Dharat Vangaare Takhat Nu

ਧਰਤਿ ਵੰਗਾਰੇ ਤਖ਼ਤ ਨੂੰ

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)ਪਹਿਲੀ ਵਾਰ-ਗੁਰਭਜਨ ਗਿੱਲ

ਮੱਥੇ ਦੀਆਂ ਤਿਊੜੀਆਂ ਸਿਆੜ ਬਣੀਆਂ ਨੇ। ਹਲ਼ ਵਾਹਕਾਂ ਨੇ ਦੁਸ਼ਮਣ ਦੀ ਨਿਸ਼ਾਨਦੇਹੀ ਕਰਕੇ ਦਰਦਾਂ ਦੀ ਵਾਹੀ ਜੋਤੀ ਕੀਤੀ ਹੈ। ਇਸ ਧਰਤੀ ਨੇ ਬਹੁਤ ਕੁਝ ਵੇਖਿਆ ਹੈ। ਨਹਿਰਾਂ ਚੋਂ ਡੱਕੇ ਮੋਘੇ ਖੋਲ੍ਹੇ ਨੇ ਬਾਬਿਆਂ। ਹਰਸਾ ਛੀਨਾ ਅੱਜ ਵੀ ਵੰਗਾਰਦਾ ਹੈ ਮਾਲਵੇ ‘ਚ ਬਿਸਵੇਦਾਰਾਂ ਨੂੰ ਭਜਾਇਆ ਸੀ ਮੁਜਾਰਿਆਂ ਕਿਸ਼ਨਗੜ੍ਹੋਂ ਦਬੱਲਿਆ ਪਿੰਡ ਪਿੰਡ ਮੰਡੀ ਮੰਡੀ। ਸਫ਼ੈਦਪੋਸ਼ਾਂ ਨੂੰ ਸੁਰਖ਼ਪੋਸ਼ਾਂ ਪਾਈਆਂ ਭਾਜੜਾਂ ਇਤਿਹਾਸ ਨੇ ਵੇਖਿਆ। ਕੈਰੋਂਸ਼ਾਹੀ ਦਾ ਟਾਕਰਾ ਕਰਦੇ ਖ਼ੁਸ਼ ਹੈਸੀਅਤੀ ਟੈਕਸ ਨੂੰ ਵੰਗਾਰਦੇ ਅੱਜ ਵੀ ਚੇਤਿਆਂ ਚ ਜਾਗਦੇ। ਚਾਚਾ ਚੋਰ ਭਤੀਜਾ ਡਾਕੂ ਸੱਥਾਂ ‘ਚ ਗਾਉਂਦੇ ਜਾਂਬਾਜ਼। ਬੋਹਲਾਂ ਦੀ ਰਾਖੀ ਜਾਣਦੇ ਹਨ। ਤੰਗਲੀਆਂ ਸਲੰਘਾਂ ਵਾਲੇ। ਸਰਕਾਰਾਂ ਨਾਲ ਲੜੇ ਹਰ ਵਾਰ। ਪਰ ਇਹ ਤੱਕਿਆ ਪਹਿਲੀ ਵਾਰ ਵੱਖਰਾ ਸੂਰਜ ਨਵੀਆਂ ਕਿਰਨਾਂ ਸਮੇਤ ਚੜ੍ਹਿਆ। ਦੁਸ਼ਮਣ ਦੀ ਨਿਸ਼ਾਨਦੇਹੀ ਕੀਤੀ ਹੈ। ਕਾਰਪੋਰੇਟ ਘਰਾਣਿਆਂ ਦੇ ਕੰਪਨੀ ਸ਼ਾਹਾਂ ਨੂੰ ਰਾਵਣ ਦੇ ਨਾਲ ਫੂਕਿਆ ਹੈ। ਦੁਸਹਿਰੇ ਦੇ ਅਰਥ ਬਦਲੇ ਹਨ। ਵਕਤ ਦੀ ਹਿੱਕ ਤੇ ਦਰਦਮੰਦਾਂ ਦੀਆਂ ਆਹਾਂ ਨੇ ਨਵੀਂ ਅਮਿਟ ਇਬਾਰਤ ਲਿਖੀ ਹੈ। ਸਾਨੂੰ ਨਚਾਉਣ ਵਾਲੇ ਖ਼ੁਦ ਨੱਚੇ ਨੇ ਹਕੀਕਤਾਂ ਦੇ ਦੁਆਰ। ਬੇਸ਼ਰਮ ਹਾਸਿਆਂ ਚ ਘਿਰ ਗਏ ਹਨ ਤਿੰਨ ਮੂੰਹੇ ਸ਼ੇਰ ਲੁਕਦੇ ਫਿਰਦੇ ਨੇ। ਤਖ਼ਤਿਆਂ ਵਾਲੇ ਤਖ਼ਤ ਵੰਗਾਰਦੇ। ਕਦੇ ਕਦੇ ਇਸ ਤਰ੍ਹਾਂ ਹੁੰਦਾ ਹੈ ਕਿ ਬਿੱਲਾ ਆਪ ਹੀ ਪੈਰ ਧਰ ਕੇ ਆਪਣੇ ਆਪ ਫਸ ਜਾਵੇ ਬਲ਼ਦੇ ਤੰਦੂਰ ਵਿੱਚ। ਕਾੜ੍ਹਨੀ ‘ਚੋਂ ਦੁੱਧ ਪੀਂਦਾ ਕੁੱਤਾ ਧੌਣ ਫਸਾ ਬਹੇ। ਚੋਰ ਪਾੜ ਤੇ ਹੀ ਫੜਿਆ ਜਾਵੇ। ਗਿੱਦੜ-ਕੁੱਟ ਖਾਂਦਾ ਫਸਿਆ ਫਸਿਆ ਬੇਸ਼ਰਮੀ ‘ਚ ਕੁਝ ਨਾ ਕਹਿਣ ਜੋਗਾ ਰਹੇ। ਪਹਿਲੀ ਵਾਰ ਹੋਇਆ ਹੈ ਕਿ ਖੇਤ ਅੱਗੇ ਅੱਗੇ ਤੁਰ ਰਹੇ ਨੇ ਕੁਰਸੀਆਂ ਮਗਰ ਮਗਰ ਤੁਰਦੀਆਂ ਬਿਨ ਬੁਲਾਏ ਬਾਰਾਤੀਆਂ ਵਾਂਗ। ਸਾਨੂੰ ਵੀ ਲੈ ਚੱਲੋ ਯਾਰ ਕਹਿੰਦੀਆਂ। ਮਨੂ ਸਿਮ੍ਰਤੀ ਤੋਂ ਬਾਅਦ ਨਵੇਂ ਅਛੂਤ ਐਲਾਨੇ ਹਨ ਵਕਤਨਾਮੇ ਦੀ ਅਣਲਿਖੀ ਕਿਤਾਬ ਵਿੱਚ। ਪਹਿਲੀ ਵਾਰ ਤੂੰਬੀਆਂ ਢੱਡਾਂ ਸਾਰੰਗੀਆਂ ਨੇ ਪੀੜ ਪਰੁੱਚੀਆਂ ਤਰਜ਼ਾਂ ਕੱਢੀਆਂ ਨੇ ਵਕਤ ਨੇ ਹੇਕਾਂ ਨੂੰ ਸ਼ੀਸ਼ਾ ਵਿਖਾਇਆ ਹੈ। ਮੁੱਕੇ ਵੰਗਾਰ ਬਣੇ ਹਨ ਚੀਕਾਂ ਕੂਕ ਵਿੱਚ ਬਦਲੀਆਂ ਹਨ ਲੇਰ ਨੂੰ ਆਵਾਜ਼ ਲੱਭੀ ਹੈ। ਮੁਕਤੀ ਨੂੰ ਸਿਰਨਾਵੇਂ ਦੀ ਦੱਸ ਪਈ ਹੈ। ਅੰਦਰ ਦੀਆਂ ਪੱਕੀਆਂ ਬਾਹਰ ਆਈਆਂ ਹਨ ਸਾਜ਼ਸ਼ਾਂ,ਗੋਂਦਾਂ, ਚਾਲਾਂ, ਕੁਚਾਲਾਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੀਰ ਭਾਰਤ ਇੱਕ ਹੋਇਆ ਹੈ ਲੁੱਟ ਤੰਤਰ ਦੇ ਖ਼ਿਲਾਫ਼ ਕਿਤਾਬਾਂ ਤੋਂ ਬਹੁਤ ਪਹਿਲਾਂ ਵਕਤ ਬੋਲਿਆ ਹੈ। ਨਾਗਪੁਰੀ ਸੰਤਰਿਆਂ ਦਾ ਰੰਗ ਫੱਕ ਹੋਇਆ ਹੈ ਲੋਕ ਦਰਬਾਰੇ ਮੰਡੀਆਂ ‘ਚ ਦਾਣੇ ਤੜਫ਼ੇ ਹਨ। ਆੜ੍ਹਤੀਆਂ ਨੇ ਹਾਉਕਾ ਭਰਿਆ ਹੈ। ਪੱਲੇਦਾਰਾਂ ਨੇ ਕਮਰਕੱਸਾ ਕੀਤਾ ਹੈ। ਸੜਕਾਂ, ਰੇਲਵੇ ਟਰੈਕ ਨੇ ਬਾਬੇ ਪੋਤਰੇ ਦਾਦੀਆਂ ਪੋਤਰੀਆਂ ਜ਼ਿੰਦਾਬਾਦ ਦੀ ਜੂਨ ਪਈਆਂ ਵੇਖੀਆਂ ਨੇ। ਪਹਿਲੀ ਵਾਰ ਬੰਦ ਬੂਹਿਆਂ ਦੇ ਅੰਦਰ ਲੱਗੇ ਸ਼ੀਸ਼ਿਆਂ ਨੇ ਦੱਸਿਆ ਹੈ ਅੰਦਰਲਾ ਕਿਰਦਾਰ ਕਿ ਕੁਰਸੀਆਂ ਨੇ ਨਾਚ ਨਚਾਇਆ ਨਹੀਂ ਝਾਂਜਰਾਂ ਬੰਨ੍ਹ ਖ਼ੁਦ ਨੱਚਿਆ ਹੈ। ਕਾਠ ਦੀ ਪੁਤਲੀ ਨੂੰ ਨਚਾਉਂਦੀਆ ਤਣਾਵਾਂ ਮਗਰਲੇ ਹੱਥ ਨੰਗੇ ਹੋਏ ਨੇ। ਝੋਨੇ ਦੇ ਵੱਢ ਵਿੱਚ ਕਣਕ ਜੰਮਣੋਂ ਇਨਕਾਰੀ ਹੈ। ਸਹਿਮ ਗਿਆ ਹੈ ਬੰਬੀਆਂ ਦਾ ਪਾਣੀ ਕਿੱਲੇ ਬੱਧੀਆਂ ਮਹੀਂਆਂ ਗਾਈਂਆਂ ਦੁੱਧੋਂ ਭੱਜ ਗਈਆਂ ਨੇ। ਦੁੱਧ ਪੀਣੀ ਬਿੱਲੀ ਥੈਲਿਓਂ ਬਾਹਰ ਆਈ ਹੈ। ਹਾਲ਼ੀ ਪਾਲ਼ੀ ਅਰਥ ਸ਼ਾਸਤਰ ਪੜ੍ਹੇ ਹਨ ਬਿਨਾ ਸਕੂਲਾਂ ਕਾਲਜਾਂ ਦੀਆਂ ਜਮਾਤਾਂ ‘ਚ ਗਏ ਪਟਾਕਦੇ ਹਨ ਫਰਨ ਫਰਨ ਅਰਥਾਉਂਦੇ ਹਨ ਸੱਤਾ ਦੀ ਵਿਆਕਰਣ। ਫ਼ਿਕਰੇ ਜੁੜਨ ਨਾ ਜੁੜਨ ਅਰਥ ਕਤਾਰੋ ਕਤਾਰ ਖੜ੍ਹੇ ਹਨ। ਪਹਿਲੀ ਵਾਰ ਅਰਥਾਂ ਨੇ ਸ਼ਬਦਾਂ ਨੂੰ ਕਟਹਿਰੇ ਚ ਖੜ੍ਹਾ ਕਰ ਲਾਜਵਾਬ ਕੀਤੈ। ਅੰਬਰ ਨੇ ਤਾਰਿਆਂ ਦੀ ਛਾਵੇਂ ਮੁੱਦਤ ਬਾਅਦ ਵੇਖੇ ਨੇ ਪੁੱਤਰ ਧੀਆਂ ਲੋਹ ਲੰਗਰ ਪਕਾਉਂਦੇ ਵਰਤਾਉਂਦੇ। ਸੂਰਜ ਤੇ ਚੰਦਰਮਾ ਇੱਕੋ ਜੇਹਿਆ ਬੇਰਹਿਮ ਤਾਰਾ ਮੰਡਲ ਨੇੜਿਉਂ ਤੱਕਿਆ ਹੈ। ਕੰਬਲ ਦੀ ਠੰਢ ਵਾਲੇ ਮਹੀਨੇ ਅੰਦਰ ਅੱਗ ਮੱਚਦੀ ਹੈ। ਮੁੜ੍ਹਕੇ ਨਾਲ ਭਿੱਜਿਆ ਹੈ ਪੂਰਾ ਤਨ ਬਦਨ। ਝੰਡੇ ਅੱਗੇ ਝੰਡੀਆਂ ਮਜਰਿਮ ਬਣੀਆਂ ਹਨ। ਚੌਂਕੀਦਾਰਾਂ ਨੂੰ ਸਵਾਲਾਂ ਨੇ ਵਿੰਨ੍ਹਿਆ ਹੈ ਬਿਨ ਤੀਰ ਤਲਵਾਰੋਂ। ਗੋਦੀ ਬੈਠੇ ਲਾਡਲੇ ਅੱਖਰ ਬੇਯਕੀਨੇ ਹੋਏ ਨੇ ਚੁਰਸਤਿਆਂ ‘ਚ। ਸੁਆਲਾਂ ਦਾ ਕੱਦ ਵਧ ਗਿਆ ਹੈ ਜਵਾਬਾਂ ਨਾਲੋਂ। ਪਹਿਲੀ ਵਾਰ ਤੱਥ ਸਿਰ ਚੜ੍ਹ ਬੋਲੇ ਹਨ ਬੇਬਾਕ ਹੋ ਕੇ। ਧਰਤੀ ਪੁੱਤਰਾਂ ਨੇ ਸਵਾ ਸਦੀ ਬਾਅਦ ਪਗੜੀ ਸੰਭਾਲੀ ਹੈ ਸਿਆੜਾਂ ਦੀ ਸਲਾਮਤੀ ਲਈ।

ਗੀਤ-ਗੁਰਭਜਨ ਗਿੱਲ

ਸਾਡਿਆਂ ਸਵਾਲਾਂ ਦੇ ਜਵਾਬ ਸਾਨੂੰ ਮੋੜ ਦੇ। ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਮਹਿਲ ਤੂੰ ਸੰਭਾਲ ਸਾਨੂੰ ਢਾਰਿਆਂ ‘ਚ ਰਹਿਣ ਦੇ। ਦਿਲ ਵਾਲੀ ਵਾਰਤਾ ਜ਼ਬਾਨ ਨੂੰ ਤੂੰ ਕਹਿਣ ਦੇ। ਪਿਆਰ ਦੇ ਭੁਲੇਖੇ ਦਾ ਬੁਖ਼ਾਰ ਹੁਣ ਲਹਿਣ ਦੇ। ਛੱਡ ਬੇਈਮਾਨਾ! ਬਦਨੀਤੀਆਂ ਤੂੰ ਛੋੜ ਦੇ। ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਸਾਡੇ ਦਰਿਆਵਾਂ ਨੂੰ ਤੂੰ ਪੁੱਠੇ ਰਾਹੇ ਤੋਰ ਨਾ। ਡੋਡੀਆਂ ਗੁਲਾਬ ਦੀਆਂ ਡਾਢਿਆ ਤੂੰ ਭੋਰ ਨਾ। ਹੋ ਗਿਆ ਯਕੀਨ, ਵੈਰੀ ਤੇਰੇ ਬਿਨਾ ਹੋਰ ਨਾ। ਘੱਟਿਆਂ’ ਚ ਰੋਲ ਨਾ ਤੂੰ ਸੁਪਨੇ ਕਰੋੜ ਦੇ। ਜ਼ਾਲਮਾਂ ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਮਾਲਕੀ ਤਿਆਗ, ਅਜ ਠੰਢੇ ਹਾਉਕੇ ਭਰਦੇ। ਮਰ ਗਏ ਆਂ ਅਸੀਂ ਤੇਰਾ ਚੌਂਕੀਦਾਰਾ ਕਰਦੇ। ਪਾਟੇ ਪਰਨੋਟ ਸਾਥੋਂ ਆਪਣੇ ਹੀ ਘਰ ਦੇ। ਜਿੱਥੇ ਕਿਤੇ ਲਿਖੇ ਸੀ ਕਿਤਾਬ ਸਾਨੂੰ ਮੋੜ ਦੇ। ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਸੱਤਾਂ ਦਰਿਆਵਾਂ ਤੋਂ ਸੀ ਪੰਜਾਂ ਉੱਤੇ ਆ ਗਏ। ਚੀਰਿਆ ਤੂੰ ਲੱਕੋਂ , ਅਸੀਂ ਢਾਈਆਂ ਉੱਤੇ ਆ ਗਏ। ਸਾਡੇ ਹੀ ਨਾਲਾਇਕ ਪੁੱਤ, ਸਾਨੂੰ ਵੇਚ ਖਾ ਗਏ। ਤਿੜਕੇ ਯਕੀਨ ਤੂੰ ਪਿਆਰ ਨਾਲ ਜੋੜ ਦੇ। ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਬਣ ਜਾਣ ਵੇਖੀਂ ਕਿਤੇ ਹੱਥ ਹਥਿਆਰ ਨਾ। ਡਿੱਗਿਆਂ ਨੂੰ ਹੋਰ ਤੂੰ ਕਸੂਤੀ ਮਾਰ ਮਾਰ ਨਾ। ਤੰਦ ਟੁੱਟ ਜਾਵੇ, ਕਾਇਮ ਰਹਿੰਦਾ ਰਾਣੀਹਾਰ ਨਾ। ਸਦਾ ਹੀ ਸਿਆਣੇ, ਮਨ ਬਦੀ ਵੱਲੋਂ ਹੋੜਦੇ। ਜ਼ਾਲਮਾਂ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਸਾਡੀਆਂ ਜ਼ਮੀਨਾਂ ਤੇ ਬਾਜ਼ਾਰ ਸਾਥੋਂ ਖੋਹ ਨਾ। ਏਸ ਨਾਲੋਂ ਵੱਡਾ ਹੋਰ ਕੋਈ ਵੀ ਧਰੋਹ ਨਾ। ਤੇਰੇ ਨਾਲੋਂ ਘੱਟ ਸਾਨੂੰ, ਦੇਸ਼ ਨਾਲ ਮੋਹ ਨਾ। ਬਾਜ਼ਾਂ ਦੇ ਹਾਂ ਪੁੱਤ, ਭਾਵੇਂ ਜੰਮੇ ਵਿੱਚ ਖੋੜ ਦੇ। ਵੈਰੀਆ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ। ਕਿੰਨੀਆਂ ਸਤਾਈਆਂ, ਆਈਆਂ ਰਣ ਵਿੱਚ ਚੁੰਨੀਆਂ। ਜਿੰਨ੍ਹਾਂ ਦੀਆਂ ਰੀਝਾਂ ਨੇ ਤੂੰ ਸੂਲਾਂ ਚ ਪਰੁੰਨੀਆਂ। ਆਸਾਂ ਦੇ ਚਿਰਾਗਾਂ ਬਿਨਾ ਅੱਖੀਆਂ ਨੇ ਸੁੰਨੀਆਂ। ਜਿੰਨ੍ਹਾਂ ਦੇ ਨੇ ਹੱਥ ਭਲਾ ਸਭਨਾਂ ਦਾ ਲੋੜਦੇ। ਜ਼ਾਲਮਾ! ਤੂੰ ਸਾਡਾ ਹੀ ਪੰਜਾਬ ਸਾਨੂੰ ਮੋੜ ਦੇ।

ਗ਼ਜ਼ਲ-ਗੁਰਭਜਨ ਗਿੱਲ

ਤੇਰੇ ਹੀ ਸਵਾਲਾਂ ਦਾ ਜਵਾਬ ਲੈ ਕੇ ਆਏ ਹਾਂ। ਦਿਲ ਵਾਲੀ ਉੱਖੜੀ ਕਿਤਾਬ ਲੈ ਕੇ ਆਏ ਹਾਂ। ਕਿੱਥੇ ਕਿੱਥੇ, ਕਿਹੜਾ ਕਿਹੜਾ, ਤੀਰ ਤਿੱਖਾ ਮਾਰਿਆ, ਹੋਈ ਬੀਤੀ ਸਾਰੀ ਦਾ ਹਿਸਾਬ ਲੈ ਕੇ ਆਏ ਹਾਂ। ਕੰਡਿਆਂ ਦੀ ਵਾੜ ਉਹਲੇ ਦੱਸ ਕਾਹਨੂੰ ਲੁਕਦੀ, ਅਸੀਂ ਤੇਰੇ ਵਾਸਤੇ ਗੁਲਾਬ ਲੈ ਕੇ ਆਏ ਹਾਂ। ਸੁੱਕਿਆ ਬਿਆਸ, ਸਤਿਲੁਜ ਵੀ ਉਦਾਸ ਹੈ, ਹੰਝੂਆਂ ਦਾ ਰਾਵੀ ਤੇ ਚਨਾਬ ਲੈ ਕੇ ਆਏ ਹਾਂ। ਆਂਦਰਾਂ ਦੀ ਡੋਰ ਵਿੱਚ ਦਰਦਾਂ ਦੇ ਮਣਕੇ , ਵੇਖ ਨਜ਼ਰਾਨੇ ਕੀ ਜਨਾਬ ਲੈ ਕੇ ਆਏ ਹਾਂ। ‘ਕੱਲ੍ਹਾ ਕੱਲ੍ਹਾ ਵਰਕਾ ਤੂੰ ਨੀਝ ਲਾ ਕੇ ਪੜ੍ਹ ਲੈ, ਲੀਰੋ ਲੀਰ ਹੋ ਗਿਆ, ਖ਼ਵਾਬ ਲੈ ਕੇ ਆਏ ਹਾਂ। ਦਾਤਿਆਂ ਨੂੰ ਮੰਗਤੇ ਬਣਾਉਣ ਲੱਗੀ ਦਿੱਲੀਏ, ਦਰਦਾਂ ਚ ਵਿੰਨ੍ਹਿਆ ਪੰਜਾਬ ਲੈ ਕੇ ਆਏ ਹਾਂ।

ਗ਼ਜ਼ਲ-ਗੁਰਭਜਨ ਗਿੱਲ

ਬਿਰਖ਼ ਬਰੂਟੇ ਚੀਕ ਰਹੇ ਨੇ ਕਿਉਂ ਨਹੀਂ ਸੁਣਦਾ ਮਾਲੀ ਨੂੰ। ਦੋਸ਼ ਕਿਉਂ ਇਹ ਦੇਈ ਜਾਵੇ, ਹਰ ਪੱਤੇ ਹਰ ਡਾਲੀ ਨੂੰ। ਦਿਨ ਦੀਵੀਂ ਕੀ ਨੇਰ੍ਹ ਪਿਆ ਤੇ ਰਖਵਾਲੇ ਵੀ ਨਾਲ ਮਿਲੇ, ਲੈ ਫਰਨਾਹੀ ਚੀਰੀ ਜਾਵਣ ਸ਼ਾਮਲਾਟ ਦੀ ਟਾਹਲੀ ਨੂੰ। ਬਲਦ ਖਲੋਤੇ ਬਿਰਖ਼ਾਂ ਥੱਲੇ, ਮਾਲਕ ਦੇ ਗਲ ਫਾਹੀਆਂ ਨੇ, ਬਿਨ ਬੋਲਣ ਤੋਂ ਕੇਰਨ ਅੱਥਰੂ ਵੇਖ ਵੇਖ ਕੇ ਹਾਲੀ ਨੂੰ। ਬੀਜਣ ਤੋਂ ਪਹਿਲਾਂ ਦਿਨ ਦੀਵੀਂ, ਖੇਤ ਲੁਟੇਰੇ ਲੁੱਟ ਲੈਂਦੇ, ਕਿੱਦਾਂ ਤੁਰੀਏ ਰਾਤ ਬਰਾਤੇ ਫ਼ਸਲਾਂ ਦੀ ਰਖਵਾਲੀ ਨੂੰ। ਸਾਡੇ ਪਿੰਡ ਪੁਆੜੇ ਪਾ ਗਈ, ਮਰ ਮਰ ਲੋਕੀਂ ਮੁੱਕ ਚੱਲੇ, ਮੋਮੋਠਗਣੀ ਚੁੱਪ ਕਿਉਂ ਹੈ, ਪੁੱਛਿਓ ਬਾਰਾਂ ਤਾਲੀ ਨੂੰ। ਰੁੱਖੇ ਸੁੱਕੇ ਟੁੱਕਰ ਨੂੰ ਵੀ ਕੈਦੋ ਝਪਟੀ ਮਾਰਨ ਪਏ, ਹੀਰੇ ਚੂਰੀ ਕਦ ਦੇਵੇਂਗੀ, ਤੂੰ ਮੱਝੀਆਂ ਦੇ ਪਾਲੀ ਨੂੰ। ਰਾਵੀ ਦਰਿਆ ਅੱਜ ਵੀ ਤਪਦਾ ਤੇਰੇ ਭਾਣੇ ਵਗਦਾ ਹੈ, ਅੱਥਰੂ ਅੱਥਰੂ ਤਨ ਮਨ ਹੋ ਜੇ, ਚੇਤੇ ਕਰ ਸੰਤਾਲੀ ਨੂੰ।

ਗ਼ਜ਼ਲ-ਗੁਰਭਜਨ ਗਿੱਲ

(ਮੈਨੂੰ ਨਹੀਂ ਸੀ ਅਹਿਸਾਸ ਕਿ ਦਿੱਲੀ ਚ ਹੁਕਮਰਾਨ ਮੇਰੀ ਇਸ ਗ਼ਜ਼ਲ ਨੂੰ ਅੱਖਰ ਅੱਖਰ ਸੱਚ ਕਰ ਵਿਖਾਉਣਗੇ। ਮੈਂ ਤਾਂ ਮਾੜਾ ਸੁਪਨਾ ਵੇਖਿਆ ਤੇ 2015 ਚ ਲਿਖ ਦਿੱਤਾ ਇਹ ਕੁਝ। ਮਾੜਾ ਸੁਪਨਾ ਪੂਰਾ ਹੋ ਰਿਹੈ, ਉਦਾਸ ਹਾਂ। ) ਲੋਕਤੰਤਰ ਬਣ ਗਿਆ ਹੈ ਵੇਖ ਲਉ ਦਾਦਾਗਿਰੀ। ਟੰਗਦੇ ਸੂਲ਼ੀ 'ਤੇ ਪਹਿਲਾਂ ਫੇਰ ਦਿੰਦੇ ਦਿਲਬਰੀ। ਸਾਜ਼ਿਸ਼ੀ ਮਾਹੌਲ ਅੰਦਰ ਹੋ ਰਿਹਾ ਵਿਸ਼ਵਾਘਾਤ, ਧਰਮਸਾਲੀਂ ਬੈਠ ਲੋਕੀਂ ਕਰ ਰਹੇ ਨੇ ਚਾਕਰੀ। ਜਾਬਰਾਂ ਦੇ ਹੱਥ ਚਾਬੀ ਅਮਨ ਤੇ ਕਾਨੂੰਨ ਦੀ, ਰਾਹਜ਼ਨਾਂ ਨੂੰ ਸੌਂਪ ਦਿੱਤੀ ਆਪ ਆਪਾਂ ਰਾਹਬਰੀ। ਵੇਖ ਲਉ ਕਲਜੁਗ ਦਾ ਪਹਿਰਾ, ਖੋਲ੍ਹ ਅੱਖਾਂ ਵੇਖ ਲਉ, ਕਾਲ਼ੇ ਧਨ ਦੇ ਵਾਸਤੇ ਚਿੱਟੇ ਦੀ ਹੈ ਸੌਦਾਗਰੀ। ਤੂੰ ਕਹੇਂ ਹਰ ਵਾਰ ਹੀ ਪੰਜਾਬੀ ਸੂਲ਼ੀ 'ਤੇ ਕਿਉਂ, ਸਮਝਿਆ ਕਰ ਏਸ ਦੇ ਤਾਂ ਖ਼ੂਨ ਵਿਚ ਹੈ ਨਾਬਰੀ। ਮਰਨ ਵਾਲੇ ਮਰ ਗਏ, ਫਿਰ ਟੋਡੀਆਂ ਦਾ ਰਾਜ ਭਾਗ, ਭੋਲਿਆ ਓ ਪੰਛੀਆ! ਇਹ ਜਾਲ਼ ਦੀ ਕਾਰਾਗਰੀ। ਛਤਰ ਸਿਰ 'ਤੇ, ਚੌਰ ਝੁੱਲਣ, ਕਵਚ ਸੋਨੇ ਤਾਰ ਦਾ, ਬਹੁਤ ਕੁਝ ਦੇਵੇ ਹਕੂਮਤ ਜੇ ਕਰੋਗੇ ਮੁਖ਼ਬਰੀ। ਤੇਰੇ ਭਾਣੇ ਬੇਅਕਲ, ਪਰ ਫ਼ਰਜ਼ ਨੂੰ ਪਹਿਚਾਣਦਾਂ, ਪੱਥਰਾਂ ਦੇ ਸ਼ਹਿਰ ਤਾਂ ਹੀ ਕਰ ਰਿਹਾਂ ਸ਼ੀਸ਼ਾਗਰੀ। ਸਬਰ ਅੱਗੇ ਜਬਰ ਹਾਰੇ, ਪੁੱਛ ਲੈ ਇਤਿਹਾਸ ਤੋਂ, ਹਾਰਿਆ ਸੀ ਮੀਰ ਮੰਨੂੰ, ਪਰ ਨਾ ਟੁੱਟੀ ਦਾਤਰੀ।

ਕੋਰਾ ਜਵਾਬ-ਗੁਰਭਜਨ ਗਿੱਲ

ਭਰੋਸੇ ਯੋਗ ਸੂਤਰ ਦੱਸਦੇ ਨੇ ਰੱਤ ਨਾਲ ਲਿਖੀ ਚਿੱਠੀ ਦਾ ਦਿੱਲੀਓਂ ਜਵਾਬ ਆ ਗਿਆ ਹੈ। ਲਿਖ ਭੇਜਿਆ ਹੈ। ਜਵਾਨਾ! ਕਾਲੀ ਸਿਆਹੀ ਨਾਲ ਅੰਗਰੇਜ਼ੀ 'ਚ ਦੋਬਾਰਾ ਲਿਖ ਕੇ ਚਿੱਠੀ ਭੇਜ ਸਾਡਾ ਸਕੈਨਰ ਪੰਜਾਬੀ ਵਿੱਚ ਰੱਤ ਨਾਲ ਲਿਖੀ ਇਬਾਰਤ ਨਹੀਂ ਪੜ੍ਹਦਾ ।

