Dr. Bikram Singh Sohi ਡਾਃ ਬਿਕਰਮ ਸਿੰਘ ਸੋਹੀ
ਡਾਃ ਬਿਕਰਮ ਸਿੰਘ ਸੋਹੀ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੇ ਪਿੰਡ ਸੋਹੀਆਂ ਵਿਖੇ ਮਾਤਾ ਬਲਵਿੰਦਰ ਕੌਰ ਦੀ ਕੁਖੋਂ
ਅਧਿਆਪਕ ਆਗੂ ਤੇ ਅਗਾਂਹਵਧੂ ਸੋਚ ਧਾਰਾ ਦੇ ਸਵਾਮੀ ਸਃ ਕਰਮ ਸਿੰਘ ਸੋਹੀ ਦੇ ਘਰ 10 ਸਤੰਬਰ 1978 ਨੂੰ ਹੋਇਆ।
ਉਨ੍ਹਾਂ ਦਾ ਪਰਿਵਾਰ 1992 ਚ ਜਲੰਧਰ ਰਹਿਣ ਲੱਗ ਪਿਆ। ਡਾਃ ਬਿਕਰਮ ਸਿੰਘ ਸੋਹੀ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ
ਲੁਧਿਆਣਾ ਸਥਿਤ ਵੈਟਰਨਰੀ ਕਾਲਿਜ ਤੋਂ ਬੀ ਵੀ ਐੱਸ ਸੀ ਪਾਸ ਕਰਕੇ ਕੁਝ ਸਮਾਂ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਵਿੱਚ
ਬਤੌਰ ਵੈਟਰਨਰੀ ਡਾਕਟਰ ਸੇਵਾ ਨਿਭਾਈ। ਬਾਅਦ ਵਿੱਚ ਆਪ ਕੈਨਬਰਾ(ਆਸਟਰੇਲੀਆ) ਚਲੇ ਗਏ ਜਿੱਥੇ ਵੈਟਰਨਰੀ ਡਾਕਟਰ ਵਜੋਂ ਸੇਵਾ ਕੀਤੀ।
ਇੱਕ ਸਾਲ ਬਾਦ ਉਥੋਂ ਸਾਨਫਰਾਂਸਿਸਕੋ(ਅਮਰੀਕਾ) ਚ ਰਹਿਣ ਲੱਗ ਪਏ ਜਿੱਥੇ ਵੈਟਰਨਰੀ ਡਾਕਟਰ ਦੇ ਤੌਰ ਤੇ ਸੇਵਾ ਨਿਭਾ ਰਹੇ ਹਨ।
ਆਪਣੀ ਜੀਵਨ ਸਾਥਣ ਪਰਲ ਤੇ ਬੇਟਾ ਜ਼ੋਰਾਵਰ ਸਿੰਘ ਨਾਲ ਰਹਿੰਦਿਆਂ ਬਿਕਰਮ ਨੇ ਕਾਵਿ ਸਿਰਜਣਾ ਨੂੰ ਆਪਣੇ ਅਨੁਭਵ ਪ੍ਰਗਟਾਅ ਦਾ ਮਾਧਿਅਮ ਬਣਾਇਆ ਹੋਇਆ ਹੈ।
ਹੁਣ ਤੀਕ ਉਸ ਦੇ ਦੋ ਕਾਵਿ ਸੰਗ੍ਰਹਿ ਪਲਾਸ਼ ਦੇ ਪੱਤੇ (2007) ਅਤੇ ਆਪਣੇ ਜੋਗੀ ਛਾਂ (2010)ਕੁਕਨਸ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਿਤ ਹੋ ਚੁਕੇ ਹਨ। ਤੀਸਰਾ ਕਾਵਿ ਸੰਗ੍ਰਹਿ ਸਰਦਲਾਂ ਛਪਾਈ ਅਧੀਨ ਹੈ।
ਆਪਣੇ ਬਾਬਲ ਸਃ ਕਰਮ ਸਿੰਘ ਸੋਹੀ ਦੇ ਪੰਜਾਬੀ ਤੇ ਰੂਸੀ ਸਾਹਿੱਤ ਪੜ੍ਹਨ ਦੇ ਸ਼ੌਕ ਕਾਰਨ ਘਰ ਵਿਚਲੀ ਲਾਇਬਰੇਰੀ ਨੇ ਉਸ ਨੂੰ ਸ਼ਬਦ ਸੱਭਿਆਚਾਰ ਨਾਲ ਜੋੜਿਆ।
ਬਿਕਰਮ ਸਿੰਘ ਪਰਦੇਸੀ ਧਰਤੀ ਤੇ ਰਹਿੰਦਿਆਂ ਵੀ ਇਸ ਭਾਰਤ ਵਤਨ ਦਾ ਚਿੰਤਨ ਤੇ ਚਿੰਤਾ ਕਰਦਿਆਂ ਆਪਣੀ ਰਚਨਾ ਵਿੱਚ ਪਰੋਂਦਾ ਹੈ। ਮੈਨੂੰ ਮਾਣ ਹੈ ਕਿ ਉਹ ਮੇਰੇ ਜੱਦੀ ਜ਼ਿਲੇ ਗੁਰਦਾਸਪੁਰ ਦਾ ਜਾਇਆ ਹੈ।
ਉਸ ਦੇ ਸੱਜਰੇ ਅਨੁਭਵ ਵਾਲੀ ਕਵਿਤਾ ਨੇ ਹਾਲੇ ਨਵੇਂ ਦਿਸਹੱਦੇ ਛੋਹਣੇ ਹਨ। - ਗੁਰਭਜਨ ਗਿੱਲ