ ਵਿਹਲ ਨਹੀਂ ਦਿੰਦੀ ਤੂੰ ਕਿਸਾਨ ਤੇ ਧਰਤੀ ਦੇ ਰਿਸ਼ਤੇ ਨੂੰ ਦੇਖ ਕੇ ਲਲਚਾ ਗਿਆ ਹੋਣਾ ਪਰ ਤੈਨੂੰ ਪਤਾ ਕਿਸਾਨ ਤਾਂ ਮਿੱਟੀ ਨੂੰ ਰੱਬ ਵਾਂਗ ਪੂਜੇ ਜੇ ਚਾਰ ਦਾਣੇ ਨਿਕਲ ਆਏ ਤਾਂ ਵੀ ਖੁਸ਼ ਜੇ ਨਾ ਨਿਕਲੇ ਤਾਂ ਵੀ 'ਉਹ ਜਾਣੇ' ਕਹਿ ਕੇ ਸਬਰ ਕਰ ਲੈਂਦਾ ਵੱਡਿਆ ਧਨਾਢਾ ਮਿੱਟੀ ਦੀ ਮਹਿਕ ਤਾਂ ਸਾਡੇ ਸਾਹੀਂ ਰਲੀ ਹੋਈ ਏ ਇਹਨੂੰ ਵੱਖ ਕਰਨਾ ਤੇਰੇ ਵੱਸ ਵਿਚ ਨਹੀਂ ਹਾਂ ਹੋਰ ਦੱਸਾਂ ਧਰਤੀ ਨੂੰ ਮੋਹਣ ਲਈ ਇਹਨੂੰ ਮੁੜ੍ਹਕੇ ਨਾਲ ਸਿੰਜਣਾ ਪੈਂਦਾ ਜੇਠ ਦੀਆਂ ਧੁੱਪਾਂ ਤੇ ਪੋਹ ਦੀਆਂ ਰਾਤਾਂ 'ਚ ਇਹਦੇ ਨਾਲ ਤਪਣਾ ਤੇ ਠਰਨਾ ਪੈਂਦਾ ਕਣਕ ਦੀ ਲਾਲੀ ਨੂੰ ਸੋਨੇ ਦੀ ਲੋਅ ਸਮਝ ਕੇ ਚੁੰਮਣਾ ਪੈਂਦਾ ਸੱਪਾਂ ਦੀਆਂ ਸਿਰੀਆਂ ਤੇ ਜਾਨਾਂ ਧਰਨੀਆਂ ਪੈਂਦੀਆਂ ਧੀਆਂ-ਪੁੱਤਾਂ ਦੇ ਸਿਰਾਂ ਤੋਂ ਵੱਧ ਪਲੋਸਣਾ ਪੈਂਦਾ ਇਹਦੇ ਸਿੱਟਿਆਂ ਨੂੰ ਐਵੇਂ ਤਾਂ ਨਹੀਂ ਐਨੀਆਂ ਡੂੰਘੀਆਂ ਸਾਂਝਾ ਪਾ ਲਈਆਂ ਇਹਨੇ ਸਾਡੇ ਨਾਲ ਤੇ ਤੈਨੂੰ ਕੀ ਸੁੱਝਾ? ਤੂੰ ਸਾਡੇ ਮੁੜ੍ਹਕੇ ਦੀ ਸੁਗੰਧ ਨੂੰ ਕੱਢ ਲਏਗਾ ਖੇਤਾਂ ਵਿੱਚੋਂ ਇਹ ਕਦੇ ਨਹੀਂ ਹੋਣਾ ਕਿਓਂ ਜੋ ਚੇਤੇ ਰੱਖੀਂ ਧਰਤੀ ਨਾਲ ਧੋਖਾ ਕਰਨ ਵਾਲੇ ਨੂੰ ਧਰਤੀ ਕਦੇ ਵਿਹਲ ਨਹੀਂ ਦਿੰਦੀ ਵੇਖੀਂ ਕਿਤੇ ਧਰਤੀ ਤੇਰੇ ਪੈਰਾਂ ਹੇਠੋਂ ਖਿਸਕ ਨਾ ਜਾਵੇ

ਘਰਾਣਿਆਂ ਦੀ ਦਾਸੀ-ਚੰਦਰ ਪ੍ਰਕਾਸ਼

ਸੱਤਾ ਬਣੀ ਘਰਾਣਿਆਂ ਦੀ ਦਾਸੀ… ਘੁੱਟੇ ਸੰਘੀਆਂ, ਕਾਮਿਆਂ ਦੇ ਖ਼ੂਨ ਦੀ ਪਿਆਸੀ, ਢਾਹ ਜ਼ੁਲਮ, ਚਲਾ ਆਰੀਆਂ, ਵਰ੍ਹਾ ਗੋਲੀਆਂ, ਨਾ ਪਿੱਠ ਕੀਤੀ, ਨਾ ਮੈਦਾਨ ਛੱਡੇ, ਧਰਤੀ ਪੁੱਤ ਅਸੀਂ, ਆਖੀਏ ਮੌਤ ਨੂੰ ਮਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਸਾਸ਼ਕ ਨੇ ਨਾਸ਼ਕ ਰੂਪ ਧਾਰਿਆ, ਜ਼ਮੀਨ ਸਾਡੀ ’ਤੇ ਡਾਕਾ ਮਾਰਿਆ, ਆਣ ਅਸੀਂ ਵੀ ਤੇਰੇ ਘਰੇ ਲਲਕਾਰਿਆ , ਥੱਕ ਜਾਣੀਆਂ ਤੋਪਾਂ , ਟੁੱਟ ਜਾਣੀਆਂ ਸੰਗੀਨਾਂ, ਤੇਰੇ ਹਥਿਆਰਾਂ ਦੇ ਚਿਹਰੇ ’ਤੇ ਛਾਈ ਉਦਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਇਹ ਕਿਹੋ ਜਿਹਾ ਰਾਜ ਹੈ, ਰਾਜੇ ਦਾ ਅਵੱਲਾ ਮਿਜਾਜ਼ ਹੈ, ਲੁਟਾਇਆ ਖਜ਼ਾਨਾ ਮਿੱਤਰਾਂ ਨੂੰ, ਕਰ ਗਏ ਨੇ ਜੋ ਪਰਵਾਜ਼ ਹੈ, ਪੁੱਛਿਆ ਅਸੀਂ ਗੱਜ ਕੇ, ਜਿਹੜੇ ਗਏ ਨੇ ਭੱਜ ਕੇ, ਕਿੱਥੋਂ ਦੇ ਨੇ ਉਹ ਮੂਲ ਨਿਵਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਜੇ ਤੇਰੇ ਜ਼ਬਰ ਦਾ ਹੈ ਜ਼ੋਰ, ਚਲਾਇਆ ਕਿਰਤੀਆਂ ਨੇ ਸ਼ਹਾਦਤਾਂ ਦਾ ਦੌਰ, ਬੋਲਾ ਹੋਇਆਂ ਸੁਣਦਾ ਨਾ ਪੀੜਾਂ ਦਾ ਸ਼ੌਰ, ਪੈਲਾਂ ਪਾਵੇਂ ਤੂੰ, ਘਰ ਤੇਰੇ ਵਿਚ ਹੈ ਮੋਰ, ਰੋਵੇ ਭਾਰਤ ਮਾਂ, ਹੱਸੇ ਤੂੰ ਬੁਲ੍ਹੀਆਂ ’ਚ ਹਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਇਸ ਮਿੱਟੀ ’ਚ ਜਨਮੇ, ਅਸੀਂ ਨਹੀਂ ਪਰਾਏ, ਅਥਾਹ ਮਿਹਨਤ ਕੀਤੀ, ਅੰਨ ਭੰਡਾਰ ਬਣਾਏ, ਮੰਗਣੋ ਹਟਾਤਾ, ਹਿੰਦੁਸਤਾਨ ਦੇ ਦਿਨ ਸੁਹਾਣੇ ਆਏ, ਰਜਾਤਾ ਮੁਲਕ ਨੂੰ ਅਸੀਂ, ਤੂੰ ਸਾਡੇ ਹੱਥ ਫੜ੍ਹਾਈ ਕਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਨਾ ਅਸੀਂ ਨਾਬਰੀ ਨਾ ਨਾਬਰ, ਤਸੀਹੇ ਤੇਰੇ ਭਾਰੀ, ਸਾਡੇ ਅਟੁੱਟ ਸਾਬਰ, ਹਿੰਮਤਾਂ ਨਾ ਝੁੱਕਣੀਆਂ, ਜ਼ਮੀਨਾਂ ਨਾ ਖੁੱਸਣੀਆਂ, ਛਾਤੀਆਂ ਨਾ ਮੁੱਕਣੀਆਂ, ਸ਼ਹੀਦੀਆਂ ਨਾ ਰੁੱਕਣੀਆਂ, ਹੜ੍ਹ ਹੋਈਆਂ ਕੁਰਬਾਨੀਆਂ, ਤੂੰ ਬਣਿਆ ਨਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਖੇਤਾਂ ਦੇ ਰਾਜੇ ਅਸੀਂ, ਤੂੰ ਬਣਾਏ ਭਿਖਾਰੀ, ਲੁੱਟ ਦੀ ਚਲਾਈ ਤੂੰ ਮਹਾਂਮਾਰੀ, ਚੰਦਰੇ ਅਮੀਰਾਂ ਨੇ ਤੇਰੀ ਹੈ ਮੱਤ ਮਾਰੀ, ਦੇਸ਼ ਘਾਟੇ ’ਚ ਕਰਤਾ ਤੂੰ ਕਿਹੋ ਜਿਹਾ ਵਪਾਰੀ, ਭਵਿੱਖ ਤੇ ਮਾਰੇਂ ਗੰਢਾਸੀ, ਕਿਸਮਤ ਸਾਡੀ ਨੂੰ ਲਾਈ ਫਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… ਸਾਡੇ ਹੌਂਸਲਿਆਂ ਦਾ ਤੇਰੇ ਜ਼ੁਲਮ ਤੋਂ ਵੱਡਾ ਕੱਦ, ਪਸਤ ਕਰਾਂਗੇ ਤੇਰੇ ਅੱਤਿਆਚਾਰ ਦੀ ਹੱਦ, ਛੱਡਣਾ ਨਹੀਂ ਹੁਣ ਯੁੱਧ ਵਿਚਕਾਰ ਅੱਧ, ਬਚਾਵਾਂਗੇ ਜ਼ਮੀਨਾਂ ਵਾਰਾਂਗੇ ਆਪਣੇ ਆਪ ਨੂੰ, ਕਰਾਵਾਂਗੇ ਕਾਲੇ ਕਾਨੂੰਨ ਮੁੱਢੋਂ ਰੱਦ, ਹੱਥ ਮਸ਼ਾਲ ਫੜ੍ਹੀਆਂ ਤੁਰ ਪਏ ਦੇਸ਼ ਵਾਸੀ, ਸੱਤਾ ਬਣੀ ਘਰਾਣਿਆਂ ਦੀ ਦਾਸੀ… *** ਇਹ ਕਵਿਤਾ ਉਨ੍ਹਾਂ ਜੁਝਾਰੂ ਯੋਧਿਆਂ ਨੂੰ ਸਮੱਰਪਿਤ ਹੈ, ਜੋ ਆਪਣੇ ਆਪ ਨੂੰ ਵਾਰ ਕੇ ਭਾਰਤ ਦੇ ਇਤਿਹਾਸ ਦੇ ਵਿਚ ਇਕ ਉਮੀਦ ਦੀ ਕਿਰਨ ਵਾਲਾ ਨਵਾਂ ਪੰਨਾ ਲਿਖ ਰਹੇ ਹਨ। ਉਨ੍ਹਾਂ ਯੋਧਿਆਂ ਨੂੰ ਸਲਾਮ ਹੈ, ਜਿਨ੍ਹਾਂ ਨੇ ਅੱਤਿਆਚਾਰੀ ਸੱਤਾ ਦੇ ਸਾਹਮਣੇ ਆਪਣੀਆਂ ਛਾਤੀਆਂ ਤਾਣ ਲਈਆਂ ਹਨ ਅਤੇ ਹੁਕਮਰਾਨਾਂ ਦੇ ਖ਼ੂਨ ਦੀ ਪਿਆਸ ਨੂੰ ਬੁਝਾਉਣ ਲਈ ਤਤਪਰ ਹਨ। ਜੈ ਹਿੰਦ, ਭਾਰਤ ਮਾਤਾ ਦੀ ਜੈ, ਜੈ ਭਾਰਤ। ਚੰਦਰ ਪ੍ਰਕਾਸ਼ ਸਾਬਕਾ ਸੂਚਨਾ ਕਮਿਸ਼ਨਰ, ਪੰਜਾਬ

ਸ਼ਹਿਰ ਤੇਰੇ ਦੇ ਪਾਣੀ ਦਿੱਲੀਏ-ਸੁਲਤਾਨਾ ਬੇਗਮ

ਸ਼ਹਿਰ ਤੇਰੇ ਦੇ ਪਾਣੀ ਦਿੱਲੀਏ , ਨਾ ਮਿੱਠੇ ਨਾ ਕੌੜੇ, ਸੁਣ ਲੈ। ਗਲ਼ੀ, ਮੁਹੱਲੇ, ਘੁੰਮਣ ਘੇਰੀ, ਨਾ ਲੰਮੇ, ਨਾ ਚੌੜੇ, ਸੁਣ ਲੈ। ਜ਼ੁਲਮ ਤੇਰੇ ਨੇ ਟੱਪੇ ਸਾਰੇ, ਹੁਣ ਤਾਂ ਹੱਦਾਂ ਬੰਨੇ, ਸੁਣ ਲੈ। ਕੱਢ ਦਿਆਂਗੇ ਵਲ਼ ਵਿੰਗ ਸਾਰੇ, ਆ ਕੇ ਜਦੋਂ ਨਿਚੋੜੇ, ਸੁਣ ਲੈ। ਤੂੰ ਤਾਂ ਸਾਥੋਂ ਦੂਰ ਹੈਂ ਕਿਹੜੀ, ਅੱਖ ਝਮਕੀ ਤੇ ਪਹੁੰਚੇ, ਸੁਣ ਲੈ। ਭਾਵੇਂ ਲੱਖ ਵਿਛਾ ਦੇ ਰਾਹਵੀਂ, ਪਾਣੀ, ਪੱਥਰ, ਰੋੜੇ, ਸੁਣ ਲੈ। "ਸੁਲਤਾਨ" ਜਾਨ ਵੀ ਜੇਕਰ ਮੰਗਦਾ, ਬਿਨ ਮੰਗਿਆਂ ਦੇ ਦਿੰਦੇ, ਸੁਣ ਲੈ। ਹੁਣ ਤਾਂ ਗਿੱਦੜ ਖੇਤੀਂ ਵੜਿਐ, ਦਿਨ ਰਹਿ ਗਏ ਨੇ ਥੋੜ੍ਹੇ, ਸੁਣ ਲੈ।

ਜਦ ਖੇਤ ਜਾਗਦੇ ਨੇ-ਜਸਪਾਲ ਘਈ

ਜਦ ਖੇਤ ਜਾਗਦੇ ਨੇ, ਕਿਰਸਾਨ ਜਾਗਦੇ ਨੇ ਧਰਤੀ ਦੀ ਹਿੱਕ ਵਿੱਚੋਂ, ਤੂਫ਼ਾਨ ਜਾਗਦੇ ਨੇ ਕੁਚਲੇ ਦਿਲਾਂ ਦੇ ਜਦ ਵੀ, ਅਰਮਾਨ ਜਾਗਦੇ ਨੇ ਅੰਗੜਾਈ ਲੈਂਦੀ ਧਰਤੀ, ਅਸਮਾਨ ਜਾਗਦੇ ਨੇ ਤਾਜਾਂ ਨੂੰ ਫ਼ਿਕਰ ਪੈਂਦੈ, ਤਖ਼ਤਾਂ ਦੇ ਪੈਰ ਥਿੜਕਣ ਜਦ ਤਾਜ ਤਖ਼ਤ ਦਾਤੇ, ਇਨਸਾਨ ਜਾਗਦੇ ਨੇ ਮੋਈ ਜ਼ਮੀਰ ਵਾਲੇ, ਸ਼ੈਤਾਨ ਨੂੰ ਵਿਖਾਈਏ ਸਾਬਤ ਜ਼ਮੀਰ ਵਾਲੇ, ਈਮਾਨ ਜਾਗਦੇ ਨੇ ਚੋਰਾਂ ਤੇ ਰਾਖਿਆਂ ਦੇ, ਗਠਜੋੜ ਨੂੰ ਇਹ ਦੱਸੋ ਇਸ ਘਰ ਚ ਰਹਿਣ ਵਾਲੇ, ਇਨਸਾਨ ਜਾਗਦੇ ਨੇ ਏਕੇ ਦੇ ਦੁਰਗ ਅੰਦਰ, ਘੁਸਣਾ ਨਹੀਂ ਹੈ ਮੁਮਕਿਨ ਏਕੇ ਦੇ ਦੁਰਗ ਦੇ ਸਭ, ਦਰਬਾਨ ਜਾਗਦੇ ਨੇ

ਟੀਸ-ਲਖਵਿੰਦਰ ਜੌਹਲ

ਸਦੀਆਂ ਤੋਂ ਸੁੱਤੀ ਇਕ ਟੀਸ ਮਨਾਂ 'ਚੋਂ ਫੇਰ ਉੱਠੀ ਹੈ ... ਸਿੰਘੂ ਦੇ ਖੰਡਰ ਵਿੱਚ ਸੁੱਤੀ ਸਿਸਕੀ ਜਾਗੀ... ... ਹਿਰਖਾਂ, ਹਿਰਸਾਂ, ਹਿੰਮਤਾਂ ਡੇਰਾ ਆਣ ਜਮਾਇਆ ਦਿੱਲੀ ਦੇ ਦਰਵਾਜ਼ੇ ਉੱਤੇ ਚੌਤਰਫ਼ੀਂ ਸੈਲਾਬ ਸਿਰਾਂ ਦਾ... ਪਾਣੀਪਤ ਦਾ ਪਾਣੀ ਪੀ ਕੇ ਜੀਵਤ ਹੋ ਗਈ ਗੌਰਵ-ਗਾਥਾ ਆਤਮ ਵਿਸ਼ਵਾਸਾਂ ਦੀ ਆਂਦਰ ਨੇ ਫਿਰ ਅੱਖ ਪੁੱਟੀ ਅਜ਼ਮਤ ਢਾਲ ਬਣਾ ਕੇ ਤਣਿਆ ਪੁੱਤ ਖੇਤਾਂ ਦਾ ... ... ਅੱਖਾਂ ਨੂੰ ਅਬਦਾਲੀ ਦਿੱਸਦਾ ਆਇਆ ਲੁੱਟਣ ਮਾਲ-ਸਵਾਬ ਫਿਰ ਇਕ ਵਾਰੀ ... ਅਬਦਾਲੀ ਦੀ ਕੰਡ ਭੰਨਣ ਨੂੰ ਜੁੱਟੇ ਲਸ਼ਕਰ ਸਿੰਘੂ ਉੱਤੇ ... ... ... ... ... ... ... ... ... ... ... ... ... ... ... ... ਘੋੜੇ, ਹਾਥੀ, ਗੱਡੇ, ਗੱਡੀਆਂ ਰੱਥ ਰਥਵਾਨ ... ... ਆਪੇ ਬਣ ਗਏ ਧਰਤੀ ਪੁੱਤਰ ... ... ਤਰਕ-ਸ਼ਬਦ ਦੇ ਗੋਲੇ ਦਾਗ਼ਣ ਸੱਤਾਧਾਰੀ ਫ਼ੁਰਮਾਨਾਂ 'ਤੇ ਇਕ ਇਕ ਕਰਕੇ ਕਰਦੇ ਭਸਮ ਦਲੀਲਾਂ ... ... ਖ਼ੌਫ਼... ਖ਼ੁਦਕੁਸ਼ੀ... ਖ਼ਤਰੇ ... ਮੁੜ ਮੁੜ ਖੇਤਾਂ ਅੰਦਰ ਖਿੜਦੇ ਦਿਸਦੇ ਹਠ,ਹੰਕਾਰ, ਵੰਗਾਰ ਸ਼ੂਕਦੇ ਚਾਰ ਚੁਫੇਰੇ... ਗੌਰਵ ਭਰੀਆਂ ਹਿੱਕਾਂ ਤਣੀਆਂ ਤਣ ਗਏ ਮੁੱਕੇ ਵਿਸ਼ਵਾਸਾਂ ਦੇ ... ਹਰ ਮੈਦਾਨ ਫ਼ਤਹਿ ਦੀ ਗੁੜ੍ਹਤੀ ਜਿੱਤਾਂ ਦੇ ਸ਼ਮਲੇ ਦੀ ਚਾਹਤ ਲਟ ਲਟ ਬਲਦੀ ... 'ਪਗੜੀ ਨੂੰ ਸੰਭਾਲ ਓ ਜੱਟਾ' ਬੋਲੇ ਗੂੰਜਣ ---------------- ਤਿੜਕਣ ਲੱਗੇ ਭਰਮ-ਭੁਕਾਨੇ ਸੱਤਾ ਵਾਲੇ ਇਕ ਇਕ ਕਰਕੇ ਛੜਯੰਤਰ ਦਾ ਯੰਤਰ ਲੈ ਕੇ ਸੱਤਾ ਘੁੰਮਦੀ ਆਲ ਦੁਆਲੇ ...................... ਛੜਯੰਤਰ ਦਾ ਯੰਤਰ ਕਿੱਦਾਂ ਫਟੇ ਭੁਕਾਨੇ ਸੀਂ ਸਕਦਾ ਹੈ ? ਤਵਾਰੀਖ ਨੇ ਅਜਬ-ਅਜੀਬੀ ਅੱਖ ਪੁੱਟੀ ਹੈ ਸਦੀਆਂ ਤੋਂ ਸੁੱਤੀ ਇਕ ਟੀਸ ਮਨਾਂ ਚੋਂ ਫੇਰ ਉੱਠੀ ਹੈ ......!

