Dharat Vangaare Takhat Nu (Part-2)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਦੂਜਾ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)



ਬਹਾਦਰ ਸਿੰਘ-ਹਰਪ੍ਰੀਤ ਕੌਰ ਸੰਧੂ

ਮਾਂ ਨੇ ਜਦੋਂ ਨਾਂ ਰੱਖਿਆ ਪਤਾ ਨਹੀਂ ਹੋਣਾ ਇਸ ਸੱਚੀ ਬਹਾਦਰ ਹੋਏਗਾ ਉਨੀ ਸਾਲਾ ਜੁਆਨ ਪੁੱਤਰ ਦੀ ਚਿਖਾ ਨੂੰ ਅਗਨ ਭੇਟ ਕਰ ਛੇ ਦਿਨ ਬਾਅਦ ਤੁਰ ਪਿਆ ਕਿਸਾਨਾਂ ਦੇ ਕਾਫ਼ਲੇ ਨਾਲ ਦੋ ਕਨਾਲ਼ਾਂ ਦਾ ਮਾਲਕ ਬਹਾਦਰ ਸਿੰਘ ਪਿੰਡ ਕਾਲਖ਼ ਤੋਂ ਦਰਦ ਉਸ ਦੀਆਂ ਅੱਖਾਂ ਵਿੱਚ ਉਦਾਸੀ ਚਿਹਰੇ ਤੇ ਪਰ ਜੋਸ਼ ਆਪਣੀ ਧਰਤੀ ਮਾਂ ਲਈ ਕੁਝ ਕਰ ਗੁਜ਼ਰਨ ਦਾ ਦੌੜਦਾ ਹੈ ਰਗਾਂ ਵਿੱਚ ਬਹਾਦਰ ਸਿੰਘ ਦੇ ਸ਼ਬਦ ਪੁੱਤ ਨੂੰ ਤਾਂ ਨਹੀਂ ਬਚਾ ਸਕਿਆ ਪਰ ਆਪਣੀ ਜ਼ਮੀਨ ਜ਼ਰੂਰ ਬਚਾਵਾਂਗਾ ਉਸ ਦੇ ਸੰਕਲਪ ਦੀ ਪੁਸ਼ਟੀ ਕਰਦੇ ਹਨ ਧੁੱਪਾਂ ਵਿੱਚ ਪੱਕਿਆਂ ਰੰਗ ਨਮੋਸ਼ੀ, ਗ਼ਮ ਤੇ ਉਦਾਸੀ ਸਭ ਤੇ ਬਾਜ਼ੀ ਮਾਰ ਗਿਆ ਹੈ ਜੋਸ਼ ਤੇ ਹੌਂਸਲਾ ਤੈਨੂੰ ਸਲਾਮ ਹੈ ਬਹਾਦਰ ਸਿੰਘ ਤੂੰ ਇਸ ਜੰਗ ਦਾ ਜ਼ਿੰਦਾ ਸ਼ਹੀਦ ਹੈ

ਜੰਝ ਚੜ ਆਈ ਨਾਲ ਪੂਰੇ ਸ਼ਾਨ ਨੀ-ਗੁਰਜੀਤ ਅਜਨਾਲਾ

ਜੰਝ ਚੜ ਆਈ ਨਾਲ ਪੂਰੇ ਸ਼ਾਨ ਨੀ ਜਾਂਝੀ ਬਣ ਗਏ ਕਿਰਤੀ ਕਿਸਾਨ ਨੀ ਰੰਗ ਹਰੀਆਂ ਪੱਗਾਂ ਦਾ ਗੂੜਾ ਛਾ ਗਿਆ ਦਿੱਲੀਏ ਤੂੰ ਪਾ ਲੈ ਝਾਂਜਰਾ ਸਿਹਰੇ ਬੰਨ ਕੇ ਪੰਜਾਬ ਸਿੰਘ ਆ ਗਿਆ... ਮਹਿੰਦੀ ਖੂਨ ਵਾਲੀ ਸ਼ੌਕ ਨਾਲ ਲਾਂਵੇ ਤੂੰ ਪੀਹ ਕੇ ਹੱਡੀਆਂ ਦਾ ਪਾਊਡਰ ਲਗਾਵੇਂ ਤੂੰ, ਟਾਇਰ ਗਲਾਂ ਚ ਬੇਦੋਸ਼ਿਆਂ ਦੇ ਪਾਂਵੇਂ ਤੂੰ, ਜਾਨਾਂ ਜਿਉਂਦੀਆਂ ਨੂੰ ਅੱਗਾਂ ਚ ਸੜਾਵੇਂ ਤੂੰ, ਹਿਸਾਬ ਤੇਰੀ ਕੁੰਡਲੀ ਦਾ ਅਸਾਂ ਲਾ ਲਿਆ ਦਿੱਲੀਏ ਤੂੰ ਪਾ ਲੈ ਝਾਂਜਰਾ ਸਿਹਰੇ ਬੰਨ ਕੇ ਪੰਜਾਬ ਸਿੰਘ ਆ ਗਿਆ... ਨਿੱਤ ਨਵੇਂ ਨਵੇਂ ਹੁਕਮ ਸੁਣਾਂਵਦੀ, ਸਾਡੇ ਗਲਮੇ ਨੂੰ ਹੱਥ ਨਿੱਤ ਪਾਂਵਦੀ, ਆਪੇ ਸੁੱਤੇ ਸ਼ੇਰਾਂ ਤਾਈਂ ਨੀ ਜਗਾਵਦੀ, ਕਰ ਸੈਨਤਾਂ ਤੇ ਸਾਨੂੰ ਨੀ ਬੁਲਾਂਵਦੀ ਰੂਪ ਤੇਰਾ ਨੀ ਚੰਦਰੀਏ ਭਾਅ ਗਿਆ ਦਿੱਲੀਏ ਤੂੰ ਪਾ ਲੈ ਝਾਂਜਰਾ ਸਿਹਰੇ ਬੰਨ ਕੇ ਪੰਜਾਬ ਸਿੰਘ ਆ ਗਿਆ... ਜੰਝ ਪਹੁੰਚਣੀ ਏਂ ਤੇਰੇ ਦਰਾਂ ਕੋਲ ਨੀ, ਦੇਣੇ ਜੁਲਮਾਂ ਦੇ ਬੂਹੇ ਨੀ ਤੂੰ ਖੋਲ ਨੀ, ਗੂੰਜੇ ਜਦੋਂ ਨੀ ਜੈਕਾਰਿਆਂ ਦੇ ਬੋਲ ਨੀ, ਪੈਣੇ ਕਾਲਜੇ ਨੂੰ ਤੇਰੇ ਚੰਨੋ ਹੌਲ ਨੀ ਧੱਕੇ ਨਾਲ ਨੀ ਵਿਆਹ ਕੇ ਜਦੋਂ ਲੈ ਗਿਆ, ਦਿੱਲੀਏ ਤੂੰ ਪਾ ਲੈ ਝਾਂਜਰਾ ਸਿਹਰੇ ਬੰਨ ਕੇ ਪੰਜਾਬ ਸਿੰਘ ਆ ਗਿਆ...

ਕੋਰੜਾ ਛੰਦ-ਗੁਰਜੀਤ ਅਜਨਾਲਾ

ਅਜੇ ਵੀ ਨਾ ਮੰਨੀ ਜੇ ਤੂੰ ਸਰਕਾਰੇ ਨੀ ਕਿੰਨੇ ਚਿਰਾਂ ਤੋਂ ਤੂੰ ਸਾਨੂੰ ਲਾਏ ਲਾਰੇ ਨੀ ਕਰ ਕੇ ਹੀ ਰਹਿੰਦੇ ਅਸੀਂ ਜੋ ਵੀ ਠਾਣਦੇ। ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ। ਬਣਦੀ ਹੈ ਭੀੜ ਜਦੋਂ ਸਾਡੀ ਆਣ ਤੇ ਵੱਜਦੀ ਏ ਸੱਟ ਜਦੋਂ ਸਾਡੀ ਸ਼ਾਨ ਤੇ ਡੱਟ ਜਾਈਏ ਝਟ ਸੁੱਖ ਨਹੀਂਓ ਮਾਣਦੇ। ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ। ਵਿਹਲੀ ਬਹਿ ਕੇ ਪੜੀਂ ਇਤਿਹਾਸ ਸਾਡਾ ਨੀ ਸ਼ਹੀਦੀਆਂ 'ਚ ਨਾਂ ਵੱਜੇ ਖਾਸ ਸਾਡਾ ਨੀ। ਮੌਤੋਂ ਨਾਹੀਂ ਡਰੀਏ ਨੀ ਹਿੱਕਾਂ ਤਾਣਦੇ। ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ। ਟੁੱਟ ਜਾਈਏ ਭਾਵੇਂ ਸਿੱਖਿਆ ਨਹੀਂ ਝੁਕਣਾ। ਲੋਕ ਲਹਿਰ ਕਾਫਲਾ ਤੈਥੋਂ ਨਹੀਂ ਰੁਕਣਾ । ਭੁੱਲ ਜਾਈਏ ਫਿਕਰ ਵੀ ਪੀਣ ਖਾਣ ਦੇ। ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ। ਬਚਿਆ ਨਾ ਕਦੇ ਸਾਹਵੇਂ ਜੋ ਵੀ ਅੜਿਆ। ਫੋਲੀਂ ਇਤਿਹਾਸ ਕਿਵੇਂ ਜਾਂਦਾ ਝੜਿਆ। ਕਰ ਲੈਂਦੇ ਹੀਲੇ ਮੁੱਕਣ ਮੁਕਾਣ ਦੇ। ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ। ਲਾਈਆਂ ਰੋਕਾਂ ਵਾਲੇ ਅਸਾਂ ਫਾਹੇ ਵੱਢ ਤੇ। ਝੰਡੇ ਆ ਕੇ ਤੇਰੇ ਦਰਾਂ ਮੂਹਰੇ ਗੱਡ ਤੇ। ਲਾਏ ਮਨਸੂਬੇ ਸਾਨੂੰ ਤੂੰ ਹਰਾਣ ਦੇ। ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ। ਡੰਡਿਆਂ ਬੁਛਾੜਾਂ ਕੋਲੋਂ ਨਾਂ ਹੀ ਡਰਦੇ। ਹੁੰਨੇ ਆਂ ਪੰਜਾਬੀ ਅਣਖ ਨਾ' ਮਰਦੇ। ਤੇਰੇ ਕੋਈ ਕਨੂੰਨ ਨਹੀਂਓ ਸਾਡੇ ਹਾਣ ਦੇ ਇੱਕੀਆਂ ਦੇ 'ਕੱਤੀ ਅਸੀਂ ਪਾਉਣੇ ਜਾਣਦੇ ।

ਮੈ ਖਾ ਖਾ ਧੋਖੇ ਥੱਕ ਗਿਆ-ਮਨਦੀਪ ਬਰਾੜ

ਮੈ ਖਾ ਖਾ ਧੋਖੇ ਥੱਕ ਗਿਆ ਤੇਰੇ ਮੁੱਢੋ ਨੀਅਤ ਖੋਟ ਤੈਨੂੰ ਦਿੱਲੀਏ ਦੰਦਲਾ ਪਾਉਣੀਆ ਐਤਕੀ ਲ਼ੈ ਨੰਦਪੁਰ ਦੀ ਓਟ........... ਦੇਖ ਨਗਾਰੇ ਚੋਟਾਂ ਵੱਜੀਆਂ ਤੇਰੀਆਂ ਗਲ਼ੀਆਂ ਤੀਕਰ ਗੂੰਜ ਮੇਰੇ ਸ਼ੇਰੇ ਹੋਰੀ ਆ ਗਏ ਆਪੋ ਆਪਣਾ ਮੁੜਕਾਂ ਪੂੰਝ...... ਮੇਰੀਆਂ ਪੌਣਾ ਬਾਣੀ ਪੜਦੀਆ ਮੇਰੇ ਆਬ ਨੂੰ ਅੰਮ੍ਰਿਤ ਆਖਦੇ ਮੇਰੀ ਮਿੱਟੀ ਜਿਹੜੇ ਜੰਮਦੀ ਉਹ ਆਖੇ ਲੱਗਣ ਵਾਕ ਦੇ.... ਖੰਡਿਆਂ ਨਾਲ ਪਤਾਸੇ ਘੋਲ ਕੇ ਇਹ ਜੈਕਾਰੇ ਦੇਣ ਬੁਲਾ ਝਿੜੀਆਂ ਵਿੱਚੋਂ ਉੱਠ ਕੇ ਇਹ ਕਿਲੇ ਦੇਣਗੇ ਢਾਹ.... ਇਹ ਜੰਮੇ ਵਿੱਚ ਵੈਸਾਖ ਦੇ ਛੋੜ ਜਿਉਣ ਦੀ ਲਾਲਸਾ ਨਾ ਕੱਲੇ ਕਿਰਤੀ ਜਾਣ ਲੀ ਇਹਨਾਂ ਅੰਦਰ ਵੱਸੇ ਖਾਲਸਾ...... ਇਹ ਹਲ ਵਾਹੁੰਦੇ ਬਾਬੇ ਨਾਨਕ ਦਾ ਤੇ ਗੁਰ ਗੋਬਿੰਦ ਦੀ ਤਲਵਾਰ ਬਰਾੜਾ ਵੇਖ ਜ਼ੁਲਮ ਦੀ ਜੰਝ ਨੂੰ ਹੋ ਜਾਂਦੇ ਪੱਬਾਂ ਭਾਰ......... ਸਾਡੀ ਕਣਕ ਅਣਖ ਨੂੰ ਦੱਬਕੇ ਤੂੰ ਕਰੇ ਕਸੂਤੀ ਚੋਟ ਤੈਨੂੰ ਦਿੱਲੀਏ ਦੰਦਲਾ ਪਾਉਣੀਆਂ ਐਤਕੀਂ ਲੈ ਨੰਦਪੁਰ ਦੀ ਓਟ........ ਤੈਨੂੰ ਦਿੱਲੀਏ ਦੰਦਲਾ ਪਾਉਣੀਆਂ ਐਤਕੀਂ ਲੈ ਨੰਦਪੁਰ ਦੀ ਓਟ...........

ਕ੍ਰਿਸਾਨ ਮੋਰਚਾ ਜ਼ਿੰਦਾਬਾਦ-ਬੀਬੀ ਸੁਰਜੀਤ ਕੌਰ ਸੈਕਰਾਮੈਂਟੋ

ਸੰਭਲ਼ ਸੰਭਲ਼ ਪੈਰ ਧਰਿਓ ਵੀਰਨੋ ਸੁਖ ਆਵੇ ਦੁੱਖ ਆਵੇ ਜਰਿਓ ਵੀਰਨੋ ਯਾਦ ਰੱਖੋ ਦਸਮੇ ਗੁਰੂ ਦੀਆਂ ਦਲੇਰੀਆਂ ਸਾਡੇ ਲਈ ਪੀੜਾਂ ਜਿੰਨੇ ਝੱਲੀਆਂ ਬਤੇਰੀਆਂ ਹੱਸ ਹੱਸ ਠੰਢ ਵਿੱਚ ਠਰਿਓ ਵੀਰਨੋ ਜਦੋਂ ਗੱਲ ਬਾਤ ਲਈ ਬੁਲਾਵੇ ਸਰਕਾਰ ਵੇ ਆਪੋ ਵਿੱਚੀ ਬੈਠ ਪਹਿਲਾਂ ਕਰਿਓ ਵਿਚਾਰ ਵੇ ਕਦੀ ਨਾ ਥਿੜਕਿਓ ਨਾ ਡਰਿਓ ਵੀਰਨੋ ਪੀਓ ਜੇ ਨਾ ਚਾਹ ਤੇ ਨਾ ਖਾਇਓ ਪਕਵਾਨ ਵੇ ਸਾਹਮਣੇ ਨੇ ਬੰਦੇ ਬੇ-ਈਮਾਨ ਤੇ ਸ਼ੈਤਾਨ ਵੇ ਨਜ਼ਰਾਂ ਮਿਲਾਕੇ ਗੱਲ ਕਰਿਓ ਵੀਰਨੋ ਕਰਦੀ ਏ ਸਦਾ ਅਰਦਾਸ ‘ਸੁਰਜੀਤ’ ਵੇ ਜਿੱਤਾਂ ਜਿੱਤ ਆਵੋ ਲਿਖਾਂ ਜਿੱਤਾਂ ਦੇ ਮੈ ਗੀਤ ਵੇ ਗੁਰੂ ਦਿਉ ਖ਼ਾਲਸ ਤੇ ਖਰਿਓ ਵੀਰਨੋ

ਮਿਲਕੇ ਰਿਹੋ ਕ੍ਰਿਸਾਨ ਵੀਰਿਓ-ਬੀਬੀ ਸੁਰਜੀਤ ਕੌਰ ‘ਸੈਕਰਾਮੈਂਟੋ’

ਮਿਲਕੇ ਰਿਹੋ ਕ੍ਰਿਸਾਨ ਵੀਰਿਓ ਦੁਸ਼ਮਨ ਹੈ ਸ਼ੈਤਾਨ ਵੀਰਿਓ ਜੋਸ਼ ਚ ਆਕੇ ਕੰਮ ਵਿਗੜਦੇ ਰੱਖਿਓ ਪੂਰਾ ਧਿਆਨ ਵੀਰਿਓ ਜੋ ਗੱਲ ਕਰਨੀ ਮਿਲਕੇ ਕਰਿਓ ਬਣਕੇ ਸੁੱਘੜ ਸੁਜਾਨ ਵੀਰਿਓ ਦੇਖ ਰਿਹਾ ਅੱਜ ਵੱਲ ਤੁਹਾਡੇ ਸਾਰਾ ਜਗਤ ਜਹਾਨ ਵੀਰਿਓ ਮੋਦੀ, ਸ਼ਾਹ, ਤੇ ਖੱਟੜ ਵਰਗੇ ਬੰਦੇ ਸੱਭ ਬੇ-ਈਮਾਨ ਵੀਰਿਓ ਅੰਬਾਨੀ ਜਹੇ ਜਾਲਮ ਦੀ ਹੁਣ ਹੋਣੀ ਬੰਦਦੁਕਾਨ ਵੀਰਿਓ ਮੁਲਕ ਅਸਾਡਾ ਧਰਤ ਅਸਾਡੀ ਸਾਡਾ ਹੈ ਅਸਮਾਨ ਵੀਰਿਓ ਮੋਦੀ ਦੀ ਜਾਗੀਰ ਨਹੀਂ ਇੱਹ ਸਾਡਾ ਏ ਹਿੰਦੁਸਤਾਨ ਵੀਰਿਓ ਹੱਕ ਅਪਣਾ ਨਹੀਂ ਲੁੱਟਣ ਦੇਂਣਾ ਅਣਖੀ ਤੇ ਬਲਵਾਨ ਵੀਰਿੳ ਜੈ ਜਵਾਨ ਤੇ ਜੈ ਕਿਸਾਨ ਦੇ ਝੁਲਦੇ ਰਹਿਣ ਨਿਸ਼ਾਨ ਵੀਰਿਓ ਅਪਣਾ ਸਿੱਦਕ ਕਦੀ ਨਾ ਛੱਡਿਓ ਯੋਧੇਤੁਸੀਂਮਹਾਨ ਵੀਰਿਓ ਮੈਂ ‘ਸੁਰਜੀਤ’ ਕਰਾਂ ਅਰਦਾਸਾਂ ਹੋਣ ਪੂਰੇਅਰਮਾਨ ਵੀਰਿਓ

ਮੈਂ ਨਾਰੀ ਧਰਤੀ ਮਾਂ ਵਿੱਚ-ਮਨਮੋਹਨ ਕੌਰ

ਮੈਂ ਨਾਰੀ ਧਰਤੀ ਮਾਂ ਵਿੱਚ ਉਮੀਦ ਬੀਜਦੀ ਹਾਂ ਕਿਸਾਨ ਦੀ ਪਤਨੀ ਹਾਂ ਚੈਨ ਨਾਲ ਕਿਵੇਂ ਸੌਂ ਸਕਦੀ ਹਾਂ ਮੇਰੇ ਕੋਲ ਤਾਂ ਸਿਰਫ਼ ਮਿਹਨਤ ਦੀ ਹੀ ਮਿਸ਼ਾਲ ਹੈ ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ ਹੋਠਾਂ ਤੇ ਸ਼ਿਕਵਾ ਨਹੀ ਕਿਉਂਕਿ ਦੇਸ਼ ਦਾ ਕਿਸਾਨ ਹੈ ਹੱਥਾਂ ਉਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਨੇ, ਤਾਂਹੀਉ ਬੱਚੇ ਕਿਸਾਨਾਂ ਦੇ ਦਿਲਵਾਲੇ ਹੋ ਜਾਂਦੇ ਨੇ ਅਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ ਮੁਕਾਬਲੇ ਕਰਦੇ ਸੀਮਾਂ ਤੇ ਸੈਨਾ ਵਿੱਚ ਕੁਰਬਾਨ ਹੋ ਜਾਂਦੇ ਨੇ ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ ਫ਼ਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ।

ਤੇਰਾ ਤੇ ਮੇਰਾ ਪਿਆਰ-ਸੁਨੀਲ ਚੰਦਿਆਣਵੀ

ਤੇਰਾ ਤੇ ਮੇਰਾ ਪਿਆਰ ਪੰਜਾਬ ਤੇ ਦਿੱਲੀ ਵਰਗਾ ਹੋ ਨਿੱਬੜਿਆ, ਚੰਦਰਿਆ! ਮੈਂ ਪੰਜਾਬ ਵਾਂਗਰਾਂ ਪੈਰ ਪੈਰ 'ਤੇ ਵਫ਼ਾ ਕੀਤੀ ਤੇਰੇ ਵਿਸ਼ਾਲ ਟੱਬਰ ਦਾ ਢਿੱਡ ਭਰਿਆ ਤੇਰੇ ਵਿਰੋਧੀਆਂ ਮੂਹਰੇ ਹਿੱਕ ਤਾਣ ਖੜ੍ਹੀ ਹਰ ਵਾਰ ਕੁਰਬਾਨ ਹੋਈ ਲਹੂ ਲੁਹਾਣ ਹੋਈ ਮੇਰੇ ਭਰਾਵਾਂ ਮੇਰੇ ਬੱਚਿਆਂ ਆਪਣੀ ਜਾਨ ਦੀ ਬਾਜ਼ੀ ਲਾਉਣ ਤੋਂ ਸੰਕੋਚ ਨਾ ਕੀਤਾ ਤੇ ਤੂੰ... ਤੂੰ ਦਿੱਲੀ ਵਾਂਗਰਾਂ ਦਿਲ ਦਾ ਕੋਹੜੀ ਨਿਕਲਿਆ ਤੂੰ ਮੇਰੀ ਹੱਡ ਭੰਨ੍ਹਵੀਂ ਮਿਹਨਤ ਦੀ ਕਦਰ ਨਾ ਪਾਈ ਤੂੰ ਮੇਰੀ ਬੋਟੀ ਬੋਟੀ ਚੂੰਡਦਾ ਰਿਹਾ ਤੇ ਹਰ ਵਾਰ ਬੇਵਫ਼ਾ ਰਿਹਾ ਤੂੰ ਮੇਰੇ ਪੁੱਤਾਂ ਦੇ ਸਿਰ 'ਤੇ ਦੁਨੀਆਂ 'ਚ ਚੌਧਰ ਦਾ ਝੰਡਾ ਬੁਲੰਦ ਕਰਦਾ ਰਿਹਾ ਤੇਰੀ ਬਦਨੀਤੀ ਕਰਕੇ ਮੇਰਾ ਵਜੂਦ ਫੈਲਣ, ਖੁਸ਼ਹਾਲ ਹੋਣ ਦੀ ਬਜਾਏ ਨਿੱਤ ਦਿਨ ਸੁੰਗੜਦਾ ਰਿਹਾ ਤੇ ਹੁਣ ਹੁਣ ਤੂੰ ਮੈਨੂੰ ਦਾਸੀ ਦੀ ਤਰ੍ਹਾਂ ਰੱਖਣਾ ਚਾਹੁੰਨੈ.. ਪਰ ਨਹੀਂ ਹੁਣ ਮੈਂ ਚੁੱਪ ਨਹੀਂ ਬੈਠਾਂਗੀ ਮੇਰੀ ਪਿੱਠ 'ਤੇ ਮੇਰੇ ਗੁਰੂਆਂ ਦਾ ਮਾਈ ਭਾਗੋ ਦਾ ਬੰਦਾ ਬਹਾਦਰ ਦਾ ਸ਼ਹੀਦ ਏ ਆਜ਼ਮ ਵਰਗਿਆਂ ਦਾ ਇਤਿਹਾਸ ਖੜ੍ਹਾ ਹੈ ਹੁਣ ਮੈਂ ਇਹ ਸਾਰਾ ਕੁਝ ਨਹੀਂ ਸਹਾਂਗੀ ਨਹੀਂ ਸਹਾਂਗੀ...

