Dharat Vangaare Takhat Nu (Part-11)

'ਧਰਤਿ ਵੰਗਾਰੇ ਤਖ਼ਤ ਨੂੰ' (ਭਾਗ ਗਿਆਰ੍ਹਵਾਂ)

'ਧਰਤਿ ਵੰਗਾਰੇ ਤਖ਼ਤ ਨੂੰ' ਦੀਆਂ ਰਚਨਾਵਾਂ ਦਾ ਸੰਗ੍ਰਹਿ ਪ੍ਰੋਫੈਸਰ ਗੁਰਭਜਨ ਗਿੱਲ ਹੋਰਾਂ ਕੀਤਾ ਹੈ ।
(ਨੋਟ: ਜੇਕਰ ਕੋਈ ਵੀ ਪ੍ਰਕਾਸ਼ਕ/ਸੰਪਾਦਕ / ਸੰਚਾਰ ਮਾਧਿਅਮ ਕਿਸੇ ਵੀ ਰੂਪ ਵਿੱਚ ਇਨ੍ਹਾਂ ਰਚਨਾਵਾਂ ਨੂੰ ਪ੍ਰਕਾਸ਼ਿਤ / ਰੀਕਾਰਡ ਕਰਨਾ ਕਰਨਾ ਚਾਹੁੰਦਾ ਹੈ ਤਾਂ ਉਹ ਮੂਲ ਕਵੀਆਂ ਜਾਂ ਸੰਪਾਦਕ ਗੁਰਭਜਨ ਸਿੰਘ ਗਿੱਲ ਤੋਂ ਅਗਾਊਂ ਲਿਖਤੀ ਸਹਿਮਤੀ ਜ਼ਰੂਰ ਲਵੇ। ਅਜਿਹਾ ਨਾ ਕਰਨਾ ਇਖਲਾਕੀ ਤੌਰ ਤੇ ਸਹੀ ਨਹੀਂ ਹੋਵੇਗਾ।)



ਤੁਸੀਂ ਲਿਖੋ ਕਾਨੂੰਨ (ਗੀਤ)-ਹਰਬੰਸ ਮਾਲਵਾ

ਜਿੱਤ ਜਾਂਗੇ ਜਾਂ ਮਰ ਜਾਵਾਂਗੇ ਇਹ ਨਾ ਸੋਚਿਓ ਡਰ ਜਾਵਾਂਗੇ ਘੋਲ਼ ਦੇ ਵਿੱਚੋਂ ਜਿੱਤ ਸਿਰਜਣ ਦੀ ਆਸ ਲਿਖਾਂਗੇ। ਤੁਸੀਂ ਲਿਖੋ ਕਾਨੂੰਨ, ਅਸੀਂ ਇਤਿਹਾਸ ਲਿਖਾਂਗੇ। ਇਹ ਨਾ ਸੋਚ ਲਿਓ ਕਿ ਹੰਭ ਕੇ ਬਹਿ ਜਾਵਾਂਗੇ। ਤੁਰਦੇ ਰਹਾਂਗੇ ਜ਼ੁਲਮ ਤੇਰੇ ਸਭ ਸਹਿ ਜਾਵਾਗੇ। ਕਦਮ ਕਦਮ 'ਤੇ ਜੂਝਣ ਦਾ ਅਹਿਸਾਸ ਲਿਖਾਂਗੇ : ਤੁਸੀਂ ਲਿਖੋ ਕਾਨੂੰਨ, ਅਸੀਂ ਇਤਿਹਾਸ ਲਿਖਾਂਗੇ। ਮੂੰਹੋਂ ਨਿੱਕਲ਼ੇ ਬੋਲ ਸੀ ਜਦੋਂ ਕਾਨੂੰਨ ਕਹਾਉਂਦੇ । ਦੁੱਲੇ ਵਰਗੇ ਰਹੇ ਉਦੋਂ ਵੀ ਤਖਤ ਹਿਲਾਉਂਦੇ। ਲੋਕ-ਵਹੀਰਾਂ ਲਈ ਇਹ ਜੰਗ ਅਭਿਆਸ ਲਿਖਾਂਗੇ ਤੁਸੀਂ ਲਿਖੋ ਕਾਨੂੰਨ, ਅਸੀਂ ਇਤਿਹਾਸ ਲਿਖਾਂਗੇ। ਏਸ ਘੋਲ਼ ਵਿੱਚ ਰਚ-ਮਿਚ ਸਾਡੀ ਜੀਵਨ-ਜਾਚ ਗਈ । ਖਤਮ ਨਹੀਂ ਇਹ ਹੋਣੀ,ਆ ਆ ਲੱਦ ਗਏ ਰਾਜ ਕਈ। ਸਿੰਘੂ, ਟਿੱਕਰੀ, ਗਾਜ਼ੀਪੁਰ ਨਾਉਂ ਖਾਸ ਲਿਖਾਂਗੇ, ਤੁਸੀਂ ਲਿਖੋ ਕਾਨੂੰਨ, ਅਸੀਂ ਇਤਿਹਾਸ ਲਿਖਾਂਗੇ। ਰਹਿਣ ਖਿਆਲਾਂ ਤੇਰਿਆਂ ਵਿੱਚ ਇਹ ਚਾਲ਼ੀ ਯੋਧੇ। ਗੱਲ ਨਾ ਤੈਨੰ ਆਉਣ ਦੇਣ ਇਹ ਹਾਲ਼ੀ ਯੋਧੇ। ਇਹਨਾਂ ਆਗੂਆਂ 'ਤੇ ਆਪਣਾ ਵਿਸ਼ਵਾਸ ਲਿਖਾਂਗੇ, ਤੁਸੀਂ ਲਿਖੋ ਕਾਨੂੰਨ, ਅਸੀਂ ਇਤਿਹਾਸ ਲਿਖਾਂਗੇ।

ਮੈਂ ਕਿਸਾਨ ਬੋਲਦਾਂ-ਰਵਿੰਦਰ ਸਿੰਘ ਧਨੇਠਾ

ਖੇਤਾਂ ਵਿੱਚ ਸਿਰਫ਼ ਫ਼ਸਲਾਂ ਹੀ ਨਹੀਂ ਉੱਗਦੀਆਂ ਇੱਥੇ ਉੱਗਦੀਆਂ ਨੇ ਰੀਝਾਂ ਪੁੰਗਰਦੇ ਨਿੱਤ ਅਸਮਾਨ ਨੂੰ ਛੂਹ ਲੈਣ ਵਾਲੇ ਸੁਪਨੇ। ਅਜੇ ਬਲਦੇ ਨੇ ਇੱਥੇ ਵੱਟਾਂ ਉੱਪਰ ਉਮੀਦਾਂ ਦੇ ਦੀਵੇ ਜਿਨ੍ਹਾਂ ਨੇ ਰੌਸ਼ਨ ਕਰਨੇ ਨੇ ਕਈ ਘਰਾਂ ਦੇ ਬਨੇਰੇ। ਜ਼ਮੀਨਾਂ ਵਿੱਚ ਘੁਲਿਆ ਹੈ ਸਾਡੇ ਪੁਰਖਿਆਂ ਦਾ ਪਸੀਨਾ ਮੌਜੂਦ ਨੇ ਉਹ ਪੈੜਾਂ ਜਿਨ੍ਹਾਂ ਪੰਜਾਬ ਸਮੇਤ ਭਾਰਤ ਨੂੰ ਸੋਨੇ ਦੀ ਚਿੜੀ ਬਣਾਇਆ ਤੁਸੀਂ ਜ਼ਮੀਨਾਂ ' ਤੇ ਅੱਖ ਰੱਖੀ ਬੈਠੇ ਹੋ ? ਸਾਡਾ ਜ਼ਮੀਨ ਨਾਲ ਮਾਂ ਤੇ ਪੁੱਤ ਵਾਲਾ ਪਵਿੱਤਰ ਰਿਸ਼ਤਾ ਹੈ। ਇਹ ਜ਼ਮੀਨਾਂ ਅਣਮੁੱਲੀਆਂ ਨੇ ਮੈੰ ਧਰਤੀ ਪੁੱਤਰ ਹੋਣ ਨਾਤੇ ਰਾਤੋ ਰਾਤ ਬਣਾਏ ਤੁਹਾਡੇ ਉਸ ਹਰ ਕਾਲੇ ਫ਼ਰਮਾਨ ਨੂੰ ਰੱਦ ਕਰਦਾ ਹਾਂ ਜਿਹੜਾ ਮਾਂ ਤੇ ਪੁੱਤ ਵਰਗੇ ਪਵਿੱਤਰ ਰਿਸ਼ਤੇ ਨੂੰ ਤਾਰ ਤਾਰ ਕਰਨ ਆਇਆ ਹੈ।

ਇਬਾਰਤ ਕਿਸਾਨ ਦੀ-ਸੁਰਿੰਦਰਜੀਤ ਕੌਰ

ਜੰਗ ਦੀ ਭੱਠੀ ਵਿਚ ਤਪਿਆ ਧਰਤੀ ਲਈ ਜੂਝਦਾ ਸੂਰਾ ਜਵਾਨ ਹਾਂ ਖੇਤਾਂ ਦੇ ਸਿਆੜਾਂ 'ਚੋਂ ਉੱਗਿਆ ਕਿਸਾਨ ਹਾਂ ਜੇਠ ਹਾੜ੍ਹ ਦੀਆਂ ਤੱਤੀਆਂ ਲੂਆਂ ‘ਚ ਭਖਿਆ ਜਹਾਨ ਹਾਂ ਪੋਹ ਦੀਆਂ ਕਕਰੀਲੀਆਂ ਰਾਤਾਂ ਚੋਂ ਜੰਮਿਆਂ ਧੁੰਦ ਦਾ ਗਿਆਨ ਹਾਂ ਜੋ ਸਕੂਲੇ ਨਹੀਂ ਪੜ੍ਹਿਆ ਓਸ ਬਾਬੇ ਨਾਨਕ ਦੀ ਸੰਤਾਨ ਹਾਂ। ਤਲੀ ਉੱਤੇ ਚੋਗ ਚੁਗਦੇ ਓਕਾਬ ਦੀ ਸ਼ਾਨ ਹਾਂ ਓਕਾਬ ਦੀ ਅੱਖ ਵਿਚ ਫੈਲਿਆ ਅਸਮਾਨ ਹਾਂ ਖੰਭਾਂ ਵਿਚ ਤੈਰਦੇ ਮੁਕਾਮ ਦੀ ਉਡਾਨ ਹਾਂ ਬਚਨ ਦਾ ਬਲੀ ਈਮਾਨ ਤੋਂ ਕੁਰਬਾਨ ਹਾਂ ਗੋਬਿੰਦ ਦੇ ਮੱਥੇ 'ਚ ਮਘਦੇ ਏਕੇ ਦੇ ਸੂਰਜ ਦੀ ਚਮਕਾਰ ਹਾਂ ਸਾਡੀ ਅਣਖ ਨੂੰ ਜੇ ਵੰਗਾਰੇ ਕੋਈ ਤਾਂ ਜਾਗਦੀ ਜਿਉਂਦੀ ਲਲਕਾਰ ਹਾਂ ਜ਼ੁਲਮ ਵਿਰੁੱਧ ਚਮਕਦੀ ਓਸ ਲਿਸ਼ਕਦੀ ਤਲਵਾਰ ਦੀ ਧਾਰ ਹਾਂ ਨਾ ਸਹਿੰਦੀ ਨਾ ਪਹਿਲਾਂ ਕਰਦੀ ਵਾਰ ਹਾਂ । ਟੋਰੰਟੋ (ਕੈਨੇਡਾ)

ਗ਼ਜ਼ਲ-ਸੁਰਿੰਦਰਜੀਤ ਕੌਰ

ਦੀਵਿਆਂ ਨੇ ਜ਼ੁਲਮ ਹੁਣ ਸਹਿਣਾ ਨਹੀਂ । ਇਹ ਹਨ੍ਹੇਰਾ ਦੇਰ ਤਕ ਰਹਿਣਾ ਨਹੀਂ । ਅਣਕਹੇ ਨੇ ਬੋਲ ਤੇ ਅਰਮਾਨ ਵੀ , ਚੁੱਪ ਸਾਡੀ ਨੇ ਵੀ ਚੁੱਪ ਰਹਿਣਾ ਨਹੀਂ । ਧਰਤ ਦੇ ਪੁੱਤਰਾਂ ਦੇ ਕਾਤਿਲ ਕਾਫ਼ਰਾ, ਪਹਿਨਿਆਂ ਤੂੰ ਕੁਫ਼ਰ ਹੈ,ਗਹਿਣਾ ਨਹੀਂ । ਕਰ ਲੈ ਤੋਬਾ ਜ਼ਾਲਿਮਾ ਤੂੰ ਜ਼ੁਲਮ ਤੋਂ, ਜ਼ੁਲਮ ਹੁਣ ਮਜ਼ਲੂਮ ਨੇ ਸਹਿਣਾ ਨਹੀਂ । ਭੂਏ ਹੁੰਦੀ ਭੁੱਖ ਤੋਂ ਡਰ ਸਿਤਮਗਰ, ਭੁੱਖ ਨੇ ਭੁੱਖੀ ਸਦਾ ਰਹਿਣਾ ਨਹੀਂ । ਪਾ ਖ਼ਿਆਲਾਂ ਨੂੰ ਨਾ ਪਿੰਜਰੇ ਵਿਚ ਕਦੇ, ਵਿਚ ਕਲਾਵੇ ਪੌਣ ਨੇ ਰਹਿਣਾ ਨਹੀਂ । ਟੋਰੰਟੋ (ਕੈਨੇਡਾ)

ਕਿਸਾਨ ਬੋਲੀਆਂ-ਸੁਰਿੰਦਰਜੀਤ ਕੌਰ

ਨੰਗੇ ਪੈਰ ਚਿੱਕੜ ਤੇ ਖੋਭਾ, ਮੋਰਚੇ 'ਚ ਬਾਪੂ ਡਟਿਆ। ਝੰਡਾ ਬੇਬੇ ਨੇ ਕਿਸਾਨੀ ਵਾਲਾ ਚੁੱਕਿਆ ਰਾਹ ਵਿਚ ਵੰਡੇ ਪਿੰਨੀਆਂ। ਅਸੀਂ ਮਾਈਆਂ ਰੱਬ ਰਜਾਈਆਂ ਪੁੱਤਾਂ ਦੇ ਨਾਲ ਮੋਰਚੇ ਤੇ। ਨੀ ਮੈਂ ਮੋਢੇ ਨਾਲ ਲਾ ਕੇ ਨਿਆਣਾ, ਮਾਹੀਏ ਨਾਲ ਚੱਲੀ ਮੋਰਚੇ। ਨੀ ਮੈਂ ਮੋਰਚੇ ਤੇ ਸਾਉਣ ਮਨਾਵਾਂ, ਪੋਹ ਵਿੱਚ ਮੀਂਹ ਵਰ੍ਹਿਆ। ਏਦਾਂ ਝੱਖੜ ਹਨੇਰੀ ਆਇਆ ਚੜ੍ਹ ਕੇ, ਤੰਬੂ ਮੇਰਾ ਉੱਡ ਨੀ ਗਿਆ। ਜਿੱਤ ਪੈਰ ਚੁੰਮੇਗੀ ਬਾਪੂ ਤੇਰੇ ਮਿਹਨਤਾਂ ਨੂੰ ਬੂਰ ਪਊਗਾ। ਬਾਪੂ ਮੋਰਚੇ 'ਚ ਪਾ ਗਿਆ ਸ਼ਹੀਦੀ ਹੁਣ ਵਾਰੀ ਕੀਹਦੀ ਵੀਰਨਾ? ਸੜ ਜਾਣ ਤੇਰੀਆਂ ਬਦਨੀਤੀਆਂ ਲੋਹੜੀ ਵਾਲੀ ਰਾਤ ਦਿੱਲੀਏ। ਸੱਚ ਕੁਰਸੀ ਦੇ ਪਾਵੇ ਹੇਠ ਦੱਬਿਆ ਆਵੇਗਾ ਭੁਚਾਲ ਦਿੱਲੀਏ।

ਇੰਜ ਨਾ ਕਰੀਂ-ਨਰਿੰਦਰ ਕੁਮਾਰ

ਮੇਰੇ ਦੇਸ਼, ਇੰਜ ਨਾ ਕਰੀਂ ਆਪਣਿਆ ਨੂੰ ਨਿਰਾਸ਼ ਨਾ ਕਰੀਂ ਬੇ ਆਸ ਨਾ ਕਰੀਂ ਏਹ ਪਾਪ ਨਾ ਕਰੀਂ ਏਹ ਅਕਾਉਣ ਤੇ ਵੀ ਅੱਕੇ ਨਹੀਂ ਥਕਾਉਣ ਤੇ ਭੋਰਾ ਵੀ ਥੱਕੇ ਨਹੀਂ ਇਹ ਖੇਤਾਂ ਚ ਇੱਕੱਲੇ ਰਾਤਾਂ ਗੁਜਾਰਨ ਵਾਲੇ ਨੇ ਨੰਗੇ ਪੈਰੀ ਜ਼ਮੀਨ ਤੇ ਬੈਠ ਸੀਤ ਲਹਿਰ ਨੂੰ ਬੁਝਾਰਤਾਂ ਪਾਉਣ ਵਾਲ਼ੇ ਨੇ ਇਹ ਵੰਡ ਛਕਣ ਵਾਲੇ ਨੇ ਵੰਡ ਹੋਣ ਵਾਲੇ ਨਹੀਂ ਹੋਰ ਕਹਿਰ ਨਾ ਕਰੀਂ ਐਵੇਂ ਵੈਰ ਨਾ ਕਰੀਂ ਆਪਣਿਆ ਨਾਲ ਇੰਜ ਨਾ ਕਰੀਂ ਇਹ ਇੱਕ ਬੀਜ ਤੋਂ ਹਜ਼ਾਰਾਂ ਉਗਾਉਣ ਵਾਲੇ ਨੇ ਇਹ ਤਿਕੜਮ ਲਾ ਕੇ,ਪੈਸੇ ਨਾਲ ਪੈਸਾ ਬਣਾਉਣ ਵਾਲੇ ਨਹੀਂ ਇਹ ਆਪਣਾ ਬਣਦਾ ਹੱਕ ਲੈਣ ਵਾਲੇ ਨੇ ਕਿਸੇ ਦਾ ਖੋਹਣ ਵਾਲੇ ਨਹੀਂ ਐਵੇਂ ਹਿਸਾਬ ਕਿਤਾਬ ਵਿਚ ਨਾ ਪਵੀਂ ਆਪਣਿਆ ਨਾਲ ਇੰਜ ਨਾ ਕਰੀਂ ਖ਼ਾਲੀ ਹੱਥ ਕੁਝ ਵੀ ਚੁੱਕ ਸਕਦੇ ਨੇ ਭੁੱਖੇ ਢਿੱਡ ਜ਼ਰੂਰੀ ਨਹੀਂ ਕਿ ਝੁਕ ਹੀ ਸਕਦੇ ਨੇ ਜ਼ਮੀਨ ਆਕਾਸ਼ ਵਰਗਾ ਦਿਲ ਏ ਇਹਨਾਂ ਦਾ ਖੁੱਲ੍ਹੇ ਦਿਲ ਮਿਲੀਂ ਬਿਨਾ ਦਿਲ ਦੀ ਦਿੱਲੀ ਨੂੰ ਬੰਨੇ ਕਰ ਆਪ ਅੱਗੇ ਵਧਿਆ ਕਰ ਦੇਸ਼ ਨੂੰ ਪਿਛਾਂਹ ਨਾ ਧੂਹ ਦੇਸ਼ ਇਹਨਾਂ ਨੂੰ ਨਾਲ ਲੈ ਕੇ ਹੀ ਅਗਾਂਹ ਵਧੂ ਦੱਸਿਆ ਨਹੀਂ ਸੀ ਫਿਰ ਨਾ ਕਹੀਂ ਆਪਣੇ ਰੱਬ ਤੋਂ ਡਰੀਂ ਇੰਜ ਹੀ ਕਰੀਂ।

ਦਿੱਲੀ ਬਾਰਡਰ ਤੋਂ ਮੁੜਿਆ ਮੁੰਡਾ-ਨਰਿੰਦਰ ਕੁਮਾਰ

ਮੈਨੂੰ ਹੁਣ ਕੁਝ ਪਤਾ ਲੱਗਣ ਲੱਗਾ ਕਿ ਮੈਂ ਕਿਉਂ ਖਿਝ ਕੇ ਪ੍ਰੇਸ਼ਾਨ ਹੁੰਦਾ ਸੀ, ਨਾ ਕੋਈ ਸਵਾਲ ਹੀ ਸਪਸ਼ਟ ਸੀ ਨਾ ਹੀ ਜਵਾਬ ਹੁੰਦਾ ਸੀ। ਕਿਸਾਨ ਲੀਡਰ ਸਿਆਣੇ ਨੇ ਉਹਨਾਂ ਕੋਲ ਹਰੇਕ ਸਵਾਲ ਦੇ ਜਵਾਬ ਨੇ ਦਿੱਲੀ ਵਾਲ਼ੇ ਉਨ੍ਹਾਂ ਅੱਗੇ ਨਿਆਣੇ ਨੇ ਮੈ ਹੁਣ ਖ਼ੁਸ਼ ਹਾਂ ਪ੍ਰੇਸ਼ਾਨ ਨਹੀਂ ਹਾਂ ਮੈਨੂੰ ਲਗਦਾ, ਮੈਂ ਸਿਰਫ਼ ਕਿਸਾਨ ਨਹੀਂ ਹਾਂ। ਅੱਜ ਮੈਂ ਪਹਿਲੀ ਵਾਰ ਮਾਂ ਨੂੰ ਚੰਗੀ ਤਰਾਂ ਮਿਲਿਆਂ ਉਹ ਹੈਰਾਨ ਹੋਈ ਸੁਣ ਕੇ ਮੈਂ ਦਾਲ ਸਬਜੀ ਬਣਾ ਲੈਨਾਂ ਫੁਲਕੇ ਵੀ ਲਾਹ ਲੈਨਾਂ ਪਹਿਲਾਂ ਦੂਜਿਆਂ ਨੂੰ ਖੁਆਈਦੀ ਏ ਫੇਰ ਬੁਰਕੀ ਮੂੰਹ ਚ ਪਾਈਦੀ ਏ। ਦੱਸ ਤੂੰ ਕੀ ਖਾਣਾ ਏ ਅੱਜ ਮੈਂ ਬਣਾਉਣਾ ਏ ਬਹੁਤ ਪੜ੍ਹਨਾ ਏ, ਸਿੱਖਣਾ, ਸਿਖਾਣਾ ਏ ਸਾਰੇ ਕਾਗ਼ਜ਼ ਸੰਭਾਲ ਕੇ ਰੱਖੀਂ ਕੋਈ ਕੰਮ ਏ ਤਾਂ ਦਸ ਵਾਪਸ ਦਿੱਲੀ ਜਾਣਾ ਏ।

ਤੈਨੂੰ ਕੀਹਨੇ ਦੱਸਿਆ?-ਨਰਿੰਦਰ ਕੁਮਾਰ

ਤੈਨੂੰ ਕੀਹਨੇ ਦੱਸਿਆ ਕਿ ਇਹ ਫ਼ੁੱਲ ਹੁੰਦਾ ਏ? ਤੈਨੂੰ ਕੀਹਨੇ ਦਸਿਆ ਕਿ ਇਹ ਕੰਡਾ ਹੁੰਦਾ ਏ? ਤੈਨੂੰ ਕਿੰਝ ਇਹ ਪਤਾ ਲੱਗਾ ਕਿ ਸੱਪ ਪੈਰਾਂ ਚ ਪਿਆ ਵੀ ਡੰਗ ਦੇਂਦਾ ਏ। ਕੁਝ ਲੋਕ ਜਿਊਂਦੇ ਜੀਅ ਮਰ ਜਾਂਦੇ ਨੇ ਕੁਝ ਹੁੰਦੇ ਨੇ ਕਿ ਮਰ ਕੇ ਵੀ ਜੀਵੀ ਜਾਂਦੇ ਨੇ। ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਹਕੂਮਤ ਨੇ ਕਰੀਬ ਇਕ ਸਦੀ ਪਹਿਲਾਂ ਸੂਲੀ ਚਾੜ੍ਹ ਦਿੱਤਾ ਸੀ ਚੁੱਪ ਚਪੀਤੇ ਰਾਤ ਦੇ ਹਨੇਰੇ 'ਚ ਹੁਸੈਨੀਵਾਲੇ ਸਾੜ ਦਿੱਤਾ ਸੀ ਪਰ ਉਹ ਮਰੇ ਹੀ ਨਹੀਂ ਅੱਜ ਵੀ ਅੰਦੋਲਨ 'ਚ ਸ਼ਾਮਿਲ ਹੋਣ ਆਉਂਦੇ ਨੇ। ਲੋਕਾਂ ਨੂੰ ਰਾਹ ਵਿਖਾਉਂਦੇ ਨੇ। ਨਾਲ ਖੜ੍ਹੇ ਹੁੰਦੇ। ਹੌਂਸਲਾ ਵਧਾਉਂਦੇ ਨੇ। ਹਕੂਮਤ ਨੂੰ ਅਜੇ ਵੀ ਡਰਾਉਂਦੇ ਨੇ।

ਮੋਰਚੇ 'ਚ ਡਟੇ ਬੈਠਿਉ-ਗੁਰਮੀਤ ਕੜਿਆਲਵੀ

ਤੁਹਾਡੇ 'ਤੇ ਬਹੁਤ ਵੱਡਾ ਕੀਤਾ ਅਸਾਂ ਰੱਬ ਜਿੱਡਾ ਵਿਸ਼ਵਾਸ਼ ਆਖ ਲਵੋ। ਤੁਸੀਂ ਆਵਾਜ਼ ਮਾਰੀ ਲੱਖਾਂ ਲੋਕ ਘਰਾਂ 'ਚੋਂ ਨਿਕਲ ਕੇ ਰੇਲਾਂ ਦੀਆਂ ਪਟੜੀਆਂ 'ਤੇ ਆ ਬੈਠੇ। ਤੁਸੀਂ ਇਸ਼ਾਰਾ ਕੀਤਾ ਤੇਲ ਪੰਪਾਂ ਨੂੰ ਤੇਲ ਦੀ ਥਾਂ ਹਾਉਂਕੇ ਭਰਨ ਲਾ ਦਿੱਤਾ। ਟੋਲ ਪਲਾਜ਼ੇ ਬੰਦ ਕਰਨ ਲਈ ਕਿਹਾ ਲੋਕਾਂ ਪੱਕੇ ਡੇਰੇ ਲਾ ਕੇ ਉਥੇ ਲੰਗਰ ਚਲਾ ਦਿੱਤੇ। ਤੁਹਾਡੇ ਬੋਲਾਂ 'ਤੇ ਫੁੱਲ ਚੜਾਉਣ ਲੱਗੇ ਤੁਸੀਂ ਦਿੱਲੀ ਘੇਰਨ ਲਈ ਹਾਕ ਮਾਰੀ ਆਪਾਂ ਮੱਘਰ ਪੋਹ ਦੀਆਂ ਕਕਰੀਲੀਆਂ ਧੁੰਦਾਂ ਨੂੰ ਚੀਰਦਿਆਂ ਦਿੱਲੀ ਵੱਲ ਕੂਚ ਕਰ ਦਿੱਤਾ। ਕੰਡਿਆਲੀਆਂ ਤਾਰਾਂ ਨੂੰ ਫੁੱਲਾਂ ਦੀਆਂ ਵਾੜਾਂ ਸਮਝ ਲਿਆ। ਵੱਡੇ ਵੱਡੇ ਪੱਥਰਾਂ ਨੂੰ ਚੁੱਕ ਕੇ ਇਉਂ ਪਾਸੇ ਰੱਖ ਦਿੱਤਾ ਜਿਵੇਂ ਜੁਆਕਾਂ ਦਾ ਕੋਈ ਖਿਡੌਣਾ ਹੋਵੇ। ਪਾਣੀ ਦੀਆਂ ਬੁਛਾੜਾਂ ਨੂੰ ਸੀਨੇ 'ਤੇ ਲੈਂਦਿਆਂ ਸਾਉਣ ਭਾਦੋਂ ਦੇ ਛਰਾਟੇ ਸਮਝਿਆ। ਗੱਭਰੂਆਂ ਨੇ ਆਪਣੇ ਵੱਲ ਆਉਂਦੇ ਗੈਸਾਂ ਦੇ ਗੋਲਿਆਂ ਨੂੰ ਭੂੰਡ ਪਟਾਕੇ ਬਣਾ ਦਿੱਤਾ। ਵੇਂਹਦਿਆਂ ਵੇਂਹਦਿਆਂ ਲੋਕਾਂ ਦੀ ਫੌਜ ਤੁਹਾਡੇ ਨਾਲ ਰਲਕੇ ਦਿੱਲੀ ਦੀ ਹਿੱਕ ਤੇ ਚੜ੍ਹ ਜਾ ਬੈਠੀ। ਤੁਹਾਡੇ 'ਚੋਂ ਕੋਈ ਸਿਰੇ ਦਾ ਧਾਰਮਿਕ ਹੈ ਕੋਈ ਸਿਰੇ ਦਾ ਨਾਸਤਿਕ ਕੋਈ ਅਤਿ ਦਾ ਖੱਬੇ ਪੱਖੀ ਕੋਈ ਉੱਕਾ ਹੀ ਸੱਜੇ ਪੱਖ ਵਾਲਾ ਰਲ਼ ਕੇ ਦਸਤਪੰਜਾ ਕੋਈ ਹਰ ਔਖੀ ਘੜੀ 'ਚ ਸ਼ਾਂਤ ਰਹਿਣ ਵਾਲਾ ਕਿਸੇ ਦਾ ਖੂਨ ਗੱਲ ਗੱਲ 'ਤੇ ਉਬਾਲੇ ਮਾਰ ਉੱਠਦਾ ਕਿਸੇ ਕੋਲ ਦਲੀਲ ਦਾ ਬੇਜੋੜ ਹੁਨਰ ਹੈ ਕੋਈ ਜਥੇਬੰਦ ਕਰਨ ਦਾ ਮਾਹਿਰ। ਕੋਈ ਵਿਰੋਧੀਆਂ ਨੂੰ ਲਾਲ ਅੱਖਾਂ ਕੱਢ ਕੇ ਘੂਰ ਸਕਦਾ ਹੈ। ਕਿਸੇ ਦੀਆਂ ਦਰਦ ਭਰੀਆਂ ਅੱਖਾਂ ਤੋਂ ਦੁਸ਼ਮਣ ਵੀ ਭੈਅ ਖਾਂਦਾ ਹੈ। ਕੋਈ ਆਵਾਜ਼ ਦੀ ਤਾਕਤ ਨਾਲ ਕੁਰਸੀ ਨੂੰ ਨਿਰੁੱਤਰ ਕਰ ਸਕਦਾ ਹੈ। ਕਿਸੇ ਦੀ ਚੁੱਪ ਵੀ ਖਲਬਲੀ ਮਚਾਉਣ ਦੇ ਸਮਰੱਥ। ਜਿੰਨੇ ਆਗੂ ਓਨੀਆਂ ਧਾਰੀਆਂ ਬਾਗ ਵਿੱਚ ਰੰਗ ਬਿਰੰਗੇ ਫੁੱਲਾਂ ਜਹੇ। ਵੀਰਿਓ! ਅਜਿਹੇ ਮੋੜ 'ਤੇ ਖੜੇ ਓ ਜਿੱਥੇ ਗਲਤੀ ਦੀ ਗੁੰਜਾਇਸ਼ ਹੀ ਨਹੀਂ। ਤੁਹਾਡੀ ਕਿਸੇ ਵੀ ਗਲਤੀ ਇਤਿਹਾਸ ਨੂੰ ਪੁੱਠਾ ਗੇੜਾ ਦੇ ਦੇਵੇਗੀ। ਲੋਕ ਤੁਹਾਡੇ 'ਤੇ ਵਿਸ਼ਵਾਸ਼ ਕਰਕੇ ਬਰਫ ਠੰਢੀਆਂ ਸੜਕਾਂ 'ਤੇ ਸੌਂਦੇ ਨੇ। ਤੁਹਾਡੇ ਵਿੱਚੋਂ ਲੰਘਦੀ ਨਿੱਕੀ ਜਿਹੀ ਲਕੀਰ ਵੀ ਲੋਕਾਂ ਦੇ ਜੋਸ਼ ਨੂੰ ਮੱਠਾ ਪਾ ਸਕਦੀ। ਜਦੋਂ ਲੋਕ ਉੱਨੀ ਇੱਕੀ ਸੁਣਦੇ ਨੇ, ਉਹਨਾਂ ਦੇ ਮਘਦੇ ਸੀਨਿਆਂ 'ਚੋਂ ਸਰਦ ਹਾਉਕਾ ਨਿਕਲ ਜਾਂਦਾ ਹੈ। ਯਾਦ ਰੱਖੋ ! ਤੱਤ ਖਾਲਸਾ ਤੇ ਬੰਦਈ ਖਾਲਸਾ ਦੇ ਆਪਸੀ ਪਾਟਕ ਦਾ ਨਤੀਜਾ ਗੁਰਦਾਸ ਨੰਗਲ ਦੀ ਕੱਚੀ ਗੜ੍ਹੀ ਨੇ ਅੱਖੀਂ ਦੇਖਿਆ ਸੀ। ਜੇ ਪਾਟਕ ਨਾ ਪੈਂਦਾ ਤਾਂ ਅੱਜ ਜਮਨਾ ਪਾਰ ਤੱਕ ਨਿਸ਼ਾਨ ਝੂਲਦੇ। ਅੱਜ ਤੁਸੀਂ ਆਪਣੇ ਲਈ ਜਾਂ ਇਕੱਲੇ ਪੰਜਾਬ ਲਈ ਹੀ ਨਹੀਂ-- ਪੂਰੇ ਦੇਸ਼ ਲਈ ਲੜ ਰਹੇ ਹੋ। ਲੜਾਈ ਹੁਣ ਕਿਸਾਨ ਦੀ ਨਹੀਂ ਇਨਸਾਨ ਦੀ ਹੈ। ਦੇਸ਼ ਹੀ ਕਿਉਂ ਪੂਰੀ ਦੁਨੀਆਂ ਤੁਹਾਡੇ ਵੱਲ ਵੇਖਦੀ। ਸ਼ਾਹ ਮੁਹੰਮਦ ਦੇ ਲਿਖੇ ਜੰਗਨਾਮੇ ਦਾ ਬੈਂਤ ਨਾ ਵਿਸਾਰਿਉ ਲੱਗੀ ਧਮਕ ਸਾਰੇ ਹਿੰਦੋਸਤਾਨ ਅੰਦਰ ਦਿੱਲੀ ਆਗਰੇ ਹਾਂਸੀ ਹਿਸਾਰ ਮੀਆਂ। ਬੀਕਾਨੇਰ ਗੁਲਨੇਰ ਭਟਨੇਰ ਜੈਪੁਰ ਪਈਆਂ ਭਾਜੜਾਂ ਜਮਨਾ ਤੋਂ ਪਾਰ ਮੀਆਂ। ਚੜ੍ਹੀ ਸਭ ਪੰਜਾਬ ਦੀ ਬਾਦਸ਼ਾਹੀ ਨਹੀਂ ਦਲਾਂ ਦਾ ਅੰਤ ਸ਼ੁਮਾਰ ਮੀਆਂ। ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈ ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ। ** ਸੋ ਪਿਆਰਿਓ ! ਤੁਸੀਂ ਇਤਿਹਾਸ ਸਿਰਜਣ ਨੇੜੇ ਓਂ। ਇਥੋਂ ਹਿੰਦੋਸਤਾਨ ਦੀ ਨਵੀਂ ਤਵਾਰੀਖ ਸ਼ੁਰੂ ਹੋਵੇਗੀ। ਇਸ ਮੋੜ 'ਤੇ ਕਿਸੇ ਜਰਨੈਲ ਦੀ ਨਿੱਜੀ "ਹਉਂ" ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਯਾਦ ਰੱਖਿਉ ! ਕੋਈ ਉਨੀ ਇੱਕੀ ਹੋ ਗਈ, ਨਾ ਇਤਿਹਾਸ ਨੂੰ ਜਵਾਬ ਦੇ ਸਕਣਾ ਹੈ--ਨਾ ਲੋਕਾਂ ਨੂੰ। ਨਹੀਂ ਤਾਂ ਉਹ ਹਾਲ ਹੋਵੇਗਾ ਜੋ ਸ਼ਾਹ ਮੁਹੰਮਦ ਨੇ ਸਿੱਖ ਜਰਨੈਲਾਂ ਬਾਰੇ ਲਿਖਿਆ ਸੀ। ਘਰੋਂ ਗਏ ਫਿਰੰਗੀ ਦੇ ਮਾਰਨੇ ਨੂੰ ਬੇੜੇ ਤੋਪਾਂ ਦੇ ਸਭ ਖੁਹਾਇ ਆਏ। ਸ਼ਾਹ ਮੁਹੰਮਦਾ ਕਹਿੰਦੇ ਨੇ ਲੋਕ ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਇ ਆਏ। ਉਹ ਦਿਨ ਕਦੇ ਨਾ ਆਵੇ।

