Dharat Vangaare Takhat Nu (Part-13)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਤੇਰ੍ਹਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)



ਸੁਰਤ ਸੰਭਾਲ਼ ਜੱਟਾ-ਬਲਦੇਵ ਸਿੰਘ ਝੱਜ

ਧੰਨ-ਧੰਨ-ਧੰਨ-ਧੰਨ ਧੰਨ-ਧੰਨ-ਧੰਨ ਜੱਟ ਜਿਹੜਾ ਅੰਨ ਉਪਜਾਵੇਂ ਉਹਨੂੰ ਖਾਵੇ ਸਾਰਾ ਜੱਗ ਸੁਰਤ ਸੰਭਾਲ਼ ਜੱਟਾ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਆਪ ਰੁੱਖੀ ਮਿੱਸੀ ਖਾਵੇਂ ਇਵੇਂ ਡੰਗ ਟਪਾਈ ਜਾਵੇਂ ਅੰਨ ਦਾਤਾ ਹੋ ਕੇ ਵੀ ਧੱਕੇ ਨਿੱਤ ਖਾਈ ਜਾਵੇਂ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਮੇਰੇ ਦੇਸ਼ ਦਿਆ ਕਿਸਾਨਾ ਕਿਉਂ ਥੱਲੇ-ਥੱਲੇ ਜਾਨਾ ਉਠ-ਉਠ ਖੜ੍ਹ ਆਪ ਤੈਨੂੰ ਕਿਸੇ ਨਹੀਂ ਉਠਾਣਾ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਦੇਖ ਕਰ ਕੇ ਖ਼ਿਆਲ ਤੇਰਾ ਹੋਇਆ ਕੀ ਏ ਹਾਲ ਕਿੱਥੋਂ ਮਾਰ ਤੈਨੂੰ ਪੈਂਦੀ ਇਹਦੀ ਕਰ ਪੜਤਾਲ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਵਹੀ ਖ਼ਾਤਿਆਂ ਨੂੰ ਦੇਖ ਹੋਏ ਮਾੜੇ ਤੇਰੇ ਲੇਖ ਰੋਮ-ਰੋਮ ਤੇਰਾ ਅੱਜ ਆਇਆ ਕਰਜ਼ੇ ਦੇ ਹੇਠ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਅੱਜ ਪੈਲ਼ੀਆਂ ਨੂੰ ਤੱਕ ਹੋਣ ਦਿਨੋ-ਦਿਨ ਘੱਟ ਰੋਜ਼ ਪੈਂਦੀਆਂ ਨੇ ਵੰਡਾਂ ਕੁੱਝ ਮਿੱਲ ਜਾਣਗੇ ਹੜੱਪ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਕਿਤੇ ਹੜ੍ਹ ਬੇਸ਼ੁਮਾਰ ਕਿਤੇ ਸੋਕਿਆਂ ਦੀ ਮਾਰ ਸਾਰੇ ਪਾਸੇ ਤੋਂ ਕਿਸਾਨਾ ਪੈਂਦੀ ਫ਼ਸਲਾਂ ’ਤੇ ਮਾਰ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਕੋਈ ਕਰੇ ਨਾ ਉਪਾਅ ਜਦ ਹੜ੍ਹ ਲਾਉਣ ਢਾਅ ਰੋੜ੍ਹ ਲੈਣ ਉਹ ਜ਼ਮੀਨਾਂ ਨਾ ਕੋਈ ਸੁਣੇ ਤੇਰੀ ਧਾਹ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਅੱਜ ਜਿਣਸਾਂ ਦੇ ਭਾਅ ਲੈਣ ਕੌਡੀਆਂ ’ਚ ਲਾ ਕੁੱਝ ਘੱਟ ਜਾਂਦੇ ਝਾੜ ਕੁੱਝ ਲੁੱਟ ਲੈਂਦੇ ਸ਼ਾਹ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਤੂੰ ਤੇ ਭਾਲ਼ੇਂ ਇਨਸਾਫ਼ ਤੇਰਾ ਹਿਰਦਾ ਬੜਾ ਸਾਫ਼ ਭੋਲ਼ੇ-ਭਾਲ਼ਿਆ ਕਿਸਾਨਾ ਤੈਨੂੰ ਕਿਹਨੇ ਦੇਣਾ ਇਨਸਾਫ਼ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਐਵੇਂ ਝੱਖੀ ਜਾਨੈ ਰੇਤ ਆਵੇ ਤੈਨੂੰ ਨਾ ਭੇਤ ਪੱਲੇ ਕੀ ਤੇਰੇ ਪੈਣਾ ਇੱਥੇ ਵਾੜ ਖਾਵੇ ਖੇਤ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਜਦ ਫ਼ਸਲਾਂ ਤੂੰ ਪਾਲ਼ੇਂ ਕਿੰਨੇ ਜ਼ਫ਼ਰਾਂ ਨੂੰ ਜਾਲ਼ੇਂ ਦੁੱਖ ਝੱਲਦੈਂ ਅਨੇਕਾਂ ਕਿਉਂ ਨਾ ਹੱਕ ਤੂੰ ਪਛਾਣੇ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਮਹਿੰਗਾਈ ਤੋੜੇ ਤੇਰਾ ਲੱਕ ਨਾ ਕੋਈ ਪੂਰੇ ਤੇਰਾ ਪੱਖ ਰਿਹਾ ਨੀਤੀਆਂ ’ਚ ਕੱਚ ਪੱਲੇ ਰਹਿਣਾ ਨਹੀਂ ਕੱਖ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਸੁਣ ਕਰ ਕੇ ਖ਼ਿਆਲ ਤੋੜ ਲੁੱਟ ਦਾ ਤੂੰ ਜਾਲ ਸਿਖ਼ਰਾਂ ਨੂੰ ਛੂਹ ਕੇ ਸਾਰੇ ਜੱਗ ਨੂੰ ਦਿਖਾਲ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਕੁੱਝ ਤੇਰੇ ਵਿਚ ਘਾਟਾਂ ਥੋੜ੍ਹਾ ਤੈਨੂੰ ਵੀ ਮੈਂ ਡਾਟਾਂ ਸਿਆਣਾ ਬਣ ਕੇ ਕਿਸਾਨਾ ਸਰ ਕਰ ਲੈ ਤੂੰ ਵਾਟਾਂ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਘਰੋਂ-ਘਰੀਂ ਵੀ ਤੂੰ ਲੜੇਂ ਘਰ ਪਾਟੇ ਦੇਖੇ ਨੇ ਬੜੇ ਚੱਕ ਢਾਹ ਵਾਲ਼ਿਆਂ ਦੇ ਝੱਟ ਕੰਧਿਆਂ ’ਤੇ ਚੜ੍ਹੇਂ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਐਵੇਂ ਵੱਟਾਂ ਬੰਨਿਆਂ ਤੋਂ ਲੜੇਂ ਫਿਰ ਜ਼ਮੀਨ ਗਹਿਣੇ ਧਰੇਂ ਅਜਾਈਂ ਰੋੜ੍ਹ ਕੇ ਕਮਾਈ ਦੋਸ਼ ਕਰਮਾਂ ’ਤੇ ਮੜ੍ਹੇਂ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਪਿੰਡਾਂ ਵਿਚ ਤੇਰੇ ਧੜੇ ਕਿਉਂ ਨਸੀਬ ਤੇਰੇ ਸੜ੍ਹੇ ਥਾਣੇ ਤੇ ਕਚਹਿਰੀ ਸਭ ਜੱਟ ਨੇ ਹੀ ਖੜ੍ਹੇ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਫ਼ਜ਼ੂਲ ਖ਼ਰਚਾਂ ਤੋਂ ਡਰ ਖ਼ਰਚ ਵਿੱਤ ਵਿਚ ਕਰ ਫੜ-ਫੜ ਕੇ ਉਧਾਰ ਨਾ ਜ਼ਮੀਰ ਗਹਿਣੇ ਧਰ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਛੱਡ ਨਸ਼ਿਆਂ ਦੇ ਰਾਹ ਰੋਜ਼ ਕੰਮ ਉਤੇ ਜਾਹ ਫ਼ਸਲ ਉਪਜਾ ਕੇ ਬਹੁਤੀ ਸਿਰੋਂ ਪੰਡ ਕਰਜ਼ੇ ਦੀ ਲਾਹ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਦੱਸਾਂ ਕਿਹੜੀ-ਕਿਹੜੀ ਗੱਲ ਨਾ ਤੂੰ ਦੇਖੇਂ ਜਿਹਦੇ ਵੱਲ ਸੋਚ ਤੇ ਵਿਚਾਰ ਨਾਲ ਕਰ ਲੈ ਮਸਲੇ ਤੂੰ ਹੱਲ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਲੁੱਟੀਂ ਜਾ ਰਿਹੈਂ ਤਹਿਸੀਲੇ ਕਰ ਬਚਣੇ ਦੇ ਹੀਲੇ ਹੋਰ ਮਹਿਕਮੇ ਵੀ ਸਾਰੇ ਛਿੱਲ ਲਾਹੁਣ ਹਰ ਹੀਲੇ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਘੁੰਮ-ਘੁੰਮ ਕਈ ਸਾਲ ਕਰਜ਼ਾ ਲਵੇਂ ਵੱਢੀ ਨਾਲ ਵਿਆਜ਼ ਤੇ ਵਿਆਜ਼ ਦੇ-ਦੇ ਫਸ ਜਾਵੇਂ ਵਿਚ ਜਾਲ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਕਦੇ ਸੱਥੀਂ ਕਦੇ ਥਾਣੇ ਤੈਨੂੰ ਰੋਲ਼ਦੇ ਨੇ ਕਾਣੇ ਲੁੱਟਾਂ-ਲੁੱਟਦੇ ਨੇ ਆਪ ਤੂੰ ਕੱਖ ਨਾ ਉਹ ਜਾਣੇ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਖਾਦ ਤੇ ਦਵਾਈ ਵਿਚ ਤੇਰੀ ਵਧੇ ਰੋਜ਼ ਖਿੱਚ ਖੋਟ ਰੱਜ ਕੇ ਮਿਲਾਉਣ ਤੈਨੂੰ ਜਾਣਦੇ ਨਾ ਟਿੱਚ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਉਧੇੜ-ਉਧੇੜ ਤੇਰੀ ਖੱਲ ਪਾਉਣ ਕਾਲਜੇ ’ਚ ਸੱਲ ਰੱਤ ਵੀ ਨਿਚੋੜ ਲੈਣ ਖ਼ੌਰੇ ਜਾਏਂ ਕਿਵੇਂ ਝੱਲ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਖੇਤੀ ਵਾਲ਼ੇ ਛੰਦ ਸਾਰੇ ਭਾਓ ਅਸਮਾਨੀ ਮਾਰੇ ਤੈਨੂੰ ਮਾਰਨੇ ਦੇ ਲਈ ਰਚੇ ਨੇ ਢੌਂਗ ਇਹ ਸਾਰੇ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਜਦ ਬੋਲੇਂ ਹੱਕਾਂ ਬਾਰੇ ਸਦਾ ਮਿਲਦੇ ਨੇ ਲਾਰੇ ਤੈਨੂੰ ਲੁੱਟਣੇ ਦੇ ਲਈ ਹਨ ਇਹ ’ਕੱਠੇ ਸਾਰੇ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਇੱਥੇ ਵਿਦੇਸ਼ੀਆਂ ਵੀ ਆਉਣਾ ਜਾਲ ਲੁੱਟ ਦਾ ਵਿਛਾਉਣਾ ਕਿਸੇ ਨਾ ਕਿਸੇ ਢੰਗ ਨਾਲ ਉਹਨੇ ਤੈਨੂੰ ਭਰਮਾਉਣਾ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਉਹਦੀ ਚਾਲ ’ਚ ਨਾ ਆਉਣਾ ਉਹ ਹਰ ਗੱਲ ’ਚ ਹਰਾਉਣਾ ਤੂੰ ਕਰ-ਕਰ ਕੇ ਮੁਕਾਬਲਾ ਅਣਖ਼ ਤੇ ਹੋਂਦ ਨੂੰ ਬਚਾਉਣਾ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਐਵੇਂ ਜਾਵੀਂ ਨਾ ਤੂੰ ਹਾਰ ਕੁੱਝ ਹੰਭਲਾ ਵੀ ਮਾਰ ਵੀਰਾ ਕਰ ਕੇ ਕਰਾਰਾ ਮਨ ਲਾਹ ਕੇ ਸੁੱਟ ਸਾਰਾ ਭਾਰ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਕਦਮ ਗ਼ਲਤ ਨਾ ਉਠਾਵੀਂ ਐਵੇਂ ਜਾਨ ਨਾ ਗੁਆਵੀਂ ਬੇਸ਼-ਕੀਮਤੀ ਇਹ ਜਿੰਦ ਮਿੱਟੀ ਘੱਟੇ ਨਾ ਰੁਲ਼ਾਵੀਂ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਆਪ ਵੀ ਤੂੰ ਬਚ ਜਾਈਂ ਨਾਲੇ ਦੇਸ਼ ਨੂੰ ਬਚਾਈਂ ਸੱਚੇ-ਸੁੱਚਿਆ ਕਿਸਾਨਾ ਮੇਰੀ ਗੱਲ ਕੰਨੀ ਪਾਈਂ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਗਹਿਣੇ ਵਿੱਦਿਆ ਦੇ ਪਾ ਲੈ ਨਵੇਂ ਢੰਗ ਅਜ਼ਮਾ ਲੈ ਹੁਣ ਖੇਤੀ ਦੇ ਨਾਲ-ਨਾਲ ਹੋਰ ਧੰਦੇ ਅਪਣਾ ਲੈ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਓਏ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਓਏ! ਕਰ ਕੇ ਖ਼ਿਆਲ ਕੁੱਝ ਲਾ ਦੇਵੀਂ ਰੁੱਖ ਫਿਰ ਮਾਣ ਲਵੀਂ ਸੁੱਖ ਪੱਲੇ ਤੇਰੇ ਕੁੱਝ ਪੈ ਜੇ ਤੇਰਾ ਖਿੜ ਜਾਏ ਮੁੱਖ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਓਏ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਓਏ! ਕਰ ਕੇ ਖ਼ਿਆਲ ਤੇਰੇ ਸਿਰ ਉਤੇ ਜੱਗ ਸ਼ੋਭਾ ਉਚੀ ਸੁੱਚੀ ਰੱਖ ਲੋਕਾਂ ਦੀ ਕਚਹਿਰੀ ਵਿਚ ਸਾਰਾ ਸੱਚਾ ਤੇਰਾ ਪੱਖ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਤੇਰੇ ਵਿਚ ਜਿੰਨਾ ਜੋਸ਼ ਹੁਣ ਕਰ ਓਨੀ ਹੋਸ਼ ਫੜ ਏਕਤਾ ਦਾ ਰਾਹ ਕਰ ਢੰਗ ਨਾਲ ਰੋਸ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਮੈਂ ਦੇ ਚੱਲਿਆਂ ਹਲੂਣਾ ਹੁਣ ਰਹੀਂ ਨਾ ਤੂੰ ਊਣਾ ਮੁੜ ਸ਼ਾਨ ਦੀ ਬਹਾਲੀ ਤੂੰ ਸਿੱਖ ਲਈਂ ਜਿਊਣਾ ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ ਦੇਖ ਦੁਨੀਆ ਦੇ ਰਾਹ ਬਹਿ ਗਏ ਚੰਦ ਉਤੇ ਜਾ ਸੱਚੀ ਹੈ ਇਹ ਕਹਾਉਤ ‘ਜਿੱਥੇ ਚਾਹ ਉਥੇ ਰਾਹ’। ਸੁਰਤ ਸੰਭਾਲ਼! ਜੱਟਾ ਸੁਰਤ ਸੰਭਾਲ਼ ਉਇ ਸੁਰਤ ਸੰਭਾਲ਼ ਦੇਖ ਕਰ ਕੇ ਖ਼ਿਆਲ ਕਰ ਕੇ ਖ਼ਿਆਲ ਉਇ! ਕਰ ਕੇ ਖ਼ਿਆਲ

ਕਿਸਾਨ ਸੰਘਰਸ਼-ਬਲਦੇਵ ਸਿੰਘ ਝੱਜ

ਜਿਹੜੀ ਬਾਲ਼ੀ ਤੂੰ ਮਿਸ਼ਾਲ ਇਹਦੀ ਮਿਲੇ ਨਾ ਮਿਸਾਲ ਦੁਨੀਆ ਦੇ ਵਿਚ ਅੱਜ ਖੜ੍ਹੋ ਗਿਉਂ ਪਹਿਲੀ ਪਾਲ਼ ਤੂੰ ਘੋਲ਼ ਲੜ ਰਿਹੋਂ ਨਿਰਾਲਾ ਦਿਲ ਹਾਕਮਾਂ ਦਾ ਕਾਲ਼ਾ ਤੇਰੇ ਸੱਚ ਹੈਗਾ ਪੱਲੇ ਇਹ ਜਾਏਗਾ ਨਾ ਆਲ਼ਾ ਤੇਰੇ ਵਿਚ ਜਿੰਨਾ ਜੋਸ਼ ਹੁਣ ਕਰ ਓਨੀ ਹੋਸ਼ ਫੜ ਏਕਤਾ ਦਾ ਰਾਹ ਕਰ ਢੰਗ ਨਾਲ ਰੋਸ ਤੈਨੂੰ ਅੰਨ ਦਾਤੇ ਦਾ ਮਾਣ ਵੱਖਰੀ ਹੈ ਤੇਰੀ ਪਹਿਚਾਣ ਐਵੇਂ ਨਾ ਕਰਾ ਤੂੰ ਘਾਣ ਆਪਣੇ ਹੱਕ ਲੈ ਤੂੰ ਪਛਾਣ ਏਥੇ ਲੋਟੂ ਲੱਗੇ ਆਣ ਜਾਲ ਲੁੱਟ ਦਾ ਵਿਛਾਣ ਤੂੰ ਹਰ ਪੱਖ ਤੋਂ ਕਿਸਾਨਾ ਕਿਸਾਨੀ ਬਚਾਣ ਦੀ ਲੈ ਠਾਣ ਹੁਣ ਤਾਂ ਪੜ੍ਹਿਆ ਬਥੇਰਾ ਕੋਈ ਰਿਹਾ ਵੀ ਨਾ ਨ੍ਹੇਰਾ ਹੰਭਲਾ ਦੱਬ ਕੇ ਤੂੰ ਮਾਰ ਛੇਤੀ ਚੜ੍ਹ ਜਾਏਗਾ ਸਵੇਰਾ ਤੋੜ ਲੁੱਟ ਵਾਲ਼ਾ ਜਾਲ ਆ ਰਲ਼ੇ ਕਾਫ਼ਲੇ ਵੀ ਨਾਲ ਹੜ੍ਹ ਲੋਕਤਾ ਦਾ ਆਇਆ ਪੂਰੀ ਪਊ ਤੇਰੀ ਘਾਲ਼ ਉਚਾ ਸੁੱਚਾ ਤੇਰਾ ਈਮਾਨ ਰੱਖੇਂ ਕਿਰਤ ਵੱਲ ਧਿਆਨ ਜੱਗ ਉਤੇ ਤੇਰੀ ਵੀਰਾ ਸਦਾ ਚਮਕੇਗੀ ਸ਼ਾਨ

ਕਿਰਤੀ ਮਜ਼ਦੂਰ-ਬਲਦੇਵ ਸਿੰਘ ਝੱਜ

ਕਿਰਤੀ ਮਜ਼ਦੂਰ ਜੱਗ ਵਿਚ ਹੱਕ ਸੱਚ ਦੀ ਕਮਾਈ ਕਰਦਾ ਸਿਰੋਂ ਪੈਰਾਂ ਤਕ ਚੋਏ ਮੁੜ੍ਹਕਾ ਕੰਮ ਜਦੋਂ ਇਹ ਕਰਦਾ ਹੱਡ ਭੰਨਵੀਂ ਕਰੇ ਮੁਸ਼ੱਕਤ ਪਰ ਡੰਗ ਮਸਾਂ ਹੀ ਸਰਦਾ ਸਬਰ ਤੇ ਸੰਤੋਖ ਨਾਲ ਸਾਰੀ ਔਖ-ਸੌਖ ਜਰਦਾ

ਕਰਜ਼ਾ-ਬਲਦੇਵ ਸਿੰਘ ਝੱਜ

ਭਾਰਤ ਵਰਸ਼ ਦੇਸ਼ ਅਸਾਡਾ ਮੈਂ ਭਾਰਤ ਦਾ ਜਾਇਆ ਵਿਰਸੇ ਵਿਚ ਜੋ ਮਿਲਿਆ ਕਰਜ਼ਾ ਅਸਾਂ ਉਮਰਾਂ ਨਾਲ ਹੰਢਾਇਆ ਪਹਿਲਾਂ ਕਰਜ਼ਾ ਮੇਰੇ ਗਿੱਟੇ-ਗਿੱਟੇ ਫੇਰ ਗੋਡਿਆਂ ਤਾਣੀਂ ਆਇਆ ਫੇਰ ਹੋ ਗਿਆ ਲੱਕ-ਲੱਕ ਤਾਈਂ ਫਿਰ ਮੋਢਿਆਂ ਤਾਈਂ ਆਇਆ ਲਾਹੁੰਦਿਆਂ-ਲਾਹੁੰਦਿਆਂ ਲੱਥਾ ਨਹੀਂ ਸਗੋਂ ਚੜ੍ਹ ਗਿਆ ਦੂਣ ਸਵਾਇਆ ਵਧਦਾ-ਵਧਦਾ ਅਮਰ ਵੇਲ ਜਿਉਂ ਮੇਰੇ ਚਾਰ-ਚੁਫੇਰੇ ਛਾਇਆ ਘੁੱਟ-ਘੁੱਟ ਕਰ ਕੇ ਲਹੂ ਪੀ ਗਿਆ ਪਰ ਅਜੇ ਵੀ ਹੋਰ ਤਿਹਾਇਆ ਨੋਚ-ਨੋਚ ਕੇ ਚਮੜੀ ਖਾਧੀ ਇਹ ਰੱਜਦਾ ਨਹੀਂ ਰਜਾਇਆ ਮੁੱਠ ਕੁ ਹੱਡੀਆਂ ਬਣਿਆ ਪਿੰਜਰ ਤਨ ਨੂੰ ਜਮਾਂ ਸੁਕਾਇਆ ਦਿਲ ਦਿਮਾਗ਼ ਨੂੰ ਜ਼ਖ਼ਮੀ ਕਰ ਕੇ ਸੱਲ ਕਲੇਜੇ ਤਾਈਂ ਪਾਇਆ ਉਡ-ਪੁੱਡ ਗਈਆਂ ਨੀਂਦਾਂ ਕਿਧਰੇ ਮਨ ਦਾ ਚੈਨ ਗੁਆਇਆ ਪਹਿਲਾਂ ਸਕੇ-ਸਬੰਧੀ ਤੋੜੇ ਫਿਰ ਮਿੱਤਰਾਂ ਤਾਈਂ ਤੁੜਾਇਆ ਗਹਿਣੇ-ਗੱਟੇ ਸਾਰੇ ਖਾ ਕੇ ਫੇਰ ਜ਼ਿਮੀਂ ਨੂੰ ਹੱਥ ਪਾਇਆ ਹੋਈ ਗਿਰਵੀ ਕੁਝ ਬੈਅ-ਫ਼ਰੋਖ਼ਤ ਕੁੱਝ ਬੈਕਾਂ ਅਪਣੇ ਨਾਂ ਚੜ੍ਹਾਇਆ ਹੱਥ ਪੱਗ ਨੂੰ ਪਾਣ ਲੱਗਿਆਂ ਇਹਨੂੰ ਭੋਰਾ ਤਰਸ ਨਾ ਆਇਆ ਸੱਥਾਂ, ਥਾਣੇ, ਕੋਰਟ-ਕਚਹਿਰੀ ਥਾਂ-ਥਾਂ ’ਤੇ ਰੋਲ਼ ਰੁਲ਼ਾਇਆ ਤੰਦ ਗਲ਼ੇ ਵਿਚ ਏਦਾਂ ਜਾਪੇ ਜਿਉਂ ਫ਼ਾਂਸੀ ’ਤੇ ਲਟਕਾਇਆ ਵਿਰਸੇ ਵਿਚ ਜੋ ਮਿਲਿਆ ਕਰਜ਼ਾ ਅਸਾਂ ਉਮਰਾਂ ਨਾਲ ਹੰਢਾਇਆ

ਰਾਜੇ ਯੋਗੀ ਜੱਟਾ ਭੋਲ਼ਿਆ-ਬਲਦੇਵ ਸਿੰਘ ਝੱਜ

ਹੋਵੇਂ ਧਰਤੀ ਦਾ ਤੂੰ ਰਾਜਾ ਜੱਟਾ ਫਰੋਲੇਂ ਤੂੰ ਅੱਜ ਮਿੱਟੀ ਘੱਟਾ ਫ਼ਸਲਾਂ ਵੀ ਜਿਉਂ ਹੋਵਣ ਸੱਟਾ ਮਨ ਤੇਰਾ ਅੱਜ ਹੋਇਆ ਖੱਟਾ ਕਰਜ਼ੇ ਤੇਰੇ ਰਹਿ ਗਏ ਪੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਬੱਚੇ ਤੇਰੇ ਅਨਪੜ੍ਹ ਰਹਿ ਗਏ ਕਈ ਪੀੜ੍ਹੀਆਂ ਪਿੱਛੇ ਪੈ ਗਏ ਨੇ੍ਹਰੇ ਤੋਂ ਵੀ ਨੇ੍ਹਰੇ ਬਹਿ ਗਏ ਅਰਮਾਨ ਧਰੇ ਧਰਾਏ ਰਹਿ ਗਏ ਤੇਰੇ ਦੁੱਖ ਜਾਣ ਨਾ ਝੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਤੇਰੇ ਬੂਹੇ ਦੁੱਖਾਂ ਆ ਮੱਲੇ ਅੱਜ ਮੂੰਹ ਤੇਰੇ ’ਤੇ ਆਬ ਨਾ ਦਿੱਸੇ ਗ਼ਰੀਬੀ ਤੇਰੇ ਰਹਿ ਗਈ ਹਿੱਸੇ ਜਾਨ ਤੇਰੀ ਦੋ ਪੁੜਾਂ ’ਚ ਪਿੱਸੇ ਪੁੱਛੀ ਸਾਰ ਤੇਰੀ ਨਾ ਕਿਸੇ ਸਾਰਿਆਂ ਤੈਨੂੰ ਮਾਰਿਆ ਲੱਲ੍ਹੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਦਿਨੋ-ਦਿਨ ਤੂੰ ਥੱਲੇ ਜਾਵੇਂ ਰੁੱਖੀ-ਮਿੱਸੀ ਪਿਆ ਰੋਟੀ ਖਾਵੇਂ ਚਿੰਤਾ ਤੈਨੂੰ ਹਰ ਸਮੇਂ ਸਤਾਵੇ ਡੰਗ ਤਰਲੇ-ਤੱਪੇ ਦੇ ਨਾਲ ਚੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਜ਼ਮਾਨੇ ਦੀ ਤੂੰ ਸਾਰ ਨਾ ਜਾਣੇ ਲੁੱਟਿਆ ਜਾਨਾ ਬਣ ਅਣਜਾਣੇ ਸਾਰਾ ਕੁੱਝ ਕਹੇਂ ਵਿਚ ਭਾਣੇ ਅਸਲ ਗੱਲ ਦੀ ਰਮਜ਼ ਨਾ ਜਾਣੇ ਭੁੱਖ ਨੰਗ ਤੇਰੇ ਰਹਿ ਗਈ ਪੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਹੁਣ ਹੱਕ ਆਪਣੇ ਤੂੰ ਲੈ ਪਛਾਣ ਐਵੇਂ ਨਾ ਕਰਾ ਤੂੰ ਘਾਣ ਜੇ ਚਾਹੁੰਨਾ ਦੁਨੀਆ ਉਤੇ ਮਾਣ ਸਹੀ ਦਿਸ਼ਾ ’ਤੇ ਲਾ ਦੇ ਤਾਣ ਹੋਰ ਪੇਸ਼ ਤੇਰੀ ਨਾ ਚੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਭਾਈਆਂ ਦੇ ਨਾਲ ਏਕਾ ਕਰ ਲਾ ਹਰਬੀ-ਜਰਬੀ ਮਨ ’ਤੇ ਜਰ ਲਾ ਸਿਰ ਆਪਣਾ ਤੂੰ ਤਲੀ ’ਤੇ ਧਰ ਲਾ ਇਉਂ ਹੱਕ ਆਪਣੇ ਹਾਸਿਲ ਕਰ ਲਾ ਬਣੇ ਕੁੱਝ ਨਾ ’ਕੱਲੇ-’ਕੱਲੇ ਰਾਜੇ ਯੋਗੀਆ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਇੱਥੇ ਹੋਰ ਨਹੀਂ ਕੋਈ ਚਾਰਾ ਗੱਲ ਪੱਲੇ ਬੰਨ੍ਹ ਲੈ ਸਰਦਾਰਾ ਮਨ ਕਰ ਲੈ ਕੁੱਝ ਹੁਣ ਕਰਾਰਾ ਤੈਨੂੰ ਲੱਗਿਆ ਹੁਣ ਤਕ ਲਾਰਾ ਤੂੰ ਸਿਰ ਦੁੱਖ ਉਠਾਇਆ ਭਾਰਾ ਤੇਰੇ ਜ਼ਖ਼ਮ ਅਜੇ ਨੇ ਅੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਜਦ ਹੱਕ ਆਪਣੇ ਲਏ ਪਛਾਣ ਤੇਰਾ ਦੁਨੀਆ ਉਤੇ ਹੋ ਜਾਊ ਮਾਣ ਕਿਸਾਨ ਵੀ ਧਰਤੀ ’ਤੇ ਸੁੱਖ-ਪਾਣ ਖੇਤੀ ਹੋਏਗੀ ਜਿਉਂ ਹੀਰਿਆਂ ਦੀ ਖਾਣ ਫਿਰ ਤੇਰੇ ਕੁੱਝ ਪੈ ਜਾਊ ਪੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ ਤੂੰ ਰਾਜਾ ਫੇਰ ਕਹਾਂਵੇਗਾ ਜਦ ਸੁੱਖ ਦੁਨੀਆ ਦੇ ਪਾਵੇਂਗਾ ਆਪਣੀ ਕਿਸਮਤ ਆਪ ਸਮਾਰੇਂਗਾ ਏਸ ਧਰਤੀ ਨੂੰ ਸੁਰਗ ਬਣਾਵੇਂਗਾ ਫਿਰ ਹੋ ਜਾਊ ਤੇਰੀ ਬੱਲੇ-ਬੱਲੇ ਰਾਜੇ ਯੋਗੀ ਜੱਟਾ ਭੋਲ਼ਿਆ ਅੱਜ ਤੇਰੇ ਬੂਹੇ ਦੁੱਖਾਂ ਆ ਮੱਲੇ

