Dharat Vangaare Takhat Nu (Part-12)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਬਾਰ੍ਹਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)



ਧਰਤ ਪੁੱਤਰਾਂ ਦਾ ਫੈਸਲਾ-ਹਰਮੀਤ ਵਿਦਿਆਰਥੀ

ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਦਿੱਲੀ ਦੇ ਬਾਡਰਾਂ ਤੇ ਸਾਂਝੀਵਾਲਤਾ ਦਾ ਸੂਰਜ ਮਘਦਾ ਹੈ ਮੁਲਕ ਦੀ ਰਾਜਧਾਨੀ ਦੇ ਚੁਫ਼ੇਰੇ ਪੰਜਾਬ ਜਾਗਦਾ ਹੈ , ਗਾਉਂਦਾ ਹੈ ਢੋਲੇ ਦੀਆਂ ਲਾਉਂਦਾ ਜੰਗ ਵਿੱਚ ਨੱਚਦਾ ਹੈ , ਹੱਸਦਾ ਹੈ ਚੀਕ ਬੁਲਬੁਲੀ ਮਾਰਦਾ ਹੈ। ਦਿੱਲੀ ਬਰੜਾ ਕੇ ਉੱਠਦੀ ਹੈ ਫੀਲੇ ਪਿਆਦੇ ਘੋੜੇ ਹਾਥੀ ਸਭ ਨੂੰ ਇੱਕੋ ਵੇਰ ਮੈਦਾਨ ਵਿੱਚ ਛੱਡ ਦਿੰਦੀ ਹੈ ਸਾਹਮਣਿਓਂ ਪਿਆਦੇ ਸਿਰਫ਼ ਆਪਣੀ ਸੋਚੀ ਚਾਲ ਚੱਲਦੇ ਹਨ ਲੰਮੇ ਸਮੇਂ ਬਾਅਦ ਬੇਪਰਵਾਹ ਜਵਾਨ ਪੰਜਾਬ ਦੇ ਪਰਵਾਹ ਨਾਲ ਆਏ ਨੇ ਬਜ਼ੁਰਗਾਂ ਨੂੰ ਸੰਦੂਕ ਵਿੱਚ ਬੰਦ ਕਰਕੇ ਨਹੀਂ ਟਰਾਲੀਆਂ ਚ ਬਿਠਾ ਕੇ ਲਿਆਏ ਨੇ ਦਿੱਲੀਏ ਕਹਾਣੀ ਤੇਰੀਆਂ ਸੋਚਾਂ ਤੋਂ ਕਿਤੇ ਅਗਾਂਹ ਨਿਕਲ ਗਈ ਹੈ ਤੂੰ ਡਰਦੀ ਹੀ ਇਸ ਗੱਲ ਤੋਂ ਹੈਂ ਤੈਨੂੰ ਸਹੇ ਦੀ ਨਹੀਂ ਪਹੇ ਦੀ ਪੈ ਗਈ ਏ ਤੈਨੂੰ ਆਸ ਸੀ ਕਿ ਦੋ ਚਾਰ ਦਿਨ ਤੇਰੀਆਂ ਬਰੂਹਾਂ ਤੇ ਰੋ ਪਿੱਟ ਕੇ ਮੁੜ ਜਾਣਗੇ ਘਰਾਂ ਨੂੰ ਇਹ ਤਾਂ ਤੇਰੇ ਚਿੱਤ ਖਿਆਲ ਵਿੱਚ ਹੀ ਨਹੀਂ ਸੀ ਕਿ ਤੇਰੇ ਚੈਨਲਾਂ ਤੇ ਨਸ਼ੇੜੀ, ਕੰਮਚੋਰ, ਭਗੌੜਿਆਂ ਵਜੋਂ ਪ੍ਰਚਾਰੇ ਗਏ ਪੰਜਾਬੀ ਮੁੰਡੇ ਤੇਰੇ ਅਸਲ ਮਾਲਕਾਂ ਦੀ ਧੌਣ ਤੇ ਅੰਗੂਠਾ ਰੱਖਣ ਵਾਲੀ ਜੱਗੋਂ ਤੇਰਵੀਂ ਕਰ ਦੇਣਗੇ ਡੀ ਜੇ ਦੇ ਭੜਕਾਊ ਗੀਤਾਂ ਤੇ ਨੱਚਣ ਵਾਲੇ ਤੇਰੇ ਵਿਛਾਏ ਤੀਰਾਂ ਦੀਆਂ ਨੋਕਾਂ ਨੱਚ ਰਹੇ ਨੇ ਯਾਦ ਰੱਖ ਭੱਜਦਿਆਂ ਨੂੰ ਵਾਹਣ ਇੱਕੋ ਜਿਹੇ ਹੁੰਦੇ ਨੇ ਤੇਰੇ ਤਾਂ ਚਿੱਤ ਚੇਤੇ ਵਿੱਚ ਵੀ ਨਹੀਂ ਹੋਣਾ ਕਿ ਇਹਨਾਂ ਥੋੜੇ ਥੋੜੇ ਵਾਹਣਾਂ ਵਾਲਿਆਂ ਨੇ ਤੈਨੂੰ ਵਾਹਣੀ ਪਾ ਲੈਣਾ ਚੱਲ ਫਿਰ ਵੇਖਦੇ ਹਾਂ ਹਰ ਮੌਸਮ ਵਿੱਚ ਰੱਬ ਨਾਲ ਆਢਾ ਲਾਉਣ ਵਾਲਿਆਂ ਸਾਹਵੇਂ ਤੂੰ ਕਿੰਨੀ ਕੁ ਦੇਰ ਖੜੇਂਗੀ ਤਗੜੀ ਰਹੀਂ ਇਸ ਲੜਾਈ ਤੋਂ ਬਾਅਦ ਅਸੀਂ ਇਸ ਇਸ ਮੁਲਕ ਦੀ ਤਕਦੀਰ ਬਦਲਾਂਗੇ ਤੂੰ ਲਾ ਆਪਣਾ ਪੂਰਾ ਜ਼ੋਰ ਤੇਰੇ ਮਨ ਵਿੱਚ ਕੋਈ ਮਲਾਲ ਨਾ ਰਹਿ ਜਾਵੇ ਧਰਤੀ ਦੇ ਪੁੱਤਰਾਂ ਨੇ ਤਾਂ ਫੈਸਲਾ ਕਰ ਲਿਆ ਹੈ।

ਜ਼ਿਹਨ ਵਿੱਚ ਖੁੱਭੇ ਕਿੱਲ-ਹਰਮੀਤ ਵਿਦਿਆਰਥੀ

ਆਪਣੇ ਘਰ ਵਿੱਚ ਆਰਾਮਦੇਹ ਗੱਦੇ ਤੇ ਸੌਣ ਦੀ ਕੋਸ਼ਿਸ਼ ਕਰ ਰਿਹਾਂ ਗੱਦਾ ਨੀਵਾਂ ਹੋ ਗਿਐ ਵਿਚਾਲਿਉਂ ਬੇਅਰਾਮੀ ਮਹਿਸੂਸ ਕਰ ਰਿਹਾ ਹਾਂ ਅਚਾਨਕ ਇੱਕ ਸਿੱਧੀ ਕਿੱਲ ਮੇਰੀ ਢੂਈ ਵਿੱਚ ਆਣ ਖੁੱਭਦੀ ਹੈ .......... .......... ਮੋਬਾਈਲ ਵਿਚਲੀ ਇੱਕ ਤਸਵੀਰ ਜਿਉਂਦੀ ਜਾਗਦੀ ਸਾਹਮਣੇ ਆ ਖੜੀ ਹੁੰਦੀ ਏ ਬੇਅਰਾਮੀ ਹਕੂਮਤੀ ਗਲੀਆਂ ਵਿੱਚ ਅਵਾਰਾਗਰਦੀ ਕਰਨ ਤੁਰ ਜਾਂਦੀ ਹੈ ਗੱਦਾ ਹੀ ਨਹੀਂ ਮੇਰੀ ਕਮਰ ਵਿਚਲਾ ਕੁੱਬ ਵੀ ਸਿੱਧਾ ਹੋ ਗਿਆ ਹੈ ਮੈਂ ਘਰ ਵਿੱਚ ਨਹੀਂ ਹਾਂ ਮੈਂ " ਉਹਨਾਂ " ਨੂੰ ਰੋਕਣ ਲਈ ਉਸਾਰੇ ਕੰਕਰੀਟ ਦੇ ਜੰਗਲ ਵਿੱਚ ਕੰਡਿਆਲੀਆਂ ਤਾਰਾਂ ਵਿੱਚ ਸਿੱਧੇ ਕਿੱਲਾਂ ਨੂੰ ਪੈਰਾਂ ਨਾਲ ਭੋਰਦਾ ਯੁੱਧ ਭੂਮੀ ਵਿੱਚ ਹਾਂ ਮੈਨੂੰ ਮਿਲ ਚੁੱਕਾ ਹੈ ਮੇਰੇ ਹਿੱਸੇ ਦਾ ਕਿੱਲ

ਹਾਏ! ਇਹ ਨੋਕੀਲੇ ਕਿੱਲ-ਨਵਜੋਤ ਕੌਰ (ਡਾ)

ਹਾਏ! ਇਹ ਨੋਕੀਲੇ ਕਿੱਲ ਕੰਡੇਦਾਰ ਤਾਰਾਂ ਦੀਵਾਰਾਂ ਹੀ ਦੀਵਾਰਾਂ ਅਨਭੋਲ ਅੰਨਦਾਤਾ ਝੱਲਦਾ ਏ ਪਾਣੀ ਦੀਆਂ ਬੌਛਾੜਾਂ। ਆਟੇ ਦੀ ਦੀਵਾ ਚੁਫ਼ੇਰੇ ਲਾਈ ਬੈਠਾ ਤਾਰਾਂ। ਅੱਥਰੂ ਗੈਸ ਦੇ ਗੋਲੇ ਛੱਡੇ ਕਿੰਨੀਆਂ ਭਿਆਨਕ ਮਾਰਾਂ। ਘੁਟਣ ਭਰੇ ਇਸ ਮੌਸਮ 'ਚ ਅੰਧ -ਰਾਸ਼ਟਰਵਾਦ ਦੀਆਂ ਟਾਹਰਾਂ। ਡਰਾਉਣ ਦੀ ਕੋਸ਼ਿਸ਼ ਕੀਤੀ ਸਾਨੂੰ ਤੇਰੇ ਗੁੰਡੇ ਲੱਠਮਾਰਾਂ। ਬਗਾਵਤ ਹਾਂ ਬਗਾਵਤ ਕਿਵੇਂ ਦੀ ਹੈ ਇਹ ਬਗਾਵਤ? ਇੱਕ ਪਾਸੇ ਤਾਲਿਬਾਨੀ ਸੋਚ ਢਾਹ ਰਹੀ ਤਸ਼ੱਦਦ ਬੇਸ਼ੁਮਾਰ! ਦੂਜੇ ਪਾਸੇ ਸੁਲੱਖਣਾ ਵਰਤਾਰਾ ਮੋਹੱਬਤ ਦਾ ਪੈਗਾਮ ਪਿਆਰ ਦਾ ਪਰਚਮ ਅੰਨਦਾਤਾ ਸਬਰ ਸੰਤੋਖ ਦੀ ਕਰ ਰਿਹਾ ਪੁਕਾਰ ਵਾਰ ਵਾਰ। ਕਿਸ ਤਰ੍ਹਾਂ ਦਾ ਮੰਜ਼ਰ ਹੈ ਇਹ? ਅਸਾਵੀਂ ਜੰਗ? ਨਹੀਂ ਨਹੀਂ ਜੰਗ ਨਹੀਂ ਹਮਲਾਵਰ ਕਰ ਰਿਹਾ ਇੱਕ ਪਾਸੜ ਵਾਰ ਭਰ ਰਿਹਾ ਬੇਗਾਨਗੀ ਹੈ ਬੇਸ਼ੁਮਾਰ। ਕਰ ਰਿਹਾ ਜਮਹੂਰੀਅਤ ਦੇ ਦਿਲ ਤੇ ਕੋਝਾ ਸਿੱਧਾ ਵਾਰ ਅਜ਼ਮਾਇਆ ਜਾ ਰਿਹਾ ਸਾਡਾ ਜੇਰਾ ਕਰ ਲਾਚਾਰ। ਸ਼ੇਖੀ ਖੋਰੇ ਹਾਕਮਾ ਧਰਤ ਦੇ ਸੀਨੇ ਤੇ ਗੱਡੀ ਜਾ ਤੂੰ ਕਿੱਲ ਪਰ ਅਸੀਂ ਇੱਕ ਰੰਗ ਦੇ ਨਹੀਂ ਰੰਗ ਬਿਰੰਗੇ ਗੁਲਾਬ ਉਗਾਵਾਂਗੇ। ਤੈਨੂੰ ਸ਼ੀ਼ਸ਼ਾ ਵਿਖਾਵਾਂਗੇ। ਤੂੰ ਪੋਚੀ ਜਾ ਕਾਲਖ ਅਸੀਂ ਰੌਸ਼ਨ ਸਵੇਰਿਆਂ ਦੀ ਵੰਗਾਰ ਕੇ ਬਾਤ ਪਾਵਾਂਗੇ ਜ਼ਾਲਮ ਬਾਦਸ਼ਾਹ! ਮੰਨਿਆ ਤੂੰ ਬਾਹੂਬਲੀ ਅਸੀਂ ਜੁਗਨੂੰ ਹਨ੍ਹੇਰਿਆ ਖ਼ਿਲਾਫ ਲੜਨ ਦਾ ਅਹਿਦ ਦੁਹਰਾਵਾਂਗੇ। ਅੰਦੋਲਨ ‘ਚ ਪਹਿਲੀ ਵਾਰ ਵੇਖਿਆ ਰਾਖੀ ਕਰਨੀ ਪੈ ਰਹੀ ਹੈ ਬੇਸ਼ੁਮਾਰ। ਸ਼ਰਾਰਤ ਨਾ ਕਰੇ ਸਰਕਾਰ। ਸਾਡਾ ਅਮਨ ਕਰੇ ਨਾ ਮਿਸਮਾਰ। ਕੁਝ ਵੀ ਕਰ ਸਕਦੀ ਹੈ ਇਹ ਮੱਕਾਰ। ਜਬਰ ਜ਼ੁਲਮ ਅੱਤਿਆਚਾਰ ਮਗਰੋਂ ਵਰਤੇ ਸਭ ਹਥਿਆਰ। ਧਰਤੀ ਤੇ ਲੀਕਾਂ ਪਾਉਣ ਵਾਲਿਆ ਸਾਡੇ ਦਿਲਾਂ ਤੇ ਲੀਕਾਂ ਪਾ ਕੇ ਵਿਖਾ ਆਪਣੇ ਏਕੇ ਨੂੰ ਅਸੀਂ ਆਪਣੀ ਤਾਕਤ ਬਣਾਵਾਂਗੇ ਅਸੀਂ ਜੂਝਦੇ ਜੁਝਾਰ ਸੰਗਰਾਮ ਜਿਨ੍ਹਾਂ ਲਈ ਇਬਾਦਤ ਸੋਨ ਰੰਗੀ ਪ੍ਰਭਾਤ ਚੜ੍ਹਾ ਕੇ ਜਾਵਾਂਗੇ।

ਸ਼ਾਂਤ ਰਹਿਓ ਭਰਾਵੋ-ਬੂਟਾ ਸਿੰਘ ਮਾਨ

ਸ਼ਾਂਤ ਰਹਿਓ ਭਰਾਵੋ ਜਿੱਤ ਸਾਡੀ ਪੱਕੀ ਹੋਣੀ ਏ ਸੰਘਰਸ਼ਾਂ ਨੂੰ ਪੈਂਦੇ ਬੂਰ ਗੱਲ ਇਹ ਸੱਚੀ ਹੋਣੀ ਏ ਐਵੇਂ ਨਾ ਘਬਰਾਓ ਇਰਾਦੇ ਤੁਸੀਂ ਪੱਕੇ ਧਾਰ ਲਵੋ ਸ਼ਾਂਤ ਰਹਿਣ ਚ ਈ ਭਲਾਈ ਏ ਤੁਸੀਂ ਗੁੱਸੇ ਨੂੰ ਮਾਰ ਲਵੋ ਏਕੇ ਚ ਹੁੰਦੀ ਏ ਤਾਕਤ ਗੱਲ ਸਭ ਨੂੰ ਇਹ ਜਚੀ ਹੋਣੀ ਏ ਸ਼ਾਂਤ ਰਹਿਓ ਭਰਾਵੋ ਜਿੱਤ ਸਾਡੀ ਪੱਕੀ ਹੋਣੀ ਏ ਸੰਘਰਸ਼ਾਂ ਨੂੰ ਪੈਂਦੇ ਬੂਰ ਗੱਲ ਇਹ ਸੱਚੀ ਹੋਣੀ ਏ ਇਤਿਹਾਸ ਦੇ ਪੰਨਿਆਂ ਨੇ ਸਾਨੂੰ ਬਹੁਤ ਸਿਖਾਇਆ ਏ ਸਾਨੂੰ ਆਪਣਿਆਂ ਨੇ ਮਾਰਿਆ ਅਸੀੰ ਬਹੁਤ ਗਵਾਇਆ ਏ ਦੇਖੇ ਦੋਗਲੇ ਕਿਰਦਾਰ ਜਦੋਂ ਸੀਨੇ ਚ ਅੱਗ ਮੱਚੀ ਹੋਣੀ ਏ ਸ਼ਾਂਤ ਰਹਿਓ ਭਰਾਵੋ ਜਿੱਤ ਸਾਡੀ ਪੱਕੀ ਹੋਣੀ ਏ ਸੰਘਰਸ਼ਾਂ ਨੂੰ ਪੈਂਦੇ ਬੂਰ ਗੱਲ ਇਹ ਸੱਚੀ ਹੋਣੀ ਏ ਜ਼ੁਲਮਾਂ ਨੂੰ ਸਾਡੇ ਵਡੇਰਿਆਂ ਹੱਸ ਕੇ ਸਹਿਆ ਸੀ ਗੱਲ ਸੱਚੀ ਸੀ ਜੋ ,ਉਹਨੂੰ ਸੱਚੀ ਈ ਕਹਿਆ ਸੀ ਹਰੀ ਸਿੰਘ ਜਰਨੈਲ ਦੀ ਬਹਾਦਰੀ ਬੱਚਿਆਂ ਨੂੰ ਦੱਸੀ ਹੋਣੀ ਏ ਸ਼ਾਂਤ ਰਹਿਓ ਭਰਾਵੋ ਜਿੱਤ ਸਾਡੀ ਪੱਕੀ ਹੋਣੀ ਏ ਸੰਘਰਸ਼ਾਂ ਨੂੰ ਪੈਂਦੇ ਬੂਰ ਗੱਲ ਇਹ ਸੱਚੀ ਹੋਣੀ ਏ ਸਲਾਮ ਕਰਦਾ ਏ 'ਮਾਨ' ਇੱਥੇ ਹੁਣ ਬੱਚੇ-ਬੱਚੇ ਨੂੰ ਸਿਰ ਝੁਕਾਉਂਦਾ ਏ ਥੋਡੇ ਇਰਾਦੇ ਸੱਚੇ ਨੂੰ ਨਾਅਰੇ ਜਿੰਦਾਬਾਦ ਦੇ ਲੱਗਦੇ ਨਾ ਗੱਲ ਕੋਈ ਬਚੀ ਹੋਣੀ ਏ ਸ਼ਾਂਤ ਰਹਿਓ ਭਰਾਵੋ ਜਿੱਤ ਸਾਡੀ ਪੱਕੀ ਹੋਣੀ ਏ ਸੰਘਰਸ਼ਾਂ ਨੂੰ ਪੈਂਦੇ ਬੂਰ ਗੱਲ ਇਹ ਸੱਚੀ ਹੋਣੀ ਏ

ਬਹਾਦਰ ਕਿਸਾਨ-ਬੂਟਾ ਸਿੰਘ ਮਾਨ

ਕਿਰਤ ਦੇ ਨਾਲ ਬੱਝੇ ਜੋ ਇਨਸਾਨ ਨੇ ਦੇਸ਼ ਮੇਰੇ ਦੇ ਉਹ ਬਹਾਦਰ ਕਿਸਾਨ ਨੇ ਬੰਜ਼ਰ ਜ਼ਮੀਨਾਂ ਜਿਹਨਾਂ ਉਪਜਾਊ ਬਣਾ ਦਿੱਤੀਆ ਮਿਹਨਤੀ , ਸਿਦਕੀ ਉਹ ਬੰਦੇ ਬੜੇ ਮਹਾਨ ਨੇ ਧੁੱਪਾਂ,ਸੋਕਾ,ਮੀਂਹ ਜਿਹਨਾਂ ਪਿੰਡੇ ਉੱਤੇ ਝੱਲਿਆ ਦੇਸ਼ ਮੇਰੇ ਦੀ ਤਾਹੀਂਓ ਬਣੇ ਉਹ ਸ਼ਾਨ ਨੇ ਬਾਬਿਆਂ ਦਾ ਸਾਥ ਜੋ ਖੇਤਾਂ ਲਈ ਦਿੰਦੇ ਨੇ ਮਾਵਾਂ ਦੀ ਕੁੱਖੋਂ ਜਾਏ ਉਹ ਪੁੱਤਰ ਨਿਸ਼ਾਨ ਨੇ ਰੀੜ ਵਾਲੀ ਹੱਡੀ ਦੇਸ਼ ਦੀ ਜੋ ਬਣੇ 'ਮਾਨਾਂ' ਕਿਰਤੀ , ਕਿਸਾਨ ਇਹ ਦੇਸ਼ ਦਾ ਮਾਣ ਨੇ

ਟੱਪੇ-ਬੂਟਾ ਸਿੰਘ ਮਾਨ

ਝੰਡੇ ਝੂਲਦੇ ਕਿਸਾਨਾਂ ਦੇ ਬਾਬਿਆਂ ਦਾ ਸਾਥ ਮਿਲਿਆ ਬੁਲੰਦ ਹੌਸਲੇ ਜਵਾਨਾਂ ਦੇ ਨਾਅਰੇ ਜਿੱਤ ਵਾਲੇ ਲਾਏ ਨੇ ਕਿਰਤੀ, ਕਿਸਾਨ ਕੱਠੇ ਨੇ ਹੋਏ ਦਿਨ ਏਕਤਾ ਵਾਲੇ ਆਏ ਨੇ ਗੱਲ ਹੱਕਾਂ ਦੀ ਕੀਤੀ ਏ ਹਾਂ ਚੰਗੀ ਤਰ੍ਹਾਂ ਅਸੀ ਜਾਣਦੇ ਜੋ ਸਾਡੇ ਤੇ ਬੀਤੀ ਏ ਬੜੀਆਂ ਉੱਚੀਆਂ ਪੌੜੀਆਂ ਨੇ ਸੰਘਰਸ਼ਾਂ ਚ ਲੰਘਦੀਆਂ ਮਾਏ ਹੁਣ ਦਿਵਾਲੀਆਂ ਲੋਹੜੀਆਂ ਨੇ ਪਾਣੀ ਖਾਲ ਵਿੱਚ ਵਹਿੰਦਾ ਏ ਮੋਰਚਾ ਅਸੀਂ ਫ਼ਤਹਿ ਕਰਨਾ ਦਿਲ ਗੱਲ ਇਹੋ ਕਹਿੰਦਾ ਏ ਚੰਦ ਤੀਜ ਦਾ ਚੜ੍ਹਿਆ ਏ ਹੱਕ ਨੇ ਜਦੋਂ ਦੇ ਮੰਗੇ ਹਾਕਮ ਉਦੋਂ ਦਾ ਲੜਿਆ ਏ ਗਾਉਂਦੇ ਦੁੱਲੇ ਦੀਆਂ ਵਾਰਾਂ ਨੇ ਅਣਖ਼ੀ ਨੇ ਇਹ ਕਿਰਤੀ ਕਦੇ ਮੰਨਦੇ ਨਾ ਹਾਰਾਂ ਨੇ ਢਿੱਡ ਮੁਲਕ ਦਾ ਜੀਹਨੇ ਭਰਿਆ ਏ ਆਪ ਸੌਵੇ ਓਹ ਭੁੱਖਾਂ ਓਏ 'ਮਾਨਾਂ' ਫ਼ਿਕਰ ਉਹਨੇ ਦੇਸ਼ ਦਾ ਕਰਿਆ ਏ