ਲੋਕ ਬੋਲੀਆਂ-ਗੁਰਭਜਨ ਗਿੱਲ

ਉਹਨੂੰ ਲੱਗਦੇ ਅਮੀਰ ਪਿਆਰੇ ਸੁਣੇ ਨਾ ਕਿਸਾਨ ਦੁੱਖੜੇ ਸਾਡੀ ਹੋਰ ਨਾ ਤ੍ਰਿ਼ਸ਼ਨਾ ਕੋਈ, ਇੱਕੋ ਤੇਰੀ ਅੜੀ ਭੰਨਣੀ। ਕਈ ਤੁਰ ਗਏ ਕਈਆਂ ਨੇ ਤੁਰ ਜਾਣਾ ਦਿੱਲੀਏ ਤੂੰ ਮਾਣ ਨਾ ਕਰੀਂ। ਸਾਨੂੰ ਮਾਰ ਕੇ ਮਿਲੂ ਕੀ ਤੈਨੂੰ, ਪੈਸੇ ਨਾਲ ਢਿੱਡ ਭਰ ਲਈਂ। ਤੇਰੀ ਵੱਡਿਆਂ ਘਰਾਂ ਦੇ ਨਾਲ ਯਾਰੀ, ਅੰਨ੍ਹਿਆਂ ਜਹਾਨ ਦਿਆ। ਅਸੀਂ ਆ ਗਏ ਆਂ ਧਰਤੀਆਂ ਵਾਲੇ, ਕਾਗਤਾਂ ਦਾ ਕਿਲ਼੍ਹਾ ਢਾਹੁਣ ਨੂੰ। ਜਿਹੜੇ ਹੁੰਦੇ ਨੇ ਮਸ਼ੀਨੀ ਚੂਚੇ, ਬੰਦੇ ਦੀ ਨਾ ਪੀੜ ਜਾਣਦੇ। ਤੂੰ ਤੇ ਹੱਸਦਾ ਰਾਵਣੀ ਹਾਸਾ, ਹੋਕਾ ਦੇਵੇਂ ਰਾਮ ਰਾਜ ਦਾ। ਸਾਨੂੰ ਏਕਤਾ ਦਾ ਸਬਕ ਪੜ੍ਹਾਇਆ, ਕਾਲ਼ਿਆਂ ਕਾਨੂੰਨਾਂ ਨੇ। ਤੈਨੂੰ ਲੱਗਦੇ ਨੇ ਯਾਰ ਪਿਆਰੇ, ਸਾਨੂੰ ਤੂੰ ਉਜਾੜ ਧਰਿਆ। ਸਾਡੀ ਮੰਗ ਨਾ ਹੋਰ ਵੀ ਕੋਈ, ਸਾਨੂੰ ਸਾਡਾ ਹੱਕ ਮੋੜ ਦੇ। ਤੇਰੇ ਦਾਨ ਦੀ ਲੋੜ ਨਾ ਕੋਈ, ਮਿਹਨਤਾਂ ਦਾ ਮੁੱਲ ਮੋੜ ਦੇ। ਤੇਰੇ ਵੈਲੀਆਂ ਦੇ ਨਾਲ ਮੁਲਾਹਜ਼ੇ, ਵੇਖੀਂ ਕਿਤੇ ਸਜ਼ਾ ਬੋਲ ਜੇ। ਸਾਡਾ ਸਬਰ ਪਰਖਣਾ ਛੱਡ ਦੇ, ਸਿੱਧੇ ਮੱਥੇ ਮਿਲ ਯਾਰ ਨੂੰ। ਅਸੀਂ ਸੱਤ ਪੱਤਣਾਂ ਦੇ ਤਾਰੂ, ਬੈਠੇ ਭਾਵੇਂ ਪੱਤਣਾਂ ਤੇ। ਸੀਸ ਤਲੀ ਤੇ ਟਿਕਾਉਣਾ ਸਿਖਿਆ, ਨੱਚ ਨੱਚ ਖੰਡਿਆਂ ਤੇ। ਸੂਹੇ ਰੰਗ ਦਾ ਸੂਰਜਾ ਚੜ੍ਹਿਆ, ਅੰਨ੍ਹਿਆ ਤੂੰ ਵੇਖਦਾ ਨਹੀਂ। ਕਿੰਨੂ ਨਾਲ ਨਾ ਬਰਾਬਰ ਖੜ੍ਹਦਾ, ਤੂੰ ਨਾਗਪੁਰੀ ਸੰਗਤਰਿਆ। ਬਹੁਤਾ ਤੋਲਦੇ, ਮੰਡੀ ਵਿੱਚ ਰੋਲਦੇ, ਛਾਬੇ ਤੇਰੀ ਤੱਕੜੀ ਦੇ। ਜ਼ਹਿਰ ਚੜ੍ਹਿਆ, ਜਾਨ ਤੇ ਬਣੀਆਂ, ਸੁੰਘਿਆ ਸੀ ਫੁੱਲ ਜਾਣ ਕੇ।

ਅੰਦਰੀਂ ਲੋਕ ਤਾੜ 'ਤੇ-ਗੁਰਭਜਨ ਗਿੱਲ

(ਮੈਂ ਇੱਕ ਕਵਿਤਾ ਦੋ ਤਿੰਨ ਮਹੀਨੇ ਪਹਿਲਾਂ ਲਿਖੀ ਸੀ ਜਿਸ ਨੂੰ ਮੇਰੇ ਪਿਆਰੇ ਕਵੀਸ਼ਰ ਵੀਰ ਮੁਖਤਿਆਰ ਸਿੰਘ ਜ਼ਫ਼ਰ ਨੇ ਕਵੀਸ਼ਰੀ ਚ ਢਾਲਿਆ ਹੈ। ਕਲੀ ਛੰਦ ਵਿੱਚ। ਉਸ ਦਾ ਕਥਨ ਹੈ ਕਿ ਜੇ ਮੈਂ ਕਵੀਸ਼ਰ ਹੁੰਦਾ ਤਾਂ ਇੰਜ ਲਿਖਦਾ। ਧੰਨਵਾਦ ਸੁਰਵੰਤੇ ਬੋਲਾਂ ਲਈ ਵੱਡੇ ਵੀਰ ਜ਼ਫ਼ਰ ਜੀ। ) ਅੰਦਰੀਂ ਲੋਕ ਤਾੜ 'ਤੇ, ਹਾਕਮ ਬੇਈਮਾਨ ਨੇ, ਪੱਜ ਸ਼ੈਤਾਨ ਨੇ ਕਰੋਨਾ ਦਾ ਬਣਾ ਕੇ। ਗੋੱਲੇ ਧਨਵਾਨਾਂ ਦੇ , ਗਲ਼ ਘੁੱਟ ਗਏ ਕਿਰਸਾਨਾਂ ਦੇ, ਦਿੱਲੀ ਵਾਲ਼ੇ ਚੋਰੀ ਕਾਲ਼ੇ ਕਾਨੂੰਨ ਲਿਆ ਕੇ। ਗੂੰਜੀ 'ਵਾਜ ਸੱਚ ਦੀ, ਨਿਰਭਉ ਹੋ ਪੰਜਾਬ 'ਚੋਂ, ਦਿੱਤਾ ਰੱਖ ਭਰਾਉ ਭਾਰਤ ਦੇਸ਼ ਹਿਲਾ ਕੇ। ਮਾਰਿਆ ਤੀਰ ਧੁੰਨੀ ਵਿੱਚ ਖਿੱਚ ਕੇ ਕਾਰਪੋਰੇਟ ਦੇ, ਮੋਟੇ ਢਿੱਡਾਂ ਵਾਲੇ ਡਿੱਗ ਪਏ ਗੇੜਾ ਖਾ ਕੇ। ਇਹ ਹਨ ਵਾਰਿਸ ਭਗਤ ਸਿਹੁੰ ਤੇ ਗਦਰੀ ਬਾਬਿਆਂ ਦੇ, ਜਿੰਨ੍ਹਾਂ ਵਾੜੇ ਸ਼ਹਿਰੀਂ ਬਿਸਵੇਦਾਰ ਭਜਾ ਕੇ। ਵੱਡ ਵਡੇਰੇ ਜਿੰਨ੍ਹਾਂ ਦੇ ਸੀ ਪਰਜਾ ਮੰਡਲੀਏ,ਲੜੇ ਸੁਤੰਤਰ ਤੇਜਾ ਸਿੰਘ ਹੋਰੀਂ ਹਿੱਕ ਡਾਹ ਕੇ। ਹਰਸਾ ਛੀਨਾ,ਕਿਸ਼ਨਗੜ੍ਹ ਖੜ੍ਹਾ ਜਿੰਨ੍ਹਾਂ ਦੀ ਪਿੱਠ ਪਿੱਛੇ, ਬਹਿ ਗਏ ਮੱਲ ਮੋਰਚੇ ਯੁੱਧ ਮੈਦਾਨ ਬਣਾ ਕੇ। ਅੱਜ ਲੈ ਨਵੀਆਂ ਕਿਰਨਾਂ, ਵੱਖਰਾ ਸੂਰਜ ਚੜ੍ਹਿਆ ਹੈ, ਪੂਰੇ ਵਤਨ ਦੇ ਕਿਰਸਾਨ ਵੀ ਨਾਲ ਰਲ਼ਾ ਕੇ। ਜਿਹੜੇ ਰਹੇ ਫੂਕਦੇ ਅੱਜ ਤੱਕ ਪੁਤਲੇ ਰਾਵਣ ਦੇ, ਉਨ੍ਹਾਂ ਪੁਤਲੇ ਸਾੜੇ ਹਾਕਮ ਦੇ ਬਣਾ ਕੇ। ਰਾਜ- ਕੁਰਸੀ ਚੱਲਦੀ ਚਾਲਾਂ ਇਨ੍ਹਾਂ ਦੇ ਪਾੜਨ ਨੂੰ, ਧੰਨ ਇਹ ਬੰਦੇ ਨੇ ਜੋ ਬੈਠੇ ਜ਼ਬਤ ਬਣਾ ਕੇ। ਜੁੜ ਗਈ ਇਨ੍ਹਾਂ ਸੰਗ ਹਮਦਰਦੀ ਦੁਨੀਆ ਭਰ ਦੀ ਐ, ਗੂੰਜੀ ਯੂ ਐੱਨ ਓ ਵਿੱਚ'ਵਾਜ਼ ਇਨ੍ਹਾਂ ਦੀ ਜਾ ਕੇ। ਗਿੱਲ ਗੁਰਭਜਨ ਸਿੰਹਾਂ ਇਹ ਅਜੇ ਤੀਕ ਤਾਂ ਸ਼ਾਂਤ ਨੇ, ਹੇਠਲੀ ਉੱਤੇ ਆ ਜੂ, ਤੁਰੇ ਜੇ ਤੇਗ ਉਠਾ ਕੇ।

ਹੁਣ ਅਗਲੀ ਗੱਲ ਕਰੋ-ਗੁਰਭਜਨ ਗਿੱਲ

ਮੰਨਿਆ ਕਿ ਤਾੜੀ ਇੱਕ ਹੱਥ ਨਾਲ ਨਹੀਂ ਵੱਜਦੀ ਪਰ ਤੁਸੀਂ ਤਾੜੀ ਨਹੀਂ ਚਪੇੜਾਂ ਮਾਰ ਰਹੇ ਹੋ। ਵਿਧਾਨ ਦੇ ਲਾਲੋ ਲਾਲ ਕੀਤੇ ਮੂੰਹ 'ਤੇ। ਚਪੇੜ ਇੱਕ ਹੱਥ ਨਾਲ ਹੀ ਵੱਜਦੀ ਹੈ। ਅਸੀਂ ਸਭ ਜਾਣਦੇ ਹਾਂ ਤਾੜੀ ਦਾ ਤਾਲ ਸੁਮੇਲ 'ਚੋਂ ਨਿਕਲਦਾ ਹੈ ਤੇ ਚਪੇੜ ਦਾ ਹੈਂਕੜ 'ਚੋਂ। ਸਾਡੇ ਤੋਂ ਪਹਿਲਾਂ ਕਿੰਨਿਆਂ ਨਾਲ ਤੁਸੀਂ ਕਿੱਥੇ ਕਿੱਥੇ ਕਿਹੜੀ ਕਿਹੜੀ ਤਾੜੀ ਵਜਾਈ ਹੈ! ਜਾਂ ਚਪੇੜ ਮਾਰੀ ਹੈ, ਵਕਤ ਦੀ ਵਹੀ ਤੇ ਪਾਈ ਪਾਈ ਦਾ ਹਿਸਾਬ ਲਿਖਿਆ ਪਿਐ। ਮਿਹਰਬਾਨ! ਦੋਹਾਂ ਦੇ ਖੜਾਕ ਵਿੱਚ ਵੀ ਬੁਨਿਆਦੀ ਅੰਤਰ ਹੈ। ਚਪੇੜ ਠਾਹ ਕਰਕੇ ਇੱਕੋ ਵਾਰ ਵੱਜਦੀ ਹੈ ਤੇ ਤਾੜੀ ਲਗਾਤਾਰ। ਸਾਡੀਆਂ ਲੱਤਾਂ ਬਾਹਾਂ ਨੂੜ ਕੇ ਸਾਨੂੰ ਤਾੜੀਆਂ ਮਾਰਨ ਲਈ ਨਾ ਕਹੋ। ਹੱਥ ਖੋਲ੍ਹੋ ਫਿਰ ਦੱਸਾਂਗੇ ਕੀ ਕਿਵੇਂ ਵਜਾਉਣਾ ਹੈ। ਹਾਲ ਦੀ ਘੜੀ ਤੁਸੀਂ ਬੋਲ ਰਹੇ ਹੋ ਅਸੀਂ ਸੁਣ ਰਹੇ ਹਾਂ ਵਾਰਤਾਲਾਪ ਕਿੱਥੇ ਹੈ? ਸਾਡੇ ਗੁਰੂ ਦਾ ਉਪਦੇਸ਼ ਹੈ ਜਦ ਤੀਕ ਜਿਉਂਦੇ ਹੋ, ਕੁਝ ਸੁਣੋ ਵੀ, ਨਾਲ ਕਹੋ ਵੀ ਰੋਸ ਨਾ ਕਰੋ ਉੱਤਰ ਦਿਉ। ਹੁਣ ਅਗਲੀ ਗੱਲ ਕਰੋ!

ਸਾਰਾ ਸ਼ਹਿਰ ਢਾਹ ਕੇ ਬਣਨ ਵਾਲੈ-ਗੁਰਭਜਨ ਗਿੱਲ

ਮੈਂ ਪੁੱਛਿਆ ਤੈਨੂੰ ਮੇਰਾ ਸ਼ਹਿਰ ਕਿਹੋ ਲੱਗਦੈ? ਉਸ ਕਿਹਾ ਬਹੁਤ ਸੋਹਣਾ! ਇਸ ਦਾ ਇਤਿਹਾਸ ਕਮਾਲ ਹੈ ਪੁਰਾਣੇ ਰੁੱਖ ਵੀ ਸੋਹਣੇ ਨੇ। ਪਰ ਨਵੇਂ ਸਿਰਿਉਂ ਢਾਹ ਕੇ ਬਣਾਉਣ ਵਾਲੈ। ਇਸ ਦਾ ਨਕਸ਼ਾ ਪੁਰਾਣਾ ਹੈ ਨਵੇਂ ਯੋਜਨਾਕਾਰਾਂ ਨੂੰ ਲਿਆਉ। ਨਵੇਂ ਠੇਕੇਦਾਰਾਂ ਤੋਂ ਬਣਵਾਉ। ਕਿਤੇ ਉਹੀ ਗੱਲ ਹੁਣ ਦੇਸ਼ ਦੇ ਖੇਤੀਬਾੜੀ ਨਿਜ਼ਾਮ ਨਾਲ ਤਾਂ ਨਹੀਂ ਹੋ ਰਹੀ?

ਸੰਘਰਸ਼ ਨਾਮਾ-ਗੁਰਭਜਨ ਗਿੱਲ

ਪਹਿਲਾਂ ਸੁਣਦੇ ਸਾਂ, ਅੱਜ ਅੱਖੀਂ ਵੇਖਿਆ, ਕੀੜੀਆਂ ਪਹਾੜ ਢਾਹ ਲਿਆ। ਬੀਜੇ ਕਿੱਕਰਾਂ ਭਾਲਦਾ ਦਾਖਾਂ ਕੰਡਿਆਂ ਨੂੰ ਚੁਗਦਾ ਫਿਰੇ। ਤੇਰੇ ਵੈਲੀਆਂ ਦੇ ਨਾਲ ਸੀ ਮੁਲਾਹਜੇ, ਹੁਣ ਤੈਨੂੰ ਕੱਲ੍ਹਾ ਛੱਡ ਗਏ। ਅਸੀਂ ਤੱਤੀਆਂ ਲੋਹਾਂ ਦੇ ਜਾਏ, ਹੁਣ ਤੇ ਤੂੰ ਪਰਖ਼ ਲਿਆ। ਕੱਖ ਟਿਕਦੇ ਕਦੇ ਨਾ ਵੇਖੇ, ਅੱਗੇ ਦਰਿਆਵਾਂ ਦੇ। ਖੋਟੀ ਨੀਤ ਸੀ ਕਾਨੂੰਨ ਕਾਲ਼ੇ ਘੜ ਕੇ, ਮੂਧੇ ਮੂੰਹ ਗੁਮਾਨ ਡਿੱਗਿਆ। ਬੰਨ੍ਹ ਬੱਕਰਾ ਬੋਹਲ ਦੀ ਰਾਖੀ, ਕਿਸੇ ਵੀ ਨਾ ਸੁਖ ਮਾਣਿਆ। ਸੀਸ ਤਲੀ ‘ਤੇ ਟਿਕਾਇਆ ਸੀਸਗੰਜ ਨੇ, ਕਿਲ੍ਹੇ ਨੂੰ ਤਰੇਲ਼ੀ ਆ ਗਈ। ਤੇਰਾ ਜਬਰ ਕੁਹਾੜਾ ਲੱਕੋਂ ਟੁੱਟਿਆ, ਸਾਬਰਾਂ ਨੇ ਕੰਡ ਨਾ ਕਰੀਂ। ਸਾਨੂੰ ਤੈਥੋਂ ਵੱਧ ਵਤਨ ਪਿਆਰਾ, ਦੱਸ ਕੀ ਸਬੂਤ ਚਾਹੀਦਾ? ਬਾਬੇ ਬੋਹੜ ਤੇ ਬਿਰਧ ਸੀ ਮਾਵਾਂ, ਤਣੀਆਂ ਫ਼ਸੀਲ ਬਣ ਕੇ। ਬੱਤੀ ਦੰਦਾਂ ਨੇ ਵੇਖ ਲਉ ਚਿੱਥਿਆ, ਨਾਗ ਸੀ ਫੱਰਾਟੇ ਮਾਰਦਾ।

ਦੁੱਖ ਦੀ ਭਾਸ਼ਾ-ਸੁਸ਼ੀਲ ਦੁਸਾਂਝ

ਦੁੱਖ ਦੀ ਇੱਕੋ ਹੀ ਭਾਸ਼ਾ ਹਰ ਜਗ੍ਹਾ ਹਰ ਇਕ ਸਥਾਨ। ਹਿੰਦੋਸਤਾਨ ਜਾਂ ਪਾਕਿਸਤਾਨ ਜਾਂ ਅਮਰੀਕਾ ਵੀਅਤਨਾਮ ਰੂਸ, ਚੀਨ ਅਫ਼ਗਾਨਿਸਤਾਨ ਸਾਊਦੀ ਜਾਂ ਫਿਰ ਈਰਾਨ ਪੀੜ ਦੀ ਇੱਕੋ ਜ਼ਬਾਨ। ਚੱਲ ਉੱਠ ਵੇ ਕਿਰਤੀਆ ਮੇਰੇ ਮਜ਼ੂਰ ਸਾਥੀਆ ਤੇ ਕਿਸਾਨ ਉੱਠ ਧੀਏ ਰਾਣੀਏ ਉੱਠ ਬਈ ਜਵਾਨ। ਆਓ ਕਿ ਨਾਲ਼ ਲੈ ਲਈਏ ਸਾਰਾ ਜਹਾਨ ਦੁੱਖਾਂ ਨੂੰ ਚੁੱਗ ਕੇ ਭਰ ਲਈਏ ਇਕ ਮਰਤਬਾਨ ਤੇ ਫੇਰ ਇਸ ਨੂੰ ਚੁੱਕ ਕੇ ਦੱਬ ਆਈਏ ਕਿਸੇ ਕਬਰਸਤਾਨ।

ਜਿੰਦੇ ਮੇਰੀਏ-ਸੁਸ਼ੀਲ ਦੁਸਾਂਝ

ਜੱਟ ਖੇਤ ਚ ਖੜਾ ਪੁੱਛੇ ਰੱਬ ਨੂੰ ਦਾਣੇ ਮੇਰੇ ਕੌਣ ਲੈ ਗਿਆ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਨੀ ਜਿੰਦੇ ਮੇਰੀਏ ਵਿਹੜੇ ਕਿਰਤੀ ਦੇ ਸੂਰਜ ਚਮਕੇ ਕੋਠੜੀ ਚ ਨੇਰ੍ਹ ਬੋਲਦਾ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਨੀ ਜਿੰਦੇ ਮੇਰੀਏ ਤੇਰੇ ਚਾਵਾਂ ਨੂੰ ਮੈਂ ਖੰਭ ਕਿੱਦਾਂ ਲਾਵਾਂ ਸ਼ਾਹਾਂ ਦਾ ਵਿਆਜ ਨਾ ਮੁੜੇ ਜਿੰਦੇ ਮਰੀਏ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਨੀ ਜਿੰਦੇ ਮੇਰੀਏ ਜਦੋਂ ਮੱਥੇ ਚ ਚਿਰਾਗ ਹੋਏ ਰੌਸ਼ਨ ਮਹਿਲਾਂ ਚ ਸਿਆਪੇ ਪੈਣਗੇ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਨੀ ਜਿੰਦੇ ਮੇਰੀਏ ਚੱਲ ਚੰਨ ਦੀ ਸੈਰ ਕਰ ਆਈਏ ਪਾਟੀਆਂ ਬਿਆਈਆਂ ਨਾਲ ਨੀ ਜਿੰਦੇ ਮੇਰੀਏ ਨੀ ਜਿੰਦੇ ਮੇਰੀਏ, ਨੀ ਜਿੰਦੇ ਮੇਰੀਏ।

ਚਿੱਠੀ-੧-ਸਵਾਮੀ ਅੰਤਰ ਨੀਰਵ

ਮੇਰੀ ਮਹਿਬੂਬ ਬੁਰਾੜੀ, ਸਿੰਘੂ, ਟਿਕਰੀ, ਮੋਰਚਾ, ਪਾਣੀ ਵਾਲੀ ਤੋਪ ਤੂੰ ਸੋਚਦੀ ਹੋਵੇਂਗੀ ਕਜੇਹੀਆਂ ਗੱਲਾਂ ਕਰ ਰਿਹਾ ਇਹ ਪਿਆਰ ਦੇ ਨਵੇਂ ਅਰਥ ਹਨ ਸੁਪਨਿਆਂ ਦੀ ਨਵੀਂ ਪਰਿਭਾਸ਼ਾ ਹੈ ਤੋਪ ਦਾ ਮੁੰਹ ਮੋੜਦੇ ਐਨ ਸਾਡੇ ਦਿਲਾਂ ਵਿਚ ਆ ਵੱਜੀ ਹੈ ਨਵਦੀਪ ਦੀ ਛਾਲ ਉਸਨੂੰ ਗਲਵਕੜੀ ਵਿਚ ਲੈ‌ ਪਹਿਲਾਂ ਲੋਹਾ ਗਾਲਦੀਆਂ ਠੰਡ‌ ਵਿਚ ਮੱਘਦੀਆਂ ਹੱਡੀਆਂ ਦੀਆਂ ਭੱਠਾਂ ਬਾਰੂਦ ਵਿਚ ਢਲਦਾ ਅੰਨ ਇਨ੍ਹੀਂ ਮਾਧਕ ਵੀ ਹੋ ਸਕਦੀ ਮੱਨੁਖੀ ਤਨ ਦੀ ਖੁਸ਼ਬੂ ! ਹਰ ਚੌਂਕ ਹਰ ਸੜਕ ਦਿੱਸਣ ਲੱਗ ਪਏ ਹਨ ਸ਼ਹੀਦੀ ਚੌਂਕ ਸ਼ਹੀਦੀ ਸੜਕ ਤੱਤੀ ਤਵੀ ਠੰਢਾ ਬੁਰਜ ਤੇਗ ਵਾਲੇ ਦੇਗ ਸਹਾਰੇ ਫਤਿਹ ਵੱਲ ਵੱਧ ਰਹੇ ਸਿਆਲ ਵਿਚ ਹੀ ਖਿੜਦੀ ਦਿਸਦੀ ਹੈ ਸਰੋਂ ਇਸ ਬਹਾਰ ਵਿਚ ਇਕ ਦੂਜੇ ਨੂੰ ਅਸੀਂ ਸ਼ਗਣ ਵਜੋਂ ਦੇਵਾਂਗੇ ਆਪਣੇ ਦਰਿਆਵਾਂ ਦਾ ਪਾਣੀ ਆਪਣੀਆਂ ਪੈਲੀਆਂ ਦੀ ਮਿੱਟੀ ਇਹ ਵੇਲਾ ਰੈਣ ਸੁਹਾਵੀ ਦਾ ਹੈ ਖੇਤਾਂ ਲਈ ਜਾਗਣ ਦਾ ਹੈ।

ਕਣਕ ਕਿਸਾਨ ਦੀ-ਹਰਪ੍ਰੀਤ ਕੌਰ ਸੰਧੂ

ਸੜਕਾਂ ਤੇ ਧਰਨੇ ਦੇ ਰਹੇ ਕਿਸਾਨ ਲਾਠੀਆਂ ਲੈ ਕੇ ਖੜ੍ਹੇ ਸਿਪਾਹੀ ਘਰੋਂ ਆਏ ਖਾ ਕੇ ਪਰੌਂਠੇ ਪਰੌਂਠੇ ਕਣਕ ਦੇ ਕਣਕ ਕਿਸਾਨ ਦੀ ਦਫ਼ਤਰਾਂ ਵਿੱਚ ਬੈਠੇ ਅਫ਼ਸਰ ਦੇ ਰਹੇ ਕਿਸਾਨ ਵਿਰੋਧੀ ਹੁਕਮ ਘਰੋਂ ਖਾ ਕੇ ਆਏ ਬ੍ਰਾਊਨ ਬ੍ਰੈੱਡ ਬ੍ਰੈਂਡ ਕਣਕ ਦੀ ਕਣਕ ਕਿਸਾਨ ਦੀ ਸੰਸਦ ਵਿੱਚ ਬੈਠੇ ਨੇਤਾ ਕੱਢ ਰਹੇ ਕਿਸਾਨ ਵਿਰੋਧੀ ਕਾਨੂੰਨ ਸੰਸਦ ਦੀ ਕੰਟੀਨ ਚੋਂ ਸਸਤੇ ਮੁੱਲ ਤੇ ਖਾ ਕੇ ਆਏ ਡੋਸੇ ਡੋਸੇ ਬਣੇ ਦਾਲ ਤੇ ਚੌਲ ਦੇ ਦਾਲ ਤੇ ਚੌਲ ਕਿਸਾਨ ਦੇ। ਖ਼ਬਰਾਂ ਕਰ ਰਹੇ ਪੱਤਰਕਾਰ ਘਰੋਂ ਖਾ ਕੇ ਆਏ ਪੂਰੀਆਂ ਪੂਰੀਆਂ ਆਟੇ ਦੀਆਂ ਆਟਾ ਕਣਕ ਦਾ ਕਣਕ ਕਿਸਾਨ ਦੀ ਟੀਵੀ ਮੂਹਰੇ ਬੈਠੇ ਅਸੀਂ ਸੁਣ ਰਹੇ ਤਕਰੀਰਾਂ ਖਾ ਕੇ ਬੈਠੇ ਭਠੂਰੇ ਭਠੂਰੇ ਮੈਦੇ ਦੇ ਮੈਦਾ ਕਣਕ ਦਾ ਤੇ ਕਣਕ ਕਿਸਾਨ ਦੀ।

ਯੁੱਗ ਪੁਰਸ਼ ਕਦੇ ਮਰਦੇ ਨਹੀਂ ਹੁੰਦੇ-ਹਰਵਿੰਦਰ ਸਿੰਘ

ਜਦੋਂ ਜਦੋਂ ਵੀ ਕਾਮਿਆਂ ਕਿਸਾਨਾਂ ਦੀ ਕਿਰਤ ਦੀ ਲੁੱਟ ਤੇਜ਼ ਹੁੰਦੀ ਹੈ ਲੋਕਾਂ ਵਿੱਚ ਸੁੱਤਾ ਕਾਮਾ ਕਿਸਾਨ ਬਾਬਾ ਨਾਨਕ ਜਾਗ ਪੈਂਦਾ ਹੈ ਮਾਰਕਸ ਉੱਠ ਪੈਂਦਾ ਹੈ ... ਕਦੇ ਧਰਤੀ ਦੇ ਪੁੱਤਰਾਂ ਦੀ ਪਗੜੀ ਸੰਭਾਲਣ ਲਈ ਬਾਰ ਵਿੱਚ ਅੰਗਰੇਜ਼ਾਂ ਨਾਲ ਮੱਥਾ ਲਾ ਲੈਂਦਾ ਹੈ ਕਦੇ ਮੁਜਾਰਿਆਂ ਦੀਆਂ ਜ਼ਮੀਨਾਂ ਲਈ ਘੋਲ ਕਰਦਾ ਹੈ ਕਦੇ ਵਿਸ਼ਵ- ਵਪਾਰੀਆਂ ਖਿਲਾਫ ਦਿੱਲੀ ਹਿਲਾ ਦਿੰਦਾ ਹੈ ... ਕੌਣ ਕਹਿੰਦਾ ਹੈ ਬਾਬਾ ਨਾਨਕ ਜ਼ਿੰਦਾ ਨਹੀਂ ਹੈ ਮਾਰਕਸ ਮਰ ਗਿਆ ਹੈ ਯੁੱਗ ਪੁਰਸ਼ ਜੰਮਦੇ ਨੇ ਕਦੇ ਵੀ ਮਰਦੇ ਨਹੀਂ ਹੁੰਦੇ ਉਹ ਲੋਕਾਂ ਵਿੱਚ ਹੀ ਜੀਂਦੇ ਨੇ ਹਰ ਔਖੀ ਘੜੀ ਉਹਨਾਂ ਦੇ ਅੰਗ ਸੰਗ ਹੁੰਦੇ ਨੇ...

ਪੰਜਾਬ-ਹਰਵਿੰਦਰ ਸਿੰਘ

ਪੰਜਾਬ ਜੁਗਰਾਫੀਏ ਦੀ ਕੋਈ ਲਕੀਰ ਨਹੀਂ ਪੰਜਾਬ ਤਾਂ ਮਿੱਟੀ ਦੇ ਖ਼ਮੀਰ ਵਿਚੋਂ ਮੌਲਦੀ ਖੂਨ ਦੀ ਤਾਸੀਰ ਹੈ ਮਿੱਟੀ ਜਿਸ ਵਿਚੋਂ ਅੰਨ ਉੱਗਦਾ ਹੈ ਅੰਨ ਜੋ ਖੂਨ ‘ਚ ਰਚਦਾ ਹੈ .... ਖ਼ੂਨ ਜਿਸ ਵਿੱਚ ਸਿਦਕ ਵੀ ਹੀ ਹੈ ਸਿਰੜ ਵੀ ਸੋਚ ਵੀ ਹੋਸ਼ ਵੀ ਜੋਸ਼ ਵੀ ... ਇਹ ਖ਼ੂਨ ਜਦੋਂ ਉਬਾਲਾ ਮਾਰਦਾ ਹੈ ਤਾਂ ਸਮੇ ਦੇ ਸਿਕੰਦਰਾਂ ਬਾਬਰਾਂ ਅਕਬਰਾਂ ਨੂੰ ਵੰਗਾਰਦਾ ਹੈ ਅਬਦਾਲੀਆਂ ਨੂੰ ਲਲਕਾਰਦਾ ਹੈ ਪੰਜਾਬ ਮਿੱਟੀ ਦੇ ਖ਼ਮੀਰ ਵਿਚੋਂ ਮੌਲਦੀ ਖੂਨ ਦੀ ਤਾਸੀਰ ਹੈ ਮਿੱਟੀ ਜਿਸ ਵਿਚੋਂ ਅੰਨ ਉਗਦਾ ਹੈ ਅੰਨ ਜੋ ਖੂਨ 'ਚ ਰਚਦਾ ਹੈ....

