Dharat Vangaare Takhat Nu (Part-4)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਚੌਥਾ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)ਜ਼ਿੰਦਗੀ ਦੇ ਬਨੇਰੇ ਤੋਂ-ਡਾ. ਗੁਰਮਿੰਦਰ ਸਿੱਧੂ

ਤੁਸੀਂ ਜਦੋਂ ਵੀ ਸਾਡੇ ਅੱਗੇ ਹਨ੍ਹੇਰਿਆਂ ਦੀ ਬਾਤ ਪਾਈ ਹੈ ਅਸੀਂ ਆਪਣੀਆਂ ਵਲੂੰਧਰੀਆਂ ਪਲਕਾਂ ਉਤੇ ਸਿਦਕਾਂ ਦਾ ਦੀਵਾ ਟਿਕਾ ਲਿਆ ਹੈ ਤੇ ਉਹਦੀ ਲਾਟ ਉਤੇ ਹਥੇਲੀ ਧਰ ਕੇ ਹਰ ਹਨ੍ਹੇਰੇ ਨੂੰ ਚੀਰ ਜਾਣ ਦੀ ਸਹੁੰ ਖਾ ਲਈ ਹੈ ਤੁਸੀਂ ਜਦੋਂ ਵੀ ਸਾਡੇ ਉੱਭੜ-ਖੁਭੜੇ ਪੈਂਡਿਆਂ ਵਿੱਚ ਮੁਸ਼ਕਿਲਾਂ ਦੇ ਅੰਨ੍ਹੇ ਬੋਲ਼ੇ ਖੂਹ ਪੁੱਟੇ ਨੇ, ਅਸੀਂ ਆਪਣੇ ਸਿਰੜੀ ਪੈਰਾਂ ਵਿੱਚ ਦਲੇਰੀਆਂ ਦਾ ਜਾਦੂ ਭਰ ਲਿਆ ਹੈ ਤੁਹਾਡੇ ਵੇਂਹਦਿਆਂ ਵੇਂਹਦਿਆਂ ਹਰ ਖੂਹ ਨੂੰ ਛਲ਼ਾਂਗ ਮਾਰ ਕੇ ਟੱਪ ਗਏ ਹਾਂ ਤੁਸੀਂ ਜਦੋਂ ਵੀ ਸਾਨੂੰ ਅਪਾਹਜ ਕਰਨ ਲਈ ਦੋ-ਧਾਰੀ ਤਲਵਾਰ ਉਠਾਈ ਹੈ, ਅਸੀਂ ਆਪਣੇ ਜਿਸਮ ਉੱਪਰ ਅਟੁੱਟ ਪਾਰਦਰਸ਼ੀ ਸ਼ੀਸ਼ਾ ਉਗਾ ਲਿਆ ਹੈ ਉਪਰੋਂ ਜ਼ਖਮੋ-ਜ਼ਖਮੀ ਹੋ ਕੇ ਵੀ ਅੰਦਰੋਂ ਸਾਬਤ-ਸਬੂਤੇ ਹਾਂ ਤੁਸੀਂ ਜਦੋਂ ਵੀ ਸਾਡਾ ਖੁਰਾ ਖੋਜ ਮਿਟਾਉਣ ਲਈ ਹਵਾ ਵਿੱਚ ਜ਼ਹਿਰ ਘੋਲਿਆ ਹੈ, ਅਸੀਂ ਆਪਣੀ ਸਾਹ ਨਲੀ ਉੱਤੇ ਇਕ ਸ਼ਬਦ ‘ਜ਼ਿੰਦਗੀ’ ਲਿਖ ਦਿੱਤਾ ਹੈ ਜ਼ਹਿਰੀਲੀ ਹਵਾ ਸ਼ਰਮ ਨਾਲ ਪਾਣੀ ਪਾਣੀ ਹੋ ਕੇ ਵਾਪਿਸ ਪਰਤ ਗਈ ਹੈ| ਅਸੀਂ ਅੱਜ ਵੀ ਜ਼ਿੰਦਗੀ ਦੇ ਬਨੇਰੇ ਤੋਂ ਬੋਲ ਰਹੇ ਹਾਂ ਗੱਜ ਵੱਜ ਕੇ ਬੋਲ ਰਹੇ ਹਾਂ..

ਕਾਤਿਲ ਦੀਆਂ ਬਾਹਾਂ ਨੂੰ ਥੱਕਣ ਦਿਓ!-ਡਾ. ਗੁਰਮਿੰਦਰ ਸਿੱਧੂ

ਆਪਣੇ ਹੱਕ ਲਈ ਲੜਨ ਵਾਲੇ ਲੋਕੋ! ਆਪਣੇ ਸੱਚ ਲਈ ਖੜ੍ਹਨ ਵਾਲੇ ਲੋਕੋ! ਅਜੇ ਜੰਗ ਨੂੰ ਹੋਰ ਭਖਣ ਦਿਓ! ਕਾਤਿਲ ਦੀਆਂ ਬਾਹਾਂ ਨੂੰ ਥੱਕਣ ਦਿਓ! ਸੱਪਾਂ ਦੀਆਂ ਸਿਰੀਆਂ ਮਿੱਧ ਕੇ ਆ ਗਏ ਰਾਹ ਦੇ ਬਘਿਆੜਾਂ ਨਾਲ ਸਿੱਝ ਕੇ ਆ ਗਏ ਹੁਣ ਧੂਣੀ ਅਕਲਾਂ ਦੀ ਮੱਚਣ ਦਿਓ! ਜੋਸ਼ ’ਚ ਹੋਸ਼ ਨੂੰ ਰਚਣ ਦਿਓ! ਚੜ੍ਹ ਕੇ ਰਹੇਗਾ ਸੁਨਹਿਰੀ ਸਵੇਰਾ ਭੁਲੇਖੇ ਤਾਂ ਪਾਉਂਦੈ ਹਮੇਸ਼ਾ ਹਨ੍ਹੇਰਾ ਰਤਾ ਕਾਲੇ ਬੱਦਲ ਨੂੰ ਛਟਣ ਦਿਓ! ਚਾਨਣੀ ਨੂੰ ਘੁੰਡ ਚੱਕਣ ਦਿਓ! ਇਕ ਦਿਨ ਹਯਾਤੀ ਭਰੇਗੀ ਹੁੰਗਾਰਾ ਤੁਹਾਡਾ ਹੀ ਹੋਵੇਗਾ ਹਰ ਚੰਦ ਤਾਰਾ ਜ਼ਰਾ ਫ਼ਲ ਸਬਰਾਂ ਦਾ ਪੱਕਣ ਦਿਓ! ਜ਼ਖ਼ਮਾਂ ਦੀ ਤੌੜੀ ’ਤੇ ਢੱਕਣ ਦਿਓ! ਸੰਘਰਸ਼ ਨੂੰ ਏਦਾਂ ਹੀ ਰੱਖਿਓ ਮਘਾ ਕੇ ਸੂਰਜ ਖੜ੍ਹੇਗਾ ਬਰੂਹਾਂ 'ਤੇ ਆ ਕੇ ਤੱਤੀਆਂ ਤਵੀਆਂ ਨੂੰ ਤਪਣ ਦਿਓ! ਸੱਚ ਨੂੰ ਕੋਠੇ ਚੜ੍ਹ ਟੱਪਣ ਦਿਓ! ਹੱਥਾਂ ਦੇ ਉੱਤੇ ਸਿਰਾਂ ਨੂੰ ਉਗਾ ਲਓ ਸੀਨੇ ਦੇ ਵਿੱਚ ਸਲੀਬਾਂ ਠੁਕਾ ਲਓ ਮਕਤਲ ’ਚ ਪੱਬਾਂ ਨੂੰ ਨੱਚਣ ਦਿਓ! ਕਾਤਿਲ ਦੀਆਂ ਬਾਹਾਂ ਨੂੰ ਥੱਕਣ ਦਿਓ! ਆਪਣੇ ਹੱਕ ਲਈ ਲੜਨ ਵਾਲੇ ਲੋਕੋ! ਆਪਣੇ ਸੱਚ ਲਈ ਖੜ੍ਹਨ ਵਾਲੇ ਲੋਕੋ! ਹਾਰਿਓ ਨਾ ! ਜੰਗ ਭਖਣ ਦਿਓ! ਕਾਤਿਲ ਦੀਆਂ ਬਾਹਾਂ ਨੂੰ ਥੱਕਣ ਦਿਓ!

ਰਾਹ ਦੀ ਸਮਝ-ਰਾਜਪਾਲ ਬੋਪਾਰਾਏ

ਇੱਕ ਸਮਾਂ ਸੀ ਜਦੋਂ ਹਿੰਦ ਦੀ ਚਾਦਰ ਚਮਕੌਰ ਦੀ ਗੜੀ ਠੰਡੇ ਬੁਰਜ ਅਤੇ ਸਰਹਿੰਦ ਦੀ ਦੀਵਾਰ ਨੇ ਦਿੱਲੀ ਬਚਾਈ ਸੀ। ਹੁਣ ਇਹ ਸਮਾਂ ਹੈ ਜਦੋਂ ਚਾਦਰ ਦੀ ਹੋਸ਼ ਗੜੀ ਦਾ ਜੋਸ਼ ਬੁਰਜ ਦਾ ਹੌਸਲਾ ਤੇ ਦੀਵਾਰ ਦਾ ਪ੍ਰਣ ਲੈ ਕੇ ਉਸੇ ਦਿੱਲੀ ਨਾਲ ਜੂਝ ਰਹੇ ਨੇ ਲੋਕ। ਸੜਕਾਂ 'ਤੇ ਭੋਗ ਰਹੇ ਨੇ ਉਦੋਂ ਵਰਗੀਆਂ ਸਰਦ ਰਾਤਾਂ ਦਾ ਸੰਤਾਪ। ਉਦੋਂ ਵੀ 'ਤੇਰੀ' ਮਰਜ਼ੀ ਸੀ ਤੇ ਹੁਣ ਵੀ 'ਤੇਰੀ' ਮਰਜ਼ੀ ਹੈ। ਅਸੀਂ ਜਾਣਦੇ ਹਾਂ ਕਿ ਮਰਜ਼ੀ ਤੇਰੀ ਚਲਣੀ ਪਰ ਇੱਕ ਕੰਮ ਕਰੀਂ ਉਦੋਂ ਵਰਗਾ 'ਬਲ' ਬਖਸ਼ੀ। ਅਸੀਂ ਜਾਣਦੇ ਹਾਂ ਕਿ ਤੈਨੂੰ ਉਦੋਂ ਵੀ 'ਦਰਦ' ਨਹੀਂ ਸੀ ਆਇਆ ਅਤੇ ਹੁਣ ਵੀ ਨਹੀਂ ਆਉਣਾ ਪਰ ਇੱਕ ਕੰਮ ਇਹ ਵੀ ਕਰੀਂ ਕਿ ਉਦੋਂ ਵਰਗਾ 'ਸਬਰ' ਬਖਸ਼ੀ ਸਾਨੂੰ ਇਹ ਵੀ ਪਤਾ ਕਿ ਸਫਰ ਔਖਾ ਪਰ ਰਾਹ ਦੀ 'ਸਮਝ' ਵੀ ਤਾਂ 'ਤੂੰ' ਹੀ ਦੇਣੀ ... ਤੇਰੇ ਬਖਸ਼ੇ ਬਲ ਸਬਰ ਤੇ ਸਮਝ ਸਦਕਾ ਜਿਤ ਲਵਾਂਗੇ ਦਿੱਲੀ ਦੁਬਾਰਾ ...

ਮੁੜ ਉੱਠਿਆ ਪੰਜਾਬ…-ਉਂਕਾਰਪ੍ਰੀਤ ਟਰਾਂਟੋ (ਕੈਨੇਡਾ)

ਪੰਜਾਬ ਦੀਆਂ ਰਗਾਂ ’ਚ ਦੌੜਦੀ ਪੰਜਾਬੀਅਤ ਅੱਜ ਅੱਖਾਂ ਸਾਹਵੇਂ ਸਾਕਾਰ ਹੈ। ਕਿਰਸਾਨ ਨਾਨਕ ਮਰਦਾਨੇ ਦੀ ਰਬਾਬ ਤੇ ਗਾ ਰਿਹਾ ‘ਖੂਨ ਕੇ ਸੋਹਲੇ’। ਚਾਂਦਨੀ ਚੌਕ ‘ਚ ਡੁੱਲੇ ਸ਼ਾਹ-ਰਗ ਦੇ ਲਹੂ ਨਾਲ ਰੌਸ਼ਨ ਹੈ ਸਿੰਘੂ-ਬਾਰਡਰ। ਪੰਜਾਬੀਅਤ ਦੇ ਸਿਰ ਦੀ ਰਾਖੀ ਲਈ ਮੁੜ ਉੱਠ ਖਲੋਤੇ ਗੁਰਾਂ ਦੇ ਰੰਘਰੇਟੇ ਬੇਟੇ। ਕੇਸਗੜ੍ਹ ਦੇ ਮੈਦਾਨ ਦਾ ਇੱਕਠ ਦੂਣਾ-ਚੌਗਣਾ ਹੋ ਕੇ ਠਾਠਾਂ ਮਾਰ ਰਿਹਾ ਦਿੱਲੀ ਦੁਆਲੇ। ਤਨ-ਮਨ ਦੇ ਨਾਲ ਧਨ ਲੈ ਕੇ ਨਿੱਤਰ ਰਹੇ ਮੁੜ ਟੋਡਰਮੱਲ। ਸੈਕੜੇ ਮੋਤੀ ਮਹਿਰੇ ਸਿੰਘੂ-ਕੁੰਡਲੀ ਬਾਰਡਰਾਂ ਤੇ ਨਿੱਘੇ ਰੱਖ ਰਹੇ ਪੋਹ-ਠਾਰੇ ਤੰਬੂ। ਤਨ-ਮਨ ਦੀ ਅਰੋਗਤਾ ਦਾ ਜਲ ਵਰਤਾ ਰਹੇ ਭਾਈ ਘਨੱਈਆਂ ਦੇ ਦਲ। ਪੰਜਾਬੀਅਤ ਦੀ ਸ਼ਾਨਾਮੱਤੀ ਪਾਲਕੀ ਨੂੰ ਮੋਢੀਂ ਚੁੱਕਣ ਆਣ ਪੁੱਜੇ ਮੁੜ ਨਬੀ ਤੇ ਗਨੀ ਖਾਨ। ਜੀਂਦੇ ਹੋਣ ਦਾ ਅਹਿਸਾਸ ਕਰਾਉਂਦੇ ਹਜ਼ਾਰਾਂ ਗਰਜੇ-ਬੋਤੇ ਸਿੰਘ। ਦਿੱਲੀ ਦੇ ਕਿੰਗਰੇ ਮਾਤ ਪਾ ਰਿਹਾ ਦੁੱਲੇ ਦੀ ਪੱਗ ਦਾ ਸ਼ਮਲਾ। ਯਮੁਨਾ ਕੰਢੇ ਆਣ ਢੁੱਕੇ ਅਟਕ ਨੂੰ ਅਟਕਾਉਣ ਵਾਲੇ ਚੜ੍ਹਤ ਸਿੰਘਾਂ ਦੇ ਪੋਤੀਆਂ-ਪੋਤਰੇ। ਮਾਈਆਂ ਰੱਬ ਰਜਾਈਆਂ ਦੇ ਹਰੇ-ਭਰੇ, ਸਰੋ੍ਹਂ-ਫੁੱਲੇ ਖੇਤਾਂ ਦੇ ਦੁਪੱਟਿਆਂ ਦਾ ਲਸ਼ਕਰ। ਪਗੜੀ-ਸੰਭਾਲ ਦਾ ਹੋਕਾ ਦਿੰਦੇ ਸੁਰ ਉਚਿਆਉਂਦੇ ਰਲ਼-ਮਿਲ ਕਿਸ਼ਨ ਸਿੰਘ-ਪਾਸ਼-ਉਦਾਸੀ ਅਤੇ ਦਿਲ। ਸੈਕੜੇ ਨਿੱਕੇ ਨਿੱਕੇ ਵੱਡੇ-ਵੱਡੇ ਭਗਤ ਸਿੰਘ-ਸਰਾਭੇ। ਮੁੜ ਉੱਠੇ ਖੜੇ ਹਜ਼ਾਰਾਂ ਗਦਰੀ ਬਾਬੇ। ਸ਼ਾਹੀ ਦਰਬਾਰ ‘ਚ ਲੋਕ-ਮਾਰੂ ਦਲੀਲਾਂ ਕੱਟਣ ਲਈ ਮੁੜ ਖੜੀ ਹੋ ਗਈ ਉਂਗਲੀ ਬਾਬੇ ਭਕਨੇ ਦੀ। ਸੈਆਂ ਨੂਰੇ ਮਾਹੀ ਘਰ ਘਰ ਪੁਜਾ ਰਹੇ ਕੂੜ ਕਚਹਿਰੀ ’ਚ ਸੱਚ ਦੇ ਜਲੌ ਦਾ ਅੱਖੀਂ-ਡਿੱਠਾ ਹਾਲ। ਰਜਵਾੜੀਆਂ ਜੋਕਾਂ ਦੇ ਦਰਬਾਰ ਨੂੰ ਘੇਰ ਖਲੋਤੀ ਖੇਤਾਂ ਦੀ ਸਰਕਾਰ ਹੈ। ਅਪਣੇ ਜੀਆਂ ਦੀ ਜਿੱਤ ਦਾ ਗਗਨ-ਦਮਾਮਾ ਵਜਾਉਣ ਨੂੰ ਧਰਤੀ ਤਿਆਰ ਹੈ। ਪੰਜਾਬ ਦੀਆਂ ਰਗਾਂ ’ਚ ਦੌੜਦੀ ਯੋਧੀ- ਜੇਤੂ ਪੰਜਾਬੀਅਤ ਅੱਜ ਅੱਖਾਂ ਸਾਹਵੇਂ ਸਾਕਾਰ ਹੈ।

ਪੰਜ ਕਵਿਤਾਵਾਂ-ਨਵਤੇਜ ਭਾਰਤੀ

1. ਜੇ ਤੁਸੀਂ ਕਦੇ ਮਿੱਟੀ ਸੁੰਘ ਕੇ ਵੇਖੀ ਹੁੰਦੀ ਸਾਡੇ ਨਾਲ ਇਉਂ ਨਾ ਕਰਦੇ। 2. ਓਸੇ ਮਿੱਟੀ ਦੇ ਬਣੇ ਹਾਂ ਅਸੀਂ ਥਕਦੇ ਨਹੀ ਜਿਉਣ ਤੋਂ ਓਸੇ ਮਿੱਟੀ ਦੇ ਬਣੇ ਹਾਂ ਜਿਹੜੀ ਉਗਣਾ ਹੀ ਜਾਣਦੀ. 3. ਮੈਂ ਜਿੱਥੇ ਵੀ ਹਾਂ ਦਿੱਲੀ ਦੀਆਂ ਬਰੂਹਾਂ ਤੇ ਹਾਂ। 4. ਸੁਪਨਾ ਨਹੀਂ ਸੀ ਰਾਤੀਂ ਮੈਂ ਲੱਖਾਂ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰ ਰਿਹਾ ਸੀ ਅੱਖ 'ਖੁੱਲ੍ਹੀ' ਤਾਂ ਪਤਾ ਲੱਗਾ ਇਹ ਸੁਪਨਾ ਨਹੀਂ ਸੀ ਮੇਰੇ ਪੈਰਾਂ ਨੂੰ ਮਿੱਟੀ ਲੱਗੀ ਹੋਈ ਸੀ। 5. ਕਣਕ ਜਿਹੜੀ ਅਸੀਂ ਅੱਜ ਬੀਜੀ ਹੈ ਅੱਧੇ ਵਰ੍ਹੇ ਨੂੰ ਖਾਵਾਂਗੇ ਇਹਦੀ ਰੋਟੀ ਖੇਤਾਂ ਦੀ ਮਿੱਟੀ ਜਾਣਦੀ ਹੈ ਸਾਡਾ ਸਬਰ ਕਿੰਨਾ ਲੰਬਾ ਹੈ।

ਗੋਡੀ ਤੇਰੀ ਹਾਕਮਾ ਲਵਾਉਣਗੇ-ਕਰਮ ਸਿੰਘ ਜ਼ਖ਼ਮੀ

ਲਿਖੀ ਜਾਵੇਂ ਜਿਹੜੇ ਕਾਲੇ ਲੇਖ ਤੂੰ, ਦੇਖੀਂ ਤੇਰੇ ਹੱਥੋਂ ਪੜਵਾਉਣਗੇ। ਕਿਰਤੀ ਕਿਸਾਨ ਆਏ ਚੜ੍ਹ ਕੇ, ਗੋਡੀ ਤੇਰੀ ਹਾਕਮਾ ਲਵਾਉਣਗੇ। ਰੁਕੇ ਨਾ ਜੁਝਾਰੂਆਂ ਦੇ ਕਾਫ਼ਲੇ, ਕੀਤੀਆਂ ਤੂੰ ਵੱਡੀਆਂ ਤਿਆਰੀਆਂ। ਗੋਲੇ ਵੀ ਚਲਾਏ ਹੰਝੂ ਗੈਸ ਦੇ, ਪਾਣੀ ਦੀਆਂ ਵਾਛੜਾਂ ਵੀ ਮਾਰੀਆਂ। ਕੱਫਣ ਤੁਰੇ ਜੋ ਘਰੋਂ ਬੰਨ੍ਹ ਕੇ, ਬੈਰੀਕੇਡ ਭਲਾਂ ਕੀ ਡਰਾਉਣਗੇ। ਕਿਰਤੀ ਕਿਸਾਨ........। ਲੋਕ ਮਨਸੂਬੇ ਤੇਰੇ ਜਾਣਦੇ, ਅੰਨਦਾਤਿਆਂ ਨੂੰ ਭੁੱਖੇ ਮਾਰਨਾ। ਕਰਨੀ ਦਲਾਲੀ ਪੂੰਜੀਵਾਦ ਦੀ, ਮੁੱਢ ਤੋਂ ਹੀ ਰਹੀ ਤੇਰੀ ਧਾਰਨਾ। ਢਿੱਡਾਂ 'ਤੇ ਜਿਨ੍ਹਾਂ ਦੇ ਲੱਤ ਮਾਰਦੈਂ, ਧੌਣ ਤੇਰੀ ਦੁਸ਼ਟਾ ਝੁਕਾਉਣਗੇ। ਕਿਰਤੀ ਕਿਸਾਨ........। ਜਾਨ ਤੋਂ ਜ਼ਮੀਨਾਂ ਨੇ ਪਿਆਰੀਆਂ, ਕਿਸੇ ਨੂੰ ਪਰੋਸ ਦੇਈਏ ਕਿਸ ਤਰ੍ਹਾਂ। ਕੱਖ ਨਾ ਕਿਸਾਨੀ ਪੱਲੇ ਛੱਡਣਾ, ਕਰਦੈਂ ਤੂੰ ਘਾਲੇ-ਮਾਲੇ ਜਿਸ ਤਰ੍ਹਾਂ। ਸਾਹਮਣੇ ਜਿਨ੍ਹਾਂ ਨੂੰ ਮੌਤ ਦਿਸਦੀ, ਕਿਉਂ ਨਾ ਤੇਰੀ ਚੱਕਰੀ ਘੁਮਾਉਣਗੇ। ਕਿਰਤੀ ਕਿਸਾਨ........। 'ਜ਼ਖ਼ਮੀ' ਸੁਣਾਵੇ ਤੈਨੂੰ ਸੱਚੀਆਂ, ਕਰ ਦੇ ਕਾਨੂੰਨ ਸਾਰੇ ਰੱਦ ਤੂੰ। ਛੱਡ ਚਤਰਾਈਆਂ-ਚਾਲਬਾਜ਼ੀਆਂ, ਮੰਗ ਲੈ ਮੁਆਫ਼ੀ ਹੁਣੇ ਸੱਦ ਤੂੰ। ਕੰਡੇ ਜਿਹੜੇ ਰਾਹਾਂ ਵਿੱਚ ਬੀਜਦੈਂ, ਨੀਂਦ ਤੇਰੀ ਰਾਤਾਂ ਦੀ ਉਡਾਉਣਗੇ। ਕਿਰਤੀ ਕਿਸਾਨ........।