ਇਹ ਜੋ ਦੇਸ਼ ਦਾ ਕਿਸਾਨ ਹੈ-ਅਰਤਿੰਦਰ ਸੰਧੂ

ਇਹ ਜੋ ਦੇਸ਼ ਦਾ ਕਿਸਾਨ ਹੈ ਧਰਤੀ ਦੀ ਜਿੰਦ ਜਾਨ ਹੈ ਧਰਤੀ ਦੀ ਰਮਜ਼ ਪਛਾਣਦਾ ਮਿਹਨਤ ਚੋਂ ਰੋਟੀ ਛਾਣਦਾ ਬੰਦ ਕਮਰਿਆਂ ਵਿੱਚ ਬਹਿਣ ਜੋ ਖ਼ੁਦ ਨੂੰ ਸਿਆਣਾ ਕਹਿਣ ਜੋ ਮਿੱਟੀ ਨੂੰ ਹੱਥ ਲਾਇਆ ਨਾ ਇੱਕ ਬੀਜ ਤੱਕ ਉਗਾਇਆ ਨਾ ਆ ਕੇ ਵੋਟ ਦੇ ਜਹਾਜ਼ ਤੇ ਇੱਕ ਲਾਰਿਆਂ ਦੇ ਮੁਹਾਜ਼ ਤੇ ਘਰ ਲੋਕ ਤੰਤਰ ਦੇ ਵੜੇ ਮਨ-ਮਰਜ਼ੀ ਦੇ ਮੰਤਰ ਪੜ੍ਹੇ ਉਹ ਕਿਸਾਨ ਨੂੰ ਸਿਖਾ ਰਹੇ ਆਪਣੇ ਉਹ ਗੁਰ ਸਮਝਾ ਰਹੇ ਜਿੱਥੋਂ ਸਾਫ਼ ਸੁਣਦੀ ਆਵਾਜ਼ ਹੈ ਤੇਰੀ ਮੌਤ ਤੇਰਾ ਇਲਾਜ ਹੈ ਪਰ ਕਿਸਾਨ ਸਭ ਕੁਝ ਜਾਣਦਾ ਰਿਹਾ ਮੁਸ਼ਕਲਾਂ ਦੇ ਹਾਣ ਦਾ ਇਹ ਹੈ ਸ਼ੇਰ ਬੱਗਾ ਪੰਜਾਬ ਦਾ ਰਾਖਾ ਵੀ ਦੇਸ਼ ਦੀ ਆਬ ਦਾ ਇਹਦੇ ਜੋਸ਼ ਦੀ ਹੈ ਮੜ੍ਹਕ ਜੋ ਖ਼ਤਰੇ ਦੀ ਅੱਖ ‘ਚ ਰੜਕ ਉਹ ਇਹਦੇ ਸਿਰੜ ਨੂੰ ਸਲਾਮ ਹੈ ਇਹਦੇ ਨਾਲ ਸਾਰਾ ਅਵਾਮ ਹੈ

ਕੀ ਸਰਸਾ ਕੀ ਸਿੰਘੂ-ਅਮਰਜੀਤ ਕਸਕ

੧ ਕੀ ਸਰਸਾ ਕੀ ਸਿੰਘੂ 'ਨਾਮ' ਤੇ ਨਾਮੀ ਦਾ ਪ੍ਰਤੱਖਣ ਹੈ ...... ੨ ਜੰਗੀ ਸਫਰ ਵਿੱਚ ਸਰਸਾ ਕੰਢੇ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ ਗੁਰੂ ਗੋਬਿੰਦ ਸਾਡਾ ਅਨੁਸ਼ਾਸ਼ਨ ਸਿਰਜ ਰਿਹੈ ਵੇਖਣਾ ਹੋਵੇ ਤਾਂ ਟਿੱਕਰੀ ਕੁੰਡਲੀ ਸਿੰਘੂ ਜਾਇਆ ਜਾ ਸਕਦੈ ..... ੩ ਪਾਠ ਪੁਸਤਕਾਂ ਛੇੜ ਕੇ ਇਤਿਹਾਸ ਨਹੀਂ ਬਦਲੇ ਜਾਂਦੇ ਇਹ ਸਾਡੇ ਖੂਨ ਨਾਲ ਲਿਖੀ ਇਬਾਰਤ ਹੈ ......

ਸੰਘਰਸ਼ ਦੀਆਂ ਪੈੜਾਂ ਦੇ ਨਕਸ਼-ਮਲਵਿੰਦਰ

ਤੁਸੀਂ ਟਾਲਦੇ ਰਹੇ ਅਸੀਂ ਟਲਦੇ ਰਹੇ ਜਥਿਆਂ ਚ ਜੁੜਦੇ ਰਹੇ ਸੰਗਤ ਬਣ ਪੰਗਤਾਂ ਚ ਸੱਜਦੇ ਰਹੇ ਹੁਣ ਸੰਘਰਸ਼ ਦਾ ਕੇਂਦਰ ਵੀ ਅਸੀਂ ਰਾਜਨੀਤੀ ਦਾ ਕਲਾਵਾ ਵੀ ਅਸੀਂ ਤੁਹਾਡੀ ਹੰਕਾਰੀ ਭਾਸ਼ਾ ਦੀ ਬਿਰਤਾਂਤਕਾਰੀ ਵੀ ਅਸੀਂ ਹਠੀ ਰਵੱਈਏ ਵਾਲਾ ਤੁਹਾਡਾ ਭਰਮ ਟੁੱਟਿਆ ਹੈ ਗੁਰੂ ਦੀ ਥਾਪੜਾ ਵਾਲਾ ਸਾਡਾ ਹੌਸਲਾ ਵਧਿਆ ਹੈ ਅੰਕੜਿਆਂ ਦੀ ਖੇਡ ਦੇ ਭਰਮ ਨਾਲ ਭਰੇ ਜਾਣ ਗਏ ਹੋਵੋਗੇ ਕਿ ਸੰਸਦ ਤਾਨਾਸ਼ਾਹੀ ਇਰਾਦਿਆਂ ਨੂੰ ਠੋਸਣ ਦਾ ਭਵਨ ਨਹੀਂ ਹੁੰਦੀ ਨਫਰਤ ਦੇ ਨਕਸ਼ਾਂ ਵਾਲਾ ਧਰਮਾਂ ਵਿਚ ਵੰਡਣ ਵਾਲਾ ਜਾਤਾਂ ਨਾਲ ਖੇਡਣ ਵਾਲਾ ਖਿੰਡ ਗਿਆ ਹੈ ਧਰਾਤਲ ਤੁਹਾਡਾ ਹੁਣ ਬਹਿਸਾਂ ਵਿਚ ਕਿਰਤ ਗੂੰਜਦੀ ਹੈ ਰਾਹਾਂ ਚ ਕਿਸਾਨੀ ਵੰਗਾਰਦੀ ਹੈ ਬੁੱਧੀਜੀਵੀਆਂ ਨੂੰ ਹੋਸ਼ ਆਈ ਹੈ ਕਿਰਤ ਕਰੇਂਦੇ ਜੱਟ ਬੂਟ ਤੇ ਖੇਤਾਂ ਦੀ ਹਰਿਆਲੀ ਮਹਿਕ ਨਵੀਂ ਕ੍ਰਾਂਤੀ ਲਿਆਈ ਹੈ ਹਰ ਉਮਰ ਦਿੱਲੀ ਨੂੰ ਧਾਈ ਹੈ ਰੋਟੀਆਂ ਵੇਲਦੇ ਵੇਲਿਆਂ ਨੇ ਲੰਗਰ ਛਕਦੇ ਛਕਾਉਂਦੇ ਸਮਿਆਂ ਨੇ ਜਾਗੇ ਸਿਰਾਂ ਦਾ ਸਿਰਨਾਵਾਂ ਲਿਖਵਾਇਆ ਹੈ ਜਿੱਤ ਦਾ ਪਰਚਮ ਲਹਿਰਾਇਆ ਹੈ ਹਕੂਮਤ ਦੀ ਗੋਦੀ ਚੋਂ ਉੱਠ ਚੀਕਾਂ ਮਾਰਦੀ ਐਂਕਰ ਢਾਣੀ ਟਰਾਲੀਆਂ ਦੇ ਕੋਲ ਆਈ ਹੈ ਜਿੱਥੇ ਕਿਰਤ ਕਰਦੇ ਨਾਨਕ ਦੇ ਸ਼ਬਦਾਂ ਨੇ ਬਹਿਸਾਂ ਦੇ ਕਪਟ ਨਕਸ਼ ਨਿਕਾਰ ਸੱਚ ਦੀ ਬਸਾਤ ਵਿਛਾਈ ਹੈ ਲੋਕ ਹਿਤਾਂ ਦੀ ਉਮਰ ਆਈ ਹੈ ਬਿਮਾਰ ਸੱਥ ਨੇ ਮੁੜ ਲਈ ਅੰਗੜਾਈ ਹੈ ਖੇਤਾਂ ਦੀ ਭਾਸ਼ਾ ਨੇ ਮੁਕਾਬਲੇ ਦੀ ਧੂਣੀ ਧੁਖਾਈ ਹੈ ਗਿਆਨ ਦੀ ਲੋਅ ਜਗਾਈ ਹੈ ਜਾਤਾਂ ਧਰਮਾਂ ਵਿਚ ਵੰਡੇ ਅਸੀਂ ਪਿੰਡਾਂ ਸ਼ਹਿਰਾਂ ਵਿਚ ਵੰਡੇ ਅਸੀਂ ਏਕੇ ਦੀ ਹੇਕ ਲਗਾਈ ਹੈ ਏਕਮ ਓਂਕਾਰ ਦੀ ਅਲਖ ਜਗਾਈ ਹੈ ਆਸ ਦੀ ਭੱਠੀ ਮਘਾਈ ਹੈ ਤੁਸੀਂ ਭਾਸ਼ਾਵਾਂ ਵਿਚ ਵੰਡਿਆ ਸੀ ਸਾਨੂੰ ਸਾਂਝੇ ਫਿਕਰਾਂ ਦੀ ਸਮਝ ਆਈ ਹੈ ਪ੍ਰਾਂਤਾਂ ਦੀਆਂ ਸਰਹੱਦਾਂ ਉਲੰਘ ਅਸੀਂ ਗੱਲਵਕੜੀ ਪਾਈ ਹੈ ਮੁਹੱਬਤ ਦੀ ਬਾਤ ਚਲਾਈ ਹੈ ਸਾਡੀ ਸਾਂਝ ਪਰਤ ਆਈ ਹੈ ਇਹ ਮੇਲਾ ਹੈ ਵੇਖੋ ਤੇ ਮਾਣੋ ਇਹ ਸਾਂਝ ਹੈ ਸਮਝੋ ਤੇ ਜਾਣੋ ਇਹ ਵਿਦਰੋਹ ਹੈ ਤੇਵਰ ਪਛਾਣੋ ਇਹ ਜਿੱਤ ਹੈ ਇਹਦੇ ਹੁਸਨ ਨੂੰ ਮਾਣੋ ਚਿਹਰਿਆਂ ਦਾ ਸਿਦਕ, ਜਿਸਮਾਂ ਦਾ ਸਬਰ ਸ਼ਾਂਤ ਦਿੱਸਦੇ ਆਕਾਰਾਂ ਦੇ ਅੰਦਰ ਦੀ ਖਬਰ ਇਰਾਦਿਆਂ ਹੇਠ ਲਿਤਾੜਿਆ ਤੁਹਾਡਾ ਜ਼ਬਰ ਤੁਹਾਡੀਆਂ ਚਾਲਾਂ, ਝੂਠਾਂ, ਅਡੰਬਰਾਂ ਦੀ ਕਬਰ ਨਵਾਂ ਇਤਿਹਾਸ ਲਿਖ ਰਹੇ ਹਨ ਨਵੇਂ ਅਰਥ ਸਿਰਜ ਰਹੇ ਹਨ

ਗੀਤ-ਮਨਜਿੰਦਰ ਧਨੋਆ

ਮੇਰੇ ਨੈਣਾਂ ਦੀ ਲਾਲੀ ਵਿਚ ਚੜਦਾ ਸੋਨ ਸਵੇਰਾ ਹੈ। ਅੱਜ ਦੀ ਰਾਤ ਜੇ ਤੇਰੀ ਹੈ ਤਾਂ ਕਲ ਦਾ ਸੂਰਜ ਮੇਰਾ ਹੈ। ਜਿਸ ਨੂੰ ‘ਨੇਰਾ ਰੜਕੂ ਆਪੇ ਖੋਲ ਲਵੇਗਾ ਬਾਰੀ ਅਸੀਂ ਤਾਂ ਬਰਫਾਂ ਵਿਚ ਰੱਖ ਜਾਣੀ ਸ਼ਬਦਾਂ ਦੀ ਚਿੰਗਾਰੀ ਦਿਲ ਨਾ ਛੱਡ ‘ਜੇ ਆਲ ਦੁਆਲੇ ਕਮਦਿਲਿਆਂ ਦਾ ਘੇਰਾ ਹੈ। ਅੱਜ ਦੀ ਰਾਤ ਜੇ ਤੇਰੀ ਹੈ ਤਾਂ ਕਲ ਦਾ ਸੂਰਜ ਮੇਰਾ ਹੈ। ਧਰਤੀ ਉਸ ਦੀ ਅੰਬਰ ਉਸ ਦਾ ਪੀੜ ਜੋ ਇਸ ਦੀ ਗਾਉਂਦਾ ਜਿਉਂਦੇ ਜੀਅ ਮਰੇ ਬੰਦੇ ਨੂੰ ਵੈਣ ਕੋਈ ਨਾ ਪਾਉਂਦਾ ਕੀ ਹੋਇਆ ਜੇ ਦਾਅ ਉੱਤੇ ਹੁਣ ਅਪਣਾ ਰੈਣ ਬਸੇਰਾ ਹੈ। ਅੱਜ ਦੀ ਰਾਤ ਜੇ ਤੇਰੀ ਹੈ ਤਾਂ ਕਲ ਦਾ ਸੂਰਜ ਮੇਰਾ ਹੈ।

ਬੁਲੰਦ ਹੌਸਲੇ-ਮਨਜੀਤ ਕੌਰ ਅੰਬਾਲਵੀ

ਤੈਨੂੰ ਦਿੱਲੀਏ ਦੱਸਣ ਆਏ ਹਾਂ, ਹੱਕ ਲਏ ਬਿਨਾਂ ਹੁਣ ਰਹਿਣਾ ਨਹੀਂ। ਫੱਟ ਬੜੇ ਸਹਾਰੇ ਸੀਨੇ 'ਤੇ , ਹੁਣ ਹੋਰ ਜ਼ੁਲਮ ਤੇਰਾ ਸਹਿਣਾ ਨਹੀਂ। ਤੈਨੂੰ ਦਿੱਲੀਏ ਦੱਸਣ- - -। ਵੱਡਿਆਂ ਘਰਾਣਿਆਂ ਕੋਲ ਸਾਨੂੰ, ਦਿੱਲੀਏ ਸੀ ਗਹਿਣੇ ਧਰਨ ਲੱਗੀ। ਪਾਪਾਂ ਦਾ ਘੜਾ ਕੀ ਊਣਾ ਸੀ, ਤੂੰ ਹੋਰ ਜੋ ਇਹਨੂੰ ਭਰਨ ਲੱਗੀ। ਸਾਡੀ ਕੰਧ ਦਿਲਾਂ ਦੀ ਪੱਕੀ ਏ, ਅਸੀਂ ਵਾਂਗ ਰੇਤ ਦੇ ਢਹਿਣਾ ਨਹੀਂ। ਤੈਨੂੰ ਦਿੱਲੀਏ ਦੱਸਣ - --। ਭਾਰਤ ਦੇ ਵੀਰ ਕਿਸਾਨਾਂ ਨੇ, ਝੰਡਾ ਚੁੱਕਿਆ ਫਿਰ ਆਜ਼ਾਦੀ ਦਾ। ਹੁਣ ਹੋਰ ਤਮਾਸ਼ਾ ਦੇਖਣਾ ਨਹੀਂ, ਹੋ ਰਹੀ ਆਪਣੀ ਬਰਬਾਦੀ ਦਾ। ਲੜਾਂਗੇ ਹੱਕਾਂ ਦੀ ਰਾਖੀ ਲਈ, ਅਸੀਂ ਹੋਰ ਚੁੱਪ ਹੁਣ ਬਹਿਣਾ ਨਹੀਂ। ਤੈਨੂੰ ਦਿੱਲੀਏ ਦੱਸਣ- - - । ਕੰਨ ਖੋਲ੍ਹ ਕੇ ਸੁਣ ਲੈ ਤੂੰ ਦਿੱਲੀਏ, ਅਸੀਂ ਸਿੱਖ ਹਾਂ ਬਾਜਾਂ ਵਾਲੇ ਦੇ । ਨਾ ਸਹਿੰਦੇ ਜ਼ੁਲਮ ਨਾ ਕਰਦੇ ਹਾਂ, ਪੁੱਤ ਅਣਖਾਂ ਦੇ ਰਖਵਾਲੇ ਦੇ। ਅਸੀਂ ਪਿਆਰਾਂ ਦੇ ਵਣਜਾਰੇ ਹਾਂ, ਬਿਨ ਵਜ੍ਹਾ ਕਿਸੀ ਨਾਲ ਖਹਿਣਾ ਨਹੀਂ। ਤੈਨੂੰ ਦਿੱਲੀਏ ਦੱਸਣ- - - -। ਏਕੇ ਵਿੱਚ ਬਰਕਤ ਹੁੰਦੀ ਹੈ, ਕਰ ਹੌਸਲੇ ਬੁਲੰਦ ਦਿਖਾਏ ਨੇ। ਸਾਨੂੰ ਤਾਂ ਇਹ ਮਨਜੂਰ ਨਹੀਂ, ਜਿਹੜੇ ਕਾਲੇ ਕਾਨੂੰਨ ਬਣਾਏ ਨੇ। ਮਨਜੀਤ ਕੌਰ ਅੰਬਾਲਵੀ ਨੇ। ਤੈਨੂੰ ਵਾਰ ਵਾਰ ਹੁਣ ਕਹਿਣਾ ਨਹੀਂ। ਤੈਨੂੰ ਦਿੱਲੀਏ ਦੱਸਣ- - - -। ਆਸਟ੍ਰੇਲੀਆ।

