Dharat Vangaare Takhat Nu (Part-3)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਤੀਜਾ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)ਕਿਰਤੀ ਕਿਸਾਨ ਕਾਮਿਓ-ਮੇਘਾ ਸਿੰਘ

ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ... ਦਿਲ ਦਿੱਲੀ ਦਾ ਸ਼ਾਹ ਕਾਲਾ ਹੈ ਇਹ ਕਰਦੀ ਘਾਲਾ ਮਾਲਾ ਹੈ ਇਹਨੂੰ ਮਾਰੂ ਇਸ ਦਾ ਪਾਲਾ ਹੈ ਹੁਣ ਜਾਗੇ ਕਿਰਤੀ ਤੁਰ ਪਏ ਚੱਕ ਸੰਦ ਸੰਦੇੜੇ ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ... ਦਿਲ ਦਿੱਲੀ ਦਾ ਹੈ ਤੰਗ ਬੜਾ ਇਹਨੂੰ ਚੜ੍ਹਿਆ ਭਗਵਾਂ ਰੰਗ ਜਿਹਾ ਤੁਸੀਂ ਕਰ ਦੇਣਾ ਬਦਰੰਗ ਜਿਹਾ ਸੋਡੇ ਏਕੇ ਨੂੰ ਲੱਗਣੇ ਫਲ ਜਿੱਤ ਦੇ ਜਿਹੜੇ ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ... ਇਹ ਦਿੱਲੀ ਧਨੀਆਂ ਸ਼ਾਹਾਂ ਦੀ ਇਹ ਭੁੱਖੀ ਸਾਡਿਆਂ ਸਾਹਾਂ ਦੀ ਤਾਕਤ ਨਾ ਜਾਣੇ ਸਾਡੀਆਂ ਬਾਹਾਂ ਦੀ ਪਤਾ ਲੱਗੂ ਇਹਨੂੰ ਓਸ ਵੇਲੇ ਜਦ ਗਲ ਮਰੋੜੇ ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ... ਦਿੱਲੀ ਦਿਲ ਦੀ ਬਹੁਤ ਕਮੀਨੀ ਹੈ ਰੱਖੀ ਅੱਖ ਇਹਨੇ ਸਾਡੀ ਜ਼ਮੀਨੀ ਹੈ ਹੁਣ ਇਹਦੀ ਮੌਤ ਯਕੀਨੀ ਹੈ ਕਿਰਤੀ ਕਿਸਾਨ ਕਾਮਿਆਂ ਚੁੱਕ ਲਏ ਹਥੌੜੇ ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ... ਅੱਜ ਕੁਫ਼ਰ ਤੋਲੇ ਪਿਆ ਮੋਦੀ ਜੋ ਨਾਲ ਰਲਿਆ ਮੀਡੀਆ ਗੋਦੀ ਜੋ ਅੰਬਾਨੀ ਅਡਾਨੀ ਤੇ ਟੋਡੀ ਜੋ ਅਸੀਂ ਘੇਰ ਘੇਰ ਕੇ ਕੁੱਟਣੇ ਹੱਕ ਖੋਂਹਦੇ ਜਿਹੜੇ ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ... ਤੁਸੀਂ ਸੂਰਜਾਂ ਕਾਲਖ ਧੋ ਦੇਣੀ ਤਖ਼ਤਾਂ ਨੂੰ ਕੰਬਣੀ ਛੋਹ ਦੇਣੀ ਕਿਰਤੀਆਂ ਨੂੰ ਨਿੱਘੀ ਲੋਅ ਦੇਣੀ ਫਿਰ ਹੋ ਜਾਣਗੇ ਸਾਡੜੇ ਵੀ ਹਾਲ ਚੰਗੇਰੇ ਕਿਰਤੀ ਕਿਸਾਨ ਕਾਮਿਓ, ਰਹਿਣਾ ਵਿੱਚ ਖੇੜੇ ਤੁਸੀਂ ਗਜਦੇ ਰਹਿਣਾ ਸੂਰਮਿਓ, ਦਿੱਲੀ ਦੇ ਵਿਹੜੇ...

ਸਾਨੂੰ ਨਾ ਕਰ ਹੋਰ ਖੁਆਰ-ਬਲਵਿੰਦਰ ਸਿੰਘ ਜੰਮੂ

ਤੇਰੇ ਭਰੀਏ ਅਸੀਂ ਭੰਡਾਰ ਕਰੀਏ ਮਿੱਟੀ ਨਾਲ ਪਿਆਰ ਇਹ ਕਿਹੀ ਤੇਰੀ ਸਰਕਾਰ ਵੇ ਹਾਕਮਾਂ ਵਤਨ ਦਿਆ ਸਾਨੂੰ ਨਾ ਕਰ ਹੋਰ ਖੁਆਰ ਵੇ ਹਾਕਮਾਂ ਵਤਨ ਦਿਆ। ਹਾੜ ਹੰਢਾਈਏ ਸਿਆਲ ਹੰਢਾਈਏ ਭੁਖੀ ਲੁਕਾਈ ਨੂੰ ਅਸੀਂ ਖਵਾਈਏ ਮਰ ਮਿਟਾਂ ਗੇ ਨਹੀਂ ਮੰਨਦੇ ਹਾਰ ਵੇ ਹਾਕਮਾਂ ਵਤਨ ਦਿਆ ਸਾਨੂੰ ਨਾ ਕਰ ਹੋਰ ਖੁਆਰ ਵੇ ਹਾਕਮਾਂ ਵਤਨ ਦਿਆ। ਲਾ ਲੈ ਸਾਡੇ ਨਾਲ ਤੂੰ ਆੜੀ ਛਡ ਦੇ ਕੁਰਸੀ ਦੀ ਖੁਮਾਰੀ ਕਰ ਲੈ ਸੱਚਾ ਵਣਜ ਵਪਾਰ ਵੇ ਹਾਕਮਾਂ ਵਤਨ ਦਿਆ ਸਾਨੂੰ ਨਾ ਕਰ ਹੋਰ ਖੁਆਰ ਵੇ ਹਾਕਮਾਂ ਵਤਨ ਦਿਆ। ਸਾਡੇ ਨਾਲ ਆ ਕੇ ਬਹਿ ਕੁੱਝ ਸਾਡੀ ਸੁਣ ਕੁੱਝ ਅਪਣੀ ਕਹਿ ਗੱਲ ਬਣ ਜਾਉ ਗੀ ਛਡ ਤਕਰਾਰ ਵੇ ਹਾਕਮਾਂ ਵਤਨ ਦਿਆ ਸਾਨੂੰ ਨਾ ਕਰ ਹੋਰ ਖੁਆਰ ਵੇ ਹਾਕਮਾਂ ਵਤਨ ਦਿਆ। ਅਸੀਂ ਕਫ਼ਨ ਸਿਰਾਂ ਤੇ ਚਾੜ੍ਹ ਲਏ ਤੇਰੇ ਨਾਦਰਸ਼ਾਹੀ ਫ਼ੁਰਮਾਨ ਸਾੜ ਲਏ ਹੁਣ ਖੜੋਤੇ ਹਾਂ ਮੈਦਾਨ ਵਿਚਕਾਰ ਵੇ ਹਾਕਮਾਂ ਵਤਨ ਦਿਆ ਸਾਨੂੰ ਨਾ ਕਰ ਹੋਰ ਖੁਆਰ ਵੇ ਹਾਕਮਾਂ ਵਤਨ ਦਿਆ। ਹੁਣ ਖੋਲੋ ਅਕਲਾਂ ਦੇ ਤਾਲੇ ਅਸੀਂ ਪੀ ਲਏ ਸਬਰ ਦੇ ਪਿਆਲੇ ਤੇਰੇ ਲਾਰਿਆਂ ਤੇ ਕੀਤਾ ਐਤਬਾਰ ਵੇ ਹਾਕਮਾਂ ਵਤਨ ਦਿਆ ਸਾਨੂੰ ਨਾ ਕਰ ਹੋਰ ਖੁਆਰ ਵੇ ਹਾਕਮਾਂ ਵਤਨ ਦਿਆ। ਤੇਰੇ ਭਰੀਏ-------

ਸਰਕਾਰੇ ਤੈਨੂੰ ਲੱਜ ਨਾ ਆਈ-ਬਲਵਿੰਦਰ ਸਿੰਘ ਜੰਮੂ

ਰਾਜੇ ਰਾਣੇ ਅੱਜ ਹੋਏ ਕਸਾਈ। ਸਰਕਾਰੇ ਤੈਨੂੰ ਲੱਜ ਨਾ ਆਈ। ਕੁਰਸੀ ਦੀ ਤੈਨੂੰ ਚੜ੍ਹੀ ਖੁਮਾਰੀ ਸੋਚ ਤੇਰੀ ਅੱਜ ਹੋਈ ਮਾੜੀ ਹਾ ਹਾ ਕਾਰ ਦੀ ਮਚੀ ਦੁਹਾਈ ਸਰਕਾਰੇ ਤੈਨੂੰ ਲੱਜ ਨਾ ਆਈ। ਹਕ ਮੰਗਿਆਂ ਮਿਲਦੀ ਸਜ਼ਾ ਇਹ ਕਿਹੀ ਕਚਹਿਰੀ ਕਿਹਾ ਨਿਆ ਸਬਰ ਦੀ ਜਬਰ ਨਾਲ ਹੈ ਲੜਾਈ ਸਰਕਾਰੇ ----------। ਲਾਠੀਆਂ ਨਾਲ ਕੁਟ ਕੁਟ ਮਾਰੇ ਜਿਨ੍ਹਾਂ ਅੰਨ ਨਾਲ ਭਰੇ ਭੰਡਾਰੇ ਚੁੱਪ ਕਿਉਂ ਰੱਬਾ ਤੇਰੀ ਖੁਦਾਈ ਸਰਕਾਰੇ ਤੈਨੂੰ--------। ਕਲਮਾਂ ਵਾਲਿਓ ਕੁੱਝ ਤਾਂ ਬੋਲੋ ਚੁੱਪ ਦੇ ਤਾਲੇ ਆਪਣੇ ਖੋਲੋ ਲਿਖੋ ਜ਼ੁਲਮ ਨੇ ਅਤਿ ਹੈ ਚਾਈ ਸਰਕਾਰੇ ਤੈਨੂੰ ---------। ਅੰਨਦਾਤਾ ਸੜਕਾਂ ਤੇ ਆਇਆ ਹਾ ਦਾ ਨਾਅਰਾ ਕਿਸੇ ਨਾ ਲਾਇਆ ਜ਼ੁਲਮਾਂ ਦੀ ਤੂੰ ਹਦ ਹੈ ਮੁਕਾਈ ਸਰਕਾਰੇ ਤੈਨੂੰ--------। ਕਾਲਾ ਕਨੂੰਨ ਮੋੜ ਸਰਕਾਰੇ ਤਖਦ ਹਿਲ ਜਾਣੇ ਤੇਰੇ ਸਾਰੇ ਨਾ ਕਰ ਲੰਮੀ ਹੋਰ ਲੜਾਈ ਸਰਕਾਰੇ ਤੈਨੂੰ--------। ਦੇਸ਼ ਲਈ ਮਿੱਟੀ 'ਚ ਮਿੱਟੀ ਹੋਂਦੇ ਦਿਨੇ ਰਾਤੀ ਜੋ ਖੇਤਾਂ'ਚ ਸੌਂਦੇ ਹਕ ਹਲਾਲ ਦੀ ਕਰਦੇ ਕਮਾਈ ਸਰਕਾਰੇ ਤੈਨੂੰ ਲੱਜ ਨਾ ਆਈ। ਰਾਜੇ ਰਾਣੇ ਅੱਜ ----------।

ਜੰਗਲਾਂ ਚੋਂ ਲੈ ਤੁਰੇ-ਸਿੰਘ ਗੁਰਦੀਪ

ਜੰਗਲਾਂ ਚੋਂ ਲੈ ਤੁਰੇ ਸੁਪਨਾ ਇਹ ਪਿਆਰ ਦਾ ਨੀਂ ਸਚ ਝੂਠ ਜਿਹੜਾ ਹੈ ਨਿਤਾਰਦਾ ਕਿੰਨਾ ਚਿਰ ਦੱਸ ਤੂੰ ਜਵਾਬ ਦੇਣੋਂ ਟਲੇਂਗੀ ਨੀਂ ਨੰਦਪੁਰੋਂ ਉਠੀ ਲਲਕਾਰ ਦਾ। ਸੁਪਨਿਆਂ ਦੀ ਹਿੱਕ ਵਿੱਚ ਉਗੀਆਂ ਨੇ ਗੈਰਤਾਂ ਨੀਂ ਵੇਖ ਲੈ ਨਤੀਜਾ ਤੇਰੀ ਹਿੰਡ ਦਾ ਕਲ ਜਿਹੜਾ ਚੜ ਤੇਰੀ ਹਿੱਕ ਉਤੇ ਨੱਚਿਆ ਨੀਂ ਸੂਰਮਾ ਸੀ ਪੁੱਤ ਜਿਉਂਦੇ ਪਿੰਡ ਦਾ ਸਿਦਕ ਨਿਭਾਇਆ ਉਹਨੇ ਤੇਰੀ ਚਾੜੀ ਫੌਜ ਅੱਗੇ ਚੰਡਿਆ ਸੀ ਪੁੱਤ ਤਿੱਖੀ ਧਾਰ ਦਾ ਕਿੰਨਾ ਚਿਰ ਦੱਸ ਤੂੰ ਜਵਾਬ ਦੇਣੋਂ ਟਲੇਂਗੀ ਨੀਂ ਨੰਦਪੁਰੋਂ ਉਠੀ ਲਲਕਾਰ ਦਾ। ਅਜੇ ਤਾਂ ਸਲਾਮਤ ਨੇ ਖਪਰਿਆਂ ਨਾਲ ਖਹਿਣ ਵਾਲੇ ਬਾਣਿਆਂ ਚੋਂ ਝੌਲਾ ਹੈ ਭਰਿੰਡ ਦਾ ਰਗਾਂ ਵਿੱਚ ਅਜੇ ਇਹਦੇ ਖਾਬ ਸੱਚੇ ਪਾਤਸ਼ਾਹ ਦਾ ਯਾਦ ਹੈ ਸਿਰਾਣਾ ਲਾਇਆ ਟਿੰਡ ਦਾ ਸੱਥਰ ਵਿਛਾਉਣ ਆਇਆ ਖੁਦ ਬੈਠਾ ਸੱਥਰ ਤੇ ਜਿਹੜਾ ਜਿਹੜਾ ਰਿਹੈ ਇਹਨੂੰ ਮਾਰਦਾ ਕਿੰਨਾ ਚਿਰ ਦੱਸ ਤੂੰ ਜਵਾਬ ਦੇਣੋਂ ਟਲੇਂਗੀ ਨੀਂ ਨੰਦਪੁਰੋਂ ਉਠੀ ਲਲਕਾਰ ਦਾ। ਤੂੰ ਕਿਹੜਾ ਭੁੱਲੀ ਏਸ ਪਾਤਸ਼ਾਹੀ ਫੌਜ ਨੂੰ ਨੀਂ ਧਿਆਨ ਧਰ ਤੁਰੀ ਜੋ ਗੋਬਿੰਦ ਦਾ ਵੇਖ ਤੇਰੇ ਮਹਿਲੀਂ ਹੁਣ ਲੈਣ ਨੀਂ ਉਹ ਹਕ ਆਇਐ ਆਖਦੀ ਸੀ ਜੀਹਨੂੰ, ਜਿਉਂਦੈ ਬਿੰਦ ਦਾ ਜਿਹੜਾ ਮੁੱਲ ਮਿਲਿਆ ਹੈ ਇਹਨੂੰ ਓਸ ਧਰਤੀ ਤੋਂ ਸਿਦਕ ਨੂੰ ਉਹੀ ਮੁੱਲ ਤਾਰਦਾ ਕਿੰਨਾ ਚਿਰ ਦੱਸ ਤੂੰ ਜਵਾਬ ਦੇਣੋਂ ਟਲੇਂਗੀ ਨੀਂ ਨੰਦਪੁਰੋਂ ਉਠੀ ਲਲਕਾਰ ਦਾ। ਬਾਬਰ ਦੇ ਵੇਲੇ ਜਿਹੜਾ ਫਿਜਾ ਵਿਚ ਗੂੰਜਿਆ ਸੀ ਸਾਂਭ ਸਾਂਭ ਰੱਖਿਆ ਹੈ ਰਾਗ ਨੀਂ ਵੇਖ ਫੇਰ ਗੂੰਜਦੇ ਸਾਰੰਗੀਆਂ ਤੇ ਗੀਤ ਹੁਣ ਉਠ ਖੜੈ ਸਾਲਮ ਪੰਜਾਬ ਨੀਂ ਸਿਖਰ ਹੀ ਹੋਇਆ ਜਦ ਤੇਰੀ ਏਸ ਹਿੰਡ ਦਾ ਨੀਂ ਕਿਵੇਂ ਹੁਣ ਬੈਠਾ ਚੁੱਪ ਧਾਰਦਾ ਕਿੰਨਾ ਚਿਰ ਦੱਸ ਤੂੰ ਜਵਾਬ ਦੇਣੋਂ ਟਲੇਂਗੀ ਨੀਂ ਨੰਦਪੁਰੋਂ ਉਠੀ ਲਲਕਾਰ ਦਾ।

ਵਜੂਦ-ਸੁਨੀਤਾ ਰਾਣੀ

ਮੇਰਾ ਵਜੂਦ ਕੱਖ ਕੰਡਾ ਨਹੀਂ ਜੋ ਢੇਰਾਂ ਦੀ ਰੁੜੀ ਬਨ ਬੈਠੇਗਾ। ਮੈਂ ਕੀ ਸ਼ੈਅ ਆ, ਸ਼ਾਇਦ ਤੂੰ ਪਛਾਨਣ, ਜਾਨਣ ਯੋਗਾ ਨਹੀਂ। ਮੈਂ ਭਾਰਤ ਵਾਸੀ, ਅੰਨਦਾਤਾ । ਮੇਰੇ ਲਹੂ ਦੀ ਲਾਟ ਪਿਛਲੀ ਤਪਸ਼ ਦਾ ਕੀ ਤੂੰ ਇਤਿਹਾਸ ਜਾਣਦੀ ਨਹੀਂ ਦਿਲੀਏ। ਮੈਨੂੰ ਨੀ ਲਗਦਾ ਕੇ ਤੇਰੇ ਚਿਤ ਚੇਤਿਆ ਚ ਵਿਸਰਿਆ ਹਊ । ਕਿ ਮੈਂ ਆਰਿਆ ਨਾਲ ਸਿਰ ਚਰਾਉਣ ਆਲਿਆ ਸ਼ਹੀਦਾ ਦਾ ਪੁੱਤ ਆ। ਕਿ ਮੈਂ ਵਾਰਿਸ ਆ ਚਰਖੜੀ ਤੇ ਚੜ੍ਹਨ ਵਾਲਿਆ ਦਾ। ਕਿ ਮੈਂ ਔਲਾਦ ਆ ਉਸ ਤੇਗ ਦੀ, ਜਿਹੜਾ ਕਸ਼ਮੀਰੀ ਪੰਡਤਾਂ ਲਈ ਸ਼ਹੀਦ ਹੋਇਆ। ਕਿ ਮੈਂ ਸਿਰ ਸਿਜਦਾ ਉਸ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਕਰਦਾ । ਜਿਹੜਾ ਦੁਨੀਆ ਲਈ ਗਿਆ ਆਪਦੀ ਕੁਲ ਗਿਆ ਵਾਰ। ਕਿ ਮੈਂ ਉਨ੍ਹਾਂ ਅਣਖੀਆਂ ਚ ਹਾਂ। ਜਿਨ ਰੱਸੀ ਫਾਸੀ ਦੀ ਚੁੰਮੀਂ ਆ ਹਿਕ ਤਾਣ ਕੇ। ਅਨੰਦਾਤਾ ਦੀ ਭੋਇੰ ਨੂੰ ਗਿਟੇ ਥੱਲੇ ਰੱਖਣਾ । ਤੈਂ ਸੋਚ ਕਿਵੇਂ ਲਿਆ ਦਿਲੀਏ।

ਦਿੱਲੀਏ-ਸੁਰਜੀਤ ਫੁਲੇੜਾ

ਦਿੱਲੀਏ ਉਗਲਾਂ ਤੇ ਬੜਾ ਤੂੰ ਨਚਾਉਦੀ ਆਈ ਏ, ਸਦੀਆ ਤੋਂ ਸਾਨੂੰ ਤੂੰ ਤਪਾਉਦੀ ਆਈ ਏ॥ ਤੇਰੇ ਬੈਠ ਗਏ ਹਾ ਦਰਾ੍ ਚ੍ ਡੇਰੇ ਲਾ ਕੇ, ਚੁਸਤ ਚਲਾਕੀਆ ਤੂੰ ਬਹੁਤ ਕਰੀਆ, ਹੁਣ ਛੱਡਾਗੇ ਨੀ ਸਬਕ ਸਿਖਾਕੇ..... ਚੁਸਤ ............ ਅਸੀ ਚੜ੍ਨ ਦਿੰਦੇ ਨਹੀਂ ਕਦੇ ਵੱਟ ਤੇ, ਤੂੰ ਕਬਜੇ ਦੀ ਹਾਮੀ ਭਰਦੀ॥ ਬਿਨਾਂ ਧੜ ਤੋਂ ਬਾਬੇ ਨੇ ਸਾਡੇ ਲੜ੍ਦੇ, ਕਿਹੜੀ ਮੌਤ ਦੀਆਂ ਗੱਲਾਂ ਕਰਦੀ॥ ਕੀ ਏ ਸਾਡਾ ਇਤਿਹਾਸ ਵੈਰਨੇ, ਕਦੇ ਪੜ੍ ਲਈ ਨੀਝ ਤੂੰ ਲਾਕੇ.... ਚੁਸਤ.......... ਪੰਜਾਬੀ ਪਾੜਕੇ ਚੁੱਲੇ੍ ਦੇ ਵਿੱਚ ਸੁੱਟਦੇ, ਤੇਰੇ ਚੰਦਰੇ ਕਾਨੂੰਨ ਦਿੱਲੀਏ॥ ਤੇਰੇ ਰਾਜ ਨੂੰ ਕਸੂਤਾ ਘੇਰਾ ਪੈ ਗਿਆ, ਨਾ ਛੇਤੀ ਕੀਤੇ ਅਸੀ ਹਿੱਲੀਏ ॥ ਅੰਬਰਾ ਤੇ ਬਹਿਕੇ ਸਾਨੂੰ ਕਰਦੀ ਟਿੱਚਰ, ਤੈਂਨੂੰ ਛੱਡਾਗੇ ਧਰਤ ਤੇ ਲਿਆਕੇ...... ਚੁਸਤ ........ ਹੱਥ ਸੇਰ ਦੀ ਪੂਛ ਨੂੰ ਬਹਿ ਗਈ ਲਾਕੇ, ਹੁਣ ਤੇਰੀਆਂ ਪਦੀੜਾ ਪੈਂਣੀਆ॥ ਕਿਸੇ ਹੋਰ ਨੂੰ ਸਤਾਉਣਾ ਵੀ ਭੁੱਲਣਾ, ਸੁਰਜੀਤ ਗੱਲਾਂ ਸੱਚ ਕਹਿਣੀਆ ॥ ਤੇਰਾ ਟੁੱਟਣਾ ਗਰੂਰ ਬੜਾ ਛੇਤੀ, ਫੁਲੇੜੇ ਰੱਖਦਾਗੇ ਤਖ਼ਤ ਹਿਲਾ ਕੇ... ਚੁਸਤ ਚਲਾਕੀਆ ਤੈਂ ਬਹੁਤ ਕਰੀਆ, ਹੁਣ ਛੱਡਾਗੇ ਨੀ ਤਖ਼ਤ ਹਿਲਾ ਕੇ.... ਚੁਸਤ .........