ਮਿੱਟੀ ਦਾ ਦਰਦ-ਰਮਨ ਵਿਰਕ

ਬਾਰ ਬਾਰ ਉੱਖੜਦੀ ਹੈ ਨੀਂਦ ਰੜਕਦਾ ਹੈ ਬਹੁਤ ਕੁਝ ਅੱਖਾਂ ਅੰਦਰ ਮਿੱਟੀ ਹੋ ਗਿਆ ਸਰੀਰ ਪਰਦੇਸ ਬੈਠਿਆਂ ਦੇਸ ਬੁਲਾਉਂਦਾ ਹੈ। ਬਾਬਲ ਦੇ ਸਿਆੜ ਖ਼ਤਰੇ ਵਿੱਚ ਨੇ। ਪੱਗਾਂ ਚੁੰਨੀਆਂ ਅਰਦਾਸ ਕਰ ਕੇ ਤੁਰ ਪਈਆਂ ਨੇ ਸਾਜ਼ਸ਼ੀ ਦਿੱਲੀ ਦਰਬਾਰ ਵੱਲ। ਅਰਜ਼ ਕੌਣ ਸੁਣਦਾ ਹੈ। ਮੁੱਕੇ ਵੰਗਾਰ ਬਣ ਦੀਵਾਰ ਵਾਂਗ ਤਣ ਗਏ ਨੇ। ਵੱਟਾਂ ਬੰਨਿਆਂ ਤੇ ਸੁਹਾਗਾ ਫਿਰਨ ਲੱਗਾ ਹੈ। ਸੁਪਨਾ ਹਕੀਕਤ ਨਾ ਬਣ ਜਾਵੇ। ਰੱਬਾ ਖ਼ੈਰ ਹੋਵੇ। ਜਦੋਂ ਅਮਰੀਕਾ ਵਿਆਹੀ ਸਾਂ ਕਲ੍ਹੀਰਿਆਂ ਨਾਲ ਹੀ ਪੈਰਾਂ ਨਾਲ ਬੱਝ ਕੇ ਆ ਗਈ ਸੀ ਵਤਨ ਦੀ ਮਿੱਟੀ। ਓਹੀ ਸੌਣ ਨਹੀਂ ਦਿੰਦੀ। ਬਾਰ ਬਾਰ ਟੀ ਵੀ ਲਾ ਕੇ ਇੰਡੀਅਨ ਚੈਨਲ ਵੇਖਦਿਆਂ ਸਿੱਲ੍ਹੀਆਂ ਅੱਖਾਂ ਵਾਚ ਕੇ ਬੱਚੇ ਆਖਦੇ ਹਨ ਮੌਮ! ਕੀ ਹੋਇਆ? ਉਦਾਸ ਕਿਉਂ ਹੈਂ? ਤੇਰੀਆਂ ਅੱਖਾਂ ਚ ਅੱਥਰੂ ਕਿਉਂ? ਕਿਵੇਂ ਦੱਸਾਂ? ਦੇਸ ਵਿੱਚ ਪੋਹ ਦਾ ਮਹੀਨਾ ਹੈ ਕਕਰੀਲੀਆਂ ਰਾਤਾਂ ਤੇ ਗੁਰੂ ਦਾ ਪਰਿਵਾਰ ਵਿਛੋੜਾ। ਕਿਧਰੇ ਬਾਜ਼ ਤੇ ਕਿਧਰੇ ਘੋੜਾ। ਚਮਕੌਰ ਦੀ ਗੜ੍ਹੀ ਤੋਂ ਸਰਹੰਦ ਦੀਆਂ ਨੀਹਾਂ ਤੀਕ ਵਾਹੀਆਂ ਰੱਤੀਆਂ ਪੈੜਾਂ ਹੁਣ ਦਿੱਲੀ ਦੇ ਬੂਹੇ ਤੇ ਪੁੱਜੀਆਂ। ਗੁਰੂ ਅੰਗ ਸੰਗ ਹੈ। ਇਹ ਦਰਦ ਕਾਫ਼ਲਾ ਕਦ ਰੁਕੇਗਾ? ਪਤਾ ਲੱਗੇ ਤਾਂ ਫੋਨ ਕਰਨਾ ਪੰਜਾਬ! ਜਲਦੀ ਦੱਸਣਾ ਨੀਂਦ ਨਹੀਂ ਪੈ ਰਹੀ। ਸਿਆੜਾਂ ਚੋਂ ਸਿੰਮਦਾ ਦਰਦ ਨਰਮ ਗੱਦਿਆਂ ਤੇ ਵੀ ਚੁਭਦਾ ਹੈ। ਕੈਲੇਫੋਰਨੀਆ(ਅਮਰੀਕਾ)

ਅਸੀਂ ਤੀਰ ਨਹੀਂ-ਸਰਬਜੀਤ ਕੌਰ ਜੱਸ

ਅਸੀਂ ਤੀਰ ਨਹੀਂ ਜਿਸ ਨੂੰ ਤੁਸੀਂ ਹਓਮੈ ਦੀ ਕਮਾਣ 'ਤੇ ਤਾਣ ਕੇ ਵਿੰਨ੍ਹ ਲਓਗੇ ਆਪਣੇ ਮਨਭਾਉਂਦੇ ਸ਼ਿਕਾਰ ਦੀ ਅੱਖ ਅਸੀਂ ਤਾਂ ਆਪਣੇ ਪਿੰਡਾਂ ਵੱਲ ਜਾਂਦੇ ਵਿੰਗੇ-ਟੇਢੇ ਰਾਹ ਹਾਂ ਜਿਨ੍ਹਾਂ 'ਤੇ ਪੁਰਖਿਆਂ ਦੇ ਬੀਜੇ ਬੀਜ ਉੱਗਦੇ ਪਾਕਿ-ਪਵਿੱਤਰ ਸੋਚ 'ਤੇ ਝੋਨੇ ਦੀਆਂ ਮੁੰਜਰਾਂ ਦੀ ਚੌਰ ਫਿਰਦੀ ਸਿਰ 'ਤੇ ਸਿੱਟਿਆਂ ਦਾ ਮੁਕਟ ਹੈ ਹੱਥਾਂ 'ਚ ਸੁਨਹਿਰੀ ਬਾਜਰੇ ਦੇ ਮੋਤੀ ਨੇ ਤੁਸੀਂ ਬੱਜਰੀ ਦੇ ਆਸ਼ਕ ਲੁੱਕ ਦੇ ਮੁਰੀਦ ਇਸੇ ਲਈ ਤਪਸ਼ ਸਹਿ ਨਹੀਂ ਹੁੰਦੀ ਤੁਹਾਡੇ ਸੁਭਾਅ ਦੀ ਤੁਸੀਂ ਤਾਂ ਸਿਰਫ਼ ਚਿੜੀ ਦੀ ਅੱਖ ਵਿੰਨ੍ਹੀ ਜ਼ਸ਼ਨ ਮਨਾਏ ਤੇ ਤੁਰ ਗਏ ਤੇ ਅਸੀਂ ਪੁਸ਼ਤ-ਦਰ-ਪੁਸ਼ਤ ਵਿੰਨ੍ਹੀ ਅੱਖ 'ਚੋਂ ਵਹਿੰਦਾ ਲਹੂ ਵੇਖਦੇ ਰਹੇ ਜਾਣਦੇ ਹੋ ਤੁਸੀਂ? ਹਰ ਯੁਗ ਦੀ ਸਭ ਤੋਂ ਵੱਡੀ ਚਿਤਾਵਨੀ ਰਹੀ ਹੈ ਬੰਦਿਆਂ ਵਿਚ ਬੰਦੇ ਬਣਕੇ ਰਹਿਣਾ ਤੇ ਇਤਿਹਾਸ ਵਿਚਲੇ ਹਰ ਯੁੱਧ ਦਾ ਕਾਰਨ ਵੀ... ਇਹ ਮੰਥਨ ਦਾ ਵੇਲਾ ਹੈ ਸੋਚ ਨੂੰ ਵਿਸਥਾਰਨ ਦਾ ਸਹੀ ਵਕਤ ਹੈ ਤੁਸੀਂ ਸਾਨੂੰ ਮਿੱਟੀ ਦੇ ਮਾਧੋਆਂ ਨੂੰ ਮਿੱਟੀ ਰੰਗੇ ਹੀ ਰਹਿਣ ਦਿਓ ਸੋਨਾ ਬਣਾਉਣ ਦੀ ਗ਼ੁਸਤਾਖੀ ਨਾ ਕਰੋ ਅਸੀਂ ਤਾਂ ਆਪਣੇ ਪਿੰਡਾਂ ਵੱਲ ਜਾਂਦੇ ਵਿੰਗੇ-ਟੇਢੇ ਰਾਹ ਹਾਂ ਤੁਹਾਡੀ ਹਓਮੈ ਦੀ ਕਮਾਨ 'ਤੇ ਤਣੇ ਤੀਰ ਨਹੀਂ ਹਾਂ ਅਸੀਂ...

ਯੁੱਧ ਛਿੜਦਾ ਹੈ-ਸਰਬਜੀਤ ਕੌਰ ਜੱਸ

ਸਾਡੇ ਖੇਤਾਂ ਵਿਚ ਅਕਸਰ ਹੀ ਯੁੱਧ ਛਿੜਦਾ ਹੈ ਕੀਟ-ਨਾਸ਼ਕਾਂ ਦਾ ਨਦੀਨਾਂ ਨਾਲ ਸੋਨੇ ਦੇ ਕੋਕਿਆਂ ਜਿਹੇ ਦਾਣਿਆਂ ਦਾ ਸਿੱਟਿਆਂ ਨੂੰ ਲੱਗੇ ਤੇਲੀਏ ਨਾਲ ਸਪਰੇਅ ਦੀ ਡਰੰਮੀ ਦਾ ਤਿਰਹਾਏ ਹੋਠਾਂ ਨਾਲ ਸਾਡੇ ਖੇਤਾਂ ਵਿਚ…. ਵਾਹਨ ‘ਚ ਫਸੇ ਟਰੈਕਟਰ ਦਾ ਖਾਲੀ ਖੜਕਦੀ ਡੀਜ਼ਲ ਵਾਲੀ ਡਰੰਮੀ ਨਾਲ ਟੁੱਟੇ ਦਸਤੇ ਵਾਲੀ ਕਹੀ ਦਾ ਸ਼ਰੀਕਾਂ ਦੇ ਖੇਤ ‘ਚ ਵਗਦੇ ਖਾਲ ਨਾਲ ਸਾਡੇ ਖੇਤਾਂ ਵਿਚ…. ਧੀਆਂ ਵਾਂਗੂੰ ਪਾਲੀ ਫ਼ਸਲ ਦਾ ਬੇਗ਼ਾਨੇ ਘਰ ਜਾਂਦੇ ਮੁਕਲਾਵੇ ਨਾਲ ਬੰਨ੍ਹਿਆਂ ‘ਤੇ ਨੱਚਦੀ ਹਰਿਆਵਲ ਦਾ ਡੂੰਘੇ ਹੁੰਦੇ ਜਾਂਦੇ ਪਾਣੀਆਂ ਨਾਲ ਤਿਹਾਈਆਂ ਫ਼ਸਲਾਂ ਦਾ ਨਿੱਤ ਸੜਦੀਆਂ ਮੋਟਰਾਂ ਨਾਲ ਸਾਡੇ ਖੇਤਾਂ ਵਿਚ…. ਪੱਕੀ ਫ਼ਸਲ ‘ਤੋਂ ਦੀ ਲੰਘਦੀਆਂ ਨੰਗੀਆਂ ਤਾਰਾਂ ਦਾ ਕੰਬਾਇਨ ਚਲਾਉਂਦੇ ਫੋਰਮੈਨ ਨਾਲ ਵੱਟ ‘ਤੇ ਖੜ੍ਹੀ ਨਿੰਮ ਉੱਤੇ ਲੱਗੀ ਭੂੰਡਾਂ ਦੀ ਖੱਖਰ ਦਾ ਝੋਨਾ ਲਾਉਂਦੀ ਭੱਈਏਰਾਣੀ ਦੇ ਮਾਸੂਮ ਜਿਹੇ ਬੱਚੇ ਨਾਲ ਕੁੱਪ ‘ਚ ਭਰੀ ਤੂੜੀ ਦਾ ਭੱਤਾ ਲੈ ਕੇ ਆਈ ਨਵ-ਵਿਆਹੀ ਦੀਆਂ ਸੁਪਨਈ ਅੱਖਾਂ ਨਾਲ ਸਾਡੇ ਖੇਤਾਂ ਵਿਚ ਅਕਸਰ ਹੀ ਯੁੱਧ ਛਿੜਦਾ ਹੈ ਮੈਦਾਨ-ਏ- ਜੰਗ ਕੋਈ ਹੋਰ ਨਹੀਂ ਪਿਛਲੇ ਸਾਲ ਠੇਕੇ ‘ਤੇ ਲਿਆ ਸਾਡਾ ਹੀ ਰੋਹੀ ਵਾਲਾ ਕਿੱਲਾ ਬਣਦਾ ਹੈ ਲਹੂ-ਲੁਹਾਨ ਕੋਈ ਹੋਰ ਨਹੀਂ ਸਾਡੀ ਹੀ ਕਿਰਤ ਦਾ ਵਜ਼ੂਦ ਹੁੰਦਾ ਹੈ ਸੋਨੇ ਦੀਆਂ ਤਿਜੌਰੀਆਂ ‘ਚ ਬੰਦ ਸਾਡੇ ਹੀ ਖ਼ੂਨ ਪਸੀਨੇ ਦੀ ਕਮਾਈ ਨੂੰ ਬਣਾਇਆ ਜਾਂਦੈ ਤੁਸੀਂ ਇਸ ਜੰਗ ਦੀ ਸ਼ੁਰੂਆਤ ਖੇਤਾਂ ਨੂੰ ਜਾਂਦੇ ਪਹੇ ਤੋਂ ਕੀਤੀ ਹੈ ਤੇ ਅਸੀਂ ਇਸ ਯੁੱਧ ਦਾ ਖ਼ਾਤਮਾ ਤੁਹਾਡੇ ਘਰਾਂ ਤੱਕ ਜਾਂਦੀਆਂ ਕਾਲੇ ਨਾਗਾਂ ਜਿਹੀਆਂ ਸੜਕਾਂ ਦੀਆਂ ਸਿਰੀਆਂ ਮਿੱਧ ਕੇ ਕਰਾਂਗੇ..

ਗਿਰਝਾਂ ਦੀਆਂ ਡਾਰਾਂ-ਸਰਬਜੀਤ ਕੌਰ ਜੱਸ

ਇੱਕ ਅੱਖ ਮੇਰੇ ਖੇਤਾਂ ਉੱਤੇ ਦੂਜੀ ਰੈਣ-ਬਸੇਰੇ ਉੱਤੇ ਇੱਕ ਪੈਰ ਸਿਆਸਤ ਦੇ ਵਿਹੜੇ ਦੂਜਾ ਧਰਮ ਦੇ ਡੇਰੇ ਉੱਤੇ ਉਹਨੇ ਸੋਚਿਆ ਉਹਦੇ ਤਖ਼ਤ ਦੇ ਸਾਹਵੇਂ ਕੱਚੀ ਕੰਧ ਵਾਂਗ ਢਹਿ ਜਾਵਾਂਗੇ ਅਸੀਂ ਗਿਰਝਾਂ ਦੀਆਂ ਡਾਰਾਂ ਕੋਲੋਂ ਸ਼ਬਦ ਬਚਾ ਕੇ ਲੈ ਜਾਵਾਂਗੇ... ਸਾਡੀਆਂ ਫ਼ਸਲਾਂ ਨੂੰ ਸਿੰਜਦਾ ਹੈ ਸਾਡਾ ਖ਼ੂਨ ਪਸੀਨਾ ਬਣਕੇ ਉਹ ਪੱਕੀ ਕਣਕ 'ਤੇ ਵਰ੍ਹਨਾ ਚਾਹੁੰਦਾ ਵਿਸਾਖ 'ਚ ਸਾਉਣ ਮਹੀਨਾ ਬਣਕੇ ਜਾ-ਜਾ ਬੀਬਾ,ਘਰ ਜਾ ਆਪਣੇ ਇਹ ਸੌਦਾ ਨਾ ਸਾਨੂੰ ਪੁੱਗਦਾ ਉਨ੍ਹਾਂ ਸੋਚਿਆ ਚੁੱਪ ਦੀ ਮੂਰਤ ਬਣਕੇ ਸਭ ਕੁਝ ਵੇਂਹਦੇ ਰਹਿ ਜਾਵਾਂਗੇ ਅਸੀਂ ਗਿਰਝਾਂ ਦੀਆਂ ਡਾਰਾਂ ਕੋਲੋਂ ਸ਼ਬਦ ਬਚਾ ਕੇ ਲੈ ਜਾਵਾਂਗੇ ਉਹ ਕਹਿੰਦੇ-ਸੁਣ ਤੂੰ ਅੰਨ ਦਾਤਿਆ ਜ਼ਮੀਨ ਤੇਰੀ ਮਹਿੰਗੇ ਭਾਅ ਵਿਕਾਉਣੀ ਤੈਨੂੰ ਪੈਰੋਂ ਨੰਗਿਆਂ ਕਰਕੇ ਬੂਟਾਂ ਵਾਲੀ ਫੈਕਟਰੀ ਲਾਉਣੀ ਤੇਰੇ ਵੱਸਦੇ ਪਿੰਡ ਨੂੰ ਢਾਹ ਕੇ ਸੋਹਣੀ ਜਿਹੀ ਕਾਲੋਨੀ ਵਸਾਉਣੀ ਅਸੀਂ ਤਾਂ ਹਾਂ ਖੇਤਾਂ ਦੇ ਜਾਏ ਸਭ ਕੁਝ ਕਿੱਦਾਂ ਸਹਿ ਜਾਵਾਂਗੇ ਅਸੀਂ ਗਿਰਝਾਂ ਦੀਆਂ ਡਾਰਾਂ ਕੋਲੋਂ ਸ਼ਬਦ ਬਚਾ ਕੇ ਲੈ ਜਾਵਾਂਗੇ ਮੈਂ ਅੰਨ ਦਾਤਾ ਜਿਸ ਦੇ ਪੈਰੀਂ ਤਪਦੀਆਂ ਸੜਦੀਆਂ ਬਲਦੀਆਂ ਰਾਹਵਾਂ ਮੈਂ ਨੰਗੇ ਪੈਰੀਂ ਪੰਧ ਮੁਕਾਵਾਂ ਤਵਾਰੀਖ਼ 'ਤੇ ਸੰਦਲੀ ਪੈੜਾਂ ਪਾਵਾਂ ਪਰ੍ਹਾਂ ਰੱਖ ਮੁਕਟਾਂ ਦੀਆਂ ਛਾਂਵਾਂ ਰਿਜ਼ਕ ਦੇ ਚੋਰਾਂ ਦੀ ਜੜ੍ਹ ਵਿਚ ਦੀਮਕ ਬਣਕੇ ਬਹਿ ਜਾਵਾਂਗੇ ਅਸੀਂ ਗਿਰਝਾਂ ਦੀਆਂ ਡਾਰਾਂ ਕੋਲੋਂ ਸ਼ਬਦ ਬਚਾ ਕੇ ਲੈ ਜਾਵਾਂਗੇ।

ਅੱਜ ਮਿੱਟੀ ਪੁੱਛਣ ਆਈ ਏ-ਨਰਿੰਦਰ ਕੁਮਾਰ

ਮਿੱਟੀ ਦੀ ਖੁਸ਼ਬੂ ਦੀਆਂ ਗੱਲਾਂ ਨੇ। ਜਿਸ ਨਾਲ ਜੁੜਨ ਲਈ ਮੱਲਾਂ ਨੇ। ਓ ਆਪ ਬੂਹੇ ਤੇ ਆਈ ਏ , ਅੱਜ ਮਿੱਟੀ ਮੰਗਣ ਆਈ ਏ। ਜਿਸ ਮਿੱਟੀ ਨੂੰ ਚੁੰਮਦੇ ਓ। ਜਿਸ ਮਿੱਟੀ ਨੂੰ ਸੁੰਘਦੇ ਓ। ਜਿਸ ਮਿੱਟੀ ਦੀ ਕਸਮ ਖਾ ਕੇ , ਦੇਸ਼ ਭਗਤ ਬਣ ਘੁੰਮਦੇ ਓ। ਉਹ ਮਿੱਟੀ ਪੁੱਛਣ ਆਈ ਏ। ਮਿੱਟੀ ਦਾ ਕਰਜ਼ ਕੀ ਮੋੜਨਾ ਤੂੰ। ਰਾਹਤ ਦੀ ਇਕ ਕਿਸ਼ਤ ਤਾਂ ਦੇ। ਕਿਸ ਕੋਲ ਰੱਖਣਾ ਏ ਗਿਰਵੀ ਕੋਈ ਕੱਚੀ ਪੱਕੀ ਰਸੀਦ ਤਾਂ ਦੇ। ਆਪਣਿਆ ਤੋਂ ਨਖੇੜ ਕਿਸ ਨਾਲ ਜੋੜਨਾ ਏ ਸਕੀਮ ਕੀ ਏ ਦੱਸ ਤਾਂ ਦੇ ਏਹ ਕਿਹੜੀ ਖੇਡ ਰਚਾਈ ਏ ਇਹ ਮਿੱਟੀ ਪੁੱਛਣ ਆਈ ਏ ਇੱਕ ਬੀਜ ਲੈਅ ਕੇ, ਹਜ਼ਾਰਾਂ ਮੋੜਨ ਵਾਲੀ ਮਾਂ ਏ ਸਭ ਦੀ ,ਸਭ ਜਾਣਦੀ ਏ ਕੀ ਕੀ ਕਰ ਸਕਦੀ ਇਹ, ਤੁਸੀ ਭੁੱਲ ਗਏ ਓ, ਅੱਜ ਯਾਦ ਦਿਵਾਵਣ ਆਈ ਏ ਇਹ ਪੁੱਛਦੀ ਏ ਕਿੰਨੇ ਲਏ ਨੇ,ਕਿੰਨੇ ਚ ਵੇਚਿਆ ਏ ਬਗਾਨਿਆਂ ਨੂੰ ਕਿੰਨੇ ਚ ਬਾਂਹ ਫੜਾਈ ਏ ਅੱਜ ਮਿੱਟੀ ਪੁੱਛਣ ਆਈ ਏ।

ਵਿਦਵਾਨ ਜੋਧਾ-ਡਾ ਦਵਿੰਦਰ ਸਿੰਘ ਜੀਤਲਾ

ਬਣ ਕੇ ਜੋਧਾ ਨਿੱਤਰਿਆ ਜੰਗੀ ਮੈਦਾਨ ਵਿੱਚ ਲੱਖ ਵਾਰ, ਵਿਦਵਾਨ ਬਣ ਕੇ ਨਿੱਖਰ ਕਿਸਾਨੀ ਘੋਲ ਵਿੱਚ ਇਸ ਵਾਰ, ਇਹ ਵੀ ਇਕ ਰਣਭੂਮੀ ਹੈ ਸੁਣ ਮਿਹਨਤਕਸ਼ ਕਿਸਾਨਾਂ, ਸਮਝ ਵੈਰੀ ਦੀ ਹਰ ਚਾਲ ਨੂੰ ਮਾਤ ਦੇਣ ਲਈ ਹਰ ਵਾਰ। ਸਾਂਭ ਕੇ ਰੱਖੀਂ ਸਭ ਰਾਸਤੇ ਜੋ ਦਿਲਾਂ ਦੇ ਨਵੇਂ ਖੁਲ੍ਹ ਗਏ, ਨਵੀਂ ਨਕੋਰ ਇਕ ਸੱਥ 'ਚ ਤੇਰੇ ਵਿੱਛੜੇ ਭਰਾ ਮਿਲ ਗਏ, ਨੋਚਣ ਲਈ ਬਦਨ ਤੇਰਾ ਗਿਰਝਾਂ ਫਿਰ ਉਡਾਰੀ ਭਰਦੀਆਂ, ਸਮਝ ਵੈਰੀ ਦੀ ਹਰ ਚਾਲ ਨੂੰ ਮਾਤ ਦੇਣ ਲਈ ਹਰ ਵਾਰ। ਸਰਹੱਦ ਤੇ ਜਵਾਨ ਖੇਤਾਂ'ਚ ਕਿਸਾਨ ਤੂੰ ਹੀ ਹੈਂ ਵਿਦਵਾਨ, ਆਪਣਾ ਅੰਦਰ ਫਰੋਲ ਤੂੰ ਜ਼ਰਾ ਆਪਣਾ ਆਪ ਪਹਿਚਾਨ, ਕਲਾਕਾਰ ਤੇ ਕਵੀ ਸਾਥੀ ਤੇਰੇ ਮਿਹਰ ਗੁਰਾਂ ਦੀ ਤੇਰੇ ਨਾਲ, ਸਮਝ ਵੈਰੀ ਦੀ ਹਰ ਚਾਲ ਨੂੰ ਮਾਤ ਦੇਣ ਲਈ ਹਰ ਵਾਰ। ਸਿਡਨੀ