ਉਹੀ ਰੁੱਤਾਂ ਕਹਿਰ ਦੀਆਂ-ਹਰਵਿੰਦਰ ਤਾਤਲਾ

ਉਹੀ ਰੁੱਤਾਂ ਕਹਿਰ ਦੀਆਂ ਉਹੀ ਤੇਰੇ ਪੁੱਤ ਨੇ ਹਾਕਮ ਹਕੂਮਤਾਂ ਦੇ ਨਸ਼ਿਆਂ 'ਚ ਗੁੱਟ ਨੇ ਪਰਖ ਦੀ ਘੜੀ ਫੇਰ ਆਈ ਬਾਜ਼ਾਂ ਵਾਲਿਆ ਅੰਗ ਸੰਗ ਰਹੀਂ ਤੂੰ ਸਹਾਈ ਬਾਜ਼ਾਂ ਵਾਲਿਆ ਜੰਗ ਸਾਨੂੰ ਨਵੀਂ ਦਰਪੇਸ਼ ਹਰ ਰੋਜ਼ ਹੈ ਅੱਜ ਫੇਰ ਉੱਠ ਖੜੀ ਬੰਦਿਆਂ ਦੀ ਫ਼ੌਜ ਹੈ। ਛਿੜੀ ਆਰ-ਪਾਰ ਦੀ ਲੜਾਈ ਬਾਜ਼ਾਂ ਵਾਲਿਆ ਮਿੱਟੀ ਦਿਆਂ ਪੁੱਤਰਾਂ ਨੇ ਮਹਿਲਾਂ ਨੂੰ ਵੰਗਾਰਿਆ। ਖਾਲਸੇ ਤੇਰੇ ਨੇ ਅੱਜ ਰੂਪ ਤੇਰਾ ਧਾਰਿਆ ਦੇਵੇ ਮਾਈ ਭਾਗੋ ਧੀਆਂ 'ਚੋਂ ਦਿਖਾਈ ਬਾਜ਼ਾਂ ਵਾਲਿਆ। ਦਿੱਲੀ ਤੇਰੇ ਪੁੱਤਰਾਂ ਲਈ ਬਣ ਸਰਹੰਦ ਗਈ। ਸਿਰਾਂ ਤੱਕ ਉੱਸਰੀ ਹੈ ਜ਼ੁਲਮਾਂ ਦੀ ਕੰਧ ਬਈ। ਸੂਬਾ ਪਿਆ ਕਰਦਾ ਚਿਣਾਈ ਬਾਜ਼ਾਂ ਵਾਲਿਆ। ਕੱਟਦੇ ਹਾਂ ਰਾਤਾਂ ਸਾਹਿਬਜ਼ਾਦਿਆਂ ਦੀ ਯਾਦ 'ਚ। ਸੰਗਤਾਂ ਨੂੰ ਵੰਡ ਦਿਓ ਫ਼ਤਹਿ ਪ੍ਰਸਾਦਿ 'ਚ। ਜਿੱਤ ਨਾਲ ਕਰੀਏ ਵਿਦਾਈ ਬਾਜ਼ਾਂ ਵਾਲਿਆ।

ਅੰਨਦਾਤੇ ਦੇ ਦਰਸ਼ਨ ਕਰ ਲੈ-ਰੋਮੀ ਬੈਂਸ ਖਰਲਾਂ

ਕਈ ਯੁੱਗਾਂ ਦੀ ਭਗਤੀ ਤੋਂ ਕਿਰਸਾਨ ਬਣੇ। ਤੂੰ ਵੱਡੇ ਕਰਮਾਂ ਵਾਲੀ ਜੋ ਤੇਰੇ ਮਹਿਮਾਨ ਬਣੇ। ਸੱਚੀ ਸੇਵਾ ਕਰਕੇ ਖ਼ਾਲੀ ਝੋਲੀਆਂ ਭਰ ਲੈ ਨੀ। ਅੰਨਦਾਤੇ ਦੇ ਦਰਸ਼ਨ ਦਿੱਲੀਏ ਕਰ ਲੈ ਨੀ। ਕਿਰਸਾਨੀ ਕਰਦੇ ਸੱਤਸੰਗ ਵੀ ਨੇ ਲਾ ਲੈਂਦੇ। ਇਹ ਤਾਂ ਪੱਥਰਾਂ ਵਿੱਚੋਂ ਵੀ ਰੱਬ ਨੂੰ ਪਾ ਲੈਂਦੇ। ਸੰਗਤ ਕਰਕੇ ਤੂੰ ਭਵ-ਸਾਗਰ ਤਰ ਲੈ ਨੀ। ਅੰਨਦਾਤੇ ਦੇ ਦਰਸ਼ਨ ਦਿੱਲੀਏ ਕਰ ਲੈ ਨੀ। ਨੂਰਾਨੀ ਚਿਹਰੇ ਰੱਬ ਰੰਗੀਆਂ ਰੂਹਾਂ ਨੇ। ਭਾਗਾਂ ਵਾਲ਼ੀਆਂ ਤੇਰੀਆਂ ਬਾਹਰੀ ਜੂਹਾਂ ਨੇ। ਘਿੳ ਦੇ ਦੀਵੇ ਬਾਲ ਤੂੰ ਆਪਣੇ ਘਰ ਲੈ ਨੀ। ਅੰਨਦਾਤੇ ਦੇ ਦਰਸ਼ਨ ਦਿੱਲੀਏ ਕਰ ਲੈ ਨੀ। ਇਹ ਰਮਤੇ ਯੋਗੀ ਖ਼ੈਰਾਂ ਵੰਡਣ ਆਏ ਨੇ। ਇਹ ਸਬੱਬ ਵੀ ਰੱਬ ਨੇ ਆਪੇ ਬਣਾਏ ਨੇ। ਪੈਰਾਂ ਥੱਲੇ ਰੋਮੀ ਵਾਂਗੂੰ ਤੂੰ ਹੱਥ ਧਰ ਲੈ ਨੀ। ਅੰਨਦਾਤੇ ਦੇ ਦਰਸ਼ਨ ਦਿੱਲੀਏ ਕਰ ਲੈ ਨੀ।

ਮਸ਼ਾਲਾਂ ਦੀ ਲੋਅ-ਨਵਜੋਤ ਕੌਰ (ਡਾ:)

ਜਾਗਦੀ ਜ਼ਮੀਰ ਤੇ ਰੌਸ਼ਨ ਖ਼ਿਆਲਾਂ ਤੋਂ ਤੇਰਾ ਡਰਨਾ ਬਹੁਤ ਜ਼ਰੂਰੀ ਹੈ। ਅੱਜ ਦਿੱਲੀ ਦੀਆਂ ਬਰੂਹਾਂ ਤੇ ਲਿਖੇ ਜਾ ਰਹੇ ਨੇ ਵਕਤ ਦੀ ਹਿੱਕ ਤੇ ਇਨਕਲਾਬੀ ਸੰਵਾਦ ਹੋ ਰਹੇ ਭਵਿੱਖ ਦੇ ਨਕਸ਼ ਸੰਵਾਰਨ ਵਾਲੇ ਜੀਂਦੇ ਜਾਗਦੇ ਮੱਥੇ ਤਿਆਰ ਭਰੀਆਂ ਜਾ ਰਹੀਆਂ ਨੇ ਗਿਆਨ ਵਿਗਿਆਨ ਨਾਲ ਝੋਲੀਆਂ। ਨਜ਼ਰ ਆ ਰਹੇ ਨਵੇਂ ਦੋਮੇਲ ਪਰਖੇ ਜਾ ਰਹੇ ਨੇ ਜ਼ਾਤੀ ਨਹੀਂ ਨਹੀਂ ਜਮਾਤੀ ਦੁਸ਼ਮਣ ਨਵੇਂ ਨਵੇਲੇ ਸਰੋਕਾਰ ਇਖ਼ਲਾਕ, ਲਿਆਕਤ ਤੇ ਜੁਰਅੱਤ ਦਾ ਮੁਜੱਸਮਾ ਸੀ ਪੰਜਾਬ ਪੁੰਗਰ ਪਿਆ ਹੈ ਨਵੇਂ ਸਿਰਿਓਂ। ਜਗ ਰਿਹਾ ਹੈ ਵਾਂਗ ਮਸ਼ਾਲ ਰੱਤ ਦਾ ਤੇਲ ਪਾ ਕੇ ਜੂਝ ਮਰਨ ਦਾ ਚਾਅ ਉੱਮ੍ਹਲ ਉੱਮ੍ਹਲ ਪੈਂਦਾ ਇਹੀ ਹੈ ਇਸ ਬੁਲੰਦੀ ਦਾ ਅਧਾਰ ਤੂੰ ਹਥਿਆਰਾਂ ਦੇ ਤਾਜ਼ਰਾਂ ਦਾ ਗੁਲਾਮ ਬਾਰੂਦ ਦੇ ਵਣਜਾਰਿਆਂ ਦਾ ਕਾਰਿੰਦਾ ਤੈਨੂੰ ਸਮਝ ਹੀ ਨਹੀਂ ਆਉਣੀ ਅਮਨ ਤੇ ਸਨੇਹ ਦੀ ਵਿਆਕਰਣ ਤੇਰੇ ਵਿਸ਼ਵਕੋਸ਼ ਵਿੱਚ ਹਰ ਵਰਕਾ ਰੱਤ ਭਿੱਜਿਆ, ਜ਼ਖ਼ਮਾਇਆ। ਇਸ ਨੂੰ ਸੋਧੇਗੀ ਕਲਮ ਸਾਡੀ ਬਣ ਕੇ ਹਥਿਆਰ ਅਸੀਂ ਮਨਸੂਰ ਦੇ ਹਾਂ ਵਾਰਿਸ ਸਰਮਦ ਮੁਰਸ਼ਿਦ ਦੇ ਮੁਰੀਦ ਤਾਂ ਹੀ ਇਸ ਧਰਤ ਕੋਲ ਪਰਚਮਧਾਰੀ ਏਨੇ ਸ਼ਹੀਦ। ਅਸੀਂ ਉਸ ਗੁਰੂ ਦੇ ਚੇਲੇ ਹਾਂ ਜਿਸਨੂੰ ਚੋਲ਼ੇ ਨਾਲ ਖਹਿ ਕੇ ਟੁੱਟਿਆ ਫੁੱਲ ਵੀ ਕਰ ਦੇਵੇ ਉਦਾਸ। ਤੂੰ ਕਿੱਦਾ ਸਮਝੇਂਗਾ ਇਹ ਰਮਜ਼ਾਂ? ਤੇਰਾ ਧਰਮ ਸਿਖਾਵੇ ਤੈਨੂੰ ਪਰਮ ਅਸਤਰ ਹਿੰਸਾ ਅਸੀਂ ਧੁਰੋਂ ਅਮਨ ਪਸੰਦ। ਤੂੰ ਨਫ਼ਰਤ ਦਾ ਮਾਹਿਰ ਖਿਡਾਰੀ। ਬਗਲੇ ਭਗਤ ਵਾਂਗ ਅੱਖੀਆਂ ਮੀਟ ਬਣ ਜਾਵੇਂ ਡੱਡੀਆਂ ਮੱਛੀਆਂ ਦਾ ਸ਼ਿਕਾਰੀ। ਗਲੋਬ ਤੇ ਫੇਰਦੈਂ ਦਿਨ ਰਾਤ ਆਰੀ। ਅਸੀਂ ਨਿਰਭਉ ਨਿਰਵੈਰ ਸਾਡੇ ਧਰਤੀ ਤੇ ਪੱਕੇ ਪਕੇਰੇ ਪੈਰ ਤੱਕ ਸਾਡੇ ਸਬਰ ਨੂੰ ਤੇ ਆਪਣੇ ਕੀਤੇ ਜਬਰ ਨੂੰ। ਯਖ਼ ਸਰਦ ਫ਼ਰਸ਼ ਤੇ ਪੁਰ ਅਮਨ ਬੈਠਿਆਂ ਤੋਂ ਵੀ ਕਿੰਨਾ ਭੈ ਭੀਤ ਹੈਂ ਤੂੰ। ਤੇਰੀ ਵਤਨ ਪ੍ਰਸਤੀ ਸਿਰਫ਼ ਦੁਕਾਨ ਕੁਰਸੀ ਪ੍ਰਾਪਤੀ ਲਈ ਲੋੜੀਂਦਾ ਸਮਾਨ। ਪਰ ਸਾਡੀ ਵਤਨ ਪ੍ਰਸਤੀ ਇਸ ਲਈ ਜੀਣਾ ਮਰਨਾ ਫ਼ਸਲਾਂ ਉਗਾਉਣਾ ਲੋੜ ਪੈਣ ਤੇ ਦੇਸ਼ ਤੋਂ ਕਰਨੇ ਪੁੱਤਰ ਕੁਰਬਾਨ। ਇਹ ਮੁਲਕ ਸਾਡਾ ਵੀ ਹੈ ਤੂੰ ਸਾਥੋਂ ਖੋਹ ਨਹੀਂ ਸਕਦਾ ਇਹ ਸਨਮਾਨ। ਮਾਲਕੀ ਦਾ ਅਹਿਸਾਸ ਹੀ ਤੋਰੀ ਫਿਰਦਾ ਹੈ ਸਿੰਘੂ, ਟੀਕਰੀ, ਗਾਜ਼ੀਪੁਰ,ਤੇ ਪਲਵਲ। ਹੱਕ ਦਾ ਦਾਅਵਾ ਹਰ ਸਾਹ ਹਰ ਪਲ ਅਸੀਂ ਕਰਾਂਗੇ ਦਿੱਲੀ ਦੀ ਰਿੰਗ-ਰੋਡ ਤੇ ਰੌਸ਼ਨੀਆਂ ਦੇ ਕਾਫ਼ਲੇ ਦਾ ਸਫ਼ਰ ਫੁੱਲਾਂ ਦੀ ਖੁਸ਼ਬੂ ਨਾਲ ਲਬਰੇਜ਼ ਨੌਵੇਂ ਗੁਰੂ ਦੇ ਸੀਸਗੰਜ ਦੀ ਜ਼ਿਆਰਤ ਸਾਡੇ ਲਬਾਂ ਤੇ ਹਨ ਦੇਸ਼ ਦੇ ਦਰਦੀਲੇ ਅਫ਼ਸਾਨੇ ਦੇਸ਼ ਦੇ ਲੋਕਾਂ ਲਈ ਮੁਹੱਬਤ ਦੇ ਤਰਾਨੇ। ਅਹਿਮਕਾ! ਸਾਡਾ ਜਿਸਮ ਤਾਂ ਅਗਨ ਭੇਂਟ ਕਿਤੇ ਸਪੁਰਦ -ਏ -ਖ਼ਾਕ ਹੋ ਸਕਦੈ ਪਰ ਖ਼ਿਆਲ ਸਦਾ ਜ਼ਿੰਦਾ ਰਹਿਣੇ। ਕਦੀ ਨਾ ਬੁਝਣ ਵਾਲੀ ਮਸ਼ਾਲ ਜਿਵੇਂ। ਆਪਣੇ ਝੁੰਗਲਮਾਟੇ 'ਚੋਂ ਬਾਹਰ ਆ ਤੇ ਦੇਖ ਤੇਰੀ ਫਿਰਨੀ ਤੇ ਲਗਾਤਾਰ ਪ੍ਰਚੰਡ ਹੋ ਰਹੀ ਹੈ ਮਸ਼ਾਲਾਂ ਦੀ ਅਨੰਤ ਲੋਅ!

ਜਬਰ ਜ਼ੁਲਮ ਦੇ ਅੱਗੇ-ਹਰਵਿੰਦਰ ਉਹੜਪੁਰੀ

ਜਬਰ ਜ਼ੁਲਮ ਦੇ ਅੱਗੇ ਪਰਬਤ ਬਣਕੇ ਖੜ੍ਹਨਾ ਪੈਂਦਾ ਏ। ਹੱਕ ਮੰਗਿਆਂ ਮੂਲ ਨਾ ਮਿਲਦੇ ਹੱਕਾਂ ਲਈ ਲੜਨਾ ਪੈਂਦਾ ਏ। ਦਿੱਲੀ,ਪੱਥਰ ਦਿਲੀਏ ਵੈਰੀ ਬਣੀ ਕਿਸਾਨਾਂ ਦੀ। ਧਾਰ ਨਾ ਲਾਉਣੀ ਪੈ ਜੇ ਮੁੜ ਖੁੰਢੀਆਂ ਕਿਰਪਾਨਾਂ ਦੀ। ਬਾਪੂ ਵਾਲਾ ਖੂੰਡਾ ਮੌਰਾਂ ਦੇ ਵਿੱਚ ਜੜਨਾ ਪੈਂਦਾ ਏ। ਸਾਡੀ ਅਣਖ ਡੁਲਾ ਸਕੇ ਨਾ ਮੁਗਲ ਫਰੰਗੀ ਸਾਰੇ। ਪੱਗ ਸਾਡੀ ਨੂੰ ਹੱਥ ਪਾਇਆ ਜਿਨ੍ਹਾਂ ਲੱਭੇ ਨਾ ਹਤਿਆਰੇ। ਗੋਲੀ ਅੱਗੇ ਹਿੱਕ ਤਾਣ ਵੈਰੀ ਦੀ ਹਿੱਕ ਤੇ ਚੜ੍ਹਨਾ ਪੈਂਦਾ ਏ ॥ ਯੁੱਗਾਂ ਯੁੱਗਾਂ ਤੱਕ ਕਾਇਮ ਰਹੇਗੀ ਜੱਟ ਸੀਰੀ ਦੀ ਯਾਰੀ। ਹੱਕਾਂ ਲਈ ਹਿੱਕ ਤਾਣ ਖਲੋਤੀ ਹੁਣ ਤਾਂ ਖਲਕਤ ਸਾਰੀ। ਇੱਕੋ ਸੋਚ ਤੇ ਇਕੋ ਨਾਅਰਾ ਇਕ ਝੰਡਾ ਫੜਨਾ ਪੈਂਦਾ ਏ ॥ ਇਨਕਲਾਬ ਦਾ ਉਠਿਆ ਭਾਂਬੜ ਅਜੇ ਵੀ ਕਰ ਲੈ ਚਾਰਾ। ਗ਼ਲਤੀ ਮੰਨਣ ਦਾ ਵੀ ਮੌਕਾ ਮਿਲਣਾ ਨਹੀਂ ਦੁਬਾਰਾ। ਲਹੂ ਭਿੱਜਾ ਇਤਿਹਾਸ ਹੈ ਸਾਡਾ ਮੁੜ- ਮੁੜ ਪੜ੍ਹਨਾ ਪੈਂਦਾ ਏ ॥ ਕਰ ਸਕਦੀ ਤਾਂ ਕਰ ਲੈ ਚਾਰਾ ਹੋ ਨਾ ਜਾਵੇ ਦੇਰੀ। ਬਣਿਆ ਜੋਸ਼ ਬਰੂਦ "ਉਹੜਪੁਰੀ" ਇੱਕੋ ਚਿਣਗ ਬਥੇਰੀ। ਪਿਆਰ ਨਾਲ ਜੋ ਗੱਲ ਨਾ ਮੰਨੇ ਉਸ ਨੂੰ ਘੜਨਾ ਪੈਂਦਾ ਏ। ਹੱਕ ਮੰਗਿਆਂ ਮੂਲ ਨਾ ਮਿਲਦੇ ਹੱਕਾਂ ਲਈ ਲੜਨਾ ਪੈਂਦਾ ਏ ॥

ਮਾਵਾਂ ਤੇ ਮੋਰਚੇ-ਨਵਜੋਤ ਕੌਰ (ਡਾ)

ਕੌਣ ਕਹਿੰਦਾ ਵਰ੍ਹਦੀ ਅੱਗ ਚ ਮਾਵਾਂ ਪੁੱਤ ਨਹੀਂ ਸੰਭਾਲਦੀਆਂ। ਇਹ ਗੱਲ ਕਿਸੇ ਹੋਰ ਧਰਤੀ ਦੀ ਹੋਵੇਗੀ। ਆਹ ਵੇਖੋ ਭੋਲਿਉ! ਸਾਡੀਆਂ ਮਾਂਵਾਂ ਤਾਂ ਪੁੱਤਾਂ ਤੇ ਬਣੀ ਨੂੰ ਆਪਣੇ ਤੇ ਝੱਲਦੀਆਂ। ਮੋਰਚੇ ਤੇ ਸੱਜਰੀ ਰੋਟੀ ਪਕਾਉਂਦੀਆਂ ਚੋਪੜ ਚੋਪੜ ਫੜਾਉਂਦੀਆਂ। ਧੀਆਂ ਪੁੱਤਰਾਂ ਨੂੰ ਮੈਦਾਨ -ਏ -ਜੰਗ ਨਹੀਂ ਤੋਰਦੀਆਂ ਬਰਾਬਰ ਤੁਰਦੀਆਂ ਖੂੰਡੀ ਸਹਾਰੇ ਮਾਝੇ ,ਮਾਲਵੇ ,ਦੋਆਬੇ ਤੇ ਪੁਆਧ ਦੀਆਂ ਜਾਂਬਾਜ਼ ਮਹਿੰਦਰ ਕੌਰ ਦੀਆਂ ਹਾਨਣਾਂ। ਆਪ ਬੰਨ੍ਹ ਕੇ ਸ਼ਹੀਦੀ ਗਾਨੇ ਪੁੱਤਰਾਂ ਪਤੀਆਂ ਪੋਤਰਿਆਂ ਦੀਆਂ ਟ੍ਰੈਕਟਰ ਟਰਾਲੀਆਂ ਸ਼ਿੰਗਾਰਦੀਆਂ ਹੋ ਗਈ ਹੈ ਸੋਝੀ ਉਨ੍ਹਾਂ ਨੂੰ ਕਿ ਜੇ ਅੱਜ ਵੀ ਨਾ ਲਿਆ ਡਾਢੇ ਨਾਲ ਆਢਾ ਤਾਂ ਖੇਤ ਵਿੱਛੜ ਜਾਣਗੇ। ਫਿਰ ਨਾ ਬਚਣੀ ਘਰ ਗ੍ਰਹਿਸਥੀ ਕਿੱਥੇ ਬੀਜਾਂਗੇ ਸੁਪਨੇ ਤੇ ਫ਼ਸਲਾਂ? ਕਿੱਧਰ ਜਾਣਗੀਆਂ ਸਾਡੀਆਂ ਨਸਲਾਂ? ਨਾ ਛੁੱਟਣੀਆਂ ਗਹਿਣੇ ਪਈਆਂ ਜ਼ਮੀਨਾਂ ਨਾ ਰੀਝਾਂ ਨਾਲ ਬਣਾਈਆਂ ਟੂੰਬਾਂ। ਇਲਮ ਹੋ ਗਿਆ ਹੈ ਉਨ੍ਹਾਂ ਨੂੰ ਇਹ ਜੰਗ ਕਿਸਾਨ ਦੀ ਨਹੀਂ ਇਨਸਾਨ ਦੀ ਹੈ ਧਰਤੀ ਦੇ ਦੀਨ ਈਮਾਨ ਦੀ ਹੈ। ਹਰ ਮਾਂ ਦੀ ਸੁਲੱਖਣੀ ਇਕੋ ਸੋਚ ਸੱਤਾ ਨਾਲ ਆਰ ਪਾਰ ਦੀ ਲੜਾਈ ਹੈ ਫਿਰ ਕਿਵੇਂ ਬੈਠੀਆਂ ਰਹੀਏ ਘਰਾਂ 'ਚ ਕੈਦ। ਮਾਂ ਧਰਤੀ ਦੀ ਹਿੱਕ ਤੇ ਖੁੱਲ੍ਹੇ ਅਸਮਾਨ ਹੇਠ ਲਾਡਲੇ ਪੁੱਤਾਂ ਦੀ ਹਿਫ਼ਾਜ਼ਤ ਲਈ ਹੱਕ ਸੱਚ ਦੀ ਜੰਗ ਵਿੱਚ ਆ ਡੱਟੀਆਂ ਹੱਦਾਂ ਤੇ ਹਰ ਕਰਮ ਚ ਸ਼ਾਮਿਲ ਸਿਰਜ ਰਹੀਆਂ ਨਵਾਂ ਇਤਿਹਾਸ। ਅਗੰਮੀ ਕੀਰਤਨ ਦਾ ਨਿਰੰਤਰ ਪ੍ਰਵਾਹ ਚਲਾਉਂਦੀਆਂ ਲੰਗਰ ਦੀ ਰੀਤ ਨਿਭਾਉਂਦੀਆਂ ਨਾ ਅੱਕਦੀਆਂ ਨਾ ਥੱਕਦੀਆਂ ਅਲੋਕਾਰ ਜ਼ਾਬਤੇ ਦੀ ਪਾਲਣਾ ਕਰਦੀਆਂ ਧੀਆਂ ਪੁੱਤਾਂ ਦੀ ਖੈਰ ਮਨਾਉਂਦੀਆਂ। ਹੁਕਮਰਾਨ ਪਰੇਸ਼ਾਨ ਕਰ ਰਿਹਾ ਵਾਰ ਵਾਰ ਐਲਾਨ ਵਾਪਿਸ ਘਰ ਮੁੜ ਜਾਓ। ਆਖਦੀਆਂ, ਸਾਡੇ ਪਿੰਡ ਰਿਵਾਜ਼ ਨਹੀਂ ਪੁੱਤਰਾਂ ਦੀ ਕੰਡ ਨੰਗੀ ਕਰਨ ਦਾ। ਵੰਗਾਰਦੀਆਂ ਸੱਬਰਕੱਤੀਆਂ ਮਾਂਵਾਂ ਆਖਦੀਆਂ ਹੁਣ ਸਾਰਾ ਟੱਬਰ ਇਕੱਠੇ ਹੀ ਪਰਤਾਂਗੇ। ਹਰ ਘੜੀ ਗੁਣਗੁਣਾਉਂਦੀਆਂ ਮਰਨੀ ਮਰ ਜਾਵਾਂਗੀਆਂ। ਵਾਪਿਸ ਨਹੀਂ ਜਾਵਾਂਗੀਆਂ। ਜੇ ਮੁੜ ਗਈਆਂ ਪਿੰਡ ਨੂੰ ਕੀ ਮੂੰਹ ਵਿਖਾਵਾਂਗੀਆਂ? ਪਥਰੀਲਾ ਹਾਕਮ ਸੋਚਦਾ ਕਿਥੋਂ ਵਰ੍ਹ ਰਹੀਆਂ ਐਨੀਆਂ ਬਰਕਤਾਂ ਰਹਿਮਤਾਂ,ਪੀਡੀਆਂ ਮੁਹੱਬਤਾਂ ਨਾ ਚੱਲੇ ਧਰਮ ਦਾ ਅਸਤਰ ਨਾ ਖਿੱਤਿਆਂ ਦਾ ਨਸ਼ਤਰ। ਕੌਣ ਸਮਝਾਵੇ, ਕੁਰਸੀਏ! ਰੱਬ ਦਾ ਦੂਜਾ ਨਾਂ ਹੈ ਮਾਂ ਮਾਵਾਂ ਕਰਕੇ ਇਹ ਸਾਰੀਆਂ ਹਿਫ਼ਾਜ਼ਤਾਂ ਮਾਂ ਕਰਕੇ ਹੀ ਇਹ ਸਾਰੀਆਂ ਰਹਿਮਤਾਂ ਮਾਂ ਕਰਕੇ ਹੀ ਇਹ ਸਾਰੀਆਂ ਬਰਕਤਾਂ। ਮਾਵਾਂ ਤੇ ਮੋਰਚੇ ਇੱਕ ਥਾਂ ਵਰਤਦੇ। ਤਾਂਹੀਓਂ ਹੀ ਪੁੱਤਰਾਂ ਦੇ ਕਾਫ਼ਲੇ ਨਾ ਪਰਤਦੇ।