ਆਓ ਲੜੀਏ ਦੋਸਤੋ!-ਨਵਦੀਪ ਕੌਰ

ਪਿੰਡ-ਪਿੰਡ ਸ਼ਹਿਰ-ਸ਼ਹਿਰ ਰੋਹ ਹੈ। ਵੱਧਦਾ ਜਾ ਰਿਹਾ ਵਿਦਰੋਹ ਹੈ। ਇਕ ਹੀ ਆਵਾਜ਼ ਹੈ, ਖੇਤਾਂ ਦਾ ਮੋਹ ਹੈ। ਆਜ਼ਾਦ ਦੇਸ਼ ਹੈ, ਸਾਡੇ ਘਰਾਂ 'ਚ ਹੀ ਪ੍ਰਦੇਸ਼ ਹੈ। ਕਾਲਾ ਕਾਨੂੰਨ ਹੈ। ਸਾਡੇ ਕੋਲ ਜਨੂੰਨ ਹੈ। ਫ਼ਸਲਾਂ ਦੇ ਮੂੰਹ ਉੱਤੇ ਚਿੰਤਾ ਹੈ। ਦਾਣਿਆਂ ਦੀ ਆਤਮਾ ਬੇ-ਆਰਾਮ ਹੈ। ਸੰਸਦ ਨੇ ਕਾਨੂੰਨ, ਕਰ ਦਿੱਤਾ ਹੈ ਪਾਸ। ਕਿਰਤੀ ਕਿਸਾਨ ਤੇ ਮਜ਼ਦੂਰ ਹੈ ਉਦਾਸ। ਪਿੰਡ-ਪਿੰਡ ਸ਼ਹਿਰ-ਸ਼ਹਿਰ ਨਿਕਲੇ ਨੇ ਕਾਫ਼ਿਲੇ। ਜ਼ਿੰਦਗੀ ਤੇ ਸਾਹਾਂ ਦੇ, ਇਹੋ ਨੇ ਫ਼ਾਸਲੇ। ਤੁਰ ਪਈ ਹੈ ਜ਼ਿੰਦਗੀ ਜਿਉਣ ਵੱਲ। ਹੱਕਾਂ ਵੱਲ, ਸੱਤਾਂ ਦੇ ਸੱਕਾਂ ਲਈ। ਪੈਰਾਂ 'ਚ ਕਾਹਲ ਹੈ। ਹੱਥਾਂ 'ਚ ਅੰਗਾਰ ਹੈ। ਆਵਾਜ਼ ਹੈ ਜੋਸ਼ ਹੈ ਜ਼ਬਰਦਸਤ ਨਾਹਰਾ ਹੈ। ਮਹਿਲ ਹੋ ਗਿਆ ਢਾਰਾ ਹੈ। ਇਹ ਚਨੌਤੀਆਂ ਕਿ ਚਾਲ ਹੈ। ਪਿੰਡ-ਪਿੰਡ ਸ਼ਹਿਰ-ਸ਼ਹਿਰ ਗਲੀ-ਗਲੀ ਕਦਮ-ਕਦਮ ਪੈੜ ਪੈੜ। ਇਕੋ ਹੀ ਆਵਾਜ਼ ਹੈ। ਆਓ ਲੜੀਏ ਦੋਸਤੋ ! ਆਓ ਖੜ੍ਹੀਏ ਦੋਸਤੋ ! (ਰੀਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ)

ਦੇਸ਼ ਦਾ ਅੰਨਦਾਤਾ-ਸੁਖਰਾਜ ਸਿੰਘ (ਆਈ ਪੀ ਐੱਸ ਰੀਟ:)

ਘਰ ਘਰ, ਪਿੰਡ ਪਿੰਡ, ਸ਼ਹਿਰ ਸ਼ਹਿਰ ਤੇ ਹੁਣ ਦੇਸ਼ ਦੇਸ਼ ਵਿੱਚ ਚਰਚਾ ਹੋ ਰਹੀ ਹੈ। ਤੇਰੇ ਸੱਚੇ ਸੁੱਚੇ ਅੰਨਦਾਤਾ ਸ਼ਾਂਤੀ ਭਰੇ ਅੰਦੋਲਨ ਦੀ। ਸਦੀਆਂ ਤੋਂ ਪਿਸਦਾ ਆਇਆ ਹੈ ਤੂੰ ਸਰਕਾਰ ਦੀਆਂ ਚੱਕੀਆਂ ਦੇ ਪੁੜਾਂ ਵਿੱਚ। ਤੇ ਸਹਿੰਦਾ ਆਇਆ ਹੈ ਤੇਹਰੀ ਮਾਰ ਸਰਕਾਰ ਰੂਪੀ ਇਨਾਮ ਦੀ। ਤੈਨੂੰ ਖੂਬ ਪਤਾ ਹੈ ਇਹ ਤਿੰਨੋਂ ਕਾਨੂੰਨ ਤੈਨੂੰ ਉਜਾੜ ਦੇਣਗੇ, ਤੈਨੂੰ ਮਾਰ ਦੇਣਗੇ, ਤੇਰੀ ਬੋਟੀ ਬੋਟੀ ਕਰਕੇ ਹਵਾ ਵਿੱਚ ਉਛਾਲ ਦੇਣਗੇ। ਤੂੰ ਡਟਿਆ ਰਹਿ ਮੋਰਚੇ ਤੇ, ਤੇਰੇ ਅੱਗੇ ਅੰਨਦਾਤਾ ਹੁਕਮਰਾਨ ਵੀ ਹਾਰ ਜਾਣਗੇਂ। ਸੰਘਰਸ਼ ਤਾਂ ਤੇਰੇ ਲੂੰ ਲੂੰ ਵਿਚ ਵਸਿਆ ਏ ਇਹ ਤੇਰੀ ਬੇੜੀ ਬੰਨੇ ਲਾ ਦੇਣਗੇ। ਪਿਛੇ ਹਟਿਆ ਤਾਂ ਤੇਰੇ ਤੇ ਤੋਹਮਤਾਂ ਲਾ ਕੇ ਗਦਾਰ ਬਣਾ ਦੇਣਗੇ। ਤੂੰ ਡੱਟ ਕੇ ਸੰਘਰਸ਼ ਕਰ ਸਾਰੀ ਖ਼ਲਕਤ ਤੇਰੇ ਨਾਲ ਹੈ। ਤੇਰੇ ਤੇ ਗੁਰੂਆਂ ਦਾ ਥਾਪੜਾ ਹੈ, ਹੋ ਨਹੀਂ ਸਕਦਾ ਤੇਰਾ ਵਿੰਗਾਂ ਵਾਲ। ਇਹ ਤਿੰਨੋਂ ਕਾਲੇ ਕਾਨੂੰਨ ਰੱਦ ਹੋਣਗੇ ਜਿੰਨ੍ਹਾਂ ਨੇ ਕਰਨਾ ਤੇਰਾ ਬੁਰਾ ਹਾਲ ਹੈ। ਗਰੀਬ ਅੰਨਦਾਤਾ ਮੁਹਤਾਜ ਹੋ ਰਿਹਾ ਦਾਣੇ ਦਾਣੇ ਲਈ। ਹੁਕਮਰਾਨ ਕਹਿੰਦੇ ਹਨ ਇਹ ਸਾਰੀ ਤੇਰੀ ਭਲਾਈ ਵਾਸਤੇ ਹੈ। ਕੋਈ ਵੀ ਮੁਸੀਬਤ ਤੈਨੂੰ ਡੁਲਾ ਨਹੀਂ ਸਕਦੀ। ਰੁਕਾਵਟਾਂ ਹੀ ਤਾਂ ਤੇਰੀ ਢਾਲ ਨੇ। ਕਰੋ ਜਾਂ ਮਰੋ ਆਖਰ ਇਸ ਅੰਦੋਲਨ ਦਾ ਹੈ ਨਿਸ਼ਾਨਾ। ਜਿੱਤ ਕੇ ਘਰ ਨੂੰ ਪਰਤਣਾ ਇਸ ਵਿੱਚ ਹੀ ਤੇਰਾ ਜਲਾਲ ਹੈ। ਇਸ ਵਿੱਚ ਹੀ ਤੇਰਾ ਕਮਾਲ ਹੈ। ਇਸ ਵਿੱਚ ਹੀ ਤੇਰੀ ਧਮਾਲ ਹੈ।

ਜੰਗ-ਕਵਿੰਦਰ 'ਚਾਂਦ'

ਜੰਗ ਹੁਣ ਸਿਰਫ਼ ਫਸਲਾਂ ਦੇ ਭਾਅ ਦੀ ਨਹੀਂ ਜੰਗ ਹੁਣ ਸਿਰਫ਼ ਦਿੱਲੀ ਦੇ ਰਾਹ ਦੀ ਨਹੀਂ ਜੰਗ ਹੁਣ ਹੋਂਦ, ਅਣਹੋਂਦ ਦੀ ਹੈ ਜਿਉਂਦੇ ਦਿਸਣ ਦੀ, ਜਿਉਂਦੇ ਰਹਿਣ ਦੀ ਹੈ ਜੰਗ ਖੇਤਾਂ ਵਿਚਲੇ ਪਹਿਆਂ ਤੇ ਬਹੁ ਮਾਰਗੀ ਰਾਹਾਂ ਦੀ ਹੈ ਹੱਟੀਆਂ ਦੀ ਤੇ ਮੈਗਾ ਮਾਰਟਾਂ ਦੀ ਹੈ ਭੋਲੇ ਰੱਬਾਂ ਦੀ ਤੇ ਸ਼ੈਤਾਨਾਂ ਦੀ ਹੈ ਹੁਣ ਇਹ ਜੰਗ ਸਾਡੀ ਜਵਾਬਦੇਹੀ ਹੈ ਕਿਸਾਨ ਮਹਾਂ ਨਾਇਕ ਬਾਬਾ ਬੰਦਾ ਕੋਲ ਖੁਸ਼ੀਆਂ ਜ਼ਮੀਨਾਂ, ਝੁੱਕੇ ਸੀਸ, ਖਾਲ਼ੀ ਫ਼ਰਦਾਂ ਲੈ ਕਿਹੜਾ ਮੂੰਹ ਦਿਖਾਵਾਂਗੇ ਬਾਬੇ ਨੂੰ ਹੁਣ ਇਹ ਜੰਗ ਫਸਲਾਂ ਦੇ ਭਾਅ ਦੀ ਨਹੀਂ ਹੋਂਦ, ਅਣਹੋਂਦ ਦੀ ਹੈ

ਗ਼ਜ਼ਲ-ਸੁਖਦੇਵ ਸਿੰਘ ਔਲਖ਼

ਰੱਜਿਆ ਨੂੰ ਕੀ ਸਾਰ ਹੁੰਦੀ ਭੁੱਖ ਦੀ, ਅਰਥ ਗੂੜ੍ਹੇ ਜਾਣਦੇ ਮਾਰੇ ਜੋ ਥੋੜ ਦੇ। ਨਾਦਰ ਅਬਦਾਲੀ ਭਾਵੇਂ ਅੰਗਰੇਜ਼ ਹੋਵੇ, ਦੁੱਲੇ ਪੁੱਤਰ ਪੰਜਾਬ ਦੇ ਭਾਜੀ ਮੋੜਦੇ। ਦੱਸ ਤੈਂ ਕੀ ਖੱਟਿਆ ਮਜ੍ਹਬਾਂ ਦੇ ਵਪਾਰ 'ਚੋ , ਬਣ ਕੇ ਇਨਸਾਨ ਬੰਧਨ ਸਾਰੇ ਤੋੜ ਦੇ। ਸਹਿਜ ਸੰਜਮ ਸਾਦਗੀ ਜ਼ਿੰਦਗੀ ਦਾ ਗਹਿਣਾ, ਹੱਥ ਧੋ ਨੇ ਬੈਠਦੇ ਮਾਰੇ ਜੋ ਹੋੜ ਦੇ। ਉਹ ਹੋਰ ਨੇ ਜੋ ਗੱਫੇ ਦਿੰਦੇ ਸਵਰਗ ਦੇ, ਅਸੀਂ ਧਰਤ ਨੂੰ ਸਵਰਗ ਬਣਾਉਣਾ ਲੋੜ ਦੇ। ਪਾੜੋ ਤੇ ਰਾਜ ਕਰੋ, ਹੈ ਤੈਨੂੰ ਮੁਆਫਿਕ, ਔਲਖ਼ ਤਾਂ ਮੁੱਢੋਂ ਟੁੱਟਿਆਂ ਨੂੰ ਜੋੜਦੇ।

ਸੰਘਰਸ਼-ਜਗਦੀਪ ਸਿੱਧੂ

ਤੁਰ ਪਏ ਉਹ ਜਿਨ੍ਹਾਂ ਨੂੰ ਘਰੋਂ ਕੱਢਣਾ ਸੀ ਲੱਖਾਂ ਨੇ ਆਪਣੇ-ਆਪ ਨੂੰ ਲੱਭ ਲਿਆ ਕਣਕ-ਵੰਨਾ ਪੱਕਾ ਰੰਗ ਸ਼ਾਂਤ ਨੇ ਉਹ ਆਂਟਾਂ (ਇੱਟਾਂ, ਪੱਥਰ) ਲਾ ਲਈਆਂ ਟਰੈਕਟਰਾਂ ਦੇ ਟਾਇਰਾਂ ਥੱਲੇ ਆਟਾ ਗੁੰਨ੍ਹ ਰਹੀਆਂ ਮੁੱਕੀਆਂ ਨਾਲ ਤ੍ਰੀਮਤਾਂ ਕੋਲ਼ ਚਿਮਟਾ ਪਿਆ ਚੁੱਕੇਗਾ ਪੱਕੀ ਰੋਟੀ ਜੇਤੂ ਵਾਂਗ

ਜ਼ੁਲਮ ਅਸੀਂ ਤਾਂ ਤੇਰੇ ਚੱਲ-ਚੱਲ ਦੇਖਾਂਗੇ-ਜਗਦੀਪ ਸਿੱਧੂ

ਜ਼ੁਲਮ ਅਸੀਂ ਤਾਂ ਤੇਰੇ ਚੱਲ-ਚੱਲ ਦੇਖਾਂਗੇ ਹੁਣ ਨੇੜੇ ਜਾ ਕੇ ਤੇਰੇ ਛੱਲ‌ ਦੇਖਾਂਗੇ ਜ਼ਿੱਦ ਸਾਡੀ,ਹਲ਼ ਵਾਲ਼ੇ ਹਾਂ,ਹੱਲ ਦੇਖਾਂਗੇ ਨੀਰ ਦੀਆਂ ਬੌਸ਼ਾਰਾਂ ਤੇ ਇਹ ਪੋਹ ਦੀ ਠੰਡ ਪੀੜਾਂ ਨੂੰ ਝੱਲ ਝੱਲ ਕੇ ਅਸੀਂ ਗਏ ਹਾਂ ਹੰਡ ਭਾਰੀ ਹੋਈ ਪਹਿਲੋਂ ਹੀ ਦੁੱਖਾਂ ਦੀ ਪੰਡ ਕੱਲ੍ਹ ਹੀ ਦੇਖ ਚੁੱਕੇ ਹਾਂ,ਜੋ ਕੱਲ੍ਹ ਦੇਖਾਂਗੇ ਕੌਣ ਬਿਗਾਨਾ ਕੌਣ ਸਕਾ ਦੇਖ ਰਹੇ ਹਾਂ ਵਰ੍ਹਿਆਂ ਤੋਂ ਇਹ ਧੱਕਾ ਹੁੰਦਾ ਦੇਖ ਰਹੇ ਹਾਂ ਮੁੱਦਤ ਤੋਂ ਇਹ ਸਮਾਂ ਰੁੱਕਿਆ ਦੇਖ ਰਹੇ ਹਾਂ ਸਿਤਮ ਤੇਰੇ ਨੂੰ ਹੁਣ ਠੱਲ੍ਹ ਦੇਖਾਂਗੇ ਇਹ ਕੇਹੀ ਗਿਣਤੀ-ਮਿਣਤੀ ਕਰਦੇ ਰਹਿੰਦੇ ਥੋਡੀ ਕੀਤੀ ਹੀ ਹੈ ਜੋ ਭਰਦੇ ਰਹਿੰਦੇ ਕਾਗਤ ਸਰਕਾਰੀ ਤੋਂ ਹੀ ਹਾਂ ਡਰਦੇ ਰਹਿੰਦੇ ਅਨਪੜ੍ਹ ਲੋਕ, ਤੁਹਾਡੇ ਆਲਮ-ਫ਼ਾਜ਼ਲ ਦੇਖਾਂਗੇ

ਕਿਰਸਾਨ ਅੰਦੋਲਨ-ਕੇਵਲ ਸਿੰਘ ਨਿਰਦੋਸ਼ ਕੈਨੇਡਾ

ਕੁੜੀਆਂ ਮੁੰਡਿਆਂ ਬਿਰਧਾਂ ਨੌਜਵਾਨਾਂ ਨਾਲ । ਚੱਲ ਰਿਹਾ ਕਿਰਸਾਨ ਅੰਦੋਲਨ ਸ਼ਾਨਾਂ ਨਾਲ । ਦੇਂਦਾ ਹਰ ਇਕ ਨੂੰ ਸੰਦੇਸ਼ ਮੁਹੱਬਤ ਦਾ , ਰਲ਼ਕੇ ਹਿੰਦੂਆਂ ਸਿੱਖਾਂ ਮੁਸਲਮਾਨਾੰ ਨਾਲ । ਸਮਝੇ ਨਾ ਸਰਕਾਰ ਕਿਸਾਨ ਇਕੱਲੇ ਨੇ , ਹਰ ਇਨਸਾਫ਼ ਪਸੰਦ ਖੜ੍ਹਾ ਕਿਰਸਾਨਾਂ ਨਾਲ । ਮੋਦੀ ਮੱਥਾ ਤੇਰਾ ਲਹੂ ਲੁਹਾਨ ਹੋਊ , ਜਿਹੜਾ ਹੈ ਤੂੰ ਲਾਇਆ ਸਖ਼ਤ ਚਟਾਨਾਂ ਨਾਲ । ਲੋਕ ਅੰਦੋਲਨ ਹੈ ਇਹ ਲੋਕ ਚਲਾਉਂਦੇ ਨੇ , ਤੇਰਾ ਹੁਣ ਤੱਕ ਵਾਹ ਰਿਹਾ ਪਰਧਾਨਾਂ ਨਾਲ । ਦਿੱਲੀਏ ਤੇਰੀ ਹਸਤੀ ਇਕ ਟਟੀਹਰੀ ਦੀ , ਪੰਗੇ ਨਾ ਲੈ ਐਵੇਂ ਤੂੰ ਅਸਮਾਨਾਂ ਨਾਲ । ਜਦ ਤੱਕ ਤਿੰਨੇ ਰੱਦ ਕਨੂੰਨ ਤੂੰ ਕਰਦੀ ਨਹੀ , ਬਹਿਣ ਨਾ ਤੈਨੂੰ ਦੇਣਾ ਅਮਨ ਅਮਾਨਾਂ ਨਾਲ । ਮੋਦੀ ਮਾਰ ਨਾ ਬੜ੍ਹਕਾਂ, ਮੋਕਾਂ ਮਾਰੇਂਗਾ , ਪੇਚਾ ਤੇਰਾ ਪੈ ਗਿਆ ਅਸਲੀ ਸਾਨ੍ਹਾਂ ਨਾਲ । ਲਾਭ ਪਹੁੰਚਾਣ ਲਈ ਸਰਮਾਏਦਾਰਾਂ ਨੂੰ , ਖੇਡ ਨਾ ਤੂੰ ਨਿਰਦੋਸ਼ਾਂ ਦੇ ਅਰਮਾਨਾਂ ਨਾਲ ।

ਲੋਕ ਬੋਲੀਆਂ-ਸ਼ਿੰਦਰ ਕੌਰ ਸਿਰਸਾ

ਸਾਡੇ ਬੋਹਲਾਂ ਉੱਤੋਂ ਹੂੰਝਦਿਆਂ ਦਾਣੇ ਵੇ ਬਹੁਕਰਾਂ ਦੇ ਤੀਲੇ ਘਸ ਗਏ। ਕਪਾਹ ਚੁਗਦਿਆਂ ਢਲ ਗਈ ਜਵਾਨੀ ਵੇ ਉੰਗਲਾਂ ਦੇ ਪੋਟੇ ਘਸ ਗਏ। ਸਾਡੇ ਮੱਥਿਆਂ’ਤੇ ਉੱਗੀਆਂ ਪਨੀਰੀਆਂ ਕ੍ਰਾਂਤੀ ਵਾਲਾ ਦਾਣਾ ਪੈ ਗਿਆ। ਸੱਪਾਂ ਦੀਆਂ ਮਿੱਧਦਿਆਂ ਸਿਰੀਆਂ ਵੇ ਹਾੜ ਤੇ ਸਿਆਲ ਸਹਿ ਗਿਆ। ਸਾਡੀ ਕੁੱਲੀ ਨੂੰ ਤੂੰ ਕੁੱਲੀ ਬੱਸ ਰਹਿਣ ਦੇ, ਤੇ ਕੁੱਲੀ ਵਿੱਚ ਗੁੱਲੀ ਰਹਿਣ ਦੇ। ਸਾਥੋਂ ਕਿਲ੍ਹਿਆਂ ਨੂੰ ਮੱਥੇ ਨਹੀਏਂ ਟਿਕਣੇ ਤੇ ਹੱਕ ਸਾਡੀ ਝੋਲੀ ਪੈਣਦੇ।