ਕਿਸਾਨ ਤੇ ਕਿਰਸਾਨੀ-ਸੁਨੀਲ ਚੰਦਿਆਣਵੀ

ਆਉਣਗੇ ਘਰਾਣੇ ਸਾਡੇ ਖੇਤੀੰ ਸੁੰਡੀ ਬਣ ਕੇ ਬਾਂਝ ਹੀ ਨੇ ਰਹਿਣੇ ਸਾਡੇ ਖੇਤ ਸੋਨਾ ਜਣ ਕੇ ਕਰਜ਼ਾ ਹੈ ਪੱਲੇ, ਲਾ ਕੇ ਜਾਨ ਸਰਕਾਰ ਜੀ ਡੁੱਬਦਾ ਹੀ ਜਾਂਦਾ ਏ ਕਿਸਾਨ ਸਰਕਾਰ ਜੀ ਸਾਡੀ ਮਜਬੂਰੀ ਹੈ ਜਾਂ ਸਾਡੀ ਹੈ ਬੇਅਕਲੀ ਛਿੜਕੀਏ ਜ਼ਹਿਰਾਂ, ਉਹ ਵੀ ਮਿਲਦੀਆਂ ਨਕਲੀ ਨਵੇਂ ਨਵੇਂ ਕੀੜੇ ਲੈਂਦੇ ਜਾਨ ਸਰਕਾਰ ਜੀ ਡੁੱਬਦਾ ਹੀ ਜਾਂਦਾ ਏ ਕਿਸਾਨ ਸਰਕਾਰ ਜੀ ਆਉਂਦੇ ਸਮੇਂ ਵਿਚ ਸਾਡੇ ਹੱਥ ਬੱਝ ਜਾਣਗੇ ਕਰਕੇ ਇਸ਼ਾਰਾ ਸਾਥੋੰ ਫਸਲਾਂ ਉਗਾਉਣਗੇ ਸਾਡੇ ਹੱਥ ਤੀਰ ਨਾ ਕਮਾਨ ਸਰਕਾਰ ਜੀ ਡੁੱਬਦਾ ਹੀ ਜਾਂਦਾ ਏ ਕਿਸਾਨ ਸਰਕਾਰ ਜੀ ਦੇਖਿਓ ਕਿਤੇ ਨਾ ਸਾਨੂੰ ਅੱਕ ਪੈ ਜੇ ਚੱਬਣਾ ਝੰਡੇ ਚੁੱਕ ਸੜਕਾਂ ਦੇ ਉੱਤੇ ਪੈ ਜੇ ਗੱਜਣਾ ਹੱਕ ਲੈਣੇ ਆਪਣੇ, ਨਾ ਦਾਨ ਸਰਕਾਰ ਜੀ ਡੁੱਬਦਾ ਹੀ ਜਾਂਦਾ ਏ ਕਿਸਾਨ ਸਰਕਾਰ ਜੀ

ਕਿਸਾਨ ਅੰਦੋਲਨ-ਹਰਪ੍ਰੀਤ ਸਿੰਘ ਗਿੱਲ

ਤੇਰਾ ਜਬਰ ਦੇਖਾਂਗੇ, ਤੂੰ ਸਾਡਾ ਸਬਰ ਦੇਖੇਂਗਾ ਜਿੱਤਦੀ ਖ਼ਬਰ ਦੇਖਾਂਗੇ, ਜਾਂ ਸਾਡੀ ਕ਼ਬਰ ਦੇਖੇਂਗਾ ਤੇਰਾ ਗ਼ਰੂਰ ਦੇਖਾਂਗੇ, ਤੂੰ ਰੱਬੀ ਨੂਰ ਦੇਖੇਂਗਾ ਤੇਰੀ ਮਗ਼ਰੂਰਿਅਤ ਖ਼ੁਦਹੀ, ਤੂੰ ਚਕਨਾਚੂਰ ਦੇਖੇਂਗਾ ਤੇਰਾ ਕਹਿਰ ਦੇਖਾਂਗੇ, ਤੂੰ ਸਾਡੀ ਠਹਿਰ ਦੇਖੇਂਗਾ ਉੱਗਲਦਾ ਜ਼ਹਿਰ ਦੇਖਾਂਗੇ, ਤੂੰ ਸਾਡੀ ਲਹਿਰ ਦੇਖੇਂਗਾ ਤੇਰੀ ਸ਼ਮਸ਼ੀਰ ਦੇਖਾਂਗੇ, ਤੂੰ ਰੌਸ਼ਨ ਜ਼ਮੀਰ ਦੇਖੇਂਗਾ ਜਮਹੂਰੀਅਤ ਦੀ ਤੂੰ, ਬਦਲੀ ਤਸਵੀਰ ਦੇਖੇਂਗਾ ਤੇਰੀ ਅੱਤ ਦੇਖਾਂਗੇ, ਤੂੰ ਮਘਦਾ ਰੱਤ ਦੇਖੇਂਗਾ ਕਿਵੇਂ ਏਕੇ ਨਾਲ ਖੋਹੇ ਜਾਂਦੇ ਹੱਕ ਦੇਖੇਂਗਾ ਤੇਰਾ ਡਰ ਦੇਖਾਂਗੇ, ਤੂੰ ਖੜੇ ਨਿਡਰ ਦੇਖੇਂਗਾ ਕਰੋਨੇ ਕਾਲ ਵਿੱਚ ਵੀ, ਇਲਾਹੀ ਨਜ਼ਰ ਦੇਖੇਂਗਾ ਲੱਗੀ ਖ਼ਲਕਤ ਨੂੰ ਅੱਜ ਫੇਰ, ਜਾਗੋ ਵੇਖੇਂਗਾ ਤੂੰ ਇੱਕ ਨਹੀਂ, ਹਜ਼ਾਰਾਂ ਮਾਈ ਭਾਗੋ ਵੇਖੇਂਗਾ ਰੋਟੀ ਖੋਂਹਦੇ ਨਹੀਂ, ਵੰਡਦੇ ਨੇ ਅੰਬਰ ਵੇਖੇਗਾ ਕਿਵੇਂ ਚੱਲਦੇ ਨੇ, ਨਾਨਕ ਦੇ ਲੰਗਰ ਵੇਖੇਗਾ ਤੇਰਾ ਰੰਗ ਵੇਖਾਂਗੇ, ਕਨੂੰਨ ਜਦੋਂ ਭੰਗ ਵੇਖੇਂਗਾ ਪ੍ਰੀਤ, ਪੋਹ ਦੀ ਠੰਡ ਵਿੱਚ ਲੜੀ ਜੰਗ ਵੇਖੇਗਾ

ਹਰੇ ਹਰੇ ਖੇਤਾਂ ਵਿੱਚੋਂ-ਅਮਰੀਕ ਪਾਠਕ

ਹਰੇ ਹਰੇ ਖੇਤਾਂ ਵਿੱਚੋਂ ਸੋਚ ਉੱਗੀ ਸੰਦਲੀ ਹਾਕਮਾਂ ਦੀ ਨੀਤ ਨਾਲੇ ਅੱਖ ਫਿਰੇ ਗੰਧਲੀ ਹਰੇ ਹਰੇ ਖੇਤਾਂ ਵਿੱਚੋਂ ਪਸ਼ੂ ਕੱਢੋ 'ਵਾਰਾ ਖਾ ਕੇ ਜਿਹੜੇ ਫ਼ਸਲਾਂ ਨੂੰ ਕਰਦੇ ਉਜਾੜਾ ਹਰੇ ਹਰੇ ਖੇਤਾਂ 'ਚੋਂ ਉੱਡੀ ਡਾਰ ਕਾਵਾਂ ਦੀ ਸੁਣ ਲਲਕਾਰ ਵੇ ਤੂੰ ਸੂਰਬੀਰ ਮਾਵਾਂ ਦੀ ਹਰੇ ਹਰੇ ਖੇਤਾਂ ਵਿੱਚੋਂ ਫੁੱਟੀਆਂ ਬਗ਼ਾਵਤਾਂ ਮਾਰੂ ਨੇ ਕਨੂੰਨ ਤੇਰੇ ਮਾੜੀਆ ਨੇ ਆਦਤਾਂ ਹਰੇ ਹਰੇ ਖੇਤਾਂ ਵਿੱਚੋਂ ਉੱਠੀ ਜੰਗ ਹੱਕਾਂ ਦੀ ਜਾਪੇ ਵੱਖਵਾਦੀ ਤੈਨੂੰ ਸਾਡੀ ਮੰਗ ਹੱਕਾਂ ਦੀ ਹਰੇ ਹਰੇ ਖੇਤਾਂ ਵਿੱਚ ਨਾਹਰੇ ਜਿੰਦਾਬਾਦ ਦੇ ਸੁਣ ਸਰਕਾਰੇ ਬੋਲ ਨਾਨਕ ਦੀ ਲਾਦ ਦੇ ਹਰੇ ਹਰੇ ਖੇਤਾਂ ਵਿੱਚ ਗੂੰਜ ਜੈਕਾਰੇ ਦੀ ਝੱਲੀ ਨਹੀਂ ਜਾਣੀ ਤੈਥੋਂ 'ਵਾਜ ਲਲਕਾਰੇ ਦੀ ਹਰੇ ਹਰੇ ਖੇਤਾਂ ਵਿੱਚ ਬੀਜੇ ਸੂਹੇ ਖ਼ਾਬਾਂ ਨੂੰ ਹਿੱਕ ਨਾਲ ਲਾਉਂਦੇ ਜਿਹੜੇ ਕਿਰਤਾਂ ਕਿਤਾਬਾਂ ਨੂੰ ਹਰਾ ਹਰਾ ਰੰਗ ਹੋਇਆ ਚੁੰਨੀ ਦਸਤਾਰ ਦਾ ਆ ਜੋ ਵੀਰੋ ਵੇ ਕਰੀਏ ਸਿਆਪਾ ਸਰਕਾਰ ਦਾ ਹਰਾ ਹਰਾ ਰੰਗ ਹੋਇਆ ਝੰਡਿਆਂ ਦੇ ਮੁਖ ਦਾ ਮੋਦੀ ਨੂੰ ਹਰਾ ਕੇ ਅਸੀਂ ਸਾਹ ਲੈਣਾ ਸੁਖ ਦਾ ਹਰੇ ਹਰੇ ਰੰਗ ਨਾਲ ਲਾਲ ਸੂਹੇ ਝੰਡੇ ਨੇ ਹੱਥਾਂ ਵਿੱਚ ਖੰਡੇ ਨਾਲੇ ਜਜ਼ਬੇ ਵੀ ਚੰਡੇ ਨੇ ਹਰੇ ਹਰੇ ਖੇਤਾਂ ਦਾ ਨਾ ਰਾਖਾ ਕੋਈ ਥਿੜਕੂ ਅੱਤਵਾਦੀ ਆਖ ਉਹੋ ਰੰਗ ਦਿੰਦੇ ਫ਼ਿਰਕੂ ਹਰੇ ਹਰੇ ਖੇਤਾਂ ਵਿੱਚ ਬੀਜਾਂ ਨੇ ਉਕੇਰੀਆਂ ਇਹੋ ਜੀਆਂ ਜੰਗਾਂ ਅਸੀਂ ਜਿੱਤੀਆਂ ਬਥੇਰੀਆਂ ਹਰੇ ਹਰੇ ਖੇਤਾਂ ਵਿੱਚ ਨਰਮੇ ਚੁਗਾਵਾਂਗੇ ਰੱਦ ਕਰਵਾਕੇ ਬਿੱਲ ਨੱਚ ਹੀ ਆਵਾਂਗੇ ਹਰੇ ਹਰੇ ਖੇਤਾਂ ਵਿੱਚ ਦਾਤੀਆਂ ਨੇ ਤਿੱਖੀਆਂ ਏਕੇ ਨਾਲ ਜਾਂਦੀਆਂ ਨੇ ਜੰਗਾਂ ਹੱਕੀਂ ਜਿੱਤੀਆਂ

ਵਿਕਾਊ ਮੀਡਿਆ ਦੇ ਨਾਮ-ਰਾਜਿੰਦਰ ਸੇਖੋਂ

ਕੀ ਹੁੰਦੀ ਹੈ ਕਿਰਤ ਕਿਸਾਨੀ ਮਹਿਲਾਂ ਤੋਂ ਨਾ ਪੁੱਛ ਚੁਬਾਰਿਆਂ ਤੋਂ ਨਾ ਪੁੱਛ ਪੁੱਛਣਾ ਹੈ ਤਾਂ ਪੁੱਛ, ਇਹਨਾਂ ਕੱਚੇ ਢਾਰਿਆਂ ਤੋਂ ਪੁੱਛ ਸਾਡੇ ਪੁਰਖੇ ਨੇ ਪਾਈ ਸੀ ਜਿਹੜੀ ਬਾਤ ਕਦੇ ਮਲਕ ਭਾਗੋਆਂ ਨੂੰ ਕੀ ਪਤਾ ਭਾਈ ਲਾਲੋਆਂ ਤੋਂ ਪੁੱਛ ਖੇਤਾਂ ਦੇ ਪੁੱਤ ਬਣਦੇ ਨੇ ਬਾਗ਼ੀ ਕਿਵੇਂ ਸੰਘਰਸ਼ ਦੇ ਮੈਦਾਨ ਵਿਚ ਗੂੰਜਦੇ ਨਾਹਰਿਆਂ ਤੋਂ ਪੁੱਛ ਮਹਿਲਾਂ ਤੋਂ ਨਾ ਪੁੱਛ, ਚੁਬਾਰਿਆਂ ਤੋਂ ਨਾ ਪੁੱਛ ਪੁੱਛਣਾ ਹੈ ਤਾਂ ਪੁੱਛ, ਇਹਨਾਂ ਕੱਚੇ ਢਾਰਿਆਂ ਤੋਂ ਪੁੱਛ ਰਾਜਧਾਨੀ ਬੈਠੀ ਨੰਨੀ ਛਾਂ ਤੋਂ ਨਾ ਪੁੱਛ ਧਰਨੇ ਚ ਬੈਠੀ ਬੁੱਢੀ ਮਾਂ ਕੋਲੋਂ ਪੁੱਛ ਵਰਦੀਆਂ ਪਾ ਜੋ ਆਣ ਚੜ੍ਹੇ ਨੇ ਓਹਨਾ ਹੱਥੀਂ ਫੜੇ ਡੰਡਿਆਂ ਤੋਂ ਨਾ ਪੁੱਛ ਰੱਟਣਾਂ ਵਾਲੇ ਹੱਥੀਂ, ਜੋ ਫੜੇ ਨੇ ਲਹਿਰਾਂ ਰਹੇ ਝੰਡਿਆਂ ਤੋਂ ਪੁੱਛ ਮਹਿਲਾਂ ਤੋਂ ਨਾ ਪੁੱਛ, ਚੁਬਾਰਿਆਂ ਤੋਂ ਨਾ ਪੁੱਛ ਪੁੱਛਣਾ ਹੈ ਤਾਂ ਪੁੱਛ, ਇਹਨਾਂ ਕੱਚੇ ਢਾਰਿਆਂ ਤੋਂ ਪੁੱਛ ਔਰੰਗਆਂ ਤੋਂ ਨਾ ਪੁੱਛ ਫ਼ਿਰੰਗੀਆਂ ਤੋਂ ਨਾ ਪੁੱਛ ਅਸੀਂ ਜੋ ਹੰਢਾ ਰਹੇ ਹਾਂ ਓਹਨਾ ਤੰਗੀਆਂ ਤੋਂ ਪੁੱਛ ਗੰਗੂਆਂ ਨੂੰ ਕੀ ਪਤਾ ਤੂੰ ਭੁਜੰਗੀਆਂ ਨੂੰ ਪੁੱਛ ਸੂਬੇ ਸਰਹੰਦ ਤੋਂ ਨਾ ਪੁੱਛ ਗੋਬਿੰਦ ਦੇ ਦੁਲਾਰਿਆਂ ਨੂੰ ਪੁੱਛ ਕੀ ਹੁੰਦੀ ਹੈ ਕਿਰਤ ਕਿਸਾਨੀ ਮਹਿਲਾਂ ਤੋਂ ਨਾ ਪੁੱਛ ਚੁਬਾਰਿਆਂ ਤੋਂ ਨਾ ਪੁੱਛ ਪੁੱਛਣਾ ਹੈ ਤਾਂ ਪੁੱਛ, ਇਹਨਾਂ ਕੱਚੇ ਢਾਰਿਆਂ ਤੋਂ ਪੁੱਛ ਦਿੱਲੀ ਦੇ ਦਰਬਾਰਾਂ ਤੋਂ ਨਾ ਪੁੱਛ ਇਹਨਾਂ ਲੋਟੂ ਸਰਕਾਰਾਂ ਤੋਂ ਨਾ ਪੁੱਛ ਪੜ੍ਹੇ ਲਿਖੇ ਬੇਰੋਜ਼ਗਾਰਾਂ ਕੋਲੋਂ ਪੁੱਛ ਘੇਰੀ ਬੈਠੇ ਜੋ ਮਹਿਲਾਂ ਨੂੰ ਇਹਨਾਂ ਲੱਖਾਂ ਹਜਾਰਾਂ ਕੋਲੋਂ ਪੁੱਛ ਪੁੱਛਣਾ ਹੈ ਤਾਂ ਪੁੱਛ ਇਹਨਾਂ ਸਦੀਆਂ ਦੇ ਮਾਰਿਆਂ ਨੂੰ ਪੁੱਛ ਮਹਿਲਾਂ ਤੋਂ ਨਾ ਪੁੱਛ ਚੁਬਾਰਿਆਂ ਤੋਂ ਨਾ ਪੁੱਛ ਪੁੱਛਣਾ ਹੈ ਤਾਂ ਪੁੱਛ, ਇਹਨਾਂ ਕੱਚੇ ਢਾਰਿਆਂ ਤੋਂ ਪੁੱਛ ਸਾਨੂੰ ਜੋ ਕਹਿਣ ਅੱਤਵਾਦੀ ਫ਼ਿਲਮੀ ਸਿਤਾਰਿਆਂ ਤੋਂ ਨਾ ਪੁੱਛ ਪਾ ਰਹੇ ਨੇ ਲੋਕਾਂ ਦੀ ਬਾਤ ਜੋ ਰੰਗ ਮੰਚ ਦੇ ਯੋਧੇ ਸਾਰਿਆਂ ਤੋਂ ਪੁੱਛ ਪੁੱਛਣਾ ਹੈ ਤਾਂ ਪੁੱਛ ਰਣੰ ਵਿਚ ਵੱਜ ਰਹੇ ਨਗਾਰਿਆਂ ਤੋਂ ਪੁੱਛ ਪੁੱਛਣਾ ਹੈ ਤਾਂ ਪੁੱਛ, ਇਹਨਾਂ ਕੱਚੇ ਢਾਰਿਆਂ ਤੋਂ ਪੁੱਛ

ਦਸਤਖ਼ਤ-ਗੁਰਿੰਦਰ ਸਿੰਘ ਕਲਸੀ

ਰੋਟੀ ਦੀ ਬੁਰਕੀ ਮੂੰਹ 'ਚ ਪਾਉਂਦਿਆਂ ਬੱਚਿਆਂ ਨੂੰ ਪੀਜ਼ੇ ਬਰਗਰ ਦਿਵਾਉਂਦਿਆਂ ਦਾਅਵਤਾਂ ਵਿਚ ਛੱਤੀ ਪ੍ਰਕਾਰ ਦੇ ਭੋਜਨ ਵਰਤਾਉਂਦਿਆਂ ਕੌਟਨ ਦੀ ਨਰਮ ਕਮੀਜ਼ ਪਹਿਨਦਿਆਂ, ਸੈਂਟ ਛਿੜਕਦਿਆਂ ਸਾਬਤ - ਸਬੂਤੀ ਘਰ ਦੀ ਛੱਤ ਵੱਲ ਤੱਕਦਿਆਂ ਮੈਂ ਭੁੱਲ ਹੀ ਜਾਂਦਾ ਹਾਂ ਉਸ ਕਿਰਸਾਨ ਨੂੰ ਜੋ ਦੂਰ ਕਿਤੇ ਖੇਤਾਂ ਵਿਚ ਹਲ ਚਲਾਉਂਦਾ ਹੈ ਮੈਂ ਭੁੱਲ ਹੀ ਜਾਂਦਾ ਹਾਂ ਉਸ ਮਜ਼ਦੂਰ ਨੂੰ ਜੋ ਨਿੱਕੀਆਂ ਨਿੱਕੀਆਂ ਲੋੜਾਂ ਲਈ ਮਜ਼ਬੂਰ ਹੋ ਜਾਂਦਾ ਹੈ ਮੈਂ ਭੁੱਲ ਹੀ ਜਾਂਦਾ ਹਾਂ ਹਰ ਉਸ ਕਾਮੇ ਨੂੰ ਜੋ ਘਰੋਂ ਦੂਰ ਮੁਸ਼ਕਿਲਾਂ ਝੱਲਦਿਆਂ ਸਮਾਨ ਪਹੁੰਚਾਉਂਦਾ ਹੈ ਹਾਂ ! ਮੈਂ ਭੁੱਲ ਜਾਂਦਾ ਹਾਂ ਜਦੋਂ ਅੱਖਾਂ ਵਿਚ ਸਿਆਸਤ ਦਾ ਚਿੱਟਾ ਮੋਤੀਆ ਉਤਰ ਆਉਂਦਾ ਹੈ ਮੈਂ ਭੁੱਲ ਕੇ ਉਸ ਦਾ ਮੁੜ੍ਹਕਾ ਝੂਠੇ ਹੰਝੂ ਵਹਾਉਂਦਾ ਹਾਂ ਨਵੇਂ ਲਾਲਚਾਂ ਦੀ ਦੁਨੀਆਂ 'ਚ ਫਸਿਆ ਉਸ ਦੀ ਅਤੇ ਆਪਣੀ ਮੌਤ ਦੇ ਕਾਗ਼ਜ਼ਾਂ 'ਤੇ ਦਸਤਖ਼ਤ ਕਰ ਆਉਂਦਾ ਹਾਂ ।

ਸੰਘਰਸ਼ ਦੀ ਤਸਵੀਰ-ਗੁਰਿੰਦਰ ਸਿੰਘ ਕਲਸੀ

ਤੱਤੀਆਂ ਤਵੀਆਂ 'ਤੇ ਬਹਿਣ ਵਾਲਿਆਂ ਦੇ ਅਸੀਂ ਹਾਂ ਬੱਚੇ ਗਰਮੀ ਤੋਂ ਕੀ ਡਰਨਾ । ਸਰਸਾ ਨਦੀ ਵਿਚ ਵਿਛੜ ਗਏ ਸੀ ਉਸ ਪਰਿਵਾਰ ਦੇ ਬੰਦੇ ਹਾਂ ਮੀਹਾਂ ਤੂਫਾਨਾਂ ਕੀ ਕਰਨਾ । ਠੰਢੇ ਬੁਰਜ 'ਚ ਰਾਤਾਂ ਕੱਟੀਆਂ ਓਸ ਦਾਦੀ ਦੇ ਪਿਆਰੇ ਹਾਂ ਸਰਦੀ ਨੇ ਸਾਡਾ ਕੀ ਕਰਨਾ । ਚਮਕੌਰ ਗੜ੍ਹੀ ਵਿਚ ਭੁੱਖਣ - ਭਾਣੇ ਲੜੇ ਜੋ ਬਾਬੇ ਅਸੀਂ ਤਾਂ ਉਹਨਾਂ ਵਿੱਚੋਂ ਹਾਂ ਅਸੀਂ ਭੁੱਖਾਂ ਤੋਂ ਕੀ ਡਰਨਾ । ਨਾ ਅਜ਼ਮਾ ਤੂੰ ਸਬਰ ਸਾਡੇ ਨੂੰ ਅਸੀਂ ਨੀ ਤੈਥੋਂ ਹਰਨਾ ਭਾਵੇਂ ਪੈ ਜਾਏ ਮਰਨਾ ।