ਚਲੋ ਯੋਧਿਓ, ਦਿੱਲੀ ਚੱਲੋ !-ਅਮਰਜੀਤ ਸਿੰਘ ਅਮਨੀਤ

ਜਦੋਂ ਸਾਡੇ ਧੀਆਂ ਪੁੱਤਰਾਂ ਦੀਆਂ ਪੀਂਘਾਂ ਸਾਡੀਆਂ ਫਾਹੀਆਂ 'ਚ ਵਟ ਜਾਣ ਬੱਚੇ ਪਰਦੇਸੀਂ ਤੁਰਦੇ ਜਾਣ ਘਰ ਇਕੱਲੇ ਜਿਹੇ ਰਹਿੰਦੇ ਜਾਪਣ ਸਾਡੇ ਸੁਪਨੇ ਮਰਨ ਲੱਗ ਜਾਣ ਜਦੋਂ ਖੇਤ ਰੋਂਦੇ ਨੇ ਸਾਡੀਆਂ ਫ਼ਸਲਾਂ ਰੋਂਦੀਆਂ ਨੇ ਬਜ਼ੁਰਗ ਸਾਨੂੰ ਵੇਖ ਕੇ ਵੀ ਅੰਦਰੋਂ ਚੁੱਪ ਚੁੱਪ ਰੋਣ ਤੇ ਬੇਇਨਸਾਫ਼ੀਆਂ ਦੇ ਪਾਣੀ ਸਿਰਾਂ ਤੋਂ ਲੰਘ ਜਾਣ ਸਾਡੀ ਇਸ ਹੋਣੀ ਲਈ ਦਿੱਲੀ ਹਰ ਹੀਲੇ ਜ਼ਿੰਮੇਵਾਰ ਹੁੰਦੀ ਹੈ ਹੁਣ ਦਿੱਲੀ ਨੂੰ ਕਟਹਿਰੇ 'ਚ ਖੜਾ ਕਰਨਾ ਬਣਦਾ ਹੈ ਹੁਣ ਦਿੱਲੀ ਵੱਲ ਤੁਰਨਾ ਪਵੇਗਾ ਯਾਰੋ! ਦਿੱਲੀ ਵੱਲ ਤੁਰਨਾ ਪਵੇਗਾ ਜੇ ਚਾਹੁੰਦੇ ਹੋ ਸਾਡੀ ਮਿੱਟੀ ਤੇ ਖੇਤ ਬਚੇ ਰਹਿਣ ਖੇਤਾਂ ਵਿੱਚ ਫ਼ਸਲਾਂ ਬਚੀਆਂ ਰਹਿਣ ਸਾਡੇ ਉੱਜੜ ਉੱਜੜ ਜਾਂਦੇ ਘਰਾਂ ਵਿੱਚ ਸਾਡੀਆਂ ਨਸਲਾਂ ਬਚੀਆਂ ਰਹਿਣ ਸਭ ਦੇ ਮੂੰਹ ਅੰਨ ਪੈਂਦਾ ਰਹੇ ਸਾਡਾ ਇਤਿਹਾਸ, ਸਾਡੇ ਯੋਧਿਆਂ ਦਾ ਇਤਿਹਾਸ, ਸਾਡੀਆਂ ਵਾਰਾਂ ਬਚੇ ਰਹਿਣ ਮਾਂਵਾਂ ਦੇ ਗੀਤ ਤੇ ਲੋਰੀਆਂ ਜਿਊਂਦੇ ਰਹਿਣ ਸਾਡੇ ਲੋਕ ਗੀਤ ਬਚੇ ਰਹਿਣ ਤੇ ਜੇ ਚਾਹੁੰਦੇ ਹੋ ਸਾਡੇ ਖ਼ੂਨ 'ਚ ਸਾਡੇ ਯੋਧੇ ਸਮਾਏ ਰਹਿਣ ਜੇ ਚਾਹੁੰਦੇ ਹੋ ਸਾਡੀ ਦਸਤਾਰ ਸਿਰ 'ਤੇ ਸੋਂਹਦੀ ਰਹੇ ਤਾਂ ਮੇਰੇ ਦੋਸਤੋ ਦਿੱਲੀ ਚੱਲੋ ! ਤੇ ਯੋਧਿਓ ! ਇਤਿਹਾਸ ਗਵਾਹ ਹੈ ਸਾਡਾ ਜਦੋਂ ਦਿੱਲੀ ਦੇ ਜ਼ੁਲਮ ਦੀ ਅੱਤ ਹੁੰਦੀ ਹੈ ਤੇ ਜਦੋਂ ਸਾਡੇ ਧੜਾਂ ਉੱਤੇ ਸੀਸ ਵੀ ਹੁੰਦਾ ਹੈ ਅਸੀਂ ਦਿੱਲੀ ਵੱਲ ਆਪੇ ਤੁਰਦੇ ਹਾਂ ਅਸੀਂ ਤਲਵਾਰਾਂ ਵੱਲ ਆਪ ਤੁਰਦੇ ਹਾਂ ਅਸੀਂ ਆਰਿਆਂ ਤੇ ਉੱਬਲਦੀਆਂ ਦੇਗਾਂ ਵੱਲ ਆਪ ਤੁਰਦੇ ਹਾਂ ਚਲੋ ਸਮਾਂ ਫਿਰ ਸਾਨੂੰ ਪੁਕਾਰਦਾ ਹੈ ਚਲੋ ਯਾਰੋ ਦਿੱਲੀ ਚੱਲੀਏ ਚਲੋ ਯੋਧਿਓ ! ਦਿੱਲੀ ਚੱਲੀਏ ਇਹ ਦਿੱਲੀ ਸੰਵਿਧਾਨ ਦੇ ਨਕਾਬ ਥੱਲੇ ਅਮੀਰਾਂ ਦਾ ਪੱਖ ਪੂਰਦੀ ਇਸ ਦੇ ਸ਼ਬਦਾਂ ਦੇ ਹੇਰ ਫੇਰ ਵਾਲ਼ੇ ਵਲ਼ ਛਲ ਸਾਡੇ ਬਾਪੂਆਂ ਦੀਆਂ ਲਪੇਟੀਆਂ ਢਿੱਲੀਆਂ ਦਸਤਾਰਾਂ ਦੇ ਵਲ਼ਾਂ ਨੂੰ ਸਮਝ ਨਾ ਪੈਂਦੇ ਇਹ ਤਖ਼ਤ ਹਮੇਸ਼ਾ ਸਾਡੀ ਬੇਵੱਸੀ ਭਾਲ਼ਦੇ ਸਾਡੀ ਗ਼ਰੀਬੀ ਭਾਲ਼ਦੇ ਸਾਡਾ ਥੱਕਣਾ ਟੁੱਟਣਾ ਭਾਲ਼ਦੇ ਇਹ ਸਾਨੂੰ 'ਕੱਲੇ 'ਕੱਲੇ ਰੱਖਣਾ ਭਾਲ਼ਦੇ ਇਹ ਸਾਡਾ ਤਿਲ ਤਿਲ ਮਰਨਾ ਭਾਲ਼ਦੇ ਚਲੋ ਉਠੋ ਯਾਰੋ! ਅਸੀਂ ਹੁਣ ਤਿਲ ਤਿਲ ਨਹੀਂ ਮਰਾਂਗੇ ਦਿੱਲੀ ਵੱਲ ਤੁਰਨਾ ਹੀ ਸਾਡੇ ਖੇਤਾਂ ਦੀ ਰਾਖੀ ਹੈ ਸਾਡੇ ਧੀਆਂ ਪੁੱਤਰਾਂ ਦੀ ਸਲਾਮਤੀ ਹੈ ਇਹਨਾਂ ਖੇਤਾਂ 'ਚ ਸਾਡੇ ਬਲਦਾਂ, ਸਾਡੇ ਸਾਂਝੀਆਂ, ਸਾਡੇ ਹਾਲ਼ੀਆਂ, ਸਾਡੇ ਯੋਧਿਆਂ ਦਾ ਪਸੀਨਾ ਹੀ ਨਹੀਂ ਲਹੂ ਡੁੱਲ੍ਹਦਾ ਆਇਆ ਹੈ ਤੇ ਐਵੇਂ ਹੀ ਨਹੀਂ ਹੈ ਸੁਰਖ ਰੰਗ ਇਹਨਾਂ ਖੇਤਾਂ ਦਾ ਤੇ ਅਸੀਂ ਕਦੇ ਵੀ ਇਹਨਾਂ ਦਾ ਰੰਗ ਫਿੱਕਾ ਨਹੀਂ ਪੈਣ ਦਵਾਂਗੇ ਜਿੰਨਾ ਚਿਰ ਸਾਡੇ ਲਹੂ ਦਾ ਰੰਗ ਲਾਲ ਹੈ ਅਸੀਂ ਰਲ ਕੇ ਆਪਣਾ ਸਾਰਾ ਲਹੂ ਅਰਪਣ ਕਰ ਦੇਵਾਂਗੇ ਇਹਨਾਂ ਖੇਤਾਂ ਦੀ ਲਾਲੀ ਲਈ ਦਿੱਲੀ ਵੱਲ ਕੂਚ ਕਰਨਾ ਇਤਿਹਾਸ ਸਿਰਜਣਾ ਹੈ ਹੁਣ ਵਰਤਮਾਨ ਇਹੀ ਚਾਹੁੰਦਾ ਹੈ ਤੇ ਹੁਣ ਦਿੱਲੀ ਵੱਲ ਤੁਰਨਾ ਸਾਡੇ ਜਿਊਂਦੇ ਹੋਣ ਦਾ ਹਸਤਾਖ਼ਰ ਹੈ ਸਾਡੀਆਂ ਰਗਾਂ 'ਚ ਸਾਡੇ ਪੁਰਖਿਆਂ ਦੇ ਦੌੜਦੇ ਖ਼ੂਨ ਦਾ ਗਵਾਹ ਹੈ ਚਲੋ ਯਾਰੋ ! ਦਿੱਲੀ ਵੱਲ ਹੋ ਤੁਰੀਏ ਅਸੀਂ ਸਭ ਧਰਤੀ ਦੇ ਪੁੱਤਰ ਪਹਿਲਾਂ ਹਾਂ ਸਰਦਾਰ, ਲਾਲਾ ਤੇ ਮੀਆਂ ਬਾਅਦ 'ਚ ਅਸੀਂ ਜੇ ਆਪਣੇ ਹਰ ਅੰਗ 'ਚੋਂ ਹਾਕਮਾਂ ਦਾ ਫੈਲਾਇਆ ਫ਼ਿਰਕੂ ਜ਼ਹਿਰ ਬੇਅਸਰ ਕਰਨਾ ਹੈ ਤਾਂ ਇਕੱਠੇ ਹੋ ਕੇ ਤੁਰਨਾ ਹੈ ਤੇ ਦਿੱਲੀ ਵੱਲ ਤੁਰਨਾ ਹੈ ਤੁਸੀਂ ਤੁਰੋਗੇ ਤਾਂ 'ਕੱਲੇ ਨਹੀਂ ਰਹੋਗੇ ਤੁਸੀਂ ਕਾਫ਼ਲਾ ਬਣੋਗੇ ਇਸ ਕਾਫ਼ਲੇ 'ਚ ਹੀ ਤਾਕਤ ਹੈ ਇਹੀ ਤਾਕਤ ਦਿੱਲੀ ਦਾ ਹੰਕਾਰ ਮਿੱਟੀਏ ਰੋਲ਼ਦੀ ਹੈ ਚਲੋ ਯਾਰੋ ਦਿੱਲੀ ਚੱਲੀਏ ਅਸੀਂ ਹੰਕਾਰ ਨੂੰ ਮਿੱਟੀਏ ਰੋਲਣਾ ਹੈ। ਯੋਧਿਆਂ ਦੇ ਇਤਿਹਾਸ ਮੈਲ਼ੇ ਨਾ ਹੋਣ ਯੋਧਿਆਂ ਦੀਆਂ ਵਾਰਾਂ ਦੀ ਬੇਪਤੀ ਨਾ ਹੋਵੇ ਸੂਰਬੀਰ ਮਾਂਵਾਂ ਦੀਆਂ ਕੁੱਖਾਂ ਪਾਵਨ ਰਹਿਣ ਸਾਡੇ ਧੀਆਂ ਪੁੱਤਰਾਂ ਦੇ ਸੁਪਨਿਆਂ ਦਾ ਕੋਈ ਚੀਰ ਹਰਣ ਨਾ ਕਰੇ ਸਾਡੇ ਖੇਤਾਂ ਦੇ ਪਿੰਡਿਆਂ ਉੱਤੇ ਕੋਈ ਝਰੀਟ ਨਾ ਪਾ ਸਕੇ ਸਾਡੀਆਂ ਮਾਵਾਂ ਦੇ ਘਰ ਵੱਸਦੇ ਰਹਿਣ ਤਾਂ ਲਹੂ ਨਾਲ਼ ਮੋਹ ਨਹੀਂ ਪਾਲ਼ ਹੁੰਦੇ ਤੇ ਏਸ ਲਈ ਦਿੱਲੀ ਦੇ ਭੈਅ ਤੋਂ ਮੁਕਤ ਹੋਣਾ ਪੈਂਦਾ ਹੈ ਤੇ ਯਾਰੋ ਦਿੱਲੀ ਦੇ ਵੱਲ ਹੀ ਤੁਰਨਾ ਪੈਂਦਾ ਹੈ ਅਸੀਂ ਤੁਰਨਾ ਵਾਵਰੋਲੇ ਵਾਂਗ ਵੀ ਨਹੀਂ ਹੈ ਤੂਫ਼ਾਨ ਹੋ ਕੇ ਤੁਰਨਾ ਹੈ ਅਸੀਂ ਸ਼ਾਂਤ ਸਾਗਰਾਂ 'ਚ ਉੱਠੇ ਜਵਾਰਭਾਟੇ ਹਾਂ ਫਿਰ ਵੀ ਅਸੀਂ ਸਬਰਾਂ ਤੋਂ ਅੱਗੇ ਦਾ ਸਫ਼ਰ ਤੈਅ ਨਹੀਂ ਕਰਨਾ ਹੈ ਕਿਉਂਕਿ ਅਸੀਂ ਧਰਤ ਨੂੰ ਸੌਂਪੇ ਬੀਜ ਨੂੰ ਮੁੜ ਬੀਜ ਹੋਣ ਤੱਕ ਉਡੀਕ ਕੇ ਡਾਢਾ ਸਬਰ ਸਿੱਖਿਆ ਹੈ ਪਰ ਅਸੀਂ ਹੁਣ ਤੁਰਨਾ ਹੈ ਕਿਉਂਕਿ ਸਬਰ ਸੌਂ ਜਾਣਾ ਵੀ ਨਹੀਂ ਹੁੰਦਾ ਸਭ ਹਕੂਮਤਾਂ ਦਿੱਲੀ ਨੇ ਤੇ ਕੋਈ ਸ਼ਹਿਰ ਵੀ ਦਿੱਲੀ ਹੋ ਸਕਦਾ ਹੈ ਇਸ ਦਿੱਲੀ ਦਾ ਕੋਈ ਵੀ ਨਾਂ ਹੋ ਸਕਦਾ ਹੈ ਇਹ ਇਸ ਧਰਤ 'ਤੇ ਕਿਤੇ ਵੀ ਹੋ ਸਕਦਾ ਹੈ ਇਹ ਲਾਹੌਰ ਵੀ ਹੋ ਸਕਦਾ ਹੈ ਤੇ ਸਰਹਿੰਦ ਵੀ ਇਹ ਜ਼ਾਰ ਦਾ ਮਾਸਕੋ ਤੇ ਚਰਚਿਲ ਦਾ ਲੰਡਨ ਵੀ ਹੋ ਸਕਦਾ ਹੈ ਇਹ ਵਾਸ਼ਿੰਗਟਨ ਵੀ ਹੋ ਸਕਦਾ ਹੈ ਸਾਡੇ ਮੱਥਿਆਂ 'ਚ ਜਦੋਂ ਵੀ ਨੂਰ ਹੋਵੇਗਾ ਸਾਨੂੰ ਜੰਮਦਿਆਂ ਨੂੰ ਮੁਹਿੰਮਾਂ ਨੇ ਸਾਡੇ ਪੈਰਾਂ ਹੇਠਾਂ ਕੋਈ ਅਗਨ ਰਹਿਣੀ ਹੈ ਸਾਡੇ ਪੈਰ ਪੈਰ 'ਤੇ ਦਿੱਲੀ ਰਹੀ ਹੈ ਤੇ ਰਹਿਣੀ ਹੈ ਪਰ ਅਸੀਂ ਉਹੀ ਹਾਂ ਮੁਹਿੰਮਾਂ ਸੰਘਰਸ਼ਾਂ ਦੇ ਹਮਰੁਤਬਾ ਸਾਕਿਆਂ ਦੇ ਵਾਰਸ ਅਸੀਂ ਹਰ ਦਿੱਲੀ ਨਾਲ਼ ਮੱਥਾ ਲਾਉਣਾ ਹੈ ਅਸੀਂ ਹਰ ਹਨ੍ਹੇਰਾ ਵੰਡਦੀ ਦਿੱਲੀ ਨੂੰ ਵੰਗਾਰਨਾ ਹੈ ਦਿੱਲੀਆਂ ਵੱਲ ਤੁਰਨਾ ਹੀ ਸਾਡਾ ਜੂਝਣਾ ਹੁੰਦਾ ਹੈ ਦਿੱਲੀ ਨੂੰ ਅਸੀਂ ਦਬਾਉਣਾ ਨਹੀਂ ਦਿੱਲੀ ਨੂੰ ਜੀਣਾ ਸਿਖਾਉਣਾ ਹੈ ਜਿਊਣ ਦੇਣਾ ਸਿਖਾਉਣਾ ਹੈ ਅਸੀਂ ਦਿੱਲੀ ਰੁਕਣਾ ਨਹੀਂ ਹੈ ਅਸੀਂ ਦਿੱਲੀ ਰੁਕੇ ਵੀ ਨਹੀਂ ਅਸੀਂ ਦਿੱਲੀ ਦੇ ਨਹੀਂ ਹੋ ਸਕਦੇ ਸਾਨੂੰ ਸਾਡੇ ਖੇਤ ਉਡੀਕਦੇ ਹੁੰਦੇ ਖੇਤਾਂ ਦੀ ਸੁਰਖ ਤੇ ਵੱਤਰ ਭੋਇੰ ਉਡੀਕਦੀ ਹੁੰਦੀ ਸਾਡੇ ਹਲ਼, ਕਹੀਆਂ, ਰੰਬੇ, ਦਾਤਰੀਆਂ ਉਡੀਕਦੇ ਹੁੰਦੇ ਸਾਡੇ ਹੱਥ ਤਾਂ ਅੱਕੇ ਹੋਏ ਹੀ ਕਰਤਾਰਪੁਰ ਖੇਤੀ ਕਰਦੇ ਕਰਦੇ ਚਮਕੌਰ ਦੀ ਗੜ੍ਹੀ ਵਿੱਚ ਜੂਝਣ ਤੁਰ ਪੈਂਦੇ ਨੇ ਦਿੱਲੀਏ! ਅਸੀਂ ਤਾਂ ਹੱਥਾਂ 'ਚ ਰਬਾਬ ਹੀ ਰੱਖਣੀ ਸੀ ਪਰ ਤੇਰੇ ਕੰਨੀਂ ਸਿੱਕਾ ਢਲ਼ਿਆ ਰਹਿੰਦਾ ਹੈ ਤੇ ਇਹ ਤੇਰੇ ਦਮਨ ਦੀ ਹੀ ਅਗਨ ਹੈ ਕਿ ਰਬਾਬ ਇਸਪਾਤੀ ਸ਼ਮਸ਼ੀਰ ਵਿੱਚ ਵਟ ਗਈ ਰਬਾਬ ਹੁਣ ਵੀ ਸਾਡੀ ਰੂਹ ਵਿੱਚ ਹੀ ਵੱਸਦੀ ਹੈ, ਗਾਉਂਦੀ ਹੈ ਪਰ ਦਿੱਲੀਏ ! ਤੂੰ ਸਾਡੀ ਰੂਹ ਨਹੀਂ ਵੇਖਦੀ ਸਾਡੇ ਹੱਥੀਂ ਸ਼ਮਸ਼ੀਰ ਹੀ ਵੇਖਦੀ ਤੇ ਇਸ ਨੂੰ ਹਰ ਵਾਰ ਵੰਗਾਰ ਗਰਦਾਨਦੀ ਦਿੱਲੀਏ ! ਗੁਰੂ ਤੇ ਗੁਰੂ ਦਾ ਫਲਸਫ਼ਾ ਪੌਣ ਵਾਂਗ ਸਾਡੇ ਸੀਨੇ 'ਚ ਵੀ ਹੈ, ਸਾਡੇ ਦੁਆਲ਼ੇ ਵੀ, ਤੇ ਸਾਡੀ ਕਰਨੀ ਵਿੱਚ ਵੀ ਪਾਣੀ ਪਿਤਾ ਸਾਡੇ ਖੇਤਾਂ ਦੀ ਤੇ ਸਾਡੀ ਢੋਈ ਹੈ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੀਆਂ ਮਾਂਵਾਂ ਮਾਤਾ ਭਾਗੋਆਂ ਬਣ ਸਾਡੇ ਨਾਲ਼ ਖਲੋਤੀਆਂ ਨੇ ਤੇ ਸਾਨੂੰ ਹੁਣ ਬੇਦਾਵਾ ਨਹੀਂ ਲਿਖਣ ਦੇਣਗੀਆਂ ਸਾਡੀ ਸਭ ਦੀ ਮਾਤਾ ਧਰਤ ਹਰ ਵੇਲ਼ੇ ਸਾਡੇ ਅੰਗ ਸੰਗ ਹੈ ਤੇ ਹਰ ਦਿੱਲੀ 'ਚ ਤੇ ਸਾਡੇ ਖੇਤਾਂ 'ਚ ਸਾਡੇ ਨਾਲ਼ ਹੈ ਉਹ ਸਾਡੇ ਕਦਮਾਂ ਦੇ ਨਾਲ਼ ਨਾਲ਼ ਤੁਰਦੀ ਹੈ ਅਸੀਂ ਅੱਜ ਖੇਤਾਂ ਦੇ ਧੀਆਂ ਪੁੱਤਰ ਜਦੋਂ ਆਪਣੇ ਖੇਤਾਂ ਦੀ ਪਾਵਨਤਾ ਲਈ ਡਟ ਗਏ ਹਾਂ ਅਸੀਂ ਹਰ ਧਰਮ ਤੋਂ ਉੱਪਰ ਉੱਠ ਨਿਰੋਲ ਧਰਤ ਦੇ ਪੁੱਤਰ ਰਹਿ ਗਏ ਹਾਂ ਸਾਡੇ ਚਿਹਰਿਆਂ 'ਤੇ ਹਰਿਆਵਲ ਹੈ ਅਸੀਂ ਫ਼ਸਲਾਂ ਵਾਂਗ ਲਹਿਲਹਾ ਰਹੇ ਹਾਂ ਏਕਤਾ ਏਕਤਾ ਦਾ ਗੀਤ ਗਾ ਰਹੇ ਹਾਂ ਸਾਡੇ ਤਿਲ ਫੁੱਲ ਨਾਲ਼ ਵੀ ਅਤੁੱਟ ਲੰਗਰ ਵਰਤ ਰਹੇ ਜੂਠੇ ਬਰਤਨ ਮੱਥੇ ਨਾਲ਼ ਛੁਹਾ ਛੁਹਾ ਮਾਂਜੇ ਜਾ ਰਹੇ ਦੂਰ ਦੇਸ਼ ਦੀਆਂ ਧੀਆਂ ਆਖਦੀਆਂ ਇਹ ਪੰਜਾਬ ਉਹਨਾਂ ਦੇ ਨੇੜੇ ਕਿਉਂ ਨਹੀਂ ਹੈ ? ਮਿੱਤਰ ਪਿਆਰਿਓ! ਕੋਈ ਪਿੱਛੇ ਨਹੀਂ ਰਹੇਗਾ ਅਸੀਂ ਦਿੱਲੀ ਦੇ ਦਰ 'ਤੇ ਚੌਂਕੜਾ ਮਾਰ ਡਟਾਂਗੇ ਦਿੱਲੀਏ ! ਅਸੀਂ ਫਿਰ ਤੇਰੇ ਵੱਲ ਤੁਰੇ ਹਾਂ ਦਰਿਆਵਾਂ ਦੇ ਜਾਏ ਦਰਿਆ ਬਣ ਤੁਰੇ ਹਾਂ ਦਰਿਆਵਾਂ ਅੱਗੇ ਤਖ਼ਤ ਵਹਿ ਜਾਣਗੇ ਸਾਡੇ ਕੰਨਾਂ 'ਚ ਘੋੜਿਆਂ ਦੀਆਂ ਟਾਪਾਂ ਸੁਣਦੀਆਂ ਨੇ ਸਾਡਾ ਇਤਿਹਾਸ ਸਾਡੇ ਸਿਰ 'ਤੇ ਹੱਥ ਧਰ ਉਪਦੇਸ਼ ਅਲਾਹ ਰਿਹਾ ਹੈ ਸਾਡਾ ਜੋਸ਼ ਸਾਡਾ ਪਰਚਮ ਹੈ ਸਾਡਾ ਵੇਗ ਸਾਡੀ ਸ਼ਮਸ਼ੀਰ ਹੈ ਸਾਡੀ ਜਿੱਤ ਅਟੱਲ ਹੈ ਤੇ ਸਾਡੀ ਜਿੱਤ ਦੇ ਜਸ਼ਨ ਨਹੀਂ ਹੁੰਦੇ ਕਰਤਾਰ ਦੇ ਸ਼ੁਕਰਾਨੇ ਦੀ ਅਰਦਾਸ ਹੁੰਦੀ ਹੈ ਹਾਰੇ ਹੋਏ ਵੀ ਸਾਡਾ ਅੰਗ ਬਣਦੇ ਸਾਡੇ ਭਰਾ ਭੈਣ ਬਣਦੇ ਦਿੱਲੀਏ ! ਤੇਰੇ ਜ਼ੁਲਮ ਹਰ ਵਾਰੀ ਹਾਰ ਜਾਂਦੇ ਰਹੇ ਨੇ ਤੂੰ ਜਦੋਂ ਵੀ ਸੋਚਿਆ ਕਿ ਅਸੀਂ ਸਭ ਕੁਝ ਹਰ ਗਏ ਅਸੀਂ ਥੱਕ ਟੁੱਟ ਗਏ ਯਾਦ ਰੱਖ ਅਸੀਂ ਤਾਂ ਆਪਣੇ ਸਾਰੇ ਯੋਧੇ ਪੁੱਤਰਾਂ ਦੀ ਸ਼ਹੀਦੀ ਸੁਣ ਕੇ ਪਹਿਲਾਂ ਤੀਰ ਦੀ ਨੋਕ ਨਾਲ਼ ਜ਼ੁਲਮ ਦੀ ਜੜ੍ਹ ਪੁੱਟੀ ਤੇ ਫਿਰ ਇਨ੍ਹਾਂ ਖੇਤਾਂ 'ਚ ਬੈਠਿਆਂ ਨੇ ਹੀ ਤੈਨੂੰ ਜ਼ਫਰਨਾਮਾ ਲਿਖਿਆ ਹੈ ਚਲੋ ਯੋਧਿਓ ! ਦਿੱਲੀ ਚੱਲੋ ਅਸੀਂ ਅੱਜ ਨਹੀਂ ਤਾਂ ਕੱਲ੍ਹ ਫਿਰ ਜ਼ਫਰਨਾਮਾ ਲਿਖਣਾ ਹੈ ਅਸੀਂ ਫਿਰ ਜ਼ਫਰਨਾਮਾ ਲਿਖਣਾ ਹੈ...

ਕਰਤਾਰਪੁਰ ਦੀਆਂ ਪੈਲੀਆਂ ਵਿੱਚ-ਬਲਜੀਤ ਸਿੰਘ ਵਿਰਕ (ਡਾ.)