ਦਿੱਲੀ ਤਖਤ-ਡਾ ਦਵਿੰਦਰ ਸਿੰਘ ਜੀਤਲਾ

ਇਕ ਜ਼ਾਲਿਮ ਔਰੰਗਜ਼ੇਬ ਸੀ ਦਿੱਲੀ ਤਖਤ ਤੇ ਆਣ ਬੈਠਾ, ਨਸ਼ਾ ਉਸ ਵੀ ਸੀ ਹਕੂਮਤ ਦਾ ਜਾਮ ਭਰ ਭਰ ਉਸ ਪੀਤਾ, ਲਾਈ ਲੱਗ ਮੂਰਖਾਂ ਦੇ ਨਜਾਮ ਵਿੱਚ ਅਕਸਰ ਹੋਇਆ ਹੈ, ਛਿੱਕੇ ਟੰਗੇ ਕਾਇਦਾ ਕਾਨੂੰਨ ਦਾ ਜਿਸਮ ਲੀਰੋ ਲੀਰ ਕੀਤਾ। ਕਿਸਾਨ ਨਿਮਾਣਾ ਇਕ ਤਰਫ ਨਾਲ ਉਸ ਦਾ ਈਮਾਨ ਹੈ, ਸ਼ੈਤਾਨ ਜਰਵਾਣਾ ਦੂਜੀ ਤਰਫ ਹੱਥ'ਚ ਉਸਦੇ ਕਮਾਨ ਹੈ, ਬੇਅਸਰ ਆਹਾਂ ਵੀ ਹੋਈਆਂ ਰੱਬ ਦੇ ਘਰ ਵੀ ਢਹਿੰਦੇ ਦੇਖੇ, ਰਿਸ਼ਤਾ ਦਿਲੀ ਸਾਂਝ ਦਾ ਮੂਰਖਾਂ ਰਲ ਚੀਰੋ ਚੀਰ ਕੀਤਾ। ਬਾਬਰ ਜਿਹਾ ਜਾਬਰ ਰਾਜਾ ਫਿਰ ਦਿੱਲੀ ਤਖ਼ਤ ਤੇ ਆ ਬੈਠਾ, ਅੰਨਦਾਤੇ ਦਾ ਹੱਕ ਲੁੱਟਣ ਦਾ ਉਹ ਤਹੱਈਆ ਕਰ ਕੇ ਬੈਠਾ, ਲਾਮ ਲਸ਼ਕਰ ਲੈ ਕੇ ਸਾਰਾ ਤਸ਼ੱਦਦ ਦੀ ਜੂਹ ਟੱਪ ਜਾਂਦਾ, ਜਮਹੂਰੀਅਤ ਦਾ ਹਰ ਵਰਕਾ ਉਸ ਪਾੜ ਤਕਸੀਰ ਕੀਤਾ। ਸਿਡਨੀ

ਦਿੱਲੀ ਦੇ ਰਾਹ ਵਿੱਚ-ਡਾ ਦਵਿੰਦਰ ਸਿੰਘ ਜੀਤਲਾ

ਦਿੱਲੀ ਦੇ ਰਾਹ ਵਿੱਚ ਕੁਰਕਸ਼ੇਤਰ ਕਈ ਪਾਨੀਪਤ ਆਉਂਦੇ ਨੇ, ਫਰੇਬ ਕਿਤੇ ਕੌਰਵਾਂ ਜਿਹਾ ਕਈ ਸ਼ਾਹ ਅਬਦਾਲੀ ਡਰਾਉੰਦੇ ਨੇ, ਹੱਕਾਂ ਦੀ ਰਾਖੀ ਕਰਨ ਲਈ ਮਿਲ ਕੇ ਬੱਚੇ ਜਵਾਨ ਤੇ ਬਜ਼ੁਰਗ, ਸਮਝ ਸੂਝ ਬੁਲੰਦ ਹੌਸਲੇ ਨਾਲ ਦਿੱਲੀ ਵੱਲ ਕਦਮ ਵਧਾਉਂਦੇ ਨੇ। ਸੰਭਲ ਕੇ ਆਪਣੇ ਟੀਚੇ ਤੋਂ ਕਿਤੇ ਥਿੜਕ ਨਾ ਜਾਈਂ ਕਿਸਾਨਾਂ, ਤੂੰ ਆਪਣੇ ਹੀ ਜ਼ਮੀਰ ਹੱਥੋਂ ਕਿਤੇ ਝਿੜਕ ਨਾ ਖਾਈਂ ਜਵਾਨਾਂ, ਭਾਰ ਤੇਰੇ ਮੋਢਿਆਂ ਤੇ ਆਉਣ ਵਾਲੀਆਂ ਨਸਲਾਂ ਦਾ ਵੀ ਹੈ, ਸੁਨਹਿਰੇ ਭਵਿੱਖ ਦੇ ਦ੍ਰਿਸ਼ ਤੈਨੂੰ ਫਰਜ਼ ਯਾਦ ਕਰਾਉਂਦੇ ਨੇ। ਸਿਰਫ਼ ਅਜ ਬਾਰੇ ਹੀ ਨਹੀਂ ਕਲ ਬਾਰੇ ਵੀ ਸੋਚਣਾ ਸਿੱਖ ਲੈ, ਖੁਸ਼ਬੂਦਾਰ ਕੋਮਲ ਕਲੀਆਂ ਤੇ ਫੁੱਲਾਂ ਨੂੰ ਬਚਾਉਣਾ ਸਿੱਖ ਲੈ, ਤੇਰੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੀ ਜਿਨ੍ਹਾਂ ਪਰਵਾਹ ਨਹੀਂ, ਅਜ ਤੇਰੀ ਵੀ ਕੁਰਬਾਨੀ ਲੈਣ ਲਈ ਉਹ ਜਾਲ ਵਿਛਾਉਂਦੇ ਨੇ। ਗੱਲ ਦਿੱਲੀ ਤਕ ਹੀ ਨਹੀਂ ਸੀਮਿਤ ਅਗਾਂਹ ਵੀ ਹੈ ਚਲਣੀ, ਵੈਰੀ ਨੇ ਹਰ ਵਸੀਲੇ ਤੇਰੀ ਸੋਚ ਵਿੱਚ ਜਗਾਹ ਹੈ ਮਲਣੀ, ਆਪਣਿਆਂ ਨੂੰ ਆਪਣਿਆਂ ਤੋਂ ਵੀ ਬਚਾਉਣ ਦਾ ਮੌਕਾ ਹੈ, ਜੋ ਬੰਨ੍ਹ ਕੇ ਮਸ਼ਕ ਕਮਰ ਨਾਲ ਛੁਪ ਕੇ ਭਾਂਬੜ ਮਚਾਉੰਦੇ ਨੇ। ਦਿੱਲੀ ਦੇ ਰਾਹ ਵਿੱਚ ਕੁਰਕਸ਼ੇਤਰ ਕਈ ਪਾਨੀਪਤ ਆਉਂਦੇ ਨੇ, ਤੇਰੀ ਆਪਣੀ ਹੀ ਪਹਿਚਾਨ ਤੇ ਸਵਾਲੀਆ ਚਿੰਨ੍ਹ ਲਗਾਉਂਦੇ ਨੇ। ਸਿਡਨੀ

ਹਾਕਮ ਨੂੰ-ਮੁਖਤਿਆਰ ਸਿੰਘ ਜ਼ਫ਼ਰ

ਫੁੱਟ ਪਾਊ ਨੀਤੀ ਤੇਰੀ ਹਾਕਮਾ ਹੈ ਨੰਗੀ ਹੋਈ, ਕਦੇ ਹਿੰਦੂ ਮੁਸਲਮਾਨ ਸਿੱਖਾਂ ਨੂੰ ਲੜਾਵੇਂ ਤੂੰ। ਜਿੰਨੀ ਵਾਰੀ ਸੱਦੇ ਕਿਰਸਾਨ ਗੱਲਬਾਤ ਦੇ ਲਈ, ਬੇਈਮਾਨਾ ਖੋਟੀਆਂ ਗੱਲਾਂ ਨਾ' ਗੁੰਮਰਾਹਵੇਂ ਤੂੰ। ਝੂਠ ਦੀ ਨਿਉਂ ਤੇ ਤੇਰੇ ਉੱਸਰੇ ਹਵਾਈ ਕਿਲ੍ਹੇ, ਕਾਨੂੰਨ ਤੇ ਅਦਾਲਤਾਂ ਨਾ' ਉਨ੍ਹਾਂ ਨੂੰ ਡਰਾਵੇਂ ਤੂੰ। ਤੇਰੇ ਜਹੇ ਜਨੂੰਨੀਆਂ ਦੀ ਭੰਗ ਲੱਥੀ ਕਈ ਵੇਰ, ਜ਼ਫ਼ਰ ਕਹੇ ਫ਼ਲ ਛੇਤੀ ਕੀਤੀ ਦਾ ਹੀ ਪਾਵੇਂ ਤੂੰ। ਮੱਲੋ ਕੇ (ਜ਼ੀਰਾ)

ਤੈਨੂੰ ਲੱਗਿਆ ਸੇਕ ਨਹੀਂ-ਪਾਲੀ “ਗਿੱਦੜਬਾਹਾ”

ਤੈਨੂੰ ਲੱਗਿਆ ਸੇਕ ਨਹੀਂ ਤਾਂ ਸੋਚ ਨਾਂ ਕਿ ਲੱਗੀ ਨਹੀਂ ਅੱਗ ਕੋਠੇ ਚੜ੍ਹਕੇ ਵੇਖ ਸੋਹਣਿਆਂ ਕਿੱਦਾਂ ਸੜ੍ਹਦਾ ਹੈ ਇਹ ਜੱਗ ਛਾਤੀਆਂ ਵਿੱਚੋਂ ਦੁੱਧ ਦੀ ਥਾਂਵੇਂ ਤੇ ਕੈਂਸਰ ਨੂੰ ਮਹਿਸੂਸ ਕਰੀਂ ਪੱਥਰ ਵਾਲੀ ਅੱਖ ਚੋਂ ਸ਼ਾਇਦ ਇੱਕ ਅੱਧਾ ਹੰਝੂ ਪਏ ਵੱਗ ਚਾਹ ਵੇਚਣ ਵਾਲਾ ਵੀ ਸੱਜਣਾ ਮੁਲਕ ਵੇਚ ਵੀ ਸਕਦਾ ਏ ਅੰਨ੍ਹੇ ਗੂੰਗੇ ਤੇ ਬੋਲਿਆਂ ਨੂੰ ਵੀ,ਪਤਾ ਗਿਆ ਏ ਸਾਰਾ ਲੱਗ ਕਿਰਤੀ ਦੀ ਉਂਗਲੀ ਨੂੰ ਜੁੜਿਆ ਨਹੀਂ ਪਿੱਤਲ਼ ਦਾ ਛੱਲਾ ਵੀ ਕਾਕਿਆਂ ਦੇ ਕਾਕੇ ਦੀ ਤੜਾਗੀ ਵਿੱਚ ਚਮਕਦੇ ਕੀਮਤੀ ਨੱਗ ਇੱਕ ਅਵਾਰਾ ਗਾਂ ਨੂੰ ਹੱਕਦਿਆਂ,ਤੇਰਾ ਸਾਹ ਕਿਉਂ ਫੁੱਲ ਗਿਐ ਸੰਸਦ ਵਿੱਚੋਂ ਹਾਲੇ ਤਾਂ ਆਪਾਂ ਕੱਢਣਾ ਏ ਸਾਨ੍ਹਾਂ ਦਾ ਵੱਗ “ਪਾਲੀ” ਗੰਧਲ਼ਾ ਹੋਇਆ ਸਮੁੰਦਰ,ਮਿਲਕੇ ਮੰਥਨ ਕਰਨਾ ਪਊ ਏਕੇ ਦੇ ਵਿੱਚ ਬਰਕਤ ਬੇਲੀ, ਚੱਲ ਨਿਤਾਰੀਏ ਸਾਰੀ ਝੱਗ

ਅਸੀਂ ਫਸਲਾਂ ਵਾਲੇ ਹਾਂ-ਗੁਲਸ਼ਨਬੀਰ ਗੁਰਾਇਆ

ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਅੰਨ ਦੇਵੇ ਦੁਨੀਆਂ ਨੂੰ, ਅਸੀਂ ਉਹ ਨਸਲਾਂ ਵਾਲੇ ਹਾਂ, ਭਲਾ ਮੰਗੀਏ ਸੰਸਾਰਾਂ ਦਾ , ਸਭ ਦੇ ਪਰਿਵਾਰਾਂ ਦਾ, ਸਬਰਾਂ ਨਾਲ ਸਹਿੰਦੇ ਹਾਂ, ਜਬਰ ਸਰਕਾਰਾਂ ਦਾ, ਅਸੀਂ ਮਾਰਨ ਵਾਲੇ ਨਹੀਂ, ਦਯਾ ਦੀਆਂ ਅਕਲਾਂ ਵਾਲੇ ਹਾਂ, ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਪ੍ਚਾਰੋ ਨਾ ਏਦਾਂ ਕਿ, ਅਸੀਂ ਜਾਲਮ ਹੁੰਦੇ ਹਾਂ, ਉਜੜੇ ਲਹਿਰਾ ਦਿੱਤੇ, ਅਸੀਂ ਉਹ ਆਲਮ ਹੁੰਦੇ ਹਾਂ, ਨਹੀਂ ਮੁਤਬੰਨੇ ਕੁਦਰਤ ਦੇ, ਪੁੱਤ ਅਸਲਾਂ ਵਾਲੇ ਹਾਂ, ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਕੱਕਰ ਵਿੱਚ ਠਰਦੇ ਹਾਂ, ਹਾੜਾਂ ਵਿੱਚ ਸੜਦੇ ਹਾਂ, ਵਤਨਾਂ ਦੀ ਇੱਜ਼ਤ ਲਈ, ਸਰਹੱਦਾਂ ਤੇ ਮਰਦੇ ਹਾਂ, ਅਸੀਂ ਤੋੜਨ ਵਾਲੇ ਨਹੀਂ, ਅਸੀਂ ਤਾਂ ਵਸਲਾਂ ਵਾਲੇ ਹਾਂ, ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਮੋਢੇ ਤੇ ਕਹੀ,ਹੱਲ ਹੈ, ਸਾਡੇ ਸੰਤਾਲੀ ਨਹੀਂ, ਖਲਕਤ ਉਜੜ ਜਾਵੇ, ਇਹ ਚਾਹੁੰਦੇ ਹਾਲੀ ਨਹੀਂ, ਵਾਰਿਸ ਹਾਂ ਭਗਤ ਸਿੰਘ ਦੇ, ਗੋਬਿੰਦ ਦੀਆਂ ਸ਼ਕਲਾਂ ਵਾਲੇ ਹਾਂ, ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਜੰਗਲਾਂ ਨੂੰ ਪੁੱਟ ਪੁੱਟ ਕੇ, ਅਸੀਂ ਮੰਗਲ ਕਰ ਦਿੱਤੇ, ਧੱਕਾ ਹੋਇਆ ਸਾਡੇ ਨਾਲ ਤਾਂ, ਦਿੱਲੀ ਵਿੱਚ ਦੰਗਲ ਕਰ ਦਿੱਤੇ, ਬੰਦਾ ਸਿੰਘ ਬਹਾਦਰ ਦੀ, ਧਰਤੀ ਦੇ ਦਖਲਾਂ ਵਾਲੇ ਹਾਂ, ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਅਸੀਂ ਰਫਲਾਂ ਵਾਲੇ ਨਹੀਂ, ਅਸੀਂ ਤਾਂ ਫਸਲਾਂ ਵਾਲੇ ਹਾਂ, ਅੰਨ ਦੇਵੇ ਦੁਨੀਆਂ ਨੂੰ, ਅਸੀਂ ਉਹ ਨਸਲਾਂ ਵਾਲੇ ਹਾਂ,

ਕਿਸਾਨ ਮੋਰਚੇ ਦੇ ਸ਼ਹੀਦਾਂ ਨੂੰ ਸ਼ਰਧਾਂਜ਼ਲੀ-ਗੁਲਸ਼ਨਬੀਰ ਗੁਰਾਇਆ

ਫੁੱਲ ਸ਼ਰਧਾ ਦੇ ਦਿਲ ਤੋਂ, ਜਿੰਦਗੀ ਲਾਗੇ ਨਾਮ ਸ਼ੰਘਰਸ਼ਾਂ ਦੇ, ਜੱਦ ਗੱਲ ਹੋਊ ਘੋਲਾਂ ਦੀ, ਥੋਡਾ ਨਾਮ ਚਮਕੂ ਵਿੱਚ ਅਰਸ਼ਾਂ ਦੇ, ਜਾਬਰ ਸਰਕਾਰਾਂ ਨੇ, ਜੱਦ ਜੱਦ ਜੁਲਮ ਲੋਕਾਂ ਤੇ ਢਾਇਆ, ਕੋਈ ਗਦਰੀ ਬਣ ਉੱਠਿਆ, ਤੇ ਕੋਈ ਭਗਤ ਸਿੰਘ ਬਣ ਆਇਆ, ਤੇਰੇ ਜੁਲਮ ਦੇ ਭਾਂਬੜ ਤੇ, ਬਣ ਮੀਂਹ ਮੋਹਲੇਧਰ ਬਰਸਾਂਗੇ, ਫੁੱਲ ਸ਼ਰਧਾ ਦੇ ਦਿਲ ਤੋਂ, ਜਿੰਦਗੀ ਲਾਗੇ ਨਾਮ ਸ਼ੰਘਰਸ਼ਾਂ ਦੇ, ਪਹਿਲਾਂ ਦੇਸ਼ ਵੇਚ ਚੁੱਕਿਆਂ, ਹੁਣ ਅੱਖ ਜਮੀਨ ਤੇ ਧਰੀ ਆ, ਜਿੰਦਾਦਿਲ ਕਿਰਤੀ ਹਾਂ, ਹਾਲੇ ਨਹੀਂ ਜਮੀਰਾਂ ਮਰੀਆਂ, ਸੀਸ ਤਲੀ ਤੇ ਧਰ ਚੱਲਦੇ, ਇਹ ਜਾਨ ਹੱਕਾਂ ਲਈ ਵਰਤਾਂਗੇ, ਫੁੱਲ ਸ਼ਰਧਾ ਦੇ ਦਿਲ ਤੋਂ, ਜਿੰਦਗੀ ਲਾਗੇ ਨਾਮ ਸ਼ੰਘਰਸ਼ਾਂ ਦੇ, ਹੱਕਾਂ ਲਈ ਲੜਦੇ ਰਹੋ, ਸਾਡੀ ਸੋਚ ਦੇ ਵਾਰਿਸ ਪਿਆਰਿਓ, ਪਹਿਰਾ ਸੱਚ ਤੇ ਦੇਂਦੇ ਹੋਏ, ਹੋਵੇ ਲੋੜ ਤਾਂ ਜਾਨ ਵੀ ਵਾਰਿਓ, ਲੜਨਾ ਮਜਲੂਮਾਂ ਲਈ , ਨਾ ਰਾਹ ਛੱਡਣੇ ਤਰਸਾਂ ਦੇ, ਫੁੱਲ ਸ਼ਰਧਾ ਦੇ ਦਿਲ ਤੋਂ, ਜਿੰਦਗੀ ਲਾਗੇ ਨਾਮ ਸ਼ੰਘਰਸ਼ਾਂ ਦੇ, ਏਕੇ ਨੂੰ ਤੋੜਿਓ ਨਾ, ਹੁੰਦੇ ਇੱਕ ਤੇ ਇੱਕ ਗਿਆਰਾਂ, ਤੁਹਾਨੂੰ ਪਾੜਨ ਦੇ ਲਈ, ਹਾਕਮ ਚੱਲੂ ਚਾਲ ਹਜਾਰਾਂ, ਜੋ ਬੈਠੇ ਤਖਤਾਂ ਤੇ, ਉਹਨੂੰ ਰਗੜਾਂਗੇ ਫਰਸ਼ਾਂ ਤੇ, ਫੁੱਲ ਸ਼ਰਧਾ ਦੇ ਦਿਲ ਤੋਂ, ਜਿੰਦਗੀ ਲਾਗੇ ਨਾਮ ਸ਼ੰਘਰਸ਼ਾਂ ਦੇ,

ਗੀਤ-ਹਰਵਿੰਦਰ ਤਾਤਲਾ

ਕਾਫਲੇ ਤੂਫਾਨਾਂ ਵਾਂਗ ਚੜ੍ਹੇ ਆਉਂਦੇ ਨੇ ਅੱਕੇ ਹੋਏ ਰੋਹ ਨਾਲ ਭਰੇ ਆਉਂਦੇ ਨੇ ਮਹਿਲਾਂ ਵਿੱਚੋਂ ਨਿਕਲ ਕੇ ਤੱਕ ਦਿੱਲੀਏ ਮੁੜਦੇ ਨੀ ਲਏ ਬਿਨਾ ਹੱਕ ਦਿੱਲੀਏ ਸਬਰਾਂ ਨੂੰ ਪੱਲਿਆਂ 'ਚ ਬੰਨ ਨਿਕਲੇ। ਛੇ-ਛੇ ਮੀਨ੍ਹਿਆਂ ਦਾ ਲੈ ਕੇ ਅੰਨ ਨਿਕਲੇ। ਕੱਢ ਕੇ ਮੁੜਾਂਗੇ ਤੇਰਾ ਸ਼ੱਕ ਦਿੱਲੀਏ ਨੱਕੋ-ਨੱਕ ਹੋਇਆ ਜੋ ਹੰਕਾਰ ਤੈਨੂੰ ਨੀ ਸਿੱਧੀ ਪਾਉਣ ਆਏ ਆਂ ਵੰਗਾਰ ਤੈਨੂੰ ਨੀ। ਡੱਕ ਲੈ ਜੇ ਹੁੰਦਾ ਤੈਥੋਂ ਡੱਕ ਦਿੱਲੀਏ। ਛੱਡ ਦੇ ਇਰਾਦੇ ਸਾਨੂੰ ਹੱਥ ਪਾਣ ਦੇ। ਆਪਣੀ ਬਚਾਉਣੀ ਅਸੀਂ ਪੱਗ ਜਾਣਦੇ। ਸਾਡਿਆਂ ਖੇਤਾਂ ਤੇ ਰੱਖੇਂ ਅੱਖ ਦਿੱਲੀਏ।

ਅਸਮਾਨ ਚੁੱਕੀ ਫਿਰਦੇ ਲੋਕ-ਹਰਵਿੰਦਰ ਸਿੰਘ

ਕਹਿੰਦੇ ਨੇ ਧਰਤੀ ਕਿਸੇ ਧੌਲ਼ ਦੇ ਸਿੰਗਾਂ ਤੇ ਟਿਕੀ ਹੈ ਕੋਈ ਕਹਿੰਦਾ ਇਹ ਸੱਚ ਹੈ ਕੋਈ ਆਖੇ ਇਹ ਵਿਥਿਆ ਮਹਿਜ਼ ਮਿਥਿਆ ਹੈ ਪਰ ਇਹ ਜਰੂਰ ਸੱਚ ਹੈ ਕਿ ਅਸਮਾਨ ਧਰਤੀ ਦੇ ਪੁੱਤਰਾਂ ਦੇ ਸਿਰਾਂ ਤੇ ਟਿਕਿਆ ਹੋਇਆ ਹੈ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ

ਪਰਖ਼ ਨਾ ਓਇ-ਦੀਪ ਸਿੰਘ ਸਵਾਗ

ਨੀਵੇਂ ਮਨਾ ਵਾਲੇ, ਸੁੱਚੇ ਤਨਾਂ ਵਾਲੇ, ਉੱਚੀ ਮੱਤ ਵਾਲੇ, ਤੇਗਾਂ,ਹਲਾਂ ਵਾਲੇ, ਜਦ ਵੀ ਉੱਠਦੇ ਵਰੋਲੇ ਧਰਤ ਪੱਧਰੀ ਚੋਂ, ਨੀਲੇ ਅੰਬਰ ਨੂੰ ਕੇਸਰੀ ਰੰਗ ਦਿੰਦੇ। ਇੰਨ੍ਹਾਂ ਨਾਗਾਂ ਨੂੰ ਜੋਗੀਆਂ ਪਰਖ ਨਾ ਓਏ, ਇਹ ਤੇ ਪੂਛ ਦੇ ਨਾਲ ਵੀ ਡੰਗ ਦਿੰਦੇ। ਨੀਵੀਂ ਪਾਕੇ ਹੋ ਪਾਸੇ, ਕਰ ਸ਼ੌਕ ਪੂਰੇ, ਜੇ ਅੱਖਾਂ ਕੱਢੀਆਂ ਢਾਹੁਣਗੇ ,ਸ਼ੇਰ ਵਾਂਗੂ। ਇਹਨਾਂ ਕੁੱਟ ਦੁੱਰਾਨੀ ਪੁੱਠੇ ਮੋੜ ਦਿੱਤੇ, ਮੱਸਾ ਲਾਹ ਲਿਆ ਟੀਸੀਓ, ਬੇਰ ਵਾਂਗੂ। ਦੇ ਕੇ ਸ਼ਗਨ ਇਹ ਤੋਰਦੇ, ਰੰਘੜਾਂ ਨੂੰ, ਬੇਟੀ ਨਰਕ ਦੀ ਨਾਲ ਹੈ ਮੰਗ ਦਿੰਦੇ,,,,, ਇੰਨ੍ਹਾਂ ਨਾਗਾਂ ਨੂੰ ਜੋਗੀਆ ਪਰਖ ਨਾ ਓਏ, ਇਹ ਤੇ ਪੂਛ ਦੇ ਨਾਲ ਵੀ ਡੰਗ ਦਿੰਦੇ। ਕਿਰਤ ਕਰਨ ਤੇ ਵੰਡ ਕੇ ਛੱਕਣ ਵਾਲੇ, ਨਾ ਹੀ ਮਾਰਦੇ ਹੱਕ ਨਾ ਛੱਡਦੇ ਨੇ। 'ਦੀਪ ਸਿੰਘਾ' ਇਹ ਰੁਤਬੇ ਪਰਖਦੇ ਨਹੀਂ, ਸਿੱਧਾ ਕੰਨ ਚੋਂ ਸੇਕ ਹੀ ਕੱਢਦੇ ਨੇ। ਪਿੱਪਲ ਪੱਟ ਕੇ ਪੋਰੀਆਂ ਚੂਪ ਜਾਂਦੇ, ਪੈਂਦੇ ਜਦੋਂ ਨਾ ਭੱਜਣ ਦਾ ਢੰਗ ਦਿੰਦੇ,,,,, ਇੰਨ੍ਹਾਂ ਨਾਗਾਂ ਨੂੰ ਜੋਗੀਆਂ, ਪਰਖ ਨਾ ਓਏ, ਇਹ ਤੇ ਪੂਛ ਦੇ ਨਾਲ ਵੀ ਡੰਗ ਦਿੰਦੇ।

ਗ਼ਜ਼ਲ-ਸੂਖ਼ਮ ਸ਼ਾਇਰ

ਇਤਿਹਾਸ ਜਾਣੇ ਨੇ ਲਿਖੇ ਇਸ ਵਾਰ ਹਲ ਦੀ ਨੋਕ ਨਾਲ ਲੈ ਕੇ ਤੁਰੇ ਨੇ ਹੌਸਲਾ, ਜਜ਼ਬਾ, ਭਰੋਸਾ ਲੋਕ ਨਾਲ। ਰੁੱਖਾਂ ਦੇ ਪੱਤਰ ਹੋਰ ਵੀ ਵਧਦੇ ਨੇ ਜਿੱਦਾਂ ਛਾਂਗਿਆਂ, ਹੋਏ ਅਸੀਂ ਵੀ ਚੌਗੁਣੇ ਦੁਸ਼ਮਣ ਦੀ ਹਰ ਇਕ ਰੋਕ ਨਾਲ। ਜਾਣਾ ਅਸੀਂ ਹੁਣ ਦੂਰ ਤੀਕਰ ਜਾਣ ਲੈ ਤੂੰ ਜ਼ਾਲਮਾ ਹੋਏ ਸਟਾਰਟ ਸੀ ਅਸੀਂ ਬੇਸ਼ੱਕ ਪਹਿਲਾਂ ਚੋਕ ਨਾਲ। ਗੰਦਾ ਲਹੂ ਜੋ ਈਰਖਾ ਤੇ ਵਹਿਮ ਦਾ ਸੀ ਰਲ ਗਿਆ, ਬਸ ਖ਼ੂਨ ਓਹੀਓ ਚੂਸਨੇ ਨੂੰ ਪਾਲ ਰੱਖੀ ਜੋਕ ਨਾਲ। ਆਰੇ 'ਤੇ ਚੜ੍ਹਕੇ, ਉਬਲ ਕੇ ਦੇਗਾਂ 'ਚ ਮਿਲਦੀ ਹੈ ਮਸਾਂ ਕਿਧਰੋਂ ਦਲੇਰੀ ਦੋਸਤਾ ਮਿਲਦੀ ਨਾ ਹੁੰਦੀ ਥੋਕ ਨਾਲ। ਸਾਡੇ ਪਸੀਨੇ ਨੂੰ ਜਦੋਂ ਵੀ ਰੋਲ ਕੇ ਜ਼ਾਲਮ ਗਿਆ, ਪੀਤੀ ਅਸੀਂ ਵੀ ਰੱਤ ਉਸਦੀ ਰੀਝ ਲਾ ਕੇ ਓਕ ਨਾਲ।

ਸੁਪਰਮੈਨ-ਡਾ. ਕਰਨੈਲ ਸਿੰਘ ਸ਼ੇਰਗਿੱਲ ਯੂ ਕੇ

ਸਿਸਕਦਾ ਸਿਸਕਦਾ ਮਰ ਜਾਏਗਾ ਉਹ, ਸ਼ਾਇਦ ਉਸ ਨੂੰ ਮੌਕਾ ਹੀ ਨਾ ਮਿਲਿਆ, ਵਾਦ ਵਿਵਾਦ ਚ ਪੈਣ ਦਾ। ਉਸ ਦੀ ਸਮਝ ਦੇ ਕਦਮ, ਨਾ ਸੱਜੇ ਮੁੜਦੇ, ਨਾ ਖੱਬੇ ਮੁੜਦੇ, ਬਸ ਸੁਖ-ਸ਼ਾਂਤ ਰਸਤਿਆਂ ਤੇ , ਸਾਰੀ ਉਮਰ ਚਲਣ ਦੀ , ਇੱਛਾ ਕਰਦਾ, ਆਪਣੀ ਹੋੰਦ ਨੂੰ ਜਾਨਣ ਦੀ ਅਸਮਰਥਾ, ਨਾਲ ਜੂਝਦਾ ਮਗ਼ਜ਼-ਮਾਰੀ ਕਰਦਾ, ਹਾਰ ਮੰਨਦਾ, ਸਿਸਕਦਾ ਸਿਸਕਦਾ ਮਰ ਜਾਏਗਾ ਉਹ। ਤੇ ਮਰ ਜਾਣ ਤੋਂ ਪਹਿਲਾ ਉਹ ਰੱਬ ਰਹੀਮ ਦਾ ਪਰਚਾਰ ਕਰੇਗਾ ਖੋਜ ਕਰੇਗਾ, ਪੜਚੋਲ ਕਰੇਗਾ, ਕਾਇਨਾਤ ਨੂੰ ਜਾਣੇਗਾ, ਬ੍ਰਹਿਮੰਡ ਤੇ ਆਰਤੀ ਲਿਖੇਗਾ, ਪਰ ਫਿਰ ਵੀ ਸਮੇਂ ਤੇ ਉਮਰਾਂ ਦੀ ਮਾਰ ਖਾਂਦਾ, ਗ੍ਰੰਥ , ਮਹਾਂ-ਗ੍ਰੰਥ ਪੜੇਗਾ ਲਿਖੇਗਾ, ਆਪਣੀ ਤੇ ਕਾਇਨਾਤ ਦੀ ਹੋਂਦ ਜਾਨਣ ਲਈ, ਪਰ ਆਪਣੀ ਅਸਮਰਥਾ ਤੋਂ ਜਾਣੂ ਹੋ, ਸਿਸਕਦਾ ਸਿਸਕਦਾ ਮਰ ਜਾਏਗਾ ਉਹ। ਮਰ ਜਾਣ ਤੋਂ ਪਹਿਲਾ, ਉਸ ਨੂੰ ਮੌਕਾ ਹੀ ਨਾ ਮਿਲਿਆ, ਧਰਤੀਆਂ, ਦੇਸਾਂ, ਤੇ ਇਨਸਾਨਾਂ ਵਿਚਕਾਰ, ਸੀਮਾਵਾਂ ਤੇ ਦਾਇਰਿਆਂ ਨੂੰ ਮਿਟਾਵਣ ਦਾ। ਉੱਚੀਆਂ ਕੰਧਾਂ ਤੇ ਕੰਡਿਆਲੀਆਂ ਵਾੜਾਂ ਨੂੰ, ਸਦਾ ਲਈ ਢਾਵਣ ਦਾ।, ਫਿਰ ਉਹ ਬਿਨ-ਸਫ਼ਰਨਾਮੇ ਪੰਛੀਆਂ ਵਾਗ, ਪੁਲਾੜਾਂ ਵਿਚ ਆਲਣੇ ਢੂੰਡਦਾ, ਸਿਸਕਦਾ ਸਿਸਕਦਾ ਮਰ ਜਾਏਗਾ ਉਹ। ਮਰ ਜਾਣ ਤੋਂ ਪਹਿਲਾ, ਉਸ ਨੂੰ ਮੌਕਾ ਹੀ ਨਾ ਮਿਲਿਆ, ਮਾਨਵ ਦੇ ਜ਼ਿਹਨ ਚੋ, ਕਾਮ, ਕਰੋਧ, ਲੋਭ, ਮੋਹ, ਹੰਕਾਰ, ਈਰਖਾ, ਜਾਤ-ਪਾਤ, ਲਿੰਗੀ, ਅਤੇ ਨਸਲੀ ਵਿਤਕਰੇ ਖਤਮ ਕਰਨ ਦਾ। ਉਹ ਬਸ ਸਾਰੀ ਉਮਰ ਸੁਪਰ-ਪਾਵਰ ਦੀ ਮੰਗ ਕਰਦਾ ਰਹੇਗਾ, ਰਾਮ ਰਹੀਮ, ਮਸੀਹਾ, ਨਾਨਕ, ਬੁੱਧ ਤੇ ਸੁਪਰ ਮੈਨ ਬਨਣ ਲਈ, ਪਰ ਆਪਣੀ ਅਣਹੋਂਦ ਦੇ, ਉਲਝੇ ਪਰਛਾਵੇਂ ਨਾਲ ਬ੍ਰਹਿਮੰਡ ਵਿਚ ਲਟਕਦਾ, ਸਿਸਕਦਾ ਸਿਸਕਦਾ ਮਰ ਜਾਏਗਾ ਉਹ। ਸਿਸਕਦਾ ਸਿਸਕਦਾ ਮਰ ਜਾਏਗਾ

ਰੋਕਿਆਂ ਰੁਕਦੇ ਕਦੋਂ ਨੇ ਕਾਫ਼ਲੇ-ਦੇਵਿੰਦਰ ਕੌਰ ਯੂ ਕੇ

ਰੋਕਿਆਂ ਰੁਕਦੇ ਕਦੋਂ ਨੇ ਕਾਫ਼ਲੇ ਸਿਰ ਤੇ ਕਫ਼ਨ ਬੰਨ੍ਹ ਤੁਰੇ ਨੇ ਕਾਫ਼ਲੇ ਉਂਝ ਤਾਂ ਤੂੰ ਵੀ ਵਾਹ ਬੜੀ ਲਾਉਂਦਾ ਰਿਹਾ ਫੇਰ ਵੀ ਤੈਥੋਂ ਡਰਨ ਨਾ ਕਾਫ਼ਲੇ ਤੇਰੀਆਂ ਨੀਯਤਾਂ ਨੂੰ ਉਹ ਪਹਿਚਾਣਦੇ ਇਸ ਲਈ ਤਾਂ ਤੁਰ ਪਏ ਨੇ ਕਾਫ਼ਲੇ ਕਾਫ਼ਲੇ ਜਦ ਬਣ ਗਏ ਤੂਫ਼ਾਨ ਫਿਰ ਕੀ ਹੋਵੇਗਾ ਹਸ਼ਰ ਤੇਰਾ ਜਾਣ ਲੈ ਏਸ ਲਈ ਹੁਣ ਸਮਝ ਲੈ ਪਹਿਚਾਣ ਲੈ ਸਿਰ ਤਲੀ ਤੇ ਧਰ ਤੁਰੇ ਨੇ ਕਾਫ਼ਲੇ।

ਇਨਸਾਨਾਂ ਦੀ ਨਗਰੀ ਵਿਚ-ਦੇਵਿੰਦਰ ਕੌਰ ਯੂ ਕੇ

ਇਨਸਾਨਾਂ ਦੀ ਨਗਰੀ ਵਿਚ ਇਕ ਐਸਾ ਹਾਕਮ ਆਇਆ ਹੈ ਜਿਸ ਦੇ ਅੰਦਰ ਦੀ ਸ਼ੈਤਾਨੀ ਕਿਸੇ ਸੰਤ ਦਾ ਚੋਲਾ ਪਾਇਆ ਹੈ ਕੱਲ੍ਹ ਹਿੰਦੂ ਮੁਸਲਿਮ ਵੰਡਦਾ ਸੀ ਅੱਜ ਹਿੰਦੂ ਸਿੱਖ ਵੰਡਣਾ ਚਾਹਵੇ ਉਹ ਨਹੀਂ ਜਾਣਦਾ ਨਾ ਸੋਚੇ ਕਿਸ ਆਫ਼ਤ ਓਸ ਬੁਲ਼ਾਇਆ ਹੈ ਕਿਰਤੀ ਕਿਰਸਾਨਾਂ ਦੀ ਮਿਹਨਤ ਜੇ ਉਸਨੇ ਖੋਹਣੀ ਚਾਹੀ ਤਾਂ ਸਮਝੋ ਫਿਰ ਉਸਤੇ ਲਟਕ ਰਿਹਾ ਅਣਦਿਸਦੇ ਕਹਿਰ ਦਾ ਸਾਇਆ ਹੈ ਇਹ ਧਰਤੀ ਸਾਰੇ ਲੋਕਾਂ ਦੀ ਸਾਰੇ ਹੀ ਇਸਦੇ ਰਾਜੇ ਨੇ ਨਾ ਕਰ ਬੈਠੀਂ ਕੋਈ ਨਾਦਾਨੀ ਇਕ ਸ਼ਾਇਰ ਇੰਝ ਫੁਰਮਾਇਆ ਹੈ

ਜੋ ਅੱਜ ਪੰਜਾਬੀ ਬੀਜ ਰਹੇ ਨੇ-ਸੁਨੀਲ ਚੰਦਿਆਣਵੀ

ਜੋ ਅੱਜ ਪੰਜਾਬੀ ਬੀਜ ਰਹੇ ਨੇ.. ਅਗਲੀਆਂ ਪੀੜ੍ਹੀਆਂ ਖਾਣਗੀਆਂ ਇਹਦਾ ਫਲ਼... ਇਨ੍ਹਾਂ ਦੇ ਖੂਨ ਦੀ ਗਰਮੀ ਕਰੀ ਰੱਖੇਗੀ ਉਨ੍ਹਾਂ ਅੰਦਰਲੀ ਜਵਾਲਾ ਨੂੰ ਪ੍ਰਚੰਡ... ਪੰਜਾਬ ਹੱਸੇਗਾ, ਖੇਡੇਗਾ ਯੁਗਾਂ ਯੁਗਾਂ ਤੀਕਰ...

ਪਰਖ ਨਾ ਸਿਦਕ ਦਿੱਲੀਏ-ਉੱਤਮਵੀਰ ਸਿੰਘ ਦਾਊਂ

ਅਸੀਂ ਪਹਿਲਾਂ ਵੀ ਜੜ੍ਹ ਪੁੱਟੀ ਸੀ ਜੜ੍ਹ ਜਬਰ ਦੀ ਅਸੀੰ ਮਿਟਾ ਦਿਆਂਗੇ ਦਿੱਲੀਏ ਨੀੰ ਤੇਰੇ ਦਰਵਾਜ਼ੇ ਅਸੀੰ ਮੁੜ ਤੋੰ ਕੰਬਣ ਲਾ ਦਿਆਂਗੇ ਅਸੀਂ ਜੰਮੇ ਆਂ ਓਸ ਮਿੱਟੀ ‘ਚੋੰ ਜਿਹਨੇ ਕਿਸੇ ਤੋੰ ਮੰਨੀ ਈਨ ਨਹੀੰ ਅਸੀੰ ਜ਼ੁਲਮ ਦੇ ਅੱਗੇ ਢਹਿ ਜਾਈਏ ਸਾਨੂੰ ਸਿੱਖਿਆ ਦਿੰਦਾ ਦੀਨ ਨਹੀੰ ਕਈ ਰਾਜ-ਭਾਗ ਪਲਟਾਏ ਨੇ ਤੇਰੇ ਤਖ਼ਤ ਨੂੰ ਅਸੀੰ ਹਿਲਾ ਦਿਆਂਗੇ ਦਿੱਲੀਏ ਨੀੰ ਤੇਰੇ ਦਰਵਾਜ਼ੇ ਅਸੀੰ ਮੁੜ ਤੋੰ ਕੰਬਣ ਲਾ ਦਿਆਂਗੇ ਤੂੰ ਐਵੇੰ ਈੰ ਨਾ ਅਨਪੜ੍ਹ ਜਾਣੀ ਅਸੀੰ ਸਭ ਕਾਲੇ ਤੇਰੇ ਕਾਨੂੰਨ ਪੜ੍ਹੇ ਕਿਵੇੰ ਸਾਡੇ ਜਿਗਰੇ ਡੱਕ ਲਏੰਗੀ ਹਾਲੇ ਤਿਆਰ ਨੇ ਕਈ ਹਜ਼ਾਰ ਖੜ੍ਹੇ ਸਾਡੀ ਹਿੱਕ ‘ਚ ਐਨਾ ਦਮ ਦਿੱਲੀਏ ਅਸੀੰ ਤਾਂ ਅੰਬਰ ਤੱਕ ਗੂੰਜਾ ਦਿਆਂਗੇ ਦਿੱਲੀਏ ਨੀੰ ਤੇਰੇ ਦਰਵਾਜ਼ੇ ਅਸੀੰ ਮੁੜ ਤੋੰ ਕੰਬਣ ਲਾ ਦਿਆਂਗੇ ਇਸ ਕੱਕਰ ਰੰਗੇ ਮੌਸਮ ਤੋੰ ਕਿੱਥੇ ਮਰਦ ਜੀਵੜੇ ਡਰਦੇ ਆ ਤੇਰੇ ਜਾਰੀ ਕੀਤੇ ਆਰਡੀਨੈੰਸ ਅਸੀੰ ਉੱਕਾ ਹੀ ਰੱਦ ਕਰਦੇ ਆਂ ਤੂੰ ਸਾਡੀ ਹਾਲੇ ਨਰਮੀ ਦੇਖੀ ਐ ਜੇ ਆ ਗਏ ਜੋਸ਼ ‘ਚ ਭੜਥੂ ਪਾ ਦਿਆਂਗੇ ਦਿੱਲੀਏ ਨੀੰ ਤੇਰੇ ਦਰਵਾਜ਼ੇ ਅਸੀੰ ਮੁੜ ਤੋੰ ਕੰਬਣ ਲਾ ਦਿਆਂਗੇ ਜ਼ਰਾ ਸੋਚ ਦੇ ਸੰਗ ਵਿਚਾਰ ਕਰੀੰ ਲੱਤ ਮਾਰ ਨਾ ਸਾਡੇ ਰਿਜ਼ਕ ਨੂੰ ਤੂੰ ਉੱਤਮ ਦਾਊੰਵਾਲਾ ਕਹਿੰਦਾ ਏ ਹੋਰ ਪਰਖ ਨਾ ਸਾਡੇ ਸਿਦਕ ਨੂੰ ਤੂੰ ਐਵੇੰ ਪਏ ਨਈੰ ਅੱਟਣ ਹੱਥਾਂ ‘ਚ ਆਹ ਹੱਥ ਕਰੜੇ ਅਸੀਂ ਦਿਖਾ ਦਿਆਂਗੇ ਦਿੱਲੀਏ ਨੀੰ ਤੇਰੇ ਦਰਵਾਜ਼ੇ ਅਸੀੰ ਮੁੜ ਤੋੰ ਕੰਬਣ ਲਾ ਦਿਆਂਗੇ

ਗ਼ਜ਼ਲ-ਡਾ. ਕੇਵਲ ਸਿੰਘ ਪਰਵਾਨਾ

ਅੱਜ ਦਿੱਲੀ ਵੱਲ ਚੱਲ ਪਏ ਕਿਸਾਨ ਸਾਥੀਓ । ਕਹਿੰਦੇ ਜਿੱਤ ਲੈਣਾ ਅਸੀਂ ਤਾਂ ਮੈਦਾਨ ਸਾਥੀਓ । ਇਹ ‘ਕੱਲੇ ਨਹੀਂ ਚੱਲੇ, ਚੱਲੇ ਨਾਲ ਇਨ੍ਹਾਂ ਦੇ, ਬੱਚੇ, ਬੁੱਢੇ ਅਤੇ ਔਰਤਾਂ, ਜਵਾਨ ਸਾਥੀਓ । ਦਿੱਲੀ ਨੂੰ ਏ ਘੇਰਾ ਪਾਇਆ ਆਣ ਸਭ ਨੇ, ਸਾਰੇ ਦੇਸ਼ ਵਿੱਚੋਂ ਆ ਗਏ ਨੇ ਕਿਸਾਨ ਸਾਥੀਓ । ਸਾਡੇ ਹੱਕਾਂ ਉੱਤੇ ਡਾਕੇ ਜਦੋਂ ਪੈਣ ਲੱਗਦੇ, ਉਦੋਂ ਸੂਲੀ ਉਤੇ ਟੰਗ ਦਈਏ ਜਾਨ ਸਾਥੀਓ । ਸਾਡਾ ਰਾਹ ਰੁਸ਼ਨਾਉਣ ਸਾਡੇ ਗੁਰੂ ਤੇ ਸ਼ਹੀਦ, ਸਾਡਾ ਵਿਰਸਾ ਏ ਬੜਾ ਹੀ ਮਹਾਨ ਸਾਥੀਓ । ਇਕ ਵਾਰੀ ਨਹੀਂ ਦਿੱਲੀ ਕਈ ਵਾਰ ਜਿੱਤੀ ਏ, ਗੱਲਾਂ ਜਾਣਦਾ ਏ ਸਾਰਾ ਹੀ ਜਹਾਨ ਸਾਥੀਓ । ਅਸੀਂ ਸ਼ਮਾਂ ਉੱਤੇ ਸੜ ਜਾਣ ਵਾਲੇ ਪਰਵਾਨੇ, ਅਸੀਂ ਦੇਸ਼ ਉੱਤੋਂ ਹੋਈਏ ਕੁਰਬਾਨ ਸਾਥੀਓ । 204, ਐਲਡੀਕੋ ਗਰੀਨ, ਜਲੰਧਰ ।

ਕਿਸਾਨ ਸੰਘਰਸ਼-‘ਬਲਦੇਵ ਸਿੰਘ ਝੱਜ’