ਉੱਠ ਜਵਾਨਾ-ਸੁੱਖ ਬਰਾੜ (ਕੈਲਗਰੀ)

ਉੱਠ ਜੁਆਨਾਂ, ਲੜ ਹੱਕਾਂ ਲਈ ! ਬੋਝ ਪੰਜਾਬ ਸਿਓਂ ਬਾਬੇ ਤੇ ! ਜਿਸ ਬਾਬੇ ਤੋਂ ਖੜ੍ਹਨਾ ਸਿੱਖਿਆ, ਟ੍ਰੈਕਟਰ ਮਗਰ ਸੁਹਾਗੇ ਤੇ ! ਸਾਂਭ ਲੈ ਵੇਲਾ, ਕਰ ਲੈ ਹੀਲਾ,ਮੁੜ ਨਹੀਂ ਚੜ੍ਹਨਾ ਫੇਰ ਪਤੀਲਾ, ਮੱਖੀ ਬਹਿ ਗਈ ਸੱਜਣਾ ਸਾਡੇ ਰੋਟੀਆਂ ਵਾਲੇ ਛਾਬੇ ਤੇ ! ਬਾਬੇ ਨਾਨਕ ਖੇਤੀ ਕਰਕੇ ਰਾਹ ਦਿਖਾਇਆ ਕਿਰਤੀ ਨੂੰ । ਸਮਝ ਗਿਆ ਸੀ ਬਾਬਲ ਸਾਡਾ,ਰਜਵਾੜੇ ਦੀ ਬਿਰਤੀ ਨੂੰ ! ਵਹੀਆਂ ਬਣੀਆਂ, ਗੂਠੇ ਲੱਗੇ, ਪੈਰ ਬਿਆਈਆਂ, ਪਾਟੇ ਝੱਗੇ ! ਸ਼ਾਹੂਕਾਰ ਨੇ ਆਣ ਘੁਮਾਇਆ,ਵਿਆਜ ਦੇ ਵੱਟੇ ਫਿਰਕੀ ਨੂੰ ! ਸਾਧਾਂ ਦੇ ਪੈਰਾਂ ਦਾ ਘੱਟਾ ਪੈ ਗਿਆ ਜੱਟ ਦੇ ਪਰਨੇ ਤੇ ! ਦੱਸਿਓ ਜੇ ਕੋਈ ਚਿੱਟਾ ਚੋਲਾ, ਆਇਆ ਹੋਵੇ ਧਰਨੇ ਤੇ ! ਅਤਰ-ਫਲੇਲਾਂ, ਐਨਕ ਲਾ ਕੇ, ਵੜ ਗਏ ਭੋਰੇ, ਖੀਰਾਂ ਖਾ ਕੇ। ਕਦੋਂ ਲਿਖੋਗੇ ਸਾਧਾਂ ਦਾ ਨਾਂ,ਖੇਤ ਚ ਗੱਡੇ ਡਰਨੇ ਤੇ ? ਜੱਟ ਆਹ, ਤੇ ਜੱਟ ਔਹ ਹੁੰਦਾ ਹੈ ਸੁਣਦੇ ਨਿੱਤ ਬਜ਼ਾਰਾਂ ਚੋਂ ! ਮਾਰਿਆ ਹੈ ਕੋਈ ਹਾਅ ਦਾ ਨਾਹਰਾ, ਬਿਨਾ ਕਿਸੇ ਕਲਾਕਾਰਾਂ ਤੋਂ ! ਹਾਂ, ਆਉਂਦੇ ਹੋਣਗੇ ਐਸ਼ ਕਰਨ ਨੂੰ ! ਕੈਮਰਿਆਂ ਮੂਹਰੇ ਕੈਸ਼ ਕਰਨ ਨੂੰ ! ਕਈਆਂ ਨੇ ਬੜੇ ਖੇਖਣ ਕਰਨੇ, ਬੁਰਕੀਆਂ ਲੈ ਦਰਬਾਰਾਂ ਤੋਂ ! ਵਜਾ ਦਿਓ ਬਿਗਲ ਤੇ ਮਾਰੋ ਹੰਭਲਾ,ਕੁਝ ਨਹੀਂ ਲੱਭਣਾ ਦੇਰਾਂ ਨਾਲ ! ਸਦਾ ਕਲੋਲਾਂ ਕਰਦੇ ਗਿੱਦੜ ਹੱਸਦੇ ਸੁੱਤਿਆਂ ਸ਼ੇਰਾਂ ਨਾਲ ! ਚੁੱਕ ਲਓ ਝੰਡੇ, ਜੋੜਕੇ ਮੋਢੇ ! ਤਾਕਤ ਹੈ ਕਦਮਾਂ ਵਿੱਚ ਥੋਡੇ ਮਿੰਨਤ ਹੈ ਇੱਕ “ਸੁਖ” ਦੀ ਮੰਨਿਉਂ ,ਨਿਪਟੋ ਡੁੱਲਿਆਂ ਬੇਰਾਂ ਨਾਲ !

ਵਹਿਮ ਹੁੰਦਾ ਤਖਤਾਂ ਨੂੰ-ਬਲਜੀਤ ਸਿੰਘ ਵਿਰਕ

ਵਹਿਮ ਹੁੰਦਾ ਤਖਤਾਂ ਨੂੰ ਥੰਮਣ ਲਈ ਵਕਤਾਂ ਨੂੰ ਹੱਕ ਸੱਚ ਦਬਾਉਂਦੇ ਨੇ ਫੜ ਜੇਲ੍ਹਾਂ ਪਾਉਂਦੇ ਨੇ ਪਾਲ ਵਹਿਮ ਮਿਟਾਉਣ ਦਾ ਜੜ੍ਹਾਂ ਨੂੰ ਦਾਤੀ ਪਾਉਣ ਦਾ ਅਸੀਂ ਦੂਣ ਸਵਾਏ ਹੋ ਜਾਂਦੇ ਨੀਹਾਂ ਵਿਚ ਡਟ ਖਲੋ ਜਾਂਦੇ ਕੱਚੀ ਗੜ੍ਹੀ ਚਮਕੌਰ ਅੱਗੇ ਕਿਲ੍ਹੇ ਨੇ ਕੁੱਬੇ ਹੋ ਜਾਂਦੇ ਤੱਤੀ ਤਵੀ ਹੈ ਠਰ ਜਾਂਦੀ ਸਰਸਾ ਤੇ ਭੀੜ ਫਿਰ ਬਣ ਜਾਂਦੀ ਮਾਈ ਭਾਗੋ ਜੰਗ ਮੈਦਾਨ ਅੰਦਰ ਸਿਰਜੇ ਫਿਰ ਇਕ ਨਵਾਂ ਮੰਜਰ ਬਾਬਰ ਨੂੰ ਜਾਬਰ ਕਹਿੰਦੇ ਨੇ ਤੇ ਆਖਣ ਮਕੁਦਮ ਕੁੱਤਾ ਸਿਰ ਦੇ ਕੇ ਸਿੰਘ ਨੇ ਸਜਦੇ ਨਾ ਕਦੇ ਮੈਦਾਨੋਂ ਭੱਜਦੇ ਸੂਰੇ ਰਣ ਵਿਚ ਗਜਦੇ ਪਰ ਹਾਕਮ ਅੱਜ ਦਾ ਸੁੱਤਾ ਬੇਬੇ ਨੇ ਹੱਥ ਫੜਿਆ ਝੰਡਾ ਕੱਢ ਦੇਣਾ ਦੁਸ਼ਮਣ ਦਾ ਕੰਡਾ ਲਿਆ ਦਿੱਲੀ ਪੰਜਾਬ ਨਾਲ ਪੰਗਾ ਉੱਚੀ ਨਾਹਰੇ ਲਾਉਂਦੀ ਏ ਇਕ ਨਵਾਂ ਇਤਿਹਾਸ ਬਣਾਉਂਦੀ ਏ ਦਿੱਲੀ ਦੀ ਹਿਕ ਤੇ ਚੜਕੇ ਬਾਪੂ ਡੰਡ ਲਾਵੇ ਉੱਠ ਤੜਕੇ ਹੱਥ ਮੁੱਛ ਦੇ ਉੱਤੇ ਧਰਕੇ ਮੂੰਹ ਲਾਲ ਕਿਲੇ ਵੱਲ ਕਰਕੇ ਅੱਖਾਂ ਕੱਢਦਾ ਲਾਲ ਹੈ ਲਾਲ ਕਿਲ੍ਹੇ ਨਾਲ ਬਾਕੀ ਰਹਿੰਦਾ ਅਜੇ ਹਿਸਾਬ ਹੈ।

ਕਿਸਾਨ ਅੰਦੋਲਨ ਨੂੰ ਸਮਰਪਿਤ-ਮਨਪ੍ਰੀਤ ਟਿਵਾਣਾ

ਛਿੜ ਜਦ ਪੁੱਠੇ ਰਾਗ ਪਏ ਨੇ। ਖੇਤਾਂ ਦੇ ਪੁੱਤ ਜਾਗ ਪਏ ਨੇ। ਸਾਡੀਆਂ ਫ਼ਸਲਾਂ ਵੱਲ ਕੀ ਵੇਹਨੈਂ? ਦੀਂਹਦੇ ਤੇਰੇ ਬਾਗ਼ ਪਏ ਨੇ। ਤੂੰ ਫੱਟ ਲਾ ਕੇ ਭੁੱਲ ਕਿਓਂ ਜਾਨੈਂ? ਸਾਡੇ ਪਿੰਡੇ ਦਾਗ ਪਏ ਨੇ। ਗੰਨੇ ਗੰਨੇ ਚੁੱਕ ਲਿਜਾਨੈਂ, ਫੂਕ ਦਿਆਂਗੇ, ਆਗ ਪਏ ਨੇ। ਸਾਡੇ ਦਿਲ ਵਿੱਚ ਰਿਝਦੀਆਂ ਰੀਝਾਂ, ਤੇਰੇ ਰਿਝਦੇ ਸਾਗ ਪਏ ਨੇ। ਗਲ਼ ਫੁੱਲਾਂ ਦੇ ਹਾਰ ਨਾ ਸਮਝੀਂ, ਸਮਝ ਲਵੀਂ ਕਿ ਨਾਗ ਪਏ ਨੇ। ਖੇਤਾਂ ਦੇ ਵਿੱਚ ਫ਼ਸਲ ਨਹੀਂ ਬੀਜੀ, ਬੀਜੇ ਸਾਡੇ ਭਾਗ ਪਏ ਨੇ। ਬਾਜਾਂ ਵਾਂਗੂੰ ਝਪਟ ਪੈਣਗੇ, ਜੋ ਕੁਰਲਾਉਂਦੇ ਕਾਗ ਪਏ ਨੇ। ਲਾਗ ਨਹੀਂ ਲੈਣਾ, ਕੀਮਤ ਲੈਣੀ, ਆਹ ਚੁੱਕ ਤੇਰੇ ਲਾਗ ਪਏ ਨੇ। ਆਖ “ਟਿਵਾਣੇ”, ਸੁਣ ਜਰਵਾਣੇ, ਦਿਲ ਦੇ ਵਿੱਚ ਵੈਰਾਗ ਪਏ ਨੇ।

ਕਹਿੰਦੇ ਸੀ ਜੋ “ਲੱਗ ਗਿਆ ਹੈ-ਮਨਪ੍ਰੀਤ ਟਿਵਾਣਾ

ਕਹਿੰਦੇ ਸੀ ਜੋ “ਲੱਗ ਗਿਆ ਹੈ, ਚਿੱਟੇ ‘ਤੇ ਜਾਂ ਬੜ੍ਹਕਾਂ ‘ਤੇ”। ਦੇਖੋ ਓਹੀ ‘ਯੂਥ’ ਆ ਗਿਆ,ਝੰਡੇ ਚੁੱਕ ਕੇ ਸੜਕਾਂ ‘ਤੇ। ਚੌੜੀ ਛਾਤੀ,ਉੱਚੀਆਂ ਬਾਹਾਂ ਕਰ ਕਰ ਨਾਅਰੇ ਲਾਉਂਦੇ ਨੇ, ਦੇਖ ਦੇਖ ਕੇ ਮਾਣ ਹੁੰਦਾ ਅੱਜ,ਗੱਭਰੂਆਂ ਦੀਆਂ ਮੜਕਾਂ ‘ਤੇ। ਬੱਲੇ-ਬੱਲੇ,ਸ਼ਾਵਾ-ਸ਼ਾਵਾ,ਕਰਦਿਆਂ ਨੂੰ ਜੋ ਤੱਕਦੇ ਸੀ, ਅੱਜ ਸਾਰੇ ਹੈਰਾਨ ਹੋਣਗੇ,ਬਿਜਲੀ ਵਰਗੀਆਂ ਕੜਕਾਂ ‘ਤੇ। ਹਰੀਆਂ ਪੱਗਾਂ,ਹਰੀਆਂ ਚੁੰਨੀਆਂ ,ਹਰੇ ਹੀ ਝੰਡੇ ਦਿਸਦੇ ਨੇ, ਹਿੱਕ ਤਣ ਗਈ “ਪੰਜਾਬ ਸਿਹੁੰ “ ਦੀ,ਸ਼ੇਰ ਪੁੱਤਾਂ ਦੀਆਂ ਚੜ੍ਹਤਾਂ ‘ਤੇ। ਏਕੇ ਦੇ ਵਿੱਚ ਬਰਕਤ ਹੁੰਦੀ,ਹਾੜੇ! ਏਕਾ ਰੱਖਿਓ ਜੀ, ਹੁਣ ਤਾਂ ਬਹੁਤੀ ਦੂਰ ਨਹੀਂ ਦਿੱਲੀ,ਪਹਿਰਾ ਰੱਖਿਓ ਰੜਕਾਂ ‘ਤੇ। ਦਿੱਲੀਓਂ ਭਰੇ ਜਹਾਜ਼ “ਟਿਵਾਣੇ”,ਵੇਖ ਵੇਖ ਖ਼ੁਸ਼ ਹੁੰਦੇ ਸੀ, ਹੁਣ ਉਹੀਓ ਸਭ ਡਰਦੇ ਹੋਣੇ,ਬੱਦਲ਼ਾਂ ਵਰਗੀਆਂ ਗੜ੍ਹਕਾਂ ‘ਤੇ।

ਦਿੱਲੀਏ ਨੀ ਸੁੱਤੀਏ-ਰਾਜਦੀਪ ਸਿੰਘ ਤੂਰ

ਦਿੱਲੀਏ ਨੀ ਸੁੱਤੀਏ ਜਗਾਉਣ ਤੈਨੂੰ ਆਏ ਹਾਂ ਤੇਰੀ ਕੀ ਔਕਾਤ ਹੈ ਵਿਖਾਉਣ ਤੈਨੂੰ ਆਏ ਹਾਂ ਵਹਿਣ ਦਰਿਆਵਾਂ ਵਾਲ਼ੇ ਰੋਕਿਆਂ ਨਾ ਰੁਕਦੇ ਅਣਖੀ ਪੰਜਾਬੀ ਨਾ ਝੁਕਾਇਆਂ ਕਦੇ ਝੁਕਦੇ ਇਹੋ ਗੱਲ ਫਿਰ ਸਮਝਾਉਣ ਤੈਨੂੰ ਆਏ ਹਾਂ ਦਿੱਲੀਏ ਨੀ ਸੁੱਤੀਏ........................ ਆਖ ਕੇ ਨਸ਼ੇੜੀ ਸਾਡੇ ਮੁੰਡਿਆਂ ਨੂੰ ਭੰਡਿਆ ਇੱਕ ਦੂਏ ਨਾ' ਲੜਾ ਕੇ ਸਾਨੂੰ ਆਪੋ ਵਿੱਚ ਵੰਡਿਆ ਵੇਖ ਸਾਡਾ ਏਕਾ ਨੀ ਵਿਖਾਉਣ ਤੈਨੂੰ ਆਏ ਹਾਂ ਦਿੱਲੀਏ ਨੀ ਸੁੱਤੀਏ......................... ਅੰਨ ਦਾਤੇ ਕਹਿ ਕੇ ਪਹਿਲਾਂ ਸਾਨੂੰ ਵਡਿਆਇਆ ਤੂੰ ਅੱਤਵਾਦੀ ਆਖ ਫੇਰ ਜ਼ੁਲਮ ਸੀ ਢਾਹਿਆ ਤੂੰ ਜ਼ੁਲਮਾਂ ਦੀ ਦਾਸਤਾਂ ਸੁਣਾਉਣ ਤੈਨੂੰ ਆਏ ਹਾਂ ਦਿੱਲੀਏ ਨੀ ਸੁੱਤੀਏ.......................... ਭੁੱਲ ਗਈਂ ਏਂ ਕਾਹਤੋਂ ਇਤਿਹਾਸ ਤੂੰ ਪੰਜਾਬ ਦਾ ਕੱਲ੍ਹਾ ਕੱਲ੍ਹਾ ਬੋਲਦਾ ਏ ਵਰਕਾ ਕਿਤਾਬ ਦਾ ਕੱਲ੍ਹਾ ਕੱਲ੍ਹਾ ਯਾਦ ਕਰਵਾਉਣ ਤੈਨੂੰ ਆਏ ਹਾਂ ਦਿੱਲੀਏ ਨੀ ਸੁੱਤੀਏ....................... ਐਵੇਂ ਸੀ ਭੁਲੇਖਾ ਤੈਨੂੰ ਨਸ਼ਿਆਂ 'ਚ ਡੁੱਬਿਆ ਹਿੱਕ ਤੇਰੀ ਚੜ੍ਹ ਕੇ ਪੰਜਾਬ ਫੇਰ ਗੱਜਿਆ ਵੇਖ ਲੈ ਸਚਾਈ ਤੂੰ ਵਿਖਾਉਣ ਤੈਨੂੰ ਆਏ ਹਾਂ ਦਿੱਲੀਏ ਨੀ ਸੁੱਤੀਏ........................ ਦਿੱਲੀਏ ਨੀ ਸੁੱਤੀਏ ਜਗਾਉਣ ਤੈਨੂੰ ਆਏ ਹਾਂ ਤੇਰੀ ਕੀ ਔਕਾਤ ਹੈ ਵਿਖਾਉਣ ਤੈਨੂੰ ਆਏ ਹਾਂ

ਤੁਸੀਂ ਜਾਗੋ ਅੱਜ ਪੰਜਾਬੀਓ!-ਚਮਨਦੀਪ ਦਿਓਲ

ਤੁਸੀਂ ਜਾਗੋ ਅੱਜ ਪੰਜਾਬੀਓ! ਥੋਨੂੰ 'ਹੋਣੀ' ਰਹੀ ਜਗਾ। ਜੇ ਹੁਣ ਵੀ ਸੁੱਤੇ ਰਹਿ ਗਏ, ਫੇਰ ਵੇਲ਼ਾ ਦੇਊ ਸਜ਼ਾ। ਵੈਰੀ ਨੇ ਸਾਡੀ ਪੱਗ ਨੂੰ, ਅੱਜ ਹੱਥ ਲਿਆ ਏ ਪਾ। ਮਿਹਣਾ ਹੈ ਅਸਾਂ ਦੀ ਅਣਖ ਨੂੰ, ਜੇ ਉਹ ਸੁੱਕਾ ਲੰਘ ਗਿਆ। ਮਸਲਾ ਨਹੀਂ ਕੇਵਲ ਫਸਲ ਦਾ, ਸਾਡੀ ਹੋਂਦ ਨੂੰ ਹੈ ਖ਼ਤਰਾ। ਸਭ ਧੜੇਬਾਜ਼ੀਆਂ ਛੱਡ ਕੇ, ਅੱਜ ਹੋ ਜਾਉ ਇੱਕ ਭਰਾ। ਸਾਡੇ ਖੇਤਾਂ ਉੱਤੇ ਰੱਖ ਲਈ, ਗ਼ੈਰਾਂ ਨੇ ਅੱਜ ਨਿਗਾਹ। ਜਦ ਸਿਰ ਤੋਂ ਪਾਣੀ ਲੰਘ ਜਏ, ਫਿਰ ਕਰਦੇ ਨਹੀਂ ਸਲਾਹ। ਤੁਸੀਂ ਫੇਸਬੁੱਕ ਨੂੰ ਛੱਡ ਕੇ, ਸੜਕਾਂ 'ਤੇ ਜਾਓ ਹੁਣ ਆ। ਜਿਹੜੀ ਸੀਨੇ ਦੇ ਵਿੱਚ ਬਲ਼ ਰਹੀ, ਉਹਨੂੰ ਭਾਂਬੜ ਲਵੋ ਬਣਾ। ਜਿਹੜੀ ਦਿੱਲੀ ਸਾਨੂੰ ਦੇ ਰਹੀ, ਅਜ਼ਲਾਂ ਤੋਂ ਸਿਰਫ਼ ਦਗ਼ਾ। ਅੱਜ ਸਣੇੰ ਟਰੈਕਟਰ ਵੱਜਣਾ, ਉਹਦੀ ਸੰਸਦ ਦੇ ਵਿੱਚ ਜਾ। ਅਸੀਂ ਸਣੇੰ ਟਰੈਕਟਰ ਵੱਜਣਾ, ਉਹਦੀ ਸੰਸਦ ਦੇ ਵਿੱਚ ਜਾ।....

ਕਦੇ ਝੁੱਲਿਆ ਸੀ ਤੇਰੇ ਉੱਤੇ ਕੇਸਰੀ ਨਿਸ਼ਾਨ-ਚਮਨਦੀਪ ਦਿਓਲ

ਕਦੇ ਝੁੱਲਿਆ ਸੀ ਤੇਰੇ ਉੱਤੇ ਕੇਸਰੀ ਨਿਸ਼ਾਨ, ਅੱਜ ਫੇਰ ਕਰ ਬੈਠੀ ਏਂ ਤੂੰ ਜੰਗ ਦਾ ਐਲਾਨ, ਸਾਡਾ ਤੇਰੇ ਨਾਲ਼ ਏਹੋ ਹੈ ਕਰਾਰ, ਜਿੱਤਾਂਗੇ! ਤੈਨੂੰ ਦਿੱਲੀਏ ਨੀ! ਫੇਰ ਇੱਕ ਵਾਰ ਜਿੱਤਾਂਗੇ!!... ਕਦੇ ਮੰਗਿਆਂ ਨੀ ਮਿਲਦੇ ਹਕੂਕ, ਜਾਣਦੇ ਹਾਂ, ਕਿਹੜਾ ਤੇਰੇ ਨਾਲ ਕਰਨੈਂ ਸਲੂਕ, ਜਾਣਦੇ ਹਾਂ, ਹੱਕ ਖੋਹਾਂਗੇ ਤੇ ਨਾਲ਼ੇ ਅਧਿਕਾਰ ਜਿੱਤਾਂਗੇ। ਤੈਨੂੰ ਦਿੱਲੀਏ ਨੀ! ਫੇਰ ਇੱਕ ਵਾਰ ਜਿੱਤਾਂਗੇ..... ਤੇਰਾ ਰੂਪ ਕਦੇ 'ਨਾਜ਼ੀ', ਕਦੇ ਬਣ ਜਾਂਦੈ 'ਫਾਸੀ', ਸਾਂਭੀ ਹੋਏਗੀ ਅਸਾਂ ਲਈ ਇੱਕ ਹੋਰ ਤੂੰ 'ਚੁਰਾਸੀ', ਅਸੀਂ ਜਾਣਦੇ ਹਾਂ ਤੇਰਾ ਕਿਰਦਾਰ, ਜਿੱਤਾਂਗੇ! ਤੈਨੂੰ ਦਿੱਲੀਏ ਨੀ ਫੇਰ ਇੱਕ ਵਾਰ ਜਿੱਤਾਂਗੇ!..... ਸਾਡੀ ਹੋਂਦ ਨੂੰ ਮਿਟਾਉਣ ਉੱਤੇ ਫੇਰ ਤੁਲ ਗਈ ਏਂ। ਇੰਝ ਲੱਗਦੈ ਤੂੰ ਸਾਡਾ ਇਤਿਹਾਸ ਭੁੱਲ ਗਈ ਏੰ। ਸਾਨੂੰ ਆਏ ਨੇ ਮਿਟਾਉਣ ਲਈ ਹਜ਼ਾਰ, ਜਿੱਤਾਂਗੇ। ਤੈਨੂੰ ਦਿੱਲੀਏ ਨੀ!ਫੇਰ ਇੱਕ ਵਾਰ ਜਿੱਤਾਂਗੇ!... ਮਜ਼ਦੂਰ ਜਾਗ ਪਏ ਨੇ। ਕਿਰਸਾਨ ਜਾਗ ਪਏ ਨੇ। ਜਿਹੜੇ ਲੱਗਦੇ ਸੀ ਤੈਨੂੰ ਅਣਜਾਣ ਜਾਗ ਪਏ ਨੇ। ਸਾਨੂੰ ਹੋ ਗਿਆ ਏ ਪੂਰਾ ਇਤਬਾਰ, ਜਿੱਤਾਂਗੇ। ਤੈਨੂੰ ਦਿੱਲੀਏ ਨੀ! ਫੇਰ ਇੱਕ ਵਾਰ ਜਿੱਤਾਂਗੇ....

ਗੁੜ੍ਹਤੀ-ਨਵਗੀਤ ਕੌਰ

ਅਸੀਂ ਗੁੜ੍ਹਤੀ ਲਈ ਸ਼ਮਸ਼ੀਰ ਦੀ ਜੂਝੀਏ ਹਿੱਕਾਂ ਡਾਹ। ਅਸੀਂ ਪੱਗ ਬੰਨ੍ਹੀ ਦਸ਼ਮੇਸ਼ ਦੀ ਜਿਸ ਬਖਸ਼ੀ ਪੁੱਤ ਬਣਾ। ਅਸੀਂ ਮੜੀਆਂ ਬੁੱਤ ਨਾ ਪੂਜਦੇ ਸਾਡਾ ਇਕੋ ਖਸਮ ਖੁਦਾ। ਅਸੀਂ ਕੋਈ ਗੁਲਾਮੀ ਨਾ ਝੱਲਦੇ ਲਈਏ ਬੰਦ ਬੰਦ ਕਟਵਾ। ਸਾਡੀਆਂ ਮਾਵਾਂ ਭਾਗੋ ਵਰਗੀਆਂ ਖੌਫ ਨਾ ਖਾਣ ਰਤਾ। ਸੱਚ ਸੰਜਮ ਸਿਦਕ ਨਾ ਛੱਡਦੀਆਂ ਜਿਗਰੀ ਟੁਕੜੇ ਲੈਣ ਕੁਹਾ। ਅਸੀਂ ਪੁੱਤਰ ਮਰਦ ਅਗੰਮੜੇ ਸਾਡੀ ਵੱਖਰੀ ਮਰਨ ਅਦਾ। ਜੇ ਕਾਮਾ ਫਾਹੇ ਲਾਇਆ। ਹੁਣ ਦੇਊ ਸਿੰਘਾਸਣ ਹਿਲਾ । ਜਾਗ ਉੱਠਿਆ ਪੁੱਤ ਦਸ਼ਮੇਸ਼ ਦਾ। ਦੇਊ ਹੋਣੀ ਨੂੰ ਨੱਥ ਪਾ। ਅੱਜ ਆਪਣਾ ਹੱਕ ਅਸੀਂ ਮੰਗਦੇ ਦਿੱਲੀਏ ਦੇਵੇਂ ਠੁੱਠ ਵਿਖਾ। ਅੰਨਦਾਤੇ ਨੂੰ ਤੂੰ ਮੰਗਤਾ ਨੀ ਸਰਕਾਰੇ ਨਹੀਂ ਸਕਦੀ ਤੂੰ ਬਣਾ। ਏਥੇ ਨੇਹਰੀ ਵਗੀ ਜ਼ੁਲਮ ਦੀ ਫਿਰੇ ਮਾਰਨ ਨੂੰ ਪੁੱਤ ਭਰਾ। "ਤੈਂ ਕੀ ਦਰਦ ਨਾ ਆਇਆ" ਕੌਣ ਕਹੇ ਸਾਹਿਬ ਨੂੰ ਜਾ।

ਬਹੁਤ ਅਰਸੇ ਬਾਅਦ-ਡਾ. ਲੋਕ ਰਾਜ

ਬਹੁਤ ਅਰਸੇ ਬਾਅਦ ਅਜਿਹਾ ਹੋਇਆ ਹੈ ਕਿ ਰੋਸ ਰੋਹ ਬਣ ਕੇ ਸਹੀ ਦਿਸ਼ਾ ਚ ਵਹਿ ਤੁਰਿਆ ਹੈ ਲੋਕ ਏਕਤਾ ਦਾ ਠਾਠਾਂ ਮਾਰਦਾ ਦਰਿਆ ਉਸ ਕਿਲ੍ਹੇ ਵਲ ਵਧਿਆ ਹੈ ਜਿੱਥੇ ਇਸ ਦੇ ਪਾਣੀਆਂ ਨੂੰ ਵੰਡਣ ਤੇ ਧਰਤੀ ਨੂੰ ਰੰਗਣ ਦੀਆਂ ਸਾਜ਼ਿਸ਼ਾਂ ਜਨਮ ਲੈਂਦੀਆਂ ਨੇ ਵਰ੍ਹਿਆਂ ਦੀ ਪੀੜ ਦੇ ਹਿਮਾਲਾ ਚੋਂ ਅਖ਼ੀਰ ਗੰਗਾ ਨਿੱਕਲ ਤੁਰੀ ਹੈ ਗੰਗਾ, ਜੋ ਜਾਮਨ ਬਣੇਗੀ ਜਿਊਂਦੇ ਲੋਕਾਂ ਦੀ ਮੁਕਤੀ ਦੀ।

ਪੰਜਾ-ਡਾ: ਕੁਲਬੀਰ ਗੋਜਰਾ

ਚੋਟੀ 'ਤੇ ਚੜ੍ਹੇ ਵਲੀ ਕੰਧਾਰੀ ਨੂੰ ਹਰ ਵਾਰ ਕਿਉਂ ਭੁੱਲ ਜਾਂਦਾ ਹੈ ਕਿ ਉਸ ਦਾ ਵੱਡੇ ਤੋਂ ਵੱਡਾ ਪੱਥਰ ਰੋਕਣ ਲਈ ਇਕ 'ਪੰਜਾ' ਹੀ ਕਾਫ਼ੀ ਹੈ।

ਯੋਧੇ-ਟੱਬਰ-ਮਹਿੰਦਰ ਰਿਸ਼ਮ

ਨਿੱਕੜੀ ਸੁਈ... ਵਟਵਾਂ ਧਾਗਾ, ਤੂੰ ਕੀ ਵੀਰਾ... ਕਹਿ ਰਿਹਾ ਏੰ। ਠੰਡੀਆਂ ਰਾਤਾਂ... ਸੜਕਾਂ ਉੱਤੇ, ਵੀਰਾ ਤੂੰ ਕਿਉਂ... ਰਹਿ ਰਿਹਾ ਏਂ। ਰਾਜੇ ਦੇ... ਜ਼ੁਲਮਾਂ ਨੂੰ ਭੈਣੇ, ਹੁਣ ਤਾਂ... ਮੈਂ ਨਹੀਂ ਸਹਿਣਾ ਏ। ਠੰਡੇ ਬੁਰਜ... ਸਾਡੇ 'ਵੱਡੇ' ਬੈਠੇ, ਇਨ੍ਹਾਂ ਸੜਕਾਂ ਨੇ... ਕੀ ਕਹਿਣਾ ਏ। ਨਿੱਕੜੀ ਸੂਈ.... ਵੱਟਵਾਂ ਧਾਗਾ, ਬਾਬਲ ਤੂੰ ਕੀ... ਕਰ ਰਿਹਾ ਏਂ। ਦਿੱਲੀ ਸ਼ਹਿਰ ਦੇ.... ਜੁਲਮਾਂ ਨੂੰ, ਹੱਸ-ਹੱਸ ਕੇ ਕਿਉਂ... ਜਰ ਰਿਹਾ ਏਂ। ਬੇਅੱਕਲਾਂ ਨੂੰ... ਧੀਏ ਮੇਰੀਏ, ਇੰਝ ਉਦਾਹਰਣ.... ਦੱਈਏ ਜੀ। ਮਰਦ ਦਾ ਕੰਮ ਨਹੀਂ... "ਛਾਤੀ ਦੱਸਣਾ", ਮਾਣ "ਜਿਗਰੇ" ਤੇ.... ਕਰੀਏ ਜੀ। ਨਿੱਕੜੀ ਸੂਈ... ਵੱਟਵਾਂ ਧਾਗਾ, ਨੀਂ ਮਾਏ ਤੂੰ ਕੀ.... ਕਰਦੀ ਏੰ। ਦਿੱਲੀ ਦੀਆਂ ਗੱਲੀਆਂ... ਲਹੂ ਦੀਆਂ ਭਰੀਆਂ, ਪੈਰ ਕਿਉਂ ਏਥੇ... ਧਰਦੀ ਏੰ। ਜ਼ੁਲਮਾਂ ਦੇ... ਰਾਜੇ ਦਾ ਧੀਏ, ਜ਼ਹਿਰ ਵਰ੍ਹਿਆਂ ਤੋਂ... ਪੀ ਰਹੀ ਹਾਂ। ਜਿਸ ਦਿੱਲੀ... ਮੇਰੀ ਚੁੰਨੀ ਫਾੜੀ, ਉਥੇ ਹੀ ਬਹਿ ਕੇ.... ਸੀ ਰਹੀ ਹਾਂ। ਨਿੱਕੜੀ ਸੂਈ... ਵੱਟਵਾਂ ਧਾਗਾ, ਭੈਣੇ... ਦਿਲ ਦੇ ਭੇਤ ਕੀ ਖ੍ਹੋਲੇ ਨੀਂ। ਬਾਹਾਂ ਚੁੱਕ-ਚੁੱਕ...ਸਿੰਘੂ ਬਾਰਡਰ 'ਤੇ, 'ਇੰਕਲਾਬ'.... ਕਿਉਂ ਬੋਲੇ ਨੀਂ। ਕਾਲੇ ਕਈ... ਕਾਨੂੰਨ ਹਾਕਮ ਦੇ, ਬੀਬਾ ਹੁਣ ਤਾਂ... ਨਹੀਂ ਸਹਿਣੇ ਜੀ। ਇਕਮੁੱਠ ਹੋਏ.... ਕਿਰਸਾਨੀ-ਯੋਧੇ, ਤਖ਼ਤ ਜੁਲਮ ਦੇ... ਢਹਿਣੇ ਜੀ।