ਸਾਨੂੰ ਪੋਟੇ ਚੰਗੇ ਨੇ-ਵੇਨੂੰ ਗੋਪਾਲ ਸ਼ਰਮਾ

ਰੱਖ ਵਜ਼ੀਰੀ ਆਪਣੇ ਪੱਲੇ ਸਾਨੂੰ ਪੋਟੇ ਚੰਗੇ ਨੇ...... ਖਰੇ-ਖਰੇ ਵੀ ਤੂੰ ਹੀ ਰੱਖ ਲੈ ਸਾਨੂੰ ਖੋਟੇ ਚੰਗੇ ਨੇ..... ਅਸੀਂ ਤਾਂ ਕਿਰਤੀ, ਕਰਕੇ ਖਾਣੀ ਢਿੱਡ ਭਰਕੇ ਸੌਂ ਜਾਣਾ.... ਤੂੰ ਲੈ ਰਜਾਈਆਂ ਗਰਮ ਸੌਵੇਂ ਤੇ ਸਾਨੂੰ ਖੇਸ ਹੀ ਮੋਟੇ ਚੰਗੇ ਨੇ..‌‌.. ਇੱਜ਼ਤ ਵਾਲਾ ਗਹਿਣਾ ਪਾਕੇ ਦੋ ਪੈੜਾਂ ਭਾਵੇਂ ਘੱਟ ਤੁਰਨਾ... ਤੇਰੇ ਆਲੇ ਪੂਰੇ ਨਾਲੋਂ ਹੋਏ ਟੋਟੇ ਚੰਗੇ ਨੇ..... ਜਿੱਤ ਦਾ ਜਸ਼ਨ ਵੀ ਸਾਦਾ, ਤੇ ਹਾਰ ਦਾ ਵੀ ਗ਼ਮ ਨਹੀਂ.... ਝੂਠ ਦੇ ਏਸ ਕਮੰਡਲ ਨਾਲੋਂ ਸੱਚ ਦੇ ਲੋਟੇ ਚੰਗੇ ਨੇ..…..।

ਤੰਗਲੀ, ਪੰਜਾਲੀ ਸੰਦ-ਵੇਨੂੰ ਗੋਪਾਲ ਸ਼ਰਮਾ

ਤੰਗਲੀ, ਪੰਜਾਲੀ ਸੰਦ ਹੋਰ ਵੀ ਬਥੇਰੇ, ਹਿੱਕ ਧਰਤੀ ਦੀ ਚੀਰ ਵਿੱਚੋਂ ਸੋਨਾ ਕੱਢ ਦੇ। ਹੱਕ ਸਾਡੇ ਨੀ ਤੂੰ ਮਾਰੇਂ, ਸੁਣ ਸਰਕਾਰੇ, ਅਸੀਂ ਮਿੱਟੀਆਂ ਦੇ ਪੁੱਤ ਨਈਂਓ ਪਿੱਛੇ ਹਟਦੇ। ਸਾਫ਼ੇ ਵਿੱਚੋਂ ਸਾਡੇ ਮੁੜਕੇ ਦੀ ਗੰਧ, ਹੋਊ ਤੇਰੇ ਲਈ ਮਾੜੀ, ਸਾਨੂੰ ਚੰਗੀ ਲੱਗਦੀ। ਜੇਠਾਂ, ਹਾੜਾਂ ਵਿੱਚ ਜਿੰਨ੍ਹਾਂ ਸੂਰਜ ਝੁਕਾਤਾ, ਤੂੰ ਉਨ੍ਹਾਂ ਨੂੰ ਨਾ ਦੱਸ ਅੱਗ ਕਿਵੇਂ ਮਘਦੀ। ਰੁੱਤਾਂ ਨੇ ਬਣਾਏ ਸਾਡੇ ਜਿਗਰੇ ਪਹਾੜ, ਤੇਰੇ ਫੋਕਿਆਂ ਡਰਾਵਿਆਂ ਤੋਂ ਨਈਂਓ ਦਬਦੇ। ਪੱਟ ਹੱਥੀਂ ਮੰਡੀਆਂ 'ਚ ਵੇਚਣ ਲਿਜਾਈਏ, ਜੀਰੀ, ਨਰਮਾ, ਕਪਾਹ ਸਾਨੂੰ ਪੁੱਤਾਂ ਜਿਹੇ ਮੇਲ। ਫਸਲਾਂ ਦੇ ਸਾਕ ਸਾਨੂੰ ਜ਼ਿੰਦਗੀ ਦੇ ਰੰਗ, ਗੰਢੇ ਦੀ ਗੰਢੇਲ ਨਾਲੇ ਬੱਲੀਆਂ ਦੇ ਖੇਲ। ਰੰਗ ਲੈਕੇ ਸਾਥੋਂ, ਤੂੰ ਬੇਜਾਰ ਕਰੇਂ, ਵਹਿਮ ਕੱਢਦੇ ਵਈ ਐਵੇਂ ਹੀ ਅੱਕ ਚੱਬਦੇ।

ਗੀਤ-ਰਣਜੀਤ ਸਿੰਘ ਧੂਰੀ

ਉਹ ਨਿੱਕੀਆਂ-ਮੋਟੀਆਂ ਰੋਕਾਂ ਪਲਾਂ ਵਿੱਚ ਤੋੜ ਦਿੰਦੇ ਨੇ। ਪੰਜਾਬੀ ਸ਼ੇਰ ਤਾਂ ਦਰਿਆ ਦਾ ਰਸਤਾ ਮੋੜ ਦਿੰਦੇ ਨੇ। ਇਹ ਜਲ-ਤੋਪਾਂ ਤੇ ਗੈਸਾਂ ਤੋਂ ਕਦੇ ਵੀ ਸ਼ੇਰ ਡਰਦੇ ਨਾ, ਇਹ ਸਿੱਧੇ ਮੂੰਹ ਹੀ ਲੜਦੇ ਨੇ ਕਦੇ ਵੀ ਪਿੱਠ ਕਰਦੇ ਨਾ, ਇਹ ਲੱਕ ਬੰਨ੍ਹ ਕੇ, ਪਿਛਾਂਹ ਨੂੰ ਟੈਂਕ ਜ਼ੁਲਮੀ ਰੋੜ੍ਹ ਦਿੰਦੇ ਨੇ। ਪੰਜਾਬੀ ਸ਼ੇਰ ਦਰਿਆ ਦਾ..... ਇਹ ਚੁੱਪ ਕਰ ਕੇ ਨਾ ਹੁੰਦਾ ਵੇਖ ਸਕਦੇ ਜ਼ੁਲਮ ਦਾ ਮੰਜ਼ਰ, ਸੁਣੇ ਨਾ ਗੱਲ ਜਦ ਕੋਈ ਤਾਂ ਕਰਦੇ ਤੇਜ ਫਿਰ ਖ਼ੰਜਰ, ਇਹ ਅਪਣੇ ਸਬਰ ਦਾ ਪਿਆਲਾ ਫਿਰ ਆਪੇ ਤੋੜ ਦਿੰਦੇ ਨੇ। ਪੰਜਾਬੀ ਸ਼ੇਰ ਦਰਿਆ..... ਇਨ੍ਹਾਂ ਨੇ ਲੱਖੀ - ਜੰਗਲ ਘੋੜਿਆਂ 'ਤੇ ਘਰ ਬਣਾਏ ਸੀ, ਨੀ ਦਿੱਲੀਏ ! ਤੇਰੇ 'ਤੇ ਝੰਡੇ 'ਬਘੇਲ ਸਿੰਘ' ਨੇ ਝੁਲਾਏ ਸੀ, ਇਹ ਅਬਦਾਲੀ ਔਰੰਗਿਆਂ ਦੀ ਵੀ ਧੌਣ ਮਰੋੜ ਦਿੰਦੇ ਨੇ। ਪੰਜਾਬੀ ਸ਼ੇਰ ਦਰਿਆ..... ਜ਼ੁਲਮ ਸਰਕਾਰ ਦਾ 'ਧੂਰੀ' ਕਦੋਂ ਤੱਕ ਸਹਿਣ ਹੁਣ ਕਰੀਏ? ਕਿਸਾਨੀ - ਏਕਤਾ ਦਾ ਆਓ ! ਗੋਡਾ ਧੌਣ 'ਤੇ ਧਰੀਏ, ਇਹ ਯੋਧੇ, ਦੇਸ਼ ਦੇ ਚੋਰਾਂ ਦੀ ਭਾਜੀ ਮੋੜ ਦਿੰਦੇ ਨੇ। ਪੰਜਾਬੀ ਸ਼ੇਰ ਦਰਿਆ.....

ਗ਼ਜ਼ਲ-ਡਾ.ਰਾਮ ਮੂਰਤੀ

ਇਨਸਾਨੀਅਤ ਦਾ ਫਲਸਫ਼ਾ ਜਾਤੀ ਪੰਜਾਬ ਦੀ। ਇਹ ਨਾਲ ਮੋਹ ਦੇ ਹੈ ਭਰੀ ਛਾਤੀ ਪੰਜਾਬ ਦੀ। ਹੈ ਸੋਧਣਾ ਤੂੰ ਹਿੰਦ ਦੀ ਵਿਗੜੀ ਸਿਆਸਤ ਨੂੰ, ਡਿਉਟੀ ਅਕਾਲਪੁਰਖ ਨੇ ਹੈ ਲਾ 'ਤੀ ਪੰਜਾਬ ਦੀ। ਉਨ੍ਹਾਂ ਕੀ ਡਰਨਾਂ ਮਰਨ ਤੋਂ ਚੁੰਮਦੇ ਨੇ ਸੂਲੀਆਂ, ਜਿਹਨਾਂ ਨੇ ਕਾਲ਼ੀ ਵੇਈਂ ਹੈ ਨ੍ਹਾਤੀ ਪੰਜਾਬ ਦੀ। ਕਰਦੀ ਲਿਹਾਜ਼ ਕਦੇ ਨਾ ਗਲ਼ ਉਸ ਦੇ ਜਾ ਪਈ, ਕੋਸ਼ਿਸ਼ ਕਰੀ ਜਿਸ ਖੋਹਣ ਦੀ ਦਾਤੀ ਪੰਜਾਬ ਦੀ। ਰੱਖਦਾ ਹੈ ਤੇਰੇ ਸੁਰਗ ਨੂੰ ਜੁੱਤੀ ਦੀ ਨੋਕ 'ਤੇ, ਜਿਸ ਨੂੰ ਹੈ ‘ਕੇਰਾਂ ਪੈ ਗਈ ਝਾਤੀ ਪੰਜਾਬ ਦੀ। ਜਪਦੀ ਹੈ ਅੱਲਾ ਵਾਖ਼ਰੂ ਤੇ ਰਾਮ ਰਾਮ ਵੀ, ਹਰ ਹਰ ਦੇ ਰੰਗ ਰੰਗੀ ਹੈ ਹਰ ਪਾਤੀ ਪੰਜਾਬ ਦੀ।

ਗੀਤ-ਡਾ.ਰਾਮ ਮੂਰਤੀ

ਇਹ ਜ਼ੁਲਮ ਕਿਸੇ ਦਾ ਸਹਿੰਦੀ ਨਾ ਨਾ ਜ਼ੁਲਮ ਕਿਸੇ 'ਤੇ ਕਰਦੀ ਏ ਇਹ ਧਰਤੀ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਏ। ਇਹਦੇ ਪੁੱਤ ਪੰਜਾਬੀ ਸਦੀਆਂ ਤੋਂ ਮੋਹ ਮਾਂ ਮਿੱਟੀ ਨਾਲ ਕਰਦੇ ਨੇ। ਅੱਖ ਉੱਠੀ ਜਿਸ ਦੀ ਇਹਦੇ 'ਤੇ ਉਹਦੀ ਅੱਖ ਮੱਥੇ 'ਚੋਂ ਕੱਢਦੇ ਨੇ। ਉਥੇ ਸ਼ੌਕ ਸ਼ਹਾਦਤ ਦਾ ਜਾਗੇ ਇਹਦੀ ਦੇਗ਼ ਜਿੱਥੇ ਵੀ ਵਰਤੀ ਏ। ਇਹ ਧਰਤੀ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਏ। ਅਬਦਾਲੀਆਂ ਅੱਗੇ ਝੁਕਦੀ ਨਾ ਕੀ ਸਮਝੇ ਸੜੇ ਸਿਕੰਦਰਾਂ ਨੂੰ। ਇਹ ਸੋਧਾ ਲਾਉਣਾ ਜਾਣਦੀ ਏ ਮੱਸੇ ਰੰਘੜ ਜਿਹੇ ਡੰਗਰਾਂ ਨੂੰ। ਦੁੱਲਿਆਂ ਨੂੰ ਪੈਦਾ ਕਰ ਲੈਂਦੀ ਏਹੋ ਜਿਹੀ ਇਸ ਦੀ ਬਿਰਤੀ ਏ। ਇਹ ਧਰਤੀ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਏ। ਇਹ ਧਰਤੀ ਅਣਖੀ ਲੋਕਾਂ ਦੀ ਇੱਥੇ ਚਲਦੀ ਨਾ ਕੋਈ ਜੋਕਾਂ ਦੀ ਇਹ ਛਾਤੀ ਆਪਣੀ ਡਾਹ ਦਿੰਦੇ ਚਲਦੀ ਨਾ ਰਫ਼ਲਾਂ ਤੋਪਾਂ ਦੀ। ਜੋ ਖੇਡਣ ਆਰੇ ਰੰਬੀਆਂ ਨਾਲ ਪਈ ਸਿਰਲੱਥਾਂ ਦੀ ਭਰਤੀ ਏ। ਇਹ ਧਰਤੀ ਬਾਬੇ ਨਾਨਕ ਦੀ। ਗੁਰੂ ਗੋਬਿੰਦ ਸਿੰਘ ਦੀ ਧਰਤੀ ਏ। ਪੰਜਾਬ ਨੂੰ ਡਰ ਨਾ ਧੇਲੇ ਦਾ ਇਹ ਸੁੱਤਾ ਸ਼ੇਰ ਹੈ ਬੇਲੇ ਦਾ। ਉਇ ਹਾਕਮ ਇਸ ਨੂੰ ਛੇੜੀਂ ਨਾ ਮੁਸੀਬਤ ਤਾਈਂ ਸਹੇੜੀਂ ਨਾ। ਇਹਨੇ ਹੇਠਲੀ ਉੱਤੇ ਕਰ ਦਿੱਤੀ ਇਹਦੀ ਹੋਸ਼ ਜਦੋਂ ਵੀ ਪਰਤੀ ਏ। ਇਹ ਧਰਤੀ ਬਾਬੇ ਨਾਨਕ ਦੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਏ। ਇਹ ਟੋਏ ਅੱਡੇ ਖੱਡੇ ਨੇ ਇਹ ਬੈਰੀਕੇਡ ਖਿਡੌਣੇ ਨੇ। ਪਾਣੀ ਦੇ ਫਰਾਟੇ ਸੁਣ ਸੱਜਣਾ, ਸਾਡੇ ਲਈ ਨਾਹੁਣੇ ਧੋਣੇ ਨੇ। ਇਹ ਜੰਗ ਹੈ ਅਣਖ ਤੇ ਗ਼ੈਰਤ ਦੀ, ਸ਼ੁਰੂਆਤ ਅਸਾਂ ਨੇ ਕਰ 'ਤੀ ਏ। ਇਹ ਧਰਤੀ ਸਤਿਗੁਰ ਨਾਨਕ ਦੀ ਗੁਰੂ ਗੋਬਿੰਦ ਸਿੰਘ ਦੀ ਧਰਤੀ ਏ!

ਓਦੋਂ ਕਿੱਥੇ ਗਿਆ ਸੀ ਸੰਵਾਦ ?-ਸੁਖਜਿੰਦਰ

ਠੀਕ ਆਖਦਾ ਹੈ, ਕੁਰਸੀ ਬੈਠਾ ਮੰਤਰੀ ਕਿ "ਸੰਵਾਦ ਲੋਕਤੰਤਰ ਦੀ ਜੜ੍ਹ ਹੁੰਦਾ ਹੈ!" ਪਰ ਮੰਤਰੀ ਜੀ! ਸੰਵਾਦ ਜੜ੍ਹ ਤੋਂ ਹੀ ਸ਼ੁਰੂ ਵੀ ਹੋਣਾ ਚਾਹੀਦਾ ਹੈ ! ਦੱਸਿਓ! ਉਸ ਸਮੇਂ ਸੰਵਾਦ ਕਿੱਥੇ ਸੀ, ਜਦ ਤੁਸੀਂ ਆਪ ਮੁਹਾਰੇ ਧਾਰਾ 370 ਤੋੜ ਰਹੇ ਸੀ ? ਨਾਗਰਿਕ ਸੰਸ਼ੋਧਨ ਬਿੱਲ ਪਾਸ ਕਰ ਰਹੇ ਸੀ ? ਸ਼ਾਹੀਨ ਬਾਗ਼ ਵਿਚ ਬੈਠੀਆਂ ਬਜ਼ੁਰਗ ਔਰਤਾਂ ਨੂੰ ਭੰਡ ਰਹੇ ਸੀ ? ਕਿਸਾਨੀ ਆਰਡੀਨੈਂਸ ਲਾਕਡਾਊਨ ਦੀ ਆਡ਼ ਵਿਚ ਪਾਸ ਕਰ ਰਹੇ ਸੀ? ਫਿਰ ਉਨ੍ਹਾਂ ਨੂੰ ਕਾਨੂੰਨ ਬਣਾਉਣ ਵਾਰੀ ਆਈ ਤਾਂ, ਲੋਕ ਸਭਾ ਤੇ ਰਾਜ ਸਭਾ ਵਿੱਚੋਂ ਸੰਵਾਦ ਕਿੱਥੇ ਲੁਕ ਗਿਆ ਸੀ? ਉਸ ਵੇਲੇ ਸੰਵਾਦ ਕਿੱਥੇ ਸੀ ਜਦੋਂ ਰਾਜ ਸਭਾ ਵਿੱਚ ਵਿਰੋਧ ਕਰਦੇ ਐਮ. ਪੀ. ਵੋਟਿੰਗ ਦੀ ਮੰਗ ਕਰ ਰਹੇ ਸੀ ਤੇ ਤੁਸੀਂ ਤਮਾਸ਼ਬੀਨੀ ਨੂੰ ਜ਼ਬਾਨੀ ਵੋਟਿੰਗ ਦਾ ਨਾਂ ਦੇ ਕੇ ਕਾਨੂੰਨ ਪਾਸ ਕਰ ਲਿਆ ? ਅਸਲ ਵਿੱਚ ਜਿਹੋ ਜਿਹਾ ਤੰਤਰ ਅਸੀਂ ਬਣਾਈ ਬੈਠੇ ਹਾਂ, ਇਹਦੇ ਵਿਚ ਸੰਵਾਦ ਮਾੜੀ ਤੇ ਦੱਬੀ ਧਿਰ ਨੂੰ ਹੀ ਯਾਦ ਆਉਂਦਾ ਹੈ। ਕਿਸਾਨੀ ਕਾਨੂੰਨ ਬਣਾਉਂਦਿਆਂ, ਪਰਾਲੀ ਆਰਡੀਨੈਂਸ ਬਣਾਉਂਦਿਆਂ, ਤੁਹਾਨੂੰ ਹਿੰਦੋਸਤਾਨ ਦੀ ਸਾਰੀ ਜਨਤਾ ਮਾੜੀ ਧਿਰ ਲੱਗ ਰਹੀ ਸੀ, ਤੁਹਾਨੂੰ ਓਦੋਂ ਸੰਵਾਦ ਯਾਦ ਨਹੀਂ ਸੀ। ਤੇ ਹੁਣ ਬਾਜ਼ੀ ਉਲਟ ਗਈ ਹੈ, ਤੁਹਾਨੂੰ ਭੱਜਿਆਂ ਰਾਹ ਨਹੀਂ ਲੱਭ ਰਿਹਾ, ਤੁਸੀਂ ਮਾੜੀ ਧਿਰ ਹੋ ਹੁਣ ਤੁਹਾਨੂੰ ਸੰਵਾਦ ਯਾਦ ਆ ਰਿਹਾ ਹੈ ! ਸਾਡੇ ਲਈ ਪੁੱਟੇ ਹੋਏ ਰਾਹ, ਕੰਕਰੀਟ ਦੇ ਬੈਰੀਕੇਡ, ਪਾਣੀ ਦੀਆਂ ਤੋਪਾਂ, ਸਭ ਤੁਹਾਡੇ ਸੰਵਾਦ ਦੀ ਹੀ ਬਾਤ ਪਾਉਂਦੀਆਂ ਨੇ! ਬਾਕੀ ਤੁਸੀਂ ਠੀਕ ਆਖਦੇ ਹੋ, ਸੰਵਾਦ ਲੋਕਤੰਤਰ ਦੀ ਜੜ੍ਹ ਹੁੰਦਾ ਹੈ, ਪਰ ਨਾਲ ਇਹ ਵੀ ਸੋਧ ਕਰ ਲੈਣਾ ਕਿ ਸੰਵਾਦ ਲੋਕਤੰਤਰ ਦੀ ਜੜ੍ਹ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ।