ਜਿਹੜੀ ਬਾਲ਼ੀ ਤੂੰ ਮਿਸ਼ਾਲ ਏਹਦੀ ਮਿਲੇ ਨਾ ਮਿਸਾਲ ਦੁਨੀਆਂ ਦੇ ਵਿੱਚ ਅੱਜ ਖੜੋ ਗਿਉਂ ਪਹਿਲੀ ਪਾਲ਼ ਤੂੰ ਘੋਲ ਲੜ ਰਿਹੋਂ ਨਿਰਾਲਾ ਦਿਲ ਹਾਕਮਾਂ ਦਾ ਕਾਲਾ ਤੇਰੇ ਸੱਚ ਹੈਗਾ ਪੱਲੇ ਇਹ ਜਾਏਗਾ ਨਾ ਆਲ੍ਹਾ ਤੇਰੇ ਵਿੱਚ ਜਿੰਨਾਂ ਜੋਸ਼ ਹੁਣ ਕਰ ਉਨੀ ਹੋਸ਼ ਫੜ ਏਕਤਾ ਦਾ ਰਾਹ ਕਰ ਢੰਗ ਨਾਲ ਰੋਸ਼ ਤੈਨੂੰ ਅੰਨ ਦਾਤੇ ਦਾ ਮਾਣ ਵੱਖਰੀ ਹੈ ਤੇਰੀ ਪਹਿਚਾਣ ਐਂਵੇਂ ਨਾ ਕਰਾ ਤੂੰ ਘਾਣ ਆਪਣੇ ਹੱਕ ਲੈ ਤੂੰ ਪਛਾਣ ਏਥੇ ਲੋਟੂ ਲੱਗੇ ਆਣ ਜਾਲ ਲੁੱਟ ਦਾ ਵਿਛਾਣ ਤੂੰ ਹਰ ਪੱਖ ਤੋਂ ਕਿਸਾਨਾਂ ਕਿਸਾਨੀ ਬਚਾਣ ਦੀ ਲੈ ਠਾਣ ਹੁਣ ਤਾਂ ਪੜ੍ਹਿਆ ਬਥੇਰਾ ਕੋਈ ਰਿਹਾ ਵੀ ਨਾ ‘ਨੇਰ੍ਹਾ ਹੰਭਲਾ ਦੱਬ ਕੇ ਤੂੰ ਮਾਰ ਛੇਤੀ ਚੜ੍ਹ ਜਾਏਗਾ ਸਵੇਰਾ ਤੋੜ ਲੁੱਟ ਵਾਲਾ ਜਾਲ਼ ਆ ਰਲੇ ਕਾਫਲੇ ਵੀ ਨਾਲ਼ ਹੜ੍ਹ ਲੋਕਤਾ ਦਾ ਆਇਆ ਪੂਰੀ ਪਊ ਤੇਰੀ ਘਾਲ਼ ਉੱਚਾ ਸੁੱਚਾ ਤੇਰਾ ਈਮਾਨ ਰੱਖੇ ਕ੍ਰਿਤ ਵੱਲ ਧਿਆਨ ਜੱਗ ਉੱਤੇ ਤੇਰੀ ਵੀਰਾ ਸਦਾ ਚਮਕੇਗੀ ਸ਼ਾਨ

ਗੀਤ-ਸੁਰਿੰਦਰਪ੍ਰੀਤ ਘਣੀਆਂ

ਕੰਮ ਦੇਖ ਲਏ ਬੇਈਮਾਨਾਂ ਦੇ, ਹੱਥ ਵੱਢ ਦਿੱਤੇ ਕਿਰਸਾਨਾਂ ਦੇ ਸਭ ਰਣ - ਤੱਤੇ ਵਿਚ ਆ ਜਾਓ, ਕਦ ਵੱਟ ਤੇ ਬੈਠਿਆਂ ਸਰਨਾ ਏਂ। ਜੇ ਬਚਣਾ, ਅੱਜ ਹੀ ਮਰ ਜਾਓ, ਕਲ ਭੁੱਖਿਆਂ ਵੀ ਤਾਂ ਮਰਨਾ ਏਂ। ਕਿਤੇ ਕਲਮਾਂ ਵਾਲੇ ਹੱਥਾਂ ਨੂੰ ਇਹ ਜ਼ਾਲਮ ਕਲਮਾਂ ਕਰਦੇ ਨੇ । ਲੱਤ ਢਿੱਡ ਤੇ ਮਾਰ ਕਿਸਾਨਾਂ ਦੇ , ਢਿੱਡ ਮਗਰਮੱਛਾਂ ਦਾ ਭਰਦੇ ਨੇ। ਸਾਡੇ ਮੂੰਹ 'ਚੋਂ ਬੁਰਕੀ ਖੋਹਣ ਲਈ, ਇਨ੍ਹਾਂ ਮਨ-ਆਇਆ ਸਭ ਕਰਨਾ ਏ। ਜੇ ਬਚਣਾ .... ਜੰਝ ਪਾਪ ਦੀ ਦਿੱਲੀਓ ਚੜਦੀ ਜੋ ਇਹਦਾ ਲਾੜਾ ਬਹੁਤ ਮੱਕਾਰੀ ਏ। ਜਿਸ ਘੋੜੀ ਤੇ ਇਹ ਚੜ੍ਹਦਾ ਹੈ ਸਾਡੀ ਮਿਹਨਤ ਖਾਂਦੀ ਸਾਰੀ ਏ। ਓਹਨੂੰ ਘੋੜੀ ਉੱਤੋਂ ਲਾਹੁਣਾ ਏ, ਫਿਰ ਗੋਡਿਆਂ ਹੇਠਾਂ ਕਰਨਾ ਏ। ਜੇ ਬਚਣਾ---- ਹੱਕ ਸਾਡੇ ਖੋਹੇ ਜੋ, ਇਹਨਾਂ ਨੇ ਜੇ ਇਕ ਇਕ ਕਰ ਕੇ ਲੈਣਾ ਏ। ਕਹੀਆਂ ਤੇ ਕਲਮਾਂ ਵਾਲ਼ਿਆਂ ਨੂੰ ਹੁਣੇ 'ਕੱਠੇ ਹੋਣਾ ਪੈਣਾ ਏ। ਲਵੋ ਨਾਲ ਦਾਤੀਆਂ, ਰੰਬਿਆਂ ਨੂੰ, ਜੇ ਬਾਂਦਰ ਲੰਡਾ ਕਰਨਾ ਹੈ। ਜੇ ਬਚਣਾ---- ਤਿੰਨ ਨਾਗ ਸਪੇਰਿਆਂ ਜੋ ਛੱਡੇ ਏਨ੍ਹਾਂ ਹਰ ਬੰਦੇ ਨੂੰ ਡੱਸਣਾ ਏ। ਫੇਹੀਆਂ ਨਾ ਸਿਰੀਆਂ ਇਨ੍ਹਾਂ ਦੀਆਂ ਸਾਨੂੰ ਦੁੱਲੇ ਕੀਹਨੇ ਦੱਸਣਾ ਏ। 'ਘਣੀਆਂ' ਇਹ ਜ਼ਰਾ ਸੰਭਾਲ ਲਵੋ, ਸਿਰ ਪਗੜੀ ਹੈ ਜਾਂ ਪਰਨਾ ਏ। ਜੇ ਬਚਣਾ ,ਅੱਜ ਹੀ ਮਰ ਜਾਓ, ਕੱਲ ਭੁੱਖਿਆਂ ਵੀ ਤਾਂ ਮਰਨਾ ਏਂ-----

ਆਨੰਦਪੁਰ ਬਨਾਮ ਦਿੱਲੀ-ਗੁਰਜੰਟ ਸਿੰਘ ਸਿੱਧੂ

ਜਿੰਨ੍ਹਾਂ ਨੇ ਅਨੰਦਪੁਰ ਘੇਰਿਆ ਸੀ, ਉਨ੍ਹਾਂ ਨੇ ਜੰਗ ਛੇੜ ਲਈ। ਬਾਜਾਂ ਵਾਲਿਆ ਲਾਜ ਰੱਖੀਂ, ਸਿੰਘਾਂ ਨੇ ਦਿੱਲੀ ਘੇਰ ਲਈ। ਅਸੀਂ ਹੱਕਾਂ ਦੇ ਲਈ ਲੜਦੇ ਆਂ, ਉਹ ਕਹਿਣ ਸਾਨੂੰ ਅੱਤਵਾਦੀ। ਕਲ਼ਗੀਆਂ ਵਾਲਿਆ ਸਿੰਘ ਤਾਂ ਤੇਰੇ, ਸਦਾ ਸਦਾ ਹੱਕਵਾਦੀ। ਭਲਾ ਲੋੜਦੇ ਅਸੀਂ ਹਰਿਕ ਦਾ, ਉਹ ਖੋਹ ਖੋਹ ਖਾਂਦੇ ਲੋਕਾਂ ਤੋਂ । ਅਸੀਂ ਦੇਸ਼ ਬਚਾਉਣਾ ਚਾਹੁੰਨੇ ਆਂ, ਇੰਨ੍ਹਾਂ ਖੂਨ ਪੀਣੀਆਂ ਜੋਕਾਂ ਤੋਂ। ਹੁਣ ਓਟ ਤੇਰੀ ਲੈ ਬੈਠੇ ਆਂ, ਬਾਰਡਰ 'ਤੇ ਨਵੀਂ ਸਵੇਰ ਲਈ। ਬਾਜਾਂ ਵਾਲਿਆ ਲਾਜ ਰੱਖੀਂ, ਸਿੰਘਾਂ ਨੇ ਦਿੱਲੀ ਘੇਰ ਲਈ। ਹੁਕਮਰਾਨ ਦੀ ਅਕਲ ਖਾਨਿਓਂ, ਪਤਾ ਨਹੀਂ ਕਿਉਂ ਝੜ ਗਈ ਏ। ਦੇਸ਼ ਇਹ ਸਾਰਾ ਵੇਚਣ ਲੱਗੇ, ਦੋਵਾਂ ਦੀ ਮੱਤ ਮਰ ਗਈ ਏ। ਸਾਡੇ ਕੋਲੋਂ ਖੋਹਣ ਜ਼ਮੀਨਾਂ, ਫੇਰ ਧਾੜਵੀ ਆ ਗਏ ਨੇ। ਦੋ ਮੋਹਰਿਆਂ ਨੂੰ ਮੂਹਰੇ ਲਾਇਆ, ਲੁੱਟਿਆ ਦੇਸ਼ ਨੂੰ ਖਾ ਗਏ ਨੇ। ਅਰਥ ਵਿਵਸਥਾ ਥੱਲੇ ਡਿੱਗ ਪਈ, ਪਿੰਡੇ ਤੋਂ ਚਮੜੀ 'ਧੇੜ੍ਹ ਲਈ। ਬਾਜਾਂ ਵਾਲਿਆ ਲਾਜ ਰੱਖੀਂ, ਸਿੰਘਾਂ ਨੇ ਦਿੱਲੀ ਘੇਰ ਲਈ। ਬਾਦਸ਼ਾਹ ਫਿਰ ਦਿੱਲੀ ਬੈਠਾ, ਜ਼ੁਲਮਾਂ ਦੀ ਹੱਦ ਢੋਇਆ ਏ। ਇੱਕ ਪਾਸੇ ਹੈਂਕੜਬਾਜ਼ੀ ਏ, ਦੂਜੇ ਥਾਂ ਸਬਰ ਖਲੋਇਆ ਏ। ਬੱਚੇ ਬੁੱਢੇ ਮਾਈਆਂ ਭੈਣਾਂ, ਆ ਗਏ ਘੱਤ ਵਹੀਰਾਂ ਨੂੰ । ਚਮਕੌਰ ਗੜ੍ਹੀ ਦਾ ਸੇਕ ਸਤਾਵੇ, ਠੰਢ ਵਿੱਚ ਬੈਠੇ ਵੀਰਾਂ ਨੂੰ। ਔਖੇ ਵੇਲੇ ਸਾਰ ਸਿੰਘਾਂ ਦੀ, ਆ ਕੇ ਤੂੰ ਹਰ ਵੇਰ ਲਈ। ਬਾਜਾਂ ਵਾਲਿਆ ਲਾਜ ਰੱਖੀਂ, ਸਿੰਘਾਂ ਨੇ ਦਿੱਲੀ ਘੇਰ ਲਈ। ਹੱਥ ਜੇ ਹੋਵੇ ਸਿਰ 'ਤੇ ਤੇਰਾ, ਡਰਦੇ ਨਹੀਂਗੇ ਜ਼ਬਰਾਂ ਤੋਂ। ਈਨ ਮਨਾ ਕੇ ਛੱਡਦੇ ਆਂ, ਫਿਰ ਵੱਡੀਆਂ ਵੱਡੀਆਂ ਪਵਰਾਂ ਤੋਂ। ਭੁੱਖੇ ਢਿੱਡ ਵੀ ਹੋਈਏ ਭਾਵੇਂ, ਭੁੱਖ ਮਿਟਾਈਏ ਹੋਰਾਂ ਦੀ। ਪਰ ਨੀਯਤ ਮਾੜੀ ਹੋ ਗਈ ਏ, ਦਿੱਲੀ ਵਿੱਚ ਬੈਠੇ ਚੋਰਾਂ ਦੀ। ਜਾਤ ਮਜ੍ਹਬ ਦੇ ਨਾਂ ਦੇ ਉੱਤੇ, ਦੇਸ਼ ਤੜ੍ਹਾਉਣਾ ਚਾਹੁੰਦੇ ਨੇ । ਜਾਨਾਂ ਵਾਰ ਅਸੀਂ ਦੇਸ਼ ਬਚਾਇਆ, ਉਹ ਫੇਰ ਲੁਟਾਉਣਾ ਚਾਹੁੰਦੇ ਨੇ। ਗੁਰਜੰਟ ਸਿੰਘਾ ਕੁਰਬਾਨ ਹੋ ਜਾਣਾ, ਸਮੇਂ ਨੇ ਕਰਵਟ ਫੇਰ ਲਈ। ਬਾਜਾਂ ਵਾਲਿਆ ਲਾਜ ਰੱਖੀਂ, ਸਿੰਘਾਂ ਨੇ ਦਿੱਲੀ ਘੇਰ ਲਈ।

ਜਲ੍ਹਿਆਂ ਵਾਲਾ ਬਾਗ-ਸੁਖਵਿੰਦਰ ਸਿੰਘ ਰਟੌਲ

ਅਸੀਂ ਕੁਝ ਕੁਝ ਸੁੱਤੇ ਅਜੇ ਵੀ, ਅਸੀਂ ਕੁਝ ਕੁਝ ਪਏ ਆਂ ਜਾਗ। ਸਾਨੂੰ ਹੰਸ ਬਣਾਇਆ ਗੁਰਾਂ ਨੇ, ਵਿਚ ਰਲ ਗਏ ਸਾਡੇ ਕਾਗ। ਲਾ ਸੱਤਰ ਸਾਲ ਉਜਾੜਿਆ, ਸਰਕਾਰਾਂ ਸਾਡਾ ਬਾਗ। ਅਸੀਂ ਫੇਰ ਦੁਬਾਰਾ ਉੱਠ ਪਏ , ਸੁਣ ਚੜ੍ਹਦੀ ਕਲਾ ਦੇ ਰਾਗ। ਅਸੀਂ ਲਹੂ ਚ ਲੱਗੇ ਧੋਣ ਹਾਂ, ਇਸ ਪੱਗ ਨੂੰ ਲੱਗੇ ਦਾਗ। ਸਾਡਾ ਵੈਰੀ ਵਿੱਸ ਪਿਆ ਘੋਲਦਾ, ਜ਼ਹਿਰੀਲਾ ਕਾਲਾ ਨਾਗ। ਦਿਲ ਭਰਿਆ ਨਫਰਤ ਨਾਲ ਹੈ, ਤੇ ਸ਼ਾਤਰ ਬਹੁਤ ਦਿਮਾਗ। ਅੱਜ ਜਾਂ ਤਾਂ ਬਣਜੂ ਵੀਰਿਓ, ਮੁਲਕ ਮੇਰੇ ਦਾ ਭਾਗ। ਜਾਂ ਬਣੂ ਰਟੌਲ ਦੁਬਾਰ ਤੋਂ, ਜੱਲ੍ਹਿਆਂ ਵਾਲਾ ਬਾਗ।

ਦਿੱਲੀ ਨੂੰ ਵੰਗਾਰ-ਨਿਰਮੋਹੀ ਫ਼ਰੀਦਕੋਟੀ

ਦਿੱਲੀਏ ਹਮੇਸ਼ਾਂ ਹੀ ਤੂੰ ਕਰੇਂ ਸਾਨੂੰ ਤੰਗ ਨੀ। ਸਦਾ ਸਾਡੇ ਰੰਗਾਂ ਵਿੱਚ ਪਾਉਂਦੀ ਰਹੀ ਭੰਗ ਨੀ। ਪੰਜਵੇਂ ਗੁਰੂ ਨੂੰ ਤੱਤੀ ਤਵੀ 'ਤੇ ਬਿਠਾਇਆ ਨੀ। ਸੀਸ ਨੌਵੇਂ ਨਾਨਕ ਦਾ ਚੌਕ 'ਚ ਕਟਾਇਆ ਨੀ। ਕਿਹੜੇ ਕਿਹੜੇ ਪਾਪਣੇ ਤੂੰ ਵਰਤੇ ਨਾ ਢੰਗ ਨੀ। ਨੀਂਹਾਂ 'ਚ ਚਿਣਾਏ ਦਸਮੇਸ਼ ਜੀ ਦੇ ਲਾਲ ਨੀ। ਸਿਦਕੋਂ ਨਾ ਡੋਲੇ ਸੂਰੇ ਕਰ ਗਏ ਕਮਾਲ ਨੀ। ਸਦਾ ਤਿੱਖਾ ਰਿਹੈ ਤੇਰਾ ਜ਼ਹਿਰੀਲਾ ਡੰਗ ਨੀ। ਲੱਖਾਂ ਯੋਧਿਆਂ ਨੇ ਲੜ ਲਈ ਸੀ ਆਜ਼ਾਦੀ ਨੀ। ਸ਼ਾਸ਼ਕਾਂ ਦਲਾਲ ਬਣ ਕੀਤੀ ਬਰਬਾਦੀ ਨੀ। ਰਲ਼ ਗਏ ਨੇ ਜਿਹੜੇ ਸਰਮਾਏਦਾਰਾਂ ਸੰਗ ਨੀ। ਦਿੱਲੀਏ ਨੀ ਰੋਟੀ ਖਾਂਦੇ ਜਰ ਤੈਥੋਂ ਹੋਏ ਨੀ। ਤਾਂਹੀਓਂ ਹੋ ਕੇ 'ਕੱਠੇ ਤੇਰੀ ਜਾਨ ਨੂੰ ਨੇ ਰੋਏ ਨੀ। ਜਿਨ੍ਹਾਂ ਤੇਰੇ ਕਾਫੀਏ ਨੂੰ ਕਰ ਦੇਣੈਂ ਤੰਗ ਨੀ। ਪੁੱਜ ਗਏ ਬਰੂਹੀਂ ਤੇਰੇ, ਤੋੜ ਤੋੜ ਰੋਕਾਂ ਨੂੰ। ਦਿੱਲੀਏ ਨੀ ਲੋਕਾਂ ਨੇ ਪਛਾਣ ਲਿਆ ਜੋਕਾਂ ਨੂੰ। ਜਿੰਨਾ ਚਿਰ ਜਿੱਤਦੇ ਨੀ ਜਾਰੀ ਰਹੂ ਜੰਗ ਨੀ।

ਗ਼ਜ਼ਲ-ਡਾ.ਗੁਰਚਰਨ ਕੌਰ ਕੋਚਰ

ਗ਼ਜ਼ਲ ਵਿਚ ਸੁਣਾਵਾਂ ਮੈਂ ਅੱਜ ਇਕ ਕਹਾਣੀ, ਡਰਾਵੇ ਚਿਰਾਗ਼ਾਂ ਨੂੰ ਨ੍ਹੇਰੇ ਦੀ ਢਾਣੀ। ਉਹ ਚਾਹੁੰਦੀ ਬੁਝਾਣਾ ਚਿਰਾਗ਼ਾਂ ਨੂੰ, ਐਪਰ, ਚਿਰਾਗ਼ਾਂ ਨੇ ਨ੍ਹੇਰੇ ਦੀ ਹੈ ਕੰਡ ਲਾਣੀ। ਉਦ੍ਹਾ ਕੰਮ ਹਨੇਰੇ ਦੇ ਫਾਇਦੇ ਹੀ ਦੱਸਣਾ, ਤੇ ਦੱਸਦੇ ਹੋਏ ਨਾ ਹੀ ਥੱਕਣਾ ਤੇ ਅਕਣਾ। ਚਿਰਾਗ਼ਾਂ ਦਾ ਕੰਮ ਹੈ ਹਨੇਰੇ ਨੂੰ ਡੱਕਣਾ, ਤੇ ਹਰ ਥਾਂ 'ਤੇ ਚਾਨਣ ਦੀ ਚਾਦਰ ਵਿਛਾਣੀ। ਜ਼ਰੂਰੀ ਹੈ ਹੱਕਾਂ ਦੀ ਖ਼ਾਤਰ ਵੀ ਲੜਨਾ, ਸੱਚਾਈ ਦੇ ਹੱਕ ਵਿੱਚ ਹਾਮੀ ਵੀ ਭਰਨਾ। ਤੇ ਧਰਨੇ ਵੀ ਦੇਣੇ ਮੁਜ਼ਾਹਰਾ ਵੀ ਕਰਨਾ, ਸਲਾਮਤ ਜੇ ਰੱਖਣੀ ਅੰਦੋਲਨ ਦੀ ਤਾਣੀ। ਜਿਵੇਂ ਤਪਦੇ ਥਲ ਲਈ ਹੈ ਪਾਣੀ ਜ਼ਰੂਰੀ, ਤਿਹਾਏ ਦੀ ਤੇਹ ਵੀ ਬੁਝਾਉਣੀ ਜ਼ਰੂਰੀ। ਬਜਾਏ ਥਲਾਂ ਦੇ ਜੋ ਸਾਗਰ 'ਤੇ ਵਰ੍ਹਦੈ, ਨਹੀਂ ਭਾਂਦੀ ਬੱਦਲ ਦੀ ਇਹ ਵੰਡ ਕਾਣੀ। ਕਿਸਾਨੀ ਅੰਦੋਲਨ ਅਨੂਠਾ, ਨਿਰਾਲਾ, ਹੈ ਹਰ ਥਾਂ ਤੇ ਏਕੇ ਦਾ ਹੀ ਬੋਲਬਾਲਾ। ਮੁਹੱਬਤ ਦੇ ਬੋਲਾਂ ਦਾ ਲੰਗਰ ਹੈ ਚਲਦਾ, ਬੜੀ ਮਿੱਠੀ ਸਭਨਾਂ ਦੀ ਹੈ ਬੋਲ-ਬਾਣੀ। ਉਹ ਬੈਠੇ ਨੇ ਸੜਕਾਂ 'ਤੇ ਪਾਲੇ 'ਚ ਠਰਦੇ, ਹਨੇਰੀ ਤੇ ਬਾਰਸ਼ ਨੂੰ ਪਿੰਡਿਆਂ 'ਤੇ ਜਰਦੇ। ਉਹ ਦੇਂਦੇ ਸ਼ਹਾਦਤ ਨੇ ਹਰ ਰੋਜ਼ 'ਕੋਚਰ', ਸ਼ਹਾਦਤ ਉਨ੍ਹਾਂ ਦੀ ਅਜ਼ਾਇਆਂ ਨਾ ਜਾਣੀ।