ਤੇਰੀ ਸਾਡੀ ਰੜਕ ਪੁਰਾਣੀ-ਗੁਰਪ੍ਰੀਤ ਸਿੰਘ ਚਾਹਲ

ਸਾਥੋਂ ਸਾਡਾ ਖੋਹ ਕੇ ਪਾਣੀ ਦਿੱਲੀਏ ਨੀ ਚਾਹੇਂ ਸਾਡੀ ਹੋਂਦ ਮਿਟਾਣੀ ਦਿੱਲੀਏ ਨੀ। ਹੁਣ ਘਰ ਤੇਰੇ ਵਿੱਚ ਵੜਕੇ ਤੈਨੂੰ ਟੱਕਰਾਂਗੇ ਤੇਰੀ ਸਾਡੀ ਰੜਕ ਪੁਰਾਣੀ ਦਿੱਲੀਏ ਨੀ। ਬੱਬਰ ਸ਼ੇਰਾਂ ਨੇ ਆ ਕੇ ਘੇਰਾ ਪਾ ਲਿਆ ਏ। ਛਾਤੀ ਤੇਰੀ ਤੇ ਆ ਕੇ ਡੇਰਾ ਲਾ ਲਿਆ ਏ। ਬੈਠ ਤਖਤ ਤੇ ਕਰਦੀ ਏ ਵੰਡ ਕਾਣੀ ਦਿੱਲੀਏ ਨੀ। ਤੇਰੀ ਸਾਡੀ ਰੜਕ ਪੁਰਾਣੀ ਦਿੱਲੀਏ ਨੀ ਜਦੋਂ ਕਦੇ ਵੀ ਉਲਝੀ ਤਾਣੀ ਦਿੱਲੀਏ ਨੀ ਲਾ ਲੈ ਫੌਜਾ ਅਸੀਂ ਤਾਂ ਏਦਾਂ ਗਰਜਾਂਗੇ ਕੌਮ ਦੀ ਖ਼ਾਤਰ ਮਰੇ ਹਾ ਅੱਜ ਵੀ ਮਰਜਾਗੇਂ। ਦੌਦ ਪਿੰਡ ਦੇ ਚਹਿਲ ਤੋਂ ਸੁਣੀ ਕਹਾਣੀ ਦਿੱਲੀਏ ਨੀ। ਤੇਰੀ ਸਾਡੀ ਰੜਕ ਪੁਰਾਣੀ ਦਿੱਲੀਏ ਨੀ। ਜਦੋਂ ਕਦੇ ਵੀ ਉਲਝੀ ਤਾਣੀ ਚਹਿਲ ਗੀਤਾਂ ਵਿੱਚ ਖਰੀਆਂ ਆਖ ਸੁਣਾਊਗਾ ਤੈਨੂੰ ਕਿੱਥੋਂ ਕਿਵੇਂ ਬਚਾਇਆ ਯਾਦ ਕਰਾਊਗਾ। ਰੱਖੇ ਸਾਡੇ ਖੇਤਾਂ ਤੇ ਅੱਖ ਕਾਣੀ ਦਿੱਲੀਏ ਨੀ ਤੇਰੀ ਸਾਡੀ ਰੜਕ ਪੁਰਾਣੀ ਦਿੱਲੀਏ ਨੀ ਜਦੋਂ ਕਦੇ ਵੀ ਉਲਝੀ ਤਾਣੀ ਦਿੱਲੀਏ ਨੀ ਗੁਰੂ ਤੇਗ ਬਹਾਦਰ ਸੀਸ ਤੇਰੇ ਤੋ ਵਾਰੇ ਨੀ ਤੂੰ ਟਾਇਰ ਗਲਾਂ ਵਿੱਚ ਪਾ ਪਾ ਕਰਜ਼ ਉਤਾਰੇ ਨੀ ਹੁਣ ਬੈਠੇ ਬਣ ਬਣ ਕੇ ਪਟਰਾਣੀ ਦਿੱਲੀਏ ਨੀ ਤੇਰੀ ਸਾਡੀ ਰੜਕ ਪੁਰਾਣੀ ਦਿੱਲੀਏ ਨੀ।

ਲਲਕਾਰ-ਡਾ: ਸਤਿੰਦਰਜੀਤ ਕੌਰ ਬੁੱਟਰ

ਹਿੰਮਤ ਨਾ ਹਾਰਨਾ,ਤੁਸੀਂ ਜ਼ਿੰਦਗੀ ਉਸਾਰਨਾ। ਗੱਲਾਂ ਦੀ ਮਨੌਤੀ ਵਿੱਚ ਫੈਸਲਾ ਨਾ ਹਾਰਨਾ। ਹੱਕ ਦੀਆਂ ਮੰਗਾਂ ਦੀ ਅਸਾਂ ਕਰਨੀ ਵਿਆਖਿਆ ਸੁਣੀਆਂ ਸੁਣਾਈਆਂ ਪਿੱਛੇ ਸਮਾਂ ਨਾ ਗੁਜ਼ਾਰਨਾ। ਝੂਠ ਦਾ ਹਨੇਰਾ ਭਾਵੇਂ ਫੈਲਿਆ ਚੁਫੇਰੇ ਹੈ ਤੁਸੀਂ ਏਸ ਵਿੱਚੋਂ ਹੈ ਹੱਕ ਨੂੰ ਨਿਤਾਰਨਾ। ਗੁਰੂ ਨੇ ਵੀ ਸਿਗਾ ਸਰਬੰਸ ਸਾਰਾ ਵਾਰਿਆ ਇਹ ਗੱਲ ਜ਼ਰਾ ਸੋਚਣਾ ਤੇ ਵਿਚਾਰਨਾ। ਸੁਣ ਲੈ ਮਲਾਹਾ ਇਹ ਗੱਲ ਨੂੰ ਜਾਣ ਲੈ ਤੁਰਿਆ ਹੈ ਤਾਂ ਬੇੜਾ ਪਾਰ ਵੀ ਉਤਾਰਨਾ। ਗੂਰੂ ਦੇ ਬਾਜ਼ਾ ਤੂੰ ਮਾਰ ਉਡਾਰੀਆਂ ਧੋਖੇ ਦੀਆਂ ਚਿੜੀਆਂ ਨੂੰ ਵਾਰ ਕਰ ਮਾਰਨਾ। ਪੋਹ ਦੀਆਂ ਠੰਢਾਂ ਵਿੱਚ ਰਾਤਾਂ ਹੈਂ ਗੁਜ਼ਾਰਦਾ 'ਬੁੱਟਰ' ਦਿਲ ਨਾ ਤੂੰ ਛੱਡੀ ਹੁਣ ਰੱਖ ਇਹੋ ਧਾਰਨਾ।

ਖੂਹਾਂ ਦੀ ਮਿੱਟੀ ਖੂਹ ਨੂੰ-ਹਰਵਿੰਦਰ ਤਤਲਾ

ਪਹਿਲਾਂ ਹੀ ਲੱਗੀ ਜਾਂਦੀ ਖੂਹਾਂ ਦੀ ਮਿੱਟੀ ਖੂਹ ਨੂੰ ਲੱਗੀ ਹੈ ਨਜ਼ਰ ਕੇਸ ਦੀ ਸਾਡੇ ਖੇਤਾਂ ਦੀ ਜੂਹ ਨੂੰ ਮਿੱਟੀ ਵਿੱਚ ਮਿੱਟੀ ਹੋ ਕੇ ਮਿੱਟੀ 'ਚੋਂ ਬਚਦੀ ਮਿੱਟੀ ਸੋਕਾ ਕਦੇ ਹੜ੍ਹ ਜਾਂ ਤੇਲਾ,ਟਿੱਡੀ ਦਲ, ਮੱਖੀ ਚਿੱਟੀ ਖੁਸ਼ੀਆਂ ਦੇ ਬੀਜ ਖਿਲਾਰੇ ਫਿਰ ਵੀ ਨਾ ਉੱਗਣ ਹਾਸੇ ਦੁੱਖਾਂ ਦਾ ਗੁੱਲੀ-ਡੰਡਾ ਉੱਗਿਆ ਹੈ ਚਾਰੇ ਪਾਸੇ ਕਰਜ਼ੇ ਦੇ ਲੇਖੇ ਲੱਗੀਆਂ ਕਿੰਨੀਆਂ ਹੀ ਸੱਚੀਆਂ ਦੇਹਾਂ ਮਿਹਨਤ ਦਾ ਮੁੱਲ ਕੀ ਮਿਲਦਾ ਫਾਹੇ ਨਹਿਰਾਂ,ਸਪਰੇਹਾਂ ਖੇਤਾਂ ਨੂੰ ਖਾਣ ਵਾਸਤੇ ਉਲਟੀ ਹੁਣ ਵਾੜ ਖੜੀ ਏ ਸੇਠਾਂ-ਸਰਕਾਰਾਂ ਰਲ਼ਕੇ ਐਸੀ ਤਰਕੀਬ ਘੜੀ ਏ ਪੁਸ਼ਤਾਂ ਦੀ ਖੋਹਣ ਮਾਲਕੀ ਬੂਹੇ ਤੇ ਆਣ ਖੜੇ ਨੇ ਠੱਗਾਂ ਨਲ ਰਲ਼ਕੇ ਹਾਕਮ ਅੰਨ੍ਹੇ ਕਾਨੂੰਨ ਘੜੇ ਨੇ ਬਣਦੇ ਸਾਡੇ ਹਮਦਰਦੀ ਸੰਘੀਆਂ ਤੇ ਰੱਖਿਆ 'ਗੂਠਾ ਖੇਤਾਂ ਦੇ ਰਾਜੇ ਕੱਲ ਨੂੰ ਮੰਗਣਗੇ ਫੜ੍ਹ ਕੇ ਠੂਠਾ ਹਾਲੇ ਵੀ ਵੇਲ਼ਾ ਉਠੀਏ ਵੇਲ਼ਾ ਕਿਤੇ ਖੁੰਝ ਨਾ ਜਾਵੇ ਦਿੱਲੀਓਂ ਜੋ ਡਾਰ ਚੜ੍ਹੀ ਏ ਨਸਲਾਂ ਨੂੰ ਠੁੰਗ ਨਾ ਜਾਵੇ ਆਈ ਏ ਘੜੀ ਪਰਖ ਦੀ ਆਜੋ ਹੁਣ ਇਕ ਹੋ ਜਾਈਏ ਹਾਕਮ ਦਾ ਤਖਤ ਡੋਲ਼ਜੇ ਪਾਵੇ ਨੂੰ ਸੇਕਾ ਲਾਈਏ ਖੰਡੇ ਦੀ ਧਾਰ ਪਰਖੀਏ ਵੈਰੀ ਨੂੰ ਘੱਲੀਏ ਖਾਲੀ ਸਾਰੇ ਹੀ ਇਕ ਹੋ ਗਏ ਨੇ ਡਾਇਰ,ਬਾਬਰ,ਅਬਦਾਲੀ ਸਿਰ ਤੇ ਜੇ ਪੱਗ ਰਹੀ ਨਾ 'ਤਤਲੇ' ਕੀ ਜੀ ਕੇ ਕਰਨਾ? ਕਿਉਕਿ ਨਾ ਫਿਰ ਜੂਝ ਕੇ ਮਰੀਏ ਆਖਰ ਜੇ ਪੈਣਾ ਮਰਨਾ

ਪੌਣ ਸ਼ੂਕਦੀ ਰੁਕ ਸਕਦੀ ਐ-ਪਾਲੀ “ਗਿੱਦੜਬਾਹਾ”

ਪੌਣ ਸ਼ੂਕਦੀ ਰੁਕ ਸਕਦੀ ਐ, ਧੌਣ ‘ਚ ਕਿੱਲੀ ਠੁਕ ਸਕਦੀ ਐ ਹਰ ਇੱਕ ਸੱਤਾ ਝੁਕ ਸਕਦੀ ਐ, ਜੜੋਂ ਪੱਟ ਸਕਦੇ ਸਰਕਾਰਾਂ ਨੂੰ ਸਾਰੇ ਰਲ਼ ਮਿਲ਼ ਹੰਭਲਾ ਮਾਰੋ ਪਾਸੇ ਕਰ ਲੋਕਲ ਗੱਦਾਰਾਂ ਨੂੰ ਜਨਰਲ ਡਾਇਰ ਦੇ ਮੂੰਹ ਵਿੱਚ ਦੱਸੋ ਕੀਹਨੇ ਬੁਰਕੀਆਂ ਪਾਈਆਂ ਸੀ? ਜੈਤੋ ਮੋਰਚਾ ਡੱਕਣ ਲਈ ਹਾਂ ਜਹਿਰਾਂ ਪਾਣੀ ਵਿੱਚ ਮਿਲਾਈਆਂ ਸੀ? ਕੌਣ ਅਸਾਡਾ ਪੱਕਾ ਬੇਲੀਓ, ਸਾਡੇ ਹੱਕ ਦਾ ਯੱਕਾ ਬੇਲੀਓ ਕਿਹੜਾ ਕਰਦੈ ਧੱਕਾ ਬੇਲੀਓ, ਅੱਜ ਛਾਣੀਏ ਖੂਬ ਵਿਚਾਰਾਂ ਨੂੰ ਸਾਰੇ ਰਲ਼ ਮਿਲ਼ ਹੰਭਲਾ ਮਾਰੋ ਪਾਸੇ ਕਰ ਲੋਕਲ ਗੱਦਾਰਾਂ ਨੂੰ ਸਾਵਰਕਰ ਨੂੰ ਦੇਸ਼ ਭਗਤੀ ਦਾ ਕਿੰਨਾਂ ਨੇ ਤਗਮਾ ਵੰਡਿਆ ਏ? ਟਰੰਪ ਬਣਾ ਕੇ ਯਾਰ ਆਪਣਾ ਸੋਚੋ ਕਿਹੜਾ ਰਿਸ਼ਤਾ ਗੰਢਿਆ ਏ? ਸਾਰੇ ਮੁਲਕ ਨੂੰ ਸੇਲ ਤੇ ਲਾਇਆ, ਹਾਲੇ ਵੀ ਨਾ ਸਬਰ ਹੈ ਆਇਆ ਹਿੰਦੂ ਮੁਸਲਿਮ ਖੂਬ ਕਰਾਇਆਂ, ਮਨ ਕੀ ਬਾਤ ਹਥਿਆਰਾਂ ਨੂੰ ਸਾਰੇ ਰਲ਼ ਮਿਲ਼ ਹੰਭਲਾ ਮਾਰੋ ਪਾਸੇ ਕਰ ਲੋਕਲ ਗੱਦਾਰਾਂ ਨੂੰ

ਰਾਮ ਵੀ ਤੁਰ ਗਿਐ ਰਾਵਣ ਵੀ ਤੁਰ ਗਿਐ-ਪਾਲੀ “ਗਿੱਦੜਬਾਹਾ”

ਰਾਮ ਵੀ ਤੁਰ ਗਿਐ ਰਾਵਣ ਵੀ ਤੁਰ ਗਿਐ ਤੁਰ ਤੂੰ ਵੀ ਏ ਜਾਣਾ ਹਾਕਮਾ ਸਮਝ ਸੱਚ ਦਾ ਭਾਣਾ ਹਾਕਮਾ ਚੱਲ ਬਣ ਕੇ ਰਹਿ ਤੂੰ ਸਿਆਣਾ ਹਾਕਮਾ ਕਾਲਿਆਂ ਨਾਲ ਵਿਗਾੜ ਲਈ ਏ ਧੌਲ਼ਿਆਂ ਨਾਲ ਸੰਵਾਰ ਕਈ ਆਈਆਂ ਕਈ ਤੁਰ ਗਈਆਂ ਨੇ ਕਿਸ-ਦੀ ਥਿਰ ਸਰਕਾਰ ਤਾਨਾਸ਼ਾਹੀ ਕਿਉਂ ਬਣਿਆਂ ਪਾ ਲੋਕ-ਤੰਤਰ ਦਾ ਬਾਣਾ ਹਾਕਮਾਂ ਚੱਲ ਬਣ ਕੇ ਰਹਿ ਤੂੰ ਸਿਆਣਾ ਹਾਕਮਾ ਬੀਵੀ ਬੱਚਿਆਂ ਵਾਲੇ ਹੀ ਜਾਨਣ ਇਹ ਕੀ ਹੁੰਦੀ ਮਜਬੂਰੀ ਮਨਆਈਆਂ ਨੇ ਮਨ ਦੀਆਂ ਬਾਤਾਂ ਮਨ ਵਿੱਚ ਭਰੀ ਮਗ਼ਰੂਰੀ ਗਲ਼ ਵਿੱਚ ਹੱਡੀ ਬਣਕੇ ਫਸ ਜਾਊ ਇਹ ਕਣਕ ਦਾ ਦਾਣਾ ਹਾਕਮਾ ਚੱਲ ਬਣ ਕੇ ਰਹਿ ਤੂੰ ਸਿਆਣਾ ਹਾਕਮਾ ਰਹੀ ਨਾਂ ਕੁਰਸੀ ਟਰੰਪ ਦੀ,ਜੀਹਦੇ ਲਈ ਤੂੰ ਮਾਰਦਾ ਸੀ ਬੜ੍ਹਕਾਂ ਤਾਜ ਨਾਂ ਤਖਤ ਬੱਚਦੇ “ਪਾਲੀ” ਵੋਟਾਂ ਰਾਹੀਂ ਨਿੱਕਲਣ ਰੜਕਾਂ ਰੱਬ ਜਦੋਂ ਡਾਂਗ ਮਾਰਦੈ,ਤਾਂ ਸੁਜਾਖਿਆਂ ਨੂੰ ਕਰ ਦਿੰਦੈ ਕਾਣਾ ਹਾਕਮਾਂ ਚੱਲ ਬਣ ਕੇ ਰਹਿ ਤੂੰ ਸਿਆਣਾ ਹਾਕਮਾ

ਸਿੰਘਾਸਣ ਦੀਆਂ ਤਾਰਾਂ-ਸਵਰਨਜੀਤ ਸਵੀ

ਸਿੰਘਾਸਣ ਦੀਆਂ ਤਾਰਾਂ ਮਿੱਟੀ ਦੀਆਂ ਜੜਾਂ ਵਾਂਗ ਹਰ ਧੜਕਦੇ ਦਿਲ ਤੱਕ ਜਾਂਦੀਆਂ ਹਰ ਸਾਹ ਦੀ ਸਾਰ ਲੈਣੀ ਹੁੰਦੀ ਜਨ-ਸੇਵਕ ਜੇ ਮਨ ਕੀ ਬਾਤ ਕਰਦਾ ਭੁੱਲ ਜਾਵੇ ਲੈਣੀ ਕਰੋੜਾਂ ਸਾਹਾਂ ਦੀ ਸਾਰ ਤਾਂ ਜਾਗ ਪੈਂਦੀਆਂ ਸਲਤਨਤ ਦੀਆਂ ਜੜਾਂ ਤੁਰ ਪੈਂਦੀਆਂ ਤਖਤ ਵੱਲ ਦੱਸਣ ਲਈ ਲੋਕ ਮਨ ਦੀ ਬਾਤ!

ਏਕਤਾ ਦਾ ਉਦਘੋਸ਼-ਸਵਰਨਜੀਤ ਸਵੀ

ਏਕਤਾ ਦਾ ਉਦਘੋਸ਼ ਮਿਲਵਰਤਨ ਦਾ ਨਿੱਘ ਸੰਘਰਸ਼ ‘ਚ ਨਿੱਤਰਨ ਦਾ ਜੋਸ਼ ਆਦਰਸ਼ ਤੱਕ ਅੱਪੜਨ ਦਾ ਤਹੱਮਲੀ ਹੋਸ਼ ਪਿੱੜ ਜਿੱਤਣ ਵੱਲ ਜਾਂਦੀ ਜਰਨੈਲਾਂ ਸੜਕ ਜਿੱਤ ਵੱਲ ਜਾਂਦੇ ਰਾਹ ਯਾਦ ਕਰਾਉਂਦੇ ਸਦਾ ਫ਼ਤਿਹ ਵਾਪਸੀ ਤੇ ਜਸ਼ਨਾਂ ਦੇ ਨਗਾਰਿਆਂ ਦੀ ਤਾਲ ਦੇ ਨਾਲ ਨਾਲ ਜੋਸ਼ ਹੋਸ਼ ਤੇ ਸੰਜਮ ਦੀ ਮਿਲਵਰਤਣੀ ਤਿਰਵੈਣੀ ਦਾ ਲਾਜ਼ਮ ਹੋਣਾ ਹਉਂ ਮੁਕਤ ਹੋਕੇ ਜਗਮਗਾਉਂਦੇ ਚਿਰਾਗ਼ਾਂ ਦੀ ਸਦੀਵੀ ਤਰਤੀਬ ਸਿਰਜਣਾ

ਲੋਕ-ਤੰਤਰ ਦੇ ਤੰਤਰ ਵਿੱਚ-ਰਣਜੀਤ ਸਿੰਘ ਗਿੱਲ(ਜੱਗਾ)

ਲੋਕ-ਤੰਤਰ ਦੇ ਤੰਤਰ ਵਿੱਚ , ਜਿੱਥੇ ਲੋਕ ਚੁਣਨ ਸਰਕਾਰਾਂ ਨੂੰ , ਸਰਕਾਰਾਂ , ਲੋਕ-ਰਾਏ ਤੋਂ ਡਰਦੀਆਂ ਨੇ। ਜ਼ਰੀਏ ਜਿੱਤ ਦੇ ਹੋਣ, ਯਕੀਨੀ ਜਦ, ਮਾਰੂ ਸਾਧਨ ਕੋਲ਼ ਮਸ਼ੀਨੀਂ ਜਦ, ਫਿਰ, ਰੱਜ ਕੇ ਧੱਕਾ ਕਰਦੀਆਂ ਨੇ। ਤਵਾਰੀਖ ਗਵਾਹ ਹੈ, ਤੱਥਾਂ ਦੀ, ਸਿਆਣਿਆਂ ਵਿੱਚ ਆਖੀ ਸੱਥਾਂ ਦੀ, ਬਣ ਤਾਨਾਸ਼ਾਹ , ਕਿੰਜ ਮਰਦੀਆਂ ਨੇ। ਸੜਕਾਂ ‘ਤੇ ਪਈਆਂ ਮਲੂਕ ਜ਼ਿੰਦਾਂ , ਬੱਚਿਆਂ ਨੂੰ ਲਾ ਕੇ ਸੀਨੇ ਨਾਲ਼, ਅੰਤਾਂ ਦੀ ਠੰਡ ਵਿੱਚ ਠੱਰਦੀਆਂ ਨੇ। ਹੱਕਾਂ ਦੀ ਰਾਖੀ ਕਰਨ ਲਈ , ਕੌਮਾਂ , ਅਣਖ ਦੀ ਖਾਤਿਰ ਮਰਨ ਲਈ, ਲਾ ਸੱਭ ਕੁਝ ਦਾਅ ‘ਤੇ ਧਰਦੀਆਂ ਨੇ। ਸਰਮਾਏ-ਦਾਰੀ , ਕੀ ਜਾਣੇਂ , ਭੁੱਖਣ-ਭਾਣੇ ਬਾਲਾਂ ਦੇ,, ਢਿੱਡ ਮਾਂਵਾਂ ਕੀਕਣ , ਭਰਦੀਆਂ ਨੇ। ਇਹੇ ਮਾਇਆ ਹੈ ਸਾਧਨ ਜਿਉਣੇਂ ਦਾ, ਅੰਤਾਂ ਦਾ ਧਨ ਵੀ ਆਖਿਰ ਨੂੰ , ਹੈ ਅੰਤ ਕਰਾਉਂਦਾ ਧਨੀਆਂ ਦੇ, ਮਿਟ ਜਾਣ ਨਿਸ਼ਾਨ ਕਬੀਲਿਆਂ ਦੇ, ਰਾਹ ਹੋ ਜਾਣ ਬੰਦ , ਵਸੀਲਿਆਂ ਦੇ, ਜਦ ਰੱਬ ਦੀਆਂ ਕਰੀਆਂ ਵਰ੍ਹਦੀਆਂ ਨੇ। ਫਰਿਜਨੋ (ਅਮਰੀਕਾ)

ਗੀਤ-ਰਣਜੀਤ ਸਰਾਂਵਾਲੀ

ਖ਼ੁਦ ਵੀ ਤੇ ਦੂਜਿਆਂ ਨੂੰ ਵੀ ਜਗਾਉਣ ਵਾਲ਼ੀਆਂ। ਰਾਤਾਂ ਨਈਓਂ ਰਹੀਆਂ ਗੂੜ੍ਹੀ ਨੀਂਦ ਸੌਣ ਵਾਲ਼ੀਆਂ। ਪੁੱਤ-ਪੋਤਿਆਂ 'ਚ ਹੁਣ ਲੋਹੜਿਆਂ ਦਾ ਜੋਸ਼ ਐ ਦਾਦਿਆਂ ਦੇ ਕੋਲ ਸਿਆਣਪ ਦੇ ਨਾਲ ਹੋਸ਼ ਐ। ਮਾਈਆਂ ਭੈਣਾਂ ਨਾਲ ਯੋਗਦਾਨ ਪਾਉਣ ਵਾਲ਼ੀਆਂ। ਰਾਤਾਂ ਨਈਓਂ ਰਹੀਆਂ। ਨਾਅਰਿਆਂ ਜੈਕਾਰਿਆਂ ਦੀ ਸੁਰ ਇੱਕ ਮਿੱਕ ਹੈ। ਸ਼ਬਦਾਂ ਦੀ ਸ਼ਕਤੀ ਵੀ ਮੱਥਿਆਂ ਦੇ ਵਿੱਚ ਹੈ। ਨਾਲ ਨੇ ਜ਼ੁਬਾਨਾਂ ਵਾਰਾਂ ਗਾਉਣ ਵਾਲ਼ੀਆਂ। ਰਾਤਾਂ ਨਈਓਂ ਰਹੀਆਂ। ਜਾਤਾਂ ਮਜ਼ਹਬਾਂ ਦੇ ਨਾਂ ਦੀ ਪਵੇ ਨਾ ਤਰੇੜ ਬਸ। ਦਿੱਲੀ ਦਾ ਤਖ਼ਤ ਆਇਆ ਬਿਲਕੁਲ ਨੇੜ ਬਸ। ਜਿੱਤ ਦੀਆਂ ਰੁੱਤਾਂ ਨੇ ਬਰੂਹੀਂ ਆਉਣ ਵਾਲ਼ੀਆਂ। ਰਾਤਾਂ ਨਈਓਂ ਰਹੀਆਂ ਗੂੜ੍ਹੀ ਨੀਂਦ ਸੌਣ ਵਾਲ਼ੀਆਂ