ਗੀਤ-ਮਨਜੀਤ ਕੌਰ ਅੰਬਾਲਵੀ

ਅਸੀਂ ਪਾਕ ਪਵਿੱਤਰ ਰੂਹਾਂ ਹਾਂ, ਨਾ ਵਾਰ ਕਿਸੇ 'ਤੇ ਕਰਦੇ ਹਾਂ। ਜੇ ਕਰ ਜਾਵੇ ਕੋਈ ਜਰਵਾਣਾ ਤਾਂ ਡਟ ਜਾਂਦੇ ਨਹੀਂ ਡਰਦੇ ਹਾਂ। ਅਸੀਂ ਪਾਕ ਪਵਿੱਤਰ- - -। ਸਾਨੂੰ ਗੁੜ੍ਹਤੀ ਮਿਲੀ ਸ਼ਹੀਦੀ ਦੀ, ਹਾਂ ਤਵੀਆਂ ਤੇ ਵੀ ਬਹਿ ਜਾਂਦੇ। ਜ਼ਾਲਮ ਤਖਤਾਂ ਦੇ ਕਿੰਗਰੇ ਵੀ, ਫਿਰ ਢਹਿੰਦੇ-ਢਹਿੰਦੇ ਢਹਿ ਜਾਂਦੇ। ਗਹਿਣੇ ਨੇ ਆਰੇ ਚਰਖੜੀਆਂ, ਸਦ ਮਾਣ ਇਨ੍ਹਾਂ ਤੇ ਕਰਦੇ ਹਾਂ। ਅਸੀਂ ਪਾਕ ਪਵਿੱਤਰ- - -। ਤੂੰ ਕਦੇ ਆਪਣਾ ਮੰਨਿਆਂ ਨਾ, ਰਿਹਾ ਇੱਟ ਘੜੇ ਦਾ ਵੈਰ ਕੁੜੇ । ਕਦੇ ਸਿਰ ਤੇਰਾ ਨਾ ਝੁਕਣ ਦਿੱਤਾ, ਫਿਰ ਵੀ ਹੈ ਮੰਗੀ ਖੈਰ ਕੁੜੇ । ਘਾਟੀ ਗਲਵਾਨ ਚ ਵੇਖ ਲਿਆ, ਨਾ ਮੌਤ ਕੋਲੋਂ ਵੀ ਡਰਦੇ ਹਾਂ। ਅਸੀਂ ਪਾਕ ਪਵਿੱਤਰ- - - । ਬਣ ਵਾਰਸ ਭਾਈ ਘਨੱਈਏ ਦੇ, ਅਸੀਂ ਮੋਹ ਦੇ ਦੀਪ ਜਗਾਉਂਦੇ ਹਾਂ। ਇੱਕ ਰੂਪ ਲੋਕਾਈ ਨੂੰ ਮੰਨਦੇ , ਸਾਰੇ ਮੱਤ-ਭੇਦ ਮਿਟਾਉਂਦੇ ਹਾਂ। ਦਸ਼ਮੇਸ਼ ਦੇ ਸੰਤ ਸਿਪਾਹੀ ਹਾਂ, ਨਾ ਕਦੇ ਹੌਂਸਲੇ ਹਰਦੇ ਹਾਂ। ਅਸੀਂ ਪਾਕਿ ਪਵਿੱਤਰ- - - । ਅਸੀਂ ਰੱਖਿਆ ਅਮਨ-ਅਮਾਨ ਨਾਲ , ਤੇਰੇ ਅੱਗੇ ਇੱਕ ਸਵਾਲ ਕੁੜੇ । ਤੂੰ ਪੱਥਰ ਚਿੱਤ ਕਿਉਂ ਸੁਣਦੀ ਨਹੀਂ, ਅੰਨਦਾਤਿਆਂ ਵਾਲਾ ਹਾਲ ਕੁੜੇ । ਅੱਤਵਾਦੀ, ਜ਼ਾਲਮ ਕਹਿੰਦੀ ਏਂ, ਇਹ ਨਹੀਂ ਵਧੀਕੀ ਜਰਦੇ ਹਾਂ। ਅਸੀਂ ਪਾਕ ਪਵਿੱਤਰ- - - ਬਣ ਹਿੰਦ ਦੀ ਚਾਦਰ ਗੁਰ ਅੱਜ ਵੀ, ਵਿੱਚ ਚੌਕ ਚਾਂਦਨੀ ਵੱਸਦੇ ਨੇ। ਭੁੱਲੇ ਤੇ ਭਟਕੇ ਰਾਹੀਂਆਂ ਨੂੰ, ਉਹ ਪੰਧ ਇਲਾਹੀ ਦੱਸਦੇ ਨੇ। ਮਨਜੀਤ ਕਹੇ ਸੁਣ ਦਿੱਲੀਏ ਨੀ ਅਸੀਂ ਸੱਚ ਦੀ ਹਾਮੀਂ ਹਾਂ ਭਰਦੇ। ਅਸੀਂ ਪਾਕਿ ਪਵਿੱਤਰ- - -।

ਤੱਤੀ ਵਾਓ ਨਾ ਲੱਗੇ-ਮਨਜੀਤ ਕੌਰ ਅੰਬਾਲਵੀ

ਤੱਤੀ ਵਾਓ ਨਾ ਲੱਗੇ ਮੇਰੇ ਵੀਰ ਕਿਸਾਨਾਂ ਨੂੰ। ਸਰਹੱਦਾਂ ਦੇ ਰਾਖੇ ਮੇਰੇ ਵੀਰ ਜਵਾਨਾਂ ਨੂੰ । ਤੱਤੀ ਵਾਓ ਨਾ ਲੱਗੇ- - - - । ਅਮਨ ਅਮਾਨਾ ਨਾਲ ਅਪਣੇ ਫਰਜ਼ ਨਿਭਾਉਂਦੇ ਨੇ। ਅਣਖ ਆਨ ਵਤਨਾ ਲਈ ਆਪਾ ਘੋਲ ਘੁਮਾਉਂਦੇ ਨੇ । ਦਾਤਾ ਪੂਰੇ ਕਰ ਦੇ ਇਹਨਾਂ ਦੇ ਅਰਮਾਨਾਂ ਨੂੰ। ਤੱਤੀ ਵਾਓ ਨਾ ਲੱਗੇ- - - - । ਦਿਲ ਦਰਿਆ ਇਹਨਾਂ ਦੇ ਖੁੱਲ੍ਹੀਆਂ ਦਾਤਾਂ ਵੰਡਦੇ ਨੇ। ਆਣ ਪਏ ਜੇ ਭੀੜ ਕਿਤੇ ਸਭ ਮਿਲ ਕੇ ਖੰਡਦੇ ਨੇ। ਭਰ ਦਿੰਦੇ ਮਿਹਨਤ ਸੰਗ ਗੁਰਬਤ ਦਿਆਂ ਖਦਾਨਾਂ ਨੂੰ। ਤੱਤੀ ਵਾਓ ਨਾ ਲੱਗੇ- - - - । ਹੱਕ ਸੱਚ ਦੀ ਰਾਖੀ ਖਾਤਰ ਪੁੱਜੇ ਸੂਰੇ ਨੇ। ਨਹੀਂ ਪੰਜਾਬ ਇੱਕਲਾ ਸੂਬੇ ਇਸ ਸੰਗ ਪੂਰੇ ਨੇ। ਅਕਲ ਸਿਖਾ ਦੋ ਦਾਤਾ ਇਹ ਵੱਡੇ ਧਨਵਾਨਾਂ ਨੂੰ। ਤੱਤੀ ਵਾਓ ਨਾ ਲਾਈਂ- - - - । ਅੰਨ੍ਹੀ ਲੁੱਟ ਤੋਂ ਇਹ ਤਾਂ ਧਰਤ ਬਚਾਵਣ ਆਏ ਨੇ, ਅੱਖਾਂ ਖੋਲ੍ਹ ਨੀ ਦਿੱਲੀਏ ਤੈਨੂੰ ਜਗਾਵਣ ਆਏ ਨੇ , ਜੇਤੂ ਕਰ ਕੇ ਮੋੜੀਂ ਧਰਤੀ ਦੇ ਭਗਵਾਨਾਂ ਨੂੰ। ਤੱਤੀ ਵਾਓ ਨਾ ਲੱਗੇ- - - - ਫਤਹਿ ਮੋਰਚਾ ਕਰਕੇ ਝੰਡੇ ਜਿੱਤ ਦੇ ਗੱਡਣਗੇ, ਘਰ -ਘਰ ਦੇ ਵਿੱਚ ਖੁਸ਼ੀਆਂ ਦੇ ਮੇਲੇ ਫਿਰ ਲੱਗਣਗੇ, ਬਦਲ ਦਿਓ ਦਾਤਾ ਜੀ ਹਾਕਮ ਦੇ ਫੁਰਮਾਨਾਂ ਨੂੰ। ਤੱਤੀ ਵਾਓ ਨਾ ਲੱਗੇ- - - - ।

ਨਿੱਤ ਮੁਹਿੰਮਾਂ-ਸਹਿਜਪ੍ਰੀਤ ਸਿੰਘ ਮਾਂਗਟ

ਪੰਜਾਬ ਦੇ ਜੰਮਿਆਂ ਜਾਇਆਂ ਨੂੰ ,ਓਏ ਨਿੱਤ ਮੁਹਿੰਮਾਂ ਨੇ ! ਘੇਰ ਲਈ ਹੈ ਦਿੱਲੀ ਫਿਰ , ਗੋਬਿੰਦ ਦੇ ਸਿੰਘਾਂ ਨੇ! ਅਸੀਂ ਤਾਂ ਨਾਨਕ ਦੇ ਹਾਂ ਵਾਰਿਸ, ਪਹਿਲ ਕਦੇ ਨਹੀਂ ਕਰਦੇ , ਪਰ ਜੇ ਜ਼ੁਲਮ ਕਰੇ ਕੋਈ ਤਾਂ, ਫਿਰ ਮਰਨੋਂ ਨਹੀਂ ਡਰਦੇ ! ਦੁਸ਼ਮਣ ਵੀ ਉਹੀਓ ਜਿਹਨਾਂ ਦਾ, ਢਿੱਡ ਅਸੀਂ ਹਾਂ ਭਰਦੇ , ਆਪਣੇ ਮੁਲਕ ਦੀ ਰਾਖੀ ਦੇ ਲਈ, ਸਰਹੱਦਾਂ 'ਤੇ ਮਰਦੇ ! ਹੁਣ ਭਾਂਬੜ ਨੇ ਮੱਚਣੇ ,ਹੁਣ ਤਾਂ ਲੱਗੀਆਂ ਚਿਣਗਾਂ ਨੇ ! ਘੇਰ ਲਈ ਹੈ ਦਿੱਲੀ ਫਿਰ ........ ਸਾਡੇ ਗੁਰੂਆਂ ਪੀਰਾਂ ਨੇ ਤਾਂ , ਸਾਨੂੰ ਇਹੋ ਸਿਖਾਇਆ ! ਸਾਰੇ ਹੀ ਜੀਅ ਇੱਕੋ ਰੱਬ ਦੇ, ਕੋਈ ਨਹੀਂ ਪਰਾਇਆ ! ਪਰ ਦੁਸ਼ਮਣ ਨੇ ਹੁਣ ਸਾਡੀ , ਦਸਤਾਰ ਨੂੰ ਹੱਥ ਹੈ ਪਾਇਆ ! ਤਾਂਹੀਓਂ ਗੁਰਾਂ ਦੇ ਸਿੰਘਾਂ ਨੇ , ਦਿੱਲੀ ਦਾ ਤਖ਼ਤ ਹਿਲਾਇਆ ! ਦਿੱਲੀ ਫਤਿਹ ਹੈ ਕਰਨੀ , ਦੇਖੀਂ ਸਿਦਕੀ ਸਿੰਘਾਂ ਨੇ ! ਘੇਰ ਲਈ ਹੈ ਦਿੱਲੀ ਫਿਰ.......... ਬੋਝੇ ਭਰੇ ਅੰਬਾਨੀ , ਸਾਡੀ ਨਾ ਹਾੜ੍ਹੀ ਨਾ ਸਾਉਣੀ ! ਹਾਲੇ ਵੀ ਮੌਕਾ ਹੈ , ਤੈਨੂੰ ਇਕੋ ਗੱਲ ਸਮਝਾਉਣੀ ! ਵਿਗੜੀ ਜੇਕਰ ਗੱਲ ਪਾਪੀਆ ,ਫੇਰ ਸੂਤ ਨਾ ਆਉਣੀ ! ਅੱਗੇ ਤੇਰੀ ਮਰਜ਼ੀ ਭਾਈਆ , ਭਾਜੀ ਤੈਨੂੰ ਪਾਉਣੀ ! ਮੁਲਕ ਨੂੰ ਲੈ ਕੇ ਡੁੱਬ ਜਾਣਾ , ਹੈ ਤੇਰੀਆਂ ਹਿੰਡਾਂ ਨੇ ! ਘੇਰ ਲਈ ਹੈ ਦਿੱਲੀ ਫਿਰ ......... ਹਾਲੇ ਵੀ ਤਾਂ ਸਹਿਜ ਹੈ ਤੈਨੂੰ, ਇਕੋ ਗੱਲ ਸਮਝਾਉਂਦਾ ! ਤੇਰੀ ਧੌਣ 'ਚ ਕੀਲਾ ਫਸਿਆ , ਤੇਰੀ ਸਮਝ ਨਾ ਆਉਂਦਾ ! ਨਾ ਬਣ ਨਾਦਰਸ਼ਾਹ ਤੂੰ ਏਦਾਂ , ਵਕਤ ਵੀ ਇਹੋ ਚਾਹੁੰਦਾ ! ਲੰਘਿਆ ਵਕਤ ਨਾ ਫੇਰ ਕਦੇ ਵੀ ,ਮੁੜ ਕੇ ਵਾਪਸ ਆਉਂਦਾ ! ਲਾਲ ਕਿਲ੍ਹੇ ਵਿੱਚ ਘੋੜੇ ਬੰਨ੍ਹਣੇ , ਕਦੇ ਨਿਹੰਗਾਂ ਨੇ ਘੇਰ ਲਈ ਹੈ ਦਿੱਲੀ ਫਿਰ ..........

ਬਾਬੇ ਨਾਨਕ ਹਲ ਸੀ ਵਾਹਿਆ-ਸਹਿਜਪ੍ਰੀਤ ਸਿੰਘ ਮਾਂਗਟ

ਬਾਬੇ ਨਾਨਕ ਹਲ ਸੀ ਵਾਹਿਆ ਕਿਰਤ ਕਰਨ ਦਾ ਬੂਟਾ ਲਾਇਆ ਸਦੀਆਂ ਤੋਂ ਅਸੀਂ ਮਿਹਨਤ ਕਰਦੇ ਹਾਕਮ ਨੂੰ ਪਰ ਰਾਸ ਨਾ ਆਇਆ ਹੁੱਣ ਦਿੱਲੀ ਦੀ ਨੀਂਦ ਉਡਾਉਣੀ ਸੁਣ ਦਿੱਲੀਏ ਸੁਣ ਦਿੱਲੀਏ ਨੀ ਤੇਰੀ ਇੱਟ ਨਾਲ ਇੱਟ ਖੜਕਾਉਣੀ ਸਾਰੇ ਮੁਲਕ ਦਾ ਢਿੱਡ ਸੀ ਭਰਿਆ ਫਿਰ ਵੀ ਕਦੇ ਅਹਿਸਾਨ ਨਾ ਕਰਿਆ ਲੀਡਰਾਂ ਵੱਡੇ ਮਹਿਲ ਬਣਾ ਲਏ ਜੱਟ ਦਾ ਪੁੱਤ ਸੀ ਖੇਤੀਂ ਮਰਿਆ ਹੁਣ ਭਾਈਆਂ ਭਾਜੀ ਪਾਉਣੀ ਸੁਣ ਦਿੱਲੀਏ ਸੁਣ ਦਿੱਲੀਏ ਨੀ ਤੇਰੀ ਇੱਟ ਨਾਲ ਇੱਟ ਖੜਕਾਉਣੀ ਚੰਗੇ ਦਿਨ ਜਿਹੜੇ ਆਉਣੇ ਸੀ ਪੰਦਰਾਂ ਲੱਖ ਖਾਤੇ ਪਾਉਣੇ ਸੀ ਕਾਲੇ ਕਨੂੰਨ ਬਣਾ ਲੁੱਟ ਲਿਆ ਸਾਨੂੰ ਇਹ ਦਰਦ ਵੀ ਪਿੰਡੇ ਹੰਢਾਉਣੇ ਸੀ ਵੇਖੀਂ ਹੁਣ ਤੇਰੀ ਸ਼ਾਮਤ ਆਉਣੀ ਸੁਣ ਦਿੱਲੀਏ ਸੁਣ ਦਿੱਲੀਏ ਨੀ ਤੇਰੀ ਇੱਟ ਨਾਲ ਇੱਟ ਖੜਕਾਉਣੀ ਹਿੰਦੋਸਤਾਨ ਅਜ਼ਾਦ ਕਰਾਇਆ ਸਭ ਤੋਂ ਜਿਆਦਾ ਹਿੱਸਾ ਪਾਇਆ ਤੈਨੂੰ ਅਸਾਂ ਕਿਓਂ ਅੱਤਵਾਦੀ ਲਗਦੇ ਭੁੱਲ ਗਏ ਸਭ ਕੀਤਾ ਕਰਾਇਆ ਤੈਨੂੰ ਸੌ ਦੀ ਇੱਕ ਸੁਨਾਉਣੀ ਸੁਣ ਦਿੱਲੀਏ ਸੁਣ ਦਿੱਲੀਏ ਨੀ ਤੇਰੀ ਇੱਟ ਨਾਲ ਇੱਟ ਖੜਕਾਉਣੀ ਕਦੇ ਕਿਸੇ ਦਾ ਜ਼ੁਲਮ ਨਾ ਸਹਿਣਾ ਗੁਰੂ ਗੋਬਿੰਦ ਦਾ ਏਹੀ ਕਹਿਣਾ ਸਮਸ਼ੀਰ ਚੁੱਕਣ ਦਾ ਵੇਲਾ ਆਇਆ ਹੁਣ ਤਾਂ ਜੰਗ’ਚ ਕੁਦਣਾ ਪੈਣਾ ਫਿਰ ਤੈਨੂੰ ਤਾਉਣੀ ਆਉਣੀ ਸੁਣ ਦਿੱਲੀਏ ਸੁਣ ਦਿੱਲੀਏ ਨੀ ਤੇਰੀ ਇੱਟ ਨਾਲ ਇੱਟ ਖੜਕਾਉਣੀ ਸਾਡੇ ਰਾਹੀਂ ਭਾਵੇਂ ਰੋੜ ਬੜੇ ਨੇ ਦੁਸ਼ਮਣ ਰਫਲਾਂ ਤਾਨ ਖੜੇ ਨੇ ‘ਸਹਿਜ’ ਨੇ ਵੇਖੀਂ ਪੜ੍ਹਨੇ ਪਾਉਣੇ ਝੁਕ ਜਾਵਣਗੇ ਜੋ ਅੱਜ ਅੜੇ ਨੇ ਅਪਣੀ ਜੈ ਜੈ ਕਾਰ ਕਰਾਉਣੀ ਸੁਣ ਦਿੱਲੀਏ ਸੁੱਣ ਦਿੱਲੀਏ ਨੀ ਤੇਰੀ ਇੱਟ ਨਾਲ ਇੱਟ ਖੜਕਾਉਣੀ