ਸਰਹੱਦਾਂ ਵਾਲਿਆਂ ਰਾਜਾਂ ਦੀਆਂ ਹੱਦਾਂ ਟੱਪੀਆਂ ਨੇ ਰੁਸ਼ਨਾ ਦਿੱਤਾ ਹੈ ਜੁਗਨੂੰਆਂ ਹਨ੍ਹੇਰੀ ਰਾਤ ਨੂੰ। ਵੱਢ ਦਿੱਤੀ ਏ ਵਾੜ ਮਜ਼੍ਹਬ ਜ਼ਾਤ ਦੀ ਕਰ ਰਹੇ ਨੇ ਜਾਪ ਏਕਸ ਦੇ ਹਮ ਬਾਰਿਕ ਦਾ ਸ਼ਬਦ ਨਾਲ ਸੁਰ ਇੱਕਸੁਰ ਰਬਾਬ ਦਾ ਚਿਰਾਂ ਬਾਅਦ ਵੱਜਿਆ ਏ। ਸੰਗਤ ਚ ਮਰਦਾਨਾ ਮੁੱਦਤਾਂ ਬਾਅਦ ਆਇਆ ਹੈ ਵਲੀ ਕੰਧਾਰੀ ਅੱਜ ਵੀ ਕਾਹਲਾ ਹੈ ਕਰਨ ਲਈ ਕਬਜ਼ਾ ਪਰ ਇਸ ਵਾਰ ਲੋਕਾਂ ਡੱਕ ਲਏ ਨੇ ਪੱਥਰ ਦੱਸਣ ਲਈ ਜਗਤ ਨੂੰ ਕਿ ਅਸੀਂ ਸੋਧਣ ਨਿਕਲੇ ਹਾਂ ਧਰਤ ਲੋਕਾਈ ਨੂੰ। ਪੱਲਾ ਫੜਿਆ ਏ ਸੰਵਾਦ ਦਾ ਕੀਤਾ ਹੈ ਸਵਾਲ ਮੋਦੀਖਾਨੇ ਨੂੰ ਕਾਨੂੰਨ ਦੀ ਤੱਕੜੀ ਜੋ ਹਿਚਕਚਾਉਂਦੀ ਸੀ ਤੇਰਾ ਤੇਰਾ ਕਹਿਣ ਤੋਂ ਬੰਨ ਦਿੱਤਾ ਹੈ ਪਾਸਕੂ ਸੱਚ ਦਾ। ਪਰ ਦੌਲਤ ਖਾਂ ਕਰਾ ਰਿਹਾ ਹੈ ਤਫਤੀ਼ਸ਼ ਮੋਦੀਖਾਨੇ ਦੀ ਕਰ ਰਿਹਾ ਹੈ ਸ਼ੱਕ ਗੁਰੂ ਦੇ ਲੰਗਰ ਤੇ ਕਾਸ਼! ਗਿਆ ਹੁੰਦਾ ਕਦੇ ਸੱਚੇ ਸੌਦੇ ਤਾਂ ਲਾਜ਼ਮੀ ਵੱਡ ਘਰਾਣੇ ਹਾਰ ਜਾਂਦੇ ਕੋਧਰੇ ਦੀ ਰੋਟੀ ਅੱਗੇ। ਸਿੱਖ ਲੈਂਦਾ ਸਬਕ ਬਾਬਰ ਤੋਂ ਤਾਕਤ ਨਾਲ ਜਿੱਤਣ ਵਾਲਾ ਹਾਰ ਗਿਆ ਸੀ ਸ਼ਬਦ ਤੇ ਸੁਰ ਅੱਗੇ। ਯਾਦ ਰੱਖ ਇਹ ਤੇ ਪਹਿਲੀ ਉਦਾਸੀ ਏ ਅਸੀਂ ਅਜੇ ਚਾਰੇ ਦਿਸ਼ਾਵਾਂ ਸੋਧ ਕੇ ਜੋੜਨਾ ਹੈ ਕਰਤੇ ਨੇ ਹਲ ਮੁੜ ਕਰਤਾਰਪੁਰ ਦੀਆਂ ਪੈਲੀਆਂ ਵਿੱਚ।

ਸੰਗਤ-ਪਰਜੀਤ ਸੋਹਲ

ਪੋਹ ਦੀ ਇਸ ਸਰਦ ਰੁੱਤੇ ਸਿੰਘੂ, ਟਿੱਕਰੀ, ਗਾਜ਼ੀਪੁਰ ਬਾਡਰਾਂ ’ਤੇ ਇਹ ਜੋ ਮੁਲਕ ਭਰ ਦੀ ਕਿਰਤੀ ਕਿਰਸਾਨੀ ਆਣ ਬੈਠੀ ਹੈ ਕੋਈ ਮੇਲਾ ਨਹੀਂ ਯਾਰੋ! ਇਹ ਸੰਗਤ ਹੈ, ਸਭਾ ਹੈ, ਸੱਥ ਹੈ ਸੁੱਚੀ ਹੈ ਜਿਸ ’ਤੇ ਗੁਰੂਆਂ ਦੀ ਕਿਰਪਾ ਇਲਾਹੀ ਨੂਰ ਦਿਸਦਾ ਹੈ ਜੋ ਤੈਥੋਂ ਜਰ ਨਹੀਂ ਹੁੰਦਾ ਇਹ ਸੰਗਤ ਹੈ, ਇਹ ਪੰਗਤ ਹੈ, ਤੇ ਰੰਗਤ ਸ਼ਬਦ ਦੀ ਗੂੜ੍ਹੀ ਇਹ ਆਵਾਜ਼ ਹੈ ਰੂਹ ਦੀ ਜੋ ਤੈਥੋਂ ਜਾਣੀ ਨਹੀਂ ਨੂੜੀ ਤੇਰੇ ਕਾਲੇ ਕਾਨੂੰਨਾਂ ਨੂੰ ਇਹ ਰੱਦ ਕਰਵਾ ਕੇ ਜਾਵੇਗੀ ਇਹ ਤੈਨੂੰ ਰੱਦ ਕਰਦੀ ਹੈ ਇਹ ਲੋਕਾਂ ਦੀ ਸੰਗਤ ਹੈ ਇਹ ਅਸਲੀ ਭਾਰਤ ਦੀ ਰੰਗਤ ਤੂੰ ਜਿਸ ਨੂੰ ‘ਭੀੜ’ ਕਹਿੰਦਾ ਏ ਇਹ ਭੀੜਾਂ ਸਹਿ ਕੇ ਆਈ ਹੈ ਇਹ ਬੁਰਕੀ ਖੋਹਣ ਨਹੀਂ ਆਈ ਨਾ ਬੁਰਕੀ ਹੋਣ ਆਈ ਹੈ ਇਹ ਭੁੱਖੇ ਲੋਕਾਂ ਦੇ ਮੂੰਹ ਵਿਚ ਬੁਰਕੀ ਪਾਉਣ ਆਈ ਹੈ। ਤੂੰ ਹੱਕ ਜੋ ਖੋਹਣਾ ਚਾਹੁੰਦਾ ਏ ਇਸ ਨੇ ਉਹ ਖੋਹਣ ਨਹੀਂ ਦੇਣਾ ਮੇਰੇ ਇਸ ਦੇਸ਼ ਦਾ ਰੰਗ ਇਸ ਨੇ ਭਗਵਾਂ ਹੋਣ ਨਹੀਂ ਦੇਣਾ ਇਹ ਜਾਗੇ ਖੇਤਾਂ ਦਾ ਰੋਹ ਹੈ ਇਹ ਮਾਂ ਧਰਤੀ ਦਾ ਹੀ ਮੋਹ ਹੈ ਇਹ ਸਭ ਧਰਤੀ ਦੇ ਜਾਏ ਨੇ ਮਿੱਟੀ ’ਚੋਂ ਉੱਗੀਆਂ ਫ਼ਸਲਾਂ ਤੇਰੇ ਸਾਹਵੇਂ ਜੋ ਆਰ ਪਾਰ ਦੀ ਲਲਕਾਰ ਬਣ ਗਈਆਂ ਇਹ ਸੰਗਤ ਹੈ ਤੂੰ ਇਸ ਦੀ ਤਾਕਤ ਤੋਂ ਅਣਜਾਣ ਏਂ ਜਾਂ ਫਿਰ ਸਬਰ ਦੀ ਹੱਦ ਚਾਹੁੰਦਾ ਏਂ ਇਹ ਹੱਦਾਂ ਦਿੱਲੀ ਦੀਆਂ ਘੇਰੀ ਜੋ ਕਿਰਤੀ ਲੋਕ ਬੈਠੇ ਨੇ ਗੁੰਜਾਉਂਦੇ ਨੇ ਜੈਕਾਰੇ ਜਿੱਤ ਦੇ ਸੁਣ ਲੈ ਇਹ ਸੱਚੇ ਪਾਤਿਸ਼ਾਹ ਅੱਗੇ ਕਰਕੇ ਅਰਦਾਸ ਆਏ ਨੇ ਇਹ ਰੋਕੇ ਰੁਕ ਨਹੀਂ ਸਕਦੇ ਇਹ ਟਾਲੇ ਟਲ਼ ਨਹੀਂ ਸਕਦੇ ਇਹਨਾਂ ਦਾ ਸਬਰ ਮਿੱਟੀ ਹੈ ਤੇ ਮਿੱਟੀ ਮਾਂ ਵੀ ਹੁੰਦੀ ਹੈ। ਇਹ ਮਾਵਾਂ ਓਹੀ ਨੇ ਜਿਨ੍ਹਾਂ ਨੇ ਆਪਣੇ ਲਾਲਾਂ ਦੇ ਟੁਕੜੇ ਝੋਲੀਆਂ ਵਿਚ ਪਵਾਏ ਸੀ ਤੇ ਰੱਬ ਦੇ ਸ਼ੁਕਰ ਗਾਏ ਸੀ ਜਬਰ ਨੂੰ ਸਬਰ ਦੇ ਨਾਲ ਜੋ ਸਦਾ ਝੁਕਾਉਂਦੀਆਂ ਰਹੀਆਂ ਸਿਤਮ ਦੇ ਅੱਗੇ ਨਹੀਂ ਝੁਕੀਆਂ ਇਹ ਮਾਈ ਭਾਗੋ ਦੀਆਂ ਭੈਣਾਂ ਮੈਦਾਨੇ ਜੰਗ ਵਿਚ ਜੋ ਆਣ ਕੇ ਸ਼ਾਮਿਲ ਨੇ ਹੋ ਗਈਆਂ ਇਹ ਜੰਗ ਹੈ ਮਾਇਆ ਦੀ ਤੇ ਧਰਮ ਦੀ ਹੱਕ ਦੀ ਅਤੇ ਸੱਚ ਦੀ ਤੇਰੇ ਗ਼ਰੂਰ ਨੂੰ ਇਹ ਚੂਰ ਕਰਕੇ ਹੀ ਖ਼ਤਮ ਹੋਊ ਪਰਖ ਨਾ ਸਬਰ ਸੰਗਤ ਦਾ ਇਹ ਗੁਰੂਆਂ ਦੀ ਵਰੋਸਾਈ ਤੂੰ ਛੱਡ ਹੰਕਾਰ ਐ ਹਾਕਮ! ਤੈਨੂੰ ਇਹੋ ਗ਼ਨੀਮਤ ਹੈ ਇਹ ਸੰਗਤ ਹੈ ਪੰਜਾਬੋਂ ਰਾਜਧਾਨੀ ਤੱਕ ਚਲੇ ਆਈ ਇਹ ਤੈਨੂੰ ਰੱਦ ਕਰੇਗੀ ਜਾਂ ਤੇਰੇ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਵਾਕੇ ਜਾਵੇਗੀ ਇਹ ਹੜ੍ਹ ਰੋਕੇ ਨਹੀਂ ਰੁਕਣੇ ਮੁਕਾਇਆਂ ਵੀ ਨਹੀਂ ਮੁੱਕਣੇ ਵਹਾ ਲੈ ਜਾਣਗੇ ਆਖ਼ਰ ਇਹ ਤਖ਼ਤੇ ਤਾਜ ਵੀ ਤੇਰਾ ਮਤਾਂ ਹੋਵੇਂ ਭੁਲੇਖੇ ਵਿਚ ਮਾਮੂਲੀ ਭੀੜ ਲੋਕਾਂ ਦੀ ਇਹ ਲੋਕਾਂ ਦੀ ਸੰਗਤ ਹੈ ਤੇ ਸੰਗਤ ਭੀੜ ਨਹੀਂ ਹੁੰਦੀ...

ਦਿੱਲੀ ਦੇ ਬਾਰਡਰਾਂ ’ਤੇ-ਪਰਜੀਤ ਸੋਹਲ

ਕਹੇ ਕਿਸਾਨੀ ਦਿੱਲੀਏ! ਕਰਦੇ ਰੱਦ ਕਾਨੂੰਨਾਂ ਨੂੰ ਧੱਕੇ ਨਾਲ ਤੂੰ ਸਾਡੇ ’ਤੇ ਨਾ ਲੱਦ ਕਾਨੂੰਨਾਂ ਨੂੰ ਪਾਲਾਂ ਬੰਨ੍ਹ ਪਿੰਡਾਂ ’ਚੋਂ ਤੁਰੇ ਟਰੈਕਟਰ ਰੈਲੀ ’ਤੇ ਕਾਬੂ ਪਾ ਨਹੀਂ ਹੋਣਾ ਜੰਗਲ ਦੀ ਅੱਗ ਫੈਲੀ ’ਤੇ ‘ਬੋਲੇ ਸੋ ਨਿਹਾਲ’ ਦੇ ਗੂੰਜਣ ਪਏ ਜੈਕਾਰੇ ਨੀ ਜੇ ਸੁੱਖ ਚਾਹੁੰਦੀ ਏਂ ਮੰਗਾਂ ਮੰਨ ਲੈ ਸਰਕਾਰੇ ਨੀ ਗ਼ੈਰਤ ਸਾਡੇ ਖ਼ੂਨ ’ਚ ਹੈ ਅਜੀਤ, ਜੁਝਾਰਾਂ ਦੀ ਈਨ ਕਦੇ ਵੀ ਮੰਨੀਏ ਨਾ ਜਾਬਰ ਸਰਕਾਰਾਂ ਦੀ ਰਹਿੰਦੀ ਯਾਦ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਦੀ ਦਿਲ ਵਿਚ ਯਾਦ ਲਾਸਾਨੀ ਬੰਦਾ ਸਿੰਘ ਬਹਾਦਰ ਦੀ ਸੰਗਤ, ਪੰਗਤ, ਰੰਗਤ ਹੈ ਗੁਰੂਆਂ ਦੀ ਬਾਣੀ ਦੀ ਜਬਰ ਧਰਮ ਦੀ ਜੰਗ ਹੈ ਦਿੱਲੀ ਤੇ ਕਿਰਸਾਣੀ ਦੀ ਸਾਡੇ ਵਿਚ ਹੁਣ ਭਗਤ ਸਿੰਘ, ਕਰਤਾਰ ਸਰਾਭੇ ਕਈ ਲਗਦੈ ਮੁੜ ਕੇ ਆ ਗਏ ਨੇ ਹੁਣ ਗਦਰੀ ਬਾਬੇ ਕਈ ਕਰ ਅਰਦਾਸੇ ਤੁਰ ਪਏ ਨੇ ਪੁੱਤ ਬਾਜਾਂ ਵਾਲੇ ਦੇ ਆਰ ਪਾਰ ਦੇ ਹੱਲ ਹੋਣੇ ਨਹੀਂ ਵਿੱਚ ਵਿਚਾਲੇ ਦੇ ਦਿੱਲੀ ਦੇ ਬਾਰਡਰ ’ਤੇ ਡੇਰੇ ਲਾ ਕੇ ਬੈਠੇ ਆਂ ਹੱਕ ਲਈ ਜੂਝ ਮਰਨ ਦੀਆਂ ਸੌਹਾਂ ਖਾ ਕੇ ਬੈਠੇ ਆਂ ਸ਼ਾਂਤਮਈ ਅੰਦੋਲਨ ਨੇ ਇਤਿਹਾਸ ਬਣਾ ਦਿੱਤਾ ਨਿਸਚੈ ਕਰਕੇ ਜਿੱਤਣ ਦਾ ਅਹਿਸਾਸ ਕਰਾ ਦਿੱਤਾ

ਜਵਾਨ ਤੇ ਕਿਸਾਨ ਦੀ ਕਲੀ-ਪਰਜੀਤ ਸੋਹਲ

ਉੱਠ ਜਾਗ ਜਵਾਨਾ ਵੇ! ਦੇਸ਼ ਦੇ ਮਾਣ, ਹਿੰਮਤੀ ਸ਼ੇਰਾ! ਉੱਠ ਜਾਗ ਕਿਸਾਨਾ ਵੇ! ਜਾਂਦਾ ਖੇਤ ਉਜੜਦਾ ਤੇਰਾ ਤੇਰੇ ਖੇਤ ਖੋਹਣ ਨੂੰ ਵੇ ਫਿਰਦੇ ਅਡਾਨੀ, ਅੰਬਾਨੀ ਕਾਲੇ ਕਾਨੂੰਨ ਬਣਾ ਹਾਕਮ ਕਰਦਾ ਏ ਮਨਮਾਨੀ ਪਾਣੀ ਸਿਰ ਤੋਂ ਲੰਘ ਚੱਲਿਆ ਹੁਣ ਤੱਕ ਕਰਿਆ ਸਬਰ ਬਥੇਰਾ... ਉੱਠ ਜਾਗ ਕਿਸਾਨਾ ਵੇ! ਚਮਕੌਰ ਗੜ੍ਹੀ ’ਚੋਂ ਸੀ ਨਿੱਤਰੇ ਗੁਰੂ ਦੇ ਲਾਲ ਚਹੇਤੇ ਪੋਹ ਮਾਘ ਦੇ ਪਾਲੇ ਨੇ ਠੰਡੇ ਬੁਰਜ ਕਰਾ’ਤੇ ਚੇਤੇ ਸਿੰਘੂ, ਟਿੱਕਰੀ ਬਾਰਡਰ ’ਤੇ ਜਦ ਤੋਂ ਤੂੰ ਜਾ ਲਾਇਆ ਡੇਰਾ... ਉੱਠ ਜਾਗ ਕਿਸਾਨਾ ਵੇ! ਅਸੀਂ ਵਾਰਿਸ ਭਗਤ ਸਿੰਘ ਦੇ ਸਾਡੇ ਨਾਇਕ ਵੀਰ ਸਰਾਭੇ ਦਿੱਲੀ ਦੀਆਂ ਸੜਕਾਂ ’ਤੇ ਤੁਰਦੇ ਦਿਸਦੇ ਗ਼ਦਰੀ ਬਾਬੇ ਹੱਥ ਖੰਡਾ ਹੁਣ ਫੜ ਕੇ ਸਾਰਾ ਕਰਨਾ ਦੂਰ ਹਨੇਰਾ... ਉੱਠ ਜਾਗ ਕਿਸਾਨਾ ਵੇ! ਬਣ ਫ਼ੌਜੀ ਸਰਹੱਦ ’ਤੇ ਤੂੰ ਦਿਨ ਰਾਤ ਕਰੇਂ ਰਖਵਾਲੀ ਤੱਕ ਏਧਰ ਚੋਰਾਂ ਨੇ ਦੇਸ਼ ਦੇ ਕਰੇ ਖ਼ਜ਼ਾਨੇ ਖ਼ਾਲੀ ਤੈਨੂੰ ਪਾਉਣਾ ਪੈਜੂ ਗਾ ਆਖ਼ਰ ਨੂੰ ਇਧਰ ਵੀ ਫੇਰਾ... ਉੱਠ ਜਾਗ ਕਿਸਾਨਾ ਵੇ! ਦਿੱਲੀ ਦੇ ਤਖ਼ਤ ਉੱਤੇ ਬਹਿ ਕੇ ਤੁਰ ਗਏ ਕਈ ਜਰਵਾਣੇ ਸਭ ਸਹਿ ਕੇ ਜ਼ਿਆਦਤੀਆਂ ਸੋਹਲ ਮੰਨ ਲਏ ਰੱਬ ਦੇ ਭਾਣੇ ਨਹੀਂ ਸੋਚਿਆ ਹਾਕਮ ਨੇ ਇਕ ਦਿਨ ਪਊ ਦਿੱਲੀ ਨੂੰ ਘੇਰਾ ... ਉੱਠ ਜਾਗ ਕਿਸਾਨਾ ਵੇ!

ਧਰਤੀ ਦੇ ਭਗਵਾਨ-ਕੇ ਸਾਧੂ ਸਿੰਘ

ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਮੋਢੇ ਤੇ ਹਲ਼ ਰੱਖ ਖੇਤਾਂ ਵੱਲ ਤੁਰ ਪੈਂਦਾ ਹੈ ਕਿ ਕੋਈ ਹੱਲ ਨਿਕਲੇ ਹੱਲ ਨਹੀਂ ਨਿਕਲਦਾ ਪਰ ਹੱਲ ਨਹੀਂ ਨਿਕਲਦਾ ਖੇਤਾਂ ਵਾਲੀ ਟਾਹਲੀ ਜਿੱਥੇ ਧੀਆਂ ਪੀਂਘਾਂ ਝੂਟਦੀਆਂ ਅੱਕਿਆ ਹੋਇਆ ਸਾਉਣ ਰੁੱਤੇ ਝੂਟਾ ਲੈ ਲੈਂਦਾ ਸਰਹੱਦ ਤੇ ਬੈਠਾ ਪੁੱਤ ਤਾਬੂਤ ਚ ਵਾਪਸ ਘਰ ਮੁੜਦਾ ਹੈ ਪੁੱਤ ਦੀ ਸ਼ਹਾਦਤ ਕੁਝ ਸਮੇਂ ਬਾਅਦ ਅਖ਼ਬਾਰ ਦੀ ਰੱਦੀ ਹੋ ਕੇ ਰਹਿ ਜਾਂਦੀ ਹੈ ਕਰਜ਼ਾ ਉਤਾਰਦਿਆਂ ਉਤਾਰਦਿਆਂ ਖ਼ੁਦ ਕਰਜ਼ਾ ਹੋ ਜਾਂਦਾ ਹੈ ਤੇ ਨਾਲ ਹੀ ਕਰਜ਼ਾ ਹੋ ਜਾਂਦਾ ਸਦੀਆਂ ਦੀ ਸਾਂਝ ਵਾਲਾ ਸੀਰੀ ਪ੍ਰਧਾਨ ਸੇਵਕ ਨੂੰ ਫ਼ਿਕਰ ਸਿਰਫ ਮੰਦਿਰ ਦੀ ਉਸਾਰੀ ਦਾ ਜਾਂ ਮਤਦਾਨ ਦਾ ਪਤਾ ਨਹੀਂ ਕਿਓਂ....?? ਖਾਲਿਸਤਾਨੀ, ਵੱਖਵਾਦੀ, ਮਾਉਵਾਦੀ, ਅੱਤਵਾਦੀ ਟੁਕੜੇ ਟੁਕੜੇ ਗੈਂਗ ਦਿਸਦਾ ਹੈ। ਧਰਤੀ ਦਾ ਭਗਵਾਨ!!

ਅਸੀਂ ਡਰੇ ਨਹੀਂ ਹਾਂ-ਨਵਜੋਤ ਕੌਰ (ਡਾ.)

ਬੇ ਲਗਾਮ ਅੱਥਰੇ ਹਾਕਮਾ ਅਸੀਂ ਉਦਾਸ ਤਾਂ ਜ਼ਰੂਰ ਹਾਂ ਪਰ ਡਰੇ ਨਹੀਂ ਹਾਂ ਚਿੰਤਤ ਵੀ ਹਾਂ ਚਿੰਤਨਸ਼ੀਲ ਵੀ ਤੂੰ ਭਾਵੇਂ ਸਾਨੂੰ ਤੋੜਨ ਲਈ ਲੱਖ ਸਾਜਿਸ਼ਾਂ ਘੜ ਲੈ ਸਾਡਾ ਸਹਿਜ ਵਿਗਾੜਨ ਤੋਂ ਬਿਨਾਂ ਕੁਝ ਨਹੀਂ ਸਕਦਾ ਸਾਡਾ ਵਿਗੜ ਸਾਡੀਆਂ ਕਲਮਾਂ ਹੋਰ ਤਿੱਖੀਆਂ ਤੇਜ਼ ਕਰਨ ਲਈ ਹਾਂ ਤੇਰੇ ਸ਼ੁਕਰਗੁਜ਼ਾਰ ਅਸੀਂ ਹੱਕ ਸੱਚ ਦੀ ਜੰਗ ਮਘਾਈ ਰੱਖਣੀ, ਅੰਤਰ ਜੋਤ ਜਗਾਈ ਰੱਖਣੀ। ਸਿਰੜ ਦੀ ਚਿਣਗ ਚੁਫ਼ੇਰੇ ਪ੍ਰਕਾਸ਼ ਲਈ ਨਹੀਂ ਪੈਣ ਦੇਣਾ ਕੇਸਰੀ ਚੁੰਨੀਆਂ ਦਸਤਾਰਾਂ ਦਾ ਰੰਗ ਫ਼ਿੱਕਾ ਮੱਠੀਆਂ ਨਹੀਂ ਪੈਣ ਦੇਣੀਆਂ ਜੀਵਨ ਧੜਕਨਾਂ। ਆਉਂਦੇ ਭਲਕ ਦੀਆਂ ਰੋਸ਼ਨੀਆਂ ਦਾ ਕਾਫਲਾ ਸ਼ਾਂਤਚਿਤ, ਅਡੋਲ ਕਦਮ-ਦਰ -ਕਦਮ ਵਧਦਾ ਹੀ ਜਾਣਾ ਮਿਥੀ ਮੰਜ਼ਿਲ ਵੱਲ। ਸ਼ਿਕਰੇ ਦੀ ਕੁਲ ਵਾਲੇ ਖੂੰਖਾਰ ਚਿੜੀਮਾਰਾਂ ਤੋਂ ਖ਼ੂਨੀ ਬਘਿਆੜਾਂ ਤੋਂ ਮੱਕਾਰ ਘੜ੍ਹਿਆਲਾਂ ਤੋਂ ਅਸੀਂ ਤਾਂ ਤੈਥੋਂ ਫ਼ਰਾਖ਼ਦਿਲੀ ਦਰਿਆਦਿਲੀ ਦੀਆਂ ਉਮੀਦਾਂ ਲਾਈ ਬੈਠੇ ਸਾਂ ਤਲਵਾਰ ਵਰਗੀ ਤਿੱਖੀ ਚੁੰਝ ਤੇਜ਼ ਧਾਰ ਨਹੁੰਦਰਾਂ ਨਾਲ ਲਹੂ ਲੁਹਾਣ ਸਾਡੀ ਅਣਖ਼ ਤੇ ਤੂੰ ਕਰ ਰਿਹਾਂ ਬਾਰ ਬਾਰ ਹਮਲਾ ਲਹੂ -ਪੀਣੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਮੇਰੇ ਵੀਰਾਂ ਦੇ ਤੂੰ ਕਿੰਨੇ ਕੁ ਲੈਣੇ ਨੇ ਹੋਰ ਇਮਤਿਹਾਨ ਤੇਰਾ ਹੰਕਾਰ ਹੁਣ ਕਰ ਗਿਆ ਹੱਦਾਂ ਬੰਨੇ ਪਾਰ ਸਾਨੂੰ ਪਤਾ ਹੈ ਹਨ੍ਹੇਰਾ ਜਿੰਨਾ ਗਾੜ੍ਹਾ ਹੋਵੇ ਸਵੇਰ ਹੁੰਦੀ ਓਨੀ ਹੀ ਖੁਸ਼ਗਵਾਰ। ਤੂੰ ਅਜੇ ਵੀ ਆਪਣੀ ਸੋਝੀ ਨੂੰ ਉਸਾਰ ਕੋਈ ਵੀ ਫ਼ੈਸਲਾ ਅਟੱਲ ਨਹੀਂ ਹੁੰਦਾ। ਜ਼ਿਦ ਤਿਆਗ ਭੁੱਲ ਜਾਵੀਂ ਇੱਕ ਪਲ ਲੋਕ ਕੀ ਕਹਿਣਗੇ ਆਪਣੀ ਜ਼ਮੀਰ ਨੂੰ ਜਗਾ ਸਹੀ ਗ਼ਲਤ ਦੇ ਫ਼ੈਸਲੇ ਲਈ ਮਨ ਨਾਲ ਕਰ ਸਲਾਹ। ਗੱਲ ਨਾ ਵਧਾ। ਸਾਨੂੰ ਤਾਂ ਸਦੀਆਂ ਤੋਂ ਹੱਕਾਂ ਲਈ ਮਰਨ ਦਾ ਚਾਅ।

ਆਰੀ ਆਰੀ ਆਰੀ-ਹਰਭਗਵਾਨ ਗੁਰਨੇ

(ਮਾਡਰਨ ਲੋਕ ਮਹਾਂਬੋਲੀ) ਆਰੀ ਆਰੀ ਆਰੀ ਮੋਦੀ ਹਕੂਮਤ ਨੇ ਕੀਤੀ ਲੋਕਾਂ ਨਾਲ ਮੱਕਾਰੀ । ਜਿਹੜਾ ਘਰੋਂ ਬਾਹਰ ਨਿਕਲੂ, ਉਹਨੂੰ ਚਿੰਬੜੂਗੀ ਮਹਾਂਮਾਰੀ । ਕਰੋਨਾ ਦੀ ਆੜ ਹੇਠਾਂ, ਬਿੱਲ ਲਿਆਂਦੇ ਤਿੰਨ ਸਰਕਾਰੀ । ਕਿਰਤੀ ਸਮਝ ਗਏ, ਦਿੱਲੀ ਦੀ ਬਦਕਾਰੀ । ਕਿਰਤੀ ਸਮਝ ਗਏ, ਸਮਝ ਗਏ, ਦਿੱਲੀ ਦੀ ਬਦਕਾਰੀ । ****** ਆਰੀ ਆਰੀ ਆਰੀ ਸਿੰਘੂ ਬਾਰਡਰ ਤੇ ਇਕੱਠ ਹੋ ਗਿਆ ਲੋਕਾਂ ਦਾ ਭਾਰੀ । ਮਾਝੇ ਅਤੇ ਮਾਲਵੇ ਚੋਂ ਆ ਕੇ ਗੱਭਰੂ, ਬਿਰਧ ਤੇ ਨਾਰੀ । ਜੋਗਿੰਦਰ ਉਗਰਾਹਾਂ ਦਾ, ਗੱਲ ਕਰਦਾ ਵੜੀ ਕਰਾਰੀ । ਮਨਜੀਤ ਧਨੇਰਾ ਦਾ 'ਜੁੱਸਾ ਭਰਵਾਂ ਤੇ ਬਲਕਾਰੀ । ਝੰਡਾ ਸਿੰਘ ਜੇਠੂਕੇ ਦਾ, ਜ਼ਮੀਨ ਧੌਲੇ ਦੀ ਬਚਾਅ ਗਿਆ ਸਾਰੀ । ਅੱਲ੍ਹੜ ਜਵਾਨੀ ਨੇ, ਜਦੋਂ ਕੂਕ ਜ਼ੋਰ ਦੀ ਮਾਰੀ । ਹਕੂਮਤ ਨੂੰ ਕਾਂਬਾ ਛਿੜਿਆ ਉਹਨੇ ਪੁਲੀਸ ਬੁਲਾ ਲਈ ਸਾਰੀ । ਲੋਕਾਂ ਵਾਲੇ ਹੜ੍ਹ ਦੇ ਉੱਤੇ, ਜਦੋਂ ਵਾਛੜ ਪਾਣੀ ਦੀ ਮਾਰੀ । ਪਾਣੀ ਚੋਂ ਭੰਬੂਕਾ ਨਿਕਲਿਆ, ਨਾਕੇ ਤੋਡ਼ ਤੇ ਸਭ ਸਰਕਾਰੀ । ਦਿੱਲੀ ਬਾਰਡਰ ਤੇ ਮੇਲਾ ਲੱਗ ਗਿਆ, ਕਿਰਤ ਦਾ ਭਾਰੀ । ***** ਆਰੀ ਆਰੀ ਆਰੀ ਗਾਇਕੀ ਦੇ ਰੁਝਾਨ ਬਦਲੇ ,ਸਭ ਬਦਲੇ ਗਾਇਕ ਲਿਖਾਰੀ । ਕਿਰਤਾਂ ਦੇ ਗੀਤ ਗੂੰਜਦੇ ,ਗੂੰਜੇ ਕਿਰਤੀ ਦੀ ਕਿਲਕਾਰੀ । ਕਿਰਤਾਂ ਦੀ ਜੋਟੀ ਨੇ, ਸੱਟ ਲੁੱਟ ਦੀ ਗੋਗੜ ਨੂੰ ਮਾਰੀ । ਲੋਟੂਆਂ ਨੂੰ ਕਾਂਬਾ ਛਿੜਿਆ, ਸਭ ਕੰਬਦੇ ਸ਼ਾਨ ਸਰਕਾਰੀ। ਲੋਟੂਆਂ ਨੂੰ ਕਾਂਬਾ ਛਿੜਿਆ, ਕਾਂਬਾ ਛਿੜਿਆ, ਸਭ ਕੰਮ ਦੇ ਸਾਨ ਸਰਕਾਰੀ । ***** ਆਰੀ ਆਰੀ ਆਰੀ ਸ਼ਾਮ, ਦਾਮ ,ਭੇਦ ,ਡੰਡ ਬੜੇ ਵਰਤੇ, ਸਭ ਮੰਨ ਗਏ ਜੱਟਾਂ ਤੋਂ ਹਾਰੀ। ਚੰਦਰੀ ਹਕੂਮਤ ਨੇ, ਫਿਰ ਨਿਆਂਪਾਲਕਾ ਵਾੜੀ । ਮਾਹਰਾਂ ਦੀ ਕਮੇਟੀ ਚੁਣਤੀ, ਜਿਹੜੇ ਪਿੱਠੂ ਸੀ ਸਰਕਾਰੀ। ਕਿਰਤੀ ਚਾਲ ਸਮਝੇ ,ਸਭ ਨੰਗੇ ਕਰੇ ਮਦਾਰੀ । ਕਿਸਾਨਾਂ ਐਲਾਨ ਕਰਤਾ, ਕਰੋ ਛੱਬੀ ਦੀ ਦੱਬ ਕੇ ਤਿਆਰੀ । ਕਿਰਤਾਂ ਦਾ ਝੰਡਾ ਝੂਲੇਗਾ, ਝੰਡਾ ਝੂਲੇਗਾ, ਗਣਤੰਤਰ ਤੇ ਇਸ ਵਾਰੀ। ਕਿਰਤਾਂ ਦਾ ਝੰਡਾ ਝੂਲੇਗਾ । ਗਣਤੰਤਰ ਤੇ ਇਸ ਵਾਰੀ। ****** ਆਰੀ ਆਰੀ ਆਰੀ ਲੋਕ ਕੁੰਢੀਆਂ ਦੇ ਸਿੰਙ ਫਸਗੇ, ਦੁਨੀਆਂ ਦੇਖਦੀ ਸਾਰੀ । ਨਿੱਤਰੂ ਮੈਦਾਨ ਵਿਚੋਂ, ਜੀਹਨੇ ਪੰਡ ਵੜੇਵਿਆਂ ਦੀ ਚਾਰੀ । ਕਈਆਂ ਦੇ ਸਿੰਗ ਭੁਰ ਗਏ, ਖਾ ਕੇ ਮੱਲੇ ਸੀ ਜੋ ਮਾਲ ਸਰਕਾਰੀ । ਅੱਗੇ ਸਮਾਂ ਖ਼ੁਦ ਬੋਲੂਗਾ, ਕੌਣ ਪੈਂਦੈ ਮੈਦਾਨ ਵਿਚ ਭਾਰੀ । ਅੱਗੇ ਸਮਾਂ ਖ਼ੁਦ ਬੋਲੂਗਾ । ਕੌਣ ਪੈਂਦੈ ਮੈਦਾਨ ਵਿਚ ਭਾਰੀ ।