ਰੁਬਾਈਆਂ-ਸੁਖਦਰਸ਼ਨ ਗਰਗ

1. ਘੋਖ ਲਏ ਕਾਨੂੰਨ ਤੇਰੇ,ਅਸਾਂ ਸਰਕਾਰੇ । ਕਾਲਿਆਂ ਕਾਨੂੰਨਾਂ ਤੇਰੇ, ਡੋਬ ਦਿੱਤੇ ਸਾਰੇ । ਕਿਰਤੀ ਕਿਸਾਨ ਨਾਲ, ਤੇਰਾ ਕੋਈ ਮੋਹ ਨਾ, ਨਿੱਤ ਦਿਨ ਕਰਦੀ ਤੂੰ, ਨਿੱਤ ਨਵੇਂ ਕਾਰੇ । 2. ਹਿੱਲੀ ਜੜ੍ਹਾਂ ਤਾਂਈ,ਬੈਠੀ ਸਰਕਾਰ ਦੇਸ਼ ਦੀ । ਉੱਤੋਂ ਮਾਰੇ ਫੁੰਕਾਰੇ,ਸਰਕਾਰ ਦੇਸ਼ ਦੀ । ਝੱਲ, ਝੱਲਿਆ ਨਾ ਜਾਵੇ, ਕਿਰਤੀ ਕਿਸਾਨ ਦਾ, ਉੱਤੋਂ ਕਹੇ ਨਾ ਮੈਂ ਹਾਰੀ, ਸਰਕਾਰ ਦੇਸ਼ ਦੀ। 3. ਚਾਲ ਢਾਲ ਨਾ,ਬਦਲੀ ਤੇਰੀ । ਹੱਦੋਂ ਵੱਧ,ਕਰ ਦਿੱਤੀ ਦੇਰੀ । ਸਾਥੋਂ ਸਬਰ, ਨਾ ਹੋਵੇ ਬਹੁਤਾ, ਹਾਂ ਸੁਨਣੀ, ਚਾਹੁੰਦੇ ਹਾਂ ਤੇਰੀ ।

ਐ ਦਿੱਲੀ !-ਸ਼ੇਲਿੰਦਰਜੀਤ ਸਿੰਘ ਰਾਜਨ

ਬੜਾ ਤੱਕਿਆ ਏ ਤੇਰਾ ਮੂੰਹ ਐਪਰ, ਹੁਣ ਵੱਲ ਕਿਸਾਨਾਂ ਦੇ ਤੱਕ ਦਿੱਲੀ । ਅਸੀਂ ਭੀਖ ਨਹੀਂ ਤੈਥੋਂ ਮੰਗਦੇ ਹਾਂ, ਅਸੀਂ ਮੰਗਦੇ ਹਾਂ ਆਪਣਾ ਹੱਕ ਦਿੱਲੀ । ਅੰਨਦਾਤੇ ਨਾਲ ਲੈਂਦੀ ਏ ਵੈਰ ਡਾਹਢਾ, ਤੇਰਾ ਰਹਿਣਾ ਨਾ ਹੁਣ ਕੱਖ ਦਿੱਲੀ । ਇਸ ਦੇਸ਼ ਲਈ ਜਾਨਾਂ ਵਾਰਦੇ ਹਾਂ, ਇਸ ਦੇਸ਼ `ਤੇ ਸਾਡਾ ਵੀ ਹੱਕ ਦਿੱਲੀ । ਰਿਹਾ ਤੇਰਾ ਅਸਾਡਾ ਵੈਰ ਮੁੱਢੋਂ, ਫੱਟੇ ਤੇਰੇ ਦਿਆਂਗੇ ਚੱਕ ਦਿੱਲੀ । ਸਾਡਾ ਜੋਸ਼ ਨਾ ਹੁਣ ਇਹ ਥੰਮਣਾ ਏ, ਜਿੰਨੇ ਮਰਜ਼ੀ ਏ ਰਾਹ ਹੁਣ ਡੱਕ ਦਿੱਲੀ । ਹੁਣ ਬਾਹਲਾ ਨਾ ਸਬਰ ਅਜਮਾ ਸਾਡਾ, ਅਸੀਂ ਭਰੇ ਹਾਂ ਨੱਕੋ ਨੱਕ ਦਿੱਲੀ । ਰਹਿਣਾ ਜੂਝਦੇ ਅਸੀਂ ਮੈਦਾਨ ਅੰਦਰ, ਜਦ ਤੱਕ ਨਾ ਮਿਲਿਆ, ਹੱਕ ਦਿੱਲੀ । ਬਾਬੇ ਨਾਨਕ ਦੀ ਸਿਖਿਆ ਹੈ ਸਾਨੂੰ, ਖਾਣਾ ਕਦੇ ਪਰਾਇਆ ਨਾ ਹੱਕ ਦਿੱਲੀ । ਥਾਪੜਾ ਗੁਰੂ ਗੋਬਿੰਦ ਦਾ ਵੀ ਹੈ ਸਾਨੂੰ, ਦੇਣਾ ਜ਼ੁਲਮ ਦਾ ਤੋੜ ਹੈ ਲੱਕ ਦਿੱਤੀ । ਆਖਿਰ ਸੱਚ ਦੀ ਸਦਾ ਹੀ ਜਿੱਤ ਹੁੰਦੀ, "ਰਾਜਨ" ਪੜ੍ਹ ਇਤਿਹਾਸ ਬੇਸ਼ੱਕ ਦਿੱਲੀ । ਬਾਬਾ ਬਕਾਲਾ ਸਾਹਿਬ

ਸੁਣ ਹਾਕਮਾਂ !-ਸ਼ੇਲਿੰਦਰਜੀਤ ਸਿੰਘ ਰਾਜਨ

ਬੜਾ ਭੈੜਾ ਏਂ, ਹਾਕਮਾਂ ਕਮ ਦਿਲਿਆ, ਸਾਡਾ ਸਬਰ ਪਿਆ ਅਜਮਾਂਵਦਾਂ ਏ । ਧੱਕੇ ਨਾਲ ਹੀ ਸਾਡੇ `ਤੇ ਰਾਜ ਕਰਦੈਂ, ਧੱਕੇ ਨਾਲ ਹੀ ਹੁਕਮ ਸੁਣਾਵਦਾਂ ਏ । ਹੱਕਾਂ ਵਾਸਤੇ ਹਾਂ ਆਏ ਮੈਦਾਨ ਅੰਦਰ, ਹੱਕ ਸਾਡੇ ਕਿਉਂ ਦੱਬੀ ਜਾਂਵਦਾਂ ਏਂ । ਅੰਨਦਾਤੇ ਨਾਲ ਰੱਖਿਆ ਵੈਰ ਮੁੱਢੋਂ, ਅੰਨ ਜਿਸਦਾ ਦਿੱਤਾ ਤੂੰ ਖਾਂਵਦਾਂ ਏਂ । ਰਗਾਂ ਅੰਦਰ ਹੈ ਖੂਨ ਸ਼ਹਾਦਤਾਂ ਦਾ, ਜੋਸ਼ ਡੌਲਿਆਂ `ਚ ਤਾਂ ਹੀ ਆਂਵਦਾ ਏ । ਨਾ ਹੀ ਕਰਨਾ, ਨਾ ਹੀ ਜ਼ੁਲਮ ਸਹਿਣਾ, ਸਾਡਾ ਵਿਰਸਾ ਇਹੀ ਸਿਖਾਂਵਦਾ ਏ । ਨਾ ਹੀ ਅੱਤਵਾਦੀ, ਨਾ ਹੀ ਵੱਖਵਾਦੀ, ਭਲਾ ਸਭ ਦਾ ਇਹੀ ਚਾਂਹਵਦਾ ਏ । ਦਿਨ ਲੋਹੜੀ ਦਾ ਵਿਰਸਾ ਏ ਬਾਲ ਭੁੱਗੇ, ਕੁਝ ਚੰਗਾ ਹੋਵੇ ਇਹੀ ਚਾਂਹਵਦਾ ਏ । ਅਜੇ ਵੇਲਾ ਹੈ ਸੰਭਲ ਜਾ ਐ ਹਾਕਮ ! "ਰਾਜਨ" ਅਜੇ ਵੀ ਤੈਨੂੰ ਸਮਝਾਂਵਦਾ ਏ ।

ਖੂਹ ਦੀ ਮੌਣ ਬਾਬੇ ਦਾ ਕੰਘਾ-ਬਲਦੇਵ ਬਾਵਾ

ਖੂਹ ਦੀ ਮੌਣ ਬਾਬੇ ਦਾ ਕੰਘਾ, ਮਾਰਨ ਆਏ ਵਦਾਨ, ਬੂਹੇ ਢੋਅ ਕੇ ਰੋਣ ਜਿਉਂਦੇ, ਮੁਰਦੇ ਵਿੱਚ ਮਸਾਣ। ਟੋਭੇ ਵਿੱਚ ਕਾਲ਼ੇ ਬੱਦਲ਼ ਦਾ ਤਿੜਕ ਤਿੜਕ ਪਰਛਾਵਾਂ, ਚੂਰਾ ਹੋ ਹੋ ਉੱਬਲ਼ੇ ਜਿੱਦਾਂ ਅਗਨ ਚਟਾਨੀ ਲਾਵਾ, ਨਾ ਹੀ ਮੁਗ਼ਲ ਤੇ ਨਾ ਫ਼ਰੰਗੀ ਕੌਣ ਬੋਲਿਆ ਧਾਵਾ, ਲਾਲਚ ਦੇ ਪੰਜੇ ਨੇ ਧੂਹਿਆ ਕਿਰਤ ਕਲੇਜਾ ਆਣ। ਬਾਬਾ ਤਾਂ ਜੰਮਿਆ ਸੀ ਕਿਰਤੀ ਮਰਿਆ ਬਣ ਦਰਵੇਸ਼, ਬਾਬੇ ਵਰਗਿਆਂ ਮੁੱਢੋਂ ਸਿਰਜੇ ਸੱਭੇ ਦੇਸ਼ ਵਿਦੇਸ਼, ਆਖ਼ਰ ਤੁਰਿਆ ਠਾਰ ਕੇ ਲੋਆਂ, ਕੋਰੇ ਕੱਕਰ ਸੇਕ, ਪਾਪ ਨਗਰੀਓਂ ਧਾਏ ਉਹਦੀ ਅਸਲੀ ਯਾਦ ਮਿਟਾਉਣ। ਬਾਬੇ ਖਾਰੀ ਖੂਹੀ ਪੀਤੀ ਬੰਨ੍ਹ ਸ਼ਰਬਤ ਦਰਿਆ, ਆਖੇ ਸਿੱਖ ਨਾਨਕ ਦਾ ਜਿਹੜਾ ਰਹਿੰਦਾ ਵਿੱਚ ਰਜ਼ਾ, ਚੱਪਾ ਭੋਂ ਦੀ ਮਾਲਕੀ ਨਾਹੀਂ ਹੋਣਾ ਨਹੀਂ ਖ਼ਫ਼ਾ, ਜਦ ਤੁੱਠੇਗਾ ਦੇ ਦੇਵੇਗਾ ਕਰੋ ਸਬਰ, ਸ਼ੁਕਰਾਨ। ਪਿੰਡੋਂ ਬਾਹਰ ਲੁਕ ਲੁਕ ਰੋਵਾਂ ਟਿੱਲੇ ਪੈਰੀਂ ਬਹਿ ਕੇ, ਮਿੰਨਤ ਕਰਾਂ ਇਹ ਝੱਲ ਨਹੀਂ ਹੋਣਾ ਡਿਗ ਮੇਰੇ ਤੇ ਢਹਿ ਕੇ, ਟਿੱਲਾ ਕਹਿੰਦਾ ਸ਼ਾਇਰ ਮਰਦਾ ਨਾਲ਼ ਹਕੂਮਤ ਖਹਿ ਕੇ, ਪੂੰਝ ਕੇ ਅੱਥਰੂ ਤੁਰ ਜਾਹ ਏਥੋਂ ਆਪਣਾ ਫ਼ਰਜ਼ ਪਛਾਣ। ਮੈਂ ਉੱਠ ਤੁਰਿਆ ਛਾਂ ਰੁੱਖਾਂ ਦੀ ਘੋਰ ਉਦਾਸੀ ਜਾਪੇ, ਹਉਕੇ ਭਰਦੇ ਬੂਹੇ ਦੱਸਣ ਘਰ ਕੱਟਦੇ ਇਕਲਾਪੇ, ਮੈਂ ਟੰਗਣੇ ਸੀ ਬੂਹੀਂ ਸਿਹਰੇ ਰੱਖ ਗਿਆ ਕੋਈ ਛਾਪੇ, ਲੱਗਿਆ ਹੁਣ ਮਰ ਜਾਊ ਬਾਬਾ ਆਪਣੇ ਚੁੱਪਸਤਾਨ। ਜਾਬਰ ਫੌਜਾਂ, ਘੱਲੂਘਾਰੇ, ਜੰਗਾਂ ਦਾ ਇਤਿਹਾਸ, ਭੰਨ ਬੰੰਸਰੀਆਂ, ਤੋੜ ਸਿਤਾਰਾਂ, ਸਾੜ ਕੀਤੀਆਂ ਰਾਖ, ਰੁਲ਼ ਗਈਆਂ ਸੰਧੂਰਦਾਨੀਆਂ ਤੇ ਰੁਲ਼ ਗਏ ਸੀ ਤਾਜ, ਡਰ ਕੇ ਲੁਕੀਆਂ ਸਨ ਤਲਵਾਰਾਂ ਨਾਲ਼ੇ ਤੀਰ ਕਮਾਨ। ਉੱਠੇ ਸੀ ਧਰਤੀ ਦੇ ਜਾਏ ਅੰਬਰ ਲਾਟ ਬਲ਼ੀ, ਟੋਟੇ ਹੋ ਹੋ ਖਿੱਲਰੇ ਮਿੱਟੀ ਮੁੜ ਜ਼ਰਖ਼ੇਜ਼ ਬਣੀ, ਛੱਪੜ ਬਣੇ ਸਰੋਵਰ, ਟੋਭੀ ਨੀਲੀ ਝੀਲ ਬਣੀ, ਤਾਂ ਕੰਘੇ ਦੇ ਚਿਹਰੇ ਫੈਲੀ ਸੀ ਮਿੱਠੀ ਮੁਸਕਾਣ। ਪਰ ਬਾਬੇ ਦੀਆਂ ਗੱਲਾਂ ਵਿਚਲੇ ਸਮਝ ਆਏ ਹੁਣ ਰਾਜ਼, ਘੁੱਟਾਵੱਟੀ ਲੂਣਾ ਟੁੱਕਰ ਫਿਰ ਵੀ ਜੀਭ ਮਿਠਾਸ, ਕਿਰਤੀ ਦੀ ਦਰਵੇਸ਼-ਨਿਸ਼ਾਨੀ ਜੇ ਮੇਟੇ ਕੋਈ ਰਾਜ, ਤਾਂ ਉਸ ਰਾਜ ਦਾ ਮਿਟਣਾ ਵੀ ਹੈ ਅੰਤਮ ਸੱਚ ਜਹਾਨ। ਬਾਬਾ ਮਰਿਆ ਮੌਣ ਵੀ ਢੱਠੀ ਪੂਰ ਦਿੱਤਾ ਸੀ ਖੂਹ, ਸੰੁਨ ਆਲ੍ਹਣੇ ਚਹਿਕ ਨਾ ਕੋਈ ਰਾਗ ਵਿਹੂਣੀ ਜੂਹ, ਪੇਚਦਾਰ ਬਰਛੇ ਦੇ ਝਟਕੇ ਪਾਈ ਆਂਦਰੀਂ ਧੂਹ, ਪਾਰ ਦੁਮੇਲੋਂ ਚੀਕ ਸੁਣੀ ਜੋ ਗਈ ਚੀਰ ਅਸਮਾਨ। ਸ਼ੀਸ਼ ਮਹਿਲ ਦੀ ਬਾਰੀ ਵਿੱਚੋਂ ਬਾਹਰ ਝਾਕਿਆ ਰਾਜਾ, ਕੰਘਾ ਵਿੱਚ ਹਵਾ ਦੇ ਤੈਰੇ ਬਿਨ ਡੋਰੀ ਬਿਨ ਤਾਗਾ, ਦੌੜਾ ਵੱਲ ਵਜ਼ੀਰਖਾਨੇ ਦੇ ਹਫਿਆ ਕੀ ਤਮਾਸ਼ਾ, ਤੁਖ਼ਮ ਉੜਾਓ ਇਸ ਕੰਘੇ ਦੇ ਨਹੀਂ ਸੁਣਨਾ ਵਿਖਿਆਨ। ਤੱਕ ਵਜ਼ੀਰ ਠਠੰਬਰੇ ਸਾਰੇ ਇਕ ਬੋਲਿਆ “ਜੀ”, ਅੰਬਰ ਇਸ ਕੰਘੇ ਦਾ ਪੁੱਤਰ, ਧਰਤੀ ਇਹਦੀ ਧੀ, ਅਜ਼ਲੋਂ ਸਬਰ ਸਿਦਕ ਦਾ ਗੁੰਬਦ ਕਦੇ ਨਾ ਢਹਿੰਦਾ ਈ, ਇਸ ਕੰਘੇ ਤੇ ਵਾਰ ਨਹੀਂ ਕਰਦਾ ਸ਼ਾਸਕ ਚਤੁਰ ਸੁਜਾਨ। ਉਗਲ਼ੀ ਝੱਗ ਰਾਜੇ ਨੇ ਖਫ਼ਿਆ ਬੋਲ ਨਾ ਬੋਲੀਂ ਹੋਰ, ਸਿੰਗ ਭੰਨ ਕੇ ਝੱਟ ਝਟਕਾਈਏ ਹੁਕਮ ਅਦੂਲਾ ਢੋਰ, ਸਿਪਾਹਸਲਾਰ ਨੂੰ ਤਲਬ ਕਰੋ ਜੇ ਪੱਲੇ ਨਹੀਂ ਕੁੱਝ ਹੋਰ, ਮੈਂ ਤਾਂ ਇਕ ਇਕ ਕਰਕੇ ਜਿੱਤੇ ਸਾਰੇ ਯੁੱਧ ਘਮਸਾਣ। ਸਿਪਾਹਸਲਾਰ ਦੀ ਚਾਪ ਸੁਣੀ ਜਦ ਹੋ ਗਏ ਸੁੰਨ ਵਜ਼ੀਰ, ਚਿਹਰੇ ਅੱਜ ਮੁਸਕਾਣ ਨਹੀਂ ਸੀ ਅੰਦਰੋਂ ਬੜਾ ਅਧੀਰ, “ਕੰਘੇ ਉੱਤੇ ਤੀਰ ਨਹੀਂ ਚੱਲਣਾ ਨਾ ਚੱਲਣੀ ਸ਼ਮਸ਼ੀਰ, ਇਸ ਕੰਘੇ ਦੀ ਮੰਗ ਪਵਿੱਤਰ ਆਪ ਕਰੋ ਪਰਵਾਨ”। ਗੱਜਿਆ ਰਾਜਾ ਮੈਂ ਆਖਿਆ ਨਹੀਂ ਸੁਣਨਾ ਵਿਖਿਆਨ, ਤੀਰ ਨਾ’ ਫੁੰਡੋ ਭੁੰਜੇ ਸੁੱਟੋ ਮਾਰੋ ਫੇਰ ਵਦਾਨ, ਕੱਲਾ ਕੱਲਾ ਦੰਦਾ ਤੋੜੋ ਫੂਕੋ ਵਿੱਚ ਸ਼ਮਸ਼ਾਨ, ਏਦਾਂ ਦੱਸੋ ਰਾਜ ਦੀ ਕੀੜੀ ਕੌਣ ਇਹਦਾ ਸੁਲਤਾਨ। ਫੇਰ ਸਨਿਮਰ ਵਜ਼ੀਰ ਬੋਲਿਆ ਧੀਮੀ ਵਿੱਚ ਅਵਾਜ਼, ਤਾਜ ਤੁਸਾਂ ਦਾ, ਰਾਜ ਤੁਸਾਂ ਦਾ, ਮੈਂ ਕੌਣ ਸਰਕਾਰ, ਮੇਰੀ ਮੱਤ ਸੁਝਾਉਂਦੀ ਸੱਦੋ ਕੰਘੇ ਨੂੰ ਦਰਬਾਰ, ਸਿਦਕੀ ਕਿਰਤੀ ਨੂੰ ਗਲ਼ ਲਾਉਣਾ ਨਹੀਂ ਹੁੰਦਾ ਅਪਮਾਨ। ਘੁੰਮਣਘੇਰੀ ਆਈ ਰਾਜੇ, ਸਭਨਾਂ ਥੰਮ ਲਿਆ, ਇਰਦ ਗਿਰਦ ਦਰਬਾਰੀ ਭੱਜੇ ਇਹ ਕੀ ਵਾਪਰਿਆ, ਦਗ਼ਦਾ ਕੋਲ਼ਾ ਅੱਖ ਦੇ ਫੋਰੇ ਬੱਸ ਹੋ ਰਾਖ ਗਿਆ, ਇਕ ਕੰਘੇ ਨੇ ਤੋੜ ਮਾਰਿਆ ਰਾਜ ਭਾਗ ਅਭਿਮਾਨ। ਲੰਮਾ ਸਾਹ ਭਰਿਆ ਜਦ ਰਾਜੇ ਤੱਕ ਅਕਾਸ਼ਾਂ ਵੱਲ, ਲੱਖਾਂ ਕੰਘੇ ਤੈਰਨ ਨ੍ਹੇਰਾ ਕੀਤਾ ਸ਼ੀਸ਼ ਮਹੱਲ, ਜਿਹੜਾ ਜਿੱਥੇ ਧਾਉਂਦਾ ਸੀ ਤੇ ਪਾਉਂਦਾ ਸੀ ਤਰਥੱਲ, ਤਿੜਕ ਤਿੜਕ ਕੇ ਚੂਰਾ ਹੋਇਆ ਕੱਚ ਦੇ ਗੁੰਬਦ ਵਾਂਗ। ਖੂਹ ਦੀ ਮੌਣ ਬਾਬੇ ਦਾ ਕੰਘਾ, ਮਾਰਨ ਆਏ ਵਦਾਨ, ਬੂਹੇ ਢੋਅ ਕੇ ਰੋਣ ਜਿਉਂਦੇ, ਮੁਰਦੇ ਵਿੱਚ ਮਸਾਣ।

ਦਿੱਲੀ ਦੀਆਂ ਬਰੂਹਾਂ ਤੇ-ਸੁਰਿੰਦਰ ਗੀਤ

ਸੀਮਿੰਟ ਦੀਆਂ ਉੱਚੀਆਂ ਉੱਚੀਆਂ ਕੰਧਾਂ ਰਾਹਾਂ ‘ਚ ਗੱਡੀਆਂ ਤਿੱਖੀਆਂ ਕਿੱਲਾਂ ਕੰਡਿਆਲੀਆਂ ਤਾਰਾਂ ਸਭ ਬੇ-ਅਰਥ ਹਨ ਸੁਲਗਦੇ ਦਹਿਕਦੇ ਰੌਸ਼ਨ ਬੋਲਾਂ ਦੀ ਕਵਿਤਾ ਮੂਹਰੇ ਜੋ ਸਦਾ ਇਨਸਾਨੀਅਤ ਦੇ ਦੇਸ਼ ਵੱਲ ਬਹੁੜਦੀ ਹੈ ਸੜਦੀ ਬਲਦੀ ਧਰਤੀ ਤੇ ਸੀਤਲ ਸ਼ਬਦ ਵਰਸਾਉਂਦੀ ਹੈ ਮਨੁੱਖਤਾ ਦਾ ਘਾਣ ਤੇ ਹੱਕਾਂ ਦੀ ਲੁੱਟ ਹੁੰਦੀ ਵੇਖ ਸ਼ਕਤੀਸ਼ਾਲੀ ਤੂਫਾਨ ਬਣ ਸਾਗਰਾਂ ਤੇ ਪਰਬਤਾਂ ਦੇ ਪਾਰ ਜਾ ਮਾਰੂ ਤਾਕਤਾਂ ਨੂੰ ਆਪਣੇ ਤੇਜ਼ ਤੱਪ ਵਿੱਚ ਫੂਕ ਸੁੱਟਦੀ ਹੈ ਤੇ ਇਹ ਕਵਿਤਾ ਹੁਣ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੀ ਹੈ ।

ਉਹ ਤਾਂ-ਸੁਰਿੰਦਰ ਗੀਤ

ਕਿਰਤ ਕਰਨ ਵੰਡ ਛੱਕਣ ਨਾਮ ਜਪਣ ਤੇ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਕਿਰਤੀ ਕਿਸਾਨ ਨੇ ਜੋ ਰਾਜਧਾਨੀ ਦੀਆਂ ਬਰੂਹਾਂ ਤੇ ਬੈਠ ਆਪਣੀ ਹੋਂਦ ਖਾਤਿਰ ਹੱਕ ਸੱਚ ਦੀ ਸਾਂਤਮਈ ਲੜਾਈ ਲੜ ਰਹੇ ਨੇ ਨਵਾਂ ਇਤਿਹਾਸ ਘੜ ਰਹੇ ਨੇ ਪਰ…. ਦੁਨੀਆਂ ਦੇ ਸਭ ਤੋਂ ਵੱਡੇ ਲੋਕ-ਤੰਤਰ ਦਾ ਸਭ ਤੋਂ ਉੱਚਾ ਸਿੰਘਾਸਣ ਕਿਰਤੀ ਕਿਸਾਨਾਂ ਦੇ ਨਾਅਰਿਆਂ ‘ਚ ਨਿੱਤ ਨਵੀਂ ਸਾਜ਼ਿਸ਼ ਬੁਣ ਰਿਹਾ ਹੈ ਤੇ ਅੱਜ ਇਸ ਸਿੰਘਾਸਣ ਨੇ ਇਹਨਾਂ ਕਿਰਤੀਆਂ ਨੂੰ ਪਰਜੀਵੀ ਤੇ ਅੰਦੋਲਨਜੀਵੀ ਕਹਿ ਕੇ ਭੰਡਿਆ ਹੈ ਦੇਸ਼ ਦੇ ਪਹਾੜ ਪਾਣੀ ਹਵਾਵਾਂ ਫ਼ਸਲਾਂ ਤੇ ਬੂਟੇ ਪਸ਼ੂ ਪਰਿੰਦੇ ਤੇ ਲੋਕ ਬਹੁਤ ਉਦਾਸ ਨੇ ਰੋਸ ਵੱਧਿਆ ਹੈ ਤੇ ਪੂਰੀ ਦੁਨੀਆਂ ਸਾਹਮਣੇ ਦੇਸ਼ ਦਾ ਸਿਰ ਸ਼ਰਮ ਨਾਲ ਝੁੱਕਿਆ ਹੈ ।

ਇੱਕੋ ਦਿਸਦੇ-ਸੁਰਿੰਦਰ ਗੀਤ

ਕਲ੍ਹ ਤੱਕ ਮੈਨੂੰ ਲੱਗ ਰਹੇ ਸਨ ਵੱਖਰੇ ਵੱਖਰੇ ਯੂ.ਪੀ ਰਾਜਸਥਾਨ ਹਰਿਆਣਾ ਅਤੇ ਪੰਜਾਬ ਦੇ ਲੋਕ ਪਰ ਅੱਜ ਮੈਨੂੰ ਇੱਕੋ ਦਿਸਦੇ ਸਾਰੇ ਮੈਨੂੰ ਮੇਰੇ ਲੱਗਦੇ ਸਭਨਾਂ ਦਾ ਹੈ ਧਰਮ ਇਨਸਾਨ ਤੇ ਸਭਨਾਂ ਦੀ ਜਾਤ ਕਿਸਾਨ ਤੇ ਇਹ ਸਾਰੇ ਇਕ ਮੁੱਠ ਹੋਏ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਮੰਗ ਰਹੇ ਸਰਕਾਰ ਦੇ ਪਾਸੋਂ ਅਪਣੇ ਹੱਕ ਅਤੇ ਅਧਿਕਾਰ ਤਾਂ ਜੋ ਦੁਨੀਆਂ ਦੇ ਵਿੱਚ ਸਾਡਾ ਭਾਰਤ ਬਣਿਆ ਰਹੇ ਮਹਾਨ ।

ਤੇਰੇ ਅੱਜ ਸ਼ਹਿਰ ਵਿੱਚ-ਸੁਰਿੰਦਰ ਗੀਤ

ਤੇਰੇ ਅੱਜ ਸ਼ਹਿਰ ਵਿੱਚ ਆ ਕੇ ਮੇਰੇ ਤੋਂ ਗਾ ਨਹੀ ਹੋਇਆ । ਨਾ ਲੱਗੀ ਹੇਕ ਭੈਰਉ ਦੀ ਗਿਆ ਨਾ ਭੈਰਵੀ ਛੋਹਿਆ। ਜਦੋਂ ਕੋਈ ਕਿਤੇ ਗਾਵੇ ਤਾਂ ਸਭ ਰੁੱਖ ਸਾਜ਼ ਬਣ ਜਾਂਦੇ ਹਵਾ ਗੁਸਤਾਖ਼ ਨੇ ਆ ਕੇ ਇਹ ਹੱਕ ਰੁੱਖਾਂ ਤੋਂ ਹੈ ਖੋਹਿਆ। ਜਦੋਂ ਤੱਕਿਆ ਚੁਫੇਰੇ ਮੈਂ ਹਨੇਰਾ ਹੀ ਹਨੇਰਾ ਸੀ ਤੇ ਪਲ ਭਰ ਜਾਪਿਆ ਮੈਨੂੰ ਜਿਵੇਂ ਸੂਰਜ ਹੁਣੇ ਮੋਇਆ। ਜਨੌਰਾਂ ਤੋਂ ਜਦੋਂ ਪੁੱਛਿਆ ਚੁਫੇਰਾ ਕਿਉਂ ਉਦਾਸਾ ਹੈ ਇਸ਼ਾਰਾ ਕਰਕੇ ਉਹ ਬੋਲੇ ਤੂੰ ਦੱਸ ਇਹ ਖੂਂਨ ਕਿਸ ਚੋਇਆ। ਅਸਾਡਾ ਖੇਤ ਸਰਸੋਂ ਦਾ ਸੀ ਧਾਹਾਂ ਮਾਰ ਕੇ ਰੋਇਆ ਧਨਾਢਾਂ ਦੇ ਦਲਾਲਾਂ ਨੇ ਬਸੰਤੀ ਫੁੱਲ ਜਦੋਂ ਛੋਹਿਆ। ਜਦੋਂ ਬੋਲੀ ਕੋਈ ਮਰਦੀ ਤਾਂ ਸਭਿਆਚਾਰ ਵੀ ਮਰਦਾ ਤੇ ਸਾਡੀ ਹੋਂਦ ਮੇਟਣ ਨੂੰ ਸਦਾ ਪਰਯੋਗ ਇਹ ਹੋਇਆ । ਕਰਾਂ ਸਿੱਜਦਾ ਮੈਂ ਉੱਠ ਤੜਕੇ ਇਹਨਾਂ ਕਿਰਤੀ ਕਿਸਾਨਾਂ ਨੂੰ ਜਿਹਨਾਂ ਲਾ ਹੱਕ ਦਾ ਨਾਅਰਾ ਜਮੀਂ ਵਿੱਚ ਸੱਚ ਹੈ ਬੋਇਆ ।