ਦਿੱਲੀਏ ਨੀ ਹਿੰਡ ਤੇਰੀ-ਸਰਬਜੀਤ ਸਿੰਘ ਵਿਰਕ

ਦਿੱਲੀਏ ਨੀ ਹਿੰਡ ਤੇਰੀ ਬੜਾ ਹੀ ਸਤਾ ਲਿਆ ਹੱਕਾਂ ਦੀ ਲੜਾਈ ਨੂੰ ਤੂੰ ਮਸਲਾ ਬਣਾ ਲਿਆ। ਮੰਗਦਾ ਸੀ ਅੰਨ-ਦਾਤਾ ਤੈਥੋਂ ਇਸ ਦੇਸ਼ ਦਾ ਠੱਗੀ ਨਾਲ ਖੋਹਿਆ ਜੋ ਤੂੰ ਹੱਕ ਦਰਵੇਸ਼ ਦਾ ਅੱਜ ਉਹਦੇ ਸਬਰਾਂ ਨੂੰ ਤੂੰ ਅਜ਼ਮਾ ਲਿਆ। ਦਿੱਲੀਏ ਨੀ ਹਿੰਡ ਤੇਰੀ… ਹਰ ਜੰਗ ਤੇਰੇ ਲਈ ਅਸਾਂ ਮਾਣ ਨਾਲ ਜਿੱਤੀ ਸੀ ਕੁਰਬਾਨੀਆਂ ਸ਼ਹਾਦਤਾਂ ਦੀ ਝੜੀ ਲਾ ਦਿੱਤੀ ਸੀ ਮੁੱਲ ਨਹੀਂਉਂ ਪਾਇਆ ਤਾਜ ਲੁੱਟ ਦਾ ਸਜਾ ਲਿਆ। ਦਿੱਲੀਏ ਨੀ ਹਿੰਡ ਤੇਰੀ… ਵੇਲਾ ਕਰ ਯਾਦ ਜਦੋਂ ਭੁੱਖ ਨਾਲ ਹੰਢਦੀ ਸੈਂ ਰੂਸ ਅਮਰੀਕਾ ਕੋਲ ਜਾ ਕੇ ਅੰਨ ਮੰਗਦੀ ਸੈਂ ਭਰ ਕੇ ਭੰਡਾਰੇ ਅਸੀਂ ਰੁੱਖਾ ਮਿੱਸਾ ਖਾ ਲਿਆ। ਦਿੱਲੀਏ ਨੀ ਹਿੰਡ ਤੇਰੀ… ਤੇਰੇ ਯਾਰ ਸਭ ਵੱਡੇ ਉਸਤਾਦ ਤੇ ਧਨਾਢ ਨੇ ਉਹਨਾਂ ਦੀਆਂ ਸਾਜ਼ਸ਼ਾਂ ਨੇ ਤੇਰੇ ਜੋ ਜਵਾਬ ਨੇ ਤੇਰੀਆਂ ਚਲਾਕੀਆਂ ਦਾ ਭੇਤ ਅਸਾਂ ਲਾ ਲਿਆ। ਦਿੱਲੀਏ ਨੀ ਹਿੰਡ ਤੇਰੀ… ਆ ਬੈਠਾ ਦਿੱਲੀ ਬਾਪੂ ਪੁੱਤ ਲੜੇ ਸਰਹੱਦ 'ਤੇ ਦੇਸ਼ ਨੂੰ ਹੈ ਮਾਣ ਸਾਡੀ ਅਣਖ ਦੇ ਕੱਦ 'ਤੇ ਝੱਖੜਾਂ ਤੂਫਾਨਾਂ ਅੱਗੇ ਸੀਨਾ ਅਸਾਂ ਡਾਹ ਲਿਆ। ਦਿੱਲੀਏ ਨੀ ਹਿੰਡ ਤੇਰੀ… ਘਰ ਬਾਹਰ ਛੱਡੇ ਅਸੀਂ ਮੰਗਾਂ ਮਨਵਾਉਣ ਲਈ ਜਾਨ ਦੇ ਦਿਆਂਗੇ ਤੇਰੀ ਹਉਂ ਨੂੰ ਝੁਕਾਉਣ ਲਈ ਤੂੰ ਭਗਤ ਸਰਾਭਿਆਂ ਨੂੰ ਦਰ 'ਤੇ ਬੁਲਾ ਲਿਆ। ਦਿੱਲੀਏ ਨੀ ਹਿੰਡ ਤੇਰੀ… ਤੈਨੂੰ ਫਤਹਿ ਕਰਕੇ ਹੀ ਪਿਛਾਂਹ ਮੁੜਾਂਗੇ ਜਦੋਂ ਅੱਤ ਕਰੇਂਗੀ ਅਸੀਂ ਫੇਰ ਜੁੜਾਂਗੇ ਤੇਰੀ ਧੌਂਸ ਤੋੜਨੇ ਦਾ ਸ਼ੁਗਲ ਬਣਾ ਲਿਆ। ਦਿੱਲੀਏ ਨੀ ਹਿੰਡ ਤੇਰੀ… ਸਾਡੇ ਦੁੱਖੜੇ ਨੂੰ ਸੁਣ ਅਸੀਂ ਦੁੱਖ ਗਾਹੀਦੇ ਸਾਡੀ ਹੋਂਦ ਦਾ ਸਵਾਲ ਸਾਨੂੰ ਹੱਕ ਚਾਹੀਦੇ ਸਾਡੇ ਹੌਂਸਲੇ ਨੇ ਸਾਰਾ ਜਗ ਨਾਲ ਲਾ ਲਿਆ। ਦਿੱਲੀਏ ਨੀ ਹਿੰਡ ਤੇਰੀ…

ਮੈਂ ਉਨ੍ਹਾਂ ਦੀ ਕਵਿਤਾ ਬਣਨਾ ਚਾਹੁੰਦੀ ਹਾਂ-ਰਣਜੀਤ ਵਰਮਾ

(ਹਿੰਦੀ ਕਵਿੱਤਰੀ ਰਣਜੀਤ ਵਰਮਾ ਦੀ ਕਵਿਤਾ ਦਾ ਪੰਜਾਬੀ ਅਨੁਵਾਦ; ਅਨੁਵਾਦਕ : ਗੁਰਭਜਨ ਗਿੱਲ) ਉਹ ਅੱਜ ਫੇਰ ਸਿੰਘੂ ਬਾਰਡਰ ਜਾਣ ਦੀ ਜ਼ਿਦ ਤੇ ਅੜੀ ਸੀ। ਜਦ ਕੱਲ੍ਹ ਪਰਤੀ ਸੀ ਤਾਂ ਉਹ ਪੈਰਾਂ ਚ ਪੁਰਾਣੀ ਪੀੜ ਲੈ ਕੇ ਪਰਤੀ ਸੀ। ਇਸ ਦੇ ਬਾਵਜੂਦ ਉਹ ਅੱਜ ਫੇਰ ਸਿੰਘੂ ਬਾਰਡਰ ਜਾਣ ਨੂੰ ਖੜ੍ਹੀ ਸੀ। ਉਹ ਇਸ ਦੇ ਆਖਰੀ ਸਿਰੇ ਤੀਕ ਜਾਣਾ ਚਾਹੁੰਦੀ ਹੈ। ਜਿੱਥੇ ਕਈ ਘੰਟੇ ਤੁਰਨ ਬਾਦ ਵੀ ਉਹ ਕੱਲ੍ਹ ਨਹੀਂ ਪਹੁੰਚ ਸਕੀ ਸੀ। ਜਦ ਪਰਤੀ ਸੀ ਤਾਂ ਬੇਹਾਲ ਹੋ ਚੁਕੀ ਸੀ। ਉਹਨੇ ਉਦੋਂ ਹੀ ਧਾਰ ਲਿਆ ਸੀ ਕਿ ਕੱਲ੍ਹ ਉਹ ਫਿਰ ਜਾਵੇਗੀ। ਤੇ ਇਸ ਵਾਰ ਜੋ ਮਰਜ਼ੀ ਹੋ ਜਾਵੇ ਉਹ ਆਖਰੀ ਹੱਦ ਤੀਕ ਜਾਵੇਗੀ। ਉਸ ਨੂੰ ਪਤਾ ਹੀ ਨਹੀਂ ਸੀ ਕਿ ਕੱਲ੍ਹ ਜਿਸ ਆਖ਼ਰੀ ਸਿਰੇ ਤੀਕ ਨਹੀਂ ਜਾ ਸਕੀ ਸੀ ਉਹ ਅੱਜ ਹੋਰ ਅੱਠ ਮੀਲ ਦੂਰ ਚਲਾ ਗਿਆ ਹੈ। ਤੇ ਅੱਜ ਜਦ ਉਹ ਓਥੇ ਪਹੁੰਚਣ ਲਈ ਤੁਰੇਗੀ ਤਾਂ ਉਹ ਆਖਰੀ ਸਿਰਾ ਹੋ ਸਕਦੈ ਭਗਤ ਸਿੰਘ ਦੇ ਫਾਂਸੀ ਰੱਸੇ ਨੂੰ ਚੁੰਮਦਾ ਉਸ ਤੋਂ ਅੱਗੇ ਨਿਕਲ ਜਾਵੇ। ਬਾਰਡਰ ਦੀ ਉਸ ਲੀਕ ਤੋਂ ਪਾਰ ਚਲਾ ਜਾਵੇ ਜੋ ਹਿੰਦੂ ਨੂੰ ਮੁਸਲਿਮ ਨੂੰ ਸਿੱਖ ਨੂੰ ਈਸਾਈ ਨੂੰ ਇੱਕ ਦੂਸਰੇ ਤੋਂ ਵੱਖਰਾ ਕਰਦੀ ਹੈ। ਪਤੀ ਨੇ ਸਮਝਾਇਆ ਕਿ ਹੁਣ ਅਸੰਭਵ ਹੈ ਤੇਰੇ ਲਈ ਆਖ਼ਰੀ ਸਿਰਾ ਵੇਖ ਸਕਣਾ। ਉਸ ਦਾ ਅੰਤ ਹੁਣ ਕਿਤੇ ਨਹੀਂ ਹੈ। ਉਸ ਨੇ ਕਿਹਾ, ਜਿੱਥੇ ਥੱਕ ਜਾਵਾਂਗੀ ਮੈਨੂੰ ਓਥੇ ਬਿਠਾ ਦੇਣਾ। ਜਿੱਥੇ ਨੇੜੇ ਤੇੜੇ ਕਵਿਤਾਵਾਂ ਪੜ੍ਹਦੇ ਹੋਣ। ਗੀਤ ਗਾਏ ਜਾਂਦੇ ਹੋਣ। ਮੈਂ ਉਨ੍ਹਾਂ ਵਿਚਕਾਰ ਉਨ੍ਹਾਂ ਦੀ ਕਵਿਤਾ ਬਣਨਾ ਚਾਹੁੰਦੀ ਹਾਂ। ਮੈਂ ਉਨ੍ਹਾਂ ਦਾ ਝੂਮਦਾ ਨੱਚਦਾ ਗੀਤ ਬਣਨਾ ਚਾਹੁੰਦੀ ਹਾਂ। ਮੈਂ ਉਨ੍ਹਾਂ ਦੀ ਭੁੱਖ ਦੀ ਅਗਨ ਬਣਨਾ ਚਾਹੁੰਦੀ ਹਾਂ। ਤੂੰ ਆਖ਼ਰੀ ਕੰਨੀ ਵੇਖ ਕੇ ਆਉਣਾ ਤੇ ਮੈਨੂੰ ਸੱਚੋ ਸੱਚ ਦਰਸਾਉਣਾ ਮੈਂ ਓਥੇ ਸਭ ਤੋਂ ਪਿੱਛੇ ਖਲੋ ਕੇ ਉਨ੍ਹਾਂ ਨੂੰ ਵੇਖਣਾ ਚਾਹੁੰਦੀ ਹਾਂ। ਤੁਸੀਂ ਕੁਝ ਸੁਣ ਰਹੇ ਹੋ ਹੁਕਮਰਾਨ! ਸਮਝ ਰਹੇ ਹੋ ਕੁਝ? ਕੀ ਕਹਿ ਰਹੀ ਹੈ ਉਹ। ਤੇ ਤੁਸੀਂ ਸੋਚਦੇ ਹੋ ਕਿ ਗੋਲਮੇਜ਼ ਤੇ ਤੁਸੀਂ ਕਿਸਾਨ ਦਾ ਹੱਲ ਕੱਢ ਲਵੋਗੇ? ਆਪਣੇ ਕਮਰੇ ਦੇ ਗੋਲਮੇਜ਼ ਤੇ ਤੁਸੀਂ ਉਸਦਾ ਹਾਲ ਹੀ ਨਹੀਂ ਜਾਣ ਸਕੋਗੇ! ਹੱਲ ਕੀ ਕੱਢੋਗੇ? ਜਾਣਾ ਪਵੇਗਾ ਤੁਹਾਨੂੰ ਸਿੰਘੂ ਬਾਰਡਰ ਦੇ ਆਖ਼ਰੀ ਸਿਰੇ ਤੇ ਖੜ੍ਹੇ ਕਿਸਾਨ ਤੀਕ। ਇੱਕ ਔਰਤ ਦੀ ਚਿੰਤਾ ਵਿੱਚ ਉਹ ਕਿਹੋ ਜਿਹਾ ਲੱਗਦੈ ਪਹਿਲਾਂ ਤੁਹਾਨੂੰ ਇਹ ਜਾਨਣਾ ਪਵੇਗਾ। ਫਿਰ ਉਸ ਤੋਂ ਬਾਅਦ ਹੀ ਹੱਲ ਕੱਢਣ ਦੀ ਸੋਚਣਾ।

ਗ਼ਜ਼ਲ-ਬਲਵਿੰਦਰ 'ਦੀਪ'

ਕਿਹੜਾ ਪੁੱਛਦਾ ਹਾਲ ਪਿਆ ਕਿਰਸਾਨਾਂ ਦਾ ਪੇਚਾ ਹਾਕਮ ਨਾਲ ਪਿਆ ਕਿਰਸਾਨਾਂ ਦਾ ਸਾਡੀ ਗ਼ੈਰਤ ਨੂੰ ਐਵੇਂ ਲਲਕਾਰੋ ਨਾ ਕਹਿੰਦਾ ਇੱਕ ਇੱਕ ਬਾਲ ਪਿਆ ਕਿਰਸਾਨਾਂ ਦਾ ਅੰਨ੍ਹੇ, ਗੂੰਗੇ ਹਾਕਮ ਨੂੰ ਇਹ ਪੁੱਛਦੇ ਹਾਂ, ਕਾਹਨੂੰ ਲੁਟਦੈਂ ਮਾਲ ਪਿਆ ਕਿਰਸਾਨਾਂ ਦਾ ਦਿੱਲੀਏ ਤੇਰੀ ਹਿੱਕ 'ਤੇ ਦੀਵਾ ਬਾਲਣਗੇ ਚਾਰੇ ਪਾਸੇ ਜਾਲ ਪਿਆ ਕਿਰਸਾਨਾਂ ਦਾ ਰਾਹ ਦੇ ਪੱਥਰ ਆਪੇ ਹਟਦੇ ਜਾਂਦੇ ਨੇ, ਗੀਤ ਨਵੇਂ ਸੁਰ ਤਾਲ ਪਿਆ ਕਿਰਸਾਨਾਂ ਦਾ

ਕਿਸਾਨ ਮੋਰਚਾ ਦਿੱਲੀ ਤੋ ਪਰਤਦਿਆਂ-ਨਵਜੋਤ ਕੌਰ

ਪਹਿਲੀ ਵਾਰੀ ਘਰ ਮੁੜਨ ਨੂੰ ਦਿਲ ਨਹੀਂ ਕਰਦਾ। ਉਹ ਘਰ ਜੋ ਮੈਨੂੰ ਹਰ ਪਲ ਸਾਂਭੇ ਜਿੱਥੇ ਮੋਹ ਦੀਆਂ ਤੰਦਾਂ ਵੱਸਣ ਜਿੱਥੇ ਮੇਰੀ ਰੂਹ ਦਾ ਮੇਲਾ। ਮੈਂ ਕਿਸ ਥਾਂ ਤੇ ਆਣ ਖਲੋਤੀ ਥੱਲੇ ਧਰਤੀ ਕੰਕਰੀਟ ਹੈ ਅੱਗੇ ਪੱਥਰ ਲੱਗੇ ਤੇ ਕੰਡਿਆਲੀਆਂ ਤਾਰਾਂ ਸਿਰ ਤੇ ਨੀਲਾ ਠਰਿਆ ਅੰਬਰ। ਪਰ ਜੰਗਲ ਵਿੱਚ ਮੰਗਲ ਲੱਗਿਆ। ਬਿਰਧ ਸਰੀਰ, ਜਵਾਨ ਉਮੰਗਾਂ ਹਰਕਤ ਬਰਕਤ ਸਹਿਜ ਤਰੰਗਾਂ। ਪਹਿਰ ਰਾਤ ਰਹਿੰਦਿਆਂ ਤੜਕੇ ਇੰਝ ਲੱਗੇ ਜਿਵੇਂ ਦਿਨ ਪਿਆ ਚੜ੍ਹਿਆ ਲੱਖਾਂ ਸੂਰਜ ਜਗਦੇ ਏਥੇ। ਰੌਸ਼ਨੀਆਂ ਦਾ ਹੜ੍ਹ ਪਿਆ ਆਇਆ। ਨਾ ਕੋਈ ਹਿੰਦੂ ਨਾ ਮੁਸਲਮਾਨ ਚਾਰ ਚੁਫੇਰੇ ਬਸ ਇਨਸਾਨ ਉੱਥੇ ਅਲਖ ਜਗਾਈ ਬੈਠੇ ਕਿਰਤ ਦੇ ਰਾਖੇ ਕਿਰਤੀ ਸਣੇ ਕਿਸਾਨ ਲੋਕ ਸੰਘਰਸ਼ ਦੇ ਸਾਹਵੇਂ ਪੱਥਰ ਚੜ੍ਹੇ ਅਸਾਵੀਂ ਜੰਗ ਦੇ ਬੱਦਲ ਔਰੰਗੇ ਦੇ ਜ਼ੁਲਮਾਂ ਨੂੰ ਕਿਸ ਮੁੜ ਦੁਹਰਾਇਆ। ਬਿਨ ਮੰਗੇ ਸਿਰ ਹਾਜ਼ਿਰ ਹੋਏ ਜ਼ਿੰਦਗੀ ਨਾਲ ਖਹਿੰਦਿਆਂ ਵੇਖੋ ਲੰਘਣ ਵਾਲਿਆਂ ਦੇ ਹੱਥ ਵਿੱਚ ਹੈ ਇੱਕੋ ਪਰਚਮ। ਇਉਂ ਲੱਗਿਆ ਮੈਂ ਸਿੰਘੂ ਬਾਡਰ ਕਿਸੇ ਪਵਿੱਤਰ ਤੀਰਥ ਵਾਂਗੂੰ ਕਰੀ ਜ਼ਿਆਰਤ। ਲਗਦਾ ਹੈ ਘਰ ਮੁੜ ਨਹੀਂ ਹੋਣਾ ਜਿਸਮ ਮੇਰਾ ਭਾਵੇਂ ਮੁੜ ਆਵੇ ਰੂਹ ਮੇਰੀ ਓਥੇ ਹੀ ਰਹਿ ਗਈ। ਦਿਲ ਟੋਹੇ ਓਹੀ ਪਗਡੰਡੀਆਂ ਉਨ੍ਹਾਂ ਤੇ ਹੀ ਤੁਰਦੀ ਜਾਵਾਂ ਤੁਰਦੀ ਜਾਵਾਂ।

ਗ਼ਜ਼ਲ-ਅਨੂ ਬਾਲਾ

ਬਣੀ ਸੀ ਆਸ ਸ਼ਾਇਦ ਬਾਗ਼ ਨੂੰ ਸਰਗਮ ਸੁਣਾ ਦੇਵੇ। ਹਵਾ ਲਈ ਹੁਕਮ ਹੈ ਰੁੱਖਾਂ ਤੋਂ ਪੱਤੇ ਹੀ ਉਡਾ ਦੇਵੇ। ਉਹ ਕਹਿੰਦੇ ਨੇ ਕਿ ਪੱਕੇ ਫ਼ਸਲ ਸੰਗੀਨਾਂ ਦੀ ਛਾਂ ਹੇਠਾਂ, ਲਗਾਈਏ ਬੋਲੀਆਂ ਕੰਜਕ ਜਦੋਂ ਜੋਬਨ ਤੇ ਆ ਜਾਵੇ। ਤੁਸੀਂ ਚੱਲੇ ਹੋ ਇੱਕ ਦੂਜੇ ਦਾ ਹੱਥ ਫੜ ਕੇ ਤਾਂ ਲਾਜ਼ਿਮ ਹੈ, ਤੁਹਾਡਾ ਕਾਫ਼ਲਾ ਮਹਿਲਾਂ ਦੀਆਂ ਨੀਹਾਂ ਹਿਲਾ ਦੇਵੇ। ਜੇ ਬਾਜ਼ੀ ਪਲਟ ਗਈ ਤਾਂ ਦੇਖ ਲਈਂ ਏਦਾਂ ਵੀ ਹੋ ਸਕਦਾ, ਜਮੂਰਾ ਡੁਗ ਡੁਗੀ ਖੋਹ ਕੇ ਮਦਾਰੀ ਨੂੰ ਨਚਾ ਦੇਵੇ। ਓ ਜ਼ਾਲਮ ਨ੍ਹੇਰਿਆ ਹੱਸਦਾ ਹੈਂ ਜਗਦੇ ਦੀਵਿਆਂ ਤੇ ਤੂੰ, ਇਹੀ ਲੋਅ ਨਾ ਤੇਰੇ ਹੰਕਾਰ ਦੀਆਂ ਧੱਜੀਆਂ ਉਡਾ ਦੇਵੇ। ਦਿਲਾਂ ਨੂੰ ਸਾੜਦੀ ਅਗਨੀ ਯੁਗਾਂ ਤੀਕਰ ਨਹੀਂ ਠਰਦੀ, ਕਹੋ ਉਸ ਨੂੰ ਮਚੇ ਭਾਂਬੜ ਨੂੰ ਨਾ ਐਨੀ ਹਵਾ ਦੇਵੇ। ਪਿਆਸੇ ਖੇਤ ਸਿੰਜਣ ਦਾ ਕੋਈ ਹੀਲਾ ਨਹੀਂ ਕਰਦਾ, ਉਹ ਆ ਕੇ ਰੇਡੀਓ ਤੇ ਗੀਤ ਪਾਣੀ ਦਾ ਸੁਣਾ ਦੇਵੇ। ਉਹਨ੍ਹਾਂ ਦੇ ਉਜਲੇ ਚਿਹਰੇ ਨੂੰ ਮੈਲਾ ਕਹਿਣ ਤੋਂ ਪਹਿਲਾਂ, ਉਹ ਆਪਣੇ ਸ਼ੀਸ਼ਿਆਂ ਉੱਤੇ ਚੜ੍ਹੀ ਮਿੱਟੀ ਹਟਾ ਦੇਵੇ। ਬੜੇ ਪੱਕੇ ਨੇ ਚਾਨਣ ਦੇ ਇਰਾਦੇ ਹੁਣ ਨਹੀਂ ਹੋਣਾ, ਉਹ ਮਾਰੇ ਫ਼ੂਕ ਤੇ ਜਗਦੇ ਚਿਰਾਗਾਂ ਨੂੰ ਡਰਾ ਦੇਵੇ।

ਦਿਲ ਵਰਗਾ ਤੇਰਾ ਨਾਂ ਨੀ ਦਿੱਲੀਏ-ਅਰਤਿੰਦਰ ਸੰਧੂ

ਦਿਲ ਵਰਗਾ ਤੇਰਾ ਨਾਂ ਨੀ ਦਿੱਲੀਏ ਪਰ ਤੂੰ ਦਿਲ ਤੋਂ ਹੀਣੀ ਤੇਰਾ ਆਪਣਾ ਤਾਂ ਲਹੂ ਚਿੱਟਾ ਪਰ ਤੂੰ ਖ਼ੁਦ ਰੱਤ ਪੀਣੀ ਚਾਹੇਂ ਲੋਕਾਂ ਦੇ ਸਿਰ ਨੀਵੇਂ ਸਭ ਦੇ ਮੂੰਹ ਤੇ ਤਾਲੇ ਕਿੰਜ ਜਰੇਂਗੀ ਸਾਹਵੇਂ ਖੜ੍ਹ ਕੇ ਕਾਰਨ ਪੁੱਛਣ ਵਾਲੇ ਪਰ ਕਿਸਾਨ ਨਾ ਡਰਦਾ ਦਿੱਲੀਏ ਇਹ ਕਸ਼ਟਾਂ ਦਾ ਜਾਇਆ ਹੱਦਾਂ ਦੀ ਰਾਖੀ ਕਰਦੇ ਜਿਸ ਆਪਣਾ ਖ਼ੂਨ ਵਹਾਇਆ ਭੱਠ ਲੋਆਂ ਤੇ ਕੱਕਰ ਜਿਸ ਨਿੱਤ ਪਿੰਡਿਆਂ ਉੱਤੇ ਹੰਢਾਇਆ ਸੱਪਾਂ ਦੀਆਂ ਸਿਰੀਆਂ ਮਿੱਧੀਆਂ ਮਿੱਟੀਓਂ ਅੰਨ ਉਗਾਇਆ ਇਸਦੇ ਮਹਿਲਾਂ ਵਿੱਚ ਬਿਠਾਇਆਂ ਐਸਾ ਕਾਜ ਰਚਾਇਆ ਸਾਰੇ ਦੇਸ਼ ਦਾ ਢਿੱਡ ਭਰੇ ਜੋ ਹੁਣ ਸੜਕਾਂ ਤੇ ਆਇਆ ਜਿਸ ਦੀ ਕਿਰਤ ਦੀ ਰੋਟੀ ਖਾਵੇਂ ਉਸ ਨੂੰ ਰੋਜ਼ ਡਰਾਵੇਂ ਸੋਨ ਆਂਡਿਆਂ ਵਾਲੀ ਮੁਰਗ਼ੀ ਹੁਣ ਤੂੰ ਕੋਹਣਾ ਚਾਹਵੇਂ ਪਰ ਇਤਿਹਾਸ ਜੇ ਵਾਚ ਲਵੇਂ ਤਾਂ ਸੁਰਤਾਂ ਆਉਣ ਟਿਕਾਣੇ ਧਰਤੀ ਦੇ ਪੁੱਤਰਾਂ ਦੇ ਸਾਹਵੇਂ ਝੜੇ ਕਈ ਜਰਵਾਣੇ ਲੋਕਾਂ ਦਾ ਹੱਕ ਖੋਹਣ ਵਾਲੇ ਨੂੰ ਮਿਲੀ ਨਾ ਏਥੇ ਢੋਈ ਧਰਤੀ ਅਤੇ ਕਿਸਾਨ ਦਾ ਰਿਸ਼ਤਾ ਤੋੜ ਨਾ ਸਕਿਆ ਕੋਈ