ਉਦਾਸ ਹਾਂ-ਨਵਰੂਪ ਕੌਰ

ਉਦਾਸ ਹਾਂ ਨਾ ਉਮੀਦ ਨਹੀਂ ਹਾਂ ਮੈਂ। ਸ਼ਾਂਤ ਹਾਂ ਸ਼ਾਤਿਰ ਨਹੀਂ ਹਾਂ ਮੈਂ। ਕਾਫ਼ਲਾ ਹਾਂ ਕਾਫ਼ਿਰ ਨਹੀਂ ਹਾਂ ਮੈਂ। ਚੁੱਪ ਹਾਂ ਕਮਜ਼ੋਰ ਨਹੀਂ ਹਾਂ ਮੈਂ। ਦੇਸ਼ ਮੇਰਾ ਹੈ ਵਖਵਾਦੀ ਨਹੀਂ ਹਾਂ ਮੈਂ। ਹੋਵਾਂ ਕਿਤੇ ਵੀ ਮੈਂ ਇਮਤਿਹਾਨ ਤੋਂ ਬਾਹਰ ਨਹੀਂ ਹਾਂ ਮੈਂ। ਹੱਕ ਲੈਣੇ ਹੱਕ ਹੈ ਮੇਰਾ ਅਹਿਮਕ ਨਹੀਂ ਹਾਂ ਮੈਂ। ਉਦਾਸ ਹਾਂ ਨਾ ਉਮੀਦ ਨਹੀਂ ਹਾਂ ਮੈਂ।

ਕਾਲੇ ਚਿਹਰੇ ਚਿੱਟੇ ਨਕਾਬ-ਨਵਰੂਪ ਕੌਰ

ਕਾਲੇ ਚਿਹਰੇ ਚਿੱਟੇ ਨਕਾਬ। ਕਰਦੇ ਨੇ ਬੈਠੇ ਹਿਸਾਬ। ਪ੍ਰੇਸ਼ਾਨ ਨੇ ਉੱਚਾ ਕਿਉੰ ਉੱਡਦਾ ਹੈ ਉਕਾਬ। ਕਿਉਂ ਇਹ ਥੱਕ ਕੇ ਬਹਿ ਨਹੀਂ ਜਾਂਦਾ ਕਿਉਂ ਸਾਥੋਂ ਇਹ ਤ੍ਰਹਿ ਨਹੀਂ ਜਾਂਦਾ ਖੇਡੋ ਕੋਈ ਐਸੀ ਚਾਲ ਬੰਦ ਕਰੋ ਇਸ ਦੀ ਪਰਵਾਜ਼ ਕੋਈ ਸੋਨੇ ਦਾ ਪਿੰਜਰਾ ਲਾਉ ਜਾਂ ਸੋਨੇ ਦੀ ਪਹੁੰਚੀ ਪਾਓ ਖੇਡੋ ਕੋਈ ਸ਼ਤਰੰਜੀ ਚਾਲ ਇਸ ਨੂੰ ਇਹ ਸਮਝਾਓ ਕਿ ਸਭ ਤੇਰਾ ਭਲਾ ਹਾਂ ਚਾਹੁੰਦੇ ਮੱਕਾਰੀ ਨਾਲ ਕਰਨਾ ਸ਼ਿਕਾਰ ਪਰ ਨਾ ਜਾਨਣ ਰਹਿਮਤ ਓਸਦੀ ਹੈ ਅਪਾਰ ਗਗਨ ਵਿਚ ਚੁੱਭੀ ਲਾਉਂਦਾ ਨੀਵਾਂ ਕਦੇ ਨਾ ਉਡਦਾ ਉੱਕਾਬ ਕਾਲੇ ਚਿਹਰੇ ਚਿੱਟੇ ਨਕਾਬ ਕਰਦੇ ਨੇ ਬੈਠੇ ਹਿਸਾਬ ।

ਕੀ ਅਸੀ ਖ਼ਾਲੀ ਹੱਥ ਜਾਵਾਂਗੇ ?-ਨਰਿੰਦਰ ਕੁਮਾਰ

ਜਦੋਂ ਅਸੀ ਛੱਡਾਂਗੇ ਇਹ ਦੁਨੀਆਂ ਕੀ ਸਭ ਇਥੇ ਛੱਡ ਜਾਵਾਂਗੇ? ਸੁਣਿਆ ਤੇ ਇਹੋ ਏ ਕੀ ਸੱਚੀਂ ਅਸੀਂ ਖਾਲੀ ਹੱਥ ਜਾਵਾਂਗੇ? ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਨਫ਼ਰਤਾਂ, ਕਲੇਸ਼ ਸਾਰੀਆਂ ਦੀ ਬੰਨ੍ਹ ਪੰਡ ਰਹਿਣ ਨਹੀਂ ਦੇਣਾ ਕੋਈ ਪਾਖੰਡ ਮਾਰ ਕੇ ਪੱਕੀ ਗੰਢ ਨਾਲ ਲੈ ਜਾਵਾਂਗੇ ਕੀ ਇਹ ਨਹੀਂ ਹੋ ਸਕਦਾ? ਕੀ ਅਸੀ ਖ਼ਾਲੀ ਹੱਥ ਜਾਵਾਂਗੇ? ਕਦੋਂ ਅਸੀ ਵੱਡੇ ਹੋਏ ਕਦੋਂ ਗਏ ਕਾਲਜ ਕਿਹੜੇ ਵਰ੍ਹੇ ਸੀ ਪਤਾ ਹੀ ਨਹੀਂ ਲੱਗਾ ਨੀਂਦ ਵੀ ਪੂਰੀ ਨਹੀਂ ਸੀ ਖੁੱਲ੍ਹੀ ਤੇ ਵੇਖਿਆ ਯਾਰ ਬੇਰੋਜ਼ਗਾਰਾਂ ਦੀ ਲਾਈਨ ਚ ਖੜ੍ਹੇ ਸੀ ਜ਼ਰੂਰਤਾਂ ਅਨੇਕ ਸਨ ਸੁਪਨੇ ਬੜੇ ਸੀ ਸੋਚਿਆ ਨਹੀਂ ਸੀ ਦੇਸ਼ ਇੰਝ ਕਰੇਗਾ ਸਵਾਗਤ ਇੰਝ ਲੱਗਾ ਜਿਵੇਂ ਬਿਨਾ ਕਸੂਰ ਗਏ ਫ਼ੜੇ ਸੀ ਕੋਈ ਸਾਡਾ ਸੀ ਹੀ ਨਹੀਂ ਅਸੀ ਬੇਰੋਜ਼ਗਾਰ ਜੋ ਸੀ ਮਸਾਂ ਕਿਤੇ ਪੈਰ ਫ਼ਸਿਆ ਸਿੱਧੇ ਹੋਏ ਮਸਾਂ ਕਿਵੇਂ ਗੁਜਾਰਿਆ ਸਮਾਂ ਕੀ ਦੱਸਾਂ ਸੋਚਿਆ ਸੀ ਇਨ੍ਹਾਂ ਹਾਲਾਤਾਂ ਨੂੰ ਬਦਲਾਂਗੇ ਥੋੜ੍ਹਾ ਕਾਇਮ ਹੋ ਜਾਈਏ ਇਹਦਾ ਕੁਝ ਨਾ ਕੁਝ ਤਾਂ ਕਰਾਂਗੇ ਹੁਣ ਨਾਲ ਲੈ ਜਾਈਏ ਬੇਰੋਜ਼ਗਾਰੀ ਨੂੰ? ਰਸਤੇ ‘ਚ ਕਿਤੇ ਛੱਡ ਜਾਵਾਂਗੇ ਕੀ ਅਸੀ ਖ਼ਾਲੀ ਹੱਥ ਜਾਵਾਂਗੇ? ਜਦੋਂ ਦੀ ਹੋਸ਼ ਸੰਭਾਲੀ ਏ ਸਦਾਚਾਰ ਨਾਲੋਂ ਭ੍ਰਿਸ਼ਟਾਚਾਰ ਦੀ ਗੱਲ ਬਾਹਲੀ ਏ ਸਾਰੀ ਉਮਰ ਬਣਦਾ ਤੋਹਫ਼ਾ ਚਾਹ ਪਾਣੀ, ਸੇਵਾ ਪਾਣੀ, ਲੱਸੀ ਪਾਣੀ ਵਰਗਾ ਕੁਝ ਨਾ ਕੁੱਝ ਦਿੱਤਾ ਏ ਉਮਰ ਗਾਲ਼ੀ ਏ ਹੁਣ ਕਿਵੇਂ ਰਹਿ ਜਾਊ ਏਥੇ ਇਹ ਆਦਤ ਕਿਵੇਂ ਹਟਾਵਾਂਗੇ ਕੀ ਅਸੀ ਖ਼ਾਲੀ ਹੱਥ ਜਾਵਾਂਗੇ ਨਫ਼ਰਤਾਂ ਦੀਆਂ ਮਿਆਦੀ ਰਕਮਾਂ ਕਲੇਸ਼ਾਂ ਦੇ ਪਲਾਟ ਭ੍ਰਿਸ਼ਟਾਚਾਰ ਦੀਆਂ ਕਲੋਨੀਆਂ ਸਭ ਏਥੇ ਛੱਡ ਜਾਵਾਂਗੇ ਕੀ ਅਸੀ ਖ਼ਾਲੀ ਹੱਥ ਜਾਵਾਂਗੇ। ਕੀ ਅਸੀ ਖ਼ਾਲੀ ਹੱਥ ਜਾਵਾਂਗੇ?

ਯੁੱਧ ਦਾ ਅਹਿਦਨਾਮਾ-ਨਵਜੋਤ ਕੌਰ (ਡਾ:)

ਜਨ ਹਿਤ ਦੇ ਵੈਰੀਆ ਜਾਦੂਗਰਾ ਅਸਾਂ ਪਛਾਣ ਲਈ ਹੈ ਤੇਰੀ ਹਰ ਚਾਲ ਤੇਰੀ ਸਾਜ਼ਿਸ਼ ਹੋ ਗਈ ਹੈ ਤਾਰ ਤਾਰ ਹੱਥ ਦੀ ਸਫ਼ਾਈ ਝੱਟ ਹੋ ਗਈ ਲੰਗਾਰ। ਤੇਰੀ ਸ਼ਾਤਿਰ ਜ਼ਿਹਨੀਅਤ ਹੁਣ ਸਮਝ ਗਈ ਲੋਕਾਈ ਤੂੰ ਕਾਲੇ ਇਲਮ ਦਾ ਮਾਹਿਰ ਘਰਾਂ ਦੇ ਬੁਝਾਵੇਂ ਚਿਰਾਗ ਜਿਗਰ ਦੇ ਟੋਟਿਆਂ ਦਾ ਵੰਡੇਂ ਦਰਦ ਤੂੰ ਕੀ ਸਮਝੇਂ ਤੂੰ ਕੀ ਜਾਣੇ। ਇਹ ਤਾਂ ਰੱਬੀ ਰਹਿਮਤ ਪੁੱਤ ਸਾਡੇ ਸਹੀ ਸਲਾਮਤ ਨਾ ਤੇਰਾ ਫਿਰਕਿਆਂ ਚ ਵੰਡਣ ਦਾ ਜਾਦੂ ਸਿਰ ਚੜ੍ਹ ਬੋਲਿਆ ਨਾ ਖਿਤਿਆਂ ਚ ਟੁੱਕਣ ਦਾ ਤਲਿਸਮ ਕਿਸੇ ਨਾ ਕਬੂਲਿਆ ਤੇਰਾ ਲਾਇਆ ਮਹੁਰੇ ਦਾ ਬੂਟਾ। ਤੇਰੀ ਹਰ ਗਿਣੀ ਮਿਥੀ ਚਾਲ ਹੁਣ ਤੀਕ ਰਹੀ ਨਾਕਾਮ ਆਪਣੇ ਹੀ ਚੱਕਰਵਿਉਹ ਚ ਕੈਦ ਹੋ ਗਿਆ ਹੈਂ ਬੇਈਮਾਨਾ। ਤੇਰੀ ਹਰ ਫਰੇਬੀ ਸਾਜ਼ਿਸ਼ ਹੋ ਗਈ ਹੈ ਬੇਨਕਾਬ। ਨਹੀਂ ਸਾਂ ਨਿਕਲੇ ਦਿੱਲੀ ਘੇਰਨ ਨਾ ਰਾਜਧਾਨੀ ਫ਼ਤਹਿ ਕਰਨ ਅਸਾਂ ਨਹੀਂ ਸੀ ਕੀਤਾ ਐਲਾਨ ਕਿ ਤਖ਼ਤ ਤੇ ਕਬਜ਼ਾ ਕਰਾਂਗੇ। ਤੇਰੇ ਅੰਦਰ ਹੀ ਬੋਲਦੇ ਸਨ ਪਾਪ ਘੂਕੀ ਵਿੱਚ ਹੀ ਤੂੰ ਅਵਾ ਤਵਾ ਬੋਲਦਾ ਰਿਹਾ ਬੇਲਗਾਮ। ਤੇਰੀ ਬੁਖ਼ਲਾਹਟ ਚ ਸ਼ਾਮਿਲ ਸੀ ਤੇਰਾ ਡਰ। ਤੂੰ ਸਭ ਜਾਣਦਾ ਹੈਂ ਜਿੱਤ ਚੁੱਕੇ ਹਾਂ ਅਸੀਂ ਕੁੱਲ ਆਲਮ ਦੇ ਦਿਲ ਇਤਿਹਾਸ ਦੇ ਉਸ ਵਰਕੇ ਦਾ ਭਾਗ ਬਣ ਗਏ ਜੋ ਤੂੰ ਕਦੇ ਨਾ ਲਿਖਿਆ ਨਾ ਪੜ੍ਹਿਆ ਸਿਰਫ਼ ਬੇਗਾਨਾ ਅਸਬਾਬ ਵੇਚਿਆ। ਬਾਗੀ ਨਹੀਂ ਹਾਂ ਅਸੀਂ ਅਸੀਂ ਤਾਂ ਆਪਣੇ ਗੁਰੂਆਂ ਦੇ ਹਰ ਹੁਕਮ ਤੇ ਫੁੱਲ ਚੜ੍ਹਾਏ ਭੈ ਕਾਹੂੰ ਕੋ ਦੇਤਿ ਨਹਿ ਨਾ ਭੈ ਮਾਨਤ ਆਨਿ ਅਸੀਂ ਤਾਂ ਤਿਰੰਗੇ ਦੇ ਤਿੰਨਾਂ ਰੰਗਾਂ’ਚ ਡੰਡੇ ਸਮੇਤ ਹਾਜ਼ਰ ਹਾਂ। ਸਾਡੀ ਰੱਤ ਵਿੱਤ ਲਾਲੀ ਤੈਥੋਂ ਕਿਤੇ ਗੂੜ੍ਹੀ ਠੀਕ ਲੀਹ ਤੇ ਸਨ ਸਾਡੇ ਕਦਮ ਹੱਥਾਂ ਚ ਸਨ ਤਿਰੰਗੇ ਜ਼ੁਬਾਨ ਤੇ ਦੇਸ਼ ਭਗਤੀ ਦਾ ਕੌਮੀ ਗਾਨ ਸਵਾਗਤੀ ਰਾਹਾਂ ਚੋਂ ਲੰਘਦਿਆਂ ਸਾਡੇ ਕਾਫ਼ਲੇ ਤੇ ਹੋਈ ਫੁੱਲਾਂ ਦੀ ਬਰਖ਼ਾ ਤੂੰ ਤੇਜ਼ਾਬ ਛਿੜਕਿਆ ਫੁੱਲ ਲੂਹੇ ਸੁਪਨਿਆਂ ਸਮੇਤ ਸਦਾ ਵਾਂਗ ਕਹਿਰ ਕੀਤਾ ਬਣ ਪਰੇਤ। ਤੈਥੋਂ ਜਰੇ ਨਾ ਗਏ ਥਾਂ ਥਾਂ ਲੱਗੇ ਸਵਾਗਤੀ ਪਕਵਾਨ ਮਿੱਥੇ ਰਾਹਾਂ ਚ ਰਾਤੋ ਰਾਤ ਕੰਡਿਆਲੇ ਜੰਗਲ ਬੀਜੇ। ਸਾਡੇ ਤਪਦੇ ਮੱਥਿਆਂ ਤੇ ਛੋਹਲੇ ਕਦਮਾਂ ਨੂੰ ਲਾਲ ਕਿਲੇ ਵੱਲ ਦਾ ਰਸਤਾ ਖੋਲ੍ਹ ਅੰਨ੍ਹੀ ਗੁਫ਼ਾ ਵੱਲ ਤੋਰਿਆ। ਬੇਕਿਰਕ ਹਾਕਮਾਂ ਕੀਤਾ ਤੂੰ ਸਾਡੀ ਪਿੱਠ ਤੇ ਵਾਰ। ਸ਼ੇਰ ਦੀ ਖੱਲ ਪਾ ਨਿਕਲੇ ਗੱਦਾਰ। ਬਣ ਗਏ ਤੇਰੇ ਹੱਥੀਂ ਹਥਿਆਰ। ਗੁਆਚ ਗਿਆ ਤੇਰਾ ਇਤਬਾਰ ਖੂਹ ਚ ਡੁੱਬ ਮੋਇਆ ਤੇਰਾ ਕੌਮੀ ਕਿਰਦਾਰ। ਗਿੱਦੜ ਕਰਨ ਕਲੋਲਾਂ ਖਾ ਖਾ ਸ਼ੇਰਾਂ ਦੀ ਮਾਰ ਸ਼ੁਕਰ ਹੈ ਜਲਦੀ ਨੰਗੇ ਹੋ ਗਏ ਬਦ ਨੁਮਾ ਕਾਲ਼ੇ ਕਿਰਦਾਰ। ਅਸੀਂ ਦਿਲ ਨਹੀਂ ਛੱਡਣਾ ਨਾ ਹੋਣਾ ਭੋਰਾ ਵੀ ਉਦਾਸ ਹਾਂ ਕਦੇ ਨਹੀਂ ਕਰਨਾ ਬੇਗਾਨੇ ਪੁੱਤਾਂ ਦੀਆਂ ਲਾਸ਼ਾਂ ਦਾ ਵਪਾਰ। ਸਮਝ ਲੈ ! ਆਖ਼ਰੀ ਗੱਲ ਸਾਡੇ ਲਈ ਇਹ ਸੱਥਰਾਂ ਤੋਂ ਬਚਣ ਦਾ ਸ਼ਗਨ ਵੇਲ਼ਾ ਹੈ। ਲੋਕ ਵਿਸ਼ਵਾਸ ਪ੍ਰਾਪਤੀ ਤੇ ਮਾਣ ਹੈ। ਗ਼ਲਤੀਆਂ ਤੋਂ ਸਬਕ ਦਾ ਸਮਾਂ ਹੈ। ਆਪਸੀ ਏਕਤਾ ਦਾ ਬਚਨ ਨਿਭਾਵਾਂਗੇ। ਨਾ ਡਰੇ ਹਾਂ ਨਾ ਡਰਾਵਾਂਗੇ। ਨਾ ਵਾਪਿਸ ਮੁੜੇ ਹਾਂ ਨਾ ਪਰਤ ਆਵਾਂਗੇ। ਆਖਰੀ ਸਾਹ ਤੱਕ ਤੈਨੂੰ ਤਰਕ ਸੰਗ ਭਜਾਵਾਂਗੇ। ਇਹ ਅਹਿਦ ਨੂੰ ਵਾਰ ਵਾਰ ਨਿਭਾਵਾਂਗੇ।

ਅਗਲੇ ਮੋੜ ਤੇ ਫਿਰ ਮਿਲਾਂਗੇ-ਨਵਗੀਤ ਕੌਰ

ਪੂੰਜੀ ਦੇ ਕੋਹਲੂ ਚ ਪੀੜ ਨਾ ਸਾਡਾ ਸਬਰ। ਅਸੀਂ ਆਟੇ ਦੇ ਦੀਵੇ ਨਹੀਂ ਜੋ ਕਾਵਾਂ ਤੋਂ ਝਪਟੇ ਜਾਈਏ। ਅਸੀਂ ਤਾਂ ਆਪਣੀ ਰੱਤ ਪਾ ਲਟ ਲਟ ਬਲ਼ਦੇ ਹਾਂ । ਪਿਘਲ ਜਾਣਗੀਆਂ ਤੇਰੀਆਂ ਲੋਹੇ ਦੀਆਂ ਉੱਚੀਆਂ ਸਲਾਖੀ ਦੀਵਾਰਾਂ। ਅਸੀਂ ਤਾਂ ਲਹੂ ਨਾਲ ਸਿੰਜ ਕੇ ਉਗਾਉੰਦੇ ਹਾਂ ਢਿੱਡ ਚ ਲਕੀਰ ਵਾਲੇ ਦਾਣੇ। ਤੇ ਤੂੰ ਲੋਹੇ ਨੂੰ ਬੀਜ ਨੋਟਾਂ ਦੀ ਫਸਲ ਵੱਢਣੀ ਚਾਹੁੰਦਾ। ਸਾਡੀਆਂ ਰੀਝਾਂ ਦੀਆਂ ਕਿਆਰੀਆਂ ਉਜਾੜਨ ਲਈ ਉਤਾਵਲੇ ਨੇ ਤੇਰੇ ਲੋਭ ਦੇ ਇੱਜੜ। ਹਰ ਰੋਜ਼ ਹੀ ਖਿਲਾਰਦੇ ਨੇ ਸ਼ਿਕਾਰੀ ਸਾਜਿਸ਼ਾਂ ਦੀ ਤਿਲਚੌਲੀ। ਭੋਲੇ-ਭਾਲੇ ਪੰਛੀਆਂ ਮੂਹਰੇ। ਹਰ ਸਬਰ ਦਾ ਸਿਖ਼ਰ ਤੇ ਹਰ ਸਿਤਮ ਦਾ ਅੰਤ ਜਰੂਰ ਹੁੰਦਾ। ਸਾਡੇ ਬੋਹਲ਼ ਰਾਖ ਹੋਣ ਤੋਂ ਪਹਿਲਾਂ ਬਾਗੀ ਹੋਣ ਨੂੰ ਫਿਰਦੇ ਨੇ। ਪਰ ਯਾਦ ਰੱਖੀਂ! ਵਕਤ ਦਾ ਪਹੀਆ ਕਦੇ ਰੁਕਿਆ ਨਹੀਂ। ਦਰੜ ਕੇ ਰੱਖ ਦੇਵੇਗਾ ਤੇਰੀ ਹਉਮੈ ਦਾ ਪਹਾੜ। ਤੇਰਾ ਵਿਹੜਾ ਵੀ ਦੂਸ਼ਿਤ ਹੋਵੇਗਾ ਸਿਸਕੀਆਂ ਦੇ ਅੰਬਰ ਤੀਕ ਉੱਠਦੇ ਧੂੰਏ ਨਾਲ। ਤੈਨੂੰ ਪਤਾ!! ਤੂੰ ਮੈਨੂੰ ਜਿੰਨੀ ਵਾਰ ਵੀ ਖੰਡਿਤ ਕਰਨ ਦੀ ਕੋਸ਼ਿਸ਼ ਕਰੇਂਗਾ ਮੈਂ ਹਰ ਵਾਰ ਤੈਨੂੰ ਮੁਕੰਮਲ ਮਿਲਾਂਗਾ। ਪਹਿਲਾਂ ਨਾਲੋਂ ਵੀ ਨਿੱਗਰ, ਅਟੁੱਟ, ਮਜਬੂਤ, ਅਡੋਲ ਫੁਰਤੀਲੇ ਕਦਮਾਂ ਸਮੇਤ। ਫ਼ਿਕਰ ਨਾ ਕਰੀਂ ਅਗਲੇ ਮੋੜ ਤੇ ਫਿਰ ਮਿਲਾਂਗੇ।

ਵਾਰ ਟਿਕੈਤ ਸੂਰਮੇ ਦੀ-ਸੁਖਦੇਵ ਸਿੰਘ ਸਿਰਸਾ (ਡਾ.)

ਬਾਬਾ ਬਾਤ ਬਤੋਲੀ ਪਾਵੇ। ਮਿਰਜ਼ਾ ਮਰਿਆ ਬਾਝ ਭਰਾਵਾਂ, ਨਾਤੀ ਪੋਤਿਆਂ ਨੂੰ ਸਮਝਾਵੇ। ਧਰਤੀ ਜਦ ਵੀ ਆਹ ਭਰਦੀ ਹੈ। ਰੂਹ ਮਿਰਜ਼ੇ ਦੀ ਉੱਠ ਖੜ੍ਹਦੀ ਹੈ। ਰਣ ਤੱਤੇ ਹਿੱਕ ਡਾਹ ਲੜਦੀ ਹੈ। ਜੰਡ ਜੰਡੋਰਾ ਨਾ ਸਾਂਦਲ ਬਾਰ। ਗਾਜ਼ੀਪੁਰ ਦੇ ਬਾਡਰ ਪਾਰ। ਆ ਲੱਥਾ ਬੱਕੀ ਅਸਵਾਰ। ਲੜੂੰ ਐਤਕੀਂ ਆਰ ਜਾਂ ਪਾਰ। ਭੱਥੇ ਤੀਰ ਨਾ ਹੱਥ ਤਲਵਾਰ। ਮੋਦੀ ਮਾਰੀ ਗੁੱਝੀ ਮਾਰ। ਘਰਾਂ ਨੂੰ ਮੁੜ ਗਏ ਬੇਲੀ ਯਾਰ। ਮਿਰਜ਼ੇ ਰਾਠ ਮਾਰੀ ਲਲਕਾਰ। ਟਰੈਕਟਰਾਂ ਉੱਤੇ ਹੋ ਅਸਵਾਰ। ਆਣ ਜੁੜੇ ਸਿਰਲੱਥੜੇ ਯਾਰ। ਹੁਣ ਨਾ ਮਿਰਜ਼ਾ ‘ਕੱਲੜਾ ਕਾਰਾ। ਹਰ ਦੁਖਿਆਰਾ ਭਰੇ ਹੁੰਗਾਰਾ। ਨਹੀਂ ਮਿਰਜ਼ੇ ਨੂੰ ਤੀਰ ਚਾਹੀਦੇ। ਮਿਰਜ਼ੇ ਰਾਠ ਨੂੰ ਵੀਰ ਚਾਹੀਦੇ। ਰਾਕੇਸ਼ ਟਿਕੈਤ ਦਾ ਅੱਥਰੂ ਖ਼ਾਰਾ। ਫੌਜ ਪੁਲਿਸ ਤੇ ਪੈ ਗਿਆ ਭਾਰਾ। ਟਿਕੈਤ ਨੂੰ ਦੁੱਲਾ ਵੀਰ ਚਾਹੀਦਾ। ਸਿਮੌਲੀ ਪਿੰਡ ਦਾ ਨੀਰ ਚਾਹੀਦਾ। ਮੂੰਹ ਨਾ ਲਾਇਆ ਦਿੱਲੀ ਦਾ ਪਾਣੀ। ਲਿਖ ‘ਤੀ ਯੁਗ ਦੀ ਨਵੀਂ ਕਹਾਣੀ। 29 ਜਨਵਰੀ,2021