ਧਰਤੀ ਦੇ ਪੁੱਤ ਅਸੀਂ-ਜੁਗਿੰਦਰ ਸੰਧੂ

ਦੇਸ਼ ਭਰ ਵਿੱਚੋਂ ਆ ਕੇ ਜੁੜ ਗਏ ਕਿਸਾਨ ਹੁਣ, ਸ਼ੰਭੂ-ਸਿੰਘੂ ਮੋਰਚੇ 'ਤੇ ਧੱਕ ਜਿਹੀ ਪੈਣ ਲੱਗੀ। ਡਰਦੇ ਨਹੀਂ ਮੀਂਹ ਤੋਂ ਨਾ ਠੰਡ ਨੂੰ ਵੀ ਮੰਨਦੇ ਇਨ੍ਹਾਂ ਕੋਲੋਂ ਮੌਤ ਜਾਪੇ ਥੋੜ੍ਹਾ ਦੂਰ ਰਹਿਣ ਲੱਗੀ। ਹੱਸ-ਹੱਸ ਝੱਲਦੇ ਪਏ ਸਾਰੀਆਂ ਹੀ ਆਫਤਾਂ ਨੂੰ, ਨਾਲੇ ਉਚੀ 'ਵਾਜ਼ 'ਚ ਜੈਕਾਰੇ ਯੋਧੇ ਛੱਡਦੇ। ਧਰਤੀ ਦੇ ਪੁੱਤ ਅਸੀਂ ਖੇਤਾਂ ਦੀ ਲੜਾਈ ਸਾਡੀ ਬੀਜਦੇ ਵੀ ਜਿੱਤ ਹਾਂ ਤੇ ਜਿੱਤ ਹੀ ਆਂ ਵੱਢਦੇ। ਕਰਦੀ ਹੈ ਵੈਰ ਜਿਹੜੀ ਸੋਨੇ ਰੰਗੇ ਸਿੱਟਿਆਂ ਨੂੰ ਦਿੱਲੀ ਸਰਕਾਰ ਕਿਉਂ ਨਿਕੰਮੀ ਜਿਹੀ ਹੋ ਗਈ। ਜਿੱਤਾਂਗੇ ਜ਼ਰੂਰ ਅਸੀਂ ਹੌਸਲੇ ਦੇ ਨਾਲ ਦੇਖੀਂ ਭਾਵੇਂ ਇਹ ਲੜਾਈ 'ਸੰਧੂ' ਲੰਮੀ ਜਿਹੀ ਹੋ ਗਈ।

ਵੀਹ ਤੋਂ ਇੱਕੀ-ਜੁਗਿੰਦਰ ਸੰਧੂ

ਵੀਹ ਤੋਂ ਇੱਕੀ ਹੋ ਜਾਣ ਵਾਲਿਆ, ਦੁਨੀਆ ਵਿੱਚ ਖੁਸ਼ੀਆਂ ਵਰਤਾਵੀਂ। ਇੱਕ -ਇੱਕ ਦੁੱਖੜਾ ਚੁਣ ਲਵੀਂ ਤੂੰ, ਖੇੜੇ ਬੰਨ੍ਹ-ਬੰਨ੍ਹ ਪੰਡਾਂ ਲਿਆਵੀਂ। ਸੜਕਾਂ 'ਤੇ ਸੁੱਤਾ ਅੰਨਦਾਤਾ, ਠੰਡ ਨਾਲ ਮੱਥਾ ਲਾਇਆ ਹੋਵੇ, ਫਿਰ ਵੀ ਹਾਕਮ ਗੱਲ ਨਾ ਗੌਲੇ ਇਹ ਚਿੱਤਰ ਨਾ ਕਦੇ ਵਿਖਾਵੀਂ। ਕਦੀ ਕਰੋਨਾ ਜਿਹੀ ਬੀਮਾਰੀ ਦਾ ਪਰਛਾਵਾਂ ਆਣ ਪਵੇ ਨਾ, ਦੁੱਖ-ਰੋਗ ਤੋਂ ਮਾਨਵਤਾ ਨੂੰ, ਨਵਿਆਂ ਵਰ੍ਹਿਆ ਆਪ ਬਚਾਵੀਂ। ਸੰਧੂ ਨੂੰ ਕੋਈ ਇਲਮ ਖਾਸ ਨਹੀਂ ਜੋੜ-ਜਾੜ ਕੇ ਕਵਿਤਾ ਲਿਖਦੈ, ਤੂੰ ਸਤਰੰਗੀ ਪੀਂਘ ਜਿਹਾ ਕੋਈ, ਉਸ ਦੀ ਕਲਮ ਨੂੰ ਗੀਤ ਫੜਾਵੀਂ। ਲੁੱਟਾਂ-ਖੋਹਾਂ,ਚੋਰੀਆਂ, ਡਾਕੇ, ਅਪਰਾਧਾਂ ਦੀ ਅਲਖ ਮੁਕਾ ਦਈਂ, ਕੋਈ ਆਦਮ ਹੈਵਾਨ ਬਣੇ ਨਾ ਅਬਲਾਵਾੰ ਦੀ ਇੱਜ਼ਤ ਬਚਾਵੀਂ। ਰਾਜਿਆਂ ਨੂੰ ਸ਼ੀਹ ਬਣਨ ਨਾ ਦੇਵੀਂ, ਨਾ ਹੀ ਬਣਨ ਮੁਕੱਦਮ ਕੁੱਤੇ, ਰੱਬ ਦੀ ਸਿਰਜੀ ਏਸ ਧਰਤ ਤੋਂ ਕੂੜ ਅਮਾਵਸ ਹੂੰਝ ਲਿਜਾਵੀਂ।

ਇਹ ਤਾਂ ਪੱਕੇ ਨੇ ਸਿਰੜ ਦੇ-ਜੁਗਿੰਦਰ ਸੰਧੂ

ਜ਼ਿੱਦੀ ਨਾ ਕਹੋ, ਇਹ ਤਾਂ ਪੱਕੇ ਨੇ ਸਿਰੜ ਦੇ, ਆਪਣਿਆਂ ਬੋਲਾਂ ਉਤੇ ਅੜੇ ਹੋਏ ਕਿਸਾਨ ਨੇ। ਇਕ ਪਿੰਡ, ਇਕ ਜ਼ਿਲੇ-ਸੂਬੇ ਤੋਂ ਨਹੀਂ ਆਏ ਹੋਏ, ਸਾਰੇ ਦੇਸ਼ ਵਿੱਚੋਂ ਪੁੱਜੇ ਰੱਖ ਤਲੀ ਉੱਤੇ ਜਾਨ ਨੇ । ਸੂਰਮੇ ਪੰਜਾਬੀ, ਹਰਿਆਣੇ ਵਾਲੇ ਮੱਲ ਵੀ ਨੇ, ਯੂ.ਪੀ;ਸੀ.ਪੀ.ਵਾਲੇ ਤੇ ਬਿਹਾਰੀ ਵੀ ਮਹਾਨ ਨੇ। ਯਾਦਵ, ਟਿਕੈਤ, ਜਮਵਾਲ ਅਤੇ ਬੋਸ ਜੁੜੇ, ਪੰਜਾਬੀਆਂ ਦੇ ਨਾਲ ਤੁਰੇ ਸੰਧੂ, ਗਿੱਲ,ਮਾਨ ਨੇ। ਸਾਰਿਆਂ ਦੀ ਸਾਂਝੀ ਗੱਲ ਮੰਨ ਲੈ ਹਕੂਮਤੇ ਨੀ, ਇਹ ਤਾਂ ਹੱਕ-ਸੱਚ ਲਈ ਵਾਰ ਦਿੰਦੇ ਜਾਨ ਨੇ।

ਧਰਤੀ ਸੋਂਹਦੀ ਫਸਲਾਂ ਨਾਲ-ਜੋਗਾ ਸਿੰਘ ਭਾਗੋਵਾਲੀਆ (ਕਵੀਸ਼ਰ)

ਕੱਲ੍ਹ ਖੇਤਾਂ ਦਾ ਗੇੜਾ ਲਾਇਆ। । ਤੱਕ ਕੇ ਕਣਕੀਂ ਜੋਬਨ ਛਾਇਆ । ਪਰ ਇੱਕ ਚੰਦਰੀ ਪੀੜ ਸਤਾਇਆ, ਜਿਸ ਨੂੰ ਦਿਲ ਨੇ ਇੰਜ ਫ਼ੁਰਮਾਇਆ । ਹਾਂਜੀ ਸੁਣੋ ਜਾਨ ਜਿਸਮ ਵਿੱਚ ਪੌਣੀਏ ਕਣਕੇ । ਰੂਹ ਦਾ ਸਾਥ ਨਿਭੌਣੀਂਏ ਕਣਕੇ । ਖੇਤੀ ਜਾਈਏ ਸੋਹਣੀਏਂ ਕਣਕੇ । ਦਿਲ ਸ਼ਾਇਰਾਂ ਦਾ ਮੋਹਣੀਏ ਕਣਕੇ । ਮੋਹ ਦਾ ਰਿਸ਼ਤਾ ਭੁੱਲ ਜਾਵੀਂ ਨਾ । ਘਰੇ " ਬੇਗਾਨੇ"" ਤੁੱਲ ਜਾਵੀਂ ਨਾ। ਵੇਖ ਅਮੀਰੀ ਝੁੱਲ ਜਾਂਵੀ ਨਾ। ਬਿਨ ਬਰਸਾਤੋਂ ਹੁੱਲ ਜਾਂਵੀ ਨਾ । ਕਰਕੇ ਰੱਖੀਂ ਤਗੜੇ ਜੇਰੇ। । ਜਾਗ ਉੱਠੇ ਨੇ ਵਾਰਿਸ ਤੇਰੇ । ਡਰ ਨਾ ਜਾਵੀਂ ਵੇਖ ਹਨੇਰੇ । ਇੱਕ ਦਿਨ ਚੜਨੇ ਸੋਨ ਸਵੇਰੇ । ਰੱਜਵਾਂ ਤੈਨੂੰ ਪਿਆਰ ਦਿਆਂਗੇ । ਸਿਰ ਨਜ਼ਰਾਨਾ ਤਾਰ ਦਿਆਂਗੇ । ਜਿੰਦ ਤੇਰੇ ਤੋਂਂ ਵਾਰ ਦਿਆਂਗੇ । ਰਣ ਵੈਰੀ ਨੂੰ ਹਾਰ ਦਿਆਂਗੇ ।। ਬੇਸ਼ੱਕ ਨੀਤੀ ਦਗਾ ਕਮਾਇਆ । ਕੁਰਸੀ ਖਾਤਿਰ ਫ਼ਰਜ਼ ਭੁਲਾਇਆ । ਐਪਰ ਮਰਦਾਂ ਰਾਹ ਰੁਸ਼ਨਾਇਆ । ਸੁੱਤਾ ਆਲਿਮ ਟੁੰਬ ਜਗਾਇਆ। ।

ਹੋਸ਼ਿਆਰ ਖ਼ਬਰਦਾਰ! ਮੇਰੀ ਸਰਕਾਰ-ਚਰਨਜੀਤ ਸਿੰਘ ਪੰਨੂ

ਮੈਂ ਕਿਸਾਨ ਹਾਂ, ਜਵਾਨ ਹਾਂ। ਮਿੱਟੀ ਦਾ ਪੁਤਲਾ ਹਾਂ ਧਰਤੀ ਦਾ ਪੁੱਤਰ! ਪਰਖ ਲੈ, ਪਛਾਣ ਲੈ...ਵੇਖ ਲੈ! ਓਹੋ ਹੀ ਹਾਂ ਮੈਂ, ਜੋ ਗੁਲਾਮੀ ਬੇੜੀਆਂ ਕੱਟਣ ਹਿਤ ਤੇਰੀ ਆਜ਼ਾਦੀ ਖ਼ਾਤਰ ਲੜਿਆ ਸਾਂ, ਫਾਂਸੀ ਤੇ ਚੜਿਆ ਸਾਂ, ਤੇਰੀ ਇੱਜ਼ਤ ਆਬਰੂ ਖ਼ਾਤਰ, ਸਰਹੱਦਾਂ ਤੇ ਖੜਿਆ ਹਾਂ। ਤੇਰੇ ਢਿੱਡ ਦੇ ਝੁਲਕੇ ਵਾਸਤੇ, ਕਕਰੀਲੀਆਂ ਰਾਤਾਂ ਵਿਚ ਠਰਿਆ ਹਾਂ। ਸਬਰ ਸੰਤੋਖ ਤਹੰਮਲ ਵਾਲਾ ਸਰਬੱਤ ਦਾ ਭਲਾ ਮੰਗਣ ਵਾਲਾ ਸਰਬ ਸਾਂਝੀਵਾਲ ਸ਼ਾਂਤੀ ਦਾ ਮਤਵਾਲਾ ਹਾਂ। ਮੈਂ ਅੱਤਵਾਦੀ ਨਹੀਂ, ਨਕਸਲੀ ਨਹੀਂ, ਵੱਖਵਾਦੀ ਨਹੀਂ। ਨਾ ਪਾਕਿਸਤਾਨੀ ਮਾਉਵਾਦੀ ਖ਼ਾਲਿਸਤਾਨੀ। ਨਾ ਟੁਕੜੇ ਟੁਕੜੇ ਗੈਂਗ, ਬਾਗ਼ੀ, ਗ਼ੱਦਾਰ, ਨਾ ਗੁਨਾਹਗਾਰ! ਹਾਂ ਸਿਦਕੀ ਸਿਰੜੀ ਸੂਰਮਾ ਸਰਦਾਰ ਦੇਸ਼ ਕੌਮ ਦਾ ਸੱਚਾ ਸਿਪਾਹੀ ਵਫ਼ਾਦਾਰ। ਹੋਸ਼ ਕਰ ਮੇਰੀ ਸਰਕਾਰ। ਨਵ-ਜਾਤ ਬੱਚੇ ਦੀ ਜਨਮ ਗੁੜ੍ਹਤੀ ਤੋਂ, ਪੀਜ਼ਾ ਬਰਗਰ ਡਬਲ ਰੋਟੀ ਤੱਕ, ਮਜ਼ਦੂਰ ਮਸ਼ੱਕਤ ਦੇ ਕੀਤੇ ਤਿਆਰ! ਮੈਂ ਨਹੀਂ ਮੰਗਦਾ ਕੋਈ ਇਵਜ਼ ਇਨਾਮ! ਬਿਆਈਆਂ ਪਾਟੇ ਹੱਥਾਂ ਪੈਰਾਂ ਦੀ ਲੈ ਕੁਝ ਸਾਰ! ਉਚਿੱਤ ਹੱਕੀ ਦਾਅਵਾ ਨਾ ਵਿਸਾਰ। ਹੋਸ਼ ਕਰ ਮੇਰੀ ਸਰਕਾਰ। ਮੈਂ ਕਰ ਰਿਹਾ ਹਾਂ ਸੰਘਰਸ਼, ਆਪਣਾ ਅਸਤਿਤਵ ਬਚਾਉਣ ਖ਼ਾਤਰ. ਜਮਹੂਰੀ ਹੱਕ ਹਥਿਆਉਣ ਖ਼ਾਤਰ। ਦਿੱਲੀ ਦੇ ਦਰ ਮੂਹਰੇ ਸੜਕਾਂ ਤੇ ਨੰਗੇ ਠੰਢੇ ਅਸਮਾਨ ਹੇਠ, ਸ਼ਾਂਤਮਈ ਰੋਸ ਮਾਰਚ ਧਰਨੇ ਬੈਠਾ, ਤੈਨੂੰ ਜਗਾਉਣ ਲਈ। ਭਰਮ ਭੁਲੇਖੇ ਮਿਟਾਉਣ ਲਈ। ਖਾਣ ਵਾਲੇ ਹੋਰ ਤੇ ਵਿਖਾਉਣ ਵਾਲੇ ਹੋਰ ਤੇਰੇ ਵਿਭਿੰਨ ਟਪਲਾਊ ਦੰਦਾਂ ਦਾ ਪ੍ਰਦਰਸ਼ਨ। ਤੇਰੇ ਕੱਚੇ ਚਿੱਠੇ, ਕਾਲੇ ਪ੍ਰਯੋਜਿਤ, ਨਿਰਵਸਤਰ ਹੋ ਗਏ ਸਾਰੇ ਨਕਾਬਪੋਸ਼ ਚਿਹਰੇ। ਜਿਸ ਥਾਲ਼ੀ ਵਿਚ ਖਾਣਾ ਉਸੇ ਵਿਚ ਛੇਕ ਕਰਨਾ! ਸੋਂਹਦਾ ਨਹੀਂ ਬੱਚੇ ਖਾਣੀ ਸੱਪਣੀ, ਤੇ ਅਕ੍ਰਿਤਘਣ ਡੈਣ ਦਾ ਕਿਰਦਾਰ। ਹੋਸ਼ ਕਰ ਮੇਰੀ ਸਰਕਾਰ। ਸੌ ਦਿਨ ਚੋਰ ਦਾ, ਇੱਕ ਦਿਨ ਸਾਧ ਦਾ। ਮੌਕਾਪ੍ਰਸਤ ਫਫੇਕੁਟਣੀਆਂ ਕੂਟਨੀਤੀਆਂ ਤੋਂ ਸੁਚੇਤ ਜਾਗਰੂਕ ਹੋ ਗਈ ਜਨਤਾ ਪੈ ਗਈ ਡਾਂਡੇ-ਮੀਂਡੇ ਇਨਕਲਾਬ ਦੇ ਵੱਢ। ਥੈਲੀਆਂ ਵਾਲੇ ਬਿਨ-ਸਿੰਗੇ ਸਾਨ੍ਹ ਕਰ ਰਹੇ ਉਜਾੜਾ ਮੇਰੇ ਖੇਤਾਂ ਦਾ! ਚੀਰਹਰਣ ਡਰਾਮਾ ਤੇਰਾ ਹੋ ਜਾਣਾ ਵਿਫਲ। ਚੌਕਸ ਹੋ ਉੱਠਿਆ ਹੈ ਦੇਸ਼ ਦਾ ਕਿਸਾਨ ਉਹਦੀ ਪਿੱਠ ਤੇ ਆ ਗਿਆ ਸਾਰਾ ਜਹਾਨ। ਉਖੜ ਜਾਣੀ ਤੇਰੀ ਹਕੂਮਤ, ਹਾਕਮ ਨਹੀਂ ਚਾਹੀਦਾ ਏਨਾ ਮੱਕਾਰ। ਹੋਸ਼ ਕਰ ਮੇਰੀ ਸਰਕਾਰ। ਉੱਤਰ ਆ ਹੇਠਾਂ ਧਨਾਢਾਂ ਦੇ ਕੁੱਛੜੋਂ ਮੰਨ ਲੈ ਜਲਦੀ ਹੱਕੀ ਮੰਗ ਹੱਕਦਾਰਾਂ ਦੀ। ਨਾ ਹੋਰ ਪਰਖ ਜਿਗਰੇ ਮਜ਼ਦੂਰਾਂ ਦੇ ਕਿਸਾਨਾਂ ਦੇ! ਉਨ੍ਹਾਂ ਨਹੀਂ ਖਾਲੀ ਮੁੜਨਾ ਨਿਆਇਕ ਭੁਗਤਾਨ ਤੋਂ ਬਿਨਾਂ। ਛੱਬੀ ਜਨਵਰੀ ਗਣਤੰਤਰ ਦੀ ਪੁਕਾਰ, ਖੇਤਾਂ ਪਿੰਡਾਂ ਸ਼ਹਿਰਾਂ ਤੋਂ ਰਾਜਧਾਨੀ ਤੱਕ, ਗਲੋਬਲ ਜਾਗਰੂਕਤਾ ਸ਼ਾਂਤੀ ਮਾਰਚ। ਲੱਖਾਂ ਟਰੈਕਟਰਾਂ ਦਾ ਰੋਹਿਲਾ ਤੂਫ਼ਾਨ, ਕਾਮਯਾਬ ਸੰਗਰਾਮ ਦਾ ਅਜ਼ਮਾਇਸ਼ੀ ਟਰੇਲਰ! ਅੰਦੋਲਨ ਬਦਨਾਮ ਕਰਨ ਹਿਤ ਫੁੱਟ ਪਾਉਣ ਲਈ ਰਚੀ ਗੰਦੀ ਸਾਜ਼ਿਸ਼ ਹੋ ਗਈ ਆਖ਼ਰ ਬੇਨਕਾਬ। ਦੇਣਾ ਪੈਣਾ ਹੈ ਤੈਨੂੰ ਦੁਸ਼ਟਤਾ ਦਾ ਹਿਸਾਬ। ਪਿੱਛੇ ਮੁੜ ਆ, ਨਾ ਜਰਾ ਦੇਰ ਲਾ। ਅੜੀ ਨਾ ਪੁਗਾ, ਨਾ ਹੋਰ ਭਾਜੀ ਪਾ। ਰੱਦ ਕਰ ਕਿਸਾਨ ਬੇਦਖ਼ਲੀ ਮਨਸੂਬੇ, ਤਜ ਮਤਰੇਈ ਵਾਲੇ ਸੰਸਕਾਰ, ਸਮਝ ਸਭ ਨੂੰ ਬਰਾਬਰ ਇੱਕ ਪਰਿਵਾਰ। ਪੂਰੇ ਕਰ, ਕੀਤੇ ਜੋ ਕੌਲ ਇਕਰਾਰ। ਹੋਸ਼ ਕਰ ਮੇਰੀ ਸਰਕਾਰ. ਗੁਮਰਾਹਕੁਨ ਕੋਝੀ ਸਿਆਸਤ ਦੀ ਹੁੰਦੀ ਹੈ ਥੋੜ੍ਹਚਿਰੀ ਆਰਜ਼ੂ। ਕੁਫ਼ਰ ਨਹੀਂ ਤੋਲ ਸਕਦੀ ਹੁਣ, ਝੂਠ ਨਹੀਂ ਬੋਲ ਸਕਦੀ ਤੂੰ। ਸਮਰੱਥ ਪਾਰਦਰਸ਼ੀ ਸ਼ੀਸ਼ਾ, ਵੇਖਣ ਪਛਾਣਨ ਦੇ ਸਮਰੱਥ ਹੈ, ਮਖੌਟਿਆਂ ਪਰਦਿਆਂ ਅੰਦਰ ਛਿਪੇ, ਅੰਤਰ-ਪ੍ਰੇਰਨਾ ਬਹੁਤੰਤਰੀ ਧਵਾਂਖੇ ਕਰੂਪ, ਬਹੁਰੰਗੀ ਅਸਲੀ ਨਕਲੀ ਚਿਹਰੇ। ਸੁੱਟ ਦੇਹ ਹੋਛੇ ਕੋਝੇ ਹਥਿਆਰ! ਛੱਡ ਹੈਂਕੜ ਹਉਮੈ ਹੰਕਾਰ ਹੋਸ਼ ਕਰ ਮੇਰੀ ਸਰਕਾਰ। ਵੇਖ! ਸਿੰਧੂ ਟਿੱਕਰੀ ਗਾਜ਼ੀਪੁਰ ਖੜ੍ਹ ਕੇ, ਸੋਝੀ ਕਰ ਕੰਧ ਤੇ ਲਿਖਿਆ ਪੜ੍ਹ ਕੇ। ਮੋੜ ਲੈ ਨਾਜਾਇਜ਼ ਕਾਲੇ ਭੈੜੇ ਕਾਨੂੰਨ। ਸ਼ਰਮਸਾਰ ਹੋ ਰਹੇ ਜੋ ਕਸਵੱਟੀ ਤੇ ਚਿੰਤਨ ਮੰਥਨ ਤਰਕ ਦੇ ਸ਼ਿਕਾਰ। ਨਕਦੋ ਨਕਦ ਸੌਦਾ ਹੈ ਹੁਣ, ਹੇ ਕਲਯੁਗ ਦੇ ਅਵਤਾਰ! ਮੂੰਹ ਸਿਰ ਤੋਂ ਮਖੌਟਾ ਉਤਾਰ। ਹੋਰ ਨਹੀਂ ਚੱਲਣਾ ਉਧਾਰ। ਹੁਸ਼ਿਆਰ! ਖ਼ਬਰਦਾਰ। ਹੋਸ਼ ਕਰ! ਸੈਨਹੋਜ਼ੇ (ਕੈਲੀਫੋਰਨੀਆ)

ਤੇਰਾ ਅਤਿਆਚਾਰ, ਸਾਡਾ ਸਬਰ-ਦਵਿੰਦਰ ਬਾਂਸਲ

ਕਾਨੂੰਨ ਆਖਦਾ ਹੈ ਸਾਨੂੰ ਹੱਕ ਹੈ -ਬੋਲਣ ਦਾ ਰਲ-ਮਿਲ ਇਕੱਠੇ ਹੋਣ ਦਾ ਆਪਣੀਆਂ ਗੱਲਾਂ ਦਿਲ ਖ਼ੋਲ ਕੇ ਰੱਖਣ ਦਾ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸ਼ਾਇਦ ਤੁਹਾਡੇ ਲਈ ਇਹ ਕਿਤਾਬੀ ਗੱਲਾਂ ਹਨ ਤੁਸੀਂ ਅਸਲ ਵਿੱਚ ਸਮਝਦੇ ਹੋ ਸਾਨੂੰ ਕੋਈ ਅਧਿਕਾਰ ਨਹੀਂ ਖੁੱਲ੍ਹੇਂ- ਆਮ ਬੋਲਣ ਦਾ ਆਪਣੇ ਹੱਕ ਜਤਾਉਣ ਦਾ ਉਨ੍ਹਾਂ’ਤੇ ਸੱਚ ਦਾ ਪਹਿਰਾ ਦੇਣ ਦਾ ਇੱਕ ਪਿਤਾ ਆਪਣੇ ਪਰਵਾਰ ਦਾ ਪਾਲਕ ਤੇ ਰਾਖਾ ਹੁੰਦੈ ਦੇਸ਼ ਵਾਸੀਆਂ ਨੇ ਤੈਨੂੰ ਮੁਨਾਸਬ ਉੱਤਮ ਵਿਅਕਤੀ ਜਾਣ ਦੇਸ਼-ਪਿਤਾ ਜਿਹਾ ਉੱਚ ਮੰਤਰੀ ਦਾ ਰੁਤਬਾ ਬਖ਼ਸ਼ਿਆ ਪਰ,ਅਫ਼ਸੋਸ, ਬੇਹੱਦ ਅਫ਼ਸੋਸ ਤੂੰ ਹੈਂਕੜਬਾਜ਼ ਨਿਕਲਿਆ? ਆਪਣੇ ਅਧਿਕਾਰ ਮੰਗਣ ਤੇ ਉਲਟਾ ਸਾਨੂੰ ਹੀ ਜੇਲ ‘ਚ ਸੁੱਟਦੈਂ ਬਿਨਾ ਕੋਈ ਅਪਰਾਧ ਕੀਤੇ ਤੋਂ? ਤੇਰੇ ਤੋ ਜਵਾਬ ਮੰਗਦੇ ਨੇ ਦੇਸ਼ ਦੇ ਸਭ ਧੀਆਂ ਪੁੱਤਰ ਕਿੱਥੇ ਨੇ ਸਾਡੇ ਪਿਓ, ਭਰਾ ਤੇ ਪੁੱਤ ਜੋ ਜੇਲਾਂ ‘ਚ ਸੁੱਟੇ ਨੇ ਮਾਵਾਂ, ਭੈਣਾਂ ਤੇ ਬੀਵੀਆਂ ਦੀਆਂ ਰੋਂਦੀਆਂ ਅੱਖਾਂ ਮੰਗਦੀਆਂ ਨੇ ਜਵਾਬ ਦੇ ਸਕੇਗਾ ਜਵਾਬ ਤੂੰ ਹੱਦੋਂ ਵਧ ਬਦਸਲੂਕੀ ਦਾ ਅੱਤਿਆਚਾਰਾਂ ਦਾ? ਤੇਰਾ ਜ਼ੁਲਮ ਮੁੱਕਣਾ ਨਹੀਂ ਪਰ ਫਿਰ ਵੀ ਅਸੀਂ ਸਬਰ ਨਾਲ ਲੜਾਂਗੇ ਤੇਰੇ ਖ਼ਿਲਾਫ਼ ਜਦ ਤੱਕ ਜਾਨ ਹੈ,ਦਮ ਹੈ ਤੇ ਮੁਕਾਉਂਦੇ ਨਹੀਂ ਤੇਰਾ ‘ਤੇ ਤੇਰੀ ਜੁੰਡਲ਼ੀ ਦਾ ਹੈਂਕੜ ਭਰਿਆ ਢੀਠਪੁਣਾ ਵਰਤਾਰਾ. ਟੋਰਾਂਟੋ, ਕੈਨੇਡਾ

ਸੱਚ ਦੀ ਆਵਾਜ਼-ਦਵਿੰਦਰ ਬਾਂਸਲ

ਪਾਣੀ ਦੀ ਬੌਸ਼ਾਰ ਡੰਡਿਆਂ ਦੀ ਮਾਰ ਸੀਤ ਲਹਿਰ ਦਾ ਜ਼ੋਰ ਧਮਕੀਆਂ ਦਾ ਸ਼ੋਰ ਸਰਕਾਰਾਂ ਦਾ ਕਹਿਰ ਪੀੜਾਂ ਦਾ ਜ਼ਹਿਰ ਮਿੱਟੀ ਦੇ ਜਾਏ ਮਿੱਟੀ 'ਚ ਮਿਲਾਏ ਹਾਏ ਨੀ ਸਰਕਾਰੇ ਪੁੱਠੇ ਤੇਰੇ ਕਾਰੇ ਸਰੀਰ 'ਤੇ ਲਾਸਾਂ ਰੱਬ ਤੇ ਧਰਵਾਸਾ ਵਗਦਾ ਰੱਤਾ ਰੰਗ ਦਾਤਾ ਤੇਰੇ ਅੰਗ ਸੰਗ ਡੱਟ ਕੇ ਲੜਿਆ ਭੋਰਾ ਨਾ ਡਰਿਆ ਜਿਸ ਦੁਨੀਆਂ ਲਈ ਲੰਗਰ ਲਾਏ ਤੂੰ ਉਹ ਭੁੱਖੇ ਮਰਵਾਏ ਧਰਤ ਦਾ ਪੁੱਤਰ ਸਰਬੱਤ ਦਾ ਮਿੱਤਰ ਸਬਰ ਸੰਤੋਖ ਦਾ ਭਰਿਆ ਹਰ ਵਾਰ ਸੀਨੇ ਜਿਸ ਜਰਿਆ ਫੌਲਾਦ ਦਾ ਤਨ ਨਿਵਾਣ 'ਚ ਮਨ ਕਿਰਤ ਕਮਾਉਂਦਾ ਸ਼ੁਕਰ ਮਨਾਉਂਦਾ ਇਨਸਾਨੀ ਲੋੜਾਂ ਦਾ ਗਿਆਨੀ ਦਾਨੀ ਮਹਾਂਦਾਨੀ ਅਪਨੇ ਕੌਲ ਕਰਾਰ ਪਛਾਣਨੋ ਓਏ ਕਿਉੰ ਨਾ ਜਾਣੋ ਉਸਦੀ ਪੀੜ ਤੇ ਦੁੱਖ ਵੰਡਦਾ ਜੋ ਸਭ ਨੂੰ ਸੁੱਖ ਰੱਬ ਦੇ ਕਹਿਰ ਤੋਂ ਡਰੋ ਇੰਝ ਜ਼ਬਰ ਨਾ ਕਰੋ ਸ਼ਾਂਤ ਅੰਦੋਲਨ ਹਿੰਸਾ ਨਹੀਂ ਮੰਨਦਾ ਸਮਝੋ ਦਰਦ ਉਸਦਾ ਓਏ ਤੁਸੀ ਵੀ ਬਣੋ ਮਰਦ ਸਾਥ 'ਚ ਆਓ ਤੇ ਗੱਜ ਕੇ ਬੁਲਾਓ ਕਿਸਾਨ ਨਹੀਂ ਤਾਂ ਅਸੀ ਨਹੀਂ ਕਿਸਾਨ ਨਹੀਂ ਤਾਂ ਤੁਸੀਂ ਨਹੀਂ!