ਸੁਪਨੇ ਬੀਜਦੇ ਹਾਂ-ਸਿੰਮੀਪ੍ਰੀਤ ਕੌਰ

ਸੁਣ ਹਾਕਮਾ! ਤੈਨੂ ਕੀ ਲੱਗਦਾ ਅਸੀਂ ਖੇਤਾਂ ਵਿਚ ਫ਼ਸਲਾਂ ਬੀਜਦੇ ਹੋਵਾਂਗੇ ਤੇ ਮੋਟੀ-ਤਾਜ਼ੀ ਕਮਾਈ ਕਰਦੇ ਹੋਵਾਂਗੇ ਲੈ ਸੁਣ ਫਿਰ! ਅਸੀਂ ਕੋਈ ਕਣਕ ਝੋਨਾ ਨਹੀਂ ਬੀਜਦੇ ਅਸੀਂ ਤਾਂ ਬੀਜਦੇ ਹਾਂ ਨਿੱਕੇ-ਨਿੱਕੇ ਸੁਪਨੇ ਸੁਪਨਾ! ਨਰੈਣੇ ਕਾ ਛਿੰਦਾ ਉਹਨੇ ਵੀ ਬੀਜਿਆ ਸੀ ਇਕ ਸੁਪਨਾ ਹਰ ਵਾਰ ਫ਼ਸਲ ਸੁਨਹਿਰੀ ਹੋਣ 'ਤੇ ਧੀ ਸੁਨਹਿਰੀ ਕਰ ਕੇ ਤੋਰਨ ਦਾ ਉਮਰ ਦੀ ਕੰਧ ਤੋਂ ਝਾਤੀ ਮਾਰ ਤੱਕਿਆ ਤਾਂ ਪਤਾ ਲੱਗਿਆ ਰੂੰ ਦੇ ਫੰਬੇ ਧੀ ਦੇ ਸਿਰ 'ਤੇ ਖਿੜ ਆਏ ਸੀ ਤੇ ਖੇਤ ਨਰਮੇ 'ਤੇ ਚਿੱਟੀ ਮੱਖੀ ਦਾ ਹਮਲਾ ਤੂੰ ਕੀ ਜਾਣੇ ਹਾਕਮਾ! ਇੰਝ ਕਤਲ ਹੁੰਦਾ ਹੈ ਸਾਡੇ ਸੁਪਨਿਆਂ ਦਾ ਪਿੰਡ 'ਚ ਸਾਰਿਆਂ ਦੀ ਭੂਆ ਲੱਗਦੀ ਮਿੰਦੋ ਨੇ ਵੀ ਘਰ ਵਾਲੇ ਦੀ ਟਾਹਲੀ ਤੇ ਟੰਗੀ ਲਾਸ਼ ਲਾਹ ਕੇ ਮਗਰ ਬਚੇ ਇੱਕ ਕਿੱਲੇ ‘ਚ ਸੁਪਨਾ ਬੀਜਿਆ ਸੀ। ਸੀਰੇ ਨੂੰ ਨੌਕਰੀ ਲਵਾਉਣ ਦਾ ਸੁਪਨਾ ਪਤਾ ਈ ਨੀਂ ਲੱਗਿਆ ਕਦੋਂ ਕਾਲੀ ਰਾਤ ਨੇ ਪਹਿਰਾ ਲਾਇਆ ਤੇ ਸੀਰਾ ਲੰਬੜਾਂ ਦਾ ਸੀਰੀ ਬਣ ਕੇ ਰਹਿ ਗਿਆ। ਦੇਖ ਹਾਕਮਾ! ਸਾਡੇ ਕਿੰਨੇ ਨਿੱਕੇ-ਨਿੱਕੇ ਸੁਪਨੇ ਹੁੰਦੇ ਨੇ ਤੇ ਤੂੰ ਕਹਿੰਨੈ ਉਹਨਾਂ ਕਾਰਪੋਰੇਟਾਂ ਦਾ ਸੁਪਨਾ ਪੂਰਾ ਕਰਨਾ ਕੀ ਤੂੰ ਜਾਣਦਾ ਉਹਨਾਂ ਦੇ ਵੱਡੇ ਸੁਪਨਿਆਂ ਦੇ ਭਾਰ ਹੇਠ ਲਤਾੜੇ ਜਾਣਗੇ ਸਾਡੇ ਨਿੱਕੇ-ਨਿੱਕੇ ਸੁਪਨੇ।

ਸਿਕੰਦਰ ਦਾ ਘੋੜਾ ਫੜਨ ਵਾਲੇ-ਨਵਜੋਤ ਕੌਰ (ਡਾ:)

ਵਾਹ! ਕਿੰਨਾ ਖ਼ੂਬਸੂਰਤ ਲਫ਼ਜ਼ ਬੋਲਿਆ ਭਰੀ ਪੰਚਾਇਤ ਵਿੱਚ ਅੰਦੋਲਨਜੀਵੀ ਅਸੀਂ ਤਾਂ ਸਮਝਦੇ ਰਹੇ ਆਪਣੇ ਆਪ ਨੂੰ ਸਿਰਫ਼ ਬੁੱਧੀਜੀਵੀ | ਜਦ ਕਦੇ ਵੀ ਹੱਕ ਸੱਚ ਤੇ ਇਨਸਾਫ਼ ਦੀ ਆਵਾਜ਼ ਤੇ ਪਹਿਰਾ ਲੱਗਿਆ ਅਸੀਂ ਜਾਗਦੀ ਜ਼ਮੀਰ ਵਾਲੇ ਬਣਦੇ ਰਹੇ ਅੰਦੋਲਨਜੀਵੀ। ਅਸੀਂ ਵਤਨ ਦੇ ਰਾਖੇ ਸ਼ਹੀਦਾਂ ਦੇ ਲਹੂ ਨਾਲ ਪਾਲ਼ੀ ਸਿੰਜੀ ਅਜ਼ਾਦੀ ਸਾਂਭ ਕੇ ਰੱਖਣ ਵਾਲੇ ਸਿਰ੍ਹੜੀ ਅੰਦੋਲਨਜੀਵੀ ਸ਼ਬਦ ਤੇ ਤਰਕ ਦੀ ਤਾਕਤ ਨਾਲ ਬਾਦਸ਼ਾਹਤ ਨੂੰ ਵੰਗਾਰਨ ਵਾਲੇ ਅਸੀਂ ਸ਼ਾਂਤਮਈ ਅੰਦੋਲਨਜੀਵੀ ਜਦੋਂ ਤੱਤੀ ਤਵੀ ਨੇ ਅਜ਼ਮਾਇਆ ਸਾਡਾ ਹੌਂਸਲਾ ਅਸੀਂ ਸਬਰ ਸੰਤੋਖ ਵਾਲੇ ਉਹੀ ਸਿਦਕੀ ਅੰਦੋਲਨਜੀਵੀ ਲਾਹੌਰ ‘ਚ ਰੜ੍ਹਦੇ ਰਹੇ। ਮਨੁੱਖੀ ਆਜ਼ਾਦੀ ਲਈ ਔਰੰਗਜ਼ੇਬ ਨਾਲ ਲੜੇ ਹਿੰਦ ਦੀ ਚਾਦਰ ਬਣ ਖੜ੍ਹੇ ਭਾਈ ਮਤੀ ਦਾਸ ਸਤੀ ਦਾਸ ਭਾਈ ਦਿਆਲਾ ਸਾਡੇ ਹੀ ਪੁਰਖੇ ਸਨ। ਸ਼ਹਾਦਤਾਂ ਦੀ ਲੜੀ ਸਿਰਜਣ ਵਾਲੇ ਸੱਚੇ ਸੁੱਚੇ ਅੰਦੋਲਨਜੀਵੀ। ਜਦੋਂ ਸਰਬੰਸਦਾਨੀ ਨੇ ਸਾਜਿਆ ਸੀ ਖਾਲਸਾ ਉਹਦੀ ਮੋਹਰਲੀ ਕਤਾਰ ਵਿੱਚ ਸੀਸ ਹੱਸ ਹੱਸ ਅਰਪਣ ਵਾਲੇ ਅਸੀਂ ਉਹੀ ਅੰਦੋਲਨਜੀਵੀ ਅੱਜ ਪੰਜ ਪਿਆਰਿਆਂ ਦੇ ਵਾਰਿਸ। ਜਲਿਆਂਵਾਲੇ ਬਾਗ ਚ ਅਸੀਂ ਹੀ ਸਾਂ ਸ਼ਾਹੀਨ ਬਾਗ ਚ ਵੀ ਅਸੀਂ ਤੂੰ ਘੇਸਲ ਮਾਰਦਾ ਹੈਂ ਝੂਠਿਆ ਸਾਨੂੰ ਚਿਰਾਂ ਤੋਂ ਜਾਣਦਾ ਹੈਂ। ਸੰਕਟ ਕਾਲ ਵਿੱਚ ਤੇਰੀ ਰੱਖ ਇਹੀ ਪੰਚਨਦ ਬਣਿਆ ਭੇਸ ਬਦਲ ਕੇ ਏਥੇ ਹੀ ਤੂੰ ਸਾਡੀ ਬੇਬੇ ਦੀਆਂ ਪੱਕੀਆਂ ਮਿੱਸੀਆਂ ਰੋਟੀਆਂ ਖਾਂਦਾ ਰਿਹਾ। ਹੁਣ ਤੇਰੀ ਨਿਗ੍ਹਾ ਬਦਲ ਗਈ। ਸਿੰਘੂ ਟਿਕਰੀ ਤੇ ਉਹੀ ਬੇਬੇ ਲੋਹ ਲੰਗਰ ਪਕਾਉਂਦੀ ਭੈੜਿਆ! ਮਿਲ ਹੀ ਜਾਹ ਕਿਤੇ ਮਾਵਾਂ ਨੂੰ ਰਾਤ ਬਰਾਤੇ। ਬਹੁਤ ਉਡੀਕਦੀਆਂ ਹਨ। ਉਨ੍ਹਾਂ ਮਾਵਾਂ ਦੇ ਪੁੱਤਰ ਹੀ ਹੁਣ ਫ਼ਾਂਸੀ ਦੇ ਤਖ਼ਤੇ ਨੂੰ ਖਾਰਾ ਬਣਾ ਕੇ ਬੈਠੇ ਅਸੀਂ ਸਿਰਲੱਥ ਅੰਦੋਲਨਜੀਵੀ ਅੰਨੀ ਬੋਲ਼ੀ ਹਕੂਮਤੇ ਤੂੰ ਵਾਰ ਵਾਰ ਕਿਰਤੀਆਂ ਕਿਸਾਨਾਂ ਨੂੰ ਸਿਰਫ਼ ਸਿੱਖੀ ਨਾਲ ਜੋੜ ਕੇ ਫਿਰ ਚਲ ਰਿਹੈਂ ਫਿਰਕੂ ਚਾਲਾਂ ਸਾਡੇ ਪੌਣ ਪਾਣੀ ਸਾਡੀਆਂ ਜ਼ਮੀਨਾਂ ਤੇ ਸਾਡੇ ਮਨਾਂ ਚ ਜ਼ਹਿਰ ਘੋਲਣ ਵਾਲਿਆ! ਅਸੀਂ ਹਰ ਸਮੇਂ ਸੱਚ ਦਾ ਹੋਕਾ ਦੇਣ ਵਾਲੇ, ਦੇਸ਼ ਦੇ ਪਹਿਰੇਦਾਰ ਸਥਾਪਤੀ ਦੇ ਖ਼ਿਲਾਫ਼ ਡਟੇ ਜੂਝਦੇ ਲੋਕਾਂ ਨਾਲ ਖੜ੍ਹੇ ਹੱਥ ਚ ਗੰਗਾ ਜਮਜਮ ਤੇ ਸਰੋਵਰ ਦਾ ਅੰਮ੍ਰਿਤ ਜਲ ਲਈ ਖੜ੍ਹੇ ਅੰਦੋਲਨਜੀਵੀ ਦਿੱਲੀ ਦੀਆਂ ਹੱਦਾਂ ਤੇ ਸਰਹੱਦਾਂ ਤੇ ਜ਼ਿੰਦਗੀ ਨਾਲ ਖਹਿ ਕੇ ਲੰਘਣ ਵਾਲੇ ਦੀਵਾਨ ਟੋਡਰ ਮੱਲ ਵੀ ਅਸੀਂ ਮੋਤੀ ਲਾਲ ਮਹਿਰਾ ਵੀ ਅਸੀਂ ਨਵਾਬ ਸ਼ੇਰ ਖਾਨ ਵੀ ਅਸੀਂ ਬੰਦਾ ਬਹਾਦਰ ਵੀ ਅਸੀਂ। ਅਸੀਂ ਨਾ ਹਿੰਦੂ ਨਾ ਮੁਸਲਿਮ ਨਾ ਸਿੱਖ ਨਾ ਈਸਾਈ ਅਸੀਂ ਇਨਸਾਨੀਅਤ ਦੇ ਰਾਖੇ ਮਾਨਵਤਾ ਦੇ ਸ਼ੈਦਾਈ ਅਸੀਂ ਅਹਿੰਸਕ ਅੰਦੋਲਨਜੀਵੀ ਸਾਡਾ ਸ਼ਜ਼ਰਾ ਨਸਲ ਫ਼ੋਲ ਕੇ ਤਾਂ ਵੇਖ ਅਸੀਂ ਖ਼ਾਨਦਾਨੀ ਅੰਦੋਲਨਜੀਵੀ ਪੰਜ ਸਦੀਆਂ ਤੋਂ ਵੀ ਪਿੱਛਿਓਂ ਪੋਰਸ ਵੀ ਅਸੀਂ ਹੀ ਸਾਂ ਸਿਕੰਦਰ ਦਾ ਘੋੜਾ ਫੜਨ ਵਾਲੇ।

ਅਕਸਰ ਹੀ ਮੈਂ-ਗੁਰਚਰਨ ਸਿੰਘ 'ਜੋਗੀ'

ਅਕਸਰ ਹੀ ਮੈਂ ਬੜੇ ਮਾਣ ਤੇ ਫ਼ਖਰ ਨਾਲ ਵੱਡੇ -ਛੋਟੇ ਇਕੱਠਾਂ 'ਚ ਪੰਡਾਲਾਂ ਵਿਚ ਢਾਣੀਆਂ ਵਿਚ ਸੱਥਾਂ 'ਚ ਕਰਦਾਂ ਹਾਂ ਜਿਕਰ ਭਾਈ ਘਨੱਈਏ ਦਾ ਗੁਰੂ ਵੱਲੋਂ ਦਿੱਤੀ ਮੱਲ੍ਹਮ-ਪੱਟੀ ਦਾ 'ਦੁਸ਼ਮਣ' ਪ੍ਰਤੀ ਦਿਖਾਈ 'ਇਨਸਾਨੀਅਤ' ਦਾ ਅਪਣੇ ਇਤਿਹਾਸ ਦੇ ਮਾਣਮੱਤੇ ਪਲਾਂ ਦਾ। ਪਰ ਭਾਈ ਘਨੱਈਏ ਦੀ ਪੈੜ 'ਤੇ ਪੈਰ ਰੱਖਣ ਦੀ ਦਲੇਰੀ ਨਾ ਮੇਰੇ ਕੋਲ ਤੇ ਨਾ ਹੀ ਮੇਰੇ ਦਾਇਰੇ ਵਿਚ ਕਿਸੇ ਕੋਲ ਮੈਂ ਭਾਈ ਘਨੱਈਏ ਦਾ ਸਿਰਫ ਜਿਕਰ ਹੀ ਤਾਂ ਕਰਦਾਂ 'ਦੁਸ਼ਮਣ' ਤਾਂ ਦੂਰ 'ਆਪਣਿਆਂ' ਲਈ ਵੀ ਮੈਂ ਬਣ ਜਾਂਦਾ ਹਾਂ ਜਾਬਰ ਨਿਰਾ ਬਾਬਰ ਭਾਈ ਘਨੱਈਏ ਦਾ ਤਾਂ ਜਿਕਰ ਹੀ ਕਰਦਾਂ। ਪਰ ਦੇਖ ਕੇ ਭਾਈ ਘਨੱਈਏ ਦੇ ਵਾਰਸਾਂ ਨੂੰ ਤਕ ਕੇ ਉਨ੍ਹਾਂ ਦੀ ਸੇਵਾ ਨੂੰ ਝੁਕ ਜਾਂਦਾ ਹੈ ਮੇਰਾ ਮਸਤਕ ਰਿਣੀ ਹੋ ਜਾਂਦਾ ਹੈ ਰੋਮ-ਰੋਮ ਵਾਹ ! ਓਏ ਸੂਰਮਿਓ !! ਤੁਸੀ ਭਾਈ ਘਨੱਈਏ ਦੀ ਪੈੜਾਂ 'ਤੇ ਕੇਵਲ ਧਰੇ ਹੀ ਨਹੀਂ ਹਨ ਪੈਰ ਸਗੋਂ ਤੁਰ ਵੀ ਰਹੇ ਹੋ ਨਿਰੰਤਰ ਸਕੂਨ ਵਿਚ ਬੈਠਾ ਭਾਈ ਘਨੱਈਆ ਦੇ ਰਿਹਾ ਅਰਸ਼ੋਂ ਅੰਤਾਂ ਦੀ ਤਾਕਤ ਤੁਹਾਨੂੰ ਤੁਹਾਡੇ 'ਤੇ ਮਿਹਰ ਗੁਰਾਂ ਦੀ।

ਗ਼ਜ਼ਲ-ਸੰਤ ਸਿੰਘ ਸੋਹਲ

ਕਾਲੀ ਰਾਤ ਘਨੇਰੀ ਦੇਖੀ ਡਾਢੀ ਹੇਰਾ ਫੇਰੀ ਦੇਖੀ ਰੱਤੀ ਮਾਸਾ ਤੋਲਾ ਦੇਖੇ ਪੱਥਰ ਦੀ ਪੰਸੇਰੀ ਦੇਖੀ ਤੌਬਾ- ਤੌਬਾ ਰੰਗ ਸਮੇਂ ਦੇ ਹੈ ਬਰਸਾਤ ਹਨੇਰੀ ਦੇਖੀ ਮੇਲੇ ਸੱਥਾਂ ਗਿੱਧਾ ਹਾਸੇ ਰੌਣਕ ਚਾਰ ਚੁਫੇਰੇ ਦੇਖੀ ਗੈਸ ਸਟੋਵ ਅੰਗੀਠੀ ਹਾਰੇ ਚੁੱਲ੍ਹੇ ਮਿੱਟੀ ਫੇਰੀ ਦੇਖੀ ਸਾਂਝ ਮੁਹੱਬਤ ਭਾਈਚਾਰਾ 'ਕੱਠੀ ਇਕ ਥਾਂ ਢੇਰੀ ਦੇਖੀ ਲੋਕੀ ਹੱਕ ਜਮਾਉਂਦੇ ਦੇਖੇ ਹੁੰਦੀ ਤੇਰੀ ਮੇਰੀ ਦੇਖੀ ਇਕ ਮਿਕ ਹੋਏ ਹੱਕਾਂ ਖਾਤਰ ਏਹੋ ਗੱਲ ਚੰਗੇਰੀ ਦੇਖੀ ਘੇਰੇ ਬਾਜ਼ ਘਰੀਂ ਜਾ ਚਿੜੀਆਂ ਦੇਖੀ ਸੋਹਲ ਦਲੇਰੀ ਦੇਖੀ (ਸਾਨੀ ਪੁਰ ਰੋਡ ਸਰਹਿੰਦ -ਫ਼ਤਹਿਗੜ੍ਹ ਸਾਹਿਬ)

ਚੁੱਪ ਹੋ ਜਾਂਦਾ ਹਾਂ-ਗੁਰਬਖ਼ਸ਼ ਸਿੰਘ ਭੰਡਾਲ

ਜਦ ਸੁੰਨ ਦੀ ਆਗੋਸ਼ `ਚ ਜਾਵਾਂ ਤੇ ਹੋਸ਼ੋਂ-ਬੇਹੋਸ਼ ਹੋ ਜਾਵਾਂ ਤਾਂ ਚੁੱਪ ਹੋ ਜਾਂਦਾ ਹਾਂ ਜਦ ਖੁਦ ਤੋਂ ਬੇਖ਼ਬਰ ਹੋਵਾਂ ਤੇ ਜੀਂਦੇ ਜੀਅ ਕਬਰ ਹੋਵਾਂ ਤਾਂ ਚੁੱਪ ਹੋ ਜਾਂਦਾ ਹਾਂ ਜਦ ਖੜੇ ਦਿਨ ਸੂਰਜ ਡੁੱਬੇ ਤੇ ਮਨ `ਚ ਉਦਾਸੀ ਹੁੱਬੇ ਤਾਂ ਚੁੱਪ ਹੋ ਜਾਂਦਾ ਹਾਂ ਜਦ ਹਾਉਕੇ ਦੀ ਲੋਰ ਸੁਣਾਂ ਤੇ ਸਾਹਾਂ ਦਾ ਸ਼ੋਰ ਸੁਣਾਂ ਤਾਂ ਚੁੱਪ ਹੋ ਜਾਂਦਾ ਹਾਂ ਜਾਂ ਦੁੱਖਾਂ ਦਾ ਅਗਾਜ਼ ਦੇਖਾਂ ਤੇ ਪੀੜਾ ਦਾ ਅੰਦਾਜ਼ ਦੇਖਾਂ ਤਾਂ ਚੁੱਪ ਹੋ ਜਾਂਦਾ ਹਾਂ ਜਦ ਪਰਖਿਆ ਜਾਂਦਾ ਸਬਰ ਹੋਵਾਂ ਤੇ ਅਖਬਾਰ ਦੀ ਖਬਰ ਹੋਵਾਂ ਤਾਂ ਚੁੱਪ ਹੋ ਜਾਂਦਾ ਹਾਂ ਜਦ ਖ਼ੌਫ਼-ਰੱਤਾ ਹਸ਼ਰ ਹੋਵੇ ਤੇ ਚੀਖ਼ ਬਣਿਆ ਬਸ਼ਰ ਹੋਵੇ ਤਾਂ ਚੁੱਪ ਹੋ ਜਾਂਦਾ ਹਾਂ ਜਦ ਪਿੰਡ ਦਾ ਜ਼ਿਕਰ ਹੋਵੇ ਤੇ ਗਿਰਾਈਆਂ ਦਾ ਫ਼ਿਕਰ ਹੋਵੇ ਤਾਂ ਚੁੱਪ ਹੋ ਜਾਂਦਾ ਹਾਂ ਅੱਜਕੱਲ ਅਕਸਰ ਮੈਂ ਚੁੱਪ ਹੀ ਰਹਿੰਦਾ ਹਾਂ। ਯੂ ਐੱਸ ਏ

ਖੁਸ਼ਖਬਰੀ-ਜਗਦੇਵ ਸਿੰਘ ਚਾਹਲ

ਥੋੜੇ ਦਿਨ ਤੋਂ ਚੱਲੇ ਚਰਚਾ ਵੱਡੇ ਹੋਏ ਅੰਦੋਲਨ ਦੀ ਕਿਹੜੀ ਬੱਤੀ ਕਿਸਨੇ ਬਾਲੀ ਗੱਲ ਕੱਲੀ ਕੱਲੀ ਫੋਲਣ ਦੀ ਲੋਕੀ ਕਹਿੰਦੇ ਕਾਹਤੋਂ ਕਰਤਾ ਧੱਕ ਕੇ ਪਿੱਛੇ ਪੰਜਾਬੀਆਂ ਨੂੰ ਆਪੇ ਵਗਦੀ ਨਹਿਰ ਚ ਸਿੱਟਤਾ ਹਰ ਤਾਲੇ ਦੀਆਂ ਚਾਬੀਆਂ ਨੂੰ ਕਈ ਸਦੀਆਂ ਤੋਂ ਸਦਾ ਪੰਜਾਬੀ ਜਬਰ ਦੇ ਨਾਲ ਹੀ ਲੜਦੇ ਆ ਗਿਣਤੀ ਦੇ ਵਿੱਚ ਥੋੜੇ ਭਾਵੇਂ ਪਰ ਦੇਸ਼ ਲਈ ਬਹੁਤੇ ਮਰਦੇ ਆ ਹੱਦਾਂ ਉੱਤੇ ਘੱਲਣ ਪੁੱਤ ਤੇ ਖੁਦ ਖੇਤਾਂ ਵਿੱਚ ਸੜਦੇ ਆ ਭੁੱਖਾਂ ਤੇਹਾਂ ਕੱਟ ਕੱਟ ਕੇ ਉਹ ਢਿੱਡ ਦੇਸ਼ ਦਾ ਭਰਦੇ ਆ ਪਰ ਸੋਚਣ ਵਾਲੀ ਗੱਲ ਹੈ ਇੱਥੇ ਜੋ ਪਹਿਲੀ ਵਾਰੀਂ ਵਰਤ ਰਹੀ ਜਿਸ ਨੂੰ ਸੋਚ ਕੇ ਐਦਾਂ ਲੱਗਾ ਕਿ ਖੁਸ਼ਹਾਲੀ ਪਰਤ ਰਹੀ ਪਹਿਲਾਂ ਤਾਂ ਕੱਲੇ ਸੀ ਆਪਾਂ ਪਰ ਹੁਣ ਭਾਰਤ ਨਾਲ ਹੋਇਆ ਜ਼ੁਲਮ ਲਈ ਤਲਵਾਰ ਅਸੀਂ ਜੇ ਲੜਦੇ ਹਾਂ ਤਾਂ ਭਾਰਤ ਸਾਡੀ ਢਾਲ ਹੋਇਆ। ਇਤਿਹਾਸ ਜੇ ਮਾਰਗ ਦਰਸ਼ਕ ਸਾਡਾ ਦੂਜੇ ਸਿੱਖਣ ਗਲਤੀਆਂ ਤੋਂ ਦੇਰ ਤੋਂ ਭਾਵੇਂ ਪਰ ਆ ਗਏ ਸਾਰੇ ਅੱਸੀ ਨੱਬੇ ਪੂਰੇ ਸੌ ਇਹ ਨਾ ਸੋਚੋ ਆਪਾਂ ਪਿੱਛੇ ਸੋਚੋਂ ਕਿੰਨੇ ਨਾਲ ਖੜੇ ਨੇ ਹੁਣ ਨੀ ‘ਕੱਲੇ ਛੱਡਣਾ ਸਾਨੂੰ ਹਰ ਗੱਲ ਤੇ ਉਹ ਨਾਲ ਅੜੇ ਨੇ ਇੱਕ ਕਮੀ ਸੀ ਮੁੱਢੋਂ ਸਾਡੀ ਘੋਲ ਇਹ ਲਿਖ ਭਾਗ ਰਿਹਾ ਏ ਖੁਸ਼ ਹੋਵੋ ਪੰਜਾਬੀਓ ਥੋਡੇ ਕਰਕੇ ਅੱਜ ਦੇਸ਼ ਹੀ ਸਾਰਾ ਜਾਗ ਰਿਹਾ ਏ... ਆਸਟਰੇਲੀਆ