ਹੌਂਸਲੇ ਦੀ ਗੱਲ ਛੱਡ-ਸਹਿਜਪ੍ਰੀਤ ਸਿੰਘ ਮਾਂਗਟ

ਹੌਂਸਲੇ ਦੀ ਗੱਲ ਛੱਡ ਸਾਡੇ ਹੌਂਸਲੇ ਬਥੇਰੇ ਨੇ ਇਹੋ ਜਿਹੇ ਮਸਲੇ ਅਸਾਂ ਮਿੰਟਾਂ'ਚ ਨਬੇੜੇ ਨੇ ਦਿੱਲੀਏ ਨੀ ਮਾਣ ਕਰੇਂ ਹੰਕਾਰ ਕਰੇਂ ਕਾਸਤੋਂ ਤੈਨੂੰ ਫਤਿਹ ਕਰਨ ਲਈ ਲਾ ਲਏ ਡੇਰੇ ਨੇ ਬਿਨਾ ਹੱਕ ਲੈਣ ਤੋਂ ਨਾ ਮੁੜੀਏ ਘਰਾਂ ਨੂੰ ਹੁਣ ਵਕਤ ਦੇ ਹਾਂ ਮਾਰੇ ਪਰ ਪਹਾੜ ਜਿੱਡੇ ਜੇਰੇ ਨੇ ਚਿੱਟੇ ਨੀਲੇ ਪੀਲਿਆਂ ਦਾ ਹੁਣ ਨੀ ਭਰੋਸਾ ਰਿਹਾ ਲੋੜ ਜਦੋਂ ਪਈ ਫਿਰ ਇਹ ਤੇਰੇ ਨੇ ਨਾ ਮੇਰੇ ਨੇ ਜ਼ੁਲਮ ਦਾ ਹਨੇਰਾ ਜਿਹੜਾ ਮਾਰਦਾ ਸੀ ਬੜ੍ਹਕਾਂ ਸਮਝ ਬਸ ਢਾਹ ਲਿਆ ਹੁਣ ਹੋ ਜਾਣੇ ਸਵੇਰੇ ਨੇ ਬਾਜ਼ਾਂ ਨਾਲ ਲੜਾਉਣ ਲਈ ਲੈ ਕੇ ਆਏ ਚਿੜੀਆਂ ਧਰਤੀ ਦੇ ਪੁੱਤਰਾਂ ਨੇ ਸੱਪ ਬਿਲਾਂ ਵਿੱਚ ਘੇਰੇ ਨੇ 'ਸਹਿਜ' ਦੇਖੀਂ ਚਾਰੇ ਪਾਸੇ ਹੋਣੀ ਜੈ ਜੈ ਕਾਰ ਹੈ ਲੱਭਿਆਂ ਨੀ ਲੱਭਣਾ ਇਸ ਕੂੜ ਦੇ ਹਨੇਰੇ ਨੇ

ਤੁਸੀਂ ਆਖ ਰਹੇ -ਸਹਿਜਪ੍ਰੀਤ ਸਿੰਘ ਮਾਂਗਟ

ਤੁਸੀਂ ਆਖ ਰਹੇ ਕਦੇ ਅੱਤਵਾਦੀ ਕਦੇ ਨਸ਼ੇੜੀ ਆਪਣੇ ਹੱਕ ਮੰਗਣੇ ਜੇ ਅੱਤਵਾਦ ਹੈ ਮਾਤਾ ਧਰਤ ਮਹਤ ਆਪਣੀ ਧਰਤੀ ਮਾਂ ਨੂੰ ਬਚਾਉਣਾ ਜੇ ਅੱਤਵਾਦ ਹੈ ਆਪਣੇ ਸਾਹਵੇਂ ਆਉਣ ਵਾਲੀ ਨਸਲ ਦੇ ਹੱਕਾਂ ਤੇ ਡਾਕਾ ਰੋਕਣਾ ਜੇ ਅੱਤਵਾਦ ਹੈ ਬਾਬੇ ਨਾਨਕ ਦੀ ਕਿਰਸਾਣੀ ਕਿਰਤ ਕਰਨੀ ਵੰਡ ਛਕਣਾ ਇਸ ਸਿਧਾਂਤ ਤੇ ਪਹਿਰਾ ਦੇਣਾ ਜੇ ਅੱਤਵਾਦ ਹੈ ਤਾਂ ਮੈਂ ਅੱਤਵਾਦੀ ਹਾਂ ਮੇਰਾ ਪਰਿਵਾਰ ਅੱਤਵਾਦੀ ਹੈ ਸਾਰਾ ਪੰਜਾਬ ਅੱਤਵਾਦੀ ਹੈ ਨਾਮ ਦੀ ਖੁਮਾਰੀ ਹੈ ਨਾਮ ਦਾ ਨਸ਼ਾ ਹੈ ਦਸਾਂ ਗੁਰੂਆਂ ਦੀ ਜਗਦੀ ਜੋਤ ਵਿਚੋਂ ਮਿਲਦਾ ਜੋ ਨਸ਼ਾ ਉਸ ਨਸ਼ੇ ਨਾਲ ਚੁਕਦਾਂ ਜਦ ਜ਼ਬਰ ਵਿਰੁੱਧ ਹਥਿਆਰ ਉਹ ਖੁਮਾਰੀ ਰਹਿੰਦੀ ਹਰ ਵੇਲੇ ਅੰਦਰ ਜੇ ਤੁਸੀਂ ਕਹਿੰਦੇ ਹੋ ਮੈਂ ਨਸ਼ੇੜੀ ਹਾਂ ਤਾਂ ਹਾਂ ਮੈਂ ਨਸ਼ੇੜੀ ਹਾਂ ਮੈਨੂੰ ਸ਼ਬਦ ਦਾ ਨਸ਼ਾ ਹੈ ਮੈਨੂੰ ਨਾਮ ਦੀ ਖੁਮਾਰੀ ਹੈ ਤੁਹਾਂ ਮੈਨੂੰ ਅੱਤਵਾਦੀ ਕਹੋ ਨਸ਼ੇੜੀ ਕਹੋ ਇਹ ਅੱਤਵਾਦੀ ਇਹ ਨਸ਼ੇੜੀ ਜ਼ਬਰ ਜ਼ੁਲਮ ਦਾ ਮੁਕਾਬਲਾ ਕਰੇਗਾ ਇਨਸਾਨੀਅਤ ਦੀ ਰੱਖਿਆ ਕਰੇਗਾ ਦੁਸ਼ਮਣ ਨੂੰ ਚਿੱਤ ਕਰੇਗਾ ਤੇ ਆਪਣੇ ਹੱਕ ਲੈ ਕੇ ਰਹੇਗਾ ਸਚਾਈ ਦੀ ਜਿੱਤ ਹੋਵੇਗੀ ਤੇ ਤੁਸੀਂ ਜੋ ਕੂੜ ਪ੍ਰਚਾਰ ਕਰ ਰਹੇ ਮੂੰਹ ਦੀ ਖਾਓਗੇ।

ਸੰਘਰਸ਼ ਵਿੱਚ-ਰਣਜੋਧ ਸਿੰਘ

ਵੀਰੋ,ਭੈਣੋ ਨਿੱਕਿਓ ਵੱਡਿਓ! ਸੰਘਰਸ਼ 'ਚ ਹਰ ਵੇਲੇ ਸ਼ਾਂਤ ਰਹੋ, ਜ਼ਿੰਦਗੀ ਵਿੱਚ ਵੀ ਤਕੜੇ ਰਹੋਗੇ। ਲੋਹਾ ਵੀ ਠੰਡਾ ਹੀ ਮਜਬੂਤ ਹੁੰਦਾ ਹੈ, ਭਖ਼ਦੇ ਲੋਹੇ ਨੂੰ ਤਾਂ ਜਿਵੇਂ ਮਰਜ਼ੀ ਮਰੋੜ ਲਵੋ...

ਬੰਨ੍ਹ ਕੇ ਕਾਫ਼ਲਾ ਤੁਰ ਪਿਆ-ਮਹਿੰਦਰਪਾਲ ਸਿੰਘ ਪਾਲ

ਬਣ ਕੇ ਕਾਫ਼ਲਾ ਤੁਰ ਪਿਆ ਹੈ ਦੇਸ਼ ਦਾ ਅੱਜ ਕਿਸਾਨ ਲੱਗਦਾ ਉਸ ਦੇ ਸਿਦਕ ਦਾ ਹੈ ਅੱਜ ਹੋਣਾ ਇਮਤਿਹਾਨ ਹੁਣ ਪਿੱਛੇ ਨਹੀਂ ਉਸ ਮੁੜਨਾ ਉਹਨੇ ਲਿਆ ਹੈ ਦਿਲ ਵਿਚ ਠਾਣ ਹੱਕਾਂ ਦੇ ਖ਼ਾਤਰ ਲੜਨਗੇ ਅੱਜ ਬੁੱਢੇ ਅਤੇ ਜਵਾਨ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ ਤੇ ਹੈ ਹਾਕਮ ਵੀ ਪਰੇਸ਼ਾਨ ਹੁਣ ਹੋ ਕੇ ਰਹਿਣਗੇ ਫ਼ੈਸਲੇ ਲਈ ਰੱਖ ਤਲੀ ਤੇ ਜਾਨ ਤੇਰੇ ਨਾਲ ਨੇ ਕਾਮੇ ਦੇਸ਼ ਦੇ ਰੱਖੀਂ ਦਿਲ ਵਿਚ ਇਤਮੀਨਾਨ ਤੇਰੇ ਜੋਸ਼ ਦੇ ਅੱਗੇ ਯੋਧਿਆ ਝੁਕੂ ਹਾਕਮ ਬੇਈਮਾਨ ਕੈਲਗਰੀ(ਕੈਨੇਡਾ)

ਗ਼ਜ਼ਲ-ਮਹਿੰਦਰਪਾਲ ਸਿੰਘ ਪਾਲ

ਮੈਂ ਬੰਜਰ ਆਬਾਦ ਕੀਤੇ, ਹੱਥਾਂ ਨਾ ਹਲ਼ ਵਾਹ ਕੇ ਕਬਜ਼ਾ ਹੈ ਕਰਨਾ ਚਾਹੁੰਦਾ, ਹੁਣ ਹੋਰ ਕੋਈ ਆ ਕੇ ਗਰਮੀ ਦੀ ਰੁੱਤ ਦੇ ਅੰਦਰ ਕਿੰਜ ਚੋਇਆ ਮੇਰਾ ਪਸੀਨਾ ਇਹ ਉਹ ਭਲਾ ਕੀ ਜਾਣਨ, ਬੈਠੇ ਜੋ ਪੱਖੇ ਲਾ ਕੇ ਮਿੱਟੀ ਨਾ ਮਿੱਟੀ ਹੋ ਕੇ, ਕਿੰਜ ਫ਼ਸਲ ਮੈਂ ਉਗਾਵਾਂ ਕੁੱਝ ਲੋਕ ਨੇ ਹੁਣ ਬੈਠੇ, ਮੇਰੀ ਦਾਸਤਾਂ ਭੁਲਾ ਕੇ ਹੈ ਮੇਰੇ ਲਹੂ ਵਿਚ ਵਗਦਾ, ਕੁਰਬਾਨੀਆਂ ਦਾ ਜਜ਼ਬਾ ਜਿੱਤੀ ਆਜ਼ਾਦੀ ਮੈਂ ਸੀ, ਗਲ਼ ਫਾਂਸੀ ਦੇ ਫੰਦੇ ਪਾ ਕੇ ਖੋਟੇ ਤੇਰੇ ਮਨਸੂਬੇ, ਨਾਕਾਮ ਹੋਣੇ ਹਾਕਮ ਭਾਵੇਂ ਵੇਖ ਲਈਂ ਮੈਨੂੰ, ਸੋ ਵਾਰ ਤੂੰ ਅਜ਼ਮਾ ਕੇ Mohinderpal Singh Pal

ਗ਼ਜ਼ਲ-ਮਹਿੰਦਰਪਾਲ ਸਿੰਘ ਪਾਲ

ਸਰਕਾਰ ਜੋ ਆਪਣੀ ਪਰਜਾ ਦੀ ਲੈਂਦੀ ਸਾਰ ਨਹੀਂ ਸੋਚ ਮੇਰੀ ਦੇ ਅੰਦਰ ਉਹ ਕੋਈ ਸਰਕਾਰ ਨਹੀਂ ਰਾਖਾ ਜਿਹੜਾ ਆਪ ਹੀ ਹੈ ਘਰ ਨੂੰ ਲੁੱਟੀ ਜਾ ਰਿਹਾ ਚੋਰ ਹੀ ਹੋਣਾ ਕੋਈ , ਉਹ ਕੋਈ ਪਹਿਰੇਦਾਰ ਨਹੀਂ ਆਪਣੇ ਵਾਅਦੇ ਦੇ ਉੱਤੇ ਜੋ ਕਦੀ ਖੜਦਾ ਨਹੀਂ ਐਸੇ ਨੇਤਾ ਦੇ ਉੱਤੇ, ਮੈਨੂੰ ਕੋਈ ਇਤਬਾਰ ਨਹੀਂ ਹੈ ਮੁਬਾਰਕ ਪੈਸਾ ਤੈਨੂੰ, ਪੈਸੇ ਵਾਲੇ ਦੋਸਤਾ ਪਰ ਮੇਰੀ ਰੋਟੀ ਦੇ ਉੱਤੇ, ਤੇਰਾ ਕੋਈ ਅਧਿਕਾਰ ਨਹੀਂ ਲੋਕਤੰਤਰ ਤਾਂ ਬਣਾਇਆ ਹੀ ਸੀ ਲੋਕਾਂ ਦੇ ਲਈ ਏਸ ਦਾ ਮਾਲਕ ਕੋਈ, ਨੇਤਾ ਜਾਂ ਸ਼ਾਹੂਕਾਰ ਨਹੀਂ ਜੰਗ ਜੇ ਯਾਰੋ ਇਹ ਆਪਣੇ, ਹੱਕਾਂ ਦੀ ਹੈ ਜਿੱਤਣੀ ਏਕੇ ਤੋਂ ਵੱਡਾ ਕੋਈ, ਹੋਰ ਤਾਂ ਹਥਿਆਰ ਨਹੀਂ

ਸਿੰਘੂ ਬਾਡਰ ਤੇ ਬੈਠਿਆਂ-ਹਰਵਿੰਦਰ ਸਿੰਘ ਭੱਟੀ (ਡਾ:)

ਫਿਰ ਚੱਲ ਪਏ ਨੇ ਨਵੀਂ ਕਿਸੇ ਮੁਹਿੰਮ ਤੇ ਜੰਮੇ ਹੋਏ ਪੰਜਾਬ ਦੇ ਬੇਬਸੀ ਬੇਚਾਰਗੀ ਦਾ ਸਭ ਦਲਿੱਦਰ ਸੁੱਟ ਕੇ ਅਪਣੇ ਸੁੱਤੇ ਭਾਗਾਂ ਨੂੰ ਜਗਾਉਣ ਲਈ ਜਾਗ ਪਏ ਨੇ ਮੁੱਦਤਾਂ ਦੀ ਗੂੜ੍ਹੀ ਨੀਂਦਰੋਂ ਮਲ ਰਹੇ ਨੀਦਰਾਈਆਂ ਅੱਖਾਂ ਘਸੁੰਨ ਨਾਲ ਹਾਕਮਾਂ ਦੇ ਸਿਰਜੇ ਹੋਏ ਭਰਮ ਨੂੰ ਹਟਾਉਣ ਲਈ ਤੁਰ ਪਏ ਸਭ ਮਾਈ ਭਾਈ, ਬੰਨ ਬੰਨ ਕਾਫਲੇ ਅਣਕਿਆਸੀਆਂ ਮੰਜਿ਼ਲਾਂ ਤੇ ਅਣਲਿਖੇ ਇਤਿਹਾਸ ਦੇ ਮੱਥੇ ਤੇ ਨਾਮ ਲਿਖਾਉਣ ਲਈ ਫਿਰ ਅੰਗੜਾਈ ਲੈ ਰਹੀ, ਪੋਰਸ ਦੀ ਰੂਹ ਫਿਰ ਕੋਈ ਦੁੱਲਾ ਤੁਰ ਪਿਆ ਪਿੰਡੀ ਛੱਡ ਕੇ ਦਿੱਲੀ ਦੇ ਕਿੰਗਰੇ ਢਾਹੁਣ ਲਈ ਫਿਰ ਕਰੀ ਇਤਿਹਾਸ ਨੇ ਮੰਗ ਸੀਸ ਦੀ ਫਿਰ ਕਮਰਕੱਸਾ ਕੱਸ ਰਿਹਾ ਕੋਈ ਦੀਪ ਸਿੰਘ ਸੀਸ ਤਲੀ ਉਤੇ ਟਿਕਾਉਣ ਲਈ ਫਿਰ ਉਠ ਰਹੀ ਸਦਾਅ ਪੰਜਾਬ ਤੋਂ ਤੌਹੀਦ ਦੀ ਸੁੱਤੇ ਹਿੰਦੋਸਤਾਨ ਨੂੰ ਜਗਾਉਣ ਲਈ ਫਿਰ ਕੰਬ ਰਿਹੈ ਲੁੱਟ ਕੁੱਟ ਤੇ ਫੁੱਟ ਤੇ ਉਸਰਿਆ ਨਿਜ਼ਾਮ ਫਿਰ ਦਹਿ ਸਿਰਾ ਰਾਵਣ ਉਚੀ ਹੱਸ ਰਿਹੈ ਭਰਮਾਉਣ ਲਈ ਹੰਝੂ ਗੋਲੇ, ਬਰਫ਼ਾਨੀ ਬੁਛਾਰਾਂ ਹਟ ਗਈਆਂ ਹੰਭ ਹਾਰਕੇ ਫਿਰ ਭਾਈ ਘਨੱਈਆ ਆਇਆ ਲੰਗਰ ਵਰਤਾਉਣ ਲਈ ਫੇਰ ਅਣਖਾਂ ਜਿੱਤੀਆਂ, ਸਬਰ ਦੇ ਮੈਦਾਨ ਵਿੱਚ ਫੇਰ ਹਾਕਮ ਝੁਕਿਆ, ਹੱਥ ਮਿਲਾਉਣ ਲਈ, ਕੋਈ ਨਵਾਂ ਪੇਚ ਪਾਉਣ ਲਈ

ਦੇਖਣਾ ਬਾਕੀ ਹੈ ਅਜੇ-ਹਰਵਿੰਦਰ ਸਿੰਘ ਭੱਟੀ (ਡਾ:)

ਕੀ ਫੇਰ ਸ਼ਹਿਰ ਦਬੋਚ ਲਏਗਾ ਪਿੰਡ ਨੂੰ ਨਵੀਆਂ ਲੂੰਬੜ ਚਾਲਾਂ ਵਿੱਚ ਫਸਾਉਣ ਲਈ ਕੀ ਫੇਰ ਕੋਈ ਲਾਲੂ ਤੇਜੂ, ਭਰੇਗਾ ਬਾਰੂਦ ਦੀ ਥਾਂ ਲਿੱਦ ਆਪਣੀ ਫੌਜ ਮਰਵਾਉਣ ਲਈ ਕੀ ਫਿਰ ਪੰਜਾਬ ਉੱਤਰ ਆਏਗਾ, ਅਸਮਾਨ ਤੋਂ ਮਾਰਕੇ ਚੌਕੀ ਦੀ ਛਾਲ, ਤੇ ਜੁੱਟ ਜਾਏਗਾ ਫਿਰ ਪੁਰਾਣਾ ਗੀਤ ਗਾਉਣ ਲਈ ਜਾਂ ਫਿਰ ਜਗਾਇਗਾ ਕੋਈ ਸੁਤੀ ਕਲਾ ਤੇ ਦਿਸਹੱਦਿਆਂ ਤੇ ਬਖੇਰੇਗਾ ਕੋਈ ਨਵਾਂ ਨੂਰ ਸਾਰੇ ਜੱਗ ਨੂੰ ਨਵਾਂ ਰਾਹ ਦਿਖਾਉਣ ਲਈ