ਗ਼ਜ਼ਲ-ਕਸ਼ਮੀਰ ਸਿੰਘ ਨੀਰ (ਯੂ ਪੀ)

ਛੇ ਮਹੀਨੇ ਮਿਹਨਤਾਂ ਤੇ ਲਾਗਤਾਂ ਮੈਂ ਲਾ ਚੁਕਾ। ਰੁਲ ਗਿਆ ਝੋਨਾ ਮੇਰਾ ਮੰਡੀ 'ਚ, ਕੁਝ ਵਿਹੜੇ ਪਿਆ। ਨਾ ਹੀ ਕੀਮਤ ਨਾ ਹੀ ਗਾਹਕ, ਇਹ ਜਿਵੇਂ ਮਿੱਟੀ ਅਨਾਜ, ਬਣ ਗਿਆ ਸਰਕਾਰ ਦਾ ਪ੍ਰਬੰਧ ਵੀ ਵੱਡਾ ਦਗ਼ਾ। ਨਾ ਮਿਲੇ ਗੰਨੇ ਦੇ ਪਿਛਲੇ ਸਾਲ ਦੇ ਪੈਸੇ ਅਜੇ, ਫੇਰ ਹੁਣ ਗੰਨਾ ਨਵਾਂ ਹਾਂ ਮਿੱਲ ਤੇ ਸੁੱਟਣ ਲਗਾ। ਬੀਜਣੀ ਤੇ ਪਾਲਣੀ ਹੈ ਕਣਕ ਕਿਹੜੀ ਆਸ ਤੇ, ਪਿੰਡ ਸਾਰਾ ਬਾਡਰਾਂ ਪੁਰ ਧਰਨਿਆਂ ਤੇ ਬਹਿ ਗਿਆ। ਡਿਗ ਰਹੀ ਛੋਟੀ ਕਿਸਾਨੀ ਨੂੰ ਸੀ ਥੰਮੀ ਚਾਹੀਦੀ, ਕੀ ਦਿੱਤਾ ਨਵਿਆਂ ਕਾਨੂੰਨਾਂ ਨੇ ਸਹਾਰਾ ? ਕੀ ਨਫ਼ਾ? ਨਾ ਜੀਏ ਦੋ ਚਾਰ ਕਿੱਲਿਆਂ ਦੀ ਕਿਸਾਨੀ, ਨਾ ਮਰੇ, ਸਿਰਫ਼ ਅੰਦੋਲਨ ਦਾ ਰਸਤਾ ਸਾਹਮਣੇ ਹੁਣ ਰਹਿ ਗਿਆ। ਚੂੰਡਿਆ ਕਿਰਸਾਨ ਨੂੰ ਹਰ ਪਾਰਟੀ ਨੇ, ਜਦ ਕਿ ਹੁਣ, ਬਣ ਹਮਾਇਤੀ ਕਰ ਰਹੀ ਹਰ ਪਾਰਟੀ ਉੱਲੂ ਸਿੱਧਾ। ਹੁਣ ਕਿਸਾਨਾਂ ਦੀ ਗ਼ਰੀਬੀ ਤੇ ਸਿਆਸਤ ਹੋ ਰਹੀ, ਰਹਿ ਗਿਆ ਸੀ 'ਨੀਰ' ਬਾਕੀ ਇਹ ਹੀ ਮੰਜ਼ਰ ਦੇਖਣਾ।

ਦਰਦ ਕਿਸਾਨੀ ਦੇ-ਪ੍ਰਤਾਪ"ਪਾਰਸ" ਗੁਰਦਾਸਪੁਰੀ

ਕੀਕਣ ਧੌਲੇ ਆ ਜਾਂਦੇ ਨੇ, ਸਾਨੂੰ ਵਿਚ ਜਵਾਨੀ ਦੇ।ਕਾਸ਼! ਕਿਤੇ ਤੁੰ ਜਾਣੇ ਦਿੱਲੀਏ, ਸਾਡੇ ਦਰਦ ਕਿਸਾਨੀ ਦੇ। ਪੋਤੜਿਆਂ 'ਚੋਂ ਮਿਲਦੇ ਕਰਜ਼ੇ, ਵਿਹੜਿਓਂ ਮਿਲੇ ਗ਼ਰੀਬੀ, ਜੱਟਾਂ ਦਾ ਨਾ ਸ਼ਾਹਾਂ ਬਾਝੋਂ, ਵੇਖਿਆ ਹੋਰ ਕਰੀਬੀ। ਕੋਈ ਨਾ ਵਾਲੀ ਬਣਦਾ, ਸਾਡੀ ਫ਼ਸਲ ਗਈ ਨੁਕਸਾਨੀ ਦੇ-- ਕਾਸ਼! ਕਿਤੇ ਤੁੰ ਜਾਣੇ ਦਿੱਲੀਏ, ਸਾਡੇ ਦਰਦ ਕਿਸਾਨੀ ਦੇ। ਸਾਰੇ ਮੈਨੂੰ ਲੁੱਟਣ ਵਾਲੇ, ਮੈਂ ਜੱਟ ਭੋਲਾ - ਭਾਲਾ। ਤਨ ਦੇ ਕੱਪੜੇ ਬੇਸ਼ੱਕ ਮੈਲੇ, ਪਰ ਨਾ। ਦਿਲ ਦਾ ਕਾਲਾ। ਵਾਰ ਤੇਰੇ ਮੈਂ ਜਰਦਾ ਆਇਆਂ, ਸਾਰੇ ਹੀ ਮਨਮਾਨੀ ਦੇ। ਕਾਸ਼! ਕਿਤੇ ਤੁੰ ਜਾਣੇ ਦਿੱਲੀਏ, ਸਾਡੇ ਦਰਦ ਕਿਸਾਨੀ ਦੇ। ਹੱਕ ਮੰਗਾਂ ਤੇ ਕਹੇਂ ਬਗ਼ਾਵਤ, ਚੁੱਪ ਰਹਿਜਾਂ ਤਾਂ ਬੁੱਧੂ ਮੈਨੂੰ ਮੱਤਾਂ ਦਿੰਦੇ ਦਿੱਲੀਏ, ਤੇਰੇ ਤਖ਼ਤ ਦੇ ਘੁੱਦੂ। ਅਕਲੋਂ ਅੰਨ੍ਹੇ ਦੱਸਣ ਲੱਗੇ, ਗੁਰ ਇਹ ਲਾਭ ਤੇ ਹਾਨੀ ਦੇ। ਕਾਸ਼! ਕਿਤੇ ਤੁੰ ਜਾਣੇ ਦਿੱਲੀਏ, ਸਾਡੇ ਦਰਦ ਕਿਸਾਨੀ ਦੇ। ਹਰ ਥਾਂ'ਤੇ ਵਡਿਆ ਦਿੰਦੇ ਨੇ, ਕਹਿ ਮੈਨੂੰ ਅੰਨਦਾਤਾ। ਨਾ ਖੀਸੇ, ਨਾ ਵਿਚ ਭੜੋਲੇ, ਜ਼ੀਰੋ ਮੇਰਾ ਖਾਤਾ। "ਪਾਰਸ"ਪੱਲੇ ਨੇ ਸਪਰੇਆਂ ਆਖਰ ਅੰਨ ਦੇ ਦਾਨੀ ਦੇ। ਕਾਸ਼! ਕਿਤੇ ਤੁੰ ਜਾਣੇ ਦਿੱਲੀਏ, ਸਾਡੇ ਦਰਦ ਕਿਸਾਨੀ ਦੇ।

ਗੀਤ-ਤੇਰੀ ਹਿੱਕ 'ਤੇ ਕਿਸਾਨਾਂ ਝੰਡੇ ਗੱਡੇ ਦਿੱਲੀਏ-ਪ੍ਰਤਾਪ"ਪਾਰਸ" ਗੁਰਦਾਸਪੁਰੀ

ਸਾਡੀ ਚੁੱਪ ਨੂੰ ਤੂੰ ਕਿਤੇ ਕਮਜ਼ੋਰੀ ਨਾ ਕਹੀਂ, ਐਂਵੇ ਦਿੱਲੀਏ ਕਿਸੇ ਨਾ ਕੋਈ ਵਹਿਮ'ਚ ਰਹੀਂ, ਤੇਰੇ ਪਹਿਲਾਂ ਵੀ ਭੁਲੇਖੇ ਅਸਾਂ ਕੱਢੇ ਦਿੱਲੀਏ-- ਨੀ ਤੇਰੀ ਹਿੱਕ'ਤੇ,ਤੇਰੀ ਹਿੱਕ'ਤੇ ਕਿਸਾਨਾਂ ਝੰਡੇ ਗੱਡੇ ਦਿੱਲੀਏ ਸਾਡੇ ਸਿੱਦਕ-ਭਰੋਸਿਆਂ ਨੂੰ ਨਾ ਨੀ ਅਜਮਾਵੀਂ, ਅੱਖਾਂ ਕੱਢ ਕੇ ਤੂੰ ਜਾਹ ਨੀ ਕਿਸੇ ਹੋਰ ਨੂੰ ਡਰਾਵੀਂ, ਸਿਰ ਵਾਰਤੇ ਕਦੇ ਨਾ ਪੱਲੇ ਅੱਡੇ ਦਿੱਲੀਏ-- ਨੀ ਤੇਰੀ ਹਿੱਕ'ਤੇ,ਤੇਰੀ --- ਅਸੀਂ ਛੋਟੀ-ਮੋਟੀ ਗੱਲ ਨੂੰ ਨਾ ਦਿਲ 'ਤੇ ਨੀ ਲਾਇਆ, ਨੀ ਚਾਬਲੀ ਹੋਈ ਨੇ ਹੱਥ ਅਣਖਾਂ ਨੂੰ ਪਾਇਆ, ਲਾ ਕੇ ਮੋਰਚੇ ਅਸਾਂ ਨਾ ਕਦੇ ਛੱਡੇ ਦਿੱਲੀਏ-- ਨੀ ਤੇਰੀ ਹਿੱਕ'ਤੇ,ਤੇਰੀ --- ਸਾਡੇ ਨਾਮ ਦੀਆਂ ਦੇਣ ਕੰਧਾਂ ਤੇਰੀਆਂ ਗਵਾਹੀਆਂ, ਸਾਡੇ ਬਾਬਿਆਂ ਤੇ ਦਾਦਿਆਂ ਸ਼ਹੀਦੀਆਂ ਜੋ ਪਾਈਆਂ, ਰੱਸੇ ਮੁੱਢ ਤੋਂ ਗੁਲਾਮੀ ਵਾਲੇ ਵੱਡੇ ਦਿੱਲੀਏ-- ਨੀ ਤੇਰੀ ਹਿੱਕ'ਤੇ,ਤੇਰੀ --- ਅਸੀਂ ਖ਼ੁਦ ਵਿਚ ਪੈ ਕੇ ਲੱਖਾਂ ਫ਼ੈਸਲੇ ਕਰਾਈਏ, ਅਸੀਂ ਡਰਦੇ ਨਾ ਹਾਕਮੇਂ ਨਾ ਕਿਸੇ ਨੂੰ ਡਰਾਈਏ, ਦਿਲ ਵੱਡੇ ਤੇ ਨਿਸ਼ਾਨੇ ਵੀ ਆ ਵੱਡੇ ਦਿੱਲੀਏ-- ਨੀ ਤੇਰੀ ਹਿੱਕ'ਤੇ,ਤੇਰੀ --- ਸਾਨੂੰ ਆਉਂਦਾ ਏ ਮਿਨਾਰ ਇਹ ਹੰਕਾਰ ਵਾਲਾ ਢਾਹੁਣਾ, ਸਾਨੂੰ ਪਿਆਰ ਤੋਂ ਬਿਨ੍ਹਾਂ ਵੀ ਕੰਮ ਆਉਂਦਾ ਏ ਕਰਾਉਣਾ, ਕਹਿੰਦਾ "ਪਾਰਸ" ਲੱਖਾਂ ਲੈ ਪੁੱਟ ਖੱਡੇ ਦਿੱਲੀਏ-- ਨੀ ਤੇਰੀ ਹਿੱਕ'ਤੇ,ਤੇਰੀ ਹਿੱਕ'ਤੇ ਕਿਸਾਨਾਂ ਝੰਡੇ ਗੱਡੇ ਦਿੱਲੀਏ

ਬਾਜ ਦੀ ਚੁੰਝ-ਬਲਦੇਵ ਬਾਵਾ

(ਜ਼ੁਲਮ ਦਾ ਸ਼ਿਕਾਰ ਹੁੰਦੀਆਂ ਔਰਤਾਂ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਸਮਰਪਿਤ) ਬਾਜ ਦੀ ਚੁੰਝ, ਸੱਪ ਦੀ ਦੁਸਾਂਘੀ ਜੀਭ ਨੂੰ ਲੰਗਾਰਦੀ ਤੇ ਮੁੱਢੋਂ ਖਿੱਚ ਤੋੜਦੀ, ਕਲਮ ਦੀ ਨੋਕ, ਕਿਲਿ੍ਹਆਂ ਦੀਆਂ ਨੀਂਹਾਂ ਮਘੋਰਦੀ ਤੇ ਕਾਲ਼ੇ ਪਾਣੀਆਂ ’ਚ ਰੋੜ੍ਹਦੀ। ਲੁੱਚਿਆਂ ਨੇ ਰੱਬ ਡਰਾ ਲਿਆ, ਸੁੱਚੇ ਜੂਠੇ ਕਰ ਕਰ ਛੱਡ ਦਿੱਤੇ, ਦੈਂਤ ਗਲ਼ੀਆਂ ’ਚ ਵਾੜ ਦਿੱਤੇ, ਦੇਵਤੇ ਜਿਉਂਦੇ ਹੀ ਦੱਬ ਦਿੱਤੇ, ਦਿਨ ਤਾਂ ਰਾਜ-ਕਸਾਈ, ਬੁੱਕਲ਼ ਵਿੱਚ ਛੁਰੀ ਲਈ ਫਿਰਦਾ, ਰਾਤ ਮੁਖ਼ਬਰੀ ਲਈ ਪੈਗ਼ੰਬਰੀ ਚਾਦਰ ਓੜਦੀ। ਸ਼ੇਰ ਦੀਆਂ ਅੱਖਾਂ ’ਚ ਖ਼ੌਫ, ਦਰਿਆਵਾਂ ਪਿੰਡੇ ਲਾਸਾਂ ਉੱਭਰੀਆਂ, ਧੁੱਪ ਮੱਥੇ ਰੋੜ ਨੀਲਾ ਤੇ ਹਵਾਵਾਂ ਬੇੜੀਆਂ ਵਿੱਚ ਜਕੜੀਆਂ, ਬਾਗੀਂ ਛਿੜ ਜਾਣੇ ਬੁੱਲਿਆਂ ਤੇ ਸੁਗੰਧੀਆਂ ਦੇ ਤਕਰਾਰ, ਦੇਖ ਲੈਣਾ ਫੁੱਲਾਂ ’ਚੋਂ ਤ੍ਰੇਲ ਰੰਗ ਨਚੋੜਦੀ। ਸੀਲ ਢੱਗਿਆਂ ਵਾਂਗ ਟਾਂਗਰ ਚੱਬ, ਜਿਨ੍ਹਾਂ ਤੁਹਾਡਾ ਭਾਰ ਢੋਹਿਆ, ਤੁਸੀਂ, ਉਨ੍ਹਾਂ ਨੂੰ ਜਾਗਦਿਆਂ ਹੀ ਨਹੀਂ, ਨੀਂਦਾਂ ਵਿਚ ਵੀ ਕੋਹਿਆ, ਭਵਨਾਂ ਅੰਦਰ ਬਿਰਾਜਮਾਨ ਲੱਕੜਬੱਗਿਆਂ ਦੇ ਹਜੂਮ, ਬਾਹਰ ਦਹਿਸ਼ਤ ਦੀ ਸੁੰਨ, ਫ਼ਰਿਆਦੀ ਰੂਹ ਨੂੰ ਝੰਜੋੜਦੀ। ਟੀਰੇ ਸੱਪ, ਅਜ਼ਾਦੀ ਦੀ ਮਰੀ ਹੋਈ ਲਿਸ਼ਕ ਵਾਲੀ ਨਾਗਿਨ ਨੂੰ ਲਾਡ ਕਰਦੇ, ਉਹਦੇ ਠਰੇ ਹੋਏ ਸਾਹਵਾਂ ਨਾਲ਼ ਉੱਭਰਦੀ ਹਿੱਕ ਤੇ ਕਾਗ਼ਜ਼ ਦੇ ਫੁੱਲ ਧਰਦੇ, ਦੰਭ ਦੁੱਧ ਨਾਲ਼ ਧੋਈ ਜਾਂਦਾ ਸ਼ਹੀਦਾਂ ਦੇ ਸਮਾਧ, ਆਕੜ ਅਤਰ ਦੀਆਂ ਡਰੰਮੀਆਂ ਨਾਲ਼ੀਆਂ ’ਚ ਡੋਲ੍ਹਦੀ। ਇਹ ਜੁੱਗਾਂ ਜੁਗਾਂਤਰਾਂ ਦਾ ਸਤਾਇਆ ਤੇ ਚਰੂੰਡਿਆ ਹੋਇਆ ਜੀਵ, ਕਿਰਤ-ਛੁਰੀ ਨਾ’ ਆਪਣਾ ਪੇਟ ਕੱਟਦਾ, ਇਹਦਾ ਕੋ ਨਾ ਦਸਤਗੀਰ, ਏਹ ਢਲ਼ਿਆ ਲੋਹਾ ਪੀਣੇ, ਏਹ ਕਾਠ ਚੱਬਣੇ ਦੀ ਮੁੱਠੀ ਹੀ ਅੰਤ ਸੁਨਹਿਰੀ ਗੁੰਬਦਾਂ ਨੂੰ ਭੋਰਦੀ। ਬਾਜ ਦੀ ਚੁੰਝ, ਸੱਪ ਦੀ ਦੁਸਾਂਘੀ ਜੀਭ ਨੂੰ ਲੰਗਾਰਦੀ ਤੇ ਮੁੱਢੋਂ ਖਿੱਚ ਤੋੜਦੀ, ਕਲਮ ਦੀ ਨੋਕ, ਕਿਲਿ੍ਹਆਂ ਦੀਆਂ ਨੀਂਹਾਂ ਮਘੋਰਦੀ ਤੇ ਕਾਲ਼ੇ ਪਾਣੀਆਂ ’ਚ ਰੋੜ੍ਹਦੀ।

ਮਸ਼ਾਲਾਂ ਵਾਂਗ ਜਗਦੀਓ ਕੁੜੀਓ-ਸੁਰਜੀਤ

ਮਸ਼ਾਲਾਂ ਵਾਂਗ ਜਗਦੀਓ ਕੁੜੀਓ ਗਰਾਊਂਡ ਜ਼ੀਰੋ ਤੇ ਮਸ਼ਾਲਾਂ ਵਾਂਗ ਜਗਦੀਓ ਕੁੜੀਓ ਮੋਰਚਿਆਂ ਤੇ ਬੈਠੀਓ ਨੌਜਵਾਨ ਬੱਚੀਓ ਸਿਜਦਾ ਹੈ ਤੁਹਾਡੇ ਸੰਘਰਸ਼ ਨੂੰ ਤੁਹਾਡੇ ਹੌਸਲੇ ਨੂੰ ਤੁਹਾਡੀ ਸੋਚ ਨੂੰ, ਤੁਸੀਂ ਜੋ ਕਦੇ ਬਾਹਰ ਨਿਕਲਣ ਤੋਂ ਡਰਦੀਆਂ ਸਓ ਲੁਕ ਲੁਕ ਅੰਦਰ ਰਹਿੰਦੀਆਂ ਸਓ ਅੱਜ ਧਰਨਿਆਂ ਤੇ ਆਣ ਬੈਠੀਆਂ ਓ ਅੰਦੋਲਨਕਾਰੀਆਂ ਬਰਾਬਰ ਆ ਖੜੀਆਂ ਹੋ ਮੀਲਾਂ ਤੱਕ ਫੈਲੇ ਲੋਕ-ਇਕੱਠ ‘ਚ ਨਿਧੜਕ ਫਿਰਦੀਆਂ ਓ! ਖੁੱਲ੍ਹੇ ਅੰਬਰ ਹੇਠਾਂ ਹਨੇਰਿਆਂ ਨਾਲ ਗੁਫ਼ਤਗੂ ਕਰਦਿਆਂ ਠੰਡੀਆਂ ਰਾਤਾਂ ‘ਚ ਨਾਅਰੇ ਮਾਰਦਿਆਂ ਤੁਹਾਨੂੰ ਜਾਬਰਾਂ ਤੋਂ ਡਰ ਨਹੀਂ ਲੱਗਦਾ? ਝੱਟ ਬੋਲ ਪਈ ਉਹ ਵੀਰਾਂਗਣਾਂ ਧੀ ਹਾਂ ਕਿਸਾਨ ਦੀ ਮਿੱਟੀ ‘ਚੋਂ ਗੁੱਧੀ ਹਾਂ ਤੱਤੇ ਠੰਡੇ ਮੌਸਮਾਂ ‘ਚ ਰਿੱਧੀ ਹਾਂ! ਗਿਆਨ ਦੀ ਲੋਅ ਦਿੱਤੀ ਹੈ ਜਿਸਨੇ ਆਪਣੇ ਉਸ ਬਾਬਲ ਦੇ ਮੱਥੇ ਦੀ ਹਰ ਸੋਚ ਨੂੰ ਜਾਣਦੀ ਹਾਂ ਉਹ ਜਾਨ ਵਾਰ ਸਕਦੈ ਪਰ ਆਪਣੇ ਖੇਤ ਨਹੀਂ, ਉਹਦੇ ਹੱਕਾਂ ਦੀ ਰਾਖੀ ਲਈ ਮੈਂ ਉਸਦੀ ਧੀ ਉਸਦੇ ਨਾਲ ਆਣ ਖੜੀ ਹਾਂ! ਡਰ ਨਹੀਂ ਹੁਣ ਮੌਕਾ ਮਿਲਿਐ ਸਾਨੂੰ ਖੁਦ ਨੂੰ ਸਾਬਤ ਕਰਨ ਦਾ ਆਪਣੇ ਹਿੱਸੇ ਦੀ ਜੰਗ ਆਪ ਲੜਣ ਦਾ ਇਹ ਲਹਿਰ ਹੈ ਸਾਡੀ ਪਹਿਚਾਣ ਬਣੀ ਲਿਖੀ ਜਾਏਗੀ ਇਕ ਤਵਾਰੀਖ ਨਵੀਂਕਿ ਘਰਾਂ ‘ਚੋਂ ਨਿੱਕਲ ਕੁੜੀਆਂ ਨਿਧੜਕ ਹੋ ਕਿਸਾਨੀ ਮੋਰਚਿਆਂ ‘ਚ ਸਨ ਜਾ ਰਲੀਆਂ! ਵਕਤ ਦੀ ਨਬਜ਼ ਪਛਾਣਦੀ ਹਾਂ ਆਪਣੇ ਹੱਕਾਂ ਲਈ ਸਿਰ ਧੜ ਦੀ ਬਾਜ਼ੀ ਲਾਉਣਾ ਜਾਣਦੀ ਹਾਂ! ਇਹ ਕੀ ਡਰਾਣਉਗੇ ਖੇਤਾਂ ਦੇ ਰਾਖਿਆਂ ਨੂੰ ਜਿਨ੍ਹਾਂ ਤਾਰਿਆਂ ਦੀ ਛਾਵੇਂ ਆਪਣੀਆਂ ਰਾਤਾਂ ਬਿਤਾਈਆਂ ਨੇ ਜਿਨ੍ਹਾਂ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਲੋਕਾਈ ਲਈ ਫਸਲਾਂ ਉਗਾਈਆਂ ਨੇ! ਮੈਂ ਉਸੇ ਅੰਨਦਾਤੇ ਦੀ ਧੀ ਹਾਂ ਅੱਜ ਉਸਦੇ ਨਾਲ ਆ ਖੜੀ ਹਾਂ! ਇਹ ਤਾਨਾਸ਼ਾਹ ਉਸਦੇ ਸਬਰ ਦੀ ਅਜਮਾਇਸ਼ ਨਾ ਕਰਣ ਇਹ ਮੁਨਾਫਾਖੋਰ ਸਾਡੇ ਹੱਕ ਸਾਨੂੰ ਵਾਪਸ ਕਰਣ! ਗਰਾਊਂਡ ਜ਼ੀਰੋ ਤੇ ਮਸ਼ਾਲਾਂ ਵਾਂਗ ਜਗਦੀਓ ਕੁੜੀਓ ਮੋਰਚੇ ਤੇ ਬੈਠੀਓ ਨੌਜਵਾਨ ਬੱਚੀਓ ਸਿਜਦਾ ਹੈ ਤੁਹਾਡੇ ਬੁਲੰਦ ਹੌਸਲਿਆਂ ਨੂੰ ਤੁਸੀਂ ਜੋ ਕਦੇ ਬਾਹਰ ਨਿਕਲਣ ਤੋਂ ਡਰਦੀਆਂ ਸਓ ਅੱਜ ਧਰਨਿਆਂ ਤੇ ਆਣ ਬੈਠੀਆਂ ਓ ਹਮੇਸ਼ਾ ਇਵੇਂ ਹੀ ਨਿਧੜਕ ਫਿਰਦੀਆਂ ਰਹਿਓ! ਸ਼ੇਰਨੀਆਂ ਵਾਂਗ ਗੱਜਦੀਆਂ ਰਹਿਓ!