ਤੇਰੇ ਬਾਰੇ ਪੜ੍ਹ ਲੈਂਦੇ ਆਂ-ਬਲਜੀਤ ਖ਼ਾਨ

ਤੇਰੇ ਬਾਰੇ ਪੜ੍ਹ ਲੈਂਦੇ ਆਂ, ਲਿਖਿਆ ਸ਼ਬਦ ਕਿਤਾਬਾਂ ਵਿੱਚ। ਹੁਣ ਨਈਂ ਸਾਥੋਂ ਮੁੜਿਆ ਜਾਣਾ, ਤੇਰੇ ਸੋਹਣੇ ਬਾਗ਼ਾਂ ਵਿੱਚ! ਬੇਸ਼ੱਕ ਮੁੜਿਆ ਚੌਦੀਂ ਬਰਸੀਂ , ਮੁੜਿਆ ਸੀ ਰਾਮ ਅਯੁੱਧਿਆ ਵਿੱਚ, ਨੀਂਦ 'ਚ ਮਿਲੇ ਉਹ ਘੜੀ ਸਵੱਲੀ, ਦਰਸ਼ਨ ਹੋਣ ਖਵਾਬਾਂ ਵਿੱਚ! ਮਾਰੂਥਲ ਦੀ ਗਰਮ ਹਵਾ ਵਿੱਚ, ਕਤਰਾ-ਕਤਰਾ ਵਿਲਕਦਿਆਂ, ਤੇਰੀ ਯਾਦ ਏ ਠੰਢਕ ਦਿੰਦੀ,ਦੋਜ਼ਕ, ਨਰਕ ਅਜ਼ਾਬਾਂ ਵਿੱਚ! ਰਾਤ ਸੰਤਾਲ਼ੀ, ਸ਼ਾਮ ਚੁਰਾਸੀ, ਮੁੜ ਕੇ ਸਾਨੂੰ ਟੱਕਰੀ ਏ, ਰਿਹਾ ਦਲੀਂਦਾ ਸਮਾਲਸਰ ਕਿਉਂ ਵੰਡੇ ਗਏ ਪੰਜਾਬਾਂ ਵਿੱਚ! ਤੇਰੀ ਕੁੱਖ ਦਾ ਮੇਰੇ ਸਿਰ 'ਤੇ ਜਿੰਨਾ ਕਰਜ਼ਾ ਬੋਲਦਾ ਏ, ਲਾਹ ਨਈਂ ਹੋਣਾ ਮਾਸਾ ਭਰ ਵੀ, ਮਿਸ਼ਰੀ ਘੋਲ਼ ਜਵਾਬਾਂ ਵਿੱਚ! ਵੱਸਣ ਤੇਰੇ ਕੁੜਮ -ਕਬੀਲੇ, ਹੱਸਣ ਤੇਰੀਆਂ ਬਾਲੜੀਆਂ, ਤੇਰੇ ਨਾਂ ਦੀ ਤੂਤੀ ਬੋਲੇ, ਬਾਦਸ਼ਾਹ ਜਿਵੇਂ ਨਵਾਬਾਂ ਵਿੱਚ! ਬਲਜੀਤ ਖ਼ਾਨ ਵਿਨੀਪੈਗ (ਕੈਨੇਡਾ)

ਕੁਝ ਤਾਂ ਸ਼ਰਮਾ ਕੇ ਹੱਸਿਆ ਕਰ-ਰਾਜਪਾਲ ਬੋਪਾਰਾਏ

ਹਾਸੋ ਹੀਣਿਆ ਅੰਦੋਲਨਾਂ 'ਤੇ ਕਿਸਾਨ ਮਜ਼ਦੂਰ ਨਹੀਂ ਪਲਦੇ ਇਤਿਹਾਸ ਗਵਾਹ ਹੈ ਅੰਦੋਲਨਾਂ 'ਤੇ ਰਾਜ ਨੇਤਾ ਪਲਦੇ ਨੇ। ਕਸ਼ਮੀਰੀ ਪੰਡਿਤਾਂ ਦੇ ਅੰਦੋਲਨ 'ਚ ਪੁੱਤ ਦੇ ਕਹਿਣ 'ਤੇ ਗੁਰੂ ਸਾਹਿਬ ਨੇ ਆਪਣਾ ਸੀਸ ਦਿੱਤਾ ਇਸ ਅੰਦੋਲਨ ਦਾ ਜੀਵੀ ਪਰਜੀਵੀ ਕੌਣ ਹੋਇਆ ਪੰਡਿਤ ਜਾਂ ਗੁਰੂ ਸਾਹਿਬ ? ਗੁਰੂ ਸਾਹਿਬ ਦੇ ਪੁੱਤ ਨੇ ਅੱਗੋਂ ਆਪਣੇ ਚਾਰ ਪੁੱਤ ਤੇ ਮਾਂ ਵਾਰੀ ਇਸ ਅੰਦੋਲਨ ਦਾ ਜੀਵੀ ਪਰਜੀਵੀ ਕੌਣ ਹੋਇਆ ਪੁੱਤ ਵਾਰਣ ਵਾਲਾ ਜਾਂ ਪੁੱਤਾਂ ਨੂੰ ਮਾਰਨ ਵਾਲਾ ? ਫਾਂਸੀਆਂ 'ਤੇ ਚੜ੍ਹਨ ਵਾਲੇ ਅੰਦੋਲਨ ਜੀਵੀ ਪਰਜੀਵੀ ਨੇ ਜਾਂ ਫਾਂਸੀ ਚੜ੍ਹਵਾਉਣ ਵਾਲੇ ? ਚਰਖਾ ਕ੍ਰਾਂਤੀ ਲਈ ਕੱਤਿਆ ਜਾਂ ਨੱਥੂ ਰਾਮ ਦੀ ਗੋਲੀ ਲਈ ? ਅੰਦੋਲਨ ਜੀਵੀ ਪਰਜੀਵੀ ਗਾਂਧੀ ਹੈ ਜਾਂ ਦੇਸ ਦੇ ਨੇਤਾ ਫੈਸਲਾ ਕੌਣ ਕਰੂ ? ਪਰ ਕੰਧ 'ਤੇ ਲਿਖਿਆ ਸੱਚ ਹੈ ਕਿ ਅੰਦੋਲਨ ਜੀਵੀ ਪਰਜੀਵੀ ਮਿੱਟੀ ਦੇ ਪੁੱਤ ਨਹੀਂ ਰਾਜ ਨੇਤਾ ਨੇ ਜੋ ਪਹਿਲਾਂ ਉਕਸਾਉਂਦੇ ਨੇ ਫਿਰ ਭਰਮਾਉਂਦੇ ਨੇ ਭੜਕਾਉਂਦੇ ਨੇ ਲੜਵਾਉਂਦੇ ਨੇ ਸਿਰ ਪੜਵਾਉਂਦੇ ਨੇ ਤੇ ਫਿਰ ਜਦ ਲਾਸ਼ਾਂ ਦੀ ਗੱਲ ਤੁਰਦੀ ਹੈ ਤਾਂ ਉਹ ਉੱਚੇ ਮੰਚਾਂ 'ਤੋਂ ਸਮਝਾਉਂਦੇ ਨੇ ਜੀਵੀ ਬਣ ਮੁਸਕਾਉਂਦੇ ਨੇ ਬੇ-ਤੁਕੇ ਰਾਗ ਸੁਣਾਉਂਦੇ ਨੇ ਗੱਲ ਹਾਸੇ ਠੱਠੇ ਪਾਉਂਦੇ ਨੇ ਰਾਜ ਜੀਵੀ ਕਹਿਲਾਉਂਦੇ ਨੇ। ਆਪਣਾ ਖ਼ੂਨ ਦੇ ਕੇ ਬੇ ਮੰਗੇ ਅੰਦੋਲਨ ਪਾਲਣ ਵਾਲੇ ਰੁੱਖਾ ਤੋਂ ਲਾਸ਼ਾਂ ਉਤਾਰਣ ਵਾਲੇ ਨਵਾਂ ਇਤਹਾਸ ਉਸਾਰਣ ਵਾਲੇ ਦੇਸ ਦੇ ਕੀ ਲੱਗਦੇ ਨੇ ਹਾਸੋ ਹੀਣਿਆ ਇਤਹਾਸ ਦੇ ਪੰਨੇ ਦੱਸਿਆ ਕਰ ਮਰਯਾਦਾ ਮੰਚ ਦੀ ਤੱਕਿਆ ਕਰ ਕੁਝ ਤਾਂ ਸ਼ਰਮਾ ਕੇ ਹੱਸਿਆ ਕਰ ...

ਗ਼ਜ਼ਲ-ਸ਼ਮਸ਼ੇਰ ਮੋਹੀ

ਅਪਣੀ ਤਾਕਤ 'ਤੇ ਹੰਕਾਰ ਹੈ ਨ੍ਹੇਰ ਨੂੰ ਦੀਵਿਆਂ ਤੋਂ ਵੀ ਭੈਅ ਇਹ ਹੈ ਖਾਂਦਾ ਬੜਾ ਤੇ ਤਰਫ਼ਦਾਰੀ ਸੂਰਜ ਦੀ ਕਰਦਾ ਹੈ ਜੋ ਓਸ ਉੱਤੇ ਤਾਂ ਹੁੰਦੈ ਇਹ ਡਾਢਾ ਖਫ਼ਾ ਕੱਲ੍ਹ ਦਰਿਆ ਨੂੰ ਉਹਨਾਂ ਕਿਹਾ ਚੀਕ ਕੇ ਬਹੁਤ ਦੇਖੇ ਤੇਰੇ ਜਏ ਅਸੀਂ ਡੀਕ ਕੇ ਤੈਨੂੰ ਸਾਡੇ ਮੁਤਾਬਿਕ ਹੀ ਵਗਣਾ ਪਊ ਜਦ ਵੀ ਹੋਵੇਂਗਾ ਨਾਬਰ ਦਿਆਂਗੇ ਸੁਕਾ ਕਹਿਣ ਲੱਗੇ ਹਵਾ ਨੂੰ ਕਿ ਇਕ ਬਾਤ ਸੁਣ ਸਾਡੀ ਖ਼ਾਤਰ ਹੀ ਰੁਮਕੇਂਗੀ ਅੱਗੇ ਤੋਂ ਹੁਣ ਇਹ ਸੁਭਾਅ ਆਪਣਾ ਤੂੰ ਵੀ ਤਬਦੀਲ ਕਰ ਹੁਣ ਤਾਂ ਸਭ ਕੁਝ ਹੈ ਏਥੇ ਬਦਲਦਾ ਪਿਆ ਜੇ ਤੁਸੀਂ ਸਾਡੀ ਹਾਂ ਵਿਚ ਮਿਲ਼ਾਓਗੇ ਹਾਂ ਹੋਰਨਾਂ ਨੂੰ ਗ਼ਲਤ ਹੀ ਦਿਖਾਓਗੇ ਤਾਂ ਫਿਰ ਤੁਹਾਡੀ ਛਵੀ ਹੋਰ ਜਾਊ ਨਿਖਰ ਦਾਗ਼ ਸਾਰੇ ਤੁਹਾਡੇ ਲਵਾਂਗੇ ਲੁਕਾ ਮੰਨਿਆ ਕਿ ਤੁਹਾਡਾ ਹੀ ਹੈ ਇਹ ਵਤਨ ਪਰ ਜੇ ਮਹਿਸੂਸ ਕਰਦਾ ਪਿਐ ਖ਼ੌਫ਼ ਮਨ ਫੇਰ ਇਮਦਾਦ ਸਾਡੇ ਵੱਲੋਂ ਪੇਸ਼ ਹੈ ਆਓ ਕਰ ਦੇਈਏ ਏਥੋਂ ਤੁਹਾਨੂੰ ਵਿਦਾ ਅੰਤ ਆਈਆਂ ਫ਼ਿਜ਼ਾ 'ਚੋਂ ਅਵਾਜ਼ਾਂ ਕਈ ਸਾਨੂੰ ਮਨਜ਼ੂਰ ਨਾ ਜ਼ਹਿਰੀ ਫ਼ਤਵੇ ਬਈ ਸੁਰ, ਰਵਾਨੀ ਹੀ ਸਾਡੀ ਤਾਂ ਜਿੰਦ-ਜਾਨ ਨੇ ਕੌਣ ਅੱਜ ਤੱਕ ਮੁਹੱਬਤ ਨੂੰ ਸਕਿਐ ਹਰਾ

ਜਿਹੜਾ ਬੈਠੈ ਤਖ਼ਤ ਉੱਤੇ-ਸ਼ਮਸ਼ੇਰ ਮੋਹੀ

ਦਿਲੋਂ ਲੋਚਦਾ ਰਹਿੰਦਾ ਐ ਸਾਡਾ ਮਰਨਾ ਜਿਹੜਾ ਬੈਠੈ ਤਖ਼ਤ ਉੱਤੇ ਇਹ ਤਾਂ ਚਾਹੁੰਦਾ ਐ ਦਮਨ ਸਾਡਾ ਕਰਨਾ ਜਿਹੜਾ ਬੈਠੈ ਤਖ਼ਤ ਉੱਤੇ ਇਹਦੀ ਵਫ਼ਾਦਾਰੀ ਤਾਂ ਏ ਹੋਰਾਂ ਲਈ ਰਾਖਵੀਂ ਖ਼ਾਸ ਹੀ ਲੁਟੇਰਿਆਂ ਤੇ ਚੋਰਾਂ ਲਈ ਰਾਖਵੀਂ ਆਉਂਦਾ ਸਾਨੂੰ ਵੀ ਨਾ ਇਹਦੇ ਕੋਲੋਂ ਡਰਨਾ ਜਿਹੜਾ ਬੈਠੇ ਤਖ਼ਤ ਉੱਤੇ ਦਿਲੋਂ ਲੋਚਦਾ ਰਹਿੰਦਾ... ਇਕ ਦਿਨ ਵਿੱਚ ਵੀਹ-ਵੀਹ ਝੂਠ ਹੈ ਇਹ ਬੋਲਦਾ ਭਾਗੋਆਂ ਦੇ ਵਾਸਤੇ ਹੀ ਸਾਰਾ ਕੁਝ ਤੋਲਦਾ ਹੁਣ ਅਸੀਂ ਨਾ ਹੁੰਗਾਰਾ ਇਹਦਾ ਭਰਨਾ ਜਿਹੜਾ ਬੈਠੇ ਤਖ਼ਤ ਉੱਤੇ ਦਿਲੋਂ ਲੋਚਦਾ ਰਹਿੰਦਾ... ਗੱਲੀਂ-ਬਾਤੀਂ ਵੱਡੇ-ਵੱਡੇ ਮਹਿਲ ਇਹ ਉਸਾਰਦਾ ਗੱਲੀਂ-ਬਾਤੀਂ ਡੁੱਬ ਗਈਆਂ ਬੇੜੀਆਂ ਇਹ ਤਾਰਦਾ ਜਰ ਹੁੰਦਾ ਨਾ ਇਹਦੇ ਤੋਂ ਸਾਡਾ ਤਰਨਾ ਜਿਹੜਾ ਬੈਠੈ ਤਖ਼ਤ ਉੱਤੇ ਦਿਲੋਂ ਲੋਚਦਾ ਰਹਿੰਦਾ... ਆਓ ਇਹਦੇ ਜ਼ੁਲਮਾਂ ਦਾ ਆਉਂਦਾ ਰੱਥ ਰੋਕੀਏ ਬਿਨਾਂ ਦੇਰੀ ਏਸ ਦਾ ਸ਼ੈਤਾਨੀ ਹੱਥ ਰੋਕੀਏ ਜਿਊਣਾ ਦੁੱਭਰ ਇਹ ਕਰ ਦਊ ਵਰਨਾ ਜਿਹੜਾ ਬੈਠੈ ਤਖ਼ਤ ਉੱਤੇ ਦਿਲੋਂ ਲੋਚਦਾ ਰਹਿੰਦਾ...

ਦੁਨੀਆ ਬੜੀ ਕਮਾਲ ਜੋਗੀਆ-ਗੁਰਚਰਨ ਸਿੰਘ 'ਜੋਗੀ'

ਇਹ ਦੁਨੀਆਂ ਬੜੀ ਕਮਾਲ.........ਜੋਗੀਆ ! ਦੁਨੀਆਂ ਬੜੀ ਕਮਾਲ। ਚਾਨਣ ਖੋਹ ਕੇ ਦੇਵੇ ਨ੍ਹੇਰਾ , ਰਤਾ ਨਾ ਕਰੇ ਮਲਾਲ। ਜੋਗੀਆ ! ਦੁਨੀਆਂ ਬੜੀ ਕਮਾਲ। ਲੋੜ ਪਵੇ ਤਾਂ ਸਿਰ 'ਤੇ ਚੁੱਕਦੀ, ਸੱਚ ਦੇ ਨੇੜੇ ਕਦੇ ਨਾ ਢੁੱਕਦੀ, ਡਾਢੇ ਅੱਗੇ ਨਿੱਤ ਹੀ ਝੁਕਦੀ , ਸਾਊ ਕਰੇ ਹਲਾਲ। ਜੋਗੀਆ ! ਦੁਨੀਆਂ ਬੜੀ ਕਮਾਲ। ਗੱਲਾਂ ਦੀ ਥਾਂ ਮਾਰੇ ਚੀਕਾਂ, ਮਤਲਬ ਵੇਲੇ ਕਰੇ ਉਡੀਕਾਂ, ਮੁਸ਼ਕਿਲ ਵੇਲੇ ਕੱਢੇ ਲੀਕਾਂ , ਮਗਰੋਂ ਕੱਢੇ ਗ਼ਾਲ੍ਹ। ਜੋਗੀਆ ! ਦੁਨੀਆਂ ਬੜੀ ਕਮਾਲ। ਛੁਰੀ ਚਲਾਵੇ ਹੌਲੀ ਹੌਲੀ, ਕੰਡੇ ਹੀ ਇਹ ਪਾਵੇ ਝੋਲੀ, ਉਪਰੋਂ-ਉਪਰੋਂ ਬਣਦੀ ਭੋਲੀ , ਅੰਦਰੋਂ ਖੇਡੇ ਚਾਲ। ਜੋਗੀਆ ! ਦੁਨੀਆਂ ਬੜੀ ਕਮਾਲ। ਕੁਝ ਕੁ ਚੰਗੇ,ਬਾਕੀ ਮੰਦੇ, ਕਰਦੀ ਐਸੇ ਗੋਰਖ ਧੰਦੇ, ਫਸ ਹੀ ਜਾਂਦੇ ਸਾਊ ਬੰਦੇ, ਐਸੇ ਪਾਉਂਦੀ ਜਾਲ। ਜੋਗੀਆ ‌! ਦੁਨੀਆਂ ਬੜੀ ਕਮਾਲ। ਬਾਕੀਆਂ ਨੂੰ ਇਹ ਸਮਝੇ ਝੱਲੇ, ਖੋਹ ਲਵੇ ਜੋ ਕੁਝ ਵੀ ਪੱਲੇ ਆਪੇ ਦੇਵੇ ਜ਼ਖ਼ਮ ਅਵੱਲੇ, ਆਪੇ ਪੁੱਛਦੀ ਹਾਲ। 'ਜੋਗੀਆ' ! ਦੁਨੀਆਂ ਬੜੀ ਕਮਾਲ।

ਜਗਰਾਵਾਂ ਦੀ ਨਵੀਂ ਰੌਸ਼ਨੀ-ਜਤਿੰਦਰ ਮੁਹਾਰ

ਆਰੀ ਆਰੀ ਆਰੀ ਵਿੱਚ ਜਗਰਾਵਾਂ ਦੇ ਹੋਈ ਹੱਕ ਦੀ ਰੌਸ਼ਨੀ ਭਾਰੀ ਅੱਥਰੇ ਸਾਨ੍ਹਾਂ ਨੇ ਕਹਿੰਦੇ ਧਾੜ ਖੇਤਾਂ ‘ਤੇ ਮਾਰੀ। ਚੋਬਰਾਂ ਨੇ ਲੱਕ ਬੰਨ੍ਹ ਲਏ ਕਰਦੇ ਲੋਕ ਤਿਆਰੀ ਰੋਕਿਆਂ ਨਾ ਹੁਣ ਰੁਕਦੇ ਪਏ ਜਿੰਦ ਨੂੰ ਮਾਮਲੇ ਭਾਰੀ ਧਨੇਰ ਤੋਂ ਮਨਜੀਤ ਚੜ੍ਹਿਆ ਜੀਹਤੇ ਚੱਲਗੇ ਮੁਕੱਦਮੇ ਚਾਲੀ ਦੇਖ ਆਉਂਦਾ ਡੱਲੇਆਲੀਆ ਵਾਂਗ ਨਦੀਆਂ ਦੇ ਵਗਦੀ ਦਾੜ੍ਹੀ ਹੱਥ ਹਿੱਲੇ ਰਾਜੇਆਲ ਦਾ ਸੱਤਾ ਫਿਰਦੀ ਦਲੀਲੋਂ ਹਾਰੀ ਨਿਰਭੈ ਸਿੰਘ ਢੁੱਡੀਕੇ ਨੇ ਲਾਈ ਉਮਰ ਘੋਲਾਂ ਵਿੱਚ ਸਾਰੀ ਰੁਲਦੂ ਮਾਨਸੇ ਦਾ ਡਾਂਗ ਰੱਖਦਾ ਕੋਕਿਆਂ ਵਾਲੀ ਬਾਈ ਉਗਰਾਹਾਂ ਨੇ ਕਥਾ ਲੁੱਟ ਦੀ ਸੁਣਾ ਤੀ ਸਾਰੀ ਲੋਟੂਆਂ ਦਾ ਰਾਹ ਮੱਲਿਆ ਜਦ ਪਿੜ ਵਿੱਚ ਆਗੀ ਨਾਰੀ ਦੁਨੀਆਂ ‘ਤੇ ਗੱਲ ਚੱਲਦੀ ‘ਕੱਠ ਜੁੜਿਆ ਜਗਤ ਤੋਂ ਭਾਰੀ ਕਾਮਿਆਂ ਦੀ ਸੱਥ ਜੁੜਗੀ ਬੜਕ ਪੰਜਾਬ ਨੇ ਮਾਰੀ ਜਨਤਾ ਮੋੜ ਦਊ ਤੇਰੇ ਵਾਰ ਨੀ ਹਕੂਮਤੇ ਭਾਰੀ ਜਨਤਾ ਮੋੜ ਦਊ …

ਤੜਫਦਾ ਪਰਜੀਵੀ ਤੰਤਰ-ਜੋਗਿੰਦਰ ਆਜਾਦ

ਬੌਖਲਾ ਗਿਆ ਹੈ ਚੌਕੀਦਾਰ। ਚੂਰ ਚੂਰ ਹੋ ਗਏ ਹਨ ਉਸ ਦੇ ਰੰਗੀਨ ਸੁਪਨੇ ਇਕ ਛਤਰ ਸਮਰਾਟ ਹੋਣ ਦੇ। ਘੇਰ ਲਿਆਹੈ ਉਸਦਾ ਖੇਤਾਂ ਦੇ ਪੁੱਤਾਂ ਨੇ ਮਨੁੱਖੀ ਲਹੂ ਦਾ ਪਿਆਸਾ ਅਸ਼ਵਮੇਧ ਯਗ ਦਾ ਘੋੜਾ। ਜੋ ਵਿਨਾਸ਼ ਕਰਦਾ ਸਰਪਟ ਦੌੜਦਾ ਆ ਰਿਹਾ ਸੀ ਆਦਮ ਬੋ ਆਦਮ ਬੋ ਕਰਦਾ। ਤੜਫ ਰਿਹਾ ਹੈ ਚੌਕੀਦਾਰ ਤਾਰ ਤਾਰ ਹੋ ਗਿਆ ਹੈ ਉਸ ਦਾ ਚੱਕਰਵਿਊ, ਬੇਨਕਾਬ ਹੋ ਗਈ ਹੈ ਉਸ ਦੀ ਸਾਜਿਸ਼, ਖੇਤਾਂ ਦੇ ਪੁੱਤਾਂ ਦੇ ਲਹੂ ਨਾਲ ਰਾਜ ਮਹਲ ਦੀ ਖੂੰਨੀ ਪਿਆਸ ਬੁਝਾਉਣ ਦੀ। ਹੁਣ ਉਸ ਨੇ ਨਵਾਂ ਭੇਖ ਧਾਰਨ ਕੀਤਾ ਹੈ , ਪਹਿਣ ਲਏ ਹਨ ਉਸ ਨੇ ਸਫੇਦ ਵਸਤਰ, ਜਿਵੇਂ ਦੁਸ਼ਟ ਆਤਮਾ ਨੇ ਕਤਲ ਕਰਨਾ ਹੋਵੋ , ਛਲ ਨਾਲ, ਕਿਸੀ ਮਹਾਂ ਆਤਮਾ ਦਾ। ਹੁਣ ਉਹ ਤਾੜੀ ਨਹੀ ਵਜਾਉਂਦਾ, ਖੋਖਲੀ ਹਾਸੀ ਹਸਦਾ ਹੈ, ਢਕਦਾ ਹੈ ਅਪਣਾ ਖੂੰਖਾਰ ਚਿਹਰਾ। ਹੁਣ ਉਸਨੇ ਦਿੱਤਾਹੈ ਖੇਤਾਂ ਦੇ ਪੁੱਤਾਂ ਨੂੰ, ਉਸ ਦੇ ਪਹਿਰੇਦਾਰਾਂ ਨੂੰ.. ਰਹਿਬਰਾਂ ਨੂੰ ਨਵਾਂ ਨਾਮ, 'ਅੰਦੋਲਨ ਜੀਵੀ' ਜੋ ਖੇਤਾਂ ਦੀ ਰਾਖੀ ਲਈ , ਅਸਮਤਾਂ ਬਚਾਉਣ ਲਈ, ਕਰ ਰਹੇ ਹਨ ਜਿੰਦਗੀ ਮੌਤ ਦੀ ਜੰਗ । ਬੇਖੌਫ, ਅਣਲਿਫ ਪੀ ਰਹੇ ਹਨ ਸ਼ਹਾਦਤ ਦੇ ਜਾਮ। ਰਕਤਜੀਵੀ, ਪਰਜੀਵੀ ਤੰਤਰ ਕਰ ਰਿਹਾ ਹੈ ਇਕ ਹੋਰ ਚੱਕਰਵਿਊ ਦੀ ਤਿਆਰੀ। ਕਰ ਰਿਹਾ ਹੈ ਨਫਰਤ ਦੀ ਤਿਜਾਰਤ। ਪਾਲ ਰਿਹਾ ਹੈ। ਬਲੀ ਦੇ ਬੱਕਰੇ, ਖੂੰਨੀ ਦਰਿੰਦੇ ਝੂਠ ਦੇ ਵਪਾਰੀ ਅੰਦੋਲਨ ਜੀਵੀਆਂ ਦਾ ਸ਼ਿਕਾਰ ਕਰਨ ਲਈ । ਹਰ ਜਾਬਰ ਦੀ ਇਹੀ ਕਹਾਣੀ। ਹਰ ਜਾਬਰ ਦੀ ਇਹੋ ਕਹਾਣੀ।