ਆ ਬੈਠ ਟਰਾਲੀ ਵਿੱਚ ਬਾਪੂ-ਹਰਦਿਆਲ ਸਿੰਘ ਪਰਵਾਨਾ

ਆ ਬੈਠ ਟਰਾਲੀ ਵਿੱਚ ਬਾਪੂ ਹੁਣ ਦਿੱਲੀ ਬਹੁਤੀ ਦੂਰ ਨਹੀਂ। ਦਿੱਲੀ 'ਚ ਇਕੱਠ ਹੈ ਯਾਰਾਂ ਦਾ ਮਜ਼ਦੂਰਾਂ ਕਾਸ਼ਤਕਾਰਾਂ ਦਾ ਗਾਇਕਾਂ ਤੇ ਸਾਹਿਤਕਾਰਾਂ ਦਾ ਸਿਦਕੀ ਸਿਰੜੀ ਮੁਟਿਆਰਾਂ ਦਾ ਚੱਲ ਹੱਠੀ ਹਾਕਮ ਨੂੰ ਦੱਸੀਏ ਵਿੱਚ ਇਲਮ ਕਬੂਲ ਗ਼ਰੂਰ ਨਹੀਂ .. ਓੁਥੇ ਮੇਲਾ ਵੀਰ ਜਵਾਨਾਂ ਦਾ ਬਾਬੇ ਦਾਦੇ ਕਿਰਸਾਨਾਂ ਦਾ ਹਿੱਕਾਂ ਵਿੱਚ ਓੁੱਠੇ ਤੂਫਾਨਾਂ ਦਾ ਕੇਸਰੀ ਤੇ ਸਬਜ਼ ਨਿਸ਼ਾਨਾਂ ਦਾ ਹੱਕ ਸੱਚ ਲਈ ਲੜਨਾ ਵਾਜਿਬ ਹੈ ਅਸੀਂ ਯੋਧੇ ਹਾਂ ਮਜਬੂਰ ਨਹੀਂ ..... ਬਾਪੂ ਠਰਨ ਦਿੱਲੀ ਦੀਆਂ ਹੱਦਾਂ ਤੇ ਪੁੱਤ ਪਹਿਰਾ ਦੇਣ ਸਰਹੱਦਾਂ ਤੇ ਜਦ ਵੈਰੀ ਦੇਸ਼ ਤੇ ਆਣ ਚੜ੍ਹੇ ਅਸੀਂ ਜੰਗ ਵਿੱਚ ਸੀਨਾ ਤਾਣ ਲੜੇ ਅੱਜ ਦੇਸ਼ ਵਿਰੋਧੀ ਕਹਿੰਦੇ ਹੋ ਇਹ ਹੈਂਕੜ ਹੈ ,ਦਸਤੂਰ ਨਹੀਂ .... ਓਥੇ ਧਰਨਾ ਭੈਣ ਭਰਾਵਾਂ ਦਾ ਰੱਬ ਵਰਗੀਆਂ ਬੁੱਢੀਆਂ ਮਾਵਾਂ ਦਾ ਮਾਵਾਂ ਦੀਆਂ ਸ਼ੁਭ ਦੁਆਵਾਂ ਦਾ ਜਿੱਤ ਲਈ ਜੂਝਦੇ ਚਾਵਾਂ ਦਾ ਓਥੇ ਜੋਸ਼ ਬਹੁਤ ਪਰ ਹੋਸ਼ ਵੀ ਹੈ ਸਭ ਸੈਵਕ ਹਨ ਮਗ਼ਰੂਰ ਨਹੀਂ ..... ਓਹ ਚੌਕੀਦਾਰ ਅਮੀਰਾਂ ਦੇ ਅਸੀਂ ਸੇਵਕ ਗੁਰੂਆਂ ਪੀਰਾਂ ਦੇ ਅਸੀਂ ਟੁਕੜੇ ਟੁਕੜੇ ਗੈਂਗ ਨਹੀਂ ਥੰਮ ਦੇਸ਼ ਦੀਆਂ ਤਕਦੀਰਾਂ ਦੇ ਅਸੀਂ ਧਰਤੀ ਮਾਂ ਦੇ ਜਾਏ ਹਾਂ ਹੋ ਸਕਦੇ ਇਸ ਤੋਂ ਦੂਰ ਨਹੀ .... ਚੱਲ ਬੈਠ ਟਰਾਲੀ ਵਿੱਚ ਬਾਪੂ ਹੁਣ ਦਿੱਲੀ ਬਹੁਤੀ ਦੂਰ ਨਹੀਂ ...... ਲੁਧਿਆਣਾ

ਬੇਸਿੱਟਾ ਗਲਬਾਤ ਤੋਂ ਬਾਦ-ਅਵਤਾਰਜੀਤ ਅਟਵਾਲ

1 . ਖੇਤ ਹੁਣ ਹੋਣ ਨਹੀਂ ਦੇਣੇ ਰੇਤ ਵੇਖ ਸੱਤਾ ਕੀ ਧਾਰਿਆ ਹੈ ਭੇਖ ਲਹੂ ਸਿਆੜਾਂ ਚ ਪਸੀਨਾ ਨਾ ਸਹੁ ਬੋਲ ਚੁੱਪ ਸਭ ਖੋਲ੍ਹ ਦਿੰਦੀ ਹੈ ਪੋਲ ਜਾਏ , ਗਏ ਸੀ ਲੈ ਕੇ ਸੁਪਨੇ ਤ੍ਰਿਹਾਏ ਮੁੜ ਆਏ ... *** ਅਸੀਂ ਦਿੱਲੀ ਜਿੱਤਣ ਜਾਣਦੇ ------------ 2 ਸੰਕਟ ਹੈ ਤਾਂ ਅੰਦੋਲਨ ਦਾ ਐਲਾਨ ਹੈ ਛਲ ਹੈ ਤਾਂ ਸਾਡਾ ਮੂੰਹ ਸੰਸਦ ਵੱਲ ਹੈ ਸੰਕਟ ਦਾ ਸਿਖਰ ਹੈ ਹਲ਼ ਹੁਣ ਖੇਤਾਂ ਵੱਲ ਨਹੀਂ ਦਿੱਲੀ ਵੱਲ ਨੂੰ ਹੋ ਤੁਰਿਆ ਲਹੂ ਦਾ ਚੱਕਰ ਹੋਰ ਤੇਜ਼ ਹੋ ਗਿਆ ਜ਼ਿੰਦਗੀ ਖ਼ਾਮੋਸ਼ ਹੈ ਹਵਾ ਵਿੱਚ ਜੋਸ਼ ਹੈ ਰਾਜੇ ਦਾ ਫੁਰਮਾਨ ਵਾਅਦਾ ਮੰਗਦਾ ਹੈ ਦਾਅਵੇ ਤੋਂ ਮੁਨਕਰ ਹੈ ਸੱਪ ਦੀ ਸਿਰੀ ਉੱਤੇ ਟੰਗਦਾ ਉਚੀ ਉਚੀ ਹੱਸਦਾ ਹੈ ਜਨਤਾ ਬੇਜਾਨ ਮਜ਼ਦੂਰ ਮਜਬੂਰ ਹੈ ਕਿਸਾਨ ਫ਼ਾਂਸੀ ਦੇ ਰੱਸੇ ਦਾ ਨਿਸ਼ਾਨ ਹੈ ਸੰਕਟ ਹੈ ਤਾਂ ਅੰਦੋਲਨ ਜਾਰੀ ਹੈ ਕਾਲਾ ਕਾਨੂੰਨ ਕਹਿੰਦੇ ਸਭ ਦਾ ਦੋਸਤ ਹੈ ਸੱਚ ਨੂੰ ਪਰ ਚਾੜਿਆ ਜਾ ਰਿਹਾ ਭਰਮਾਂ ਦਾ ਪੋਸਤ ਹੈ ਖੇਤਾਂ ਦੀ ਅੱਖ ਚ ਪਾਣੀ ਫ਼ਸਲਾਂ ਦੇ ਮੂੰਹ ਤੇ ਉਦਾਸੀ ਹੈ ਦਾਣਿਆਂ ਦੀ ਰੂਹ ਕੁਰਲਾਉਂਦੀ ਹੈ ਮੰਡੀ ਸ਼ਰ੍ਹੇਆਮ ਸਰੇ ਬਾਜ਼ਾਰ ਦਨ ਦਨਾਉਂਦੀ ਹੈ ਸੰਕਟ ਹੈ ਤਾਂ ਅੰਦੋਲਨ ਹੋਰ ਤੇਜ਼ ਹੋ ਗਿਆ ਸਰਗਰਮ ਬਲ ਸਰਗਰਮ ਹਲ਼ ਪੰਜਾਲੀ ਕਹੀ ਦਾਤੀ ਹੈ ਚੁਨੌਤੀਆਂ ਦੀ ਗੋਲੀ ਲਈ ਤਿਆਰ ਅੱਜ ਹਰੇਕ ਛਾਤੀ ਹੈ ਅੱਜ ਹਰ ਇਕ ਚੌਕ ਲਾਲ ਲਾਲ ਕਲਮਾਂ ਗੀਤ ਕਵਿਤਾਵਾਂ ਨਾਲ ਨਾਲ ਜਾਗਦੇ ਸਿਰ ਤੱਤੀਆਂ ਪੈੜਾਂ ਕਦਮਾਂ ਚ ਕਾਹਲ ਹੈ ਹਜੂਮ ਹੁਣ ਦਿੱਲੀ ਵੱਲ ਨੂੰ ਹੋ ਤੁਰਿਆ ਹੈ *** 3. ਮੇਲਾ ਦੂਰ ਨਹੀਂ ----------- ਸਿਰ ਬੰਨ੍ਹ ਕੇ ਮੰਡਾਸਾ ਪੰਜਾਬ ਮੇਲੇ ਚ ਨਹੀਂ ਸ਼ਹਿਰ ਰੈਲੀ ਚ ਆ ਗਿਆ ਹੈ ਜਦੋਂ ਰੋਟੀ ਲਈ ਵੀ ਕਰਨੀ ਪੈ ਜਾਵੇ ਰੈਲੀ ਉਦੋਂ ਕਿਰਤ ਖੇਤਾਂ ਦੇ ਸਿਆੜਾਂ ਚ ਅੱਥਰੂ ਤੇ ਦੁੱਖ ਉਗਦਾ ਹੈ ਤਾਂ ਸਾਹਾਂ ਦੀ ਸ਼ਹਾਦਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਮੇਲੇ ਜਾਣ ਦੀ ਇੱਛਾ ਤਾਂ ਲਾਲ ਵਹੀਆਂ ਚ ਕੈਦ ਹੈ ਗੱਲ ਤੁਰ ਪਈ ਹੈ ਕਨਸੋਅ ਹੈ ਹੜ੍ਹ ਹੁਣ ਹੱਕਾਂ ਲਈ ਚਲਣ ਵਾਲਾ ਹੈ ਗੱਡਿਆਂ ਦਾ ਮੂੰਹ ਹੁਣ ਸੰਸਦ ਵੱਲ ਹੈ ....

ਸੁਣ ਸਮੇਂ ਦੀਏ ਸਰਕਾਰੇ-ਸ਼ਮਸ਼ੇਰ ਸਿੰਘ ਸੰਧੂ

ਗੋਲ ਮੋਲ ਤੂੰ ਛੱਡ ਦੇ ਵਾਅਦੇ, ਛੱਡ ਦੇ ਚੁਸਤ ਜਿਹੇ ਲਾਰੇ ਮੰਨ ਜਾ ਮੰਨ ਜਾ, ਮੰਨ ਜਾ ਮੰਗਾਂ, ਸਮੇਂ ਦੀਏ ਸਰਕਾਰੇ ਮੰਨ ਜਾ ਤੈਨੂੰ ਮੰਨਣਾ ਪੈਣਾ, ਸਮੇਂ ਦੀਏ ਸਰਕਾਰੇ। ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ ਸੁਣ ਸਮੇਂ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ ਏਹੋ ਚਾਹੁੰਦੇ ਸਾਥੋਂ ਖੁੱਸ ਨਾ ਜਾਏ ਜ਼ਮੀਨ ਅਸਾਡੀ ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ। ਮੰਨ ਜਾ, ਮੰਨ ਜਾ...........। ਫੇਰ ਨਾ ਪਿੱਛੇ ਹਟਣ ਪੰਜਾਬੀ, ਜਦ ਆਈ 'ਤੇ ਆਉਂਦੇ ਹੱਸ ਹੱਸ ਕੇ ਇਹ ਸੂਲੀ ਚੜ੍ਹਦੇ, ਬੰਦ ਬੰਦ ਨੇ ਕਟਵਾਉਂਦੇ ਇਹ ਗੱਲ ਕੁੱਲ ਸੰਸਾਰ ਜਾਣਦਾ, ਦਿਨੇ ਦਿਖਾਉਂਦੇ ਤਾਰੇ। ਮੰਨ ਜਾ, ਮੰਨ ਜਾ.............। ਅੱਤ ਖ਼ੁਦਾ ਦਾ ਵੈਰ ਹੈ ਹੁੰਦਾ, ਸੱਚ ਸਿਆਣਿਆਂ ਕਹਿਣਾ ਸਦਾ ਕਿਸੇ ਕੋਲ ਰਹੀ ਨਾ ਕੁਰਸੀ, ਸਦਾ ਨਾ ਤਖ਼ਤ 'ਤੇ ਬਹਿਣਾ ਕਲਮ ਰੋਵੇ ਸ਼ਮਸ਼ੇਰ ਸੰਧੂ ਦੀ, ਹੱਥ ਬੰਨ੍ਹ ਅਰਜ਼ ਗੁਜ਼ਾਰੇ ਮੰਨ ਜਾ ਮੰਨ ਜਾ, ਮੰਨ ਜਾ ਮੰਗਾਂ, ਸਮੇਂ ਦੀਏ ਸਰਕਾਰੇ। ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ ਸੁਣ ਸਮੇਂ ਦੀਏ ਸਰਕਾਰੇ ਸੁਣ ਦਿੱਲੀ ਦੀਏ ਸਰਕਾਰੇ।

ਗ਼ਜ਼ਲ-ਸਿਮਰਤ ਸੁਮੈਰਾ

ਜਿਹਨਾਂ ਦਾ ਧਨ ਸੀ ਕਾਲਾ, ਰੰਗਦਾਰ ਹੋ ਗਿਆ ਹੈ । ਸਾਡਾ ਪਸੀਨਾ ਐੰਵੇੰ ਬੇਕਾਰ ਹੋ ਗਿਆ ਹੈ । ਕੈਸਾ ਤੂਫਾਨ ਆਇਆ ਉਜੜੇ ਨੇ ਆਸ਼ਿਆਨੇ ਗ਼ਮਗੀਨ ਪੰਛੀਆਂ ਦਾ ਸੰਸਾਰ ਹੋ ਗਿਆ ਹੈ । ਨੈਣਾਂ 'ਚ ਤਾਂ ਸਮੁੰਦਰ ਚਿਹਰੇ 'ਤੇ ਮੁਸਕਣੀ ਏ ਕਿੰਨਾ ਅਜੀਬ ਸਾਡਾ ਕਿਰਦਾਰ ਹੋ ਗਿਆ ਹੈ । ਅਜਕੱਲ ਉਹ ਹੋ ਗਿਆ ਹੈ ਸਾਡੀ ਸਮਝ ਤੋਂ ਬਾਹਰ ਮੌਸਮ ਦੇ ਵਾਂਗ ਹੁਣ ਤਾਂ ਦਿਲਦਾਰ ਹੋ ਗਿਆ ਹੈ । ਉਹਦੇ 'ਤੇ ਕਰ ਸਕਾਂਗੇ ਵਿਸ਼ਵਾਸ ਕੀ ਸੁਮੈਰਾ ਲਗਦਾ ਹੈ ਹੁਣ ਤਾਂ ਉਹ ਵੀ ' ਸਰਕਾਰ' ਹੋ ਗਿਆ ਹੈ ।

ਅੱਜ ਵੀ-ਰਾਜਨ ਸਿੰਘ ਮਾਨ

ਅੱਜ ਵੀ ਦਿੱਲੀਏ ਤੇਰੇ 'ਤੇ ਫਤਹਿ ਪਾਉਣਾ ਜਾਣਦੇ ਆਂ ਇਹ ਨਾ ਸਮਝੀਂ ਸਾਡੇ ਡੌਲਿਆਂ ਦੇ ਵਿੱਚ ਜਾਨ ਨਹੀਂ ਹਿੱਕ ਤੇਰੀ 'ਤੇ ਆ ਕੇ ਜੱਟਾਂ ਦੀਵਾ ਬਾਲ਼ ਦਿੱਤਾ ਹੁਣ ਤੇਰੇ 'ਤੇ ਹੈ ਖੂਨ ਨਾਲ ਜਾਂ ਤੇਲ ਮੁਹੱਬਤਾਂ ਦੇ ਨਾਲ ਇਹਨੂੰ ਬਲ਼ਦਾ ਰੱਖਣਾ ਐ ਲੱਖ ਅੜਿੱਚਣਾਂ ਡਾਹੀਆਂ ਤੇਰੇ ਚਾਪਲੂਸਾਂ ਨੇ ਅਸੀਂ ਆਪਣੀਆਂ ਪੈੜਾਂ ਪਾਉਂਦੇ ਤੇਰੀ ਹਿੱਕ 'ਚ ਵੱਜੇ ਆਂ ਹਰ ਮਜ਼ਹਬ ਤੇ ਕੌਮ ਨੇ ਸਾਨੂੰ ਸਜਦੇ ਕੀਤੇ ਨੇ ਤੂੰ ਐਵੇਂ ਹੀ ਬੈਠੀ ਫੋਕੀ ਆਕੜ ਕਰਦੀ ਏਂ ਪਹਿਲਾਂ ਵੀ ਅਸਾਂ ਕਈ ਵਾਰ ਤੇਰੀ ਆਕੜ ਭੰਨੀ ਐ ਅੱਜ ਫੇਰ ਤੂੰ ਸਾਨੂੰ ਅਜ਼ਮਾਉਣਾ ਚਾਹੁੰਨੀ ਏਂ ਖ਼ੂਨ ਦੀਆਂ ਅਸੀਂ ਹੋਲੀਆਂ ਖੇਡ ਜਿਊਣਾ ਸਿੱਖੇ ਆਂ ਵਿਹਲ ਹੋਵੇ ਤਾਂ ਸਾਡੇ ਇਤਿਹਾਸ 'ਤੇ ਝਾਤੀ ਮਾਰ ਲਵੀਂ "ਮਾਨ" ਜੰਗਾਂ ਦੇ ਨਾਲ ਸਾਡੀ ਮੁੱਢ ਕਦੀਮੋਂ ਯਾਰੀ ਏ.....

ਜੱਟ ਦੀ ਜੂਨ-ਜਗਦੇਵ ਸਿੰਘ ਚਾਹਲ

ਬੰਨੇ ਓੁੱਤੇ ਜੱਟ ਸੀ ਲਲਕਾਰੇ ਮਾਰਦਾ । ਬਿਨਾਂ ਪੀਤੇ ਨਸ਼ਾ ਸੀ ਫੁੰਕਾਰੇ ਮਾਰਦਾ । ਜੱਟ ਕਹੇ ਚੱਕੀ ਜਾਣੀ ਭੁੱਖ ਨੰਗ ਨੀਂ । ਹਾੜੀ ਆਈ ਹੁਣ ਰਹਿਣਾਂ ਹੱਥ ਤੰਗ ਨੀਂ । ਸੋਨੇ ‘ਚ ਮੜਾਦੂੰ ਤੇਰੇ ਚਿੱਟੇ ਦੰਦ ਨੀਂ । ਐਤਕੀਂ ਬਣਾਂਦੂੰ ਤੈਨੂੰ ਗੁਲੂ ਬੰਦ ਨੀਂ । ਬੰਨ ਲਈਂ ਭਾਵੇਂ ਗਹਿਣਿਆਂ ਦੀ ਪੰਡ ਨੀਂ । ਜੱਟ ਦੇ ਵੀ ਸੀਨੇ ਫੇਰ ਪਊ ਠੰਡ ਨੀਂ । ਮਿੱਟੀ ਵਿੱਚ ਮਿੱਟੀ ਹੋ ਕੇ ਜਾਨ ਤੋੜਦਾ । ਲੋਟੂਆਂ ਦੇ ਮੂਹਰੇ ਜਾ ਕੇ ਹੱਥ ਜੋੜਦਾ । ਚੜ੍ਹ ਗਿਆ ਧੱਕੇ ਬਾਣੀਏ ਬਕਾਲਾਂ ਦੇ । ਖਾਲੀ ਹੱਥ ਹੋਇਆ ਵਾਂਗ ਸੀ ਕੰਗਾਲਾਂ ਦੇ । ਵਿਆਜ ਪੜ ਵਿਆਜ ਲਾਕੇ ਛਿੱਲ ਲਾਹ ਲਈ । ਉਮਰਾਂ ਲਈ ਗਲ਼ ‘ਚ ਪੰਜਾਲ਼ੀ ਪਾ ਲਈ । ਪੁਸ਼ਤਾਂ ਲਈ ਹੋਇਆ ਕਰਜ਼ਾਈ ਬੱਲਿਆ । ਲੁੱਟੀਂ ਜਾਂਦੇ ਤੇਰੀ ਇਹ ਕਮਾਈ ਝੱਲਿਆ । ਭਰ ਕੇ ਟਰਾਲੀ ਮੰਡੀ ਵਿੱਚ ਲੈ ਗਿਆ । ਬੋਲੀ ਹੋਈ ਖਾਸਾ ਚੰਗਾ ਮੁੱਲ ਪੈ ਗਿਆ । ਵਹੀ ਖੋਲ੍ਹ ਦੱਸਿਆ ਹਿਸਾਬ ਬਾਣੀਏ । ਵਿਆਜ ਪੈਕੇ ਦੋ ਲੱਖ ਬਣ ਜਾਣੀਏ । ਦੂਜੀ ਤੂੰ ਟਰਾਲੀ ਲੈ ਕੇ ਆਈਂ ਕੱਲ ਨੂੰ । ਫੇਰ ਦੱਸੂ ਕਿੰਨਾਂ ਬਚਿਆ ਤੇਰੇ ਵੱਲ ਨੂੰ । ਪੈਸਾ ਜਿੰਨਾ ਚਾਹੀਦਾ ਕੋਈ ਸੰਗ ਨਾ ਕਰੀਂ । ਗੱਲ ਘਰਦੀ ਏ ਹੱਥ ਤੰਗ ਨਾ ਕਰੀਂ । ਖਾਲੀ ਹੱਥ ਸ਼ਾਮੀਂ ਜੱਟ ਘਰ ਆ ਗਿਆ । ਡੱਬੋਂ ਕੱਢ ਸਾਰੀ ਬੋਤਲ ਚੜ੍ਹਾ ਗਿਆ । ਜੱਟੀ ਫ਼ੋਲੇ ਖੀਸਾ, ਲੱਭੇ ਨੋਟ ਜੱਟ ਦੇ । ਸੋਚੇ ਹੁਣ ਆਇਆ ਕੰਮ ਲੋਟ ਜੱਟ ਦੇ । ਉੱਠ ਕੇ ਸਵੇਰੇ ਗਿਆ ਖੇਤ ਵੱਲ ਨੂੰ । ਸਹਿਰ ਜਾਕੇ ਕਰੂੰਗਾ ਹਿਸਾਬ ਕੱਲ ਨੁੰ । ਵਹੀ ਖੋਲ ਮੂਹਰੇ ਬਾਣੀਆਂ ਸੀ ਬਹਿ ਗਿਆ । ਵਿਆਜ ਮੁੜ ਗਿਆ, ਬੱਸ ਮੂਲ ਰਹਿ ਗਿਆ । ਹੱਦ ਹੋਗੀ ਇਹਨਾਂ ਵੱਲੋਂ ਚੱਕੀ ਅੱਤ ਦੀ । ਰੱਬਾ ਤੂੰ ਬਣਾਈ ਕਾਹਤੋਂ ਜੂਨ ਜੱਟ ਦੀ । ਦੁਨੀਆਂ ਆਜ਼ਾਦ ਮੈਂ ਗੁਲਾਮ ਹੋ ਗਿਆ । ਚੈਨ ਨਾਲ ਜੀਣਾ ਵੀ ਹਰਾਮ ਹੋ ਗਿਆ । ਮੁੜ ਆਇਆ ਪਿੰਡ ਖਾਲੀ ਹੱਥ ਝਾੜ ਕੇ । ਨਵਾਂ ਖਾਤਾ ਖੋਲ ਕੇ ਪੁਰਾਣਾ ਪਾੜ ਕੇ । ਮੁੱਕੀ ਨਾ ਕਹਾਣੀ ਫੇਰ ਪਾਈ ਜਾਊਗੀ । ਹਾੜ੍ਹੀ ਸਾਓੁਣੀ ਫੇਰ ਦੁਹਰਾਈ ਜਾਊਗੀ । ਸਰੀ (ਕੈਨੇਡਾ)