ਦਿੱਲੀ ਦਾ ਤਖ਼ਤ ਖੁਸ਼ ਏ-ਕਸਤੂਰੀ ਲਾਲ

ਗਣਤੰਤਰ ਪਰੇਡ, ਕਿਸਾਨਾਂ ਦੀ ਟਰੈਕਟਰ ਪਰੇਡ, ਟਿਕਟਿਕੀ ਤੇ ਨੀਝ ਲਾਕੇ ਬੈਠੀ, ਕੁੱਲ ਜਹਾਨ ਦੀ ਲੋਕਾਈ ਦੇ, ਵੇਂਹਦੇ ਵੇਂਹਦੇ, ਸੁੰਗੜ ਕੇ, ਲਾਲ ਕਿਲ੍ਹੇ ਦੁਆਲ਼ੇ ਘੁੰਮ ਗਈ। ਤਿਰੰਗੇ ਬਰਾਬਰ ਕੇਸਰੀ ਝੰਡਾ ਚੜ੍ਹਾਉਂਦੇ, ਵਿਕਾਊ ਟੁੱਕੜਬੋਚ, ਵਰਗਲਾਏ ਕੁਝ ਹੁਲੜਬਾਜ਼, ਬਾਕੀ ਸਭ ਨਜ਼ਰਅੰਦਾਜ਼। ਗੋਦੀ ਮੀਡੀਆ ਚੌਂਕ ਰਿਹੈ, ਹਾਕਮ ਬਾਘੀਆਂ ਪਾ ਰਿਹੈ। ਦਿੱਲੀ ਦਾ ਤਖ਼ਤ ਬਾਗ਼ੋਬਾਗ ਹੈ, ਖਚਰਾ ਹੱਸਦੈ ਪਰਦੇ ਓਹਲੇ, ਕੰਮ ਸੌਖਾਲਾ ਹੋ ਗਿਐ ਉਸਦਾ, ਅੱਤਵਾਦੀ ਕਹੇ, ਦੇਸ਼ਧ੍ਰੋਹੀ ਆਖੇ, ਜਾਂ ਵੱਖਵਾਦੀ, ਜੋ ਮਰਜ਼ੀ ਨਾਂ-ਕੁਨਾਂ ਧਰੇ, ਸੰਘਰਸ਼ੀ ਕਾਫ਼ਲਿਆਂ ਦੇ। 'ਦੇਸ਼ ਦਾ ਅਪਮਾਨ ਜਾਂ ਤਿਰੰਗੇ ਦਾ ਨਿਰਾਦਰ, ਕੂੜ ਪ੍ਰਚਾਰ ਦੀ, ਜੋ ਮਰਜ਼ੀ, ਜਿੱਥੇ ਮਰਜ਼ੀ,ਝੱਗ ਸੁੱਟਦਾ ਫਿਰੇ। ਝੂਠੇ ਕੇਸ ਪਾਏ, ਜੇਲ੍ਹੀਂ ਡੱਕੇ, ਯੂ ਏ ਪੀ ਏ ਲਾਵੇ ਜਾਂ ਕੁਝ ਹੋਰ, ਹਾਕਮ ਦੀਆਂ ਪੰਜੇ ਘਿਓ 'ਚ ਨੇ। ਬਸੰਤੀ ਰੰਗ 'ਚ ਰੰਗੇ, ਨਾਅਰੇ ਤੇ ਜੈਕਾਰੇ ਛੱਡਦੇ ਕਾਫ਼ਲੇ, ਸ਼ੂਕਦੇ ਦਰਿਆ ਜਿਹੀ ਰਵਾਨੀ, ਹਿਰਨਾਂ ਵਾਂਗ ਚੁੰਗੀਆਂ ਭਰਦਾ, ਸੰਘਰਸ਼ ਦਾ ਸ਼ਾਂਤਮਈ ਸਰੂਪ, ਪੰਜਾਬ, ਦੇਸ਼, ਦੁਨੀਆਂ ਦੇ ਵਿਹੜੇ ਹਰ ਬਸ਼ਰ ਦੀ ਜ਼ੁਬਾਨ 'ਤੇ, ਮਿਸ਼ਰੀ ਬਣ ਘੁਲ਼ ਰਹੀ, ਸੰਘਰਸ਼ ਦੀ ਸਦਾਕਤ ਨਜ਼ਾਕਤ। ਢੱਠੇ ਖੂਹ 'ਚ ਪਵੇ, ਟੁੱਕੜਬੋਚਾਂ ਨੇ ਤਿਰੰਗੇ ਬਰਾਬਰ, ਕੇਸਰੀ ਝੁਲਾ ਦਿੱਤਾ ਹੈ! ਲੋਟੂ ਢਾਣੀ ਢਿੱਡੋਂ ਖ਼ੁਸ਼ ਏ। ਖੇਤੀ ਵਿਰੋਧੀ ਕਾਲ਼ੇ ਕਾਨੂੰਨਾਂ ਵਿਰੋਧੀ, ਜਾਨ-ਹੂਲਵਾਂ ਸੰਘਰਸ਼, ਮਾਣਮੱਤੀਆਂ ਸ਼ਹਾਦਤਾਂ, ਸ਼ਾਨਾਮੱਤੇ ਸੰਘਰਸ਼ ਦੀ ਗਾਥਾ, ਲੋਕਾਈ ਦੀਆਂ ਹਸਰਤਾਂ, ਵੱਡੀਆਂ ਪ੍ਰਾਪਤੀਆਂ ਉੱਚੇ ਦਾਈਏ ਪੈਰਾਂ ਥੱਲੇ ਰੌਂਦ ਕੇ, ਟੁੱਕੜਬੋਚਾਂ ਨੇ ਤਿਰੰਗੇ ਬਰਾਬਰ ਕੇਸਰੀ ਚੜ੍ਹਾ ਦਿੱਤਾ ਹੈ........! ਕਾਰਪੋਰੇਟ ਘਰਾਣਿਆਂ ਸਮੇਤ ਹੁਕਮਰਾਨਾਂ ਦਾ ਕੋੜਮਾ, ਜਸ਼ਨ ਮਨਾ ਰਿਹਾ ਹੈ.... ਦਿੱਲੀ ਦਾ ਤਖ਼ਤ ਬੜਾ ਖੁਸ਼ ਏ।

ਦਿੱਲੀਓਂ ਖਾਲੀ ਨਹੀਂ ਪਰਤੇਗਾ ਦੁੱਲਾ-ਕਸਤੂਰੀ ਲਾਲ

ਦਿੱਲੀ਼ਓਂ ਖਾਲੀ ਨਹੀਂ ਪਰਤੇਗਾ ਦੁੱਲਾ, ਪੱਕਾ ਯਕੀਨ ਹੈ, ਵਿਸਵਾਸ਼ ਹੈ। ਤੁਸੀਂ ਪੁੱਛੋਗੇ, ਕਿਉਂ? ਕਿਉਂਕਿ! ਜੰਗ 'ਚ ਦੁੱਲਾ ਇਕੱਲਾ ਨਹੀਂ, ਉਸ ਦੇ ਅੰਗ ਸੰਗ ਨੇ, ਫ਼ਰੀਦ ਤੇ ਸਾਂਦਲ ਵਰਗੇ ਪਿਓ ਦਾਦੇ, ਨਸੀਹਤਾਂ ਤੇ ਦੁਆਵਾਂ। ਮਾਂ ਲੱਧੀ ਜਿਹੀਆਂ ਸ਼ੀਹਣੀਆਂ ਮਾਂਵਾਂ, ਬੋਹੜ ਦੀਆਂ ਠੰਢੀਆਂ ਛਾਵਾਂ। ਗੁੰਦਵੇਂ ਸਰੀਰ, ਭਰਵੇਂ ਜੁੱਸੇ ਵਾਲੇ ਗੱਭਰੂ, ਖ਼ੂਨ ਖ਼ੌਲਦੇ ਯੋਧਿਆਂ ਦੀਆਂ ਪਲਟਣਾਂ। ਤਖਤੋ ਬਖਤੋ ਵਰਗੀਆਂ ਧੀਆਂ-ਭੈਣਾਂ ਤੇ ਕੰਜਕਾਂ, ਜੋਦੜੀਆਂ ਅਰਦਾਸਾਂ। ਨੂਰੇ ਪੁੱਤ ਵਰਗੇ ਪੜ੍ਹਨੇ ਪਏ ਪਾੜੇ, ਟੀਟਣੇ ਮਾਰਦਾ ਭੋਲਾ ਬਚਪਨ। ਗਿਆਨ ਦਾ ਸਾਗਰ ਬੁੱਧੀਜੀਵੀ, ਕਲਮ, ਕਲਾ ਦੇ ਪ੍ਰਵਾਨੇ, ਜਿਗਰਵਾਨ, ਮਜ਼ਦੂਰ ਕਿਸਾਨ ਲੋਹੇ ਦੇ ਹੱਥਾਂ ਵਾਲੇ ਕਿਰਤੀ, ਪੰਜਾਬ,ਦੇਸ਼,ਕੁੱਲ ਦੁਨੀਆਂ ਦੇ, ਦਸਾਂ ਨੌਹਾਂ ਦੀ ਕਿਰਤ ਕਰਨ ਵਾਲੇ। ਕਿਸੇ ਵੀ ਹਾਲਤ, ਦਿੱਲੀਓਂ ਖਾਲੀ ਨਹੀਂ ਪਰਤੇਗਾ ਦੁੱਲਾ। ਬਿਨਾਂ ਸ਼ੱਕ! ਟੱਕਰ ਬੇਮੇਚੀ ਹੈ ਇਹ ਵੀ ਸੱਚ ਏ ਦਿੱਲੀ ਦੇ ਤਖ਼ਤ 'ਤੇ ਬੈਠਾ ਅਕਬਰ ਖਚਰਾ, ਚਤੁਰ-ਚਾਲਾਕ,ਘੁਮੰਡੀ, ਬੇਈਮਾਨ, ਫੁੱਟ ਪਾਊ , ਜ਼ਾਲਮ, ਤੇ ਸਿਰੇ ਦਾ ਚਾਲਬਾਜ਼ ਏ। ਗੱਲਾਂ ਦੀ ਗੱਲ ਉਸ ਦੀ ਪਿੱਠ, ਡਾਕੂ ਘਰਾਣਿਆਂ, ਸਾਮਰਾਜੀ ਜਰਵਾਣਿਆਂ ਨਾਲ ਲੱਗਦੀ ਸੱਚੀ ਗੱਲ ਐ ਭਰਾਵਾ! ਸਿਰ ਤੋਂ ਪੈਰਾਂ ਤੱਕ ਹਥਿਆਰਬੰਦ ਏ। ਦਿੱਲੀ ਦਾ ਤਖ਼ਤ ਹਥਿਆਰਾਂ ਨਾਲ। ਦੁੱਲੇ ਦੀ ਫੌਜ ਵੀ ਹਥਿਆਰਬੰਦ ਏ ਸ਼ਕਤੀਸ਼ਾਲੀ ਵਿਚਾਰਾਂ ਨਾਲ ਜਿਹੜੀ ਸੂਹੇ ਇਤਿਹਾਸ ਦੀ ਸਿਰਜਣਹਾਰ ਏ। ਤਾਂਹੀਓਂ ਮਨ ਆਖਦੈ, ਦਿੱਲੀਓਂ ਖਾਲੀ ਨਹੀਂ ਪਰਤੇਗਾ ਦੁੱਲਾ। ਛੋਟਾ ਜਾਂ ਵਡੇਰਾ ਹੋਵੇ ਜਿੱਤ ਦਾ ਆਕਾਰ, ਜਸ਼ਨਾਂ ਦੀ ਲੌਅ 'ਚ, ਜਿੱਤਣ ਦੇ ਜਲੌਅ 'ਚ , ਜਾਨ ਤੋਂ ਪਿਆਰੇ ਬੇਲੀਆਂ ਨਾਲ। ਦਿੱਲੀਓਂ ਖਾਲੀ ਨਹੀਂ ਪਰਤੇਗਾ ਦੁੱਲਾ। ਹਾਕਮ ਤੇ ਮਹਿਕੂਮ 'ਚ ਫ਼ਰਕ ਦੀ, ਡੂੰਘੀ ਲੀਕ ਖਿੱਚਦਾ ਹੋਇਆ, ਵੱਡੀ ਫਤਿਹ ਦੀ ਮਚਲਦੀ ਤਾਂਘ, ਦੁਸ਼ਮਣਾਂ ਮਿੱਤਰਾਂ ਦੀ ਡੂੰਘੀ ਨਿਰਖ-ਪਰਖ, ਸਾਂਝ ਮੁਹੱਬਤਾਂ ਦੀ ਬੁਨਿਆਦ 'ਤੇ ਪਾਕ ਪਵਿੱਤਰ ਸਭਿਅਤਾ ਦਾ ਪੁਨਰ ਸਿਰਜਣ, ਨਵੇਂ ਨਰੋਏ ਸਭਿਆਚਾਰ, ਸਮਾਜ ਸਿਰਜਣਾ ਦੇ ਨੈਣ-ਨਕਸ਼, ਹਲੀਮੀ ਤੇ ਸਾਦਗੀ ਭਰਪੂਰ ਸਮਾਜ ਦਾ ਮੂੰਹ ਮੁਹਾਂਦਰਾ, ਬਾਬਾ ਨਾਨਕ ਦੀ ਬਾਣੀ 'ਚ, ਨੀਚਾਂ ਅੰਦਰ ਨੀਚ ਜਾਤ.. ਭਗਤ ਰਵਿਦਾਸ ਦੇ ਉਚਰੇ ਬੋਲਾਂ ਐਸਾ ਚਾਹੂੰ ਰਾਜ ਮੈਂ.. ਗ਼ਦਰੀ ਬਾਬਿਆਂ ਦੇ, ਬਰਾਬਰੀ, ਇਨਸਾਫ ਤੇ ਖੁਸ਼ਹਾਲੀ, ਭਗਤ ਸਿੰਘ ਤੇ ਸਾਥੀਆਂ ਦੇ, ਦੀਦਿਆਂ ''ਚ ਸੰਜੋਇਆ ਸਮਾਜ, ਜਿੱਥੇ ਕਿਰਤ ਦੀ ਸਰਦਾਰੀ ਹੋਵੇ, ਕਿਰਤੀ ਦੀ ਜੈ ਜੈਕਾਰ ਹੋਵੇ, ਪੀੜ ਪਰੁੰਨੀ ਸਹਿਮੀ ਦੁਖੀ ਪਰਜਾ ਨੂੰ, ਸੁੱਖ ਦਾ ਸਾਹ ਆਵੇ। ਮਨੁੱਖ ਹੱਥੋਂ ਮਨੁੱਖ ਦੀ ਲੁੱਟ, ਖ਼ਤਮ ਹੋਵੇ। ਸੁਨੱਖੇ ਸਮਾਜ ਦਾ ਸੁਪਨ ਸੰਸਾਰ, ਹੁਨਰ ਤੇ ਸਮਰੱਥਾ ਵਿਹਾਜ ਕੇ, ਆਪਣੇ ਜਮਾਤੀਆਂ ਸੰਗ, ਉੱਚੇ ਸੁੱਚੇ ਖ਼ਿਆਲਾਂ ਨਾਲ, ਮਾਲਾਮਾਲ ਹੋ ਕੇ ਆਵੇਗਾ ਦੁੱਲਾ। ਦਿੱਲੀਓਂ ਖਾਲੀ ਨਹੀਂ ਪਰਤੇਗਾ ਦੁੱਲਾ। ਜਾਤਾਂ, ਮਜ਼੍ਹਬਾਂ,ਬੋਲੀਆਂ ਦੀਆਂ ਕੰਧਾਂ ਢਾਹ ਕੇ, ਚਾਵਾਂ ਤੇ ਸੱਧਰਾਂ ਦੀ ਜ਼ਰਖੇਜ਼ ਭੋਇੰ ਵਾਹ ਕੇ ਏਕੇ ਤੇ ਸੰਘਰਸ਼ ਦੇ ਸਿਆੜ ਕੱਢਦਾ, ਚਾਨਣ ਦੇ ਬੀਜ ਕੇਰਦਾ, ਕਿਰਤ ਦੇ ਜਾਇਆਂ ਦੀ ਪੀੜ ਲੈ ਕੇ, ਬੇਜ਼ਮੀਨੇ ਧਰਤੀ ਪੁੱਤਰਾਂ ਵਾਸਤੇ, ਪੈਰ ਧਰਨ ਜੋਗੀ ਜ਼ਮੀਨ ਲੈਕੇ, ਆਪਣੇ ਸੰਗੀ ਸਾਥੀਆਂ ਸਮੇਤ, ਆਨ ਸ਼ਾਨ ਨਾਲ ਮੁੜੇਗਾ ਦੁੱਲਾ। ਦਿੱਲੀਓਂ ਖਾਲੀ ਨਹੀਂ ਮੁੜੇਗਾ ਦੁੱਲਾ। ਜ਼ਿੰਦਗੀ ਤੋਂ ਸ਼ਹਾਦਤ ਤੱਕ ਦੇ ਸਫ਼ਰ ਵਿਚਲਾ ਫ਼ਲਸਫਾ, ਮਾਇਆਧਾਰੀਆਂ ਤੇ ਉਨ੍ਹਾਂ ਦੀਆਂ ਜ਼ਰਖ਼ਰੀਦ ਸਰਕਾਰਾਂ ਦੇ, ਦਿਸਦੇ-ਅਣਦਿਸਦੇ ਲੁੱਟ ਦੇ ਖ਼ੂਨੀ ਜੰਜਾਲ ਤੋਂ, ਮਿਹਨਤੀ ਨੂੰ ਮੁਕਤ ਕਰਾਉਣ ਦਾ ਤਖ਼ਤਾਂ ਤਾਜਾਂ ਵਾਲਿਆਂ ਨੂੰ ਕੱਫ਼ਣ 'ਚ ਪਾਉਣ ਦਾ, ਲਟ ਲਟ ਬਲਦ‍ਾ ਜਜ਼ਬਾ, ਫੌਜੀ ਜਾਬਤਾ-ਅਨੁਸ਼ਾਸਨ, ਯੁੱਧ ਕਲਾ ਤੇ ਦਾਅ ਪੇਚ, ਯੁੱਧ ਸਾਥੀਆਂ ਦੀ ਦਰਜਾਬੰਦੀ, ਸੰਤ ਸਿਪਾਹੀ ਗੋਬਿੰਦ ਦੇ , ਪਾਕ ਪਵਿੱਤਰ ਬੋਲ, "ਇਨ ਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ......." ਗੂੜ੍ਹ ਗਿਆਨ,ਤਜਰਬਾ,ਹੁਨਰ, ਸਾਂਝ ਦੀਆਂ ਬਰਕਤਾਂ ਨਾਲ, ਨੱਕੋ ਨੱਕ ਭਰਿਆ ਖ਼ਜ਼ਾਨਾ। ਦੁਸ਼ਮਨ ਦੇ ਕਿਲ਼ੇ 'ਤੇ, ਵੱਡੀ ਫਤਿਹ ਪਾਵਣ ਲਈ, ਲਟਲਟ ਬਲਦੀਆਂ ਮਸ਼ਾਲਾਂ ਦਾ ਮਹਾਂ-ਕਾਫ਼ਲਾ, ਆਪਣੇ ਯੁੱਧ ਸਾਥੀਆਂ ਸਮੇਤ ਲੈ ਕੇ ਆਵੇਗਾ ਦੁੱਲਾ। ਦਿੱਲੀਓਂ ਖ਼ਾਲੀ ਨਹੀਂ ਜਾਵੇਗਾ ਦੁੱਲਾ

ਬਾਬਾ ਤੇਰਾ ਮੋਦੀ ਖਾਨਾ-ਗੁਰਚਰਨ ਧਾਲੀਵਾਲ

ਬਾਬਾ ਤੇਰਾ ਮੋਦੀ ਖਾਨਾ , ਇੱਕ ਵਪਾਰੀ ਲੁੱਟ ਰਿਹਾ ਹੈ ! ਤੇਰੀ ਤੱਕੜੀ ਦੀ ਬੋਦੀ ਨੂੰ, ਇੱਕ ਤਾਨਾਸ਼ਾਹ ਪੁੱਟ ਰਿਹਾ ਹੈ ! ਨਿੱਤ ਜੁਮਲੇ, ਫ਼ਰਮਾਨ ਸੁਣਾਉਂਦੈ। ਹਾਕਮ ਹੱਟੀ, ਝੂਠ ਦੀ ਲਾਉਂਦੈ। ਬੈਠੇ ਤਖ਼ਤ ਲੁਟੇਰੇ ਚੜ੍ਹ ਕੇ। ਜਬਰਨ ਤੇਰੇ ਖੇਤੀਂ ਵੜਕੇ। ਤੇਰੇ ਵਗਦੇ ਹਲਾਂ ਨੂੰ ਫੜ ਕੇ। ਕਿਰਤ ਤੇਰੀ ਤੇ ਕਬਜ਼ਾ ਕਰਕੇ , "ਤੇਰਾਂ -ਤੇਰਾਂ" ਦੀ ਤੱਕੜੀ ਤੇ, ਮਹਿੰਗਾਈ ਦਾ ਪਾਸਕ ਪਾਉਂਦੈ। ਹਾਕਮ ਹੱਟੀ, ਝੂਠ ਦੀ ਲਾਉਂਦੈ। ਤੂੰ ਲਾਲੋ ਦੀ ਅੰਸ ਵਧਾਈ। ਉਹ ਭਾਗੋ ਦਾ ਬਣਿਆ ਭਾਈ। "ਕਿਰਤ ਕਰੋ ਤੇ ਵੰਡ ਛਕੋ" ਦੀ, ਸੋਝੀ ਦਿੱਤੀ , ਰਾਸ ਨਾ ਆਈ , "ਸੱਜਣ ਠੱਗ" ਹੁਣ ਬਣ ਵਪਾਰੀ , 'ਧੁਰ ਕੀ ਵਾਣੀ' ਨੂੰ ਪਲਟਾਉਂਦੈ। ਹਾਕਮ ਹੱਟੀ, ਝੂਠ ਦੀ ਲਾਉਂਦੈ। ਬਾਬਾ, ਉਹ ਨਿੱਤ ਭੇਸ ਵਟਾਵੇ। ਸ਼ਕਲੋਂ ਸਾਧੂ ਬਣਨਾ ਚਾਹਵੇ ! ਮਹਿੰਗੇ ਵਸਤਰ, ਗਹਿਣੇ ਪਾ ਕੇ , ਕੂੜ ਸੁਣੇ ਤੇ ਕੂੜ ਸੁਣਾਵੇ ! ਧਰਮ ਕਰਮ ਵਿਚ ਜ਼ਹਿਰ ਘੋਲ ਕੇ, ਭਾਈਆਂ ਤੋਂ ਭਾਈ ਮਰਵਾਉਂਦੈ। ਹਾਕਮ ਹੱਟੀ, ਝੂਠ ਦੀ ਲਾਉਂਦੈ। ਬਾਬਾ ਮੰਨ ਲੈ ਹੁਣ ਅਰਜ਼ੋਈ। , ਕਰ ਦੇ ਵੱਡਾ ਕੌਤਕ ਕੋਈ ! "ਪਾਪ ਕੀ ਜੰਝ" ਟਿਕਾਣੇ ਧਰਦੇ , ਤਪਤ ਕੜਾਹਾ ਠੰਢਾ ਕਰਦੇ ! " ਕੂੜ ਨਿਖੁੱਟੇ ", ਤਾਂਹੀਂਓਂ ' ਬਾਬਾ , "ਧਾਲੀਵਾਲ" ਤਾਂ ਸੱਚ ਸੁਨਾਉਂਦੈ! ਹਾਕਮ ਹੱਟੀ, ਝੂਠ ਦੀ ਲਾਉਂਦੈ

ਜਾਗ ਪਏ ਨੇ ਲੋਕ-ਸੋਨਿਆ ਪਾਲ

ਜਾਗ ਪਏ ਨੇ ਲੋਕ ਹੁਣ ਨਾ ਰਹਿਣ ਡਰ ਕੇ ਘਰੋਂ ਤੁਰ ਪਏ ਨੇ ਗੁਰੂਆਂ ਦੀ ਓਟ ਧਰ ਕੇ ਕੋਈ ਪੁਲਿਸ,ਬੈਰੀਕੇਡ ਰਾਹਾ ਰੋਕ ਨਾ ਸਕੇ ਪਾਣੀ ਦੀ ਫੁਹਾਰ ਵੀ ਇਹ ਬੰਦ ਕਰ ਗਏ ! ਤਗੜੇ ਇਹ ਜੁੱਸੇ ਕੱਦ-ਕਾਠ ਰੱਖਦੇ ਰਾਹਾਂ ਦੇ ਰੋੜੇ ਵੀ ਸਿਜਦੇ ਨੇ ਕਰਦੇ ਸਬਰ,ਸਿਦਕ,ਸਿਰੜ ਦਾ ਨੇ ਦੰਮ ਭਰਦੇ ਤਾਂਹੀਂ ਹੌਂਸਲੇ ਵੀ ਆਪਣੇ ਬੁਲੰਦ ਰੱਖਦੇ ‘ਖਾਲਸੇ ਦੀ ਏਡ’ ਨੇ ਸਿਰ ਮੱਥੇ ਧਰ ਲਏ ਤੇ ਆੜ੍ਹੀਆਂ ਨਾਲ ਆੜ੍ਹੀ ਆਣ ਖੜ੍ਹ ਗਏ ਬੀਬੀ ਅਤੇ ਬਾਬਾ ਪਹਿਲਾਂ ਪਾਠ ਪੜ੍ਹਦੇ ਲੰਗਰ ਦਾਲ-ਰੋਟੀ, ਦਾ ਤਿਆਰ ਕਰਦੇ ਗੁਰੂਆਂ ਪਿਆਰਿਆਂ ਦੀ ਓਟ ਸਦਕੇ ਭੁੱਖੇ ਤੇ ਗਰੀਬ ਜਾਣ ਰੱਜ-ਰੱਜ ਕੇ ਦਿਲੋਂ ਦੇਣ ਇਹ ਦੁਆਂਵਾਂ ‘ਸੁਖੀ ਰਹੋ ਵਸਦੇ!’ ਸਕੂਨ ਨਾਲ ਬੈਠ ਹੱਸ-ਹੱਸ ਖਾਂਵਦੇ ਤੰਬੂਆਂ ਦੇ ਵਿੱਚ ਵੀ ਸਕੂਲ ਖੁੱਲ੍ਹ ਗਏ ਨਿੱਕੇ-ਨਿੱਕੇ ਬਾਲ ‘ਤੇਰਾ-ਤੇਰਾ’ ਸਿੱਖਦੇ ਰਾਈ,ਰੱਤੀ, ਮਾਸ਼ਾ ਨਾਲੇ ਯੋਗਾ ਸਿੱਖਦੇ ‘ਓਮ’ ਬੋਲਦੇ ਤੇ ‘ਇੱਕ ਓਮ ਕਾਰ’ ਜਪਦੇ ਮੀਡੀਏ ਦੇ ਮੂਹਰੇ ਵੀ ਜ਼ਰਾ ਨਾ ਝਕਦੇ ਵੋਲੰਟੀਅਰਜ਼ ਦੇ ਸਿਰਾਂ ਤੇ ਅਸ਼-ਅਸ਼ ਕਰਦੇ ਤਾਣੇ ਜੋ ਤੰਬੂਰੇ ਸਿੰਘੂ ਬਾਰਡਰ ਦੇ ਉੱਤੇ ਇਹਦੇ ਜਾਹੋ-ਜਲਾਲ ਦੂਰ ਤਾਂਈਂ ਬੋਲਦੇ ਦੂਰ ਬੈਠ ਪਰਦੇਸੀਂ ਮੇਰੀ ਪੇਸ਼ ਨਾ ਚੱਲੇ ਕੋਈ ਕੱਢ ਮੇਰਾ ਦਿਲ ਝੱਟ ਦਿੱਲੀ ਨੂੰ ਘੱਲੇ ਅੱਖਾਂ ਭਰ-ਭਰ ਵੇਖਾਂ ਨਿੱਕੇ ਬਾਲ ਠਰ੍ਹਦੇ ਨਿੱਕੇ-ਨਿੱਕੇ ਬਾਲ ਵੀ ਜ਼ਰਾ ਨਾ ਡਰਦੇ ਪਰ ਨਰੜਾਂ ਦੇ ਕੰਨਾਂ ਤੇ ਨਾ ਜੂੰ ਸਰਕੇ ਇਹ ਤਾਂ ਐਸੀ ਢਾਬ ਉੱਤੇ ਰਹਿਣ ਚੜ੍ਹਕੇ ਮਰਿਆਂ ਦੇ ਦੁੱਖ ਤੇ ਵੀ ਨਾ ਸੀਅ ਕਰਦੇ ਹੁੰਦੀ ਜੇ ਸੁਮੱਤ ਇਹਨਾਂ, ਕਲੈਣ੍ਹੇ ਤੇ ਕੁਮੱਤੇ ਕਾਲੇ ਇਹ ਕਨੂੰਨ ਭਲਾ ਕਿਉਂ ਘੜਦੇ ! ਜੇ ਲਾਲੋ ਅਤੇ ਭਾਗੋ ਵਾਲੀ ਸਾਖੀ ਪੜ੍ਹਦੇ ਹੱਕ-ਸੱਚ ਦੀ ਕਮਾਈ ਤੇ ਨਾ ਲੱਤ ਮਾਰਦੇ ਨਾਲੇ ਵੀਹ ਰੁਪਈਆਂ ਦਾ ਵੀ ਮੁੱਲ ਜਾਣਦੇ ਲੰਗਰ ਵੀਹ ਰੁਪਈਆਂ ਵਾਲਾ ਦਿਨ-ਰਾਤ ਵਰਤੇ ਹਿੰਦੂ ਮੁਸਲਮਾਨ ਸਭ ਕੱਠੇ ਇੱਕੋ ਥਾਵੇਂ ਕਰਤੇ ਇੱਕ ਦੂਜੇ ਦੇ ਦੁੱਖਾਂ ਤੇ ਸੀ ਉਹ ਹਓਕੇ ਭਰਦੇ ਮਨੂ ਸਮ੍ਰਿਤੀ ਦੇ ਸੀ ਭੇਦ ਸਿਆਣ ਗਏ ਤੇ ਨਾਲੇ ਨਵੇਂ ਸਿਰਿਓਂ ਅੰਬੇਦਕਰ ਤੇ ਬੁੱਧ ਨੂੰ ਵੀ ਸੀ ਵਿਚਾਰਦੇ ਕਰਾਂ ਦਿਲੋਂ ਮੈਂ ਦੁਆਂਵਾਂ ਦੋਵੇਂ ਹੱਥ ਜੋੜ ਕੇ ਸਿਰ ਧਰ ਤਾਜ਼ ਮੁੜਨ ਜੰਗ ਸਰ ਕਰਕੇ ਜੁੜੀ ਰਹੇ ਇਹਦੀ ਤੰਦ ਕਦੀ ਨਾ ਤਿੜਕੇ ਭਾਈਆਂ ਨੂੰ ਭਾਈ ਸਦਾ ਈ ਰਹਿਣ ਮਿਲਦੇ ਦਿੱਲੀਏ ਨੀ ਦਿੱਲੀਏ, ਕਰ ਕੁਛ ਅੜੀਏ, ਦਰ ਆਏ ਨੇ ਸੁਆਲੀ ਤੇਰੇ ਸਿਰ ਚੜ੍ਹ ਕੇ ਰਹੇ ਗੁਰੂਆਂ ਦੀ ਮਿਹਰ,’ਕਿਸਾਨੀ’ ਦੇ ਉੱਤੇ ਮਨੁੱਖਤਾ ਦਾ ਦਿਲ ਇਹਦੇ ਵਿੱਚ ਧੜਕੇ ਮੈਂ ਵਾਰੀ -ਵਾਰੀ ਜਾਵਾਂ, ਨਾਲੇ ਜੀ ਸਦਕੇ ਦਿਲਾਂ ਨੂੰ ਦਿਲਾਂ ਦੇ ਰਹਿਣ ਇਹ ਰਾਹ ਸਜਦੇ ਜਾਗ ਪਏ ਨੇ ਲੋਕ ਹੁਣ ਨਾ ਰਹਿਣ ਡਰ ਕੇ ਘਰੋਂ ਤੁਰ ਪਏ ਨੇ ਗੁਰੂਆਂ ਦੀ ਓਟ ਧਰ ਕੇ । ਵੁਲਵਰਹੈਂਪਟਨ, ਇੰਗਲੈਂਡ

ਮੱਥੇ ਦਾ ਲਹੂ-ਹਰਪ੍ਰੀਤ ਕੌਰ ਸੰਧੂ

ਤੇਰੇ ਮੱਥੇ ਚੋਂ ਵਗਦਾ ਲਹੂ ਇਨਕਲਾਬ ਦੀ ਬੰਜਰ ਹੋ ਰਹੀ ਜ਼ਮੀਨ ਨੂੰ ਫਿਰ ਹਰਾ ਕਰ ਦੇਵੇਗਾ ਤੇਰੇ ਲਹੂ ਦੀ ਹਰ ਬੂੰਦ ਸਿੰਜੇਗੀ ਅਣਗਿਣਤ ਬੂਟੇ ਇਨਕਲਾਬ ਦੇ ਇਹ ਲਹੂ ਤੇਰੇ ਚਿਹਰੇ ਤੋਂ ਨਹੀਂ ਵਗਿਆ ਇਹ ਵਗਿਆ ਹੈ ਇਨਸਾਨੀਅਤ ਗ਼ੈਰਤ ਅਤੇ ਅਣਖ ਦੇ ਮੱਥੇ ‘ਚੋਂ ਇਸ ਲਹੂ ਦੀ ਲਾਲੀ ਚੜ੍ਹਦੇ ਸੂਰਜ ਦੀ ਪ੍ਰਤੀਕ ਹੈ ਉਹ ਇਨਕਲਾਬੀ ਸੂਰਜ ਜੋ ਆਪਣੇ ਭਖਦੇ ਤੇਜ਼ ਨਾਲ ਸਵਾਹ ਕਰ ਦਏਗਾ ਹਰ ਨਾਇਨਸਾਫ਼ੀ ਵਿਤਕਰੇ ਤੇ ਜ਼ੁਲਮ ਨੂੰ ਤੇਰੇ ਮੱਥੇ ਚੋਂ ਵਗਿਆ ਲਹੂ ਪ੍ਰਤੀਕ ਹੈ ਜ਼ਮੀਰਾਂ ਦੇ ਜਾਗਣ ਦਾ ਕਿਰਤੀਆਂ ਦੇ ਹੱਕਾਂ ਦਾ ਮਜ਼ਲੂਮਾਂ ਦੇ ਹੌਸਲਿਆਂ ਦਾ