ਇੱਕ ਸੋਗਮਈ ਸੱਚ-ਦਵਿੰਦਰ ਬਾਂਸਲ

ਬੇਟੀ ਬਚਾਓ ਦਾ ਨਾਅਰਾ ਉੱਚੀ-ਉੱਚੀ ਲੱਗਦਾ ‘ਤੇ ਉੱਠਦੇ ਹੱਥ ਸਮਰਥਨ 'ਚ ਲੋਕਾਚਾਰੀ ਤੇ ਦਿਖਾਵਾ ਨਕਲੀ ਸਮਰਥਨ ਨਕਲੀ ਜੋਸ਼ ਨਕਲੀ ਆਗੂ ਤੇ ਨਕਲੀ ਲਹਿਰ ਤੇ ਰੌਲਾ ਪਾਉਣ ਵਾਲੇ ਨਕਲੀ ਲੋਕ ਉਂਝ ਕੌਣ ਉੱਠਦਾ ਹੈ ਧੀਆਂ ਦੇ ਹੱਕ ‘ਚ ਸ਼ਾਇਦ ਖ਼ੁਦ ਧੀਆਂ, ਮਾਂਵਾਂ ਤੇ ਔਰਤਾਂ ਤੇ ਫਿਰ ਬਣ ਦੀ ਹੈ ਇਕ ਨੌਦੀਪ ਕੌਰ ਸੂਝਵਾਨ ਸਮਝਦਾਰ ਜਾਗਰੂਕ ਤੇ ਨਿਡਰ ਉਠਾਉਂਦੀ ਹੈ ਸਮਾਜ ਦੀ ਆਵਾਜ਼ ਉਹ ਆਵਾਜ਼ ਜੋ ਅਕਸਰ ਦਬਾ ਦਿੱਤੀ ਜਾਂਦੀ ਹੈ ਹੁੰਦੀ ਹੈ ਕਰੂਰਤਾਂ ਦਾ ਸ਼ਿਕਾਰ ਬਣਦੀ ਹੈ ਸਰੀਰਕ ਤੇ ਮਾਨਸਿਕ ਪੀੜ ਦੀ ਪਾਤਰ ਕਿਸ ਨੇ ਦਿੱਤਾ ਹੱਕ ਮਰਦ ਸਿਪਾਹੀ ਨੂੰ ਔਰਤ ਨੂੰ ਰੋਂਦਨ ਮਸਲਨ, ਮਾਰਨ ਕੁੱਟਣ ਤੇ ਉਸਦੇ ਕੂਲ਼ੇ ਅੰਗਾਂ ਨੂੰ ਛੇੜਨ ਦਾ? ਸ਼ਾਇਦ ਉਹਨਾਂ ਹੀ ਜੋ ਕਿ ਆਖਦੇ ਨੇ ਬੇਟੀ ਪੜ੍ਹਾਓ ਬੇਟੀ ਬਚਾਓ ਪਰ ਅਸਲ ਉਹ ਚਾਹੁੰਦੇ ਨੇ ਚਾਹੇ ਪੜ੍ਹਾਓ ਲਿਖਾਓ ਪੜੀ ਲਿਖੀ ਬੇਟੀ ਨੂੰ ਫਿਰ ਮਰਦ ਦਾ ਅਸਲੀ ਮਤਲਬ ਸਮਝਾਓ ਕਿ ਇਹ ਮਰਦ ਪ੍ਰਧਾਨ ਦੇਸ਼ ਹੈ!!!

ਨੈਤਿਕ ਦ੍ਰਿੜਤਾ-ਦਵਿੰਦਰ ਬਾਂਸਲ

ਕਲਪਨਾ ਕਰੋ ਉਸ ਜ਼ਿੰਦਗੀ ਦੀ ਜਿਸ ਕੋਲ ਦੋ ਵਕਤ ਦੀ ਰੋਟੀ ਨਸੀਬ ਨਹੀਂ ਪਹਿਨਣ ਨੂੰ ਪੂਰੇ ਵਸਤਰ ਨਹੀਂ ਤੇ ਬੈਠਣ ਨੂੰ ਮੰਜਾ ਪੀੜ੍ਹਾ ਨਹੀਂ ਤੁਸੀਂ ਕਿਰਤੀਆਂ ਦੇ ਹੱਕ ਖੋਹ-ਖੋਹ ਕੇ ਆਪਣੇ ਢਿੱਡ ਵਧਾਈ ਜਾਂਦੇ ਹੋ ਮਹਿਨਤਕਸ਼ਾਂ ਦੇ ਗਾਹੜੇ ਪਸੀਨੇ ਨਾਲ ਨੋਟ ਅਤੇ ਜਵਾਹਰਾਤ ਬਣਾਈ ਜਾਂਦੇ ਹੋ ਤੁਹਾਡੇ ਢਿੱਡ ਅਜੇ ਕਿਉਂ ਭਰਦੇ ਨਹੀਂ ਤੁਸੀ ਰੱਬ ਦੇ ਖ਼ੌਫ਼ ਤੋਂ ਕਿਉਂ ਡਰਦੇ ਨਹੀਂ? ਸੋਚੋ, ਗੰਭੀਰਤਾ ਨਾਲ ਜ਼ਰਾ ਸੋਚੋ ਇਹ ਧਰਤੀ ਦੇ ਮਹਿਨਤੀ ਜਾਏ ਨੇ ਜੋ ਤੁਸਾਂ ਮਿੱਟੀ ਵਿੱਚ ਰੁਲ਼ਾਏ ਨੇ ਜਿਸਦੀ ਤੁਸੀ ਜੂਨ ਔਖੀ ਕੀਤੀ ਹੈ ਵੱਡੇ ਵੱਡੇ ਮਹਿਲ, ਵੱਡੀਆਂ ਗੱਡੀਆਂ ਵੱਡੇ ਵੱਡੇ ਰੁਤਬੇ ਤੇ ਸ਼ਾਨਦਾਰ ਜੀਵਨ ਇਹ ਉਨ੍ਹਾ ਤੋਂ ਬਿਨਾਂ ਮੁਮਕਿਨ ਹੀ ਨਹੀਂ ਜ਼ਰਾ ਸੋਚੋ, ਤੁਸੀ ਕੀ ਕਰ ਰਹੇ ਹੋ ਠੰਡ ਵਿੱਚ ਠਰਦੇ ਉਹ ਮੈਦਾਨ ‘ਚ ਖੜੇ ਉਹ ਆਪਣੇ ਹੱਕਾਂ ਦੀ ਲੜਾਈ ਲੜਦੇ ਉਹ ਅਜੇ ਵੀ ਵੇਲਾਂ ਹੈ ਉਠੋ ਤੇ ਚਲੋ ਉਹਦੇ ਨਾਲ ਖੜ੍ਹੋ ਉਸਦੇ ਲਈ ਨਹੀਂ ਬਲਕਿ ਖੁਦ ਲਈ ਕਿਉਂਕਿ ਆਖ਼ਿਰ ਨੂੰ ਕਿਸਾਨ ਬਿਨਾਂ, ਅੰਨ ਨਹੀਂ ਅੰਨਦਾਤੇ ਬਿਨ ਤੁਸੀ ਨਹੀਂ, ਕੁਟੁੰਬ ਨਹੀਂ ਉੱਠੋ, ਉਸ ਦੇ ਲਈ, ਖ਼ੁਦ ਦੇ ਲਈ ਇਕ ਜੁੱਟ ਹੋ, ਇਕਮਿਕ ਹੋ, ਸਾਥ ਦਿਉ.

ਆਪਣੇ ਹੱਕਾਂ ਲਈ ਜੱਦੋਜਹਿਦ-ਦਵਿੰਦਰ ਬਾਂਸਲ

ਹੱਕ ਸੱਚ ਲਈ ਲੜਨਾ ਕੋਈ ਗੁਨਾਹ ਤਾਂ ਨਹੀਂ ਜ਼ੁਲਮ ਦੇ ਅੱਗੇ ਖੜਨਾ ਕੋਈ ਗੁਨਾਹ ਤਾਂ ਨਹੀਂ ਗੁਨਾਹ ਤਾਂ ਓਦੋਂ ਹੈ ਜਦੋਂ ਚੁੱਪਚਾਪ ਜ਼ੁਲਮ ਤੇ ਜ਼ਬਰ ਸਿਹਾ ਜਾਵੇ ਸਭ ਕੁੱਝ ਦੇਖਦੇ ਹੋਏ ਵੀ ਅਣਜਾਣ ਰਿਹਾ ਜਾਵੇ ਜਦੋਂ ਆਪਣੀ ਹਿੰਮਤ ਤੇ ਯਕੀਨ ਮੁੱਕ ਜਾਵੇ ਤੇ ਜਦੋਂ ਬਗ਼ਾਵਤ ਵੱਲ ਉੱਠਿਆ ਕਦਮ ਰੁਕ ਜਾਵੇ ਪਰ ਇਹ ਸਾਡੀ ਫ਼ਿਤਰਤ ‘ਚ ਨਹੀਂ ਅਸੀਂ ਗੋਬਿੰਦ ਪਾਤਸ਼ਾਹ ਦੇ ਜਾਏ ਹਾਂ ਬੇਖ਼ੌਫ਼, ਬੇਪ੍ਰਵਾਹ ਨਿਡਰ, ਬਹਾਦਰ ਬੇਇਨਸਾਫ਼ੀ ਦਾ ਮੂੰਹ ਤੋੜਨ ਵਾਲੇ ਤੇ ਅੱਤਿਆਚਾਰੀ ਦਾ ਸੰਘ ਮਰੋੜਨ ਵਾਲੇ ਅਸੀਂ ਨਹੀਉਂ ਡਰਦੇ ਸਾਡੀ ਧਰਤ ਸਾਡੀ ਮਾਂ ਤੇ ਅਸੀਂ ਇਸ ਧਰਤ ਦੇ ਲਾਲ ਕਿੰਨਾ ਕੁ ਡੱਕੇਂਗੀ ਸਰਕਾਰੇ ਆਖ਼ਿਰ ਨੂੰ ਹੋਵੇਗੀ ਬੇਹਾਲ ਬਹਾਦਰੀ ਤੇ ਸਬਰ ਸਾਡੀਆਂ ਰਗਾਂ 'ਚ ਲਹੂ ਬਣ ਦੌੜਦਾ ਹੈ ਤੇ ਅਸੀਂ ਮਰਨ ਤਕ ਥੱਕਦੇ ਨਹੀਂ ਅਜ਼ਮਾ ਲੈ ਜਿੰਨਾ ਅਜ਼ਮਾਉਣਾ ਅਸੀਂ ਦਿਆਂਗੇ ਤੈਨੂੰ ਤੇਰੇ ਗੁਨਾਹਾਂ ਦਾ ਜਵਾਬ ਮੂੰਹ-ਤੋੜ ਕਥਨੀ ਵਿੱਚ ਤਾਂ ਸਾਰੇ ਬੜੇ ਬਹਾਦੁਰ ਨੇ ਕਰਨੀ ਵਿੱਚ ਜੂਝ ਮਰਨਾ ਸਾਨੂੰ ਦਸਮ ਪਿਤਾ ਦਾ ਵਰਦਾਨ ਹੈ ਜਿੱਤਾਂਗੇ ਜਾਂ ਲੜਾਂਗੇ ਪਰ ਜੂਝਦੇ ਰਹਾਂਗੇ ਆਖ਼ਰੀ ਦਮ ਤਕ. ਟੋਰੋਂਟੋ, ਕੈਨੇਡਾ

ਤੁਰੀਆਂ ਹਨ ਔਰਤਾਂ-ਜੋਗਿੰਦਰ ਆਜ਼ਾਦ

ਘਰੋਂ ਤੁਰ ਆਈਆਂ ਹਨ ਖੇਤਾਂ ਦੇ ਪੁੱਤਾਂ ਦੀਆਂ ਮਾਵਾਂ ਸੜਕਾਂ ਤੇ ਫੜ ਲਿਆ ਹੈ ਉਨ੍ਹਾਂ ਨੇ ਸੰਘਰਸ਼ ਦਾ ਪਰਚਮ। ਕਦਮ ਤਾਲ ਕਰ ਰਹੀਆਂ ਹਨ ਪਤੀਆਂ ਪੁੱਤਰਾਂ ਓਪਰੇ ਮਰਦਾਂ ਨਾਲ । ਜੋ ਹੁਣ ਤੀਕ ਨਹੀਂ ਸੀ ਸਮਝਦੇ ਅਥਾਹ ਤਾਕਤ ਹੁੰਦੀ ਹੈ ਔਰਤਾਂ ਚ। ਨਹੀਂ ਸੀ ਦੇਖ ਸਕੇ ਉਹ ਇਕੱਲਿਆਂ ਹੀ ਭਿੜਦਿਆਂ ਖੂੰਖਾਰ ਜਾਨਵਰਾਂ ਨਾਲ ਖੂੰਨ ਨਾਲ ਲਥਪਥ। ਘਰ ਚ ਪਈ ਅਥਾਹ ਸ਼ਕਤੀ। ਅਪਣੇ ਮਰਦ ਸਾਥੀ ਸਮੇਤ ਉਸ ਤੋੜ ਦਿੱਤੀ ਹੈ ਹਰ ਜ਼ੰਜੀਰ ਕੈਦ ਕੀਤਾ ਹੋਇਆ ਸੀ ਉਸ ਨੂੰ ਸਦੀਆਂ ਤੋਂ ਘਰਾਂ ਦੀਆਂ ਤੰਗ ਵਲਗਣਾਂ ਚ ਬਣਾ ਰਖਿਆ ਹੈ ਬੱਚਾ ਜੰਮਣ ਵਾਲੀਆਂ ਮਸ਼ੀਨਾਂ । ਕੁੱਦ ਪਈ ਹੈ ਉਹ ਵੀ ਸੰਘਰਸ਼ ਦੇ ਅਖਾੜਿਆਂ ਚ ਘੋਲਾਂ ਚ ਆ ਗਿਆ ਜੋਬਨ । ਕਰ ਰਹੀ ਹੈ ਸੁਆਲ ਮਰਦ ਵਿਦਵਾਨਾਂ ਨੂੰ ਜੋ ਮਰਦਾਂ ਨੂੰ ਦਿੰਦੀ ਹੈ ਔਰਤਾਂ ਨੂੰ ਦੁਰਕਾਰਨ ਲਤਾੜਨ ਦੇ ਅਧਿਕਾਰ । ਦਿਖਾ ਰਹੀਆਂ ਹਨ ਔਰਤਾਂ ਕਿ ਉਹ ਸਿਰਫ ਸੂਰਮੇ, ਦਾਤੇ ਅਤੇ ਭਗਤਾਂ ਦੀਆਂ ਜਨਨੀਆਂ ਹੀ ਨਹੀਂ ਚੰਡੀ ਵੀ ਬਣ ਸਕਦੀਆਂ ਹਨ ਹੁਣ ਕੁੜੀਆਂ ਚਿੜੀਆਂ ਨਹੀਂ ਅਣੀਆਲੇ ਤੀਰ ਹਨ। ਜੋ ਵਿੰਨ ਸਕਦੀਆਂ ਹਨ ਦੁਸ਼ਮਣ ਦਾ ਸੀਨਾ। ਬਣ ਜਾਂਦੀਆਂ ਹਨ ਢਾਲ ਤੇ ਤਲਵਾਰ ਨਿਕਲਦੀਆਂ ਹਨ ਜਦੋਂ ਸੜਕਾਂ ਤੇ ਆਪਣਿਆਂ ਨਾਲ ।

ਚੇਤਰ ਦੀ ਸੰਗਰਾਂਦ-ਜਤਿੰਦਰ ਔਲ਼ਖ

ਜਿੰਨ੍ਹਾਂ ਦੇ ਪੂਰਵਜਾਂ ਦੀਆਂ ਪੀੜ੍ਹੀਆਂ ਮੇਰੀ ਛਾਂ ਹੇਠ ਪਰਵਾਨ ਚੜੀਆਂ ਉਨਾਂ ਆਪਣੇ ਮਨਾਂ 'ਚੋਂ ਦੇ ਦਿੱਤਾ ਹੈ ਦੇਸ ਨਿਕਾਲ਼ਾ ਮੈਂ ਹਰ ਸਾਲ ਮੋਹ ਭਰੀ ਦਸਤਕ ਦਿੰਦਾ ਹਾਂ। ਪਰ ਤੁਹਾਡੀਆਂ ਮੁਸਕਾਨਾਂ ਦੀ ਭੀਖ ਲਏ ਬਗੈਰ ਹੀ ਖਾਲੀ ਝੋਲ਼ੀ ਲਈ ਪਰਤ ਜਾਂਦਾ ਹਾਂ ਮੇਰੀਆਂ ਰੁੱਤਾਂ ਮੇਰੇ ਮੌਸਮਾਂ ਨੂੰ ਖੋਹ ਕੇ ਮੇਰੇ ਕੋਲ਼ੋਂ ਤੁਸਾਂ ਮੜ੍ਹ ਲਿਆ ਪਰਾਏ ਚੌਖਟਿਆਂ 'ਚ ਮੇਰੀ ਬਸੰਤ ਰੁਤ ਦੇ ਗੀਤ ਗੁਆਚ ਗਏ ਵੈਲੇਨਟਾਈਨ ਦੇ ਸ਼ੋਰ 'ਚ ਪਰ ਮੈਂ ਆਪਣੇ ਜੱਟ 'ਤੇ ਸੀਰੀ ਪੁੱਤਰਾਂ ਦੇ ਹਿਸਾਬਾਂ ਕਿਤਾਬਾਂ 'ਚ ਗਹਿਣੇ ਬੈਅ ਤੇ ਵਿਆਜ ਦੇ ਨਿਬੇੜਿਆਂ 'ਚ ਕਦੇ ਕਦੇ ਆ ਸ਼ਾਮਿਲ ਹੁੰਦਾ ਹਾਂ ਕਲ ਸ਼ਾਇਦ ਉੱਥੋਂ ਵੀ ਮੇਰਾ ਹਿਸਾਬ ਸਾਫ ਹੋ ਜਾਵੇ ਤੁਸੀਂ ਉਡੀਕਦੇ ਹੋ ਇਕ ਜਨਵਰੀ ਮੈਂ ਤੁਹਾਡਾ ਆਪਣਾ ਨਵਾਂ ਸਾਲ ਇਕ ਚੇਤਰ ਹਾਂ ਪਰ ਤੁਹਾਡੇ ਲਈ ਕਦੋਂ ਦਾ ਪੁਰਾਣਾ ਹੋ ਗਿਆਂ ਤੁਹਾਨੂੰ ਮੁਬਾਰਕ ਇੱਕਤੀ ਦਸੰਬਰ ਜਸ਼ਨਾ ਦੀ ਰਾਤ ਮੈਂ ਹੁਣ ਫੇਰ ਚਲਾ ਜਾਵਾਂਗਾ ਆਪਣਾ ਬਨਵਾਸ ਹੰਢਾਉਣ ਲਈ

ਅਣਖਾਂ ਦੇ ਵਾਰਿਸ-ਗੁਰਚਰਨ ਕੌਰ ਥਿੰਦ

“ਪੰਜਾਬ ਦੇ ਜਾਇਆਂ ਨੂੰ ਸੁਣਦੇ ਆਂ ਨਿੱਤ ਮੁਹਿੰਮਾਂ ਔਝੜ ਭਰੇ ਰਾਹਾਂ ਦਾ ਉਹਨਾਂ ਸਿਰ ਹੈ ਜ਼ਿੰਮਾਂ । ਸ਼ਮਸ਼ੀਰਾਂ ਦੇ ਵਾਰਸ ਸ਼ਮਸ਼ੀਰਾਂ ਖੜਕਾਈਆਂ ਨੇ ਮੂੰਹ ਜ਼ਾਬਰ ਦੇ ਮੋੜੇ ਗੁਰੂਆਂ ਦੇ ਵਰੋਸਾਇਆਂ। ਪੀਸਣ ਪੀਸੇ ਸੀ ਬੱਚਿਆਂ ਦੇ ਹਾਰ ਪਵਾ ਪਰ ਸਿਦਕੋਂ ਨਾ ਡੁੱਲੀਆਂ ਉਹ ਸਿਦਕੀ ਮਾਵਾਂ ਨੇ।” ਇਹ ਕਿੱਸੇ ਸੁਣਦੇ ਸੀ ਇਹ ਕੌਤਕ ਲਗਦੇ ਸੀ ਮੂੰਹ ਮੋੜ ਕੇ ਹਸਦੇ ਸੀ। ਹੁਣ ਅੱਖੀਂ ਵੇਖ ਰਹੇਂ ਇਨ੍ਹਾਂ ਸਿਦਕੀ ਲੋਕਾਂ ਨੂੰ ਧਰਤੀ ਦੇ ਜਾਇਆਂ ਨੂੰ ਗੁਰੂਆਂ ਦੇ ਵਰੋਸਾਇਆਂ ਨੂੰ। ਇੱਕ ਯੋਧਾ ਜੰਮਿਆ ਸੀ ਇੱਕ ਸੁਪਨ ਸੁਨਿਹਰੇ ਦਾ ਜਿਸ ਪੱਲਾ ਫੜਿਆ ਸੀ ਉਹ ਇੱਕ ਵਰਕਾ ਮੋੜ ਗਿਆ ਅਜ਼ਾਦ ਫ਼ਿਜ਼ਾ ਖਾਤਰ ਜਦ ਫਾਂਸੀ ਚੜ੍ਹਿਆ ਸੀ। ਧਰਤੀ ਦੇ ਜਾਇਆਂ ਨੇ ਗੁਰੂਆਂ ਦੇ ਵਰੋਸਾਇਆਂ ਨੇ ਅੱਜ ਮੋੜੇ ਵਰਕੇ ਨੂੰ ਰਲ ਮਿਲ ਕੇ ਖੋਲ੍ਹ ਲਿਆ। ਜੋ ਰਿਹਾ ਅਧੂਰਾ ਸੀ ਉਹ ਸੁਪਨਾ ਬੋਲ ਪਿਆ। ਪੱਗਾਂ ਵੱਲ ਵਧਦੇ ਹੱਥਾਂ ਨੂੰ ਇਨ੍ਹਾਂ ਵੇਖ ਤੇ ਘੋਖ ਲਿਆ। ਸਿਰ ਜੋੜ ਕੇ ਬਹਿ ਗਏ ਨੇ ਉਹ ਰਤਾ ਨਾ ਡਰਦੇ ਨੇ ਤਕਦੀਰਾਂ ਬਦਲਣ ਦੀਆਂ ਤਦਬੀਰਾਂ ਘੜਦੇ ਨੇ “ਇਨ੍ਹਾਂ ਉੱਡਣੇ ਸੱਪਾਂ ਦੇ ਡੰਗਾਂ ਤੋਂ ਨਹੀਂ ਡਰਦੇ ਕੀਲ ਪਟਾਰੀ ਪਾਉਂਦੇ ਆਂ ਜਿੱਤਦੇ ਹਾਂ ਨਹੀਂ ਹਰਦੇ ਫਸਲਾਂ ਦੇ ਰਾਜੇ ਹਾਂ ਹਰਿਆਲੀ ਦੇ ਵਣਜਾਰੇ ਹਾਂ ਪੁੱਤ ਜ਼ਮੀਨਾਂ ਦੇ ਜ਼ਾਬਰ ਤੋਂ ਨਹੀਂ ਡਰਦੇ।” ਮਿੱਟੀ ਜੋ ਮਾਣ-ਮੱਤੀ ਇਹ ਇੱਜ਼ਤ ਸਾਡੀ ਏ ਇਹ ਮਾਣ ਅਸਾਡਾ ਏ ਇਹ ਤਾਣ ਅਸਾਡਾ ਏ ਇਸ ਭੂਮੀ-ਮਾਂ ਖਾਤਰ ਅਸੀਂ ਲੜਨਾ ਜਾਣਦੇ ਹਾਂ ਸ਼ਮਸ਼ੀਰਾਂ ਦੇ ਵਾਰਸ ਅਸੀਂ ਖੜਨਾ ਜਾਣਦੇ ਹਾਂ ਅਸੀਂ ਮਰਨਾ ਜਾਣਦੇ ਹਾਂ।” ਇਨ੍ਹਾਂ ਹਰਿਆਂ ਭਰਿਆਂ ਨੇ ਦਿੱਲੀ ਜਾ ਮੱਲ੍ਹੀ ਏ ਵਕਤ ਦੇ ਹਾਕਮਾਂ ਨੂੰ ਪਾਈ ਤਰਥੱਲੀ ਏ ਨੀਲੇ ਅਕਾਸ਼ ਥੱਲ੍ਹੇ ਛਾਈ ਹਰਿਆਲੀ ਏ ਨਹੀਂ ਕੱਲ੍ਹੇ ਕਾਰੇ ਇਹ ਤੁਰੀ ਨਾਲ ਲੋਕਾਈ ਏ ਸ਼ਮਸ਼ੀਰਾਂ ਦੇ ਇਹ ਵਾਰਿਸ ਗੁਰੂਆਂ ਦੇ ਵਰੋਸਾਏ ਇਤਿਹਾਸ ਦੁਹਰਾਉਂਦੇ ਈੌ ਨਹੀਂ, ਇਹ ਨਵਾਂ ਰਚਾਉਂਦੇ ਨੇ ਅਣਖਾਂ ਦੇ ਇਹ ਵਾਰਿਸ ਅਣਖਾਂ ਨਾਲ ਜਿਉਂਦੇ ਨੇ। ਕੈਲਗਰੀ

ਮਿੱਟੀ ਦਾ ਪੁੱਤ-ਪ੍ਰਭਜੋਤ 'ਸੋਹੀ'

(ਸ਼ਹੀਦ ਬਲਕਰਨ ਸਿੰਘ ਸੰਧੂ ਦੇ ਨਾਂ) ਤੁਸੀਂ ਕਹਿੰਦੇ ਹੋ ਮਿੱਟੀ ਨਾ ਫਰੋਲ਼ ਜੋਗੀਆ ਹੁਣ ਜੋਗੀ ਮਿੱਟੀ ਨਾ ਫਰੋਲ਼ੇ ਤਾਂ ਕੀ ਕਰੇ! ਜੋਗੀ ਜੋ ਤਾਉਮਰ ਮਿੱਟੀ ਨਾ ਮਿੱਟੀ ਹੋ ਮਿੱਟੀ ਚੋਂ ਹੀ ਘੜਦਾ ਰਿਹਾ ਭਵਿੱਖ ਦੇ ਨਕਸ਼ ਜੋਗੀ ਜੋ ਕੱਕਰੀਲੀਆਂ ਰਾਤਾਂ ਤੇ ਤਪਦੀਆਂ ਦੁਪਹਿਰਾਂ 'ਚ ਕਿਰਤ ਕਰੋ ਤੇ ਵੰਡ ਛਕੋ ਦੇ ਸਿਧਾਂਤ ਨੂੰ ਮੱਥੇ 'ਚ ਜਗਾਈ ਭਰਦਾ ਰਿਹਾ ਲੋਕਾਈ ਦਾ ਢਿੱਡ ਨਹੀਂ ਸੀ ਜਾਣਦਾ ਕਿ ਮਿੱਟੀ ਜਿਸਨੂੰ ਉਹ ਆਪਣੀ ਮਾਂ ਮੰਨਦਾ ਹੈ ਮਿੱਟੀ ਜਿਸਨੂੰ ਉਹ ਸਭ ਤੋਂ ਉਤਾਂਹ ਮੰਨਦਾ ਹੈ ਉਸ ਮਿੱਟੀ ਤੇ ਤਾਂ ਕਦੇ ਦੀ ਅੱਖ ਹੈ ਰਾਜਧਾਨੀ ਦੀ ਜਿਸਨੂੰ ਰਤਾ ਵੀ ਫਿਕਰ ਨਹੀਂ ਕਿਰਸਾਨ ਦੀ ਜਾਂ ਕਿਰਸਾਨੀ ਦੀ ਹੁਣ ਜੋਗੀ ਆਪਣੀ ਮਿੱਟੀ ਬਚਾਉਣ ਲਈ ਆਪਣੇ ਪਰਿਵਾਰ ਸਮੇਤ ਰਾਜਧਾਨੀ ਦੀਆਂ ਬਰੂਹਾਂ ਤੇ ਹੈ ਖੇਤਾਂ 'ਚ ਖੇੜਾ ਨਹੀਂ ਸੁੰਨ ਪੱਸਰੀ ਖ਼ੂਹਾਂ ਤੇ ਹੈ ਤੇ ਫਿਰ ਇਕ ਦਿਨ ਰਾਜਧਾਨੀ ਦੀ ਹਵਸ ਨੇ ਜੋਗੀ ਦੀ ਆਂਦਰ ਨਿਗਲ਼ ਲਈ ਉਸਦਾ ਮੁੱਛ ਫੁੱਟ ਗੱਭਰੂ ਪੁੱਤ ਸਾਹਵੇਂ ਪਿਆ ਸੀ ਹਾਂ ਸਾਹਵੇਂ ਪਿਆ ਸੀ ਪਰ ਬੋਲਦਾ ਨਹੀਂ ਸੀ ਕਿਵੇਂ ਬੋਲਦਾ ਲੋਥਾਂ ਨੂੰ ਬੋਲਣ ਦਾ ਹੁਕਮ ਨਹੀਂ... ਇਸ ਭਰਿਸ਼ਟ ਨਿਜ਼ਾਮ 'ਚ ਪਰਿੰਦਿਆ ਨੂੰ ਪਰ ਤੋਲਣ ਦਾ ਹੁਕਮ ਨਹੀਂ... ਤੇ ਬਸ ਉਸੇ ਦਿਨ ਤੋਂ ਜੋਗੀ ਮਿੱਟੀ ਫਰੋਲ਼ ਰਿਹਾ ਹੈ ਤੁਸੀਂ ਕਹਿੰਦੇ ਹੋ ਮਿੱਟੀ ਨਾ ਫਰੋਲ਼ ਜੋਗੀਆ ਹੁਣ ਜੋਗੀ ਮਿੱਟੀ ਨਾ ਫਰੋਲ਼ੇ ਤਾਂ ਕੀ ਕਰੇ ?