ਕੌਣ ਹੈ ਉਹ-ਜਗਜੀਤ ਗਿੱਲ

ਕੌਣ ਹੈ ਉਹ ? ਹਰ ਥਾਂ'ਤੇ ਕਿੱਦਾਂ ਹੈ ਉਹ? ਮੰਡੀਆਂ'ਚ ਉਹ, ਸੜਕਾਂ'ਤੇ ਉਹ, ਪੰਪਾਂ,ਪਟੜੀਆਂ,ਪਲਾਜ਼ਿਆਂ'ਚ ਉਹ, ਹੱਟੀਆਂ,ਭੱਠੀਆਂ,ਠੱਠੀਆਂ'ਚ ਉਹ, ਬਾਣਿਆਂ,ਲਾਣਿਆਂ,ਗਾਣਿਆਂ'ਚ ਉਹ ਹੱਦਾਂ,ਸਰਹੱਦਾਂ,ਠਾਣਿਆਂ'ਚ ਉਹ ਅੰਬਰ ,ਧਰਤੀ,ਪਾਤਾਲ'ਚ ਉਹ ਅਮੀਰੀ ਗਰੀਬੀ, ਹਰ ਹਾਲ'ਚ ਉਹ ਨੱਚਦਾ ਗਾਉਂਦਾ ਜਾਗੋਆਂ ਕੱਢਦਾ ਆੜ੍ਹਤੀਏ ਕੋਲ ਉਹ ,ਬੈਕਾਂ'ਚ ਉਹ, ਮਹਿਲਾਂ'ਚ ਉਹ ਵੱਟਾਂ,ਬੰਨਿਆਂ ਤੇ ਜੇਲ੍ਹਾਂ'ਚ ਉਹ ਡੰਡੇ ਖਾਂਦਾ, ਗੋਲੀਆਂ ਖਾਂਦਾ ਡਿੱਗਦਾ,ਉੱਠਦਾ ਤੇ ਫੇਰ ਨੱਚਣ ਲੱਗਦਾ ਮਰਦਾ,ਫਾਹੇ ਲੈਂਦਾ, ਮਿੱਧਿਆ ਜਾਂਦਾ, ਫੇਰ ਪੁੰਗਰ ਪੈਂਦਾ, ਕੇਸਰੀ ਉਹ, ਲਾਲ ਵੀ, ਹੁਣ ਹਰਾ ਵੀ, ਅੱਤਵਾਦੀ ਉਹ,ਜੇਹਾਦੀ ਉਹ,ਨਕਸਲੀ ਉਹ, ਕੌਣ ਹੈ ਉਹ? ਇੱਥੇ ਵੀ ਉਹ, ਉੱਥੇ ਵੀ ਉਹ ਉਹ ਧੂੜ ਹੈ,ਬਾਰੂਦ ਹੈ, ਉਹ ਕਿਣਕਾ ਹੈ ਤਾਂਹੀਓਂ ਤਾਂ, ਕਣ ਕਣ'ਚ ਹੈ ਉਹ ਅਣੂ ਹੈ ਉਹ, ਪਰਮਾਣੂ ਹੈ ਉਹ ਉਹ ਹੈ ਤਾਂ ਸਭ ਹੈ ਉਹ ਹੈ ਤਾਂ ਰੱਬ ਹੈ ਉਹ ਹੈ ਤਾਂ ਕੱਲ੍ਹ ਸੀ ਉਹ ਹੈ ਤਾਂ ਅੱਜ ਹੈ...

ਦਿਲਗੀਰ ਦਿੱਲੀ ਪੁੱਛਦੀ ਹੈ-ਕਰਮ ਲੁਧਿਆਣਵੀ

ਹਾਥੀਓਂ ਵਧ ਕੇ ਗੱਡੇ ਉਚੇਰੇ ਤੰਬੂ ਲੱਗ ਗਏ ਚਾਰ ਚੁਫੇਰੇ ਪਾਉਣ ਲੱਗੇ ਚੌਤਰਫ਼ੇ ਘੇਰੇ ਚਾਰੇ ਪਾਸੇ ਲਾਏ ਪਹਿਰੇ ਵੇਖੀਂ ਕੋਈ ਲੁਟੇਰਾ ਤਾਂ ਨਹੀਂ ਆ ਗਿਆ ? ਚਾਣਕੀਆ ਪੁਰੀ ਦੇ ਹੁਕਮਰਾਨ ਨੂੰ ਦਿਲਗੀਰ ਦਿੱਲੀ ਪੁੱਛਦੀ ਹੈ ! ਨਾ ਕੋਈ ਘੋੜਾ ਅਸਵਾਰ ਦਿਸਦਾ ਏ ਨਾ ਕੋਈ ਹੱਥ ਹਥਿਆਰ ਦਿਸਦਾ ਏ ਨਾ ਕੋਈ ਝੰਡਾ ਬਰਦਾਰ ਦਿਸਦਾ ਏ ਨਾ ਕੋਈ ਸ਼ਾਹ ਸਰਦਾਰ ਦਿਸਦਾ ਏ ਕੋਈ ਅਹਿਮਦ ਨਾਦਰ ਤਾਂ ਨਹੀਂ ਆ ਗਿਆ ? ਚਾਣਕੀਆ ਪੁਰੀ ਦੇ ਨੁਕਸਾਨ ਨੂੰ ਦਿਲਗੀਰ ਦਿੱਲੀ ਪੁੱਛਦੀ ਹੈ ! ਕਿਵੇਂ ਜੋੜ ਟਰੈਕਟਰ ਝੱਟ ਆਏ ? ਕਿਵੇਂ ਪੱਥਰ ਨਾਕੇ ਪਲਟ ਆਏ ਕਿਵੇਂ ਤਾਰ ਕੰਡਿਆਲੀ ਕੱਟ ਆਏ ਪਾਣੀ ਬੁਸ਼ਾਰਾਂ ਤੋਂ ਪਾਸੇ ਵੱਟ ਆਏ ਕਿਤੇ ਕੈੜਾ ਕਿਰਸਾਨ ਤਾਂ ਨਹੀਂ ਆ ਗਿਆ ? ਚਾਣਕੀਆ ਪੁਰੀ ਦੇ ਨਿਗਰਾਨ ਨੂੰ ਦਿਲਗੀਰ ਦਿੱਲੀ ਪੁੱਛਦੀ ਹੈ ! ਕੀ ਇਹ ਓਹੀ ਜੈ ਕਿਸਾਨ ਹੈ ? ਜਦ ਲੋੜ ਪਈ ਤਾਂ ਜੈ ਜਵਾਨ ਹੈ ਜਿਸਦਾ ਦੇਸ਼ ਪਰ ਬੜਾ ਅਹਸਾਨ ਹੈ ਸਹੀ ਸਲੂਕ ਦਾ ਆਸਵਾਨ ਹੈ ਕਿਤੇ ਪਛਾਣ 'ਚ ਧੋਖਾ ਤਾਂ ਨਹੀਂ ਖਾ ਗਿਆ ? ਚਾਣਕੀਆ ਪੁਰੀ ਦੇ ਪਸ਼ੇਮਾਨ ਨੂੰ ! ਦਿਲਗੀਰ ਦਿੱਲੀ ਪੁੱਛਦੀ ਹੈ ਜੋ ਦੇਸ਼ ਦੇ ਅੰਨਦਾਤੇ ਅਖਵਾਏ ਨੇ ਖਾਣ ਪੀਣ ਨੂੰ ਸਾਥ ਲਿਆਏ ਨੇ ਆ ਕੇ ਖੁੱਲੇ ਲੰਗਰ ਚਲਾਏ ਨੇ ਐਥੋਂ ਦੇ ਭੁੱਖੇ ਵੀ ਰੱਜ ਰਜਾਏ ਨੇ ਹੋ ਨਾ ਸਕਿਆ ਤੈਥੋਂ, ਉਹ ਕਰ ਕੇ ਕਿਵੇਂ ਵਿਖਾ ਗਿਆ? ਚਾਣਕੀਆ ਪੁਰੀ ਦੇ ਸੁਲਤਾਨ ਨੂੰ ! ਦਿਲਗੀਰ ਦਿੱਲੀ ਪੁੱਛਦੀ ਹੈ ! ਕਿਓਂ ਮਿਲਣੋਂ ਉਨਾਂ ਤੋਂ ਭੱਜਦਾ ਏਂ ? ਕਾਲੇ ਕ਼ਾਨੂਨ ਰਹਿੰਦਾ ਕੱਜਦਾ ਏਂ ਦਲੀਲਾਂ ਝੂਠੀਆਂ ਦੇ ਨਾ ਰੱਜਦਾ ਏਂ ਪੂੰਜੀਪਤੀਆਂ ਵਿਹੜੇ ਗੱਜਦਾ ਏਂ ਕਿਓਂ ਅੱਡੇ ਚੜ੍ਹ ਅਮੀਰਾਂ ਦੇ, ਨੱਕ ਨਕੇਲ ਪੁਆ ਗਿਆ? ਚਾਣਕੀਆ ਪੁਰੀ ਦੇ ਨਾਦਾਨ ਨੂੰ ਦਿਲਗੀਰ ਦਿੱਲੀ ਪੁੱਛਦੀ ਹੈ ! ਜੋ ਵੀ ਚੜ੍ਹ ਕੇ ਦਿੱਲੀ ਨੂੰ ਆਇਆ ਲਸ਼ਕਰ ਲੈ ਲੁੱਟਣ ਨੂੰ ਆਇਆ ਖਲਕਤ ਸਾਹ ਘੁਟਣ ਨੂੰ ਆਇਆ ਅੱਜ ਹੱਕ ਕਿਸਾਨ ਮੰਗਣ ਨੂੰ ਆਇਆ ਕਿਓਂ ਕਾਲਾ ਕਾਨੂੰਨ ਹੱਕਾਂ ਨੂੰ ਖਾ ਗਿਆ ? ਚਾਣਕੀਆ ਪੁਰੀ ਦੇ ਸਿਆਸਤਦਾਨ ਨੂੰ ਦਿਲਗੀਰ ਦਿੱਲੀ ਪੁੱਛਦੀ ਹੈ ! ਚਾਣਕੀਆ ਪੁਰੀ ਦੇ ਹੁਕਮਰਾਨ ਨੂੰ ! ਹਿਊਸਟਨ(ਅਮਰੀਕਾ)

ਖੀਸੇ ਵਿਚ ਚਿੱਠੀ-ਕਰਮ ਲੁਧਿਆਣਵੀ

ਡਗਾ ਲੱਗਿਆ ਦਿੱਲੀ ਦੇ ਮੋਰਚੇ ਦਾ ਮੈਂ ਵੀ ਟ੍ਰੈਕਟਰ ਤੁਰੰਤ ਤਿਆਰ ਕੀਤਾ। ਸੰਭਾਲ ਕੱਖ ਕੰਡਾ ਟੱਬਰ ਤੋਂ ਲੈ ਵਿਦਾ ਬਿਠਾ ਪੁੱਤਰ ਨੂੰ ਉੱਤਰ ਅਧਿਕਾਰ ਕੀਤਾ ! ਖੀਸੇ ਪਾ ਚਿੱਠੀ ਮੈਂ ਆਇਆ ਦਿੱਲੀ ਤਾਨਾਸ਼ਾਹੀ ਦਾ ਤਖ਼ਤ ਹਿਲਾ ਦੇਣਾ ਜੱਟ ਵਿਹਲੜ ਨਾ ਮੈਨੂੰ ਕੋਈ ਸਮਝੇ ਭੰਡੀ ਪਰਚਾਰ ਨੂੰ ਸਾਫ ਸਮਝਾ ਦੇਣਾ ! ਤੰਦਰੁਸਤ ਹਾਂ ਸਿਆਣਾ ਸਰੀਰ ਭਾਵੇਂ ਕਿਰਸਾਨੀ ਹੱਕਾਂ ਤੇ ਧਰਨਾ ਲਾ ਦੇਣਾ ਆਇਆ ਮਿਥ ਕੇ ਰਹਿੰਦੇ ਦਮ ਤੀਕਰ ਸਿੰਘਾ ਛਾਉਣੀ ਤੇ ਕੰਨਾਂ ਡਾਹ ਦੇਣਾ ! ਐਪਰ ਸਾਥੀਓ ਦਮ ਜੇ ਰੁਕ ਜਾਵੇ ਅਰਾਮ ਦੇਹ ਕਰਕੇ ਚਾਦਰ ਪਾ ਦੇਣਾ ਜਿਹੜੀ ਜ਼ਮੀਨ ਤੋਂ ਜੰਮਿਆ ਪਲਿਆ ਮੈਂ ਉਸੇ ਜ਼ਮੀਨ ਤੇ ਲਾਸ਼ ਪੁਚਾ ਦੇਣਾ ! ਜਿਹੜੇ ਖੇਤਾਂ ਨੂੰ ਸਿੰਜਿਆ ਪਸੀਨੀਆਂ ਨੇ ਉਨ੍ਹਾਂ ਖੇਤਾਂ ਦੇ ਦੁਆਲੇ ਘੁਮਾ ਦੇਣਾ ਜਿਹੜੇ ਖੂਹ ਦਾ ਪਾਣੀ ਹੈ ਮੈਂ ਪੀਤਾ ਓਸੇ ਪਾਣੀ ਦੀ ਬੂੰਦ ਮੂੰਹ ਪਾ ਦੇਣਾ ! ਮੋਟਰ ਵਾਲੇ ਖੇਤ ਦੇ ਸਰੀਂਹ ਥੱਲੇ ਮਿੱਟੀ ਖੇਤ ਦੀ ਚਿਤਾ ਚਿਣਾ ਦੇਣਾ ਮੇਰੇ ਸਾਥੀਓ ਦੇਹ ਕਰ ਅਗਨ ਭੇਟਾ ਆਖਰੀ ਵਾਰ ਦੀ ਫਤਹਿ ਬੁਲਾ ਦੇਣਾ ! ਮੇਰੀ ਲਾਸ਼ 'ਚੋਂ ਵਿਛੜਦੀ ਰੂਹ ਸੁਣੇ 'ਕਿਸਾਨ ਏਕਤਾ' ਨਾਅਰਾ ਗੁੰਜਾ ਦੇਣਾ ਮੁੜ ਆ ਕੇ ਮੋਰਚੇ ਤੇ ਡਟ ਜਾਇਓ ਮੇਰੇ ਮਰਨ ਤੇ ਵਾਅਦਾ ਨਿਭਾ ਦੇਣਾ !

ਸਿਰ ਪਾਟ ਗਿਆ ਪੰਜਾਬ ਦਾ-ਹਰਜਿੰਦਰ ਕੰਗ

ਸਿਰ ਪਾਟ ਗਿਆ ਪੰਜਾਬ ਦਾ ਕੋਈ ਆਣ ਬੰਨ੍ਹਾਵੇ ਪੱਟੀਆਂ। ਮਾਰੋ ਹਾਕ ਹਕੀਮਾਂ ਹਾਕਮਾਂ ਏਹਦੇ ਦਰਦ ਕਸੀਸਾਂ ਵੱਟੀਆਂ। ਖ਼ੂਨ ਦੀ ਤਤੀਰੀ ਮੇਰੇ ਮੱਥੇ ਵਿੱਚ ਵੱਜੀ ਏ। ਯਾਦ ਬੀਤੇ ਵੇਲਿਆਂ ਦੀ ਫੇਰ ਆਉਣ ਲੱਗੀ ਏ। ਲਿਆ ਸੀ ਪੰਜਾਬ ਜਦੋਂ ਮੱਲ ਮੁਗਲਾਣਿਆਂ। ਮੰਨ ਲਈ ਸੀ ਈਨ ਜਦੋਂ ਵਕਤਾਂ ਦੇ ਰਾਣਿਆਂ। ਉਦੋਂ ਗਲ਼ੋਂ ਗੁਲਾਮੀ ਸੰਗਲੀਆਂ ਸੀ ਹੌਸਲਿਆਂ ਨੇ ਕੱਟੀਆਂ... ਭੰਨਿਆ ਸਰੀਰ ਏਹਦਾ ਲੋਭ ਦੀਆਂ ਲਾਠੀਆਂ। ਜਾਬਰਾਂ ਆਜ਼ਾਦ ਘੋੜੇ ਉੱਤੇ ਪਾਈਆਂ ਕਾਠੀਆਂ। ਹਿੱਲ ਹੀ ਨਾ ਜਾਣ ਕਿਤੇ ਸਾਂਝਾਂ ਦੀਆਂ ਥੰਮੀਆਂ। ਵਿਹੜੇ ਵਿੱਚ ਧੋਖੇ ਦੀਆਂ ਧੂੜਾਂ ਪਈਆਂ ਜੰਮੀਆਂ। ਕੀਤਾ ਜ਼ਖ਼ਮੀ ਘਰ ਦਿਆਂ ਭੇਤੀਆਂ ਏਹਦੇ ਰੱਤ ਦੀਆਂ ਬੂੰਦਾਂ ਚੱਟੀਆਂ। ਹੱਥਾਂ ਤੇ ਰੱਟਣ ਏਹਦੇ ਪੈਰਾਂ’ ਚ ਬਿਆਈਆਂ ਨੇ। ਚੌਧਰੀ ਚਲਾਕ ਚੋਰਾਂ ਲੁੱਟੀਆਂ ਕਮਾਈਆਂ ਨੇ। ਰੋਟੀ ਪਿੱਛੇ ਰੁਲ਼ੇ ਧੀਆਂ ਪੁੱਤ ਪਰਦੇਸਾਂ ਵਿੱਚ। ਪਿੰਡਾਂ ਨੂੰ ਪਰਤਣਾ ਵੀ ਰਿਹਾ ਨਹੀਂਓੰ ਲੇਖਾਂ ਵਿੱਚ। ਇਹਦੀਆਂ ਗਲ਼ੀਆਂ ਹੋਈਆਂ ਸੁੰਨੀਆਂ ਤੇ ਲੁੱਟ ਪੁੱਟ ਗਈਆਂ ਹੱਟੀਆਂ। ਖ਼ੂਨ ਵਿੱਚੋਂ ਗੁਰੂ ਅੰਮ੍ਰਿਤ ਬੋਲ ਪੈਣਾ ਏ। ਕੱਢ ਕਿਰਪਾਨ ਨੂੰ ਮਿਆਨ ਵਿੱਚੋਂ ਲੈਣਾ ਏ। ਰੁਲਦੀ ਨਈਂ ਦੇਖ ਹੋਣੀ ਪੱਤ ਪੰਜਾਬ ਦੀ। ਡੁੱਲਣ ਨਈਂ ਦੇਣੀ ਪੁੱਤਾਂ ਰੱਤ ਪੰਜਾਬ ਦੀ। ਫਿਰ ਉੱਠਣੈਂ ਸਿੰਘਾਂ,ਭਗਤ ਸਿੰਆਂ,ਸਰਦਾਰਾਂ ਦੁੱਲੇ ਭੱਟੀਆਂ। ਉੱਠੂ ਪੰਜਾਬ’ਕੰਗ’ ਐਡੀ ਕਿਹੜੀ ਗੱਲ ਏ। ਦੇਗ ਤੇਗ ਫਤਿਹ ਵਾਲਾ ਨਾਅਰਾ ਏਹਦੇ ਵੱਲ ਏ। ਏਹਦੇ ਉੱਤੇ ਲਸ਼ਕਰ ਚੜ੍ਹ ਚੜ੍ਹ ਆਏ ਨੇ। ਆਕੀਆਂ ਨੂੰ ਏਹਨੇ ਚਣੇ ਲੋਹੇ ਦੇ ਚਬਾਏ ਨੇ। ਏਹਦੇ ਜੀਵਣ ਕਾਮੇ, ਲਾਲੇ, ਗੱਭਰੂ ਜੀਵਣ ਜੱਟ ਤੇ ਜੱਟੀਆਂ।