ਕਿਰਤੀਆ ਕਿਰਤ ਕਰ-ਸਤੀਸ਼ ਕੁਮਾਰ ਵਰਮਾ

ਕਿਰਤੀਆ ਕਿਰਤ ਕਰ ਦੰਦਾਂ ਹੇਠਾਂ ਜੀਭ ਦੇ ਲੈ ਦੁਖ ਸੁਖ ਔਖਾ ਸੌਖਾ ਜਰ ਕਿਰਤੀਆ...... ਕਿਰਤ ਕਰਨ ਦਾ ਮੂਲ ਸੁਨੇਹਾ ਦਿੱਤਾ ਬਾਬੇ ਨਾਨਕ ਨੇ ਉਹਦੇ ਬੋਲ ਨੇ ਸਾਡਾ ਵਿਰਸਾ ਜਿਹੜੇ ਮੋਤੀ ਮਾਣਕ ਨੇ ਸਾਰੇ ਮੋਤੀ ਚੁਣ ਲੈ ਸੱਜਣਾ ਚੁਣ ਚੁਣ ਸੀਨੇ ਦੇ ਵਿਚ ਧਰ ਕਿਰਤੀਆ......... ਕਿਰਤ ਹੁੰਦੀ ਹੈ ਉਚੀ ਸੁਚੀ ਜਿਹੜੀ ਕਾਰ ਹੱਥਾਂ ਦੀ ਹੋਵੇ ਕਿਰਤੀ ਦੇ ਕਰ ਉਚੇ ਸੁਚੇ ਵੇਖੋ ਮੁੜਕੇ ਦੇ ਨਾਲ ਧੋਵੇ ਜਿਹੜਾ ਕਰ ਨਾ ਕਾਰ ਕਰੇਂਦਾ ਉਹ ਕਰ ਵੀ ਹੈ ਕਾਹਦਾ ਕਰ ਕਿਰਤੀਆ ......... ਕਿਰਤ ਕਲਮ ਦੀ ਉਚੀ ਸੁਚੀ ਜਿਹੜਾ ਵਾਹਵੇ ਉਹੀ ਜਾਣੇ ਕਲਮ ਚੋਂ ਨਿਕਲਣ ਬੋਲ ਅਗੰਮੀ ਜਿਹੜਾ ਪੜ੍ਹਦਾ ਉਹੀ ਮਾਣੇ ਜਿਹੜੀ ਕਲਮ ਵਿਕਾਊ ਹੋਵੇ ਜੀਦੇ ਜੀਅ ਜਾਂਦੀ ਹੈ ਮਰ ਕਿਰਤੀਆ........... ਕਿਰਤ ਨਾਰ ਦੀ ਉਚੀ ਸੁਚੀ ਦੇਵੇ ਜੀਵਨ ਨਰ-ਨਾਰੀ ਨੂੰ ਮਸਤਕ ਉਹਦੇ ਚਰਨੀਂ ਲਾਉ ਜੀਕੂੰ ਲਾਈਏ ਰੱਬ ਦੇ ਦਰ ਨੂੰ ਆਪਣੀਆਂ ਲੋੜਾਂ ਪਾਸੇ ਛਡ ਕੇ ਸਾਰੇ ਘਰ ਨੂੰ ਦਿੰਦੀ ਭਰ ਕਿਰਤੀਆ .......... ਆਉ, ਕਿਰਤ ਦਾ ਮਾਣ ਵਧਾਈਏ ਕਰਕੇ ਕਿਰਤੀ ਦਾ ਸਨਮਾਨ ਹਰ ਕਿਰਤੀ ਹੈ ਰਬ ਦੀ ਮੂਰਤ ਇਸਦੀ ਉਚੀ ਤੋਂ ਉਚੀ ਸ਼ਾਨ ਜਦ ਕਿਰਤੀ ਹੈ ਕਿਰਤ ਕਰੇਂਦਾ ਉਹਨੂੰ ਲਗ ਜਾਂਦੇ ਨੇ ਪਰ ਕਿਰਤੀਆ ............ (ਪ੍ਰੋਫੈਸਰ ਅਮੈਰੀਟਸ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ)

ਅਸੀਂ ਲੋਕ-ਕਵਿੰਦਰ "ਚਾਂਦ"

ਲੋਕਾਂ ਨਾਲ ਇਹ ਜੋਕਾਂ ਦਾ ਭੇੜ ਮੁੱਢੋਂ ਹੁੰਦਾ ਰਿਹਾ ਹੈ ਤੇ ਹੁੰਦਾ ਰਹੂ ਲੋਕੋ ਆਖਰਅੱਤਖੁਦਾ ਦਾ ਵੈਰ ਹੁੰਦਾ ਕਦ ਤੱਕ ਜ਼ੁਲਮ ਅਨਿਆਂ ਕੋਈ ਸਹੂ ਲੋਕੋ ਮੌਸਮ ਕਹਿ ਰਿਹਾ ਹੈ ਹਵਾ ਬੋਲਦੀ ਹੈ ਚੜ੍ਹਕੇ ਆਏ ਕਿਰਸਾਨਾ ਨੂੰ ਕੌਣ ਡੱਕੂ ਇਹਨਾ ਬਿਜਲੀਆਂ ਨੂੰ ਕਰੂ ਕੈਦ ਕਿਹੜਾ ਇਹਨਾ ਚੜ੍ਹੇ ਤੂਫ਼ਾਨਾਂਨੂੰ ਕੌਣ ਡੱਕੂ ਅਸੀਂ ਵਤਨ ਦੇਵਿੱਚ ਬੇਵਤਨ ਹੋ ਕੇ ਲਿਤੜੇ ਹੋਇਆਂ ਨੇ ਅੱਜ ਲਿਤਾੜ ਦੇਣੇਂ ਹੱਕਹੱਕ ਪੁਕਾਰਦੇਲੋਕਜਜ਼ਬੇ ਅਸਾਂ ਅਣਖ ਦੀ ਸਾਣ ਤੇ ਚਾੜ੍ਹ ਦੇਣੇਂ ਚਿਣਗਾਂ ਦੱਬੀਆਂ ਇਹ ਭਾਂਬੜ ਬਣਨਗੀਆਂ ਇਹਨਾਂ ਜ਼ੁਲਮ ਦੇ ਮਹਿਲ ਸਭ ਸਾੜ ਦੇਣੇਂ ਸਾਡੇ ਰਿਜ਼ਕ ਨੂੰ ਕਿਸੇ ਜੇ ਹੱਥ ਪਾਇਆ ਢਿੱਡੋਂ ਭੁੱਖਿਆਂ ਨੇਢਿੱਡ ਪਾੜ ਦੇਣੇਂ ਅਸੀਂ ਅੱਜ ਆਪਣੀ ਕਤਲਗਾਹ ਅੰਦਰ ਨੰਗੇ ਪੈਰੀਂ ਅੰਗਿਆਰਾਂ ਤੇ ਨੱਚ ਰਹੇ ਹਾਂ ਜਿੱਦਾਂ ਸਾਨੂੰ ਜਮਾਂਦਰੂ ਮਿਲੀ ਗੁੜ੍ਹਤੀ ਉਦਾਂ ਈ ਅੱਜ ਤਲਵਾਰਾਂ ਤੇ ਨੱਚ ਰਹੇ ਹਾਂ

ਬਾਬਾ! ਤੇਰੇ ਪੁੱਤ ਤੁਰੇ ਨੇ-ਵਰਿਆਮ ਸਿੰਘ ਸੰਧੂ

ਬਾਬਾ! ਤੇਰੇ ਪੁੱਤ ਤੁਰੇ ਨੇ ਲੰਮੀ ਵਾਟ ਉਦਾਸੀ ਵਾਲੀ। ਸਭ ਬਾਲੇ, ਮਰਦਾਨੇ, ਲਾਲੋ ਕੱਠੇ ਹੋ ਕੇ, ਸਭੇ ਤੇਰੇ ਧੀਆਂ ਪੁੱਤਰ ਭਰ ਮਿੱਟੀ ਦੀਆਂ ਮੁੱਠਾਂ ਤੇਰੇ ਖ਼ੇਤਾਂ ਵਿਚੋਂ ਧਰ ਕੇ ਮੋਢੇ ਤੇਰੇ ਹਲ਼ ਨੂੰ ਜਿਸਦੇ ਫਾਲੇ ਉੱਤੇ ਬੈਠਾ ਇਸ ਵੇਲੇ ਪੰਜਾਬ ਪਿਆਰਾ ਸੁਣ ਤੇਰੀ ਲਲਕਾਰ ਧਰ ਕੇ ਸੀਸ ਤਲ਼ੀ 'ਤੇ ਪੈ ਨਿਕਲੇ ਨੇ ਗਲੀ ਯਾਰ ਦੀ ਮਨ ਵਿਚ ਪੂਰੀ ਨਿਹਚਾ ਅਪਨੀ ਜੀਤ ਕਰੂੰ ਦੀ ਅੱਗੇ ਬੈਠੇ ਰਾਜੇ ਸ਼ੀਂਹ, ਮੁਕਦਮ ਕੁੱਤੇ ਕੌਡੇ ਰਾਖ਼ਸ਼ ਬੰਦੇ ਖਾਣੇ 'ਭੁੱਖੇ-ਭਾਣੇ!' ਲਹੂ ਪਿਆਸੇ ਭਾਗੋ ਜਰਵਾਣੇ ਸੱਜਣ ਠੱਗ ਮਿੱਠ ਬੋਲੜੇ, ਮੋਮੋ-ਠਗਣੇ, ਜਾਦੂਗਰ ਗੁਜਰਾਤੀ ਫਾਹੁਣਾ ਚਾਹੁੰਦੇ ਜਾਲ ਵਿਛਾ ਕੇ ਤੂੰ ਆਪਣੇ ਪੁੱਤਾਂ ਦੇ ਅੰਗ-ਸੰਗ ਤੂੰ ਆਪਣੀਆਂ ਧੀਆਂ ਦਾ ਬਾਪੂ ਸਭ ਦੇ ਸਿਰ 'ਤੇ ਹੱਥ ਤੇਰਾ ਹੈ ਮਿਹਰਾਂ ਭਰਿਆ ਲੈ ਕੇ ਤੇਰਾ ਨਾਂ ਜਿੱਤ ਦਾ ਝੰਡਾ ਹੱਥੀਂ ਫੜ ਕੇ ਲੈ ਉੱਡਣਗੇ ਜਾਲ ਵਿੰਹਦਾ ਰਹੂ ਸ਼ਿਕਾਰੀ ਬੈਠਾ ਬਾਬਾ! ਇਹ ਮਾਸੂਮ ਜਿਹਾ ਹੈ ਸੁਪਨਾ ਮੇਰਾ ਤੇਰਾ ਸਿਰ 'ਤੇ ਹੱਥ ਰਿਹਾ ਤਾਂ ਹੋ ਜੂ ਪੂਰਾ

ਅਸੀਂ ਹੁਣ ਤੈਨੂੰ ਸੌਣ ਨਹੀਂ ਦੇਵਾਂਗੇ-ਵਿਸ਼ਾਲ

ਅਸੀਂ ਹੁਣ ਤੈਨੂੰ ਸੌਣ ਨਹੀਂ ਦੇਵਾਂਗੇ... ਆਪਣੇ ਧੁਰ ਅੰਦਰੋਂ.. ਡੂੰਘੀ ਤਹਿ ਚੋ... ਸਦੀਆਂ ਦਾ ਹਿਸਾਬ ਲੈਣ ਲਈ.. ਅਸੀਂ ਆ ਗਏ ਹਾਂ... ਵੇਖ ਵੱਧ ਰਹੇ ਹਾਂ ਤੇਰੀ ਸਲਤਨਤ ਵੱਲ... ਸਾਡੇ ਪਸੀਨੇ ਨਾਲ ਗੁੱਝੇ ਆਟੇ ਦੀ ਤੌਹੀਨ ਕੀਤੀ ਹੈ ਤੂੰ.. ਰੋਟੀ ਸਾਡਾ ਸੁਪਨਾ ਹੈ... ਫਸਲਾਂ ਸਾਡੀਆਂ ਧੀਆਂ... ਮਿੱਟੀ ਸਾਡੀ ਮਾਂ ਸਾਡੀ ਮਾਂ 'ਤੇ ਅੱਖ ਰੱਖੀ .... ਬਿਰਤੀ ਭੰਗ ਕੀਤੀ ਤੂੰ ਸਾਡੀ.... ਅਸੀਂ ਆਪਣੀਆ ਜਾਗਦੀਆ ਰਾਤਾਂ ਆਪਣੇ ਸਰਾਪੇ ਮੱਥਿਆ ਚ ਰੱਖ ਕੇ.. ਤੇਰੇ ਡਿਜ਼ਾਇਨ ਕੀਤੇ ਜੰਗਲ ਦੀਆਂ ਵਿਰਲਾ ਚੋ ਲੰਘ ਕੇ.. ਆਪਣੀ ਮਾਂ ਮਿੱਟੀ ਦੀ ਮੁਸਕਾਨ ਲਈ.. ਧੀਅ ਦੇ ਸਿਰ 'ਤੇ ਚੁੰਨੀ ਰੱਖਣ ਲਈ.. ਅਸੀਂ ਘਰਾਂ ਚੋਂ ਨਿਕਲ ਆਏ ਹਾਂ.... ਅਸੀਂ ਸਾਰੀ ਦੁਨੀਆਂ ਚ ਫੈਲੇ ਹੋਏ ਹਾਂ.. ਤੈਨੂੰ ਸੌਣ ਨਹੀਂ ਦੇਵਾਂਗੇ ਹੁਣ.. ਇਹ ਜੋ ਤੇਰੇ ਤੇ ਤੇਰੇ ਵਰਗਿਆ ਦੇ ਸਿਰਾ 'ਤੇ ਤਾਜ ਨੇ ਜਿੰਨਾ ਨੂੰ ਡੇਗਣ ਲਈ... ਸਾਡੇ ਕਾਫਲੇ ਦੇ ਨਾਲ ਤੁਰ ਰਹੀ... ਬੁੱਢੀ ਮਾਂ ਦੀ ਖੂੰਡੀ ਹੀ ਕਾਫ਼ੀ ਹੈ.... ਅਸੀਂ ਤਾਂ ਬਹੁਤ ਭੋਲੇ ਸਾਂ.. ਗੁਰੂਆ.. ਪੀਰਾਂ.. ਰਿਸ਼ੀਆ ਮੁਨੀਆ ਦੀ ਧਰਤੀ 'ਤੇ ..ਜੰਮੇ ਗੁਰੂ ਦਾ ਵਾਕ ਪੜਦੇ... ਕਿਰਤ ਕਮਾਈ ਕਰਦੇ.. ਵੰਡ ਕੇ ਛਕਣ ਚ ਵਿਸ਼ਵਾਸ ਰੱਖਦੇ.... ਉਸ ਮਿੱਟੀ ਚ ਸਾਹ ਲੈਂਦੇ ਜਿਥੇ ਲਿਖੇ ਗਏ ਵੇਦ ਗ੍ਰੰਥ... ਪੰਜਾਬ ਦੇ ਦਰਿਆਵਾਂ ਦੇ ਕੰਢਿਆਂ 'ਤੇ ਹੋਈ ਉਪਨਿਸ਼ਦਾ ਦੀ ਰਚਨਾ... ਤੂੰ ਸ਼ਬਦ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ... ਪਾਣੀ ਨਿਵਾਣ ਵੱਲ ਵਹਿੰਦੇ ਨੇ.. ਤੂਫਾਨ ਨਹੀਂ.. ਓ ਰਾਜਾ... ਜਦੋ ਕਵੀ ਦੀ ਕਵਿਤਾ ਤੜਫਦੀ ਹੈ ਤਾਂ ਸਮੇਂ ਦੇ ਗਰਭ ਚ ਇੱਕ ਨਵਾਂ ਸੂਰਜ ਉਦੈ ਹੁੰਦਾ.. ਸਾਰੀ ਸ੍ਰਿਸ਼ਟੀ ਨੂੰ ਹੈਰਾਨ ਕਰ ਦੇਣ ਵਾਲਾ...

ਹੁਣ ਮੈਂ ਇਕੱਲਾ ਨਹੀਂ-ਵਿਸ਼ਾਲ

ਹੁਣ ਮੈਂ ਇਕੱਲਾ ਨਹੀਂ.. ਅਸੀਂ ਸਾਰੇ ਘਰੋਂ ਨਿਕਲ ਆਏ ਹਾਂ .. ਇਹ ਇਸ਼ਕ ਦੀ ਨਹੀਂ ਖੂਨ ਦੀ ਗਲੀ ਹੈ ਤੇ ਅਸੀਂ ਪੇਟ ਦੇ ਭਾਰ ਤੁਰ ਰਹੇ ਹਾਂ.. ਵੇਖ ਮੇਰੇ ਪਿੱਛੇ ਕਿੰਨੇ ਲੋਕ ਨੇ.. ਤੇ ਪਿੱਛੇ ਇੱਕ ਤੁਫਾਨ.. ਸਾਡੇ ਮੋਢਿਆਂ 'ਤੇ ਸਦੀਆਂ ਦਾ ਜੋ ਭਾਰ ਹੈ ਉਤਾਰਨ ਆਏ ਹਾ... ਨਿਕਲ ਆਏ ਹਾਂ ਅਸੀ ਇਹ ਸਾਡੇ ਸਿਰ ਨਹੀਂ.. ਪੱਥਰ ਹਨ.. ਪੱਥਰਾਂ ਚ ਅੱਗ ਹੈ.. ਅੱਗ ਚ ਤੱਪਦਾ ਲੋਹਾ.. ਲੋਹੇ ਚ ਮੱਘਦਾ ਵਿਚਾਰ.. ਵਿਚਾਰ ਕੋਲ ਹੋਸ਼ ਹੈ ਹੋਸ਼ ਵਿੱਚ.. ਜੋਸ਼ ਹੈ.. ਸਾਡੀ ਟੱਕਰ ਨੇ ਹਿਲਾ ਦੇਣੀ ਤੇਰੀ ਜੜ.. ਤੇ ਕੈਲੰਡਰ ਤੋਂ ਬਾਹਰ ਪਈ ਤਾਰੀਖ.. ਨਵਾਂ ਇਤਿਹਾਸ ਸਿਰਜੇਗੀ.. ਨਵਾਂ ਸੂਰਜ ਚੜੇਗਾ ਸੁਪਨਿਆ ਵਾਲੀਆ ਰਾਤਾਂ ਦੀ ਬਲੀ ਦੇਣ ਵਾਸਤੇ ਅਸੀਂ ਘਰੋਂ ਨਿਕਲ ਆਏ ਹਾ ਹੁਣ ਅਸੀਂ ਆ ਗਏ ਹਾਂ.. ਵੇਖ ਕਿ ਅਸੀਂ ਆ ਗਏ ਹਾਂ ਤੈਨੂੰ ਦਿੱਸਦਾ ਕਿਓ ਨਹੀਂ.. ਕਿ ਅਸੀਂ ਆ ਗਏ ਹਾਂ ..ਤੈਨੂੰ ਦੱਸਣਾ ਹੈ ਹੁਣ .....ਕਿ ਸਾਡੀਆਂ ਕਲਮਾਂ 'ਤੇ ਸਾਡੇ ਸਿਰ ਨੇ.. ਸਿਰਾਂ 'ਤੇ.. ਕਲਮਾਂ.. ਸਾਡੇ ਨਾਲ ਸਾਡੀਆਂ ਕਵਿਤਾਵਾਂ ਨੇ.. ਵੇਖ.. ਸਾਡੇ ਲਹੂ ਨਾਲ ਲਿੱਬੜੇ ਪੈਰ ਵੇਖ .. ਗਲੀਆ ਚ ਜੋ ਲਹੂ ਦੇ ਧੱਬੇ ਨੇ.. ਇਹ ਸਾਡੇ ਪੁਰਖਿਆ ਦੇ ਨੇ.... ਸਾਡੀ ਆਤਮਾ ਚੋ ਚੋਏ ਲਹੂ ਨਾਲ ਮਿਲਦੇ ਧੱਬੇ... ਉਹ ਲਹੂ ਦੇ ਧੱਬੇ ਵੀ ਨਾਲ ਤੁਰ ਪਏ ਸਾਡੇ.. ਅਸੀਂ ਆਪਣੇ ਪੁਰਖਿਆ ਦੀਆ ਦੇਹਾਂ ਚੋ ਉੱਠ ਆਏ ਹਾਂ... ਅਸੀਂ ਜਿੱਤਣ ਨਹੀਂ.. ਤੈਨੂੰ ਤੋੜਣ ਆਏ ਹਾਂ.. ਹਰਾਉਣ ਆਏ ਹਾਂ.. ਤੇਰਾ.. ਤਾਜ.. ਤੱਖਤ ਡੇਗਣ ਆਏ ਹਾਂ.. ਫੈਜ ਅਹਿਮਦ ਫੈਜ ਦੀ ਕਵਿਤਾ ਨਾਲ ਲੈ ਕੇ ਆਏ ਹਾਂ.. ਅਸੀਂ ਆਪਣੀ ਮਿੱਟੀ ਦੀ ਤੌਹੀਨ ਨਹੀਂ ਹੋਣ ਦੇਣੀ.. ਮੇਰੇ ਪਿੱਛੇ ਖੜਾ ਬੰਦਾ ਵੀ ਇਹੋ ਸੋਚਦਾ ਹੈ.. ਉਸ ਦੇ ਪਿੱਛੇ ਖੜਾ ਬੰਦਾ ਵੀ ਉਹੀ.. ਤੇ ਅਖੀਰ ਤੱਕ.. ਸਾਰੇ ਇਹੋ ਸੋਚਦੇ ਹਨ .. ਇਹ ਯੁੱਧ ਵੰਡਣ.. ਇਹ ਯੁੱਧ ਲੜਣ.. ਅਸੀਂ ਘਰੋਂ ਨਿਕਲ ਆਏ ਹਾਂ... ਇਹ ਖੂਨ ਦੀ ਗਲੀ ਹੈ... ਅਸੀਂ ਪੇਟ ਦੇ ਭਾਰ ਤੁਰ ਰਹੇ ਹਾਂ...

ਹੋਰ ਦੱਸ-ਰੁਪਿੰਦਰ ਸਿੰਘ ਦਿਓਲ

ਹੋਰ ਦੱਸ ਰੋਟੀ ਕਿੱਥੋਂ ਆਈ ਤੇਰੀ ਥਾਲ਼ੀ ਵਿੱਚ ਕਿਸੇ ਨੇ ਤਾਂ ਸਿਰ ਦਿੱਤੈ ਸੱਜਣਾਂ ਪੰਜਾਲ਼ੀ ਵਿੱਚ ਮੰਨਿਆਂ ਤੂੰ ਦੂਰ ਕਿਸੇ ਸ਼ਹਿਰ ਵਿੱਚ ਰਹਿਨਾਂ ਏ। ਉੱਜੜੇ ਕਿਸਾਨਾਂ ਦੀ ਨਾ ਸਾਰ ਕਦੇ ਲੈਨਾਂ ਏਂ ਭੁੱਲਿਆ ਭਰਾਵਾਂ ਤਾਂਈ ਜ਼ਿੰਦਗੀ ਸੁਖਾਲ਼ੀ ਵਿੱਚ। ਹੋਰ ਦੱਸ ਰੋਟੀ ਕਿੱਥੋਂ ... ਮੰਡੀਆਂ ਗੋਦਾਮਾਂ ਵਿੱਚ ਜਿਣਸਾਂ ਨੂੰ ਰੋਲਿਆ ਹਾਲ਼ੀਆਂ ਦੇ ਹੱਕ ਵਿੱਚ ਕਦੇ ਨਾ ਤੂੰ ਬੋਲਿਆ। ਵੇਚਕੇ ਜ਼ਮੀਰ ਬੈਠਾ ਸੌਦਿਆਂ ਦੀ ਕਾਹਲ਼ੀ ਵਿੱਚ। ਹੋਰ ਦੱਸ ਰੋਟੀ ਕਿੱਥੋਂ ... ਦਿਸਦੇ ਨਾ ਪੌਣਾਂ ਵਿੱਚ ਜ਼ਹਿਰ ਘੋਲ਼ੀ ਜਾਂਦੇ ਜੋ। ਨੀਲੇ ਦਰਿਆਵਾਂ ਵਿੱਚ ਮੈਲ਼ ਡੋਲ੍ਹੀ ਜਾਂਦੇ ਜੋ। ਦਿਸਦੀ ਖੁਨਾਮੀ ਤੈਨੂੰ ਜੱਟ ਦੀ ਪਰਾਲ਼ੀ ਵਿੱਚ। ਹੋਰ ਦੱਸ ਰੋਟੀ... ਖਾਣ ਵਾਲ਼ੀ ਚੀਜ਼ ਸਭ ਖੇਤ ਵਿੱਚੋਂ ਆਉਂਦੀ ਏ। ਖੇਤੀ ਦੇ ਸਹਾਰੇ ਹੀ ਇਹ ਦੁਨੀਆਂ ਜਿਉਂਦੀ ਏ। ਫੇਰ ਵੀ ਕਿਸਾਨ ਸਦਾ ਰਹਿੰਦਾ ਮੰਦਹਾਲੀ ਵਿੱਚ। ਹੋਰ ਦੱਸ ਰੋਟੀ ਕਿੱਥੋਂ... ਤੂੰ ਵੀ ਉੱਠ ਲੁੱਟ ਨੂੰ ਵੰਗਾਰ ਕਦੇ ਸ਼ਹਿਰੀਆ ਨਾਹਰਾ ਕਿਰਸਾਨੀ ਲਈ ਮਾਰ ਕਦੇ ਸ਼ਹਿਰੀਆ। ਦਿਸੇ ਨਾ ਕੋਈ ਪੀਲ਼ਾ ਪੱਤ ਸਾਡੀ ਹਰਿਆਲੀ ਵਿੱਚ। ਹੋਰ ਦੱਸ ਰੋਟੀ ਕਿੱਥੋਂ ਆਈ ਤੇਰੀ ਥਾਲ਼ੀ ਵਿੱਚ। ਕਿਸੇ ਨੇ ਤਾਂ ਸਿਰ ਦਿੱਤੈ ਸੱਜਣਾਂ ਪੰਜਾਲ਼ੀ ਵਿੱਚ। (ਕੈਲਗਰੀ-ਕੈਨੇਡਾ)

ਇਹ ਮੇਲਾ ਹੈ-ਸੁਰਜੀਤ ਪਾਤਰ

(ਕਿਸਾਨ ਮੋਰਚੇ ਦੇ ਨਾਂ...) ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿਚ ਲੋਕ ਸ਼ਾਮਲ ਨੇ ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਲ ਨੇ ਇਹ ਮੇਲਾ ਹੈ ਇਹਦੇ ਵਿਚ ਧਰਤ ਸ਼ਾਮਲ, ਬਿਰਖ, ਪਾਣੀ, ਪੌਣ ਸ਼ਾਮਲ ਨੇ ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ ਇਹਦੇ ਵਿਚ ਪੁਰਖਿਆਂ ਦਾ ਰਾਂਗਲਾ ਇਤਿਹਾਸ ਸ਼ਾਮਲ ਹੈ ਇਹਦੇ ਵਿਚ ਲੋਕ—ਮਨ ਦਾ ਸਿਰਜਿਆ ਮਿਥਹਾਸ ਸ਼ਾਮਲ ਹੈ ਇਹਦੇ ਵਿਚ ਸਿਦਕ ਸਾਡਾ, ਸਬਰ, ਸਾਡੀ ਆਸ ਸ਼ਾਮਲ ਹੈ ਇਹਦੇ ਵਿਚ ਸ਼ਬਦ, ਸੁਰਤੀ, ਧੁਨ ਅਤੇ ਅਰਦਾਸ ਸ਼ਾਮਲ ਹੈ ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਵਰਤਮਾਨ, ਅਤੀਤ ਨਾਲ ਭਵਿੱਖ ਸ਼ਾਮਲ ਹੈ ਇਹਦੇ ਵਿਚ ਹਿੰਦੂ ਮੁਸਲਮ, ਬੁੱਧ, ਜੈਨ ਤੇ ਸਿੱਖ ਸ਼ਾਮਲ ਹੈ ਬੜਾ ਕੁਝ ਦਿਸ ਰਿਹਾ ਤੇ ਕਿੰਨਾ ਹੋਰ ਅਦਿੱਖ ਸ਼ਾਮਿਲ ਹੈ ਇਹ ਮੇਲਾ ਹੈ ਇਹ ਹੈ ਇਕ ਲਹਿਰ ਵੀ, ਸੰਘਰਸ਼ ਵੀ ਪਰ ਜਸ਼ਨ ਵੀ ਤਾਂ ਹੈ ਇਹਦੇ ਵਿਚ ਰੋਹ ਹੈ ਸਾਡਾ, ਦਰਦ ਸਾਡਾ ਟਸ਼ਨ ਵੀ ਤਾਂ ਹੈ ਜੋ ਪੁੱਛੇਗਾ ਕਦੀ ਇਤਿਹਾਸ ਤੈਥੋਂ, ਪ੍ਰਸ਼ਨ ਵੀ ਤਾਂ ਹੈ ਤੇ ਤੈਨੂੰ ਕੁਝ ਪਤਾ ਹੀ ਨਈ ਇਹਦੇ ਵਿਚ ਕੌਣ ਸ਼ਾਮਿਲ ਨੇ ਨਹੀਂ ਇਹ ਭੀੜ ਨਈਂ ਕੋਈ, ਇਹ ਰੂਹਦਾਰਾਂ ਦੀ ਸੰਗਤ ਹੈ ਇਹ ਤੁਰਦੇ ਵਾਕ ਦੇ ਵਿਚ ਅਰਥ ਨੇ, ਸ਼ਬਦਾਂ ਦੀ ਪੰਗਤ ਹੈ ਇਹ ਸ਼ੋਭਾ—ਯਾਤਰਾ ਤੋ ਵੱਖਰੀ ਹੈ ਯਾਤਰਾ ਕੋਈ ਗੁਰਾਂ ਦੀ ਦੀਖਿਆ ਤੇ ਚੱਲ ਰਿਹਾ ਹੈ ਕਾਫ਼ਿਲਾ ਕੋਈ ਇਹ ਮੈਂ ਨੂੰ ਛੋੜ ਆਪਾਂ ਤੇ ਅਸੀ ਵੱਲ ਜਾ ਰਿਹਾ ਕੋਈ ਇਹਦੇ ਵਿਚ ਮੁੱਦਤਾਂ ਦੇ ਸਿੱਖੇ ਹੋਏ ਸਬਕ ਸ਼ਾਮਲ ਨੇ ਇਹਦੇ ਵਿਚ ਸੂਫ਼ੀਆਂ ਫੱਕਰਾਂ ਦੇ ਚੌਦਾਂ ਤਬਕ ਸ਼ਾਮਲ ਨੇ ਤੁਹਾਨੂੰ ਗੱਲ ਸੁਣਾਉਨਾਂ ਇਕ, ਬੜੀ ਭੋਲੀ ਤੇ ਮਨਮੋਹਣੀ ਅਸਾਨੂੰ ਕਹਿਣ ਲੱਗੀ ਕੱਲ੍ਹ ਇਕ ਦਿੱਲੀ ਦੀ ਧੀ ਸੁਹਣੀ ਤੁਸੀਂ ਜਦ ਮੁੜ ਗਏ ਏਥੋਂ, ਬੜੀ ਬੇਰੌਣਕੀ ਹੋਣੀ ਟ੍ਰੈਫਿਕ ਤਾਂ ਬਹੁਤ ਹੋਵੇਗੀ ਪਰ ਸੰਗਤ ਨਹੀਂ ਹੋਣੀ ਇਹ ਲੰਗਰ ਛਕ ਰਹੀ ਤੇ ਵੰਡ ਰਹੀ ਪੰਗਤ ਨਹੀਂ ਹੋਣੀ ਘਰਾਂ ਨੂੰ ਦੌੜਦੇ ਲੋਕਾਂ ਚ ਇਹ ਰੰਗਤ ਨਹੀਂ ਹੋਣੀ ਅਸੀਂ ਫਿਰ ਕੀ ਕਰਾਂਗੇ ਤਾਂ ਸਾਡੇ ਨੈਣ ਨਮ ਹੋ ਗਏ ਇਹ ਕੈਸਾ ਨਿਹੁੰ ਨਵੇਲਾ ਹੈ ਇਹ ਮੇਲਾ ਹੈ ਤੁਸੀਂ ਪਰਤੋ ਘਰੀਂ, ਰਾਜ਼ੀ ਖੁਸ਼ੀ , ਹੈ ਇਹ ਦੁਆ ਹਮੇਰੀ ਤੁਸੀਂ ਜਿੱਤੋ ਇਹ ਬਾਜ਼ੀ ਸੱਚ ਦੀ, ਹੈ ਇਹ ਦੁਆ ਮੇਰੀ ਤੁਸੀ ਪਰਤੋ ਤਾਂ ਧਰਤੀ ਲਈ ਨਵੀਂ ਤਕਦੀਰ ਹੋ ਕੇ ਹੁਣ ਨਵੇਂ ਅਹਿਸਾਸ, ਸੱਚਰੀ ਸੋਚ ਤੇ ਤਦਬੀਰ ਹੋ ਕੇ ਹੁਣ ਮੁਹੱਬਤ ਸਾਦਗੀ ਅਪਣੱਤ ਦੀ ਤਾਸੀਰ ਹੋ ਕੇ ਹੁਣ ਇਹ ਇੱਛਰਾਂ ਮਾਂ ਤੇ ਪੁੱਤ ਪੂਰਨ ਦੇ ਮੁੜ ਮਿਲਣੇ ਦਾ ਵੇਲਾ ਹੈ ਇਹ ਮੇਲਾ ਹੈ ਹੈ ਜਿੱਥੋਂ ਤੱਕ ਨਜ਼ਰ ਜਾਂਦੀ ਤੇ ਜਿੱਥੋਂ ਤੱਕ ਨਹੀਂ ਜਾਂਦੀ ਇਹਦੇ ਵਿਚ ਲੋਕ ਸ਼ਾਮਲ ਨੇ ਇਹਦੇ ਵਿਚ ਲੋਕ ਤੇ ਸੁਰਲੋਕ ਤੇ ਤ੍ਰੈਲੋਕ ਸ਼ਾਮਿਲ ਨੇ ਇਹ ਮੇਲਾ ਹੈ ਇਹਦੇ ਵਿਚ ਧਰਤ ਸ਼ਾਮਿਲ, ਬਿਰਖ, ਪਾਣੀ, ਪੌਣ ਸ਼ਾਮਲ ਨੇ ਇਹਦੇ ਵਿਚ ਸਾਡੇ ਹਾਸੇ, ਹੰਝੂ, ਸਾਡੇ ਗੌਣ ਸ਼ਾਮਲ ਨੇ ਤੇ ਤੈਨੂੰ ਕੁਝ ਪਤਾ ਹੀ ਨਈਂ ਇਹਦੇ ਵਿਚ ਕੌਣ ਸ਼ਾਮਲ ਨੇ ਇਹ ਮੇਲਾ ਹੈ