ਆਖਰ ਕਦੋਂ ਤੀਕ-ਨਵਜੋਤ ਕੌਰ (ਡਾ:)

ਇਹ ਕੋਈ ਮੇਰਾ ਪਿਆਰ ਨਹੀਂ ਸੀ ਇਸ਼ਕੇ ਦਾ ਇਜ਼ਹਾਰ ਨਹੀਂ ਸੀ ਕਿਧਰੇ ਕੋਈ ਇਕਰਾਰ ਨਹੀਂ ਸੀ ਤੈਥੋਂ ਆਪਾ ਵਾਰਨ ਵਾਲੀ ਮੈਂ ਤਾਂ ਤੇਰੇ ਹਵਨ ਯੱਗ ਲਈ ਗੰਗਾ ਮਾਂ ਤੋਂ ਅੰਮ੍ਰਿਤ ਲੈਣ ਗਈ ਸੀ ਸਾਰੀ ਉਮਰ ਨਿਭਾਏ ਆਗਿਆਕਾਰੀ ਪਤੀ-ਵਰਤਾ ਪਤਨੀ ਦੇ ਫਰਜ਼ ਨਿਭਾਇਆ ਪੁੱਤਰ ਮੋਹ ਪੂਰੀ ਸ਼ਿੱਦਤ ਨਾਲ ਅਪਸਰਾਵਾਂ ਦੀ ਜਲ ਖੇਡ ਦੇਖਣਾ ਮੇਰਾ ਮਰਯਾਦਾ ਵਿਰੋਧੀ ਕਰਮ ਹੋ ਗਿਆ। ਹਵਨ ਘੜੀ ਲੰਘ ਜਾਣ ਤੇ ਤੇਰਾ ਕ੍ਰੋਧ ਸਤਵਾਂ ਅਸਮਾਨ ਛੂਹ ਗਿਆ। ਵਾਹ! ਤੇਰੀ ਯੋਗ ਸ਼ਕਤੀ ਸੱਚ ਤੇ ਝੂਠ ਦਾ ਫ਼ਰਕ ਵੀ ਨਾ ਕਰ ਸਕੀ। ਗ਼ਲਤੀ ਤੇ ਗੁਨਾਹ ਵਿਚਲਾ ਅੰਤਰ ਕਿਣਕਾ ਵੀ ਨਾ ਸਮਝ ਸਕੀ। ਉਫ਼! ਐਨੀ ਤੰਗ ਖ਼ਿਆਲੀ ਕੀ ਸੁਪਨੇ ਲੈਣਾ ਵੀ ਗੁਨਾਹ? ਰੁੱਖੀ ਮਿੱਸੀ ਖਾ ਰਾਜ ਮਹੱਲ ਨੂੰ ਛੱਡ ਜੰਗਲ ਚ ਭਟਕਦੀ ਰਾਜ ਕੰਨਿਆਂ ਦੇ ਵੀ ਹੋ ਸਕਦੇ ਨੇ ਆਪਣੀ ਹਿੱਕੜੀ ‘ਚ ਸੁਪਨੇ। ਹੋ ਸਕਦਾ ਹੈ ਉਸ ਨੇ ਵੀ ਚਾਹਿਆ ਹੋਵੇ ਰਿਸ਼ੀ ਪਤੀ ਤੋਂ ਪੂਰਨ ਸਮਰਪਣ। ਹਾਏ! ਸੋਚ ਤੇ ਵੀ ਕਬਜ਼ਾ? ਰੱਬ ਨੂੰ ਪਹੁੰਚੇ ਲੋਕ ਵੀ ਸ਼ੱਕ ਦੇ ਡੰਗੇ। ਪਰਮਾਰਥ ਮਾਰਗ ਤੁਰਨ ਵਾਲਿਆ ਇਹ ਕੀ ਕਹਿਰ ਕਮਾਇਆ ਮਾਂ ਦਾ ਕਤਲ ਕਰਾਉਣ ਲਈ ਗੁਣੀ ਗਿਆਨੀ ਵਿਸ਼ਨੂੰ ਦਾ ਅਵਤਾਰ ਚੁਣਦਿਆਂ ਤੈਨੂੰ ਰਤਾ ਤਰਸ ਨਾ ਆਇਆ? ਗਿਆਨ ਵਿਹੂਣੇ ਪੁੱਤਰਾਂ ਮਮਤਾ ਅਤੇ ਤਿਆਗ ਦੀ ਮੂਰਤ ਮਾਂ ਤੇ ਯਕੀਨ ਪ੍ਰਗਟਾਇਆ। ਰਿਸ਼ੀ ਤੂੰ ਤਾਂ ਸੀ ਹਊਮੈ ਦਾ ਮਾਰਿਆ ਪਤੀ ਪ੍ਰਮੇਸ਼ਵਰ ਪਰ ਬੁਜ਼ਦਿਲ ਗੂੰਗੇ ਅੰਨ੍ਹੇ ਬੋਲ਼ੇ ਪਰਸ਼ੂ ਰਾਮ ਦੀ ਉਂਗਲੀ ਫੜ ਜਿਸ ਮਾਂ ਨੇ ਪਹਿਲਾ ਕਦਮ ਪੁੱਟਣਾ ਸਿਖਾਇਆ ਉਹ ਦਿਨ ਤੈਨੂੰ ਯਾਦ ਨਾ ਆਇਆ। ਰੇਣੁਕਾ ! ਮੰਨਿਆ ਤੂੰ ਮਿੱਟੀ ਦੀ ਜਾਈ ਤੂੰ ਕਿਉਂ ਤਰਕ ਵਿਤਰਕ ਨਾ ਕੀਤਾ ਅੰਧ ਭਗਤ ਪਿਤਾ ਦੇ ਪੁੱਤਰ ਸਾਹਵੇਂ ਨਿਧੜਕ ਹੋ ਸਿਰ ਕਲਮ ਕਰਾਵਣ ਖੜ੍ਹ ਗਈ। ਸੋਚ ਮੇਰੀ ਹੈਰਾਨ ਬੜੀ ਹੈ ਆਖ਼ਿਰ ਕਦ ਤੀਕ ਅਸੀਂ ਜੀਆਂਗੇ ਅਖੌਤੀ ਦੇਵਤਿਆਂ ਦੇ ਸਿਰਜੇ ਅਤੀਤ ਵਰਤਮਾਨ ਤੇ ਭਵਿੱਖ ‘ਚ ਆਖ਼ਿਰ ਕਦੋਂ ਤੀਕ ?

ਵਿਰਲਾਂ ਵਿੱਚੋਂ ਵੇਖਿਆ ਸੂਰਜ-ਨਵਜੋਤ ਕੌਰ (ਡਾ:)

ਦਰਵਾਜ਼ੇ ਦੀ ਵਿਰਲ ਚੋਂ ਭਾਂਡੇ ਬਾਹਰ ਰੱਖ ਕੰਨਾਂ ਨੇ ਮਹਿਸੂਸ ਕੀਤੀ ਕਾਗਜ਼ ਦੇ ਕੱਪ ਵਿੱਚ ਉਲਟਾਈ ਜਾ ਰਹੀ ਚਾਹ ਨਾਲ ਪਲੇਟ ‘ਚ ਰੋਟੀ ਦੀ ਆਵਾਜ਼। ਉਫ਼! ਕਿੰਨਾ ਖੌਫਨਾਕ ਹੁੰਦਾ ਹੈ ਕਮਰੇ ਚ ਇਕਾਂਤਵਾਸ ਭੋਗਦਿਆਂ ਅਲੱਗ ਹੋਣ ਦੀ ਪੀੜ ਨੂੰ ਸਹਿਣਾ | ਅੱਜ ਬਹੁਤ ਯਾਦ ਆਇਆ ਦਾਦੀ ਦੇ ਝੁਰੜੀਆਂ ਵਾਲੇ ਹੱਥਾਂ ਵਿਚਲਾ ਉਹ ਅਲਮੀਨੀਅਮ ਦਾ ਵੱਡਾ ਸਾਰਾ ਮੱਗ ਜਿਸ ਚੋਂ ਉਲੱਦਦੀ ਸੀ ਉਹ ਭਾਫ਼ਾਂ ਛੱਡਦੀ ਚਾਹ। ਇੱਕ ਖਾਸ ਉਚਾਈ ਤੋਂ ਸੁੱਟਦੀ ਸੀ ਧਾਰ ਬੰਨ੍ਹਦਿਆਂ। ਉੱਚੇ ਹੋਣ ਦਾ ਭਰਮ ਪਾਲ਼ਦੀ। ਥੱਬਾ ਰੋਟੀਆਂ ਦਾ ਸੁੱਟਦੀ ਤਾਏ ਰੁਲਦੂ ਦੀ ਵਿੰਗੀ ਟੇਢੀ ਸਿਲਵਰ ਦੀ ਥਾਲੀ ‘ਚ। ਮੇਰੀ ਨਿਆਣੀ ਬੁੱਧ ਲੜਦੀ ਸੀ ਬੀਬੀ ਨਾਲ ਏਦਾਂ ਕਿਉਂ ਕਰਦੀ ਹੈ ਦਾਦੀ ਗੁਰਦਵਾਰਿਉਂ ਆਵਾਜ਼ ਆਉਂਦੀ ਮਾਨਸ ਕੀ ਜਾਤ ਸਭੈ ਏਕਾ ਹੀ ਪਹਿਚਾਨਬੋ ਤਾਇਆ ਤਾਂ ਸਾਡੇ ਖੇਤਾਂ ਦਾ ਕਾਮਾ ਸੀ ਲਵੇਰੀਆਂ ਨੂੰ ਪੱਠੇ ਪਾਉਂਦਾ ਜਿਸ ਨੂੰ ਮੇਰੀ ਦਾਦੀ ਅੰਮ੍ਰਿਤ ਕਹਿੰਦੀ ਉਸ ਦੁੱਧ ਦੀਆਂ ਬਾਲਟੀਆਂ ਭਰ ਭਰ ਦੇਂਦਾ ਸਾਡੀਆਂ ਮਹੀਂਆਂ ਦੀਆਂ ਆਪ ਧਾਰਾਂ ਕੱਢਦਾ। ਗੁਰੂ ਨਾਨਕ ਦਾ ਅਸਲ ਸਿੱਖ ਕਿਰਤ ਕਮਾਈ ਕਰਦਾ ਤੇ ਵੰਡਦਾ। ਧਰਤੀ ਦੀ ਅਸਲ ਤਾਕਤ। ਕੰਮੀਂ ਨੂੰ ਕਿਤਾਬਾਂ ‘ਚ ਕਾਮਾ ਪੜ੍ਹਿਆ ਸੀ ਇਹ ਕਮੀਨ ਕਦੋਂ ਕਿਸ ਨੇ ਜੋੜਿਆ ਪਤਾ ਹੀ ਨਾ ਲੱਗਿਆ। ਜ਼ਿੰਦਗੀ ਦੇ ਨਾਂ ਦੇ ਕੁਨਾਂ ਨਹੀਂ ਸੀ ਪਤਾ ਉਦੋਂ। ਅੱਜ ਫਿਰ ਆਈ ਤੇਈ ਮਾਰਚ ਅਜ਼ੀਮ ਕੁਰਬਾਨੀਆਂ ਦਾ ਦਿਨ ਹਰ ਪਾਸੇ ਬਸੰਤੀ ਰੰਗ ਦੀ ਭਰਮਾਰ ਫਿਜ਼ਾ ਚ ਤਰਾਨੇ ਹਜ਼ਾਰ ਸ਼ਹੀਦਾਂ ਦੇ ਲਹੂ ਦੀ ਮਹਿਕ ਬਰਕਰਾਰ। ਚੇਤੇ ਆਇਆ ਲਾਹੌਰ ਜੇਲ੍ਹ ‘ਚ ਮੈਲਾ ਚੁੱਕਦੇ ਭੰਗੀ ਨੂੰ ਭਗਤ ਸਿੰਘ ਬੇਬੇ ਕਿਉਂ ਕਹਿੰਦਾ ਸੀ? ਬਚਪਨ ਚ ਜਣਨਹਾਰੀ ਮਾਂ ਮੈਨੂੰ ਪੂੰਝਦੀ ਤੇ ਹੁਣ ਇਹ ਮੇਰਾ ਪਾਖਾਨਾ ਸਾਫ਼ ਕਰਦਾ ਬੇਬੇ ਹੀ ਹੋਇਆ ਨਾ ਫਿਰ। ਜ਼ਿੰਦਗੀ ਜੀਉਣ ਦਾ ਨਿਰਾਲਾ ਢੰਗ ਸੀ ਤੇਰਾ ਯੁਗ ਨਾਇਕ ਸੂਰਮਿਆ! ਜ਼ੁਲਮ ਨਾਲ ਸੌਂਦੇ ਜਾਗਦੇ ਨਿਸ਼ਾਨਾ ਨਿਰੰਤਰ ਯੁੱਧ ਸੀ ਤੇਰਾ. ਸ਼ਹਾਦਤ ਵੇਲੇ ਵੀ ਬਸੰਤੀ ਰੰਗ ਸੀ ਤੇਰਾ ਸ਼ੇਰਾ! ਤੂੰ ਸਿਰਫ਼ ਵਿਦੇਸ਼ੀ ਹਾਕਮਾਂ ਨਾਲ ਨਹੀਂ ਸਰਬਕਾਲੀ ਦੁਸ਼ਮਣਾਂ ਨਾਲ ਵੀ ਲੜਦਾ ਹੈਂ ਲਗਾਤਾਰ। ਹੱਕ ਸੱਚ ਤੇ ਇਨਸਾਫ਼ ਲਈ ਸੂਲੀ ਤੇ ਇੱਕ ਵਾਰ ਨਹੀਂ ਚੜ੍ਹਿਆ ਬਾਰ ਬਾਰ ਚੜ੍ਹ ਰਿਹੈਂ। ਵਕਤ ਦੀ ਕੈਨਵਸ ਤੇ ਜੋ ਤੂੰ ਖ਼ਾਕਾ ਚਿੱਤਰਿਆ ਸੀ ਉਸ ਵਿੱਚ ਅੱਜ ਵੀ ਅਸੀਂ ਸੂਹੇ ਰੰਗ ਨਹੀਂ ਭਰ ਸਕੇ ਨਾ ਰੰਗ ਨਸਲ ਜ਼ਾਤ ਦਾ ਭੇਦ ਭਾਵ ਮਿਟਾ ਸਕੇ। ਨਾ ਹੀ ਮਨੁੱਖ ਦੀ ਮਨੁੱਖ ਹੱਥੋਂ ਲੁੱਟ ਦਾ ਭੋਗ ਪਾ ਸਕੇ ਕੌਮ ਨੂੰ ਕੌਮ, ਦੇਸ਼ ਨੂੰ ਦੇਸ਼ ਖਾ ਰਹੇ ਨੇ। ਕਿਰਤੀਆਂ ਦੇ ਰਾਜ ਦਾ ਤੇਰਾ ਸੁਪਨਾ ਅੱਜ ਵੀ ਅਧੂਰਾ ਹੈ ਸਵੇਰਾ ਅਜੇ ਨਹੀਂ ਆਇਆ ਹਨ੍ਹੇਰਾ ਹੋਰ ਗੂੜ੍ਹਾ ਹੈ। ਤੇਰੇ ਫ਼ਲਸਫੇ ਤੋਂ ਦੂਰ ਖੜ੍ਹੇ ਅਸੀਂ ਆਦਰਸ਼ਾਂ ਤੋਂ ਕੋਹਾ ਦੂਰ ਮਨਾ ਤਾਂ ਰਹੇ ਹਾਂ ਤੇਰਾ ਸਾਥੀਆਂ ਸਮੇਤ ਤੁਹਾਡਾ ਸ਼ਹੀਦੀ ਦਿਨ ਪਰ ਸਫ਼ਰ ਨੂੰ ਚੇਤਨਾ ਦੀ ਪਗਡੰਡੀ ਤੇ ਤੁਰਨ ਦੀ ਜਾਚ ਨਹੀਂ ਆਈ ਅਜੇ ਕਹਿਰ ਕਰੋਨਾ ਦੀ ਹਵਾ ਚ ਹੋ ਕੇ ਇਕਾਂਤਵਾਸ ਹੋਇਆ ਹੈ ਮੈਨੂੰ ਉਸ ਪੀੜ੍ਹ ਦਾ ਅਹਿਸਾਸ ਜਿਸ ਨੂੰ ਤੁਸਾਂ ਸਾਰਿਆ ਜੜ੍ਹ ਤੋਂ ਪੁੱਟਣਾ ਚਾਹਿਆ ਸੀ। ਜਿਸ ਵਿਤਕਰੇ ਨੂੰ ਤਾਇਆ ਰੁਲਦੂ ਸਾਲਾਂ ਤੋਂ ਹਿੱਕ ਤੇ ਝੱਲਦਾ ਆਇਆ ਸੀ ਪਰ ਹਾਂ ਹੁਣ ਰੂਹ ਅੰਦਰ ਐਲਾਨਨਾਮਾ ਹੋਇਆ ਹੈ ਅਣਹੋਈ ਚੇਤਨਾ ਜਾਗ ਪਈ ਹੈ। ਔਰਤ ,ਦਲਿਤ ,ਛੂਤ ਅਛੂਤ ਬਾਹਾਂ ਚ ਬਾਹਾਂ ਪਾ ਤੇਰੀ ਸੂਹੀ ਸੋਚ ਤੇ ਪਹਿਰਾ ਦੇਣ ਲਈ ਤੇਰਾ ਸੁਪਨ ਸੰਸਾਰ ਸਿਰਜਣ ਲਈ ਆਪਣੇ ਹੱਕ ਲੈਣ ਲਈ ਵਹੀਰਾਂ ਘੱਤ ਕੇ ਤੁਰ ਪਏ ਨੇ ਨਵੀਂ ਇਬਾਰਤ ਲਿਖਣ ਲਈ। ਨਵਜੋਤ ਕੌਰ(ਡਾ.)

ਪੈਰਾਂ ਹੇਠਲੀ ਜ਼ਮੀਨ-ਪਾਲੀ ਭੁਪਿੰਦਰ ਸਿੰਘ

ਮੇਰੇ ਪੈਰਾਂ ਹੇਠਲੀ ਜ਼ਮੀਨ ਮੰਗਦੇ ਹੋ ! ਲੈ ਲਓ ਜੇ ਸੱਚਮੁਚ ਦੇਸ਼ ਦਾ ਕੁਝ ਸੰਵਰਦਾ ਹੈ ਤਾਂ। ਦਿੰਦੇ ਤਾਂ ਆਏ ਹਾਂ ਅਸੀਂ ਪੇਂਡੂ ਖੇਤਾਂ ਲਈ ਧੜ ਸਰਹੱਦਾਂ ਲਈ ਸਿਰ ਸਦਾ ਦੇਸ਼ ਲਈ। ਪਰ ਦੱਸੋ ਤਾਂ ਸਹੀ ਅੱਜ ਕਿਸ ਦੇਸ਼ ਦੀ ਗੱਲ ਕਰਦੇ ਹੋ? ਉਸਦੀ.. ਜਿਸਦੀ ਸੁੰਡ ਮੁੰਬਈ ਸਟਾਕ ਐਕਸਚੇਂਜ ਵਿਚ ਹੈ ਤੇ ਪੂਛ ਸਵਿਟਜ਼ਰਲੈਂਡ ਦੇ ਬੈਂਕਾਂ ਵਿਚ ! ਜਿਸਦਾ ਢਿੱਡ ਪਚਾ ਜਾਂਦਾ ਹੈ ਮੇਰੀਆਂ ਫਸਲਾਂ, ਮੇਰੀਆਂ ਨਸਲਾਂ ਮੇਰੇ ਹਿੱਸੇ ਦੇ ਸੁਪਨੇ. ਮੈਨੂੰ ਜੀ. ਡੀ. ਪੀ. ਦੇ ਪਾਠ ਪੜ੍ਹਾਉਣ ਵਾਲਿਓ ਮੈਂ ਅਨਪੜ੍ਹ ਹਾਂ, ਅੰਨ੍ਹਾ ਨਹੀਂ ਸਾਫ਼-ਸਾਫ਼ ਦਿਸਦੇ ਨੇ ਮੈਨੂੰ ਤੁਹਾਡੇ ਦੰਦ ਖਾਣ ਵਾਲੇ ਵੀ ਵਿਖਾਣ ਵਾਲੇ ਵੀ ਪਰ ਤੁਹਾਨੂੰ ਸ਼ਾਇਦ ਨਹੀਂ ਦਿਸਦਾ ਮੇਰੇ ਮੋਢੇ 'ਤੇ ਪਈ ਕਹੀ ਦਾ ਫ਼ਲ ਜੋ ਮਿੱਟੀ ਪੁੱਟ ਕੇ ਫ਼ਸਲਾਂ ਬੀਜਦਾ ਹੈ ਪਰ ਲੋੜ ਪੈਣ 'ਤੇ ਪੁੱਟ ਸੁੱਟਦਾ ਹੈ ਸਾਰੇ ਨਦੀਨ..

ਜਿੱਤ ਤੋਂ ਪਹਿਲਾਂ ਜਿੱਤ-ਹਰਵਿੰਦਰ ਸਿੰਘ ਚੰਡੀਗੜ੍ਹ

ਇਹ ਵੀ ਕਿਆ ਅਜਬ ਲੜਾਈ ਹੈ ਇਹ ਵੀ ਕਿਆ ਗ਼ਜ਼ਬ ਲੜਾਈ ਹੈ ਜਿਸ ਵਿੱਚ ਜਿੱਤ ਤੋਂ ਪਹਿਲਾਂ ਹੀ ਜਿੱਤ ਹੋ ਗਈ ਹੈ ਦੇਸ਼ ਧ੍ਰੋਹੀਆਂ ਖਿਲਾਫ ਸਾਰੇ ਵਤਨ ਪ੍ਰਸਤਾਂ ਦੇ ਇੱਕ ਹੋਣ ਦੀ ਜਿੱਤ ਜ਼ਾਤਾਂ ਕਬੀਲਿਆਂ ਭਾਈਚਾਰਿਆਂ ਦੇ ਲੋਕਾਂ ਵਿੱਚ ਭਾਈਚਾਰਾ ਬਣਨ ਦੀ ਜਿੱਤ ਕਾਮਿਆਂ ਕਿਸਾਨਾਂ ਦੇ ਇੱਕਮਿੱਕ ਹੋਣ ਦੀ ਜਿੱਤ ਭਗਵੇ ਅੱਤਵਾਦੀਆਂ ਦੀਆਂ ਭੀਲਾਂ ਮਸਜਦੀਆਂ ਜਨਨੀਆਂ ਨੂੰ ਜਲੀਲ ਕਰਨ ਦੀਆਂ ਚਾਲਾਂ ਤੇ ਹਿੰਦੁਸਤਾਨ ਨੂੰ ਹਿੰਦੂਸਤਾਨ ਬਣਾਉਣ ਦੇ ਗੁੱਝੇ ਏਜੰਡੇ ਨੂੰ ਠੱਲ੍ਹ ਪਾਉਣ ਦੀ ਜਿੱਤ ਜਨ ਜਨ ਗਣ ਗਣ ਦੇ ਮਨ ਵਿੱਚ ਰਾਸ਼ਟਰ ਬਚਾਉਣ ਰਾਸ਼ਟਰੀ ਗੌਣ ਦੀ ਧੁਨ ਗੁਣਗੁਣਾਉਣ ਦੀ ਜਿੱਤ ਜਯ ਹੇ ਜਯ ਹੇ ਜਯ ਹੇ ।

ਚੱਲੋ ਦਿੱਲੀ ਚੱਲੀਏ-ਗਗਨ ਬਰਾੜ

ਕੁਝ ਦਿਨ ਪਹਿਲਾਂ ਮੈਂ ਵੀ ਪਰਿਕਰਮਾ ਕੀਤੀ ਹੈ ਉਸ ਨਾਂ ਦੀ, ਉਸ ਥਾਂ ਦੀ ਜਿਸ ਨੂੰ ਸਿੰਘੂ ਕਹਿੰਦੇ ਹਾਂ। ਉਥੇ ਹਜ਼ਾਰਾਂ ਦੀ ਭੀੜ ਹੈ ਉਥੇ ਬਹੁਤ ਲੋਕ ਨੇ, ਜਿਹੜੇ ਗਾਉਂਦੇ ਨੇ, ਦੀਵਿਆਂ ਵਾਂਗ ਜਗਦੇ ਨੇ, ਹਨੇਰਿਆਂ ਨੂੰ ਚੜਾਉਂਦੇ ਨੇ। ਕੁਝ ਮਘਦੇ ਸੂਰਜ ਵਰਗੇ ਨੇ, ਹਨੇਰੇ ਜਿਨਾਂ ਤੋਂ ਡਰਦੇ ਨੇ। ਕੁਝ ਦਲੀਲ ਨਾਲ ਗੱਲ ਕਰਦੇ ਨੇ, ਹਾਕਮਾਂ ਨੂੰ ਸੱਪ ਵਾਂਗ ਲੜਦੇ ਨੇ। ਪਤਾ ਉਥੇ ਹੋਰ ਕੌਣ ਸੀ? ਉਥੇ ਕਰਤਾਰ ਸਿੰਘ ਸਰਾਭਾ ਕਿਤਾਬ ਪੜ੍ਹਦਾ ਹੈ, ਭਗਤ ਸਿੰਘ ਮਾਂ ਗੁਜਰੀ ਦੀ ਸੇਵਾ ਕਰਦਾ ਹੈ, ਉਥੇ ਚੰਡੀ ਰੱਖਿਆ ਕਰਦੀ ਹੈ, ਜੁਲਮ ਵਿਰੁੱਧ ਲੜਦੀ ਹੈ। ਉਥੇ ਜਿਉਂਦੀਆਂ ਰੂਹਾਂ ਘੁੰਮਦੀਆਂ ਨੇ, ਕਦਮ ਕਦਮ ਲੇਖੇ ਕਰ ਪੈਰ ਚੁੰਮਦੀਆਂ ਨੇ। ਨਾਨਕ ਲੰਗਰ ਪਕਾਉਂਦਾ ਹੈ ਰਾਮ ਜੈਕਾਰੇ ਲਾਉਂਦਾ ਹੈ ਹੁਣ ਵਾਹਿਗੁਰੂ ਜਿੰਨਾਂ ਹੀ ਰਾਮ ਰਾਮ ਮਨ ਨੂੰ ਭਾਉਂਦਾ ਹੈ। ਦੋਨੋਂ ਇਕੱਠੇ ਗ਼ਜ਼ਾ ਕਰਨ ਜਾਂਦੇ ਨੇ ਰੁੱਖੇ ਮਿਸੇ ਨਾਲ ਸਭ ਦਾ ਢਿਡ ਭਰਦੇ ਨੇ। ਉਹ ਗਰਾਹੀ ਖਾ ਢਿਡ ਭਰ ਗਿਆ, ਸਭ ਨੂੰ ਮਿਲ ਕਾਲਜਾ ਠਰ ਗਿਆ। ਜਾਓ ਤੁਸੀਂ ਵੀ ਮਿਲ ਆਓ, ਫੇਰ ਨਾ ਕਿਹੋ ਦੱਸਿਆ ਨੀ ਉਥੇ ਵਾਹਿਗੁਰੂ,ਰਾਮ ਤੇ ਅੱਲ੍ਹਾ ਸਭ ਇਕੱਠੇ ਰਲ ਕੇ ਰਹਿੰਦੇ ਨੇ। ਤਿੰਨੋਂ ਹੁਣ ਤਾਂ ਵਾਰੋ ਵਾਰੀ ਵਾਹਿਗੁਰੂ,ਅੱਲਾ ਤੇ ਰਾਮ ਕਹਿਂਦੇ ਨੇ ਬੋਲੇ ਸੋ ਨਿਹਾਲ ਵਾਂਗ ਹੀ ਹੁਣ ਤਾਂ ਰੇ ਭਾਈ ਬੋਲੋ ਰਾਮ ਰਾਮ ਸੁਣਾਈ ਦਿੰਦਾ ਹੈ ਰਾਮ ਪੱਗ ਬੰਨ ਅੱਲਾ ਦੇ ਹੱਥੋਂ ਪਾਣੀ ਪੀਂਦਾ ਹੈ। ਮੈਂ ਉਸ ਥਾਂ ਦੀ ਮਿਟੀ ਲੈ ਕੇ ਆਈ ਹਾਂ, ਉਸ ਮਿੱਟੀ ਤੋਂ ਮੈਂ ਚੁੱਲ੍ਹਾ ਬਣਾਉਣਾ ਹੈ, ਉਸ ਤੇ ਪੱਕਿਆ ਅੰਨ ਸੰਗਤ ਚ ਵਰਤਾਉਣਾ ਹੈ... ਡਾ਼ ਗਗਨਦੀਪ ਕੌਰ ਅਸਿਸਟੈਂਟ ਪ੍ਰੋਫੈਸਰ ਦਸਮੇਸ਼ ਖ਼ਾਲਸਾ ਕਾਲਜ ਸ੍ਰੀ ਮੁਕਤਸਰ ਸਾਹਿਬ