ਜਿੰਦੇ ਮੇਰੀਏ-ਸੁਰਜੀਤ

1. ਕਹੀ ਲੈ ਕੇ ਨੱਕੇ ਮੈਂ ਮੋੜਾਂ ਬਾਪੂ ਮੇਰਾ ਬੈਠਾ ਮੋਰਚੇ 2. ਬਾਪੂ ਤੁਰ ਗਿਆ ਜਦੋਂ ਦਾ ਦਿੱਲੀ ਬੇਬੇ ਓਹਦੀ ਪੱਗ ਬੰਨ੍ਹ ਲਈ 3. ਸਿਰ ਕੱਫਣ ਸੁਰਜੀਤ ਲਲਕਾਰੇ ਉਠੋ ਭੈਣੋਂ ਦਿੱਲੀ ਚੱਲੀਏ 4. ਬੈਠੀ ਮੋਰਚੇ ਬਰਾਬਰ ਤੇਰੇ ਹੁਣ ਮੈਂਨੂੰ ਚਿੜੀ ਨਾ ਕਹੀਂ 5. ਜਿੰਦ ਮੁਕ ਜਏ ਜੇ ਮੋਰਚੇ ਮੇਰੀ ਸੁਰਗਾਂ ਨੂੰ ਰੂਹ ਜਾਊਗੀ 6 ਕਾਮੇ ਪਹਿਲਾਂ ਹੀ ਗਰੀਬ ਬਥੇਰੇ ਓ ਹਾਕਮਾ ਬੇਘਰੇ ਨਾ ਕਰੀਂ 7. ਅਸਾਂ ਕਰਨੀ ਜ਼ਮੀਨ ਦੀ ਰਾਖੀ ਵੈਰੀਆ ਤੂੰ ਅੱਖ ਨਾ ਧਰੀਂ 8 ਅਸਾਂ ਜਾਬਰਾਂ ਦੀ ਧੌਂਸ ਨਾ ਸਹਿਣੀ ਚੱਲ ਦੋਵੇਂ ਦਿੱਲੀ ਚੱਲੀਏ 9 ਕਿੰਨੇ ਮਰ ਗਏ ਨੇ ਦਾਅਵੇ ਕਰਦੇ ਹੈਂਕੜ ਤੇਰੀ ਲਹਿ ਜਾਣੀ 10 ਲੋਕਾਂ ਚੁਣਿਆ ਹਿਤਾਂ ਲਈ ਤੈਨੂੰ ਜਾਲਮਾਂ ਤੂੰ ਸਾਡੇ ਹੱਕ ਖਾ ਗਿਆ

ਅੰਨ੍ਹਿਆਂ ਦੇ ਪੈਰ ਥੱਲੇ ਆ ਗਿਆ ਬਟੇਰਾ-ਸੁਖਵਿੰਦਰ ਸਿੰਘ ਰਟੌਲ

ਅੰਨ੍ਹਿਆਂ ਦੇ ਪੈਰ ਥੱਲੇ ਆ ਗਿਆ ਬਟੇਰਾ, ਟੋਲਾ ਅੰਨ੍ਹਿਆਂ ਤੇ ਬੋਲ਼ਿਆਂ ਦਾ ਬਣਿਆ ਸ਼ਿਕਾਰੀ ਐ। ਅਕਲਾਂ ਤੋਂ ਖਾਲੀ ਨਾਲੇ ਸ਼ਕਲਾਂ ਤੋਂ ਚੋਰ, ਉੱਤੋਂ ਕੁਰਸੀ ਨੇ ਹੋਰ, ਮੱਤ ਮੂਰਖਾਂ ਦੀ ਮਾਰੀ ਐ। ਰਲ ਕੇ ਅਡਾਨੀਆਂ ਅੰਬਾਨੀਆਂ ਦੇ ਨਾਲ, ਅੰਨਦਾਤਿਆਂ ਦੇ ਹੱਕਾਂ ਉੱਤੇ ਫੇਰ ਦਿਤੀ ਆਰੀ ਐ। ਗਿੱਝੇ ਗਿੱਝੇ ਮੋਦੀ ਹੋਰਾਂ, ਸੁੱਤੇ ਸ਼ੇਰ 'ਠਾਲ ਦਿਤੇ, ਤੁਰ ਪਏ ਕਿਸਾਨ ਸਾਰੇ ਕਰ ਕੇ ਤਿਆਰੀ ਐ। ਪੜ੍ਹੇ ਲਿਖੇ ਸੂਝਵਾਨ, ਦੇਸ ਦੇ ਕਿਸਾਨ, ਮ੍ਹੀਨੇ ਛੇਆਂ ਦਾ ਸਮਾਨ ਲੈ ਲੜਾਈ ਵਿਚ ਜੁਟੇ ਨੇ। ਮਾਝੇ ਆਲ਼ੇ ਭਾਊ ਹਰਿਆਣੇ ਵਾਲੇ ਤਾਊ , ਬਾਊ ਯੂਪੀ ਵਾਲੇ ਉੱਠ ਪਏ ਰਿਕਾਡ ਸਾਰੇ ਟੁਟੇ ਨੇ। ਮਾਲਵੇ ਦੇ ਬਾਈ,ਭਾਈ ਵੀਰ ਜੋ ਪੁਆਧੀਏ ਦੁਆਬੀਆਂ ਨੇ ਆਣ ਦਿਲ ਦੁਨੀਆਂ ਦੇ ਲੁੱਟੇ ਨੇ। ਖੁੱਟਰ ਖਟਾਰਾ ਬੁੜ੍ਹਾ ਊਈਂ ਟੰਗ ੜਾਈ ਜਾਂਦਾ, ਬੈਰੀਅਰ ਲਾਕੇ ਸਾਰੇ ਰਾਹ ਈ ਪੁੱਟ ਸੁੱਟੇ ਨੇ। ਜੱਟ ਕਿਹੜਾ ਘੱਟ ਵੱਟ ਸ਼ੂਟ ਤੁਰੇ ਦਿੱਲੀ ਵੱਲ, ਰੁਕਦੇ ਨਾ ਚਾਹੇ ਕੋਈ ਪਹਾੜ ਰਾਹ ਚ ਧਰ ਲਉ। ਸ਼ੰਭੂ ਤੇ ਖਨੌਰੀ, ਪਾਨੀਪਤ ਕਰਨਾਲ ਟੱਪੇ, ਬਣ ਬੈਠੇ ਲਾੜੇ ਕਹਿੰਦੇ ਅੱਜ ਦਿੱਲੀ ਵਰ ਲਉ। ਖੁੱਟਰ ਵਿਚਾਰਾ ਜਿਹਾ ਮੂੰਹ ਲੈਕੇ ਮੋਦੀ ਤਾਈਂ ਆਖੇ ਕੋਈ ਬੁੜੇ ਦੀ ਵੀ ਗੱਲ ਸੁਣ ਮਰ ਲਉ। ਇਨ੍ਹਾਂ ਨਹੀਂਉਂ ਰੁਕਣਾ ਓਇ ਇਨ੍ਹਾਂ ਨਹੀਂਉਂ ਰੁਕਣਾ, ਦਿਲੀ ਕਿਤੇ ਉਰਾਂ ਪਰ੍ਹਾਂ ਹੁੰਦੀ ਆ ਤੇ ਕਰ ਲਉ ਦੇਸ ਦੇ ਵਪਾਰੀ, ਵਿਦਿਆਰਥੀ, ਵਕੀਲ ਸਾਰੇ, ਮਾਲਕ ਟਰੱਕਾਂ ਵਾਲੇ ਨਾਲ ਆ ਕਿਸਾਨਾਂ ਦੇ। ਮਿਹਨਤ ਮਜ਼ੂਰੀ ਵਾਲੇ, ਹੱਟੀਆਂ ਦੇ ਲਾਲੇ, ਜਿਹੜੇ ਟੈਕਸਾਂ ਨੇ ਖਾਲੇ, ਸਾਰੇ ਨਾਲ ਨੌਜਵਾਨਾਂ ਦੇ। ਗੀਤ ਤੇ ਸੰਗੀਤ ਵਾਲੇ, ਖੇਤਾਂ ਦੀ ਪ੍ਰੀਤ ਵਾਲੇ, ਹੱਕ ਵਿਚ ਬੋਲ ਸੁਣੇ ਫੌਜ ਦੇ ਜਵਾਨਾਂ ਦੇ। ਇੱਕੋ ਹੀ ਅਵਾਜ਼ ਹੈ ਗੁਲਾਮ ਨਹੀਂ ਹੋਣਾ ਅਸੀਂ ਰਾਜੇ ਦਿਆਂ ਯਾਰਾਂ ਪੂੰਜੀ ਪਤੀਆਂ ਸ਼ੈਤਾਨਾਂ ਦੇ। ਖੇਡ ਦੇ ਖਿਡਾਰੀ ਰਾਜਸਥਾਨੀ ਤੇ ਬਿਹਾਰੀ ਬਾਬੂ, ਆਂਧਰਾ ਕੇ ਅੰਨਾ ਭਾਈ ਮਧ ਪਰਦੇਸ ਦੇ। ਦਿੱਲੀ ਦੇ ਦੁਆਲੇ ਘੇਰਾ ਪਾਉਣ ਲਈ ਕਿਸਾਨ ਅਜ, ਚਲ ਚਲ ਆ ਰਹੇ ਨੇ ਵਿੱਚੋਂ ਪੂਰੇ ਦੇਸ ਦੇ। ਕਰਨੇ ਹਿਸਾਬ ਅਤੇ ਲੈਣੇ ਨੇ ਜਵਾਬ ਸਾਰੇ, ਅੱਜ ਦਿਲ ਉੱਤੇ ਲਗੀ ਹੋਈ ਭਾਰੀ ਠੇਸ ਦੇ। ਓਸਦਾ ਸਿਆਪਾ ਹੋਜੇ, ਕਾਰੂੰ ਜੋ ਰਜਾਉਣ ਲੱਗਾ, ਪੂਰੇ ਨਹੀਂ ਜੇ ਹੋਣੇ ਮਨਸੂਬੇ ਕਦੀ ਏਸ ਦੇ। ਨੋਟਬੰਦੀ, ਈ ਵੀ ਐੱਮ ਕਾਲਾ ਧਨ ਅੱਛੇ ਦਿਨ, ਜੁਮਲਿਆਂ ਇਹਦਿਆਂ ਨੇ ਕੀਤਾ ਬੜਾ ਤੰਗ ਆ। ਜੁੰਡਲੀ ਦੇ ਯਾਰ ਇਹਦੇ ਬਣੇ ਕਾਰੂੰ ਬਾਦਸ਼ਾਹ ਤੇ, ਬਾਕੀਆਂ ਦੇ ਘਰਾਂ ਵਿਚ ਰੋਟੀ ਡੰਗੋ ਡੰਗ ਆ। ਇੱਕ ਦੋ ਕਲੰਕੀਆਂ ਦੇ ਪਿਛੇ ਲੱਗ ਮੂਰਖਾਂ ਨੇ, ਪੂਰਾ ਦੇਸ ਦਿਤਾ ਅੱਜ ਸੂਲੀ ਉੱਤੇ ਟੰਗ ਆ। ਆਹ ਲੈ ਫਿਰ ਵੇਖ ਤੂ ਨਜ਼ਾਰਾ ਹੁਣ ਪਹੁੰਚ ਚੁੱਕੇ, ਖਾਲਸੇ ਭੁਜੰਗ ਸਿੰਘ ਸੂਰਮੇ ਨਿਹੰਗ ਆ। ਤਕੜੇ ਜਵਾਨੋ ਹੋਜੋ, ਹਿਕ ਡਾਹ ਖਲੋਜੋ, ਬੰਦਾ ਮਰ ਜਾਵੇ ਸੱਚ ਲਈ ਉਹ ਕਦੇ ਵੀ ਨਹੀਂ ਮਰਦਾ। ਮਰਦਾ ਹੈ ਰੋਜ਼ ਰੋਜ਼ ਬਣਕੇ ਜਿਊਂਦੀ ਲਾਸ਼, ਮਰਨੋ ਮਰਦ ਜਿਹੜਾ ਮਿਤਰੋ ਹੈ ਡਰਦਾ। ਰਾਜਿਆਂ ਦੇ ਰਾਜ ਲੱਖਾਂ ਹੁੰਦੇ ਆ ਫਨਾਹ ਵੇਖੇ, ਦੁਨੀਆਂ ਦਾ ਜੇਤੂ ਵੀ ਅਖੀਰ ਵਿਚ ਹਰਦਾ। ਤਿਣਕੇ ਸਮਾਨ ਹੈ ਇਹ ਹਾਕਮਾਂ ਦੀ ਜੁੰਡਲੀ, ਤੇ ਹੋਣਾ ਓਹੀ ਵੇਖਿਓ ਜੋ ਸੱਚਾ ਸਾਹਿਬ ਕਰਦਾ। ਹੋਣਾ ਓਹੀ ਵੇਖਿਓ ਜੋ ਬਾਜਾਂ ਵਾਲਾ ਕਰਦਾ।

ਕਿਸਾਨ ਦਿਹਾੜਾ-ਨਵਦੀਪ ਕੌਰ

ਕਿਸਾਨ ਖੇਤਾਂ ਚ ਹਲ ਚਲਾਉਂਦਾ ਹੈ ਤਾਂ ਕੁਦਰਤ ਹੱਸਦੀ ਹੈ ਮਿੱਟੀ ਦੀ ਕੁੱਖ ਵੱਸਦੀ ਹੈ ਬੀਜ ਜ਼ਿੰਦਗੀ ਦੇ ਅਰਥਾਂ ਚ ਅਨੁਵਾਦ ਹੁੰਦਾ ਕਿਸਾਨ ਫਸਲਾਂ ਨੂੰ ਪਾਣੀ ਲਾਉਂਦਾ ਤਾਂ ਨਸਲਾਂ ਦੇ ਨਕਸ਼ ਮਹਿਫ਼ੂਜ਼ ਰਹਿੰਦੇ ਨੇ ਪਾਣੀ ਦੀ ਪਵਿੱਤਰਤਾ ਫ਼ਸਲਾਂ ਰੁੱਖਾਂ ਵੇਲਾਂ 'ਚ ਬੂਟਿਆਂ ਚ ਹੱਸਦੀ ਕਿਸਾਨ ਰੱਬ ਦੇਵੀ ਦੇਵਤਾ ਵੀ ਦਾਤੀਆਂ ਤੋਂ ਬਚਾਉਂਦਾ ਦਿੰਦਾ ਹੈ ਦਾਤ ਮਾਨਵਤਾ ਨੂੰ ਕਿਸਾਨ ਕੁਡ਼ੀਆਂ ਚਿਡ਼ੀਆਂ ਗਰੀਬਾਂ ਪਸ਼ੂ ਪੰਛੀਆਂ ਦਾ ਆਪਣੇ ਬੀਜ ਚੋਂ ਦਿੰਦਾ ਹੈ ਛੱਟਾ ਤੇ ਆਪ ਦਾਣਾ ਹੋ ਕੇ ਵੀ ਦਾਤਾ ਕਦੇ ਅੰਨਦਾਤਾ ਹੋਣ ਦਾ ਦਾਅਵੇਦਾਰ ਨਾ ਕਹਾਵੇ ਅੱਜ ਲੋੜ ਹੈ ਉਠ ਓਏ ਕਿਸਾਨਾਂ ਕਿਰਤੀਆਂ ਚੜ੍ਹ ਜਾ ਮਣ੍ਹੇ ਉੱਤੇ ਤੇ ਆਖ ਗੋਪੀਆ ਸੰਭਾਲ ਘੁੱਕਰਾ ਚੁੱਗ ਜਾਣ ਨਾ ਵਲੈਤੀ ਚੁੰਜਾਂ ਵਾਲੇ... (ਰੀਸਰਚ ਸਕਾਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ)

ਮੈਂ ਭਾਈ ਲਾਲੋ ਕਿਆਂ 'ਚੋਂ ਹਾਂ-ਰਣਜੀਤ ਸਰਾਂਵਾਲੀ

ਕਿੱਥੇ ਰੋਟੀ ਕਿੱਥੇ ਉਸ ਵਿੱਚ ਦੁੱਧ ਦੀਆਂ ਹੁਣ ਧਾਰਾਂ ਅੱਕਿਆ ਉਕਤਾਇਆ ਅੱਜ ਫਿਰ ਨਾਨਕ ਨੂੰ 'ਵਾਜ਼ਾਂ ਮਾਰਾਂ ਮੈਂ ਭਾਈ ਲਾਲੋ ਕਿਆਂ 'ਚੋਂ ਹਾਂ ਅੱਡਾ ਮੇਰਾ ਸੜਕ ਕਿਨਾਰੇ ਕੌਣ ਗੰਢਾਵੇ ਕੌਣ ਸੰਵਾਰੇ ਤਰ੍ਹਾਂ ਤਰ੍ਹਾਂ ਦੀਆਂ ਜੁੱਤੀਆਂ ਨਵੀਆਂ ਆਈਆਂ ਵਿੱਚ ਬਾਜ਼ਾਰਾਂ ਮੈਂ ਮੋਚੀ ਦੇ ਕਿੱਤੇ ਨੂੰ ਹੁਣ ਸੌ ਸੌ ਹੈਣ ਵੰਗਾਰਾਂ ਮੈਂ ਭਾਈ ਲਾਲੋ ਕਿਆਂ 'ਚੋਂ ਹਾਂ ਪਿੰਡ ਦੀ ਸੇਪੀ, ਦਸ ਮਣ ਦਾਣੇ ਕੀ ਕਰੀਏ ਭਾਈ ਡੰਗ ਟਪਾਣੇ ਮੰਜਾ, ਪੀੜ੍ਹੀ, ਦਾਤੀ , ਰੰਬਾ, ਹਲ਼-ਮੁੰਨੀ ਸਭ ਸੁਆਰਾਂ ਫਿਰ ਵੀ ਆਪਣੇ ਮੱਥੇ 'ਚੋਂ ਨਾ ਵੱਟ ਕੱਢਿਆ 'ਸਰਦਾਰਾਂ' ਮੈਂ ਭਾਈ ਲਾਲੋ ਕਿਆਂ 'ਚੋਂ ਹਾਂ ਲੇਬਰ ਚੌਕ 'ਚ ਖੜੇ ਖੜੋਤੇ ਸਿਰ ਘੁੰਮੇ ਦਿਲ ਖਾਵੇ ਗੋਤੇ ਅਜੇ ਤੀਕ ਨਾ ਮਿਲੀ ਦਿਹਾੜੀ ਵੱਜ ਚੱਲੇ ਨੇ ਬਾਰਾਂ ਪੋਣੇ ਵਿੱਚ ਬੱਧਾ ਟੁੱਕ ਖਾ ਕੇ ਤਪਦਾ ਅੰਦਰ ਠਾਰਾਂ ਮੈਂ ਭਾਈ ਲਾਲੋ ਕਿਆਂ 'ਚੋਂ ਹਾਂ ਦੋ-ਚਹੁੰ ਕਿੱਲਿਆਂ ਦੀ ਹੁਣ ਖੇਤੀ ਹੋ ਕੇ ਰਹਿ ਗਈ ਹਾਕਮ ਸੇਤੀ ਅੱਠਾਂ ਦੀ ਵੱਟਤ ਹੁੰਦੀ ਹੈ ਲਾਗਤ ਪਵੇ ਅਠਾਰਾਂ ਹਲ਼ ਵਾਹਕ ਨੂੰ ਮਾਰ ਮੁਕਾਉਣਾ ਮਿਥਿਆ 'ਕੀੜੇ-ਮਾਰਾਂ' ਮੈਂ ਭਾਈ ਲਾਲੋ ਕਿਆਂ 'ਚੋਂ ਹਾਂ ਕਾਹਦਾ ਗੋਤਰ ਕਿਹੜੀ ਜਾਤੀ ਸਾਡੇ ਆੜੀ-ਯਾਰ 'ਜਮਾਤੀ' ਜਿਨ ਹੱਥ ਸੂਈ, ਤੇਸਾ, ਰਿਕਸ਼ਾ ਜਿਨ ਹੱਥ ਕਹੀ, ਕੁਹਾੜੀ, ਦਾਤੀ ਆਓ 'ਰਲ਼ ਕੇ' ਉਨ ਘਰ ਕਰੀਏ ਖ਼ੁਸ਼ਹਾਲੀ ਦਾ ਦੀਵਾ ਬਾਤੀ ਹੋਰ ਕਿਸੇ ਨਾ ਚੱਲ ਕੇ ਆਉਣਾ ਮਰਦਿਆਂ ਮੂੰਹ ਕਿਸ ਪਾਣੀ ਪਾਉਣਾ ਕਿਰਤ ਦੀਆਂ ਰਣਜੀਤ ਸਿੰਹਾਂ ਸੁਣ ਕਿਸੇ ਨਾ ਲਈਆਂ ਸਾਰਾਂ ਵੱਖਰੀ ਗੱਲ ਹੈ 'ਆਪਣਿਆਂ' ਦੀਆਂ ਰਹੀਆਂ ਕਈ ਸਰਕਾਰਾਂ ਮੈਂ ਭਾਈ ਲਾਲੋ ਕਿਆਂ 'ਚੋਂ ਹਾਂ ।।

ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ-ਮਨਜੀਤ ਪੁਰੀ

ਕਿੰਨੇ ਵਾਰੀ ਉਸਰੀ ਤੇ ਕਿੰਨੇ ਵਾਰੀ ਢਈ ਏਂ ਫੇਰ ਵੀ ਪਿਆਸੀ ਸਾਡੇ ਖ਼ੂਨ ਦੀ ਹੀ ਰਹੀ ਏਂ ਪਾਈ ਜਿਹੜੀ ਭਾਜੀ ਤੈਨੂੰ ਮੋੜ ਕੇ ਹਟਾਂਗੇ ਦਿੱਲੀਏ ਹੰਕਾਰ ਤੇਰਾ ਤੋੜ ਕੇ ਹਟਾਂਗੇ ....... ਖੇਤਾਂ ਵਿੱਚ ਬੀਜਦੀ ਤੂੰ ਫਿਰੇੰ ਸਲਫਾਸ ਨੀਂ ਰੇਤੇ 'ਚ ਰਲ਼ਾਈ ਜਾਵੇ ਕੱਲੀ ਕੱਲੀ ਆਸ ਨੀਂ ਖਿੱਚਦੀ ਜਮੂਰਾਂ ਨਾਲ਼ ਅੰਦਰੋਂ ਸੁਆਸ ਨੀ ਉੱਤੋਂ ਉਤੋਂ ਝੂਠੇ ਜਿਹੇ ਦੇਵੇਂ ਧਰਵਾਸ ਨੀਂ ਤੇਰੇ ਲੰਮੇ ਹੱਥਾਂ ਨੂੰ ਮਰੋੜ ਕੇ ਹਟਾਂਗੇ ਦਿੱਲੀਏ ਹੰਕਾਰ ਤੇਰਾ....... ਕਣਕਾਂ ਦੇ ਗੀਤ ਫਿਰੇਂ ਪੈਰਾਂ 'ਚ ਮਧੋਲਦੀ ਖਿੜੇ ਹੋਏ ਨਰਮੇ 'ਤੇ ਜ਼ਹਿਰਾਂ ਫਿਰੇਂ ਡੋਲ੍ਹਦੀ ਸੋਨੇ ਜਿਹੇ ਚਾਅ ਸਾਡੇ ਕੌਡੀਆਂ ਨਾ' ਤੋਲਦੀ ਉੰਝ ਭਾਵੇਂ ਥੁੜਿਆਂ ਦੇ ਹੱਕ ਵਿੱਚ ਬੋਲਦੀ ਝੂਠ ਤੇਰੇ ਪਾਣੀਆਂ ਚ' ਰੋੜ੍ਹ ਕੇ ਹਟਾਂਗੇ ਦਿੱਲੀਏ ਹੰਕਾਰ ਤੇਰਾ....... ਡਰ ਜਾ ਤੂੰ ਰਗਾਂ ਚ ਉਬਾਲੇ ਖਾਂਦਾ ਖ਼ੂਨ ਹੈ ਦੇਖ ਸਾਡੇ ਸੀਨਿਆਂ 'ਚ ਲੋਹੜੇ ਦਾ ਜਨੂੰਨ ਹੈ ਪਾੜ ਦੇਣਾ ਜਿਹੜਾ ਤੇਰਾ ਝੂਠ ਦਾ ਕਾਨੂੰਨ ਹੈ ਪ ਬੰਦੇ ਆਂ ਜੀ, ਸਾਡੀ ਕਿਹੜਾ ਡੰਗਰਾਂ ਦੀ ਜੂਨ ਹੈ ਤੋੜੀਆਂ ਨੇ ਤੂੰ ਜੋ, ਅਸੀਂ ਜੋੜ ਕੇ ਹਟਾਂਗੇ ਦਿੱਲੀਏ ਹੰਕਾਰ ਤੇਰਾ.....

ਪੈਰਾਂ ਭਾਰ ਬੈਠਾ-ਰਿਸ਼ੀ ਹਿਰਦੇਪਾਲ

ਪੈਰਾਂ ਭਾਰ ਬੈਠਾ ਲੰਗਰ ਛਕ ਰਿਹਾ ਉਹ ਮਨ ਦੀ ਮੌਜ ਵਿੱਚ ਹੈ ਗੁਰੂ ਦਾ ਲੰਗਰ ਛਕ ਰਿਹਾ ਗੁਰੂ ਦਾ ਬੱਚਾ ਗੁਰੂ ਦੇ ਰਾਹ 'ਤੇ ਚੱਲ ਹਾਕਮ ਨਾਲ ਦਸਤ-ਪੰਜੇ ਲਈ ਤਿਆਰ ਐ ਹਾਕਮ ਮਨ ਦੀ ਕਰਦਾ ਕਿੱਥੇ ਮੰਨਦਾ ਸ਼ਾਇਦ ਉਹ ਨਹੀਂ ਜਾਣਦਾ ਮਨ ਕੀ ਬਾਤ ਅਤੇ ਮਨ ਦੀ ਮੌਜ ਵਿਚਲਾ ਫ਼ਰਕ

ਗੀਤ-ਇਕਵਿੰਦਰ ਸਿੰਘ

ਦਿੱਲੀਏ ਨੀ ਦਿੱਲੀਏ ! ਦਿੱਲੀਏ ਨੀ ਦਿੱਲੀਏ ! ਸੁਣਿਆ ਤਬੀਅਤ ਤੇਰੀ ਅੱਜਕੱਲ੍ਹ ਢਿੱਲੀ ਏ ! ਆਈਆਂ ਤੇਰੇ ਵਾਸਤੇ ਪੰਜਾਬ ਤੋਂ ਨੇ ਪਿੰਨੀਆਂ। ਖਾ ਲੈ ਤੇਰੇ ਕੋਲੋਂ ਖਾ ਹੁੰਦੀਆਂ ਨੇ ਜਿੰਨੀਆਂ। ਦੇਖ ਲੈ ਕਿਸਾਨਾਂ ਨੇ ਹੁਣ ਦੱਬ ਦਿੱਤੀ ਕਿੱਲੀ ਏ ! ਦਿੱਲੀਏ ਨੀ ਦਿੱਲੀਏ ! ਦਿੱਲੀਏ ਨੀ ਦਿੱਲੀਏ ! ਐਨੇ ਤੂੰ ਕਿਸਾਨ ਕਦੇ ਪਹਿਲਾਂ ਨਹੀਂਓ ਦੇਖੇ ਹੋਣੇ। ਐਨੇ ਮਹਿਮਾਨ ਕਦੇ ਪਹਿਲਾਂ ਨਹੀਂਓ ਦੇਖੇ ਹੋਣੇ। ਸਾਰੇ ਜੱਗ ਵਿੱਚ ਤੇਰੀ ਉੱਡੀ ਬਹੁਤ ਖਿੱਲੀ ਏ ! ਦਿੱਲੀਏ ਨੀ ਦਿੱਲੀਏ ! ਦਿੱਲੀਏ ਨੀ ਦਿੱਲੀਏ ! ਛੱਡ ਕੇ ਤੂੰ ਜ਼ਿਦ ਮੰਗਾਂ ਮੰਨ ਲੈ ਤੂੰ ਸਾਰੀਆਂ ! ਫੇਰ ਖਿੜ ਲੈਣ ਦੇ ਤੂੰ ਫੁੱਲ ਤੇ ਕਿਆਰੀਆਂ ! ਹੋਈ ਪਈ ਅੱਖਰਾਂ ਦੀ ਹਰ ਅੱਖ ਸਿੱਲੀ ਏ ! ਦਿੱਲੀਏ ਨੀ ਦਿੱਲੀਏ ! ਦਿੱਲੀਏ ਨੀ ਦਿੱਲੀਏ ! (ਯੂਬਾ ਸਿਟੀ-ਅਮਰੀਕਾ)

ਗ਼ਜ਼ਲ-ਰੁਪਿੰਦਰ ਸੋਜ਼

ਭੀੜ ਦਾ ਜੇ ਸਿਰ ਹੈ, ਤਾਂ ਨਿਗਾਹਾਂ ਬਣ ਜਾਓ। ਨਾਲੇ ਉਹਦੀਆਂ ਲੱਤਾਂ ਬਾਹਾਂ ਬਣ ਜਾਓ। ਸ਼ੂਕਦੀਆਂ ਗੱਡੀਆਂ ਲਈ ਸੜਕਾਂ ਰਹਿਣ ਦਿਓ ਆਪ ਸਮਾਂਤਰ ਕੱਚੀਆਂ ਰਾਹਾਂ ਬਣ ਜਾਓ। ਕਿੰਨੇ ਯੁਗ ਬੀਤੇ ਨੇ ਭਟਕਾਉਂਦੇ ਹੋਏ ਹੁਣ ਤਾਂ ਜਾ ਕੇ ਨੇਕ ਸਲਾਹਾਂ ਬਣ ਜਾਓ। ਜੇ ਆਪਣਾ ਦੁੱਖ ਚੁੱਪ ਰਹਿ ਕੇ ਸਹਿ ਲੈਂਦੇ ਹੋ ਤਾਂ ਭੁੱਖੇ ਢਿੱਡਾਂ ਦੀਆਂ ਧਾਹਾਂ ਬਣ ਜਾਓ। ਦੇਵੋ ਦਸਵੰਧ ਸਿੱਧਾ ਬੇ-ਸਹਾਰਿਆਂ ਨੂੰ ਉੱਜੜਿਆਂ ਦੇ ਲਈ ‘ਸੋਜ਼’ਪਨਾਹਾਂ ਬਣ ਜਾਓ। (ਆਸਟਰੇਲੀਆ)

ਦਾਣੇ-ਗੁਰਸੇਵਕ ਲੰਬੀ

ਐਨੇ ਵੀ ਕਮਜ਼ੋਰ ਨੀ ਦਾਣੇ। ਕੱਚਾ ਧਾਗਾ ਡੋਰ ਨੀ ਦਾਣੇ । ਫੜ੍ਹ ਕੇ ਪਿੰਜਰੇ ਪਾ ਲੇਂ-ਗਾ ਤੂੰ ਚਿੜੀਆਂ, ਕੁੱਕੜ, ਮੋਰ ਨੀ ਦਾਣੇ। ਇਹਨਾਂ ਨੇ ਤਾਂ ਉੱਗ ਹੀ ਪੈਣਾ ਦਾਣੇ ਆ, ਕੁਝ ਹੋਰ ਨੀ ਦਾਣੇ । ਧਰਤੀ ਮਾਂ ਦੇ ਜੰਮੇ ਜਾਏ ਕੁਰਸੀ ਦੀ ਹਾਂ ਲੋਰ ਨੀ ਦਾਣੇ । ਇਹ ਤਾਂ ਗੜਿਆਂ ਵਾਂਗੂੰ ਵਜਦੇ ਝਾਂਜਰ ਦਾ ਇਹ ਸ਼ੋਰ ਨੀ ਦਾਣੇ। (ਅਸਿਸਟੈੰਟ ਪ੍ਰੋਫ਼ੈਸਰ,ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ)

ਗੀਤ-ਮੰਡੀ ਵਿੱਚੋਂ ਆ ਕੇ ਬਾਪੂ-ਮੁਖਤਿਆਰ ਸਿੰਘ ਜ਼ਫ਼ਰ

ਮੰਡੀ ਵਿੱਚੋਂ ਆ ਕੇ ਬਾਪੂ ਮੰਜੀ ਉੱਤੇ ਪੈ ਗਿਓਂ ਵੇ ਮੂੰਹ ਦੇ ਉੱਤੇ ਗ਼ਮ ਦੇ ਨੇ ਸਾਏ। ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ। ਜਾਪਦਾ ਹਿਸਾਬ ਤੇਰਾ ਤੇਲ ਅਤੇ ਖਾਦ ਦਾ ਵੇ ਪੂਰਾ ਨਹੀਂ ਕਣਕ ਵਿੱਚੋਂ ਹੋਇਆ। ਹਾਉਕਾ ਤੇਰੇ ਬੁੱਲਾਂ ਉੱਤੇ ਆਇਆ ਅੱਖੀਂ ਵੇਖਿਆ ਮੈਂ, ਵੇਖ ਮੈਨੂੰ ਕਾਸਤੋਂ ਲੁਕੋਇਆ। ਮੇਰੇ ਬਾਬਲਾ ਮੈਂ, ਤੇਰੇ ਮਨ ਦੀਆਂ ਜਾਣਦੀ ਹਾਂ, ਕਾਹਤੋਂ ਰੰਗ ਜਾਏ ਇੱਕ ਆਏ। ਆਸਾਂ ਲਾ ਕੇ ਤਨ ਤਾਈਂ ਪੋਹ ਮਾਘ ਕੱਕਰਾਂ ‘ਚ ਕਣਕ ਨੂੰ ਪਾਣੀ ਲਾਉਂਦੇ ਠਾਰਿਆ। ਆਖਦਾ ਸੀ ਧੀਏ ਲੈ ਕੇ ਐਤਕੀਂ ਵਿਛਾਈ ਦੇਊਂ, ਰੀਝ ਪੂਰੀ ਹੋਈ ਨਾ ਵਿਚਾਰਿਆ। ਖ਼ਸਮਾਂ ਨੂੰ ਖਾਏ ਮੇਰੀ ਬਾਬਲਾ ਵਿਛਾਈ ਪਰ ਤੇਰਾ ਵੀ ਕਿਉਂ ਮੂੰਹ ਕੁਮਲਾਏ। ਜਾਪਦਾ ਦਿਮਾਗ ਵਿੱਚ ਲਿਮਟਾਂ ਤੇ ਕੱਪੜੇ ਦੇ ਹੋਰ ਨਿੱਕੇ ਮੋਟੇ ਘੁੰਮਦੇ ਉਧਾਰ। ਸੀਨੇ ‘ਚ ਅਲੇਹ ਦੇ ਕੰਡੇ ਵਾਂਗੂੰ ਚੁਭੀ ਤੇਰੇ ਬਾਪੂ, ਪਿੱਛੋਂ ਪਈ ਸੀ ਆਵਾਜ਼ ਜੋ ਬਾਜ਼ਾਰ। ਔਖਾ ਸੌਖਾ ਪਾਣੀ ਵਾਂਗੂੰ ਪੀ ਗਿਆ ਤੂੰ ਘੁੱਟੋਬਾਟੀ, ਬੋਲ ਤੱਤੇ ਠੰਢੇ ਸੇਠ ਨੇ ਸੁਣਾਏ। ਪੁੱਤ ਜਿਵੇਂ ਧਨੀਆਂ ਦਾ ਪੈਸੇ ਦੇ ਗੁਮਾਨ ਵਿੱਚ, ਲੁੱਟ ਲੈਂਦਾ ਇੱਜਤਾਂ ਕੁਆਰੀਆਂ। ਓਵੇਂ ਤੇਰੀ ਸੋਨੇ ਜਹੀ ਕਣਕ ਬਾਪੂ ਮੰਡੀ ਵਿੱਚ, ਰਲ਼ ਲੁੱਟੀ ਸੇਠਾਂ ਸਰਕਾਰੀਆਂ। ਤੇਰੇ ਖੇਤੀਂ ਜੰਮੀ ਵੇ ਕਣਕ ਬਾਪੂ ਭੈਣ ਮੇਰੀ, ਕੌਣ ਸਾਡੀ ਇੱਜ਼ਤ ਬਚਾਏ। ਵੇ ਬਾਬਲਾ ਗ਼ਮ ਜਿਵੇਂ ਕਣਕੋਂ ਵਟਾਏ। (ਮੱਲੋ ਕੇ (ਜ਼ੀਰਾ) ਜ਼ਿਲ੍ਹਾ ਫੀਰੋਜ਼ਪੁਰ)

ਗ਼ਜ਼ਲ-ਜਸਵਿੰਦਰ

ਸੁਲਗ਼ਦੇ ਹਰ ਖੇਤ ‘ਚੋਂ ਤੂਫ਼ਾਨ ਚੜ੍ਹਿਆ ਆ ਰਿਹਾ ਹੈ। ਹਲ਼ ਦੇ ਫਾਲ਼ੇ ਨਾਲ ਹੁਣ ਇਤਹਾਸ ਲਿਖਿਆ ਜਾ ਰਿਹਾ ਹੈ। ਹੇਠਲੀ ਉੱਤੇ ਕਰੇ ਬਾਝੋਂ ਗਤੀ ਹੋਣੀ ਨਾ ਅਪਣੀ, ਹੇਠ ਜੁੜਿਆ ਬੈਲ ਉਤਲੇ ਨੂੰ ਇਹੋ ਸਮਝਾ ਰਿਹਾ ਹੈ। ਪਿੰਡ ਦੇ ਅਨਪੜ੍ਹ ਬਜ਼ੁਰਗਾਂ ਨੇ ਪੜ੍ਹੀ ਮਿੱਟੀ ਦੀ ਭਾਸ਼ਾ, ਕਰਤ-ਵਿੱਦਿਆ ਦਾ ਇਹ ਜਲਵਾ ਡਿਗਰੀਆਂ ‘ਤੇ ਛਾ ਰਿਹਾ ਹੈ। ਮਾਰ ਕੇ ਸਿਰ ‘ਤੇ ਮੜਾਸਾ ਭਰ ਕੇ ਅੱਖਾਂ ਵਿੱਚ ਖੁਮਾਰੀ, ਜੋ ਕਦੇ ਮੋਗੇ ਗਿਆ ਨਾ ਉਹ ਵੀ ਦਿੱਲੀ ਜਾ ਰਿਹਾ ਹੈ। ਚਾਲ ਮੁਰਲੀਧਰ ਦੀ ਕੌਰਵ ਪਾਂਡਵਾਂ ਨੂੰ ਸਮਝ ਆਈ, ਫੇਰ ਤੋਂ ਸਤਲੁਜ ਭਰਾ ਜਮਨਾ ਨੂੰ ਸੀਨੇ ਲਾ ਰਿਹਾ ਹੈ। ਡਰ ਗਈ ਹੈ ਰਾਤ ਹੁਣ ਜਗਦੇ ਦਿਲਾਂ ਦੀ ਰੌਸ਼ਨੀ ਤੋਂ, ਦੀਵਿਆਂ ਦਾ ਸੇਕ ਪਾਵੇ ਤਖ਼ਤ ਦੇ ਪਿਘਲਾ ਰਿਹਾ ਹੈ।

ਫਿਰ ਉਠੀ ਸਦਾਅ-ਬਲਵਿੰਦਰ ਸੰਧੂ ਪਟਿਆਲਾ

ਫਿਰ ਮੇਰੇ ਖੱਤਿਆਂ 'ਚ ਕੁਛ ਸੱਤਿਆ ਜਾਗੀ ਫਿਰ ਜਗਮਗਾਉਂਦੇ ਜੁਗਨੂੰਆਂ ਕੁਤਬ ਦੀ ਲਾਠ ਪਿਘਲਾ 'ਤੀ ! ਫਿਰ ਬੋਹੜਾਂ, ਪਿੱਪਲਾਂ ਤੇ ਤੂਤਾਂ ਨੇ ਅੰਗੜਾਈ ਭੰਨੀ ਫਿਰ ਬਾਜਰੇ ਦੇ ਸਿੱਟਿਆਂ ਸ਼ਨੀ ਨੂੰ ਸ਼ਿਸਤ ਸੇਧੀ ! ਫਿਰ ਕਣਕ ਦੇ ਦਾਣੇ ਬੁਰਿਆਂ ਨੂੰ ਸ਼ੱਰਿਆਂ ਵਾਂਗ ਵੱਜੇ ਫਿਰ ਰਾਹੂ ਕੇਤੂ ਨੂੰ ਆਲੂ ਪਿਆਜ਼ ਗਰਨੇਡਾਂ ਵੱਤ ਲੱਗੇ ! ਫਿਰ ਹੱਥ ਹੱਥ ਲੰਮੀਆਂ ਮੱਕੀ ਦੀਆਂ ਛੱਲੀਆਂ ਮਿਜ਼ਾਇਲਾਂ ਬਣ ਚੱਲੀਆਂ ਫਿਰ ਓਰਿਆਂ 'ਚ ਗੰਨੇ ਦੀਆਂ ਪੋਰੀਆਂ ਦਬੂੰਕਾਂ ਬਣ ਉੱਗੀਆਂ ! ਫਿਰ ਮੂੰਜੀ ਦੀਆਂ ਮੁੰਜਰਾਂ ਮੋਰਚੇ ਸੰਭਾਲ ਲਏ ਫਿਰ ਨਰਮੇ ਨੇ ਨਰਮਾਈ ਦੇ ਨੇਮ ਸਭ ਤਿਆਗ 'ਤੇ ! ਫਿਰ ਆਡ ਦਾ ਪਾਣੀ ਕਿਨਾਰਿਆਂ ਨਾਲ ਖਹਿ ਕੇ ਤੁਰਿਆ ਫਿਰ ਵੱਟਾਂ ਬੰਨਿਆਂ ਦਾ ਹਮਾ ਤੁਮਾ ਕੁਝ ਕੁਝ ਖੁਰਿਆ ! ਫਿਰ ਚਿੜੀਆਂ ਸ਼ਹਿ ਕੇ ਬੈਠਾ ਬਾਜ ਜਾ ਦਬੋਚਿਆ ਫਿਰ ਗਟਾਰਾਂ, ਆਂਡੇ ਪੀਣਾ ਨਾਗ ਖੁੱਡ 'ਚੋਂ ਬਾਹਰ ਕੱਢ ਲਿਆ! ਫਿਰ ਉੱਲੂ , ਉੱਲੂ ਦੇ ਪੱਠੇ ਪੁੱਠੇ ਖੰਭੀਂ ਉੱਡ ਗਏ ਫਿਰ ਪਲ਼ੇ ਹੋਏ ਮੁੱਛਲ ਚੂਹੇ ਖੁੱਡਾਂ ਦੇ ਵਿੱਚ ਦੁਬਕ ਗਏ ! ਫਿਰ ਚੌਥੇ ਦਾ ਚੰਨ ਚੌਦਵੀਂ ਦਾ ਹੋ ਚਮਕਿਆ ਫਿਰ ਕੱਤੇਂ ਦਾ ਸੂਰਜ ਵਿਸਾਖ ਦਾ ਬਣ ਲਿਸ਼ਕਿਆ! ਫਿਰ ਚਾਂਦੀ ਰੰਗੀ ਧੁੱਪ ਕੁਝ ਕੁ ਬਸੰਤੀ ਹੋਈ ਫਿਰ ਸੁਗੰਧ ਸਮੀਰ 'ਚੋਂ ਲਲਕਾਰ ਦੀ ਆਵਾਜ਼ ਆਈ ! ਫਿਰ ਮੇਰੇ ਖੱਤਿਆਂ 'ਚ ਕੁਛ ਸੱਤਿਆ ਜਾਗੀ ਫਿਰ ਜਗਮਗਾਉਂਦੇ ਜੁਗਨੂੰਆਂ ਕੁਤਬ ਦੀ ਲਾਠ ਪਿਘਲਾ 'ਤੀ !!