ਹੱਕਾਂ ਵਾਲਿਆ-ਗੁਰਜੀਤ ਸ਼ੇਖ਼ਪੁਰੀ

ਮਹਿਲ ਉੱਗ ਗਏ ਤੇਰਿਆਂ ਢਾਰਿਆਂ 'ਤੇ ਵੱਢ ਜ਼ੁਲਮ ਦਾ ਕਿਰਤੀਆ ਕੋਹੜ ਆ ਕੇ । ਜ਼ਿਮੀਂ ਤੇਰੀ 'ਚ ਧਾੜਵੀ ਆਣ ਢੁੱਕੇ ਖੜੇ ਬਲਦ ਪੰਜਾਲੀਆਂ ਜੋੜ ਆ ਕੇ । ਆਉਂਦੇ ਘੂਕਦੇ ਕਾਫ਼ਲੇ ਲੋਟੂਆਂ ਦੇ ਤੇਰੀ ਹਿੱਕ 'ਤੇ ਛਾਪਤੇ ਪੌੜ ਆ ਕੇ । ਤੈਨੂੰ ਸੌਂਹ ਈ ਤੇਰਿਆਂ ਮੁੜਕਿਆਂ ਦੀ ਹੱਕਾਂ ਵਾਲਿਆ ਸ਼ਹਿਦ ਨਿਚੋੜ ਆ ਕੇ । ਤੇਰੀ ਰਾਵੀ ਨੂੰ ਵੈਰੀਆਂ ਛਾਣਿਆ ਈਂ ਸਤਲੁੱਜ ਵੇ ਭਾਜੀਆਂ ਮੋੜ ਆ ਕੇ । ਮਿੱਟੀ ਫੇਰ ਜ਼ਮਾਨਤਾਂ ਮੰਗਦੀ ਏ ਬਹੁੜ ਸੂਰਜਾ ਕੈਦ ਨੂੰ ਤੋੜ ਆ ਕੇ ।੧। ਸ਼ੇਰ ਬੱਗਿਆ ਰੁਖ਼ ਤਾਂ ਮੋੜਨਾ ਪਊ ਇਹਨ੍ਹਾਂ ਭੂਤਰੇ, ਮੱਛਰੇ ਬੂਥਿਆਂ ਦਾ । ਮੂੰਹ-ਜ਼ੋਰ ਹੰਕਾਰ ਤਾਂ ਤੋੜਨਾ ਪਊ ਤੇਰੀ ਸੰਘੀ ਨੂੰ ਆਂਵਦੇ 'ਗੂਠਿਆਂ ਦਾ । ਲੈ ਗਏ ਹੂੰਝ ਕੇ ਚੋਰ ਭੜੋਲਿਆਂ ਨੂੰ ਸਾਨੂੰ ਦਿੱਤਾ ਈ ਟੋਕਰਾ ਠੂਠਿਆਂ ਦਾ । ਪੰਜ ਆਬ ਦੇ ਸੋਹਣਿਆ ਪੁੱਤ ਹੋ ਕੇ ਪਾਣੀ ਪੀਣਾ ਕਿਉਂ ਕੌਲਿਆਂ ਜੂਠਿਆਂ ਦਾ । ਏਸ ਸਦੀ 'ਚ ਕੁੱਲੀ ਦੇ ਸਰਕੜੇ ਨੇ ਸਹਿਣਾ ਜ਼ੋਰ ਨਈਂ ਕੋਠਿਆਂ-ਕੂਠਿਆਂ ਦਾ । ਗੂਹੜੀ ਨੀਂਦ ਚੋਂ ਧਰਤੀਆਂ ਜਾਗ ਪੈਣਾਂ ਭਾਂਡਾ ਭੱਜਣਾਂ ਹਾਕਮਾਂ ਝੂਠਿਆਂ ਦਾ ।੨।

ਕਾਹਲੀ ਨਾ ਕਰੀਂ-ਹਰਮੀਤ ਆਰਟਿਸਟ

ਵੱਤਰ ਆ ਲੈਣ ਦੇ ਦਿੱਲੀ ਦੀਆਂ ਫਿਰਨੀਆਂ ਭੰਨ ਕੇ ਹੀ ਮੁੜੀਂ ਤੂੰ, ਦਿੱਲੀ ਦੇ ਕਿੰਗਰੇ। ਮੈਂ ਬੈਠੀ ਆਂ ਤੇਰੀ ਕਣਕ ਦੀ ਰਾਖੀ।

ਰੋਟੀ ਦਾ ਹਾਸ਼ੀਆ-ਰੁਪਿੰਦਰ ਸ਼ੇਖਰ ਸੁਮਨ

ਇਤਿਹਾਸ ਤੇ ਮਿਥਿਹਾਸ ਮੇਰੀ ਸੋਚ ਦੁਆਰ ਤੇ ਆਹਮੋ-ਸਾਹਮਣੇ ਖੜ੍ਹੇ ਨੇ ਜੇ ਮੈਂ ਮਿੱਥ ਤੋਂ ਮੂੰਹ ਮੋੜਾਂ ਤਾਂ ਧਰਮ ਛੁਰੇ, ਬਰਛੇ ਕੱਢ ਮੈਨੂੰ ਡਰਾਉਣ ਲੱਗਦਾ ਏ ਜੇ ਮੈਂ ਇਤਿਹਾਸ ਤੋਂ ਅੱਖ ਚੁਰਾਵਾਂ ਤਾਂ ਲੱਖਾਂ ਜਰਵਾਣਿਆਂ ਦੀਆਂ ਰੂਹਾਂ ਬੌਖਲਾ ਉੱਠਦੀਆਂ ਨੇ, ਕੋਟਾਂ ਰਾਜ ਦਰਬਾਰੀ ਕਲਮਾਂ ਮੇਰੀ ਮੌਤ ਦਾ ਫਤਵਾ ਉਲੀਕ ਦਿੰਦੀਆਂ ਨੇ! ਮੈਨੂੰ ਕੁਝ ਸਮਝ ਨਹੀਂ ਪੈਂਦੀ ਕਿਸਦਾ ਪੱਲਾ ਫੜ੍ਹਾਂ? ਮੈਂ ਆਪਣੇ ਪੈਰਾਂ ਹੇਠ ਦੀ ਜ਼ਮੀਂ ਤੇ ਆਪਣੇ ਸਿਰ ਉਤਲੇ ਅੰਬਰ ਹੇਠਾਂ ਆਪਣੀ ਰੋਟੀ ਦਾ ਹਾਸ਼ੀਆ ਲੰਘ ਕੇ ਕਿੰਝ ਲਿਖਾਂ ਜੈ ਜੈਕਾਰ ਦਿਆਵਾਨ ਭਗਵਾਨ ਦੀ ਕਿੰਝ ਕਰਾਂ ਸਿਫ਼ਤ ਸਲਾਹ ਇੱਕੀਵੀਂ ਸਦੀ ਦੇ ਹਾਸਿਲ ਦੀ? ਮੇਰੇ ਤਾਂ ਰੋਮ ਰੋਮ 'ਚੋਂ ਰਿਸ ਰਿਹਾ ਏ ਭੁੱਖ ਦਾ ਮਰਸੀਆ ਪੁਰਖਿਆਂ ਦੀ ਮੁਸ਼ੱਕਤ ਦਾ ਵੈਣ ਪਾਉਂਦਾ ਕਸੀਦਾ!! ਮੈਂ ਹੁਣ ਦੋਹਾਂ ਤੋਂ ਮੂੰਹ ਮੋੜ ਲੱਭ ਰਿਹਾ ਹਾਂ ਕੋਈ ਵਿਚਲਾ ਰਸਤਾ ਜਿੱਥੇ ਸ਼ੀਸ਼ੇ ਚੋਂ ਸਾਫ਼ ਨਜ਼ਰ ਆਉਂਦੇ ਮੇਰੇ ਜਿਹਾਂ ਦਾ ਪਾਰਦਰਸ਼ੀ ਵਿਰਸਾ ਕੋਈ ਆਸ ਦਾ ਕੁੱਕਨੁਸ!!

ਚੱਲ ਮਿੱਤਰਾ ਹੁਣ ਦਿੱਲੀ ਚੱਲੀਏ-ਬਿਕਰਮ ਸੋਹੀ (ਅਮਰੀਕਾ)

ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਤੂਤਾਂ ਵਾਲਾ ਖੂਹ ਖੁੱਸ ਚੱਲਿਆ ਜਾਨੋਂ ਵੱਧ ਪਿਆਰਾ! ਖੁੱਸਦੇ ਦਿਸਦੇ ਵੱਟਾਂ ਬੰਨੇ ਟੋਭਾ ਫਿਰਨੀ ਵਾਲਾ! ਪੱਤਾ ਪੱਤਾ ਹੋ ਹੋ ਕਿਰਦਾ ਪਿੱਪਲ਼ ਸੱਥ ਵਿਚਾਲ਼ਾ ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ। ਤੇਰੇ ਘਰ ਤੇ ਤੇਰੇ ਦਰ ਤੇ ਪਈਆਂ ਫਿਰ ਤੋਂ ਭੀੜਾਂ ‘ਪਾਪ ਕੀ ਜੰਞ’ ਆ ਮੁੜਕੇ ਧਾਈ ਕਰਦੀ ਆ ਤਕਰੀਰਾਂ ਪੁਰਖੇ ਤੇਰੇ ਤੈਨੂੰ ਆਖਣ ਬੁੱਤੋਂ ਬਣ ਜਾ ਹੀਰਾ! ਵਾਰਿਸ ਤੇਰੇ ਜੰਮਣੋਂ ਪਹਿਲਾਂ ਗਹਿਣੇ ਧਰਤੇ ਵੀਰਾ! ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ। ਚੱਲ ਮਿੱਤਰਾ ਓਹ ਵੇਚ ਆਏ ਨੇ ਪਿੰਡ ਨੂੰ ਚੁੱਪ ਚੁਪੀਤੇ ਬਈ! ਹੱਥਾਂ ਦੇ ਵਿੱਚ ਕਲਮਾਂ ਵਾਲੇ ਦਿਲ ਦੇ ਅੱਤ ਪਲੀਤੇ ਬਈ ਚਲ ਮਿੱਤਰਾ ਜੇ ਹੁਣ ਨਾ ਚੱਲੇ ਫਿਰ ਨਾ ਆਖੀਂ ਬਣਦਾ ਕੀ! ਪੁੱਛੇਗਾ ਇਤਿਹਾਸ ਅਸਾਂ ਨੂੰ ਰੂਹਾਂ ਕਿੱਥੇ?ਤਨ ਦਾ ਕੀ? ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ। ਸੁਣ ਮਿੱਤਰਾ ਫਿਰ ਵਿੱਚ ਹਵਾਵਾਂ ਵੱਜਦੀ ਅੱਜ ਰਬਾਬ ਬਈ ਨਾਨਕ ਅੱਗੇ ਅੱਗੇ ਤੁਰਿਆ ਪਿੱਛੇ ਕੁੱਲ ਪੰਜਾਬ ਬਈ! ਕੀ ਕੀ ਤੁਰਿਆ ਜਾਂਦਾ ਤੱਕੀਂ ਸ਼ਸਤਰ, ਸੰਤ, ਫਕੀਰ ਕੋਈ ਮਿੱਟੀ, ਮੁੜ੍ਹਕਾ, ਫੁੱਲ, ਪਰਿੰਦਾ ਗੋਬਿੰਦ ਦੀ ਸ਼ਮਸ਼ੀਰ ਕੋਈ ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ ਚੱਲ ਮਿੱਤਰਾ ਓਹ ਮੰਗਦੇ ਲੱਗਦੇ ਸਿਰ ਚੁੱਕਣ ਦਾ ਮੁੱਲ ਬਈ! ਚਰਖੜੀਆਂ ਤੇ ਚੜ੍ਹ ਕੇ ਖਿੜਦੇ ਹਰਿ ਮੰਦਰ ਦੇ ਫੁੱਲ ਬਈ! ਚੱਲ ਮਿੱਤਰਾ ਓਹ ਲਾਂਬੂ ਲਾਉਂਦੇ ਮੌਕਾ ਮਿਲਿਆ ਮਘ ਆਈਏ! ਲੋੜ ਪਈ ਤਾਂ ਚਾਂਦਨੀ ਚੌਂਕ ਚ ਦੀਵੇ ਬਣ ਕੇ ਜਗ ਆਈਏ! ਚੱਲ ਮਿੱਤਰਾ ਹੁਣ ਦਿੱਲੀ ਚੱਲੀਏ! ਹੁਣ ਬੈਠੇ ਨਹੀਂ ਗੁਜ਼ਾਰਾ

ਬੰਨਾ ਫਕੀਰ-ਬਿਕਰਮ ਸੋਹੀ (ਅਮਰੀਕਾ)

ਗਹੁ ਨਾ ਤੱਕੀਂ ਸਿਆੜਾਂ ਵਿੱਚ ਰਲਕੇ ਜਿਵੇਂ ਖੇਤ ਨਹੀਂ ਮਜ਼ਮੂਨ ਹੁੰਦਾ। ਪੱਗ ਦਾਦੇ ਦੀ ਪੈਲੀਆਂ ਵਿੱਚ ਪੁੰਗਰੀ ਡੁੱਲ੍ਹਿਆ ਮੁੜ੍ਹਕਾ ਡੁੱਲ੍ਹਿਆ ਖ਼ੂਨ ਹੁੰਦਾ। ਹਲਾਂ ਦੇ ਫਾਲ਼ੇ ਵਰਗੀ ਰੀਝ ਰੱਖੀਂ ਜਦੋਂ ਮਿੱਟੀ ਕਲਾਵੇ ਵਿੱਚ ਲੈਣੀਂ ਤੇਰੇ ਖਾਲਾਂ ਦੇ ਪਾਣੀ ਚ ਸੰਸਦ ਤਰੇ ਮੋੜੇ ਨੱਕੇ ਨੇ ਐਤਕੀਂ ਸੀਟ ਲੈਣੀ। ਪੰਜਾਲ਼ੀ ਲਾਹ ਕੇ ਸੁੱਟ ਦੇ ਅੱਜ ਮੌਕਾ ਤੇਰੀ ਪਨੀਰੀ ਨੂੰ ਗੁੜ੍ਹਤੀ ਨਿੰਮ ਦੀ ਜੋ ਕਿਤੇ ਹੋਰ ਦੀ ਹੋਰ ਨਾ ਬਣ ਜਾਏ ਇਹ ਸੰਤਾਲੀ ਚਰਾਸੀ ਸਿੰਮਦੀ ਜੋ ਪੋਚੀਂ ਵੀ ਚੰਗਾ, ਲਿੰਬਣਾ ਤਾਂ ਪੈਣਾ ਏ ਲੋੜ ਹੈ ਜਿੱਥੇ, ਪਿੰਜਣਾ ਤਾਂ ਪੈਣਾ ਏ ਨਜ਼ਰਾਂ ਦਾ ਛੌਰਾ, ਅਕਲਾਂ ਦਾ ਪਾਣੀ ਪੀੜ੍ਹੀ ਏ ਤੇਰੀ, ਸਿੰਜਣਾ ਤਾਂ ਪੈਣਾ ਏ ਮਿੱਟੀ ਦਾ ਵਰਕਾ, ਇਬਾਰਤ ਕਰੀਰ ਅੰਬਰ ਨੂੰ ਨੀਝਾਂ ਨੇ ਬੰਨਾ ਫਕੀਰ ਕਹੀਆਂ ਦੇ ਟੱਪਾਂ ਨਾ, ਉੱਠੇ ਓ ਹੱਥਾਂ ਨਾ ਜਗਦੀਆਂ ਅੱਖਾਂ ਨਾ, ਟਲ਼ਨਾ ਅਖੀਰ।

ਪ੍ਰੇਮ ਖੇਲਨ ਕੀ ਗੱਲ-ਬਿਕਰਮ ਸੋਹੀ (ਅਮਰੀਕਾ)

ਬੁਰਕੀ ਮੂੰਹ ਚ ਪਾਉਣ ਤੋਂ ਅੱਜ ਪਹਿਲੋਂ ਕੋਈ ਖੇਤਾਂ ਦੇ ਪੁੱਤ ਦੀ ਗੱਲ ਕਰੀਏ। ਫਾਹਾ ਲੈ ਗਈ ਜਿਹੜੀ ਕਣਕ ਪਰਸੋਂ ਕੋਈ ਕੰਬਦੇ ਕਮਾਦਾਂ ਦੀ ਗੱਲ ਕਰੀਏ। ਝੋਨਾ ਲਾਇਆ ਤੇ ਕਰਜ਼ਾ ਉੱਗ ਆਇਆ। ਹੱਥ ਕਾਲਜੇ ਪੱਗ ਦਾ ਰੁੱਗ ਆਇਆ ਜੇ ਜੀਭਾਂ ਦਾ ਪੱਥਰ ਯੁਗ ਆਇਆ ਫਿਰ ਪ੍ਰੇਮ ਖੇਲਨ ਕੀ ਗੱਲ ਕਰੀਏ ਸੁੰਨ ਸਮਾਧੀ ਚੋਂ ਉੱਠ ਕੇ ਭਾਗ ਲਾਏ ਅਕਾਲ ਪੁਰਖ ਸੀ ਧਰਾਤਲੀ ਉੱਤੇ ਇਹ ਜੁ ਲੱਗਦੇ ਬਸ ਦਰਿਆ ਜਿਹੜੇ ਇਹ ਲੀਕਾਂ ਪੰਜਾਬ ਦੀ ਤਲੀ ਉੱਤੇ ਸਾਡੀ ਪੱਗ ਦੀ ਪੂਣੀ ਕਰੇ ਚੰਬਾ ਹੁੰਦਾ ਕੈਥਲ ਸੀ ਸਾਡੀ ਗਲੀ ਉੱਤੇ ਹੱਥ ਕਾਲਜੇ ਪੱਗ ਦਾ ਰੁੱਗ ਆਇਆ ਫਿਰ ਪ੍ਰੇਮ ਖੇਲਨ ਕੀ ਗੱਲ ਕਰੀਏ ਨੀਲੀ ਸਿਆਹੀ ਦੇ ਚਾਰ ਤੁਪਕਿਆਂ ਨੇ ਪਾਣੀ ਐਡੇ ਦਰਿਆਵਾਂ ਦੇ ਮੋੜ ਦਿੱਤੇ ਸਾਡੇ ਕਿੱਲਿਆਂ ਤੇ ਬੱਝੇ ਧੁਰੋਂ ਜਿਹੜੇ ਪਾਣੀ ਐਧਰ ਔਧਰ ਨੂੰ ਤੋਰ ਦਿੱਤੇ। ਵਾਰੀ ਆਈ ਸ਼ਾਸਨੀ ਗੱਫਿਆਂ ਦੀ ਐਧਰ ਹੋਰ ਤੇ ਔਧਰ ਹੋਰ ਦਿੱਤੇ। ਹੱਥ ਕਾਲਜੇ ਪੱਗ ਦਾ ਰੁੱਗ ਆਇਆ ਫਿਰ ਪ੍ਰੇਮ ਖੇਲਨ ਕੀ ਗੱਲ ਕਰੀਏ। ਗਿਰਝ ਉੱਡ ਕੇ ਬੈਂਕ ਦੇ ਖਾਤਿਆਂ ਚੋਂ ਚੂੰਡ ਘੱਤਣ ਟਰੈਕਟਰ ਨਕੋਰ ਕਿੱਦਾਂ। ਔਹ ਦੂਰ ਪਤੰਗਾਂ ਨਾ ਉਡੇ ਫਿਰਦੇ ਸਾਡੇ ਬੁਰਛਿਆਂ ਵਰਗੇ ਛੋਹਰ ਕਿੱਦਾਂ। ਛਾਂ ਟਾਹਲੀਆਂ ਵਾਲੀ ਪੁਨਰਜਨਮੀ ਤੇ ਜੰਮ ਕੇ ਬਣ ਗੀ ਥੋਹਰ ਕਿੱਦਾਂ। ਹੱਥ ਕਾਲਜੇ ਪੱਗ ਦਾ ਰੁੱਗ ਆਇਆ ਫਿਰ ਪ੍ਰੇਮ ਖੇਲਨ ਕੀ ਗੱਲ ਕਰੀਏ। ਚਾਰ ਸਾਂਭ ਲੈ ਕਿੱਲੇ ਬਾਪ ਵਾਲੇ ਇਹ ਤਾਂ ਅੱਗੇ ਈ ਤੇਰੇ ਥੁੜੇ ਫਿਰਦੇ। ਅੱਜ ਕਿੱਲੇ ਵਿਘੇ ਤੇ ਮਰਲਿਆਂ ਦੇ ਹੱਥ ਅੰਬਰਾਂ ਵੱਲ ਨੂੰ ਜੁੜੇ ਫਿਰਦੇ। ਆ ਥੰਮ੍ਹ ਲੈ ਸਿੱਟੇ ਬਾਜਰੇ ਦੇ ਫਿਰ ਆਖੇਂਗਾ ਦਿੱਲੀ ਤੁਰੇ ਫਿਰਦੇ। ਹੱਥ ਕਾਲਜੇ ਪੱਗ ਦਾ ਰੁੱਗ ਆਇਆ ਫਿਰ ਪ੍ਰੇਮ ਖੇਲਨ ਕੀ ਗੱਲ ਕਰੀਏ। ਨ੍ਹੇਰੀ ਹੁਕਮ ਦੀ ਕਾਲੀ ਚੜ੍ਹੀ ਜੰਮ ਕੇ ਵੱਟਾਂ ਓਹਲੇ ਸਿਆੜ ਨੇ ਲੁਕੇ ਫਿਰਦੇ। ਪਾ ਕੇ ਕੱਪੜੇ ਕਨੂੰਨ ਦੇ ਨਿਕਲੇ ਨੇ ਗਲ਼ੀਆਂ ਵਿੱਚ ਇਰਾਦੇ ਨੇ ਬੁਰੇ ਫਿਰਦੇ। ਤੇਰੇ ਹੱਥਾਂ ਦੇ ਰੱਟਣ ਭਲਕ ਵੇਖੀਂ ਕਾਰਪਰੇਟਾਂ ਦੇ ਮੇਜ ਤੇ ਤੁਰੇ ਫਿਰਦੇ। ਹੱਥ ਕਾਲਜੇ ਪੱਗ ਦਾ ਰੁੱਗ ਆਇਆ ਫਿਰ ਪ੍ਰੇਮ ਖੇਲਨ ਕੀ ਗੱਲ ਕਰੀਏ।

ਅਸੀਂ ਜ਼ਿੰਦਗੀ ਲਈ ਲੜਾਂਗੇ-ਅਵਤਾਰਜੀਤ

ਤੁਸੀਂ ਔੜ ਬਣ ਕੇ ਆਏ ਹੋ ਅਸੀਂ ਸੌਣ ਬਣਕੇ ਵਰਾਂਗੇ ਤੁਸੀਂ ਮੌਤ ਬੀਜੀ ਧਰਤ ਤੇ ਅਸੀਂ ਜ਼ਿੰਦਗੀ ਲਈ ਲੜਾਂਗੇ ਤੁਸੀਂ ਕਬਰ ਹੋ ਅਸੀਂ ਘਰ ਹਾਂ ਸੁੱਕੇ ਅੱਥਰੂ ਦਾ ਅਸੀਂ ਸਬਰ ਹਾਂ ਸੁਪਨੇ ਤਾਂ ਪਲਕਾਂ ਤੋਂ ਖੋਹੇ ਤੁਸੀਂ ਬਲਦੀ ਅੱਖ ਦੀ ਅਸੀਂ ਨਜ਼ਰ ਹਾਂ ਬੁੱਲਾਂ ਦੀਆਂ ਥੇਹਾ ਸਾਹਮਣੇ ਬੋਲ ਵੰਝਲੀ ਦੇ ਅਸੀਂ ਬਣਾਂਗੇ.... ਪਲ ਪਲ ਤੇ ਮੌਤ ਲਿਖਿਆ ਵਗਦੇ ਪਾਣੀਆਂ ਦਾ ਨਾਂ ਕਿਨਾਰਿਆਂ ਤੋਂ ਖੋਹ ਲਿਆ ਹੱਸਣਾ ਮਿੱਟੀ ਅੰਬਰ ਤੋਂ ਦਰਿਆ ਸੁੱਕੇ ਰੇਤ ਲਈ ਬੇੜੀਆਂ ਦਾ ਬਣ ਖ਼ੁਆਬ ਅਸੀਂ ਖੜ੍ਹਾਂਗੇ ... ਹਰ ਬਿਰਖ ਹਰ ਸ਼ਾਖ ਨੂੰ ਤੁਸੀਂ ਤਿਲ ਤਿਲ ਮਚਾ ਲਿਆ ਹਲ ਪੰਜਾਲੀ ਕਹੀ ਦਾਤੀ ਤੇ ਫ਼ਸਲਾਂ ਨੂੰ ਕਬਰ ਬਣਾ ਲਿਆ ਅਸੀਂ ਹਰ ਸਿਆੜ ਦੀ ਕੁੱਖ ਵਿੱਚ ਬੀਜ ਸੂਰਜਾਂ ਦੇ ਧਰਾਂਗੇ ... ਇਹ ਮੁੱਕਣੀ ਨਾ ਗੱਲ ਅਜੇ ਬੱਸ ਨਦੀਆਂ ਦੀ ਪਿਆਸ ਤੇ ਲਹੂ ਦੇ ਅੱਥਰੂ ਰੋ ਰੋ ਕੇ ਧਰਤੀ ਦੀ ਲਾਸ਼ ਤੇ ਗੀਤ ਗ਼ਜ਼ਲਾਂ ਮਹਿਕ ਚਾਨਣ ਵਕਤ ਦੀ ਤਲੀ ਤੇ ਧਰਾਂਗੇ... ਤੁਸੀਂ ਔੜ ਬਣ ਕੇ ਆਏ ਹੋ ਅਸੀਂ ਸਾਉਣ ਬਣਕੇ ਵਰਾਂਗੇ ਤੁਸੀਂ ਮੌਤ ਬੀਜੀ ਧਰਤ ਤੇ ਅਸਲ ਜ਼ਿੰਦਗੀ ਲਈ ਲੜਾਂਗੇ ...