ਹਕ ਜਿਨ੍ਹਾਂ ਦੇ ਆਪਣੇ, ਆਪੇ ਲੈਣਗੇ, ਖੋਹ : ਡਾ: ਇੰਦਰਜੀਤ ਸਿੰਘ ਵਾਸੂ

ਸਿੰਘੂ ਬਾਰਡਰ, ਸੂਰਜਾਂ ਵੰਡੀ ਗਿਆਨ ਦੀ ਲੋਅ। ਓਥੇ ਗਰਜੀ ਕੌਮ ਕਿਸਾਨ ਦੀ, ਜਾਗੋ ਜਾਗੋ ਹੋ। ਓਥੇ ਆਏ ਸਭ ਮਰਜੀਵੜੇ, ਜੋ ਮਰ ਕੇ ਜੀਂਦੇ ਹੋ। ਉਨ੍ਹਾਂ ਲਗੀ ਛੁਹ ਦਸਮੇਸ਼ ਦੀ, ਉਹਦਾ ਰੂਪ ਬਣੇ ਨੇ ਜੋ। ਉਹ ਅਲਬੇਲੇ ਪੰਜਾਬ ਦੇ, ਉਹ ਠਲ੍ਹੇ ਜਾਣ ਨਾ ਹੋ। ਉਹ ਜੀਂਦੇ ਗੁਰੂ ਦੇ ਨਾਮ ਤੇ, ਉਹ ਸੰਞ ਸਵੇਲੇ ਹੋ। ਜਿਨ੍ਹਾਂ ਸੁੱਟੇ ਮਨ ਤੋਂ ਬਾਹਰ ਨੇ, ਕੁਲ ਹਨੇਰੇ ਢੋਅ। ਜਿਨ੍ਹਾਂ ਕੂੜੇ ਏਸ ਜਹਾਨ ਦੇ, ਸਾਰੇ ਛਡੇ ਮੋਹ। ਜਾਗੀ ਅਣਖ ਤੇ ਬੀਰਤਾ, ਆਏ ਵਿੱਚ ਨੇ ਰੋਹ। ਅਜ ਸਥਰਾਂ ਉਤੇ ਸੋ ਰਹੇ, ਛਡ ਮਹਿਲ ਮੁਨਾਰੇ ਹੋ। ਠੰਡਾਂ ਠਾਰ ਨਾ ਸਕੀਆਂ, ਨਿੱਘੇ ਜਜ਼ਬੇ ਹੋ। ਅਜ਼ਾਦੀ ਠਾਠਾਂ ਮਾਰਦੀ, ਛੱਡਣ ਜੈਕਾਰੇ ਹੋ। ਆਖ ਰਹੇ ਨੇ ਜਗ ਨੂੰ, ਰਣਭੂਮੀ ਵਿੱਚ ਖਲੋ। ਅਸੀਂ ਚਿਹਰੇ ਲਏ ਪਛਾਣ ਨੇ, ਆਏ ਲੋਟੂ ਜੋ। ਜੋ ਨਵੇਂ ਸ਼ਿਕਾਰੀ ਆ ਗਏ, ਇਹ ਮੋਮੋ ਠਗਣੇ, ਜੋ। ਜੋ ਮਾਰਨ ਕ੍ਰਿਤੀ ਲਾਲੋਆਂ, ਪਰਦਿਓਂ ਉਹਲੇ ਹੋ। ਤਿੰਨ ਕਾਲੇ ਜੋ ਕਾਨੂੰਨ ਨੇ ਬਚਿਓ ਏਨ੍ਹਾਂ ਤੋਂ। ਇਹ ਨਵੀਂ ਗੁਲਾਮੀ ਦੇਣਗੇ ਤੇ ਖੁਲ੍ਹ ਲੈਣਗੇ ਖੋਹ। ਅਸੀਂ ਨਵੀਂ ਅਜ਼ਾਦੀ ਲਭਣੀ, ਸਾਹਵੇ ਮੌਤ ਖਲੋ। ਅਸੀਂ ਜਲਦੀ ਦੇਣੀ ਜਗ ਨੂੰ ਨਵੀਂ ਨਵੀਂ ਕੋਈ ਸੋ। ਸਹਜ ਕ੍ਰਾਂਤੀ ਆ ਰਹੀ, ਸਾਨੂੰ ਪੈਂਦੀ ਹੈ ਕੰਨਸੋ। ਏਥੇ ਨਵੇਂ ਸਵੇਰੇ ਉਗਣੇ, ਸਭ ਉੱਥਲ ਪੁੱਥਲ ਹੋ। ਅੰਮ੍ਰਿਤਾ ਪ੍ਰੀਤਮ ਜੱਗ ਤੇ ਹੋਈ ਅਮਰ ਕਵਿਤਰੀ ਜੋ। ਉਸ ਬੋਲੇ ਬੋਲ ਅਨੋਖੇੜੇ, ਉਹ ਸਚੇ ਜਾਣੇ ਹੋ। ਕਿਕਰ ਵੇ ਕੰਡਿਆਲਿਆ, ਉਤੇ ਚੜ੍ਹਿਆ ਪੋਰ। ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋਹ। ‘ਵਾਸੂ` ਵਸ ਜਹਾਨ ਤੇ, ਬ੍ਰਹਿਮੰਡੀ ਹੋ ਖਲੋ। ਇਹ ਪੰਜ ਤੱਤਾਂ ਦੇ ਪੁਤਲੇ, ਸਭ ਮਿੱਟੀ ਜਾਣੇ ਹੋ। ਹੈ ਮਰਨਾ ਸੱਚ ਜਹਾਨ ਤੇ, ਮਾਣ ਨਾ ਕਰੀਏ ਕੋ। -ਡਾ: ਇੰਦਰਜੀਤ ਸਿੰਘ ਵਾਸੂ ਫਗਵਾੜਾ

ਫਸਲਾਂ ਦੇ ਵਾਰਸੋ ਓਏ (ਗੀਤ) : ਗੁਰਤੇਜ ਕੋਹਾਰਵਾਲਾ

ਫਸਲਾਂ ਦੇ ਵਾਰਸੋ ਓਏ ਮਿੱਟੀ ਦੇ ਦੁਲਾਰਿਓ, ਕਿਰਤਾਂ ਦੇ ਪਹਿਰੂਓ ! ਪੰਜਾਬੀਓ ਪਿਆਰਿਓ, ਪੈਲੀਆਂ ’ਚ ਉੱਤਰੇ ਦਲਾਲ ਚੇਤੇ ਰੱਖਿਓ, ਦਿੱਲੀ ਨੇ ਜੋ ਕੀਤੀ ਖੇਤਾਂ ਨਾਲ ਚੇਤੇ ਰੱਖਿਓ। ਲੱਗਦਾ ਸੀ ਅੱਥਰੀ ਜਵਾਨੀ ਕਿਤੇ ਸੌਂ ਗਈ, ਸਾਡੇ ਸਤਲੁਜ ਦੀ ਰਵਾਨੀ ਕਿਤੇ ਸੌਂ ਗਈ, ਨੀਂਦਾਂ 'ਚੋਂ ਹੀ ਉੱਠਦੇ ਭੂਚਾਲ ਚੇਤੇ ਰੱਖਿਓ। ਰਾਜਧਾਨੀ ਚਾਹੁੰਦੀ ਜ਼ਿਦਾਂ ਪੁੱਠੀਆਂ ਪੁਗਾਉਣੀਆਂ, ਅਸੀਂ ਵੀ ਟਰਾਲੀਆਂ ’ਚ ਪਾ ਲਈਆਂ ਨੇ ਛਾਉਣੀਆਂ, ਹੱਕ ਦੀ ਤੇ ਪੱਗ ਦੀ ਸੰਭਾਲ ਚੇਤੇ ਰੱਖਿਓ। ਅੰਨਦਾਤਿਆਂ ਦਾ ਸਦਾ ਗਿਆ ਹੱਕ ਮਾਰਿਆ, ਐਤਕੀਂ ਤਾਂ ਸਿੱਧਾ ਘੰਡੀ ਉੱਤੇ ਟੱਕ ਮਾਰਿਆ, ਐਤਕੀਂ ਹੈ ਜੰਗ ਬੇਮਿਸਾਲ ਚੇਤੇ ਰੱਖਿਓ। ਵਿਰਸੇ ਦੀ ਹਾਕ, ਇਤਿਹਾਸ ਦੀ ਪੁਕਾਰ ਤੇ, ਆਪਣੀ ਹੀ ਚੁਣੀ ਸਰਕਾਰ ਦੀ ਵੰਗਾਰ ਤੇ, ਸੜਕਾਂ ਤੇ ਕੱਟਿਆ ਸਿਆਲ ਚੇਤੇ ਰੱਖਿਓ।

ਹੁਣ ਦਿੱਲੀ ਦੂਰ ਨਹੀਂ ਹੈ ਬਾਪੂ : ਸੰਦੀਪ ਜਸਵਾਲ

ਮੇਰਾ ਬਾਪੂ ਮਿੱਟੀ ਨਾਲ ਮਿੱਟੀ ਹੁੰਦਾ ਖੇਤਾਂ ਨੂੰ ਕਰਮ-ਭੂਮੀ ਮੰਨਦਾ ਤੇ ਕਿਰਤ ਨੂੰ ਧਰਮ। ਹਰ ਸਿਆਲ ਮੈਂ ਉਸ ਨੂੰ ਪੈਰਾ ਦੀਆਂ ਪਾਟੀਆਂ ਬਿਆਈਆਂ ਵਿਚ ਮੋਮ ਭਰਦਿਆ ਦੇਖਿਆ। ਭਾਦੋਂ ਵਿਚ ਮੱਕੀ ਗੁਡਦਿਆਂ ਉਸਦਾ ਕਣਕ-ਵੰਨਾ ਰੰਗ ਲ਼ੋਹੇ ਵਰਗਾ ਹੋ ਜਾਂਦਾ। ਅੰਤਾਂ ਦਾ ਰਿਜਕ ਕਮਾ ਕੇ ਵੀ ਉਸਨੇ ਨਾ ਕਦੇ- ਮਨ ਭਾਉਦਾਂ ਖਾ ਕੇ ਵੇਖਿਆ। ਤੇ ਨਾ ਜਗ ਭਾਉਂਦਾ ਪਹਿਨ ਕੇ ਡੋਬੇ ਸੋਕੇ ਸਮੇਂ ਉਹ ਫ਼ਸਲ ਦੇ ਨਾਲ ਹੀ ਡੁੱਬਦਾ ਤੇ ਸੁਕਦਾ ਰਿਹਾ। ਟਿਕੀ ਹੋਈ ਰਾਤ ਵਿਚ ਜਦੋਂ ਕਦੇ ਉਹ “ਟਾਹਲੀ ਮੇਰੇ ਬੱਚੜੇ ਲੱਕ ਟੁਣੂ ਟੁਣੂ ਗਾਉਂਦਾ” ਤਾਂ ਘਰ ਦਾ ਸਾਰਾ ਜੀਆਂ-ਜੰਤ ਉਸਦੀ ਹੂਕ ਨਾਲ ਵਿੰਨਿਆਂ ਜਾਂਦਾ । ਹਰ ਵਰ੍ਹੇ- ਜਦੋਂ- ਬੀਜਾਈ ਸਮੇਂ ਉਸਦੇ ਬਲਦ ਬੈਸਕ ਜਾਂਦੇ ਤੇ ਸਿੰਜਾਈ ਸਮੇਂ ਮੋਟਰ ਹਵਾ ਲੈ ਜਾਂਦੀ ਤਾਂ ਉੁਹ ਅੰਗੂਠੇ ਨੂੰ ਥੁੱਕ ਲਾ ਕੇ ਨੋਟ ਗਿਣਦੇ ਆੜ੍ਹਤੀਏ ਮੂਹਰੇ ਬੈਠਾ ਕਿੰਨਾ ਕਿੰਨਾ ਚਿਰ ਆਪਣੇ ਅੰਗੂਠੇ ਉਤੱਲਾ ਨੀਲਾ ਰੰਗ ਵੇਖਦਾ ਰਹਿੰਦਾ । ਕੱਚੇ ਕੋਠੇ ਤੇ ਪੱਕਾ ਚੁਬਾਰਾ ਪਾਉਣ ਦੀ ਰੀਝ ਉਹ ਨਾਲ ਹੀ ਲੈ ਕੇ ਤੁਰ ਗਿਆ। ਢਿੱਡ ਨੂੰ ਗੱਠਾ ਦੇ ਕੇ ਪਾਲੀ ਫ਼ਸਲ ਮੰਡੀ ਲੈ ਜਾਂਦਾ ਤੇ ਹਰ ਵਾਰ ਹੱਥ ਝਾੜ ਕੇ ਜਦੋਂ ਵਾਪਸ ਮੁੜਦਾ ਤਾਂ ਉਸਦੇ ਭਖਦੇ ਚਿਹਰੇ ਤੋਂ ਬਲਦੇ ਹੋਏ ਸ਼ਬਦ ਝੜਦੇ “ਜੀਅ ਕਰੇ ਸਰਕਾਰ ਦੇ ਢਿੱਡ ਵਿਚ ਟੱਕਰ ਮਾਰਾਂ ਦਿੱਲੀ ਜਾ ਕੇ ਪਰ ਕੀ ਕਰਾਂ ਨੇੜੇ ਤੇੜੇ ਥੋੜ੍ਹੀ ਹੈ ਬਹੁਤ ਦੂਰ ਹੈ ਦਿੱਲੀ” ਅੱਜ ਦਿੱਲੀ ਜਾਂਦੇ ਸਾਰੇ ਰਾਹਾਂ ਤੇ ਮੈਨੂੰ ਮੇਰਾ ਬਾਪੂ ਖੜ੍ਹਾ ਦਿਸਦੈ ਟੱਕਰ ਮਾਰਨ ਲਈ ਤਿਆਰ- ਵੇਖਿਆ ਹੁਣ ਦਿੱਲੀ ਦੂਰ ਨਹੀਂ ਰਹੀ ਬਾਪੂ । ਹੁਣ ਦਿੱਲੀ ਦੂਰ ਨਹੀਂ ਹੈ।

ਇਨਕਾਰ : ਡਾ. ਨਰੇਸ਼

ਆਹ ਲਓ ਸਾਂਭੋ ਸੰਦ ਜਨਾਬ ਹਲ, ਪੰਜਾਲੀ, ਕੱਸੀ, ਖੁਰਪਾ, ਦਾਤੀ, ਤਸਲਾ, ਤੰਗਲੀ, ਸੰਗਲੀ ਆਹ ਤੁਹਾਡੇ ਬੈਲਾਂ ਦੀ ਜੋੜੀ ਸਾਡਾ ਸਾਫ਼-ਸਾਫ਼ ਇਨਕਾਰ ਸਾਥੋਂ ਇਹ ਖੇਤੀ ਨਹੀਂ ਹੋਣੀ। ਕਣਕਾਂ, ਛੋਲੇ, ਚਰ੍ਹੀਆਂ, ਨਰਮਾ ਪਿਓ ਦਾਦੇ ਵੀ ਬੜਾ ਬੀਜਿਆ ਅਸੀਂ ਵੀ ਜਦ ਤੋਂ ਸੁਰਤ ਸੰਭਾਲੀ ਵਾਹੀ ਬਿਜਾਈ ਕਿੱਤਾ ਸਾਡਾ । ਪਰ ਹੁਣ ਤੁਹਾਡਾ ਹੁਕਮ ਕਿ ਧਰਤੀ ਦੀ ਕੁੱਖੋਂ ਬਾਰੂਦ ਉਗਾਈਏ ਬੰਦੂਕਾਂ ਦੀ ਖੇਤੀ ਕਰੀਏ ਸਾਨੂੰ ਇਹ ਗੱਲ ਨਹੀਂ ਪੁੱਗਦੀ। ਹੁਕਮ-ਅਦੂਲੀ ਗੁਸਤਾਖ਼ੀ ਕੁਝ ਵੀ ਆਖੋ ਜੀ ਜ਼ੋਰਾਵਰ ਦਾ ਸੱਤੀ ਵੀਹੀਂ ਸੌ ਹੁੰਦਾ ਹੈ ਸਾਨੂੰ ਜਿਹੜਾ ਫਾਹੇ ਲਾਉਣੈ, ਫਾਹੇ ਲਾ ਲਓ ਪਰ ਸਾਡਾ ਕੋਰਾ ਜਵਾਬ ਹੈ ਵੱਧ ਤੋਂ ਵੱਧ ਮਰਵਾ ਸੁੱਟੋਗੇ ਤੁਹਾਡੇ ਪਾਲੇ ਗੁੰਡੇ ਸੀਸ ਉਡਾ ਸੁੱਟਣਗੇ ਇਹ ਸਾਨੂੰ ਮਨਜ਼ੂਰ ਹੈ। ਐਪਰ ਆਪਣੀ ਦਸ-ਵੀਹਾਂ ਦੀ ਜਾਨ ਬਚਾਉਣ ਲਈ ਹੁਣ ਅਸੀਂ ਆਉਂਦੀਆਂ ਨਸਲਾਂ ਨੂੰ ਬਰਬਾਦ ਨਹੀਂ ਕਰਨਾ ਇਹ ਸਾਡਾ ਪੱਕਾ ਨਿਸਚਾ ਹੈ।

ਸਾਡੇ ਖੇਤ ਲੜੇ ਨੇ : ਹਰਦਮ ਸਿੰਘ ਮਾਨ

(ਕਿਸਾਨੀ ਅੰਦੋਲਨ ਦੇ ਨਾਂ...) ਹੱਕ, ਨਿਆਂ ਤੇ ਸੱਚ ਸਦਾ ਹੀ ਸਮਿਆਂ ਸੰਗ ਅੜੇ ਨੇ। ਸ਼ਾਹਦੀ ਹੁਣ ਇਤਿਹਾਸ ਭਰੇਗਾ – ਸਾਡੇ ਖੇਤ ਲੜੇ ਨੇ। ਕਾਲੇ ਕਾਨੂੰਨਾਂ ਦੀ ਮਨਸ਼ਾ ਫਸਲਾਂ ਵੀ ਸਮਝਦੀਆਂ ਕੀ ਹੋਇਆ ਜੇ ਚਤੁਰ ਸਿਆਸਤ, ਲੋਕ ਵੀ ਖੂਬ ਪੜ੍ਹੇ ਨੇ। ਕੁਰਸੀਬਾਜਾਂ ਦਾਅ ਤੇ ਲਾਇਆ ਹੈ ਇਸ ਸੋਨ-ਚਿੜੀ ਨੂੰ ਪਰ ਹੁਣ ਸੋਨ-ਚਿੜੀ ਦੇ ਵਾਰਿਸ ਹਿੱਕਾਂ ਤਾਣ ਖੜ੍ਹੇ ਨੇ। ਚਾਤੁਰ ਚੱਲਣਾ ਚਾਹੇ ਚਾਲਾਂ, ਕੋਈ ਚਾਲ ਨਾ ਚੱਲੇ ਫੌਲਾਦ ਜਿਹੇ ਖੇਤਾਂ ਦੇ ਪੁੱਤ, ਏਕੇ ਵਿੱਚ ਮੜ੍ਹੇ ਨੇ। ਠੱਕਾ, ਕੋਰਾ, ਝੱਖੜ-ਝੋਲੇ ਕਿੰਨੇ ਹੀ ਆ ਜਾਵਣ ਇਹ ਰਾਖੇ ਤਾਂ ਫਸਲਾਂ ਵਾਂਗੂੰ ਫਿਰ ਵੀ ਸ਼ਾਂਤ ਖੜ੍ਹੇ ਨੇ। ਹਾਲੇ ਵੀ ਨਾ ਪੜ੍ਹਦਾ ਹਾਕਮ, ਕੰਧ ਉੱਤੇ ਜੋ ਲਿਖਿਆ “ਲੋਕ-ਹਨੇਰੀ ਦੇ ਅੱਗੇ ਤਾਂ ਲੱਖਾਂ ਤਖ਼ਤ ਝੜੇ ਨੇ।”

ਦਿੱਲੀਏ ਤੇਰੇ ਬਾਰ : ਸ਼ੀਰੀਂ

ਦਿੱਲੀਏ ਤੇਰੇ ਬਾਰ, ਅਸੀਂ ਤਾਂ ਬੈਠੇ ਆਂ ਪਰਖਲਾ ਵਾਰੋ ਵਾਰ, ਅਸੀਂ ਤਾਂ ਬੈਠੇ ਆਂ ਕੱਕਰ ਲੰਘਿਆ, ਲੋਆਂ ਪਈਆਂ ਜਲਥਲ ਹੋਈ, ਕੁੱਲੀਆਂ ਢਹੀਆਂ ਝੱਖੜ ਕਰਗੇ ਮਾਰ, ਅਸੀਂ ਤਾਂ ਬੈਠੇ ਆਂ ਪਾੜਨ ਵਾਲੀ ਖੇਡ ਤੂੰ ਖੇਡੀ ਭੇਜੇ ਆਪਣੇ ਬੀਅਰ ਟੈਡੀ ਹਿੰਦੂ ਸਿੱਖ ਦਾ ਫ਼ਿਰਕੂ ਪੱਤਾ ਜੀਹਦੇ ਸਿਰ ਤੇ ਮਾਣੇਂ ਸੱਤਾ ਨਾ ਚੱਲਿਆ ਇਸ ਵਾਰ, ਅਸੀਂ ਤਾਂ ਬੈਠੇ ਆਂ ਨਾਕੇ ਲਾਏ, ਕਿੱਲ ਵੀ ਗੱਡੇ ਗੁੰਡੇ ਭੇਜੇ, ਸੂਹੀਏ ਛੱਡੇ ਥਕਾਉਣ ਹੁੰਭਾਉਣ ਦੇ ਵਾਲਾ ਵੀ ਹੁਣ ਵਰਤ ਵੇਖ ਹਥਿਆਰ, ਅਸੀਂ ਤਾਂ ਬੈਠੇ ਆਂ ਮੁੜਕੇ ਇੱਥੋਂ ਜਾਣਾ ਕਿੱਥੇ ਖੇਤਾਂ ਦੀ ਬਰਕਤ ਤਾਂ ਜਿੱਥੇ ਤੇਰੀ ਹਰੀ ਕ੍ਰਾਂਤੀ ਬੈਠੀ ਕਿੱਦੇ ਦੀ ਡਕਾਰ, ਅਸੀਂ ਤਾਂ ਬੈਠੇ ਆਂ ਸਮਝ ਰਹੇ ਆਂ ਹੌਲੀ ਹੌਲੀ ਕਾਹਤੋਂ ਬਣੀ ਏਂ ਬੈਠੀ ਬੋਲੀ ਕਿਨ੍ਹਾਂ ਦੀ ਐਂ ਚੱਟਦੀ ਕੌਲੀ ਕਿਹੜੇ ਤੇਰੇ ਯਾਰ, ਅਸੀਂ ਤਾਂ ਬੈਠੇ ਆਂ ਅਮਰੀਕਾ ਵਰਗੇ ਮੁਲਕ ਲੁਟੇਰੇ ਵਾਲ ਮਾਰਟ ਜਿਹੇ ਫਿਰਨ ਬਥੇਰੇ ਤੇ ਆਹ ਅਡਾਨੀ-ਬਾਨੀ ਤੇਰੇ ਜੀਹਨਾਂ ਦੀ ਸਰਕਾਰ, ਅਸੀਂ ਤਾਂ ਬੈਨੇ ਆਂ ਕੰਪਨੀਆਂ ਕੁੱਲ ਭਾਲਣ ਠੇਕੇ ਜਿਨ੍ਹਾਂ ਮੂਹਰੇ ਗੋਡੇ ਟੇਕੇ ਖੇਤ ਖੋਹਣ ਦੇ ਹੁਕਮ ਤਾਂ ਸੁਣੀਏ ਆਉਣ ਸਮੁੰਦਰੋਂ ਪਾਰ, ਅਸੀਂ ਤਾਂ ਬੈਠੇ ਆਂ ਉਹਨਾਂ ਚਾੜ੍ਹ ਮਰੋੜਾ ਛੱਡਿਆ ਏਧਰ ਕਿੱਲਾ ਘੋਲ ਨੇ ਗੱਡਿਆ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਲੰਘੇ ਆਰ ਨਾਂ ਪਾਰ, ਅਸੀਂ ਤਾਂ ਬੈਠੇ ਆਂ ਅਸੀਂ ਤਾਂ ਬੈਠੇ ਜਾਂਦੇ ਫਲਦੇ ਹੋਰ ਕਾਫ਼ਲੇ ਜਾਂਦੇ ਰਲਦੇ ਹਰਿਆਣੇ ਤੋਂ ਕਰਨਾਟਕ ਤੀਕਰ ਫੈਲ ਗਿਆ ਪਰਿਵਾਰ, ਅਸੀਂ ਤਾਂ ਬੈਠੇ ਆਂ ਕਿਹੜਾ ਸ਼ਰੀਕ ਤੇ ਕਿਹੜਾ ਭਾਈ ਘੋਲ ਚ ਆਕੇ ਸੋਝੀ ਆਈ ਹੱਕ ਦੇ ਵਿੱਚ ਅਵਾਜ਼ ਗੂੰਜਾਈ ਸੁਣੇ ਵਾਹਗਿਓਂ ਪਾਰ, ਅਸੀਂ ਤਾਂ ਬੈਠੇ ਆਂ ਸਾਰੇ ਮੁੱਕਦੇ ਜਾਂਦੇ ਓਹਲੇ ਜਿਹੜੇ ਵੋਟ ਬਟੇਰੂ ਟੋਲੇ ਇੱਕ ਤੋਂ ਵਧਕੇ ਚਮਚੇ-ਗੋਲੇ ਇਹੋ ਜਿਹੇ ਬਟੇਰਿਆਂ ਦਾ ਹੁਣ ਪਾਉਣਾ ਨਹੀਂ ਆਚਾਰ, ਅਸੀਂ ਤਾਂ ਬੈਠੇ ਆਂ ਸਾਰੇ ਪਾਸੇ ਬੁੜਬੁੜ ਚੱਲਦੀ ਕਿ ਢਿੱਡ ਤੇਰੇ ਵੀ ਗੁੜ ਗੁੜ ਚੱਲਦੀ ਯੂ ਪੀ ਦਿਖਦੀ ਹੱਥ ਚੋਂ ਹੱਲਦੀ ਉਤੋਂ ਉਤੋਂ ਮਾਰੇ ਬੜ੍ਹਕਾਂ ਅੰਦਰੋਂ ਚੜੇ ਬੁਖਾਰ, ਅਸੀਂ ਤਾਂ ਬੈਠੇ ਆਂ ਜਿਹੜਾ ਰਹਿੰਦਾ ਜੋਰ ਉਹ ਲਾ ਲੈ ਦੁਸਹਿਰਾ ਦੀਵਾਲੀ ਆਈਂ ਟਪਾ ਲੈ ਯਾਦ ਰੱਖੀਂ ਪਰ ਹਿੱਕ ’ਤੇ ਦਿਨੋ ਦਿਨ ਵਧਦਾ ਜਾਊ ਭਾਰ, ਅਸੀਂ ਤਾਂ ਬੈਠੇ ਹਾਂ ਦਿੱਲੀਏ ਤੇਰੇ ਬਾਰ, ਅਸੀਂ ਤਾਂ ਬੈਠੇ ਆਂ ਪਰਖ ਲੈ ਜਿੰਨੀ ਵਾਰ, ਅਸੀਂ ਤਾਂ ਬੈਠੇ ਆਂ...