ਮੇਰਾ ਦਿਲ ਹੈ ਟੁਕੜੇ ਟੁਕੜੇ-ਸੁਰਜੀਤ ਪਾਤਰ

ਮੇਰਾ ਦਿਲ ਹੈ ਟੁਕੜੇ ਟੁਕੜੇ ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ ਕਿਰਤੀ ਅਤੇ ਕਿਸਾਨ ਦੇ ਦੁਖੜੇ ਆਮ ਜਿਹੇ ਇਨਸਾਨ ਦੇ ਦੁਖੜੇ ਇਕ ਜ਼ਖ਼ਮੀ ਸੰਵਿਧਾਨ ਦੇ ਦੁਖੜੇ ਪਿਆਰੇ ਹਿੰਦੁਸਤਾਨ ਦੇ ਦੁਖੜੇ ਮੇਰੇ ਦਿਲ ਵੀਰਾਨ ਦੇ ਦੁਖੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ ਮੇਰੀ ਵਾਜ ਦੇ ਪਿੱਛੇ ਵੱਜਦਾ ਕੋਈ ਵਿਕਿਆ ਹੋਇਆ ਬੈਂਡ ਨਹੀਂ ਸੱਤਵਾਦੀ ਨੂੰ ਕਹਿ ਦਿੰਦਾ ਏਂ ਝਟਪਟ ਤੂੰ ਅੱਤਵਾਦੀ ਲੋਕ ਜਾਣਦੇ ਨੇ ਇਹ ਤੇਰੀ ਬੜੀ ਪੁਰਾਣੀ ਵਾਦੀ ਹੋਰ ਦਲੀਲ ਨਾ ਸੁੱਝੇ ਤਾਂ ਫਿਰ ਇਹ ਪੱਕੀ ਮੁਨਿਆਦੀ ਹੁਣ ਪਰ ਨਹੀਂ ਚੱਲਣੀ ਇਹ ਤੇਰੀ ਮੁੜ ਮੁੜ ਆਤਿਸ਼ਬਾਜ਼ੀ ਝੂਠ ਦੇ ਕਿਹੜੇ ਪੈਰ ਨੇ ਸਮਝੋ ਹੁਣ ਉੱਖੜੇ ਕਿ ਉੱਖੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਲੈਫ਼ਟ ਕੌਣ ਨੇ ਰਾਈਟ ਕੌਣ ਨੇ, ਮੈਨੂੰ ਭੇਤ ਜ਼ਰਾ ਨਾ ਉਂਜ ਮੇਰਾ ਦਿਲ ਖੱਬੇ ਪਾਸੇ, ਇਸ ਵਿਚ ਸ਼ੱਕ ਰਤਾ ਨਾ ਓਹੀ ਸੱਚਾ ਵਾਦ ਹੈ ਜਿਹੜਾ ਦੀਨ ਦੁਖੀ ਤੱਕ ਉੱਪੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਕੇਸਰੀ ਝੰਡੇ ਚੋਂ ਜੇ ਤੈਨੂੰ ਆਨ ਬਾਨ ਹੈ ਦਿਸਦਾ ਹਰ ਨਿਸ਼ਾਨ ਸਾਹਿਬ ਚੋਂ ਤੈਨੂੰ ਖ਼ਾਲਿਸਤਾਨ ਹੈ ਦਿਸਦਾ ਫਿਰ ਤਾਂ ਤੈਨੂੰ ਦਿਸਦਾ ਹੋਣਾ ਸਾਰੇ ਗੁਰੂ ਘਰਾਂ ਚੋਂ ਹਰ ਇਕ ਗਲ਼ੀ ਮਹੱਲੇ ਚੋ ਤੇ ਹਰ ਇਕ ਸ਼ਹਿਰ ਗਰਾਂ ਚੋਂ ਸ਼ੋਭਾ ਯਾਤਰਾ ਵੇਲੇ ਦਿਸਦਾ ਹਰ ਇਕ ਸੜਕ ਤੇ ਹੋਣਾ ਦੇਖ ਜ਼ਰਾ ਤੂੰ ਤੇਰੀ ਅਪਣੀ ਅੱਖ ਦੀ ਰੜਕ ਚ ਹੋਣਾ ਕਰਾਂ ਦੁਆਵਾਂ ਦੂਰ ਕਰੇ ਰੱਬ ਤੇਰੀ ਨਜ਼ਰ ਦੇ ਕੁੱਕਰੇ ਮੇਰਾ ਦਿਲ ਹੈ ਟੁਕੜੇ ਟੁਕੜੇ ਲਾ ਝੂਠੇ ਇਲਜ਼ਾਮ ਨ ਐਵੇਂ ਇਹਨਾਂ ਸੱਚਿਆਂ ਉੱਤੇ ਅਪਣੇ ਮੂੰਹ ਤੇ ਪੈਂਦਾ ਹੈ, ਜੇ ਥੁੱਕੀਏ ਚੰਨ ਦੇ ਉੱਤੇ ਮੇਰੇ ਧੀਆਂ ਪੁੱਤਰਾਂ ਦੇ ਵੀ ਚੰਨ ਜਿਹੇ ਨੇ ਮੁਖੜੇ ਮੇਰਾ ਦਿਲ ਹੈ ਟੁਕੜੇ ਟੁਕੜੇ ਪਰ ਮੈਂ ਟੁਕੜੇ ਟੁਕੜੇ ਗੈਂਗ ਨਹੀਂ ਮੇਰੀ ਵਾਜ ਦੇ ਪਿੱਛੇ ਵੱਜਦਾ ਕੋਈ ਵਿਕਿਆ ਹੋਇਆ ਬੈਂਡ ਨਹੀਂ

ਰੁੱਖ ਨੂੰ ਜਦ ਅੱਗ ਲੱਗੀ-ਸੁਰਜੀਤ ਪਾਤਰ

ਰੁੱਖ ਨੂੰ ਜਦ ਅੱਗ ਲੱਗੀ ਕੁੱਲ ਪਰਿੰਦੇ ਉੜ ਗਏ,ਉੜਨਾ ਹੀ ਸੀ ਇਕ ਚਿੜੀ ਪਰ ਜਾਂਦੀ ਜਾਂਦੀ ਮੁੜ ਪਈ ਉਸ ਦੇ ਮਨ ਵਿਚ ਸੋਚ ਆਈ ਰੁੱਖ ਕੀ ਸੋਚੂ ਵਿਚਾਰਾ ਉਸ ਨੂੰ ਲੱਗਾ ਰੁੱਖ ਦੇ ਪੱਤੇ ਜਿਵੇਂ ਹੋਵਣ ਹਜ਼ਾਰਾਂ ਅੱਖੀਆਂ ਉਡਦਿਆਂ ਪੰਖੇਰੂਆਂ ਨੂੰ ਤੱਕਦੀਆਂ ਕੋਲ਼ ਇਕ ਤਾਲਾਬ ਸੀ ਉਸ ਦੇ ਜਲ ਚੋਂ ਭਰ ਕੇ ਚੁੰਜਾਂ ਉਹ ਚਿੜੀ ਬਲ਼ ਰਹੇ ਰੁੱਖ ਉੱਤੇ ਤਰੌਂਕਣ ਲੱਗ ਪਈ ਕੋਲ਼ੋਂ ਦੀ ਕੋਈ ਮੁਸਾਫ਼ਿਰ ਲੰਘਿਆ ਦੇਖ ਕੇ ਦ੍ਰਿਸ਼ ਡਰ ਗਿਆ ਸੜ ਹੀ ਨਾ ਜਾਏ ਕਿਤੇ ਝੱਲੀ ਚਿੜੀ ਕਹਿਣ ਲੱਗਾ ਭੋਲ਼ੀਏ ਚਿੜੀਏ ਤੂੰ ਸੋਚ ਤੇਰੀਆਂ ਚੁੰਝ-ਚੂਲ਼ੀਆਂ ਨਾਲ਼ ਕੀ ਅੱਗ ਬਲ਼ਦੇ ਬਿਰਖ ਦੀ ਬੁਝ ਜਾਏਗੀ? ਜਾਣਦੀ ਹਾਂ ਐ ਮੁਸਾਫਿਰ ਕਹਿਣ ਲੱਗੀ ਉਹ ਚਿੜੀ ਮੇਰੀਆਂ ਚੁੰਝ-ਚੂਲ਼ੀਆਂ ਦੇ ਨਾਲ਼ ਤਾਂ ਅੱਗ ਬਲ਼ਦੇ ਬਿਰਖ ਦੀ ਬੁਝਣੀ ਨਹੀਂ ਫੇਰ ਵੀ ਪਰ ਸੋਚਦੀ ਹਾਂ ਜਦੋਂ ਜੰਗਲ ਦਾ ਕਦੀ ਇਤਿਹਾਸ ਲਿਖਿਆ ਜਾਏਗਾ ਨਾਮ ਮੇਰਾ ਅੱਗ ਬੁਝਾਵਣ ਵਾਲ਼ਿਆਂ ਵਿਚ ਆਏਗਾ ਤੇ ਇਨ੍ਹਾਂ ਰੁੱਖਾਂ ਦੇ ਵਾਰਿਸ ਕਹਿਣਗੇ: ਸਾਨੂੰ ਜਦ ਲੱਗਦੀ ਹੈ ਅੱਗ ਸਭ ਪਰਿੰਦੇ ਤ੍ਰਬਕ ਕੇ ਉੜਦੇ ਹੀ ਨੇ ਪਰ ਕਈ ਮੁੜਦੇ ਵੀ ਨੇ ਗੱਲ ਸੁਣ ਕੇ ਚਿੜੀ ਦੀ ਰਾਹਗੀਰ ਵੀ ਲੱਗ ਪਿਆ ਉਸ ਰੁੱਖ ਉੱਤੇ ਪਾਣੀ ਸੁੱਟਣ ਹੋਰ ਤੇ ਇਕ ਹੋਰ ਤੇ ਇਕ ਹੋਰ ਰਾਹੀ ਆ ਗਿਆ ਤੇ ਪਰਿੰਦੇ ਵੀ ਹਜ਼ਾਰਾਂ ਪਰਤ ਆਏ ਚੁੰਝਾਂ ਦੇ ਵਿਚ ਨੀਰ ਭਰ ਕੇ ਆਖਦੇ ਨੇ ਬੁਝ ਗਈ ਸੀ ਅੱਗ ਬਲ਼ਦੇ ਬਿਰਖ ਦੀ ਤੇ ਕਿਸੇ ਅਗਲੀ ਬਹਾਰ ਰੁੱਖ ਦੇ ਝੁਲ਼ਸੇ ਤਨੇ ਚੋਂ ਫੁੱਟ ਆਏ ਸੀ ਹਰੇ ਪੱਤੇ ਮਹੀਨ ਜਿਸਤਰਾਂ ਕਿ ਹਰੇ ਅੱਖਰ ਹੋਣ ਕਾਲ਼ੇ ਸਫ਼ੇ ਤੇ ਰੁੱਖ ਉਹ ਇਕ ਆਸ ਤੇ ਧਰਵਾਸ ਦੀ ਕੋਸ਼ਿਸ਼ ਅਤੇ ਵਿਸ਼ਵਾਸ ਦੀ ਨਜ਼ਮ ਵਰਗਾ ਹੋ ਗਿਆ ਸੀ। ਮੇਰੀ ਮਾਂ ਨੇ ਇਹ ਸੁਣਾਈ ਸੀ ਕਹਾਣੀ ਤੇ ਕਿਹਾ ਸੀ: ਇਹ ਕਦੀ ਨਾ ਸਮਝੀਂ ਕਿ ਲਿੱਸਾ ਏਂ ਤੂੰ ਇਹ ਕਦੀ ਨਾ ਸੋਚੀਂ ਕਿ ਕੱਲਾ ਏਂ ਤੂੰ ਰੁੱਖ ਨੂੰ ਜਦ ਅੱਗ ਲੱਗੇ ਉੜ ਪਵੀਂ ਪਰ ਮੁੜ ਪਵੀਂ ਚੁੰਝ ਦੇ ਵਿਚ ਨੀਰ ਭਰ ਕੇ ਉਸ ਚਿੜੀ ਨੂੰ ਯਾਦ ਕਰ ਕੇ

ਇਹ ਬਾਤ ਨਿਰੀ ਏਨੀ ਹੀ ਨਹੀਂ-ਸੁਰਜੀਤ ਪਾਤਰ

ਇਹ ਬਾਤ ਨਿਰੀ ਏਨੀ ਹੀ ਨਹੀਂ ਨਾ ਇਹ ਮਸਲਾ ਸਿਰਫ਼ ਕਿਸਾਨ ਦਾ ਏ। ਇਹ ਪਿੰਡ ਦੇ ਵੱਸਦੇ ਰਹਿਣ ਦਾ ਏ ਜਿਰਨੂੰ ਤੌਖ਼ਲਾ ਉੱਜੜ ਜਾਣ ਦਾ ਏ। ਉਂਝ ਤਾਂ ਇਹ ਚਿਰਾਂ ਦਾ ਉੱਜੜ ਰਿਹਾ ਕੋਈ ਅੱਜ ਨਹੀਂ ਉੱਜੜਨ ਲੱਗਿਆ ਏ। ਇਹਨੂੰ ਗ਼ੈਰਾਂ ਨੇ ਵੀ ਲੁੱਟਿਆ ਏ ਤੇ ਆਪਣਿਆਂ ਵੀ ਠੱਗਿਆ ਏ। ਇਹਦਾ ਮਨ ਪਿੰਡੇ ਤੋਂ ਵੱਧ ਜ਼ਖ਼ਮੀ ਦੁੱਖ ਰੂਹ ਤੋਂ ਵਿੱਛੜ ਜਾਣ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਜਿਸ ਗੁਰੂ ਦੇ ਨਾਮ ਤੇ ਜਿਉਂਦਾ ਏ ਉਸ ਦੇ ਪੈਗ਼ਾਮ ਨੂੰ ਵਿੱਸਰ ਗਿਆ। ਇੱਕ ਘੁਰਾ ਸ਼ਬਦ ਦਾ ਨਿਕਲ ਗਿਆ ਇਹਦੀ ਸੁਰਤ ਦਾ ਬੁਣਿਆ ਉਧੜ ਗਿਆ। ਇਹ ਵੇਲਾ ਸੱਜਰੀ ਬੁਣਤੀ ਵਿੱਚ ਸ਼ਬਦਾਂ ਦੇ ਬੂਟੇ ਪਾਣ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਇਹ ਬਾਤ ਨਿਰੀ ਖੇਤਾਂ ਦੀ ਨਹੀਂ ਇਹ ਗੱਲ ਤਾਂ ਸਫ਼ਿਆਂ ਦੀ ਵੀ ਹੈ। ਅੱਖਰ ਨੇ ਜਿੰਨ੍ਹਾਂ ਦੇ ਬੀਜਾਂ ਜਹੇ ਉਨ੍ਹਾਂ ਸੱਚ ਦੇ ਫਲਸਫ਼ਿਆਂ ਦੀ ਵੀ ਹੈ। ਮੈਨੂੰ ਫ਼ਿਕਰ ਲਾਲੋ ਦੇ ਕੋਧਰੇ ਦਾ, ਤੈਨੂੰ ਭਾਗੋ ਦੇ ਪਕਵਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਆਖੀ ਸੀ ਕਦੀ ਇੱਕ ਪੁਰਖੇ ਨੇ ਉਹ ਬਾਤ ਅਜੇ ਤੱਕ ਹੈ ਸੱਜਰੀ। ਨਹੀਂ ਕੰਮ ਥਕਾਉਂਦਾ ਬੰਦੇ ਨੂੰ ਬੰਦੇ ਨੂੰ ਥਕਾਉਂਦੀ ਬੇਕਦਰੀ। ਇਹ ਦੁੱਖ ਓਸੇ ਬੇਕਦਰੀ ਦਾ ਇਹ ਸੱਲ੍ਹ ਉਸੇ ਅਪਮਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਤੇਰੇ ਵੱਡੇ ਵੱਸਣ ਘਰਾਣੇ ਵੀ ਸਾਡੇ ਰਹਿਣ ਦੇ ਨਿੱਕੇ ਘਰ ਵੱਸਦੇ। ਸਭ ਚੁੱਲ੍ਹਿਆਂ ਵਿੱਚ ਅੱਗ ਬਲ਼ਦੀ ਰਵ੍ਹੇ, ਸਭ ਧੀਆਂ ਪੁੱਤ ਵੱਸਦੇ ਰਸਦੇ। ਇਹ ਗੱਲ ਸਭਨਾਂ ਦੇ ਵੱਸਣ ਦੀ ਏ ਇਹ ਜਸ਼ਨ ਤਾਂ ਵੰਡ ਕੇ ਖਾਣ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਕਿਉਂ ਧੀ ਕਿਸੇ ਕਿਰਤੀ ਕਾਮੇ ਦੀ ਉਨ੍ਹਾਂ ਦੀ ਖ਼ਾਤਰ ਧੀ ਹੀ ਨਹੀਂ। ਜੋ ਪੁੱਤ ਨੇ ਡਾਢਿਆਂ ਦੇ ਜਾਏ ਉਨ੍ਹਾਂ ਦੀ ਕਿਤੇ ਪੇਸ਼ੀ ਹੀ ਨਹੀਂ। ਤੂੰ ਡਰ ਹੁਣ ਓਸ ਅਦਾਲਤ ਤੋਂ ਜਿੱਥੇ ਹੋਣਾ ਅਦਲ ਈਮਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਤੇਰੇ ਨਾਲ ਅਮੀਰ ਵਜ਼ੀਰ ਖੜ੍ਹੇ ਮੇਰੇ ਨਾਲ ਪੈਗੰਬਰ ਪੀਰ ਖੜ੍ਹੇ। ਰਵੀਦਾਸ ਫ਼ਰੀਦ ਕਬੀਰ ਖੜੇ ਮੇਰੇ ਨਾਨਕ ਸ਼ਾਹ ਫ਼ਕੀਰ ਖੜ੍ਹੇ। ਮੇਰਾ ਨਾਮਦੇਵ ਮੇਰਾ ਧੰਨਾ ਵੀ ਮੈਨੂੰ ਮਾਣ ਆਪਣੀ ਇਸ ਸ਼ਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਖ਼ੂਹ ਵਗਦੇ ਵਗਦੇ ਛਪਨ ਹੋਏ, ਹੁਣ ਬਾਤ ਹੈ ਸਦੀਆਂ ਗਈਆਂ ਦੀ। ਮੈਂ ਜਾਣਦਾਂ ਯੁਗ ਬਦਲਦੇ ਨੇ ਤਿੱਖੀ ਰਫ਼ਤਾਰ ਹੈ ਪਹੀਆਂ ਦੀ। ਬੰਦੇ ਨੂੰ ਮਿੱਧ ਨਾ ਲੰਘ ਜਾਵਣ ਇਹ ਫ਼ਰਜ਼ ਵੀ ਨੀਤੀਵਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਇਹ ਕਣਕ ਤੇ ਧਾਨ ਦੀ ਗੱਲ ਹੀ ਨਹੀਂ ਇਹ ਅਣਖ਼ ਤੇ ਆਨ ਦੀ ਗੱਲ ਵੀ ਹੈ। ਕੀ ਹਾਲ ਹੈ ਕਿੰਝ ਗੁਜ਼ਰਦੀ ਹੈ ਇਹ ਮੋਹ ਤੇ ਮਾਣ ਦੀ ਗੱਲ ਵੀ ਹੈ। ਜੋ ਆਪਣਾ ਹੁੰਦਾ ਪੁੱਛਦਾ ਹੈ ਕੀ ਦੁਖਦਾ ਮੇਰੀ ਜਾਨ ਦਾ ਏ। ਇਹ ਬਾਤ ਨਿਰੀ ਏਨੀ ਹੀ ਨਹੀਂ। ਮੈਂ ਜਾਗਿਆ ਹਾਂ ਬੜੀ ਦੇਰੀ ਨਾਲ ਮੇਰੀ ਟੁੱਟੀ ਹੈ ਨੀਂਦ ਹਨ੍ਹੇਰੀ ਨਾਲ ਮੇਰੇ ਸੁੱਤਿਆਂ ਸੁੱਤਿਆਂ ਤੁਰ ਗਿਆ ਏ, ਮੇਰਾ ਕੀ ਕੁਝ ਗਫ਼ਲਤ ਮੇਰੀ ਨਾਲ। ਉਹ ਜੋ ਇਸ ਦੇ ਮਗਰੇ ਆਉਂਦਾ ਏ ਮੈਨੂੰ ਫ਼ਿਕਰ ਤਾਂ ਓਸ ਤੂਫ਼ਾਨ ਦਾ ਏ ਇਹ ਬਾਤ ਨਿਰੀ ਏਨੀ ਹੀ ਨਹੀਂ। ਇਹ ਮਸਲਾ ਧਰਤੀ ਮਾਂ ਦਾ ਹੈ। ਇਹ ਮਸਲਾ ਕੁੱਲ ਜਹਾਨ ਦਾ ਹੈ। ਇਹ ਮਸਲਾ ਵੱਸਦੀ ਦੁਨੀਆਂ ਦਾ ਜਿਹਨੂੰ ਤੌਖਲਾ ਉੱਜੜ ਜਾਣ ਦਾ ਏ ਇਹ ਬਾਤ ਨਿਰੀ ਏਨੀ ਹੀ ਨਹੀਂ।

ਅੱਤ ਦਾ ਅੰਤ-ਕਰਮਜੀਤ ਕੌਰ ਕਿਸ਼ਾਂਵਲ

ਉਹ ਲਿਖ ਰਹੇ ਨੇ ਸਰਦ ਰਾਤਾਂ 'ਚ ਦਿੱਲੀ ਦੀਆਂ ਸੜਕਾਂ 'ਤੇ ਸਿਦਕ ਦੀ ਸਿਆਹੀ ਨਾਲ ਇਸ ਦੌਰ ਦੀ ਬਿਹਤਰਹੀਨ ਕਵਿਤਾ.... ਕਿ 'ਅੱਤ' ਦੇ ਅੰਤ ਲਈ ਅਣਖ ਜਗਾਉਣੀ ਹੈ ਲਾਜ਼ਮੀ ਸਮਝ ਲਿਆ ਅਸੀਂ ਕਿ ਹੋਂਦ ਦੀ ਖਿੱਲੀ ਉਡਾਉਣ ਵਾਲੇ ਰਹਿਬਰ ਨਹੀਂ ਹੁੰਦੇ ਤੇ ਮਿੱਠੀਆਂ ਚਾਸ਼ਨੀਆ ਚ ਲਿਪਟੇ ਵਿਸ਼ ਗੰਦਲੀ ਧਰਵਾਸੇ ਪਾ ਸਕਦੇ ਨੇ ਸਾਡੀ ਜੀਭ ਤੇ ਛਾਲੇ ਸ਼ਬਦਾਂ ਦੀ ਚਾਸ਼ਨੀ 'ਚ ਲਪੇਟ ਕੇ ਜ਼ਹਿਰ ਜੇ ਸਾਡੇ ਹਲਕ 'ਚ ਸੁੱਟੋਗੇ ਤਾਂ ਅਸੀਂ ਇਸਨੂੰ ਮਠਿਆਈ ਮੰਨਣ ਤੋਂ ਇਨਕਾਰ ਕਰਾਂਗੇ ਕੋਰਾ ਇਨਕਾਰ ਕਰਾਂਗੇ! ਹੁੰਦੇ ਨੇ ਜੀਭ ਦੇ ਤਿੰਨ ਹਿੱਸੇ ਜੋ ਮਿੱਠਾ, ਲੂਣਾ ਤੇ ਖੱਟਾ ਪਛਾਣਦੇ ਨੇ ਪਰ ਹਾਕਮਾ! ਅਸੀਂ ਜੀਭ ਦੇ ਗ਼ੁਲਾਮ ਨਹੀਂ - ਰੁੱਖੀ ਮਿੱਸੀ ਖਾ ਸਬਰ ਦੇ ਘੁੱਟ ਭਰਨਾ ਜਾਣਦੇ ਹਾਂ ਤੇ ਹਾਂ! ਸਾਡੇ ਦਿਮਾਗ਼ ਦੇ ਸੱਭੇ ਖੂੰਜੇ ਰੌਸ਼ਨ ਨੇ ਜੋ ਬਾਖ਼ੂਬੀ ਜਾਣਦੇ ਨੇ ਮਿੱਤਰ ਤੇ ਵੈਰੀ ਵਿਚਲਾ ਫਰਕ - ਗੱਲ ਵੱਖਰੀ ਐ ਕਿ ਵੈਰੀ ਲਈ ਵੀ ਖੁੱਲ੍ਹੇ ਰਖਦੇ ਹਾਂ ਅਸੀਂ ਦਿਲ ਦੇ ਬੂਹੇ! ਯਾਦ ਰੱਖਣਾ ਦਿੱਲੀ ਤਖ਼ਤ ਦੇ ਹਾਕਮੋ! ਵਰ੍ਹਿਆਂ ਤੋਂ ਇਨਸਾਫ਼ ਦੀ ਉਡੀਕਦੀ ਚੁੱਪ ਟੁੱਟਦੀ ਹੈ ਤਾਂ ਸੰਘਰਸ਼ ਦਾ ਬਿਗੁਲ ਬਣਦੀ ਹੈ ਅਸੀਂ ਅਣਖੀ ਜੋ ਅਲਖ਼ ਜਗਾ ਰਹੇ ਹਾਂ 'ਦਿੱਲੀ ਚੱਲੋ' ਦਾ ਨਾਅਰਾ ਨਹੀਂ ਖ਼ੁਦ ਚੱਲ ਕੇ ਦਿੱਲੀ ਨੂੰ ਆ ਰਹੇ ਹਾਂ ਤੁਹਾਡੀ ਬੁੱਕਲ 'ਚ ਛਿਪੀ ਬਿੱਲੀ ਸਾਰੇ ਜੱਗ ਨੂੰ ਦਿਖਾ ਰਹੇ ਹਾਂ ਸਬਰ ਕਰੋ ਸਬਰ ਕਰੋ ਤੁਹਾਡੀ ਮਿਆਉਂ ਮਿਆਉਂ ਤੇ ਸਾਡੀ ਚਿਰਾਂ ਦੀ ਚੁੱਪ ਮਗਰੋਂ ਗੂੰਜੀ ਦਹਾੜ ਜੱਗ ਸੁਣੇਗਾ ਤੇ ਦੁਨੀਆਂ ਵੇਖੇਗੀ ਧਰਤ ਦੀ ਹਿੱਕ ਤੇ ਉੱਕਰੀ ਕਵਿਤਾ ਜੋ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਿਆਂ ਖ਼ੂਨ ਪਸੀਨਾ ਇਕ ਕਰਦਿਆਂ ਸਦੀਆਂ ਤੋਂ ਲਿਖੀ ਜਾ ਰਹੀ ਹੈ ਸਾਡੇ ਸੀਨਿਆਂ 'ਤੇ ਕੋਈ ਸਮਾਂ ਐਸਾ ਵੀ ਆਉਂਦਾ ਜਦ ਕਵਿਤਾ ਕਾਗਜ਼ ਤੇ ਨਹੀਂ ਸੀਨਿਆਂ ਤੇ ਲਿਖੀ ਜਾਂਦੀ ਆ ਏਸੇ ਲਈ ਸੀਨੇ ਡਾਹ ਰਹੇ ਹਾਂ ਸੀਨਾ ਖੋਲ੍ਹ ਕੇ ਵਿਖਾ ਰਹੇ ਹਾਂ ਤੇ ਸੀਨਿਆਂ ਤੇ ਲਿਖੀ ਕਵਿਤਾ ਸੁਣਾ ਰਹੇ ਹਾਂ ਤੇ ਹਾਂ! ਅੱਤ ਦਾ ਅੰਤ ਨੇੜੇ ਹੈ ਤੇ ਨਵੀਂ ਇਬਾਰਤ ਲਿਖਣ ਲਈ ਸਿਆਹੀ ਘੋਲੀ ਜਾ ਰਹੀ ਹੈ!!!