ਸਰਬ ਲੋਕਾਈ ਲਈ ਬੀਜਦਾ-ਡਾ. ਸੰਜੀਵ ਆਹਲੂਵਾਲੀਆ

ਉਹਨੇ ਆਪਣੇ ਬਾਪ ਤੋਂ ਸੁਣਿਆ ਸੀ ਤੇ ਉਹਦੇ ਬਾਪ ਨੇ ਆਪਣੇ ਬਾਪ ਤੋਂ ਪੀੜ੍ਹੀ ਦਰ ਪੀੜ੍ਹੀ ਉਹ ਇਹੀ ਤਾਂ ਸੁਣਦਾ ਆਇਆ ਹੈ ਕਿ ਉਹ ਜੈਸਾ ਬੀਜੇਗਾ ਤੈਸਾ ਵੱਢੇਗਾ... ਗਰੀਬੀ ਨੂੰ ਮਸ਼ਕਰੀਆਂ ਕਰਦਾ ਉਹ ਬੀਜਦਾ ਰਿਹਾ ਸ਼ਿੱਦਤ ਨਾਲ ਵੱਢਦਾ ਰਿਹਾ ਮਿਹਨਤਾਂ ਕਰਦੇ ਉਸ ਨੂੰ ਯਕੀਨ ਜੋ ਸੀ ਕਿ ਉਹ ਜੈਸਾ ਬੀਜੇਗਾ ਤੈਸਾ ਵੱਢੇਗਾ... ਅਣਥੱਕ ਨਿਸ਼ਚੇ ਨਾਲ ਉਹ ਜੂਝਦਾ ਰਿਹਾ ਆਪਣੇ ਤਨ ਤੇ ਹੰਢਾਉਂਦਾ ਰਿਹਾ ਵਰ੍ਹਦੇ ਗੜ੍ਹਿਆਂ ਨੂੰ ਸੀਤ ਲਹਿਰਾਂ ਨੂੰ ਝੁਲਸਦੀਆਂ ਗਰਮੀਆਂ ਨੂੰ ਸੱਪਾਂ ਦੀਆਂ ਸਿਰੀਆਂ ਮਿੱਧਦਾ ਨੱਕੇ ਮੋੜਦਾ ਰਿਹਾ ਕਾਲੀਆਂ ਬੋਲੀਆਂ ਰਾਤਾਂ ਨੂੰ ਇਸ ਵਿਸ਼ਵਾਸ ਨਾਲ ਕਿ ਉਹ ਜੈਸਾ ਬੀਜੇਗਾ ਤੈਸਾ ਵੱਢੇਗਾ... ਅੱਜ ਉਹੀ ਅੰਨ ਦਾਤਾ ਮਜਬੂਰ ਹੋ ਆਪਣੇ ਖੇਤ ਛੱਡ ਸੜਕਾਂ ਤੇ ਆ ਗਿਆ ਹੈ ਉਹਨਾਂ ਫੁਰਮਾਨਾਂ ਦੇ ਵਿਰੋਧ 'ਚ ਜੋ ਸਮੇਂ ਦੇ ਹਾਕਮ ਵਾਂਗ ਹੀ ਜ਼ਾਲਮ ਨੇ ਉਸ ਦੇ ਵਜੂਦ ਦੇ ਵੈਰੀ ਨੇ ਸਬਰ ਸਿਦਕ 'ਚ ਰਹਿੰਦਿਆਂ ਉਹ ਫ਼ਰਿਆਦ ਕਰ ਰਿਹੈ ਕਿ ਬੀਜਣ ਦਾ ਹੱਕ ਉਸ ਕੋਲੋਂ ਖੋਹਿਆ ਨਾ ਜਾਵੇ ਉਹ ਬੀਜਣਾ ਚਾਹੁੰਦੈ ਤੇ ਵੱਢਣਾ ਚਾਹੁੰਦੈ ਕਿਉਂਕਿ ਉਸਦੇ ਪੁਰਖਿਆਂ ਨੇ ਉਸ ਨੂੰ ਪੜ੍ਹਾਇਆ ਸੀ ਕਿ ਉਹ ਜੈਸਾ ਬੀਜੇਗਾ ਤੈਸਾ ਵੱਢੇਗਾ... ਉਹ ਬੀਜਣਾ ਚਾਹੁੰਦੈ ਅਮਨ ਤੇ ਸ਼ਾਂਤੀ ਉਹ ਵੱਢਣਾ ਚਾਹੁੰਦੈ ਖੁਸ਼ਹਾਲੀ ਤੇ ਤਰੱਕੀ ਸਿਰਫ ਆਪਣੇ ਲਈ ਨਹੀਂ ਸਰਬ ਲੋਕਾਈ ਲਈ ਬੀਜਦਾ। ਵਿਕਟੋਰੀਆ ਬੀ ਸੀ (ਕੈਨੇਡਾ)

ਗੀਤ-ਹਰਜਿੰਦਰ ਕੰਗ

ਰੋਕਣ ਨੂੰ ਸਰਕਾਰਾਂ ਲਾਇਆ ਜ਼ੋਰ ਬਥੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਹਾਂ ਬਈ ਘੇਰਾ...... ਪੱਥਰ ਅੱਥਰੂ ਗੈਸ ਤੇ ਬੈਰੀਕੇਡ ਵੀ ਤੋੜੇ। ਹੂੰਝ ਹਾਂਝ ਕੇ ਰਾਹਾਂ ‘ਚੋਂ ਰਾਹਾਂ ਦੇ ਰੋੜੇ। ਰਾਹਾਂ ਦੇ ਰੋੜੇ...... ਆਣ ਚੜ੍ਹੇ ਦਿੱਲੀ ਦੀ ਹਿੱਕ ਤੇ ਲਾ ਲਿਆ ਡੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਹਾਂ ਬਈ ਘੇਰਾ........ ਹਉਮੈ ਛੱਡ ਕੇ ਕਰ ਲਿਆ ਜੋ ਸਭ ਨੇ ਏਕਾ। ਭੁੱਲ ਜਾਊ ਦਿੱਲੀ ਹੁਣ ਆਪਣਾ ਹੁਣ ਸਹੁਰਾ ਪੇਕਾ। ਤਾਨਾਸ਼ਾਹੀ ਚੁੱਕ ਲਊਗੀ ਡੰਡਾ ਡੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਹਾਂ ਬਈ ਘੇਰਾ...... ਜਾਨ ਤਲੀ ਤੇ ਰੱਖ ਲਈ ਖੇਤਾਂ ਦੇ ਪੁੱਤਾਂ। ਬਦਲ ਦੇਣਗੇ ਦੇਖਿਉ ਰੱਤ ਪੀਣੀਆਂ ਰੁੱਤਾਂ। ਚਾਨਣ ਦੇ ਵਣਜਾਰਿਆਂ ਕਰਨਾ ਦੂਰ ਹਨ੍ਹੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਹਾਂ ਬਈ ਘੇਰਾ..... ਪਿੰਡਾਂ ਦੇ ਪਿੰਡ ਉੱਠ ਪਏ ਪੰਜਾਬ ਜਾਗਿਆ। ਹਰ ਦਿਲ ਅੰਦਰ ਫਿਰ ਨਾਨਕ ਦਾ ਖ਼ਾਬ ਜਾਗਿਆ। ਬਾਣੀ ਦੇ ਬਾਣਾਂ ਨੇ ਵਿੰਨ੍ਹਿਆ ਚਾਰ ਚੁਫ਼ੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਹਾਂ ਬਈ ਘੇਰਾ....... ਚਿਰ ਪਿੱਛੋਂ ਪੰਜਾਬ ‘ਚੋਂ ਇਤਿਹਾਸ ਬੋਲਿਆ। ਫੇਰ ਨਗਾਰਾ ਵੱਜਿਆ ਤੇ ਤਖ਼ਤ ਡੋਲਿਆ। ਕੰਗ ਸ਼ਹੀਦਾਂ ਫਿਰ ਜਿਵੇਂ ਪਾਇਆ ਏ ਫੇਰਾ। ਦੇਖ ਕਿਸਾਨਾਂ ਪਾ ਲਿਆ ਦਿੱਲੀ ਨੂੰ ਘੇਰਾ। ਹਾਂ ਬਈ ਘੇਰਾ...... ਫਰਿਜ਼ਨੋ (ਅਮਰੀਕਾ)

ਕਿਸਾਨ ਸੰਘਰਸ਼-ਸੁਰਿੰਦਰ ਮਕਸੂਦਪੁਰੀ

ਕਾਲੇ ਖੇਤੀ ਕਾਨੂੰਨਾਂ ਵਿਰੁੱਧ ਰੋਸ ਮੁਜ਼ਾਹਰੇ ਕਰਦੇ ਰੁਲਦੇ ਨੇ ਸੜਕਾਂ ’ਤੇ ਠਰਦੇ ਨੇ ਬਰਫ਼ਾਂ ’ਚ ਝੱਲਦੇ ਨੇ ਕਕਰੀਲੀਆਂ ਰਾਤਾਂ ਦੀ ਕੰਬਣੀ ਸਿੰਘੂ, ਟਿਕਰੀ, ਕੁੰਡਲੀ ਗਾਜ਼ੀਪੁਰ ਤੇ ਹੋਰ ਦਿੱਲੀ ਦੀਆਂ ਹੱਦਾਂ-ਸਰਹੱਦਾਂ ’ਤੇ ਆਪਣੇ ਹੀ ਦੇਸ਼ ਦੇ ਬਾਸ਼ਿੰਦੇ ਸੱਚੀ-ਸੁੱਚੀ ਕਿਰਤ ਦੇ ਕਰਿੰਦੇ ਹੱਕ-ਸੱਚ ਲਈ ਜੂਝਦੇ ਕਿਸਾਨ ਸੰਘਰਸ਼ ਹੰਢਾਉਂਦੇ ਮਰਦੇ-ਮੁੱਕਦੇ ਪੀੜੇ ਜਾਂਦੇ ਰੱਬ ਦਾ ਨਾਮ ਧਿਆਉਂਦੇ ! ਮਤਰੇਈ ਮਾਂ ਦਿੱਲੀ ਕੋਲੋਂ ਰਾਜਧਾਨੀ ਸਿਰ ਹਿੱਲੀ ਕੋਲੋਂ ਆਪਣੀ ਕਿਸਾਨੀ ਦੇ ਸੁਰੱਖਿਅਤ ਅਧਿਕਾਰ ਮੰਗਦੇ ਇਹ ਸਿਰੜੀ-ਸਿਦਕੀ ਯੋਧੇ ਜੰਗਲ਼ ਵਿਚ ਮੰਗਲ਼ ਲਾ ਕੇ ਸੰਘਰਸ਼-ਸ਼ਹਿਰ ਸਜਾ ਕੇ ਰੱਬੀ-ਰੂਹਾਨੀ ਰੰਗ ਦੇ ! ਮਨਭਾਉਂਦੇ ਜਸ਼ਨਾਂ ਤੋਂ ਵਿਹਲ ਨਹੀਂ ਤੈਨੂੰ ਮਹਿਲੀਂ ਬੈਠੇ ਹਾਕਮਾਂ ਵੇ ਕਾਰਪੋਰੇਟ ਘਰਾਣਿਆਂ ਸੰਗ ‘ਮਨ ਕੀ ਬਾਤੇਂ’ ਕਰਦਿਆਂ ਤੂੰ ਕੀ ਜਾਣੇ ਬਰਫ਼ਾਂ ਦੀ ਰੁੱਤੇ ਚੋਂਦੇ ਤੰਬੂਆਂ ’ਚ ਬੈਠੇ ਠਰਦੇ ਜਿਸਮਾਂ ਦੇ ਹਾਲ ਤੂੰ ਕੀ ਜਾਣੇ ਕਿਸਾਨ ਮੋਰਚੇ ਦੀ ਭੇਂਟ ਚੜ੍ਹੇ ਅਣਿਆਈ ਮੌਤ ਮਰੇ ਜੀਆਂ ਦੇ ਜੰਜਾਲ ਚਿੰਤਾ ਨਾ ਕਰ ਚੜ੍ਹਦੀ ਕਲਾ ’ਚ ਰਹਿਣਗੇ ਬੁਲੰਦ ਸਦਾ ਸਾਡੇ ਕਿਸਾਨ, ਮਜ਼ਦੂਰ ਖੁਸ਼ਹਾਲ ! ’ਕੱਲੇ ਹੀ ਤੁਰੇ ਸਨ ਘਰਾਂ ਤੋਂ ਬਾਪੂ, ਬੀਬੀਆਂ, ਬੱਚੇ, ਨੌਜਵਾਨ ਕਿਸਾਨ ਗਾਇਕ, ਕਲਾਕਾਰ, ਸਾਹਿਤਕਾਰ ਜ਼ਮੀਨਾਂ ਵਾਲੇ ਜ਼ਮੀਰਾਂ ਵਾਲੇ ਲਾ ਕੇ ਟਰੈਕਟਰ-ਟਰਾਲੀਆਂ ਜੀਪਾਂ ਕਾਰਾਂ ’ਤੇ ਹਰੀ ਕ੍ਰਾਂਤੀ ਦੇ ਪ੍ਰਤੀਕ ਝੂਲਦੇ ਝੰਡੇ ਬਣ ਗਏ ਕਾਫ਼ਲੇ-ਦਰ-ਕਾਫ਼ਲੇ ਭੀੜਾਂ ਵਾਲੇ ਵਹੀਰਾਂ ਵਾਲੇ ! ਥੰਮ ਨਾ ਸਕੇ ਜੋਸ਼, ਜਜ਼ਬੇ, ਜਨੂੰਨ ਨੂੰ ਤੇਰੇ ਭੇਜੇ ਹਾਕਮਾਂ ਪਾਣੀ ਦੀਆਂ ਤੋਪਾਂ ਬਰਫ਼ਾਨੀ ਬੁਛਾੜਾਂ ਹੰਝੂ ਗੈਸਾਂ ਦੇ ਗੋਲੇ ਰਸਤਿਆਂ ਦੀਆਂ ਰੋਕਾਂ ਕੰਡਿਆਲੀਆਂ ਤਾਰਾਂ, ਬੈਰੀਅਰ ਸੰਗਲ, ਜ਼ੰਜੀਰਾਂ ਵਾਲੇ ! ਰੋਕ ਨਾ ਸਕੇ ਆਪ ਮੁਹਾਰੇ ਉਮੜ ਆਏ ਠਾਠਾਂ ਮਾਰਦੇ ਲੋਕ ਮੋਰਚੇ ਜਨ ਸੈਲਾਬ ਨੂੰ ਪੜ੍ਹ ਨਾ ਸਕੇ ਕਾਨੂੰਨ ਦੇ ਘਾੜੇ ਕਾਨੂੰਨ ਦੀ ਕਿਤਾਬ ਨੂੰ ! ਲੋਕਤੰਤਰ ਨੂੰ ਛਿੱਕੇ ਟੰਗ ਕੇ ਤਾਨਾਸ਼ਾਹੀ ਰੰਗ ਵਿਖਾਉਂਦਾ ਲਾਲ ਕਿਲ੍ਹੇ ਦੀ ਫ਼ਸੀਲ ਤੋਂ “ਜੈ ਜਵਾਨ ਜੈ ਕਿਸਾਨ” “ਮੇਰਾ ਭਾਰਤ ਦੇਸ਼ ਮਹਾਨ” ਜੇਹੇ ਨਾਅਰੇ ਲਾਉਂਦਾ ! ਢਿੱਡੋਂ ਭੁੱਖੇ ਪੈਲੀਆਂ ਦੇ ਪੁੱਤਾਂ ਖੇਤਾਂ ਦਿਆਂ ਰਾਜਿਆਂ ਦੇ ਤਲੀ ਉੱਤੇ ਜਾਨਾਂ ਰੱਖ ਜੰਗ ਜੂਝਦੇ ਜਵਾਨਾਂ ਦੇ ਸ਼ਬਦਾਂ ਹੀ ਸ਼ਬਦਾਂ ’ਚ ਢਿੱਡ ਭਰੀ ਜਾਂਦਾ ਏਂ ਸੀਨੇ ਦੀਆਂ ਨਦੀਆਂ ’ਚ ਔੜ ਲੱਗੀ ਜ਼ਾਲਮਾਂ ਵੇ ਸੁੱਕੀਆਂ ਨੇ ਨਦੀਆਂ ਤੂੰ ਗੱਲੀਂ-ਬਾਤੀਂ ’ਤਰੀ ਜਾਂਦਾ ਏਂ ! ਪਰਤਣਗੇ ਨਹੀਂ ਖ਼ਾਲੀ ਏਕੇ ਨਾਲ ਅਟੱਲ ਜਿੱਤਣਗੇ ਸੰਗਰਾਮੀਏਂ ਦੇਰ ਹੈ ਅੰਧੇਰ ਨਹੀਂ ਜੇ ਅੱਜ ਨਹੀਂ ਤਾਂ ਕੱਲ ਜਿੱਤਣਗੇ ਸੰਗਰਾਮੀਏਂ ਰੋਲਿਆ ਬੇਦੋਸ਼ਿਆਂ ਨੂੰ ਮਿੱਟੀ ਵਿੱਚ ਜਰਵਾਣਿਆਂ ਤੈਨੂੰ ਸਬਕ ਫ਼ਰਜ਼/ਅਧਿਕਾਰਾਂ ਦੇ ਮਾਇਨੇ ਆਜ਼ਾਦੀ ਤੇ ਗੁਲਾਮੀ ਦੇ ਸਮਝਾ ਕੇ ਜਾਣਗੇ ਸੰਗਰਾਮੀਏਂ ਆਪਣੀ ਗੱਲ ਪੁਗਾ ਕੇ ਜਿੱਤ ਦੇ ਪਰਚਮ ਲਹਿਰਾ ਕੇ ਜਾਣਗੇ ਸੰਗਰਾਮੀਏਂ ! ਫਿਰ ਗੂੰਜਣਗੇ ‘ਮਕਸੂਦਪੁਰੀ’ ਗ਼ਮਗ਼ੀਨ ਫ਼ਿਜਾ਼ ਵਿਚ ਅੰਮ੍ਰਿਤਾ ਪ੍ਰੀਤਮ ਦੇ ਬੋਲ : “ਕਿੱਕਰਾਂ ਵੇ ਕੰਡਿਆਲੀਆਂ ਉੱਤੋਂ ਚੜ੍ਹਿਆ ਪੋਹ ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ !”

ਉਹ ਚਾਹੁੰਦੇ ਹਨ-ਜੋਗਿੰਦਰ ਆਜ਼ਾਦ

ਉਹ ਚਾਹੁੰਦੇ ਹਨ ਇਸ ਧਰਤੀ ਤੇ ਨਤਮਸਤਕ ਹੋਵੇ ਹਰ ਕੋਈ ਉਸ ਦੇ ਹੀ ਪ੍ਰਭੂ ਅੱਗੇ। ਝੂਲੇ ਉਸ ਦਾ ਹੀ ਚਾਰੇ ਦਿਸ਼ਾਵਾਂ ਚ ਭਗਵਾ ਝੰਡਾ। ਦਿਨ ਰਾਤ ਹੋਵੇ ਉਸ ਦੀ ਹੀ ਆਰਤੀ ਉਸ ਨੇ ਧਰਤੀ ਦੇ ਟੁਕੜੇ ਟੁਕੜੇ ਦਾ ਕਰ ਲਿਆ ਹੈ ਸੌਦਾ ਸੰਸਾਰ ਪ੍ਰਭੂਆਂ ਨਾਲ। ਪ੍ਰਵੇਸ਼ ਕਰ ਗਈ ਹੈ ਉਸ ਚ ਹਿਟਲਰ ਦੀ ਰੂਹ ਰਚਾ ਰਿਹਾ ਹੈ ਵਿਨਾਸ਼ ਲੀਲ੍ਹਾ ਪਰ, ਨਹੀਂ ਥਮ ਰਹੀ ਖੇਤਾਂ ਚੋਂ ਉੱਠੀ ਚਾਰੇ ਦਿਸ਼ਾਵਾਂ ਵਿਚ ਫੈਲੀ ਖੇਤਾਂ ਦੇ ਪੁੱਤਾਂ ਦੀ ਗਰਜਵੀਂ ਲਲਕਾਰ। ਲਹੂ ਲੁਹਾਣ ਕਰ ਦਿੱਤੀ ਹੈ ਧਰਤੀ ਮਨੁੱਖੀ ਲਹੂ ਦੇ ਪਿਆਸੇ ਆਦਮ ਖ਼ੋਰ ਬਘਿਆੜਾਂ ਨੇ ਪਰ ਧਰਤੀ ਤੇ ਡੁੱਲ੍ਹੇ ਹਰ ਖੂਨ ਦੇ ਕਤਰੇ ਚੋਂ ਪੈਦਾ ਹੋ ਰਹੇ ਹਨ ਨਵੇ ਮਾਨਵ, ਸੂਰਬੀਰ ਯੋਧੇ, ਮੌਤ ਨੂੰ ਮਖੌਲਾਂ ਕਰਦੇ, ਮਾਨਵਤਾ ਦੇ ਸਜੱਗ ਪਹਿਰੇਦਾਰ ਅੰਦੋਲਨਕਾਰੀ, ਅੰਦੋਲਨਜੀਵੀ ਧੜਕਦੀ ਹੈ ਜਿਨ੍ਹਾਂ ਚ ਨਾਨਕ ਕਬੀਰ ਦੀ ਬਾਣੀ, ਲਿਸ਼ਕਦੀ ਹੈ ਅੱਖਾਂ ਚ ਗੋਬਿੰਦ ਦੀ ਤੇਗ, ਨਿਸ਼ਚਾ ਕਰ ਅਪਣੀ ਜਿੱਤ ਦਾ ਅਟੱਲ ਵਿਸ਼ਵਾਸ਼। ਰੁਸ਼ਨਾਉਂਦੇ ਨੇ ਉਹਨਾਂ ਨੂੰ ਭਗਤ ਸਰਾਭਿਆਂ, ਗਦਰੀ ਬਾਬਿਆਂ ਦੇ ਅਧੂਰੇ ਸੁਫਨੇ।

ਇਬਾਰਤ ਕਿਸਾਨ ਦੀ-ਸੁਰਿੰਦਰਜੀਤ ਕੌਰ

ਜੰਗ ਦੀ ਭੱਠੀ ਵਿਚ ਤਪਿਆ ਧਰਤੀ ਲਈ ਜੂਝਦਾ ਸੂਰਾ ਜਵਾਨ ਹਾਂ ਸਿਆੜਾਂ 'ਚੋਂ ਉੱਗਿਆ ਕਿਸਾਨ ਹਾਂ ਜੇਠ ਹਾੜ੍ਹ ਦੀਆਂ ਤੱਤੀਆਂ ਲੂਆਂ ‘ਚ ਭਖਿਆ ਜਹਾਨ ਹਾਂ ਪੋਹ ਦੀਆਂ ਕਕਰੀਲੀਆਂ ਰਾਤਾਂ ਚੋਂ ਜੰਮਿਆਂ ਧੁੰਦ ਦਾ ਗਿਆਨ ਹਾਂ ਜੋ ਸਕੂਲੇ ਨਹੀਂ ਪੜ੍ਹਿਆ ਓਸ ਬਾਬੇ ਨਾਨਕ ਦੀ ਸੰਤਾਨ ਹਾਂ ਤਲੀ ਉੱਤੇ ਚੋਗ ਚੁਗਦੇ ਓਕਾਬ ਦੀ ਸ਼ਾਨ ਹਾਂ ਓਕਾਬ ਦੀ ਅੱਖ ਵਿਚ ਫੈਲਿਆ ਅਸਮਾਨ ਹਾਂ ਖੰਭਾਂ ਵਿਚ ਤੈਰਦੇ ਮੁਕਾਮ ਦੀ ਉਡਾਨ ਹਾਂ ਬਚਨ ਦਾ ਬਲੀ ਈਮਾਨ ਤੋਂ ਕੁਰਬਾਨ ਹਾਂ ਗੋਬਿੰਦ ਦੇ ਮੱਥੇ 'ਚ ਮਘਦੇ ਏਕੇ ਦੇ ਸੂਰਜ ਦੀ ਚਮਕਾਰ ਹਾਂ ਸਾਡੀ ਅਣਖ ਨੂੰ ਜੇ ਵੰਗਾਰੇ ਕੋਈ ਤਾਂ ਜਾਗਦੀ ਜਿਉਂਦੀ ਲਲਕਾਰ ਹਾਂ ਜ਼ੁਲਮ ਵਿਰੁੱਧ ਜੋ ਚਮਕਦੀ ਓਸ ਲਿਸ਼ਕਦੀ ਤਲਵਾਰ ਦੀ ਧਾਰ ਹਾਂ ਜਾਂ ਸਹਿੰਦੀ ਜਾਂ ਫਿਰ ਕਰਦੀ ਵਾਰ ਹਾਂ ।

ਪੱਲੇ ਬੰਨ੍ਹਣਾ ਮੇਰੀ ਗੱਲ-ਨਵਜੋਤ ਕੌਰ (ਡਾ.)