ਰੋਕਣ ਨੂੰ ਸਰਕਾਰਾਂ ਲਾਇਆ ਜ਼ੋਰ ਬਥੇਰਾ-ਹਰਜਿੰਦਰ ਕੰਗ

ਰੋਕਣ ਨੂੰ ਸਰਕਾਰਾਂ ਲਾਇਆ ਜ਼ੋਰ ਬਥੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਪੱਥਰ,ਅੱਥਰੂ ਗੈਸ ਤੇ ਬੈਰੀਕੇਡ ਵੀ ਤੋੜੇ। ਹੂੰਝ ਹਾਂਝ ਕੇ ਰਾਹਾਂ’ਚੋਂ ਰਾਹਾਂ ਦੇ ਰੋੜੇ। ਆਣ ਚੜ੍ਹੇ ਦਿੱਲੀ ਦੀ ਹਿੱਕ ਤੇ ਲਾ ਲਿਆ ਡੇਰਾ। ਹਉਮੈ ਛੱਡ ਕੇ ਕਰ ਲਿਆ ਜੋ ਸਭ ਨੇ ਏਕਾ। ਭੁੱਲ ਜਾਊ ਦਿੱਲੀ ਆਪਣਾ ਹੁਣ ਸਹੁਰਾ ਪੇਕਾ। ਤਾਨਾਸ਼ਾਹੀ ਚੁੱਕ ਲਊਗੀ ਡੰਡਾ ਡੇਰਾ। ਜਾਨ ਤਲੀ ਤੇ ਰੱਖ ਲਈ ਖੇਤਾਂ ਦੇ ਪੁੱਤਾਂ। ਬਦਲ ਦੇਣਗੇ ਦੇਖਿਓ ਰੱਤ ਪੀਣੀਆਂ ਰੁੱਤਾਂ। ਚਾਨਣ ਦੇ ਵਣਜਾਰਿਆਂ ਕਰਨਾ ਦੂਰ ਹਨ੍ਹੇਰਾ। ਪਿੰਡਾਂ ਦੇ ਪਿੰਡ ਉੱਠ ਪਏ ਪੰਜਾਬ ਜਾਗਿਆ। ਹਰ ਦਿਲ ਅੰਦਰ ਫਿਰ ਨਾਨਕ ਦਾ ਖ਼ਾਬ ਜਾਗਿਆ। ਬਾਣੀ ਦੇ ਬਾਣਾਂ ਨੇ ਵਿੰਨ੍ਹਿਆ ਚਾਰ ਚੁਫੇਰਾ। ਰੱਬ’ ਤੇ ਟੇਕਾਂ ਰੱਖਣ ਵਾਲੇ ਰੱਬ ਦੇ ‘ਧੰਨੇ’। ਲਾ ਕੇ ਛੱਡਣਗੇ ਹੁਣ ਡੁੱਬਦਾ ਬੇੜਾ ਬੰਨੇ। ਪਰਖੇ ਜਿੰਨਾ ਪਰਖਣਾ ਹਾਕਮ ਨੇ ਜੇਰਾ। ਚਿਰ ਪਿੱਛੋਂ ਪੰਜਾਬ’ ਚੋਂ ਇਤਿਹਾਸ ਬੋਲਿਆ। ਫੇਰ ਨਗਾਰਾ ਵੱਜਿਆ ਤੇ ਤਖ਼ਤ ਡੋਲਿਆ। ‘ਕੰਗ’ ਸ਼ਹੀਦਾਂ ਫਿਰ ਜਿਵੇਂ ਪਾਇਆ ਏ ਫੇਰਾ।

ਗ਼ਜ਼ਲ-ਹਰਜਿੰਦਰ ਕੰਗ

ਧਾਹਾਂ ਮਾਰਨ ਪਾਟੇ ਝੱਗੇ। ਗੁੰਗੇ ਹੋ ਗਏ ਜੱਟ ਦੇ ਮੱਘੇ। ਭੁੱਬੀਂ ਰੋਏ ਨਾਰੇ ਬੱਗੇ ਅੰਨਦਾਤੇ ਜਦ ਫਾਹੇ ਲੱਗੇ। ਰੁਲਦੀ ਖ਼ਲਕਤ ਦੀ ਹਾਅ ਲੱਗੇ। ਅਰਦਾਸਾਂ ਮਾਲਕ ਦੇ ਅੱਗੇ। ਹਾਕਮ ਦੀ ਕੀਤੀ ਨ ਇਕ ਦਿਨ, ਹਾਕਮ ਦੇ ਆਉਣੀ ਏ ਅੱਗੇ। ਪੈਂਤੀ ਤੈਨੂੰ ਮਿਹਣਾ ਮਾਰੇ, ਭੁੱਲ ਗਿਆਂ ਕਿਓ ਖੱਖੇ ਗੱਗੇ। ਬਾਲਾਂ ਗਲ ਲਗ ਰੋਏ ਮਾਪੇ, ਘਰ ਜੱਦੀ ਜਦ ਵੇਚਣ ਲੱਗੇ। ਵਕਤ ਬਦਲ ਜਾਂਦੇ ਨੇ ਆਖ਼ਿਰ, ਪਿਛਲੇ ਹੋ ਜਾਂਦੇ ਨ ਅੱਗੇ। ਆਖ਼ਿਰ ਲੋਕਾਂ ਬਾਜ਼ੀ ਜਿੱਤਣੀ, ਜਿਉਂਦੇ ਅੱਜ ਵੀ ਦੁੱਲੇ ਜੱਗੇ। ਫਰਿਜ਼ਨੋ (ਅਮਰੀਕਾ)

ਅਸਲ ਵਿੱਚ-ਨਵਰੂਪ ਕੌਰ

ਸੁਣਿਆ ਹੈ ਕਿ ਮੇਰੇ ਸ਼ਹਿਰ ਨੂੰ ਖ਼ਤਰਾ ਹੈ ਸ਼ਹਿਰ ਨੂੰ ਖ਼ਤਰਾ ਬੰਬਾਂ ਤੋਂ ਨਹੀਂ, ਜੰਗਾਂ ਤੋਂ ਨਹੀਂ ਸ਼ਹਿਰ ਨੂੰ ਖ਼ਤਰਾ ਸਿਆਸਤ ਦੇ ਚਗਲੇ ਸੁਆਦਾਂ ਤੋਂ, ਹੁਕਮਰਾਨ ਦੇ ਸਵਾਲਾਂ ਤੋਂ ਲੁਕਵੇਂ ਏਜੰਡੇ ਵਾਲੇ ਜਵਾਬਾਂ ਤੋਂ ਸੁਣਿਆ ਹੈ ਕਿ ਸ਼ਹਿਰ ਨੂੰ ਖ਼ਤਰਾ ਹੈ। ਪਰ ਖ਼ਤਰਾ ਗੋਲ਼ੀ ਤੋਂ ਨਹੀਂ ਭੁੱਖ ਮਰੀ ਤੋਂ ਨਹੀਂ ਖ਼ਤਰਾ ਹੱਕਾਂ ਦੇ ਮਾਰੇ ਜਾਣ ਤੋਂ ਹੈ। ਆਵਾਜ਼ ਦੇ ਦਬ ਜਾਣ ਤੋਂ ਹੈ। ਨਿਹੱਥੇ ਕਰ ਜਾਣ ਤੋਂ ਹੈ। ਸੁਣਿਆ ਹੈ ਮੈਂ ਕਿ ਹਵਾ ਚ ਡੂੰਘੀ ਸਾਜ਼ਿਸ਼ ਤੋਂ ਹੈ ਖ਼ਤਰਾ। ਦਹਿਸ਼ਤੀ ਬੂਟਾਂ ਦੀ ਮਾਰਚ ਤੋਂ ਹੈ ਖ਼ਤਰਾ ਹਿੰਦੀ ਹਿੰਦੂ ਹਿੰਦੂਸਤਾਨ ਦੇ ਨਾਂ ਤੇ ਹੁੰਦੀ ਸ਼ਰਾਰਤ ਤੋਂ ਹੈ ਖ਼ਤਰਾ। ਖ਼ਤਰਾ ਰੋਜ਼ ਮੰਡਲਾਉਂਦਾ ਹੈ ਹਰ ਚੈਨਲ ਤੇ ਹਰ ਪੈਨਲ ਤੇ ਦੱਬੀਆਂ ਜਾਂਦੀਆਂ ਆਵਾਜ਼ਾਂ। ਖ਼ਤਰਾ ਹਕੂਮਤ ਨੂੰ ਵੀ ਹੈ ਜਨ ਸੈਲਾਬ ਤੋਂ ਖ਼ਤਰਾ ਹੈ ਸੂਹੇ ਇਨਕਲਾਬ ਤੋਂ। ਇਸ ਦੇ ਜ਼ਿੰਦਾਬਾਦ ਤੋਂ , ਲੋਕਾਂ ਵੱਲੋਂ ਮੰਗੇ ਹਿਸਾਬ ਤੋਂ, ਮੇਰੇ ਸ਼ਹਿਰ ਦੇ ਜ਼ਾਰ ਨੂੰ ਖ਼ਤਰਾ ਹੈ। ਅਸਲ ਵਿੱਚ ਉਸ ਨੂੰ ਆਪਣੀ ਹਾਰ ਤੋਂ ਖ਼ਤਰਾ ਹੈ।

ਗ਼ਜ਼ਲ-ਸੁਰਜੀਤ ਸਖ਼ੀ

ਹਰ ਸ਼ਾਮ ਦੀਵਾਲੀ ਏ, ਹਰ ਸੁਬ੍ਹਾ ਵਿਸਾਖੀ ਏ। ਫ਼ਸਲਾਂ ਦੀ ਵੀ ਰਾਖੀ ਏ, ਨਸਲਾਂ ਦੀ ਵੀ ਰਾਖੀ ਏ। ਕੈਸਾ ਹੈ ਉਨ੍ਹਾਂ ਦਾ ਇਹ, ਸ਼ਾਂਤੀ ਦਾ ਸੁਨੇਹਾ ਵੀ, ਹਰ ਬੋਲ ਸੁਲਘਦਾ ਹੈ, ਹਰ ਸੋਚ ਧੁਆਂਖੀ ਏ। ਇਸ ਲਹਿਰ 'ਚ ਸ਼ਾਮਿਲ ਏ, ਸਦੀਆਂ ਦੀ ਵਿਰਾਸਤ ਜੋ, ਤਾਹੀਂਉਂ ਇਹ ਵਿਲੱਖਣ ਏ, ਤਾਂਹੀਉਂ ਇਹ ਸੁਜਾਖ਼ੀ ਏ। ਹਉਂਮੈ ਦੀ ਖ਼ੁਮਾਰੀ ਚੋਂ, ਉਪਜੇ ਨੇ ਕਈ ਧੋਖੇ, ਹੰਕਾਰ ਤਾਂ ਅੰਨ੍ਹਾ ਏ, ਸੱਤਾ ਵੀ ਮੁਨਾਖੀ ਏ। ਉਸ ਨੂਰ ਦਾ ਚਾਨਣ ਐ, ਹਕ ਸੱਚ ਦੇ ਰਾਹਾਂ ਵਿੱਚ, ਸਾਂਭੀ ਐ, ਤੁਸਾਂ ਸਾਨੂੰ, ਇਹ ਗੱਲ ਜੋ ਆਖੀ ਏ। ਕੈਲੇਫੋਰਨੀਆ (ਅਮਰੀਕਾ)

ਗ਼ਜ਼ਲ-ਸੁਰਜੀਤ ਸਖ਼ੀ

ਬਾਗਾਂ ਦੇ ਮਾਲੀਆ ਨੇ, ਬਹਿ ਬਹਿਕੇ ਹੱਥ ਮਲਣੇ। ਜਿਸ ਦਿਨ ਹਨ੍ਹੇਰ ਪਾਇਆ, ਐਨੀ ਉਥਲ ਪੁਥਲ ਨੇ॥ ਧਰਤੀ ਦੇ ਨਾਲ ਬੱਝੀ, ਵਿਰਸੇ ਦੀ ਡੋਰ ਕੰਬੀ, ਜਾਬਰ ਨੇ ਪਾਏ ਵੇਖੋ, ਕਿੰਨੇ ਕੁ ਨਾਗ ਵਲ ਨੇ। ਲੱਗਦਾ ਪਿਐ ਨਿਰੰਤਰ, ਸ਼ਾਹੀ ਨਹਿਰ ਦਾ ਪਾਣੀ, ਇੱਕ ਦਮ ਜਵਾਨ ਹੋਣੇ, ਇਸ ਜ਼ਹਿਰ ਦੀ ਫ਼ਸਲ ਨੇ। ਪੌਣਾਂ ਨੂੰ ਕੈਦ ਕਰਕੇ, ਉਹ ਸੋਚਦਾ ਹੈ ਸ਼ਾਇਦ, ਮੇਰੇ ਕਹੇ ਬਿਨਾ ਹੁਣ, ਮੌਸਮ ਨਹੀਂ ਬਦਲਣੇ। ਆਉ ਕਿ ਰਲ ਕੇ ਕਰੀਏ, ਸਦੀਆਂ ਦਾ ਲੇਖਾ ਜੋਖਾ, ਅੱਜ ਦਾ ਹਿਸਾਬ ਮੰਗਣੈ, ਫ਼ਿਰ, ਔਣ ਵਾਲੇ ਕੱਲ੍ਹ ਨੇ॥

ਗ਼ਜ਼ਲ-ਸੁਰਜੀਤ ਸਖ਼ੀ

ਬੇਚੈਨ ਪਾਣੀਆਂ 'ਚ ਇਵੇਂ ਖ਼ਲਬਲੀ ਰਹੇ। ਹੋਵੇ ਨਾ ਹੋਵੇ ਫ਼ੈਸਲਾ, ਗੱਲ ਤਾਂ ਚਲੀ ਰਹੇ॥ ਹਉਂਮੈ ਤੇਰੀ ਦਾ ਜ਼ਿਕਰ ਜੇ, ਹੋਵੇ ਨਗਰ ਨਗਰ, ਸਾਡੇ ਸਬਰ ਦੀ ਬਾਤ ਵੀ, ਗਲੀਉ ਗਲੀ ਰਹੇ। ਇਸ ਪ੍ਰੇਮ ਦੀ ਗਲੀ 'ਚ ਸਿਰ, ਭੇਟਾ ਚੜਾਉਣ ਲਈ, ਜਿਸ ਦਾ ਵੀ ਹੋਵੇ ਸੀਸ, ਉਸੇ ਦੀ ਤਲੀ ਰਹੇ। ਕਰ ਦੇਣ, ਭਾਵੇਂ, ਰਾਤ ਕੁਝ ਲੰਬੀ, ਹਨ੍ਹੇਰੀਆਂ, ਸੰਭਵ ਨਹੀਂ, ਸਵੇਰ, ਹਮੇਸ਼ਾ ਟਲੀ ਰਹੇ॥ ਬੋਲਾਂ 'ਚ, ਮਨ 'ਚ ਸੋਚ ਵਿੱਚ, ਸੂਰਜ ਚਮਕਦੇ ਰਹਿਣ, ਜੇ ਚਿਹਰਿਆਂ ਤੇ ਸ਼ਾਮ ਢਲੇ, ਤਾਂ ਢਲੀ ਰਹੇ॥

ਅੰਨ੍ਹੀ ਤਾਕਤ ਦੀ ਹਾਰ-ਨਕਸ਼ਦੀਪ ਪੰਜਕੋਹਾ

ਕੁਰਸੀ ਜਿਸ ਨਾਲ ਬੰਨ੍ਹੀ ਹੋਈ ਅੰਨ੍ਹੀ ਤਾਕਤ ਉਹ ਬੜੀ ਜ਼ਾਲਮ ਬਣ ਜਾਇਆ ਕਰਦੀ ਏ ਕਦੇ ਕਦੇ` ਚੜ੍ਹ ਆਏ ਪਾਣੀ ਅੱਗੇ ਤਾਕਤ ਦੀਆਂ ਦੀਵਾਰਾਂ ਉਸਾਰਕੇ ਝੂਠ ਦੇ ਸੰਗਲ ਪਾਇਆ ਕਰਦੀ ਏ ਕਦੇ ਕਦੇ। ਪਾਗਲਾਂ ਵਾਂਗ ਜਿਸ ਟਾਹਣੀ ਤੇ ਆ ਬੈਠੀ ਬੇਸਮਝ, ਉਹ ਬੜੀ ਜ਼ਾਲਮ ਬਣ ਜਾਇਆ ਕਰਦੀ ਏ ਕਦੇ ਕਦੇ। ਭਲਾ ਦੱਸੋ ਮੌਨਸੂਨ ਦੀ ਬੌਛਾੜਾਂ ਅੱਗੇ, ਕੀ ਕਰਨਗੀਆਂ ਪਈਆਂ ਰੇਤ ਦੀਆਂ ਤਰਪਾਲਾਂ ਪੰਜ ਇੰਚ ਤੇ ਉੱਸਰੇ ਬੇਗਰਜ਼ਾਂ ਦੇ ਮਹਿਲ ਜਿਹੇ, ਕਿਵੇਂ ਰਹਿ ਸਕਦੇ ਨੇ ਅੱਗੇ ਧਰਤੀ ਹਿਲਾਉਂਦੇ ਭੁਚਾਲਾਂ ਤਾਕਤ ਤੁਹਾਡੀ ਏ ਕਿਉਂ ਸਾਡੇ ਤੇ ਵਰਤੋ ਨਾਜਾਇਜ਼ ਇੰਝ ਦੀ ਕਰਤੂਤ ਲੋਕਾਂ ਨੂੰ ਜਗਾਇਆ ਕਰਦੀ ਏ ਕਦੇ ਕਦੇ ਕੁਰਸੀ ਜਿਸ ਨਾਲ ਬੰਨ੍ਹੀ ਹੋਈ ਅੰਨ੍ਹੀ ਤਾਕਤ, ਉਹ ਬੜੀ ਜ਼ਾਲਮ ਬਣ ਜਾਇਆ ਕਰਦੀ ਏ ਕਦੇ ਕਦੇ। ਬਹੁਗਿਣਤੀ ਜੇ ਦਬਾਅ ਦੇਵੇ ਘੱਟ ਗਿਣਤੀ ਨੂੰ, ਲੋਕਤੰਤਰ ਕਰ ਜਾਂਦਾ ਹੈ ਫੇਰ ਚੁੱਪ ਚਾਪ ਹੀ ਖੁਦਕੁਸ਼ੀ , ਮੰਡੀਆਂ ਵਿੱਚ ਨਿਲਾਮ ਕਰ ਦੇਣਗੇ ਜੇ ਰਹੇ ਚੁੱਪ ਸਾਥੀਓ, ਨਾ ਵਧਾਉਣਾ ਹੌਂਸਲਾ ਉਨ੍ਹਾ ਰਾਹੀਂ ਆਪਣੀ ਹੀ ਬੇਵਸੀ ` ਫੁੱਲ ਤਾਂ ਹਲਕੇ ਹੁੰਦੇ ਹਨ ਕੂੜਾ ਕਰਕਟ ਤੋਂ ਹਮੇਸ਼ਾ, ਨਾ ਰੱਖੀ ਸੰਭਾਲ ਨਕਸ਼ਦੀਪ ਹਵਾ ਉਡਾਇਆ ਕਰਦੀ ਏ ਕਦੇ ਕਦੇ, ਕੁਰਸੀ ਜਿਸ ਨਾਲ ਬੰਨ੍ਹੀ ਹੋਈ ਅੰਨ੍ਹੀ ਤਾਕਤ, ਉਹ ਬੜੀ ਜ਼ਾਲਮ ਬਣ ਜਾਇਆ ਕਰਦੀ ਏ ਕਦੇ ਕਦੇ। ਕੈਲੇਫੋਰਨੀਆ(ਅਮਰੀਕਾ)