ਯੁੱਧ ਕਿਲੇ ਤੇ ਖੇਤ ਦਾ ਏ-ਸੁਰਜੀਤ ਜੱਜ

ਇਹ ਹੱਲਾ ਬੋਲ ਕਿਸਾਨ ਦਾ ਏ ਹੱਕ ਮੰਗਦੇ ਹਰ ਇਨਸਾਨ ਦਾ ਏ ਵਰ੍ਹਿਆਂ ਤੋਂ ਸੁਲਝਦੇ ਹਰਖ ਦਾ ਏ ਸਾਡੀ ਹਰ ਪਲ ਹੁੰਦੀ ਪਰਖ ਦਾ ਏ ਮੋਢਿਆਂ ‘ਤੇ ਉੱਗਦੇ ਸਿਰਾਂ ਦਾ ਏ ਯੁੱਧ ਸੱਚੀਆਂ,ਝੂਠੀਆਂ ਧਿਰਾਂ ਦਾ ਏ ਸੜਕਾਂ,ਰਾਹਾਂ ,ਵੱਟ-ਬੰਨਿਆਂ ‘ਤੇ ਹਾਕਮ ਦੀ ਪੁਟੀਂਦੀ ਕਬਰ ਦਾ ਏ ਅਸੀਂ ਮੇਲਾ ਵੇਖਣ ਨਈ੍ਹਂ ਆਏ ਇਹ ਯੁੱਧ ਸਿਤਮ ਤੇ ਸਬਰ ਦਾ ਏ ਇਹ ਯੁੱਧ ਲੁੱਟ ਹੁੰਦੀ ਫ਼ਸਲ ਦਾ ਏ ਰੋਲ਼ੀ ਜਾਂਦੀ ਹਰ ਨਸਲ ਦਾ ਏ ਪਿਓ,ਬਾਬੇ,ਦਾਦੀ,ਨਾਨੀ ਦਾ ਇਹ ਯੁੱਧ ਹੈ ਸਤੀ ਜਵਾਨੀ ਦਾ ਜੋ ਗਦਰੀ ਬਾਬੇ ਬੀਜ ਗਏ ਉੱਗਦਾ ਜੋ ਹੁਸੈਨੀਵਾਲੇ ਤੋਂ ਸਾਡੇ ਮੱਥਿਆਂ ਵਿੱਚ ਉਸ ਚਾਨਣ ਦੇ ਪਲ-ਪਲ ਹੁੰਦੇ ਪ੍ਰਵੇਸ਼ ਦਾ ਏ ਅਸੀਂ ਮੇਲਾ ਵੇਖਣ ਨਈ੍ਹਂ ਆਏ ਇਹ ਯੁੱਧ ਦਿੱਲੀ ਤੇ ਦੇਸ਼ ਦਾ ਏ ਇਹ ਯੁੱਧ ਬੰਦੇ ਦੇ ਬੰਦਿਆਂ ਦਾ ਇਹ ਯੁੱਧ ਲੱਧੀ ਦੇ ਦੁੱਲਿਆਂ ਦਾ ਨਾਨਕ,ਰਵਿਦਾਸ,ਕਬੀਰ ਸਣੇ ਇਹ ਯੁੱਧ ਵਾਰਿਸਾਂ-ਬੁੱਲ੍ਹਿਆਂ ਦਾ ਇਹ ਯੁੱਧ ਹੈ ਕੱਚੀਆਂ ਗੜ੍ਹੀਆਂ ਦਾ ਇਹ ਯੁੱਧ ਕਿਤਾਬਾਂ ਪੜ੍ਹੀਆਂ ਦਾ ਹੈ ਸੱਚ ਸਦੀਵੀ ਸਮਿਆਂ ਦਾ ਤੇ ਉਜ਼ਰ ਅਗੇਤ-ਪਿਛੇਤ ਦਾ ਏ ਇਹ ਕੁੰਭ ਦਾ ਕੋਈ ਮੇਲਾ ਨਈ੍ਹਂ ਇਹ ਯੁੱਧ ਕਿਲੇ ਤੇ ਖੇਤ ਦਾ ਏ ਇਹ ਹਿੰਦ-ਪੰਜਾਬ ਦਾ ਜੰਗ ਨਹੀਂ ਇਹ ਯੁੱਧ ਮਹਿਲਾਂ ਤੇ ਕੁੱਲੀਆਂ ਦਾ ਜੋ ਵਰ੍ਹਿਆਂ ਤੋਂ ਸੀ ਚੁੱਪ ਪਈਆਂ ਇਹ ਯੁੱਧ ਹੁਣ ਖੁੱਲ੍ਹੀਆਂ ਬੁੱਲ੍ਹੀਆਂ ਦਾ ਇਹ ਯੁੱਧ ਹੈ ਉੱਠੀਆਂ ਬਾਹਵਾਂ ਦਾ ਇਹ ਯੁੱਧ ਹੈ ਤਣਿਆਂ ਮੁੱਕਿਆਂ ਦਾ ਯੁੱਧ ਜ਼ਹਿਰੀ ਕੀਤੀਆਂ ਪੌਣਾਂ ਦਾ ਇਹ ਯੁੱਧ ਦਰਿਆਵਾਂ ਸੁੱਕਿਆਂ ਦਾ ਹਰ ਪਿੰਡ ਹਰ ਸ਼ਹਿਰ ‘ਚ ਉੱਗ ਆਏ ਯੁੱਧ ਜੱਲ੍ਹਿਆਂਵਾਲੇ ਬਾਗ਼ ਦਾ ਏ ਇਹ ਯੁੱਧ ਉਹ ਯੁੱਧ ਹੈ ਜੋ ਹਰ ਪਲ ਸਿਰ ਤੋਂ ਪੈਰਾਂ ਤਕ ਜਾਗਦਾ ਏ ਇਸ ਯੁੱਧ ਨੇ ਸਾਨੂੰ ਜਣਨਾ ਏਂ ਇਸ ਯੁੱਧ ਨੇ ਸਾਨੂੰ ਘੜਨਾ ਏਂ ਇਕ-ਇਕ ਡੰਡਾ ਕਰ ਅਸੀਂ ਅਜੇ ਇਸ ਯੁੱਧ ਦੀ ਪੌੜੀ ਚੜ੍ਹਨਾ ਏਂ ਇਹ ਯੁੱਧ ਮਾਇਆ ਤੇ ਮੋਹ ਦਾ ਏ ਯੁੱਧ ਦਬਕੇ ਅਤੇ ਦੁਲਾਰ ਦਾ ਏ ਇਹ ਯੁੱਧ ਲੋਕਾਂ ਤੇ ਦੇਸ਼ ਦਾ ਨਈ੍ਹਂ ਯੁੱਧ ਰਈਅਤ ਤੇ ਸਰਕਾਰ ਦਾ ਏ ਹੱਕ-ਸੱਚ ਲਈ ਘਾਲੀਆਂ ਘਾਲਾਂ ‘ਚੋਂ ਸੁਰਜੀਤ ਹੋਈ ਹਰ ਰੀਤ ਦਾ ਏ ਇਹ ਯੁੱਧ ਹਾਰਾਂ ਦਰ ਹਾਰਾਂ ਚੋਂ ‘ਨਿਸ਼ਚੈ ਕਰ ਆਪਣੀ ਜੀਤ’ ਦਾ ਏ ਰਣ-ਖੇਤ ਹੈ ਜੂਝਣ ਵਾਲ਼ਿਆਂ ਲਈ ਤੇ ਸਬਕ ਹੈ ਹਠੀ ਹਨੇਰ ਲਈ ਅਸੀਂ ਮੇਲਾ ਵੇਖਣ ਨਈ੍ਹਂ ਆਏ ਇਹ ਯੁੱਧ ਹੈ ਨਵੀਂ ਸਵੇਰ ਲਈ

ਵੇਖੀਂ ਦਿੱਲੀਏ-ਸੁਰਜੀਤ ਜੱਜ

ਸਾੜ ਪਾਉਂਦੀਆਂ ਰਾਹਾਂ ਨੂੰ ਠੰਡ ਪਾਉਣ ਦੇ ਲਈ ਮੱਥਾ ਚਾਂਭਲ਼ੇ ਹਨੇਰੇ ਨਾਲ ਲਾਉਣ ਦੇ ਲਈ ਹੱਕ- ਸੱਚ ਦੇ ਚਿਰਾਗ਼ ਰੁਸ਼ਨਾਉਣ ਦੇ ਲਈ ਤੇਰੀ ਜ਼ੁਲਮੀ ਦੁਪਹਿਰ ਵਾਲੀ ਸ਼ਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਸਾਡੀ ਮਿੱਟੀ- ਮਾਂ ਦੀ ਹਿੱਕ ‘ਤੇ ਖਲੋਣ ਨੂੰ ਫਿਰੇਂ ਲੁੱਟ- ਪੁੱਟ ਘਰ- ਬਾਰ ਜੇਬਾਂ ਟੋਹਣ ਨੂੰ ਫਿਰੇਂ। ਰਾਖੀ ਰੁੱਖ ਦੀ ਬਹਾਨੇ ਕਾਲ਼ੀ ਨੀਤ ਵਾਲ਼ੀਏ। ਨੀ ਤੂੰ ਆਲ੍ਹਣੇ ਪਰਿੰਦਿਆਂ ਦੇ ਖੋਹਣ ਨੂੰ ਫਿਰੇਂ ਸਾਡੇ ਬੱਚਿਆਂ ਦੇ ਹੱਥਾਂ ਚੋਂ ਜੇ ਟੁੱਕ ਖੁੱਸਿਆ , ਰਾਤਾਂ ਤੇਰੀਆਂ ਦੀ ਨੀਂਦ ਵੀ ਹਰਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਤੇਰੇ ਮੋਦੀਆਂ-ਸ਼ਾਹਾਂ ਦੀ ਚੁੱਕੀ ਅੱਤ ਡੱਕਣੀ ਅਸੀਂ ਫਸਲਾਂ ਦੀ ਲੁੱਟੀ ਜਾਂਦੀ ਪੱਤ ਡੱਕਣੀ ਜਿਹੜੇ ਪਿੰਡਾਂ ਦੀਆਂ ਨੀਂਹਾਂ ਤੂੰ ਹਿਲਾਉਣ ਨੂੰ ਫਿਰੇਂ ਸਾਡੇ ਸਿਰਾਂ ਨੇ ਉਨ੍ਹਾਂ ਦੀ ਢਹਿੰਦੀ ਛੱਤ ਡੱਕਣੀ ਮਾਇਆਧਾਰੀਆਂ ਅੰਬਾਨੀਆਂ-ਅਡਾਨੀਆਂ ਸਣੇ ਤੇਰੇ ਤਾਜਰਾਂ ਦਾ ਕਿੱਸਾ ਵੀ ਤਮਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਤੇਰੇ ਦਰਾਂ ‘ਤੇ ਖੇਤਾਂ ਦੇ ਫ਼ਰਜ਼ੰਦ ਆ ਗਏ ਰਾਤੇ ਕਾਲ਼ੀਏ ਨੀ ਚੌਦਵੀਂ ਦੇ ਚੰਦ ਆ ਗਏ ਤੇਰੀ ਹੈਂਕੜ ਦੇ ਅੰਬਰਾਂ ਨੂੰ ਗਾਹੁਣ ਵਾਸਤੇ ਲੈ ਕੇ ਬਾਜ਼ਾਂ ਜਿਹੇ ਹੌਸਲੇ ਬੁਲੰਦ ਆ ਗਏ ਬਿਨਾਂ ਤੋਪ ਤੇਰੇ ਕਿਲੇ-ਕੋਟ, ਮਹਿਲ ਹਿੱਲਣੇ ਅਸੀਂ ਨੰਗੇ ਧੜ ਐਸਾ ਸੰਗਰਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਹੱਡ ਸੇਕਣੇ ਨੇ ਤੇਰੇ ਹੱਕੀ ਅੱਗ ਬਾਲ਼ ਨੀ ਉੱਠ ਦੇਸ਼ ਸਾਰਾ ਤੁਰਿਆ ਪੰਜਾਬ ਨਾਲ਼ ਨੀ ਸ਼ਾਹੀ ਧੌਂਸ ਵਾਲੀਏ ਨੀ ਨਾਜ਼- ਨਖ਼ਰੇ ਵਿਖਾ ਕੇ ਹੁਣ ਲਾਰਿਆਂ ਦੇ ਨਾਲ਼ ਨਾ ਸਕੇਂਗੀ ਟਾਲ਼ ਨੀ ਅਸੀਂ ਪੈਲੀਆਂ ਦੇ ਪੁੱਤ ਜਿੰਨਾ ਚਿਰ ਚਾਹੇਂਗੀ ਤੇਰੀ ਸੜਕਾਂ ਦੇ ਰੋੜਾਂ ‘ਤੇ ਆਰਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ ਤੇਰੇ ਹਾਕਮਾਂ ਦੀ ਅੱਖ ਸਦਾ ਟੀਰ ਮਾਰਦੀ ਸਾਡੇ ਸੀਨਿਆਂ ‘ਚ ਸਾਡੇ ਹੀ ਹੈ ਤੀਰ ਮਾਰਦੀ ਅੰਨ- ਦਾਤਿਆਂ ਦੀ ਦਾਤ ਨੂੰ ਸਮਝ ਆ ਗਈ ਯਾਰੀ ਪੈਸੇ ਦਿਆਂ ਪੁੱਤਾਂ ਦੀ ਅਖੀਰ ਮਾਰਦੀ ਹੱਕ-ਸੱਚ ਸੁਰਜੀਤ ਜਿੰਨ੍ਹਾਂ ਰੱਖਿਆ ਉਨ੍ਹਾਂ ਨੂੰ ਸੁੱਚੇ ਸ਼ਬਦਾਂ ਦੀ ਸੁੱਚ ਦਾ ਸਲਾਮ ਕਰਾਂਗੇ ਵੇਖੀਂ ਦਿੱਲੀਏ ਨੀ ਚੱਕਾ ਤੇਰਾ ਜਾਮ ਕਰਾਂਗੇ

ਗੀਤ-ਸੁਹਿੰਦਰ ਬੀਰ

ਤੂੰ ਦੇਸ਼ ਮੇਰੇ ਦਾ ਹਾਕਮ ਏਂ, ਪਰ ਹੁਣ ਤੂੰ ਹਾਕਮ ਨਹੀਂ ਰਹਿਣਾ। ਹੁਣ ਭਾਰਤ ਦੇ ਕਿਰਸਾਨਾਂ ਨੇ, ਤੇਰਾ ਤਖ਼ਤ ਹਿਲਾ ਕੇ ਸਾਹ ਲੈਣਾ। ਇਸ ਭੋਲੀ ਭਾਲੀ ਪਰਜਾ ਨੇ, ਤੈਨੂੰ ਉਚੇ ਤਖ਼ਤ ਬਿਠਾਇਆ ਸੀ। ਅੱਛੇ ਦਿਨਾਂ ਦੀ ਆਸ਼ਾ ਵਿਚ, ਇਕ ਸੋਹਣਾ ਖ਼ਾਬ ਸਜਾਇਆ ਸੀ। ਪਰ ਕੀ ਜਾਣਾ ਤੂੰ ਤਖ਼ਤ ਨੂੰ ਸੀ, ਮਿੱਟੀ ਦੇ ਵਿਚ ਮਿਲਾ ਬਹਿਣਾ......... ਸ਼ਾਹਾਂ ਦੇ ਆਖੇ ਲਗ ਲਗ ਕੇ, ਸਾਡੀ ਝੋਲੀ ਗ਼ੁਰਬਤ ਪਾਈ ਤੂੰ । ਥਾਲੀ ਵਿਚ ਜਿਹੜੇ ਟੁੱਕਰ ਸੀ, ਉਹਨਾਂ ਤੇ ਨਜ਼ਰ ਟਿਕਾਈ ਤੂੰ। ਤੂੰ ਮੁਹਰਾ ਬਣ ਗਿਓਂ ਧਨੀਆਂ ਦਾ, ਸਾਡਾ ਦੱਸ ਦੁੱਖੜਾ ਕੀ ਸਹਿਣਾ....... ਕਦੇ ਨੋਟ-ਬੰਦੀ ਕਦੇ ਸੀ ਏ ਏ, ਲਾ ਜਨਤਾ ਨੂੰ ਤੜਫਾਉਂਦਾ ਏ। ਇਸ ਦੇਸ਼ ਦੇ ਭਾਈ-ਬੰਦਾਂ ਵਿਚ, ਨਫਰਤ ਦੇ ਜ਼ਹਿਰ ਫੈਲਾਉਂਦਾ ਏ। ਤੂੰ ਤਖ਼ਤ ਦੇ ਕਾਬਲ ਭੋਰਾ ਨਹੀਂ, ਹੁਣ ਡੇਰਾ ਚੁੱਕਣਾ ਹੈ ਪੈਣਾ................. ਹੁਣ ਮੋਰਚਾ ਹੱਥ ਕਿਸਾਨਾਂ ਦੇ, ਇਹ ਜਿੱਤ ਦੇ ਜਸ਼ਨ ਮਨਾਵਣਗੇ। ਕ੍ਰਾਂਤੀ ਲਈ ਮੋਹਰੀ ਹੋਇਆਂ ਦੇ, ਸੱਭ ਕਿਰਤੀ ਸਾਥ ਨਿਭਾਵਣਗੇ। ਇਨ੍ਹਾਂ ਜੋਸ਼ ਤੇ ਹੋਸ਼ ਦੇ ਬਾਬਿਆਂ ਨੇ, ਤੈਨੂੰ ਮੂਧੇ ਮੂੰਹ ਹੈ ਕਰ ਦੇਣਾ......... ਤੂੰ ਦੇਸ਼ ਮੇਰੇ ਦਾ ਹਾਕਮ ਏਂ, ਪਰ ਹੁਣ ਤੂੰ ਹਾਕਮ ਨਹੀਂ ਰਹਿਣਾ। ਹੁਣ ਭਾਰਤ ਦੇ ਕਿਰਸਾਨਾਂ ਨੇ, ਤੇਰਾ ਤਖ਼ਤ ਹਿਲਾ ਕੇ ਸਾਹ ਲੈਣਾ।

ਗੀਤ-ਅਜ਼ੀਮ ਸ਼ੇਖਰ

ਜਿੱਥੇ ਰਾਜੇ ਉੱਲੂ ਥਾਪੇ ਹੁੰਦੇ ਨੇ, ਉਸ ਜੰਗਲ਼ ਵਿੱਚ ਰੋਜ਼ ਸਿਆਪੇ ਹੁੰਦੇ ਨੇ, ਕੀਟ-ਪਤੰਗ ਜੋ ਚਾਹੁੰਦੇ ਸੀ ਉਹ ਰਾਜ ਨਹੀਂ , ਬਾਜਾਂ ਬਿਨ ਤੁਸੀਂ ਉੱਲੂਓ ਆਉਣੇ ਬਾਜ ਨਹੀਂ । ਜੁਗਨੂੰ ਮਾਰੋ ਆਖੋਂ ਉੱਲੂਓ ਕਾਵਾਂ ਨੂੰ, ਦਿਸੇ ਨਾ ਚਾਨਣ ਨੇਰ੍ਹੇ ਰੱਖੋ ਰਾਹਵਾਂ ਨੂੰ , ਇਹ ਨਾ ਸੋਚੋ ਲੱਥਣੇ ਥੋਡੇ ਤਾਜ ਨਹੀਂ , ਬਾਜਾਂ ਬਿਨ ਤੁਸੀਂ ਉੱਲੂਓ ਆਉਣੇ ਬਾਜ ਨਹੀਂ । ਤੋਤਿਆਂ ਤੋਂ ਮਰਜ਼ੀ ਦਾ ਰਾਗ ਰਟਾਉਂਦੇ ਹੋ, ਕਹਿ ਕੇ ਕੁੰਡਲ਼ੀਏ ਸੱਪ ਤੋਂ ਕੰਜ ਲੁਹਾਉਂਦੇ ਹੋ, ਬਿਰਖਾਂ ਦੀ ਅੱਗ ਪਰ ਥੋਡੀ ਮੁਹਤਾਜ ਨਹੀਂ , ਬਾਜਾਂ ਬਿਨ ਤੁਸੀਂ ਉੱਲੂਓ ਆਉਣੇ ਬਾਜ ਨਹੀਂ । ਤਿਤਲੀਆਂ ਅੱਗ ‘ਚੋਂ ਉੱਡਣ ਥੋਡਾ ਕਹਿਣਾ ਏਂ, ਚਿੜੀਆਂ ਚੂੰ ਨਾ ਕਰਨ ਜੇ ਜ਼ਿੰਦਾ ਰਹਿਣਾ ਏਂ, ਚੋਗ ਚੁੰਜਾਂ ‘ਚੋਂ ਖੋਹਦਿਆਂ ਮੰਨਦੇ ਲਾਜ ਨਹੀਂ , ਬਾਜਾਂ ਬਿਨ ਤੁਸੀਂ ਉੱਲੂਓ ਆਉਣੇ ਬਾਜ ਨਹੀਂ । ਜੰਗਲ਼ ਦੀ ਹਰ ਖ਼ਬਰ ਹੈ ਥੋਨੂੰ ਸੁੱਤਿਆਂ ਨੂੰ , ਭੌਂਕਦੇ ਨੇ ਜਦ ਆਖੋਂ ਜੰਗਲ਼ੀ ਕੁੱਤਿਆਂ ਨੂੰ , ਸਹਿਮੀ ਘੁੱਗੀ ਵੀ ਕਰਦੀ ਇਤਰਾਜ ਨਹੀਂ , ਬਾਜਾਂ ਬਿਨ ਤੁਸੀਂ ਉੱਲੂਓ ਆਉਣੇ ਬਾਜ ਨਹੀਂ । ਅੱਖਾਂ ਖੋਲ੍ਹ ਕੇ ਸੁਣੋ ਵੰਗਾਰ ਪਰਿੰਦਿਆਂ ਦੀ, ਉੱਲੂਓ ਹੁਣ ਨਹੀਂ ਹੋਣੀ ਹਾਰ ਪਰਿੰਦਿਆਂ ਦੀ, ਛੱਡਣੇ ਕਦੇ “ਅਜ਼ੀਮ” ਅਧੂਰੇ ਕਾਜ ਨਹੀਂ , ਬਾਜਾਂ ਬਿਨ ਤੁਸੀਂ ਉੱਲੂਓ ਆਉਣੇ ਬਾਜ ਨਹੀਂ ।

ਗ਼ਜ਼ਲ-ਕਸ਼ਮੀਰ ਨੀਰ

ਛੇ ਮਹੀਨੇ ਮਿਹਨਤਾਂ ਤੇ ਲਾਗਤਾਂ ਮੈਂ ਲਾ ਚੁਕਾ। ਰੁਲ ਗਿਆ ਝੋਨਾ ਮੇਰਾ ਮੰਡੀ 'ਚ, ਕੁਝ ਵਿਹੜੇ ਪਿਆ। ਨਾ ਹੀ ਕੀਮਤ ਨਾ ਹੀ ਗਾਹਕ, ਇਹ ਜਿਵੇਂ ਮਿੱਟੀ ਅਨਾਜ ਬਣ ਗਿਆ ਸਰਕਾਰ ਦਾ ਪ੍ਰਬੰਧ ਵੀ ਵੱਡਾ ਦਗ਼ਾ। * ਨਾ ਮਿਲੇ ਗੰਨੇ ਦੇ ਪਿਛਲੇ ਸਾਲ ਦੇ ਪੈਸੇ ਅਜੇ ਫੇਰ ਹੁਣ ਗੰਨਾ ਨਵਾਂ ਹਾਂ ਮਿੱਲ ਤੇ ਸੁੱਟਣ ਲੱਗਾ। ਬੀਜਣੀ ਤੇ ਪਾਲਣੀ ਹੈ ਕਣਕ ਕਿਹੜੀ ਆਸ ਤੇ ਪਿੰਡ ਸਾਰਾ ਬਾਡਰਾਂ ਪੁਰ ਧਰਨਿਆਂ ਤੇ ਬਹਿ ਗਿਆ। ਡਿਗ ਰਹੀ ਛੋਟੀ ਕਿਸਾਨੀ ਨੂੰ ਸੀ ਥੰਮੀ ਚਾਹੀਦੀ ਕੀ ਦਿੱਤਾ ਨਵਿਆਂ ਕਾਨੂੰਨਾਂ ਨੇ ਸਹਾਰਾ? ਕੀ ਨਫ਼ਾ? ਨਾ ਜੀਏ ਦੋ ਚਾਰ ਕਿੱਲਿਆਂ ਦੀ ਕਿਸਾਨੀ, ਨਾ ਮਰੇ ਸਿਰਫ਼ ਅੰਦੋਲਨ ਦਾ ਰਸਤਾ ਸਾਹਮਣੇ ਹੁਣ ਰਹਿ ਗਿਆ। ਚੂੰਡਿਆ ਕਿਰਸਾਨ ਨੂੰ ਹਰ ਪਾਰਟੀ ਨੇ, ਜਦ ਕਿ ਹੁਣ ਬਣ ਹਮਾਇਤੀ ਕਰ ਰਹੀ ਹਰ ਪਾਰਟੀ ਉੱਲੂ ਸਿੱਧਾ। ਹੁਣ ਕਿਸਾਨਾਂ ਦੀ ਗ਼ਰੀਬੀ ਤੇ ਸਿਆਸਤ ਹੋ ਰਹੀ ਰਹਿ ਗਿਆ ਸੀ 'ਨੀਰ' ਬਾਕੀ ਇਹ ਹੀ ਮੰਜ਼ਰ ਦੇਖਣਾ। (*ਹਾਲਾਤ-ਖੇਤੀ ਉੱਤਰ ਪ੍ਰਦੇਸ਼)

ਸੁੱਤਾ ਰਾਜਾ-ਸੁਖਵਿੰਦਰ ਕੰਬੋਜ

-ਓ ਨੀਂਦ 'ਚ ਸੁੱਤੇ ਰਾਜਿਆ ਅਸੀਂ ਨਹੀਂ ਚਾਹੁੰਦੇ ਤੂੰ ਸਾਡੇ ਨਾਲ 'ਮਨ ਕੀ ਬਾਤ' ਪਾਵੇਂ ਅਸੀਂ ਤਾਂ ਚਾਹੁੰਦੇ ਹਾਂ ਕਿ ਤੂੰ ਜਾਣੇ ਜੋ ਸਾਡੇ ਮਨ ਵਿਚ ਰਿੱਝਦਾ ਜੋ ਰੋਹ ਦਾ ਗੁਬਾਰ ਹੈ ਤੇ ਲੋੜਾਂ ਥੁੜਾਂ ਤੇ ਔਕੜਾਂ ਵਿਚ' ਫਸਿਆ ਹੈ ਕਿਸਾਨ ਦਾ ਦਿਲ- ਫ਼ਸਲਾਂ ਦੇ ਭਾਅ ਤਾਂ ਪਹਿਲਾਂ ਹੀ ਸੁੱਕ ਚੁੱਕੇ ਨੇ- ਜੇ ਨਹੀਂ ਸੁੱਕੇ ਤਾਂ ਖਾਦ ਡੀਜ਼ਲ ਤੇ ਕੀੜੇ ਮਾਰ ਦਵਾਈਆਂ ਦੇ ਭਾਅ ਤੇ ਹਰ ਫ਼ਸਲ ਬਾਦ ਅਸੀਂ ਹੀ ਕਿਉਂ ਹੋਰ ਕਰਜ਼ਾਈ ਹੋ ਰਹੇ ਹਾਂ ਸਾਡੀ ਹੀ ਧੀ, ਕਿਉਂ ਹਰ ਵਾਰ ਜ਼ਰੇ ਘਸਮੈਲੇ ਸੂਟ ਦੀ ਛਿਲਤ ਸਾਡੇ ਹੀ ਘਰਾਂ 'ਚ ਕਿਉਂ ਨੱਚਦਾ ਹੈ ਕਰਜ਼ੇ ਦਾ ਫ਼ਨੀਅਰ ਜਦੋਂ ਕਿ ਅੰਬਾਨੀ ਅੰਡਾਨੀ ਤੇ ਉਹਨਾਂ ਵਰਗਿਆਂ ਦੇ ਲਾਣੇ ਦਾ ਹੋਰ ਉੱਚਾ ਹੋ ਰਿਹਾ ਹੈ ਦੌਲਤ ਦਾ ਅੰਬਾਰ ਅਸੀਂ ਦੌਲਤਾਂ ਦੇ ਉੱਚੇ ਪਰਬਤ ਨਹੀਂ ਮੰਗਦੇ ਅਸੀਂ ਤਾਂ ਚਾਹੁੰਦੇ ਹਾਂ ਬੱਸ ਇਹ ਜ਼ਿੰਦਗੀ ਇੱਜ਼ਤ ਮਾਣ ਨਾਲ ਜੀਵੀਏ ਪਰ ਤੂੰ ਹਰ ਨਵੇਂ ਪਲ ਸਾਡੇ ਪੈਰਾਂ ਹੇਠੋਂ ਜ਼ਮੀਨ ਖਿੱਚਣ ਲਈ ਬਜ਼ਿੱਦ ਹੈਂ ਤੈਨੂੰ ਜਾਦ ਹੋਣੈ ਰਾਜਿਆ ਸਾਡੇ ਪੁਰਖਿਆਂ ਨੇ ਇਹ ਦਿੱਲੀ18 ਵਾਰ ਜਿੱਤੀ ਸੀ- ਇਸ ਵਾਰ ਤਾਂ ਅਸੀਂ ਦਿੱਲੀ ਫ਼ਤਿਹ ਕਰਨੀ ਹੈ ਤੇ ਮੰਡੀਆਂ ਦੀ ਲੁੱਟ ਹਮੇਸ਼ਾਂ ਲਈ ਖ਼ਤਮ ਕਰਨੀ ਹੈ ਮੰਡੀਆਂ ਦੀ ਲੁੱਟ ਹਮੇਸ਼ਾਂ ਲਈ ਖ਼ਤਮ ਕਰਨੀ ਹੈ...