ਤੁਰਨਾ ਕਦੇ ਭੱਜਣਾ ਤੇ ਫਿਰ ਡਿੱਗਣਾ ਪਰ ਨਿਸ਼ਚਾ ਦ੍ਰਿੜ ਰੱਖਣਾ ਮਿੱਥੀ ਮੰਜ਼ਿਲ ਵੱਲ ਕਦਮ ਦਰ ਕਦਮ ਵਧਣਾ। ਡਿੱਗਣਾ ਵੀ ਕਦੀ ਕਦੀ ਚੰਗਾ ਹੀ ਹੁੰਦਾ ਤਾਕਤ ਦੀ ਪਰਖ਼ ਹੁੰਦੀ ਪਰਵਾਜ਼ ਲਈ ਖੰਭ ਤਾਣਦਿਆਂ ਆਪਣੇ ਪਰਾਏ ਦੀ ਸ਼ਨਾਖ਼ਤ ਹੁੰਦੀ। ਠੇਡੇ ਵੀ ਜ਼ਿੰਦਗੀ ਦਾ ਵੱਡਾ ਸਬਕ ਸਮਝਣਾ ਲਾਜ਼ਮੀ ਗ਼ਲਤੀ ਤੇ ਗੁਨਾਹ ਵਿਚਲਾ ਫ਼ਰਕ। ਮੋਹਤਬਰੋ! ਬੜੇ ਖ਼ਤਰਨਾਕ ਦੌਰ ਚੋਂ ਲੰਘ ਰਹੇ ਹਾਂ ਆਪਣੇ ਹਮਦਰਦਾਂ ਦੀ ਕਿਸੇ ਨਸੀਹਤ ਨੂੰ ਨਜ਼ਰ ਅੰਦਾਜ਼ ਨਾ ਕਰਨਾ। ਸਮਝੋ ਸਾਜਸ਼ੀ ਚਾਲਾਂ ਨੂੰ ਸੱਤਾ ਦੇ ਭਾਈਵਾਲਾਂ ਨੂੰ ਕਿਸੇ ਵਹਿਣ ਚ ਨਾ ਵਹਿਣਾ ਅੰਤਿਮ ਜਿੱਤ ਤੱਕ ਲੜਨਾ ਹੀ ਅਸਲ ਧਰਮ। ਚੇਤੇ ਰੱਖਿਓ ਅੱਜ ਸੱਤਾ ਨਾਲ ਜੰਗ ਖ਼ੁਦ ਮੁਖਤਿਆਰੀ ਦੀ ਨਹੀਂ ਹੱਕਾਂ ਦੀ ਹੈ। ਤਖ਼ਤ ਵਿਤਕਰੇ ਕਰਦਿਆਂ ਕਈ ਕੁਝ ਕਰਦਾ ਹੈ ਸਾਡੇ ਮੱਥਿਆਂ ਚ ਬਹੁਤ ਕੁਝ ਬੀਜਦਾ ਹੈ। ਉੱਗਣ ਨਾ ਦੇਣਾ। ਲਿਖਦਾ ਹੈ ਊਲ ਜਲੂਲ ਇਬਾਰਤਾਂ ਪੂੰਝ ਦੇਣਾ ਨਾਲੋ ਨਾਲ। ਬੇਸ਼ੱਕ ਜਾਗ ਚੁੱਕੀ ਹੈ ਤੀਜੀ ਅੱਖ ਚੇਤਨਾ ਦੀ ਬੱਤੀ ਜਗਦੀ ਰੱਖਣਾ। ਚੌਗਿਰਦੇ ਦੀ ਤਾਕ ਰੱਖਣਾ। ਕੋਈ ਸੁਣੇ ਨਾ ਸੁਣੇ ਦੱਸਣਾ ਜ਼ਰੂਰ ਕਿ ਤਖ਼ਤ ਦੇ ਪਾਵੇ ਨੂੰ ਹੱਥ ਪਾਉਣ ਦਾ ਅਜੇ ਵੇਲਾ ਨਹੀਂ ਆਇਆ। ਮੈਂ ਤਾਂ ਮੰਨਦੀ ਹਾਂ ਵਿਰੋਧ ਚੋਂ ਵਿਕਾਸ ਉਗਮਦਾ ਬੀਜ ਹੀ ਮੌਲਦਾ ਬਿਰਖ਼ ਬਣ ਕੇ। ਜ਼ਿੰਦਾਬਾਦ ਤੀਕ ਪੁੱਜਣ ਲਈ ਮਿੱਟੀ ਨਾਲ ਮਿੱਟੀ ਹੋਣਾ ਪੈਂਦਾ ਸਿਰ ਦੇ ਭਾਰ ਖਲੋ ਕੇ ਹੀ ਧਰਤੀ ਚ ਰੁੱਖ ਨੂੰ ਉੱਗਣਾ ਪੈਂਦਾ ਘਣਛਾਵਾਂ ਬਣਨ ਲਈ। ਪਰ ਐਨਾ ਧਿਆਨ ਰਖਿਓ ਬੇਲੋੜਾ ਵਿਰੋਧ ਬੇਲਗਾਮ ਸੱਤਾ ਦੇ ਹੱਥ ਮਜਬੂਤ ਨਾ ਹੋ ਜਾਣ ਕਿਤੇ। ਉਸ ਦੇ ਜਬਾੜਿਆਂ ਚ ਨਾ ਬੈਠਣਾ ਬਹੁਤ ਕੁਝ ਖਾ ਬੈਠੀ ਹੈ ਇਹ ਹੈਂਸਿਆਰੀ ਡੈਣ। ਮਿਟਾ ਦਿਓ ਆਪਸੀ ਸਾੜਾ ਤੇ ਨਫ਼ਰਤ ਭੱਥੇ ਚ ਸਾਂਭ ਲਓ ਹਾਲ ਦੀ ਘੜੀ ਲਫ਼ਜ਼ਾਂ ਦੇ ਅਣੀਆਲੇ ਤੀਰ। ਬੰਨ੍ਹ ਬਣੋ ਨਾ ਕਿ ਲਕੀਰ ਲਕੀਰ ਵਿਛੋੜਦੀ ਮਨ ਚ ਕੰਡੇ ਪੋੜਦੀ। ਜੇ ਛਲਕ ਗਿਆ ਸਬਰ ਦਾ ਭਰਿਆ ਨੱਕੋ ਨੱਕ ਪਿਆਲਾ ਵਲੂੰਧਰ ਦੇਵੇਗਾ ਸਾਡੀਆਂ ਰੂਹਾਂ ਖ਼ੂਬਸੂਰਤ ਅੱਖਾਂ ਚੋਂ ਹਜ਼ਾਰਾਂ ਖੁਆਬ ਮਰ ਜਾਣਗੇ ਕਿਰਤ ਦੇ ਅਰਥ ਮਨਫ਼ੀ ਹੋ ਜਾਣਗੇ। ਸ਼ਰਮਸ਼ਾਰ ਹੋ ਅਸੀਂ ਗੁਨਾਹਗਾਰ ਬਣ ਜਾਵਾਂਗੇ ਨਾ ਜੀ ਸਕਾਂਗੇ ਪਲ ਪਲ ਦੀ ਮੌਤ ਮਰਾਂਗੇ ਚੇਤੇ ਰੱਖਿਓ ਲਾਸਾਨੀ ਸ਼ਹਾਦਤਾਂ ਨਾ ਭੁੱਲਿਓ ਕਰਜ਼ੇ ਚ ਡੁੱਬੇ ਬਾਪ ਦਾ ਚਿਹਰਾ ਤੁਹਾਡੇ ਸੰਜਮ ਨੇ ਮੋਰਚੇ ਨੂੰ ਜ਼ਿਆਰਤਗਾਹ ਬਣਾਇਆ ਕਬਰਗਾਹ ਨਾ ਬਣਨ ਦੇਣਾ ਕਦੇ। ਇਹਦੀ ਆਭਾ ਨਾ ਗੁਆਇਓ ਨਾ ਧੋਖਾ ਵਾਰ ਵਾਰ ਖਾਇਓ ਯਾਦ ਰੱਖਿਓ ਭੁੱਲ ਨਾ ਜਾਇਓ ਸਾਡਾ ਧਰਮ ਮੋਰਚਾ ਸਾਡਾ ਕਰਮ ਮੋਰਚਾ ਸਾਡੀ ਇਬਾਦਤ ਮੋਰਚਾ ਨਿਗ੍ਹਾ ਬੁਲੰਦ ਮੰਜ਼ਿਲ ਤੇ ਨਜ਼ਰ ਪੈਰਾਂ ਚ ਹਰਕਤ ਅੱਖਾਂ ਚ ਸੁਪਨੇ ਦਿਲਾਂ ਚ ਧੜਕਣ ਬਰਕਰਾਰ ਰੱਖਿਓ ਵਧ ਰਿਹਾ ਹੈ ਕਾਫਲਾ ਮੰਜ਼ਿਲ ਦੂਰ ਨਹੀਂ ਜਿੱਤ ਜੂਝਦੇ ਲੋਕਾਂ ਦੀ ਅਟੱਲ। ਪੱਲੇ ਬੰਨ੍ਹੋ ਮੇਰੀ ਆਖੀ ਗੱਲ।

ਗ਼ਜ਼ਲ-ਸਿਮਰਤ ਸੁਮੈਰਾ

ਬਗਾਵਤ ਆਖ ਕੇ ,ਉਹ ਸੋਚ ਮੇਰੀ ਨੂੰ ਦਬਾਉਂਦੇ ਨੇ। ਜ਼ਰੂਰੀ ਤਾਂ ਨਹੀਂ , ਓਹੀ ਲਿਖਾਂ, ਉਹ, ਜੋ ਲਿਖਾਉਂਦੇ ਨੇ। ਉਸਾਰੀ ਜਾਣ ਸਰਹੱਦਾਂ , ਦਿਲਾਂ ਵਿਚ ,ਸਿਰਜ ਦੀਵਾਰਾਂ, ਲਹੂ ਦੇ ਬਾਲ਼ ਕੇ ਦੀਵੇ ,ਉਹ ਹਰ ਬਸਤੀ ਜਲਾਉਂਦੇ ਨੇ । ਕਿਵੇਂ ਉਹ ਗੀਤ ਆਜ਼ਾਦੀ ਦੇ ਗਾਉੰਦੇ ਨੇ, ਹੈਰਾਨੀ ਹੈ? ਜੋ ਗ਼ੁਰਬਤ ਤੇ ਗੁਲਾਮੀ ਆਪਣੇ ,ਪਿੰਡੇ ਹੰਢਾਉਂਦੇ ਨੇ। ਚਿਰਾਗ਼ਾਂ ਦੀ ਹਿਫ਼ਾਜਤ ਕਰਦਿਆਂ, ਜੋ ਹੱਥ ਸੜ ਜਾਂਦੇ, ਉਹੀ ਫਿਰ ਹੌਸਲਾ ਕਰ ਕੇ ,ਮਸ਼ਾਲਾਂ ਵੀ ਜਗਾਉਂਦੇ ਨੇ। ਉਹ ਜਾਦੂਗਰ ਨੇ, ਕਾਲਾ ਇਲਮ ਜਾਨਣ ,ਇਸ ਤਰ੍ਹਾਂ ਲਗਦੈ, ਜੋ ਦਰਿਆਵਾਂ ਨੂੰ ਵੰਡਣ, ਅੱਗ ਪਾਣੀ ਨੂੰ ਲਗਾਉਂਦੇ ਨੇ। ਸ਼ਹੀਦਾਂ ਦੀ ਸ਼ਹਾਦਤ ਹਰ ਵਰ੍ਹੇ ਹੈ, ਯਾਦ ਆ ਜਾਂਦੀ, ਇਹ ਰਹਿਬਰ ਬੁੱਤ ਘੜਦੇ, ਹਾਰ ਪਾਉੰਦੇ, ਮੁਸਕੁਰਾਉਂਦੇ ਨੇ। ਸੁਮੈਰਾ ਕੀ ਕਹਾਂ, ਹੁਣ ਏਸ ਦਾ ਹੈ, ਰੱਬ ਹੀ ਰਾਖਾ, ਕਿ ਜਿਹੜੇ ਦੇਸ਼ ਨੂੰ, ਕੁਝ ਸਿਰਫਿਰੇ ਜਾਹਲ ਚਲਾਉਂਦੇ ਨੇ।

ਜ਼ਮੀਰਾਂ ਦੇ ਆਖੇ-ਬਿਕਰਮ ਸੋਹੀ

ਜਿਗਰੇ ਤੇ ਕਿਹੜੀ ਧਾਰਾ ਲਗਾਉਣੀ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ? ਭਰ ਦਿਓ ਜੇਲਾਂ ਜਿੰਨੀਆਂ ਵੀ ਚਾਹੇ ਹਵਾਵਾਂ ਨੂੰ ਵਗਣੋਂ ਹਟਾਓਗੇ ਕਿੱਦਾਂ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ? ਜੰਗਲ਼ ਚ ਫੁੱਲਾਂ ਨੂੰ ਖਿੜਨਾ ਵੀ ਆਉਂਦਾ ਮਹਿਕਣ ਵੀ ਆਵੇ ਤੇ ਝੜਨਾ ਵੀ ਆਉਂਦਾ ਲੱਗਣ ਨਾ ਖੁਸ਼-ਬੋਈ ਨੂੰ ਹੱਥ-ਕੜੀਆਂ ਥੀਣਾ ਜੇ ਏਥੇ ਸਜ਼ਾਵਾਂ ਨੇ ਕੜੀਆਂ ਬਾਹਰ ਤਾਂ ਮੰਨਿਆਂ ਏ ਗ਼ਲਬੇ ਨੇ ਤਾਹਡੇ ਅੰਦਰ ਤਾਂ ਜਿੱਤਾਂ ਹਰਾਓਗੇ ਕਿੱਦਾਂ ? ਅਸੀਂ ਕਿਹੜਾ ਛਾਂਗੇਂ ਆਂ ਪਹਿਲੀ ਹੀ ਵਾਰੀ? ਦਾਤੀ ਵੀ ਓਹੀਓ ਤੇ ਓਹੀਓ ਤਿਆਰੀ! ਘੋੜੇ ਦੀ ਕਾਠੀ ਤੇ ਪਿੰਡਾਂ ਦੇ ਵਾਸੇ ਸੜਕਾਂ ਤੇ ਸੌਣਾਂ ਜ਼ਮੀਰਾਂ ਦੇ ਆਖੇ ਵੱਢਿਆਂ ਦੇ ਹੋਏ ਨੇ ਕਿਰਦਾਰ ਵੱਡੇ ਦਸਤਾਰ ਸਿਰ ਤੇ ਝੁਕਾਓਗੇ ਕਿੱਦਾਂ? ਸਬਰਾਂ ਦੇ ਡੁੱਲਦੇ ਜੇ ਜਾਂਦੇ ਨੇ ਕਾਸੇ ਹੱਢਾਂ ਤੇ ਉੱਕਰੇ ਕਮੀਨੇ ਜੇ ਹਾਸੇ ਖੂਨ ਅਸਾਡਾ ਏ ਪਾਣੀ ਤੁਹਾਡਾ ਸਿੰਜ ਲਓ ਧਰਤੀ ਕਿ ਰਾਜ ਤੁਹਾਡਾ! ਕੇਸਾਂ ਤੇ ਛਪਗੇ ਨੇ ਖਾਖੀ ਜੇ ਤਲਵੇ ਨਲੂਏ ਦਾ ਖੰਡਾ ਭੁਲਾਓਗੇ ਕਿੱਦਾਂ ? ਡੁੱਲ੍ਹ ਗਿਆ ਖੂਨ ਤੇ ਢੱਠੇ ਚੁਬਾਰੇ ਫੁੱਲਾਂ ਦੀ ਥਾਂ ਤੇ ਖਿੜਗੇ ਨੇ ਤਾਰੇ! ਦਾਹੜੇ ਜੋ ਚਿੱਟੇ ਸਲਾਖ਼ਾਂ ਨੂੰ ਆਖ਼ਣ ਜੇਲ੍ਹਰ ਤਾਂ ਸਾਡੇ ਫ਼ਰੰਗੀ ਕਿਉਂ ਜਾਪਣ! ਨਜ਼ਰਾਂ ਦੇ ਝੌਲ਼ੇ ਕਿ ਸਮਿਆਂ ਦੇ ਗੇੜੇ ਤਖ਼ਤ ਲਹੌਰਾਂ ਨੂੰ ਜਾਓਗੇ ਕਿੱਦਾਂ ? ਹਿੰਮਤ ਤੇ ਕਿਹੜੀ ਧਾਰਾ ਲਗਾਉਣੀ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ? ਭਰ ਦਿਓ ਜੇਲਾਂ ਜਿੰਨੀਆਂ ਵੀ ਚਾਹੇ ਹਵਾਵਾਂ ਨੂੰ ਵਗਣੋਂ ਹਟਾਓਗੇ ਕਿੱਦਾਂ? ਖਿਆਲਾਂ ਨੂੰ ਬੇੜੀ ਪਾਓਗੇ ਕਿੱਦਾਂ ?

ਦੁੱਲਾ ਪਿੰਡੀਓਂ ਤੁਰੇਗਾ-ਸੁਖਦੇਵ ਸਿੰਘ ਔਲਖ਼

ਦੁੱਲਾ ਪਿੰਡੀਓਂ ਤੁਰਿਆਂ ਸੀ, ਦਿੱਲੀ ਦੇ ਕਿੰਗਰੇ ਢਾਹੁਣ ਲਈ । ਦੁੱਲੇ ਦੀ ਦਿੱਲੀ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ। ਦੁੱਲੇ ਦੀ ਦੁਸ਼ਮਣੀ ਤਾਂ ਉਨ੍ਹਾਂ ਤੋਤਿਆਂ ਨਾਲ ਸੀ, ਜੋ ਪਿੰਡੀ ਦੇ ਖੇਤਾਂ 'ਚ ਉਗੀਆਂ ਧੀਆਂ ਵਰਗੀਆਂ ਫਸਲਾਂ ਨੂੰ ਉਜਾੜ ਕੇ, ਦਿੱਲੀ ਦੇ ਝੱਲ 'ਚ, ਜਾ ਲੁਕਦੇ ਸਨ। ਦੁੱਲੇ ਦੀ ਪੰਜਾਬ ਦੇ ਸੂਬੇਦਾਰ ਨਾਲ ਇਸ ਲਈ ਟੱਕਰ ਸੀ ਕਿ ਸੂਬੇਦਾਰ ਨੇ, ਪਿੰਡੀ ਦੇ ਖੇਤਾਂ ਦੀ ਰਾਖੀ ਕਰਦੇ ਦੁੱਲੇ ਦੇ ਬਾਪ ਦਾਦੇ ਨੂੰ ਇਹ ਕਹਿ ਕੇ ਫਾਂਸੀ 'ਤੇ ਲਟਕਾ ਦਿੱਤਾ ਸੀ, ਕਿ ਦੁੱਲੇ ਦੇ ਬਾਪ ਦਾਦਾ ਵਾਰ 'ਚ, ਬਗਾਵਤ ਦੇ ਜੁਮੇਵਾਰ ਹਨ। ਪਰ ! ਸੂਬੇਦਾਰ ਨੂੰ ਕੌਣ ਦੱਸੇ, ਕਿ ਖੇਤਾਂ 'ਚੋਂ ਉੱਠੀ ਬਗਾਵਤ ਦੀ ਜੁਮੇਵਾਰੀ, ਮੌਕੇ ਦੀ ਸੌੜੀ ਸਿਆਸਤ ਸਿਰ ਜਾਂਦੀ ਹੈ, ਤਾਹੀਓਂ ਦੁੱਲਾ ਪਿੰਡੀਓਂ ਤੁਰਿਆ ਸੀ। ਗੁਰੂ ਗੋਬਿੰਦ ਸਿੰਘ ਦੀ ਵੀ ਦਿੱਲੀ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ। ਜਦੋਂ ਰਾਜ ਬਚਾਉਣ ਲਈ, ਧਰਮ ਦੇ ਨਾਂ ਉੱਤੇ ਜ਼ੁਲਮ ਸ਼ੁਰੂ ਹੋਇਆ ਦਿੱਲੀ ਵਿੱਚ ਜੰਝੂ ਲਾਹੁਣ ਦੇਗਾਂ 'ਚ ਉਬਾਲਣ ਚਰਖੜੀਆਂ 'ਤੇ ਚਾੜ੍ਹਨ ਦੇ ਕਾਲੇ ਕਾਰਨਾਮੇ ਹੋਣ ਲੱਗੇ, ਤਾਂ ਰਣਜੀਤ ਨਗਾਰਾ ਮੜ੍ਹਨਾ ਪਿਆ, ਤੇ ਸਭਿਆ ਮਨੁੱਖਾ ਨੂੰ ਜੰਗਲ ਦੇ ਸ਼ੇਰ ਬਣ ਕੇ, ਲੱਖੀ ਦੇ ਜੰਗਲਾਂ ਵਿੱਚ ਰਹਿਣਾ ਪਿਆ, ਤਾਹੀਓਂ ਦੁੱਲਾ ਪਿੰਡੀਓਂ ਤੁਰਿਆ ਸੀ। ਦੁੱਲਾ ਪਿੰਡੀਓਂ ਤੁਰਦਾ ਰਹੇਗਾ, ਉਦੋਂ ਤੱਕ ਜਦੋਂ ਤੱਕ ਦਿੱਲੀ ਦੇ ਰਾਖੇ, ਆਪਣੇ ਤੋਤਿਆਂ ਦੀ ਡਾਰ ਨੂੰ ਪਿੰਡੀ ਦੇ ਖੇਤਾਂ ਉੱਤੇ, ਝਪਟਣੋਂ ਨਹੀਂ ਵਰਜਦੇ । ਦੁੱਲਾ ਪਿੰਡੀਓਂ ਤੁਰਦਾ ਰਹੇਗਾ ਉਦੋਂ ਤੱਕ ਜਦੋਂ ਤੱਕ, ਦਿੱਲੀ ਵਿੱਚ ਦੇਗਾਂ, ਰੰਬੀਆਂ, ਆਰਿਆਂ, ਤੇ ਚਰਖੜੀਆਂ ਰਾਹੀਂ ਮਨੁੱਖਤਾ ਦਾ ਘਾਣ ਹੋਣੇ ਨਹੀਂ ਹਟਦਾ । ਦੁੱਲਾ ਪਿੰਡੀਓਂ ਤੁਰਦਾ ਰਹੇਗਾ, ਉਦੋਂ ਤੱਕ ਜਦੋਂ ਤੱਕ ਸਭਿਆ ਮਨੁੱਖਾਂ ਨੂੰ ਜੰਗਲ ਦੇ ਸ਼ੇਰ ਬਨਣ ਲਈ, ਮਜਬੂਰ ਹੋਣਾ ਪੈਂਦੈ । ਦੁੱਲਾ ਪਿੰਡੀਓਂ ਤੁਰਦਾ ਰਹੇਗਾ, ਉਦੋਂ ਤੱਕ ਜਦੋਂ ਤੱਕ ਰਣਜੀਤ ਨਗਾਰੇ ਮੜ੍ਹਨ ਦੀ ਲੋੜ ਪੂਰੀ ਨਹੀਂ ਹੋ ਜਾਂਦੀ। ਦੁੱਲਾ ਪਿੰਡੀਓਂ ਤੁਰਿਆਂ ਸੀ। ਦੁੱਲਾ ਪਿੰਡੀਓਂ ਤੁਰੇਗਾ । ਦੁੱਲਾ ਪਿੰਡੀਓਂ ਤੁਰਦਾ ਰਹੇਗਾ ।