ਖੇਤੀ ਸੰਕਟ ਹੈ ਯਾਰੋ-ਅਮਰਜੀਤ ਸਿੰਘ ਵੜੈਚ

ਖੇਤੀ ਸੰਕਟ ਹੈ ਯਾਰੋ ,ਮਜ਼ਦੂਰ ਕਿਸਾਨਾਂ ਦਾ, ਸ਼ੁਗਲ ਮੇਲਾ ਹੈ ਲੁੱਚੇ ਸਾਰੇ ਸਿਆਸਤਦਾਨਾਂ ਦਾ। ਜ਼ਾਤਾਂ ਧਰਮਾਂ ਵਿੱਚ ਸਾਨੂੰ, ਸਿਆਸਤ ਨੇ ਵੰਡ ਦਿਤਾ, ਰੱਜ ਕੇ ਏਨ੍ਹਾਂ ਕਤਲ ਕੀਤਾ ਸਾਡੇ ਅਰਮਾਨਾਂ ਦਾ। ਲੀਡਰ ਕੁਰਸੀ ਖਾਤਰ ਬੰਦੇ ਵੀ ਮਰਵਾ ਦਿੰਦੇ, ਨਹੀਂ ਵਿਗੜਦਾ ਯਾਰੋ ਕੁਝ ਏਹਨਾ ਹੈਵਾਨਾਂ ਦਾ। ਬੇਸ਼ਰਮੀ ਦੇ ਪਾ ਮਖੌਟੇ ਸਿਆਸਤ ਘੁੰਮਦੀ ਏ , ਝੰਡਾ ਚੁੱਕਣਾ ਨੀ ਹੁਣ ਬਾਈ ਏਹਨਾ ਸ਼ੈਤਾਨਾਂ ਦਾ। ਚੱਲ ਵੜੈਚਾ ਜਾਕੇ ਨਾਲ਼ ਕਿਸਾਨਾਂ ਦੇ ਖੜ੍ਹੀਏ, ਭੰਨ ਦੇਈਏ ਮੂੰਹ ਰਲਕੇ ਸਾਰੇ ਬੇਈਮਾਨਾਂ ਦਾ।

ਗੂਰੂ ਗੋਬਿੰਦ ਦੇ ਯੱਕੇ-ਅਮਰਜੀਤ ਸਿੰਘ ਵੜੈਚ

ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਦੇ ਨੇ, ਹਰ ਇਕ ਭੁੱਖੇ ਢਿੱਡ ਨੂੰ ਵੀ ਏਹ ਭਰਦੇ ਨੇ। ਨਾ ਇਹ ਡਰਦੇ ਨਾ ਹੀ ਕਦੇ ਡਰਾਉਂਦੇ ਨੇ, ਅਪਣੇ ਹੱਕਾਂ ਦੇ ਲਈ ਮਾਰ ਕੇ ਮਰਦੇ ਨੇ। ਏਨ੍ਹਾਂ ਦੇ ਵੱਲ ਜਦ ਵੀ 'ਮੰਨੂ' ਵੇਂਦ੍ਹਾ ਏ, ਤਾਣ ਕੇ ਹਿੱਕਾਂ ਓਹਦੇ ਮੂਹਰੇ ਖੜ੍ਹਦੇ ਨੇ। ਕੁਰਸੀ ਦੀ ਮਗਰੂਰੀ ਜਿਥੇ ਅੜ ਜਾਵੇ, ਕਰ ਅਰਦਾਸੇ ਏਹ ਵੀ ਓਥੇ ਅੜਦੇ ਨੇ। ਨਾਨਕ, ਅਰਜੁਨ ਗੋਬਿੰਦ ਦੇ ਏਹ ਯੱਕੇ ਨੇ, ਦੁੱਕੀ-ਤਿੱਕੀ ਕੋਲ਼ੋ ਕਿੱਥੇ ਡਰਦੇ ਨੇ।

ਸੁਣ ਲਓ ਓਏ ਪੰਜਾਬੀਓ-ਅਮਰਜੀਤ ਸਿੰਘ ਵੜੈਚ

ਸੁਣ ਲਓ ਓਏ ਪੰਜਾਬੀਓ ਲਲਕਾਰ ਤੁਸੀਂ, ਸੁੱਤੇ ਨਾ ਹੋ ਜਾਇਓ ਕਿਤੇ ਸ਼ਿਕਾਰ ਤੁਸੀਂ। ਅੌਰੰਗਜ਼ੇਬ ਦੀ ਰੂਹ ਨੇ ਜਾਮਾ ਬਦਲ ਲਿਆ, ਗੋਬਿੰਦ ਦੀ ਹੁਣ ਬਣ ਜਾਓ ਤਲਵਾਰ ਤੁਸੀਂ। ਉੱਠੋ ਅਣਖਾਂ ਵਾਲਿਓ, ਉੱਠੋ ਨੀਂਦਰ ,ਚੋ ਲੱਭ ਲਓ ਆਪਣਿਆਂ ਚੋਂ ਹੁਣ ਗੱਦਾਰ ਤੁਸੀਂ। ਗੁਰੂ ਨਾਨਕ ਦੀ ਧਰਤੀ ਦੇ ਤੁਸੀਂ ਵਾਰਿਸ ਓ, ਇਸ ਮਿੱਟੀ ਦੇ ਪੱਕੇ ਓ ਹੱਕਦਾਰ ਤੁਸੀਂ। ਜਾਨਾਂ ਵਾਰ ਕੇ ਹਿੰਦ ਦੀ ਰੱਖਿਆ ਕੀਤੀ ਐ, ਭਾਰਤ ਮਾਂ ਦੇ ਸੱਚੇ ਓ ਸਰਦਾਰ ਤੁਸੀਂ।

ਗ਼ਜ਼ਲ-ਪ੍ਰੋ: ਤਰਸੇਮ ਨਰੂਲਾ

ਹੁੰਦਾ ਜਾਂਦੈ ਜਿਉਂ ਜਿਉਂ ਘੋਲ ਲਮੇਰਾ । ਮਿਲਦਾ ਜਾਂਦੈ ਤਿਉਂ ਤਿਉਂ ਸਾਥ ਵਧੇਰਾ। ਜਿਦ ਪਕੜੀ ਜਿੰਨੀ ਬਹੁਤੀ ਕੁਚਲਣ ਦੀ ਪਸਰ ਰਿਹੈ ਓਨਾ ਈ ਘੋਲ ਚੁੜੇਰਾ। ਪੁੱਤ ਕਮਾਊ ਮਰਗੇ ਜਿਸ ਜਿਸ ਘਰ ਦੇ ਓਥੇ ਬੁਝਗੇ ਦੀਵੇ ਪੈ ਗਿਐ ਨੇਰ੍ਹਾ। ਰੋਹ ਵਧਾਊ ਹਰ ਮੌਤ ਸ਼ਹੀਦੀ ਦੀ ਘਿਰ ਜੂ ਫਿਰ ਦਿੱਲੀ ਦਾ ਚਾਰ-ਚੁਫੇਰਾ। ਜ਼ਹਿਰ ਬਣੇ ਹੋਰ ਲਈ ਅੰਮ੍ਰਿਤ ਕਿਉਂ ਕਰਦੇ ਹੋ ਫਿਰ ਝਗੜਾ-ਝੇੜਾ। ਕਿਰਸਾਨ ਹਿਤੈਸ਼ੀ ਕਹਿ ਕਹਿ ਥਕਦੇ ਨੀ ਫਿਰ ਮਰਵਾਉਂਦੇ ਕਿਉਂ ਕਚਹਿਰੀਂ ਫੇਰਾ। ਰੁੱਤ ਸਰਦ,ਸੀਤ ਲਹਿਰ, ਠੰਡ ਕਹਿਰ ਦੀ ਕਿੰਝ ਬੈਠੇ ਬਿਨ ਛੱਤੋਂ ਵੇਖੋ ਜੇਰਾ। ਰੋਕ ਲਏ ਸਭ ਦਿੱਲੀ ਦੀਆਂ ਹੱਦੀਂ ਪਾ ਰੱਖਿਅਕ ਬਲਾਂ ਦਾ ਵੱਡਾ ਘੇਰਾ। ਰੋਕੇ ਛੱਡ ਬੁਛਾੜਾਂ, ਹੰਝੂ ਗੋਲੇ ਦਿੱਲੀਓਂ ਵਰਜੇ ਲਾ ਜੋਰ ਬਥੇਰਾ। ਇਹਨਾਂ ਵੀ ਉੱਨੀ ਦੀ ਇੱਕੀ ਪਾਈ ਘੇਰੀ ਦਿੱਲੀ ਲਾ ਬਾਰਡਰੀਂ ਡੇਰਾ। ਦੰਗ ਰਹਿ ਗਏ ਲੋਕ ਧਰਤ ਦੇ ਸਾਰੇ ਐਸਾ ਤੱਕ ਨਰੂਲੇ ਘੋਲ ਉਚੇਰਾ।

ਮਰ੍ਹਮ ਤਾਂ ਲਾਉਣੀ ਜ਼ਖਮਾਂ ਤੇ ਕੀ-ਪ੍ਰੋ: ਤਰਸੇਮ ਨਰੂਲਾ

ਮਰ੍ਹਮ ਤਾਂ ਲਾਉਣੀ ਜ਼ਖਮਾਂ ਤੇ ਕੀ ,ਉਲਟਾ ਨਸ਼ਤਰ ਤਿੱਖੇ ਲਾਉਂਦਾ ਹੈਂ । ਸੁਣਦੈਂ ਇਧਰੋਂ ਤੂੰ ਕਢਦੈਂ ਉਧਰੋਂ,ਅਸਲੀ ਨੁਕਤੇ ਤੇ ਨਾ ਆਉਂਦਾ ਹੈਂ । ਬੈਠੇ ਆਂ ਪਾਲੇ ਵਿਚ ਲੱਖਾਂ ਈ,ਭਿਜਦੇ ਆਂ ਬਾਰਸ਼ ਵਿਚ ਬਿਨ ਛੱਤੋਂ,, ਕਟਦੇ ਹਾਂ ਤੰਗੀਆਂ ਪਹਿਲਾਂ ਹੀ,ਪਰ ਕਿਉਂ ਸਾਨੂੰ ਹੋਰ ਸਤਾਉਂਦਾ ਹੈਂ । ਆਏ ਹਾਂ ਬੰਨ੍ਹ ਸਿਰਾਂ ਤੇ ਕੱਫਨ,ਆਏ ਸੀ ਜਿੱਦਾਂ ਤੇਗਬਹਾਦਰ, ਸੀਸ ਕਟਾਉਣਾ ਤਾਂ ਆਦਤ ਸਾਡੀ, ਖਾਹਮਖਾਹ ਕਿਉਂ ਟਕਰਾਉਂਦਾ ਹੈਂ । ਖੇਡ ਸਿਆਸੀ ਕੋਈ ਨਾ ਸਾਡੀ, ਮਸਲੈ ਰੋਟੀ ਰੋਜੀ ਦਾ ਕੇਵਲ , ਨਾ ਅਤਿਵਾਦੀ ਨਾ ਖਾਲਿਸਤਾਨੀ, ਐਵੇਂ ਭਰਮ ਭੁਲੇਖੇ ਪਾਉਂਦਾ ਹੈਂ । ਮਿਲਿਐ ਹੁੰਗਾਰਾ ਚਾਰ ਚੁਫੇਰਿਉਂ,ਮੰਗਾਂ ਸਾਡੀਆਂ ਜਾਇਜ਼ ਨਰੂਲੇ, ਜੇ ਅਸਲ ਹਿਤੈਸ਼ੀ ਹੈਂ ਤੂੰ ਸਾਡਾ, ਫਿਰ ਕਿਉਂ ਝਗੜਾ ਹੋਰ ਵਧਾਉਂਦਾ ਹੈਂ ।

ਨਾਨਕ ਦਾ ਹਲ-ਬਲਜਿੰਦਰ ਸਿੰਘ ਧਾਲੀਵਾਲ

ਨਾਨਕ ਦਾ ਹਲ ਨਾ ਰੋਕੀ ਸੁਣ ਲੈ ਦਿੱਲੀਏ ਨੀ, ਆਦਿ ਜੁਗਾਦਿ ਤੋਂ ਚਲਦੈ ਅੰਨ ਉਗਾਉਣ ਲਈ॥ ਇਹ ਭਲਾ ਸਰਬੱਤ ਦਾ ਮੰਗਦੈ ਨਾਲੇ ਵੰਡ ਛਕਣਾ , ਮਾਨਸ ਕੀ ਜਾਤ ਹੈ ਏਕੋ ਫਰਕ ਮਿਟਾਓੁਣ ਲਈ ॥ ਤੂੰ ਸ਼ੁਭਾਸ਼ ਚੰਦਰ ਨੂੰ ਭੁੱਲ ਗਈ ਭਗਤ ਸਰਾਭਿਆਂ ਨੂੰ ॥ ਬਾਬਾ ਸੋਹਣ ਸਿੰਘ ਜੀ ਭਕਨਾ ਗਦਰੀ ਬਾਬਿਆਂ ਨੂੰ ॥ ਕਿਰਤੀ ਹੱਥਾਂ ਦੀ ਕਿਰਤ, ਨਾ ਖੋਹੀ ਬੇਸ਼ਰਮੇ, ਇਹਨਾਂ ਦੇਰ ਨੀ ਕਰਨੀ ਨਾਦਰ ਨੂੰ ਨੱਥ ਪਾਓੁਣ ਲਈ ॥ ਨਾਨਕ ਦਾ ਹਲ ਨਾ ਰੋਕੀ ਸੁਣ ਲੈ ਦਿੱਲੀਏ ਨੀ, ਆਦਿ ਜੁਗਾਦਿ ਤੋਂ ਚਲਦੈ ਅੰਨ ਉਗਾਉਣ ਲਈ॥ ਇਹ ਤੀਸ ਹਜਾਰੀ ਗੇਟ ਦਾ ਕਰ ਖਾਂ ਧਿਆਨ ਕੁੜੇ ॥ ਤੇਰੇ ਸਿਰ ਚੜ ਚੜ ਕੇ ਕਿਓੁ ਬੋਲੇ ਸਤਾ ਗੁਮਾਨ ਕੁੜੇ ॥ ਖੂਨ ਨਾਲ ਲਿਖੇ ਇਤਿਹਾਸ ਦੇ ਪੰਨੇ ਸੂਰਿਆ ਜੋ, ਤੇਰੀ ਖਾਨਦਾਨੀ ਦੀਆਂ ਬਾਤਾਂ ਨੇ ਬਹੁਤ ਸੁਣਾਓੁਣ ਲਈ ॥ ਨਾਨਕ ਦਾ ਹਲ ਨਾ ਰੋਕੀ ਸੁਣ ਲੈ ਦਿੱਲੀਏ ਨੀ ਆਦਿ ਜੁਗਾਦਿ ਤੋਂ ਚਲਦੈ ਅੰਨ ਉਗਾਉਣ ਲਈ॥ ਕਦੇ ਚਾਂਦਨੀ ਚੌਕ ਵੱਲ ਵੇਖੀ ਪਾ ਕੇ ਫੇਰੀ ਨੀ ॥ ਸੀਸ਼ ਦੇ ਗੁਰੂ ਨੇ ਰੱਖੀ ਲਾਜ ਜਦ ਤੇਰੀ ਨੀ ॥ ਜਾਤਾਂ ਤੇ ਧਰਮਾਂ ਦੇ ਹੁਣ, ਤੇਰੇ ਗੀਟੇ ਨੀ, ਤੇਰੀ ਹਰ ਬਾਜੀ ਵਿੱਚ ਰੌਲੇ ਲੋਕ ਸਤਾਓੁਣ ਲਈ ॥ ਨਾਨਕ ਦਾ ਹਲ ਨਾ ਰੋਕੀ ਸੁਣ ਲੈ ਦਿੱਲੀਏ ਨੀ ਆਦਿ ਜੁਗਾਦਿ ਤੋਂ ਚਲਦੈ ਅੰਨ ਉਗਾਉਣ ਲਈ॥ ਭੈਅ ਕਾਹੂੰ ਕੋ ਦੇਤ ਨਾ ਨਾ ਮੰਨਣਾ ਭੈਅ ਤੇਰਾ ॥ ਲੋਕਾਂ ਦੇ ਗਲ ਦੀ ਫਾਹੀ ਆਰਡੀਨੈਂਸ ਅਹਿ ਤੇਰਾ ॥ ਸਵਾਮੀਨਾਥਨ ਨੇ ਕੀ ਲਿਖਿਐ ਬੋਲ ਜੁਬਾਨੋਂ ਤੂੰ , ਜੀਹਨੇ ਗੱਲ ਆਖੀ ਸੀ ਖੇਤੀ ਖੇਤ ਬਚਾਓੁਣ ਲਈ ॥ ਨਾਨਕ ਦਾ ਹਲ ਨਾ ਰੋਕੀ ਸੁਣ ਲੈ ਦਿੱਲੀਏ ਨੀ ਆਦਿ ਜੁਗਾਦਿ ਤੋਂ ਚਲਦੈ ਅੰਨ ਉਗਾਉਣ ਲਈ॥ ਇਹ ਭਲਾ ਸਰਬੱਤ ਦਾ ਮੰਗਦੈ ਨਾਲੇ ਵੰਡ ਛਕਣਾ, ਮਾਨਸ ਕੀ ਜਾਤ ਹੈ ਏਕੋ ਫਰਕ ਮਿਟਾਓੁਣ ਲਈ ॥ ........ (ਤੀਸ ਹਜ਼ਾਰੀ ਗੇਟ=ਦਿੱਲੀ ਦਾ ਉਹ ਗੇਟ ਜਿਸ ਰਾਹੀ ਸਿੱਖ ਜਰਨੈਲ ਬਘੇਲ ਸਿੰਘ ਨੇ ਦਾਖਲ ਹੋਕੇ ਸਦੀਆਂ ਸਦੀਆਂ ਤੋ ਗੁਲਾਮ ਦਿੱਲੀ ਤੇ ਕਬਜਾ ਕੀਤਾ ਸੀ ਤੇ ਦਿੱਲੀ ਦੇ ਤਖਤ ਨੂੰ ਘੋੜਿਆਂ ਮਗਰ ਬੰਨ ਕੇ ਘਸੀਟ ਕੇ ਪੰਜਾਬ ਲੈ ਆਇਆ ਸੀ)

ਆਸ ਦਾ ਦੀਵਾ-ਬਲਜਿੰਦਰ ਸਿੰਘ ਧਾਲੀਵਾਲ

ਜਿਸ ਧਰਤੀ ਤੇ ਕਦਰ ਨਾ ਹੋਵੇ ਕਿਸਾਨ ਦੇ ਹਲ ਪੰਜਾਲੀ ਦੀ ॥ ਸਮਝ ਲਵੋ ਕਿ ਨੀਅਤ ਖੋਟੀ ਬੇਈਮਾਨ ਬਾਗ ਦੇ ਮਾਲੀ ਦੀ ॥ ਸ਼ਾਖ ਸ਼ਾਖ ਤੇ ਉੱਲੂ ਬੈਠੇ ਬੁਲਬੁਲਾਂ ਬਹਿ, ਕਿੱਥੇ ਗਾਉਣਾ ? ਬਦ ਤੋਂ ਬਦਤਰ ਤਸਵੀਰ ਹੋ ਗਈ ॥ ਗੁਲਿਸਤਾਂ ਦੀ ਮੰਦਹਾਲੀ ਦੀ ॥ ਸਾਰੇ ਜੱਗ ਨੂੰ ਅੰਨਾ ਲੋਚੇ , ਕਾੜਨੀਓ ਦੁੱਧ ਰੱਜ ਮੈ ਪੀਵਾਂ, ਇਹ ਬਿੱਲੀ ਦੀ ਸੋਚ ਵੇ ਲੋਕਾ, ਅੰਨੀ ਅਕਲੋਂ ਖਾਲੀ ਦੀ ॥ ਜਿੰਨਾ ਹੱਥਾਂ ਸੀ ਅੰਨ ਉਗਾਓਣਾ, ਰਾਖੀ ਖੇਤਾਂ ਦੇ ਵਿੱਚ ਬਹਿਣਾ, ਤਖ਼ਤ ਦੁਆਲੇ ਕੰਧ ਬਣਾਕੇ, ਕਿਓੁ ਬੈਠੇ ਟਰੈਕਟਰ ਟਰਾਲੀ ਦੀ ? ਇਹ ਕੈਸਾ ਮਾਲੀ ਵੇ ਲੋਕੋ, ਨਫਰਤ ਕੰਡੇ ਬੀਜੀ ਜਾਵੇ, ਮਹਿਲਾਂ ਵਿੱਚੋ ਬੋਅ ਪਈ ਆਵੇ, ਇੱਕ ਹੋਰ ਸੰਨ ਸੰਤਾਲੀ ਦੀ ॥ ਏਕੇ ਦੀ ਵੇਲ ਚਮਕਣ ਲੱਗੀ , ਬੂਰ ਪਿਆ ਤੇ ਫੁੱਲ ਵੀ ਸੋਹਣੇ , ਚੌਹ ਦਿਸ਼ਾਵੀਂ ਖੁਸ਼ਬੂ ਫੈਲੀ, ਭਾਈਵਾਲੀ ਦੀ ਖੁਸ਼ਹਾਲੀ ਦੀ ॥

“ਉੱਠ ਜਾਗ ਪੰਜਾਬ ਸਿੰਹਾਂ”-ਹਰਪਾਲ ਸਿੰਘ ਨਾਗਰਾ

ਉੱਠ ਜਾਗ ਪੰਜਾਬ ਸਿੰਹਾਂ, ਬਈ ਹੁਣ ਜਾਗੋ ਆਈ ਆ। ਤੇਰਾ ਉੱਜੜ ਨਾ ਜਾਏ ਪੰਜਾਬ, ਬਈ ਹੁਣ ਜਾਗੋ ਆਈ ਆ। ਉੱਠ ਕਿਰਤੀਆ ਉੱਠ ਕਿਸਾਨਾਂ, ਹੋ ਗਿਆ ਤੇਰੇ ਵੱਲ ਜਮਾਨਾਂ, ਮੋੜ ਜੋ ਭਾਜੀ ਪਾਈ ਆ। ਬਈ ਹੁਣ ਜਾਗੋ ਆਈ ਆ............. ਦਿੱਲੀ ਡੰਗ ਚਲਾਵਣ ਲੱਗੀ, ਖੇਤਾਂ ਨਾਲ ਵੈਰ ਕਮਾਵਣ ਲੱਗੀ, ਇਹ ਕਰਦੇ ਜ਼ੋਰ ਅਜ਼ਮਾਈ ਆ। ਬਈ ਹੁਣ ਜਾਗੋ ਆਈ ਆ............ ਕਿਰਤ ਤੇਰੀ ਇਹ ਲੁੱਟਣ ਲੱਗੇ, ਮਲਕ ਭਾਗੋ ਘਰ ਸੁੱਟਣ ਲੱਗੇ, ਇੰਨ੍ਹਾਂ ਅੱਗ ਅਮਨ ਨੂੰ ਲਾਈ ਆ। ਬਈ ਹੁਣ ਜਾਗੋ ਆਈ ਆ............. ਖੇਤ ਪਾਣੀ ਨੇ ਹੋਏ ਜ਼ਹਿਰੀਲੇ, ਮੁੱਕ ਚੱਲੇ ਨੇ ਸਭ ਵਸੀਲੇ, ਲੋਟੂਆਂ ਲੁੱਟ ਮਚਾਈ ਆ। ਬਈ ਹੁਣ ਜਾਗੋ ਆਈ ਆ................ ਤੂੰ ਦੇਸ਼ ਸਾਰੇ ਨੂੰ ਅੰਨ ਖਵਾਇਆ, ਦਿੱਲੀ ਨੇ ਹੀ ਵੈਰ ਕਮਾਇਆ, ਇੰਨਾਂ ਕਦਰ ਨਾਂ ਕੋਈ ਪਾਈ ਆ। ਬਈ ਹੁਣ ਜਾਗੋ ਆਈ ਆ.................. ਏਕਾ ਕਰ ਲਓ ਮੇਰੇ ਭਾਈ, ਹੱਕਾਂ ਖਾਤਿਰ ਕਰੋ ਲੜਾਈ, ਜਿੱਤ ਹੋਣੀ ਦੂਣ ਸਵਾਈ ਆ। ਬਈ ਹੁਣ ਜਾਗੋ ਆਈ ਆ। ਉੱਠ ਜਾਗ ਪੰਜਾਬ ਸਿੰਹਾਂ, ਬਈ ਹੁਣ ਜਾਗੋ ਆਈ ਆ......,...... ਫਤਿਹਗੜ੍ਹ ਚੂੜੀਆਂ ਗੁਰਦਾਸਪੁਰ