ਹੱਕਾਂ ਖਾਤਰ ਟੱਕਰ ਲੈਣੀ : ਓਮਕਾਰ ਸੂਦ ਬਹੋਨਾ

ਸਰਕਾਰਾਂ ਸੰਗ ਟੱਕਰ ਲੈਣੀ ਹੁਣ ਤਾਂ ਯਾਰੋ ਪੈਣੀ ਹੈ, ਕਾਲੀ-ਬੋਲੀ ਰਾਤ ਮੁਕਾਉਣੀ ਹੁਣ ਤਾਂ ਯਾਰੋ ਪੈਣੀ ਹੈ। ਸਾਡਾ ਅੰਨ ਉਗਾਇਆ ਸਾਥੋਂ ਚਾਲਾਂ ਦੇ ਨਾਲ ਖੋਹ ਲੈਂਦੇ, ਮਿੱਠੀਆਂ ਗੱਲਾਂ ਮਿੱਠੇ ਲਾਰੇ ਦੇ ਕੇ ਸਾਨੂੰ ਮੋਹ ਲੈਂਦੇ। ਪੀੜਾਂ ਥੋਡੀਆਂ ਦੂਰ ਕਰਾਂਗੇ ਕਹਿ-ਕਹਿ ਸਾਨੂੰ ਟੋਹ ਲੈਂਦੇ, ਕਰਕੇ ਮਿੱਠੀਆਂ, ਝੂਠੀਆਂ ਗੱਲਾਂ ਹਿਰਦੇ ਸਾਡੇ ਕੋਹ ਲੈਂਦੇ। ਝੂਠ-ਫਰੇਬਾਂ ਦੇ ਵਿੱਚ ਆ ਕੇ ਮਿਹਨਤ ਅਸੀਂ ਲੁਟਾ ਬਹਿੰਦੇ, ਬਾਲਾਂ ਦੇ ਲਈ ਖਾਬ ਸਜਾਏ ਮਿੱਟੀ ਵਿੱਚ ਮਿਲਾ ਬਹਿੰਦੇ। ਹੱਕਾਂ ਖਾਤਰ ਟੱਕਰ ਲੈਣੀ ਹੁਣ ਤਾਂ ਸਾਨੂੰ ਪੈਣੀ ਹੈ, ਬਹੁਤ ਸਹਿ ਲਏ ਦੁੱਖੜੇ ਯਾਰੋ ਹੁਣ ਨਹੀਂ ਜ਼ਹਿਮਤ ਸਹਿਣੀ ਹੈ! ਲੋਟੂ ਢਾਣੀ ਅੱਤ ਮਚਾਈ, ਰਲਕੇ ਸਾਨੂੰ ਜਾਣ ਖਾਈ, ਝੂਠ ਬੋਲ ਕੇ ਵੋਟਾਂ ਲੈਂਦੇ ਸਾਨੂੰ ਮੂਰਖ ਜਾਣ ਬਣਾਈ। ਪਿੰਡੇ ਸਾਡੇ ਲੂਹ ਜਾਂਦੇ ਨੇ ਧੁੱਪਾਂ ਦੇ ਵਿੱਚ ਕੰਮ ਕਰਦਿਆਂ, ਠੰਢਾਂ ਦੇ ਵਿੱਚ ਬਰਫਾਂ ਵਾਂਗ ਹੱਥ ਮੁੜ ਜਾਂਦੇ ਦਮ ਭਰਦਿਆਂ। ਸਬਰਾਂ ਦਾ ਹੁਣ ਬੰਨ੍ਹ ਟੁੱਟਿਆ ਹੈ ਬਦਲੀ ਰਹਿਣੀ-ਬਹਿਣੀ ਹੈ, ਜ਼ੁਲਮਾਂ ਦੀ ਸਾਨੂੰ ਅੱਤ ਮੁਕਾਉਣੀ ਹੁਣ ਤਾਂ ਯਾਰੋ ਪੈਣੀ ਹੈ। ਖਟਮਲ ਪਿੱਸੂ ਸਮਝ ਰਹੇ ਨੇ ਮਿਹਨਤ ਕਿਰਤੀ ਲੋਕਾਂ ਨੂੰ, ਕੌਡੀਆਂ ਬਦਲੇ ਜਿਣਸ ਲੁਟਾਈਏ ਲਹੂ ਪੀਣੀਆਂ ਜੋਕਾਂ ਨੂੰ। ਇਨ੍ਹਾਂ ਦੇ ਸਿੰਗਾਂ ਤੋਂ ਡਰਕੇ ਹੁਣ ਨਹੀਂ ਪਿੱਠ ਵਿਖਾਉਣੀ ਹੈ, ਇਕੱਠਿਆਂ ਹੋ ਕੇ ਟੱਕਰ ਲੈਣੀ, ਤਾਕਤ ਅਸੀਂ ਵਿਖਾਉਣੀ ਹੈ। ਰੁੱਖੀ-ਸੁੱਖੀ ਖਾ ਕੇ ਹਰ ਦਿਨ ਕੰਮ ਕਾਰਾਂ ’ਤੇ ਜਾਂਦੇ ਹਾਂ, ਫੈਕਟਰੀਆਂ ਵਿੱਚ ਖੂਨ ਆਪਣਾ ਕਰਕੇ ਕੰਮ ਸੁਕਾਂਦੇ ਹਾਂ। ਤੀਹ ਦਿਨ ਆਪਣਾ-ਆਪ ਲੁਟਾ ਕੇ ਥੋੜ੍ਹਾ ਵੇਤਨ ਪਾਉਂਦੇ ਹਾਂ, ਬੀਵੀ-ਬੱਚੇ ਬੁੱਢੇ ਮਾਂ ਪਿਓ ਸੰਗ ਮਰ-ਮਰ ਵਕਾ ਲੰਘਾਉਂਦੇ ਹਾਂ। ਲੋਟੂ ਢਾਣੀ ਦੀ ਮਨਮਰਜ਼ੀ ਹੁਣ ਤਾਂ ਅਸੀਂ ਮਿਟਾਉਣੀ ਹੈ। ਖਾ ਰਿਸ਼ਵਤ ਸਰਕਾਰੀ ਲੀਡਰ ਛੋਟਾਂ ਦੇਵਣ ਲੋਕਾਂ ਨੂੰ, ਲਾ ਕੇ ਖਾਕੀ ਵਰਦੀ ਵਾਲੇ ਮਾਰ ਗਿਰਾਵਣ ਲੋਕਾਂ ਨੂੰ। ਡਰਦਾ ਕੋਈ ਬੋਲ ਨਾ ਸਕੇ ਧਮਕੀ ਦੇਣ ਬੰਦੂਕਾਂ ਦੀ, ਸਾਡੀ ਇਹ ਪ੍ਰਵਾਹ ਨਹੀਂ ਕਰਦੇ ਨਾ ਹੀ ਸਾਡੀਆਂ ਕੂਕਾਂ ਦੀ। ਹੁਣ ਨਹੀਂ ਡਰਨਾ ਆ ਜਾਓ ਯਾਰੋ ਜ਼ੁਲਮ ਦੀ ਅੱਤ ਮੁਕਾਉਣੀ ਹੈ। ਸਰਕਾਰਾਂ ਸੰਗ ਟੱਕਰ ਲੈਣੀ ਹੁਣ ਤਾਂ ਯਾਰੋ ਪੈਣੀ ਹੈ! ਕਾਲੀ-ਬੋਲੀ ਰਾਤ ਮੁਕਾਉਣੀ ਹੁਣ ਤਾਂ ਯਾਰੋ ਪੈਣੀ ਹੈ!!

ਮਜ਼ਦੂਰ-ਕਿਸਾਨ : ਓਮਕਾਰ ਸੂਦ ਬਹੋਨਾ

ਮਰ-ਮਰ ਜੀਂਦੇ ਸੜਕਾਂ ਉੱਤੇ ਬਹਿ ਮਜ਼ਦੂਰ ਕਿਸਾਨ! ਖਬਰੇ ਕਾਹਤੋਂ ਰੁੱਸ ਗਿਆ ਹੈ ਦੋਹਾਂ ਦਾ ਭਗਵਾਨ! ਮਿਹਨਤ ਕਰਕੇ ਭੁੱਖੇ ਰਹਿਣਾ ਲਿਖਿਆ ਵਿੱਚ ਨਸੀਬੀਂ, ਜੱਗ ਦੇ ਅੰਦਰ ਉੱਚੀ ਰੱਖਦੇ ਦੋਵੇਂ ਆਪਣੀ ਸ਼ਾਨ। ਜੰਗਲਾਂ ਵਿੱਚੋਂ ਆਣ ਕੇ ਡਾਕੂ ਕੋਠੀਆਂ ਦੇ ਵਿੱਚ ਵਸੇ, ਇਨ੍ਹਾਂ ਆਦਮ ਖੋਰੇ ਪਸ਼ੂਆਂ ਕਰਿਆ ਹੈ ਪਰੇਸ਼ਾਨ। ਝੂਠੇ ਵਾਅਦੇ, ਝੂਠੀਆਂ ਗੱਲਾਂ ਕਰ-ਕਰ ਦੋਵਾਂ ਨਾਲ, ਕੋਝੀਆਂ ਚਾਲਾਂ ਚੱਲੀ ਜਾਂਦੇ ਇਹ ਲੋਟੂ ਬੇਈਮਾਨ। ਮਿੱਟੀ ਦੇ ਨਾਲ ਮਿੱਟੀ ਹੋ ਕੇ ਦੁਨੀਆਂ ਦੇ ਲਈ ਮਰਦੇ, ਜੱਗ ਦੇ ਬੰਦਿਆਂ ਦਾ ਢਿੱਡ ਭਰਦੇ ਇਹ ਬੀਬੇ ਇਨਸਾਨ। ਇਨ੍ਹਾਂ ਦੇ ਹੱਕਾਂ ’ਤੇ ਡਾਕਾ ਸਮੇਂ-ਸਮੇਂ ’ਤੇ ਪੈਂਦਾ, ਪਰ ਇਹ ਹੁਣ ਤਾਂ ਜਾਗ ਪਏ ਨਾ ਸੌਂਦੇ ਲੰਮੀ ਤਾਣ। ਸੱਪਾਂ-ਸ਼ੀਹਾਂ ਨਾਲ ਦੁਸ਼ਮਣੀ ਰੱਖਦੇ ਸਦਾ ਬਣਾਈ, ਹੱਕਾਂ ਖ਼ਾਤਰ ਲੜਦੇ-ਲੜਦੇ ਦੇਵਣ ਆਪਣੀ ਜਾਨ। ਇਨ੍ਹਾਂ ਦੀ ਮਿਹਨਤ ਦੇ ਬਲ ’ਤੇ ਜੋ ਧਰਤੀ ’ਤੇ ਮੌਲ਼ੇ, ਬਚਿਆ ਇਹਦਾ ਲੁੱਟਣ ਦੇ ਲਈ ਤਿਆਰ ਹੋਏ ਧਨਵਾਨ। ਦੁੱਖਾਂ ਦੀ ਕੋਈ ਚੀਕ ਨਾ ਸੁਣਦਾ ਲੋਟੂ ਲੀਡਰ ਲਾਣਾ, ਦਿੱਲੀਓ ਬਹਿ ਕੇ ਹੁਕਮ ਦਾਗਦਾ ਚੂਹਿਆਂ ਦਾ ਪ੍ਰਧਾਨ। ਕਰਕੇ ਜਦੋਂ ਬਗਾਵਤ ਆ ਗਏ ਰੇਲ ਪਟੜੀਆਂ ਉੱਤੇ, ਇਹੀ ਚੂਹੇ ਦੁੰਮ ਦਬਾ ਕੇ ਨੇੜੇ-ਨੇੜੇ ਆਣ। ਇਨ੍ਹਾਂ ਨੇ ਧਰਨੇ ਦਿੱਤੇ ਖਤਰੇ ਦੀ ਹੈ ਘੰਟੀ, ਇਹ ਬਚ ਗਏ ਬਚ ਸਕਦੀ ਹੈ ਬਾਕੀ ਸਭ ਦੀ ਜਾਨ। ਖੁੰਝਿਆ ਵੇਲਾ ਹੱਥ ਨਹੀਂ ਆਉਣਾ ਸੁਧਰ ਜਾ ਨੀ ਸਰਕਾਰੇ, ਤੈਥੋਂ ਨਹੀਓਂ ਕਾਬੂ ਆਉਣੇ ਵਿਗੜ ਗਏ ਭਲਵਾਨ। ਮਜ਼ਦੂਰਾਂ ਕਿਰਸਾਨਾਂ ਦੀ ਹੈ ਸੰਧੀ ਪੱਥਰ ਵਰਗੀ, ਵਰਦੀ ਧਾਰੀ ਨੌਕਰ ਤੇਰੇ ਪਰ੍ਹੇ ਹੀ ਰਹਿਣ ਜਵਾਨ। ਪੀੜਾਂ-ਦੁਖੜੇ-ਜ਼ਹਿਮਤਾਂ ਸਹਿ-ਸਹਿ ਪਲਦੇ ਇਹੇ ਬੰਦੇ, ਧਰਤੀ ਉੱਤੇ ਦੂਜੇ ਸਮਝੋ ਇਹ ਦੋਵੇਂ ਭਗਵਾਨ। ਇਨ੍ਹਾਂ ਮੂੰਹੋਂ ਨਿਕਲ ਗਿਆ ਜੇ ਸਹਿਵਨ ਹੀ ਸ਼ਰਾਪ, ਦੁਨੀਆਂ ਭੁੱਖੀ ਮਰਜੂ ਸਾਰੀ ਖਾਲੀ ਦਿਸਣੇ ਸਭ ਮੈਦਾਨ। ਇਹੀ ਤਾਂ ਧਰਤੀ ਦੇ ਉੱਤੇ ਰੁੱਖ ਰਹਿਮਤਾਂ ਵਾਲੇ, ਇਨ੍ਹਾਂ ਦੀ ਸਭ ਪੂਜਾ ਕਰ ਲਓ ਜੋ ਮਜ਼ਦੂਰ-ਕਿਸਾਨ!

ਗੀਤ : ਓਮਕਾਰ ਸੂਦ ਬਹੋਨਾ

ਜਾਗ ਪਿਆ ਕਿਰਸਾਨ ਦੇਸ ਦਾ ਜਾਗ ਪਿਆ ਮਜ਼ਦੂਰ! ਸੜਕਾਂ ਉੱਤੇ ਉੱਤਰ ਆਇਆ ਮਿਹਨਤੀਆਂ ਦਾ ਨੂਰ …! ਪਗਡੰਡੀਆ ਦੇ ਰਸਤੇ ਤੁਰਿਆ ਇਨਕਲਾਬ ਦਾ ਪੈਂਡਾ, ਹੁਣ ਸਾਰਾ ਹੀ ਮੁੱਕ ਜਾਊਗਾ ਝੇੜਾ ਤੈਂਡਾ-ਮੈਂਡਾ, ਲੈ ਮਿਸਾਲਾਂ ਤੁਰ ਪਏ ਲੋਕੀਂ ਹਨੇਰਾ ਹੋਣਾ ਦੂਰ ...! ਚਾਰ-ਚੁਫੇਰੇ ਉੱਗ ਆਏਗਾ ਹਰਿਆ-ਭਰਿਆ ਜੰਗਲ, ਕਾਮੇ ਮਿਹਨਤਕਸ਼ਾਂ ਵਾਸਤੇ ਹੁਣ ਮੰਗਲ ਹੀ ਮੰਗਲ, ਚਾਨਣ ਦੇ ਹੁਣ ਸਿੱਟੇ ਉੱਗਣੇ, ਪੈਂਦਾ ਜਾਪੇ ਬੂਰ ...! ਮੁੜ੍ਹਕਾ ਸਦਾ ਵਹਾਵਣ ਵਾਲੇ ਰਲ ਗਏ ਸਾਰੇ ਯਾਰ, ਗੋਲੀਆਂ ਖਾ ਕੇ ਖੂਨ ਦੇਣ ਲਈ ਹੋਏ ਫਿਰਨ ਤਿਆਰ, ਹੰਕਾਰੀਆਂ ਦਾ ਹੰਕਾਰ ਤੋੜ ਕੇ ਕਰਨਾ ਚੂਰੋ-ਚੂਰ …! ਮਨ ਮਰਜ਼ੀ ਦਾ ਜੀਵਨ ਜਿਊਣਾ ਸਿੱਖ ਲਿਆ ਹੁਣ ਯਾਰੋ, ਇੰਕਲਾਬ ਦਾ ਨਾਹਰਾ ਸਾਰੇ ਇੱਕ ਜੁੱਟ ਹੋ ਪੁਕਾਰੋ, ਅਮੀਰ ਗਰੀਬ ਦਾ ਪਾੜਾ ਮੁੱਕਣਾ ਜ਼ਿਆਦਾ ਨਹੀਉਂ ਦੂਰ ...! ਇਕੱਠੇ ਕਰਕੇ ਸੰਦ ਰੱਖ ਲਏ ਨੇਜੇ ਤੇ ਤਲਵਾਰਾਂ, ਹੁਣ ਪਿੰਡਿਆਂ ’ਤੇ ਨਹੀਉਂ ਸਹਿਣੀਆਂ ਖਾਕੀ ਵਾਲੀਆਂ ਮਾਰਾਂ, ਲੋਕ ਮਨਾਂ ਵਿੱਚ ਸ਼ਕਤੀ ਆ ਗਈ ਜਾਪੇ ਹੁਣ ਭਰਪੂਰ ...! ਮਰ ਜਾਵਾਂਗੇ ਪਿੱਠ ਵਿਖਾਉਣੀ ਪਰ ਨਾ ਸਾਨੂੰ ਆਉਂਦੀ, ਸਾਡੇ ਅੰਦਰ ਰੋਹ ਦੀ ਅਗਨੀ ਭੜਥੂ ਰਹਿੰਦੀ ਪਾਉਂਦੀ, ਨਿਕਲ ਪਿਆ ਇਨਸਾਫ ਲੈਣ ਲਈ ਮਰਦਾਂ ਦਾ ਇੱਕ ਪੂਰ ...! ਮਰ-ਮਰ ਕੇ ਅਸੀਂ ਫਿਰ ਜੰਮਾਂਗੇ ਭਗਤ ਸਿੰਘ ਦੇ ਵਾਰਸ, ਸੋਚ ਅਸਾਡੀ ਮਾਰੂ ਹੋ ਗਈ ਹੁਣ ਨਹੀਂ ਰਹੇ ਲਾਵਾਰਸ, ਦੁਸ਼ਮਣ ਦੀ ਅਸੀਂ ਹੁਣ ਨਹੀਂ ਸਹਿਣੀ ਐਵੇਂ ਫੋਕੀ ਘੂਰ ...! ਗਾਵਾਂਗੇ ਅਸੀਂ ਗੀਤ ਅੱਗ ਦੇ ਭਾਂਬੜ ਜਿਹੜੇ ਬਾਲਣ, ਫੋਕੇ ਲਾਰੇ ਦੇ ਕੇ ਹਾਕਮ ਹੁਣ ਨਾ ਸਾਨੂੰ ਟਾਲਣ, ਆਪਣਿਆਂ ਹੱਕਾਂ ਨੂੰ ਖੋਹ ਲੈਣਾ ਹੁਣ ਤਾਂ ਅਸੀਂ ਜ਼ਰੂਰ ...! ਪੀ-ਪੀ ਕੇ ਹੁਣ ਲਹੂ ਜ਼ਾਲਮ ਦਾ ਦੇਣੀ ਰੱਤ ਨਿਚੋੜ, ਡਾਢਿਆਂ ਦੀ ਹੁਣ ਰਲਕੇ ਸਾਰੇ ਕਮਰ ਦਿਆਂਗੇ ਤੋੜ, ਹਿੰਮਤ ਦੇ ਨਾਲ ਕੱਢ ਦਿਆਂਗੇ ਭਰਿਆ ਦਿਲੀਂ ਗਰੂਰ ...! ਮਿਹਨਤਕਸ਼ ਮਜ਼ਦੂਰ ਜੀਣਗੇ ਨਾਲੇ ਜੀਣ ਕਿਸਾਨ, ਇਨ੍ਹਾਂ ਦੇ ਨਾਲ ਪੂਰੀ ਦੁਨੀਆਂ ਦੀ ਬਣਦੀ ਹੈ ਸ਼ਾਨ, ਤਾਕਤ ਮਨਾਂ ਵਿੱਚ ਪੈਦਾ ਕਰ ਲਈ ਸਭਨਾਂ ਨੇ ਭਰਪੂਰ ...! ਜੀਣਾ ਦੁੱਭਰ ਕਰ ਦੇਵਾਂਗੇ ਬਣਨਾ ਅਸੀਂ ਤੁਫ਼ਾਨ, ਜੀਂਦਾ ਰਹੂ ਮਜ਼ਦੂਰ ਦੇਸ ਦਾ ਜੀਂਦਾ ਰਹੂ ਕਿਸਾਨ, ਹੁਣ ਤਾਂ ਬਾਜ਼ੀ ਜਿੱਤ ਹੀ ਲੈਣੀ ਰਲਕੇ ਅਸੀਂ ਜ਼ਰੂਰ ...!

ਹਾਰੇ ਅਸੀਂ ਕਦੀ ਵੀ ਨਹੀਂ : ਹਰਵਿੰਦਰ ਚੰਡੀਗੜ੍ਹ

ਅਸੀਂ ਤਾਂ ਉਦੋਂ ਨਹੀਂ ਹਾਰੇ ਜਦੋਂ ਸਾਡੇ ਸਿਰਾਂ ਤੇ ਚੱਲੇ ਸੀ ਆਰੇ ਦੇਗਾਂ ਵਿੱਚ ਸੀ ਉਬਾਲੇ ਤੱਤੀਆਂ ਤਵੀਆਂ ਤੇ ਸੀ ਬਹਾਲ਼ੇ ਚਰਖੜੀਆਂ ਤੇ ਚੜ੍ਹਾਏ ਗਏ ਬੰਦ ਬੰਦ ਕਟਵਾਏ ਗਏ ਬੱਚਿਆਂ ਦੇ ਟੁਕੜਿਆਂ ਦੇ ਹਾਰ ਮਾਂਵਾਂ ਦੇ ਗਲਾਂ ਵਿੱਚ ਪਾਏ ਗਏ ਹਾਰੇ ਤਾਂ ਅਸੀਂ ਤਾਂ ਉਦੋਂ ਵੀ ਨਹੀਂ ... ਹਾਰੇ ਤਾਂ ਅਸੀਂ ਤਾਂ ਉਦੋਂ ਵੀ ਨਹੀਂ ... ਜਦੋਂ ਮਨੂੰ ਸਾਡੇ ਲਈ ਦਾਤਰੀ ਹੋਇਆ ਸੀ ਸਾਕਿਆਂ ਘਲੂਕਾਰਿਆਂ ਵਿੱਚ ਸਾਡਾ ਡਾਹਡਾ ਘਾਣ ਹੋਇਆ ਸੀ ਅਸੀਂ ਤਦ ਵੀ ਨਹੀਂ ਸੀ ਹਾਰੇ ਸਿਤਮ ਦੀ ਇੰਤਹਾ ਤੱਕ ਬੇਸ਼ੱਕ ਅਸਮਾਨ ਰੋਇਆ ਸੀ ਜੰਗਲ ਸਾਡੀ ਬਸਤੀ ਤੇ ਘੋੜਾ -ਕਾਠੀ ਸਾਡਾ ਪਲੰਗ ਹੋਇਆ ਸੀ ਹੁਣ ਤਾਂ ਫਿਰ ਵੀ ਟਰਾਲੀਆਂ ਦੀ ਛੱਤ ਹੈ ਸਾਡੇ ਕੋਲ ਲਾਲ ਬਾਲ ਪਾਲ ਭਗਤ ਸਿੰਘ ਸਰਾਭਾ ਤੇ ਮੁਹੰਮਦ ਸਿੰਘ ਅਜ਼ਾਦ ਦੇ ਇਤਿਹਾਸ ਵਾਲੇ ਵਰਕੇ ਫੋਲ ਕੇ ਵੇਖ ਲਵੋ ਕਿ ਹਾਰੇ ਅਸੀਂ ਕਦੀ ਵੀ ਨਹੀਂ ਤੁਸੀਂ ਬਾਰ ਵਿੱਚ ਵੀ ਸਾਡੀਆਂ ਪੈਲੀਆਂ ਨੂੰ ਹੱਥ ਪਾਇਆ ਸੀ ਅਸੀਂ ਉਦੋਂ ਵੀ ਪਗੜੀ ਸੰਭਾਲ਼ ਜੱਟਾ ਦਾ ਨਾਹਰਾ ਲਾਇਆ ਸੀ ਆਪਣੀਆਂ ਪੈਲੀਆਂ-ਧੀਆਂ ਨੂੰ ਬਚਾਇਆ ਸੀ ਹਾਰੇ ਤਾਂ ਅਸੀਂ ਉਦੋਂ ਵੀ ਨਹੀਂ ਜਦੋਂ ਤੋਪਾਂ ਅੱਗੇ ਤੂੰਬਾ ਤੂੰਬਾ ਕਰਕੇ ਉਡਾਏ ਗਏ ਜਲਿਆਂ ਵਾਲੇ ਬਾਗ ਵਿੱਚ ਲਾਣ ਵਾਂਗ ਵਿਛਾਏ ਗਏ ਮਹੰਤਾਂ ਖਿਲਾਫ ਮੋਰਚਿਆਂ ਵਿੱਚ ਕਦੇ ਨਨਕਾਣੇ ਗੋਲੀਆਂ ਨਾਲ ਮਰਵਾਏ ਗਏ ਕਦੇ ਗੁਰੂ ਕੇ ਬਾਗ ਰੇਲਾਂ ਹੇਠ ਕਟਵਾਏ ਗਏ ... ਸਾਨੂੰ ਸਾਡੇ ਬਿਰਖਾਂ ਵਰਗੇ ਬਾਬਿਆਂ ਦਾਦਿਆਂ ਦਾ ਪਿੰਡਿਆਂ ਤੇ ਹੰਡਾਇਆ ਇਤਿਹਾਸ ਦੱਸਦਾ ਹੈ ਜਿੱਤ ਹਮੇਸ਼ਾ ਸੱਚ ਤੇ ਸਿਦਕ ਦੀ ਹੁੰਦੀ ਹੈ ਝੂਠ ਤੇ ਸਿਤਮ ਦੀ ਕਦੇ ਵੀ ਨਹੀ ।

ਕਰਤਾਰਾ : ਗੁਰਮੀਤ ਕੜਿਆਲਵੀ

ਕਰਤਾਰਾ ਬੜਾ ਟੇਢਾ ਜੀਅ ਐ ਜਿਸ ਦਿਨ ਜੰਮਿਆ ਸੀ ਕੋਈ ਹੋਰ ਨ੍ਹੀਂ ਸੀ ਜੰਮਿਆ ਕਰਤਾਰਾ ਨਹੀਂ ਜਾਣਦਾ ਹਾਰਨਾ-ਲਿਫਣਾ ਜਾਂ ਡਰਨਾ ਤੇ ਨਾਹੀਂ ਉਸਨੇ ਸਿੱਖਿਆ ਹੈ ਤਕੜੇ ਅੱਗੇ ਰੀਂਗਣਾ ਤੇ ਜੀ ਜੀ ਕਰਨਾ ਉਹਨੂੰ ਤਾਂ ਬੱਸ ਇੱਕੋ ਗੱਲ ਆਉਂਦੀ ਹੈ ਹੱਕ ਤੇ ਸੱਚ ਲਈ ਲੜਨਾ। ਕਰਤਾਰਾ ਹਰ ਵਕਤ ਝੰਡੀ ਮੋਢੇ 'ਤੇ ਰੱਖਦਾ ਹੈ ਕੀ ਪਤਾ ਕਿੱਥੇ ਮੋਰਚਾ ਲਾਉਣਾ ਪੈ ਜਾਏ ? ਪੁੱਛੋ ਤਾਂ ਆਖਦੈ: ਝੰਡੀ ਹਾਕਮ ਦੀ ਹਿੱਕ 'ਚ ਗੱਡਣੀ ਐ। ਮੁਖੀਏ ਨੇ ਕਾਨੂੰਨ ਬਣਾਏ ਉਸਦੇ ਚੇਲੇ ਚਾਪੜਿਆਂ ਚੈੱਨਲਾਂ 'ਤੇ ਬੈਠ ਕਰਤਾਰੇ ਨੂੰ ਕਾਨੂੰਨ ਸਮਝਾਏ ਕਾਨੂੰਨਾਂ ਦੇ ਫਾਇਦੇ ਗਿਣਾਏ ਨਵੇਂ ਨਵੇਂ ਸੁਪਨੇ ਵਿਖਾਏ ਆਵਦੇ ਵਲੋਂ ਸਾਰਾ ਜੋਰ ਲਾ ਲਿਆ ਪਰ ਕਰਤਾਰੇ ਦੀ ਸਮਝ 'ਚ ਨਾ ਆਏ। ਹਾਕਮ ਆਖਦੈ: ਕਰਤਾਰਾ ਹਿੰਡੀ ਈ ਨਹੀਂ ਮੂਰਖ ਵੀ ਐ ਫਾਇਦੇ ਵਾਲੀ ਗੱਲ ਵੀ ਨਹੀਂ ਸਮਝਦੈ। ਕਰਤਾਰੇ ਇੱਕੋ ਹਿੰਡ ਫੜੀ ਰੱਖੀ: ਅਹੀਂ ਨ੍ਹੀ ਜੇ ਫੈਦਾ-ਫੂਦਾ ਕਰਾਉਣਾ ਆਵਦੇ ਕਾਨੂੰਨ ਸਾਂਭ ਕੇ ਰੱਖ ਸਿਆਲਾਂ 'ਚ ਧੂਣੀ ਬਾਲਣ ਦੇ ਕੰਮ ਆਉਣਗੇ। ਮੁਖੀਏ ਦੀ ਛਪੰਜਾ ਇੰਚੀ ਛਾਤੀ ਨੂੰ ਡਾਹਢਾ ਗੁੱਸਾ ਆਇਆ ਉਸਨੇ ਡਾਂਗਾਂ ਨੂੰ ਹੁਕਮ ਸੁਣਾਇਆ: ਕਰਤਾਰਾ ਸਾਬਤ ਨਾ ਰਹੇ ! ਡਾਂਗਾਂ ਟੁੱਟ ਗਈਆਂ--ਕਰਤਾਰਾ ਨੀ ਟੁੱਟਿਆ ਫਿਰ ਪਾਣੀ ਦੀਆਂ ਬੁਛਾਰਾਂ ਆਈਆਂ ਪਾਣੀ ਕਰਤਾਰੇ ਅੱਗੇ ਪਾਣੀ ਪਾਣੀ ਹੋ ਗਿਆ ਕਰਤਾਰਾ ਕੰਡਿਆਲੀਆਂ ਤਾਰਾਂ ਇਉਂ ਟੱਪ ਗਿਆ ਜਿਵੇਂ ਮਹਿਬੂਬ ਨੂੰ ਮਿਲਣ ਚੱਲਿਆ ਹੋਵੇ ਕਰਤਾਰੇ ਮੁਖੀਏ ਦੇ ਬੂਹੇ ਜਾ ਪਲੱਥੀ ਮਾਰੀ ਮੁਖੀਆ ਮੀਸਣੀ ਹਾਸੀ ਹੱਸਿਆ: ਕਿੰਨੇ ਕੁ ਦਿਨ ਬੈਠਾ ਰਹੂ ? ਥੱਕ ਹਾਰ ਕੇ ਚਹੁੰ ਦਿੰਨਾਂ ਨੂੰ ਮੁੜ ਜਾਊ। ਮੁਖੀਏ ਕੋਲ ਜ਼ਬਰ ਸੀ ਕਰਤਾਰੇ ਪੱਲੇ ਸਬਰ ਸੀ ਮੁਖੀਏ ਕੋਲ ਸੱਤਾ ਸੀ ਕਰਤਾਰਾ ਦਿਲੋਂ ਮਨੋ ਸੱਚਾ ਸੀ ਮੁਖੀਏ ਦੇ ਡੱਬੂਆਂ ਕਰਤਾਰੇ ਨੂੰ ਦੇਸ਼ ਧਰੋਹੀ ਬਣਾਇਆ ਪਰ ਕਰਤਾਰਾ ਉੱਕਾ ਨਾ ਘਬਰਾਇਆ ਉਸ ਕੋਲ ਦੇਸ਼ ਭਗਤੀ ਦੇ ਸਰਟੀਫਿਕੇਟ ਨਹੀਂ ਕੁਰਬਾਨੀਆਂ ਦਾ ਇਤਿਹਾਸ ਸੀ ਏਸੇ ਕਰਕੇ ਉਸਨੂੰ ਜਿੱਤ ਦੀ ਆਸ ਸੀ। ਕਰਤਾਰੇ ਕੋਲ ਸੱਚ ਦੀ ਬਾਣੀ ਸੀ ਕਰਤਾਰੇ ਦੇ ਖੂਨ 'ਚ ਪੰਜ ਨਦੀਆਂ ਦਾ ਮੁਕੱਦਸ ਪਾਣੀ ਸੀ ਉਸਦੀ ਪਿੱਠ 'ਤੇ ਸਦੀਆਂ ਦਾ ਇਤਿਹਾਸ ਸੀ ਸਾਹਾਂ 'ਚ ਕਿਰਤ ਦੀ ਖੁਸ਼ਬੋ ਸੀ ਅੱਖਾਂ 'ਚ ਸੱਚ ਦੀ ਲੋਅ ਸੀ ਕਰਤਾਰਾ ਭਲਾ ਕਿਵੇਂ ਹਾਰਦਾ ? ਇਕ ਪਾਸੇ ਕਰਤਾਰ ਸੀ ਦੂਜੇ ਪਾਸੇ ਨਫ਼ਸ ਸੀ--ਹੰਕਾਰ ਸੀ ਹੰਕਾਰ ਨੇ ਕਰਤਾਰੇ ਅੱਗੇ ਕਿੰਨਾ ਕੁ ਚਿਰ ਅਟਕਣਾ ਸੀ ਆਖਰ ਤਾਂ ਹੰਕਾਰ ਨੇ ਪਿਛਾਂਹ ਵੱਲ ਪਰਤਣਾ ਸੀ। ਜ਼ਬਰ ਦੀ ਧੁੰਦ ਨੇ ਆਖਰ ਤਾਂ ਛੱਟਣਾ ਸੀ ਬਾਬਰ ਕਿਆਂ ਨੇ ਓੜਕ ਨੂੰ ਪਾਸਾ ਵੱਟਣਾ ਸੀ ਆਪਣਾ ਹੀ ਥੁੱਕਿਆ ਚੱਟਣਾ ਸੀ। ਕਰਤਾਰੇ ਨੇ ਇਤਿਹਾਸ ਦੇ ਪੰਨਿਆਂ 'ਤੇ ਇਕ ਹੋਰ ਠੱਪਾ ਲਾਉਣਾ ਸੀ ਤੇ ਇਸ ਤਰ੍ਹਾਂ ਕਿਰਤੀ ਬਾਬੇ ਦਾ ਜਨਮ ਦਿਨ ਮਨਾਉਣਾ ਸੀ ਕਰਤਾਰੇ ਦੀਆਂ ਤਾਂ ਭਾਈ "ਕਰਤਾਰ" ਹੀ ਜਾਣੇ।