ਸਾਇਦ-ਸੁਖਦੇਵ ਸਿੰਘ ਔਲਖ਼

ਸਾਇਦ ਦਿੱਲੀ ਭੁੱਲ ਗਈ ਐ ਇਤਿਹਾਸ ਦੇ ਉਹ ਪੰਨੇ। ਜਦੋਂ ਮੁਗਲ ਹਕੂਮਤ ਨੇ ਦਿੱਲੀ ਤੋਂ ਫੁਰਮਾਨ ਜਾਰੀ ਕਰਕੇ ਪਿੰਡੀ ਦੇ ਖੇਤਾਂ ਦੀ ਰਾਖੀ ਕਰਦੇ ਸਾਂਦਲ ਤੇ ਉਸ ਦੇ ਪੁੱਤ ਫਰੀਦ ਦੀ ਅਣਖ ਨੂੰ ਵੰਗਾਰਿਆ ਸੀ। ਤੇ ਫਿਰ ਸਾਂਦਲ ਤੇ ਫਰੀਦ ਨੇ ਜਵਾਬ ਵਿੱਚ ਮੁਗਲ ਹਕੂਮਤ ਨੂੰ ਹੱਥ ਖੂੰਡਾ ਫੜਕੇ ਖੰਘੂਰਾ ਕੀ ਮਾਰਿਆ ਮੁਗਲ ਦਰਬਾਰ ਨੇ ਸਾਂਦਲ ਤੇ ਫਰੀਦ ਦਾ ਕਤਲ ਕਰਕੇ ਲਹੌਰ ਦੇ ਦਰਬਾਜੇ ਪੁੱਠਾ ਲਟਕਾ ਦਿੱਤਾ ਸੀ। ਫਿਰ ਬਾਰ ਦੀ ਮਿੱਟੀ ਦੇ ਜਾਇ ਦੁੱਲੇ ਨੇ ਪਿਉ ਦਾਦੇ ਦੇ ਕਦਮਾਂ ਉੱਤੇ ਚਲਦਿਆਂ ਲੋਕ ਕਚਹਿਰੀ ਵਿੱਚ ਖੜ੍ਹਕੇ , ਦਿੱਲੀ ਦੇ ਕਿੰਗਰੇ ਢਾਹੁਣ ਦਾ ਅਹਿਦ ਲਿਆ ਸੀ। ਤੇ ਦਿੱਲੀ ਦੇ ਤਖਤ ਨੂੰ ਵਖਤ ਪਾ ਦਿੱਤਾ ਸੀ। ਸਾਇਦ ਦਿੱਲੀ ਭੁੱਲ ਗਈ ਐ ਕਿ ਅੱਜ ਉਤਰੀ ਭਾਰਤ ਦਾ ਹਰ ਪਿੰਡ ਪਿੰਡੀ ਬਣਕੇ ਦੁੱਲੇ ਸੂਰਮੇ ਜਣ ਰਿਹੈ। ਸਾਇਦ ਦਿੱਲੀ ਭੁੱਲ ਗਈ ਐ ਕਿ ਅੱਜ ਜਦੋਂ ਸਾਰਾ ਸੰਸਾਰ ਪਿੰਡ ਬਣ ਗਿਐ, ਫਿਰ ਇਸ ਤੋਂ ਕਿਉਂ ਮੁਨਕਰ ਹੁੰਦੀਐ ਕਿ ਹਰ ਪਿੰਡ ਦੀ ਆਪਣੀ ਮਿੱਟੀ ਹੁੰਦੀਐ ਤੇ ਹਰ ਮਿੱਟੀ ਦੀ ਆਪਣੀ ਤਾਸੀਰ ਹੁੰਦੀਐ ਜਿਸ ਵਿਚੋਂ ਸਮੇਂ ਸਮੇਂ ਸਤਾ ਦੇ ਜਬਰ ਖਿਲਾਫ ਵਿਦਰੋਹ ਦਾ ਉਪਜਣਾ ਕੁਦਰਤੀ ਹੁੰਦੈ । ਵਿਦਰੋਹ ਕਦੇ ਵੀ ਲੋਕਾਂ ਦਾ ਸ਼ੌਂਕ ਨਹੀਂ ਮਜਬੂਰੀ ਹੁੰਦੀਐ। ਸਾਇਦ ਦਿੱਲੀ ਭੁੱਲ ਗਈ ਐ ......! ਪਿੰਡ, ਡਾਕ:-ਸ਼ੇਰ ਪੁਰ 148025 (ਸੰਗਰੂਰ)

ਅਸੀਂ ਵੀ ਜਾ ਕੇ ਲੋਹਾ ਲੈਣਾ-ਰਿਤੂ ਵਾਸੂਦੇਵ

ਅਸੀਂ ਵੀ ਜਾ ਕੇ ਲੋਹਾ ਲੈਣਾ ਨਾਲ਼ ਜਮੀਨੀ ਠੱਗਾਂ ਕਰਮਾਂ ਵਾਲ਼ੀਏ ਮਾਂਏਂ ! ਸਾਡੇ ਬੰਨ੍ਹ ਸਿਰਾਂ 'ਤੇ ਪੱਗਾਂ ਚਾੜ੍ਹ ਅਸਾਂ ਨੂੰ ! ਬਾਪ ਦਾਦਿਆਂ ਵਾਲ਼ਾ ਰੰਗ ਸੰਧੂਰੀ ਖ਼ੀਸੇ ਸਾਡੇ ਕਲਮਾਂ ਪਾ ਦੇ ਸ਼ਮਲੇ ਬੰਨ੍ਹ ਦੇ ਚੂਰੀ ਹੁਣ ਸਾਥੋਂ ਜਜ਼ਬਾਤਾਂ ਦੇ ਸੈਲਾਬ ਨਾ ਰੋਕਿਆਂ ਰੁਕਦੇ ਅੱਗ ਜਦੋਂ ਜੰਗਲ਼ ਨੂੰ ਲੱਗੀ ਗਿੱਦੜ ਫਿਰਨੇ ਲੁਕਦੇ ਵੈਰੀ ਸਾਡਾ ਪੱਥਰ ਚੱਟਾ ਤੈਨੂੰ ਸਮਝ ਨਾ ਆਉੰਦੀ ਕੱਚ ਦੀਆਂ ਵੰਗਾਂ ਤੂੰ ਸਾਡੀ ਵੀਣੀ ਕਾਹਨੂੰ ਪਾਉੰਦੀ ਨਿਕਲ਼ ਬਾਹਰ ਘੁੰਡਾਂ 'ਚੋਂ ਆਈਆਂ ਵੇਖ ਸਾਡੀਆਂ ਖੁੱਲ੍ਹਾਂ ਅੱਕਾਂ 'ਤੇ ਪਾਬੰਦੀ ਲਾਈ ਗ਼ਮਲੇ ਵਾਲ਼ੇ ਫੁੱਲਾਂ ਖੇਡੇ ਸਾਡੀ ਅਣਖ ਦੀ ਤਿੱਤਲੀ ਵਿਚ ਸ਼ਹੀਦੀ ਰੰਗਾਂ ਧੁਰੋਂ ਹੀ ਲਿਖੀਆਂ ਆਈਆਂ ਸਾਡੇ ਲੇਖਾਂ ਦੇ ਵਿੱਚ ਜੰਗਾਂ ਹੁਣ ਨਹੀਂ ਸਾਡੇ ਮਨ ਨੂੰ ਭਾਉੰਦੇ ਬੰਦ, ਚੂੜੀਆਂ, ਛੱਲੇ ਤੋਰ ਅਸਾਡੇ ਹੱਥ ਫੜਾ ਕੇ ਕੇਸਰੀਆਂ ਦੇ ਪੱਲੇ ਰਾਹ ਪੈ ਗਏ ਸਿਵਿਆਂ ਦੇ ਬਾਬੇ ਨਿੱਤ ਸੁਨੇਹੇ ਦਿੰਦੇ ਸਾਂਭ ਦਿਓ ਕੁੜੀਓ ! ਹੁਣ ਚਰਖੇ ਲਾ ਰੋਹਾਂ ਦੇ ਜਿੰਦੇ ਬਾਗੀਪੁਣਾ ਲਹੂ ਵਿਚ ਸਾਡੇ ਲੇਖ ਅਸਾਂ ਦੇ ਸੁੱਤੇ ਪਰ ਜਿੱਤਣ ਦਾ ਸੁਪਨਾ ਲਿਖੀਏ ਰੋਜ ਹਥੇਲੀ ਉੱਤੇ ਧੂਹ ਸਾਡੀਆਂ ਸੋਚਾਂ ਨੂੰ ਪਾਉਣੀ ਅੰਤ ਸਾਡਿਆਂ ਖ਼ੁਆਬਾਂ ਲੈ ਦੇ ਸਾਨੂੰ ਬਾਬਲ ਕੋਲ਼ੋਂ ਚੋਰੀ ਚਾਰ ਕਿਤਾਬਾਂ

ਦਿੱਲੀ ਤੋਂ ਕਿਸਾਨਗੜ੍ਹ-ਰਿਤੂ ਵਾਸੂਦੇਵ

ਹੰਕਾਰੀ ਪਿੱਪਲ ਵੱਢਣਾ ਤੇਰੀ ਜੜ੍ਹ ਵਿਚ ਬਹਿ ਕੇ ਸਾਡੀ ਅਣਖ ਦੇ ਸੰਗਲ਼ ਖੋਲ੍ਹ ਨਾ ਤੂੰ ਜਾਹਿਲ ਕਹਿ ਕੇ ਸਾਨੂੰ ਖ਼ਾਕ ਨਸ਼ੀਨੇ ਕਰਨ ਦੀ ਕੋਸ਼ਿਸ਼ ਨਾ ਕਰ ਲਈਂ ਅਸੀਂ ਹੋਰ ਹਾਕਮਾਂ ਉੱਗਦੇ ਮਿੱਟੀ ਵਿੱਚ ਪੈ ਕੇ ਅਸੀਂ ਵਾਹ ਕੇ ਖ਼ੇਤ ਗੁਲਾਮੀਆਂ ਦੇ ਸਿਦਕ ਬੀਜਿਆ ਸਾਨੂੰ ਨਾਨਕ ਸੌਦਾ ਦੇ ਗਿਆ ਵੀਹਾਂ ਦਾ ਲੈ ਕੇ ਤੇਰੇ ਨੇਜੇ ਸੀਨਾ ਚੁੰਮਦੇ ਰਹੇ ਜਮ-ਜਮ ਸਾਡਾ ਸਾਡੇ ਤੇਗਾਂ ਵਾਰਾਂ ਗਾਉਂਦੀਆਂ ਸੀਸਾਂ ਨਾਲ਼ ਖਹਿ ਕੇ ਅਸੀਂ ਪਤਾ ਟਿਕਾਣਾ ਮੌਤ ਦੀ ਖੁਦ ਤਲ਼ੀਏ ਧਰਦੇ ਸਾਡਾ ਹੋਣੀ ਪੰਧ ਉਲੀਕਦੀ ਸਾਡੇ ਪੈਰੀਂ ਢਹਿ ਕੇ ਸਾਡਾ ਲਕਬ ਸ਼ਹੀਦਾਂ ਵਾਲੜਾ ਅਸੀਂ ਗੋਬਿੰਦ ਜਾਏ ਸਾਨੂੰ ਦਿੱਤੀ ਤੇਗ ਬਹਾਦਰੀ ਵਿਰਸੇ ਵਿਚ ਰਹਿ ਕੇ ਸਾਡੀ ਅਣਖ ਖਲੀਫਾ ਬੁਰਜ ਦੀ ਵੇ ਸਕੀ ਗੰਵਾਂਢਣ ਕਦੇ ਗਲ਼ ਨਾ ਪੈਂਦੀ ਕੇਸਰੀ ਵੇ ਸਿਰ ਤੋਂ ਲਹਿ ਕੇ ਤੇਰੀ ਦਿੱਲੀ 'ਗੜ੍ਹੀ ਕਿਸਾਨ ਦੀ' ਵਿੱਚ ਬਦਲ ਦੇਣਗੇ ਤੇਰਾ ਢਾਹ ਕੇ ਸ਼ਹਿਰ ਬਣਾਉਣਗੇ ਸਾਡੇ ਹਾਲ਼ੀ ਡਹਿ ਕੇ

ਐਸੇ ਗੇੜੇ... ਹਾਕਮ ਚਰਖ਼ ਉਦਾਸੀ ਦੇ-ਰਿਤੂ ਵਾਸੂਦੇਵ

ਐਸੇ ਗੇੜੇ... ਹਾਕਮ ਚਰਖ਼ ਉਦਾਸੀ ਦੇ ਟਹਿਕ ਪਏ ਨੇ, ਮੁੜ ਤੋਂ ਜ਼ਖ਼ਮ ਚੁਰਾਸੀ ਦੇ ਵਾਕਿਫ਼... ਸੂਲ਼ਾਂ ਤੇਰੀਆਂ ਵਾਲ਼ੇ ਭੇਤਾਂ ਦੇ ਪਰ ਹੁਣ... ਚੁੱਭੀਆਂ ਆ ਕੇ ਸਾਡੇ ਖ਼ੇਤਾਂ ਦੇ ਵੇਖ ! ਤੇਰੀ ਹੁਣ ਜੂਹ ਦੇ ਅੰਦਰ ਆ ਬੈਠੇ ਉੱਡਣੇ ਸੱਪ ! ਤੇਰੇ ਘਰ ਡੇਰਾ... ਲਾ ਬੈਠੇ ਜਾਰੀ ਤੂੰ ! ਫੁਰਮਾਨ ਜੋ ਕੀਤੇ... ਕਾਲ਼ੇ ਨੇ ਲਗਦਾ ਤੇਰੇ... ਤਖ਼ਤੇ ਪਲਟਣ ਵਾਲ਼ੇ ਨੇ ਹੁਕਮ ਦੀ ਤੀਲੀ ਨਾਲ਼ ਜੋ ਲਾਟ ਮਚਾ ਬੈਠਾ ਕਿਉਂ... ਸਾਰੇ ਜੰਗਲ਼ ਨੂੰ ਅੱਗਾਂ ਲਾ ਬੈਠਾ ? ਨਾਲ਼ ਤੇਗ਼... ਸਰਹੱਦਾਂ ਇਹਨਾਂ ਮਾਪਣੀਆਂ ਹੁਣ ਬਸ ! ਸਫ਼ਾਂ ਲਪੇਟੋ ਆਪੋ-ਆਪਣੀਆਂ ਇਹਨਾਂ ਵਿੱਚ ਨਹੀਂ ਆਉਣਾ ! ਤੇਰੇ ਟਾਲ਼ੇ ਦੇ ਇਹ ਵਾਰਿਸ ਨੇ... ਚੌਂਕ ਚਾਂਦਨੀ ਵਾਲ਼ੇ ਦੇ !!

ਵਲ਼ ਕੁਰਸੀ ਨੂੰ ਮਾਰ ਲੈਣ ਨਾ-ਰਿਤੂ ਵਾਸੂਦੇਵ

ਵਲ਼ ਕੁਰਸੀ ਨੂੰ ਮਾਰ ਲੈਣ ਨਾ ਸਾਡੇ ਫ਼ਨੀਅਰ ਕਾਲ਼ੇ ਜੁਗ਼ਤ ਲਗਾ ਕੇ ਫੜੀਂ ਜੋਗੀਆ ਨਾਗਾਂ ਦੇ ਡੰਗ ਬਾਹਲ਼ੇ ਦੇਣੀ ਤੇਰੀ ਭੋਰ ਪਲਾਂ ਵਿਚ ਚੌਧਰ ਤੇ ਸਰਦਾਰੀ ਅੱਟਣਾਂ ਵਾਲ਼ੇ ਹੱਥ ਇਹਨਾਂ ਦੇ ਨਾਲ਼ ਫ਼ਾਲ਼ਿਆਂ ਯਾਰੀ ਭੱਜ ਕੇ ਆਪਣੀ ਜਾਨ ਬਚਾ ਲੈ ਵੇਖ ਚੜ੍ਹੇ ਨੇ ਆਉੰਦੇ ਲੋਗੜ ਪੈਰ ਬਿਆਈਆਂ ਪਾਟੇ ਧਰਤੀ ਕੰਬਣ ਲਾਉੰਦੇ ਵੇਖੀਂ ਕਿਧਰੇ ਰਹਿ ਨਾ ਜਾਵੀਂ ਏਸ ਹਜੂਮੋਂ ਵਾਂਝਾ ਸਭਨਾ ਦਾ ਹੀ ਬਸ, ਖ਼ਾਲਸਾ! ਇੱਕ ਤਖ਼ੱਲਸ ਸਾਂਝਾ ਨਹੀਓਂ ਨਿਰੇ ਛਪਿੰਜਾ ਇੰਚੇ ਸਾਡੇ ਰੇਸੀ ਘੋੜੇ ਡੌਲ਼ੇ, ਪੱਟ, ਛਾਤੀਆਂ, ਮੋਢੇ ਬਲ਼ਦਾਂ ਨਾਲ਼ੋਂ ਚੌੜੇ ਕਰ ਦਿੰਦੇ ਨੇ ਆਈ ਉੱਤੇ ਆਣ ਹਿਮਾਲੇ ਢੇਰੀ ਦਿੱਤੀ ਸਾਡੇ ਪੰਥ ਇਹਨਾਂ ਨੂੰ ਗੁੜ੍ਹਤੀ ਵਿੱਚ ਦਲੇਰੀ ਦਿਨ ਚੜ੍ਹਦੇ ਨੂੰ ਲੈ ਜਾਂਦੇ ਨੇ ਰਾਤੀਂ ਜੁਗ਼ਤ ਬਣਾਉਂਦੇ ਤੇਰੇ ਵਰਗੇ ਰਹਿ ਜਾਂਦੇ ਨੇ ਥੁੱਕੀਂ ਵੜੇ ਪਕਾਉੰਦੇ ਜਦ ਤੱਕ ਤੇਰੀ ਸੁੱਤੜ-ਸਿਧੀ ਸਮਝ ਹਾਕਮਾਂ ਜਾਗੂ ਤੇਰੀ ਧਾਰਾ ਕਰ ਦੇਵਣਗੇ ਤੇਰੇ 'ਤੇ ਹੀ ਲਾਗੂ

ਜਵਾਨ ਹੋਣ ਦਾ ਅਰਥ-ਮਨਪ੍ਰੀਤ ਜੱਸ

ਅਖੇ ਨੌਜਵਾਨ ਮੁੜ ਗਏ ਮੋਰਚੇ ਤੋਂ। ਮੁੜੇ ਕਿ ਨਹੀਂ ਮੁੜੇ ਚਰਚਾ ਤੋਂ ਪਹਿਲਾਂ ਆਉ ਪ੍ਰੀਭਾਸ਼ਿਤ ਤਾਂ ਕਰੀਏ ਕਿ ਨੌਜਵਾਨ ਹੋਣਾ ਹੁੰਦਾ ਕੀ ਹੈ? ਕੀ ਬੱਸ ਸੁਡੌਲ ਜੁੱਸੇ, ਫਰਕਦੇ ਡੌਲੇ ਹੀ ਭਰਦੇ ਨੇ ਗਵਾਹੀ ਜਵਾਨ ਹੋਣ ਦੀ? ਖਰੂਦ ਪਾਉਣਾ, ਬੇਮੁਹਾਰਾ ਹੋਣਾ, ਬੇਸਮਝੀ ‘ਚ , ਡੌਲਿਆਂ ਦੇ ਮਾਣ ‘ਚ ਕੁਛ ਵੀ ਕਰ ਦੇਣਾ, ਜਵਾਨ ਹੋਣਾ ਨਹੀਂ ਵਰਤੇ ਜਾਣਾ ਹੁੰਦਾ ਹੈ, ਬਚਪਨਾ ਹੁੰਦਾ ਹੈ। ਜਵਾਨ ਹੋਣ ਦਾ ਅਰਥ ਕਰਤਾਰ ਸਿੰਘ ਸਰਾਭਾ ਹੈ, ਭਗਤ ਸਿੰਘ ਹੈ, ਊਧਮ ਸਿੰਘ ਹੈ। ਜਵਾਨ ਹੋਣ ਦਾ ਅਰਥ ਸੱਤ ਸਾਲ ਦਾ ਸਾਹਿਬਜਾਦਾ ਫਤਹਿ ਸਿੰਘ ਵੀ ਹੈ। ਤੇ ਜਵਾਨ ਹੋਣ ਦਾ ਅਰਥ ਅੱਸੀ ਸਾਲ ਦਾ ਬਾਬਾ ਬੂਝਾ ਸਿੰਘ ਵੀ ਹੈ। ਜਵਾਨੀ, ਜੋਸ਼ ਤੇ ਹੋਸ਼ ਦੇ ਸੁਮੇਲ ਦੇ ਸਿਖਰ ਦਾ ਨਾਂ ਹੈ। ਜਵਾਨ ਸਰੀਰ ਨਹੀਂ ਜ਼ਜਬੇ ਹੁੰਦੇ ਨੇ, ਅਹਿਸਾਸ ਹੁੰਦੇ ਨੇ ਤੇ ਵਿਚਾਰ ਹੁੰਦੇ ਨੇ। ਅੱਸੀਵਿਆਂ ਨੂੰ ਢੁੱਕੇ ਉਹ “ਬੁੱਢੇ” ਤੇ ਬਜੁਰਗ ਮਾਵਾਂ ਕਿਸੇ ਵੀ ਹੋਰ ਨਾਲੋਂ, ਸਣੇ ਮੇਰੇ, ਵੱਧ ਜਵਾਨ ਨੇ ਜਿਹਨਾਂ ਕੋਲ ਹੋਸ਼ ਹੈ, ਜੋਸ਼ ਹੈ, ਸਿਦਕ ਹੈ, ਸਬਰ ਹੈ, ਤੇ ਅਕਲ ਵੀ। ਅਕਲ ਬਿਨਾਂ ਸਰੀਰ ਦਾ ਜਵਾਨ ਹੋਣਾ ਬਚਪਨਾ ਹੋ ਸਕਦੈ, ਜਿਹੜਾ ਕਿਸੇ ਵੀ “ਟੌਫੀ” ਵਾਸਤੇ ਕੋਠੇ ਤੋਂ ਛਾਲ ਮਾਰ ਸਕਦੈ। ਜਵਾਨ ਹੋਣ ਦੀ ਪ੍ਰੀਭਾਸ਼ਾ ਹੋਰ ਹੈ। ਜਵਾਨ ਸਰੀਰ ਨਹੀਂ ਹੁੰਦੇ, ਜ਼ਜਬੇ ਹੁੰਦੇ ਨੇ। ਥੋੜਾ ਸੋਧ ਕੇ ਗੱਲ ਕਰੋ ਕਹੋ ਕਿ ਜਵਾਕ ਚਲੇ ਗਏ ਨੇ, ਨੌਜਵਾਨ ਤਾਂ ਉੱਥੇ ਹੀ ਨੇ ਜਿੱਥੇ ਉਹਨਾਂ ਨੂੰ ਹੋਣਾ ਚਾਹੀਦਾ, ਤੇ ਉੱਥੇ ਹੀ ਰਹਿਣਗੇ। ਹੋਸ਼, ਜੋਸ਼, ਸਿਦਕ ਤੇ ਸਬਰ ਦੇ ਸੁਮੇਲ ਸਣੇ ਪੁਰਜਵਾਨ।

ਸੰਘਰਸ਼-ਕਸਤੂਰੀ ਲਾਲ

ਸੰਘਰਸ਼ ਲਟ ਲਟ ਬਲ਼ਦਾ ਜਜ਼ਬਾ ਮੰਜ਼ਿਲ ਦਾ ਸਿਰਨਾਵਾਂ ਜਿਊਣ ਦਾ ਸ਼ਾਨਾਮੱਤਾ ਅੰਦਾਜ਼ ਜ਼ਿੰਦਗੀ ਮਾਨਣ ਦਾ ਸਲੀਕਾ ਮਾਣਮੱਤਾ ਜੀਵੰਤ ਅਹਿਸਾਸ। ਸੁਚੱਜੀ ਜੀਵਨ ਜਾਚ ਖ਼ਾਸ ਕਰ ਉਦੋਂ ਜਦੋਂ ਨਿੱਜ ਦੇ ਪਿੰਜਰੇ ਚੋਂ ਨਿਕਲ ਲੋਕ ਹਿੱਤਾਂ ਲਈ ਪ੍ਰਵਾਨ ਚੜ੍ਹਦੇ ਨਰੋਏ ਵਿਚਾਰਾਂ ਦੀ ਅਗਨੀ ਦੇ ਤਪ-ਤੇਜ ਵਿੱਚ ਤਪਕੇ ਸੋਨੇ ਵਾਂਗ ਕੁਠਾਲੀ 'ਚ ਢਲ ਕੇ ਮੁਕਤੀ ਦਾ ਫ਼ਲਸਫ਼ਾ ਘੜਦੇ ਜੁਗਲਬੰਦੀ ਵਰਗੇ ਜ਼ਾਬਤੇ 'ਚ ਵਹਿੰਦੇ ਦਰਿਆ ਦੇ ਵੇਗ ਜੇਹੀ ਅਮੁੱਲੀ ਸ਼ੈਅ ਦਾ ਨਾਂ ਹੈ .....................ਸੰਘਰਸ਼। ਸ਼ੌਕ ਨਹੀਂ ਸਰਾਪੇ ਸੰਤਾਪੇ ਸਮਿਆਂ ਦੀ ਲੋੜ ਚਾਵਾਂ-ਰੀਝਾਂ, ਗ਼ਮੀਆਂ-ਖ਼ੁਸ਼ੀਆਂ ਇੱਕ ਲੜੀ 'ਚ ਪਰੋ ਕੇ ਉਲਝਣਾਂ-ਗੁੰਝਲਾਂ ਸੁਲਝਾਉਣ ਦੀ ਕਲਾ ਵਕਤ ਦੇ ਸ਼ੀਸ਼ੇ 'ਤੇ ਜੰਮੀ ਧੂੜ ਹਟਾਉਣ ਦਾ ਹੁਨਰ ਖ਼ੁਸ਼ੀਆਂ-ਖੇੜਿਆਂ ਦੀ ਪਟਾਰੀ ਨੂੰ ਵੱਜੇ ਜੰਦਰੇ ਨੂੰ ਖੋਲ੍ਹਣ ਲਈ ਲੱਗਦੀ ਚਾਬੀ ਗੰਡ ਵਿੱਚੋਂ ਤੱਤੇ ਗੁੜ ਦੀ ਮਹਿਕ ਮਾਨਣ ਲਈ ਚੁੰਭੇ ਵਿੱਚ ਬਲ਼ਦੇ ਬਾਲਣ ਦੇ ਸੇਕ ਦਾ ਨਾਂ ਹੈ......ਸੰਘਰਸ਼। ਡਾਢਿਆਂ ਦੀ ਹਿੱਕ 'ਤੇ ਚੜ੍ਹਦੇ ਲੋਕ ਕਾਫ਼ਲਿਆਂ ਦੇ ਬੁਲਡੋਜ਼ ਜਿਹੇ ਸੱਤਾ ਦੀਆਂ ਜਰਜ਼ਰ ਕੰਧਾਂ ਦੀਆਂ ਨੀਹਾਂ ਹਿਲਾਉਂਦੇ ਅਟੱਲ ਜ਼ਲਜ਼ਲੇ ਜਿਹੇ। ਸਰਕਾਰੀ ਸਾਨ੍ਹ ਵਾਂਗੂੰ ਭੂਤਰੇ 'ਲੋਕਤੰਤਰ' ਨੂੰ ਲੋਕ ਏਕਤਾ ਦੇ ਰੱਸਿਆਂ ਨਾਲ ਨੂੜਨ ਦਾ ਨਾਂ ਹੈ......ਸੰਘਰਸ਼। ਵਿਰਸੇ ਦੀ ਖ਼ੁਸ਼ਬੋ ਵਿਰਾਸਤ ਦੀ ਰੌਸ਼ਨ ਲੋਅ ਮਾਨਵਤਾ ਦੇ ਆਸ਼ਕਾਂ ਦੀਆਂ ਸੋਚਾਂ 'ਚ ਜਗਦੇ ਦੀਪਾਂ ਦੀ ਨਿੱਘੀ ਲੋਅ। ਤਖ਼ਤਾਂ ਤਾਜਾਂ ਦੇ ਕਲੇਜੇ ਖੁੱਭਦਾ ਹਲ਼ ਦਾ ਚੌਅ ਸੁੱਖਾਂ ਲੱਦੀ ਹੁਸੀਨ ਜ਼ਿੰਦਗੀ ਮਾਨਣ ਦੀ ਕਨਸੋਅ ਮੋਰਚੇ ਤੋਂ ਨਾ ਪਰਤੇ ਪੁੱਤਾਂ ਦੀ ਮਾਵਾਂ ਦੇ ਕਲੇਜੇ ਪੈਂਦੀ ਖੋਹ ਸਫ਼ਲਤਾਵਾਂ ਦੀ ਲਾੜੀ ਦਾ ਮੁੱਖੜਾ ਚੁੰਮਣ ਦਾ ਜਲੌਅ ਦਰਸ਼ਨ ਦੀਦਾਰੇ ਇਨਕਲਾਬ ਲਈ ਲੰਮੇਰੇ ਪੰਧ ਦਾ ਨਾਂ ਹੈ ........................ਸੰਘਰਸ਼।