ਕਿਸਾਨ-ਮਜ਼ਦੂਰ ਸੰਘਰਸ਼-ਤਰਲੋਕ ਸਿੰਘ ਚੌਹਾਨ

ਖੇਤਾਂ ਵਾਲਿਉ ......! ਅਸੀਂ- ਖੇਤ-ਵਿਹੂਣੇ ਲੋਕ ਤੁਹਾਡੇ ਨਾਲ ਖੜ੍ਹੇ ਹਾਂ। ਬੀਜਣ ਤੋਂ ਵੱਡਣ ਤੱਕ ਤੁਹਾਡੇ ਨਾਲ ਹੀ ਸਦਾ ਜੇਠ ਹਾੜ ਦੀਆਂ ਲੂੰਹਦੀਆਂ ਧੁੱਪਾਂ ਚ ਸੜੇ ਹਾਂ। ਤੁਹਾਡੇ ਨਾਲ ਹੀ ਸਦਾ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਦੀ ਭੇਟ ਚੜ੍ਹੇ ਹਾਂ। ਫਿਕਰ ਕੇਵਲ ਤੁਹਾਡੇ ਖੇਤ ਖੁੱਸ ਜਾਣਦਾ ਹੀ ਨਹੀਂ ਫਿਕਰ ਸਾਡੇ- ਚੁੱਲ੍ਹਿਆਂ ਦੀ- ਅੱਗ ਬੁੱਝਣ ਦਾ ਵੀ ਹੈ। ਫਿਕਰ ਸਾਡੇ ਹੱਸਦੇ ਵੱਸਦੇ ਪਿੰਡ ਉੱਜੜਨ ਦਾ ਵੀ ਹੈ। ਫਿਕਰ ਸਾਡੀ ਜਮਹੂਰੀਅਤ ਦੇ ਪਰ ਕੁਤਰਨ ਦਾ ਵੀ ਹੈ। ਫਿਕਰ ਸਾਡਾ ਸੱਚਾ ਸੁੱਚਾ ਸੰਵਿਧਾਨ ਬਦਲਨ ਦਾ ਵੀ ਹੈ। ਜਦੋਂ ਵੀ ਕਦੇ ਪਿੰਡ ਤੇ ਭੀੜ ਬਣੀ ਹੈ। ਤੁਰੇ ਹਾਂ ਅਸੀਂ ਵੀ ਤਾਂ ਤਾਣ ਕੇ ਮੁੱਕੇ। ਸਾਡੇ ਮੁੰਡਿਆਂ ਨਾਲ ਵੀ ਤਾਂ ਹੁੰਦੇ ਰਹੇ ਨੇ ਝੂਠੇ ਪੁਲਸ ਮੁਕਾਬਲੇ ਭੀੜੇ ਪੁਲਾਂ ਦੇ ਉੱਤੇ। ਖੇਤਾਂ ਦੇ ਪੁੱਤ ‘ਪਾਸ਼’ ਤੋਂ ਪੁੱਛੋ ਤੁਹਾਡੇ ਬੋਹਲ਼ਾਂ ਦੀ ਰਾਖੀ ਕਰਦਾ ਰਿਹਾ ਹੈ ਖੇਤ-ਵਿਹੂਣੇ- ਕੰਮੀਆਂ ਦਾ ਪੁੱਤ ਵੀ ਤਾਂ- ‘ਸੰਤ ਰਾਮ ਉਦਾਸੀ’। ਇਨਟੈਰੋਗੇਸ਼ਨ ਸੈਂਟਰਾਂ ਵਿੱਚ ਸਹਿੰਦਾ ਰਿਹਾ ਹੈ ਪੁਲਸ ਦਾ ਤਸ਼ੱਦਦ। ਸਿਰ ਤਲੀ ਤੇ ਧਰਕੇ ਕਰਦਾ ਰਿਹਾ ਹੈ ਲੋਕ ਘੋਲਾਂ ਦੀ ਮੱਦਦ। ਜਦੋਂ ਵੀ ਕਦੇ ਹਿੰਦ ਦੀ ਚਾਦਰ ਮੈਲੀ ਹੋਣ ਨੂੰ ਆਈ ਪਹੁੰਚੇ ਅਸੀਂ ਵੀ ਦਿੱਲੀ ਨੌਂਵੇ ਨਾਨਕ ਦੇ ਨਾਲ ਚੱਲੇ ਸਿਰਾਂ ਤੇ ਆਰੇ ਉਬੱਲੇ ਦੇਗਾਂ ਦੇ ਵਿੱਚ ਜਾਨਾਂ ਵਾਰੀਆਂ ਅਸੀਂ ਨੌਂਵੇਂ ਨਾਨਕ ਦੇ ਨਾਲ। ਉਨ੍ਹਾਂ ਕੁਰਬਾਨੀਆਂ ਸਦਕਾ ਹੀ ਅੱਜ ਜਨੇਊ ਜੀਂਦੇ ਨੇ। ਉਨ੍ਹਾਂ ਕੁਰਬਾਨੀਆਂ ਸਦਕਾ ਹੀ ਮੱਥੇ ਤਿਲਕ ਦੀਂਦੇ ਨੇ। ਚਾਂਦਨੀ ਚੌਕ ਤੋਂ ਪੁੱਛੋ ਅਨੰਦਪੁਰ ਕਿੱਲ੍ਹੇ ਤੋਂ ਪੁੱਛੋ ਗੜ੍ਹੀ ਚਮਕੌਰ ਤੋਂ ਪੁੱਛੋ ਜੰਗ-ਏ-ਆਜ਼ਾਦੀ ਤੋਂ ਪੁੱਛੋ ਸਦਾ ਹੀ- ਲੋਕਾਂ ਦੇ ਨਾਲ ਖੜ੍ਹੇ ਹਾਂ ਅੱਗੇ ਹੋ ਕੇ ਲੜੇ ਹਾਂ ਖੇਤਾਂ ਵਾਲਿਉ .........! ਅਸੀਂ- ਖੇਤ-ਵਿਹੂਣੇ ਲੋਕ ਅੱਜ ਵੀ - ਤੁਹਾਡੇ ਨਾਲ ਖੜ੍ਹੇ ਹਾਂ। ਤੁਸੀਂ ਬੱਸ ਸ਼ਾਂਤਮਈ ਰਹਿਣਾ। "ਮਿੱਤਰ ਪਿਆਰੇ ਨੂੰ- ਹਾਲ ਮੁਰੀਦਾਂ ਦਾ ਕਹਿਣਾ" ਲੜਾਂਗੇ - ਉਂਦੋਂ ਤੱਕ ਜਦੋਂ ਤੱਕ ਤੁਹਾਡੀ ਪੈਲੀ ਤੇ ਅੱਖ ਮੈਲੀ ਚੁੰਧਿਆ ਨਹੀਂ ਜਾਂਦੀ| ਤੁਹਾਡੇ ਚਾਵਾਂ ਦੀ ਫਸਲ ਤੁਹਾਡੇ ਘਰ ਅੰਦਰ ਆ ਨਹੀਂ ਜਾਂਦੀ। ਵਕੀਲ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ

ਜਾਗਣ ਦੀ ਜਾਗ-ਸੁਰਿੰਦਰ ਗੀਤ

ਜਦੋਂ ਕਿਸੇ ਤਖਤ ਦੇ ਨਾਦਰਸ਼ਾਹੀ ਫੁਰਮਾਨ ਚੋਂ ਨਿਕਲੀ ਦਹਿਸ਼ਤ ਤੇ ਵਹਿਸ਼ਤ ਦੀ ਬਦਬੂ ਲੋਕਾਂ ਦੀ ਹੋਂਦ ਤੇ ਹਮਲਾ ਕਰਦੀ ਹੈ ਲੋਕਾਂ ਦਾ ਦਮ ਘੁੱਟਦੀ ਹੈ ਤਾਂ ਲੋਕੀਂ ਜਾਗ ਪੈਂਦੇ ਹਨ ਤੇ ਇਹ ਵੀ ਸੱਚ ਹੈ ਕਿ ਜਾਗਦੇ ਲੋਕਾਂ ਦਾ ਸੂਰਜ ਕਦੇ ਛਿੱਪਦਾ ਨਹੀਂ ਹੁੰਦਾ ਹੱਕਾਂ ਲਈ ਉੱਠਿਆ ਜੋਸ਼ ਰੋਕਿਆਂ ਰੁਕਦਾ ਨਹੀਂ ਹੁੰਦਾ ਹੁਣ ਉਸ ਤਖਤ ਤੋਂ ਮਾਰੂ ਫੁਰਮਾਨ ਦੀ ਬਦਬੂ ਆਈ ਹੈ ਜਿਸ ਤਖਤ ਦੇ ਸਿਰ ਤੋਂ ਚਿੱਟੇ ਹੁਕਮਰਾਨ ਦੀ ਗੁਲਾਮੀ ਦਾ ਤਾਜ ਲਾਹ ਕੇ ਆਜ਼ਾਦੀ ਦਾ ਤਾਜ ਸਜਾਉਣ ਖਾਤਿਰ ਕਿਸੇ ਭਗਤ ਸਿੰਘ ਨੂੰ ਬਾਲ ਉਮਰੇ ਹੀ ਆਪਣੇ ਖੇਤਾਂ ਵਿੱਚ ਬੰਦੂਕਾਂ ਦੀ ਫ਼ਸਲ ਉਗਾਉਣੀ ਪਈ ਤੇ ਭਰ ਜਵਾਨੀ ਵਿੱਚ ਲੋਕਾਂ ਨੂੰ ਜਗਾਉਣ ਖਾਤਿਰ ਸਤਲੁੱਜ ਦੇ ਕੰਢੇ ਆਪਣੇ ਲਹੂ ਦੀ ਜੋਤ ਜਗਾਉਣੀ ਪਈ ਇਤਿਹਾਸ ਤੁਰਦਾ ਤੁਰਦਾ ਫਿਰ ਉਸ ਰਾਹ ਤੇ ਆਇਆ ਹੈ ਸ਼ਹੀਦਾਂ ਦੇ ਖੂਨ ਨਾਲ ਲਿਬਰੇਜ਼ ਪੰਜਾਬ ਦੀ ਮਿੱਟੀ ਦੇ ਜਾਏ ਆਪਣੀ ਫ਼ਸਲ ਦੇ ਹਰ ਦਾਣੇ ਦੇ ਸਨਮਾਨ ਖਾਤਿਰ ਆਪਣੇ ਪਿੰਡ ਦੀ ਹੋਂਦ ਖਾਤਿਰ ਆਪਣੇ ਮੁੜ੍ਹਕੇ ਦੀ ਪਹਿਚਾਣ ਖਾਤਿਰ ਹਕੂਮਤ ਦੀਆਂ ਡਾਗਾਂ ਖਾਂਦੇ ਪਾਣੀ ਦੀਆਂ ਬੁਛਾੜਾਂ ਝਲਦੇ ਰਾਹਾਂ ਚੋਂ ਕੰਡਿਆਲੀਆਂ ਤਾਰਾਂ ਤੇ ਭਾਰੇ ਪਥਰ ਹਟਾਉਂਦੇ ਪੱਗਾਂ ਸੰਭਾਲਦੇ ਤੁਰੇ ਜਾ ਰਹੇ ਹਨ ਦੇਸ਼ ਭਰ ਦੇ ਕਿਰਤੀ ਕਾਮਿਆਂ ਕਿਸਾਨਾਂ ਤੇ ਮਜਦੂਰਾਂ ਨੂੰ ਜਾਗਣ ਦੀ ਜਾਗ ਲਗਾਉਣ ਲਈ ।

ਨਵਾਂ ਇਤਿਹਾਸ-ਸੁਰਿੰਦਰ ਗੀਤ

ਭਾਰਤ ਦੇ ਪਿੰਡਾਂ ਸ਼ਹਿਰਾਂ ਚੋਂ ਉੱਠ ਟਰੈਕਟਰ ਟਰਾਲੀਆਂ ਸਜਾ ਕਾਫ਼ਲੇ ਬਣਾ ਆਪਣੇ ਪਿੰਡਿਆਂ ਤੇ ਪੁਲੀਸ ਦੀਆਂ ਡਾਂਗਾ ਖਾਂਦੇ ਸਰਦੀ ਦੀ ਰੁੱਤੇ ਠੰਡੇ ਠਾਰ ਪਾਣੀ ਦੀਆਂ ਬੁਛਾੜਾਂ ਝੱਲਦੇ ਸਰਕਾਰੀ ਮਸ਼ੀਨਾਂ ਨਾਲ ਢੋਏ ਤੇ ਰਾਹਾਂ ’ਚ ਟਿਕਾਏ ਕਈ ਕਈ ਟਨ ਭਾਰੇ ਪੱਥਰ ਹੱਥਾਂ ਨਾਲ ਹਟਾਉਂਦੇ ਹਕੂਮਤਾਂ ਦੇ ਪੰਦਰ੍ਹਾਂ ਪੰਦਰ੍ਹਾਂ ਫੁੱਟ ਡੂੰਘੇ ਪੁੱਟੇ ਟੋਏ ਮਿੰਟਾਂ ਸਕਿੰਟਾਂ ਵਿੱਚ ਪੂਰਦੇ ਅੱਥਰੂ ਗੈਸ ਦੇ ਗੋਲਿਆਂ ਦਾ ਧੂੰਆਂ ਚੀਰਦੇ ਸਹਿਣਸ਼ੀਲਤਾ ਤੇ ਮੁਸਕਰਾਹਟ ਵੰਡਦੇ ਇਨਕਲਾਬ ਦੇ ਨਾਹਰੇ ਲਾਉਂਦੇ ਦਿੱਲੀ ਵੱਲ ਵੱਧਦੇ ਜਾਂਦੇ ਦਿੱਲੀ ਦੀਆਂ ਬਰੂਹਾਂ ਤੇ ਬੈਠ ਚਾਰੇ ਪਾਸਿਓ ਦਿੱਲੀ ਘੇਰ ਹੱਕ ਤੇ ਸੱਚ ਦੇ ਨਾਹਰੇ ਲਗਾ ਸਮੇਂ ਦੀ ਹਕੂਮਤ ਦਾ ਤਖਤ ਕੰਬਾ ਰਹੇ ਲੋਕਾਂ ਦਾ ਹਜੂਮ ਕੀ ਹੈ ? ਇਹ ਕੇਵਲ ਹੱਡ, ਲਹੂ ਮਾਸ ਦੇ ਪੁੱਤਲੇ ਹੀ ਨਹੀਂ ਸਗੋਂ ਕਿਸਾਨ, ਕਿਰਤੀ ਕਾਮਿਆਂ ਦੇ ਹੱਕਾਂ ਦੀ ਲੁੱਟ ਵਿਰੁਧ ਭਾਰਤ ਦੀ ਮਿੱਟੀ ਚੋਂ ਉੱਗਿਆ ਰੋਹ ਗੁਸਤਾਖ਼ ਹਵਾਵਾਂ ਪ੍ਰਤੀ ਲੋਕਾਂ ਦਾ ਵਿਦਰੋਹ ਲੋਕ ਮਨਾਂ ਵਿੱਚ ਲੋਕਾਂ ਲਈ ਪਲਦਾ ਮਣਾਂ ਮੂੰਹੀ ਮੋਹ ਗੁਰੂਆਂ ਪੀਰਾਂ ਫ਼ਕੀਰਾਂ ਦੇ ਥਾਪੜੇ ਦੀ ਛੋਹ ਤੇ ਜੁਝਾਰੂ ਵਿਰਸੇ ਦੀ ਲਟ ਲਟ ਬਲਦੀ ਲੋਅ ਹੈ ਇਹ ਜੋਸ਼ ਤੇ ਹੋਸ਼ ਦਾ ਸੁਮੇਲ ਸੀਸ ਤਲੀ ਤੇ ਧਰ ਖੇਡਣ ਵਾਲਾ ਖੇਲ ਤੇ ਹਿੰਦੂ ਸਿੱਖ ਮੁਸਲਮਾਨਾਂ ਵਿਚਲਾ ਪਿਆਰ ਵੱਡੇ ਛੋਟੇ ਵੀਰ ਵਾਲਾ ਸਤਿਕਾਰ ਇਕ ਦੂਸਰੇ ਦੀਆਂ ਬਾਹਾਂ ਬਣ ਸਿਰਜਿਆ ਨਵਾਂ ਇਤਿਹਾਸ ਹੈ ।

ਹੱਕ ਮੰਗਦੇ…..-ਸੁਰਿੰਦਰ ਗੀਤ

ਹੱਕ ਮੰਗਦੇ ਹਾਕਮਾਂ ਤੈਥੋਂ ਅਸੀਂ ਨਾ ਕੋਈ ਭੀਖ ਮੰਗਦੇ ਹੱਕਾਂ ਖਾਤਿਰ ਲੋਕ ਯੁੱਧ ਲੜਨੇ ਵੇ ਸਾਨੂੰ ਸਾਡੇ ਗੁਰੂ ਦੱਸਦੇ। ਪੜ੍ਹਿਆ ਜੇ ਹੁੰਦਾ ਬਹਿ ਕੇ ਸਾਡਾ ਇਤਿਹਾਸ ਵੇ ਕਾਲੇ ਇਹ ਕਾਨੂੰਨਾਂ ਦੀ ਨਾ ਪਾਉਂਦਾ ਕਦੇ ਬਾਤ ਵੇ ਇਹ ਸਾਂਭ ਕੇ ਤੂੰ ਰੱਖ ਘਰ ਆਪਣੇ ਵੇ ਸਾਡਾ ਇਹ ਦਮ ਘੁੱਟਦੇ ਹੱਕ ਮੰਗਦੇ ਹਾਕਮਾਂ ……. ਨਾਨਕ ਦੇ ਪੈਰੋਕਾਰ ਕਿਰਤੀ ਕਿਸਾਨ ਹਾਂ ਸਾਦਗੀ ‘ਚ ਪਲਦੇ ਤੇ ਸਾਦੇ ਇਨਸਾਨ ਹਾਂ ਤੇਰੇ ਸ਼ਾਹਾਂ ਦੀ ਵੇ ਤੱਕੜੀ ਦੇ ਉੱਤੇ ਕਦੇ ਨੀ ਅਸੀਂ ਤੁਲ ਸਕਦੇ ਹੱਕ ਮੰਗਦੇ ਹਾਕਮਾਂ……. ਹਾਕਮਾਂ ਵੇ ਸਾਡੇ ਖੇਤ ਸਾਡੀ ਜਿੰਦ ਜਾਨ ਨੇ ਸਾਡਾ ਇਹ ਧਰਮ ਤੇ ਸਾਡਾ ਇਹ ਈਮਾਨ ਨੇ ਸਾਡੀ ਵੱਟ ਉੱਤੇ ਆਣ ਖੜੇ ਕੋਈ ਵੇ ਅਸੀਂ ਇਹ ਨਹੀਂ ਜਰਦੇ ਹੱਕ ਮੰਗਦੇ ਹਾਕਮਾਂ…….. ਹੱਕਾਂ ਲਈ ਲੜਦੇ ਹਾਂ ਜੀਣ ਲਈ ਮਰਦੇ ਹਾਂ ਆਏ ਦਿਨ ਨਵਾਂ ਇਤਿਹਾਸ ਅਸੀਂ ਘੜਦੇ ਹਾਂ ਤੇਰੀ ਨੀਤੀ ਦੀਆਂ ਮਾਰੂ ਚਾਲਾਂ ਕੋਲੋਂ ਇਹ ਰਾਹ ਸਾਡੇ ਨਹੀ ਰੁੱਕਦੇ ਹੱਕ ਮੰਗਦੇ ਹਾਕਮਾਂ…….. ਬਣ ਕੇ ਤੂਫਾਨ ਅਸੀਂ ਘਰਾਂ ਵਿੱਚੋਂ ਨਿਕਲੇ ਹਾਂ ਖੇਤਾਂ ਦੀ ਆਜ਼ਾਦੀ ਲਈ ਦਿੱਲੀ ਘੇਰੀ ਫਿਰਦੇ ਹਾਂ ਸਾਡੇ ਕਿਰਤੀ ਸੰਘਰਸ਼ ਦੇ ਮੂਹਰੇ ਵੇ ਜਿੱਤ ਦੇ ਨਗਾਰੇ ਵੱਜਦੇ ਹੱਕ ਮੰਗਦੇ ਹਾਕਮਾਂ………

ਗ਼ਜ਼ਲ-ਸੁਰਿੰਦਰ ਗੀਤ

ਨਵਾਂ ਸੈਲਾਬ ਆਇਆ ਹੈ ਨਵਾਂ ਕੋਈ ਰੰਗ ਛਾਇਆ ਹੈ ਸਾਡੇ ਕਿਰਤੀ ਕਿਸਾਨਾਂ ਨੇ, ਨਵਾਂ ਦੀਵਾ ਜਗਾਇਆ ਹੈ। ਅਨੋਖੀ ਲਾਟ ਦੀਵੇ ਦੀ, ਅਨੋਖੀ ਰੌਸ਼ਨੀ ਇਸਦੀ, ਤੇ ਲੱਗਦਾ ਲਾਟ ਚੋਂ ਅੱਜ ਫਿਰ, ਸਰਾਭਾ ਮੁਸਕਰਾਇਆ ਹੈ। ਬਿਨਾਂ ਇਤਿਹਾਸ ਦੇ ਪੜ੍ਹਿਆਂ ਬਿਨਾਂ ਪਰਖੇ ਤਾਸੀਰਾਂ ਨੂੰ , ਕਿਸੇ ਬੇਸਮਝ ਹਾਕਮ ਦਾ ਕੋਈ ਫੁਰਮਾਨ ਆਇਆ ਹੈ । ਲੜਾਈ ਹੱਕ ਦੀ ਵੀ ਹੈ ਲੜਾਈ ਸੱਚ ਦੀ ਵੀ ਹੈ , ਤੇ ਸਾਡੀ ਹੋਂਦ ਦੇ ਮਸਲੇ ਜ਼ਮੀਰਾਂ ਨੂੰ ਜਗਾਇਆ ਹੈ। ਅਸੀਂ ਮਿੱਟੀ ਚੋਂ ਜੰਮਦੇ ਹਾਂ ਤੇ ਮਿੱਟੀ ਵਿੱਚ ਹੀ ਪਲਦੇ ਹਾਂ, ਤੇ ਏਸੇ ਸੱਚ ਨੇ ਕਿਰਤੀ ਨੂੰ ਦਿੱਲੀ ਤੇ ਚੜ੍ਹਾਇਆ ਹੈ।