ਜੱਟਾ ਸੁੱਟ ਕੇ ਪੰਜਾਲੀ-ਦੁੱਖਭੰਜਨ ਸਿੰਘ ਰੰਧਾਵਾ

ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਜੋ ਮੂੰਹੋਂ ਲਗਦੀ ਏ ਸੋਹਣੀ, ਡਾਢੀ ਦਿਲ ਦੀ ਏ ਕਾਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਤੂੰ ਚੰਗੇ-ਚੰਗੇ ਕਹਿ ਕੇ, ਮਾੜੇ ਦਿਨ ਵਿਖਾ ਕੇ ਰੱਖਤੇ । ਸਾਡੇ ਤੂੰ ਜ਼ਜ਼ਬਾਤ ਚੰਦਰੀਏ, ਤੰਦੂਰ ਚ ਡਾਹ ਕੇ ਰੱਖਤੇ । ਰਾਹ ਡੱਕਣ ਵਾਲੇ ਪੱਥਰਾਂ, ਤੇ ਰੋਟੀ ਵੀ ਪਕਾ ਲਈ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਅਸੀਂ ਘਰ ਤੋਂ ਹੀ ਰੋਟੀ, ਵਾਲਾ ਡੱਬਾ ਲੈ ਕੇ ਆਏ । ਨੀਂ ਆਖੀਂ ਹਾਂ ਜੇ ਹੁਣ, ਤੇਰੇ ਵਾਲ ਨਾ ਗਿਣਾਏ । ਹੁਣ ਹਟਣਾ ਨਈਂ ਪਿੱਛੇ, ਲਕੀਰ ਇੱਕ ਵਾਹਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਤੇਰੇ ਤੇ ਗੁਰੂ ਦੀਆਂ, ਫੌਜਾਂ ਨੇਂ ਚੜਾਈ ਕਰਤੀ । ਤੈਨੂੰ ਪਤਾ ਉਦੋਂ ਲੱਗੂ , ਜਦੋਂ ਹਿੱਲੀ ਧਰਤੀ । ਤੇਰੇ ਲਈ ਇੱਕੋ ਸਿੰਘ ਕਾਫੀ, ਤੈਨੂੰ ਚਾਹੀਦੇ ਨਈਂ ਚਾਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਹਰ ਇੱਕ ਚਾਲ ਤੇਰੀ, ਮਾਤ ਨੂੰ ਨਸੀਬ ਹੋਣੀ । ਤੇਰੀ ਘਟੀਆ ਏ ਸੋਚ ਸਾਰੀ, ਰਾਤ ਨੂੰ ਨਸੀਬ ਹੋਣੀਂ । ਤੂੰ ਸੋਚਦੀ ਏਂ ਹੁਣ, ਘੁੰਢੀ ਕੀਹਦੇ ਨਾ ਫਸਾਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਤੇਰੇ ਹੱਥੋਂ ਪੜਵਾਉਣੇ, ਤੇਰੇ ਕਾਲੇ ਜੋ ਕਾਨੂੰਨ । ਜੱਟਾਂ ਮਿੱਟੀ ਚ ਮਿਲਾਉਣੈਂ, ਏ ਤੇਰਾ ਚੰਦਰਾ ਜਨੂੰਨ । ਕਾਲੇ ਕਨੂੰਨ ਨਾ ਜੇ ਪਾਟੇ ਜੱਟਾ, ਤੇਰੀ ਰਹਿਣੀ ਨਈਂ ਪਰਾਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਦੇਖੀਂ ਹੁਣ ਹੋਣੀਂ ਆਰ, ਦੀ ਜਾਂ ਪਾਰ ਦੀ ਲੜਾਈ । ਅਨਪੜ ਨਾ ਜਾਣੀਂ ਜੱਟ, ਕਰਕੇ ਆਏ ਆਂ ਪੜਾਈ । ਤੇਰੇ ਨਾਂ ਦੀ ਬਿੱਲੀ, ਅਸਾਂ ਥਾਂ-ਥਾਂ ਸਵਾਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ । ਅਸੀਂ ਸੂਰਮੇ ਦਲੇਰ, ਆਪਣੇ ਹੱਕ ਲੈਣ ਆ ਗਏ । ਦੁੱਖਭੰਜਨਾ ਆਪਣੇ ਹੱਕ , ਦਾ ਟਰੱਕ ਲੈਣ ਆ ਗਏ । ਤੂੰ ਪਾਵੀਂ ਇੱਕੀ ਅਸੀ ਕੱਤੀਆਂ, ਦੀ ਥਾਂ ਪਾਵਾਂਗੇ ਬਿਆਲੀ । ਜੱਟਾ ਸੁੱਟ ਕੇ ਪੰਜਾਲੀ, ਤੂੰ ਅੱਗੇ ਦਿੱਲੀ ਲਾ ਲਈ ।

ਹਾਕਮਾ ਇੱਕ ਚੀਜ਼ ਨਾ ਭੁੱਲੀ-ਦੁੱਖਭੰਜਨ ਸਿੰਘ ਰੰਧਾਵਾ

ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਜਿਸ ਨੂੰ ਅੰਨ-ਦਾਤਾ ਕਹਿੰਦੇ ਨੇ, ਮੈਂ ਉਸ ਭਗਵਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਜੱਟ ਜੋ ਮੂੰਹੋਂ ਕਹਿ ਦਏ, ਓਈਓ ਕਰਕੇ ਵਿਖਾ ਦੇਂਦਾ । ਚੰਗਿਆਂ ਨਾ ਚੰਗਾ ਏ, ਬੁਰਿਆਂ ਨੂੰ ਮੱਤ ਸਿਖਾ ਦੇਂਦਾ । ਜੋ ਕਰਕੇ ਮੁੱਕਰਦਾ ਨਹੀਂ, ਉਸ ਜੁਬਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਮੈਨੂੰ ਜਾਣੀਂ ਨਾ ਤੀਲਾ ਮੈਂ, ਬੌਕਰ ਬਣਕੇ ਹੂੰਝ ਦੇਊਂ । ਜੇ ਆਕੜ ਛੱਡੀ ਨਾ ਆਪਣੀਂ, ਤੈਨੂੰ ਨਕਸੇ਼ ਤੋਂ ਪੂੰਜ ਦੇਊਂ । ਮੈਂ ਪੱਖੀਆਂ ਦੀ ਝੱਲ ਨਈਂ, ਮੈਂ ਤੁਫਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਕਿਸੇ ਤੋਂ ਮੰਗਕੇ ਨਈਂ ਖਾਂਦਾ, ਸਭ ਮੇਰੀ ਬੀਜੀ ਖਾਂਦੇ ਨੇਂ । ਜੱਟ ਨੂੰ ਸਲਿਊਟਾਂ ਕਰਦੇ ਨੇਂ, ਜੋ ਲੋਕ ਵੀ ਮੰਡੀ ਜਾਂਦੇ ਨੇ । ਜੋ ਹੱਕ-ਹਲਾਲ ਦੀ ਖਾਵੇ, ਓ ਦੀਨ ਈਮਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਮੈਂ ਘਾਟੇ ਵਾਧੇ ਨਈਂ ਦੇਖਦਾ, ਜਦ ਕੁਝ ਕਰਨ ਤੇ ਆਵਾਂ । ਜਾਂ ਮਰ ਜਾਨਾਂ ਜਾਂ ਮਾਰ ਦੇਨਾਂ, ਜਦੋਂ ਵੀ ਮਰਨ ਤੇ ਆਵਾਂ । ਮੈਂ ਤੇਰੇ ਨਫੇ ਦਾ ਨਹੀਂ ਤੇਰੇ, ਨੁਕਸਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਤੇਰਾ ਹੁਣ ਤਖਤ ਹਿਲਾ ਦੇਣੈ, ਜਿਹੜੇ ਤੂੰ ਤਖਤ ਤੇ ਚੜ ਬੈਠੈਂ । ਉਹ ਘੁਰਨਾ ਵੀ ਲੱਭਲਾਂਗੇ, ਜਿਸਦੇ ਵਿੱਚ ਜਾ ਕੇ ਵੜ ਬੈਠੈਂ । ਮੈਂ ਨੇਜਿਆਂ,ਤੇਗਾਂ ਤੇ ਸੁਣ, ਕਿਰਪਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਮੈਂ ਪਿਆਰਿਆਂ ਨੂੰ ਤੋਹਫੇ ਵਿੱਚ, ਸਦਾ ਗੁਲਾਬ ਦੇਂਦਾ ਹਾਂ । ਓਏ ਜੋ ਅੱਗੋਂ ਕੌੜਦੈ ਮੈਨੂੰ, ਮੂੰਹ ਭੰਨ ਜਵਾਬ ਦੇਂਦਾ ਹਾਂ । ਅਸੀ ਕਦੇ ਭੀਖ ਨਈਂ ਮੰਗਦੇ, ਦਾਨੀਆਂ ਦੇ ਦਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਸਿੰਘਾਂ ਕਈ ਵਾਰ ਜਿੱਤੀ ਏ ਤੂੰ, ਕਿਹੜੀ ਦਿੱਲੀ ਦੀ ਗੱਲ ਕਰਦੈਂ । ਘੰਟੀ ਸਦਾ ਸਿੰਘਾ ਨੇ ਗਲ ਪਾਈ, ਜਿਹੜੀ ਬਿੱਲੀ ਦੀ ਗੱਲ ਕਰਦੈਂ । ਮੈਂ ਤਾਂ ਪੂਰੀ ਦਿੱਲੀ ਵਿੱਚ ਹੋਏ, ਪਏ ਐਲਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ । ਅਸਾਂ ਕਦੇ ਜੋਸ਼ ਵਿੱਚ ਆ ਕੇ, ਆਪਣਾ ਹੋਸ਼ ਨਈਂ ਖੋਇਆ । ਅਸੀਂ ਅੱਗ ਅੰਦਰ ਬਾਲਦੇ ਆਂ, ਕਦੇ ਆਕਰੋਸ਼ ਨਈਂ ਖੋਇਆ । ਹੁਣ ਹੋਣੈਂ ਜੋ ਤੂੰ ਵੇਖੀਂ ਓਏ, ਮੈਂ ਤਾਂ ਘਮਸਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ ਦੁੱਖਭੰਜਨ ਇੱਕ ਨਈਂ ਏਥੇ, ਦੁੱਖਭੰਜਨ ਲੱਖਾਂ ਹੋ ਗਏ ਨੀ । ਦੁੱਖਭੰਜਨ ਵੇਖ ਚੁਫੇਰੇ ਆ ਕੇ, ਥਾਂ-ਥਾਂ ਤੇ ਖਲੋ ਗਏ ਨੀ । ਮੈਂ ਗੁਰੂ ਗ੍ਰੰਥ ਸਾਹਿਬ,ਗੀਤਾ ਤੇ, ਬਾਈਬਲ, ਕੁਰਾਨ ਦਾ ਪੁੱਤ ਹਾਂ । ਹਾਕਮਾ ਇੱਕ ਚੀਜ਼ ਨਾ ਭੁੱਲੀ, ਓਏ ਮੈਂ ਕਿਰਸਾਨ ਦਾ ਪੁੱਤ ਹਾਂ ।

ਜੰਗ ਦਾ ਐਲਾਨ-ਰਜਨੀ ਵਾਲੀਆ

ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਜਿਹੜਾ ਆਕੜੂ ਪਾਵਾਂਗੇ ਗਲ ਪਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਜੇ ਦਸ ਨਾਲ ਜੁੜੇ ਨੇਂ, ਹਜ਼ਾਰ ਨਾਲ ਜੋੜਾਂਗੇ । ਜੋ ਖਾਂਦੇ ਨੇਂ ਹਰਾਮ ਹੁਣ, ਮੂੰਹ ਵੀ ਤਾਂ ਤੋੜਾਂਗੇ । ਉਹਨਾਂ ਨੂੰ ਹਰਜਾਨਾ ਵੀ, ਪਵੇਗਾ ਫਿਰ ਭਰਨਾ । ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਆਵਾਮ ਹੁੰਦੀ ਏ ਜਿਹੜੀ, ਕਦੇ ਵੀ ਧੱਕਾ ਨਹੀ ਜਰਦੀ । ਹੋਵੇ ਕੋਈ ਵੀ ਤਾਨਾਸ਼ਾਹ, ਕਿਸੇ ਕੋਲੋਂ ਨਹੀਂ ਡਰਦੀ । ਤਾਨਾਸ਼ਾਹ ਇੱਕ ਮਿਲਿਐ, ਉਸਨੂੰ ਪੈਣਾ ਏ ਹਰਨਾ । ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਅੱਗੇ ਚੱਲ ਚਿੰਗਾਰੀ ਨੇਂ, ਹੁਣ ਭਾਂਬੜ ਬਣਨਾ ਏ । ਜਦੋਂ ਹੋਈ ਆਵਾਮ ਇਕੱਠੀ, ਅੰਦਰ ਤਾਨਾਸ਼ਾਹ ਵੜਨਾ ਏ । ਹੱਕ ਲਏ ਬਿਨ ਹੁਣ ਤਾਂ, ਏਥੇ ਸਾਡਾ ਨਹੀਂ ਸਰਨਾ । ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਤਾਨਾਸ਼ਾਹ ਇਹ ਸਮਝੇ ਕਿ, ਲੋਕ ਨਿਆਣੇਂ ਨੇ ਸਾਰੇ । ਪਰ ਉਹ ਨਾ ਜਾਣੇਂ ਉਸ, ਤੋਂ ਵੀ ਸਿਆਣੇਂ ਨੇਂ ਸਾਰੇ । ਤੂੰ ਦੇ ਲੈ ਲੱਖ ਡਰਾਵੇ ਪਰ, ਹੁਣ ਕਿਸੇ ਨਈਂਓ ਡਰਨਾ । ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਸਭ ਦੇ ਦਿਲਾਂ ਚ ਬੜਾ ਹੀ, ਗੁੱਸਾ ਬੜਾ ਹੀ ਰੋਸਾ ਏ । ਰਿੱਝ ਰਿਹਾ ਏ ਬਹੁਤ ਕੁਝ, ਪਰ ਹਾਲੇ ਤੱਕ ਕੋਸਾ ਏ । ਇੱਕ ਦਿਨ ਤੈਨੂੰ ਹੀ ਕੱਚਿਆਂ, ਹੋ ਕੇ ਪੈਣਾ ਏ ਖਰਨਾ । ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ । ਰਜਨੀ ਸਭ ਕੁਝ ਜਰ ਸਕਦੀ, ਪਰ ਕਦੇ ਧੱਕਾ ਨਹੀਂ ਜਰਦੀ । ਜਿੱਤਣ ਨੂੰ ਜਦੋਂ ਤੁਰਦੀ ਏ ਤਾਂ, ਕਦੇ ਫੇਰ ਉਹ ਨਹੀਂ ਹਰਦੀ । ਸੰਘਰਸ਼ ਹੁਣ ਮੱਚਣਾ ਤੂੰ, ਸਾਡੀ ਮੰਨੀ ਜੇ ਅਗਰਨਾ । ਹੁਣ ਜੰਗ ਦਾ ਐਲਾਨ ਹੋ ਗਿਆ । ਨਈਂ ਬੈਠਣਾ ਨਈਂ ਕਿਸੇ ਚੁੱਪ ਕਰਨਾ, ਹੁਣ ਜੰਗ ਦਾ ਐਲਾਨ ਹੋ ਗਿਆ

ਏਸ ਵਾਰੀ ਖ਼ਾਲੀ ਨਹੀਂਓਂ ਪਰਤਣਾ-ਸ਼ਮਸ਼ੇਰ ਮੋਹੀ

ਤੇਰੇ ਜ਼ੁਲਮਾਂ ਦੀ ਬੜੀ ਲੰਬੀ ਏ ਕਹਾਣੀ ਨੀ ਖੋਹਣਾ ਚਾਹਵੇਂ ਸਾਡੇ ਖੇਤ, ਜੰਗਲ਼ ਤੇ ਪਾਣੀ ਨੀ ਏਸ ਵਾਰੀ ਖ਼ਾਲੀ ਨਹੀਂਓਂ ਪਰਤਣਾ ਦਿੱਲੀਏ ਹੋਰ ਦੱਸ ਕਿੰਨਾ ਕੁ ਤੂੰ ਪਰਖਣਾ ਦਿੱਲੀਏ ਲੁੱਟਣਾ, ਕੁਚਲਣਾ ਹੀ ਖ਼ਾਸਾ ਤੇਰਾ ਹੋ ਗਿਆ ਸ਼ਾਹਾਂ ਵਾਲਾ ਪਾਸਾ ਬਸ ਪਾਸਾ ਤੇਰਾ ਹੋ ਗਿਆ ਉਹਨਾਂ ਲਈ ਤੂੰ ਤਪਣਾ ਤੇ ਬਰਸਣਾ ਦਿੱਲੀਏ ਏਸ ਵਾਰੀ ਖਾਲ਼ੀ ਨਹੀਂਓਂ ..... ਬੜੀਆਂ ਰੁਕਾਵਟਾਂ ਤੂੰ ਸਾਡੇ ਰਾਹੀਂ ਪਾਈਆਂ ਨੇ ਸਾਡੇ ਬਾਰੇ ਝੂਠੀਆਂ ਕਹਾਣੀਆਂ ਬਣਾਈਆਂ ਨੇ ਪਿੱਛੇ ਨੂੰ ਨਾ ਜ਼ਰਾ ਹੁਣ ਸਰਕਣਾ ਦਿੱਲੀਏ ਏਸ ਵਾਰੀ ਖਾਲ਼ੀ ਨਹੀਂਓਂ ... ਤੈਨੂੰ ਸਾਡੀ ਅੱਡਰੀ ਸ਼ਨਾਖਤ ਪਸੰਦ ਨਾ ਖੌਲਦੀ ਜੋ ਸੀਨੇ ‘ਚ ਬਗ਼ਾਵਤ ਪਸੰਦ ਨਾ ਤੇਰੇ ਨੈਣੀਂ ਇੰਜ ਹੀ ਏ ਰੜਕਣਾ ਦਿੱਲੀਏ ਏਸ ਵਾਰੀ ਖਾਲ਼ੀ ਨਹੀਓ... ਬੜੇ ਢੰਗਾਂ ਨਾਲ਼ ਹੁਣ ਤੀਕਰ ਡਰਾਇਆ ਨੇ ਬੜਾ ਕੁੱਝ ਸਾਡੇ ਉੱਤੇ ਤੂੰ ਅਜ਼ਮਾਇਆ ਏ ਪਰ ਅਸੀਂ ਜ਼ਰਾ ਨਹੀਂਓਂ ਜਰਕਣਾ ਦਿੱਲੀਏ ਏਸ ਵਾਰੀ ਖ਼ਾਲੀ ਨਹੀਂਓਂ ....