ਕਿਸਾਨ ਦੀ ਗੱਲ-ਰਮਿੰਦਰ ਕੌਰ ਨਾਗਰਾ ਖਿਆਲਾ

ਨਾ ਤੇਰੀ ਨਾ ਮੇਰੀ ਮੈਂ ਅੱਜ ਕਿਸਾਨ ਦੀ ਗੱਲ ਕਰਾਂਗੀ ਬੈਠੇ ਜੋ ਘਰ ਬਾਹਰ ਛੱਡ ਦਿੱਲੀ ਦੇ ਬਾਰਡਰ ‘ਤੇ ਮੈਂ ਉਸ ਹਰ ਇਨਸਾਨ ਦੀ ਗੱਲ ਕਰਾਂਗੀ। ਮੁੜੇ ਨਾ ਜੋ ਮਾਂਵਾਂ ਦੇ ਪੁੱਤ ‘ਤੇ ਸੁਹਾਗ ਧੀਆਂ ਭੈਣਾਂ ਦੇ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਾਂਗੀ। ਤਾਨਾਸ਼ਾਹੀ ਸਰਕਾਰਾਂ ਦੇ ਜ਼ੁਲਮ ਤੇ ਅੰਨੇ ਤਸ਼ਦੱਦ ਦੀ ਗੱਲ ਕਰਾਂਗੀ ਹੋ ਗਏ ਸ਼ਹੀਦ ਜੋ, ਹੱਕਾਂ ਲਈ ਲੜਦੇ ਉਸ ਹਰ ਕੁਰਬਾਨੀ ਨੂੰ ਯਾਦ ਕਰਾਂਗੀ ਹੱਕ ਮੰਗਦਿਆਂ ਦੇ ਨਾਲ ਖੜੇ ਜੋ ਉਸ ਹਰ ਇਨਸਾਨ ਨੂੰ ਸਲਾਮ ਕਰਾਂਗੀ। ਛੱਡ ਹਿੰਦੂ, ਮੁਸਲਮਾਨ, ਸਿੱਖ ਇਸਾਈ ਕਰਨਾ ਮੈਂ ਇਨਸਾਨੀਅਤ ਦੇ ਨਾਲ ਖੜਾਂਗੀ ਮੈਂ ਅੱਜ ਕਿਸਾਨ ਦੀ ਗੱਲ ਕਰਾਂਗੀ ਮੈਂ ਮਜ਼ਦੂਰ ਤੇ ਕਿਸਾਨ ਦੀ ਗੱਲ ਕਰਾਂਗੀ। ਮੈਲਬਰਨ ( ਆਸਟ੍ਰੇਲੀਆ)

ਗੀਤ-ਰੁਬਿੰਦਰ ਕੌਰ ਨਾਗਰਾ

ਕਾਸ਼ ਕਿਤੇ ਤੂੰ ਦਿੱਲੀਏ ਜਾਣੇ ਦਰਦ ਕਿਸਾਨੀ ਦੇ । ਵਾਰ ਤੇਰੇ ਅਸੀਂ ਜਰਦੇ ਆਏ ਹਰ ਮਨਮਾਨੀ ਦੇ । ਆਪਣੇ ਹੀ ਦੇਸ਼ ਦੇ ਅੰਦਰ ਹਾਲ ਗੁਲਾਮੀ ਵਾਲੇ ਨੇ, ਅੰਨਦਾਤਾ ਹੈ ਸੜਕਾਂ ਉਤੇ, ਤੇਰੇ ਮੂੰਹ ਨੂੰ ਤਾਲੇ ਨੇ, ਕੀ ਕਰ ਦਿੱਤੇ ਹਾਲ ਕਿਸਾਨਾਂ ਦੀ ਜਿੰਦਗਾਨੀ ਦੇ, ਕਾਸ਼.............................। ਹੱਕ ਮੰਗਾਂ ਤਾਂ ਦੇਸ਼ ਧ੍ਰੋਹੀ, ਇਹ ਹਾਕਮ ਦੀਆਂ ਚਾਲਾਂ ਨੇ, ਲੁੱਟ ਕੇ ਦੇਸ਼ ਨੂੰ ਖਾ ਲਿਆ ਇਥੇ, ਸਰਕਾਰੀ ਦਲਾਲਾਂ ਨੇ, ਅਕਲੋਂ ਅੰਨ੍ਹੇ ਗੁਰ ਨੇ ਦੱਸਦੇ ਲਾਭ ਤੇ ਹਾਨੀ ਦੇ, ਕਾਸ਼.............................। ਬਿਨ ਮੰਗਿਆਂ ਤਾਂ ਕੁਝ ਨਹੀਂ ਮਿਲਦਾ, ਹੱਕ ਤਾਂ ਲੈਣੇ ਪੈਂਦੇ ਨੇ, ਹੱਕ ਜਿਨਾਂ ਦੇ ਆਪਣੇ ਹੁੰਦੇ ਆਪੇ ਹੀ ਖੋਹ ਲੈਂਦੇ ਨੇ, ਹਾਕਮ ਇਥੇ ਬਣ ਬੈਠੇ ਨੇ ਰੂਪ ਸ਼ੈਤਾਨੀ ਦੇ, ਕਾਸ਼.............................। ਤਾਨਾਸ਼ਾਹਾਂ ਕਤਲ ਹੈ ਕੀਤਾ ਮਜ਼ਲੂਮਾਂ ਦੇ ਅਰਮਾਨਾਂ ਦਾ, ਕਿੱਲਾਂ ਦੀ ਤੂੰ ਫਸਲ ਉਗਾਵੇਂ ਜਾਗਿਆ ਰੋਹ ਕਿਸਾਨਾਂ ਦਾ, ਹੁਣ ਨਹੀਂ ਠੱਲੇ ਜਾਣੇ ਤੈਥੋਂ ਰੋਹ ਕਿਸਾਨੀ ਦੇ, ਕਾਸ਼ ਕਿਤੇ ਤੂੰ ਦਿੱਲੀਏ ਜਾਣੇ ਦਰਦ ਕਿਸਾਨੀ ਦੇ । ਵਾਰ ਤੇਰੇ ਅਸੀਂ ਜਰਦੇ ਆਏ ਹਰ ਮਨਮਾਨੀ ਦੇ ਤਰਨ ਤਾਰਨ

ਅੰਦੋਲਨ ਜੀਵੀ-ਹਰਪਾਲ ਸਿੰਘ ਨਾਗਰਾ

ਜੇ ਜਬਰ ਜ਼ੁਲਮ ਦੇ ਖ਼ਿਲਾਫ਼ ਲੜਨ ਵਾਲੇ ਅੰਦੋਲਨ ਜੀਵੀ ਨੇ। ਜੇ ਜਬਰ ਜ਼ੁਲਮ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ ਅੰਦੋਲਨ ਜੀਵੀ ਨੇ। ਜੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨ ਹੋਣ ਵਾਲੇ ਅੰਦੋਲਨ ਜੀਵੀ ਨੇ। ਜੇ ਹੱਕ ਸੱਚ ਇਨਸਾਫ਼ ਲਈ ਜੂਝਣ ਵਾਲੇ ਅੰਦੋਲਨ ਜੀਵੀ ਨੇ। ਤਾਂ ਹਾਂ! ਮੈਂ ਅੰਦੋਲਨ ਜੀਵੀ ਆਂ ਮੇਰਾ ਪਰਿਵਾਰ ਅੰਦੋਲਨ ਜੀਵੀ ਆ ਮੇਰਾ ਹਰ ਯਾਰ ਅੰਦੋਲਨ ਜੀਵੀ ਆ ਮੇਰਾ ਘਰ ਬਾਹਰ ਅੰਦੋਲਨ ਜੀਵੀ ਆ। ਅਸੀਂ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਵਾਰਸ, ਸਰਬੱਤ ਦਾ ਭਲਾ ਸੋਚਦੇ ਹਾਂ। ਸ਼ਾਂਤਮਈ ਰਹਿਣਾ ਲੋਚਦੇ ਹਾਂ। ਪਰ ਜੇ ਦੁਸ਼ਮਣ ਸਭ ਹੱਦਾਂ ਪਾਰ ਕਰ ਜਾਏ, ਤਾਂ ਮਰਜੀਵੜੇ ਬਣ ਮੈਦਾਨ ‘ਚ ਜੂਝਦੇ ਹਾਂ। ਅਸੀਂ ਸ਼ਹੀਦਾਂ ਦੇ ਵਾਰਸ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਤੇ ਸਰਾਭਾ ਲੋਕਾਂ ਦਾ ਜਾਇਆ ਲੋਕਾਂ ਲਈ ਆਇਆ ਜਿੰਦੜੀ ਨੂੰ ਦੇਸ਼ ਲੇਖੇ ਲਾਇਆ ‘ਤੇ ਦੇਸ਼ ਅਜ਼ਾਦ ਕਰਾਇਆ। ਅਸੀਂ ਅਜ਼ਾਦੀ ਲਈ ਜਾਨਾਂ ਵਾਰ ਦਈਏ, ਦੇਸ਼ ਦੀ ਮਿੱਟੀ ਦਾ ਮੁੱਲ ਤਾਰ ਦਈਏ। ਹਾਂ! ਅਸੀਂ ਪੱਕੇ ਅੰਦੋਲਨ ਜੀਵੀ ਹਾਂ। ਪਰ ਗ਼ਦਾਰ ਜੀਵੀ ਤੇ ਮਾਫ਼ੀ ਜੀਵੀ ਨਹੀਂ, ਜੁਮਲਾ ਜੀਵੀ ਤੇ ਭਾਸ਼ਨ ਜੀਵੀ ਨਹੀਂ। ਅਸੀਂ ਲੋਕ-ਤੰਤਰ ਜੀਵੀ ਹਾਂ। ਪਰ ਤਾਨਾਸ਼ਾਹ ਜੀਵੀ ਨਹੀਂ ਅਸੀਂ ਨਫ਼ਰਤ ਜੀਵੀ ਤੇ ਆਕੜ ਜੀਵੀ ਨਹੀਂ ਝੂਠ ਜੀਵੀ ਤੇ ਮਕਾਰ ਜੀਵੀ ਵੀ ਨਹੀਂ। ਹਾਂ ! ਅੰਦੋਲਨ ਜੀਵੀਆਂ ਨੂੰ ਅੰਦੋਲਨ ਤੇ ਸੰਘਰਸ਼ ਕਰਨ ਦਾ ਸ਼ੌਕ ਨਹੀਂ, ਪਰ ਜਦੋਂ ਜਾਲਮ ਜੀਵੀ ਹੱਕਾਂ ‘ਤੇ ਡਾਕੇ ਮਾਰਦੇ ਨੇ। ਗਰੀਬ ਜਨਤਾ ਦੀ ਹੱਕ ਸੱਚ ਦੀ ਕਮਾਈ ਡਕਾਰਦੇ ਨੇ ਜਦੋਂ ਭੂਤਰੇ ਸ਼ਾਨ ਦਨਦਨਾਉਂਦੇ ਨੇ, ਧਰਤੀ ਮਾਂ ‘ਤੇ ਕਾਬਜ਼ ਹੋਣ ਲਈ ਖੌਰੂ ਪਾਉਂਦੇ ਨੇ। ਤਾਂ ਅੰਦੋਲਨ ਜੀਵੀ ਇਨਸਾਫ਼ ਲੈਣ ਲਈ ਹਾਕਮ ਜੀਵੀ ਨੂੰ ਲਲਕਾਰਦੇ ਨੇ। ਜਦੋਂ ਜਾਬਰ ਜੀਵੀ ਹਾਕਮ ਅੱਤਿਆਚਾਰ ਕਰਦੇ ਨੇ ਤਾਂ ਉਹ ਅੰਦੋਲਨਾਂ ਤੋਂ ਡਰਦੇ ਨੇ। ਹਾਂ ! ਅਸੀਂ ਅੰਦੋਲਨ ਜੀਵੀ ਹਾਂ ਅੰਦੋਲਨ ਜੀਵੀ ਝੁਕਦੇ ਨਹੀਂ, ਮੁੱਕਦੇ ਨਹੀਂ ‘ਤੇ ਹੱਕ ਲੈਣ ਬਿਨ ਰੁਕਦੇ ਨਹੀਂ ਰੁਕਦੇ ਨਹੀਂ - ਰੁਕਦੇ ਨਹੀਂ। ਫਤਿਹਗੜ੍ਹ ਚੂੜੀਆਂ

ਅਸੀਂ ਵੀ ਜਾ ਕੇ ਲੋਹਾ ਲੈਣਾ-ਰਿਤੂ ਵਾਸੂਦੇਵ

ਅਸੀਂ ਵੀ ਜਾ ਕੇ ਲੋਹਾ ਲੈਣਾ ਨਾਲ਼ ਜ਼ਮੀਨੀ ਠੱਗਾਂ। ਕਰਮਾਂ ਵਾਲ਼ੀਏ ਮਾਏ ! ਸਾਡੇ ਬੰਨ੍ਹ ਸਿਰਾਂ 'ਤੇ ਪੱਗਾਂ। ਚਾੜ੍ਹ ਅਸਾਂ ਨੂੰ ! ਬਾਪ ਦਾਦਿਆਂ ਵਾਲ਼ਾ ਰੰਗ ਸੰਧੂਰੀ। ਖ਼ੀਸੇ ਸਾਡੇ ਕਲਮਾਂ ਪਾ ਦੇ, ਸ਼ਮਲੇ ਬੰਨ੍ਹ ਦੇ ਚੂਰੀ। ਹੁਣ ਸਾਥੋਂ ਜਜ਼ਬਾਤਾਂ ਦੇ, ਸੈਲਾਬ ਨਾ ਰੋਕਿਆਂ ਰੁਕਦੇ। ਅੱਗ ਜਦੋਂ ਜੰਗਲ਼ ਨੂੰ ਲੱਗੀ, ਗਿੱਦੜ ਫਿਰਨੇ ਲੁਕਦੇ। ਵੈਰੀ ਸਾਡਾ ਪੱਥਰ ਚੱਟਾ, ਤੈਨੂੰ ਸਮਝ ਨਾ ਆਉੰਦੀ। ਕੱਚ ਦੀਆਂ ਵੰਗਾਂ ਤੂੰ ਸਾਡੀ, ਵੀਣੀ ਕਾਹਨੂੰ ਪਾਉੰਦੀ। ਨਿਕਲ਼ ਬਾਹਰ ਘੁੰਡਾਂ 'ਚੋਂ ਆਈਆਂ, ਵੇਖ ਸਾਡੀਆਂ ਖੁੱਲ੍ਹਾਂ। ਅੱਕਾਂ 'ਤੇ ਪਾਬੰਦੀ ਲਾਈ , ਗ਼ਮਲੇ ਵਾਲ਼ੇ ਫੁੱਲਾਂ। ਖੇਡੇ ਸਾਡੀ ਅਣਖ ਦੀ ਤਿੱਤਲੀ, ਵਿਚ ਸ਼ਹੀਦੀ ਰੰਗਾਂ । ਧੁਰੋਂ ਹੀ ਲਿਖੀਆਂ ਆਈਆਂ ਸਾਡੇ , ਲੇਖਾਂ ਦੇ ਵਿੱਚ ਜੰਗਾਂ। ਹੁਣ ਨਹੀਂ ਸਾਡੇ ਮਨ ਨੂੰ ਭਾਉਂਦੇ, ਬੰਦ, ਚੂੜੀਆਂ, ਛੱਲੇ। ਤੋਰ ਅਸਾਡੇ ਹੱਥ ਫੜਾ ਕੇ, ਕੇਸਰੀਆਂ ਦੇ ਪੱਲੇ। ਰਾਹ ਪੈ ਗਏ ਸਿਵਿਆਂ ਦੇ ਬਾਬੇ, ਨਿੱਤ ਸੁਨੇਹੇ ਦਿੰਦੇ। ਸਾਂਭ ਦਿਓ ਕੁੜੀਓ ! ਹੁਣ ਚਰਖ਼ੇ, ਲਾ ਰੋਹਾਂ ਦੇ ਜਿੰਦੇ। ਬਾਗੀਪੁਣਾ ਲਹੂ ਵਿਚ ਸਾਡੇ, ਲੇਖ ਅਸਾਂ ਦੇ ਸੁੱਤੇ। ਪਰ ਜਿੱਤਣ ਦਾ ਸੁਪਨਾ ਲਿਖੀਏ, ਰੋਜ ਹਥੇਲੀ ਉੱਤੇ। ਧੂਹ ਸਾਡੀਆਂ ਸੋਚਾਂ ਨੂੰ ਪਾਉਣੀ, ਅੰਤ ਸਾਡਿਆਂ ਖ਼ੁਆਬਾਂ। ਲੈ ਦੇ ਸਾਨੂੰ ਬਾਬਲ ਕੋਲ਼ੋਂ , ਚੋਰੀ ਚਾਰ ਕਿਤਾਬਾਂ।

ਰੁੱਤ ਸਿਆਲ਼ੀ-ਰਿਤੂ ਵਾਸੂਦੇਵ

ਰੁੱਤ ਸਿਆਲ਼ੀ ਬੰਨੇ ਉੱਤੇ ਬਹਿ ਕੇ ਕੱਟੀ ਨਾ ਤੇਰੇ ਤੋਂ ਵਾਦੇ ਸਰਕਾਰੇ ਕਿੱਦਾਂ ਪੁੱਗਣਗੇ। ਦੁੱਖ ਸਾਡੇ ਮੁਤਬੰਨੇ ਮੁੱਢੋਂ ਸੀਰੀ ਜੰਮੇ ਨੇ ਹੋਈ ਕਿਸਮਤ ਚੰਗੀ ਤਾਂ ਭੁੱਜੇ ਵੀ ਉੱਗਣਗੇ। ਕਿੱਥੋਂ ਮਾਝੇ ਪੀਵੇਂਗੀ? ਨੀ ਚੁਸਕੀ ਲੈ-ਲੈ ਕੇ ਤੇਰੇ ਮਿੱਠੇ ਅੰਬਾਂ ਨੂੰ ਹੁਣ ਤੁੱਕੇ ਲੱਗਣਗੇ। ਕਿੰਨੀ ਦੇਰ ਗਲ਼ੀ 'ਚੋਂ ਪਰਦਾ ਕਰਕੇ ਲੰਘੇਂਗੀ ਤੈਥੋਂ ਠੱਗੇ ਜਾਵਣ ਵਾਲ਼ੇ ਤੈਨੂੰ ਠੱਗਣਗੇ ਸਾਡੇ ਪੰਜ ਦਰਿਆ ਡੀਕ ਗਈ ਹਾਸੇ ਭਾਣੇ ਤੂੰ ਵੇਖੀਂ ਤੇਰੇ ਸ਼ਹਿਰ 'ਚ ਹੜ੍ਹ ਪੱਗਾਂ ਦੇ ਵੱਗਣਗੇ।

ਉਠਿਆ ਪੰਜਾਬ-ਹਰਨੇਕ ਭੰਡਾਲ

ਚਾਨਣ ਮੁਨਾਰਾ ਸੀ ਜੋ ਸਾਰੇ ਸੰਸਾਰ ਦਾ ਆਗੂ ਸੀ ਮੁਹਿੰਮਾਂ ਦਾ ਤੇ ਮੱਲਾਂ ਰਿਹਾ ਮਾਰਦਾ ਲੋਕੀ ਕਹਿਣ ਨਸ਼ਿਆਂ ਦੇ ਵਹਿਣ ਵਿੱਚ ਬਹਿ ਗਿਆ ਉਠਿਆ ਪੰਜਾਬ ਤੇ ਉਲਾਂਭਾ ਸਿਰੋ ਲਹਿ ਗਿਆ ਫਿਰਦਾ ਸੀ ਜਿੱਤਦਾ ਜੋ ਸਾਰੇ ਹੀ ਜਹਾਨ ਨੂੰ ਟੱਕਰਿਆ ਇਹੋ ਸੀ ਸ਼ਿਕੰਦਰ ਮਹਾਨ ਨੂੰ ਵੇਖ ਕੇ ਦਲੇਰੀ ਇਹਦੀ ਦੰਗ ਸੀ ਉਹ ਰਹਿ ਗਿਆ ਉਠਿਆ ਪੰਜਾਬ........... ਗੜ੍ਹੀ ਚਮਕੌਰ ਵਾਲੀ ਲੱਖਾਂ ਵਿੱਚ ਕੱਲਾ ਸੀ ਸਵਾ ਲੱਖ ਬਣ ਉਦੋ ਬੋਲਿਆ ਜਾ ਹੱਲਾ ਸੀ ਜੂਝਿਆ ਸੀ ਕਿੰਝ ਇਤਿਹਾਸ ਗੱਲ ਕਹਿ ਗਿਆ ਉਠਿਆ ਪੰਜਾਬ....... ਬੰਦਾ ਸਿੰਘ ਬਣ ਸਰਹੰਦ ਜਦੋ ਆ ਗਿਆ ਤਖਤਾਂ ਦੇ ਮਾਲਕਾਂ ਨੂੰ ਮਿੱਟੀ 'ਚ ਮਿਲਾ ਗਿਆ ਜਾਲਮ ਹਕੂਮਤਾਂ ਦਾ ਮਾਣ ਸਾਰਾ ਲਹਿ ਗਿਆ ਉਠਿਆ ਪੰਜਾਬ......... ਊਧਮ ਸਰਾਭਾ ਤੇ ਭਗਤ ਸਿੰਘ ਆਏ ਸੀ ਨਾਅਰੇ ਇਨਕਲਾਬ ਵਾਲੇ ਜਿਨ੍ਹਾਂ ਕਦੇ ਲਾਏ ਸੀ ਉਹੀ ਨਾਅਰਾ ਪੱਕਾ ਇਹਦੇ ਦਿਲ ਵਿੱਚ ਬਹਿ ਗਿਆ ਉਠਿਆ ਪੰਜਾਬ......... ਪੜ੍ਹ ਕੇ ਕਿਤਾਬਾਂ ਕੱਠਾ ਕਰ ਲੈਗਿਆਨ ਤੂੰ ਕਿਹੜ੍ਹਾ ਤੇਰਾ ਵੈਰੀ ਕਿਹੜ੍ਹਾ ਮਿੱਤਰ ਪਛਾਣ ਤੂੰ ਗੱਗੜ ਮਾਜਰੇ ਦਾ ਨੇਕ ਸੌ ਦੀ ਇੱਕ ਕਹਿ ਗਿਆ ਉਠਿਆ ਪੰਜਾਬ.......