ਗ਼ਜ਼ਲ-ਸੁਲੱਖਣ ਸਰਹੱਦੀ

(ਖੇਤੀ ਵਿਰੋਧੀ ਬਿੱਲਾਂ ਦੇ ਨਾਮ) ਬਹੁਤ ਬੁਰੇ ਅਪਸ਼ਗਨ ਨੇ ਯਾਰੋ ਪਿੰਡ ਮੇਰੇ ਤੇ ਭੌੰਦੀਆਂ ਗਿਰਝਾਂ। ਅਧਮੋਏ ਖੇਤਾਂ ਨੂੰ ਚੂੰਢਣ ਦਿੱਲੀ ਵੱਲੋਂ ਔਂਦੀਆਂ ਗਿਰਝਾਂ। ਮੋਰ ਬੰਬੀਹੇ ਕੋਇਲਾਂ ਘੁੱਗੀਆਂ ਸਾਜਿਸ਼ੋੰ ਡਰ ਖਾਮੋਸ਼ ਹੋ ਗਈਆਂ, ਉੱਜੜਦੇ ਖੇਤਾਂ ਸਿਰ ਬਹਿਕੇ ਬਣ ਕਲਜੋਗਣਾਂ ਗੌੰਦੀਆਂ ਗਿਰਝਾਂ। ਉਹ ਗਿਰਝਾਂ ਜੋ ਭਗਤ ਸਿੰਘਾਂ ਨੇ ਲੰਡਨ ਵੱਲ ਉਡਾ ਦਿੱਤੀਆਂ ਸਨ, ਫਿਰ ਦਿੱਲੀ ਤੋਂ ਚੋਗਾ ਲੈਕੇ ਗੋਰੀਆਂ ਗੋਰੀਆਂ ਔਂਦੀਆਂ ਗਿਰਝਾਂ। ਬਹੁਤ ਭੁਲੇਖੇ ਪਾਉਂਦੀ ਦਿੱਲੀ ਕਾਲੀਆਂ ਕਲਗੀਆਂ ਲਾਉਂਦੀ ਦਿੱਲੀ , ਸਾਮਰਾਜੀ ਜਦ ਬੋਲੀ ਬੋਲਣ ਝੱਟ ਪਹਿਚਾਣ ਚ ਔਂਦੀਆਂ ਗਿਰਝਾਂ। ਭੁੱਖ ਮੇਟਣ ਲਈ ਹਰੀ ਕ੍ਰਾਂਤੀ ਜਿਸ ਨੇ ਖ਼ੂਨ ਦੇ ਨਾਲ ਲਿਖੀ ਸੀ ਓਸੇ ਦੇ ਬਾਲਾਂ ਦੇ ਮੂੰਹੋਂ ਬੁਰਕੀਆਂ ਖੋਹਣਾ ਚਾਹੁੰਦੀਆਂ ਗਿਰਝਾਂ। ਕੁਝ ਪੁੱਤ ਤਾਂ ਅੱਤਵਾਦ ਖਾ ਗਿਆ ਕੁਝ ਅੰਗਰੇਜ਼ ਦਾ ਮੈਲਾ ਚੁੱਕਣ, ਤੁਰ ਜਾਣੇ ਹੁਣ ਰੁੱਖ ਜਿਨ੍ਹਾਂ ਤੇ ਭਲਕ ਦੇ ਵੈਣ ਨੇ ਪੌਦੀਆਂ ਗਿਰਝਾਂ। ਮੰਡੀਆਂ ਰੰਡੀਆਂ ਹੋ ਜਾਣਾ ਹੈ ਨਾਮਰਦ ਸੁਹਾਗਾਂ ਹੋ ਜਾਣਾ ਹੈ, ਘਰਾਂ ਦੇ ਬੈਠ ਬਨੇਰਿਆਂ ਉੱਤੇ ਕਹੇ ਸੁਹਾਗ ਨੇ ਗੌਂਦੀਆਂ ਗਿਰਝਾਂ। ਇਹ ਗਿਰਝਾਂ ਹਿਟਲਰ ਨੇ ਜਾਈਆੰ ਦੇਸ਼ ਦੇ ਹਿਟਲਰ ਗਾਨੀਆਂ ਪਾਈਆਂ ਕਣਕ ਝੋਨੇ ਨੂੰ ਸਲਫਾਸਾਂ ਦੀ ਪਈਆਂ ਪੇੰਦ ਚੜੌੰਦੀਆਂ ਗਿਰਝਾਂ। ਈਸਟ ਇੰਡੀਆ ਕੰਪਨੀ ਨਾਂ ਦੀ ਇੱਕੋ ਗਿਰਝ ਗੁਲਾਮੀ ਦੇ ਗਈ, ਐ ਸਰਹੱਦੀ ਸੁਣਿਆਂ ਪਿੰਡੀਂ ਤਾਂ ਨੇ ਲੱਖਾਂ ਔਂਦੀਆਂ ਗਿਰਝਾਂ।

ਅਸੀ ਚਲੇ ਜਾਨੇ ਆਂ-ਨਰਿੰਦਰ ਕੁਮਾਰ

ਅਸੀ ਚਲੇ ਜਾਨੇ ਆਂ। ਸਾਡਾ ਪਾਣੀ ਮੋੜ ਦੇ ਸਾਡੀ ਮਿੱਟੀ ਮੋੜ ਦੇ ਅਸੀ ਚਲੇ ਜਾਨੇ ਆਂ ਆਪਣੀ ਖਾਦ ਲੈ ਜਾ। ਮਾਰੂ ਦਵਾਈ ਲੈ ਜਾ। ਕਾਲੀ ਕਮਾਈ ਲੈ ਜਾ ਸਾਡੀ ਖ਼ੁਦਾਈ ਮੋੜ ਦੇ ਅਸੀ ਚਲੇ ਜਾਨੇ ਆਂ ਤੂੰ ਕਹਿੰਦੈਂ ਹਰੀ ਕ੍ਰਾਂਤੀ ਤੋਂ ਪਹਿਲਾਂ ਕੋਈ ਤਰੱਕੀ ਨਹੀਂ ਸੀ ਹੋਈ ਅਸੀ ਦੱਸਦੇ ਆਂ- ਹਰੀ ਕ੍ਰਾਂਤੀ ਤੋਂ ਪਹਿਲਾਂ ਕਿਸੇ ਪਰਿਵਾਰ ਨੇ ਕਦੇ ਖੁਦਕੁਸ਼ੀ ਨਹੀਂ ਸੀ ਢੋਈ ਆਪਣੀ ਕ੍ਰਾਂਤੀ ਲੈ ਜਾ। ਸਾਡੀ ਸ਼ਾਂਤੀ ਮੋੜ ਦੇ ਅਸੀ ਚਲੇ ਜਾਨੇ ਆਂ ਅਸੀ ਮੁੱਲ ਮੰਗਣ ਨਹੀਂ, ਹਿਸਾਬ ਕਰਨ ਆਏ ਆਂ। ਅੱਜ ਦੇ ਨਹੀਂ ਚਿਰਾਂ ਦੇ ਸਤਾਏ ਆਂ। ਝੂਠੇ ਪਰਚੇ ਲੈ ਜਾ। ਝੂਠੇ ਕਰਜ਼ੇ ਲੈ ਜਾ ਸਾਡੇ ਅੰਗੂਠੇ ਮੋੜ ਦੇ ਅਸੀ ਚਲੇ ਜਾਨੇ ਆਂ ਸਾਫ਼ ਪਾਣੀ ਮੋੜ ਦੇ। ਸਾਫ਼ ਮਿੱਟੀ ਮੋੜ ਦੇ ਅਸੀ ਚਲੇ ਜਾਨੇ ਆਂ।

ਦਿੱਲੀ ਮੌਜ ਕਰਦੀ-ਨਰਿੰਦਰ ਕੁਮਾਰ

ਦਿੱਲੀ ਮੌਜ ਕਰਦੀ ਔ ਦਿੱਲੀ ਮੌਜ ਕਰਦੀ ਮਹਿਲਾਂ ਚ ਕਿਲਿਆਂ ਚ ਸੁਕਿਆਂ ਚ ਗਿੱ ਲਿਆਂ ਚ ਮੀਂਹ ਜਾਂ ਹਨੇਰੀ ਹੋਵੇ ਫ਼ਸਲ ਘਟ ਜਾਂ ਬਥੇਰੀ ਹੋਵੇ ਦਿੱਲੀ ਮੌਜ ਕਰਦੀ ਔ ਦਿੱਲੀ ਮੌਜ ਕਰਦੀ ਜਿਹਦੀ ਕੋਈ ਬਿਜਾਈ ਨਾ ਜੀਹਦੀ ਕੋਈ ਵਾਹੀ ਨਾ ਜਿਹਦੀ ਆਪਣੀ ਕਮਾਈ ਨਾ ਜਿਹਨੂੰ ਕੋਈ ਮਹਿੰਗਾਈ ਨਾ ਔ ਦਿੱਲੀ ਮੌਜ ਕਰਦੀ ਓ ਦਿੱਲੀ ਮੌਜ ਕਰਦੀ ਅਸੀਂ ਕਿੰਨੇ ਹੀ ਗਵਾਏ ਓਹਨੇ ਕਿੰਨੇ ਹਥਿਆਏ ਜਿਹਦੇ ਸਾਰੇ ਨੇ ਸਤਾਏ ਔ ਦਿੱਲੀ ਮੌਜ ਕਰਦੀ ਹਵਾ ਤੇਰੇ ਸ਼ਹਿਰ ਦੀ ਮਾਰ ਕਰੇ ਕਹਿਰ ਦੀ ਸੜਕਾਂ ਤੇ ਬਹਿ ਖਾਨੇ ਆਂ ਰੋਟੀ ਰਾਤ ਦੀ , ਦੋਪਹਰ ਦੀ ਦਿੱਲੀ ਮੌਜ ਕਰਦੀ ਔਹ ਦਿੱਲੀ ਮੌਜ ਕਰਦੀ

ਦਿੱਲੀ ਨੂੰ ਮੁਖ਼ਾਤਿਬ-ਗੁਰਜੀਤ ਸ਼ੇਖ਼ਪੁਰੀ

ਏਸ ਡੱਕੇ ਸਿਕੰਦਰੀ ਰੱਥ ਸ਼ੋਹਦੇ ਏਸ ਠੱਲਿਆ ਸ਼ਾਹ ਅਬਦਾਲੀਆਂ ਨੂੰ । ਏਸ ਵੇਖਿਆ ਮੰਨੂ ਦਾ ਦੌਰ ਕਾਲਾ ਏਸ ਤੱਕਿਆ ਸੰਨ ਸੰਤਾਲੀਆਂ ਨੂੰ । ਏਸ ਬਾਬਰੀ ਜਬਰ ਦੀ ਮੜ੍ਹਕ ਭੰਨ੍ਹੀ ਪੀਤਾ ਸ਼ੌਂਕ ਥੀਂ ਮੌਤ ਪਿਆਲੀਆਂ ਨੂੰ । ਏਹਦੀ ਪੱਗ ਨੂੰ ਦਾਗ਼ ਚੁਰਾਸੀਆ ਦੇ ਤੂੰ ਹੀ ਛਾਣਿਆ ਖ਼ੂਨ ਚੋਂ ਲਾਲੀਆਂ ਨੂੰ । ਤੇਰੀ ਜੂਹ 'ਚ ਜ਼ਹਿਰ ਨਾ ਵੜ੍ਹਨ ਦਿੱਤੀ ਵੇਖ ਪੁੱਛ ਕੇ ਕਿੱਕਰਾਂ, ਟਾਹਲੀਆਂ ਨੂੰ । ਤੇਰੀ ਦਿੱਲੀਏ ਆਬ ਨੇ ਪਿਉਂਦ ਲਾਈ ਕਰੇਂ ਟਿੱਚਰਾਂ ਝੱਲੀਏ ਮਾਲੀਆਂ ਨੂੰ ।੧। ਤੈਨੂੰ ਰੱਖਿਆ ਸਾਲੂ ਲਪੇਟ ਕੇ ਨੀ ਗੂਹੜ੍ਹਾ ਰੰਗ ਨਾ ਮਹਿੰਦੀ ਦਾ ਲਹਿਣ ਦਿੱਤਾ । ਏਹਦੀ ਤੇਗ਼ ਨੇ ਉੱਡਦੇ ਖੰਭ ਝਾੜੇ ਭੌਰਾ ਕਲੀ 'ਤੇ ਕੋਈ ਨਾ ਬਹਿਣ ਦਿੱਤਾ । ਇੱਕ ਹੋਇਆ ਈ ਰਾਜਾ ਰਣਜੀਤ ਸਾਡਾ ਤੇਰੀ ਜੂਹ ਨੂੰ ਮੰਦਾ ਨਾ ਕਹਿਣ ਦਿੱਤਾ । ਏਦੂੰ ਪਹਿਲਾਂ ਕਿ ਕੋਈ ਸਤਲੁੱਜ ਟੱਪੇ ਓਹਦਾ ਸੀਸ ਨਈਂ ਧੜ 'ਤੇ ਰਹਿਣ ਦਿੱਤਾ । ਚਾਲੀ ਸਾਲ ਅਫ਼ਗਾਨ ਸੀ ਰੋਕ ਛੱਡੇ ਤੇਰੀ ਹਿੱਕ 'ਤੇ ਪੈਰ ਨਾ ਪੈਣ ਦਿੱਤਾ । ਏਹਦੇ ਆਬ ਤਾਂ ਰਾਣੀਏ ਝੁਲਸਦੇ ਰਏ ਤੈਨੂੰ ਦਿੱਲੀਏ ਸੇਕ ਨਾ ਸਹਿਣ ਦਿੱਤਾ ।੨। ਹੁਣ ਭੁੱਲੀ ਤੂੰ ਰੁੱਤ ਗ਼ੁਲਾਮੀਆਂ ਦੀ ਕਿੰਝ ਆਂਵਦੀ ਸਾੜ੍ਹਦੀ ਖੇਤ ਸਾਡੇ । ਹੁਣ ਸਾਡਾ ਹੀ ਚੱਮ ਉਧੇੜਦੀ ਏਂ ਤੂੰ ਆਂਦਰਾਂ ਵਿੰਨਦੀ ਪੇਟ ਸਾਡੇ । ਤੂੰ ਸਾਡੇ ਹੀ ਫੱਗਣਾਂ ਨਾਲ ਰੰਨੇ ਨੀ ਜਾਵੇਂ ਲੜਾਂਵਦੀ ਚੇਤ ਸਾਡੇ । ਤੂੰ ਛੁੱਟੜੇ ਮੁੱਕਰੀ ਵਾਅਦਿਆਂ ਤੋਂ ਫਿਰੇਂ ਸਾਥੋਂ ਲੁਕਾਂਵਦੀ ਭੇਤ ਸਾਡੇ । ਲਾਲ ਕਿਲੇ ਨੂੰ ਕਰਾਂਗੇ ਹੋਰ ਗੂਹੜਾ ਫਿਰੇਂ ਖ਼ਾਰ ਵਿਛਾਂਵਦੀ ਹੇਠ ਸਾਡੇ । ਤੇਰੀ ਦਿੱਲੀਏ ਇੱਟ ਨਾ ਰਹਿਣ ਦੇਣੀ ਜਾਂ ਮੋੜਦੇ ਭੈੜੀਏ ਖੇਤ ਸਾਡੇ ।੩। ਨੀ ਪਾਪਣੇ ਮਹਿਲ ਉਸਾਰਦੀ ਏਂ ਤੂੰ ਢਾਹ ਕੇ ਸਾਡਿਆਂ ਢਾਰਿਆਂ ਨੂੰ । ਤੂੰ ਦੱਸ ਖਾਂ ਬੰਨ੍ਹਾਂ ਮੈਂ ਕਿੱਸ ਲੀੜੇ ਨੀ ਝੂਠੀਏ ਤੇਰਿਆਂ ਲਾਰਿਆਂ ਨੂੰ । ਤੂੰ ਕਿਨ੍ਹੇ ਹੀ ਜੰਗਾਂ 'ਚ ਡੋਬ ਆਈ ਨੀ ਸਾਡਿਆਂ ਸੂਰਜਾਂ, ਤਾਰਿਆਂ ਨੂੰ । ਨੀ ਖਾ ਲਿਆ ਖੁਰਚ ਕੇ ਵੇਖ ਡੈਣੇਂ ਨਾਲ ਨੌਂਹਾਂ ਤੂੰ ਕਈ ਕੁਆਰਿਆਂ ਨੂੰ । ਹੁਣ ਟੁੱਕ ਵੀ ਖੋਹਣ ਨੂੰ ਆਉੜਦੀ ਏਂ ਤੂੰ ਮਿੱਧ ਦੀ ਬਲਖ਼-ਬੁਖ਼ਾਰਿਆਂ ਨੂੰ । ਤੂੰ ਦਿੱਲੀਏ ਦੱਲੀ ਏਂ ਬਣ ਬੈਠੀ ਅਸੀਂ ਜਾਣੀਏ ਤੇਰਿਆਂ ਕਾਰਿਆਂ ਨੂੰ ।੪।

ਗੀਤ (ਏਸ ਵਾਰੀ ਖ਼ਾਲੀ ਨਹੀਂਓਂ ਪਰਤਣਾ)-ਸ਼ਮਸ਼ੇਰ ਮੋਹੀ

ਤੇਰੇ ਜ਼ੁਲਮਾਂ ਦੀ ਬੜੀ ਲੰਬੀ ਏ ਕਹਾਣੀ ਨੀ ਖੋਹਣਾ ਚਾਹਵੇਂ ਸਾਡੇ ਖੇਤ, ਜੰਗਲ਼ ਤੇ ਪਾਣੀ ਨੀ ਏਸ ਵਾਰੀ ਖ਼ਾਲੀ ਨਹੀਂਓਂ ਪਰਤਣਾ ਦਿੱਲੀਏ ਹੋਰ ਦੱਸ ਕਿੰਨਾ ਕੁ ਤੂੰ ਪਰਖਣਾ ਦਿੱਲੀਏ ਲੁੱਟਣਾ, ਕੁਚਲਣਾ ਹੀ ਖ਼ਾਸਾ ਤੇਰਾ ਹੋ ਗਿਆ ਸ਼ਾਹਾਂ ਵਾਲਾ ਪਾਸਾ ਬਸ ਪਾਸਾ ਤੇਰਾ ਹੋ ਗਿਆ ਉਹਨਾਂ ਲਈ ਤੂੰ ਤਪਣਾ ਤੇ ਬਰਸਣਾ ਦਿੱਲੀਏ ਏਸ ਵਾਰੀ ਖਾਲ਼ੀ ਨਹੀਂਓਂ ..... ਬੜੀਆਂ ਰੁਕਾਵਟਾਂ ਤੂੰ ਸਾਡੇ ਰਾਹੀਂ ਪਾਈਆਂ ਨੇ ਸਾਡੇ ਬਾਰੇ ਝੂਠੀਆਂ ਕਹਾਣੀਆਂ ਬਣਾਈਆਂ ਨੇ ਪਿੱਛੇ ਨੂੰ ਨਾ ਜ਼ਰਾ ਹੁਣ ਸਰਕਣਾ ਦਿੱਲੀਏ ਏਸ ਵਾਰੀ ਖਾਲ਼ੀ ਨਹੀਓ... ਤੈਨੂੰ ਨਾ ਪਸੰਦ ਸਾਡੀ ਅੱਡਰੀ ਸ਼ਨਾਖ਼ਤ ਕੁਚਲਣਾ ਲੋਚਦੀ ਏਂ ਸਾਡੀ ਤੂੰ ਬਗ਼ਾਵਤ ਤੇਰੇ ਨੈਣੀਂ ਇੰਜ ਹੀ ਏ ਰੜਕਣਾ ਦਿੱਲੀਏ ਏਸ ਵਾਰੀ ਖਾਲ਼ੀ ਨਹੀਓ... ਬੜੇ ਢੰਗਾਂ ਨਾਲ਼ ਹੁਣ ਤੀਕਰ ਡਰਾਇਆ ਨੇ ਬੜਾ ਕੁੱਝ ਸਾਡੇ ਉੱਤੇ ਤੂੰ ਅਜ਼ਮਾਇਆ ਏ ਪਰ ਅਸੀਂ ਜ਼ਰਾ ਨਹੀਂਓਂ ਜਰਕਣਾ ਦਿੱਲੀਏ ਏਸ ਵਾਰੀ ਖ਼ਾਲੀ ਨਹੀਂਓਂ ....

ਲਿਖੀ ਜਾ ਰਹੀ ਹੈ ਕਵਿਤਾ-ਹਰਮੀਤ ਵਿਦਿਆਰਥੀ

ਸੜਕਾਂ ਚੌਰਾਹਿਆਂ ਰੇਲ ਪਟੜੀਆਂ ਤੇ ਲਿਖੀ ਜਾ ਰਹੀ ਹੈ ਸਾਡੇ ਸਮਿਆਂ ਦੀ ਅਸਲ ਕਵਿਤਾ ਅਸੀਂ ਸ਼ਬਦਾਂ ਦਾ ਵਣਜ ਕਰਨ ਵਾਲੇ ਪਛੜ ਗਏ ਹਾਂ ਵਾਧਾ ਘਾਟਾ ਨਫ਼ਾ ਨੁਕਸਾਨ ਜੋਖਦਿਆਂ ਵਕਤ ਗੁਆ ਲਿਆ ਪੈਰਾਂ ਦੇ ਛਾਲਿਆਂ ਚੋਂ ਵਗਦਾ ਮਵਾਦ ਸਿਆਹ ਸੜਕਾਂ ਤੇ ਲਫ਼ਜ਼ ਉਲੀਕ ਰਿਹਾ ਹੈ ਹਰ ਨਵੀਂ ਸਵੇਰ ਸਿਰਜੀ ਜਾ ਰਹੀ ਹੈ ਨਵੀਂ ਕਵਿਤਾ ਤਣੇ ਮੁੱਕਿਆਂ ਤੇ ਫਰਕਦੇ ਡੌਲਿਆਂ ਨਾਲ ਹਵਾ ਚ ਲਹਿਰਾ ਰਹੀ ਹੈ ਨਵੀਂ ਕਵਿਤਾ ਜਦੋਂ ਜਜ਼ਬਾ ਸੁੱਚਾ ਸਿਦਕ ਮੁਕੰਮਲ ਬੰਦਾ ਨਿਰਭਉ ਨਿਰਵੈਰ ਹੋਵੇ ਉਦੋਂ ਕਵਿਤਾ ਕਾਗਜ਼ ਕਲਮ ਤੇ ਲਫ਼ਜ਼ਾਂ ਦੀ ਮੁਥਾਜ ਕਦ ਹੁੰਦੀ ਹੈ।

ਸਦੀ ਦਾ ਸੱਚ-ਡਾ. ਦਵਿੰਦਰ ਪ੍ਰੀਤ

ਹਰ ਸਦੀ ਦੀ ਕੁੱਖ ਵਿੱਚ ਹੁੰਦਾ ਹੈ ਘਟ ਚੁੱਕੀਆਂ ਘਟਨਾਵਾਂ ਦਾ ਸੱਚ ਸੱਚ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਬਣਦੈ ਧੌਣਾ ਸਿੱਧੀਆਂ ਰੱਖ ਤੁਰਨਾ ਦੱਸਦੈ ਅਣਖ ਨਾਲ । ਹਰ ਸਦੀ ਦੀ ਕੁਖ ਵਿਚ ਸੂਲੀਆਂ ਤਖਤੇ ਫਾਂਸੀ, ਰੱਸੇ ਤੇ ਰੱਸੇ ਚੁੰਮਣ ਦੇ ਸ਼ੌਕੀਨ ਵੀ ਨੇ ਹੁੰਦੇ ਜਿੰਨਾ ਨੂੰ ਜੀਣ ਨਾਲੋਂ ਮੌਤ ਦਾ ਚਾਅ ਹੁੰਦਾ ਵਧੇਰੇ ਹਰ ਸਦੀ ਘਟਨਾਵਾਂ ਦੁਰਘਟਨਾਵਾਂ ਦਾ ਮਿਲਗੋਭਾ ਹੁੰਦੀ ਹੈ ਬੇਸ਼ੱਕ ਪਰ ਹਰ ਸਦੀ ਦੇ ਹੁਕਮਰਾਨ ਨਿਰਸੰਦੇਹ ਜਾਬਰ ਨੇ ਹੁੰਦੇ ਜੋ ਸੱਚ ਦੀ ਆਵਾਜ਼ ਨੂੰ ਦਬਾਉੰਦੇ ਨੇ ਹਰ ਸਦੀ ਦਾ ਹਾਕਮ ਤੱਤੀ ਤਵੀ ਤਪਾਉੰਦਾ ਹੈ ਪਰ ਹਰ ਸਦੀ ਚ ਸਿਦਕ ਜਾਬਰ ਨੂੰ ਸਬਕ ਸਿਖਾਂਉਦਾ ਹੈ ਤਾਂ ਹੀ ਤਾਂ ਹਰ ਸਦੀ ਇਤਿਹਾਸ ਸਿਰਜਦੀ ਹੈ ਗਦਰ ਦੇ ਸੰਤਾਲੀ ਤੇ ਚੁਰਾਸੀ ਦੇ ਵਡੋਦਰਾ ਤੇ ਦਿੱਲੀ ਕਤਲੇਆਮ ਦਾ ਇਤਿਹਾਸ ਸਦੀ ਦੀ ਕੁੱਖ ਵਿੱਚ ਪਈ ਨਸਲਕੁਸ਼ੀ ਇਸੇ ਨਵੀਂ ਸਦੀ ਚ ਪਿਆ ਕਰੂਰ ਇਤਿਹਾਸ ਦੱਸਦਾ ਹੈ ਗੈਰਤ ਤੇ ਕੁਰਬਾਨੀ

ਗ਼ਜ਼ਲ-ਸੁਖਵਿੰਦਰ ਅੰਮ੍ਰਿਤ

ਕਿਵੇਂ ਪਰ ਸਮੇਟ ਕੇ ਬਹਿ ਰਹੀਏ ਕਿਵੇਂ ਭੁੱਲ ਜਾਈਏ ਉਡਾਨ ਨੂੰ, ਇਹ ਤਾਂ ਦਾਗ਼ ਹੈ ਸਾਡੀ ਅਣਖ਼ 'ਤੇ, ਇਹ ਹੈ ਮਿਹਣਾ ਸਾਡੇ ਈਮਾਨ ਨੂੰ। ਹੋਏ ਤਬਸਰੇ ਸਾਡੀ ਜ਼ਾਤ 'ਤੇ, ਸਾਡੀ ਨਸਲ ਅਕਲ ਔਕਾਤ 'ਤੇ, ਰਿਹਾ ਜ਼ਬਤ ਨਾ ਜਜ਼ਬਾਤ 'ਤੇ, ਤੇ ਅਸੀਂ ਨਿਕਲੇ ਚੀਰ ਮਿਆਨ ਨੂੰ। ਜੇ ਤੂੰ ਰੋਕ ਸਕਦੈਂ ਤਾਂ ਰੋਕ ਲੈ, ਇਸ ਰੋਹ ਦੇ ਵਹਿਣ ਨੂੰ ਮੁਨਸਫ਼ਾ, ਅਸੀਂ ਜਾ ਰਹੇ ਹਾਂ ਉਲੰਘ ਕੇ, ਤੇਰੇ ਹੁਕਮ ਨੂੰ ਫ਼ੁਰਮਾਨ ਨੂੰ। ਇਹ ਹਨ੍ਹੇਰ ਗਰਦ ਗੁਬਾਰ ਹੈ, ਸਾਡੇ ਰਾਹ 'ਚ ਉੱਚੀ ਦੀਵਾਰ ਹੈ, ਅਸੀਂ ਕਿੰਜ ਕਰਾਂਗੇ ਕਬੂਲ ਦੱਸ , ਤੇਰੇ ਫ਼ਲਸਫ਼ੇ ਤੇਰੇ ਗਿਆਨ ਨੂੰ । ਇਹ ਅੱਗ ਕਾਨੂੰਨ ਨਾ ਜਾਣਦੀ, ਇਹ ਤਾਂ ਲਹਿਰ ਉਨ੍ਹਾਂ ਦੇ ਹਾਣ ਦੀ, ਜਿਹੜੇ ਸਿਦਕ ਅਪਣਾ ਪੁਗਾਉਣ ਲਈ, ਝੱਟ ਦਾਅ ‘ਤੇ ਲਾ ਦਿੰਦੇ ਜਾਨ ਨੂੰ। ਇਸ ਅਗਨ 'ਤੇ ਇਤਬਾਰ ਕਰ, ਸਾਡਾ ਨਾਂ ਉਨ੍ਹਾਂ 'ਚ ਸ਼ੁਮਾਰ ਕਰ, ਜਿਹੜੇ ਜਾਲਦੇ ਜਿੰਦ ਆਪਣੀ, ਅਤੇ ਨੂਰ ਵੰਡਦੇ ਜਹਾਨ ਨੂੰ।

ਸਿੰਘੂ ਬਾਡਰ ਤੋਂ....-ਸੁਖਵਿੰਦਰ ਅੰਮ੍ਰਿਤ

ਕਿਸੇ ਸੋਨੇ ਦੇ ਕਣ ਨੂੰ ਹੀ ਜ਼ਮਾਨਾ ਅਗਨ ਵਿਚ ਪਾਵੇ। ਕਿ ਜ਼ੱਰਾ ਖ਼ਾਕ ਦਾ ਤਾਂ ਇਮਤਿਹਾਨਾਂ ਨੂੰ ਤਰਸ ਜਾਵੇ। ਅਜੇ ਕਾਹਲਾ ਨਾ ਪੈ ਤੈਨੂੰ ਤਰਾਸ਼ੇਗਾ ਜ਼ਮਾਨਾ ਇਉਂ, ਕਿ ਲੱਖਾਂ ਨ੍ਹੇਰਿਆਂ ਨੂੰ ਚੀਰ ਕੇ ਤੇਰਾ ਜਲੌਅ ਜਾਵੇ। ਮਿਲੇ ਨਾ ਜ਼ਖ਼ਮ ਜਦ ਤਕ, ਰੁੱਖ ਨੂੰ ਵੀ ਫ਼ਲ ਨਹੀਂ ਪੈਂਦਾ, ਸਿਤਮ ਸਹਿ ਕੇ ਜ਼ਮਾਨੇ ਦੇ ਹਯਾਤੀ 'ਤੇ ਲਿਸ਼ਕ ਆਵੇ। ਬੁਝੇ ਹੋਏ ਚਰਾਗ਼ਾਂ ਨੂੰ ਕਿਸੇ ਨੇ ਪੁੱਛਿਆ ਤਕ ਨਾ, ਕਿ ਬਲਦੇ ਦੀਵਿਆਂ ਨੂੰ ਹਰ ਹਵਾ ਹੀ ਪਰਖ ਕੇ ਜਾਵੇ।

ਸ਼ਹੀਦ-ਸੁਖਵਿੰਦਰ ਅੰਮ੍ਰਿਤ

ਕਈ ਮਹੀਨਿਆਂ ਤੋਂ ਧਰਨਿਆਂ ‘ਤੇ ਨਾਅਰੇ ਲਾਉਂਦਾ ਲਾਉਂਦਾ ਅਚਾਨਕ ਖ਼ਾਮੋਸ਼ ਹੋ ਗਿਆ ਉਹ ਪਰ, ਉਸ ਦੀਆਂ ਦੋਵੇਂ ਮੁੱਠੀਆਂ ਓਵੇਂ ਹੀ ਤਣੀਆਂ ਹੋਈਆਂ ਸਨ- ਰੋਹ ਨਾਲ ਜੋਸ਼ ਨਾਲ ਜਜ਼ਬੇ ਨਾਲ ਜਿਵੇਂ ਉਹ ਦਿੱਲੀ ਦੀ ਦੇਹਲ਼ੀ ਤੋਂ ਨਿਰਾਸ ਹੋ ਕੇ ਜਾ ਬੈਠਾ ਹੋਵੇ ਰੱਬ ਦੀ ਦੇਹਲ਼ੀ ‘ਤੇ ਇਨਸਾਫ਼ ਮੰਗਣ ਲਈ...।

ਕਾਫ਼ਲਾ-ਸੁਖਵਿੰਦਰ ਅੰਮ੍ਰਿਤ

ਮੇਰੀ ਪਹਿਲੀ ਤਸਵੀਰ ਵੇਖ ਕੇ ਉਹਨਾਂ ਨੇ ਪੁੱਛਿਆ : ਇਹ ਕਿੱਥੇ ਰੋਟੀਆਂ ਪਕਾਈ ਜਾਨੀ ਐਂ ਇਹ ਤਾਂ ਖਾਲਸਿਆਂ ਦਾ ਗੜ੍ਹ ਆ ...? ਦੂਜੀ ਤਸਵੀਰ ਵੇਖ ਕੇ ਉਹਨਾਂ ਨੇ ਪੁੱਛਿਆ ਇਹ ਕਿੱਥੇ ਦਾਲ ਬਣਾਈ ਜਾਨੀ ਐਂ ਇਹ ਤਾਂ ਕਾਮਰੇਡਾਂ ਦਾ ਮੱਠ ਆ...? ਤੀਜੀ ਤਸਵੀਰ ਵੇਖ ਕੇ ਕਹਿਣ ਲੱਗੇ ਇਹ ਕਿਹੜੀ ਖਾਪ ਦੀ ਟਰਾਲੀ ‘ਤੇ ਚੜ੍ਹੀ ਫਿਰਦੀ ਐਂ...? ਚੌਥੀ ਤਸਵੀਰ ਵੇਖ ਕੇ ਪੁੱਛਣ ਲੱਗੇ ਆਹ ਤੂੰ ਝੰਡਾ ਕਿਹੜੀ ਪਾਰਟੀ ਦਾ ਚੁੱਕਿਆ...? ਇਹ ਚਾਰੇ ਸਵਾਲ ਚਾਰ ਨੇਜ਼ਿਆਂ ਵਾਂਗ ਮੇਰੇ ਉਮਾਹ ਨੂੰ ਵਿੰਨ ਕੇ ਲੰਘ ਗਏ ਮੇਰੀਆਂ ਚਾਰੇ ਦਿਸ਼ਾਵਾਂ ਅੰਨ੍ਹੀਆਂ ਹੋ ਗਈਆਂ ਪੰਜਵਾਂ ਸਵਾਲ ਸੁਣਨ ਤੋਂ ਪਹਿਲਾਂ ਮੈਂ ਚੱਕਰ ਖਾ ਕੇ ਅੰਦੋਲਨ ਦੇ ਸਿਖ਼ਰ ਤੋਂ ਭੁੰਜੇ ਡਿੱਗ ਪਈ... ਅਚੇਤ ਅਵਸਥਾ ਵਿਚ ਇਕ ਦ੍ਰਿਸ਼ ਦਿਸਿਆ : ਬਾਬਾ ਨਾਨਕ ਫ਼ਸਲ ਬੀਜ ਰਿਹਾ ਸਾਂਝੀ ਪੰਗਤ ਵਿਚ ਬੈਠੇ ਲੋਕ ਪ੍ਰਸ਼ਾਦਾ ਛਕ ਰਹੇ ਪੰਛੀ ਦਾਣਾ ਚੁਗ ਰਹੇ ਫ਼ਿਜ਼ਾ ਵਿਚ ਸ਼ਬਦ ਗੂੰਜ ਰਿਹਾ- ‘ਕੂੜ ਨਿਖੁਟੇ ਨਾਨਕਾ ਓੜਿਕ ਸਚਿ ਰਹੀ ।।’ ਅਚਨਚੇਤ ਕੋਈ ਚਾਨਣ ਜਗਿਆ... ਮੈਂ ਸੁਰਤ ਸੰਭਾਲੀ ਮਿੱਟੀ ਝਾੜੀ ਤੇ ਹੱਕ ਸੱਚ ਦਾ ਝੰਡਾ ਚੁੱਕ ਕੇ ਕਾਫ਼ਲੇ ਨਾਲ ਜਾ ਰਲ਼ੀ ਉਸੇ ਉਮਾਹ ਨਾਲ ਜਿਵੇਂ ਕੋਈ ਪਤੰਗਾ ਲੋਅ ਵੱਲ ਜਾਂਦਾ ਹੈ ।