ਲੜਾਈ-ਰਾਜਿੰਦਰ ਸੇਖੋਂ

ਨਾ ਹਿੰਦੂ ਦਾ ਨਾ ਮੁਸਲਿਮ ਸਿੱਖ ਈਸਾਈ ਦੀ, ਨਾ ਇਹ ਹਰਿਆਣੇ ਪੰਜਾਬ ਦੇ ਪਾਣੀ ਦੀ। ਸਾਡੇ ਪੁਰਖੇ ਨੇ ਪਾਈ ਸੀ ਜਿਹੜੀ ਬਾਤ ਕਦੇ ਇਹ ਲੜਾਈ ਹੈ ਹੁੰਦੀ ਵੰਡ ਕਾਣੀ ਦੀ। ਇਹ ਲੜਾਈ ਹੈ ਕਿਰਤੀ ਦੀ ਇਹ ਲੜਾਈ ਹੈ ਕਿਸਾਨੀ ਦੀ। ਇਹ ਲੜਾਈ ਹੈ ਰੁਲ਼ ਰਹੇ ਬੁਢਾਪੇ ਦੀ ਇਹ ਲੜਾਈ ਹੈ ਜੂਝ ਰਹੀ ਜਵਾਨੀ ਦੀ। ਇਹ ਲੜਾਈ ਹੈ ਅਜੀਤ ਦੀ ਅਤੇ ਜੁਝਾਰ ਦੀ। ਇਹ ਲੜਾਈ ਹੈ ਮੁੱਢ ਤੋਂ ਦਿੱਲੀ ਦੇ ਵਿਵਹਾਰ ਦੀ। ਇਹ ਲੜਾਈ ਹੈ ਰੀਤ ਬਾਬੇ ਬੰਦੇ ਬਹਾਦਰ ਦੀ ਇਹ ਸਿਖਲਾਈ ਹੈ ਸਾਨੂੰ ਹਿੰਦ ਦੀ ਚਾਦਰ ਦੀ। ਗੁੜਤੀ ਹੈ ਸਾਨੂੰ ਭਗਤ ਸਰਾਭਿਆਂ ਦੀ , ਇਹ ਲੜਾਈ ਹੈ ਸਾਡੇ ਗ਼ਦਰੀ ਬਾਬਿਆਂ ਦੀ । ਇਹ ਲੜਾਈ ਹੈ ਮਹਿਲਾਂ ਨਾਲ ਕੁੱਲੀ ਦੀ , ਇਹ ਲੜਾਈ ਹੈ ਫ਼ਸਲਾਂ ਦੀ ਨਸਲਾਂ ਦੀ ਤੇ ਜੁੱਲੀ ਦੀ । ਬਾਬੇ ਨਾਨਕ ਦੀ ਬਾਤ ਅੱਗੇ ਤੋਰਨ ਦੀ । ਇਹ ਲੜਾਈ ਹੈ ਮਨੁੱਖ ਨੂੰ ਮਨੁੱਖ ਨਾਲ ਜੋੜਣ ਦੀ । ਇਹ ਲੜਾਈ ਹੈ ਲੋਕਾਂ ਦੀ ਅਤੇ ਜੋਕਾਂ ਦੀ । ਇਹ ਲੜਾਈ ਹੈ ਸਿਦਕੀਆਂ ਦੀ ਤੇ ਡਰਪੋਕਾਂ ਦੀ । ਜੋਗਿੰਦਰ,ਰਾਜਿੰਦਰ,ਨਿਰਭੈ,ਝੰਡਾ,ਰਾਜੇਵਾਲ ਨਾ ਸੁਰਜੀਤ ਫੂਲ ਦੀ। ਇਹ ਲੜਾਈ ਹੈ ਕਿਰਤ ਕਰੋ ਵੰਡ ਸ਼ਕੋ ਦੇ ਅਸੂਲ ਦੀ । ਇਹ ਲੜਾਈ ਭਾਈ ਲਾਲੋਆਂ ਦੀ ਹੁੰਦੀ ਲੁੱਟ ਦੀ । ਹਾਕਮ ਵਲੋਂ ਹਰਿਆਣੇ ਪੰਜਾਬ ਵਿਚ ਪਾਈ ਫੁੱਟ ਦੀ । ਨਾ ਹਿੰਦੂ ਦਾ ਨਾ ਮੁਸਲਿਮ ਸਿੱਖ ਈਸਾਈ ਦੀ । ਨਾ ਇਹ ਹਰਿਆਣੇ ਪੰਜਾਬ ਦੇ ਪਾਣੀ ਦੀ । ਸਾਡੇ ਪੁਰਖੇ ਨੇ ਪਾਈ ਸੀ ਜਿਹੜੀ ਬਾਤ ਕਦੇ ਇਹ ਲੜਾਈ ਹੈ ਹੁੰਦੀ ਵੰਡ ਕਾਣੀ ਦੀ । ਤੇਗ ਦੀ ਖੰਡੇ ਤੇ ਸ਼ਮਸ਼ੀਰ ਦੀ । ਇਹ ਲੜਾਈ ਹੈ ਜੰਮੂ ਕਸ਼ਮੀਰ ਦੀ । ਇਹ ਲੜਾਈ ਹੈ ਜੇਹਲ਼ੀਂ ਡੱਕੇ ਵਿਦਵਾਨਾਂ ਦੀ । ਇਹ ਲੜਾਈ ਹੈ ਸਾਡੇ ਖੇਤਾਂ ਦੀ,ਜੰਗਲਾਂ ਦੀ ਤੇ ਮੈਦਾਨਾਂ ਦੀ । ਇਹ ਲੜਾਈ ਭਾਸ਼ਾ ਦੀ ਵਿਰਸੇ ਦੀ ਤੇ ਸਭਿਆਚਾਰ ਦੀ । ਇਹ ਲੜਾਈ ਹੈ ਮਜਲੂਮਾਂ ਤੇ ਹੁੰਦੇ ਅਤਿਆਚਾਰ ਦੀ । ਦੁਨੀਆਂ ਵਿਚ ਲਤਾੜੇ ਜਾ ਰਹੇ ਹਰ ਉਸ ਪ੍ਰਾਣੀ ਦੀ । ਸਾਡੇ ਪੁਰਖੇ ਨੇ ਪਾਈ ਸੀ ਜਿਹੜੀ ਬਾਤ ਕਦੇ , ਇਹ ਲੜਾਈ ਹੈ ਹੁੰਦੀ ਵੰਡ ਕਾਣੀ ਦੀ। ਵਿਨੀਪੈਗ (ਕੈਨੇਡਾ)

ਕੈਸਾ ਸ਼ਾਇਰ ਹਾਂ ਮੈਂ?-ਅਜਾਇਬ ਸਿੰਘ ਹੁੰਦਲ

ਕੈਸਾ ਸ਼ਾਇਰ ਹਾਂ ਮੈਂ ਕਿਸਾਨ ਦਾ ਬੇਟਾ ਹੋ ਕੇ ਵੀ ਕਿਸਾਨ ਬਾਰੇ ਕੁਝ ਨਹੀਂ ਲਿਖਿਆ ਮੈਂ ਸੁਣਦਾ ਆਇਆ ਹਾਂ ਵਕੀਲਾਂ ਦੀ ਜਮਾਤ ਇਕ ਬੁੱਧੀਜੀਵੀ ਜਮਾਤ ਹੈ ਇਕ ਰੋਸ਼ਨ ਚਿਰਾਗ਼ ਜਮਾਤ ਹੈ ਮੈਂ ਕੈਸਾ ਵਕੀਲ ਹਾਂ ਕਿਸਾਨਾਂ ਦੇ ਅਣਗਿਣਤ ਮੁਕੱਦਮੇ ਲੜੇ ਨੇ ਪਰ ਕਿਸਾਨ ਬਾਰੇ ਸੋਚਿਆ ਤੱਕ ਨਹੀਂ ਕਿ ਉਸ ਦਾ ਚੁੱਲਾ ਕਿਵੇਂ ਧੁਖਦਾ ਹੋਵੇਗਾ ਉਸ ਦੇ ਘੜੇ ਵਿਚ ਪਾਣੀ ਹੈ ਕਿ ਨਹੀਂ। ਮੈਂ ਹੈਰਾਨ ਹਾਂ ਜਾਬਰ ਨੂੰ ਜਾਬਰ ਕਹਿਣ ਵਾਲਾ ਮੌਤ ਨੂੰ ਮਖੌਲ ਕਰਨ ਵਾਲਾ ਆਤਮ ਹੱਤਿਆ ਕਿਵੇਂ ਕਰਨ ਲੱਗ ਪਿਆ ਉਸ ਨੂੰ ਅੰਨਦਾਤਾ ਕਹਿਣ ਵਾਲੇ ਉਸ ਦੇ ਪੇਟ 'ਤੇ ਲੱਤਾਂ ਕਿਉਂ ਮਾਰਨ ਲਗ ਪਏ ਕੌਣ ਨੇ ਉਹ ਜੋ ਅੰਨਦਾਤਾ ਦੇ ਹੱਥਾਂ ਵਿਚ ਠੂਠਾ ਫੜਾ ਦੇਣਾ ਚਾਹੁੰਦੇ ਨੇ ਕੌਣ ਨੇ ਉਹ ਜੋ ਖੇਤਾਂ ਦੇ ਰਾਜੇ ਨੂੰ ਇਕ ਚੀਜ਼ ਬਣਾਉਣਾ ਚਾਹੁੰਦੇ ਨੇ ਉਸ ਨੂੰ ਖਰੀਦਣਾ ਚਾਹੁੰਦੇ ਨੇ ਉਸ ਨੂੰ ਵੇਚਣਾ ਚਾਹੁੰਦੇ ਨੇ। ਕਿਸ ਪਾਸੇ ਲਾ ਦਿੱਤਾ ਹੈ ਸਕੂਲਾਂ ਵਿਚ ਪੜ੍ਹਾਕੇ ਕਿਸਾਨ ਦੇ ਬੱਚਿਆਂ ਨੂੰ ਕਿੱਥੇ ਬਿਠਾ ਦਿੱਤਾ ਹੈ ਘਰਾਂ ਦੇ ਜੰਦਰੇ ਅਖਵਾਉਂਦੇ ਉਸ ਦੇ ਬਜ਼ੁਰਗਾਂ ਨੂੰ। ਕੈਸਾ ਸ਼ਾਇਰ ਹਾਂ ਮੈਂ ਕੈਸਾ ਵਕੀਲ ਹਾਂ ਮੈਂ ਸਿਰ 'ਤੇ ਏਨੀ ਜ਼ਿੰਮੇਵਾਰੀ ਹੁੰਦੇ ਵੀ ਕਦੇ ਸੋਚਿਆ ਹੀ ਨਹੀਂ ਕਿ ਦੇਸ਼ ਦੀ ਸੱਤਾ ਕਿਸ ਦੇ ਹੱਥਾਂ ਵਿਚ ਹੋਣੀ ਚਾਹੀਦੀ ਹੈ ਕਿਸ ਦੇ ਹੱਥਾਂ ਵਿਚ ਨਹੀਂ ਹੋਣੀ ਚਾਹੀਦੀ ਕੈਸਾ ਸ਼ਾਇਰ ਹਾਂ ਮੈਂ...।

ਸੱਪਾਂ ਨਾਲ ਖੇਡਦੇ ਪੰਛੀ-ਅਜਾਇਬ ਸਿੰਘ ਹੁੰਦਲ

ਜਿਸ ਘਰ ਦੇ ਆਸ ਪਾਸ ਕੋਈ ਪੰਛੀ ਵੀ ਪਰ ਨਹੀਂ ਸੀ ਮਾਰ ਸਕਦਾ ਉਸ ਘਰ ਦੀਆਂ ਛੱਤਾਂ 'ਤੇ ਪੰਛੀ ਹੀ ਪੰਛੀ ਆ ਬੈਠੇ ਨੇ ਉਨ੍ਹਾਂ ਪੰਛੀਆਂ ਨੂੰ ਜਿੰਨਾ ਵੀ ਉਡਾਇਆ ਜਾਂਦਾ ਹੈ ਪੰਛੀਆਂ ਦੀ ਗਿਣਤੀ ਹੋਰ ਵੱਧ ਜਾਂਦੀ ਹੈ ਤੇ ਹਾਲਤ ਇਹ ਹੋ ਗਈ ਹੈ ਕਿ ਗੁਆਂਢੀ ਘਰਾਂ ਦੇ ਰੋਸ਼ਨਦਾਨਾਂ ਵਿਚ ਰਹਿੰਦੇ ਪੰਛੀ ਵੀ ਉਨ੍ਹਾਂ ਪੰਛੀਆਂ ਕੋਲ ਆਉਣ ਲੱਗ ਪਏ ਨੇ। ਪੰਛੀਆਂ ਦੀ ਵੱਧਦੀ ਗਿਣਤੀ ਦੇਖ ਕੇ ਵੀ ਘਰ ਵਾਲੇ ਮੰਨਣ ਨੂੰ ਤਿਆਰ ਨਹੀਂ ਕਿ ਇਕ ਬਿਰਖ ਡੇਗ ਦੇਣ ਨਾਲ ਉਸ ਬਿਰਖ 'ਤੇ ਪਏ ਕਿੰਨੇ ਆਲ੍ਹਣੇ ਡਿੱਗ ਪੈਂਦੇ ਨੇ ਕਿੰਨੇ ਪੰਛੀ ਬੇਘਰੇ ਹੋ ਜਾਂਦੇ ਨੇ। ਘਰ ਵਾਲੇ ਬਜ਼ਿਦ ਨੇ ਆਪਣੇ ਆਸ ਪਾਸ ਵਾਲੇ ਸਾਰੇ ਬਿਰਖ ਡੇਗ ਦੇਣ ਲਈ ਬਿਰਖ ਤੇ ਪੰਛੀਆਂ ਦਾ ਰਿਸ਼ਤਾ ਖ਼ਤਮ ਕਰਨ ਲਈ ਪੰਛੀ ਤੇ ਆਲ੍ਹਣੇ ਦਾ ਨਾਤਾ ਤੋੜ ਦੇਣ ਲਈ। ਪੰਛੀਆਂ ਨੂੰ ਉਡਾਉਣ ਲਈ ਘਰ ਵਾਲੇ ਨਵੀਆਂ ਨਵੀਆਂ ਚਾਲਾਂ ਚੱਲ ਰਹੇ ਨੇ ਨਵੇਂ ਨਵੇਂ ਜਾਲ ਵਿਛਾ ਰਹੇ ਨੇ ਪਰ ਕੋਈ ਵੀ ਪੰਛੀ ਨਾ ਛੱਤ ਤੋਂ ਉੱਡ ਰਿਹਾ ਹੈ ਨਾ ਜਾਲ ਵਿਚ ਫੱਸ ਰਿਹਾ ਹੈ। ਦੂਰ ਦੂਰ ਤੱਕ ਵਸਦੇ ਸਭ ਲੋਕ ਹੈਰਾਨ ਨੇ ਸੱਪਾਂ ਨੂੰ ਵੇਖ ਕੇ ਡਰ ਜਾਣ ਵਾਲੇ ਪੰਛੀ ਸੱਪਾਂ ਨੂੰ ਵੇਖ ਕੇ ਉੱਡ ਜਾਣ ਵਾਲੇ ਪੰਛੀ ਸੱਪਾਂ ਨਾਲ ਖੇਡਣ ਲੱਗ ਪਏ ਨੇ ਸੱਪਾਂ ਨੂੰ ਖਡੋਣ ਲੱਗ ਪਏ ਨੇ...।

ਸੁਣ ਦਿੱਲੀਏ ਜ਼ਮੀਰੋਂ ਢਿੱਲੀਏ ਨੀ-ਅਰਤਿੰਦਰ ਸੰਧੂ

ਸੁਣ ਦਿੱਲੀਏ ਜ਼ਮੀਰੋਂ ਢਿੱਲੀਏ ਨੀ ਮੈਂ ਪੰਜਾਬ ਬੋਲਦਾ ਹਾਂ। ਤੇਰੇ ਜਬਰਾਂ ਦੀ ਮੇਰੇ ਸਬਰਾਂ ਦੀ ਮੇਰੇ ਲਈ ਪੱਟੀਆਂ ਕਬਰਾਂ ਦੀ। ਅੱਜ ਪਰਤ ਖੋਲ੍ਹਦਾ ਹਾਂ ਤੇਰੇ ਲਾਲ ਕਿਲੇ ਦੀਆਂ ਦੇਗਾਂ ਸੀ ਪੋਟਿਆਂ ਤੇ ਚੱਲਦੀਆਂ ਤੇਗਾਂ ਸੀ ਤੇਰੀ ਅੱਖ ਨਹੀਂ ਡੁੱਲ੍ਹੀ ਡਾਇਰਾਂ ਦੀ ਓਡਵਾਇਰਾਂ ਦੀ ਫੇਰ ਗਲ਼ ਵਿੱਚ ਪਾਇਆਂ ਟਾਇਰਾਂ ਦੀ ਮੈਨੂੰ ਗੱਲ ਨਹੀਂ ਭੁੱਲੀ। ਮੇਰੇ ਪਿੰਡੇ ਵਾਹੀਆਂ ਲੀਕਾਂ ਯਾਦ ਤਰੀਕਾਂ ਯੋਧੇ ਡੱਕੇ ਪਿੱਛੇ ਸੀਖਾਂ ਦੀ ਕੋਈ ਗੱਲ ਨਹੀਂ ਕਰਦੀ ਖੋਹ ਲਏ ਝੰਡੇ ਤੂੰ ਪਾਣੀ ਵੰਡੇ ਬੋਲ ਮੇਰੇ ਵਿੱਚ ਕਚਹਿਰੀਆਂ ਹੰਭੇ ਤੂੰ ਕੋਈ ਹਾਮੀ ਨਹੀਂ ਭਰਦੀ। ਮੈਂ ਪਹਿਰਾ ਦਿੱਤਾ ਹੱਦਾਂ ਤੇ ਸਰਹੱਦਾਂ ਤੇ ਤੇਰੇ ਆਪ ਸਹੇੜੇ ਯੱਬਾਂ ਤੇ ਤੈਨੂੰ ਯਾਦ ਵੀ ਨਹੀਂ ਹੋਣਾ ਪਿੱਛੇ ਵਾੜ ਹੀ ਖਾ ਗਈ ਫਸਲਾਂ ਤੇ ਚਿੱਟੇ ਨੀਲੇ ਖਾ ਗਏ ਨਸਲਾਂ ਸੁਣਿਆਂ ਮਾਵਾਂ ਦਾ ਰੋਣਾ? ਜਿਹੜੇ ਹਿੱਕ ਦਰਿਆ ਦੀ ਚੜ੍ਹ ਗਏ ਭੁੱਖੇ ਵਿੱਚ ਮੈਦਾਨਾਂ ਲੜ ਗਏ ਨੀ ਉਹ ਰੋਕਿਆ ਰੁਕਦੇ ਨਹੀਂ ਉੱਤੇ ਨੱਚਣ ਖੰਡੇ ਦੀਆਂ ਧਾਰਾਂ ਨਹੀੰ ਰੁਕਦੇ ਪਾਣੀ ਦੀਆਂ ਬੌਛਾਰਾਂ ਇਹ ਤੇਰੀ ਹਿੰਡ ਤੋਂ ਝੁਕਦੇ ਨਹੀਂ। ਪੁੱਛੀਂ ਮੁਗਲ ਤੈਮੂਰ ਫ਼ਰੰਗੀਆਂ ਜੁਲ਼ਮ ਦੀਆਂ ਕਿੰਨੀਆਂ ਸਦੀਆਂ ਲੰਘੀਆਂ ਇਹ ‘ਬੱਲਾ’ ਗੱਦੀ ਵਕਫ਼ੀ ਐ ਸੁਣੇ ਮੈਂ ਇੱਟ ਸਰਹੰਦ ਦੀ ਖੜਕੇ ਲੜਦੇ ਸਿਰ ਤਲ਼ੀਆਂ ਤੇ ਧਰਕੇ ਦਾਤ ਇਲਾਹੀ ਬਖ਼ਸ਼ੀ ਐ ਸੁਣ ਦਿੱਲੀਏ ਜ਼ਮੀਰੋਂ ਢਿੱਲੀਏ ਨੀ ਧਿਰਕੋਂ ਹਿੱਲੀਏ ਨੀ ਮੈਂ ਪੰਜਾਬ ਬੋਲਦਾ ਹਾਂ ਬਲਵਾਨ ਸਿੰਘ ਬਰਾੜ ਆਸਟਰੇਲੀਆ ਇੱਕ ਬੱਦਲ਼ ਉੱਠਿਆ ਧਰਤੀ ਤੋਂ ਇੱਕ ਬੱਦਲ਼ ਉੱਠਿਆ ਧਰਤੀ ਤੋਂ ਤੇ ਵੱਡੇ ਸ਼ਹਿਰ ਤੇ ਫੈਲ ਗਿਆ ਇਹ ਬੱਦਲ਼ ਧਰਤੀ ਪੁੱਤਰਾਂ ਦਾ ਇਹ ਸਾਵਾ ਸਾਵਾ ਛੈਲ ਜਿਹਾ ਬੜੀ ਦੇਰ ਤੋਂ ਪੁੱਤਰ ਧਰਤੀ ਦਾ ਹੁਕਮਾਂ ਦੇ ਕਹਿਰ ਹੰਢਾਉਂਦਾ ਰਿਹਾ ਹੱਥੀਂ ਚੁਣਿਆ ਹਾਕਮ ਇਸ ਨੂੰ ਫਿਰ ਨਿੱਤ ਨਿੱਤ ਹੋਰ ਸਤਾਉਂਦਾ ਰਿਹਾ ਪੰਜਾਬ ਦੇ ਜੰਮੇਂ ਉੱਠੇ ਬਣ ਇਹ ਜੋਸ਼ ਦਾ ਬੱਦਲ਼ ਛੈਲ ਜਿਹਾ ਉਹ ਫੁੱਟਿਆ ਹੌਕੇ ਹਾਵਾਂ ‘ਚੋਂ ਤੇ ਖ਼ੁਦਕੁਸ਼ੀਆਂ ਦੀਆਂ ਲੜੀਆਂ ‘ਚੋਂ ਤਖ਼ਤਾਂ ਵੱਲੋਂ ਅੰਨ ਦਾਤੇ ਨੂੰ ਦੁੱਖਾਂ ‘ਚ ਜਕੜਦੀਆਂ ਅੜੀਆਂ ‘ਚੋਂ ਢਲ ਕੇ ਫਿਰ ਲੋਕ ਮੋਰਚੇ ਵਿੱਚ ਤੇ ਸਾਰੇ ਦੇਸ਼ ‘ਚ ਫੈਲ ਗਿਆ ਇੱਕ ਵਾਰ ਜਗਾਏ ਰੰਗ ਸਗਵੇਂ ਧੋ ਕੇ ਸਾਰੇ ਇਲਜ਼ਾਮਾਂ ਨੂੰ ਇਸ ਪੂੰਝ ਕੇ ਪਾਸੇ ਕਰ ਦਿੱਤਾ ਸਭ ਬੁਰੇ ਬੁਰੇ ਇਲਹਾਮਾਂ ਨੂੰ ਜਦ ਉੱਠ ਪਿਆ ਅੰਦਰੋਂ ਆਪਣੇ ਪੰਜਾਬ ਦਾ ਗੱਭਰੂ ਛੈਲ ਜਿਹਾ ਸੱਤੇ ਖੈਰਾਂ ਬੱਦਲ਼ ਬਣ ਕੇ ਇਤਿਹਾਸ ਸਿਰਜਦੇ ਲੋਕਾਂ ਨੂੰ ਇਤਫ਼ਾਕ ਦੀ ਡੋਰੀ ਵਿੱਚ ਬੱਝੇ ਇਹ ਤੋੜ ਗਏ ਸਭ ਰੋਕਾਂ ਨੂੰ ਧੋ ਦੇਣ ਪੰਜਾਬ ਦੀ ਕਿਸਮਤ ‘ਚੋਂ ਹੁਣ ਸਾਰਾ ਕੁਝ ਹੀ ਮੈਲ ਜਿਹਾ ਆਪੇ ਆਪਣੀ ਧੁੱਪ ਸਿਰਜਣਗੇ ਇਹ ਸਿਰਜਕ ਨੇ ਸ਼ਾਹਕਾਰਾਂ ਦੇ ਧੁੰਦਾਂ ਚੋਂ ਸੂਰਜ ਕੱਢਣਗੇ ਉੱਠੇ ਹੜ੍ਹ ਬਰਖ਼ੁਰਦਾਰਾਂ ਦੇ ਜੰਗਲ਼ ਵਿੱਚ ਮੰਗਲ ਲਾ ਬੈਠਾ ਹੜ੍ਹ ਧਰਤ ਹੇਠਲੇ ਬੈਲ ਜਿਹਾ ਇੱਕ ਬੱਦਲ਼ ਉੱਠਿਆ ਧਰਤੀ ਤੋਂ ਤੇ ਵੱਡੇ ਸ਼ਹਿਰ ਤੇ ਫੈਲ ਗਿਆ ਇਹ ਬੱਦਲ਼ ਧਰਤੀ ਪੁੱਤਰਾਂ ਦਾ ਇਹ ਸਾਵਾ ਸਾਵਾ ਛੈਲ ਜਿਹਾ

ਜੰਗ-ਕਵਿੰਦਰ 'ਚਾਂਦ'