ਜਿੱਤ ਕੇ ਹੀ ਜਾਊਗਾ-ਹਰਨੇਕ ਭੰਡਾਲ

ਸਾਰਾ ਸੰਸਾਰ ਤੈਨੂੰ ਲਾਅਨਤਾਂ ਹੀ ਪਾਊਗਾ ਦਿੱਲੀਏ ਕਿਸਾਨ ਵੇਖੀ ਜਿੱਤ ਕੇ ਹੀ ਜਾਊਗਾ ਕਰੇ ਤੰੂ ਗੁਮਾਨ ਪੂੰਜੀਪਤੀ ਤੇਰੇ ਨਾਲ ਹੈ ਕਿਰਤੀ ਕਿਸਾਨਾ ਕੋਲ ਸੱਚ ਦੀ ਢਾਲ ਹੈ ਸੱਚ ਦਾ ਹੀ ਝੰਡਾ ਤੇਰੇ ਉਤੇ ਲਹਿਰਾਊਗਾ ਦਿੱਲੀਏ ......... ਲੋਕਾਂ ਦੀ ਅਵਾਜ ਹੰੁਦੀ ਰੱਬ ਦੀ ਅਵਾਜ ਏ ਏਕਤਾ ਇਹ ਲੋਕਾਂ ਦੀ ਵੀ ਗੁੱਝਾ ਕੋਈ ਰਾਜ ਏ ਵੇਖਲੀ ਵਕਤ ਤੈਨੂੰ ਸਬਕ ਸਿਖਾਊਗਾ ਦਿੱਲੀਏ......... ਧਰਮਾ ਤੇ ਮਜਬਾਂ ਦੇ ਪਾੜੇ ਨੂੰ ਮੁਕਾਇਆ ਏ ਲੋਕਾਂ ਵਿੱਚ ਖਿੱਚੀਆਂ ਲਕੀਰਾਂ ਨੂੰ ਮਿਟਾਇਆ ਏ ਇਹੀਓ ਸੱਚਾ ਭਾਰਤ ਮਹਾਨ ਅਖਵਾਊਗਾ ਦਿੱਲੀਏ....... ਲੋਕ ਹੀ ਬਣਾਉਦੇ ਲੋਕਾਂ ਲਈ ਸਰਕਾਰ ਨੂੰ ਲੋਕ ਹੁਣ ਆਉਦੇ ਨਾ ਨਜਰ ਸਰਕਾਰ ਨੂੰ ਲੋਕਾਂ ਦੇ ਹੀ ਗੀਤ ‘ਨੇਕ’ ਲੋਕਾਂ ਨੂੰ ਸੁਣਾਊਗਾ ਦਿੱਲੀਏ.........

ਮਾਰੋ ਹੰਭਲਾ-ਹਰਨੇਕ ਭੰਡਾਲ

ਮਾਨਵਤਾ ਦਾ ਸਾਂਝਾ ਇੱਕ ਸੰਸਾਰ ਬਣਾ ਦਈਏ ਮਾਰੋ ਹੰਭਲਾ ਹੋਰ ਯੋਿਧਓ ਜੁੱਗ ਪਲਟਾ ਦੇਈਏ ਮਾਰੋ ਹੰਭਲਾ...... ਮਲਕ ਭਾਗੋਆਂ ਸਦਾ ਲਾਲੋਆਂ ਤਾਂਈ ਸਤਾਇਆ ਹੈ ਮਾਇਆਧਾਰੀ ਟੋਲਾ ਕੱਠਾ ਹੋ ਕੇ ਆਇਆ ਹੈ ਹੱਕ ਸੱਚ ਦਾ ਝੰਡਾ ਆਪਾਂ ਵੀ ਲਹਿਰਾ ਦਈਏ ਮਾਰੋ ਹੰਭਲਾ............ ਸੁਪਨੇ ਰਹਿਣ ਅਧੂਰੇ ਨਾ ਮਜਦੂਰ ਕਿਸਾਨਾ ਦੇ ਫੁੱਲ ਕਦੇ ਮੁਰਝਾਵਣ ਨਾ ਸਾਡੇ ਅਰਮਾਨਾਂ ਦੇ ਸੱਭੈ ਸਾਂਝੀਵਾਲ ਦਾ ਨਾਅਰਾ ਫਿਰ ਗੁੰਜਾ ਦੇਈਏ ਮਾਰੋ ਹੰਭਲਾ.......... ਸ਼ਾਂਤਮਈ ਜੋ ਤੱਤੀਆਂ ਤਵੀਆਂ ਉਤੇ ਬਹਿ ਗਏ ਨੇ ਸਬਰ ਸਿਦਕ ਦੇ ਸਦਕੇ ਜੁਲਮ ਤਸੀਹੇ ਸਹਿ ਗਏ ਨੇ ਉਨ੍ਹਾਂ ਦੇ ਉਪਦੇਸ਼ ਨੂੰ ਦਿਲ ਦੇ ਵਿੱਚ ਵਸਾ ਲਈਏ ਮਾਰੋ ਹੰਭਲਾ.......... ਬਣਜੇ ਸਾਰੀ ਦੁਨੀਆਂ ਨਾਨਕ ਦਾ ਕਰਤਾਰਪੁਰਾ ਦਸਾਂ ਨਹੁੰਆਂ ਦੀ ਕਿਰਤ ਕਮਾਈ ਜਿਸ ਦਾ ਅਸਲ ਧੁਰਾ ਗੱਗੜ ਮਾਜਰੇ ਵਾਲਿਆ ਸਭ ਨੂੰ ਸੱਚ ਸਿਖਾ ਦਈਏ ਮਾਰੋ ਹੰਭਲਾ..........

ਜਗਾਉਣੀ ਪੈਣੀ ਏਂ (ਗੀਤ)-ਗੁਰਦੀਸ਼ ਕੌਰ ਗਰੇਵਾਲ

ਸੁੱਤੀ ਏ ਸਰਕਾਰ, ਜਗਾਉਣੀ ਪੈਣੀ ਏਂ। ਸੁਣੇ ਨਾ ਕੂਕ ਪੁਕਾਰ, ਜਗਾਉਣੀ ਪੈਣੀ ਏਂ। ਕਿਰਤੀ ਅਤੇ ਕਿਸਾਨ, ਇਕੱਠੇ ਹੋਏ ਨੇ। ਹੱਕਾਂ ਦੇ ਲਈ ਜੂਝਣ, ਉੱਠ ਖਲੋਏ ਨੇ। ਲੈਂਦੀ ਨਹੀਂ ਇਹ ਸਾਰ, ਜਗਾਉਣੀ ਪੈਣੀ ਏਂ। ਸੁੱਤੀ… ਠੰਢ ਦੇ ਵਿੱਚ ਬੁਛਾੜਾਂ ਪਿੰਡੇ ਝੱਲਣਗੇ। ਤੁਰੇ ਵਹੀਰਾਂ ਘੱਤ, ਕੋਈ ਪਿੜ ਮੱਲਣਗੇ। ਮੰਨਦੇ ਨਹੀਂ ਹੁਣ ਹਾਰ, ਜਗਾਉਣੀ ਪੈਣੀ ਏਂ। ਸੁੱਤੀ… ਜੱਗ ਦਾ ਅੰਨ ਦਾਤਾ ਇਹ ਭੁੱਖਾ ਮਰਦਾ ਏ। ਤੇਰੇ ਕੋਲੋਂ ਦਿੱਲੀਏ, ਕੁੱਝ ਨਾ ਸਰਦਾ ਏ। ਅਕ੍ਰਿਤਘਰਾਂ ਦੀ ਡਾਰ, ਜਗਾਉਣੀ ਪੈਣੀ ਏਂ। ਸੁੱਤੀ… ਛੱਡ ਕੇ ਸ਼ੋਸ਼ੇਬਾਜ਼ੀ, ਇਹ ਭਰਮਾਉਂਦੀ ਏ। ਸ਼ਾਡੇ ਸਬਰ ਨੂੰ ਹਰ ਵਾਰੀ ਅਜ਼ਮਾਉਂਦੀ ਏ। ਧਨਵਾਨਾਂ ਦੀ ਯਾਰ, ਜਗਾਉਣੀ ਪੈਂਣੀ ਏਂ। ਸੁੱਤੀ… ‘ਦੀਸ਼’ ਦੇ ਸਾਥੀ ਬਣ ਕੇ, ਅਲਖ ਜਗਾ ਦੇਈਏ। ਇਹਦੇ ਕੰਨੀਂ ਜਾ ਕੇ ਢੋਲ ਵਜਾ ਦੇਈਏ। ਕਰਨਾ ਪਊ ਇਕਰਾਰ, ਜਗਾਉਣੀ ਪੈਣੀ ਏਂ ਸੁੱਤੀ… ਕੈਲਗਰੀ- ਕੈਨੇਡਾ

ਕਾਲਾ ਇਹ ਕਨੂੰਨ (ਗੀਤ)-ਗੁਰਦੀਸ਼ ਕੌਰ ਗਰੇਵਾਲ

ਸਾਰੇ ਦੇਸ਼ ਵਿੱਚ ਭਾਈਚਾਰਾ ਇਹ ਬਣਾ ਗਿਆ। ਕਾਲਾ ਇਹ ਕਨੂੰਨ ਸਾਨੂੰ ਏਕਤਾ ਸਿਖਾ ਗਿਆ। ਸਾਡਾ ਅੰਨ ਖਾ ਕੇ ਦਿੱਲੀ ਅੱਖੀਆਂ ਵਿਖਾਉਂਦੀ ਏ। ਸੁੱਤੇ ਹੋਏ ਸ਼ੇਰਾਂ ਤਾਈਂ ਆਪ ਇਹ ਜਗਾਉਂਦੀ ਏ। ਸੂਝ ਬੂਝ ਤੇਰੀ ਨੂੰ ਨੀ ਦੱਸ ਕਿਹੜਾ ਖਾ ਗਿਆ? ਕਾਲਾ… ਕਿਰਤੀ ਕਿਸਾਨ ਆਏ, ਬੰਨ੍ਹ ਬੰਨ੍ਹ ਟੋਲੀਆਂ। ਤੇਰੀ ਹਿੱਕ ਉੱਤੇ ਚੜ੍ਹ, ਪਾਉਣਗੇ ਇਹ ਬੋਲੀਆਂ। ਠੰਢ ਵਿੱਚ ਤੈਂਨੂੰ ਨੀ, ਪਸੀਨਾ ਹੁਣ ਆ ਗਿਆ ਕਾਲਾ… ਦੇਸ਼ ਦਿਆਂ ਲੋਕਾਂ, ਫੁਰਮਾਨ ਨਹੀਂਉਂ ਮੰਨਣੇ। ਸਰਮਾਏਦਾਰ ਭਗਵਾਨ ਨਹੀਂਉਂ ਮੰਨਣੇ। ਹੱਕਾਂ ਲਈ ਜੂਝਣਾ ਹੈ, ਇਨ੍ਹਾਂ ਤਾਈਂ ਆ ਗਿਆ ਕਾਲਾ… ਸਬਰ ਦੇ ਨਾਲ ਆਪਾਂ, ਜਬਰ ਨੂੰ ਢਾਉਣਾ ਏਂ। ਸਾਰੇ ਹਾਂ ਕਿਸਾਨ ਭਾਈ, ਨਾਅਰਾ ਇਹੋ ਲਾਉਣਾ ਏਂ। ਸਾਡੇ ਵਿੱਚ ਵੰਡੀਆਂ, ਸ਼ੈਤਾਨ ਕੋਈ ਪਾ ਗਿਆ ਕਾਲਾ… ਭਾਗੋ ਦੀਆਂ ਵਾਰਸ ਵੀ, ਡੱਟੀਆਂ ਮੈਦਾਨ ਵਿੱਚ। ਮੋਢੇ ਨਾਲ ਮੋਢਾ ਜੋੜ, ਵੀਰਾਂ ਦੀ ਕਮਾਨ ਵਿੱਚ। ਮਾਵਾਂ, ਧੀਆਂ, ਭੈਣਾਂ ਨੂੰ ਵੀ ਰੋਹ ਬੜਾ ਆ ਗਿਆ ਕਾਲਾ… ‘ਦੀਸ਼’ ਨਾਲ ਬੈਠ, ਤੈਨੂੰ ਲੰਗਰ ਛਕਾ ਦੇਈਏ। ਬਾਬੇ ਵਾਲੀ ਬਾਣੀ ਦਾ ਕੋਈ ਬੋਲ ਸੁਣਾ ਦੇਈਏ। ‘ਭਲਾ ਸਰਬੱਤ’ ਜਿਹੜਾ ਮੰਗਣਾ ਸਿਖਾ ਗਿਆ ਕਾਲਾ…

ਸਦੀਆਂ ਤੱਕ ਪਛਤਾਓਗੇ (ਗਜ਼ਲ)-ਗੁਰਦੀਸ਼ ਕੌਰ ਗਰੇਵਾਲ

ਜੇ ਸਰਮਾਏਦਾਰੀ ਨੂੰ ਖੰਭ ਲਾਓਗੇ। ਫੇਰ ਯਕੀਨਨ ਸਦੀਆਂ ਤੱਕ ਪਛਤਾਓਗੇ। ਘੱਤ ਵਹੀਰਾਂ ਲੋਕੀਂ ਚੱਲ ਪਏ ਦਿੱਲੀ ਨੂੰ, ਇਸ ਹੜ੍ਹ ਉੱਤੇ ਰੋਕਾਂ ਕਿੱਦਾਂ ਲਾਓਗੇ। ਵੇਲਾ ਹੈ ਹਾਲੇ ਵੀ ਸੋਚਣ ਸਮਝਣ ਦਾ, ਜਨਤਾ ਸਾਹਵੇਂ ਕਿਹੜਾ ਮੂੰਹ ਲੈ ਜਾਓਗੇ। ਖਾਣ ਲਈ ਜੇ ਥਾਲੀ ਵਿੱਚ ਹੀ ਬੁਰਕੀ ਨਾ, ਫਿਰ ਸੋਨੇ ਦੇ ਚਮਚੇ ਵਿੱਚ ਕੀ ਪਾਓਗੇ? ਸਭ ਧਰਮਾਂ ਦੇ ਲੋਕੀਂ ਹੋਏ ‘ਕੱਠੇ ਨੇ, ਨਫਰਤ ਦੀ ਹੁਣ ਕਿੰਝ ਚੁਆਤੀ ਲਾਓਗੇ? ਕਰਦੇ ਕਰਦੇ ਝੂਠਾ ਮਾਣ ਵਜ਼ੀਰੀ ਦਾ, ਕਿਰਸਾਨਾਂ ਦੀ ਹਾਅ ਲੈ ਕੇ ਡੁੱਬ ਜਾਓਗੇ। ਆ ਕੇ ਸਾਡੇ ਸਾਹਵੇਂ ਇੱਕ ਦਿਨ ਝੁਕਣਾ ਪਊ, ‘ਦੀਸ਼’ ਦੇ ਸਬਰ ਨੂੰ ਕਿੰਨਾ ਚਿਰ ਅਜ਼ਮਾਓਗੇ?

ਹੱਥਾਂ ਦੀ ਤਾਕਤ-ਗੁਰਦੀਸ਼ ਕੌਰ ਗਰੇਵਾਲ

ਹਾਕਮ ਪੁੱਛੇ ਮੀਡੀਆ ਨੂੰ- ‘ਪਤਾ ਲਗਾਓ- ਕਿ ਕਿਸ ਦਾ ਹੈ ਹੱਥ- ਇਸ ਅੰਦੋਲਨ ਦੇ ਪਿੱਛੇ?’ ਚੀਨ ਦਾ? ਪਾਕਿਸਤਾਨ ਦਾ? ਐਨ ਆਰ ਆਈਜ਼ ਦਾ? ਜਾਂ ਖਾਲਿਸਤਾਨ ਦਾ? ਉਸ ਨੂੰ ਕੌਣ ਸਮਝਾਏ- ਕਿ ਇਸ ਦੇ ਪਿੱਛੇ ਤਾਂ ਹੱਥ ਹੈ- ਧਰਤੀ ਦੇ ਮੋਹ ਦਾ ਲੋਕਾਂ ਦੇ ਰੋਹ ਦਾ ਮਜ਼ਲੂਮਾਂ ਦੀ ਚਿੱਟੇ ਦਿਨ ਹੁੰਦੀ ਲੁੱਟ ਖੋਹ ਦਾ ਤੇ ਲੋਕਾਂ ਨੂੰ ਚਿੰਬੜੀਆਂ ਜੋਕਾਂ ਪ੍ਰਤੀ ਉੱਠੇ ਵਿਦਰੋਹ ਦਾ। ਤੇ ਇਸ ਦੀ ਅਗਵਾਈ ਕਰਨ ਵਾਲਿਆਂ ਦੇ ਪਿੱਛੇ ਇੱਕ ਲੰਬਾ ਇਤਿਹਾਸ ਹੈ- ਮੁਜ਼ਾਰਿਆਂ ਤੋਂ ਮਾਲਕ ਬਨਾਉਣ ਵਾਲੇ- ਬਾਬਾ ਬੰਦਾ ਸਿੰਘ ਬਹਾਦਰ ਦਾ! ਤੇ ਦਿੱਲੀ ਨੂੰ ਫਤਹਿ ਕਰਨ ਵਾਲੇ- ਸਰਦਾਰ ਬਘੇਲ ਸਿੰਘ ਦਾ! ਤੇ ਇਹਨਾਂ ਦੇ ਸੀਸ ਤੇ ਹੱਥ ਹੈ- ਬਾਬਰ ਨੂੰ ਜਾਬਰ ਕਹਿਣ ਵਾਲੇ- ਬਾਬੇ ਨਾਨਕ ਦਾ! ਜਬਰ ਦਾ ਮੁਕਾਬਲਾ ਸਬਰ ਨਾਲ ਕਰਨ ਵਾਲੇ- ਗੁਰੂ ਅਰਜਨ ਦਾ! ਮਨੁੱਖੀ ਹੱਕਾਂ ਲਈ ਸੀਸ ਕਟਾਉਣ ਵਾਲੇ- ਗੁਰੂ ਤੇਗ ਬਹਾਦਰ ਦਾ! ਤੇ ਜ਼ਾਲਿਮ ਨੂੰ ਜ਼ਫਰਨਾਮਾ ਲਿਖਣ ਵਾਲੇ- ਸਰਬੰਸ ਦਾਨੀ ਦਸ਼ਮੇਸ਼ ਪਿਤਾ ਦਾ! ਤੇ ਇਸ ਵਿੱਚ ਸ਼ਾਮਲ ਨੇ- ਕਿਸਾਨ ਵੀ ਵਪਾਰੀ ਵੀ ਮਜ਼ਦੂਰ ਵੀ ਲਿਖਾਰੀ ਵੀ ਪੇਂਡੂ ਵੀ ਤੇ ਸ਼ਹਿਰੀ ਵੀ ਹਿੰਦੂ ਵੀ ਤੇ ਮੁਸਲਿਮ ਵੀ ਸਿੱਖ ਵੀ ਈਸਾਈ ਵੀ! ਇਸ ਵਿੱਚ ਸ਼ਾਮਲ ਨੇ- ਭੈਣਾਂ ਵੀ ਤੇ ਵੀਰ ਵੀ ਬੱਚੇ ਵੀ ਤੇ ਬਿਰਧ ਸਰੀਰ ਵੀ ਧੀਆਂ ਵੀ ਤੇ ਮਾਵਾਂ ਵੀ ਤੇ ਬਜ਼ੁਰਗਾ ਦੀਆਂ ਦੁਆਵਾਂ ਵੀ! ਇਸ ਵਿੱਚ ਦੇਸ਼ ਦੇ ਕੋਨੇ ਕੋਨੇ ਤੋਂ ਆਏ ਨੇ ਹੱਥ- ਪੰਜਾਬ ਤੋਂ ਅਸਾਮ ਤੱਕ- ਤੇ ਕਸ਼ਮੀਰ ਤੋਂ ਕੰਨਿਆਂ ਕੁਮਾਰੀ ਤੱਕ- ਜਦੋਂ ਇਹ ਸਾਰੇ ਹੱਥ ਇੱਕ ਜੁੱਟ ਹੋ ਜੁੜਦੇ ਹਨ ਤਾਂ ਇਹਨਾਂ ਵਿੱਚ ਆ ਜਾਂਦੀ ਹੈ ਲੋਹੜੇ ਦੀ ਤਾਕਤ- ਤੇ ਇਹ ਪਲਟ ਸਕਦੀ ਹੈ- ਕਿਸੇ ਵੀ ਜ਼ਾਲਿਮ ਹਕੂਮਤ ਦਾ ਤਖਤ।

ਸਾਡੀ ਕਾਹਦੀ ਲੋਹੜੀ (ਗੀਤ)-ਗੁਰਦੀਸ਼ ਕੌਰ ਗਰੇਵਾਲ

ਲੋਕੀਂ ਸਾਨੂੰ ਆਖਦੇ ਨੇ ‘ਲੋਹੜੀ ਦੀ ਵਧਾਈ ਆ’। ਸਾਡੀ ਕਾਹਦੀ ਲੋਹੜੀ, ਤਿਉੜੀ ਹਾਕਮਾਂ ਨੇ ਪਾਈ ਆ। ਆਏ ਸੀ ਨਰਾਤੇ, ਤੇ ਦੁਸਹਿਰਾ ਵੀ ਤਾਂ ਆਇਆ ਸੀ। ਬਦੀਆਂ ਨੂੰ ਅਗਨੀ ਦੇ ਵਿੱਚ ਦਫਨਾਇਆ ਸੀ। ਸੜਕਾਂ ਤੇ ਬੈਠ ਕੇ ਦੀਵਾਲੀ ਵੀ ਮਨਾਈ ਆ ਸਾਡੀ… ਸੱਤਰਾਂ ਤੋਂ ਵੱਧ ਲੋਕੀਂ ਹੋ ਗਏ ਸ਼ਹੀਦ ਨੇ। ਫੈਸਲੇ ਦੇ ਵੱਲ ਸਾਡੇ ਲੱਗੇ ਹੋਏ ਦੀਦ ਨੇ। ਦਿੱਲੀ ਇਸ ਮਸਲੇ ਨੂੰ ਜਾਂਦੀ ਲਟਕਾਈ ਆ ਸਾਡੀ… ਕਿਰਤੀ ਕਿਸਾਨਾਂ ਦੇ ਵੀ ਹੌਸਲੇ ਕਮਾਲ ਦੇ। ਠੰਢ ਵਿਚ ਘਰ ਪਾਈ ਬੈਠੇ ਤਰਪਾਲ ਦੇ। ਬੱਚੇ ਬੁੱਢੇ ਮਾਵਾਂ ਭੈਣਾਂ ਧੀਆਂ ਦੀ ਚੜ੍ਹਾਈ ਆ ਸਾਡੀ… ਫਤਹਿ ਕਰ ਮੋਰਚਾ ਘਰਾਂ ਨੂੰ ਜਦ ਆਵਾਂਗੇ। ਆਪਾਂ ਫਿਰ ਲੋਹੜੀਆਂ ਤੇ ਮਾਘੀਆਂ ਮਨਾਵਾਂਗੇ। ‘ਦੀਸ਼’ ਦਿਆਂ ਵੀਰਾਂ ਕਦੇ ਢੇਰੀ ਨਹੀਉਂ ਢਾਈ ਆ ਸਾਡੀ…

ਮੈਂ ਤੇਰੇ ਲਈ ਅੰਨ ਉਗਾਵਾਂ (ਗੀਤ)-ਗੁਰਦੀਸ਼ ਕੌਰ ਗਰੇਵਾਲ

ਮੈਂ ਤੇਰੇ ਲਈ ਅੰਨ ਉਗਾਵਾਂ, ਤੂੰ ਬੀਜਦੈਂ ਕੰਡੇ। ਏਦਾਂ ਨਹੀਉਂ ਉੱਚੇ ਹੋਣੇ, ਹਾਕਮ ਤੇਰੇ ਝੰਡੇ। ਮਿੱਟੀ ਦੇ ਨਾਲ ਮਿੱਟੀ ਹੋ, ਮੈਂ ਸਾਰੀ ਉਮਰ ਲੰਘਾਈ। ਆਪੂੰ ਭੁੱਖਾ ਰਹਿ ਕੇ ਵੀ ਮੈਂ, ਦੇਸ਼ ਦੀ ਭੁੱਖ ਮਿਟਾਈ। ਏ.ਸੀ. ਦੇ ਵਿੱਚ ਬਹਿ ਕੇ ਤੈਂਨੂੰ, ਪਚਦੇ ਕਿਉਂ ਨਹੀਂ ਮੰਡੇ ਮੈਂ…… ਤੇਰੀਆਂ ਕੋਝੀਆਂ ਚਾਲਾਂ ਨੂੰ ਮੈਂ, ਬੜੇ ਚਿਰਾਂ ਤੋਂ ਜਰਿਆ। ਸਬਰ ਪਿਆਲਾ ਭਰ ਭਰ ਡੁੱਲ੍ਹੇ, ਹੁਣ ਨਹੀਂ ਜਾਂਦਾ ਮਰਿਆ। ਤੇਰੀ ਹਿੱਕ ਤੇ ਲਾ ਲਿਆ ਡੇਰਾ, ਮੌਸਮ ਭਾਵੇਂ ਠੰਢੇ ਮੈਂ… ਸ਼ਾਂਤਮਈ ਮੈਂ ਆ ਕੇ ਬੈਠਾਂ, ਤੇਰਾ ਕੀ ਵਿਗਾੜਾਂ। ਆਪਣੀ ਧਰਤੀ, ਆਪਣਾ ਲੰਗਰ, ਤੂੰ ਕਿਉਂ ਲਾਏਂ ਵਾੜਾਂ? ਕਿਹੜੀ ਗੱਲੋਂ ਜਬਰ ਸਹਾਰਾਂ, ਜਿਸਮ ਤੇ ਖਾਵਾਂ ਡੰਡੇ ਮੈਂ… ‘ਮਨ ਕੀ ਬਾਤ’ ਸੁਣਾਵੇਂ ‘ਦੀਸ਼’ ਨੂੰ, ਮਨ ਆਪਣਾ ਸਮਝਾ ਲੈ। ਡੁਲ੍ਹੇ ਬੇਰ ਅਜੇ ਨਹੀਂ ਵਿਗੜੇ, ਚੁੱਕ ਕੇ ਝੋਲੀ ਪਾ ਲੈ। ਸਾਡੇ ਖੁਰਪੇ ਕਹੀਆਂ ਕਿਧਰੇ, ਬਣ ਨਾ ਜਾਵਣ ਖੰਡੇ ਮੈਂ…