ਸਿਆਸਤ ਦੇਸ਼ ਦੀ ਛਾਤੀ ‘ਤੇ ਮੂੰਗੀ ਦਲ਼ ਰਹੀ ਹੈ-ਸੁਖਵਿੰਦਰ ਅੰਮ੍ਰਿਤ

ਸਿਆਸਤ ਦੇਸ਼ ਦੀ ਛਾਤੀ ‘ਤੇ ਮੂੰਗੀ ਦਲ਼ ਰਹੀ ਹੈ। ਤੇ ਗ਼ੁਰਬਤ ਟੁਕੜਿਆਂ ਦੀ ਆਸ ਵਿਚ ਵਿਆਕੁਲ ਖੜ੍ਹੀ ਹੈ। ਓ ਹਿਰਨੋਂ ਭੋਲ਼ਿਓ ਕਿੱਧਰ ਨੂੰ ਹਫ਼ਦੇ ਜਾ ਰਹੇ ਹੋ, ਉਹ ਕੇਵਲ ਰੇਤ ਹੈ ਜੋ ਪਾਣੀ ਵਾਂਗੂੰ ਲਿਸ਼ਕਦੀ ਹੈ। ਉਹ ਜਿਹੜੇ ਛਾਂਗ ਕੇ ਹੋਰਾਂ ਨੂੰ ਉੱਚੇ ਹੋ ਗਏ ਨੇ, ਜ਼ਮਾਨੇ ਵਿਚ ਉਹਨਾਂ ਲੋਕਾਂ ਦੀ ਤੂਤੀ ਬੋਲਦੀ ਹੈ। ਸ਼ਰ੍ਹਾ ਦੀ ਆੜ ਲੈ ਕੇ ਜੋ ਸਿਤਮ ਦਾ ਪੱਖ ਪੂਰਨ, ਲੋਕਾਈ ਐਸੇ ਬਦਨੀਤਾਂ ਨੂੰ ਹੁਣ ਪਹਿਚਾਣਦੀ ਹੈ। ਇਹ ਦਹਿਸ਼ਤ ਦਾ ਹਨ੍ਹੇਰਾ ਉਫ਼ ਇਹ ਪਾਗ਼ਲਪਨ ਦਾ ਆਲਮ, ਕਟਹਿਰੇ ਵਿਚ ਨੇ ਦੀਵੇ ਚਾਨਣਾਂ ਨੂੰ ਹੱਥਕੜੀ ਹੈ। ਓ ਲੋਕੋ ਆਉ ਪੀਪੇ ਥਾਲੀਆਂ ਖੜਕਾਉ ਆ ਕੇ, ਸਿਆਸੀ ਆਹਣ ਆਪਣੇ ਖੇਤਾਂ ਤੀਕਰ ਆ ਗਈ ਹੈ।

ਗੀਤ-ਕੰਵਰ ਇਕਬਾਲ ਸਿੰਘ

ਪਰਖ਼ ਨਾ ਸਾਡਾ ਸਬਰ, ਬੜਾ ਪਛਤਾਵੇਂਗੀ ਦਿੱਲੀਏ ਲੱਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਵੇਂਗੀ ਦਿੱਲੀਏ ਬਚ ਲੈ ਜੇ ਬਚ ਹੁੰਦਾ, ਸ਼ੇਰ ਦਹਾੜਦੇ ਫਿਰਦੇ ਨੇ ਹੱਕ ਲੈਣ ਲਈ ਸੜਕਾਂ ਉਤੇ ਨਿੱਤਰੇ ਚਿਰ ਦੇ ਨੇ ਗੋਡਿਆਂ ਹੇਠੋਂ ਹੱਥ ਕੰਨਾਂ ਨੂੰ ਲਾਵੇਂਗੀ ਦਿੱਲੀਏ ਲੱਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਵੇਂਗੀ ਦਿੱਲੀਏ...., ਤੇਰੀਆਂ ਲੂੰਬੜ ਚਾਲਾਂ ਤੋਂ ਹਾਂ ਵਾਕਿਫ਼ ਸਾਰੇ ਨੀ ਅਜੇ ਵੀ ਵੇਲੈ, ਸਮਝ ਲੈ ਤੂੰ ਕੇਂਦਰ ਸਰਕਾਰੇ ਨੀ ਵਕ਼ਤ ਵਿਹਾ ਕੇ ਤੂੰ ਡਾਹਡੀ ਪਛਤਾਵੇਂਗੀ ਦਿੱਲੀਏ ਲਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਵੇਂਗੀ ਦਿੱਲੀਏ..…, ਢਿੱਡ ਭਰਦੇ ਨੇ ਕੁੱਲ ਦੁਨੀਆਂ ਦਾ ਇਹ ਅੰਨਦਾਤੇ ਜੋ ਕੱਕਰਾਂ-ਕੋਰਿਆਂ ਦੇ ਵਿੱਚ ਧਰਨਿਆਂ ਵਿੱਚ ਬਿਠਾ ਤੇ ਜੋ ਵੇਖਾਂਗੇ ਕਿੰਝ ਜਬਰੀਂ ਈਨ ਮਨਾਵੇਂਗੀ ਦਿੱਲੀਏ ਲਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਵੇਂਗੀ ਦਿੱਲੀਏ...., ਬੇਸ਼ੱਕ ਜਿੰਮੀਂਦਾਰ ਨਹੀਂ, ਪਰ ਪੁੱਤ ਹਾਂ ਕਿਰਤੀ ਦਾ ਪਾਣ ਚੜ੍ਹੀ ਅਣਖੀਲੀ,ਨਿਮਰ ਹਾਂ ਸਾਧੂ ਬਿਰਤੀ ਦਾ ਮੰਨ "ਇਕਬਾਲ" ਦਾ ਕਹਿਣਾਂ, ਤੂੰ ਸੁੱਖ ਪਾਵੇਂਗੀ ਦਿੱਲੀਏ ਲਗਦੈ ਤੂੰ ਇਤਿਹਾਸ ਨੂੰ ਫਿਰ ਦੁਹਰਾਵੇਂਗੀ ਦਿੱਲੀਏ....,

ਹਾਕਮ ਤੋਂ ਹੱਕ ਆਪਣੇ-ਚਮਨਦੀਪ ਦਿਓਲ

(ਇੱਕ ਮੁਸਲਸਿਲ ਗ਼ਜ਼ਲ) ਹਾਕਮ ਤੋਂ ਹੱਕ ਆਪਣੇ ਲੈ ਕੇ ਛੱਡਾਂਗੇ। ਦਿੱਲੀਏ! ਤੇਰੀ ਹਿੱਕ 'ਚ ਝੰਡਾ ਗੱਡਾਂਗੇ!! 'ਜਨਤਾ ਕੇਵਲ ਵੋਟਾਂ ਦੇ ਲਈ ਹੁੰਦੀ ਏ,' ਤੇਰੇ ਮਨ 'ਚੋਂ ਵਹਿਮ ਇਹ ਛੇਤੀ ਕੱਢਾਂਗੇ। ਵੇਖੀਂ ਚੱਲ ਤੂੰ ਜ਼ੁਲਮ ਦੀਏ ਸਰਕਾਰੇ ਨੀ! ਹੁਣ ਤਾਂ ਤੈਨੂੰ ਐਨ ਜੜ੍ਹਾਂ 'ਚੋਂ ਵੱਢਾਂਗੇ! ਮੰਗਦੇ ਨਹੀਂਓਂ ਹੱਕ ਅਸੀਂ, ਖੋਹ ਲੈਂਦੇ ਹਾਂ, ਇਹ ਵੀ ਤੇਰਾ ਵਹਿਮ ਹੈ ਕਿ ਹੱਥ ਅੱਡਾਂਗੇ। ਨਾ ਹੀ ਹਉਮੈ ਕਰੀਏ ਤੇ ਨਾ ਜਰ ਸਕੀਏ, ਵੇਖੀੰ, ਤੇਰੀ ਧੌਣ 'ਚੋਂ ਕਿੱਲਾ ਕੱਢਾਂਗੇ।

ਗੀਤ-ਨਵਗੀਤ ਕੌਰ

ਤੂੰ ਕਦੇ ਸਾਨੂੰ ਕਹਿੰਦੀ ਅੱਤਵਾਦੀ ਦਿੱਲੀਏ। ਕਦੇ ਸਾਨੂੰ ਕਹੇ ਵੱਖਵਾਦੀ ਦਿੱਲੀਏ। ਮਾਰ ਇਤਿਹਾਸ ਵੱਲ ਝਾਤੀ ਦਿੱਲੀਏ। ਕਿੰਨੀ ਵਾਰੀ ਡਾਹੀ ਅਸੀ ਛਾਤੀ ਦਿੱਲੀਏ। ਜਿਹੜੇ ਪਾਲ਼ਦੀ ਤੂੰ ਵਹਿਮ ਅਸੀਂ ਕੱਢੇ ਹੋਏ ਆ। ਨੀ ਤੇਰੀ ਹਿੱਕ ਤੇ ਕਿੰਨੀ ਵਾਰ ਝੰਡੇ ਅਸੀਂ ਗੱਡੇ ਹੋਏ ਆਂ। ਹੱਥ ਸਾਡੇ ਕੱਸੀਆਂ ਪੰਜਾਲ਼ੀਆਂ ਤੇ ਰਹਿਣ ਦੇ। ਹਾੜ੍ਹਾ ਸਾਨੂੰ ਸੱਥਾਂ ਵਿੱਚ ਮਿਲ਼ ਜੁਲ਼ ਬਹਿਣ ਦੇ। ਕਾਹਨੂੰ ਸਾਡੀ ਅਣਖ ਨੂੰ ਫਿਰੇਂ ਤੂੰ ਵੰਗਾਰਦੀ। ਸਮਝ ਨਾ ਆਉੰਦੀ ਤੈਨੂੰ ਗੱਲ ਸਾਡੇ ਪਿਆਰ ਦੀ। ਅਜੇ ਸਬਰ ਦੇ ਵਿੱਚ ਅਸੀਂ ਬੱਝੇ ਹੋਏ ਆਂ। ਨੀ ਤੇਰੀ ਹਿੱਕ ਉੱਤੇ....... ਕਾਬਲ ਕੰਧਾਰ ਤੱਕ ਮੱਲ੍ਹਾਂ ਅਸੀਂ ਮਾਰੀਆਂ। ਧੌਣ ਉੱਚੀ ਕਰ ਸਦਾ ਕੀਤੀਆਂ ਸਰਦਾਰੀਆਂ। ਨਾ ਅਸੀਂ ਡਰਦੇ ਨਾ ਕਿਸੇ ਨੂੰ ਡਰਾਉਂਦੇ ਹਾਂ। ਸਿਰੋਂ ਟੱਪਜੇ ਪਾਣੀ, ਫੇਰ ਖੰਡੇ ਖੜਕਾਉੰਦੇ ਹਾਂ। ਹੁਣ ਜਿੱਤ ਲਈ ਜੈਕਾਰੇ ਅਸੀਂ ਛੱਡੇ ਹੋਏ ਆ। ਨੀ ਤੇਰੀ ਹਿੱਕ ਉੱਤੇ ਕਿੰਨੀ ਵਾਰ ਝੰਡੇ ਅਸੀਂ ਗੱਡੇ ਹੋਏ ਆ।

ਹਾਕਮ ਨੇ-ਗੁਰਪ੍ਰੀਤ ਬੋੜ੍ਹਾਵਾਲ

ਹਾਕਮ ਨੇ ਹੱਕ ਮੰਗਦੇ ਨਿਮਾਣਿਆਂ ਨਿਤਾਣਿਆਂ ਲਿਤਾੜਿਆ 'ਤੇ ਪੱਥਰ ਵਰਾਏ ਨਿਮਾਣਿਆਂ ਨਿਤਾਣਿਆਂ ਲਿਤਾੜਿਆਂ ਨੇ ਪੱਥਰਾਂ ਨੂੰ ਚੁੱਕ ਚੁੱਲ੍ਹੇ ਬਣਾ ਲਏ ਚੁੱਲ੍ਹੇ ਦੀ ਅੱਗ ਵੇਖ ਹਾਕਮ ਘਬਰਾਹਟ ਵਿਚ ਹੈ...

ਅੰਨਦਾਤੇ-ਮਨਦੀਪ ਰਿੰਪੀ

ਮੇਰਾ ਹੀ ਅੰਨ ਖਾ ਕੇ ਬਣ ਬੈਠੇ ਮੇਰੇ ਅੰਨਦਾਤੇ ਵੱਡ ਅੰਗੂਠਾ ਆਖਣ ਮੈਨੂੰ ਕੋਲ ਤੇਰੇ ਅਧਿਕਾਰ ਨਹੀਂ ਹੈ ਹੰਝੂ ਕਰਦਾ ਜਦ ਮੈਂ ਭੇਟਾ ਆਖਣ ਇਹ ਸਵੀਕਾਰ ਨਹੀਂ ਹੈ ਖੂਨ ਪਸੀਨਾ ਮਿੱਟੀ ਰੁਲਦਾ ਅੰਨ ਦਾ ਇੱਕ ਇੱਕ ਦਾਣਾ ਪਲਦਾ ਧੀਆਂ ਪੁੱਤ ਸਹਾਰਨ ਭੁੱਖਾਂ ਮੈਂ ਨਾ ਤੱਕੀਆਂ ਕਦੀ ਵੀ ਰੁੱਤਾਂ ਆਪਣੇ ਸਾਰੇ ਸੁਪਨੇ ਭੁੱਲ ਕੇ ਕਦੇ ਨਾ ਅੱਜ ਤੱਕ ਹੱਸਿਆ ਖੁੱਲ੍ਹ ਕੇ ਸੂਲਾਂ ਉੱਤੇ ਤੁਰ ਤੁਰ ਕੇ ਵੀ ਅੰਦਰੋਂ -ਅੰਦਰੀਂ ਭੁਰ ਭੁਰ ਕੇ ਵੀ ਸਦੀਆਂ ਤੋਂ ਮੈਂ ਮਿੱਟੀ ਵਾਹੀ ਗਰਦ ਨਾ ਪਿੰਡਿਓ ਕਦੀ ਵੀ ਲਾਹੀ ਹੌਕੇ ਹਾਵੇ ਜਰ ਨਾ ਸਕਿਆ ਖੁਦਕੁਸ਼ੀਆਂ ਦੇ ਨਾਗਾਂ ਡੱਸਿਆ ਸੜਕਾਂ ਉੱਤੇ ਬਹਿ ਗਿਆ ਮੈਂ ਅੱਜ ਸੀਨੇ ਮੇਰੇ ਮੱਘਦੀ ਹੈ ਅੱਗ ਹੋਰ ਮੈਨੂੰ ਮਜਬੂਰ ਕਰੋ ਨਾ ਆਪਣੇ ਕੋਲੋਂ ਦੂਰ ਕਰੋ ਨਾ ਸਦੀਆਂ ਤੋਂ ਨੇਕੀ 'ਤੇ ਤੁਰਿਆ ਹੁਣ ਜੇ ਰਸਤਾ ਬਦਲ ਲਿਆ ਮੈਂ ਫੇਰ ਨਾ ਆਖੀਂ ਪਿੱਛੇ ਮੁੜ ਆ ਪਿੱਛੇ ਮੈਥੋਂ ਮੁੜ ਨਹੀਂ ਹੋਣਾ ।

ਧੰਨਵਾਦ ਦਿੱਲੀਏ ਤੇਰਾ ਨੀ-ਮਨਦੀਪ ਰਿੰਪੀ

ਧੰਨਵਾਦ ਦਿੱਲੀਏ ਤੇਰਾ ਨੀ, ਤੂੰ ਸੁੱਤੇ ਸਿੰਘ ਜਗ੍ਹਾ ਬੈਠੀ ਅਸੀਂ ਫੁੱਲ ਵੰਡਣ ਦੇ ਆਦੀ ਹਾਂ ਤੂੰ ਕੰਡੇ ਹੱਥ ਫੜਾ ਬੈਠੀ । ਤੂੰ ਚੌਧਰ ਦੀ ਭੁੱਖੀ ਐ ਸਾਡੀ ਖੋਂਹਦੀ ਰੁੱਖੀ ਮਿੱਸੀ ਐ ਸਾਨੂੰ ਸਮਝ ਕੇ ਗੂੰਗੇ ਬੋਲੇ ਤੂੰ ਭੁੱਬਲ ਨੂੰ ਝੋਲੀ ਪਾ ਬੈਠੀ । ਅਸੀਂ ਅਣਖਾਂ ਵਾਲੇ ਬੰਦੇ ਹਾਂ ਸਾਨੂੰ ਸਮਝ ਤੂੰ ਕੀਟ ਪਤੰਗੇ ਨਾ ਹੱਕ ਕੋਈ ਮਾਰੇ ਜਰ ਨਹੀਂ ਸਕਦੇ ਤੂੰ ਢਿੱਡਾਂ ਤੇ ਕਿਰਚ ਲਾ ਬੈਠੀ। ਨਾ ਸਾਨੂੰ ਲਲਕਾਰ ਦਿੱਲੀਏ ਅਸੀਂ ਬਣ ਬੈਠੇ ਅੰਗਿਆਰ ਦਿੱਲੀਏ ਅਸਾਂ ਸਿਰ ਤੇ ਕਫਨ ਸਜਾ ਕੇ ਏ ਆਏ ਤੂੰ ਆਪਣੀ ਚਿਖਾ ਮਘਾ ਬੈਠੀ ਧੰਨਵਾਦ ਦਿੱਲੀਏ ਤੇਰਾ ਨੀ ਤੂੰ ਸੁੱਤੇ ਸਿੰਘ ਜਗਾ ਬੈਠੀ

ਗ਼ਜ਼ਲ-ਵਾਹਿਦ

ਹੋਈ ਮਿੱਟੀ ਦੀ ਜੋ ਦੁਰਗਤ ਜ਼ਮੀਨਾਂ ਜਾਗ ਪਈਆਂ ਨੇ। ਲਈ ਕਿਰਤਾਂ ਨੇ ਅੰਗੜਾਈ ਜ਼ਮੀਰਾਂ ਜਾਗ ਪਈਆਂ ਨੇ। ਇਹ ਜੋ ਕਾਲੀਨ ਮਖ਼ਮਲ ਦੇ, ਨਿਹੱਕੇ ਰੇਸ਼ਮੀ ਲੀੜੇ, ਇਹਨਾਂ ਦੀ ਖਹਿ ‘ਚ ਆਖ਼ਰ ਸਖ਼ਤ ਲੀਰਾਂ ਜਾਗ ਪਈਆਂ ਨੇ। ਜਿਵੇਂ ਕੋਈ ਦਿਸ਼ਾ ਮਿਲ ਜਾਂਦੀ ਭਟਕੇ ਹੋਏ ਪੈਰਾਂ ਨੂੰ, ਕੁਝ ਏਦਾਂ ਖੇਤ ਬੰਨਿਆਂ ‘ਚੋਂ ਵਹੀਰਾਂ ਜਾਗ ਪਈਆਂ ਨੇ। ਕੋਈ ਬੁੱਲ੍ਹਾ ਹਵਾ ਦਾ ਐਸਾ ਆਇਆ ਹੈ ਕਿ ਨੀਂਦਰ ‘ਚੋਂ, ਨਵੇਂ ਸਮਿਆਂ ਦੇ ਦੁੱਲ੍ਹੇ ਤੇ ਇਹ ਹੀਰਾਂ ਜਾਗ ਪਈਆਂ ਨੇ। ਬੜਾ ਰੁਲ਼ੀਆਂ ਨੇ ਥਾਂ-ਥਾਂ, ਦਰ-ਬਦਰ ਪੱਗਾਂ ਅਤੇ ਚੁੰਨੀਆਂ, ਲਹੂ ਵਿਚ ਫੇਰ ਤੋਂ ਤੱਤੀਆਂ ਤਸੀਰਾਂ ਜਾਗ ਪਈਆਂ ਨੇ। ਬਣੇ ਖ਼ਾਮੋਸ਼ ਸੱਧਰਾਂ ਦੀ ਜੋ ਵੀ ਆਵਾਜ਼ ਇਸ ਵੇਲੇ, ਉਹਨਾਂ ਸ਼ਬਦਾਂ ਦੀਆਂ ਸੁੱਤੀਆਂ ਲਕੀਰਾਂ ਜਾਗ ਪਈਆਂ ਨੇ।

ਇਹ ਸਭ ਐਵੇਂ ਨਹੀਂ-ਵਾਹਿਦ

ਇਹ ਸਭ ਐਵੇਂ ਨਹੀਂ, ਇਹ ਜੀਣ ਤੇ ਹੈ ਥੀਣ ਦਾ ਮਸਲਾ ਇਹ ਤਖਤੋਂ ਨਾਬਰੀ ਦੀ ਮੁੱਢ ਕਦੀਮੋਂ ਪਿਰਤ ਦਾ ਜਜ਼ਬਾ। ਕਿ ਸਿਰ ਚੜ੍ਹ ਬੋਲਦਾ ਹੈ ਹਰ ਕਿਸੇ ਦੇ ਕਿਰਤ ਦਾ ਜਜ਼ਬਾ। ਸਿਰਾਂ ਵਿਚ ਉਠ ਰਹੀ ਹੈ ਏਕਤਾ ਦੀ ਸੁਰਤ ਦਾ ਜਜ਼ਬਾ। ਇਹ ਕਲਮੇ ਪੜ੍ਹਦਿਆਂ ਦਾ ਹੈ ਅਤੇ ਹੈ ਅੰਮ੍ਰਿਤ ਦਾ ਜਜ਼ਬਾ। ਕਿ ਕਣ ਕਣ ਵਿਚ ਜਿਹਨੇ ਹੈ ਨਾਬਰੀ ਦਾ ਬੀਜ ਬੋ ਦਿੱਤਾ, ਇਹ ਹੈ ਕਿਰਸਾਨ ਤੇ ਕਿਰਤੀ ਦੀ ਸਾਂਝੀ ਕਿਰਤ ਦਾ ਜਜ਼ਬਾ. ਜੋ ਕੱਚੇ ਢਾਰਿਆਂ ਲਲਕਾਰਿਆ ਜਾ ਰਾਜ ਭਵਨਾ ਨੂੰ. ਕਹੀ ਤੇ ਖੁਰਪਿਆਂ ਨੇ ਪੁੱਟਣਾ ਤਖਤਾਂ ਦੇ ਗ਼ਬਨਾਂ ਨੂੰ ਹੈ ਭਾਵੇਂ ਹੋਸ਼ ਵਿਚ ਕੋਈ ਜਾਂ ਹੈ ਮਦਹੋਸ਼, ਰਲਿਆ ਹੈ। ਬਜ਼ੁਰਗਾਂ ਦੇ ਤਜਰਬੇ ਦਾ ਇਹਦੇ ਵਿਚ ਹੋਸ਼ ਰਲਿਆ ਹੈ। ਜੁਆਨੀ ਦਾ ਜੋ ਹਾਲੇ ਸਧ ਰਿਹੈ ਉਹ ਜੋਸ਼ ਰਲਿਆ ਹੈ। ਸਜ਼ਾ ਕੱਟਦਾ ਬਿਨਾਂ ਜੁਰਮੋੰ ਜੋ ਹਰ ਨਿਰਦੋਸ਼ ਰਲਿਆ ਹੈ। ਕਿ ਮੱਠਾ ਪੈ ਗਿਆ ਸੀ ਜੋ ਮਸ਼ੀਨੀ ਦੌਰ ਵਿਚ ਆ ਕੇ, ਉਹ ਕੁਰਬਾਨੀ ਦਾ ਜਜ਼ਬਾ ਤੇ ਅਣਖ ਦਾ ਜੋਸ਼ ਰਲਿਆ ਹੈ। ਇਹ ਕਾਲਾ, ਲਾਲ, ਨੀਲਾ ਤੇ ਕਿਤੇ ਇਹ ਕਣਕ-ਵੰਨਾ ਹੈ ਇਹ ਜਿਹੜਾ ਲੋਕ ਰੋਹ ਹੈ ਨਾ, ਬੜਾ ਹੀ ਵੰਨ ਸੁਵੰਨਾ ਹੈ। ਅਣ ਆਈ ਤੁਰ ਗਿਆਂ ਦਾ ਏਸ ਵਿਚ ਵਿਰਲਾਪ ਸ਼ਾਮਲ ਹੈ। ਇਹਦੇ ਵਿਚ ਭੁੱਖਿਆਂ ਢਿੱਡਾਂ ਦਾ ਵੀ ਸੰਤਾਪ ਸ਼ਾਮਲ ਹੈ। ਇਹਦੇ ਵਿਚ ਖੇਤੋਂ ਦਿੱਲੀ ਤੱਕ ਮਿਣਿਆ ਮਾਪ ਸ਼ਾਮਲ ਹੈ। ਸ਼ਹੀਦੀ ਪਾ ਗਿਆ ਹੱਦ ‘ਤੇ ਜੋ ਉਸ ਦਾ ਬਾਪ ਸ਼ਾਮਲ ਹੈ। ਕਿਸੇ ‘ਕੱਲੇ ਦੁਕੱਲੇ ਦਾ ਨਹੀਂ ਹੈ ਦਰਦ ਇਸ ਅੰਦਰ. ਇਹਦੇ ਵਿਚ ਪਿਸ ਰਿਹੇ ਹਰ ਸ਼ਖਸ ਦਾ ਸੰਤਾਪ ਸ਼ਾਮਲ ਹੈ... ਇਹ ਮਸਲਾ ਰਹਿ ਗਿਆ ਨਾ ਸਿਰਫ਼ ਹੁਣ ‘ਕੱਲੇ ਕਿਸਾਨਾਂ ਦਾ ਇਹ ਮਸਲਾ ਬਣ ਗਿਆ ਖੇਤੀ ‘ਤੇ ਟਿਕੀਆਂ ਲੱਖਾਂ ਜਾਨਾਂ ਦਾ। ਹੁਣ ਅੱਖਾਂ ਮੀਟ, ਬੁੱਲ ਸੀ ਲਓ ਇਹ ਸੰਸਦ ਦੀ ਹਿਦਾਇਤ ਹੈ. ਨਹੀਂ ਮੰਨਦੀ ਪਰ ਐਸੀ ਧੌਂਸ ਇਹ ਲੋਕਾਂ ਦੀ ਪੰਚਾਇਤ ਹੈ। ਨੇ ਏਧਰ ਹੌਸਲੇ ਜੇ ਓਧਰ ਪੈਸੇ ਦੀ ਹਿਮਾਇਤ ਹੈ। ਹਮੇਸ਼ਾ ਜੂਝਦੇ ਮੁਖ-ਵਾਕ ਤੇ ਜੋ ਪਾਕ-ਆਇਤ ਹੈ. ਕੋਈ ਸਮਝਾਓ ਵੇਲੇ ਦੇ ਇਹ ਗੱਲ ਹਾਕਮ ਨੂੰ ਜਾ ਕੇ ਹੁਣ, ਵਿਚਾਰਾਂ ਵਾਸਤੇ ਸਿਰ ਦੇਣ ਦੀ ਸਾਡੀ ਰਿਵਾਇਤ ਹੈ। ਤੁਰੇ ਜੋ ਕਾਫ਼ਲੇ ਖੇਤਾਂ ‘ਚੋਂ ਰਾਹ ਵਿਚ ਰੁਕਣ ਵਾਲੇ ਨਈਂ.. ਕਿ ਕਟ ਸਕਦੇ ਨੇ ਸਿਰ ਪਰ ਤਖ਼ਤ ਮੂਹਰੇ ਝੁਕਣ ਵਾਲੇ ਨਈਂ

ਕੱਲ੍ਹ ਤੇ ਗੱਲ-ਵਾਹਿਦ

ਕੱਲ੍ਹ ‘ਤੇ ਗੱਲ ਪਾ ਕੇ ਤਾਂ ਏਦਾਂ ਸਰਨਾ ਨਈਂ ਹੈ! ਬਿਹਤਰ ਹੈ ਇਹ ਸਭ ਕੁਝ ਇਸ ਵਕਤ ਬਦਲ ਜਾਵੇ। ਤਖਤ ਨਸ਼ੀਨ ਬਦਲ ਕੇ ‘ਕੱਲਾ ਕੀ ਹੋਣਾ ਹੈ, ਲਾਜ਼ਮ ਹੈ ਹੁਣ ਲੱਗਦੇ ਹੱਥ ਤਖ਼ਤ ਬਦਲ ਜਾਵੇ। ਖ਼ੌਫ਼, ਉਦਾਸੀ, ਚਿੰਤਾ, ਝੋਰੇ ਕਿੰਨਾ ਕੁਝ ਹੈ, ਦੁਬਿਧਾ, ਰੰਜਸ਼, ਸਾਜ਼ਸ਼ ਖੌਰੇ ਕਿੰਨਾ ਕੁਝ ਹੈ, ਖ਼ੂਨ ‘ਚ ਏਨਾ ਕੁਝ ਕਿੱਥੋਂ ਆ ਰਲ਼ਿਆ ਆਖ਼ਰ, ਠਰਿਆ ਠਰਿਆ ਹੁਣ ਤਾਂ ਇਹ ਰਕਤ ਬਦਲ ਜਾਵੇ। ਉੱਮੀਦ ਪਲੇ ਵਰਿਆਂ ਤੋਂ ਜਿਹੜੇ ਚਾਨਣ ਦੀ, ਹਸਰਤ ਹੈ ਹੁਣ ਸੱਚਮੁਚ ਆਜ਼ਾਦੀ ਮਾਨਣ ਦੀ, ਦਿਨ ਦਾ ਚ੍ਹੜਨਾ ਲਹਿਣਾ ਆਖ਼ਰ ਕੀ ਹਾਸਲ ਹੈ, ਜਿੱਤ ਤਾਂ ਹੈ, ਸਿਰ ਚੜ੍ਹਿਆ ਜੇ ਵਕਤ ਬਦਲ ਜਾਵੇ। ਕਿਸ ਦੀ ਖ਼ਾਤਰ ਆਖ਼ਰ ਕਿਰਤਾਂ ਦੀ ਬੇਕਦਰੀ, ਕਿਉ ਹੈ ਹਰਿਆਂ ਭਰਿਆਂ ਖੇਤਾਂ ਦੀ ਬੇਕਦਰੀ, ਖੇਤ ਤੇ ਕਿਰਤਾਂ ਬਾਝੋਂ ਵੀ ਰੌਣਕ ਮੁਮਕਿਨ ਹੈ, ਰੋਹ ਤਾਂ ਹੈ, ਤੇਰੀ ਹਠ ਬਿਨ ਸ਼ਰਤ ਬਦਲ ਜਾਵੇ। ਇਕ ਦਾ ਜੀਣਾ ਦੂਜੇ ਦਾ ਹੈ ਮੁਹਤਾਜ਼ ਕਿਓਂ, ਹਾਲੇ ਤੱਕ ਵੀ ਹੋਏ ਨਾ ਹਾਂ ਆਜ਼ਾਦ ਕਿਓਂ, ਜੇਕਰ ਇਹ ਹਾਕਮ ਦੇ ਵੱਸ ਵਿਚ ਨਈਂ ਹੈ, ਤਾਂ ਫਿਰ, ਕਿਉਂ ਨਾ ਹੁਣ ਵਿਹੂ ਮਾਤਾ ਦਾ ਹਸਤ ਬਦਲ ਜਾਵੇ। ਇਹ ਨੇ ਗ਼ਲਤ ਸਹੀ ਦੇ, ਜਿਹੜੇ ਵੀ ਪੈਮਾਨੇ ਕਾਲੇ ਚਿੱਟੇ ਜੋ ਵੀ ਨੇ ਸਤਰੰਜ ਦੇ ਖਾਨੇ , ਦੇਖਣ ਨਾ ਦਿੰਦਾ ਜੋ ਵੀ ਇਕ ਹੱਦ ਤੋਂ ਅੱਗੇ, ਜ਼ਿਹਨ ਨੂੰ ਲੱਗਿਆ ਐਸਾ ਹਰ ਜ਼ਬਤ ਬਦਲ ਜਾਵੇ। ਮੱਥਿਆਂ ਕਾਰਨ ਚਾਨਣ ਹਨ ਤੇ ਜੇਰਾ ਵੀ ਹੈ, ਮੱਥੇ ਨਈਂ ਤਾਂ ਚਿੱਟਾ ਦਿਨ ਵੀ ਨ੍ਹੇਰਾ ਹੀ ਹੈ ਕਾਲਖ ਵਾਂਗੂੰ ਸੁਰਤਾਂ ਅੰਦਰ ਫੈਲ਼ ਰਿਹਾ ਜੋ ਬੇਤਰਕਾ ਬਾਜ਼ਾਰੂ ਇਹ ਖ਼ਬਤ ਬਦਲ ਜਾਵੇ।