ਹੰਝੂਆਂ ਦੇ ਵਹਿਣਾਂ ਵਿੱਚ-ਗੁਲਸ਼ਨਬੀਰ ਗੁਰਾਇਆ

ਹੰਝੂਆਂ ਦੇ ਵਹਿਣਾਂ ਵਿੱਚ ਸਰਕਾਰਾਂ ਹੜ੍ਹ ਜਾਣਗੀਆਂ, ਹੌਸਲਿਆਂ ਨੂੰ ਤੱਕ ਸਾਡੇ, ਰੁੱਤਾਂ ਵੀ ਖੜ ਜਾਣਗੀਆਂ , ਅਸੀਂ ਧਰਤੀ ਦੇ ਜਾਏ, ਤੇ ਪੁੱਤ ਖੇਤਾਂ ਦੇ ਪਾਲੇ ਹਾਂ, ਨਾ ਪਰਖ ਜਿਗਰਿਆਂ ਨੂੰ, ਅਸੀਂ ਤਾਂ ਸਬਰਾਂ ਵਾਲੇ ਹਾਂ, ਸਾਡੇ ਰੋਹਾਂ ਸਾਹਵੇਂ ਕਿੱਦਾਂ, ਹਕੂਮਤਾਂ ਅੜ ਜਾਣਗੀਆਂ, ਹੰਝੂਆਂ ਦੇ ਵਹਿਣਾਂ ਵਿੱਚ ਸਰਕਾਰਾਂ ਹੜ੍ਹ ਜਾਣਗੀਆਂ ਲਾਠੀਆਂ,ਗੋਲੇ ਡੰਡੇ ਤੇ, ਚਾਲਾਂ ਚੱਲ ਵੇਖ ਰਿਹਾ, ਟੁੱਟ ਟੁੱਟਕੇ ਮਰਦਿਆਂ ਦੇ, ਨਾ ਹਾਲਾਂ ਨੂੰ ਵੱਲ ਵੇਖ ਰਿਹਾ, ਸਾਡੇ ਖੂਨ ਨਾਲ ਸਿੰਜੀਆਂ ਜੋ, ਕਿਵੇਂ ਫਸਲਾਂ ਸੜ ਜਾਣਗੀਆਂ, ਹੰਝੂਆਂ ਦੇ ਵਹਿਣਾਂ ਵਿੱਚ ਸਰਕਾਰਾਂ ਹੜ੍ਹ ਜਾਣਗੀਆਂ ਅੱਖਾਂ ਦਾ ਪਾਣੀ ਨਹੀਂ, ਦਿਲ ਦੇ ਜ਼ੁਜ਼ਬਾਤ ਨੇ ਇਹ, ਤੂੰ ਰਾਤਾਂ ਸਮਝ ਬੈਠੋਂ, ਸਾਡੇ ਲਈ ਪ੍ਰਭਾਤ ਨੇ ਇਹ, ਫੌਜਾਂ ਇਹ ਚਿੜੀਆਂ ਦੀਆਂ, ਬਾਜਾਂ ਸੰਗ ਲੜ ਜਾਣਗੀਆਂ, ਹੰਝੂਆਂ ਦੇ ਵਹਿਣਾਂ ਵਿੱਚ ਸਰਕਾਰਾਂ ਹੜ੍ਹ ਜਾਣਗੀਆਂ ਹੰਝੂ ਡਿੱਗਕੇ ਧਰਤੀ ਤੇ, ਯੋਧੇ ਪੈਦਾ ਕਰ ਗਏ, ਡਿੱਗੇ ਸੀ ਜਖਮਾਂ ਤੋਂ, ਤੂੰ ਸਮਝ ਲਿਆ ਡਰ ਗਏ, ਧੀਆਂ ਵੀ ਭਗਤ ਸਿੰਘ ਦੀਆਂ, ਕਿਵੇਂ ਅੰਦਰੀਂ ਵੜ ਜਾਣਗੀਆਂ, ਹੰਝੂਆਂ ਦੇ ਵਹਿਣਾਂ ਵਿੱਚ ਸਰਕਾਰਾਂ ਹੜ੍ਹ ਜਾਣਗੀਆਂ, ਇੱਕ ਹੀ ਲਲਕਾਰੇ ਨਾਲ, ਡਿੱਗੇ ਹੋਏ ਸ਼ੇਰ ਉੱਠ ਪਏ, ਰਾਖੀ ਧਰਤੀ ਮਾਂ ਦੀ ਲਈ, ਕਿਰਤੀ ਦਲੇਰ ਉੱਠ ਪਏ, ਲਹਿਰਾਂ ਕੁਰਬਾਨੀ ਦੀਆਂ, ਸਣੇ ਸਿਰ ਤੇ ਧੜ ਜਾਣਗੀਆਂ, ਹੰਝੂਆਂ ਦੇ ਵਹਿਣਾਂ ਵਿੱਚ ਸਰਕਾਰਾਂ ਹੜ੍ਹ ਜਾਣਗੀਆਂ, ਹੌਸਲਿਆਂ ਨੂੰ ਤੱਕ ਸਾਡੇ, ਰੁੱਤਾਂ ਵੀ ਖੜ ਜਾਣਗੀਆਂ,

ਹਾਲਾਤ-ਏ-ਸੰਘਰਸ਼ !-ਤਰਲੋਚਨ ਸਿੰਘ ‘ਦੁਪਾਲ ਪੁਰ’

ਦਿਲ ਵਿਚ ‘ਕਰੋ ਜਾਂ ਮਰੋ’ ਨੂੰ ਧਾਰ ਬੈਠੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਵਾਲ਼ੇ। ਕਈ ਭਾਈ ਘਨੱਈਏ ਵਿਚ ਲੰਗਰਾਂ ਦੇ ਕਰਕੇ ਸੇਵਾ ਇਤਹਾਸ ਦੁਹਰਾਉਣ ਵਾਲ਼ੇ। ਮਾਂ-ਬੋਲੀ ਦੇ ਗਾਇਕ ਨੇ ਫੇਰ ‘ਗੱਜੇ’ ਵਾਰਾਂ ਬੰਦੇ ਬਹਾਦਰ ਦੀਆਂ ਗਾਉਣ ਵਾਲ਼ੇ। ਹਾਕਮ ਹੋਛੇ ਹਥਿਆਰਾਂ ’ਤੇ ਉਤਰ ਆਏ ‘ਬਾਤ-ਚੀਤ’ ਦਾ ਨਾਟਕ ਰਚਾਉਣ ਵਾਲ਼ੇ। ਚੱਲ ਰਹੇ ਅੰਦੋਲਨ ਦੇ ਮੋਢਿਆਂ ’ਤੇ ਦਿਸ ਗਏ ‘ਆਪਣੀ ਰਫਲ’ ਚਲਾਉਣ ਵਾਲ਼ੇ। ਪੱਤਰਕਾਰ ਮੂੰਹ ਮੋੜਦੇ ‘ਗੋਦੀਆਂ’ ਦਾ ਦਿੱਲੀ ਦੁਆਲ਼ਿਉਂ ‘ਲਾਈਵ’ ਦਿਖਾਉਣ ਵਾਲ਼ੇ!

ਫਾਹੀ ਕਾਲ਼ੇ ਕਨੂੰਨਾਂ ਦੀ !-ਤਰਲੋਚਨ ਸਿੰਘ ‘ਦੁਪਾਲ ਪੁਰ’

ਪੂਰਾ ਕਰਨ ਲਈ ਟੀਚੇ ਨੂੰ ਜੋਰ ਲਾਈਏ ਬਹਿਸ ਜਨਵਰੀ ਛੱਬੀ ਦੀ ਛੱਡੀਏ ਜੀ। ਪਹਿਲੀ ਭਾਵਨਾ ਨਾਲ ਸੰਘਰਸ਼ ਕਰੀਏ ਖਿਝਾਂ ਆਪਸੀ ਦਿਲਾਂ ’ਚੋਂ ਕੱਢੀਏ ਜੀ। ਹਰ ਵਰਗ ਦੇ ਮਿਹਨਤੀ ਕਾਮਿਆਂ ਦਾ ਸਾਥ ਲੈਣ ਲਈ ਝੋਲ਼ੀਆਂ ਅੱਡੀਏ ਜੀ। ਸੋਸ਼ਲ ਮੀਡ੍ਹੀਏ ਉੱਤੇ ਸੁਹਿਰਦ ਰਹੀਏ ਇਕ ਦੂਜੇ ਵੱਲ੍ਹ ਅੱਖਾਂ ਨਾ ਟੱਡੀਏ ਜੀ। ਅੱਗੇ ‘ਨਿਸ਼ਚੈ ਕਰ ਜੀਤ’ ਦਾ ਰੱਖ ਮਾਟੋ ਨਜ਼ਰਾਂ ਫਤਹਿ ਦੇ ਝੰਡੇ ’ਤੇ ਗੱਡੀਏ ਜੀ। ਸਾਰੇ ਤਿਆਗ ਕੇ ਵੰਡ-ਵਖਰੇਵਿਆਂ ਨੂੰ ਫਾਹੀ ਕਾਲ਼ੇ ਕਾਨੂੰਨਾਂ ਦੀ ਵੱਢੀਏ ਜੀ।

ਇਸ ਗੱਲ ਦਾ ਵੀ-ਗੁਰਚਰਨ ਸਿੰਘ 'ਜੋਗੀ'

ਇਸ ਗੱਲ ਦਾ ਵੀ ਇਲਮ ਬਥੇਰਾ ਬੀਜ ਰਿਹਾ ਹਾਂ ਅੱਜ ਮੈਂ ਜੋ ਵੀ ਕੱਲ੍ਹ ਨੂੰ ਉਹੀਓ ਕੱਟਣਾ ਪੈਣਾ ਬੀਜੇ ਦਾ ਮੁੱਲ ਵੱਟਣਾ ਪੈਣਾ। ਫਿਰ ਵੀ ਨਿਸਦਿਨ ਪੈਰ ਪੈਰ 'ਤੇ ਹੋਰਾਂ ਲਈ ਮੈਂ ਕੰਡੇ ਬੀਜਾਂ ਭੁੱਲ ਜਾਂਦਾ ਹਾਂ ਇਹੀ ਕੰਡੇ ਸੂਲਾਂ ਬਣ ਕੇ ਵਿੰਨ ਦੇਣਗੇ ਤਨ-ਮਨ ਮੇਰਾ ਦੁੱਖਾਂ ਨੇ ਫਿਰ ਪਾਉਣਾ ਘੇਰਾ। ਕਈਂ ਵਾਰੀ ਮੈਂ ਖ਼ੁਦ ਨੂੰ ਪੁੱਛਾਂ ਕਿਉਂ ਲੜਦੇ ਹਾਂ ਹੋਰਾਂ ਕੋਲੋਂ ਕਿਉਂ ਸੜਦੇ ਹਾਂ ਰੋਜ਼ ਸਾਜ਼ਿਸ਼ਾਂ ਕਿਉਂ ਘੜਦੇ ਹਾਂ ਦੂਜੇ 'ਤੇ ਹੀ ਦੋਸ਼ ਹਮੇਸ਼ਾਂ ਕਿਉਂ ਮੜ੍ਹਦੇ ਹਾਂ। ਮੇਰੇ ਕਈਂ ਸਵਾਲ ਅਧੂਰੇ ਹਰ ਵੇਲੇ ਉੱਤਰ ਨੂੰ ਲੱਭਦੇ ਮੈਂ ਅਸਮਾਨਾਂ ਦੇ ਵੱਲ ਤੱਕਾਂ ਕਿੰਨਾਂ ਵੱਡਾ ਅੰਬਰ ਯਾਰੋ ਤੇ ਮੈਂ ਕਿੰਨਾਂ ਬੌਣਾ -ਬੌਣਾ ਹੱਸ ਵੇ 'ਜੋਗੀ' ਛੱਡ ਕੇ ਸਾਰਾ ਰੋਣਾ-ਧੋਣਾ।

ਕਿਸਾਨ ਮੋਰਚਾ-ਬਲਬੀਰ ਸਿੰਘ ਕੰਵਲ (ਯੂ ਕੇ)

ਹਈ ਸ਼ਾਵਾ ਹਈ, ਦਿੱਲੀ ਗਈ ਕਿ ਗਈ। ਗੁਰੂ ਦੀ ਇਹ ਫ਼ੌਜ ਲਾਡਲੀ ਲੱਕ ਬੰਨ੍ਹ ਦਿੱਲੀ ਨੂੰ ਪਈ। ਨਾਲ ਪੂਰਾ ਲਾਮ ਲਸ਼ਕਰ ਨਾਲ ਜਾ ਰਹੇ ਲੱਖਾਂ ਗੜਵਈ ਕਾਨੂੰਨ ਕਾਲੇ ਖਾਤਮੇ ਲਈ ਤੁਰੇ ਜਾਂਦੇ ਨੇ ਸਭ ਲੜਵਈ। ਪਿੱਛੇ ਟੱਬਰ ਰੁਲ ਨੇ ਰਹੇ ਹੋਰ ਵੀ ਫ਼ਿਕਰ ਨੇ ਕਈ ਤਾਂ ਵੀ ਫ਼ਿਕਰ ਨੇ ਕਈ ਤਾਂ ਵੀ ਨਹੀਂਉਂ ਸਿਦਕ ਡੋਲਦੇ ਹਈ ਸ਼ਾਵਾ ਹਈ ਹਈ ਸ਼ਾਵਾ ਹਈ ਕਈ ਲੱਖ ਕੱਠੇ ਟਰੈਕਟਰ ਤੁਰੇ ਜਾਂਦੇ ਨੇ ਨਾਲੋ ਨਾਲ ਭਈ ਮੋਢੇ ਨਾਲ ਮੋਢਾ ਜੋੜਿਆ ਇਕ ਦੂਜੇ ਨਾਲ ਜਾਂਦੇ ਨੇ ਖਹੀ। ਮਾਵਾਂ ਭੈਣਾਂ ਨਾਲ ਰਲੀਆਂ ਉਨ੍ਹਾਂ ਵਿਚ ਬਜ਼ੁਰਗ ਵੀ ਕਈ। ਧੰਨ ਜੇਰਾ ਧਰਮੀਆਂ ਦਾ ਝੱਲੀ ਜਾਂਦੇ ਨੇ ਮੌਸਮ ਨਿਰਦਈ। ਓੜਕ ਹੋਊ ਜਿੱਤ ਇਨ੍ਹਾਂ ਦੀ ਲੋਕਾਂ ਜੋਕਾਂ ਦੀ ਲੜਾਈ ਹੈ ਭਈ ਹਈ ਸ਼ਾਵਾ ਹਈ ਹਈ ਸ਼ਾਵਾ ਹਈ ਦਿੱਲੀ ਗਈ ਕਿ ਗਈ ਮੋੜੀਂ ਬਾਬਾ ਡਾਂਗ ਵਾਲਿਆ ਰੰਨ ਗਈ ਬਸਰੇ ਨੂੰ ਗਈ।

ਮੇਰੀ ਦਿੱਲੀ-ਤੇਰੀ ਦਿੱਲੀ-ਬਲਬੀਰ ਸਿੰਘ ਕੰਵਲ (ਯੂ ਕੇ)

ਇਹ ਦਿੱਲੀ ਕੱਲੀ ਤੇਰੀ ਨਹੀਂ ਮੇਰਾ ਵੀ ਇਸ ਵਿਚ ਹਿੱਸਾ ਹੈ। ਕਿੰਨੀ ਕੁਰਬਾਨੀ ਮੈਂ ਦਿੱਤੀ, ਇਹ ਲੰਬਾ ਚੌੜਾ ਕਿੱਸਾ ਹੈ। ਮੇਰੀ ਦਿੱਲੀ ਕਿਸਾਨੀ ਦੀ, ਤੇਰੀ ਪਰ ਬੇਈਮਾਨੀ ਦੀ ਮੇਰੀ ਅੰਨ ਦੇ ਦਾਤੇ ਦੀ, ਤੇਰੀ ਪੂੰਜੀਪਤੀਆ ਤੇ ਧਨਵਾਨਾਂ ਦੀ। ਹੋਰ ਕਮਾਉਣ ਦੇ ਭੁੱਖੜ ਬੇਈਮਾਨਾਂ ਦੀ। ਵੱਡੀ ਖਸਮਾਂ ਖਾਣਿਆਂ ਦੀ। ਤੇਰੀ ਦਿੱਲੀ ਬਾਬਰ ਦੀ ਬੁੱਚੜ ਦੀ ਇਕ ਜਾਬਰ ਦੀ ਮੇਰੀ ਪਰ ਤੇਗ ਬਹਾਦਰ ਦੀ ਰਾਖੇ, ਹਿੰਦ ਦੀ ਚਾਦਰ ਦੀ। ਤੇਰੀ ਦਿੱਲੀ ਨਾਦਰ ਦੀ ਮੇਰੀ ਬੰਦਾ ਬਹਾਦਰ ਦੀ । ਇਹ ਦਿੱਲੀ ਬਾਬਾ ਬਘੇਲ ਦੀ ਇਹ ਦਿੱਲੀ ਕੱਲੀ ਤੇਰੀ ਨਹੀਂ ਇਸ ਵਿਚ ਮੇਰਾ ਵੀ ਹਿੱਸਾ ਹੈ ਇਸ ਵਿਚ ਮੇਰਾ ਵੀ ਹਿੱਸਾ ਹੈ।

ਸੰਤੁਲਨ-ਸੰਜੀਵ ਆਹਲੂਵਾਲੀਆ

ਹੌਸਲੇ ਦਾ ਪ੍ਰਗਟਾਵਾ... ਬੜ੍ਹਕਾਂ ਮਾਰ ਕੇ ਨਹੀਂ ਹੁੰਦਾ... ਕਈ ਵੇਰ... ਕਿਸੇ ਕੰਮ ਨੂੰ ਨੇਪਰੇ ਚਾੜ੍ਹਨ ਦੀ ਜੱਦੋ ਜਹਿਦ ਨਾਲ ਜੂਝਦਿਆਂ... ਸਫਲ ਨਾ ਹੁੰਦਿਆਂ ਦੇਖ.... ਤੁਹਾਡੇ ਅੰਦਰਲੀ ਆਵਾਜ਼... ਤੁਹਾਨੂੰ ਦਰਿੜ੍ਹਤਾ ਨਾਲ ਪਰੇਰਦੀ ਡੱਟਿਆ ਰਹੁ... ਹਿੰਮਤ ਨਾ ਹਾਰੀਂ... ਹਾਰ ਨਾ ਮੰਨੀਂ... ਕੱਲ ਨੂੰ ਫੇਰ ਕੋਸ਼ਿਸ਼ ਕਰੀਂ... ਉਹ ਆਵਾਜ਼... ਭਾਵੇਂ ਕਿੰਨੀਂ ਹੌਲੀ ਵੀ ਕਿਉਂ ਨਾ ਹੋਵੇ... ਹੌਸਲੇ ਦੀ ਬੁਲੰਦ ਆਵਾਜ਼ ਹੁੰਦੀ ਹੈ। ਵਿਕਟੋਰੀਆ ਬੀ ਸੀ (ਕੈਨੇਡਾ)

ਕਿਸਾਨੀ ਗੀਤ-ਅਬਦੁਲ ਕਰੀਮ ਕੁਦਸੀ

ਪੁੱਤਰ ਵਾਂਗ ਟਰੈਕਟਰ ਮੇਰਾ, ਧੀ ਦੇ ਵਾਂਗ ਟਰਾਲੀ । ਇਨ੍ਹਾਂ ਦੇ ਸਿਰ-ਸਦਕਾ ਮੇਰੇ ਖੇਤਾਂ ਵਿਚ ਹਰਿਆਲੀ । ਜਦ ਮੈਂ ਸੌਂਦਾ ਇਹ ਵੀ ਸੌਂਦੇ, ਇਹ ਜਾਗਣ ਮੈਂ ਜਾਗਾਂ। ਸੱਚੀ ਗੱਲ ਤੇ ਇਹ ਵੇ ਮੇਰੀਆਂ ਇਨ੍ਹਾਂ ਹੱਥ ਨੇ ਵਾਗਾਂ। ਇਹ ਅੰਨ ਦਾਤਾ ਭਰਨ ਭੜੋਲੇ ਸਾਰਾ ਜਗਤ ਸਵਾਲੀ । ਇਨ੍ਹਾਂ ਦੀ ਮੈਂ ਸੇਵਾ ਕਰਦਾ ਇਹ ਨੇ ਮੇਰੀਆਂ ਬਾਹਵਾਂ। ਕਰਨ ਦੁਆਵਾਂ ਇਨ੍ਹਾਂ ਦੇ ਲਈ ਧੀਆਂ, ਭੈਣਾਂ, ਮਾਵਾਂ ਇਨ੍ਹਾਂ ਨਾਲ ਵਿਸਾਖੀ ਸਜਦੀ, ਲੋਹੜੀ ਤੇ ਦੀਵਾਲੀ। ਸ਼ਾਲਾ ! ਵਸਦੀ ਰਹੇਂ ਤੂੰ ਦਿੱਲੀਏ , ਵੱਸਣ ਦੇ ਸਾਨੂੰ ਵੀ। ਤੇਰਾ ਹਾਸਾ ਸਿਰ ਮੱਥੇ ਤੇ ਹੱਸਣ ਦੇ ਸਾਨੂੰ ਵੀ। ਰੇਸ਼ਮ ਮੜ੍ਹਿਆ ਤਖ਼ਤ ਏ ਤੇਰਾ ਸਾਡਾ ਤਖ਼ਤ ਪਰਾਲੀ । ਪੁੱਤਰ ਵਾਂਗ ਟਰੈਕਟਰ ਮੇਰਾ , ਧੀ ਦੇ ਵਾਂਗ ਟਰਾਲੀ। ਇਨ੍ਹਾਂ ਦੇ ਸਿਰ-ਸਦਕਾ ਹੈ ਤਾਂ ਵਿਚ ਹਰਿਆਲੀ। ਅਮਰੀਕਾ

ਰਿੰਗ ਰੋਡ ਦਿੱਲੀ ਦੇ ਸ਼ਹੀਦ ਨਵਰੀਤ ਦੇ ਨਾਂ-ਰਾਜਪਾਲ ਬੋਪਾਰਾਏ

ਗਦਾਰੀਆਂ ਤੇ ਵਫਾਦਾਰੀਆਂ ਦੇ ਤਗ਼ਮੇ ਦੇਣ ਤੋਂ ਪਹਿਲਾਂ ਆਉ ਮਾਵਾਂ ਦੇ ਕਮਾਊ ਪੁੱਤਾਂ ਬੁੱਢੇ ਬਾਪੂਆਂ ਦੇ ਸਹਾਰਿਆਂ ਤੇ ਭੈਣਾਂ ਦੇ ਉਹਨਾਂ ਵੀਰ ਪਿਆਰਿਆਂ ਦਾ ਧਿਆਨ ਧਰੀਏੇ ਜੋ ਦਿੱਲੀ ਦੀ 'ਤੁਹਾਡੀ' ਰਿੰਗ ਰੋਡ ਨੇ ਨਿਗਲ ਲਏ ਨੇ ਪਰ ਤੁਹਾਡੇ ਕੋਲ ਤਾਂ ਲੱਖੇ ਸਿਧਾਨੇ ਤੇ ਦੀਪ ਸਿੱਧੂ ਉਪਰ ਰੰਗ ਬਰੰਗੇ ਸਟਿਕਰ ਲਾਉਣ ਤੋਂ ਵਿਹਲ ਕਿੱਥੇ ਗਦਾਰੀ ਤੇ ਵਫ਼ਾਦਾਰੀ ਦੇ ਪੁੱਠੇ ਸਿੱਧੇ ਫਤਵੇ ਦੇਣ ਤੋਂ ਫੁਰਸਤ ਕਿੱਥੇ? ਆਪਣੀ ਸੋਚ ਦੀ ਤੱਕੜੀ 'ਚ ਮੋਰਚੇ ਦੇ ਲੀਡਰਾਂ ਨੂੰ ਤੋਲਣ ਵਾਲੇ ਦੇਸ ਵਿਦੇਸ਼ ਦੇ ਕੀ-ਬੋਰਡ ਦੇ ਬਹਾਦਰੋ ਨਵਰੀਤ ਸਿੰਘ ਦੀ ਅੰਤਮ ਅਰਦਾਸ ਤੱਕ ਤਾਂ ਰੁੱਕ ਜਾਂਦੇ ... ਮੌਤ ਦੇ ਸਾਹਮਣੇ ਉਹਨੂੰ ਸ਼ਰਮਿੰਦਾ ਤਾਂ ਨਾ ਕਰਦੇ ਹੁਣ ਮੌਤ ਵਾਲੇ ਵੀ ਹੱਸਦੇ ਹੋਣੇ ਆ ਉਹਦੇ ਉੱਤੇ ਤੇ ਉਹ ਵੀ ਸੋਚਦਾ ਹੋਣਾ ਮਾਂ ਦੀਆਂ ਅੱਖਾਂ 'ਚ ਜੰਮ ਗਈ ਬਰਫ਼ ਬਾਰੇ ਬਾਪ ਦੇ ਟੁੱਟ ਗਏ ਹੌਸਲੇ ਬਾਰੇ ਦਾਦੇ ਦੇ ਭਾਣਾ ਮੰਨਣ ਬਾਰੇ ਨਾਰ ਦੀ ਉਦਾਸ ਚੁੱਪ ਬਾਰੇ ਤਿੰਨਾਂ ਕਾਨੂੰਨਾਂ ਦੀ ਹੋਣੀ ਬਾਰੇ ਕਿ ਕੋਈ ਵੀ ਮੋਰਚੇ ਨੂੰ ਪ੍ਰਨੋਇਆ ਨਹੀਂ ਮਾਂ ਦੇ ਗੱਲ ਲੱਗ ਰੋਇਆ ਨਹੀਂ ਬਾਪ ਦੇ ਨਾਲ ਖਲੋਇਆ ਨਹੀਂ ... ਕੀ-ਬੋਰਡ ਦੇ ਬਹਾਦਰੋ ਤੁਸੀਂ ਤਾਂ ਹੱਦ ਕਰੀ ਜਾਂਦੇ ਹੋ ਮੋਰਚੇ 'ਤੇ ਰਹਿਮ ਕਰੋ ਮਾਪਿਆ ਦਾ ਧਿਆਨ ਧਰੋ ਵਿਛੜਿਆਂ ਨਾਲ ਇਨਸਾਫ ਕਰੋ ਕਾਸ਼! ਤੁਸਾਂ ਯਾਰਾਂ 'ਤੇ ਪਰਚਿਆਂ ਦੇ ਫਿ਼ਕਰ ਵਾਂਗ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਵੀ ਪੋਸਟਾਂ ਪਾ ਕੇ ਵੀਡਿਉ ਬਣਾ ਕੇ ਕਿਹਾ ਹੁੰਦਾ ਮਾਂ ਫਿ਼ਕਰ ਨਾ ਕਰੀਂ ਮੈਂ ਤੇਰਾ ਦੂਜਾ ਪੁੱਤ ਹਾਂ ਬਾਪ ਨੂੰ ਕਿਹਾ ਹੁੰਦਾ ਬਾਪੂ ਫਿਕ਼ਰ ਨਾ ਕਰੀਂ ਅਸੀਂ ਤੇਰੀਆਂ ਬਾਹਾਂ ਹਾਂ ਕਿਸੇ ਦਾਦੇ ਦੀ ਡੰਗੋਰੀ ਬਨਣ ਦੀ ਹਾਮੀ ਭਰੀ ਹੁੰਦੀ ਭੈਣ ਦੇ ਸਿਰ ਦੀ ਚੁੰਨੀ ਦਾ ਫਿ਼ਕਰ ਹੁੰਦਾ ਅਤੇ ਤੁਰ ਗਏ ਦੀ ਨਾਰ ਦੇ ਸਿਰ 'ਤੇ ਧੀਆਂ ਭੈਣਾਂ ਦੇ ਪਿਆਰ ਵਾਲਾ ਹੱਥ ਧਰਨ ਦੀ ਗੱਲ ਹੁੰਦੀ। ਪਰ ਅਸੀਂ ਤਾਂ ਆਪਣੀਆਂ ਆਪਣੀਆਂ ਅਦਾਲਤਾਂ ਲਾਈ ਬੈਠੇ ਹਾਂ ਕਿਸੇ ਮਾਂ ਦੇ ਤੁਰ ਗਏ ਇੱਕਲੌਤੇ ਸ਼ੇਰ ਬੱਗੇ ਦੀ ਕਿਹਨੂੰ ਫਿ਼ਕਰ ...