ਅੰਨ੍ਹ-ਦਾਤੇ ਦੀ ਬਰਾਤ-ਜਗੀਰ ਸਿੰਘ ਕਾਹਲੋਂ

ਢਾਈ ਮਹੀਨਿਆਂ ਦੀ ਗੱਜ ਵੱਜ ਕੇ ਕੀਤੀ ਤਿਆਰੀ ਪਿੱਛੋਂ ਦੇਸ਼ ਦੇ ਅੰਨ-ਦਾਤੇ ਦੀ ਬਰਾਤ ਢੁੱਕੀ ਐ ਦਿੱਲੀ ਦੇ ਬੂਹੇ ਤੇ ਪੂਰੇ ਢਾਈ ਮਹੀਨੇ ਪੈਂਦੇ ਰਹੇ ਗਿੱਧੇ ਤੇ ਭੰਗੜੇ ਤੇ ਰੇਲਾਂ ਦੀਆਂ ਲੀਹਾਂ ਤੇ ਗਾਈਆਂ ਜਾਂਦੀਆਂ ਰਹੀਆਂ ਘੋੜੀਆਂ ਭੈਣਾਂ ਨੇ ਵਾਗਾਂ ਗੁੰਦੀਆਂ ਭਾਬੀਆਂ ਨੇ ਸੁਰਮੇ ਪਾਏ ਮਾਵਾਂ ਤੇ ਦਾਦੀਆਂ ਨੇ ਚਾਅ ਕੀਤੇ ਚਾਚੀਆਂ ਤਾਈਆਂ ਭੂਆ ਖੂਬ ਰਲ ਕੇ ਨੱਜੀਆਂ ਕਿਸੇ ਭੜੂਏ ਫੁੱਫੜ ਨੇ ਰੁੱਸਣ ਦਾ ਹੀਆ ਨਹੀਂ ਕੀਤਾ ਜਿੰਨੇ ਬਰਾਤੀ ਓਨੇ ਹੀ ਬਰਾਤ ਤੋਰਨ ਵਾਲੇ ਅਗਲੇ ਪਾਸੇ ਵਾਲਿਆਂ ਬਰਾਤ ਦਾ ਸੁਆਗਤ ਇਕੀਵੀਂ ਸਦੀ ਦੀ ਮਾਡਰਨ ਆਤਿਸ਼ ਬਾਜੀ ਨਾਲ ਕੀਤਾ ਬਰਾਤੀਆਂ ਦੇ ਜੁੱਸੇ ਗਰਮਾਉਣ ਲਈ ਗਤਕੇਬਾਜੀ ਵੀ ਕੀਤੀ ਸੀਤਲ ਜਲ ਦੀਆਂ ਤੇਜਧਾਰ ਛਬੀਲਾਂ ਵੀ ਲਗਾਈਆਂ ਇਹ ਸੁਆਗਤ ਕਈ ਪੜਾਵਾਂ ਤੇ ਕੀਤਾ ਗਿਆ ਬਰਾਤੀਆਂ ਨੇ ਇਹ ਸੁਆਗਤ ਖਿੜੇ ਮੱਥੇ ਕਬੂਲ ਕੀਤਾ ਬਰਾਤ ਆਪਣੀ ਚਾਲੇ ਚਲਦੀ ਆ ਢੁੱਕੀ ਦਿੱਲੀ ਤੇ ਬੂਹੇ ਤੇ ਚਹੁੰ ਦਿਸ਼ਾਵਾਂ ਤੋਂ ਆਣ ਰਲੇ ਅਣਗਿਣਤ ਬਰਾਤੀ ਨੜਿਨਵੇਂ ਦੀ ਵਿਸਾਖੀ ਤੋਂ ਪਿੱਛੋਂ ਕੱਫੇ ਹੋਏ ਨੇ ਪੰਜੇ ਵਰਣ ਤੇ ਪੰਜੇ ਸੀਸ ਤੇ ਸਭੇ ਛੱਕ ਰਹੇ ਨੇ ਇਕੋ ਬਾਟੇ ਤਿਆਰ ਹੋਇਆ ਲੰਗਰ ਨਜ਼ਰ ਦੀ ਸੀਮਾ ਤੱਕ ਗੱਡੇ ਗਏ ਨੇ ਤੰਬੂ ਰਾਗੀ, ਢਾਡੀ, ਕਲਾਕਾਰ ਲਾ ਰਹੇ ਨੇ ਰੌਣਕਾਂ ਫਿਜ਼ਾ ਵਿੱਚ ਗੂੰਜ ਰਹੀ ਐ ਗਾਈਆਂ ਜਾਂਦੀਆਂ ਘੋੜੀਆਂ ਦੀ ਹੂਕ ਕੂੜਮਾਂ ਰੋਜ਼ ਮਿਲਣੀਆਂ ਹੁੰਦੀਆਂ ਨੇ ਲਾੜੀ ਨੂੰ ਰੋਜ ਸਜਾਇਆ ਜਾ ਰਿਹੈ ਪਰ ਅਜੇ ਪੂਰਾ ਨਹੀਂ ਚੜ੍ਹਿਆ ਰਾਂਝੇ ਲਾੜੇ ਦਾ ਸਬਰ ਅਜਮਾਇਆ ਜਾ ਰਿਹੈ ਚੂਚਕ ਤੇ ਕੈਂਦੋ ਅੜੇ ਬੈਠੇ ਨੇ ਦੂਰ ਦੁਰੇਡਿਓਂ ਪੰਚ ਵੀ ਆ ਰਲੇ ਨੇ ਬਰਾਤ ਵਿਚ ਤੇ ਚੂਚਕ ਨੂੰ ਯਾਦ ਕਰਾਉਂਦੇ ਨੇ ਸਾਹੇ-ਚਿੱਠੀ ਵਿਚ ਲਿਿਖਆ ਮਸੌਦਾ ਅਗਲੇ ਸਿਰੇ ਵਾਲੇ ਵੱਡੇ ਸ਼ਾਹਾਂ ਦੇ ਟੇਟੇ ਚੜ੍ਹ ਕੇ ਅੜੇ ਬੈਠੇ ਨੇ ਉਨ੍ਹਾਂ ਦੇ ਪੱਲੇ ਸ਼ਾਹੀ ਜਬਰ ਹੈ ਤੇ ਬਰਾਤ ਦੇ ਪੱਲੇ ਆਪਣੇ ਪੁਰਖਿਆਂ ਵਾਲ: ਸਬਰ ਹੈ ਬਰਾਤ ਨੂੰ ਵਰ ਹੈ: ਕਰਤਾਰਪੁਰ ਦੇ ਖੇਤਾਂ ਵਿਚ ਖੇਤੀ ਕਰਨ ਵਾਲੇ ਕਿਸਾਨ ਬਾਬੇ ਦਾ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਇਨਸਾਫ ਦੇ ਛਾਬੇ ਦਾ ਲੱਧੀ ਦੇ ਦੁੱਲੇ ਦੇ ਢਾਬੇ ਦਾ ਤੇ ਉਨ੍ਹਾਂ ਸਭਨਾਂ ਦਾ ਜੋ ਤੱਤੀਆਂ ਤਵੀਆਂ ਤੇ ਬੈਠੇ ਦੇਗਾਂ ਵਿਚ ਉਬਾਲੇ ਗਏ ਆਰਿਆਂ ਨਾਲ ਚੀਰੇ ਗਏ ਚਾਂਦਨੀ ਚੌਕ 'ਚ ਸ਼ਹੀਦ ਕੀਤੇ ਗਏ ਜਿਨ੍ਹਾਂ ਚਿੜੀਆਂ ਤੋਂ ਬਾਜ ਤੁੜਵਾ ਦਿੱਤੇ ਉਨ੍ਹਾਂ ਦੀ ਪਿੱਠ ਤੇ ਖੜੇ ਨੇ ਸੰਨ ਸਤਵੰਜਾ ਦੇ ਗਦਰੀ ਕੂਕਾ ਲਹਿਰ ਦੇ ਯੋਧੇ ਪੱਗੜੀ ਸੰਭਾਲਣ ਦਾ ਸਦਾ ਦੇਣ ਵਾਲੇ ਸੂਰਬੀਰ ਗਦਰੀ ਬਾਰੇ ਤੇਈ ਮਾਰਚ ਦੇ ਸ਼ਹੀਦ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਲ ਯੋਧਾ ਪੈਪਸੂ ਮੁਜਾਹਰਾ ਲਹਿਰ ਦੇ ਆਗੂ ਤੇ ਖੁਸ਼ ਹੈਂਸੀਅਤੀ ਟੈਕਸ ਮੋਰਚੇ ਦੇ ਸੂਰੇ ਉਨ੍ਹਾਂ ਸਭਨਾ ਦਾ ਸਬਰ ਤੇ ਦਲੇਰੀ ਬਰਾਤੀਆਂ ਦੀ ਰੂਹ ਵਿਚ ਵੱਧੇ ਪਏ ਨੇ ਸ਼ਾਹਾਂ ਤੇ ਬਾਦਸ਼ਾਹਾਂ ਦੀਆਂ ਸਦਾਹੀ ਪੈਂਦੀਆਂ ਰਹੀਆਂ ਨੇ ਪੁੱਠੀਆਂ ਤੇ ਧਰਤੀ ਦੇ ਜਾਏ ਸਦਾ ਮੁਹਿੰਮਾਂ ਜਿੱਤਦੇ ਰਹੇ ਨੇ ਤੇ ਅੰਨ ਦਾਤਾ ਵੀ ਡੋਲੀ ਲੈ ਕੇ ਹੀ ਪਰਤੇਗਾ।

ਕਿਸਾਨ ਅਸੀਂ ਦੇਸ਼ ਦੇ-ਅਜਾਇਬ ਸਿੰਘ ਸੰਧੂ

ਕਿਸਾਨ ਅਸੀਂ ਦੇਸ਼ ਦੇ ਨਹੀਂ ਹਾਂ ਪਰਾਏ ਦਿੱਲੀਏ। ਭੀਖ ਨਹੀਂ ਆਏ ਮੰਗਣ ਹੱਕ ਲੈਣ ਆਏ ਦਿੱਲੀਏ। ਤੂੰ ਬਣੀ ਨਾ ਸਿਆਣੀ ਸਦਾ, ਬਦਨਾਮ ਰਹੀ ਏਂ। ਪਹਿਲਾਂ ਹੀ ਗ਼ਰੀਬ ਅਸੀਂ, ਹੋਰ ਕਿਉਂ ਤੂੰ ਸਤਾਏਂ ਦਿੱਲੀਏ। ਕਿਸਾਨ ਅਸੀਂ ਹੱਕ ਲੈਣ ਆਏ ਦਿੱਲੀਏ। ਸਭਨਾਂ ਦੀ ਜ਼ਾਤ ਇੱਕੋ, ਕੋਈ ਮੱਤਭੇਦ ਨਾ। ਕੰਮੀ ਨਾ ਕਮੀਨ ਕੋਈ, ਹਿੰਦੂ ਸਿੱਖ ਮੇਖ ਨਾ ਲਹੂ ਦਾ ਰੰਗ ਇੱਕੋ, ਵੱਖਰੇ ਨਾ ਬਣਾਏ ਦਿੱਲੀਏ ਕਿਸਾਨ ਅਸੀਂ ਹੱਕ ਲੈਣ ਆਏ ਦਿੱਲੀਏ। ਸ਼ਾਇਦ ਤੈਨੂੰ ਸ਼ੱਕ ਇਹੋ, ਸਾਨੂੰ ਪਾੜ ਦੇਵੇਂਗੀ। ਦੂਰੋਂ ਨੇਡ਼ਿਓਂ ਸਾਰਿਆਂ ਨੂੰ, ਤੂੰ ਉਜਾੜ ਦੇਵੇਂਗੀ ਅਸੀਂ ਮਰਨ ਨੂੰ ਤਿਆਰ, ਇਰਾਦੇ ਇਹ ਬਣਾਏ ਦਿੱਲੀਏ ਕਿਸਾਨ ਅਸੀਂ ਹੱਕ ਲੈਣ ਆਏ ਦਿੱਲੀਏ। ਅੱਜ ਸਮਰਾਟ ਤੇਰਾ, ਜ਼ਾਲਮ ਜਹਾਨ ਦਾ। ਹਿੰਦੂ ਹੋ ਕੇ ਮਾਰੇ ਹਿੰਦੂ, ਡਰ ਨਾ ਭਗਵਾਨ ਦਾ। ਚੱਲ ਆ ਗਿਆ ਕਿਸਾਨ ਸਾਡਾ, ਡੇਰੇ ਇੱਥੇ ਹੀ ਨੇ ਲਾਏ ਦਿੱਲੀਏ। ਕਿਸਾਨ ਅਸੀਂ ਹੱਕ ਲੈਣ ਆਏ ਦਿੱਲੀਏ। ਅਸੀਂ ਹੋ ਗਏ ਸਿਆਣੇ, ਤੇਰੀ ਪੇਸ਼ ਨਹੀਂ ਚੱਲਣੀ। ਭੱਜਦਿਆਂ ਨੂੰ ਵਾਹਣ ਇੱਕੋ, ਲੰਮੀ ਰੇਸ ਇਹ ਚੱਲਣੀ। ਸ਼ੇਰ ਸੁੱਤੇ ਸੀ ਘੁਰਨਿਆਂ ਚੋਂ, ਪੰਗਾ ਲੈ ਤੂੰ ਜਗਾਏ ਦਿੱਲੀਏ। ਕਿਸਾਨ ਅਸੀਂ ਹੱਕ ਲੈਣ ਆਏ ਦਿੱਲੀਏ ਸਮਝਾ ਲੈ ਜੇ ਇਹ ਸਮਝਦਾ, ਤੂੰ ਇਸ ਵੱਡੇ ਚੋਰ ਨੂੰ। ਰਹਿਣ ਦੇ ਤੂੰ ਚੁੱਪ ਸਾਨੂੰ, ਨਾ ਵੇਖ ਸਾਡੇ ਜ਼ੋਰ ਨੂੰ ਝੁਲਾ ਦੇਣਾ ਝੰਡਾ ਜਿਵੇਂ, ਪਹਿਲਾਂ ਕਈ ਝੁਲਾਈ ਦਿੱਲੀਏ। ਕਿਸਾਨ ਅਸੀਂ ਹੱਕ ਲੈਣ ਆਏ ਦਿੱਲੀਏ। ਮੌਂਟਰੀਆਲ(ਕੈਨੇਡਾ)

ਕੀ ਕਰੀਏ ਦੱਸ ਹੋਰ ?-ਰਾਜਪਾਲ ਬੋਪਾਰਾਏ

ਜਾਗੋ ਜ਼ਮੀਰਾਂ ਵਾਲਿਉ ਜਾਗੋ ਤਕਦੀਰਾਂ ਵਾਲਿਉ ਜਾਗੋ ਤਦਬੀਰਾਂ ਵਾਲਿਉ ਵਾਰਸ ਦੀ ਹੀਰਾਂ ਵਾਲਿਉ ਗੋਬਿੰਦ ਦੀ ਸ਼ਮਸ਼ੀਰਾਂ ਵਾਲਿਉ। ਧਰਤ ਦੇਸ ਪੰਜਾਬ 'ਤੇ ਪਈ ਅਬਦਾਲੀ ਦੀ ਮਾਰ ਹੱਸ ਹੱਸ ਤਮਾਸ਼ੇ ਵੇਖਦਾ ਦਿੱਲੀ ਦਾ ਦਰਬਾਰ ਸਾਣ 'ਤੇ ਤਿੱਖੀਆਂ ਕਰ ਲਉ ਫਿਕਰਾਂ ਦੀ ਤਲਵਾਰ। ਜੇ ਨਾ ਜਾਗੇ ਸੋਹਣਿਉ ਹੋ ਜਾਣੀ ਹੈ ਦੇਰ ਫੇਰ ਕਦੇ ਨਾ ਆਂਵਣੀ ਸੁਫ਼ਨਿਆਂ ਦੀ ਸਵੇਰ। ਵਿੱਚ ਸੰਘਰਸ਼ ਖੜੇ ਨੇ ਮਾਂ ਬਾਪ ਤੇ ਵੀਰ ਭੈਣ ਵੀ ਸਾਡੀ ਘੱਟ ਨਹੀਂ ਹੱਥ ਫੜੀ ਸ਼ਮਸ਼ੀਰ। ਰੁੱਖਾਂ 'ਤੇ ਫਾਂਸੀ ਵਾਲੜੀ ਕੱਟਨੀ ਆਪਾਂ ਡੋਰ ਮਾਰੋ ਹੰਬਲਾ ਰੱਲ ਕੇ ਲਾ ਦਿਉ ਸਾਰਾ ਜ਼ੋਰ ਨਾ ਦੱਬਿਉ ਹੁਣ ਆਪਣੇ ਅੰਦਰ ਕੋਈ ਵੀ ਸ਼ੋਰ। ਕਹਿ ਦਿਉ ਆਪਣੇ ਮਨ ਦੀ ਕਹਿ ਦਿੳੇ ਆਪਣੇ ਤਨ ਦੀ ਕਹਿ ਦਿਉ ਆਪਣੇ ਧਨ ਦੀ ਜੋ ਵੀ ਸੱਚੀ ਬਾਤ ਵਿੱਚ ਗੁਜ਼ਾਰੇ ਲੰਘਦੀ ਥੁੜ੍ਹਾਂ ਦੀ ਲੰਮੀ ਰਾਤ। ਜੇ ਹੁਣ ਇਹ ਵੀ ਨਾ ਰਿਹਾ ਫੇਰ ਬੰਣੂਗਾ ਕੀ ਕਿੱਥੇ ਰਹੂਗਾ ਪੋਤਰਾ ਕਿੱਥੇ ਰਹੂਗੀ ਧੀ। ਜੇ ਹਾਕਮ ਹੈ ਤਕੜਾ ਨਾ ਹੋਵੋ ਦਿਲਗੀਰ ਪਿੱਠ ਦੇ ਪਿਛੇ ਖੜ੍ਹੇ ਨੇ ਵੀਰ ਅਤੇ ਸ਼ਮਸ਼ੀਰ। ਨਾਲ ਸਬਰ ਦੇ ਹੋਵਨਾ ਬੇੜਾ ਸਾਡਾ ਪਾਰ ਸੰਤੋਖ ਹੈ ਸਾਡਾ ਪਰਖ ਰਿਹਾ ਅੱਜ ਪੂਰਾ ਸੰਸਾਰ। ਉਪਰ ਵਾਲਾ ਵੇਖ ਰਿਹਾ ਜੁ਼ਲਮ, ਜ਼ਬਰ 'ਤੇ ਜ਼ੋਰ ਛੇਤੀ ਨਬੇੜੇ ਹੋਵਨੇ ਦੇਰ ਨਹੀਂ ਹੁਣ ਹੋਰ। ਵਿੱਚ ਦਰਹਾਹ 'ਉਸਦੀ' ਗਏ ਮੁਕੱਦਮੇ ਆ ਭੱਜਣ ਨੂੰੰ ਨਹੀਂ ਲੱਭਣਾ ਅੰਤ ਵੇਲੇ ਕੋਈ ਰਾਹ। ਸਾਂਭ ਕੇ ਰੱਖਿੳ ਸੋਹਣਿਉ ਹੋਸ਼ ਜੋਸ਼ ਸੰਤੋਖ ਜਿੱਤ ਉਹਨਾਂ ਦੀ ਹੋਂਵਦੀ ਕੋਲ ਜਿੰਨਾਂ ਦੇ ਬੋਧ। ਹਮੇਸ਼ਾ ਪੂਰੀ ਹੋਂਵਦੀ ਜਨ ਕੀ ਅਰਦਾਸ ਬੁੱਧੀ ਬਖ਼ਸ਼ਦੇ 'ਉਸਨੂੰ' 'ਜਿਸ' ਖਿੱਚੀ ਤਲਵਾਰ ਬਲ ਬਖ਼ਸ਼ ਦੇ ਅਸਾਂ ਨੂੰ ਝੱਲ ਜਾਈਏ ਏਹ ਵਾਰ। ਫੜ ਕੇ ਬਾਂਹੋਂ ਆਖ਼ 'ਤੂੰ" ਉਹ ਨਾ ਪਰਖ਼ੇ ਹੋਰ ਪਹਿਲ ਕਦੇ ਨਾ ਕਰਦੇ ਤੁਰਦੇ ਹਾਂ ਆਪਣੀ ਤੋਰ। ਸੱਭ ਕੁੱਝ 'ਤੇਰੇ' ਵੱਸ ਹੈ ਸਾਡਾ ਨਹੀਂ ਕੋਈ ਜ਼ੋਰ ਤੱਤਾ ਠੰਡਾ ਹਾਂ ਝੱਲਦੇ ਕੀ ਕਰੀਏ ਦੱਸ ਹੋਰ ...?