ਜੰਗ ਹੁਣ ਸਿਰਫ਼ ਫਸਲਾਂ ਦੇ ਭਾਅ ਦੀ ਨਹੀਂ ਜੰਗ ਹੁਣ ਦਿੱਲੀ ਦੇ ਰਾਹ ਦੀ ਨਹੀਂ ਜੰਗ ਹੁਣ ਹੋਂਦ ,ਅਣਹੋਂਦ ਦੀ ਹੈ ਜਿਉਂਦੇ ਦਿਸਣ ਦੀ, ਜਿਉਂਦੇ ਰਹਿਣ ਦੀ ਹੈ ਜੰਗ ਖੇਤਾਂ ਦੇ ਘੁੱਟਦੇ ਸਾਹਾਂ ਤੇ ਬਹੁ ਮਾਰਗੀ ਰਾਹਾਂ ਦੀ ਹੈ ਜੰਗ ਬਾਜ਼ਾਰ ਦੀ ਤੇ ਸਭਿਆਚਾਰ ਦੀ ਹੈ ਇਹ ਜੰਗ ਜਵਾਬਦੇਹੀ ਹੈ ਸਾਡੀ ਬਾਬਾ ਬੰਦਾ ਸਿੰਘ ਕੋਲ ਖੁਰਦੀਆਂ ਜ਼ਮੀਨਾਂ,ਝੁਕੇ ਸੀਸ, ਖਾਲ਼ੀ ਫ਼ਰਦਾਂ ਲੈ ਕਿਹੜਾ ਮੂੰਹ ਦਿਖਾਵਾਂਗੇ ਕਿੱਥੇ ਜਾਵਾਂਗੇ ਅਸੀਂ ਹੁਣ ਹੋਰ ਸ਼ਹਾਦਤਾਂ ਨਹੀਂ ਦੇਵਾਂਗੇ ਸਾਡੀਆਂ ਸ਼ਹਾਦਤਾਂ ਦਾ ਮੁੱਲ ਆਪਣੇ ਨਾਮ ਲਿਖਵਾ ਲੈਂਦੇ ਹੋ ਤੁਸੀਂ ਅਸੀਂ ਲੜਾਂਗੇ,ਜੂਝਦੇ ਰਹਾਂਗੇ ਜਿੱਤਾਂਗੇ , ਜ਼ਿੰਦਗੀ ਦੇ ਜਾਮ ਪੀਵਾਂਗੇ, ਜੰਗ ਹੁਣ ਫਸਲਾਂ ਦੇ ਭਾਅ ਦੀ ਨਹੀਂ ਹੋਂਦ ,ਅਣਹੋਂਦ ਦੀ ਹੈ

ਕਿਸਾਨ ਦੀ ਹੂਕ-ਮਨਮੋਹਨ ਸਿੰਘ ਦਾਊੰ

ਦਾਣਾ-ਦਾਣਾ ਕਣਕ ਦਾ ਕੂਕਦਾ ਏ, ਅੰਨਦਾਤੇ ਜਿਹਾ ਨਾ ਕੋਈ ਪੰਜਾਬ ਮੀਆਂ। ਤਖ਼ਤ ਉਲਟਦੇ, ਲੋਕਾਂ ਦੀ ਜਿੱਤ ਹੁੰਦੀ, ਪੜ੍ਹ ਕੇ ਵੇਖ ਤਵਾਰੀਖ਼ ਜਨਾਬ ਮੀਆਂ। ਆਢਾ ਲਾਉਣਾ ਨੀਂ ਕਦੇ ਵੀ ਚੰਗਾ ਹੁੰਦਾ, ਹੱਕ-ਸੱਚ ਹੈ ਮੰਗਦਾ ਹਿਸਾਬ ਮੀਆਂ। ਮੰਗਾਂ ਪੂਰੀਆਂ ਕਰਨ ਦਾ ਸਮਾਂ ਆਇਆ, ਕਾਹਨੂੰ ਘੜਦੈੰ ਵਿਊੰਤਾਂ ਤੂੰ ਖ਼ਰਾਬ ਮੀਆਂ। ਕਾਲੇ ਕਾਨੂੰਨ ਕਿਸਾਨੀ ਦੇ ਰੱਦ ਕਰਦੇ, ਲੱਗਾ ਮੋਰਚਾ ਦਿੱਲੀ ਬੇਹਿਸਾਬ ਮੀਆਂ। ਜਿੱਥੇ ਡੁੱਲ੍ਹਿਆ ਲਹੂ ਕਿਸਾਨ ਦਾ ਏ, ਉੱਥੇ ਉਗਣਗੇ ਸੂਹੇ ਗੁਲਾਬ ਮੀਆਂ।

ਡੁੱਬ ਜੂ ਤੇਰਾ ਬੇੜਾ-ਮੁਖਤਿਆਰ ਸਿੰਘ ਜ਼ਫ਼ਰ

ਡੁੱਬ ਜੂ ਤੇਰਾ ਬੇੜਾ ਪਾਪੀਆ ਤੇਰਾ ਪਾਪਾਂ ਦਾ ਭਰਿਆ । ਬੇਈਮਾਨ ਸ਼ੈਤਾਨਾਂ ਗੱਲਾਂ ਕਰੇ ਇਮਾਨ ਦੀਆਂ । ਡੂੰਘੀਆਂ ਜੜ੍ਹਾਂ ਵੱਢਣ ਨੂੰ ਮਜਦੂਰ ਕਿਸਾਨ ਦੀਆਂ। ਮਾਣ ਮੱਤਾ ਸਾਡਾ ਜੀਵਨ ਤੈਥੋਂ ਜਾਂਦਾ ਨਹੀ ਜਰਿਆ । ਕੁਝ ਘਰਾਂ ਲਈ ਲੋਕ ਕਰੋੜਾਂ ਫਾਹੇ ਟੰਗ ਰਿਹਾ। ਕਿਉਂ ਨਹੀ ਦੀਂਹਦਾ ਜਾਇਜ਼ ਮੰਗਾਂ ਕਿਰਸਾਨ ਮੰਗ ਰਿਹਾ । ਸ਼ਾਂਤਮਈ ਉਹ ਰਾਹ ਤੂੰ ਕਤਲੋ-ਗਾਰਤ ਦਾ ਫੜਿਆ । ਖ਼ੁਦਗ਼ਰਜੀ ਤੇ ਨਫਰਤ ਦੀ ਭੰਗ ਰੱਜ ਕੇ ਪੀਤੀ ਤੂੰ। ਪਾੜੋ ਰਾਜ ਕਰੋ ਦੀ ਹੈ ਅਪਣਾ ਲਈ ਨੀਤੀ ਤੂੰ। ਧਨਵਾਨਾਂ ਦੇ ਬੂਹੇ ਤੇ ਗਲ ਪੱਲਾ ਪਾ ਖੜਿਆ । ਖੋਟੇ ਹਨ ਮਨਸੂਬੇ ਤੇਰੇ ਲੋਕੀਂ ਜਾਣ ਗਏ । ਝਾਕ ਬੇਗਾਨੀ ਛੱਡ ਕੇ ਉਹਨਾਂ ਮੱਲ ਮੈਦਾਨ ਲਏ । ਦੁੱਖਾਂ ਦੇ ਸਾਗਰ ਨੂੰ ਇਨ੍ਹਾਂ ਕਈ ਵਾਰੀ ਹੈ ਤਰਿਆ । ਕਿੰਨੇ ਸੂਰੇ ਟੱਕਰੇ ਰਣ ਵਿੱਚ ਅੱਗਿਉਂ ਜਾਬਰ ਨੂੰ। ਲੈ ਕਿਰਸਾਨ ਸਕੰਦਰ ਲੋਧੀ ਜ਼ਾਲਮ ਬਾਬਰ ਨੂੰ। ਸਾਂਦਲ, ਫਰੀਦ, ਦੁੱਲੇ,ਗਲ ਗੂਠਾ ਅਕਬਰ ਦੇ ਧਰਿਆ। ਭਗਤ ਅਤੇ ਗੁਰੂ ਸਾਹਿਬ ਦਾਤੇ ਸਾਡੇ ਗਿਆਨ ਦੇ। ਇੱਕ ਮੁੱਠ ਹੋਏ ਕਿਸਾਨ ਤਾਂ ਹੀ ਤਾਂ ਹਿੰਦੁਸਤਾਨ ਦੇ। ਵੇਖ ਉਹਨਾਂ ਲੂਣ ਵਾਂਗ ਤੂੰ ਤਾਂ ਹੀ ਤਾਂ ਖ਼ਰਿਆ। ਬੀਜ ਨਾਸ ਕਰ ਦੇਣਾ ਤੇਰਾ ਏਸ ਤੂਫ਼ਾਨ ਨੇ। ਹਿੰਦੂ, ਮੁਸਲਮ, ਸਿੱਖ ਈਸਾਈ ਸਭ ਕਿਰਸਾਨ ਨੇ। ਗੜ੍ਹਿਆਂ ਵਾਂਗੂ ਰੋਹ ਇਹਨਾਂ ਦਾ ਵਰ੍ਹਿਆ ਕਿ ਵਰ੍ਹਿਆ। ਸਬਰ ਅਸਾਡੇ ਦਾ ਕੜ ਜਿਸ ਦਿਨ ਜ਼ਾਲਮਾ ਟੁੱਟ ਗਿਆ । ਉਸ ਦਿਹਾੜੇ ਜਾਣੀਂ ਤੇਰਾ ਚੋਗ ਨਿਖੁੱਟ ਗਿਆ। ਨਹੀਂ ਬਰਦਾਸ਼ਤ ਹੋਣਾ ਸਾਥੋਂ ਤੇਰੇ ਤੋਂ ਸਰਿਆ। ਬਣਗੀ ਜੰਗ ਜ਼ਾਲਮਾ ਹੁਣ ਤਾਂ ਦੋ ਜਮਾਤਾਂ ਦੀ। ਟੁੱਟ ਗਈ ਐ ਕੰਧ ਕੂੜ ਦੀ ਜਾਤਾਂ ਪਾਤਾਂ ਦੀ। ਸੌ ਪੈਸੇ ਸੱਚ ਤੇਰਾ ਤੱਕ ਕੇ ਅੰਦਰਲਾ ਡਰਿਆ। ਜ਼ਫਰ ਕਹੇ ਵਿੱਚ ਲੋਕ ਕਚਿਹਰੀ ਲੇਖੇ ਹੋਣਗੇ। ਪਾਈ ਪਾਈ ਲੈਣੀ ਦੂਰ ਭੁਲੇਖੇ ਹੋਣਗੇ। ਲੋਕ ਦਲ ਬਣ ਕੇ ਜਦ ਬਾਬਾ ਬੰਦਾ ਸਿੰਘ ਚੜ੍ਹਿਆ। ਮੱਲੋਕੇ (ਜ਼ੀਰਾ )

ਸੌਂ ਜਾ ਪੁੱਤ-ਹਰਵਿੰਦਰ ਰਿਆੜ

ਸੌਂ ਜਾ ਪੁੱਤ ਤੇਰੀ ਧਰਤ ਕੋਈ ਨਹੀਂ ਖੋਹ ਸਕਦਾ ਸੌਂ ਜਾ ਮੇਰੇ ਪੁੱਤ ਸੌਂ ਜਾ ਹੁਣ ਆਪਾਂ ਖੇਤਾਂ ਵਿਚ ਹਲ੍ਹ ਤੇ ਬੰਦੂਕਾਂ ਬੀਜਾਂਗੇ...... ਸ਼ਾਇਦ ਖੇਤ ਹੜੱਪਣ ਵਾਲੇ ਸਾਡੀ ਇਹ ਫਸਲ ਨਾ ਖ਼ਰੀਦ ਸਕਣ ਪਰ! ਵਾਅਦਾ ਕਰਦਾਂ ਕਿ.... ਤੇਰੀ ਮਾਂ ਦਾ ਇਹਨਾਂ ਫਸਲਾਂ `ਤੇ ਵੀ ਭੱਤਾ ਲੈ ਕੇ ਆਉਣਾ ਉਵੇਂ ਜਾਰੀ ਰਹੇਗਾ, ਜਿਵੇਂ ਸੋਨੇ ਰੰਗੀ ਕਣਕ ਤੇ ਝੋਨੇ ਦੀਆਂ ਮੁੰਜਰਾਂ ਤੇ! ਫ਼ਿਕਰ ਨਾ ਕਰ ਪੁੱਤ..............! ਤੇਰੀ ਭੈਣ ਨੂੰ ਦਾਜ ਦੇ ਵਿਚ ਨਾਅਰਾ ਦਿਆਂਗੇ! ਜੋ ਉਸਦਾ ਸਹਾਰਾ ਨਹੀਂ, ਸਗੋਂ ਹੋਂਦ ਤੇ ਸੱਚ ਬਣ ਸਕੇ! ਸੌਂ ਜਾ ਮੇਰੇ ਪੁੱਤ, ਇਸ ਸਭ ਕਾਸੇ ਨਾਲ ਸਾਡੀ ਅਗਲੀ ਫ਼ਸਲ ਪਾਟੇ ਟਾਇਰ ਨਾਲ ਜਾਂ ਰੂੜੀ ਤੇ ਨਹੀਂ ਖੇਡੇਗੀ! ਸਗੋਂ ਪੈੱਨ ਦੀ ਨਿੱਬ ਚੋਂ ਰੌਸ਼ਨੀ ਪੈਦਾ ਕਰੇਗੀ ਜੋ ਤੇਰੀ ਭੈਣ ਦਾ ਨਾਅਰਾ ਬਣੇਗੀ! ਪਰ! ਮੇਰੀ ਕੌਮ ਦੀ ਅਗਲੀ ਫ਼ਸਲ ਦੇ ਦੀਦਿਆਂ ਵਿਚ ਸਾਡੇ ਕੁੜਤੇ, ਪਜਾਮੇ, ਪਾਟੀ ਚੁੰਨੀ ਤੇ ਚੀਥੜੇ ਹੋਈ ਪੱਗ ਦਾ ਅਹਿਸਾਸ ਜ਼ਰੂਰ ਹੋਵੇਗਾ, ਜੋ ਲੋਹੇ ਨੂੰ ਸੋਨਾ ਬਣਾਏਗਾ। ਸੌਂ ਜਾ ਪੁੱਤ ਸੌਂ ਜਾ ਤੇਰੀ ਧਰਤ ਕੋਈ ਚੋਰੀ ਨਹੀਂ ਕਰ ਸਕਦਾ! ਨਿਊ ਜਰਸੀ (ਅਮਰੀਕਾ)

ਮੈਂ ਪੰਜਾਬ ਬੋਲਦਾਂ-ਮਨਦੀਪ ਕੌਰ ਭੰਮਰਾ

ਇਹ ਕੌਣ ਨੇ ਜੋ ਉਸਦੇ ਹਉਂ ਦੀ ਹਵੇਲੀ ਢਾਹ ਦੇਣ ਤੁਰੇ ਨੇ ਸਮੇੰ ਦੀ ਅੱਖ ਵਿੱਚ ਅੱਖ ਪਾਉਣ ਤੁਰੇ ਨੇ ਆਓ ਕਿ ਮੈਂ ਦੱਸਦਾਂ ਤੁਹਾਨੂੰ... ਇਹ ਮੇਰੇ ਹੀ ਹਮਸਾਏ ਨੇ ਇਹ ਸਭ ਧੁਰੋਂ ਵਰੋਸਾਏ ਨੇ ਇਹ ਕੌਮ ਬਹਾਦਰਾਂ ਦੀ ਹਰ ਜ਼ੁਲਮ ਤੋਂ ਨਾਬਰਾਂ ਦੀ ਇਹ ਹੱਥਾਂ ‘ਤੇ ਸਰ੍ਹੋੰ ਜਮਾ ਦੇਣਗੇ ਵਕਤ ਨੂੰ ਹੀ ਸੂਲ਼ੀ ਚੜ੍ਹਾ ਦੇਣਗੇ ਉੱਠ ਖੜੋਤਾ ਹੈ ਅੱਜ ਮੇਰਾ ਹਰ ਬੱਚਾ ਅੱਜ ਮੇਰੀ ਹਰ ਮਾਂ ਦਾ ਦਿਲ ਪਰੁੱਚਾ ਅੱਜ ਮੇਰੀ ਹਰ ਨਾਰ ਦਾ ਸਾਈਂ ਖੜ੍ਹੈ ਅੱਜ ਹਰ ਭੈਣ ਦਾ ਸਿਰ ਉੱਚਾ ਮੈਂ ਜਾਂਦਾਂ ਵਾਰੀ ਏਸ ਇਤਫ਼ਾਕ ਦੇ ਪਿਆਰ ਭਰੱਪਣ ਦੇ ਇਸ ਰਾਜ਼ ‘ਤੇ ਇਹ ਘੜੀ ਪਰਖ ਦੀ ਹੈ ਨਾ ਸੋਗ ਨਾ ਹਿਰਖ ਦੀ ਹੈ ਇਹ ਸੀਨਿਆਂ ‘ਚ ਖੌਲ਼ਦੇ ਬੱਸ ਓਸ ਲਹੂ ਸੁਰਖ ਦੀ ਹੈ ਜੋ ਬਖਸ਼ਿਸ਼ ਹੈ ਖੰਡੇ ਦੇ ਵਾਰ ਦੀ ਨਿਰੇ ਤਲਿਸਮ ਦੀ ਨਹੀਂ ਹੈ ਸੱਚਮੁਚ ਵੰਗਾਰਦੀ ਜਾਂ ਫਿਰ ਨਾਨਕ ਦੀ ਬਾਣੀ ਰੂਹਾਂ ਨੂੰ ਹੈ ਸ਼ਿੰਗਾਰਦੀ ਸਮੇਂ ਦੀਆਂ ਤਾਕਤਾਂ ਨਾਲ਼ ਲੋਹਾ ਲੈਣ ਲਈ ਪੁਕਾਰਦੀ ਕਦੀ ਬਾਬਰ ਮੂਹਰੇ ਅੜਨਾ ਕਦੀ ਔਰੰਗੇ ਨਾਲ਼ ਭਿੜਨਾ ਵਕਤ ਨੇ ਸਿਖਾ ਦਿੱਤੈ ਫਿਰ ਸਾਨੂੰ ਜ਼ੁਲਮ ਮੂਹਰੇ ਖੜ੍ਹਨਾ ਅਸੀਂ ਜ਼ੁਲਮ ਕਰਨਾ ਨਹੀਂ ਜਾਣਦੇ ਪਰ ਅਸੀਂ ਸਹਿਣਾ ਵੀ ਨਹੀਂ ਜਾਣਦੇ ਸੋ ਜੇ ਅੱਜ ਵਕਤ ਦੀ ਚੱਕੀ ਦੇ ਪੁੜਾਂ ਹੇਠ ਪਿਸਣ ਦਾ ਸਮਾਂ ਹੈ ਜੇ ਹੱਕ ਸੱਚ ਅਤੇ ਇਨਸਾਫ਼ ਲਈ ਲੜਨ ਦਾ ਸਮਾਂ ਹੈ ਤਾਂ ਉੱਠ ਖੜੋਤੇ ਹਨ ਸਾਡੇ ਗਭਰੇਟ ਬਾਪੂਆਂ ਦੇ ਮੋਢੇ ਸੰਗ ਮੋਢਾ ਜੋੜ ਸਾਜ਼ਿਸ਼ਾਂ ਤੇ ਤੋਹਮਤਾਂ ਤੋਂ ਬੇਖ਼ਬਰ ਗੁਰਾਂ ਦੀ ਹਰੇਕ ਉੱਪਰ ਹੈ ਨਜ਼ਰ ਵਕਤ ਇਨਸਾਫ਼ ਕਰੇਗਾ ਵਕਤ ਨੂੰ ਇਨਸਾਫ਼ ਕਰਨਾ ਪਵੇਗਾ ਮਜ਼ਲੂਮ ਨਾਲ਼ ਵੀ ਖੜ੍ਹਨਾ ਪਵੇਗਾ ਇਤਿਹਾਸ ਇਸ ਦੌਰ ਦੀ ਗਵਾਹੀ ਭਰੇਗਾ ਕਾਲ਼ੀਆਂ ਤਾਕਤਾਂ ਨੂੰ ਨਸ਼ਰ ਕਰੇਗਾ ਮੇਰਾ ਹਰ ਬਸ਼ਰ ਇਸ ਦੌਰ ਉੱਤੇ ਫਖ਼ਰ ਕਰੇਗਾ ਮੈਂ ਪੰਜਾਬ ਬੋਲਦਾਂ ਮੇਰਾ ਦਿਲ ਸਦਾ ਸ਼ਾਹਦੀ ਭਰੇਗਾ...!

ਮੈਂ ਤਰਖਾਣ ਦੀ ਧੀ!-ਮਨਦੀਪ ਕੌਰ ਭੰਮਰਾ

ਮੈਂ ਤਰਖਾਣ ਦੀ ਧੀ ਆਖਾਂ- ਪੰਜਾਬ ਦਾ ਹਰ ਕਿਸਾਨ ਅੱਜ ਦਿਖਾ ਰਿਹੈ ਆਪਣਾ ਜਜ਼ਬਾ ਸਿਜਦਾ ਕਰ ਰਿਹੈ ਉਸ ਨੂੰ ਅੱਜ ਮੇਰਾ ਵੀ ਹਰ ਜਜ਼ਬਾ ਸੌ ਸੌ ਸਲਾਮ ਆਖੇ ਮੇਰਾ ਜਜ਼ਬਾ! ਇਹ ਮਹਾਨ ਨੇ ਸਪੂਤ ਪੰਜਾਬ ਦੇ ਇਹ ਮਾਂ ਮਿੱਟੀ ਦੇ ਜਾਏ ਅੱਜ ਮਿੱਟੀ ਲਈ ਸਹਿਕਦੇ ਨੇ ਮਿੱਟੀ ਵਿੱਚ ਰੁਲ ਰਹੇ ਨੇ ਐਪਰ ਦੇਖੋ ਚਿਹਰੇ ਇਹਨਾਂ ਦੇ ਖਿੜੇ ਫਿਰ ਵੀ ਟਹਿਕਦੇ ਨੇ! ਇਹ ਅੰਨਦਾਤੇ ਸਾਡੇ ਨੇ ਅਸੀਂ ਇਹਨਾਂ ਦੇ ਹਾਂ ਸਾਡੇ ਦੁੱਖ ਸੁੱਖ ਸਾਂਝੇ ਨੇ ਹਰ ਦੁੱਖ ਵਿੱਚ ਸੰਗ ਖੜ੍ਹੇ ਹਾਂ ਹਮਸਾਏ ਤੇ ਹਮਜਾਏ ਨੇ ਸਦੀਆਂ ਤੋਂ ਇੱਕ ਦੂਜੇ ਦੇ ਸਾਏ ਨੇ! ਅਸੀਂ ਹਲ਼ ਬਣਾਈਏ ਇਹ ਹਲ਼ ਜੋਤਣ ਅਸੀਂ ਮਸ਼ੀਨਾਂ ਬਣਾਈਏ ਇਹ ਖੇਤਾਂ ‘ਚ ਵਰਤਣ ਅਸੀੰ ਟਰੈਕਟਰ ਬਣਾਈਏ ਇਹ ਚਲਾਉਣ ਅਤੇ ਵੇਚਣ! ਦੱਸ ਸਰਕਾਰੇ ਹੋਰ ਕਿੰਨਾਂ ਕੁ ਦੱਸ ਤਾਂ ਸਹੀ ਆਖਿਰ ਕਿੰਨਾਂ ਕੁ ਦੱਸ ਕਦ ਤੀਕ ਚੱਲੇਗੀਂ ਏਵੇਂ ਹੁਣ ਬੱਸ ਵੀ ਕਰ ਤੇ ਢੰਗ ਸੰਗ ਗੱਲ ਕਰ ਦੱਸਾਂ ਆਤਮਾ ਦੀ ਗੱਲ ਜੀ ਸਰਕਾਰੇ ਮੈਂ ਜਾਂਦੀ ਹਰ ਕਿਸਾਨ ਦੇ ਬਲਿਹਾਰੇ! ਪਿਓ ਕੋਲ਼ੋਂ ਮਿਲਦਾ ਜੀਵਨ ਸੰਭਾਲ਼ੀਦੈ ਮਾਂ ਕੋਲ਼ੋਂ ਮੱਤ ਲੈਕੇ ਜੀਵਨ ਸੰਵਾਰੀਦੈ ਗੁਰੂ ਕੋਲ਼ ਪੱਤ ਲੈ ਕੇ ਜਾਈਦੈ ਸਮਝ ਤੇ ਸੂਝ ਦਾ ਮੀਨਾਰਾ ਇੰਨਾ ਉੱਚਾ ਕਰ ਲਈਦੈ ਜੱਗ ਉੱਤੇ ਨਾਮ ਇੰਝ ਚਮਕਾਈਦੈ! ਮੈਂ ਸ਼ਾਇਰ ਦੀ ਧੀ ਕਲਮ ਦੀ ਜਾਈ- ਮਾਨਵਤਾ ਦੀ ਜੋਤ ਨੂੰ ਜਗਾ ਕੇ ਲੈ ਹੱਥ ਬੰਨੇ ਹਾਂ ਤੇਰੇ ਅੱਗੇ ਆਈ ਕੁੱਝ ਤਾਂ ਵਿਚਾਰ ਕਰ ਹੌਲਾ ਮਨ ਦਾ ਤੂੰ ਭਾਰ ਕਰ ਮਨ ਦੀ ਬਾਤ ਤੂੰ ਕਰ ਪਰ ਆਤਮਾ ਦੀ ਸੁਣ!