ਗੱਲਾਂ ਘਰ ਘਰ ਹੋਇਆ ਕਰਨਗੀਆਂ-ਡਾ. ਲਵਪ੍ਰੀਤ ਕੌਰ "ਜਵੰਦਾ"

ਲੈ ਕੇ ਵੋਟਾਂ ਕਰਨ ਹਾਕਮ ਧੱਕੇ , ਤੇਰੇ‘ਮਨ ਕੀ ਬਾਤ’ ਨੂੰ ਸੁਣ-ਸੁਣ ਕੇ ਅੱਕੇ, ਨੀ ਦਿੱਲੀਏ ਤੈਨੂੰ ਸਮਝਾਇਆ ਸੀ , ਤੇਰੇ ਬਰੂਹੀਂ ਡੇਰੇ ਲਗਣੇ ਫੇਰ ਪੱਕੇ। ਕਾਲੇ ਕਨੂੰਨ ਰੱਦ ਨਾ ਹੋਏ ਜਦ ਤਾਈਂ, ਇਥੇ ਹੀ ਦੇਗੇ ਚੜ੍ਹਨੇ ਪੱਕੇ, ਏਥੇ ਹੀ ਫੇਰ ਬਣਨੇ ਪੱਕੇ ਚੁੱਲ੍ਹੇ, ਏਥੇ ਹੀ ਦਾਲਾਂ ਕੜਨਗੀਆ, ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨਗੀਆ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ, ਆਪਣੇ ਖੇਤੀਂ ਅਸੀ ਹਲ੍ਹ ਵਾਹੁਣੇ, ਨਹੀਂ ਸਰਮਾਏਦਾਰ ਲਿਆਉਣੇ । ‘ਤਿੰਨ ਕਾਨੂੰਨ’ ਅਸੀ ਨਹੀ ਚਾਹੇ, ਸਾਰਾ ਦੇਸ਼ ਤੂੰ ਵੇਚਣ ਤੇ ਲਾਏ। ਲੁੱਟਿਆ ਤੇਰੇ ਯਾਰਾਂ ਰਲ ਕੇ, ਫੇਰ ਤੂੰ ਦੱਲਿਆ ਓਹ ਵਿਦੇਸ਼ੀਂ ਭਜਾਏ। ਅਸੀ ਜੇ ਬਹਿ ਗਏ ਚੁੱਪ ਕਰਕੇ, ਤਾਂ ਸਾਡੀਆਂ ਨਸਲਾਂ ਲੇਖੇ ਭਰਨਗੀਆਂ, ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨ ਗੀਆ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ ਪਾਰਾ ਡਿੱਗਿਆ ਹੌਸਲੇ ਵਧਦੇ, ਜਜ਼ਬੇ ਦੇਖ ਪੰਜਾਬੀ ਮਰਦ ਦਲੇਰਾਂ ਦੇ ਬਾਬੇ ਆਖਣ ਕੁਝ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਦੀਆਂ ਸਭ ਮੇਹਰਾਂ ਨੇ, ਸਾਰੇ ਤੇਰੇ ਜ਼ੁਲਮ ਜਰ ਲਏ, ਜਿਗਰੇ ਦੇਖ ਪੰਜਾਬੀ ਸ਼ੇਰਾਂ ਦੇ। ਜੋ ਕੁਝ ਮਰਜ਼ੀ ਹੁਣ ਹੋ ਜੇ ਦਿੱਲੀਏ ਇਹ ਫੌਜਾਂ ਨਹੀਂ ਹਰਨਗੀਆਂ, ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨਗੀਆਂ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ ਕੀਤਾ ਸੀ ਪ੍ਰਚਾਰ ਜੋ ਉਲਟਾ , ਸੋਚ ਨੂੰ ਹੁਣ ਉਹ ਅੱਜ ਨਾਪਣਗੇ ਗੱਭਰੂ ਸਾਡੇ ਚੜ੍ਹ ਗਏ ਵਲੈਤੀ , ਕੁਝ ਚਿੱਟੇ ਦੀ ਭੇਟ ਆਖਣਗੇ। ਜਿਹੜੇ ‘ਉੜਤਾ’ ਪੰਜਾਬ ਕਹਿ ਭੰਡਦੇ ਸੀ, ਹੁਣ ਚੜ੍ਹਦੀ ਕਲਾ,ਜਿੱਤ ਗਿਆ ਆਖਣਗੇ, ਬੁਲੰਦ ਹੌਸਲੇ ਦੇਖ ਅਸਾਡੇ, ਨੀਚ ਰੂਹਾਂ ਅੰਦਰੋਂ ਡਰਨਗੀਆਂ ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨ ਗੀਆ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ ਪੁੱਛਿਆ ਕਿਸੇ ਜਦ ਬੇਬੇ ਤਾਈਂ ਤੂੰ ਕਾਸਨੂੰ ਮਾਂ ਇਸ ਉਮਰੇ ਧਰਨੇ ਵਿੱਚ ਆਈ? ‘ਉਮਰ ਨਹੀਂ ਪੁੱਤ ਸ਼ੇਰਾ ਸਾਡੀ ਹਿੰਮਤ ਦੇਖ, ਅਸੀਂ ਖੁੱਸਣ ਨਹੀਂ ਦੇਣੇ ਬੰਦਾ ਸਿੰਘ ਦੇ ਖੇਤ, ਜਿੰਨੀ ਦੇਰ ਹਾਕਮ ਨਹੀਂ ਮੰਨਦਾ, ਇਹ ਬੁੱਢੀਆਂ ਹੱਡੀਆਂ ਇੱਥੇ ਹੀ ਠਰਨਗੀਆ ਸਾਡੇ ਹੌਸਲਿਆਂ ਦੀਆਂ ਮੇਰੇ ਪੁੱਤਰਾ, ਵਾਰਾਂ ਤੁਰਿਆ ਕਰਨਗੀਆਂ। ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨ ਗੀਆ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ ਇਤਿਹਾਸ ਕਹਿੰਦੇ ਖ਼ੁਦ ਨੂੰ ਦੁਹਰਾਉਂਦਾ ਪੋਹ ਮਹੀਨੇ ਗੁਰੂ ਪਰਿਵਾਰ ਚੇਤਾ ਆਉਂਦਾ, ਨਿੱਕੇ ਫ਼ਰਜੰਦਾਂ ਦਾ ਸੀ ਕਹਿਣਾ ਸਿਦਕ ਨਹੀਂ ਛੱਡਣਾ,ਅਣਖ ਨਾਲ ਡਟਕੇ ਰਹਿਣਾ ਮਾਂ ਗੁਜਰੀ ਤੋਂ ਨਿੱਘ ਬੁੱਕਲ ਦਾ ਲੈ ਕੇ ਹੁਣ, ਸੰਗਤਾਂ ਫਿਰ ਤੋਂ ਜੁੜਿਆ ਕਰਨਗੀਆਂ, ਇੱਕ ਅਵਾਜ ਤੇ ਦੇਖੀ ਦਿੱਲੀਏ, ਭਰ ਭਰ ਟਰਾਲੀਆਂ ਤੁਰਿਆ ਕਰਨਗੀਆ, ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨਗੀਆ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ ਨਾਨਕ ਸਤਿਗੁਰੂ ਦਾ ਸੱਚਾ ਸੁੱਚਾ ਲੰਗਰ, ਹਰ ਘਰ ਦਿੱਲੀ ਦੇ ਜਾਵੇਗਾ, ਵੰਡ ਛਕਣ ਦੀ ਪਿਰਤ ਵੇਖ ਕੇ ਸਿਰ ਸਜਦੇ ਵਿਚ ਝੁੱਕ ਜਾਵੇਗਾ ਮਾਨਵਤਾ ਇਥੇ ਡੁੱਲ੍ਹ-ਡੁੱਲ੍ਹ ਪਵੇਗੀ ਵੇਖ "ਪ੍ਰੀਤ"ਜਲਵਾ ਸ਼ਾਹੀ ਲੰਗਰ ਦਾ ਜਿੱਤ ਜ਼ਰੂਰੀ ਕਿਰਤੀਆਂ ਜਾਣਾ, ਜਦ ਲਾਡਲੀਆਂ ਫੋਜਾ ਨਾਲ ਆ ਖੜ੍ਹਨਗੀਆਂ। ਸਾਡੇ ਸਬਰ ਸਿਦਕ ਤੋਂ, ਸਰਕਾਰਾਂ ਡਰਿਆ ਕਰਨ ਗੀਆ। ਕਿਸਾਨ ਮੋਰਚਾ ਉੱਠਿਆ ਸੀ ਇੱਕ, ਗੱਲਾਂ ਘਰ ਘਰ ਹੋਇਆ ਕਰਨਗੀਆਂ।

ਸੁਪਨੇ-ਸਿੰਮੀਪ੍ਰੀਤ ਕੌਰ

ਸੁਣ ਹਾਕਮਾ! ਤੈਨੂ ਕੀ ਲੱਗਦਾ ਅਸੀਂ ਖੇਤਾਂ ਵਿਚ ਫਸਲਾਂ ਬੀਜਦੇ ਹੋਵਾਂਗੇ ਤੇ ਮੋਟੀ-ਤਾਜੀ ਕਮਾਈ ਕਰਦੇ ਹੋਵਾਂਗੇ ਲੈ ਸੁਣ ਫਿਰ!!! ਅਸੀਂ ਕੋਈ ਕਣਕ ਝੋਨਾ ਨਹੀਂ ਬੀਜਦੇ ਅਸੀਂ ਤਾਂ ਬੀਜਦੇ ਹਾਂ ਨਿੱਕੇ-ਨਿੱਕੇ ਸੁਪਨੇ ਸੁਪਨਾ! ਨਰੈਣੇ ਕਾ ਛਿੰਦਾ ਉਹਨੇ ਵੀ ਬੀਜਿਆ ਸੀ ਇਕ ਸੁਪਨਾ ਹਰ ਵਾਰ ਫਸਲ ਸੁਨਹਿਰੀ ਹੋਣ 'ਤੇ ਧੀ ਸੁਨਹਿਰੀ ਕਰ ਕੇ ਤੋਰਨ ਦਾ ਉਮਰ ਦੀ ਕੰਧ ਤੋਂ ਝਾਤੀ ਮਾਰ ਤੱਕਿਆ ਤਾਂ ਪਤਾ ਲੱਗਿਆ ਰੂੰ ਦੇ ਫੰਬੇ ਧੀ ਦੇ ਸਿਰ 'ਤੇ ਖਿੜ ਆਏ ਸੀ ਤੇ ਖੇਤ ਨਰਮੇ 'ਤੇ ਮੱਖੀਆਂ ਦਾ ਹਮਲਾ ਤੂੰ ਕੀ ਜਾਣੇ ਹਾਕਮਾ! ਇੰਝ ਕਤਲ ਹੁੰਦਾ ਹੈ ਸਾਡੇ ਸੁਪਨਿਆਂ ਦਾ ਪਿੰਡ 'ਚ ਸਾਰਿਆਂ ਦੀ ਭੂਆ ਲੱਗਦੀ ਮਿੰਦੋ ਨੇ ਵੀ ਘਰਵਾਲੇ ਦੀ ਟੰਗੀ ਲੋਥ ਲਾਹ ਕੇ ਮਗਰ ਬਚੇ ਇੱਕ ਕਿੱਲੇ 'ਤੇ ਸੁਪਨਾ ਬੀਜਿਆ ਸੀ ਸੀਰੇ ਨੂੰ ਨੌਕਰੀ ਲਵਾਉਣ ਦਾ ਸੁਪਨਾ ਪਤਾ ਈ ਨੀਂ ਲੱਗਿਆ ਕਦੋਂ ਕਾਲੀ ਰਾਤ ਨੇ ਪਹਿਰਾ ਲਾਇਆ ਤੇ ਸੀਰਾ ਲੰਬੜਾਂ ਦਾ ਸੀਰੀ ਬਣ ਕੇ ਰਹਿ ਗਿਆ। ਦੇਖ ਹਾਕਮਾ! ਸਾਡੇ ਕਿੰਨੇ ਨਿੱਕੇ-ਨਿੱਕੇ ਸੁਪਨੇ ਹੁੰਦੇ ਨੇ ਤੇ ਤੂੰ ਕਹਿੰਨੈ ਉਹਨਾਂ ਕਾਰਪੋਰੇਟਾਂ ਦਾ ਸੁਪਨਾ ਪੂਰਾ ਕਰਨਾ ਕੀ ਤੂੰ ਜਾਣਦਾ ਉਹਨਾਂ ਦੇ ਵੱਡੇ ਸੁਪਨਿਆਂ ਦੇ ਭਾਰ ਹੇਠ ਲਤਾੜੇ ਜਾਣਗੇ ਸਾਡੇ ਨਿੱਕੇ-ਨਿੱਕੇ ਸੁਪਨੇ

ਗੀਤ-ਜਿੱਤ ਦੇ ਨਿਸ਼ਾਨ-ਤਰਲੋਚਨ ਸਿੰਘ ਭਮੱਦੀ

ਜਿੱਤ ਦੇ ਨਿਸ਼ਾਨ, ਵੇਖੋ ਲਹਿਰਾ ‘ਤੇ ਐ, ਸੂਰਮੇ ਕਿਸਾਨਾਂ ਨੇ ਖੇਤੀ ਬਿੱਲ ਰੱਦ ਕਰਵਾਕੇ ਕਿਰਸਾਨਾਂ, ਕਰਤੀ ਕਮਾਲ ਜੀ। ਸੱਤ ਸੌ ਤੇ ਚੌਂਤੀ ਯੋਧੇ ਵਾਰ ਗਏ ਨੇ ਜਾਨਾਂ, ਭਾਵਨਾ ਦੇ ਨਾਲ ਜੀ। ਡਾਢਿਆਂ ਨੂੰ ਹੱਥ ਅਪਣੇ ਵਿਖਾ ਤੇ ਐ, ਸੂਰਮੇ ਕਿਸਾਨਾਂ ਨੇ ਜਿੱਤ ਦੇ ਨਿਸ਼ਾਨ, ਵੇਖੋ ਲਹਿਰਾ ‘ਤੇ ਐ , ਸੂਰਮੇ ਕਿਸਾਨਾਂ ਨੇ ਹੱਠ ਬੜਾ ਰੱਖਿਆ ਸੀ ਸਰਕਾਰ ਨੇ, ਨਾ ਹਾਕਮ ਮੰਨਿਆ। ਮੋਦੀ ਤੇ ਹਮਾਇਤੀ ਹੁਣ ਮੰਨੇ ਹਾਰ ਨੇ, ਜਦੋਂ ਬੂਥਾ ਭੰਨਿਆ। ਖੱਭੀ ਖਾਨ ਅੱਜ ਸ਼ਰੇਆਮ ਢਾਹ 'ਤੇ ਐ , ਸੂਰਮੇ ਕਿਸਾਨਾਂ ਨੇ। ਜਿੱਤ ਦੇ ਨਿਸ਼ਾਨ ਵੇਖੋ ਲਹਿਰਾ ‘ਤੇ ਐ , ਸੂਰਮੇ ਕਿਸਾਨਾਂ ਨੇ। ਬਿੱਲਾਂ ਦੀਆਂ ਖਾਮੀਆਂ ਵੀ ਸਮਝਾਈਆਂ ਸੀ, ਮੰਨੀਆਂ ਦਲੀਲਾਂ ਨਾ। ਦੱਸੀਆਂ ਕਾਨੂੰਨਾਂ ਦੀਆਂ ਊਣਤਾਈਆਂ ਸੀ, ਸੁਣੀਆਂ ਅਪੀਲਾਂ ਨਾ। ਪੜ੍ਹੇ ਲਿਖੇ ਦਿੱਲੀ ਦੇ ਪੜ੍ਹਨ ਪਾਤੇ ਐ , ਸੂਰਮੇ ਕਿਸਾਨਾਂ ਨੇ। ਜਿੱਤ ਦੇ ਨਿਸ਼ਾਨ ਵੇਖੋ , ਲਹਿਰਾ ‘ਤੇ ਐ , ਸੂਰਮੇ ਕਿਸਾਨਾਂ ਨੇ। ਸਾਲ ਤੋਂ ਵੀ ਵੱਧ ਹੋਇਆ ਘਮਸਾਨ ਹੈ , ਵੇਖੋ ਹੋ ਗਈ ਹੱਦ ਜੀ। ਅਚਨਚੇਤ ਕੀਤਾ ਮੋਦੀ ਨੇ ਐਲਾਨ ਹੈ , ਕਰੂੰ ਬਿੱਲ ਰੱਦ ਜੀ। ਕੇਂਦਰ ਦੇ ਹੱਥ ਕੰਨਾਂ ਨੂੰ ਲਵਾ ਤੇ ਐ, ਸੂਰਮੇ ਕਿਸਾਨਾਂ ਨੇ -- ਜਿੱਤ ਦੇ ਨਿਸ਼ਾਨ ਵੇਖੋ ਲਹਿਰਾਤੇ ਐ , ਸੂਰਮੇ ਕਿਸਾਨਾਂ ਨੇ ਕਿਰਤੀ ਕਿਸਾਨੋਂ ਥੋਡੀ ਹੋਈ ਜਿੱਤ ਹੈ, ਝੋਲੀ ਪਿਆ ਮਾਣ ਹੈ। ਥੋਡੀ ਏਕਤਾ ਨੇ ਕੀਤਾ ਵੈਰੀ ਚਿੱਤ ਹੈ , ਵੇਖਦਾ ਜਹਾਨ ਹੈ। ਤਾਹੀਂ ਤਾਂ ਭਮੱਦੀ ਸੱਚੇ ਸੋਹਲੇ ਗਾ ‘ਤੇ ਐ, ਸੂਰਮੇ ਕਿਸਾਨਾਂ ਨੇ। ਜਿੱਤ ਦੇ ਨਿਸ਼ਾਨ, ਵੇਖੋ ਲਹਿਰਾਤੇ ਐ, ਸੂਰਮੇ ਕਿਸਾਨਾਂ ਨੇ ।

ਖ਼ਾਸਮ-ਖ਼ਾਸ-ਅਮਨਜੀਤ ਕੌਰ ਸ਼ਰਮਾ

ਆਮ ਜਿਹੇ ਸੀ ਖ਼ਾਸ ਹੋ ਗਏ ਅੰਨਦਾਤੇ ਇਤਿਹਾਸ ਹੋ ਗਏ। ਹਾਕਮ ਦੇ ਨਾਲ ਮੱਥਾ ਲਾਇਆ ਇਹਦੇ ਚੋਂ ਵੀ ਪਾਸ ਹੋ ਗਏ। ਸਬਰ ਸਿਦਕ ਦੀ ਬਣੇ ਮਿਸਾਲ ਕਈ ਹੱਸਦੇ ਹੱਸਦੇ ਲਾਸ਼ ਹੋ ਗਏ। ਦੁੱਖੜੇ ਝੱਲੇ ਸੀਅ ਨਾ ਉੱਚਰੀ ਕਦੇ ਜਪੁ ਜੀ ਰਹਿਰਾਸ ਹੋ ਗਏ। ਚੜ੍ਹਦੀ ਕਲਾ ਦਾ ਹੋਕਾ ਦਿੰਦੇ ਜਨ ਜਨ ਦੀ ਅਰਦਾਸ ਹੋ ਗਏ। ਸੱਚੇ ਸੀ , ਰੱਬ ਬਹੁੜਿਆ ਆ ਕੇ ਸਾਰੇ ਕਾਰਜ ਰਾਸ ਹੋ ਗਏ। ਬਿਨ ਹਥਿਆਰੋਂ ਲੜ ਕੇ ਜਿੱਤੇ ਜਗਤ ਲਈ ਬੇਮਿਸਾਲ ਹੋ ਗਏ ਨਾਨਕ ਵਾਲ਼ੇ ਪੰਧ ਦੇ ਰਾਹੀ ਆਮ ਜਿਹੇ ਸੀ ਖ਼ਾਸ ਹੋ ਗਏ ਆਓ ਰਲ਼ ਕੇ ਸਿਜਦਾ ਕਰੀਏ ਹੁਣ ਇਹ ਖ਼ਾਸਮ ਖ਼ਾਸ ਹੋ ਗਏ। ਅੰਨਦਾਤੇ ਇਤਿਹਾਸ ਹੋ ਗਏ ਅੰਨਦਾਤੇ ਇਤਿਹਾਸ ਹੋ ਗਏ। 15 ਦਸੰਬਰ 2021

ਵਿਉਂਤਬੰਦੀਆਂ : ਭਾਸ਼ੋ

ਸੋਚਣਾ, ਉੱਠਣਾ ਤੇ ਵਾਹੁਣਾ- ਬੀਜਣਾ ਸਿਰ ਵਾਹੁੰਦਾ ਹਾਂ ਹਰ ਰੋਜ਼ ਹੀ ... ਵਿਉਂਤਾਂ ਵਿਉਂਤਣ ਲਈ ਔਕੜਾਂ ਨਜਿੱਠਣ ਲਈ ਬੜਾ-ਕੁੱਝ ਵਾਹੁਣਾ ਪੈਂਦੈ ਕਲਮ, ਖੇਤ ਅਤੇ ਖੰਡੇ ਵਾਂਗ ਵਿਉਂਤਬੰਦੀਆਂ ਬਹੁਤ ਜ਼ਰੂਰੀ ਹੁੰਦੀਆਂ ਜਥੇਬੰਦੀਆਂ ਲਈ ਬੁਲੰਦੀਆਂ ਲਈ ... ਔਖੇ-ਔਖੇ ਮੋਰਚੇ ਵੀ ਤਾਂ ਸੌਖੇ-ਸੌਖੇ ਲੱਗਣ ਲਗਦੇ ਅੰਤ ਨੂੰ ਤਾਂ ਜਿੱਤ ਝੋਲੀ 'ਚ ਪੈਣੀ ਹੀ ਪੈਣੀ ਹੁੰਦੀ ਹੋਣੀ ਹੀ ਹੋਣੀ ਜੈ-ਜੈ ਕਾਰ ਉੱਚੀਆਂ-ਸੁੱਚੀਆਂ ਰੂਹਾਂ ਦੀ ਵਿਉਂਤਬੰਦੀਆਂ ਜਿੱਤਣ ਤੱਕ ਹੀ ਸੋਚ-ਸੋਚ ਬਣਾਈਦੀਆਂ ਸ਼ਿਕਾਇਤਾਂ-ਸਰਹੱਦਾਂ ਮਿਟਾਈਦੀਆਂ ਸੋਧ-ਸੋਧ ਕੇ ਸੰਦ-ਕਲਾਵਾਂ ਤੇ ਮਨ-ਸਾਰਾ ਰੂਹ-ਬਿੰਦੂ ਮਹਿਕਾਈਦਾ-ਵਡਿਆਈਦਾ ਸਿਖ਼ਰ-ਕਿਤੇ ਟਿਕ ਜਾਈਦਾ ਧੰਨ-ਧੰਨ ਖੇਤ ਬਚਾਉਣ-ਵਹਾਉਣ ਵਾਲੇ ਧੰਨ-ਧੰਨ ਦਾਣੇ ਬੀਜਣ-ਉਗਾਉਣ ਵਾਲੇ ਧੰਨ-ਧੰਨ ਖੰਡਾ ਬਣਾਉਣ ਵਾਲੇ ਧੰਨ-ਧੰਨ ਖੰਡਾ ਖੜਕਾਉਣ ਵਾਲੇ ਵੀ...

ਗ਼ਜ਼ਲ : ਕੁਲਵਿੰਦਰ ਬੱਛੋਆਣਾ

ਇਸ ਕਦਰ ਜਦ-ਜਦ ਵੀ ਖੇਤਾਂ ਨੂੰ ਸਤਾਇਆ ਜਾਏਗਾ ਦੇਰ ਤੋਂ ਸੁੱਤੇ ਤੁਫਾਨਾਂ ਨੂੰ ਜਗਾਇਆ ਜਾਏਗਾ ਜ਼ੁਲਮ ਦੇ ਇਸ ਦੌਰ ਦਾ ਹੋਵੇਗਾ ਲਾਜ਼ਮ ਹੀ ਜ਼ਿਕਰ ਜਦ ਕਦੇ ਇਤਿਹਾਸ ਨੂੰ ਪੜ੍ਹਿਆ ਪੜ੍ਹਾਇਆ ਜਾਏਗਾ ਠਰਦੀਆਂ ਰਾਤਾਂ 'ਚ ਸੜਕਾਂ 'ਤੇ ਕਿਵੇਂ ਸੁੱਤੇ ਬਜ਼ੁਰਗ ਯਾਦ ਰੱਖਾਂਗੇ ਅਸੀਂ, ਕੁਝ ਨਈਂ ਭੁਲਾਇਆ ਜਾਏਗਾ ਸ਼ੂਕਰੇ ਰਾਜੇ ਦਾ ਲੋਕਾਂ ਤੋੜਿਆ ਕਿੱਦਾਂ ਹੰਕਾਰ ਆਉਂਦੀਆਂ ਨਸਲਾਂ ਨੂੰ ਬਾਤਾਂ ਵਿਚ ਸੁਣਾਇਆ ਜਾਏਗਾ ਧਰਤ ਕੰਬੇਗੀ ਤੇ ਫਸਲਾਂ ਚੋਂ ਵੀ ਸਿੰਮੇਗਾ ਲਹੂ ਮਿਹਨਤੀ ਹੱਥਾਂ ਨੂੰ ਜਦ ਵੀ ਪੱਛ ਲਾਇਆ ਜਾਏਗਾ ਵਕਤ ਨੇ ਕੀਤੀ ਹੈ ਸਾਡੀ ਹੋਂਦ ਮੇਟਣ ਦੀ ਅੜੀ ਵਕਤ ਨੂੰ ਹੁਣ ਧੌਣ ਤੋਂ ਫੜ ਕੇ ਘੁਮਾਇਆ ਜਾਏਗਾ।

ਗੀਤ : ਕੁਲਵਿੰਦਰ ਬੱਛੋਆਣਾ

ਹੈਗੀ ਐ ਜੇ ਹਿੰਮਤ ਤਾਂ ਚੱਕ ਨੀਂ ਹਕੂਮਤੇ ਤੇਰੀ ਹਿੱਕ ਉੱਤੇ ਪੈਰ ਦਿੱਤਾ ਰੱਖ ਨੀਂ ਹਕੂਮਤੇ ਪੁੱਠੀਆਂ ਸਕੀਮਾਂ ਤੇਰੇ ਢਿੱਡ ਵਿੱਚੋਂ ਜੰਮਦੀਆਂ ਕੀਤੀਆਂ ਨਈਂ ਗੱਲਾਂ ਦੋ ਚਾਰ ਵੀ ਤੂੰ ਕੰਮ ਦੀਆਂ ਹੁਣ ਤੱਕ ਨਿਰੀਆਂ ਚਲਾਈਆਂ ਬੱਸ ਚੰਮ ਦੀਆਂ ਕਰ ਦਿੱਤਾ ਅਸੀਂ ਸਭ ਠੱਪ ਨੀਂ ਹਕੂਮਤੇ ਕਰਦੀ ਹਰਾਮ ਸਦਾ ਖਾ ਕੇ ਸਾਡਾ ਲੂਣ ਤੂੰ ਮੁੱਦਤਾਂ ਤੋਂ ਪੀਨੀਂ ਏਂਂ ਕਿਰਤੀਆਂ ਦਾ ਖੂਨ ਤੂੰ ਕਹਿਣ ਨੂੰ ਬਣਾਏ ਨੇ ਕਿਸਾਨਾਂ ਲਈ ਕਨੂੰਨ ਤੂੰ ਇਹ ਪੂਰਦੇ ਅੰਬਾਨੀਆਂ ਦਾ ਪੱਖ ਨੀਂ ਹਕੂਮਤੇ ਪਹਿਲਾਂ ਵੀ ਤਾਂ ਰਾਜ ਸਾਨੂੰ ਜਾਬਰਾਂ ਦੇ ਮਿਲੇ ਨੇ ਕਦੇ ਅੰਗਰੇਜ਼ਾਂ ਕਦੇ ਬਾਬਰਾਂ ਦੇ ਮਿਲੇ ਨੇ ਤੈਨੂੰ ਪਹਿਲੀ ਵਾਰ ਪਰ ਬਰਾਬਰਾਂ ਦੇ ਮਿਲੇ ਨੇ ਖਿੱਚਤੀ ਲਕੀਰ ਅਸੀਂ, ਟੱਪ ਨੀਂ ਹਕੂਮਤੇ ਬਾਗੀਆਂ ਦੀ ਕੌਮ ਸਾਡੀ ਗ਼ੈਰਤਾਂ ਨੇ ਪਾਲ਼ੀਆਂ ਤੇਰੇ ਕਹਿਣ ਉੱਤੇ ਖੜਕਾਈਆਂ ਨਹੀਓਂ ਥਾਲ਼ੀਆਂ ਫਿਰਦੀਆਂ ਦੇਖ ਰਾਜਧਾਨੀ 'ਚ ਟਰਾਲੀਆਂ ਆਪੇ ਹੱਥੀਂ ਚੋ ਲਿਆ ਤੂੰ ਅੱਕ ਨੀਂ ਹਕੂਮਤੇ ਹੈਗੀ ਐ ਜੇ ਹਿੰਮਤ ਤਾਂ ਚੱਕ ਨੀਂ ਹਕੂਮਤੇ ਤੇਰੀ ਹਿੱਕ ਉੱਤੇ ਪੈਰ ਦਿੱਤਾ ਰੱਖ ਨੀਂ ਹਕੂਮਤੇ