ਆਉ ਦਿੱਲੀ ਚੱਲੀਏ-ਰਾਜਪਾਲ ਬੋਪਾਰਾਏ

ਆਉ ਦਿੱਲੀ ਚੱਲੀਏ 26 ਜਨਵਰੀ ਮਨਾਉਣ ? ਨਹੀਂ ਨਹੀਂ ਨਵੇਂ ਸਵੇਰਿਆਂ ਦਾ ਗੀਤ ਨਵਾਂ ਗੌਣ ਆਉ ਦਿੱਲੀ ਚੱਲੀਏ। ਠਰੇ ਬਾਪੂਆਂ ਦੀ ਹਿੱਕ ਗਰਮਾਉਣ ਮਾਂ ਦੇ ਹੱਥੋਂ ਤਿਲਕੀ ਡੰਗੋਰੀ ਪਕੜਾਉਣ ਭੈਣਾਂ ਦਿਆਂ ਸਿਰਾਂ ਦੀਆਂ ਚੁੰਨੀਆਂ ਬਚਾਉਣ ਵੀਰਾਂ ਵਾਲੇ ਹੌਸਲੇ ਬੁਲੰਦ ਕਰਵਾੳਣ ਆਉ ਦਿੱਲੀ ਚੱਲੀਏ। ਰੁਖਾਂ ਦੀਆਂ ਫਾਂਸੀਆਂ ਦੇ ਮਰਸੀਏ ਸਣਾਉਣ ਖ਼ੁਦਕੁਸ਼ੀ ਵਾਲੀਆ ਸਲੀਬਾਂ ਨੂੰ ਢਵਾਉਣ ਕਰਜ਼ੇ ਦੀਆਂ ਪੰਡਾ ਦਾ ਹਿਸਾਬ ਕਰਵਾਉਣ ਆਉ ਦਿੱਲੀ ਚੱਲੀਏ। ਲੰਬੜਾਂ ਦੀ ਲੂੰਬੜੀ ਨੂੰ ਮੱਤ ਸਮਝਾਉਣ ਨੇਕੀ ਅਤੇ ਬਦੀ ਵਿੱਚੋਂ ਬਦੀ ਨੂੰ ਹਰਾਉਣ ਸਾਂਝਾ ਤੇ ਮੁਹੱਬਤਾਂ ਦਾ ਗੀਤ ਕੋਈ ਬਣਾਉਣ ਆਉ ਦਿੱਲੀ ਚੱਲੀਏ। ਹਾਕਮਾਂ ਹਕੂਮਤਾਂ ਨੂੰ ਪਾਠ ਕੋਈ ਪੜਾਉਣ ਗੁੱਸੇ ਅਤੇ ਗਿਲਿਆਂ ਨੂੰ ਹਾਸੇ ਠੱਠੇ ਪਾਉਣ ਨੁੰਹ ਅਤੇ ਮਾਸ ਦੀਆਂ ਮੁਹੱਬਤਾਂ ਵਧਾਉਣ ਆਉ ਦਿੱਲੀ ਚੱਲੀਏ।

ਰੋਟੀ-ਰਾਜਪਾਲ ਬੋਪਾਰਾਏ

ਥਾਲੀ 'ਚ ਉਵੇਂ ਦੀ ਉਵੇਂ ਰੋਟੀ ਪਈ ਵੇਖ ਮਾਂ ਨੇ ਪੁੱਤ ਨੂੰ ਘੂਰਿਆ ਖਾਂਦਾ ਕਿਉਂ ਨਹੀਂ ... ਕਿਵੇਂ ਖਾਂਵਾਂ ਮਾਂ ਇਹਦੇ ਵਿੱਚੋਂ ਮੈਨੂੰ ਮੋਰਚੇ 'ਤੇ ਗਿਆ ਬਾਪੂ ਦਿੱਸਦਾ! ਠੰਡੀ ਸੀਤ ਹਵਾ ਤੋਂ ਬਚਦਾ ਕੰਬਲ ਦੀ ਬੁੱਕਲ ਮਾਰ ਟਰਾਲੀ ਦੇ ਥੱਲੇ ਤਰਪਾਲ 'ਤੇ ਬੈਠਾ ਬਾਪੂ ਦਿੱਸਦਾ ਰੋਟੀ 'ਚੋਂ ਮੈਨੂੰ ਭੈਣ ਦੇ ਵਿਆਹ 'ਤੇ ਲਏ ਕਰਜ਼ੇ ਦਾ ਪ੍ਰਨੋਟ ਦਿੱਸਦਾ ਟਰੈਕਟਰ ਦੀਆਂ ਕਿਸ਼ਤਾਂ ਛੋਟੇ ਦੀ ਪੜ੍ਹਾਈ ਦਾ ਖਰਚਾ ਤੇਰੀਆਂ ਅਧੂਰੀਆਂ ਰੀਝਾਂ ਤੇ ਬਾਪੂ ਦੇ ਅੱਟਨ ਦਿੱਸਦੇ ਨੇ ਜੋ ਤੇਰੇ ਨਿੱਕੇ ਨਿੱਕੇ ਚਾਅ ਵੀ ਪੂਰੇ ਨਹੀਂ ਕਰ ਸਕੇ ... ਏਨਾਂ ਚਾਵਾਂ ਨੂੰ ਪੂਰੇ ਕਰਨ ਦੇ ਯਤਨ ਸਲਾਮਤ ਰੱਖਣ ਲਈ ਦਿੱਲੀ ਦਰਵਾਜ਼ੇ 'ਤੇ ਬਾਪੂ ਠਰੂੰ ਠਰੂੰ ਕਰਦਾ ਏ ਤੇ ਉਥੇ ਕੌਡੇ ਰਾਕਸ਼ਸ਼ ਅਤੇ ਮਲਕ ਭਾਗੋ ਬਾਪੂ 'ਤੇ ਹੱਸਦੇ ਨੇ ਪੁਠੀਆ ਸਿੱਧੀਆਂ ਜਰਬਾਂ ਵਾਲੇ ਹੱਲ ਕਸੂਤੇ ਦੱਸਦੇ ਨੇ ਸੱਜਣ ਬਣ ਕੇ ਠੱਗਦੇ ਨੇ ਬਾਪੂ ਸੜਕਾਂ 'ਤੇ ਠੱਰਦੇ ਨੇ ...

ਸੱਤਵਾਂ ਦਰਿਆ-ਰਾਜਪਾਲ ਬੋਪਾਰਾਏ

ਗੀਤਾਂ ਵਾਲੇ ਜੱਟ ਟੱਕੂਏ ਕਿਰਪਾਨਾਂ ਬੰਦੂਕਾਂ ਪਸਤੌਲਾਂ ਗੀਤਾਂ ਦੇ ਸੰਦੂਖ਼ਾਂ 'ਚ ਬੰਦ ਕਰਕੇ ਨਸਿ਼ਆ ਦਾ ਛੇਵਾਂ ਦਰਿਆ ਤਰਕੇ ਸਬਰ ਸੰਤੋਖ ਤੇ ਏਕੇ ਦਾ ਸੱਤਵਾਂ ਦਰਿਆ ਬਣਕੇ ਦਿੱਲੀ ਪੱਤਨ 'ਤੇ ਆਣ ਲੱਗੇ ਨੇ। ਸੱਤ ਪੱਤਨਾਂ ਦੇ ਏਹ ਤਾਰੂ ਵਲੀ ਕੰਧਾਰੀ ਦੀ ਮਾਰ ਹੇਠ ਨੇ ਦਾਤਾ ਕਲਾ ਵਰਤਾਂਈਂ ਪੱਥਰਾਂ ਤੋਂ ਬਚਾਈਂ ਬੇੜਾ ਪਾਰ ਲੰਘਾਈਂ ਬੁੱਧੀ ਚਮਕਾਈਂ ਛ਼ਾਤਰ ਚਾਲਾਂ ਸਮਝਾਈਂ ਪੱਤ ਰੱਖਵਾਈਂ ਸੁੱਖੀ ਸਾਂਦੀ ਘਰ ਪਰਤਾਂਈਂ ...

ਦੇਵਤਾ-ਰਾਜਪਾਲ ਬੋਪਾਰਾਏ

ਕਿਸਾਨ ਧਰਤੀ ਦਾ ਸਰਵਣ ਪੁੱਤਰ ਹੈ ਮਜ਼ਦੂਰ ਸਰਵਣ ਦੀਆਂ ਬਾਹਾਂ ਕਲਾਕਾਰ ਸਰਵਣ ਦੀ ਹੂਕ ਪ੍ਰਦੇਸੀ ਸਰਵਣ ਦਾ ਹੌਸਲਾ ਹਮਦਰਦ ਸਰਵਣ ਦੀ ਉਮੀਦ ਹਨ ਪਰ ਸਰਕਾਰ ਸਰਕਾਰ ਸਰਵਣ ਦੀ ਕੀ ਲੱਗਦੀ ਹੈ ਮਤਰੇਈ ਮਾਂ ਜਾਂ ਕੁੱਝ ਹੋਰ ? ਜੇਠ ਹਾੜ੍ਹ ਦੀਆਂ ਧੁੱਪਾਂ ਪੋਹ ਮਾਘ ਦੀਆਂ ਸਰਦ ਰਾਤਾਂ ਕਿਸਾਨ ਦੇ ਪਿੰਡੇ 'ਤੇ ਦਰਜ਼ ਹਨ ਸੱਪਾਂ ਦੇ ਡੰਗ ਤੇ ਰਾਤਾਂ ਦੇ ਉਨੀਂਦਰੇ ਉਸਦੀ ਰੂਹ ਦਾ ਹਿੱਸਾ ਹਨ। ਮੀਂਹ, ਹਨੇਰੀ ਝੱਖ਼ੜ, ਵਾ-ਵਰੋਲੇ ਗੜੇ ਅਤੇ ਤੁਫਾਨਾਂ ਦੀ ਮਾਰ ਝੱਲ ਕੇ ਸਬਰ ਸੰਤੋਖ ਦਾ ਪੱਲਾ ਫੜ੍ਹ ਕੇ ਉਹ ਫਸਲ ਬੀਜਦਾ ਪਾਲਦਾ ਅਤੇ ਸੰਭਲਦਾ ਹੈ ਉਸਦੇ ਮਨ ਦੀ ਪੀੜ ਉਦੋਂ ਵੇਖਣ ਵਾਲੀ ਹੁੰਦੀ ਹੈ ਜਦੋ ਉਸਨੂੰ ਇਸ ਸਾਰੇ ਕੁੱਝ ਦੇ ਬਦਲੇ ਲਾਗਤ ਮੁੱਲ ਵੀ ਨਹੀਂ ਮਿਲਦਾ ਪਰ ਉਹ ਹੌਸਲਾ ਨਹੀਂ ਹਾਰਦਾ ਬਲਕਿ ਅਗਲੀ ਫਸਲ ਦੀ ਤਿਆਰੀ 'ਚ ਜੁੱਟ ਜਾਂਦਾ ਹੈ ਏਹ ਹੀ ਇੱਕੋ ਇੱਕ ਚਾਰਾ ਹੈ ਗੁਜ਼ਾਰਾ ਹੈ ਦੇਵਤੇ ਦਾ ਵਰਤਾਰਾ ਹੈ ... ਸਾਡੇ ਡਾਈਨਿੰਗ ਟੇਬਲਾਂ ਦਾ ਸਿੰਗਾਰ ਵੰਨ-ਸੁਵੰਨੇ ਖਾਣੇ ਦੇਵਤੇ ਦੀ ਬੇ-ਬੱਸੀ ਦਾ ਮੁਜ਼ਾਹਰਾ ਹੈ ...

ਇਨਸਾਫ਼ ਦੀ ਹਾਮੀ-ਰਾਜਪਾਲ ਬੋਪਾਰਾਏ

ਪਲੇਟ 'ਚ ਪਏ ਤਾਜ਼ਾ ਫੁੱਲਕੇ 'ਤੇ ਹੱਥ ਰੱਖ ਕੇ ਸੱਚ ਬੋਲਿਉ ਕਿ ਰੋਟੀ ਪੈਦਾ ਕਰਨ ਵਾਲੇ ਨਾਲ ਇਨਸਾਫ਼ ਹੋ ਰਿਹਾ ਜਾਂ ਨਹੀਂ? ਆਪਣੀ ਆਤਮਾ ਦੇ ਚੇਤਿਆ 'ਚ ਧਿਆਨ ਧਰਕੇ ਸੱਚ ਦੱਸਿਉ ਕਿ ਉਸ ਨੂੰ ਮਿਹਨਤਨ ਦਾ ਸਹੀ ਮੁੱਲ ਮਿਲ ਰਿਹਾ ਜਾਂ ਨਹੀਂ ਅੰਨਦਾਤੇ ਦੀਆਂ ਉਹਨਾਂ ਦੁਸ਼ਵਾਰੀਆ ਦਾ ਵੀ ਧਿਆਨ ਧਰਨਾ ਜਿਨਾਂ ਕਰਕੇ ਸਾਡੇ ਰਸੋਈ ਘਰਾਂ 'ਚ ਅੰਨ ਦੀ ਮਹਿਕ ਭਰਨ ਵਾਲੇ ਨੇ ਰੋਟੀ ਦੀ ਥਾਂ ਆਪ ਸਲਫ਼ਾਸ ਕਿਉਂ ਖਾਧੀ? ਤੁਹਾਡੀ ਆਤਮਾ ਨੂੰ ਜੇ ਇਹ ਬੇ-ਇਨਸਾਫੀ ਲੱਗੇ ਤਾਂ ਪਲੇਟ 'ਚ ਰੱਖੇ ਫੁੱਲਕੇ ਨੂੰ ਉਨੀਂ ਦੇਰ ਹੱਥ ਨਾ ਲਾਇਉ ਜਿੰਨੀ ਦੇਰ ਤੁਹਾਡੀ ਰਸੋਈ ਦੀ ਮਹਿਕ ਇਨਸਾਫ਼ ਦੀ ਹਾਮੀ ਨਾ ਭਰੇ ਤੇ ਅੰਨ ਦਾਤੇ ਦੀ ਜਿੰਦਗੀ ਆਪਣੀ ਤੋਰੇ ਨਾ ਤੁਰੇ ...

ਕੁਦਰਤ ਨੂੰ ਸੱਭ ਦਿੱਸਦਾ-ਰਾਜਪਾਲ ਬੋਪਾਰਾਏ

ਦਿੱਲੀ ਕਿਸਾਨ ਮੋਰਚਾ ਏਨੀਆਂ ਰੂਹਾਂ ਦਾ ਮੇਲ ਕੁਦਰਤ ਦਾ ਕੋਈ ਸਬੱਬ ਹੈ ਤੇ ਏਹੋ ਜਿਹੇ ਸਬੱਬ ਨਵਾਂ ਇਤਹਾਸ ਲਿਖਦੇ ਨੇ ... ਖੇਤੀ ਕਾਨੂੰਨਾਂ ਦਾ ਬਨਣਾ ਇਹਨਾਂ ਖਿਲਾਫ਼ ਕਿਸਾਨਾਂ ਦੀ ਲਾਮਬੰਦੀ ਦਿੱਲੀ ਵੱਲ ਕੂਚ ਰਾਹ ਵਿੱਚ ਮਸ਼ੀਨਾਂ ਰਾਹੀਂ ਖੜੀਆਂ ਕੀਤੀਆਂ ਰੁਕਵਟਾਂ ਹੱਥਾਂ ਨਾਲ ਤੋੜਨੀਆਂ ਕੁਦਰਤ ਦੀ ਕੋਈ ਕਲਾ ਹੈ ਤੇ ਏਹੋ ਜਿਹੀਆਂ ਕਲਾਵਾਂ ਕੌਮਾਂ ਦੀ ਤਕਦੀਰ ਲਿਖਦੀਆਂ ... ਰਾਹ ਦੀਆਂ ਰੁਕਾਵਟਾਂ ਤੋੜਨ ਵਾਲਿਆਂ ਦਾ ਦਿੱਲੀ ਪਹੁੰਚ ਕੇ ਸ਼ਾਤ ਹੋ ਜਾਣਾ ਸੇਵਾ ਦੇ ਪੁੰਝ ਬਣ ਜਾਣਾ ਕੁਦਰਤ ਦਾ ਕੋਈ ਕ੍ਰਿਸ਼ਮਾ ਹੈ ਤੇ ਏਹੋ ਜਿਹੇ ਕ੍ਰਿਸ਼ਮੇ ਭਵਿਖ਼ ਦੇ ਰਾਹ ਖੋਲਦੇ ਨੇ ... ਸਰਦ ਰਾਤਾਂ 'ਚ ਸੜਕਾ 'ਤੇ ਡੇਰਾ ਲਾਈ ਹਰ ਮਾਈ ਭਾਈ ਵਲੋਂ ਸ਼ਹੀਦ ਹੋਣ ਦਾ ਜਜਬਾ ਕੰਧ 'ਤੇ ਲਿਖ ਦੇਣਾ ਸ਼ਹੀਦੀਆਂ ਦੇ ਦਿਨਾਂ ਦਾ ਸੰਯੋਗ ਹੈ ਤੇ ਏਹੋ ਜਿਹੇ ਸੰਯੋਗ ਕੌਮ ਦੇ ਸ਼ਹੀਦ ਪੈਦਾ ਕਰਦੇ ਨੇ ... ਜੇ ਹਾਕਮ ਕੰਧ 'ਤੇ ਸਾਫ਼ ਸਾਫ਼ ਲਿਖਿਆ ਨਹੀਂ ਪੜ੍ਹਦਾ ਤਾਂ ਕਸੂਰ ਕਿਸਦਾ ਹੈ ਕੁਦਰਤ ਨੂੰ ਸੱਭ ਦਿੱਸਦਾ ਹੈ...

ਇਤਹਾਸ ਦੁਹਰਾੳਣਾ-ਰਾਜਪਾਲ ਬੋਪਾਰਾਏ

ਅਡਾਨੀਉ ਅਬਾਨੀਉ ਰੱਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਕੀ ਨਹੀਂ ਹੈ ਤੁਹਾਡੇ ਕੋਲ ਕਿਹੜੀ ਚੀਜ਼ ਦੀ ਘਾਟ ਹੈ ਸਬਰ ਕਰੋ। ਦੇਸ਼ ਵਿਦੇਸ਼ ਦਾ ਬਹੁਤ ਖ਼ੂਨ ਪੀਤਾ ਹੈ ਹੁਣ ਬੱਸ ਕਰੋ ਪੰਜਾਬ ਨੂੰ ਉਸਦੇ ਹਾਲ 'ਤੇ ਰਹਿਣ ਦਿਉਂ। ਇਹ ਸ਼ਹੀਦਾਂ ਦੀ ਧਰਤੀ ਹੈ ਬਲਦਾਨੀਆਂ ਦਾ ਖ਼ੂਨ ਤੁਹਾਡੀਆਂ ਰਗਾਂ ਨੂੰ ਮਾਫ਼ਕ ਨਹੀਂ ਆਉਣਾ ਪੰਜਾਬ ਦੀ ਰੂਹ ਛਲਣੀ ਨਾ ਕਰੋ। ਇਤਹਾਸ ਗਵਾਹ ਹੈ ਜਦੋਂ ਜਦੋਂ ਵੀ ਪੰਜਾਬ ਛਲਣੀ ਹੋਇਆ ਉਦੋਂ ਉਦੋਂ ਹੀ ਤੁਹਾਡੀ ਮਾਂ ਦਿੱਲੀ ਹਿੱਲੀ ਹੈ ਕੰਬੀ ਹੈ। ਏਹ ਤੁਹਾਡੀ ਮਾਂ ਦਾ ਕਸੂਰ ਹੈ ਕਿ ਉਹਨੇ ਤੁਹਾਨੂੰ ਇਤਹਾਸ ਨਹੀਂ ਸਮਝਾਇਆ। ਚਾਂਦਨੀ ਚੌਂਕ ਫਾਂਸੀ ਦੇ ਤਖ਼ਤੇ ਸਰਹੱਦਾਂ 'ਤੇ ਚਟਾਨਾਂ ਬਣੇ ਪੰਜਾਬੀ ਸੀਨੇ ਅਸਾਂ ਕੀ ਕੀ ਨਹੀਂ ਕੀਤਾ ਤੁਹਾਡੀ ਮਾਂ ਲਈ ਪਰ ਅਸੀਂ ਮਾਤਰੇ ਦੇ ਮਾਤਰੇ ਹੀ ਰਹੇ ...। ਜੇ ਹੁਣ ਤੁਸੀਂ ਆਪਣੀ ਹੀ ਮਾਂ ਦੇ 'ਆਕਾ' ਬਣ ਬੈਠੇ ਹੋ ਤਾਂ ਆਪ ਹੀ ਕੰਧ 'ਤੇ ਲਿਖਿਆ ਇਤਹਾਸ ਪੜ੍ਹ ਲਉ। ਚੌਂਹਾਂ ਪਾਸਿਆਂ ਤੋ ਘਿਰੀ ਤੁਹਾਡੀ ਮਾਂ ਤੁਹਾਡੇ ਇਸ਼ਾਰੇ ਉਡੀਕ ਰਹੀ ਹੈ ਕੁਝ ਤਾਂ ਸ਼ਰਮ ਕਰੋ ਮਾਂ ਦੀ ਪੱਤ ਪੁੱਤ ਹੀ ਰੱਖਦੈ ... ਆਪਣੀ ਧਰਤੀ ਮਾਂ ਦੀ ਪੱਤ ਰੱਖਣ ਲਈ ਪੁੱਤਰਾਂ ਦੇ ਹੜ੍ਹ ਦਾ ਤੱਤਪਰ ਹੋਣਾ ਛਾਤੀਆ ਤਾਣ ਕੇ ਦਿੱਲੀ ਦਰਵਾਜ਼ੇ 'ਤੇ ਆ ਖਲੋਣਾ ਖੁੱਲ ਕੇ ਆਪਣਾ ਦੁੱਖ ਸਣਾਉਣਾ ਵਾਧੇ ਘਾਟੇ ਤੋਂ ਨਾ ਘਬਰਾਉਣਾ ਤੁਹਾਡੇ ਸਾਹਮਣੇ ਹੈ ਉਂਝ! ਸੱਭ ਲਈ ਮਹਿੰਗਾ ਹੁੰਦਾ ਇਤਹਾਸ ਦੁਹਰਾਉਣਾ ...