ਧਰਤੀ ਮਾਂ ਪਾਣੀ ਪਿਤਾ-ਡਾ. ਗੁਰੂਮੇਲ ਸਿੱਧੂ

ਧਰਤੀ ਦੀ ਆਨ ਲਈ ਸਿਰ ਦੇਣਾ ਤਾਂ ਸਾਡੀ ਆਦਤ ਹੈ। ਇਹ ਅਸਾਡਾ ਜੀਵਣਾ, ਇਹੋ ਸ਼ਰਧਾ ਇਹੋ ਇਬਾਦਤ ਹੈ। ਜਦ ਵੀ ਮੁਨਾਫੇਖੋਰ ਕੋਈ ਲੁੱਟਣ ਲਈ ਕਰੇ ਗੁਸਤਾਖ਼ੀ, ਉਸ ਲਈ ਤਾਂ ਇਹ ਸ਼ਰਾਰਤ ਹੈ ਸਾਡੇ ਲਈ ਬਗਾਵਤ ਹੈ। ਧਰਤੀ ਮਾਂ ਪਾਣੀ ਪਿਤਾ ਹੈ ਕੁਦਰਤ ਦੀ ਕਾਇਨਾਤ ਦਾ, ਇਹ ਕੋਈ ਅੱਜ ਦੀ ਕਹਾਵਤ ਨਹੀਂ ਅਨਾਦੀ ਹਕੀਕਤ ਹੈ। ਪਰਾਇਆਂ ਨੇ ਲੁੱਟਿਆ ਸੀ ਬੇਗਾਨਾ ਸਮਝ ਕੇ ਅੰਨਦਾਤੇ ਨੂੰ, ਆਪਣਾ ਹੀ ਕੋਈ ਆ ਵੜੇ ਲੁੱਟਣ ਤਾਂ ਇਹ ਹਮਾਕਤ ਹੈ। ਕਿਰਤੀਆਂ ਲਈ ਵਗਦਾ ਹੈ ਜੋ ਉਸ ਖੂਨ ਨੂੰ ਨਵਾਜ਼ਸ਼ ਹੈ, ਦਰਿੰਦਿਆਂ ਲਈ ਡੁੱਲ੍ਹੇ ਜੋ ਮੈਲਾ ਉਸ ਨੂੰ ਲੱਖ ਲਾਅਨੱਤ ਹੈ।

ਦੁਨੀਆਂ ਛੱਡਣੀ ਸੌਖੀ ਮਿੱਤਰੋ -ਭੁਪਿੰਦਰ ਸਿੰਘ 'ਬਸ਼ਰ'

ਦੁਨੀਆਂ ਛੱਡਣੀ ਸੌਖੀ ਮਿੱਤਰੋ ਪਰ ਕੁਰਸੀ ਛੱਡਣੀ ਔਖੀ ਬੜੀ ਏ। ਸ਼ਿਸ਼ੋਪੰਝ ਵਿੱਚ ਪੈ ਜਾਣ ਲੀਡਰ ਜਦੋਂ ਫੈਸਲੇ ਦੀ ਆਉਂਦੀ ਘੜੀ ਏ। ਮਸਲਾ ਸਾਰਾ ਮੁੱਖਤਿਆਰੀ ਦਾ ਏ, ਰੱਖਣੀ ਚਾਹੇ ਸਭ ਹੱਥ ਆਪਣੇ, ਬੱਸ ਕਾਰਣ ਇਹੀ ਹੈ ਜਦੋਂ ਕਿਤੇ ਨੂੰਹ ਕੋਈ ਸੱਸ ਨਾਲ ਲੜੀ ਏ। ਗਰੀਬਾਂ ਦੀ ਗੱਲ ਕਰਦੇ ਕਰਦੇ ਨਿਕੰਮੇ ਸਾਰੇ ਅਮੀਰ ਬਣ ਗਏ। ਤਾਂਹਿਓ ਤੇ ਆਖਦੇ ਨੇ ਸ਼ਾਤਰ, ਸਿਆਸਤ ਵਿੱਚ ਬਰਕਤ ਬੜੀ ਏ। ਮਾਹਿਰਾਂ ਦੀ ਸੋੜੀ ਸੋਚ ਸਦਕਾ ਤਾਣਾ-ਬਾਣਾ ਉੱਲਝਿਆ ਏ ਸਾਰਾ, ੭੨ ਸਾਲਾਂ ਚ ਪਹਿਲੀ ਵਾਰ ਜੀ.ਡੀ.ਪੀ.ਪਾਤਾਲ ਵਿੱਚ ਜਾ ਖੜੀ ਏ। ਕਿਰਸਾਨੀ ਦੇ ਮਸਲੇ ਤੇ ਬਾਰੀਕੀ ਨਾਲ ਗੱਲ ਉਹ ਵੀ ਕਰਦੇ ਵੇਖੇ, ਜਿਨ੍ਹਾਂ ਸ਼ੌਕ ਵਜੋਂ ਵੀ ਆਪਣੇ ਹੱਥੀਂ ਨਾ ਕਦੇ ਫੌੜਾ ਜਾਂ ਕਹੀ ਫੜੀ ਏ। ਭਾਈਚਾਰੇ ਵਿੱਚ ਪਾ ਕੇ ਫੁੱਟ, ਖੁਸ਼ਹਾਲੀ ਵੰਡਦੇ ਫਿਰਦੇ ਨੇ ਜਿਹੜੇ, ਉਨ੍ਹਾਂ ਦੇ ਹੱਥੋਂ ਹੀ ਧਰਤੀ ਉੱਤੇ, ਸਾਂਝੀਵਾਲਤਾ ਜਿਉਂਦੇ ਜੀ ਸੜੀ ਏ। ਦੁਨੀਆਂ ਨੂੰ ਤੁੰ ਖਸਮਾਂ ਨੂੰ ਖਾਣ ਦੇ ਜਿੱਧਰ ਜਾਂਦੀ ਉੱਧਰ ਜਾਣ ਦੇ। 'ਬਸ਼ਰ' ਛੱਡ ਖਹਿੜਾ ਆਪਣੇ ਕਿੱਤੇ ਲੱਗ,ਤੇਂ ਭਲਾਂ ਕਿ ਲੈਣੀ ਕੜੀ ਏ।

ਮਸਲੇ ਨਾ ਰਹੇ ਸਿਰਫ ਜਮੀਨਾਂ ਦੇ-ਭੁਪਿੰਦਰ ਸਿੰਘ 'ਬਸ਼ਰ'

ਮਸਲੇ ਨਾ ਰਹੇ ਸਿਰਫ ਜਮੀਨਾਂ ਦੇ ਹੁਣ ਤੇ ਬਣ ਗਏ ਨੇ ਇਹ ਜ਼ਮੀਰਾਂ ਦੇ। ਘਰਾਂ ਚ ਬੈਠ ਧਰਨੇ ਲਾ ਲਏ ਬਹੁਤ ਪਵਾਵਾਂਗੇ ਹੁਣ ਮੁੱਲ ਘੱਤਿਆਂ ਵਹੀਰਾਂ ਦੇ। ਪਾਣੀ ਵਾਲੀ ਤੋਪਾਂ ਬੀੜ ਉਏ ਸਾਨੂੰ ਰੋਕੇਂ ਸਾਡੇ ਸੀਨੀਆਂ ਮੁੱਹ ਮੋੜੇ ਤਿੱਖੇ ਤੀਰਾਂ ਦੇ। ਸਾਡੀ ਜੁਰੱਤ ਨੇ ਦੁਰਾਨੀਆਂ ਦੇ ਰਾਹ ਡੱਕੇ ਭੁਲੇਖੇ ਚੁੱਕ ਦਿਆਂਗੇ ਦੇਸੀ ਵਜੀਰਾਂ ਦੇ। ਜਿਨ੍ਹਾਂ ਨੂੰ ਸਾਡੇ ਪਿੰਡੇ ਪਾਏ ਚੁੱਭਦੇ ਲੀੜੇ ਨਾਪ ਲੈਂਣ ਆ ਡੂੰਘ ਹੱਥ ਦੀ ਲਕੀਰਾਂ ਦੇ। ਪਾਵੇ ਸੁੱਟ ਲੱਖਾਂ ਦੇ,ਖਾਵੇ ਮਸ਼ਰੁਮ ਵਿਦੇਸ਼ੀ ਸਦਕੇ ਇਹੋ ਜਿਹੇ ਝੋਲੀ ਚੁੱਕ ਫਕੀਰਾਂ ਦੇ। ਦਸਾਂ ਨਹੁੰਆਂ ਦੀ ਕਰ ਕਿਰਤ ਵੰਡ ਛੱਕਦੇ ਅਸੀਂ ਉਪਾਸਕ ਕਿਰਤੀ ਨਾਨਕ ਪੀਰਾਂ ਦੇ। ਬਾਬਿਆਂ ਦੀ ਕਮਾਨ ਹੇਠ ਜੋ ਨਿੱਠ ਕੇ ਆਏ 'ਬਸ਼ਰ' ਕਿ ਕਹਿਣੈ ਉਨ੍ਹਾਂ ਨੋਜਵਾਨ ਵੀਰਾਂ ਦੇ।

ਜਬ ਖੇਤ ਜਾਗੇ-ਨੱਕਾਸ਼

ਭਗਤ ਸਰਾਭੇ ਊਧਮ ਸਿੰਘ ਅਸੀਂ ਗੋਬਿੰਦ ਸਿੰਘ ਦੇ ਸਾਏ ਹਾਂ। ਕਿਰਦਾਰ ਅਸਾਡੇ ਦੱਸਣਗੇ ਅਸੀਂ ਕਿਹੜੀ ਮਾਂ ਦੇ ਜਾਏ ਹਾਂ। ਤੂੰ ਲੱਖ ਚਲਿੱਤਰ ਚੱਲੀ ਜਾ ਤੇਰਾ ਤਖਤ ਹਿਲਾਕੇ ਜਾਵਾਂਗੇ। ਅਸੀਂ ਹੱਕ ਵਿਆਹਵਣ ਆਏ ਹਾਂ ਅਸੀਂ ਹੱਕ ਵਿਆਹ ਕੇ ਜਾਵਾਂਗੇ। ਤੂੰ ਦਿੱਲੀਏ ਦੁਸ਼ਮਣ ਧੁਰ ਤੋਂ ਹੀ ਏਂ ਮਿਹਨਤਕਸ਼ ਕਿਰਸਾਨਾਂ ਦੀ। ਤੂੰ ਬੋਲ਼ੀ ਨਈਂ ਤੂੰ ਮਚਲੀ ਏਂ ਨਾ ਸਮਝੇਂ ਗੱਲ ਜ਼ੁਬਾਨਾਂ ਦੀ। ਹੁਣ ਬੋਲ ਜੋ ਸਾਡੇ ਦਿਲ ਵਿੱਚ ਨੇ ਉਹ ਸਭ ਸੁਣਾਕੇ ਜਾਵਾਂਗੇ। ਜੇ ਪਿਆਰ ਦੇ ਮੂਹਰੇ ਨਿਵਦੇ ਹਾਂ ਤਾਂ ਹੱਕ ਲੈਣੇ ਵੀ ਜਾਣਦੇ ਹਾਂ। ਸਾਡੇ ਖ਼ੂਨ ਦੇ ਵਿੱਚ ਸ਼ਹੀਦੀਆਂ ਨੇ ਅਸੀਂ ਇਹੀ ਖ਼ੁਮਾਰੀ ਮਾਣਦੇ ਹਾਂ। ਜੇ ਪਰਖਣ 'ਤੇ ਹੀ ਆ ਗਈ ਏਂ ਤਾਂ ਇਹ ਵੀ ਤੈਨੂੰ ਵਿਖਾਵਾਂਗੇ। ਸਾਨੂੰ ਨੇਜ਼ਿਆਂ ਨੇ ਵੀ ਪੁੜਿਆ ਹੈ ਤੇ ਚਰਖੜੀਆਂ ਅਜ਼ਮਾਇਆ ਏ। ਸਾਨੂੰ ਨਿੱਤ ਮੁਹਿੰਮਾਂ ਦਿੱਲੀਏ ਨੀ ਕਿਉਂ ਸਮਝ ਨਾ ਤੈਨੂੰ ਆਇਆ ਏ। ਤੇਰੀ ਹਿੱਕ 'ਤੇ ਚੜ੍ਹ ਕੇ ਬੈਠਾਂਗੇ ਤੇ ਗੱਲ ਤੈਨੂੰ ਸਮਝਾਵਾਂਗੇ। ਅਸੀਂ ਮਿੱਟੀਉਂ ਸੋਨਾ ਜੰਮਦੇ ਹਾਂ ਤੇ ਢਿੱਡ ਮੁਲਕ ਦਾ ਭਰਦੇ ਹਾਂ। ਅਸੀਂ ਅੰਨਦਾਤੇ ਅਖਵਾਉਂਦੇ ਹਾਂ ਤੇ ਮਾਣ ਇਸੇ 'ਤੇ ਕਰਦੇ ਹਾਂ। ਜੋ ਸਾਥੋਂ ਬੁਰਕੀ ਖੋਹਵੇਗਾ ਉਦ੍ਹੇ ਹੱਥ ਹਲ਼ਕ ਵਿੱਚ ਪਾਵਾਂਗੇ। ਵਲ਼ ਖੁੱਲੇ ਜਿਗਰੇ ਰੱਖਣ ਦਾ ਬਾਬੇ ਨਾਨਕ ਤੋਂ ਸਿੱਖਿਆ ਏ। ਅਸੀਂ ਕਿਰਤੀ ਪੁੱਤ ਹਾਂ ਖੇਤਾਂ ਦੇ ਤੇ ਵੰਡ ਛਕਣਾ ਵੀ ਸਿੱਖਿਆ ਏ। ਜੇ ਅੜ ਗਏ ਹਾਥੀ ਸੂਈ ਦੇ ਨੱਕੇ ਦੇ ਵਿੱਚੋਂ ਲੰਘਾਵਾਂਗੇ। ਅਸੀਂ ਜਾਮਨ ਹਾਂ ਸੰਤਾਲੀ ਦੇ ਸਾਡੇ ਚੇਤਿਆਂ ਵਿੱਚ ਚੁਰਾਸੀ ਏ। ਅਸੀਂ ਹੱਸ ਕੇ ਫ਼ਾਹੇ ਚੁੰਮੇ ਨੇ ਇਹ ਮੌਤ ਅਸਾਡੀ ਮਾਸੀ ਏ। ਜੇ ਲੋੜ ਪੈ ਗਈ ਮਰਨੇ ਦੀ ਅਸੀਂ ਹੱਸ ਸ਼ਹੀਦੀ ਪਾਵਾਂਗੇ। ਅਸੀਂ ਬੇਸ਼ੱਕ ਦਿਲ ਦੇ ਕੋਨੇ ਅੰਦਰ ਹੀਰ ਸੰਭਾਲੀ ਬੈਠੇ ਹਾਂ। ਪਰ ਓਸੇ ਦਿਲ ਵਿੱਚ ਦਸਮ ਪਿਤਾ ਦੇ ਤੀਰ ਸੰਭਾਲੀ ਬੈਠੇ ਹਾਂ। ਅਸੀਂ ਸਬਕ ਪਿਆਰ ਦਾ ਪੜ੍ਹਿਆ ਹੈ ਪਰ ਤੈਨੂੰ ਸਬਕ ਸਿਖਾਵਾਂਗੇ। ਸਾਨੂੰ ਧੰਦੇ ਬਹੁਤ ਨੇ ਖੇਤੀ ਦੇ ਅਸੀਂ ਬਿਨਾਂ ਕਾਰਨੋਂ ਡਟਦੇ ਨਈਂ। ਅਸੀਂ ਜੰਮਣ ਪੀੜਾਂ ਵਰਗੇ ਹਾਂ ਜੇ ਆ ਬਹੁੜੇ ਫ਼ਿਰ ਹਟਦੇ ਨਈਂ। ਅਸੀਂ ਭਾਜੀ ਮੋੜਨ ਜਾਣਦੇ ਹਾਂ ਤੇ ਤੈਨੂੰ ਭਾਜੜ ਪਾਵਾਂਗੇ।

'ਕਬਹੂ ਨ ਛਾਡੈ ਖੇਤੁ'-ਹਰਵਿੰਦਰ

ਖੇਤਾਂ ਵਿੱਚ ਸਿਰਫ ਫਸਲਾਂ ਹੀ ਨਹੀਂ ਹਾਲੀਆਂ ਪਾਲੀਆਂ ਤੇ ਉਹਨਾਂ ਦੀਆਂ ਨਸਲਾਂ ਦੇ ਸੁਪਨੇ ਵੀ ਉੱਗਦੇ ਨੇ ਸੁਪਨੇ - ਜੋ ਲੋਰੀਆਂ ਲੋਕ ਗੀਤਾਂ ਅਲਾਹੁਣੀਆਂ ਵਿੱਚ ਹੱਸਦੇ ਨੇ ਰੋਂਦੇ ਨੇ ਨੱਚਦੇ ਨੇ ਗਾਉਂਦੇ ਨੇ ਖੇਤ ਸਿਰਫ ਫਰਦ ਵਿੱਚ ਦਰਜ ਇੰਦਰਾਜ਼ ਵੀ ਨਹੀਂ ਹੁੰਦੇ ਤੇ ਨਾ ਹੀ ਪਟਵਾਰੀ ਦੇ ਜਰੀਬੀ ਪੈਮਾਨੇ ਨਾਲ ਮਿਣੇ ਜਾਣ ਵਾਲਾ ਰਕਬਾ ਕਿਸਾਨ ਵੀ ਸਿਰਫ ਅੰਨਦਾਤਾ ਹੀ ਨਹੀਂ ਹੁੰਦਾ ਬਲਕਿ ਜ਼ਿੰਦਗੀ ਦੇ ਸੌਰ ਮੰਡਲ ਦਾ ਅਜਿਹਾ ਧੁਰਾ ਹੁੰਦਾ ਹੈ ਜਿਸ ਦੁਆਲੇ ਪੂਰੀ ਹਯਾਤੀ ਘੁੰਮਦੀ ਹੈ ਜੀਣ ਤੋਂ ਮਰਨ ਤੱਕ ... ਖੇਤ ਜ਼ਮੀਨ ਜਾਇਦਾਦ ਜਗੀਰ ਨਹੀਂ ਜਾਗਦੀ ਜ਼ਮੀਰ ਹੁੰਦੇ ਨੇ ... ਸਮੇਂ ਦੇ ਸ਼ਾਹੂਕਾਰਾਂ ਨੂੰ ਪਤਾ ਹੋਣਾ ਚਾਹੀਦਾ ਹੈ ਖੇਤ ਹਾਲੀਆਂ ਪਾਲੀਆਂ ਦੀ ਜ਼ਿੰਦਗੀ ਦੀ ਹੋਂਦ ਹੁੰਦੇ ਹਨ ਦੀਨ ਈਮਾਨ ਪਹਿਚਾਣ ਹੁੰਦੇ ਹਨ ਤਾਂਹੀਓਂ ਖੇਤਾਂ ਦੇ ਸੂਰੇ ਪੁੱਤਰ ਪੁਰਜਾ ਪੁਰਜਾ ਕਟ ਮਰ ਕੇ ਵੀ ਕਦੇ ਖੇਤ ਨਹੀਂ ਛੱਡਦੇ

ਸਮੂਹ ਗੀਤ ਦੇਸ਼ ਦੇ ਕਿਸਾਨਾਂ ਦਾ-ਲਖਵਿੰਦਰ ਜੌਹਲ

ਦੇਸ਼ ਦੇ ਕਿਸਾਨ ਆ ਗਏ ਨੇ ਵਿੱਚ ਮੈਦਾਨ ਡੌਲਿਆਂ 'ਚ ਜਾਨ ਲੈ ਕੇ ਹੌਸਲੇ ਤੂਫ਼ਾਨ ਲੈ ਕੇ ਸਿਰਾਂ ਉੱਤੇ ਕੱਫ਼ਣਾਂ ਦੇ - ਝੂਲਦੇ ਨਿਸ਼ਾਨ ਦੇਸ਼ ਦੇ ਕਿਸਾਨ... ... ਜੀਣ ਦਾ ਜਨੂੰਨ ਦੇਖੋ ਖੌਲਦੇ ਨੇ ਖ਼ੂਨ ਦੇਖੋ ਹਵਾ 'ਚ ਉਲਾਰ ਮੁੱਕੇ - ਛਾਤੀਆਂ ਨੂੰ ਤਾਣ ਦੇਸ਼ ਦੇ ਕਿਸਾਨ ... ... ਖ਼ਤਰੇ 'ਚ ਖੇਤ ਹੋਏ ਖਾਲੀ ਜਦੋਂ ਪੇਟ ਹੋਏ ਜਦੋਂ ਸਾਰੇ ਚਿਹਰਿਆਂ ਤੋਂ - ਉੱਡੀ ਮੁਸਕਾਨ ਦੇਸ਼ ਦੇ ਕਿਸਾਨ ... ... ਰੋਕਿਆਂ ਨਾ ਰੁਕੇ ਕੋਈ ਨਾ ਝੁਕਾਇਆਂ ਝੁਕੇ ਕੋਈ ਸ਼ਕਤੀ ਰੂਹਾਨੀ ਦੇਵੇ - ਵਿਰਸਾ ਮਹਾਨ ਦੇਸ਼ ਦੇ ਕਿਸਾਨ ... ... ਸਾਹਮਣੇ ਵੰਗਾਰ ਹੈ ਸ਼ੂਕਦਾ ਹੰਕਾਰ ਹੈ ਸਿੰਙ ਫਸੇ ਖੁੰਢੀਆਂ ਦੇ - ਪਿਆ ਘਮਸਾਨ ਦੇਸ਼ ਦੇ ਕਿਸਾਨ ........ ਤੋੜਨੇ ਗਰੂਰ ਸਾਰੇ ਦੁੱਖ ਹੋਣ ਦੂਰ ਸਾਰੇ ਧਰਤੀ ਖੁਸ਼ਹਾਲ ਹੋਵੇ - ਖਿੜੇ ਅਸਮਾਨ ਦੇਸ਼ ਦੇ ਕਿਸਾਨ......... ਆ ਗਏ ਨੇ ਵਿੱਚ ਮੈਦਾਨ

ਟਿੱਕਰੀ ਬਾਡਰ ਦਿੱਲੀ-ਬਿੰਦਰ ਮਾਨ

ਨਾਦਰ ਸ਼ਾਹ ਦੇ ਵਿਹੜੇ ਉੱਤੇ ਫੌਜਾਂ ਚੜਕੇ ਆਈਆਂ ਨੇ ਸਦੀਆਂ ਪਿੱਛੋਂ ਪੈਰਾਂ ਦੇ ਨਾਲ ਧੂੜਾਂ ਫੇਰ ਉਡਾਈਆਂ ਨੇ ਭਾਂਬੜ ਬਣਕੇ ਜਜ਼ਬੇ ਸਾਡੇ ਹਿੱਕਾਂ ਦੇ ਵਿੱਚ ਮੱਚਣਗੇ ਵੱਜਦੇ ਢੋਲ-ਨਗਾਰਿਆਂ ਉੱਤੇ ਸ਼ਾਹੀ ਘੋੜੇ ਨੱਚਣਗੇ ਖੂਨੀ ਮਿੱਟੀ ਦੇ ਘਰ ਵਿੱਚ ਮਿੱਤਰਾ ਫੇਰ ਤੋਂ ਮੇਲੇ ਲੱਗੇ ਨੇ ਖੋਪੜਾਂ ਵਿੱਚੋਂ ਨਵੀਂ ਲਹਿਰ ਦੇ ਨਵੇਂ ਜੈਕਾਰੇ ਗੱਜੇ ਨੇ