ਅੱਥਰੂ ਟਿਕੈਤ ਦਾ-ਸੁਖਚਰਨਜੀਤ ਗਿੱਲ

ਅੱਥਰੂ ਨੇ ਇੱਕ ਲਿਖੀ ਇਬਾਰਤ ਫਿਕਰਾਂ ਵਾਲ਼ਿਆਂ ਪੜ੍ਹੀ ਰਾਤ ਨੂੰ ਹੰਝੂ ਨਿਰੀ ਅੱਗ ਦਾ ਗੋਲ਼ਾ ਬਣ ਗਿਆ ਸੀ ਫੁੱਲਝੜੀ ਰਾਤ ਨੂੰ ਦਿੱਲੀਓਂ ਚੜ੍ਹ ਕੇ ਲਸ਼ਕਰ ਆਇਆ ਗਾਜ਼ੀਪੁਰ ਨੂੰ ਘੇਰਾ ਪਾਇਆ ਟਿਕੇ ਟਿਕੈਤ ਨੂੰ ਚੁੱਕ ਲੈਣਾ ਹੈ ਐਸੀ ਸਾਜ਼ਿਸ਼ ਘੜੀ ਰਾਤ ਨੂੰ ਸੱਤਰ ਦਿਨ ਤੋਂ ਖੇਤਾਂ ਜਾਏ ਬਰਫ਼ਾਂ ਉੱਤੇ ਡੇਰੇ ਲਾਏ ਗੋਦੀ ਮੀਡੀਆ ਕਦੇ ਨਾ ਦਿਸਿਆ ਅੱਜ ਪਰ ਲਾਤੀ ਝੜੀ ਰਾਤ ਨੂੰ ਬੇ-ਗੈਰਤ ਸਰਕਾਰੀ ਢੱਗੇ ਉੱਚੀ ਉੱਚੀ ਭੌਂਕਣ ਲੱਗੇ ਖਚਰਾ ਹਾਸਾ ਝੇਡਾਂ ਕਰਦਾ ਮਾਈਕ ਨੂੰ ਹੱਥ ਵਿੱਚ ਫੜੀ ਰਾਤ ਨੂੰ ਅੱਖ 'ਚ ਭਾਵੇਂ ਹੰਝੂ ਛਲਕੇ ਅੰਦਰ ਕੋਈ ਜਵਾਲਾ ਭੜਕੇ "ਅੱਜ ਜੇ ਮੈਂ ਗ੍ਰਿਫਤਾਰ ਹੋ ਗਿਆ ਟੁੱਟ ਜਾਊ ਰੋਹ ਦੀ ਕੜੀ ਰਾਤ ਨੂੰ ਮਿੱਟੀ ਖਾਤਰ ਮਰ ਮਿਟ ਜਾਊਂ ਏਥੇ ਈ ਬਹਿ ਕੇ ਗੋਲ਼ੀ ਖਾਊਂ " ਮੱਥੇ ਦੇ ਵਿੱਚ ਪਰਗਟ ਹੋਈ ਆ ਚਮਕੌਰ ਦੀ ਗੜ੍ਹੀ ਰਾਤ ਨੂੰ ਯੋਧੇ ਐਸਾ ਬਿਗਲ ਵਜਾਇਆ ਸਾਰਾ ਆਲਮ ਉਮੜ ਆਇਆ ਕੀ ਪੰਜਾਬ ਤੇ ਕੀ ਹਰਿਆਣਾ ਯੂ.ਪੀ ਅੱਗੇ ਖੜ੍ਹੀ ਰਾਤ ਨੂੰ ਕੰਨੋਂ ਕੰਨੀਂ ਖਬਰਾਂ ਹੋਈਆਂ ਕੂਕਾਂ ਕੋਠੇ ਚੜ੍ਹ ਕੇ ਰੋਈਆਂ ਪਿੰਡ ਪਿੰਡ ਤੋਂ ਗਾਜ਼ੀਪੁਰ ਤੱਕ ਬਣੀ ਮਨੁੱਖੀ ਕੜੀ ਰਾਤ ਨੂੰ ਅੱਧੀ ਰਾਤੀਂ ਚਾਨਣ ਹੋਇਆ ਜੋ ਵੀ ਸੁੱਤਾ ਉੱਠ ਖਲੋਇਆ ਜਗਦੇ ਦੀਵੇ ਕਰਨ ਆਰਤੀ ਤਾਰਿਆਂ ਥਾਲ਼ੀ ਫੜੀ ਰਾਤ ਨੂੰ ਦੁੱਧ ਤੇ ਦਹੀਂ ਛਬੀਲਾਂ ਤੁਰੀਆਂ ਤੁਰੇ ਵਕੀਲ ਦਲੀਲਾਂ ਤੁਰੀਆਂ ਡਿੱਗੇ ਸ਼ਟਰ ਦੁਕਾਨਾਂ ਤੁਰੀਆਂ ਤੁਰ ਪਈ ਰੇਹੜੀ ਫੜ੍ਹੀ ਨੂੰ ਦੇਖ ਸੈਲਾਬ ਨੂੰ,ਲਸ਼ਕਰ ਮੁੜਿਆ ਨਵੀਆਂ ਚਾਲਾਂ ਦੇ ਵਿੱਚ ਜੁੜਿਆ ਬੜੇ ਵਿਧਾਇਕ ਮੰਤਰੀ ਜੁੜ ਗਏ ਕੂੜ ਦੀ ਉੱਬਲੀ ਕੜ੍ਹੀ ਰਾਤ ਨੂੰ ਦੂਜੇ ਪਾਸੇ ਖਾਪਾਂ ਜੁੜੀਆਂ ਕੀ ਬੁੱਢੇ ਕੀ ਮੁੰਡੇ ਕੁੜੀਆਂ ਚਹੁੰ ਪਾਸਿਓਂ ਗਾਜ਼ੀਪੁਰ ਆਏ ਹੱਥ ਮਿਸ਼ਾਲਾਂ ਫੜੀ ਰਾਤ ਨੂੰ ਭਰਮ ਭੁਲੇਖਾ ਦੂਰ ਹੋ ਗਿਆ ਧਰਨਾ ਨੂਰੋ ਨੂਰ ਹੋ ਗਿਆ ਅੱਥਰੂ ਸੱਚ ਚੰਦਰਮਾ ਚੜ੍ਹਿਆ ਚੰਨ ਚਾਨਣੀ ਲੜੀ ਰਾਤ ਨੂੰ ਅੱਥਰੂ ਕੇਵਲ ਡਰ ਨਹੀਂ ਹੁੰਦਾ ਏਹਦੇ ਸੇਕ 'ਚ ਖੜ੍ਹ ਨਹੀਂ ਹੁੰਦਾ ਤਾਹੀਓਂ ਭੱਠੀ ਜਬਰ ਜ਼ੁਲਮ ਦੀ ਆਪਣੀ ਅੱਗ ਵਿੱਚ ਸੜੀ ਰਾਤ ਨੂੰ ਅੱਥਰੂ ਨੇ ਇੱਕ ਲਿਖੀ ਇਬਾਰਤ ਫ਼ਿਕਰਾਂ ਵਾਲ਼ਿਆਂ ਪੜ੍ਹੀ ਰਾਤ ਨੂੰ ਹੰਝੂ ਨਿਰਾ ਅੱਗ ਦਾ ਗੋਲ਼ਾ ਬਣ ਗਿਆ ਸੀ ਫੁੱਲਝੜੀ ਰਾਤ ਨੂੰ

ਹੱਥ ’ਤੇ ਸਰੋਂ ਜਮਾ’ਤੀ-ਡਾ: ਰਛਪਾਲ ਗਿੱਲ, ਟੋਰਾਂਟੋ

ਹੱਥ ਕਿਰਸਾਨੀ ਝੰਡੇ, ਸਿਰ ਸਜੀਆਂ ਦਸਤਾਰਾਂ ਨੇ, ਤੇਜ਼ ਮੋਰਚਾ ਕਰ’ਤਾ, ਜਾਟਾਂ ਤੇ ਸਰਦਾਰਾਂ ਨੇ, ਕਰੇ ਬੁਲੰਦ ਹੌਸਲੇ ਵਰਤੇ, ਚਮਤਕਾਰਾਂ ਨੇ ਹੱਥ ’ਤੇ ਸਰੋਂ ਜਮਾ’ਤੀ, ਜਾਟਾਂ ਤੇ ਸਰਦਾਰਾਂ ਨੇ,---- ਭਰ ਟਰਾਲੇ ਪਿੰਡ-ਪਿੰਡ ਵਿੱਚੋਂ, ਘੱਤ ਵਹੀਰਾਂ ਨੂੰ ਚਾਰੇ ਪਾਸੀਂ ਲਾ ਲਏ ਡੇਰੇ, ਧਿਆ ਗੁਰ ਪੀਰਾਂ ਨੂੰ ਅਜਬ ਰਚਾਲੀ ਲੀਲਾ, ਸੱਚ ਦੇ ਪਹਿਰੇਦਾਰਾਂ ਨੇ----- ਨਿੱਕੇ-ਨਿੱਕੇ ਨਗਰ ਉਸਾਰੇ, ਸੜ੍ਹਕ ਕਿਨਾਰਿਆਂ ’ਤੇ ਚੜ੍ਹਦੀ ਕਲਾ ਦੀ ਰੌਣਕ ਚਮਕੇ, ਚਿਹਰੇ ਸਾਰਿਆਂ ’ਤੇ ਛਹਿਬਰ ਲਾ’ਤੀ ਚਾਰ-ਚੁਫੇਰੇ, ਢੁੱਕੀਆਂ ਵਾਰ੍ਹਾਂ ਨੇ----- ਛੋਟੇ-ਛੋਟੇ ਤੰਬੂ ਇਹਨਾਂ ਨੇ, ਕਿਲੇ ਬਣਾ ਲਏ ਐ ਬਿਨ ਜਿੱਤਿਆਂ ਨਾ ਹਿਲਣਾ ਏਥੇ, ਪਿੰਡ ਵਸਾ ਲਏ ਐ ਨੰਨ੍ਹੇ ਬੱਚੇ ਬਿੱਰਧ ਮਾਤਾਵਾਂ, ਤੇ ਮੁਟਿਅਰਾਂ ਨੇ----- ਹੱਕ਼-ਸੱਚ ਦੀ ਜੰਗ ਜਿੱਤਣ ਨੂੰ, ਗੱਭਰੂ ਕਾਹਲ਼ੇ ਐ ਰੱਦ ਕਾਨੂੰਨ ਕਰਾਉਣੇ ਖਾਂਦਾ, ਜੋਸ਼ ਉਬਾਲ਼ੇ ਐ ਪੈਰ ਪਿੱਛੇ ਨ੍ਹੀ ਪੁੱਟਣੇ, ਏਨ੍ਹਾਂ ਸ਼ਾਹ ਅਸਵਾਰਾਂ ਨੇ----- ਸਾਡੇ ਵੱਡ-ਵਡੇਰਿਆਂ, ਮੁਗਲਾਂ ਜੇਹੇ ਭਜਾ ਦਿੱਤੇ ਜਿਸ-ਜਿਸ ਕਹਿਰ ਕਮਾਏ, ਕੱਖਾਂ ਵਾਂਗ ਉਡਾ ਦਿੱਤੇ ਬਣਕੇ ਵਾਅ-ਵਰੋਲ਼ੇ, ਯੋਧਿਆਂ ਦੀਆਂ ਕਟਾਰਾਂ ਨੇ----- ਸੁਣ ਜ਼ਾਲਮ ਸਰਕਾਰੇ, ਤੈਨੂੰ ਝੁੱਕਣਾ ਪੈਣਾ ਹੈ ਜਿੱਤਾਂਗੇ ਜਾਂ ਮਰ ਜਾਵਾਂਗੇ, ਏਹੀਓ ਕਹਿਣਾ ਹੈ ਲਏ ਮੋਰਚੇ ਮੱਲ, ਮੌਤ ਦਿਆਂ ਮਹਿਰਮ ਯਾਰਾਂ ਨੇ----- ਵਿੱਚ ਵਿਦੇਸ਼ਾਂ ਚਰਚੇ ਹੋਗੇ, ਕਾਜ ਉਲੀਕੇ ਦੇ ਫ਼ਤਿਹ ਮੋਰਚਾ ਕਰਨਾ, ਰਹਿਕੇ ਵਿੱਚ ਸਲੀਕੇ ਦੇ ਕਰ ਅਗਵਾਈ ਯੋਗ ਆਗੂਆਂ, ਸਿਪ੍ਹਾ-ਸਲਾਰਾਂ ਨੇ----- ਅੱਖਾਂ ਕੱਢੇਂ ਖਿੱਚ ਮੂਰਖਾ, ਭਰੀ ’ਚੋਂ ਗੰਨਿਆਂ ਨੂੰ ਮੁਸ਼ਕਲ ਹੋਜੂ ਕਾਬੂ ਕਰਨਾ, ਜ਼ਬਤ ’ਚ ਬੰਨ੍ਹਿਆਂ ਨੂੰ ਨਹੀਂ ਝਿਜਕਣਾ ਜੌਹਰ ਦਿਖਾਉਣੋਂ, ਫਿਰ ਤਲਵਾਰਾਂ ਨੇ----- ਨਾਲ਼ ਛਲਾਵੇ ਛੇੜ ਲਈ ਤੈਂ, ਖੱਖਰ ਭਰਿੰਡਾਂ ਦੀ ਜੁਆਨੀ ਬਣਕੇ ਲਹਿਰ ਸੁਨਾਮੀ, ਆਗੀ ਪਿੰਡਾਂ ਦੀ ਮਸਲੇ ਨੂੰ ਉਲਝਾ’ਤਾ, ‘ਤੋਮਰ’ ਜਿਹੇ ਗਵਾਰਾਂ ਨੇ----- ਪਲ-ਪਲ ਦੂਣ-ਸਵਾਇਆ ਹੋ ਰਿਹਾ, ਜੋਸ਼ ਜੁਆਨਾਂ ਦਾ ਦੇਸ਼-ਵਿਆਪੀ ਘੋਲ਼ ਬਣਾ’ਤਾ, ਹੈ ਕਿਰਸਾਨਾਂ ਦਾ ਹਰ ਸੂਬੇ ’ਚੋਂ ਰੋਜ਼ ਆਉਂਦੀਆਂ, ਬਣ-ਬਣ ਡਾਰਾਂ ਨੇ----- ਫਿਰਦਾ ਹੈ ਬੁਖ਼ਲਾਇਆ ਨੀਂਦ ਨਾਂ, ਆਵੇ ਮੋਦੀ ਨੂੰ ਗੱਦੀ ਖੁਸ ਨਾ ਜਾਵੇ, ਚਿੰਤਾ ਖਾਵੇ ਮੋਦੀ ਨੂੰ ਜੀਣਾ ਦੁੱਬਰ ਕਰ’ਤਾ ਪੈਂਦੀਆਂ, ਨਿੱਤ ਫਿਟਕਾਰਾਂ ਨੇ----- ਬੌਂਦਲ਼ ਗਿਆ ਹੈ ਤੱਕ ਪ੍ਰਵਾਨੇ, ਕਾਹਲ਼ੇ ਭੁੱਜਣ ਨੂੰ ਖੱਵੀਆਂ ਖਾਂਦੇ ਬਿੰਦ ਲਾਉਂਣਗੇ, ਜੜ੍ਹ ਤੋਂ ਖੁੱਗਣ ਨੂੰ ‘ਮਨ ਕੀ ਬਾਤ’ ਨੂੰ ਦੰਦਲ਼ ਪਾ’ਤੀ, ਢਾਡੀ ਵਾਰਾਂ ਨੇ----- ਇੱਕ ਮਿੱਕ ਰੰਗ ਹੋਗੇ, ਕਾਲ਼ੇ ਹਰੇ ਤੇ ਨੀਲੇ ਐ ਹਿੰਦੂ ਮੁਸਲਮ ਸਿੱਖ ਇਸਾਈ, ਬਹੁਤ ਜੋਸ਼ੀਲੇ ਐ ਰਾਮ ਰ੍ਹੀਮ ਨੂੰ ਹੱਥ ’ਤੇ ਚੱਕ ਲਿਆ, ਪੰਜ ਕਕਾਰਾਂ ਨੇ---- ਜੱਫੀ ਮੋਹ-ਮੁਹੱਬਤ ਵਾਲ਼ੀ, ਹੱਸ-ਹੱਸ ਪਾ ਰਹੀਆਂ ਹੋਲੀ ਈਦ ਵਿਸਾਖੀ, ਰਲ਼-ਮਿਲ਼ ਲੰਗਰ ਖਾ ਰਹੀਆਂ ਇਉਂ ਵੀ ਹੋਜੂ ਨਹੀਂ ਸੋਚਿਆ, ਸੀ ਸਰਕਾਰਾਂ ਨੇ---- ਲਾਲ ਕਿਲ੍ਹੇ ਦੇ ਉੱਤੇ ਹੋਏ, ਸਾਕੇ ਦੇ ਪਿੱਛੋਂ ਕੁੱਝ ਗ਼ਦਾਰਾਂ ਦੇ ਉਕਸਾਏ, ਵਾਕੇ ਦੇ ਪਿੱਛੋਂ ਸਾਂਭ ਲਿਆ ਝੱਟ ਮੌਕਾ ਆਗੂ, ਤਾਬਿਆਦਾਰਾਂ ਨੇ---- ਪਾ’ਤੀ ਕੀਮਤ ਲੋਕਾਂ ਅੱਖ ’ਚੋਂ, ਹੰਝੂ ਡਿੱਗੇ ਦੀ ਚੂਲੀ ਭਰ ਜਦ ਪੀਤੀ ਪਾਣੀ, ਨਿੱਘੇ-ਨਿੱਘੇ ਦੀ ਝੱਟ ਪਲਟਾ’ਤੀ ਬਾਜ਼ੀ ਡਿੱਗੀਆਂ, ਹੰਝੂ ਧਾਰਾਂ ਨੇ---- ਨਲੂਏ ਭਗਤ ਸਰਾਭੇ ਦੇ ਅਸੀਂ, ਅਸਲੀ ਵਾਰਸ ਹਾਂ ਸੋਚੋਂ ਤੁਸੀਂ ਜ਼ੰਗਾਲਿਆ ਲੋਹਾ, ਪਰ ਅਸੀਂ ‘ਪਾਰਸ’ ਹਾਂ ਝੂਠਾ ਸ਼ੋਰ ਮਚਾਇਆ, ‘ਗੋਦੀਏ’ ਦੀਆਂ ਗੁਟਾਰਾਂ ਨੇ….. ਹੱਥ ਕਿਰਸਾਨੀ ਝੰਡੇ, ਸਿਰ ਸਜੀਆਂ ਦਸਤਾਰਾਂ ਨੇ, ਤੇਜ਼ ਮੋਰਚਾ ਕਰ’ਤਾ, ਜਾਟਾਂ ਤੇ ਸਰਦਾਰਾਂ ਨੇ, ਕਰੇ ਬੁਲੰਦ ਹੌਸਲੇ ਵਰਤੇ, ਚਮਤਕਾਰਾਂ ਨੇ ਹੱਥ ’ਤੇ ਸਰੋਂ ਜਮਾ’ਤੀ, ਜਾਟਾਂ ਤੇ ਸਰਦਾਰਾਂ ਨੇ,----

ਅਸੀਂ ਚਰਖਿਆਂ 'ਤੇ-ਸਤਨਾਮ ਸਾਦਿਕ

ਅਸੀਂ ਚਰਖਿਆਂ 'ਤੇ ਕੱਤੇ ਹੋਏ ਗਲੋਟੇ ਨਹੀਂ ਹਾਂ ਕਿ ਅਟੇਰਨਾਂ 'ਤੇ ਘੁੰਮਦੇ ਰਹੀਏ ਤੇ ਫਿਰ ਤੁਹਾਡੀ ਮੰਜੀ ਜੋਗਾ ਸੂਤ ਬਣ ਵਿਛ ਜਾਈਏ । ਅਸੀਂ ਖੂਹਾਂ ਦੀ ਮੌਣ ਵੀ ਨਹੀਂ ਹਾਂ ਕਿ ਤੁਹਾਡੀਆਂ ਸਵਾਰਥ ਦੀਆਂ ਲਾਸਾਂ ਨਾਲ ਗਿੜਦੇ ਰਹੀਏ ਤੇ ਭਰਦੇ ਰਹੀਏ ਤੁਹਾਡੀਆਂ ਵਾਸ਼ਨਾਵਾਂ ਦੇ ਡੋਲ। ਅਸੀਂ ਦੇਸ਼ ਦੀ ਹਿੱਕ 'ਚ ਗੱਡੇ ਹੋਏ ਝੰਡੇ ਨਹੀਂ ਹਾਂ ਕਿ ਜਦ ਰੱਸੀ ਖਿੱਚੋ ਅਸੀਂ ਲਹਿ ਜਾਈਏ ਜਦ ਤੁਹਾਡਾ ਜੀਅ ਕਰੇ ਬਣ ਜਾਈਏ ਕਫ਼ਨ । ਅਸੀਂ ਖੇਤਾਂ 'ਚੋਂ ਗੁਜ਼ਰੀ ਪੌਣ ਜਿਹੇ ਹਾਂ ਅਸੀਂ ਫੜਿਆਂ ਫੜੇ ਨਹੀਂ ਜਾਂਦੇ ਅਸੀਂ ਬੰਜਰ ਮਿੱਟੀ ਨੂੰ ਵਰਦਾਨ ਵਾਂਗ ਮਿਲਦੇ ਹਾਂ। ਸਾਡੀ ਅਜਬ ਗਾਥਾ ਹੈ ਕਿ ਅਸੀਂ ਸਿਰ ਲੱਥ ਜਾਣ ਮਗਰੋਂ ਜਿਉਂਦੇ ਹਾਂ। ਸਾਨੂੰ ਆਉਂਦਾ ਹੈ ਧਰਤੀ ਨੂੰ ਪੈਰਾਂ ਹੇਠੋਂ ਖਿੱਚਣਾ ਸਾਨੂੰ ਜਾਚ ਹੈ ਸੂਰਜ ਦੇ ਹੁੰਦਿਆ ਸੁੰਦਿਆ ਤਾਰੇ ਦਿਖਾਉਣ ਦੀ...

ਯਾਦ ਰੱਖਿਉ-ਸੰਜੀਵ ਆਹਲੂਵਾਲੀਆ

ਸਾਡੀ ਧਰਤੀ.. ਸਿਰਫ਼ ਮਿੱਟੀ ਦਾ ਢੇਰ ਨਹੀਂ ਹੈ... ਜਿਉਂਦੀ ਜਾਗਦੀ ਹਸਤੀ ਹੈ... ਜ਼ਿੰਦਗੀ ਨਾਲ ਧੜਕਦੀ ਚੇਤਨਤਾ ਭਰਪੂਰ ਕਾਇਆ... 'ਧਰਤੀ ਮਾਤਾ' ਵੀ ਸੱਦਦੇ ਹਾਂ... ਇਹ ਸਾਡੀ ਪਰਵਰਿਸ਼ ਬਿਲਕੁਲ ਉਸ ਤਰ੍ਹਾਂ ਹੀ ਕਰਦੀ ਜਿਵੇਂ ਮਾਂ ਬੱਚਿਆਂ ਦਾ ਪਾਲਣ ਕਰਦੀ ਮੋਹ ਵਿਚ ਭਿੱਜੀ... ਸਕਾਰਾਤਮਕ ਤਾਕਤ ਦੇ ਸਦਕਾ ਜੀਵ, ਜੰਤੂ, ਬਨਸਪਤੀ, ਇਥੇ ਜੰਮਦਾ ਹੈ... ਪਨਪਦਾ ਹੈ... ਪਸਰਦਾ ਹੈ... ਇਹਦੀ ਗੋਦ ਵਿਚ ਪਲਦਾ ਇਨਸਾਨ ਹਮੇਸ਼ਾ ਖੁਸ਼ ਰਹਿੰਦਾ ਅਲੌਕਿਕ ਆਨੰਦ ‘ਚ ਗੜੁੱਚ... ਬੇਪਰਵਾਹ ਆਲਮ ਵਿਚ ਵਿਚਰਦਾ... ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਇਨਸਾਨ ਧਰਤੀ ਦੀ ਛੋਹ ਤੋਂ ਵਾਂਝਾ ਹੋ ਜਾਂਦੈ... ਮਿੱਟੀ ਨਾਲ ਵਾਹ ਰੱਖਣੋਂ ਹਟ ਜਾਂਦੈ... ਮਹਿਕ ਸੁੰਘਣੋਂ ਹਟ ਜਾਂਦੈ... ਇਹਦੀ ਤਪਸ਼ ਨੂੰ.... ਇਹਦੀ ਠਾਰ ਨੂੰ... ਮਹਿਸੂਸ ਕਰਨੋਂ ਹਟ ਜਾਂਦੈ... ਅੱਜ ਇਨਸਾਨ ਵੀ ਇਸਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਿਹਾ ਆਪਣੇ ਨਕਲੀ ਕਵਚ ਵਿਚ ਡੱਕਿਆ.. ਇੱਕਲਾ, ਉਦਾਸ, ਚੁੱਪ ਗੜੁੱਪ ਮਾਨਸਿਕ ਰੋਗਾਂ ਨਾਲ ਜਕੜਿਆ ਇਨਸਾਨੀ ਪੁਤਲਾ... ਯਾਦ ਰੱਖਿਉ! ਇਨਸਾਨ ਨੂੰ ਧਰਤੀ ਮਾਤਾ ਦੀ ਗੋਦ ਵਿਚ ਵਾਪਿਸ ਜਾਣਾ ਪੈਣਾ ਆਪਣੀਂ ਮਿੱਟੀ ਨਾਲ ਜੁੜਨਾ ਪੈਣਾ ਇਨਸਾਨ ਨੂੰ ਮੰਨਣਾ ਪੈਣਾ ਕਿ ਉਹਦੀ ਰਿਸ਼ਤੇਦਾਰੀ... ਉਹਦੀ ਦੋਸਤੀ... ਨਿਰੀ ਉਹਦੇ ਆਪਣੇ ਵਰਗੇ ਇਨਸਾਨਾਂ ਨਾਲ ਹੀ ਨਹੀਂ... ਉਹਦੇ ਆਲੇ ਦੁਆਲੇ ਵੱਸਦੀ ਕਾਇਨਾਤ ਦੀ ਹਰ ਸ਼ੈਅ ਨਾਲ ਹੈ... ਇਸ ਭਾਈਵਾਲੀ ਨਾਲ ਹੀ ਇਨਸਾਨ ਦੀ ਜ਼ਿੰਦਗੀ ਮੁਕੰਮਲ ਹੁੰਦੀ ਸੰਪੂਰਨਤਾ ਵੱਲ ਪੁਲਾਂਘਾਂ ਭਰਦੀ। ਵਿਕਟੋਰੀਆ ਬੀ ਸੀ (ਕੈਨੇਡਾ)

ਜਦ ਕਦੇ ਹੁਕਮਰਾਨ-ਡਾ ਦਵਿੰਦਰ ਪ੍ਰੀਤ

ਜਦ ਕਦੇ ਹੁਕਮਰਾਨ ਆਵਾਮ ਦੇ ਪੈਰਾਂ ਚ ਕਿੱਲ ਵਿਛਾਉਂਦਾ ਹੈ ਭਗਤ ਸਿਹੁੰ ਦਮੂਖਾ ਬੀਜਣ ਤੁਰਦਾ ਹੈ ਕਿੱਲਾਂ ਦੀ ਫਸਲ ਦੇ ਸੰਗ ਹਕੂਮਤ ਸਿਰਾਂ ਦੇ ਮੁੱਲ ਮਿਥਦੀ ਆਈ ਹੈ ਆਦਿ ਕਾਲ ਤੋਂ ਘੱਲੂਘਾਰੇ ਕੁੱਪ ਰਹੀੜੇ ਕਾਹਨੂੰਵਾਨ ਛੰਭ ਸੰਤਾਲੀ ਚੁਰਾਸੀ ਤਵਾਰੀਖਾਂ ਕਿਸੇ ਕਾਲਖੰਡ ਦੀ ਛਾਤੀ ਤੇ ਹਾਕਮੀ ਧਿਰ ਵੱਲੋਂ ਬੀਜੇ ਕਿੱਲਾਂ ਨੂੰ ਪੁੱਟਣ ਦੀ ਗਵਾਹੀ ਹੈ ਦਮੂਖਾਂ ਦੀ ਖੇਤੀ ਬੰਦੂਕਾਂ ਚ ਬਦਲ ਜੁਲਮ ਦੀ ਫਸਲ ਦੀ ਵਾਢੀ ਕਰਦੀ ਆਈ ਹੈ ਹੁਕਮਰਾਨ ਅੱਜ ਵੀ ਬੀਜ ਰਿਹੈ ਕਿੱਲ ਜਦ ਕਿ ਭਗਤ ਸਿੰਘ ਹਰ ਦਹਾਕੇ ਚ ਇਨਕਲਾਬ ਜਿੰਦਾਬਾਦ ਭਾਰਤ ਮਾਤਾ ਦੀ ਜੈ ਆਖਦਾ ਹੋਂਦ ਦੀ ਜੰਗ ਲੜਦਾ ਨਵੀਂ ਦੁਨੀਆਂ ਨਵੇਂ ਦਹਾਕੇ ਦੀ ਡਿਜੀਟਲ ਪੌਦ ਅਪਣੇ ਪੁਰਖਿਆਂ ਸੰਗ ਕਿੱਲਾਂ ਦਮੂਖਾਂ ਦੀ ਫਸਲ ਬਾਬਤ ਰਚਾਉਂਦੀ ਹੈ ਸੰਵਾਦ

ਆਮ ਲੋਕ-ਰਣਦੀਪ ਸਿੰਘ ਆਹਲੂਵਾਲੀਆ

ਵਕਤ ਬੜਾ ਬਲਵਾਨ ਅੰਬਰੀਂ ਉੱਡਦੇ ਪਤੰਗ ਪਤਾ ਨਾ ਲੱਗੇ ਕਦ ਕਟ ਜਾਂਦੀ ਡੋਰ ਮੁੜ ਹਵਾ' ਚ ਗੋਤੇ ਹੋ ਕੇ ਡੌਰ-ਭੌਰ ਵਾਪਸ ਨ ਲਿਆ ਸਕੇ ਕੋਈ ਉਹੋ ਚੜ੍ਹਤ ਮੋੜ ਇਹ ਰਾਜ-ਭਾਗ ਸਦਾ ਨਹੀਉਂ ਰਹਿੰਦੇ ਮੁੜ ਆਪਣੇ ਵੀ ਕੋਹਾਂ ਦੂਰ ਬਹਿੰਦੇ ਮਾਇਆਧਾਰੀ ਨਿਭਾਉਣ ਸੱਤ੍ਹਾ ਸੰਗ ਯਾਰੀ ਮੁੜ ਹੁੰਦਾ ਪਛਤਾਵਾ ਮਨਾਂ ਕਾਹਦੀ ਸੀ ਹੋੜ ਅਸਲ ਨਾਇਕ ਨੇ ਬਸ ਆਮ ਲੋਕ ਇਤਿਹਾਸ ਰਚਣ ਲਈ ਸਭ ਕੁਝ ਦਿੰਦੇ ਝੋਕ ਸੱਤਾਧਾਰੀ ਤੋਂ ਸੱਤਾਹੀਣ ਬਣਾਉਣ ਇਹੋ ਲੋਕ ਛੱਡ ਕੇ ਭੁਲੇਖਾ ਸਿਰ ਲੋਕਾਂ ਸੰਗ ਜੋੜ

ਮੇਰੀ ਕਵਿਤਾ-ਲਖਵਿੰਦਰ ਜੌਹਲ

ਮੇਰੇ ਅੰਦਰ ਰੀਂਘ ਰਹੀ ਜੋ ਮੇਰੀ ਕਵਿਤਾ ਤਰਲੇਹਾਰੀ ਬਾਹਰ ਨੂੰ ਆਵਣ ਤੋਂ ਡਰਦੀ ਪਰਿਆ ਅੰਦਰ ਕਿਹੜੇ ਰੰਗ ਦਾ ਚੋਲਾ ਪਾਵੇ ਕੇਹਾ ਕਰੇ ਸ਼ਿੰਗਾਰ ? ਮੇਰੇ ਕੰਨ ਵਿੱਚ ਧੀਮਾ ਧੀਮਾ ਬੋਲੇ ਮੀਸ਼ਾ ਕਵਿਤਾ ਨੂੰ ਤੁਰਨਾ ਸਮਝਾਵੇ ਪਾਤਰ ਕਵਿਤਾ ਜੀਣੀ ਦਸੇ ਹੌਲੀ ਹੌਲੀ ਸ਼ਬਦਾਂ ਦੀ ਗੁੰਝਲ ਵਿੱਚ ਬੁਣਦਾ ਕੋਈ ਚਿੰਤਨ ਹੱਸਦਾ ਹੱਸਦਾ ਦਿੱਲੀ ਵਿੱਚ ਗੁੰਮਿਆ ਹਰਨਾਮ ਮੇਰੇ ਉੱਤੇ ਖਿੜ ਖਿੜ ਹੱਸੇ ਕਵਿਤਾ ਘੂਰ ਰਹੀ ਹੈ ਉਸਨੂੰ ਵਾਪਸ ਘਰ ਆਵਣ ਤੋਂ ਵਰਜੇ ... ਦਿੱਲੀ ਵਾਲੇ ਮੈਨੂੰ ਦੱਸਣ ਸ਼ਿਲਪੀ ਕਵਿਤਾ ਕਿੱਦਾਂ ਬਣਦੀ ਕਿੱਦਾਂ ਬਣਦਾ ਰੂਪਕ ... ਮੇਰੇ ਅੰਦਰ ਲੱਖ ਕਰੋੜਾਂ ਸ਼ਬਦ ਸਹਿਕਦੇ ਕਵਿਤਾ ਖਾਤਰ ਨਵੇਂ ਨਵੇਲੇ ਸੰਚਯ ਭਾਲਣ ਨਵੀਆਂ ਢੂੰਡਣ ਸ਼ਿਲਪਾਂ ਮੇਰੇ ਅੰਦਰ ਰੀਂਘ ਰਹੀ ਜੋ ਮੇਰੀ ਕਵਿਤਾ ...........