ਦੋਹੀਂ ਦਲੀਂ ਮੁਕਾਬਲਾ-ਵਰਿਆਮ ਸਿੰਘ ਸੰਧੂ

'ਹਿੰਦੂਸਤਾਨ' ਲਈ ਨਵੇਂ ਸੰਸਦ ਭਵਨ ਦੀ ਸੱਚਮੁੱਚ ਬੜੀ ਜ਼ਰੂਰਤ ਸੀ ਪੁਰਾਣੇ ਸੰਸਦ ਭਵਨ ਨਾਲ ਬਹੁਤ ਸਾਰੀਆਂ ਕੌੜੀਆਂ ਯਾਦਾਂ ਜੁੜੀਆਂ ਨੇ ਏਥੇ ਬੋਲਿਆਂ ਕੰਨਾਂ ਵਿਚ ਆਵਾਜ਼ ਪਹੁੰਚਾਉਣ ਲਈ ਭਗਤ ਸਿੰਘ 'ਦੱਤ' ਨੇ ਕਦੀ ਬੰਬ ਸੁੱਟਿਆ ਸੀ। ਉਸ 'ਬੰਬ' ਦੀ ਆਵਾਜ਼ ਵਰ੍ਹਿਆਂ ਤੋਂ ਸੰਸਦ ਭਵਨ ਵਿਚ ਹਰ ਵੇਲੇ ਗੂੰਜਦੀ ਰਹਿੰਦੀ ਸੀ। ਸੰਸਦ ਭਵਨ ਨੂੰ ਭਗਤ ਸਿੰਘ ਦੀ ਆਵਾਜ਼ ਬਹੁਤ ਦੁਖੀ ਕਰਦੀ ਸੀ। ਉਸ ਨੇ ਸੋਚਿਆ ਹੋਵੇ ਨਾ ਤੋਤੇ ਦਾ ਘੁੱਟ ਭਰ ਲਾਂ ਇਹ ਗੱਲਾਂ ਦੱਸਣ ਜੋਗਾ ਰਹੇ ਹੀ ਨਾਂ ਉਹਨਾਂ ਭਗਤ ਸਿੰਘ ਨੂੰ ਬੁੱਤ ਬਣਾ ਕੇ ਆਪਣੇ ਇਕ ਪਾਸੇ ਸੰਸਦ ਭਵਨ ਵਿਚ ਬਿਠਾ ਕੇ ਕਿਹਾ: ਲੈ ਸੁਣੀਂ ਜਾਹ ਆਪਣੇ ਪੱਥਰ ਦੇ ਕੰਨਾਂ ਨਾਲ ਵੇਖੀ ਜਾਹ ਪੱਥਰ ਦੀਆਂ ਅੱਖਾਂ ਨਾਲ ਅਸੀਂ ਤੇਰੇ ਸਾਹਮਣੇ 'ਦੋ' ਨਹੀਂ ਦਰਜਨਾਂ ਕਾਨੂੰਨ ਬਣਾਂਵਾਂਗੇ ਜਿਸ ਨੂੰ ਚਾਹੀਏ ਪਿੰਜਰੇ ਪਾਵਾਂਗੇ ਜਿਸ ਨੂੰ ਚਾਹੀਏ ਫ਼ਾਂਸੀ ਲਾਵਾਂਗੇ ਜਦ ਵੀ ਚਾਹੀਏ ਜਮ ਕਰ ਭਗਵਾਂ ਮੁਗ਼ਲ ਚੜ੍ਹਾਵਾਂਗੇ ਤੂੰ ਹੁਣ ਕੀ ਕਰਨਾ ਏਂ! ਗੁੰਗੇ ਬੋਲੇ ਪੱਥਰ ਨੇ! ਭਗਤ ਸਿੰਘ ਤੋਂ ਸਹਿ ਨਹੀਂ ਹੋਇਆ ਬੁੱਤ ਤਿੜਕਿਆ ਪਿੰਜਰਾ ਤੋੜ ਉਡਾਰੀ ਭਰ ਲਈ ਆ ਦਿੱਲੀ ਦੇ ਬਾਡਰ ਉੱਤੇ ਇਨਕਲਾਬ ਦਾ ਨਾਅ੍ਹਰਾ ਲਾਇਆ 'ਆਪਣਾ ਵੱਖਰਾ ਸੰਸਦ ਭਵਨ' ਬਣਾਇਆ ਜਿੱਥੇ ਬਾਬਾ ਨਾਨਕ ਪਹਿਲਾਂ ਤੋਂ ਹੀ ਲੈ ਕੇ ਆਪਣੀ ਹਲ਼-ਪੰਜਾਲੀ ਟ੍ਰੈਕਟਰ ਉਤੇ ਬੈਠ ਚੁੱਕਾ ਏ ਜਿੱਥੇ ਠੰਢੇ ਬੁਰਜ 'ਚ ਬੈਠੀ ਸਾਡੀ ਮਾਤਾ ਗੁਜਰੀ ਆਪਣੇ ਬੱਚੇ ਗੋਦੀ ਲੈ ਕੇ ਹਿੱਕ ਨਾਲ ਲਾ ਕੇ 'ਇਨਕਲਾਬ' 'ਬੋਲੇ ਸੋ ਨਿਹਾਲ' ਇਕ-ਮਿਕ ਹੋ ਗਏ ਗੂੰਜ ਪਈਆਂ ਦਿੱਲੀ ਦੀਆਂ ਕੰਧਾਂ ਹਿੱਲ ਗਏ ਦਿੱਲੀ ਦੇ ਕਿੰਗਰੇ ਦੋਵੇਂ ਪਾਸੇ ਡਟ ਗਏ ਦੋਵੇਂ ਸੰਸਦ ਭਵਨ ਇੱਕ ਪਾਸੇ ਹਿੰਦੂਸਤਾਨ ਦੂਜੇ ਪਾਸੇ ਹਿੰਦੁਸਤਾਨ ਹੁਣ ਦੋਈਂ ਦਲੀ ਮੁਕਾਬਲਾ ਰਣ ਯੋਧੇ ਜੁੱਟੇ ਅੱਜ ਬਾਬਰ ਤੇ ਸਾਬਰ ਦੀ 'ਪਰਖ਼ੀ ਜਾਊ ਜੰਗ ਵਿਚ 'ਤਲਵਾਰ' ਦੋਵੇਂ ਧਿਰਾਂ ਅਖਵਾਉਂਦੇ ਸੂਰਮੇ ਅੱਜ ਇਕ ਸਿਰ ਰਹਿ ਜੂ ਦਸਤਾਰ!'* -0- *ਮਗਰਲੀਆਂ ਤਿੰਨ ਸਤਰਾਂ ਸੋਹਣ ਸਿੰਘ ਸੀਤਲ ਜੀ ਦੀਆਂ ਹਨ।

ਗ਼ਜ਼ਲ-ਜਸਵਿੰਦਰ ਸਿੰਘ 'ਰੁਪਾਲ

ਰੁਕਨ: ਫ਼ਾਇਲਾਤੁਨ-ਫ਼ਾਇਲਾਤੁਨ-ਫ਼ਾਇਲਾਤੁਨ-ਫ਼ਾਇਲਾਤੁਨ ******* ਦਿਲ 'ਚ ਵਜਦੇ ਸਾਂਝ ਵਾਲੇ ਸਾਜ ਨੂੰ ਸਜਦਾ ਕਰਾਂ ਮੈਂ। ਲੋਕ-ਹਿਤ ਵਿਚ ਉਠ ਰਹੀ ਆਵਾਜ ਨੂੰ ਸਜਦਾ ਕਰਾਂ ਮੈਂ। ਭਰਮ ਹੈ ਇਹ, ਸਿਤਮਗਰ ਨੂੰ ਕੈਦ ਨਹੀਂ ਹੋਣੀ ਕਦੀ ਵੀ, ਅੰਬਰਾਂ ਨੂੰ ਛੋਹ ਰਹੀ ਪਰਵਾਜ਼ ਨੂੰ ਸਜਦਾ ਕਰਾਂ ਮੈਂ। ਜੋਸ਼ ਰੱਖਾਂ ਤੇਜ ਐਪਰ ਹੋਸ਼ ਨਾ ਛੱਡਾਂ ਕਦੀ ਵੀ, ਹੱਕ ਖ਼ਾਤਿਰ ਲੜਨ ਦੇ ਇਸ ਕਾਜ ਨੂੰ ਸਜਦਾ ਕਰਾਂ ਮੈਂ। ਜ਼ੁਲਮ ਦਾ ਹੈ ਅੰਤ ਹੋਣਾ, ਜਿੱਤਣਾ ਮਜ਼ਲੂਮ ਆਖਰ, ਇਸ ਅਗੰਮੀ ਸੱਚ ਵਾਲੇ ਰਾਜ਼ ਨੂੰ ਸਜਦਾ ਕਰਾਂ ਮੈਂ। ਉੱਚਿਆਂ ਮਹਲਾਂ ਨੇ ਡਿੱਗਣਾ, ਮੁੜ ਉਸਰਨਾ ਢਾਰਿਆਂ ਨੇ, ਵਕਤ-ਤਬਦੀਲੀ ਦੇ ਐਸੇ ਨਾਜ਼ ਨੂੰ ਸਜਦਾ ਕਰਾਂ ਮੈਂ। ਖ਼ਾਕ ਜੋ ਹੈ ਕਰਮ-ਭੋਂ ਦੀ, ਤਖ਼ਤ ਹੈ ਇਹ ਕਾਮਿਆਂ ਦਾ, ਕਿਰਤ-ਮੁੜ੍ਹਕੇ ਨੇ ਬਣਾਏ, ਤਾਜ ਨੂੰ ਸਜਦਾ ਕਰਾਂ ਮੈਂ। ਖੰਭ ਤੋੜੇ, ਚੁੰਝ ਭੰਨੇ, ਜ਼ਿੰਦਗੀ ਨੂੰ ਜੀਣ ਖ਼ਾਤਿਰ, ਊਰਜਾ ਨਵਿਆਉਣ ਵਾਲੇ, ਬਾਜ ਨੂੰ ਸਜਦਾ ਕਰਾਂ ਮੈਂ। ਮਿਟ ਰਿਹਾ ਹੈ 'ਨ੍ਹੇਰ ਸਾਰਾ, ਨੈਣ-ਸੂਰਜ ਖੁੱਲ੍ਹ ਰਹੇ ਨੇ, ਇਸ-ਸੁਬਹ ਦੇ ਹੋ ਰਹੇ ਆਗਾਜ਼ ਨੂੰ ਸਜਦਾ ਕਰਾਂ ਮੈਂ।

ਕੋਰੜਾ ਛੰਦ-ਜਸਵਿੰਦਰ ਸਿੰਘ ਰੁਪਾਲ

1.ਮਿੱਟੀ ਨਾਲ ਮਿੱਟੀ ਖੇਤਾਂ ਵਿੱਚ ਹੋਂਵਦਾ। ਦੁਨੀਆਂ ਦਾ ਬੋਝ ਪਿੱਠ ਉੱਤੇ ਢੋਂਵਦਾ । ਓਹੀਓ ਅੰਨਦਾਤਾ ਦਿਸੇ ਪ੍ਰੇਸ਼ਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ । 2.ਛੋਟੇ ਵੱਡੇ ਜੋ ਜੋ ਵੀ ਤੂਫ਼ਾਨ ਆਏ ਸੀ। ਰੱਖ ਹੌਂਸਲਾ ਉਹ ਪਿੰਡੇ ਤੇ ਹੰਢਾਏ ਸੀ। ਜਾਪਦੈ ਕੜਿੱਕੀ ਵਿੱਚ ਆਈ ਜਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ । 3.ਨਵਾਂ ਜੋ ਕਾਨੂੰਨ ਕੇਂਦਰ ਬਣਾਇਆ ਏ। ਸਿੱਧਾ ਸਾਡੀ ਦਾਹੜੀ ਵਿੱਚ ਹੱਥ ਪਾਇਆ ਏ। ਮੰਨਣਾ ਨਾ ਅਸੀਂ ਸ਼ਾਹੀ ਫੁਰਮਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ । 4.ਮਿਹਨਤਕਸ਼ਾਂ ਦੀ ਮਿਹਨਤ ਨੂੰ ਭੁੱਲ ਜੀ। ਦਿੱਤੀ ਸਰਕਾਰ ਲੋਟੂਆਂ ਨੂੰ ਖੁੱਲ੍ਹ ਜੀ। ਲੁੱਟਣ ਦੇ ਵੱਲ ਦੋਵਾਂ ਦਾ ਧਿਆਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ । 5. ਤਲੀ ਤੇ ਕਿਸਾਨ ਜਾਨ ਨੂੰ ਟਿਕਾ ਗਿਆ। ਧਰਨਿਆਂ ਰੈਲੀਆਂ ਦਾ ਹੜ੍ਹ ਆ ਗਿਆ। ਪਾਵਣੀਆਂ ਪੈੜਾਂ ਛੱਡਣੇ ਨਿਸ਼ਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ। 6.ਏਕੇ ਨਾਲ ਕਰ ਕੇ ਦਿਖਾਉਣੀ ਜੰਗ ਜੀ। ਸ਼ਾਹ ਤੇ ਵਾਪਾਰੀ ਕਰਨੇ ਐ ਤੰਗ ਜੀ। ਜੰਗ ਵਿੱਚ ਦੇਖੀਦਾ ਨਹੀਂ ਲਾਭ ਹਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ। 7. ਜਿੱਦੀ ਸਰਕਾਰੇ ਅਸੀਂ ਨਹੀਂ ਨੱਸਦੇ। ਕੁੰਢੀਆਂ ਦੇ ਦੇਖ ਕਿੰਝ ਸਿੰਗ ਫੱਸਦੇ। ਖਾਧੇ ਨੇ ਵੜੇਵੇਂ ਜਿੱਤਣਾ ਮੈਦਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ। 8.ਹੱਕ ਸੱਚ ਲਈ ਲੜਦੇ ਹੀ ਆਏ ਹਾਂ। ਝੱਖੜਾਂ ਦੇ ਅੱਗੇ ਖੜ੍ਹਦੇ ਹੀ ਆਏ ਹਾਂ। ਲੜਨਾ ਤੇ ਜਿੱਤਣਾ ਹੀ ਸਾਡੀ ਸ਼ਾਨ ਜੀ। ਸੜਕਾਂ ਦੇ ਉੱਤੇ ਆ ਗਿਆ ਕਿਸਾਨ ਜੀ।

ਖੁਦਕੁਸ਼ੀਆਂ ਹੀ ਨਹੀਂ ਕਰਦੇ ਇਹ-ਗੁਲਸ਼ਨਬੀਰ ਗੁਰਾਇਆ

ਖੁਦਕੁਸ਼ੀਆਂ ਹੀ ਨਹੀਂ ਕਰਦੇ ਇਹ, ਹੱਕਾਂ ਲਈ ਲੜਨਾ ਵੀ ਜਾਣਦੇ ਆ, ਜੱਦ ਸਿਰ ਚੜ੍ਹ ਵੰਗਾਰਿਆ ਹਾਕਮ ਨੇ, ਫਿਰ ਹਿੱਕ ਤੇ ਚੜ੍ਹਨਾ ਵੀ ਜਾਣਦੇ ਆ, ਲੰਗਰ ਲਾਉਣ ਵਾਲੇ ਪੂਰੀ ਦੁਨੀਆਂ ਲਈ, ਘੰਡੀ ਬਘਿਆੜਾਂ ਦੀ ਫੜੵਨਾ ਵੀ ਜਾਣਦੇ ਆ, ਤੱਤੀਆਂ ਲੋਹਾਂ ਤੇ ਬੈਠਕੇ ਜੱਪ ਕੀਤੇ ਤੇ, ਉੱਬਲਦੀਆਂ ਦੇਗਾਂ ਵਿੱਚ ਕੜੵਨਾ ਵੀ ਜਾਣਦੇ ਆ, ਕਨੱਈਏ ਬਣਕੇ ਦੁਸ਼ਮਨ ਦੇ ਜਖਮ ਭਰੀਏ, ਵਗਦੇ ਝੱਖੜਾਂ ਅੱਗੇ ਅੜਨਾ ਵੀ ਜਾਣਦੇ ਆ, ਜੁਲਮ ਰੋਕਣੇ ਨੂੰ ਚੜ੍ਹ ਗਏ ਦਿੱਲੀਆਂ ਨੂੰ, ਅੰਦਰ ਜੇਲ੍ਹਾਂ ਦੇ ਤੜਨਾ ਵੀ ਜਾਣਦੇ ਆ, ਰਾਖੀ ਦੇਸ਼ ਦੀ ਕਰਦੇ ਆਂ ਹਿਮਾਲਿਆ ਤੇ, ਮਾਰੂਥਲਾਂ ਵਿੱਚ ਸੜਨਾ ਵੀ ਜਾਣਦੇ ਆ, ਜਾਨਾਂ ਵਾਰਕੇ ਧਰਤ ਦੀ ਪੱਤ ਰੱਖਦੇ, ਘਰੇ ਦੁਸ਼ਮਨ ਦੇ ਵੜਨਾ ਵੀ ਜਾਣਦੇ ਆ, ਉੱਚੇ ਪਹਾੜਾਂ ਤੋਂ ਰੱਖੀਏ ਜਿਗਰਿਆਂ ਨੂੰ, ਅਸੀਂ ਸਾਗਰਾਂ ਨੂੰ ਤਰਨਾ ਵੀ ਜਾਣਦੇ ਆ, ਦੇਸ਼ ਕੌਮ ਨੂੰ ਜਦੋਂ ਵੀ ਲੋੜ ਪੈਂਦੀ, ਖੂਹਾਂ ਨੂੰ ਖੂਨ ਨਾਲ ਭਰਨਾ ਵੀ ਜਾਣਦੇ ਆ, ਮੂੰਹ ਮੋੜ ਦਈਏ ਤੋਪਾਂ ਤੇ ਗੋਲਿਆਂ ਦੇ, ਕਲਮਾ ਜ਼ਾਲਮ ਦਾ ਪੜੵਨਾ ਵੀ ਜਾਣਦੇ ਆ, ਜੇ ਕੋਈ ਪਿਆਰ ਨਾਲ ਸਾਡਾ ਸੀਸ ਮੰਗੇ, ਸਿਰ ਖਲਕਤ ਲਈ ਹਰਨਾ ਵੀ ਜਾਣਦੇ ਆ, ਝਾੜ ਝਾੜਕੇ ਰੱਖਦੀਏ ਪਾਪੀਆਂ ਨੂੰ, ਮੌਕਾ ਮਿਲ ਜਾਏ ਤਾਂ ਝੜਨਾ ਵੀ ਜਾਣਦੇ ਆ, ਲੜੀਏ ਜੁਲਮਾਂ ਦੇ ਨਾਲ ਤਲਵਾਰ ਬਣਕੇ, ਬਾਂਹ ਮਜ਼ਲੂਮ ਦੀ ਫੜੵਨਾ ਵੀ ਜਾਣਦੇ ਆ, 'ਗੁਲਸ਼ਨਬੀਰ' ਲੜ ਲਈਏ ਹੱਕ ਖਾਤਿਰ, ਚਿੜੀਆਂ ਇਹ ਬਾਜਾਂ ਨੂੰ ਧਰਨਾ ਵੀ ਜਾਣਦੇ ਆ,

ਵਿੱਚ ਝੋਲ਼ੇ ਦੇ ਕਫ਼ਨ ਹੈ ਜਿਸਦੇ-ਪ੍ਰਭਜੋਤ ਸੋਹੀ

ਵਿੱਚ ਝੋਲ਼ੇ ਦੇ ਕਫ਼ਨ ਹੈ ਜਿਸਦੇ ਉਸਨੂੰ ਕੋਈ ਡਰਾ ਨੀ ਸਕਦਾ । ਕਿੰਨੇ ਜਾਬਰ ਆ ਕੇ ਤੁਰਗੇ ਤੈਂਨੂੰ ਕੋਈ ਹਰਾ ਨੀ ਸਕਦਾ । ਮੁਢਕਦੀਮੋਂ ਖਾਰ ਹੈ ਖਾਂਦੀ ਨਾਲ਼ ਤੇਰੇ ਪੰਜਾਬ ਸਿਆਂ । ਇਹ ਜੁੱਤੀਆਂ ਦੀ ਯਾਰ ਹੈ ਦਿੱਲੀ ਇਹਨੂੰ ਕੋਈ ਸਮਝਾ ਨੀ ਸਕਦਾ । ਤੇਰੇ ਵੱਡ ਵੱਡੇਰਿਆਂ ਇਸ ਨੂੰ ਨੱਕੋਂ ਚਣੇ ਚਬਾਤੇ ਸੀ । ਲਾਲ ਕਿਲੇ ਦਾ ਚੱਪਾ ਚੱਪਾ ਭੁੱਲ ਕੇ ਗੱਲ ਭੁਲਾ ਨੀ ਸਕਦਾ । ਖ਼ੂਨ ਤੇਰੇ ਦੀ ਖ਼ਸਲਤ ਏਹੀ ਜ਼ੁਲਮ ਨਾ ਕਰਨਾ ਨਾ ਹੀ ਸਹਿਣਾ ਸ਼ਾਨਾਮੱਤੇ ਕੇਸਰੀ ਪਰਚਮ ਜਾਬਰ ਕੋਈ ਝੁਕਾ ਨੀ ਸਕਦਾ ।।

ਐ ਦਿੱਲੀ !-ਸ਼ੇਲਿੰਦਰਜੀਤ ਸਿੰਘ ਰਾਜਨ

ਬੜਾ ਤੱਕਿਆ ਏ ਤੇਰਾ ਮੂੰਹ ਐਪਰ, ਹੁਣ ਵੱਲ ਕਿਸਾਨਾਂ ਦੇ ਤੱਕ ਦਿੱਲੀ । ਅਸੀਂ ਭੀਖ ਨਹੀਂ ਤੈਥੋਂ ਮੰਗਦੇ ਹਾਂ, ਅਸੀਂ ਮੰਗਦੇ ਹਾਂ ਆਪਣਾ ਹੱਕ ਦਿੱਲੀ । ਅੰਨਦਾਤੇ ਨਾਲ ਲੈਂਦੀ ਏ ਵੈਰ ਡਾਹਢਾ, ਤੇਰਾ ਰਹਿਣਾ ਨਾ ਹੁਣ ਕੱਖ ਦਿੱਲੀ । ਇਸ ਦੇਸ਼ ਲਈ ਜਾਨਾਂ ਵਾਰਦੇ ਹਾਂ, ਇਸ ਦੇਸ਼ 'ਤੇ ਸਾਡਾ ਵੀ ਹੱਕ ਦਿੱਲੀ । ਰਿਹਾ ਤੇਰਾ ਅਸਾਡਾ ਵੈਰ ਮੁੱਢੋਂ, ਫੱਟੇ ਤੇਰੇ ਦਿਆਂਗੇ ਚੱਕ ਦਿੱਲੀ । ਸਾਡਾ ਜੋਸ਼ ਨਾ ਹੁਣ ਇਹ ਥੰਮਣਾ ਏ, ਜਿੰਨੇ ਮਰਜ਼ੀ ਏ ਰਾਹ ਹੁਣ ਡੱਕ ਦਿੱਲੀ । ਹੁਣ ਬਾਹਲਾ ਨਾ ਸਬਰ ਅਜਮਾ ਸਾਡਾ, ਅਸੀਂ ਭਰੇ ਹਾਂ ਨੱਕੋ ਨੱਕ ਦਿੱਲੀ । ਰਹਿਣਾ ਜੂਝਦੇ ਅਸੀਂ ਮੈਦਾਨ ਅੰਦਰ, ਜਦ ਤੱਕ ਨਾ ਮਿਲਿਆ, ਹੱਕ ਦਿੱਲੀ । ਬਾਬੇ ਨਾਨਕ ਦੀ ਸਿਖਿਆ ਹੈ ਸਾਨੂੰ, ਖਾਣਾ ਕਦੇ ਪਰਾਇਆ ਨਾ ਹੱਕ ਦਿੱਲੀ । ਥਾਪੜਾ ਗੁਰੂ ਗੋਬਿੰਦ ਦਾ ਵੀ ਹੈ ਸਾਨੂੰ, ਦੇਣਾ ਜ਼ੁਲਮ ਦਾ ਤੋੜ ਹੈ ਲੱਕ ਦਿੱਤੀ । ਆਖਿਰ ਸੱਚ ਦੀ ਸਦਾ ਹੀ ਜਿੱਤ ਹੁੰਦੀ, "ਰਾਜਨ" ਪੜ੍ਹ ਇਤਿਹਾਸ ਬੇਸ਼ੱਕ ਦਿੱਲੀ ।

ਤੇਰੇ ਹੀ ਕਾਨੂੰਨਾਂ ਦਾ-ਸੁਦਰਸ਼ਨ ਗਰਗ

1. ਤੇਰੇ ਹੀ ਕਾਨੂੰਨਾਂ ਦਾ ਜਵਾਬ, ਲੈ ਕੇ ਆਏ ਹਾਂ ਬੱਚੇ, ਬੁੱਢੇ ਮਾਂ ਬਾਪ, ਨਾਲ ਲੈ ਕੇ ਆਏ ਹਾਂ । ਮੰਗਤੇ ਬਣਾ ਤਾਂ ਸਾਨੂੰ, ਦਿੱਲੀ ਵਾਲ਼ੇ ਰਾਜਿਆ, ਦਰਦਾਂ ਚ ਵਿੰਨ੍ਹੇ, ਅਸੀਂ ਘਾਵ ਲੈ ਕੇ ਆਏ ਹਾਂ । 2. ਸਮਝਦਾਰ ਦੀ ਕੋਈ ਨਹੀਂ ਸੁਣਦਾ, ਬੇ ਸਮਝਾਂ ਦੀ ਭੀੜ ਬੜੀ ਐ । ਅਸਲੀ ਮੁੱਦਾ ਭੁੱਲ ਭੁਲਾ ਗਏ, ਬਿਨ ਵਜਾਹ ਹੀ ਅੜੀ ਫੜੀ ਐ । ਚੰਗੀ ਸੋਚ ਉਹ ਸੋਚ ਨਹੀਂ ਸਕਦੇ, ਇਸ ਤੋਂ ਅੱਗੇ ਮੈਂ ਕੀ ਦੱਸਾਂ, ਜ਼ਿੱਦ ਵਿੱਚ ਸਭ ਕੁੱਝ ਲੁੱਟ ਜਾਵੇਗਾ, ਮੌਤ ਸਰਹਾਣੇ ਆਣ ਖੜੀ ਐ ।